Bole So Nihal (Punjabi Novel) : Hansraj Rahbar
ਬੋਲੇ ਸੋ ਨਿਹਾਲ (ਨਾਵਲ) : ਹੰਸਰਾਜ ਰਹਿਬਰ
ਬੋਲੇ ਸੋ ਨਿਹਾਲ (ਭਾਗ-3) ਹੰਸਰਾਜ ਰਹਿਬਰ
ਅਲਹੋਲ ਸਿੱਖ ਰਾਖੀ ਪ੍ਰਣਾਲੀ ਅਧੀਨ ਨਹੀਂ, ਲਾਹੌਰ ਸਰਕਾਰ ਦੇ ਅਧੀਨ ਸਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਸਨ। ਸਾਈਂ ਦੀ ਖ਼ੁਦਾ ਪ੍ਰਸਤੀ ਤੇ ਇਨਸਾਨ ਪ੍ਰਸਤੀ ਦਾ ਪ੍ਰਭਾਵ ਦੂਰ ਦੂਰ ਤਕ ਫੈਲਿਆ ਹੋਇਆ ਸੀ। ਲੋਕੀ ਉਹਨਾਂ ਦੀ ਇੱਜਤ ਕਰਦੇ ਸਨ। ਉਹਨਾਂ ਦੇ ਮਕਬਰੇ ਦੀ ਸਹਾਇਤਾ ਕਰਨਾ ਆਪਣਾ ਧਾਰਮਕ ਫਰਜ਼ ਮੰਨਦੇ ਸਨ। ਉਹਨਾਂ ਦੇ ਮਕਬਰੇ ਵਿਚ ਅਨਾਥ ਬੱਚਿਆਂ ਦੀ ਪਾਲਨਾ ਹੁੰਦੀ ਸੀ। ਆਮ ਲੋਕਾਂ ਨੂੰ ਇਹਨਾਂ ਬੱਚਿਆਂ ਨਾਲ ਦਿਲੀ ਹਮਦਰਦੀ ਸੀ। ਇਸ ਲਈ ਉਹਨਾਂ ਦਾ ਇਹਨਾਂ ਦੀ ਮਦਦ ਕਰਨਾ ਸੁਭਾਵਿਕ ਸੀ। ਉਹ ਲੋਕ ਵੀ ਜਿਹੜੇ ਇਹਨਾਂ ਬੱਚਿਆਂ ਨੂੰ ਅਨਾਥ ਬਣਾਉਣ ਦੇ ਜ਼ਿੰਮੇਵਾਰ ਸਨ, ਇਹਨਾਂ ਦੀਆਂ ਦੁਆਵਾਂ ਨਾਲ ਜੱਨਤ ਜਾਣ ਦੇ ਖਾਹਿਸ਼ਮੰਦ ਸਨ। ਜ਼ਕਰੀਆ ਖਾਂ, ਯਹੀਆ ਖਾਂ ਤੇ ਮੀਰ ਮੰਨੂੰ ਵੀ ਸਾਈਂ ਜਹੀਰ ਬਖ਼ਸ਼ ਦੇ ਮਕਤਬ ਨੂੰ ਆਪਣੇ ਖਜਾਨੇ ਵਿਚੋਂ ਹਮੇਸ਼ਾ ਮਦਦ ਘੱਲਦੇ ਰਹੇ ਸਨ। ਉਹੀ ਮਦਦ ਮੁਗਲਾਨੀ ਬੇਗਮ ਵੀ ਭੇਜ ਰਹੀ ਸੀ। ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ਼ਾਹ ਨਵਾਜ ਨੂੰ ਹਰਾ ਕੇ ਲਾਹੌਰ ਆਪਣੇ ਕਬਜੇ ਵਿਚ ਕੀਤਾ ਤੇ ਪੀਰਾਂ ਫਕੀਰਾਂ ਨੂੰ ਖ਼ੈਰਾਤ ਵੰਡੀ ਤਾਂ ਉਸੇ ਖ਼ੈਰਾਤ ਦਾ ਇਕ ਵੱਡਾ ਹਿੱਸਾ ਇਸ ਮਕਤਬ ਨੂੰ ਵੀ ਭੇਜਿਆ। ਜਿਹੜੇ ਭਾਂਤ-ਭਾਂਤ ਦੇ ਡਾਕੂ ਲੁਟੇਰੇ ਪੈਦਾ ਹੋ ਗਏ ਸਨ, ਉਹ ਵੀ ਅਲਹੋਰ ਦੇ ਮਕਤਬ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸਨ ਕਰਦੇ। ਬੱਚਿਆਂ ਦੀ ਗਿਣਤੀ ਹੁਣ ਘੱਟ ਹੋ ਗਈ ਸੀ, ਉਹਨਾਂ ਦੀ ਪੜ੍ਹਾਈ ਤੇ ਦੇਖਭਾਲ ਦਾ ਕੰਮ ਜਿਵੇਂ ਦਾ ਤਿਵੇਂ ਚੱਲ ਰਿਹਾ ਸੀ। ਉਸ ਵਿਚ ਜ਼ਰਾ ਵੀ ਫ਼ਰਕ ਨਹੀਂ ਸੀ ਆਇਆ।
ਅੰਮ੍ਰਿਤਸਰ ਵਿਚ ਦੀਵਾਨ ਦੀ ਸਮਾਪਤੀ ਤੋਂ ਬਾਅਦ ਭੂਪ ਸਿੰਘ ਆਪਣੇ ਘਰ ਜਾਣ ਦੇ ਬਜਾਏ ਲਾਹੌਰ ਪਹੁੰਚਿਆ। ਨੀਲੇ ਰੰਗ ਦਾ ਤਹਿਮਦ ਤੇ ਨੀਲੇ ਰੰਗ ਦਾ ਲੰਮਾ ਚੋਲਾ ਪਾ ਕੇ ਉਸਨੇ ਸੂਫੀ ਦਰਵੇਸ਼ ਦਾ ਭੇਸ ਬਣਾਇਆ ਹੋਇਆ ਸੀ। ਇਸ ਵਾਰੀ ਉਸਦੇ ਹੱਥ ਵਿਚ ਘੁੰਗਰੂਆਂ ਵਾਲਾ ਗੋਲ ਕੂਲਾ ਡੰਡਾ ਨਹੀਂ, ਕਬੀਰ ਪੰਥੀ ਲੋਟਾ ਸੀ। ਦਸ ਬਾਰਾਂ ਕੋਹ ਦਾ ਪੈਂਡਾ ਕਰਕੇ ਜਦੋਂ ਉਹ ਲਾਹੌਰ ਪਹੁੰਚਿਆ, ਰਾਤ ਘਿਰ ਆਈ ਸੀ। ਮਕਤਬ ਨੇ ਹਨੇਰੇ ਦੀ ਚਾਦਰ ਲਪੇਟੀ ਹੋਈ ਸੀ। ਸਾਈਂ ਜਹੀਰ ਬਖ਼ਸ਼ ਆਪਣੇ ਕਮਰੇ ਵਿਚ ਇਕੱਲੇ ਬੈਠੇ ਕੋਈ ਧਾਰਮਕ ਪੁਸਤਕ ਪੜ੍ਹ ਰਹੇ ਸਨ। ਉਹਨਾਂ ਦੀ ਉਮਰ ਅੱਸੀ ਸਾਲ ਦੇ ਆਸਪਾਸ ਸੀ। ਭਰਵੱਟਿਆਂ ਤੇ ਪਲਕਾਂ ਦੇ ਵਾਲ ਚਿੱਟੇ ਹੋ ਗਏ ਸਨ, ਪਰ ਨਜ਼ਰ ਅਜੇ ਠੀਕ ਸੀ। ਉਹ ਦੀਵੇ ਦੀ ਰੌਸ਼ਨੀ ਵਿਚ ਵੀ ਆਸਾਨੀ ਨਾਲ ਪੜ੍ਹ ਰਹੇ ਸਨ। ਸੂਫੀ ਦਰਵੇਸ਼ ਨੇ ਅੰਦਰ ਆ ਕੇ ਮੱਥਾ ਟੇਗਿਆ ਤਾਂ ਸਾਈਂ ਜਹੀਰ ਬਖ਼ਸ਼ ਨੇ ਉਸਨੂੰ ਤੁਰੰਤ ਪਛਾਣ ਲਿਆ ਤੇ ਆਪਣੇ ਕੋਲ ਬਿਠਾਅ ਕੇ ਪੁੱਛਿਆ—
“ਸੁਣਾਅ ਭੂਪੇ ਸ਼ਾਹ ਕਿੱਧਰੋਂ ਆਉਣੇ ਹੋਏ?”
“ਅੰਮ੍ਰਿਤਸਰੋਂ ਆ ਰਿਹਾਂ ਜੀ।”
“ਦੀਵਾਲੀ ਮਨਾ ਕੇ ਆਇਆ ਏਂ?”
“ਹਾਂ ਜੀ। ਦੀਵਾਲੀ ਮਨਾ ਕੇ।”
“ਹੁਣ ਕਿੱਧਰ ਦੇ ਇਰਾਦੇ ਨੇ?”
“ਲਾਹੌਰ ਜਾਵਾਂਗਾ ਜੀ।”
“ਲਾਹੌਰ!” ਜਹੀਰ ਬਖ਼ਸ਼ ਨੇ ਸਿਰ ਹਿਲਾਉਂਦਿਆਂ ਹੋਇਆਂ ਦੂਹਰਾਇਆ ਤੇ ਜ਼ਰਾ ਰੁਕ ਕੇ ਅੱਗੇ ਕਿਹਾ, “ਸੁਣਿਆਂ ਏ ਮੁਗਲਾਨੀ ਬੇਗਮ ਨੇ ਆਪਣੀ ਬੇਟੀ ਦੀ ਕੁੜਮਾਈ ਅਬਦਾਲੀ ਦੇ ਬੇਟੇ ਤੈਮੂਰ ਨਾਲ ਕਰਕੇ ਲਾਹੌਰ ਦਾ ਸਬੰਧ ਕੰਧਾਰ ਨਾਲ ਜੋੜ ਦਿੱਤਾ ਏ।”
“ਸੁਣਿਆਂ ਮੈਂ ਵੀ ਏ।” ਭੂਪ ਸਿੰਘ ਨੇ ਇਕ ਨਜ਼ਰ ਜਹੀਰ ਬਖ਼ਸ਼ ਵੱਲ ਦੇਖਿਆ ਤੇ ਆਪਣੇ ਲੋਟੇ ਉਪਰ ਝੁਕ ਕੇ ਕਿਹਾ, “ਪਰ ਇਸ ਸਬੰਧ ਕੱਚੇ ਧਾਗੇ ਵਿਚ ਵੱਝਿਆ ਹੋਇਆ ਏ, ਛੇਤੀ ਹੀ ਟੁੱਟ ਜਾਏਗਾ।”
“ਠੀਕ ਕਹਿ ਰਿਹੈਂ ਤੂੰ? ਛੇਤੀ ਟੁੱਟ ਜਾਏਗਾ!” ਸਾਈਂ ਦੀਆਂ ਅੱਖਾਂ ਫੈਲ ਗਈਆਂ। ਉਹਨਾਂ ਵਿਚ ਹੈਰਾਨੀ ਵੀ ਸੀ ਤੇ ਚਿੰਤਾ ਦੇ ਆਸਾਰ ਵੀ।
“ਉਮੀਦ ਤਾਂ ਇਹੀ ਏ ਜੀ।” ਭੂਪ ਸਿੰਘ ਨੇ ਉਤਰ ਦਿੱਤਾ ਤੇ ਆਪਣੀ ਗੱਲ ਦੀ ਪੁਸ਼ਟੀ ਲਈ ਦੀਵਾਨ ਵਿਚ ਦਿੱਤੇ ਸਰਦਾਰ ਆਹਲੂਵਾਲੀਆ ਦੇ ਭਾਸ਼ਨ ਦਾ ਸਾਰ ਸੁਣਾਇਆ।
ਸਾਈਂ ਜਹੀਰ ਬਖ਼ਸ਼ ਯਾਨੀਕਿ ਭਾਈ ਗੁਰਬਖ਼ਸ਼ ਸਿੰਘ ਸੁਣ ਕੇ ਸੰਤੁਸ਼ਟ ਹੋਏ। ਕੁਝ ਚਿਰ ਸਰਦਾਰ ਆਹਲੂਵਾਲੀਆ, ਦਲ ਖਾਲਸ ਤੇ ਰਾਖੀ ਪ੍ਰਣਾਲੀ ਬਾਰੇ ਗੱਲਾਂ ਹੁੰਦੀਆਂ ਰਹੀਆਂ। ਇਸ ਪਿੱਛੋਂ ਦੋਹਾਂ ਨੇ ਭੋਜਨ ਕੀਤਾ। ਇਸੇ ਦੌਰਾਨ ਇਕ 17-18 ਸਾਲ ਦਾ ਮੁੰਡਾ, ਜਿਸਦਾ ਰੰਗ ਕਣਕ-ਵੰਨਾ ਸੀ, ਦੋ ਕੰਬਲ ਲੈ ਕੇ ਅੰਦਰ ਆਇਆ।
“ਭੂਪੇ ਸ਼ਾਹ, ਇਹ ਦੱਸ ਬਈ ਤੂੰ ਇਸ ਮੁੰਡੇ ਨੂੰ ਆਪਣੇ ਨਾਲ ਲੈ ਜਾ ਸਕਦਾ ਏਂ?”
“ਤੁਸੀਂ ਹੁਕਮ ਕਰੋ, ਸਿਰਫ ਇਸ ਨੂੰ ਕਿਉਂ, ਦੋ ਚਾਰ ਹੋਰ ਵੀ ਲਿਜਾਅ ਸਕਦਾਂ ਜੀ।” ਭੂਪ ਸਿੰਘ ਨੇ ਉਤਰ ਦਿੱਤਾ ਤੇ ਫੇਰ ਭੌਂ ਕੇ ਮੁੰਡੇ ਨੂੰ ਪੁੱਛਿਆ, ''ਕਿਉਂ ਬਈ, ਚੱਲੇਂਗਾ ਸਾਡੇ ਨਾਲ ਲਾਹੌਰ?”
“ਸਾਈਂ ਜੀ ਦੀ ਇਜਾਜ਼ਤ ਹੋਏ ਤਾਂ ਜ਼ਰੂਰ ਚੱਲਾਂਗਾ।” ਮੁੰਡੇ ਨੇ ਨਿਮਰਤਾ ਨਾਲ ਉਤਰ ਦਿੱਤਾ।
“ਤੇਰਾ ਨਾਂ ਕੀ ਏ?”
“ਜੀ, ਮੇਹਰ ਚੰਦ ਉਰਫ਼ ਮੇਹਰ ਅਲੀ।”
“ਕੀ ਮਤਲਬ?”
“ਜੀ, ਜੋ ਵੀ ਤੁਸੀਂ ਸਮਝ ਲਓਂ।”
“ਤੇਰਾ ਘਰ ਕਿੱਥੇ ਈ?”
“ਜਿੱਥੇ ਸਿਰ ਲੁਕੌਣ ਦੀ ਜਗ੍ਹਾ ਮਿਲ ਜਾਏ।”
“ਯਾਨੀ ਇਹ ਮਕਤਬ ਹੀ ਤੇਰਾ ਘਰ ਏ?”
“ਹਾਂ, ਇਸ ਵੇਲੇ ਤਾਂ ਇਹ ਮਕਤਬ ਈ ਮੇਰਾ ਘਰ ਏ।”
“ਸੱਚ ਬੋਲਣਾ ਚੰਗਾ ਹੈ ਜਾਂ ਝੂਠ ਬੋਲਣਾ?”
“ਦੋਹੇਂ ਚੰਗੇ ਨੇ।”
“ਉਹ ਕਿਵੇਂ?”
“ਲੋੜ ਦੀ ਗੱਲ ਏ। ਸੱਚ ਬੋਲਣ ਦੀ ਲੋੜ ਹੋਏ ਤਾਂ ਸੱਚ ਬੋਲਣਾ ਚੰਗਾ ਏ...ਤੇ ਜੇ ਝੂਠ ਬੋਲਣ ਦੀ ਲੋੜ ਹੋਏ ਤਾਂ ਝੂਠ ਬੋਲਣਾ ਚੰਗਾ ਹੁੰਦਾ ਏ। ਦੇਖਣਾ ਇਹ ਹੁੰਦਾ ਏ, ਅਸੀਂ ਕਦੋਂ, ਕਿੱਥੇ ਕਿਹਨਾਂ ਵਿਚਕਾਰ ਕੀ ਬੋਲ ਰਹੇ ਆਂ। ਦੋਸਤਾਂ ਵਿਚਕਾਰ ਬੋਲ ਰਹੇ ਆਂ ਜਾਂ ਦੁਸ਼ਮਣਾ ਵਿਚਕਾਰ ਬੋਲ ਰਹੇ ਆਂ ਤੇ ਕਿਉਂ ਬੋਲ ਰਹੇ ਆਂ।”
“ਸ਼ਾਬਾਸ਼, ਆਪਾਂ ਸਵੇਰੇ ਚੱਲਾਂਗੇ, ਤਿਆਰ ਰਹੀਂ।” ਭੂਪ ਸਿੰਘ ਨੇ ਮੁੰਡੇ ਦੀ ਪਿੱਠ ਥਾਪੜੀ ਤੇ ਜਦੋਂ ਉਹ ਚਲਾ ਗਿਆ ਤਾਂ ਸਾਈਂ ਨੂੰ ਕਿਹਾ, “ਬੜਾ ਹੁਸ਼ਿਆਰ ਮੁੰਡਾ ਏ।”
“ਇਸੇ ਲਈ ਭੇਜ ਰਿਹਾਂ। ਤੇਰੇ ਨਾਲ ਰਹੇਗਾ ਤਾਂ ਬੜਾ ਕੁਝ ਸਿੱਖ ਲਏਗਾ ਤੇ ਘੁੰਮ ਫਿਰ ਆਏਗਾ।”
ਲਾਹੌਰ ਵਿਚ ਭੂਪੇ ਦੇ ਕਈ ਠਿਕਾਣੇ ਸਨ। ਉਹ ਵੱਖ ਵੱਖ ਭੇਸਾਂ ਵਿਚ ਵੱਖ ਵੱਖ ਠਿਕਾਣਿਆਂ 'ਤੇ ਜਾਂਦਾ ਸੀ। ਉਹਨਾਂ ਦਾ ਉਸ ਦੇ ਇਲਾਵਾ ਕਿਸੇ ਹੋਰ ਨੂੰ ਪਤਾ ਨਹੀਂ ਸੀ। ਉਸਦਾ ਇਕ ਠਿਕਾਣਾ ਤਹਿਮਸ ਮਸਕੀਨ ਵੀ ਸੀ। ਮਸਕੀਨ ਦਰਵੇਸ਼ਾਂ ਦਾ ਆਦਰ ਕਰਦਾ ਸੀ ਤੇ ਉਸਨੂੰ ਦਰਸ਼ਨ ਸ਼ਾਸਤਰ ਵਿਚ ਰੂਚੀ ਸੀ। ਭੂਪ ਸਿੰਘ ਉਸ ਕੋਲ ਸੂਫੀ ਫਕੀਰ ਦੇ ਰੂਪ ਵਿਚ ਜਾਂਦਾ ਸੀ। ਉਹਨਾਂ ਵਿਚਕਾਰ ਸੂਫੀ ਮੱਤ ਤੇ ਧਰਮ ਦੇ ਵੱਖ ਵੱਖ ਪਹਿਲੂਆਂ ਉੱਤੇ ਗੱਲਬਾਤ ਹੁੰਦੀ। ਮਸਕੀਨ ਭੂਪੇ ਦੀ ਵਿਦਵਤਾ ਤੋਂ ਕਾਫੀ ਪ੍ਰਭਾਵਤ ਸੀ। ਉਸ ਕੋਲ ਰਹਿਣ ਨਾਲ ਭੂਪੇ ਨੂੰ ਕਾਫੀ ਸਾਰੇ ਭੇਦ ਪਤਾ ਲੱਗ ਜਾਂਦੇ ਸਨ। ਇਸ ਵਾਰੀ ਉਹ ਮੇਹਰ ਚੰਦ ਉਰਫ਼ ਮੇਹਰ ਅਲੀ ਨਾਲ ਉਸਦੇ ਘਰ ਪਹੁੰਚਿਆ। ਮਸਕੀਨ ਨੇ ਖਿੜੇ ਮੱਥੇ ਉਸਦਾ ਸਵਾਗਤ ਕੀਤਾ। ਪਰ ਦੂਜੇ ਹੀ ਪਲ ਮਜ਼ਾਕ ਵਿਚ ਕਿਹਾ, “ਦਰਵੇਸ਼ ਜੀ ਮਹਾਰਾਜ ਨੱਠ ਜਾਓ ਇੱਥੋਂ, ਵਰਨਾ ਮੁਗਲਾਨੀ ਬੇਗਮ ਕੋੜਿਆਂ ਨਾਲ ਕੁਟਵਾ ਕੇ ਸੀਖਾਂ ਪਿੱਛੇ ਸੁਟਵਾ ਦਏਗੀ।”
“ਕਿਉਂ ਸੁਟਵਾ ਦਏਗੀ? ਮੈਂ ਉਸਦਾ ਕੀ ਵਿਗਾੜਿਐ ਜੀ?”
“ਤੁਸਾਂ ਨਹੀਂ ਵਿਗਾੜਿਆ, ਪਰ ਚਾਰ ਦਿਨ ਪਹਿਲਾਂ ਤੁਹਾਡੇ ਵਰਗਾ ਇਕ ਦਰਵੇਸ਼ ਬੇਗਮ ਨਾਲ ਤਕੜੀ ਠੱਗੀ ਮਾਰ ਗਿਐ।”
“ਇਸ ਦਾ ਮਤਲਬ ਇਹ ਏ ਕਿ ਉਹ ਦਰਵੇਸ਼ ਦੇ ਭੇਖ ਵਿਚ ਕੋਈ ਠੱਗ ਸੀ। ਉਸਦੀ ਠੱਗੀ ਦੀ ਸਜ਼ਾ ਸਾਨੂੰ ਮਿਲੇਗੀ ਕਿ?”
“ਕਹਾਵਤ ਏ, ਕਰੇ ਕੋਈ ਭਰੇ ਕੋਈ। ਅਜਿਹੀਆਂ ਵਾਰਦਾਤਾਂ ਨਾਲ ਤਾਂ ਭੇਖ ਬਦਨਾਮ ਹੁੰਦਾ ਏ ਤੇ ਯਕੀਨ ਸਾਰਿਆਂ ਦਾ ਮਾਰਿਆ ਜਾਂਦੈ।”
“ਵਾਰਦਾਤ ਕਿੰਜ ਹੋਈ? ਜ਼ਰਾ ਦਸੋ ਤਾਂ ਸਹੀ।”
“ਵਾਰਦਾਤ ਬੜੀ ਦਿਲਚਸਪ ਏ। ਤੁਸੀਂ ਸੁਣੋਗੇ ਤਾਂ ਖ਼ੂਬ ਹਸੋਗੇ। ਪਰ ਪਹਿਲਾਂ ਤੁਸੀਂ ਕੁਝ ਖਾ-ਪੀ ਲਓ ਤੇ ਆਰਾਮ ਕਰੋ। ਸਭ ਕੁਝ ਦੱਸਾਂਗਾ, ਜਲਦੀ ਕੀ ਏ?”
ਭੂਪੇ ਸ਼ਾਹ ਨੇ ਮੇਹਰ ਚੰਦ ਉਰਫ਼ ਮੇਹਰ ਅਲੀ ਬਾਰੇ ਦੱਸਦਿਆਂ ਹੋਇਆਂ ਉਸਦਾ ਨਾਂ ਸ਼ਾਹ ਅਲੀ ਦੱਸਿਆ ਤੇ ਕਿਹਾ ਕਿ ਉਸਨੇ ਸਾਈਂ ਜਹੀਰ ਬਖ਼ਸ਼ ਦੇ ਮਕਤਬ ਵਿਚ ਤਾਲੀਮ ਹਾਸਲ ਕੀਤੀ ਏ। ਇਸ ਨਾਤੇ ਮੇਰਾ ਗੁਰ ਭਾਈ ਏ। ਦੋਹਾਂ ਨੇ ਗੁਸਲਖਾਨੇ ਵਿਚ ਗਰਮ ਪਾਣੀ ਨਾਲ ਗੁਸਲ (ਇਸ਼ਨਾਨ) ਕੀਤਾ। ਇਸ ਦੌਰਾਨ ਖਾਨਸਾਮਾ (ਰਸੋਈਆ) ਨਾਸ਼ਤਾ ਤਿਆਰ ਕਰ ਲਿਆਇਆ। ਨਾਸ਼ਤੇ ਤੋਂ ਨਿੱਬੜ ਕੇ ਤਿੰਨੇ ਮਸਨਦ (ਆਰਾਮ ਕਰਨ ਵਾਲੀ ਗੱਦੀ ਜਿਸ ਉੱਤੇ ਢੋਅ ਲਾਉਣ ਲਈ ਵੱਡੇ ਗੋਲ ਸਿਰਹਾਣੇ ਰੱਖੇ ਹੁੰਦੇ ਹਨ) ਉਪਰ ਬੈਠ ਗਏ। ਤਹਿਮਸ ਖਾਂ ਮਸਕੀਨ ਨੇ ਹੁੱਕਾ ਭਰਵਾ ਕੇ ਆਪਣੇ ਅੱਗੇ ਰੱਖ ਲਿਆ। ਉਹ ਕਿੱਸੇ ਵੀ ਲਿਖਦਾ ਸੀ ਤੇ ਕਿੱਸਾ ਸੁਣਾਉਣ ਦੀ ਕਲਾ ਦਾ ਮਾਹਰ ਵੀ ਸੀ। ਹੁੱਕੇ ਦਾ ਇਕ ਸੂਟਾ ਲਾ ਕੇ ਉਸਨੇ ਆਪਣੇ ਅੰਦਾਜ਼ ਵਿਚ ਕਿੱਸਾ ਸੁਣਾਉਣਾ ਸ਼ੁਰੂ ਕੀਤਾ—
“ਚਾਰ ਦਿਨ ਪਹਿਲਾਂ ਦੀ ਗੱਲ ਹੈ। ਅਸਾਂ ਚਾਰ ਸੌ ਘੁੜਸਵਾਰ ਭਰਤੀ ਕੀਤੇ ਸਨ। ਸ਼ਹਿਰ ਦੇ ਬਾਹਰਵਾਰ ਕੈਂਪ ਲੱਗਿਆ ਹੋਇਆ ਸੀ। ਮੈਂ ਸਵੇਰ ਤੋਂ ਅੱਧੀ ਰਾਤ ਤਕ ਇਹਨਾਂ ਘੁੜਸਵਾਰਾਂ ਦੀ ਲਿਸਟ ਬਣਾਉਣ ਵਿਚ ਰੁੱਝਿਆ ਰਿਹਾ। ਦਰਬ ਬੇਗ ਤੇ ਮੇਰੇ ਸਿਵਾਏ ਸਾਰੇ ਸੌਂ ਚੁੱਕੇ ਸਨ ਕਿ ਅਚਾਨਕ ਮੁਗਲਾਨੀ ਬੇਗਮ ਮਰਦਵੇਂ ਭੇਸ ਵਿਚ ਕੈਂਪ ਵਿਚ ਆਣ ਵੜੀ।”
“ਮਰਦਾਵੇਂ ਭੇਸ ਵਿਚ?”
“ਹਾਂ, ਮਰਦਾਵੇਂ ਭੇਸ ਵਿਚ। ਲੰਮਾ ਚੋਗਾ ਪਾਇਆ ਹੋਇਆ ਸੀ ਤੇ ਸਿਰ ਉਪਰ ਮੁਗਲਈ ਦਸਤਾਰ ਬੰਨ੍ਹੀ ਹੋਈ ਸੀ। ਮੈਂ ਤੇ ਦਰਬ ਬੇਗ ਦੋਹੇਂ ਤ੍ਰਬਕ ਗਏ। ਪੁੱਛਿਆ ਕਿ ਮਾਜਰਾ ਕੀ ਹੈ। ਬੇਗਮ ਨੇ ਦੱਸਿਆ ਕਿ ਇਕ ਮੁੱਲਾ ਨੇ ਉਹਨਾਂ ਨੂੰ ਇਕ ਦੱਬਿਆ ਹੋਇਆ ਖਜਾਨਾ ਦੱਸਣ ਦਾ ਵਾਅਦਾ ਕੀਤਾ ਏ। 'ਤੁਸੀਂ ਮੈਨੂੰ ਜਿਹੜਾ ਦੋ ਹਜ਼ਾਰ ਰੁਪਿਆ ਲਿਆ ਕੇ ਦਿੱਤਾ ਸੀ, ਮੈਂ ਉਸ ਮੁੱਲਾ ਨੂੰ ਦੇ ਦਿੱਤਾ ਏ। ਉਹ ਉਹਨਾਂ ਵਿਚੋਂ ਪੰਜ ਸੌ ਰੁਪਏ ਦੀ ਧੂਫ ਬੱਤੀ ਖਰੀਦੇਗਾ, ਪੰਜ ਸੌ ਰੁਪਏ ਦਾ ਕਾਲੇ-ਚਿੱਟੇ ਰੰਗ ਦਾ ਘੋੜਾ ਖਰੀਦੇਗਾ—ਜਿਸਦੀ 'ਕੁਰਬਾਨੀ' ਦਿੱਤੀ ਜਾਏਗੀ। ਮੁੱਲਾ ਨੂੰ ਜੋ ਇਨਾਮ ਮਿਲਣਾ ਹੈ, ਹਜ਼ਾਰ ਰੁਪਿਆ ਉਸ ਵਿਚੋਂ ਪੇਸ਼ਗੀ ਦੇ ਦਿੱਤਾ ਗਿਆ ਹੈ। ਮੁੱਲਾ ਨੇ ਘੋੜੇ ਦੀ ਕੁਰਬਾਨੀ ਦੇਣ ਦਾ ਇਹੀ ਵੇਲਾ ਠੀਕ ਦੱਸਿਆ ਸੀ। ਤੁਸੀਂ ਮੇਰੇ ਨਾਲ ਚੱਲੋ...ਕੁਦਾਲਚੀ, ਮਸ਼ਾਲਚੀ ਬਾਹਰ ਖੜ੍ਹੇ ਇੰਤਜ਼ਾਰ ਕਰ ਰਹੇ ਨੇ।' ਮੈਂ ਸੁਣਿਆਂ ਤਾਂ ਮੱਥਾ ਪਿੱਟ ਲਿਆ। ਮੇਰੇ ਸਾਰੇ ਮਨਸੂਬੇ ਮਿੱਟੀ ਵਿਚ ਮਿਲ ਗਏ। ਮੈਂ ਫੈਜ਼ੁੱਲਾ ਬੇਗ ਨੂੰ ਉਸ ਖੰਡਰ ਵਿਚ ਭੇਜਿਆ, ਜਿੱਥੇ ਖਜਾਨਾ ਦੱਬਿਆ ਦੱਸਿਆ ਗਿਆ ਸੀ...ਤੇ ਜਿੱਥੇ ਕਾਲੇ-ਚਿੱਟੇ ਘੋੜੇ ਦੀ ਕੁਰਬਾਨੀ ਦਿੱਤੀ ਜਾਣੀ ਸੀ। ਉਹਨੂੰ ਹਦਾਇਤ ਕੀਤੀ ਕਿ ਜਾ ਕੇ ਉਸ ਮੁੱਲਾ ਦਾ ਪਤਾ ਕਰੇ। ਫੈਜ਼ੁੱਲਾ ਬੇਗ ਨੇ ਆ ਕੇ ਦੱਸਿਆ ਕਿ ਨਾ ਉੱਥੇ ਮੁੱਲਾ ਹੈ, ਨਾ ਘੋੜਾ। ਖੰਡਰ ਵਿਚ ਮੁਕੰਮਲ ਸੰਨਾਟਾ ਹੈ। ਉਸਨੂੰ ਦਰਬ ਬੇਗ ਨਾਲ ਦੁਬਾਰਾ ਭੇਜਿਆ ਗਿਆ। ਉਹਨਾਂ ਨੂੰ ਉੱਥੇ ਕੋਈ ਚੂਹੀ ਜਾਂ ਚਕਚੂੰਧਰ ਤਕ ਨਜ਼ਰ ਨਹੀਂ ਆਈ। ਇਕ ਆਦਮੀ ਮੁੱਲਾ ਦੇ ਮਕਾਨ ਵੱਲ ਭੇਜਿਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਮੁੱਲਾ ਨੇ ਇਹ ਮਕਾਨ ਦਸ ਦਿਨਾਂ ਲਈ ਕਿਰਾਏ 'ਤੇ ਲਿਆ ਸੀ। ਕੱਲ੍ਹ ਸ਼ਾਮੀਂ ਮੁੱਲਾ ਤੇ ਉਸਦੇ ਘਰ ਵਾਲੇ ਇੱਥੋਂ ਚਲੇ ਗਏ ਨੇ। ਬੇਗਮ ਹਿਰਖ ਗਈ ਤੇ ਗੁੱਸੇ ਦੀ ਮਾਰੀ ਆਪੇ 'ਚੋਂ ਬਾਹਰ ਹੋ ਗਈ। ਉਸਨੇ ਮਹਿਲ ਵਿਚ ਜਾ ਕੇ ਉਹਨਾਂ ਨੌਕਰਾਂ ਤੇ ਨੌਕਰਾਣੀਆਂ ਨੂੰ ਖੂਬ ਕੁਟਾਪਾ ਚਾੜ੍ਹਿਆ, ਜਿਹਨਾਂ ਮੁੱਲਾ ਦੇ ਝਾਂਸੇ ਦਾ ਯਕੀਨ ਦਿਵਾਇਆ ਸੀ।”
ਕਿੱਸਾ ਖਤਮ ਕਰਕੇ ਤਹਿਮਸ ਮਸਕੀਨ ਹੁੱਕੇ ਦੇ ਲੰਮੇਂ ਲੰਮੇਂ ਸੂਟੇ ਲਾਉਣ ਲੱਗ ਪਿਆ ਤੇ ਧੂੰਆਂ ਛੱਤ ਵੱਲ ਛੱਡਦਾ ਰਿਹਾ। ਭੂਪਾ ਸ਼ਾਹ ਤੇ ਸ਼ਾਦ ਅਲੀ ਚੁੱਪਚਾਪ ਬੈਠੇ ਉਸ ਵੱਲ ਦੇਖਦੇ ਰਹੇ।
“ਮੈਂ ਜਿਹੜੇ ਰੰਗਰੂਟ ਭਰਤੀ ਕੀਤੇ ਸਨ।” ਮਸਕੀਨ ਫੇਰ ਬੋਲਿਆ, “ਮੇਰੇ ਕੋਲ ਉਹਨਾਂ ਨੂੰ ਦੇਣ ਲਈ ਪੈਸੇ ਨਹੀਂ ਸਨ। ਉਹ ਵਿਚਾਰੇ ਲੜ-ਝਗੜ ਕੇ ਭੱਜ ਗਏ।” ਤਹਿਮਸ ਨੇ ਹੁੱਕੇ ਦਾ ਸੂਟਾ ਖਿੱਚਿਆ, ਧੂੰਆਂ ਉਪਰ ਵੱਲ ਛੱਡਿਆ ਤੇ ਅੱਗੇ ਕਿਹਾ, “ਠੀਕ ਹੈ ਮੁੱਲਾ ਨੇ ਧੋਖਾ ਦਿੱਤਾ, ਮਾੜਾ ਕੀਤਾ। ਬਹੁਤ ਮਾੜਾ ਕੀਤਾ। ਪਰ ਸਵਾਲ ਇਹ ਹੈ ਕਿ ਬੇਗ਼ਮ ਧੋਖੇ ਵਿਚ ਆਈ ਹੀ ਕਿਉਂ? ਇਸ ਮੂਰਖਤਾ ਦਾ ਕੋਈ ਇਲਾਜ਼ ਹੈ?”
“ਜਿਹੜੇ ਲੋਕ ਦੂਜਿਆਂ ਨੂੰ ਆਪਣਾ ਗ਼ੁਲਾਮ ਬਣਾ ਕੇ ਰੱਖਦੇ ਨੇ, ਇਨਸਾਨਾਂ ਨੂੰ ਵੇਚਦੇ-ਖਰੀਦਦੇ ਨੇ, ਕਹਿਣ ਨੂੰ ਰੱਬ ਦੇ ਨੁਮਾਇੰਦੇ ਬਣਦੇ ਨੇ, ਪਰ ਰੱਬ ਦੇ ਬੰਦਿਆਂ ਨੂੰ ਕੀੜੇ ਮਕੌੜਿਆਂ ਵਾਂਗ ਪੈਰਾਂ ਹੇਠ ਦਰੜ ਕੇ ਲੰਘ ਜਾਂਦੇ ਨੇ, ਅਖੀਰ ਉਹ ਖ਼ੁਦ ਆਪਣੇ ਅੰਧਵਿਸ਼ਵਾਸ ਦੇ ਗ਼ੁਲਾਮ ਬਣ ਜਾਂਦੇ ਨੇ। ਇਹ ਘਟਨਾ ਇਸ ਗੱਲ ਦੀ ਗਵਾਹ ਹੈ।'' ਭੂਪੇ ਸ਼ਾਹ ਨੇ ਗੰਭੀਰ, ਸਥਿਰ ਆਵਾਜ਼ ਵਿਚ ਵਿਆਖਿਆ ਕੀਤੀ।
“ਠੀਕ ਫਰਮਾਇਆ।” ਤਹਿਮਸ ਨੇ ਹਾਮੀ ਭਰੀ ਤੇ ਫੇਰ ਹੁੱਕੇ ਦਾ ਸੂਟਾ ਲਾ ਕੇ ਕਿਹਾ, “ਯਾਨੀ ਜਿਸ ਮਜ਼ਹਬ ਦਾ ਜਹੂਰ (ਨਿਕਾਸ, ਜਨਮ) ਇਨਸਾਨ ਦੀ ਭਲਾਈ ਲਈ ਹੋਇਆ ਸੀ, ਅਖੀਰ ਉਹੀ ਉਸਦੇ ਜੀਅ ਦਾ ਜੰਜਾਲ ਬਣ ਗਿਆ!”
“ਪਰ ਇਹ ਮਜ਼ਹਬ ਦਾ ਕਸੂਰ ਨਹੀਂ, ਇਨਸਾਨ ਦਾ ਆਪਣਾ ਕਸੂਰ ਏ।” ਭੂਪੇ ਸ਼ਾਹ ਨੇ ਕਿੰਤੂ ਕੀਤਾ ਤੇ ਗੱਲ ਅੱਗੇ ਵਧਾਈ, “ਵਕਤ ਬਦਲਦਾ ਹੈ ਤਾਂ ਇਨਸਾਨ ਵੀ ਬਦਲਦਾ ਹੈ। ਸੋਚ ਢੰਗ ਤੇ ਮੰਸ਼ੇ ਬਦਲਦੇ ਨੇ ਤਾਂ ਮਾਬੂਦ (ਧਾਰਮਿਕ ਵਿਸ਼ਵਾਸ ਤੇ ਉਸ ਨਾਲ ਜੁੜਿਆ ਈਸ਼ਟ) ਵੀ ਬਦਲਦੇ ਨੇ। ਜਦੋਂ ਇਨਸਾਨ ਤੇ ਉਸਦਾ ਸੋਚ-ਢੰਗ ਵਕਤ ਦੇ ਨਾਲ ਨਾਲ ਨਾ ਬਦਲੇ ਤਾਂ ਪੁਰਾਣੇ ਤੇ ਬਾਸੀ ਹੋ ਚੁੱਕੇ ਵਿਸ਼ਵਾਸ, ਅੰਧ ਵਿਸ਼ਵਾਸ ਭਰੀ ਮੂੜਤਾ ਬਣ ਜਾਂਦੇ ਨੇ।”
“ਵਾਕਈ ਵਕਤ ਦੇ ਨਾਲ ਨਾ ਬਦਲਣਾ ਹੀ ਸਭ ਤੋਂ ਵੱਡੀ ਮੂੜਤਾ ਹੁੰਦੀ ਏ। ਜਿਵੇਂ ਮਹਾਵਤ ਹਾਥੀ ਹੱਕਦਾ ਏ, ਵਕਤ ਇਨਸਾਨ ਨੂੰ ਹੱਕਦਾ ਰਹਿੰਦਾ ਏ।” ਤਹਿਮਸ ਨੇ ਪੁਸ਼ਟੀ ਕੀਤੀ ਤੇ ਉੱਚੀ ਉੱਚੀ ਹੱਸਿਆ।
“ਮੈਂ ਜ਼ਰਾ ਪਾਣੀ ਪਿਆਂਗਾ।” ਭੂਪੇ ਸ਼ਾਹ ਨੇ ਕਿਹਾ।
ਤਹਿਮਸ ਮਸਕੀਨ ਨੇ ਖਾਨਸਾਮੇਂ ਨੂੰ ਇਸ਼ਾਰਾ ਕੀਤਾ। ਉਹ ਗਿਲਾਸ ਵਿਚ ਪਾਣੀ ਲੈ ਆਇਆ। ਭੂਪਾ ਸ਼ਾਹ ਪਾਣੀ ਪੀ ਕੇ ਇਕ ਪਲ ਰੁਕਿਆ, ਫੇਰ ਖੰਘੂਰਾ ਮਾਰ ਕੇ ਗਲ਼ਾ ਸਾਫ ਕੀਤਾ ਤੇ ਬੋਲਿਆ—
“ਤਾਰੀਖ਼ (ਇਤਿਹਾਸ) ਉਪਰ ਨਜ਼ਰ ਮਾਰੋ। ਇਨਸਾਨ ਕਦੀ ਕਬੀਲਿਆਂ ਵਿਚ ਰਹਿੰਦਾ ਸੀ। ਹਰ ਕਬੀਲੇ ਦਾ ਆਪਣਾ ਮਾਬੂਦ (ਈਸ਼ਟ/ਪੈਗੰਬਰ) ਸੀ। ਪੱਥਰਾਂ ਤੇ ਰੁੱਖਾਂ ਦੀ ਪੂਜਾ ਹੁੰਦੀ ਸੀ। ਕਬੀਲੇ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ, ਜਿਹੜਾ ਹਾਰ ਜਾਂਦਾ ਸੀ ਉਸਦਾ ਮਾਬੂਦ ਵੀ ਹਾਰ ਜਾਂਦਾ ਸੀ। ਵਾਹਿਦਤ (ਇਕ-ਈਸ਼ਵਰ-ਵਾਦ) ਦੇ ਦ੍ਰਿਸ਼ਟੀਕੋਣ ਦੇ ਨਾਲ ਇਕ ਖ਼ੁਦਾ ਦੀ ਹਸਤੀ, ਹੋਂਦ ਵਿਚ ਆਈ ਤਾਂ ਕਬੀਲੇ ਵੀ ਇਕ ਹੋ ਗਏ। ਪਰ ਵਹਿਦਤ ਦਾ ਖ਼ੁਦਾ ਕਾਦਰੇ-ਮੁਤਲਿਕ (ਸਰਭ ਸ਼ਕਤੀਮਾਨ) ਸੀ। ਉਸਦੇ ਹੁਕਮ ਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਬਾਦਸ਼ਾਹ, ਨਵਾਬ, ਕਾਜੀ ਤੇ ਮੁੱਲਾ ਇਸ ਕਾਦਰੇ ਮੁਤਲਿਕ ਖ਼ੁਦਾ ਦੇ ਨੁਮਾਇੰਦੇ ਸਨ। ਪੈਗੰਬਰ ਦੀ ਤਲਵਾਰ, ਕਸਾਈ ਦੀ ਛੁਰੀ ਬਣ ਗਈ...ਤੇ ਹਾਕਮ ਕਸਾਈ, ਮਹਿਕੂਮ (ਮੁਕੱਦਮ) ਬੁਜਦਿਲ ਦੇ ਗ਼ੁਲਾਮ। ਮੰਸੂਰ ਨੇ ਜਿਹੜਾ 'ਅਨਲ ਹੱਕ' (ਮੈਂ ਖ਼ੁਦਾ ਹਾਂ) ਦਾ ਨਾਅਰਾ ਬੁਲੰਦ ਕੀਤਾ, ਉਹ ਇਹਨਾਂ ਕਸਾਈ ਹਾਕਮਾਂ ਦੇ ਖ਼ਿਲਾਫ਼ ਤੇ ਬਾਦਸ਼ਾਹ ਦੇ ਖ਼ਿਲਾਫ਼ ਬਗਾਵਤ ਦਾ ਨਾਅਰਾ ਸੀ।...ਤੇ ਖ਼ੁਦਾ ਦੇ ਨੁਮਾਇੰਦੇ ਬਾਦਸ਼ਾਹ ਨੇ ਮਨਸੂਰ ਨੂੰ ਫਾਂਸੀ 'ਤੇ ਲਟਕਾਅ ਦਿੱਤਾ, ਪਰ ਇਸ ਨਾਅਰੇ ਨੂੰ ਫਾਂਸੀ ਲਾਉਣੀ ਸੰਭਵ ਨਹੀਂ ਸੀ। ਦੱਸੋ ਕਦੀ ਨਾਅਰਿਆਂ ਨੂੰ ਵੀ ਫਾਂਸੀ ਲਾਇਆ ਜਾ ਸਕਦਾ ਏ? ਕਦੀ ਸੋਚ ਨੂੰ ਵੀ ਕਤਲ ਕੀਤਾ ਜਾ ਸਕਦਾ ਏ?”
