Bole So Nihal (Punjabi Novel) : Hansraj Rahbar
ਬੋਲੇ ਸੋ ਨਿਹਾਲ (ਨਾਵਲ) : ਹੰਸਰਾਜ ਰਹਿਬਰ
ਬੋਲੇ ਸੋ ਨਿਹਾਲ (ਭਾਗ-2) ਹੰਸਰਾਜ ਰਹਿਬਰ
ਅਬਦਾਲੀ ਨੇ ਸਰਹਿੰਦ ਵੱਲ ਜਾਂਦਿਆਂ ਇਕ ਰਾਤ ਨੂਰ ਮਹਿਲ ਦੀ ਸਰਾਂ ਵਿਚ ਬਿਤਾਈ। ਸਿੰਘ ਗੁਰੀਲਿਆਂ ਨੇ ਅਚਾਨਕ ਧਾਵਾ ਬੋਲ ਕੇ ਉਸਦੀ ਰਸਦ, ਕੁਝ ਘੋੜੇ ਤੇ ਹਥਿਆਰ ਲੁੱਟ ਲਏ। ਅਬਦਾਲੀ ਕੋਲ ਉਹਨਾਂ ਦਾ ਪਿੱਛਾ ਕਰਨ ਦੀ ਫੁਰਸਤ ਨਹੀਂ ਸੀ। ਨਾਲੇ, ਜਦੋਂ ਉਹ ਨਾਦਰ ਸ਼ਾਹ ਨਾਲ ਆਇਆ ਸੀ, ਉਦੋਂ ਹੀ ਦੇਖ ਚੁੱਕਿਆ ਸੀ ਕਿ ਕੰਡੇਦਾਰ ਝਾੜੀਆਂ ਵਾਲੇ ਸੰਘਣੇ ਜੰਗਲ ਵਿਚ ਖਾਲਸੇ ਦਾ ਪਿੱਛਾ ਕਰਨਾ ਆਸਾਨ ਨਹੀਂ।
ਮੁਗਲਾਂ ਤੇ ਅਫਗਾਨਾ ਦੀ ਲੜਾਈ ਸਮੇਂ ਸਿੰਘ ਨਿਰਪੱਖ ਰਹੇ ਕਿਉਂਕਿ ਉਹਨਾਂ ਲਈ ਦੋਹੇਂ ਵਿਦੇਸ਼ੀ ਤੇ ਉਹਨਾਂ ਦੇ ਦੁਸ਼ਮਣ ਸਨ। ਮਾਣੂਪੁਰ ਦੀ ਹਾਰ ਤੋਂ ਪਿੱਛੋਂ ਅਬਦਾਲੀ ਛੇਤੀ ਤੋਂ ਛੇਤੀ ਲਾਹੌਰ ਪਹੁੰਚਿਆ ਤੇ ਉੱਥੋਂ ਜਿੰਨਾਂ ਸਾਮਾਨ ਸਮੇਟ ਸਕਿਆ, ਸਮੇਟ ਕੇ ਕੰਧਾਰ ਵੱਲ ਤੁਰ ਪਿਆ। ਸਿੰਘਾਂ ਨੂੰ ਉਸਦੀ ਗਤੀਵਿਧੀ ਬਾਰੇ ਰਾਈ ਰਾਈ ਦੀ ਜਾਣਕਾਰੀ ਮਿਲ ਰਹੀ ਸੀ। ਜਦੋਂ ਤਕ ਅਬਦਾਲੀ ਪੰਜਾਬ ਵਿਚ ਸੀ, ਉਹ ਚੁੱਪ ਬੈਠੇ ਰਹੇ ਤੇ ਜਿਵੇਂ ਹੀ ਪੰਜਾਬ ਵਿਚੋਂ ਬਾਹਰ ਨਿਕਲਿਆ ਸਿੰਘਾਂ ਨੇ ਪੱਚੀ-ਪੱਚੀ, ਤੀਹ-ਤੀਹ ਦੇ ਗੁਰੀਲਾ ਦਸਤੇ ਬਣਾ ਕੇ ਉਸਦੀ ਫੌਜ ਦੇ ਪਿੱਛੇ ਭਾਗ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉਸਦੇ ਚਨਾਬ ਤਕ ਪਹੁੰਚਦਿਆਂ ਪਹੁੰਚਦਿਆਂ ਉਸਦਾ ਬਹੁਤ ਸਾਰਾ ਸਾਮਾਨ, ਹਥਿਆਰ ਤੇ ਘੋੜੇ ਖੋਹ ਲਏ। ਚਤੁਰ ਸਿੰਘ ਸ਼ੁਕਰਚੱਕੀਆ ਦੁਰਾਨੀਆਂ ਦਾ ਰੁਕ ਰੁਕ ਕੇ ਪਿੱਛਾ ਕਰਦਾ ਰਿਹਾ ਤੇ ਅਟਕ ਦੇ ਇਸ ਪੂਰੇ ਇਲਾਕੇ ਵਿਚ ਉਸਦੀ ਬਹਾਦਰੀ ਦੀ ਧਾਕ ਬੈਠ ਗਈ।
ਇਕ ਚਤੁਰ ਸਿੰਘ ਹੀ ਨਹੀਂ ਖਾਲਸਾ ਪੰਥ ਨੇ ਇਕ ਤੋਂ ਇਕ ਵਧਕੇ ਯੋਧੇ ਪੈਦਾ ਕੀਤੇ। ਘਰਾਂ ਵਿਚ, ਖੇਤਾਂ ਵਿਚ ਤੇ ਸੱਥਾਂ ਵਿਚ ਉਹਨਾਂ ਦੀ ਬਹਾਦਰੀ ਦੇ ਚਰਚੇ ਸਨ। ਜਿਹੜਾ ਵੀ ਸੁਣਦਾ ਦੰਦਾਂ ਹੇਠ ਉਂਗਲ ਨੱਪ ਬਹਿੰਦਾ।
“ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ, ਮੌਤ ਤੋਂ ਵੀ ਨਹੀਂ ਡਰਦੇ !”
“ਮਿੱਟੀ ਤਾਂ ਸਾਡੀ ਤੁਹਾਡੀ ਤੇ ਉਹਨਾਂ ਦੀ ਇੱਕੋ ਏ...ਫਰਕ ਇਹ ਹੈ ਕਿ ਉਹਨਾਂ ਮੌਤ ਦਾ ਭੈ ਮਨ ਵਿਚੋਂ ਕੱਢ ਦਿੱਤਾ ਏ ਤੇ ਅਸੀਂ ਚੂਹੇ ਬਣ ਕੇ ਖੁੱਡਾਂ ਵਿਚ ਵੜ ਜਾਂਦੇ ਆਂ।”
“ਮੈਂ ਤਾਂ ਸਮਝਦਾਂ ਬਈ ਖੰਡੇ-ਬਾਟੇ ਦੇ ਅੰਮ੍ਰਿਤ ਵਿਚ ਈ ਕੋਈ ਅਜਿਹੀ ਕਰਾਮਾਤ ਏ, ਜਿਹੜੀ ਚੂਹਿਆਂ ਨੂੰ ਸ਼ੇਰ ਬਣਾ ਦਿੰਦੀ ਏ। ਬਾਜ ਨਾਲ ਚਿੜੀਆਂ ਲੜਾ ਦਿੰਦੀ ਏ। ਮੁਗਲਾਂ ਤੇ ਅਫਗਾਨਾ ਦੇ ਛੱਕੇ ਛੁਡਾਅ ਦਿੰਦੀ ਏ।”
“ਛੱਕ ਲੈ ਤੂੰ ਵੀ ਖੰਡੇ-ਬਾਟੇ ਦਾ ਅੰਮ੍ਰਿਤ ਫੇਰ ਤੇ ਬਣ ਜਾਅ ਸ਼ੇਰ। ਚੂਹਾ ਬਣ ਕੇ ਜਿਉਣਾ ਵੀ ਕੋਈ ਜਿਉਣਾ ਏਂ?”
ਆਮ ਲੋਕਾਂ ਨੇ ਅੱਖੀਂ ਦੇਖਿਆ ਸੀ ਕਿ ਜਦੋਂ ਜਦੋਂ ਵੀ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ; ਉਦੋਂ ਉਦੋਂ ਹੀ ਜਿਵੇਂ ਬਰਸਾਤ ਵਿਚ ਖੁੱਬਾਂ ਉਗਦੀਆਂ ਨੇ, ਸਿੱਖਾਂ ਨੇ ਇਧਰੋਂ ਉਧਰੋਂ ਉਭਰ ਕੇ ਸਰਕਾਰ ਦੇ ਦਾਅਵੇ ਨੂੰ ਝੂਠਾ ਸਾਬਤ ਕਰ ਦਿੱਤਾ ਸੀ। ਉਹ ਖ਼ੁਦ ਨਹੀਂ ਰਹੇ ਪਰ ਉਹਨਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦੀਆਂ ਅਜਿਹੀਆਂ ਕਹਾਣੀਆਂ ਬਣੀਆਂ, ਜਿਹੜੀਆਂ ਬੱਚੇ ਬੱਚੇ ਦੀ ਜਬਾਨ 'ਤੇ ਚੜ੍ਹ ਗਈਆਂ। ਜਦੋਂ ਤਕ ਇਹ ਜਨਤਾ-ਜਨਾਰਧਨ ਸਲਾਮਤ ਹੈ, ਇਹ ਪੰਜਾਬ ਜਿਉਂਦਾ ਹੈ, ਆਦਮੀਂ ਦੇ ਮਨ ਵਿਚ ਮਾਣ-ਸਨਮਾਣ ਨਾਲ ਜਿਉਣ ਦੀ ਤਾਂਘ ਜਿਉਂਦੀ ਹੈ¸ ਇਹ ਕਹਾਣੀਆਂ ਵੀ ਜਿਉਂਦੀਆਂ ਰਹਿਣ ਗੀਆਂ।
ਪਿੱਛੇ ਸੱਤ-ਅੱਠ ਮਹੀਨਿਆਂ ਵਿਚ ਜਦੋਂ ਦੀ ਸਰਕਾਰ ਦੀ ਸਖਤੀ ਕੁਝ ਘੱਟ ਹੋਈ ਸੀ, ਸਿੱਖ ਯੋਧੇ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਆਪਣੇ ਘਰੀਂ ਆ ਗਏ ਸਨ। ਉਹ ਜਿੱਥੇ ਜਿੱਥੇ ਵੀ ਪਹੁੰਚੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਕਿਹਨਾਂ ਹਾਲਤਾਂ ਵਿਚ ਕਿਵੇਂ ਦਿਨ ਬਿਤਾਏ ਤੇ ਕਿਸ ਤਰ੍ਹਾਂ ਦੁਸ਼ਮਣ ਦਾ ਮੁਕਾਬਲਾ ਕੀਤਾ¸ ਇਹ ਸਭ ਕੁਝ ਉਹਨਾਂ ਦੀ ਆਪਣੀ ਜ਼ੁਬਾਨੀ ਸੁਣ ਕੇ ਲੋਕਾਂ ਦੇ ਚਿਹਰੇ ਖਿੜ ਜਾਂਦੇ। ਨਿੱਜੀ ਸਾਹਸ ਤੇ ਬਹਾਦਰੀ ਦੀਆਂ ਇਹ ਘਟਨਾਵਾਂ ਇਤਿਹਾਸ ਦਾ ਅੰਗ-ਸੰਗ ਬਣ ਗਈਆਂ। ਲੋਕ ਆਪਣੇ ਨਿੱਜੀ ਮਸਲਿਆਂ ਵਿਚ ਉਹਨਾਂ ਦੀ ਸਲਾਹ ਲੈਂਦੇ ਤੇ ਨਿੱਜੀ ਝਗੜਿਆਂ ਦੇ ਫੈਸਲਿਆਂ ਲਈ ਉਹਨਾਂ ਨੂੰ ਪੰਚ ਬਣਾਉਂਦੇ। ਦੱਬੇ ਹੋਏ ਲੋਕਾਂ, ਔਰਤਾਂ ਤੇ ਮਰਦਾਂ ਦੀ, ਜਿਹੜੇ ਇਸ ਲੁੱਟ-ਖਸੁੱਟ ਵਿਚ ਲੁੱਟੇ-ਪੱਟੇ ਗਏ ਸਨ, ਮਦਦ ਕਰਨ ਲਈ ਉਹ ਆਪ ਜਾਂਦੇ। ਆਂਢ-ਗੁਆਂਢ ਵਿਚ ਕਿਸੇ ਦੇ ਦੁਖੀ ਜਾਂ ਬਿਮਾਰ ਹੋਣ ਦਾ ਪਤਾ ਲੱਗਦਾ ਤਾਂ ਉਹ ਉਹਨਾਂ ਦੀ ਸਹਾਇਤਾ ਕਰਨ ਲਈ ਜਾ ਪਹੁੰਚਦੇ। ਇਸ ਗੱਲ ਨੂੰ ਉਹ ਆਪਣੇ ਵਤੀਰੇ ਨਾਲ ਸਿੱਧ ਕਰਦੇ ਕਿ ਗਰੀਬ ਤੇ ਲੋੜਮੰਦ ਦੀ ਮਦਦ ਕਰਨਾ ਹੀ ਗੁਰੂ ਦੀ ਸਿੱਖਿਆ ਹੈ। ਉਹ, ਜਿਹਨਾਂ ਨੌਜਵਾਨਾ ਨਾਲ ਬਚਪਨ ਬਿਤਾਇਆ ਸੀ, ਉਹਨਾਂ ਨਾਲ ਕੁਸ਼ਤੀ, ਕਬੱਡੀ, ਗੁੱਲੀ ਡੰਡਾ ਖੇਡਦੇ ਤੇ ਬੰਦੂਕ ਮੋਢੇ ਉਪਰ ਰੱਖ ਕੇ ਸ਼ਿਕਾਰ ਖੇਡਣ ਜਾਂਦੇ। ਲੋਕਾਂ ਦੇ ਮਨ ਵਿਚ ਆਪਣੇ ਆਪ ਇਹ ਵਿਚਾਰ ਪੈਦਾ ਹੁੰਦਾ ਕਿ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ, ਤਾਕਤ ਏਕੇ ਵਿਚ ਹੈ। ਨਤੀਜਾ ਇਹ ਕਿ ਸਿੱਖ ਧਰਮ ਇਕ ਲੋਕ ਅੰਦੋਲਨ ਬਣ ਗਿਆ। ਜਦੋਂ ਇਹ ਸਿੱਖ ਯੋਧੇ ਅੰਮ੍ਰਿਤਸਰ ਜਾਂ ਕਿਸੇ ਹੋਰ ਜਗ੍ਹਾ ਸਤਸੰਗ ਵਿਚ ਜਾਂਦੇ, ਪਿੰਡਾਂ ਦੇ ਕਈ ਨੌਜਵਾਨ ਉਹਨਾਂ ਦੇ ਨਾਲ ਤੁਰ ਪੈਂਦੇ ਜੋ ਅੰਮ੍ਰਿਤ ਛਕ ਕੇ ਸਿੱਖ ਧਰਮ ਵਿਚ ਸ਼ਾਮਲ ਹੋ ਜਾਂਦੇ।
ooo
ਭੂਪ ਸਿੰਘ ਇਹਨੀਂ ਦਿਨੀਂ ਖਾਸਾ ਰੁੱਝਿਆ ਹੋਇਆ ਸੀ। ਅਬਦਾਲੀ ਜਦੋਂ ਸ਼ਾਹ ਨਵਾਜ ਨੂੰ ਹਰਾ ਕੇ ਲਾਹੌਰ ਪਹੁੰਚਿਆ ਉਦੋਂ ਉਹ ਲਾਹੌਰ ਵਿਚ ਸੀ ਤੇ ਜਦੋਂ ਅਬਦਾਲੀ ਮਾਣੂ ਪੁਰ ਵਿਚ ਹਾਰ ਕੇ ਵਾਪਸ ਪਰਤਿਆ, ਉਦੋਂ ਵੀ ਉਹ ਲਾਹੌਰ ਵਿਚ ਹੀ ਸੀ। ਉਹ ਕਬੀਰ ਦੇ ਦੋਹੇ ਤੇ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਦੇ ਇਲਾਵਾ ਅਰਬੀ ਵਿਚ ਕੁਰਾਨ ਦੀਆਂ ਆਇਤਾਂ ਤੇ ਫਾਰਸੀ ਵਿਚ ਸ਼ੇਖ ਸਾਦੀਕ ਦੇ ਸ਼ੇਅਰ ਦੇ ਸ਼ੁੱਧ ਉਚਾਰਨ ਨਾਲ ਗਾਉਂਦਾ ਸੀ। ਵੈਸੇ ਵੀ ਪੀਰਾਂ ਫਕੀਰਾਂ ਵਿਚ ਲੋਕਾਂ ਦੀ ਸ਼ਰਧਾ ਸੀ। ਕਿਸੇ ਨੂੰ ਵੀ ਉਸਦੇ ਜਾਸੂਸ ਹੋਣ ਦਾ ਸ਼ੱਕ ਨਹੀਂ ਸੀ ਹੋਇਆ। ਅਬਦਾਲੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਉਸੇ ਦੁਆਰਾ ਪੰਥ ਨੂੰ ਪਹੁੰਚਦੀ ਸੀ ਤੇ ਉਸ ਦੇ ਆਧਾਰ 'ਤੇ ਹੀ ਉਹ ਯੋਜਨਾਵਾਂ ਬਣਾਉਂਦੇ ਸਨ।
ਭੂਪ ਸਿੰਘ ਆਪਣੇ ਪਿੰਡ ਜੰਡਿਆਲਾ ਸ਼ੇਰ ਖਾਂ ਉਦੋਂ ਆਇਆ ਜਦੋਂ ਅਬਦਾਲੀ ਵਾਪਸ ਕਾਬੁਲ ਪਹੁੰਚ ਗਿਆ। ਸਤਵੰਤ ਕੌਰ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਉਸਨੇ ਪੁੱਤਰ ਦਾ ਮੱਥਾ ਚੁੰਮਿਆਂ, ਪਿਆਰ ਦਿੱਤਾ ਤੇ ਕਈ ਪਲ ਤਕ ਉਸਨੂੰ ਸਿਰ ਤੋਂ ਪੈਰਾਂ ਤਕ ਦੇਖਦੀ ਰਹੀ। ਉਹ ਹੁਣ ਜਵਾਨ ਹੋ ਗਿਆ ਸੀ ਤੇ ਉਸਦੀ ਦਿੱਖ ਆਪਣੇ ਪਿਓ ਵਰਗੀ ਲੱਗਣ ਲੱਗ ਪਈ ਸੀ। ਭੂਪ ਸਿੰਘ ਦੇ ਘਰ ਆਉਣ ਦੀ ਖਬਰ ਤੁਰੰਤ ਸਾਰੇ ਪਿੰਡ ਵਿਚ ਫੈਲ ਗਈ। ਦੇਖਦੇ ਦੇਖਦੇ ਤੀਵੀਂਆਂ-ਮਰਦ, ਨਿਆਣੇ-ਬਜੁਰਗ ਇਕੱਠੇ ਹੋ ਗਏ ਤੇ ਸਤਵੰਤ ਕੌਰ ਨੂੰ ਮੁੰਡੇ ਦੇ ਰਾਜੀਖੁਸ਼ੀ ਘਰ ਪਰਤ ਆਉਣ ਦੀਆਂ ਵਧਾਈਆਂ ਦਿੱਤੀਆਂ ਜਾਣ ਲੱਗੀਆਂ।
“ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ।” ਸੁਤਵੰਤ ਕੌਰ ਖੁਸ਼ੀਆਂ ਭਰੀ ਆਵਾਜ਼ ਵਿਚ ਕਿਹਾ ਤੇ ਫੇਰ ਆਪਣੇ ਪੁੱਤਰ ਦੇ ਸਿਰ ਉੱਤੇ ਹੱਥ ਫੇਰ ਕੇ ਬੋਲੀ, “ਜੁਗ ਜੁਗ ਜੀਵੇ ਮੇਰਾ ਪੁੱਤਰ। ਮੈਂ ਤਾਂ ਇਸਦੀ ਉਡੀਕ ਵਿਚ ਅੱਧੀ ਰਹਿ ਗਈ। ਜਦੋਂ ਸਾਰੇ ਲੋਕ ਆ ਗਏ ਤੇ ਇਹ ਨਾ ਆਇਆ ਤਾਂ ਮੈਂ ਸੋਚਿਆ ਕਿਤੇ ਮੈਨੂੰ ਭੁੱਲ ਤਾਂ ਨਹੀਂ ਗਿਆ।”
“ਆਦਮੀ ਜੇ ਆਦਮੀ ਦਾ ਪੁੱਤਰ ਹੋਏ ਤਾਂ ਆਪਣੀ ਮਾਂ ਤੇ ਮਾਤਭੂਮੀ ਨੂੰ ਕਦੀ ਨਹੀਂ ਭੁੱਲ ਸਕਦਾ। ਮੈਂ ਕਿੰਜ ਦੱਸਾਂ ਕਿ ਮਾਂ ਨਾਲ ਤੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਏ।” ਭੂਪ ਸਿੰਘ ਨੇ ਉਤਰ ਦਿੱਤਾ।
ਇਕੱਠੇ ਹੋਏ ਲੋਕਾਂ ਨੇ ਉਸਦੇ ਇਕ ਇਕ ਸ਼ਬਦ ਨੂੰ ਬੜੇ ਧਿਆਨ ਤੇ ਬੜੀ ਉਤਸੁਕਤਾ ਨਾਲ ਸੁਣਿਆ। ਉਹ ਆਪਣੇ ਪਿੰਡ ਵਿਚ ਪਲਿਆ ਕੋਈ ਸਧਾਰਨ ਜਵਾਨ ਮੁੰਡਾ ਨਹੀਂ ਬਲਕਿ ਯੁੱਧ ਖੇਤਰ ਵਿਚੋਂ ਪਰਤਿਆ ਅਸਧਾਰਨ ਆਦਮੀ ਸੀ ਤੇ ਜਿਸਨੂੰ ਦੇਖਣ ਸੁਨਣ ਵਿਚ ਅਸਧਾਰਨ ਆਨੰਦ ਪ੍ਰਾਪਤ ਹੁੰਦਾ ਸੀ।
“ਅੱਛਾ ਪੁੱਤਰ, ਇਹ ਦਸੋ ਬਈ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਹੁਰੀਂ ਅੱਜ ਕੱਲ੍ਹ ਕਿੱਥੇ ਨੇ?” ਇਕ ਬਜ਼ੁਰਗ ਕਿਸਾਨ ਨੇ ਪੁੱਛਿਆ।
“ਉਹ ਜੀ, ਅੰਮ੍ਰਿਤਸਰ ਵਿਚ ਨੇ। ਮੈਂ ਉਹਨਾਂ ਕੋਲੋਂ ਹੀ ਆਇਆਂ।”
“ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆਂ ਵੀ ਉੱਥੇ ਈ ਹੋਣੈ?”
“ਹਾਂ ਜੀ, ਉਹ ਵੀ ਉੱਥੇ ਈ ਸਨ।”
“ਅਫਗਾਨਾ ਨਾਲ ਲੜਦਿਆਂ ਹੋਇਆਂ ਉਹਨਾਂ ਵਿਚੋਂ ਕਿਸੇ ਨੂੰ ਕੋਈ ਸੱਟ-ਫੇਟ ਤਾਂ ਨਹੀਂ ਲੱਗੀ?”
“ਨਹੀਂ, ਬਿਲਕੁਲ ਨਹੀਂ ਜੀ। ਉਹ ਤਾਂ ਅਫਗਾਨਾ ਉਪਰ ਅਚਾਨਕ ਹਮਲਾ ਕਰਦੇ ਤੇ ਉਹਨਾਂ ਦੇ ਘੋੜੇ, ਹਥਿਆਰ ਤੇ ਦੂਜਾ ਸਾਮਾਨ ਖੋਹ ਕੇ ਹਰਨ ਹੋ ਜਾਂਦੇ ਸਨ ਜੀ।”
“ਇਸ ਦਾ ਮਤਲਬ ਏ ਕਿ ਸਿੱਖਾਂ ਨੇ ਉਸਨੂੰ ਖੂਬ ਮੁੱਛਿਆ?” ਕਈ ਆਵਾਜ਼ਾਂ ਇਕੱਠੀਆਂ ਆਈਆਂ ਤੇ ਭੀੜ ਵਿਚ ਹਾਸੜ ਪੈ ਗਈ।
“ਇਸਨੂੰ ਖੂਬ ਮੁੱਛਿਆ ਤਾਂ ਨਹੀਂ ਕਹਿ ਸਕਦੇ।” ਭੂਪ ਸਿੰਘ ਨੇ ਗੰਭੀਰ ਤੇ ਸਿੱਥਲ ਆਵਾਜ਼ ਵਿਚ ਕਿਹਾ। ਫੇਰ ਮੁਸਕਰਾਉਂਦਾ ਹੋਇਆ ਬੋਲਿਆ, “ਹਾਂ ਉਹ ਕਹਾਵਤ ਹੈ ਨਾ 'ਜਾਂਦੇ ਚੋਰ ਦੀ ਪੱਗ ਹੀ ਸਹੀ'। ਜੋ ਕੁਝ ਖੋਹ ਲਿਆ ਉਹ ਭੱਜੇ ਜਾਂਦੇ ਚੋਰ ਦੀ ਪੱਗ ਹੀ ਕਹੀ ਜਾ ਸਕਦੀ ਹੈ। ਹੋਣਾ ਇਹ ਚਾਹੀਦਾ ਸੀ ਕਿ ਹਾਰ ਕੇ ਭੱਜੇ ਜਾ ਰਹੋ ਦੁਸ਼ਮਣ ਦਾ ਉਧਰੋਂ ਮੁਗਲ ਪਿੱਛਾ ਕਰਦੇ ਤੇ ਇਧਰੋਂ ਸਿੰਘ ਰਸਤਾ ਰੋਕ ਲੈਂਦੇ। ਉਹ, ਉਠ-ਘੋੜੇ ਤੇ ਹੋਰ ਸਾਮਾਨ ਜਿਹੜਾ ਨਾਲ ਲੈ ਕੇ ਆਇਆ ਸੀ, ਸਭ ਇੱਥੇ ਹੀ ਰਹਿ ਜਾਂਦਾ। ਖੁਦ ਅਹਿਮਦ ਸ਼ਾਹ ਅਬਦਾਲੀ ਤੇ ਉਸਦੇ ਸਿਪਾਹੀ ਵੀ ਇੱਥੇ ਹੀ ਦਫਨ ਹੁੰਦੇ। ਮਜ਼ਾ ਫੇਰ ਸੀ ਕਿ ਇਕ ਵੀ ਵਾਪਸ ਨਾ ਜਾਂਦਾ ਤੇ ਅੱਗੇ ਤੋਂ ਸਾਡੇ ਇਸ ਦੇਸ਼ ਉੱਤੇ ਕਿਸੇ ਦੀ ਹਮਲਾ ਕਰਨ ਦੀ ਹਿੰਮਤ ਨਾ ਪੈਂਦੀ।” ਇਕੱਠੇ ਹੋਏ ਲੋਕ ਉਸਦੀ ਗੱਲ ਮੰਤਰ-ਮੁਗਧ ਹੋ ਕੇ ਸੁਣ ਰਹੇ ਸਨ। ਸਤਵੰਤ ਕੌਰ ਨੇ ਪੁੱਤਰ ਵੱਲ ਬੜੇ ਮਾਣ ਨਾਲ ਦੇਖਿਆ। “ਪਰ...” ਉਹ ਫੇਰ ਬੋਲਿਆ, “ਅਬਦਾਲੀ ਮਾਣੂਪਰ ਵਿਚੋਂ ਹਾਰ ਕੇ ਭੱਜਿਆ ਤਾਂ ਮੁਗਲ ਉਸਦਾ ਪਿੱਛਾ ਕਰਨ ਦੇ ਬਜਾਏ ਸਰਹਿੰਦ ਪਰਤ ਗਏ ਤੇ ਹੁਣ ਉੱਥੇ ਬੈਠੇ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਨੇ। ਇਸ ਹਮਲੇ ਨਾਲ ਪੰਜਾਬ 'ਤੇ ਕੀ ਬੀਤੀ, ਤੁਹਾਡੇ ਲੋਕਾਂ 'ਤੇ ਕੀ ਬੀਤੀ, ਕਿੰਨੀ ਤਬਾਹੀ ਤੇ ਬਰਬਾਦੀ ਹੋਈ, ਇਸਦੀ ਉਹਨਾਂ ਨੂੰ ਕੁਝ ਵੀ ਫਿਕਰ ਨਹੀਂ।”
ਦੋ ਢਾਈ ਘੰਟੇ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਫੇਰ ਵੀ ਇੰਜ ਲੱਗਦਾ ਸੀ, ਅਜੇ ਸੁਨਣ ਵਾਲਿਆਂ ਦਾ ਜੀਅ ਨਹੀਂ ਭਰਿਆ। ਉਹ ਚਾਹੁੰਦੇ ਸਨ ਕਿ ਭੂਪ ਸਿੰਘ ਬੋਲਦਾ ਰਹੇ ਤੇ ਉਹ ਸੁਣਦੇ ਰਹਿਣ। ਪਰ ਬੋਲਣ ਤੇ ਸੁਨਣ ਦੀ ਵੀ ਇਕ ਹੱਦ ਹੁੰਦੀ ਹੈ। ਸਤਵੰਤ ਕੌਰ ਨੇ ਇਸ ਹੱਦ ਨੂੰ ਮਹਿਸੂਸ ਕੀਤਾ ਤੇ ਆਪਣੇ ਪੁੱਤਰ ਦੀ ਜਗ੍ਹਾ ਆਪ ਬੋਲੀ¸
“ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭੂਪਾ ਆਰਾਮ ਕਰੇਗਾ।” ਤੇ ਫੇਰ ਐਲਾਨ ਕੀਤਾ ਕਿ ਉਸਦੇ ਆਉਣ ਦੀ ਖੁਸ਼ੀ ਵਿਚ ਕੱਲ੍ਹ ਸਾਰੀ ਰਾਤ ਉਹਨਾਂ ਦੇ ਘਰ ਜਗਰਾਤਾ ਤੇ ਤ੍ਰਿਜਣ ਹੋਏਗਾ। ਉਸਨੇ ਸਭਨਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਉਸ ਵਿਚ ਸ਼ਾਮਲ ਹੋਣ। 'ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਦੀ ਫਤਿਹ' ਗਜਾਅ ਕੇ ਸਭਨਾਂ ਨੂੰ ਵਿਦਾਅ ਕੀਤਾ ਗਿਆ।
ਅਗਲੇ ਦਿਨ ਭੂਪ ਸਿੰਘ ਕੇ ਘਰ ਤ੍ਰਿਜਣਾ ਦਾ ਜਗਰਾਤਾ ਸੀ। ਸਬੱਬ ਨਾਲ ਅੱਸੂ ਦੀ ਪੁੰਨਿਆਂ ਸੀ। ਨਾ ਸਰਦੀ, ਨਾ ਗਰਮੀ। ਚੰਦ ਚਾਨਣੀ ਖਿੱਲਰੀ ਹੋਈ ਸੀ। ਸਾਰੇ ਪਿੰਡ ਦੀਆਂ ਸੁਆਣੀਆਂ ਆਪੋ ਆਪਣੇ ਚਰਖੇ ਲੈ ਕੇ ਹੱਸਦੀਆਂ ਮੁਸਕਰਾਂਦੀਆਂ ਹੋਈਆਂ ਸਤਵੰਤ ਕੌਰ ਕੇ ਖੁੱਲ੍ਹੇ ਵਿਹੜੇ ਵਿਚ ਆ ਬੈਠੀਆਂ। ਤ੍ਰਿਜਣਾ ਦੇ ਅਜਿਹੇ ਮੌਕੇ ਕਦੀ ਕਦੀ ਹੀ ਹੱਥ ਆਉਂਦੇ ਨੇ, ਜਿਸ ਵਿਚ ਪੰਜਾਬਣਾ ਮਿਲ-ਜੁਲ ਕੇ ਚਰਖਾ ਕੱਤਦੀਆਂ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਹੋਈਆਂ ਆਪਣੀ ਸੁਭਾਵਿਕ ਜਿੰਦਾ-ਦਿਲੀ ਦਾ ਸਬੂਤ ਦਿੰਦੀਆਂ ਨੇ। ਸਤਵੰਤ ਕੌਰ ਨੇ ਇਸ ਮੌਕੇ ਲਈ ਮਿੱਠੀਆਂ ਤੇ ਨਮਕੀਨ ਮੱਠੀਆਂ ਕੱਢ ਲਈਆਂ ਸਨ, ਗੁਲਗੁਲੇ ਪਕਾਏ ਸਨ ਤੇ ਭੱਠੀ ਤੋਂ ਮੱਕੀ ਤੇ ਛੋਲਿਆਂ ਦੇ ਦਾਣੇ ਭੁੰਨਾਅ ਲਿਆਂਦੇ ਸਨ। ਇਹ ਸਭ ਕੁਝ ਚਰਖਿਆਂ ਦੀਆਂ ਕਤਾਰਾਂ ਵਿਚਕਾਰ ਟੋਕਰੀਆਂ ਵਿਚ ਪਾ ਕੇ ਰੱਖ ਦਿੱਤਾ ਗਿਆ ਸੀ।
ਜਦੋਂ ਸੁਆਣੀਆਂ ਆਪੋ ਆਪਣੀ ਜਗ੍ਹਾ ਪੀੜ੍ਹੀਆਂ ਉੱਤੇ ਬੈਠ ਗਈਆਂ ਤਾਂ ਇਸ਼ਾਰਾ ਮਿਲਦਿਆਂ ਹੀ ਚਰਖੇ ਦੀ ਘੂਕ ਦੇ ਨਾਲ, ਇਕ ਉਚੀ ਆਵਾਜ਼ ਗੂੰਜੀ…:
"ਚਰਖਾ ਚੰਦਨ ਦਾ
ਮੈਂ ਕੱਤਾਂ ਪ੍ਰੀਤਾਂ ਨਾਲ।"
ਇਹ ਕੱਤਣ ਦਾ ਮੁਕਾਬਲਾ ਸੀ। ਜਿਹੜੀ ਸੁਆਣੀ ਸਵੇਰ ਤਕ ਸਭ ਤੋਂ ਵੱਧ ਗਲੋਟੇ ਲਾਹੇਗੀ, ਉਹ ਜਿੱਤ ਜਾਏਗੀ। ਵੱਧ ਦੇ ਨਾਲ ਨਾਲ ਸੂਤ ਬਰੀਕ ਤੇ ਸੋਹਣਾ ਹੋਣ ਦੀ ਸ਼ਰਤ ਵੀ ਸੀ। ਇਸ ਲਈ ਹੱਥ ਤੇਜ਼ ਚੱਲ ਰਹੇ ਸਨ ਤੇ ਬੜੀ ਸਫਾਈ ਨਾਲ ਲੰਮੇ ਤੇ ਬਰੀਕ ਤੰਦ ਖਿੱਚ ਰਹੇ ਸਨ। ਜੇ ਕਦੀ ਤੰਦ ਟੁੱਟ ਜਾਂਦਾ ਤਾਂ ਉਸਨੂੰ ਝੱਟ ਜੋੜ ਕੇ ਹੱਥ ਫੇਰ ਤੇਜ਼ ਤੇਜ਼ ਚੱਲਣ ਲਗਦਾ ਤੇ ਆਵਾਜ਼ਾਂ ਵਿਚ ਆਵਾਜ਼ ਰਲਦੀ...:
"ਚਰਖਾ ਚੰਦਨ ਦਾ
ਮੈਂ ਕੱਤਾਂ ਪ੍ਰੀਤਾਂ ਨਾਲ।"
ਵਿਚ ਵਿਚ ਕੁਝ ਚਿਰ ਲਈ ਆਰਾਮ ਦਾ ਸਮਾਂ ਹੁੰਦਾ। ਜਿਸ ਵਿਚ ਉਹ ਗਿੱਧਾ ਪਾਉਂਦੀਆਂ, ਨੱਚਦੀਆਂ, ਮਾਹੀਆ ਗਾਉਂਦੀਆਂ ਤੇ ਮੱਠੀਆਂ, ਗੁਲਗੁਲੇ, ਮੱਕੀ ਤੇ ਛੋਲਿਆਂ ਦੇ ਭੁੱਜੇ ਹੋਏ ਦਾਣੇ, ਆਪਣੀ ਇੱਛਾ ਅਨੁਸਾਰ ਰੱਜ ਕੇ ਖਾਂਦੀਆਂ।
ਤ੍ਰਿਜਣਾ ਦੇ ਏਸ ਮੇਲੇ ਨੇ ਜੋ ਸਮਾਂ ਬੰਨ੍ਹਿਆਂ ਉਹ ਇਸ ਗੱਲ ਦਾ ਸਬੂਤ ਹੈ ਕਿ ਜ਼ਖ਼ਮਾਂ ਨਾਲ ਨਿਢਾਲ ਹੋਇਆ ਪੰਜਾਬ¸ ਚੀਕਾਦਾ-ਕੂਕਦਾ ਨਹੀਂ, ਨੱਚਦਾ-ਗਾਉਂਦਾ ਹੈ। ਪਤਾ ਨਹੀਂ ਕਿੰਨੇ ਹਮਲਾਵਰਾਂ ਦੇ ਵਾਰ ਉਸਨੇ ਆਪਣੀ ਹਿੱਕ ਉਤੇ ਝੱਲੇ, ਪਰ ਇਹ ਵਾਰ ਉਸਦੀ ਆਤਮਾਂ ਨੂੰ ਉਸਤੋਂ ਵੱਖ ਨਹੀਂ ਕਰ ਸਕੇ। ਉਸਦਾ ਪਾਣੀ ਮਰਿਆ ਨਹੀਂ ਤੇ ਉਸਦੀ ਆਨ-ਸ਼ਾਨ ਨਾਲ ਜਿਉਣ ਵਾਲੀ ਜਿੰਦਾ-ਦਿਲੀ ਹਰ ਹਾਲ ਵਿਚ ਜਿਵੇਂ ਦੀ ਤਿਵੇਂ ਸਲਾਮਤ ਰਹੀ।
ਭੂਪ ਸਿੰਘ ਪਿੰਡ ਦੇ ਲੋਕਾਂ ਵਿਚ ਬੜੀ ਛੇਤੀ ਘੁਲ ਮਿਲ ਗਿਆ। ਉਹ ਜਿੱਥੇ ਕੁਸਤੀ ਤੇ ਕਬੱਡੀ ਵਿਚ ਹਿੱਸਾ ਲੈਂਦਾ ਸੀ, ਉੱਥੇ ਆਪਣੀ ਸੁਰੀਲੀ ਆਵਾਜ਼ ਵਿਚ ਕਬੀਰ ਦੇ ਦੋਹੇ ਤੇ ਬੁੱਲ੍ਹੇ ਦੀਆਂ ਕਾਫੀਆਂ ਸੁਣਾ ਕੇ ਉਹਨਾਂ ਦਾ ਮਨ ਪ੍ਰਚਾਵਾ ਵੀ ਕਰਦਾ ਸੀ। ਬੇਨਾਮ ਸੂਫੀ ਫਕੀਰ ਦੇ ਭੇਸ ਵਿਚ 'ਕਬੀਰ ਇਕ ਇਨਸਾਨ, ਨਾ ਹਿੰਦੂ ਤੇ ਨਾ ਮੁਸਲਮਾਨ', 'ਇਨਸਾਨ ਖ਼ੁਦਾ ਦਾ ਨੂਰ ਹੈ, ਇਸ ਲਈ ਇਨਸਾਨ ਨੂੰ ਇਨਸਾਨ ਨਾਲ ਪਿਆਰ ਮੁਹੱਬਤ ਨਾਲ ਪੇਸ਼ ਆਉਣਾ ਚਾਹੀਦਾ'। ਦੁਹਰਾਂਦਿਆਂ ਦੁਹਰਾਂਦਿਆਂ ਉਸਨੂੰ ਵਿਸ਼ਵਾਸ ਹੋ ਗਿਆ ਸੀ ਕਿ ਜਾਤ ਤੇ ਧਰਮ ਦਾ ਭੇਦ-ਭਾਵ ਭੁੱਲ ਕੇ ਲੋਕਾਂ ਨੂੰ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਸਿੱਖ ਧਰਮ ਦਾ ਵੀ ਇਹੀ ਉਪਦੇਸ਼ ਸੀ ਤੇ ਆਮ ਲੋਕ ਇਸੇ ਕਰਕੇ ਇਸਨੂੰ ਪਸੰਦ ਕਰਦੇ ਸਨ। ਪਸੰਦ ਹੀ ਨਹੀਂ ਸਨ ਕਰਦੇ, ਬਲਕਿ ਪਿਆਰ ਮੁਹੱਬਤ ਨਾਲ ਰਹਿੰਦੇ ਵੀ ਸਨ। ਦੀਵਾਲੀ ਵਾਲੇ ਦਿਨ ਹਿੰਦੂ-ਸਿੱਖ ਆਤਿਸ਼ਬਾਜੀ ਦਾ ਜਿਹੜਾ ਸਾਮਾਨ ਵਰਤਦੇ ਸਨ, ਉਸਨੂੰ ਬਨਾਉਂਦੇ ਮੁਸਲਮਾਨ ਹੀ ਸਨ। ਪਤੰਗ ਜਿਹੜੇ ਬਸੰਤ ਪੰਚਮੀ ਦੇ ਮਹੀਨੇ ਉਡਾਏ ਜਾਂਦੇ, ਉਹ ਵੀ ਮੁਸਲਮਾਨ ਕਾਰੀਗਰ ਹੀ ਬਨਾਉਂਦੇ। ਕਪੜਾ ਮੁਸਲਮਾਨ ਜੁਲਾਹੇ ਬਣਾਉਂਦੇ ਸਨ। ਭਾਂਡੇ ਬਨਾਉਣ ਵਾਲੇ ਘੁਮਿਆਰ ਵੀ ਲਗਭਗ ਮੁਸਲਮਾਨ ਹੀ ਸਨ। ਹਕੀਮ, ਮੁਸਲਮਾਨ ਸਨ ਜਿਹਨਾਂ ਤੋਂ ਹਰੇਕ ਧਰਮ ਤੇ ਜਾਤ ਦੇ ਲੋਕ ਇਲਾਜ ਕਰਵਾਉਂਦੇ ਸਨ। ਹਿੰਦੂ-ਸਿੱਖ ਜੱਟਾਂ ਤੇ ਮੁਸਲਮਾਨ ਜੱਟਾਂ ਦੇ ਖੇਤਾਂ ਤੇ ਖਾਲਿਆਂ ਦੀਆਂ ਵੱਟਾਂ ਸਾਂਝੀਆਂ ਸਨ ਤੇ ਉਹ ਲੋਕ ਵੇਲੇ-ਕੁਵੇਲੇ ਇਕ ਦੂਜੇ ਦੀ ਮਦਦ ਕਰਦੇ ਸਨ। ਉਹਨਾਂ ਦੀਆਂ ਇਹਨਾਂ ਆਰਥਕ ਲੋੜਾਂ-ਥੁੜਾਂ ਦੇ ਰਿਸ਼ਤੇ, ਭਾਈਚਾਰਕ ਸੰਬੰਧਾਂ ਭਾਵ ਚਾਚਾ-ਤਾਇਆ, ਭੈਣਾ-ਭਰਾਵਾ, ਯਾਰਾ-ਮਿੱਤਰਾ ਆਦਿ ਸਭਿਆਚਰ ਸ਼ਬਦਾਵਲੀ ਵਿਚ ਵਟ ਗਏ। ਇਕ ਪਿੰਡ ਦਾ ਦੂਜੇ ਪਿੰਡ ਨਾਲ ਕਬੱਡੀ ਜਾਂ ਕੁਸ਼ਤੀ ਦਾ ਮੁਕਾਬਲਾ ਹੁੰਦਾ ਸੀ ਤਾਂ ਸਾਰੇ ਪਿੰਡ ਵਾਲੇ ਜਾਤ, ਧਰਮ ਦੇ ਪਾੜੇ ਨੂੰ ਭੁੱਲ ਕੇ ਆਪਣੇ ਪਿੰਡ ਦੀ ਜਿੱਤ ਚਾਹੁੰਦੇ ਸਨ ਤੇ ਜਿੱਤ ਪਿੱਛੋਂ ਸਾਂਝੀ ਖੁਸ਼ੀ ਮਨਾਉਂਦੇ ਸਨ।
ਭੂਪ ਸਿੰਘ ਵਾਰਿਸ ਨੂੰ ਮਿਲਣਾ ਚਾਹੁੰਦਾ ਸੀ, ਪਰ ਉਹ ਇਹਨੀਂ ਦਿਨੀਂ ਕਸੂਰ ਵਿਚ ਸੀ। ਮਾਂ ਨੇ ਉਸਨੂੰ ਦੱਸਿਆ ਕਿ ਅੱਠ ਦਸ ਦਿਨ ਪਹਿਲਾਂ ਆਇਆ ਸੀ, ਘਰ ਆ ਕੇ ਉਸਦੀ ਸੁਖ-ਸਾਂਦ ਪੁੱਛੀ ਸੀ ਤੇ ਉਸ ਬਾਰੇ ਵੀ ਪੁੱਛਿਆ ਸੀ। ਭੂਪ ਸਿੰਘ ਇਹ ਜਾਣ ਕੇ ਮਨ ਹੀ ਮਨ ਖੁਸ਼ ਹੋਇਆ ਕਿ ਉਸਨੇ ਕਸੂਰ ਦੀ ਮੁਲਾਕਾਤ ਤੇ ਉਸਦੇ ਬੇਨਾਮ ਫਕੀਰ ਦੇ ਭੇਸ ਦਾ ਜ਼ਿਕਰ ਮਾਂ ਕੋਲ ਨਹੀਂ ਸੀ ਕੀਤਾ। ਗਿਆਰਾਂ ਸਾਲ ਦੀ ਉਮਰ ਵਿਚ ਹੀ ਇਹ ਉਸਦੇ ਵਿਅਕਤੀਤਵ ਦੀ ਗਹਿਰਾਈ ਤੇ ਸੂਝ-ਬੂਝ ਦਾ ਸਬੂਤ ਸੀ।
ooo
1747 ਤੋਂ ਅੰਮ੍ਰਿਤਸਰ ਦਾ ਹਾਕਮ ਸਲਾਮਤ ਖਾਂ ਸੀ। ਉਸਨੇ ਸਰੋਵਰ ਦੇ ਚਾਰੇ ਪਾਸੇ ਚਾਰ ਬੁਰਜ ਬਣਵਾ ਦਿੱਤੇ ਸਨ ਤਾਂ ਕਿ ਸਰੋਵਰ ਵਿਚ ਇਸ਼ਨਾਨ ਕਰਨ ਆਉਣ ਵਾਲੇ ਸਿੰਘਾਂ ਉੱਤੇ ਨਜ਼ਰ ਰੱਖੀ ਜਾ ਸਕੇ। ਇਹਨਾਂ ਬੁਰਜਾਂ ਵਿਚ ਹਥਿਆਰ-ਬੰਦ ਸਿਪਾਹੀ ਚੌਵੀ ਘੰਟੇ ਬੈਠੇ ਰਹਿੰਦੇ ਸਨ। ਉਹਨਾਂ ਨੂੰ ਹੁਕਮ ਸੀ ਕਿਸੇ ਕਿ ਕਿਸੇ ਸਿੱਖ ਨੂੰ ਹਰਿਮੰਦਰ ਜਾਂ ਸਰੋਵਰ ਆਉਂਦਿਆਂ ਦੇਖਣ ਤਾਂ ਗੋਲੀ ਮਾਰ ਦੇਣ। ਇਸ ਦੇ ਬਾਵਜੂਦ ਮਨਚਲੇ ਸਿੰਘ ਤੁਰਕਾਂ ਜਾਂ ਮੁਗਲਾਂ ਦਾ ਭੇਸ ਬਣਾ ਕੇ ਆਉਂਦੇ ਸਨ ਤੇ ਸਰੋਵਰ ਵਿਚ ਟੁੱਭੀ ਲਾ ਕੇ ਚਲੇ ਜਾਂਦੇ ਸਨ। ਕਦੀ ਕਦੀ ਉਹ ਚਾਰ-ਚਾਰ, ਪੰਜ-ਪੰਜ ਦੀਆਂ ਟੋਲੀਆਂ ਵਿਚ ਆਉਂਦੇ ਤੇ ਉੱਥੋਂ ਦੇ ਸਿਪਾਹੀਆਂ ਨਾਲ ਦੋ-ਦੋ ਹੱਥ ਕਰਨ ਤੋਂ ਵੀ ਨਹੀਂ ਸਨ ਯਕਦੇ। ਉਹ ਇਕ ਸੁਰ ਵਿਚ¸
“ਸਾਡਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ।'”
ਗਾਉਂਦੇ ਹੋਏ ਫੌਜ ਦੀਆਂ ਟੁਕੜੀਆਂ ਨਾਲ ਭਿੜ ਜਾਂਦੇ ਸਨ...ਤੇ ਭਿੜੰਤ ਵਿਚ ਸ਼ਹੀਦ ਹੋ ਜਾਣ ਨੂੰ ਗੁਰੂ ਦਾ ਵਰਦਾਨ ਸਮਝਦੇ ਸਨ।
ਇਸ ਸਮੇਂ ਲਾਹੌਰ ਦਾ ਨਵਾਬ ਜੱਲੇ ਖਾਂ ਦੇ ਦੀਵਾਨ ਲਖਪਤ ਰਾਏ ਸੀ ਜਿਹਨਾਂ ਨੂੰ ਅਬਦਾਲੀ ਨੇ ਅਹੁਦੇ ਦਿੱਤੇ ਸਨ। ਉਹਨਾਂ ਦਾ ਭਵਿੱਖ ਕੀ ਹੈ ਇਹ ਉਹਨਾਂ ਨੂੰ ਆਪ ਨੂੰ ਵੀ ਨਹੀਂ ਸੀ ਪਤਾ। ਦਿੱਲੀ ਨੇ ਇਸ ਸਿਲਸਿਲੇ ਵਿਚ ਅਜੇ ਤਕ ਕੋਈ ਫੈਸਲਾ ਨਹੀਂ ਸੀ ਲਿਆ। ਛਿਛੋਪੰਜ ਦੇ ਇਹਨਾਂ ਹਾਲਾਤਾਂ ਵਿਚ ਖਾਲਸਾ ਪੰਥ ਨੇ ਅੰਮ੍ਰਿ²ਤਸਰ ਨੂੰ ਆਜ਼ਾਦ ਕਰਵਾਉਣ ਦਾ ਗੁਰਮਤਾ ਪਾਸ ਕੀਤਾ। ਨਵਾਬ ਕਪੂਰ ਸਿੰਘ ਹੁਣ ਬੁੱਢੇ ਹੋ ਚੁੱਕੇ ਸਨ। ਹਮਲੇ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਗਈ।
ਜੱਸਾ ਸਿੰਘ ਨੇ ਝਟਪਟ ਹਮਲੇ ਦੀ ਯੋਜਨਾ-ਬੰਦੀ ਕੀਤੀ ਤੇ ਅੰਮ੍ਰਿਤਸਰ ਨੂੰ ਜਾ ਘੇਰਿਆ। ਸਲਾਬਤ ਖਾਂ ਵੀ ਬਹਾਦਰ ਰਾਜਪੂਤ ਸੀ। ਉਹ ਆਪਣੀ ਸੈਨਾ ਲੈ ਕੇ ਮੈਦਾਨ ਵਿਚ ਉਤਰ ਆਇਆ। ਸਿੱਖ ਜਿਹਨਾਂ ਦਾ ਜੀਵਨ ਹੀ ਲੜਦਿਆਂ ਬੀਤਿਆ ਸੀ ਤੇ ਸਿਰਾਂ ਉਪਰ ਕਫਨ ਬੰਨ੍ਹੇ ਹੋਏ ਸਨ...ਭਾੜੇ ਦੇ ਸੈਨਕ ਉਹਨਾਂ ਸਾਹਵੇਂ ਕਿੰਜ ਟਿਕ ਸਕਦੇ ਸਨ ਭਲਾਂ? ਸਲਾਬਦ ਖਾਂ ਨੇ ਜਦੋਂ ਆਪਣੇ ਜਵਾਨਾ ਦੇ ਪੈਰ ਉਖੜਦੇ ਦੇਖੇ ਤਾਂ ਉਹ ਉਹਨਾਂ ਦਾ ਦਿਲ ਰੱਖਣ ਲਈ, “ਸ਼ਾਬਾਸ਼! ਸ਼ਾਬਾਸ਼!!” ਕਹਿੰਦਾ ਹੋਇਆ ਅੱਗੇ ਆਇਆ।
“ਆ ਖਾਂ ਖਾਨ, ਪਹਿਲਾਂ ਤੇਰੇ ਨਾਲ ਈ ਦੋ ਦੋ ਹੱਥ ਹੋ ਜਾਣ।” ਜੱਸਾ ਸਿੰਘ ਨੇ ਉਸਨੂੰ ਲਲਕਾਰਿਆ।
ਸਲਾਮਤ ਖਾਂ ਨੇ ਉਤਰ ਵਿਚ ਤਲਵਾਰ ਦਾ ਭਰਪੂਰ ਵਾਰ ਕੀਤਾ, ਜਿਸਨੂੰ ਜੱਸਾ ਸਿੰਘ ਨੇ ਆਪਣੀ ਢਾਲ ਉਪਰ ਰੋਕ ਲਿਆ। ਇਸ ਤੋਂ ਪਹਿਲਾਂ ਕਿ ਖਾਨ ਦੂਜਾ ਵਾਰ ਕਰੇ ਜੱਸਾ ਸਿੰਘ ਨੇ ਖੰਡੇ ਦੇ ਇਕੋ ਵਾਰ ਨਾਲ ਉਸਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਸਲਾਬਤ ਖਾਂ ਨੂੰ ਘੋੜੇ ਤੋਂ ਡਿੱਗਦਾ ਦੇਖ ਕੇ ਉਸਦਾ ਭਤੀਜਾ ਨਜਾਬਤ ਖਾਂ ਜੱਸਾ ਸਿੰਘ ਉਪਰ ਝਪਟਿਆ। ਉਹ ਆਪਣੇ ਨੇਜੇ ਦਾ ਵਾਰ ਕਰਨ ਹੀ ਲੱਗਿਆ ਸੀ ਕਿ ਨਵਾਬ ਕਪੂਰ ਸਿੰਘ ਨੇ ਨਿਸ਼ਾਨਾ ਸਿੰਨ੍ਹ ਕੇ ਇਕ ਤੀਰ ਛੱਡਿਆ ਕਿ ਨਜਾਬਤ ਖਾਂ ਧਰਤੀ ਉੱਤੇ ਪਿਆ ਦਮ ਤੋੜਦਾ ਹੋਇਆ ਨਜ਼ਰ ਆਇਆ। ਚਾਚੇ ਤੇ ਭਤੀਜੇ ਦੀਆਂ ਲਾਸ਼ਾਂ ਨੂੰ ਤੜਫਦਿਆਂ ਦੇਖ ਦੇ ਦੁਸ਼ਮਣ ਸੈਨਾ ਦੇ ਹੌਂਸਲੇ ਢਹਿ ਗਏ ਤੇ ਉਹ ਭੱਜ ਖੜ੍ਹੇ ਹੋਏ।
'ਬੋਲੇ ਸੋ ਨਿਹਾਲ, ਸਤ ਸ੍ਰੀ ਆਕਾਲ' ਤੇ 'ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ' ਦੇ ਜੈਕਾਰੇ ਗਜਾਉਂਦਿਆਂ ਹੋਇਆਂ ਸਿੰਘਾਂ ਨੇ ਅੰਮ੍ਰਿਤਸਰ 'ਤੇ ਕਬਜਾ ਕਰ ਲਿਆ ਤੇ ਉਹਨਾਂ ਕਈ ਸਾਲ ਬਾਅਦ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕੀਤੇ।
ਵਿਸਾਖ ਦਾ ਪਾਵਨ ਪਰਵ ਨੇੜੇ ਸੀ। ਖਿੱਲਰੇ ਹੋਏ ਜੱਥਿਆਂ ਨੂੰ ਇਸ ਜਿੱਤ ਦੀ ਸੂਚਨਾ ਦੇਣ ਲਈ ਚਾਰੇ ਪਾਸੇ ਘੋੜਸਵਾਰ ਦੌੜਾ ਦਿੱਤੇ ਗਏ। ਨਵਾਬ ਕਪੂਰ ਸਿੰਘ, ਤਾਰਾ ਸਿੰਘ ਬਾਹੀਆ, ਚੂਹੜ ਸਿੰਘ ਮਕੇਰੀਆਂ ਤਾਂ ਪਹਿਲਾਂ ਹੀ ਇਸ ਹਮਲੇ ਵਿਚ ਸ਼ਾਮਲ ਸਨ। ਇਹਨਾਂ ਦੇ ਇਲਾਵਾ ਜਿਸ ਕਿਸੇ ਜੱਥੇ ਨੇ ਇਹ ਸ਼ੁਭ ਸਮਾਚਾਰ ਸੁਣਿਆ, ਉਹ ਜਿੱਥੇ ਵੀ ਸੀ ਆਪਣੇ ਜਵਾਨ ਨਾਲ ਲੈ ਕੇ, ਅੰਮ੍ਰਿਤਸਰ ਆ ਪਹੁੰਚਿਆ। ਵਿਸਾਖੀ ਦਾ ਪਰਵ ਧੁੰਮਧਾਮ ਨਾਲ ਮਨਾਇਆ ਗਿਆ। ਸਿੰਘਾਂ ਨੇ ਜੀਅ ਭਰ ਕੇ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਸ ਪਿੱਛੋਂ ਦੀਵਾਨ ਸਜਿਆ ਤੇ ਵਿਚਾਰ-ਵਟਾਂਦਰੇ ਸ਼ੁਰੂ ਹੋਏ। ਜੱਸਾ ਸਿੰਘ ਨੇ ਸੁਝਾਅ ਰੱਖਿਆ ਕਿ ਖਾਲਸਾ ਕਦੋਂ ਤਕ ਜੰਗਲ ਵਿਚ ਭੱਜਦਾ ਫਿਰਦਾ ਰਹੇਗਾ ਤੇ ਕਦੋਂ ਤਕ ਲੁਕ ਛੁਪ ਕੇ ਦਿਨ ਬਿਤਾਏਗਾ¸ ਕਿਉਂ ਨਾ ਇਕ ਕਿਲਾ ਬਣਾ ਲਿਆ ਜਾਏ।
ਇਹ ਸੁਝਾਅ ਸਾਰਿਆਂ ਨੂੰ ਪਸੰਦ ਆਇਆ। ਹੁਣ ਇਸ ਗੱਲ ਉੱਤੇ ਵਿਚਾਰ ਸ਼ੁਰੂ ਹੋਇਆ ਕਿ ਕਿਲਾ ਕਿਸ ਜਗ੍ਹਾ ਬਣਾਇਆ ਜਾਏ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਵਾਲੇ ਤੇ ਹੋਰ ਪ੍ਰਮੱਖ ਸਰਦਾਰਾਂ ਨੇ ਕਿਹਾ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿਤੇ ਜਾਣ ਦੀ ਕੀ ਲੋੜ ਹੈ। ਕਿਲਾ ਇੱਥੇ ਹੀ ਬਣਾਇਆ ਜਾਏ। ਜੀਵਾਂਗੇ ਤਾਂ ਗੁਰੂ ਦੀ ਗੋਦ ਵਿਚ, ਮਰਾਂਗੇ ਤਾਂ ਹਰਿ ਦੀ ਗੋਦ ਵਿਚ।
