Punjabi Poetry : Abid Jafri

ਪੰਜਾਬੀ ਕਵਿਤਾ/ਸ਼ਾਇਰੀ : ਆਬਿਦ ਜਾਫ਼ਰੀਰੁੱਤੋਂ ਰੁੱਤੀਂ ਵੰਡੀਂਦੀਆਂ ਸਾਂਵਲਾਂ, ਪੀਲਕਾਂ, ਲਾਲੀਆਂ,

ਰੁੱਤੋਂ ਰੁੱਤੀਂ ਵੰਡੀਂਦੀਆਂ ਸਾਂਵਲਾਂ, ਪੀਲਕਾਂ, ਲਾਲੀਆਂ, ਮੁਖੜਿਓ ਮੁਖੜੇ ਸਜਦੀਆਂ ! ਝੁਮਕੀਆਂ, ਨੱਥਣੀਆਂ, ਵਾਲੀਆਂ ਹਿਕਣ ਨਿਕਰਤਾਂ ਡੋਬੀਆਂ, ਸੋਹਣੀਆਂ ਨਖ਼ਰਿਆਂ ਸਾੜੀਆਂ ਹਿਕਣੇ ਕਰਤਾਂ ਤਾਰੀਆਂ ! ਕੋਹਝੀਆਂ, ਕਮਲੀਆਂ, ਕਾਲੀਆਂ ਔਕਣਾਂ ਸੌਕਣਾਂ ਜਰਦਿਆਂ, ਜਾ ਬਨੇਰੇ ਅਪੜੀਆਂ ਭਲੀਏ ਜਿਨ੍ਹਾਂ ਅੰਗੂਰੀਆਂ, ਧੁੱਪਾਂ ਧੂੜਾਂ ਜਾਲੀਆਂ ਲਗਦਿਆਂ ਦੀ ਲੱਜ ਪਾਲਣਾਂ, ਕੋਈ ਬਾਲਾਂ ਦੀ ਖੇਡ ਨਈਂ ਯਾਰੀਆਂ ਤੋੜ ਨਿਭਾਣੀਆਂ, ਕਿੱਥੇ ਐਡ ਸੁਖਾਲੀਆਂ ਚੇਤਰ ਚਾਹ ਚੜ੍ਹਾਉਂਦਿਓਂ, ਕਿੱਸੇ ਕਹਾਣੀਆਂ ਪਾਉਂਦਿਓਂ ਦਿਲ ਨਗਰੀ ਵਿਚ ਆਉਂਦੀਆਂ, ਯਾਦਾਂ ਬਣ ਬਣ ਪਾਲੀਆਂ ਮਿੰਨਤਾਂ ਜ਼ਾਰੀਆਂ ਸਾਜ੍ਹ ਕੇ ਉਹਨੂੰ ਕਦੇ ਮਨਾਉਣ ਦਾ ਅਸਾਂ ਚੱਜ ਨਾ ਸਿੱਖਿਆ, ਉਂਜ ਪਈਆਂ ਉਮਰਾਂ ਗਾਲੀਆਂ ਭਾਂਡਾ ਕੋਈ ਲੈ ਆਉਂਦਿਓਂ, ਪੋਰ ਕੇ ਸਭ ਲੈ ਜਾਉਂਦਿਓਂ ਇਹ ਕੇ ਚਾ ਲਿਆਂਉਂਦੈਂ, ਠੂਠੇ, ਥਾਲ, ਪਿਆਲੀਆਂ ਪੱਕਣ ਦੀ ਰੁੱਤ ਆਈ ਤੇ ਜਿਨ੍ਹਾਂ ਵਾਹੀਆਂ ਬੀਜੀਆਂ ਮੁੜ ਤਿਆਰੀਆਂ ਸਾਹਜੀਆਂ, ਫ਼ਸਲਾਂ ਆਣ ਸਮ੍ਹਾਲੀਆਂ ਹਿੱਕ ਪੱਖਣੂੰ ਸੀ ਰਾਖਵਾਂ, ਅਸਾਂ ਸੀ ਪਾਲ਼ ਕੇ ਰੱਖਿਆ ਬੁਣ ਲਏ ਜਾਲ਼ ਸ਼ਿਕਾਰੀਆਂ, ਸੌ ਸੌ ਚਾਲਾਂ ਚਾਲੀਆਂ ਆਬਿਦ ਮਿਲਣ ਫ਼ਕੀਰੀਆਂ, ਲੋੜਨੇ ਸੁਖ ਸਵਾਦ ਵੀ ਰਹਿਣਾਂ ਵੀ ਮੰਗਵਾਲ ਤੇ ਬਹਿਣਾਂ ਵੀ ਕੁਠਿਆਲੀਆਂ

