Shaheed Bhagat Singh-Kaav Pramaan : Prof. Deedar Singh

ਸ਼ਹੀਦ ਭਗਤ ਸਿੰਘ-ਕਾਵਿ ਪ੍ਰਮਾਣ : ਪ੍ਰੋਃ ਦੀਦਾਰ ਸਿੰਘ

ਮੁੱਢਲੇ ਬੋਲ

ਸ਼ਹੀਦ ਭਗਤ ਸਿੰਘ ਦਾ ਜੀਵਨ ਤੇ ਵਿਚਾਰ ਲੋਕਾਂ ਲਈ ਹਨ, ਉਹ ਹਰ ਨਾਗਰਿਕ ਤਕ ਪਹੁੰਚਣੇ ਚਾਹੀਦੇ ਹਨ। ਪ੍ਰੋ. ਦੀਦਾਰ ਸਿੰਘ ਜੀ ਦਾ ਇਹ ਯਕੀਨ ਸੀ ਕਿ ਆਮ ਲੋਕਾਂ ਲਈ ਸੌਖੀ ਜ਼ਬਾਨ ਵਾਲੀ ਕਾਵਿ-ਸ਼ੈਲੀ ਵਿਚ ਉਨ੍ਹਾਂ ਸ਼ਹੀਦਾਂ ਦੇ ਵਿਚਾਰ ਲਿਖੇ ਜਾਣ ਜੋ ਉਨ੍ਹਾਂ ਦੇ ਬੜੇ ਹੀ ਸਰਲ ਪਰ ਠੋਸ ਤਰੀਕੇ ਨਾਲ ਜੜ ਦਿੱਤੇ ਹਨ। ਉਨ੍ਹਾਂ ਦੀ ਇੱਕੋ ਤਮੰਨਾ ਸੀ ਕਿ ਸ਼ਹੀਦ ਦੇ ਵਿਚਾਰ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਜਾਣ ਤਾਂ ਕਿ ਉਹ ਆਪਣੀ ਮੁਕਤੀ ਲਈ ਖੁਦ ਹਿੰਮਤ ਕਰ ਸਕਣ।

ਇਸ ਕਿੱਸੇ ਦੀ ਖੂਬੀ ਇਹ ਹੈ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਉਸੇ ਗਹਿਰਾਈ ਤੇ ਪਕਿਆਈ ਨਾਲ ਲਿਖਿਆ ਗਿਆ ਹੈ ਜਿਸ ਨਾਲ ਸ਼ਹੀਦਾਂ ਨੇ ਕਹੇ ਸਨ। ਉਨ੍ਹਾਂ ਨੇ ਹਰ ਵਿਚਾਰ ਨੂੰ ਕਾਵਿ ਰੂਪ ਦਿੱਤਾ ਹੈ।

ਲੋਕ ਵਾਰਤਕ ਤਾਂ ਬਹੁਤ ਪੜ੍ਹਦੇ ਸੁਣਦੇ ਰਹੇ ਹਨ ਪਰ ਯਾਦ ਸੌਖੇ ਕਾਵਿ ਵਿਚ ਹੀ ਰਹਿੰਦਾ ਹੈ। ਇਸ ਦੇ ਬੰਦ ਬੱਚੇ, ਜਵਾਨ ਤੇ ਬਜ਼ੁਰਗ ਸਭ ਯਾਦ ਰੱਖ ਸਕਦੇ ਹਨ। ਗੁਣਗੁਣਾ ਸਕਦੇ ਹਨ। ਅੱਜ ਦੇ ਬਹੁਮੁਖੀ ਸੰਕਟ-ਭਰੇ ਜ਼ਮਾਨੇ ਵਿਚ ਰੌਸ਼ਨੀ ਲੈ ਸਕਦੇ ਹਨ।

ਪ੍ਰੋਫੈਸਰ ਦੀਦਾਰ ਸਿੰਘ ਜੀ ਦੇ ਜੀਵਨ ਦਾ ਇਹ ਸ਼ਹਿਦ ਰੂਪ ਹੈ। ਉਨ੍ਹਾਂ ਹਰ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ, ਜੋ ਸ਼ਹੀਦ ਭਗਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਵਿਚ ਆਇਆ। ਉਨ੍ਹਾਂ ਹਰ ਇਕ ਲਿਖਤ ਲੱਭੀ ਖੋਜੀ ਅਤੇ ਫਿਰ ਇਸ ਰਚਨਾ ਵਿਚ ਢਾਲੀ।

ਇਸ ਕਾਵਿ ਦੇ ਕੁਝ ਹਿੱਸੇ 1966 ਵਿਚ ਯੁਵਕ ਕੇਂਦਰ ਜਲੰਧਰ ਵੱਲੋਂ 'ਕਿੱਸਾ ਸ਼ਹੀਦ ਭਗਤ ਸਿੰਘ’ ਕਰਕੇ ਛਾਪੇ ਗਏ ਸਨ। ਆਮ ਲੋਕਾਂ ਵਿਚ ਬਹੁਤ ਹੀ ਹਰਮਨ ਪਿਆਰੇ ਹੋਏ ਸਨ। ਯੁਵਕ ਕੇਂਦਰ ਦੀ ਨੀਤੀ ਅਨੁਸਾਰ ਇਸ ਲਿਖਤ ’ਤੇ ਵੀ ਲੇਖਕ ਦਾ ਨਾਮ ਨਹੀਂ ਸੀ ਛਾਪਿਆ ਗਿਆ ਜਿਸ ਕਰਕੇ ਲਿਖਤ ਤਾਂ ਲੋਕ ਪ੍ਰਵਾਨ ਹੋਈ ਪਰ ਲੇਖਕ ਦਾ ਨਾਮ ਅੱਖੋਂ ਓਝਲ ਰਿਹਾ। ਹੁਣ ਇਹ ਪੂਰਨ ਰੂਪ ਵਿਚ ਤੁਹਾਡੇ ਸਾਹਮਣੇ ਹੈ।

ਸਾਨੂੰ ਬੇਹੱਦ ਅਫ਼ਸੋਸ ਹੈ ਕਿ ਪ੍ਰੋਫੈਸਰ ਦੀਦਾਰ ਸਿੰਘ ਜੀ, ਇਸ ਕਾਵਿ ਦਾ ਸੰਪੂਰਨ ਰਚਨਾ ਛਪਾਈ ਬਾਅਦ ਨਹੀਂ ਦੇਖ ਸਕੇ। ਉਨ੍ਹਾਂ ਦੀ 30 ਨਵੰਬਰ, 1982 ਨੂੰ ਦਿਲ ਦੀ ਧੜਕਣ ਬੰਦ ਹੋ ਗਈ, ਪਰ ਵਿਚਾਰਾਂ ਦੀ ਧੜਕਣ ਇਸ ਲਿਖਤ ਨੂੰ ਪੂਰਨ ਕਰਕੇ ਸ਼ਹੀਦ ਭਗਤ ਸਿੰਘ ਖੋਜ ਕਮੇਟੀ ਦੇ ਹਵਾਲੇ ਕਰ ਗਏ ਸਨ।

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਦਾ ਪਰਸਾਰ ਕਰਨ ਲਈ ਇਹ ਉਹ ਬਿਜਲੀ ਹੈ, ਜਿਸ ਦਾ ਜ਼ਿਕਰ ਸ਼ਹੀਦ ਨੇ ਇਸ ਸ਼ੇਅਰ ਰਾਹੀਂ ਕੀਤਾ ਸੀ:

ਮੇਰੀ ਹਵਾ ਮੇਂ ਰਹੇਗੀ ਖ਼ਿਆਲ ਕੀ ਬਿਜਲੀਆਂ
ਯਹ ਮੁਸ਼ਤੇ ਖ਼ਾਕ ਹੈ ਫਾਨੀ ਰਹੇ, ਰਹੇ ਨਾ ਰਹੇ।

ਸ਼ਹੀਦ ਭਗਤ ਸਿੰਘ ਨੇ ਇਤਿਹਾਸਕ ਤੌਰ ’ਤੇ ਇਕ ਸਮਾਜ ਵਿਗਿਆਨੀ ਤੇ ਇਨਕਲਾਬੀ ਦੇ ਨਾਤੇ ਲੋਕ ਇਨਕਲਾਬ ਰਾਹੀਂ ਲੋਕਾਂ ਲਈ ਸੁਰੱਖਿਅਤ ਭਵਿੱਖ ਵਾਸਤੇ ਜੋ ਨੀਹਾਂ ਰੱਖੀਆਂ ਤੇ ਲੀਹਾਂ ਪਾਈਆਂ ਹਨ, ਉਹ ਸਮਝਣੀਆਂ ਜ਼ਰੂਰੀ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਡੀ ਪ੍ਰੇਰਨਾ ਦਾ ਸੋਮਾ ਇਨਸਾਨੀਅਤ ਤੇ ਇਨਸਾਨ ਦਾ ਪਿਆਰ ਹੋਣਾ ਹੈ, ਕੋਈ ਕਲਪਿਤ ਰੱਬ ਨਹੀਂ। ਸਮਾਜ ਤੇ ਇਤਿਹਾਸਕ ਆਦਰਸ਼ ਵਿਗਿਆਨਕ ਸਮਾਜਵਾਦ ਹੈ, ਜਿਸ ਵਿਚ ਮਿਹਨਤੀ ਵਰਗ ਦੀ ਸਰਦਾਰੀ ਹੋਵੇਗੀ ਅਤੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਖ਼ਤਮ ਹੋ ਜਾਵੇਗੀ। ਹਰ ਤਰ੍ਹਾਂ ਦੀ ਬੇਇਨਸਾਫ਼ੀ ਤੇ ਨਾ ਬਰਾਬਰੀ ਅਤੇ ਵਿਤਕਰਾ ਖ਼ਤਮ ਹੋਵੇਗਾ। ਇਸ ਨੂੰ ਪ੍ਰਾਪਤ ਕਰਨ ਲਈ ਵਿਸ਼ਾਲ ਲੋਕ ਜਥੇਬੰਦੀਆਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ 98 ਫੀਸਦੀ ਲੋਕ ਆਪਣੇ ਲਈ ਸਵੈਰਾਜ, ਖੁਦ ਹੀ ਸਿਰਜ ਸਕਣ। ਕਿਉਂਕਿ ਸਾਮਰਾਜੀ ਯੁਗ ਚੱਲ ਰਿਹਾ ਹੈ ਇਸ ਲਈ ‘ਇਨਕਲਾਬ-ਜ਼ਿੰਦਾਬਾਦ’। ਇਹੀ ਇਨਕਲਾਬ ਸਾਮਰਾਜ ਨੂੰ ਢਾਹੇਗਾ।

ਇਨ੍ਹਾਂ ਵਿਚਾਰਾਂ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਕੀ ਗੁਣ ਅਪਣਾਉਣੇ ਚਾਹੀਦੇ ਹਨ, ਉਹ ਵੀ ਇਨ੍ਹਾਂ ਲਿਖਤਾਂ ਵਿਚ ਮਿਲ ਜਾਣਗੇ। ਸ਼ਹੀਦ ਨੇ ਕਿਹਾ ਸੀ, “ਇਹ ਨਾ ਹੋਵੇ ਕਿ ਕਦੀ ਤੁਸੀਂ ਧੀਰਜ ਤੇ ਹੋਸ਼ ਗੰਵਾ ਬੈਠੋ ਅਤੇ ਕਦੀ ਹੌਸਲਾ ਤੇ ਚੜ੍ਹਦੀ ਕਲਾ ਤੁਹਾਡਾ ਸਾਥ ਛੱਡ ਜਾਵੇ। ਦ੍ਰਿੜ੍ਹਤਾ ਤੇ ਧੀਰਜ ਨੂੰ ਆਪਣੇ ਹੱਥਾਂ ਵਿਚ ਰਚਾ ਲਓ।” ਨੌਜਵਾਨਾਂ ਨੂੰ ਇਹ ਵੀ ਕਿਹਾ ਸੀ, “ਨੌਜਵਾਨਾਂ ਨੂੰ ਆਜ਼ਾਦ ਤੌਰ ’ਤੇ ਸੰਜੀਦਗੀ ਤੇ ਠਰ੍ਹੰਮੇ ਨਾਲ ਸੋਚਣਾ ਚਾਹੀਦਾ ਹੈ।” ਅੱਜ ਸਮਾਜ ਦੀ ਜੋ ਹਾਲਤ ਹੈ ਤੇ ਉਸ ਦਾ ਹੱਲ ਕੀ ਹੈ, ਤੁਸੀਂ ਸ਼ਹੀਦ ਦੇ ਐਡੀਟਰ ‘ਮਾਡਰਨ ਰੀਵੀਉ’ ਦੇ ਨਾਂ ਖ਼ਤ ਵਿਚ ਪੜ੍ਹ ਸਕੋਗੇ।

ਅੱਜ ਸਭ ਤੋਂ ਵੱਡੀ ਲੋੜ ਹੈ ਸ਼ਹੀਦਾਂ ਦੇ ਉਦੇਸ਼ਾਂ ਤੇ ਆਦੇਸ਼ਾਂ ਨੂੰ ਸਮਝਣ ਦੀ, ਵਿਚਾਰਾਂ ਤੇ ਆਚਾਰਾਂ ਨੂੰ ਘੋਖਣ ਦੀ। ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਇਸ ਮਹਾਨ ਰਚਨਾ ਦਾ ਪ੍ਰਕਾਸ਼ਨ ਯਕੀਨਨ ਸ਼ਹੀਦ ਦੇ ਵਿਸ਼ਵਾਸ ਨੂੰ ਵਿਸ਼ਾਲ ਲੋਕ ਆਧਾਰ ਮੁਹੱਈਆ ਕਰਵਾਏਗਾ।

ਸ਼ਹੀਦ ਭਗਤ ਸਿੰਘ ਖੋਜ ਕਮੇਟੀ ਇਸ ਆਸ਼ੇ ਵੱਲ ਉੱਦਮ ਕਰ ਰਹੀ ਹੈ। ਆਸ਼ਾ ਹੈ ਪਾਠਕ ਇਹ ਸ਼ਹੀਦ ਭਗਤ ਸਿੰਘ ਕਾਵਿ ਪੜ੍ਹਨਗੇ, ਮੰਨਣਗੇ, ਸ਼ਹੀਦਾਂ ਦੇ ਵਿਚਾਰਾਂ ਨੂੰ ਸਮਝਣਗੇ ਅਤੇ ਥਾਂ ਥਾਂ ਮਿਹਨਤੀ ਲੋਕਾਂ ਨਾਲ ਇਹ ਸਾਂਝਾ ਕਰਨਗੇ।

ਤੁਹਾਡੇ ਸੁਝਾਅ ਸਾਡੇ ਲਈ ਬਹੁਤ ਬਹੁਮੁੱਲੇ ਹਨ, ਸਾਂਝੇ ਕਰਨਾ।

ਜਗਮੋਹਨ ਸਿੰਘ
ਸਕੱਤਰ, ਸ਼ਹੀਦ ਭਗਤ ਸਿੰਘ ਖੋਜ ਕਮੇਟੀ

ਮੁੱਖ-ਬੰਦ

ਪ੍ਰੋ. ਦੀਦਾਰ ਸਿੰਘ 30 ਨਵੰਬਰ, 1982 ਨੂੰ ਪੂਰੇ ਹੋ ਗਏ, ਪਰ ਉਨ੍ਹਾਂ ਦੇ ਕਵੀ-ਆਪੇ ਨੂੰ ਅਮਰ-ਵਰ ਪ੍ਰਾਪਤ ਹੈ।

ਉਨ੍ਹਾਂ ਦਾ ਜਨਮ 14 ਜਨਵਰੀ 1922 ਈ. (ਕਾਗਜ਼ਾਂ ਵਿਚ 1921) ਨੂੰ ਮਾਤਾ ਦਿਆਲ ਕੌਰ ਦੀ ਕੁੱਖੋਂ, ਪਿੰਡ ਅਰੂਪ, ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿਚ ਹੋਇਆ। ਇਹ ਉਹ ਧਰਤੀ ਹੈ ਜਿਸ ਨੇ ਮਹਾਂ-ਕਵੀ ਗੁਰੂ ਨਾਨਕ, ਵਾਰਸ ਸ਼ਾਹ, ਲਾਲਾ ਕਿਰਪਾ ਸਾਗਰ ਤੇ ਅੰਮ੍ਰਿਤਾ ਪ੍ਰੀਤਮ ਨੂੰ ਜਨਮ ਦਿੱਤਾ ਹੈ। ਦੀਦਾਰ ਸਿੰਘ ਦੇ ਪਿਤਾ, ਸ. ਸੰਤ ਸਿੰਘ ਅਰੂਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਕਾਰਕੁਨ ਰਹੇ ਤੇ ਅਕਾਲੀ ਰਾਜਨੀਤੀ ਵਿਚ ਤੇ ਵਿਦਿਅਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਇਉਂ ਪੰਜਾਬ ਦੀ ਬੌਧਿਕ ਤੇ ਖਾੜਕੂ ਪਰੰਪਰਾ ਦੀਦਾਰ ਸਿੰਘ ਨੂੰ ਵਿਰਸੇ ਵਿਚ ਪ੍ਰਾਪਤ ਹੋਈ।

ਸੰਤਾਲੀ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸ਼ਾਹਬਾਦ ਮਾਰਕੰਡਾ (ਹੁਣ ਹਰਿਆਣਾ) ਵਿਚ ਆ ਵੱਸਿਆ। ਬੀ.ਏ. ਬੀ.ਟੀ. ਕਰ ਕੇ ਦੀਦਾਰ ਸਿੰਘ 1953 ਤੋਂ 64 ਤਕ ਸਕੂਲ ਅਧਿਆਪਕ ਰਹੇ ਤੇ ਇਸੇ ਅਰਸੇ ਵਿਚ ਅੰਗਰੇਜ਼ੀ ਦੀ ਐਮ.ਏ. ਕਰਕੇ ਕਾਲਜ ਵਿਚ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ। ਪਹਿਲਾਂ ਗੌਰਮਿੰਟ ਕਾਲਜ ਰੋਪੜ ਤੇ ਫਿਰ ਗੌਰਮਿੰਟ ਕਾਲਜ ਟਾਂਡਾ ਉੜਮੁੜ ਵਿਚ ਪੰਦਰਾਂ ਸਾਲ ਸੇਵਾ ਕਰਨ ਪਿੱਛੋਂ ਉਹ ਜਨਵਰੀ 1979 ਵਿਚ ਸੇਵਾ-ਮੁਕਤ ਹੋਏ ਅਤੇ ਦੇਹਾਂਤ ਤਕ ਖੇਤੀਬਾੜੀ ਤੇ ਸਾਹਿਤ-ਰਚਨਾ ਵਿਚ ਜੁਟੇ ਰਹੇ।

ਉਹ ਆਪਣੇ ਵਿਦਿਆਰਥੀਆਂ ਵਿਚ ਹਰਮਨ-ਪਿਆਰੇ ਤੇ ਅਤਿ ਸਫ਼ਲ ਅਧਿਆਪਕ ਸਨ, ਕਿਉਂਕਿ ਉਨ੍ਹਾਂ ਨੇ ਹਮੇਸ਼ਾਂ ਸਮਾਜਕ ਜ਼ਿੰਮੇਵਾਰੀ, ਬਾਕਾਇਦਗੀ ਤੇ ਵਿਉਂਤ-ਬੱਧ ਢੰਗ ਨਾਲ ਪੜ੍ਹਾਇਆ। ਇਹ ਅਧਿਆਪਕੀ ਗੁਣ ਉਨ੍ਹਾਂ ਦੇ ਸਾਹਿਤਕ ਅਮਲ ਵਿਚੋਂ ਵੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਨਾਲ ਲੰਬੀ ਸਾਂਝ ਤੇ ਉਨ੍ਹਾਂ ਦੀਆਂ ਡਾਇਰੀਆਂ ਦੇ ਆਧਾਰ ’ਤੇ ਵੀ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਕਾਵਿ-ਕਰਮ ਨੂੰ ਇਕ ਚੇਤਨ ਕਲਾਕਾਰ ਵਾਂਗ ਆਰੰਭਿਆ ਸੀ, ਆਮ ਸਾਹਿਤਕਾਰਾਂ ਵਾਂਗ ਕੇਵਲ ਸ੍ਵੈ-ਪ੍ਰਗਟਾਵੇ ਲਈ ਕਦੇ-ਕਦਾਈਂ ਕੁਝ ਲਿਖ ਛੱਡਣਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ, ਉਹ ਸਮਝਦੇ ਸਨ ਕਿ ਸਾਹਿਤਕਾਰ ਦੀ ਜ਼ਿੰਮੇਵਾਰੀ ਅਧਿਆਪਕ ਵਾਂਗ, ਮਨੁੱਖ ਨੂੰ ਵਧੀਆ ਮਨੁੱਖ ਬਣਾਉਣ ਤੇ ਮਨੁੱਖੀ ਕਲਚਰ ਨੂੰ ਹੋਰ ਚੰਗੇਰੀ ਬਣਾਉਣ ਦੀ ਹੈ ਅਤੇ ਇਸ ਦੇ ਲਈ ਉਸ ਨੂੰ ਬਾਕਾਇਦਗੀ ਤੇ ਵਿਉਂਤ ਨਾਲ ਲਿਖਣਾ ਚਾਹੀਦਾ ਹੈ।

ਦੀਦਾਰ ਸਿੰਘ ਨੇ ਪੰਜਾਬੀ ਕਲਚਰ ਤੇ ਸਮੁੱਚੇ ਮਨੁੱਖੀ ਸਭਿਆਚਾਰ ਦੀ ਉਸਾਰੀ ਲਈ ਆਪਣੇ ਸਾਹਿਤਕ ਕਾਰਜ ਨੂੰ ਵਿਉਂਟਣ ਲਈ ਜਿਨ੍ਹਾਂ ਮਨੁੱਖੀ ਉਦੇਸ਼ਾਂ ਨੂੰ ਹਮੇਸ਼ਾ ਸਾਹਮਣੇ ਰੱਖਿਆ ਉਹ ਸਨ ਸਮਾਜਵਾਦ, ਲੋਕ-ਤੰਤਰ ਤੇ ਅਮਨ। ਉਨ੍ਹਾਂ ਦੀ ਸਾਰੀ ਕਾਵਿ-ਰਚਨਾ ਦਾ ਮਨੋਰਥ ਇਨ੍ਹਾਂ ਤਿੰਨਾਂ ਸੰਕਲਪਾਂ ਦਾ ਅਧਿਐਨ-ਚਿੰਤਨ ਤੇ ਇਨ੍ਹਾਂ ਲਈ ਹੋਏ ਸੰਘਰਸ਼ਾਂ ਦੇ ਸਹੀ ਰੂਪ ਨੂੰ ਦਰਸਾਉਣਾ ਹੈ। ਭਾਰਤੀ ਸੰਸਕ੍ਰਿਤੀ ਤੇ ਪੰਜਾਬੀ ਸਭਿਆਚਾਰਕ ਪਰੰਪਰਾ ਵਿਚ ਇਨ੍ਹਾਂ ਤਿੰਨਾਂ ਉਦੇਸ਼ਾਂ ਲਈ ਕਿੰਨ੍ਹਾਂ ਵਰਗਾਂ ਤੇ ਵਿਅਕਤੀਆਂ ਨੇ, ਕਦੋਂ ਕਦੋਂ, ਕਿਹੜੀ ਕਿਹੜੀ ਫਿਲਾਸਫੀ ਤੇ ਵਿਚਾਰਧਾਰਾਵਾਂ ਅਧੀਨ ਕਿਵੇਂ ਸੰਘਰਸ਼ ਕੀਤਾ, ਇਨ੍ਹਾਂ ਤਿੰਨਾਂ ਸੰਕਲਪਾਂ ਦੇ ਵਿਕਾਸ ਤੇ ਸਮਾਜਕ ਉਸਾਰੀ ਵਿਚ ਕੀ ਹਿੱਸਾ ਪਾਇਆ ਅਤੇ ਅੱਜ ਦੇ ਲੋਕ-ਸੰਘਰਸ਼ ਵਿਚ ਅਸੀਂ ਉਨ੍ਹਾਂ ਤੋਂ ਕੀ ਸਿੱਖਿਆ ਲੈ ਸਕਦੇ ਹਾਂ, ਆਦਿ ਸਵਾਲਾਂ ਨੂੰ ਨਜਿੱਠਣ ਲਈ ਤੇ ਇਨ੍ਹਾਂ ਦੀ ਕਲਾਤਮਕ ਪੇਸ਼ਕਾਰੀ ਲਈ ਦੀਦਾਰ ਸਿੰਘ ਨੇ ਇਕ ਸਪਤਾਂਗ (ਸੱਤ ਕਿਤਾਬਾਂ) ਲਿਖਣ ਦਾ ਬਾਕਾਇਦਾ ਪ੍ਰੋਗਰਾਮ ਬਣਾਇਆ ਹੋਇਆ ਸੀ : (1) ਤ੍ਰਿਪਾਸੁਰ, (2) ਮਹਾਂ ਪੰਡਤ ਚਾਰ ਵਾਕ, (3) ਅਜਾਤ ਸ਼ਤਰੂ, (4) ਬਾਬਾ ਪੰਜਾਬ ਸਿੰਘ, (5) ਸ਼ਹੀਦ ਭਗਤ ਸਿੰਘ, (6) ਬੀਤੇ ਦੇ ਪਰਛਾਵੇਂ ਤੇ (7) ਕਲਕੀ। ਇਸ ਸਪਤਾਂਗ ਵਿਚ ਪੂਰਵ ਈਸਵੀ 6000 ਤੋਂ ਲੈ ਕੇ ਬਾਈਵੀਂ ਸਦੀ ਤੱਕ ਸਮਾਜਵਾਦ-ਜਮਹੂਰੀਅਤ-ਅਮਨ ਦੀ ਰਾਜਨੀਤੀ, ਯੁੱਧਨੀਤੀ ਤੇ ਦਾਅ-ਪੇਚਾਂ ਨੂੰ ਭਾਰਤੀ ਤੇ ਪੰਜਾਬੀ ਕਲਚਰ ਦੇ ਇਤਿਹਾਸਿਕ ਪ੍ਰਸੰਗਾਂ ਦੁਆਰਾ ਨਿੱਗਰ ਰੂਪ ਵਿਚ ਕਵਿਤਾਇਆ ਜਾਣਾ ਸੀ। ਇਸ ਦੇ ਨਾਲ ਹੀ ‘ਰਾਮ ਲੀਲਾ’ ਤੇ ‘ਏਕਲੱਵਯ’ ਨਾਂ ਦੀਆਂ ਰਚਨਾਵਾਂ ਵਿਉਂਤੀਆਂ ਜਾ ਰਹੀਆਂ ਸਨ, ਪਰ ਉਹ ਆਪ ਪੂਰੇ ਹੋ ਗਏ ਤੇ ਇਹ ਕੰਮ ਅਪੂਰਨ ਰਹਿ ਗਿਆ। ਨੋਟਸ, ਚਿੱਠੀਆਂ ਤੇ ਡਾਇਰੀਆਂ ਦੀ ਸ਼ਕਲ ਵਿਚ ਜੋ ਕੁਝ ਵੀ ਬਾਕੀ ਹੈ ਉਸ ਦਾ ਉਨ੍ਹਾਂ ਦੇ ਸੰਬੰਧੀਆਂ ਤੇ ਦੋਸਤਾਂ ਦੀ ਮਦਦ ਨਾਲ ਸੰਪਾਦਨ ਕਰਕੇ ਪ੍ਰਕਾਸ਼ਤ ਕਰਵਾਉਣ ਦਾ ਹੀਲਾ ਕੀਤਾ ਜਾ ਰਿਹਾ।

ਉਨ੍ਹਾਂ ਦੀਆਂ ਹੁਣ ਤਕ ਛਪੀਆਂ ਪੁਸਤਕਾਂ (ਸੁਮੇਲ, ਮਹਾਂ ਪੰਡਿਤ, ਚਾਰਵਾਕ, ਘਾਇਲ ਸੱਧਰਾਂ, ਦੀਦਾਂ ਵਿਸ ਭਰੀਆਂ, ਇਸ਼ਕੋਂ ਰਤਾ ਅਗਾਂਹ ਦੀ ਗੱਲ, ਅਗਨੀ ਫੁੱਲਾਂ ਦੀ ਮਹਾਰਾਣੀ ਤੇ ਸ਼ਹੀਦ ਭਗਤ ਸਿੰਘ) ਵਿਚੋਂ ਮਹਾਂ ਪੰਡਤ ਚਾਰਵਾਕ, ਸ਼ਹੀਦ ਭਗਤ ਸਿੰਘ ਤੇ ਅਗਨੀ ਫੁੱਲਾਂ ਦੀ ਮਹਾਰਾਣੀ (ਬੀਤੇ ਦੇ ਪਰਛਾਵੇਂ) ਉਪਰੋਕਤ ਸਪਤਾਂਗ ਦੇ ਹੀ ਅੰਗ ਹਨ। ਚਾਰਵਾਕ, ਮਹਾਨ ਸਿੱਖ-ਗੁਰੂ ਤੇ ਸਿੱਖ ਲਹਿਰ ਦੇ ਹੋਰ ਮਹਾਨ ਨਾਇਕ, ਭਾਰਤੀ ਸੁਤੰਤਰਤਾ ਸੰਗਰਾਮ ਦੇ ਜੁਝਾਰ ਤੇ ਸਰਦਾਰ ਭਗਤ ਸਿੰਘ ਅਤੇ ਕਵੀ ਆਪ ਕਿੰਨ੍ਹਾਂ ਦਾਰਸ਼ਨਿਕ-ਇਤਿਹਾਸਕ ਹੱਦ ਬੰਨਿਆਂ ਵਿਚ ਸਾਂਝੀਵਾਲ-ਲੋਕਤਾਂਤਰਿਕ-ਸ਼ਾਂਤਮਈ ਜੀਵਨ ਲਈ ਕੀ ਉਪਰਾਲੇ ਕਰਦੇ ਰਹੇ, ਇਹ ਇਨ੍ਹਾਂ ਰਚਨਾਵਾਂ ਦਾ ਵਿਸ਼ਾ ਹੈ। ਦੀਦਾਰ ਸਿੰਘ ਦੀਆਂ ਇਨ੍ਹਾਂ ਰਚਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਮਨੁੱਖ ਦਾ ਸਰਬ-ਸਾਂਝਾ, ਸਰਬਕਾਲੀ ਤੇ ਸਰਬੋਤਮ ਉਦੇਸ਼ ਸਾਂਝੀਵਾਲਤਾ ਦਾ ਸਮਾਜ, ਜਮਹੂਰੀ ਰਾਜਨੀਤੀ ਤੇ ਅਮਨ ਦਾ ਸਭਿਆਚਾਰ ਸਥਾਪਿਤ ਕਰਨਾ ਰਿਹਾ ਹੈ ਅਤੇ ਇਸ ਉਦੇਸ਼ ਲਈ ਜਿਹੜੇ ਵਿਅਕਤੀ ਠੀਕ ਸੋਚਦੇ, ਦਲੇਰੀ ਨਾਲ ਲਿਖਦੇ ਤੇ ਸੂਰਮਗਤੀ ਨਾਲ ਜੂਝਦੇ ਰਹੇ ਹਨ, ਉਨ੍ਹਾਂ ਨੂੰ ਸਾਹਿਤ ਦਾ ਵਿਸ਼ਾ ਤੇ ਪਾਤਰ ਬਣਾਉਣ ਨਾਲ ਹੀ ਇਸ ਦੀ ਸਮਝ ਤੇ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਕਵੀ ਦੀ ਸ਼ੈਲੀ ਤੇ ਬੋਲੀ ਦੀ ਸਾਦਗੀ ਅਤੇ ਹੋਰ ਕਾਵਿਕ ਗੁਣ ਵਿਸ਼ੇ ਤੇ ਪਾਤਰਾਂ ਦੀ ਚੋਣ ਅਤੇ ਸਭਿਆਚਾਰਕ ਮਨੋਰਥਾਂ ਦੀ ਚੇਤਨਤਾ ਉਤੇ ਹੀ ਨਿਰਭਰ ਹਨ।

ਮਹਾਂ-ਕਾਵਿ ‘ਸ਼ਹੀਦ ਭਗਤ ਸਿੰਘ’ ਨਾਮੁਕੰਮਲ ਸਪਤਾਂਗ ਦਾ ਅੰਗ ਹੁੰਦੇ ਹੋਏ ਵੀ ਇਕ ਮੁਕੰਮਲ ਇਤਿਹਾਸਕ-ਜੀਵਨੀਆਤਮਕ ਰਚਨਾ ਹੈ। ਕਵੀ ਨੇ ਇਸ ਨੂੰ ਕਾਵਿ-ਪ੍ਰਮਾਣ ਜਾਂ ਕਾਵਿਕ ਦਸਤਾਵੇਜ਼ ਕਿਹਾ ਹੈ, ਕਿਉਂਕਿ ਇਸ ਦੀ ਵਸਤੂ-ਸਾਮੱਗਰੀ ਕਵੀ ਦੀ ਲੰਬੀ ਤੱਥ-ਖੋਜ ਤੇ ਬਹੁਤ ਸਾਰੀਆਂ ਇਤਿਹਾਸਕ ਲਿਖਤਾਂ ਦੇ ਸੁਰ ਮੇਲ ਨਾਲ ਹੋਂਦ ਵਿਚ ਆਈ ਹੈ। ਇਹ ਸਾਮੱਗਰੀ ਇਸ ਮਹਾਂ-ਕਾਵਿ ਦੇ ਤਿੰਨ ਪ੍ਰਮੁੱਖ ਵਿਸ਼ਿਆਂ ਨੂੰ ਪ੍ਰਮਾਣਿਤ ਕਰਦੀ ਹੈ : (1) ਸ਼ਹੀਦ ਭਗਤ ਸਿੰਘ ਦਾ ਖਾਨਦਾਨੀ ਪਿਛੋਕੜ ਤੇ ਉਸ ਦੇ ਜੀਵਨ ਦੀਆਂ ਰਾਜਸੀ ਘਟਨਾਵਾਂ, (2) ਭਾਰਤ ਦੇ ਆਜ਼ਾਦੀ-ਘੋਲ ਦੀ ਇਕ ਬਲਵਾਨ ਜਥੇਬੰਦੀ, ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਆਰਮੀ (ਹਰਸਾ) ਦਾ ਮੰਤਵ, ਪ੍ਰੋਗਰਾਮ ਤੇ ਸੰਗਰਾਮ ਅਤੇ (3) ਇਕ ਦਹਾਕੇ (1921-31) ਦੀ ਰਾਸ਼ਟਰੀ-ਅੰਤਰ ਰਾਸ਼ਟਰੀ ਰਾਜਨੀਤੀ, ਇਸ ਦਾ ਪਿਛੋਕੜ ਤੇ ਭਵਿੱਖ। ਇਹ ਤਿੰਨ ਵਿਸ਼ੇ ਇਕ-ਦੂਜੇ ਵਿਚ ਘਿਉ-ਖਿਚੜੀ ਹਨ ਤੇ ਇਨ੍ਹਾਂ ਦੀ ਇਕਸੁਰਤਾ ਕਵੀ ਦੀ ਮੌਲਿਕ ਤੱਥ-ਖੋਜ ਤੇ ਕਲਪਨਾ ਸ਼ਕਤੀ ਦਾ ਸਬੂਤ ਹੈ। ਆਪਣੀ ਖੋਜ ਨੂੰ ਇਤਿਹਾਸਕ ਦਸਤਾਵੇਜ਼ਾਂ ਵਿਚ ਸਮੋਣ ਲਈ ਦੀਦਾਰ ਸਿੰਘ ਨੇ ਸਿੱਧੇ ਸਪਾਟ ਬ੍ਰਿਤਾਂਤ ਤੇ ਲੋਕ-ਛੰਦ-ਵਿਧਾਨ ਨੂੰ ਕੁਝ ਥਾਈਂ ਛੱਡ ਕੇ, ਨਾਟਕੀ ਸ਼ੈਲੀ, ਮਿੱਥ-ਕਥਾ, ਸੁਪਨ-ਕਥਾ, ਮਨੋ-ਬਚਨੀ, ਗ਼ਜ਼ਲ ਜਿਹੇ ਕਾਵਿ-ਰੂਪ ਤੇ ਆਧੁਨਿਕ ਛੰਦ-ਵਿਧਾਨ ਦੀ ਵਰਤੋਂ ਵੀ ਕੀਤੀ ਹੈ। ਪਰ ਉਹ ਇਸ ਗੱਲੋਂ ਸੁਚੇਤ ਰਹੇ ਹਨ ਕਿ ਇਸ ਮਹਾਂ-ਕਾਵਿ ਦੀ ਰਚਨਾ ਕੇਵਲ ਪੜ੍ਹਨ ਲਈ ਨਹੀਂ, ਸਗੋਂ ਲੋਕ-ਮਹਿਫ਼ਲਾਂ ਵਿਚ ਗਾ ਕੇ ਸੁਣਾਉਣ ਲਈ ਕੀਤੀ ਜਾ ਰਹੀ ਹੈ (ਇਸ ਦੇ ਲਈ 30 ਸਾਲਾਂ ਦੀ ਨਿਰੰਤਰ ਲਗਨ ਨਾਲ ਇਕੱਠੇ ਕੀਤੇ ਜ਼ਬਾਨੀ ਤੱਥਾਂ ਵਿਚੋਂ ਜਿਹੜੇ ਕਵਿਤਾਏ ਨਹੀਂ ਸਨ ਜਾ ਸਕਦੇ, ਉਹ ਉਨ੍ਹਾਂ ਨੇ ਇਸੇ ਵਿਸ਼ੇ ਉਤੇ ਵਾਰਤਕ ਵਿਚ ਇਕ ਵੱਡਾ, ਨਾਵਲ ਲਿਖਣ ਲਈ ਰੱਖ ਲਏ ਸਨ, ਜੋ ਛੋਹਿਆ ਹੀ ਨਹੀਂ ਜਾ ਸਕਿਆ)। ਇਸੇ ਮਨੋਰਥ-ਵੱਸ ਇਸ ਰਚਨਾ ਵਿਚ ਮੁੱਖ ਰੂਪ ਵਿਚ ਬ੍ਰਿਤਾਂਤਕ ਸ਼ੈਲੀ ਤੇ ਲੋਕ-ਛੰਦਾਂ (ਦਵੱਈਆ, ਸੱਦ, ਨਿਸ਼ਾਨੀ, ਬੈਂਤ, ਦੋਹਿਰਾ ਆਦਿ) ਦੀ ਹੀ ਵਰਤੋਂ ਕੀਤੀ ਗਈ ਹੈ। ਇਸ ਦੀ ਬੋਲੀ ਸਰਲ, ਪਰ ਮੁਹਾਵਰੇਦਾਰ ਤੇ ਅਲੰਕਾਰਕ ਹੈ।

ਉਦਾਹਰਣ ਲਈ :

ਚੜ੍ਹੀ ਜਵਾਨੀ ਭਗਤ ਨੂੰ, ਜਿਉਂ ਕਾਲੇ ਬੱਦਲਾਂ ਬੱਗ।
ਜਿਉਂ ਸਜਦੇ ਗਈ ਜਮਾਤ 'ਚੋਂ ਖੜ੍ਹ ਜਾਏ ਕੋਈ ਅਲੱਗ।
ਜਾਂ ਝੁਕਿਆ ਟੋਡੀ ਸਿਰਾਂ 'ਚੋਂ, ਕੋਈ ਸ਼ਮਲੇ ਵਾਲੀ ਪੱਗ।

ਮਮਤਾ, ਫੁੱਲ, ਖਿਆਲ ਦਾ ਮੁੱਲ ਕੋਈ ਨਾ,
ਗੱਲ ਟੁੱਕ ਗਏ ਮਹਾਂ-ਖ਼ਿਆਲੀਏ ਨੀ।
ਕੰਮ ਫੁੱਲ ਦਾ ਮਹਿਕ ਤੇ ਰੰਗ ਦੇਣਾ,
ਮੁੱਲ ਵੱਟ ਕੇ ਗੱਲ ਨਾ ਗਾਲੀਏ ਨੀ।
ਇਕ ਫੁੱਲ ਦੀ ਲਾਲਗੀ ਦਾਨ ਕਰ ਦੇ,
ਫੁੱਲਾਂ ਨਾਲ ਪਰੁੱਚੀਏ ਡਾਲੀਏ ਨੀ।
ਸਹਿਜੇ ਵਾਰ ਦੇ ਪੁੱਤ ਨੂੰ ਕੌਮ ਉੱਤੋਂ,
ਮਾਤਾ ਦੁੱਧ ਤੇ ਪੁੱਤਰਾਂ ਵਾਲੀਏ ਨੀ।