ਗੁਰਮਤਾ ਪਾਸ ਹੋਣ ਦੀ ਦੇਰ ਸੀ, ਜਿੱਥੇ ਗੁਰੂ ਨੇ ਖੂਹ ਪੁਟਾਇਆ ਸੀ, ਉੱਥੇ ਕਿਲੇ ਦੀ ਨੀਂਹ ਰੱਖ ਦਿੱਤੀ ਗਈ। ਮਿਸਤਰੀ ਮਜਦੂਰ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ ਸੀ, ਉਹ ਸਿੱਖਾਂ ਵਿਚ ਹੀ ਸਨ। ਨਾ ਛੋਟੇ ਵੱਡੇ ਦਾ ਫਰਕ ਸੀ, ਨਾ ਸਰਦਾਰੀ ਦੀ ਬੂ ਤੇ ਨਾ ਹੀ ਈਰਖਾ, ਹੀਣਤਾ ਦੀ ਕੋਈ ਭਾਵਨਾ। ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਵੀ ਇੱਟਾਂ-ਗਾਰਾ ਢੋਣ ਵਿਚ ਸੰਕੋਚ ਨਹੀਂ ਸਨ ਕਰ ਰਹੇ। ਚਾਅ ਤੇ ਪ੍ਰੇਮ ਭਾਵ ਨਾਲ ਸਾਰੇ ਵਧ ਚੜ੍ਹ ਕੇ ਸੇਵਾ ਕਰ ਰਹੇ ਸਨ। ਆਪੇ ਪੀਂਹਦੇ, ਆਪੇ ਪਕਾਉਂਦੇ ਤੇ ਚਿਨਾਈ ਮਜਦੂਰੀ ਦੇ ਕੰਮ ਆਪੇ ਚੱਲ ਰਹੇ ਸਨ...:
ਆਪੇ ਰਾਜ ਸਿੰਘ ਆਪ ਮਜੂਰ
ਬੜੇ ਭੁਜੰਗੀ ਦਿਲ ਦੇ ਸੂਰ
ਆਪੇ ਪੀਸੇਂ ਆਪੇ ਪਕਾਵੇਂ
ਤੈ ਤੋ ਬੜੇ ਸਰਦਾਰ ਕਹਾਵੇਂ
ਕੋਈ ਕਰੇ ਨਾ ਕਿਮੀ ਸਰੀਕਾ
ਕੋਈ ਨਾ ਸੁਣਵੇ ਦੁੱਖ ਨਿਜ ਜੀ ਕਾ।
ਕੰਧ ਬਣਾਵੇਂ ਦੌੜ ਦੌੜ
ਜਿਮ ਬੰਦਰ ਪੁਲ ਬੰਧਤ ਛੋੜਾ।
ਕਿਲਾ ਕੁਝ ਦਿਨਾਂ ਵਿਚ ਹੀ ਬਣ ਕੇ ਤਿਆਰ ਹੋ ਗਿਆ। ਕੰਧਾਂ ਉਪਰ ਉੱਚੇ ਉੱਚੇ ਬੁਰਜ ਬਣਾਏ ਗਏ, ਜਿਹਨਾਂ ਵਿਚ ਖੜ੍ਹੇ ਸੰਤਰੀ ਦੂਰ ਤਕ ਨਿਗਾਹ ਰੱਖ ਸਕਦੇ ਸਨ ਤੇ ਆ ਰਹੇ ਦੁਸ਼ਮਣ ਦੀ ਸੂਚਨਾ ਅਗਾਉਂ ਦੇ ਸਕਦੇ ਸਨ। ਚਾਰੇ ਪਾਸੇ ਚੌੜੀ ਖਾਈ ਪੁੱਟ ਦਿੱਤੀ ਗਈ। ਕਿਲੇ ਦਾ ਨਾਂ ਅੰਮ੍ਰਿਤਸਰ ਨੂੰ ਵਸਾਉਣ ਵਾਲੇ ਗੁਰੂ ਰਾਮਦਾਸ ਦੇ ਨਾਂ 'ਤੇ ਰਾਮ ਰੌਣੀ ਰੱਖਿਆ ਗਿਆ। ਰੌਣੀ ਦਾ ਅਰਥ ਹੈ, ਸਿਰ ਲੁਕੌਣ ਦੀ ਥਾਂ।
ਇਸ ਕਿਲੇ ਵਿਚ ਪੰਜ ਸੌ ਜਵਾਨ ਤੇ ਪੰਜ ਸੌ ਘੋੜੇ ਰੱਖੇ ਜਾ ਸਕਦੇ ਸਨ। ਨੇੜੇ ਹੀ ਪਲਾਸ ਦਾ ਸੰਘਣਾ ਜੰਗਲ ਸੀ। ਇਸ ਵਿਚ ਛੁਪੇ ਤੇ ਨੇੜੇ ਤੇੜੇ ਦੇ ਪਿੰਡਾਂ ਵਿਚ ਟਿਕੇ ਸਿੰਘਾਂ ਨੂੰ ਲੋੜ ਪੈਣ 'ਤੇ ਬੁਰਜਾਂ ਵਿਚੋਂ ਸੰਕੇਤ ਘੱਲ ਕੇ ਬੁਲਾਇਆ ਜਾ ਸਕਦਾ ਸੀ।
ਇਕ ਸਾਲ ਬਾਅਦ 1748 ਨੂੰ ਵਿਸਾਖੀ ਵਾਲੇ ਦਿਨ ਇਕ ਅਜਿਹਾ ਮਹੱਤਵਪੂਰਨ ਫੈਸਲਾ ਲਿਆ ਗਿਆ, ਜਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਲਿਆ ਸੀ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਖਾਲਸਾ ਰੂਪ ਦਿੱਤਾ ਸੀ ਤੇ ਇਸ ਫੈਸਲੇ ਵਿਚ ਖਾਲਸਾ ਨੂੰ ਦਲ-ਖਾਲਸਾ ਦਾ ਰੂਪ ਦੇ ਦਿੱਤਾ ਗਿਆ। ਇਹ ਦੋਹੇਂ ਇਤਿਹਾਸਕ ਮਹੱਤਵ ਤੇ ਗੁਣਨਾਤਮਕ ਪਰਿਵਰਤਨ ਸਨ।
ਇਸ ਸਮੇਂ ਸਿੱਖ ਜੱਥਿਆਂ ਦੀ ਗਿਣਤੀ 65 ਸੀ। ਇਹਨਾਂ ਜੱਥਿਆਂ ਦੇ ਵੱਖ-ਵੱਖ ਨੇਤਾਵਾਂ ਦੇ ਵੱਖਰੇ-ਵੱਖਰੇ ਝੰਡੇ ਸਨ ਤੇ ਉਹ ਵੱਖੋ-ਵੱਖਰੇ ਖੇਤਰਾਂ ਵਿਚ ਰੁੱਝੇ ਹੋਏ ਸਨ। ਇਹਨਾਂ ਸਾਰਿਆਂ ਨੂੰ ਇਕ ਤਰਤੀਬ ਤੇ ਅਨੁਸ਼ਾਸਨ ਵਿਚ ਕਰਨਾ ਜ਼ਰੂਰੀ ਸੀ। ਵਿਸਾਖੀ ਦੇ ਇਸ ਦਿਹਾੜੇ ਤੇ ਨਵਾਬ ਕਪੂਰ ਸਿੰਘ ਦੇ ਸੁਝਾਅ ਉਪਰ ਇਹਨਾਂ 65 ਜੱਥਿਆਂ ਨੂੰ ਇਕ ਕੜੀ ਵਿਚ ਪਰੋਇਆ ਗਿਆ, ਜਿਸਦਾ ਨਾਂ ਦਲ-ਖਾਲਸਾ ਰੱਖਿਆ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦਲ-ਖਾਲਸਾ ਦਾ ਪ੍ਰਧਾਨ ਸੈਨਾਪਤੀ ਚੁਣਿਆ ਗਿਆ।
ਦਲ ਖਾਲਸਾ ਦੇ ਅੱਗੇ ਗਿਆਰਾਂ ਭਾਗ ਬਣਾਏ ਗਏ। ਹਰੇਕ ਭਾਗ ਦਾ ਆਪਣਾ ਨੇਤਾ, ਆਪਣਾ ਨਾਂ ਤੇ ਆਪਣਾ ਝੰਡਾ ਸੀ। ਇਹ ਗਿਆਰਾਂ ਭਾਗ, ਗਿਆਰਾਂ ਮਿਸਲਾਂ ਦੇ ਨਾਂ ਨਾਲ ਮਸ਼ਹੂਰ ਹੋਏ, ਜਿਹੜੇ ਇਸ ਤਰ੍ਹਾਂ ਸਨ¸
1. ਆਹਲੂਵਾਲੀਆ ਮਿਸਲ, ਜਿਸਦੇ ਨੇਤਾ ਜੱਸਾ ਸਿੰਘ ਆਹਲੂਵਾਲੀਆ ਸਨ।
2. ਭੰਗੀ ਮਿਸਲ, ਜਿਸਦੇ ਨੇਤਾ ਹਰੀ ਸਿੰਘ ਭੰਗੀ ਸਨ।
3. ਡੱਲੇਵਾਲੀਆ ਮਿਸਲ, ਜਿਸਦੇ ਨੇਤਾ ਡੱਲੇਵਾਲ ਦੇ ਗੁਲਾਬ ਸਿੰਘ ਸਨ।
4. ਸਿੰਘਪੁਰੀਆ ਮਿਸਲ, ਜਿਸਦੇ ਨੇਤਾ ਖੁਦ ਕਪੂਰ ਸਿੰਘ ਸਨ।
5. ਕਨ੍ਹਈਆ ਮਿਸਲ, ਜਿਸਦੇ ਨੇਤਾ ਜੈ ਸਿੰਘ ਕਨ੍ਹਈਆ ਸਨ।
6. ਕਰੋੜ ਸਿੰਘੀਆ ਮਿਸਲ, ਜਿਸਦੇ ਨੇਤਾ ਕਰੋੜ ਸਿੰਘ ਸਨ।
7. ਨਕਈ ਮਿਸਲ, ਜਿਸਦੇ ਨੇਤਾ ਹੀਰਾ ਸਿੰਘ ਨਕਈ ਸਨ।
8. ਨਿਸ਼ਾਨ ਵਾਲੀ ਮਿਸਲ, ਜਿਸਦੇ ਨੇਤਾ ਦਸੌਂਧਾ ਸਿੰਘ ਸਨ।
9. ਰਾਏ ਗੜ੍ਹੀਆ ਮਿਸਲ, ਜਿਸਦੇ ਨੇਤਾ ਨੰਦ ਸਿੰਘ ਸੰਘਾਨੀਆਂ ਸਨ।
10. ਸ਼ਹੀਦੀ ਮਿਸਲ, ਜਿਸਦੇ ਨੇਤਾ ਦਲੀਪ ਸਿੰਘ ਸਨ।
11. ਸ਼ੁਕਰਚੱਕੀਆ ਮਿਸਲ, ਜਿਸਦੇ ਨੇਤਾ ਬੋਧ ਸਿੰਘ ਸਨ।
ਸਵਿੰਧਾਨ ਤਿਆਰ ਕੀਤਾ ਗਿਆ ਜਿਸ ਅਨੁਸਾਰ ਗੁਰੂ ਗੋਬਿੰਦ ਸਿੰਘ ਦਾ ਹਰੇਕ ਖਾਲਸਾ, ਖਾਲਸਾ ਦਾਲ ਦਾ ਮੈਂਬਰ ਸੀ ਪਰ ਜਿਸ ਕੋਲ ਆਪਣਾ ਘੋੜਾ ਨਹੀਂ ਹੁੰਦਾ ਸੀ, ਉਸਨੂੰ ਸੈਨਾ ਸੇਵਾ ਵਿਚ ਨਹੀਂ ਰੱਖਿਆ ਜਾਂਦਾ ਸੀ। ਹਰੇਕ ਨੂੰ ਕਿਸੇ ਵੀ ਮਿਸਲ ਦਾ ਮੈਂਬਰ ਬਣਨ ਦੀ ਆਜ਼ਾਦੀ ਸੀ। ਜਦੋਂ ਸਾਰੀਆਂ ਮਿਸਲਾਂ ਲੜਨ ਲਈ ਇਕੱਠੀਆਂ ਹੁੰਦੀਆਂ ਸਨ ਤਾਂ ਉਹਨਾਂ ਨੂੰ ਦਲ-ਖਾਲਸਾ ਕਿਹਾ ਜਾਂਦਾ ਸੀ ਤੇ ਨੇਤਾ ਜੱਸਾ ਸਿੰਘ ਆਹਲੂਵਾਲੀਆ ਹੁੰਦੇ ਸਨ। ਸਾਰੀਆਂ ਮਿਸਲਾਂ ਦੇ ਸਾਰੇ ਖਾਲਸੇ, ਸਾਲ ਵਿਚ ਦੋ ਵਾਰੀ ਅੰਮ੍ਰਿਤਸਰ ਵਿਚ ਇਕੱਤਰ ਹੁੰਦੇ ਸਨ ਤੇ ਉਹਨਾਂ ਦੀ ਸਭਾ, ਭਾਵ ਦੀਵਾਨ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ।
ਦਲ ਖਾਲਸਾ ਦਾ ਨੇਤਾ ਸਿੱਖ ਧਰਮ ਤੇ ਰਾਜ ਦੋਹਾਂ ਦਾ ਮੁਖੀ ਹੁੰਦਾ ਸੀ। ਹਰੇਕ ਮਿਸਲ ਦਾ ਜੱਥੇਦਾਰ ਆਪਣੀ ਮਿਸਲ ਵਿਚ ਸਰਵੇ-ਸਰਵਾ ਸੀ ਤੇ ਮਿਸਲ ਦੇ ਹਰੇਕ ਮੈਂਬਰ ਨੂੰ ਉਸਦੀ ਆਗਿਆ ਦਾ ਪਾਲਨ ਕਰਨਾ ਪੈਂਦਾ ਸੀ¸ ਪਰ ਉਸ ਆਗਿਆ ਦਾ ਜਿਹੜੀ ਦਲ ਦੇ ਅਸੂਲਾਂ ਤੇ ਹਿਤਾਂ ਦੇ ਬਾਹਰ ਨਾ ਹੋਏ। ਹਰੇਕ ਜੱਥੇਦਾਰ ਦਾ ਫਰਜ਼ ਸੀ ਕਿ ਉਹ ਆਪਣੇ ਮਿਸਲ ਦੇ ਮੈਂਬਰਾਂ ਦਾ ਪੂਰਾ ਪੂਰਾ ਖ਼ਿਆਲ ਰੱਖੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ।
ਜਦੋਂ ਪੂਰਾ ਦਲ ਲੜਨ ਜਾਂਦਾ ਤਾਂ ਲੁੱਟ ਦਾ ਸਾਰਾ ਮਾਲ ਸਾਰੀਆਂ ਮਿਸਲਾਂ ਵਿਚ ਉਸਦੇ ਮੈਂਬਰਾਂ ਦੀ ਗਿਣਤੀ ਦੇ ਅਨੁਪਾਤ ਨਾਲ ਵੰਡਿਆ ਜਾਂਦਾ ਸੀ। ਜਦੋਂ ਕੋਈ ਮਿਸਲ ਇਕੱਲੀ ਲੜਦੀ ਤਾਂ ਉਹ ਲੁੱਟ ਦਾ ਮਾਲ ਸਿਰਫ ਆਪਣੇ ਮੈਂਬਰਾਂ ਵਿਚ ਵੰਡਦੀ ਸੀ। ਇਸ ਲੁੱਟ ਦੇ ਇਲਾਵਾ ਸਿੱਖ ਸਿਪਾਹੀਆਂ ਨੂੰ ਹੋਰ ਕੋਈ ਤਨਖਾਹ ਨਹੀਂ ਸੀ ਮਿਲਦੀ ਹੁੰਦੀ।
ਦਲ ਖਾਲਸਾ ਦਾ ਗਠਨ ਹੋਣਾ ਸਿੱਖ ਰਾਜ ਦੀ ਸਥਾਪਨਾ ਦੀ ਸ਼ੁਰੂਆਤ ਸੀ। ਖਾਲਸੇ ਨੂੰ ਇਸ ਸਥਿਤੀ ਵਿਚ ਲਿਆਉਣ ਦਾ ਸਿਹਰਾ ਨਵਾਬ ਕਪੂਰ ਸਿੰਘ ਦੇ ਸਿਰ ਸੀ। ਉਹ ਲੰਮੇ ਕੱਦ ਦੇ ਦਿਲਕਸ਼ ਆਦਮੀ ਸਨ ਤੇ ਉਹਨਾਂ ਦੇ ਸਰੀਰ ਉੱਤੇ ਕਿਤੇ ਵੀ ਚਾਰ ਉਂਗਲ ਅਜਿਹੀ ਜਗ੍ਹਾ ਨਹੀਂ ਸੀ ਜਿੱਥੇ ਜ਼ਖ਼ਮ ਦਾ ਨਿਸ਼ਾਨ ਨਾ ਹੋਏ। ਉਹ ਸਿਰਫ ਧਾਰਮਕ ਮਾਮਲਿਆਂ ਵਿਚ ਹੀ ਖਾਲਸੇ ਦੇ ਆਗੂ ਨਹੀਂ ਸਨ, ਯੁੱਧ ਖੇਤਰ ਵਿਚ ਵੀ ਅੱਗੇ ਰਹਿੰਦੇ ਸਨ। ਦੁਸ਼ਮਣ ਸੈਨਾ ਦੇ 500 ਆਦਮੀ ਉਹਨਾਂ ਆਪਣੇ ਹੱਥੀਂ ਮੌਤ ਦੇ ਘਾਟ ਉਤਾਰੇ ਸਨ। ਉਹਨਾਂ ਪੰਥ ਦੀ ਜੋ ਸੇਵਾ ਕੀਤੀ, ਖਾਲਸਾ ਉਸ ਲਈ ਉਹਨਾਂ ਦਾ ਰਿਣੀ ਸੀ। ਨਵਾਬ ਦਾ ਖਿਤਾਬ ਖੁਸ ਜਾਣ ਪਿੱਛੋਂ ਵੀ ਉਹਨਾਂ, ਉਹਨਾਂ ਨੂੰ ਆਪਣੇ ਦਿਲਾਂ ਦਾ ਨਵਾਬ ਬਣਾਈ ਰੱਖਿਆ ਸੀ। ਹੁਣ ਉਹਨਾਂ ਆਪਣੀ ਵੱਡੀ ਅਵਸਥਾ ਨੂੰ ਮਹਿਸੂਸ ਕਰਦੇ ਹੋਏ ਦਲ ਦੀ ਵਾਗਡੋਰ ਆਪਣੇ ਸੁਯੋਗ ਮੂੰਹ ਬੋਲੇ ਪੁੱਤਰ ਜੱਸਾ ਸਿੰਘ ਦੇ ਹੱਥ ਦੇ ਦਿੱਤੀ ਸੀ, ਨਾਲ ਹੀ...'ਸਤ ਸ੍ਰੀ ਆਕਾਲ' ਦੇ ਜੈਕਾਰਿਆਂ ਵਿਚ ਗੁਰੂ ਗੋਬਿੰਦ ਸਿੰਘ ਦੀ ਫੌਲਾਦੀ ਤਲਵਾਰ ਵੀ ਸੌਂਪ ਦਿੱਤੀ ਸੀ ਤੇ ਫੇਰ ਸਮਾਪਨ ਭਾਸ਼ਨ ਦਿੱਤਾ ਸੀ¸ “ਦਲ ਦਾ ਬਣ ਜਾਣਾ ਖਾਲਸਾ ਜੀ ਦੀ ਵਧਦੀ ਹੋਈ ਸ਼ਕਤੀ ਦਾ ਪ੍ਰਮਾਣ ਹੈ ਤੇ ਇਹ ਗੁਰੂ ਦੇ ਸਿੰਘਾਂ ਦੀਆਂ ਸ਼ਹੀਦੀਆਂ ਦਾ ਫਲ ਹੈ। ਗੁਰੂ ਦੇ ਸਿੰਘਾਂ ਨੂੰ ਹਥਿਆਰ ਬੰਦ ਕਰਨ ਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਤੋਂ ਸ਼ੁਰੂ ਹੋਈ, ਆਪਣੇ ਧਰਮ-ਕਰਮ ਤੇ ਦੇਸ਼ ਦੀ ਰੱਖਿਆ ਲਈ ਸ਼ਸਤਰਧਾਰੀ ਹੋਣਾ ਜ਼ਰੂਰੀ ਸੀ। ਛੇਵੇਂ ਪਾਤਸ਼ਾਹ ਨੇ ਜਿਹੜੀ ਸੈਨਾ ਬਣਾਈ ਸੀ, ਉਸਦਾ ਨਾਂ 'ਦੁਸ਼ਟ-ਦਮਨ' ਸੈਨਾ ਸੀ। ਦੁਸ਼ਟਾਂ ਤੇ ਜਾਲਮਾਂ ਦਾ ਦਮਨ ਸ਼ਸ਼ਤਰਾਂ ਨਾਲ ਹੀ ਸੰਭਵ ਹੋ ਸਕਦਾ ਹੈ। ਇਸੇ ਮੰਤਵ ਨਾਲ ਦਸ਼ਮ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ। ਜੋ ਆਪਣੇ ਆਪ ਨੂੰ 'ਵਾਹਿਗੁਰੂ ਜੀ ਕਾ ਖਾਲਸਾ' ਮੰਨਦਾ, ਵਾਹਿਗੁਰੂ ਦੀ ਖਲਕਤ ਦੀ ਸੇਵਾ ਕਰਦਾ; ਉਸਦੇ ਦੁੱਖਾਂ ਦਾ ਨਿਵਾਰਨ ਕਰਦਾ ਸੀ¸ ਮਾਨਸਿਕ ਤੇ ਸਰੀਰਕ ਦੋਹਾਂ ਤਰ੍ਹਾਂ ਦੇ ਦੁੱਖ। ਕੁਝ ਦੁੱਖ ਆਪਣੇ ਸਹੇੜੇ ਹੁੰਦੇ ਹਨ। ਕੁਝ ਦੁੱਖ ਕਾਮੀ, ਕਰੋਧੀ, ਦੁਸ਼ਟਾਂ ਤੇ ਅਤਿਆਚਾਰੀਆਂ ਤੋਂ ਮਿਲਦੇ ਹਨ। ਆਪਣੇ ਮਾਨਸਿਕ ਦੁੱਖਾਂ ਤੋਂ ਛੁਟਕਾਰਾ ਗੁਰੂ ਦੀ ਬਾਣੀ ਤੇ ਅਕਾਲ ਪੁਰਖ ਉਪਰ ਅਟੱਲ ਵਿਸ਼ਵਾਸ ਨਾਲ ਮਿਲਦਾ ਹੈ, ਪਰ ਦੁਸ਼ਟਾਂ-ਜਾਲਮਾਂ ਦੁਆਰਾ ਦਿੱਤੇ ਗਏ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਸਰੀਰਕ ਸ਼ਕਤੀ, ਹੌਂਸਲੇ ਤੇ ਨਿਰਭੈ ਹੋਣ ਦੀ ਜ਼ਰੂਰਤ ਹੈ।” 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦਾ ਜੈਕਾਰਾ ਗੂੰਜ ਉਠਿਆ। ਨਵਾਬ ਕਪੂਰ ਸਿੰਘ ਇਕ ਪਲ ਰੁਕੇ ਤੇ ਫੇਰ ਬੋਲੇ, “ਕਾਮ, ਕਰੋਧ, ਲੋਭ, ਮੋਹ ਵਿਚ ਅੰਨ੍ਹੇ-ਬੋਲੇ ਤੇ ਝੱਲੇ ਹੋਏ ਜਾਲਮ ਤਕ ਕੋਈ ਗਿਆਨ ਨਹੀਂ ਪਹੁੰਚਦਾ, ਉਸਨੂੰ ਕਦੀ ਤਰਸ ਨਹੀਂ ਆਉਂਦਾ, ਉਸਨੂੰ ਰੱਬ ਦਾ ਕੋਈ ਭੈ ਨਹੀਂ ਹੁੰਦਾ। ਉਸਨੂੰ ਕਿਸੇ ਦੇ ਦੁਖ-ਸੁਖ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਹ ਕੋਈ ਨਿਆਂ ਕਰਨ ਨਹੀਂ ਜਾਣਦਾ। ਸਵੈ ਇੱਛਾ ਦੀ ਪੂਰਤੀ ਹੀ ਉਸਦਾ ਧਰਮ ਤੇ ਈਮਾਨ ਹੁੰਦਾ ਹੈ। ਇੱਛਾ ਪੂਰਤੀ ਲਈ ਵਰਤੇ ਗਏ ਹਰ ਸਾਧਨ ਨੂੰ ਜਾਇਜ਼ ਸਮਝਦਾ ਹੈ। ਅਜਿਹੇ ਸਵੈ ਇੱਛਾਕਾਰੀ ਇਸ ਖਲਕਤ ਨੂੰ ਸੰਸਾਰ ਲਈ ਨਰਕ ਬਣਾ ਦਿੰਦੇ ਨੇ। ਲੋਕਾਂ ਦਾ ਜਿਉਣਾ ਦੁੱਭਰ ਕਰ ਦਿੰਦੇ ਨੇ। ਅਜਿਹੀ ਹਾਲਤ ਵਿਚ ਜੇ ਕਿਸੇ ਦਾ ਦਿਲ ਨਹੀਂ ਪਸੀਜਦਾ, ਦੂਜਿਆਂ ਦਾ ਦੁੱਖ ਵੰਡਾਉਣ ਦੀ ਜਾਂ ਦੂਰ ਕਰਨ ਦੀ ਇੱਛਾ ਪੈਦਾ ਨਹੀਂ ਹੁੰਦੀ, ਹਮਦਰਦੀ ਨਹੀਂ ਜਾਗਦੀ ਤਾਂ ਉਹ ਬੁਜ਼ਦਿਲ ਤੇ ਕਾਇਰ ਹੈ। ਉਸਦੀ ਕਾਇਰਤਾ ਜ਼ਾਲਮ ਨੂੰ ਹੋਰ ਜ਼ੁਲਮ ਕਰਨ ਦੀ ਸ਼ਹਿ ਦਿੰਦੀ ਹੈ। ਅਜਿਹਾ ਕਾਇਰ ਆਦਮੀ ਇਕ ਤਰ੍ਹਾਂ ਨਾਲ ਜ਼ਾਲਮ ਤੇ ਜ਼ੁਲਮ ਦਾ ਹਮਾਇਤੀ ਹੈ, ਖੁਦ ਹਿੱਸੇਦਾਰ ਹੈ। ਅਜਿਹਾ ਆਦਮੀ ਮਨੁੱਖੀ ਸਮਾਜ ਲਈ ਸ਼ਰਮ ਤੇ ਕਲੰਕ ਹੈ; ਲਾਹਨਤ ਹੈ।” ਫਿਰ ਜੈਕਾਰਾ ਗੂੰਜਿਆ ਤੇ ਖਾਲਸਿਆਂ ਦੀਆਂ ਤਲਵਾਰਾਂ ਹਵਾ ਵਿਚ ਲਹਿਰਾਈਆਂ। “ਇਸ ਲਾਹਨਤ ਤੇ ਕਾਇਰਤਾ ਨੂੰ ਦੂਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਕ੍ਰਿਪਾਨ ਬਖ਼ਸ਼ੀ ਤੇ ਉਸਨੂੰ ਧਰਮ ਦਾ ਅੰਗ ਬਣਾਇਆ। ਸਦੀਆਂ ਤੋਂ ਇਸ ਦੇਸ਼ ਦੇ ਲੋਕ ਤਲਵਾਰ ਦੀ ਚਮਕ ਦੇਖ ਕੇ ਸਹਿਮ ਜਾਂਦੇ ਰਹੇ ਸਨ। ਇਹ ਸਿਰਫ ਜਬਰ ਦੀ ਨਿਸ਼ਾਨੀ ਤੇ ਜਾਬਰਾਂ ਦਾ ਹੱਥਿਆਰ ਸਮਝੀ ਜਾਂਦੀ ਰਹੀ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਇਸਨੂੰ ਹੌਂਸਲੇ ਤੇ ਰੱਖਿਆ ਦਾ ਹੱਥਿਆਰ ਬਣਾ ਦਿੱਤਾ। ਗੁਰੂ ਜੀ ਨੇ ਤਲਵਾਰ ਉਸ ਸਮੇਂ ਹੱਥ ਵਿਚ ਲਈ, ਜਦੋਂ ਉਹਨਾਂ ਲਈ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਅਸਲ ਵਿਚ ਮਨੁੱਖ ਉਹੀ ਬੋਲੀ ਚੰਗੀ ਤਰ੍ਹਾਂ ਸਮਝਦਾ ਹੈ ਜਿਹੜੀ ਉਸਨੇ ਜੀਵਨ ਵਿਚ ਸ਼ੁਰੂ ਤੋਂ ਹੀ ਸੁਣੀ ਤੇ ਵਰਤੀ ਹੋਈ ਹੋਏ। ਜ਼ਾਲਮ, ਜਬਰ ਤੇ ਜ਼ੁਲਮ ਕਰਨਾ ਹੀ ਜਾਂਦਾ ਹੈ, ਇਸ ਲਈ ਉਹ ਤਲਵਾਰ ਦਾ ਪ੍ਰਯੋਗ ਕਰਦਾ ਹੈ¸ ਕੋਈ ਹੋਰ ਭਾਸ਼ਾ ਨਾ ਉਸਨੇ ਸਿੱਖੀ ਹੁੰਦੀ ਹੈ ਤੇ ਨਾ ਹੀ ਸਮਝ ਸਕਦਾ ਹੈ। ਇਸ ਲਈ ਉਸਨੂੰ ਸਮਝਾਉਣ ਖਾਤਰ, ਕੋਈ ਹੋਰ ਬੋਲੀ ਵਿਅਰਥ ਹੈ। ਉਸਦੀ ਸੋਚ ਬਦਲ ਜਾਏਗੀ, 'ਹਿਰਦਾ-ਪਰੀਵਰਤਨ' ਹੋ ਜਾਏਗਾ...ਇਹ ਆਸ ਰੱਖਨੀ ਵਿਅਰਥ ਹੈ। ਸਿਰਫ ਉਸੇ ਦੀ ਬੋਲੀ¸ ਤੇਜ਼ ਤਲਵਾਰ ਦੀ ਬੋਲੀ¸ ਠੰਡੇ ਲੋਹੇ ਦੀ ਭਾਸ਼ਾ¸ਤੇ ਸਿਰਫ ਦੋ ਧਾਰੇ ਖੰਡੇ ਦੇ ਬੋਲ ਹੀ ਉਸਨੂੰ ਸਮਝਾ ਸਕਦੇ ਹਨ। ਇਸੇ ਲਈ ਗੁਰੂ ਗੋਬਿੰਦ ਸਿੰਘ ਨੇ ਸਪਸ਼ਟ ਸ਼ਬਦਾਂ ਵਿਚ ਫੁਰਮਾਇਆ ਹੈ ਕਿ ਜਦੋਂ ਸਮੱਸਿਆ ਦੇ ਹੱਲ ਦਾ ਹੋਰ ਕੋਈ ਉਪਾਅ ਬਾਕੀ ਨਾ ਰਹੇ ਤਾਂ ਤਲਵਾਰ ਚੁੱਕਣੀ ਜਾਇਜ਼ ਹੈ।” ਫੇਰ ਜੈਕਾਰਾ ਗੂੰਜਿਆ ਤੇ ਤਲਵਾਰਾਂ ਹਵਾ ਵਿਚ ਲਹਿਰਾਈਆਂ। “ਪਰ ਗੁਰੂ ਦੀ ਖਾਲਸੇ ਨੂੰ ਬਖ਼ਸ਼ੀ ਹੋਈ ਤਲਵਾਰ...” ਨਵਾਬ ਕਪੂਰ ਸਿੰਘ ਨੇ ਦ੍ਰਿੜ੍ਹ ਤੇ ਸ਼ਾਂਤ ਆਵਾਜ਼ ਵਿਚ ਗੱਲ ਜਾਰੀ ਰੱਖੀ, “ਗਰੀਬਾਂ ਦੀ ਰੱਖਿਆ ਤੇ ਸੇਵਾ ਕਰਨ ਲਈ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਖਾਲਸਾ ਜੀ ਦੇ ਪਹਿਲੇ ਸੈਨਾਪਤੀ ਬੰਦਾ ਬਹਾਦਰ ਨੇ ਸਰਹਿੰਦ ਤੇ ਪੂਰਬੀ ਪੰਜਾਬ ਦੇ ਕਾਫੀ ਵੱਡੇ ਹਿੱਸੇ ਵਿਚ ਵਿਦੇਸ਼ੀ ਅਤਿਆਚਾਰੀ ਹਕੂਮਤ ਨੂੰ ਖਤਮ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਪਰ ਮੁਗਲਾਂ ਦੀ ਵਿਸ਼ਾਲ ਸ਼ਕਤੀ ਦੇ ਵਿਰੁੱਧ ਖਾਲਸਾ ਜੀ ਨੂੰ ਪੂਰੀ ਤੇ ਪੱਕੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ। ਫੇਰ ਵੀ ਖਾਲਸਾ ਜੀ ਨੇ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 'ਬੋਲੇ ਸੋ ਨਿਹਾਲ, ਸਤ ਸ੍ਰੀ ਆਕਾਲ' ਦਾ ਭੈ ਮੁਕਤ ਕਰਨ ਵਾਲਾ ਜਿਹੜਾ ਨਾਅਰਾ ਦਿੱਤਾ ਸੀ, ਉਸਦੇ ਬਲ ਉੱਤੇ ਸ਼ਹੀਦੀਆਂ ਤੇ ਕੁਰਬਾਨੀਆਂ ਦੀ ਪ੍ਰੰਪਰਾ ਨੂੰ ਜਿਉਂਦਿਆਂ ਰੱਖਿਆ। ਖਾਲਸਾ ਦਲ ਇਸੇ ਸੁੰਦਰ ਪ੍ਰੰਪਰਾ ਦਾ ਸ਼ਕਤੀਮਾਨ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ ਦੇ ਅਸਲ ਰੂਪ ਦਾ ਜਿਹੜਾ ਸੁਪਨਾ ਦਿੱਤਾ ਸੀ, ਨਵੇਂ ਸੈਨਾਪਤੀ ਜੱਸਾ ਸਿੰਘ ਦੀ ਅਗਵਾਈ ਹੇਠ ਖਾਲਸਾ ਉਸਨੂੰ ਸਾਕਾਰ ਕਰੇਗਾ।”
'ਬੋਲੇ ਸੋ ਨਿਹਾਲ, ਸਤ ਸ੍ਰੀ ਆਕਾਲ' ਤੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਦੀ ਕੀ ਫਤਹ' ਦੇ ਨਾਅਰੇ ਤੇ ਜੈਕਾਰੇ ਖਾਸੀ ਦੇਰ ਤਕ ਗੂੰਜਦੇ ਰਹੇ।
ooo
ਮਾਣੂਪੁਰ ਦੇ ਵਿਜੇਤਾ ਮੀਰ ਮੰਨੂੰ ਨੂੰ ਅਪ੍ਰੈਲ 1748 ਵਿਚ ਲਾਹੌਰ ਦਾ ਨਵਾਬ ਬਣਾ ਦਿੱਤਾ ਗਿਆ। ਉਸਦੇ ਸਾਹਮਣੇ ਕਈ ਸਮੱਸਿਆਵਾਂ ਸਨ। ਜ਼ਕਰੀਆ ਖਾਂ ਦੀ ਮੌਤ ਪਿੱਛੋਂ ਉਸਦੇ ਪੁੱਤਰਾਂ ਵਿਚਕਾਰ ਜਿਹੜਾ ਗ੍ਰਹਿ-ਯੁੱਧ ਹੋਇਆ ਸੀ ਉਸ ਨਾਲ ਖਜਾਨਾ ਖਾਲੀ ਹੋ ਗਿਆ ਸੀ। ਫਿਰ ਅਬਦਾਲੀ ਦੇ ਹਮਲੇ ਨੇ ਪੂਰੇ ਰਾਜ ਪ੍ਰਬੰਧ ਵਿਚ ਗੜਬੜ ਕਰ ਦਿੱਤੀ। ਸਿੱਖਾਂ ਨੇ ਇਸਦਾ ਲਾਭ ਉਠਾਇਆ। ਰਾਮ ਰੌਣੀ ਦੁਰਗ (ਕਿਲੇ) ਦੇ ਬੂਰਜ ਉਹਨਾਂ ਦੀ ਵਧਦੀ ਹੋਈ ਤਾਕਤ ਦਾ ਸਬੂਤ ਸੀ। ਇਹਨਾਂ ਸਮੱਸਿਆਵਾਂ ਨਾਲੋਂ ਕਿਤੇ ਵੱਡੀ ਤੇ ਭਿਆਨਕ ਸਮੱਸਿਆ ਇਹ ਸੀ ਕਿ ਈਰਾਨੀ ਦਲ ਤੇ ਤੂਰਾਨੀ ਦਲ ਵਿਚਕਾਰ ਠਣ ਗਈ ਸੀ। ਦੋਹੇਂ ਦਲ ਸੱਤਾ ਹਥਿਆਉਣ ਲਈ ਆਪਸ ਵਿਚ ਲੜਦੇ ਤੇ ਨਿੱਤ ਨਵੀਂਆਂ ਚਾਲਾਂ ਚੱਲਦੇ ਰਹਿੰਦੇ ਸਨ। ਜਿਸ ਦਲ ਦੇ ਹੱਥ ਸੱਤਾ ਆ ਜਾਂਦੀ ਸੀ ਬਾਦਸ਼ਾਹ ਉਸਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਜਾਂਦਾ ਸੀ। ਇਸ ਸਮੇਂ ਦਿੱਲੀ ਦਾ ਵਜ਼ੀਰ ਈਰਾਨੀ ਦਲ ਦਾ ਨੇਤਾ ਸਫਦਰ ਜੰਗ ਸੀ। ਉਹ ਨਹੀਂ ਚਾਹੁੰਦਾ ਸੀ ਕਿ ਪੰਜਾਬ ਤੂਰਾਨੀ ਦਲ ਦੇ ਹੱਥ ਵਿਚ ਰਹੇ, ਇਸ ਲਈ ਉਹ ਮੀਰ ਮੰਨੂੰ ਨੂੰ ਉਖਾੜ ਦੇਣ ਦੀ ਫਿਕਰ ਵਿਚ ਸੀ।
ਮੀਰ ਮੰਨੂੰ ਜਿੰਨਾਂ ਬਹਾਦਰ ਸੀ ਓਨਾਂ ਹੀ ਕੁਸ਼ਲ ਸ਼ਾਸਕ ਵੀ ਸੀ। ਉਹ ਜਾਣਦਾ ਸੀ ਕਿ ਉਸਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਨਿਬੜਨਾ ਪੈਣਾ ਹੈ। ਸਭ ਤੋਂ ਪਹਿਲੀ ਸਮੱਸਿਆ ਸਿੱਖ ਸਨ, ਜਿਹੜੇ ਪੂਰੇ ਬਾਰੀ-ਦੁਆਬੇ ਤੇ ਰਚਨਾ-ਦੁਆਬੇ ਵਿਚ ਛਾ ਗਏ ਸਨ। ਉਹਨਾਂ ਦੇ ਹੁੰਦਿਆਂ ਨਾ ਅਮਨ ਬਹਾਲ ਹੋ ਸਕਦਾ ਸੀ ਤੇ ਨਾ ਹੀ ਲਗਾਨ ਉਗਰਾਹਿਆ ਜਾ ਸਕਦਾ ਸੀ। ਲਾਹੌਰ ਦੇ ਪਹਿਲੇ ਹਾਕਮ ਵਾਂਗ ਉਸਨੇ ਵੀ ਸਿੱਖਾਂ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ। ਮਹੀਨਾ, ਡੇਢ ਮਹੀਨਾ ਤਿਆਰੀਆਂ ਵਿਚ ਲੱਗਿਆ ਰਿਹਾ। ਉਸਨੂੰ ਇਕ ਸੁਗਠਿਤ ਸੈਨਾ ਦੀ ਲੋੜ ਸੀ। ਉਸਨੇ ਵਧੇਰੇ ਮਧ ਤੁਰਕਾਂ (ਸ਼ੀਆ) ਨੂੰ ਭਰਤੀ ਕੀਤਾ। ਉਹ ਉਸਦੀ ਆਪਣੀ ਜਾਤੀ ਦੇ ਲੋਕ ਸਨ ਤੇ ਨਾਦਰ ਸ਼ਾਹ ਦੀ ਸੈਨਾ ਨੂੰ ਭੰਗ ਕਰ ਦਿੱਤੇ ਜਾਣ ਪਿੱਛੋਂ ਨੌਕਰੀ ਦੀ ਭਾਲ ਵਿਚ ਸਨ ਤੇ ਇਧਰ ਉਧਰ ਭਟਕ ਰਹੇ ਸਨ। ਮਈ ਦੇ ਅੰਤ ਵਿਚ ਉਸਨੇ ਸਾਰੇ ਅਫਸਰਾਂ, ਪਿੰਡਾਂ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਦੇ ਨਾਂ ਹੁਕਮ ਜਾਰੀ ਕਰ ਦਿੱਤਾ ਕਿ ਸਿੱਖਾਂ ਨੂੰ ਫੜ੍ਹੋ ਤੇ ਉਹਨਾਂ ਨੂੰ ਲੋਹੇ ਦੇ ਪਿੰਜਰਿਆਂ ਵਿਚ ਬੰਦ ਕਰਕੇ ਲਾਹੌਰ ਭੇਜ ਦਿਓ। ਗਸ਼ਤੀ ਫੌਜ ਫੇਰ ਉਹਨਾਂ ਦੇ ਪਿੱਛੇ ਲਾ ਦਿੱਤੀ ਗਈ। ਸਿੱਖਾਂ ਨੂੰ ਫੜ੍ਹ-ਫੜ੍ਹ ਕੇ ਲਾਹੌਰ ਲਿਆਂਦਾ ਜਾਣ ਲੱਗਿਆ ਤੇ ਭਾਂਤ-ਭਾਂਤ ਦੇ ਤਸੀਹੇ ਦੇ ਕੇ ਨਖਾਸ ਚੌਂਕ ਵਿਚ ਸ਼ਹੀਦ ਕੀਤਾ ਜਾਣ ਲੱਗਿਆ।
ਸਿੱਖ ਰਚਨਾ-ਦੁਆਬਾ ਤੇ ਬਾਰੀ-ਦੁਆਬਾ ਛੱਡ ਕੇ ਜਲੰਧਰ-ਦੁਆਬੇ ਵੱਲ ਚਲੇ ਗਏ। ਮੀਰ ਮੰਨੂੰ ਨੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਉਹ ਸਿੱਖਾਂ ਦੇ ਖ਼ਿਲਾਫ਼ ਚੜ੍ਹਾਈ ਕਰੇ। ਅਦੀਨਾ ਬੇਗ ਲਾਹੌਰ ਦਾ ਨਵਾਬ ਬਣਨ ਦੇ ਸੁਪਨੇ ਦੇਖ ਰਿਹਾ ਸੀ ਤੇ ਇਸ ਮਕਸਦ ਲਈ ਸਿੱਖਾਂ ਨੂੰ ਇਸਤਮਾਲ ਕਰਨਾ ਚਾਹੁੰਦਾ ਸੀ।
ਅਦੀਨਾਂ ਬੇਗ ਨੇ ਜੱਸਾ ਸਿੰਘ ਆਹਲੂਵਾਲੀਆ ਕੋਲ ਆਪਣਾ ਆਦਮੀ ਭੇਜ ਕੇ ਇਹ ਕਹਿ ਭੇਜਿਆ ਕਿ 'ਮੇਰੇ ਨਾਲ ਮੁਲਾਕਾਤ ਲਈ ਆਓ ਤਾਂ ਕਿ ਆਹਮਣੇ-ਸਾਹਮਣੇ ਬੈਠ ਕੇ ਦਿਲ ਦੀਆਂ ਗੱਲਾਂ ਕਰੀਏ। ਕਿੰਨਾ ਚੰਗਾ ਹੋਏ ਜੇ ਮੁਲਕ ਦੇ ਰਾਜ ਪ੍ਰਬੰਧ ਵਿਚ ਤੁਸੀਂ ਵੀ ਸਾਡਾ ਸਹਿਯੋਗ ਦਿਓ। ਤੁਸੀਂ ਮੂੰਹ ਮੰਗੀਆਂ ਜਾਗੀਰਾਂ ਲੈ ਲਓ, ਜਿਸਦੀ ਮੰਜ਼ੂਰੀ ਮੈਂ ਲਾਹੌਰ ਤੋਂ ਲੈ ਦਿਆਂਗਾ ਤੇ ਬਾਦਸ਼ਾਹ ਵੀ ਖੁਸ਼ ਹੋਏਗਾ। ਨੌਜਵਾਨਾ ਦੇ ਨੁਕਸਾਨ, ਰੱਈਅਤ ਦੀ ਬਰਬਾਦੀ ਤੇ ਬੇਆਰਾਮੀ ਦਾ ਕੀ ਲਾਭ...।'
ਅਦੀਨਾ ਬੇਗ ਅਜਿਹਾ ਆਦਮੀ ਸੀ ਜਿਸ ਉਪਰ ਕਦੰਤ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ। ਉਹ ਸਿੱਖਾਂ ਦੀ ਦੋਸਤੀ ਦਾ ਦਮ ਭਰਦਾ ਸੀ ਪਰ ਦਿਲ ਦਾ ਚੋਰ ਆਦਮੀ ਵੀ ਸੀ। ਹੋ ਸਕਦਾ ਸੀ ਕਿ ਉਹ ਜੱਸਾ ਸਿੰਘ ਨੂੰ ਗਿਰਫਤਾਰ ਕਰਦੇ ਮੰਨੂੰ ਦੇ ਹਵਾਲੇ ਹੀ ਕਰ ਦਿੰਦਾ।
ਜੱਸਾ ਸਿੰਘ ਨੇ ਉਤਰ ਭੇਜਿਆ ਕਿ 'ਸਾਡੀ ਤੁਹਾਡੀ ਮੁਲਾਕਾਤ ਜੰਗ ਦੇ ਮੈਦਾਨ ਵਿਚ ਹੋਏਗੀ। ਉੱਥੇ ਜਿਹੜੇ ਹਥਿਆਰ ਚੱਲਣਗੇ ਉਹਨਾਂ ਨੂੰ ਦਿੱਲੀ-ਗੱਲਬਾਤ ਸਮਝਨਾ। ਮਿਲਜੁਲ ਕੇ ਰਾਜ ਪ੍ਰਬੰਧ ਵਿਚ ਸਹਿਯੋਗ ਤੋਂ ਤੁਹਾਡਾ ਕੀ ਮਤਲਬ ਹੈ? ਜਿਸਨੂੰ ਮਾਲਕ ਮੁਲਕ ਦੇਵੇ, ਉਹ ਕਿਸੇ ਦੀ ਜਾਗੀਰ ਕਿਉਂ ਲਵੇ? ਜਿਸ ਉਪਰ ਤਿੰਨਾਂ ਜਹਾਨਾਂ ਦਾ ਬਾਦਸ਼ਾਹ ਖੁਸ਼ ਹੋਏ, ਉਸਨੂੰ ਹੋਰ ਕੀ ਚਾਹੀਦਾ ਹੈ? ਬਿਨਾਂ ਨੌਜਵਾਨਾਂ ਦੇ ਨੁਕਸਾਨ ਤੇ ਬੇਆਰਾਮੀ ਦੇ ਕਿਸ ਨੇ ਮੁਲਕਗੀਰੀ ਕੀਤੀ ਹੈ? ਕੋਈ ਮਿਸਾਲ ਹੋਵੇ ਤਾਂ ਦੱਸੋ? ਜਦੋਂ ਮੁਲਕ ਪੂਰੀ ਤਰ੍ਹਾਂ ਸਾਡੇ ਕਬਜੇ ਵਿਚ ਆ ਜਾਏਗਾ, ਅਸੀਂ ਉਸਨੂੰ ਪੂਰੀ ਤਰ੍ਹਾਂ ਆਬਾਦ ਵੀ ਕਰ ਲਵਾਂਗੇ। ਜਦੋਂ ਅਸੀਂ ਤਲਵਾਰ ਚੁੱਕ ਲਈ ਹੈ, ਤੁਸੀਂ ਸੁਲਾਹ ਦੀਆਂ ਗੱਲਾਂ ਕਰਨ ਲੱਗ ਪਏ ਹੋ। ਹੁਣ ਅਸੀਂ ਇਸੇ ਤਲਵਾਰ ਨਾਲ ਮੁਲਕ ਆਜ਼ਾਦ ਕਰਵਾਉਣਾ ਹੈ।'
ਅਦੀਨਾ ਬੇਗ ਨੇ ਤਿੰਨ ਵਾਰੀ ਸੁਨੇਹਾ ਭੇਜਿਆ, ਜੱਸਾ ਸਿੰਘ ਦਾ ਇਕੋ ਜਵਾਬ ਰਿਹਾ¸
'ਰਾਜ ਕੇਰੇਗਾ ਖਾਲਸਾ, ਆਕੀ ਰਹੇ ਨਾ ਕੋਇ।
ਖਵਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਇ।'
ਅਦੀਨਾ ਬੇਗ ਨੇ ਇਹੀ ਸੰਦੇਸ਼, ਅੰਦਰ ਖਾਤੇ, ਸਾਰੇ ਜੱਥਿਆਂ ਦੇ ਜੱਥੇਦਾਰਾਂ ਨੂੰ ਭੇਜੇ ਸਨ ਪਰ ਜੱਸਾ ਸਿੰਘ ਠੋਕਾ ਨੇ, ਜਿਹੜਾ ਬਾਅਦ ਵਿਚ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ਨਾਲ ਮਸ਼ਹੂਰ ਹੋਇਆ, ਜਾਗੀਰ ਲੈ ਕੇ ਅਦੀਨਾ ਬੇਗ ਦੀ ਪੇਸ਼ਕਸ਼ ਮੰਨ ਲਈ ਸੀ। ਉਸਦੇ ਚਾਰ ਭਰਾ ਸਨ। ਤਿੰਨ ਉਸਦੇ ਨਾਲ ਗਏ ਪਰ ਸਭ ਤੋਂ ਛੋਟਾ, ਤਾਰਾ ਸਿੰਘ, ਪੰਥ ਦੇ ਨਾਲ ਰਿਹਾ। ਉਸਨੇ ਅਦੀਨਾ ਬੇਗ ਦੀ ਚਾਕਰੀ ਕਰਨੀ ਪਸੰਦ ਨਹੀਂ ਸੀ ਕੀਤੀ।
ਅਦੀਨਾ ਬੇਗ ਨੇ ਮੀਰ ਮੰਨੂੰ ਨੂੰ ਵੀ ਖੁਸ਼ ਕਰਨਾ ਸੀ। ਉਸਨੇ ਸਿੱਖਾਂ ਦੇ ਖ਼ਿਲਾਫ਼ ਚੜ੍ਹਾਈ ਕਰ ਦਿੱਤੀ। ਜੱਸਾ ਸਿੰਘ ਆਹਲੂਵਾਲੀਆ ਆਪਣੇ ਜਵਾਨਾ ਸਮੇਤ ਮੁਕਾਬਲੇ 'ਤੇ ਆ ਡਟੇ ਤੇ ਅਦੀਨਾ ਬੇਗ ਨਾਲ ਤਲਵਾਰ ਦੀ ਧਾਰ ਨਾਲ ਗੱਲ ਕੀਤੀ। ਘਮਸਾਨ ਦੀ ਲੜਾਈ ਹੋਈ। ਦੋਹਾਂ ਧਿਰਾਂ ਦਾ ਕਾਫੀ ਨੁਕਸਾਨ ਹੋਇਆ। ਇਕੱਲੇ ਸਿੱਖਾਂ ਦੇ 600 ਜਵਾਨ ਖੇਤ ਰਹੇ। ਆਖਰ ਦੁਸ਼ਮਣ ਸੈਨਾ ਭੱਜ ਖੜ੍ਹੀ ਹੋਈ। ਅਦੀਨਾ ਬੇਗ ਨੇ ਸਿੱਖਾਂ ਦੀ ਗਿਣਤੀ ਜ਼ਿਆਦਾ ਦੱਸ ਕੇ ਲਾਹੌਰ ਤੋਂ ਮਦਦ ਮੰਗੀ।
ਅਕਤੂਬਰ ਦੇ ਅੰਤ ਵਿਚ ਦੀਵਾਲੀ ਆਈ। ਸਿੱਖ ਅੰਮ੍ਰਿਤਸਰ ਵਿਚ ਇਕੱਠੇ ਹੋਏ। ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਦੀਪਮਾਲਾ ਕੀਤੀ, ਦੀਵਾਨ ਸਜਿਆ ਜਿਸ ਵਿਚ ਆਉਣ ਵਾਲੇ ਹਾਲਾਤ ਉਪਰ ਗੌਰ ਕੀਤਾ ਗਿਆ। ਸਿੱਖਾਂ ਨੂੰ ਹਮਲੇ ਦਾ ਖਤਰਾ ਸੀ। ਉਹਨਾਂ ਰਾਮ-ਰੌਣੀ ਵਿਚ ਦਾਣੇ-ਪਾਣੀ ਤੇ ਨੀਰੇ-ਚਾਰੇ ਦਾ ਪ੍ਰਬੰਧ ਕਰਕੇ ਪੰਜ ਸੌ ਚੁਣੇ ਹੋਏ ਘੋੜਸਵਾਰ ਉਸ ਵਿਚ ਛੱਡ ਦਿੱਤੇ। ਕੁਝ ਦਾਮਸਰ ਦੀਆਂ ਝਾੜੀਆਂ ਤੇ ਪਲਾਸ ਦੇ ਸੰਘਣੇ ਜੰਗਲ ਵਿਚ ਛੁਪ ਕੇ ਬੈਠ ਗਏ ਤਾਂ ਕਿ ਲੋੜ ਸਮੇਂ ਦੁਸ਼ਮਨ ਦਾ ਮੁਕਾਬਲਾ ਕੀਤਾ ਜਾ ਸਕੇ। ਮੀਰ ਮੰਨੂੰ ਇਸ ਮੌਕੇ ਦੀ ਉਡੀਕ ਵਿਚ ਸੀ। ਉਸਨੇ ਇਕ ਜਬਰਦਸਤ ਫੌਜ ਨਾਲ ਚੜ੍ਹਾਈ ਕਰ ਦਿੱਤੀ। ਇਸ ਮੁਹਿੰਮ ਦੀ ਕਮਾਨ ਅਦੀਨਾ ਬੇਗ ਦੇ ਸਪੁਰਦ ਸੀ। ਸਾਦਿਕ ਅਲੀ ਉਸਦੇ ਨਾਲ ਸੀ। ਮੁਗਲ ਸੈਨਾ ਨੇ ਰਾਮ-ਰੌਣੀ ਦੁਰਗ ਨੂੰ ਚਾਰੇ ਪਾਸਿਓਂ ਘੇਰ ਲਿਆ।
ਘੇਰਾਬੰਦੀ ਚਾਰ ਮਹੀਨੇ ਤਕ ਰਹੀ। ਇਸ ਅਰਸੇ ਵਿਚ ਸਿੱਖਾਂ ਦੇ ਛੋਟੇ ਛੋਟੇ ਜੱਥੇ ਵੇਲੇ-ਕੁਵੇਲੇ ਬਾਹਰ ਨਿਕਲਦੇ, ਦੁਸ਼ਮਣ ਸੈਨਾ ਦਾ ਕਾਫੀ ਨੁਕਸਾਨ ਕਰਕੇ, ਰਸਦ ਤੇ ਹੱਥਿਆਰ ਖੋਹ ਕੇ ਫੇਰ ਕਿਲੇ ਵਿਚ ਪਰਤ ਜਾਂਦੇ। ਜੱਥੇਦਾਰ ਜੈ ਸਿੰਘ ਕਨ੍ਹਈਆ ਕੋਲ ਇਕ ਅਜਿਹੀ ਘੋੜੀ ਸੀ, ਜਿਹੜੀ ਛਾਲ ਮਾਰ ਕੇ ਕਿਲੇ ਦੀ ਕੰਧ ਟੱਪ ਜਾਂਦੀ ਸੀ। ਉਹ ਇਸ ਘੋੜੀ ਉੱਤੇ ਸਵਾਰ ਹੋ ਕੇ ਕਿਲੇ ਵਿਚੋਂ ਬਾਹਰ ਜਾਂਦਾ, ਆਪਣੇ ਦੋ ਧਾਰੇ ਖੰਡੇ ਨਾਲ ਦੁਸ਼ਮਣਾ ਉੱਤੇ ਇਧਰ ਉਧਰ ਹਮਲੇ ਕਰਦਾ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਵਾਪਸ ਕਿਲੇ ਵਿਚ ਪਰਤ ਆਉਂਦਾ। ਇਹਨਾਂ ਛਾਪਾ ਮਾਰ ਧਾਵਿਆਂ ਵਿਚ 200 ਦੋ ਸੌ ਸਿੱਖ ਸ਼ਹੀਦ ਹੋ ਗਏ। ਕਿਲੇ ਵਿਚ ਹੁਣ ਉਹਨਾਂ ਦੀ ਗਿਣਤੀ ਸਿਰਫ 300 ਰਹਿ ਗਈ। ਦਾਣੇ-ਪਾਣੀ ਤੇ ਨੀਰੇ-ਪੱਠੇ ਦੀ ਵੀ ਕਮੀ ਪੈਣ ਲੱਗੀ। ਆਪਸ ਵਿਚ ਗੁਰਮਤਾ ਹੋਇਆ ਕਿ 'ਲੜੋ ਜਾਂ ਮਰੋ' ਦੇ ਸਿਵਾਏ ਕੋਈ ਚਾਰਾ ਨਹੀਂ। ਅਰਦਾਸਾ ਸੋਧ ਕੇ ਸਾਰੇ ਕਿਲੇ ਵਿਚੋਂ ਬਾਹਰ ਨਿਕਲਣ ਤੇ ਹੱਲਾ ਬੋਲ ਦੇਣ। ਦੁਸ਼ਮਣ ਦੀਆਂ ਪੰਗਤੀਆਂ ਨੂੰ ਚੀਰ ਕੇ ਜਿਹੜਾ ਨਿਕਲ ਸਕਦਾ ਹੈ, ਨਿਕਲ ਜਾਏ ਜਾਂ ਸ਼ਹੀਦ ਹੋ ਜਾਏ। ਇਸੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਦੇ ਦਿਮਾਗ ਵਿਚ ਇਕ ਵਿਚਾਰ ਆਇਆ ਤੇ ਉਸਨੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਜਿਹੜਾ ਆਪਣੇ ਸਵਾਰਾਂ ਨਾਲ ਅਦੀਨਾ ਬੇਗ ਵਲੋਂ ਲੜ ਰਿਹਾ ਸੀ, ਕਰੜੀ ਭਾਸ਼ਾ ਵਿਚ ਇਕ ਖ਼ਤ ਲਿਖਿਆ, 'ਕੀ ਤੁਸੀਂ ਗੁਰੂ ਦੇ ਖਾਲਸੇ ਅਦੀਨਾ ਬੇਗ ਦੇ ਟੁੱਕੜਾਂ ਉੱਤੇ ਪਲਣ ਲਈ ਬਣੇ ਸੌ? ਇਸ ਸਮੇਂ ਪੰਥ ਸੰਕਟ ਵਿਚ ਹੈ। ਕਿਲੇ ਵਿਚ ਬੰਦ 300 ਸਿੰਘ ਸਵਾਰਾਂ ਦੀ ਜਾਨ ਉਪਰ ਆ ਪਈ ਹੈ। ਜੇ ਤੁਸੀਂ ਇਸ ਸਮੇਂ ਵੀ ਪੰਥ ਦੇ ਕੰਮ ਨਾ ਆਏ ਤਾਂ ਕਦੋਂ ਆਓਗੇ?'