“ਨਹੀਂ ...ਕਦੀ ਨਹੀਂ।” ਮਸਕੀਨ ਨੇ ਦ੍ਰਿੜ ਆਵਾਜ਼ ਵਿਚ ਹਾਮੀਂ ਭਰੀ।
“ਅਨਲ-ਹੱਕ ਸੂਫੀਆਂ ਦਾ ਝੰਡਾ ਵੀ ਸੀ ਤੇ ਹਥਿਆਰ ਵੀ। ਉਹਨਾਂ, ਖ਼ੁਦਾ ਨੂੰ ਬਾਦਸ਼ਾਹ ਤੋਂ ਖੋਹ ਕੇ ਲੋਕਾਂ ਦਾ ਬਣਾਅ ਦਿੱਤਾ। ਇਸ ਨਾਅਰੇ ਨਾਲ ਤੁਫੈਲ ਬੁਜਦਿਲ ਗ਼ੁਲਾਮ, ਬਹਾਦਰ ਬਾਗ਼ੀ ਬਣ ਗਿਆ।”
“ਮੈਂ ਸਿੱਖ ਮਜਹਬ ਦਾ ਕੁਝ ਮੁਤਾਅਲਾ ਕੀਤਾ ਏ। ਮੇਰਾ ਖ਼ਿਆਲ ਏ ਕਿ ਗੁਰੂ ਨਾਨਕ ਦੀ ਤਾਲੀਮ ਵੀ ਇਹੀ ਹੈ ਕਿ ਜਿਸ ਖ਼ਾਲਕ (ਕਰਤਾ) ਦੇ ਤੁਸਾਂ ਮਖ਼ਲੂਕ (ਜੀਵ) ਓ, ਉਹ ਨਿਡਰ ਹੈ। ਤੁਸੀਂ ਵੀ ਨਿਡਰ ਹੋ ਜਾਓ। ਕਿਸੇ ਤੋਂ ਨਾ ਡਰੋ। ਸਿਰ ਹਥੇਲੀ ਉੱਤੇ ਰੱਖ ਕੇ ਮੇਰੇ ਕੋਲ ਆਓ। ਤਦ ਤੁਸੀਂ ਮੇਰੇ ਸੱਚੇ ਸ਼ਾਗਿਰਦ ਹੋ। ਫੇਰ ਤੁਸੀਂ ਅਮਰ ਹੋ। ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਕੀ ਮੈਂ ਠੀਕ ਕਹਿ ਰਿਹਾਂ...?” ਤਹਿਮਸ ਮਸਕੀਨ ਨੇ ਭੂਪੇ ਸ਼ਾਹ ਦੇ ਚਿਹਰੇ ਉੱਤੇ ਨਜ਼ਰਾਂ ਗੱਡ ਕੇ ਪੁੱਛਿਆ।
“ਇਹ ਪੁੱਛਣ-ਦੱਸਣ ਵਾਲੀ ਗੱਲ ਨਹੀਂ, ਦੇਖਣ-ਸਮਝਣ ਵਾਲੀ ਗੱਲ ਏ। ਸਿੱਖਾਂ ਨੇ ਗੁਰੂ ਦੀ ਇਸ ਸਿੱਖਿਆ ਨੂੰ ਜ਼ਿੰਦਗੀ ਵਿਚ ਢਾਲ ਲਿਆ ਹੈ ਤੇ ਉਹ ਅਮਰ ਹੋ ਗਏ ਨੇ। 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਉਹਨਾਂ ਦਾ ਨਾਅਰਾ ਵੀ ਹੈ ਤੇ ਹਥਿਆਰ ਵੀ। ਅਨਲ ਹੱਕ ਦੇ ਨਾਅਰੇ ਵਾਂਗ ਇਸ ਨਾਅਰੇ ਨੂੰ ਕਤਲ ਕਰਨਾ ਵੀ ਸੰਭਵ ਨਹੀਂ।”
“ਮੈਨੂੰ ਯਕੀਨ ਏਂ।” ਤਹਿਮਸ ਮਸਕੀਨ ਨੇ ਏਧਰ ਉਧਰ ਦੇਖ ਕੇ, ਭੂਪੇ ਵਲ ਝੁਕਦਿਆਂ ਧੀਮੀ ਆਵਾਜ਼ ਵਿਚ ਕਿਹਾ, “ਇਸ ਨੂੰ ਕਤਲ ਕਰਨ ਵਾਲੇ ਖ਼ੁਦ ਕਤਲ ਹੋ ਜਾਣਗੇ।”
“ਜਿਵੇਂ ਪਾਣੀ ਨੂੰ ਜਿਸ ਭਾਂਡੇ ਵਿਚ ਪਾਇਆ ਜਾਏ ਉਹ ਉਸੇ ਰੂਪ ਵਿਚ ਢਲ ਜਾਂਦਾ ਏ, ਉਵੇਂ ਲਾਲਚੀ ਤੇ ਖ਼ੁਦਗਰਜ਼ ਲੋਕ ਮਜ਼ਹਬ ਨੂੰ ਆਪਣੇ ਲਾਲਚ ਤੇ ਖ਼ੁਦਗਰਜ਼ੀ ਦਾ ਰੂਪ ਦੇ ਬਹਿੰਦੇ ਨੇ। ਨਤੀਜਾ ਇਹ ਕਿ ਆਦਮੀ ਦਾ ਪਤਨ ਸ਼ੁਰੂ ਹੋ ਜਾਂਦਾ ਏ ਤੇ ਉਸਦਾ ਮਜ਼ਹਬ ਵੀ ਲੜਖੜਾ ਜਾਂਦਾ ਹੈ।”
“ਮੈਂ ਸਮਝਦਾਂ, ਇਨਸਾਨ ਦਾ ਸੱਚਾ ਮਜ਼ਹਬ ਖ਼ੁਦਾ ਦੀ ਮਖ਼ਲੂਕ ਇਨਸਾਨ ਨਾਲ ਮੁਹੱਬਤ ਕਰਨਾ ਹੈ।”
“ਕੀ ਪੁੱਛਦਾ ਏਂ ਜਾਤ-ਸਿਫਾਤ ਮੇਰੀ, ਉਹ ਆਦਮ ਵਾਲੀ ਜਾਤ ਮੇਰੀ।” ਭੂਪੇ ਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਬੁੱਲ੍ਹੇ ਸ਼ਾਹ ਦੇ ਬੋਲ ਦੂਹਰਾਏ।
ਉਦੋਂ ਹੀ ਖ਼ਾਨਸਾਮੇਂ ਨੇ ਆ ਕੇ ਪੁੱਛਿਆ, “ਖਾਣੇ ਵਿਚ ਕੀ ਕੁਝ ਬਣਾਵਾਂ, ਸਰਕਾਰ?” ਮਸਕੀਨ ਨੇ ਜਵਾਬ ਦਿੱਤਾ, “ਜੋ ਕੁਝ ਹਰ ਰੋਜ਼ ਬਣਦਾ ਏ, ਉਹੀ ਬਣਾਓ। ਬਸ ਏਨਾ ਖ਼ਿਆਲ ਰੱਖਣਾ ਕਿ ਦੋ ਆਦਮੀ ਹੋਰ ਖਾਣਗੇ।” ਖ਼ਾਨਸਾਮਾਂ ਚਲਾ ਗਿਆ।
“ਮੇਰਾ ਆਪਣਾ ਇਕ ਮਸਲਾ ਏ, ਉਸਦਾ ਕੋਈ ਹੱਲ ਦੱਸੋ।” ਮਸਕੀਨ ਨੇ ਭੂਪੇ ਸ਼ਾਹ ਨੂੰ ਕਿਹਾ।
“ਮਸਲਾ ਕੀ ਏ ਇਹ ਤਾਂ ਦੱਸੋ। ਫੇਰ ਹੱਲ ਸੋਚ ਲਿਆ ਜਾਏਗਾ।”
“ਮਸਲਾ ਇਹ ਹੈ ਕਿ ਮੈਨੂੰ ਕੋਈ ਅਜਿਹਾ ਆਦਮੀ ਮਿਲੇ ਜਿਹੜਾ ਮੇਰੇ ਰੋਜਨਾਮਚੇ ਦੀ ਸਹੀ ਤੇ ਖੁਸ਼ਖ਼ਤ ਨਕਲ ਕਰ ਦਿਆ ਕਰੇ।”
“ਬੱਸ ਏਨੀ ਗੱਲ ਏ!”
“ਗੱਲ ਤਾਂ ਏਨੀ ਈ ਏ। ਹੋ ਸਕਦਾ ਏ ਤੁਹਾਡੇ ਲਈ ਛੋਟੀ ਹੋਏ, ਪਰ ਮੇਰੇ ਲਈ ਬੜੀ ਵੱਡੀ ਏ।”
“ਆਦਮੀ ਤੁਹਾਡੇ ਸਾਹਮਣੇ ਬੈਠਾ ਏ।” ਭੂਪੇ ਨੇ ਸ਼ਾਹ ਅਲੀ ਵੱਲ ਇਸ਼ਾਰਾ ਕੀਤਾ।
“ਇਹ ਨੌਜਵਾਨ ਕਰ ਲਏਗਾ?”
“ਬਿਲਕੁਲ।”
“ਯਾਨੀ ਖ਼ੁਦਾ ਨੇ ਖ਼ੁਦ ਤੁਹਾਡੀ ਮਾਰ੍ਹਫਤ ਇਸਨੂੰ ਮੇਰੇ ਲਈ ਭੇਜ ਦਿੱਤਾ।”
“ਖ਼ੁਦਾ ਬੜਾ ਕਾਰਸਾਜ਼ ਏ।” ਭੂਪਾ ਮੁਸਕਰਾਇਆ, ਮਸਕੀਨ ਤੇ ਨੌਜਵਾਲ ਵੀ ਮੁਸਕਰਾਏ।
ਸਫਦਰ ਜੰਗ ਨੂੰ ਭਜਾ ਕੇ ਇਮਾਦੁੱਲ ਮੁਲਕ ਯਾਨੀ ਗਾਜ਼ੀਉੱਦੀਨ ਦਿੱਲੀ ਦਾ ਵਜ਼ੀਰ ਬਣਿਆ ਤਾਂ ਥੋੜ੍ਹੇ ਦਿਨਾਂ ਬਾਅਦ ਹੀ ਉਸ ਤੇ ਬਾਦਸ਼ਾਹ ਵਿਚਕਾਰ ਠਣ ਗਈ। ਗਾਜ਼ੀਉੱਦੀਨ ਨੇ ਅਹਿਮਦ ਸ਼ਾਹ ਦੀਆਂ ਅੱਖਾਂ ਕਢਵਾ ਦਿੱਤੀਆਂ ਤੇ ਸ਼ਹਿਜਾਦਾ ਇਜੀਬੂਦੀਨ ਜਹਾਂਦਾਰ ਸ਼ਾਹ ਨੂੰ ਆਲਮਗੀਰ ਦੂਜੇ ਤੇ ਤੌਰ 'ਤੇ ਦਿੱਲੀ ਦੇ ਤਖ਼ਤ ਉਪਰ ਬਿਠਾਅ ਦਿੱਤਾ—ਪਰ ਇਸ ਆਲਮਗੀਰ ਦੂਜੇ ਦੀ ਹਕੂਮਤ ਦਿੱਲੀ ਤੇ ਉਸਦੇ ਆਸਪਾਸ ਦੇ ਇਲਾਕਿਆਂ ਵਿਚ ਸੀਮਤ ਸੀ। ਬੰਗਾਲ ਵਿਚ ਅਲੀਵਰਦੀ ਖਾਂ ਦਾ ਸੁਤੰਤਰ ਰਾਜ ਸੀ। ਹੁਣ ਅਵਧ ਵਿਚ ਸਫਦਰ ਜੰਗ, ਦੱਖਣ ਵਿਚ ਨਿਜਾਮੁੱਲ ਮੁਲਕ ਤੇ ਗੁਜਰਾਤ ਤੇ ਮਾਲਵਾ ਵਿਚ ਮਰਹੱਟੇ ਕਾਬਜ ਸਨ। ਮਰਹੱਟੇ ਸਰਦਾਰ ਹਰ ਜਗ੍ਹਾ ਚੌਥ ਤੇ ਸਰਦੇਸ਼-ਮੁੱਖ ਵਸੂਲਦੇ ਸਨ। ਪੰਜਾਬ ਤੇ ਮੁਲਤਾਨ ਨੂੰ ਅਬਦਾਲੀ ਨੇ ਮਕਕੂਲ ਬੂਟੀ ਦੀ ਜਿੱਤ ਤੋਂ ਬਾਅਦ ਆਪਣੇ ਰਾਜ ਵਿਚ ਮਿਲਾ ਲਿਆ ਸੀ। ਖਜਾਨਾ ਖਾਲੀ ਸੀ। ਗਾਜ਼ੀਉੱਦੀਨ ਪ੍ਰੇਸ਼ਾਨ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਰੇ ਤਾਂ ਕੀ ਕਰੇ? ਜਦੋਂ ਕੁਤਬ ਖਾਂ ਰੋਹੀਲਾ ਨੇ ਬਗ਼ਾਵਤ ਕੀਤੀ ਸੀ ਉਦੋਂ ਵੀ ਉਹ ਹੱਥ 'ਤੇ ਹੱਥ ਰੱਖ ਕੇ ਬੈਠਾ ਰਿਹਾ ਸੀ। ਉਸ ਤੋਂ ਕੁਝ ਵੀ ਨਹੀਂ ਸੀ ਹੋ ਸਕਿਆ। ਕੀ ਉਹ ਸਿਰਫ ਨਾਂ ਦਾ ਵਜ਼ੀਰ ਬਣ ਕੇ ਰਹਿ ਜਾਏਗਾ? ਇਹ ਚਿੰਤਾ ਖਾ ਰਹੀ ਸੀ ਉਸਨੂੰ।
ਇਸੇ ਸਮੇ ਮੁਗਲਾਨੀ ਬੇਗਮ ਦੇ ਸਲਾਹਕਾਰ ਲਾਹੌਰ ਤੋਂ ਭੱਜ ਕੇ ਦਿੱਲੀ ਆਏ। ਉਹਨਾਂ ਵਜ਼ੀਰ ਕੋਲ ਸ਼ਿਕਾਇਤ ਕੀਤੀ, “ਬੇਗਮ ਦੀ ਅਯਾਸ਼ੀ ਨੇ ਮੁਗਲਈ ਵਕਾਰ ਨੂੰ ਮਿੱਟੀ ਵਿਚ ਮਿਲਾ ਦਿੱਤਾ ਏ। ਖੁਸਰਿਆਂ ਨੂੰ ਆਪਣੇ ਸਲਾਹਕਾਰ ਬਣਾਇਆ ਹੋਇਆ ਏ। ਉਹ ਵੱਡੇ ਤੋਂ ਵੱਡੇ ਅਹਿਲਕਾਰ ਨਾਲ ਗੁਸਤਾਖੀ ਨਾਲ ਪੇਸ਼ ਆਉਂਦੇ ਨੇ। ਇਹ ਬੇਇੱਜਤੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਗਈ ਏ। ਸਭ ਨਾਲੋਂ ਦੁਖਦਾਈ ਗੱਲ ਇਹ ਹੈ ਕਿ ਸਾਡੇ ਸਮਝਾਉਣ ਦੇ ਬਾਵਜੂਦ ਬੇਗਮ ਨੇ ਆਪਣੀ ਬੇਟੀ ਉਮਦਾ ਬੇਗਮ ਦੀ ਮੰਗਣੀ ਅਬਦਾਲੀ ਦੇ ਬੇਟੇ ਤੈਮੂਰ ਨਾਲ ਕਰ ਦਿੱਤੀ ਏ।”
“ਉਮਦਾ ਬੇਗਮ ਦੀ ਮੰਗਣੀ ਤੈਮੂਰ ਨਾਲ? ਉਹ ਕਿਉਂ? ਮੇਰੇ ਮਾਮੂ ਮੁਈਨੁਲ ਮੁਲਕ ਨੇ ਆਪਣੇ ਜਿਉਂਦੇ ਜੀਅ ਹੀ ਉਮਦਾ ਬੇਗਮ ਦੀ ਮੰਗਣੀ ਮੇਰੇ ਨਾਲ ਕਰ ਦਿੱਤੀ ਸੀ।” ਗਾਜ਼ੀਉੱਦੀਨ ਦੀ ਆਵਾਜ਼ ਵਿਚ ਹਿਰਖ ਸੀ। ਉਸ ਦੀਆਂ ਤਿਊੜੀਆਂ ਚੜ੍ਹ ਗਈਆਂ ਸਨ।
“ਅਸੀਂ ਬੇਗਮ ਨੂੰ ਚੇਤੇ ਕਰਵਾਇਆ ਸੀ, ਪਰ ਉਸਨੇ ਸਾਡੀ ਇਕ ਨਹੀਂ ਸੁਣੀ।”
“ਉਹ ਸ਼ੈਤਾਨ ਦੀ ਖ਼ਾਲਾ (ਮਾਸੀ) ਇੰਜ ਨਹੀਂ ਮੰਨਣ ਵਾਲੀ। ਲੱਤਾ ਦੇ ਭੂਤ, ਗੱਲਾਂ ਨਹੀਂ ਸਮਝਦੇ ਹੁੰਦੇ। ਉਸਦੀ ਅਕਲ ਠਿਕਾਣੇ ਮੈਂ ਲਿਆਵਾਂਗਾ।” ਉਸਨੇ ਹਿੱਕ ਉਤੇ ਹੱਥ ਮਾਰ ਕੇ ਕਿਹਾ। ਲਾਹੌਰ ਤੋਂ ਆਏ ਅਹਿਲਕਾਰ ਸੰਤੁਸ਼ਟ ਹੋ ਗਏ।
ਗਾਜ਼ੀਉੱਦੀਨ ਦੀ ਸ਼ਾਦੀ ਗੁੰਨਾ ਬੇਗਮ ਨਾਲ ਹੋ ਚੁੱਕੀ ਸੀ। ਗੁੰਨਾ ਬੇਗਮ ਅਲੀ ਕੁਲੀ ਖਾਂ ਦੀ ਬੇਟੀ ਸੀ। ਉਹ ਆਲਮਗੀਰ ਦੂਜੇ ਦੇ ਦਰਬਾਰ ਵਿਚ ਸੱਤ ਹਜ਼ਾਰੀ ਅਫਸਰ ਸੀ। ਗੁੰਨਾ ਬੇਗਮ ਆਪਣੇ ਸਮੇਂ ਦੀ ਹੁਸੀਨ ਮੁਟਿਆਰ ਸੀ। ਗੁਲਾਬ ਦੀਆਂ ਪੰਖੜੀਆਂ ਵਰਗੇ ਪਤਲੇ ਪਤਲੇ ਕੋਮਲ ਬੁੱਲ੍ਹ, ਅੱਖਾਂ ਮੋਟੀਆਂ ਤੇ ਭਵਾਂ ਕਮਾਨ ਵਾਂਗ ਤਣੀਆਂ ਹੋਈਆਂ ਜਿਸਮ। ਅਵਧ ਦਾ ਨਵਾਬ ਸ਼ੁਜਾਉੱਲਦੌਲਾ, ਭਰਤ ਪੁਰ ਦਾ ਰਾਜਾ ਜਵਾਹਰ ਸਿੰਘ ਤੇ ਦਿੱਲੀ ਦਾ ਪ੍ਰਧਾਨ ਮੰਤਰੀ ਗਾਜ਼ੀਉੱਦੀਨ ਉਸ ਉੱਤੇ ਜਾਨ ਛਿੱੜਕਦੇ ਸਨ। ਉਹ ਤਿੰਨੇ ਉਸਨੂੰ ਆਪਣੀ ਪਟਰਾਨੀ ਬਨਾਉਣ ਦੇ ਇੱਛਕ ਸਨ। ਸਫਲਤਾ ਗਾਜ਼ੀਉੱਦੀਨ ਨੂੰ ਮਿਲੀ। ਉਮਦਾ ਬੇਗਮ ਵੀ ਆਪਣੀ ਜਗ੍ਹਾ ਇਕ ਚੀਜ਼ ਸੀ। ਮੋਤੀਆਂ ਵਿਚ ਇਕ ਅਨਮੋਲ ਮੋਤੀ। ਪਰ ਗਾਜ਼ੀਉੱਦੀਨ ਗੁੰਨਾ ਬੇਗਮ ਨੂੰ ਹਾਸਲ ਕਰਕੇ ਉਸ ਪਾਸਿਓਂ ਲਾਪ੍ਰਵਾਹ ਹੋ ਗਿਆ ਸੀ। ਸੋਚ ਲਿਆ ਕਿ ਦੂਜੀ ਸ਼ਾਦੀ ਜਦੋਂ ਹੋਏਗੀ, ਹੋ ਜਾਏਗੀ। ਪਰ ਜਦੋਂ ਸੁਣਿਆਂ ਕਿ ਉਮਦਾ ਬੇਗਮ ਦੀ ਮੰਗਣੀ ਤੈਮੂਰ ਨਾਲ ਹੋ ਗਈ ਹੈ ਤਾਂ ਉਸਦੇ ਸਵੈਮਾਨ ਨੂੰ ਠੇਸ ਲੱਗੀ। ਪੰਜਾਬ ਪਹਿਲਾਂ ਹੀ ਹੱਥੋਂ ਨਿਕਲ ਚੁੱਕਿਆ ਸੀ। ਉਸਦਾ ਦੁੱਖ ਕੋਈ ਘੱਟ ਨਹੀਂ ਸੀ ਤੇ ਹੁਣ ਮੰਗੇਤਰ ਵੀ ਹੱਥੋਂ ਜਾ ਰਹੀ ਸੀ। ਹੁਣ ਮੌਕਾ ਸੀ ਆਪਣੀ ਮੰਗ ਨੂੰ ਲੈ ਆਏ ਤੇ ਪੰਜਾਬ ਨੂੰ ਵੀ ਦਿੱਲੀ ਦੇ ਅਧੀਨ ਕਰਕੇ ਤੂਰਾਨੀ ਪਾਰਟੀ ਦਾ ਦਬਦਬਾ ਬਹਾਲ ਕਰੇ। ਦਿੱਲੀ ਦੇ ਅਹਿਲ ਕਾਰ ਨਾਲ ਸਨ ਤੇ ਉਸਨੂੰ ਅਦੀਨਾ ਬੇਗ ਦੀ ਮਦਦ ਉੱਤੇ ਵੀ ਭਰੋਸਾ ਸੀ।
ਉਸਨੇ ਲਾਹੌਰ ਉੱਤੇ ਚੜ੍ਹਾਈ ਕਰਨ ਦਾ ਰੌਲਾ ਨਹੀਂ ਪਾਇਆ, ਬਲਕਿ ਬਹਾਨਾ ਬਣਾਇਆ ਕਿ ਮੈਂ ਹਾਂਸੀ ਤੇ ਹਿਸਾਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਨ ਜਾ ਰਿਹਾ ਹਾਂ। ਉਹ ਸ਼ਹਿਜਾਦਾ ਅਲੀ ਗੌਹਰ ਨੂੰ ਨਾਲ ਲੈ ਕੇ 15 ਜਨਵਰੀ 1756 ਨੂੰ ਦਿੱਲੀ ਤੋਂ ਰਵਾਨਾ ਹੋਇਆ। ਉਸਦੇ ਨਾਲ ਦਸ ਹਜ਼ਾਰ ਫੌਜੀ ਸਨ। 7 ਫਰਬਰੀ ਨੂੰ ਸਰਹਿੰਦ ਪਹੁੰਚਿਆ। ਉੱਥੇ ਅਦੀਨਾ ਬੇਗ ਦਾ ਏਲਚੀ ਉਸਦਾ ਇੰਤਜ਼ਾਰ ਕਰ ਰਿਹਾ ਸੀ। ਅਦੀਨਾ ਬੇਗ ਨਹੀਂ ਚਾਹੁੰਦਾ ਸੀ ਕਿ ਦਿੱਲੀ ਦੀ ਫੌਜ ਉਸਦੇ ਇਲਾਕੇ ਵਿਚ ਦਾਖਲ ਹੋਏ। ਇਸ ਲਈ ਗਾਜ਼ੀਉੱਦੀਨ ਨੂੰ ਉਸ ਨੇ ਇਹ ਸੁਨੇਹਾ ਭੇਜਿਆ ਸੀ, “ਤੁਸੀਂ ਬਰਾਏ ਮਿਹਰਬਾਨੀ ਸਰਹਿੰਦ ਵਿਚ ਹੀ ਰੁਕਣਾ। ਦੋ ਜਾਂ ਤਿੰਨ ਹਜ਼ਾਰ ਦੀ ਫੌਜ ਨਾਲ ਆਪਣਾ ਇਕ ਖਵਾਜਾ ਸਰਾ ਮੇਰੇ ਕੋਲ ਭੇਜ ਦੇਣਾ। ਮੈਂ ਉਸ ਨਾਲ ਆਪਣੀ ਫੌਜ ਰਲਾ ਕੇ ਇਕ ਅਜਿਹੀ ਚਾਲ ਚੱਲਾਂਗਾ ਕਿ ਲਾਹੌਰ ਆਸਾਨੀ ਨਾਲ ਤੁਹਾਡੇ ਕਬਜੇ ਵਿਚ ਆ ਜਾਏਗਾ, ਵਰਨਾ ਲਾਹੌਰ ਵਿਚ ਵੀ ਫੌਜ ਹੈ। ਤੁਸੀਂ ਉੱਥੇ ਜਾਓਗੇ ਤਾਂ ਬੇਕਾਰ ਵਿਚ ਖੂਨ ਖਰਾਬਾ ਹੋਏਗਾ ਤੇ ਬਗ਼ਾਵਤ ਵੀ ਹੋ ਸਕਦੀ ਏ।”
ਗਾਜ਼ੀਉੱਦੀਨ ਬੇਗ ਨੇ ਅਦੀਨਾ ਬੇਗ ਦਾ ਇਹ ਸੁਝਾਅ ਮੰਨ ਲਿਆ। ਉਸਨੇ ਤਿੰਨ ਚਾਰ ਹਜ਼ਾਰ ਫੌਜੀਆਂ ਸਮੇਤ ਖਵਾਜ਼ਾ ਸਰਾ ਨਸੀਮ ਖਾਂ ਨੂੰ ਜਲੰਧਰ ਭੇਜ ਦਿੱਤਾ ਤੇ ਆਪ ਸਤਲੁਜ ਦੇ ਕਿਨਾਰੇ ਮਾਛੀਵਾੜੇ ਵਿਚ ਡੇਰੇ ਲਾ ਲਏ। ਅਦੀਨਾ ਬੇਗ ਨੇ ਆਪਣੀ ਦਸ ਹਜ਼ਾਰ ਫੌਜ ਦੇ ਕੇ ਸਾਦਿਕ ਬੇਗ ਨੂੰ ਖਵਾਜ਼ਾ ਸਰਾ ਨਸੀਮ ਖਾਂ ਨਾਲ ਲਾਹੌਰ ਵੱਲ ਰਵਾਨਾ ਕਰ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਉਹ ਲਾਹੌਰ ਪਹੁੰਚੇ ਤਾਂ ਉਹਨਾਂ ਨੂੰ ਸ਼ਾਹ ਗੰਜ ਵਿਚ ਠਹਿਰਾਇਆ ਗਿਆ। ਅਗਲੇ ਦਿਨ ਉਹ ਬਾਜੇ-ਗਾਜੇ ਤੇ ਬੜੀ ਧੁਮਧਾਮ ਨਾਲ ਬੇਗਮ ਦੀ ਖ਼ਿਦਮਤ ਵਿਚ ਹਾਜ਼ਰ ਹੋਏ ਤੇ ਸ਼ਾਹੀ ਢੰਗ ਨਾਲ ਸਲਾਮ ਕਰਕੇ ਵਜ਼ੀਰ ਗਾਜ਼ੀਉੱਦੀਨ ਦਾ ਖ਼ਤ ਉਸਨੂੰ ਦਿੱਤਾ। ਖ਼ਤ ਵਿਚ ਬੇਗਮ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਬੇਟੀ ਉਮਦਾ ਬੇਗਮ ਨੂੰ ਉਸ ਕੋਲ ਭੇਜ ਦਏ। ਬੇਗਮ ਨੇ ਕਿਸੇ ਤਰ੍ਹਾਂ ਦੀ ਹੀਲ ਹੁੱਜਤ ਨਹੀਂ ਕੀਤੀ। ਉਸਨੇ ਖੁਸ਼ੀ ਖੁਸ਼ੀ ਬੇਟੀ ਨੂੰ ਦੁਲਹਨ ਬਣਾ ਕੇ ਹੀਰੇ-ਜਵਾਹਰ ਦਹੇਜ਼ ਵਿਚ ਦੇ ਕੇ, ਗੋਲੀਆਂ ਦਾਸੀਆਂ, ਖਵਾਜ਼ਾ ਸਰਾਵਾਂ ਤੇ 3000 ਫੌਜ ਨਾਲ ਰਵਾਨਾ ਕਰ ਦਿੱਤਾ। ਦੁਲਹਨ 4 ਮਾਰਚ 1756 ਨੂੰ ਵਜ਼ੀਰ ਕੋਲ ਮਾਛੀਵਾੜੇ ਪਹੁੰਚ ਗਈ।
ਹੁਣ ਵਜ਼ੀਰ ਦਾ ਦੂਜਾ ਕਰਮ ਇਹ ਸੀ ਕਿ ਲਾਹੌਰ ਉੱਤੇ ਕਬਜਾ ਕੀਤਾ ਜਾਏ। ਇਸ ਮਕਸਦ ਖਾਤਰ ਉਸਨੇ ਸੱਯਦ ਜ਼ਮੀਲੂਦੀਨ ਖਾਂ, ਨਿਸਾਰ ਮੁਹੰਮਦ ਖਾਂ ਸ਼ੇਰ ਜੰਗ, ਹਕੀਮ ਇਬਰਾਹੀਮ ਖਾਂ ਤੇ ਖਵਾਜ਼ਾ ਸਾਦਤ ਯਾਰ ਖਾਂ ਨੂੰ ਅਦੀਨਾ ਬੇਗ ਕੋਲ ਭੇਜਿਆ ਤਾਂ ਕਿ ਮੁਗਲਾਨੀ ਬੇਗਮ ਨੂੰ ਵੀ ਉਸਦੇ ਕੈਂਪ ਵਿਚ ਮਾਛੀਵਾੜੇ ਲਿਆਂਦਾ ਜਾਏ।
ਇਹ ਅਫਸਰ ਅਦੀਨਾ ਬੇਗ ਦੀ ਫੌਜ ਨਾਲ ਲੈ ਕੇ, ਬਿਨਾਂ ਕਿਤੇ ਰੁਕਿਆਂ, ਡੇਢ ਸੌ ਮੀਲ ਦਾ ਪੰਧ ਕਰਕੇ, ਦਿਨ ਰਾਤ ਤੁਰਦੇ ਹੋਏ, ਸਵੇਰੇ ਸਵਖਤੇ ਹੀ ਲਾਹੌਰ ਜਾ ਪਹੁੰਚੇ। ਮੁਗਲਾਨੀ ਬੇਗਮ ਸਾਰੀ ਰਾਤ ਅਯਾਸ਼ੀ ਕਰਦੀ ਰਹੀ ਸੀ ਤੇ ਹੁਣ ਉਹ ਘੂਕ ਸੁੱਤੀ ਹੋਈ ਸੀ। ਉਸ ਖਾਤਰ ਜਿਹੜਾ ਜਾਲ ਵਿਛਾਇਆ ਗਿਆ ਸੀ, ਉਹ ਉਸਦੇ ਸੁਪਨੇ ਵਿਚ ਵੀ ਨਹੀਂ ਸੀ। ਖਵਾਜ਼ਾ ਸਰਾਵਾਂ ਨੂੰ ਭੇਜ ਕੇ ਉਸਨੂੰ ਜਗਾਇਆ ਗਿਆ ਤੇ ਫੇਰ ਵਜ਼ੀਰ ਦੇ ਆਦਮੀ ਉਸਨੂੰ ਪਾਲਕੀ ਵਿਚ ਸੁੱਟ ਕੇ, ਸ਼ਹਿਰੋਂ ਬਾਹਰ, ਆਪਣੇ ਕੈਂਪ ਵਿਚ ਲੈ ਆਏ। ਉਸਦੀ ਸਾਰੀ ਸੰਪਤੀ ਤੇ ਖਜਾਨਾ ਜਬਤ ਕਰ ਲਿਆ ਗਿਆ। 28 ਮਾਰਚ ਨੂੰ ਉਸਨੂੰ ਮਾਛੀਵਾੜੇ ਵਾਲੇ ਕੈਂਪ ਵਿਚ ਪਹੁੰਚਾ ਦਿੱਤਾ ਗਿਆ। ਵਜ਼ੀਰ ਗਾਜ਼ੀਉੱਦੀਨ ਉਸਦੇ ਸਵਾਗਤ ਲਈ ਆਇਆ। ਉਹ ਗੁੱਸੇ ਨਾਲ ਭਰੀ ਹੋਈ ਸੀ, ਉਚੀ ਉਚੀ ਚੀਕਣ ਕੂਕਣ ਤੇ ਗਾਲ੍ਹਾਂ ਕੱਢਣ ਲੱਗ ਪਈ, “ਕੁੱਤਿਆ, ਬੇਈਮਾਨਾਂ...ਮੇਰੇ ਨਾਲ ਇਹ ਸਲੂਕ ਕਰਦਿਆਂ ਤੇਨੂੰ ਸ਼ਰਮ ਨਾ ਆਈ? ਤੂੰ ਆਪਣੀ ਤਬਾਹੀ ਨੂੰ ਦਾਅਵਤ ਦਿੱਤੀ ਏ। ਆਪਣੀ ਤਬਾਹੀ, ਦਿੱਲੀ ਦੀ ਤਬਾਹੀ, ਮੁਗਲ ਸਲਤਨਤ ਦੀ ਤਬਾਹੀ। ਅਹਿਮਦ ਸ਼ਾਹ ਅਬਦਾਲੀ ਤੁਹਾਨੂੰ ਸਾਰਿਆਂ ਨੂੰ ਇਸ ਸਾਜਿਸ਼ ਤੇ ਮੇਰੇ ਨਾਲ ਕੀਤੀ ਬਦਸਲੂਕੀ ਦਾ ਮਜ਼ਾ ਚਖਾਏਗਾ।''
“ਮਾਮੀ ਜਾਨ!” ਵਜ਼ੀਰ ਨੇ ਮੁਸਕਰਾਉਂਦਿਆਂ ਹੋਇਆਂ ਕੁਸੈਲ ਜਿਹੀ ਨਾਲ ਕਿਹਾ, “ਤੁਸੀਂ ਵੀ ਕੋਈ ਘੱਟ ਸ਼ਰਮਨਾਕ ਹਰਕਤ ਨਹੀਂ ਕੀਤੀ। ਆਪਣਿਆਂ ਨਾਲੋਂ ਨਾਤਾ ਤੋੜ ਕੇ ਅਫਗਾਨਾਂ ਨਾਲ ਨਾਤਾ ਜਾ ਜੋੜਿਆ। ਇਕ ਔਰਤ ਹੋ ਕੇ ਬੇਹਜਾਈ ਦੀ ਰਾਹ ਅਪਣਾਈ। ਖ਼ੁਦਾ ਤਕ ਦਾ ਖ਼ੌਫ ਦਿਲ ਵਿਚੋਂ ਕੱਢ ਸੁੱਟਿਆ। ਹੁਣ ਮੇਰੇ ਨਾਲ ਦਿੱਲੀ ਚੱਲੋ। ਮੈਂ ਤੁਹਾਨੂੰ ਇਕ ਇੱਜ਼ਤਦਾਰ ਖਾਨਦਾਨ ਦੀ ਸ਼ਰੀਫ ਔਰਤ ਬਣ ਕੇ ਰਹਿਣਾ ਸਿਖਾਵਾਂਗਾ।”
ਦਿੱਲੀ ਸਰਕਾਰ ਦਾ ਢਾਂਚਾ ਹਿੱਲ ਚੁੱਕਿਆ ਸੀ। ਉਸ ਵਿਚ ਜਗ੍ਹਾ ਜਗ੍ਹਾ ਤਰੇੜਾਂ ਪੈ ਚੁੱਕੀਆਂ ਸਨ। ਇਸ ਢੈ-ਢੇਰੀ ਹੋਣ ਵਾਲੀ ਇਮਾਰਤ ਨੂੰ ਡਿੱਗਣ ਤੋਂ ਬਚਾਅ ਸਕਣਾ, ਗਾਜ਼ੀਉੱਦੀਨ ਦੇ ਵੱਸ ਦਾ ਰੋਗ ਨਹੀਂ ਸੀ। ਜਿਹਨਾਂ ਕਦੀ ਸਾਥ ਦਿੱਤਾ ਸੀ, ਹੁਣ ਉਹ ਵੀ ਨਾਲ ਨਹੀਂ ਸਨ। ਬਾਦਸ਼ਾਹ ਵੀ ਉਸ ਉੱਤੇ ਨਾਰਾਜ਼ ਸੀ। ਮੁਗਲਾਨੀ ਬੇਗਮ ਨੂੰ ਉਸਨੇ ਨਜ਼ਰਬੰਦ ਕਰ ਦਿੱਤਾ ਸੀ ਤੇ ਉਸ ਉਪਰ ਸਖਤ ਨਿਗਰਾਨੀ ਰੱਖੀ ਜਾ ਰਹੀ। ਪਰ ਉਹ ਬੜੀ ਚਲਾਕ ਔਰਤ ਸੀ। ਉਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਖ਼ਤ ਲਿਖਿਆ—'ਮੀਰ ਮੋਮਿਨ ਖਾਂ, ਅਦੀਨਾ ਬੇਗ ਖਾਂ ਤੇ ਸੱਯਦ ਜਮੀਲੂਦੀਨ ਨੇ ਮੇਰੇ ਨਾਲ ਜਬਰਦਸਤ ਧੋਖਾ ਕੀਤਾ ਹੈ। ਮੈਨੂੰ ਕੱਖ ਦਾ ਨਹੀਂ ਛੱਡਿਆ। ਕਰੋੜਾ ਰੁਪਏ ਦਾ ਸਾਮਾਨ ਤੇ ਨਕਦੀ ਮੇਰੇ ਮਰਹੂਮ ਸਹੁਰੇ ਵਜ਼ੀਰ (ਕਰਮੂਦੀਨ) ਦੇ ਮਹਿਲ ਵਿਚ ਨੱਪਿਆ ਹੋਇਆ ਹੈ, ਜਿਸ ਦਾ ਸਿਰਫ ਮੈਨੂੰ ਪਤਾ ਹੈ। ਇਸ ਦੇ ਇਲਾਵਾ ਢੇਰ ਸਾਰਾ ਸੋਨਾ ਤੇ ਚਾਂਦੀ ਲੋਕਾਂ ਨੇ ਘਰਾਂ ਦੀਆਂ ਛੱਤਾਂ ਵਿਚ ਨੱਪੇ ਹੋਏ ਨੇ। ਬਾਦਸ਼ਾਹ ਆਲਮਗੀਰ ਸਾਨੀ ਤੇ ਉਸਦੇ ਵਜ਼ੀਰਾਂ ਦੀ ਜ਼ਰਾ ਨਹੀਂ ਬਣਦੀ। ਉਹਨਾਂ ਵਿਚਕਾਰ ਕੁੱਤੇ ਬਿੱਲੀ ਦਾ ਵੈਰ ਹੈ। ਜੇ ਤੁਸੀਂ ਇਸ ਸਮੇਂ ਹਿੰਦੁਸਤਾਨ ਉਪਰ ਹਮਲਾ ਕਰੋਂ ਤਾਂ ਦਿੱਲੀ ਦੀ ਸਰਕਾਰ ਬਿਨਾਂ ਕੋਈ ਖਤਰਾ ਉਠਇਆਂ ਤੁਹਾਡੇ ਸਾਹਵੇਂ ਗੋਡੇ ਟੇਕ ਦਏਗੀ। ਕਰੋੜਾਂ ਦੀ ਦੌਲਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ।' ਇਹ ਖ਼ਤ ਉਸਨੇ ਆਪਣੇ ਮਾਮੂ ਖਵਾਜ਼ਾ ਅਬਦੁੱਲ ਖਾਂ ਦੇ ਹੱਥ ਭੇਜਿਆ।
ਅਫਗਾਨਾਂ ਦਾ ਇਕ ਕਬੀਲਾ ਰੋਹੀਲੇ ਕਹਾਉਂਦਾ ਸੀ। ਪੇਸ਼ਾ ਸੀ ਸਿਪਾਹੀ ਗਿਰੀ। ਇਹ ਲੋਕ ਅਫਗਾਨਸਤਾਨ ਵਿਚੋਂ ਨਿਕਲ ਕੇ ਹਿੰਦੁਸਤਾਨ ਵਿਚ ਆ ਵੱਸੇ। ਇੱਥੋਂ ਦੇ ਹਾਕਮਾਂ ਦੀ ਫੌਜ ਵਿਚ ਮਦਦ ਕਰਕੇ ਉਹਨਾਂ ਕਾਫੀ ਮਹੱਤਵ ਪ੍ਰਾਪਤ ਕਰ ਲਿਆ ਤੇ ਹੁੰਦੇ ਹੁੰਦੇ ਗੰਗਾ ਦੇ ਪੂਰਬੀ ਤਟ ਦੇ ਇਕ ਹਿੱਸੇ ਉੱਤੇ ਆਪਣਾ ਕਬਜਾ ਜਮਾ ਲਿਆ। ਫੇਰ ਅਵਧ ਦੇ ਨਾਲ ਨਾਲ ਪਹਾੜਾਂ ਤਕ ਫੈਲ ਗਏ। ਇਸ ਖੇਤਰ ਦਾ ਨਾਂ ਰੋਹੇਲ ਖੰਡ ਪੈ ਗਿਆ। ਉਹਨਾਂ ਦਾ ਸਰਦਾਰ ਸ਼ਹਾਬੂਦੀਨ ਖਾਂ ਰੋਹੇਲਾ ਸੀ। ਉਸਦੇ ਦੋ ਪੁੱਤਰ ਸਨ ਹੁਸੈਨ ਤੇ ਸਾਹ ਆਲਮ ਖਾਂ।
ਇਹ ਲੋਕ ਪੀੜ੍ਹੀ ਦਰ ਪੀੜ੍ਹੀ ਇਸ ਦੇਸ਼ ਵਿਚ ਰਹਿਣ ਪਿੱਛੋਂ ਵੀ ਇਸ ਦੇਸ਼ ਦੇ ਨਹੀਂ ਬਣੇ। ਉਹਨਾਂ ਦੀ ਹਮਦਰਦੀ ਅਫਗਾਨਾਂ ਨਾਲ ਸੀ। ਨਜੀਬ ਖਾਂ ਜਿਹੜਾ ਕਦੀ ਸਫਦਰ ਜੰਗ ਦੀ ਫੌਜ ਵਿਚ ਜਮਾਂਦਾਰ ਹੁੰਦਾ ਸੀ, ਹੁਣ ਇਸ ਕਬੀਲੇ ਦਾ ਪ੍ਰਮੱਖ ਸਰਦਾਰ ਬਣ ਗਿਆ ਸੀ। ਉਸਨੇ ਵੀ ਹੁਣ ਅਬਦਾਲੀ ਨੂੰ ਲਿਖਿਆ, 'ਮੈਂ ਇਸ ਮੁਲਕ ਵਿਚ ਆਪਣੇ ਗਿਰਦ 25000 ਪਠਾਣ ਜਮ੍ਹਾਂ ਕਰ ਲਏ ਹਨ। ਗੰਗਾਪੁਰ ਦੇ ਪਠਾਨਾਂ ਨੂੰ ਵੀ ਆਪਣੀ ਮਦਦ ਦੇ ਲਈ ਤਿਆਰ ਕਰ ਲਿਆ ਹੈ। ਉਹਨਾਂ ਦੀ ਗਿਣਤੀ 40,000 ਹੈ। ਤੁਸੀਂ ਬੇਧੜਕ ਹੋ ਕੇ ਇੱਥੇ ਆਓ। ਇਮਾਦੁੱਲ ਮੁਲਕ ਦੀ ਇਹ ਤਾਕਤ ਨਹੀਂ ਕਿ ਤੁਹਾਡਾ ਮੁਕਾਬਲਾ ਕਰ ਸਕੇ। ਮੈਂ ਉਸਦਾ ਸਭ ਤੋਂ ਵੱਡਾ ਮਦਦਗਾਰ ਹੁੰਦਾ ਸਾਂ। ਹੁਣ ਜਦੋਂ ਮੈਂ ਹੀ ਤੁਹਾਡਾ ਵਫਾਦਾਰ ਬਣ ਗਿਆ ਹਾਂ, ਉਸਦਾ ਸਾਥ ਦੇਣ ਵਾਲਾ ਰਹਿ ਹੀ ਕੌਣ ਗਿਆ ਹੈ?...'