ਇਹ ਮੁਹਾਵਰੇ, ਅਲੰਕਾਰ, ਬੋਲੀ ਦੀ ਸਾਦਗੀ ਤੇ ਲੋਕ-ਛੰਦ ਇਸ ਰਚਨਾ ਦੀ ਕਾਵਿਕਤਾ ਵਿਚ ਵਾਧਾ ਕਰਦੇ ਹਨ, ਪਰ ਇਸ ਦੀ ਅਸਲ ਸਾਹਿਤਕ ਸ਼ਕਤੀ ਵਿਸ਼ੇ ਤੇ ਨਾਇਕ ਦੀ ਚੋਣ ਤੇ ਕਵੀ ਦੀ ਵਿਚਾਰਧਾਰਕ ਸੱਚਾਈ ਤੇ ਪਕਿਆਈ ਵਿਚ ਹੈ। ਇਸ ਦਾ ਕੇਂਦਰੀ ਵਿਸ਼ਾ ਹੈ ਮਾਨਵਵਾਦੀ ਸਮਾਜ ਦੀ ਸਿਰਜਣਾ ਲਈ ਲੋਕ-ਸੰਗਰਾਮ। ਇਸ ਦਾ ਨਾਇਕ ਉਸ ਸੰਗਰਾਮ ਦੀ ਰੂਹ ਹੈ ਤੇ ਕਵੀ, ਮਾਨਵੀ ਉਦੇਸ਼ਾਂ ਦੀ ਤੰਦ ਨਾਲ, ਆਪਣੇ ਨਾਇਕ ਨਾਲ ਬੱਝਾ ਹੋਇਆ ਹੈ। ਇਉਂ ਨਾਇਕ ਤੇ ਕਵੀ ਇਕੋ ਵਿਚਾਰਧਾਰਕ ਪੱਧਰ ਉਤੇ ਵਿਚਰ ਰਹੇ ਹਨ। ਕਵੀ ਲਈ ਨਾਇਕ ਕੇਵਲ ਮਾਧਿਅਮ ਨਹੀਂ, ਇਸ਼ਟ ਵੀ ਹੈ :

ਨਾ ਕੋਈ ਅੱਲਾ ਸੇਵਾਂ ਸੂਰਿਆ, ਨਾ ਕੋਈ ਰੱਬ ਧਿਆਂ।
ਤੇਰੀ ਵਾਰਤਾ ਛੋਹਾਂ ਸ਼ਹੀਦਾ, ਲੈ ਕੇ ਤੇਰਾ ਨਾਂ।

ਦੀਦਾਰ ਸਿੰਘ ਨੇ ਨਾਇਕ ਦੀ ਸ਼ਖਸੀ ਖੂਬਸੂਰਤੀ, ਆਚਰਣ, ਬੁੱਧੀ, ਗਿਆਨ ਤੇ ਰਾਜਨੀਤਮਕ ਅਮਲ ਨੂੰ ਇਸੇ ਭਾਵੁਕ ਲਗਾਓ ਨਾਲ ਉਘਾੜਿਆ ਹੈ। ਉਹ ਉਸ ਨੂੰ ਕੇਵਲ ਇਕ ਸ਼ਖਸ ਦੇ ਰੂਪ ਵਿਚ ਹੀ ਨਹੀਂ, ਗਿਆਨ, ਸਿਆਣਪ ਤੇ ਸੂਰਮਗਤੀ ਦੇ ਚਿੰਨ੍ਹ ਵਜੋਂ ਵੀ ਪੇਸ਼ ਕਰਦੇ ਹਨ। ਉਨ੍ਹਾਂ ਦਾ ਇਸ਼ਟ, ਅਸਲ ਵਿਚ, ਸ਼ਖਸ ਨਹੀਂ, ਚਿੰਨ੍ਹ ਹੈ। ਇਸ ਚਿੰਨ੍ਹ ਨੂੰ ਉਨ੍ਹਾਂ ਨੇ ਭਗਤ ਸਿੰਘ ਤੋਂ ਲੈ ਕੇ ਉਸ ਦੇ ਸਾਥੀਆਂ, ਭਾਰਤੀ ਇਤਿਹਾਸ ਦੇ ਹੋਰ ਨਾਇਕਾਂ, ਲੈਨਿਨ, ਈਸਾ ਮਸੀਹ, ਸੁਕਰਾਤ ਤੇ ਕੁਕਨੂਸ ਦੀ ਮਿੱਥ ਤੱਕ ਵਿਸਥਾਰਿਆ ਹੈ। ਕੁਕਨੂਸ ਭਗਤ ਸਿੰਘ ਦੇ ਚਰਿੱਤਰ ਤੇ ਅਮਰ ਮਾਨਵਤਾ ਦਾ ਪ੍ਰਤੀਕ ਹੈ। ਇਨਕਲਾਬ, ਪਿਆਰ, ਖੁਦਕੁਸ਼ੀ ਤੇ ਸਾਹਿਤ ਬਾਰੇ ਅਤੇ ਵਿਅਕਤੀ ਦੇ ਇਤਿਹਾਸਕ ਰੋਲ ਬਾਰੇ ਲੇਖਕ ਤੇ ਨਾਇਕ ਦੀ ਵਿਚਾਰਧਾਰਾ ਇਕ-ਮਿਕ ਹੈ। ਇਉਂ ਇਹ ਰਚਨਾ ਸ੍ਵੈ-ਪ੍ਰਗਟਾਵਾ ਵੀ ਹੈ।

ਦੀਦਾਰ ਸਿੰਘ ਜੀਵਨ ਦੀ ਵੰਨ-ਸੁਵੰਨਤਾ ਨੂੰ ਇਸ ਦੀ ਸਮੁੱਚਤਾ ਵਿਚ ਦੇਖਦੇ ਰਹੇ ਹਨ ਤੇ ਉਨ੍ਹਾਂ ਦੀ ਕਿਰਦਾਰ-ਸਿਰਜਣ ਦੀ ਕਲਾ ਵੀ ਇਸੇ ਦ੍ਰਿਸ਼ਟੀ ਦੇ ਅਧੀਨ ਹੈ। ਜਿਵੇਂ ਉਨ੍ਹਾਂ ਦੀ ਸਾਹਿਤਕ ਵਿਉਂਤ-ਬੰਦੀ ਵਿਚ ਚਾਰਵਾਕ, ਗੁਰੂ ਗੋਬਿੰਦ ਸਿੰਘ ਤੇ ਭਗਤ ਸਿੰਘ, ਆਪੋ-ਆਪਣੀ ਵਿਅਕਤੀਗਤ ਤੇ ਦਾਰਸ਼ਨਿਕ-ਇਤਿਹਾਸਕ ਸੀਮਾ ਵਿਚ ਰਹਿੰਦੇ ਹੋਏ ਵੀ, ਇਕੋ ਵਿਚਾਰ-ਲੜੀ ਵਿਚ ਪਰੋਏ ਹੋਏ ਹਨ, ਉਸੇ ਤਰ੍ਹਾਂ ਇਸ ਮਹਾਂ-ਕਾਵਿ ਦੇ ਸਾਰੇ ਪਾਤਰ (ਰਾਜਗੁਰੂ, ਸੁਖਦੇਵ, ਭਗਵਤੀਚਰਣ ਵੋਹਰਾ, ਦੁਰਗਾ ਭਾਬੀ, ਬਾਬਾ ਅਰਜਨ ਸਿੰਘ ਤੇ ਭਗਤ ਸਿੰਘ ਦੇ ਪਰਿਵਾਰ ਦੇ ਹੋਰ ਜੀਅ ਅਤੇ ਆਸਿਫ਼ ਅਲੀ ਵਕੀਲ) ਭਗਤ ਸਿੰਘ ਦੇ ਕਿਰਦਾਰ ਦਾ ਹੀ ਅੰਗ ਹਨ। ਇਨ੍ਹਾਂ ਸਭ ਦੇ ਸ਼ਖਸੀ ਗੁਣਾਂ ਰਾਹੀਂ ਇਕੋ ਮਹਾਂ-ਕਾਵਿਕ ਨਾਇਕ ਦੇ ਕਿਰਦਾਰ ਦੀ ਰਚਨਾ ਕੀਤੀ ਗਈ ਹੈ, ਜਿਸ ਦੀਆਂ ਸੰਭਾਵਨਾਵਾਂ ਦੀ ਮਨੁੱਖੀ ਸੀਮਾ ਲੈਨਿਨ ਹੈ ਤੇ ਪ੍ਰਤੀਕਾਤਮਕ ਸੀਮਾ ਕੁਕਨੂਸ।

ਯਥਾਰਥਵਾਦੀ ਸਾਹਿਤ-ਸਿਧਾਂਤ ਅਨੁਸਾਰ ਇਹੋ ਨਮੂਨਾ-ਪਾਤਰ ਦੀ ਸਿਰਜਣਾ ਅਖਵਾਉਂਦੀ ਹੈ। ਨਮੂਨਾ-ਪਾਤਰ ਔਸਤ ਪਾਤਰ ਦੀ ਰਚਨਾ ਨਹੀਂ ਹੁੰਦੀ, ਸਗੋਂ ਇਕ ਅਜਿਹੇ ਕਿਰਦਾਰ ਦੀ ਰਚਨਾ ਹੈ ਜਿਸ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਰਾਹੀਂ ਸਰਬ ਸਾਂਝੇ ਮਾਨਵੀ ਗੁਣਾਂ-ਲੱਛਣਾਂ ਨੂੰ ਸਾਕਾਰ ਕੀਤਾ ਜਾਂਦਾ ਹੈ। ਦੀਦਾਰ ਸਿੰਘ ਇਸ ਸਿਧਾਂਤ ਤੋਂ ਭਲੀ ਭਾਂਤ ਵਾਕਿਫ਼ ਸਨ, ਉਹ ਜਾਣਦੇ ਸਨ ਕਿ ਹਰ ਵਿਅਕਤੀ ਨੂੰ ਸਮਾਜਿਕ ਤੇ ਆਰਥਿਕ ਰਾਜਨੀਤਕ ਸ਼ਕਤੀਆਂ ਪੈਦਾ ਕਰਦੀਆਂ ਹਨ, ਪਰ ਪੈਦਾ ਹੋ ਕੇ ਉਹ ਵੀ ਇਨ੍ਹਾਂ ਸ਼ਕਤੀਆਂ ਦੀ ਉਸਾਰੀ ਤੇ ਆਪਣੀ ਸੰਸਕ੍ਰਿਤੀ ਦੀ ਸਿਰਜਣਾ ਵਿਚ ਹਿੱਸੇਦਾਰ ਹੁੰਦਾ ਹੈ। ਇਹ ਗੱਲ ਇਸ ਮਹਾਂ-ਕਾਵਿ ਵਿਚ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜੇ ਭਗਤ ਸਿੰਘ ਨਾ ਹੁੰਦਾ ਤਾਂ ਇਤਿਹਾਸ ਨੇ ਕੋਈ ਹੋਰ ‘ਭਗਤ ਸਿੰਘ’ ਪੈਦਾ ਕਰ ਲੈਣਾ ਸੀ, ਪਰ ਇਹ ਗੱਲ ਵੀ ਉੱਭਰਦੀ ਹੈ ਕਿ ਇਤਿਹਾਸ ਦੀ ਉਸਾਰੀ ਵਿਚ ਵਿਅਕਤੀ ਦੇ ਸ਼ਖ਼ਸੀ ਗੁਣਾਂ ਦਾ ਮਹੱਤਵ ਪੂਰਨ ਰੋਲ ਹੁੰਦਾ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਰ ਸ਼ਖ਼ਸ ਅਪੂਰਵ ਹੁੰਦਾ ਹੈ ਤੇ ਉਸ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ। ਇਸ ਸੱਚਾਈ ਨੂੰ ਕਵੀ ਨੇ ਭਗਤ ਸਿੰਘ ਦੀ ਮਾਂ (ਬੇਬੇ) ਦੇ ਮੂੰਹੋਂ ਸੁਭਾਵਕ ਹੀ ਅਖਵਾਇਆ ਹੈ :

ਜਿਹੜੀ ਸ਼ਕਲ ਦਾ ਆਦਮੀ ਗੁਜ਼ਰ ਜਾਏ,
ਉਸ ਸ਼ਕਲ ਦਾ ਮਾਣ ਕੀ ਜਾਨ ਨੂੰ ਵੇ।
ਮੇਰੇ ‘ਜਗਤ’ ਜਾਂ ‘ਭਗਤ’ ਨਹੀਂ ਫੇਰ ਆਉਣੇ,
ਮੁੜ ਕੇ ਸਾਜ ਲਾਂ ਚਾਹੇ ਜਹਾਨ ਨੂੰ ਵੇ।

ਵਿਅਕਤੀ-ਚਰਿੱਤਰ ਤੇ ਇਤਿਹਾਸਕ ਸ਼ਕਤੀਆਂ ਦੀ ਦਵੰਦਾਤਮਕ ਏਕਤਾ ਨੂੰ ਸਹੀ ਰੂਪ ਵਿਚ ਪੇਸ਼ ਕਰਨ ਲਈ ਹੀ ਦੀਦਾਰ ਸਿੰਘ ਨੇ ਮਹਾਂਕਾਵਿ ਦੀ ਮੂਲ ਕਥਾ ਦਾ ਆਰੰਭ ਭਗਤ ਸਿੰਘ ਦੇ ਜਨਮ ਦੀ ਇਤਿਹਾਸਕ ਪਿੱਠ ਭੂਮੀ ਤੋਂ ਕੀਤਾ ਹੈ। ਭਗਤ ਸਿੰਘ ਦਾ ਯੁੱਗ ਜਮਹੂਰੀ ਇਨਕਲਾਬਾਂ ਦੀ ਚੜ੍ਹਤਲ ਤੇ ਸਾਮਰਾਜੀ ਤਾਕਤਾਂ ਦੇ ਨਿਘਾਰ ਦਾ ਯੁੱਗ ਸੀ :

ਇਨਕਲਾਬ ਦੇ ਪਹੁ-ਫੁਟਾਲੇ, ਜਨ-ਯੁੱਗ ਦੀ ਪ੍ਰਭਾਤੇ।
ਸਾਮਰਾਜ ਦੇ ਸਿਖਰ ਸਿਆਲੇ, ਲਹੂਆਂ ਦੀ ਬਰਸਾਤੇ।
ਟੋਰ ਲਿਆ ਪੰਜਾਬ ਸੂਰਮੇ, ਇਨਕਲਾਬ ਦੀ ਰਾਹ 'ਤੇ।

‘ਜਾਗੇ ਪੁੱਤਰ ਧਰਤ ਦੇ’ ਅਤੇ ‘ਤੇ ਫਿਰ ਚੜ੍ਹੀ ਜਵਾਨੀ ਭਗਤ ਨੂੰ’ ਵਾਲੇ ਕਾਂਡ ਵੀ ਉਸ ਵੇਲੇ ਦੀ ਸਮੁੱਚੀ ਰਾਜਸੀ ਸਥਿਤੀ ਨੂੰ ਚਿੱਤਰਦੇ ਹਨ :

ਚੜ੍ਹੇ ਜਵਾਨੀ ਭਗਤ ਸਿੰਘ, ਜਿਉਂ ਜਵਾਲਾ ਦੀ ਬਾੜ੍ਹ।
ਸੂਰਜ ਝੜਦੇ ਨੂਰ ਚੋਂ, ਜਿਉਂ ਨਿਕਲੇ ਬੱਦਲ ਪਾੜ।
.....

ਜਿਉਂ ਨਿੱਸਲ ਸੁੱਤੇ ਸਾਗਰੋਂ, ਉੱਭਰੇ ਕੋਈ ਜਵਾਰ।
ਜਿਉਂ ਸਾਮਰਾਜ ਦੀ ਕੰਧ ਨੂੰ, ਕੋਈ ਤੋੜੇ ਤੋੜ ਦਰਾਰ।

ਇਸ ਤੋਂ ਅੱਗੇ ਨਾਇਕ ਦੇ ਕਿਰਦਾਰ ਤੇ ਹਿੰਦੁਸਤਾਨ ਰਿਪਬਲਿਕਨ ਸੋਸ਼ਲਿਸਟ ਆਰਮੀ ਦੇ ਲੋਕ-ਸੰਗਰਾਮ ਦੀ ਰਾਜਨੀਤੀ, ਜੁੱਧ-ਨੀਤੀ (Strategy) ਤੇ ਦਾਅਪੇਚਾਂ (tactics) ਅਤੇ ਹਿੰਦੁਸਤਾਨ ਦੇ ਸਮੁੱਚੇ ਆਜ਼ਾਦੀ-ਘੋਲ ਦੀ ਦਵੰਦਾਤਮਕਤਾ (dialectics) ਨੂੰ ਰੂਪ-ਬੱਧ ਕੀਤਾ ਗਿਆ ਹੈ। ਭਗਤ ਸਿੰਘ ਤੇ ਉਸ ਦੀ ਪਾਰਟੀ ਦਾ ਪ੍ਰੋਗਰਾਮ ਇਕ ਦੂਜੇ ਦੇ ਪ੍ਰਸੰਗ ਵਿਚ ਹੀ ਉੱਘੜਦੇ ਹਨ : ਭਗਤ ਸਿੰਘ ਪਾਰਟੀ-ਪ੍ਰੋਗਰਾਮ ਤੋਂ ਸੇਧ ਤੇ ਸ਼ਕਤੀ ਪ੍ਰਾਪਤ ਕਰਦਾ ਹੈ ਤੇ ਪਾਰਟੀ-ਪ੍ਰੋਗਰਾਮ ਭਗਤ ਸਿੰਘ ਦੇ ਰਾਜਸੀ ਅਮਲਾਂ ਰਾਹੀਂ ਹੀ ਆਪਣਾ ਸਹੀ ਰੂਪ ਪ੍ਰਾਪਤ ਕਰਦਾ ਹੈ। ਇਸ ਮਹਾਂਕਾਵਿ ਤੋਂ ਇਹ ਗੱਲ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਭਗਤ ਸਿੰਘ ਤੇ ਉਸ ਦੀ ਪਾਰਟੀ ਦੀ ਰਾਜਨੀਤੀ ਦਾ ਆਧਾਰ ਦਵੰਦਾਤਮਕ ਇਤਿਹਾਸਕ ਪਦਾਰਥਵਾਦ ਸੀ। ਇਸ ਰਚਨਾ ਦਾ ਨਾਇਕ ਇਸ ਫਿਲਾਸਫ਼ੀ ਨਾਲ ਪੂਰੀ ਤਰ੍ਹਾਂ ਇਕਸੁਰ ਹੋਣ ਦੇ ਯਤਨ ਵਿਚ ਸੀ, ਇਸ ਗੱਲ ਦਾ ਸਬੂਤ, ਉਸ ਦੇ ਬਿਆਨਾਂ ਤੇ ਲਿਖਤਾਂ ਤੋਂ ਇਲਾਵਾ, ਇਹ ਹੈ ਕਿ ਉਹ ਆਪਣੀ ਕਾਲ-ਕੋਠੜੀ ਵਿਚ ਫ਼ਾਂਸੀ ਤੋਂ ਕੁਝ ਮਿੰਟ ਪਹਿਲਾਂ ਵੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਇਸ ਪਾਰਟੀ ਦੀ ਜੁੱਧ-ਨੀਤੀ ਨੂੰ ਕਵੀ ਨੇ, ਲਿਖਤੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜਰਕਾਊਵਾਦ (Terrorism) ਤੇ ਗਾਂਧੀਵਾਦੀ ਸ਼ਾਂਤੀਵਾਦ ਦੇ ਵਿਰੋਧ ਵਿਚ ਰੱਖ ਕੇ ਇਹ ਸਿੱਧ ਕੀਤਾ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਜੁੱਧ-ਨੀਤੀ ਅਸਲ ਵਿਚ ਇਹ ਸੀ ਕਿ ਇਨਕਲਾਬੀ ਘੋਲ ਲੋਕ-ਲਹਿਰ ਦੀ ਲਾਮਬੰਦੀ ਪਾਰਟੀ ਦਾ ਸੰਗਠਨ ਤੇ ਲੋਕਾਂ ਨੂੰ ਆਪਣੇ ਰਾਜਸੀ ਹੱਕਾਂ ਤੋਂ ਚੇਤਨ ਕਰਨਾ ਜ਼ਰੂਰੀ ਹੈ। ਸਮਝੌਤਾ ਤੇ ਵਕਤੀ ਸ਼ਾਂਤੀ ਅਤੇ ਵਕਤੀ ਜਰਕਾਊਵਾਦ ਉਨ੍ਹਾਂ ਲਈ ਕੇਵਲ ਦਾਅਪੇਚਾਂ ਦੀ ਹੀ ਅਹਿਮੀਅਤ ਰੱਖਦੇ ਸਨ। ਇਸ ਲਈ ਪਾਰਟੀ ਦਾ ਪ੍ਰੋਗਰਾਮ ਨਾ ਜਰਕਾਊਵਾਦ ਸੀ ਤੇ ਨਾ ਹੀ ਗਾਂਧੀਵਾਦੀ ਅਤੇ ਇਸ ਦੀ ਨੀਤੀ ਅੰਗਰੇਜ਼ ਨੂੰ ਕੱਢ ਕੇ ਭਾਰਤੀ ਸਰਮਾਏਦਾਰੀ ਲਈ ਲੁੱਟ ਰਾਜ-ਤੰਤਰ ਕਾਇਮ ਰੱਖਣ ਲਈ ਕੇਵਲ ਰਾਜ-ਗੱਦੀ ਹਥਿਆਉਣ ਦੀ ਨਹੀਂ ਸੀ, ਸਗੋਂ ਲੁੱਟ-ਰਹਿਤ ਲੋਕ-ਰਾਜ ਉਸਾਰਨ ਦੀ ਸੀ। ਇਸ ਪ੍ਰਸੰਗ ਵਿਚ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਗਾਂਧੀਵਾਦੀ ਤਾਕਤਾਂ ਲੋਕ-ਰਾਜ ਦੇ ਨਾਅਰੇ ਨੂੰ ਕੇਵਲ ਰਾਜ-ਸੱਤਾ ਹਾਸਲ ਕਰਨ ਲਈ ਵਰਤ ਰਹੀਆਂ ਸਨ ਤੇ ਭਾਰਤ ਦੇ ਕਿਰਤੀ-ਕਿਸਾਨ ਨੂੰ ਧੋਖਾ ਦੇ ਰਹੀਆਂ ਸਨ। ਇਸ ਲਈ ਉਸ ਸਮੇਂ ਗਾਂਧੀਵਾਦੀ ਲੋਕ-ਵਿਰੋਧੀ ਰਣ-ਨੀਤੀ ਦੇ ਮੁਕਾਬਲੇ ਵਿਚ ਭਗਤ ਸਿੰਘ ਦੀ ਲੋਕ-ਪੱਖੀ ਜੁੱਧ-ਨੀਤੀ ਦਾ ਆਦਰ-ਸਤਿਕਾਰ ਵਧਦਾ ਜਾ ਰਿਹਾ ਸੀ :

ਗਾਂਧੀ ਬਾਬੇ ਚਾਰਿਆ, ਭਾਰਤ ਦਾ ਕਿਰਸਾਨ।
ਮਾਂਦੀ ਪੈ ਗਈ ਸ਼ਾਂਤਵਾਦ, ਚਮਕ ਪਿਆ ਇਨਸਾਨ।

ਸ਼ਹੀਦ ਸੁਖਦੇਵ ਦੇ ਮੂੰਹੋਂ ਵੀ ਪਾਰਟੀ ਦੀ ਜੁੱਧ-ਨੀਤੀ ਤੇ ਇਨਕਲਾਬੀ ਸਿਧਾਂਤ ਦੇ ਇਨ੍ਹਾਂ ਹੀ ਅਸੂਲਾਂ ਨੂੰ ਦਰਸਾਇਆ ਗਿਆ ਹੈ ਕਿ ਰਾਜਨੀਤਕ ਘੋਲ ਦੀ ਅਸਲ ਸ਼ਕਤੀ ਲੋਕ ਹਨ, ਅਸੰਬਲੀ ਵਿਚ ਬੰਬ ਸੁੱਟਣ ਦਾ ਮਨੋਰਥ ਲੋਕਾਂ ਨੂੰ ਜਗਾਉਣਾ ਸੀ ਤੇ ਨਾਅਰੇ ਘੋਲ ਵਿਚੋਂ ਪੈਦਾ ਹੁੰਦੇ ਹਨ, ਘਰੀਂ ਬੈਠ ਕੇ ਘੜੇ ਨਹੀਂ ਜਾਂਦੇ।

ਇਸ ਮਹਾਂ-ਕਾਵਿ ਦੇ ‘ਸਾਂਡਰਸ ਕਤਲ’ ਤੇ ‘ਬੰਬ ਕਾਂਡ’ ਨਾਲ ਸੰਬੰਧਤ ਭਾਗਾਂ ਵਿਚ ਪਾਰਟੀ ਸੰਗਠਨ ਤੇ ਇਨਕਲਾਬੀਆਂ ਦੇ ਗੁਪਤਵਾਸ ਦੀਆਂ ਔਕੜਾਂ ਉਤੇ ਵੀ ਰੌਸ਼ਨੀ ਪਾਈ ਗਈ ਹੈ।

ਸਾਫ਼ ਹੈ ਕਿ ਇਹ ਕੇਵਲ ਭਗਤ ਸਿੰਘ ਦੀ ਜੀਵਨੀ ਨਹੀਂ, ਸਗੋਂ ਇਕ ਅਜਿਹੀ ਰਚਨਾ ਹੈ ਜੋ ਸਮਾਜਵਾਦ, ਜਮਹੂਰੀਅਤ, ਆਜ਼ਾਦੀ ਤੇ ਅਮਨ ਲਈ ਲੜੇ ਜਾ ਰਹੇ ਮਾਨਵਵਾਦੀ ਸੰਗਰਾਮ ਦੇ ਇਕ ਵਿਸ਼ੇਸ਼ ਪੜਾਅ ਦੀ ਕਹਾਣੀ ਕਹਿੰਦੀ ਹੋਈ ਇਸ ਸੰਗਰਾਮ ਦੇ ਅਜੋਕੇ ਪੜਾਅ ਲਈ ਚਾਨਣ-ਮੁਨਾਰਾ ਹੈ। ਇਸ ਦਾ ਨਾਇਕ ਇਸ ਸੰਗਰਾਮ ਦੇ ਇਕ ਖ਼ਾਸ ਮਰਹਲੇ ਨੂੰ ਤਹਿ ਕਰਨ ਵਾਲਾ ਸੂਰਮਾ ਵੀ ਹੈ ਤੇ ਅੱਜ ਵੀ ਉਨ੍ਹਾਂ ਉਦੇਸ਼ਾਂ ਲਈ ਪ੍ਰੇਰਨਾ ਦਾ ਸੋਮਾ ਤੇ ਸਿੱਖਿਆ ਦਾ ਸਾਧਨ ਹੈ। ਇਹ ਰਚਨਾ ਸੰਗਰਾਮ ਲਈ ਭਾਵੁਕ ਪ੍ਰੇਰਨਾ ਵੀ ਦਿੰਦੀ ਹੈ ਤੇ ਜੂਝਣ ਦੇ ਦਾਅ ਵੀ ਸਿਖਾਉਂਦੀ ਹੈ। ਭਗਤ ਸਿੰਘ ਲੋਕਾਈ ਦੇ ਦੁੱਖਾਂ ਤੋਂ ਚੇਤਨ ਹੋ ਕੇ, ਰਾਸ਼ਟਰੀ ਆਜ਼ਾਦੀ ਲਈ ਤੜਪਿਆ, ਲੋਕ-ਰਾਜ ਲਈ ਜੂਝਿਆ ਤੇ ਸ਼ਹੀਦ ਹੋ ਗਿਆ। ਉਹ ਇਸ ਕੰਮ ਲਈ ਜੂਝੇ ਸਾਰੇ ਸ਼ਹੀਦਾਂ ਦਾ ਸਿਰਤਾਜ ਬਣਿਆ। ਰਾਸ਼ਟਰੀ ਆਜ਼ਾਦੀ ਦੀ ਇਕ ਮੰਜ਼ਿਲ ਤਹਿ ਹੋਈ, ਪਰ ਰਾਜਨੀਤਕ ਜ਼ੁਲਮ, ਕੌਮੀ ਗੁਲਾਮੀ ਤੇ ਕਿਰਤੀ-ਕਿਸਾਨ ਦੀ ਆਰਥਕ ਲੁੱਟ ਜਿੰਨਾ ਚਿਰ ਕਾਇਮ ਹਨ ਓਨਾ ਚਿਰ ਭਗਤ ਸਿੰਘ ਸਾਡੇ ਭੂਤ ਦਾ ਹੀ ਨਹੀਂ, ਸਾਡੇ ਵਰਤਮਾਨ ਦਾ ਨਾਇਕ ਵੀ ਹੈ ਤੇ ਦੀਦਾਰ ਸਿੰਘ ਦੇ ਇਸ ਮਹਾਂ-ਕਾਵਿ ਦਾ ਸਾਹਿਤਕ ਮੁੱਲ ਅੱਜ ਵੀ ਹੈ ਤੇ ਭਲਕੇ ਵੀ ਰਹੇਗਾ।

ਕੇਸਰ ਸਿੰਘ ‘ਕੇਸਰ’ (ਡਾ.)


1. ਬੰਦਨਾ

(1) ਛੂੰਹਦੇ ਆਏ ਕਵੀਸ਼ਰ ਕਿੱਸੇ ਲੈ ਲੈ ਰੱਬ ਦਾ ਨਾਂ। ਕਿਸੇ ਧਿਆਏ ਰਾਮ ਤੇ ਲਛਮਣ, ਕਿਸੇ ਨੇ ਸੀਤਾ ਮਾਵਾਂ। ਕਿਸੇ ਪਿਆਏ ਕ੍ਰਿਸ਼ਨ ਮੁਰਾਰੀ, ਕਿਸੇ ਸੇਵੀਆਂ ਗਾਵਾਂ। ਕਿਸੇ ਪਿਆਏ ਦੇਵ ਦੇਵੀਆਂ, ਕਿਸੇ ਨੇ ਪੱਕੀਆਂ ਥਾਵਾਂ। ਬਹੁਤੇ ਧਿਆ ਧਿਆ ਮੁਰਸ਼ਦ ਆਪਣੇ ਸ਼ੁਰੂ ਕਰਨ ਰਚਨਾਵਾਂ। ਜਾਂ ਫਿਰ ਧਿਆ ਕੇ ਕਵਿਤਾ ਰਾਣੀ ਰਚਦੇ ਨੇ ਕਵਿਤਾਵਾਂ। ਹੁਣ ਤਕ ਆਏ ਮਿਲਾਂਦੇ ਸ਼ਾਇਰ ਏਸੇ ਹਾਂ ਵਿਚ ਹਾਂ। ਪਰ ਮੈਂ ਕੀਕਰ ਦੱਸ ਸ਼ਹੀਦਾ! ਹਾਂ ਵਿਚ ਹਾਂ ਮਿਲਾਂ? ਤੇਰੇ ਨਾਲੋਂ ਹੋਰ ਪਵਿੱਤਰ ਦਿਸਦਾ ਨਾ ਕੋਈ ਨਾਂ। ਸਦ ਕੁਰਬਾਨੇ ਕੀ, ਮੈਂ ਤੈਥੋਂ ਲੱਖ ਕੁਰਬਾਨੇ ਜਾਂ। ਨਾ ਕੋਈ ਅੱਲਾ ਸੇਵਾਂ ਸੂਰਿਆ, ਨਾ ਕੋਈ ਰੱਬ ਧਿਆਂ। ਤੇਰੀ ਵਾਰਤਾ ਛੋਹਾਂ ਸ਼ਹੀਦਾ, ਲੈ ਲੈ ਤੇਰਾ ਹੀ ਨਾਂ। ਇਨਕਲਾਬ ਨੂੰ ਧਿਆਏ ਕੇ ਮੈਂ ਕਿੱਸਾ ਸ਼ੁਰੂ ਕਰਾਂ। ਇਨਕਲਾਬ ਹੁੰਦਾ ਰਹੇ ਮੈਂ ਚਾਹੇ ਮਰ ਜਾਂ। (2) ਕੀਤੇ ਕਈਆਂ ਕਵੀਆਂ ਕਿੱਸੇ ਦਰਦਾਂ ਪ੍ਰੀਤਾਂ ਵਾਲੇ। ਵੰਝਲੀਆਂ ਰਾਂਝੇ ਤੇ ਹੀਰਾਂ, ਰਾਮਾਂ ਸੀਤਾਂ ਵਾਲੇ। ਪੀਰਾਂ, ਭਗਤਾਂ, ਗੁਰੂਆਂ, ਵਲੀਆਂ, ਧਰਮ ਸ਼ਰੀਅਤਾਂ ਵਾਲੇ। ਇਸ਼ਕ ਹਕੀਕੀ, ਰੱਬੀ ਪ੍ਰੀਤਾਂ, ਪੁੰਨ ਪੁਨੀਤਾਂ ਵਾਲੇ। ਜਤੀਆਂ, ਸਤੀਆਂ, ਹਠੀਆਂ, ਤਪੀਆਂ ਦੀ ਪ੍ਰਤੀਤਾਂ ਵਾਲੇ। ਯੂਸਫ਼ ਅਤੇ ਜ਼ੁਲੈਖਾਂ ਵਾਲੇ, ਹਾਰਾਂ ਜੀਤਾਂ ਵਾਲੇ। ਬਾਦਸ਼ਾਹਾਂ ਦੇ ਜ਼ੁਲਮ ਲੁਕਾਂਦੇ ਸ਼ਾਹੀ ਗੀਤਾਂ ਵਾਲੇ। ਲੁੱਟਾਂ ਉੱਤੇ ਪਾਂਦੇ ਪਰਦਾ 'ਖ਼ੈਰ ਖ਼ਰੀਤਾਂ ਵਾਲੇ'। ਲੀਡਰ ਅਤੇ ਲੁਟੇਰੇ ਰਲ ਕੇ ਕਾਲੀਆਂ ਨੀਤਾਂ ਵਾਲੇ। ਭੁੱਲ-ਚੁੱਕ ਕਰਦੇ ਮਾਫ਼ ਲੁੱਟ ਦੀ ਕੌਮੀ ਪ੍ਰੀਤਾਂ ਵਾਲੇ। ਪਤਿਤ-ਉਧਾਰੂ ਬਣਦੇ ਖ਼ਚਰੇ ਰਹਿਤ ਸ਼ਰੀਤਾਂ ਵਾਲੇ। ਛੱਡ ਦਿੱਤੇ ਮੈਂ ਗੀਤ ਇਨ੍ਹਾਂ ਦੇ, ਇਹ ਬਦਨੀਤਾਂ ਵਾਲੇ। ਗੁਣ ਗਾਵਾਂਗਾ ਤੇਰੇ ਸ਼ਹੀਦਾ, ਕੌਮੀ ਪ੍ਰੀਤਾਂ ਵਾਲੇ। ਗੰਦ ਜੋ ਕਰਦੇ ਸਾਫ਼ ਲੁੱਟ ਦਾ, ਜੰਤਕ ਰੀਤਾਂ ਵਾਲੇ। (3) ਸ਼ਾਇਰ ਸ਼ੇਅਰ ਹੁਨਰ ਪਏ ਵੇਚਣ, ਲੈਂਦੇ ਗਿਣ ਗਿਣ ਦੰਮ। ਬਾਦਸ਼ਾਹਾਂ ਦੀ ਲੁੱਟ ਲਪੇਟਣ, ਮਿੱਠੇ ਮਹੁਰੇ ਸੰਮ। ਬੜੇ ਬੜੇ ਸੁੰਦਰ ਦਿਲ ਵਿਕਦੇ, ਕਰਦੇ ਜੋ ਛੰਮ-ਛੰਮ। ਏਥੇ ਕਈ ਕਵੀ ਦਿਲ ਕੁੜਕਣ, ਖਾ ਜਾਂਦੇ ਨੇ ਖੰਮ। ਤੇਰੀ ਸੁੱਚ ਸਚਿਆਈ ਬਖਸ਼ੇ, ਮੈਨੂੰ ਨਵੇਂ ਠਰੰਮ। ਗੌਂ ਗੌਂ ਤੇਰੀ ਵਾਰ ਸ਼ਹੀਦਾ ਬਣ ਜਾਂ ਤੇਰੇ ਸੰਮ। ਤੇਰੇ ਵਾਂਗਰ ਸਾਮਰਾਜ ਦਾ ਬਣ ਜਾਵਾਂ ਮੈਂ ਜੰਮ। ਤੂੰ ਹੈਂ ਮੇਰੇ ਤਨ ਦੀ ਤਾਕਤ ਦਿਲ ਮੇਰੇ ਦਾ ਥੰਮ੍ਹ। ਤੇਰੀ ਖ਼ਾਤਰ ਜਾਨ ਵੀ ਮੇਰੀ ਆ ਜੇ ਭਾਵੇਂ ਕੰਮ। ਵੀਰ, ਤੇਰੀ ਕੁਰਬਾਨੀ ਉੱਤੇ ਚੱਲੇ ਮੇਰੀ ਕਲਮ। ਸਾਮਰਾਜ ਨੂੰ ਆਖ ਸੁਣਾਉਣਾ, ਗਾਉਣਾ ਨਹੀਂ ਅਗੰਮ। ਲੁੱਟ ਅਤੇ ਕਾਨੂੰਨ ਦੀ ਕਾਣੋਂ ਕੱਢ ਦੇਣੀ ਇਕ ਦੰਮ। ਕਵੀਆਂ ਉਹਨਾਂ ਸ਼ੇਅਰ ਕੀ ਕਹਿਣੇ ਜੋ ਸੁੱਖ ਰਹਿਣੇ ਚੰਮ। ਸਾਹਿਤ-ਰਚਨਾ ਸੂਰਮਤਾਈ, ਸੂਰਮਿਆਂ ਦਾ ਕੰਮ। (4) ਮਾਰਗ ਬੰਦ-ਖਲਾਸੀ ਵਾਲਾ, ਸੁਹਣੀ ਰੀਤ ਪੁਰਾਣੀ। ਦੇਂਦੀ ਆਈ ਚਾਨਣ ਜਿਹਨੂੰ ਅਕਲੋਂ ਵੱਧ ਕੁਰਬਾਨੀ। ਗੁਰਬਤ, ਭੁੱਖ, ਗ਼ੁਲਾਮੀ ਨੱਪੇ ਸੱਭੇ ਹਿੰਦੁਸਤਾਨੀ। ਉੱਭਰੀ ਪਰ ਪਾਤਾਲਾਂ ਹੇਠੋਂ ਜੰਤਾ ਦੀ ਸੁਲਤਾਨੀ। ਮੌਤਾਂ ਦੇ ਸਾਏ 'ਚੋਂ ਲਿਸ਼ਕੇ ਕੌਮਾਂ ਦੀ ਜ਼ਿੰਦਗਾਨੀ। ਸੁਰਗਾਂ ਵਾਂਗ ਸੁਹਿਰਦ ਸੁਤੰਤਰ ਭਾਰਤ-ਮਾਂ ਦੀ ਜਵਾਨੀ। ਓਸ ਜਵਾਨੀ ਵਾਲੀ ਸਾਰੀ ਕਰਨੀ ਕਥ ਸੁਨਾਣੀ। ਜਿਹਦੇ 'ਚੋਂ ਜੋ ਜੰਮੇ, ਜੰਮੇ ਭਗਤ ਸਿੰਘ ਦਾ ਸਾਨੀ। ਦੁਰਲੱਭ ਏਕਾ, ਸ਼ਹਿਦ ਆਜ਼ਾਦੀ ਸੁਹਣੀ ਸ਼ਾਨ ਸੁਹਾਣੀ। ਜਿਸ ਦੀ ਖ਼ਾਤਰ ਹਉਮੈ ਤਜਦਾ ਮਾਨਵ ਅਣਖ-ਧਿਆਨੀ। ਜਿਸ ਦੇ ਪਾਰੋਂ ਰੀਤ ਆਜ਼ਾਦੀ ਵਾਲੀ ਗਈ ਪਛਾਣੀ। ਤਲੀ 'ਤੇ ਧਰ ਕੇ ਜਾਨਾਂ ਤੁਰ ਪਏ ਭਗਤ ਸਿੰਘ ਦੇ ਹਾਣੀ। ਕੁਰਬਾਨੀ ਦੀ ਰੀਤ ਪੁਰਾਣੀ ਮੁੜ ਮੁੜ ਅਸਾਂ ਸਲਾਹੁਣੀ। ਕੁਰਬਾਨੀ ਦੇ ਨਸ਼ਿਆਂ ਦੇ ਵਿਚ ਨੱਚੇ ਮੇਰੀ ਕਾਨੀ। (5) ਮੇਰੀ ਕਾਨੀ ਸਾਫ਼-ਬਿਆਨੀ, ਖੌਲ੍ਹੇ ਲਹੂ ਇਨਸਾਨੀ। ਕਾਨੀ ਕਿ ਪੰਜ-ਫੂਲਾਂ ਰਾਣੀ, ਗਾਵੇ ਆਸ਼ਕ ਬਾਣੀ। ਮਿੱਟੀ ਦੇ ਵਿਚ ਮਿੱਟੀ ਹੋਈ ਜੀਵਨ ਸੈ ਲਾਸਾਨੀ। ਕੱਢ ਪਾਤਾਲੋਂ ਧਰਮੀ ਜਾਲੋਂ ਚਾੜ੍ਹਾਂ ਮੈਂ ਅਸਮਾਨੀ। ਤੜਫੇ ਭੁੱਖਣ ਭਾਣਾ ਕੋਈ ਝੂਰੇ ਜੇ ਕੋਈ ਜਵਾਨੀ। ਵਿਚ ਬਹਾਰਾਂ ਪਲਟਣ ਲੋਚਾਂ ਸਦੀਆਂ ਦੀ ਵੀਰਾਨੀ। ਆਪਣੀ ਕਾਨੀ ਆਪਾਂ ਯਾਰੋ, ਲੋਕ-ਅਮਾਨਤ ਜਾਣੀ। ਲੋਕਾਂ ਦੀ ਇਹ ਨੌਕਰਿਆਣੀ, ਮੇਰੇ ਦਿਲ ਦੀ ਰਾਣੀ। ਹਾਕਮ ਇਹਦੀ ਜੀਭ ਕਟਾਂਦੇ, ਕਹਿੰਦੇ : ਚੁੱਪ ਕਰਾਣੀ। ਅਸਾਂ ਨਾ ਮਿਥਣੇ ਹਾਕਮ ਸ਼ਾਕਮ, ਦੇ ਦੇਣੀ ਕੁਰਬਾਨੀ। ਮੇਰੀ ਕਾਨੀ ਨਿੱਘ ਆਸਾਂ ਦਾ ਤੇ ਰੂਹਾਂ ਦੀ ਜਵਾਨੀ। ਜ਼ਬਰਾਂ ਨੂੰ ਤਲਵਾਰ ਵਾਂਗਰਾਂ ਕੱਟੇ ਮੇਰੀ ਕਾਨੀ। ਮੈਂ ਭਾਵੇਂ ਦੁਨੀਆਂ ਦਾ ਬੰਦਾ ਹੁਨਰ ਮੇਰਾ ਲਾਫ਼ਾਨੀ। ਮੇਰੀ ਕਾਨੀ ਵਿਚ ਰਵਾਨੀ ਜਿਉਂ ਨਦੀਆਂ ਦਾ ਪਾਣੀ।