ਇਹ ਖ਼ਤ ਜੱਸਾ ਸਿੰਘ ਰਾਮਗੜ੍ਹੀਆ ਨੂੰ ਪਹੁੰਚਾ ਦਿੱਤਾ ਗਿਆ। ਪੜ੍ਹ ਕੇ ਉਸਦਾ ਦਿਲ ਪਸੀਜ ਗਿਆ ਤੇ ਆਪਣੇ ਸਵਾਰ, ਰਸਦ ਤੇ ਹੱਥਿਆਰ ਲੈ ਕੇ ਰਾਤ ਨੂੰ ਚੁੱਪਚਾਪ ਕਿਲੇ ਵਿਚ ਆ ਗਿਆ। ਇਸ ਨਾਲ ਅੰਦਰਲੇ 300 ਸਵਾਰਾਂ ਦਾ ਹੌਂਸਲਾ ਬੱਝਿਆ ਤੇ ਘੇਰਾਬੰਦੀ ਵੀ ਮੋਕਲੀ ਹੋ ਗਈ। ਯਕਦਮ ਹਾਲਾਤ ਬਦਲੇ ਬਾਹਰ ਨਿਕਲਣ ਦੀ ਤਦਬੀਰ ਬਣੀ।
ਇਧਰ ਮੀਰ ਮੰਨੂੰ ਨੇ ਆਪਣੀ ਸਾਰੀ ਤਾਕਤ ਸਿੱਖਾਂ ਨੂੰ ਮਿਟਾਉਣ ਵਿਚ ਲਾਈ ਹੋਈ ਸੀ। ਉਧਰ ਸਫਦਰ ਜੰਗ ਉਸਦੀਆਂ ਜੜਾਂ ਪੁਟਣ ਦਾ ਛੜਯੰਦਰ ਰਚ ਰਿਹਾ ਸੀ।
ਜ਼ਕਰੀਆ ਖਾਂ ਦਾ ਵੱਡਾ ਪੁੱਤਰ ਯਹੀਆ ਖਾਂ ਆਪਣੇ ਛੋਟੇ ਭਰਾ ਸ਼ਾਹ ਨਵਾਜ ਤੋਂ ਹਾਰ ਕੇ ਦਿੱਲੀ ਭੱਜ ਗਿਆ ਸੀ ਤੇ ਸ਼ਾਹ ਨਵਾਜ ਵੀ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਕੇ ਦਿੱਲੀ ਨੱਸ ਆਇਆ ਸੀ। ਯਹੀਆ ਖਾਂ ਨੇ ਰਾਜ-ਪਾਠ ਦੇ ਸੁਪਨੇ ਦੇਖਣੇ ਛੱਡ ਕੇ ਫਕੀਰੀ ਲੈ ਲਈ ਸੀ ਤੇ ਉਹ ਯਹੀਆ ਖਾਂ ਤੋਂ 'ਦਰਵੇਸ਼ ਯਹੀਆ ਸ਼ਾਹ' ਬਣ ਗਿਆ ਸੀ। ਪਰ ਸ਼ਾਹ ਨਵਾਜ ਖਾਂ ਧੁਨ ਦਾ ਪੱਕਾ ਸੀ ਤੇ ਉਹ ਲਾਹੌਰ ਦੀ ਨਵਾਬੀ ਉਪਰ ਆਪਣਾ ਹੱਕ ਸਮਝਦਾ ਸੀ। ਮੁਗਲ ਅਫਸਰਾਂ ਤੇ ਅਮੀਰਾਂ ਵਿਚ ਉਸਦਾ ਅਸਰ-ਰਸੂਖ਼ ਸੀ। ਲਾਹੌਰ ਤੇ ਮੁਲਤਾਨ ਵਿਚ ਉਸਦੇ ਹਮਾਇਤੀ ਮੌਜੂਦ ਸਨ। ਅਦੀਨਾ ਬੇਗ ਵਰਗੇ ਚਾਲਬਾਜ ਆਦਮੀ ਉੱਤੇ ਵੀ ਉਸਨੂੰ ਭਰੋਸਾ ਸੀ। ਸ਼ੁਰੂ ਤੋਂ ਹੀ ਹਰ ਮਾਮਲੇ ਵਿਚ ਉਹ ਉਸਦਾ ਸਲਾਹਕਾਰ ਰਿਹਾ ਸੀ। ਪਹਿਲਾਂ ਯਹੀਆ ਖਾਂ ਦੇ ਖ਼ਿਲਾਫ਼ ਲੜਾਈ ਵਿਚ ਤੇ ਫੇਰ ਅਬਦਾਲੀ ਦੇ ਖ਼ਿਲਾਫ਼ ਲੜਾਈ ਵਿਚ ਉਸਨੇ ਉਸਦਾ ਪੂਰਾ ਪੂਰਾ ਸਾਥ ਦਿੱਤਾ ਸੀ। ਉਸਨੂੰ ਵਿਸ਼ਵਾਸ ਸੀ ਕਿ ਅਦੀਨਾ ਬੇਗ ਉਸਦਾ ਆਦਮੀ ਹੈ ਤੇ ਲੋੜ ਪੈਣ ਉੱਤੇ ਕੰਮ ਆਏਗਾ। ਉਹ ਪਿਤਾ ਦੀ ਵਿਰਾਸਤ ਵਿਚ ਮਿਲੀ ਨਵਾਬੀ ਨੂੰ ਹਾਸਲ ਕਰਨ ਲਈ ਹੀ ਹੱਥ ਪੈਰ ਮਾਰ ਰਿਹਾ ਸੀ।
ਵਜ਼ੀਰ ਸਫਦਰ ਜੰਗ ਵੀ ਇਸ ਮਹੱਤਵਪੂਰਨ ਨੌਜਵਾਨ ਨੂੰ ਆਪਣੇ ਛੜਯੰਤਰ ਵਿਚ ਇਸਤੇਮਾਲ ਕਰਨਾ ਚਾਹੁੰਦਾ ਸੀ। ਮੁਸ਼ਕਲ ਇਹ ਸੀ ਕਿ ਈਰਾਨੀ-ਦਲ ਦੇ ਲੋਕ ਸ਼ੀਆ ਸਨ ਤੇ ਤੂਰਾਨੀ-ਦਲ ਦੇ ਲੋਕ ਸੂਨੀ ਸਨ। ਜ਼ਕਰੀਆ ਖਾਂ ਵੀ ਸੂਨੀ ਸੀ ਤੇ ਉਸਦਾ ਸਬੰਧ ਤੂਰਾਨੀ-ਦਲ ਨਾਲ ਸੀ। ਸਵਾਲ ਇਹ ਸੀ ਕਿ ਕੀ ਸ਼ਾਹ ਨਵਾਜ ਉਸਦੀ ਇਮਦਾਦ ਲੈਣ ਲਈ ਸ਼ੀਆ ਬਣਨਾ ਤੇ ਈਰਾਨੀ-ਦਲ ਵਿਚ ਸ਼ਾਮਲ ਹੋਣਾ ਮੰਨ ਲਏਗਾ? ਸਫਦਰ ਜੰਗ ਨੇ ਆਪਣੀ ਫਿਰੋਜ਼ਾ ਨਾਂ ਦੀ ਦਾਸੀ ਨੂੰ ਭੇਜ ਕੇ ਸ਼ਾਹ ਨਵਾਜ ਨੂੰ ਇਕਾਂਤ ਵਿਚ ਆਪਣੇ ਕੋਲ ਬੁਲਾਇਆ ਤਾਂ ਕਿ ਦਾਣਾ ਸੁੱਟ ਕੇ ਟੋਹ ਲਿਆ ਜਾਏ।
ਸਫਦਰ ਜੰਗ ਸ਼ਾਹ ਨਵਾਜ ਨਾਲ ਬੜੇ ਪਿਆਰ ਤੇ ਅਪਣੱਤ ਨਾਲ ਮਿਲਿਆ ਤੇ ਉਸਨੂੰ ਆਪਣੇ ਕੋਲ ਬਿਠਾਅ ਕੇ ਗੱਲ ਸ਼ੁਰੂ ਕੀਤੀ, “ਤੇਰੇ ਵਾਲਿਦ ਸਾਹਬ ਮੇਰੇ ਜ਼ਿਗਰੀ ਦੋਸਤ ਸਨ। ਸੋਚਿਆ ਕਿ ਬੁਲਾਅ ਕੇ ਹਾਲਚਾਲ ਈ ਪਤਾ ਕਰ ਲਵਾਂ।”
“ਹਾਲਚਾਲ ਜੋ ਹੈ, ਉਹ ਤਾਂ ਤੁਹਾਨੂੰ ਪਤਾ ਈ ਏ। ਵੱਡਾ ਭਰਾ ਫਕੀਰ ਹੋ ਗਿਐ...”
“ਬਰਖ਼ੁਰਦਾਰ! ਉਹ ਮੈਨੂੰ ਪਤਾ ਏ। ਉਸਦੀ ਗੱਲ ਛੱਡ।” ਵਜ਼ੀਰ ਨੇ ਉਸਨੂੰ ਵਿਚਕਾਰ ਹੀ ਟੋਕ ਦਿੱਤਾ ਤੇ ਅੱਗੇ ਕਿਹਾ, “ਤੂੰ ਆਪਣੇ ਵਾਲਿਦ ਸਾਹਬ ਦੀ ਤਰ੍ਹਾਂ ਹੀ ਬਹਾਦੁਰ ਮਰਦ ਏਂ...ਦੱਸ ਤੇਰੇ ਕੀ ਇਰਾਦੇ ਨੇ?”
ਜਿਵੇਂ ਕਿ ਸਫਦਰ ਜੰਗ ਜਾਣਦਾ ਹੀ ਸੀ ਕਿ ਸ਼ਾਹ ਨਵਾਜ ਲਾਹੌਰ ਦਾ ਨਵਾਬ ਬਣਨ ਲਈ ਹੱਥ ਪੈਰ ਮਾਰ ਰਿਹਾ ਹੈ, ਓਵੇਂ ਹੀ ਸ਼ਾਹ ਨਵਾਜ ਵੀ ਜਾਣਦਾ ਸੀ ਕਿ ਸਫਦਰ ਜੰਗ ਮੁਈਨੁਲ ਮੁਲਕ ਨੂੰ ਉਖਾੜਨ ਦੀ ਫਿਕਰ ਵਿਚ ਹੈ, ਪਰ ਭੋਲਾ ਬਣ ਕੇ ਬੋਲਿਆ, “ਮੇਰੇ ਜੋ ਇਰਾਦੇ ਸਨ, ਸਭ ਖਾਕ ਵਿਚ ਮਿਲ ਚੁੱਕੇ ਨੇ। ਹੁਣ ਮੈਂ ਆਪਣੀ ਹਾਰ ਦੀ ਆਵਾਜ਼ ਹਾਂ। ਹਸਰਤ ਭਰੀਆਂ ਨਜ਼ਰਾਂ ਨਾਲ ਆਸਮਾਨ ਵੱਲ ਵੇਖਦਾ ਹਾਂ, ਜਦ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਮੁੜ ਨਜ਼ਰਾਂ ਜ਼ਮੀਨ 'ਤੇ ਟਿਕਾਅ ਲੈਂਦਾ ਹਾਂ।”
“ਜਵਾਨੀ ਹਿੰਮਤ ਦਾ ਨਾਂ ਏਂ। ਖਾਕ ਵਿਚ ਮਿਲੇ ਇਰਾਦਿਆਂ ਨੂੰ ਜੇ ਹਿੰਮਤ ਦੇ ਪਾਣੀ ਨਾਲ ਸਿੰਜਿਆ ਜਾਵੇ ਤਾਂ ਉਹ ਫਲਦਾਰ ਰੁੱਖ ਬਣ ਸਕਦੇ ਨੇ।”
ਸਫਦਰ ਜੰਗ ਸ਼ਾਹ ਨਵਾਜ ਵੱਲ ਦੇਖ ਕੇ ਮੁਸਕਰਾਇਆ। ਇਸ ਮੁਸਕਰਾਹਟ ਨੇ ਉਹ ਸਭ ਕੁਝ ਕਹਿ ਦਿੱਤਾ ਜੋ ਉਹ ਕਹਿਣਾ ਚਾਹੁੰਦਾ ਸੀ ਤੇ ਸ਼ਾਹ ਨਵਾਜ ਸੁਣਨਾ ਚਾਹੁੰਦਾ ਸੀ।
“ਮੇਰੇ ਅਜੀਜ਼! ਆਪਣੀ ਗੱਲ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ।” ਸਫਦਰ ਜੰਗ ਨੇ ਅਰਥਪੂਰਨ ਢੰਗ ਨਾਲ ਸਿਰ ਹਿਲਾਇਆ ਤੇ ਕੁਝ ਪਲ ਰੁਕ ਕੇ ਅੱਗੇ ਕਿਹਾ, “ਮੈਂ ਤੈਨੂੰ ਲਾਹੌਰ ਦਾ ਨਵਾਬ ਬਣਾ ਸਕਦਾ ਹਾਂ, ਬਸ਼ਰਤ ਏ ਕਿ...”
“ਹਾਂ, ਹਾਂ ਫਰਮਾਓ ਸ਼ਰਤ ਕੀ ਏ?” ਸ਼ਾਹ ਨਵਾਜ ਨੇ ਉਤਸੁਕਤਾ ਨਾਲ ਪੁੱਛਿਆ।
“ਸ਼ਰਤ ਹੈ ਕਿ ਕੀ ਤੈਨੂੰ ਸ਼ੀਆ ਬਣਨਾ ਤੇ ਮੇਰੇ ਦਲ ਵਿਚ ਸ਼ਾਮਲ ਹੋਣਾ ਮੰਜ਼ੂਰ ਹੈ?”
ਸ਼ਾਹ ਨਵਾਜ ਦਾ ਬਾਪ ਸੂਨੀ ਸੀ। ਸ਼ੀਆ ਤੇ ਸੂਨੀ ਵਿਚ ਕੀ ਫਰਕ ਹੈ ਇਹ ਉਸਨੇ ਕਦੀ ਸੋਚਿਆ ਹੀ ਨਹੀਂ ਸੀ, ਤੇ ਨਾ ਹੀ ਸੋਚਣ ਦੀ ਲੋੜ ਮਹਿਸੂਸ ਕੀਤੀ ਸੀ। ਭਾਵੇਂ ਏਨਾ ਜ਼ਰੂਰ ਸਮਝ ਗਿਆ ਸੀ ਕਿ ਸ਼ੀਆ ਅਤੇ ਸੂਨੀ ਦੋ ਦਲ ਹਨ ਜਿਹੜੇ ਸੱਤਾ ਖਾਤਰ ਆਪੋ ਵਿਚ ਲੜਦੇ ਰਹਿੰਦੇ ਹਨ। ਜਿਸ ਦਲ ਦੇ ਹੱਥ ਵਿਚ ਸੱਤਾ ਆ ਜਾਏ ਉਹ ਵਿਰੋਧੀ ਦਲ ਨੂੰ ਨੀਵਾਂ ਦਿਖਾਉਣ ਤੇ ਆਪ ਸੱਤਾ ਵਿਚ ਰਹਿਣ ਲਈ ਕਿਸੇ ਵੀ ਹੱਥ ਕੰਡੇ ਤੋਂ ਕੰਮ ਲੈਣਾ ਜਾਇਜ਼ ਸਮਝਦਾ ਹੈ। ਸ਼ੀਆ ਮਿੱਥਿਆ ਹੈ, ਸੂਨੀ ਮਿੱਥਿਆ ਹੈ; ਸੱਤਾ ਹੀ ਸਭ ਕੁਝ ਹੈ।
“ਬੋਲ ਮੰਜ਼ੂਰ ਏ?” ਸ਼ਾਹ ਨਵਾਜ ਨੂੰ ਸੋਚਾਂ ਵਿਚ ਖੁੱਬਿਆਂ ਦੇਖ ਕੇ ਸਫਦਰ ਜੰਗ ਨੇ ਪੁੱਛਿਆ।
“ਮੰਜ਼ੂਰ ਏ।” ਸ਼ਾਹ ਨਵਾਜ ਨੇ ਉਤਰ ਦਿੱਤਾ। ਉਸੇ ਵੇਲੇ ਮਸਜਿਦ ਵਿਚੋਂ ਅਜਾਨ ਦੀ ਆਵਾਜ਼ ਆਈ। ਅਸ਼ਰ (ਆਥਣ) ਦੀ ਨਮਾਜ਼ ਦਾ ਵੇਲਾ ਹੋ ਗਿਆ ਸੀ।
“ਮੈਂ ਕੱਲ੍ਹ ਤੈਨੂੰ,” ਅਜਾਨ ਦੀ ਆਵਾਜ਼ ਆਉਣੀ ਬੰਦ ਹੋਈ ਤਾਂ ਸਫਦਰ ਜੰਗ ਨੇ ਆਪਣੀ ਸਕੀਮ ਸਮਝਾਉਣੀ ਸ਼ੁਰੂ ਕੀਤੀ, “ਮੁਲਤਾਨ ਦੀ ਸੂਬੇਦਾਰੀ ਦਾ ਸ਼ਾਹੀ ਫਰਮਾਨ ਦਿਆਂਗਾ, ਫੌਜ ਦਿਆਂਗਾ। ਮੁਲਤਾਨ ਉੱਤੇ ਕਬਜਾ ਕਰਨ ਪਿੱਛੋਂ ਲਾਹੌਰ ਪਹੁੰਚਣਾ ਤੇਰਾ ਕੰਮ ਏ।”
“ਤੁਹਾਡਾ ਇਹ ਅਜੀਜ਼ ਇਸ ਕੰਮ ਨੂੰ ਚੁੱਟਕੀ ਵਿਚ ਕਰ ਦਿਖਾਏਗਾ।”
ਸ਼ਾਹ ਨਵਾਜ ਦੀਆਂ ਬਰਾਛਾਂ ਖਿੜ ਗਈਆਂ। ਇਹ ਸੁਣ ਕੇ ਸਫਦਰ ਜੰਗ ਵੀ ਖਿੜ ਗਿਆ ਸੀ।
ਸ਼ਾਹ ਨਵਾਜ ਸ਼ਾਹੀ ਫਰਮਾਨ ਤੇ ਫੌਜ ਲੈ ਕੇ ਚੁੱਪਚਾਪ ਤੇ ਏਨੀ ਤੇਜ਼ੀ ਨਾਲ ਮੁਲਤਾਨ ਪਹੁੰਚਿਆ ਕਿ ਮੀਰ ਮੰਨੂੰ ਨੂੰ ਉਦੋਂ ਹੀ ਪਤਾ ਲੱਗਿਆ, ਜਦੋਂ ਉਸਦੇ ਆਦਮੀਆਂ ਨੂੰ ਕੁੱਟਮਾਰ ਕਰਕੇ ਉੱਥੋਂ ਭਜਾ ਦਿੱਤਾ ਗਿਆ ਤੇ ਸ਼ਾਹ ਨਵਾਜ ਉੱਥੋਂ ਦਾ ਹਾਕਮ ਬਣ ਬੈਠਾ।
ਇਸ ਸਮਾਚਾਰ ਦੇ ਨਾਲ ਹੀ ਦੂਜਾ ਸਮਾਚਾਰ ਇਹ ਮਿਲਿਆ ਕਿ ਆਪਣੀ ਹਾਰ ਦੀ ਨਮੋਸ਼ੀ ਮਿਟਾਉਣ ਖਾਤਰ ਅਹਿਮਦ ਸ਼ਾਹ ਅਬਦਾਲੀ ਫੇਰ ਆ ਰਿਹਾ ਹੈ।
ਮੀਰ ਮੰਨੂੰ ਮੁਸ਼ਕਲ ਵਿਚ ਫਸ ਗਿਆ। ਉਹ ਅੰਮ੍ਰਿਤਸਰ ਆਇਆ ਤੇ ਸਲਾਹ ਕਰਨ ਲਈ ਯੁੱਧ ਪਰਿਸ਼ਦ ਦੀ ਮੀਟਿੰਗ ਬੁਲਾਈ।
ਜੱਸਾ ਸਿੰਘ ਆਹਲੂਵਾਲੀਆ ਨੇ ਮੀਰ ਮੰਨੂੰ ਦੇ ਦੀਵਾਨ ਕੌੜਾ ਮੱਲ ਨੂੰ ਲਿਖਿਆ ਸੀ ਕਿ ਕਿਲੇ ਵਿਚ ਘੇਰੇ ਹੋਏ ਤਿੰਨ ਸੌ ਜਵਾਨਾ ਦੀ ਜਾਨ ਬਚਾਉਣ ਦਾ ਕੋਈ ਉਪਾਅ ਕਰੇ। ਉਪਾਅ ਹੁਣ ਖੁਦ-ਬ-ਖੁਦ ਸਾਹਮਣੇ ਆ ਗਿਆ।
“ਦੋ ਦੁਸ਼ਮਣ ਦਰਵਾਜ਼ੇ ਉੱਤੇ ਦਸਤਕ ਦੇ ਰਹੇ ਨੇ। ਇਸ ਹਾਲਤ ਵਿਚ ਬਿਹਤਰ ਹੈ ਕਿ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ।” ਦੀਵਾਨ ਕੌੜਾ ਮੱਲ ਨੇ ਮੀਰ ਮੰਨੂੰ ਨੂੰ ਸਲਾਹ ਦਿੱਤੀ।
“ਸਿੱਖਾਂ ਨਾਲ ਸੁਲਾਹ!” ਮੀਰ ਮੰਨੂੰ ਨੇ ਹੈਰਾਨੀ ਪ੍ਰਗਟ ਕੀਤੀ ਤੇ ਅੱਗੇ ਕਿਹਾ, “ਇਹ ਕਿਵੇਂ ਸੰਭਵ ਹੋ ਸਕਦਾ ਹੈ?”
“ਸਿੱਖ ਬਹਾਦਰ ਨੇ, ਸਮੇਂ 'ਤੇ ਕੰਮ ਆਉਣਗੇ।...ਤੇ ਕੌਣ ਨਹੀਂ ਜਾਣਦਾ ਕਿ ਸਮੇਂ ਦੀ ਲੋੜ ਹਰ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਏ। ਉਹਨਾਂ ਨੂੰ ਏਨੀ ਜ਼ਮੀਨ ਦੇ ਦਿਓ ਕਿ ਅਮਨ ਤੇ ਆਰਾਮ ਨਾਲ ਰਹਿ ਸਕਣ।”
“ਸਮੇਂ ਦੀ ਲੋੜ ਕੁਝ ਵੀ ਹੋਏ, ਮੈਂ ਸਿੱਖਾਂ ਨਾਲ ਸੁਲਾਹ ਦੇ ਖ਼ਿਲਾਫ਼ ਹਾਂ। ਅਜਮਾਏ ਨੂੰ ਮੁੜ ਅਜਮਾਉਣਾ ਬੇਵਕੂਫੀ ਏ। ਸਿੱਖ ਨਾ ਕਦੀ ਅਮਨ ਨਾਲ ਰਹਿ ਸਕਦੇ ਨੇ ਤੇ ਨਾ ਹੀ ਕਦੀ ਰਹੇ ਨੇ।” ਅਦੀਨਾ ਬੇਗ ਨੇ ਜ਼ੋਰਦਾਰ ਸ਼ਬਦਾਂ ਵਿਚ ਵਿਰੋਧ ਕੀਤਾ।
ਮੀਰ ਮੰਨੂੰ ਅਦੀਨਾ ਬੇਗ ਦੇ ਦੋਹਰੇ ਚਰਿੱਤਰ ਨੂੰ ਖ਼ੂਬ ਸਮਝਦਾ ਸੀ, ਉਹ ਜਾਣਦਾ ਸੀ ਕਿ ਚਾਹੇ ਲੱਖ ਉਪਰੋਂ ਉਸਦਾ ਬਣੇ ਅਸਲ ਵਿਚ ਸ਼ਾਹ ਨਵਾਜ ਨਾਲ ਅੰਦਰੇ-ਅੰਦਰ ਉਸਦਾ ਗੰਢਜੋੜ ਹੈ। ਉਹ ਸਾਨੂੰ ਇਸ ਲਈ ਸਿੱਖਾਂ ਨਾਲ ਉਲਝਾਈ ਰੱਖਣਾ ਚਾਹੁੰਦਾ ਹੈ ਕਿ ਸ਼ਾਹ ਨਵਾਜ ਨੂੰ ਮੁਲਤਾਨ ਵਿਚ ਆਪਣੀ ਸਥਿਤੀ ਮਜਬੂਤ ਕਰਨ ਦਾ ਮੌਕਾ ਮਿਲ ਜਾਏ। ਉਸਦੇ ਵਿਰੋਧ ਕਰਨ ਦਾ ਅਸਰ ਇਹ ਹੋਇਆ ਕਿ ਦੀਵਾਨ ਕੌੜਾ ਮੱਲ ਦੇ ਸੁਝਾਅ ਨੂੰ ਬਲ ਮਿਲਿਆ।
“ਸਾਨੂੰ ਦੀਵਾਨ ਕੌੜਾ ਮੱਲ ਉਪਰ ਪੂਰਾ ਭਰੋਸਾ ਏ। ਉਹ ਜੋ ਕੁਝ ਵੀ ਕਰਦੇ ਨੇ, ਸਰਕਾਰ ਦੇ ਹਿੱਤ ਲਈ ਹੀ ਕਰਦੇ ਨੇ।” ਮੀਰ ਮੰਨੂੰ ਨੇ ਦੀਵਾਨ ਕੌੜਾ ਮੱਲ ਦਾ ਸਮਰਥਨ ਕਰਦਿਆਂ ਹੋਇਆਂ ਅਦੀਨਾ ਬੇਗ ਵੱਲ ਮੁਸਕਰਾ ਕੇ ਦੇਖਿਆ।
“ਨਵਾਬ ਸਾਹਬ ਸੋਚ ਲਓ। ਬਦ ਦੇ ਨਾਲ ਭਲਾਈ ਨੇਕ ਬੰਦਿਆਂ ਨਾਲ ਬੁਰਾਈ ਹੁੰਦੀ ਹੈ।”
ਮੀਰ ਮੰਨੂੰ ਨੇ ਦੀਵਾਨ ਕੌੜਾ ਮੱਲ ਦਾ ਸੁਝਾਅ ਮੰਨ ਲਿਆ। ਸਿੱਖਾਂ ਨੂੰ ਪੱਟੀ ਪਰਗਨਾ ਦਾ ਚੌਥਾ ਹਿੱਸਾ ਲਗਾਨ ਦੇਣਾ ਮੰਜੂਰ ਕਰਕੇ ਉਹ ਲਾਹੌਰ ਪਰਤ ਆਇਆ।
ਰਾਮ ਰੌਣੀ ਦੀ ਘੇਰਾਬੰਦੀ ਹਟ ਜਾਣ ਨਾਲ ਸਿੱਖਾਂ ਨੂੰ ਰਾਹਤ ਮਿਲੀ। ਉਹਨਾਂ ਵਿਚੋਂ ਕੁਝ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਕੁਝ ਨੂੰ ਕੌੜਾ ਮੱਲ ਨੇ ਆਪਣੀ ਫੌਜ ਵਿਚ ਭਰਤੀ ਕਰ ਲਿਆ।
ਅਹਿਮਦ ਸ਼ਾਹ ਅਬਦਾਲੀ 1749 ਦੇ ਦਸੰਬਰ ਵਿਚ ਸਿੰਧ ਨਦੀ ਪਾਰ ਕਰਦੇ ਚਨਾਬ ਦੇ ਸੱਜੇ ਕਿਨਾਰੇ ਕੋਪਰਾ ਵਿਚ ਆ ਪਹੁੰਚਿਆ। ਮੀਰ ਮੰਨੂੰ ਵੀ ਤੁਰੰਤ ਲਾਹੌਰ ਤੋਂ ਚੱਲਿਆ ਤੇ ਚਨਾਬ ਦੇ ਖੱਬੇ ਕਿਨਾਰੇ ਸੋਧਰਾ ਵਿਚ ਜਾ ਕੇ ਰੁਕਿਆ। ਅਬਦਾਲੀ ਨੇ ਮੀਰ ਮੰਨੂੰ ਨੂੰ ਖਤ ਲਿਖ ਕੇ ਚਾਹਾਰ ਮੱਹਲ ਦੇ ਬਕਾਇਆ ਲਗਾਨ ਦੀ ਤੇ ਅੱਗੇ ਤੋਂ ਬਾਕਾਇਦਾ ਲਗਾਨ ਦਿੰਦੇ ਰਹਿਣ ਦੀ ਮੰਗ ਕੀਤੀ। ਚਾਹਾਰ ਮੱਹਲ ਨੂੰ ਨਾਦਰ ਸ਼ਾਹ ਨੇ ਆਪਣੇ ਰਾਜ ਵਿਚ ਮਿਲਾ ਲਿਆ ਸੀ।
ਮੀਰ ਮੰਨੂੰ ਨੂੰ ਆਪਣੀ ਫੌਜੀ ਤਾਕਤ ਦਾ ਪਤਾ ਸੀ। ਉਸਨੇ ਅਬਦਾਲੀ ਦੀ ਮੰਗ ਪੂਰੀ ਕਰ ਦਿੱਤੀ। ਅਬਦਾਲੀ ਵੀ ਆਪਣੇ ਮਾਣੂਪੁਰ ਦੇ ਜੇਤੂ ਦੀ ਸ਼ਕਤੀ ਦਾ ਅੰਦਾਜਾ ਲਾਉਣ ਆਇਆ ਸੀ¸ ਅੱਗੇ ਵਧਨ ਦਾ ਕੋਈ ਇਰਾਦਾ ਨਹੀਂ ਸੀ ਉਸਦਾ। ਉਹ ਔਰੰਗਾਬਾਦ, ਗੁਜਰਾਤ, ਸਿਆਕੋਟ ਤੇ ਪਸਰੂਰ ਦਾ ਬਕਾਇਆ 14 ਲੱਖ ਰੁਪਈਆ ਲੈ ਕੇ ਕੰਧਾਰ ਪਰਤ ਗਿਆ।
ਇਸ ਦੌਰਾਨ ਸ਼ਾਹ ਨਵਾਜ ਨੇ ਮੁਲਤਾਨ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ। ਉਸਨੇ ਆਪਣੀ ਸੈਨਾ ਵਧਾ ਕੇ 15 ਹਜ਼ਾਰ ਕਰ ਲਈ ਤੇ ਮੰਨੂੰ ਨੂੰ ਖਤ ਲਿਖ ਕੇ ਆਪਣੇ ਪਿਤਾ ਦੇ ਮਕਬਰੇ ਦੀ ਜ਼ਿਆਰਤ ਲਈ ਲਾਹੌਰ ਆਉਣ ਦੀ ਇਜਾਜ਼ਤ ਮੰਗੀ। ਮੰਨੂੰ ਨੇ ਸ਼ਾਹ ਨਵਾਜ ਦੇ ਇਰਾਦਿਆਂ ਨੂੰ ਪਹਿਲਾਂ ਹੀ ਤਾੜ ਲਿਆ ਸੀ। ਉਸਨੇ ਉਤਰ ਵਿਚ ਲਿਖ ਭੇਜਿਆ ਕਿ ਤੂੰ ਲਾਹੌਰ ਆ ਸਕਦਾ ਏਂ, ਸ਼ਰਤ ਇਹ ਕਿ ਆਪਣੀ ਫੌਜ ਨਾਲ ਨਾ ਲਿਆਵੇਂ। ਸ਼ਾਹ ਨਵਾਜ ਨੇ ਅਖੱੜਪਨ ਨਾਲ ਕਹਿ ਭੇਜਿਆ, “ਮੈਂ ਵੀ ਆਵਾਂਗਾ ਤੇ ਮੇਰੀ ਫੌਜ ਵੀ ਆਵੇਗੀ। ਦੇਖਾਂਗਾ, ਤੂੰ ਕਿੰਜ ਰੋਕਦਾ ਹੈਂ।”
ਮੀਰ ਮੰਨੂੰ ਨੇ ਲੜਾਈ ਦੀ ਤਿਆਰੀ ਕੀਤੀ ਤੇ ਉਸਦੀ ਸੈਨਾ ਨੇ ਦੀਵਾਨ ਕੌੜਾ ਮੱਲ ਦੀ ਕਮਾਨ ਹੇਠ ਮੁਲਤਾਨ ਉਪਰ ਚੜ੍ਹਾਈ ਕਰ ਦਿੱਤੀ। ਦੂਜੇ ਪਾਸੇ ਦੱਖਣ ਪੱਛਮ ਦੇ ਬਲੋਚ, ਭਾਵਲਪੁਰੀਏ, ਮਨਕੋਰੀਏ ਤੇ ਸਿਆਲਾਂ ਵੀ ਆਪਣੀ ਆਪਣੀ ਸੈਨਾ ਲੈ ਕੇ ਸ਼ਾਹ ਨਵਾਜ ਦੀ ਮਦਦ ਲਈ ਆ ਪਹੁੰਚੇ। ਉਹਨਾਂ ਸਾਰਿਆਂ ਦੀ ਮਿਲੀ ਜੁਲੀ ਫੌਜ ਨੇ ਕੌੜਾ ਮੱਲ ਨੂੰ ਆ ਰੋਕਿਆ। ਛੋਟੀਆਂ ਛੋਟੀਆਂ ਝੜਪਾਂ ਹੋਈਆਂ। ਵੱਡੀ ਲੜਾਈ ਨਾ ਹੋ ਸਕਣ ਕਾਰਨ ਕੋਈ ਫੈਸਲਾ ਨਾ ਹੋ ਸਕਿਆ। ਮੀਰ ਮੰਨੂੰ ਚਾਹੁੰਦਾ ਸੀ ਕਿ ਉਸਦੀ ਫੌਜ ਅੱਗੇ ਵਧੇ ਤੇ ਮੁਲਤਾਨ ਉਪਰ ਛੇਤੀ ਤੋਂ ਛੇਤੀ ਕਬਜਾ ਕਰ ਲਏ ਪਰ ਸ਼ਕਤੀ ਘੱਟ ਹੋਣ ਕਾਰਨ ਕੌੜਾ ਮੱਲ ਮਜ਼ਬੂਰ ਸੀ।
ਕੌੜਾ ਮੱਲ ਨੇ ਆਪਣਾ ਇਕ ਵਿਸ਼ਵਾਸ ਪਾਤਰ ਜਾਸੂਸ ਤੁਰੰਤ ਅੰਮ੍ਰਿਤਸਰ ਭੇਜਿਆ। ਸਿੱਖਾਂ ਨੇ ਉਸਦਾ ਸਵਾਗਤ ਕੀਤਾ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਜੱਥੇਦਾਰੀ ਵਿਚ ਦਸ ਹਜ਼ਾਰ ਸਿੱਖ ਕੌੜਾ ਮੱਲ ਦੀ ਸਹਾਇਤਾ ਲਈ ਚੱਲ ਪਏ। ਅੱਠ ਆਨੇ ਰੋਜ਼ ਪਿਆਦਾ, ਇਕ ਰੁਪਈਆ ਘੋੜਸਵਾਰ ਤੇ ਪੰਜ ਰੁਪਏ ਰੋਜ਼ ਫੀ ਸਰਦਾਰ ਦੇਣਾ ਤੈਅ ਹੋਇਆ ਤੇ ਦੋ ਮਹੀਨਿਆਂ ਦਾ ਖਰਚ ਯਕਲਖਤ ਪੇਸ਼ਗੀ ਦੇ ਦਿੱਤਾ ਗਿਆ। ਸਮੇਂ ਦੇ ਰਿਵਾਜ ਅਨੁਸਾਰ ਇਹ ਵੀ ਤੈਅ ਹੋਇਆ ਕਿ ਮੁਹਿੰਮ ਦੌਰਾਨ ਲੁੱਟ ਦਾ ਜਿੰਨਾਂ ਮਾਲ ਸਿੱਖਾਂ ਦੇ ਹੱਥ ਆਏਗਾ, ਉਹਨਾਂ ਦਾ ਹੋਏਗਾ।
ਮੁਲਤਾਨ ਦੇ ਇਧਰ, ਦੋਰਾਣ ਲੰਗਾਣ ਪਿੰਡ ਦੇ ਨੇੜੇ ਲੜਾਈ ਹੋਈ। ਜਾਹਦ ਖਾਂ ਤੇ ਉਸਦੇ ਪੁੱਤਰ ਸੁਜਾ ਖਾਂ ਨੇ ਜ਼ੋਰਦਾਰ ਧਾਵਾ ਬੋਲ ਕੇ ਕੌੜਾ ਮੱਲ ਦੀ ਖਾਸ ਫੌਜ ਨੂੰ ਪਿੱਛੇ ਧਰੀਕ ਦਿੱਤਾ। ਜਦੋਂ ਘਮਸਾਨ ਦਾ ਯੁੱਧ ਹੋ ਰਿਹਾ ਸੀ, ਅਦੀਨਾ ਬੇਗ ਦੇ ਆਦਮੀ ਆਪਣੇ ਦੁਸ਼ਮਣ ਉੱਤੇ ਹਾਵੀ ਹੋ ਰਹੇ ਦਿਖਾਈ ਦਿੱਤੇ। ਸ਼ਾਹ ਨਵਾਜ ਬੜੀ ਬਹਾਦਰੀ ਨਾਲ ਲੜਦਾ ਹੋਇਆ ਕੌੜਾ ਮੱਲ ਵੱਲ ਵਧ ਰਿਹਾ ਸੀ। ਉਸਦੇ ਇਕ ਸੈਨਾਪਤੀ ਖਵਾਜਾ ਸ਼ਾਹ ਦੀ ਫੌਜ ਕੌੜਾ ਮੱਲ ਦੀ ਫੌਜ ਉਪਰ ਭਾਰੀ ਹੁੰਦੀ ਜਾ ਰਹੀ ਸੀ। ਖਵਾਜਾ ਸ਼ਾਹ ਨੇ ਸ਼ਾਹ ਨਵਾਜ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ, “ਮੈਂ ਇਸ ਕਾਫਰ ਨੂੰ ਫੜ੍ਹ ਕੇ ਹੁਣੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ।” ਪਰ ਜਦੋਂ ਖਵਾਜਾ ਸ਼ਾਹ ਨੇ ਕੌੜਾ ਮੱਲ ਨੂੰ ਲਲਕਾਰਿਆ, ਖਾਲਸੇ ਨੇ ਉਦੋਂ ਹੀ ਆਪਣੀਆਂ ਬੰਦੂਕਾਂ ਸ਼ਾਹ ਨਵਾਜ ਉਪਰ ਦਾਗ ਦਿੱਤੀਆਂ। ਉਹ ਬਚਾਅ ਲਈ ਮੁੜਨਾ ਹੀ ਚਾਹੁੰਦਾ ਸੀ ਕਿ ਇਕ ਗੋਲੀ ਨੇ ਉਸਦਾ ਕੰਮ ਤਮਾਮ ਕਰ ਦਿੱਤਾ। ਭੀਮ ਸਿੰਘ ਨਾਂ ਦੇ ਸਿੱਖ ਸਵਾਰ ਨੇ ਸ਼ਾਹ ਨਵਾਜ ਦੇ ਡਿੱਗਦਿਆਂ ਹੀ ਉਸਦਾ ਸਿਰ ਆਪਣੀ ਤਲਵਾਰ ਨਾਲ ਕੱਟ ਸੁੱਟਿਆ। ਇਸ ਬਹਾਦਰੀ ਲਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ, ਸ਼ਸਤਰ-ਬਸਤਰ ਤੇ ਇਕ ਵਧੀਆ ਘੋੜਾ ਇਨਾਮ ਵਜੋਂ ਮਿਲਿਆ।
ਸ਼ਾਹ ਨਵਾਜ ਦੇ ਮਰਦਿਆਂ ਹੀ ਉਸਦੇ ਹਮਾਇਤੀ ਭੱਜ ਖੜ੍ਹੇ ਹੋਏ। ਸਿੱਖਾਂ ਨੇ ਉਹਨਾਂ ਦਾ ਪਿੱਛਾ ਕਰਕੇ ਰੇੜ੍ਹੇ, ਸਾਮਾਨ ਤੇ ਘੋੜੇ ਆਦਿ ਕਬਜੇ ਵਿਚ ਕਰ ਲਏ। ਕੌੜਾ ਮੱਲ ਦੇ ਸਾਥੀ ਸਰਦਾਰਾਂ ਵਿਚੋਂ ਅਬਦੁੱਲ ਅਜੀਜ਼ ਤੇ ਮਿਰਜ਼ਾ ਇਸਮਤ ਬੇਗ ਮਾਰੇ ਗਏ।
ਲੜਾਈ ਬੰਦ ਹੋਣ ਪਿੱਛੋਂ ਕੌੜਾ ਮੱਲ ਨੇ ਸ਼ਾਹ ਨਵਾਜ ਦੀ ਲਾਸ਼ ਤਲਾਸ਼ ਕਰਵਾਈ ਤੇ ਰਾਜਸੀ ਸਨਮਾਨ ਦੇ ਨਾਲ ਸ਼ਮਸ ਤਬਰੇਜ ਦੇ ਮਕਬਰੇ ਕੋਲ ਉਸਨੂੰ ਦਫਨ ਕਰ ਦਿੱਤਾ।
ਇਸ ਪਿੱਛੋਂ ਦੀਵਾਨ ਕੌੜਾ ਮੱਲ ਸ਼ਹਿਰ ਮੁਲਤਾਨ ਵਿਚ ਦਾਖਲ ਹੋਇਆ ਤੇ ਸੂਬੇ ਉਪਰ ਕਬਜਾ ਕਰ ਲਿਆ।
ਇਸ ਜਿੱਤ ਦੀ ਖੁਸ਼ੀ ਵਿਚ ਮੀਰ ਮੰਨੂੰ ਨੇ ਕੌੜਾ ਮੱਲ ਨੂੰ 'ਮਹਾਰਾਜ' ਦਾ ਖਿਤਾਬ ਦਿੱਤਾ ਤੇ ਮੁਲਤਾਨ ਦਾ ਹਾਕਮ ਥਾਪ ਦਿੱਤਾ।
ਇਸ ਲੜਾਈ ਵਿਚ ਸਿੱਖਾਂ ਵੱਲੋਂ ਜੋ ਸਹਾਇਤਾ ਮਿਲੀ, ਉਸਦਾ ਧੰਨਵਾਦ ਕਰਦਿਆਂ ਹੋਇਆਂ ਦੀਵਾਨ ਕੌੜਾ ਮੱਲ ਨੇ ਤਿੰਨ ਲੱਖ ਰੁਪਏ ਖਰਚ ਕਰਕੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲ੍ਹਾ ਨਾਮਕ ਗੁਰਦੁਆਰਾ ਬਣਵਾਇਆ ਤੇ ਉਸਦੇ ਨਾਲ ਇਕ ਵੱਡਾ ਸਰੋਵਰ ਵੀ। ਇਸ ਸੇਵਾ ਦੀ ਯਾਦਗਾਰ ਦੇ ਤੌਰ 'ਤੇ ਗੁਰਦੁਆਰੇ ਦੀ ਅੰਦਰਲੀ ਕੰਧ ਉਪਰ ਇਕ ਚਿੱਤਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਮਹਾਰਾਜ ਕੌੜਾ ਮੱਲ ਹਾਥੀ ਉਪਰ ਸਵਾਰ ਹਨ ਤੇ ਫੌਜ ਤੇ ਘੋੜਿਆਂ ਨਾਲ ਮੁਹਿੰਮ ਉਪਰ ਜਾ ਰਹੇ ਹਨ।
ਹੁਣ ਸਿੱਖਾਂ ਨੇ 'ਕੌੜਾ ਮੱਲ' ਦੇ ਬਜਾਏ ਉਹਨਾਂ ਨੂੰ 'ਮਿੱਠਾ ਮੱਲ' ਕਹਿਣਾ ਸ਼ੁਰੂ ਕਰ ਦਿੱਤਾ ਸੀ।
ਇਹਨਾਂ ਉਥਲ-ਪੁਥਲ ਦੇ ਪਕੜ-ਪਛਾੜ ਭਰੀਆਂ ਸਥਿਤੀਆਂ ਵਿਚ ਜਿਸ ਮਹਾਂ ਪੰਕਾਰ, ਮੱਕਾਰ ਤੇ ਚਾਲਬਾਜ ਵਿਅਕਤੀ ਦਾ ਵਿਅਕਤੀਤੱਵ ਨਿੱਖੜ ਕੇ ਸਾਹਮਣੇ ਆਇਆ, ਉਹ ਜਲੰਧਰ ਦਾ ਹਾਕਮ ਅਦੀਨਾ ਬੇਗ ਸੀ। ਜਬਾਨ ਦਾ ਮਿੱਠਾ, ਸਰੀਰਕ ਪੱਖੋਂ ਚੁਸਤ-ਦਰੁਸਤ ਅਤੇ ਹਥੇਲੀ ਉੱਤੇ ਸਰੋਂ ਜਮਾਅ ਕੇ ਦਿਖਾਅ ਦੇਣ ਵਾਲਾ ਆਦਮੀ ਸੀ ਉਹ। ਨਾ ਉਹ ਈਰਾਨੀ ਸੀ, ਨਾ ਤੁਰਾਨੀ; ਨਾ ਸ਼ੀਆ ਸੀ, ਨਾ ਸੂਨੀ। ਆਪਣੇ ਤੋਂ ਉਤਲੇ ਨੂੰ ਹੇਠਾਂ ਡੇਗਨ ਦੇ ਆਪ ਉਚਾ ਉਠਣ ਲਈ ਚਾਪਲੂਸੀ, ਛਲ-ਕਪਟ ਤੇ ਧੋਖਾਧੜੀ ਹੀ ਉਸਦਾ ਈਮਾਨ ਸੀ। ਉਸਦੀ ਨਜ਼ਰ ਹਮੇਸ਼ਾ ਉਪਰ ਵੱਲ ਰਹਿੰਦੀ ਸੀ ਤੇ ਉਹ ਹਰ ਵੇਲੇ ਅਸਾਮਾਨ ਨੂੰ ਟਾਕੀ ਲਾਉਣ ਦੀਆਂ ਵਿਉਂਤਾਂ ਘੜਦਾ ਰਹਿੰਦਾ ਸੀ।
ਉਸਦਾ ਜਨਮ ਸ਼ਕਰਪੁਰ ਨਾਂ ਦੇ ਇਕ ਪਿੰਡ ਵਿਚ ਹੋਇਆ ਸੀ। ਜੋ ਲਾਹੌਰ ਤੋਂ ਅੱਠ ਕੁ ਮੀਲ ਦੇ ਫਾਸਲੇ ਉਪਰ, ਰਾਵੀ ਦੇ ਕੰਢੇ ਸੀ। ਉਹ ਜਾਤ ਦਾ ਅਰਾਈ ਸੀ ਤੇ ਉਸਦਾ ਬਚਪਨ ਦਾ ਨਾ ਚੁੰਨੂੰ ਸੀ। ਘਰੇ ਅੰਤਾਂ ਦੀ ਗਰੀਬੀ ਸੀ, ਚੂਹੇ ਖੜਮਸਤੀਆਂ ਕਰਨ ਆ ਜਾਂਦੇ ਸਨ। ਜਦੋਂ ਉਹ ਬਚਪਨ ਲੰਘ ਕੇ ਛੋਹਰ ਅਵਸਥਾ ਵਿਚ ਪਹੁੰਚਿਆ ਤਾਂ ਘਰੋਂ ਨੱਠ ਕੇ ਸ਼ਹਿਰ ਆ ਗਿਆ ਤੇ ਜੀਆ ਬੇਗ ਨਾਂ ਦੇ ਇਕ ਮੁਸਲਮਾਨ ਅਫਸਰ ਦਾ ਘਰੇਲੂ ਨੌਕਰ ਬਣ ਗਿਆ। ਮਿੱਠੀ ਬੋਲੀ ਤੇ ਚਾਪਲੂਸੀ ਨਾਲ ਉਸਨੇ ਅਫਸਰ ਦਾ ਮਨ ਮੋਹ ਲਿਆ। ਵੈਸੇ ਵੀ ਉਹ ਖਾਸਾ ਹੁਸ਼ਿਆਰ ਤੇ ਸਮਝਦਾਰ ਸੀ ਤੇ ਜੀਆ ਬੇਗ ਉਸਦੇ ਕੰਮ ਉੱਤੇ ਖੁਸ਼ ਸੀ। ਪਰ ਚੁੰਨੂੰ ਖੁਸ਼ ਨਹੀਂ ਸੀ, ਉਹ ਘਰੇਲੂ ਨੌਕਰ ਦੇ ਬਜਾਏ ਕੁਝ ਹੋਰ ਬਣਨਾ ਚਾਹੁੰਦਾ ਸੀ। ਜਦੋਂ ਉਹ ਸਤਾਰਾਂ ਅਠਾਰਾਂ ਸਾਲ ਦਾ ਹੋਇਆ ਤਾਂ ਇਸ ਬੰਧੁਆ ਜੀਵਨ ਤੋਂ ਮੁੱਕਤ ਹੋਣ ਦੀ ਇੱਛਾ ਪਰਬਲ ਹੋ ਉਠੀ। ਇਕ ਦਿਨ ਉਹ ਪੱਕਾ ਇਰਾਦਾ ਕਰਕੇ ਜੀਆ ਬੇਗ ਦੇ ਸਾਹਮਣੇ ਜਾ ਖੜ੍ਹਾ ਹੋਇਆ ਤੇ ਹੱਥ ਜੋੜ ਕੇ ਬੋਲਿਆ, “ਹਜ਼ੂਰ ਮੈਂ ਏਨੇ ਦਿਨ ਮਾ-ਬਦੌਲਤ ਦੀ ਸੇਵਾ ਕੀਤੀ ਏ। ਜੇ ਤੁਹਾਡੀ ਨਜ਼ਰ ਸਵੱਲੀ ਹੋ ਜਾਏ ਤਾਂ ਬੰਦਾ ਕੋਈ ਹੋਰ ਕੰਮ ਕਰਨ ਦੀ ਇੱਛਾ ਜਾਹਰ ਕਰੇ।”
