Bole So Nihal (Punjabi Novel) : Hansraj Rahbar
ਬੋਲੇ ਸੋ ਨਿਹਾਲ (ਨਾਵਲ) : ਹੰਸਰਾਜ ਰਹਿਬਰ
ਬੋਲੇ ਸੋ ਨਿਹਾਲ ਹੰਸਰਾਜ ਰਹਿਬਰ
ਤਰਜੁਮਾਕਾਰ: ਮਹਿੰਦਰ ਬੇਦੀ, ਜੈਤੋ
ਆਪਣੀ ਗੱਲ : ਹੰਸਰਾਜ ਰਹਿਬਰ
ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਇਹ ਮਿਥਿਆ ਧਾਰਨਾ ਫੈਲਾਈ ਕਿ ਹਿੰਦੁਸਤਾਨੀਆਂ ਵਿਚ ਵਿਰੋਧ ਕਰਨ ਦੀ ਤਾਕਤ ਤੇ ਰਾਜ ਕਰਨ ਦੀ ਯੋਗਤਾ ਨਹੀਂ—ਇਸ ਲਈ ਉਹ ਹਮੇਸ਼ਾ ਵਿਦੇਸ਼ੀਆਂ ਦੁਆਰਾ ਹਰਾਏ ਜਾਂਦੇ ਰਹੇ। ਪਹਿਲਾਂ ਆਰੀਆ ਆਏ, ਫੇਰ ਤੁਰਕ, ਮੁਗਲ ਆਏ ਤੇ ਫੇਰ ਅਸੀਂ ਆ ਗਏ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਬੁੱਧੀਜੀਵੀ ਅਕਸਰ ਇਸ ਮਿਥਿਆ ਧਾਰਨਾ ਨੂੰ ਸਹੀ ਮੰਨ ਲੈਂਦੇ ਨੇ। ਕੀ ਇਹ ਇਤਿਹਾਸ ਨੂੰ ਝੁਠਿਆਉਣਾ ਨਹੀਂ?
ਹੱਥਲੀ ਪੁਸਤਕ ਦਾ ਉਦੇਸ਼ ਇਸ ਮਿਥਿਆ ਧਾਰਨਾ ਨੂੰ ਨਿਰਆਧਾਰ ਸਿੱਧ ਕਰਨਾ ਹੈ।
ਪਹਿਲਾਂ ਤਾਂ ਆਰੀਆਵਾਂ ਨੂੰ ਤੁਰਕਾਂ, ਮੁਗਲਾਂ ਤੇ ਅੰਗਰੇਜ਼ਾਂ ਵਾਂਗ ਬਾਹਰੋਂ ਆਏ ਦੱਸਣਾ ਸਹੀ ਨਹੀਂ। ਦੂਜਾ ਮੁਗਲਾਂ ਪਿੱਛੋਂ ਅੰਗਰੇਜ਼ ਆਏ, ਕਹਿਣਾ ਵੀ ਤੱਥਾਂ ਦੇ ਵਿਪਰੀਤ ਹੈ। ਮੁਗਲਾਂ ਨੇ ਤਾਂ ਅੰਗਰੇਜ਼ਾਂ ਦੇ ਖ਼ਿਲਾਫ਼ ਇਕ ਲੜਾਈ ਵੀ ਨਹੀਂ ਲੜੀ। ਉਹ ਮਰਾਠਿਆਂ ਨੇ ਲੜੀ ਤੇ ਸਿੱਖਾਂ ਨੇ ਲੜੀ। ਮੁਗਲਾਂ ਨੂੰ ਤਾਂ ਅਠਾਰ੍ਹਵੀਂ ਦੇ ਅੱਧ ਵਿਚ ਹੀ ਸਿਫਰ ਬਣਾ ਦਿੱਤਾ ਗਿਆ ਸੀ। ਉਸ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਮਰਾਠੇ ਲੜੇ ਤੇ ਫੇਰ ਸਿੱਖ ਲੜੇ।
ਸਿੱਖਾਂ ਨੇ ਦੁਰਾਨੀ ਨੂੰ ਹਰਾ ਕੇ ਜਿਹੜਾ ਰਾਜ ਕਾਇਮ ਕੀਤਾ, ਉਹ ਜਮਨਾ ਤੋਂ ਪੇਸ਼ਾਵਰ ਤਕ ਤੇ ਸਿੰਧ ਤੋਂ ਤਿੱਬਤ ਤਕ ਫੈਲਿਆ ਹੋਇਆ ਸੀ। ਉਹ ਸਿੱਖ ਰਾਜ ਏਨਾ ਪੱਕੇ-ਪੈਰੀਂ ਤੇ ਸ਼ਕਤੀ ਸ਼ਾਲੀ ਸੀ ਕਿ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਰਹੇ, ਅੰਗਰੇਜ਼ਾਂ ਦੀ ਉਸ ਵੱਲ ਅੱਖ ਚੁੱਕੇ ਕੇ ਦੇਖਣ ਦੀ ਹਿੰਮਤ ਨਹੀਂ ਪਈ।
ਇਸ ਨਾਵਲ ਦਾ ਸਮਾਂ 1739 ਵਿਚ ਨਾਦਰ ਸ਼ਾਹ ਦੇ ਹਮਲੇ ਤੋਂ 1765 ਵਿਚ ਲਾਹੌਰ ਉੱਤੇ ਸਿੱਖਾਂ ਦੇ ਕਬਜੇ ਤਕ ਦਾ ਹੈ। ਖਾਲਸੇ ਨੇ ਪਹਿਲਾਂ ਮੁਗਲਾਂ ਨਾਲ ਲੋਹਾ ਲਿਆ ਤੇ ਫੇਰ ਫਿਰੰਗੀਆਂ ਤੇ ਦੁਰਾਨੀਆਂ ਦਾ ਮੁਕਾਬਲਾ ਕੀਤਾ। ਉਹਨਾਂ ਜਿਸ ਬਹਾਦੁਰੀ ਦਾ ਸਬੂਤ ਦਿੱਤਾ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਇਤਿਹਾਸ ਵਿਚ ਉਹਨਾਂ ਦੀ ਦੂਜੀ ਮਿਸਾਲ ਨਹੀਂ ਮਿਲਦੀ।