2. ਜਨਮ

ਤੇਰਾਂ ਅੱਸੂੰ, ਅਠਾਈ ਸਤੰਬਰੋਂ ਸੀ ਵਾਰ ਸ਼ਨੀ ਤੇ ਵਕਤ ਸਵੇਰ ਦਾ ਸੀ। ਸੰਨ ਉੱਨੀ ਸੌ ਸੱਤ ਸੀ ਈਸਵੀ ਦਾ ਪਹਿਰਾ ਜ਼ੁਲਮ ਦਾ ਰਾਜ ਹਨੇਰ ਦਾ ਸੀ। ਕਿਸ਼ਨ ਸਿੰਘ ਘਰ ਜੰਮਿਆ 'ਭਗਤ' ਪੁੱਤਰ ਪੈਰਾਂ ਵਿਚ ਸੂਰਜ ਕਿਰਨਾਂ ਕੇਰਦਾ ਸੀ। ਆਕੀ ਰਚ ਲਿਆ ਦੇਸ਼ ਪੰਜਾਬ ਨੇ ਹੀ, ਉਹਨੂੰ ਜ੍ਹਿਦਾ ਉਲਾਂਭੜਾ ਦੇਰ ਦਾ ਸੀ। ਬਾਬੇ, ਆਖਦੇ, ਸੱਦਿਆ ਜੋਤਸ਼ੀ ਨੂੰ ਪੰਡਤ ਪੱਤਰੀ ਫ਼ੋਲ ਕੇ ਚੁੱਪ ਹੋਇਆ। ਸੂਰਜ ਲੱਗਿਆ ਹੈ ਮੱਥੇ ਬਾਲ ਦੇ ਜੀ, ਇਹਦੇ ਜਨਮ ਤੇ ਜ਼ੁਲਮ ਹੈ ਲੁੱਪ ਹੋਇਆ। ਗੁੱਝਾ ਰਹਿਣਾ ਨਾ ਏਸ ਜ਼ਮਾਨਿਆਂ ਤੋਂ ਕਦੀ ਚਾਨਣਾਂ ਕੋਲੋਂ ਵੀ ਛੁੱਪ ਹੋਇਆ! ਤਖ਼ਤਾ ਮਿਲੇਗਾ ਜਾਂ ਤਖ਼ਤ ਏਸ ਨੂੰ ਜੀ : ਪੰਡਤ ਗੱਲ ਕਰਦਾ ਫੇਰ ਚੁੱਪ ਹੋਇਆ। ਬਾਪ ਬੈਂਤ ਅੰਗਰੇਜ਼ ਦੇ ਝੱਲ ਕੇ ਤੇ ਰੋਗ ਲਾ ਲਿਆ ਜਦੋਂ ਅਧਰੰਗ ਵਾਲਾ। ਤੇਈ ਸਾਲ ਦੇ ਚਾਚੇ ਅਜੀਤ ਸਿੰਹ ਨੇ ਜੀਵਨ ਧਾਰਿਆ ਜਦੋਂ ਮਲੰਗ ਵਾਲਾ। ਚੌਥੇ ਸਾਲ ਤੱਕ ਖੇਡਿਆ ਨਾਨਕੇ ਹੀ ਬਾਲ ਨਿਕਲਿਆ ਲਾਡਲਾ ਹੰਗ ਵਾਲਾ। ਛਾਤੀ ਵਿਚ ਸੀ ਡੂੰਘ ਤੇ ਡਿੰਗ ਉਹਨੂੰ ਕੁਦਰਤ ਸਾਜਿਆ ਸੀ ਬੰਦਾ ਸੰਗ ਵਾਲਾ। ਸੰਗ ਵਿਚ ਬਹਾਦਰੀ ਵੱਟਦੀ ਏ, ਜਦੋਂ ਮਿਲੇ ਮੌਕਾ ਇਹਨੂੰ ਖਿੜਨ ਦਾ ਵੀ। ਚੇੜ੍ਹ ਚੜ੍ਹੇ ਜਦ ਕਿਸੇ ਸੰਗਾਊ ਦਿਲ ਨੂੰ ਮੌਕਾ ਜਾਏ ਮਿਲ ਏਸ ਨੂੰ ਤਿੜਨ ਦਾ ਵੀ। ਬਾਜ਼ੀ ਜਾਨ ਦੀ ਲਾਣ ਤੋਂ ਸੰਗਦਾ ਨਾ, ਹੀਆ ਕਰੇ ਪਹਾੜ ਸੰਗ ਭਿੜਨ ਦਾ ਵੀ। 'ਭਗਤ' ਨਾਮ ਬਣਿਆਂ ਅਣਖ ਕੌਮ ਦੀ ਦਾ, ਕੌਮੀ 'ਲਾਜ' ਤੋਂ ਜ਼ੁਲਮ ਸੰਗ ਕਿੜਨ ਦਾ ਵੀ। ਕੋਈ ਸ਼੍ਰੀ ਦਸਮੇਸ਼ ਦਾ ਸਿੰਘ ਸੂਰਾ ਬੰਦੀ ਖ਼ਾਨਿਓਂ ਜਾਪਦਾ ਛੁੱਟਣਾ ਸੀ। ਕੌਮੀ ਅਣਖ ਜੋ ਗੋਰਿਆਂ ਲੁੱਟ ਖਾਧੀ ਉਹਦਾ ਸੁੱਕਿਆ ਬੂਟੜਾ ਫੁੱਟਣਾ ਸੀ। ਸੰਧੂ ਜੱਟਾਂ ਦੀ ਜੱਦ ਨੂੰ ਭਾਗ ਲੱਗੇ ਦਾਣਾ-ਪਾਣੀ ਅੰਗਰੇਜ਼ ਦਾ ਖੁੱਟਣਾ ਸੀ। ਬਾਲ ਨਾਲ ਬੰਦੂਕ ਦੇ ਖੇਡਦਾ ਸੀ ਜਿਨ੍ਹੇ ਜ਼ੁਲਮ ਦਾ ਬੂਟੜਾ ਪੁੱਟਣਾ ਸੀ।

3. ਕੁਕਨੂਸ

ਨੌਂ ਸਾਲਾਂ ਦੇ ਪੋਤੇ ਨੂੰ ਲੈ 'ਬਾਬਾ' ਖਟਗੜ੍ਹ ਆਇਆ। ਆਪਣਾ ਪਿੱਛਾ, ਸੀਰ ਸ਼ਰੀਕਾ 'ਭਗਤ' ਨੂੰ ਆਣ ਵਿਖਾਇਆ। ਰੋਜ਼ ਰਾਤ ਨੂੰ ਪੋਤਾ ਪੁੱਛੇ: ਕੌਣ ਸੀ ਚਰਮਿਕ ਰਾਇਆ? ਇਕ ਦਿਨ ਬਾਬੇ ਅਰਜਨ ਸਿੰਘ ਨੇ ਸਾਰਾ ਹਾਲ ਸੁਣਾਇਆ। ਆਖਣ ਲੱਗੇ: ਲੈ ਸੁਣ ਬੱਚੂ, ਵਿਥਿਆ ਚਰਮਿਕ ਰਾੱ ਦੀ। ਜਿਸ ਨੇ ਅਸਕੰਦਰ ਜੇਤੂ ਦੀ ਗੁੱਡੀ ਕਹਿਣ ਘੁਮਾ 'ਤੀ। ਮਾਰ ਮਾਰ ਕੇ ਤੇਗਾਂ ਰੱਖੀ ਧਰਤੀ ਪੰਜ-ਦਰਿਆ ਦੀ। ਅੱਜ ਤੱਕ ਉਹਨੂੰ ਯਾਦ ਕਰੇਂਦੇ ਸੂਰ ਵੀਰ ਨੇ ਆਦੀ। ਆਪਾਂ ਸ਼ੇਰਾਂ ਦੇ ਬੱਚੇ ਹਾਂ, ਵੀਰਾਂ ਦੇ ਗੁਰ-ਭਾਈ। ਰਹਿਣ ਨਾ ਦੇਣੀ ਅੰਗਰੇਜ਼ਾਂ ਦੀ ਦਾਸੀ ਭਾਰਤ ਮਾਈ। ਆਜ਼ਾਦੀ ਦੀ ਖ਼ਾਤਰ ਸਾਡੇ ਚਰਮਿਕ ਉਮਰ ਲਗਾਈ। ਕਾਇਮ ਰੱਖਣੀ ਜਿਹੜੀ ਸਾਡੇ ਵੱਡਿਆਂ ਰੀਤ ਚਲਾਈ। ਪੋਤਾ ਆਖੇ: 'ਬਾਬਾ ਜੀ, ਅੱਜ ਦੱਸੋ ਖੋਲ੍ਹ ਕਹਾਣੀ। ਸਾਡੇ ਪੁਰਖੇ ਚਰਮਿਕ ਬਾਬੇ ਵਾਰੀ ਜਦੋਂ ਜਵਾਨੀ। ਜਦੋਂ ਓਸ ਨੇ ਕੱਢ ਵਿਖਾਈ ਦੇਸੋਂ ਲੋਟੂ ਢਾਣੀ। ਜਿਸ ਤੋਂ ਮਗਰੋਂ ਕਦੇ ਨਾ ਆਏ ਚੜ੍ਹ ਕੇ ਫੇਰ ਯੂਨਾਨੀ। ਬਾਬਾ ਆਖੇ: ਸੁਣ ਲੈ ਪੋਤੇ! ਸੁਣ ਲੈ ਫਿਰ ਮਨ ਲਾ ਕੇ। ਕਿੱਦਾਂ ਸਾਡੇ ਪੁਰਖੇ ਪੁੱਗੇ ਅਗਨੀ ਦੇ ਵਿਚ ਨ੍ਹਾ ਕੇ। ਆਪਣੀ ਕੁਲ ਨੂੰ ਲਾਜ ਨਾ ਲਾਈ ਮਰ ਗਏ ਗੁੱਸਾ ਖਾ ਕੇ। ਕਿੱਦਾਂ ਉਹਨਾਂ ਕੱਢੀ ਗੁਲਾਮੀ ਅਪਣਾ ਕਣ ਕਣ ਲਾ ਕੇ। ਛੇੜ ਵਾਰਤਾ ਬਾਬਾ ਜੀ ਨੇ ਮੁੱਢੋਂ ਸੁੱਢੋਂ ਕੁਲ ਦੀ। ਦੱਸਿਆ ਕਿਵੇਂ ਸੰਭਾਲੀ ਚਰਮਿਕ ਪੱਗ ਪੰਜਾਬੀ ਰੁਲਦੀ। ਕੋਲ ਬਹਾ ਕੇ 'ਭਗਤ' ਪੋਤਰਾ ਜਾਚੀ ਛਾਤੀ ਫੁੱਲਦੀ। ਗੱਲ ਗੱਲ ਬਾਬਾ ਜੀ ਦੀ ਜਾਵੇ ਪੋਤੇ-ਮਨ ਵਿਚ ਘੁਲਦੀ। (ਬਾਬਾ ਕਹਾਣੀ ਕਰਦਾ ਹੈ) ਰਾਵੀ ਨੇੜੇ ਨਗਰ ਨਾਰਲੀ ਸੰਧੂ ਜੱਟਾਂ ਦਾ। ਜਿਥੇ ਘੁੱਗ ਵਸਦੇ ਸਨ ਲੋਕੀ, ਝੁਰਮਟ ਹੱਟਾਂ ਦਾ। ਪਿੰਡ ਵਿਚ ਝਗੜਾ ਮੂਲ ਨਾ ਕੋਈ ਬੰਨ੍ਹਿਆਂ ਵੱਟਾਂ ਦਾ। ਚਰਮਿਕ ਸੰਧੂ ਕੁਲ ਦਾ ਰਾਜਾ ਰਸੀਆ ਭੱਟਾਂ ਦਾ। ਗਾਉਂਦੇ ਜਾਪਣ ਨਦੀਆਂ, ਨਾਲੇ, ਕੰਵਲਾਂ ਵਾਲੀ ਢਾਬ। ਚੰਬੇ ਵਾਂਗੂ ਖਿੜੇ ਸਭਿਅਤਾ ਹੱਸੇ ਮੁਲਖ ਪੰਜਾਬ। ਪੋਰਸ ਜਿਹਾ ਦਿਲਾਵਰ ਮੱਲੇ ਜੇਹਲਮ ਅਤੇ ਚਨਾਬ। ਜੱਗ ਜਾਣੇ, ਇਨ੍ਹਾਂ ਜੋ ਕੀਤੀ ਅਸਕੰਦਰ ਦੇ ਬਾਬ। ਚਰਮਿਕ ਦੇ ਸੂਰੇ ਸੈਨਾਨੀ : ਕੌਣ ਲਿਆਵੇ ਤਾਬ। ਸੜੇ ਪੰਜਾਬੀ ਕੁਕਨੂਸਾਂ ਸਮ ਯਵਨੀ ਬਣੇ ਉਕਾਬ! ਮਰ ਮਰ ਕੇ ਵਿੰਹਦੇ ਰਹੇ ਸੂਰੇ ਆਜ਼ਾਦੀ ਦੇ ਖ਼ਾਬ! ਚਰਮਿਕ ਰਾਜਾ ਲਲ੍ਹਕਰ ਮਾਰੇ : ਜੀਵੇਗਾ ਪੰਜਾਬ! ਰਹੇ ਸਿਰਲੱਥ ਸੂਰੇ ਜੂਝਦੇ ਧੰਨ ਧੰਨ ਕਹੇ ਜਹਾਨ। ਛੱਡ ਨਾਰਲੀ ਚਰਮਿਕ ਨੀਂਗਰ ਪੁੱਜਾ ਖਟਗੜ੍ਹ ਆਣ। ਗੜ੍ਹੀ ਦੇ ਰਾਜੇ ਆਪਣੀ ਬੇਟੀ ਸੁੰਦਰ ਚਤੁਰ ਸੁਜਾਨ। ਗੜ੍ਹੀ ਤੇ ਸਾਰਾ ਰਾਜ-ਭਾਗ ਵੀ, ਖੱਟ ਵਿਚ ਕੀਤਾ ਦਾਨ। ਉਸ ਦਿਨ ਤੋਂ ਇਹ ਥਾਂ ਅਖਵਾਈ 'ਖਟਗੜ੍ਹ' ਬੰਗੇ ਕੋਲ। ਚਰਮਿਕ ਸੰਧੂ ਰਾਖਾ ਇਹਦਾ, ਜਿਗਰੇ ਵਾਨ ਅਡੋਲ। ਏਸ ਉਦਾਸੀ ਦੇ ਕਾਰਨ ਤੋਂ ਰਾਣੀ ਸੀ ਅਨਭੋਲ। ਭਾਵੇਂ ਸਹਿਮੇ ਸਹਿਮੇ ਰਹਿੰਦੇ ਉਹਦੇ ਕੁੱਲ ਕਲੋਲ। ਸੰਧੂ ਸੁਪਨੇਹਾਰਾ ਜੀਅ ਸੀ ਐਸ਼ਾਂ ਤੋਂ ਉਪਰਾਮ। ਵੱਸ ਵਿਚ ਉਹਦੇ ਕਾਮਦੇਵ ਸੀ, ਮਾਰਗ ਨਹੀਂ ਸੀ ਵਾਮ। ਕਦੀ ਕਦੀ ਭਾਵੇਂ ਲੈ ਲੈਂਦਾ ਉਹ ਰਾਣੀ ਦਾ ਨਾਮ। ਚਿੱਤ ਵਿਚ ਪਰ ਰਹਿੰਦਾ ਸੀ ਹਰਦਮ ਡਾਢਾ ਬੇ-ਆਰਾਮ। ਇਕ ਦਿਨ ਰਾਣੀ ਪੁੱਛਣ ਲੱਗੀ : ਹੇ ਮੇਰੇ ਸਿਰਤਾਜ। ਰਾਜ-ਸਿੰਘਾਸਨ, ਸੁਹਣੇ ਆਸਨ, ਸਿਰ 'ਤੇ ਸੋਹੇ ਤਾਜ। ਫਿਰ ਵੀ ਕਿਉਂ ਉਪਰਾਮ ਨੇ ਮੇਰੇ ਸੰਧੂ ਜੀ ਮਹਾਰਾਜ? ਇਹ ਭੋਲੀ ਗੱਲ ਸੁਣ ਕੇ ਹੱਸਿਆ ਪੰਜ-ਦਰਿਆ ਦਾ ਬਾਜ਼। ਇਕਦਮ ਉਹਦੇ ਡੌਲੇ ਫ਼ਰਕੇ, ਉੱਚੀ ਹੋ ਗਈ 'ਵਾਜ਼। ਆਖਣ ਲੱਗਾ : ਦੇਸ਼ ਦੇ ਉੱਤੇ ਨਹੀਂ ਹੈ ਆਪਣਾ ਰਾਜ। ਯੂਨਾਨੀ ਦਾ ਰਾਜ ਹੈ, ਰਾਣੀ, ਯੂਨਾਨੀ ਦਾ ਤਾਜ। ਰਾਜਨ ਅਖਵਾ ਕੇ ਲੋਕਾਂ ਤੋਂ ਮੈਨੂੰ ਆਵੇ ਲਾਜ। ਕਦਮ ਕਦਮ 'ਤੇ ਸਾਥੀ ਵਿਛੇ ਗੌਂਦੇ ਮਾਰੂ ਰਾਗ। ਆਪਣੇ ਰਾਗ ਦੀ ਅਗਨੀ ਦੇ ਸੰਗ ਲਾ ਗਏ ਸਾਨੂੰ ਜਾਗ। ਕੁਕਨੂਸਾਂ ਦੇ ਵਾਂਗਰ ਸੜ ਗਏ ਪੰਜ-ਦਰਿਆ ਦੇ ਨਾਗ। ਕਿਚਰ ਕੁ ਤੀਕ ਗੁਲਾਮਾਂ ਵਾਲੀ ਐਸ਼ ਨੂੰ ਸਮਝਾਂ ਭਾਗ? ਇਹ ਗੱਲ ਸੁਣ ਕੇ ਸੁਘੜ ਸਿਆਣੀ ਦੁਰਗਾ ਵਰਗੀ ਰਾਣੀ। ਤਜ ਕੇ ਭੋਲਾਪਣ ਪੰਜਾਬਣ ਆਪਣਾ ਫ਼ਰਜ਼ ਪਛਾਣੀ। ਚਰਮਿਕ ਰਾੱ ਨੂੰ ਕਹਿੰਦੀ : "ਸੰਧੂ, ਉਲਝੀ ਨਾ ਰਹਿ ਤਾਣੀ। ਕੱਢ ਬਦੇਸ਼ੀ ਬਾਹਰ ਪੰਜਾਬੋਂ, ਤਾਂ ਪੀਵੀਂ ਤੂੰ ਪਾਣੀ।" "ਤਦ ਤੱਕ ਹਾਣੀ, ਸੇਜ ਮੇਰੀ ਨੂੰ ਮੂਲ ਨਾ ਵੇ ਤੂੰ ਮਾਣੀ, ਜਦ ਤੱਕ ਦੇਸ਼ ਆਜ਼ਾਦ ਨਾ ਹੋਵੇ ਮੁਕੇ ਨਾ ਲੁੱਟੂ ਢਾਣੀ। ਆਪਾਂ ਤਾਂ ਹੁਣ ਜਾਨ ਤੇਰੀ ਵੀ ਲੋਕ-ਅਮਾਨਤ ਜਾਣੀ।" ਸੰਘਰਸ਼ਾਂ ਦੇ ਸੂਰ ਵੀਰ ਨੂੰ, ਪੱਕਿਆਂ ਕਰਦੀ ਰਾਣੀ। ਦੇਸ਼ ਦੀ ਭਗਤੀ ਜਾਗੀ, ਪੋਤੇ! ਮਾਰੂ ਰਾਗ ਛਿੜੇ। ਆਜ਼ਾਦੀ ਦੇ ਪਰਵਾਨੇ ਤੇ ਜ਼ਾਲਮ ਰਾਜ ਭਿੜੇ। ਯੂਨਾਨੀ ਦੇ ਭਾਲੇ ਅੱਗੇ ਦੇਸੀ ਖੂੰਡ ਤਿੜੇ। ਨਵੀਂ ਬਹਾਰ ਆਜ਼ਾਦੀ ਦੀ ਵਿਚ ਲੱਖਾਂ ਫੁੱਲ ਖਿੜੇ। ਕੁਰਬਾਨੀ ਦਾ ਕੁੰਭ ਨਹਾਤੇ ਸਾਡੇ ਵੱਡ ਵਡੇਰੇ। ਤਾਂ ਜਾ ਕੇ ਪਰਦੇਸੀ ਹਾਕਮ ਚੁੱਕੇ ਲੋਟੂ ਡੇਰੇ। ਬਾਹੂ-ਬਲੀ ਸਲਿਊਕਸ ਵਰਗੇ ਰਾਜੇ ਕੀਤੇ ਚੇਰੇ। ਕਰ ਆਜ਼ਾਦ ਪੰਜਾਬੀ ਧਰਤੀ, ਪੁਰਖੇ ਪੁੱਗੇ ਤੇਰੇ। ਚਰਮਿਕ ਸਾਡੇ ਸੰਧੂ ਬਾਬੇ ਖਟਗੜ੍ਹ ਡੇਰੇ ਲਾਏ। ਮੌਰੀਆਂ, ਕੁਸ਼ਾਨਾਂ ਤੇ ਗੁਪਤਿਆਂ ਆਪਣੇ ਰੰਗ ਵਿਖਾਏ। ਦਿੱਲੀ ਨੇ ਸੁਲਤਾਨ ਹੰਢਾਏ, ਬਘਿਆੜਾਂ ਦੇ ਜਾਏ। ਪਾਪ ਦੇ ਜਾਂਞੀ ਜਮ ਬਣ ਬਣ ਕੇ ਧੁਰ ਕਾਬਲ ਤੋਂ ਧਾਏ। ਅਰਜਨ ਵਰਗੇ ਇਨ੍ਹਾਂ ਭੁੰਨੇ, ਸਰਮਦ ਵਰਗੇ ਮਾਰੇ। ਤੇਗ਼ ਬਹਾਦਰ ਜੇਡ ਸ਼ਹੀਦਾਂ ਕੀਤੇ ਸਾਕੇ ਭਾਰੇ। ਤੋਪ, ਤਿਫੰਗਾਂ, ਸੂਲੀ, ਫ਼ਾਂਸੀ ਤਲਵਾਰਾਂ ਤੇ ਆਰੇ। ਛੋਟੇ ਛੋਟੇ ਬੱਚੇ ਕੋਹੇ ਫਿਰ ਵੀ ਜ਼ਾਲਮ ਹਾਰੇ। ਫਿਰ ਆਏ ਗੋਰੇ ਇੰਗਲੈਂਡੋਂ ਬਣ ਭੋਲੇ ਵਣਜਾਰੇ। ਬੜੇ ਬੜੇ ਰਾਜੇ ਰਜਵਾੜੇ ਇਕੋ ਸਾਹ ਡਕਾਰੇ। ਕਿਤੇ ਨਾ ਵੇਖੇ ਏਨੇ ਖ਼ਚਰੇ ਕਾਨੂੰਨੀ ਹਤਿਆਰੇ। ਜ਼ਾਲਮ ਜ਼ਰ ਦੀ ਤਾਕਤ ਅੱਗੇ ਬਾਹੂ-ਬਲ ਵੀ ਹਾਰੇ। (ਭਗਤ ਸਿੰਘ) ਕੋਈ ਨਾ ਹੋਇਆ ਆਕੀ 'ਬਾ ਜੀ? ਕਿਸੇ ਨਾ ਜ਼ਾਲਮ ਠੱਲ੍ਹੇ?! ਕੀ ਕਰਦੇ ਸਨ ਰਾਜੇ, ਰਾਣੇ, ਸੋਢੀ, ਬੇਦੀ, ਭੱਲੇ!? ਕਿੱਥੇ ਸਨ ਜੋਗੀ, ਸੰਨਿਆਸੀ, ਬਿਧੀ ਚੰਦ ਤੇ ਡੱਲੇ? ਕਿਤੇ ਨਾ ਚੁੱਕਿਆ ਸਿਰ ਲੋਕਾਂ ਨੇ? ਹਰ ਥਾਂ ਗੋਰੇ ਮੱਲੇ?! (ਬਾਬਾ ਅਰਜਨ ਸਿੰਘ) 'ਮੇਰਠ ਆਕੀ, ਝਾਂਸੀ ਗਰਜੀ, ਕੂਕੇ ਕੂਕ ਪਏ। ਜੱਟਾਂ ਨੇ ਪਗੜੀ ਸੰਭਾਲੀ, ਗ਼ਦਰੀ ਸ਼ੂਕ ਪਏ। ਪਰ ਲੋਕੀ ਸਨ ਗਿਆਨ-ਵਿਹੂਣੇ, ਸੁੱਤੇ ਘੂਕ ਪਏ। ਨੌਕਰ ਡਰੂ, ਡਰਾਕਲ ਟੋਡੀ ਪੀਲੇ ਭੂਕ ਪਏ।" "ਪਰ ਕਿੰਨਾ ਚਿਰ ਮੰਨਦੇ ਰਹਿਣਾ ਮਿੱਠੇ ਕਰਕੇ ਭਾਣੇ! ਆਖਰ ਤਾਂ ਇਕ ਦਿਨ ਉੱਠਣਗੇ ਧਰਮੀ ਦਾਸ ਨਿਤਾਣੇ। ਕਿਰਤੀ ਬਾਝੋਂ ਕਿਸੇ ਨਾ ਪਾਣੇ ਖ਼ਾਲੀ ਕੋਠੀ ਦਾਣੇ। ਲੋਕਾਂ ਬਾਝੋਂ ਕਿਹੜਾ ਕੱਢੇ ਦੇਸ਼ੋਂ ਲੱਟੂ ਢਾਣੇ!?" ਪੈਰੀਂ ਟੋਰ ਵਿਖਾਇਆ ਬਾਬੇ 'ਭਗਤ' ਨੂੰ ਪਿੰਡ ਪੁਰਾਣਾ। ਚਾਰੇ ਪਾਸੇ ਢਾਬਾਂ ਹੋਇਆ ਖਟਗੜ੍ਹ ਦਾ ਵੀਰਾਨਾ। ਫੇਰ ਵੀ ਜੀਂਦਾ ਨਾ ਚਰਮਿਕ ਦਾ, ਸੰਧੂ ਵੀਰ ਘਰਾਣਾ। ਭਗਤ ਸਿੰਘ ਦੇ ਬਾਲ ਰਿਦੇ ਨਾ ਮੰਨਿਆ ਰੱਬੀ ਭਾਣਾ। ਰਾਤੀਂ, ਚੰਗੀ ਰਾਤ ਗਈ ਤਕ ਸੁਣਦਾ ਰਿਹਾ ਕਹਾਣੀ। ਰਾਜ ਬਦੇਸ਼ੀ ਅੰਗਰੇਜ਼ਾਂ ਦਾ ਤੇ ਦੇਸੀ ਵੰਡ ਕਾਣੀ। ਚਾਚੇ ਦੀ ਗੱਲ ਸੁਣ ਦਾਦੇ ਤੋਂ ਮੁਕਦੀ ਗੱਲ ਪਛਾਣੀ। 'ਕੁਰਬਾਨੀ ਦੇ ਬਾਝੋਂ ਹਰ ਇਕ ਨੀਤੀ ਰਹੇ ਨਿਤਾਣੀ।' ਬਾਬਾ ਆਖੇ : ਚਰਮਿਕ ਰਾੱ ਸਨ ਕੁਕਨੂਸ ਪੰਛੀ ਪਾਲੇ। ਲੋਕਾਂ ਦੀ ਆਜ਼ਾਦੀ ਖ਼ਾਤਰ ਪੀ ਗਏ ਜ਼ਹਿਰ ਪਿਆਲੇ। ਉਨ੍ਹਾ ਸਿਰ ਦੇ ਦੇ ਕੇ ਆਪਣੇ, ਰੋਕ ਯੂਨਾਨੀ ਭਾਲੇ। ਕੱਢ ਬਦੇਸ਼ੀ ਬਾਹਰ ਪੰਜਾਬੋਂ, ਕੀਤੇ ਵਾਅਦੇ ਪਾਲੇ ! ਭਗਤ ਸਿੰਘ ਨੇ ਇਕਦਮ ਪੁੱਛੀ ਕੁਕਨੂਸ ਦੀ ਪਰਿਭਾਸ਼ਾ। ਬਾਬਾ ਜੀ ਸਮਝਾਇਆ ਉਹਨੂੰ : ਇਹ ਹੈ ਮਾਨਵ ਆਸ਼ਾ। ਮੌਤ ਨਾ ਹੁੰਦੀ ਕੁਕਨੂਸ ਕੁਲ ਦੀ, ਜੀਵਨ ਖੇਡ ਤਮਾਸ਼ਾ। 'ਪਿਆਰ-ਬੁਲਾਵਾ ਮੌਤ ਦਾ : ਕਾਲ ਨ ਕੁਕਨੂਸ ਨਾਸ਼ਾ।' ਭਗਤ ਸਿੰਘ ਰੱਟਾ ਪਾ ਬੈਠਾ : ਟੁੱਟਾ ਕੁੱਜਾ ਭਰਨਾ। ਮੈਂ ਵੀ ਨਹੀਂ ਜੇ ਚਰਮਿਕ ਵਾਂਗੂੰ ਰਾਜ ਬਦੇਸ਼ੀ ਜਰਨਾ। ਮੈਂ ਵੀ ਕੁਕਨੂਸ ਬਣਨਾ ਬਾਪੂ, ਮੈਂ ਵੀ ਕਦੇ ਨਾ ਮਰਨਾ। ਬਾਬਾ ਜੀ, ਦੱਸ ਦੇਵੋ ਖਾਂ ਜੀ, ਇਹਦੇ ਲਈ ਕੀ ਕਰਨਾ? ਕੁਕਨੂਸ ਬਣਨਾ ਕਠਿਨ ਹੈ ਪੋਤੇ ਇਹ ਹੈ ਇਸ਼ਕ ਅਵੱਲਾ। ਅਪਣਾ ਆਪਾ ਇਸ਼ਕ-ਗੀਤ ਵਿਚ ਸਾੜੇ ਕੁਕਨੂਸ, ਮੱਲਾ ! ਅੱਗ ਲੱਗ ਜਾਵੇ ਜਿਸ ਦਮ ਤਨ ਨੂੰ ਉਦੋਂ ਤਾਂ ਹੁੰਦਾ ਕੱਲ੍ਹਾ। ਸੜ ਕੇ ਭਾਵੇਂ ਹਰ ਕਿਣਕਾ ਹੀ ਬਣ ਬਹਿ ਅੱਲਾ, ਅੱਲਾ ! ਮੈਂ ਤਾਂ ਕੁਕਨੂਸ ਬਣਸਾਂ, 'ਬਾ ਜੀ, ਮੈਂ ਮੌਤੋਂ ਨਹੀਂ ਡਰਦਾ। ਮੈਂ ਵੀ ਉਹ ਹੀ ਅੱਲਾ ਬਣਸਾਂ ਜੋ ਕਹਿੰਦੇ ਨਹੀਂ ਮਰਦਾ। ਮੈਨੂੰ ਅੱਲਾ ਬਣਨ ਦੇ ਬਾਪੂ (ਤੈਂ) ਜੋ ਆਖੇਂ ਸੋ ਜਰਦਾ। ਹੁਣ ਨਾ ਮੇਰਾ ਕੁਕਨੂਸ ਹਿਰਦਾ ਰਾਜ ਬਦੇਸ਼ੀ ਜਰਦਾ। ਮੰਨਿਆ ਗੱਲ ਪੋਤੇ ਦੀ ਬਾਬਾ ਗੱਲ ਨੂੰ ਟਾਲਣ ਖ਼ਾਤਰ। ਸੁੱਤਾ ਪੋਤਾ ਬਣਦਾ ਕੁਕਨੂਸ ਵਾਅਦੇ ਪਾਲਣ ਖ਼ਾਤਰ। ਸੁਪਨੇ ਵਿਚ ਹੀ ਉੱਡਿਆ ਜਾਵੇ ਘਾਲਾਂ ਘਾਲਣ ਖ਼ਾਤਰ। ਆਖਰ ਚੁਣੀ ਪੰਜਾਬੀ ਧਰਤੀ ਆਪਾ ਜਾਲਣ ਖ਼ਾਤਰ। ਜਾਪੇ ਉਹਦੇ ਆਲ੍ਹਣਿਆਂ ਦਾ ਤਿਣਕਾ ਤਿਣਕਾ ਹੋਇਆ। ਜਲ ਕੇ ਜਦ ਉਹ ਸੁਪਨੇ ਵਿਚ ਹੀ ਕਿਣਕਾ ਕਿਣਕਾ ਹੋਇਆ। ਉਹ ਸੂਰਜ ਸਮ ਚੜ੍ਹਿਆ ਜਾਪੇ, ਜਾਪੇ ਨੂਰ ਪਲੋਇਆ। ਆਪਣੇ ਚਾਨਣ ਦਾ ਚੁੰਧਿਆਇਆ, ਜਾਗ ਪਿਆ, ਨਾ ਮੋਇਆ। ਬਾਬਾ ਪੋਤੇ ਨੂੰ ਪੁਚਕਾਰੇ : "ਸੌਂ ਜਾ ਰਾਤ ਬੜੀ ਏ।" ਪੋਤਾ ਆਖੇ : ਬਾਬਾ ਜੀ, ਹੁਣ ਭਾਗਾਂ ਭਰੀ ਘੜੀ ਏ। ਸੌਂ ਜਾ, ਸੌਂ ਜਾ, ਲਾਲ ਭਗਤ ਸਿੰਘ ਭੈੜੀ ਤੇਰੀ ਅੜੀ ਏ। ਪੋਤਾ ਆਖੇ : "ਮੇਰੀਆਂ ਨਜ਼ਰਾਂ ਕੁਕਨੂਸ ਅੱਗ ਫੜੀ ਏ।" "ਮੈਨੂੰ ਆਪਣੇ ਤਨ ਦੀ 'ਬਾ ਜੀ ਦਿੱਸੀ ਬਣੀ ਮੜ੍ਹੀ ਏ ! ਜਿਸ ਦੇ ਵਿਚੋਂ ਚਾਨਣ ਫੁੱਟੇ ਕਾਲਖ ਕੁੱਲ ਸੜੀ ਏ ! ਨੂਰੋ ਨੂਰ ਹੀ ਜਾਪੇ ਦੁਨੀਆਂ ਚਾਨਣ ਪਾਣ ਚੜ੍ਹੀ ਏ ! ਬਣ ਜਾਵਣ ਦੇ ਸਾਨੂੰ ਕੁਕਨੂਸ ਸਾਡੀ ਉਮਰ ਬੜੀ ਏ ! ਸੁਪਨੇ ਦੇ ਵਿਚ ਡਰਿਆ ਜਾਪੇ ਬਾਬਾ ਜੀ ਨੂੰ ਪੋਤਾ। "ਕੀ ਨਜ਼ਰੀਂ ਆਇਆ ਈ, ਪੁੱਤੀਏ, ਕਿਉਂ ਤੇਰਾ ਮਨ ਮੋਤਾ?" ਕੀ ਤੂੰ ਰਾਤੀਂ ਸੌਣੋਂ ਪਹਿਲਾਂ ਪੈਰ ਨਾ ਕੋਈ ਧੋਤਾ?! ਸੁਪਨੇ-ਮੱਤਾ ਪੋਤਾ ਬੋਲੇ : "ਮੈਂ ਤਾਂ ਕੁਕਨੂਸ ਹੋਤਾ!" ਬਾਬਾ ਆਖੇ : ਪੋਤਰਿਆ ਵੇ, ਉਸ ਪਿੰਡ ਨਾ ਜਾ ਵੇ ! ਉਸ ਪਿੰਡ ਦੇ ਹਾਕਮ ਜ਼ਾਲਮ, ਲੈਂਦੇ ਫਾਹੀਆਂ ਪਾ ਵੇ ! ਮਨ ਆਪਣੇ ਨੂੰ ਹੋ ਸਕਦੈ ਤਾਂ ਏਸੇ ਹੀ ਪਿੰਡ ਲਾ ਵੇ ! ਪੋਤਾ ਆਖੇ : "'ਬਾ ਜੀ, ਮੈਨੂੰ ਇਹ ਪਿੰਡ ਮੂਲ ਨ ਭਾਵੇ!" ਮੈਂ ਤਾਂ ਕੁਕਨੂਸ ਦੇਸ਼ ਦਾ ਵਾਸੀ ਸਾਡਾ ਪਿੰਡ ਅਕਾਸ਼ੀਂ। ਚਾਨਣ ਗਲੀਆਂ, ਚਾਨਣ ਕੰਧਾਂ, ਛੱਤ, ਫ਼ਰਸ਼ਾਂ ਪ੍ਰਕਾਸ਼ੀਂ। ਚਾਨਣ ਖਾਈਏ, ਚਾਨਣ ਜੀਏ, ਚਾਨਣ ਲਟਕੀਂ ਲਾਸ਼ੀਂ। ਚਾਨਣ ਦੇ ਕਲਬੂਤ ਅਸਾਡੇ, ਵੱਸੀਏ ਪਿੰਡ ਅਬਨਾਸ਼ੀਂ। ਚਾਨਣ ਸਾਡੇ ਗੀਤ ਨੇ, 'ਬਾ ਜੀ, ਚਾਨਣ ਰੋਣੇ ਹਾਸੇ ! ਚਾਨਣ ਮਾਰਗ ਫੜਿਆ ਆਪਾਂ ਕੰਮ ਜਾਵਣਗੇ ਰਾਸੇ ! ਚਾਨਣ ਦੇ ਖੰਭਾਂ 'ਤੇ ਉੱਡੀਏ, ਚਾਨਣ ਦੇ ਭਰਵਾਸੇ। ਚਾਨਣ ਹੀ ਚਾਨਣ ਦਿਸਦਾ ਏ ਮੈਨੂੰ ਤਾਂ ਹਰ ਪਾਸੇ। ਬਾਬਾ ਜੀ ਨੂੰ ਪੋਤੇ ਦੇ ਵਿਚ ਜਾਪੇ ਚਾਨਣ ਵੱਸਿਆ। ਵਿਸ਼ਨੂੰ ਦੇ ਅਸਥਾਨੋਂ ਜਾਂ ਫਿਰ ਸ਼ੇਸ਼ ਨਾਗ ਨੇ ਡੱਸਿਆ। ਇਹ ਤਾਂ ਬ੍ਰਹਮ ਗਿਆਨੀ ਜਾਪੇ ਸ਼ਿਵਜੀ ਦੇ ਵਿਚ ਰਸਿਆ। ਜਿੰਦਾ ਕੋਈ ਸ਼ਹੀਦ ਬਣੇਗਾ, ਮੌਤਾਂ 'ਤੇ ਹੈ ਹੱਸਿਆ। ਵਤਸਲ ਵੇਗ 'ਚ ਆ ਕੇ ਬਾਬਾ, ਪੋਤੇ ਨੂੰ ਸਮਝਾਵੇ। ਉਹਦੇ ਕੋਲੋਂ ਜਾਣ ਜਾਣ ਕੇ ਅਸਲੀ ਗੱਲ ਛੁਪਾਵੇ। ਸੁਪਨੇ ਸੁਪਨੇ ਹੀ ਹੁੰਦੇ ਨੇ : ਕਹਿ ਕਹਿ ਗੱਲੀਂ ਲਾਵੇ। ਭਗਤ ਪੋਤਰਾ ਪਰ ਬਾਬੇ ਦਾ, ਸੱਚ ਦੇ ਕਰਦਾ ਦਾਅਵੇ। ਸੁਪਨੇ ਸੱਚੇ ਵੀ ਹੁੰਦੇ ਨੇ : ਆਖੇ ਕੁਕਨੂਸ ਪੋਤਾ। ਮੇਰੀ ਆਪਣੀ ਅਗਨੀ ਨੇ ਹੀ ਲੂੰ ਲੂੰ ਮੇਰਾ ਧੋਤਾ। ਮੁੜ ਮੁੜ ਕੇ ਮੈਂ ਮਾਰਾਂ, 'ਬਾ ਜੀ, ਅਗਨੀ ਦੇ ਵਿਚ ਗੋਤਾ। ਸੁਪਨੇ ਸੱਚੇ ਵੀ ਹੁੰਦੇ ਨੇ : ਜੋ ਵੇਖੋ ਸੋ ਹੋਤਾ!! ਸੁਪਨੇ-ਮੱਤਾ ਕੁਕਨੂਸ ਪੋਤਾ ਭੁੱਲਿਆ ਖ਼ਾਕੀ ਕਾਇਆ। ਕੁਕਨੂਸ ਕੁਲ ਦਾ ਕੋਈ ਪੰਛੀ ਡਰਦਾ ਨਹੀਂ ਡਰਾਇਆ। ਸੱਚੇ ਮਾਰਗ ਚੱਲ ਪਏ ਜਿਹੜਾ ਪਰਤੇ ਕਿੰਜ ਪਰਤਾਇਆ। ਸੁਪਨੇ ਹਾਰਾ ਕੁਕਨੂਸ ਪੋਤਾ ਸੌਂਦਾ ਕਿਵੇਂ ਸੰਵਾਇਆ? 'ਕੀ ਹੈ ਤੈਨੂੰ ਹੋਇਆ, ਪੋਤੇ? ਕੀ ਹੈ ਨਜ਼ਰੀਂ ਆਇਆ? ਕਿਉਂ ਤੂੰ ਆਪਣਾ ਜੀਂਦਾ ਜੀਅ ਹੈ ਗੀਤਾਂ ਵਿਚ ਜਲਾਇਆ?" ਪੋਤਾ ਆਖੇ : ਬਾਬਾ ਜੀ ਮੈਂ ਚਾਨਣ ਵਿਚ ਸਮਾਇਆ। ਗੀਤਾਂ ਦੇ ਵਿਚ ਜਲਣਾ ਮੈਨੂੰ ਤਾਹੀਓਂ ਹੀ ਏ ਭਾਇਆ! ਉਮਰ 'ਭਗਤ' ਦੀ ਜਾਚੇ ਬਾਬਾ ਗੱਲਾਂ ਨੂੰ ਵੀ ਜਾਚੇ। ਏਦਾਂ ਹੀ ਸਨ ਕਰਦੇ ਹੁੰਦੇ ਗੱਲਾਂ ਇਹਦੇ ਚਾਚੇ। ਸ਼ਬਦ ਭਗਤ ਦੇ ਮੁੜ ਮੁੜ ਬਾਬਾ ਬੋਲੇ, ਵਾਚੇ, ਜਾਚੇ। ਭੋਲੀ ਬਾਲ ਵਰੇਸੇ ਪੋਤਾ ਬੋਲ ਬੁਲੇਂਦਾ ਸਾਚੇ!! ਏਸੇ ਦਿਨ ਤੋਂ ਭਗਤ ਸਿੰਘ ਨੂੰ ਸੁਪਨੇ ਲੱਗ ਪਏ ਆਉਣ। ਸੁਪਨੇ ਦੇ ਵਿਚ ਰੋਜ਼ ਹੀ ਆਵੇ : ਪਤਾ ਨਾ ਲੱਗੇ ਕੌਣ। ਕੁਕਨੂਸਾਂ ਦੀ ਡਾਰ ਦਾ ਮੋਹਰੀ, ਅਗਨੀ ਵਰਗੀ ਪੌਣ। ਫੇਰ ਵੀ ਉਹਦੀ ਅਗਵਾਈ ਵਿਚ ਕੁਕਨੂਸ ਜਾਂਦੇ ਨਹਾਉਣ। ਸੁਪਨੇ ਮੱਤੀਆਂ ਅੱਖਾਂ ਉਹਦੀਆਂ ਕਦੇ ਨਾ ਪੂਰਾ ਸੌਣ। ਕੁਕਨੂਸ ਦਾ ਪਰਛਾਵਾਂ ਲੱਗੇ ਨਜ਼ਰਾਂ ਅੱਗੇ ਭੌਣ। ਭਗਤ ਬੁਲਾਵੇ ਸੁਪਨੇ ਦੇ ਵਿਚ : ਬਾਬਾ ਪੁੱਛੇ : 'ਕੌਣ?' ਬਚਪਨ ਦੇ ਬੀਤਣ 'ਤੇ ਸੁਪਨਾ ਆਪੇ ਹੋਇਆ ਮੌਣ! ਤਨ ਦੇ ਵਿਚ ਰਚਿਆ ਸੁਪਨਾ, ਮਨ ਵਿਚ ਰਚੇ ਵਿਚਾਰ। ਉਹਦੇ ਮਨ 'ਚੋਂ ਵਗਦੀ ਜਾਪੇ ਨੂਰਾਂ ਭਰੀ ਝਲਾਰ। ਏਸ ਝਲਾਰੋਂ ਅੱਗੇ ਲਿਸ਼ਕੇ ਮਾਰਗ ਕੋਈ ਜੁਝਾਰ। ਅੱਖਾਂ ਦੇ ਵਿਚ ਰਚ ਗਈ ਮਿੱਠੀ ਮਾਂ ਵਰਗੀ ਕੋਈ ਨਾਰ। 'ਭਾਰਤ ਮਾਤਾ' ਕਹਿ ਕਹਿ ਪੂਜਣ ਇਸ ਦੇਵੀ ਨੂੰ ਸਾਰੇ। ਰੱਜੇ-ਪੁੱਜੇ, ਮੱਧ-ਵਰਗੇ ਤੇ ਨਿਰਧਨ ਭੁੱਖਾਂ-ਮਾਰੇ। 'ਭਾਰਤ ਮਾਤਾ' ਕੀ ਜੈ ਕਹਿੰਦੇ ਇਨਕਲਾਬ ਦੇ ਨਾਅਰੇ। ਖੁਸ਼ਹਾਲੀ ਦੇ ਸੁਪਨੇ ਲੈਂਦੇ ਆਜ਼ਾਦੀ ਦੇ ਲਾਰੇ। ਭਾਰਤ ਮਾਂ ਨੂੰ ਚੂੰਡ ਲਿਆ ਏ ਲੁੱਟ ਚੋਂਘ ਦੀਆਂ ਡੈਣਾਂ। ਮੌਤੋਂ ਰਤਾ ਨਾ ਸੰਗਣ ਲੋਕੀ ਬਦਲਾ ਚਾਹੁੰਦੇ ਲੈਣਾ। ਬਚਪਨ ਅਤੇ ਜਵਾਨੀ ਬਾਗ਼ੀ, ਬਾਗ਼ੀ ਮਾਵਾਂ ਭੈਣਾਂ। ਮਾਵਾਂ ਵੈਰੀ ਨੂੰ ਲਲਕਾਰਨ, ਚੁੱਪ ਵੱਟੀ ਏ ਵੈਣਾਂ। ਰੋਣ ਧੋਣ ਦੇ ਦਿਨ ਬੀਤੇ ਨੇ, ਚੜ੍ਹਿਆ ਨਵਾਂ ਜ਼ਮਾਨਾ। ਮਿੱਠਾ ਕਰਕੇ, ਮੂਲ ਨਾ, ਭਾਣਾ ਮੰਨਣਾ ਅਤੇ ਮਨਾਣਾ। ਤਰਲੇ ਕੱਢਣ ਦੇ ਦਿਨ ਬੀਤੇ, ਖੰਡਾ ਪਊ ਖੜਕਾਣਾ। ਭਾਰਤ ਮਾਂ ਦੇ ਪੁੱਤਰਾਂ ਗੋਰਾ ਦੇਸੋਂ ਕੱਢ ਵਿਖਾਣਾ।