ਜੀਆ ਬੇਗ ਨੇ ਉਸਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ। ਅਦੀਨਾ ਬੇਗ ਨੇ ਜੀਵਨ ਫੌਜੀ ਅਫਸਰਾਂ ਵਿਚਕਾਰ ਬਿਤਾਇਆ ਸੀ। ਉਹਨਾਂ ਦੇ ਰੰਗ-ਢੰਗ ਦੇਖੇ ਸਨ। ਉਸਦੀ ਇੱਛਾ ਫੌਜੀ ਅਫਸਰ ਬਣਨ ਦੀ ਸੀ। ਪਰ ਕੁਝ ਦਿਨਾਂ ਵਿਚ ਹੀ ਪਤਾ ਲੱਗ ਗਿਆ ਕਿ ਇਕ ਸਾਧਾਰਨ ਸੈਨਕ ਦੇ ਪਦ ਤੋਂ ਅਫਸਰ ਦੇ ਪਦ ਤਕ ਪਹੁੰਚਣਾ ਮੁਸ਼ਕਲ ਹੀ ਨਹੀਂ, ਅਸੰਭਵ ਹੈ। ਇਕ ਸੈਨਕ ਦਾ ਜੀਵਨ, ਘਰੇਲੂ ਨੌਕਰ ਦੇ ਜੀਵਨ ਨਾਲੋਂ ਕਿਸੇ ਵੀ ਪੱਖ ਤੋਂ ਬਿਹਤਰ ਨਹੀਂ। ਉਸਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਸੁਲਤਾਨ ਜ਼ਿਲੇ ਦੇ ਕਾਂਗ ਵਿਚ ਮਾਲੀਆ ਉਗਰਾਉਣ ਵਾਲੇ ਦਫ਼ਤਰ ਵਿਚ ਮੁਲਾਜਮ ਭਰਤੀ ਹੋ ਗਿਆ। ਮਿੱਠੀ ਜ਼ਬਾਨ, ਚੰਗੀ ਕਾਰਗੁਜਾਰੀ ਤੇ ਪੱਕੇ ਇਰਾਦੇ ਸਦਕਾ ਉਸਨੇ ਛੇਤੀ ਹੀ ਕਈ ਦੋਸਤ ਬਣਾ ਲਏ। ਉਹਨਾਂ ਵਿਚ ਸੁਲਤਾਨ ਪੁਰ ਦਾ ਇਕ ਧਨੱਡ ਸੇਠ ਸ਼੍ਰੀ ਨਿਵਾਸ ਵੀ ਸੀ, ਜਿਸਦਾ ਇਲਾਕੇ ਵਿਚ ਕਾਫੀ ਰਸੂਖ ਸੀ। ਲਾਲਾ ਸ਼੍ਰੀ ਨਿਵਾਸ ਨੇ ਕੁਝ ਸਾਲਾਂ ਵਿਚ ਹੀ ਉਸਨੂੰ ਹਲਕੇ ਦੇ ਪੰਜ ਛੇ ਪਿੰਡਾਂ ਦਾ ਮਾਲੀਆ ਉਗਰਾਉਣ ਦਾ ਠੇਕਾ ਦਿਵਾਅ ਦਿੱਤਾ। ਅਦੀਨਾ ਬੇਗ ਨੇ ਆਪਣੀ ਯੋਗਤਾ ਦਿਖਾਈ ਤੇ ਇਕ ਸਾਲ ਵਿਚ ਹੀ ਇਸ ਇਲਾਕੇ ਦੇ ਸਾਰੇ ਪਿੰਡਾਂ ਦਾ ਮਾਲੀਆ ਉਗਰਾਉਣ ਦਾ ਅਧਿਕਾਰ ਉਸਨੂੰ ਮਿਲ ਗਿਆ।
ਅਦੀਨਾ ਬੇਗ ਹੁਣ ਮਾਮੂਲੀ ਕਰਮਚਾਰੀ ਨਹੀਂ, ਇਕ ਯੋਗ ਅਫਸਰ ਸੀ। ਉਸਦਾ ਪੈਰ ਤਰੱਕੀ ਦੀ ਪੌੜੀ ਉੱਤੇ ਟਿੱਕ ਚੁੱਕਿਆ ਸੀ। ਇਸ ਪਦ ਉੱਤੇ ਪਹੁੰਚ ਕੇ ਉਸਦਾ ਕੰਮ ਕਰਨ ਦਾ ਉਤਸਾਹ ਹੋਰ ਵਧ ਗਿਆ ਤੇ ਉਚਾ ਉਠਣ ਦੀ ਲਾਲਸਾ ਵੀ ਤੀਬਰ ਹੋ ਗਈ। ਕਾਂਗ ਹਲਕਾ ਸੁਲਤਾਨ ਪੁਰ ਜ਼ਿਲੇ ਦੀ ਇਕ ਇਕਾਈ ਸੀ। ਅਦੀਨਾ ਬੇਗ ਆਪਣਾ ਮਾਲੀਆ ਸੁਲਤਾਨ ਪੁਰ ਲੋਧੀ ਦੇ ਖਜਾਨੇ ਵਿਚ ਜਮ੍ਹਾਂ ਕਰਵਾਉਂਦਾ ਹੁੰਦਾ ਸੀ। ਜ਼ਿਲਾ ਅਫਸਰ ਉਸਦੀ ਇਮਾਨਦਾਰੀ, ਕੰਮ ਕਰਨ ਦੀ ਲਗਨ ਤੇ ਯੋਗਤਾ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸਨੇ ਉਸਨੂੰ ਸਾਰੇ ਜ਼ਿਲੇ ਦਾ ਲਗਾਨ ਲਾਹੌਰ ਖਜਾਨੇ ਵਿਚ ਜਮ੍ਹਾਂ ਕਰਵਾਉਣ ਲਈ ਭੇਜਣਾ ਸ਼ੁਰੂ ਕਰ ਦਿੱਤਾ। ਅਦੀਨਾ ਬੇਗ ਵਰਗੇ ਜ਼ਬਾਨ ਦੇ ਮਿੱਠੇ ਤੇ ਧੁਨ ਦੇ ਪੱਕੇ ਆਦਮੀ ਲਈ ਲਾਹੌਰ ਦਰਬਾਰ ਵਿਚ ਅਸਰ-ਰਸੂਖ਼ ਪੈਦਾ ਕਰਨ ਦਾ ਇਹ ਸੁਨਹਿਰੀ ਮੌਕਾ ਸੀ।
ਸਬੱਬ ਨਾਲ ਜ਼ਿਲਾ ਅਫਸਰ ਦੀ ਮੌਤ ਹੋ ਗਈ। ਅਦੀਨਾ ਬੇਗ ਝੱਟ ਲਾਹੌਰ ਜਾ ਪਹੁੰਚਿਆ ਤੇ ਲਾਹੌਰ ਦੇ ਖਜਾਨਾ ਅਫਸਰ ਰਾਹੀਂ ਨਵਾਬ ਖਾਨ ਬਹਾਦਰ ਜ਼ਕਰੀਆ ਖਾਂ ਨਾਲ ਜਾ ਮੁਲਾਕਾਤ ਕੀਤੀ। ਜ਼ਕਰੀਆ ਖਾਂ ਉਸਦੀ ਗੱਲਬਾਤ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸਨੂੰ ਜ਼ਿਲਾ ਅਫਸਰ ਬਨਾਉਣ ਲਈ ਤਿਆਰ ਹੋ ਗਿਆ, ਪਰ ਸ਼ਰਤ ਇਹ ਰੱਖੀ ਕਿ ਕੋਈ ਉਸਦੀ ਜਮਾਨਤ ਦੇ ਦਏ। ਜਮਾਨਤ ਲਾਲਾ ਸ਼੍ਰੀ ਨਿਵਾਸ ਨੇ ਫੌਰਨ ਦੇ ਦਿੱਤੀ। ਅਦੀਨਾ ਬੇਗ ਨੇ ਵੀ ਲਾਲਾ ਸ਼੍ਰੀ ਨਿਵਾਸ ਲਈ ਖੁੱਲ੍ਹਦਿਲੀ ਦਿਖਾਈ¸ ਜ਼ਿਲਾ ਅਫਸਰ ਬਣਦਿਆਂ ਹੀ ਉਸਨੂੰ ਆਪਣਾ ਨਾਇਬ ਤੇ ਉਸਦੇ ਵੱਡੇ ਭਰਾ ਭਵਾਨੀ ਦਾਸ ਨੂੰ, ਜਿਹੜਾ ਫਾਰਸੀ ਜਾਣਦਾ ਸੀ, ਦਫਤਰ ਵਿਚ ਸੁਪਰਡੈਂਟ ਲਾ ਦਿੱਤਾ। ਉਹ ਆਪ ਅਣਪੜ੍ਹ ਸੀ।
ਅਦੀਨਾ ਬੇਗ ਦੇ ਜ਼ਿਲਾ ਅਫਸਰ ਬਣਨ ਤੋਂ ਕੁਝ ਦਿਨਾਂ ਪਿੱਛੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ ਤੇ ਈਰਾਨੀ ਫੌਜਾਂ ਲਾਹੌਰ ਤੋਂ ਦਿੱਲੀ ਜਾਂਦੀਆਂ ਹੋਈਆਂ ਸੁਲਤਾਨ ਪੁਰ ਵਿਚੋਂ ਲੰਘੀਆਂ। ਜਿਸ ਨਾਲ ਭਗਦੜ ਮੱਚ ਗਈ। ਅਮਨ ਤੇ ਰਾਜ ਪ੍ਰਬੰਧ ਦੀਆਂ ਚੂਲਾਂ ਹਿੱਲ ਗਈਆਂ। ਖਾਸੀ ਲੁੱਟਮਾਰ ਹੋਈ। ਜਦੋਂ ਨਾਦਰ ਸ਼ਾਹ ਵਾਪਸ ਈਰਾਨ ਪਰਤ ਗਿਆ ਤਾਂ ਅਦੀਨਾ ਬੇਗ ਨੇ ਆਪਣੇ ਜ਼ਿਲੇ ਵਿਚ ਅਮਨ ਬਹਾਲ ਕਰਨ ਦਾ ਕੰਮ ਏਨੀ ਲਗਨ ਤੇ ਮੁਸ਼ਤੈਦੀ ਨਾਲ ਕੀਤਾ ਕਿ ਕੁਝ ਦਿਨਾਂ ਵਿਚ ਹੀ ਜਨ ਜੀਵਨ ਆਮ ਵਾਂਗ ਹੋ ਗਿਆ। ਖੇਤੀਬਾੜੀ, ਵਪਾਰ ਤੇ ਰੋਜਗਾਰ ਦੇ ਹੋਰ ਧੰਦੇ ਸ਼ਾਂਤਮਈ ਢੰਗ ਨਾਲ ਮੁੜ ਚੱਲਣ ਲੱਗ ਪਏ। ਇਹ ਇਕ ਚਮਤਕਾਰ ਹੀ ਸੀ, ਜਿਸ ਕਰਕੇ ਅਦੀਨਾ ਬੇਗ ਖਾਨ ਬਹਾਦਰ ਜ਼ਕਰੀਆ ਖਾਂ ਦੀ ਨਜ਼ਰ ਵਿਚ ਉਚਾ ਚੜ੍ਹ ਗਿਆ।
ਦੁਆਬਾ ਜਲੰਧਰ ਦੀ ਵਧੇਰੇ ਆਬਾਦੀ ਜੱਟਾਂ ਦੀ ਸੀ ਤੇ ਉਹਨਾਂ ਦੀ ਹਮਦਰਦੀ ਸਿੱਖਾਂ ਨਾਲ ਸੀ। ਜਦੋਂ ਨਾਦਰ ਸ਼ਾਹ ਦੇ ਹਮਲੇ ਨਾਲ ਹਫੜਾ-ਦਫੜੀ ਮੱਚੀ ਤਾਂ ਸਿੱਖਾਂ ਨੇ ਉਸਦਾ ਪੂਰਾ ਲਾਭ ਉਠਇਆ। ਉਹਨਾਂ ਕੋਲ ਨਵਾਬ ਕਪੂਰ ਸਿੰਘ, ਬਾਘ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਸੁਯੋਗ ਨੇਤਾ ਸਨ। ਉਹ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਪੂਰੇ ਦੁਆਬਾ ਜਲੰਧਰ ਵਿਚ ਫੈਲ ਗਏ। ਹੁਣ ਸਵਾਲ ਇਹ ਸੀ ਸਿੱਖਾਂ ਨਾਲ ਕਿੰਜ ਨਿਬੜਿਆ ਜਾਏ। ਜ਼ਕਰੀਆ ਖਾਂ ਨੂੰ ਲੱਗਿਆ ਕਿ ਅਦੀਨਾ ਬੇਗ ਹੀ ਇਕ ਅਜਿਹਾ ਆਦਮੀ ਹੈ, ਜਿਹੜਾ ਇਸ ਕੰਮ ਨੂੰ ਨੇਫਰੇ ਚਾੜ੍ਹ ਸਕਦਾ ਹੈ। ਉਸਨੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਬਣਾ ਦਿੱਤਾ।
ਅਦੀਨਾ ਬੇਗ ਫੌਜਦਾਰ ਦੇ ਅਹੁਦੇ ਉਪਰ ਵੀ ਪੂਰਾ ਸਫਲ ਸਿੱਧ ਹੋਇਆ। ਉਸਨੇ ਦੁਆਬਾ ਜਲੰਧਰ ਵਿਚ ਅਮਨ ਸ਼ਾਂਤੀ ਕਾਇਮ ਕਰ ਦਿੱਤੀ। ਪਰ ਉਸਨੇ ਇਹ ਕੰਮ ਸਿੱਖਾਂ ਨੂੰ ਦਬਾਅ ਦੇ ਨਹੀਂ ਮਿੱਤਰਤਾ ਪੂਰਨ ਢੰਗ ਨਾਲ ਕੀਤਾ। ਉਸਦੀ ਮਿੱਤਰਤਾ ਪਿੱਛੇ ਵੀ ਦੋ ਉਦੇਸ਼ ਛਿਪੇ ਹੋਏ ਸਨ¸ ਇਕ ਇਹ ਕਿ ਜੇ ਸਿੱਖਾਂ ਨੂੰ ਕੁਚਲ ਦਿੱਤਾ ਗਿਆ ਤਾਂ ਉਸਨੂੰ ਇਸ ਵੱਡੇ ਅਹੁਦੇ ਉਪਰ ਕੌਣ ਰਹਿਣ ਦਏਗਾ। ਦੂਜਾ ਉਹ ਸਿੱਖਾਂ ਦੀ ਮਦਦ ਨਾਲ ਖਾਨ ਬਹਾਦਰ ਜ਼ਕਰੀਆ ਖਾਂ ਦੀ ਥਾਂ ਆਪ ਲਾਹੌਰ ਦਾ ਸੂਬੇਦਾਰ ਬਣਨ ਦਾ ਸੁਪਨਾ ਦੇਖ ਰਿਹਾ ਸੀ। ਇਸ ਲਈ ਦੂਹਰੀ ਨੀਤੀ ਅਪਣਾਈ। ਉਪਰੋਂ ਉਹ ਸਿੱਖਾਂ ਪ੍ਰਤੀ ਦੁਸ਼ਮਣੀ ਦਾ ਨਾਟਕ ਤੇ ਅੰਦਰੋਂ ਉਹਨਾਂ ਦੀ ਮਦਦ ਕਰਦਾ ਰਿਹਾ। ਉਸ ਤੇ ਸਿੱਖ ਸਰਦਾਰਾਂ ਵਿਚਕਾਰ ਇਕ ਅਲਿਖਤ ਸਮਝੌਤਾ ਹੋ ਗਿਆ ਕਿ ਉਹ ਆਪਣੀਆਂ ਬਾਗੀ ਕਾਰਵਾਈਆਂ ਲਾਹੌਰ ਖੇਤਰ ਭਾਵ ਬਾਰੀ ਦੁਆਬੇ ਵਿਚ ਜਾਰੀ ਰੱਖਣ। ਇਸ ਨਾਲ ਸਿੱਖਾਂ ਦੀ ਸ਼ਕਤੀ ਦਿਨ ਦਿਨ ਵਧੀ। ਉਹ ਬਾਰੀ ਦੁਆਬੇ ਵਿਚ ਜਾ ਕੇ ਲੁੱਟ ਮਾਰ ਕਰਦੇ ਸਨ ਤੇ ਜਲੰਧਰ ਦੁਆਬੇ ਵਿਚ ਪਰਤ ਆਉਂਦੇ ਸਨ।
ਸੁਲਤਾਨ ਪੁਰ ਜ਼ਿਲੇ ਵਿਚ ਅਮਨ ਬਹਾਲ ਹੋਣ ਦਾ ਰਹੱਸ ਵੀ ਇਹੀ ਸੀ ਕਿ ਉਸਨੇ ਸਿੱਖਾਂ ਨਾਲ ਦੋਸਤੀ ਦਰਸਾਈ ਸੀ। ਜਦੋਂ ਸਿੱਖ ਉੱਥੇ ਆਏ ਤਾਂ ਉਸਦੇ ਹਿੰਦੂ ਅਫਸਰਾਂ¸ ਸ਼੍ਰੀ ਨਿਵਾਸ ਤੇ ਭਵਾਨੀ ਦਾਸ ਨੇ ਉਹਨਾਂ ਦੀ ਸੇਵਾ ਵਿਚ ਹਾਜ਼ਰ ਹੋ ਕੇ ਕਿਹਾ ਕਿ ਸੁਲਤਾਨ ਪੁਰ ਉਹ ਪਵਿੱਤਰ ਭੂਮੀ ਹੈ ਜਿਸ ਉਪਰ ਗੁਰੂ ਨਾਨਕ ਦੇਵ ਜੀ ਨੇ ਤਪਸਿਆ ਕੀਤੀ ਸੀ ਤੇ ਜਿੱਥੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ, ਇਸ ਨੂੰ ਬਚਾਓ। ਸਿੱਖ ਫੇਰ ਉੱਥੇ ਨਹੀਂ ਗਏ।
ਜ਼ਕਰੀਆ ਖਾਂ ਦੀ ਮੌਤ ਪਿੱਛੋਂ ਜਦੋਂ ਪ੍ਰਧਾਨ ਮੰਤਰੀ ਕਮਰੂੱਦੀਨ ਨੇ ਆਪਣੇ ਜਵਾਈ ਯਹੀਆ ਖਾਂ ਨੂੰ ਲਾਹੌਰ ਦਾ ਨਵਾਬ ਤੇ ਸ਼ਾਹ ਨਵਾਜ ਨੂੰ ਜਲੰਧਰ ਦਾ ਫੌਜਦਾਰ ਬਣਾਇਆ ਤਾਂ ਅਦੀਨਾ ਬੇਗ ਨੇ ਅਜਿਹਾ ਰਵੱਈਆਂ ਅਪਣਾਇਆ ਕਿ ਉਸ ਨਾਲ ਦੋਹੇਂ ਭਰਾ ਖੁਸ਼ ਰਹਿਣ। ਉਸਨੇ ਸ਼ਾਹ ਨਵਾਜ ਦੇ ਨਾਇਬ ਦੀ ਹੈਸੀਅਤ ਨਾਲ ਜਲੰਧਰ ਦੁਆਬੇ ਵਿਚ, ਜਿਹੜਾ ਪੰਜਾਬ ਦਾ ਸਭ ਤੋਂ ਖੁਸ਼ਹਾਲ ਇਲਾਕਾ ਸੀ, ਯੋਗ ਪ੍ਰਬੰਧ ਬਣਾਈ ਰੱਖਣ ਵਿਚ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ ਤੇ ਜਦੋਂ ਯਹੀਆ ਖਾਂ ਤੇ ਉਸਦੇ ਦੀਵਾਨ ਲਖਪਤ ਰਾਏ ਨੇ ਸਿੱਖਾਂ ਨੂੰ ਖਤਮ ਕਰਨ ਦੀ ਮੁਹਿੰਮ ਛੇੜੀ ਤਾਂ ਉਸ ਵਿਚ ਪੂਰਾ ਸਹਿਯੋਗ ਦੇ ਕੇ ਆਪਣੀ ਵਫਾਦਾਰੀ ਦਾ ਸਬੂਤ ਦਿੱਤਾ।
ਪਰ ਜਦੋਂ ਸ਼ਾਹ ਨਵਾਜ ਨੇ ਲਾਹੌਰ ਉੱਤੇ ਹਮਲਾ ਕੀਤਾ ਤਾਂ ਉਸਨੇ ਸ਼ਾਲੀਮਾਜ ਬਾਗ ਦੀ ਲੜਾਈ ਵਿਚ ਸ਼ਾਹ ਨਵਾਜ ਦਾ ਸਾਥ ਦਿੱਤਾ ਕਿਉਂਕਿ ਸ਼ਾਹ ਨਵਾਜ ਦੇ ਲਾਹੌਰ ਦਾ ਨਵਾਬ ਬਣਨ ਨਾਲ, ਉਹ ਪਹਿਲਾਂ ਵਾਂਗ ਹੀ, ਜਲੰਧਰ ਦੁਆਬੇ ਦਾ ਫੌਜਦਾਰ ਬਣ ਸਕਦਾ ਸੀ।
ਸ਼ਾਹ ਨਵਾਜ ਦੇ ਹੱਥੋਂ ਯਹੀਆ ਖਾਂ ਦੀ ਹਾਰ ਹੋਈ ਤੇ ਉਸਨੂੰ ਜਲੰਧਰ ਦੀ ਫੌਜਦਾਰੀ ਇਨਾਮ ਵਿਚ ਮਿਲੀ। ਪਰ ਜਦੋਂ ਪ੍ਰਧਾਨ ਮੰਤਰੀ ਕਮਰੂੱਦੀਨ ਨੇ ਸ਼ਾਹ ਨਵਾਜ ਦੀ ਨਵਾਬੀ ਮੰਜ਼ੂਰ ਕਰਨ ਦੇ ਬਜਾਏ ਉਸਦੇ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਤਾਂ ਸ਼ਾਹ ਨਵਾਜ ਘਬਰਾ ਗਿਆ। ਤਦ ਅਦੀਨਾ ਬੇਗ ਨੇ ਉਸਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਮਦਦ ਲਈ ਬੁਲਾਉਣ ਦੀ ਸਲਾਹ ਦਿੱਤੀ ਸੀ ਤੇ ਨਾਲ ਹੀ ਚੁੱਪਚਾਪ ਕਮਰੂੱਦੀਨ ਨੂੰ ਵੀ ਖਬਰ ਭੇਜ ਦਿੱਤੀ ਸੀ ਕਿ ਸ਼ਾਹ ਨਵਾਜ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਭੇਜਿਆ ਹੈ।
ਉਹ ਅਬਦਾਲੀ ਦੇ ਵਿਰੁੱਧ ਸ਼ਾਹ ਨਵਾਜ ਵੱਲੋਂ ਲੜਿਆ ਤੇ ਜਦੋਂ ਸ਼ਾਹ ਨਵਾਜ ਹਾਰ ਕੇ ਦਿੱਲੀ ਆਇਆ ਤਾਂ ਉਹ ਵੀ ਉਸਦੇ ਨਾਲ ਸੀ। ਮਾਣੂਪੁਰ ਦੀ ਲੜਾਈ ਵਿਚ ਉਸਨੇ ਬਹਾਦਰੀ ਦਾ ਸਬੂਤ ਦਿੱਤਾ ਸੀ ਤੇ ਉਸਨੂੰ ਦੋ ਫੱਟ ਵੀ ਲੱਗੇ ਸਨ। ਇਸ ਨਾਲ ਉਹ ਨਵੇਂ ਪ੍ਰਧਾਨ ਮੰਤਰੀ ਸਫਦਰ ਜੰਗ ਤੇ ਲਾਹੌਰ ਦੇ ਫੌਜਦਾਰ ਮੀਰ ਮੰਨੂੰ ਦੋਹਾਂ ਦੀ ਕਿਰਪਾ ਦਾ ਪਾਤਰ ਬਣ ਗਿਆ। ਉਸਨੂੰ ਜਲੰਧਰ ਦੀ ਫੌਜਦਾਰੀ ਫੇਰ ਮਿਲ ਗਈ।
ਹੁਣ ਉਹ ਰਾਮ ਰੌਣੀ ਵਿਚ ਘਿਰੇ ਸਿੱਖਾਂ ਨੂੰ ਖਤਮ ਕਰਕੇ ਜਿੱਤ ਦਾ ਸਿਹਰਾ ਪ੍ਰਾਪਤ ਕਰਨਾ ਚਾਹੁੰਦਾ ਸੀ, ਜਿਹੜਾ ਘੇਰਾ ਬੰਦੀ ਹਟਾਅ ਲੈਣ ਨਾਲ ਨਹੀਂ ਸੀ ਪ੍ਰਾਪਤ ਹੋਣਾ।
ਰਾਮ ਰੌਣੀ ਦੁਆਲੇ ਘੇਰੇ ਦੀ ਮੁੱਦਤ ਲੰਮੀਂ ਹੋ ਜਾਣ ਵਿਚ ਉਸਦੀ ਦੂਜੀ ਦਿਲਚਸਪੀ ਇਹ ਸੀ ਕਿ ਮੀਰ ਮੰਨੂੰ ਦੇ ਇਧਰ ਉਲਝਿਆ ਰਹਿਣ ਨਾਲ ਸ਼ਾਹ ਨਵਾਜ ਨੂੰ ਮੁਲਤਾਨ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਜਾਏਗਾ। ਦਿੱਲੀ ਵਿਚ ਈਰਾਨੀ-ਦਲ ਜਾਂ ਤੂਰਾਨੀ-ਦਲ ਜਿਹੜਾ ਵੀ ਸੱਤਾ ਵਿਚ ਹੁੰਦਾ, ਉਹ ਉਸੇ ਦਾ ਹੋ ਜਾਂਦਾ। ਉਸਨੂੰ ਪਤਾ ਸੀ ਸਫਦਰ ਜੰਗ, ਮੀਰ ਮੰਨੂੰ ਨੂੰ ਉਖਾੜਨਾ ਚਾਹੁੰਦਾ ਹੈ। ਜੇ ਸ਼ਾਹ ਨਵਾਜ ਪੂਰੀ ਤਿਆਰੀ ਕਰਕੇ ਲਾਹੌਰ ਉਪਰ ਹਮਲਾ ਕਰਦਾ ਤਾਂ ਜਿਸ ਤਰ੍ਹਾਂ ਯਹੀਆ ਖਾਂ ਦੇ ਵਿਰੁੱਧ ਸ਼ਾਹ ਨਵਾਜ ਦਾ ਸਾਥ ਦਿੱਤਾ ਸੀ ਹੁਣ ਵੀ ਉਹਨੇ ਖੁੱਲ੍ਹ ਕੇ ਉਸਦਾ ਸਾਥ ਦਿੱਤਾ। ਉਹ ਦੋਹੇਂ ਇਕੋ ਸੁਪਨਾ ਦੇਖ ਰਹੇ ਸਨ। ਸ਼ਾਹ ਨਵਾਜ ਇਹ ਸਮਝਦਾ ਸੀ ਕਿ 'ਮੈਂ ਅਦੀਨਾ ਬੇਗ ਨੂੰ ਇਸਤਮਾਲ ਕਰ ਰਿਹਾ ਹਾਂ'। ਤੇ ਅਦੀਨਾ ਬੇਗ ਇਹ ਸਮਝ ਰਿਹਾ ਸੀ ਕਿ 'ਮੈਂ ਸ਼ਾਹ ਨਿਵਾਜ ਨੂੰ ਵਰਤ ਰਿਹਾ ਹਾਂ'।
ਉਹਨਾਂ ਦਾ ਇਹ ਸੁਪਨਾ ਮੀਰ ਮੰਨੂੰ ਨੂੰ ਉਖਾੜ ਕੇ ਹੀ ਪੂਰਾ ਹੋ ਸਕਦਾ ਸੀ।
ਜਿਵੇਂ ਉੱਲੂ ਤੇ ਚਮਗਿੱਦੜ ਨੂੰ ਚਾਨਣ ਨਾਲੋਂ ਵਧ ਹਨੇਰਾ ਚੰਗਾ ਲੱਗਦਾ ਹੈ, ਅਦੀਨਾ ਬੇਗ ਨੂੰ ਵੀ ਓਵੇਂ ਹੀ ਅਮਨ ਨਾਲੋਂ ਵੱਧ ਉਥਲ-ਪੁਥਲ ਪਸੰਦ ਸੀ। ਇਸ ਲਈ ਸਿੱਖਾਂ ਨਾਲ ਸੁਲਾਹ ਕਰਨ ਵਾਲੇ ਦੀਵਾਨ ਕੌੜਾ ਮੱਲ ਉੱਤੇ ਉਸਨੂੰ ਬੜਾ ਹੀ ਗੁੱਸਾ ਆਇਆ ਤੇ ਉਹ ਮਨ ਹੀ ਮਨ ਵਿਚ ਇਕ ਸੰਕਲਪ ਕੀਤਾ ਤੇ ਬੁੜਬੁੜਾਇਆ, 'ਰਾਹ ਦਾ ਇਹ ਰੋੜਾ ਵੀ ਹਟਾਉਣਾ ਹੀ ਪਏਗਾ।'
ਤੇ ਇਸ ਦਾ ਮੌਕਾ ਵੀ ਉਸਨੂੰ ਛੇਤੀ ਹੀ ਮਿਲ ਗਿਆ।
ooo
ਅਹਿਮਦ ਸ਼ਾਹ ਅਬਦਾਲੀ ਦਸੰਬਰ 1752 ਵਿਚ ਤੀਜੀ ਵਾਰੀ ਫੇਰ ਆਪਣੇ ਪੂਰੇ ਲਾਮ-ਲਸ਼ਕਰ ਨਾਲ ਚੜ੍ਹ ਆਇਆ। ਬਹਾਨਾ ਇਹ ਸੀ ਕਿ ਮੀਰ ਮੰਨੂੰ ਨੇ ਚਾਹਾਰ ਮੱਹਲ ਦਾ ਸਾਲਾਨਾ ਲਗਾਨ ਦੇਣ ਦਾ ਵਾਇਦਾ ਪੂਰਾ ਨਹੀਂ ਸੀ ਕੀਤਾ। ਅਸਲ ਵਿਚ ਉਹ ਮਾਣੂਪਰ ਦੀ ਹਾਰ ਦਾ ਬਦਲਾ ਲੈਣ ਲਈ ਪੂਰੀ ਤਿਆਰੀ ਨਾਲ ਆਇਆ ਸੀ।
ਇਧਰ ਮੀਰ ਮੰਨੂੰ ਨੂੰ ਵੀ ਆਪਣੀ ਤਾਕਤ ਉੱਤੇ ਪੂਰਾ ਭਰੋਸਾ ਸੀ। ਸ਼ਾਹ ਨਵਾਜ ਰੂਪੀ ਕੰਡਾ ਨਿਕਲ ਚੁੱਕਿਆ ਸੀ। ਮੁਲਤਾਨ ਦੀ ਸੈਨਾ ਵੀ ਉਸਦੇ ਨਾਲ ਸੀ ਤੇ ਉਹ ਸਮਝਦਾ ਸੀ ਕਿ ਮੈਂ ਇਕ ਵਾਰ ਫੇਰ ਅਬਦਾਲੀ ਦੇ ਨਾਸੀਂ ਧੂੰਆਂ ਲਿਆ ਦਿਆਂਗਾ ਤੇ ਉਹ ਮੁੜ ਇਧਰ ਮੂੰਹ ਨਹੀਂ ਕਰੇਗਾ।
ਜਦੋਂ ਪਤਾ ਲੱਗਿਆ ਕਿ ਅਬਦਾਲੀ ਆ ਰਿਹਾ ਹੈ, ਲਾਹੌਰ ਵਾਸੀਆਂ ਵਿਚ ਭੈ ਦੀ ਲਹਿਰ ਦੌੜ ਗਈ। ਧਨੱਡ ਲੋਕ ਆਪਣੇ ਪਰਿਵਾਰਾਂ ਸਮੇਤ ਜੰਮੂ ਵੱਲ ਪਲਾਇਨ ਕਰਨ ਲੱਗੇ। ਮੀਰ ਮੰਨੂੰ ਨੇ ਵੀ ਆਪਣਾ ਪਰਿਵਾਰ ਤੇ ਖਜਾਨਾ ਜੰਮੂ ਦੇ ਰਾਜੇ ਰਣਜੀਤ ਦੇਵ ਕੋਲ ਭੇਜ ਦਿੱਤਾ। ਉਸ ਪਿੱਛੋਂ ਉਹ 50,000 ਘੋੜਸਵਾਰ ਤੇ ਪਿਆਦੇ ਤੇ 400 ਤੋਪਾਂ ਲੈ ਕੇ ਲਾਹੌਰ ਵੱਲ ਤੁਰ ਪਿਆ। ਰਾਵੀ ਪਾਰ ਕਰਕੇ ਉਸਨੇ ਲਾਹੌਰ ਤੋਂ 12 ਕੋਹ ਦੂਰ ਸ਼ਾਹ ਦੌਲਾ ਦੇ ਪੁਲ ਉਪਰ ਜਾ ਮੋਰਚਾ ਲਾਇਆ।
ਅਹਿਮਦ ਸ਼ਾਹ ਅਬਦਾਲੀ ਇਕ ਹੁਸ਼ਿਆਰ ਤੇ ਤਜਰਬਾਕਾਰ ਸੈਨਾਪਤੀ ਸੀ। ਉਸਨੇ ਇਹ ਖੇਡ ਖੇਡੀ ਕਿ ਮੀਰ ਮੰਨੂੰ ਦੀ ਸੈਨਾ ਦੇ ਪਿੱਛੇ ਪਿੱਛੇ ਜਾ ਕੇ ਚੁੱਪਚਾਪ ਰਾਵੀ ਪਾਰ ਕੀਤੀ ਤੇ ਸ਼ਾਲੀਮਾਰ ਬਾਗ ਵਿਚ ਆ ਪਹੁੰਚਿਆ।
ਜਦੋਂ ਮੀਰ ਮੰਨੂੰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਝੱਟ ਵਾਪਸ ਆਇਆ ਤੇ ਲਾਹੌਰ ਦੀ ਸੁਰੱਖਿਆ ਕੰਧ ਦੇ ਬਾਹਰ-ਵਾਰ ਮੋਰਚੇ ਬਣਵਾ ਕੇ ਬੈਠ ਗਿਆ।
ਲਾਹੌਰ ਦੀ ਇਹ ਘੇਰਾਬੰਦੀ ਚਾਰ ਮਹੀਨੇ ਤਕ ਚੱਲੀ। ਅਬਦਾਲੀ ਕੋਲ ਤੋਪਾਂ ਨਹੀਂ ਸਨ। ਇਸ ਲਈ ਉਸਨੇ ਹਮਲਾ ਨਹੀਂ ਕੀਤਾ। ਮੰਨੂੰ ਇਹ ਆਸ ਲਈ ਕਿ ਦਿੱਲੀ ਤੋਂ ਮਦਦ ਆਵੇਗੀ, ਮੋਰਚਾ-ਬੰਦੀ ਕਰੀ ਬੈਠਾ ਰਿਹਾ। ਘੇਰਾ ਬੰਦੀ ਦੇ ਲਮਕਾਅ ਦਾ ਸਿੱਟ ਇਹ ਨਿਕਲਿਆ ਕਿ ਅਫਗਾਨ ਫੌਜਾਂ ਨੇ ਲਾਹੌਰ ਦੇ ਆਲੇ ਦੁਆਲੇ ਚਾਲੀ ਮੀਲ ਤਕ ਦਾ ਇਲਾਕਾ ਉਜਾੜ ਦਿੱਤਾ। ਨੌਬਤ ਇਹ ਆਈ ਇਸ ਇਲਾਕੇ ਰਾਤ ਨੂੰ ਦੀਵਾ ਤਕ ਬਲਨੋਂ ਹਟ ਗਿਆ। ਅਨਾਜ ਤੇ ਚਾਰਾ ਲੱਭਿਆਂ ਨਹੀਂ ਸੀ ਲੱਭਦਾ। ਦੋਹਾਂ ਧਿਰਾਂ ਕੋਲ ਰਸਦ ਦੀ ਭਾਰੀ ਕਿੱਲਤ ਹੋ ਗਈ। ਲਾਹੌਰ ਸ਼ਹਿਰ ਵਿਚ ਅਨਾਜ ਰੁਪਏ ਦਾ ਦੋ ਸੇਰ ਵਿਕਣ ਲੱਗਾ। ਘੇੜਿਆਂ ਨੂੰ ਪੁਰਾਣੀਆਂ ਝੁੱਗੀਆਂ ਝੋਂਪੜੀਆਂ ਢਾਹ ਕੇ, ਉਹਨਾਂ ਦੀਆਂ ਛੱਤਾਂ ਦਾ ਫੂਸ ਤੇ ਸਰਕੰਡਾ ਖਵਾਉਣਾ ਪਿਆ।
ਭੁੱਖ ਹੱਥੋਂ ਪ੍ਰਸ਼ਾਨ ਹੋ ਕੇ ਮੀਰ ਮੰਨੂੰ ਨੇ ਹਮਾਲਾ ਕਰਨ ਦੀ ਸੋਚੀ ਤੇ 4 ਮਾਰਚ 1752 ਨੂੰ ਸਲਾਹ-ਮਸ਼ਵਰਾ ਕਰਨ ਲਈ ਯੁੱਧ-ਪ੍ਰੀਸ਼ਦ ਦੀ ਬੈਠਕ ਬੁਲਾਈ। ਉਸ ਵਿਚ ਦੋ ਰਾਵਾਂ ਸਨ। ਇਕ ਉਹਨਾਂ ਲੋਕਾਂ ਦੀ ਸੀ, ਜਿਹੜੇ ਤੁਰੰਤ ਆਰ-ਪਾਰ ਦੀ ਲੜਾਈ ਦੇ ਹੱਕ ਵਿਚ ਸਨ। ਮੀਰ ਮੰਨੂੰ ਦੀਵਾਨ ਕੌੜਾ ਮੱਲ ਦੀ ਗੱਲ ਦਾ ਸਭ ਤੋਂ ਵੱਧ ਵਿਸ਼ਵਾਸ ਕਰਦਾ ਸੀ, ਉਹ ਲੜਾਈ ਦੇ ਪੱਖ ਵਿਚ ਨਹੀਂ ਸਨ। ਉਹਨਾਂ ਦੀ ਰਾਏ ਸੀ ਕਿ 'ਸਾਡੇ ਵਧੇਰੇ ਸਿਪਾਹੀ ਇਧਰੋਂ ਉਧਰੋਂ ਇਕੱਠੇ ਕੀਤੇ ਹੋਏ ਹਨ। ਉਹ ਜੁਝਾਰੂ ਤੇ ਤਜਰਬਾਕਾਰ ਅਫਗਾਨਾਂ ਦੇ ਸਾਹਵੇਂ ਟਿਕ ਨਹੀਂ ਸਣਗੇ। ਆਸ ਪਾਸ ਦਾ ਸਾਰਾ ਇਲਾਕਾ ਲੁੱਟ-ਖੋਹ ਤੇ ਭੈ ਸਦਕਾ ਉਜਾੜ ਹੋ ਚੁੱਕਿਆ ਹੈ। ਰਸਦ ਦੀ ਕਮੀ ਤੇ ਭੁੱਖਮਰੀ ਦੁਸ਼ਮਣ ਦੇ ਖੇਮੇ ਵਿਚ ਵੀ ਹੋਏਗੀ। ਅਗਲੇ ਦਿਨਾਂ ਵਿਚ ਸ਼ਿੱਦਤ ਦੀ ਗਰਮੀ ਪੈਣ ਲੱਗ ਪਏਗੀ। ਅਬਦਾਲੀ ਦੇ ਸਿਪਾਹੀ ਉਸਨੂੰ ਸਹਾਰ ਨਹੀਂ ਸਕਦੇ¸ ਤਦ ਜਾਂ ਤਾਂ ਉਹ ਵਾਪਸ ਪਰਤ ਜਾਏਗਾ ਤੇ ਜਾਂ ਫੇਰ ਆਪ ਹੀ ਹਮਲਾ ਕਰੇਗਾ। ਇੰਜ ਸਾਡਾ ਪਲੜਾ ਭਾਰੀ ਹੋਏਗਾ। ਬਿਹਤਰ ਇਹੀ ਹੈ ਕਿ ਤਦ ਤਕ ਇੰਤਜ਼ਾਰ ਕੀਤਾ ਜਾਏ।' ਇਹ ਰਾਏ ਬਿਲਕੁਲ ਦਰੁਸਤ ਸੀ। ਪਰ ਅਦੀਨਾ ਬੇਗ ਨੇ ਹਰ ਹਾਲ ਵਿਚ ਦੀਵਾਨ ਕੌੜਾ ਮੱਲ ਦਾ ਵਿਰੋਧ ਕਰਨਾ ਸੀ ਤੇ ਇਸ ਵਿਰੋਧ ਪਿੱਛੇ ਉਸਦਾ ਆਪਣਾ ਇਕ ਮੰਸ਼ਾ ਸੀ, ਜਿਹੜਾ ਕੌੜਾ ਮੱਲ ਨੂੰ ਰਸਤੇ 'ਚੋਂ ਹਟਾਅ ਕੇ ਤੇ ਮੰਨੂੰ ਨੂੰ ਹਰਾ ਕੇ ਹੀ ਪੂਰਾ ਹੋ ਸਕਦਾ ਸੀ।
“ਮੋਰਚਿਆਂ ਵਿਚ ਬੈਠ ਕੇ ਭੁੱਖੇ ਮਰ ਜਾਣਾ ਨਾ ਅਕਲਮੰਦੀ ਹੈ ਤੇ ਨਾ ਹੀ ਬਹਾਦਰੀ।” ਅਦੀਨਾ ਬੇਗ ਨੇ ਆਪਣਾ ਵਿਰੋਧੀ ਤਰਕ ਪੇਸ਼ ਕੀਤਾ। “ਅਬਦਾਲੀ ਦੀ ਚਾਲ ਵੀ ਇਹੀ ਹੈ ਕਿ ਅਸੀਂ ਭੁੱਖ ਤੋਂ ਤੰਗ ਆ ਕੇ ਹਥਿਆਰ ਸੁੱਟ ਦੇਈਏ। ਉਸ ਵਿਚ ਹੌਂਸਲਾ ਹੁੰਦਾ ਤਾਂ ਹੁਣ ਤਕ ਹਮਲਾ ਨਾ ਕਰ ਦੇਂਦਾ? ਕਿਉਂ ਨਾ ਅਸੀਂ ਦੁਸ਼ਮਣ ਦੀ ਕਮਜ਼ੋਰੀ ਦਾ ਫਾਇਦਾ ਉਠਾਈਏ ਤੇ ਉਸਦੇ ਹਰ ਇਰਾਦੇ ਨੂੰ ਧੂੜ ਵਿਚ ਰਲਾਅ ਦੇਈਏ।”
ਮਾਣੂਪਰ ਦੀ ਲੜਾਈ ਵਿਚ ਅਦੀਨਾ ਬੇਗ ਅਬਦਾਲੀ ਦੇ ਵਿਰੁੱਧ ਬੜੀ ਬਹਾਦਰੀ ਨਾਲ ਲੜਿਆ ਸੀ, ਮੀਰ ਮੰਨੂੰ ਨੂੰ ਇਹ ਗੱਲ ਅਜੇ ਤਕ ਨਹੀਂ ਸੀ ਭੁੱਲੀ। ਉਸਨੂੰ ਆਪਣੀ ਤਾਕਤ ਉੱਤੇ ਮਾਣ ਸੀ ਤੇ ਉਹ ਅਬਦਾਲੀ ਨਾਲ ਦੋ ਦੋ ਹੱਥ ਕਰਨ ਲਈ ਕਾਹਲਾ ਵੀ ਪੈ ਚੁੱਕਿਆ ਸੀ¸ ਇਸ ਲਈ ਅਦੀਨਾ ਬੇਗ ਦੀਆਂ ਗੱਲਾਂ ਵਿਚ ਆ ਗਿਆ ਤੇ ਉਸਨੇ ਆਪਣੀ ਫੌਜ ਨੂੰ ਮੋਰਚਿਆਂ ਵਿਚੋਂ ਨਿਕਲ ਕੇ ਅੱਗੇ ਵਧਣ ਦਾ ਹੁਕਮ ਦੇ ਦਿੱਤਾ।
ਮਕਬੂਲ ਬੂਟੀ ਦੇ ਨੇੜੇ ਘਮਾਸਾਨ ਦਾ ਯੁੱਧ ਹੋਇਆ। ਜਦੋਂ ਮੀਰ ਮੰਨੂੰ ਭਾਰੀ ਨੁਕਸਾਨ ਖਾ ਕੇ ਪਿੱਛੇ ਹਟ ਰਿਹਾ ਸੀ ਤਾਂ ਦੀਵਾਨ ਕੌੜਾ ਮੱਲ ਉਸਦੀ ਮਦਦ ਲਈ ਆ ਪਹੁੰਚਿਆ ਅਦੀਨਾ ਬੇਗ ਨੇ ਆਪਣੇ ਇਕ ਖਾਸ ਸਰਦਾਰ ਵਾਜਿਦ ਖਾਂ ਕਸੂਰੀ ਨੂੰ ਇਸ਼ਾਰਾ ਕੀਤਾ ਕਿ ਉਸਦਾ ਕੰਮ ਤਮਾਮ ਕਰ ਦਿਓ। ਵਾਜਿਦ ਖਾਂ ਨੇ ਪਿੱਛੋਂ ਦੀ ਗੋਲੀ ਚਲਾਈ। ਕੌੜਾ ਮੱਲ ਧਰਤੀ ਉੱਤੇ ਡਿੱਗ ਕੇ ਥਾਵੇਂ ਢੇਰ ਹੋ ਗਿਆ। ਨਾਲ ਦੀ ਨਾਲ ਅਦੀਨਾ ਬੇਗ ਨੇ ਇਕ ਹੋਰ ਖੇਡ ਖੇਡੀ ਕਿ ਆਪਣੀ ਫੌਜ ਪਿੱਛੇ ਹਟਾਅ ਲਈ। ਸਿੱਟਾ ਇਹ ਹੋਇਆ ਕਿ ਮੁਗਲ ਸੈਨਾ ਵਿਚ ਭਗਦੜ ਮੱਚ ਗਈ। ਮੰਨੂੰ ਲਈ ਹਥਿਆਰ ਸੁੱਟਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ।
ਅਗਲੀ ਦਿਨ ਮੰਨੂੰ ਬੜੀ ਸ਼ਾਨ ਤੇ ਹੌਂਸਲੇ ਨਾਲ ਅਬਦਾਲੀ ਦੇ ਤੰਬੂ ਵਿਚ ਪਹੁੰਚਿਆ। ਉਸਦੇ ਨਾਲ ਸਿਰਫ ਤਿੰਨ ਜਣੇ ਸਨ। ਉਸਨੇ ਆਪਣਾ ਸਾਫਾ ਗਲੇ ਵਿਚ ਲਮਕਾਇਆ ਹੋਇਆ ਸੀ ਜਿਹੜਾ ਹਾਰ ਮੰਨ ਲੈਣ ਦਾ ਪ੍ਰਤੀਕ ਸੀ। ਉਹ ਆਪਣੇ ਨਾਲ ਕੁਝ ਵਧੀਆਂ ਨਸਲ ਦੇ ਘੋੜੇ, ਨਕਦੀ ਤੇ ਖਿਲਅਤ ਦਾ ਤੋਹਫਾ ਵੀ ਲੈ ਕੇ ਗਿਆ ਸੀ।
ਸ਼ਾਹ ਵਲੀ ਖਾਂ ਤੇ ਜਹਾਨ ਖਾਂ ਅਫਗਾਨ ਸਰਦਾਰਾਂ ਨੇ ਉਸਨੂੰ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੰਨੂੰ ਦਾ ਆਤਮ ਵਿਸ਼ਵਾਸ ਉਸਦੇ ਚਿਹਰੇ ਵਿਚ ਝਲਕ ਰਿਹਾ ਸੀ, ਜਿਵੇਂ ਕਹਿ ਰਿਹਾ ਹੋਏ¸ 'ਹਾਰ ਗਏ ਤਾਂ ਕੀ ਹੋਇਆ, ਮੁਕਾਬਲਾ ਤਾਂ ਯਾਰਾਂ ਨੇ ਵੀ ਖੂਬ ਕੀਤੈ'। ਅਬਦਾਲੀ ਉਸਦੇ ਹਾਵ ਭਾਵ ਤੇ ਪ੍ਰਭਾਵਸ਼ਾਲੀ ਤੇਵਰ ਦੇਖ ਕੇ ਬੜਾ ਪ੍ਰਭਾਵਤ ਹੋਇਆ।
“ਤੁਸਾਂ ਪਹਿਲਾਂ ਹਥਿਆਰ ਕਿਉਂ ਨਾ ਸੁੱਟੇ ਬਈ?” ਅਬਦਾਲੀ ਨੇ ਮੰਨੂੰ ਦੇ ਚਿਹਰੇ ਉੱਤੇ ਨਜ਼ਰਾਂ ਗੱਡ ਕੇ ਪੁੱਛਿਆ।
“ਅਸਾਂ ਆਪਣੇ ਆਕਾ ਦੀ ਨੌਕਰੀ ਕਰ ਰਹੇ ਸਾਂ।” ਮੰਨੂੰ ਨੇ ਉਤਰ ਦਿੱਤਾ।
“ਤੁਹਾਡਾ ਆਕਾ ਤੁਹਾਡੀ ਮਦਦ ਲਈ ਕਿਉਂ ਨਹੀਂ ਆਇਆ?”