ਖ਼ੁਦ ਬਾਦਸ਼ਾਹ ਆਲਮਗੀਰ ਨੇ ਅਬਦਾਲੀ ਨੂੰ ਸੱਦਾ ਭੇਜਿਆ। ਉਹ ਵੀ ਆਪਣੇ ਆਪ ਨੂੰ ਇਮਾਦੂੱਲ ਮੁਲਕ ਦੇ ਪੰਜੇ ਵਿਚੋਂ ਮੁਕਤ ਕਰਨਾ ਚਾਹੁੰਦਾ ਸੀ।
ਬਿੱਲੀ ਦੇ ਭਾਗੀਂ ਛਿੱਕਾ ਟੁੱਟਿਆ। ਅਬਦਾਲੀ ਤਾਂ ਇਸ ਗੱਲ ਦੇ ਇੰਤਜ਼ਾਰ ਵਿਚ ਹੀ ਸੀ। ਮੱਧ ਏਸ਼ੀਆ ਦਾ ਸਭ ਤੋਂ ਮਜ਼ਬੂਤ ਕਿਲੇ ਵਰਗਾ ਹਿੱਸਾ, ਉਸ ਕੋਲ ਸੀ। ਉਸਦੀ ਸੈਨਾ ਮੱਧ ਏਸ਼ੀਆ ਦੀ ਤਕੜੀ ਸੈਨਾ ਕਹੀ ਜਾਂਦੀ ਸੀ। ਉਹ ਖ਼ੁਦ ਮੱਧ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਸੀ। ਕਮੀ ਸੀ ਤਾਂ ਪੈਸੇ ਦੀ ਤੇ ਪੈਸਾ ਖ਼ੁਦ ਉਸਨੂੰ ਬੁਲਾਅ ਰਿਹਾ ਸੀ।
ਅਹਿਮਦ ਸ਼ਾਹ ਅਬਦਾਲੀ ਨਵੰਬਰ 1756 ਵਿਚ ਪੇਸ਼ਾਵਰ ਪਹੁੰਚ ਗਿਆ ਤੇ ਫੇਰ 20 ਦਸੰਬਰ ਨੂੰ ਸਿੰਧ ਨਦੀ ਪਾਰ ਕਰਕੇ ਬਿਨਾਂ ਕਿਸੇ ਰੋਕ ਟੋਕ ਦੇ ਲਾਹੌਰ ਵਿਚ ਦਾਖਲ ਹੋਇਆ। ਉੱਥੇ ਉਹ ਦੋ ਹਫਤੇ ਰੁਕਿਆ, ਸਥਾਨਕ ਅਮੀਰਾਂ ਤੇ ਅਹਿਲਕਾਰਾਂ ਤੋਂ ਖਰਾਜ ਵਸੂਲ ਕੀਤਾ ਤੇ ਫੇਰ ਲੰਮੇਂ ਪੈਰੀਂ ਦਿੱਲੀ ਵੱਲ ਤੁਰ ਪਿਆ। ਰਸਤੇ ਵਿਚ ਕਿਸੇ ਕਿਸਮ ਦਾ ਵਿਰੋਧ ਨਹੀਂ ਹੋਇਆ। ਚਿੜੀਆਂ ਨੇ ਚੂੰ ਤਕ ਨਹੀਂ ਕੀਤੀ। ਹਰੇਕ ਜਗ੍ਹਾ ਮੁਰਦਘਾਟ ਵਰਗੀ ਚੁੱਪ ਵਾਪਰੀ ਹੋਈ ਸੀ। ਪ੍ਰਧਾਨ ਮੰਤਰੀ ਇਮਾਦੁੱਲ ਮੁਲਕ ਭਾਵ ਗਾਜ਼ੀਉੱਦੀਨ ਸਰਵੇ-ਸਰਵਾ ਨਿਰੰਕੁਸ਼ ਹਾਕਮ ਸੀ। ਜਦੋਂ ਉਸਨੇ ਕੋਈ ਕਦਮ ਨਾ ਚੁੱਕਿਆ; ਹਮਲਾਵਰ ਦਾ ਮੁਕਾਬਲਾ ਕਰਨ ਲਈ ਸਰਹਿੰਦ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਹੋਰ ਕੌਣ ਵਿਰੋਧ ਕਰਦਾ? ਫੌਜ ਦਾ ਸਹਾਰਾ ਲੈਣ ਦੇ ਬਜਾਏ ਪ੍ਰਧਾਨ ਮੰਤਰੀ ਨੇ ਸਿਰਫ ਏਨਾ ਕੀਤਾ ਕਿ ਦਰਵੇਸ਼ਾਂ ਨੂੰ ਬੁਲਾਅ ਕੇ ਪੁੱਛਿਆ—“ਕੀ ਤੁਹਾਡੀਆਂ ਦੁਆਵਾਂ ਵਿਚ ਏਨਾ ਅਸਰ ਹੈ ਕਿ ਦੁਸ਼ਮਣ ਉਪਰ ਬਿਨਾਂ ਲੜੇ ਕਾਬੂ ਕੀਤਾ ਜਾ ਸਕੇ?”
ਇਧਰ ਦੁਆਵਾਂ ਮੰਗੀਆਂ-ਦਿੱਤੀਆਂ ਜਾ ਰਹੀਆਂ ਸਨ, ਉਧਰ ਅਬਦਾਲੀ ਵਧਦਾ ਆ ਰਿਹਾ ਸੀ। ਨਜੀਬ ਖਾਂ ਰੋਹੇਲਾ ਦਿੱਲੀ ਤੋਂ ਵੀਹ ਕੋਹ ਦੇ ਫਾਸਲੇ ਉਪਰ ਨਰੇਲਾ ਵਿਚ ਅਬਦਾਲੀ ਨਾਲ ਆ ਰਲਿਆ। ਉਸ ਨੇ 28 ਜਨਵਰੀ 1757 ਨੂੰ ਦਿੱਲੀ ਵਿਚ ਪ੍ਰਵੇਸ਼ ਕੀਤਾ। ਉੱਥੇ ਪਹਿਲਾਂ ਹੀ ਉਸ ਖਾਤਰ ਦਸਤਰਖਾਨ ਵਿਛਿਆ ਹੋਇਆ ਸੀ।
ਭੁੱਖੇ ਬਘਿਆੜ ਜਿਵੇਂ ਭੇਡ ਬੱਕਰੀਆਂ ਦੇ ਇੱਜੜ ਉਪਰ ਝਪਦੇ ਹਨ, ਅਫਗਾਨ ਸਿਪਾਹੀ ਨਿਆਸਰੇ ਦਿੱਲੀ ਵਾਸੀਆਂ ਉਪਰ ਝਪਟੇ। ਹਿੰਦੂ ਮੁਸਲਮਾਨ ਦਾ ਭੇਦ ਵੀ ਨਹੀਂ ਸੀ ਰੱਖਿਆ। ਅੰਨ੍ਹੀ ਲੁੱਟ ਮੱਚੀ। ਧਨ ਦੌਲਤ ਦਾ ਤਾਂ ਜ਼ਿਕਰ ਹੀ ਕੀ ਇੱਜਤ ਤੇ ਇਸਮਤ ਵੀ ਖ਼ੁਬ ਲੁੱਟੀ ਗਈ। ਅਫਗਾਨ ਸਿਪਾਹੀ ਲੋਕਾਂ ਦੀਆਂ ਨੂੰਹਾਂ ਧੀਆਂ ਨੂੰ ਘਸੀਟ ਘਸੀਟ ਕੇ ਘਰਾਂ ਵਿਚੋਂ ਕੱਢ ਰਹੇ ਸਨ। ਜ਼ੁਲਮ ਤੇ ਜਬਰ ਦੀ ਹੱਦ ਹੀ ਨਹੀਂ ਸੀ ਰਹੀ। ਫਰਿਆਦ ਕੌਣ ਕਰੇ ਤੇ ਕਿਸ ਕੋਲ ਕਰੇ? ਹਾਕਮ ਬੋਲੇ ਹੋਏ ਹੋਏ ਸਨ ਤੇ ਖ਼ੁਦਾ ਵੀ ਬੋਲਾ ਹੋ ਗਿਆ ਜਾਪਦਾ ਸੀ।
ਖ਼ੁਦ ਅਹਿਮਦ ਸ਼ਾਹ ਅਬਦਾਲੀ ਸਲਤਨਤ ਦੇ ਵੱਡੇ ਵੱਡੇ ਅਮੀਰਾਂ ਤੇ ਅਹਿਲਕਾਰਾਂ ਨੂੰ ਬੇਦਰਦੀ ਨਾਲ ਲੁੱਟ ਰਿਹਾ ਸੀ। ਉਹਨਾਂ ਦੇ ਘਰਾਂ ਦੇ ਫਰਸ਼ ਉਖਾੜੇ ਜਾ ਰਹੇ ਸਨ, ਛੱਤਾਂ ਪੁੱਟੀਆਂ ਜਾ ਰਹੀਆਂ ਸਨ। ਔਰਤਾਂ ਦੇ ਤਨ ਦਾ ਇਕ ਇਕ ਜੇਵਰ ਲਾਹ ਲਿਆ ਗਿਆ ਸੀ। ਮੁਗਲਾਨੀ ਬੇਗਮ ਉਸਦੀ ਸਲਾਹਕਾਰ ਬਣੀ ਹੋਈ ਸੀ ਤੇ ਅੱਗੇ ਅੱਗੇ ਤੁਰੀ ਫਿਰਦੀ ਸੀ। ਪੂਰੇ ਵਿਸ਼ਵਾਸ ਨਾਲ ਦੱਸ ਰਹੀ ਸੀ ਕਿ ਕਿੰਨਾਂ ਧਨ ਕਿੱਥੇ ਪਿਆ ਹੈ ਤੇ ਕਿਸ ਹਰਮ ਵਿਚ ਕਿੰਨੀਆਂ ਹੁਸੀਨਾਂ ਹਨ। ਇਮਾਦੁੱਲ ਮੁਲਕ ਦੀ ਸਾਰੀ ਸੰਪਤੀ ਖੋਹ ਲਈ ਗਈ। ਅਬਦਾਲੀ ਨੇ ਖੁੱਲ੍ਹੇਆਮ ਉਸਨੂੰ ਬੇਇੱਜਤ ਕਰਦਿਆਂ ਕਿਹਾ, “ਏਨਾ ਵੀ ਨਹੀਂ ਸਰਿਆ ਕਿ ਇੱਜਤ ਤੇ ਅਣਖ ਲਈ ਹੀ ਲੜਾਂ—ਚੁੱਪਚਾਪ ਗੋਡੇ ਟੇਕ ਦਿੱਤੇ। ਇਸ ਪਾਜੀ ਦਾ ਮੂੰਹ ਕਾਲਾ ਕਰਕੇ, ਗਧੇ ਉੱਤੇ ਬਿਠਾਅ ਕੇ ਪੂਰੇ ਸ਼ਹਿਰ ਵਿਚ ਘੁਮਾਇਆ ਜਾਏ।” ਉਸਦੇ ਹੁਕਮ ਦੀ ਪਾਲਨਾ ਕੀਤੀ ਗਈ।
ਇੰਤਜਾਮੂਦੌਲਾ ਨੇ ਆਪਣੀ ਇਕ ਇਕ ਚੀਜ਼ ਅਬਦਾਲੀ ਦੇ ਹਵਾਲੇ ਕਰ ਕੇ ਕਿਹਾ, “ਹੁਣ ਮੇਰੇ ਕੋਲ ਇਸ ਅੰਗੂਠੀ ਦੇ ਇਲਾਵਾ ਹੋਰ ਕੁਝ ਵੀ ਨਹੀਂ।”
“ਜੇ ਕੁਝ ਹੋਰ ਨਿਕਲ ਆਇਆ ਫੇਰ?” ਅਬਦਾਲੀ ਨੇ ਅੱਖਾਂ ਦਿਖਾਈਆਂ।
ਇੰਤਜਾਮੂਦੌਲਾ ਕੰਬ ਗਿਆ ਤੇ ਉਸਦਾ ਰੰਗ ਪੀਲਾ ਪੈ ਗਿਆ। ਥਿੜਕਦੀ ਆਵਾਜ਼ ਵਿਚ ਬੋਲਿਆ, “ਮੇਰੇ ਵਾਲਿਦ ਸਾਹਬ ਦੀ ਦੌਲਤ ਕਿੱਥੇ ਹੈ, ਇਸ ਦਾ ਪਤਾ ਮੇਰੀ ਵਾਲਿਦਾ ਸਾਹਿਬਾ ਬੇਗਮ ਸ਼ੋਲਾਪੁਰੀ ਨੂੰ ਏ।”
ਸ਼ੋਲਾਪੁਰੀ ਬੇਗਮ ਨੂੰ ਬੁਲਾਇਆ ਗਿਆ। ਉਸਨੂੰ ਚੂੰ-ਚਰਾਂ ਕੀਤੀ ਤਾਂ ਅਬਦਾਲੀ ਨੇ ਧਮਕੀ ਦਿੱਤੀ ਕਿ ਇਸਦੇ ਨੌਂਹਾਂ ਵਿਚ ਕਿੱਲ ਠੋਕ ਦਿਓ। ਬੁਲਬੁਲ ਵਰਗੀ ਬੇਗਮ ਸੁਣ ਕੇ ਹੀ ਬੇਹੋਸ਼ ਹੋ ਗਈ ਤੇ ਜਦੋਂ ਹੋਸ਼ ਵਿਚ ਆਈ ਤਾਂ ਸਾਰੇ ਭੇਦ ਉਗਲ ਦਿੱਤੇ।
ਇਸ ਪਿੱਛੋਂ ਅਬਦਾਲੀ ਨੇ ਹੁਕਮ ਦਿੱਤਾ ਕਿ ਅਮੀਰ ਹੋਏ ਚਾਹੇ ਗਰੀਬ ਹਰੇਕ ਘਰ ਤੋਂ ਤਾਵਾਨ ਵਸੂਲ ਕੀਤਾ ਜਾਏ। ਕਿਸੇ ਨੂੰ ਵੀ ਛੱਡਿਆ ਨਹੀਂ ਗਿਆ।
ਇਸ ਮਕਸਦ ਅਧੀਨ ਸ਼ਹਿਰ ਨੂੰ ਵਾਰਡਾਂ ਵਿਚ ਵੰਡ ਦਿੱਤਾ ਗਿਆ ਤੇ ਹਰੇਕ ਵਾਰਡ ਵਿਚ ਅਫਗਾਨ ਸਿਪਾਹੀਆਂ ਦੀ ਡਿਊਟੀ ਲਾ ਦਿੱਤੀ ਗਈ। ਔਰਤਾਂ ਤੇ ਮਰਦਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਕੁੱਟਮਾਰ ਤੇ ਕਤਲ ਕਰ ਦੇਣਾ ਮਾਮੂਲੀ ਗੱਲ ਸੀ। ਬਹੁਤ ਸਾਰੇ ਲੋਕਾਂ ਤੋਂ ਇਹ ਜੁਲਮ ਸਹਾਰੇ ਨਾ ਗਏ। ਉਹਨਾਂ ਨੇ ਜਹਿਰ ਖਾ ਕੇ ਜਾਂ ਖੂਹ ਵਿਚ ਛਾਲ ਮਾਰ ਕੇ ਅਤਮ-ਹੱਤਿਆ ਕਰ ਲਈ। 4 ਫਰਬਰੀ ਤੋਂ 5 ਮਾਰਚ ਤਕ ਪੂਰਾ ਇਕ ਮਹੀਨਾ ਲੁੱਟਮਾਰ, ਬਲਾਤਕਾਰ ਤੇ ਕਤਲੋਗਾਰਤ ਦਾ ਇਹ ਸਿਲਸਿਲਾ ਜ਼ਾਰੀ ਰਿਹਾ। ਦਿੱਲੀ ਨੌਂ ਵਾਰੀ ਵੱਸੀ ਤੇ ਨੌਂ ਵਾਰੀ ਉੱਜੜੀ, ਪਰ ਉਸਦੀ ਜਿਹੜੀ ਹਾਲਤ ਇਸ ਵਾਰੀ ਹੋਈ, ਪਹਿਲਾਂ ਕਦੀ ਨਹੀਂ ਸੀ ਹੋਈ। ਅਬਦਾਲੀ ਨੇ ਮੁਗਲ ਸੱਤਾ ਦੀ ਦਰੜ-ਦਰੜ ਕੇ ਮਿੱਝ ਕੱਢ ਦਿੱਤੀ ਸੀ।
ਮਥਰਾ ਤੇ ਬਿੰਦਰਾਬਨ ਨੂੰ ਵੀ ਇੰਜ ਹੀ ਲੁੱਟਿਆ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੇਟੇ ਤੈਮੂਰ ਦੀ ਸ਼ਾਦੀ ਬਾਦਸ਼ਾਹ ਆਲਮਗੀਰ ਸਾਨੀ ਦੀ ਬੇਟੀ ਜੌਹਰ ਬੇਗਮ ਨਾਲ ਕਰ ਦਿੱਤੀ ਤੇ ਲੁੱਟ ਦਾ ਸਾਰਾ ਮਾਲ ਉਸਨੂੰ ਦੇ ਕੇ ਲਾਹੌਰ ਰਵਾਨਾ ਕਰ ਦਿੱਤਾ ਤਾਂ ਕਿ ਉੱਥੋਂ ਇਹ ਮਾਲ ਅਫਗਾਨਿਸਤਾਨ ਭੇਜ ਦਿੱਤਾ ਜਾਏ। ਫੇਰ ਆਪਣੀ ਸ਼ਾਦੀ ਮਰਹੂਮ (ਸਵਰਗੀ) ਬਾਦਸ਼ਾਹ ਮੁਹੰਮਦ ਸ਼ਾਹ ਦੀ ਬੇਟੀ ਹਜਰਤ ਬੇਗਮ ਨਾਲ ਕਰਵਾਈ। ਹਜਰਤ ਬੇਗਮ ਦੀ ਉਮਰ ਸਿਰਫ 16 ਸਾਲ ਦੀ ਸੀ ਤੇ ਤੈਅ ਸੀ ਕਿ ਉਸਦਾ ਵਿਆਹ ਆਲਮਗੀਰ ਸਾਨੀ ਨਾਲ ਹੋਏਗਾ। ਜਦੋਂ ਨਿਕਾਹ ਪੜ੍ਹਿਆ ਜਾ ਰਿਹਾ ਸੀ, ਉਹ ਰੋ ਰੋ ਕੇ ਬੇਹਾਲ ਹੁੰਦੀ ਜਾ ਰਹੀ ਸੀ ਤੇ ਵਾਰੀ ਵਾਰੀ ਆਲਮਗੀਰ ਸਾਨੀ ਵੱਲ ਦੇਖ ਰਹੀ ਸੀ।
“ਜਹਾਂਪਨਾਹ।” ਆਲਮਗੀਰ ਸਾਨੀ ਨੇ ਕੁਰਲਾ ਕੇ ਕਿਹਾ, “ਸ਼ਰ੍ਹਾ ਦੇ ਮੁਤਾਬਿਕ ਨਿਕਾਹ ਵਿਚ ਦੁਲਹਨ ਦੀ ਰਜ਼ਾਮੰਦੀ ਵੀ ਜ਼ਰੂਰੀ ਹੈ।”
“ਭੋਲੇ ਬਾਦਸ਼ਾਹ।” ਅਬਦਾਲੀ ਨੇ ਮੁਸਕਰਾ ਕੇ ਕਿਹਾ, “ਜਿਹੜਾ ਨਿਕਾਹ ਤਲਵਾਰ ਦੀ ਨੋਕ ਉਪਰ ਕੀਤਾ ਜਾਏ, ਉਸ ਵਿਚ ਕੋਈ ਸ਼ਰ੍ਹਾ ਨਹੀਂ ਹੁੰਦੀ।”
ਅਬਦਾਲੀ ਆਪਣੀ ਇਸ ਦੁਲਹਨ ਦੇ ਨਾਲ ਸ਼ਾਹੀ ਹਰਮ ਦੀਆਂ 17 ਰਖੇਲਾਂ ਤੇ 400 ਦਾਸੀਆਂ ਨੂੰ ਵੀ ਆਪਣੇ ਕੈਂਪ ਵਿਚ ਲੈ ਗਿਆ।
ਇਤਫਾਕ ਨਾਲ ਅਫਗਾਨ ਫੌਜ ਵਿਚ ਹੈਜਾ ਫੈਲ ਗਿਆ। ਲਗਭਗ ਡੇਢ ਸੌ ਸਿਪਾਹੀ ਹਰ ਰੋਜ਼ ਮਰਨ ਲੱਗੇ। ਇਸ ਕਾਰਨ ਉਸਨੂੰ ਦਿੱਲੀ ਛੱਡਨੀ ਪਈ। ਨਜੀਬ ਖਾਂ ਨੂੰ ਨਜੀਬੂਦੌਲਾ ਦਾ ਖਿਤਾਬ ਦੇ ਕੇ ਉਸਨੂੰ ਹਿੰਦੁਸਤਾਨ ਦਾ ਮੀਰ ਬਖਸ਼ੀ ਭਾਵ ਆਪਣਾ ਮੁਖਤਿਆਰ ਬਣਾ ਕੇ ਉਹ 2 ਅਪਰੈਲ 1757 ਨੂੰ ਲੁੱਟ ਦੇ ਮਾਲ ਨਾਲ ਮਾਲਾ-ਮਾਲ ਹੋ ਕੇ ਵਾਪਸ ਪਰਤ ਪਿਆ।
ਸਿੱਖਾਂ ਨੇ ਵੀ ਅਹਿਮਦ ਸ਼ਾਹ ਅਬਦਾਲੀ ਦਾ ਵਿਰੋਧ ਨਹੀਂ ਕੀਤਾ ਸੀ। ਅਫਗਾਨਾਂ ਦੇ ਟਿੱਡੀ ਦਲ ਦਾ ਸਿੱਧਾ ਮੁਕਾਬਲਾ ਕਰਨ ਦੀ ਅਜੇ ਉਹਨਾਂ ਦੀ ਸ਼ਕਤੀ ਨਹੀਂ ਸੀ ਬਣੀ, ਪਰ ਅਬਦਾਲੀ ਦੇ ਹਮਲੇ ਨਾਲ ਜਿਹੜੀ ਹਫੜਾ-ਦਫੜੀ ਮੱਚੀ ਉਸਦਾ ਉਹਨਾਂ ਪੂਰਾ ਲਾਭ ਉਠਾਇਆ। ਆਪਣੀ ਰਾਖੀ-ਪ੍ਰਣਾਲੀ ਦਾ ਵਿਸਥਾਰ ਕਰਕੇ ਆਪਣੀ ਸ਼ਕਤੀ ਵਧਾਈ। ਹੁਣ ਸਿੱਖ ਜੱਥੇ ਇੱਥੇ-ਉੱਥੇ ਘਾਤ ਲਾਈ ਬੈਠੇ ਸਨ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪਰਤਣ ਦੀ ਉਡੀਕ ਕਰ ਰਹੇ ਸਨ। ਜਾਸੂਸੀ ਦਾ ਪ੍ਰਬੰਧ ਏਨਾ ਚੰਗਾ ਸੀ ਕਿ ਉਹਨਾਂ ਦੇ ਸੂਹੀਏ ਦਿੱਲੀ ਦੀ ਰਾਈ-ਰਾਈ ਦੀ ਖਬਰ ਲਿਆ ਰਹੇ ਸਨ। ਸ਼ਹਿਜਾਦਾ ਤੈਮੂਰ ਮਾਰਚ 1757 ਦੇ ਤੀਜੇ ਹਫਤੇ ਦਿੱਲੀ ਤੋਂ ਲਾਹੌਰ ਵੱਲ ਤੁਰਿਆ ਤਾਂ ਸਰਦਾਰ ਆਹਲੂਵਾਲੀਆ ਨੂੰ ਇਸ ਸਿਲਸਿਲੇ ਵਿਚ ਇਕ ਰੁੱਕਾ ਮਿਲਿਆ। ਲਿਖਿਆ ਸੀ—
'ਕੀ ਦੱਸੀਏ ਅਕਲ ਹੈਰਾਨ ਹੈ। ਕੁੱਕੜਾਂ ਦੀਆਂ ਲੜਾਈਆਂ ਤਾਂ ਬਥੇਰੀਆਂ ਦੇਖੀਆਂ ਸਨ ਪਰ ਕੱਲ੍ਹ ਇੱਥੇ ਇਕ ਕੁੱਕੜ ਕੁੱਕੜੀ ਦਾ ਵਿਆਹ ਹੋਇਆ। ਕਫਨ ਚੋਰ ਮਾਲਾ ਮਾਲ ਹੈ, ਸ਼ਰੀਫ ਲੋਕਾਂ ਦਾ ਬੁਰਾ ਹਾਲ ਹੈ। ਵੱਡੇ ਮੀਆਂ ਤੇ ਛੋਟੇ ਮੀਆਂ ਵਿਚਕਾਰ ਬਾਰਾਂ ਆਨੇ ਤੇ ਚਾਰ ਆਨੇ ਦੀ ਪੱਤੀ ਹੋ ਗਈ ਹੈ। ਵੱਡੇ ਮੀਆਂ ਅਜੇ ਰੁਕਣਗੇ, ਪਰ ਛੋਟੇ ਮੀਆਂ ਲਾਹੌਰ ਲਈ ਚੱਲ ਪਏ ਨੇ।' ਮ.ਅ.।
ਰੁੱਕਾ ਸੰਕੇਤ ਭਾਸ਼ਾ ਵਿਚ ਸੀ ਤੇ ਮ.ਅ. ਵੀ ਰੁੱਕਾ ਲਿਖਣ ਵਾਲੇ ਦਾ ਸੰਕੇਤ ਭਾਸ਼ਾ ਵਿਚ ਨਾਂ ਸੀ। ਮੁਲਤਾਨੀ ਬੇਗਮ ਦਿੱਲੀ ਗਈ ਤਾਂ ਤਹਿਮਸ ਖਾਂ ਮਸਕੀਨ ਵੀ ਦਿੱਲੀ ਗਿਆ ਤੇ ਉਸਦੇ ਨਾਲ ਰੋਜਨਾਮਚੇ ਦੀ ਨਕਲ ਕਰਨ ਲਈ ਸ਼ਾਦ ਅਲੀ ਯਾਨੀ ਮੇਹਰ ਅਲੀ ਉਰਫ਼ ਮੇਹਰ ਚੰਦ ਵੀ ਗਿਆ। ਇਹ ਰੁੱਕਾ ਉਸਦਾ ਲਿਖਿਆ ਹੋਇਆ ਸੀ। ਉਸਨੇ ਇਹ ਲਾਲ ਕਿਲੇ ਦੇ ਬਾਹਰ ਇਕ ਦਰਵੇਸ਼ ਨੂੰ ਫੜਾ ਦਿੱਤਾ ਤੇ ਫੇਰ ਹੱਥੋ ਹੱਥ ਝਟਪਟ ਸਰਦਾਰ ਆਹਲੂਵਾਲੀਆ ਕੋਲ ਪਹੁੰਚ ਗਿਆ। ਦਿੱਲੀ ਦੀ ਹਾਲਤ ਬਿਆਨ ਕਰਨ ਦੇ ਨਾਲ ਦੱਸਿਆ ਗਿਆ ਸੀ ਕਿ ਸ਼ਹਿਜਾਦਾ ਤੈਮੂਰ ਲਾਹੌਰ ਵੱਲ ਤੁਰ ਪਿਆ ਹੈ। ਉਸਦੇ ਨਾਲ ਇਕ ਚੌਥਾਈ ਫੌਜ ਹੈ ਤੇ ਤਿੰਨ ਚੌਥਾਈ ਫੌਜ ਅਹਿਮਦ ਸ਼ਾਹ ਅਬਦਾਲੀ ਨਾਲ ਦਿੱਲੀ ਵਿਚ ਰਹੇਗੀ।
ਤੈਮੂਰ ਨੇ ਅਜੇ ਸਰਹਿੰਦ ਪਾਰ ਕੀਤਾ ਹੀ ਸੀ ਕਿ ਸਿੱਖ ਗੁਰੀਲੇ ਉਸ ਉੱਤੇ ਝਪਟ ਪਏ। ਪਹਿਲਾਂ ਆਲਾ ਸਿੰਘ ਨੇ ਦੂਜੇ ਜੱਥਿਆਂ ਦੀ ਮਦਦ ਨਾਲ ਅੰਬਾਲੇ ਤੇ ਪਟਿਆਲੇ ਵਿਚਕਾਰ ਸਨੂਰ ਕੋਲ ਉਹਨਾਂ ਦਾ ਰਸਤਾ ਆ ਰੋਕਿਆ। ਅਚਾਨਕ ਹੋਏ ਹਮਲੇ ਕਾਰਨ ਅਫਗਾਨ ਸੈਨਾ ਘਬਰਾ ਗਈ। ਜਿਹੜਾ ਲੁੱਟ ਦਾ ਮਾਲ ਤੇ ਖਜਾਨਾ ਲਾਹੌਰ ਲਿਜਾਅ ਰਹੇ ਸਨ, ਸਿੱਖਾਂ ਨੇ ਲਗਭਗ ਅੱਧਾ ਖੋਹ ਲਿਆ। ਤੈਮੂਰ ਅਗੇ ਵਧਿਆ ਤਾਂ ਸਿੱਖਾਂ ਦੇ ਦੂਜੇ ਜੱਥੇ ਨੇ ਉਸਨੂੰ ਮਲੇਰਕੋਟਲੇ ਵਿਚ ਫੇਰ ਆ ਘੇਰਿਆ ਤੇ ਅਜਿਹੀ ਮਾਰ ਮਾਰੀ ਕਿ ਉਹਨਾਂ ਦੀ ਬਹਾਦਰੀ ਦੇ ਕਿੱਸੇ ਬਣ ਗਏ। ਲੋਕਾਂ ਦਾ ਸੁਭਾਅ ਹੈ ਕਿ ਉਹ ਜਿਸ ਗੱਲ ਨੂੰ ਪਸੰਦ ਕਰਦੇ ਨੇ, ਉਸਨੂੰ ਵਧਾਅ-ਚੜਾਅ ਕੇ ਬਿਆਨ ਕਰਦੇ ਨੇ ਤੇ ਆਪਣੀ ਕਲਪਨਾ ਨਾਲ ਉਸਨੂੰ ਅੱਤ-ਕੱਥਨੀ ਦਾ ਰੂਪ ਦੇ ਦਿੰਦੇ ਨੇ।...ਤੇ ਜਿਸਨੂੰ ਪਸੰਦ ਨਹੀਂ ਕਰਦੇ, ਉਸਨੂੰ ਵੀ ਅੱਤ-ਕੱਥਨੀ ਦਾ ਰੂਪ ਦੇ ਦਿੰਦੇ ਨੇ। ਇਹ ਅਫਵਾਹ ਫੈਲ ਗਈ ਕਿ ਤੈਮੂਰ ਨੂੰ ਸਿੱਖਾਂ ਨੇ ਗਿਰਫਤਾਰ ਕਰ ਲਿਆ ਹੈ ਤੇ ਕਿਤੇ ਕਿਤੇ ਇਹ ਵੀ ਕਿਹਾ ਜਾਣ ਲੱਗਿਆ ਕਿ ਤੈਮੂਰ ਦਾ ਸਭ ਕੁਝ ਖੋਹ ਕੇ ਉਸਨੂੰ ਕਤਲ ਕਰ ਦਿੱਤਾ ਗਿਆ ਹੈ।
ਫੇਰ ਜਦੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਵੱਲ ਪਰਤਿਆ ਤਾਂ ਸਿੱਖਾਂ ਨੇ ਦਿੱਲੀ ਤੋਂ ਲੈ ਕੇ ਚਨਾਬ ਤਕ ਪੈਰ ਪੈਰ 'ਤੇ ਛਾਪੇ ਮਾਰੇ ਤੇ ਲੁੱਟ ਦੇ ਜਿਸ ਮਾਲ ਨਾਲ ਉਹ ਮਾਲੋ-ਮਾਲ ਹੋ ਕੇ ਚੱਲਿਆ ਸੀ, ਉਸਦਾ ਕਾਫੀ ਹਿੱਸਾ ਖੋਹ ਲਿਆ।
ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਇਹਨਾਂ ਹਮਲਿਆਂ ਕਾਰਨ ਪਿੱਟ ਉੱਠਿਆ। ਉਹ ਮੱਧ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਸੀ, ਆਪਣੀ ਇਹ ਹੱਤਕ ਕਿੰਜ ਸਹਾਰ ਸਕਦਾ ਸੀ? ਉਹ ਆਪਣੀ ਇਸ ਹੱਤਕ ਦਾ ਬਦਲਾ ਲੈਣ ਲਈ ਕਾਫੀ ਸਮੇਂ ਤਕ ਲਾਹੌਰ ਵਿਚ ਰੁਕਿਆ ਰਿਹਾ। ਸਿੱਖਾਂ ਦੇ ਖ਼ਿਲਾਫ਼ ਮੁਹਿੰਮਾਂ ਲਾਮਬੰਦ ਕੀਤੀਆ, ਪਤਾ ਨਹੀਂ ਕਿੰਨਿਆਂ ਨੂੰ ਕਤਲ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਨੂੰ ਲੁੱਟ ਲਿਆ। ਹਰਿਮੰਦਰ ਸਾਹਿਬ ਢਾਅ ਦਿੱਤਾ ਤੇ ਸਰੋਵਰ ਨੂੰ ਗੋਹੇ, ਗੰਦਗੀ, ਪਸ਼ੂਆਂ ਦੇ ਮਨੁੱਖਾਂ ਦੀਆਂ ਹੱਡੀਆਂ ਨਾਲ ਪੂਰਾ ਭਰ ਦਿੱਤਾ ਗਿਆ। ਸਿੱਖ ਲਾਹੌਰ ਤੇ ਅੰਮ੍ਰਿਤਸਰ ਦੇ ਆਸਪਾਸ ਦਾ ਇਲਾਕਾ ਛੱਡ ਕੇ ਸੰਦਲ ਬਾਰ ਵੱਲ ਚਲੇ ਗਏ ਤੇ ਜੰਮੂ ਦੀਆਂ ਪਹਾੜੀਆਂ ਵਿਚ ਜਾ ਛੁਪੇ, ਜਿੱਥੇ ਉਹਨਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਅਬਦਾਲੀ ਬਹੁਤ ਝੁੰਜਲਾਇਆ ਹੋਇਆ ਸੀ ਤੇ ਅਬਦੁੱਲ ਸਮਦ, ਜ਼ਕਰੀਆ ਖਾਂ ਤੇ ਮੀਰ ਮੰਨੂੰ ਵਾਂਗ ਹੀ ਸਿੱਖਾਂ ਦਾ ਨਾਂ ਨਿਸ਼ਾਨ ਮਿਟਾਉਣ ਉੱਤੇ ਤੁਲਿਆ ਹੋਇਆ ਸੀ ਪਰ ਮਈ ਜੂਨ ਦੀ ਲੂ ਤੇ ਗਰਮੀ ਉਸ ਤੋਂ ਤੇ ਉਸਦੀ ਸੈਨਾ ਤੋਂ ਸਹਾਰੀ ਨਹੀਂ ਸੀ ਜਾ ਰਹੀ। ਨਾਲ ਉਸਦੀ ਗੈਰਹਾਜ਼ਰੀ ਕਾਰਨ ਅਫਗਾਨਿਸਤਾਨ ਵਿਚ ਬਗ਼ਾਵਤ ਫੁੱਟ ਪਈ ਸੀ, ਇਸ ਲਈ ਸਿੱਖਾਂ ਨੂੰ ਕੁਚਲਨ ਦੀ ਹਸਰਤ ਮਨ ਵਿਚ ਲੈ ਕੇ ਆਪਣੇ ਦੇਸ਼ ਪਰਤ ਜਾਣਾ ਪਿਆ। ਜਾਣ ਤੋਂ ਪਹਿਲਾਂ ਉਸਨੇ ਲਾਹੌਰ ਦਾ ਪ੍ਰਬੰਧ ਇੰਜ ਕੀਤਾ ਕਿ ਆਪਣੇ ਬੇਟੇ ਤੈਮੂਰ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਤੇ ਆਪਣੇ ਪ੍ਰਧਾਨ ਸੈਨਾਪਤੀ ਜਹਾਨ ਖਾਂ ਨੂੰ ਉਸਦਾ ਨਾਇਬ ਤੇ ਸਰਪ੍ਰਸਤ ਬਣਾ ਦਿੱਤਾ। ਆਪਣੀ ਨਿੱਜੀ ਫੌਜ ਦੇ ਚੁਣੇ ਹੋਏ ਦਸ ਹਜ਼ਾਰ ਸੈਨਕ ਲਾਹੌਰ ਵਿਚ ਤੈਮੂਰ ਸ਼ਾਹ ਦੇ ਕੋਲ ਰਹਿਣ ਦਿੱਤੇ ਤੇ ਉਸਨੂੰ ਹੁਕਮ ਦਿੱਤਾ ਕਿ ਉਹ ਹਿੰਦੁਸਤਾਨ ਵਿਚ ਪੈਦਾ ਹੋਏ ਤੁਰਕ, ਈਰਾਨੀ ਤੇ ਅਫਗਾਨ ਸਿਪਾਹੀ ਭਰਤੀ ਕਰਕੇ ਹੋਰ ਫੌਜ ਵੀ ਬਣਾ ਸਕਦਾ ਹੈ। ਮਤਲਬ ਇਹ ਕਿ ਉਸਨੂੰ ਵਿਦੇਸ਼ੀ ਨਸਲ ਦੇ ਤੁਰਕਾਂ, ਈਰਾਨੀਆਂ ਤੇ ਅਫਗਾਨਾਂ ਉਪਰ ਹੀ ਭਰੋਸਾ ਸੀ। ਹਿੰਦੁਸਤਾਨੀ ਮੁਸਲਮਾਨ ਵੀ ਭਰੋਸੇ ਯੋਗ ਨਹੀਂ ਸਨ। ਇਹ ਗੱਲ ਠੀਕ ਵੀ ਸੀ। ਵਿਦੇਸ਼ੀ ਨਸਲ ਦੇ ਇਹ ਲੋਕ ਭਾਸ਼ਾ, ਸਭਿਆਚਾਰ ਤੇ ਬਹਾਦਰੀ ਆਦਿ ਹਰੇਕ ਗੱਲ ਵਿਚ ਆਪਣੇ ਹਿੰਦੁਸਤਾਨੀ ਮੁਸਲਮਾਨਾਂ ਨਾਲੋਂ ਚੰਗੇ ਸਮਝੇ ਜਾਂਦੇ ਸਨ ਤੇ ਉਹਨਾਂ ਨਾਲ ਨਫਰਤ ਕਰਦੇ ਸਨ। ਇਸ ਲਈ ਭਰੋਸਾ ਕਿਵੇਂ ਹੋਏ। ਅਬਦਾਲੀ ਜਾਣਦਾ ਸੀ ਕਿ ਜਿਸਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਉਹ ਉਸਦਾ ਸਾਥ ਨਹੀਂ ਦਏਗਾ।
ਫੇਰ ਵੀ ਅਬਦਾਲੀ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਨਾਲ ਦੋਸਤੀ ਗੰਢੀ ਤਾਂਕਿ ਉਹ ਸਿੱਖਾਂ ਨੂੰ ਉਹਨਾਂ ਦੇ ਪਹਾੜੀ ਠਿਕਾਣਿਆਂ ਵਿਚੋਂ ਕੱਢੇ ਤੇ ਤੈਮੂਰ ਨੂੰ ਉਸਦਾ ਸਹਿਯੋਗ ਪ੍ਰਾਪਤ ਹੋਏ। ਇਸ ਦੋਸਤੀ ਦੇ ਬਦਲੇ ਵਿਚ ਸਿਆਲਕੋਟ ਜ਼ਿਲੇ ਦੇ ਜਫਰਵਾਰ, ਸਨਖਤਰਾ ਤੇ ਫੈਰੋਜਾਬਾਦ ਪਰਗਨੇ ਰਣਜੀਤ ਦੇਵ ਨੂੰ ਦੇ ਦਿੱਤੇ।
ਲਾਹੌਰ ਦੇ ਇਸ ਪ੍ਰਬੰਧ ਉਪਰ ਮੁਗਲਾਨੀ ਬੇਗਮ ਚਿੜ ਗਈ। ਉਸਨੇ ਅਬਦਾਲੀ ਨੂੰ ਬੁਲਾਇਆ ਸੀ ਤੇ ਆਪਣੇ ਵਾਅਦੇ ਅਨੁਸਾਰ ਦਿੱਲੀ ਨੂੰ ਲੁੱਟਣ ਵਿਚ ਉਸਦੀ ਮਦਦ ਕੀਤੀ ਸੀ। ਉਹ ਪੰਜਾਬ ਦੀ ਨਵਾਬੀ ਉਪਰ ਆਪਣਾ ਹੱਕ ਸਮਝਦੀ ਸੀ ਤੇ ਇਸ ਲਈ ਅਬਦਾਲੀ ਦੀ ਚਾਪਲੂਸੀ ਕਰਦੀ ਹੋਈ ਉਸਦੇ ਨਾਲ ਦਿੱਲੀ ਤੋਂ ਲਾਹੌਰ ਆਈ ਸੀ। ਜਦੋਂ ਅਬਦਾਲੀ ਨੇ ਤੈਮੂਰ ਨੂੰ ਸੂਬੇਦਾਰ ਬਣਾ ਦਿੱਤਾ, ਬੇਗਮ ਦੇ ਹੱਥਾਂ ਦੇ ਤੋਤੇ ਉੱਡ ਗਏ। “ਇਹ ਤੁਸੀਂ ਕੀ ਕੀਤਾ!” ਉਹ ਅੱਖਾਂ ਵਿਚ ਅੱਥਰੂ ਭਰ ਕੇ ਬੋਲੀ, “ਮੈਂ ਤੁਹਾਨੂੰ ਆਪਣਾ ਬਣਾਇਆ। ਤੁਸੀਂ ਮੇਰਾ ਹੱਕ ਮੈਨੂੰ ਦਿਓ।”
ਅਬਦਾਲੀ ਬੜਾ ਹੰਡਿਆ ਵਰਤਿਆ ਤੇ ਹਸਮੁਖ ਆਦਮੀ ਸੀ। ਮੁਸਕਰਾ ਕੇ ਬੋਲਿਆ, “ਤੂੰ ਮੇਰੀ ਬੇਟੀ ਏਂ, ਸੋ ਤੈਮੂਰ ਤੇਰਾ ਛੋਟਾ ਭਰਾ ਏ। ਤੂੰ ਹੋਈ ਜਾਂ ਤੇਰੀ ਜਗ੍ਹਾ ਤੈਮੂਰ ਹੋਇਆ ਇਕੋ ਗੱਲ ਏ। ਸਿਆਸਤ ਦੇ ਪੰਗਿਆਂ ਵਿਚ ਪੈਣਾ, ਖਾਹਮਖਾਹ ਦੀ ਸਿਰਦਰਦੀ ਮੁੱਲ ਲੈਣਾ ਹੁੰਦਾ ਏ। ਮੈਂ ਤੇਰੀ ਪੈਂਸ਼ਨ ਬੰਨ੍ਹ ਦਿੱਤੀ ਏ...ਲਾਹੌਰ ਵਿਚ ਰਹਿ ਤੇ ਆਪਣੀ ਐਸ਼ ਕਰ।”
ਅਬਦਾਲੀ ਨੇ ਸ਼ਾਹ ਵਲੀ ਖਾਂ ਤੇ ਜਹਾਨ ਖਾਂ ਨੂੰ ਕਿਹਾ ਕਿ ਉਹ ਬੇਗਮ ਨੂੰ ਸਮਝਾਉਣ, ਪਰ ਬੇਗਮ ਉੱਤੇ ਸਮਝਾਉਣ-ਬੁਝਾਉਣ ਦਾ ਕੋਈ ਅਸਰ ਨਹੀਂ ਹੋਇਆ। ਉਹ ਹਾੜ੍ਹੇ-ਮਿੰਨਤਾਂ ਕਰਦੀ ਜੇਹਲਮ ਤਕ ਅਬਦਾਲੀ ਦੇ ਨਾਲ ਗਈ। ਅਬਦਾਲੀ ਟੱਸ ਤੋਂ ਮੱਸ ਨਾ ਹੋਇਆ, ਬੇਗਮ ਨਿਰਾਸ਼ ਪਰਤੀ।
ਲਾਹੌਰ ਦੀ ਸਰਾਏ ਹਕੀਮਾ ਵਿਚ ਉਸਦੀ ਰਹਾਇਸ਼ ਸੀ। ਉਸ ਵਿਚ ਸਿਰਫ ਦੋ ਕਮਰੇ ਸਨ। ਬਾਕੀ ਸਾਰੀ ਇਮਾਰਤ ਖੰਡਰ ਹੋਈ ਪਈ ਸੀ। ਖੰਡਰ ਵਿਚ ਚਮਗਿੱਦੜਾਂ ਦਾ ਵਾਸਾ ਸੀ ਤੇ ਅਰਮਾਨਾ ਦੀ ਧੂੜ ਉੱਡਦੀ ਸੀ।
ਬੇਗਮ ਨੂੰ ਤੀਹ ਹਜ਼ਾਰ ਰੁਪਏ ਸਾਲਾਨਾ ਪੈਂਸ਼ਨ ਮਿਲਦੀ ਸੀ। ਮਸਕੀਨ ਹੁਣ ਵੀ ਉਸਦਾ ਨਿੱਜੀ ਸਕੱਤਰ ਸੀ।
ooo
ਬਾਬਾ ਦੀਪ ਸਿੰਘ ਇਕ ਭਲੇ-ਪੁਰਖ ਸਨ। ਹੁਣ ਉਹ ਬੁੱਢੇ ਹੋ ਗਏ ਸਨ ਤੇ ਉਹਨਾਂ ਸਸ਼ਤਰ ਸੰਘਰਸ਼ ਤੋਂ ਤਿਆਗ ਲੈ ਲਿਆ ਸੀ। ਤਲਵੰਡੀ ਭਾਵ ਦਮਦਮੇ ਵਿਚ ਉਹਨਾਂ ਦੀ ਗੜ੍ਹੀ ਸੀ। ਉਹ ਉੱਥੇ ਆਰਾਮ ਨਾਲ ਰਹਿੰਦੇ ਸਨ ਤੇ ਗ੍ਰੰਥ ਸਾਹਿਬ ਦੀਆਂ ਨਕਲਾਂ ਤਿਆਰ ਕਰ ਰਹੇ ਸਨ। ਜਦੋਂ ਸੁਣਿਆਂ ਕਿ ਅਫਗਾਨਾਂ ਨੇ ਹਰਿਮੰਦਰ ਤੇ ਸਰੋਵਰ ਦਾ ਅਪਮਾਨ ਕੀਤਾ ਹੈ ਤੇ ਅੰਮ੍ਰਿਤਸਰ ਜਾਣ ਉਪਰ ਪਾਬੰਦੀ ਲਾ ਦਿੱਤੀ ਹੈ ਤਾਂ ਉਹਨਾਂ ਦਾ ਠੰਡਾ ਖ਼ੂਨ ਵੀ ਉਬਾਲੇ ਖਾਣ ਲੱਗਿਆ। ਉਹਨਾਂ ਪ੍ਰਣ ਕੀਤਾ ਕਿ ਉਹ ਦੀਵਾਲੀ ਅੰਮ੍ਰਿਤਸਰ ਵਿਚ ਮਨਾਉਣਗੇ ਤੇ ਆਪਣਾ ਸਿਰ ਦਰਬਾਰ ਸਾਹਬ ਨੂੰ ਭੇਂਟ ਕਰਨਗੇ।