4. ਜਾਗੇ ਪੁੱਤਰ ਧਰਤ ਦੇ

ਜਾਗੇ ਪੁੱਤਰ ਧਰਤ ਦੇ, ਜੰਮਿਆ ਲੋਕ ਪਿਆਰ। 1ਕਾਮੇ ਜਾਗੇ ਰੂਸ ਦੇ, ਉੱਠਿਆ ਨਵਾਂ ਉਭਾਰ। ਦੇਸ਼ ਦੇਸ਼ 'ਤੇ ਖਿੱਲਰੀ, 2ਲੈਨਿਨ ਦੀ ਲਲਕਾਰ। ਸੰਗੀਨਾਂ ਸਾਹਵੇਂ ਸਹਿਮਿਆਂ, ਜਾਗ ਪਿਆ ਸੰਸਾਰ। 3ਗੋਲੀ ਚੱਲੇ ਬਜ-ਬਜ ਘਾਟ 'ਤੇ ਹੂੰਗਰ ਭਰੇ ਪੰਜਾਬ। 4ਹਿੱਕ ਡਾਹੇ ਜੱਲ੍ਹਿਆਂ ਵਾਲੜਾ, ਬੁੱਕੇ ਬੱਬਰ ਦੁਆਬ। ਹਲਕਾਇਆ ਡਾਇਰ ਡੌਰਿਆ, ਤਕ ਜਨਤਕ ਸੈਲਾਬ। ਸ਼ਾਂਤੀ ਭਗਤਾਂ ਤੱਕਿਆ ਚੜ੍ਹਦਾ ਇਨਕਲਾਬ। ਹਾ ਹਾ ਕਾਰ ਮਚੀ ਹਿੰਦ ਅੰਦਰ ਆਇਆ ਕੋਈ ਭੂਚਾਲ। ਪੈਸਾ ਲੱਭੇ ਇਕ ਨਾ, ਮਹਿੰਗਾ ਹੋਇਆ ਮਾਲ। ਜ਼ਰ ਦਾਰੀ ਦਾ ਭਰਿਆ ਭਾਂਡਾ, ਭੁੱਖੇ ਮਰਨ ਕੰਗਾਲ। ਲੁੱਟ ਬਦੇਸ਼ੀ ਰਾਜ ਦੀ, ਕੂਕੇ ਸਿਰ 'ਤੇ ਕਾਲ। ਬਾਈਕਾਟ ਬਦੇਸ਼ ਦਾ, ਹੋਇਆ ਸ਼ਹਿਰੋ ਸ਼ਹਿਰ। ਥਾਣੇ, ਦਫ਼ਤਰ, ਛਾਉਣੀਆਂ ਤੇ ਪਹਿਰੇ ਅੱਠੇ ਪਹਿਰ। ਛੱਡ ਵਿਦਿਆ ਵਿਦਿਆਰਥੀ, ਹੋਏ ਕਹਿਰੋ ਕਹਿਰ। 5'ਨਾ ਮਿਲਵਰਤਣ' ਬਣ ਗਈ, ਲੋਕਾਂ ਦੀ ਹੀ ਲਹਿਰ। 6ਚੌਰਾ-ਚੌਰੀ ਘੇਰਿਆ, ਲਹਿਰ ਨੇ ਠਾਠਾਂ ਮਾਰ। ਡਰ ਗਏ ਆਗੂ ਹਿੰਦ ਦੇ, ਦਹਿਕ ਗਿਆ ਅਗਿਆਰ। ਜੋਸ਼ ਨੂੰ ਰੋਕਣ ਡਹਿ ਪਿਆ, ਅਗਿਆਰਾਂ ਦਾ ਯਾਰ। ਹੋਈ ‘ਨਾ ਮਿਲਵਰਤਨ’ ਬੰਦ ਤੇ ਖਾਦੀ ਤਾਰੋ ਤਾਰ। ਨਨਕਾਣੇ ਚੱਲੀਆਂ ਗੋਲੀਆਂ ਤੇ ਜਿੰਦਾ ਜਲੇ ਸ਼ਹੀਦ। ਜੈਤੋ, ਗੁਰੂ ਕੇ ਬਾਗ਼ ਵਿਚ, ਸਿਖ਼ਰੇ ਚੜ੍ਹੀ ਤੌਹੀਦ। ਰੱਜ ਰੱਜ 7ਬੀ.ਟੀ. ਮਾਰ ਲੈ, ਉਹ ਹੱਸ ਹੱਸ ਕਰਨ ਤਾਕੀਦ। ਮੇਲਾ ਮੌਤ ਦਾ ਭਰ ਗਿਆ, ਪੰਜਾਬੀਆਂ ਭਾਣੇ ਈਦ। ਗੁਰਧਾਮਾਂ ਹਰ-ਮੰਦਰੀਂ, ਹੋਇਆ ਲੋਕ-ਅਧਿਕਾਰ। ਵਿਚ ਪੰਜਾਬੋਂ ਜਾਗਿਆ, ਇਨਕਲਾਬ ਦਾ ਪਿਆਰ। ਚੌਦਾਂ ਸਾਲ ਦਾ ਨੱਢੜਾ ਭਗਤ ਸਿੰਘ ਸਰਦਾਰ। ਆਜ਼ਾਦੀ ਉੱਠੀ ਉਹਦੀਆਂ, ਰਗਾਂ 'ਚ ਠਾਠਾਂ ਮਾਰ। 1. 1917 ਵਿਚ ਰੂਸ ਵਿਚ ਇਨਕਲਾਬ ਆਇਆ ਤੇ ਪਹਿਲੀ ਵਾਰ ਕਿਰਤੀ ਰਾਜ ਕਾਇਮ ਹੋਇਆ। 2. ਲੈਨਿਨ ਰੂਸੀ ਕ੍ਰਾਂਤੀ ਦਾ ਆਗੂ ਸੀ। 3. ਕਲਕੱਤੇ ਕੋਲ ਇਸ ਘਾਟ ਤੇ ਕਾਮਾਗਾਟਾ ਮਾਰੂ ਜਹਾਜ ਦੇ ਮੁਸਾਫਰਾਂ ਤੇ ਗੋਲੀ ਚਲਾਈ ਗਈ। 4. ਦੁਆਬੇ ਵਿਚ ਬੱਬਰ ਅਕਾਲੀ ਲਹਿਰ ਚੱਲੀ। 5. ਗਾਂਧੀਵਾਦੀ ਨਾਮਿਲਵਰਤਨ। ਸਰਕਾਰੀ ਪਦਵੀਆਂ, ਇਨਾਮਾਂ, ਸਕੂਲਾਂ ਕਾਲਜਾਂ ਦਾ ਬਾਈਕਾਟ ਕੀਤਾ ਗਿਆ। 6. ਚੌਰਾ-ਚੌਰੀ ਵਿਚ ਲੋਕਾਂ ਨੇ ਥਾਣਾ ਸਾੜ ਦਿੱਤਾ। ਗਾਂਧੀ ਨੇ ਲਹਿਰ ਬੰਦ ਕਰ ਦਿੱਤੀ। 7. 1919 ਦਾ ਬਦਨਾਮ ਪੁਲਿਸ ਅਫਸਰ।

5. ਤੇ ਫਿਰ ਚੜ੍ਹੀ ਜਵਾਨੀ ਭਗਤ ਨੂੰ

ਚੜ੍ਹੇ ਜਵਾਨੀ ਭਗਤ ਸਿੰਘ ਜਿਉਂ ਭੰਗੜੀਂ ਉੱਠੇ ਪੱਬ। ਜਿਉਂ ਸਦੀਉਂ ਸੁੱਤੇ ਸ਼ੇਰ ਦੀ, ਚੌਂਕਾਵਣ ਵਾਲੀ ਭੱਬ। ਜਾਂ ਜਾਗੀ ਮਨੁੱਖ ਜ਼ਾਤ ਦੀ, ਰਸ਼ਕਾਵਣ ਵਾਲੀ ਛੱਬ। ਜਿਉਂ ਜਨਤਕ ਦੁੱਖੋਂ ਅੱਕ ਕੇ, ਕੋਈ ਚੜ੍ਹੇ ਜਵਾਨੀ ਰੱਬ। ਚੜ੍ਹੀ ਜਵਾਨੀ ਭਗਤ ਨੂੰ, ਜਿਉਂ ਕਾਲੇ ਬੱਦਲਾਂ ਬੱਗ। ਜਿਉਂ ਸੂਰ ਨੀਂਦਰੀਂ ਸ਼ੂਕਦੇ, ਦਰਿਆਉਂ ਨਿਕਲੇ ਅੱਗ। ਜਿਉਂ ਸਜਦੇ ਗਈ ਜਮਾਤ 'ਚੋਂ ਖੜ੍ਹ ਜਾਏ ਕੋਈ ਅਲੱਗ। ਜਾਂ ਝਕਿਆ ਟੋਡੀ ਸਿਰਾਂ 'ਚੋਂ, ਕੋਈ ਸ਼ਮਲੇ ਵਾਲੀ ਪੱਗ। ਸੁੱਤਾ ਜਿੱਕਰ ਉੱਠਿਆ, ਕੋਈ ਜੱਟ ਸੰਭਾਲੇ ਪੱਗ। ਅੱਖਾਂ ਵਿਚੋਂ ਜਿੱਕਰਾਂ, ਪਏ ਨਵਾਂ ਭਰੋਸਾ ਜੱਗ। ਤਰਲੇ ਪਾਂਦੇ ਹਿੰਦ ਦੀ, ਕੋਈ ਗੁੱਸਾ ਖਾਂਦੀ ਰਗ। ਚੜ੍ਹੀ ਜਵਾਨੀ ਸ਼ੇਰ ਨੂੰ, ਤੇ ਧੁੰਮਾਂ ਪਈਆਂ ਜੱਗ। ਚੜ੍ਹੇ ਜਵਾਨੀ ਸੂਰਮਾ, ਜਿਉਂ ਠੁੱਲ੍ਹਾ ਬਾਂਕਾਪਨ। ਸੋਚਾਂ ਦੇ ਵਿਚ ਡੁੱਬਿਆ, ਜਿੱਕਰ ਕੋਈ ਸਾਦਾ ਪਨ। ਮੌਤਾਂ ਨਾਲ ਮਜ਼ਾਕਦਾ, ਇਕ ਸਾਧਾਰਨ ਜਨ। ਸੱਪ ਦੀ ਕੋਈ ਸਪਾਪੜਾ ਜਿਵੇਂ ਪਲੋਸੇ ਫਨ। ਚੜ੍ਹੇ ਜਵਾਨੀ ਭਗਤ ਸਿੰਘ, ਜਿਉਂ ਰੋੜ੍ਹਾਂ ਅੱਗੇ ਬੰਨ੍ਹ। ਅੜ ਜਾਏ ਵਿਚ ਮੁਕਾਬਲੇ ਜਿਉਂ ਮਹਿਲਾਂ ਦੇ ਛੰਨ। ਜਿਉਂ ਠਿੱਲ੍ਹ ਪਏ ਵਿਚ ਝਨਾਂ ਦੇ ਕੋਈ ਕੱਚਾ ਕੰਢੇ ਭੰਨ। ਕਿਸੇ ਕਾਲੀ-ਬੋਲੀ ਰਾਤ ਨੂੰ ਜਿਉਂ ਬੱਦਲੋਂ ਝਾਕੇ ਚੰਨ। ਚੜ੍ਹੇ ਜਵਾਨੀ ਭਗਤ ਸਿੰਘ ਜਿਉਂ ਜਵਾਲਾ ਦੀ ਬਾੜ। ਸੂਰਜ ਝੜ ਦੇ ਨ੍ਹੇਰ 'ਚੋਂ ਜਿਉਂ ਨਿਕਲੇ ਬੱਦਲ ਪਾੜ। ਜਾਂ ਪੋਹ ਦੀ ਠਰਦੀ ਰਾਤ 'ਚੋਂ ਕੋਈ ਚੜ੍ਹਦਾ ਜਾਪੇ ਹਾੜ੍ਹ। ਜਾਂ ਸਦੀਓਂ ਸੁੰਨੇ ਦਰਦ ਵਿਚ ਕੋਈ ਤ੍ਰਿਪ ਤ੍ਰਿਪ ਕਰਦੀ ਨਾੜ। ਚੜ੍ਹੇ ਜਵਾਨੀ ਭਗਤ ਸਿੰਘ : ਅਸਮਾਨੇ ਚੜ੍ਹੇ ਉਕਾਬ। ਘਰ ਤੋਂ ਵਿਦਾ ਹੋਣ ਲਈ ਜੈਂ ਕੋਈ ਰੱਖੇ ਪੈਰ ਰਕਾਬ। ਆਸ਼ਕ ਜਿਉਂ ਕੋਈ ਮੌਤ ਵੰਗਾਰੇ, ਉੱਛਲੇ ਜਿਵੇਂ ਚਨਾਬ। ਚੜ੍ਹੇ ਜਵਾਨੀ ਸੂਰਮਾ ਤੇ ਜੰਮੇ ਨਵਾਂ ਪੰਜਾਬ। ਚੜ੍ਹੇ ਜਵਾਨੀ ਭਗਤ ਸਿੰਘ ਜਿਉਂ ਸਾਣੇ ਚੜ੍ਹੇ ਗਿਆਨ। ਜਿਉਂ ਮਿਰਜ਼ੇ ਦੀ ਹੇਕ ਚੜ੍ਹਾਏ ਕੋਈ ਛੈਲ ਜਵਾਨ। ਚੜ੍ਹੇ ਜਵਾਨੀ 'ਕੱਲੜਾ ਤੇ ਜਾਪੇ ਹਿੰਦੁਸਤਾਨ। ਚੜ੍ਹੇ ਜਵਾਨੀ ਸੂਰਮਾ ਤੇ ਧੰਨ ਧੰਨ ਕਰੇ ਜਹਾਨ! ਚੜ੍ਹੇ ਜਵਾਨੀ ਭਗਤ ਸਿੰਘ ਜਿਉਂ ਪੂਰਾ ਖਿੜੇ ਗੁਲਾਬ। ਸਦੀਆਂ ਦੀ ਮਰਦਾਨਗੀ ਮਹਿਕੀ ਵਿਚ ਪੰਜਾਬ। ਆਵੇ ਮੁੜ ਮੁੜ ਕਿਸੇ ਨੂੰ ਉੱਡਣ ਦਾ ਜਿਉਂ ਖ਼੍ਵਾਬ। ਭਰ-ਜੋਬਨ ਦੀ ਮੌਤ ਨੂੰ ਜਾਣੇ ਜਿਉਂ ਕੋਈ ਸ਼ੁਵਾਬ। ਜਿਉਂ ਨਿੱਸਲ ਸੁੱਤੇ ਸਾਗਰੋਂ, ਉੱਭਰੇ ਕੋਈ ਜਵਾਰ। ਜਿਉਂ ਸਾਮਰਾਜ ਦੀ ਕੰਧ ਨੂੰ ਕੋਈ ਤੋੜੇ ਤੋੜ ਦਰਾਰ। ਇਹ ਵੇਖ ਨਾ ਸਕੀ ਜਵਾਨੜੀ, ਖੇਤ ਨੂੰ ਖਾਂਦੀ ਵਾੜ। ਬਿਜਲੀ ਵਾਂਗੂੰ ਕੜਕਦੀ, ਗੋਲੀ ਤਾਬੜ ਤਾੜ।

6. ਰਾਤ ਪਰਾਏ ਰਾਜ ਦੀ...

ਰਾਤ ਪਰਾਏ ਰਾਜ ਦੀ ਨੀਤੀ ਹੋਈ ਨਿਰਾਸ। ਧਰਮ ਵਿਚਾਰਾ ਵੇਖਦਾ ਰੋਕ ਰੋਕ ਕੇ ਸਵਾਸ। ਬਿਨਾ ਸਹਾਰੇ ਲਾਰਿਉਂ ਪੱਲ੍ਹਰਿਆ ਵਿਸ਼ਵਾਸ। ਹੱਕਾ ਬੱਕਾ ਰਹਿ ਗਿਆ ਮਾਨਵ ਦਾ ਇਤਿਹਾਸ। ਜੂਲਾ ਪੂੰਜੀਵਾਦ ਦਾ ਲਾਹੁਣ ਲੱਗਾ ਇਨਸਾਨ। ਆਜ਼ਾਦੀ ਲਈ ਜੂਝਦੇ ਦੀ ਇਕ ਅਲੌਕਿਕ ਸ਼ਾਨ। 'ਲਾਂਘਾਂ ਭਰਦੇ ਰੂਸ ਨੇ ਕੀਲਿਆ ਲੋਕ-ਧਿਆਨ। ਆਜ਼ਾਦੀ ਦੀ ਲਹਿਰ ਵਿਚ ਖਿੱਚੇ ਗਏ ਜਵਾਨ। 1ਸਵਰਾਜੂ ਸੁਹਲ ਸਿਆਸਤਾਂ ਸਹਿਮ ਸਹਿਮ ਸਮਝਾਣ। ਟਿਕ ਕੇ ਬਹਿਣ ਨਾ ਦੇਂਵਦਾ ਇਨਕਲਾਬ ਦਾ ਗਿਆਨ। 2'ਭਾਰਤ ਸਭਾ' ਜਮਾਤ ਵਿਚ ਕੱਠੇ ਹੋਣ ਜਵਾਨ। 3'ਰੀਪਬਲੀਕਨ ਫ਼ੌਜ' ਵਿਚ ਜੁੜਿਆ ਹਿੰਦੁਸਤਾਨ। ਚੁਣਿਆ ਗਿਆ ਸਕੱਤਰੀ ਭਗਤ ਸਿੰਘ ਬਲਵਾਨ। ਬਣੀ ਜਵਾਨੀ ਹਿੰਦ ਦੀ ਇਨਕਲਾਬ ਦੀ ਖਾਨ। ਆਜ਼ਾਦੀ ਦੇ ਆਸ਼ਕਾਂ ਤਲੀ 'ਤੇ ਰੱਖੀ ਜਾਨ। ਜਾਨਾਂ ਹੂਲਣ ਸੂਰਮੇ, ਧੰਨ ਧੰਨ ਕਰੇ ਜਹਾਨ। ਸੂਝ ਕਰਾਂਤਕ ਕੌਮ ਦੀ ਹਾਲੀ ਸੀ ਅਨਜਾਣ। ਗਾਂਧੀ ਬਾਬੇ ਚਾਰਿਆ ਭਾਰਤ ਦਾ ਕਿਰਸਾਨ। ਸੌ ਸੁਨਿਆਰੇ ਪਰਖ ਲੈ, ਚੁਕ ਲੋਹਾਰ ਵਦਾਨ। 4ਵਿਅਕਤੀਗਤ ਯਰਕਾਣ ਵੱਲ ਵਧਿਆ ਹਿੰਦੁਸਤਾਨ। ਮਹਿਲ ਬਕਿੰਘਮ ਹਿੱਲਿਆ, ਦਹਿਲ ਗਿਆ ਅਗਿਆਰ। 5ਉਹਨਾਂ 'ਸਾਈਮਨ' ਲੰਦਨੋਂ ਘੱਲਿਆ, ਪਾਵਣ ਪਾਟੋ ਪਾੜ। ਜਨਤਕ ਵੈਰੀ ਗਿਣਵੇਂ ਪਾਵਣ ਉਹਨੂੰ ਹਾਰ। ਲਾਜ ਪੱਤ ਪੰਜਾਬ ਦੀ ਉੱਠੀ ਦੇ ਫਿਟਕਾਰ। ਲੋਕ ਪੀੜ ਤੇ ਸਿਸਕੀਆਂ ਬਣ ਗਈਆਂ ਲਲਕਾਰ। ਆ ਗਈ ਰੁੱਤ ਸੁਹਾਂਗਲੀ ਭਾਗਾਂ ਭਰੀ ਬਹਾਰ। ਕੌਮੀ ਅਣਖਾਂ ਜਾਗੀਆਂ ਹੋ ਪਏ ਲੋਕ ਤਿਆਰ। ਜੁੱਗੋਂ ਉੱਸਰੀ ਜ਼ੁਲਮ ਦੀ ਕੰਧ ਹੋਈ ਮਿਸਮਾਰ। ਲਾ ਕੇ ਬਾਜ਼ੀ ਜਾਨ ਦੀ ਧਰਤੀ ਦੇ ਬਲਕਾਰ। ਅੱਪੜੇ ਦੇਸ ਖ਼ਿਆਲ 'ਤੇ ਕਈ ਮਾਰੂ ਪੈਂਡੇ ਮਾਰ। "ਆਜ਼ਾਦੀ ਦੇ ਘੋਲ ਵਿਚ ਵਰਤੋ ਸਭ ਹਥਿਆਰ। ਇਹ ਸਾਡਾ ਹੱਕ ਜਮਾਂਦਰੂ, ਖੋਹ ਲਉ ਰਾਜ ਅਧਿਕਾਰ।" "ਲੋਕਾਂ ਨੂੰ ਹੱਕ ਸੌਂਪ ਕੇ, ਗੋਰੇ ਕੱਢਣੇ ਬਾਹਰ। ਗੋਰਾਂ ਦੇ ਕਾਨੂੰਨ ਦਾ ਕੀ ਕਰੀਏ ਸਤਿਕਾਰ। ਸੁੱਤੇ ਲੋਕ ਜਗਾਵਣੇ ਕਰਨਾ ਹੈ ਕੋਈ ਆਹਰ। ਆਜ਼ਾਦੀ ਹੱਕ ਜਮਾਂਦਰੂ, ਲੈਣਾ ਰਾਜ ਅਧਿਕਾਰ। ਚੜ੍ਹਿਆ ਹਿੰਦੁਸਤਾਨ ਵਿਚ ਆਜ਼ਾਦੀ ਦਾ ਜੁੱਗ। ਕੁਰਬਾਨੀ ਦਿੱਤੀ ਕੌਮ ਨੇ, ਲੱਖਾਂ 'ਚੋਂ ਤਿੰਨ ਚੁੱਗ। ਜ਼ੁਲਮਾਂ ਦੀ ਕੰਡ ਲਾ ਕੇ ਸਾਰੇ ਗਏ ਸੂਰਮੇ ਪੁੱਗ। ਮੈਂ ਕਿਵੇਂ ਸੁਣਾਵਾਂ ਵਾਰਤਾ ਭਰਿਆ ਜਾਂਦੈ ਰੁੱਗ। 1. ਕਾਂਗਰਸ ਦੀ ਨਰਮ ਰਾਜਨੀਤੀ। 2. ਨੌਜਵਾਨ ਭਾਰਤ ਸਭਾ ਲਾਹੌਰ (1926) 3. ਹਿੰਦੁਸਤਾਨੀ ਸਮਾਜਵਾਦੀ ਪ੍ਰਜਾਤੰਤਰਿਕ ਸੈਨਾ (1928) 4. ਟੈਰਰਿਜ਼ਮ 5. ਸਾਈਮਨ ਕਮਿਸ਼ਨ (1928)

7. ਨੌਜਵਾਨਾਂ ਨੂੰ ਲਲਕਾਰ !