“ਉਹ ਸਮਝਦੇ ਨੇ, ਤੁਹਾਡੇ ਮੁਕਾਬਲੇ ਲਈ ਉਹਨਾਂ ਦਾ ਇਹ ਖਾਦਿਮ (ਸੇਵਕ) ਹੀ ਕਾਫੀ ਹੈ।”
“ਹੁਣ ਤੁਸੀਂ ਲੋਕ ਮੇਰੇ ਰਹਿਮ ਉੱਤੇ ਓ, ਮੈਂ ਤੁਹਾਡੇ ਨਾਲ ਕੀ ਸਲੂਕ ਕਰਾਂ?”
“ਜੇ ਤੁਸੀਂ ਵਪਾਰੀ ਓ ਤਾਂ ਸਾਨੂੰ ਵੇਚ ਦਿਓ (ਫਿਰੌਤੀ ਲੈ ਲਵੋ), ਜੇ ਕਸਾਈ ਓ ਤਾਂ ਕਤਲ ਕਰ ਦਿਓ ਤੇ ਜੇ ਬਾਦਸ਼ਾਹ ਓ ਤਾਂ ਮੁਆਫ਼ ਕਰ ਦਿਓ।”
“ਤੁਹਾਡੇ ਉਪਰ ਖ਼ੁਦਾ ਦਾ ਫ਼ਜ਼ਲ ਏ। ਜਾਓ ਮੈਂ ਤੁਹਾਨੂੰ ਮੁਆਫ਼ ਕੀਤਾ।”
ਤੇ ਅਬਦਾਲੀ ਨੇ ਉਸਨੂੰ ਗਲ਼ੇ ਲਾ ਲਿਆ। ਫਰਜੰਦ ਖਾਂ ਰੁਸਤਮੇਂ ਹਿੰਦ ਦਾ ਖਿਤਾਬ ਦਿੱਤਾ। ਖਿਲਅਤ ਵਾਪਸ ਕਰ ਦਿੱਤੀ ਤੇ ਜਿਹੜੀ ਪਗੜੀ ਆਪ ਬੰਨ੍ਹੀਂ ਹੋਈ ਸੀ, ਉਸਦੇ ਸਿਰ ਉੱਤੇ ਰੱਖ ਦਿੱਤੀ ਤੇ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ।
ਮੰਨੂੰ ਨੇ ਅਬਦਾਲੀ ਨੂੰ ਬੇਨਤੀ ਕੀਤੀ ਕਿ ਮੇਰੇ ਸਿਪਾਹੀਆਂ ਨੂੰ ਵੀ ਮੁਆਫ਼ ਕਰ ਦਿਓ ਕਿਉਂਕਿ ਉਹ ਮੇਰੇ ਹੁਕਮ ਨਾਲ ਲੜੇ ਹਨ, ਇਸ ਲਈ ਬੇਕਸੂਰ ਹਨ। ਅਬਦਾਲੀ ਨੇ ਉਸਦੀ ਬੇਨਤੀ ਮੰਜ਼ੂਰ ਕਰ ਲਈ। ਜਿੰਨੇ ਮੁਗਲ ਸੈਨਕ ਕੈਦੀ ਬਣਾਏ ਸਨ, ਸਾਰਿਆਂ ਨੂੰ ਰਿਹਾਅ ਕਰ ਦਿੱਤਾ ਤੇ ਆਪਣੇ ਸਿਪਾਹੀਆਂ ਨੂੰ ਕਿਹਾ ਸ਼ਹਿਰ ਨੂੰ ਲੁੱਟਿਆ ਨਾ ਜਾਏ।
ਮੰਨੂੰ ਨੇ ਜਿੰਨਾਂ ਰੁਪਈਆਂ ਸੰਭਵ ਹੋ ਸਕਿਆ, ਇਕੱਠਾ ਕਰਕੇ ਅਬਦਾਲੀ ਨੂੰ ਦੇ ਦਿੱਤਾ ਤੇ ਕਿਲੇ ਦੀਆਂ ਚਾਬੀਆਂ ਵੀ ਉਸਦੇ ਹਵਾਲੇ ਕਰ ਦਿੱਤੀਆਂ।
ਫੇਰ ਦੋਹਾਂ ਵਿਚਕਾਰ ਜਿਹੜੀ ਸੰਧੀ ਹੋਈ, ਉਸ ਦੀਆਂ ਸ਼ਰਤਾਂ ਅਨੁਸਾਰ ਲਾਹੌਰ ਤੇ ਮੁਲਤਾਨ ਦੋਹੇਂ ਸੂਬੇ ਦੁਰਾੱਨੀ ਰਾਜ ਵਿਚ ਸ਼ਾਮਲ ਕਰ ਦਿੱਤੇ ਗਏ।
ਅਹਿਮਦ ਸ਼ਾਹ ਅਬਦਾਲੀ ਨੇ ਇਸ ਸੰਧੀ ਨੂੰ ਮੰਜ਼ੂਰ ਕਰਵਾਉਣ ਖਾਤਰ, ਆਪਣੇ ਇਕ ਵਿਸ਼ੇਸ਼ ਦੂਤ ਕਲੰਦਰ ਬੇਗ ਦੇ ਹੱਥ, ਬਾਦਸ਼ਾਹ ਕੋਲ ਦਿੱਲੀ ਭੇਜ ਦਿੱਤਾ। ਬਾਦਸ਼ਾਹ ਨੇ ਉਸ ਉਪਰ ਮੋਹਰ ਲਾ ਦਿੱਤੀ। ਇੰਜ ਲਾਹੌਰ ਤੇ ਮੁਲਤਾਨ, ਦੋ ਮਹੱਤਵ ਪੂਰਨ ਸਰਹੱਦੀ ਇਲਾਕੇ, ਮੁਗਲਾਂ ਦੇ ਹੱਥੋਂ ਨਿਕਲ ਕੇ ਅਬਦਾਲੀ ਦੇ ਹੱਥ ਵਿਚ ਚਲੇ ਗਏ।
ਉਹਨਾਂ ਚਾਰ ਮਹੀਨਿਆਂ ਵਿਚ ਜਦੋਂ ਮੀਰ ਮੰਨੂੰ ਤੇ ਉਸਦੇ ਫੌਜਦਾਰ ਅਹਿਮਦ ਸ਼ਾਹ ਅਬਦਾਲੀ ਨਾਲ ਉਲਝੇ ਹੋਏ ਸਨ, ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਆਪਣੀ ਆਜ਼ਾਦੀ ਲਈ ਯਤਨ ਸ਼ੁਰੂ ਕਰ ਦਿੱਤੇ। ਉਹਨਾਂ ਦੁਆਬਾ-ਬਾਰੀ ਤੇ ਦੁਆਬਾ-ਜਲੰਧਰ ਵਿਚ ਉਥਲ-ਪੁਥਲ ਮਚਾ ਦਿੱਤੀ। ਜਿਹੜੇ ਤਅਸੁਬੀ ਸੱਯਦ ਅਤੇ ਪੀਰਜਾਦੇ ਸਿੱਖਾਂ ਉਪਰ ਜੁਲਮ ਕਰਨ ਦੇ ਜ਼ਿੰਮੇਵਾਰ ਸਨ, ਉਹਨਾਂ ਤੋਂ ਗਿਣ-ਗਿਣ ਕੇ ਬਦਲੇ ਲਏ ਗਏ। ਫੇਰ ਉਹਨਾਂ ਨੇ ਸਤਲੁਜ ਪਾਰ ਕੀਤਾ ਤੇ ਸਰਹਿੰਦ, ਥਾਨੇਸਰ ਤੇ ਜੀਂਦ ਦੇ ਇਲਾਕੇ ਨੂੰ ਬਰਬਾਦ ਕਰਕੇ ਸੋਨੀਪਤ ਤੇ ਪਾਣੀਪਤ ਦੇ ਹਾਕਮ ਕਾਮਗਾਰ ਨਾਲ ਜਾ ਟੱਕਰ ਲਈ। ਕਾਮਗਾਰ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਕਾਫੀ ਨੁਕਸਾਨ ਪਹੁੰਚਾ ਕੇ ਪਿੱਛੇ ਧਕੇਲ ਦਿੱਤਾ।
ਦਲ ਖਾਲਸਾ ਦਾ ਇਕ ਟੋਲਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਕਮਾਨ ਵਿਚ ਦੁਆਬਾ-ਰਚਨਾ ਦੇ ਦੁਆਬਾ-ਚੱਜ ਵਿਚ ਜਾ ਦਾਖਲ ਹੋਇਆ ਤੇ ਉਸ ਨੇ ਜਿਹਲਮ ਪਾਰ ਕਰਕੇ ਸੱਯਦ ਬਸਰਾ ਤਕ ਦੇ ਪੂਰੇ ਇਲਾਕੇ ਨੂੰ ਆਪਣੇ ਕਬਜੇ ਵਿਚ ਕਰ ਲਿਆ। ਗੁਜਰਾਤ ਦੇ ਰਾਕਖੜ ਸਰਦਾਰ ਮਕਰਨ ਨਾਲ ਟੱਕਰ ਲਈ ਤੇ ਆਪਣੇ ਚਨਾਬ ਪਾਰ ਦੇ ਇਲਾਕੇ ਛੱਡ ਦੇਣ ਲਈ ਮਜ਼ਬੂਰ ਕਰ ਦਿੱਤਾ।
ਇੰਜ ਬਹੁਤ ਸਾਰਾ ਧਨ ਸਿੱਖਾ ਦੇ ਹੱਥ ਲੱਗਿਆ ਤੇ ਬਹੁਤ ਸਾਰੇ ਨੌਜਵਾਨ ਦਲ-ਖਾਲਸਾ ਵਿਚ ਭਰਤੀ ਹੋਏ।
ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸੁਲਾਹ ਹੋ ਜਾਣ ਪਿੱਛੋਂ ਬਾਹਰੀ ਹਮਲੇ ਦਾ ਖਤਰਾ ਟਲ ਗਿਆ ਤੇ ਦਿੱਲੀ ਦਾ ਦਖਲ ਵੀ ਖਤਮ ਹੋ ਗਿਆ। ਪਰ ਸਿੱਖਾਂ ਦਾ ਖਤਰਾ ਵਧ ਗਿਆ ਸੀ। ਮੀਰ ਮੰਨੂੰ ਲਈ ਹੁਣ ਉਹੀ ਸਭ ਤੋਂ ਵੱਡੀ ਤੇ ਸਭ ਤੋਂ ਪਹਿਲੀ ਸਮੱਸਿਆ ਸਨ। ਦੀਵਾਨ ਕੌੜਾ ਮੱਲ ਦੇ ਲੜਾਈ ਵਿਚ ਮਾਰੇ ਜਾਣ ਪਿੱਛੋਂ ਸਿੱਖਾਂ ਦਾ ਕੋਈ ਹਮਦਰਦ ਵੀ ਨਹੀਂ ਸੀ ਰਹਿ ਗਿਆ। ਮੀਰ ਮੰਨੂੰ ਨੂੰ ਉਹਨਾਂ ਦੇ ਪਿੱਛਲੇ ਕਾਰਨਾਮੇ ਯਾਦ ਆਏ ਤੇ ਸਮਝ ਲਿਆ ਕਿ ਉਹਨਾਂ ਲਈ ਜਾਗੀਰ ਦੇ ਲਾਲਚ ਦਾ ਕੋਈ ਮੰਤਕ ਨਹੀਂ। ਉਹਨਾਂ ਦਾ ਮੁੱਖ ਮੰਤਵ ਆਜ਼ਾਦੀ ਪ੍ਰਾਪਤ ਕਰਨਾ ਹੈ ਤੇ ਜਦੋਂ ਤਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ, ਉਹ ਚੁੱਪ ਬੈਠਣ ਵਾਲੇ ਨਹੀਂ। ਪੰਜਾਬ ਵਿਚ ਰਾਜ ਕਰਨਾ ਹੈ ਤਾਂ ਸਿੱਖਾਂ ਨੂੰ ਖਤਮ ਕਰਨਾ ਹੀ ਪਏਗਾ। ਇਹ ਦੋਹਾਂ ਲਈ ਜ਼ਿੰਦਗੀ ਮੌਤ ਦੀ ਲੜਾਈ ਹੈ, ਸੁਲਾਹ ਸਮਝੌਤੇ ਸਭ ਅਸਥਾਈ ਨੇ।
ਮੀਰ ਮੰਨੂੰ ਨੇ ਸਿੱਖਾਂ ਨੂੰ ਦਿੱਤੀ ਹੋਈ ਜਾਗੀਰ ਜਬਤ ਕਰਕੇ 1748 ਵਾਲਾ ਹੁਕਮ ਫੇਰ ਜਾਰੀ ਕਰ ਦਿੱਤਾ ਕਿ ਸਿੱਖ ਜਿੱਥੇ ਵੀ ਮਿਲੇ, ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਏ। ਪਿੰਡਾਂ ਦੇ ਚੌਧਰੀਆਂ ਤੇ ਪਹਾੜੀ ਇਲਾਕਿਆਂ ਦੇ ਰਾਜਿਆਂ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਤੇ ਹਰ ਪਾਸੇ ਗਸ਼ਤੀ ਫੌਜ ਭੇਜ ਦਿੱਤੀ ਗਈ। ਦਮਨ ਦਾ ਮੁਕਾਬਲਾ ਕਰਦੇ ਹੋਏ ਸਿੱਖ ਵੀ ਖਾਸੇ ਹੁਸ਼ਿਆਰ ਤੇ ਚੁਕੰਨੇ ਹੋ ਚੁੱਕੇ ਸਨ। ਸਰਕਾਰੀ ਗਤੀਵਿਧੀਆਂ ਦੀ ਖਬਰ ਉਹਨਾਂ ਤਕ ਪਹੁੰਚਦੀ ਰਹਿੰਦੀ ਸੀ। ਲਾਹੌਰ ਤੋਂ ਗਸ਼ਤੀ ਫੌਜ ਦੇ ਰਵਾਨਾ ਹੁੰਦਿਆਂ ਹੀ ਸਿੰਘ ਪਿੰਡਾਂ ਵਿਚੋਂ ਨਿਕਲ ਕੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਜਾ ਪਹੁੰਚੇ।
ਸਿੰਘਾਂ ਦਾ ਇਹ ਸੱਤਵਾਂ ਕਤਲੇਆਮ ਸੀ। ਪਹਿਲਾ ਬਾਦਸ਼ਾਹ ਬਹਾਦੁਰ ਸ਼ਾਹ ਦੇ ਸਮੇਂ 1710 ਤੋਂ 1712 ਤਕ, ਦੂਜਾ ਫਰੂੱਖਸੀਅਰ ਤੇ ਅਬਦੁੱਲ ਸਮਦ ਦੇ ਸਮੇਂ, ਤੀਜਾ ਨਵਾਬ ਜ਼ਕਰੀਆ ਖਾਂ ਦੇ ਸਮੇਂ 1726 ਤੋਂ 1735 ਤਕ, ਚੌਥਾ ਵੀ ਜ਼ਕਰੀਆ ਖਾਂ ਦੇ ਸਮੇਂ 1739 ਤੋਂ 1745 ਤਕ, ਪੰਜਵਾਂ ਫੇਰ ਜ਼ਕਰੀਆ ਖਾਂ ਦੇ ਸਮੇਂ 1745 ਤੋਂ 1746 ਤਕ, ਛੇਵਾਂ ਮੀਰ ਮੰਨੂੰ ਦੇ ਸਮੇਂ 1748 ਵਿਚ ਤੇ ਹੁਣ ਸੱਤਵਾਂ ਵੀ ਮੀਰ ਮੰਨੂੰ ਦੇ ਹੱਥੋਂ ਸ਼ੁਰੂ ਹੋਇਆ।
ਇਹ ਸੱਤਵਾਂ ਕਤਲੇਆਮ ਪਹਿਲੇ ਛੇ ਕਤਲੇਆਮਾਂ ਨਾਲੋਂ ਕਿਤੇ ਵੱਧ ਭਿਆਨਕ ਤੇ ਬੜਾ ਹੀ ਵਿਸ਼ਾਲ ਸੀ। ਮੰਨੂੰ ਨੇ ਸਿੱਖਾਂ ਦਾ ਬੀਜ ਨਾਸ ਕਰਨ ਦੀ ਧਾਰ ਲਈ ਸੀ। ਇਸ ਕਤਲੇਆਮ ਵਿਚ ਰਾਠ, ਗੁਰਮੁਖ ਤੇ ਚਕਰੈਲ ਦਾ ਭੇਦ ਖਤਮ ਹੋਇਆ ਹੋ ਹੋਇਆ¸ਬੁੱਢਿਆਂ, ਬੱਚਿਆਂ ਤੇ ਨਿਰਦੋਸ਼ ਔਰਤਾਂ ਨੂੰ ਵੀ ਨਹੀਂ ਛੱਡਿਆ ਗਿਆ। ਏਨੇ ਸਿੱਖ ਕਤਲ ਕੀਤੇ ਗਏ ਕਿ ਉਹਨਾਂ ਦੇ ਸਿਰਾਂ ਨਾਲ ਕਈ ਖੂਹ ਭਰ ਗਏ। ਇਸ ਕਤਲੇਆਮ ਦੀ ਹੋਰ ਕੋਈ ਉਦਾਹਰਨ ਨਹੀਂ ਮਿਲਦੀ। ਸਿੱਖਾਂ ਦਾ ਜੋ ਪ੍ਰਤੀਕਰਮ ਸੀ, ਉਹ ਵੀ ਆਪਣੇ ਆਪ ਵਿਚ ਇਕ ਉਦਾਹਰਨ ਹੀ ਹੈ¸ਉਸਦੀ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ¸
'ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ।
ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।।'
ਕਿੱਡਾ ਵੱਡਾ ਸਿਰੜ ਸੀ, ਕਿੱਡੇ ਕਿੱਡੇ ਹੌਂਸਲੇ ਸਨ। ਦੁੱਖ ਝੱਲ ਝੱਲ ਕੇ ਦੁੱਖ ਤੇ ਸੁਖ ਦਾ ਅੰਤਰ ਹੀ ਮਿਟ ਗਿਆ ਸੀ। ਉਸਦੀ ਜਗ੍ਹਾ ਮੌਤ ਨਾਲ ਕਲੋਲਾਂ ਕਰਨ ਵਾਲੇ ਹੌਂਸਲੇ ਨੇ ਲੈ ਲਈ ਸੀ। ਸੋਏ ਘਾਹ ਵਾਂਗ ਹੀ ਸਿੰਘਾਂ ਦੀਆਂ ਜੜਾਂ ਜਨਤਾ ਵਿਚ ਸਨ। ਮੀਰ ਮੰਨੂੰ ਦੀ ਦਾਤਰੀ ਜਿੰਨਾਂ ਉਹਨਾਂ ਨੂੰ ਵੱਢਦੀ, ਉਹ ਓਨਾਂ ਹੀ ਵਧਦੇ ਸਨ। ਅਤਿਆਚਾਰ ਤੋਂ ਤੰਗ ਆਏ ਲੋਕ ਸਿਰਾਂ ਉੱਤੇ ਕਫਨ ਬੰਨ੍ਹ ਕੇ ਖਾਲਸਾ ਦਲ ਵਿਚ ਆ ਰਲਦੇ। ਘਰ ਬਾਰ ਖੁੱਸ ਗਏ ਤਾਂ ਕੀ ਸੀ, ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਤਾਂ ਉਹਨਾਂ ਲਈ ਖੁੱਲ੍ਹੀ ਸੀ। ਉੱਥੇ ਉਹ ਆਜ਼ਾਦੀ ਤੇ ਅਣਖ ਨਾਲ ਵਿਚਰਦੇ ਸਨ। ਜਦੋਂ ਦਾਅ ਲੱਗਦਾ ਸੀ ਜਾਂ ਕੋਈ ਮੁਗਲ ਅਧਿਕਾਰੀਆਂ ਦੇ ਵਿਰੁੱਧ ਫਰਿਆਦ ਲੈ ਕੇ ਆਉਂਦਾ ਸੀ, ਜਾ ਹੱਲਾ ਬੋਲਦੇ ਸਨ। ਇਸ ਨਾਲ ਉਹਨਾਂ ਨੂੰ ਜਨਤਾ ਦੀ ਹਮਦਰਦੀ ਪ੍ਰਾਪਤ ਹੁੰਦੀ ਤੇ ਪਹਾੜਾਂ ਵਿਚ ਦਿਨ ਲੰਘਾਉਣ ਲਈ ਰਸਦ-ਪਾਣੀ ਵੀ ਜੁੜ ਜਾਂਦਾ।
1762 ਦੀ ਬਰਸਾਤ ਖਤਮ ਹੋਈ ਤਾਂ ਮੰਨੂੰ ਦਾ ਇਕ ਅਧਿਕਾਰੀ ਪੂਰਬ ਦੀਆਂ ਪਹਾੜੀ ਰਿਆਸਤਾਂ ਤੋਂ ਲਗਾਨ ਵਸੂਲਣ ਆਇਆ। ਉਸਨੇ ਏਨਾ ਜ਼ਿਆਦਾ ਲਗਾਨ ਮੰਗਿਆ, ਜਿੰਨਾਂ ਉਹ ਦੇ ਨਹੀਂ ਸਨ ਸਕਦੇ...ਤੇ ਫੇਰ ਉਸ ਨੇ ਏਨੀ ਸ਼ਕਤੀ ਵਰਤੀ ਕਤੋਚ, ਹਰੀਪਰ ਤੇ ਮੰਡੀ ਦੇ ਰਾਜਿਆਂ ਦੇ ਵਕੀਲ ਫਰਿਆਦ ਲੈ ਕੇ ਜੱਸਾ ਸਿੰਘ ਆਹਲੂਵਾਲੀਆ ਕੋਲ ਆਣ ਪਹੁੰਚੇ। ਸਿੰਘਾਂ ਨੂੰ ਹੋਰ ਕੀ ਚਾਹੀਦਾ ਸੀ, ਉਹ ਤਾਂ ਅਜਿਹੇ ਮੌਕੇ ਨੂੰ ਉਡੀਕਦੇ ਹੀ ਰਹਿੰਦੇ ਸਨ। ਜੱਸਾ ਸਿੰਘ ਕੁਝ ਹੋਰ ਸਰਦਾਰਾਂ ਨਾਲ ਨਦੌਣ ਆ ਪਹੁੰਚਿਆ, ਜਿੱਥੇ ਮੁਗਲਾਂ ਦੇ ਅਧਿਕਾਰੀ ਨੇ ਡੇਰੇ ਲਾਏ ਹੋਏ ਸਨ। ਉਹ ਵੀ ਅਗੋਂ ਤਿਆਰ ਸੀ। ਪਹਿਲੇ ਦਿਨ ਦੀ ਲੜਾਈ ਵਿਚ, ਛੇਤੀ ਰਾਤ ਪੈ ਜਾਣ ਕਾਰਨ, ਕੋਈ ਫੈਸਲਾ ਨਾ ਹੋ ਸਕਿਆ। ਅਗਲੀ ਸਵੇਰ ਹੁੰਦਿਆਂ ਹੀ ਸਿੰਘਾਂ ਨੇ ਫੇਰ ਉਸਨੂੰ ਜਾ ਲਲਕਾਰਿਆ। ਘਮਾਸਾਨ ਦੀ ਟੱਕਰ ਹੋਈ। ਜੱਸਾ ਸਿੰਘ ਨੇ ਮੁੱਖ ਅਧਿਕਾਰੀ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ। ਉਸਦੇ ਡਿੱਗਦਿਆਂ ਹੀ ਮੁਗਲ ਫੌਜ ਭੱਜ ਖੜ੍ਹੀ ਹੋਈ। ਖਾਲਸੇ ਦੀ ਜਿੱਤ ਹੋਈ ਤੇ ਪਾਹੜੀ ਰਾਜਿਆਂ ਨੂੰ ਸੁਖ ਦਾ ਸਾਹ ਮਿਲਿਆ। ਜੱਸਾ ਸਿੰਘ ਰਾਜਿਆਂ ਦੇ ਸ਼ੁਕਰਾਨੇ, ਨਜ਼ਰਾਨੇ ਲੈ ਕੇ ਆਨੰਦਪੁਰ ਪਰਤ ਆਇਆ।
ਜਦੋਂ ਮੀਰ ਮੰਨੂੰ ਨੂੰ ਨਦੌਣ ਦੀ ਹਾਰ ਦੀ ਖਬਰ ਮਿਲੀ, ਉਹ ਤੜਫ ਉਠਿਆ। ਉਸਨੇ ਦੁਆਬਾ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਤਾਕੀਦ ਕੀਤੀ ਕਿ ਉਹ ਸਿੱਖਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਮਕਬੂਲ ਬੁਟੀ ਦੀ ਲੜਾਈ ਵਿਚ ਉਸਦੇ ਗੱਦਾਰੀ ਭਰੇ ਰੱਵਈਏ ਕਾਰਨ ਮੰਨੂੰ ਦੇ ਦਿਲ ਵਿਚ ਜਿਹੜੀ ਮਾੜੀ ਭਾਵਨਾਂ ਪੈਦਾ ਹੋ ਗਈ ਸੀ, ਅਦੀਨਾ ਬੇਗ ਉਸਨੂੰ ਧੋ ਦੇਣਾ ਚਾਹੁੰਦਾ ਸੀ। ਦੂਜਾ ਸੀਮਾ ਦੇ ਇਲਾਕੇ ਵਿਚ ਸਿੰਘਾਂ ਦੀ ਤਾਕਤ ਦਾ ਵਧਣਾ ਨਾ ਸਿਰਫ ਮੰਨੂੰ ਲਈ ਬਲਕਿ ਖ਼ੁਦ ਉਸਦੇ ਲਈ ਵੀ ਖਤਰਨਾਕ ਸੀ। ਉਸਨੇ ਸਿੰਘਾਂ ਉਪਰ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ।
18, 19 ਫਰਬਰੀ 1753 ਨੂੰ ਆਨੰਦਪੁਰ ਵਿਚ ਹੋਲੇ-ਮਹੱਲੇ ਦਾ ਮੇਲਾ ਸੀ। ਸਿੱਖ ਇਸ ਮੇਲੇ ਵਿਚ ਭਾਰੀ ਗਿਣਤੀ ਵਿਚ ਇਕੱਠੇ ਹੋਏ ਸਨ। ਉਹਨਾਂ ਵਿਚ ਬੁੱਢੇ, ਬੱਚੇ ਤੇ ਔਰਤਾਂ ਵੀ ਸਨ ਤੇ ਇਧਰ ਉਧਰ ਖਿੱਲਰੇ ਹੋਏ ਸਨ। ਲੜਾਈ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਮੇਲਾ, ਮੇਲਾ ਸੀ। ਅਦੀਨਾ ਬੇਗ ਤੇ ਸਦੀਕ ਬੇਗ ਨੇ ਅਚਾਨਕ ਹੱਲਾ ਬੋਲ ਦਿੱਤਾ। ਸਿੱਖਾਂ ਵਿਚ ਭਗਦੜ ਮੱਚ ਗਈ। ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਮੁਕਾਬਲਾ ਕਰਨ ਆ ਪਹੁੰਚੇ, ਪਰ ਸਿੰਘ ਇਧਰ ਉਧਰ ਭੱਜ ਨਿਕਲੇ ਸਨ। ਉਹਨਾਂ ਨੂੰ ਲੜਾਈ ਲਈ ਇਕੱਠੇ ਕਰਨਾ ਅਸੰਭਵ ਸੀ। ਬਹੁਤ ਸਾਰੇ ਨਿਹੱਥੇ ਸਿੱਖ ਔਰਤਾਂ, ਬੱਚੇ ਤੇ ਬੁੱਢੇ ਸ਼ਹੀਦ ਹੋਏ ਤੇ ਅਨੇਕਾਂ ਫੱਟੜ। ਚੜ੍ਹਤ ਸਿੰਘ ਦੇ ਵੀ ਇਕ ਫੱਟ ਲੱਗਿਆ, ਜਿਹੜਾ ਕਾਫੀ ਡੂੰਘਾ ਸੀ ਪਰ ਛੇਤੀ ਹੀ ਉਹ ਠੀਕ ਹੋ ਗਿਆ।
ਕਸੂਰ ਦੇ ਪਠਾਨਾਂ ਨੇ ਮੀਰ ਮੋਮਿਨ ਖਾਂ ਤੇ ਹੁਸੈਨ ਬੇਗ ਦੀ ਅਗਵਾਨੀ ਵਿਚ ਸਿੱਖਾਂ ਵਿਰੁੱਧ ਦੋ ਮੁਹਿੰਮਾਂ ਚਲਾਈਆਂ। ਇਕ ਵਾਰੀ ਮੀਰ ਮੰਨੂੰ ਨੂੰ ਪਤਾ ਲੱਗਿਆ ਕਿ ਸਿੰਘ ਬਟਾਲੇ ਵਿਚ ਡੇਰਾ ਲਾਈ ਬੈਠੇ ਹਨ ਤੇ ਉਹਨਾਂ ਨੇ ਆਵਾਜਾਈ ਰੋਕ ਦਿੱਤੀ ਹੈ। ਉਸਦੇ ਹੁਕਮ ਨਾਲ ਸੱਯਦ ਜਮੀਉਲਦੀਨ ਤੇ ਬਖ਼ਸ਼ੀ ਗਾਜੀ ਖਾਂ ਬੇਗ ਨੇ ਉਹਨਾਂ ਦੇ ਖ਼ਿਲਾਫ਼ ਚੜ੍ਹਾਈ ਕਰ ਦਿੱਤੀ। ਸਿੰਘਾਂ ਨੇ ਰਾਮ-ਰੌਣੀ ਵਿਚ ਜਾ ਸ਼ਰਨ ਲਈ। ਉਹਨਾਂ ਦੀ ਗਿਣਤੀ ਨੌਂ ਸੌ ਦੇ ਲਗਭਗ ਸੀ। ਉਹ ਸਾਰੇ ਦੇ ਸਾਰੇ ਕਤਲ ਕਰ ਦਿੱਤੇ ਗਏ।
ਲਾਹੌਰ ਵਿਚ ਵਾਪਸੀ ਸਮੇਂ ਮੀਰ ਮੰਨੂੰ ਨੇ ਸ਼ਹਿਰ ਤੋਂ ਸੱਤ ਕੋਹ ਦੇ ਫਾਸਲੇ ਉਪਰ ਰਾਵੀ ਕੰਢੇ ਡੇਰਾ ਲਾ ਦਿੱਤਾ। ਖਵਾਜ਼ਾ ਮਿਰਜ਼ਾ ਦੀ ਅਗਵਾਈ ਵਿਚ ਉੱਥੇ ਉੱਥੇ ਸੈਨਕ ਭੇਜੇ ਜਿੱਥੇ ਜਿੱਥੇ ਸਿੰਘਾਂ ਦੇ ਹੋਣ ਦੀ ਖਬਰ ਮਿਲੀ। ਖਵਾਜ਼ਾ ਹਰ ਰੋਜ਼ ਤੀਹ ਕੋਹ ਦੇ ਇਲਾਕੇ ਵਿਚ ਪੁੱਛ ਪੜਤਾਲ ਕਰਦਾ। ਜਿੱਥੇ ਵੀ ਸਿੱਖਾਂ ਦੇ ਹੋਣ ਦੀ ਸੂੰਹ ਮਿਲਦੀ, ਉਹ ਉਹਨਾਂ ਉਪਰ ਝਪਟਦਾ ਤੇ ਕਤਲ ਕਰ ਦਿੰਦਾ। ਜਿਹੜਾ ਵੀ ਸਿੱਖਾਂ ਨੂੰ ਗਿਰਫ਼ਤਾਰ ਕਰਕੇ ਲਿਆਉਂਦਾ, ਸਿਰ ਕੱਟ ਕੇ ਲਿਆਉਂਦਾ ਜਾਂ ਉਹਨਾਂ ਦੇ ਘੋੜੇ ਖੋਹ ਕੇ ਲਿਆਉਂਦਾ, ਉਸਨੂੰ ਇਨਾਮ ਮਿਲਦਾ। ਨਖਾਸ ਚੌਂਕ ਵਿਚ ਸਿੱਖਾਂ ਨੂੰ ਚਰਖੀਆਂ ਉਪਰ ਚੜ੍ਹਾ ਕੇ, ਕੋੜੇ ਮਾਰ ਮਾਰ ਕੇ ਜਾਂ ਕਈ ਕਿਸਮ ਦੇ ਹੋਰ ਤਸੀਹੇ ਦੇ ਕੇ ਮਾਰਿਆ ਜਾਂਦਾ। ਇਹਨਾਂ ਸਾਰੀਆਂ ਸਖਤੀਆਂ ਦਾ ਸਾਹਮਣਾ ਉਹਨਾਂ ਸਿੱਖਾਂ ਨੂੰ ਵੀ ਕਰਨਾ ਪੈਂਦਾ, ਜਿਹਨਾਂ ਨੂੰ ਅਦੀਨਾ ਬੇਗ ਦੁਆਬਾ ਜਲੰਧਰ ਦੇ ਇਲਾਕੇ ਵਿਚੋਂ ਫੜ੍ਹ ਕੇ ਭੇਜਦਾ ਸੀ।
ਸਿੱਖਾਂ ਦੇ ਘਰਾਂ ਨੂੰ ਆਦਮੀਆਂ ਤੋਂ ਖਾਲੀ ਦੇਖ ਕੇ ਔਰਤਾਂ ਤੇ ਬੱਚਿਆਂ ਨੂੰ ਫੜ੍ਹ ਲਿਆ ਜਾਂਦਾ, ਲਾਹੌਰ ਲਿਆਂਦਾ ਜਾਂਦਾ ਤੇ ਨਖਾਸ ਚੌਂਕ ਦੇ ਕੋਲ ਹੀ ਹਨੇਰੀਆਂ ਤੰਗ ਕੋਠੜੀਆਂ ਵਿਚ ਬੰਦਾ ਕਰ ਦਿੱਤਾ ਜਾਂਦਾ। ਖਾਣ ਲਈ ਪੌਣੀ ਰੋਟੀ ਮਿਲਦੀ ਤੇ ਹਰ ਰੋਜ਼ ਸਵਾ ਮਣ ਅਨਾਜ ਪਿਸਵਾਇਆ ਜਾਂਦਾ। ਇਹਨਾਂ ਔਰਤਾਂ ਵਿਚ ਭੂਪੇ ਦੀ ਮਾਂ ਸਤਵੰਤ ਕੌਰ ਵੀ ਸੀ। ਜਦੋਂ ਉਹਨਾਂ ਨੂੰ ਧਰਮ ਬਦਲਣ ਲਈ ਕਿਹਾ ਗਿਆ ਤਾਂ ਸਤਵੰਤ ਕੌਰ ਨੇ ਉਤਰ ਦਿੱਤਾ, “ਅਸੀਂ ਤੁਹਾਡੇ ਉਸ ਮਜਹਬ ਉੱਤੇ ਜਿਹੜਾ ਤੁਹਾਨੂੰ ਜੁਲਮ ਢਾਉਣਾ ਤੇ ਹੱਤਿਆਵਾਂ ਕਰਨਾ ਸਿਖਾਉਂਦਾ ਹੈ¸ਥੂਹ-ਥੂਹ¸ਸੌ ਵਾਰੀ ਥੁੱਕਦੇ ਹਾਂ।” ਉਹਨਾਂ ਦੇ ਦੁੱਧ ਪੀਂਦੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਉਹਨਾਂ ਦੀਆਂ ਝੋਲੀਆਂ ਵਿਚ ਪਾ ਦਿੱਤਾ ਜਾਂਦਾ ਸੀ। ਫੇਰ ਵੀ ਉਹ ਅੜੀਆਂ ਰਹਿੰਦੀਆਂ ਤੇ ਸ਼ਾਂਤ-ਸਿੱਥਲ ਆਵਾਜ਼ ਵਿਚ ਕਹਿੰਦੀਆਂ, “ਅਸੀਂ ਇਹਨਾਂ ਨੂੰ ਸ਼ਹੀਦ ਹੋਣ ਲਈ ਜੰਮਿਆਂ ਸੀ। ਚੰਗਾ ਹੈ, ਹੁਣੇ ਸ਼ਹੀਦ ਹੋ ਗਏ।”
ਔਰਤਾਂ ਤੇ ਬੱਚਿਆਂ ਉਪਰ ਜੁਲਮ ਹੁੰਦੇ ਦੇਖ ਕੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਭਲੇ ਮੁਸਲਮਾਨਾਂ ਨੇ ਵੀ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਪਰ ਮੰਨੂੰ ਦੇ ਕੰਨ ਉੱਤੇ ਜੂੰ ਨਾ ਸਰਕੀ।
ਸਿੱਖਾਂ ਦਾ ਇਹ ਕਤਲੇਆਮ 1753 ਤਕ ਬੜੇ ਜ਼ੋਰ-ਸ਼ੋਰ ਨਾਲ ਹੁੰਦਾ ਰਿਹਾ ਤੇ ਇਹ ਮੰਨੂੰ ਦੀ ਮੌਤ ਨਾਲ ਹੀ ਖਤਮ ਹੋਇਆ।
ਇਸ ਸਾਲ ਦੀਵਾਲੀ 26 ਅਕਤੂਬਰ ਦੀ ਸੀ। ਸਿੰਘ ਸਰਕਾਰੀ ਮੁਖ਼ਬਰਾਂ ਤੇ ਪਹਿਰੇਦਾਰਾਂ ਦੀ ਅੱਖ ਬਚਾਅ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪਹੁੰਚ ਗਏ ਤੇ ਸਰੋਵਰ ਵਿਚ ਇਸ਼ਨਾਨ ਕਰਕੇ ਨੌਂ ਦੋ ਗਿਆਰਾਂ ਹੋ ਗਏ। ਇਹਨੀਂ ਦਿਨੀਂ ਮੀਰ ਮੰਨੂੰ ਖ਼ੁਦ ਫੌਜ ਲੈ ਕੇ ਸਿੱਖਾਂ ਦਾ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ। ਉਸ ਨੂੰ ਹਲਕਾਰਿਆਂ ਨੇ ਖਬਰ ਦਿੱਤੀ ਕਿ ਮਲਿਕਪੁਰ ਪਿੰਡ ਦੇ ਕੋਲ ਸਿੰਘ ਗੰਨੇ ਦੇ ਖੇਤਾਂ ਵਿਚ ਛੁਪੇ ਬੈਠੈ ਹਨ। ਮੀਰ ਮੰਨੂੰ ਨੇ ਝੱਟ ਉਹਨਾਂ ਉੱਤੇ ਚੜ੍ਹਾਈ ਕਰ ਦਿੱਤੀ ਤੇ ਖੇਤਾਂ ਵਿਚ ਛੁਪੇ ਬੈਠੇ ਸਿੰਘਾਂ ਨੂੰ ਜਾ ਘੇਰਿਆ। ਉੱਥੇ ਸਿੰਘਾਂ ਦੀ ਤਾਦਾਦ ਕਾਫੀ ਸੀ, ਪਰ ਵਧੇਰੇ ਬੁੱਢੇ, ਬੱਚੇ ਤੇ ਔਰਤਾਂ ਸਨ। ਜਦੋਂ ਦੇਖਿਆ ਕਿ ਦੁਸ਼ਮਣ ਸੈਨਾ ਨੇ ਘੇਰ ਲਿਆ ਹੈ ਤਾਂ ਸਿੰਘਾਂ ਨੇ ਆਪਣੇ ਬਚਾਅ ਲਈ ਬਾਹਰ ਵੱਲ ਗੋਲੀਆਂ ਦੀ ਵਾਛੜ ਕਰ ਦਿੱਤੀ। ਮੰਨੂੰ ਦਾ ਘੋੜਾ ਤ੍ਰਭਕ ਕੇ ਸਿੱਧਾ ਖੜ੍ਹਾ ਹੋ ਗਿਆ। ਮੰਨੂੰ ਘੋੜੇ ਤੋਂ ਹੇਠਾਂ ਡਿੱਗ ਪਿਆ, ਪਰ ਉਸਦਾ ਇਕ ਪੈਰ ਰਕਾਬ ਵਿਚ ਫਸਿਆ ਰਹਿ ਗਿਆ। ਘੋੜਾ ਪੂਰੀ ਰਫ਼ਤਾਰ ਨਾਲ ਦੌੜਿਆ ਤੇ ਉਸ ਨੂੰ ਕੰਡਿਆਂ ਝਾੜੀਆਂ ਘਸੀਟਦਾ ਹੋਇਆ ਲੈ ਗਿਆ। ਜਦੋਂ ਘੋੜਾ ਲਾਹੌਰ ਪਹੁੰਚਿਆ ਮੰਨੂੰ ਦਾ 'ਭੌਰ' ਉਡ ਚੁੱਕਿਆ ਸੀ।
ਮੰਨੂੰ ਦੇ ਘੋੜੇ ਤੋਂ ਡਿੱਗ ਕੇ ਮਰ ਜਾਣ ਦੀ ਖਬਰ ਨਾਲ ਸ਼ਹਿਰ ਵਿਚ ਅਫਰਾ-ਤਫਰੀ ਫੈਲ ਗਈ। ਫੌਜੀਆਂ ਨੂੰ ਕਾਫੀ ਚਿਰ ਤੋਂ ਤਨਖਾਹ ਨਹੀਂ ਸੀ ਮਿਲੀ। ਉਹਨਾਂ ਮੰਨੂੰ ਦੀ ਲਾਸ਼ ਉੱਤੇ ਕਬਜਾ ਕਰ ਲਿਆ ਕਿ ਜਦੋਂ ਤਕ ਸਾਡੀ ਤਨਖਾਹ ਨਹੀਂ ਮਿਲੇਗੀ, ਅਸੀਂ ਵਾਪਸ ਨਹੀਂ ਕਰਾਂਗੇ। ਅਫਰਾ-ਤਫਰੀ ਦੀ ਇਸ ਹਾਲਤ ਵਿਚ ਗੰਨੇ ਦੇ ਖੇਤਾਂ ਵਿਚ ਛੁਪੇ ਸਿੱਖਾਂ ਦਾ ਇਕ ਘੋੜਸਵਾਰ ਜੱਥਾ ਬੜੀ ਤੇਜ਼ੀ ਨਾਲ ਲਾਹੌਰ ਆਇਆ ਤੇ ਨਖਾਸ ਚੌਂਕ ਦੀਆਂ ਹਨੇਰੀਆਂ-ਭੀੜੀਆਂ ਕੋਠੜੀਆਂ ਵਿਚੋਂ ਔਰਤਾਂ ਤੇ ਬੱਚਿਆਂ ਨੂੰ ਘੋੜਿਆਂ ਦੇ ਅੱਗੇ ਪਿੱਛੇ ਬਿਠਾ ਕੇ ਕੱਢ ਕੇ ਲੈ ਗਿਆ।
ਮੀਰ ਮੰਨੂੰ ਦੀ ਮੌਤ ਤੋਂ ਪਿੱਛੋਂ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਨੇ ਆਪਣੇ ਤਿੰਨ ਸਾਲ ਦੇ ਬੇਟੇ ਮਹਿਮੂਦ ਖਾਂ ਨੂੰ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਤੇ ਮੀਰ ਮੰਨੂੰ ਦੇ ਦੋ ਸਾਲ ਦੇ ਬੇਟੇ ਮੁਹੰਮਦ ਅਮੀਨ ਨੂੰ ਨਾਇਬ ਸੂਬੇਦਾਰ ਨਿਯੁਕਤ ਕਰਕੇ ਰਾਜ ਪ੍ਰਬੰਧ ਮੋਮਿਨ ਖਾਂ ਨੂੰ ਸੌਂਪ ਦਿੱਤਾ। ਮੀਰ ਮੰਨੂੰ ਦੀ ਵਿਧਵਾ ਮੁਰਾਦ ਬੇਗਮ ਜਿਹੜੀ ਬਾਅਦ ਵਿਚ ਮੁਗਲਾਨੀ ਬੇਗਮ ਦੇ ਨਾਂ ਨਾਲ ਮਸ਼ਹੂਰ ਹੋਈ, ਜੋੜ-ਤੋੜ ਵਿਚ ਇਕ ਪ੍ਰਤਿਭਾਸ਼ਾਲੀ ਔਰਤ ਸੀ। 1753 ਦੀ ਸੰਧੀ ਅਨੁਸਾਰ ਲਾਹੌਰ ਤੇ ਮੁਲਤਾਨ ਅਹਿਮਦ ਸ਼ਾਹ ਅਬਦਾਲੀ ਦੇ ਕਬਜੇ ਵਿਚ ਚਲੇ ਗਏ ਸਨ। ਮੁਲਤਾਨੀ ਬੇਗਮ ਨੇ ਦਿੱਲੀ ਦਾ ਦਖਲ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਸੱਤਾ ਆਪਣੇ ਹੱਥ ਵਿਚ ਲੈ ਲਈ। ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਅਫਗਾਨਿਸਤਾਨ ਵਿਚ ਵੀ ਵਿਰੋਧ ਹੋ ਰਹੇ ਸਨ। ਉਹ ਉਹਨਾਂ ਨੂੰ ਦਬਾਉਣ ਵਿਚ ਉਲਝਿਆ ਹੋਇਆ ਸੀ। ਉਸਨੂੰ ਇਧਰ ਧਿਆਨ ਦੇਣ ਦੀ ਵਿਹਲ ਹੀ ਨਹੀਂ ਸੀ ਕਿ ਲਾਹੌਰ ਤੇ ਮੁਲਤਾਨ ਵਿਚ ਕੀ ਹੋ ਰਿਹਾ ਹੈ। ਮੁਲਤਾਨੀ ਬੇਗ਼ਮ ਨੇ ਉਸਤੋਂ ਮੰਜ਼ੂਰੀ ਮੰਗੀ ਜਿਹੜੀ ਉਸਨੇ ਝੱਟ ਦੇ ਦਿੱਤੀ। ਦਿੱਲੀ ਵਿਚ ਈਰਾਨੀ-ਦਲ ਤੇ ਤੂਰਾਨੀ-ਦਲ ਆਪਸ ਵਿਚ ਲੜ-ਝਗੜ ਰਹੇ ਸਨ, ਸਾਜਿਸ਼ਾਂ ਤੇ ਹੱਤਿਆਵਾਂ ਦਾ ਬਾਜ਼ਾਰ ਗਰਮ ਸੀ। ਈਰਾਨੀ-ਦਲ ਦਾ ਨੇਤਾ ਸਫਦਰ ਜੰਗ ਤੇ ਤੂਰਾਨੀ-ਦਲ ਇਮਾਦੁੱਲ ਮੁਲਕ ਸੀ। ਦੋਹਾਂ ਦਲਾਂ ਵਿਚ ਕਈ ਦਿਨਾਂ ਤਕ ਦਿੱਲੀ ਦੀਆਂ ਗਲੀਆਂ ਵਿਚ ਲੜਾਈ ਹੁੰਦੀ ਰਹੀ। ਇਹਨਾਂ ਲੜਾਈਆਂ ਵਿਚ ਸਫਦਰ ਜੰਗ ਦਾ ਪੱਲਾ ਭਾਰੀ ਸੀ। ਇਮਾਦੁੱਲ ਮੁਲਕ ਨੇ ਮਰਹੱਟਿਆਂ ਦੀ ਮਦਦ ਨਾਲ ਸਫਦਰ ਜੰਗ ਨੂੰ ਦਿੱਲੀ ਵਿਚੋਂ ਬਾਹਰ ਕੱਢ ਦਿੱਤਾ। ਸਫਦਰ ਜੰਗ ਨੇ ਅਵਧ ਵਿਚ ਆਪਣਾ ਸੁਤੰਤਰ ਰਾਜ ਕਾਇਮ ਕਰ ਲਿਆ। ਇਧਰ ਇਮਾਦੁੱਲ ਮੁਲਕ ਤੇ ਬਾਦਸ਼ਾਹ ਅਹਿਮਦ ਸ਼ਾਹ ਵਿਚ ਵੀ ਅਣਬਣ ਹੋ ਗਈ। ਇਮਾਦੁੱਲ ਮੁਲਕ ਨੇ ਅਹਿਮਦ ਸ਼ਾਹ ਦੀਆਂ ਅੱਖਾਂ ਕੱਢਵਾ ਦਿੱਤੀਆਂ ਤੇ ਅਜੀਜੁੱਲ ਦੀਨ ਜਹਾਂ ਨੂੰ ਆਲਮਗੀਰ ਦੂਜਾ ਦੇ ਤੌਰ 'ਤੇ ਤਖ਼ਤ ਉੱਤੇ ਬਿਠਾਅ ਦਿੱਤਾ। ਇਹ ਸਥਿਤੀ ਸੀ ਜਦੋਂ ਅਬਦਾਲੀ ਤੋਂ ਮੰਜ਼ੂਰੀ ਲੈ ਕੇ ਮੁਗਲਾਨੀ ਬੇਗਮ ਸਰਵੇ-ਸਰਵਾ ਬਣ ਗਈ। ਉਸਨੇ ਇਸ ਮੰਜ਼ੂਰੀ ਦਾ ਧੁਮਧਾਮ ਨਾਲ ਜਸ਼ਨ ਮਨਾਇਆ।
ਮੁਗਲਾਨੀ ਬੇਗਮ ਉਚੇ ਕੱਦ ਤੇ ਭਰੇ ਭਰੇ ਸਰੀਰ ਵਾਲੀ ਸੁੰਦਰ ਜਨਾਨੀ ਸੀ। ਸੱਤਾ ਹੱਥ ਵਿਚ ਆਉਂਦਿਆਂ ਹੀ ਉਹ ਖੁੱਲ੍ਹ ਖੇਡੀ। ਉਸਨੇ ਆਪਣੇ ਆਚਰਣ ਨਾਲ ਸਿੱਧ ਕਰ ਦਿੱਤਾ ਕਿ ਵਿਲਾਸਤਾ ਉਪਰ ਸਿਰਫ ਮਰਦਾਂ ਦਾ ਹੀ ਨਹੀਂ, ਔਰਤਾਂ ਦਾ ਵੀ ਹੱਕ ਬਣਦਾ ਹੈ। ਗਾਜੀ ਬੇਗ ਖਾਂ ਬਖ਼ਸ਼ੀ ਦੇ ਨਾਲ ਉਸਦੇ ਨਾਜਾਇਜ ਸਬੰਧ ਤੇ ਰੰਗ-ਰਲੀਆਂ ਦੇ ਕਿੱਸੇ ਛੇਤੀ ਹੀ ਸਾਰੇ ਲਾਹੌਰ ਵਿਚ ਮਸ਼ਹੂਰ ਹੋ ਗਏ। ਉਸਦੇ ਆਸ਼ਕਾਂ ਵਿਚ ਜਾਂ ਇੰਜ ਕਹੋ ਕਿ ਜਿਹਨਾਂ ਉਪਰ ਉਹ ਆਸ਼ਕ ਸੀ, ਇਕ ਸ਼ਾਹ ਨਵਾਜ ਮਸਕੀਨ ਸੀ, ਜਿਸ ਉਪਰ ਉਹ ਦਿਲੋ-ਜਾਨ ਨਾਲ ਮਰ ਮਿਟੀ ਸੀ। ਮੀਆਂ ਖੁਸ਼ ਫਹਿਮ, ਮੀਆਂ ਅਰਜਮੰਦ ਤੇ ਮੀਆਂ ਮੁਹੱਬਤ ਆਦਿ ਖਵਾਜਾ ਸਰਾ (ਖੁਸਰੇ) ਉਸਦੇ ਸਲਾਹਕਾਰ ਸਨ ਤੇ ਹੋਰ ਅਧਿਕਾਰੀ ਡਿਊਢੀ ਵਿਚ ਬੈਠੇ ਉਡੀਕਦੇ ਰਹਿੰਦੇ ਸਨ ਤੇ ਬੇਗਮ ਨਾਲ ਉਦੋਂ ਤਕ ਮੁਲਾਕਾਤ ਸੰਭਵ ਨਹੀਂ ਸੀ ਹੁੰਦੀ ਜਦੋਂ ਤਕ ਇਹਨਾਂ ਖਵਾਜਾ ਸਰਾਵਾਂ ਤੋਂ ਇਜਾਜ਼ਤ ਨਾ ਮਿਲ ਜਾਏ। ਬੇਗਮ ਆਪਣੀਆਂ ਰੰਗ-ਰਲੀਆਂ ਵਿਚ ਤੇ ਇਹ ਸਲਾਕਾਰ ਆਪਣੀਆਂ ਮਸਤੀਆਂ-ਖੜਮਸਤੀਆਂ ਵਿਚ ਰੁੱਝੇ ਰਹਿੰਦੇ ਸਨ ਤੇ ਡਿਊਢੀ ਵਿਚ ਥਿਰਕਦੀਆਂ ਅੱਡੀਆਂ ਤੇ ਤਾੜੀਆਂ ਦੇ ਨਾਲ ਇਹ ਆਵਾਜ਼ ਸੁਣਾਈ ਦਿੰਦੀ ਰਹਿੰਦੀ¸
“...ਥਾ-ਥਾ ਥੱਈਆ, ਥਾ-ਥਾ ਥੱਈਆ।
ਨਾਚੇ ਮੇਰਾ ਭਈਆ।
ਲੱਕੜੀ ਕੀ ਗਾਡੀ,
ਲੱਕੜੀ ਕਾ ਪਹੀਆ।
ਨਾਚੇ ਮੇਰਾ ਭਈਆ,
ਥਾ-ਥਾ ਥੱਈਆ।
ਤੇ ਇਹਨਾਂ ਖਵਾਜਾ ਸਰਾਵਾਂ ਵਿਚ ਹਰੇਕ ਆਪਣੇ ਆਪ ਨੂੰ ਹੋਰਾਂ ਨਾਲੋਂ ਸਿਆਣਾ ਸਮਝਦਾ ਸੀ। ਰਾਜ-ਕਾਜ ਦੀ ਕਿਸੇ ਵੀ ਸਮੱਸਿਆ ਉਪਰ ਗੱਲਬਾਤ ਕਰਦਿਆਂ ਹੋਇਆਂ, ਸਹਿਮਤ-ਅਸਹਿਮਤ ਹੋਣਾ ਤਾਂ ਪਾਸੇ ਰਿਹਾ, ਇਹ ਹੋਛੇ ਵਿਅੰਗ-ਵਾਂਕਾਂ ਉਪਰ ਆਉਂਦੇ ਸਨ।
ਮੀਆਂ ਖੁਸ਼ ਫਹਿਮ, “ਤੇਰਾ ਪਿਓ ਤਾਂ ਭੇਡਾਂ ਚਾਰਦਾ ਹੁੰਦਾ ਸੀ ਫੇਰ ਤੂੰ ਸਿਆਸਤ ਨੂੰ ਕੀ ਸਮਝੇਂਗਾ? ਤੈਨੂੰ ਇਹ ਤਾਂ ਪਤਾ ਨਹੀਂ ਬਈ ਬੇਰ ਦਾ ਅੱਗਾ ਕਿਹੜਾ ਤੇ ਪਿੱਛਾ ਕਿੱਧਰ ਹੁੰਦੈ?”
