Sardalan : Dr. Bikram Singh Sohi

ਸਰਦਲਾਂ (ਕਾਵਿ ਸੰਗ੍ਰਹਿ) : ਡਾਃ ਬਿਕਰਮ ਸਿੰਘ ਸੋਹੀ



ਚਾਂਦਨੀ ਚੌਕ

ਤਸ਼ੱਦਦ ਨੂੰ ਸਹਿਜ ਮਿਲਿਆ ਕਹਿਰ ਨੂੰ ਅਨਹਦ ਨਾਦ ਚਾਂਦਨੀ ਚੌਕ ਵਿੱਚ ਸੀਸ ਗਿਰਿਆ ਸੁਰ-ਲੋਕ ਸੁਣੀ ਆਵਾਜ਼ ਸਿਰਾਂ ਦੇ ਸਾਜ਼ ਤੇ ਆਰਿਆਂ ਦਾ ਗਜ਼ ਫਿਰਿਆ ਖ਼ੂਨ ਦੀ ਸਰਗ਼ਮ ਕਿਹਾ ਇੱਕ ਓਂਕਾਰ, ਇੱਕ ਓਂਕਾਰ ਦੇਗਾਂ ਦੇ ਉਬਾਲ ਨੇ ਅਕੀਦਤ ਦੀ ਇੰਤਹਾ ਪਰਖੀ ਜਿਸਮਾਂ ਦੀ ਚਾਰਦੁਆਰੀ ਨੇ ਰੂਹਾਂ ਦੀ ਪਰਵਾਜ਼ ਬਦਨ ਤੇ ਅੱਗ ਦੇ ਫੁੱਲ ਖਿੜੇ ਸ਼ਿੱਦਤ ਦੀ ਇਉਂ ਬਹਾਰ ਆਈ ਮੁਰਸ਼ਦ ਦੇ ਸਾਂਹਵੇਂ ਮਹਿਕਿਆ ਇੱਕ ਅਗਨ ਦਾ ਗੁਲਜ਼ਾਰ ਦੈਰ ਡੋਲੇ, ਇਸ਼ਟ ਡੋਲੇ ਤਿਲਕ ਹੋਇਆ ਬੇਜ਼ਾਰ ਹਿੰਦ ਦੀ ਚਾਦਰ ਸੁਰਖ਼ ਹੋ ਕੇ ਦੇ ਗਈ ਧਰਵਾਸ

ਦੋ ਬੇੜੀਆਂ 'ਚ

ਦੋ ਬੇੜੀਆਂ 'ਚ ਪੈਰ ਤੇ ਓਹ ਤਰਦੇ ਰਹੇ ਕਈ ਸਾਲ ਪਰਛਾਂਵਿਆਂ ਨੂੰ ਫੜਦੇ ਰਹੇ ਬੜਾ ਸ਼ੌਕ ਦਰਿਆਵਾਂ ਵਾਲਾ ਤਲ ਵੇਖਣਾ ਬੜੇ ਖੌਫ਼ ਨਾ ਕਿਨਾਰਿਆਂ ਤੇ ਤਰਦੇ ਰਹੇ ਖੁਸ਼ਬੋਈ ਬਣ ਸਦੀਆਂ ਤੇ ਡੁੱਲ੍ਹਣਾ ਸੀ ਪਰ ਓਹ ਪਲਾਂ ਦਿਆਂ ਕੰਡਿਆਂ ਤੋਂ ਡਰਦੇ ਰਹੇ! ਓਹ ਆਉਣਗੇ ਨਈ ਬਸ ਆਉਣ ਦੀ ਉਮੀਦ ਤਾਂ ਵੀਂ ਦਰਾਂ ਉੁੱਤੇ ਪਲਕਾਂ ਨੂੰ ਧਰਦੇ ਰਹੇ ਜਾਓ ਆਖ ਦਿਓ ਵੇਖਣਾ ਵਖਾਉਣ ਮੁੱਕਿਆ ਐਂਵੇਂ ਯਾਰ ਦੇ ਦੀਦਾਰ ਨੂੰ ਓ ਮਰਦੇ ਰਹੇ! ਹੁਣ ਵਾਅਦਿਆਂ ਦੇ ਫੁੱਲ ਮੁਰਝਾਉਣ ਲੱਗ ਪਏ ਐਂਵੇਂ ਕੰਡਿਆਂ ਦੇ ਸਾਗਰਾਂ ਚ ਤਰਦੇ ਰਹੇ! ਔਹ! ਫੰਦਿਆਂ ਦੀ ਸ਼ਮਾਂ ਤੇ ਆ ਲਾਟ ਦਿਸਦੀ ਇਹ ਕੌਣ ਸੀ ਓਹ ਲੋਕ ਇਵੇਂ ਮਰਦੇ ਰਹੇ?

ਹਿਰਨੀ ਦੀ ਅੱਖ

ਸਰਘੀ ਵੇਲੇ ਪੱਤੀਆਂ ਤੇ ਉੁੱਲਰੀ ਤ੍ਰੇਲ ਉੁੱਤੇ ਯਾਦ ਵਾਲਾ ਬਲਦਾ ਸਫ਼ਾ ਲਿਖਿਆ ਸਾਵੇ ਜੰਗਲ਼ਾਂ ਦੇ ਵਰਕੇ ਤੇ ਜਦ ਲਿਖਿਆ ਕਿਸੇ ਹਿਰਨੀ ਦੀ ਅੱਖ ਦਾ ਪਤਾ ਲਿਖਿਆ ਅੱਖ ਕਿਸੇ ਚੀਲ ਦੀ ਓ ਚੁੰਝ ਵਰਗੀ ਅੱਖ ਗੁੱਝੀ ਸੱਟ ਦੀ ਓ ਡੋਲ ਵਰਗੀ ਨਾਖਾਂ ਦਿਆਂ ਬਾਗਾਂ ਉੁੱਤੋਂ ਤੋਤਿਆਂ ਦੀ ਡਾਰ ਅੱਖ ਹੁਣੇ ਲੱਥਿਆ ਜੋ ਤਈਆ ਬੁਖ਼ਾਰ ਵਾਲਾਂ ਵਿੱਚ ਗੁੰਦੀ ਓਹਦੇ ਕੋਇਲਾਂ ਦੀ ਕੂਕ ਸੁਰਮੇਂ ਚੋਂ ਸੁਣਦੀ ਏ ਸੂਫ਼ੀਆਂ ਦੀ ਹੂਕ ਸੰਧਿਆ ਦਾ ਵੇਲਾ ਹੋਏ ਅੱਖ ਝਪਕੇ ਸੇਲੀਆਂ ਨਾ ਸੂਰਜਾਂ ਨੂੰ ਪੈਣ ਦਬਕੇ ਪੋਟਿਆਂ ਤੇ ਤਿਤਲੀਆਂ ਬਹਿਣ ਮੁੜ ਮੁੜ ਕੇ ਸਾਹਵਾਂ ਵਿੱਚ ਫੁੱਲ ਜਾਨ ਦੇਣ ਆਏ ਤੁਰ ਕੇ ਹਾਸਿਆਂ ਦੇ ਵਿੱਚ ਕੋਈ ਨਦੀਆਂ ਦੀ ਕਲ ਕਲ ਗੱਲਾਂ ਵਿੱਚ ਸ਼ਹਿਦ ਜਿਹਾ ਦਿਲ ਮਾਰ ਦਲਦਲ ਬਾਸ਼ਨਾ ਅਜ਼ਾਦ ਅਤੇ ਫੁੱਲ ਨੂੰ ਆਂ ਕੜੀਆਂ ਡੁੱਬ ਗਿਆ ਦਿਲ ਪਰ ਸੱਭ ਰੀਝਾਂ ਤਰੀਆਂ ਮਿਲਣਾ ਤਾਂ ਕੀ ਪਰ ਤਾਂਘ ਪੂਰੀ ਫਲ ਗਈ ਫੇਰ ਅੱਜ ਸ਼ਾਮ ਇੱਕ ਤਲੀ ਉੁੱਤੇ ਢਲ ਗਈ ਦੂਰੀ ਵੀ ਨਹੀਂ ਪਰ ਫੇਰ ਵੀ ਨੇ ਫ਼ਾਸਲੇ ਕਿੱਥੇ ਤੁਰੇ ਜਾਂਦੇ ਇਹ ਬਾਵਰੇ ਜੇ ਕਾਫ਼ਲੇ ਕੱਲ੍ਹੇ ਕੱਲ੍ਹੇ ਮੋੜ ਉੁੱਤੇ ਕਈ ਖ਼ਤ ਰੱਖ ਕੇ ਕੰਧਾਂ ਉੁੱਤੇ ਦੀਵਿਆਂ ਦੇ ਵਾਂਗ ਤਾਰੇ ਰੱਖ ਤੇ

ਮੈਂ ਅੱਗ ਦੀ ਸਿਆਹੀ

ਤੇਰੇ ਦਿਲ ਵਿੱਚ ਆ ਮੈਂ ਤੇ ਮੱਲਣੀ ਏ ਥਾਂ ਤੇਰੇ ਮੁਖੜੇ ਤੇ ਮੇਰੀਆਂ ਇਹ ਮੀਢੀਆਂ ਦੀ ਛਾਂ ਤੈਨੂੰ ਕੱਚ ਦੇ ਬਲੌਰਾਂ ਵਾਂਗੂੰ ਖੀਸਿਆਂ ਚ ਪਾਂ! ਸਾਡੇ ਚੂੜਿਆਂ ਦੇ ਉੁੱਤੇ ਤੇਰਾ ਲਿਖਿਆ ਈ ਨਾਂ! ਸਾਡੇ ਚੂੜਿਆਂ ਦੇ ਉੁੱਤੇ ਤੇਰਾ ਲਿਖਿਆ ਈ ਨਾਂ! ਸਾਡੇ ਵਿਹੜਿਆਂ ਚ ਮਿੰਨਾ ਮਿੰਨਾ ਮੀਂਹ ਵੱਸਦਾ ਤੇਰੇ ਨੇਤਰਾਂ ਨੇ ਕਿਹਾ ਤੂੰ ਨਾ ਮੂੰਹੋਂ ਦੱਸਦਾ ਐਵੇਂ ਦਿਲ ਸਾਡਾ ਚੀਚੀਆਂ ਚ ਪਾਈ ਰੱਖਦਾ ਸਾਡੀ ਜਿੰਦ ਕਾਹਨੂੰ ਮੰਜੀਆਂ ਦੇ ਵਾਂਗ ਕੱਸਦਾ! ਮੈਂ ਤਾਂ ਸੁਪਨਿਆਂ ਵਾਂਗੂੰ ਤੈਨੂੰ ਬੋਚਦੀ ਰਵ੍ਹਾਂ ! ਤੂੰ ਸੁੱਕ ਗੀਆਂ ਛਮਕਾਂ ਤੇ ਕਣੀਆਂ ਦੀ ਦਾਬ ਤੂੰ ਮੇਰਿਆਂ ਖਿਆਲਾਂ ਵਿੱਚ ਵਗਦਾ ਚਨ੍ਹਾਬ ਤੂੰ ਬੈਠ ਗੇ ਪਰਿੰਦਿਆਂ ਦਾ ਉੁੱਡ ਗਿਆ ਖ਼ਾਅਬ ਤੂੰ ਨਾਗਣੀ ਦੀ ਹਿੱਕ ਵਿੱਚ ਡੰਗ ਦੀ ਸ਼ਰਾਬ ਤੈਨੂੰ ਜੋਗੀਆਂ ਦੇ ਹੱਥੋਂ ਨਿੱਤ ਨੋਚਦੀ ਰਵ੍ਹਾਂ ਤੂੰ ਗੱਲਾਂ ਵਿੱਚ ਘੁਲ਼ਿਆ ਏਾ ਜਿਵੇਂ ਅਫ਼ਵਾਹ ! ਔਹ ਸੁਣ ਸਾਡੇ ਪਿੰਡ ਵਾਲਾ ਬੋਲਦਾ ਏ ਰਾਹ! ਕੁੱਝ ਤਾਰਾ ਮੀਰਾ ਬੋਲੇ ਕੁੱਝ ਬੋਲਦੀ ਕਪਾਹ! ਨੀਝ ਕਿੱਕਰਾਂ ਦੇ ਕੰਡਿਆਂ ਦੀ ਝੱਲੀਆ ਨਾ ਜਾਹ! ਕਹੇ ਭੱਖੜਾ ਸ਼ਰੀਂਹਾਂ ਨਵੀਂ ਤਾਜ਼ੀਆ ਸੁਣਾ ਟਿਮ ਟਿਮ ਚੁੱਲ੍ਹਿਆਂ ਚ ਸੱਜਰੀ ਸਵਾਹ! ਅੰਬਰਾਂ ਚੋਂ ਤਾਰਾ ਕੋਈ ਡਿੱਗ ਕੇ ਫ਼ਨਾਹ ! ਉੁੱਬਲਿਆ ਰਾਵੀ ਆ ਤੇ ਭਾਫ਼ ਆ ਝਨਾ! ਬਲ ਗੀ ਆ ਧਰਤੀ ਤੇ ਬਲ ਗੀ ਹਵਾ ਮੈਂ ਅੱਗ ਦੀ ਸਿਆਹੀ ਤੇਰਾ ਨੇਰ੍ਹਿਆਂ ਤੇ ਨਾਂ!

ਕੇਸਾਂ ਦੀਆਂ ਸਰੰਗੀਆਂ

ਅੱਜ ਕਿਸਦਾ ਮੁਖੜਾ ਤੱਕਿਆ ਵਾਵਾਂ ਨੇ ਫੁੱਲਾਂ ਰੰਗੀਆਂ ਗੌਣ ਲੱਗੀਆਂ ਸੇਲ੍ਹੀਆਂ ਇਹ ਕੇਸਾਂ ਦੀਆਂ ਸਰੰਗੀਆਂ ਪਲਕਾਂ ਦੀਆਂ ਕਿੱਲੀਆਂ ਤੇਦਿਲ ਦੀਆਂ ਪੁੜੀਆਂ ਟੰਗੀਆਂ ਪੁੰਗਰੇ ਚਾਵਾਂ ਨੇ ਸਾਥੋਂ ਅੱਜ ਵਸੀਅਤਾਂ ਮੰਗੀਆਂ ਦਸਤਖ਼ਤ ਹੋ ਜਾਣ, ਜਗ ਲੀ ਚੰਗੀਆਂ ਕੀ ਮੰਦੀਆਂ ! ਸਾਬਤੀ ਡੋਰੀ ਚ ਦਮਕਣ ਸਹਿਸਰਾਂ ਹੀ ਗੰਢੀਆਂ ਓਸਦੇ ਰਸਤੇ ਤੇ ਆਪਾਂ ਕੱਚ ਕਨੇਰਾਂ ਕੱਚੀਆਂ ਓਸਦੀ ਮਿੱਟੀ ਚ ਆਪਾਂ ਝਿਲਮਿਲਾਂਉਂਦੀਆਂ ਖਿੱਤੀਆਂ ਹੁਣ ਬੇਪਰਦਾ ਅਛੋਪਲੇ ਹੁਣ ਵਾਂਵੀਂ ਵਾਂਵਾਂ ਰੱਚੀਆਂ ਰੰਗ ਰੱਤੀਆਂ ਰੰਗ ਰੰਗੀਆਂ! ਅਸੀਂ ਰੰਗ ਰੱਤੀਆਂ ਰੰਗ ਰੰਗੀਆਂ! ਅੱਜ ਕਿਸਦਾ ਮੁਖੜਾ ਤੱਕਿਆ ਅੱਜ ਚੁੱਪ ਚੁੱਪ ਅੰਬਰ ਬੋਲ ਪਏ ਅੱਜ ਪੀੜਾਂ ਸ਼ਰਬਤ ਰੰਗੀਆਂ ਅੱਜ ਅੱਲੇ ਜ਼ਖ਼ਮ ਈਂ ਡੋਲ ਪਏ ਕੋਈ ਦਿਲ ਦੀ ਇੱਕ ਛਟਾਂਕ ਨੂੰ ਅੱਜ ਧਰਤੀ ਨਾ, ਨਾ ਤੋਲ ਦਏ ਮੁੜ ਹੁੰਦੀਆਂ ਫਿਰਨੀਆਂ ਬਹੁਤੀਆਂ ਲੋਕਾਂ ਨੂੰ ਅਈਥੇ ਤੰਗੀਆਂ!

ਅੱਜ ਅੰਬਰ ਡੂੰਘਾ ਬੀਜਿਆ

ਪਿੰਡ ਦੀ ਭਖੀ ਹੋਈ ਸੱਥ ਵਰਗੀ ਇਹ ਰਾਤ ਆ ਤੇਰੀ ਅੱਖ ਵਰਗੀ! ਵਾਲਾਂ ਵਿੱਚ ਫਿਰਦੇ ਹੱਥ ਵਰਗੀ! ਇਹ ਰਾਤ ਆ ਤੇਰੀ ਅੱਖ ਵਰਗੀ! ਅੱਜ ਰਾਤ ਆ ਤੇਰੀ ਅੱਖ ਵਰਗੀ | ਇਹ ਗੱਲ ਧੁੰਮੀ ਦੂਰ ਤੱਕ ਬੇਲੇ ਚ ਖਿੱਲਰੇ ਨੂਰ ਤੱਕ! ਕਦ ਉੁੱਡਦੀ ਉੁੱਡਦੀ ਪਹੁੰਚਣੀ ਵਾਵਾਂ ਚ ਘੁਲ ਗੀ ਹੂਰ ਤੱਕ! ਕੋਈ ਫ਼ਾਸਲਾ ਨਾ ਜਾਪਦਾ ਅਸਾਂ ਤੋਂ ਉਸ ਹਜ਼ੂਰ ਤੱਕ! ਫਿਰਨੀ ਤੇ ਉੁੱਗ ਉੁੱਗ ਥੱਕਿਆ ਕੌੜੀ ਵੀ ਜ਼ਹਿਰੀ ਅੱਕ ਵਰਗੀ! ਤੇਰੇ ਰੂਪ ਦੀ ਹੀ ਚਾਨਣੀ ਵਿੱਚ ਸੱਭ ਸਿਤਾਰੇ ਖੇਲ੍ਹਦੇ! ਸੱਭ ਦਿਨ ਚੜੇ ਨੂੰ ਮੇਲ੍ਹਦੇ ! ਪਰਾਲ਼ੀ ਤੇ ਤਾਰੇ ਤਰੇਲ ਦੇ! ਗੱਲ ਸੁਣ ਲਈਂ ਐ ਜੋਗੀਆ ਇਹ ਦਿਲ ਦਿਲਾਂ ਨੂੰ ਮੇਲ ਦੇ! ਅੱਖ ਕੀ ਕਹਾਂ ਓਹ ਦੋਸਤਾ ਸੂਰਜ ਨੂੰ ਲੱਗ ਗੀ ਅੱਗ ਵਰਗੀ ! ਇਹ ਛਿੜ ਗਿਆ ਜੋ ਖ਼ਾਬ ਸੁਣ ਜੋ ਜਲ ਰਹੀ ਰਬਾਬ ਸੁਣ! ਤੂੰ ਕੰਬਣੀ ਦੀ ਤਾਲ ਹੋ! ਇਹ ਧੁਖਧੁਖੀ ਦਾ ਸਾਜ਼ ਸੁਣ! ਇਹ ਦਿਲ ਤੇ ਗਜ਼ ਏ ਫਿਰ ਰਿਹਾ ਕੰਨ ਲਾ ਇਹ ਹੁਣ ਅਵਾਜ਼ ਸੁਣ! ਇਹ ਕਿਸ ਤਰ੍ਹਾਂ ਦੀ ਤਾਲ ਹੈ ਇਹ ਦੁਖ ਰਹੀ ਆ ਸੱਟ ਵਰਗੀ! ਅੱਜ ਅੰਬਰ ਡੂੰਘਾ ਬੀਜਿਆ! ਕੋਈ ਧਰਤੀ ਜਿੱਡੀ ਰੀਝ ਆ! ਓਹ ਚੌਂਹੀ ਕੂਟੀ ਲਰਜ਼ਿਆ! ਜਿਉਂ ਦਰਿਆਂਵਾਂ ਦੀ ਤਰਜ਼ ਆ! ਜੋ ਧੁਖਧੁਖੀ ਦੇ ਲਫ਼ਜ਼ ਨੇ ਦੋ ਨੇਤਰਾਂ ਦਾ ਕਰਜ਼ ਨੇ! ਇਹ ਰਾਤ ਆ ਉਹਦੀ ਅੱਖ ਵਰਗੀ ਦਿਲ ਅੰਦਰ ਖੁੱਭ ਗੀ ਕੱਚ ਵਰਗੀ! ਜੋ ਰਸਤਿਆਂ ਤੇ ਨਜ਼ਰ ਹੈ! ਇਹ ਫ਼ਜਰ ਹੈ! ਇਹ ਫ਼ਜਰ ਹੈ ! ਰੇਤਾ ਚੋਂ ਰੇਤਾ ਵੱਖਰੀ! ਇਹ ਛੁਪ ਛਿਪੀ ਏ ਅੱਥਰੀ! ਇਹ ਤਪ ਤਪੀ ਜਹੀ ਹੋਂਦ ਨੂੰ ! ਪੁੱਛਦੀ ਪਈ ਏ ਕੌਣ ਤੂੰ! ਇਹ ਮਘ ਗਈ ਏ ਵੱਧ ਗਈ! ਨਾੜਾਂ ਨੂੰ ਲੱਗ ਗੀ ਅੱਗ ਵਰਗੀ !

ਬਾਕੀ ਬਾਤ ਵੀ ਹੈ

ਕੁੱਝ ਸੁਣ ਲਈ ਏ ਤੂੰ ਬਾਕੀ ਬਾਤ ਵੀ ਹੈ! ਇਹ ਵਿਯੋਗ ਵੀ ਹੈ ਬਾਕੀ ਰਾਤ ਵੀ ਹੈ! ਜੋ ਦਰ ਤੇ ਆਇਆ ਉੁੱਠ ਜਾਣਾ ਈ ਸੀ ਪਰਵਾਨਾ ਹੈ ਇਹ ਬਾਕੀ ਜ਼ਾਤ ਵੀ ਹੈ! ਕਦੀ ਰਾਤ ਵੀ ਦੁਪਹਿਰ ਕਦੀ ਦਿਨ ਵੀ ਹਨੇਰ ਕੁੱਝ ਜਿੱਤ ਵੀ ਗਏ ਬਾਕੀ ਮਾਤ ਵੀ ਹੈ ਇੱਕ ਸੁਰਮਾਂ ਵੀ ਹੈ ਅੱਖ ਕਾਸ਼ਨੀ ਵੀ ਹੈ ਇੱਕ ਤਿਆਰੀ ਬੜੀ ਬਾਕੀ ਘਾਤ ਵੀ ਹੈ ਇਹ ਪੀੜ ਜੋ ਮਿਲੀ ਐਂਵੇਂ ਨਿੰਦਣੀ ਏਾ ਕਿਉਂ? ਕੁੱਝ ਆਪ ਈ ਬੁਲਾਈ ਬਾਕੀ ਦਾਤ ਵੀ ਹੈ! ਤਾਰਾ ਤਾਰਾ ਅਕਾਸ਼ ਮਿੱਟੀਓ ਮਿੱਟੀ ਜ਼ਮੀਨ ਇੱਕ ਜ਼ਖ਼ਮ ਨਵਾਂ ਬਾਕੀ ਤਾਪ ਵੀ ਹੈ ਕੱਲ੍ਹੀ ਬੰਦਿਆਂ ਦੇ ਹੱਥ ਧਰਤੀ ਬਚਦੀ ਵੀ ਨਾ ਇਹ ਤਾਂ ਰੁੱਖਾਂ ਦਾ ਦਾਨ ਬਾਕੀ ਆਪ ਵੀ ਹੈ ਜਿੰਨੇ ਜ਼ਿੰਦਗੀ ਦੇ ਰੰਗ ਓਨੇ ਫੁੱਲਾਂ ਦੇ ਨਾ ਹਰ ਟਾਹਣੀ ਤੇ ਪੁੰਨ ਬਾਕੀ ਪਾਪ ਵੀ ਹੈ ਹੁਣ ਚੁੱਪ ਹੋ ਜੀ ਏ ਜੋ ਇਹ ਧੜਕਣ ਕਹੇ ਬਾਕੀ ਬਾਤ ਵੀ ਹੈ! ਬਾਕੀ ਰਾਤ ਵੀ ਹੈ!

ਜੋ ਪਰੀਆਂ ਸੀ ਘੱਲੀਆਂ

ਸਿਰ ਤੇ ਨੇ ਇੱਟਾਂ ਤੇ ਪੈਰੀਂ ਬਿਆਈਆਂ ਮੱਥੇ ਤੇ ਮੁੜ੍ਹਕਾ ਤੇ ਭੁੱਖੀਆਂ ਤਿਹਾਈਆਂ ਜੋ ਪਰੀਆਂ ਸੀ ਘੱਲੀਆਂ ਓਹ ਕਿਸ ਹਾਲ ਸਾਈਆਂ ! ਜੋ ਪਰੀਆਂ ਸੀ ਘੱਲੀਆਂ ਓਹ ਕਿਸ ਹਾਲ ਸਾਈਆਂ ! ਇੱਕ ਮਿਰਦੰਗ ਵੱਜਦੀ ਏ ਥੋੜਾਂ ਦੀ ਹਰਦਮ! ਮੁੱਕੀਆਂ ਕਦੇ ਨਾ ਓਹ ਲੋੜਾਂ ਦੀ ਹਰਦਮ! ਅੱਖਰਾਂ ਦਾ ਕੋਈ ਦੀਵਾ ਨਾ ਜਗਦਾ ਏਨਾ ਹਨੇਰਾ ਕਿ ਕੁੱਝ ਵੀ ਨਾ ਲੱਭਦਾ! ਜੋ ਮਿਹਰਾਂ ਮੈਂ ਸੁਣੀਆਂ ਤੂੰ ਖੁੱਲ੍ਹੀਆਂ ਲੁਟਾਈਆਂ ! ਸੁਫ਼ਨੇ ਚ ਰਾਤੀਂ ਆਂਉਂਦੇ ਨੇ ਦਾਣੇ! ਚਾਵਾਂ ਦੇ ਟੁਕੜੇ ਸੱਧਰਾਂ ਦੇ ਬਾਣੇ! ਚੱਕਰ ਚੋਂ ਲੱਗਦਾ ਏ ਛੁੱਟਿਆ ਨੀ ਜਾਣਾ ਇਹ ਹਰ ਦਿਨ ਬੁਰਕੀ ਦੇ ਮੱਕੇ ਨੂੰ ਜਾਣਾ! ਇਹ ਢਿੱਡਾਂ ਤੋਂ ਤੁਰੀਆਂ ਤੇ ਮੁੱਕੀਆਂ ਪੜ੍ਹਾਈਆਂ ! ਬਚਪਨ ਵੀ ਗੁੰਮਿਆ ਜਵਾਨੀ ਇਹ ਕਾਹਦੀ! ਫਿਕਰਾਂ ਚ ਰੁੰਨੀ ਕਸ਼ਟਾਂ ਦੀ ਖਾਧੀ! ਗੁੱਡੀਆਂ ਪਟੋਲੇ ਵੀ ਸ਼ਕਲਾਂ ਵਟਾਉਂਦੇ ! ਖੇਡਣ ਦੀ ਉਮਰੇ ਜਣੇਪੇ ਥਿਆਂਉਂਦੇ! ਕੈਦਾਂ ਨੇ ਲੰਮੀਆਂ ਤੇ ਮੁਸ਼ਕਿਲ ਰਿਹਾਈਆਂ! ਇੱਕ ਪਾਸੇ ਨੇ ਦਿਸਦੇ ਇਹ ਰਾਣੇ ਤੇ ਰਾਜੇ! ਇਹ ਦੱਮਾਂ ਨਾ ਲੱਦੇ ਇਹ ਅੱਜ ਦੇ ਖ਼ੁਆਜੇ! ਇੱਕ ਪਾਸੇ ਕਰੰਗਾਂ ਦੇ ਵਰਗੇ ਨਿਆਣੇ ਪਿੰਡੇ ਤੇ ਲਹਿਰਨ ਪਿੱਤਾਂ ਦੇ ਦਾਣੇ! ਇਹ ਲੀਰਾਂ ਦੇ ਲੀੜੇ ਓਹ ਗੁੰਮੀਆਂ ਗਰਾਹੀਆਂ! ਜੋ ਕੋਰੇ ਸੀ ਕਾਗ਼ਜ਼ ਓਹ ਕੋਰੇ ਹੀ ਰਹਿ ਗੇ! ਜੰਮਦੇ ਹੀ ਕਿਹੜੇ ਸਕੂਲੇ ਨੇ ਪੈ ਗੇ! ਕੁੱਲੀ ਤੋਂ ਕੰਮ ਦੇ ਨੇ ਕੈਸੇ ਇਹ ਰਸਤੇ ਦੁੱਧਾਂ ਦੇ ਦੰਦਾਂ ਨੂੰ ਕੈਸੇ ਨੇ ਬਸਤੇ! ਮੁੜ੍ਹਕੇ ਨਾ ਗਿੱਲੀਆਂ ਇਹ ਬੋਹਜੇ ਕਮਾਈਆਂ ! ਸੜਕਾਂ ਦੇ ਉੁੱਤੇ ਪਿਆਰੇ ਨੇ ਰੁਲ਼ਦੇ ਅੱਧੇ ਕੁ ਢੱਕੇ ਤਾਰੇ ਨੇ ਰੁਲ਼ਦੇ ! ਓਹ ਅੱਖਾਂ ਇਹ ਪੁੱਛਣ ਓਹ ਹਾਕਮ ਏ ਕਿਹੜਾ? ਸਾਡੇ ਖਿਡਾਉਣੇ ਓਹ ਲਈਂਦਾ ਏ ਜਿਹੜਾ! ਓਸੇ ਨੇ ਲੱਗਦਾ ਏ ਰੋਟੀਆਂ ਲੁਕਾਈਆਂ! ਇਹ ਸਾਰੇ ਈ ਕੋਈ ਮਜਬੂਰੀ ਚ ਲੱਗਦੇ! ਇਹ ਬਿਰਖ਼ ਨੇ ਮਿੱਟੀ ਦੇ ਵੱਲਾਂ ਨੂੰ ਵੱਧਦੇ! ਇਹ ਹੋਏ ਨਾ ਹੋਏ ਗੁਆਚੇ ਗੁਆਚੇ! ਇਹ ਜੰਮੇ ਨਾ ਜੰਮੇ! ਨਾ ਰੋਣੇ ਨਾ ਹਾਸੇ! ਕਿੱਥੇ ਨੇ ਇਹਨਾਂ ਨੇ ਜਿੰਦਾਂ ਛੁਪਾਈਆਂ? ਤਾਪ ਚੜ੍ਹੇ ਨੂੰ ਦਵਾਈ ਨਾ ਜੁੜਦੀ! ਜ਼ਖ਼ਮਾਂ ਚੋਂ ਪੀਕਾਂ ਦੀ ਸੱਪਣੀ ਏ ਤੁਰਦੀ! ਸੜਕਾਂ ਨੇ ਹਸਪਤਾਲਾਂ ਦੇ ਗੱਦੇ! ਜੀਂਦੇ ਨੇ ਮਰਦੇ ਨੇ ਅੱਧੇ ਪਚੱਧੇ! ਉੁੱਡੀਆਂ ਨੇ ਧੂੜਾਂ ਪਤਾ ਲੈਣ ਆਂਈਆਂ! ਬੰਦੇ ਤੇ ਬੰਦੇ ਦੇ ਫਰਕ ਨੇ ਅੱਥਰੇ ! ਹੱਥ ਪੈਰ ਇੱਕੋ ਤੇ ਅਸਮਾਨ ਵੱਖਰੇ! ਇਹ ਪੈਰਾਂ ਦੇ ਥੱਲੇ ਜੋ ਸਹਿਕਣ ਧਿਆਂਣੇ! ਇਹ ਨਜ਼ਰੀਂ ਨਾ ਆਂਉਂਦੇ ਜੋ ਅੱਖਾਂ ਦੇ ਸਾਹਵੇਂ ! ਜੋ ਬੀਜੇ ਗਏ ਤੇ ਫਸਲਾਂ ਉਗਾਈਆਂ! ਇਹ ਚੋਣ ਨਿਸ਼ਾਨਾ ਤੋਂ ਦੂਰ ਹੀ ਲੱਗਦੇ! ਗ਼ੁਰਬਤ ਦੇ ਜਿੰਨੇ ਦਰਿਆ ਨੇ ਵਗਦੇ! ਰੁੜ੍ਹਦੇ ਈ ਜਾਂਦੇ ਇਹ ਚੁੱਪ ਚਾਪ ਸਾਰੇ! ਇਹ ਜਗਦੇ ਨਾ ਬੁਝਦੇ ਨਾ ਜਿੱਤੇ ਨਾ ਹਾਰੇ! ਨਾਅਰੇ ਨਾ ਲਾਉਂਦੇ ਨਾ ਮੰਗਾਂ ਮਨਾਈਆਂ!