(ਨੌਜਵਾਨ ਭਾਰਤ ਸਭਾ ਲਾਹੌਰ ਦਾ ਮਨੋਰਥ-ਪੱਤਰ, ਜਿਸ ਨੂੰ ਭਗਵਤੀਚਰਨ ਵੋਹਰਾ ਬੀ.ਏ. ਪ੍ਰਾਪੇਗੰਡਾ ਸਕੱਤਰ, ਨੇ 6 ਅਪ੍ਰੈਲ 1928 ਨੂੰ ਅਰੋੜਬੰਸ ਪ੍ਰੈਸ, ਲਾਹੌਰ ਵਿਖੇ ਛਾਪ ਕੇ ਪ੍ਰਕਾਸ਼ਤ ਕੀਤਾ।) (ਮੂਲ ਪਾਠ ਅੰਗਰੇਜ਼ੀ ਵਿਚ ਹੈ।) ਨੌਜਵਾਨ ਦੋਸਤੋ, ਪਿਆਰੇ ਸਾਥੀਓ ! ਗੱਲ ਸੁਣੋ ਕੰਨ ਧਰ ਸਾਰੇ ਸਾਥੀਓ ! ਆਏ ਦਿਨ ਦੇਸ਼ 'ਤੇ ਨਿਆਰੇ ਸਾਥੀਓ ! ਨੰਗੇ ਹੋਏ ਲੀਡਰਾਂ ਦੇ ਲਾਰੇ ਸਾਥੀਓ ! ਕਿਸੇ ਦਾ ਵੀ ਕੋਈ ਇਤਬਾਰ ਨਾ ਰਿਹਾ। ਹੌਂਸਲੇ ਨੇ ਟੁੱਟੇ ਕੋਈ ਯਾਰ ਨਾ ਰਿਹਾ। ਲੋਕ-ਲਹਿਰ ਵਿਚ ਵੀ ਉਭਾਰ ਨਾ ਰਿਹਾ। ਤੇਗ਼ ਨਾ ਰਹੀ ਤੇ ਤੇਗ਼-ਮਾਰ ਨਾ ਰਿਹਾ। ਦੇਸ਼ ਦੀ ਆਜ਼ਾਦੀ ਦੇ ਮੱਲ ਨਾ ਰਹੇ। ਜਥੇਬੰਦੀ, ਜੋਸ਼, ਹੋਸ਼, ਝੱਲ ਨਾ ਰਹੇ। ਪ੍ਰੋਗਰਾਮ ਲੋਕਾਂ ਵਿਚ ਚੱਲ ਨਾ ਰਹੇ। ਏਦਾਂ ਤਾਂ ਸਿਆਸਤਾਂ ਦੀ ਗੱਲ ਨਾ ਰਹੇ। ਹਰ ਪਾਸੇ ਖੱਪ ਸ਼ੱਪ ਸ਼ੋਰ ਪੈ ਰਿਹਾ। ਸ਼ੋਰ ਰੋਜ਼ ਰੋਜ਼ ਹੋਰ ਹੋਰ ਪੈ ਰਿਹਾ। ਲੀਡਰਾਂ ਦੀ ਪਰਖ ਉਤੇ ਜ਼ੋਰ ਪੈ ਰਿਹਾ। ਕੌਮਵਾਦ ਰਤਾ ਕਮਜ਼ੋਰ ਪੈ ਰਿਹਾ। ਸਾਡੇ ਹੌਸਲੇ ਤਾਂ ਪਰ ਟੁੱਟਣੇ ਨਹੀਂ। ਅਸਾਂ ਹਥਿਆਰ ਹੱਥੋਂ ਸੁੱਟਣੇ ਨਹੀਂ। ਸ਼ਾਂਤੀਵਾਦੀ ਜੰਗ ਵਿਚ ਜੁੱਟਣੇ ਨਹੀਂ। ਅਸਾਂ ਗੋਡੇ ਹਾਕਮਾਂ ਦੇ ਘੁੱਟਣੇ ਨਹੀਂ। ਨੌਜਵਾਨ ਭਾਰਤੀ ਨੇ ਉੱਠਣਾ ਤਾਂ ਹੈ। ਗੋਡੇ-ਤੋੜੂ ਨੀਤੀਆਂ ਤੋਂ ਰੁੱਠਣਾ ਤਾਂ ਹੈ। ਨੇਕੀਆਂ ਦੇ ਆਸ਼ਕਾਂ ਤਰੁੱਠਣਾ ਤਾਂ ਹੈ। ਖੁੱਲ੍ਹਾਂ ਦੇ ਪੁਜਾਰੀਆਂ ਨੇ ਕੁੱਠਣਾ ਤਾਂ ਹੈ। ਚੱਲਣੀ ਆਜ਼ਾਦੜੀ ਦੀ ਲਹਿਰ, ਦੋਸਤੋ ! ਵਧਣਾ ਹੈ ਹਾਕਮਾਂ ਦਾ ਕਹਿਰ, ਦੋਸਤੋ ! ਆਸ, ਵਿਸ਼ਵਾਸ, ਜੋਸ਼, ਜ਼ਹਿਰ, ਦੋਸਤੋ ! ਵਧ ਰਹੀ ਏ ਲਹਿਰ ਅੱਠੇ ਪਹਿਰ, ਦੋਸਤੋ ! ਗੱਲ ਕੋਈ ਯਾਰ, ਦਿਲ ਛੱਡਣੇ ਦੀ ਨਾ। ਨਵੀਂ ਹੋਸ਼, ਨਵਾਂ ਜੋਸ਼ ਕੱਢਣੇ ਦੀ ਨਾ। ਨਿਰੀ ਪੁਰੀ ਮੀਟੀ ਅੱਖ ਅੱਡਣੇ ਦੀ ਨਾ। ਗੱਲ ਨਿਰੀ ਨਵਾਂ ਝੰਡਾ ਗੱਡਣੇ ਦੀ ਨਾ। ਅੱਪੜੇ ਹਾਂ ਆਪਾਂ ਬੂਹੇ ਨਵੇਂ ਯੁੱਗ ਦੇ। ਰਾਜ ਬਰਤਾਨੀਆਂ ਦੇ ਨਹੀਂ ਪੁੱਗਦੇ। ਰਾਣੇ ਨੌਜਵਾਨ ਹਾਕਮ ਨੇ ਯੁੱਗ ਦੇ। ਇਨਕਲਾਬੀਏ ਨਹੀਂ ਚੇਲੇ ਉੱਜ-ਬੁੱਗ ਦੇ। ਟੁੰਡੇ ਲਾਟ ਵਾਲਾ ਬੁੱਤ ਹੈ ਵੰਗਾਰਦਾ। ਇਕ ਹੱਥ ਛੁਰੀ ਹੈ ਵਿਖਾਂਦਾ, ਮਾਰਦਾ। ਦੂਜਾ ਹੱਥ ਖ਼ਚਰਾ ਕਲਮ ਸੁਆਰਦਾ। ਸੁਣ ਲੈ ਉਹੇ ਗੋਰੇ, ਉੱਤਰ ਜੁਝਾਰ ਦਾ। 1ਬਿਰਕਨ ਹੈੱਡ ਲਾਟ ਐਵੇਂ ਟਾਹਰਾਂ ਮਾਰਦਾ। ਸਾਨੂੰ ਡਰ ਦੇਵੇ ਹਾਕਮ ਕਟਾਰ ਦਾ। ਜਲ੍ਹਿਆਂਵਾਲਾ, ਮਾਨਾਂਵਾਲਾ ਹੈ ਪੁਕਾਰਦਾ। ਵੇਖਦੇ ਹਾਂ ਗੋਰਾ ਕਿੰਜ ਨਹੀਂ ਹਾਰਦਾ? ਟੋਡੀ ਬਰਤਾਨੀਆਂ ਦੇ ਗੁਣ ਗਾਂਵਦੇ। ਨਵੇਂ ਰਾਗ 'ਦਾਦਾ ਭਾਈ' ਹੁਣ ਗਾਂਵਦੇ। ਇਤਿਹਾਸ 'ਚੋਂ ਨੇ ਚੁਣ ਚੁਣ ਗਾਂਵਦੇ। ਗੱਲ ਦੱਤ, ਡਿਗਬੀ ਦੀ ਸੁਣ ਗਾਂਵਦੇ। ਹਿੰਦ ਨੂੰ ਬਣਾ ਕੇ ਲੁੱਟਿਆ ਬਦੇਸ਼ੀਆਂ। ਉਦਯੋਗ ਖੂਹੇ ਸੁੱਟਿਆ ਬਦੇਸ਼ੀਆਂ। ਕਿਰਤੀ ਤੇ ਕਿਸਾਨ ਕੁੱਟਿਆ ਬਦੇਸ਼ੀਆਂ। ਵਾਲ ਵਾਲ ਸਾਡਾ ਪੁੱਟਿਆ ਬਦੇਸ਼ੀਆਂ। ਲੋੜ ਕੀ ਹਵਾਲਿਆਂ ਦੀ ਹੱਡ ਬੀਤੀਆਂ। ਚੋਰ ਗੋਰਿਆਂ ਨੇ ਕਿਹੜੀਆਂ ਨਾ ਕੀਤੀਆਂ। ਰੱਤਾਂ ਸਾਡੀਆਂ ਨਿਚੋੜ ਕੇ ਨੇ ਪੀਤੀਆਂ। ਢੱਕੀਆਂ ਨਾ ਰਹਿਣ ਖ਼ਚਰੋਟ ਨੀਤੀਆਂ। ਛਿੱਲ ਲਾਹ ਕੇ ਚਮੜੀ ਉਧੇੜ ਖਾ ਗਏ। ਗਿਆਨਵਾਨ-ਹਿੰਦ 'ਚ ਹਨੇਰ ਪਾ ਗਏ। ਭੁੱਖ ਨੰਗ ਹੈਜ਼ਾ ਤੇ ਪਲੇਗ ਲਾ ਗਏ। ਸਾਡੇ ਪੱਲੇ ਬਾਲਕਾਂ ਦੀ ਮੌਤ ਪਾ ਗਏ। ਕਹਿਣ ਸਾਨੂੰ : ਤੁਸੀਂ ਕਾਬਲ ਨਹੀਂ ਰਾਜ ਦੇ। ਹੱਕਦਾਰ ਜਾਪਦੇ ਨਾ ਸਵਰਾਜ ਦੇ। ਅਖਵਾਈਏ ਕੁੱਤੇ ਲੰਦਨ ਦੇ ਰਾਜ ਦੇ। ਬਖੀਏ ਉਧੇੜੀਏ ਨਾ ਗੋਰੇ ਪਾਜ ਦੇ। ਦਸਵੇਂ ਗੁਰਾਂ ਦੇ ਸਿੰਘੋ ਤੇ ਸਿਪਾਹੀਓ। ਸ਼ਿਵਾ ਜੀ ਤੇ ਨਲਵੇ ਦੇ ਗੁਰੂ ਭਾਈਓ! ਇੱਜ਼ਤਾਂ ਕੁਦੇਸ ਰਾਜ ਤੋਂ ਬਚਾਈਓ। ਰਾਖੀ 'ਮਾਂ' ਦੀ ਹਿੰਦੀਆਂ ਤੋਂ ਹੀ ਕਰਾਈਓ! ਬਣ ਬਣ ਰਾਖੇ ਸਾਡੇ ਚੋਰ ਬੈਠਦੇ। ਸਿਆਣੇ ਕਾਂ ਨੇ ਬਣ ਬਣ ਮੋਰ ਬੈਠਦੇ। ਟੋਡੀ ਬੈਠਦੇ ਨੇ ਕਈ ਹੋਰ ਬੈਠਦੇ। ਨਾਹਰੇ ਲਾ ਲਾ ਨਵੇਂ ਤੇ ਨਕੋਰ ਬੈਠਦੇ। ਅੱਖਾਂ ਸਾਹਵੇਂ ਜ਼ੁਲਮ ਹੁੰਦੇ ਵੇਖਦੇ ਰਹੇ। ਭੇਖੀ ਸਾਰੇ ਕਰਮ-ਧਰਮ ਭੇਖ ਦੇ ਰਹੇ। ਰਿੰਦ ਦੇ ਰਹੇ ਨਾ ਅਸੀਂ ਸ਼ੇਖ ਦੇ ਰਹੇ। ਆਪਣਾ ਤਮਾਸ਼ਾ ਆਪ ਵੇਖਦੇ ਰਹੇ। ਬਾਬਾ ਗੁਰਦਿੱਤ ਸਿੰਘ ਪਾਰ ਜੁੱਟਿਆ। 2'ਸਾਗਰਾਂ ਦੀ ਰਾਣੀ' ਦਾ ਤਾਂ ਹਾਰ ਟੁੱਟਿਆ। 3'ਨਾਨਕ ਜਹਾਜ਼' ਦਾ ਵਪਾਰ ਲੁੱਟਿਆ। ਜੰਮਦਾ ਵਪਾਰ ਸਾਡਾ ਮਾਰ ਸੁੱਟਿਆ। 'ਕਾਮਾਗਾਟਾ ਮਾਰੂ' ਸਾਗਰੀਂ ਦਹਾੜਿਆ। ਬਜ-ਬਜ ਘਾਟ ਗੋਲੀਆਂ ਨੇ ਪਾੜਿਆ। ਵਣਜ ਤੇ ਵਪਾਰ ਗੋਰਿਆਂ ਉਜਾੜਿਆ। ਗ਼ੈਰਤਾਂ ਨੂੰ ਜ਼ਾਲਮਾਂ ਨੇ ਸੀ ਲਤਾੜਿਆ। ਹਾਕਮਾਂ ਨੇ ਨੰਗੀਆਂ ਨਚਾਈਆਂ ਇੱਜ਼ਤਾਂ। ਧਰਮ ਯੋਧਿਆਂ ਦੇ ਸਾਹਵੇਂ ਲਾਹੀਆਂ ਇੱਜ਼ਤਾਂ। ਬੂਟਾਂ ਥੱਲੇ ਮਿੱਧ ਕੇ ਵਿਛਾਈਆਂ ਇੱਜ਼ਤਾਂ। ਲੀਡਰਾਂ ਨੇ ਕਿਤੇ ਨਾ ਬਚਾਈਆਂ ਇੱਜ਼ਤਾਂ। ਸ਼ਾਂਤੀਵਾਦੀ ਸ਼ੇਰਾਂ ਤੋਂ ਨਾ ਬੁੱਕਿਆ ਗਿਆ। ਲੀਡਰਾਂ ਤੋਂ ਨਿਰਾ ਪੁਰਾ ਝੁਕਿਆ ਗਿਆ। ਮਾਵਾਂ ਸਾਡੀਆਂ ਦੇ ਮੂੰਹ 'ਤੇ ਥੁੱਕਿਆ ਗਿਆ। ਡੁੱਬ ਕੇ ਨਾ ਸਾਥੋਂ ਮਰ ਮੁੱਕਿਆ ਗਿਆ। ਦੱਸ ਖਾਂ ਜਵਾਨੋ : ਇਹਨੂੰ ਆਖੋ ਜ਼ਿੰਦਗੀ? ਕਿੱਥੇ ਹੈ ਬਹਾਦਰੀ ਤੇ ਕਿੱਥੇ ਹਿੰਦਗੀ? ਕਿੱਥੇ ਹੈ ਆਜ਼ਾਦੜੀ ਤੇ ਮਨ-ਚਿੰਦਗੀ? ਮੰਗ-ਪੀਣਿਆਂ ਦੀ ਯਾਰੋ, ਕਾਹਦੀ ਰਿੰਦਗੀ?? ਦਾਸਤਾਂ ਏ ਯਾਦ : ਅਸੀਂ ਜਾਣਦੇ ਤਾਂ ਹਾਂ। ਹੋਣਾ ਏਂ ਅਜ਼ਾਦ : ਅਸੀਂ ਜਾਣਦੇ ਤਾਂ ਹਾਂ। ਦੇਸ਼ ਏ ਬਰਬਾਦ : ਅਸੀਂ ਜਾਣਦੇ ਤਾਂ ਹਾਂ। ਹੋਣਾ ਏਂ ਆਬਾਦ : ਅਸੀਂ ਜਾਣਦੇ ਤਾਂ ਹਾਂ। ਅਸਮਾਨੋਂ ਲੱਥ ਕਿਸੇ ਦੱਸਣਾ ਨਹੀਂ। ਬੈਠਿਆਂ 'ਤੇ ਕਿਸਮਤਾਂ ਨੇ ਹੱਸਣਾ ਨਹੀਂ। ਕਰਾਮਾਤਾਂ ਵੈਰੀਆਂ ਨੂੰ ਡੱਸਣਾ ਨਹੀਂ। ਸਿਰਾਂ ਵਿਚ ਗਿਆਨ ਕਿਸੇ ਝੱਸਣਾ ਨਹੀਂ। ਕਿੰਨਾ ਚਿਰ 'ਬੰਦੀਛੋੜ' ਨੂੰ ਉਡੀਕਣਾ? ਕਿੰਨਾ ਚਿਰ 'ਕਸ਼ਟ-ਤੋੜ' ਨੂੰ ਉਡੀਕਣਾ? ਕਿੰਨਾ ਚਿਰ 'ਗ੍ਰਹਿ-ਜੋੜ' ਨੂੰ ਉਡੀਕਣਾ? ਕਿੰਨਾ ਚਿਰ 'ਯੁਗ-ਮੋੜ' ਨੂੰ ਉਡੀਕਣਾ? "ਰਾਜ ਕੋਈ ਕਦੇ ਨਾ ਕਿਸੇ ਨੂੰ ਦੇਂਵਦਾ! ਜਿਹੜਾ ਲੈਂਦਾ ਨਿੱਜ ਬਲ 'ਤੇ ਹੀ ਲੇਂਵਦਾ!" ਰੱਤ ਡੋਲ੍ਹਣੋਂ ਬਿਨਾਂ ਨਾ ਜਬਰ ਨੇਂਵਦਾ। ਐਵੇਂ ਦਸ਼ਮੇਸ਼ ਨਾ ਸੀ ਖੰਡਾ ਸੇਂਵਦਾ। ਸ਼ਾਂਤੀ ਦਾ ਗੀਤ ਰੱਜ ਰੱਜ ਗੌਂ ਲਿਆ। ਰੱਜ ਰੱਜ ਰਾਮ ਰਾਜਿਆਂ ਦਾ ਨਾਉਂ ਲਿਆ। ਕਰਾਮਾਤੀਆਂ ਦੇ ਪਿੱਛੇ ਵੀ ਹੋ ਭੌਂ ਲਿਆ। ਜਾਗੋ ਨੌਜਵਾਨੋ, ਉੱਠੋ ਬਹੁਤ ਸੌਂ ਲਿਆ। ਜਾਣ ਕੇ ਜਵਾਨ ਨੂੰ ਪੁਕਾਰਿਐ ਅਸਾਂ। ਸੂਰਵੀਰ ਖੁੱਲ੍ਹ-ਦਿਲਾ ਵਿਚਾਰਿਐ ਅਸਾਂ। ਭਾਵਨਾ ਦੇ ਵਿਚੋਂ ਧਿਆਨ ਮਾਰਿਐ ਅਸਾਂ। 'ਸਿਆਣਿਆਂ' ਦੀ ਮੱਤ ਬਿਨਾਂ ਸਾਰਿਐ ਅਸੀਂ। ਗੱਲੇ ਗੱਲੇ ਹਾਕਮਾਂ ਦੀ ਤੋਪ ਬੀੜ ਜੀ। ਹੱਸ ਕੇ ਜਵਾਨੀਆਂ ਹੰਢਾਈ ਭੀੜ ਜੀ। ਦਾਰ ਚੁੰਮੀ ਉਹਨਾਂ ਬੁੱਲ੍ਹੀਆਂ ਨੂੰ ਸੀੜ ਜੀ। ਹੋਈ ਭਾਵੇਂ ਨਾੜ ਨਾੜ ਪੀੜ ਪੀੜ ਜੀ। ਸਾਰਾ ਇਤਿਹਾਸ ਤੇ ਵਿਕਾਸ ਬੋਲਦਾ। ਜੁਗੋ ਜੁਗ ਨੌਜਵਾਨ ਖ਼ੂਨ ਡੋਲ੍ਹਦਾ। ਕੁਰਬਾਨੀ ਨਾਲ ਹੈ ਸੁਧਾਰ ਤੋਲਦਾ। ਭੋਲੇ-ਭਾ ਹੀ ਜਾਨ ਨੂੰ ਘੁਮਾਂਦਾ ਘੋਲਦਾ। ਗੱਭਰੂ ਜਪਾਨੀਆਂ ਨੇ ਛਾਲਾਂ ਮਾਰੀਆਂ। ਮੌਤ ਨਾਲ ਰੱਖੀਆਂ ਉਨ੍ਹਾਂ ਨੇ ਯਾਰੀਆਂ। ਹੱਡ ਮਾਸ ਦੀਆਂ ਸੜਕਾਂ ਉਸਾਰੀਆਂ। ਗੱਲਾਂ ਦੱਸੇ ਖੋਲ੍ਹ ਖੋਲ੍ਹ ਕੌਣ ਸਾਰੀਆਂ। ਪੋਲਾਂ ਵੀ ਆਜ਼ਾਦ ਕੌਮ ਹੈ ਉਸਾਰ 'ਤੀ। ਆਪਣੀ ਜਵਾਨੀ ਇਟਲੀ ਨੇ ਵਾਰ 'ਤੀ। ਤੁਰਕਾਂ ਤੇ ਚੀਨੀਆਂ ਵੀ ਜਾਨ ਵਾਰ 'ਤੀ। ਆਪਾ ਡੋਬ ਨੌਜਵਾਨਾਂ, ਕੌਮ ਤਾਰ 'ਤੀ। ਰੂਸੀਆਂ ਹਜ਼ਾਰਾਂ ਨੂੰ ਸੀ ਜ਼ਾਰ ਮਾਰਿਆ। ਬਾਗ਼ੀਆਂ ਨੂੰ ਕੱਢ ਕੱਢ ਬਾਹਰ ਮਾਰਿਆ। ਆਕੀਆਂ ਨੂੰ ਯਖ਼ਾਂ ਵਿਚਕਾਰ ਮਾਰਿਆ। ਪੁਸਤਕਾਂ ਦਾ ਰਾਜਿਆਂ ਸ਼ਿਕਾਰ ਮਾਰਿਆ। ਜ਼ਾਲਮਾਂ ਨੂੰ ਟੋਕਿਆ ਸਦਾ ਜਵਾਨੀਆਂ। ਝੱਖੜਾਂ ਨੂੰ ਰੋਕਿਆ ਸਦਾ ਜਵਾਨੀਆਂ। ਸਿਰਾਂ ਨੂੰ ਮੁਫ਼ਤ ਝੋਕਿਆ ਸਦਾ ਜਵਾਨੀਆਂ। ਜ਼ੁਲਮ ਦੇ ਹੜ੍ਹ ਨੂੰ ਰੋਕਿਆ ਸਦਾ ਜਵਾਨੀਆਂ। ਜਵਾਨੀਆਂ ਨੇ ਜਿੱਤੀਆਂ ਆਜ਼ਾਦੀਆਂ ਸਦਾ। ਸਰਫ਼ਰੋਸ਼ੀ ਹੈ ਸਦਾ ਜਵਾਨ ਦੀ ਅਦਾ। ਜਵਾਨ ਦੀ ਆਵਾਜ਼ ਇਨਕਲਾਬ ਦੀ ਸਦਾ। ਰੂਸ ਦੀ ਆਵਾਜ਼ ਇਸਕਰਾ, ਪਰਾਵਦਾ। ਮਾਨਵੀ ਹੈ ਰਾਜ ਮਾਨਵੀ ਹੀ ਸਾਜ ਹੈ। ਲੋਕਤਾ ਦਾ ਤਾਜ ਲੋਕਤਾ ਦਾ ਰਾਜ ਹੈ। ਨੱਚਦੀ ਆਜ਼ਾਦੀ ਨੱਚਦਾ ਸਮਾਜ ਹੈ। ਨੱਚਦੀ ਕਰਾਂਤੀ ਨੱਚਦਾ ਰਿਵਾਜ ਹੈ। ਭਾਰਤੀ ਵਿਚਾਰੇ ਕਿਹੜੇ ਚੱਕਰਾਂ 'ਚ ਨੇ! ਰੁੱਝੇ ਹੋਏ ਆਪਸੀ ਹੀ ਟੱਕਰਾਂ 'ਚ ਨੇ। ਸਿਰ-ਫਿਰੇ ਵੀ ਗਿਣੇ ਜਾਂਦੇ ਫੱਕਰਾਂ 'ਚ ਨੇ। ਰਾਜਸੀ ਵਿਚਾਰ ਦੱਬੇ ਕੱਕਰਾਂ 'ਚ ਨੇ। ਪਾਣੀ ਦੇਣ ਪਿੱਪਲਾਂ ਨੂੰ, ਪਸ਼ੂ ਪੂਜਦੇ। ਤਾਜ਼ੀਆਂ ਨੂੰ ਰੋਕਦੇ ਜਲੂਸ ਜੂਝਦੇ। ਇਕਨਾ ਦੇ ਝੂਠ ਦੂਜਿਆਂ ਨੂੰ ਊਜਦੇ। ਮੂਰਖਾਂ ਦੇ ਨਾਲ ਮੂਰਖ ਨੇ ਲੂਝਦੇ। ਖਿੱਲਰੀ ਏ ਦੇਸ਼ ਵਿਚ ਫਿਰਕੂ ਸ਼ੁਦਾਅ। ਹਿੰਦੂਆਂ ਤੇ ਮੋਮਨਾਂ ਦੇ ਰੱਬ ਨੇ ਜੁਦਾਅ। ਬੰਦੇ-ਮਾਰ ਪਸ਼ੂਆਂ ਦੇ ਲੈਣ ਬਦਲਾ। ਕਾਫ਼ਰਾਂ ਦਾ ਲਹੂ ਪੀਏ ਮੋਮਨੀ ਖ਼ੁਦਾਅ। ਨਵੇਂ ਨਿੱਤ ਜੰਮਦੇ ਨੇ ਭਗਵਾਨ ਜੀ। ਸਰਬ-ਸਾਂਝ ਦਾ ਏ ਦੇਂਵਦੇ ਗਿਆਨ ਜੀ। ਲੋਕਾਂ ਭੋਲਿਆਂ ਦਾ ਖਿੱਚਦੇ ਧਿਆਨ ਜੀ। ਰਾਜ ਬਰਤਾਨੀਆ ਦੇ ਗੁਣ ਗਾਣ ਜੀ। ਆਖਦੇ ਨੇ ਭਾਈ ਭਾਈ ਬੰਦੇ ਰੱਬ ਦੇ। ਨਹੀਂ ਇਕ ਕੌਮ ਦੇ, ਨੇ ਪਿਆਰੇ ਸਭ ਦੇ। ਗੋਰੇ, ਕਾਲੇ ਪੀਲੇ, ਕਣਕ ਵੰਨੇ ਫੱਬਦੇ। ਏਹੋ ਜਹੇ ਸਿਧਾਂਤ ਲੋਟੂਆਂ ਨੂੰ ਲੱਭਦੇ। ਦੂਜਿਆਂ ਨੂੰ ਕੌਮ ਇਕ ਲੁੱਟਦੀ ਰਹੇ। ਜੁੰਡੀ ਡਾਢਿਆਂ ਦੀ ਮਾੜੇ ਕੁੱਟਦੀ ਰਹੇ। ਹੁਕਮਰਾਨੀ ਗੋਰਿਆਂ ਦੇ ਗੁੱਟ ਦੀ ਰਹੇ। ਬੰਦੇ ਦੀ ਬਰਾਦਰੀ ਨਿਖੁੱਟਦੀ ਰਹੇ। ਕਾਤਲ ਨੇ ਮਰਨ ਵਾਲਿਆਂ ਦੇ ਚੌਧਰੀ। ਗੋਰੇ ਤੇ ਲੁਟੇਰੇ ਕਾਲਿਆਂ ਦੇ ਚੌਧਰੀ। ਗਾਂਧੀ ਟੋਪੀ ਵਾਲੇ ਲਾਲਿਆਂ ਦੇ ਚੌਧਰੀ। ਲੋਟੂ ਸੇਠ ਧਰਮਸਾਲਿਆਂ ਦੇ ਚੌਧਰੀ। ਇਨ੍ਹਾਂ ਨੂੰ ਇਹ ਤਾਂ ਨੇ ਜੀ ਵਰਤ ਰੱਖਦੇ। ਪੀਂਦੇ ਨਹੀਂ ਜੀ, ਨਿੰਬੂਆਂ ਦਾ ਰਸ ਚੱਖਦੇ। ਰਾਜ ਬਰਤਾਨੀਆ ਦੀ ਤਾਰੇ ਅੱਖ ਦੇ। ਉਂਝ ਕਹਿਣ ਅਸੀਂ ਕੌਮਵਾਦੀ ਪੱਖ ਦੇ। ਰੰਕ, ਰਾਜਿਆਂ ਨੂੰ ਇਕੋ ਅੱਖ ਵੇਖਦੇ। ਸਾਰਿਆਂ ਦੇ ਸਾਂਝੇ ਨਿਰਪੱਖ ਵੇਖਦੇ। ਇਕੋ ਅੱਖੇ ਕੱਖ ਅਤੇ ਲੱਖ ਵੇਖਦੇ। ਲੋਟੂਆਂ ਦੀ ਕਿਧਰੇ ਨਾ ਝੱਖ਼ ਵੇਖਦੇ। ਲੁੱਟ ਨੂੰ ਕਦੇ ਨਾ ਭੰਡਦੇ ਮਹਾਤਮਾ। ਭੁੱਖਿਆਂ ਨੂੰ ਭੋਏਂ ਵੰਡਦੇ ਮਹਾਤਮਾ। ਇਨਕਲਾਬੀਆਂ ਨੂੰ ਦੰਡਦੇ ਮਹਾਤਮਾ। ਚੇਲਿਆਂ ਨੂੰ ਰਹਿਣ ਚੰਡਦੇ ਮਹਾਤਮਾ। ਸੇਵਾ-ਸੰਘ ਪਏ ਨੇ ਖੋਲ੍ਹਦੇ ਮਹਾਤਮਾ। ਮੁਫ਼ਤ ਨੇ ਦਵਾਈਆਂ ਘੋਲਦੇ ਮਹਾਤਮਾ। ਦਾਨ ਦੱਖਣਾ ਘਚੋਲਦੇ ਮਹਾਤਮਾ। ਜੜ੍ਹ ਭੁੱਖ ਦੀ ਨਾ ਫੋਲਦੇ ਮਹਾਤਮਾ। ਹੋਣੀ ਨਾ ਗਰੀਬੀ ਦੂਰ ਦਾਨ ਕੀਤਿਆਂ। ਤਿਆਗੀਆਂ ਦੇ ਵਰਤ, ਪੌਣ ਪਾਣ ਕੀਤਿਆਂ। ਮੰਨਣਾ ਨਾ ਲੋਟੂਆਂ ਗਿਆਨ ਕੀਤਿਆਂ। ਢਿੱਡ ਭਰਦੇ ਨਾ ਨਿਰਾ ਮਾਣ ਕੀਤਿਆਂ। ਭੈੜੇ ਦਿਨ ਆਏ ਭੋਲੜੇ ਗਿਆਨ 'ਤੇ। ਸੇਵਾ ਸੰਮਤੀਆਂ ਖੁੱਲ੍ਹੀਆਂ ਜਹਾਨ 'ਤੇ। ਹੱਕਾਂ ਉੱਤੇ ਨਹੀਂ ਜ਼ੋਰ, ਜ਼ਰ ਦਾਨ 'ਤੇ। ਆਟਾ ਛੱਡ ਟੁੱਟ ਕੇ ਪਏ ਨੇ ਛਾਣ 'ਤੇ। ਧਰਮੀਆਂ ਦੇ ਵਹਿਮ ਸਾਥੋਂ ਪੁੱਗਣੇ ਨਹੀਂ। ਮੰਦਰਾਂ ਦੇ ਵਿਚ ਦਾਣੇ ਉੱਗਣੇ ਨਹੀਂ। ਅਸਾਂ ਚੋਗ ਕਿਸਮਤਾਂ ਦੇ ਚੁਗਣੇ ਨਹੀਂ। ਇਨਕਲਾਬ ਮੰਗਤਿਆਂ ਦੇ ਬੁੱਗਣੇ ਨਹੀਂ। ਇਨਕਲਾਬੀਆਂ ਤੋਂ ਭਰਮ ਜਾਲ ਟੁੱਟਣੇ। ਨੌਜਵਾਨਾਂ ਤੰਗ ਖ਼ਿਆਲ ਤੋੜ ਸੁੱਟਣੇ। ਪਾੜ-ਖਾਨੇ ਗੋਰਿਆਂ ਦੇ ਸਾਹ ਨੇ ਘੁੱਟਣੇ। ਹੋਰ ਨਾ ਚੁਫ਼ੇੜੀਆਂ ਦੇ ਜੁੱਟ ਜੁੱਟਣੇ। ਅਜੇ ਨਾ ਅਸਾਂ ਹੈ ਗ਼ੈਰ ਨੂੰ ਵੰਗਾਰਿਆ। ਕੁਝ ਵੀ ਨਾ ਸਾਥੀਓ, ਅਸਾਂ ਸੰਵਾਰਿਆ। ਦੇਸ਼ ਕੌਮ ਉੱਤੋਂ ਕੁਝ ਵੀ ਨਾ ਵਾਰਿਆ। ਲੀਡਰਾਂ ਨੇ ਬਾਰ ਬਾਰ ਝੂਠ ਮਾਰਿਆ। ਗੀਦੀਪੁਣਾ ਆਪਣਾ ਛੁਪਾਇਆ ਲੀਡਰਾਂ। ਧਰਮ ਵਾਰ ਵੰਡ ਨੂੰ ਦੁਹਰਾਇਆ ਲੀਡਰਾਂ। ਲਾਲਚਾਂ ਨੂੰ ਨਹੀਂ ਠੁਕਰਾਇਆ ਲੀਡਰਾਂ। ਪਾਪੀਆਂ ਦਾ ਕਰਮ ਕਮਾਇਆ ਲੀਡਰਾਂ। ਏਦਾਂ ਤਾਂ ਕਦੇ ਨਹੀਂ ਆਂਦੀਆਂ ਆਜ਼ਾਦੀਆਂ। ਏਦਾਂ ਤਾਂ ਨਹੀਂ ਵੰਡ ਪਾਂਦੀਆਂ ਆਜ਼ਾਦੀਆਂ। ਇਸ ਤਰ੍ਹਾਂ ਨਹੀਂ ਦੰਡ ਪਾਂਦੀਆਂ ਆਜ਼ਾਦੀਆਂ। ਆਪੇ ਤਾਂ ਨਹੀਂ ਕੰਡ ਲਾਂਦੀਆਂ ਆਜ਼ਾਦੀਆਂ। ਲੋੜ ਸਾਨੂੰ ਸਿਰਲੱਥ ਸੂਰਿਆਂ ਦੀ ਏ। ਨਿਸ਼ਕਾਮ, ਵਾਅਦਿਆਂ ਦੇ ਪੂਰਿਆਂ ਦੀ ਏ। ਗ਼ੈਰਤਾਂ ਦੀ ਘਾਟ ਉੱਤੇ ਝੂਰਿਆਂ ਦੀ ਏ। ਲੋੜ ਪੰਜ-ਪਾਣੀਆਂ ਦੇ ਸੂਰਿਆਂ ਦੀ ਏ। ਪੰਜਾਬੀਓ, ਭਰਾਵੋ, ਨੌਜਵਾਨ-ਸਾਥੀਓ! ਹੋਰ ਸੂਬਿਆਂ ਦਾ ਅਪਮਾਨ, ਸਾਥੀਓ! ਇਨਕਲਾਬੀਓ ਓਏ ਮੇਰੀ ਜਾਨ ਸਾਥੀਓ! ਰੱਬ ਵਾਂਗ ਪੂਜੋ ਇਨਸਾਨ ਸਾਥੀਓ! ਜਥੇਬੰਦ, ਜਾਗਰੂਕ ਬੰਗ ਦੇਸ਼ ਓਏ! ਗ਼ਦਰ ਵਾਂਗ ਵਧ ਰਿਹਾ ਗੰਗ ਦੇਸ਼ ਓਏ! ਸਿਆਸਤੋਂ ਪੰਜਾਬ ਕਿਉਂ ਮਲੰਗ ਦੇਸ਼ ਓਏ! ਜਥੇਬੰਦੀਉਂ ਵੀ ਕੋਰਾ ਨੰਗ ਦੇਸ਼ ਓਏ! ਤਕਸ਼ਿਲਾ ਦੇ ਵਿਸ਼ਵ ਗਿਆਨ ਵੇਦ ਪਾਰਸੋ! ਭਾਸ਼ਾ ਵਿਗਿਆਨੀ ਪਾਣਿਨੀ ਦੇ ਵਾਰਸੋ! ਸਾਹਿਤ ਸੂਝ ਸਭਿਅਤਾ ਦਿਉ ਮਹਾਂਰਸੋ। ਅਸਲ ਰੂਪ ਆਪਣਾ ਕਦੋਂ ਕੁ ਧਾਰਸੋ? ਰਸੋਂ ਪਹਿਲਾਂ ਰਾਜ ਹੇਤ ਘੋਲ ਕਰ ਲਵੋ। ਦੋਹਾਂ ਨੂੰ ਰਤਾ ਕੁ ਕੋਲ ਕੋਲ ਕਰ ਲਵੋ। ਲੋਕਤਾ ਦੇ ਨਾਲ ਮੇਲ ਜੋਲ ਕਰ ਲਵੋ। ਤਾਕਤਾਂ ਬੇਗਾਨੀਆਂ ਦੇ ਤੋਲ ਕਰ ਲਵੋ। 4ਆਪਣੇ ਬਦੇਸ਼ੀਆਂ ਦੇ ਨਾਲ ਚਲਣਗੇ। ਕਾਲੇ ਸ਼ਾਹ ਵੀ ਗੋਰਿਆਂ ਦੇ ਨਾਲ ਰਲਣਗੇ। ਵਫ਼ਾਦਾਰ ਕੁੱਤਿਆਂ ਦੇ ਵਾਂਗ ਪਲਣਗੇ। ਰਲ ਕੇ ਕਿਸਾਨ ਕਿਰਤੀਆਂ ਨੂੰ ਦਲਣਗੇ। ਕਰਨਾ ਕਬੂਲ ਫੋਕਾ ਮਾਨ ਲੀਡਰਾਂ। ਗੋਲਮੇਜ਼ ਵਾਲੀ ਲੈ ਕੇ ਸ਼ਾਨ ਲੀਡਰਾਂ। ਸੁਲ੍ਹਾ ਕਰ ਲੈਣੀ ਏ 'ਮਹਾਨ' ਲੀਡਰਾਂ। ਮੌਤ ਹੈ ਵਿਹਾਜਣੀ ਕਿਸਾਨ ਲੀਡਰਾਂ। ਗੰਢ-ਤਰੁੱਪ ਹੋਵੇ ਭਾਵੇਂ ਹੋਵੇ ਜੰਗ ਜੀ। ਪੂੰਜੀਵਾਦੀਆਂ ਨੂੰ ਆਵਣੀ ਨਾ ਸੰਗ ਜੀ। ਲਾਲਚਾਂ ਨੇ ਬਦਲਾਣੇ ਰੋਜ਼ ਰੰਗ ਜੀ। ਮੌਤ ਲੈਣੀ ਨੌਜਵਾਨਾਂ ਮੰਗ ਮੰਗ ਜੀ। ਦੁੱਧ-ਪੀਣਿਆਂ ਨੇ ਹੈ ਮੈਦਾਨ ਛੱਡਣਾ। ਹਾਕਮਾਂ ਦੇ ਅੱਗੇ ਹੱਥ ਇਹਨਾਂ ਅੱਡਣਾ। ਆਸ਼ਕਾਂ ਆਜ਼ਾਦੀ ਦਿਆਂ ਨਾਮ ਕੱਢਣਾ। ਲੋੜ ਪਏ ਤਾਂ ਮਿੱਠੜਾ ਜਹਾਨ ਛੱਡਣਾ। ਨਾਹਰਾ ਸਾਡਾ ਦੋਸਤੋ, ਹੈ ਲੋਕਤਾ ਲਈ। ਇਨਕਲਾਬ ਲੋਕਤਾ ਦਾ ਲੋਕਤਾ ਲਈ। ਸਵਰਾਜ ਲੋਕਤਾ ਦਾ ਲੋਕਤਾ ਲਈ। ਲੋਕ ਰਾਜ ਲੋਕਤਾ ਦਾ ਲੋਕਤਾ ਲਈ। ਕਰ ਲਉ ਉਪਾਏ ਲੋਕਤਾ ਜਗਾਣ ਦਾ। ਪਿੰਡ ਪਿੰਡ ਪੁੱਜ ਕੇ ਰਿਵਾਜ ਪਾਣ ਦਾ। ਸਿਰ ਤਲੀਆਂ 'ਤੇ ਆਪਣੇ ਟਿਕਾਣ ਦਾ। ਰੂਸੀਆਂ ਦੇ ਵਾਂਗ ਅੱਗੇ ਵਧੀ ਜਾਣ ਦਾ। ਸੁੱਤੀ ਹੋਈ ਲੋਕਤਾ ਜਗਾਉ ਪਿੰਡ ਦੀ। ਜੋਸ਼ ਨਾਲ ਹੋਸ਼ ਵੀ ਵਧਾਉ ਪਿੰਡ ਦੀ। ਰੁੱਖੀ ਸੁੱਕੀ ਪਿੰਡ ਰਹਿ ਕੇ ਖਾਉ ਪਿੰਡ ਦੀ। ਬੰਨੇ ਲਾਉ ਨੌਜਵਾਨੋਂ ਨਾਉ ਪਿੰਡ ਦੀ। ਇਨਕਲਾਬ ਵਾਂਗਰਾਂ ਗੁਲਾਬ ਫੁੱਲਣੈ। ਇਨਕਲਾਬ ਵਾਂਗਰਾਂ ਸ਼ਬਾਬ ਝੁੱਲਣੈ। ਇਨਕਲਾਬ ਵਾਂਗਰਾਂ ਕਿਤਾਬ ਖੁੱਲ੍ਹਣੈ। ਲੋਕਤਾ ਨੂੰ ਲੁੱਟ ਦਾ ਹਿਸਾਬ ਭੁੱਲਣੈ। ਪਿੰਡ ਪਿੰਡ ਜਾਉ, ਸਮਝਾਉ ਦੋਸਤੋ! ਢੇਰ ਕੁਰਬਾਨੀਆਂ ਦੇ ਲਾਉ ਦੋਸਤੋ! ਲੋਕਤਾ ਦੇ ਹਿਰਦਿਆਂ 'ਤੇ ਛਾਉ ਦੋਸਤੋ! ਲੁੱਟ ਨੂੰ ਸਮਾਜ 'ਚੋਂ ਹਟਾਉ ਦੋਸਤੋ! ਰਾਜ-ਸੱਤਾ ਕਿਰਤੀਆਂ ਦੇ ਹੱਥ ਆਵਣੀ। ਸਮਤਾ ਹੈ ਬਣ ਬਣ ਤੱਥ ਆਵਣੀ। ਰੁੱਤ ਹੈ ਜਵਾਨੀ ਦੀ ਅਕੱਥ ਆਵਣੀ। ਕਿਰਤੀਆਂ ਦੇ ਹੱਥ ਵਿਚ ਨੱਥ ਆਵਣੀ। ਮੁਫ਼ਤ ਵਿਚ ਨੱਥ ਹੱਥ ਆਵਣੀ ਨਹੀਂ। ਜਦੋਂ ਤੱਕ ਗੱਲ ਮਨ ਭਾਵਣੀ ਨਹੀਂ। ਮੌਤ ਵਾਲੀ ਲਿੱਲ ਜਿਸ ਲਾਵਣੀ ਨਹੀਂ। ਰਾਸ ਇਨਕਲਾਬ ਦੀ ਕਮਾਵਣੀ ਨਹੀਂ। ਇਨਕਲਾਬ ਨੌਜਵਾਨ ਹੀ ਲਿਆਵਣਾ। ਇਨਕਲਾਬ ਏਸ ਦੇ ਹੀ ਮਨ ਭਾਵਣਾ। ਬੁੱਢਿਆਂ ਕੀ ਦੇਸ ਦਾ ਹੈ ਭਾਰ ਚਾਵਣਾ। ਸੁੱਤਿਆਂ ਕੀ ਸੁੱਤਿਆਂ ਨੂੰ ਹੈ ਜਗਾਵਣਾ। ਬੰਬ ਤੇ ਬੰਦੂਕ ਨਹੀਂ ਧਰਮ ਸਾਡੜਾ। ਐਵੇਂ ਨਹੀਂ ਹੋਇਆ ਲਹੂ ਗਰਮ ਸਾਡੜਾ। ਮੌਤ ਨਾ ਬੇਦੋਸ਼ਿਆਂ ਦੀ ਕਰਮ ਸਾਡੜਾ। ਗਰਮ ਭਾਵੇਂ ਕਿੰਨੇ ਦਿਲ ਨਰਮ ਸਾਡੜਾ। ਨੌਜਵਾਨੋ, ਕੰਮ ਦਾ ਪਹਾੜ ਕੱਟਣੈ। ਰਾਹ 'ਚ ਮੁਸ਼ਕਲਾਂ ਦੇ ਸਾਗਰਾਂ ਨੂੰ ਝੱਟਣੈ। ਨੌਜਵਾਨੋ, ਤੁਸਾਂ ਹੀ ਅਪਾੜ ਪੱਟਣੈ। ਇਨਕਲਾਬੀਆਂ ਨੇ ਹੀਰਿਆਂ ਨੂੰ ਚੱਟਣੈ। ਅੱਗੇ ਵਧੋ ਹੌਂਸਲੇ ਨੂੰ ਧਾਰ, ਦੋਸਤੋ! ਹਿੱਕ ਉੱਤੇ ਝੱਲੋ ਹਰ ਵਾਰ, ਦੋਸਤੋ! 'ਕੂੜ ਦੀ ਹੀ ਹੋਵਣੀ ਹੈ ਹਾਰ, ਦੋਸਤੋ! ਆਖਿਆ ਗੁਰਾਂ ਨੇ ਬਾਰ ਬਾਰ, ਦੋਸਤੋ! ਪੰਥ ਨੇ ਕਰਾਰੇ ਰਾਹ ਨੇ ਆਰਿਆਂ ਦੇ ਵਾਂਗ। ਝਾਗ ਲੈਣੇ ਅਸਾਂ ਇਹ ਵੀ ਸਾਰਿਆਂ ਦੇ ਵਾਂਗ। ਜਿੱਤ ਹੈ ਸੰਜੋਗ ਨਿਰਾ ਲਾਰਿਆਂ ਦੇ ਵਾਂਗ। 'ਪੋਰਸਾਂ' ਨੇ ਹਾਰਨਾ ਨਾ ਹਾਰਿਆਂ ਦੇ ਵਾਂਗ। ਕੁਰਬਾਨੀ ਇਨਕਲਾਬੀਆਂ ਦਾ ਨੇਮ ਹੈ। ਲਹਿਰ ਦਾ ਸਦਾ ਤੋਂ ਇਨਕਲਾਬ 'ਏਮ' ਹੈ। ਮੌਤ ਦੌੜ ਹੀ ਏ, ਲੋਕ-ਲਹਿਰ 'ਗੇਮ' ਹੈ। ਹਾਰ 'ਕਾਲ' ਦੀ ਹੀ ਜ਼ਿੰਦਗੀ ਦਾ ਨੇਮ ਹੈ। ਦਸਵੇਂ ਗੁਰਾਂ ਨੇ ਕਾਲ ਨੂੰ ਵੰਗਾਰਿਆ। ਜਿੱਤਿਆ ਗੁਰੂ ਤੇ ਅੰਤ ਕਾਲ ਹਾਰਿਆ। ਨੇਮ ਤੋਂ ਗੁਰਾਂ ਨੇ ਪਰਿਵਾਰ ਵਾਰਿਆ। ਪਾਈ ਨਾ ਕਦੇ ਵੀ ਉਹਨਾਂ ਹਾਲ ਪਾਹਰਿਆ। ਪੁੱਤ ਮਰਵਾ ਕੇ ਜਿੱਤ-ਨਾਮਾਂ ਲਿਖਦੇ। ਅਸੀਂ ਕਿਉਂ ਨਹੀਂ ਗੁਰਾਂ ਵਾਲੀ ਮੌਤ ਸਿੱਖਦੇ? ਸਾਨੂੰ ਕਿਉਂ ਨਹੀਂ ਹਾਰ 'ਚੋਂ ਸ਼ਿੰਗਾਰ ਦਿਖਦੇ? ਅਸੀਂ ਕਿਉਂ ਨਹੀਂ 'ਸੂਲ' ਨੂੰ ਸੁਰਾਹੀ ਲਿਖਦੇ? ਗੁਰਾਂ ਤੋਂ ਵਧੀਕ ਅਸੀਂ ਦੁੱਖ ਝਾਗੀਏ। ਸਿੱਖ ਹਾਂ ਉਨ੍ਹਾਂ ਦੇ ਅਸੀਂ ਵਡ-ਭਾਗੀਏ। ਪਛੋਤਾਵਿਆਂ ਦੇ ਸਹਿਮ ਨੂੰ ਤਿਆਗੀਏ। ਚੜ੍ਹਦੀ ਕਲਾ ਦੇ ਵਿਚ ਨਿੱਤ ਜਾਗੀਏ। ਨੌਜਵਾਨ - ਭਾਰਤੀ - ਭਰਾਵਾ ਸਾਥੀਆ! ਜਿੰਦ ਜੇ ਮੁਸੀਬਤਾਂ ਦੇ ਵਿਚ ਫਾਬੀ ਆ! ਕੰਡ 'ਤੇ ਆਦਰਸ਼ ਹੈ ਮਹਾਨ ਸਾਥੀਆ! ਛੱਡ ਕੇ ਨਾ ਜਾਈਂ ਤੂੰ ਮੈਦਾਨ ਸਾਥੀਆ! ਡੁੱਬ ਡੁੱਬ ਤਰਦੇ ਜਵਾਨ, ਸਾਥੀਆ! ਡੁੱਬਣਾ ਵੀ ਤਾਰੂਆਂ ਦੀ ਸ਼ਾਨ, ਸਾਥੀਆ! ਮਨ ਨੂੰ ਮਨੋਰਥਣ ਦੇ ਹਾਣ, ਸਾਥੀਆ! ਕਰ ਲੈ ਤੂੰ ਮਿਖ ਕੇ, ਮਹਾਨ ਸਾਥੀਆ! ਮੇਜ਼ਿਨੀ ਨੂੰ ਗੱਲੇ ਗੱਲੇ ਪੱਲੇ ਬੰਨ੍ਹ ਲੈ। ਉਹਦੀ ਇਕ ਗੱਲ, ਬੱਲੇ ਬੱਲੇ, ਮੰਨ ਲੈ। "ਮੌਤ ਜਿਹੜਿਆਂ ਨੂੰ ਪਹਿਲੇ ਹੱਲੇ ਭੰਨ ਲੈ। ਉਹੀ ਜਾਣ ਦੁਨੀਆਂ ਤੋਂ ਧੰਨ ਧੰਨ ਲੈ। ਲੋਕਾਂ ਦੇ ਮਹਾਨ ਨਿਸ਼ਕਾਮ ਬੰਦਿਆਂ, ਦਾਸਤਾ ਨੂੰ ਸਮਝਿਆ ਹਰਾਮ ਬੰਦਿਆਂ! ਵੀਰਤਾ ਦੇ ਪੁੰਜਾਂ ਗੁੰਮਨਾਮ ਬੰਦਿਆਂ। ਕੌਮੀ ਲਹਿਰਾਂ ਚੁੱਕੀਆਂ ਅਨਾਮ ਬੰਦਿਆਂ! ਨਾਹਰੇ ਕੋਈ ਮਾਰਦਾ ਸਰਾਭਾ ਚੱਲਿਆ। ਸੱਚੇ ਰਾਹ ਨੂੰ ਕਿਸੇ ਚੋਣਵੇਂ ਨਾ ਮੱਲਿਆ। ਰੱਬ ਨੇ ਉਚੇਚਾ ਕੋਈ ਵੀ ਨਾ ਘੱਲਿਆ। ਲੋਕਤਾ ਦਾ ਹੜ੍ਹ ਜਾਂਵਦਾ ਨਾ ਠੱਲ੍ਹਿਆ। 'ਅਵਧ ਬਿਹਾਰੀ' ਤੇ 'ਮੁਕੰਦ ਬਾਲ' ਨੇ : ਉੱਠਦੀ ਜਵਾਨੀ ਦੇ ਜਵਾਨ ਸਾਲ ਨੇ। ਦੋਵੇਂ ਜਣੇ ਆਪੋ ਆਪਣੀ ਮਿਸਾਲ ਨੇ। ਸਾਡੇ ਭਾਅ ਦੇ ਏਹੋ ਕ੍ਰਿਸ਼ਨ ਗੋਪਾਲ ਨੇ। ਭਾਰਤੀ ਜਵਾਨ ਨੇ ਜਵਾਨ ਹੋ ਗਏ। ਸਾਡੇ ਵਿਚੋਂ ਉੱਠ ਕੇ ਮਹਾਨ ਹੋ ਗਏ। ਸਾਰੇ ਹੀ ਜ਼ਮਾਨਿਆਂ ਦੇ ਹਾਣ ਹੋ ਗਏ। ਕਿਹਦੇ ਨਾਲੋਂ ਘੱਟ 'ਭਗਵਾਨ' ਹੋ ਗਏ। ਹੌਂਸਲਾ ਇਰਾਦਾ ਆਪਣਾ ਪਕਾ ਲਵੋ। ਹਿੰਦ ਦੀ ਆਜ਼ਾਦੀ ਦਾ ਨਿਸ਼ਾਨ ਚਾ ਲਵੋ। ਆਪਣਿਆਂ ਪੈਰਾਂ ਉੱਤੇ ਜ਼ੋਰ ਪਾ ਲਵੋ। ਲੇਲੇ-ਪੋਪਿਆਂ ਨੂੰ ਰਾਹਾਂ 'ਚੋਂ ਹਟਾ ਲਵੋ। ਸੱਚੇ ਸੁੱਚੇ ਦਿਲੋਂ ਗੱਲ ਨੂੰ ਚਿਤਾਰ ਲਉ। ਸੇਵਾ, ਕੁਰਬਾਨੀ, ਦੁੱਖੜੇ ਸਹਾਰ ਲਉ। ਜ਼ਿੰਦਗੀ ਨੂੰ ਕੌਮ ਤੋਂ, ਭਰਾਵੋ, ਵਾਰ ਲਉ। ਨੌਜਵਾਨੋ ਉੱਠੋ, ਜਨਤਾ ਦੀ ਸਾਰ ਲਉ। ਝਿਜਕੋ ਨਾ ਉੱਠੋ ਸ਼ਸਤਰਾਂ ਨੂੰ ਧਾਰ ਲਉ। ਮੌਤ ਨੂੰ ਮਰੋੜ ਕੇ ਮੈਦਾਨ ਮਾਰ ਲਉ। ਜਿੱਤ ਲਉ ਆਜ਼ਾਦੀ ਜ਼ਰਾ ਜਾਨ ਮਾਰ ਲਉ। ਨੌਜਵਾਨੋ ਉੱਠੋ, ਜਨਤਾ ਦੀ ਸਾਰ ਲਉ। (ਬੰਦੇ ਮਾਤਰਮ, 6-4-28) 1. In the words of Lord Birkanhead, "With the sword we won India and with the sword we shall retain it." 2. Britain as queen of reas. 3. Guru Nanak jahaaz - Kamagata maru. 4. This Text dated 6-4-28 fortold: "In the near future we will find that class their 'great' leaders having thrown their lot with the foreign rulers. Some round table conference or any such body will end in a compromise between the two...!