ਉਹਨਾਂ ਗੜ੍ਹੀ ਆਪਣੇ ਭਤੀਜੇ ਸਦਾ ਸਿੰਘ ਦੇ ਹਵਾਲੇ ਕੀਤੀ ਤੇ ਖ਼ੁਦ ਭਾਈ ਹੀਰਾ ਸਿੰਘ, ਨੱਥਾ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਨਾਲ ਲੈ ਕੇ ਨਿਕਲ ਪਏ। ਜਾਗਾ, ਬਰਹਯਨ, ਨਾਹਨ ਵਾਲਾ, ਬੰਝੋਕੇ, ਗੁਰੂ ਚੌਂਤਰਾ, ਫੂਲਾ ਭੇਦਰਾਜ ਤੇ ਪਰਾਜ ਆਦਿ ਪਿੰਡਾਂ ਵਿਚੋਂ ਲਗਭਗ ਇਕ ਹਜ਼ਾਰ ਆਦਮੀ ਨਾਲ ਲਏ, ਜਿਹੜੇ ਧਰਮ ਦੇ ਨਾਂ ਉੱਤੇ ਮਰ-ਮਿਟਣ ਲਈ ਤਿਆਰ ਸਨ। ਉਹ ਸਾਰੇ ਅੰਮ੍ਰਿਤਸਰ ਪਹੁੰਚ ਕੇ ਦੀਵਾਲੀ ਮਨਾਉਣ ਲਈ ਤੁਰ ਪਏ। ਤਰਨਤਾਰਨ ਪਹੁੰਚ ਕੇ ਰੁਕੇ ਉੱਥੇ ਉਹਨਾਂ ਆਪਣੇ ਡੌਲਿਆਂ ਉਪਰ ਆਨੰਦੀ ਪੱਟੀਆਂ ਬੰਨ੍ਹੀਆਂ ਤੇ ਸਿਰਾਂ 'ਤੇ ਕੇਸਰ ਛਿੜਕਿਆ। ਮਤਲਬ ਇਹ ਕਿ ਉਹ ਜਾਨ ਉਪਰ ਖੇਡ ਜਾਣ ਲਈ ਤਿਆਰ ਹਨ। ਪਿੱਛੋਂ ਉਹ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦਾ ਜੈਕਾਰਾ ਲਾ ਕੇ ਅੰਮ੍ਰਿਤਸਰ ਵੱਲ ਤੁਰ ਪਏ।
ਜਹਾਨ ਖਾਂ ਕੋਲ ਖ਼ਬਰ ਪਹੁੰਚੀ ਕਿ ਚੱਕ ਗੁਰੂ ਵਿਚ ਬਹੁਤ ਸਾਰੇ ਸਿੱਖ ਇਕੱਠੇ ਹੋ ਗਏ ਹਨ। ਉਹ ਸਾਰੇ ਹਥਿਆਰਬੰਦ ਹਨ ਤੇ ਅੰਮ੍ਰਿਤਸਰ ਜਾ ਰਹੇ ਹਨ। ਹਾਜੀ ਅਤਾਰਾ ਖਾਂ ਦੀ ਕਮਾਨ ਵਿਚ ਅਫਗਾਨ ਫੌਜ ਦਾ ਇਕ ਦਸਤਾ ਅੰਮ੍ਰਿਤਸਰ ਦੇ ਆਸ-ਪਾਸ ਘੁੰਮ ਰਿਹਾ ਸੀ ਤਾਂਕਿ ਸਿੱਖਾਂ ਦਾ ਸਫਾਇਆ ਕਰਕੇ ਅਮਨ ਕਾਇਮ ਕੀਤਾ ਜਾਏ। ਜਹਾਨ ਖਾਂ ਨੇ ਖ਼ਤ ਲਿਖ ਕੇ ਹਾਜੀ ਅਤਾਰਾ ਖਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਫੌਜ ਦੇ ਨਾਲ ਝਟਪਟ ਫਲਾਂਨੇ ਦਿਨ ਚਕਗੁਰੂ ਪਹੁੰਚ ਜਾਏ ਤੇ ਉਹ ਵੀ ਉਸੇ ਦਿਨ ਉੱਥੇ ਪਹੁੰਚ ਰਿਹਾ ਹੈ ਤਾਂਕਿ ਇਹਨਾਂ ਸਿੱਖਾਂ ਨੂੰ ਜਹਨੁਮ-ਰਸੀਦ ਕੀਤਾ (ਨਰਕਾਂ ਵਿਚ ਭੇਜਿਆ) ਕੀਤਾ ਜਾ ਸਕੇ।
ਜਹਾਨ ਖਾਂ ਨੇ ਲਾਹੌਰ ਸ਼ਹਿਰ ਵਿਚ ਮਨਿਆਦੀ ਕਰਵਾ ਦਿੱਤੀ ਕਿ ਜਿਸ ਦੇ ਕੋਲ ਘੋੜਾ ਹੈ, ਉਹ ਭਾਵੇਂ ਸਰਕਾਰੀ ਮੁਲਾਜਮ ਹੋਏ, ਭਾਵੇਂ ਨਾ ਹੋਏ ਸਿੱਖਾਂ ਨਾਲ ਲੜਨ ਲਈ ਉਸਦੇ ਨਾਲ ਚੱਲ ਸਕਦਾ ਹੈ। ਮੁਲਤਾਨੀ ਬੇਗਮ ਨੇ ਵੀ ਆਪਣੇ ਪੰਦਰਾਂ ਮੁਲਾਜਮ ਤਹਿਮਸ ਮਸਕੀਨ ਦੀ ਅਗਵਾਈ ਵਿਚ ਰਵਾਨਾ ਕਰ ਦਿੱਤੇ। ਜਹਾਨ ਖਾਂ ਨਾਲ ਦੋ ਹਜ਼ਾਰ ਅਫਗਾਨ ਸੈਨਕ ਸਨ। ਉਹ ਸ਼ਾਮ ਹੁੰਦਿਆਂ ਹੁੰਦਿਆਂ ਲਾਹੌਰ ਤੋਂ ਬਾਰਾਂ ਕੋਹ ਦੇ ਫਾਸਲੇ ਉਪਰ ਖਖਨਾਨ ਪਹੁੰਚ ਗਏ। ਅਗਲੀ ਸਵੇਰ ਉੱਥੋਂ ਚੱਲੇ ਤੇ ਅੰਮ੍ਰਿਤਸਰ ਤੋਂ 6 ਕੋਹ ਇਧਰ ਗੋਲਵਾਲ ਪਿੰਡ ਵਿਚ ਆ ਪਹੁੰਚੇ। ਹਾਜੀ ਅਤਾਰਾ ਖਾਂ ਨੇ ਵੀ ਇੱਥੇ ਹੀ ਆਉਣਾ ਸੀ ਪਰ ਸਖਤ ਹਦਾਇਤ ਦੇ ਬਾਵਜੂਦ ਉਹ ਦਿੱਤੇ ਸਮੇਂ 'ਤੇ ਨਹੀਂ ਪਹੁੰਚ ਸਕਿਆ।
ਸੂਹੀਆਂ ਦੁਆਰਾ ਇਸ ਗੱਲ ਦੀ ਖਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ, “ਦੇਖਦੇ ਕੀ ਓ, ਹੱਲਾ ਬੋਲ ਕੇ ਅਫਗਾਨਾਂ ਨੂੰ ਦੱਸ ਦਿਓ ਕਿ ਇਕ ਖਾਲਸਾ ਸਵਾ ਲੱਖ ਉੱਤੇ ਭਾਰੀ ਹੈ।”
ਸਿੱਖਾਂ ਨੇ ਅਫਗਾਨਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਘਮਾਸਾਨ ਦਾ ਯੁੱਧ ਹੋਇਆ। ਸਿੱਖਾਂ ਨੇ ਆਪਣਾ ਘੇਰਾ ਪਲ ਪਲ ਤੰਗ ਕਰਦਿਆਂ ਹੋਇਆਂ ਏਨੇ ਕਰਾਰੇ ਹੱਥ ਵਿਖਾਏ ਕਿ ਮੁਗਲ ਸੈਨਕਾਂ ਦੇ ਪੈਰ ਉੱਖੜਨ ਲੱਗੇ ਤੇ ਉਹਨਾਂ ਵਿਚੋਂ ਬਹੁਤ ਸਾਰੇ ਭੱਜ ਖੜ੍ਹੇ ਹੋਏ, ਪਰ ਭੱਜਦੇ ਹੋਏ ਅਫਗਾਨਾਂ ਲਈ ਬਚ ਨਿਕਲਨ ਦਾ ਕੋਈ ਰਾਸਤਾ ਨਹੀਂ ਸੀ। ਉਹ ਨਿਰਾਸ਼ ਹੋ ਕੇ ਆਪਣੇ ਸੈਨਾ ਵਿਚ ਪਰਤ ਆਏ। ਜਹਾਨ ਖਾਂ ਚਿੜਚਿੜੇ ਮਜਾਜ਼ ਦਾ ਬੰਦਾ ਸੀ ਉਹ ਹਿਰਖ ਵੱਸ ਆਪੇ 'ਚੋਂ ਬਾਹਰ ਹੋ ਗਿਆ। ਉਸਨੇ ਤਲਵਾਰ ਕੱਢੀ ਤੇ ਇਹ ਕਹਿੰਦਿਆਂ ਹੋਇਆਂ, “ਤੁਸੀਂ ਭੱਜੇ ਕਿਉਂ ਓਇ?” ਆਪਣੇ ਕਈ ਸਿਪਾਹੀਆਂ ਨੂੰ ਜ਼ਖਮੀ ਕਰ ਦਿੱਤਾ। ਅਫਗਾਨ ਸੈਨਕ ਫੇਰ ਇਕੱਠੇ ਹੋ ਗਏ। ਉਹ ਅਣਮੰਨੇ ਮਨ ਨਾਲ ਲੜ ਰਹੇ ਸਨ, ਕਿਉਂਕਿ ਲੜਨ ਦੇ ਸਿਵਾਏ ਹੋਰ ਕੋਈ ਚਾਰਾ ਵੀ ਨਹੀਂ ਸੀ। ਪਰ ਹੌਂਸਲੇ ਟੁੱਟ ਗਏ ਸਨ ਤੇ ਉਹ ਆਪਣੇ ਆਪ ਨੂੰ ਬੇਜਾਨ ਮਹਿਸੂਸ ਕਰ ਰਹੇ ਸਨ। ਉਧਰ ਸਿੱਖਾਂ ਦੇ ਹੌਂਸਲੇ ਬੁਲੰਦ ਸਨ ਤੇ '...ਅਕਾਲ-ਅਕਾਲ' ਦੇ ਨਾਅਰੇ ਜੈਕਾਰੇ ਆਕਾਸ਼ ਵਿਚ ਗੂੰਜ ਰਹੇ ਸਨ।
ਠੀਕ ਉਸੇ ਸਮੇਂ ਹਾਜੀ ਅਤਾਰਾ ਖਾਂ ਆਪਣੀ ਫੌਜ ਨਾਲ ਆ ਪਹੁੰਚਿਆ। ਸਿੱਖ ਜਿਹਨਾਂ ਦੇ ਹੌਂਸਲੇ ਵਧੇ ਹੋਏ ਸਨ, ਹੁਣ ਮੁਸੀਬਤ ਵਿਚ ਘਿਰ ਗਏ। ਅਫਗਾਨਾਂ ਦੀ ਗਿਣਤੀ ਬੜੀ ਜ਼ਿਆਦਾ ਸੀ ਤੇ ਉਹਨਾਂ ਕੋਲ ਤੋਪਾਂ ਤੇ ਬੰਦੂਕਾਂ ਵੀ ਸਨ। ਸਿੱਖ ਗੋਲੀਆਂ ਦੀ ਵਾਛੜ ਸਾਹਮਣੇ ਵਧੇਰੇ ਦੇਰ ਨਹੀਂ ਟਿਕ ਸਕੇ ਤੇ ਭੱਜ ਖੜ੍ਹੇ ਹੋਏ। ਅਫਗਾਨ ਸੈਨਕਾਂ ਨੇ ਚੱਕਗੁਰੂ ਤਕ ਉਹਨਾਂ ਦਾ ਪਿੱਛਾ ਕੀਤਾ। ਉੱਥੇ ਇਕ ਪਵਿੱਤਰ ਸਥਾਨ ਸੀ, ਜਿੱਥੇ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ ਤੇ ਪੰਜ ਸਿੱਖ ਸੈਨਕ ਪਹਿਰੇ ਉਪਰ ਸਨ। ਉਹ ਸਿੱਖ ਯੋਧੇ ਉਦੋਂ ਤਕ ਲੜਦੇ ਰਹੇ, ਜਦੋਂ ਤਕ ਦੁਸ਼ਮਣ ਸੈਨਾ ਦੇ ਬਹੁਤ ਸਾਰੇ ਸਿਪਾਹੀਆਂ ਨੂੰ ਤਲਵਾਰ ਦੇ ਘਾਟ ਉਤਾਰ ਕੇ ਸ਼ਹੀਦ ਨਹੀਂ ਹੋ ਗਏ। ਇਸ ਸੰਘਰਸ਼ ਵਿਚ ਮੀਰ ਨਿਯਾਮਤੂੱਲਾ ਨਾਂ ਦਾ ਇਕ ਮਸ਼ਹੂਰ ਅਫਗਾਨ ਜਰਨੈਲ ਵੀ ਮਾਰਿਆ ਗਿਆ।
ਬਾਬਾ ਦੀਪ ਸਿੰਘ ਦੇ ਨਾਲ ਜਿਹੜੇ ਸਿੱਖ ਲੜਦੇ ਹੋਏ ਸ਼ਹੀਦ ਹੋ ਗਏ, ਗੁਰੂ ਦੇ ਬਾਗ ਵਿਚ ਉਹਨਾਂ ਦੀ ਯਾਦਗਾਰ ਬਣਾਈ ਗਈ, ਜਿਸਦਾ ਨਾਂ ਸ਼ਹੀਦ ਗੰਜ ਰੱਖਿਆ ਗਿਆ।
ਇਹ ਗੱਲ ਲੋਕ ਕਥਾ ਬਣ ਗਈ ਹੈ ਕਿ ਜਦੋਂ ਅਫਗਾਨਾਂ ਨੇ ਜ਼ੋਰਦਾਰ ਹੱਲਾ ਬੋਲਿਆ ਤਾਂ ਬਾਬਾ ਦੀਪ ਸਿੰਘ ਦਾ ਸਿਰ ਇਕ ਅਫਗਾਨ ਸੈਨਕ ਦੀ ਤਲਵਾਰ ਨਾਲ ਕੱਟਿਆ ਗਿਆ। ਕੋਲ ਖੜ੍ਹੇ ਇਕ ਸਿੱਖ ਸੈਨਕ ਨੇ ਉਹਨਾਂ ਨੂੰ ਕਿਹਾ, “ਬਾਬਾ ਜੀ, ਤੁਸੀਂ ਤਾਂ ਇਹ ਪ੍ਰਣ ਕਰ ਕੇ ਆਏ ਸੀ ਕਿ ਆਪਣਾ ਸਿਰ ਦਰਬਾਰ ਸਾਹਿਬ ਨੂੰ ਭੇਂਟ ਕਰੋਗੇ!” ਇਹ ਸੁਣਦਿਆਂ ਹੀ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਹਥੇਲੀ ਉਪਰ ਰੱਖਿਆ ਤੇ ਇਕ ਹੱਥ ਨਾਲ ਖੰਡਾ ਵਾਹੁੰਦੇ ਹੋਏ ਅੱਗੇ ਵਧੇ। ਇਹ ਕੌਤਕ ਦੇਖ ਕੇ ਜ਼ਹਾਨ ਖਾਂ ਦੰਗ ਰਹਿ ਗਿਆ। ਕਿਸੇ ਲਈ ਵੀ ਬਾਬੇ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਤੇ ਉਹਨਾਂ ਹਰਿਮੰਦਰ ਸਾਹਿਬ ਪਹੁੰਚ ਕੇ ਆਪਣਾ ਸ਼ੀਸ਼ ਭੇਂਟ ਕੀਤਾ।
ਫਿਰ ਇਕ ਹੋਰ ਘਟਨਾ ਇੰਜ ਵਾਪਰੀ ਕਿ ਸਰਹਿੰਦ ਤੋਂ ਆਉਂਦੇ ਹੋਏ ਦੋ ਅਫਗਾਨ ਸੈਨਕਾਂ ਦੀ ਕਰਤਾਰਪੁਰ ਕੋਲ ਹੱਤਿਆ ਹੋ ਗਈ। ਸੁਣਦਿਆਂ ਹੀ ਜ਼ਹਾਨ ਖਾਂ ਦਾ ਪਾਰਾ ਚੜ੍ਹ ਗਿਆ। ਉਸਨੇ ਦੋਸ਼ੀਆਂ ਨੂੰ ਸਜਾ ਦੇਣ ਲਈ ਨਾਸਿਰ ਅਲੀ ਖਾਂ ਜਲੰਧਰੀ ਦੀ ਕਮਾਨ ਹੇਠ ਸੈਨਾ ਭੇਜੀ। ਸੋਢੀ ਵੱਡਭਾਗ ਸਿੰਘ ਇਕ ਸਤਿਕਾਰਤ ਸਿੱਖ ਤੇ ਇਸ ਇਲਾਕੇ ਦੇ ਚੌਧਰੀ ਸਨ। ਅਫਗਾਨਾਂ ਨੇ ਚੌਧਰੀ ਵੱਡਭਾਗ ਸਿੰਘ ਨੂੰ ਕਿਹਾ ਕਿ ਉਹ ਅਪਰਾਧੀਆਂ ਦੇ ਨਾਂ ਦੱਸਣ ਤੇ ਉਹਨਾਂ ਨੂੰ ਪੇਸ਼ ਕਰਨ। ਉਹਨਾਂ ਦੇ ਕੁਝ ਨਾ ਦੱਸਣ ਉਪਰ ਉਹਨਾਂ ਨੂੰ ਏਨੀ ਕੁੱਟਮਾਰ ਕੀਤੀ ਗਈ ਕਿ ਲੱਗਭੱਗ ਅੱਧ-ਮੋਇਆਂ ਕਰ ਦਿੱਤਾ ਗਿਆ। ਸੋਢੀ ਵੱਡਭਾਗ ਸਿੰਘ ਗੁਰਦੁਆਰਾ ਥੰਮ ਸਾਹਿਬ ਦੇ ਗ੍ਰੰਥੀ ਵੀ ਸਨ। ਉਹ ਰਾਤ ਨੂੰ ਉੱਥੋਂ ਨਿਕਲੇ ਤੇ ਹੁਸ਼ਿਆਰਪੁਰ ਜ਼ਿਲੇ ਦੇ ਬਾਹੀਰੀ ਪਿੰਡ ਵਿਚ ਜਾ ਛੁਪੇ। ਅਫਗਾਨਾਂ ਨੇ ਗੁਰਦੁਆਰਾ ਥੰਮ ਸਾਹਿਬ ਢਾਅ ਦਿੱਤਾ ਤੇ ਉੱਥੇ ਗਊਆਂ ਮਾਰ ਕੇ ਸੁੱਟ ਦਿੱਤੀਆਂ। ਫੇਰ ਉਹਨਾਂ ਕਰਤਾਰਪੁਰ ਸ਼ਹਿਰ ਲੁੱਟਿਆ ਤੇ ਉੱਥੇ ਜਿੰਨੀਆਂ ਵੀ ਹਿੰਦੂ ਸਿੱਖ ਔਰਤਾਂ ਸਨ, ਉਹਨਾਂ ਨੂੰ ਮੁਸਲਮਾਨ ਬਣਾ ਲਿਆ।
ਸਿੱਖਾਂ ਵਿਚ ਜਿਸ ਤਰ੍ਹਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਪਿੱਛੋਂ ਰੋਸ ਫੈਲਿਆ ਸੀ, ਉਸੇ ਤਰ੍ਹਾਂ ਇਸ ਘਟਨਾ ਪਿੱਛੋਂ ਰੋਸ ਤੇ ਰੋਹ ਫੈਲ ਗਿਆ। ਉਹਨਾਂ ਜ਼ਹਾਨ ਖਾਂ ਤੋਂ ਬਦਲਾ ਲੈਣ ਦੀ ਠਾਣ ਲਈ।
ਸਿੱਖਾਂ ਨੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਪੱਕੀ ਧਾਰੀ ਹੋਈ ਸੀ ਤੇ ਉਹ ਮੁਗਲ ਹਾਕਮਾਂ ਲਈ ਚੁਣੌਤੀ ਬਣੇ ਹੋਏ ਸਨ। ਪਰ ਮੁਗਲ ਸੱਤਾ ਸਮਾਪਤ ਹੋਈ ਤਾਂ ਨਾ ਸਿਰਫ ਪੰਜਾਬ ਉਪਰ ਅਬਦਾਲੀ ਦਾ ਕਬਜਾ ਹੋ ਚੁੱਕਿਆ ਸੀ ਬਲਕਿ ਉਸ ਨੇ ਸਰਹਿੰਦ ਨੂੰ ਵੀ ਆਪਣੇ ਅਫਗਾਨ ਰਾਜ ਵਿਚ ਮਿਲਾ ਲਿਆ ਸੀ ਤੇ ਦਿੱਲੀ ਵਿਚ ਵੀ ਨਜੀਬੂਦੌਲਾ ਨੂੰ ਆਪਣਾ ਮੁਖ਼ਤਿਆਰ ਆਮ ਥਾਪ ਦਿੱਤਾ ਸੀ। ਹੁਣ ਸਿੱਖਾਂ ਦੀ ਟੱਕਰ ਅਫਗਾਨਾਂ ਨਾਲ ਸੀ। ਜ਼ਹਾਨ ਖਾਂ ਨੇ ਅੰਮ੍ਰਿਤਸਰ ਤੇ ਕਰਤਾਰਪੁਰ ਵਿਚ ਜਿਹੜੇ ਜੁਲਮ ਢਾਏ ਤੇ ਧਾਰਮਕ ਸਥਾਨਾ ਦੀ ਬੇਅਦਬੀ ਕੀਤੀ ਸੀ; ਉਸ ਉਪਰ ਸਾਰੇ ਸਿੱਖ ਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਭੜਕ ਉਠੇ। ਉਹ ਹੁਸ਼ਿਆਰਪੁਰ ਦੇ ਉਤਰ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚਲੇ ਗਏ। ਉੱਥੇ ਉਹਨਾਂ ਜ਼ਹਾਨ ਖਾਂ ਉਪਰ ਹਮਲੇ ਦੀ ਯੋਜਨਾ ਬਣਾਈ, ਜਿਸ ਵਿਚ ਹਾਲਾਤ ਤੋਂ ਮਜ਼ਬੂਰ ਹੋ ਕੇ ਅਦੀਨਾ ਬੇਗ ਵੀ ਉਹਨਾਂ ਨਾਲ ਆ ਰਲਿਆ।
ਜਦੋਂ ਅਬਦਾਲੀ ਨੇ ਹਮਲਾ ਕੀਤਾ ਸੀ, ਅਦੀਨਾ ਬੇਗ ਹਾਂਸੀ ਹਿਸਾਰ ਵੱਲ ਭੱਜ ਗਿਆ ਸੀ, ਜਿੱਥੇ ਪਾਣੀ ਵੀ ਔਖ ਨਾਲ ਮਿਲਦਾ ਸੀ। ਕੁਝ ਸਮੇਂ ਬਾਅਦ ਉਹ ਵੀ ਹੁਸ਼ਿਆਰਪੁਰ ਦੇ ਉਤਰ ਵਿਚ ਸਥਿਤ ਪਹਾੜੀਆਂ ਵਿਚ ਚਲਾ ਗਿਆ ਤੇ ਖਲੀ ਬਲਵਾਨ ਦੀ ਪਹਾੜੀ ਉਪਰ ਆਪਣਾ ਕੈਂਪ ਲਾ ਦਿੱਤਾ। ਤੈਮੂਰ ਸ਼ਾਹ ਦਾ ਸਰਪ੍ਰਸਤ ਬਣਨ ਤੋਂ ਬਾਅਦ ਜ਼ਹਾਨ ਖਾਂ ਨੇ ਪੰਜਾਬ ਵਿਚ ਅਮਨ ਬਹਾਲ ਕਰਨਾ ਸੀ ਤਾਂ ਹੀ ਉਹ ਮਾਲੀਆ ਉਗਰਾਹ ਸਕਦਾ ਸੀ ਤੇ ਤਾਂ ਹੀ ਹਕੂਮਤ ਕਰ ਸਕਦਾ ਸੀ, ਪਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਵਿਚ ਸਿੱਖਾਂ ਨੇ ਆਪਣੀਆਂ ਗਤੀ-ਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਉਹ ਨਿੱਤ ਨਵਾਂ ਇਲਾਕਾ ਆਪਣੀ ਰਾਖੀ-ਪ੍ਰਣਾਲੀ ਵਿਚ ਅਧੀਨ ਕਰਕੇ ਆਪਣੀ ਸ਼ਕਤੀ ਦਾ ਵਿਸਥਾਰ ਕਰ ਰਹੇ ਸਨ। ਨਾਸਿਰ ਅਲੀ ਖਾਂ ਸਿੱਖਾਂ ਉਪਰ ਕਾਬੂ ਪਾਉਣ ਤੋਂ ਅਸਮਰਥ ਰਿਹਾ ਸੀ। ਇਸ ਲਈ ਜ਼ਹਾਨ ਖਾਂ ਨੇ ਅਦੀਨਾ ਬੇਗ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਜਲੰਧਰ ਦੀ ਫੌਜਦਾਰੀ ਸੰਭਾਲ ਲਏ ਤੇ ਸਾਡੇ ਨਾਲ ਸਹਿਯੋਗ ਕਰੇ ਤਾਂ ਉਸਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਏਗੀ। ਅਦੀਨਾ ਬੇਗ ਨੇ ਕਹਿ ਭੇਜਿਆ ਕਿ ਉਹ ਜਲੰਧਰ ਦੁਆਬੇ ਦੀ ਫੌਜਦਾਰੀ ਸੰਭਾਲਨ ਤੇ ਸਹਿਯੋਗ ਦੇਣ ਲਈ ਤਿਆਰ ਹੈ, ਸ਼ਰਤ ਇਹ ਹੈ ਕਿ ਉਸਨੂੰ ਇਹ ਛੋਟ ਦਿੱਤੀ ਜਾਏ ਕਿ ਲਾਹੌਰ ਦਰਬਾਰ ਵਿਚ ਪੇਸ਼ ਨਹੀਂ ਹੋਏਗਾ। ਜ਼ਹਾਨ ਖਾਂ ਨੇ ਅਦੀਨਾ ਬੇਗ ਦੀ ਇਹ ਸ਼ਰਤ ਮੰਨ ਲਈ ਤੇ ਤੈਅ ਹੋਇਆ ਕਿ ਉਹ ਜਲੰਧਰ ਦੁਆਬੇ ਦੀ ਫੌਜਦਾਰੀ ਦੇ ਬਦਲੇ ਲਾਹੌਰ ਨੂੰ 36 ਲੱਖ ਰੁਪਏ ਸਾਲਾਨਾ ਲਗਾਨ ਦਏਗਾ।
ਜ਼ਹਾਨ ਖਾਂ ਨੇ ਸੋਚਿਆ ਸੀ ਕਿ ਅਦੀਨਾ ਬੇਗ ਸਿੱਖਾਂ ਨਾਲ ਖ਼ੁਦ ਨਿੱਬੜ ਲਏਗਾ ਤੇ ਉਸਦੀ ਹਕੂਮਤ ਦੇ ਵਿਰੁੱਧ ਕੋਈ ਸਾਜਿਸ਼ ਨਹੀਂ ਕਰੇਗਾ।
ਸਿੱਖ ਇਸ ਸਮੇਂ ਜਲੰਧਰ ਦੁਆਬੇ ਦੇ ਆਸ-ਪਾਸ ਆਪਣੀ ਸ਼ਕਤੀ ਵਧਾ ਰਹੇ ਸਨ। ਇਸ ਲਈ ਕਿਤੇ ਕਿਤੇ ਅਦੀਨਾ ਬੇਗ ਨਾਲ ਝੜਪ ਹੋ ਜਾਣੀ ਸੁਭਾਵਿਕ ਸੀ। ਪਹਿਲੀ ਟੱਕਰ ਉਦੋਂ ਹੋਈ ਜਦੋਂ ਜੱਸਾ ਸਿੰਘ ਆਹਲੂਵਾਲੀਆ ਆਪਣੇ ਜੱਥੇ ਨਾਲ ਤਰਨਤਾਰਨ ਤੋਂ ਫਤਹਾਬਾਦ ਵੱਲ ਜਾ ਰਿਹਾ ਸੀ। ਇਸ ਟੱਕਰ ਵਿਚ ਕੁਤਬ ਖਾਂ ਆਹਲੂਵਾਲੀਆ ਦੇ ਤੀਰ ਨਾਲ ਜ਼ਖ਼ਮੀਂ ਹੋਇਆ ਤੇ ਤਲਵਾਰ ਦੇ ਇਕ ਵਾਰ ਨੇ ਸੱਯਦ ਖਾਂ ਦੀ ਬਾਂਹ ਕੱਟ ਲਈ। ਇੱਥੋਂ ਖਾਨ ਜਲਾਲਾਬਾਦ ਵੱਲ ਭੱਜ ਗਿਆ ਤੇ ਜੱਸਾ ਸਿੰਘ ਨੇ ਫਤਹਾਬਾਦ ਉਪਰ ਕਬਜਾ ਕਰ ਲਿਆ।
ਇੱਥੋਂ ਸਰਦਾਰ ਆਹਲੂਵਾਲੀਆ ਜਲਦੀ ਹੀ ਦੁਆਬੇ ਵਿਚ ਆ ਗਿਆ। ਉਹਨੀਂ ਦਿਨੀਂ ਅਦੀਨਾ ਬੇਗ ਨੇ ਮਾਲੀਏ ਦੀ ਉਗਰਾਈ ਸ਼ੁਰੂ ਕੀਤੀ ਹੋਈ ਸੀ। ਜਦੋਂ ਉਗਰਾਈ ਕਰਨ ਵਾਲੇ ਜੇਡੌਲੀ ਪਿੰਡ ਵਿਚ ਪਹੁੰਚੇ, ਕਿਸਾਨਾ ਨੇ ਮਾਲੀਆ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਉਥਲ-ਪੁਥਲ ਕਾਰਨ ਫਸਲ ਠੀਕ ਨਹੀਂ ਸੀ ਹੋਈ ਜਾਂ ਸ਼ਾਇਦ ਮੀਹਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ। ਮੁੱਕਦੀ ਗੱਲ ਇਹ ਕਿ ਇਸ ਗੱਲ ਉਪਰ ਝਗੜਾ ਹੋ ਗਿਆ। ਦੁਖੀ ਲੋਕਾਂ ਲਈ ਇਕੋ ਚਾਰਾ ਸੀ ਕਿ ਉਹ ਕਿਸੇ ਸਿੱਖ ਸਰਦਾਰ ਦੀ ਰਾਖੀ ਵਿਚ ਚਲੇ ਜਾਣ। ਜੇਡੌਲੀ ਦੇ ਉਤਰ-ਪੱਛਮ ਵਿਚ ਜੱਸਾ ਸਿੰਘ ਆਹਲੂਵਾਲੀਆ ਦਾ ਇਲਾਕਾ ਸੀ। ਪਿੰਡ ਦਾ ਚੌਧਰੀ ਗੈਂਡਾ ਰਾਜਪੂਤ ਜੱਸਾ ਸਿੰਘ ਆਹਲੂਵਾਲੀਆ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਰਾਖੀ ਕਰਨ ਲਈ ਬੇਨਤੀ ਕੀਤੀ। ਜੱਸਾ ਸਿੰਘ ਨੇ ਦੇਵਾ ਸਿੰਘ ਨੂੰ ਆਪਣਾ ਥਾਨੇਦਾਰ ਬਣਾ ਕੇ ਜੇਡੌਲੀ ਭੇਜ ਦਿੱਤਾ ਤੇ ਅਦੀਨਾ ਬੇਗ ਨੂੰ ਕਹਿ ਭੇਜਿਆ ਕਿ ਇਹ ਪਿੰਡ ਸਾਡੀ ਰੱਈਅਤ ਹੈ, ਤੁਸੀਂ ਇੱਥੋਂ ਤੋਂ ਮਾਲੀਆ ਨਹੀਂ ਉਗਰਾਅ ਸਕਦੇ।
ਇਧਰ ਅਦੀਨਾ ਬੇਗ ਨੂੰ ਮਾਲੀਆ ਉਗਰਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ ਤੇ ਉਧਰ ਜ਼ਹਾਨ ਖਾਂ ਨੇ ਫੌਰਨ 36 ਲੱਖ ਰੁਪਏ ਭੇਜ ਦੇਣ ਦਾ ਸੁਨੇਹਾ ਘੱਲ ਦਿੱਤਾ ਸੀ। ਅਦੀਨਾ ਬੇਗ ਨੇ ਉਤਰ ਦਿੱਤਾ ਕਿ ਉਸਨੂੰ ਫੌਜਦਾਰੀ ਸੰਭਾਲਿਆਂ ਅਜੇ ਸਿਰਫ ਦੋ ਮਹੀਨੇ ਹੋਏ ਨੇ। ਪਹਿਲਾਂ ਅਮਨ-ਸ਼ਾਤੀ ਬਹਾਲ ਕਰਨੀ ਹੈ। ਜਦੋਂ ਫਸਲ ਆਏਗੀ, ਲਗਾਨ ਵਸੂਲ ਕੀਤਾ ਜਾਏਗਾ ਤੇ ਸਾਲ ਪੂਰਾ ਹੋਣ ਉਪਰ ਇਹ ਰਕਮ ਭੇਜ ਦਿੱਤੀ ਜਾਏਗੀ। ਜ਼ਹਾਨ ਖਾਂ ਨੇ ਅਦੀਨਾ ਬੇਗ ਦੀ ਇਸ ਦਲੀਲ ਨੂੰ ਨਹੀਂ ਸੁਣਿਆਂ ਤੇ ਉਸਨੂੰ ਲਾਹੌਰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ। ਅਸਲ ਵਿਚ ਜ਼ਹਾਨ ਖਾਂ ਅਦੀਨਾ ਬੇਗ ਉਪਰ ਚਿੜਿਆ ਹੋਇਆ ਸੀ ਤੇ ਉਸਨੂੰ ਲਾਹੌਰ ਦਰਬਾਰ ਵਿਚ ਬੁਲਾਉਣ ਦਾ ਬਹਾਨਾ ਲੱਭ ਰਿਹਾ ਸੀ।
ਅਦੀਨਾ ਬੇਗ ਨੂੰ ਜ਼ਹਾਨ ਖਾਂ ਦੀ ਨੀਅਤ ਉਤੇ ਸ਼ੱਕ ਸੀ—ਉਸਨੇ ਲਾਹੌਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ।
ਜ਼ਹਾਨ ਖਾਂ ਚਿੜਚਿੜੇ ਸੁਭਾਅ ਦਾ ਤਾਂ ਸੀ ਹੀ। ਉਸਨੇ ਮੁਰਾਦ ਖਾਂ ਨੂੰ ਇਕ ਵੱਡੀ ਫੌਜ ਦੇ ਕੇ ਭੇਜਿਆ ਕਿ ਉਹ ਅਦੀਨਾ ਬੇਗ ਨੂੰ ਗਿਰਫਤਾਰ ਕਰ ਲਿਆਏ। ਬੁਲੰਦ ਖਾਂ ਨੂੰ ਉਸਦੀ ਸਹਾਇਤਾ ਲਈ ਨਾਲ ਭੇਜਿਆ ਤੇ ਸਰਹਿੰਦ ਦੇ ਨਾਇਬ ਫੌਜਦਾਰ ਸਾਦਿਕ ਬੇਗ ਨੂੰ ਵੀ ਹੁਕਮ ਦਿੱਤਾ ਕਿ ਉਹ ਵੀ ਆਪਣੀ ਫੌਜ ਲੈ ਕੇ ਆ ਜਾਏ।
ਅਦੀਨਾ ਬੇਗ ਵੀ ਪੂਰਾ ਖਰਾਂਟ ਆਦਮੀ ਸੀ। ਉਹ ਜਾਣਦਾ ਸੀ, ਦੁਸ਼ਮਣ ਦੀ ਏਡੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਸੰਭਵ ਨਹੀਂ। ਉਹ ਫੇਰ ਪਹਾੜਾਂ ਵੱਲ ਚਲਾ ਗਿਆ ਤੇ ਇਕ ਅਜਿਹੀ ਜਗ੍ਹਾ ਮੋਰਚਾ ਬਣਾ ਲਿਆ ਜਿੱਥੋਂ ਹਾਰ ਜਾਣ ਦੀ ਸੂਰਤ ਵਿਚ ਭੱਜ ਕੇ ਜਾਨ ਬਚਾਈ ਜਾ ਸਕਦੀ ਸੀ। ਉਸਨੇ ਸੋਢੀ ਵਡਭਾਗ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਬੇਨਤੀ ਕੀਤੀ ਕਿ ਉਹ ਜ਼ਹਾਨ ਖਾਂ ਦੇ ਵਿਰੁੱਧ ਉਸਦੀ ਮਦਦ ਕਰਨ। ਉਹ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿਚ ਸਨ। ਜ਼ਹਾਨ ਖਾਂ ਤੋਂ ਬਦਲਾ ਲੈਣ ਲਈ ਖਾਰ ਖਾਈ ਬੈਠੇ ਸਨ। ਸਾਰਾ ਦਲ-ਖਾਲਸਾ ਲੜਨ ਲਈ ਤਿਆਰ ਹੋ ਗਿਆ।
ਦਸੰਬਰ 1757 ਵਿਚ ਹੁਸ਼ਿਆਰਪੁਰ ਜ਼ਿਲੇ ਦੇ ਮਾਹਲਪੁਰ ਸ਼ਹਿਰ ਲਾਗੇ ਅਫਗਾਨਾਂ ਨਾਲ ਟੱਕਰ ਹੋਈ। ਖਾਲਸੇ ਲਈ ਅਫਗਾਨ ਸਿਪਾਹੀਆਂ ਤੇ ਅਦੀਨਾ ਬੇਗ ਦੇ ਸਿਪਾਹੀਆਂ ਨੂੰ ਵੱਖ ਵੱਖ ਪਛਾਨਣਾ ਮੁਸ਼ਕਲ ਸੀ। ਇਸ ਲਈ ਫੈਸਲਾ ਹੋਇਆ ਕਿ ਅਦੀਨਾ ਬੇਗ ਦੇ ਸਿਪਾਹੀ ਆਪਣੇ ਸਿਰਾਂ ਉਪਰ ਹਰੀ ਘਾਹ ਬੰਨ੍ਹ ਲੈਣ। ਅਫਗਾਨਾਂ ਕੋਲ ਛੋਟੀਆਂ ਤੋਪਾਂ ਸਨ। ਉਹਨਾਂ ਦੀ ਗਿਣਤੀ ਵੀ ਖਾਸੀ ਸੀ ਪਰ ਦ੍ਰਿੜ੍ਹ ਸੰਕਲਪ ਖਾਲਸਾ ਦੇ ਸਾਹਵੇਂ ਉਹ ਟਿਕ ਨਹੀਂ ਸਕੇ। ਬੁਲੰਦ ਖਾਂ ਲੜਦਾ ਹੋਇਆ ਮਾਰਿਆ ਗਿਆ ਤੇ ਮੁਰਾਦ ਖਾਂ ਮੈਦਾਨ ਛੱਡ ਕੇ ਭੱਜ ਗਿਆ। ਅਫਗਾਨ ਫੌਜ ਦੇ ਪੈਰ ਉੱਖੜ ਗਏ। ਖਾਲਸੇ ਦੀ ਜਿੱਤ ਹੋਈ।
ਹੁਣ ਦੁਆਬੇ ਵਿਚ ਸਿੱਖਾਂ ਦਾ ਬੋਲਬਾਲਾ ਸੀ। ਹਰ ਜਗ੍ਹਾ ਜੱਸਾ ਸਿੰਘ ਆਹਲੂਵਾਲੀਆ ਦੀ ਬਹਾਦਰੀ ਦੇ ਚਰਚੇ ਸਨ। ਦੁਆਬੇ ਦੇ ਸਾਰੇ ਜ਼ਿਲਿਆਂ ਵਿਚ ਆਪਣੇ ਵਿਰੋਧੀਆਂ ਨੂੰ ਦਰੜਦੇ ਤੇ ਲੁੱਟਮਾਰ ਕਰਦੇ ਹੋਏ ਸਿੱਖ ਜਲੰਧਰ ਵਿਚ ਜਾ ਪਹੁੰਚੇ। ਖ਼ੁਦ ਅਦੀਨਾ ਬੇਗ ਨੇ ਉਹਨਾਂ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਖਾਲਸੇ ਨੇ ਆਪਣੇ ਦੁਸ਼ਮਣਾ ਤੋਂ ਜੀਅ ਭਰ ਕੇ ਬਦਲਾ ਲਿਆ। ਨਾਸਿਰ ਅਲੀ ਖਾਂ ਦਾ, ਜਿਸਨੇ ਕਰਤਾਰਪੁਰ ਦੇ ਸਿੱਖਾਂ ਉਪਰ ਜੁਲਮ ਢਾਏ ਸਨ, ਬੱਚਾ-ਬੱਚੀ ਕਤਲ ਕਰ ਦਿੱਤਾ ਗਿਆ ਤੇ ਉਸਦੇ ਘਰ ਨੂੰ ਲੁੱਟ ਕੇ ਅੱਗ ਲਾ ਦਿੱਤੀ।
ਜ਼ਹਾਨ ਖਾਂ ਨੂੰ ਜਦੋਂ ਮਾਹਲਪੁਰ ਵਿਚ ਅਫਗਾਨ ਫੌਜ ਦੇ ਮਾਤ ਖਾ ਜਾਣ ਦੀ ਖਬਰ ਮਿਲੀ ਤਾਂ ਉਸਨੇ ਸਿਰ ਪਿੱਟ ਲਿਆ। ਉਹ ਤੁਰੰਤ ਲਾਹੌਰ ਤੋਂ ਤੁਰ ਪਿਆ। ਹਾਰੀ ਸੈਨਾ ਉਸਨੂੰ ਬਟਾਲੇ ਵਿਚ ਮਿਲੀ। ਉਸਨੇ ਮੁਰਾਦ ਖਾਂ ਨੂੰ ਦੇਖਿਆ ਤਾਂ ਗੁੱਸੇ ਨਾਲ ਲੋਹਾ ਲਾਖਾ ਹੋ ਕੇ ਹੁਕਮ ਦਿੱਤਾ, “ਇਸ ਸੂਰ ਨੂੰ ਦਰਖ਼ਤ ਨਾਲ ਬੰਨ੍ਹ ਕੇ ਵੀਹ ਬੈਂਤਾਂ ਮਾਰੋ।”
ਅਦੀਨਾ ਬੇਗ ਜ਼ਹਾਨ ਖਾਂ ਨਾਲ ਅਹਮਣੇ-ਸਾਹਮਣੇ ਦੀ ਲੜਾਈ ਲੜਨ ਲਈ ਤਿਆਰ ਨਹੀਂ ਸੀ। ਉਸਦੀ ਫੌਜੀ ਤਾਕਤ ਮਾਹਲਪੁਰ ਦੀ ਲੜਾਈ ਵਿਚ ਕੰਮਜ਼ੋਰ ਹੋ ਚੁੱਕੀ ਸੀ ਤੇ ਉਸਦੇ ਸਹਾਇਕ ਸਿੱਖ ਦੁਆਬੇ ਵਿਚ ਖਿੱਲਰ ਗਏ ਸਨ। ਉਹ ਫੇਰ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਚਲਾ ਗਿਆ; ਜਿੱਥੇ ਉਸਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਜ਼ਹਾਨ ਖਾਂ ਸਰਫਰਾਜ ਖਾਂ ਨੂੰ ਜਲੰਧਰ ਦੁਆਬੇ ਦਾ ਹਾਕਮ ਬਣਾ ਕੇ ਖ਼ੁਦ ਲਾਹੌਰ ਪਰਤ ਗਿਆ। ਸਿੱਖਾਂ ਨੇ ਸਰਫਰਾਜ ਖਾਂ ਨੂੰ ਇਕ ਪਲ ਲਈ ਵੀ ਚੈਨ ਨਹੀਂ ਲੈਣ ਦਿੱਤਾ। ਉਹ ਪਹਾੜਾਂ ਵਿਚੋਂ ਨਿਕਲ ਆਏ ਤੇ ਪੂਰੇ ਦੁਆਬੇ ਵਿਚ ਉਥਲ-ਪੁਥਲ ਮਚਾ ਦਿੱਤੀ। ਇਕ ਮਹੀਨੇ ਤਕ ਸੰਘਰਸ਼ ਜਾਰੀ ਰਿਹਾ। ਉੱਥੇ ਜਿੰਨੇ ਅਫਗਾਨ ਸੈਨਕ ਸਨ, ਖਾਲਸੇ ਨੇ ਮਾਰ ਮਾਰ ਕੇ ਭਜਾ ਦਿੱਤੇ।