ਅਸੀਂ ਖਿੜ ਖਿੜ ਜਾਣਾ ਏ

ਅਸੀਂ ਖਿੜ ਖਿੜ ਜਾਣਾ ਏ ਦੁਪਹਿਰ ਬਣਕੇ ਪਰਦੇਸ ਕਦੀ ਆਂਈਂ ਸਾਡਾ ਸ਼ਹਿਰ ਬਣਕੇ! ਸਾਡਾ ਖੁਰ ਖੁਰ ਜਾਏ ਦਿਲ ਪਾਣੀਆਂ ਦੇ ਵਿੱਚ ਕਦੇ ਆਂਈਂ ਸਾਡੇ ਪੱਤਣਾਂ ਤੇ ਲਹਿਰ ਬਣਕੇ! ਕੀ ਜਾਣ ਦਾ ਗਿਲਾ ਜੇ ਨਾ ਮਿਲਣਾ ਕਦੇ ਐਂਵੇਂ ਦਿਲ ਉੁੱਤੇ ਵਰ੍ਹਦਾਂ ਏਾ ਕਹਿਰ ਬਣਕੇ! ਇਹ ਵਰੋਲਿਆਂ ਚੋਂ ਕਿਸਦਾ ਏ ਮੁਖ ਦਿਸਦਾ? ਮਿੱਟੀ ਬੋਲਦੀ ਪਈ ਏ ਅੱਜ ਗਹਿਰ ਬਣਕੇ! ਸਾਡੇ ਪਿੰਡ ਦਿਆਂ ਖਾਲਾਂ ਵਿੱਚ ਵਗਦਾ ਇਹ ਕੌਣ? ਓਹ ਤਾਂ ਮਿੱਟੀਆਂ ਚ ਜੀਰਿਆ ਸੀ ਗ਼ੈਰ ਬਣਕੇ! ਓਹਦੇ ਸੂਰਜਾਂ ਲਈ ਅਸੀਂ ਪੱਛਮਾਂ ਦੇ ਵਾਂਗ ਕਿ ਓਹ ਢਲ ਜਾਏ ਆਥਣਾਂ ਦਾ ਪਹਿਰ ਬਣਕੇ! ਤੇਰੇ ਰਾਹਾਂ ਚ ਖੜੀ ਆ ਸਾਡੀ ਰਾਤ ਕਮਜ਼ਾਤ! ਸਾਡਾ ਰੁਕਿਆ ਏ ਘੜੀ ਪਲ ਸਹਿਰ ਬਣਕੇ! ਕਦੇ ਗੁੰਮ ਜਾਏ ਕੋਈ ਜਿਵੇਂ ਲੰਘਿਆ ਸਮਾਂ! ਕਦੇ ਝੋਲੀਆਂ ਦੇ ਵਿੱਚ ਕੋਈ ਖ਼ੈਰ ਬਣਕੇ! ਸਾਡੇ ਜਿਸਮਾਂ ਦੀ ਜਿਹੜਾ ਦਹਿਲੀਜ਼ ਬਣਿਆ ਓਹੀ ਗਲ਼ੀਆਂ ਚੋਂ ਲੰਘਿਆ ਏ ਗ਼ੈਰ ਬਣਕੇ ! ਓਹਦੇ ਪਾਣੀਆਂ ਦੇ ਵਿੱਚ ਅਸੀਂ ਦਿਸਦੇ ਰਹੇ ਜਿਹੜਾ ਨਦੀਆਂ ਚੋਂ ਨਿਕਲਿਆ ਨਹਿਰ ਬਣਕੇ! ਅਸੀਂ ਮੀਟ ਲਏ ਨੈਣ ਘੁੱਟ ਘੁੱਟ ਪੀ ਲਿਆ ਅੱਜ ਅੰਮ੍ਰਿਤ ਮਿਲਿਆ ਏ ਜ਼ਹਿਰ ਬਣਕੇ! ਵੇਖ ਜਿਸਮਾਂ ਚੋਂ ਜ਼ਿੰਦਗੀ ਦੀ ਹੂਕ ਸੁਣਦੀ! ਸਿਰ ਹੱਥ ਮੁਖ ਧੜ ਅਤੇ ਪੈਰ ਬਣਕੇ! ਹੁਣ ਬੈਠ ਘੜੀ ਪਲ ਤਾਲ ਛੇੜ ਦੇ ਕੋਈ ਫਿਰ ਤੁਰ ਜਾਂਈਂ ਗ਼ਜ਼ਲਾਂ ਦੀ ਬਹਿਰ ਬਣਕੇ!

ਬੇਖ਼ੁਦੀ ਵੀ ਹੈ

ਬੇਖ਼ੁਦੀ ਵੀ ਹੈ, ਪਰ ਹੋਸ਼ ਬਾਕੀ ਏ! ਪਿਆਲਾ ਛਲਕ ਗਿਆ, ਕੁੱਝ ਹੋਰ ਬਾਕੀ ਏ! ਕੋਈ ਤਰੱਦਦ ਨਹੀਂ, ਪਰ ਕੋਸ਼ਸ਼ਿ ਵੀ ਹੈ! ਮੈਂ ਹਾਂ ਬਹਿਕਿਆ, ਕੁੱਝ ਹੋਰ ਬਾਕੀ ਏ! ਬਾਹਾਂ ਚ ਪਿਘਲਿਆ, ਪਿਘਲਿਆ ਲੋਹਾ ਜਿਵੇ! ਸਭ ਭਾਫ਼ ਭਾਫ਼ ਏ, ਕੁੱਝ ਹੋਰ ਬਾਕੀ ਏ! ਓਹ ਗਿਆ ਈ ਕਦੋਂ , ਯਾਦ ਕਰਦਾ ਜੋ ਮੈਂ ਰੋਜ਼ ਧੜਕਨ ਕਹੇ, ਜੀ ਓਹ ਲੋਰ ਬਾਕੀ ਏ! ਅਸਮਾਨ ਭਰਿਆ ਪਿਆ, ਬੇਚੈਨੀਆਂ ਦੇ ਨਾਲ ਅੱਜ ਬਰਸੇਗੀ ਚੁੱਪ, ਤੇ ਇਹ ਸ਼ੋਰ ਬਾਕੀ ਏ! ਜੀਹਨੂੰ ਕੰਡਿਆਂ ਦੇ ਨਾਲ, ਅਸੀਂ ਪਿੰਜਦੇ ਰਹੇ! ਫੁੱਲ ਪੱਤੀਆਂ ਤੋਂ ਕੂਲਾ, ਓਹਦਾ ਰੋਸ ਬਾਕੀ ਏ ਇਹ ਰਹਿ ਜੋ ਗਿਆ, ਇਹ ਉਪਜਿਆ ਨਹੀਂ ! ਨਾ ਬਿਨਸਿਆ ਈ ਇਹ, ਕਮਰੋੜ ਬਾਕੀ ਏ! ਲੈ ਚਾਨਣ ਦਾ ਭੱਤਾ, ਕੋਈ ਆਂਉਂਦਾ ਈ ਹੋਊ ਵੱਟਾਂ ਬੰਨਿਆਂ ਦੀ ਸ਼ਾਨ, ਓਹਦੀ ਤੋਰ ਬਾਕੀ ਏ ਖੋਜ ਦਿਲ ਨੂੰ ਜ਼ਰਾ, ਰੋਜ਼ ਖੋਜਦਾਂ ਜਹਾਨ! ਇੱਕ ਹੋਰ ਮਾਰ ਟੱਪ, ਪੜਚੋਲ ਬਾਕੀ ਏ ਖਾਲਾਂ ਖਾਲ਼ਦਾ ਈ ਰਹੁ, ਪਾਣੀ ਲੱਗਣਾ ਅਜੇ! ਰੁੱਡਾਂ ਮਾਰਦਾ ਈ ਜਾ, ਬੂਟੀ ਹੋਰ ਬਾਕੀ ਏ!

ਦੇਹੜੀ ਇਹ ਖੰਡ ਮਿਸ਼ਰੀ

ਆਜਾ ਮਿਲ ਲਈਏ, ਅੱਜ ਫੇਰ ਸਾਹਾਂ ਵਿੱਚ ਸਾਹ, ਕੋਈ ਰਲ ਜਾਵੇ! ਰਾਤ ਚਾਨਣੀ ਦੇ, ਵਿੱਚ ਫੇਰ ਤਾਰਿਆਂ ਦਾ ਮੀਂਹ, ਜਿਹਾ ਵਰ੍ਹ ਜਾਵੇ! ਆਜਾ ਸੱਖਣੀ ਏ ਓਹ ਥਾਂ ਮਿੱਟੀਆਂ ਵਿਛਾ ਕੇ ਸਾਨੂੰ ਡੀਕਦੀ ਚੁੱਕ ਚੁੱਕ ਪੱਬ ਤੁਰ ਪੇ ਰੁਕੀ ਆ ਕਹਾਣੀ ਜਿੱਥੇ ਪ੍ਰੀਤ ਦੀ ਮਿੱਟੀਆਂ ਤੋਂ ਛਾਂ ਰੁੱਖ ਦੀ ਆਂਉਂਦਿਆਂ ਨੂੰ ਵੇਖ ਸਾਨੂੰ ਖੜ੍ਹ ਜਾਵੇ ਲੱਪ ਕੁ ਏ ਰੀਝ ਦਿਲ ਦੀ ਚੁੰਗੀਆਂ ਭਰੇ ਜੇ ਤੈਨੂੰ ਵੇਖਦੀ ਖਿਆਲ ਦੀ ਅਗਨ ਬਾਲ ਕੇ ਦੀਦ ਦੀ ਪਿਆਸ ਰਹੇ ਮੇਟਦੀ ਰੱਬ ਕਰੇ ਦੀਦ ਦਾ ਖ਼ਿਆਲ ਤੇਰਿਆਂ ਦੀਦਾਰਾਂ ਨਾਲ ਵਰ ਜਾਵੇ ਸੱਧਰਾਂ ਦੀ ਕੂਲ ਵਗਦੀ ਕਲਕਲ ਨੇਤਰਾਂ ਤੋਂ ਦਿਲ ਤਾਂਈਂ ਰੰਗਦੀ ਬਹਾਰ ਜਿੱਤਰਾਂ ਦਿਲ ਦੀਆਂ ਲਗਰਾਂ ਨੂੰ ਰੰਗ ਜਾਂਈਂ ਦੇਹੜੀ ਇਹ ਖੰਡ ਮਿਸ਼ਰੀ ਤੇਰੀਆਂ ਬਾਹਾਂ ਚ ਅੱਜ ਖ਼ਰ ਜਾਵੇ ਤਾਰਿਆਂ ਦੀ ਕਿਣ ਮਿਣ ਜਾਪਦੀ ਧੋਅ ਕੇ ਰਹੂਗੀ ਕਾਇਨਾਤ ਨੂੰ ਚਾਨਣਾ ਚ ਵੱਟ ਜਾਈਏ ਸਾਂਭ ਲੀਏ ਇਸ਼ਕ ਸੌਗ਼ਾਤ ਨੂੰ ਪਲਕਾਂ ਚੋਂ ਚੰਨ ਦਿਸਣਾ ਨੇਰ੍ਹਿਆਂ ਨੂੰ ਅੱਚਵੀ ਜੀ ਲੜ ਜਾਵੇ

ਜਦ ਵੀ ਵਰਕਾ ਫੋਲਦਾਂ

ਜਦ ਵੀ ਵਰਕਾ ਫੋਲਦਾਂ ਚਿਹਰਾ ਇੱਕ ਦਿਸਦਾ ਰਵ੍ਹੇ ਦਿਲ ਵੀ ਇੱਕ ਕਿਤਾਬ ਹੈ ਅੱਖਰ ਕਦ ਮਿਟਦੇ ਕਦੇ? ਮੈਂ ਓਹ ਪਲਕਾਂ ਲਿਖਣੀਆਂ ਸੋਚ ਕੇ ਕੁਝ ਲਿਖ ਲਿਆ ਅਕਸ਼ਰ ਸ਼ੀਸ਼ਾ ਬਣ ਗਏ ਸ਼ੀਸ਼ਾ ਜੋ ਬਲਦਾ ਰਵ੍ਹੇ ਰਸਤਿਆਂ ਤੋਂ ਅਗਨ ਵੀ ਪਾਣੀ ਵਾਂਗਰ ਪੀ ਲਵੀਂ ! ਸੇਕ ਤੇ ਕੁਝ ਧੁਖਧੁਖੀ ਹੈ ਤਾਂ ਦਿਲ ਚੱਲਦਾ ਰਵ੍ਹੇ ਇਹ ਜ਼ਿੰਦਗੀ ਦੀ ਰੌਸ਼ਨੀ ਹੈ ਵੀ ਆ ਤੇ ਕੁੱਝ ਨਹੀਂ ਜਲ ਉਠੇ ਜੋ ਜੀ ਹੋਏ ਬੁੱਝ ਜਾਏ ਜੋ ਜੀ ਕਰੇ ਹੰਝੂਆਂ ਨੂੰ ਇਸ ਤਰ੍ਹਾਂ ਅਫ਼ਸਾਨਿਆਂ ਤੇ ਫੇਰ ਨਾ! ਖੂਨ ਨੇ ਜੋ ਲਿਖ ਲਏ ਇਸ ਤਰ੍ਹਾਂ ਮਿਟਦੇ ਕਦੇ! ਦਿਲ ਚੋਂ ਗਰਦਾ ਛਾਣਿਆ ਫਿਰ ਜ਼ਖ਼ਮਾਂ ਨੂੰ ਜਾਣਿਆ ਖਿੜ ਗਏ ਇਹ ਫੁੱਲ ਨੇ ਫੇਰ ਕੀ ਦੁਖਦੇ ਕਦੇ ਰੇਤ ਤੇ ਅੱਖਰ ਨਹੀਂ ਜੋ ਪੈ ਗਏ ਜੋ ਮਿਟ ਗਏ ਦਿਲ ਦੀ ਇਸ ਜ਼ਮੀਨ ਤੋਂ ਮੁਖੜੇ ਕਦ ਮਿਟਦੇ ਕਦੇ ਖ਼ੂਨ ਨੇ ਜੋ ਲਿਖ਼ ਤੀਆਂ ਇਬਾਰਤਾਂ ਨਾ ਮਿਟਣੀਆਂ ਦਿਲ ਦੀ ਸ਼੍ਹਾਈ ਧੜਕਦੀ ਅੱਖਰ ਨਾ ਸੁੱਕਦੇ ਕਦੇ

ਕੱਚ ਦੀਆਂ ਕਹਾਣੀਆਂ

ਅੱਜ ਕੌਣ ਮਿਲਨ ਏ ਆ ਗਿਆ ਅਸੀਂ ਰਸਤਿਆਂ ਤੇ ਕਿਰ ਗਏ! ਉਸ ਇੱਕ ਨਜ਼ਰ ਹੀ ਵੇਖਿਆ ਸੌ ਦਿਨ ਪੁਰਾਣੇ ਛਿੜ ਗਏ! ਅੱਜ ਪੀਲੇ ਪੱਤਰ ਬਿਰਖ ਦੇ ਕੁੱਝ ਲੋਰ ਵਿੱਚ ਨੇ ਗਿਰ ਗਏ! ਅੱਜ ਪੱਤਝੜ ਵਿੱਚ ਬਸੰਤ ਹੈ ਰੁੱਤਾਂ ਦੇ ਚੱਕਰ ਫਿਰ ਗਏ! ਅੱਜ ਕੌਣ ਅਇਆ ਅੰਬਰੀਂ ਰਿਸ਼ਮਾਂ ਦੇ ਗੇਂਦੇ ਖਿੜ ਗਏ! ਅੱਜ ਕੌਣ ਆਇਆ ਧਰਤ ਦੇ ਕੇਸਾਂ ਚੋਂ ਕੰਘੇ ਕਿਰ ਗਏ! ਅੱਜ ਬਾਗ਼ ਓਹੀ ਇਸ਼ਕ ਦੇ ਰੁੱਤਾਂ ਤੋਂ ਪਹਿਲੋਂ ਖਿੜ ਗਏ! ਅੱਜ ਚਾਹੁੰਦਿਆਂ ਨਾ ਚਾਹੁੰਦਿਆਂ ਹੱਥਾਂ ਨਾ ਹੱਥ ਨੇ ਛਿੜ ਗਏ! ਅੱਜ ਕਿਸ ਤਰ੍ਹਾਂ ਦਾ ਦਿਨ ਰਹੂ ਅੱਜ ਕਿਸ ਤਰ੍ਹਾਂ ਦੀ ਰਾਤ ਫਿਰ ਅੱਜ ਗੁੰਮ ਜਾਣਾ ਵਕਤ ਨੇ ਹੋਈ ਨਾ ਹੋਈ ਰਾਤ ਫਿਰ! ਕੋਇਲਾਂ ਨੇ ਕੂਕਾਂ ਕੂਕ ਕੇ ਅੰਬੀਆਂ ਨੂੰ ਦੱਸਣੀ ਜ਼ਾਤ ਫਿਰ! ਅੱਜ ਭੌਰਿਆਂ ਦੇ ਫੁੱਲ ਤੋਂ ਸ਼ਹਿਦਾਂ ਦੇ ਦਾਅਵੇ ਰਿਸ ਗਏ! ਪੌਣਾਂ ਨੇ ਫਿਰਨਾ ਡੰਗੀਆਂ ਓਹ ਬੁੱਲ ਚੁੰਮ ਕੇ ਸੰਗੀਆਂ! ਆਂਈਆਂ ਨੇ ਸਾਹੇ ਚਿੱਠੀਆਂ ਤੇਰੇ ਈ ਹੋਂਠਾਂ ਰੰਗੀਆਂ ! ਗੱਲਾਂ ਨੇ ਛੁੱਟ ਛੁੱਟ ਜਾਂਦੀਆਂ ਲੱਖ ਚੰਗੀਆਂ ਜਾਂ ਮੰਦੀਆਂ ! ਅੱਜ ਫੇਰ ਵਾਲਾਂ ਵਿੱਚ ਨੇ ਉਂਗਲਾਂ ਦੇ ਛੱਲੇ ਫਿਰ ਗਏ! ਅੱਖਾਂ ਚ ਕਜਲਾ ਲਿਖ ਰਿਹਾ ਇਬਾਰਤਾਂ ਇਹ ਸੱਚੀਆਂ ਵੰਗਾਂ ਨੂੰ ਲੱਗਿਆ ਡਰ ਕਿ ਇਹ ਵੀਣੀਆਂ ਨੇ ਕੱਚੀਆਂ ! ਅੱਜ ਝਾਂਜਰਾਂ ਕੀ ਵੇਖਿਆ ਛਿਟੀਆਂ ਦੇ ਵਾਂਗੂੰ ਮੱਚੀਆਂ ! ਮੱਥੇ ਅਵਾਰਾ ਲਿੱਟ ਦੇ ਇਹ ਨਾਗ ਜ਼ਹਿਰੀ ਫਿਰ ਰਹੇ! ਉੁੱਠ ਪਾਣੀਆਂ ਚੋਂ ਪਾਣੀਆਂ ! ਇਹ ਦੂਰ ਤੱਕ ਨੇ ਜਾਣੀਆਂ! ਨਾ ਰਾਤ ਦੇ ਨਾ ਬਾਤ ਦੇ! ਗੱਲਾਂ ਨੇ ਪਰਦੇ ਖਾਣੀਆਂ ! ਇੰਜ ਖਣਕਣਾ ਇੰਜ ਛਣਕਣਾ ਕੱਚ ਦੀਆਂ ਸਭ ਕਹਾਣੀਆਂ ! ਰੂਹਾਂ ਨੇ ਵਾਅਦੇ ਕਰਦੀਆਂ ਬੁੱਤ ਵਿੱਚ ਵਚਾਲੇ ਘਿਰ ਗਏ!

ਕਾਰੋਬਾਰ

ਸਭ ਜੀਭ ਦੇ ਸਹਾਰੇ ਕਾਰੋਬਾਰ ਟਿਕਿਆ ਹੈ ਸ਼ਬਦਾਂ ਦੀ ਕੰਧ ਓਹਲੇ ਕਿਰਦਾਰ ਲੁਕਿਆ ਹੈ ਤੂੰ ਇਸ ਪਾਸੇ ਨਾਂ ਆਂਵੀਂ ਏਥੇ ਮੈਂ ਨਗਨ ਰਹਿਨਾਂ! ਤੇਰੀ ਨਜ਼ਰ ਤੋਂ ਦੂਰ ਬੜਾ ਕੁਝ ਯਾਰ ਲੁਕਿਆ ਹੈ ਆਖਰ ਕੀ ਸੀ ਐਸਾ ? ਜੋ ਘਰ ਦੀਆਂ ਕੰਧਾਂ ਵੇਖਿਆ ਕਿ ਬੰਦੇ ਤੋਂ ਡਰਦਾ ਘਰ-ਬਾਰ ਲੁਕਿਆ ਹੈ ਅੱਜ ਬਚ ਜਾਵਾਂ ਕਿਸੇ ਤਰ੍ਹਾਂ ਕੱਲ੍ਹ ਦਾ ਕੱਲ੍ਹ ਨੂੰ ਮਰਾਂਗੇ! ਬੱਸ ਮੇਰੇ ਹੀ ਆਸਰੇ ਸੰਸਾਰ ਟਿਕਿਆ ਹੈ ! ਇਸ ਤੋਂ ਪਹਿਲਾਂ ਕਿ ਛੁਪ ਜਾਏ ਕਾਫ਼ਲਾ ਹਸਤੀ ਦਾ ਰੁਕ ਜਾਏ ਅੱਖਾਂ ਖੋਲ੍ਹ ਕੇ ਵੇਖ ਜੋ ਅੰਦਰ ਬਾਹਰ ਲੁਕਿਆ ਹੈ

ਜੋ ਸੂਰਜ ਸੀ ਆਪ

ਜੋ ਸੂਰਜ ਸੀ ਆਪ ਰਹੇ ਤਾਰਿਆਂ ਨੂੰ ਛਾਣਦੇ ਰੱਬ ਵੇਖੇ ਨੇ ਬੜੇ ਦੀਵੇ ਮੰਦਰਾਂ ਚ ਬਾਲਦੇ... ਇਸ 'ਮੈਂ' ਦੇ ਉਸ ਪਾਰ ਇੱਕ ਭੇਦ ਹੈ ਅਪਾਰ ਉਠ! ਉਸ ਦੇ ਸਿਰੋਂ ਇਸ ਪਰਬਤ ਨੰ ਵਾਰ ਦੇ ਕਦੇ ਲੰਘ ਜਾਵੀਂ ਯਾਰ ਦਿਸਹੱਦਿਆਂ ਤੋਂ ਪਾਰ ਕਦੇ ਫ਼ਰਸ਼ਾਂ ਤੇ ਫੇਰ ਇਸ ਅਰਸ਼ ਨੂੰ ਖਲਾਰ ਦੇ ਐਂਵੇਂ ਪੁੱਛਦਾ ਨਾਂ ਫਿਰ ਕਿੱਥੋਂ , ਕਿੱਥੇ ਹੈ ਜਾਣਾ? ਜਿੱਥੇ ਦਿਲ ਜਾ ਰਿਹਾ ਏ ਓਥੇ ਕਦਮਾਂ ਨੂੰ ਜਾਣ ਦੇ ਫੇਰ ਓਦਾਂ ਹੀ ਮਿਲ ਜਿਵੇਂ ਪਾਣੀ ਨੂੰ ਪਾਣੀ ਮੈਂ ਵੀ, ਛੱਡਦਾਂ ਜੋ ਹੋਇਆ ਜੋ ਨਾਂ ਹੋਇਆ, ਤੂੰ ਜਾਣ ਦੇ ਜੋ ਰੌਸ਼ਨ ਹੈ ਅੱਜ ਕਿਵੇਂ ਰੌਸ਼ਨ ਹੋਇਆ ਹੈ? ਕਦੇ ਹਾਸਿਆਂ ਦੀ ਲੋਅ ਕਦੇ ਹੌਕਿਆਂ ਨੂੰ ਬਾਲ ਕੇ ਤੇਰੀ ਲੋਅ ਦਾ ਸਰਨਾਵਾਂ ਤੇਰੇ ਅੰਦਰ ਹੀ ਹੈ ਕਿਸੇ ਤਾਰੇ ਨੂੰ ਢੂੰਡ ਕੋਈ ਸੂਰਜ ਹੀ ਬਾਲਦੇ ਐਵੇਂ ਕਰ ਨਾਂ ਹਿਸਾਬ ਆਹ ਗਿਆ! ਔਹ ਗਿਆ! ਬਸ ਆਪ ਨੰ ਹੀ ਰੱਖ ਬਾਕੀ ਸਭ ਕੁੱਝ ਜਾਣ ਦੇ ਜ਼ਿੰਦਗੀ ਦੇ ਮਜ਼ਾਕ ਤੋਂ ਮੌਤ ਦੇ ਮਜ਼ਾਕ ਤੱਕ ਜਿੱਤਣ ਵਾਲੇ ਕੀ ਜਿੱਤੇ? ਜੋ ਹਾਰੇ ਕੀ ਹਾਰਦੇ? ਸ਼ਹਿਰ ਤੇਰੇ ਨੂੰ ਜਾਪਦਾ ਕੋਈ ਹਸਰਤਾਂ ਦਾ ਰੋਗ ਹੈ ਜੇਬਾਂ ਚ ਸੂਰਜ ਖਣਕਦਾ ਫਿਰ ਵੀ ਨੇ ਦੀਵੇ ਭਾਲਦੇ ਜੋ ਤਿੜਕਿਆ ਏ ਰਿਸ਼ਤਾ ਉਸ ਰਿਸ਼ਤੇ ਦੇ ਨਾਮ ਤੇ ਮੈਂ ਸ਼ੀਸ਼ੇ ਦਾ ਹੁੰਨਾ ਤੂੰ ਇੱਕ ਪੱਥਰ ਉਛਾਲ ਦੇ ਖਵਾਹਿਸ਼ਾਂ ਚ ਗੁੰਮੀ ਕਦੇ ਸੁਫਨਿਆਂ ਚ ਲਾਪਤਾ ਉਮਰ ਗੁਜ਼ਰ ਗਈ ਹੈ ਜ਼ਿੰਦਗੀ ਨੂੰ ਭਾਲਦੇ

ਪਤਾਲ-ਏ-ਬੰਦਗੀ

ਆਪਣੀ ਬੀਬੀ ਸਰਦਾਰਨੀ ਗਿਆਨ ਕੌਰ ਦੇ ਨਾਂ ਜਿੰਨ੍ਹਾਂ ਨੂੰ ਯਾਦ ਕਰਦਿਆਂ “ਚੁੱਲ੍ਹੇ ਚੌਂਕੇ ਦੀ ਸਲਤਨਤ” ਦਾ ਸ਼ਹਾਨਾ ਬਿੰਬ ਹੀ ਜ਼ਿਹਨ 'ਚ ਉਪਜਦਾ ਹੈ.. ਅਤੇ ਘਰ ਦਾ ਧੁਰ ਹਰ ਸੁਆਣੀ ਦੇ ਨਾਂ.. ਚੁੱਲ੍ਹਾ ਚੌਂਕਾ ਸਲਤਨਤ ਆ ਵਿੱਚ ਆ ਰੈਣ ਬਸੇਰਾ ਮੇਚ ਤੇਰੇ ਅਰਸ਼ ਦੇ ਆ ਛੰਨਿਆਂ ਦਾ ਇਹ ਘੇਰਾ ਕੜਛੀਆਂ ਈ ਢਲ ਗੀਆਂ ਨੇ ਹਲ੍ਹ ਤੇਰੇ ਦੀ ਨੋਕ ਚ ਪਿੰਡਿਆਂ ਦੀ ਟਹਿਲ ਕਰਨੀ ਇਸ਼ਕ ਏ ਘਨੇਰਾ ਪਾਲਣੇ ਇਹ ਬੋਟ ਹੁੰਦਾ ਹੈ ਪਤਾਲ-ਏ-ਬੰਦਗੀ ਘਰ ਦੀਆਂ ਵਿੱਥਾਂ ਚੋਂ ਲੰਘੇ ਰਾਹ ਧੁਰਾਂ ਨੂੰ ਮੇਰਾ ਪਰਾਤ ਦੇਹਰੀ ਮੰਦਰਾਂ ਦੀ ਗੜਵੀਆਂ ਦੇ ਕਲਸ ਨੇ ਚੁੱਲ੍ਹਿਆਂ ਦਾ ਦੀਪ ਹੈ ਤਾਂ ਜਗ ਰਿਹਾ ਬਨੇਰਾ ਪਲੇਥਣ ਇਹ ਹੱਥਾਂ ਤੇ ਜੋ ਇਹ ਫ਼ਲਸਫ਼ਿਆਂ ਦਾ ਬੂਰ ਹੈ ਛਾਬੇ ਅੰਦਰ ਰੋਟੀਆਂ ਵਿਦਿਆਲਾ ਕਿਹੜਾ ਕਿਹੜਾ ਸਖ਼ਤ ਹੈ ਕੁਰਖ਼ਤ ਹੈ ਸਮਾਜ ਕਾਲਾ ਰਕਤ ਹੈ ਗੱਲੀਂ ਕੱਥੀਂ ਪੁਣ ਜਾਏ ਰਹਿਬਰੀ ਦਾ ਕੰਮ ਮੇਰਾ ਨਾਨਕਾਂ ਨੂੰ ਗੋਦ ਮੇਰੀ ਬੁੱਧ ਮੇਰੇ ਮਾਸ ਚੋਂ ਘੁੰਮਦਾ ਏ ਚਕਲਿਆਂ ਤੇ ਵੇਖ ਲਾ ਇਹ ਰੱਬ ਤੇਰਾ

ਬੂਹੇ ਮੇਰੇ ਤੋਂ ਮੁੜੀਆਂ

ਬੂਹੇ ਮੇਰੇ ਤੋਂ ਮੁੜੀਆਂ ਇਉਂ ਸੰਦਲੀ ਹਵਾਵਾਂ ਤੋਰਨ ਲੱਗਿਆਂ ਪੁੱਤ ਨੂੰ ਜਿਉਂ ਮੁੜਦੀਆਂ ਨੇ ਮਾਂਵਾਂ ਸੁੰਨੇ ਅੱਜ ਦੇ ਚਿਹਰੇ ਵਿੱਚੋਂ ਕੀ ਟੋਲੇਂ ਹੁਣ ਵਿਹੜੇ ਵਿੱਚੋਂ ? ਨਾ ਮੁੜਦਾ ਏ ਬਾਪ ਦਾ ਸੂਰਜ ਨਾ ਮਾਂਵਾਂ ਦੀਆਂ ਛਾਵਾਂ ਨਾ ਓਹ ਚੂਰੀ ਮੂੰਹ ਵਿੱਚ ਪੈਣੀ ਨਾ ਓਹ ਨਿੱਘੀ ਗੋਦ ਈ ਰਹਿਣੀ ਬਦਲ ਲਈਂ ਸੌ ਦੇਸ ਦੇਸੰਤਰ ਬਦਲੀਂ ਲੱਖ ਸਰਨਾਵਾਂ ! ਕਿਸ ਬੂਹੇ ਨੂੰ ਦਸਤਕ ਦੇਵਾਂ? ਕਿਸ ਮਿੱਟੀ ਨੂੰ ਆਪਣੀ ਆਖਾਂ? ਇਸ ਨਗਰੀ ਚੋਂ ਲੱਭਦਾ ਨਾਹੀਂ ਅੰਮੜੀ ਦਾ ਪਰਛਾਂਵਾਂ ਦਮ ਦਮ ਨਾਲ ਦੁਆਂਵਾਂ ਅੰਦਰ ਪਰਵਰਦਿਗਾਰ ਮਾਂਵਾਂ ਅੰਦਰ ਜ਼ਖ਼ਮ ਦਿਓ ਅਸੀਸਾਂ ਦੇਂਵਣ ਮਾਂਵਾਂ ਤੇ ਨੇ ਮਾਂਵਾਂ ਵੱਸ ਹੋਏ ਤਾਂ ਚੁੰਨੀ ਓਹਲੇ ਜੰਨਤ ਇੱਕ ਤਾਮੀਰ ਕਰੇ ਉਸ ਜੰਨਤ ਵਿੱਚ ਰਹੇ ਹਮੇਸ਼ਾਂ ਜਿਗਰਾਂ ਦਾ ਪਰਛਾਵਾਂ ਕਿੱਦਣ ਛੱਡਣੇ ਝੋਲ ਝਮੇਲੇ? ਜਿੱਦਣ ਸਮਿਆਂ ਲੁੱਟੇ ਮੇਲੇ! ਆ ਜਾ! ਖ਼ੂਨ ਦੀ ਛਾਵੇਂ ਬਹਿ ਜਾ ਬਹਿ ਜਾ ਨਾਲ ਭਰਾਵਾਂ!