8. ਖ਼ੂਨ ਦਾ ਬਦਲਾ ਖ਼ੂਨ

ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੈਨਾ ਨੋਟਿਸ “ਨੌਕਰਸ਼ਾਹੀ ਸਾਵਧਾਨ!” ਜੇ.ਪੀ. ਸਾਂਡਰਸ ਦੀ ਮੌਤ ਨਾਲ ਲਾਲਾ ਲਾਜਪਤ ਰਾਏ ਜੀ ਦੀ ਹੱਤਿਆ ਦਾ ਬਦਲਾ ਲੈ ਲਿਆ ਗਿਆ! 1. ਸਾਡੇ ਲਈ ਹੈ ਦੁੱਖ ਦੀ ਗੱਲ ਭਾਰੀ ਸਾਡਾ ਲਾਜਪਤ ਸਾਂਡਰਸ ਮਾਰਿਆ ਏ। ਹਰਮਨ-ਪਿਆਰਾ ਸੀ ਲਾਜਪਤ ਰਾਏ ਲਾਲਾ, ਉਹਨਾਂ ਮਾਰ ਕੇ ਸਾਨੂੰ ਵੰਗਾਰਿਆ ਏ। ਅਸਾਂ ਸਮਝਿਆ ਕੌਮੀ ਅਪਮਾਨ ਇਹਨੂੰ, ਏਸੇ ਲਈ ਤਾਂ ਸਾਂਡਰਸ ਠਾਰਿਆ ਏ। ਸਾਰੇ ਜੱਗ ਨੇ ਵੇਖਿਆ ਜੋਸ਼ ਸਾਡਾ, ਅਸਾਂ ਨਵਾਂ ਹੀ ਧਰਮ ਹੁਣ ਧਾਰਿਆ ਏ। ਹਾਲੀ ਮੋਏ ਨਹੀਂ ਭਾਰਤੀ ਜਵਾਨ ਲੋਕੋ, ਅਸਾਂ ਆਨ ਤੋਂ ਜਾਨ ਨੂੰ ਵਾਰਿਆ ਏ। ਜੀਉਂਦੀ ਗੋਰਿਆਂ ਦੀ ਧਾੜ ਫਿਰੇ ਭਾਵੇਂ, ਅਜੇ ਇੱਕ ਨੂੰ ਮਾਰ ਕੇ ਸਾਰਿਆ ਏ। ਬੇ ਜਾਨ ਤਾਂ ਅਸੀਂ ਨਹੀਂ ਗੋਰਿਓ ਓਏ! ਬਚ ਕੇ ਫਿਰੇ ਜੋ ਬਹੁਤ ਹੰਕਾਰਿਆ ਏ। ਸਾਡਾ ਖ਼ੂਨ ਨਹੀਂ ਜੰਮਿਆ ਅਜੇ ਤੀਕਰ, ਆਕੀ ਕਦੇ ਨਾ ਬਾਜ਼ੀਆਂ ਹਾਰਿਆ ਏ। 2. ਆਪਣੀ ਕੌਮ ਦੇ ਮਾਣ ਤੋਂ ਜਾਨ ਦੇਈਏ, ਆਗੂ ਫੇਰ ਵੀ ਅਸਾਂ ਨੂੰ ਨਿੰਦਦੇ ਨੇ । ਸੋਚੀਂ ਪਏ ਹਾਂ ਵੇਖ ਕੇ ਨਿੰਦਕਾਂ ਨੂੰ : ਇਹ ਇੰਗਲੈਂਡ ਦੇ ਨੇ ਜਾਂ ਕਿ ਹਿੰਦ ਦੇ ਨੇ? ਅੱਤ ਚੁੱਕੀ ਏ ਗੋਰਿਆਂ ਅਫ਼ਸਰਾਂ ਨੇ, ਵੈਰੀ ਆਕੀਆਂ ਦੀ ਜਾਨ-ਜਿੰਦ ਦੇ ਨੇ ! ਆਖਾਂ ਕੀਹ ਅੱਜ ਕੌਮ ਦੇ ਲੀਡਰਾਂ ਨੂੰ, ਜਿਹੜੇ ਸ਼ੇਖ ਦੇ ਨਹੀਂ, ਨਾ ਰਿੰਦ ਦੇ ਨੇ ! ਪੀੜਤ ਲੋਕਤਾ ਨੂੰ ਸੱਟ ਮਾਰਦੇ ਨੇ, ਜਨਤਕ ਭਾਵਨਾਵਾਂ ਗੋਰੇ ਮਿੰਧਦੇ ਨੇ । ਸਾਵਧਾਨ ਹੋਵੇ ਨੌਕਰਸ਼ਾਹੀ ਗੋਰੀ : ਜ਼ੁਲਮ ਨਾਲ ਮੁਕਾਬਲੇ ਕਿੰਦ ਦੇ ਨੇ । ਝੋਲੀ-ਚੁੱਕ ਨਾ ਭੁੱਲਦੇ ਰਹਿਣ ਦਿਲ ਵਿਚ : ਜ਼ਾਲਮ ਪਰਾਹੁਣੇ ਘੜੀ ਜਾਂ ਬਿੰਦ ਦੇ ਨੇ । ਲਾਈਆਂ ਆਕੀਆਂ ਸਿਰ ਦੀਆਂ ਬਾਜ਼ੀਆਂ ਨੇ ਨੇਤਾ ਫੇਰ ਵੀ ਅਸਾਂ ਨੂੰ ਨਿੰਦਦੇ ਨੇ । 3. ਅਸੀਂ ਧਾਰ ਨਾ ਸਕੀਏ ਸ਼ਸਤਰਾਂ ਨੂੰ, ਤੁਸਾਂ 'ਜੇਹੇ ਕਾਨੂੰਨ ਬਣਾਏ ਹੋਏ ਜੇ । ਤੁਹਾਡੀ ਚੌਕਸੀ ਬੜੀ ਮਸ਼ਹੂਰ ਭਾਵੇਂ, ਫਿਰ ਵੀ ਪਿਸਟਲ ਰੀਵਾਲਵਰ ਆਏ ਹੋਏ ਜੇ ! ਇਨਕਲਾਬੀ ਹਥਿਆਰ ਬਿਨ ਨਹੀਂ ਹੁੰਦੇ : ਤੁਸਾਂ ਉਠਦੇ ਜੋਸ਼ ਹਰਾਏ ਹੋਏ ਜੇ । ਫਿਰ ਵੀ ਜਵਾਨ ਅਪਮਾਨ ਦਾ ਲੈਣ ਬਦਲਾ, ਭਾਵੇਂ ਸ਼ਸਤਰਾਂ 'ਤੇ ਡੱਕੇ ਲਾਏ ਹੋਏ ਜੇ । ਸਾਨੂੰ ਮਾਰਨਾ ਦੇਸੀਆਂ ਨਿੰਦਕਾਂ ਕੀ, ਅਤਿਆਚਾਰ ਦੇ ਚੰਡੇ-ਚੰਡਾਏ ਹੋਏ ਜੇ । ਅਸਾਂ ਸਾਰੇ ਵਿਰੋਧ ਕ੍ਰੋਧ ਝੱਲੇ, ਇਨਕਲਾਬ ਦੇ ਨਾਹਰੇ ਲਗਾਏ ਹੋਏ ਜੇ । ਜ਼ਿੰਦਾਬਾਦ ਦਾ ਨਾਹਰਾ ਬੁਲੰਦ ਕਰੀਏ, ਅਸਾਂ ਤਲੀ 'ਤੇ ਸੀਸ ਟਿਕਾਏ ਹੋਏ ਜੇ । 4. ਹੱਤਿਆ ਆਦਮੀ ਦੀ ਸਾਨੂੰ ਭਾਵੰਦੀ ਨਾ, ਜੇ ਨਾ ਆਦਮੀ ਕੋਈ ਨਿਰਦਈ ਹੋਵੇ । ਨੀਚ ਬੇਇਨਸਾਫ਼ ਸਰਕਾਰ ਜੇਕਰ, ਏਨੀ ਨੀਚਤਾ ਤੱਕ ਨਾ ਗਈ ਹੋਵੇ । ਪੁਰਜ਼ਾ ਜ਼ੁਲਮ ਦਾ ਬਣੇ ਇਨਸਾਨ ਜਿਹੜਾ ਜਿਹੜਾ ਵਾਂਗ ਬਘਿਆੜ ਨਿਰਦਈ ਹੋਵੇ । ਜ਼ੁੰਮੇਂਵਾਰ ਹੋਵੇ ਜਿਹੜਾ ਜ਼ੁਲਮ ਦਾ ਤੇ, ਆਖ਼ਰ ਹੈਂਕੜੀ ਨੇ ਚੁੱਕ ਲਈ ਹੋਵੇ । ਉਹਨੂੰ ਸੋਧਣਾ ਜ਼ੁਲਮ 'ਤੇ ਸੱਟ ਹੁੰਦੀ, ਭਾਵੇਂ ਝੂਠੀ ਬਦਨਾਮੀ ਵੀ ਪਈ ਹੋਵੇ । ਆਖ਼ਰਕਾਰ ਤਾਂ ਲੋਕਾਂ ਨੇ ਸਮਝ ਜਾਣਾ, ਭਾਵੇਂ ਲੀਡਰਾਂ ਦੀ ਪਈ-ਪਈ ਹੋਵੇ । ਜੇਕਰ ਹੱਤਿਆ ਕਿਸ ਸਾਮਰਾਜੀਏ ਦੀ, ਕਾਰਨ ਅਫ਼ਸਰੀ ਦੇ ਕੀਤੀ ਗਈ ਹੋਵੇ । ਕੋਈ ਗੱਲ ਨਾ ਸੁਣੇਗਾ ਲੀਡਰਾਂ ਦੀ, ਭਾਵੇਂ ਝਈ ਉੱਤੇ ਲਈ ਝਈ ਹੋਵੇ । 5. ਜੇਕਰ ਅਜੇ ਵੀ ਕਿਸੇ ਨੂੰ ਸ਼ੱਕ ਹੋਵੇ, ਸਿਫ਼ਤ ਸੁਣ ਲਵੋਂ ਏਸ ਸਰਕਾਰ ਦੀ ਜੀ ! ਲੁੱਟ ਵਿਚ ਮਸ਼ਹੂਰ ਏ ਸਾਰਿਆਂ ਤੋਂ, ਅਤਿਆਚਾਰੀ ਸਰਕਾਰ ਸੰਸਾਰ ਦੀ ਜੀ ! ਇਨਕਲਾਬ ਦੇ ਮੰਚ 'ਤੇ ਰੱਤ ਡੋਲ੍ਹੀ, ਨਹੀਂ ਗੱਲ ਹੋਈ ਜ਼ਾਤੀ ਖਾਰ ਦੀ ਜੀ । ਇਨਕਲਾਬ ਇਨਸਾਨ ਦੀ ਸਾਂਝ ਦਾ ਨਾਂ, ਗੱਲ ਨਹੀਂ ਕੋਈ ਮੌਤੋਂ ਪਾਰ ਦੀ ਜੀ । ਇਨਕਲਾਬ ਹੈ ਤੋੜਦਾ ਡੰਡਿਆਂ ਨੂੰ, ਮੌਤ ਹੋ ਜਾਂਦੀ ਅੱਤਿਆਚਾਰ ਦੀ ਜੀ । ਮੁੱਕਣ ਗੀਆਂ ਹਕੂਮਤਾਂ ਜ਼ੁਲਮ ਦੀਆਂ, ਗਤੀ ਹੋਵੇਗੀ ਕੁੱਲ ਸੰਸਾਰ ਦੀ ਜੀ । ਸਾਂਝੀਵਾਲਤਾ ਆਵੇਗੀ ਧਰਤ ਉੱਤੇ, ਖੁਸ਼ਬੋ ਵਾਂਗਰਾਂ ਨਵੀਂ ਬਹਾਰ ਦੀ ਜੀ । ਸੈਨਾਪਤੀ ਬਲਰਾਜ ਦੀ ਗੱਲ ਸੁਣ ਲਓ, ਤਪਦੇ ਹਿਰਦਿਆਂ ਨੂੰ ਜਿਹੜੀ ਠਾਰਦੀ ਜੀ ॥ "ਇਨਕਲਾਬ ਜ਼ਿੰਦਾਬਾਦ !!" 18 ਦਸੰਬਰ 1929 ਦਸਤਖ਼ਤ ਬਲਰਾਜ। ਸੈਨਾਪਤੀ ਪੰਜਾਬ "ਹਿਸਪ੍ਰਸ" (ਭਗਤ ਸਿੰਘ ਤੇ ਉਸਦੇ ਸਾਥੀਆਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਪਾਰ ਬੁਲਾ ਦਿੱਤਾ ਅਤੇ ਭੇਸ ਬਦਲ ਕੇ ਲਾਹੌਰੋਂ ਬਾਹਰ ਨਿਕਲ ਗਏ ।)

9. ਸਰਦਾਰ ਭਗਤ ਸਿੰਘ ਦਾ ਲਾਹੌਰੋਂ ਕਲਕੱਤੇ ਪੁੱਜਣਾ

(28-12-1928) ਦਿਨ ਦੀਵੀਂ ਸਾਂਡਰਸ ਮਾਰਿਆ ਜੋਧੇ ਬਲਬੀਰਾਂ। ਪੁਲਸ ਲਾਹੌਰ ਨੂੰ ਛਾਣਦੀ ਫਿਰੇ ਘੱਤ ਵਹੀਰਾਂ। ਕੱਠੀਆਂ ਗਈਆਂ ਕੀਤੀਆਂ ਸ਼ੱਕੀ ਤਸਵੀਰਾਂ। ਪੇਸ਼ ਕੀਤੀਆਂ ਹਾਕਮਾਂ ਖੁੱਲ੍ਹੀਆਂ ਜਾਗੀਰਾਂ। ਪਰ ਵੀਰਾਂ ਸੰਗ ਕਿਸੇ ਵੀ ਨਾ ਧ੍ਰੋਹ ਕਮਾਇਆ। ਕੋਈ ਨਾ ਜੜੀ ਜਗੀਰ ਦੇ ਲਾਲਚ ਵਿਚ ਆਇਆ। ਸਗੋਂ ਤਾਂ ਹਿੰਦੁਸਤਾਨ ਦੀ ਪਲਟੀ ਗਈ ਕਾਇਆ। ਮੂਹਰੇ ਹੋ ਕੇ ਖੜ੍ਹ ਗਿਆ ਪੰਜਾਬ ਦਾ ਜਾਇਆ। ਕਹਿੰਦੇ ਸਾਥੀ ਭਗਤ ਨੂੰ, ਨਾ ਸਮਾਂ ਗੁਜ਼ਾਰੋ। ਜਿੱਤੀ ਬਾਜ਼ੀ ਵੀਰ ਜੀ, ਮੁੜ ਕੇ ਨਾ ਹਾਰੋ। ਜਿੰਨੀ ਛੇਤੀ ਹੋ ਸਕੇ, ਸਰਦਾਰ, ਪਧਾਰੋ। ਵਿਚ ਕਲਕੱਤੇ ਪੁੱਜ ਕੇ, ਨੀਤੀ ਨਿਰਵਾਰੋ। ਕਦੀ ਸਤਾਂਦਾ ਨਹੀਂ ਸੀ ਘਰ-ਬਾਹਰ ਵਿਛੋੜਾ। ਦੁੱਖੋਂ ਕਦੀ ਨਾ ਸੂਰਮਾ ਪੈਂਦਾ ਸੀ ਸੌੜਾ। ਪਰ ਰਸਤੇ ਵਿਚ ਅੜਕਿਆ ਉਹੋ ਹੀ ਰੋੜਾ। ਇਨਕਲਾਬੀਆਂ ਨੂੰ ਸਦਾ ਪੈਸੇ ਦਾ ਤੋੜਾ। ਪਰ ਸਾਥੀ ਸੁਖਦੇਵ ਨੇ ਇਕ ਬਣਤ ਬਣਾਈ। ਜਾ ਭਗਵਤੀ ਵੀਰ ਦੀ ਕੁੰਡੀ ਖੜਕਾਈ। 'ਭਾਬੀ' ਨੂੰ ਗੱਲ ਲੋੜ ਦੀ ਸੰਖੇਪ ਸੁਣਾਈ। "ਕੀ ਕਰਨਾ ਜੇ ਸੁਹਣਿਆਂ?" ਪੁੱਛੇ ਭਰਜਾਈ। "ਪੰਜ ਸੌ ਹੁਣੇ ਹੀ ਚਾਹੀਦੈ" ਉਸ ਲੋੜ ਦੁਹਰਾਈ। "ਦੱਸਣ ਵਾਲੀ ਗੱਲ ਨਹੀਂ, ਚੰਗੀ ਭਰਜਾਈ।" ਉਥੇ ਹੀ ਮੂੰਹ ਮੀਟ ਕੇ, ਅੰਦਰ ਨੂੰ ਧਾਈ। ਬਿਨ ਪੁੱਛਿਉਂ 'ਦੁਰਗਾਵਤੀ' ਥੈਲੀ ਪਕੜਾਈ। ਸਾਥੀ ਸਭੇ ਲਾਹੌਰ ਤੋਂ ਬਾਹਰ ਕਰ ਲਿੱਤੇ। ਭਗਤ ਸਿੰਘ ਨੇ ਕੇਸ ਵੀ ਕਟਵਾ ਹੀ ਦਿੱਤੇ। ਇਨਕਲਾਬੀਆਂ ਭੇਸ ਵੀ ਬਦਲਾ ਹੀ ਲਿੱਤੇ। ਪੁਲਸੀ ਪਹਿਰਾ ਹਾਰਿਆ ਤੇ 'ਸਾਥੀ' ਜਿੱਤੇ। 'ਭਾਬੀ' ਤੇ 'ਸਰਦਾਰ' ਨੇ ਨਾਟਕ ਰਚ ਲੀਤਾ। ਪਰਭਾਤੀਂ ਚੱਲ ਪੈਣ ਦਾ ਕਾਰਾ ਚਾ ਕੀਤਾ। 'ਭਾਬੀ ਰਾਣੀ ਬਣ 'ਮੇਮ' ਤੇ ਵੀਰ ਚੁੱਪ ਕੀਤਾ। ਪਿਸਟਲ ਭਰ ਕੇ 'ਸਾਹਬ' ਬਣ, ਨਾਲੇ ਹੋ ਲੀਤਾ। ਬਾਲ 'ਸਚਿੰਦਰ', 'ਭਗਵਤੀ' ਦੀ ਪਿਆਰ-ਨਿਸ਼ਾਨੀ। ਚੁੱਕ ਲਿਆ ਸਰਦਾਰ ਨੇ, ਸੀ ਅੱਖ ਬਚਾਣੀ। ਕਿਸੇ ਨਾ ਭੈੜੇ ਪੁਲਸੀਏ ਜੋੜੀ ਪਹਿਚਾਣੀ। ਕਲਕੱਤੇ ਵੀ ਪੁੱਜ ਕੇ ਹੋਈ ਨਾ ਹਾਨੀ। ਦੁਰਗਾ ਦੇਵੀ ਵੀਰ ਨੂੰ ਸੀ ਤੋੜ ਪੁਚਾਇਆ। ਭਾਈ ਭਗੌਤੀ ਵੇਖ ਕੇ ਫੁੱਲਾ ਨਾ ਸਮਾਇਆ। ਪਤਨੀ ਨੂੰ ਸਭ ਸਾਮ੍ਹਣੇ ਇਉਂ ਪਿਆਰ ਜਤਾਇਆ, "ਆਪਣਾ ਅਸਲੀ ਰੂਪ ਤੂੰ ਅੱਜ ਦਿਖਲਾਇਆ !" ਸਾਰਾ ਦਿਨ ਤਾਂ ਭਗਤ ਸਿੰਘ ਨੀਂਦਰ 'ਤੇ ਵਿੱਸੇ। ਧੋਤੀ ਲਾ ਕੇ ਰਾਤ ਨੂੰ ਬੰਗਾਲੀ ਦਿੱਸੇ। ਇਨਕਲਾਬ ਦੇ ਆਸ਼ਕਾਂ ਦੇ ਪਿਆਰੇ ਕਿੱਸੇ, ਕੀਕਰ ਪੂਰੇ ਦੱਸੀਏ (?) ਥਾਂ ਥੋੜ੍ਹੀ ਦਿੱਸੇ !!

10. ਨਵਾਂ ਫ਼ੈਸਲਾ

ਰੌਣਕ ਸ਼ਹਿਰ ਲਾਹੌਰ ਦੀ ਰਹਿ ਗਈ ਸੀ ਹੈਰਾਨ। ਇਨਕਲਾਬੀਆਂ ਮਾਰਿਆ ਸਾਂਡਰਸ ਜਿਹਾ ਸ਼ੈਤਾਨ। ਅਫ਼ਸਰ ਕਹਿੰਦੇ ਕਤਲ ਵਿਚ ਉਹਦਾ ਹੱਥ ਜ਼ਰੂਰ। ਉਸਤੋਂ ਬਿਨਾਂ ਇਹ ਕਿਸੇ ਨੇ ਪਾਇਆ ਨਹੀਂ ਫ਼ਤੂਰ। ਸੂਹੀਏ, ਟੋਡੀ, ਪੁਲਸੀਏ ਮੁੜ ਮੁੜ ਸੋਚ ਦੁੜਾਣ। ਸ਼ੱਕੋ-ਸ਼ੱਕੀ 'ਭਗਤ' ਦਾ ਖੋਜ ਲਗੇ ਉਹ ਲਾਣ। ਪਾਜੀ ਪਰ ਨਾ ਜਾਣਦੇ 'ਭਗਤ' ਪਹੁੰਚਿਆ ਦੂਰ। ਉਹਦਾ ਪੂਰੀ ਪੁਲਸ ਤੋਂ, 'ਕੱਲਾ ਵਧ ਸ਼ਊਰ। ਉਹ ਲੀਡਰ ਉਸ ਫ਼ੌਜ ਦਾ ਐਵੇਂ ਨਹੀਂ ਮਸ਼ਹੂਰ। ਮਿਥਿਐ ਮਾਰ ਮੁਕਾਵਣਾ ਜਿਸ ਨੇ ਗੋਰਾ ਸੂਰ। ਰੀਪਬਲੀਕਨ ਆਰਮੀ ਜਾਪੀ ਜਦ ਕਮਜ਼ੋਰ। ਇਨਕਲਾਬ ਲਈ ਪੈ ਗਈ ਹਥਿਆਰਾਂ ਦੀ ਲੋੜ। ਸਾਰੇ ਏਸੇ ਗੱਲ 'ਤੇ ਮੁੜ ਮੁੜ ਦੇਂਦੇ ਜ਼ੋਰ। ਬਿਨ ਗੋਲੀ ਨਹੀਂ ਨਿਕਲਣੇ ਦੇਸੋਂ ਹਾਕਮ ਚੋਰ। ਵੱਲ ਰੂਸ ਦੇ ਭਗਤ ਨੂੰ ਲੱਗੇ ਦੇਵਣ ਟੋਰ। ਪਰ ਸਾਥੀ ਸੁਖਦੇਵ ਨੇ ਉਸ ਦਮ ਦਿੱਤੇ ਮੋੜ। ਫ਼ਰਮਾਇਆ ਸੁਖਦੇਵ ਨੇ, “ਨਹੀਂ ਜੇ ਲੋਕ ਤਿਆਰ। ਸ਼ਾਂਤੀ ! ਸ਼ਾਂਤੀ ! ਕੂਕਦੇ ਲੀਡਰ ਤੇ ਸਰਕਾਰ। ਗੋਰੇ ਦੇ ਕਾਨੂੰਨ ਦਾ ਕਰਦੇ ਨੇ ਸਤਿਕਾਰ। ਬੜੇ ਬੜੇ ਸਵਰਾਜੀਏ ਬਣਦੇ ਨੇ ਹੱਕਦਾਰ। ਗ਼ੈਰਾਂ ਦੇ ਕਾਨੂੰਨ ਦਾ ਕਰਦੇ ਜੋ ਸਤਿਕਾਰ। ਸੰਗਦੇ ਨਾ ਦੱਸਦੇ ਆਜ਼ਾਦੀ ਵਿਸਥਾਰ। ਗੁੜ ਦੀ ਰੋੜੀ ਭੰਨਦੇ ਬੁੱਕਲ ਦੇ ਵਿਚਕਾਰ। ਨੇਤਾ ਪੂਛ ਹਿਲਾਂਵਦੇ ਕਾਨੂੰਨਾਂ ਅਨੁਸਾਰ। ਰਤਾ ਕੁ ਲੋਕੀਂ ਉੱਠਦੇ ਝੱਟ ਦੇਂਦੇ ਪੁਚਕਾਰ। ਗਾਂਧੀ ਨੇ ਪੁਚਕਾਰਿਐ ਅਣਖੀ ਸਭਿਆਚਾਰ। ਪਾਏ ਭੁਲੇਖੇ ਦੇਸ਼ ਨੂੰ ਦੂਰ ਕਰੋ, ਸਰਦਾਰ। ਲੋਕਾਂ ਤਾਂ ਸੁੱਤੇ ਸਾਥੀਓ, ਕੀ ਕਰਨੇ ਹਥਿਆਰ? ਢਾਹੋ ਸਭੇ ਚਕੌਂਸਲੇ, ਮੇਟੋ ਅੱਤਿਆਚਾਰ। ਸਭ ਤੋਂ ਵੱਡਾ ਲੋਕ ਨੇ, ਲੋਕਾਂ ਦਾ ਹਥਿਆਰ !" ਸੰਨ ਉੱਨੀ ਸੌ ਉਨੱਤੀ ਫ਼ਰਵਰੀ ਵੀਹ ਤੇ ਚਾਰ। ਕੁਝ ਰੁਪੈ ਤੇ ਬੰਬ ਲੈ, ਭਗਤ ਸਿੰਘ ਸਰਦਾਰ। ਹੋਇਆ ਦਿੱਲੀ ਵੱਲ ਨੂੰ ਗੱਡੀ ਤੇ ਅਸਵਾਰ। ਗੋਰੇ ਨੂੰ ਯਰਕਾਉਣ ਦੀ ਦਿਲ ਵਿਚ ਪੂਰੀ ਧਾਰ। ਸ਼ਿਵ ਵਰਮਾ, ਸ਼ਿਵਰਾਮ, ਸਤਿੰਦਰ, ਰਾਜਗੁਰੂ ਬਲਕਾਰ। ਗਯਾਪ੍ਰਸਾਦ ਤੇ ਚੰਦਰ ਸ਼ੇਖਰ, ਸਤਵਾਂ ਸੀ 'ਸਰਦਾਰ' । ਦਿੱਲੀ ਦੇ ਵਿਚ ਹੋਏ ਇਕੱਤਰ ਇਹ ਸਾਰੇ ਬਲਕਾਰ। ਚਾਲ ਪੈਂਤੜੇ ਉਤੇ ਹੋਏ ਬਹਿਸਾਂ ਤੇ ਤਕਰਾਰ। ਸਾਈਮਨ ਟੋਲੀ ਮਾਰਨੀ ਜਾਪੀ ਸੀ ਦਰਕਾਰ। 'ਇੱਕੜ ਦੁੱਕੜ ਹਮਲੇ ਤਿਆਗੋ' ਕਹਿਣ ਲੱਗਾ ਸਰਦਾਰ। 'ਸੁੱਤੇ ਲੋਕ ਜਗਾਈਏ' ਕਰ ਲਈਏ ਕੁਝ ਆਹਰ। ਵਿਚ ਅਸੰਬਲੀ ਹਾਲ ਦੇ ਭੜਥੂ ਪਾਈਏ, ਯਾਰ। ਸੁੱਟੋ ਬੰਬ ਜ਼ਰੂਰ ਪਰ ਹੋਵੇ ਨਿਰੀ ਗੁੰਜਾਰ। ਬੰਬ ਐਸੇ ਹੀ ਸੁਹਣਿਉਂ ਜਾ ਕੇ ਕਰੋ ਤਿਆਰ। ਬੰਦਾ ਇਕ ਨਾ ਮਰੇ ਪਰ ਹੋ ਜਾਵੇ ਖੜਕਾਰ। ਇਸਤੋਂ ਬਿਨਾਂ ਨਾ ਨਿਕਲਣੀ ਬਿੱਲੀ ਬੋਰਿਉਂ ਬਾਹਰ। ਸਾਥੀ ਬੀ.ਕੇ. ਦੱਤ ਤੇ ਭਗਤ ਸਿੰਘ 'ਸਰਦਾਰ' । ਸੁੱਟਣ ਬੰਬ ਬਚਾ ਕੇ ਭਰੇ ਹਾਲ ਵਿਚਕਾਰ। ਗੂੰਜੇ ਗੋਰੇ ਚੋਰ ਦਾ ਕਾਨੂੰਨੀ ਦਰਬਾਰ। ਕਾਨੂੰਨਾਂ ਦਾ ਕੀਲਿਆ ਜਾਗ ਪਵੇ ਸੰਸਾਰ। ਗ਼ੈਰਾਂ ਦੀ ਲੁੱਟ ਚਲੇ ਕਿਉਂ, ਕਾਨੂੰਨਾਂ ਅਨੁਸਾਰ? ਕਰੋ ਭੁਲੇਖੇ ਦੂਰ ਸਭ ਛੱਟੋ ਇਹ ਸਰਕਾਰ !" ਬੰਬ ਸੁੱਟਣ ਦਾ ਫ਼ੈਸਲਾ ਹੋਇਆ ਆਖ਼ਰਕਾਰ। ਸੀ ਜੈਦੇਵ ਕਪੂਰ ਤੇ ਰਾਜਗੁਰੂ ਬਲਕਾਰ। ਚੰਦਰ ਸ਼ੇਖਰ ਤੀਸਰੇ ਸਭਨਾਂ ਤੋਂ ਫ਼ਨਕਾਰ। ਤਿੰਨੇ ਹੋਏ 'ਭਗਤ' ਦੇ ਨਿਯਤ ਮਦਦਗਾਰ। ਇਸ ਗੱਲ ਉਤੇ ਵੀ ਛਿੜੀ ਤੀਖਣ ਜਿਹੀ ਤਕਰਾਰ। ਤਿਲਕ ਜਾਣ ਬੰਬ ਸੁੱਟ ਕੇ ਜਾਂ ਹੋਵਣ ਗ੍ਰਿਫ਼ਤਾਰ ! ਮੁੜ ਮੁੜ ਕੇ ਪਰ ਭਗਤ ਸਿੰਘ ਕਹਿੰਦਾ ਸੋਚ ਵਿਚਾਰ। ਚੰਗੀ ਗੱਲ ਹੈ, ਸਾਥੀਓ, ਜੇ ਹੋਈਏ ਗ੍ਰਿਫ਼ਤਾਰ ! ਵਿਚ ਅਦਾਲਤ ਗੂੰਜੀਏ ਸੱਚੋ ਸੱਚ ਨਿਤਾਰ। ਇਸ ਤੋਂ ਬਿਨਾਂ ਨਾ ਨਿਕਲਣੀ ਬਿੱਲੀ ਬੋਰਿਉਂ ਬਾਹਰ ! ਰਾਜ ਸਿੰਘਾਸਨ ਡੋਲ ਪਏ, ਡੋਲ ਜਾਏ ਸਰਕਾਰ। ਉੱਘੜੇ ਪਾਜ ਕਾਨੂੰਨ ਦਾ ਤੇ ਕਾਲੇ ਕਿਰਦਾਰ। ਡੋਲੇ ਲੱਟੂ ਸਾਮਰਾਜ, ਜਾਗ ਪਵੇ ਸੰਸਾਰ। ਗ਼ੈਰਾਂ ਕੁੱਛੜ ਬੈਠਿਆ ਡੋਲ ਪਏ ਜ਼ਰਦਾਰ। ਆਜ਼ਾਦੀ ਦੇ ਘੋਲ ਦੀ ਸਿਖ਼ਰੇ ਚੜ੍ਹੇ ਬਹਾਰ। ਨੰਗਾ ਕਰਕੇ ਜ਼ੁਲਮ ਨੂੰ ਜਨਤਾ ਕਰੋ ਤਿਆਰ। ਸ਼ਾਇਦ ਤਰਲੇ ਤੱਜ ਕੇ ਬਣ ਜਾਵੇ ਲਲਕਾਰ !!