ਮੀਆਂ ਅਰਜਮੰਦ, “ਤੇਰਾ ਪਿਓ ਮੂੰਨੀ ਜਾਨ ਦਾ ਭੜੂਆ ਹੁੰਦਾ ਸੀ। ਸਿਆਸਤ ਦੀਆਂ ਡੀਗਾਂ ਮਰਾਨ ਵਾਲਿਆ ਜ਼ਰਾ ਇਹ ਤਾਂ ਦੱਸ ਬਈ ਸਵੇਰੇ ਮੁਰਗਾ ਹੀ ਬਾਂਗ ਕਿਉਂ ਦਿੰਦੈ, ਕਾਂ ਕਿਉਂ ਨਹੀਂ ਦੇ ਦਿੰਦਾ?”
ਮੀਆਂ ਮੁਹੱਬਤ, “ਓ ਮੀਆਂ ਜੀ, ਮੁਰਗੇ ਨੂੰ ਮੁਰਗਾ ਤੇ ਕਾਂ ਨੂੰ ਕਾਂ ਖ਼ੁਦਾ ਨੇ ਬਣਾਇਆ ਏ। ਤੂੰ ਖ਼ੁਦਾ ਦੇ ਕੰਮਾਂ ਵਿਚ ਦਖਲ ਦੇਣ ਵਾਲ ਕੌਣ ਹੁੰਦੈਂ? ਤੇਰਾ ਕੰਮ ਏਂ¸'ਥਾ-ਥਾ ਥੱਈਆ, ਨਾਚ ਮੇਰੇ ਭਈਆ'।” ਤੇ ਉਹ ਤਿੰਨੇ ਲੱਕ ਹਿਲਾ ਹਿਲਾ ਕੇ ਨੱਚਣ ਲੱਗ ਪੈਂਦੇ। ਰਾਜਨੀਤਕ ਸਮੱਸਿਆ, ਵਿਚਾਰੀ ਹੈਰਾਨੀ ਨਾਲ, ਸਿਲ-ਪੱਥਰ ਹੋਈ ਉਹਨਾਂ ਦੇ ਮੂੰਹ ਵੱਲ ਵਿੰਹਦੀ ਰਹਿ ਜਾਂਦੀ।
ਖਵਾਜਾ ਸਰਾਵਾਂ ਦੀ ਮੌਜ-ਮਸਤੀ ਤੇ ਮੁਗਲਾਨੀ ਬੇਗਮ ਦੀ ਲੱਚਰਤਾ ਦੇ ਕਿੱਸੇ ਇੱਥੋਂ ਤਕ ਮਸ਼ਹੂਰ ਹੋ ਗਏ ਕਿ 'ਹਾਟ ਬਾਜ਼ਾਰ' ਤੇ ਰੰਡੀਖਾਨਿਆਂ ਵਿਚ ਚਰਚਾ ਦਾ ਇਕੋਇਕ ਵਿਸ਼ਾ ਇਹੀ ਹੁੰਦਾ ਸੀ¸
“ਓਇ ਮੁੱਛਲਾ, ਤੂੰ ਇੱਥੇ ਕਿਉਂ ਆ ਗਿਐਂ। ਜਾਹ ਮੁਗਲਾਨੀ ਬੇਗਮ ਕੋਲ ਜਾਹ, ਜਿਹੜੀ ਹੁਸਨ ਤੇ ਪੈਸਾ ਖੁੱਲ੍ਹੇ ਹੱਥੀਂ ਲੁਟਾਅ ਰਹੀ ਏ।” ਸ਼ਕੀਲਾ ਜਾਨ ਦੇ ਆਸ਼ਕਾਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ।
“ਮੂੰਹ ਧੋ ਕੇ ਰੱਖੀਂ। ਮੁਗਲਾਨੀ ਬੇਗਮ ਦਾ ਜਿਸਮ, ਹੁਸਨ ਤੇ ਪੈਸਾ 17, 18 ਸਾਲ ਦੀ ਚੜ੍ਹਦੀ ਜਵਾਨੀ ਦੇ ਚੂਚਿਆਂ ਲਈ ਏ, ਸਾਡੇ ਤੁਹਾਡੇ ਲਈ ਨਹੀਂ। ਆਪਾਂ ਨੂੰ ਤਾਂ ਆਪਣੀ ਸ਼ਕੀਲਾ ਬੇਗਮ ਈ ਗਨੀਮਤ ਏ। ਖ਼ੁਦਾ ਇਸ ਦੀ ਤੰਦਰੁਸਤੀ ਤੇ ਜਵਾਨੀ ਬਰਕਰਾਰ ਰੱਖੇ”
“ਬੇਗਮ ਵੀ ਜਵਾਨ ਤੇ ਤੰਦਰੁਸਤ ਏ। ਕੀ ਪਤੈ, ਉਸਨੂੰ ਤੁਹਾਡੇ ਨਾਲ ਈ ਮੁਹੱਬਤ ਹੋ ਜਾਏ। ਆਖਰ ਤੁਸੀਂ ਵੀ ਤਾਂ ਬਾਂਕੇ ਜਵਾਨ ਓਂ।”
“ਮੁਹੱਬਤ! ਤਾਂ ਤੁਸੀਂ ਸਮਝਦੇ ਓ ਕਿ ਬੇਗਮ ਜਿਹਨਾਂ ਨਾਲ ਰਾਤਾਂ ਗੁਜ਼ਾਰਦੀ ਏ, ਉਹਨਾਂ ਨਾਲ ਉਸਨੂੰ ਮੁਹੱਬਤ ਵੀ ਏ? ਮੀਆਂ ਮੁਹੱਬਤ ਦਾ ਨਾਂ ਬਦਨਾਮ ਨਾ ਕਰੋ। ਕੀ ਅਸੀਂ ਤੁਸੀਂ ਸ਼ਕੀਲਾ ਜਾਨ ਨਾਲ ਮੁਹੱਬਤ ਕਰਦੇ ਹਾਂ ਜਾਂ ਉਹ ਸਾਡੇ ਨਾਲ ਮੁਹੱਬਤ ਕਰਦੀ ਏ? ਨਹੀਂ ਅਸੀਂ ਆਪਣੀ ਅਯਾਸ਼ੀ ਲਈ ਸ਼ਕੀਲਾ ਬੇਗਮ ਦਾ ਜਿਸਮ ਖਰੀਦਦੇ ਹਾਂ...ਤੇ ਪੈਸਾ ਖਰਚ ਕਰਨ ਦੇ ਇਲਾਵਾ ਉਸਦੇ ਨਖਰੇ ਵੀ ਝੱਲਦੇ ਹਾਂ। ਬੇਗਮ, ਬੇਗਮ ਹੈ। ਉਸਨੂੰ ਕਿਸੇ ਦੇ ਨਾਜ਼ ਨਖ਼ਰੇ ਝੱਲਣ ਦੀ ਜ਼ਰੂਰਤ ਨਹੀਂ। ਉਹ ਆਪਣੀ ਅਯਾਸ਼ੀ ਲਈ ਮਰਦਾਂ ਦੇ ਜਿਸਮ ਖਰੀਦਦੀ ਹੈ। ਸਾਫ ਗੱਲ ਨੂੰ ਉਲਝਾਇਆ ਨਾ ਜਾਏ ਤਾਂ ਅਯਾਸ਼ੀ ਅਯਾਸ਼ੀ ਹੁੰਦੀ ਹੈ, ਮੁਹੱਬਤ ਨਹੀਂ।”
“ਇਹ ਠੀਕ ਹੈ ਕਿ ਅਯਾਸ਼ੀ ਨੂੰ ਮੁਹੱਬਤ ਕਹਿਣਾ ਵਜਾਬ ਨਹੀਂ ਪਰ ਸਾਹਿਬ ਇਹ ਤਾਂ ਹਕੀਕਤ ਹੈ ਕਿ ਬੇਗਮ ਨੂੰ ਗਾਜ਼ੀ ਬੇਗ ਖਾਂ ਨਾਲ ਤੇ ਗਾਜ਼ੀ ਬੇਗ ਖਾਂ ਨੂੰ ਬੇਗਮ ਨਾਲ ਮੁਹੱਬਤ ਹੈ।”
“ਜੇ ਸਾਡੀ ਸ਼ਕੀਲਾ ਜਾਨ ਨੂੰ ਲਾਹੌਰ ਦੀ ਨਵਾਬੀ ਮਿਲ ਜਾਏ ਤਾਂ ਉਹ ਵੀ ਤੁਹਾਡੇ ਨਾਲ ਗਾਜ਼ੀ ਬੇਗ ਖਾਂ ਵਾਂਗ ਹੀ ਮੁਹੱਬਤ ਕਰੇਗੀ। ਨਾ ਤੁਹਾਨੂੰ ਨਾਜ਼-ਨਖ਼ਰੇ ਉਠਾਉਣੇ ਪੈਣਗੇ ਤੇ ਨਾ ਪੈਸੇ ਖਰਚ ਕਰਨੇ ਪੈਣਗੇ। ਤੁਹਾਨੂੰ ਸ਼ਕੀਲਾ ਜਾਨ ਤੇ ਸ਼ਕੀਲਾ ਜਾਨ ਨੂੰ ਤੁਹਾਡੇ ਨਾਲ ਮੁਹੱਬਤ ਹੋਏਗੀ।” ਕੋਈ ਤੀਜਾ ਬੋਲਿਆ ਤੇ ਪਲਟ ਕੇ ਸ਼ਕੀਲਾ ਜਾਨ ਨੂੰ ਪੁੱਛਣ ਲੱਗਾ, “ਮੈਂ ਠੀਕ ਕਹਿ ਰਿਹਾਂ ਨਾ? ਹੋਏਗੀ ਨਾ ਮੁਹੱਬਤ ਉਦੋਂ ਵੀ?”
“ਬੇਕਾਰ ਦੀਆਂ ਗੱਲਾਂ ਦਾ ਕੀ ਲਾਭ?” ਸ਼ਕੀਲਾ ਜਾਨ ਨੇ ਉਤਰ ਦਿੱਤਾ, “ਮੈਨੂੰ ਨਾ ਨਵਾਬੀ ਦੀ ਲੋੜ ਏ, ਨਾ ਮੁਹੱਬਤ ਦੀ। ਮੇਰੇ ਕੋਲ ਜਿਸਮ ਏਂ। ਜਿਸਮ ਵੇਚ ਕੇ ਗੁਜਾਰਾ ਕਰਦੀ ਹਾਂ। ਨਹੀਂ ਵੇਚਾਂਗੀ ਤਾਂ ਗੁਜਾਰਾ ਕਿਵੇਂ ਹੋਏਗਾ?”
ਕਹਾਵਤ ਹੈ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਜਿਸ ਤਰ੍ਹਾਂ ਦਿੱਲੀ ਦਾ ਬਾਦਸ਼ਾਹ ਤੇ ਅਮੀਰ ਉਮਰਾ ਅਯਾਸ਼ੀ ਵਿਚ ਡੁੱਬੇ ਹੋਏ ਸਨ, ਉਸੇ ਤਰ੍ਹਾਂ ਮੁਗਲਾਨੀ ਬੇਗਮ ਦਾ ਅਯਾਸ਼ੀ ਵਿਚ ਡੁੱਬ ਜਾਣਾ ਹੈਰਾਨੀ ਦੀ ਗੱਲ ਨਹੀਂ ਸੀ। ਜਿਸ ਤਰ੍ਹਾਂ ਦਿੱਲੀ ਵਿਚ ਗੁੱਟਬੰਦੀ ਸੀ ਤੇ ਸੱਤਾ ਹਥਿਆਉਣ ਖਾਤਰ ਛੜਯੰਤਰ ਰਚੇ ਜਾ ਰਹੇ ਸਨ, ਉਸੇ ਤਰ੍ਹਾਂ ਲਹੌਰ ਵਿਚ ਵੀ ਗੁੱਟਬੰਦੀ ਦਾ ਹੋਣਾ ਤੇ ਛੜਯੰਤਰ ਰਚੇ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਮਈ 1754 ਵਿਚ ਮੁਗਲਾਨੀ ਬੇਗਮ ਦੇ ਇਕਲੌਤੇ ਤੇ ਤਿੰਨ ਸਾਲ ਦੇ ਪੁੱਤਰ ਦੀ ਮੌਤ ਹੋ ਗਈ। ਉਸਦੇ ਸਰੀਰ ਉਪਰ ਅਜਿਹੇ ਨਿਸ਼ਾਨ ਸਨ ਜਿਹਨਾਂ ਤੋਂ ਪਤਾ ਲੱਗਦਾ ਸੀ ਕਿ ਉਸਨੂੰ ਜ਼ਹਿਰ ਦਿੱਤਾ ਗਿਆ ਹੈ। ਦਰਬਾਰੀਆਂ ਤੇ ਆਮ ਲੋਕਾਂ ਦਾ ਖਿਆਲ ਸੀ ਕਿ ਸੱਤਾ ਆਪਣੇ ਹੱਥ ਵਿਚ ਲੈਣ ਲਈ ਦੀਵਾਨ ਭਿਖਾਰੀ ਖਾਂ ਨੇ ਆਪਣੇ ਚਹੇਤੇ ਖਵਾਜਾ ਸਰਾ ਜਮੁਰੱਦ ਦੇ ਹੱਥੋਂ ਜ਼ਹਿਰ ਦੁਆ ਕੇ ਬੱਚੇ ਦੀ ਹੱਤਿਆ ਕੀਤੀ ਹੈ। ਭਿਖਾਰੀ ਖਾਂ ਜਿਸ ਨੂੰ ਰੌਸ਼ਨਉਦੌਲਾ ਰੁਸਤਮੇ ਜਮਾਂ ਵੀ ਕਿਹਾ ਜਾਂਦਾ ਸੀ, ਮੀਰ ਮੰਨੂੰ ਦਾ ਖਾਸ ਦੋਸਤ ਤੇ ਸ਼ਕਤੀਸ਼ਾਲੀ ਤੁਰਕ ਸਰਦਾਰ ਸੀ। ਮੁਹੰਮਦ ਅਮੀਨ ਖਾਂ ਦੀ ਹੱਤਿਆ ਦਾ ਲਾਭ ਉਠਾ ਕੇ ਦਿੱਲੀ ਦੇ ਬਾਦਸ਼ਾਹ ਨੇ ਪੰਜਾਬ ਨੂੰ ਆਪਣੇ ਕਬਜੇ ਵਿਚ ਕਰ ਲੈਣ ਦੀ ਕੋਸ਼ਿਸ਼ ਕੀਤੀ ਤੇ ਇਕ ਮੁਗਲ ਸਰਦਾਰ ਮੋਮਿਨ ਖਾਂ ਨੂੰ ਲਾਹੌਰ ਦਾ ਨਵਾਬ ਥਾਪ ਦਿੱਤਾ। ਪਰ ਬੇਗਮ ਨੇ ਦਿੱਲੀ ਦੀ ਇਕ ਨਹੀਂ ਚੱਲਣ ਦਿੱਤੀ। ਖ਼ੁਦ ਭਿਖਾਰੀ ਖਾਂ ਤੇ ਤੁਰਕ ਸਰਦਾਰਾਂ ਦੀ ਮਦਦ ਨਾਲ ਉਸਨੇ ਇਸ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ।
ਭਿਖਾਰੀ ਖਾਂ ਨੇ ਬੇਗਮ ਦੀ ਮਦਦ ਆਪਣੇ ਸਵਾਰਥ ਵੱਸ ਕੀਤੀ ਸੀ। ਇਕ ਤਾਂ ਉਸਨੇ ਮੁਹੰਮਦ ਅਮੀਨ ਖਾਂ ਦੀ ਹੱਤਿਆ ਦੇ ਦੋਸ਼ ਤੋਂ ਬਚਣਾ ਸੀ, ਦੂਜਾ ਉਹ ਦਿੱਲੀ ਦੀ ਦਖਲ-ਅੰਦਾਜੀ ਦਾ ਵਿਰੋਧ ਕਰਕੇ ਹੀ ਸੱਤਾ ਆਪਣੇ ਹੱਥ ਵਿਚ ਲੈ ਸਕਦਾ ਸੀ। ਥੋੜ੍ਹ ਦਿਨਾਂ ਬਾਅਦ ਉਸਨੇ ਇਹ ਕਹਿ ਕੇ ਬਗਾਵਤ ਕਰ ਦਿੱਤੀ ਕਿ ਬੇਗਮ ਦੀ ਬਦਕਾਰੀ ਮੇਰੇ ਦੋਸਤ ਮੀਰ ਮੰਨੂੰ ਨਾਲ ਬੇਵਫਾਈ ਹੈ ਤੇ ਸਾਰੀ ਤੁਰਕ ਜਾਤੀ ਦੀ ਬਦਨਾਮੀ ਹੈ।
ਬੇਗਮ ਵੀ ਹੁਸ਼ਿਆਰ ਸੀ। ਉਸਨੇ ਤੁਰਕ ਸਰਦਾਰਾਂ ਵਿਚ ਫੁੱਟ ਪਾ ਦਿੱਤੀ। ਕਾਸਿਮ ਖਾਂ ਨਾਂ ਦੇ ਇਕ ਤੁਰਕ ਨੌਜਵਾਨ ਨੂੰ, ਜਿਹੜਾ ਸਿਪਾਹੀ ਤੋਂ ਜਮਾਂਦਾਰ ਬਣਿਆ ਸੀ, ਆਪਣੇ ਕੋਲ ਬੁਲਾਅ ਕੇ ਉਸਦੀ ਪਿੱਠ ਥਾਪੜੀ ਤੇ ਕਿਹਾ, “ਬੇਟਾ, ਤੂੰ ਮੇਰਾ ਬਹਾਦਰ ਬੇਟਾ ਏਂ। ਜਿਗਰ ਦਾ ਟੁਕੜਾ ਏਂ। ਨਮਕ ਹਰਾਮ ਭਿਖਾਰੀ ਖਾਂ ਦੇ ਹੱਥਾਂ 'ਚ ਨਾ ਖੇਡ। ਮੈਂ ਤੈਨੂੰ ਪੱਟੀ ਦਾ ਫੌਜਦਾਰ ਬਣਾ ਦਿਆਂਗੀ।”
ਕਾਸਿਮ ਖਾਂ ਨੇ ਨਾ ਸਿਰਫ ਬਗਾਵਤ ਨੂੰ ਦਬਾਉਣ ਵਿਚ ਮਦਦ ਕੀਤੀ, ਬਲਕਿ ਭਿਖਾਰੀ ਖਾਂ ਨੂੰ ਗਿਰਫਤਾਰ ਕਰਕੇ ਬੇਗਮ ਦੇ ਹਵਾਲੇ ਕਰ ਦਿੱਤਾ। ਬੇਗਮ ਨੇ ਜਿਹੜੀ ਹੁਣ ਤਕ ਆਪਣੀ ਮਜ਼ਬੂਰੀ ਕਰਕੇ ਚੁੱਪ ਸੀ, ਭਿਖਾਰੀ ਖਾਂ ਤੋਂ ਆਪਣੇ ਪੁੱਤਰ ਦੀ ਹੱਤਿਆ ਦਾ ਬਦਲਾ ਲਿਆ ਤੇ ਉਸਨੂੰ ਖੂਬ ਤੜਫਾ-ਤੜਫਾ ਕੇ ਮਾਰਿਆ।
“ਇਸ ਭਿਖਾਰੀ ਖਾਂ ਨੂੰ ਰੁਸਤਮੇ ਜੰਗ ਬਣਨ ਦਾ ਸਬਕ ਸਿਖਾਓ।” ਬੇਗਮ ਨੇ ਖਵਾਜਾ ਸਰਾਵਾਂ ਨੂੰ ਹੁਕਮ ਦਿੱਤਾ।
ਖਵਾਜਾ ਸਰਾ ਭਿਖਾਰੀ ਖਾਂ ਨੂੰ ਜੰਜੀਰਾਂ ਵਿਚ ਜਕੜ ਕੇ ਜੁੱਤੀਆਂ ਤੇ ਡੰਡਿਆਂ ਨਾਲ 'ਘੜਣ' ਲੱਗ ਪਏ। ਬੇਗਮ ਸ਼ਰਾਬ ਦਾ ਪਿਆਲਾ ਹੱਥ ਵਿਚ ਫੜ੍ਹੀ ਖੜ੍ਹੀ ਸੀ ਤੇ ਭਿਖਾਰੀ ਖਾਂ ਦੇ ਤੜਾ-ਤੜ ਜੁੱਤੀਆਂ ਤੇ ਡੰਡੇ ਵਰ੍ਹ ਰਹੇ ਸਨ।
“ਹਰਾਮਖੋਰ ਭਿਖਾਰੀਆ, ਪਿਓ ਤੋਂ ਨਾਂ ਤਾਂ ਚੰਗਾ ਰਖਵਾਇਆ ਹੁੰਦਾ।” ਬੇਗਮ ਨੇ ਸ਼ਰਾਬ ਦਾ ਇਕ ਘੁੱਟ ਭਰ ਕੇ ਕਿਹਾ ਤੇ ਖਵਾਜਾ ਸਰਾਵਾਂ ਨੂੰ ਇਸ਼ਾਰਾ ਕੀਤਾ, “ਬਣਾ ਦਿਓ ਇਸ ਨੂੰ ਨਵਾਬ।”
ਫੇਰ ਤਾੜ ਤਾੜ ਸ਼ੁਰੂ ਹੋ ਗਈ ਤੇ ਰੁਸਤਮੇਂ ਜੰਗ ਭਿਖਾਰੀ ਖਾਂ ਦੇ ਮੂੰਹੋਂ 'ਚੂੰ' ਤਕ ਨਹੀਂ ਨਿਕਲੀ।
“ਜਿਸਦੀ ਦੋਸਤੀ ਦਾ ਦਮ ਭਰਦਾ ਏਂ, ਉਸੇ ਦੇ ਬੱਚੇ ਦੀ ਹੱਤਿਆ ਕਰਦਿਆਂ ਸ਼ਰਮ ਨਹੀਂ ਆਈ।” ਬੇਗਮ ਨੇ ਇਕ ਘੁੱਟ ਹੋਰ ਭਰਿਆ ਤੇ ਖਵਾਜਾ ਸਰਾਵਾਂ ਨੂੰ ਇਸ਼ਾਰਾ ਕੀਤਾ, “ਬਣਾਓ ਇਸ ਸੂਰ ਨੂੰ ਲਾਹੌਰ ਦਾ ਨਵਾਬ।”
“ਬੜਾ ਸੱਚਾ-ਸੁੱਚਾ ਬਣਦਾ ਸੈਂ...ਸ਼ਾਇਦ ਜਨੱਤ ਵਿਚ ਜਾਣ ਦੀ ਉਮੀਦ ਵੀ ਹੋਏ।” ਬੇਗਮ ਨੇ ਸ਼ਰਾਬ ਦਾ ਇਕ ਘੁੱਟ ਹੋਰ ਭਰਿਆ ਤੇ ਕਿਹਾ, “ਪਹੁੰਚਾਅ ਦਿਓ ਇਸ ਪਾਜੀ ਨੂੰ ਜਹਨੁੱਮ ਵਿਚ।”
'ਤਾੜ-ਤਾੜ, ਤਾੜ-ਤਾੜ' ਫੇਰ ਸ਼ੁਰੂ ਹੋ ਗਈ। ਬੇਹੋਸ਼ ਹੋ ਗਏ ਭਿਖਾਰੀ ਨੇ ਜੁੱਤੀਆਂ ਤੇ ਡੰਡਿਆਂ ਦੀ ਮਾਰ ਦੌਰਾਨ ਪਤਾ ਨਹੀਂ ਕਦੋਂ ਦਮ ਤੋੜ ਦਿੱਤਾ।
ਬੇਗਮ ਨੇ ਸ਼ਰਾਬ ਦਾ ਅੰਤਿਮ ਘੁੱਟ ਭਰਿਆ ਤੇ ਖਾਲੀ ਗਿਲਾਸ ਨੂੰ ਅਤਿ ਨਫ਼ਰਤ ਨਾਲ ਭਿਖਾਰੀ ਦੀ ਲਾਸ਼ 'ਤੇ ਦੇ ਮਾਰਿਆ।
ਬੇਗਮ ਨੇ ਆਪਣੇ ਵਾਅਦੇ ਅਨੁਸਾਰ ਕਾਸਮ ਖਾਂ ਨੂੰ ਪੱਟੀ ਪਰਗਨਾ ਦਾ ਫੌਜਦਾਰ ਬਣਾ ਦਿੱਤਾ। ਉਸਨੂੰ ਕਈ ਹਜ਼ਾਰ ਰੁਪਏ ਨਕਦ ਤੇ ਤੋਪਾਂ ਦਿੱਤੀਆਂ। 300 ਬੇਰੁਜ਼ਗਾਰਾਂ ਨੂੰ ਜਿਹੜੇ ਅਹਿ ਇਹਨਾਂ ਦਿਨਾਂ ਵਿਚ ਹੀ ਰੋਜ਼ਗਾਰ ਦੀ ਭਾਲ ਵਿਚ ਪੰਜਾਬ ਆਏ ਸਨ, ਤੋਪਚੀ ਭਰਤੀ ਕੀਤਾ। ਇਸਦੇ ਇਲਾਵਾ ਕਈ ਹਜ਼ਾਰ ਘੋੜਸਵਾਰ ਤੇ ਪੈਦਲ ਸਿਪਾਹੀ ਉਸ ਨਾਲ ਸਨ ਤੇ ਉਹ ਬੜੀ ਸ਼ਾਨ ਨਾਲ ਪੱਟੀ ਵੱਲ ਰਵਾਨਾ ਹੋ ਗਿਆ। ਉਸਦੇ ਨਾਲ ਇਕ ਤਹਿਮਸ ਖਾਂ ਨਾਂ ਦਾ ਮਸਕੀਨ ਵੀ ਸੀ, ਜਿਹੜਾ ਹਰ ਰੋਜ਼ ਡਾਇਰੀ ਲਿਖਦਾ ਹੁੰਦਾ ਸੀ।
ਸ਼ਾਮ ਨੂੰ ਉਸਨੇ ਲਾਹੌਰ ਤੋਂ ਕੋਈ ਚਾਰ ਪੰਜ ਕੋਹ ਉਰੇ ਹੀ ਆਪਣਾ ਪੜਾਅ ਲਾ ਲਿਆ ਤੇ ਨਾਚ-ਗਾਣੇ ਦੀ ਮਹਿਫਲ ਸਜਾਈ। ਉਸੇ ਸਮੇਂ ਸਿੱਖ ਗੁਰੀਲਿਆਂ ਨੇ ਧਾਵਾ ਬੋਲਿਆ ਤੇ ਲੁੱਟ ਮਾਰ ਕਰਕੇ ਪਰਤ ਗਏ। ਲੋਕਾਂ ਨੇ ਬੜਾ ਕਿਹਾ ਕਿ ਸਿੱਖਾਂ ਦਾ ਪਿੱਛਾ ਕੀਤਾ ਜਾਏ, ਪਰ ਕਾਸਮ ਖਾਂ ਦੇ ਕੰਨ 'ਤੇ ਜੂੰ ਨਾ ਸਰਕੀ। ਰਾਤ ਭੈ ਕਾਰਨ ਜਾਗਦਿਆਂ ਹੀ ਬੀਤੀ। ਸਵੇਰੇ ਜਦੋਂ ਉਹ ਚੱਲਣ ਲਈ ਤਿਆਰੀ ਕਰ ਰਹੇ ਸਨ, ਸਿੱਖ ਗੁਰੀਲਿਆਂ ਨੇ ਫੇਰ ਹਮਲਾ ਕਰ ਦਿੱਤਾ ਤੇ ਲੁੱਟਮਾਰ ਕਰਕੇ ਵਾਪਸ ਪਰਤ ਗਏ। ਦੂਜੇ ਦਿਨ ਉਹ ਦਾਮੋਦਰਨ ਨਾਂ ਦੇ ਇਕ ਪਿੰਡ ਵਿਚ ਪਹੁੰਚਿਆ। ਪਿੰਡ ਦੇ ਚੌਧਰੀ ਤੇ ਨੰਬਰਦਾਰ ਸਵਾਗਤ ਲਈ ਆਏ। ਕਾਸਮ ਖਾਂ ਨੇ ਉਹਨਾਂ ਸਾਰਿਆਂ ਨੂੰ ਕੈਦ ਕਰ ਲਿਆ। ਪਿੰਡ ਤੇ ਕਿਲਾ ਲੁੱਟ ਲਿਆ। ਉਹਨਾਂ ਉਪਰ ਦੋਸ਼ ਲਾਇਆ ਗਿਆ ਕਿ ਉਹਨਾਂ ਸਿੱਖਾ ਦੀ ਮਦਦ ਕੀਤੀ ਹੈ, ਹਾਲਾਂਕਿ ਉਹ ਪੂਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਸਿੱਖ ਉਸ ਉੱਤੇ ਸਵੇਰੇ ਸ਼ਾਮੀਂ ਹਮਲਾ ਕਰਦੇ ਤੇ ਲੁੱਟਮਾਰ ਕਰਦੇ ਰਹਿੰਦੇ ਸਨ।
ਕੁਝ ਦਿਨਾਂ ਬਾਅਦ ਕਾਸਮ ਖਾਂ ਨੂੰ ਖਬਰ ਮਿਲੀ ਕਿ ਸਿੱਖ ਇਕ ਨਾਲ ਵਾਲੇ ਪਿੰਡ ਵਿਚ ਇਕੱਠੇ ਹੋਏ ਹੋਏ ਹਨ। ਉਸਨੇ ਆਪਣੇ ਭਰਾ ਆਲਮ ਬੇਗ ਨੂੰ ਇਕ ਹਜ਼ਾਰ ਘੋੜਸਵਾਰ ਤੇ ਪੈਦਲ ਸੈਨਾ ਨਾਲ ਉਹਨਾਂ ਉੱਤੇ ਹਮਲਾ ਕਰਨ ਲਈ ਭੇਜ ਦਿੱਤਾ। ਸਿੱਖ ਪਹਿਲਾਂ ਹੀ ਤਿਆਰ ਸਨ। ਘਮਾਸਾਨ ਦੀ ਲੜਾਈ ਹੋਈ। ਆਲਮ ਖਾਂ ਤਿੰਨ ਸੌ ਬੇਦੋਸੇ ਸਿਪਾਹੀਆਂ ਦੀ ਬਲੀ ਦੇ ਕੇ ਅਸਫਲ ਵਾਪਸ ਪਰਤ ਆਇਆ।
ਇਸ ਹਾਰ ਦੀ ਖਬਰ ਸੁਣ ਕੇ ਕਾਸਮ ਖਾਂ ਤਿਲਮਿਲਾ ਉਠਿਆ। ਅਗਲੇ ਦਿਨ ਘੋੜੇ ਉੱਤੇ ਸਵਾਰ ਹੋ ਕੇ ਉਸਨੇ ਖ਼ੁਦ ਸਿੱਖਾਂ ਉੱਤੇ ਚੜ੍ਹਾਈ ਕਰ ਦਿੱਤੀ। ਤਹਿਮਸ ਖਾਂ ਮਸਕੀਨ ਵੀ ਉਸਦੇ ਨਾਲ ਸੀ। ਮਸਕੀਨ ਲਿਖਦਾ ਹੈ ਕਿ ਤੀਹ ਸਿੱਖ ਘੋੜਸਵਾਰਾਂ ਨੇ ਕਾਸਮ ਖਾਂ ਦੀ ਫੌਜ ਵਿਚ ਭਗਦੜ ਮਚਾ ਦਿੱਤੀ।
“ਸਿੱਖ ਬਹਾਦੁਰ ਹਨ। ਉਹਨਾਂ ਨਾਲ ਲੜਨਾ ਠੀਕ ਨਹੀਂ। ਕਿਉਂ ਨਾ ਉਹਨਾਂ ਨਾਲ ਦੋਸਤੀ ਕਰ ਲਈ ਜਾਏ।” ਕਾਸਮ ਖਾਂ ਨੇ ਤਹਿਮਸ ਖਾਂ ਨੂੰ ਕਿਹਾ ਸੀ।
“ਇਸ ਵਿਚ ਸ਼ੱਕ ਨਹੀਂ ਕਿ ਸਿੱਖ ਬਹਾਦੁਰ ਨੇ। ਮੌਤ ਤੋਂ ਨਹੀਂ ਡਰਦੇ।” ਤਹਿਮਸ ਖਾਂ ਨੇ ਉਤਰ ਦਿੱਤਾ ਤੇ ਅੱਗੇ ਕਿਹਾ, “ਪਰ ਸਾਡੇ ਤੇ ਉਹਨਾਂ ਵਿਚਕਾਰ ਦੋਸਤੀ ਹੋ ਸਕਣਾ ਸੰਭਵ ਨਹੀਂ। ਉਹ ਆਪਣੇ ਮੁਲਕ ਦੀ ਆਜ਼ਾਦੀ ਲਈ ਲੜ ਰਹੇ ਨੇ, ਜਦ ਕਿ ਅਸੀਂ ਉਹਨਾਂ ਨੂੰ ਗ਼ੁਲਾਮ ਬਣਾਈ ਰੱਖਣਾ ਚਾਹੁੰਦੇ ਆਂ।”
“ਆਜ਼ਾਦੀ-ਅਜ਼ੂਦੀ ਕੁਝ ਨਹੀਂ ਹੁੰਦੀ। ਮੈਂ ਉਹਨਾਂ ਨੂੰ ਉਹਨਾਂ ਦੀ ਦਲੇਰੀ ਦਾ ਮੁੱਲ ਦਿਆਂਗਾ ਤੇ ਤੂੰ ਦੇਖੀਂ ਉਹ ਖੁਸ਼ੀ ਨਾਲ ਮੇਰਾ ਸਾਥ ਦੇਣਗੇ।” ਉਸਨੇ ਤਹਿਮਸ ਖਾਂ ਦੀ ਇਕ ਨਹੀਂ ਸੁਣੀ। ਅੱਠ ਸੌ ਸਿੱਖ ਆਪਣੀ ਫੌਜ ਵਿਚ ਭਰਤੀ ਕਰ ਲਏ।
“ਮੈਂ ਇਹਨਾਂ ਸਿੱਖਾਂ ਦੀ ਮਦਦ ਨਾਲ ਪਹਿਲਾਂ ਲਾਹੌਰ ਦਾ ਨਵਾਬ ਬਣਾਗਾ, ਤੇ ਫੇਰ ਦਿੱਲੀ ਫਤਿਹ ਕਰਾਂਗਾ। ਕਿਸ ਦੀ ਹਿੰਮਤ ਹੈ ਕਿ ਮੇਰੇ ਇਹਨਾਂ ਸਿੱਖਾਂ ਦਾ ਮੁਕਾਬਲਾ ਕਰੇ।” ਉਸਨੇ ਹਿੱਕ ਥਾਪੜ ਕੇ ਬੜੇ ਮਾਣ ਨਾਲ ਕਿਹਾ ਤੇ ਫੇਰ ਖਿੜ-ਖਿੜ ਕਰਕੇ ਹੱਸਦਾ ਹੋਇਆ ਬੋਲਿਆ, “ਹਾ-ਹਾ-ਹਾ ! ਮੈਂ ਦਿੱਲੀ ਦਾ ਬਾਦਸ਼ਾਹ ਹੋਵਾਂਗਾ—ਦਿੱਲੀ ਦਾ ਬਾਦਸ਼ਾਹ!”