ਰਹਿਬਰੀ ਦੇ ਛਾਣਨੇ

ਸੋਚਦਾਂ ਹਾਂ ਓਸ ਵੱਲੀਂ ਹੋ ਗਿਆ ਜੇ ਮੁਖ ਸੋ ਹੈ ਫ਼ੈਸਲੇ ਹੋ ਜਾਣ ਆਖਰ ਜੋ ਹਵਾ ਦਾ ਰੁਖ ਸੋ ਹੈ ਤੱਤੀਆਂ ਤਵੀਆਂ ਨ ਇਹ ਤਾਂ ਰਹਿਬਰੀ ਦੇ ਛਾਣਨੇ ਸੁਖ ਅੰਦਰ ਪਰਸਿਆ ਏ ਪਿੰਡਿਆਂ ਨੂੰ ਦੁਖ ਸੋ ਹੈ ਬੱਦਲਾਂ ਤੇ ਪੱਬ ਧਰ ਕੇ ਤੁਰ ਪਏ ਨੇ ਕਾਫ਼ਲੇ ਲਸ਼ਕਰਾਂ ਦੇ ਵਾਂਗ ਅੱਖਾਂ ਜੋ ਲਬਾਂ ਤੇ ਚੁੱਪ ਸੋ ਹੈ ਲੀਕ ਵਾਹ ਕੇ ਆਖਿਆ ਏ ਜਿਓਣ ਆਏ ਨਾ ਟੱਪਿਓ ਦਿਲਾਂ ਦੇ ਦਰਿਆ ਆਖਣ ਹਰਿ ਮੰਦਰ ਨੂੰ ਮੁਖ ਸੋ ਹੈ ਖੰਡਿਆਂ ਦੇ ਝਰਨਿਆਂ ਚੋਂ ਵਹਿ ਰਹੀ ਖ਼ਾਲਸ ਸਵੇਰ ਡਿਗ ਪਿਆ ਜੋ ਆਥਣਾਂ ਨੂੰ ਮਾਸ ਦਾ ਇਹ ਰੁੱਖ ਸੋ ਹੈ ਘੋੜਿਆਂ ਦੀ ਟਾਪ ਚੁੰਮੇ ਅੰਬਰਾਂ ਦੇ ਹਾਸ਼ੀਏ ਤਲਵਾਰ ਦੀ ਚਮਕਾਰ ਸੂਰਜ ਨੇਰ੍ਹ ਘੁੱਪ ਸਨਮੁਖ ਸੋ ਹੈ ਬਰਛਿਆਂ ਦੀ ਨੋਕ ਘੱਲੇ ਤਖ਼ਤ ਵੱਲ ਨੂੰ ਚਿੱਠੀਆਂ ਸਿਦਕ ਰੜਕਣ ਬਾਘ ਗਰਜਣ ਮੁਰਦਿਆਂ ਦੀ ਚੁੱਪ ਸੋ ਹੈ

ਪਰਦੇ

ਅਸੀਂ ਸ਼ਹਿਰ ਤੇਰੇ ਆਉਣ ਤੋਂ ਆਂ ਯਾਰ ਡਰਦੇ ਦੀਹਦੇ ਆਦਮੀ ਨਾ ਬਸ ਰੰਗਦਾਰ ਪਰਦੇ ਜਿੱਥੋਂ ਤੁਰਿਆ ਸੀ ਪੂਰ ਓਥੇ ਰੱਬ ਬੋਲਦਾ ਜਿੱਥੇ ਪਹੁੰਚਿਆ ਏ ਪੂਰ ਆਰ ਪਾਰ ਪਰਦੇ ਇੱਟਾਂ ਬੀਜ ਦਿਓ ਜਿੱਥੋਂ ਜਿੱਥੋਂ ਰੁੱਖ ਵੱਢਿਆ ਗੁਲਾਬਾਸੀਆਂ ਨੂੰ ਕਰ ਦੋ ਹਜ਼ਾਰ ਪਰਦੇ ਤੇਰੇ ਰੱਟਣਾ ਤੇ ਆਣ ਕੇ ਆ ਹੱਟ ਖੋਲ੍ਹਣੀ ਪਾਟੀ ਪੱਗ ਦੇ ਬਣਾ ਲਾ ਦੋ ਚਾਰ ਪਰਦੇ ਵੇਖ ਕਹੀਆਂ ਚੋਂ ਦਸਤੇ ਨੇ ਉੁੱਠ ਤੁਰ ਪਏ ਝੰਡੇ ਬਣਗੇ ਨੇ ਸਭ ਸਰਕਾਰ ਪਰਦੇ ਵੇਖ ਸਮਿਆਂ ਦੀ ਆਰਸੀ 'ਚ ਸੂਰਤਾਂ ਦਾ ਹਾਲ ਚੱਲ ਸਾੜ ਆਈਏ ਫੇਰ ਅੱਜ ਯਾਰ ਪਰਦੇ

ਛੇੜ ਦਿਓ ਹੁਣ ਜਲ ਤਰੰਗ

ਓਹ ਮੂੰਹੋਂ ਕੁੱਝ ਨਾ ਬੋਲਿਆ ਬੱਸ ਅੱਖਾਂ ਵਿੱਚੋਂ ਬੋਲ ਕਿਰੇ ਧੂੰਆਂ ਧੂੰਆਂ ਅੰਬਰ ਹੋਇਆ ਤਪੀ ਤਪੀ ਜ਼ਮੀਨ ਫਿਰੇ ਛੇੜ ਦਿਓ ਹੁਣ ਜਲ ਤਰੰਗ ਸੁਰ ਕਰੋ ਰਸਨਾ ਮਿਰਦੰਗ ਹਿੱਲ ਜਾਏ ਅਸਮਾਨ ਗਿਰੇ ਕੋਈ ਸੂਰਜ ਝੋਲੀ ਵਿੱਚ ਕਿਰੇ ਉਹ ਮਿਲ ਗਿਆ ਏਦਾਂ ਜਿਉਂ ਗਰਭ ਅੰਦਰ ਜੀਵਨ ਦੀ ਆਹਟ ਨਦੀਆਂ ਅੰਦਰ ਘੁਲ ਜਾਏ ਜਿਉਂ ਸਰਕੜਿਆਂ ਦੀ ਸਰਸਰਾਹਟ ਰੀਝਾਂ ਨੇ ਕੋਈ ਵਾਕ ਲਿਆ ਲਹੂਆਂ ਦੀ ਪਰਕਰਮਾ ਹੋਈ ਉਹ ਤੁਰ ਗਿਆ ਏਦਾਂ ਜਿਉਂ ਕੱਚੇ ਰਾਹ ਤੇ ਪੈੜ ਕੋਈ ਓਹ ਰਹਿ ਗਿਆ ਬਾਕੀ ਜਿਉਂ ਵਰਕਿਆਂ ਦੇ ਵਿੱਚ ਮੋਰਪੰਖ ਜਿਉਂ ਟਿਕੀ ਦੁਪਹਿਰ ਹਲੂਣ ਦਏ ਫਿਰਨੀ ਉੁੱਤੇ ਵੱਜਿਆ ਸੰਖ ਤਾਰਿਆਂ ਦੇ ਕੁੱਝ ਰੋੜੇ ਚੁੱਕੇ ਪਾਣੀਆਂ ਵਿੱਚ ਸੁੱਟ ਅਇਆ ਹਾਂ ਇਹ ਭਰਮ ਏ ਤੈਨੂੰ ਤੋਰਨ ਦਾ ਕਿ ਸੱਚੀਂ ਤੋਰ ਕੇ ਅਇਆਂ ਹਾਂ!

ਰੁਕੀਂ ਨੀ ਹਵਾਏ

ਰੁਕੀਂ ਨੀ ਹਵਾਏ ਸਾਨੂੰ ਘੜੀ ਪਲ ਬਹਿਣ ਦੇ ! ਓਹਦਿਆਂ ਖਿਆਲਾਂ ਦੀ ਓਹ ਸ਼ਾਮ ਫੇਰ ਪੈਣ ਦੇ! ਆਜਾ! ਫੇਰ ਓਹ ਫਰੋਲੀਏ ਓਹ ਸਮਿਆਂ ਦੀ ਵਰੀ ਬਹੁਤਾ ਤੂੰ ਹੀਂ ਹੁਣ ਬੋਲ ਮੈਨੂੰ ਇੱਕ ਬਸ ਕਹਿਣ ਦੇ! ਫੇਰ ਕੋਈ ਗੱਲ ਤੁਰੇ ਛੱਲਾਂ ਵਿੱਚੋਂ ਛੱਲ ਤੁਰੇ! ਫੇਰ ਅੱਜ ਦਿਲਾਂ ਦੀਆਂ ਨਦੀਆਂ ਨੂੰ ਵਹਿਣ ਦੇ! ਸਾਂਭ ਲੈ! ਸਮੇਟ ਲੈ! ਓਹ ਦਿਨ ਵੀ ਤੇ ਰਾਤ ਵੀ ਧੁਖ਼ਦਾ ਪਿਆ ਏ ਜਿਹੜਾ ਦਿਲ ਏਥੇ ਰਹਿਣ ਦੇ! ਅਜੇ ਟੁੱਟਿਆ ਏ ਤਾਰਾ ਅਸਮਾਨ ਲੀਕ ਪੈਣ ਦੇ ! ਕਦੇ ਫੇਰ ਛੇੜੀਂ ਗੱਲ ਅੱਜ ਚੁੱਪ ਚਾਪ ਰਹਿਣ ਦੇ! ਪੈਰ ਬੋਚ ਬੋਚ ਰੱਖ ਕਿ ਹੈ ਤਿਲਕਣ ਬੜੀ! ਚੰਨ ਤਾਰਿਆਂ ਦੀ ਮਿੱਟੀ ਅੱਜ ਵਿਹੜਿਆਂ ਚ ਪੈਣ ਦੇ! ਲੱਗੀ ਸਾਗਰਾਂ ਨੂੰ ਅੱਗ ਧੁਖਧੁਖੀ ਨਦੀਆਂ ਨੂੰ ਤੇਰੇ ਮਗਰੋਂ ਕੀ ਹੋਇਆ ਅੱਜ ਸੱਭ ਕੁੱਝ ਕਹਿਣ ਦੇ! ਕੋਈ ਕੋਈ ਜ਼ਖ਼ਮ ਅਜੇ ਸੰਖ ਵਾਂਗ ਵੱਜਦਾ ਏ! ਥੋੜਾ ਥੋੜਾ ਫਰਕ ਅਜੇ ਥੋੜਾ ਹੋਰ ਪੈਣ ਦੇ! ਗਿਣਤੀਆਂ ਇਹ ਮਿਣਤੀਆਂ ਬੂਹੇ ਤੋਂ ਬਾਹਰ ਰਹਿਣ ਦੇ! ਤੇਰੇ ਹੱਥ ਵਿੱਚ ਜਾਮ ਬਾਕੀ ਇਹਦੇ ਹੱਥ ਰਹਿਣ ਦੇ!

ਕੀ ਮਿਲਿਆ ਏ

ਕੀ ਮਿਲਿਆ ਏ ਤੈਨੂੰ ਤੇ ਕੀ ਮਿਲਿਆ ਨਾ! ਇਸ ਚੱਕਰ ਚੋਂ ਜੀਂਦੇ ਜੀ ਹੀ ਛੁੱਟ ਜਾਂਵੀਂ! ਇਸ ਤੋਂ ਪਹਿਲੋਂ ਚੱਕਰ ਤੈਥੋਂ ਛੁੱਟ ਜਾਵੇ ਇਸ ਚੱਕਰ ਚੋਂ ਆਪੇ ਵੀ ਤਾਂ ਛੁੱਟ ਜਾਂਵੀਂ ! ਪੈਸੇ ਦਾ ਹੀ ਸੂਰਜ ਤੇਰੀ ਮਿੱਟੀ ਤੇ! ਸੋਨਾ ਰੱਖ ਕੇ ਖਾਨਾਂ ਰੋਟੀ ਮਿੱਸੀ ਤੇ! ਇਸ ਸੂਰਜ ਨੇ ਸਾਹ ਦੇ ਪੱਛਮ ਡੁੱਬਣਾ ਏਾ ਤੇਰੇ ਅੰਦਰ ਤੇਰਾ ਖ਼ੰਜਰ ਖੁੱਭਣਾ ਏ! ਜਾਂਦਾ ਜਾਂਦਾ ਰਹਿੰਦੀ ਧਰਤੀ ਲੁੱਟ ਜਾਂਵੀਂ! ਬੋਹਝੇ ਏਨੇ ਭਾਰੀ ਕੀਤੇ ਕੀ ਕਰਨਾ? ਪੱਥਰ ਗੀਟੇ ਕੱਠੇ ਕੀਤੇ ਕੀ ਕਰਨਾ? ਜੋ ਹੈ ਉਸਤਤ ਓਹ ਹੀ ਨਿੰਦਿਆ! ਅੱਖਾਂ ਖੋਲ ਕੇ ਵੇਖੀਂ ਸ਼ਿੰਦਿਆ! ਇਹ ਗੀਟੇ ਇਹ ਪੱਥਰ ਅਈਥੇ ਸੁੱਟ ਜਾਂਵੀਂ! ਇਹ ਦੋਸਤ ਮਿੱਤਰ ਤੇਰੇ ਤੇ ਇਹ ਤੇਰੇ ਮਾਪੇ ਮੈਨੂੰ ਲਗਦਾ ਇਹ ਤਾਂ ਸਾਰੇ ਆਪ ਗੁਆਚੇ! ਕਿਉਂ ਗੁੰਮਿਆਂ ਤੋਂ ਰਾਹ ਪੁੱਛਦਾ ਏਾ ! ਰੁਕਿਆ ਪਾਣੀ ਵਿੱਚ ਰੁਕਦਾ ਏਾ! ਛੱਪੜ ਵਿੱਚੋਂ ਦਰਿਆਂਵਾਂ ਨੂੰ ਖਤ ਪਾਂਵੀਂ! ਮੇਰੀ ਥਾਲੀ ਥੋੜਾ ਉਸਦੀ ਜਾਦਾ ਹੈ! ਗ਼ੌਰ ਨਾ ਵੇਖੀਂ ਫਰਕ ਇਹ ਆਖਰ ਕਾਹਦਾ ਹੈ! ਸਜ਼ਾ ਅਜਬ ਏ ਤੇਰੀ ਅਜਬ ਪਰਵਾਜ਼ ਹੈ ਤੇਰੀ ਪੈਰੀਂ ਸੰਗਲ਼ ਮਨ ਆਜ਼ਾਦ ਹੈ! ਆਪੇ ਕੈਦ ਹੰਢਾਂਵੇਂ ਆਪੇ ਛੁੱਟ ਜਾਂਵੀਂ ! ਹਫ਼ਦਾ ਨਾ ਇਹ ਥੱਕੇ ਸਮਿਆ ਕਿੱਧਰ ਜਾਣਾ? ਮੋਢੇ ਚੁੱਕੀ ਪੰਡ ਤੇ ਅੰਦਰ ਜਗ ਧਿਆਣਾ! ਪੰਡ ਦੇ ਅੰਦਰ ਤੂੰ ਇਹ ਸਾਰਾ ਤਾਣਾ ਬਾਣਾ! ਉਮਰਾਂ ਦੀਆਂ ਕਮਾਈਆਂ ਦਾ ਇੱਕ ਸਾਹ ਨਾ ਆਣਾ! ਪੰਡ ਦੇ ਅੰਦਰ ਚੱਕਰ ਚੱਕਰੋਂ ਛੁੱਟ ਜਾਂਵੀਂ ! ਰੂਹ ਦੀ ਬਣੇ ਰਬਾਬ ਤੂੰ ਅਈਦਾਂ ਹੋ ਜਾਵੀਂ! ਜੁਰਮ ਨਾ ਕੋਈ ਸਵਾਬ ਤੂੰ ਅਈਦਾਂ ਹੋ ਜਾਵੀਂ ! ਹੱਸਣਾ ਰੋਣਾ ਤੇਰਾ ਤਾਂ ਇਕ-ਸਾਰ ਨਹੀਂ ਆਪਣੇ ਰਾਹ ਵਿੱਚ ਆਪੇ ਤੈਨੂੰ ਸਾਰ ਨਹੀਂ ! ਆਪਣੇ ਲਾਗੇ ਆਪੇ ਇੱਕ ਦਿਨ ਰੁੱਕ ਜਾਂਵੀਂ ! ਕਿਸ ਲਈ ਲਾਇਆ ਝੋਰਾ ਦਿਲ ਨੂੰ ਅਜ਼ਲਾਂ ਤੋਂ ! ਕੁਝ ਨਹੀਂ ਮਿਲਣਾ ਤੈਨੂੰ ਗੀਤਾਂ ਗ਼ਜ਼ਲਾਂ ਤੋਂ ! ਗੀਤ ਲਿਖਣ ਤੇ ਗੀਤ ਬਣਨ ਦਾ ਫਰਕ ਬੜਾ! ਚੂਲ ਭਰੀ ਕਿ ਸਾਗਰ ਭਰਿਆ ਫਰਕ ਬੜਾ! ਤੱਕਣੀ ਜਿੱਥੇ ਰਾਗ ਚ ਓਥੇ ਢੁਕ ਜਾਂਵੀਂ!

ਸੰਗਮਰਮਰ ਦੀ ਚਮਕ

ਸੰਗਮਰਮਰ ਦੀ ਚਮਕ ਚ ਓਝਲ ਕੱਚੀਆਂ ਕੰਧਾਂ ਭੁਰੇ ਬਨੇਰੇ ਵਸਤਾਂ ਨਾਲ ਈ ਦਿਲ ਨੂੰ ਫੋਲੇ ਬੰਦਾ ਨਾਂ ਕੋਈ ਬੰਦੇ ਨੇੜੇ ਆਪਣਿਆਂ ਦੇ ਨਕਸ਼ਾਂ ਉੁੱਤੇ ਅਪਣਤ ਦੀ ਏ ਪੱਤਝੜ ਛਾਈ ਪੈਸੇ ਦੇ ਝੱਖੜ ਨੇ ਪੁੱਟੇ ਸਾਂਝਾਂ ਦੇ ਰੁੱਖ ਚਾਰ-ਚੁਫੇਰੇ ਅੱਖਾਂ ਬੰਦ ਕਰਾਂ ਤਾਂ ਸੁਲਗਣ ਮੱਧਮ ਮੱਧਮ ਦੀਵੇ ਲੱਗਣ ਹਕੀਕਤ ਦੀ ਇਕ ਰਾਤ ਚ ਅਸਤੇ ਸੁਫਨਿਆਂ ਦੇ ਸੂਰਜ ਜਿਹੜੇ ਇਹ ਨਾ ਖ਼ੂਨ ਦੇ ਕਤਰੇ ਜਾਣੀ ਕੱਲ ਨੂੰ ਇਹਨਾ ਫੁੱਲ ਹੋਣਾ ਏਾ ਓਹੀ ਦਾਮਨ ਦਾਇਮ ਰਹਿਣਗੇ ਅੱਜ ਕੰਡਿਆਂ ਨਾ ਉਲਝੇ ਜਿਹੜੇ ਏਸ ਸ਼ਹਿਰ ਦੇ ਪੱਥਰਾਂ ਨੂੰ ਵੀ ਹਿਜਰਤ ਕਰਦੇ ਤੱਕਿਆ ਹੈ ਫਿਰ ਵੀ ਖਿੜੇ ਜੋ ਰਾਹਾਂ ਉੁੱਤੇ ਕਾਲੀ ਰਾਤ ਦੇ ਇਹੀ ਸਵੇਰੇ ਮੁਰਸ਼ਦ ਦਾ ਪੰਧ ਬਹੁਤ ਉਚੇਰਾ ਸਾਡਾ ਤਾਂ ਬੱਸ ‘ਮੈਂ’ ਤੇ ਡੇਰਾ ਦਿਲ ਕਹਿੰਦਾ ਏ ਕੋਈ ਨਾਂ ਤੇਰਾ ਓਹ ਆਖੇ ਬਈ ਸਾਰੇ ਤੇਰੇ

ਇੱਕ ਰੋਸ

ਕੁੱਝ ਦਿਨ ਹੋਏ, ਹੀਰ ਵਾਰਿਸ ਸ਼ਾਹ ਸੁਣਦਿਆਂ, ਵਾਰਿਸ ਦੇ ਲਫ਼ਜ਼ਾਂ ਦਾ ਵੈਰਾਗ ਤੇ ਹੀਰ ਦੀ ਤਰਜ਼ ਨੇ ਇਸ ਗੀਤ ਨੂੰ ਅਚੇਤ ਦੀਆਂ ਗਹਿਰਾਂਈਆਂ ਚੋਂ ਕਿਤੋਂ ਜਗਾ ਦਿੱਤਾ... ਟੈਂਕ ਚਾੜ੍ਹ ਕੇ ਸੱਚੇ ਤਖ਼ਤ ਉੁੱਤੇ ਹੁਣ ਆਖ਼ਦੇ ਸੱਭ ਕੁਝ ਭੁੱਲ ਜੋ ਜੀ! ਭੁਲਿਓ ਸੁਰਖ਼ ਸਰੋਵਰ ਅੰਮਿ੍ਤ ਦਾ ਬੂਟ ਵਿੱਚ ਪਰਕਰਮਾ ਭੁੱਲ ਜੋ ਜੀ! ਭੁਲਿਓ ਸੁਰਖ਼ ਸਰੋਵਰ ਅੰਮਿ੍ਤ ਦਾ ਥੁੱਕ ਵਿੱਚ ਪਰਕਰਮਾ ਭੁੱਲ ਜੋ ਜੀ! ਭੁਲਿਓ ਸੁਰਖ਼ ਸਰੋਵਰ ਅੰਮਿ੍ਤ ਦਾ ਪਾਨ ਵਿੱਚ ਪਰਕਰਮਾ ਭੁੱਲ ਜੋ ਜੀ! ਛੇ ਜੂਨ ਚਰਾਸੀ ਧੜਕਦੀ ਏ ਦਿਲ ਕੋਈ ਵੀ ਖੋਲ੍ਹ ਕੇ ਵੇਖ ਲਵੋ! ਤੋਤਲੇ ਬੋਲਾਂ ਦੇ ਉੁੱਤੇ ਬੂਟ ਫ਼ੌਜੀ ਬੂਟ ਪੱਗਾਂ ਦੇ ਉੁੱਤੇ ਵੇਖ਼ ਲਵੋ! ਕੈਦ ਹੋਈ ਏ ਹਰ ਗਲੀ ਏਥੇ ਦਿੱਲੀ ਆਈ ਏ ਅਮਿ੍ੰਤਸਰ ਕੈਸੀ! ਫ਼ੌਜੀ ਗੱਡੀਆਂ ਸੜਕਾਂ ਪੀਹ ਛੱਡੀਆਂ ਆਈ ਪ੍ਰਾਹੁਣੀ ਸਿਫ਼ਤੀ ਦੇ ਘਰ ਕੈਸੀ! ਤੱਤੀ ਤਵੀ ਤੇ ਖਿੜਿਆ ਫੁੱਲ ਵੇਖਣ! ਆਂਈਆਂ ਸੰਗਤਾਂ ਦੂਰੋਂ ਭਾਰੀਆਂ ਨੇ ਲਾਈ ਸ਼ਸਿਤ ਹਿੰਦ ਦੀ ਮਲਕਾ ਨੇ! ਅੱਜ ਖਿੱਚੀਆਂ ਖ਼ੂਬ ਤਿਆਰੀਆਂ ਨੇ! ਟੈਂਕ ਪਿੰਜਦਾ ਜਾਏ ਕਿਲਕਾਰੀਆਂ ਨੂੰ ! ਦੁੱਧ ਵਾਲੀਆਂ ਦੰਦੀਆਂ ਸਾਰੀਆਂ ਨੂੰ ! ਕੋਈ ਬਿਰਧ ਅਸੀਸ ਵੀ ਮਹਿਕਦੀ ਏ! ਕੋਈ ਕੋਈ ਪਰਾਂਦੀ ਸਹਿਕਦੀ ਏ! ਰਾਤ ਹੋਈ ਏ ਸੁਨਹਿਰੀ ਦਰ ਉੁੱਤੇ ਤਾਰੇ ਗੋਲਿਆਂ ਦੇ ਚਮਕਾਂ ਮਾਰਦੇ ਨੇ! ਨਾ ਹਰਿਆ ਸਿਦਕ ਸਬੂਤਿਆਂ ਦਾ ਨਾ ਤਾਰੇ ਰਾਤ ਨੂੰ ਹਾਰਦੇ ਨੇ! ਚੜ੍ਹੀ ਗੋਲ਼ੀਆਂ ਦੀ ਇਹ ਘਟਾ ਕੈਸੀ! ਕਿਸੇ ਜਿਗਰ ਤੇ ਪੈਰ ਧਰਿਆ ਏ! ਕਾਲਾ ਹੋਇਆ ਧੂੰਏਾ ਦੇ ਨਾਲ ਅੰਬਰ ਏਹਾ ਦਿਲ ਸਿੱਖੀ ਦਾ ਸੜਿਆ ਏ! ਪੱਗਾਂ ਚਿਣ ਕੇ ਮਹਿਲ ਉਸਾਰਿਆ ਜੋ ਪੰਦਰਾਂ ਗਸਤ ਸਨਤਾਲੀ ਰੂਪ ਚੜ੍ਹਿਆ! ਅੱਜ ਆਈ ਏ ਦਿੱਲੀ ਸਿਲ਼ਾ ਦੇਂਵਣ ਓਨ੍ਹਾਂ ਪੱਗਾਂ ਤੇ ਆਣ ਪੈਰ ਧਰਿਆ! ਭਗਤ ਸਿੰਘ ਦੀ ਪਗੜੀ ਗਲ ਵਿੱਚ ਏ! ਵੇਖ਼ ਸਰਾਭੇ ਦੀ ਕੇਹੀ ਸ਼ਾਨ ਹੋਈ ! ਊਧਮ ਸਿੰਘਾ ਓ! ਫਾਸੀਆਂ ਦੇ ਬਦਲੇ ਸਾਡੀ ਰੱਤ ਵੀ ਅੱਜ ਨੀਲਾਮ ਹੋਈ! ਅੱਜ ਗੋਲ਼ੀਆਂ ਦਾ ਕੋਈ ਸਾਜ਼ ਛਿੜਿਆ! ਅੱਜ ਰਾਗ ਰਾਗਣੀਆਂ ਤੋਪ ਗਾਉਂਦੀ! ਅੱਜ ਸੱਚ ਖੰਡ ਵੱਲਾਂ ਮੁੜ ਮੁੜ ਕੇ ਦਸਾਂ ਗੁਰਾਂ ਦੀ ਸੁੱਚੀ ਬਿਰਤ ਆਂਉਂਦੀ! ਰਾਣੀ ਆਖਦੀ ਮਲੀਆਮੇਟ ਕਰ ਦੋ! ਸਿਰ ਚੁੱਕੇ ਨਾ ਕੋਈ ਭੁਚੰਗ ਮੁੜ ਕੇ! ਭੁੱਲ ਬੈਠੀ ਇਤਿਹਾਸ ਓਹ ਮੰਨੂੰਆਂ ਦਾ ਸਾਨੂੰ ਚੜ੍ਹਦਾ ਏ ਕਿੱਦਾਂ ਰੰਗ ਮੁੜ ਕੇ! ਆਂਈਆਂ ਵਾਰੀਆਂ ਯੋਧੇ ਝੜਨ ਅਈਦਾਂ ਜਿੱਦਾਂ ਪੱਤੀਆਂ ਗੁਲਾਬ ਤੋਂ ਝੜਦੀਆਂ ਨੇ! ਜਿੰਨਾਂ ਜਿੰਦਾਂ ਨੂੰ ਪ੍ਰੇਮ ਖੇਲ੍ਹਣ ਕਾ ਚਾਓ! ਸਿਰ ਧਰ ਕੇ ਤਲੀ ਤੇ ਚੱਲਦੀਆਂ ਨੇ! ਗਾਟੇ ਲੱਥ ਗੇ ਸਾਡੇ ਬੁੰਗਿਆਂ ਦੇ! ਫੁੱਲ ਗੁੰਬਦਾਂ ਦੇ ਮੁਰਝਾਏ ਲੋਕੋ! ਬਾਗ਼ ਉੁੱਜੜੇ ਸਾਡੇ ਇਸ਼ਟ ਵਾਲੇ ਸਾਡੇ ਹੌਂਸਲੇ ਨਾ ਕੁਮਲ਼ਾਏ ਲੋਕੋ! ਕਈ ਆਏ ਨੇ ਸਾਨੂੰ ਮਿਟਾਉਣ ਵਾਲੇ ਖੁਰਾ ਖੋਜ ਨਾ ਮਿਟਿਆ ਬਾਣਿਆਂ ਦਾ! ਵੇਖ ਅੱਜ ਵੀ ਗੋਬਿੰਦ ਦੀ ਤੇਗ ਲਿਸ਼ਕੇ ਰਿਹਾ ਕੱਖ ਨਾ ਰਾਜੇ ਰਾਣਿਆਂ ਦਾ!