ਰਾਸ਼ਟਰ ਕਵੀ' ਮੈਥਿਲੀਸ਼ਰਣ ਗੁਪਤ ਦਾ ਇਹ ਕਹਿਣਾ ਕਿ ਅੰਗਰੇਜ਼ਾਂ ਨੇ ਸਾਨੂੰ ਯਵਨਾ ਦੇ ਅਤਿਆਚਾਰ ਤੋਂ ਮੁਕਤੀ ਦਿਵਾਈ, ਗਲਤ—ਸਰਾਸਰ ਗਲਤ ਹੈ। ਖੁਸ਼ਾਮਦ ਹੈ।
ਤੇ ਇਤਿਹਾਸ ਗਵਾਹ ਹੈ ਕਿ ਜਾਲਮ ਦੁਸ਼ਮਨ ਦਾ ਦਿਲ ਕਦੀ ਵੀ ਨਹੀਂ ਪਿਘਲਦਾ। ਉਹ ਸਿਰਫ ਤਲਵਾਰ ਦੀ ਭਾਸ਼ਾ ਸਮਝਦਾ ਹੈ ਤੇ ਤਲਵਾਰ ਦੀ ਭਾਸ਼ਾ—ਠੰਡੇ ਲੋਹੇ ਦੀ ਭਾਸ਼ਾ—ਵਿਚ ਹੀ ਉਸਨੂੰ ਸਮਝਾਉਣਾ ਪੈਂਦਾ ਹੈ।
ਪਾਠਕ ਇਸ ਨੂੰ ਸਿਰਫ ਨਾਵਲ ਸਮਝ ਕੇ ਨਾ ਪੜ੍ਹਨ—ਮੇਰੀ ਨਜ਼ਰ ਵਿਚ ਇਹ ਨਾਵਲ ਨਾਲੋਂ ਵੱਧ ਇਤਿਹਾਸ ਹੈ, ਜਿਹੜਾ ਨਾਵਲ ਨਾਲੋਂ ਕਿਤੇ ਵੱਧ ਦਿਲਚਸਪ ਹੈ। ਦਿਲ-ਚਸਪੀ ਦੇ ਇਲਾਵਾ ਪਾਠਕ ਇਸ ਦੇ ਲਿਖਣ-ਮੰਤਵ ਨੂੰ ਵੀ ਸਮਝਣ।
ਪ੍ਰਸਿੱਧ ਪ੍ਰਕਾਸ਼ਕ ਸਵਰਗੀ ਸ਼੍ਰੀ ਰਾਮਲਾਲ ਪੁਰੀ ਨੇ 1956 ਵਿਚ ਮੈਨੂੰ ਇਤਿਹਾਸ ਦੇ ਇਸ ਹਿੱਸੇ ਉੱਪਰ ਪੁਸਤਕ ਲਿਖਣ ਲਈ ਕਿਹਾ ਸੀ। ਮੈਂ ਕੋਸ਼ਿਸ਼ ਕੀਤੀ, ਪਰ ਲਿਖ ਨਹੀਂ ਸਕਿਆ। ਬੱਤੀ-ਤੇਤੀ ਸਾਲ ਬਾਅਦ ਮੈਂ ਖ਼ੁਦ ਇਸ ਦੀ ਲੋੜ ਮਹਿਸੂਸ ਕੀਤੀ ਤੇ ਹੁਣ ਮੈਂ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਵੀ ਸਾਂ। ਇੰਜ ਉਹਨਾਂ ਦੀ ਇੱਛਾ ਪੂਰੀ ਹੋਈ। ਮੈਂ ਆਪਣੀ ਇਹ ਕਿਰਤ ਉਹਨਾਂ ਦੀਆਂ ਯਾਦਾਂ ਦੇ ਨਾਂਅ ਕਰਦਾ ਹਾਂ।
29-05-1989. —ਹੰਸਰਾਜ ਰਹਿਬਰ।
ਬੋਲੇ ਸੋ ਨਿਹਾਲ
ਮਈ, 1739 ਦੀ ਹਨੇਰੇ ਪੱਖ ਦੀ ਰਾਤ ਸੀ। ਅਸਮਾਨ ਬਿਲਕੁਲ ਸਾਫ ਸੀ। ਸਿੱਖ ਗੁਰੀਲੇ ਤਾਰਿਆਂ ਦੀ ਮਿੰਨ੍ਹੀ-ਮਿੰਨੀ ਲੋਅ ਵਿਚ ਸੰਘਣਾ ਜੰਗਲ ਪਾਰ ਕਰ ਰਹੇ ਸਨ। ਉਹ ਜੰਗਲ ਵਿਚ ਰਹਿਣ ਦੇ ਆਦੀ ਹੋ ਚੁੱਕੇ ਸਨ ਤੇ ਆਪਣੀ ਧਰਤੀ ਦੇ ਚੱਪੇ-ਚੱਪੇ ਦੇ ਸਿਆਣੂ ਸਨ। ਉਹਨਾਂ ਦੇ ਸਧੇ ਹੋਏ ਘੁੜਿਆਂ ਦੇ ਪੈਰਾਂ ਨੇ ਇਹ ਸਾਰੇ ਰਸਤੇ ਮਿਣੇ ਹੋਏ ਸਨ, ਇਸੇ ਕਰਕੇ ਸੰਘਣੇ ਹਨੇਰੇ ਦੇ ਬਾਵਜ਼ੂਦ ਉਹਨਾਂ ਨੂੰ ਜੰਗਲ ਪਾਰ ਕਰਨ ਵਿਚ ਕੋਈ ਔਖ ਨਹੀਂ ਸੀ ਹੋ ਰਹੀ। ਇਹ ਕੋਈ ਵੀਹ-ਤੀਹ ਨਹੀਂ, ਸੈਂਕੜਿਆਂ ਦੀ ਗਿਣਤੀ ਵਿਚ ਸਨ ਤੇ ਆਪਣਾ ਪਿਆਰਾ ਯੁੱਧ-ਗੀਤ ਗਾ ਰਹੇ ਸਨ...:
'ਜੋ ਲੜੇ ਦੀਨ ਕੇ ਹੇਤੁ
ਸੂਰਾ ਸੋਈ, ਸੂਰਾ ਸੋਈ।'...