ਨਿੱਤ ਨਿੱਤ ਦਾ ਏ ਸੋਗ ਨਿਮਾਸ਼ਾਂ ਪਈਆਂ ਦਾ

ਨਿੱਤ ਨਿੱਤ ਦਾ ਏ ਸੋਗ ਨਿਮਾਸ਼ਾਂ ਪਈਆਂ ਦਾ ਦਿਲ ਨੂੰ ਲੈ ਗਿਆ ਰੋਗ ਨਿਮਾਸ਼ਾਂ ਪਈਆਂ ਦਾ ਕੁੱਝਾਂ ਨੂੰ ਪਿਆ ਮਾਰੇ ਖ਼ੌਫ਼ ਹਨ੍ਹੇਰਿਆਂ ਦਾ ਕੁੱਝਾਂ ਨੂੰ ਏ ਤੋਗ ਨਿਮਾਸ਼ਾਂ ਪਈਆਂ ਦਾ ਵੇਲੇ ਸਿਰ ਤੇ ਤੂੰ ਵੀ ਕੱਤਿਆ, ਸੀੜਿਆ ਨਈਂ ਹੁਣ ਪਈ ਭੋਗਣ ਭੋਗ ਨਿਮਾਸ਼ਾਂ ਪਈਆਂ ਦਾ ਭੋਰਾ ਭੋਰਾ ਕਰ ਕੇ ਜੁੱਸਾ ਛੱਡ ਜਾਂਦਾ ਏ ਯਾਦਾਂ ਦਾ ਸੰਜੋਗ ! ਨਿਮਾਸ਼ਾਂ ਪਈਆਂ ਦਾ ਭੋਲਿਆ ਪੱਖੂਆ, ਕਰ ਕੋਈ ਫ਼ਿਕਰ ਟਿਕਾਣੇ ਦਾ ਨਾ ਪਿਆ ਚੋਗਾ ਚੋਗ ਨਿਮਾਸ਼ਾਂ ਪਈਆਂ ਦਾ ਲੁੱਗ ਮਲੁੱਗੀ ਢੋਕ ਤੇ ਕੱਲ ਮੁਕੱਲੀ ਨੂੰ ਵੇਲ਼ਾ ਕਰਦਾ ਜੋਗ, ਨਿਮਾਸ਼ਾਂ ਪਈਆਂ ਦਾ ਲੇਖਾਂ ਦੇ ਅਸਮਾਨ ਤੇ ਤਾਰਾ ਹਿੱਕ ਵੀ ਨਈਂ ਕਰੀਏ ਕੀ ਅਸਰੋਗ ਨਿਮਾਸ਼ਾਂ ਪਈਆਂ ਦਾ ਆਬਿਦ ਸੌੜਾਂ ਭੀੜਾਂ ’ਚ ਹੁਣ ਕੀ ਕਰਦੇ ਨੇਂ ਆਪਣੇ ਨਾਲ਼ ਦੇ ਲੋਗ ਨਿਮਾਸ਼ਾਂ ਪਈਆਂ ਦਾ ?

ਕਲ੍ਹੀ ਜਿਹੀ ਸੋਚ

ਆ ਤੇਰੀ ਤਸਵੀਰ ਬਨਾਲਾਂ ਤੇਰੇ ਅੱਗੇ ਤਖ਼ਤ ਉਛਾਲਾਂ ਉੱਪਰ ਤੈਨੂੰ ਬਿਠਾਲਾਂ ਤੇਰੇ ਸੁਰਖ਼ ਹੱਥਾਂ ਵਿਚ ਆਪਣੇ ਲੇਖ ਦਾ ਕਲਮ ਨਪਾਲਾਂ ਤੇ ਆਪਣੀ ਤਖ਼ਲੀਕ ਦੇ ਹੱਥੋਂ ਜੋ ਚਾਹਵਾਂ ਲਖਵਾਲਾਂ