ਤੇਰਾ ਪੂਰਾ ਸੀ ਪੰਜਾਬ

ਆਪਣੇ ਨਾਨਾ ਜੀ ਸਰਦਾਰ ਇਕਬਾਲ ਸਿੰਘ ਮੱਲ੍ਹੀ ਦੇ ਨਾਂ, ਜਿੰਨ੍ਹਾਂ ਨੂੰ ਬੜੀ ਮੁਹੱਬਤ ਨਾਲ ਆਪਣੇ ਦੇਸ ਸਿਆਲਕੋਟਬਾਰੇ ਗੱਲਾਂ ਕਰਦਾ ਸੁਣਿਆ ਹੈ.. ਕੋਈ ਪਾਕ ਲਈ ਬੈਠਾ ਕਿਸੇ ਹਿੰਦ ਮੱਲਿਆ! ਤੇਰਾ ਪੂਰਾ ਸੀ ਪੰਜਾਬ ਅੱਧਾ ਹੋਇਆ ਝੱਲਿਆ! ਤੇਰਾ ਪੂਰਾ ਸੀ ਪੰਜਾਬ ਟੋਟੇ ਹੋਇਆ ਝੱਲਿਆ! ਇਹਨਾਂ ਵੰਡਣੇ ਸੀ ਰੱਬ ਇਹਨਾਂ ਬੁੱਲ੍ਹਾ ਵੰਡ ਤਾ! ਤੇਰਾ ਸਾਗ ਵਾਲਾ ਕੁੱਜਾ ਤੇਰਾ ਚੁੱਲ੍ਹਾ ਵੰਡ ਤਾ! ਤੇਰੇ ਵਾਰਸਾਂ ਦੀ ਹੀਰ ਸਰਹੱਦ ਤੇ ਮਿਲੀ ਕਹਿੰਦੀ ਹਿੰਦੂ ਆਂ ਨਾ ਸਿੱਖ! ਨਾ ਕੁਰਾਨ ਆ ਪੜ੍ਹੀ! ਮੇਰਾ ਕੋਈ ਨਾ ਮੁਹੱਲਾ ਮੇਰੀ ਕੋਈ ਨਾ ਗਲੀ! ਮੇਰੀ ਇੱਕ ਲੱਤ ਲਹਿੰਦੇ ਇੱਕ ਚੜ੍ਹਦੇ ਅੜੀ! ਮੇਰੇ ਵਾਰਸਾ ਵੇ ਆ ਕੇ ਮੈਨੂੰ ਲੈ ਜਾ ਝੱਲਿਆ! ਸਾਡੇ ਹਲ ਤੇ ਪੰਜਾਲ਼ੀਆਂ ਨੇ ਪਿੱਛੇ ਰਹਿ ਗਏ! ਓਹ ਤੰਗਲ਼ੀਆਂ ਸਾਂਘੇ ਬੜੇ ਲਿੱਸੇ ਰਹਿ ਗਏ! ਸਾਡੀ ਕਿਹੜੀ ਕਿਹੜੀ ਪੈਲੀ ਕਿਹੜੇ ਕਿੱਸੇ ਰਹਿ ਗਏ! ਸਾਡੀ ਹਿੱਕ ਪਾੜ ਉੁੱਗਿਆ ਅਜ਼ਾਦੀਆਂ ਦਾ ਬੀਅ! ਤੇਰਾ ਫਿੱਕਾ ਏ ਬਟਾਲਾ ਅਈਥੇ ਰੱਖਿਆ ਏ ਕੀ! ਸਾਡਾ ਪੁੱਤਰਾ ਸਿਆਲਕੋਟ ਰਹਿ ਗਿਆ ਏ ਜੀਅ! ਸਾਨੂੰ ਦੇ ਕੇ ਅਜ਼ਾਦੀ ਸਾਡਾ ਦੇਸ ਮੱਲਿਆ! ਕਸ਼ਮੀਰ ਤੋਂ ਪਿਸ਼ੌਰ ਤੱਕ ਚਿਹਰਾ ਦਿਸਦਾ! ਤੇਰਾ ਆਪਣਾ ਏ ਤਖ਼ਤ ਔਹ ਜਿਹੜਾ ਦਿਸਦਾ! ਤੈਨੂੰ ਆਪਣਾ ਨਾ ਲੱਗੇ ਮੈਨੂੰ ਤੇਰਾ ਦਿਸਦਾ! ਅਈਥੇ ਨਲੂਏ ਦਾ ਖੰਡਾ ਪਿੰਡ ਪਿੰਡ ਘੁੰਮਦਾ! ਕਦੇ ਹਰਿਆ ਨਾ ਪੁੱਤ ਲਾਡਲਾ ਗਬਿੰਦ ਦਾ! ਰਣਜੀਤ ਜਿਹਾ ਸ਼ਹੁ ਦੱਸੋ ਕਿਹੜਾ ਹਿੰਦ ਦਾ? ਕੁੱਝ ਸਾਜਸ਼ਾਂ ਦਾ ਹੱਥ ਕੁੱਝ ਆਪ ਸੱਲਿਆ! ਬੱਚੇ ਮੰਨਦੇ ਨਾ ਓਹ ਤੇ ਨੇ ਆਹ ਵੀ ਬੋਲਦੇ! ਕਿਵੇਂ ਕਈਂਚੀਆਂ ਨੂੰ ਕਈਂਚੀ ਜੱਫਾ ਧਾਵੀ ਬੋਲਦੇ! ਕਿਵੇਂ ਛਿੰਜਾਂ ਵਿੱਚ ਫੁੱਲਦੇ ਨੇ ਸਾਹ ਵੀ ਢੋਲ ਦੇ! ਕਿਵੇਂ ਝੂੰਮਰਾਂ ਤੇ ਗਿੱਧਿਆਂ ਦਾ ਬਣਦਾ ਏ ਸਾਕ! ਕਿਵੇਂ ਟਕੂਏ ਗੰਡਾਸਿਆਂ ਚੋਂ ਵਗਦਾ ਬਿਆਸ! ਕਿਵੇਂ ਕਹੀਆਂ ਅਤੇ ਰੰਬਿਆਂ ਤੋਂ ਅੱਜ ਵੀ ਏ ਆਸ! ਖੁੰਢੇ ਹੋਏ ਜਿਹੜੇ ਅਜ ਵਾ ਚੰਡਾਉਣ ਘੱਲਿਆ! ਪੰਜ ਆਬ ਤੋਂ ਸੀ ਜਿਸਨੂੰ ਪੰਜਾਬ ਆਖਦੀ ਹੁਣ ਸੱਪਣੀ ਦੀ ਜੀਭ ਢਾਈ ਆਬ ਆਖਦੀ! ਮੂੰਹੋਂ ਸਤਲੁਜ ਦਿਲਾਂ ਚ ਚਨ੍ਹਾਬ ਆਖਦੀ! ਔਹ ਹਿੱਸਿਆ ਬਿਆਸ ਰਾਵੀ ਚੁੱਪ ਚਾਪ ਹੈ! ਤੇਰੇ ਜੇਹਲਮਾਂ ਨੂੰ ਗਲ ਗਲ ਤਈਆ ਤਾਪ ਹੈ! ਹੁਣ ਸਤਲੁਜ ਸਹਿਕਦਾ ਏ ਤਾਂ ਵੀ ਆਸ ਹੈ! ਬੜਾ ਤਾਰੂ ਸੀ ਜਨਾਬ ਲੱਗੇ ਡੁੱਬ ਚੱਲਿਆ ! ਅਈਥੇ ਗੁਰਮੁਖੀ ਲੋਕੋ ਮਤਰੇਈ ਹੋ ਗਈ! ਔਥੇ ਸ਼ਾਹਮੁਖੀ ਸ਼ਾਂਹਾਂ ਦੀ ਮੁਦਈ ਹੋ ਗਈ! ਗੱਲ ਮੁੱਕਦੀ ਆ ਅਈਥੇ ਜਹੀ ਤਹੀ ਹੋ ਗਈ! ਹੁਣ ਬੁੱਲ੍ਹਿਆ ਮਸੀਹਾ ਬਣ ਆਂਈਂ ਇੱਕ ਵਾਰ! ਫਿਰ ਘੁੰਗਰੂ ਚ ਕਾਇਨਾਤ ਪਾਈਂ ਇੱਕ ਵਾਰ! ਫਿਰ ਵਜਦਾਂ ਚ ਆ ਕੇ ਕਦੀ ਗਾਂਈਂ ਇੱਕ ਵਾਰ! ਜਾਏ ਅਨਹਦ ਨਾਦ ਵੱਜ ਵੱਜ ਹੱਲਿਆ! ਮੈਂ ਸੁਣਿਆ ਏ ਕੰਧਾਂ ਦੀਆਂ ਇੱਟਾਂ ਲੈ ਗਏ! ਜਦੋਂ ਵੱਡੇ ਹੋਏ ਲੋਕ ਬੰਨੇ ਛੋਟੇ ਰਹਿ ਗਏ! ਔਹ ਜਰਮਨ ਵਾਲੇ ਸੁਣ ਕੀ ਕਹਿ ਗਏ! ਮੁੜ ਵਾਹਗਿਆਂ ਤੋਂ ਪੰਛੀਆਂ ਦੀ ਡਾਰ ਹੋ ਜੀ ਏ! ਖੰਭ ਉੁੱਗ ਜਾਣ ਫੇਰ ਤੇ ਉਡਾਰ ਹੋ ਜੀ ਏ! ਫੇਰ ਇੱਕ ਦੂਣੀ ਦੂਣੀ ਦੂਣੀ ਚਾਰ ਹੋ ਜੀ ਏ! ਖੰਭ ਕਤਰੇ ਗਏ ਸੀ ਬੜਾ ਤਾਬ ਝੱਲਿਆ!

ਐ ਖੁਦਾ ਤੇਰੀ ਖੁਦਾਈ

ਐ ਖੁਦਾ ਤੇਰੀ ਖੁਦਾਈ ਹੁੰਦੀ ਸੀ ਕਿੱਥੇ ਗਈ? ਬੰਦੇ ਦੀ ਹੋਈ ਦੁਨੀਆ ਓਹ, ਤੇਰੀ ਕਿੱਥੇ ਗਈ? ਹਰ ਮੋੜ ਤੇ ਅਦਾਲਤ ਫਿਰ ਵੀ ਹੈ ਸ਼ਹਿਰ ਜ਼ਖ਼ਮੀਂ ਇਨਸਾਫ਼ ਕਿੱਥੇ ਗਿਆ ਹੈ? ਦੁਹਾਈ ਕਿੱਥੇ ਗਈ? ਅੱਖਾਂ ਚ ਜੋ ਸੀ ਪਾਣੀ ਓਹ ਚਲ ਰਿਹੈ ਰਗਾਂ ਚ ਦੁਨੀਆ ਪੁੱਛੇ ਕਹਾਣੀ ਓਹ ਡੂੰਘੀ ਕਿੱਥੇ ਗਈ? ਜੋ ਦੀਪ ਬੁਝ ਗਏ ਸੀ ਸੀਨੇ ਚ ਜਲ ਰਹੇ ਨੇ ਕਿੱਥੇ ਗਈ ਓਹ ਰਾਤ? ਹਨੇਰੀ ਕਿੱਥੇ ਗਈ? ਸਿੱਕੇ ਦੀ ਪੀਰ ਏਥੇ ਮੁਹਰਾਂ ਦੀ ਰਹਿਨੁਮਾਈ ਧੁਰ ਤੋਂ ਜੋ ਉਤਰਦੀ ਸੀ ਉਹ ਬਾਣੀ ਕਿੱਥੇ ਗਈ? ਉਸ ਮੋੜ ਤੇ ਸੀ ਫੰਦੇ ਇਸ ਮੋੜ ਤੇ ਸਲੀਬਾਂ ਫਿਰ ਵੀ ਜੋ ਨੱਚਦੀ ਸੀ ਓਹ ਜਵਾਨੀ ਕਿੱਥੇ ਗਈ? ਜੋ ਮੁੜੇ ਨਾ ਘਰਾਂ ਨੂੰ ਵੇਖ ਰੱਤ ਦੇ ਵਣਾਂ ਨੂੰ ਓਹ ਲਾਲ ਤੁਪਕਿਆਂ ਦੀ ਮਨਮਾਨੀ ਕਿੱਥੇ ਗਈ? ਐ ਖੁਦਾ ਤੇਰੀ ਖੁਦਾਈ ਹੁੰਦੀ ਸੀ ਕਿੱਥੇ ਗਈ? ਬੰਦੇ ਦੀ ਹੋਈ ਦੁਨੀਆ ਤੇਰੀ ਕਿੱਥੇ ਗਈ? ਐ ਖੁਦਾ ਤੇਰੀ ਖੁਦਾਈ ਜੋ ਸੀ ਕਿੱਥੇ ਗਈ? ਬੰਦੇ ਦੀ ਹੋਈ ਦੁਨੀਆ ਦਸ ਤੇਰੀ ਕਿੱਥੇ ਗਈ?

ਗੱਲਾਂ ਅੰਦਰ ਲੋਅ

ਗੱਲਾਂ ਅੰਦਰ ਲੋਅ ਹੀ ਲੋਅ ਹੈ ਨੇਰ੍ਹਾ ਰੋਜ਼ ਧਿਆਉਂਦੇ ਲੋਕ ਇੱਕ ਦੂਜੇ ਦੇ ਅੰਦਰ ਉਸਰੇ ਮੰਦਰ ਮਸਜਿਦ ਢਾਉਂਦੇ ਲੋਕ ਧਰਤੀ ਮੇਰੀ ! ਅੰਬਰ ਮੇਰਾ ! ਇਹ ਵੀ ਮੇਰਾ! ਔਹ ਵੀ ਮੇਰਾ ! ਕਬਰਾਂ ਆਖਣ ਸਾਡੇ ਵੱਲ ਨੂੰ ਕੀ ਕੁੱਝ ਚੁੱਕੀ ਆਉਂਦੇ ਲੋਕ ! ਸਾਰੰਗੀ ਰਬਾਬ ਨੂੰ ਆਖੇ ਸ਼ਹਿਰ ਨੰ ਆਖ਼ਰ ਹੋਇਆ ਕੀ ਏ! ਹਰ ਵੇਲੇ ਹੀ ਸਿੱਕਿਆਂ ਵਾਲਾ ਨਗ਼ਮਾ ਗੁਣਗਣਾਉਂਦੇ ਲੋਕ ਪਹਿਲਾਂ ਦੁਨੀਆਂ ਮਿਲ ਜੇ ਸਾਰੀ ਫੇਰ ਕਿਤੇ ਰੱਬ ਵੇਖਾਂਗੇ! ਕਹਿੰਦੇ ਕਹਿੰਦੇ ਉਠਦੇ ਵੇਖੇ ਕਹਿੰਦੇ ਅਤੇ ਕਹਾਉਂਦੇ ਲੋਕ ਬਚਪਨ ਗੁੰਮਿਆ, ਗਈ ਜਵਾਨੀ ਬੁੱਤ ਹੀ ਬਾਕੀ ਰਹਿ ਜਾਵੇ! ਪੋਟਾ ਪੋਟਾ ਕਿਰਦੇ ਜਾਂਦੇ ਜਿਸਮਾਂ ਨੂੰ ਗੰਢਾਉਂਦੇ ਲੋਕ ਅੱਜ ਫਿਰ ਆਹ ਮਖੌਟਾ ਪਾਈਏ ਔਹ ਤਾਂ ਕੱਲ੍ਹ ਵੀ ਪਾਇਆ ਸੀ ! ਇੱਕ ਦੂਜੇ ਨੂੰ ਜਦ ਵੀ ਮਿਲਦੇ ਚਿਹਰਾ ਘਰ ਛੱਡ ਆਂਉਂਦੇ ਲੋਕ ਬੁੱਤ ਮੰਦਰਾਂ ਵਿੱਚ ਮੌਨ ਨੇ ਇਹ ਪੂਜਣ ਵਾਲੇ ਕੌਣ ਨੇ? ਰੱਬ ਸੜਕਾਂ ਤੇ ਭੁੱਖਾ ਭਾਣਾ ਸਾਂਨੰ ਭੋਗ ਲਵਾਉਂਦੇ ਲੋਕ ਬੁੱਤ ਮੰਦਰਾਂ ਵਿੱਚ ਸੋਚਦੇ ਸਾਡੇ ਚੋਂ ਜਿਸ ਨੂੰ ਲੋਚਦੇ ਓਹ ਸੜਕਾਂ ਤੇ ਭੁੱਖਾ ਭਾਣਾ ਸਾਂਨੂੰ ਭੋਗ ਲਵਾਉਂਦੇ ਲੋਕ

ਜਦ ਵੀ ਵਰਕਾ ਫੋਲਦਾਂ

ਜਦ ਵੀ ਵਰਕਾ ਫੋਲਦਾਂ ਚਿਹਰਾ ਇੱਕ ਦਿਸਦਾ ਰਵ੍ਹੇ ਦਿਲ ਵੀ ਇੱਕ ਕਿਤਾਬ ਹੈ ਅੱਖਰ ਕਦ ਮਿਟਦੇ ਕਦੇ? ਮੈਂ ਓਹ ਪਲਕਾਂ ਲਿਖਣੀਆਂ ਸੋਚ ਕੇ ਕੁਝ ਲਿਖ ਲਿਆ ਅੱਖਰ ਸ਼ੀਸ਼ਾ ਬਣ ਗਏ ਸ਼ੀਸ਼ਾ ਜੋ ਬਲਦਾ ਰਵ੍ਹੇ ਰਸਤਿਆਂ ਤੋਂ ਅਗਨ ਵੀ ਪਾਣੀ ਵਾਂਗਰ ਪੀ ਲਵੀਂ ! ਸੇਕ ਤੇ ਕੁਝ ਧੁਖਧੁਖੀ ਹੈ ਤਾਂ ਦਿਲ ਚੱਲਦਾ ਰਵ੍ਹੇ ਇਹ ਜ਼ਿੰਦਗੀ ਦੀ ਰੌਸ਼ਨੀ ਹੈ ਵੀ ਆ ਤੇ ਕੁੱਝ ਨਹੀਂ ਜਲ ਉਠੇ ਜੋ ਜੀ ਹੋਏ ਬੁੱਝ ਜਾਏ ਜੋ ਜੀ ਕਰੇ ਹੰਜੂੰਆਂ ਨੂੰ ਇਸ ਤਰ੍ਹਾਂ ਅਫ਼ਸਾਨਿਆਂ ਤੇ ਫੇਰ ਨਾ! ਖੂਨ ਨੇ ਜੋ ਲਿਖ ਲਏ ਇਸ ਤਰ੍ਹਾਂ ਮਿਟਦੇ ਕਦੇ! ਦਿਲ ਚੋਂ ਗਰਦਾ ਛਾਣਿਆ ਫਿਰ ਜ਼ਖ਼ਮਾਂ ਨੂੰ ਜਾਣਿਆ ਖਿੜ ਗਏ ਇਹ ਫੁੱਲ ਨੇ ਫੇਰ ਕੀ ਦੁਖਦੇ ਕਦੇ ਰੇਤ ਤੇ ਅੱਖਰ ਨਹੀਂ ਜੋ ਪੈ ਗਏ ਜੋ ਮਿਟ ਗਏ ਦਿਲ ਦੀ ਇਸ ਜ਼ਮੀਨ ਤੋਂ ਮੁਖੜੇ ਕਦ ਮਿਟਦੇ ਕਦੇ ਖ਼ੂਨ ਨੇ ਜੋ ਲਿਖ਼ ਤੀਆਂ ਇਬਾਰਤਾਂ ਨਾ ਮਿਟਣੀਆਂ ਦਿਲ ਦੀ ਸ਼੍ਹਾਈ ਧੜਕਦੀ ਅੱਖਰ ਨਾ ਸੁੱਕਦੇ ਕਦੇ

ਸਫ਼ਰ ਅਜੇ ਮੁੱਕਿਆ ਨਹੀਂ

ਸਫ਼ਰ ਅਜੇ ਮੁੱਕਿਆ ਨਹੀਂ ਇਸ ਤੋਂ ਬਾਅਦ ਠਿਕਾਣਾ ਹੈ ਸਾਰੀ ਉਮਰ ਲਗਦਾ ਰਿਹਾ ਹੋਰ ਕਿਸੇ ਥਾਂ ਜਾਣਾ ਹੈ ਤੇਰੀ ਪੈੜ ਤੋਂ ਤੇਰੇ ਤੀਕਰ ਓਦਾਂ ਤਾਂ ਕੁੱਝ ਸਫ਼ਰ ਨਹੀਂ ਪਰ ਲੱਗਦਾ ਹੈ ਤੇਰਾ ਰਾਹੀ ਰਾਹਾਂ ਦਾ ਹੋ ਜਾਣਾ ਹੈ ਰਸਤੇ ਵੀ ਬਦਲੇ ਨਹੀਂ ਓਹ ਮੋੜ ਵੀ ਓਥੇ ਖੜੇ ਲਗਦਾ ਨਾਂ ਸੀ ਸ਼ਹਿਰ ਨੇ ਇੱਕ ਦਿਨ ਇਸ ਤਰ੍ਹਾਂ ਰੁਕ ਜਾਣਾ ਹੈ ਉਸ ਗੁੰਮਸ਼ੁਦਾ ਜਹੀ ਯਾਦ ਦਾ ਇੳ ਚੁੱਪ-ਚਪੀਤੇ ਆ ਜਾਣਾ ਹੋਂਠਾਂ ਦੇ ਇੱਕ ਮਾਰੂਥਲ ਤੇ ਹੋਂਠਾਂ ਦਾ ਵਰ ਜਾਣਾ ਹੈ ਤੇਰੇ ਜਾਣ ਤੋਂ ਪਿੱਛੋਂ ਤਾਂ ਕੁਝ ਇਸ ਤਰ੍ਹਾਂ ਹੈ ਜ਼ਿੰਦਗੀ ਖਿੜ ਗਿਆ ਜ਼ਖ਼ਮ ਜਿਵੇਂ ਫੁੱਲਾਂ ਦਾ ਝੜ ਜਾਣਾ ਹੈ ਉਮਰ ਦਰਾਜ਼ ਹੋਈ ਤਾਂ ਫਿਰ ਹੋਰ ਦਾ ਹੋਰ ਹੋ ਜਾਣਾ ਹੈ ਤੇਰਾ ਵਿਯੋਗ, ਵਿਯੋਗ ਨਹੀਂ ਸ਼ਾਇਦ ਕੋਈ ਬਹਾਨਾ ਹੈ ਰਾਤ ਗਏ ਜਦ ਸੁਫਨਾ ਉੁੱਟੇ ਮੁੜ ਹਕੀਕਤ ਜਾਗ ਪਵੇ ਹਕੀਕਤ ਦਾ ਜਦ ਸੁਫਨਾ ਉੁੱਟੇ ਸਭ ਸੁਫਨਾ ਹੋ ਜਾਣਾ ਹੈ ਸਫ਼ਰ ਅਜੇ ਮੁੱਕਿਆ ਨਹੀਂ ਹੋਰ ਜ਼ਰਾ ਕੁ ਜਾਣਾ ਹੈ ਸਾਰੀ ਉਮਰ ਲਗਦਾ ਰਿਹਾ ਇਸ ਤੋਂ ਬਾਅਦ ਠਿਕਾਣਾ ਹੈ

ਬਾਕੀ ਬਾਤ ਵੀ ਹੈ

ਕੁੱਝ ਸੁਣ ਲਈ ਏ ਤੂੰ ਬਾਕੀ ਬਾਤ ਵੀ ਹੈ! ਇਹ ਵਿਯੋਗ ਵੀ ਹੈ ਬਾਕੀ ਰਾਤ ਵੀ ਹੈ! ਜੋ ਦਰ ਤੇ ਆਇਆ ਉੁੱਠ ਜਾਣਾ ਈ ਸੀ ਪਰਵਾਨਾ ਹੈ ਇਹ ਬਾਕੀ ਜ਼ਾਤ ਵੀ ਹੈ! ਕਦੀ ਰਾਤ ਵੀ ਦੁਪਹਿਰ ਕਦੀ ਦਿਨ ਵੀ ਹਨੇਰ ਕੁੱਝ ਜਿੱਤ ਵੀ ਗਏ ਬਾਕੀ ਮਾਤ ਵੀ ਹੈ ਇੱਕ ਸੁਰਮਾਂ ਵੀ ਹੈ ਅੱਖ ਕਾਸ਼ਨੀ ਵੀ ਹੈ ਇੱਕ ਤਿਆਰੀ ਬੜੀ ਬਾਕੀ ਘਾਤ ਵੀ ਹੈ ਇਹ ਪੀੜ ਜੋ ਮਿਲੀ ਐਂਵੇਂ ਨਿੰਦਣੀ ਏਾ ਕਿਉਂ? ਕੁੱਝ ਆਪ ਈ ਬੁਲਾਈ ਬਾਕੀ ਦਾਤ ਵੀ ਹੈ! ਤਾਰਾ ਤਾਰਾ ਅਕਾਸ਼ ਮਿੱਟਿਓ ਮਿੱਟੀ ਜ਼ਮੀਨ ਇੱਕ ਜ਼ਖ਼ਮ ਨਵਾਂ ਬਾਕੀ ਤਾਪ ਵੀ ਹੈ ਕੱਲ੍ਹੀ ਬੰਦਿਆਂ ਦੇ ਹੱਥ ਧਰਤੀ ਬਚਦੀ ਵੀ ਨਾ ਇਹ ਤਾਂ ਰੁੱਖਾਂ ਦਾ ਦਾਨ ਬਾਕੀ ਆਪ ਵੀ ਹੈ ਜਿੰਨੇ ਜ਼ਿੰਦਗੀ ਦੇ ਰੰਗ ਓਨੇ ਫੁੱਲਾਂ ਦੇ ਨਾ ਹਰ ਟਾਹਣੀ ਤੇ ਪੁੰਨ ਬਾਕੀ ਪਾਪ ਵੀ ਹੈ ਹੁਣ ਚੁੱਪ ਹੋ ਜੀ ਏ ਜੋ ਇਹ ਧੜਕਣ ਕਹੇ ਬਾਕੀ ਬਾਤ ਵੀ ਹੈ! ਬਾਕੀ ਰਾਤ ਵੀ ਹੈ!

ਫੁੱਲਾਂ ਦੇ ਸਰਨਾਵੇਂ ਵਾਲਾ

ਫੁੱਲਾਂ ਦੇ ਸਰਨਾਵੇਂ ਵਾਲਾ ਦੋ ਧਾਰੀ ਤਲਵਾਰ ਹੀ ਬਣਿਆ ਨਾ ਬਣਿਆ ਕੁਝ ਆਰ ਹੀ ਇਸਦਾ ਨਾ ਦਿਲ ਦਾ ਕੁੱਝ ਪਾਰ ਹੀ ਬਣਿਆ ਦੋ ਦਿਲਾਂ ਦੇ ਅੰਦਰ ਦੂਰੀ ਦਿਨ ਦਿਨ ਕਰ ਉਮਰਾ ਬਣੀ ਨਾ ਕੰਢਾ ਕੰਢੇ ਨੂੰ ਮਿਲਆ ਨਾ ਕੋਈ ਪੁਲ ਵਿਚਕਾਰ ਹੀ ਬਣਿਆ ਫੁਲ ਬਣ ਕੇ ਜੋ ਜ਼ਖਮ ਖਿੜੇ ਸਨ ਇੱਕ ਵਾਰੀ ਜੋ ਬਿਖਰ ਗਏ ਕਿੰਨੇ ਮੌਸਮ ਆ ਕੇ ਗੁਜ਼ਰੇ ਫਿਰ ਨਾਂ ਉਹ ਗੁਲਜ਼ਾਰ ਹੀ ਬਣਿਆ ਕਾਤਿਲ ਕੌਣ ਹੈ ਕੌਣ ਹੈ ਮੁਨਸਿਫ ਮਕਤਲ ਤੇ ਵੀ ਨਿਰਭਰ ਹੈ ਕੀ ਪੁੱਛਣਾ ਫਿਰ ਕਿਹੜਾ ਕੀ ਹੈ ਜਿੱਥੇ ਸਭ ਕੁਛ ਯਾਰ ਹੀ ਬਣਿਆ ਜਿਸ ਰਸਤੇ ਤੇ ਦਿਲ ਜਾਂਦੇ ਨੇ ਉਸ ਰਸਤੇ ਤੇ ਸਿਰ ਜਾਂਦੇ ਨੇ ਕੀ ਕਰਨਾ ਫਿਰ ਜਿੱਤ ਕੇ ਓਥੇ ਜਿੱਥੇ ਸਭ ਕੁੱਝ ਹਾਰ ਹੀ ਬਣਿਆ ਲੱਖ ਰੀਝਾਂ ਲੱਖ ਮਨ ਦੇ ਫੁਰਨੇਂ ਪਰ ਕੁਝ ਹੋਰ ਦਾ ਹੋਰ ਹੋਇਆ ਲੈ ਦੇ ਕੇ ਫਿਰ ਰੱਬ ਦੇ ਕੋਲੋਂ ਬਸ ਐਸਾ ਸੰਸਾਰ ਹੀ ਬਣਿਆ

ਬੇਖ਼ੁਦੀ ਵੀ ਹੈ

ਬੇਖ਼ੁਦੀ ਵੀ ਹੈ, ਪਰ ਹੋਸ਼ ਬਾਕੀ ਏ! ਪਿਆਲਾ ਛਲਕ ਗਿਆ, ਕੁੱਝ ਹੋਰ ਬਾਕੀ ਏ! ਕੋਈ ਤਰੱਦਦ ਨਹੀਂ, ਪਰ ਕੋਸ਼ਿਸ਼ ਵੀ ਹੈ! ਮੈਂ ਹਾਂ ਬਹਿਕਿਆ, ਕੁੱਝ ਹੋਰ ਬਾਕੀ ਏ! ਬਾਹਾਂ ਚ ਪਿਘਲਿਆ, ਪਿਘਲਿਆ ਲੋਹਾ ਜਿਵੇ! ਭਾਫ਼ ਭਾਫ਼ ਹੋ ਗਿਆ, ਕੁੱਝ ਹੋਰ ਬਾਕੀ ਏ! ਓਹ ਗਿਆ ਈ ਕਦੋਂ , ਯਾਦ ਕਰਦਾ ਜੋ ਮੈਂ ਰੋਜ਼ ਧੜਕਨ ਕਹੇ, ਜੀ ਓਹ ਲੋਰ ਬਾਕੀ ਏ! ਅਸਮਾਨ ਭਰਿਆ ਪਿਆ, ਬੇਚੈਨੀਆਂ ਦੇ ਨਾਲ ਅੱਜ ਬਰਸੇਗੀ ਚੁੱਪ, ਤੇ ਇਹ ਸ਼ੋਰ ਬਾਕੀ ਏ! ਜੀਹਨੂੰ ਕੰਡਿਆਂ ਦੇ ਨਾਲ, ਅਸੀਂ ਪਿੰਜਦੇ ਰਹੇ! ਫੁੱਲ ਪੱਤੀਆਂ ਤੋਂ ਕੂਲਾ, ਓਹਦਾ ਰੋਸ ਬਾਕੀ ਏ ਇਹ ਰਹਿ ਜੋ ਗਿਆ, ਇਹ ਉਪਜਿਆ ਨਹੀਂ ! ਨਾ ਬਿਨਸਿਆ ਈ ਇਹ, ਕਮਰੋੜ ਬਾਕੀ ਏ! ਲੈ ਚਾਨਣ ਦਾ ਭੱਤਾ, ਕੋਈ ਆਂਉਂਦਾ ਈ ਹੋਊ ਵੱਟਾਂ ਬੰਨਿਆਂ ਦੀ ਸ਼ਾਨ, ਓਹਦੀ ਤੋਰ ਬਾਕੀ ਏ ਖੋਜ ਦਿਲ ਨੂੰ ਜ਼ਰਾ, ਰੋਜ਼ ਖੋਜਦਾਂ ਜਹਾਨ! ਇੱਕ ਹੋਰ ਮਾਰ ਟੱਪ, ਪੜਚੋਲ ਬਾਕੀ ਏ ਖਾਲਾਂ ਖਾਲ਼ਦਾ ਈ ਰਹੁ, ਪਾਣੀ ਲੱਗਣਾ ਅਜੇ! ਰੁੱਡਾਂ ਮਾਰਦਾ ਈ ਜਾ, ਬੂਟੀ ਹੋਰ ਬਾਕੀ ਏ!