11. ਅਸੈਂਬਲੀ ਹਾਲ ਵਿਚ ਬੰਬ

“ਗੋਰੇ ਦੀ ਲੁੱਟ ਚਲੇ ਕਿਉਂ ਕਾਨੂੰਨਾਂ ਅਨੁਸਾਰ!” ਬੰਬ ਸੁੱਟਣ ਦਾ ਫ਼ੈਸਲਾ ਹੋ ਗਿਆ ਆਖ਼ਰਕਾਰ। ਬੰਦੇ ਮਾਰਨ ਦਾ ਨਹੀਂ ਸੀਗਾ ਕੋਈ ਵਿਚਾਰ। ਵਿਚ ਅਸੈਂਬਲੀ ਹਾਲ ਦੇ ਪਾਉਣੀ ਸੀ ਗੂੰਜਾਰ। ਗੋਰੇ ਨੂੰ ਲਲਕਾਰ ਕੇ ਹੋਣਾ ਸੀ ਗ੍ਰਿਫ਼ਤਾਰ। ਆਜ਼ਾਦੀ ਦੇ ਹੱਕ ’ਤੇ ਹੋਣੀ ਸੀ ਤਕਰਾਰ। ਭਗਤ ਸਿੰਘ ਤੇ ਦੱਤ ਨੇ ਹੋ ਜਾਣਾ ਕੁਰਬਾਨ। ਕਾਨੂੰਨਾਂ ਨੂੰ ਰਿੜਕਣਾ ਦੇ ਦੇਣੀ ਏ ਜਾਨ। ਭਗਤ ਸਿੰਘ ਨੂੰ ਪਤਾ ਸੀ ਜੇ ਹੋਇਆ ਗ੍ਰਿਫ਼ਤਾਰ। ਮੁੜ ਕੇ ਬਾਹਰ ਨਾ ਆਵਣਾ ਕਾਨੂੰਨਾਂ ਅਨੁਸਾਰ। ‘ਸਾਜ਼ਿਸ਼ ਕੇਸ ਲਾਹੌਰ’ ਦਾ ਉਸ ’ਤੇ ਸੀਗਾ ਦੋਸ਼। ਇਸ ਗੱਲ ਦੀ ਵੀ ਭਗਤ ਨੂੰ ਪੂਰੀ ਸੀਗੀ ਹੋਸ਼। ਮੌਤੋਂ ਬਿਨਾਂ ਨਾ ਟੁੱਟਣਾ ਕਾਨੂੰਨਾਂ ਦਾ ਜਾਲ। ਇਸ ਗੱਲ ਵਿਚ ਵੀ ਸ਼ੱਕ ਨਾ ਸੀਗਾ ਰਤਾ ਰਵਾਲ। ਕਿਹੜਾ ਹੋਵੇ, ਮੌਤ ਨੂੰ, ਹੱਸਦਾ ਕਰੇ ਕਬੂਲ?! ਵਿਚ ਗ਼ੁਲਾਮੀ ਜੀਵਣਾ ਸਮਝੇ ਪਿਆ ਫ਼ਜ਼ੂਲ! ਸਿਖਰ ਸਿਆਲ਼ੇ ਗੁਜ਼ਰ ਗਏ, ਗੁਜ਼ਰ ਗਈ ਸੀ ਰਾਤ। ਖੁੱਲ੍ਹੀ ਰੁੱਤ ਅਪ੍ਰੈਲ ਦੀ ਭਿੰਨੀ ਸੀ ਪਰਭਾਤ। ਪਹੁ ਫੁਟਾਲੇ ਦੇਸ਼ ਦੇ ਹੋ ਹੋ ਜਾਵਣ ਲਾਲ। ਜਾਪੇ ਲੋਕ-ਉਭਾਰ ਨੂੰ ਕੁਦਰਤ ਦੇਂਦੀ ਤਾਲ। ਸੰਨ ਉੱਨੀ ਸੌ ਉਨੱਤੀਆਂ ਦਿਨ ਸੀ ਅੱਠ ਅਪ੍ਰੈਲ। ਰੀਪਬਲੀਕਨ ਫ਼ੌਜ ਨੇ ਘੱਲ ਦਿੱਤੇ ਦੋ ਛੈਲ। ਵਿਚ ਅਸੈਂਬਲੀ ਪੇਸ਼ ਸੀ ‘ਪਬਲਿਕ ਸੇਫ਼ਟੀ ਬਿੱਲ’। ਧੋਖੇਬਾਜ਼ ਕਾਨੂੰਨ ਸੀ, ਹਾਕਮ ਸੀ ਸੰਗ ਦਿਲ। ਮਿਥਿਆ ਉਹਨਾਂ ਠੋਕਣਾ, ਧੋਖੇ ਦੇ ਸਿਰ ਕਿੱਲ। ਵੇਖਾਂਗੇ ‘ਸਵਰਾਜੀਏ’ ਕਿਵੇਂ ਗੁਆਵਣ ਗਿੱਲ। ‘ਵਿਠਲ ਭਾਈ’ ਪਰਧਾਨ ਸੀ ਕਰਨੀ ਗੱਲ ਬਰੀਕ। ਉਹ ਰੂਲਿੰਗ ਸੀ ਦੇਵਣਾ ਜਿਸਦੀ ਬੜੀ ਉਡੀਕ। ਜਿਸ ਦਮ ਰੁਲਿੰਗ ਦੇਣ ਨੂੰ ਉੱਠੇ ਸਨ ਪਰਧਾਨ। ਖ਼ਾਲੀ ਬੈਂਚਾਂ ਸਾਹਮਣੇ ਬੰਬ ਇਕ ਫਟਿਆ ਆਨ। ਆਤਿਸ਼ਬਾਜ਼ੀ ਸਮਝਿਆ ਕਈਆਂ ਨੇ ਤੂਫ਼ਾਨ। ਜਾਂ ਕੋਈ ਪ੍ਰਬੰਧ ਹੈ ਫੇਰਨ ਲਈ ਧਿਆਨ? (ਪਰ) ਗੂੰਜੇ ਗੂੰਜਣ ਵਾਕਰਾਂ, ਚੈਂਬਰ ਤੇ ਦਾਲਾਨ। ਸੁਣ ਕੇ ਸਭੇ ਠਠੰਬਰੇ, ਮੈਂਬਰ ਤੇ ਮਹਿਮਾਨ। ਕੰਬਣ ਕਾਨੇ ਵਾਕਰਾਂ, ਹੋ ਗਏ ਖੁਸ਼ਕ ਪ੍ਰਾਣ। ਏਧਰ ਉਧਰ ਨੱਸ ਕੇ ਲੱਗੇ ਜਾਨ ਬਚਾਣ। ਏਨੇ ਵਿਚ ਬੰਬ ਹੋਰ ਇਕ ਵਜਿਆ ਉਸੇ ਥਾਨ। ਮਿੰਟਾਂ ਵਿਚ ਹੀ ਹਾਲ ਸੀ ਹੋਇਆ ਧੂੰ ਦੀ ਖਾਨ। ਜਦ ਧੂੰ ਘਟਿਆ ਰਤਾ ਕੁ ਹੋਇਆ, ਸਾਫ਼ ਦਲਾਨ। ਦਿੱਸੇ ਸਾਹਵੀਂ ਗੈਲਰੀ ਵਿਚ ਦੋ ਛੈਲ ਜਵਾਨ। ਬੱਟੁਕੇਸ਼ਵਰ ਦੱਤ ਤੇ ਭਗਤ ਸਿੰਘ ਬਲਵਾਨ। ਸੁੱਟ ਕੇ ਕੁਝ ਕੁ ਇਸ਼ਤਿਹਾਰ, ਗੋਲੀ ਲੱਗੇ ਚਲਾਨ। ਬੰਬ ਸੁੱਟ, ਗੋਲੀ ਦਾਗ ਕੇ, ਨਾ ਕਰਨਾ ਨੁਕਸਾਨ। ਨਹੀਂ ਸਨ ਚਾਹੁੰਦੇ ਕਿਸੇ ਦੀ ਲੈ ਲੈਣਾ ਉਹ ਜਾਨ। ਬੰਬ ਸੁੱਟਦੇ ਨਾ ਵੇਖਿਆ, ਮੈਂਬਰ ਨਾ ਮਹਿਮਾਨ। ਗੋਲੀ ਨਾਲ ਆਵਾਜ਼ ਦੇ, ਲੱਗੇ ਆਪ ਜਗਾਣ। ਨੱਸ ਗਏ ਗੁਰਗੇ ਰਾਜ ਦੇ, ਖੜ੍ਹੇ ਰਹੇ ਸਨ ਜੁਆਨ। ਬੰਬ ਚੱਲਣ ਤੇ ਛਾ ਗਈ ਮੈਂਬਰਾਂ ਤੇ ਮੁਰਦਾਨ। ਆਏ ਸਨ ਪਰ ਸੂਰਮੇ ਹੋਵਣ ਨੂੰ ਕੁਰਬਾਨ। ਜੇ ਚਾਹੁੰਦੇ ਉਹ ਖਿਸਕਣਾ, ਕਰਦੇ ਉਹ ਸਮਿਆਨ। ਦੋਵੇਂ ਸਾਥੀ ਵੇਖਦੇ, ਵੇਖਣ ਤੇ ਮੁਸਕਾਨ। ਦੋਵੇਂ ਚਿਹਰੇ ਚਮਕਦੇ ਝੱਲੀ ਜਾਏ ਨਾ ਸ਼ਾਨ। ਪਹਿਲੀ ਵਾਰੀ ਹਿੰਦ ਵਿਚ ਲੱਗੇ ਨਾਹਰਾ ਲਾਨ : “ਇਨਕਲਾਬ ਜ਼ਿੰਦਾ ਰਹੇ! ਢਹਿ ਸਾਮਰਾਜ ਸ਼ੈਤਾਨ!” ਇਹ ਨਾਹਰਾ ਆਪਣਾਇਆ ਕੌਮੀ ਲਹਿਰ ਮਹਾਨ। ਇਸ ਨਾਹਰੇ ਸਤਿਕਾਰਿਆ, ਸਾਰਾ ਹਿੰਦੁਸਤਾਨ।

12. ਬੋਲਿਆਂ ਨੂੰ ਸੁਨਾਣ ਲਈ ਗਰਜ ਦੀ ਲੋੜ ਹੈ

(8 ਅਪ੍ਰੈਲ 1929) ਨੂੰ ‘ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੈਨਾ’ ਵੱਲੋਂ ਵੰਡਿਆ ਗਿਆ ਪਰਚਾ ਜਿਸ ’ਤੇ 4-4-29 ਤਰੀਕ ਹੈ ਅਤੇ ਜੋ ਬੰਬਾਂ ਤੋਂ ਬਾਅਦ ਵੰਡਿਆ ਗਿਆ।) 1. “ਗੂੰਜ-ਗ਼ਦਰ ਦੀ ਲੋੜ ਹੈ ਬੋਲਿਆਂ ਨੂੰ : ਅਮਰ ਸ਼ਬਦ ਇਹ ਕਿਸੇ ਸ਼ਹੀਦ ਦੇ ਨੇ। ਕਿਤੇ ਇਹੋ ਜਿਹੇ ਹੀ ਮੌਕੇ ਕਹੇ ਗਏ ਸਨ, ਹੁਣ ਤਾਂ ਸ਼ਬਦ ਇਹ ਉਹਦੇ ਮੁਰੀਦ ਦੇ ਨੇ। ਆਪਣੇ ਕੰਮ ਦੀ ਪ੍ਰੌੜ੍ਹਤਾ ਵਿਚ ਕਹੀਏ, ਪਾਕਿ ਅਰਥ ਪਰ ਉਸੇ ਸ਼ਹੀਦ ਦੇ ਨੇ। ਇਹਨੇ ਸ਼ਬਦ ਬਹਾਦਰਾਂ ਦੇ ਬੋਲੇ, ਕਿਸੇ ਭਗਤ ਦੇ ਨਾ ਹੀ ਫ਼ਰੀਦ ਦੇ ਨੇ। ਉੱਤਰ ਇੱਟ ਦਾ ਪੱਥਰਾਂ ਨਾਲ ਦੇਂਦੇ, ਮੰਨਣ ਵਾਲੜੇ ਅਜਬ ਤੌਹੀਦ ਦੇ ਨੇ। ਮੰਨਣ ਹੱਕ ਨਾ ਕਿਸੇ ਦਾ ਤਖ਼ਤ ਉੱਤੇ, ਆਸ਼ਕ ਅਜਬ ਹੀ ਸਾਂਝੜੀ ਈਦ ਦੇ ਨੇ। ਸੰਭਵ ਸਮਝਦੇ ਸੁਪਨਿਆਂ-ਭਰੀ ਦੁਨੀਆਂ, ਪੁੱਤਰ ਜਾਪਦੇ ਮਾਤਾ ‘ਉਮੀਦ’ ਦੇ ਨੇ। ਸੇਵਾਦਾਰ ਇਹ ਅਤਿ ਨਿਸ਼ਕਾਮ ਸਾਰੇ, ਆਸ਼ਕ ਸੁਪਨਿਆਂ-ਭਰੀ ਦੀ ਦੀਦ ਦੇ ਨੇ। 2. ਵਰਨਣ ਨਹੀਂ ਕਰਨੇ ਵਰ੍ਹੇ ਦਸ ਪਿਛਲੇ, ਜਿਹੜੇ ਵਿਚ ਬੇਇੱਜ਼ਤੀਆਂ ਬੀਤ ਗਏ। ਅਸਾਂ ਨਹੀਂ ਇਤਿਹਾਸ ਦੁਹਰਾਵਣਾ ਜੀ, ਜਿਹੜੇ ਬੀਤ ਗਏ ਦਿਨ ਬੀਤ ਗਏ। ਝੂਠੀ ਸਭਾ ਲੱਗੇ ਦਿੱਲੀ ਵਿਚ ਜਿਹੜੀ, ਟੋਡੀ ਮੰਨਦੇ ਵਾਂਗ ਮਸੀਤ ਗਏ। ਥੋਪੇ ਜਾਣ ਅਪਮਾਨ ਜੋ ਕੌਮ ਉੱਤੇ, ਉਹ ਹੀ ਗੁਆਚ ਹੁਣ ਵਿਚ ਅਤੀਤ ਗਏ। ਅਸੀਂ ਦੱਸਣਾ ਚਾਹੀਏ ਗੋਰਿਆਂ ਨੂੰ, ਦਿਨ ਧੋਖੇ ਸੁਧਾਰਾਂ ਦੇ ਬੀਤ ਗਏ। ਜੂਠ ਖਾਣੀ ਨਹੀਂ ਹੋਰ ਸੁਧਾਰ ਵਾਲੀ, ਵੰਡ ਹੱਡੀਆਂ ਫ਼ਿਰਕੂ ਅਨੀਤ ਗਏ। ਸਾਈਮਨ ਸਾਊਆਂ ਵਾਲੀਆਂ ਕਰੇ ਗੱਲਾਂ : ਦੇ ਕੇ ‘ਸੇਫ਼ਟੀ-ਬਿੱਲ’ ਪਲੀਤ ਗਏ। ਸਾਡੀ ਗੋਰੀ ਸਰਕਾਰ, ਕਾਨੂੰਨ ਕਾਲੇ, ਧੱਕੇ-ਸ਼ਾਹੀ ਦੀ ਬੰਨ੍ਹ ਕੇ ਰੀਤ ਗਏ। 3. ਮਿਥੇ ਗਏ ਨੇ ਨਵੇਂ ਇਜਲਾਸ ਖ਼ਾਤਰ, ‘ਪ੍ਰੈਸ-ਬਿੱਲ’ ਤੇ ‘ਟਰੇਡ ਡਿਸਪਿਊਟ’ ਚੋਖੇ। ਅੰਨ੍ਹੇਵਾਹ ਗ੍ਰਿਫ਼ਤਾਰੀਆਂ ਹੋਣਗੀਆਂ, ਕਿਰਤੀ ਆਗੂਆਂ ਲਈ ਇਹ ਬਿੱਲ ਧੋਖੇ। ਦਮਨਕਾਰੀਆਂ ਲਈ ਕਾਨੂੰਨ ਸਾਰੇ : ਲੈ ਕੇ ਟੋਡੀਆਂ ਤੋਂ ਆਏ ਨਵੇਂ ਪੋਖੇ। ਨਹੀਂ ਜੇ ਅਸਲ ਆਜ਼ਾਦੀਆਂ ਜਨਮ ਲੈਣਾ : ਨਿਰੇ ਪੁਰੇ ਕਾਨੂੰਨ ਦੇ ਹੈਸਣ ਖੋਖੇ। ਦਿਸਦਾ ਸਾਫ਼ ਹੈ ਹਵਾ ਦਾ ਰੁਖ਼ ਸਾਨੂੰ, ਸਾਨੂੰ ਪੋਹਣ ਨਾ ਧੜੇ ਜਾਂ ਕੋਈ ਧੋਖੇ। ਬੇਹੱਦੇ ਭੜਕਾਊ ਹਾਲਾਤ ਹੋਏ, ਸਾਡੀ ਸੈਨਾ ਨੇ ਪਰਖੇ ਤੇ ਖ਼ੂਬ ਘੋਖੇ। ਕਰ ਕੇ ਫ਼ੈਸਲੇ ਹੁਕਮ ਨੇ ਖ਼ਾਸ ਦਿੱਤੇ, ਪਹਿਲਾਂ ਜ਼ੋਰ ਵੀ ਆਪਣੇ ਤੋਲ ਜੋਖੇ। ਠੱਲ੍ਹਿਆ ਜਾਏ ਜ਼ਲਾਲਤਾਂ ਨੂੰ ਤਾਂ ਹੀ, ਬੰਦ ਕਰਨ ਵਕਾਲਤਾਂ ਖੜ੍ਹੇ ਖੋਖੇ। 4. ਨੌਕਰ-ਸ਼ਾਹੀ ਬਦੇਸ਼ੀਆਂ, ਲੁੱਟ ਖ਼ਾਤਰ, ਮਨਮਾਨੀਆਂ ਕਰਨ ਲਈ ਰਚੀ ਹੋਈ ਏ। ਉਹਨੂੰ ਵਰਤ ਕੇ ਲੋਟੀਆਂ ਮਾਣਦੇ ਨੇ, ਜ਼ਾਲਮ ਲੁੱਟ ਤਾਂ ਦੇਸ਼ ਵਿਚ ਮਚੀ ਹੋਈ ਏ। ਹਾਲੀ ਤੀਕ ਤਾਂ ਲੁੱਟ ਬਦੇਸ਼ੀਆਂ ਨੂੰ, ਮਿੱਠੇ ਚਾਵਲਾਂ ਵਾਂਗਰਾਂ ਪਚੀ ਹੋਈ ਏ। ਨੰਗਾ ਕਰਾਂਗੇ ਲੁੱਟ ਦਾ ਅਸਲ ਚਿਹਰਾ : ਭੋਲੇ ਹਿੰਦੀਆਂ ਨੂੰ ਐਵੇਂ ਜਚੀ ਹੋਈ ਏ। ਅਸਾਂ ਲੋਕ-ਜ਼ਮੀਰ ਨੂੰ ਟੁੰਬਣਾ ਹੈ : ਆਲਸ ਹੱਡੀਆਂ ਵਿਚ ਜੋ ਰਚੀ ਹੋਈ ਏ। ਨੇਤਾ-ਗਿਰੀ ਨੂੰ ਧੁੰਦ ਚੋਂ ਕੱਢ ਦੇਣਾ, ਜਿਹੜੀ ਗੱਲਾਂ ਦੇ ਵਿਚ ਗਲੱਚੀ ਹੋਈ ਏ। ਬਾਬੂ-ਸ਼ਾਹੀ ਦੇ ਨੱਕ ਨਕੇਲ ਪਾਉਣੀ, ਹਾਲੀ ਤੀਕਰਾਂ ਵੀ ਜਿਹੜੀ ਬਚੀ ਹੋਈ ਏ। 5. ਮੁੜ ਕੇ ਜਾਣ ਜੇ ਪ੍ਰਤੀਨਿਧ ਹਲਕਿਆਂ ਨੂੰ, ਇਨਕਲਾਬ ਲਈ ਹੋਵੇ ਤਿਆਰ ਜਨਤਾ। ਭਾਵੇਂ ਕਿੰਨੇ ਵੀ ਕਰ ਲਵੇ ਜ਼ੁਲਮ ਗੋਰਾ, ਬਦਲੇ ਲੈ ਲੈਣੇ ਵਾਰ ਵਾਰ ਜਨਤਾ। ਕੱਲੇ ਕੱਲੇ ਨੂੰ ਮਾਰ ਲੌ ਜ਼ਾਲਮੋ ਉਏ; ਰਚੇ ਨਵੇਂ ਤੋਂ ਨਵੇਂ ਸਰਦਾਰ ਜਨਤਾ। ਮਿਟ ਗਏ ਰਾਜ, ਸਾਮਰਾਜ ਜਹਾਨ ਉੱਤੇ, ਕਾਇਮ ਰੱਖੇ ਨੇ ਆਪਣੇ ਵਿਚਾਰ ਜਨਤਾ। ‘ਬਰਬਸ’, ‘ਜ਼ਾਰ’ ਢਹਿ-ਢੇਰੀਆਂ ਹੋ ਜਾਂਦੇ, ਇਨਕਲਾਬ ਦਾ ਕਰੇ ਸਤਿਕਾਰ ਜਨਤਾ। ਮਾਨਵ ਜ਼ਿੰਦਗੀ ਹੈ ਪਾਕ-ਸਾਫ਼ ਹੁੰਦੀ, ਸੁਪਨੇ ਵੇਖਦੀ ਰਹੇ ਬਲਕਾਰ ਜਨਤਾ। ਤਰਸੇ ਪੂਰੀ ਆਜ਼ਾਦੀ ਤੇ ਸ਼ਾਂਤੀ ਨੂੰ, ਭੁੱਖਾਂ ਝਾਗਦੀ, ਚੁੰਮਦੀ ਦਾਰ ਜਨਤਾ। ਖ਼ੂਨ ਡੋਲ੍ਹਣੇ ਪੈਣ ਮਜਬੂਰ ਹੋ ਕੇ, ਜਾਨ ਜਾਏਗੀ ਦੁੱਖ ਦੀ ਸਾਰ ਜਨਤਾ। “ਇਨਕਲਾਬ ਜ਼ਿੰਦਾਬਾਦ!” 4-4-28 ਦਸਤਖ਼ਤ ਸੈਨਾਪਤੀ, ਹਿ.ਸ.ਪ੍ਰ.ਸ. (ਇਹ ਪਰਚਾ ਅਸੈਂਬਲੀ ਵਿਚ ਬੰਬ ਬਾਦ 8-4-1929 ਨੂੰ ਹੀ ਵੰਡਿਆ ਸੀ।)

13. ਮੁਕੱਦਮਾ

ਆਸਫ਼ ਅਲੀ ਵਕੀਲ ਨੇ ਲਿਆ ਮੁਕੱਦਮਾ ਲੈ। ਤੇ ਗੋਰੀ ਸਰਕਾਰ ਤੋਂ ਰਤਾ ਨਾ ਖਾਧਾ ਭੈ। ਮੁਲਾਕਾਤ ਸੀ ਮੰਗ ਲਈ ਕਾਨੂੰਨਾਂ ਅਨੁਸਾਰ। ਜਾ ਮਿਲਿਆ ‘ਸਰਦਾਰ’ ਨੂੰ ਜੇਲ੍ਹੇ ਪਹਿਲੀ ਵਾਰ। ਦਿੱਤਾ ਦੱਸ ਵਕੀਲ ਨੂੰ ਭਗਤ ਸਿੰਘ ਸਰਦਾਰ। “ਇਹ ਕਾਨੂੰਨ, ਅਦਾਲਤਾਂ, ਗ਼ੈਰਾਂ ਦੀ ਸਰਕਾਰ, ਪੁਲਸਾਂ, ਫ਼ੌਜਾਂ, ਕੌਂਸਲਾਂ— ਚੋਰ ਦੇ ਪਹਿਰੇਦਾਰ। ਕਾਨੂੰਨਾਂ ਨੂੰ ਪੂਜਦੇ ਲੋਟੂ ਤੇ ਸਰਕਾਰ। ਸ਼ਾਂਤੀ ਸ਼ਾਂਤੀ ਕੂਕਦੇ, ਲੀਡਰ ਤੇ ਸਰਕਾਰ। ਇਹ ਕਾਨੂੰਨ ਨਹੀਂ, ਹੁਕਮ ਨੇ : ਹੁਕਮ ਹੈ ਬਦਕਾਰ।” ਮਾਪੇ ਮੁੜ ਮੁੜ ਆਖਦੇ : “ਇਸ ਦਾ ਕਰੋ ਬਚਾਅ। ਤੁਸੀਂ ਬੜੇ ਸਿਆਣੇ ‘ਅਲੀ’ ਜੀ, ਕਰੋ ਵਿਚਾਰ ਜ਼ਰਾ। ਹੋ ਜਾਵੇ ਨਾ ਭਗਤ ਨੂੰ ਕੋਈ ਚੰਦਰੀ ਕੜੀ ਸਜ਼ਾ। ਲੰਮੀ ਗੱਲ ਨਾ ਪਾਇਓ ਕੋਈ ਸੋਚੋ ਹੁਣੇ ਉਪਾ। ਪਰ ‘ਆਕੀ ਸਰਦਾਰ’ ਨੇ ਦਿੱਤੀ ਗੱਲ ਮੁਕਾ। ਅਸਾਂ ਨਹੀਂ ਸਫ਼ਾਈ ਦੇਣੀ : ਦਿੱਤਾ ਸਾਫ਼ ਸੁਣਾ। ਸਾਨੂੰ ਲਟਕ ਲਗਨ ਕੁਝ ਕਰਨਾ ਮੌਤ ਦੀ ਨਾ ਪ੍ਰਵਾਹ। ਐਸੀ ਮਰਨੀ ਅਲੀ ਜੀ, ਪਈ ਚਾੜ੍ਹੇ ਦੂਣੇ ਚਾਹ। ਜੱਕੋ ਤੱਕੀ ਪੈ ਗਿਆ ਸੋਚਣ ਵਿਚ ਗਲਤਾਨ। ਆਸਫ਼ ਜਿਹਾ ਵਕੀਲ ਵੀ ਹੋਇਆ ਬਹੁਤ ਹੈਰਾਨ। ਕਿਵੇਂ ਮੁਕੱਦਮਾ ਲੜੇ ਉਹ, ਖੋਲ੍ਹੇ ਕਿਵੇਂ ਜ਼ਬਾਨ। ਮਿੱਤਰ, ਮਾਪੇ ਜ਼ੋਰ ਦੇ, ਕਈ ਕੁਝ ਕਰਨ ਕਰਾਨ। ਆਸਫ਼ ਜੱਜ ਮਨਾ ਲਿਆ ਸੁੱਟ ਕੇ ਨੀਤੀ ਬਾਣ। (ਆਖੇ) ਲਾਏ ਕੜੀਆਂ ਪੁਲਸ ਨਾ ਇਹ ਬੜੇ ਸੁਲੱਗ ਜਵਾਨ। ਇਹ ਮੂਲ ਨਾ ਡਰਦੇ ਮੌਤ ਤੋਂ, ਨਾ ਛੱਡਣ ਸ੍ਵੈ-ਮਾਨ। ਇਸ ਬਿਧ ਆਸਫ਼ ਕੀਲਿਆ ਗੋਰਾ ਸੱਪ ਸ਼ੈਤਾਨ। ਲੱਗਾ ਜਦੋਂ ਵਕੀਲ ਵੀ ਜੋਸ਼ਾਂ ਨੂੰ ਪਰਚਾਣ। ਲੱਗਾ ਸੁਹਲ ਸਿਆਸਤੀਂ ਮੱਥਾ ਪੈਣ ਮੈਦਾਨ। ਜਾਂਦੀ ਵੇਖੀ ਵੀਰਨਾਂ ਭਾਰਤ ਮਾਂ ਦੀ ਸ਼ਾਨ। ਪਹਿਲੀ ਪੇਸ਼ੀ ਸ਼ੇਰ ਫਿਰ ਲੱਗ ਪਏ ਨਾਹਰੇ ਲਾਣ। “ਇਨਕਲਾਬ ਜ਼ਿੰਦਾ ਰਹੇ, ਢਹਿ ਸਾਮਰਾਜ ਸ਼ੈਤਾਨ। ਇਨਕਲਾਬ ਜ਼ਿੰਦਾ ਰਹੇ, ਪਏ ਇੰਗਲਿਸਤਾਨ। ਸਦੀਉਂ ਸੁੰਨੀਆਂ ਹਿੱਕੜੀਆਂ, ਸਿੱਕਾਂ ਤੇ ਅਰਮਾਨ। ਭੁੱਖਾਂ-ਤੇਹਾਂ-ਸਹਿਮੀਆਂ ਲੱਗ ਪਈਆਂ ਕੁਰਲਾਣ। ਜੱਲ੍ਹਿਆਂ ਵਾਲੇ ਦੀ ਤਰ੍ਹਾਂ ਮੁੜਿਆ ਹਿੰਦੁਸਤਾਨ। ਕਿਰਤੀ ਦਰਦਾਂ ਜਾਗੀਆਂ ਲੱਗ ਪਈਆਂ ਚਿਚਲਾਣ। ਉੱਠੀਆਂ ਕਿਤੋਂ ਬਗ਼ਾਵਤਾਂ ਲੀਡਰ ਪਏ ਘਬਰਾਣ। ਮਾਂਦੀ ਪੈ ਗਈ ‘ਸ਼ਾਂਤਵਾਦ’, ਚਮਕ ਪਿਆ ਇਨਸਾਨ। ਦੋ ਦਿਨ ਵਿਚ ਹੀ ਭੁਗਤ ਗਏ ‘ਸੱਚੇ’ ਓਨੀ ਗਵਾਹ। ਝੂਠੋ ਝੂਠ ਚਤਾੜ੍ਹ ਸੌ, ਜ਼ਾਮਨ ‘ਰੱਬ’, ‘ਖ਼ੁਦਾ’। (ਉਨ੍ਹਾਂ) ਦੋਹਰੀਆਂ ਕਸਮਾਂ ਖਾਧੀਆਂ, ਲੱਜ ਧਰਮ ਦੀ ਲਾਹ। ਇਹ ਟੋਡੀ ਢਾਣੀ ਦੇਸ ਦੀ, ਜਿਨ੍ਹਾਂ ਤਮ੍ਹਾਂ ਸੀ ਲਈ ਵਧਾ। ਇੰਨ੍ਹਾਂ ਟਕਿਉਂ ਕਸਮਾਂ ਵੇਚੀਆਂ ਲਿਆ ਰਾਮ ਰਹੀਮ ਧਿਆ। (ਕਹਿ) “ਸੂਲ ਉੱਪਰ ਟੰਗ ਦੌ, ਕੋਈ ਦੇਵੋ ਕੜੀ ਸਜ਼ਾ! ਜੇਲ੍ਹਾਂ ਦੇ ਵਿਚ ਡੱਕ ਲਉ, ਫ਼ਾਂਸੀ ਦਿਉ ਚੜ੍ਹਾ! ਇਹ ਬਾਗ਼ੀ ਤਾਜ ਤੇ ਰਾਜ ਦੇ ਮਤੇ ਦੇਵਣ ਤਖ਼ਤ ਉਲਟਾ। ਮਤੇ ਹਿੰਦ ਉੱਤੇ ਕਿਸਾਨ ਤੇ ਮਜ਼ਦੂਰ ਹੀ ਜਾਵਣ ਛਾ।” ਦੋ ਦਿਨ ਵਿਚ ਮੁਕੱਦਮਾ ਸੈਸ਼ਨ ਲੱਗਾ ਜਾ। ਜੱਜ ਸਫ਼ਾਈ ਮੰਗਦਾ, ਗਵਾਹੀਆਂ ਨੂੰ ਭੁਗਤਾ। ਅਸਾਂ ਨਹੀਂ ਸਫ਼ਾਈ ਦੇਵਣੀ : ਦਿੱਤਾ ਵੀਰਾਂ ਸਾਫ਼ ਸੁਣਾ। ਦਿੱਤਾ ਫੇਰ ਬਿਆਨ ਇਕ ਸ਼ੇਰਾਂ ਨੇ ਲਿਖਵਾ...॥

14. ਅਦਾਲਤ ਨੂੰ ਦਿੱਤਾ ਬਿਆਨ

ਸ. ਭਗਤ ਸਿੰਘ ਅਤੇ ਸਾਥੀ ਬੀ.ਕੇ. ਦੱਤ ਜੀ ਦਾ ਦਿੱਲੀ ਦੀ ਅਦਾਲਤ ਨੂੰ ਦਿੱਤਾ ਬਿਆਨ 7 ਜੂਨ 1929 “ਸਾਡੇ ਤੇ ਸਰਕਾਰ ਨੇ ਲਾਏ ਇਲਜ਼ਾਮ। ਪੈਦਾ ਹੋਣ ਸੁਆਲ ਦੋ!” ਬੋਲੇ ਵਰਿਆਮ। ਉਨ੍ਹਾਂ ਆਪਣੇ ਲਿਖਤੀ ਬਿਆਨ ਦਾ ਕੀਤਾ ਆਰੰਭ: “ਕੀ ਅਸੈਂਬਲੀ ਹਾਲ ਵਿਚ ਸੁੱਟੇ ਗਏ ਬੰਬ?!” ਪੁੱਛਦੇ ਫੇਰ ਬਿਆਨ ਵਿਚ ਉਹ ਇਹਦਾ ਕਾਰਨ। ਗੱਲਾਂ ਗੱਲਾਂ ਵਿਚ ਹੀ ਉਹ ਸੱਚ ਨਿਤਾਰਨ। ਦੂਜਾ ਏਸ ਗੱਲ ’ਚੋਂ ਉੱਠਿਆ ਏ ਸੁਆਲ, ਲੱਗੇ ਹੇਠ-ਅਦਾਲਤੋਂ ਜੋ ਦੂਸ਼ਨ, ਢਾਲ : ਠੀਕ ਹੈ ਉਹ ਕਿ ਝੂਠ ਹੈ : ਦੱਸਣਾ ਏ ਖ਼ਿਆਲ। ਕੀ ਠੀਕ ਹੈ, ਕੀ ਗ਼ਲਤ ਹੈ? ਸਭ ਦੱਸਣਾ ਹਾਲ। ਉੱਤਰ ਪਹਿਲੇ ਸਵਾਲ ਦਾ ਲਉ ਸੁਣੋ ਹਜ਼ੂਰ। ਸੁੱਟੇ ਆਪਾਂ ਹਾਲ ਵਿਚ ਨੇ ਬੰਬ ਜ਼ਰੂਰ। ਭਾਵੇਂ ਗਵਾਹਾਂ ਸਾਰਿਆਂ ਹੀ ਬੋਲੇ ਝੂਠ। ਮੁੜ ਮੁੜ ਗੱਲ ਦੁਹਰਾ ਕੇ ਖਾਧੀ ਨੇ ਜੂਠ। ਮੰਨਦੇ ਹਾਂ ਜਦ ਅਸੀਂ ਹੀ ਇਹਦੀ ਕੀ ਲੋੜ। ਇੱਕੋ ਹੀ ਗੱਲ ਏਸ ਦੇ ਸੰਗ ਲੈਣੀ ਜੋੜ : (ਕਿ) ਟੈਰੀ ਗੋਰਾ ਸਾਰਜੰਟ, ਬੋਲੇ ਬੇਡੌਲ। ਸਾਡੇ ਹੱਥੋਂ ਓਸ ਨਹੀਂ ਖੋਹਿਆ ਪਸਤੌਲ। ਕਿਸੇ ਨਹੀਂ ਸਾਨੂੰ ਵੇਖਿਆ ਬੰਬ ਸੁੱਟਣ ਸਾਰ। ਪਰ ਜਦ ਅਸੀਂ ਹੀ ਮੰਨਦੇ, ਕਾਹਦਾ ਤਕਰਾਰ! ਕੀ ਘਟਨਾਵਾਂ ਵਰਤੀਆਂ, ਕਰਨਾ ਹੈ ਬਿਆਨ। ਜਿਨ੍ਹਾਂ ਕਾਰਨ ਅਸਾਂ ਹੀ ਬੰਬ ਸੁੱਟੇ ਆਣ। ਕੁਝ ਦਿਨ ਹੋਏ ਪੁਲਸੀਏ ਅਧਿਕਾਰੀ ਆਏ। ਇਰਵਨ, ਵੱਡੇ ਲਾਟ, ਦਾ ਸੰਦੇਸ਼ ਲਿਆਏ। ਸੁਣਿਓ ਉਹਨੇ ਆਪ ’ਤੀ ਚੜ੍ਹ ਕੇ ਇਹ ਬਾਤ: “ਜ਼ਿੰਮੇਵਾਰ ਨਾ ਬੰਬ ਦੀ ਇੱਕ ਦੋ ਦੀ ਜ਼ਾਤ। ਕੌਂਸਲ ਉੱਤੇ ਸੁੱਟਿਓ ਬੰਬ ਕਿਸੇ ਜਮਾਤ। ਵਿਅਕਤੀ ਉੱਤੇ ਬੰਬ ਨਾ ਇਹ ਸੁੱਟਿਆ ਜਾਪੇ। ਕੌਂਸਲ-ਪੁਣਾ ਉਡਾਵਣਾ ਹੀ ਮਿਥਿਆ ਜਾਪੇ।” ਅਸੀਂ ਤਾਂ ਸਾਰੇ ਮੰਨਦੇ ਇਰਵਨ ਦੀ ਬਾਤ। ਅਸਲ ਮਨੋਰਥ ਸਮਝਿਆ, ਹੈ ਸਿਆਣਾ ਲਾਟ। ਸੂਰ-ਨੀਂਦਰੀਂ ਸ਼ੂਕਦੇ, ਤੱਕ ਹਾਕਮ ਸੁੱਤੇ। ਆਪਾਂ ਹੈ ਬੰਬ ਮਾਰਿਆ ਕੌਂਸਲ ਦੇ ਉੱਤੇ। ‘ਸ਼ਾਂਤੀ-ਸ਼ਾਂਤੀ!’ ਕੂਕਦੀ ਤੱਕ ਨੀਤੀ ਸੁੱਤੀ। ਸਦੀਆਂ ਪਿੱਛੋਂ ਅੱਕ ਕੇ ਫੜ ਲੀਤੀ ਜੁੱਤੀ। ਹਾਂ ਆਸ਼ਕ ਇਨਸਾਨ ਦੇ, ਇਹ ਇਸ਼ਕ ਵਡੇਰਾ। ਮਾਨਵ ਜੀਵਨ ਜਾਚਿਆ ਰੱਬੋਂ ਹੈ ਉਚੇਰਾ। ਨਹੀਂ ਦੇਸ਼-ਧ੍ਰੋਹੀ, ਕੌਮ ਵੇਚ, ਮੰਦ ਕਰਮੇ ਬੰਦੇ : ਜਿਉਂ ਚਮਨ ਲਾਲ ਦੀਵਾਨ ਨੇ ਥਾਪੇ ਚਾ ਗੰਦੇ। ਪਾਗਲ ਨਹੀਂ ਜਨੂੰਨ ਨਹੀਂ ਸਾਡੇ ਸਿਰ ਚੜ੍ਹਿਆ। ਗ਼ੈਰਾਂ ਤੇ ‘ਟ੍ਰਿਬਿਊਨ’ ਜੋ ਸਾਡੇ ਸਿਰ ਮੜ੍ਹਿਆ। ਹਾਂ ਬੜੇ ਹੀ ਗਹੁ ਨਾਲ ਵਾਚਦੇ ਇਤਿਹਾਸ ਪੁਰਾਣਾ। ਦੁਸ਼ਮਣ ਸਾਡੇ ਦੇਸ਼ ਦਾ ਲੋਟੂ ਜਰਵਾਣਾ। ਜਾਂ ਫਿਰ ਉਹ ਜਮਾਤ ਜੋ ਨਿਰਦਈ ਨਿਕੰਮੀ। ਦੁਸ਼ਮਣ ਦੇਸੀ ਭੇਸ ਵਿਚ ਕਈ ਚਿਰ ਤੋਂ ਜੰਮੀ। ਦੱਸਦੀ ਫਿਰੇ ਜਹਾਨ ਨੂੰ ਬੇਬਸੀ ਅਸਾਡੀ। ਕਰਦੀ ਹੈ ਜੋ ਬਾਰ ਬਾਰ ਬੇਪਤੀ ਅਸਾਡੀ। ਪ੍ਰਤੀਨਿਧਾਂ ਨੇ ਦੱਸੀਆਂ ਲੋਕਾਂ ਦੀਆਂ ਲੋੜਾਂ। ਉਨ੍ਹਾਂ ਕੌਂਸਲ ਸਾਹਵੇਂ ਰੱਖੀਆਂ ਲੋਕਾਂ ਦੀਆਂ ਥੋੜ੍ਹਾਂ। ਹੋਣ ਇਕੱਠੇ ਹਾਲ ਦੇ ਵਿਚ ਦੋਵੇਂ ਚੈਂਬਰ। ਪਾਸ ਕਰਨ ਕਾਨੂੰਨ ਜੋ ਲੋਕਾਂ ਦੇ ਮੈਂਬਰ। ਉਹ ਏਸੇ ਹੀ ਹਾਲ ਵਿਚ ਜਾਵਣ ਠੁਕਰਾਏ। ਕਾਲੇ, ਧੱਕੜਸ਼ਾਹੀ ਨੇ ਕਾਨੂੰਨ ਚਲਾਏ। ਤੇ ਸਰਕਾਰੂ ਬਿੱਲ ਜਿਨ੍ਹਾਂ ਨੂੰ ਮੈਂਬਰ ਸਾਰੇ। ਮੁੜ ਮੁੜ ਨਾ ਮਨਜ਼ੂਰ ਕਰੇਂਦੇ ਰਹੇ ਵਿਚਾਰੇ। ਜਿਉਂ ਦੇ ਤਿਉਂ ਮਨਜ਼ੂਰ ਹੋਣ ਇਕ ਕਲਮ ਇਸ਼ਾਰੇ। ਬਹੁਤੇ ਨਾ ਹੁਣ ਖੋਲ੍ਹੀਏ ਗੋਰੇ ਦੇ ਕਾਰੇ। (ਅਸਾਂ) ਸੋਚ ਸੋਚ ਕੇ ਵੇਖਿਆ, ਕੁਝ ਹੱਥ ਨਾ ਆਵੇ। ਕਿਉਂ ਇਸ ਬੋਦੀ ਸੰਸਥਾ ਨੂੰ ਰੱਖਿਆ ਜਾਵੇ? ਕਿਰਤੀ ਹਿੰਦੁਸਤਾਨ ਦਾ ਦਿਨ ਰਾਤ ਕਮਾਵੇ। ਹਾਕਮ ਟੀਪਾ ਟਾਪ ਤੇ ਕਿਉਂ ਖ਼ਰਚ ਉਡਾਵੇ? ਇਹ ਸ਼ੈਤਾਨੀ ਚਾਲ ਅਸਾਂ ਹੈ ਆਪ ਸੁਣਾਣਾ। ਧੱਕੇਸ਼ਾਹੀ ਜਬਰ ਨੂੰ ਪਾਲਣ ਦਾ ਬਹਾਨਾ। ਸਾਡੇ ਸੁਹਲ ਸਵਰਾਜੀਆਂ ਕੀ ਖ਼ਿਆਲ ਦੌੜਾਏ। ਕਾਨੂੰਨਾਂ ਵਿਚ ਫਸ ਗਏ ਕੁਝ ਸਮਝ ਨਾ ਆਏ। ਲੋਕਾਂ ਦਾ ਧਨ ਖ਼ਰਚਿਆ ਤੇ ਸਮਾਂ ਗੁਆਇਆ। ਕੁਝ ਨਾ ਗੋਰੇ ਉਨ੍ਹਾਂ ਦੇ ਪਿੜ ਪੱਲੇ ਪਾਇਆ। ਕਾਲੇ ਬਿੱਲਾਂ ਨੱਪ ਲਏ ਭਾਰਤ ਦੇ ਵਾਸੀ। ਦੁਨੀਆਂ ਦੇ ਵਿਚ ਉੱਡਦੀ ਏ ਸਾਡੀ ਹਾਸੀ। ਮੁੜ ਮੁੜ ਸਾਡੀ ਭੁੱਖ ਨੂੰ ਹੈ ਗੇੜ ਚੁਰਾਸੀ। ਝੂਠੇ ਆਗੂ ਆਖਦੇ, ਇਹ ਬੰਦ-ਖ਼ਲਾਸੀ। ਆਖਣ : ਵਿਚ ਅਸੈਂਬਲੀ ਸੰਕਟ ਕੱਟ ਜਾਣੇ। ਰਹਿੰਦੇ ਹੱਕ ਵੀ ਜਾਪਦੈ, ਬਿੱਲਾਂ ਚੱਟ ਜਾਣੇ। ਹਾਕਮ ਹੁਣ ਦਾ ਬਣ ਗਿਆ ਕਿਰਤੀ ਦਾ ਵੈਰੀ। ਜ਼ਾਲਮ ਜ਼ਹਿਰੀ ਤੱਕਦੈ, ਉਹ ਨਜ਼ਰੇ ਕੈਰੀ। ਬੰਬ ਸੁੱਟ ਕੇ ਹੈ ਸਾਥੀਆਂ ਆਵਾਜ਼ ਉਠਾਈ। ਗਾਂਧੀਵਾਦੀ ਸ਼ਾਂਤੀ ਬਹੁਤ ਹੀ ਵਿਚਲਾਈ। ਬੰਧੂ ਸੀ.ਆਰ.ਦਾਸ ਦੀ ਹੈ ਗੱਲ ਵਿਆਹੀ। ਤੇ ਸੁੱਤੀ ਸਰਕਾਰ ਨੀਂਦਰੋਂ ਟੁੰਬ ਜਗਾਈ। ਉਠੋ ਗੋਰਿਓ ਨੀਂਦਰੋਂ ਜਨਤਾ ਕੁਰਲਾਈ। ਫਿਰ ਜਾ ਕੇ ਸਰਕਾਰ ਨੂੰ ਹੈ ਅਰਜ਼ ਸੁਣਾਈ। ਹਿੰਦੁਸਤਾਨੀ ਲੋਕਤਾ ਦੇ ਸਾਗਰ ਉਛਲੇ। ਪੁਲਸੀ ਧਾੜਾਂ ਹਾਰੀਆਂ, ਜਾਵਣ ਨਾ ਕੁਚਲੇ। (ਅਸੀਂ) ਵਧ ਵਧ ਕਹੀਏ ਗੋਰਿਓ ਤੂਫ਼ਾਨ ਜੇ ਆਣਾ। ਕਾਨੂੰਨਾਂ, ਚਾਲਾਕੀਆਂ ਨੇ ਨਹੀਂ ਬਚਾਣਾ। ਪਰਦੇਸੀ ਸਰਕਾਰ, ਸੁਦੇਸ਼ੀ ਆਗੂ ਸਾਰੇ। ਲੋਕਾਂ ਨੂੰ ਪੁਚਕਾਰਦੇ ਕਾਨੂੰਨਾਂ-ਹਾਰੇ। ਮੁੜ ਮੁੜ ਕਹੀਏ : ਲੀਡਰੋ, ਪਿੱਛਾ ਨਾ ਦੱਸੋ। ਸਾਡੇ ਜੋਸ਼ਾਂ ਗੁੱਸਿਆਂ ਉੱਤੇ ਨਾ ਹੱਸੋ। ਕੀ ਕੀ ਮਕਸਦ ਦੱਸੀਏ ਬੰਬਾਂ ਦਾ ਆਪੇ। ਬੰਬਾਂ ਮਗਰ ਫ਼ਿਲਾਸਫ਼ੀ ਪਈ ਸਾਫ਼ ਹੀ ਜਾਪੇ। ਕਿਸੇ ਨਾਲ ਨਹੀਂ ਦੁਸ਼ਮਣੀ ਮੁੜ ਆਪ ਸੁਣਾਈਏ। ਅਸੀਂ ਮਨੁੱਖੀ ਜ਼ਿੰਦਗੀ ਪੂਜਣ ਤੱਕ ਜਾਈਏ। ਅਸੀਂ ਨਹੀਂ ਸਪਾਹਟੇ ਹਿਰਦਹੀਨ ਭਾੜੇ ਦੇ ਟੱਟੂ। ਮਨੁੱਖ ਲੈਂਦੇ ਮਾਰ ਜੋ ਪੈਸੇ ਦੇ ਖੱਟੂ। ਕਰਮਾਤ ਇਹ ਨਹੀਂ, ਕੋਈ ਨੁਕਸਾਨ ਨਾ ਹੋਇਆ। ਕਰਮਾਤ ਇਹ ਨਹੀਂ ਕੋਈ ਬੰਦਾ ਨਾ ਮੋਇਆ। ਕਰਮਾਤ ਇਹ ਨਹੀਂ ਕਿਤੇ ਕੋਈ ਖ਼ੂਨ ਨਾ ਚੋਇਆ। ਜੋ ਕੁਝ ਕਰਨਾ ਸੀ ਅਸਲ ਵਿਚ ਉਹ ਹੀ ਹੋਇਆ। ‘ਸੋਚਣ ਵਾਲੀ ਗੱਲ ਅਸਾਂ ਹੈ ਹੋਰ ਸੁਨਾਣੀ। ਖ਼ਾਲੀ ਥਾਂ ’ਤੇ ਕਿਉਂ ਭਲਾ ਸੀ ਅੱਗ ਲਗਾਣੀ? ਬੰਬ ਪੈਣ ਦੀ ਥਾਂ ਤੋਂ ਦੋ ਫੁੱਟ ਦੀ ਵਿੱਥੇ। ਬੈਠੇ ਸਨ ਕੁਝ ਆਦਮੀ ਬੰਚਾਂ ’ਤੇ ਜਿੱਥੇ। ਉਹ ਵੀ ਸੱਟ ਨਾ ਲੱਗਦੀ ਤੇ ਪੈਂਦੇ ਛਿੱਥੇ। ਹੁੰਦਾ ਮਾਰੂ ਬੰਬ ਜੇ, ਬਚ ਜਾਂਦੇ ਕਿੱਥੇ? ਰਾਉ, ਸ਼ੰਕਰ, ਸ਼ਸਟਰੇ ਜਾਂਦੇ ਸਨ ਗੰਢੇ। ਸਾਈਮਨ ਵੈਰੀ ਵੇਖਿਆ ਬੈਠਾ ਇਕ ਕੰਢੇ। ਨੀਅਤ ਹੁੰਦੀ ਜੇ ਕਦੇ, ਕਰ ਦਿੰਦੇ ਠੰਢੇ। ਪਈ ਗੋਰੀ ਸਰਕਾਰ ਤਾਂ ਸਾਨੂੰ ਐਵੇਂ ਭੰਡੇ। ਬੰਬਾਂ ਕੇਵਲ ਉਨੇ ਹੀ ਨੇ ਹੱਥ ਵਿਖਾਏ। ਜਿਕਰ ਪਹਿਲਾਂ ਬੈਠ ਕੇ ਸਨ ਮਤੇ ਪਕਾਏ। ਕਰ ਕੇ ਪੂਰਾ ਕਾਰਜ, ਵੇਖ ਕੇ ਆਲੇ ਦੁਆਲੇ। ਕੀਤਾ ਆਪਣੇ ਆਪ ਨੂੰ ਸੀ ਪੁਲਿਸ ਹਵਾਲੇ। ਹੈ ਜੋ ਕੁਝ ਕੀਤਾ, ਠੀਕ ਹੈ ਉਹ ਸਾਡੇ ਖ਼ਿਆਲੇ। ਜੋ ਜੀ ਕਰਦੈ ਕਰ ਲਵੋ ਕਾਨੂੰਨਾਂ ਵਾਲੇ। ਪਰ ਇਹਦੇ ਹੀ ਨਾਲ ਅਸਾਂ ਇਹ ਆਖ ਸੁਣਾਣਾ : ਬਦਲੇਗੀ ਸਰਕਾਰ, ਬਦਲ ਹੁਣ ਗਿਆ ਜ਼ਮਾਨਾ। ਦੋ ਦੇ ਕੁਚਲਣ ਨਾਲ ਦੱਬਣਾ ਨਹੀਂ ਜ਼ਮਾਨਾ। ਸੌਖਾ ਕੰਮ ਨਹੀਂ ਹਾਕਮੋ ਆਦਰਸ਼ ਦਬਾਣਾ। ਇਨਕਲਾਬ ਨਾ ਰੋਕਣਾ ਹਾਕਮ ਦੀ ਸਖ਼ਤੀ। ਉਹ ਜ਼ੁਲਮ ਅਕਾਰਥ ਕਰ ਲਏ, ਖੱਟੇ ਬਦਬਖ਼ਤੀ। ਕੱਲ੍ਹ ਦੀ ਗੱਲ ਵੇ ਗੋਰਿਆ! ਕਿ ਰੂਸੀ ਜ਼ਾਰਾਂ। ਪੁੱਤਰ ਆਪਣੇ ਦੇਸ਼ ਦੇ ਬੰਨ੍ਹ ਬੰਨ੍ਹ ਕੇ ਡਾਰਾਂ। ਕੋਹੇ ਵਿਚ ਸਾਇਬੇਰੀਆ ਬਲਬੀਰ ਹਜ਼ਾਰਾਂ। ਇਹ ਕੁਝ ਆਈਆਂ ਕਰਦੀਆਂ ਮੁੱਢੋਂ ਸਰਕਾਰਾਂ। ਏਸੇ ਕਰ ਕੇ ਹੋਈਆਂ ਇਹਨਾਂ ਨੂੰ ਹਾਰਾਂ। ਰੋਕ ਨਾ ਸਕਣ ਪੱਤਝੜਾਂ ਆਜ਼ਾਦ ਬਹਾਰਾਂ। ਆਇਰਲੈਂਡ ਦੀ ਲੋਕ-ਲਹਿਰ ਨਾ ਗਈ ਦਬਾਈ। ਘੱਲ ਘੱਲ ਵੇਖੇ ਹਾਕਮਾਂ ਨਿਰਦਈ ਸਿਪਾਹੀ। ‘ਪਬਲਿਕ ਸੇਫ਼ਟੀ ਬਿੱਲ’ ਵੀ ਨਹੀਂ ਹਿੰਦ ਦਬਾਣੀ। ਛਿੱਟਾਂ ਨਹੀਂ ਜੇ ਹਾਕਮੋ! ਹੁਣ ਅੱਗ ਬੁਝਾਣੀ। ਸਾਜ਼ਿਸ਼ ਭਰੇ ਮੁਕੱਦਮੇ, ਨਿਰਦਈ ਸਜ਼ਾਵਾਂ। ਦੇ ਦੇ ਸਾਨੂੰ ਸਾਰਿਆਂ ਮੌਤਾਂ ਸੰਗ ਲਾਵਾਂ। ਇਕ ਵੀ ਹਿੰਦੀ ਵੀਰ ਨੇ ਸੀ ਤੱਕ ਨਾ ਕੀਤੀ। ਚੁੰਮ ਚੁੰਮ ਰੱਸੇ ਸੋਹਣਿਆਂ ਕੁਰਬਾਨੀ ਕੀਤੀ। (ਤੁਸਾਂ) ਬੜਾ ਤੋੜ ਕੇ ਵੇਖਿਆ ਟੁੱਟੀ ਨਾ ਰੀਤੀ। ਅਸਾਂ ਸੁਣਾਈ ਖੋਲ੍ਹ ਕੇ ਜੋ ਹੋਈ ਬੀਤੀ। ਸਾਡਾ ਕੰਮ ਸੀ ਹਾਕਮੋ, ਜਾਣੂੰ ਕਰਵਾਣਾ। ਦਿੱਤੀ ਗਈ ਹੈ ਤਾੜਨਾ ਇਹ ਘੋਖ ਜ਼ਮਾਨਾ। “ਝੋਕੋ ਭਾਵੇਂ ਰੱਖ ਲਉ ਲੱਖਾਂ ਦੀਆਂ ਜਾਨਾਂ। ਸੁਣੋ ਨਾ ਸਾਡੀ ਇਕ ਜੇ ਨੁਕਸਾਨ ਕਰਾਣਾ।” ਕਹਿੰਦੇ ਸਨ ‘ਸਰਦਾਰ’ ਤੋਂ ਮਤਲਬ ਕਰਵਾਣਾ। ਇਨਕਲਾਬ ਦਾ ਭਾਵ ਹੈ ਹੁਣ ਖੋਲ੍ਹ ਸੁਣਾਣਾ। ਵਹਿਸ਼ੀ ਨਹੀਂ ਇਹ ਫ਼ਲਸਫ਼ਾ, ਨਾ ਹੀ ਜਰਵਾਣਾ। ਮਿੱਥਿਆ ਜੀਕਰ ਲੋਟੂਆਂ ਜੱਗ ਵਿਚ ਧੁੰਮਾਣਾ। ਇੱਕਲ-ਦੁੱਕਲ ਮਾਰ ਵੀ ਕੋਈ ਨਹੀਂ ਜ਼ਰੂਰੀ। ਹਰ ਗੱਲੇ ਤਲਵਾਰ ਵੀ ਕੋਈ ਨਹੀਂ ਜ਼ਰੂਰੀ। (ਪਰ) ਜੁੱਗਾਂ ਪੁਰਾਣੀ ਲੁੱਟ ਵੀ ਤਾਂ ਨਹੀਂ ਜ਼ਰੂਰੀ। ਮਾਮਲਿਆਂ ਤੋਂ ਕੁੱਟ ਵੀ ਤਾਂ ਨਹੀਂ ਜ਼ਰੂਰੀ। ਜੇਲ੍ਹੋਂ ਟੁੱਟੇ ਗੁੱਟ ਵੀ ਤਾਂ ਨਹੀਂ ਜ਼ਰੂਰੀ। ਝੌਂਪੜੀਆਂ ਦੀ ਫੁੱਟ ਵੀ ਤਾਂ ਨਹੀਂ ਜ਼ਰੂਰੀ। ਗੁੰਡਾ-ਗਰਦੀ ਜੁੱਟ ਵੀ ਤਾਂ ਨਹੀਂ ਜ਼ਰੂਰੀ। ਸੰਗੀਨਾਂ ਤੇ ਬੱਟ ਵੀ ਤਾਂ ਨਹੀਂ ਜ਼ਰੂਰੀ। ਬਦਮਾਸ਼ਾਂ ਦੀ ਐਸ਼ ਵੀ ਤਾਂ ਨਹੀਂ ਜ਼ਰੂਰੀ। ਅੰਦਰੀ ਸਾਂਭੇ ਕੈਸ਼ ਵੀ ਤਾਂ ਨਹੀਂ ਜ਼ਰੂਰੀ। ਕਿਰਤੀ ਜੀਵਨ ਅਜੇ ਵੀ ਰੁੱਖੇ ਦਾ ਰੁੱਖਾ। ਅੰਨ-ਦਾਤਾ ਕਿਰਸਾਨ ਹੈ ਭੁੱਖੇ ਦਾ ਭੁੱਖਾ। ਮਹਿਲ ਬਣਾਏ ਰਾਜ ਤੇ ਝੁੱਗੀ ਵਿਚ ਵੱਸੇ। ਜਿਸਮ ਜੁਲਾਹ ਦਾ ਵੇਖ ਕੇ ਨੰਗਾਪਨ ਹੱਸੇ। ਕਾਣੀ ਹੈ ਇਹ ਵੰਡ, ਹਾਕਮੋ! ਰਹਿਣ ਨਾ ਦੇਣੀ। ਦੁਨੀਆਂ ਜਵਾਲਾ ਮੁਖੀ ’ਤੇ ਹੁਣ ਬਹਿਣ ਨਾ ਦੇਣੀ। ਜੰਗਬਾਜ਼ਾਂ ਮਾਸੂਮ ਨੇ ਦੋਜ਼ਖ਼ ਵਿਚ ਭੁੰਨੇ। ਚੁਗ ਚੁਗ ਸੋਹਣੇ ਜਵਾਨ ਨੇ ਮੌਤਾਂ ਵਿਚ ਰੁੰਨ੍ਹੇ। ਜੇ ਐਸੀ ਤਹਿਜੀਬ ਰਹੀ ਕੁਝ ਸਾਲ ਵੀ ਜਾਰੀ। ਜਾਏਗੀ ਮਨੁੱਖਤਾ ਬੇਦੋਸ਼ੀ ਮਾਰੀ। ਕੌਮਾਂ ਦਾ ਸਵਰਾਜ, ਏਸ ਲਈ, ਬੜਾ ਜ਼ਰੂਰੀ। ਮਜ਼ਦੂਰਾਂ ਦਾ ਰਾਜ, ਏਸ ਲਈ, ਬੜਾ ਜ਼ਰੂਰੀ। ਸਾਂਝੀਵਾਲ ਸਮਾਜ ਏਸ ਲਈ ਬੜਾ ਜ਼ਰੂਰੀ। ਇਨਕਲਾਬ ਦਾ ਸਾਜ਼ ਏਸ ਲਈ ਬੜਾ ਜ਼ਰੂਰੀ। ਇਨਕਲਾਬ ਤੋਂ ਸ਼ਾਨਦਾਰ ਜੁਗਤੀ ਨਾ ਕੋਈ। ਇਨਕਲਾਬ ਤੋਂ ਸ਼ਾਨਦਾਰ ਮੁਕਤੀ ਨਾ ਕੋਈ। ਇਨਕਲਾਬ ਨੇ ਪੱਧਰੇ ਟੋਏ ਕਰ ਦੇਣੇ। ਕਿਰਤੀ ਅਤੇ ਕਿਸਾਨ ਦੇ ਦੁੱਖ ਨੇ ਹਰ ਦੇਣੇ। ਦੁੱਖ ਮੁਸੀਬਤ ਹਾਰ ਮਾਰ ਹੱਸ ਹੱਸ ਕੇ ਜਰਨੀ। ਜੋ ਕੁਰਬਾਨੀ ਮੰਗ ਲਏ ਉਹ ਹਾਜ਼ਰ ਕਰਨੀ। ਇਨਕਲਾਬ ਤੋਂ ਵਾਰ ਵਾਰ ਹੁਣ ਵਾਰੇ ਜਾਈਏ। ਇਨਕਲਾਬ ਦੀ ਸ਼ਾਨ ਤੋਂ ਬਲਿਹਾਰੇ ਜਾਈਏ। ਇਨਕਲਾਬ ਜ਼ਿੰਦਾ ਰਹੇ, ਭਾਵੇਂ ਮਰ ਜਾਈਏ। ਸੱਤ ਜੂਨ ਤਾਰੀਖ਼ ਹੈ : ਸਹੀਆਂ ਹੁਣ ਪਾਈਏ।

15. ਵਿਦਿਆਰਥੀਆਂ ਨੂੰ ਸੰਦੇਸ਼

(ਇਹ ਸੰਦੇਸ਼ ਸ਼ਹੀਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਲਾਹੌਰ ਜੇਲ੍ਹ ਵਿੱਚੋਂ ਦੂਸਰੀ ਸਰਬ-ਪੰਜਾਬੀ ਵਿਦਿਆਰਥੀ ਕਾਨਫ਼ਰੰਸ ਲਾਹੌਰ, ਨੂੰ ਭੇਜਿਆ ਸੀ, ਤੇ 19 ਅਕਤੂਬਰ 1929 ਨੂੰ ਪੜ੍ਹਿਆ ਗਿਆ ਸੀ।) ਬੰਬ ਪਸਤੌਲ ਦਾ ਤਾਂ ਰਾਹ ਠੀਕ ਨਾ। ਨੌਜਵਾਨਾਂ ਲਈ ਇਹ ਸਲਾਹ ਠੀਕ ਨਾ। ਤੁਹਾਡੇ ਲਈ ਕੰਮ ਨੇ ਵਡੇਰੇ ਹੋਰ ਵੀ। ਮੰਗਦੇ ਜਵਾਨੀਆਂ ਦਾ ਜਿਹੜੇ ਜ਼ੋਰ ਵੀ। ਘੋਲ ਪੂਰੇ-ਰਾਜ ਲਈ ਨੇ ਆਰੰਭਣੇ। ਨੌਜਵਾਨ ਘੋਲ ਕਰਦਿਆਂ ਨਾ ਹੰਭਣੇ। ਪੁੱਜਣੇ ਲਾਹੌਰ ਵਿਚ ਨੌਜਵਾਨ ਜੀ। ਜ਼ਿੰਮੇਵਾਰੀ ਚੁੱਕਣੀ, ਵਧਾਣੀ ਸ਼ਾਨ ਜੀ। ਵਿਦਿਆਰਥੀ ਸਦਾ ਸ਼ਹੀਦ ਹੋਂਵਦੇ। ਸੰਕਟਾਂ ਦੇ ਵਿਚ ਨਾ ਖ਼ਰੀਦ ਹੋਂਵਦੇ। ਆ ਗਿਆ ਸਮਾਂ ਹੈ ਘੋਰ, ਇਮਤਿਹਾਨ ਦਾ। ਜੁਗਾਂ ਦੀ ਗੁਲਾਮੀ ਨੂੰ ਜੜ੍ਹੋਂ ਹਿਲਾਣ ਦਾ। ਗੋਰਾ ਸਾਮਰਾਜ ਦੇਸ਼ ’ਚੋਂ ਮੁਕਾਣ ਦਾ। ਕੰਮ ਹੱਥ ਲੱਗਾ ਵਾਹ-ਵਾਹ ਥੋਡੇ ਹਾਣ ਦਾ। ਝਿਜਕਿਉ ਰਤਾ ਨਾ ਏਸ ਇਮਤਿਹਾਨ ਤੋਂ। ਲੱਗਦੀ ਆਜ਼ਾਦੀ ਸਾਨੂੰ ਪਿਆਰੀ ਜਾਨ ਤੋਂ। ਅੱਗੇ ਵਧੋ, ਵੱਧ ਕੰਮ ਲਓ ਗਿਆਨ ਤੋਂ। ਕੰਮ ਹੋਣਾ ਹੈ ਇਹ ਵੀਰੋ, ਨੌਜਵਾਨ ਤੋਂ। ਕੋਨੇ ਕੋਨੇ ਦੇਸ਼ ਦੇ ਪੁਚਾਉ ਗੱਲ ਜੀ। ਕਿਰਤੀਆਂ ਕਿਸਾਨਾਂ ਨੂੰ ਮਿਲਾਉ ਚੱਲ ਜੀ। ਕਾਰਖ਼ਾਨਿਆਂ ਤੇ ਢਾਰਿਆਂ ਦੇ ਵਲ ਜੀ। ਨਾਹਰਾ ਇਨਕਲਾਬ ਦਾ ਲਗਾਉ ਰਲ ਜੀ। ਗੋਰੀ ਸਰਕਾਰ ਹਿੰਦੋਂ ਬਾਹਰ ਘੱਲਣੀ। ਲੁੱਟ ਆਦਮੀ ਦੀ ਆਦਮੀ ਤੋਂ ਠੱਲ੍ਹਣੀ। ਜ਼ਿੰਮੇਵਾਰੀ ਹੋਰ ਹੋ ਗਈ ਵਧੀਕ ਜੀ। ਵੇਖਿਉ ਪੰਜਾਬ ਨੂੰ ਨਾ ਲਾਇਉ ਲੀਕ ਜੀ। ਆਪਣੇ ਸ਼ਹੀਦ ‘ਦਾਸ’ ਦੀ ਮਹਾਨਤਾ, ਯਾਦ ਰੱਖ ਜਿੱਤਣੀ ਹੈ ਜੀ ਸਮਾਨਤਾ। ਰਿਹੋ ਆਉਣ ਵਾਲੀ ਜੰਗ ’ਚ ਅਡੋਲ ਜੀ। ਜਾਗਰੂਕ ਹੋ ਕੇ ਲੜੀਂਦੇ ਨੇ ਘੋਲ ਜੀ। 19-10-1929 (ਭਗਤ ਸਿੰਘ, ਬੀ.ਕੇ. ਦੱਤ)

16. ਐਡੀਟਰ ‘ਮਾਡਰਨ ਰੀਵੀਊ’ ਨੂੰ ਖ਼ਤ

(‘ਇਨਕਲਾਬ ਜ਼ਿੰਦਾਬਾਦ’ ਬਾਰੇ ਸ. ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਜੀ ਦਾ ਐਡੀਟਰ ‘ਮਾਡਰਨ ਰੀਵੀਊ’ ਨੂੰ ਖ਼ਤ) 1. ਸਾਮਰਾਜ ਦੇ ਪਿੱਠੂ ਰਸਾਲਿਆਂ ਨੇ, ਲਾਈ ਕੌਮ ਦੇ ਨਾਮ ਨੂੰ ਲੀਕ, ਸਾਥੀ। ‘ਇਨਕਲਾਬ’ ਦਾ ਲੋਕ-ਮਹਿਬੂਬ ਨਾਹਰਾ, ਲੱਗਾ ਇਨ੍ਹਾਂ ਨੂੰ ਰਤਾ ਨਾ ਠੀਕ, ਸਾਥੀ। ਇਨ੍ਹਾਂ ਵਿਚੋਂ ਹੀ ‘ਮਾਡਰਨ ਰੀਵੀਊ’ ਸੀ, ਬਣ ਬਣ ਬੈਠਦਾ ਬੜਾ ਸ਼ਨੀਕ, ਸਾਥੀ। ਕੌਮੀ ਨਾਹਰੇ ਦੀ ਉਸ ਤੌਹੀਨ ਕੀਤੀ, ਆਪਣਾ ਸਮਝਿਆ ਗ਼ੈਰ ਫ਼ਰੀਕ, ਸਾਥੀ। ਇਹ ਸੀ ਲੋਕ-ਉਭਾਰ ਦਾ ਚਿੰਨ੍ਹ ਨਾਹਰਾ, ਗੱਜ ਗੱਜ ਲਾਵੰਦੇ ਰਹੇ ਰਫ਼ੀਕ, ਸਾਥੀ। ਏਸ ਨਾਹਰੇ ਦੀ ਦੇਖ ਨਿਰਾਦਰੀ ਨੂੰ, ਖ਼ੂਨ ਉੱਬਲਿਆ ਅੱਖੀਆਂ ਤੀਕ, ਸਾਥੀ। ਵੀਹਵੀਂ ਸਦੀ ਉਨੱਤੀਆਂ ਸਾਲ ਆਹਾ, ਮਹੀਨਾ ਆਖ਼ਰੀ ਬਾਈ ਤ੍ਰੀਕ, ਸਾਥੀ। ਲਿਖਿਆ ‘ਦੱਤ’ ਤੇ ‘ਭਗਤ’ ਨੇ ‘ਰੀਵੀਊ’ ਨੂੰ, ਨਹੀਂ ਸੀ ਲਿਖਣ ਦਾ ਜਿੰਨ੍ਹੂੰ ਸਲੀਕ, ਸਾਥੀ। 2. ਸੁਣ ਲਉ ਗੱਲ ਐਡੀਟਰੋ, ਵੀਰ ਕਹਿੰਦੇ : ‘ਇਨਕਲਾਬ’ ਦੀ ਸਾਰ ਹੈ ਬੰਦਿਆਂ ਨੂੰ। ਅਰਥ ਏਸ ਦੇ ਖੋਲ੍ਹ ਬਿਆਨ ਕਰੀਏ, ਛੱਡ ਝੂਠ ਦੇ ਧੜੇ ਤੇ ਧੰਦਿਆਂ ਨੂੰ। ਫ਼ਰਜ਼ ਸਾਡੇ ’ਤੇ ਹੋਂਵਦੇ ਹੁਣੇ ਲਾਗੂ, ਹੂੰਝ ਸੁੱਟੀਏ ਰਾਹਾਂ ਦੇ ਕੰਡਿਆਂ ਨੂੰ। ਨਾਹਰਾ ਲਾਵੀਏ ‘ਇਨਕਲਾਬ’ ਵਾਲਾ, ਮੋੜ ਸੁੱਟੀਏ ਜ਼ੁਲਮ ਦੇ ਦੰਦਿਆਂ ਨੂੰ। ਘਰੀਂ ਬੈਠ ਕੇ ਘੜੇ ਨਾ ਜਾਣ ਨਾਅਰੇ ਦੱਸ ਦੇਈਏ ਕਾਨੂੰਨ ਦੇ ਚੰਡਿਆਂ ਨੂੰ। ਸੂਰਜ ਜਨਤਕੀ ਲਹਿਰ ਦਾ ਇਹ ਨਾਹਰਾ, ਨਿੱਘ ਬਖ਼ਸ਼ਦੈ ਨਿਰਬਲਾਂ ਠੰਢਿਆਂ ਨੂੰ। ਏਹੋ ਕਾਮੇ-ਸੰਸਾਰ ਦੀ ਟੇਕ ਨਾਅਰਾ, ਰੰਗ ਬਖ਼ਸ਼ਦੈ ਕੌਮ ਦੇ ਝੰਡਿਆਂ ਨੂੰ। ਸਾਰ ਇਸ਼ਕ ਆਜ਼ਾਦੀ ਦੀ ਕੀ ਹੋਵੇ, ਦਿਲ ਦੇ ਖੋਟਿਆਂ ਬੰਦਿਆਂ ਗੰਦਿਆਂ ਨੂੰ। 3. ਕੰਨ ਖੋਲ੍ਹ ਕੇ ਸੁਣ ਲਵੋ ਗੱਲ ਸਾਡੀ, ਸਾਡੀ ਅਰਜ਼ ਹੈ ਇਸ਼ਕ ਦੇ ਕੰਡਿਆਂ ਦੀ। ਪੱਲੇ ਬੰਨ੍ਹ ਲਉ ਭਾਵੇਂ ਇਹ ਸੁੱਟ ਪਾਉ, ਸਾਡੀ ਗੱਲ ਹੈ ਜ਼ੁਲਮ ਦੇ ਚੰਡਿਆਂ ਦੀ। ਏਸ ਖ਼ਿਆਲ ਨੂੰ ਦਿਲਾਂ ’ਚੋਂ ਕੱਢ ਦੀਜੋ : ‘ਇਨਕਲਾਬ’ ਨੂੰ ਲੋੜ ਹੈ ਖੰਡਿਆਂ ਦੀ। ਭਾਵੇਂ ਇਹ ਵੀ ਹੈ ਮੰਨੀ ਹੋਈ ਗੱਲ ਯਾਰੋ, ਆਕੜ ਤੋੜਦੇ ਡੰਡੇ ਹੀ ਡੰਡਿਆਂ ਦੀ। ਏਸ ਨਾਹਰੇ ਨੇ ਜਿਹੜੇ ਵੀ ਫੁੱਲ ਖੇੜੇ, ਰੰਗਣ ਟੁੱਟੇ ਨਾ ਉਨ੍ਹਾਂ ਕੁਮਲੰਦਿਆਂ ਦੀ। ਏਸ ਨਾਹਰੇ ਦੇ ਨਾਲ ਖ਼ਿਆਲ ਬੱਝੇ : ਗੱਲ ਸੱਚ ਹੈ ਬੰਦਿਆਂ ਹੰਢਿਆਂ ਦੀ। ਨਾ ਪਏ ਕੱਢੋ ਗਰਾਮਰਾਂ, ਕੋਸ਼ ਫ਼ੋਲੋ : ਇਹ ਕੋਈ ਵਹੀ ਨਹੀਂ ਵੀਰ ਜੀ ਲੰਡਿਆਂ ਦੀ। ਹਰ ਇਕ ਸਾਦਾ ਇਨਸਾਨ ਵੀ ਸਮਝ ਲੈਂਦੈ, ਬੋਲੀ ਅੱਕ ਕੇ ਖੜਕਦੇ ਖੰਡਿਆਂ ਦੀ। 4. ਏਸ ਨਾਹਰੇ ਸ਼ਹੀਦ ਨੂੰ ਦ੍ਰਿੜ ਕੀਤਾ, ਅਮਰ ਹੋ ਗਿਆ ‘ਜਤਿਨ’ ਅਜਿੱਤ ਸਾਥੀ। ‘ਜ਼ਿੰਦਾਬਾਦ’ ਦੇ ਲਾਂਵਦੇ ਲੋਕ ਨਾਹਰੇ, ਨਾਮ ਹੋ ਗਿਆ ਉਹਦਾ ਅਮਿੱਟ ਸਾਥੀ। ਸਾਥੀ ਲਾਂਵਦੇ ਨਾਅਰਾ ਸ਼ਹੀਦ ਹੋਏ, ਜਿੱਤੀ ਗਈ ਨਾ ਇਹਦੀ ਸਪਿਰਟ, ਸਾਥੀ। ਨਾਹਰਾ ਲਾਇਕੇ ਉਹਨੂੰ ਸਲਾਮ ਦੇਈਏ, ਜਿਹਨੂੰ ਮੌਤ ਨਾ ਸਕੀ ਏ ਜਿੱਤ, ਸਾਥੀ। ਏਸ ਨਾਹਰੇ ਨੇ ਸਾਨੂੰ ਆਦਰਸ਼ ਬਖ਼ਸ਼ੇ, ਪਿਆਰਨ ਲੱਗੇ ਮਨੁੱਖ ਦਾ ਹਿੱਤ, ਸਾਥੀ। ਤਾਨ ਵਧ ਗਿਆ ਲੋਕ ਕੁਰਬਾਨੀਆਂ ਦਾ, ਬਿਰਥੀ ਜਾਏ ਨਾ ਲਹੂ ਦੀ ਛਿੱਟ, ਸਾਥੀ। ਏਸ ਨਾਹਰੇ ਨੂੰ ਲਾਣ ਦਾ ਇਹ ਮਤਲਬ, ਹੁਣ ਨਾ ਸਕੂ ਸੰਸਾਰ ਤੋਂ ਮਿਟ, ਸਾਥੀ। “ਚੜ੍ਹਦੀ ਕਲਾ ਦੇ ਵਿਚ ਆਦਰਸ਼ ਸਾਡਾ, ਜਾਣਾ ਅੰਤ ਕੁਰਬਾਨੀਆਂ ਜਿੱਤ, ਸਾਥੀ।” 5. ਮਾਅਨੇ ‘ਇਨਕਲਾਬ’ ਦੇ ਲਫ਼ਜ਼ ਵਾਲੇ, ਪੂਰੇ ਹੋਣ ਨਾ ਕੋਸ਼ ਦੇ ਪੰਨਿਆਂ ਤੋਂ। ਏਸ ਲਫ਼ਜ਼ ਦੇ ਨਾਲ ਇਤਿਹਾਸ ਬੱਝਾ, ਪੜ੍ਹਿਆ ਜਾਵੇ ਨਾ ਅਕਲ ਦੇ ਅੰਨ੍ਹਿਆਂ ਤੋਂ। ਪਿਆਰਾ ਸਾਨੂੰ ਗੁਰਮੰਤਰਾਂ ਵਾਂਗ ਨਾਹਰਾ, ਪੁੱਛੋ ਦੁੱਧ ਨੂੰ ਤਰਸਦੇ ਛੰਨਿਆਂ ਤੋਂ। ਏਸ ਨਾਹਰੇ ਦੇ ਅਰਥ ਨੇ ਉਘੜ ਆਉਂਦੇ, ਬਾਲ ਵੇਖ ਕੇ ਡੁਸਕਦੇ ਗੰਨਿਆਂ ਤੋਂ। ਪਾਕ ਮਾਅਨੇ ਸਪਾਰਿਆਂ ਵਾਂਗ ਇਹਦੇ, ਪੁੱਛ ਲਵੋ ਆਜ਼ਾਦੀ ਦੇ ਜੰਮਿਆਂ ਤੋਂ। ਵਿਚ ਮੁਨਸਫ਼ੀ ਖੋਲ੍ਹ ਬਿਆਨ ਕੀਤੇ, ਮੁੱਕਰੋ ਮੂਲ ਨਾ ਮਾਹਨਿਆਂ ਮੰਨਿਆਂ ਤੋਂ। ਜਾਣੋਂ ਸਭੇ ਕੁਝ ਜਾਣ ਕੇ ਘੇਸ ਵੱਟੋ : ਨਿਕਲੇ ਕਿਵੇਂ ਕੁਝ ਘੇਸਲੇ ਨੰਨਿਆਂ ਤੋਂ। ਨਾਨਕ ਹੋਵੇ ਤਾਂ ਕੋਈ ਸਮਝਾ ਦੇਵੇ, ਬਚ ਕੇ ਰਹੋ ਨਵ-ਯੁਗ ਦੇ ਧੰਨਿਆਂ ਤੋਂ। 6. ਸਾਡਾ ਪੜ੍ਹੋ ਅਦਾਲਤੀ ਬਿਆਨ ਸਾਹਿਬ, ਵੇਖੋ ਸੋਚ ਕੇ ਅਸਾਂ ਕੀ ਕਿਹਾ ਹੈ ਜੀ! ਮਤਲਬ ਖੋਲ੍ਹ ਕੇ ਸਾਫ਼ ਬਿਆਨ ਕੀਤੇ, ਇਨਕਲਾਬ ਦਾ ਅਰਥ ਵੀ ਇਹਾ ਹੈ ਜੀ! ‘ਸ਼ਸਤਰ ਧਾਰਨਾ’ ਹੀ ਇਨਕਲਾਬ ਤਾਂ ਨਹੀਂ : ਕਿਸ ਬਾਗੀ ਨੇ ਇਹ ਵੀ ਤਾਂ ਕਿਹਾ ਹੈ ਜੀ! ਬੰਬ ਪਿਸਟਲਾਂ ਸਾਡਾ ਈਮਾਨ ਤਾਂ ਨਹੀਂ, ਭਾਵੇਂ ਇਹਨਾਂ ਤੋਂ ਕੰਮ ਵੀ ਲਿਆ ਹੈ ਜੀ! ਨਿੱਕੀਆਂ ਕਈ ਬਗ਼ਾਵਤਾਂ ਜੋੜ ਕੇ ਹੀ, ਜ਼ਾਰ-ਸ਼ਾਹੀ ਦਾ ਕਿੰਗਰਾ ਢਿਹਾ ਹੈ ਜੀ! ‘ਇਨਕਲਾਬ’ ਹੈ ਨਾਮ ਆਜ਼ਾਦੀਆਂ ਦਾ, ਸਾਡਾ ਦਾਨ ਤੇ ਏਹੋ ਹੀ ਦਯਾ ਹੈ ਜੀ! ਗ਼ਦਰੀ ਬਾਬਿਆਂ, ਵੀਰ ਸਰਾਭਿਆਂ ਨੇ, ਏਸੇ ਖ਼ਾਤਰੇ ਦੁੱਖੜਾ ਸਿਹਾ ਹੈ ਜੀ! 7. ਸੈਆਂ ਸਾਲਾਂ ਤੋਂ ਦੇਸ਼ ਗੁਲਾਮ ਸਾਡਾ, ਅਸਾਂ ਵੱਲ ਆਜ਼ਾਦੀਆਂ ਮੋੜਨਾ ਜੀ। ਹੱਡੀਂ ਰਚ ਗਈਆਂ ਬੇਵਿਸਵਾਸੀਆਂ ਨੂੰ, ਅਸਾਂ ਵੱਲ ਵਿਸ਼ਵਾਸ ਦੇ ਟੋਰਨਾ ਜੀ। ਹੱਥੋਂ ਛੱਡ ਆਜ਼ਾਦੀਆਂ ਦੌਲਤਾਂ ਨੂੰ, ਝੁਰਿਆ ਦੇਸ਼ ਨਾ ਅਸਾਂ ਹੁਣ ਝੋਰਨਾ ਜੀ। ਛਾਈ ਦੇਸ਼ ਦੇ ਉੱਤੇ ਹੈ ਮੁਰਦਨੀ ਜੋ, ਅਸਾਂ ਮਿੱਥ ਲਿਆ ਉਸ ਨੂੰ ਤੋੜਨਾ ਜੀ। ਸੁੱਤਾ ਸਹਿਮਿਆਂ ਦੇਸ਼ ਅੰਞਾਨ ਸਾਡਾ, ਅਸਾਂ ਨੀਂਦਰੋਂ ਹੁਣੇ ਝੰਜੋੜਨਾ ਜੀ। ਧੂੜਾਂ ਜੰਮ ਜੰਜਾਲ ਪਹਾੜ ਬਣਿਆਂ, ‘ਇਨਕਲਾਬ’ ਦੇ ਹੜ੍ਹਾਂ ਵਿਚ ਰੋੜ੍ਹਨਾ ਜੀ। ਲੂਣ ਲਾਇ ਮਹਾਨ ਕੁਰਬਾਨੀਆਂ ਦਾ, ਕੌੜੇ-ਪਨਾਂ ਦੇ ਮੂਲ ਨੂੰ ਤੋੜਨਾ ਜੀ। ਇਨਕਲਾਬ ਹੈ ਨਾਹਰਾ ਖੁਸ਼ਹਾਲੀਆਂ ਦਾ, ਫਿੱਕੇ-ਪਨਾਂ ਵਿਚ ਮਿਸ਼ਰੀਆਂ ਖ਼ੋਰਨਾ ਜੀ। 8. ਉਨਤੀ ਜਦੋਂ ਸਮਾਜ ਦੀ ਰੁਕੀ ਜਾਪੇ, ਨਾਲੇ ਰੁਕੇ ਜ਼ਮੀਰ ਇਨਸਾਨ ਦੀ ਵੀ। ਜ਼ਰ, ਜ਼ੋਰ ਤੇ ਜ਼ੁਲਮ ਦਾ ਰਾਜ ਹੋਵੇ, ਦੇ ਲੈ ਜ਼ਾਮਨੀ ਜ਼ੁਲਮ ਭਗਵਾਨ ਦੀ ਵੀ। ਉਦੋਂ ਲੋੜ ਹੈ ਭਾਸਦੀ ਬਾਗ਼ੀਆਂ ਦੀ, ਬਾਜ਼ੀ ਲਾ ਦੇਵਣ ਜਿਹੜੇ ਜਾਨ ਦੀ ਵੀ। ਗਾਏ ਹੋਵੋਗੇ ਸਮਝ ਹੁਣ ਤੀਕਰਾਂ ਤਾਂ, ਡਾਢੀ ਲੋੜ ਹੈ ਲੋਕ-ਤੂਫ਼ਾਨ ਦੀ ਵੀ। ਇਨਕਲਾਬ ਦੀ ਲੋੜ ਸਪਸ਼ਟ ਜਾਪੇ, ਪਿਛਾਂਹ-ਖਿੱਚੂਆਂ ਨੂੰ ਗੁੱਠੇ ਲਾਣ ਦੀ ਵੀ। ਏਸ ਨਾਹਰੇ ਦਾ ਕਿਵੇਂ ਮਖੌਲ ਉੱਡੇ, ਹਾਲੀ ਲੋੜ ਹੈ ਲੋਕ ਜਗਾਣ ਦੀ ਵੀ। ‘ਜ਼ਿੰਦਾਬਾਦ’ ਦਾ ਨਾਹਰਾ ਬੁਲੰਦ ਕਰੀਏ, ਵਾਧੂ ਲੋੜ ਕੀ ਹੋਰ ਸੁਨਾਣ ਦੀ ਵੀ। ਬੰਦੇ ਆਪ ਦੇ ਦਿਲੀਂ ਖਲੂਸ ਸਾਡੇ, ਬੇਚਲ ਮਾਫ਼ ਕਰਨੀ ਖ਼ਤ ਪਾਣ ਦੀ ਵੀ। 22 ਦਸੰਬਰ, 1929 (ਸ੍ਰ.) ਭਗਤ ਸਿੰਘ, (ਸਾ.) ਬੀ.ਕੇ. ਦੱਤ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਃ ਦੀਦਾਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