ਖਾਲਸਾ ਹੁਣ ਅਫਗਾਨਾਂ ਨੂੰ ਕਿਤੇ ਵੀ ਟਿਕਣ ਨਹੀਂ ਸੀ ਦੇ ਰਿਹਾ। ਲਾਹੌਰ ਤੋਂ ਖ਼ਵਾਜ਼ਾ ਅਬਦੁੱਲਾ ਖਾਂ ਨੂੰ 20 ਹਜ਼ਾਰ ਘੋੜਸਵਾਰ ਦੇ ਕੇ ਭੇਜਿਆ ਗਿਆ। ਖਾਲਸੇ ਦੇ ਹੱਥੋਂ ਉਸਨੂੰ ਵੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਅਬਦਾਲੀ ਜਿਹੜੀਆਂ ਤੋਪਾਂ ਲਾਹੌਰ ਛੱਡ ਗਿਆ ਸੀ, ਸਾਰੀਆਂ ਸਿੱਖਾਂ ਦੇ ਹੱਥ ਲੱਗ ਗਈਆਂ ਸਨ।
ਹੁਣ ਸਿੱਖ ਬਿਆਸ ਨਦੀ ਪਾਰ ਕਰਕੇ ਬਾਰੀ ਦੁਆਬੇ ਵਿਚ ਆ ਪਹੁੰਚੇ ਸਨ। ਬਟਾਲਾ ਤੇ ਜਲੰਧਰ ਨੂੰ ਵੀ ਉਹਨਾਂ ਆਪਣੀ ਰਾਖੀ-ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਸੀ। ਲਾਹੌਰ ਦੀਆਂ ਬਾਹਰੀ ਬਸਤੀਆਂ ਵੀ ਸੁਰੱਖਿਅਤ ਨਹੀਂ ਸਨ ਰਹੀਆਂ; ਹਰ ਰਾਤ ਹਜ਼ਾਰਾਂ ਸਿੱਖ ਲਾਹੌਰ ਉੱਤੇ ਹੱਲਾ ਬੋਲਦੇ ਤੇ ਇਹਨਾਂ ਬਸਤੀਆਂ ਨੂੰ ਲੁੱਟ ਕੇ ਲੈ ਜਾਂਦੇ। ਉਹਨਾਂ ਦਾ ਪਿੱਛਾ ਕਰਨ ਲਈ ਕੋਈ ਫੌਜ ਨਹੀਂ ਸੀ ਭੇਜੀ ਜਾਂਦੀ ਤੇ ਸ਼ਹਿਰ ਦੇ ਦਰਵਾਜੇ ਦਿਨ ਦੇ ਛਿਪਾਅ ਤੋਂ ਇਕ ਘੰਟਾ ਬਾਅਦ ਬੰਦ ਕਰ ਦਿੱਤੇ ਜਾਂਦੇ ਸਨ।
ਸਰਕਾਰ ਪੂਰੀ ਤਰ੍ਹਾਂ ਪਿੰਗਲੀ ਹੋ ਗਈ ਜਾਪਦੀ ਸੀ। ਨਵੰਬਰ 1757 ਤੋਂ ਫਰਬਰੀ 1758 ਤਕ ਅਰਾਜਕਤਾ ਦੀ ਸਥਿਤੀ ਬਣੀ ਰਹੀ। ਲੋਕ ਖਾਲਸੇ ਦੇ ਘੋੜਿਆਂ ਦੀ ਟਾਪ ਸੁਣ ਕੇ ਸਹਿਮ ਜਾਂਦੇ ਸਨ।
ਫੇਰ ਸਿੱਖਾਂ ਦੇ ਹੱਥ ਅਜਿਹਾ ਮੌਕਾ ਆਇਆ ਕਿ ਉਹਨਾਂ ਤੈਮੂਰ ਤੇ ਉਸਦੇ ਸਰਪ੍ਰਸਤ ਜ਼ਹਾਨ ਖਾਂ ਨੂੰ ਵੀ ਲਾਹੌਰ ਵਿਚੋਂ ਭਜਾਅ ਦਿੱਤਾ।
ooo
ਕਿੱਥੇ ਤਾਂ ਅਦੀਨਾ ਬੇਗ ਲਾਹੌਰ ਦੀ ਨਵਾਬੀ ਦੇ ਸੁਪਨੇ ਦੇਖ ਰਿਹਾ ਸੀ ਤੇ ਕਿੱਥੇ ਜਲੰਧਰ ਦੁਆਬੇ ਦੀ ਫੌਜਦਾਰੀ ਵੀ ਉਸਦੇ ਹੱਥੋਂ ਨਿਕਲ ਚੁੱਕੀ ਸੀ। ਭਾਵੇਂ ਉਸਨੇ ਸਿੱਖਾਂ ਦੀ ਮਦਦ ਨਾਲ ਮੁਰਾਦ ਖਾਂ ਤੇ ਬੁਲੰਦ ਖਾਂ ਨੂੰ ਹਰਾ ਦਿੱਤਾ ਸੀ, ਫੇਰ ਵੀ ਉਸਨੂੰ ਇਕ ਪਾਸੇ ਇਹ ਡਰ ਸੀ ਕਿ ਜਦੋਂ ਅਬਦਾਲੀ ਖ਼ੁਦ ਹਮਾਲਾ ਕਰੇਗਾ ਤਾਂ ਉਹ ਅਫਗਾਨਾਂ ਦਾ ਮੁਕਬਲਾ ਨਹੀਂ ਕਰ ਸਕੇਗਾ।...ਤੇ ਦੂਜੇ ਪਾਸੇ ਉਸਨੂੰ ਸਿੱਖਾਂ ਦਾ ਵੀ ਡਰ ਸੀ ਕਿਉਂਕਿ ਸਿੱਖ ਪੰਜਾਬ ਦੇ ਦਾਅਵੇਦਾਰ ਸਨ ਤੇ ਹੁਣ—
'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।'
—ਦੇ ਉਸ ਦਿਨ ਦੇ ਇੰਤਜ਼ਾਰ ਵਿਚ ਸਨ।
ਉਹ ਦੇਖ ਰਿਹਾ ਸੀ ਕਿ ਸਿੱਖਾਂ ਦਾ ਜ਼ੋਰ ਦਿਨੋ-ਦਿਨ ਵਧ ਰਿਹਾ ਹੈ। ਇਹ ਸਭ ਸੋਚ ਕੇ ਉਸਨੇ ਆਪਣੇ ਵਕੀਲ ਹਰ ਲਾਲ ਰਾਹੀਂ ਮਰਾਠਿਆਂ ਨਾਲ ਗੰਢ-ਤੁਪ ਕਰਨ ਦੀ ਯੋਜਨਾ ਬਣਾਈ।
ਮਰਾਠਾ ਸਰਦਾਰ ਰਘੁਨਾਥ ਨੇ ਦਿੱਲੀ ਕੋਲ ਡੇਰੇ ਲਾਏ ਹੋਏ ਸਨ। ਹਰ ਲਾਲ ਉਸਦੇ ਕੋਲ ਗਿਆ ਤੇ ਅਦੀਨਾ ਬੇਗ ਵੱਲੋਂ ਇਹ ਸੁਝਾਅ ਰੱਖਿਆ ਕਿ ਜੇ ਉਹ ਪੰਜਾਬ ਉਪਰ ਚੜ੍ਹਾਈ ਕਰਨ ਤਾਂ ਉਹਨਾਂ ਨੂੰ ਕੂਚ ਦੇ ਹਰੇਕ ਦਿਨ ਦਾ ਇਕ ਲੱਖ ਰੁਪਈਆ ਤੇ ਪੜਾਅ ਵਾਲੇ ਦਿਨ ਦਾ ਪੰਜਾਹ ਹਜ਼ਾਰ ਰੁਪਈਆ ਦਿੱਤਾ ਜਾਏਗਾ। ਬਿੱਲੀ ਭਾਣੇ ਛਿੱਕਾ ਟੁੱਟਿਆ। ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ, ਰੁਪਏ ਵੀ ਮਿਲ ਰਹੇ ਸਨ ਤੇ ਉਹਨਾਂ ਦੀ ਸ਼ਕਤੀ ਦਾ ਵਿਸਥਾਰ ਸਿੰਧ ਤਕ ਹੋ ਰਿਹਾ ਸੀ।
ਰਘੁਨਾਥ ਨੇ ਆਪਣੀ ਦੋ ਲੱਖ ਫੌਜ ਦੇ ਨਾਲ ਫਰਬਰੀ 1758 ਦੇ ਅਖ਼ੀਰ ਵਿਚ ਪੰਜਾਬ ਵੱਲ ਕੂਚ ਕਰ ਦਿੱਤਾ। ਉਹ ਪੰਜ ਮਾਰਚ ਨੂੰ ਅੰਬਾਲੇ ਦੇ ਨੇੜੇ ਮੁਗਲ ਸਰਾਏ ਪਹੁੰਚ ਗਿਆ। ਉੱਥੋਂ ਚੱਲ ਕੇ 8 ਮਾਰਚ ਨੂੰ ਸਰਾਏ ਬੰਜਾਰਾ ਪਹੁੰਚਿਆ ਤੇ ਹੁਣ ਸਰਹਿੰਦ ਨੇੜੇ ਹੀ ਸੀ।
ਅਦੀਨਾ ਬੇਗ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਮਰਾਠੇ ਮੁੱਖ ਅਫਗਾਨ ਸੈਨਾ ਦਾ ਮੁਕਬਲਾ ਕਰ ਸਕਣਗੇ। ਇਸ ਲਈ ਮਰਾਠਿਆਂ ਨਾਲ ਆਪਣੀ ਸੰਢ-ਗੰਢ ਨੂੰ ਉਸਨੇ ਗੁਪਤ ਹੀ ਰੱਖਿਆ ਸੀ...ਤੇ ਜਿਵੇਂ ਕਿ ਉਸਦੀ ਆਦਤ ਸੀ, ਅਬਦਾਲੀ ਸਰਕਾਰ ਨਾਲ ਸੁਲਾਹ ਦਾ ਦਰਵਾਜ਼ਾ ਵੀ ਖੁੱਲ੍ਹਾ ਰੱਖਿਆ ਸੀ। ਉਸਨੇ ਅੰਬਾਲੇ ਤੋਂ ਤੈਮੂਰ ਸ਼ਾਹ ਤੇ ਜ਼ਹਾਨ ਖਾਂ ਨੂੰ ਚਿੱਠੀ ਲਿਖੀ—'ਮਰਾਠਿਆਂ ਨੇ ਪੰਜਾਬ ਉਪਰ ਅਚਾਨਕ ਚੜ੍ਹਾਈ ਕਰ ਦਿੱਤੀ ਹੈ। ਇਸ ਦੀ ਕੋਈ ਉਮੀਦ ਨਹੀਂ ਸੀ। ਮੈਂ ਹਾਲਾਤ ਨੂੰ ਮੁੱਖ ਰੱਖ ਕੇ ਉਹਨਾਂ ਨਾਲ ਆ ਮਿਲਿਆ ਹਾਂ। ਯਕੀਨ ਰੱਖਣਾ ਕਿ ਮੈਂ ਦੂਰਾਨੀਆਂ ਦਾ ਨਮਕ ਹਲਾਲ ਨੌਕਰ ਹਾਂ ਤੇ ਸਮਾਂ ਆਉਣ 'ਤੇ ਆਪਣੀ ਵਫ਼ਾਦਾਰੀ ਦਾ ਸਬੂਤ ਦਿਆਂਗਾ। ਤੁਸੀਂ ਘੰਟੇ ਭਰ ਦੀ ਵੀ ਦੇਰ ਨਾ ਕਰੋ ਤੇ ਮਰਾਠਿਆਂ ਉਪਰ ਚੜ੍ਹਾਈ ਕਰ ਦਿਓ।'
ਖਾਲਸਾ ਸਰਹਿੰਦ ਦੇ ਖ਼ਿਲਾਫ਼ ਪਹਿਲਾਂ ਹੀ ਦੰਦ ਪੀਹ ਰਿਹਾ ਸੀ। ਉੱਥੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬ ਜਾਦਿਆਂ ਨੂੰ ਕੰਧ ਵਿਚ ਚਿਣਵਾਇਆ ਗਿਆ ਸੀ। ਜਿਸ ਤਰ੍ਹਾਂ ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਸੀ, ਉਹ ਇਕ ਵਾਰੀ ਫੇਰ ਇੱਟ ਨਾਲ ਇੱਟ ਵਜਾ ਦੇਣਾ ਚਾਹੁੰਦਾ ਸਨ। ਉਹ ਅਦੀਨਾ ਬੇਗ ਨਾਲ ਇਸ ਸ਼ਰਤ ਨਾਲ ਰਾਜੀ ਹੋ ਗਏ ਕਿ ਸਰਹਿੰਦ ਉੱਤੇ ਪਹਿਲਾ ਹਮਲਾ ਸਿੱਖਾਂ ਦਾ ਹੋਏਗਾ; ਫੇਰ ਕਿਸੇ ਹੋਰ ਦਾ।
ਰਘੁਨਾਥ ਰਾਵ ਸਰਹਿੰਦ ਪਹੁੰਚਿਆ ਤਾਂ ਇਧਰੋਂ ਅਦੀਨਾ ਬੇਗ ਤੇ ਸਿੱਖ ਵੀ ਜਾ ਪਹੁੰਚੇ। ਇਸ ਸਮੇਂ ਸਰਹਿੰਦ ਦਾ ਫੌਜਦਾਰ ਅਸਦੁੱਸ ਸਮਦ ਮੁਹੰਮਦ ਜਈ ਸੀ, ਜਿਸਨੂੰ ਅਹਿਮਦ ਸ਼ਾਹ ਅਬਦਾਲੀ ਇੱਥੇ ਛੱਡ ਗਿਆ ਸੀ। ਅਬਦੁੱਸ ਸਮਦ ਨੇ ਸਰਹਿੰਦ ਦੀ ਖ਼ੂਬ ਮਜ਼ਬੂਤ ਕਿਲਾ ਬੰਦੀ ਕੀਤੀ ਹੋਈ ਸੀ, ਪਰ ਜਦੋਂ ਦੇਖਿਆ ਕਿ ਉਹ ਦੁਸ਼ਮਣ ਦੀ ਵਿਸ਼ਾਲ ਸੈਨਾ ਦਾ ਮੁਕਾਬਲਾ ਨਹੀਂ ਕਰ ਸਕੇਗਾ ਤਾਂ ਉਹ ਕਿਲਾ ਬੰਦ ਕਰਕੇ ਬੈਠ ਗਿਆ। ਮਰਾਠਿਆਂ, ਸਿੱਖਾਂ ਤੇ ਅਦੀਨਾ ਬੇਗ ਨੇ ਕਿਲੇ ਨੂੰ ਘੇਰ ਲਿਆ। ਕੁਝ ਦਿਨਾਂ ਦੀ ਗੋਲਾਬਾਰੀ ਤੋਂ ਪਿੱਛੋਂ ਅਬਦੁੱਸ ਸਮਦ ਤੇ ਉਸਦਾ ਨਾਇਬ ਜੰਗ ਬਾਜ ਖਾਂ ਭੱਜ ਨਿਕਲੇ। ਮਰਾਠਿਆਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਫੜ੍ਹ ਕੇ ਕੈਦ ਕਰ ਲਿਆ। ਪਹਿਲੇ ਦਿਨ ਸਿੱਖ ਸ਼ਹਿਰ ਵਿਚ ਦਾਖਲ ਹੋਏ ਤੇ ਉਸਨੂੰ ਲੁੱਟਣਾ ਸ਼ੁਰੂ ਕੀਤਾ। ਦੂਜੇ ਦਿਨ ਇਸ ਲੁੱਟ ਵਿਚ ਮਰਾਠੇ ਵੀ ਆ ਸ਼ਾਮਲ ਹੋਏ। ਏਨੀ ਲੁੱਟ ਮੱਚੀ ਕਿ ਕਿਸੇ ਔਰਤ ਮਰਦ ਦੇ ਸਰੀਰ ਉਪਰ ਕੱਪੜਾ ਤਕ ਨਹੀਂ ਛੱਡਿਆ ਗਿਆ। ਦੱਬਿਆ ਹੋਇਆ ਧਨ ਲੱਭਣ ਲਈ ਫਰਸ਼ ਪੁੱਟ ਸੁੱਟੇ ਗਏ, ਛੱਤਾਂ ਉਖਾੜ ਦਿੱਤੀਆਂ ਗਈਆਂ ਤੇ ਘਰਾਂ ਦੇ ਬੂਹੇ ਤਕ ਪੁੱਟ ਸੁੱਟੇ ਗਏ। ਜੋ ਕੁਝ ਵੀ ਜਿਸਦੇ ਹੱਥ ਲੱਗਿਆ, ਲੁੱਟ ਲਿਆ ਗਿਆ।
ਜ਼ਹਾਨ ਖਾਂ ਨੂੰ ਜਦੋਂ ਇਹ ਸਮਾਚਾਰ ਮਿਲਿਆ ਕਿ ਮਰਾਠਿਆਂ ਨੇ ਸਰਹਿੰਦ ਨੂੰ ਘੇਰ ਲਿਆ ਹੈ ਤਾਂ ਉਹ ਤੁਰੰਤ ਦੋ ਹਜ਼ਾਰ ਘੋੜਸਵਾਰ ਨਾਲ ਲੈ ਕੇ ਲਾਹੌਰ ਤੋਂ ਚੱਲ ਪਿਆ, ਪਰ ਜਲੰਧਰ ਵਿਚ ਆ ਕੇ ਰੁਕ ਗਿਆ ਤੇ ਚਾਲ੍ਹੀ ਦਿਨ ਉੱਥੇ ਹੀ ਰੁਕਿਆ ਰਿਹਾ। ਇਹ ਸੁਣ ਕੇ ਕਿ ਮਰਾਠਿਆਂ ਕੋਲ ਕਾਫੀ ਵਿਸ਼ਾਲ ਸੈਨਾ ਹੈ, ਉਸਦਾ ਪਿੱਤਾ ਪਾਣੀ ਹੋ ਗਿਆ ਸੀ। ਉਹ ਲਾਹੌਰ ਪਰਤ ਆਇਆ ਤੇ ਅਫਗਾਨਿਸਤਾਨ ਨੱਸ ਜਾਣ ਦੀ ਤਿਆਰੀ ਕਰਨ ਲੱਗਿਆ।
ਜ਼ਹਾਨ ਖਾਂ ਨੇ 9 ਅਪਰੈਲ 1758 ਨੂੰ ਲਾਹੌਰ ਖਾਲੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਰਾਵੀ ਪਾਰ ਸ਼ਾਹਦਰਾ ਵਿਚ ਆਪਦਾ ਕੈਂਪ ਲਾਇਆ। ਸਭ ਤੋਂ ਪਹਿਲਾਂ ਤੈਮੂਰ ਸ਼ਾਹ ਨੇ ਆਪਣੀ ਮਾਂ, ਆਪਣੀਆਂ ਜ਼ਨਾਨੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਉੱਥੇ ਪਹੁੰਚਾ ਦਿੱਤਾ। ਉਸ ਪਿੱਛੋਂ ਦੂਰਾਨੀ ਸਰਦਾਰਾਂ ਨੇ ਸੈਨਕਾਂ ਨੇ ਸਾਮਾਨ ਛਕੜਿਆਂ ਵਿਚ ਲੱਦ ਕੇ ਉੱਥੇ ਪਹੁੰਚਾਉਣਾ ਸ਼ੁਰੂ ਕੀਤਾ—ਉਹ ਦਿਨ ਰਾਤ ਕਈ ਕਈ ਚੱਕਰ ਲਾਉਂਦੇ ਸਨ। ਜਦੋਂ ਪਤਾ ਲੱਗਿਆ ਕਿ ਮਰਾਠਿਆਂ ਨੇ ਬਿਆਸ ਪਾਰ ਕਰ ਲਿਆ ਹੈ ਤੇ ਉਹ ਤੇਜ਼ੀ ਨਾਲ ਲਾਹੌਰ ਵੱਲ ਵਧ ਰਹੇ ਹਨ ਤਾਂ ਤੈਮੂਰ ਸ਼ਾਹ ਤੇ ਜ਼ਹਾਨ ਖਾਂ ਵੀ ਉਸੇ ਦੁਪਹਿਰ ਰਾਵੀ ਪਾਰ ਕਰਕੇ ਸ਼ਾਹਦਰਾ ਜਾ ਪਹੁੰਚੇ। ਜਿਹੜਾ ਸਾਮਾਨ ਚੁੱਕਿਆ ਨਹੀਂ ਜਾ ਸਕਿਆ, ਅਫਗਾਨ ਸੈਨਾ ਨੇ ਉਸਨੂੰ ਅੱਗ ਲਾ ਦਿੱਤੀ। ਖ਼ਵਾਜ਼ਾ ਸਰਾਵਾਂ ਨੇ ਤੈਮੂਰ ਤੇ ਜ਼ਹਾਨ ਖਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਘੋੜਿਆਂ 'ਤੇ ਉੱਠਾਂ ਉਤੇ ਸਵਾਰ ਕੀਤਾ ਤੇ ਇਹ ਸਾਰਾ ਅਫਗਾਨ ਕਾਰਵਾਂ ਕਾਬੂਲ ਵੱਲ ਤੁਰ ਪਿਆ।
ਜ਼ਹਾਨ ਖਾਂ, ਮੁਗਲਾਨੀ ਬੇਗਮ ਤੇ ਉਸਦੀ ਛੋਟੀ ਕੁਆਰੀ ਬੇਟੀ ਨੂੰ ਵੀ ਸ਼ਾਹਦਰਾ ਕੈਂਪ ਵਿਚ ਨਾਲ ਲੈ ਆਇਆ ਸੀ। ਪਰ ਹੁਣ ਜਦੋਂ ਭੱਜਣ ਦੀ ਅਫਰਾ-ਤਫਰੀ ਮੱਚੀ ਤਾਂ ਬੇਗਮ ਤੇ ਉਸਦੀ ਬੇਟੀ ਦੀ ਕਿਸੇ ਨੂੰ ਸੁੱਧ ਨਾ ਰਹੀ। ਤਹਿਮਸ ਮਸਕੀਨ ਉਹਨਾਂ ਨੂੰ ਇਕ ਰਥ ਵਿਚ ਬਿਠਾਅ ਦੇ ਫੇਰ ਲਾਹੌਰ ਲੈ ਆਇਆ ਤੇ ਉਸ ਹਵੇਲੀ ਵਿਚ ਪਹੁੰਚਾ ਦਿੱਤਾ ਜਿਸ ਵਿਚ ਬੇਗਮ ਨੇ ਕਦੀ ਪੰਜਾਬ ਦੀ ਹਾਕਮ ਦੀ ਹੈਸੀਅਤ ਨਾਲ ਰੰਗ-ਰਲੀਆਂ ਮਨਾਈਆਂ ਸਨ ਤੇ ਜਿਸ ਨੂੰ ਹੁਣ ਤੈਮੂਰ ਸ਼ਾਹ ਛੱਡ ਕੇ ਭੱਜ ਗਿਆ ਸੀ। ਬੇਗਮ ਹਵੇਲੀ ਵਿਚ ਪੈਰ ਰੱਖਦਿਆਂ ਹੀ ਖਿੜ-ਖਿੜ ਕਰਕੇ ਹੱਸਣ ਲੱਗ ਪਈ ਤੇ ਕਾਫੀ ਦੇਰ ਤਕ ਇੰਜ ਹੀ ਹੱਸਦੀ ਰਹੀ ਜਿਵੇਂ ਉਸਨੂੰ ਹਾਸੇ ਦਾ ਦੌਰਾ ਪੈ ਗਿਆ ਹੋਏ।
“ਖਾਲਾ ਜਾਨ ਅੱਜ ਬੜੇ ਖ਼ੁਸ਼ ਓ? ਮੈਂ ਤੁਹਾਨੂੰ ਏਨਾ ਖ਼ੁਸ਼ ਪਹਿਲਾਂ ਕਦੀ ਨਹੀਂ ਦੇਖਿਆ।” ਸ਼ਾਦ ਅਲੀ ਉਰਫ਼ ਮੇਹਰ ਅਲੀ ਨੇ ਉਸਨੂੰ ਪਾਣੀ ਦਾ ਗਲਾਸ ਪੇਸ਼ ਕਰਦਿਆਂ ਹੋਇਆਂ ਕਿਹਾ।
“ਖ਼ੁਸ਼ੀ ਦਾ ਮੌਕਾ ਹੋਏ ਤਾਂ ਇਨਸਾਨ ਨੂੰ ਖ਼ੁਸ਼ ਹੋਣਾ ਹੀ ਚਾਹੀਦਾ ਏ।” ਬੇਗਮ ਨੇ ਜਵਾਬ ਦਿੱਤਾ ਤੇ ਪਾਣੀ ਦਾ ਘੁੱਟ ਭਰ ਕੇ ਬੋਲੀ, “ਮੋਏ ਅਬਦਾਲੀ ਨੇ ਮੇਰੇ ਅਹਿਸਾਨਾਂ ਦਾ ਬਦਲਾ ਇਹ ਦਿੱਤਾ ਹਵੇਲੀ 'ਚੋਂ ਕੱਢ ਕੇ ਖੰਡਰ ਵਿਚ ਸੁੱਟ ਦਿੱਤਾ। ਜੇ ਕੋਈ ਬੇਗੁਨਾਹ ਦਾ ਦਿਲ ਦੁਖਾਂਦਾ ਏ, ਖ਼ੁਦਾ ਉਸਨੂੰ ਬਖ਼ਸ਼ਦਾ ਨਹੀਂ, ਜ਼ਰੂਰ ਸਜ਼ਾ ਦਿੰਦਾ ਏ। ਪਈ ਨਾ ਇਹਨਾਂ ਅਹਿਸਾਨ ਫਰਾਮੋਸ਼ਾਂ ਨੂੰ ਖ਼ੁਦਾ ਦੀ ਮਾਰ?”
“ਪਈ, ਹਾਂ ਜੀ, ਬੜੀ ਬੁਰੀ ਮਾਰ ਪਈ।” ਸ਼ਾਦ ਅਲੀ ਨੇ ਸਮਰਥਨ ਦਿੱਤਾ।
“ਮੇਰਾ ਹੱਕ ਖੋਹ ਕੇ ਆਪਣੇ ਬੇਟੇ ਨੂੰ ਲਾਹੌਰ ਦਾ ਨਵਾਬ ਬਣਾਅ ਦਿੱਤਾ...ਇਹ ਨਹੀਂ ਸੋਚਿਆ ਕਿ ਮੈਂ ਇਕ ਔਰਤ ਦਾ ਹੱਕ ਖੋਹ ਰਿਹਾਂ। ਮੇਰੇ ਉਪਰ ਵੀ ਕੋਈ ਹੈ। ਲੈ ਲਿਆ ਨਾ ਹਕੂਮਤ ਦਾ ਮਜ਼ਾਅ। ਖ਼ੁਦਾ ਦੇ ਘਰ ਦੇਰ ਤਾਂ ਹੋ ਸਕਦੀ ਏ, ਹਨੇਰ ਨਹੀ ਹੁੰਦਾ। ਪਰ ਅਜੇ ਤਾਂ ਦੇਰ ਵੀ ਨਹੀਂ ਹੋਈ। ਹਾ-ਹਾ-ਹਾ-ਹਾ, ਦੇਰ ਵੀ ਨਹੀਂ ਹੋਈ।” ਉਹ ਫੇਰ ਉੱਚੀ ਉੱਚੀ ਹੱਸੀ ਤੇ ਹੱਸਦੀ ਹੀ ਰਹੀ।
ਸ਼ਾਹ ਅਲੀ ਮਸਕੀਨ ਦਾ ਵਿਸ਼ਵਾਸ ਪਾਤਰ ਤਾਂ ਸੀ ਹੀ, ਉਸਨੇ ਬੇਗਮ ਨਾਲ ਵੀ ਖਾਲਾ ਦਾ ਰਿਸ਼ਤਾ ਜੋੜ ਲਿਆ ਸੀ। ਉਹ ਉਸਨੂੰ ਪੁੱਤਰਾਂ ਵਾਂਗ ਪਿਆਰ ਕਰਦੀ ਸੀ ਤੇ ਉਸ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਹਿਣ ਵਿਚ ਜ਼ਰਾ ਵੀ ਸੰਕੋਚ ਨਹੀਂ ਸੀ ਕਰਦੀ।
“ਇਸ ਹਵੇਲੀ ਨੂੰ ਦੇਖਣ ਲਈ ਮੇਰੀਆਂ ਅੱਖਾਂ ਤਰਸ ਗਈਆਂ ਸਨ। ਕੌਣ ਜਾਣਦਾ ਸੀ ਕਿ ਇਹ ਦਿਨ ਵੀ ਆਏਗਾ! ਹਾ-ਹਾ-ਹਾ-ਹਾ, ਮੇਰੀ ਇਹ ਹਸਰਤ ਵੀ ਪੂਰੀ ਹੋਈ।”
ਇਸੇ ਸਮੇਂ ਮਸਕੀਨ ਅੰਦਰ ਆਇਆ। ਉਸਦੇ ਹੱਥ ਵਿਚ ਦੋ ਬੰਦੂਕਾਂ ਸਨ। ਇਕ ਬੰਦੂਕ ਸ਼ਾਦ ਅਲੀ ਵੱਲ ਵਧਾਅ ਕੇ ਬੋਲਿਆ, “ਲੈ ਬਈ, ਹੁਣ ਤਕ ਤਾਂ ਤੂੰ ਕਲਮ ਚਲਾਈ ਏ, ਹੁਣ ਅਹਿ ਬੰਦੂਕ ਫੜ੍ਹ। ਲੁਟੇਰਿਆਂ ਦਾ ਸ਼ਹਿਰ ਵਿਚ ਘੁਸ ਆਉਣ ਦਾ ਖ਼ਤਰਾ ਏ...ਅਸੀਂ ਉਹਨਾਂ ਤੋਂ ਲੋਕਾਂ ਦੀ ਹਿਫਾਜ਼ਤ ਕਰਨੀ ਏਂ।”
“ਹਾਂ, ਜਾਓ। ਸਾਰੇ ਜਾਓ ਤੇ ਛੇਤੀ ਜਾਓ। ਹੁਣ ਅਸਾਂ ਸ਼ਹਿਰ ਦੇ ਹਾਕਮ ਹਾਂ ਤੇ ਅਸੀਂ ਆਪ ਆਪਣੀ ਰਿਆਸਤ ਦੀ ਹਿਫ਼ਾਜ਼ਤ ਕਰਨੀ ਏਂ।” ਬੇਗਮ ਨੇ ਇੰਜ ਕਿਹਾ ਜਿਵੇਂ ਸਭ ਕੁਝ ਉਸਦੇ ਹੁਕਮ ਨਾਲ ਹੀ ਹੋ ਰਿਹਾ ਹੋਏ।
ਸ਼ਹਿਰ ਲਾਵਾਰਿਸ ਸੀ। ਸਭ ਪਾਸੇ ਅਫਰਾ-ਤਫਰੀ ਤੇ ਆਤੰਕ ਫੈਲਿਆ ਹੋਇਆ ਸੀ। ਲੁਟੇਰੇ ਤੇ ਚੋਰ-ਉੱਚਕੇ, ਖੁੱਲ੍ਹੇ-ਖੇਡ ਰਹੇ ਸਨ। ਉਹ ਨਿਆਸਰੇ ਲੋਕਾਂ ਤੋਂ ਪੈਸਾ-ਟਕਾ, ਕੱਪੜਾ-ਲੀੜਾ ਤੇ ਹੋਰ ਜੋ ਕੁਝ ਵੀ ਹੱਥ ਲੱਗਦਾ ਖੋਹ ਲੈ ਜਾਂਦੇ। ਮਸਕੀਨ ਨੇ, ਜਿੰਨੇ ਵੀ ਆਦਮੀ ਉਸਦੇ ਨਾਲ ਸਨ, ਉਹਨਾਂ ਨਾਲ ਰਲ ਕੇ ਇਸ ਲੁੱਟ ਨੂੰ ਜਿੱਥੋਂ ਤਕ ਸੰਭਵ ਹੋ ਸਕਿਆ ਰੋਕਣ ਦੀ ਕੋਸ਼ਿਸ਼ ਕੀਤੀ। ਸੂਰਜ ਦੇ ਡੁੱਬਦਿਆਂ ਹੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਤੇ ਪਹਿਰਾ ਸਖ਼ਤ ਕਰ ਦਿੱਤਾ ਜਾਂਦਾ।
ਸ਼ਾਹਦਰ ਵਿਚੋਂ ਭੱਜਣ ਸਮੇਂ ਤੈਮੂਰ ਆਪਣੇ ਕਈ ਹਜ਼ਾਰ ਸਿਪਾਹੀ ਮੀਰ ਹਜਾਰਾ ਖਾਂ ਦੀ ਕਮਾਨ ਵਿਚ ਪਿੱਛੇ ਛੱਡ ਗਿਆ ਸੀ। 10 ਅਪਰੈਲ ਦੀ ਸਵੇਰ ਨੂੰ ਮਰਾਠਿਆਂ ਤੇ ਸਿੱਖਾਂ ਨੇ ਲਾਹੌਰ ਸ਼ਹਿਰ ਉਪਰ ਕਬਜਾ ਕੀਤਾ ਤੇ ਫੇਰ ਰਾਵੀ ਪਾਰ ਕਰਕੇ ਮੀਰ ਹਜਾਰਾ ਖਾਂ ਉਪਰ ਹੱਲਾ ਬੋਲ ਦਿੱਤਾ।
ਹਜਾਰਾ ਖਾਂ ਉਹਨਾਂ ਸਾਹਵੇਂ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਿਆ। ਥੋੜ੍ਹਾ ਚਿਰ ਲੜਨ ਪਿੱਛੋਂ ਭੱਜ ਖੜ੍ਹਾ ਹੋਇਆ, ਪਰ ਮਰਾਠਿਆਂ ਨੇ ਤੇ ਸਿੱਖਾਂ ਨੇ ਉਸਨੂੰ ਘੇਰ ਲਿਆ। ਹਜਾਰਾ ਖਾਂ ਤੇ ਉਸਦੇ ਸਾਰੇ ਸਿਪਾਹੀ ਫੜ੍ਹੇ ਗਏ।
ਤੈਮੂਰ ਸ਼ਾਹ ਤੇ ਜ਼ਹਾਨ ਖਾਂ ਨੇ ਇਹ ਖ਼ਬਰ ਸੁਣੀ ਤਾਂ ਸਿਰ ਉਤੇ ਪੈਰ ਰੱਖ ਕੇ ਇੰਜ ਭੱਜੇ ਕਿ ਲਾਹੌਰ ਦੇ ਉਤਰ-ਪੱਛਮ ਵਿਚ, ਕੋਈ ਪੰਤਾਲੀ ਕੋਹ ਕੇ ਫਾਸਲੇ 'ਤੇ, ਸਰਾਏ ਕਾਚੀ ਜਾ ਕੇ ਰੁਕੇ। ਮਰਾਠਿਆਂ ਨੇ ਸਿੱਖਾਂ ਨੇ ਉਹਨਾਂ ਦਾ ਪਿੱਛਾ ਕੀਤਾ। ਉਹਨਾਂ ਕੋਲ ਘੇਰਾਬੰਦੀ ਕਰਨ ਦਾ ਸਮਾਂ ਨਹੀਂ ਸੀ। ਜ਼ਹਾਨ ਖਾਂ ਨੇ ਇਸ ਸਮੇਂ ਦਾ ਲਾਭ ਉਠਾਇਆ ਤੇ ਰਾਤ ਨੂੰ ਹੀ ਉਹ ਲੋਕ ਹਨੇਰੇ ਵਿਚ ਸਰਾਂ ਵਿਚੋਂ ਨਿਕਲ ਕੇ ਭੱਜ ਤੁਰੇ। ਅੱਗੇ ਚਨਾਬ ਦਰਿਆ ਸੀ ਜਿਸਦਾ ਵਹਾਅ ਖਾਸਾ ਤੇਜ਼ ਸੀ, ਪਾਟ ਚੌੜਾ ਤੇ ਪਾਣੀ ਠੰਡਾ। ਤੈਮੂਰ ਸ਼ਾਹ ਤੇ ਜ਼ਹਾਨ ਖਾਂ ਨੇ ਵਜੀਰਾਬਾਦ ਦੇ ਨੇੜਿਓਂ ਚਨਾਬ ਪਾਰ ਕੀਤਾ ਹੀ ਸੀ ਕਿ ਮਰਾਠਿਆਂ ਤੇ ਸਿੱਖਾਂ ਨੇ ਆ ਧਾਵਾ ਬੋਲਿਆ। ਸਾਰਾ ਸਾਮਾਨ, ਅਫਗਾਨ ਸਿਪਾਹੀ ਤੇ ਉਹਨਾਂ ਦੇ ਕੈਂਪ ਦਾ ਸਾਮਾਨ ਅਜੇ ਦਰਿਆ ਦੇ ਪੂਰਬੀ ਕੰਢੇ ਉਪਰ ਹੀ ਸੀ, ਜਿਹੜਾ ਸਿੱਖਾਂ ਤੇ ਮਰਾਠਿਆਂ ਦੇ ਹੱਥ ਆਇਆ। ਅਬਦਾਲੀ ਦਾ ਇਕ ਸਿਪਾਹੀ ਵੀ ਬਚ ਕੇ ਨਹੀਂ ਸੀ ਜਾ ਸਕਿਆ—ਕਈਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਕਈ ਕੈਦੀ ਬਣਾ ਲਏ ਗਏ ਸਨ।
ਸਿੱਖਾਂ ਨੇ ਜਿਹਨਾਂ ਅਫਗਾਨ ਸਿਪਾਹੀਆਂ ਨੂੰ ਕੈਦੀ ਬਣਾਇਆ ਉਹਨਾਂ ਨੂੰ ਉਹ ਅੰਮ੍ਰਿਤਸਰ ਲੈ ਆਏ। ਜਿਸ ਸਰੋਵਰ ਨੂੰ ਇਨਸਾਨਾਂ ਤੇ ਪਸ਼ੂਆਂ ਦੀਆਂ ਹੱਡੀਆਂ ਨਾਲ ਭਰ ਦਿੱਤਾ ਗਿਆ ਸੀ, ਉਸਨੂੰ ਇਹਨਾਂ ਅਫਗਾਨ ਕੈਦੀਆਂ ਤੋਂ ਹੀ ਸਾਫ ਕਰਵਾਇਆ ਗਿਆ।
ooo
ਪੰਜਾਬ ਉਪਰ ਮਰਾਠਿਆਂ ਦਾ ਕਬਜਾ ਹੋ ਗਿਆ। ਉਹਨਾਂ ਅਦੀਨਾ ਬੇਗ ਨੂੰ ਲਾਹੌਰ ਦਾ ਨਵਾਬ ਥਾਪ ਦਿੱਤਾ ਤੇ ਸਮਝੌਤਾ ਹੋਇਆ ਕਿ ਉਹ ਮਰਾਠਿਆਂ ਨੂੰ 75 ਲੱਖ ਰੁਪਏ ਸਾਲਾਨਾ ਮਾਲੀਆ ਦਏਗਾ।
ਅਦੀਨਾ ਬੇਗ ਨੂੰ ਲਾਹੌਰ ਵਿਚ ਰਹਿਣਾ ਪਸੰਦ ਨਹੀਂ ਸੀ। ਉਸਨੇ ਬਟਾਲੇ ਨੂੰ ਆਪਣਾ ਸਦਰ-ਮੁਕਾਮ (ਰਾਜਧਾਨੀ) ਬਣਾਇਆ। ਉਸਨੇ ਖਵਾਜ਼ਾ ਮਿਰਜ਼ਾ ਜਾਨ ਨੂੰ, ਜਿਹੜਾ ਹੁਣ ਉਸਦਾ ਜਵਾਈ ਵੀ ਸੀ, ਲਾਹੌਰ ਵਿਚ ਆਪਣਾ ਨਾਇਬ ਥਾਪ ਦਿੱਤਾ ਤੇ ਸਰਹਿੰਦ ਦੀ ਫੌਜਦਾਰੀ ਸਾਦਿਕ ਬੇਗ ਨੂੰ ਦੇ ਦਿੱਤੀ। ਮੁਲਤਾਨੀ ਬੇਗਮ ਖਵਾਜਾ ਮਿਰਜ਼ਾ ਖਾਂ ਦੀ ਭਾਣਜੀ ਸੀ, ਪਰ ਉਹ ਉਸਨੂੰ ਲਾਹੌਰ ਵਿਚ ਰੱਖਣਾ ਨਹੀਂ ਚਾਹੁੰਦਾ ਸੀ। ਇਸ ਲਈ ਉਸਨੇ ਅਦੀਨਾ ਬੇਗ ਨੂੰ ਕਿਹਾ, “ਮੈਨੂੰ ਆਪਣੀ ਇਸ ਭਾਣਜੀ ਤੋਂ ਡਰ ਲੱਗਦਾ ਏ। ਉਸ ਦੇ ਦਿਮਾਗ਼ ਵਿਚ ਹਕੂਮਤ ਦੀ ਬੂ ਏ। ਪਤਾ ਨਹੀਂ ਕੀ ਕੀ ਸਾਜਿਸ਼ ਰਚੇਗੀ ਉਹ? ਬਿਹਤਰ ਹੈ ਜੇ ਤੁਸੀਂ ਉਸਦੀ ਰਹਾਇਸ਼ ਦਾ ਇੰਤਜਾਮ ਕਿੱਧਰੇ ਹੋਰ ਦਿਓ।”
ਅਦੀਨਾ ਬੇਗ ਵੀ ਬੇਗਮ ਦੀ ਤਿਕੜਮਬਾਜੀ ਤੇ ਜੋੜ-ਤੋੜ ਦੀ ਮੁਹਾਰਤ ਬਾਰੇ ਜਾਣਦਾ ਸੀ। ਉਹ ਖਵਾਜ਼ਾ ਮਿਰਜ਼ਾ ਖਾਂ ਨਾਲ ਸਹਿਮਤ ਹੋਇਆ ਸੋ ਮੁਗਲਾਨੀ ਬੇਗਮ ਨੂੰ ਆਪਣੇ ਨਾਲ ਬਟਾਲੇ ਲੈ ਜਾਣ ਦਾ ਫੈਸਲਾ ਕਰ ਲਿਆ।
ਬੇਗਮ ਨੂੰ ਇਸ ਫੈਸਲੇ ਤੋਂ ਜਾਣੂੰ ਕਰਵਾਉਣ ਦਾ ਉਸਨੇ ਜਿਹੜਾ ਢੰਗ ਅਪਣਾਇਆ, ਉਹ ਉਸਦੀ ਆਪਣੀ ਤਿਕੜਮਬਾਜੀ ਦਾ ਸਬੂਤ ਸੀ। ਬੇਗਮ ਨੂੰ ਆਪਣੇ ਕੋਲ ਬੁਲਾਉਣ ਦੀ ਬਜਾਏ ਉਹ ਆਪ ਉਸਦੀ ਖ਼ਿਦਮਤ ਵਿਚ ਜਾ ਹਾਜ਼ਰ ਹੋਇਆ ਤੇ ਬੜੀ ਹੀ ਨਿਮਰਤਾ ਨਾਲ ਗੱਲ ਸ਼ੁਰੂ ਕੀਤੀ, “ਲਾਹੌਰ ਦੇ ਇਸ ਪੁਰਾਣੇ ਸ਼ਹਿਰ ਵਿਚ ਰਹਿਣ ਨੂੰ ਜੀਆ ਨਹੀਂ ਕਰਦਾ। ਇਸ ਲਈ ਮੈਂ ਬਟਾਲੇ ਨੂੰ ਆਪਣਾ ਸਦਰ ਮੁਕਾਮ ਬਣਾਉਣ ਦਾ ਫੈਸਲਾ ਕੀਤਾ ਏ। ਮੇਰਾ ਖ਼ਿਆਲ ਏ ਕਿ ਤੁਸੀਂ ਵੀ ਮੇਰੇ ਨਾਲ ਬਟਾਲੇ ਵਿਚ ਰਹਿਣਾ ਪਸੰਦ ਕਰੋਗੇ। ਤੁਸੀਂ ਮੇਰੇ ਕੋਲ ਰਹੋਗੇ ਤਾਂ ਮੈਂ ਤੁਹਾਡਾ ਹਰ ਤਰ੍ਹਾਂ ਨਾਲ ਖ਼ਿਆਲ ਰੱਖ ਸਕਾਂਗਾ ਤੇ ਤੁਹਾਨੂੰ ਕਿਸੇ ਕਿਸਮ ਦੀ ਔਖ ਨਹੀਂ ਹੋਣ ਦਿੱਤੀ ਜਾਏਗੀ। ਨਾਲੇ ਤੁਹਾਡੇ ਕੋਲ ਰਹਿਣ ਦਾ ਮੈਨੂੰ ਇਹ ਫਾਇਦਾ ਹੋਏਗਾ ਕਿ ਜਦੋਂ ਕਦੀ ਵੀ ਮੈਨੂੰ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਨ ਦੀ ਲੋੜ ਪਈ, ਮੈਨੂੰ ਬੜੀ ਅਸਾਨੀ ਰਹੇਗੀ। ਤੁਹਾਡੇ ਸਿਵਾਏ ਹੋਰ ਕੌਣ ਏਂ, ਜਿਸਦੀ ਰਾਏ ਉਪਰ ਮੈਂ ਭਰੋਸਾ ਕਰ ਸਕਾਂ?” ਫੇਰ ਆਪਣੇ ਮੁਲਾਜ਼ਮਾਂ ਨੂੰ ਕਿਹਾ, “ਬੇਗਮ ਸਾਹਿਬਾ ਦੇ ਸਾਡੇ ਨਾਲ ਚੱਲਣ ਦੀ ਤਿਆਰੀ ਕਰੋ।” ਇਹ ਬੇਨਤੀ ਨਹੀਂ ਇਕ ਸਭਿਅ ਹੁਕਮ ਸੀ ਤੇ ਉਸਦੇ ਇਸ ਹੁਕਮ ਦੀ ਪਾਲਨਾਂ ਹੋਈ।