(ਜਿਹੜਾ ਧਰਮ ਲਈ ਯੁੱਧ ਕਰਦਾ ਹੈ ਉਹੀ ਸੂਰਾ ਹੈ, ਉਹੀ ਬਹਾਦੁਰ ਯੋਧਾ ਹੁੰਦਾ ਹੈ)
ਘੋੜਿਆਂ ਦੇ ਸੁੰਮਾਂ ਦੀ ਟਾਪ ਦਾ ਖੜਾਕ ਤੇ ਉਸ ਗੀਤ ਦੇ ਬੋਲ ਇਕ-ਸੁਰ ਹੋ ਕੇ ਰਾਤ ਦੀ ਚੁੱਪ ਨੂੰ ਲੀਰੋ-ਲੀਰ ਕਰਦੇ ਜੰਗਲ ਵਿਚ ਗੂੰਜ ਰਹੇ ਸਨ। ਝਾੜੀਆਂ ਵਿਚ ਲੁਕੇ ਖ਼ਰਗੋਸ਼, ਗਿੱਦੜ ਤੇ ਲੂੰਬੜ ਆਦਿ ਨਿੱਕਲ-ਨਿੱਕਲ ਕੇ ਭੱਜ ਰਹੇ ਸਨ। ਇਹ ਯੁੱਧ-ਗੀਤ ਉਹਨਾਂ ਦੇ ਦ੍ਰਿੜ ਇਰਾਦਿਆਂ ਦਾ ਪ੍ਰਤੀਕ ਸੀ। ਉਹ ਇਸ ਯੁੱਧ ਦੇ ਗੀਤ ਨੂੰ ਵਾਰੀ-ਵਾਰੀ ਦੂਹਰਾਅ ਰਹੇ ਸਨ ਤੇ ਪੱਕੇ-ਪੈਰੀਂ ਨਿਸ਼ਾਨੇ ਵੱਲ ਵਧ ਰਹੇ ਸਨ। ਉਹਨਾਂ ਦੇ ਘੋੜੇ ਵਾਰੀ ਨਾਲ ਹਿਣਹਿਣਾਉਣ ਲੱਗ ਪੈਂਦੇ, ਜਿਵੇਂ ਉਹ ਵੀ ਇਸ ਐਲਾਨੇ-ਜੰਗ ਦਾ ਸਮਰਥਨ ਕਰ ਰਹੇ ਹੋਣ ਤੇ ਉਹਨਾਂ ਨੇ ਵੀ ਧਰਮ ਹਿੱਤ ਯੁੱਧ ਕਰਨ ਦਾ ਸੰਕਲਪ ਲਿਆ ਹੋਇਆ ਹੋਵੇ। ਰਾਤ ਅੱਧੀ ਇਧਰ, ਅੱਧੀ ਉਧਰ ਸੀ। ਕਿਸੇ ਨੂੰ ਉੱਕਾ ਹੀ ਖਬਰ ਨਹੀਂ ਸੀ ਕਿ ਇਹ ਸਿੱਖ ਗੁਰੀਲੇ ਕਿੱਧਰੋਂ ਆਏ ਸਨ ਤੇ ਕਿੱਧਰ ਜਾ ਰਹੇ ਹਨ। ਜੰਗਲ ਪਾਰ ਕਰਕੇ ਉਹ ਖੁੱਲ੍ਹੇ ਮੈਦਾਨ ਵਿਚ ਆ ਗਏ। ਮੈਦਾਨ ਵਿਚ ਪਹੁੰਚਦਿਆਂ ਹੀ ਯੁੱਧ-ਗੀਤ ਬੰਦ ਕਰ ਦਿੱਤਾ ਗਿਆ ਤੇ ਘੋੜਿਆਂ ਦੀ ਚਾਲ ਵੀ ਆਪਣੇ-ਆਪ ਮੱਠੀ ਪੈ ਗਈ।
ਦੋ ਘੋੜ ਸਵਾਰ ਇਕ ਦੂਜੇ ਦੇ ਨਜ਼ਦੀਕ ਆਏ। ਉਹਨਾਂ ਵਿਚੋਂ ਇਕ ਦਾ ਨਾਂ ਜੱਸਾ ਸਿੰਘ ਆਹਲੂਵਾਲੀਆ ਸੀ ਤੇ ਉਹ ਇਸ ਮੁਹਿੰਮ ਦਾ ਸੈਨਾਪਤੀ ਸੀ। ਦੂਜੇ ਦਾ ਨਾਂ ਹੀਰਾ ਸਿੰਘ ਸੀ ਤੇ ਉਹ ਉਪ-ਸੈਨਾਪਤੀ ਸੀ।
“ਆਦਮੀ ਜੋਰਾਵਰ ਏ।” ਉਪ-ਸੈਨਾਪਤੀ ਨੇ ਕਿਹਾ।
“ਹਾਂ, ਇਸ 'ਚ ਕੀ ਸ਼ੱਕ ਏ। ਜੋਰਾਵਰ ਨਾ ਹੁੰਦਾ ਤਾਂ ਕਾਬਲ ਤੇ ਪੰਜਾਬ ਨੂੰ ਲਿਤੜਦਾ ਹੋਇਆ, ਦਿੱਲੀ ਕਿੰਜ ਜਾ ਪਹੁੰਚਦਾ?”