ਉਸ ਕੋਲ ਜਿੰਨਾਂ ਪੈਸਾ ਤੇ ਹਥਿਆਰ ਸਨ, ਉਸਨੇ ਸਿੱਖ-ਸਵਾਰਾਂ ਵਿਚ ਵੰਡ ਦਿੱਤੇ ਤੇ ਪੱਟੀ ਜਾਣ ਦੇ ਬਜਾਏ ਲਾਹੌਰ ਵੱਲ ਮੁੜ ਪਿਆ। ਸ਼ਾਮ ਹੋਣ ਦੇ ਨਾਲ ਹੀ ਲਾਹੌਰ ਦੇ ਨੇੜੇ ਜਾ ਪਹੁੰਚਿਆ ਤੇ ਰਾਵੀ ਦੇ ਕਿਨਾਰੇ ਡੇਰਾ ਲਾ ਦਿੱਤਾ। ਸਿੱਖ ਸਰਦਾਰਾਂ ਨਾਲ ਸਲਾਹ ਕਰਕੇ ਅਗਲੇ ਦਿਨ ਹਮਲਾ ਕਰਨ ਦੀ ਯੋਜਨਾ ਬਣਾਈ ਤੇ ਬਾਦਸ਼ਾਹ ਬਣਨ ਦੇ ਸੁਪਨੇ ਦੇਖਦਾ ਹੋਇਆ ਸੌਂ ਗਿਆ। ਸਵੇਰੇ ਉਠ ਦੇ ਦੇਖਿਆ ਤਾਂ ਉੱਥੇ ਇਕ ਵੀ ਸਿੱਖ ਨਹੀਂ ਸੀ। ਉਹ ਰੁਪਏ ਤੇ ਹਥਿਆਰ ਲੈ ਕੇ ਦੌੜ ਗਏ ਸਨ। ਹੁਣ ਉਸਨੂੰ ਮਸਕੀਨ ਦੀ ਗੱਲ ਚੇਤੇ ਆਈ ਕਿ ਸਿੱਖਾਂ ਨਾਲ ਦੋਸਤੀ ਸੰਭਵ ਨਹੀਂ, ਪਰ ਹੁਣ ਪਛਤਾਇਆਂ ਕੀ ਹੋਣਾ ਸੀ ਜਦੋਂ ਚਿੜੀਆਂ ਖੇਤ ਹੀ ਚੁਗ ਗਈਆਂ ਸਨ। ਸਿੱਖਾਂ ਨੂੰ ਪੈਸੇ ਤੇ ਹਥਿਆਰਾਂ ਦੀ ਲੋੜ ਸੀ—ਉਹ, ਉਹਨਾਂ ਉਸਨੂੰ ਉੱਲੂ ਬਣਾ ਕੇ ਹਾਸਲ ਕਰ ਲਏ।
ਉਸ ਕੋਲ ਜਿਹੜਾ ਹਜ਼ਾਰਾਂ ਰੁਪਈਆ ਸੀ, ਉਸਨੇ ਸਿੱਖਾਂ ਨੂੰ ਵੰਡ ਦਿੱਤਾ ਸੀ ਪਰ ਦੂਜੇ ਸੈਨਕਾਂ ਨੂੰ ਤਨਖਾਹ ਵੀ ਨਹੀਂ ਸੀ ਮਿਲੀ। ਜਦੋਂ ਦੇਖਿਆ ਕਿ ਸਿੱਖ ਪੱਤਰੇ ਵਾਚ ਗਏ ਨੇ ਤਾਂ ਉਹਨਾਂ ਵੀ ਬਗ਼ਾਵਤ ਕਰ ਦਿੱਤੀ।
“ਸਾਨੂੰ ਸਾਡੀਆਂ ਤਨਖਾਹਾਂ ਦਿਓ, ਸਾਨੂੰ ਸਾਡੀਆਂ ਤਨਖਾਹਾਂ ਦਿਓ।” ਨਾਅਰੇ ਲਾਉਂਦੇ ਹੋਏ ਸਿਪਾਹੀਆਂ ਨੇ ਉਸਨੂੰ ਆ ਘੇਰਿਆ। ਕੈਂਪ ਦੀਆਂ ਕਿੱਲੀਆਂ ਉਖਾੜ ਦਿੱਤੀਆਂ ਤੇ ਜਿਸ ਤਰ੍ਹਾਂ ਖਵਾਜਾ ਸਰਾਵਾਂ ਨੇ ਭਿਖਾਰੀ ਖਾਂ ਨੂੰ ਕੁੱਟਿਆ ਸੀ, ਜੁੱਤੀਆਂ ਤੇ ਕੈਂਪ ਦੀਆਂ ਕਿੱਲੀਆਂ ਨਾਲ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸਨੂੰ ਘਸੀਟ ਦੇ ਹੋਏ ਬੇਗਮ ਕੋਲ ਲੈ ਆਏ, ਜਿਸ ਨੇ ਉਸਨੂੰ ਜੇਲ ਵਿਚ ਸੁੱਟਵਾ ਦਿੱਤਾ।
ooo
ਉਹ ਦਿਨ ਹੀ ਅਜਿਹੇ ਸਨ ਕਿ ਜਿਹੜੇ ਵਿਦੇਸ਼ੀ ਦੇ ਹੱਥ ਵਿਚ ਤਲਵਾਰ ਆ ਜਾਂਦੀ ਸੀ, ਆਪਣੀ ਆਜ਼ਾਦ ਹਕੂਮਤ ਸਥਾਪਤ ਕਰਨ ਦੇ ਸੁਪਨੇ ਲੈਣ ਲੱਗ ਪੈਂਦਾ ਸੀ। ਮੀਰ ਮੰਨੂੰ ਦੀ ਮੌਤ ਤੋਂ ਬਾਅਦ ਤਿੰਨ ਸਾਲ ਦੇ ਅੰਦਰ-ਅੰਦਰ ਨੌਂ ਨਵਾਬ ਬਣੇ ਤੇ ਬਦਲੇ ਗਏ। ਰਾਜਧਾਨੀ ਲਾਹੌਰ ਵਿਚ ਛੜਯੰਤਰਾਂ, ਹੱਤਿਆਵਾਂ ਤੇ ਜਾਲ-ਸਾਜੀਆਂ ਦਾ ਬਾਜ਼ਾਰ ਗਰਮ ਸੀ। ਬੇਗਮ ਦੀ ਵਿਲਾਸਤਾ ਤੇ ਬਦਕਾਰੀ ਤੋਂ ਤੁਰਕ ਤੇ ਮੁਗਲ ਦੋਹੇਂ ਹੀ ਅੱਕੇ ਹੋਏ ਸਨ ਤੇ ਵਿਦਰੋਹ ਤੇ ਜਾਲ-ਸਾਜੀਆਂ ਨੂੰ ਹਵਾ ਦੇ ਰਹੇ ਸਨ। ਸਿੱਟਾ ਇਹ ਕਿ ਰਾਜ ਦਾ ਪੂਰਾ ਢਾਂਚਾ ਅਸਤ-ਵਿਆਸਤ ਹੋ ਗਿਆ। ਮੁਲਤਾਨ ਦਾ ਸੂਬੇਦਾਰ ਵੱਖਰਾ ਸੀ, ਜਿਹੜਾ ਦਿੱਲੀ ਦੇ ਬਜਾਏ ਕੰਧਾਰ ਦੇ ਅਧੀਨ ਸੀ। ਚਾਹਾਰ ਮਹਿਲ ਦੇ ਫੌਜਦਾਰ ਰੁਸਤਮ ਖਾਂ ਨੂੰ ਵੀ ਅਹਿਮਦ ਸ਼ਾਹ ਅਬਦਾਲੀ ਨੇ ਲਾਇਆ ਸੀ। ਅਦੀਨਾ ਬੇਗ ਜਲੰਧਰ ਤੇ ਸਰਹਿੰਦ ਦਾ ਸੁਤੰਤਰ ਰਾਜ ਬਣਾਈ ਬੈਠਾ ਸੀ। ਛੋਟੇ ਛੋਟੇ ਸਥਾਨਕ ਜ਼ਿਮੀਂਦਾਰ ਵੀ ਆਪਣੀ ਫੌਜ ਭਰਤੀ ਕਰਕੇ ਵੱਖ ਹੁੰਦੇ ਜਾ ਰਹੇ ਸਨ। ਦੁਆਬਾ-ਸਿੰਧ-ਸਾਗਰ ਵਿਚ ਗਕਖਰ; ਮਕਰਬ ਖਾਂ, ਦੁਆਬਾ-ਚੱਜ ਵਿਚ; ਆਕਿਲਦਾਸ ਜੰਡਿਆਲਾ ਵਿਚ; ਰੰਧਾਵਾ ਜ਼ਿਮੀਂਦਾਰ ਬਟਾਲਾ ਵਿਚ; ਕਸੂਰ ਦੇ ਅਫਗਾਨ ਦੁਆਬਾ-ਬਾਰੀ ਵਿਚ; ਰਾਜਪੂਤ ਫਗਵਾੜਾ ਤੇ ਕਪੂਰਥਲੇ ਵਿਚ ਸ਼ਕਤੀਸ਼ਾਲੀ ਸੁਤੰਤਰ ਰਾਜੇ ਬਣ ਬੈਠੇ ਸਨ।
ਜਿਹੜੇ ਪੇਸ਼ਾਵਰ ਵਿਦੇਸ਼ੀ ਸਿਪਾਹੀ ਭਰਤੀ ਕੀਤੇ ਗਏ ਸਨ, ਉਹ ਵੀ ਜਨਤਾ ਨੂੰ ਬੇਰਹਿਮੀ ਨਾਲ ਲੁੱਟਦੇ ਸਨ। ਅਫਰਾ-ਤਫਰੀ ਤੇ ਗੁੰਡਾ-ਗਰਦੀ ਇਸ ਹੱਦ ਤਕ ਵਧ ਗਈ ਸੀ ਕਿ ਭਾਂਤ-ਭਾਂਤ ਦੇ ਚੋਰ-ਉੱਚਕੇ ਪੈਦਾ ਹੋ ਗਏ ਸਨ। ਪੂਰੀ ਸਥਿਤੀ ਨੂੰ ਇਸ ਲੋਕ ਅਖਾਣ ਵਿਚ ਬੰਦ ਕਰ ਦਿੱਤਾ ਗਿਆ ਸੀ—
'ਲੰਡਾ ਲੁੱਚਾ ਚੌਧਰੀ
ਗੁੰਡੀ ਰੰਨ ਪ੍ਰਧਾਨ।'
ਦਿੱਲੀ ਤੇ ਲਾਹੌਰ ਦੀ ਪਿੰਗਲੀ ਸਰਕਾਰ ਖ਼ੁਦ ਆਪਣੀ ਰੱਖਿਆ ਕਰਨ ਤੋਂ ਅਸਮਰਥ ਸੀ, ਉਹ ਕਿਸੇ ਹੋਰ ਦੀ ਕੀ ਰੱਖਿਆ ਕਰ ਸਕਦੀ ਸੀ। ਨਾ ਕਿਸੇ ਦੀ ਜਾਨ-ਮਾਲ ਸੁਰੱਖਿਅਤ ਸੀ ਨਾ ਇੱਜ਼ਤ। ਚਾਰੇ ਪਾਸੇ ਲੁੱਟ ਮੱਚੀ ਹੋਈ ਸੀ। ਇਸ ਅਫਰਾ-ਤਫਰੀ ਵਿਚ ਹਥਿਆਰਬੰਦ ਤੇ ਇਕਮੁੱਠ ਸ਼ਕਤੀ ਸੀ ਤਾਂ ਸਿਰਫ ਦਲ ਖਾਲਸਾ ਹੀ ਸੀ। ਉਸਦਾ ਉਦੇਸ਼ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਮੁਕਤ ਕਰਕੇ ਉਸਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਦੇਣਾ। ਉਹਨਾਂ ਦੇ ਸਿਪਾਹੀ ਭਾੜੇ ਦੇ ਟੱਟੂ ਜਾਂ ਤਨਖਾਹੀਏ ਨਹੀਂ ਸਨ। ਦੇਸ਼ ਤੇ ਧਰਮ ਦੀ ਰੱਖਿਆ ਖਾਤਰ ਸਵੈ-ਇੱਛਾ ਨਾਲ ਦਲ-ਖਾਲਸਾ ਵਿਚ ਭਰਤੀ ਹੁੰਦੇ ਸਨ। ਸੇਵਾ, ਤਿਆਗ ਤੇ ਅਨੁਸ਼ਾਸਨ ਉਹਨਾਂ ਦੇ ਤਿੰਨ ਮੁੱਖ ਗੁਣ ਸਨ। ਉਹਨਾਂ ਨੂੰ ਪੰਜਾਬ, ਪੰਜਾਬ ਦੀ ਜਨਤਾ, ਉਸਦੀ ਭਾਸ਼ਾ ਤੇ ਸੰਸਕ੍ਰਿਤੀ ਨਾਲ ਪਿਆਰ ਸੀ। ਉਹਨਾਂ ਦੇ ਵੱਡੇ-ਵਡੇਰੇ ਔਖੇ ਤੋਂ ਔਖੇ ਦਿਨਾਂ ਵਿਚ ਕਣਕਾਂ ਉਗਾਉਂਦੇ, ਭੰਗੜੇ ਪਾਉਂਦੇ ਤੇ ਮਾਹੀਏ ਗਾਉਂਦੇ ਆਏ ਸਨ। ਉਹਨਾਂ ਦੇ ਘਰ ਬਾਰ ਇੱਥੇ ਸਨ। ਗੁਰੂ ਨਾਨਕ ਦੇ ਨਵੇਂ ਧਰਮ ਨੇ 'ਕਿਰਤ ਕਰਨ, ਵੰਡ ਛਕਨ ਤੇ ਨਾਮ ਜਪਨ' ਦਾ ਸੁਨੇਹਾ ਦੇ ਕੇ ਉਹਨਾਂ ਨੂੰ ਮਨਮੁੱਖ ਤੋਂ ਗੁਰਮੁੱਖ ਅਰਥਾਤ ਨਿੱਜੀ ਸਵਾਰਥ ਤੇ ਅੰਧਵਿਸ਼ਵਾਸ ਤੋਂ ਮੁਕਤ ਕੀਤਾ ਸੀ। ਗੁਰੂ ਦੀ ਇਸ ਸਿੱਖਿਆ ਉਪਰ ਚੱਲਦੇ ਹੋਏ ਉਹਨਾਂ ਸੰਘਰਸ਼ ਦਾ ਜਿਹੜਾ ਮਾਰਗ ਅਪਣਾਇਆ ਸੀ, ਉਸਦਾ ਇਕ ਲੰਮਾਂ ਤੇ ਗੌਰਵਮਈ ਇਤਿਹਾਸ ਸੀ।
ਮੀਰ ਮੰਨੂੰ ਦੀ ਮੌਤ ਪਿੱਛੋਂ ਖਾਲਸਾ ਦਲ ਨੇ ਪੰਜਾਬ ਦੇ ਵਧੇਰੇ ਹਿੱਸੇ ਉਪਰ ਆਪਣਾ ਕਬਜਾ ਕਰ ਲਿਆ। ਉਧਰ ਦੁਆਬੇ ਵਿਚ ਕਲਾਨੌਰ, ਬਟਾਲਾ ਤੇ ਅੰਮ੍ਰਿਤਸਰ ਦੇ ਜ਼ਿਲੇ ਉਹਨਾਂ ਦੀ ਸ਼ਕਤੀ ਦਾ ਦ੍ਰਿੜ੍ਹ ਆਧਾਰ ਸਨ। ਉਹਨਾਂ ਰਾਮ ਰੌਣੀ ਕਿਲੇ ਦੀ ਜਿਸਨੂੰ ਮੀਰ ਮੰਨੂੰ ਨੇ ਢਾ ਦਿੱਤਾ ਸੀ, ਫੇਰ ਉਸਾਰੀ ਕੀਤੀ। ਇਹ ਕਿਲਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਵੱਡਾ ਤੇ ਵਧੇਰੇ ਮਜ਼ਬੂਤ ਬਣਾਇਆ ਗਿਆ ਸੀ। ਸਿੱਖ ਸਿਪਾਹੀ ਹੁਣ ਇੱਥੇ ਹੀ ਆ ਕੇ ਰਹਿੰਦੇ ਤੇ ਇਧਰ ਉਧਰ ਧਾਵੇ ਬੋਲਦੇ ਸਨ। ਕਾਸਮ ਖਾਂ ਨੂੰ ਲਾਹੌਰ ਤੋਂ ਪੱਟੀ ਜਾਂਦਿਆਂ ਹੋਇਆਂ ਇੱਥੇ ਹੀ ਪ੍ਰੇਸ਼ਾਨ ਕੀਤਾ ਗਿਆ ਸੀ। ਉਸਦੇ ਰੁਪਏ ਤੇ ਹਥਿਆਰ ਲੈ ਕੇ ਉਹ ਫੇਰ ਇੱਥੇ ਹੀ ਆ ਗਏ ਸਨ।
ਹੁਣ ਦਲ-ਖਾਲਸਾ ਇਕ ਰਾਜਨੀਤਕ ਸੱਤਾ ਸੀ। ਉਹ ਦਿਨ ਨਹੀਂ ਸੀ ਰਹੇ ਜਦੋਂ ਉਹਨਾਂ ਨੂੰ ਦਿੱਲੀ ਤੇ ਲਾਹੌਰ ਦੀਆਂ ਸਰਕਾਰਾਂ ਦੇ ਡਰ ਕਾਰਨ ਪਹਾੜਾਂ ਤੇ ਜੰਗਲਾਂ ਵਿਚ ਜਾ ਕੇ ਛੁਪਣਾ ਪੈਂਦਾ ਸੀ। ਇਸ ਦੇ ਵਪਰੀਤ ਹੁਣ ਦਿੱਲੀ ਤੇ ਲਾਹੌਰ ਦੇ ਲਈ ਦਲ-ਖਾਲਸਾ ਖ਼ੁਦ ਇਕ ਖਤਰਾ ਬਣ ਗਿਆ ਸੀ। ਪਹਿਲਾਂ ਉਹ ਜੰਗਲਾਂ ਤੇ ਪਹਾੜਾਂ ਵਿਚ ਜੀਵਨ ਬਿਤਾਉਣ ਲਈ ਤੇ ਸਰਕਾਰ ਨੂੰ ਚੁਣੌਤੀ ਦੇਣ ਤੇ ਕਮਜ਼ੋਰ ਕਰਨ ਲਈ ਲੁੱਟਮਾਰ ਕਰਦੇ ਸਨ। ਛੋਲਿਆਂ ਨਾਲ ਕਈ ਵਾਰੀ ਘੁਣ ਵੀ ਪੀਸਿਆ ਜਾਂਦਾ ਹੈ। ਵੈਸੇ ਸਿੱਖ ਗੁਰੀਲੇ ਸਰਕਾਰੀ ਅਧਿਕਾਰੀਆਂ ਤੇ ਅਮੀਰ ਲੋਕਾਂ ਨੂੰ ਹੀ ਲੁੱਟਦੇ ਸਨ, ਆਮ ਲੋਕਾਂ ਦਾ ਕੋਈ ਨੁਕਸਾਨ ਨਹੀਂ ਸਨ ਕਰਦੇ। ਹੁਣ ਜਦੋਂ ਉਹ ਖ਼ੁਦ ਰਾਜਨੀਤਕ ਸੱਤਾ ਬਣ ਚੁੱਕੇ ਸਨ, ਆਮ ਲੋਕਾਂ ਦੇ ਜਾਨ-ਮਾਲ ਤੇ ਮਾਣ-ਸਨਮਾਣ ਦੀ ਰੱਖਿਆ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੋ ਗਈ ਸੀ। ਅਮਨ ਤੇ ਦ੍ਰਿੜ ਰਾਜ ਪ੍ਰਬੰਧ ਸਾਥਾਪਤ ਕਰਕੇ ਹੀ ਪੰਜਾਬ ਨੂੰ ਸ਼ਕਤੀਸ਼ਾਲੀ ਤੇ ਖੁਸ਼ਹਾਲ ਬਣਾਇਆ ਜਾ ਸਕਦਾ ਸੀ। ਅਮਨ ਤੇ ਰਾਜ ਪ੍ਰਬੰਧ ਦੇ ਸੁਧਾਰ ਲਈ ਖਾਲਸ ਦਲ ਨੇ 'ਰਾਖੀ ਪ੍ਰਣਾਲੀ' ਲਾਗੂ ਕੀਤੀ ਜਿਹੜੀ ਉਹਨਾਂ ਦੀ ਆਪਣੀ ਕਾਢ ਸੀ।
ਪੰਜਾਬ ਵਿਚ 'ਰਾਖੀ', 'ਰਖਵਾਲੀ' ਨੂੰ ਕਹਿੰਦੇ ਹਨ। ਇੰਜ ਰਾਖੀ ਪ੍ਰਣਾਲੀ ਦਾ ਅਰਥ ਹੋਇਆ, ਲੋਕਾਂ ਦੀ ਰਖਵਾਲੀ ਕਰਨ ਦੇ ਸੁਚੱਜੇ ਢੰਗ ਤਰੀਕੇ। ਜਿਹੜਾ ਪਿੰਡ ਦਲ-ਖਾਲਸਾ ਦੀ ਰਾਖੀ ਪ੍ਰਣਾਲੀ ਦੇ ਵਿਚ ਆਉਣਾ ਮੰਨ ਲੈਂਦਾ, ਦਲ-ਖਾਲਸਾ ਉਸਦੀ ਸਰਕਾਰੀ ਅਤਿਆਚਾਰਾਂ ਤੇ ਹੋਰ ਲੁੱਟ-ਖਸੁੱਟ ਤੋਂ ਰੱਖਿਆ ਕਰਦਾ। ਇਸ ਸੁਰੱਖਿਆ ਦੇ ਬਦਲੇ ਵਿਚ ਪਿੰਡਾਂ ਨੂੰ ਹਾੜ੍ਹੀ ਸੌਣੀ ਦੀ ਫਸਲ ਦਾ ਪੰਜਵਾਂ ਹਿੱਸਾ ਦਲ ਖਾਲਸਾ ਨੂੰ ਦੇਣਾ ਪੈਂਦਾ ਸੀ। ਅਫਰਾ-ਤਫਰੀ ਦੇ ਇਸ ਯੁੱਗ ਵਿਚ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਰਾਖੀ ਪ੍ਰਣਾਲੀ ਵਿਚ ਆਉਣ ਲੱਗੇ। ਛੋਟੇ ਛੋਟੇ ਹਿੰਦੂ ਤੇ ਮੁਸਲਮਾਨ ਜ਼ਿਮੀਂਦਾਰਾਂ ਨੇ ਵੀ ਰਾਖੀ ਪ੍ਰਣਾਲੀ ਵਿਚ ਆਉਣਾ ਠੀਕ ਸਮਝਿਆ। ਦਲ-ਖਾਲਸਾ ਦੀ ਏਨੀ ਧਾਕ ਸੀ ਕਿ ਜੇ ਕੋਈ ਇੰਜ ਰਾਖੀ ਪ੍ਰਣਾਲੀ ਵਿਚ ਆ ਜਾਂਦਾ ਸੀ, ਕਿਸੇ ਨੂੰ ਉਸ ਵੱਲ ਅੱਖ ਚੁੱਕ ਕੇ ਦੇਖਣ ਦਾ ਹੌਂਸਲਾ ਨਹੀਂ ਸੀ ਹੁੰਦਾ।
ਇਸ ਰਾਖੀ ਪ੍ਰਣਾਲੀ ਨਾਲ ਦਲ ਖਾਲਸਾ ਦੀ ਸੱਤਾ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਹੋਇਆ। ਦਲ ਖਾਲਸਾ ਦੇ ਵੱਖ ਵੱਖ ਜੱਥੇਦਾਰਾਂ ਉਪਰ ਵੱਖ ਵੱਖ ਇਲਾਕਿਆਂ ਦੀ ਰਾਖੀ ਦੀ ਜ਼ਿਮੇਂਵਾਰੀ ਹੁੰਦੀ। ਜਿਹੜੇ ਪਿੰਡ ਉਹਨਾਂ ਨਾਲ ਸ਼ਾਮਲ ਹੁੰਦੇ ਸਨ, ਉਹਨਾਂ ਦੀ ਸੂਚਨਾ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ ਜਾਂਦੀ। ਜਿਹੜਾ ਪਿੰਡ ਜਿਸ ਜੱਥੇਦਾਰ ਨਾਲ ਪਹਿਲਾਂ ਜੁੜਦਾ, ਉਹਨੂੰ ਕਿਸੇ ਹੋਰ ਜੱਥੇਦਾਰ ਨੂੰ ਆਪਣੇ ਨਾਂ ਹੇਠ ਕਰਨ ਦਾ ਅਧਿਕਾਰ ਨਹੀਂ ਸੀ ਹੁੰਦਾ। ਜਦੋਂ ਕੋਈ ਜੱਥੇਦਾਰ ਕਿਸੇ ਪਿੰਡ ਦਾ ਨਾਂ ਆਪਣੀ ਸੂਚੀ ਵਿਚ ਲਿਖਵਾਉਣ ਆਉਂਦਾ, ਤੇ ਜੱਸਾ ਸਿੰਘ ਇਹ ਕਹਿ ਦਿੰਦਾ ਕਿ ਇਹ ਪਿੰਡ ਤਾਂ ਪਹਿਲਾਂ ਹੀ ਫਲਾਨੇ ਜੱਥੇਦਾਰ ਦੀ ਮਿਸਲ ਵਿਚ ਹੈ ਤਾਂ ਉਹ 'ਸਤ ਬਚਨ ਮਹਾਰਾਜ' ਕਹਿ ਕੇ ਚੁੱਪ ਹੋ ਜਾਂਦਾ ਸੀ।
ਜੱਸਾ ਸਿੰਘ 'ਮਿਸਲ' ਸ਼ਬਦ ਦਾ ਪ੍ਰਯੋਗ ਫਰਦ ਭਾਵ ਸੂਚੀ ਲਈ ਕਰਦਾ ਸੀ। ਪਰ ਜੱਥੇਦਾਰਾਂ ਨੇ ਇਸਨੂੰ ਆਪਣੇ ਇਲਾਕੇ ਤੇ ਆਪਣੇ ਜੱਥੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇੰਜ ਮਿਸਲਾਂ ਹੋਂਦ ਵਿਚ ਆਈਆਂ। ਫਾਰਸੀ ਵਿਚ ਮਿਸਲ ਸ਼ਬਦ ਸਮਾਨਤਾ ਲਈ ਵੀ ਇਸਤੇਮਾਲ ਹੁੰਦਾ ਹੈ। ਸਾਰੀਆਂ ਮਿਸਲਾਂ ਇਕ ਬਰਾਬਰ ਸਨ। ਉਹਨਾਂ ਵਿਚ ਛੋਟੀ ਵੱਡੀ ਦਾ ਭੇਦ ਭਾਵ ਨਹੀਂ ਸੀ। ਆਪਸ ਵਿਚ ਸਮਾਨਤਾ ਦਾ ਵਰਤਾਰਾ ਹੁੰਦਾ ਸੀ।
ਜਿਹੜਾ ਪਿੰਡ ਜਿਸ ਮਿਸਲ ਵਿਚ ਆ ਜਾਂਦਾ, ਮਿਸਲ ਦਾ ਸਰਦਾਰ ਉਸਦੀ ਰੱਖਿਆ ਕਰਦਾ ਸੀ। ਜਦੋਂ ਕਿਸੇ ਮਿਸਲ ਦਾ ਸਰਦਾਰ ਇਕੱਲਾ ਰੱਖਿਆ ਨਾ ਕਰ ਸਕਦਾ ਤਾਂ ਦੂਜੀਆਂ ਮਿਸਲਾਂ ਦੇ ਸਰਕਾਰ ਉਸਦੀ ਸਹਾਇਤਾ ਲਈ ਆ ਜਾਂਦੇ ਸਨ। ਰਾਮ-ਰੌਣੀ ਕਿਲੇ ਵਿਚ ਵੀ ਇਕ ਖਾਸ ਫੌਜ ਰਹਿੰਦੀ ਸੀ, ਜਿਹੜੀ ਮੌਕੇ ਉਪਰ ਮਦਦ ਲਈ ਭੇਜੀ ਜਾਂਦੀ ਸੀ। ਜਦੋਂ ਦਲ ਖਾਲਸਾ ਦੀ ਫੌਜ ਰਾਖੀ ਪ੍ਰਣਾਲੀ ਅਧੀਨ ਪੈਂਦੇ ਕਿਸੇ ਪਿੰਡ ਵਿਚੋਂ ਲੰਘਦੀ ਤਾਂ ਉਹ ਇਸ ਗੱਲ ਦਾ ਧਿਆਨ ਰੱਖਦੀ ਕਿ ਉਸ ਪਿੰਡ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ।
ਰਾਖੀ ਪ੍ਰਣਾਲੀ ਨਾਲ ਅਮਨ ਕਾਇਮ ਹੋਇਆ। ਦਮਨ ਦੀ ਚੱਕੀ ਵਿਚ ਪਿਸਦੇ ਆ ਰਹੇ ਲੋਕਾਂ ਨੇ ਸੁਖ ਦਾ ਸਾਹ ਲਿਆ। ਵਪਾਰ, ਖੇਤੀਬਾੜੀ ਤੇ ਦਸਤਕਾਰੀ ਦੀ ਪ੍ਰਗਤੀ ਲਈ ਮਾਹੌਲ ਪੈਦਾ ਹੋਇਆ। ਜੀਵਨ ਵਿਚ ਫੇਰ ਸੁਖ ਤੇ ਸ਼ਾਂਤੀ ਦੀ ਰੌਅ ਦੌੜ ਗਈ। ਦਲ ਖਾਲਸਾ ਦਾ ਸਨਮਾਨ ਵਧਿਆ। ਕਿਸਾਨ ਦਾ ਪੁੱਤਰ ਜਵਾਨ ਹੁੰਦਾ ਹੀ ਆਪਣੇ ਬਾਪੂ ਨੂੰ ਕਹਿੰਦਾ, “ਬਾਪੂ ਜੀ, ਮੈਨੂੰ ਘੋੜਾ ਤੇ ਤਲਵਾਰ ਲੈ ਦਿਓ...ਮੈਂ ਵੀ ਸਿੰਘ ਖਾਲਸਾ ਬਣਾਗਾ।”
ਦਲ ਖਾਲਸਾ ਵਿਚ ਘੋੜਸਵਾਰ ਹੀ ਹੁੰਦੇ ਸਨ। ਪਿਆਦੇ ਪਹਿਰੇਦਾਰੀ ਤੇ ਉਗਰਾਹੀ ਦਾ ਕੰਮ ਹੀ ਕਰਦੇ ਸਨ। ਇਸ ਲਈ ਘੋੜੇ ਦਾ ਬੜਾ ਮਹੱਤਵ ਸੀ। ਸਿੱਖ ਸੈਨਕ ਆਪਣੇ ਘੋੜੇ ਨਾਲ ਏਨਾ ਪਿਆਰ ਕਰਦੇ ਸਨ ਕਿ ਉਹਨਾਂ ਨੂੰ ਆਪਣੇ ਘੋੜੇ ਦੇ ਮਰ ਜਾਣਦਾ ਜਿੰਨਾਂ ਦੁੱਖ ਹੁੰਦਾ ਸੀ, ਓਨਾਂ ਆਪਣੇ ਕਿਸੇ ਸਕੇ ਸਬੰਧੀ ਦੇ ਮਰ ਜਾਣ ਦਾ ਨਹੀਂ ਸੀ ਹੁੰਦਾ ਹੁੰਦਾ। ਸਿੱਖ ਸਰਦਾਰ ਖਾਸ ਤੌਰ 'ਤੇ ਜੱਸਾ ਸਿੰਘ ਆਹਲੂਵਾਲੀਆ ਨਜ਼ਰਾਨੇ ਵਿਚ ਘੋੜੇ ਲੈਣਾ ਵਧੇਰੇ ਪਸੰਦ ਕਰਦੇ ਸਨ ਤਾਂ ਕਿ ਪਿਆਦਿਆਂ ਨੂੰ ਵੀ ਘੋੜਸਵਾਰ ਬਣਾਇਆ ਜਾ ਸਕੇ।
ਨਿਤਾਨਿਆਂ ਲਈ ਰਾਖੀ ਪ੍ਰਣਾਲੀ ਵਰਦਾਨ ਸੀ। ਬਹੁਤ ਸਾਰੇ ਪਿੰਡ ਸਵੈ ਇੱਛਾ ਨਾਲ ਰਾਖੀ ਪ੍ਰਣਾਲੀ ਵਿਚ ਆ ਗਏ। ਸਿੱਟਾ ਇਹ ਕਿ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਪੰਜ ਦੁਆਬਿਆਂ ਵਿਚੋਂ ਚਾਰਾਂ ਵਿਚ ਦਲ-ਖਾਲਸਾ ਦਾ ਬੋਲਬਾਲਾ ਹੋ ਗਿਆ। ਪਹਿਲਾਂ ਪਹਿਲਾਂ ਹਰੇਕ ਮਿਸਲ ਨੇ ਆਪਣਾ ਵਿਸਥਾਰ ਆਸ ਪਾਸ ਦੇ ਇਲਾਕੇ ਵਿਚ ਕੀਤਾ। ਹੁਣ ਹੋਰ ਅੱਗੇ ਵਧਣ ਲਈ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਵੰਡ ਦਿੱਤੀਆਂ ਗਈਆਂ ਤਾਂ ਕਿ ਸੱਤਾ ਦਾ ਵਿਸਥਾਰ ਵੀ ਹੋਏ ਤੇ ਆਪਸ ਵਿਚ ਰੌਲਾ ਵੀ ਨਾ ਪਏ। ਇਸ ਯੋਜਨਾਂ ਅਨੁਸਾਰ ਕਰੋੜਾ ਸਿੰਘ ਤੇ ਦੀਪ ਸਿੰਘ ਦੀਆਂ ਮਿਸਲਾਂ ਸਤਲੁਜ ਦੇ ਦੱਖਣੀ ਕਿਨਾਰੇ ਵੱਲ ਚਲੀਆਂ ਗਈਆਂ। ਸਿੰਘ ਪੁਰੀਆ ਤੇ ਆਹਲੂਵਾਲੀਆ ਘਾਗਰਾ ਦੇ ਦੋਹੇਂ ਪਾਸੇ ਰਹੇ। ਜੈ ਸਿੰਘ ਕਨ੍ਹਈਆ ਤੇ ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਦੇ ਉਤਰ ਵਿਚ ਰਿਆਰਕੀ ਵੱਲ ਚਲੇ ਗਏ। ਨਕਾਈ ਲਾਹੌਰ ਦੇ ਦੱਖਣ ਵਿਚ ਨੱਕਾ ਖੇਤਰ ਵਿਚ ਚਲੇ ਗਏ। ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਹਰੀ ਸਿੰਘ ਭੰਗੀ, ਜਿਹਨਾਂ ਦਾ ਜੱਥਾ ਸਭ ਤੋਂ ਵੱਡਾ ਸੀ, ਰਚਨਾ ਤੇ ਚੱਜ ਦੁਆਬੇ ਵੱਲ ਚਲੇ ਗਏ...ਜਿੱਥੇ ਵਧੇਰੇ ਆਬਾਦੀ ਦੁਸ਼ਮਣਾ ਦੀ ਸੀ। ਨਿਸ਼ਾਨ ਵਾਲ ਤੇ ਡੱਲੇ ਵਾਲ ਗੁਰੂ ਦੀ ਨਗਰੀ ਭਾਵ ਅੰਮ੍ਰਿਤਸਰ ਦੀ ਰਾਖੀ ਕਰਦੇ ਸਨ ਤੇ ਲੋੜ ਪੈਣ ਸਮੇਂ ਹੋਰਾਂ ਦੀ ਮਦਦ ਲਈ ਵੀ ਭੇਜੇ ਜਾਂਦੇ ਸਨ। ਸਾਰੇ ਮਿਸਲ ਸਰਦਾਰਾਂ ਨੇ ਛੋਟੇ ਛੋਟੇ ਦੁਰਗ ਬਣਾ ਲਏ ਸਨ ਤੇ ਨਵੇਂ ਰੰਗਰੂਟ ਭਰਤੀ ਕਰਕੇ ਆਪਣੀ ਸੈਨਕ ਸ਼ਕਤੀ ਵਧਾ ਲਈ ਸੀ।
ਛੋਟੀਆਂ ਛੋਟੀਆਂ ਮੁਹਿੰਮਾਂ ਦੇ ਇਲਾਵਾ ਸਿੱਖ ਜੱਥੇਦਾਰ ਵੱਡੀਆਂ ਵੱਡੀਆਂ ਮੁਹਿੰਮਾਂ ਵੀ ਸਰ ਕਰਦੇ ਸਨ। ਦਲ ਖਾਲਸਾ ਹੁਣ ਲਾਹੌਰ ਦੇ ਇਰਦ ਗਿਰਦ ਜਾ ਪਹੁੰਚਿਆ ਸੀ। ਇਕ ਹਨੇਰੀ ਰਾਤ ਵਿਚ 500 ਸਿੱਖ ਸੈਨਕਾਂ ਨੇ ਮੁਸਲਿਮ ਸੈਨਕਾਂ ਦੀਆਂ ਵਰਦੀਆਂ ਪਾ ਕੇ ਚੜ੍ਹਤ ਸਿੰਘ ਤੇ ਜੈ ਸਿੰਘ ਦੀ ਅਗਵਾਨੀ ਹੇਠ ਸ਼ਾਹ ਆਲਮੀ ਦਰਵਾਜ਼ੇ ਵੱਲੋਂ ਪ੍ਰਵੇਸ਼ ਕੀਤਾ ਤੇ ਬੇਗਮਾਂ ਦੇ ਰਣਵਾਸ, ਪਰੀ ਮਹਿਲ ਤੇ ਰੰਗ ਮਹਿਲ ਦੇ ਧਨੱਡ ਦੁਕਾਨਦਾਰਾਂ ਤੇ ਸਰਾਫਾਂ ਨੂੰ ਲੁੱਟ ਲਿਆ। 1754 ਦੇ ਅੰਤ ਵਿਚ 12000 ਸਿੱਖਾਂ ਨੇ ਪਹਿਲਾਂ ਅੰਬਾਲੇ ਜ਼ਿਲੇ ਨੂੰ ਤੇ ਫੇਰ ਸਰਹਿੰਦ ਸ਼ਹਿਰ ਨੂੰ ਜਾ ਲੁੱਟਿਆ ਤੇ ਝਟਪਟ ਠੀਕਰੀਵਾਲ ਪਰਤ ਆਏ। ਬੰਦਾ ਬਹਾਦਰ ਪਿੱਛੋਂ ਉਹਨਾਂ ਪਹਿਲੀ ਵੇਰ ਸਰਹਿੰਦ ਨੂੰ ਲੁੱਟਿਆ ਸੀ।
'ਕੁਤਬ ਖਾਂ ਰੋਹਿਲਾ ਚੜ੍ਹਿਆ ਆ ਰਿਹਾ ਹੈ। ਖਾਲਸਾ ਜੀ ਮੇਰੀ ਮਦਦ ਕਰੋ।' ਅਪਰੈਲ 1754 ਵਿਚ ਜੱਸਾ ਸਿੰਘ ਨੂੰ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦਾ ਸੁਨੇਹਾ ਮਿਲਿਆ।
ਕੁਤਬ ਖਾਂ ਰੋਹਿਲਾ ਸਰਦਾਰ ਨਜੀਬੁਲ ਦੌਲਾ ਨਾਲ ਬਾਦਸ਼ਾਹ ਦੀ ਫੌਜ ਵਿਚ ਭਰਤੀ ਹੋਇਆ ਸੀ। ਉਹ ਜਾਤ ਦਾ ਰੋਹਿਲਾ ਨਹੀਂ ਸੀ ਪਰ ਰੋਹਿਲਾ ਦਾ ਨੌਕਰ ਹੋਣ ਕਰਕੇ ਉਸਨੂੰ ਵੀ ਰੋਹਿਲਾ ਕਿਹਾ ਜਾਣ ਲੱਗ ਪਿਆ ਸੀ। ਤਨਖਾਹ ਦੇ ਰੂਪ ਵਿਚ ਉਸਨੂੰ ਕੈਰਾਨਾ, ਬਰੋਤ, ਸਰਧਾਨਾ ਤੇ ਕਾਂਧਲਾ ਦੀ ਜਾਗੀਰ ਦਿੱਤੀ ਗਈ ਸੀ। ਜਦੋਂ ਇਮਾਦੁਲ ਮੁਲਕ ਅਰਥਾਤ ਗਾਜੀਉੱਲਦੀਨ ਸਫਦਰ ਜੰਗ ਨੂੰ ਭਜਾ ਕੇ ਵਜ਼ੀਰ ਬਣਿਆ ਤਾਂ ਉਸਨੇ ਇਹ ਜਾਗੀਰ ਮਰਹੱਟਿਆਂ ਨੂੰ ਦੇ ਦਿੱਤੀ। ਜਾਗੀਰ ਖੁੱਸ ਜਾਣ ਕਾਰਨ ਕੁਤਬ ਖਾਂ ਭੜਕ ਉਠਿਆ ਤੇ ਉਸਨੇ ਦਿੱਲੀ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਉਸਨੇ ਸੋਨੀਪਤ, ਪਾਨੀਪਤ, ਕਰਨਾਲ ਤੇ ਅਜੀਮਾਬਾਦ ਦੇ ਇਲਾਕੇ ਲੁੱਟ ਲਏ ਤੇ ਕਰਨਾਲ ਵਿਚ ਸ਼ਾਹੀ ਫੌਜ ਨੂੰ ਹਰਾ ਕੇ ਸਰਹਿੰਦ ਉਪਰ ਹੱਲਾ ਬੋਲ ਦਿੱਤਾ। ਸਰਹਿੰਦ ਦਾ ਸੂਬੇਦਾਰ ਸਾਦਿਕ ਬੇਗ ਸੀ। ਉਸਦੇ ਅਫਗਾਨ ਸਿਪਾਹੀਆਂ ਨੇ ਅਫਗਾਨ ਸਰਦਾਰ ਦੇ ਖ਼ਿਲਾਫ਼ ਲੜਨ ਤੋਂ ਇਨਕਾਰ ਕਰ ਦਿੱਤਾ। ਸਾਦਿਕ ਬੇਗ ਨੱਠ ਕੇ ਜਲੰਧਰ ਆ ਗਿਆ ਤੇ ਅਦੀਨਾ ਬੇਗ ਤੋਂ ਮਦਦ ਮੰਗੀ।
ਅਦੀਨਾ ਬੇਗ ਇਕ ਯੋਗ ਹਾਕਮ ਸੀ। ਉਸ ਕੋਲ 50 ਹਜ਼ਾਰ ਘੋੜਸਵਾਰ ਤੇ ਏਨੇ ਹੀ ਪੈਦਲ ਸੈਨਕ ਸਨ। ਛੋਟੀਆਂ ਵੱਡੀਆਂ ਤੋਪਾਂ ਤੇ ਹਰੇਕ ਕਿਸਮ ਦੇ ਚੰਗੇ ਹਥਿਆਰ ਸਨ। ਉਸਨੇ ਆਪਣੇ ਪੈਰ ਮਜ਼ਬੂਤੀ ਨਾਲ ਗੱਡੇ ਹੋਏ ਸਨ ਪਰ ਦਿੱਲੀ ਦਾ ਬਾਦਸ਼ਾਹ ਤੇ ਵਜ਼ੀਰ ਹੱਥ ਉੱਤੇ ਹੱਥ ਰਖੀ ਬੈਠੇ ਸਨ। ਉਹ ਬਗਾਵਤ ਨੂੰ ਦਬਾਉਣ ਲਈ ਕੋਈ ਹੀਲਾ ਵੀ ਨਹੀਂ ਸਨ ਕਰ ਰਹੇ। ਸਰਹਿੰਦ ਉੱਤੇ ਕਬਜਾ ਹੋ ਜਾਣ ਕਾਰਨ ਕੁਤਬ ਖਾਂ ਦੀ ਤਾਕਤ ਹੋਰ ਵਧ ਗਈ ਸੀ ਤੇ ਹੌਸਲੇ ਵੀ ਖਾਸੇ ਬੁਲੰਦ ਹੋ ਗਏ ਸਨ। ਫੌਜ ਤੇ ਹਥਿਆਰ ਹੁੰਦਿਆਂ ਹੋਇਆਂ ਵੀ ਅਦੀਨਾ ਬੇਗ ਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ ਕਿ ਉਹ ਇਕੱਲਾ ਅਫਗਾਨਾ ਦਾ ਮੁਕਾਬਲਾ ਕਰ ਸਕੇਗਾ, ਇਸ ਲਈ ਉਸਨੇ ਦਲ ਖਾਲਸਾ ਤੋਂ ਮਦਦ ਮੰਗੀ।
ਜੱਸਾ ਸਿੰਘ ਆਹਲੂਵਾਲੀਆ ਅਦੀਨਾ ਬੇਗ ਦੇ ਦੂਹਰੇ ਚਰਿੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਦਲ ਖਾਲਸਾ ਨੂੰ ਆਪਣੇ ਖੇਤਰ ਵਿਚ ਫੈਲਣ ਤੋਂ ਰੋਕ ਵੀ ਰਿਹਾ ਸੀ, ਇਸ ਲਈ ਉਸ ਨਾਲ ਲੁਕਣ ਮੀਟੀ ਚੱਲ ਰਹੀ ਸੀ। ਪਰ ਗੁਆਂਢੀ ਦੀ ਮਦਦ, ਆਪਣੀ ਮਦਦ ਕਰਨ ਬਰਾਬਰ ਸੀ। ਕੁਤਬ ਖਾਂ ਅਦੀਨਾ ਬੇਗ ਲਈ ਹੀ ਨਹੀਂ, ਖਾਲਸਾ ਦਲ ਲਈ ਵੀ ਖਤਰਾ ਸੀ। ਸਿੱਖ ਅਦੀਨਾ ਬੇਗ ਦੀ ਮਦਦ ਲਈ ਗਏ। 11 ਅਪਰੈਲ 1755 ਨੂੰ ਰੋਪੜ ਦੇ ਨੇੜੇ ਘਮਾਸਾਨ ਦਾ ਯੁੱਧ ਹੋਇਆ, ਕੁਤਬ ਖਾਂ ਬੜੀ ਬਹਾਦਰੀ ਨਾਲ ਲੜਿਆ, ਪਰ ਉਹ ਤੇ ਉਸਦੇ ਕਈ ਸਰਦਾਰ ਖੇਤ ਰਹੇ ਤੇ ਅਦੀਨਾ ਬੇਗ ਦੀ ਜਿੱਤ ਹੋਈ।
ਇਸ ਜਿੱਤ ਦੇ ਨਾਲ ਸਰਹਿੰਦ ਦਾ ਰਾਜ ਵੀ ਉਸਦੇ ਕਬਜੇ ਵਿਚ ਆ ਗਿਆ। ਦਿੱਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਨੇ ਉਸਨੂੰ 'ਸਰਦਾਰ ਜੰਗ ਬਹਾਦਰ' ਦਾ ਖਿਤਾਬ ਦੇ ਦਿੱਤਾ। ਕਾਂਗੜਾ ਦੇ ਸੈਫ ਅਲੀ ਖਾਂ ਸਮੇਤ ਸਾਰੇ ਪਹਾੜੀ ਰਾਜਿਆਂ ਨੇ ਉਸਦੀ ਅਧੀਨਤਾ ਮੰਨ ਲਈ ਤੇ ਉਹ ਉਸਨੂੰ ਰਾਜਸਵ ਦੇਣ ਲੱਗ ਪਏ।
ਸਿੱਖਾਂ ਨੇ ਜਿਹੜੀ ਮਦਦ ਕੀਤੀ ਸੀ, ਉਸਦੇ ਬਦਲੇ ਵਿਚ ਅਦੀਨਾ ਬੇਗ ਨੇ ਕਾਫੀ ਸਾਰਾ ਧਨ ਤੇ ਕਈ ਪਿੰਡ ਉਹਨਾਂ ਨੂੰ ਦੇ ਦਿੱਤੇ। ਪਰ ਅਦੀਨਾ ਬੇਗ ਤੇ ਜੱਸਾ ਸਿੰਘ ਆਹਲੂਵਾਲੀਆ ਵਿਚ ਤਾਂ ਪਹਿਲਾਂ ਹੀ ਠਣੀ ਹੋਈ ਸੀ। ਆਪਸ ਵਿਚ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਕਦੀ ਖਾਲਸਾ ਦਲ ਤੇ ਕਦੀ ਅਦੀਨਾ ਬੇਗ ਦਾ ਪੱਲਾ ਭਾਰੀ ਰਹਿੰਦਾ ਸੀ। ਪਰ ਖਾਲਸਾ ਦਾਲ ਦੀ ਸ਼ਕਤੀ ਲਗਾਤਾਰ ਵਧ ਰਹੀ ਸੀ। ਨਵੰਬਰ 1755 ਨੂੰ ਖਦੂਰ ਦੀ ਧਰਤੀ ਉਤੇ ਜੱਸਾ ਸਿੰਘ ਨੇ ਫੈਸਲਾ-ਮੁਕਾਊ ਜਿੱਤ ਪ੍ਰਾਪਤ ਕੀਤੀ। ਅਦੀਨਾ ਬੇਗ ਨੂੰ ਬਿਆਸ ਦੇ ਕਿਨਾਰੇ ਸਥਿਤ ਫਤਿਹਾਬਾਦ ਦਲ ਖਾਲਸਾ ਨੂੰ ਸੌਂਪਣਾ ਪਿਆ।
ਜੱਸਾ ਸਿੰਘ ਜਬਰਦਸਤ ਯੋਧਾ ਸੀ। ਉਸਦੀ ਤਲਵਾਰ ਦਾ ਵਾਰ ਤੇ ਤੀਰ ਦਾ ਨਿਸ਼ਾਨਾ ਹਮੇਸ਼ਾ ਫਿੱਟ ਬੈਠਦਾ ਸੀ। ਹਰ ਮੁਹਿੰਮ ਵਿਚ ਉਹ ਦਲ ਖਾਲਸਾ ਦੀ ਅਗਵਾਈ ਕਰਦਾ ਸੀ। ਜਿੱਥੇ ਵੀ ਲੋੜ ਹੁੰਦੀ ਸੀ ਆਪਣਾ ਘੋੜਾ ਦੌੜਾ ਕੇ ਜਾ ਪਹੁੰਚਦਾ ਸੀ। ਉਹ ਨਵਾਬ ਕਪੂਰ ਸਿੰਘ ਤੋਂ ਬਾਅਦ ਸਿਰਫ ਰਾਜਨੀਤਕ ਨੇਤਾ ਹੀ ਨਹੀਂ, ਧਰਮਕ ਨੇਤਾ ਵੀ ਸੀ। ਸਵੇਰੇ ਸਵਖਤੇ ਉਠ ਕੇ ਦੇਖਦਾ ਕਿ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਕਿ ਨਹੀਂ। ਬਹੁਤ ਸਾਰੇ ਮੁਸਲਮਾਨ ਕਰਮਚਾਰੀ ਵੀ ਸਨ। ਜੱਸਾ ਸਿੰਘ ਜੇ ਕਿਸੇ ਮੁਸਲਮਾਨ ਨੂੰ ਸੁੱਤਿਆਂ ਦੇਖਦਾ ਤਾਂ ਉਸਨੂੰ ਹਲੂਣ ਕੇ ਜਗਾ ਦਿੰਦਾ ਤੇ ਕਹਿੰਦਾ, “ਉੱਠੋ ਭਾਈ, ਨਮਾਜ਼ ਪੜ੍ਹੋ ਤੇ ਅੱਲ੍ਹਾ ਨੂੰ ਯਾਦ ਕਰੋ।”
ਅਕਤੂਬਰ ਭਾਵ ਕੱਤਕ ਦਾ ਮਹੀਨਾ ਸੀ। ਜੰਡਿਆਲਾ ਸ਼ੇਰ ਖਾਂ ਦੇ ਇਕ ਖੇਤ ਵਿਚ ਦੋ ਆਦਮੀ ਸ਼ਹਿਤੂਤ ਦੇ ਰੁੱਖ ਹੇਠ ਬੈਠੇ ਛੱਲੀਆਂ ਚੱਬ ਰਹੇ ਸਨ ਤੇ ਆਪਸ ਵਿਚ ਗੱਲਾਂ ਕਰ ਰਹੇ ਸਨ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਜਿਧਰ ਨਜ਼ਰ ਮਾਰੋ ਉਧਰ ਹੀ ਮੱਕੀ, ਕਪਾਹ, ਗੰਨੇ ਤੇ ਬਾਜਰੇ ਦੀ ਫਸਲ ਲਹਿਰਾ ਰਹੀ ਸੀ। ਲੁੱਟੇ ਪੁੱਟੇ ਪੰਜਾਬ ਵਿਚ ਪਤਾ ਨਹੀਂ ਕਿੰਨੇ ਸਾਲ ਬਾਅਦ ਖੇੜਾ ਆਇਆ ਸੀ ਤੇ ਕਿਸਾਨਾ ਨੂੰ ਆਪਣੀ ਜਨਮ ਭੂਮੀ ਦਾ ਸੁੰਦਰ ਰੂਪ ਦੇਖਣਾ ਨਸੀਬ ਹੋਇਆ ਸੀ। ਡੰਗਰ ਪਸੂ ਚਰ ਰਹੇ ਸਨ ਤੇ ਪਾਲੀ ਉਚੀਆਂ ਹੇਕਾਂ ਵਿਚ ਬੜੇ ਉਤਸਾਹ ਨਾਲ ਗਾ ਰਹੇ ਸਨ—
ਜੱਗਾ ਜੱਟ ਨ੍ਹੀਂ ਕਿਸੇ ਨਾ ਬਣ ਜਾਣਾ,
ਘਰ ਘਰ ਪੁੱਤ ਜੰਮਦੇ।'
ਗੀਤ ਦੇ ਬੋਲ ਕੰਨਾਂ ਵਿਚ ਪਏ ਤਾਂ ਦੋਹੇਂ ਜਣੇ ਛੱਲੀ ਖਾਣਾ ਤੇ ਗੱਲਾਂ ਮਾਰਨੀਆਂ ਬੰਦ ਕਰਦੇ ਇਕ ਦੂਜੇ ਵੱਲ ਦੇਖਣ ਲੱਗ ਪਏ। ਜਦੋਂ ਤਕ ਗੀਤ ਦੇ ਬੋਲ ਹਵਾ ਵਿਚ ਗੂੰਜਦੇ-ਲਹਿਰਾਉਂਦੇ ਰਹੇ, ਉਹ ਸ਼ਾਂਤ ਤੇ ਅਹਿਲ ਬੈਠੇ ਇਕ ਦੂਜੇ ਵੱਲ ਤੱਕਦੇ ਤੇ ਮੁਸਕਰਾਂਦੇ ਰਹੇ। ਗੀਤ ਦੇ ਬੋਲ ਪੰਜਾਬ ਦੇ ਦਿਲ ਦੀ ਧੜਕਨ ਸੀ ਜਿਹੜੇ ਅਨਿਆਂ ਤੇ ਅਤਿਆਚਾਰ ਸਾਹਵੇਂ ਗਰਦਨ ਝੁਕਾਉਣ ਦੇ ਬਜਾਏ ਉਸਦਾ ਮੁਕਾਬਲਾ ਕਰਨ ਤੇ ਸੂਰਮਾ ਬਣਨ ਦੀ ਪ੍ਰੇਰਨਾ ਦਿੰਦੇ ਸਨ। ਪੰਜਾਬ ਦੇ ਦਿਲ ਦੀ ਇਹ ਧੜਕਨ ਉਹਨਾਂ ਦੋਹਾਂ ਦੇ ਦਿਲ ਦੀ ਧੜਕਨ ਵੀ ਸੀ ਤੇ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਵੀ ਇਹੀ ਸੀ। ਉਹ ਦੋਹੇਂ, ਭੂਪ ਸਿੰਘ ਤੇ ਵਾਰਿਸ ਸ਼ਾਹ ਸਨ।
“ਮੈਂ ਇਹ ਘਟਨਾ ਕਦੀ ਨਹੀਂ ਭੁੱਲ ਸਕਾਂਗਾ ਤੇ ਇਸ ਨਾਲ ਮੇਰੇ ਦਿਲ ਜੋ ਠੇਸ ਲੱਗੀ, ਉਸਦਾ ਫੱਟ ਕਦੀ ਨਹੀਂ ਭਰ ਸਕੇਗਾ।” ਜਦੋਂ ਗੀਤ ਦੇ ਬੋਲ ਕੰਨਾਂ ਵਿਚ ਪਏ ਸਨ, ਵਾਰਿਸ ਸ਼ਾਹ ਭੂਪ ਸਿੰਘ ਨੂੰ ਇਹ ਗੱਲ ਸੁਣਾ ਰਿਹਾ ਸੀ। ਇਕ ਘਟਨਾ ਜਿਸ ਨੂੰ ਉਹ ਭੁੱਲ ਨਹੀਂ ਸੀ ਸਕਿਆ, ਪਹਿਲਾਂ ਵੀ ਸੁਣਾ ਚੁੱਕਿਆ ਸੀ। ਉਹ ਇੰਜ ਸੀ—
“ਤੈਨੂੰ ਪਤਾ ਏ ਨਾ, ਪਾਕ ਪਟਨ ਸ਼ਰੀਫ ਵਿਚ ਸਾਡੇ ਖਾਨਦਾਨੀ ਪੀਰ ਹਾਫਿਜ਼ ਗ਼ੁਲਾਮ ਮੁਰਤਜਾ ਰਹਿੰਦੇ ਨੇ?” ਵਾਰਿਸ ਨੇ ਪੁੱਛਿਆ।
“ਹਾਂ, ਪਤਾ ਏ।” ਭੂਪ ਸਿੰਘ ਨੇ ਉਤਰ ਦਿੱਤਾ।
“ਤਾਲੀਮ ਹਾਸਲ ਕਰਕੇ ਜਦੋਂ ਮੈਂ ਕਸੂਰ ਤੋਂ ਪਿੰਡ ਵਾਪਸ ਆਇਆ ਤਾਂ ਦਿਲ ਵਿਚ ਖ਼ਿਆਲ ਆਇਆ ਕਿ ਪਾਕ ਪਟਨ ਸ਼ਰੀਫ ਦੀ ਜ਼ਿਆਰਤ ਕਰ ਆਵਾਂ। ਖ਼ਿਆਲ ਆਉਂਦਿਆਂ ਹੀ ਮੈਂ ਘਰੋਂ ਤੁਰ ਪਿਆ। ਰਸਤੇ ਵਿਚ ਠੱਠਾ ਜਾਹਿਦਾ ਨਾਂ ਦਾ ਇਕ ਪਿੰਡ ਪੈਂਦਾ ਏ। ਉੱਥੇ ਪਹੁੰਚਦਿਆਂ ਪਹੁੰਚਦਿਆਂ ਰਾਤ ਪੈ ਗਈ, ਜਿਹੜੀ ਮੈਂ ਉੱਥੇ ਤਕੀਏ ਵਿਚ ਬਿਤਾਈ। ਤਕੀਏ ਦੇ ਨੇੜੇ ਹੀ ਇਕ ਖੂਹ ਸੀ। ਸਵੇਰ ਹੋਈ ਤਾਂ ਪਿੰਡ ਦੀਆਂ ਕੁੜੀਆਂ ਖੂਹ ਤੋਂ ਪਾਣੀ ਭਰਨ ਆਈਆਂ। ਇਹਨਾਂ ਕੁੜੀਆਂ ਦੀ ਟੋਲੀ ਵਿਚ ਇਕ ਕੁੜੀ ਏਡੀ ਬਾਂਕੀ ਮੁਇਆਰ ਸੀ, ਜਿੱਦਾਂ ਹੂਰ ਜ਼ਮੀਨ ਉਪਰ ਉਤਰ ਆਈ ਹੋਏ। ਦੇਖਦਿਆਂ ਹੀ ਮੈਨੂੰ ਉਸ ਨਾਲ ਇਸ਼ਕ ਹੋ ਗਿਆ।”
“ਕੀ ਨਾਂ ਸੀ ਉਸਦਾ?”
“ਮੈਂ ਨਾਂ ਥੋੜ੍ਹਾ ਈ ਪੁੱਛਿਆ ਸੀ।”
“ਪਿੱਛੋਂ ਤਾਂ ਪਤਾ ਲੱਗ ਈ ਗਿਆ ਹੋਊ?”
“ਹਾਂ, ਪਿੱਛੋਂ ਪਤਾ ਲੱਗ ਗਿਆ ਸੀ, ਉਸਦਾ ਨਾਂ ਭਾਗ ਭਰੀ ਸੀ। ਕਿਸੇ ਨੇ ਦੱਸਿਆ ਕਿ ਉਹ ਅਰਾਈਂ ਵੱਲ ਦੇ ਕਿਸੇ ਜੱਟ ਦੀ ਧੀ ਏ...ਪਰ ਦਿਲ ਨਾ ਜਾਤ ਦੇਖਦਾ ਏ, ਨਾ ਨਾਂ ਪੁੱਛਦਾ ਏ। ਉਹ ਤਾਂ ਬਸ ਸੂਰਤ ਸੀਰਤ ਤੇ ਮਰ ਮਿਟਦਾ ਏ। ਜਿਵੇਂ ਪਰਵਾਨੇ ਨੂੰ ਸ਼ਮਾਂ ਨਾਲ ਇਸ਼ਕ ਹੈ, ਓਵੇਂ ਦਿਲ ਨੂੰ ਹੁਸਨ ਨਾਲ ਇਸ਼ਕ ਹੈ। ਉਹ ਕਿਸੇ ਬੰਨਣ ਨੂੰ ਨਹੀਂ ਮੰਨਦਾ।”
“ਪਰ ਤੂੰ ਤਾਂ ਸਿਰਫ ਸੂਰਤ ਦੇਖ ਕੇ ਮਰ ਮਿਟਿਆ ਸੈਂ, ਸੀਰਤ ਕਦ ਦੇਖੀ?”
“ਦੇਖਣ ਵਾਲੀ ਨਜ਼ਰ ਹੋਏ ਤਾਂ ਸੂਰਤ ਨਾਲ ਹੀ ਸੀਰਤ ਦਿਖ ਪੈਂਦੀ ਏ।”
ਨੇੜੇ ਹੀ ਰੁੱਖਾਂ ਦਾ ਇਕ ਝੁੰਡ ਸੀ। ਉਸ ਉੱਤੇ ਕੋਇਲ ਕੂਕੀ, 'ਕੁ-ਹੂ! ਕੁ-ਹੂ!!'
ਵਾਰਿਸ ਦੀ ਉਮਰ ਇਸ ਸਮੇਂ ਵੀਹ ਸਾਲ ਦੇ ਲਾਗੇ ਸੀ। ਛੋਟੀਆਂ ਛੋਟੀਆਂ ਮੁੱਛਾਂ ਤੇ ਛਿੱਦਰੀ ਦਾੜ੍ਹੀ ਉੱਗ ਆਈ ਸੀ। ਉਹ ਇਕ ਅਜਿਹਾ ਅਲਬੇਲਾ ਨੌਜਵਾਨ ਦੀ ਜਿਸਦਾ ਚਿਹਰਾ ਉਸਦੀ ਆਤਮਾ ਦੇ ਨੂਰ ਨੂੰ ਪ੍ਰਗਟ ਕਰ ਦਿੰਦਾ ਸੀ।
ਭੂਪ ਸਿੰਘ ਕੁਝ ਪਲ ਚੁੱਪ ਬੈਠਾ, ਇਕ ਟੱਕ, ਉਸਦੇ ਚਿਹਰੇ ਵੱਲ ਦੇਖਦਾ ਰਿਹਾ।
“ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਏ,” ਵਾਰਿਸ ਨੇ ਫੇਰ ਗੱਲ ਛੋਹੀ, “ਕਹਾਵਤ ਤਾਂ ਸੁਣੀ ਹੋਏਗੀ? ਭਾਗ ਭਰੀ ਦੇ ਦਿਲ ਵਿਚ ਵੀ ਇਸ਼ਕੇ ਦਾ ਤੀਰ ਜਾ ਵੱਜਿਆ। ਉਹ ਵੀ ਮੇਰੇ ਵਾਂਗ ਜ਼ਖ਼ਮੀ ਹੋ ਗਈ। ਛੁਪ ਛੁਪ ਕੇ ਮੁਲਾਕਾਤਾਂ ਹੋਣ ਲੱਗੀਆਂ।...ਪਰ ਇਸ਼ਕ ਮੁਸ਼ਕ ਛੁਪਾਇਆਂ ਨਹੀਂ ਛੁਪਦਾ। ਸਾਰੇ ਪਿੰਡ ਵਿਚ ਚਰਚੇ ਹੋਣ ਲੱਗੇ। ਭਾਗ ਭਰੀ ਦੇ ਭਰਾਵਾਂ ਨੇ ਭੈਣ ਨੂੰ ਬੜਾ ਸਮਝਾਇਆ, ਧਮਕਾਇਆ ਤੇ ਮਿਲਣ ਤੋਂ ਮਨ੍ਹਾਂ ਕੀਤਾ। ਪਰ ਭਾਗ ਭਰੀ ਨਹੀਂ ਮੰਨੀ...”