ਅਦੀਨਾ ਬੇਗ ਨੇ ਬਟਾਲੇ ਵਿਚ ਇਕ ਸ਼ਾਨਦਾਰ ਮਹਿਲ ਵਿਚ ਬੇਗਮ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਉਸਦੀ ਦੋ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਾ ਦਿੱਤੀ ਤੇ ਕਿਚਨ ਲਈ ਪੰਜਾਹ ਰੁਪਏ ਰੋਜ਼ਾਨਾ ਭੱਤਾ ਬੰਨ੍ਹ ਦਿੱਤਾ। ਬੇਗਮ ਨੇ ਆਪਣੇ ਨੌਕਰ ਨੌਕਰਾਨੀਆਂ ਤੇ ਬੇਟੀ ਨੂੰ ਉਸ ਮਹਿਲ ਵਿਚ ਠਹਿਰਾਇਆ ਤੇ ਖ਼ੁਦ ਅਦੀਨਾ ਬੇਗ ਨਾਲ ਉਸਦੇ ਕੈਂਪ ਵਿਚ ਰਹਿਣ ਲੱਗੀ। ਅਦੀਨਾ ਬੇਗ ਨੇ ਉਸਦੇ ਸਾਰੇ ਮੁਲਾਜਮਾਂ ਨਾਲ ਨਰਮੀਂ ਭਰਿਆ ਵਰਤਾਅ ਕੀਤਾ। ਆਪਣੇ ਅਸਤਬਲ ਵਿਚੋਂ ਉਹਨਾਂ ਨੂੰ ਇਕ ਇਕ ਘੋੜਾ ਦਿੱਤਾ ਤੇ ਸਾਰਿਆਂ ਦੀ ਚੰਗੀ ਤਨਖ਼ਾਹ ਬੰਨ੍ਹ ਦਿੱਤੀ ਜਿਹੜੀ ਉਹਨਾਂ ਨੂੰ ਸਮੇਂ ਸਿਰ ਮਿਲਦੀ ਰਹੀ।
ਅਦੀਨਾ ਬੇਗ ਇਕ ਅਰਸੇ ਤੋਂ ਪੰਜਾਬ ਦੀ ਨਵਾਬੀ ਦਾ ਸੁਪਨਾ ਦੇਖ ਰਿਹਾ ਸੀ, ਉਹ ਸਾਕਾਰ ਹੋ ਗਿਆ। ਇਸ ਖ਼ੁਸ਼ੀ ਵਿਚ ਉਸਨੇ ਬਟਾਲੇ ਤੋਂ ਥੋੜ੍ਹੀ ਦੂਰ ਇਕ ਨਵਾਂ ਸ਼ਹਿਰ ਵਸਾਇਆ, ਜਿਸਦਾ ਨਾਂ ਉਸਨੇ ਆਪਣੇ ਨਾਂ ਉਪਰ ਅਦੀਨਾ ਨਗਰ ਰੱਖਿਆ। ਇਹੀ ਨਵਾਂ ਸ਼ਹਿਰ ਉਸਦੀ ਰਾਜਧਾਨੀ ਸੀ। ਨਵਾਬ ਤਾਂ ਭਾਵੇਂ ਉਹ ਬਣ ਗਿਆ, ਪਰ ਜੋ ਹਾਲਾਤ ਸਨ...ਉਹਨਾਂ ਨਾਲ ਜੂਝਨਾਂ ਉਸਦੇ ਵੱਸ ਦਾ ਰੋਗ ਨਹੀਂ ਸੀ।
ਮੁਗਲਾਂ ਦਾ ਦਖਲ ਖਤਮ ਹੋਇਆ, ਹੁਣ ਮਰਾਠੇ ਵਿਚ ਆ ਅੜੇ। ਹੁਣ ਫੇਰ ਪੰਜਾਬ ਦੇ ਤਿੰਨ ਦਾਅਵੇਦਾਰ ਸਨ—ਅਬਦਾਲੀ, ਮਰਾਠੇ ਤੇ ਸਿੱਖ। ਅਸਲ ਸ਼ਕਤੀ ਸਿੱਖਾਂ ਦੀ ਸੀ। ਦਲ ਖਾਲਸਾ ਨਾ ਸਿਰਫ ਇਕ ਹਥਿਆਰ ਬੰਦ ਗੁੱਟ ਸੀ, ਬਲਕਿ ਦੇਸ਼ ਤੇ ਧਰਮ ਦੀ ਆਜ਼ਾਦੀ ਲਈ ਲੜਨ ਵਾਲਾ ਇਕ ਲੋਕਪ੍ਰਿਆ ਅੰਦੋਲਨ ਵੀ ਸੀ। ਹਰੇਕ ਘਰ ਵਿਚੋਂ ਘੱਟੋਘੱਟ ਇਕ ਮੁੰਡਾ ਸਿੱਖ ਜ਼ਰੂਰ ਬਣਦਾ ਸੀ। ਮੰਦਰ ਤੇ ਗੁਰਦੁਆਰੇ ਵਿਚ ਕੋਈ ਭੇਦ ਨਹੀਂ ਸੀ। ਗੀਤਾ ਤੇ ਗ੍ਰੰਥ ਸਾਹਿਬ ਦਾ ਹਰੇਕ ਘਰ ਵਿਚ ਇਕੋ ਜਿਹਾ ਆਦਰ ਕੀਤਾ ਜਾਂਦਾ ਸੀ। ਇਤਿਹਾਸ ਇਕ ਸੀ, ਮਿਥਿਹਾਸ ਇਕ ਸੀ ਤੇ ਕੁਰਬਾਨੀਆਂ ਦੀ ਲੰਮੀ ਪ੍ਰੰਪਰਾ ਨੇ ਬੱਚੇ ਬੱਚੇ ਨੂੰ ਇਕ ਮਜ਼ਬੂਤ ਕੜੀ ਵਿਚ ਪਰੋਅ ਦਿੱਤਾ ਸੀ। ਸੋ ਹੁਣ ਮੁਕਾਬਲਾ ਅਬਦਾਲੀ, ਮਰਾਠਿਆਂ ਤੇ ਸਿੱਖਾਂ ਨਾਲ ਸੀ। ਅਦੀਨਾ ਬੇਗ ਦੀ ਆਪਣੀ ਹੈਸੀਅਤ ਇਹ ਸੀ ਕਿ ਪਹਿਲਾਂ ਉਹ ਮੁਗਲਾਂ ਦੇ ਖੇਤ ਦੀ ਮੂਲੀ ਸੀ ਤੇ ਹੁਣ ਮਰਾਠਿਆਂ ਦੇ ਖੇਤ ਦੀ ਮੂਲੀ ਬਣਕੇ ਰਹਿ ਗਿਆ ਸੀ। ਖਾਲਸੇ ਇਸ ਮੂਲੀ ਨੂੰ ਇਕੋ ਝਟਕੇ ਵਿਚ ਪੁੱਟ ਕੇ ਸੁੱਟ ਸਕਦੇ ਸਨ, ਪਰ ਅਦੀਨਾ ਬੇਗ ਨੇ ਖਾਲਸੇ ਦੀ ਜੜ੍ਹ ਪੁੱਟਣ ਦੀ ਠਾਣ ਲਈ। ਠਾਣ ਲੈਣਾ ਵੀ ਜ਼ਰੂਰੀ ਸੀ, ਕਿਉਂਕਿ ਉਹਨਾਂ ਦੇ ਹੁੰਦਿਆਂ ਨਾ ਉਹ ਮਾਲੀਆ ਉਗਰਾਅ ਸਕਦਾ ਸੀ ਤੇ ਨਾ ਮਰਾਠਿਆਂ ਨੂੰ 75 ਲੱਖ ਰੁਪਏ ਖਰਾਜ਼ ਦੇ ਸਕਦਾ ਸੀ।
ਅਦੀਨਾ ਬੇਗ ਨੇ ਪਹਿਲਾਂ ਤਾਂ ਦਾਣਾ ਸੁੱਟਿਆ, ਪਰ ਖਾਲਸਾ ਦਾਣੇ ਉਪਰ ਡਿੱਗਣ ਵਾਲਾ ਨਹੀਂ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਾਫ ਕਹਿ ਦਿੱਤਾ, “ਪੰਜਾਬ ਵਿਚ ਤੂੰ ਰਹੇਂਗਾ ਜਾਂ ਅਸੀਂ ਰਹਾਂਗੇ। ਤੈਥੋਂ ਜਿਹੜਾ ਜ਼ੋਰ ਲੱਗਦਾ ਏ, ਲਾ ਵੇਖ।” ਅਦੀਨਾ ਬੇਗ ਵੀ ਪੰਜਾਬ ਵਿਚ ਪੈਦਾ ਹੋਇਆ ਸੀ ਤੇ ਉਹ ਜਾਣਦਾ ਸੀ ਕਿ ਸਿੱਖਾਂ ਉਪਰ ਕਦੋਂ ਤੇ ਕਿੰਜ ਵਾਰ ਕੀਤਾ ਜਾਏ। ਉਸ ਕੋਲ ਦਸ ਹਜ਼ਾਰ ਘੋੜਸਵਾਰ ਤੇ ਪੈਦਲ ਫੌਜ ਆਪਣੀ ਸੀ। ਫੇਰ ਉਸਨੇ ਉਹ ਸਾਰੇ ਲੋਕ ਆਪਣੇ ਝੰਡੇ ਹੇਠ ਇਕੱਠੇ ਕਰ ਲਏ, ਜਿਹਨਾਂ ਦੇ ਸਵਾਰਥ ਦਲ ਖਾਲਸਾ ਨਾਲ ਟਕਰਾਉਂਦੇ ਸਨ। ਇਹਨਾਂ ਲੋਕਾਂ ਨੇ ਪੰਜਾਬ ਦੇ ਵੱਖ-ਵੱਖ ਭਾਗਾਂ ਵਿਚ ਆਪੋ ਆਪਣੀਆਂ ਜ਼ਿਮੀਂਦਾਰੀਆਂ ਤੇ ਆਪਣੀਆਂ ਆਪਣੀਆਂ ਹਕੂਮਤਾਂ ਥਾਪ ਰੱਖੀਆਂ ਸਨ। ਜਿਵੇਂ ਸਿੰਧ ਸਾਗਰ ਦੁਆਬੇ ਵਿਚ ਗਖਰ, ਜੰਜੂਆ ਤੇ ਝੇਬਰ ਜ਼ਿਮੀਂਦਾਰ, ਦੁਆਬਾ ਚਜ ਵਿਚ ਚੌਧਰੀ ਰਹਿਮਤ ਖਾਂ ਬਾਰਾਇਚ, ਜੰਮੂ ਦਾ ਰਾਜਾ ਰਣਜੀਤ ਦੇਵ, ਰਚਨਾ ਦੁਆਬੇ ਦਾ ਚੌਧਰੀ ਮੀਰ ਮੁਹੰਮਦ ਚੱਥਾ, ਇੱਜਤ ਬਖ਼ਸ਼ ਭੱਟੀ ਤੇ ਹੋਰ ਜ਼ਿਮੀਂਦਾਰ, ਕਾਦੀਆਂ ਦਾ ਰਾਜਾ ਘਮੰਡ ਚੰਦ, ਨਿਧਾਨ ਸਿੰਘ ਰੰਧਾਵਾ ਤੇ ਮਿਰਜ਼ਾ ਮੁਹੰਮਦ ਅਨਵਰ, ਬਾਰੀ ਦੁਆਬੇ ਵਿਚ ਕਸੂਰ ਦੇ ਅਫਗਾਨ, ਕਪੂਰਥਲੇ ਦੇ ਰਾਏ ਇਬਰਾਹੀਮ ਆਦਿ। ਇਹ ਲੋਕ ਸਿੱਖਾਂ ਉਪਰ ਦੰਦ ਪੀਹ ਰਹੇ ਸਨ, ਹੁਣ ਉਹਨਾਂ ਨਾਲ ਲੜਨ ਲਈ ਅਦੀਨਾ ਬੇਗ ਨਾਲ ਆ ਰਲੇ। ਕਹਾਵਤ ਹੈ ਕਿ 'ਡੁੱਬਦੇ ਨੂੰ ਤਿਨਕੇ ਦਾ ਸਹਾਰਾ'।
ਹੁਣ ਇਹਨਾਂ ਲੋਕਾਂ ਤੇ ਦਲ-ਖਾਲਸਾ ਵਿਚਕਾਰ ਝੜਪਾਂ ਹੋਣ ਲੱਗੀਆਂ। ਸਿੱਖਾਂ ਦੀ ਤਾਕਤ ਏਨੀ ਹੋ ਗਈ ਸੀ ਕਿ ਹੁਣ ਉਹਨਾਂ ਨੂੰ ਜੰਗਲਾਂ ਤੇ ਪਹਾੜਾਂ ਵਿਚ ਜਾ ਕੇ ਛੁਪਣ ਦੀ ਲੋੜ ਨਹੀਂ ਸੀ ਪੈਂਦੀ। ਉਹ ਆਹਮਣੇ-ਸਾਹਮਣੇ ਦੀ ਲੜਾਈ ਲੜਦੇ ਸਨ ਤੇ ਪਹਿਲ ਵੀ ਕਰ ਸਕਦੇ ਸਨ।
ਖਾਲਸਾ ਦਲ ਦੇ ਕੁਝ ਮਜ਼ਬੂਤ ਜੱਥਿਆਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਅਦੀਨਾ ਨਗਰ ਉਪਰ ਚੜ੍ਹਾਈ ਕਰ ਦਿੱਤੀ ਤਾਂਕਿ ਅਦੀਨਾ ਬੇਗ ਨੂੰ ਪੰਜੀ ਦਾ ਭੌਂਣ ਵਿਖਾਇਆ ਜਾਏ। ਪਤਾ ਲੱਗਦਿਆਂ ਹੀ ਅਦੀਨਾ ਬੇਗ ਨੇ ਦੀਵਾਨ ਹੀਰਾ ਮੱਲ ਤੇ ਜੰਡਿਆਲੇ ਦੇ ਗੁਰੂ ਆਕਿਲ ਦਾਸ ਨੂੰ ਉਹਨਾਂ ਦੇ ਵਿਰੁੱਧ ਮੁਕਾਬਲੇ ਲਈ ਰਵਾਨਾ ਕਰ ਦਿੱਤਾ। ਕਾਦੀਆਂ ਵਿਚ ਘਮਾਸਾਨ ਦਾ ਯੁੱਧ ਹੋਇਆ। 'ਧਾਏ ਫਟ' ਗੁਰੀਲਾ ਯੁੱਧ ਦਾ ਤਰੀਕਾ ਸੀ। ਆਹਮਣੇ-ਸਾਹਮਣੇ ਦੀ ਲੜਾਈ ਵਿਚ ਖਾਲਸਾ ਦਲ ਨੇ ਅਹਿਮਦ ਸ਼ਾਹ ਅਬਦਾਲੀ ਵਾਲਾ ਤਰੀਕਾ ਅਪਣਾ ਲਿਆ ਸੀ, ਜਿਸ ਅਨੁਸਾਰ ਦੋ ਸੌ ਘੋੜਸਵਾਰ ਮੈਦਾਨ ਵਿਚ ਆਉਂਦੇ, ਕੁਝ ਚਿਰ ਲੜਦੇ, ਫੇਰ ਬੜੇ ਸਧੇ ਹੋਏ ਢੰਗ ਨਾਲ ਪਿੱਛੇ ਹਟਦੇ ਜਾਂਦੇ ਤੇ ਉਹਨਾਂ ਦੀ ਜਗ੍ਹਾ ਦੂਸਰੇ ਘੋੜਸਵਾਰ ਆ ਜਾਂਦੇ। ਮੈਦਾਨ ਵਿਚੋਂ ਹਟਣ ਵਾਲੇ ਘੋੜਸਵਾਰ ਪਿੱਛੇ ਆ ਕੇ ਆਪਣੇ ਘੋੜਿਆਂ ਨੂੰ ਚਰਨ ਲਈ ਛੱਡਦੇ ਤੇ ਆਪ ਵੀ ਆਰਾਮ ਕਰਦੇ। ਉਹ ਪਾਣੀ ਤੇ ਭੁੱਜੇ ਹੋਏ ਛੋਲੇ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਉਹਨਾਂ ਦਾ ਨਾਸ਼ਤਾ ਕਰਦੇ, ਬੰਦੂਕਾਂ ਵਿਚ ਬਰੂਦ ਭਰਦੇ ਤੇ ਇੰਜ ਤਾਜ਼ਾ ਦਮ ਹੋ ਕੇ ਲੜ ਰਹੇ ਸਵਾਰਾਂ ਦੀ ਜਗ੍ਹਾ ਲੈਣ ਲਈ ਮੁੜ ਮੈਦਾਨ ਵਿਚ ਪਰਤ ਆਉਂਦੇ। ਜੱਸਾ ਸਿੰਘ ਆਹਲੂਵਾਲੀਆ ਆਪਣੇ ਜੱਥੇ ਸਮੇਤ ਮੈਦਾਨ ਵਿਚ ਹਾਜ਼ਰ ਰਹਿੰਦੇ, ਜਿੱਥੇ ਕਿੱਧਰੇ ਦੁਸ਼ਮਣ ਦਾ ਦਬਾਅ ਦੇਖਦੇ, ਉੱਥੇ ਹੀ ਆਪਣੇ ਸਵਾਰਾਂ ਨਾਲ ਮਦਦ ਲਈ ਪਹੁੰਚ ਜਾਂਦੇ। ਉਹਨਾਂ ਦੇ ਤੀਰ ਦਾ ਨਿਸ਼ਾਨਾ ਤੇ ਤਲਵਾਰ ਦਾ ਵਾਰ ਅਚੁੱਕ ਸਨ। ਦੁਸ਼ਮਣ ਉਹਨਾਂ ਅੱਗੇ ਪਾਣੀ ਨਹੀਂ ਸੀ ਮੰਗਦਾ। ਦੀਵਾਨ ਹੀਰਾ ਮੱਲ ਲੜਦਾ ਹੋਇਆ ਮਾਰਿਆ ਗਿਆ। ਗੁਰੂ ਆਕਿਲ ਦਾਸ ਨੇ ਬੜੀ ਮੁਸ਼ਕਲ ਨਾਲ ਜਾਨ ਬਚਾਈ, ਦੁਸ਼ਮਣ ਸੈਨਾ ਵਿਚ ਭਗਦੜ ਮੱਚ ਗਈ। ਯੁੱਧ ਦਾ ਸਾਰਾ ਸਾਮਾਨ ਸਿੱਖਾਂ ਦੇ ਹੱਥ ਲੱਗਿਆ।
ਆਪਣੀ ਇਸ ਹਾਰ ਉਪਰ ਅਦੀਨਾ ਬੇਗ ਸਿਟ-ਪਿਟਾਅ ਗਿਆ। ਉਸਨੇ ਸਾਰੇ ਚੌਧਰੀਆਂ, ਨੰਬਰਦਾਰਾਂ ਤੇ ਜ਼ਿਮੀਂਦਾਰਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਸੌਂਹ ਪਵਾਈ ਕਿ ਉਹ ਸਿੱਖਾਂ ਨੂੰ ਨਸ਼ਟ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਸਨੇ ਹੁਕਮ ਦਿੱਤਾ ਕਿ ਸਿੱਖਾਂ ਨੂੰ ਪੰਜਾਬ ਦੇ ਕਿਸੇ ਵੀ ਜ਼ਿਲੇ ਤੇ ਪਰਗਨੇ ਵਿਚ ਟਿਕਣ ਨਾ ਦਿੱਤਾ ਜਾਏ। ਉਹਨਾਂ ਨੂੰ ਜਾਂ ਤਾਂ ਗਿਰਫਤਾਰ ਕਰਕੇ ਲਿਆਂਦਾ ਜਾਏ ਜਾਂ ਕਤਲ ਕਰ ਦਿੱਤਾ ਜਾਏ। ਮੀਰ ਅਜੀਜ਼ ਖਾਂ ਉਸਦਾ ਇਕ ਭਰੋਸੇ ਯੋਗ ਸਰਦਾਰ ਸੀ। ਅਦੀਨਾ ਬੇਗ ਨੇ ਕਈ ਹਜ਼ਾਰ ਘੋੜਸਵਾਰ ਦੇ ਕੇ ਉਸਨੂੰ ਇਸੇ ਕੰਮ ਉੱਤੇ ਲਾ ਦਿੱਤਾ। ਉਸਨੇ ਇਕ ਹਜ਼ਾਰ ਤਰਖਾਨ ਭਰਤੀ ਕੀਤੇ, ਜਿਹਨਾਂ ਨੂੰ ਕੁਹਾੜੀਆਂ ਤੇ ਆਰਿਆਂ ਨਾਲ ਸੰਘਣੇ ਜੰਗਲ ਕੱਟਣ ਉਪਰ ਲਾ ਦਿੱਤਾ ਗਿਆ ਤਾਂ ਕਿ ਸਿੱਖਾਂ ਦੇ ਛੁਪਣ ਲਈ ਕੋਈ ਜਗ੍ਹਾ ਨਾ ਰਹੇ। ਸਿੱਖ ਰਾਮ-ਰੌਣੀ ਕਿਲੇ ਵਿਚ ਚਲੇ ਗਏ। ਮੀਰ ਅਜੀਜ਼ ਖਾਂ ਨੇ ਕਿਲੇ ਨੂੰ ਘੇਰਾ ਪਾ ਲਿਆ। ਸਿੱਖ ਕਦੀ ਕਦੀ ਬੜੀ ਵੱਡੀ ਗਿਣਤੀ ਵਿਚ ਧਾਵਾ ਬੋਲਦੇ ਸਨ ਤੇ ਦੁਸ਼ਮਣ ਸੈਨਾ ਦੇ ਅਨੇਕਾਂ ਸਿਪਾਹੀਆਂ ਨੂੰ ਮਾਰ ਕੇ, ਉਹਨਾਂ ਦੇ ਹਥਿਆਰ ਤੇ ਰਸਦ ਖੋਹ ਕੇ, ਕਿਲੇ ਵਿਚ ਚਲੇ ਜਾਂਦੇ ਸਨ ਤੇ ਦਰਵਾਜ਼ੇ ਬੰਦ ਕਰ ਲੈਂਦੇ ਸਨ। ਘੇਰਾਬੰਦੀ ਲੰਮਾਂ ਸਮਾਂ ਚੱਲੀ। ਮੀਰ ਅਜੀਜ਼ ਖਾਂ ਖਾਲਸੇ ਦੇ ਹਮਲਿਆਂ ਤੋਂ ਤੰਗ ਆ ਗਿਆ। ਬੜੀਆਂ ਕੋਸ਼ਿਸ਼ਾਂ ਪਿੱਛੋਂ ਇਕ ਰਾਤ, ਉਹ ਕਿਲੇ ਦੀ ਕੰਧ ਢਾਉਣ ਵਿਚ ਸਫਲ ਹੋਇਆ। ਸਿੱਖਾਂ ਕੋਲ ਹੁਣ ਲੜਨ ਦੇ ਸਿਵਾਏ ਕੋਈ ਹੋਰ ਚਾਰਾ ਨਹੀਂ ਸੀ। ਉਹ ਸਾਰੇ ਦੇ ਸਾਰੇ ਇਕੱਠੇ ਬਾਹਰ ਨਿਕਲ ਆਏ। ਘਮਾਸਾਨ ਦੀ ਲੜਾਈ ਵਿਚ ਕੁਝ ਮਾਰੇ ਗਏ, ਕੁਝ ਫੜ੍ਹੇ ਗਏ ਤੇ ਕਾਫੀ ਸਾਰੇ ਬਚ ਨਿਕਲੇ।
ਸਿੱਖ ਸਤਲੁਜ ਪਾਰ ਕਰਕੇ ਮਾਲਵੇ ਵਿਚ ਚਲੇ ਗਏ ਪਰ ਉੱਥੇ ਵੀ ਚੈਨ ਨਹੀਂ ਸੀ। ਸਰਹਿੰਦ ਦੇ ਹਾਕਮ ਸਾਦਿਕ ਬੇਗ ਨੇ ਉਹਨਾਂ ਉਪਰ ਚੜ੍ਹਾਈ ਕਰ ਦਿੱਤੀ ਤੇ ਆਪਸ ਵਿਚ ਝੜਪਾਂ ਸ਼ੁਰੂ ਹੋ ਗਈਆਂ। ਖਾਲਸੇ ਨੇ ਫੇਰ ਗੁਰੀਲਾ ਯੁੱਧ ਦਾ 'ਧਾਏ ਫਟ' ਤਰੀਕਾ ਵਰਤਿਆ। ਉਹ ਦੁਸ਼ਮਣ ਉੱਤੇ ਤੇਜ਼ੀ ਨਾਲ ਹਮਲਾ ਕਰਦੇ ਤੇ ਝਟਭਟ ਨੱਸ ਜਾਂਦੇ। ਦੁਸ਼ਮਣ ਪਿੱਛਾ ਕਰਦਾ ਤਾਂ ਪਲਟ ਕੇ ਫੇਰ ਵਾਰ ਸ਼ੁਰੂ ਕਰ ਦਿੰਦੇ ਤੇ ਫੇਰ ਭੱਜ ਪੈਂਦੇ। ਇਸ ਭੱਜ-ਦੌੜ ਵਿਚ ਸਾਦਿਕ ਬੇਗ ਦੀਆਂ ਤੋਪਾਂ ਪਿੱਛੇ ਰਹਿ ਜਾਂਦੀਆਂ। ਇੰਜ ਸਿੱਖਾਂ ਨੂੰ ਮੌਕਾ ਮਿਲਦਾ, ਉਹ ਸਾਦਿਕ ਬੇਗ ਦੇ ਸਿਪਾਹੀਆਂ ਦਾ ਸਫਾਇਆ ਕਰਨ ਲਈ ਪਲਟਦੇ...ਕਈਆਂ ਨੂੰ ਮਾਰ ਜਾਂਦੇ, ਕਈਆਂ ਨੂੰ ਫਟੜ ਕਰ ਦਿੰਦੇ ਤੇ ਆਪਣੇ ਫਟੜਾਂ ਨੂੰ ਚੁੱਕ ਕੇ ਨੱਠ ਜਾਂਦੇ।
ਇਹ ਝੜਪਾਂ ਚੱਲ ਹੀ ਰਹੀਆਂ ਸਨ ਕਿ ਅਦੀਨਾ ਬੇਗ ਬਿਮਾਰ ਪੈ ਗਿਆ। ਕਿਸੇ ਲੜਾਈ ਵਿਚ ਉਸਦੀ ਛਾਤੀ ਵਿਚ ਗੋਲੀ ਲੱਗੀ ਸੀ। ਜਖ਼ਮ ਭਾਵੇਂ ਠੀਕ ਹੋ ਗਿਆ ਸੀ, ਫੇਰ ਵੀ ਉਸ ਵਿਚ ਕਦੇ ਕਦੇ ਅਚਾਨਕ ਦਰਦ ਹੋਣ ਲੱਗ ਪੈਂਦਾ ਸੀ। ਖਾਸ ਤੌਰ 'ਤੇ ਬਰਸਾਤ ਦੇ ਦਿਨਾਂ ਵਿਚ, ਜਦੋਂ ਹਵਾ ਵਿਚ ਸਿਲ੍ਹ ਹੁੰਦੀ। ਇਹ ਦਰਦ ਅਤਿ ਡਾਢਾ ਤੇ ਭਿਆਨਕ ਹੁੰਦਾ...ਤੇ ਏਸੇ ਦਰਦ ਨਾਲ 15 ਸਤੰਬਰ 1758 ਨੂੰ ਉਸਦੀ ਮੌਤ ਹੋ ਗਈ।
ਜਿਹੜੇ ਜ਼ਿਮੀਂਦਾਰ ਗੱਖੜ-ਪੱਖੜ, ਰੰਧਾਵੇ-ਸੰਧਾਵੇ ਤੇ ਪਠਾਨ-ਸ਼ਠਾਨ ਅਦੀਨਾ ਬੇਗ ਦੇ ਝੰਡੇ ਹੇਠ ਇਕੱਠੇ ਹੋਏ ਸਨ, ਉਹ ਸਾਰੇ ਆਪੋ ਆਪਣੇ ਖੁੱਡਿਆਂ ਵਿਚ ਜਾ ਲੁਕੇ। ਦਲ-ਖਾਲਸਾ ਨੇ ਫੇਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨੂੰ ਆਪਣੀ ਰਾਖੀ ਵਿਚ ਲੈਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਦੁਸ਼ਮਣਾ ਤੋਂ ਬਦਲੇ ਲਏ। ਖਵਾਜ਼ਾ ਮਿਰਜ਼ਾ ਖਾਂ ਜਿਹੜਾ ਲਾਹੌਰ ਵਿਚ ਅਦੀਨਾ ਬੇਗ ਦਾ ਨਾਇਬ ਸੀ, ਖ਼ੁਦ ਨਵਾਬ ਬਣ ਬੈਠਾ। ਇਧਰ ਸਿੱਖ ਸਨ ਤੇ ਉਧਰ ਪੱਛਮ ਵਿਚ ਅਫਗਾਨਾਂ ਨੇ ਫੇਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਆਪਣੇ ਆਪ ਨੂੰ ਦੋ ਪਾਸਿਓਂ ਖਤਰੇ ਵਿਚ ਘਿਰਿਆ ਦੇਖ ਕੇ ਖਵਾਜ਼ਾ ਮਿਰਜ਼ਾ ਨੇ ਸਿੱਖਾਂ ਵੱਲ ਸੁਲਾਹ ਦਾ ਹੱਥ ਵਧਾਇਆ। ਉਸਨੇ ਆਪਣੇ ਵਕੀਲ ਦੁਆਰਾ ਉਹਨਾਂ ਨੂੰ ਇਹ ਸੁਨੇਹਾ ਭੇਜਿਆ ਕਿ ਜੇ ਤੁਸੀਂ ਲੋਕ ਅਬਦਾਲੀ ਦੇ ਖ਼ਿਲਾਫ਼ ਮੇਰੀ ਮਦਦ ਕਰੋ ਤਾਂ ਮੈਂ ਤੁਹਾਡੇ ਵਿਰੁੱਧ ਦੁਆਬੇ ਵਿਚ ਕੋਈ ਕਾਰਵਾਈ ਨਹੀਂ ਕਰਾਂਗਾ। ਸੁਲਾਹ ਦੇ ਇਸ ਸੰਦੇਸ਼ ਉਪਰ ਵਿਚਾਰ ਕਰਨ ਲਈ ਸਰਬੱਤ ਖਾਲਸਾ ਦੀ ਬੈਠਕ ਹੋਈ। ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪਹਿਲਾ ਫਾਇਦਾ ਇਹ ਹੈ ਕਿ ਅਸੀਂ ਦੁਆਬੇ ਤੇ ਮਾਲਵੇ ਵਿਚ ਬੇਧੜਕ ਆਪਣੇ ਪੈਰ ਪੱਕੇ ਕਰ ਸਕਾਂਗੇ ਤੇ ਦੂਰਾਨੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਵਧਾਵਾਂਗੇ। ਦੂਜੀ ਗੱਲ ਇਹ ਹੈ ਕਿ ਦੂਰਾਨੀ ਵਿਦੇਸ਼ੀ ਨੇ ਅਬਦਾਲੀ ਹਿੰਦੁਸਤਾਨ ਉੱਤੇ ਆਪਣਾ ਕਬਜਾ ਕਰਨਾ ਚਾਹੁੰਦਾ ਹੈ। ਜੇ ਇੰਜ ਹੋਇਆ ਤਾਂ ਪੰਜਾਬ ਅਫਗਾਨੀ ਰਾਜ ਦਾ ਇਕ ਹਿੱਸਾ ਬਣ ਜਾਏਗਾ। ਇਸ ਦਾ ਮਤਲਬ ਇਹ ਹੋਇਆ ਕਿ ਇਕ ਗ਼ੁਲਾਮੀ ਵਿਚੋਂ ਨਿਕਲ ਕੇ ਦੂਜੀ ਗ਼ੁਲਾਮੀ ਵਿਚ ਚਲਾ ਜਾਏਗਾ। ਅਸੀਂ ਹੁਣ ਤਕ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਇਸ ਵਿਦੇਸ਼ੀ ਗ਼ੁਲਾਮੀ ਦੇ ਜੂਲੇ ਨੂੰ ਉਤਾਰ ਸੁੱਟਣ ਲਈ ਦਿੱਤੀਆਂ ਨੇ। ਜੇ ਅਸੀਂ ਦੇਸ਼ ਨੂੰ ਵਿਦੇਸ਼ੀ ਗ਼ੁਲਾਮੀ ਵਿਚ ਜਾਣ ਤੋਂ ਬਚਾਅ ਲਿਆ ਤਾਂ ਇਹ ਖਵਾਜ਼ੇ-ਬਵਾਜ਼ੇ ਕੁਝ ਨਹੀਂ। ਇਹਨਾਂ ਨਾਲ ਅਸੀਂ ਆਸਾਨੀ ਨਾਲ ਨਿੱਬੜ ਲਵਾਂਗੇ।”
ਗੱਲ ਸਭ ਦੇ ਮਨ ਲੱਗੀ ਤੇ ਖਵਾਜ਼ਾ ਮਿਰਜ਼ਾ ਖਾਂ ਦੀ ਮਦਦ ਕਰਨ ਦਾ ਗੁਰਮਤਾ ਪਾਸ ਹੋ ਗਿਆ।
ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਅਦੀਨਾ ਬੇਗ ਦੀ ਮੌਤ ਦੀ ਖਬਰ ਮਿਲੀ, ਉਹ ਮੀਰ ਨਸੀਰ ਖਾਂ ਦੇ ਸ਼ਹਿਰ ਕਲਾਤ ਦੀ ਘੇਰਾਬੰਦੀ ਕਰੀ ਬੈਠਾ ਸੀ। ਉਸਨੇ ਨੁਰੂਦੀਨ ਵਾਮੇਜਾਈ ਨੂੰ ਫੌਜ ਦੇ ਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ। ਉਸ ਸਤੰਬਰ ਦੇ ਅੰਤ ਤਕ ਬੜੀ ਆਸਾਨੀ ਨਾਲ ਸਿੰਧ ਨਦੀ ਪਾਰ ਕਰਕੇ ਸਿੰਧ ਸਾਗਰ ਦੁਆਬੇ ਵਿਚ ਆ ਪਹੁੰਚਿਆ। ਡੇਰਾ, ਮੀਆਨੀਅਤ ਤੇ ਚਕਸਾਨੂੰ ਆਦਿ ਸ਼ਹਿਰਾਂ ਵਿਚ ਲੁੱਟਮਾਰ ਤੇ ਸਾੜ-ਫੂਕ ਕਰਦਾ ਝਨਾਂ ਦੇ ਕੰਢੇ ਆ ਪਹੁੰਚਿਆ। ਖਵਾਜ਼ਾ ਮਿਰਜ਼ਾ ਖਾਂ ਵੀ ਸਿੰਘਾਂ ਨੂੰ ਨਾਲ ਲੈ ਕੇ ਮੁਕਾਬਲੇ ਲਈ ਆ ਡਟਿਆ ਤੇ ਖ਼ੂਬ ਲੜਾਈ ਹੋਈ। ਨੁਰੂਦੀਨ ਮੂੰਹ ਦੀ ਖਾ ਕੇ ਪਿੱਛੇ ਪਰਤ ਗਿਆ।
ਖਵਾਜ਼ਾ ਮਿਰਜ਼ਾ ਖਾਂ ਜਦੋਂ ਕਿਸੇ ਮੁਹਿੰਮ ਉੱਤੇ ਜਾਂਦਾ ਸੀ ਤਾਂ ਲਾਹੌਰ ਸ਼ਹਿਰ ਦਾ ਪ੍ਰਬੰਧ ਆਪਣੇ ਭਰਾ ਖਵਾਜ਼ਾ ਮੁਹੰਮਦ ਸਈਦ ਨੂੰ ਸੰਭਲਾ ਕੇ ਜਾਂਦਾ ਸੀ। ਮੁਹੰਮਦ ਸਈਦ ਬੜਾ ਨਿਰਦਈ ਤੇ ਲਾਲਚੀ ਆਦਮੀ ਸੀ। ਉਸਨੇ ਲੋਕਾਂ ਉਪਰ ਬੜੇ ਜ਼ੁਲਮ ਕੀਤੇ ਸਨ। ਵੱਡੇ ਵੱਡੇ ਜ਼ੁਰਮਾਨੇ ਲਾ ਦਿੰਦਾ ਤੇ ਦਹਿਸ਼ਤ ਪੈਦਾ ਕਰਨ ਲਈ ਹਰ ਰੋਜ਼ ਦੋ ਚਾਰ ਜਣਿਆਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੰਦਾ। ਇੰਜ ਉਸਨੇ ਕੁਝ ਸਿੱਖਾਂ ਨੂੰ ਵੀ ਕਤਲ ਕਰ ਦਿੱਤਾ ਤੇ ਸ਼ਹਿਰ ਦੇ ਸੱਜਣ ਤੇ ਖਾਂਦੇ-ਪੀਂਦੇ ਨਾਗਰਿਕਾਂ ਦੀਆਂ ਤਲਾਸ਼ੀਆਂ ਲੈ ਕੇ ਉਹਨਾਂ ਦੇ ਰੁਪਏ ਪੈਸੇ ਤੇ ਗਹਿਣੇ ਵਗੈਰਾ ਖੋਹ ਲਏ।
ਲੋਕ ਫਰਿਆਦ ਲੈ ਕੇ ਜੱਸਾ ਸਿੰਘ ਆਹਲੂਵਾਲੀਆ ਕੋਲ ਪਹੁੰਚੇ ਤਾਂ ਉਹ ਆਪਣੇ ਜੱਥੇ ਦੇ ਨਾਲ ਲਾਹੌਰ ਆ ਪਹੁੰਚਿਆ ਤੇ ਮਜੰਗ ਵਿਚ ਡੇਰਾ ਲਾ ਲਿਆ। ਮੁਹੰਮਦ ਸਈਦ ਨੂੰ ਪਤਾ ਲੱਗਿਆ ਤਾਂ ਉਹ ਸੁਲਾਹ-ਸਫਾਈ ਦੀ ਗੱਲ ਕਰਨ ਦੇ ਬਜਾਏ ਲੜਨ ਲਈ ਤਿਆਰ ਹੋ ਗਿਆ। ਪਰ 'ਕੀ ਪਿੱਦੀ ਤੇ ਕੀ ਪਿੱਦੀ ਦਾ ਮਾਜਣਾ' ਉਹ ਖਾਲਸੇ ਦੀ ਤਲਵਾਰ ਦੇ ਦੋ ਵਾਰ ਵੀ ਨਹੀਂ ਸਹਿ ਸਕਿਆ। ਭੱਜ ਕੇ ਸ਼ਹਿਰ ਵਿਚ ਆ ਛੁਪਿਆ।
ਖਵਾਜ਼ਾ ਮਿਰਜ਼ਾ ਖਾਂ ਨੇ ਕੁਝ ਬੁੱਕਲ ਦੇ ਸੱਪ ਪਾਲੇ ਹੋਏ ਸਨ। ਇਸ ਗੱਲ ਨਾਲ ਉਹਨਾਂ ਦੀ ਹਿੰਮਤ ਵਧੀ ਤੇ ਉਹਨਾਂ ਮਰਾਠਿਆਂ ਨਾਲ ਗੰਢ-ਤੁੱਪ ਕਰ ਲਈ। ਇਹ ਬੁੱਕਲ ਦੇ ਸੱਪ ਕਿਜਿਲਬਾਸ਼ ਕਬੀਲੇ ਦੇ ਲੋਕ ਸਨ, ਜਿਹਨਾਂ ਨੂੰ ਅਪਰੈਲ 1758 ਵਿਚ ਜਦੋਂ ਤੈਮੂਰ ਭੱਜ ਗਿਆ ਸੀ, ਖਵਾਜ਼ਾ ਮਿਰਜ਼ਾ ਖਾਂ ਨੇ ਚਨਾਬ ਦੇ ਕਿਨਾਰੇ ਗਿਰਫਤਾਰ ਕੀਤਾ ਸੀ। ਇਹਨਾਂ ਦੇ ਨੇਤਾ ਮਿਰਜ਼ਾ ਅਹਿਮਦ ਖਾਂ ਤੇ ਸਾਹਿਲ ਖਾਂ ਸਨ। ਪਿੱਛੋਂ ਇਹਨਾਂ ਨੂੰ ਫੌਜ ਵਿਚ ਭਰਤੀ ਕਰ ਲਿਆ ਗਿਆ ਸੀ। ਇਹਨਾਂ ਖਵਾਜ਼ਾ ਮਿਰਜ਼ਾ ਖਾਂ ਨੂੰ ਕੈਦ ਕਰ ਲਿਆ ਤੇ ਮੁਹੰਮਦ ਸਈਦ ਨੂੰ ਗਧੇ ਉੱਤੇ ਚੜ੍ਹਾ ਕੇ ਸਾਰੇ ਸ਼ਹਿਰ ਵਿਚ ਘੁਮਾਇਆ। ਉਸ ਦੁਆਰਾ ਸਤਾਏ ਗਏ ਲੋਕਾਂ ਨੇ ਉਸ ਉਪਰ ਗੰਦਗੀ ਸੁੱਟੀ। ਫੇਰ ਜਦੋਂ ਉਸਨੂੰ ਮਰਾਠਾ ਸਰਦਾਰ ਸਾਬਾਜੀ ਪਾਟਿਲ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ, “ਤੂੰ ਜਿਹੜੇ ਜ਼ੁਲਮ ਕੀਤੇ ਨੇ, ਇਹ ਉਹਨਾਂ ਦੀ ਸਜ਼ਾ ਮਿਲੀ ਏ ਤੇ ਠੀਕ ਵੀ ਏ। ਹੁਣ ਤੂੰ ਇੱਥੋਂ ਨੱਸ ਜਾ ਤੇ ਫੇਰ ਕਦੀ ਸ਼ਕਲ ਨਾ ਦਿਖਾਈਂ।”
ਹੁਣ ਮਿਰਜ਼ਾ ਅਹਿਮਦ ਖਾਂ ਲਾਹੌਰ ਦਾ ਤੇ ਸਾਹਿਲ ਖਾਂ ਮੁਲਤਾਨ ਦਾ ਸੂਬੇਦਾਰ ਬਣ ਗਿਆ ਪਰ ਅਸਲ ਤਾਕਤ ਸਾਬਾਜੀ ਪਾਟਿਲ ਦੇ ਹੱਥ ਵਿਚ ਸੀ।
ਰਘੁਨਾਥ ਰਾਵ ਨੂੰ ਜਦੋਂ ਅਦੀਨਾ ਬੇਗ ਦੀ ਮੌਤ ਦੀ ਖਬਰ ਮਿਲੀ ਸੀ ਤਾਂ ਉਸਨੇ ਸਾਬਾਜੀ ਪਾਟਿਲ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਲਾਹੌਰ ਭੇਜਿਆ ਸੀ। ਸਾਬਾਜੀ ਕੁਝ ਸਮੇਂ ਲਈ ਅਮਨ ਕਾਇਮ ਕਰਨ ਵਿਚ ਸਫਲ ਹੋਇਆ। ਇਕ ਵਿਸ਼ਾਲ ਮਰਾਠਾ ਸੈਨਾ ਦਿੱਲੀ ਵਿਚ ਮੌਜੂਦ ਸੀ, ਜਿਹੜੀ ਕਿਸੇ ਸਮੇਂ ਵੀ ਸਾਬਾਜੀ ਦੀ ਮਦਦ ਲਈ ਆ ਸਕਦੀ ਸੀ। ਪੰਜਾਬ ਦੇ ਸਾਰੇ ਜ਼ਿਮੀਂਦਾਰਾਂ ਨੇ ਉਸਦੀ ਅਧੀਨਤਾ ਮੰਨ ਲਈ। ਉਸਨੇ ਸਿੱਖਾਂ ਦੀ ਮਦਦ ਨਾਲ ਜ਼ਹਾਨ ਖਾਂ ਨੂੰ ਵੀ ਹਰਾ ਦਿੱਤਾ। ਨੁਰੂਦੀਨ ਵਾਮੇਜਈ ਦੀ ਹਾਰ ਤੋਂ ਪਿੱਛੋਂ ਅਬਦਾਲੀ ਨੇ ਜ਼ਹਾਨ ਖਾਂ ਨੂੰ ਭੇਜਿਆ ਸੀ। ਉਸਨੇ ਇਕ ਵੱਡੀ ਫੌਜ ਨਾਲ ਸਿੰਧ ਨਦੀ ਪਾਰ ਕੀਤੀ ਸੀ, ਪਰ ਮਰਾਠਿਆਂ ਤੇ ਸਿੱਖਾਂ ਦੀ ਮਿਲੀ ਜੁਲੀ ਫੌਜ ਦਾ ਮੁਕਾਬਲਾ ਉਹ ਵੀ ਨਹੀਂ ਸੀ ਕਰ ਸਕਿਆ। ਉਸਦਾ ਬੇਟਾ ਤੇ ਬਹੁਤ ਸਾਰੇ ਅਫਗਾਨ ਫੌਜੀ ਮਾਰੇ ਗਏ ਸਨ ਤੇ ਉਸਦੇ ਆਪਣੇ ਵੀ ਪੰਜ ਫੱਟ ਲੱਗੇ ਸਨ।
ਮੁਗਲਾਨੀ ਬੇਗਮ ਅਦੀਨਾ ਬੇਗ ਦੀ ਮੌਤ ਪਿੱਛੋਂ ਆਪਣੇ ਮਾਮੂ ਖਵਾਜ਼ਾ ਮਿਰਜ਼ਾ ਖਾਂ ਕੋਲ ਆ ਗਈ ਪਰ ਜਦੋਂ ਖਵਾਜ਼ਾ ਮਿਰਜ਼ਾ ਦੀ ਹਕੂਮਤ ਖੁੱਸ ਗਈ ਤਾਂ ਉਸਨੂੰ ਕੋਈ ਪੁੱਛਣ ਵਾਲਾ ਨਹੀਂ ਰਿਹਾ। ਉਹ ਫੇਰ ਹਕੀਮ ਸਰਾਏ ਵਿਚ ਰਹਿਣ ਲੱਗੀ। ਤਹਿਮਸ ਖਾਂ ਮਸਕੀਨ ਕੁਝ ਗਹਿਣੇ ਤੇ ਗਲੀਚੇ ਵਗੈਰਾ ਵੇਚ ਕੇ ਜਿਹੜੇ ਰੁਪਏ ਲਿਆਇਆ, ਉਹਨਾਂ ਨਾਲ ਦਿਨ ਕਟੀ ਹੋਣ ਲੱਗੀ। ਬੇਗਮ ਬੜੀ ਉਦਾਸ ਸੀ। ਜ਼ਹਾਨ ਖਾਂ ਦੀ ਹਾਰ ਪਿੱਛੋਂ ਅਬਦਾਲੀ ਦੇ ਹਮਲੇ ਦਾ ਖਤਰਾ ਵਧ ਗਿਆ ਸੀ ਤੇ ਲੋਕ ਭੈਭੀਤ ਸਨ ਪਰ ਮਸਕੀਨ ਇਸ ਹਾਲਤ ਵਿਚ ਵੀ ਆਰਾਮ ਨਾਲ ਬੈਠਾ ਹੁੱਕਾ ਪੀ ਰਿਹਾ ਸੀ।
“ਹੁਣ ਕੀ ਹੋਏਗਾ?” ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਨੇ ਪੁੱਛਿਆ।
“ਜੋ ਖ਼ੁਦਾ ਨੂੰ ਮੰਜ਼ੂਰ ਹੋਏਗਾ।”
“ਖ਼ੁਦਾ ਨੂੰ ਕੀ ਮੰਜ਼ੂਰ ਹੋਏਗਾ?”