“ਮੁਗਲਾਂ ਦੀ ਸਾਰੀ ਸ਼ਾਨ ਮਿੱਟੀ ਵਿਚ ਰੋਲ ਦਿੱਤੀ ਏ।”
“ਮੁਗਲਾਂ ਦੀ ਈ ਨਹੀਂ ਪੂਰੇ ਦੇਸ਼ ਦੀ ਸ਼ਾਨ ਮਿੱਟੀ 'ਚ ਰੋਲ ਦਿੱਤੀ ਏ। ਧਨ-ਦੌਲਤ, ਇੱਜਤ-ਮਾਨ, ਸਭੋ ਕੁਝ ਲੁੱਟ ਲਿਐ।” ਸੈਨਾਪਤੀ ਨੇ ਨਮੋਸ਼ੀ ਤੇ ਹਿਰਖ ਪਰੁੱਚੀ ਆਵਾਜ਼ ਵਿਚ ਕਿਹਾ। ਕੁਝ ਪਲ ਲਈ ਚੁੱਪ ਵਾਪਰ ਗਈ। ਫੇਰ ਹਵਾ ਦਾ ਇਕ ਬੁੱਲ੍ਹਾ ਆਇਆ, ਜਿਸ ਨਾਲ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਸੁਣਾਈ ਦਿੱਤੀ। “ਗੱਲ ਤਾਂ ਤਦ ਬਣਦੀ ਏ।” ਜੱਸਾ ਸਿੰਘ ਫੇਰ ਬੋਲੇ। ਉਹਨਾਂ ਦੀ ਆਵਾਜ਼ ਰਤਾ ਖਰ੍ਹਵੀ ਪਰ ਗੰਭੀਰ ਸੀ, “ਜਦ ਅਸੀਂ ਇਸ ਈਰਾਨੀ ਯੋਧੇ ਦੀ ਸ਼ਾਨ ਨੂੰ ਧੂੜ ਵਿਚ ਮਧੋਲ ਦੇਈਏ ਤੇ ਸਾਬਤ ਕਰ ਵਿਖਾਈਏ ਕਿ ਪੰਜਾਬ ਦਾ ਪਾਣੀ ਅਜੇ ਮਰਿਆ ਨਹੀਂ, ਤੇ ਨਾ ਕਦੀ ਮਰ ਸਕਦਾ ਏ।”
ਦੋਹਾਂ ਦੇ ਘੋੜੇ ਇਕੱਠੇ ਹਿਣਹਿਣਾਏ। ਜੱਸਾ ਸਿੰਘ ਦੇ ਘੋੜੇ ਦਾ ਰੰਗ ਚਿੱਟਾ, ਪਰ ਪੂਛ ਦੇ ਵਾਲ ਕਾਲੇ ਸਨ। ਹੀਰਾ ਸਿੰਘ ਦੇ ਘੋੜੇ ਦਾ ਰੰਗ ਗੂੜ੍ਹਾ ਲਾਲ ਸੀ, ਪਰ ਉਹ ਆਪਣੇ ਕੱਦ-ਕਾਠ ਪੱਖੋਂ ਜੱਸਾ ਸਿੰਘ ਦੇ ਘੋੜੇ ਜਿੱਡਾ ਹੀ ਸੀ। ਦੋਹਾਂ ਘੋੜਿਆਂ ਦੇ ਕੰਨ ਹਿਰਨ ਦੇ ਕੰਨਾਂ ਵਾਂਗ ਖੜ੍ਹੇ ਸਨ ਤੇ ਉਹ ਅਣਥੱਕ ਤੀਬਰ ਗਤੀ ਨਾਲ ਇਕ ਦਿਨ ਵਿਚ ਸੌ, ਸਵਾ-ਸੌ ਮੀਲ ਦਾ ਪੈਂਡਾ ਕਰ ਸਕਦੇ ਸਨ¸ ਤੇ ਛੋਟੇ ਮੋਟੇ ਖਾਲ-ਖਾਲੀਆਂ ਤੇ ਬੂਝੇ-ਝੜੀਆਂ ਨੂੰ ਆਸਾਨੀ ਨਾਲ ਟੱਪ ਜਾਂਦੇ ਸਨ।
ਇਹਨਾਂ ਦੋਹਾਂ ਘੋੜਿਆਂ ਦੀ ਰੀਸ ਨਾਲ ਦੂਜੇ ਘੋੜੇ ਵੀ ਹਿਣਹਿਣਾਉਣ ਲੱਗ ਪਏ¸ ਇਹ 'ਅਸੀਂ ਹਮਲੇ ਲਈ ਤਿਆਰ ਹਾਂ' ਦਾ ਸੂਚਕ ਸੀ।