ਪਪੀਹਾ

ਉੱਚੀਆਂ ਵਾਓਂ ਉਲਾਰੀਆਂ ਚੜ੍ਹ ਕੇ ਬੋਲ ਰੰਗੀਲੇ ਬੋਲ ਪਪੀਹਾ ਬੋਲ ਰੰਗੀਲੇ ਬੋਲ ਮਿਠੜੇ ਮਿਠੜੇ ਬੋਲ ਨ੍ਹੇਰ ਮੁਨ੍ਹੇਰੇ ਬਹਿ ਕੇ ਯਾਦਾਂ ਦੇ ਮੋਤੀ ਨਾ ਰੋਲ਼ ਦੂਰ ਦੁਰਾਡਿਓਂ ਕੂਕਣ ਤੇਰਾ ਕੱਲ੍ਹਿਓਂ ਕੱਲ੍ਹਿਓਂ ਰੋਣਾ ਕੌਣ ਕਰਾਵੇਗਾ ਚੁੱਪ ਤੈਨੂੰ ਕਿੰਨ੍ਹੇ ਦਰਦ ਵੰਡਾਉਣਾ ਲਾਹ ਕੇ ਲਾਜ ਸ਼ਰਮ ਦੀ ਲੋਈ ਜਾ ਵੱਸ ਸੱਜਣਾਂ ਕੋਲ਼ ਪਪੀਹਾ ਦੂੰਹ ਚਸ਼ਮਾਂ ਦੇ ਕੋਲ਼ ਪਪੀਹਾ ਆਪਣੇ ਦੁੱਖੜੇ ਫੋਲ ਨ੍ਹੇਰ ਮੁਨ੍ਹੇਰੇ ਬਹਿ ਕੇ ਯਾਦਾਂ ਦੇ ਮੋਤੀ ਨਾ ਰੋਲ਼

ਹੱਕ ਦਾ ਰਾਹ

ਦੋਜ਼ਖ਼ ਇਸ਼ਕ ਆਪਣਾ ਆਤਿਸ਼ ਮੇਰੇ ਖ਼ਮੀਰ ਦੀ ਸਾੜੇ ਲਹੂ ਵਜੂਦ ਦਾ ਜਿਗਰਾ ਕਰੇ ਸੁਆਹ ਭੱਠ ਜੀਵੜਾ ਸੇਕਦਾ ਸਾਵੇ ਪੱਤਰ ਉਮੀਦ ਦੇ ਆਸਾਂ ਦੇ ਫੁੱਲ ਧੁਖ਼ਦੇ ਤੱਤੜੇ ਬਲਦੇ ਸਾਹ ਲੰਮੀ ਡੀਕ ਵਿਸਾਲ ਦੀ ਵਾਅਦੇ ਰੋਜ਼ ਮੀਸਾਕ ਦੇ ਅੱਖਿਓਂ ਨੂਰ ਪਘਾਰ ਕੇ ਨੀਰ ਗਏ ਵਰਸਾ ਮੁਠ ਹੱਡੀਆਂ ਦੀ ਖ਼ਾਕ ਸੀ ਲੈ ਗਈ ਨਾਲ਼ ਹਵਾ ਲੋਕਾ ਕੀ ਰੋਣਾ ਮੌਤ ਦਾ ਮਰਨਾ ਤੇ ਹੱਕ ਦਾ ਰਾਹ

ਤੂੰ ਤੇ ਮੈਂ

ਰੋਜ਼ ਅਜ਼ਲ ਥੀਂ ਹਿਕ ਤੇਰੀ ਟੋਹ ਅੰਦਰ ਕਿੰਨੇ ਜਫ਼ਰ ਜਾਲੇ ਕਿੰਨੇ ਕੱਪਰ ਝਾਗੇ ਤੂੰ ਨਾ ਮਿਲਿਓਂ ਤੇ ਨਾ ਈ ਤੁਧ ਮਿਲਣਾ ਸੀ ਓੜਕ ਥਾਂ ਨਾ ਕੋਈ ਮੁਕਾਮ ਤੇਰਾ ਉੱਚਾ ਨਾਮ ਤੇਰਾ ਮੇਰੀ ਜ਼ਾਤ ਨੀਵੀਂ