“ਜੋ ਹੋਏਗਾ, ਉਹੀ ਖ਼ੁਦਾ ਨੂੰ ਮੰਜ਼ੂਰ ਹੀ ਹੋਏਗਾ।” ਮਸਕੀਨ ਨੇ ਜਵਾਬ ਦਿੱਤਾ ਤੇ ਖਿੜਖਿੜ ਕਰਕੇ ਹੱਸ ਪਿਆ। ਹੋਇਆ ਇਹ ਕਿ ਅਕਤੁਬਰ ਦੇ ਅੱਧ ਵਿਚ ਅਫਗਾਨਾਂ ਨੇ ਬੜਾ ਭਾਰੀ ਹਮਲਾ ਕਰ ਦਿੱਤਾ ਤੇ ਜਹਾਨ ਖਾਂ ਬਿਨਾਂ ਕਿਸੇ ਅੜਚਣ-ਅੜਿੱਕੇ ਦੇ ਲਾਹੌਰ ਪਹੁੰਚ ਗਿਆ। ਉਸਨੇ ਸੂਰਤ ਸਿੰਘ ਖੱਤਰੀ ਥਾਂਜੂਲਾ ਨੂੰ ਹੁਕਮ ਦਿੱਤਾ ਕਿ ਤੈਮੂਰ ਸ਼ਾਹ ਦੇ ਨਾਂ ਦਾ ਸਿੱਕਾ ਚਲਾਇਆ ਜਾਏ ਤੇ ਤੈਮੂਰ ਸ਼ਾਹ ਦੇ ਨਾਂ ਨਾਲ ਖੁਤਬਾ ਪੜ੍ਹਿਆ ਜਾਏ। ਉਸਨੇ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਲੋਕ ਆਪਸ ਵਿਚ ਲੜਨ-ਭਿੜਨ ਨਾ।
ਸਾਬਾਜੀ ਵਿਚ ਅਫਗਾਨਾਂ ਨਾਲ ਲੜਨ ਦੀ ਹਿੰਮਤ ਨਹੀਂ ਸੀ। ਉਹ ਹਮਲੇ ਦੀ ਖਬਰ ਸੁਣਦਿਆਂ ਹੀ ਬਟਾਲੇ ਚਲਾ ਗਿਆ ਤੇ ਬਟਾਲੇ ਤੋਂ ਅਦੀਨਾ ਬੇਗ ਦੀ ਵਿਧਵਾ, ਉਸਦੇ ਪੁੱਤਰ ਤੇ ਸਾਦਿਕ ਬੇਗ ਨਾਲ ਦਿੱਲੀ ਨੱਸ ਆਇਆ।
ਜਦੋਂ ਤੈਮੂਰ ਸ਼ਾਹ ਲਾਹੌਰ ਤੋਂ ਭੱਜ ਕੇ ਕਾਬੂਲ ਪਹੁੰਚਿਆ ਸੀ ਤਾਂ ਅਹਿਮਦ ਸ਼ਾਹ ਗੁੱਸੇ ਨਾਲ ਭਰ ਗਿਆ ਸੀ। ਫੇਰ ਜਦੋਂ ਨੁਰੂਦੀਨ ਵਾਮੇਜਈ ਵੀ ਹਾਰ ਕੇ ਪਰਤਿਆ ਸੀ ਤਾਂ ਇਹ ਗੁੱਸਾ ਹੋਰ ਵੀ ਭੜਕ ਉਠਿਆ ਸੀ। ਉਧਰ ਉਸਨੇ ਖ਼ੁਦ ਵੱਡੇ ਪੈਮਾਨੇ ਉਪਰ ਤਿਆਰੀ ਕੀਤੀ ਤੇ ਇਧਰ ਆਪਣੇ ਮੁਖ਼ਤਿਆਰ ਨਜੀਬੂਦੌਲਾ ਨੂੰ ਕਹਿ ਭੇਜਿਆ ਕਿ ਉਹ ਵੀ ਤਿਆਰ ਰਹੇ।
ਅਕਤੂਬਰ 1759 ਵਿਚ ਅਬਦਾਲੀ ਨੇ ਇਕ ਵਿਸ਼ਾਲ ਸੈਨਾ ਦੇ ਨਾਲ ਹਿੰਦੁਸਤਾਨ ਵੱਲ ਕੂਚ ਕੀਤਾ। ਉਸਦੇ ਸੈਨਾਪਤੀ ਜਹਾਨ ਖਾਂ ਦਾ ਸਹਿਜੇ ਹੀ ਲਾਹੌਰ ਉੱਤੇ ਕਬਜਾ ਹੋ ਚੁੱਕਿਆ ਸੀ। ਅਬਦਾਲੀ ਨੇ ਆਪਣਾ ਪ੍ਰਧਾਨ ਮੰਤਰੀ ਸ਼ਾਹ ਵਲੀ ਖਾਂ ਦੇ ਭਤੀਜੇ ਜਾਰਚੀ ਕਰੀਮਦਾਦ ਖਾਂ ਨੂੰ ਲਾਹੌਰ ਦਾ ਹਾਕਮ ਬਣਾ ਦਿੱਤਾ ਤੇ ਹਦਾਇਤ ਕੀਤੀ ਕਿ ਉਹ ਉਸਨੂੰ ਅਨਾਜ, ਹਥਿਆਰ ਤੇ ਗੋਲਾ ਬਾਰੂਦ ਭੇਜਦਾ ਰਹੇ। ਕਾਂਗੜੇ ਦੇ ਰਾਜੇ ਘਮੰਡ ਸਿੰਘ ਨੂੰ ਜਲੰਧਰ ਦੁਆਬੇ ਤੇ ਰਾਵੀ ਸਤਲੁਜ ਵਿਚਕਾਰਲੇ ਪਹਾੜੀ ਇਲਾਕੇ ਦਾ ਫੌਜਦਾਰ ਬਣਾਇਆ ਤੇ ਉਸਨੂੰ ਵੀ ਅਨਾਜ, ਹਥਿਆਰ ਤੇ ਗੋਲਾ ਬਾਰੂਦ ਭੇਜਦੇ ਰਹਿਣ ਦੀ ਹਦਾਇਤ ਕੀਤੀ। ਇਸ ਪਿੱਛੋਂ ਅਬਦਾਲੀ ਨੇ ਅਲੀਗੜ੍ਹ ਉਪਰ ਕਬਜਾ ਕੀਤਾ ਤੇ ਉਸਦੇ ਜਾਟ ਰਾਜੇ ਨੂੰ ਆਪਣਾ ਸਹਿਯੋਗੀ ਬਣਾ ਲਿਆ।
ਪੂਨਾ ਦਰਬਾਰ ਵਿਚ ਜਦੋਂ ਅਬਦਾਲੀ ਦੇ ਹਮਲੇ ਦੀ ਖਬਰ ਪਹੁੰਚੀ ਤਾਂ ਪੇਸ਼ਵਾ ਬਾਲਾਜੀ ਬਾਜੀ ਰਾਵ ਵੀ ਉਤਰ ਭਾਰਤ ਵਿਚ ਆਪਣੀ ਸਾਖ ਬਚਾਉਣ ਲਈ ਵੱਡੀ ਪੱਧਰ ਉੱਤੇ ਜੰਗ ਦੀ ਤਿਆਰੀ ਕਰਨ ਲੱਗਿਆ। ਮਈ 1760 ਵਿਚ ਇਕ ਵਿਸ਼ਾਲ ਮਰਾਠਾ ਸੈਨਾ ਨੇ ਸਦਾ ਸ਼ਿਵ ਰਾਵ ਭਾਉ ਦੀ ਕਮਾਨ ਵਿਚ ਉਤਰ ਵੱਲ ਕੂਚ ਕੀਤਾ। ਬਰਸਾਤ ਜਲਦੀ ਸ਼ੁਰੂ ਹੋ ਜਾਣ ਕਰਕੇ ਨਦੀਆਂ ਵਿਚ ਹੜ੍ਹ ਆ ਗਏ ਸਨ। ਫੇਰ ਵੀ ਮਰਾਠਾ ਸੈਨਾ ਚੰਬਲ ਤੇ ਜਮਨਾ ਪਾਰ ਕਰਕੇ 22 ਜੁਲਾਈ ਨੂੰ ਦਿੱਲੀ ਪਹੁੰਚ ਗਈ। ਉਸਨੇ ਸ਼ਹਿਰ ਤੇ ਕਿਲੇ ਉਪਰ ਕਬਜਾ ਕਰ ਲਿਆ। ਇੱਥੇ ਸਦਾ ਸਿਵ ਰਾਵ ਭਾਉ ਦਾ ਆਪਣੇ ਸਮੇਂ ਦਾ ਸਭ ਤੋਂ ਯੋਗ ਨੀਤੀਵਾਨ ਜਾਟ ਰਾਜੇ ਸੂਰਜ ਮੱਲ ਨਾਲ ਝਗੜਾ ਹੋ ਗਿਆ। ਭਾਉ ਤਿੱਖੇ ਸੁਭਾਅ ਦਾ ਨੌਜਵਾਨ ਸੀ। ਉਸਨੇ ਉਦਗੀਰ ਦੀ ਲੜਾਈ ਵਿਚ ਨਿਜਾਮ ਨੂੰ ਹਰਾ ਕੇ ਅਦੱਭੁਤ ਹੌਂਸਲੇ ਤੇ ਬਹਾਦਰੀ ਦਾ ਸਬੂਤ ਦਿੱਤਾ ਸੀ। ਇਸ ਕਾਰਨ ਮਿਲੀ ਵਾਹਵਾਈ ਨੇ ਉਸਦਾ ਸਿਰ ਫੇਰ ਦਿੱਤਾ ਸੀ। ਅਬਦਾਲੀ ਦਾ ਮੁਕਾਬਲਾ ਕਿੱਥੇ ਤੇ ਕਿਵੇਂ ਕੀਤਾ ਜਾਏ, ਸੂਰਜ ਮੱਲ ਨੇ ਇਸ ਸਿਲਸਿਲੇ ਵਿਚ ਭਾਉ ਸਾਹਮਣੇ ਸੁਝਾਅ ਰੱਖਿਆ ਸੀ। ਭਾਉ ਚਿਣਕ ਕੇ ਬੋਲਿਆ ਸੀ, “ਹੁਣ ਉਠ ਤੇ ਬੱਕਰੀਆਂ ਚਰਾਉਣ ਵਾਲੇ ਜੱਟ-ਬੂਟ ਵੀ ਮੈਨੂੰ ਨੀਤੀ ਸਿਖਾਉਣਗੇ?” ਇਹ ਸਿੱਧਾ ਸੂਰਜ ਮੱਲ ਦਾ ਅਪਮਾਨ ਸੀ। ਉਹ ਭਾਉ ਦਾ ਸਾਥ ਛੱਡ ਕੇ ਆਪਣੀ ਸੈਨਾ ਵਾਪਸ ਲੈ ਗਿਆ। ਭਾਉ ਨੇ ਆਪਣੇ ਇਸ ਖਰਵੇ ਸੁਭਾਅ ਕਾਰਨ ਮਲਹਾਰ ਰਾਵ ਦੁਲਕਰ ਨੂੰ ਵੀ ਨਾਰਾਜ਼ ਕਰ ਦਿੱਤਾ। ਰਾਜਪੂਤ ਤੇ ਪੰਜਾਬ ਦੇ ਸਿੱਖ ਅਬਦਾਲੀ ਦਾ ਮੁਕਾਬਲਾ ਕਰਨ ਵਾਲੀ ਜਬਰਦਸਤ ਸ਼ਕਤੀ ਸਨ। ਅਦੂਰਦਰਸ਼ੀ ਪੇਸ਼ਵਾ ਤੇ ਉਸ ਦੇ ਸੈਨਾ ਪਤੀ ਭਾਉ ਨੇ ਉਹਨਾਂ ਦੀ ਮਦਦ ਲੈਣੀ ਵੀ ਜ਼ਰੂਰੀ ਨਹੀਂ ਸਮਝੀ।
ਉਧਰ ਨਜੀਬੂਦੌਲਾ ਨੇ ਹਿੰਦੂ ਮਰਾਠਾ ਰਾਜ ਦਾ ਡਰ ਦਿਖਾ ਕੇ ਰੋਹੇਲਾ ਸਰਦਾਰਾਂ ਨੂੰ ਤੇ ਅਵਧ ਦੇ ਨਵਾਬ ਸ਼ਜ਼ਾਊਦੌਲਾ ਨੂੰ ਅਬਦਾਲੀ ਦੇ ਪੱਖ ਵਿਚ ਲਿਆ ਖੜ੍ਹਾ ਕੀਤਾ। 23 ਹਜ਼ਾਰ ਘੋੜਸਵਾਰ ਤੇ ਸੱਤ ਹਜ਼ਾਰ ਪੈਦਲ ਅਬਦਾਲੀ ਦੀ ਆਪਣੀ ਸੈਨਾ ਸੀ। ਸੱਤ ਹਜ਼ਾਰ ਘੋੜਸਵਾਰ ਤੇ 23 ਹਜਾਰ ਪੈਦਲ ਸੈਨਾ ਰੋਹੇਲਿਆਂ ਤੇ ਅਵਧਾਂ ਦੀ ਉਸ ਨਾਲ ਆ ਰਲੀ।
ਨਜੀਬੂਦੌਲਾ ਬੜੇ ਮਾਣ ਨਾਲ ਕਹਿ ਰਿਹਾ ਸੀ, “ਇਸ ਬਾਰਾਤ ਦਾ ਲਾੜਾ ਮੈਂ ਹਾਂ। ਫਤਿਹ ਵੀ ਮੇਰੀ ਹੋਏਗੀ ਤੇ ਹਾਰ ਵੀ ਮੇਰੀ।” ਮਰਾਠਿਆਂ ਦੇ ਤੋਪ ਖਾਨੇ ਦਾ ਇੰਚਾਰਜ ਇਬਰਾਹੀਮ ਗਾਰਦੀ ਸੀ। ਨਜੀਬੂਦੌਲਾ ਨੇ ਉਸ ਨੂੰ ਵੀ ਇਹ ਸੰਦੇਸ਼ ਭੇਜਿਆ, 'ਹਿੰਦੁਸਤਾਨ ਦੀਆਂ ਮੁਸਲਮਾਨ ਹਕੂਮਤਾਂ ਖਤਰੇ ਵਿਚ ਹਨ। ਜੇ ਤੁਸੀਂ ਸੱਚੇ ਦੀਨਦਾਰ ਹੋ ਤਾਂ ਹਿੰਦੂ ਕਾਫਿਰਾਂ ਦਾ ਸਾਥ ਛੱਡ ਕੇ ਮੁਸਲਮਾਨਾਂ ਦਾ ਸਾਥ ਦਿਓ।'
ਇਬਰਾਹੀਮ ਗਾਰਦੀ ਦਾ ਜਵਾਬ ਸੀ, 'ਮੈਂ ਜਾਣਦਾ ਹਾਂ ਕਿਹੜਾ ਕਿੱਡਾ ਕੁ ਮੁਸਲਮਾਨ ਹੈ। ਤੂੰ ਉਸ ਅਹਿਮਦ ਸ਼ਾਹ ਅਬਦਾਲੀ ਨੂੰ ਮੁਸਲਮਾਨ ਦੱਸ ਰਿਹਾ ਹੈਂ, ਜਿਸ ਨੇ ਹਿੰਦੂ ਮੁਸਲਮਾਨ ਦਾ ਭੇਦ ਕੀਤੇ ਬਿਨਾਂ, ਪੂਰੀ ਦਿੱਲੀ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਸੀ। ਤੂੰ ਅਬਦਾਲੀ ਨੂੰ ਮੁਸਲਮਾਨ ਕਹਿ ਰਿਹਾ ਹੈਂ, ਜਿਹੜਾ ਸ਼ਹਿਜਾਦੀਆਂ ਨੂੰ ਜਬਰਦਸਤੀ ਚੁੱਕ ਕੇ ਲੈ ਗਿਆ ਸੀ? ਤੇਰੇ ਵਰਗੇ ਮਤਲਬ ਪ੍ਰਸਤ ਬੰਦੇ ਉਸ ਸਮੇਂ ਵੀ ਅਬਦਾਲੀ ਦੇ ਨਾਲ ਸਨ ਤੇ ਅੱਜ ਵੀ ਅਬਦਾਲੀ ਦੇ ਨਾਲ ਹਨ। ਐਵੇਂ ਇਸਲਾਮ ਦੀ ਦੁਹਾਈ ਕਿਉਂ ਦੇ ਰਿਹਾ ਹੈਂ!'
ਤੇ ਇਬਰਾਹੀਮ ਗਾਰਦੀ ਨੇ ਅਖ਼ੀਰ ਤਕ ਮਰਾਠਿਆਂ ਦਾ ਸਾਥ ਦਿੱਤਾ ਤੇ ਉਹਨਾਂ ਵੱਲੋਂ ਲੜਦਾ ਹੋਇਆ ਮਾਰਿਆ ਗਿਆ।
ਸ਼ਿਵ ਸਦਾ ਰਾਵ ਭਾਉ ਨੇ ਦਿੱਲੀ ਉਪਰ ਕਬਜਾ ਤਾਂ ਕਰ ਲਿਆ ਪਰ ਇਸਦਾ ਉਸ ਨੂੰ ਕੋਈ ਲਾਭ ਨਹੀਂ ਹੋਇਆ। ਉੱਥੇ ਨਾ ਅਨਾਜ, ਨਾ ਚਾਰਾ ਸੀ ਤੇ ਨਾ ਹੀ ਰੁਪਈਆ ਪੈਸਾ। ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਆਪਣੇ ਲਈ ਅਨਾਜ, ਹਥਿਆਰ ਤੇ ਗੋਲਾ ਬਾਰੂਦ ਦੀ ਸਪਾਲਾਈ ਦਾ ਪ੍ਰਬੰਧ ਕਰਦਾ ਆਇਆ ਸੀ, ਭਾਉ ਨੇ ਇਸ ਤਰ੍ਹਾਂ ਦਾ ਕੋਈ ਵਸੀਲਾ ਨਹੀਂ ਸੀ ਕੀਤਾ।
ਭਾਉ ਦਿੱਲੀ ਤੋਂ ਅੱਗੇ ਵਧਿਆ ਤੇ 17 ਅਕਤੂਬਰ ਨੂੰ ਕੁੰਜਪੁਰ ਉੱਤੇ ਕਬਜਾ ਕਰ ਲਿਆ। ਇੱਥੇ ਕਾਫੀ ਰਸਦ ਤੇ ਲੁੱਟ ਦਾ ਮਾਲ ਉਸਦੇ ਹੱਥ ਲੱਗਾ। ਦਿੱਲੀ ਤੇ ਕੁੰਜਪੁਰ ਉਪਰ ਕਬਜਾ ਹੋ ਜਾਣ ਕਾਰਨ ਅਬਦਾਲੀ ਨੂੰ ਬੜਾ ਗੁੱਸਾ ਆਇਆ ਤੇ 23 ਅਕਤੂਬਰ ਨੂੰ ਬਾਗਪਤ ਲਾਗਿਓਂ ਜਮਨਾ ਪਾਰ ਕਰਕੇ ਉਹ ਪਾਨੀਪਤ ਪਹੁੰਚ ਗਿਆ। ਭਾਉ ਵੀ ਪਿੱਛੇ ਹਟ ਕੇ ਪਾਨੀਪਤ ਦੇ ਨੇੜੇ ਜਾ ਪਹੁੰਚਿਆ। ਹੁਣ ਦੋਹੇਂ ਸੈਨਾਵਾਂ ਆਹਮਣੇ-ਸਾਹਮਣੇ ਸਨ।
ਦੋ ਢਾਈ ਮਹੀਨੇ ਨਿੱਕੀਆਂ ਨਿੱਕੀਆਂ ਝੜਪਾਂ ਤੇ ਲੜਾਈਆਂ ਹੁੰਦੀਆਂ ਰਹੀਆਂ। ਇਹਨਾਂ ਭਿੜੰਤਾਂ ਦੌਰਾਨ ਅਬਦਾਲੀ ਨੇ ਚੁੱਪ ਸਾਧੀ ਰੱਖੀ। ਇਸ ਦੌਰਾਨ ਉਸ ਨੇ ਜਿਹੜੀ ਚਾਲ ਚੱਲੀ ਸੀ, ਉਹ ਸਫਲ ਹੋਈ। ਅਬਦਾਲੀ ਦੀ ਫੌਜ ਦੇ ਮੁਕਾਬਲੇ, ਮਰਾਠਾ ਫੌਜ ਦੀ ਗਿਣਤੀ ਕਾਫੀ ਜ਼ਿਆਦਾ ਸੀ¸ਪਰ ਰਸਦ ਦੀ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਸੀ। ਸਿੱਟਾ ਇਹ ਕਿ ਮਰਾਠਾ ਫੌਜ ਵਿਚ ਭੁੱਖਮਰੀ ਫੈਲ ਗਈ। ਭਾਉ ਨੇ ਪੇਸ਼ਵਾ ਨੂੰ ਲਿਖਿਆ, ਪਰ ਪੂਨੇ ਵਿਚ ਬੈਠਾ ਪੇਸ਼ਵਾ ਏਨੀ ਦੂਰ ਰਸਦ ਦਾ ਕੋਈ ਪ੍ਰਬੰਧ ਨਾ ਕਰ ਸਕਿਆ। ਸ਼ਾਇਦ ਉਸਨੇ ਇਸ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਨਿਰਾਸ਼ ਤੇ ਪ੍ਰੇਸ਼ਾਨ ਹੋਏ ਭਾਉ ਨੇ 14 ਜਨਵਰੀ 1761 ਦੀ ਸਵੇਰ ਨੂੰ ਫੌਜ ਨੂੰ ਰਣਭੂਮੀ ਵਿਚ ਉਤਾਰ ਦਿੱਤਾ। ਮੱਧ ਏਸ਼ੀਆ ਦੇ ਸਭ ਤੋਂ ਮਹਾਨ ਜਰਨੈਲ ਅਹਿਮਦ ਸ਼ਾਹ ਅਬਦਾਲੀ ਤੇ ਮੱਧ ਏਸ਼ੀਆ ਵਿਚ ਉਸਦੀ ਸਰਬ-ਸਰੇਸ਼ਟ ਸੈਨਾ ਦਾ ਮੁਕਾਬਲਾ ਅਨੁਭਵਹੀਨ ਭਾਉ ਨਹੀਂ ਕਰ ਸਕਿਆ। ਅਜਿਹੀ ਕਰਾਰੀ ਹਾਰ ਹੋਈ ਕਿ ਉਤਰੀ ਭਾਰਤ ਵਿਚੋਂ ਮਰਾਠਿਆਂ ਦੀ ਸਾਖ ਹਮੇਸ਼ਾ ਲਈ ਮਿਟ ਗਈ।
ਸਾਬਾਜੀ ਦਿੱਲੀ ਭੱਜ ਗਿਆ ਸੀ, ਪਰ ਸਿੱਖਾਂ ਨੇ ਜਨਤਾ ਵਿਚ ਇਹ ਵਿਸ਼ਵਾਸ ਪੈਦਾ ਕਰਨਾ ਸੀ ਕਿ ਅਬਦਾਲੀ ਚਾਹੇ ਕਿੰਨਾਂ ਵੀ ਤਾਕਤਵਰ ਕਿਉਂ ਨਾ ਹੋਏ, ਉਸ ਨਾਲ ਵੀ ਲੜਿਆ ਜਾ ਸਕਦਾ ਹੈ। ਕਿਉਂਕਿ ਬਿਨਾਂ ਲੜੇ ਕੁਝ ਨਹੀਂ ਮਿਲਦਾ। ਉਹਨਾਂ ਦੀ ਜੋ ਲੜਾਈ ਪਹਿਲਾਂ ਮੁਗਲਾਂ ਦੇ ਖ਼ਿਲਾਫ਼ ਸੀ, ਹੁਣ ਅਫਗਾਨਾਂ ਦੇ ਖ਼ਿਲਾਫ਼ ਹੈ।
20 ਅਕਤੂਬਰ 1759 ਦੀ ਦੀਵਾਲੀ ਸੀ। ਇਸ ਮੌਕੇ ਉਪਰ ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਕਨ੍ਹਈਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਗੁੱਜਰ ਸਿੰਘ, ਲਹਿਣਾ ਸਿੰਘ ਭੰਗੀ ਤੇ ਕੁਝ ਹੋਰ ਮਿਸਲਾਂ ਦੇ ਸਰਦਾਰ ਅੰਮ੍ਰਿਤਸਰ ਵਿਚ ਮੌਜੂਦ ਸਨ। ਖਬਰ ਮਿਲੀ ਕਿ ਅਬਦਾਲੀ ਅਟਕ ਪਾਰ ਕਰਕੇ ਲਾਹੌਰ ਦੇ ਨੇੜੇ ਪਹੁੰਚ ਗਿਆ ਹੈ। ਅਬਦਾਲੀ ਨਾਲ ਟੱਕਰ ਲੈਣ ਦਾ ਗੁਰਮਤਾ ਪਾਸ ਕਰਕੇ ਉਹਨਾਂ ਜਲਦੀ ਜਲਦੀ ਫੌਜ ਇਕੱਠੀ ਕੀਤੀ ਤੇ ਰਾਤੋ-ਰਾਤ ਸ਼ਾਲੀਮਾਰ ਬਾਗ ਜਾ ਪਹੁੰਚੇ। ਜਦੋਂ ਦੁਰਾਨੀ ਫੌਜ ਉੱਥੋਂ ਲੰਘ ਰਹੀ ਸੀ ਸਿੱਖਾਂ ਨੇ ਉਸ ਉਪਰ ਅਚਾਨਕ ਧਾਵਾ ਬੋਲ ਦਿੱਤਾ। ਸਿੰਘਾਂ ਨੂੰ ਦੇਖ ਦੁਰਾਨੀ ਭੱਜ ਖੜ੍ਹੇ ਹੋਏ। ਖਾਲਸੇ ਨੇ ਬਾਗਵਾਨ ਪੁਰ ਤੇ ਬੇਗਮਪੁਰਾ ਬਸਤੀਆਂ ਤਕ ਉਹਨਾਂ ਦਾ ਪਿੱਛਾ ਕੀਤਾ। ਘੋੜੇ, ਖੱਚਰ ਤੇ ਹੋਰ ਸਾਮਾਨ ਜੋ ਵੀ ਹੱਥ ਲੱਗਿਆ ਕਾਬੂ ਕਰ ਲਿਆ।
ਜਦੋਂ ਅਬਦਾਲੀ ਨੂੰ ਖਾਲਸਿਆਂ ਦੇ ਇਸ ਹਮਲੇ ਦਾ ਪਤਾ ਲੱਗਿਆ, ਉਸਨੇ ਜਹਾਨ ਖਾਂ ਨੂੰ ਫੌਜ ਦੇ ਕੇ ਮੁਕਾਬਲੇ ਲਈ ਭੇਜ ਦਿੱਤਾ। ਸਿੰਘ ਪਹਿਲਾਂ ਹੀ ਤਿਆਰ ਸਨ। ਦੁਰਾਨੀਆਂ ਦੇ ਆਉਂਦਿਆਂ ਹੀ ਜੱਸਾ ਸਿੰਘ ਨੇ ਸੱਜੇ ਪਾਸਿਓਂ ਤੇ ਚੜ੍ਹਤ ਸਿੰਘ, ਗੁੱਜਰ ਸਿੰਘ ਤੇ ਲਹਿਣਾ ਸਿੰਘ ਨੇ ਖੱਬੇ ਪਾਸਿਓਂ ਹਮਲਾ ਬੋਲ ਦਿੱਤਾ। ਦੁਰਾਨੀ ਸੈਨਾ ਦੋ ਪਸਿਓਂ ਘਿਰ ਗਈ ਤੇ ਮਾਰਕਾਟ ਸ਼ੁਰੂ ਹੋ ਗਈ। ਜਦੋਂ ਦੁਰਾਨੀ ਸਰਦਾਰ ਚੜ੍ਹਤ ਸਿੰਘ ਵੱਲ ਵਧਦੇ , ਜੱਸਾ ਸਿੰਘ ਦਾ ਜੱਥਾ ਪਿੱਛੋਂ ਹੱਲਾ ਬੋਲ ਦਿੰਦਾ ਸੀ ਤੇ ਜਦੋਂ ਦੁਰਾਨੀ ਜੱਸਾ ਸਿੰਘ ਵੱਲ ਵਧਦੇ ਸਨ ਤਾਂ ਚੜ੍ਹਤ ਸਿੰਘ ਹੁਰਾਂ ਦਾ ਜੱਥਾ ਹੱਲਾ ਬੋਲਾ ਦਿੰਦਾ ਸੀ। ਸ਼ਾਮ ਤਕ ਘਮਾਸਾਨ ਦਾ ਯੁੱਧ ਹੋਇਆ, ਜਿਸ ਵਿਚ ਲਗਭਗ ਦੋ ਹਜ਼ਾਰ ਦੁਰਾਨੀ ਖੇਤ ਰਹੇ। ਉਹਨਾਂ ਦਾ ਸੈਨਾਪਤੀ ਜਹਾਨ ਖਾਂ ਵੀ ਜਖ਼ਮੀ ਹੋ ਗਿਆ। ਰਾਤ ਦਾ ਹਨੇਰਾ ਉਤਰ ਆਇਆ ਤਾਂ ਦੋਹੇਂ ਫੌਜਾਂ ਪਿੱਛੇ ਹਟ ਗਈਆਂ। ਖਾਲਸੇ ਦੀ ਹਾਰ-ਜਿੱਤ ਦਾ ਫੈਸਲਾ ਨਹੀਂ ਹੋ ਸਕਿਆ। ਉਹ ਕੋਈ ਫੈਸਲਾ ਕਰਨ ਵੀ ਨਹੀਂ ਸਨ ਆਏ, ਸਿਰਫ ਦੁਰਾਨੀਆਂ ਨੂੰ ਆਪਣੇ ਹੱਥ ਦਿਖਾਉਣ ਆਏ ਸਨ। ਉਹ ਮਾਝੇ ਵਿਚ ਖਿੱਲਰ ਗਏ ਤਾਂ ਕਿ ਜਦੋਂ ਅਬਦਾਲੀ ਕੂਚ ਕਰੇ ਤਾਂ ਜਿੱਥੇ ਕਿਤੇ ਦਾਅ ਲੱਗੇ ਅਚਾਨਕ ਧਾਵਾ ਬੋਲ ਸਕਣ।
ਅਬਦਾਲੀ ਜਾਰਚੀ ਕਰੀਮਦਾਦ ਨੂੰ ਲਾਹੌਰ ਦਾ ਹਾਕਮ ਬਣਾ ਕੇ ਚਲਾ ਗਿਆ। ਉਹ ਬੜਾ ਹੁਸ਼ਿਆਰ ਆਦਮੀ ਸੀ। ਉਸਨੇ ਕਾਫੀ ਹੱਦ ਤਕ ਅਮਨ-ਅਮਾਨ ਬਹਾਲ ਕਰ ਲਿਆ। ਸਿੱਖ ਇਧਰ ਉਧਰ ਘਾਤ ਲਾਈ ਬੈਠੇ ਸਨ। ਜਦੋਂ ਮੌਕਾ ਮਿਲਦਾ ਸੀ, ਅਚਾਨਕ ਧਾਵਾ ਬੋਲਦੇ ਸਨ ਤੇ ਫੇਰ ਛੁਪ ਜਾਂਦੇ ਸਨ। ਦੁਰਾਨੀਆਂ ਲਈ ਚੈਨ ਦੀ ਨੀਂਦ ਸੌਣਾ ਹਰਾਮ ਹੋ ਗਿਆ ਸੀ।
ਅਬਦਾਲੀ ਨੂੰ ਜਾਰਚੀ ਵਰਗੇ ਯੋਗ ਆਦਮੀ ਦੀ ਮੋਰਚੇ ਉਪਰ ਲੋੜ ਸੀ। ਇਸ ਲਈ ਅਬਦਾਲੀ ਨੇ ਜਾਰਚੀ ਨੂੰ 1760 ਵਿਚ ਭਾਵ ਚਾਰ ਪੰਜ ਮਹੀਨੇ ਬਾਅਦ ਹੀ ਆਪਣੇ ਕੋਲ ਬੁਲਾਅ ਲਿਆ ਤੇ ਪੰਜਾਬ ਵਿਚ ਸਰ ਬੁਲੰਦ ਖਾਂ ਨੂੰ ਹਾਕਮ ਥਾਪ ਦਿੱਤਾ। ਸਰ ਬੁਲੰਦ ਖਾਂ ਵਿਚ ਹੌਂਸਲੇ ਤੇ ਪਹਿਲ ਕਦਮੀਂ ਕਰਨ ਦੀ ਘਾਟ ਸੀ। ਉਹ ਸਿੱਖਾਂ ਦੇ ਡਰ ਕਾਰਨ ਅੱਗੇ ਨਹੀਂ ਵਧਿਆ—ਜਲੰਧਰ ਵਿਚ ਆ ਕੇ ਹੀ ਰੁਕ ਗਿਆ ਤੇ ਜਲੰਧਰ ਨੂੰ ਹੀ ਆਪਣਾ ਸਦਰ ਮੁਕਾਮ ਬਣਾ ਲਿਆ। ਉਸਨੇ ਸਆਦਤ ਖਾਂ ਨੂੰ ਆਪਣਾ ਨਾਇਬ ਬਣਾ ਕੇ ਲਾਹੌਰ ਭੇਜਿਆ ਤੇ ਰੁਸਤਮ ਖਾਂ ਨੂੰ ਚਹਾਰ ਮਹਿਲ ਦਾ ਫੌਜਦਾਰ ਬਣਾ ਦਿੱਤਾ। ਇਹ ਦੋਹੇਂ ਆਦਮੀ ਵੀ ਅਯੋਗ ਆਦਮੀ ਹੀ ਸਨ। ਰਾਜ ਭਾਗ ਚਲਾਉਣਾ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ।
ਅਹਿਮਦ ਸ਼ਾਹ ਅਬਦਾਲੀ ਡੇਢ ਸਾਲ ਹਿੰਦੁਸਤਾਨ ਵਿਚ ਰਿਹਾ। ਉਸਨੇ ਆਪਣੀ ਸਾਰੀ ਸ਼ਕਤੀ ਮਰਾਠਿਆਂ ਦੇ ਖ਼ਿਲਾਫ਼ ਲਾਈ ਹੋਈ ਸੀ। ਇਹ ਉਸ ਲਈ ਮੋਤ ਤੇ ਜ਼ਿੰਦਗੀ ਦਾ ਸਵਾਲ ਸੀ। ਪੰਜਾਬ ਵਿਚ ਉਸਦੇ ਜਿਹੜੇ ਅਫਸਰ ਸਨ, ਉਹਨਾਂ ਦਾ ਮੁੱਖ ਕੰਮ ਸੀ ਮਾਲੀਆ ਉਗਰਾਉਣਾ ਤੇ ਮੋਰਚੇ ਉੱਤੇ ਰਸਦ ਭੇਜਣਾ। ਉਹਨਾਂ ਕੋਲ ਜਿਹੜੀ ਸੈਨਾ ਸੀ, ਮੁੱਖ ਰੂਪ ਵਿਚ ਇਸੇ ਕੰਮ ਲਈ ਇਸਤੇਮਾਲ ਹੁੰਦੀ ਸੀ। ਅੰਦਰੂਨੀ ਅਫਰਾ-ਤਫਰੀ ਤੇ ਗੜਬੜੀ ਦੀ ਖ਼ੁਦ ਅਬਦਾਲੀ ਨੂੰ ਵੀ ਬਹੁਤੀ ਪ੍ਰਵਾਹ ਨਹੀਂ ਸੀ।
ਸਿੱਖਾਂ ਨੂੰ ਇਹ ਮੌਕਾ ਵਾਹਿਗੁਰੂ ਨੇ ਦਿੱਤਾ। ਉਹ ਦੁਰਾਨੀ ਅਫਸਰਾਂ ਦੀ ਕਮਜ਼ੋਰੀ ਤੇ ਸੈਨਕ ਸਾਧਨਾ ਦੀ ਕਮੀ ਕਾਰਨ ਖੁਸ਼ ਸਨ। ਮਿਸਲਾਂ ਦੇ ਸਰਦਾਰਾਂ ਨੇ ਇਸ ਸਥਿਤੀ ਦਾ ਲਾਭ ਤੱਕ ਕੇ ਪੰਜਾਬ ਵਿਚ ਜਗ੍ਹਾ ਜਗ੍ਹਾ ਕਿਲਿਆਂ ਤੇ ਕੋਟਾਂ ਦੀ ਉਸਾਰੀ ਕਰ ਲਈ। ਇਹ ਕਿਲੇ ਉਹਨਾਂ ਵਧੇਰੇ ਕਰਕੇ ਆਪਣੀ ਹਮਦਰਦ ਆਬਾਦੀ ਵਾਲੇ ਇਲਾਕੇ ਵਿਚ ਬਣਾਏ ਸਨ ਤਾਂ ਕਿ ਲੋੜ ਪੈਣ 'ਤੇ ਉਹਨਾਂ ਦੀ ਸਹਾਇਤਾ ਵੀ ਲਈ ਜਾ ਸਕੇ। ਫੇਰ ਇਹ ਕਿਲੇ ਜਮਨਾ ਤੋਂ ਰਾਵੀ ਤਕ ਹਿਮਾਲਿਆ ਦੀ ਤਲਹੱਟੀ ਵਿਚ ਬਣਾਏ ਗਏ ਸਨ, ਜਿੱਥੇ ਅਬਦਾਲੀ ਉਹਨਾਂ ਦਾ ਪਿੱਛਾ ਨਾ ਕਰ ਸਕੇ। ਇਹਨਾਂ ਕਿਲਿਆਂ ਦੇ ਨਿਰਮਾਣ ਕਾਰਨ ਖਾਲਸੇ ਦੇ ਵਿਰੋਧੀ ਵੀ ਭੈਭੀਤ ਹੋ ਗਏ।
ਚੰਗੀ ਤਰ੍ਹਾਂ ਮਸ਼ਹੂਰ ਹੋਣ ਪਿੱਛੋਂ ਖਾਲਸੇ ਨੇ ਨਵੇਂ ਨਵੇਂ ਪਿੰਡਾਂ ਵਿਚ ਆਪਣੀ ਰਾਖੀ-ਪ੍ਰਣਾਲੀ ਦਾ ਵਿਸਥਾਰ ਕੀਤਾ ਤੇ ਉੱਥੋਂ ਦਾ ਮਾਲੀਆ ਤੇ ਨਜ਼ਰਾਨਾ (ਸੁਗਾਤਾਂ) ਖ਼ੁਦ ਉਗਰਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਦੁਰਾਨੀ ਅਫਸਰਾਂ ਨਾਲ ਮੁੱਠਭੇੜ ਹੋਣੀ ਲਾਜ਼ਮੀ ਸੀ। ਅਕਤੂਬਰ 1760 ਵਿਚ ਚਹਾਰ ਮਹਿਲ ਦੇ ਫੌਜਦਾਰ ਰੁਸਤਮ ਖਾਂ ਨੂੰ ਪਤਾ ਲੱਗਿਆ ਸਿਆਲਕੋਟ ਤੋਂ ਛੇ ਕੋਹ ਦੇ ਫਾਸਲੇ ਉੱਤੇ 50 ਸਿੱਖ ਇਕ ਪਿੰਡ ਵਿਚ ਉਗਰਾਈ ਕਰ ਰਹੇ ਹਨ। ਉਹ ਡੇਢ ਸੌ ਘੋੜਸਵਾਰ ਤੇ ਪੈਦਲ ਨਾਲ ਲੈ ਕੇ ਸਿੱਖਾਂ ਨਾਲ ਲੜਨ ਜਾ ਪਹੁੰਚਿਆ। ਉਸਨੂੰ ਦੇਖਦਿਆਂ ਹੀ ਸਿੱਖ ਮੁਕਾਬਲੇ ਲਈ ਡਟ ਗਏ। ਰੁਸਤਮ ਖਾਂ ਦੇ ਡੇਢ ਸੌ ਭਾੜੇ ਦੇ ਟੱਟੂ ਜਾਨ ਉੱਤੇ ਖੇਡ ਜਾਣ ਵਾਲੇ ਪੰਜਾਹ ਸਿੱਖਾਂ ਦਾ ਕੀ ਖਾ ਕੇ ਮੁਕਾਬਲਾ ਕਰਦੇ? ਜਲਦੀ ਹੀ ਉਹਨਾਂ ਦੇ ਪੈਰ ਉੱਖੜ ਗਏ। ਨੇੜੇ ਹੀ ਇਕ ਪੁਰਾਣਾ ਕਿਲਾ ਸੀ। ਰੁਸਤਮ ਖਾਂ ਭੱਜ ਕੇ ਉਸ ਵਿਚ ਜਾ ਲੁਕਿਆ। ਸਿੱਖਾਂ ਨੇ ਕਿਲੇ ਨੂੰ ਜਾ ਘੇਰਿਆ। ਖਬਰ ਸੁਣ ਕੇ ਆਸੇ ਪਾਸੇ ਦੇ ਕੁਝ ਹੋਰ ਸਿੱਖ ਵੀ ਉਹਨਾਂ ਦੀ ਮਦਦ ਲਈ ਆ ਪਹੁੰਚੇ। ਉਹਨਾਂ ਕਿਲੇ ਉਪਰ ਚੜ੍ਹ ਕੇ ਉਸਦੀ ਕੰਧ ਢਾਅ ਸੁੱਟੀ। ਦੁਸ਼ਮਣ ਫੌਜ ਬਾਹਰ ਨਿਕਲਣ ਲਈ ਮਜ਼ਬੂਰ ਹੋ ਗਈ। ਖਾਲਸੇ ਨੇ ਰੁਸਤਮ ਖਾਂ ਨੂੰ ਤੇ ਮੁਗਲਾਨੀ ਬੇਗਮ ਦੇ ਕਾਰਦਾਰ ਤਹਿਮਸ ਖਾਂ ਮਸਕੀਨ ਨੂੰ ਜਿਹੜਾ ਹੁਣ ਰੁਸਤਮ ਖਾਂ ਦਾ ਨਾਇਬ ਸੀ, ਗਿਰਫਤਾਰ ਕਰ ਲਿਆ। ਰੁਸਤਮ ਖਾਂ ਨੇ ਜੰਮੂ ਦੇ ਰਾਜੇ ਤੋਂ 20 ਹਜ਼ਾਰ ਰੁਪਏ ਮੰਗਵਾ ਕੇ ਸਿੱਖਾਂ ਨੂੰ ਨਜ਼ਰਾਨੇ ਵਜੋਂ ਦਿੱਤੇ ਤਾਂ ਕਿਤੇ ਜਾ ਕੇ ਉਹ ਦੋਹੇਂ ਰਿਹਾਅ ਕੀਤੇ ਗਏ।
ਦੁਰਾਨੀਆਂ ਦੇ ਲਾਹੌਰ ਵਿਚ ਆਉਂਦਿਆਂ ਹੀ ਮੁਗਲਾਨੀ ਬੇਗਮ ਨੂੰ ਆਪਣੀ ਪਹਿਲੀ ਪੈਂਸ਼ਨ ਫੇਰ ਮਿਲਨ ਲੱਗ ਪਈ ਸੀ। ਹੁਣ ਉਹ ਫੇਰ ਠਾਠ ਨਾਲ ਰਹਿੰਦੀ ਤੇ ਰੰਗ-ਰਲੀਆਂ ਮਨਾਉਂਦੀ ਸੀ। ਜਦੋਂ ਤਕ ਕਰੀਮਦਾਦ ਖਾਂ ਰਿਹਾ ਤੇ ਮਸਕੀਨ ਵੀ ਉਸਦੇ ਨਾਲ ਸੀ, ਬੇਗਮ ਨੇ ਕਿਸੇ ਹੱਦ ਤਕ ਆਪਣੇ ਆਪ ਉੱਤੇ ਕਾਬੂ ਰੱਖਿਆ ਸੀ...ਪਰ ਜਦੋਂ ਕਰੀਮਦਾਦ ਪਿੱਛੋਂ ਸਆਦਤ ਖਾਂ, ਸਰਬੁਲੰਦ ਖਾਂ ਦਾ ਨਾਇਬ ਬਣ ਕੇ ਲਾਹੌਰ ਆਇਆ ਤੇ ਤਹਿਮਸ ਖਾਂ ਮਸਕੀਨ ਨੂੰ ਰੁਸਤਮ ਖਾਂ ਦਾ ਨਾਇਬ ਬਣਾ ਕੇ ਸਿਆਲਕੋਟ ਭੇਜ ਦਿੱਤਾ ਗਿਆ ਤਾਂ ਬੇਗਮ ਖੁੱਲ੍ਹ ਖੇਡੀ। ਸਆਦਤ ਖਾਂ ਇਕ ਕਮਜ਼ੋਰ ਹਾਕਮ ਹੋਣ ਦੇ ਇਲਾਵਾ ਅਯਾਸ਼ ਆਦਮੀ ਸੀ। ਬੇਗਮ ਨੇ ਉਸਨੂੰ ਆਪਣੇ ਨਾਲ ਹੀ ਰੰਗ ਰਲੀਆਂ ਵਿਚ ਸ਼ਾਮਲ ਕਰ ਲਿਆ। ਸ਼ਾਮ ਨੂੰ ਉਸਦੇ ਨਾਲ ਮਹਿਫਲ ਜਮਾਉਂਦੀ ਤੇ ਜਾਮ ਨਾਲ ਜਾਮ ਟਕਰਾਅ ਕੇ ਕਹਿੰਦੀ, “ਆਓ ਪਿਆਰੇਓ, ਅੱਖਾਂ ਵਿਚ ਅੱਖਾਂ ਪਾ ਕੇ ਗੱਲਾਂ ਕਰੀਏ ਤੇ ਲਾਹੌਰ ਦੀ ਧੰਦਲੀ ਸ਼ਾਮ ਨੂੰ ਅਵਧ ਦੀ ਹੁਸੀਨ ਤੇ ਰੰਗੀਨ ਸ਼ਾਮ ਬਣਾਅ ਦੇਈਏ। ਮੈਂ ਤੈਮੂਰ ਦੀ ਭੈਣ ਤੇ ਅਬਦਾਲੀ ਦੀ ਬੇਟੀ, ਤੇਰੀ ਸਿਹਤ ਦਾ ਜਾਮ ਪੀਂਦੀ ਆਂ ਤੇ ਤੁਸੀਂ ਮੇਰੀ ਸਿਹਤ ਦਾ ਜਾਮ ਪੀਓ।” ਦੋ ਜਾਮ ਪੀ ਚੁੱਕਣ ਪਿੱਛੋਂ ਲੋਰ ਵਿਚ ਆ ਕੇ ਬੜਬੜਾਉਂਦੀ, “ਇਹਨਾਂ ਪਾਜੀ ਮਰਹੱਟਿਆਂ ਨੇ ਸ਼ਰੀਫ ਆਦਮੀਆਂ ਦਾ ਜਿਉਣਾ ਹਰਾਮ ਕਰ ਦਿੱਤਾ ਸੀ, ਪਰ ਹੁਣ ਅਬਦਾਲੀ ਦੇ ਆਉਣ ਦੀ ਖਬਰ ਸੁਣੀ ਤਾਂ ਪੂਛਾਂ ਗਿੱਟਿਆਂ 'ਚ ਲੈ ਕੇ ਭੱਜ ਗਏ। ਕਿਉਂ ਬੇਟਾ ਸ਼ਾਦ ਅਲੀ ਦੇਖਿਆ ਸੀ ਨਾ ਤੂੰ, ਪੂਛਾਂ ਦੱਬੀ ਭੱਜੇ ਜਾਂਦਿਆਂ ਨੂੰ?”