ਏਸ਼ੀਆ ਦੇ ਇਤਿਹਾਸ ਦੇ ਪ੍ਰਸਿੱਧ ਸੈਨਾਪਤੀ ਨਾਦਰ ਸ਼ਾਹ ਨੇ ਜਨਵਰੀ ਦੇ ਸ਼ੁਰੂ ਵਿਚ, ਆਪਣੀ ਵਿਸ਼ਾਲ ਜੁਝਾਰੂ ਸੈਨਾ ਨਾਲ, ਹਿੰਦੁਸਤਾਨ ਉਪਰ ਹਮਲਾ ਕੀਤਾ ਸੀ। ਹੁਣ ਉਹ ਦਿੱਲੀ, ਮਥਰਾ ਤੇ ਬਿੰਦਰਾਬਨ ਨੂੰ ਲੁੱਟ ਕੇ ਆਪਣੇ ਵਤਨ ਵਾਪਸ ਪਰਤ ਰਿਹਾ ਸੀ, ਇਹ ਸਿੱਖ ਗੁਰੀਲੇ ਉਸਨੂੰ ਭਾਜੀ ਮੋੜਨ ਆਏ ਸਨ। ਨਾਦਰ ਦਾ ਪਿਤਾ ਭੇਡਾਂ-ਬੱਕਰੀਆਂ ਚਰਾਉਣ ਵਾਲਾ ਗਰੀਬ ਆਜੜੀ ਸੀ। ਇਹ ਕਿੱਤਾ ਉਸਨੂੰ ਪਿਤਾ ਕੋਲੋਂ ਵਿਰਸੇ ਵਿਚ ਮਿਲਿਆ। ਜਦੋਂ ਉਹ ਵੱਡਾ ਹੋਇਆ ਤਾਂ ਨਰੋਏ ਜੁੱਸੇ ਤੇ ਲੰਮੇ-ਉਚੇ ਕੱਦ ਦਾ ਕਦਾਵਰ ਨੌਜਵਾਨ ਨਿਕਲਿਆ। ਆਪਣੀ ਤਿੱਖੀ-ਬੁੱਧੀ ਤੇ ਹਿਉਂ ਸਦਕਾ ਉਸਨੂੰ ਆਜੜੀਆਂ ਵਾਲਾ, ਰੁਲਿਆ-ਖੁਲਿਆ, ਜੀਵਨ ਚੰਗਾ ਨਹੀਂ ਸੀ ਲੱਗਾ। ਉਸਨੇ ਆਪਣੇ ਵਰਗੇ ਦਲੇਰ ਤੇ ਹੱਟੇ-ਕੱਟੇ ਨੌਜਵਾਨਾ ਦਾ ਇਕ ਟੋਲਾ ਤਿਆਰ ਕੀਤਾ, ਜਿਸ ਦਾ ਪੇਸ਼ਾ ਭੇਡ-ਬੱਕਰੀਆਂ ਚਰਾਉਣਾ ਨਹੀਂ, ਲੁੱਟ-ਮਾਰ ਕਰਨਾ ਸੀ। ਉਸ ਸਮੇਂ ਈਰਾਨ ਵੱਖ-ਵੱਖ ਕਬੀਲਿਆਂ ਵਿਚ ਵੰਡਿਆ ਹੋਇਆ ਸੀ। ਇਹਨਾਂ ਕਬੀਲਿਆਂ ਦੇ ਆਪੋ-ਆਪਣੇ ਸਰਦਾਰ ਸਨ। ਪਰ ਹੁਣ ਨਾਦਰ ਦੇ ਰੂਪ ਵਿਚ ਇਕ ਨਵਾਂ ਸਰਦਾਰ ਪੈਦਾ ਹੋ ਗਿਆ ਸੀ। ਜਿਸਦੀ ਸ਼ਕਤੀ ਸਾਹਵੇਂ ਸਾਰੇ ਕਬੀਲੇ ਕੰਨ ਭੰਨਦੇ ਸਨ। ਹੁੰਦੀ-ਹੁੰਦੀ ਉਸਦੀ ਸ਼ੌਹਰਤ ਈਰਾਨ ਦੇ ਬਾਦਸ਼ਾਹ ਤੱਕ ਜਾ ਪਹੁੰਚੀ। ਉਸਦੇ ਡਾਕੂ-ਗਿਰੋਹ ਦੀ ਜੁਝਾਰੂ ਸ਼ਕਤੀ ਦੇ ਕਿੱਸੇ ਸੁਣ ਕੇ ਬਾਦਸ਼ਾਹ ਦੇ ਮਨ ਵਿਚ ਵੀ ਭੈ ਪੈਦਾ ਹੋ ਗਿਆ, ਸੋ ਉਸ ਨੇ ਨਾਦਰ ਸ਼ਾਹ ਨੂੰ ਆਪਣਾ ਦੋਸਤ ਬਣਾਅ ਲਿਆ। ਓਨੀਂ ਦਿਨੀਂ ਅਫਗਾਨਸਤਾਨ ਵੱਲੋਂ ਹਮਲਾ ਹੋਇਆ। ਨਾਦਰ ਆਪਣੀ ਲੜਾਕੂ ਟੋਲੀ ਨੂੰ ਲੈ ਕੇ ਮੈਦਾਨ ਵਿਚ ਉਤਰਿਆ ਤੇ ਅਫਗਾਨੀ ਹਮਲੇ ਨੂੰ ਨਿਸਫਲ ਕਰ ਦਿੱਤਾ। ਇਸ ਜਿੱਤ ਨਾਲ ਉਹ ਬਾਦਸ਼ਾਹ ਦਾ ਭਰੋਸੇ ਯੋਗ ਆਦਮੀ ਤੇ ਉਸਦੀ ਸੈਨਾ ਦਾ ਪ੍ਰਧਾਨ-ਸੈਨਾਪਤੀ ਬਣ ਗਿਆ। ਉਸਨੇ ਜਲਦੀ ਹੀ ਅਫਗਾਨਸਤਾਨ ਉੱਤੇ ਕਬਜਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ।