ਤੀਆਂ ਵਾਲੇ ਮੇਲੇ ਦੀ ਓਹ ਪੌਣ

ਅੱਖੀਆਂ ਦੇ ਵਿੱਚ ਕੋਈ ਉੁੱਤਰਿਆ ਅੱਜ ਜਿਵੇਂ ਉਤਰੇ ਚਿੜੀਆਂ ਦੀ ਡਾਰ ਦਿਲ ਦੀ ਜ਼ਮੀਨ ਉੁੱਤੇ ਚੰਦਨਾਂ ਦਾ ਵਣ ਕੋਈ ਹਵਾ ਵਿੱਚ ਬਲਦਾ ਵਿਚਾਰ ਜੀਹਦੀ ਇੱਕ ਤੱਕਣੀ ਨਾ ਧੁੱਪ ਛਾਂ ਇੱਕ ਹੋਈ ਇੱਕ ਹੋਇਆ ਜੋਗ ਤੇ ਪਿਆਰ ਕੱਚੇ ਕੱਚੇ ਰਾਹਵਾਂ ਉੁੱਤੇ ਧੂੜ ਪਿੰਡੇ ਮਲ ਮਲ ਉੁੱਡਦੀ ਏ ਓਹਦੀ ਖੁਸ਼ਬੋ ਝੌਲ਼ਾ ਜਿਹਾ ਪਏ ਕੋਈ ਸਾਜ਼ ਕੋਈ ਛਿੜਦਾ ਏ ਸਾਹ ਜਾਂਣ ਅੱਧ ਚ ਖਲੋ ਅਸੀਂ ਭਾਂਵੇਂ ਤੁਰੀਏ ਨਾ ਰਾਹ ਆਪ ਤੁਰ ਪੈਂਦੇ ਤੁਰ ਪੈਣ ਪਿੱਪਲ਼ਾਂ ਦੇ ਟਾਹਣ ਅੱਧੀ ਅੱਧੀ ਰਾਤ ਵੇਲੇ ਓਹਦੇ ਪਿੰਡ ਰੋਹੀਆਂ ਚ ਤਾਰਿਆਂ ਦੇ ਸੁਣਦੇ ਨੇ ਗਾਣ ਓਹਦਿਆਂ ਸੰਦੂੰਕਾਂ ਵਿੱਚ ਖੇਸਾਂ ਵਾਂਗ ਜਿੰਦ ਸਾਡੀ ਕੱਢੇ ਭਾਵੇਂ ਕੱਢੇ ਨਾ ਓਹ ਨਾ ਬਾਹਰ ਪੈਰਾਂ ਦੀਆਂ ਤਲੀਆਂ ਚ ਲੌਢੇਵੇਲੇ ਉੁੱਠਦੀ ਏ ਓਹਦੇ ਪਿੰਡ ਜਾਣ ਦੀ ਤ੍ਰੇਹ ਓਹਦੀ ਤਸਵੀਰ ਵੇਖ ਨਾਗ ਕੁੰਜ ਛੱਡਦੇ ਨੇ ਨੀਂਦਾਂ ਵਿੱਚ ਚੱਲਦੇ ਨੇ ਥੇਹ ਵਰਮੀ ਨੂੰ ਛੱਡ ਛੱਡ ਸੱਪ ਕਾਲੇ ਫ਼ਨੀਅਰ ਚੁੱਕ ਚੁੱਕ ਵੇਂਹਦੇ ਜਿਹਨੂੰ ਧੌਣ ਮਿਸ਼ਰੀ ਦੇ ਵਾਂਗ ਜਿਹੜੀ ਖੂਨ ਵਿੱਚ ਰਚ ਗਈ ਤੀਆਂ ਵਾਲੇ ਮੇਲੇ ਦੀ ਓਹ ਪੌਣ ਟਾਂਵਾਂ ਕੋਈ ਫੁੱਲ ਖਿੜੇ ਡੂੰਘਿਆਂ ਵਣਾਂ ਦੇ ਵਿੱਚ ਸੁਫਨਿਆਂ ਤੱਕ ਜੀਹਦੀ ਮਾਰ ਡੂੰਘਿਆਂ ਸਮੁੰਦਰਾਂ ਨੂੰ ਅੰਬਰਾਂ ਦੀ ਹੱਦ ਤਾਂਈਂ ਲੈ ਜਾਵੇ ਖਿੱਚ ਕੇ ਪ੍ਰੀਤ ਕੰਢਿਆਂ ਦੇ ਉੁੱਤੇ ਜਦੋਂ ਬੇੜੀਆਂ ਨੇ ਛੇੜ ਲੈਣੇ ਭਿੱਜੇ ਭਿੱਜੇ ਰੇਤਿਆਂ ਦੇ ਗੀਤ ਚਾਨਣਾਂ ਦੇ ਬਾਗ ਜਿਹੜੇ ਦੇਸ ਵਿੱਚ ਉੁੱਗਦੇ ਨੇ ਓਸ ਦੇਸ ਵਿੱਚ ਓਹਦਾ ਵਾਸ ਦਿਲ ਜਿਹੜੀ ਅੱਗ ਲਾਏ ਹੱਢਾਂ ਦਿਆਂ ਬੰਬਲ਼ਾਂ ਨੂੰ ਅੱਖਾਂ ਨਾਲ ਬੁੱਝਦੀ ਪਿਆਸ ਜ਼ਿੰਦਗੀ ਦੇ ਉਂਜ ਭਾਂਵੇਂ ਅਰਥ ਤਾਂ ਅਸੰਖ ਨੇ ਜ਼ਿੰਦਗੀ ਦਾ ਅਰਕ ਹੈ ਪਿਆਰ

ਰੁਕੀਂ ਨੀ ਹਵਾਏ

ਰੁਕੀਂ ਨੀ ਹਵਾਏ ਸਾਨੂੰ ਘੜੀ ਪਲ ਬਹਿਣ ਦੇ ! ਓਹਦਿਆਂ ਖਿਆਲਾਂ ਦੀ ਓਹ ਸ਼ਾਮ ਫੇਰ ਪੈਣ ਦੇ! ਆਜਾ! ਫੇਰ ਓਹ ਫਰੋਲੀਏ ਓਹ ਸਮਿਆਂ ਦੀ ਵਰੀ ਬਹੁਤਾ ਤੂੰ ਹੀਂ ਹੁਣ ਬੋਲ ਮੈਨੂੰ ਇੱਕ ਬਸ ਕਹਿਣ ਦੇ! ਫੇਰ ਕੋਈ ਗੱਲ ਤੁਰੇ ਛੱਲਾਂ ਵਿੱਚੋਂ ਛੱਲ ਤੁਰੇ! ਫੇਰ ਅੱਜ ਦਿਲਾਂ ਦੀਆਂ ਨਦੀਆਂ ਨੂੰ ਵਹਿਣ ਦੇ! ਸਾਂਭ ਲੈ! ਸਮੇਟ ਲੈ! ਓਹ ਦਿਨ ਵੀ ਤੇ ਰਾਤ ਵੀ ਧੁਖ਼ਦਾ ਪਿਆ ਏ ਜਿਹੜਾ ਦਿਲ ਏਥੇ ਰਹਿਣ ਦੇ! ਅਜੇ ਉੁੱਟਿਆ ਏ ਤਾਰਾ ਅਸਮਾਨ ਲੀਕ ਪੈਣ ਦੇ ! ਕਦੇ ਫੇਰ ਛੇੜੀਂ ਗੱਲ ਅੱਜ ਚੁੱਪ ਚਾਪ ਰਹਿਣ ਦੇ! ਪੈਰ ਬੋਚ ਬੋਚ ਰੱਖ ਕਿ ਹੈ ਤਿਲਕਣ ਬੜੀ! ਚੰਨ ਤਾਰਿਆਂ ਦੀ ਮਿੱਟੀ ਅੱਜ ਵਿਹੜਿਆਂ ਚ ਪੈਣ ਦੇ! ਲੱਗੀ ਸਾਗਰਾਂ ਨੂੰ ਅੱਗ ਧੁਖਧੁਖੀ ਨਦੀਆਂ ਨੂੰ ਤੇਰੇ ਮਗਰੋਂ ਕੀ ਹੋਇਆ ਅੱਜ ਸੱਭ ਕੁੱਝ ਕਹਿਣ ਦੇ! ਕੋਈ ਕੋਈ ਜ਼ਖ਼ਮ ਅਜੇ ਸੰਖ ਵਾਂਗ ਵੱਜਦਾ ਏ! ਥੋੜਾ ਥੋੜਾ ਫਰਕ ਅਜੇ ਥੋੜਾ ਹੋਰ ਪੈਣ ਦੇ! ਗਿਣਤੀਆਂ ਇਹ ਮਿਣਤੀਆਂ ਬੂਹੇ ਤੋਂ ਬਾਹਰ ਰਹਿਣ ਦੇ! ਤੇਰੇ ਹੱਥ ਵਿੱਚ ਜਾਮ ਬਾਕੀ ਇਹਦੇ ਹੱਥ ਰਹਿਣ ਦੇ!

ਇਹ ਕਦਮ ਨਹੀਂ ਇਹ ਵਾਕ ਨੇ

ਆਪਣਾ ਵਕਤ ਸੰਭਾਲ਼ ਲਾ, ਇਹ ਬਾਜ਼ੀ ਤੇਰੇ ਸਿਰ ਰਹੀ ਜ਼ਿੰਦਗੀ ਰੇਤ ਹੈ , ਉਂਗਲੀਆਂ ਚੋਂ ਕਿਰ ਰਹੀ ਸੰਭਲ਼ ਕੇ ਪੈਰ ਰੱਖ, ਇਹ ਕਦਮ ਨਹੀਂ ਇਹ ਵਾਕ ਨੇ ਓਹ ਇਤਿਹਾਸ ਲਿਖ ਗਏ, ਤੇ ਤੇਰੀ ਕਿਹੜੀ ਧਿਰ ਰਹੀ ਇਹ ਰੌਸ਼ਨੀ ਦੀ ਲਿੱਪੀ ਚ, ਸੂਰਜ ਦਾ ਅਨੁਵਾਦ ਹੈ ਜਿਸ ਦੀਵੇ ਦੀ ਲਾਟ , ਹਨੇਰੀਆਂ ਚ ਥਿਰ ਰਹੀ ਤੇਰੇ ਹੱਥਾਂ ਨੇ ਕਦੇ, ਬਾਂਹ ਤਾਂ ਕਿਸੇ ਦੀ ਪਕੜੀ ਨਾ ਤੇਰੀਆਂ ਉਂਗਲੀਆਂ ਚ, ਦੇਰ ਤੋਂ ਤਸਬੀ ਫਿਰ ਰਹੀ ਓਹ ਗੱਲਾਂ ਚ ਯਾਦਾਂ ਚ ਸ੍ਹਾਬਾਂ ਚ ਹਰ ਪੰਨੇ ਤੇ ਓਹ ਸੂਰਜ ਡੁੱਬ ਗਿਆ, ਪਰ ਲਾਲੀ ਕਾਫ਼ੀ ਚਿਰ ਰਹੀ

ਚੋਣ ਨਿਸ਼ਾਨ

ਰੋਮ ਰੋਮ ਫ਼ਰੇਬ ਫ਼ਰੇਬ ਖ਼ੁਦਗ਼ਰਜ਼ੀ ਚੋਣ ਨਿਸ਼ਾਨ ਹੈ ਜਿਸ ਬੰਦੇ ਹੱਥ ਖ਼ਲਕਤ ਸੌਂਪੀ ਪੁੱਛਿਆ ਜੇ, ਇਨਸਾਨ ਹੈ? ਕੌਣ ਮਸੀਹਾ ਆਏਗਾ ਹੁਣ? ਚੋਣਾਂ ਵਿੱਚ ਜੋ ਜਿੱਤ ਗਿਆ ਉਸ ਦਿਲ ਦੇ ਵਿੱਚ ਕੂੜ੍ਹ, ਕੁਫ਼ਰ ਮੁੱਠੀ ਵਿੱਚ ਜਹਾਨ ਹੈ ਜਿਸ ਦੀ ਉਂਗਲੀ ਫੜ ਕੇ ਤੁਰਿਆ ਸ਼ਹਿਰ ਨਿਆਣਾ ਕੀ ਜਾਣੇ! ਬੋਲ ਓਹਦੇ ਤਸਬੀ ਦੇ ਮਣਕੇ ਦਿਲ ਓਹਦਾ ਸ਼ੈਤਾਨ ਹੈ ਉਂਗਲੀ ਫੜ ਕੇ ਤੁਰਿਆ ਜਾਵੇ ਮੋੜ ਲਿਆਵੋ ਸ਼ਹਿਰ ਨਿਆਣਾ! ਗੁੰਮਸ਼ੁਦਾ ਫਿਰ ਮਿਲਦੇ ਨਾ ਤੇ, ਛੋਟੀ ਜਹੀ ਤੇ ਜਾਨ ਹੈ ਏਸ ਧਰਮ ਨੂੰ ਓਸ ਧਰਮ ਨਾ ਏਸ ਤਰ੍ਹਾਂ ਲੜਵਾਓ ਫੇਰ! ਮੁੜਕੇ ਨਾ ਫਿਰ ਜਾਵੇ ਇਹ ਜੋ ਭੁੱਖੇ ਢਿੱਡ ਵੱਲ ਧਿਆਨ ਹੈ! ਬੁਰਕੀ ਬੁਰਕੀ ਖਾ ਲਈ ਸਾਰੀ ਏਸ ਸ਼ਹਿਰ ਦੀ ਸ਼ਾਮ ਸਵੇਰ ਜਾਣੀ ਜਾਣ ਵੀ ਬੈਠਾ ਸੋਚੇ ਸ਼ਹਿਰ ਬੜਾ ਅਣਜਾਣ ਹੈ ਬੁਰਕੀ ਬੁਰਕੀ ਕਰਕੇ ਖਾਧੀ ਏਸ ਸ਼ਹਿਰ ਦੀ ਸ਼ਾਮ ਸਵੇਰ ਪੀਅ ਜਾਓ ਹੁਣ ਗਟ ਗਟ ਜਿਹੜਾ ਬਚਿਆ ਜੀਅ ਪਰਾਣ ਹੈ ਕਲਮ ਅਤੇ ਤਲਵਾਰ ਵਿਚਾਲੀ ਸਿਆਹੀ ਦਾ ਹੁਣ ਫਰਕ ਮਿਟਾ “ਚੂੰ ਕਾਰ ਅਜ਼ ਹਮਹ ਹੀਲਤੇ..” ਗੁਰਾਂ ਦਾ ਫ਼ਰਮਾਨ ਹੈ

ਸਰਦਲਾਂ ਖ਼ਾਮੋਸ਼ ਨੇ

ਵਿਸ਼ਵ ਭਰ ਚ ਕਰੋਨਾ ਮਹਾਂਮਾਰੀ ਦੌਰਾਨ ਥਰਕਦੀ ਜ਼ਿੰਦਗੀ ਤੋਂ ਅੰਕੜਾਂ ਬਣੀਆਂ ਜਿੰਦਾਂ ਦੇ ਨਾਂ.. ਆਦਮੀ ਨੂੰ ਲੱਗਿਆ ਇਹ ਆਦਮੀ ਦਾ ਰੋਗ ਕੀ ਪਤਾ ਹੀ ਨਹੀਂ ਲੱਗ ਰਿਹਾ ਕਿ , ਸ਼ਹਿਰ ਕੀ ਵੀਰਾਨ ਕੀ.. ਪਤਾ ਹੀ ਨਹੀਂ ਲੱਗ ਰਿਹਾ ਅਜ਼ਾਬ ਕੀ , ਤੇ ਖ਼ਾਬ ਕੀ? ਕਜ਼ਾ ਹਵਾ ਚ ਲਿਖ ਰਹੀ ਏ ਕਿਸਦਾ ਹੁਣ ਹਿਸਾਬ ਕੀ? ਫ਼ਾਸਲੇ ਅੱਗੇ ਬੜੇ ਹੁਣ ਬਾਹੁਕਮ ਹੋਏ ਤਾਂ ਕੀ ਓਹ ਜੋ , ਮਿਲ ਕੇ ਨਾ ਮਿਲੇ ਓਹ, ਨਾ ਮਿਲੇ, ਮਿਲੇ ਤਾਂ ਕੀ ਮੁਖੜੇ ਫਿਰ ਰੂਪੋਸ਼ ਤੇ ਨਗਨ ਹੈ ਇਨਸਾਨ ਫਿਰ ਸੱਭਿਅਤਾ ਦਾ ਕਾਫ਼ਲਾ ਜੇ ਰੁਕ ਗਿਆ ਚੱਲੇਗਾ ਕੀ ? ਸਰਦਲਾਂ ਖ਼ਾਮੋਸ਼ ਨੇ ਖ਼ਾਮੋਸ਼ ਹੋਈਆਂ ਮਹਿਫ਼ਲਾਂ ਚੁੱਪ ਹੋਇਆ ਆਦਮੀ ਖ਼ੁਦਾ ਹੁਣ ਕਹੇਗਾ ਕੀ? ਟਹਿਕਦੇ ਨੇ ਫੁੱਲ ਬੜੇ ਡਾਲੀਆਂ ਤੇ ਡਰੇ ਡਰੇ ਤੋੜ ਹੀ ਨਾ ਲਏ ਮਾਲੀ ਸੋਚਦਾ ਪਿਆ ਏ ਕੀ? ਅਸਮਾਨ ਨੀਲਾ ਵੇਖਕੇ ਪੰਛੀ ਨੇ ਪਏ ਆਖਦੇ ਉੁੱਡਦਾ ਸੀ, ਉੁੱਪਰ ਬੜਾ ਬੰਦੇ ਨੂੰ ਆਖਰ ਹੋਇਆ ਕੀ? ਇੱਕ, ਦੂਜੇ ਤੋਂ ਡਰੇ ਡਰੇ ਹੱਥ ਛਡਾ ਕੇ ਪਰ੍ਹੇ ਪਰ੍ਹੇ ਬੰਦਾ ਸੋਚੇ ਹੋਰ ਈ ਕੁੱਝ ਤੇ ਏਥੇ ਵੇਖੋ ਹੋਇਆ ਕੀ ਦਰਾਂ ਚ ਦੀਵੇ ਬਲ ਰਹੇ ਤੇ ਸਿਵਿਆਂ ਦੇ ਵਿੱਚ ਦਿਲ ਕੀ ਹੋਇਆ ਇਸ ਨਗਰੀ ਨੂੰ ਤੈਨੂੰ ਮੈਨੂੰ ਹੋਇਆ ਕੀ? ਪੱਤਿਆਂ ਦੇ ਖੜਕ ਨਾਲ ਤਿੜਕ ਜਾਂਦੇ ਦਿਲ ਜਦੋਂ ਇਸ ਤੁਫ਼ਾਨ ਚ ਵੇਖੀਏ ਕੀ ਉੁੱਟਿਆ ਹੁਣ ਜੁੜਦਾ ਕੀ ? ਚਿਹਰੇ ਛਿਪੇ ਚਿਹਰਿਆਂ ਪਿੱਛੇ ਕਾਬੇ ਅਤੇ ਦੇਹਰਿਆਂ ਪਿੱਛੇ ਲੁਕਿਆ ਲੁਕਿਆ ਚਾਰ ਚੁਫੇਰਾ ਲੁਕ ਕੇ ਵੀ ਫਿਰ, ਲੁਕਿਆ ਕੀ? ਕਰੂੰਬਲ਼ਾਂ ਫੁੱਟੀਆਂ ਬਾਗ਼ ਖਿੜੇ ਧਰਤੀ ਘੁੰਮੇ ਚੰਨ ਗਿੜੇ ਠਹਿਰ ਗਿਆ ਇਨਸਾਨ ਇਕੱਲਾ ਕੁਦਰਤ ਅੰਦਰ ਰੁਕਿਆ ਕੀ? ਚਿੜੀਆਂ ਚਹਿਕਣ, ਜੰਗਲ਼ ਬੋਲੇ ਰੱਖਾਂ, ਰੋਹੀਆਂ ਦੁਖੜੇ ਫੋਲੇ ਘੱਟਾ ਧੂੰਆਂ ਰੌਲਾ ਰੱਪਾ ਮੁੱਕਿਆ ਹੈ? ਕਿ ਸੁਫਨਾ ਕੀ? ਏਨੀ ਚੁੱਪ-ਚਾਂ ਏਾ, ਕੋਈ ਘਟਨਾ ਘਟ ਗਈ ਏ ਕੀ? ਜੰਗਲ਼ ਦਸਤਕ ਦੇਂਦਾ ਬੂਹੇ ਘਰ ਅੰਦਰ ਕੋਈ ਹੈ ਏ ਕੀ? ਫੁੱਲ ਬਣ ਕੇ ਉੁੱਗ ਆਵੇਗੀ ਕੁਦਰਤ ਦੀ ਰੀਝ ਸੁੱਚੀ ਇਸ ਪਲ ਨਾ ਸੰਭਲ਼ਿਆ ਬੰਦੇ ਫਿਰ ਸਾਲ ਤੇ ਸਦੀਆਂ ਕੀ? ਇਹ ਸਜ਼ਾ ਹੈ ਕਿ ਰਜ਼ਾ ਹੈ ਕਿ ਦੂਰੀ ਦਵਾ ਹੋਈ ਕੀ? ਗੁੰਮ ਸੁੰਮ ਸ਼ਹਿਰ ਹੋ ਗਿਆ ਕੀ ਹੋਇਆ?ਗੱਲ ਹੋਈ ਕੀ? ਆਦਮੀ ਨੂੰ ਵੇਖ ਕੇ ਮੁੜ ਜਾਂਦੇ ਨੇ ਆਦਮੀ ਆਦਮੀ ਦੇ ਸੰਗ ਫਿਰ ਆਦਮੀ ਤੁਰੇਗਾ ਕੀ? ਅੱਗੇ ਜਾਣਾ ਮਨ੍ਹਾਂ ਹੈ ਹਰ ਮੋੜ ਤੇ ਲਿਖਿਆ ਹੋਇਆ ਇਸ ਬਹਾਨੇ ਆਦਮੀ ਖ਼ੁਦ ਨੂੰ ਹੁਣ ਮਿਲੇਗਾ ਕੀ? ਕੋਹਰਾਮ ਹੈ ਮਚਿਆ ਹੋਇਆ ਕਿ ਆਦਮੀ ਅੰਕੜਾ ਹੋਇਆ ਸਮਿਆਂ ਦੀ ਨੀਝ ਇਸ ਦਫ਼ਾ ਬੰਦੇ ਤੇ ਟਿਕ ਗਈ ਏ ਕੀ? ਏਦਾਂ ਦਾਂ ਕੱਝ ਤੱਕਿਆ ਨਾ ਏਦਾਂ ਦਾਂ ਕੱਝ ਸੁਣਿਆਂ ਨਾ ਮੋਢੇ ਚਾਰ ਨਾ ਮਿਲ ਸਕੇ ਅਰਥੀ ਦਾ ਹੁਣ ਕਰੀਏ ਕੀ? ਵਿੰਹਦਿਆਂ ਹੀ ਵਿੰਹਦਿਆਂ ਦੇਸ਼ ਮਕਤਲ ਬਣ ਗਿਆ ਮਹਿੰਗਾ ਅਰਥਚਾਰਾ ਜੇ ਜ਼ਿੰਦਗੀ ਸਸਤੀ ਏ ਕੀ? ਇੱਕ ਦੌੜ ਸੀ ਲੱਗੀ ਹੋਈ ਅੰਤ ਤੋਂ ਅਨੰਤ ਤੀਕ ਰਸਤੇ ਪੁੱਛਣ ਰਸਤਿਆਂ ਨੂੰ ਦੌੜ ਦਾ ਬਣਿਆਂ ਏ ਕੀ? ਇਹ ਮਰਜ਼ ਕੈਸਾ ਉਪਜਿਆ ਖਬਰੇ ਹੁਣ ਰਜ਼ਾ ਏ ਕੀ! ਦੁਆ ਹੀ ਦਵਾ ਏ? ਕਿ ਹੋਰ ਕੋਈ ਦਵਾ ਏ ਕੀ? ਪਰਵਾਸੀ ਇਸ ਮਜ਼ਦੂਰ ਲਈ ਪੂਰੇ ਹੀ ਮਜਬੂਰ ਲਈ ਸਭ ਕੁੱਝ ਇੱਕੋ ਹੋ ਗਿਆ ਭੁੱਖ, ਬਿਮਾਰੀ, ਮੌਤ ਕੀ? ਮੈਂ ਸੁਣਿਆਂ ਸਭ ਸਮੇਟ ਕੇ ਬਚਿਆ ਖ਼ੂਨ ਵੀ ਵੇਚ ਕੇ ਇੱਕ ਤੁਰਿਆ ਜੰਗਲ਼ ਪਿਆਸ ਦਾ ਅੱਜ ਮਾਰੂਥੱਲ ਦੇ ਵੱਲ ਕੀ? ਪਿਆਸ ਦੀ ਇਹ ਨਾਗਣੀ ਦਾ ਜੀਅ ਵੀ ਭਰੇਗਾ ਕੀ? ਭੁੱਖ ਦੀਆਂ ਵਰਮੀਆਂ ਦਾ ਆਦਮੀ ਕਰੇਗਾ ਕੀ? ਪਾਣੀ ਮੁੱਲ ਵਿਕਦਾ ਏ ਪਿਆਸ ਨੂੰ ਇਹ ਖ਼ਬਰ ਕੀ ! ਪੈਰਾਂ ਦੀਆਂ ਝਾਂਜਰਾਂ ਨੂੰ ਛਾਲਿਆਂ ਦਾ ਪਤਾ ਕੀ? ਇਹ ਕਿਸ ਤਰ੍ਹਾਂ ਦਾ ਸਫ਼ਰ ਹੈ ਅੱਜ ਜਨਮਿਆਂ, ਅੱਜ ਹਸ਼ਰ ਹੈ ਇਹ ਸੜਕ ਤਪੀ, ਕਿ ਲੋਰੀ ਹੈ? ਇਹ ਭੁੱਖ ਮਚੀ, ਕਿ ਗੁੜ੍ਹਤੀ ਕੀ? ਇਹ ਜ਼ਿੰਦਗੀ ਦਾ ਕਾਫ਼ਲਾ ਬੜਾ ਈ ਮੂੰਹ ਜ਼ੋਰ ਹੈ ਨਾ ਤੋਰਿਆਂ ਤੁਰਿਆ ਕਦੀ ਇਹ ਰੋਕਿਆਂ ਰੁਕਿਆ ਏ ਕੀ! ਚਿਹਰੇ ਤੇ ਮੁਸਕਾਨ ਰਹੇ ਜਾਨ ਰਹੇ , ਕਿ ਨਾ ਰਹੇ ਹੋਰ ਉਦਾਸੀ ਛੱਡ ਹੰਢਾਉਂਣੀ ਏਥੋਂ ਕਿਸੇ ਨੇ ਖੱਟਿਆ ਕੀ? ਫੁੱਲ ਬਣ ਕੇ ਉੁੱਗ ਆਵੇਗੀ ਕੁਦਰਤ ਦੀ ਰੀਝ ਸੁੱਚੀ ਇਸ ਪਲ ਨਾ ਸੰਭਲ਼ਿਆ ਬੰਦੇ ਫਿਰ ਸਾਲ ਤੇ ਸਦੀਆਂ ਕੀ? ਕਿਸ ਮੋੜ ਤੇ ਸੂਰਜ ਡੁੱਬਣਾ ਇਸ ਸ਼ਾਮ ਦਾ ਇਤਬਾਰ ਕੀ? ਹਰ ਦਿਲ ਚ ਦੀਪ ਹਜ਼ਾਰਾਂ ਹਵਾ ਤੇ ਇਖ਼ਤਿਆਰ ਕੀ ! ਗੁੱਡੇ ਗੁੱਡੀਆਂ ਵਾਂਗੂੰ ਰੁਲ਼ ਗਏ ਹੱਡ ਮਾਸ ਦੇ ਬੁੱਤ ਬੜੇ ਅਰਸ਼ਾਂ ਵੱਲੋਂ ਕੋਈ ਮਸੀਹਾ ਧਰਤੀ ਵੱਲ ਨੂੰ ਤੁਰਿਆ ਕੀ? ਹਸਤੀ ਹੀ ਜਦ ਮਿਟ ਗਈ ਤਸਵੀਰਾਂ ਵਿੱਚੋਂ ਮਿਲਣਾ ਕੀ? ਉਮਰ ਭਰ ਨਾ ਲੀਕ ਮਿਟੀ ਆਪਣਾ ਕੌਣ?ਪਰਾਇਆ ਕੀ? ਪੱਤਿਆਂ ਦੇ ਖੜਕ ਨਾਲ ਤਿੜਕ ਜਾਂਦੇ ਦਿਲ ਜਦੋਂ ਇਸ ਸ਼ੀਸ਼ੇ ਨੂੰ ਤੋੜਨ ਲਈ ਪੱਥਰਾਂ ਦੀ ਲੋੜ ਕੀ? ਕਿੰਨ੍ਹਾ ਹੀ ਡੂੰਘਾ ਉੁੱਤਰ ਗਏ ਚਮੜੀ ਤੋਂ ਦਿਲ ਦੇ ਰੰਗ ਤੀਕ ਇਹ ਰੇਖਾ ਕਿੱਥੇ ਵਖੀ ਹੋਈ? ਆਪਣਾ ਕੌਣ?ਪਰਾਇਆ ਕੀ? ਚੁੱਲ੍ਹਿਆਂ ਉੁੱਪਰ ਪੱਕਦੀਆਂ ਰਹਿਣ ਇਵੇਂ ਹੀ ਰੋਟੀਆਂ ਆਟੇ ਦੀਆਂ ਚਿੜੀਆਂ ਨੇ ਉੁੱਡ ਕੇ ਵੀ ਜਾਣਾ ਕੀ ! ਮਰਦਾਨੇ ਦੀ ਰਬਾਬ ਸਿਖਾਵੇ ਖਿਦਰਾਣੇ ਦੀ ਢਾਬ ਸਿਖਾਵੇ ਆਪਾ ਧਾਪੀ ਪੈਂਦੀ ਏ ਫਿਰ ਦਿਸਦਾ ਏ ਕਿ ਸਿੱਖਿਆ ਕੀ ਸੱਤ ਰੰਗਾਂ ਦੀ ਪੀਂਘ ਜਿਹਾ ਸ਼ਾਲਾਂ ! ਵਿਸ਼ਵ ਅਬਾਦ ਰਹੇ ਸਾਂਭੋ ਚੀਨ ਇਟਲੀ ਅਮਰੀਕਾ ਹਿੰਦ ਸਾਂਭ ਕੇ ਰੱਖਿਆ ਕੀ? ਪਤਾ ਹੀ ਨਹੀਂ ਲੱਗ ਰਿਹਾ ਕਿ, ਸ਼ਹਿਰ ਕੀ ਵੀਰਾਨ ਕੀ ਆਦਮੀ ਨੂੰ ਲੱਗਿਆ ਇਹ ਆਦਮੀ ਦਾ ਰੋਗ ਕੀ

ਫ਼ਾਸਲਾ

ਇਨਸਾਨ ਤੇ ਹੈਵਾਨ ਦਾ ਏ ਸਾਹ ਕੁ ਜਿੰਨਾ ਫ਼ਾਸਲਾ ਮੇਰੇ ਸੰਭਲਣ ਮੇਰੇ ਬਹਿਕਣ ਕੁ ਜਿੰਨਾ ਫ਼ਾਸਲਾ ਇਹ ਫੇਰ ਹੋਏ ਨਾ ਹੋਏ ਸਾਹਾਂ ਕੁ ਜਿੰਨਾਂ ਫ਼ਾਸਲਾ ਪਲਾਂ ਚ ਲੰਘੇ ਜਾਪਦਾ ਸਾਲਾਂ ਕੁ ਜਿੰਨਾਂ ਫ਼ਾਸਲਾ ਜਾਇਓ ਨਾ ਏਨੀ ਦੂਰ ਕਿ ਮੁਮਕਿਨ ਨਾ ਹੋਏ ਵਾਪਸੀ ਦਰਵਾਜ਼ਿਆਂ ਤੋਂ ਰੱਖਿਓ ਦਸਤਕ ਕੁ ਜਿੰਨਾ ਫ਼ਾਸਲਾ ਇਸ ਤਰ੍ਹਾ ਰੱਖਿਓ ਸਦਾ ਇਹ ਫ਼ਾਸਲਾ, ਨਜ਼ਦੀਕੀਆਂ ਰਹਿ ਜਾਏ ਹੱਥਾਂ ਚ ਜਿਉਂ ਯਾਦਾਂ ਕੁ ਜਿੰਨਾ ਫ਼ਾਸਲਾ ਤੇਰੇ ਤੇ ਮੇਰੇ ਦਰਮਿਆਨ ਬੜਾ ਈ ਕੁੱਝ ਏ ਦੋਸਤਾ ਬੰਦੇ ਤੋਂ ਹੋਵੇ ਜਿਸ ਤਰ੍ਹਾਂ ਜੰਨਤ ਕੁ ਜਿੰਨਾ ਫ਼ਾਸਲਾ ਹੱਥਾਂ ਚੋਂ ਹੱਥ ਛੁੱਟ ਗਏ ਜਿਉਂ ਜਿਸਮੋਂ ਜਾਨ ਛੁੱਟਦੀ ਬਣ ਗਿਆ ਫਿਰ ਬਣਦੇ ਬਣਦੇ ਰੱਬ ਕੁ ਜਿੰਨਾਂ ਫ਼ਾਸਲਾ ਓਹ ਪੈਰ ਵੀ ਤੁਰਿਆ ਨਹੀਂ ਮੈਂ ਸਫ਼ਰ ਦੀ ਉਮੀਦ ਤੇ ਅਸਾਨੂੰ ਲੈ ਕੇ ਬਹਿ ਗਿਆ ਪੈੜਾਂ ਕੁ ਜਿੰਨਾ ਫ਼ਾਸਲਾ ਬੂਹੇ ਤੇ ਆ ਗਿਆ ਹਾਂ ਮੋੜਨ ਤੋਂ ਪਹਿਲਾਂ ਸੋਚ ਲੀਂ ਤੁਰਨਾ ਪਿਆ ਏ ਦੋਸਤਾ ਜ਼ਿੰਦਗੀ ਕੁ ਜਿੰਨਾ ਫ਼ਾਸਲਾ ਜੋ ਜ਼ਖ਼ਮ ਬੀਜੇ ਓਸਨੇ ਓਹਨਾ ਤੇ ਫੁੱਲ ਖਿੜ ਗਏ ਪੀੜਾਂ ਤੇ ਫੁੱਲਾਂ ਵਿੱਚ ਹੈ ਚੀਸਾਂ ਕੁ ਜਿੰਨਾਂ ਫ਼ਾਸਲਾ! ਜੋ ਜ਼ਖ਼ਮ ਬੀਜੇ ਓਸਨੇ ਓਹਨਾ ਨੂੰ ਮੁੰਜਰਾਂ ਫੁੱਟੀਆਂ ਪੀੜਾਂ ਤੇ ਮਹਿਕਾਂ ਵਿੱਚ ਹੁਣ ਚੀਸਾਂ ਕੁ ਜਿੰਨਾਂ ਫ਼ਾਸਲਾ ਇਸ ਤਰ੍ਹਾ ਰੱਖਿਓ ਸਦਾ ਇਹ ਫ਼ਾਸਲਾ, ਨਜ਼ਦੀਕੀਆਂ ਰਹਿ ਜਾਏ ਸੁਫਨੇ ਅਤੇ ਨੀਦਾਂ ਕੁ ਜਿੰਨਾ ਫ਼ਾਸਲਾ ਚਮੜੀ ਦੇ ਰੰਗ ਨੂੰ ਅੱਜ ਵੀ ਨੀਤਾਂ ਦਾ ਰੰਗ ਆਂ ਜਾਣਦੇਂ ਗੱਲਾਂ ਤੋਂ ਬਣਿਆ ਰਹਿ ਗਿਆ ਆਚਾਰਾਂ ਕੁ ਜਿੰਨਾ ਫ਼ਾਸਲਾ ਚਮੜੀ ਦੇ ਰੰਗ ਨੂੰ ਅੱਜ ਵੀ ਨੀਤਾਂ ਦਾ ਰੰਗ ਆਂ ਜਾਣਦੇਂ ਗੱਲਾਂ ਤੋਂ ਆਪਾਂ ਰੱਖਿਆ ਆਚਾਰਾਂ ਕੁ ਜਿੰਨਾ ਫ਼ਾਸਲਾ ਹੁਣ ਦੂਰ ਨਹੀਂ ਮੰਜ਼ਲਿ ਕੋਈ ਬਸ ਮੋੜ ਮੁੜਨਾ ਖ਼ੂਨ ਦਾ! ਰਹਿ ਗਿਆ ਇਖ਼ਲਾਕ ਤੇ ਖੰਜਰ ਕੁ ਜਿੰਨਾਂ ਫ਼ਾਸਲਾ ਅਸਮਾਨ ਤਾਰ ਤਾਰ ਏ ਤੇ ਸ਼ਹਿਰ ਲੀਰੋ ਲੀਰ ਹੈ ਬੰਦੇ ਤੇ ਬੰਦੇ ਦਰਮਿਆਨ ਹੱਤਿਆ ਕੁ ਜਿੰਨਾਂ ਫ਼ਾਸਲਾ ਹਵਾ ਚ ਪੱਗਾਂ ਉੁੱਛਲੀਆਂ ਗਲਾਂ ਚ ਬਲਦੇ ਟਾਇਰ ਨੇ ਕਾਤਲ ਤੋਂ ਲਗਦਾ ਮਿਟ ਗਿਆ ਹਕੂਮਤ ਕੁ ਜਿੰਨਾਂ ਫ਼ਾਸਲਾ ਓਹ ਜਲਾਵਤਨ ਨੇ ਹੋ ਗਏ ਆਪਣੇ ਵਤਨ ਚ ਕਿਸ ਤਰ੍ਹਾਂ? ਜਿਸ ਵਤਨ ਲਈ ਦਿਲਾਂ ਚ ਸੀ ਧੜਕਨ ਕੁ ਜਿੰਨਾ ਫ਼ਾਸਲਾ ਹੋਰ ਕਿੰਨੀਆਂ ਲਾਸ਼ਾਂ ਲੱਗਣੀਆਂ? ਹੋਰ ਕਿੰਨੀਆਂ ਨਸਲਾਂ ਦੱਬਣੀਆਂ? ਹੋਰ ਕਿੰਨੀ ਦੇਰ ਇਨਸਾਫ ਤੋਂ ਕਾਨੂੰਨ ਕੁ ਜਿੰਨਾ ਫ਼ਾਸਲਾ ? ਚਿੰਗਾਰੀਆਂ ਲੱਗੀਆਂ ਨੇ ਜੋ ਇਹ ਬੁਝਦੇ ਬੁਝਦੇ ਬੁਝਣੀਆਂ ਤਖ਼ਤਾਂ ਤੋਂ ਰਾਖ਼ ਹੋਣ ਚ ਅੱਗਾਂ ਕੁ ਜਿੰਨਾ ਫ਼ਾਸਲਾ ਚਿੰਗਾਰੀਆਂ ਲੱਗੀਆਂ ਨੇ ਜੋ ਇਹ ਬੁਝਦੇ ਬੁਝਦੇ ਬੁਝਣੀਆਂ ਤਖ਼ਤਾਂ ਤੇ ਰਾਖ਼ ਵਿੱਚ ਹੈ ਅੱਗਾਂ ਕੁ ਜਿੰਨਾ ਫ਼ਾਸਲਾ ਕਿੰਨਾ ਕੁ ਹੋਰ ਦੱਬਣਾ? ਕਿੰਨੇ ਕੁ ਕਤਲ ਹੋਰ ਨੇ? ਤੁਰਨਾ ਈ ਪੈਣਾ ਦੋਸਤਾ ਜ਼ਮੀਰਾਂ ਕੁ ਜਿੰਨਾਂ ਫ਼ਾਸਲਾ

ਸ਼ੋਰ ਦਾ ਤੀਰਥ

ਚੁੱਪ ਵਿੱਚੋਂ ਹੈ ਉਪਜਣਾ ਸੂਰਜ ਕੋਈ ਸਵੇਰ ਸ਼ੋਰ ਦਾ ਤੀਰਥ ਕਰ ਰਹੀ ਦੁਨੀਆਂ ਚਾਰ ਚੁਫੇਰ ਪੈਰਾਂ ਚੋਂ ਅੰਨ੍ਹੀ ਦੌੜ ਦੇ ਰੋੜਾਂ ਨੂੰ ਚੁਗਣ ਚੱਲੀਏ ਠਹਿਰ ਜਾਈਏ ਕੋਲ ਕਿਧਰੇ ਆਪਣੇ ਇੱਕ ਵੇਰ ਗੁੰਮ ਗਏ ਇਹ ਮੰਦਰ ਧੂੰਏਾ ਦੇ ਏੜ ਗੇੜ ਸ਼ਹਿਦ ਵਰਗੀ ਪੌਣ ਰੱਬ ਵਰਗੇ ਕਨੇਰ ਚੱਲ ਚੁੰਮਣ ਚੱਲੀਏ ਖਿੱਤੀਆਂ ਚੋਂ ਕਿਰਦੀ ਰਾਤ ਚੱਲ ਉੁੱਠ ਕੇ ਬੈਠੀਏ ਬਰੋਟੇ ਹੇਠਾਂ ਫੇਰ ਸੁਣ ਪੱਤੀਆਂ ਦੀ ਖੜ ਖੜ ਇਹ ਮੰਦਰਾਂ ਦੇ ਟੱਲ ਵੇਖ ਸੋਟ ਤ੍ਰੇਲ ਦੀ ਕਰ ਰਹੀ ਸਵੇਰ

ਖੀਵੀ ਸਰਦਲ

ਸਖੀਏ ਇੱਕ ਜਗਦੀ ਬੀਹੀ ਅੱਗੇ ਇੱਕ ਸਰਦਲ ਖੀਵੀ! ਲੰਘ ਜਾ ਸਿਰ ਕੱਜ ਕੇ ਤੂੰ ਚਾਨਣ ਦਾ ਚਸ਼ਮਾ ਅੰਦਰ ਚਾਨਣ ਹੋ ਰੱਜ ਕੇ ਤੂੰ! ਸਖੀਏ ਨੀ ਵੇਚ ਵੱਟ ਕੇ ਉਮਰਾਂ ਦੀ ਖੱਟੀ ਖੱਟ ਕੇ ਤੁਰ ਪਾ ਅੱਜ ਤੜਕੇ ਨੀ ਏਦਾਂ ਦਾ ਰਾਜ ਭਾਗ ਤਾਂ ਮਿਲਦਾ ਆ ਮਰਕੇ ਨੀ! ਸਖੀਏ ਇੱਕ ਤਾਰਾ ਵੱਜੇ ਦੱਮਾਂ ਦਾ ਖੱਬੇ ਸੱਜੇ ਕੰਨਾ ਨੂੰ ਕੱਜੇਂ ਜੇ ਫਿਰ ਵੀ ਨਾ ਸੁਣਨੋਂ ਹਟਦਾ ਦੱਮਾਂ ਨਾ ਲੱਦੇਂ ਜੇ! ਸਖੀਏ ਬਸ ਬਾਤ ਬਤਾਉਲੀ ਪਿੰਡੇ ਜੋ ਅਗਨੀ ਮੌਲੀ ਮਿਰਗਾਂ ਦੀਆਂ ਚੁੰਗੀਆਂ ਨੇ ਏਹਨਾਂ ਦੁਪਹਿਰਾਂ ਨੂੰ ਵੀ ਸ਼ਾਮਾਂ ਤਾਂ ਹੁੰਦੀਆਂ ਨੇ! ਸਖੀਏ ਮਿੱਟੀ ਦੇ ਕਿਣਕੇ ਖ਼ਬਰੇ ਕਿੰਜ ਪੂਰਾ ਮਿਣਕੇ ਨਕਸ਼ਾਂ ਵਿੱਚ ਰਲਦੇ ਨੇ ਸਦੀਆਂ ਦੇ ਗੁੰਮੇ ਮੁਖੜੇ ਸ਼ਕਲਾਂ ਵਿੱਚ ਢਲਦੇ ਨੇ ਸਖੀਏ ਆਹ ਮੁੰਜਰਾਂ ਫੁੱਟੀਆਂ ਕਿੰਨ੍ਹੇ ਆ ਮਲ ਕੇ ਸੁੱਟੀਆਂ? ਬਹੁਤੇ ਹੀ ਸ਼ਾਤਰ ਨੀ ਸਰਘੀ ਨੂੰ ਕੰਜਕਾਂ ਪੂਜਣ ਕੁੱਖਾਂ ਦੇ ਕਾਤਲ ਨੀ! ਸਖੀਏ ਗੱਲ ਦਿਲ ਦੀ ਦੱਸਾਂ ਰੁੱਤਾਂ ਨੂੰ ਪੁਣ ਪੁਣ ਰੱਖਾਂ ਦੇਸਾਂ ਦੇ ਰਾਜੇ ਨੀ ਸਾਡਾ ਤਾਂ ਚੁੱਲ੍ਹਾ ਚੌਂਕਾ ਕੱਲ ਰਾਤੀਂ ਖਾ ਗੇ ਨੀ! ਸਖੀਏ ਤੂੰ ਚੁੱਪ ਕਰ ਐਂਵੇ ਚੰਗਾ ਨਾ ਨਜ਼ਰੀਂ ਪੈਂਵੇਂ ਬੁੱਲ੍ਹ ਚੰਗੇ ਮੀਚੇ ਨੀ ਏਥੋਂ ਦੇ ਰਾਜੇ ਰੱਖਣ ਜੀਭਾਂ ਦੇ ਗ਼ਲੀਚੇ ਨੀ! ਸਖੀਏ ਬਸ ਓਹਲਾ ਹੀ ਐ ਰਾਖਾ ਬਸ ਮੌਲਾ ਹੀ ਐ ਟਿੱਬਿਆਂ ਦਾ ਰੱਖਾਂ ਦਾ ਗੁੰਨ੍ਹ ਗੁੰਨ੍ਹ ਕੇ ਬਣਿਆ ਬੰਦਾ ਝੂਠਾਂ ਦਾ ਸੱਚਾਂ ਦਾ!

ਲਹੂ ਦੀ ਧਾਰ

ਲਹੂ ਦੇ ਰੰਗ ਤੋਂ ਗੂੜ੍ਹਾ ਨਾ ਕੋਈ ਰੰਗ ਦੁਨੀਆਂ ਤੇ ਕਈ ਸਦੀਆਂ ਤੋਂ ਲੰਮੀ ਏਹਦੀ ਮਾਰ ਹੁੰਦੀ ਹੈ ਤਲਵਾਰ ਦੀ ਧਾਰ ਤੋਂ ਤਿੱਖੀ ਲਹੂ ਦੀ ਧਾਰ ਹੁੰਦੀ ਹੈ ਇਹ ਜੋ ਲਹੂ ਦੇ ਗੀਤ ਗਾਉਂਦੇ ਹੋ ਕੇ ਨਸ਼ੇ ਚ ਧੁੱਤ ਕਿਸੇ ਮਾਂ ਦੇ ਦਿਲ ਨੂੰ ਪੁੱਛਿਓ ਕਿੱਦਾਂ ਪਲਦੇ ਨੇ ਪੁੱਤ ਗੋਲੀ ਪੁੱਤ ਦੇ ਵੱਜੇ ਮਾਂ ਚੋਂ ਪਾਰ ਹੁੰਦੀ ਹੈ ਕਦੋਂ ਦੀਆਂ ਸੜ ਗਈਆਂ ਦੂਰ ਤੱਕ ਸਰਸਬਜ਼ ਜੂਹਾਂ ਪਿੰਡ ਦੇ ਬਾਹਰ ਰੁੱਖਾਂ ਦੀਆਂ ਭਟਕਦੀਆਂ ਨੇ ਰੂਹਾਂ ਸੌਅ ਵਾਰੀ ਸਾੜੀ ਧਰਤੀ ਹਰੀ ਹਰ ਵਾਰ ਹੁੰਦੀ ਹੈ ਇਹ ਵੀ ਨਿਕਲ ਜਾਣੇ ਨੇ ਇਹ ਜਿਹੜੇ ਵਹਿਮ ਪੈ ਗੇ ਨੇ ਲੋਕੀਂ ਅੱਗੇ ਲੰਘ ਗਏ ਨੇ ਰਿਸ਼ਤੇ ਪਿੱਛੇ ਰਹਿ ਗੇ ਨੇ ਭਰਿਆ ਸ਼ਹਿਰ ਤੇ ਜਿੰਦੜੀ ਕੱਲ੍ਹੀ ਐਂਵੇਂ ਨਹੀਂ ਸਰਕਾਰ ਹੁੰਦੀ ਹੈ ਅੰਦਰ ਦੀ ਖੇਡ ਹੁੰਦੀ ਜੋ ਜਿੱਤ ਤੇ ਹਾਰ ਹੁੰਦੀ ਹੈ ਜ਼ਿੰਦਗੀ ਫੁੱਲ ਹੈ ਕਾਕਾ ਜ਼ਿੰਦਗੀ ਖ਼ਾਰ ਹੁੰਦੀ ਹੈ! ਕੀ ਹੋਇਆ, ਕੀ ਹੋਊ ਇਸ ਵਿਚਕਾਰ ਹੁੰਦੀ ਹੈ

ਦੀਪ ਜਲਦੇ ਕੇਸ ਬਲਦੇ

ਤੇਰੀ ਪੀੜ੍ਹੀ ਦਮੂਹੇ ਨਾਗ ਨੇ ਮੁੜ ਆਣ ਕੇ ਡੰਗਣੀ ਸੂਈ ਤਿੱਖੜੀ ਹਕੂਮਤ ਦੀ ਤੇਰੀ ਪੱਗ ਨੱਕਿਓਂ ਲੰਘਣੀ ਡਿਓੜ੍ਹੀ ਦਰਸ਼ਨੀ ਦੇ ਪੱਬ ਵਿੱਚ ਜਦ ਫੌਜ ਆ ਚੁੱਭਣੀ ਆਊ ਚੇਤੇ ਭੰਗਾਣੀ ਜਦ ਚੁਰਾਸੀ ਰੁੱਖ ਨਾ ਹਿੱਲਣੀ ਇਹ ਦੀਪ ਜਲਦੇ ਕੇਸ ਬਲਦੇ ਪੱਗ ਦੇ ਜਾਂ ਪੇਚ ਬਈ ਇਹ ਕਿਸ ਦੇ ਹੁਕਮੀਂ ਆ ਗਏ ਨੇ ਟਾਇਰ ਗਲ ਦੇ ਮੇਚ ਬਈ ਕੱਚ ਦੀ ਇਸ ਧਰਤ ਤੇ ਹਲ ਵਗ ਰਿਹਾ ਜੋ ਬਚ ਲਈਂ ਫਸਲ ਜਿੱਦਣ ਵੱਢਣੀ ਬਸ ਪੋਟਿਆਂ ਨੂੰ ਢੱਕ ਲਈਂ ਹਵਾਵਾਂ ਉੁੱਠ ਕੇ ਆਈਆਂ ਮਗਰ ਛਾਂ ਹੂੰਝ ਨਾ ਸਕਣੀ ਜੋ ਰਚ ਗੀ ਸਿੱਟਿਆਂ ਵਿੱਚ ਧੁੱਪ ਓਹ ਤੂੰ ਪੂੰਝ ਨਾ ਸਕਣੀ ਕਿ ਰੁੱਤਾਂ ਗੰਢ ਤੁੱਪ ਕੇ ਏਸ ਵਾਰੀ ਆਉਣੀਆਂ ਲਗਦਾ ਬਹਾਰਾਂ ਸੱਪ ਵਾਂਗੂੰ ਰੱਕੜਾਂ ਗਲ ਪਾਉਣੀਆਂ ਲੱਗਦਾ

ਹੱਡਾਂ ਦੀ ਰੁੱਤ

ਮਿੱਟੀ ਦਾ ਇੱਕ ਪੁਤਲਾ ਏ ਜੀ ਓਹ ਤਾਂ ਪਾਂਉਂਦਾ ਏ ਰੌਲਾ ਹਾਏ! ਜਿੰਦੇ ਨੀ ਓਹ ਤਾਂ ਪਾਂਉਂਦਾ ਏ ਰੌਲਾ! ਸਾਹਾਂ ਦੀ ਤੰਦ ਇੱਕ ਕੱਚੜੀ ਨਾ ਬੰਨ੍ਹੇਂ ਜਿੰਦਾਂ ਦਾ ਘੋੜਾ ਹਾਏ! ਜਿੰਦੇ ਨੀ ਬਾਹਲਾ ਪਾਂਉਂਦਾ ਏ ਰੌਲਾ ਘੋੜਾ ਤਾਂ ਡਾਹਢਾ ਓਹ ਅੱਥਰਾ, ਓਹ ਬਾਹਲਾ ਪੈਰਾਂ ਦਾ ਛੋਹਲਾ ਹਾਏ! ਜਿੰਦੇ ਨੀ ਬਾਹਲਾ ਪੈਰਾਂ ਦਾ ਛੋਹਲਾ ਧੂੜਾਂ ਉਡਾਵੇ ਮੈਂ ਦੇ ਸੋਹਿਲੇ ਈ ਗਾਵੇ ਰਸੀਆ ਘਨੇਰਾ ਹਾਏ !ਜਿੰਦੇ ਨੀ ਮੈਂ ਦਾ ਰਸੀਆ ਘਨੇਰਾ ਰਹਿ ਰਹਿ ਕੇ ਚੁਗਦਾ ਏ ਰੋੜੀਆਂ ਕਿ ਓਹਨੂੰ ਕਾਹਦਾ ਏ ਝੋਰਾ ਹਾਏ! ਜਿੰਦੇ ਨੀ ਓਹਨੂੰ ਕਾਹਦਾ ਏ ਝੋਰਾ ਝੋਰਾ ਤਾਂ ਇੱਕੋ ਓਹਨੂੰ ਚਿੱਥਦਾ ਕਿ ਓਹਦੇ ਪੱਲੇ ਆ ਥੋੜਾ ਹਾਏ !ਜਿੰਦੇ ਨੀ ਜਿੰਨਾ ਹੈਗਾ ਓਹ ਥੋੜਾ ਥੋੜਾ ਈ ਬੋਝਿਆਂ ਚ ਪੈਂਦੜਾ ਜੀ ਨੱਕਾ ਸੂਈਆਂ ਦਾ ਸੌੜਾ ਹਾਏ !ਜਿੰਦੇ ਨੀ ਨੱਕਾ ਸੂਈਆਂ ਦਾ ਸੌੜਾ ਨੱਕੇ ਚੋਂ ਲੰਘਦੀ ਨਾ ਧਰਤ ਵੀ ਆ ਘੇਰਾ ਅੰਬਰ ਦਾ ਚੌੜਾ ਹਾਏ !ਜਿੰਦੇ ਨੀ ਜਗ ਤਾਂ ਬੋਝੇ ਤੋਂ ਚੌੜਾ ਧੂੰਅੇਂ ਦੀ ਬੁੱਤ ਨੇ ਮੋਹਾਂ ਦੀ ਅਗਨੀ ਕਿੱਦਾਂ ਦੀ ਧੂਣੀ ਧੁਖੇ ਹਾਏ !ਜਿੰਦੇ ਨੀ ਡਾਹਢੀ ਧੂਣੀ ਧੁਖੇ ਚਮੜੀ ਦੇ ਫੁੱਲ ਨੂੰ ਹੱਢਾਂ ਦੀ ਰੁੱਤ ਨੂੰ ਤਿਲ ਜਿੱਡੀ ਜਿੰਦੜੀ ਜੁੜੇ ਹਾਏ !ਜਿੰਦੇ ਨੀ ਕਿੱਡੀ ਜਿੰਦੜੀ ਜੁੜੇ ਅੰਬਰ ਦੀ ਛੱਤ ਤੋਂ ਉੁੱਤਰੇ ਨੇ ਤਾਰੇ ਮੱਥਿਆਂ ਦੀ ਲੋਅ ਦੱਸਦੀ ਹਾਏ !ਜਿੰਦੇ ਨੀ ਪਈ ਲੋਅ ਦੱਸਦੀ ਸ਼ਬਦਾਂ ਦੇ ਜੋਗੀ ਸਰਦਲ ਤੇ ਆਏ ਕੁੰਡੀਆਂ ਕਿਉਂ ਬੰਦ ਕਰਦੀ ਹਾਏ !ਜਿੰਦੇ ਨੀ ਕਾਹਨੂੰ ਬੰਦ ਕਰਦੀ

ਪ੍ਰੇਮ ਖੇਲਨ ਦੀ ਗੱਲ ਜ਼ਮੀਰਾਂ ਦੇ ਆਖੇ

ਜਿਗਰੇ ਤੇ ਕਿਹੜੀ ਧਾਰਾ ਲਗਾਉਣੀ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਭਰ ਦਿਓ ਜੇਲਾਂ ਜਿੰਨੀਆਂ ਵੀ ਚਾਹੇ ਹਵਾਵਾਂ ਨੂੰ ਵਗਣੋਂ ਹਟਾਓਗੇ ਕਿੱਦਾਂ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਜੰਗਲ਼ ਚ ਫੁੱਲਾਂ ਨੂੰ ਖਿੜਨਾ ਵੀ ਆਉਂਦਾ ਮਹਿਕਣ ਵੀ ਆਵੇ ਤੇ ਝੜਨਾ ਵੀ ਆਉਂਦਾ ਲੱਗਣ ਨਾ ਖੁਸ਼-ਬੋਈ ਨੂੰ ਹੱਥ-ਕੜੀਆਂ ਥੀਣਾ ਜੇ ਏਥੇ ਸਜ਼ਾਵਾਂ ਨੇ ਕੜੀਆਂ ਬਾਹਰ ਤਾਂ ਮੰਨਿਆਂ ਏ ਗ਼ਲਬੇ ਨੇ ਤਾਹਡੇ ਅੰਦਰ ਤਾਂ ਜਿੱਤਾਂ ਹਰਾਓਗੇ ਕਿੱਦਾਂ ? ਅਸੀਂ ਕਿਹੜਾ ਛਾਂਗੇਂ ਆਂ ਪਹਿਲੀ ਹੀ ਵਾਰੀ? ਦਾਤੀ ਵੀ ਓਹੀਓ ਤੇ ਓਹੀਓ ਤਿਆਰੀ! ਘੋੜੇ ਦੀ ਕਾਠੀ ਤੇ ਪਿੰਡਾਂ ਦੇ ਵਾਸੇ ਸੜਕਾਂ ਤੇ ਸੌਣਾਂ ਜ਼ਮੀਰਾਂ ਦੇ ਆਖੇ ਵੱਢਿਆਂ ਦੇ ਹੋਏ ਨੇ ਕਿਰਦਾਰ ਵੱਡੇ ਦਸਤਾਰ ਸਿਰ ਤੇ ਝੁਕਾਓਗੇ ਕਿੱਦਾਂ? ਸਬਰਾਂ ਦੇ ਡੁੱਲਦੇ ਜੇ ਜਾਂਦੇ ਨੇ ਕਾਸੇ ਹੱਢਾਂ ਤੇ ਉੁੱਕਰੇ ਕਮੀਨੇ ਜੇ ਹਾਸੇ ਖੂਨ ਅਸਾਡਾ ਏ ਪਾਣੀ ਤੁਹਾਡਾ ਸਿੰਜ ਲਓ ਧਰਤੀ ਕਿ ਰਾਜ ਤੁਹਾਡਾ! ਕੇਸਾਂ ਤੇ ਛਪਗੇ ਨੇ ਖਾਖੀ ਜੇ ਤਲਵੇ ਨਲੂਏ ਦਾ ਖੰਡਾ ਭੁਲਾਓਗੇ ਕਿੱਦਾਂ ? ਡੁੱਲ੍ਹ ਗਿਆ ਖੂਨ ਤੇ ਢੱਠੇ ਚੁਬਾਰੇ ਫੁੱਲਾਂ ਦੀ ਥਾਂ ਤੇ ਖਿੜਗੇ ਨੇ ਤਾਰੇ! ਦਾਹੜੇ ਜੋ ਚਿੱਟੇ ਸਲਾਖ਼ਾਂ ਨੂੰ ਆਖ਼ਣ ਜੇਲ੍ਹਰ ਤਾਂ ਸਾਡੇ ਫ਼ਰੰਗੀ ਕਿਉਂ ਜਾਪਣ! ਨਜ਼ਰਾਂ ਦੇ ਝੌਲ਼ੇ ਕਿ ਸਮਿਆਂ ਦੇ ਗੇੜੇ ਤਖ਼ਤ ਲਹੌਰਾਂ ਨੂੰ ਜਾਓਗੇ ਕਿੱਦਾਂ ? ਹਿੰਮਤ ਤੇ ਕਿਹੜੀ ਧਾਰਾ ਲਗਾਉਣੀ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਭਰ ਦਿਓ ਜੇਲਾਂ ਜਿੰਨੀਆਂ ਵੀ ਚਾਹੇ ਹਵਾਵਾਂ ਨੂੰ ਵਗਣੋਂ ਹਟਾਓਗੇ ਕਿੱਦਾਂ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ?