"ਹਾਂ ਖਾਲਾਜਾਨ ਦੇਖਿਆ ਸੀ, ਪੂਰੇ ਗੌਰ ਨਾਲ ਦੇਖਿਆ ਸੀ।” ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਰਹ ਅਲੀ ਨੇ ਉਸਦੀ ਹਾਂ ਵਿਚ ਹਾਂ ਮਿਲਾਈ।
ਤਹਿਮਸ ਖਾਂ ਮਸਦੀਨ ਸਿਆਲਕੋਟ ਜਾਂਦਿਆਂ ਹੋਇਆਂ ਸ਼ਾਦ ਅਲੀ ਨੂੰ ਲਾਹੌਰ ਵਿਚ ਹੀ ਛੱਡ ਗਿਆ ਸੀ ਤਾਂ ਕਿ ਉੱਥੇ ਬੈਠਾ ਉਹ ਉਸਦੇ ਰੋਜ਼ਨਾਮਚਿਆਂ ਦੀਆਂ ਨਕਲਾਂ ਉਤਾਰਦਾ ਰਹੇ ਤੇ ਇਹ ਖਿਆਲ ਰੱਖੇ ਕਿ ਮੁਗਲਾਨੀ ਬੇਗਮ ਨੂੰ ਕਿਸੇ ਕਿਸਮ ਦੀ ਕੋਈ ਔਖ ਤਾਂ ਨਹੀਂ। ਉਸਨੂੰ ਜਿਸ ਚੀਜ਼ ਦੀ ਜ਼ਰੂਰਤ ਹੋਏ ਤੁਰੰਤ ਮੰਗਵਾ ਦਏ। ਸ਼ਾਦ ਅਲੀ ਨੇ ਬੇਗਮ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਬੇਗਮ ਅੱਧੀ ਰਾਤ ਨੂੰ ਕੋਈ ਹੁਕਮ ਦਿੰਦੀ, ਸ਼ਾਦ ਅਲੀ ਉਸਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦਾ। ਇੱਥੋ ਤਕ ਕਿ ਉਹ ਬੇਗਮ ਨੂੰ ਖਾਲਾ ਜਾਨ ਤੇ ਬੇਗਮ ਉਸਨੂੰ ਬੇਟਾ ਕਹਿਣ ਲੱਗੀ। ਪਰ ਇਸ ਰਿਸ਼ਤੇ ਵਿਚ ਜਿਹੜਾ ਮੋਹ-ਪਿਆਰ ਤੇ ਸ਼ਰਮ-ਲਿਹਾਜ਼ ਹੁੰਦਾ ਹੈ, ਉਸਦੀ ਇੱਥੇ ਗੁੰਜਾਇਸ਼ ਨਹੀਂ ਸੀ। ਇਹ ਇਕ ਸਿੱਧਾ ਸਪਾਟ ਰਿਸ਼ਤਾ ਸੀ, ਜਿਹੜਾ ਹੁਕਮ ਦੇਣ ਤੇ ਹੁਕਮ ਮੰਨ ਲੈਣ ਦੇ ਪ੍ਰਤੀਕਰਮ ਵਜੋਂ ਐਵੇਂ ਹੀ ਪੈਦਾ ਹੋ ਗਿਆ ਸੀ। ਬੇਗਮ, ਸ਼ਾਦ ਅਲੀ ਲਈ ਇਕ ਖੁੱਲ੍ਹੀ ਕਿਤਾਬ ਸੀ। ਉਹ ਉਸਦੀ ਹਰੇਕ ਹਰਕਤ ਦੇਖਦਾ ਤੇ ਹਰੇਕ ਗੱਲ ਸੁਣਦਾ ਸੀ...ਪਰ ਇੰਜ ਘੁੰਨਾ ਬਣਿਆਂ ਰਹਿੰਦਾ ਸੀ ਜਿਵੇਂ ਦੇਖ ਕੇ ਵੀ ਕੁਝ ਨਾ ਦੇਖਿਆ ਹੋਏ ਤੇ ਸੁਣ ਕੇ ਵੀ ਕੁਝ ਨਾ ਸੁਣਿਆਂ ਹੋਏ। ਬੋਲਦਾ ਵੀ ਉਦੋਂ ਸੀ ਜਦੋਂ ਬਿਲਕੁਲ ਹੀ ਨਹੀਂ ਸਰਦਾ ਸੀ—ਵਰਨਾ, ਅੱਖਾਂ ਬੰਦ, ਮੂੰਹ ਬੰਦ ਤੇ ਕੰਨ ਬੰਦ।
ਮੁਗਲਾਨੀ ਬੇਗਮ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਉਹ ਕਿਸੇ ਨੌਕਰ ਜਾਂ ਨੌਕਰਾਣੀ ਨੂੰ ਸ਼ਹਿਰ ਭੇਜਣ ਦੇ ਬਜਾਏ ਖ਼ੁਦ ਸ਼ਹਿਰ ਚਲਾ ਜਾਂਦਾ ਸੀ। ਇਸ ਦੌਰਾਨ ਉਹ ਆਪਣਾ ਉਹ ਫਰਜ਼ ਪੂਰਾ ਕਰਦਾ ਸੀ, ਜਿਸਦੀ ਸਿੱਖਿਆ ਅਲਹੋਲ ਮਕਤਬ ਵਿਚ ਉਸਨੂੰ ਮਿਲੀ ਸੀ ਤੇ ਜਿਸ ਦੇ ਲਈ ਭੂਪਾ ਸ਼ਾਹ ਉਸਨੂੰ ਇੱਥੇ ਛੱਡ ਗਿਆ ਸੀ।
ਬੇਗਮ ਦੇ ਸਆਦਤ ਖਾਂ ਦੀ ਐਸ਼ਪ੍ਰਸਤੀ ਕਾਰਨ ਸ਼ਹਿਰ ਦਾ ਪ੍ਰਬੰਧ ਵਿਗੜ ਗਿਆ ਸੀ। ਚੋਰੀ ਚਕਾਰੀ ਤੇ ਹੇਰਾਫੇਰੀ ਦੀਆਂ ਵਾਰਦਾਤਾਂ ਵਧ ਰਹੀਆਂ ਸਨ। ਸਿੱਖਾਂ ਕੋਲ ਹਰੇਕ ਖਬਰ ਪਹੁੰਚ ਰਹੀ ਸੀ। ਉਹਨਾਂ ਲਾਹੌਰ ਦੇ ਆਸੇ ਪਾਸੇ ਦੀਆਂ ਬਸਤੀਆਂ ਉਪਰ ਧਾਵੇ ਬੋਲਣੇ ਤੇ ਉਗਰਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਬੁਲੰਦ ਖਾਂ ਨੇ ਸਆਦਤ ਖਾਂ ਨੂੰ ਹਟਾਅ ਦੇ ਸ਼ਹਿਰ ਦੇ ਇਕ ਪ੍ਰਮੁੱਖ ਸ਼ਾਹੂਕਾਰ ਦੀਵਾਨ ਸੂਰਤ ਸਿੰਘ ਨੂੰ ਆਪਣਾ ਨਾਇਬ ਬਣਾ ਦਿੱਤਾ। ਸ਼ਾਇਦ ਉਸਦਾ ਖ਼ਿਆਲ ਸੀ ਕਿ ਸੂਰਤ ਸਿੰਘ ਸਿੱਖਾਂ ਨੂੰ ਸਮਝਾ ਬੁਝਾ ਕੇ ਧਾਵੇ ਕਰਨ ਤੋਂ ਰੋਕ ਦਏਗਾ। ਪਰ ਇੰਜ ਨਹੀਂ ਹੋਇਆ ਤੇ ਸੂਰਤ ਸਿੰਘ ਨੇ ਜਲਦੀ ਹੀ ਅਸਤੀਫਾ ਦੇ ਦਿੱਤਾ। ਸਰ ਬੁਲੰਦ ਖਾਂ ਨੇ ਹੁਣ ਮੋਮਿਨ ਖਾਂ ਕਸੂਰੀ ਦੇ ਪੁੱਤਰ ਮੁਹੰਮਦ ਖਾਂ ਨੂੰ ਲਾਹੌਰ ਦਾ ਹਾਕਮ ਬਣਾਇਆ।
ਇਸ ਸਾਲ 7 ਨਵੰਬਰ ਦੀ ਦੀਵਾਲੀ ਸੀ। ਇਸ ਮੌਕੇ ਉਪਰ ਸਿੱਖ ਸਰਦਾਰ ਤੇ ਆਮ ਲੋਕ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਵਿਖੇ ਇਕੱਤਰ ਹੋਏ ਤੇ ਉਤਸਵ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਖਾਲਸਾ ਅਬਦਾਲੀ ਨੂੰ ਇਹ ਦੱਸ ਦੇਣਾ ਚਾਹੁੰਦਾ ਸੀ ਕਿ ਉਹ ਚਾਹੇ ਕਿਸੇ ਨੂੰ ਵੀ ਲਾਹੌਰ ਦਾ ਹਾਕਮ ਬਣਾ ਦਏ ਤੇ ਚਾਹੇ ਖ਼ੁਦ ਉੱਥੇ ਆ ਕੇ ਬੈਠ ਜਾਏ, ਉਹ ਪੰਜਾਬ ਉਪਰ ਹਕੂਮਤ ਨਹੀਂ ਕਰ ਸਕਦਾ। ਇਸ ਲਈ ਇਸ ਦੀਵਾਲੀ ਦੇ ਦੀਵਾਨ ਵਿਚ ਇਹ ਗੁਰਮਤਾ ਪਾਸ ਹੋਇਆ ਕਿ ਲਾਹੌਰ ਉਪਰ ਇਕ ਤਕੜਾ ਹਮਲਾ ਕੀਤਾ ਜਾਏ।
ਇਸ ਗੁਰਮਤੇ ਅਨੁਸਾਰ ਦੀਵਾਲੀ ਤੋਂ ਕੁਝ ਦਿਨ ਬਾਅਦ ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਲਾਹੌਰ ਉਪਰ ਚੜ੍ਹਾਈ ਕਰ ਦਿੱਤੀ ਤੇ ਉਸ ਦੀਆਂ ਬਾਹਰੀ ਬਸਤੀਆਂ ਉਪਰ ਕਬਜਾ ਕਰ ਲਿਆ। ਮੀਰ ਮੁਹੰਮਦ ਖਾਂ ਨੇ ਸਿੱਖਾਂ ਤੋਂ ਡਰ ਕੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ। ਇੰਜ ਸ਼ਹਿਰ ਖ਼ੁਦ ਹੀ ਘੇਰੇ ਵਿਚ ਆ ਗਿਆ। ਅਵਾਜਾਈ ਬੰਦ ਹੋ ਗਈ। ਘੇਰਾਬੰਦੀ ਲਗਾਤਾਰ ਗਿਆਰਾਂ ਦਿਨ ਤਕ ਰਹੀ। ਸ਼ਹਿਰ ਦੇ ਲੋਕ ਤੰਗ ਆ ਗਏ ਤੇ ਮੀਰ ਮੁਹੰਮਦ ਘਬਰਾ ਗਿਆ। ਪਰ ਖਾਲਸੇ ਦਾ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਸੀ—ਮੀਰ ਮੁਹੰਮਦ ਨੂੰ ਸੰਦੇਸ਼ ਭੇਜਿਆ ਗਿਆ ਕਿ ਜੇ ਤੂੰ ਕੜਾਹ ਪ੍ਰਸ਼ਾਦ ਦੀ ਦੇਗ ਲਈ ਨਜ਼ਰਾਨਾ ਦੇਣਾ ਮੰਜ਼ੂਰ ਕਰੇਂ ਤਾਂ ਖਾਲਸਾ ਘੇਰਾਬੰਦੀ ਹਟਾਅ ਲਏਗਾ। ਮੀਰ ਮੁਹੰਮਦ ਮਜ਼ਬੂਰ ਤੇ ਬੇਵੱਸ ਸੀ, ਪੈਸੇ ਵੀ ਉਸ ਕੋਲ ਜ਼ਿਆਦਾ ਨਹੀਂ ਸਨ। ਉਸਨੇ ਜਿਵੇਂ ਤਿਵੇਂ ਕਰਕੇ ਤੀਹ ਹਜ਼ਾਰ ਰੁਪਏ ਇਕੱਠੇ ਕੀਤੇ ਤੇ ਸ਼ਹਿਰ ਦੇ ਪਤਵੰਤਿਆਂ—ਪੀਰਜਾਦਾ ਗ਼ੁਲਾਮ ਹੁਸੈਨ ਸਰਹਿੰਦੀ, ਮੀਆਂ ਮੁਹੰਮਦ ਤਕੀ, ਮੀਰ ਨੱਨੂੰਸ਼ਾਹ ਤੇ ਹਾਫਿਜ਼ ਕਾਦਿਰ ਬਖ਼ਸ਼ ਦੇ ਹੱਥ ਦੇਗ ਲਈ ਖਾਲਸੇ ਨੂੰ ਭੇਂਟ ਕੀਤੇ।
ਮਕਸਦ ਹਕੂਮਤ ਨੂੰ ਝੁਕਾਉਣ ਦਾ ਸੀ, ਉਹ ਝੁਕ ਗਈ। ਸਿੰਘ ਅਗਲੇ ਪ੍ਰੋਗਰਾਮ ਉਲੀਕਣ ਲਈ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ।
ooo
ਇਸ ਸਾਲ ਵਿਸਾਖੀ ਦਾ ਤਿਉਹਾਰ 10 ਅਪਰੈਲ ਨੂੰ ਆਇਆ। ਮਾਝੇ ਤੇ ਮਾਲਵੇ ਦਾ ਲਗਭਗ ਪੂਰਾ ਪੈਂਡੂ ਇਲਾਕਾ ਖਾਲਸੇ ਦੀ ਰਾਖੀ ਪ੍ਰਣਾਲੀ ਵਿਚ ਆ ਚੁੱਕਿਆ ਸੀ। ਇਸ ਲਈ ਖੇਤਾਂ ਵਿਚ ਕਣਕ ਲਹਿਰਾ ਰਹੀ ਸੀ। ਜਿਵੇਂ ਮੋਰ ਸਾਵਨ ਦੀ ਘਟਾ ਨੂੰ ਦੇਖ ਕੇ ਨੱਚ ਉਠਦਾ ਹੈ, ਉਵੇਂ ਹੀ ਮਾਝੇ ਮਾਲਵੇ ਦੇ ਕਿਸਾਨ ਕਣਕ ਦੀਆਂ ਬੱਲੀਆਂ ਨੂੰ ਦੇਖ ਕੇ ਮਸਤੀ ਵਿਚ ਆਏ ਹੋਏ ਸਨ ਤੇ ਨੱਚ ਗਾ ਕੇ ਵਿਸਾਖੀ ਦਾ ਤਿਉਹਾਰ ਮਨਾ ਰਹੇ ਸਨ—ਅਸਲ ਵਿਚ ਵਿਸਾਖੀ ਦਾ ਦਿਨ ਹੁੰਦਾ ਹੀ ਨੱਚਣ ਗਾਉਣ ਤੇ ਖੁਸ਼ੀਆਂ ਮਨਾਉਣ ਲਈ ਹੈ। ਇਸ ਪਿੱਛੋਂ ਖੇਤਾਂ ਵਿਚ ਦਾਤੀ ਪੈ ਜਾਂਦੀ ਹੈ। ਦਾਣੇ ਘਰ ਆਉਂਦੇ ਹਨ। ਇਹ ਦਾਣੇ ਜਦੋਂ ਖ਼ੂਨ ਤੇ ਮਾਸ ਵਿਚ ਢਲਦੇ ਹਨ ਤਾਂ ਮਨੁੱਖ ਨੂੰ ਸੁੰਦਰ, ਸੁਡੌਲ ਤੇ ਨਿਡਰ ਵੀ ਬਣਾ ਦਿੰਦੇ ਹਨ। ਨਿਡਰ ਮਨੁੱਖ ਨੱਚਦਾ ਗਾਉਂਦਾ ਵੀ ਹੈ ਤੇ ਆਪਣੇ ਇਹਨਾਂ ਖੁਸ਼ੀਆਂ-ਖੇੜਿਆਂ ਤੇ ਗੀਤਾਂ ਦੇ ਲਈ ਲੜਦਾ ਵੀ ਹੈ। ਜੱਗਾ ਜੱਟ ਪੰਜਾਬੀ ਲੋਕ ਗੀਤਾਂ ਦਾ ਨਾਇਕ ਇਸ ਲਈ ਹੈ ਕਿ ਉਹ ਨਾਚ ਤੇ ਗੀਤਾਂ ਦਾ ਗਲ਼ਾ ਘੁੱਟ ਦੇਣ ਵਾਲੇ ਅਨਿਆਈਆਂ ਤੇ ਅਤਿਆਚਾਰੀਆਂ ਦੇ ਵਿਰੁੱਧ ਲੜਨ ਵਾਲਾ ਇਕ ਯੋਧਾ ਪੁਰਸ਼ ਵੀ ਸੀ। ਜੱਗੇ ਜੱਟ ਦੀ ਨਿਮਰਤਾ ਤੇ ਬੀਰਤਾ ਪੰਜਾਬ ਦੀ ਰੂਹ ਬਣ ਗਈ ਹੈ, ਜਿਹੜੀ ਨੌਜਵਾਨਾਂ ਨੂੰ ਹਲੂਣਦੀ, ਪ੍ਰੇਰਨਾ ਦਿੰਦੀ ਤੇ ਲਹੂ ਦੇ ਉਬਾਲ ਨੂੰ ਕਾਇਮ ਰੱਖਦੀ ਹੈ। ਵਿਸਾਖੀ ਦੇ ਇਸ ਦਿਹਾੜੇ 'ਤੇ ਕਿਸਾਨ ਜਿੱਥੇ ਭੰਗੜੇ ਪਾ ਰਹੇ ਸਨ ਤੇ ਮਾਹੀਏ ਗਾ ਰਹੇ ਸਨ, ਉੱਥੇ ਜੱਗੇ ਜੱਟ ਦੀ ਇਸ ਰਵਾਇਤ ਨੂੰ ਵੀ ਲਹਿਕ-ਲਹਿਕ ਕੇ ਥਿਰਕ-ਥਿਰਕ ਕੇ ਉਚੀਆਂ ਆਵਾਜ਼ਾਂ ਵਿਚ ਗਾਇਆ ਜਾ ਰਿਹਾ ਸੀ—
'ਜੱਗਾ ਜੱਟ ਨੀਂ ਕਿਸੇ ਬਣ ਜਾਣਾ
ਘਰ ਘਰ ਪੁੱਤ ਜੰਮਣੇ।'
ਕਿਸਾਨ ਨੌਜਵਾਨਾਂ ਨੇ ਝੂੰਮ ਝੂੰਮ ਕੇ ਗਾਇਆ, ਫੇਰ ਸੁਰ ਬਦਲਿਆ—
'ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਇਕ ਦੇ ਦੋ ਜੰਮਦੀ।'
ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਹਰ ਛੇ ਮਹੀਨੇ ਬਾਅਦ ਦੀਵਾਲੀ ਤੇ ਵਿਸਾਖੀ ਦਾ ਜਿਹੜਾ ਪਰਵ ਮਨਾਇਆ ਜਾਂਦਾ ਸੀ, ਉਹ ਵੀ ਬਹਾਦੁਰੀ ਦੇ ਨਿਮਰਤਾ ਦੀ ਰੀਤ ਨੂੰ ਜਿਉਂਦਿਆਂ ਰੱਖਣ ਦਾ ਪਰਵ ਸੀ। ਸਿਰ ਉੱਚਾ ਕਰਕੇ ਤੁਰਨ ਦੀ ਰੀਤ ਦਾ ਜਸ਼ਨ ਸੀ। ਅੰਮ੍ਰਿਤਸਰ ਦਾ ਅਰਥ ਹੈ, 'ਅਮਰਿਤ ਦਾ ਸਰੋਵਰ'। ਅਮਰ ਉਹੀ ਹੁੰਦਾ ਹੈ, ਜਿਹੜਾ ਦੀਨ-ਧਰਮ ਹੇਤੁ ਲੜਨਾ-ਮਰਨਾ ਜਾਣਦਾ ਹੈ। ਧਰਮ ਦੀ ਰੱਖਿਆ ਗੀਤਾਂ ਤੇ ਖੇੜਿਆਂ ਦੀ ਰੱਖਿਆ ਹੈ। ਬਿਨਾਂ ਖੁਸ਼ੀਆਂ ਖੇੜਿਆਂ ਤੇ ਗੀਤਾਂ ਦੇ ਜਿਊਣ ਨਾਲੋਂ ਮਰ ਜਾਣਾ ਕਿਤੇ ਚੰਗਾ ਹੈ। ਜਿਊਣਾ ਇਨਸਾਨਾਂ ਦਾ ਹੁੰਦਾ ਹੈ ਮੁਰਦਿਆਂ ਦਾ ਨਹੀਂ। ਮਨੁੱਖ ਦੇ ਜੀਵਨ ਵਿਚ ਰੂਹ ਦਾ ਅਹਿਸਾਸ ਜਗਾਉਣ ਲਈ ਹੀ ਛੇ ਮਹੀਨੇ ਬਾਅਦ ਦੀਵਾਲੀ ਦੇ ਵਿਸਾਖੀ ਦੇ ਤਿਉਹਾਰ ਮਨਾਏ ਜਾਂਦੇ ਹਨ।
10 ਅਪਰੈਲ 1760 ਨੂੰ ਵੀ ਵਿਸਾਖੀ ਦਾ ਇਹੋ ਦਿਹਾੜਾ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੀਵਾਨ ਸਜਿਆ ਤੇ ਸਰਬੱਤ ਖਾਲਸਾ ਨੇ ਮਤਾ ਪਾਸ ਕੀਤਾ ਕਿ 'ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਨੂੰ ਹਰਾ ਕੇ, ਲੁੱਟਮਾਰ ਕਰਦਾ ਹੋਇਆ ਦਿੱਲੀਓਂ ਪਰਤ ਰਿਹਾ ਹੈ। ਅਸੀਂ ਉਸਦਾ ਹੰਕਾਰ ਭੰਗ ਕਰਨਾ ਹੈ। ਪੰਜਾਬ ਦੀ ਧਰਤੀ ਉੱਤੇ ਪੈਰ ਰੱਖਦਿਆਂ ਹੀ ਉਸਨੂੰ ਅਹਿਸਾਸ ਕਰਾਉਣਾ ਹੈ ਕਿ ਇਹ ਧਰਤੀ ਪੋਰਸ ਦੀ ਧਰਤੀ ਹੈ। ਜੱਗੇ ਜੱਟ ਦੀ ਧਰਤੀ ਹੈ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਦੀ ਧਰਤੀ ਹੈ। ਮਾਣ-ਮਰਿਆਦਾ ਲਈ ਮਰ ਮਿਟਣ ਵਾਲਿਆਂ ਦੀ ਧਰਤੀ ਹੈ।'
ਇਹ ਗੁਰਮਤਾ ਪਾਸ ਕਰਨ ਪਿੱਛੋਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਛੱਡੇ ਜਾ ਰਹੇ ਸਨ ਕਿ ਯਕਦਮ ਇਕ ਰੌਲਾ ਜਿਹਾ ਪੈਣ ਲੱਗ ਪਿਆ ਤੇ ਲੋਕਾਂ ਦੀ ਇਕ ਵੱਡੀ ਭੀੜ ਅੰਦਰ ਆ ਵੜੀ। ਅੱਗੇ ਲੱਗਾ ਆਦਮੀ ਕਹਿ ਰਿਹਾ ਸੀ—
“ਦੁਖੀਆਂ ਦੀ ਫਰਿਆਦ ਵਾਹਿਗੁਰੂ ਦੇ ਦਰਬਾਰ
ਸੁਣੋ ਸੁਣੋ ਜੱਸਾ ਸਿੰਘ ਸਰਦਾਰ
ਤੁਸੀਂ ਕਹੋ ਕਾਗਜ਼ ਦੀ ਲੇਖੀ
ਮੈਂ ਕਹਾਂ ਅੱਖਾਂ ਦੀ ਦੇਖੀ
ਦੁਰਾਨੀਆਂ ਹੱਥੋਂ ਇੱਜਤ ਲੁਟ ਗਈ ਸਰੇ ਬਾਜ਼ਾਰ
ਸੁਣੋ ਸੁਣੋ ਜੱਸਾ ਸਿੰਘ ਸਰਦਾਰ
ਦੁਖੀਆਂ ਦੀ ਫਰਿਆਦ ਵਾਹਿਗੁਰੂ ਜੀ ਦੇ ਦਰਬਾਰ।”
ਆਉਣ ਵਾਲਾ ਆਦਮੀ ਬੇਨਾਮ ਸੂਫੀ ਫਕੀਰ ਸੀ। ਜੱਸਾ ਸਿੰਘ ਉਸਨੂੰ ਜਾਣਦਾ ਸੀ, ਪਰ ਅਣਜਾਣ ਬਣ ਕੇ ਪੁੱਛਿਆ—
“ਸਾਈਂ ਜੀ, ਕੀ ਹੋਇਆ?”
“ਮੈਂ ਇਕ ਫਕੀਰ ਹਾਂ, ਦੁਨੀਆਂਦਾਰੀ ਨਾਲ ਮੈਨੂੰ ਮਤਲਬ ਨਹੀਂ। ਮੇਰਾ ਆਪਣਾ ਕੋਈ ਦਰਦ ਨਹੀਂ, ਕੋਈ ਤਕਲੀਫ ਨਹੀਂ...ਪਰ ਜਦੋਂ ਦੇਖਿਆ ਕਿ ਦੁਨੀਆਂਦਾਰਾਂ ਉਪਰ, ਬੇਗੁਨਾਹਾਂ-ਲਾਚਾਰਾਂ ਉਪਰ ਜੁਲਮ ਢਾਇਆ ਜਾ ਰਿਹੈ ਤਾਂ ਮੇਰਾ ਦਿਲ ਤੜਫ ਉਠਿਐ, ਕਰਾਹ ਉਠਿਐ। ਤੇ ਮੈਂ ਇਹਨਾਂ ਦੀ ਫਰਿਆਦ ਗੁਰੂ ਦੇ ਦਰਬਾਰ ਵਿਚ ਲੈ ਆਇਆ ਹਾਂ। ਹਾਂ, ਜੋ ਹੋਇਆ ਏ ਇਹਨਾਂ ਲੋਕਾਂ ਨੂੰ ਪੁੱਛ ਲਓ।” ਬੇਨਾਮ ਸੂਫੀ ਫਕੀਰ ਯਾਨੀ ਭੂਪੇ ਸ਼ਾਹ ਨੇ ਆਪਣੇ ਨਾਲ ਆਈ ਲੋਕਾਂ ਦੀ ਭੀੜ ਵਿਚਲੇ ਮਰਦ ਔਰਤਾਂ ਵੱਲ ਇਸ਼ਾਰਾ ਕੀਤਾ।
“ਮੈਂ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਕੁਝ ਦਿਨ ਪਹਿਲਾਂ ਕੀਤਾ ਸੀ। ਘਰੇ ਬਹੂ ਸੀ ਤੇ ਜਵਾਨ ਧੀ। ਦੁਸ਼ਟ ਅਬਦਾਲੀ ਦੇ ਆਦਮੀ ਉਹਨਾਂ ਦੋਹਾਂ ਨੂੰ ਚੁੱਕ ਕੇ ਲੈ ਗਏ। ਕੋਈ ਸਹਾਰਾ ਨਾ ਦੇਖ ਕੇ, ਮੈਂ ਤੁਹਾਡੇ ਕੋਲ ਫਰਿਆਦ ਲੈ ਕੇ ਆਈ ਹਾਂ। ਮੇਰੀ ਬਹੂ ਤੇ ਧੀ ਨੂੰ ਤੁਸੀਂ ਹੀ ਛੁਡਾਅ ਸਕਦੇ ਹੋ। ਹਾਏ ਮੇਰਾ ਘਰ ਉੱਜੜ ਗਿਐ।” ਇਕ ਬੁੱਢੀ ਨੇ ਰੋਂਦਿਆਂ ਹੋਇਆਂ ਫਰਿਆਦ ਕੀਤੀ।
“ਮੈਂ ਜੀ, ਕਿਸੇ ਦੇ ਲੜਾਈ ਝਗੜੇ ਵਿਚ ਨਹੀਂ ਪੈਂਦਾ, ਇਸ ਸਾਧਾਰਨ ਦੁਕਾਨਦਾਰ ਹਾਂ। ਮੇਰੇ ਦੋ ਪੁੱਤਰ ਕਾਰੋਬਾਰ ਵਿਚ ਮੇਰਾ ਹੱਥ ਵੰਡਾਉਂਦੇ ਸਨ। ਅਬਦਾਲੀ ਦੇ ਆਦਮੀ ਦੋਹਾਂ ਨੂੰ ਫੜ ਕੇ ਲੈ ਗਏ। ਤੁਹਾਡੇ ਤੋਂ ਉਮੀਦ ਹੈ, ਹੁਣ ਤੁਹਾਡੇ ਕੋਲ ਫਰਿਆਦ ਲੈ ਕੇ ਆਇਆਂ।”
ਸਾਂਵਲ ਦਾਸ ਨਾਂ ਦਾ ਵਪਾਰੀ ਕਹਿ ਰਿਹਾ ਸੀ। ਦੁਰਾਨੀਆਂ ਨੇ ਉਸਦੀ ਦੁਕਾਨ ਤੇ ਘਰ ਦਾ ਸਾਰਾ ਮਾਲ-ਸਾਮਾਨ ਲੁੱਟ ਲਿਆ ਸੀ। ਪਰ ਉਸਦਾ ਉਸਨੂੰ ਏਨਾ ਦੁੱਖ ਨਹੀਂ ਸੀ, ਜਿੰਨਾਂ ਪੁੱਤਰਾਂ ਨੂੰ ਫੜ੍ਹ ਕੇ ਲੈ ਜਾਣ ਦਾ ਸੀ।
ਫਰਿਆਦੀਆਂ ਵਿਚ ਜਵਾਨ ਸਿੱਖ ਔਰਤ ਵੀ ਸੀ। ਉਸਦੀਆਂ ਅੱਖਾਂ ਵਿਚ ਅੱਥਰੂ ਸਨ ਪਰ ਚਿਹਰਾ ਗੁੱਸੇ ਕਾਰਨ ਲਾਲ ਹੋਇਆ ਹੋਇਆ ਸੀ। ਉਸ ਨੇ ਜੱਸਾ ਸਿੰਘ ਨੂੰ ਕਿਹਾ—
“ਸਰਦਾਰ ਜੀ, ਮੇਰਾ ਪਤੀ ਤੁਹਾਡੀ ਸੈਨਾ ਦਾ ਹੀ ਇਕ ਬਹਾਦਰ ਸਿਪਾਹੀ ਸੀ। ਸਾਡਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਇਕ ਹਫਤਾ ਹੋਇਆ ਅਸੀਂ ਪਤੀ ਪਤਨੀ ਦੋਹੇਂ ਆਪਣੇ ਘਰ ਬੈਠੇ ਹੋਏ ਸਾਂ ਕਿ ਅਚਾਨਕ ਦੁਰਾਨੀਆਂ ਸਾਨੂੰ ਆ ਘੇਰਿਆ। ਪਤੀ ਨੇ ਮੈਨੂੰ ਤੂੜੀ ਵਾਲੇ ਕੋਠੇ ਵਿਚ ਲੁਕੋਅ ਦਿੱਤਾ ਤੇ ਆਪ ਕਿਰਪਾਨ ਚੁੱਕ ਕੇ ਦੁਸ਼ਮਣਾ ਨਾਲ ਜਾ ਭਿੜਿਆ। ਦੁਰਾਨੀ, ਪੰਜ ਛੇ ਜਣੇ ਸਨ। ਮੇਰਾ ਪਤੀ ਉਹਨਾਂ ਨਾਲ ਲੜਦਾ ਹੋਇਆ ਜਖ਼ਮੀ ਹੋ ਗਿਆ ਤੇ ਉਹ ਉਸਨੂੰ ਫੜ੍ਹ ਕੇ ਲੈ ਗਏ। ਤੁਸੀਂ ਸਾਡੀ ਮਦਦ ਕਰੋ। ਮੈਂ ਵੀ ਤੁਹਾਡੇ ਨਾਲ ਲੜਨ ਲਈ ਜਾਵਾਂਗੀ। ਇਹ ਹੈ ਮੇਰੀ ਕਿਰਪਾਨ ਤੇ ਔਹ ਖੜ੍ਹਾ ਮੇਰਾ ਘੋੜਾ।” ਉਸ ਮੁਟਿਆਰ ਨੇ ਤਲਵਾਰ ਮਿਆਨ ਵਿਚੋਂ ਕੱਢੀ ਤੇ ਬਹਾਰ ਵੱਲ ਇਸ਼ਾਰਾ ਕੀਤਾ ਜਿਧਰ ਘੋੜਾ ਖੜ੍ਹਾ ਸੀ।
ਇਸ ਪਿੱਛੋਂ ਦਰਮਿਆਨੇ ਕੱਦ ਦਾ ਇਕ ਹਿੰਦੁਸਤਾਨੀ ਮੁਸਲਮਾਨ ਆਇਆ। ਉਸਨੇ ਕਿਹਾ, “ਸਰਦਾਰ ਜੀ, ਮੇਰਾ ਨਾਂ ਬਸ਼ੀਰ ਅਹਿਮਦ ਏ। ਪਿੰਡ ਘੌਂਡਾ 'ਚ ਰਹਿੰਦਾ ਹਾਂ ਜੀ। ਇਹ ਵਿਦੇਸ਼ੀ ਮੇਰੀ ਬੀਵੀ ਤੇ ਦੋ ਮਮੇਰੀਆਂ ਭੈਣਾ ਨੂੰ ਚੁੱਕ ਕੇ ਲੈ ਗਏ ਜੀ।”
ਜੱਸਾ ਸਿੰਘ ਆਹਲੂਵਾਲੀਆ ਦੇ ਇਲਾਵਾ ਚੜ੍ਹਤ ਸਿੰਘ, ਜੈ ਸਿੰਘ, ਹਰੀ ਸਿੰਘ, ਹਕੀਕਤ ਸਿੰਘ, ਗੁੱਜਰ ਸਿੰਘ ਆਦਿ ਹੋਰ ਕਈ ਮਿਸਲਾਂ ਦੇ ਸਰਦਾਰ ਵੀ ਉੱਥੋ ਹਾਜ਼ਰ ਸਨ। ਲੋਕਾਂ ਦੀਆਂ ਦਰਦ ਭਰੀਆਂ ਫਰਿਆਦਾਂ ਸੁਣ ਕੇ ਉਹਨਾਂ ਦਾ ਖ਼ੂਨ ਉਬਾਲੇ ਖਾਣ ਲੱਗ ਪਿਆ।
“ਸਰਦਾਰਜੀ, ਕੀ ਦੱਸਾਂ। ਜੋ ਕੁਝ ਦੇਖਿਆ, ਬਿਆਨ ਨਹੀਂ ਹੋ ਸਕਦਾ। ਇਹ ਸਭ ਦੇਖ ਦੇਖ ਕੇ ਅੱਖਾਂ ਪੱਕ ਗਈਆਂ ਨੇ।” ਨੰਦੂ ਨਾਂ ਦਾ ਇਕ ਬਾਜ਼ੁਰਗ ਕੁਹਾਰ ਬੋਲਿਆ, “ਮੈਂ ਕਰਨਾਲ ਵਿਚ ਰਹਿੰਦਾ ਹਾਂ ਜੀ। ਬਾਜ਼ਾਰ ਵਿਚ ਪਿਆਊ ਏ। ਮੈਂ ਪਿਆਊ 'ਤੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਪਾਣੀ ਪਿਆਉਂਦਾਂ ਜੀ। ਉਸ ਦਿਨ ਬੁਲੰਦ ਖਾਂ ਨੇ ਸ਼ਹਿਰ ਦੀਆਂ ਸਾਰੀਆਂ ਜ਼ਨਾਨੀਆਂ ਨੂੰ ਘਰਾਂ 'ਚੋਂ ਕੱਢ ਕੇ ਬਾਜ਼ਾਰ 'ਚ ਲਿਆ ਖਲ੍ਹਾਰਿਆ। ਉਹਨਾਂ 'ਚੋਂ ਜਿਹੜੀ ਜਿਸਨੂੰ ਪਸੰਦ ਆਈ ਚੁਣ ਕੇ ਲੈ ਗਏ। ਮੇਰੀ ਜਵਾਨ ਧੀ ਸੰਤੋ ਨੂੰ ਵੀ ਲੈ ਗਏ ਜੀ।”
“ਕੈਦੀ ਬਣਾਏ ਗਏ ਲੋਕਾਂ ਦੀ ਤਾਦਾਦ ਕਿੰਨੀ ਕੁ ਹੋਏਗੀ?” ਜੱਸਾ ਸਿੰਘ ਨੇ ਬੇਨਾਮ ਸੂਫੀ ਫਕੀਰ ਤੋਂ ਪੁੱਛਿਆ।
“ਪੱਕੀ ਗਿਣਤੀ ਕੋਈ ਨਹੀਂ। ਪਰ ਤਾਦਾਦ ਕਾਫੀ ਸੀ। ਦੋ ਹਜ਼ਾਰ ਤੋਂ ਉਪਰ ਤਾਂ ਸਿਰਫ ਔਰਤਾਂ ਹੀ ਹੋਣੀਆਂ ਨੇ।”
“ਦੋ ਹਜ਼ਾਰ ਤੋਂ ਉਪਰ?”
“ਜੀ, ਦੋ ਹਜ਼ਾਰ ਤੋਂ ਉਪਰ।”
ਜੱਸਾ ਸਿੰਘ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ। ਤਲਵਾਰ ਮਿਆਨ ਵਿਚੋਂ ਖਿੱਚ ਕੇ ਗਰਜਵੀਂ ਆਵਾਜ਼ ਵਿਚ ਬੋਲੇ—
“ਗੁਰੂ ਦੇ ਦਰਬਾਰ ਵਿਚ ਕੀਤੀ, ਦੀਨ ਦੁਖੀਆਂ ਦੀ ਫਰਿਆਦ ਅਣਸੁਣੀ ਨਹੀਂ ਕੀਤੀ ਜਾ ਸਕਦੀ। ਖਾਲਸਾ ਗੁਰੂ ਦਾ ਰੂਪ ਹੈ। ਇਹਨਾਂ ਔਰਤਾਂ ਨੂੰ ਦੁਰਾਨੀ ਦੀ ਕੈਦ ਵਿਚੋਂ ਮੁਕਤ ਕਰਵਾਉਣਾ ਖਾਲਸੇ ਦੀ ਜ਼ਿਮੇਂਵਾਰੀ ਹੈ।” ਫੇਰ ਉਹ ਆਪਣੇ ਸਰਦਾਰ ਸਾਥੀਆਂ ਵੱਲ ਭੌਂ ਗਏ, “ਹੁਣ ਤਕ ਇਸ ਦੁਰਾਨੀ ਫੌਜ ਦੇ ਪਿੱਛਲੇ ਹਿੱਸੇ ਨੂੰ ਲੁੱਟਦੇ ਰਹੇ ਹਾਂ ਤੇ ਹੁਣ ਕੁਝ ਚਿਰ ਪਹਿਲਾਂ ਹੀ ਅਸਾਂ ਉਸਨੂੰ ਫੇਰ ਲੁੱਟਣ ਦਾ ਗੁਰਮਤਾ ਪਾਸ ਕੀਤਾ ਏ। ਪਰ ਹੁਣ ਮੁੱਖ ਮਸਲਾ ਉਹਨਾਂ ਔਰਤਾਂ ਦੀ ਰਿਹਾਈ ਹੈ। ਇਹ ਕੰਮ ਬੜਾ ਕਠਿਨ ਵੀ ਹੈ, ਪਰ ਕੰਮ ਜਿੰਨਾਂ ਕਠਿਨ ਹੈ ਓਨਾਂ ਹੀ ਜ਼ਰੂਰੀ ਵੀ ਹੈ। ਉਸਨੂੰ ਕਰਨਾ ਇਸ ਤੋਂ ਵੀ ਵੱਧ ਜ਼ਰੂਰੀ ਹੈ। ਇਕ ਸੀਤਾ ਦਾ ਹਰਨ ਹੋਇਆ ਤਾਂ ਰਾਮ ਨੇ ਲੰਕਾ ਉਪਰ ਚੜ੍ਹਾਈ ਕਰ ਦਿੱਤੀ...ਸਵਾਲ ਸੀਤਾ ਦੀ ਰਿਹਾਈ ਦਾ ਨਹੀਂ ਸੀ, ਰਘੁਵੰਸ਼ ਦੀ ਇੱਜ਼ਤ ਦਾ ਸੀ। ਹੁਣ ਦੋ ਹਜ਼ਾਰ ਤੋਂ ਵੱਧ ਔਰਤਾਂ ਦਾ ਹਰਨ ਹੋਇਆ ਏ, ਖਾਲਸੇ ਦੀ ਤੇ ਪੂਰੇ ਦੇਸ਼ ਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਏ। ਅਸੀਂ ਹਰ ਹਾਲਤ ਵਿਚ ਇਹਨਾਂ ਔਰਤਾਂ ਨੂੰ ਦੁਰਾਨੀ ਦੀ ਕੈਦ ਵਿਚੋਂ ਮੁਕਤ ਕਰਾਉਣਾ ਹੈ।”
ਸਰਬੱਤ ਖਾਲਸਾ ਨੇ ਔਰਤਾਂ ਦੀ ਰਿਹਾਈ ਦਾ ਗੁਰਮਤਾ ਪਾਸ ਕੀਤਾ ਤੇ ਤਿਆਰੀ ਸ਼ੁਰੂ ਹੋ ਗਈ।