“ਯਾਨੀ ਉਹ ਵੀ ਹਠ ਦੀ ਪੂਰੀ ਸੀ।”
“ਬਿਲਕੁਲ ਪੂਰੀ, ਪੱਕੀ। ਹਠ ਦੇ ਬਿਨਾਂ ਇਸ਼ਕ ਦਾ ਪੱਕਾ ਹੋਣਾ ਸੰਭਵ ਹੀ ਨਹੀਂ। ਜਦ ਭਾਗ ਭਰੀ ਨਾ ਮੰਨੀ ਤਾਂ ਉਸਦੇ ਭਰਾਵਾਂ ਨੇ ਮੈਨੂੰ ਕਿਹਾ ਕਿ ਮੈਂ ਤਕੀਆ ਛੱਡ ਕੇ ਚਾਲਾ ਜਾਵਾਂ। ਜਦੋਂ ਭਾਗ ਭਰੀ ਔਰਤ ਹੋ ਕੇ ਸਿਦਕ ਦੀ ਪੱਕੀ ਸੀ ਤਾਂ ਮੈਂ ਮਰਦ ਹੋ ਕੇ ਕਿੰਜ ਡਿੱਗ ਪੈਂਦਾ...ਤਕੀਏ ਵਿਚ ਡੇਰਾ ਜਮਾਈ ਰੱਖਿਆ। ਭਾਗ ਭਰੀ ਨਾਲ ਮੁਲਾਕਤਾਂ ਜਾਰੀ ਰਹੀਆਂ। ਇਕ ਦਿਨ ਉਸਦੇ ਭਰਾਵਾਂ ਮੈਨੂੰ ਏਨਾ ਕੁੱਟਿਆ ਕਿ ਅੱਧ-ਮੋਇਆ ਕਰਕੇ ਸੁੱਟ ਦਿੱਤਾ। ਸ਼ਾਇਦ ਉਹਨਾਂ ਮੈਨੂੰ ਆਪਣੇ ਵੱਲੋਂ ਮਾਰ ਹੀ ਮੁਕਾਇਆ ਸੀ। ਇਸ ਦੇ ਬਾਵਜੂਦ ਮੈਂ ਉੱਥੋਂ ਨਹੀਂ ਟਲਿਆ। ਜੇ ਕਿਸੇ ਨੂੰ ਜਾਨ ਪਿਆਰੀ ਹੋਏ ਤਾਂ ਇਸ਼ਕ ਦੀ ਰਾਹ ਨਾ ਪਏ। ਇਸ਼ਕ ਦੀ ਚਾਲ ਨਿਰਾਲੀ ਤੇ ਉਸਦਾ ਅੰਤਰਾ ਨਿਆਰਾ ਹੁੰਦਾ ਏ। ਮੈਂ ਆਪਣੀਆਂ ਸੱਟਾਂ ਨੂੰ ਪਲੋਸਦਿਆਂ ਹੋਇਆਂ ਕਿਹਾ ਸੀ—
'ਕੰਘੀ ਵਾਂਗ ਚਿਰਾਈਏ ਬਦਨ ਸਾਰਾ
ਤਾਂ ਇਹ ਜੁਲਫ ਮਹਿਬੂਬ ਦੀ ਪਾਈਏ ਜੀ।'”
ਅੰਬ ਦੇ ਰੁੱਖਾਂ ਦੇ ਝੰਡ ਵਿਚ ਕੋਇਲ ਫੇਰ ਕੂਕੀ, 'ਕੁ-ਹੂ, ਕੁ-ਹੂ'। ਭੂਪ ਸਿੰਘ ਤੇ ਵਾਰਿਸ ਸ਼ਾਹ ਕੁਝ ਚੁੱਪ ਬੈਠੇ ਇਸ ਕੁਹੂ ਕੁਹੂ ਦੀ ਗੂੰਜ ਸੁਣਦੇ ਰਹੇ।
“ਫੇਰ ਕੀ ਹੋਇਆ?” ਭੂਪ ਸਿੰਘ ਨੇ ਪੁੱਛਿਆ।
“ਫੇਰ ਹੋਇਆ ਇਹ ਕਿ ਭਰਾਵਾਂ ਨੇ ਭਾਗ ਭਰੀ ਦੀ ਸ਼ਾਦੀ ਜਬਰਦਸਤੀ ਕਿਸੇ ਹੋਰ ਨਾਲ ਕਰ ਦਿੱਤੀ ਤੇ ਇਸ਼ਕ ਦਾ ਗਲ਼ਾ ਘੁੱਟ ਦਿੱਤਾ। ਔਰਤ ਤਾਂ ਬਿਨਾਂ ਸਿੰਗਾਂ ਵਾਲੀ ਗਾਂ ਹੁੰਦੀ ਏ। ਉਸਦਾ ਰੱਸਾ ਭਾਵੇਂ ਕਿਸੇ ਦੇ ਹੱਥ ਫੜਾ ਦਿਓ। ਇਹ ਕਿੱਡਾ ਵੱਡਾ ਜੁਲਮ ਏਂ, ਕਿੱਡੀ ਵੱਡੀ ਬੇਇਨਸਾਫੀ...ਅਸੀਂ ਮਰਦ ਲੋਕ ਇਸਨੂੰ ਮਹਿਸੂਸ ਹੀ ਨਹੀਂ ਕਰ ਸਕਦੇ। ਇਸ ਬਾਰੇ ਸੋਚਦੇ ਤੱਕ ਨਹੀਂ।” ਵਾਰਿਸ ਨੇ ਲੰਮਾਂ ਸਾਹ ਛੱਡਿਆ।
“ਸੋਚਦੇ ਤਾਂ ਹਾਂ।” ਭੂਪ ਸਿੰਘ ਨੇ ਭਾਰੀ ਆਵਾਜ਼ ਵਿਚ ਹੌਲੀ ਜਿਹੀ ਕਿਹਾ ਤੇ ਵਾਰਿਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਜਾਰੀ ਰੱਖੀ, “ਪੰਜਾਬ ਨੇ ਜਦੋਂ ਦਾ ਅਤਿਆਚਾਰ ਤੇ ਜ਼ੁਲਮ ਕੇ ਵਿਰੁੱਧ ਸੰਘਰਸ਼ ਜਾਰੀ ਕੀਤਾ ਏ, ਉਦੋਂ ਤੋਂ ਹੀ ਔਰਤ ਉੱਤੇ ਹੋਣ ਵਾਲੇ ਇਸ ਜੁਲਮ ਨੂੰ ਵੀ ਮਹਿਸੂਸ ਕੀਤਾ ਏ ਤੇ ਇਸ ਦੇ ਖ਼ਿਲਾਫ਼ ਲਿਖਿਆ ਵੀ ਏ। ਤੇਰੀ ਇਸ ਘਟਨਾ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਜ਼ਮਾਨੇ ਵਿਚ ਵੀ ਹੀਰ ਰਾਂਝੇ ਨਾਲ ਬਿਲਕੁਲ ਇਵੇਂ ਹੀ ਵਾਪਰਿਆ ਸੀ। ਉਸ ਸਮੇਂ ਦੇ ਕਵੀ ਦਮੋਦਰ ਨੇ ਇਸ ਘਟਨਾ ਨੂੰ ਆਪਣੇ ਕਿੱਸੇ ਦਾ ਆਧਾਰ ਬਣਾਇਆ। ਉਸਦਾ ਕਹਿਣਾ ਏਂ ਕਿ ਜੋ ਕੁਝ ਮੈਂ ਲਿਖ ਰਿਹਾਂ, ਉਹ ਅੱਖੀਂ ਡਿੱਠਾ ਸੱਚ ਏ। ਫੇਰ ਇਹੀ ਕਿੱਸਾ ਊਧਮ ਤੇ ਮੁਕਬਿਲ ਨੇ ਵੀ ਲਿਖਿਆ...। ਪ੍ਰਤੱਖ ਏ ਕਿ ਇਹ ਇਕ ਨਵੀਂ ਸੋਚ ਸੀ, ਜਿਹੜੀ ਜ਼ਮਾਨੇ ਦੇ ਨਾਲ ਪੈਦਾ ਹੋਈ ਤੇ ਉਸਨੂੰ ਵਾਰੀ ਵਾਰੀ ਦੂਹਰਾਇਆ ਗਿਆ। ਮਨੁੱਖ ਮਰ ਜਾਏ ਪਰ ਸੋਚ ਨਹੀਂ ਮਰਦੀ। ਉਹ ਪੁਸ਼ਤ ਦਰ ਪੁਸ਼ਤ ਜਿਉਂਦੀ ਰਹਿੰਦੀ ਏ। ਧਰਤੀ 'ਚੋਂ ਉੱਗਨ ਵਾਲੇ ਬੂਟੇ ਵਾਂਗ ਵਧਦੀ ਫੁਲਦੀ ਏ।” ਭੂਪ ਸਿੰਘ ਨੇ ਆਪਣੇ ਹੱਥ ਵਿਚਲੀ ਛੱਲੀ ਦੇ ਆਖਰੀ ਸਾਰੇ ਦਾਣੇ ਉਘੇੜ ਕੇ ਉਹਨਾਂ ਦਾ ਫੱਕਾ ਮਾਰਿਆ ਤੇ ਗੁੱਲ ਪਰ੍ਹੇ ਸੁੱਟ ਦਿੱਤਾ।
ਭੂਪ ਸਿੰਘ ਨੇ ਆਪਣਾ ਜੀਵਨ ਇਸੇ ਸੋਚ ਨੂੰ ਜਿਉਂਦਿਆਂ ਰੱਖਣ ਦੇ ਲਈ ਸਮਰਪਤ ਕਰ ਦਿੱਤਾ ਸੀ। ਉਸਦੀ ਆਵਾਜ਼ ਵਿਚ ਦਰਿੜ੍ਹਤਾ ਤੇ ਚਿਹਰੇ ਉਪਰ ਗੰਭੀਰਤਾ ਸੀ। ਵਾਰਿਸ ਨੇ ਵੀ ਆਪਣੀ ਛੱਲੀ ਮੁਕਾਈ ਤੇ ਗੁੱਲ ਪਰ੍ਹੇ ਸੁੱਟ ਦਿੱਤਾ ਤੇ ਭੂਪ ਸਿੰਘ ਦੇ ਮੂੰਹ ਵੱਲ ਦੇਖਣ ਲੱਗਿਆ। ਕੁਝ ਚਿਰ ਬੈਠਾ ਦੇਖਦਾ ਤੇ ਸੋਚਦਾ ਰਿਹਾ ਤੇ ਫੇਰ ਯਕਦਮ ਤ੍ਰਭਕਿਆ ਜਿਵੇਂ ਉਸਨੇ ਭੂਪ ਸਿੰਘ ਦੇ ਚਿਹਰੇ ਉਪਰ ਲਿਖੇ ਇਤਿਹਾਸ ਨੂੰ ਪੜ੍ਹ ਪਿਆ ਹੋਏ।
“ਲਿਆ ਭੂਪ ਸਿਆਂ ਹੱਥ ਮਿਲਾ।” ਵਾਰਿਸ ਨੇ ਆਪਣਾ ਸੱਜਾ ਹੱਥ ਅੱਗੇ ਵਧਾ ਕੇ ਕਿਹਾ ਤੇ ਭੂਪ ਸਿੰਘ ਨੇ ਉਸਦਾ ਹੱਥ ਸੱਜੇ ਹੱਥ ਵਿਚ ਘੁੱਟ ਲਿਆ।
“ਤੂੰ ਮੇਰਾ ਦੋਸਤ ਹੀ ਨਹੀਂ ਉਸਤਾਦ ਵੀ ਏਂ।” ਵਾਰਿਸ ਨੇ ਗੱਲ ਜਾਰੀ ਰੱਖੀ, “ਅੱਜ ਮੈਂ ਉਹ ਕੁਝ ਸਿੱਖਿਆ ਏ ਜੋ ਮਕਤਬ ਵਿਚ ਵੀ ਨਹੀਂ ਸਿੱਖ ਸਕਿਆ ਸਾਂ। ਬੁੱਲ੍ਹੇ ਸ਼ਾਹ ਠੀਕ ਕਹਿੰਦੇ ਨੇ, 'ਫੜ੍ਹ ਨੁਕਤਾ ਛੱਡ ਕਿਤਾਬਾਂ ਨੂੰ'। ਮੈਂ ਨੁਕਤਾ ਫੜ੍ਹ ਲਿਆ ਏ। ਮੈਂ ਹੀਰ ਦੀ ਕਹਾਣੀ ਇਕ ਵਾਰ ਫੇਰ ਲਿਖਾਂਗਾ। ਅਸਲ ਵਿਚ ਉਹ ਇਸ ਸੋਚ ਦੀ ਕਹਾਣੀ ਹੋਏਗੀ, ਜਿਹੜੀ ਉਥਲ-ਪੁਥਲ ਦੀ ਕੁੱਖ ਵਿਚੋਂ ਪੈਦਾ ਹੋਈ ਏ। ਪਰਵਾਨ ਚੜ੍ਹੀ ਏ। ਯਾਰ ਲੋਕ ਇਸ ਸੋਚ ਦੇ ਕਾਰਨ ਹੀ ਮਜਲਿਸਾਂ 'ਚ ਬੈਠ ਕੇ ਹੀਰ ਦੇ ਇਸ਼ਕ ਦਾ ਮਜ਼ਾ ਲੈਣਗੇ। ਮੈਂ ਇਸ ਕਹਾਣੀ ਨੂੰ ਨਵਾਂ ਰੂਪ ਦਿਆਂਗਾ। ਇਹ ਕਹਾਣੀ ਸਿਰਫ ਕਹਾਣੀ ਨਹੀਂ, ਇਸ ਉਥਲ-ਪੁਥਲ ਵਿਚ ਜਿਉਂ ਰਹੇ ਪੰਜਾਬ ਦੀ ਭਰਪੂਰ ਤਸਵੀਰ ਹੋਏਗੀ।” ਵਾਰਿਸ ਦੇ ਚਿਹਰੇ ਉੱਤੇ ਇਕ ਦਰਿੜ ਸੰਕਲਪ ਉਕਰਿਆ ਹੋਇਆ ਸੀ, ਜਿਸ ਨੂੰ ਦੇਖ ਕੇ ਭੂਪ ਸਿੰਘ ਖਿੜ-ਪੁੜ ਗਿਆ ਤੇ ਉਸਨੇ ਵਾਰਿਸ ਦਾ ਹੱਥ ਚੁੰਮ ਲਿਆ।
ਝੁੰਡ ਵਿਚ ਕੋਇਲ ਫੇਰ 'ਕੁਹੂ-ਕੁਹੂ' ਕੂਕ ਉਠੀ। ਪਤਾ ਨਹੀਂ ਉਹ ਵੀ ਇਸ ਸੰਕਲਪ ਉਪਰ ਖੁਸ਼ ਸੀ ਜਾਂ ਉਸਨੇ ਪੰਜਾਬ ਦੀ ਇਹ ਹਰਿਆਲੀ, ਖੁਸ਼ਹਾਲੀ ਚਿਰਾਂ ਬਾਅਦ ਦੇਖ ਸੀ—ਇਸ ਲਈ ਆਪਣੇ ਮਨ ਦੀ ਖੁਸ਼ੀ ਵਾਰੀ ਵਾਰੀ ਪ੍ਰਗਟ ਕਰ ਰਹੀ ਸੀ।
ਭਾਗ ਭਰੀ ਦੀ ਸ਼ਾਦੀ ਪਿੱਛੋਂ ਵਾਰਿਸ ਰਾਂਝੇ ਵਾਂਗ ਜੋਗੀ ਬਣ ਗਿਆ ਸੀ ਤੇ ਜੋਗੀਆਂ ਵਾਲੇ ਭੇਸ ਵਿਚ ਹੀ ਇਧਰ ਉਧਰ ਘੁੰਮਦਾ ਹੋਇਆ ਆਪਣੇ ਪਿੰਡ ਆਇਆ ਸੀ ਤੇ ਅਗਲੇ ਦਿਨ ਫੇਰ ਚਲਾ ਗਿਆ ਸੀ।
ooo
“ਪੁੱਤਰ ਤੂੰ ਏਨੇ ਦਿਨਾਂ ਬਾਅਦ ਆਇਆ ਸੈਂ ਤੇ ਤੁਰ ਵੀ ਚੱਲਿਆ ਏਂ...ਮੈਂ ਇਕੱਲੀ ਇੱਥੇ ਕਿੰਜ ਰਹਾਂ? ਸੁੰਨਾ ਘਰ ਖਾਣ ਨੂੰ ਪੈਂਦਾ ਏ। ਦਿਨ ਤਾਂ ਜਿਵੇਂ-ਤਿਵੇਂ ਲੰਘਾ ਲੈਂਦੀ ਆਂ, ਪਰ ਰਾਤ ਕੱਟਣੀ ਔਖੀ ਹੋ ਜਾਂਦੀ ਏ।”
“ਮਾਂ ਤੂੰ ਵੀ ਮੇਰੇ ਨਾਲ ਚੱਲ। ਗੁਰੂ ਦੀ ਨਗਰੀ ਵਿਚ ਪੰਜ ਸੱਤ ਦਿਨ ਰਹੇਂਗੀ ਤਾਂ ਮਨ ਪਰਚ ਜਾਏਗਾ।”
“ਪਰ ਬੱਚੜਾ ਮੈਨੂੰ ਫੇਰ ਇਸੇ ਘਰ ਵਿਚ ਆਉਣਾ ਪਏਗਾ। ਫੇਰ ਇਹੀ ਇਕੱਲਾਪਨ ਵੱਢ ਵੱਢ ਖਾਏਗਾ। ਤੂੰ ਮੇਰੇ ਦਰਦ ਨੂੰ ਸਮਝ, ਮੇਰੇ ਦਿਲ ਦੀ ਥੌਹ ਲੈ। ਹੁਣ ਤੂੰ ਦੁੱਧ ਪੀਂਦਾ ਬੱਚਾ ਨਹੀਂ।”
ਸਤਵੰਤ ਕੌਰ ਦਾ ਗੱਚ ਭਰ ਆਇਆ ਸੀ ਤੇ ਅੱਖਾਂ ਸਿੱਜਲ ਹੋ ਗਈਆਂ ਸਨ। ਪਰ ਉਸਨੇ ਆਪਣੇ ਆਪ ਉੱਤੇ ਕਾਬੂ ਰੱਖਿਆ। ਆਪਣੇ ਅੰਦਰਲੀ ਪੀੜ ਨੂੰ ਹੰਝੂ ਬਣ ਕੇ ਵਹਿਣ ਨਹੀਂ ਦਿੱਤਾ।
ਇਸੇ ਵੇਲੇ ਇਕ ਭੂਰੇ ਰੰਗ ਦੀ ਬਿੱਲੀ ਅੰਦਰ ਆਈ। ਉਸਨੇ ਆਪਣਾ ਸੱਜਰਾ ਜੰਮਿਆਂ ਬਲੂੰਗੜਾ ਮੂੰਹ ਵਿਚ ਚੁੱਕਿਆ ਹੋਇਆ ਸੀ। ਸ਼ਾਇਦ ਹੋਰ ਬੱਚੇ ਵੀ ਸਨ—ਉਹ ਗੁਆਂਢੀਆਂ ਦੇ ਘਰ ਵਿਚ ਸੂਈ ਜਾਪਦੀ ਸੀ ਤੇ ਹੁਣ ਉਹਨਾਂ ਨੂੰ ਇਕ ਇਕ ਕਰਕੇ ਦੂਜੇ ਘਰ ਵਿਚ ਲਿਆ ਰਹੀ ਸੀ, ਜਿਵੇਂ ਉਸਦਾ ਸੁਭਾਅ ਹੁੰਦਾ ਹੈ।
ਮਾਂ ਤੇ ਪੁੱਤਰ ਨੇ ਇਕੱਠਿਆਂ ਬਿੱਲੀ ਵੱਲ ਦੇਖਿਆ...ਉਸਦੀ ਨਜ਼ਰ ਵਿਚ ਭੈ ਨਹੀਂ ਸਨੇਹ ਤੇ ਮਮਤਾ ਸੀ। ਉਹ ਬਿਨਾ ਸੰਕੋਚ ਅੱਗੇ ਵਧੀ ਤੇ ਘਰ ਦੇ ਇਕ ਕੋਨੇ ਵਿਚ ਜਾ ਛੁਪੀ।
“ਮਾਂ ਮੈਂ ਸਭ ਸਮਝਦਾਂ। ਤੇਰੀ ਪੀੜ ਪਛਾਨਦਾਂ। ਪਰ ਤੂੰ ਤਾਂ ਖੁਦ ਮੈਨੂੰ ਪੰਥ ਦੇ ਹਵਾਲੇ ਕਰ ਚੁੱਕੀ ਏਂ। ਮੈਂ ਦਲ-ਖਾਲਸਾ ਦਾ ਇਕ ਸੇਵਕ, ਇਕ ਸਿਪਾਹੀ ਹਾਂ। ਜਦੋਂ ਤਕ ਦਲ ਖਾਲਸਾ ਲਾਹੌਰ ਨੂੰ ਫਤਿਹ ਨਹੀਂ ਕਰ ਲਏਗਾ, ਮੈਂ ਵਿਆਹ ਨਹੀਂ ਕਰਵਾਵਾਂਗਾਂ।” ਭੂਪ ਸਿੰਘ ਨੇ ਦ੍ਰਿੜ ਤੇ ਸਥਿਰ ਆਵਾਜ਼ ਵਿਚ ਕਿਹਾ ਤੇ ਕੁਝ ਪਲ ਰੁਕ ਕੇ ਫੇਰ ਬੋਲਿਆ, “ਤੂੰ ਇਕੱਲੇਪਨ ਨੂੰ ਜਿਵੇਂ ਹੁਣ ਤਕ ਝੱਲਿਆ ਏ, ਕੁਝ ਦਿਨ ਹੋਰ ਝੱਲ ਲੈ, ਬਸ।”
“ਕੁਝ ਦਿਨ ਹੋਰ?”
“ਹਾਂ, ਬਸ ਕੁਝ ਦਿਨ। ਹੁਣ ਉਹ ਦਿਨ ਦੂਰ ਨਹੀਂ ਜਦੋਂ ਲਾਹੌਰ ਉਪਰ ਪੰਥ ਦਾ ਝੰਡਾ ਲਹਿਰਾਏਗਾ।”
ਭੂਪ ਸਿੰਘ ਦੀ ਉਮਰ ਇਸ ਸਮੇਂ 35 ਦੇ ਕਰੀਬ ਸੀ। ਉਸਨੇ ਪਿਛਲੇ ਸਤਾਰਾਂ ਅਠਾਰਾਂ ਸਾਲ ਸੰਘਰਸ਼ ਵਿਚ ਬਿਤਾਏ ਸਨ, ਜਿਸ ਕਰਕੇ ਉਸਦੇ ਵਿਅਕਤੀਤੱਵ ਦਾ ਵਿਕਾਸ ਹੋਇਆ ਸੀ ਤੇ ਉਹ ਆਪਣੇ ਪਿਤਾ ਦਾ ਪ੍ਰਤੀਰੂਪ ਦਿਖਾਈ ਦਿੰਦਾ ਸੀ। ਉਸਦੀ ਆਵਾਜ਼ ਵਿਚ ਵਿਸ਼ਵਾਸ ਸੀ, ਦ੍ਰਿੜਤਾ ਸੀ। ਮਾਂ ਨੇ ਪੁੱਤਰ ਵੱਲ ਦੇਖਿਆ ਤੇ ਮਨ ਹੀ ਮਨ ਵਿਚ ਖੁਸ਼ ਹੋਈ। ਉਹ ਆਪ ਵੀ ਪੰਥ ਲਈ ਸਮਰਪਿਤ ਸੀ ਤੇ ਪੁੱਤਰ ਨੂੰ ਵੀ ਪੰਥ ਨੂੰ ਸਮਰਪਿਤ ਕਰ ਚੁੱਕੀ ਸੀ। ਇਸ ਵਿਚ ਸ਼ੱਕ ਨਹੀਂ ਸੀ ਕਿ ਉਹ ਘਰ ਵਿਚ ਇਕੱਲੀ ਸੀ। ਪਤੀ ਦੇ ਪਿੱਛੋਂ ਸੱਸ ਰਹਿ ਗਈ ਸੀ, ਉਹ ਚੱਲ ਵੱਸੀ ਸੀ। ਸਤਵੰਤ ਕੌਰ ਦੀ ਆਪਣੀ ਉਮਰ ਵੀ ਢਲ ਗਈ ਸੀ। ਉਸਦੀ ਚਿਰਾਂ ਦੀ ਇਹ ਇੱਛਾ ਸੀ ਕਿ ਭੂਪ ਸਿੰਘ ਲਾੜਾ ਬਣੇ, ਬਹੂ ਵਿਆਹ ਕੇ ਘਰ ਲਿਆਏ ਤੇ ਉਸਨੂੰ ਪੋਤੇ ਪੋਤੀਆਂ ਦਾ ਮੂੰਹ ਦੇਖਣਾ ਨਸੀਬ ਹੋਏ। ਭੂਪਾ ਤਿੰਨ ਸਾਲ ਪਿੱਛੋਂ ਘਰ ਆਇਆ ਸੀ। ਮਹੀਨਾ, ਡੇਢ ਮਹੀਨਾ ਮਾਂ ਦੇ ਕੋਲ ਰਿਹਾ ਸੀ ਤੇ ਹੁਣ ਦੀਵਾਲੀ ਮਨਾਉਣ ਅੰਮ੍ਰਿਤਸਰ ਜਾ ਰਿਹਾ ਸੀ...ਤੇ ਪਤਾ ਨਹੀਂ ਫੇਰ ਕਦੋਂ ਪਰਤੇਗਾ। ਇਸ ਲਈ ਉਸਨੇ ਆਪਣੀ ਮਨੋਕਾਮਨਾ ਦੱਸ ਦਿੱਤੀ ਸੀ। ਪੁੱਤਰ ਦਾ ਉਤਰ ਸੁਣ ਕੇ ਉਹ ਦੁਖੀ ਹੋਣ ਦੇ ਬਜਾਏ ਅੰਦਰੇ-ਅੰਦਰ ਸੰਤੁਸ਼ਟ ਹੋ ਗਈ ਸੀ ਤੇ ਉਸਦੀ ਆਤਮਾ ਖਿੜ ਗਈ ਸੀ। ਲਾਹੌਰ ਉਪਰ ਪੰਥ ਦੀ ਜਿੱਤ ਦਾ ਸੁਪਨਾ ਉਸਦਾ ਆਪਣਾ ਸੁਪਨਾ ਵੀ ਸੀ। ਜਿਸ ਸੁਪਨੇ ਦਾ ਸਾਕਾਰ ਹੋਣਾ ਪੋਤੇ-ਪੋਤੀਆਂ ਦਾ ਮੂੰਹ ਦੇਖਣ ਨਾਲੋਂ ਵਧੇਰੇ ਆਨੰਦਮਈ ਇੱਛਾ ਸੀ। ਉਸਨੇ ਪਿੱਛੇ ਘਰ ਬਾਰ ਸੰਭਾਲਣਾ ਸੀ, ਇਸ ਲਈ ਖੁਸ਼ੀ ਖੁਸ਼ੀ ਪੁੱਤਰ ਨੂੰ ਵਿਦਾਅ ਕੀਤਾ।
ਰਾਖੀ ਪ੍ਰਣਾਲੀ ਕਾਰਨ ਸਿੱਖਾਂ ਦੀ ਆਰਥਕ ਹਾਲਤ ਮਜ਼ਬੂਤ ਹੋ ਗਈ ਸੀ। ਪੰਜਾਬ ਦੇ ਪੰਜ ਦੁਆਬਿਆਂ ਵਿਚੋਂ ਚਾਰ 'ਤੇ ਉਹਨਾਂ ਦਾ ਰਾਜ ਸੀ। ਜਿਹੜਾ ਇਲਾਕਾ ਜਿਸ ਮਿਸਲ ਦੇ ਅਧੀਨ ਸੀ, ਉਸ ਮਿਸਲ ਦਾ ਸਰਦਾਰ ਉਸਦਾ ਪ੍ਰਬੰਧਕ ਹਾਕਮ ਸੀ। ਅਮਨ ਬਹਾਲ ਹੋ ਜਾਣ ਕਾਰਨ ਇਹਨਾਂ ਚਾਰਾਂ ਦੁਆਬਿਆਂ ਵਿਚ ਖੁਸ਼ਹਾਲੀ ਆਈ ਸੀ। ਇਸ ਨੇ ਸਿੱਖਾਂ ਦਾ ਆਤਮ-ਵਿਸ਼ਵਾਸ ਵਧਾਅ ਦਿੱਤਾ ਸੀ ਤੇ ਜਨਤਾ ਵਿਚ ਉਹਨਾਂ ਦੇ ਪ੍ਰਤੀ ਆਦਰ ਭਾਵ ਵੀ ਵਧ ਗਿਆ ਸੀ। 1755 ਦੀ ਦੀਵਾਲੀ ਧੂਮ-ਧਾਮ ਨਾਲ ਮਨਾਈ ਗਈ। ਇਸ ਵਾਰੀ ਅੰਮ੍ਰਿਤਸਰ ਵਿਚ ਜਿੰਨੇ ਲੋਕ ਆਏ ਸਨ, 1748 ਵਿਚ ਜਦੋਂ ਦਲ-ਖਾਲਸਾ ਬਣਿਆ ਸੀ, ਉਦੋਂ ਵੀ ਨਹੀਂ ਸਨ ਆਏ। ਨਵਾਬ ਕਪੂਰ ਸਿੰਘ ਦੋ ਸਾਲ ਪਹਿਲਾਂ ਸਵਰਗਵਾਸ ਹੋ ਚੁੱਕੇ ਸਨ। ਪਰ ਉਹਨਾਂ ਦੇ ਨਾ ਰਹਿਣ ਕਾਰਨ ਜਿਹੜਾ ਸਥਾਨ ਖਾਲੀ ਹੋਇਆ ਸੀ, ਉਸਨੂੰ ਜੱਸਾ ਸਿੰਘ ਆਹਲੂਵਾਲੀਆ ਨੇ ਪੂਰਾ-ਪੂਰਾ ਭਰ ਦਿੱਤਾ ਸੀ। ਜੱਸਾ ਸਿੰਘ ਪੰਥ ਦਾ ਸਰਵੇ-ਸਰਵਾ ਸੀ ਤੇ ਜਨਤਾ ਵਿਚ ਹਰਮਨ ਪਿਆਰਾ ਵੀ ਸੀ। ਮਨਮੋਹਨ ਨਾਂ ਦੇ ਇਕ ਚਿੱਤਰਕਾਰ ਨੇ ਘੋੜੇ ਉਪਰ ਸਵਾਰ ਜੱਸਾ ਸਿੰਘ ਦਾ ਇਕ ਚਿੱਤਰ ਬਣਾਇਆ ਸੀ, ਜਿਹੜਾ ਹਰਿਮੰਦਰ ਤੇ ਸਰੋਵਰ ਦੇ ਵਿਚਕਾਰ ਇਕ ਖੁੱਲ੍ਹੀ ਜਗ੍ਹਾ ਰੱਖਿਆ ਹੋਇਆ ਸੀ ਤੇ ਉਸਨੂੰ ਦੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ।
“ਘੋੜੇ ਦੇ ਕੰਨ ਦੇਖੋ, ਹਿਰਨ ਵਾਂਗਰ ਖੜ੍ਹੇ ਨੇ।”
“ਸਿਰ ਉਪਰ ਕਲਗੀ ਵੀ ਹੈ।”
“ਕਲਗੀ ਜੱਸਾ ਸਿੰਘ ਦੇ ਸਿਰ ਉੱਤੇ ਵੀ ਏ।”
“ਉਹਨਾਂ ਦੀਆਂ ਅੱਖਾਂ ਤਾਂ ਦੇਖੋ ਜਿਵੇਂ ਹੁਣੇ ਦੁਸ਼ਮਣ ਉਪਰ ਟੁੱਟ ਪੈਣਗੇ।”
“ਘੋੜੇ ਦੇ ਕੰਨ ਵੀ ਇਸੇ ਕਰਕੇ ਖੜ੍ਹੇ ਨੇ ਜੀ। ਉਹ ਵੀ ਝਪਟਣ ਲਈ ਤਿਆਰ ਹੈ।”
“ਯੁੱਧ ਦਾ ਪੂਰਾ ਨਕਸ਼ਾ ਬੰਨ੍ਹ ਦਿਤੈ।”
“ਹਾਂ, ਬਣਾਉਣ ਵਾਲੇ ਦਾ ਕਮਾਲ ਏ ਜੀ। ਇਕ ਇਕ ਲਕੀਰ ਬੋਲ ਰਹੀ ਏ।”
ਲੋਕ ਦੇਖ ਰਹੇ ਸਨ ਤੇ ਉਤਸਾਹ ਨਾਲ ਆਪੋ ਆਪਣੀ ਪ੍ਰਤੀਕ੍ਰਿਆ ਜਾਹਰ ਕਰ ਰਹੇ ਸਨ।
“ਮਨਮੋਹਨ ਕੌਣ ਏਂ, ਜਿਸਨੇ ਇਹ ਚਿੱਤਰ ਬਣਾਇਆ ਏ?” ਭੂਪ ਸਿੰਘ ਨੇ ਚਿੱਤਰ ਤੋਂ ਨਜ਼ਰਾਂ ਹਟਾਅ ਕੇ ਇੱਧਰ ਉਧਰ ਦੇਖਿਆ।
“ਮੈਂ ਹਾਂ ਜੀ।” ਇਕੱਠੇ ਹੋਏ ਲੋਕਾਂ ਵਿਚੋਂ ਇਕ ਬਾਈ-ਤੇਈ ਸਾਲ ਦਾ ਨੌਜਵਾਨ ਅੱਗੇ ਆਇਆ। ਉਸਦੀਆਂ ਅੱਖਾਂ ਵਿਚ ਚਮਕ ਤੇ ਬੁੱਲ੍ਹਾਂ ਉੱਤੇ ਮੁਸਕਾਨ ਸੀ।
“ਇਹ ਚਿੱਤਰ ਬਣਾਉਣ ਵਿਚ ਤੈਨੂੰ ਕਿੰਨਾਂ ਸਮਾਂ ਲਗਿਐ ਬਈ?” ਭੂਪ ਸਿੰਘ ਨੇ ਨੌਜਵਾਨ ਦੇ ਚਿਹਰੇ ਉੱਤੇ ਨਜ਼ਰਾਂ ਗੱਡ ਕੇ ਪੁੱਛਿਆ।
“ਸਮਝ ਲਓ, ਦੋ ਮਹੀਨੇ।” ਨੌਜਵਾਨ ਨੇ ਜ਼ਰਾ ਸੋਚ ਕੇ ਉਤਰ ਦਿੱਤਾ।
“ਇਹ ਤਾਂ ਬਣਾਉਣ ਦਾ ਸਮਾਂ ਹੋਇਆ, ਸੋਚ ਤਾਂ ਪਹਿਲਾਂ ਦਾ ਰਿਹਾ ਹੋਏਂਗਾ?”
ਚਿੱਤਰਕਾਰ ਇਸ ਸਵਾਲ ਦੀ ਆਸ ਨਹੀਂ ਸੀ, ਉਹ ਕੋਈ ਜਵਾਬ ਨਾ ਦੇ ਸਕਿਆ, ਚੁੱਪ ਹੀ ਰਿਹਾ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਸਵਾਲ ਕਰਨ ਵਾਲੇ ਦੇ ਮੂੰਹ ਵੱਲ ਵਿੰਹਦਾ ਰਿਹਾ।
“ਹਾਂ, ਦੱਸ ਸੋਚਣ ਵਿਚ ਕਿੰਨਾਂ ਸਮਾਂ ਲੱਗਿਆ?” ਭੂਪ ਸਿੰਘ ਨੇ ਫੇਰ ਪੁੱਛਿਆ।
“ਇਸ ਦਾ ਕੋਈ ਅੰਦਾਜ਼ਾ ਨਹੀਂ ਜੀ। ਮਨ ਵਿਚ ਇੱਛਾ ਪੈਦਾ ਹੋਈ ਤੇ ਹੌਲੀ ਹੌਲੀ ਪੱਕੀ ਹੁੰਦੀ ਗਈ।” ਨੌਜਵਾਨ ਨੇ ਸਹਿਜ ਭਾਅ ਨਾਲ ਉਤਰ ਦਿੱਤਾ।
“ਇਹ ਸੋਚ ਪ੍ਰਕ੍ਰਿਆ ਹੀ ਕਲਾ ਦੀ ਸਾਧਨਾ ਹੈ, ਜਿਹੜੀ ਤੇਰੇ ਚਿੱਤਰ ਵਿਚ ਦਿਸ ਰਹੀ ਹੈ। ਇਸ ਵਿਚ ਜਿਹੜੇ ਰੰਗ ਵਰਤੇ ਨੇ, ਉਹ ਨਾ ਸਿਰਫ ਦਿਖਾਈ ਦੇ ਰਹੇ ਨੇ, ਬੋਲਦੇ ਵੀ ਨੇ। ਉਹਨਾਂ ਵਿਚ ਕੁਝ ਅਜਿਹਾ ਹੈ, ਜਿਹੜਾ ਦਿਲ ਨੂੰ ਛੂਹ ਲੈਂਦਾ ਹੈ।”
ਹੁਣ ਦਰਸ਼ਕਾਂ ਦੀਆਂ ਨਿਗਾਹਾਂ ਚਿੱਤਰ ਦੇ ਬਜਾਏ ਭੂਪ ਸਿੰਘ ਉਪਰ ਸਨ। ਨੌਜਵਾਨ ਵੀ ਕੀਲਿਆ ਜਿਹਾ ਉਸ ਵੱਲ ਦੇਖ ਰਿਹਾ ਸੀ। ਆਪਣੇ ਚਿੱਤਰ ਦੀ ਇਹ ਪ੍ਰਸੰਸ਼ਾ ਉਸਦੇ ਦਿਲ ਨੂੰ ਛੂਹ ਗਈ।
“ਸਰਦਾਰ ਆਹਲੂਵਾਲੀਆ ਨਾਲ ਮੁਲਾਕਾਤ ਹੋਈ?”
“ਨਹੀਂ ਜੀ।”
“ਆ ਮੇਰੇ ਨਾਲ। ਤੇਰਾ ਇਹ ਚਿੱਤਰ ਉਹਨਾਂ ਨੂੰ ਹੀ ਭੇਂਟ ਕੀਤਾ ਜਾਏਗਾ।”
ਵਤੀਰਾ ਤੇ ਵਿਚਾਰ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹੁੰਦੇ ਨੇ। ਉਹਨਾਂ ਵਿਚ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕਰਾਂਤੀਕਾਰੀ ਵਰਤਾਰਾ ਜਿੰਨਾਂ ਉੱਚਾ ਉੱਠਦਾ ਹੈ, ਵਿਚਾਰ ਵੀ ਉੱਚੇ ਉੱਠਦੇ ਜਾਂਦੇ ਨੇ। ਸੰਘਰਸ਼ ਵਿਚ ਸਥੂਲਤਾ ਝੜਦੀ ਤੇ ਸਥਿਰਤਾ ਪੈਦਾ ਹੁੰਦੀ ਹੈ। ਉਸ ਨਾਲ ਸਾਹਿਤ ਤੇ ਕਲਾ ਦਾ ਵਿਕਾਸ ਹੁੰਦਾ ਹੈ। ਪੰਜਾਬ ਵਿਚ ਜਿੱਥੇ ਉਥਲ-ਪੁਥਲ ਸਿਰੇ ਦੀ ਸੀ, ਉੱਥੇ ਸਾਹਿਤ ਤੇ ਕਲਾ ਨੇ ਵੀ ਸਮੇਂ ਦੇ ਸ਼ਿਖਰ ਦੀਆਂ ਟੀਸੀਆਂ ਨੂੰ ਛੂਹਿਆ। ਯੁੱਧ ਵਿਚ ਵਿਨਾਸ਼ ਹੀ ਨਹੀਂ, ਨਿਰਮਾਣ ਵੀ ਹੁੰਦਾ ਹੈ। ਬਿਨਾਂ ਸੰਘਰਸ਼ ਦੇ ਜੀਵਨ, ਜੀਵਨ ਨਹੀਂ ਸਰਾਪ ਹੈ।
ਅੰਮ੍ਰਿਤਸਰ ਵਿਚ ਖੂਬ ਚਹਿਲ ਪਹਿਲ ਸੀ। ਆਈਆਂ ਸੰਗਤਾਂ ਨੇ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕੀਤੇ। ਲੰਗਰ ਚੱਲ ਰਿਹਾ ਸੀ...ਪੰਗਤ ਵਿਚ ਬੈਠ ਦੇ ਸਮਾਨ ਭਾਵ ਨਾਲ ਪ੍ਰਸ਼ਾਦਾ ਛਕਿਆ। ਫੇਰ ਸੰਗਤ ਵਿਚ ਬੈਠ ਕੇ ਗੁਰਬਾਣੀ ਸੁਣੀ ਤੇ ਅਧਿਆਤਮਕ ਆਨੰਦ ਮਾਣਿਆਂ। 'ਢਿੱਡ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ' ਵਾਲੀ ਕਹਾਵਤ ਅਨੁਸਾਰ ਲੰਗਰ ਛਕ ਲੈਣ ਪਿੱਛੋਂ ਹੀ ਗੁਰਬਾਣੀ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਗੁਰੂ ਅਮਰ ਦਾਸ ਨੇ ਲੰਗਰ, ਸੰਗਤ ਤੇ ਪੰਗਤ ਦੀ ਪ੍ਰਥਾ ਡੂੰਘਾ ਸੋਚ ਕੇ ਹੀ ਚਲਾਈ ਸੀ, ਜਿਹੜੀ ਉਥਲ-ਪੁਥਲ ਦੀ ਪ੍ਰਸਥਿਤੀ ਦਾ ਵਸਤੂਗਤ ਧਰਮ ਸੀ।
ਇਸ ਪਿੱਛੋਂ ਦੀਵਾਨ ਸਜਿਆ ਤਾਂ ਏਨੀ ਭੀੜ ਸੀ ਕਿ ਤਿੱਲ ਸੁੱਟਣ ਦੀ ਜਗ੍ਹਾ ਨਹੀਂ ਸੀ ਰਹੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਾਜ਼ਰ ਸੰਗਤਾਂ ਨੂੰ ਸੰਬੋਧਤ ਕਰਨ ਲਈ ਖੜ੍ਹੇ ਹੋਏ ਤਾਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰਿਆਂ ਨਾਲ ਵਾਤਾਵਰਣ ਗੂੰਜ ਉਠਿਆ। ਜੱਸਾ ਸਿੰਘ ਸੁਰਮਈ ਰੰਗ ਦੀ ਸੈਨਕ ਵਰਦੀ ਵਿਚ ਸਨ। ਉਹਨਾਂ ਦਾ ਦਸਤਾਰ ਬੰਨ੍ਹਣ ਦਾ ਢੰਗ ਮੁਗਲਈ ਸੀ। ਕੁੜਤੇ ਉਪਰ ਘੁੰਡੀਦਾਰ ਅੰਗਰੱਖਾ, ਅੰਗਰੱਖੇ ਉਪਰ ਕਮਰਬੰਦ ਤੇ ਗਾਤਰਾ। ਲੰਮਾਂ ਕਛਹਿਰਾ ਤੇ ਤੰਗ ਮੋਹਰੀ ਦਾ ਚੂੜੀਦਾਰ ਪਾਜਾਮਾ। ਕਮਰਬੰਦ ਤੇ ਗਾਤਰੇ ਵਿਚ ਤੀਰ, ਤਲਵਾਰ ਤੇ ਹੋਰ ਹਥਿਆਰ ਸਨ। ਹਥਿਆਰਾਂ ਵਿਚ ਸਜੇ ਇਸ ਬਹਾਦਰ ਯੋਧੇ ਦਾ ਰੂਪ ਦੇਖਣ ਯੋਗ ਸੀ।
“ਗੁਰੂ ਦੇ ਪਿਆਰਿਓ, ਸੱਜਣੋਂ! ਅਸੀਂ ਲੋਕ ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਉਸ ਸਮੇਂ ਵੀ ਮਨਾਉਂਦੇ ਰਹੇ, ਜਦੋਂ ਸਾਡੇ ਸਿਰ ਉੱਤੇ ਭਿਆਨਕ ਖਤਰੇ ਮੰਡਲਾਅ ਰਹੇ ਸਨ। ਰਾਖੀ ਪ੍ਰਣਾਲੀ ਦੀ ਬਦੌਲਤ ਅੱਜ ਪੰਜਾਬ ਦੇ ਬਹੁਤ ਵੱਡੇ ਹਿੱਸੇ ਵਿਚ ਅਮਨ ਚੈਨ ਹੈ। ਲੋਕ ਆਰਾਮ ਨਾਲ ਸੌਂਦੇ ਨੇ। ਉਹਨਾਂ ਨੂੰ ਦੇਸੀ ਵਿਦੇਸ਼ੀ ਅਤਿਆਚਾਰੀਆਂ ਦਾ ਡਰ ਨਹੀਂ ਹੈ। ਇਸ ਵਿਚ ਖਾਲਸਾ ਦਲ ਨੂੰ ਜੋ ਸਫਲਤਾ ਮਿਲੀ ਹੈ, ਉਸ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।” ਜੱਸਾ ਸਿੰਘ ਬੋਲ ਰਹੇ ਸਨ ਤੇ ਇਕੱਤਰ ਹੋਏ ਲੋਕ ਪੂਰੇ ਧਿਆਨ ਨਾਲ ਸੁਣ ਰਹੇ ਸਨ। ਉਹਨਾਂ ਦੇ ਇਕ ਇਕ ਸ਼ਬਦ ਨੂੰ ਅੰਦਰ-ਮਨ ਵਿਚ ਸਮੋਅ ਰਹੇ ਸਨ। “ਪਰ ਡਰ ਅਜੇ ਵੀ ਹੈ। ਅਸੀਂ ਅਜੇ ਵੀ ਬਾਹਰੀ ਤੇ ਅੰਦਰੂਨੀ ਦੁਸ਼ਮਣਾ ਵਿਚਕਾਰ ਘਿਰੇ ਹੋਏ ਹਾਂ। ਉਹਨਾਂ ਦੀ ਤਾਦਾਦ ਵੀ ਜ਼ਿਆਦਾ ਤੇ ਤਾਕਤ ਵੀ ਜ਼ਿਆਦਾ ਹੈ। ਪਰ ਉਹ ਆਪਸ ਵਿਚ ਪਾਟੇ ਹੋਏ ਨੇ। ਉਹ ਨਿੱਤ ਆਪਸ ਵਿਚ ਟਕਾਰਉਂਦੇ ਨੇ। ਉਹ ਆਪਸ ਵਿਚ ਲੜਨਗੇ ਤੇ ਸਾਡੇ ਨਾਲ ਵੀ ਲੜਨਗੇ। ਅੰਤਮ ਜਿੱਤ ਖਾਲਸੇ ਦੀ ਹੋਏਗੀ। ਸਾਡਾ ਇਹ ਦ੍ਰਿੜ ਵਿਸ਼ਵਾਸ ਹੈ।” ਵਾਤਾਵਰਣ ਫੇਰ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸਰਦਾਰ ਆਹਲੂਵਾਲੀਆ ਕੁਝ ਚਿਰ ਮੌਨ ਰਹੇ। ਫੇਰ ਬੋਲੇ, “ਜਿੱਤ ਸਕਣਾ ਸਹਿਜ ਨਹੀਂ। ਸਾਨੂੰ ਅਜੇ ਵੀ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਂਣਗੀਆਂ। ਜਿੱਤ ਲਈ ਸਾਨੂੰ ਆਪਣੇ ਆਪ ਨੂੰ ਤੇ ਆਪਣੇ ਦੁਸ਼ਮਣ ਨੂੰ ਜਾਚਨਾ-ਪਰਖਨਾ ਪਏਗਾ। ਵਿਅਰਥ ਕੇ ਭਰਮ ਪਾਲ ਲੈਣੇ ਠੀਕ ਨਹੀਂ ਹੁੰਦੇ। ਮੁਗਲਾਨੀ ਬੇਗਮ ਦੀ ਆਪਣੀ ਤਾਕਤ ਭਾਵੇਂ ਕੁਝ ਵੀ ਨਹੀਂ, ਪਰ ਉਸਨੇ ਅਬਦਾਲੀ ਨਾਲ ਰਿਸ਼ਤਾ ਜੋੜਿਆ ਹੋਇਆ ਹੈ ਤੇ ਹੁਣ ਆਪਣੀ ਬੇਟੀ ਉਮਦਾ ਬੇਗਮ ਦੀ ਕੁੜਮਾਈ ਅਬਦਾਲੀ ਦੇ ਬੇਟੇ ਤੈਮੂਰ ਨਾਲ ਕਰਕੇ ਇਹ ਰਿਸ਼ਤਾ ਹੋਰ ਪੀਢਾ ਕਰ ਲਿਆ ਹੈ। ਇਹ ਰਿਸ਼ਤਾ ਸਾਨੂੰ ਵੀ ਚੰਗਾ ਨਹੀਂ ਲਗਦਾ ਤੇ ਦਿੱਲੀ ਦੇ ਵਜ਼ੀਰ ਗਾਜ਼ੀਉੱਲਦੀਨ ਨੂੰ ਵੀ ਪਸੰਦ ਨਹੀਂ। ਗਾਜੀਉੱਲਦੀਨ ਮਰਹੱਟਿਆਂ ਦੇ ਬਲ ਬੂਤੇ ਉਪਰ ਉੱਛਲ ਰਿਹਾ ਹੈ। ਉਸਨੇ ਮਰਹੱਟਿਆਂ ਦੀ ਮਦਦ ਨਾਲ ਸਫਦਰ ਜੰਗ ਨੂੰ ਦਿੱਲੀ ਵਿਚੋਂ ਭਜਾ ਦਿੱਤਾ। ਹੋ ਸਕਦਾ ਹੈ, ਉਹ ਇਸੇ ਬੂਤੇ ਉਪਰ ਮੁਗਲਾਨੀ ਬੇਗਮ ਦੇ ਨੱਕ ਵਿਚ ਵੀ ਨਕੇਲ ਪਾ ਲਏ। ਅਬਦਾਲੀ ਇਸ ਸਮੇਂ ਅੰਦਰੂਨੀ ਬਗਾਵਤਾਂ ਵਿਚ ਘਿਰਿਆ ਹੋਇਆ ਹੈ। ਉਹਨਾਂ ਨਾਲ ਨਿਬੜਨ ਸਾਰ, ਉਹ ਫੇਰ ਹਮਲਾ ਕਰੇਗਾ। ਗਾਜ਼ੀਉੱਲਦੀਨ ਉਸਦੇ ਸਾਹਵੇਂ ਟਿਕ ਨਹੀਂ ਸਕੇਗਾ। ਜਲੰਧਰ ਤੇ ਸਰਹਿੰਦ ਉਪਰ ਅਦੀਨਾ ਬੇਗ ਕਬਜਾ ਕਰੀ ਬੈਠਾ ਹੈ। ਉਹ ਵੀ ਬੜਾ ਚਾਲਬਾਜ ਤੇ ਜਾਲਸਾਜ ਆਦਮੀ ਹੈ। ਉਹ ਪੰਜਾਬ ਵਿਚ ਪੈਦਾ ਹੋਇਆ ਹੈ। ਜਨਮ ਤੋਂ ਮੁਸਲਮਾਨ ਹੈ, ਪਰ ਉਸਦਾ ਮਜ਼ਹਬ ਸਿਰਫ ਨਿੱਜੀ ਹਕੂਮਤ ਕਾਇਮ ਕਰਨਾ ਹੈ। ਛਲ-ਕਪਟ, ਧੋਖੇ ਜਾਂ ਕੂਫ਼ਰ-ਮੱਕਾਰੀ ਕਿਸੇ ਵੀ ਹੀਲੇ ਨਾਲ ਆਪਣੀ ਹਕੂਮਤ ਕਾਇਮ ਰੱਖੀ ਜਾਏ, ਉਹ ਉਹੀ ਹੀਲਾ ਅਪਣਾਏਗਾ। ਉਹ ਵੀ ਸਾਡੇ ਲਈ ਇਕ ਖਤਰਾ ਹੈ, ਪਰ ਬਹੁਤਾ ਵੱਡਾ ਖਤਰਾ ਨਹੀਂ। ਨਿੱਜੀ ਹਕੂਮਤ ਕਾਇਮ ਕਰਨ ਵਾਲਿਆਂ ਕੋਲੋਂ ਛੋਟੇ ਮੋਟੇ ਖਤਰੇ ਹੋਰ ਵੀ ਨੇ। ਜਿਵੇਂ ਕਸੂਰ ਦੇ ਪਠਾਨ ਤੇ ਈਮਾਨਬਾਦ ਦੇ ਖ਼ਵਾਜਾ ਮਿਰਜ਼ਾ ਦਾ ਖ਼ਤਰਾ। ਖ਼ਵਾਜਾ ਮਿਰਜ਼ਾ ਨੇ ਹੁਣੇ ਕੁਝ ਦਿਨ ਪਹਿਲਾਂ ਹੀ ਆਪਣੀ ਤੁਰਕ ਜਾਤੀ ਦੇ ਛੇ ਹਜ਼ਾਰ ਸੈਨਕ ਭਰਤੀ ਕੀਤੇ ਹਨ। ਖ਼ਵਾਜਾ ਮਿਰਜ਼ਾ ਨੂੰ ਤੇ ਉਸਦੇ ਇਹਨਾਂ ਵਿਦੇਸ਼ੀ ਸੈਨਕਾਂ ਨੂੰ ਨਾ ਇਸ ਦੇਸ਼ ਨਾਲ ਪਿਆਰ ਹੈ ਤੇ ਨਾ ਹੀ ਦੇਸ਼ ਦੇ ਲੋਕਾਂ ਨਾਲ। ਨਿੱਜੀ ਹਕੂਮਤ ਦਾ ਆਧਾਰ ਸਿਰਫ ਲੁੱਟ ਹੁੰਦਾ ਹੈ। ਜਦੋਂ ਲੁੱਟ-ਖਸੁੱਟ ਦਾ ਧੰਦਾ ਨਾ ਚੱਲਿਆ ਤਾਂ ਇਹੀ ਸੈਨਕ ਖ਼ਵਾਜਾ ਮਿਰਜ਼ਾ ਦੀ ਗਰਦਨ ਰੇਤ ਦੇਣਗੇ।” ਦੀਵਾਨ ਵਿਚ ਹਾਸੇ ਦੇ ਗੁਬਾਰੇ ਉੱਡਨ ਲੱਗੇ। “ਸਾਨੂੰ ਇਹਨਾਂ ਖ਼ਵਾਜਿਆਂ ਦੀ ਕਤਈ ਪ੍ਰਵਾਹ ਨਹੀਂ।” ਸਰਦਾਰ ਆਹਲੂਵਾਲੀਆ ਨੇ ਫੇਰ ਬੋਲਣਾ ਸ਼ੁਰੂ ਕੀਤਾ, “ਇਹ ਲੋਕ ਸ਼ਮਸ਼ਾਨ ਘਾਟ ਵਿਚ ਹਵਾਂਕਣ ਵਾਲੇ ਗਿੱਦੜ ਨੇ, ਸਿਰਫ ਇਕੋ ਘੁਰਕੀ ਨਾਲ ਭੱਜ ਖੜ੍ਹੇ ਹੋਣਗੇ। ਸਭ ਤੋਂ ਵੱਡਾ ਖਤਰਾ ਅਬਦਾਲੀ ਹੈ। ਸਾਡੀ ਆਖਰੀ ਟੱਕਰ ਉਸੇ ਨਾਲ ਹੋਏਗੀ। ਪਰ ਅਬਦਾਲੀ ਦਾ ਮਕਸਦ ਵੀ ਲੁੱਟ-ਖਸੁੱਟ ਹੈ । ਲੁੱਟ-ਖਸੁੱਟ ਉਪਰ ਖੜ੍ਹੀ ਤਾਕਤ ਰੇਤ ਦੀ ਕੰਧ ਵਰਗੀ ਹੁੰਦੀ ਹੈ...ਉਸਨੂੰ ਢੈਂਦਿਆਂ ਦੇਰ ਨਹੀਂ ਲੱਗਦੀ। ਖਾਲਸਾ ਦਾਲ ਦਾ ਨਿੱਜੀ ਕੋਈ ਸਵਾਰਥ ਨਹੀਂ ਹੈ। ਅਸੀਂ ਪੂਰੇ ਦੇਸ਼ ਤੇ ਧਰਮ ਦੀ ਆਜ਼ਾਦੀ ਲਈ ਲੜ ਰਹੇ ਹਾਂ। ਖੰਡੇ ਦਾ ਅੰਮ੍ਰਿਤ ਸਾਨੂੰ ਇਕ ਜੁੱਟ ਕਰਦਾ ਹੈ ਤੇ ਸਾਨੂੰ ਮਜ਼ਬੂਤ ਬਣਾਉਂਦਾ ਹੈ। ਫੇਰ ਦੇਸ਼ ਦੇ ਲੋਕ ਸਾਡੇ ਨਾਲ ਨੇ। ਇਸ ਲਈ ਜਿੱਤ ਸਾਡੀ ਹੀ ਹੋਏਗੀ।”
ਇਸ ਪਿੱਛੋਂ ਅਗਲੀਆਂ ਯੋਜਨਾਵਾਂ ਬਣਾਈਆਂ ਗਈਆਂ ਤੇ ਗੁਰਮਤੇ ਪਾਸ ਹੋਏ। ਲੋਕੀ ਨਵਾਂ ਉਤਸ਼ਾਹ ਤੇ ਨਵੀਆਂ ਆਸਾਂ ਲੈ ਕੇ ਘਰਾਂ ਨੂੰ ਪਰਤੇ।