ਈਰਾਨ ਦੀ ਬੰਜਰ ਧਰਤੀ ਨੇ ਲੜਾਕੂ ਤੇ ਯੋਧੇ ਤਾਂ ਬੜੇ ਪੈਦਾ ਕੀਤੇ ਸਨ, ਪਰ ਆਮਦਨ ਦੇ ਸਾਧਨ ਬੜੇ ਸੀਮਤ ਸੀ। ਆਮ ਲੋਕ ਭੇਡ-ਬੱਕਰੀਆਂ ਪਾਲ ਕੇ ਉਹਨਾਂ ਵਰਗਾ ਜੀਵਨ ਹੀ ਬਿਤਾਉਂਦੇ ਸਨ। ਨਾਦਰ ਕੋਲ ਹੁਣ ਇਕ ਵੱਡਾ ਰਾਜ ਤੇ ਵਿਸ਼ਾਲ ਸੈਨਾ ਸੀ। ਸਵਾਲ ਇਹ ਸੀ ਕਿ ਏਡੀ ਵੱਡੀ ਸੈਨਾ ਦੀ ਤਨਖਾਹ ਦੇਣ ਤੇ ਹੋਰ ਰਾਜ ਕਾਰਜਾਂ ਨੂੰ ਚਲਾਉਣ ਖਾਤਰ ਧਨ ਕਿੱਥੋਂ ਆਵੇਗਾ? ਇਸ ਥੁੜ ਨੂੰ ਪੂਰਾ ਕਰਨ ਲਈ ਉਸਨੇ 'ਸੋਨੇ ਦੀ ਚਿੜੀ' ਹਿੰਦੁਸਤਾਨ ਉੱਤੇ ਚੜ੍ਹਾਈ ਕਰ ਦਿੱਤੀ।
ਕਾਬਲ ਦੇ ਸੂਬੇਦਾਰ ਨਾਸਰ ਖਾਂ ਤੇ ਪੰਜਾਬ ਦੇ ਸੂਬੇਦਾਰ ਜ਼ਕਰੀਆਂ ਖਾਂ ਨੇ ਵਿਰੋਧ ਕੀਤਾ, ਪਰ ਉਹ ਈਰਾਨੀ ਸੈਨਾ ਸਾਹਵੇਂ ਟਿਕ ਨਹੀਂ ਸਕੇ। ਕਈ ਵਾਰੀ ਕਹਿਣ ਦੇ ਬਾਵਜੂਦ ਵੀ ਦਿੱਲੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸੀ ਸਰਕੀ। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੂੰ ਰਾਜ-ਭਾਗ ਦੇ ਕਾਰਜਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਐਸ਼ਪ੍ਰਸਤੀ ਵਿਚ ਖੁੱਭਿਆ, ਰੰਗ-ਰਲੀਆਂ ਮਨਾਅ ਰਿਹਾ ਸੀ ਤੇ ਦਰਬਾਰ ਦੇ ਵੱਖ-ਵੱਖ ਧੜਿਆਂ ਵਿਚ ਆਪੋ-ਆਪਣੀ ਤਾਕਤ ਵਧਾਉਣ ਦਾ ਸੰਘਰਸ਼ ਚੱਲ ਰਿਹਾ ਸੀ। ਸਰਕਾਰ ਚਲਾਉਣ ਲਈ ਜ਼ਿੰਮੇਵਾਰ ਉਮਰਾ, ਦੋ ਧੜਿਆਂ ਵਿਚ ਵੰਡੇ ਹੋਏ ਸਨ। ਇਕ ਦਾ ਨਾਂ ਹਿੰਦੁਸਤਾਨੀ-ਦਲ ਸੀ, ਉਸ ਵਿਚ ਹਿੰਦੂ-ਉਮਰਾ ਤੇ ਹਿੰਦੁਸਤਾਨੀ ਮੁਸਲਮਾਨ ਸ਼ਾਮਲ ਸਨ। ਦੂਜਾ ਵਿਦੇਸ਼ੀ ਉਮਰਾਵਾਂ ਦਾ ਮੁਗਲ-ਦਲ ਸੀ। ਪਰ ਉਹ ਇਕ ਨਾ ਰਹਿ ਕੇ ਤੁਰਾਨੀ-ਦਲ ਅਤੇ ਈਰਾਨੀ-ਦਲ ਵਿਚ ਵੰਡੇ ਹੋਏ ਸਨ। ਮੱਧ ਏਸ਼ੀਆ ਦੇ ਤੁਰਕਿਸਤਾਨ ਤੇ ਤਾਸ਼ਕਦ ਤੋਂ ਆਏ ਉਮਰਾ, ਤੁਰਾਨੀ-ਦਲ ਵਿਚ ਸ਼ਾਮਲ ਸਨ ਤੇ ਉਹ ਧਾਰਮਕ ਸੰਸਕਾਰਾਂ ਪੱਖੋਂ 'ਸੂਨੀ' ਕਹਾਉਂਦੇ ਸਨ। ਜਿਹੜੇ ਈਰਾਨ ਤੋਂ ਆਏ ਸਨ, ਧਰਮ ਦੇ ਨਾਤੇ 'ਸ਼ੀਆ' ਅਖਵਾਉਂਦੇ ਸਨ ਤੇ ਉਹ ਈਰਾਨੀ-ਦਲ ਵਿਚ ਸ਼ਾਮਲ ਸਨ। ਜਦੋਂ ਹਿੰਦੁਸਤਾਨੀ-ਦਲ ਦੇ ਸੱਯਦ ਭਰਾਵਾਂ ਨੇ ਫਾਰੂੱਖ ਸੀਯਰ ਨੂੰ ਅੰਨ੍ਹਿਆਂ ਕਰਕੇ, ਮੌਤ ਦੀ ਨੀਂਦ ਸੁਆ ਦਿੱਤਾ ਤੇ ਇਕ ਪਿੱਛੋਂ ਇਕ ਮੁਗਲ ਸ਼ਹਿਜਾਦਿਆਂ ਨੂੰ ਕਠਪੁਤਲੀ-ਬਾਦਸਾਹ ਬਣਾ ਕੇ ਸੱਤਾ ਆਪਣੇ ਹੱਥਾਂ ਵਿਚ ਲੈ ਲਈ ਤਾਂ ਈਰਾਨੀ-ਦਲ ਤੇ ਤੁਰਾਨੀ-ਦਲ ਨੇ ਇਕੱਠੇ ਹੋ ਕੇ ਸੱਯਦ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਸੱਤਾ ਉਹਨਾਂ ਦੇ ਹੱਥਾਂ ਵਿਚ ਸੀ ਤੇ ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ। ਪਰ ਇਹਨਾਂ ਈਰਾਨੀ ਤੇ ਤੁਰਾਨੀ, ਦੋਹਾਂ ਦਲਾਂ ਵਿਚ ਵੀ ਸੱਤਾ ਹਥਿਆਉਣ ਦੀ ਦੌੜ ਲੱਗੀ ਹੋਈ ਸੀ। ਨਿੱਤ ਨਵੀਂ ਕਿਸਮ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ। ਸਿੱਟ ਇਹ ਹੋਇਆ ਕਿ ਰਾਜ ਦਾ ਪੂਰਾ ਤੰਤਰ ਚਰਮਰਾ ਗਿਆ ਤੇ ਔਰੰਗਜੇਬ ਦੀ ਮੌਤ ਤੋਂ ਦੋ ਦਹਾਕੇ ਬਾਅਦ ਹੀ ਕੇਂਦਰ ਏਨਾਂ ਕਮਜ਼ੋਰ ਹੋ ਗਿਆ ਕਿ ਇਕ ਤੋਂ ਪਿੱਛੋਂ ਇਕ, ਕਈ ਸੂਬਿਆਂ ਨੇ ਆਪਣੇ ਆਪ ਨੂੰ ਆਜਾਦ-ਸੂਬਾ ਹੋਣ ਦਾ ਐਲਾਨ ਕਰ ਦਿੱਤਾ ਤੇ ਬਾਗੀ ਸ਼ਕਤੀਆਂ ਪ੍ਰਬਲ ਹੁੰਦੀਆਂ ਗਈਆਂ। ਦਖੱਣ, ਅਵਧ ਤੇ ਬੰਗਾਲ, ਕੇਂਦਰ ਨਾਲੋਂ ਸੰਬੰਧ ਤੋੜ ਕੇ ਵੱਖਰੇ-ਰਾਜ ਬਣ ਗਏ। ਮਰਾਠੇ ਆਪਣੀ ਸੱਤਾ ਦਾ ਵਿਸਥਾਰ ਕਰ ਰਹੇ ਸਨ, ਆਗਰੇ ਦੇ ਕੋਲ ਜਾਟਾਂ ਨੇ ਆਪਣਾ ਸੁਤੰਤਰ-ਰਾਜ ਕਾਇਮ ਕਰ ਲਿਆ ਸੀ। ਰੂਹੇਲਾ ਪਠਾਨਾ ਨੇ ਗੰਗਾ ਦੇ ਉਤਰੀ ਮੈਦਾਨ ਵਿਚ ਰੂਹੇਲਖੰਡ ਨਾਂ ਦਾ ਸੁਤੰਤਰ-ਰਾਜ ਸਥਾਪਤ ਕਰ ਲਿਆ ਸੀ ਤੇ ਪੰਜਾਬ ਵਿਚ ਸਿੱਖ ਜਬਰਦਸਤ ਚੂਣੌਤੀ ਬਣੇ ਹੋਏ ਸਨ।