ਮਾਰਫ਼ਤ

‎ਹਸਬੀ ਅੱਲਾਹ ! ਅੱਜ ਸੋਚਾਂ ਵਿਚਾਰੀਆਂ ਨੂੰ ‎ਗੁੰਝਲ਼ ਮੰਜ਼ਿਲਾਂ ਦੇ ਵੱਸ ਪਾਣ ਲੱਗਾ ‎ਗੁੰਝਲ਼ ਮੰਜ਼ਿਲਾਂ _ ਜਿਨ੍ਹਾਂ ਦੇ ਪੰਧ ਔਝੜ ‎ਪੰਧ _ ਇਲਮ , ਇਰਫ਼ਾਨ ਤੇ ਮਾਰਫ਼ਤ ਦੇ ‎ਇਲਮ _ ਜ਼ਾਤ ਦਾ ‎"ਜ਼ਾਤ" _ ਮਾਬੂਦ ਕੁੱਲ ਦੀ ‎ਜਿਹਦੀ ਸਿਫ਼ਤ ਏ ਕਨਜ਼ਨ ਮਖ਼ਫ਼ੇਆਤੁਨ ‎ਜਿਹਨੂੰ ਲੱਭਿਆਂ ਆਪ ਗਵਾਚ ਜਾਈਏ ‎ਜਿਹਨੂੰ ਤੱਕਿਆਂ _ ਤੱਕ ਨਾ ਸਕੀਏ ਵੀ ‎ਜਿਹਨੂੰ ਸੋਚਿਆਂ _ ਰਾਹੋਂ ਕੁਰਾਹ ਪਈਏ ‎ਪੰਧ ਇਲਮ, ਇਰਫ਼ਾਨ ਤੇ ਮਾਰਫ਼ਤ ਦੇ ‎ਜਿਥੇ ਅਕਲ ਦੇ ਬਰਕ ਰਫ਼ਤਾਰ ਪਖਨੋਂ ‎(ਜੇਹੜੇ ਪਲਕ ਵਿਚ ਫ਼ਲਕ ਨੂੰ ਚੀਰ ਜਾਵਣ) ‎ਹੱਫ਼ ਹੱਫ਼ ਅੱਧਰਾਹ ਈ ਰਹਿ ਜਾਵਣ ‎ਜਿਥੇ ਹੋਸ਼ ਦੇ ਰੂਹ-ਉਲ-ਅਮੀਨ ਦੇ ਪਰ ‎ਪੰਧ ਕੰਢਿਆਂ ਕੰਢਿਆਂ ਖੁੰਜ ਜਾਵਣ ‎ਅੰਤ ਘਾਟੀ ਏ ਘਾਟੀ ਇਹ ਮਾਰਫ਼ਤ ਦੀ ‎ਦਮ ਘੁਟਦੇ ਐਥੇ "ਵਿਚਾਰ" ਦੇ ਨੇਂ ‎ਅਸੀਂ ਕੀ ਆਂ _ ਤੌਬਾ, ਮਜਾਲ ਸਾਡੀ !!! ‎ਚੰਗੇ ਚੰਗੇ ਐਥੇ ਦਮ ਨਈਂ ਮਾਰਦੇ ਨੇਂ ‎ਤੰਗ ਜ਼ਮੀਨ ਐ ਸੋਚਾਂ ਵਿਚਾਰੀਆਂ ਦੀ ‎ਪਈ ਛਿੜਦੀ ਗੱਲ ਅਵੱਲ ਜਿਹੀ ਏ ‎ਗੱਲ ਗੱਲ ਚ ਨੇਂ ਲੱਖਾਂ ਵੱਲ ਪੈਂਦੇ ‎ਤੌਬਾ ਗੱਲ ਇਹ, ਕੋਈ ਆਮ ਗੱਲ ਜਿਹੀ ਏ ‎ਗੱਲ ਓੁਸ ਦੀ ਜਿਹਦਾ ਸ਼ਰੀਕ ਕੋਈ ਨਈਂ ‎ਗੱਲ ਉਸ ਦੀ ਜਿਸ ਤੋਂ ਵਧੀਕ ਕੋਈ ਨਈਂ ‎ਗੱਲ ਉਸ ਦੀ ਜਿਹਦੀ ਮਿਸਾਲ ਕੋਈ ਨਈਂ ‎ਗੱਲ ਉਸ ਦੀ ਹੁਸਨ ਕਮਾਲ ਪਾਰੋਂ ‎ਇਨ੍ਹਾਂ ਦੋਨ੍ਹਾਂ ਦੇ ਦੋਨ੍ਹਾਂ ਜਹਾਨਾਂ ਅੰਦਰ ‎ਕੋਈ ਦੂਸਰਾ ਜਿਹਦਾ ਭਿੰਜਾਲ ਕੋਈ ਨਈਂ ‎ਸ਼ਹਿ ਰਗ ਕੋਲੋਂ ਨੇੜੇ ਵਸਦਾ ਏ ‎ਰਗ ਰਗ ਦੀ ਰਗ ਨੂੰ ਜਾਣਦਾ ਏ ‎ਕੱਲੀ ਕੱਲੀ ਦੇ ਦਿਲ ਦਾ ਰਾਜ਼ ਬੁਝੇ ‎ਜ਼ਰੇ ਜ਼ਰੇ ਦਾ ਭੇਤ ਪਛਾਣਦਾ ਏ ‎ਉਦੋਂ ਅਜ਼ਲ ਤੋਂ ਹਿੱਕ ਵਾਜਬ ਜ਼ਾਤ ਬਿਨਾਂ ‎ਮੁਮਕਿਨਾਤ ਦਾ ਕੋਈ ਵਜੂਦ ਨਈਂ ਸੀ ‎ਆਪੋਂ ਆਪ ਸੀ ਆਪਣੀ ਖ਼ੁਦਾਈ ਅੰਦਰ ‎ਜਾਨਣ ਵਾਲਾ ਕੋਈ ਹੋਰ ਮੌਜੂਦ ਨਈਂ ਸੀ ‎ਤਦੋਂ ਵੱਧ ਕੇ ਆਲਮ ਅਮਰ ਕੋਲੋਂ ‎ਆਲਮ ਖ਼ਲਕ ਦਾ ਹਿੱਕ ਬਨਾਣ ਲੱਗਾ ‎ਆਪ ਨੂਰ ਸੀ ਨੂਰ ਹਿੱਕ ਖ਼ਲਕ ਕਰ ਕੇ ‎ਆਪੇ ਕੁਰਬ ਦੀ ਮਹਿਫ਼ਲ ਸਜਾਣ ਲੱਗਾ ‎ਐਡ ਸੋਹਣਾ ਤੇ ਖ਼ਲਕਿਆ ਬੇਮਿਸਲਾ ‎ਸਾਰੀ ਖ਼ਲਕਤੋਂ ਸ਼ਾਨ ਵਧਾਣ ਲੱਗਾ ‎ਉਹਦੇ ਸਿਰ ਤੇ ਤਾਜ "ਲੌਲਾਕ" ਵਾਲਾ ‎ਆਪਣੀ ਕੁਦਰਤਾਂ ਹੱਥੋਂ ਟਿਕਾਣ ਲੱਗਾ ‎ਅਜਬ ਨਈਂ ਜਿਹਨੂੰ ਆਪੇ ਖ਼ਲਕਿਆ ਸੂ ‎ਉਹਨੂੰ ਅਪਣਾ ਯਾਰ ਅਖਵਾਣ ਲੱਗਾ ‎ਫ਼ਿਰ ਵੱਧ ਕੇ ਹੋਰ ਵੀ ਕਰਮ ਕੀਤਾ ‎ਲੜੀ ਨੂਰਦੀ ਹੋਰ ਵਧਾਣ ਲੱਗਾ ‎ਪਹਿਲਾਂ ਹਿੱਕ ਚਿਰਾਗ਼ ਨੂੰ ਬਾਲਿਆ ਸੀ ‎ਉਸਤੋਂ ਹੋਰ ਚਿਰਾਗ਼ ਜਗਾਣ ਲੱਗਾ ‎’ਕੁੱਲ ਇੱਨਾਮਾ ਅਨਤਾ ਮੁੰਜ਼ੇਰੁਨ ‎ਵ ਲੇ ਕੁਲ-ਏ-ਕੌਮਿਨ ਹਾਦਿਨ-ਵਾਲਾ’੧ ‎ਸੁਖ਼ਨ ਵਿਚ ਕੁਰਆਨ ਫ਼ਰਮਾਨ ਲੱਗਾ ‎ਪੂਰਾ ਕਰ ਸਰਬੰਧ ਇਲਮ ਮਾਰਫ਼ਤ ਦਾ ‎ਵਾਅਦਾ ਆਪਣਾ ਤੋੜ ਨਿਭਾਣ ਲੱਗਾ ‎ਫ਼ੈਜ਼ ਆਮ ਕੀਤਾ ਅੱਰਸਾਤ ਉੱਤੇ ‎ਹਸ਼ਰ ਤੱਕ ਦੀ ਦੁਨੀਆ ਚਮਕਾਣ ਲੱਗਾ ‎ਆਮ ਵੰਡ ਦਿੱਤੀ ਨੇਅਮਤ ਮਾਰਫ਼ਤ ਦੀ ‎ਜਿਹੜੀ ਸਿਫ਼ਤ ਸੀ "ਕਨਜ਼ਨ ਮਖ਼ਫ਼ੇਆਤੁਨ" ‎ਉਹਦਾ ਵਿਚਲਾ ਭੇਤ ਖੁਲਵਾਣ ਲੱਗਾ .1 قُل اِنّٙما اٙنتٙ مُنذِرُُ ‎وٙ لِکُلِّ قٙومِِ ھادِِ کٙنزاٙٙ مٙخفِئةُُ