ਦਿਲ ਦੀ ਲਹਿਰ

ਸੁੱਤੇ ਸਾਹ ਵੀ ਜਾਗ ਪਏ ਨੇ ਤਖ਼ਤਾਂ ਨੇ ਇੰਜ ਹਿਰਦੇ ਵਿੰਨ੍ਹੇ ਤੱਕ ਸੜਕਾਂ ਤੇ ਮੇਖਾਂ ਉੁੱਗੀਆਂ ਮਿੱਟੀ ਬਣ ਅੰਗਿਆਰੇ ਘੁੰਮੇ ਮੁੜ ਗਏ ਜੇ ਅੱਜ ਘਰਾਂ ਨੂੰ ਖਤ ਆਉਣੇ ਇਤਿਹਾਸ ਦੇ ਸਾਨੂੰ ਚਾਲੀ ਮੁਕਤੇ ਭਾਗੋ ਮਾਈ ਕੀ ਕੀ ਸ਼ੀਸ਼ੇ ਦਿਸਣੇ ਸਾਨੂੰ ! ਕੇਸਾਂ ਉੁੱਤੇ ਬੂਟ ਨੇ ਖਾਖੀ ਓਹੋ ਕਨੂੰਨ ਤੇ ਓਹੋ ਪਾਪੀ! ਰੱਤ ਬੀਜਣੀ ਮਿੱਟੀ ਅੰਦਰ ਕਿੱਥੇ ਆ ਸੰਵਿਧਾਨ ਅੰਦਰ? ਕਾਹਦੇ ਚਤਰ ਚਲਾਕ ਨੇ ਹਾਕਮ ਡੂੰਘੀ ਰਮਜ਼ ਜੇ ਪਕੜੀ ਨਾ ਹਕੂਮਤ ਜਿੰਨੀ ਮਰਜ਼ੀ ਤਕੜੀ ਦਿਲ ਦੀ ਲਹਿਰ ਤੋਂ ਤਕੜੀ ਨਾ

ਬੰਨਾ ਫਕੀਰ

ਗਹੁ ਨਾ ਤੱਕੀਂ ਸਿਆੜਾਂ ਵਿੱਚ ਰਲਕੇ ਜਿਵੇਂ ਖੇਤ ਨਹੀਂ ਮਜ਼ਮੂਨ ਹੁੰਦਾ ਪੱਗ ਦਾਦੇ ਦੀ ਪੈਲੀਆਂ ਵਿੱਚ ਪੁੰਗਰੀ ਡੁੱਲ੍ਹਿਆ ਮੁੜ੍ਹਕਾ ਡੁੱਲ੍ਹਿਆ ਖ਼ੂਨ ਹੁੰਦਾ ਹਲਾਂ ਦੇ ਫਾਲ਼ੇ ਵਰਗੀ ਰੀਝ ਰੱਖੀਂ ਜਦੋਂ ਮਿੱਟੀ ਕਲਾਵੇ ਵਿੱਚ ਲੈਣੀਂ ਤੇਰੇ ਖਾਲਾਂ ਦੇ ਪਾਣੀ ਚ ਸੰਸਦ ਤਰੇ ਮੋੜੇ ਨੱਕੇ ਨੇ ਐਤਕੀਂ ਸੀਟ ਲੈਣੀ ਪੰਜਾਲ਼ੀ ਲਾਹ ਕੇ ਸੁੱਟ ਦੇ ਅੱਜ ਮੌਕਾ ਤੇਰੀ ਪਨੀਰੀ ਨੂੰ ਗੁੜ੍ਹਤੀ ਨਿੰਮ ਦੀ ਜੋ ਕਿਤੇ ਹੋਰ ਦੀ ਹੋਰ ਨਾ ਬਣ ਜਾਏ ਇਹ ਸੰਤਾਲੀ ਚਰਾਸੀ ਸਿੰਮਦੀ ਜੋ ਪੋਚੀਂ ਵੀ ਚੰਗਾ, ਲਿੰਬਣਾ ਤਾਂ ਪੈਣਾ ਏ ਲੋੜ ਹੈ ਜਿੱਥੇ, ਪਿੰਜਣਾ ਤਾਂ ਪੈਣਾ ਏ ਨਜ਼ਰਾਂ ਦਾ ਛੌਰਾ, ਅਕਲਾਂ ਦਾ ਪਾਣੀ ਪੀੜ੍ਹੀ ਏ ਤੇਰੀ, ਸਿੰਜਣਾ ਤਾਂ ਪੈਣਾ ਏ ਮਿੱਟੀ ਦਾ ਵਰਕਾ, ਇਬਾਰਤ ਕਰੀਰ ਅੰਬਰ ਨੂੰ ਨੀਝਾਂ ਨੇ ਬੰਨਾ ਫਕੀਰ ਕਹੀਆਂ ਦੇ ਟੱਪਾਂ ਨਾ, ਉੁੱਠੇ ਓ ਹੱਥਾਂ ਨਾ ਜਗਦੀਆਂ ਅੱਖਾਂ ਨਾ, ਟਲ਼ਨਾ ਅਖੀਰ

ਉੁੱਡਦੀਆਂ ਪੰਜਾਲ਼ੀਆਂ ਦੇ ਗੀਤ

ਭਗਤ ਸਿੰਘ ਸਰਾਭੇ ਤੇ ਓਹ ਗਦਰੀ ਬਾਬੇ ਰੱਤ ਡੁੱਲ੍ਹੀ ਸੀ ਜਿਹੜੀ ਕਿਹੜੇ ਖਾਤੇ ਪੈ ਗਈ? ਪੁੱਤਾ ਲਈ ਅਜ਼ਾਦੀ ਜਿਹੜੀ, ਕਿੱਥੇ ਰਹਿ ਗਈ? ਗੱਲ ਤੁਰੀ ਸੀ ਜਿੱਥੋਂ ਓਸੇ ਰਾਹੇ ਪੈ ਗਈ! .............................. ਇਹ ਨੇ ਗੁਰੂ ਦੁਆਰੇ ਸਾਡੀਆਂ ਸੋਚਾਂ ਦੇ ਆਪ ਮੁਹਾਰੇ ਮੱਥਾ ਏਥੇ ਧਰ ਹੋਣਾ ਸੰਗਤ ਪੰਗਤ ਬਾਣੀ ਸੱਭ ਕੁੱਝ ਏਥੇ ਹੈ ਸੜਕਾਂ ਨਹੀਂ ਇਹ ਨਾਨਕ ਦਾ ਹੀ ਘਰ ਹੋਣਾ .............................. ਹੱਠ ਛੱਡ ਕੇ ਤੂੰ ਬਹਿ ਜੇਂ ਅੱਧਵਾਟੇ ਏਹੋ ਤਾਂ ਏ ਨੀਤੀ ਲੱਗਦੀ ਜਿਵੇਂ ਸਾਗਰਾਂ ਦੇ ਵੱਲ ਨਦੀ ਵਗਦੀ ਲੰਮੀ ਏ ਲੜਾਈ ਲੱਗਦੀ ਤੇਰੇ ਸਿਦਕਾਂ ਨੂੰ ਪਰਖੇਗੀ ਲੱਗਦੀ .............................. ਕਿੱਲਾਂ ਨਾਲ ਨਾ ਪੈਰ ਇਹ ਰੁਕਣ ਲੱਗੇ ਕੰਧਾਂ ਨਾਲ ਨਾ ਹੜ ਇਹ ਰੋਕ ਹੁੰਦੇ ਜਿਹੜੇ ਚੁੰਮ ਕੇ ਫਾਂਸੀ ਦੇ ਫੰਦਿਆਂ ਨੂੰ ਝੂਲ ਜਾਂਦੇ ਇਹ ਓਹੀ ਲੋਕ ਹੁੰਦੇ .............................. ਬਾਰਡਰ ਦਿੱਲੀ ਦਾ ਗੜ੍ਹੀ ਚਮਕੌਰ ਲੱਗੇ ਦੇਸ਼ ਆਪਣਾ ਪਰ ਫਿਰ ਵੀ ਹੋਰ ਲੱਗੇ! ਲੰਘੀਆਂ ਸਦੀਆਂ ਪਰ ਅੱਜ ਵੀ ਗੱਲ ਓਹੀ ਫੇਰ ਜ਼ੁਲਮ ਓਹੀ ਤੇ ਅੱਗੇ ਪੱਗ ਓਹੀ! ...................... ਜਿੰਨਾਂ ਚਿਰ ਨਾ ਪਾਣੀਂ ਸਿਰੋਂ ਲੰਘੇ ਓਨਾਂ ਚਿਰ ਇਹ ਛਾਤੀਆਂ ਤਣਦੀਆਂ ਨਾ! ਰੋਜ਼ ਰੋਜ਼ ਇਤਿਹਾਸ ਨੀਂ ਲਿਖੇ ਜਾਂਦੇ ਰੋਜ਼ ਸੜਕਾਂ ਤੀਰਥ ਬਣਦੀਆਂ ਨਾ! .............................. ਜੇ ਜ਼ੁਲਮ ਬਹੁਤਾ ਤਾਂ ਕੀ ਹੋਇਆ ਹੈ ਗ਼ੈਰਤ ਦੀ ਕਿਹੜੀ ਥੋੜ੍ਹ ਕੋਈ? ਜਿੰਨਾ ਚਿਰ ਨਾ ਆਰੇ ਹੇਠ ਆਈਏ ਓਨਾਂ ਚਿਰ ਕਹਾਣੀਆਂ ਬਣਦੀਆਂ ਨਾ! .............................. ਚੜ੍ਹਾਂਗੇ ਇਹਨਾਂ ਪਹਾੜਾਂ ਉੁੱਤੇ ਤੁਰਾਂਗੇ ਇਹਨਾਂ ਅੰਗਾਰਾਂ ਉੁੱਤੇ ਜੰਗ ਤੇਰੀ , ਬਿਗਲ ਵੀ ਤੇਰੇ ਬਾਕੀ ਛੱਡ ਦੇ ਸ਼ਾਹ ਸਵਾਰਾਂ ਉੁੱਤੇ ਤੂੰ ਜ਼ਾਲਿਮ ਹੈਂ ! ਤੂੰ ਜ਼ੁਲਮ ਕਰ! ਤੂੰ ਲਾਲੀ ਤੱਕ ਦਿਲਦਾਰਾਂ ਉੁੱਤੇ! .............................. ਇਹ ਸਾਡੇ ਖੇਤ ਸਾਡੀ ਜਾਨ ਕੋਈ ਕਿਸ ਤਰ੍ਹਾਂ ਛੱਡੇ ਹਾਂ ਖੜਦੇ ਜ਼ੁਲਮ ਅੱਗੇ ਸਿਰ ਝੁਕਾਈਏ ਸਤਿਗੁਰਾਂ ਅੱਗੇ ਇਹ ਉੁੱਠ ਕੇ ਆ ਗਏ ਜੋ ਕਾਫ਼ਲੇ ਇਹ ਮੁੜਣ ਨਾ ਲੱਗੇ ਕਿ ਬੱਚੇ ਨਾਲ ਹਾਂ ਲਿਆਏ ਤੇ ਮਾਂਵਾਂ ਲੱਗੀਆਂ ਅੱਗੇ .............................. ਨਾ ਜ਼ੁਲਮ ਨਵਾਂ ਤੇ ਨਾ ਜ਼ਾਲਮ ਨਵੇਂ ਨਾ ਦਿੱਲੀਏ ਨੀ ਝੰਡਾ ਪਹਿਲੀ ਵਾਰ ਗੱਡਣਾ ਉੁੱਠ ਪਏ ਕਹੀਆਂ ਦੇ ਵਾਂਗ ਕਾਫ਼ਲੇ ਤਖ਼ਤਾਂ ਦੇ ਨੱਕਿਆਂ ਨੂੰ ਮੋੜ ਛੱਡਣਾ .............................. ਇਹ ਤੰਗਲ਼ੀਆਂ, ਸਾਂਘੇ , ਇਹ ਕਹੀਆਂ ਅਵਾਰਾ ਦਫ਼ਤਰ ਚ ਕਰਨਾ ਏ ਕਿੱਦਾਂ ਗੁਜ਼ਾਰਾ! ਕਿੱਦਾਂ ਓਹ ਸ਼ਫ਼ਿਟਾਂ ਲਗਾਇਆ ਕਰੇਗਾ ਖੇਤ ਓਹ ਤੂਤਾਂ ਵਾਲਾ ਪਿਆਰਾ! .............................. ਅੱਜ ਇਹ ਖੇਤ ਜੋ ਤੇਰੇ ਨਾ ਤੇ ਬੋਲਦਾ ਕੱਲ੍ਹ ਇਸ ਦਾ ਕੋਈ ਮਾਰਕਾ ਕੋਈ ਲੇਬਲ ਹੋਵੇਗਾ! ਤੇਰੇ ਪਿੰਡ ਤੋਂ ਨਾਂ ਖੋਹ ਕੇ ਦੇ ਦੇਣਗੇ ਇੱਕ ਟੈਗ ਨੰਬਰ! ਕੰਪਯੂਟਰਾਂ ਚ ਨੰਬਰ ਬਣ ਕੇ ਰਹਿ ਜਾਣਗੇ ਤੇਰੇ ਖੂਹ ਬੰਨੇ, ਤੇਰੀ ਢਾਬ ਐਕਸਲ਼ ਸ਼ੀਟ ਬਣ ਕੇ ਰਹਿ ਜਾਵੇਗਾ ਤੇਰਾ ਇਹ ਰੰਗਲਾ ਪੰਜਾਬ!

ਚੱਲ ਮਿੱਤਰਾ ਹੁਣ ਦਿੱਲੀ ਚੱਲੀਏ

ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਤੂਤਾਂ ਵਾਲਾ ਖੂਹ ਖੁੱਸ ਚੱਲਿਆ ਜਾਨੋਂ ਵੱਧ ਪਿਆਰਾ! ਖੁੱਸਦੇ ਦਿਸਦੇ ਵੱਟਾਂ ਬੰਨੇ ਟੋਭਾ ਫਿਰਨੀ ਵਾਲਾ! ਪੱਤਾ ਪੱਤਾ ਹੋ ਹੋ ਕਿਰਦਾ ਪਿੱਪਲ਼ ਸੱਥ ਵਿਚਾਲ਼ਾ ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਤੇਰੇ ਘਰ ਤੇ ਤੇਰੇ ਦਰ ਤੇ ਪਈਆਂ ਫਿਰ ਤੋਂ ਭੀੜਾਂ ‘ਪਾਪ ਕੀ ਜੰਞ’ ਆ ਮੁੜਕੇ ਧਾਈ ਕਰਦੀ ਆ ਤਕਰੀਰਾਂ ਪੁਰਖੇ ਤੇਰੇ ਤੈਨੂੰ ਆਖਣ ਬੁੱਤੋਂ ਬਣ ਜਾ ਹੀਰਾ! ਵਾਰਿਸ ਤੇਰੇ ਜੰਮਣੋਂ ਪਹਿਲਾਂ ਗਹਿਣੇ ਧਰਤੇ ਵੀਰਾ! ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਚੱਲ ਮਿੱਤਰਾ ਓਹ ਵੇਚ ਆਏ ਨੇ ਪਿੰਡ ਨੂੰ ਚੁੱਪ ਚੁਪੀਤੇ ਬਈ! ਹੱਥਾਂ ਦੇ ਵਿੱਚ ਕਲਮਾਂ ਵਾਲੇ ਦਿਲ ਦੇ ਅੱਤ ਪਲੀਤੇ ਬਈ ਚਲ ਮਿੱਤਰਾ ਜੇ ਹੁਣ ਨਾ ਚੱਲੇ ਫਿਰ ਨਾ ਆਖੀਂ ਬਣਦਾ ਕੀ! ਪੁੱਛੇਗਾ ਇਤਿਹਾਸ ਅਸਾਂ ਨੂੰ ਰੂਹਾਂ ਕਿੱਥੇ?ਤਨ ਦਾ ਕੀ? ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਸੁਣ ਮਿੱਤਰਾ ਫਿਰ ਵਿੱਚ ਹਵਾਵਾਂ ਵੱਜਦੀ ਅੱਜ ਰਬਾਬ ਬਈ ਨਾਨਕ ਅੱਗੇ ਅੱਗੇ ਤੁਰਿਆ ਪਿੱਛੇ ਕੁੱਲ ਪੰਜਾਬ ਬਈ! ਕੀ ਕੀ ਤੁਰਿਆ ਜਾਂਦਾ ਤੱਕੀਂ ਸ਼ਸਤਰ, ਸੰਤ, ਫਕੀਰ ਕੋਈ ਮਿੱਟੀ, ਮੁੜ੍ਹਕਾ, ਫੁੱਲ, ਪਰਿੰਦਾ ਗੋਬਿੰਦ ਦੀ ਸ਼ਮਸ਼ੀਰ ਕੋਈ ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਚੱਲ ਮਿੱਤਰਾ ਓਹ ਮੰਗਦੇ ਲੱਗਦੇ ਸਿਰ ਚੁੱਕਣ ਦਾ ਮੁੱਲ ਬਈ! ਚਰਖੜੀਆਂ ਤੇ ਚੜ੍ਹ ਕੇ ਖਿੜਦੇ ਹਰਿ ਮੰਦਰ ਦੇ ਫੁੱਲ ਬਈ! ਚੱਲ ਮਿੱਤਰਾ ਓਹ ਲਾਂਬੂ ਲਾਉਂਦੇ ਮੌਕਾ ਮਿਲਿਆ ਮਘ ਆਈਏ! ਲੋੜ ਪਈ ਤਾਂ ਚਾਂਦਨੀ ਚੌਂਕ ਚ ਦੀਵੇ ਬਣ ਕੇ ਜਗ ਆਈਏ! ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ

ਦਿਲ ਦੀ ਬੱਦਲੀ

ਗੁੰਦ ਲਈ ਮੀਢੀ ਵਿੱਚ ਸਾਰੀ ਮੈਂ ਤਾਂ ਮੱਸਿਆ ਦੀ ਰਾਤ ਤੈਨੂੰ ਓਹਲੇ ਨਾਂ ਤੱਕਾਂ ਪਿੰਡ ਵਿੱਚ ਉੁੱਡ ਜੇ ਨਾਂ ਬਾਤ ਰੁੱਖ ਵੀ ਜੀਂਦੇ ਵੇਖੀਂ ਵੇ ਲਗਰਾਂ ਚੁੰਮ ਲਾ ਮੁੰਡਿਆ ਸਾਨੂੰ ਅੱਖਾਂ ਨਾਂ ਮੁੜ ਕੇ ਭਾਵੇਂ ਪੁਣ ਲਾ ਮੁੰਡਿਆ ਤੈਨੂੰ ਵੇਖਣ ਨੂੰ ਕਰਦੈ ਏਨਾ ਜੀ ਵੇ ਚੰਦਰਾ ਕਾਲੀਆਂ ਰਾਤਾਂ ਨੂੰ ਚੰਦਰਮੇ ਦਾ ਲਾ ਦਾਂ ਜੰਦਰਾ ਕਿਹੜੀ ਗੱਲੋਂ ਮੋੜਾਂ ਤੇ ਆ ਕੇ ਬਹਿੰਦਾਂ ਦੱਸ ਵੇ? ਸਾਨੂੰ ਜੇਬੇ ਵਿੱਚ ਆਪਣੇ ਨੋਟਾਂ ਵਾਂਗੂੰ ਰੱਖ ਵੇ ਡੱਬੀ ਬਲ ਜਾਊ ਕਿਉਂ ਰੱਖਦੈਂ ਅੰਦਰ ਬਲਦੀ ਤੀਲੀ ਸੌਅ ਸਪੇਰੇ ਨਾਗਣ ਨਾ ਕੱਲ੍ਹੀ ਜਾਂਦੀ ਕੀਲ਼ੀ ਪਲਕਾਂ ਕੋਲੋਂ ਪੁੱਛ ਪੁੱਛ ਕੇ ਹੁੰਦੀ ਅਈਥੇ ਸਵੇਰ ਨਾਭੀ ਚੁੰਨੀ ਵਿੱਚ ਢੱਕਿਆ ਰੁੱਤਾਂ ਤਿੱਥਾਂ ਦਾ ਫੇਰ ਪੀਲੀ ਤਿਤਲੀ ਨੇ ਖੰਭਾਂ ਤੇ ਆ ਸੂਰਜ ਮਲਿਆ ਦਿਲ ਦੀ ਬੱਦਲੀ ਦਾ ਟੋਟਾ ਤੇਰੇ ਮੁੱਖ ਤੇ ਵਰ੍ਹਿਆ ਚਾਰ ਚੁਫੇਰੇ ਧੁੰਮੀ ਵੇ ਤੇਰੀ ਮੇਰੀ ਇਹ ਪ੍ਰੀਤ ਛਾਤੀ ਤਪਦੀ ਤੇ ਉਂਗਲਾਂ ਮੇਰੀਆਂ ਠੰਡੀਆਂ ਨੇ ਸੀਤ

ਨਹੀਓਂ ਬੁੱਕਲਾਂ ਚ ਲੁਕਦੇ ਸਿਤਾਰੇ

ਪੁੰਨਿਆਂ ਦੇ ਚੰਨ ਵਰਗੇ ਸੌਅ ਚੰਨ ਅੱਜ ਓਹਦੇ ਤੋਂ ਚਿੜੇ! ਹਾਏ ਨੀ! ਫੁਲਕਾਰੀ ਦੇ ਫੁੱਲ ਓਹਦੇ ਜਦ ਵਿਹੜੇ ਚ ਖਿੜੇ! ਨੀ ਮੇਰੀ ਫੁਲਕਾਰੀ ਦੇ ਫੁੱਲ ਓਹਦੇ ਅੱਜ ਵਿਹੜੇ ਚ ਖਿੜੇ! ਹਾਏ ਨੀ! ਫੁਲਕਾਰੀ ਦੇ ਫੁੱਲ ਓਹਦੇ ਵਾਲੇ ਵਿਹੜੇ ਚ ਖਿੜੇ! ਹਾਏ ਨੀ! ਫੁਲਕਾਰੀ ਦੇ.. ਨੀ ਮੇਰੀ ਫੁਲਕਾਰੀ ਦੇ.. ਨੀ ਰੂਹਾਂ ਪਿੰਜ ਜਾਂਦਾ ਅੱਥਰਾ ਜਦ ਮੂਹਰਿਓਂ ਦੀ ਲੰਘ ਲੰਘ ਜਾਂਦਾ ਨੀ ਤਿੱਖੜੇ ਸੰਧੂਰੀ ਰੰਗ ਤੇ ਸਾਡਾ ਚੁੰਨੀਆਂ ਦਾ ਗੋਟਾ ਗਸ਼ ਖਾਂਦਾ ਨੀ ਚੀਰਿਆਂ ਦਾ ਪੇਚ ਬਣ ਜਾਂ ਗੇੜਾ ਸੱਧਰਾਂ ਦਾ ਏਤਰਾਂ ਗਿੜੇ ਹਾਏ ਨੀ! ਫੁਲਕਾਰੀ ਦੇ ਫੁੱਲ ਓਹਦੇ ਅੱਜ ਵਿਹੜੇ ਚ ਖਿੜੇ ਨੀ ਮੇਰੀ ਫੁਲਕਾਰੀ ਦੇ.. ਹਾਏ ਨੀ! ਫੁਲਕਾਰੀ ਦੇ.. ਕਿਰ ਕਿਰ ਜਾਏ ਚੰਦਰਾ ਪੈਰ ਬੋਚ ਬੋਚ ਰੱਖ ਕੇ ਤੁਰਾਂ! ਦਿਲ ਦਾ ਕਸੂਰ ਕੋਈ ਨਾ ਐਂਵੇਂ ਕੱਢਦਾ ਏ ਸੰਦਲੀ ਸੁਰਾਂ ! ਮਹਿਕ ਮਹਿਕ ਹੋਈ ਫਿਰਦੀ ਵਣ ਚੰਦਨਾਂ ਦਾ ਜਿੱਤਰਾਂ ਖਿੜੇ! ਹਾਏ ਨੀ! ਫੁਲਕਾਰੀ ਦੇ ਫੁੱਲ ਓਹਦੇ ਅੱਜ ਵਿਹੜੇ ਚ ਖਿੜੇ ਨੀ ਮੇਰੀ ਫੁਲਕਾਰੀ ਦੇ.. ਹਾਏ ਨੀ! ਫੁਲਕਾਰੀ ਦੇ.. ਨੀ ਗੱਲਾਂ ਅਜੇ ਘੱਟ ਕਰਦਾ ਬਹੁਤਾ ਅੱਖਾਂ ਨਾ ਈ ਕਰਦਾ ਇਸ਼ਾਰੇ! ਨੀ ਗੁੱਝੀਆਂ ਨਾ ਰਹਿਣ ਲੱਗੀਆਂ ਨਹੀਓਂ ਬੁੱਕਲਾਂ ਚ ਲੁਕਦੇ ਸਿਤਾਰੇ! ਨੀ ਲੋਆਂ ਦੂਰ ਦੂਰ ਤੱਕ ਨੇ ਇਸ਼ਕ ਦਿਲ ਨਹੀਓਂ ਡੰਗਦਾ ਨਿਰੇ! ਹਾਏ ਨੀ! ਫੁਲਕਾਰੀ ਦੇ ਫੁੱਲ ਓਹਦੇ ਅੱਜ ਵਿਹੜੇ ਚ ਖਿੜੇ ਨੀ ਮੇਰੀ ਫੁਲਕਾਰੀ ਦੇ.. ਨੀ ਸਾਡੀ ਫੁਲਕਾਰੀ ਦੇ.. ਹਾਏ ਨੀ! ਫੁਲਕਾਰੀ ਦੇ..

