Abid Jafri ਆਬਿਦ ਜਾਫ਼ਰੀ

ਆਬਿਦ ਜਾਫ਼ਰੀ ਜੀ ਦਾ ਜਨਮ 1934 ਵਿਚ ਇਲਾਕਾ ਧਨ ਕਹੋਨ ਦੇ ਸ਼ਹਿਰ ਚਕਵਾਲ ਦੇ ਹਿੱਕ ਕਸਬੇ ਮੰਗਵਾਲ 'ਚ ਹੋਇਆ । ਉਨ੍ਹਾਂ ਦਾ ਅਸਲ ਨਾਂ ਅੱਲ੍ਹਾ ਦਾਦ ਖ਼ਾਂ ਸੀ । ਉਹ ਉਰਦੂ ਦੇ ਹਿੱਕ ਮਸ਼ਹੂਰ ਤੇ ਮੰਨੇ ਪ੍ਰਮੰਨੇ ਉਸਤਾਦ ਸ਼ਾਇਰ ਸਨ । ਹਿੱਕ ਸਚਲ ਫ਼ਕੀਰ ਤੇ ਦਰਵੇਸ਼ ਜਿਨ੍ਹਾਂ ਕੋਲੋਂ ਕਈ ਸ਼ਾਇਰਾਂ, ਆਮ ਲੋਕਾਂ ਤੇ ਲੇਖਕਾਂ ਨੇਂ ਫ਼ੈਜ਼ ਹਾਸਲ ਕੀਤਾ । ਅੱਜ ਵੀ ਧਨ ਦੇ ਲੋਕ ਉਨ੍ਹਾਂ ਨੂੰ ਬਹੁੰ ਇੱਜ਼ਤ ਤੇ ਇਹਤਰਾਮ ਨਾਲ਼ ਯਾਦ ਕਰਦੇ ਨੇਂ । ਉਨ੍ਹਾਂ ਦੇ ਦੋਸਤਾਂ ਵਿਚ ਨਾਮਵਰ ਸ਼ਾਇਰ ਅਹਿਸਾਨ ਅਕਬਰ, ਅਖ਼ਤਰ ਇਮਾਮ ਰਿਜ਼ਵੀ, ਸੱਯਦ ਮਨਜ਼ੂਰ ਹੈਦਰ, ਮਾਜਿਦ ਸਦੀਕੀ, ਵਗ਼ੈਰਾ ਸ਼ਾਮਿਲ ਰਹੇ ਪਰ ਉਨ੍ਹਾਂ ਆਪ ਕਦੀ ਵੱਡੇ ਸ਼ਹਿਰਾਂ ਦਾ ਰੁੱਖ ਨਈਂ ਕੀਤਾ; ਹਾਂ ਪਰ ਰਾਵਲਪਿੰਡੀ, ਇਸਲਾਮਾਬਾਦ ਦੇ ਅਦਬੀ ਹਲਕੇ ਉਨ੍ਹਾਂ ਨੂੰ ਜਾਣਦੇ ਸਨ ਕਈ । ਵੱਡੇ ਮੁਸ਼ਾਇਰਿਆਂ ਦੀ ਸਦਾਰਤ ਵੀ ਕੀਤੀ, ਐਵਾਰਡਜ਼ ਨਾਲ਼ ਵੀ ਨਿਵਾਜ਼ਿਆ ਜਾਂਦਾ ਰਿਹਾ । 2 ਉਰਦੂ ਕਿਤਾਬਾਂ ਤੇ 1 ਪੰਜਾਬੀ ਦੀ ਕਿਤਾਬ 'ਗਏ ਗਵਾਚੇ ਸੁਖ' ਉਨ੍ਹਾਂ ਦੀ ਹਯਾਤੀ 'ਚ ਛਪੀ । ਚੜ੍ਹਦੇ ਪੰਜਾਬ ਵੱਲ ਗੁਰਮੁਖੀ 'ਚ ਵੀ ਨਜ਼ਮਾਂ ਛਪਦੀਆਂ ਰਹੀਆਂ । 2017 ਵਿਚ ਜ਼ਫ਼ਰ ਇਕਬਾਲ ਹੋਰਾਂ ਨੇਂ 'ਆਬਿਦ ਜਾਫ਼ਰੀ ਬਤੌਰ ਗ਼ਜ਼ਲਗ਼ੋ' ਦੇ ਸਿਰਨਾਂਵੇਂ ਨਾਲ਼ ਪ੍ਰੋਫ਼ੈਸਰ ਕਾਮਰਾਨ ਕਾਜ਼ਮੀ ਦੀ ਨਿਗਰਾਨੀ ਵਿਚ ਐਮ. ਫ਼ਿਲ. ਦਾ ਥੀਸਿਸ ਅੱਲਾਮਾ ਇਕਬਾਲ ਓਪਨ ਯੂਨੀਵਰਸਿਟੀ ਇਸਲਾਮਾਬਾਦ ਚੋਂ ਮੁਕੰਮਲ ਕੀਤਾ । ਕਾਫ਼ੀ ਕਲਾਮ ਗ਼ੈਰ ਮਤਬੂਆ ਏ ਤੇ ਕਲੀਆਤ ਦਾ ਕੰਮ ਜਾਰੀ ਏ । ਅਪ੍ਰੈਲ 2014 ਵਿਚ ਉਹ ਫ਼ਾਨੀ ਜਹਾਨ ਤੋ ਰੁਖ਼ਸਤ ਹੋਏ ਤੇ ਆਪਣੇ ਪਿੰਡ ਮੰਗਵਾਲ ਵਿਚ ਦਫ਼ਨ ਨੇਂ । - ਤੌਕੀਰ ਰਜ਼ਾ ।