ਕੀ ਹੋਣਾ ਐਂ

ਤੂੰ ਜੇ ਮਿਹਰ ਤੇ ਵੀ ਆ ਜਾਵੇਂ ਹੁਣ ਜਦੋਂ ਮੇਰੇ ਸੁਖ ਦੀ ਜ਼ਰਾ ਜ਼ਰਾ ਪੂੰਜੀ ਝੱਖੜਾਂ, ਤੂਫ਼ਾਨਾਂ ਦੀ ਜ਼ੱਦ ਤੇ ਆਈ ਸਹਿਰਾਵਾਂ ਦੀ ਰੇਤੀ ਵਾਂਗੂੰ ਥਾਉਂ ਥਾਉਂ ਖਿੱਲਰ ਗਈ ਏ ਹੁਣ ਜਦੋਂ ਜੀਵਨ ਦੀ ਸ਼ਹਿਦ ਕਟੋਰੀ ਅੰਦਰ ਜੱਗ ਤੇ ਜੱਗ ਵਾਲੇ ਦੀ ਬੇਪਰਵਾਹਿਓਂ ਕਰ ਕੇ ਕੁੱਝ ਤੇਰੀਆਂ ਬੇਮਿਹਰੀਆਂ ਪਾਰੋਂ ਦੁੱਖਾਂ, ਦਰਦਾਂ, ਹੌਕਿਆਂ, ਹਾਵਾਂ ਦੀ ਦਰਦੀਲੀ ਜ਼ਹਿਰ ਦਾ ਹਿੱਕ ਹਿੱਕ ਕਤਰਾ ਨੁਚੜ ਨੁਚੜ ਕੇ ਅੰਤੋਂ ਵੱਧ ਕੇ ਜੀਣ ਦੇ ਅੰਮ੍ਰਿਤ ਅੰਦਰ ਕੌੜਾਂਗਾ ਘੋਲ਼ ਗਿਆ ਏ ਹੁਣ ਜਦੋਂ ਦੋਜ਼ਖ਼ ਦੀ ਅੱਗ ਚ ਨਹਾਤਾ ਸਿਖਰ ਦੁਪਹਿਰ ਦਾ ਬਲਦਾ ਭਖਦਾ ਸੂਰਜ ਮੇਰੇ ਸਿਰ ਤੇ ਬੋਲ ਗਿਆ ਏ ਤੂੰ ਜੇ ਮਿਹਰ ਤੇ ਵੀ ਆ ਜਾਵੇਂ ਫ਼ਿਰ ਵੀ ਦੱਸ ਤੂੰ ਮੇਰਿਆ ਸੱਜਣਾਂ ਕੀ ਹੋਣਾ ਐਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਆਬਿਦ ਜਾਫ਼ਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