ਕੋਕਿਆਂ ਨੂੰ ਮੇਲਦੇ ਈ

ਕੋਕਿਆਂ ਨੂੰ ਮੇਲਦੇ ਈ ਧੁੱਪ ਤਿੱਖੀ ਹੋ ਗਈ ਸੁਰਮੇ ਦੇ ਮਿਟਦੇ ਈ ਰਾਤ ਮਿਟੀ ਵੇਖ ਲੀਂ ਵਾਵਾਂ ਦਿਆਂ ਬੁੱਲਿਆਂ ਨੂੰ ਜੁਲਫਾਂ ਚ ਸਾਂਭਲਾਂ ਗਲੀ ਗਲੀ ਝਾਂਜਰਾਂ ਨੇ ਖਿੰਡੀਆਂ ਸਮੇਟ ਲੀਂ ਪੀੜ੍ਹੀਆਂ ਤੇ ਤਰਦੀ ਏ ਚੁੱਲ੍ਹਿਆਂ ਦੀ ਰੌਸ਼ਨੀ ਮੱਠੀ ਮੱਠੀ ਲੋਅ ਰੰਗ ਡੋਰੀਏ ਦੇ ਵੇਖ ਲੀਂ ਗੱਲਾਂ ਨਾਲ ਲਿਖ ਭਾਵੇਂ ਗੱਲਾਂ ਨਾਲ ਮੇਟ ਲੀਂ ਤਾਰਿਆਂ ਦੀ ਜੜ ਹੁੰਦੀ ਰੇਤ ਵਿੱਚ ਵੇਖ ਲੀਂ ਬੁਲੀਆਂ ਤੇ ਬਾਤ ਪਰ ਦਿਲਾਂ ਵਿੱਚ ਨੀਤ ਹੈ ਫੋਲ ਲੀਂ ਕਿਤਾਬ ਐਂਵੇਂ ਜਿਲਦਾਂ ਨਾ ਵੇਖ ਲੀਂ ਪੈਰਾਂ ਦੀਆਂ ਝਾਂਜਰਾਂ ਚ ਮਿਹਣਿਆਂ ਦੇ ਬੋਰ ਨੇ ਇੱਕ ਇੱਕ ਕਰ ਪੂਰੇ ਪਿੰਡ ਨੂੰ ਸਮੇਟ ਲੀਂ ਰੋਮ ਰੋਮ ਸੁਣ ਕਾਇਨਾਤ ਦਾ ਪਪੀਹਾ ਇਹ ਸ਼ੀਸ਼ਿਆਂ ਦੇ ਵਿੱਚ ਕਦੀ ਮੰਦਰਾਂ ਨੂੰ ਵੇਖ ਲੀਂ

ਢੇਰ ਚਿਰਾਂ ਪਿੱਛੋਂ ਮਿਲੇ ਦੋਸਤਾਂ ਦਾ ਸੰਵਾਦ

ਕੀ ਬਣਿਆਂ ਓਹਨਾਂ ਤਲੀਆਂ ਦਾ?.. ਸਿਰ ਜੋੜ ਕੇ ਬਹਿ ਜੀਏ ਅੱਜ ਭਾਂਵੇਂ ਐਂਵੇਂ ਅਈਧਰ ਔਧਰ ਦੀ ਬਾਤ ਹੋਵੇ ਫੇਰ ਜ਼ੁਲਫ਼ਾਂ ਚ ਵਲ ਦੀਏ ਜਗ ਸਾਰਾ ਫੇਰ ਤੱਕਲ਼ਿਆਂ ਵਰਗੀ ਬਾਤ ਹੋਵੇ ਹੋਰ ਸੁਣਾ ਕਿੱਦਾਂ ਰਿਹਾ ਤੇਰਾ? ਤੇਰੇ ਸੁਫਨਿਆਂ ਨੇ ਜੜਾਂ ਫੜੀਆਂ ਕਿ ਨਹੀਂ? ਗੁਲਾਬੀ ਪਰੀਆਂ ਤੇਰੇ ਆਛਿਆਂ ਦੀਆਂ ਤੇਰੇ ਹੱਥਾਂ ਦੀਆਂ ਤਿਤਲੀਆਂ ਬਣੀਆਂ ਕਿ ਨਹੀਂ ਓਹ ਲੰਮੀਆਂ ਨਰਮ ਝਿੰਮਣੀਆਂ ਜੋ ਤੇਰੀ ਛਾਤੀ ਤੇ ਉੁੱਡ ਉੁੱਡ ਬਹਿੰਦੀਆਂ ਸਨ ਕੀ ਬਣਿਆਂ ਓਹਨਾਂ ਤਲੀਆਂ ਦਾ ਜੋ ਮਹਿੰਦੀਆਂ ਗਵਾਂਢੀਂ ਰਹਿੰਦੀਆਂ ਸਨ? ਪੰਡ ਲਾਲ ਗੁਲਾਬੀ ਰੀਝਾਂ ਦੀ ਭਰੇ ਬਗ਼ੀਚੇ ਚ ਓਹ ਤਾਂ ਮਿਲਿਆ ਨਾ ਮੁੜ ਮੁੜ ਮੱਥੇ ਚ ਓਹੀ ਫੁੱਲ ਫੁੱਟੇ ਜਿਹੜਾ ਫੁੱਲ ਗਮਲੇ ਚ ਖਿੜਿਆ ਨਾ ਜਿਸਮ ਰੂਹ ਤੋਂ ਬਿਨਾਂ ਖੁਆਰ ਹੋਵੇ ਰੂਹ ਜਿਸਮ ਤੋਂ ਸੱਖਣੀ ਪ੍ਰੇਤ ਹੁੰਦੀ ਹੁੰਦਾ ਬੜਾ ਜ਼ਰੂਰੀ ਸਮਤੋਲ ਨਹੀਂ ਤਾਂ ਅਈਥੇ ਵੇਖ ਲੀਂ ਪੱਥਰਾਂ ਦੀ ਰੇਤ ਹੁੰਦੀ ਛੱਡ ਫਲਸਫਿਆਂ ਚੋਂ ਕੀ ਲੈਣਾ ਦੱਸ ਕੰਮ ਦੀ ਵਾਧ ਤੇ ਘਾਟ ਮੈਨੂੰ ਕਬੂਤਰ ਨੋਟਾਂ ਦੇ ਚੋਗਾ ਚੁਗਣ ਆਏ ਮਣੀ ਵਾਲਾ ਨਾ ਦੀਹਦਾ ਓਹ ਨਾਗ ਮੈਨੂੰ ਓਹ ਜੱਸੀ ਗਈ ਏ ਕਿੱਧਰ ਨੂੰ ? ਕਦੇ ਕਿੰਦੇ ਨਾ ਹੋਈ ਗੱਲ ਦੱਸੀਂ? ਬੁਣਤੀ ਜ਼ਿੰਦਗੀ ਦੀ ਕਹਿੰਦੀ ਗਲਤ ਪੈ ਗੀ ਮੇਰੇ ਆਂੳਾਦਿਆਂ ਨੂੰ ਤਾਣਾ ਧ੍ਹੇੜ ਰੱਖੀਂ ਕਦੇ ਭਿੰਦਾ ਨੀ ਮਿਲਿਆ ਮੁੜ ਤੈਨੂੰ ? ਓਹ ਵਾਂਵਾਂ ਦੇ ਬੁਲੇ ਚ ਉੁੱਡਦਾ ਸਫ਼ਾ ਓਹ ਵੇਲਣੇ ਚ ਗੰਨਾ ਪੀੜ ਹੋਇਆ ਓਹ ਸੋਚ ਮਹਿੰਗੀ ਨਾ ਘਾਟਾ ਨਫ਼ਾ ਕੰਟੀਨ ਦੀ ਚਾਹ ਚ ਪੁੰਗਰੀ ਜੋ ਉਸ ਵੇਲ ਦੇ ਫਲ ਵਿਦੇਸ਼ ਡਿੱਗਣ ਮੀਂਹ ਵਰ੍ਹਦਾ ਏ ਜਦੋਂ ਪਿੰਡ ਸਾਡੇ ਮੇਰੇ ਬਾਹਰ ਬੈਠੇ ਦੇ ਪੈਰ ਭਿੱਜਣ ਅੱਜ ਡੁੱਲ੍ਹ ਗੇ ਪੰਜਾਬ ਦੇ ਬੇਰ ਸਾਰੇ ਕਿਤਾਬਾਂ ਚ ਚਮਕਣ ਨਾ ਏਥੇ ਸਿਤਾਰੇ ਲਹੂ ਰਗਾਂ ਚ ਅਵਾਰਾ ਪਸ਼ੂ ਦੇ ਵਾਂਗ ਨਸ਼ੇ ਚ ਚਮਕਣ ਅੱਖਾਂ ਦੇ ਤਾਰੇ ਟ੍ਰੈਕਟਰ ਹੱਡਾਂ ਦੇ ਵਿੱਚ ਫਿਰਨ ਅੱਜਕੱਲ੍ਹ ਜਾਂ ਫਿਰ ਬੈਂਕ ਦੇ ਖਾਤਿਆਂ ਵਿੱਚ ਚੱਲਦੇ ਪਿੰਡ ਪਿੰਡ ਫਾਹਿਆਂ ਦੀ ਗਲੀ ਬਣ ਗੀ ਜੱਟ ਗਲੀ ਚ ਜਾਣੋਂ ਨਾ ਫੇਰ ਟਲਦੇ ਓਹ ਜੋਬਨ ਜਿਉਂ ਤਾਜੀ ਘਟਨਾ ਘਟੇ ਜਿਉਂ ਨਿਸਰਿਆ ਫ਼ੀਮ ਦਾ ਖੇਤ ਹੋਵੇ ਨਦੀ ਜ਼ਿੰਦਗੀ ਦੀ ਸੁੱਕਦੀ ਸੁੱਕ ਚੱਲੀ ਥੋੜ੍ਹੇ ਗੀਟੇ ਤੇ ਬਹੁਤੀ ਰੇਤ ਹੋਵੇ ਜਦੋਂ ਡੁਬਕੀ ਲਾਉਣੀ ਸਮੁੰਦਰਾਂ ਚ ਫਿਰ ਕਿੰਨਾ ਡੂੰਘਾ ਇਹ ਗੌਲਦੇ ਨਹੀਂ ਓਨਾ ਚਿਰ ਹਵਾ ਇਹ ਰੁਕੀ ਹੋਈ ਜਿੰਨਾ ਚਿਰ ਲਹੂ ਇਹ ਖੌਲਦੇ ਨਹੀਂ ਸਿਰ ਜੋੜ ਕੇ ਬਹਿ ਜੀਏ ਅੱਜ ਭਾਂਵੇਂ ਐਂਵੇਂ ਅਈਧਰ ਔਧਰ ਦੀ ਬਾਤ ਹੋਵੇ ਦਿਨ ਪੁਣ ਦੀਏ ਚਾਹ ਦੇ ਵਾਂਗ ਆਪਾਂ ਜਿਓਂ ਦੁੱਧ ਸਰ੍ਹਾਣੇ , ਇਓਂ ਰਾਤ ਹੋਵੇ

ਚਿੱਟਾ ਤੇਜ਼ਾਬ

ਤੋਪਾਂ ਨੂੰ ਚੰਡ ਕੇ ਜਿੱਥੇ, ਦਾਦੇ ਨੇ ਹਲ ਚਲਾਏ ਗੁੱਟਾਂ ਤੇ ਕੜਿਆਂ ਵਾਂਗੂੰ, ਖਹਿਬਰ ਜਮਰੌਦ ਸੀ ਪਾਏ ਪੋਤੇ ਕੰਢਿਆਂ ਤੇ ਝੂਲਣ, ਨਸ਼ਿਆਂ ਦੇ ਆਬ ਦੇ ਘਰ ਘਰ ਨੇ ਛਿੱਟੇ ਪੈ ਗਏ, ਚਿੱਟੇ ਤੇਜ਼ਾਬ ਦੇ ਨਾ ਹੀ ਓਹ ਪੈਲਾਂ ਪਾਵਣ, ਨਾ ਹੀ ਓਹ ਬੋਲਦੀਆਂ ਤੂਤਾਂ ਦੇ ਮੋਛੇ ਵਰਗੇ, ਪੱਟਾਂ ਦੀਆਂ ਮੋਰਨੀਆਂ ਉੁੱਡਕੇ ਨੀ ਚੱਲੋ ਕਿਧਰੇ, ਹੋਰਾਂ ਈ ਦੇਸਾਂ ਨੂੰ ਰੰਗ ਢੰਗ ਨੇ ਬਦਲੇ ਬਦਲੇ, ਲੱਗਦਾ ਜਨਾਬ ਦੇ ਵਿਕੀਆਂ ਜ਼ਮੀਨਾਂ ਪਹਿਲੋਂ, ਵਾਰੀ ਜ਼ਮੀਰਾਂ ਦੀ ਬਾਪੂ ਦੀਆਂ ਪੱਗਾਂ ਪਿੱਛੋਂ, ਅੰਮੀ ਦਿਆਂ ਨੀਰਾਂ ਦੀ ਪ੍ਰਸ਼ਨਾਂ ਦੇ ਵਾਂਗਰ ਖੁੱਲ੍ਹਦੇ, ਬੂਹੇ ਜੋ ਘਰ ਦੇ ਨੇ ਆਪਣੇ ਹੀ ਪਿੰਡ ਦੇ ਰਸਤੇ, ਪਰਚੇ ਹਿਸਾਬ ਦੇ ਧੁੱਪਾਂ ਵਿੱਚ ਕੀਟ ਨਾਸ਼ਕ, ਖਾਦਾਂ ਦੀਆਂ ਛਾਵਾਂ ਦੇ ਛਾਤੀ ਚੋਂ ਮਹੁਰੇ ਸਿੰਮਣ, ਰੱਬ ਵਰਗੀਆਂ ਮਾਂਵਾਂ ਦੇ ਮਿੱਟੀ ਬੇਦਾਵਾ ਦੇਂਦੀ, ਜਾਂਦੀ ਪੰਜਾਬ ਦੀ ਪਰ ਤਾਂ ਨੇ ਝੜਦੇ ਜਾਂਦੇ, ਸਾਡੇ ਸੁਰਖ਼ਾਬ ਦੇ ਸਨਤਾਲੀ ਚੌਰਾਸੀ ਪਿੱਛੋਂ, ਨਸ਼ਿਆਂ ਦੇ ਆਬ ਦੀ ਕੰਨੀ ਕੋਈ ਫੜ ਲਓ ਹੁਣ ਵੀ, ਖੁੱਲ੍ਹੀ ਕਿਤਾਬ ਦੀ ਵੇਲਾ ਜੇ ਲੰਘ ਗਿਆ ਤਾਂ, ਨਸਲਾਂ ਨੂੰ ਲੱਭੋਗੇ ਜਿੱਦਾਂ ਹੁਣ ਸਤਲੁਜ ਲੱਭੇ, ਪੱਤਣ ਚਨਾਬ ਦੇ ਸ਼ਕਲਾਂ ਤਾਂ ਬਦਲੀ ਬੈਠੇ, ਨਾਦਰ ਅਬਦਾਲੀ ਬਈ ਕੰਧਾਂ ਨੂੰ ਫੜ੍ਹ ਫੜ੍ਹ ਉੁੱਠਣ, ਖੰਡਿਆਂ ਦੇ ਵਾਲੀ ਬਈ ਗੁਰੂਆਂ ਵੱਲ ਮੁੱਖੜੇ ਕਰ ਲਓ, ਜਨਮਾਂ ਦੀ ਤਿਲਕਣ ਚੋਂ ਪੁੱਤ ਬੀਬੇ ਬਣ ਜੋ ਮੁੜਕੇ, ਰੰਗਲੇ ਪੰਜਾਬ ਦੇ

ਤਨ ਤਲਿੱਸਮ

ਓਹ ਚਲਾ ਗਿਆ ਤਾਂ ਕੀ ਹੋਇਆ ਅਜੇ ਰੁਖ਼ਸਤ ਹੋਣਾ ਬਾਕੀ ਹੈ ਅਜੇ ਖ਼ਾਬ ਗਏ ਪਰ ਦਾਗ ਨਹੀਂ ਅਜੇ ਹੋਰ ਬੜਾ ਕੁੱਝ ਬਾਕੀ ਹੈ.. ਅਜੇ ਪੱਤੀ ਪੱਤੀ ਨੀਲਾ ਅੰਬਰ ਅਲਸੀ ਦਾ ਜਿਉਂ ਫੁੱਲ ਕੋਈ ਅਜੇ ਪੈੜਾਂ ਦੇ ਇਹ ਕੈਂਠੇ ਬਾਕੀ ਕੀ ਦੱਸੇਗਾ ਮੁੱਲ ਕੋਈ ਅਜੇ ਲੂੰ ਲੂੰ ਅੰਦਰ ਫੁੱਟੇ ਓਹਦੇ ਪੋਟਿਆਂ ਵਰਗਾ ਫੁੱਲ ਕੋਈ ਅਜੇ ਕੁਲ ਫ਼ਰਿਦੌਸ ਤਾਂ ਬਾਕੀ ਹੈ ਇਹ ਦੂਰੀ ਦਾ ਜੋ ਪੱਥਰ ਹੈ ਇਹ ਪਾਣੀ ਹੋ ਹੋ ਉੁੱਡਣਾ ਏ ਜਦ ਯਾਦਾਂ ਦੀ ਖੁਸ਼ਬੋਈ ਨੇ ਦਹਿਲੀਜ਼ਾਂ ਉੁੱਤੇ ਉੁੱਗਣਾ ਏ ਜੋ ਰਸਤਾ ਦਿਲ ਤੋਂ ਤੁਰਿਆ ਏ ਓਹ ਦਿਲ ਤੇ ਆ ਕੇ ਪੁੱਗਣਾ ਏ ਅਜੇ ਕੋਹ ਕੁ ਤੁਰਨਾ ਬਾਕੀ ਹੈ ਓਹ ਕੱਕੇ ਰੇਤੇ ਉੁੱਪਰ ਡਿੱਗਿਆ ਪੀਲ਼ਾ ਫੁੱਲ ਜਿਓਂ ਥੋਹਰਾਂ ਦਾ ਓਹ ਲੂਆਂ ਦੇ ਵਿੱਚ ਸੂਹਾ ਹੋਇਆ ਨਾਚ ਕਲਹਿਰੀ ਮੋਰਾਂ ਦਾ ਓਹ ਫ਼ੱਕਰਾਂ ਦੀ ਮੁਸਕਾਨ ਚ ਰਚਿਆ ਰਾਜ਼ ਧੁਰਾਂ ਦੀਆਂ ਲੋਰਾਂ ਦਾ ਅਜੇ ਬੂਹਾ ਖੁੱਲ੍ਹਣਾ ਬਾਕੀ ਹੈ ਪਿੰਡੇ ਚੋਂ ਕੋਈ ਚੀਲ ਭੁਖਾਲੀ ਪਿੰਡੇ ਨੂੰ ਉੁੱਡ ਪੈਂਦੀ ਹੈ ਕੋਈ ਵਿਰਲੀ ਵਾਂਝੀ ਬਾਤ ਸੰਧੂਰੀ ਨੇੜੇ ਹੋ ਹੋ ਬਹਿੰਦੀ ਹੈ ਅੱਧੀ ਰਾਤੀੰ ਅੱਖ ਖੁੱਲ੍ਹੇ ਤੇ ਧੁੱਪ ਅੱਖਾਂ ਚ ਪੈਂਦੀ ਹੈ ਅਜੇ ਤਨ ਤਲਿੱਸਮ ਬਾਕੀ ਹੈ

ਮੁਰਗ਼ਾਬੀ ਸੁਣੀਏ ਸਰਵਰ ਨੂੰ ਕੀ ਕਹਿੰਦੀ ਹੈ

ਧੁੱਪ ਕੋਸੀ ਕੋਸੀ ਮੱਠੀ ਮੱਠੀ ਅੱਜ ਦੀ ਏ ਓਹ ਸਿਰ ਤੇ ਚੁੰਨੀ ਲੈ ਕੇ ਨਿਕਲੀ ਲੱਗਦੀ ਏ ਅੱਜ ਸੜਕਾਂ ਆਂਈਆਂ ਬੂਹੇ ਮੈਨੂੰ ਸੱਦਣ ਲਈ ਅੱਜ ਮੁਖ਼ਬਰ ਬਣ ਕੇ ਵਾ ਪੁਰੇ ਦੀ ਵਗਦੀ ਏ ਓਹ ਸਿਰ ਤੇ ਚੁੰਨੀ ਲੈ ਕੇ ਨਿਕਲੀ ਲੱਗਦੀ ਏ ਓਹ ਕਦਮ ਉਠਣ ਤੇ ਦੀਵੇ ਘਿਓ ਦੇ ਬਲਦੇ ਨੇ ਓਹ ਸਾਹ ਲਏ ਤਾਂ ਤਾਰੇ ਅੰਬਰੋਂ ਝੜਦੇ ਨੇ ਖੁਫੀਆ ਜਿਹਾ ਕੋਈ ਕਾਂਬਾ ਛਿੜ ਜੇ ਪੌਣਾ ਨੂੰ ਅੱਜ ਚੁੱਕ ਚੁੱਕ ਵੇਖ਼ਣ ਛਾਂਵਾਂ ਲੰਮੀਆਂ ਧੌਣਾਂ ਨੂੰ ਅੱਖਾਂ ਚੋਂ ਇਤਲਾਹ ਹੋਈ ਰਗ ਰਗ ਦੀ ਏ ਚੱਕਬੰਦੀ ਕਰ ਦੇ ਬੋਸਾ ਜਿਓਂ ਰੁਖ਼ਸਾਰ ਦੀ ਫੁੱਲ ਅੰਦਰ ਸੁੱਤੀ ਧਾਰ ਜਿਉੰ ਤਲਵਾਰ ਦੀ ਜਿਉਂ ਬਲਦੀ ਬਲਦੀ ਸੰਦਲ ਮਹਿਕ ਪਿਆਰ ਦੀ ਜਿਉਂ ਖੁਰਦਾ ਜਾਂਦਾ ਸੂਰਜ ਸ਼ਾਮ ਨਿਹਾਰਦੀ ਜਿਊੰ ਲੰਘੇ ਦਿਨ ਦੀ ਯਾਦ ਉਫ਼ਕ ਤੇ ਦਘਦੀ ਏ ਓਹ ਮੰਨੇ ਜਾਂ ਮੰਨੇ ਦਿਲ ਤਾਂ ਮੰਨਦਾ ਹੈ ਜਦ ਆਏ ਸਵਾਲੀ ਦਰੋ ਦਰੀਚਾ ਕੰਬਦਾ ਹੈ ਧੁੰਦ ਮੋੜਾਂ ਉੁੱਤੇ ਉੁੱਸਲ਼ਵੱਟੇ ਲੈਂਦੀ ਹੈ ਮੁਰਗ਼ਾਬੀ ਸੁਣੀਏ ਸਰਵਰ ਨੂੰ ਕੀ ਕਹਿੰਦੀ ਹੈ ਦੂਰ ਕਿਤੇ ਕੋਈ ਜੋਤ ਸਵੱਲੀ ਜਗਦੀ ਏ

ਸਾਂਝੇ ਵਾਰ ਨੇ ਬੋਹੜ ਅਨਾਰ ਕੀਤਾ

ਵੇਲਾ ਆ ਗਿਆ ਚੋਲਾ ਲੀਰ ਹੋਇਆ ਖ਼ਾਲਸ ਫੁੱਲ ਹੋਏ ਪ੍ਰਵਾਨ ਮੱਥੇ ਵਾਂਗ ਸ਼ਿੱਦਤਾਂ ਡੂੰਘਾ ਟੱਕ ਲੱਗਾ ਧਾਰ ਖ਼ੂਨ ਦੀ ਸੁਖਮਨੀ ਸਾਹਬ ਜੱਪੇ ਸਾਂਝੇ ਵਾਰ ਨੇ ਬੋਹੜ ਅਨਾਰ ਕੀਤਾ ਵਚਨ ਸਿੰਘ ਦਾ ਝੂਠਾ ਹੋਣ ਲੱਗਾ ਦਸਮ ਜੋਤ ਨੇ ਸਿਰ ਤੇ ਹੱਥ ਧਰਿਆ ਖੰਡਾ ਜਾਗਿਆ ਲੋਹਾ ਗੌਣ ਲੱਗਾ ਨੰਗੇ ਪੈਰਾਂ ਚ ਮਿਰਗ ਚੁੰਗੀਆਂ ਨੇ ਨੀਲੇ ਬਾਣਿਆਂ ਚ ਤੇਗ ਤੂਫ਼ਾਨ ਸੁੱਤੇ ਤੀਰ ਭੱਥਿਆਂ ਨੂੰ ਅਰਕਾਂ ਮਾਰ ਆਖਣ ਸਾਹ ਦੁਸ਼ਟ ਪਰੋ ਦੀਏ ਨੋਕ ਉੁੱਤੇ ਰੋਹ ਢਲਿਆ ਅਕੀਦਤਾਂ ਵਿੱਚ ਏਦਾਂ ਕਿਹੜਾ ਕੀ ਏ ਪਤਾ ਕੀ ਲੱਗੇ ਤਲਵਾਰ ਖਣਕਦੀ ਚੂੜੀਆਂ ਗਗਨ ਵੀਣੀ ਨੇਜ਼ੇ ਢਾਲ ਤੇ ਖੜਤਾਲ਼ ਵੱਜੇ ਮਿੱਟੀ ਹੋਈ ਸਵੱਲੀ ਭਾਗ ਲੱਗੇ ਜਦ ਕਾਠੀਓਂ ਉੁੱਟ ਗੁਲਾਬ ਡਿੱਗੇ ਦਰ ਖੁੱਲ੍ਹ ਗੇ ਅਨਹਦ ਨਾਦ ਬਾਜੇ ਦੂਰ ਅੱਪੜੇ ਨਗਾਰੇ ਡਗ ਸਿੱਧੇ ਤੁਰਿਆ ਅਜਬ ਹਠੀਲਾ ਸਾਜ਼ ਵੇਖੋ ਇਕਤਾਰਾ ਖੰਡੇ ਦੀ ਤਾਰ ਵੇਖੋ ਪਾਕ ਪ੍ਰਕਰਮਾਂ ਸਾਜ਼ ਨਵਾਜ਼ ਵੇਖੋ ਤਨ ਕੀਰਤਨ ਕਰਤਾਰ ਵੇਖੋ ਫਟਨਾ ਲਾਜ਼ਮੀ ਪੀਂਘ ਸਤਰੰਗੀਆਂ ਲਈ ਉਂਜ ਰੌਸ਼ਨੀ ਦਾ ਕਿਹੜਾ ਰੰਗ ਹੁੰਦਾ? ਕਾਇਆ ਕੰਚਨ ਅਹਿਰਨ ਬਿਨ ਕਿੱਦਾਂ ਖਰੇ ਸੋਨਿਆਂ ਚ ਅੱਗ ਦਾ ਰੰਗ ਹੁੰਦਾ ਕਾਇਆ ਕੰਚਨ ਅਹਿਰਨ ਬਿਨ ਕਿੱਦਾਂ ਖਰੇ ਸੋਨਿਆਂ ਚ ਅੱਗ ਦਾ ਡੰਗ ਹੁੰਦਾ

ਤਲਵਾਰ ਰੁੱਤੇ

ਕੋਈ ਆਏ ਜਦ ਉਠਾਉਣ ਵਾਲਾ ਗੂੜ੍ਹੀ ਨੀਂਦ ਚ ਸ਼ਹਿਰ ਗਰਾਂ ਸੁੱਤੇ ਕੱਚੇ ਰਾਹ ਚੋਂ ਸ਼ਾਹਨ ਰਾਹ ਉੁੱਠਣ ਫੁੱਲ ਸਾਣ ਚੜ੍ਹਨ ਤਲਵਾਰ ਰੁੱਤੇ ਓਹ ਸੁੰਨ ਸਮਾਧੀ ਅੰਦਰ ਬੈਠਾ ਹੋਇਆ ਜਦ ਪ੍ਰਕਾਸ਼ਮਾਨ ਹੱਥ ਵਿੱਚ ਤੇਗ ਕਿਰਪਾ ਬਣ ਗਈ ਮਿਹਰਾਂ ਬਣਿਆ ਤੀਰ ਕਮਾਨ ਗੋਬਿੰਦ ਫੁੱਲ ਨੇ ਗੋਬਿੰਦ ਤਾਰੇ ਗੋਬਿੰਦ ਸਾਡਾ ਸਾਹ ਪ੍ਰਾਣ ਗੋਬਿੰਦ ਇੱਕ ਜਗਦੀ ਗਾਥਾ ਅੰਮਿ੍ਤ ਹੋਏ ਆਬ ਦੀ ਗੋਬਿੰਦ ਰੂਹ ਪੰਜਾਬ ਦੀ ਬਾਲ ਮਸਤਕ ਅੰਦਰ ਜਦੋਂ ਬ੍ਰਹਿਮੰਡ ਫੁੱਟਦਾ ਹੈ ਓਹ ਗੰਗਾ ਨਦੀ ਚ ਸੋਨੇ ਵਾਲੇ ਕੰਗਣ ਸੁੱਟਦਾ ਹੈ ਮੋਹ ਮਾਇਆ ਦਾ ਪੂਰ ਅਈਥੇ ਆ ਕੇ ਰੁਕਿਆ ਹੈ ਦੂਜਾ ਕੰਗਣ ਸੁੱਟ ਕੇ ਆਖੇ ਅਈਥੇ ਸੁੱਟਿਆ ਹੈ ਅਈਥੇ ਮੁੱਕਦੀ ਹੱਦ ਦੁਨੀਆਂ ਵਾਲੀ ਢਾਬ ਦੀ ਮੱਥਿਆਂ ਤੋਂ ਤਿਲਕ ਦਾ ਜਦ ਰੰਗ ਉੁੱਡਣ ਲੱਗਿਆ ਓਹ ਗੂੜ੍ਹੀ ਰੱਤ ਪੈਗ਼ੰਬਰੀ ਦੇ ਰੰਗ ਨਾ ਗਿਆ ਰੰਗਿਆ ਨੌਂ ਵਰ੍ਹਿਆਂ ਦੀ ਧਰਤ ਚੋਂ ਅਕਾਸ਼ ਪੂਰਾ ਝਾਕਦਾ ਓਹ ਸੀਸ ਹਿੰਦ ਦਾ ਰੱਖਦਾ ਤੇ ਸੀਸ ਦੇਵੇ ਬਾਪ ਦਾ ਹਿਸਾਬ ਵਿੱਚ ਨਾ ਗੱਲ ਆਏ ਗੱਲ ਇਸ ਹਿਸਾਬ ਦੀ ਇਹ ਪੱਗ ਦੇ ਜੋ ਪੇਚ ਨੇ ਗੋਬਿੰਦ ਦਾ ਪ੍ਰਤਾਪ ਹੈ ਇਹ ਨੰਦਪੁਰ ਚੋਂ ਉੁੱਠਦੇ ਕੱਕਿਆਂ ਦੀ ਤਾਬ ਹੈ ਤਪ ਤਪ ਕੇ ਖ਼ਾਲਸ ਹੋ ਗਿਆਂ ਪ੍ਰਵਾਨਿਆਂ ਦਾ ਜਾਪ ਹੈ ਇਹ ਲੋਹ ਮਖ਼ਮਲੀ ਬੋਲ ਨੇ ਪ੍ਰਤੱਖ ਸਤਿਗੁਰੁ ਆਪ ਹੈ ਤੇਗ ਦੀ ਟਨਕਾਰ ਚ ਧੁਨ ਹੈ ਨਾਨਕ ਵਾਲੀ ਰਬਾਬ ਦੀ ਪੰਜ ਰੂਹਾਂ ਦੀ ਫੌਜ ਵੇਖੀ ਲੱਖ ਬੁੱਤਾਂ ਤੋਂ ਜਾਅਦੀ ਇਹ ਸਿੱਖੀ ਸਕੂਲ ਲੱਗਦਾ ਇਹ ਕੱਚੀ ਗੜ੍ਹੀ ਹੈ ਕਾਹਦੀ ਨਾ ਸਰਸਾ ਨਦੀ ਚ ਰੁੜ੍ਹਦੀ ਚਮਕੌਰ ਵਿੱਚ ਨਾ ਤਿੜਕੇ ਇੱਕ ਖੇਤ ਜ਼ੁਲਮ ਵਾਲਾ ਤੇ ਮੁੰਜਰ ਕੋਈ ਨਾ ਥਿੜਕੇ ਇਹ ਤੇਗ ਦਾ ਸਮੁੰਦਰ ਨਦੀ ਹੈ ਕੋਈ ਰਾਗ ਦੀ ਓਹ ਪੋਤੇ ਤੇਗ ਬਹਾਦਰ ਦੇ ਗੋਬਿੰਦ ਦੇ ਦੁਲਾਰੇ ਨੀਂਹਾਂ ਚ ਬੁੱਤ ਚਿਣਤੇ ਨਾ ਚਿਣ ਸਕੇ ਜੈਕਾਰੇ ਤੱਤੀ ਤਵੀ ਤੇ ਉਗਮੀ ਨੀਂਹਾਂ ਚ ਖਿੜੀ ਕਮਾਈ ਓਹ ਹੱਦ ਜ਼ੁਲਮ ਦੀ ਮਿਣਦੇ ਓਹ ਇਸ਼ਟ ਦੀ ਉਚਾਈ ਓਹ ਪਾਪ ਇੰਤਹਾ ਸੀ ਓਹ ਅੱਤ ਸੀ ਸਵਾਬ ਦੀ ਇਹ ਲੋਰ ਹੈ ਇਹ ਹੋਰ ਹੈ ਇਹ ਜ਼ੋਰ ਹੈ ਘਨਘੋਰ ਹੈ ਇਹ ਬੰਦਿਆਂ ਦੇ ਹੱਥ ਵਿੱਚ ਸਰਹੰਦ ਦੀ ਕਮਰੋੜ ਹੈ ਇਹ ਆਰਿਆਂ ਦੀ ਛਾਂ ਵੀ ਹੈ ਇਹ ਚੜਖ਼ੜੀ ਦਾ ਕਿੱਲ ਵੀ ਇਹ ਠੰਡਿਆਂ ਬੁਰਜਾਂ ਚ ਮਾਂਵਾਂ ਗੁਜਰੀਆਂ ਦਾ ਦਿਲ ਵੀ ਇਹ ਯਾਰੜੇ ਦੇ ਸੱਥਰਾਂ ਤੇ ਅਨਹਦਾਂ ਦੇ ਨਾਦ ਦੀ ਰੱਤ ਵਿੱਚ ਖਿੜਿਆ ਫੁੱਲ ਲੋਹੇ ਦਾ ਪਰਮ ਪੁਰਖ ਦੀ ਵਾਜ਼ ਹੈ ਗੋਬਿੰਦ ਅਰਕ ਹੈ ਧਰਮ ਦਾ ਗੋਬਿੰਦ ਧੁਰ ਦਾ ਰਾਜ਼ ਹੈ ਲਹੂ ਦੀ ਕਿਸ਼ਤ ਭਰ ਦਿਓ ਕੁੱਝ ਤਾਂ ਕਰੋ ਉਧਾਰ ਦਾ ਹਿੰਦ ਤੇ ਜੋ ਕਰਜ਼ ਹੈ ਗੋਬਿੰਦ ਦੇ ਪਰਿਵਾਰ ਦਾ ਗੋਬਿੰਦ ਅੰਤਮ ਰੇਖਾ ਹੈ ਲੜੀ ਜੋ ਅਦਿ ਜੁਗਾਦਿ ਦੀ ਗੋਬਿੰਦ! ਗੋਬਿੰਦ! ਗੋਬਿੰਦ! ਗੋਬਿੰਦ ਰੂਹ ਪੰਜਾਬ ਦੀ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