ਜਦੋਂ ਨਾਦਰ ਸ਼ਾਹ ਨੇ ਦੱਰਾ ਖੈਬਰ ਪਾਰ ਕੀਤਾ, ਹਿੰਦੁਸਤਾਨ ਦੀ ਇਹ ਸਥਿਤੀ ਸੀ। ਸੀਮਾ-ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਕੋਈ ਵੀ ਬਿਨਾਂ ਰੋਕ-ਟੋਕ, ਆ-ਜਾ ਸਕਦਾ ਸੀ। ਸਰਕਾਰ ਤਕ ਖਬਰਾਂ ਭੇਜਣ ਵਾਲਾ ਜਾਸੂਸੀ ਢਾਂਚਾ, ਪੂਰੀ ਤਰ੍ਹਾਂ ਠੁੱਸ ਹੋ ਚੁੱਕਿਆ ਸੀ। ਐਸ਼ਪ੍ਰਸਤ ਸਮਰਾਟ ਤੇ ਸਵਾਰਥੀ ਉਮਰਾ ਦੀ ਨੀਂਦ ਤਦ ਟੁੱਟੀ ਜਦ ਈਰਾਨੀ ਸੈਨਾ ਪੰਜਾਬ ਨੂੰ ਲਿਤੜਤੀ ਹੋਈ ਦਿੱਲੀ ਦੇ ਐਨ ਨੇੜੇ ਜਾ ਢੁੱਕੀ। ਹਫੜਾ-ਦਫੜੀ ਵਿਚ ਇਕੱਠੀ ਕੀਤੀ ਮੁਗਲ ਸੈਨਾ ਕਰਨਾਲ ਪਹੁੰਚੀ ਤੇ ਈਰਾਨੀ ਸੈਨਾ ਨਾਲ ਹੋਈ ਮੁੱਠ-ਭੇੜ ਵਿਚ ਉਸਦੇ ਅਧਿਓਂ ਵਧ ਸਿਪਾਹੀ ਰਣਭੂਮੀ ਵਿਚ ਹੀ ਰਹਿ ਗਏ ਤੇ ਬਾਕੀ ਜਾਨਾਂ ਬਚਾਅ ਕੇ ਏਧਰ-ਉਧਰ ਨੱਠ ਗਏ। ਨਾਦਰ ਸ਼ਾਹ ਦੀ ਜੈਤੂ ਸੈਨਾ ਕਰਨਾਲ ਤੋਂ ਸਿੱਧੀ ਦਿੱਲੀ ਜਾ ਪਹੁੰਚੀ।
ਦਿੱਲੀ ਵਿਚ ਜਿਹੜਾ ਖੂਨ-ਖਰਾਬਾ ਹੋਇਆ ਤੇ ਅੱਠ ਹਫਤੇ ਤਕ ਲੁੱਟ-ਮਾਰ ਚੱਲੀ ਤੇ ਸਾੜ-ਫੂਕ ਹੋਈ, ਉਹ ਇਤਿਹਾਸ ਦੀ ਇਕ ਦਰਦਨਾਕ ਘਟਨਾ ਹੈ। ਇਸ ਲੁੱਟ-ਮਾਰ ਵਿਚ ਹੀਰੇ-ਜਵਾਹਰ ਤੇ ਕਰੋੜਾਂ ਰੁਪਏ ਦੇ ਇਲਾਵਾ ਸ਼ਾਹਜਹਾਂ ਦਾ ਪ੍ਰਸਿੱਧ ਤਖ਼ਤੇ-ਤਾਊਸ ਤੇ ਰੰਗੀਲਾ ਦੁਆਰਾ ਤਿਆਰ ਕਰਵਾਈ ਗਈ ਹਿੰਦੁਸਤਾਨੀ ਸੰਗੀਤ ਦੀ ਇਕ ਸਚਿੱਤਰ ਪੁਸਤਕ ਵੀ ਸੀ। ਅਖੀਰ ਮੁਹੰਮਦ ਸ਼ਾਹ ਰੰਗੀਲਾ ਦੀ ਬੇਨਤੀ ਉਤੇ ਸੁਲਾਹ ਹੋਈ ਤੇ ਦਰਬਾਰੇ ਖਾਸ ਵਿਚ ਸ਼ਰਾਬ ਅਤੇ ਨਾਚ-ਗਾਣੇ ਦੀ ਮਹਿਫਲ ਸਜ ਗਈ। ਮੁਹੰਮਦ ਸ਼ਾਹ, ਨਾਦਰ ਸ਼ਾਹ ਦੇ ਨਾਲ ਬੈਠਾ ਹੋਇਆ ਸੀ ਤੇ ਉਸਦੀ ਦਸਤਾਰ ਵਿਚ ਦੁਨੀਆਂ ਦਾ ਪ੍ਰਸਿੱਧ ਤੇ ਅਣਮੋਲ ਹੀਰਾ 'ਕੋਹੇਨੂਰ' ਜਗਮਗਾ ਰਿਹਾ ਸੀ। ਨਾਦਰ ਸ਼ਾਹ ਦੀ ਨਜ਼ਰ ਹੀਰੇ ਉੱਤੇ ਪਈ ਤੇ ਮਨ ਉਸ ਨੂੰ ਪ੍ਰਾਪਤ ਕਰਨ ਲਈ ਲਲਚਾ ਗਿਆ। ਉਹ ਜਿੰਨਾਂ ਬਹਾਦਰ ਸੀ, ਓਨਾਂ ਹੀ ਬੁੱਧੀਮਾਨ ਤੇ ਕੁਟਨੀਤਕ ਵੀ ਸੀ। ਸੁਲਾਹ ਪਿੱਛੋਂ ਉਸਨੇ ਸ਼ਕਤੀ ਦਾ ਪ੍ਰਯੋਗ ਕਰਨਾ ਠੀਕ ਨਹੀਂ ਸੀ ਸਮਝਿਆ ਤੇ ਨਾਲੇ ਬਾਦਸ਼ਾਹੀ-ਪਦਵੀ ਦਾ ਆਦਰ-ਮਾਣ ਰੱਖਣਾ ਵੀ ਬਣਦਾ ਸੀ। ਉਸਨੇ ਆਪਣੇ ਪਿਆਲੇ ਵਿਚੋਂ ਸ਼ਰਾਬ ਦਾ ਇਕ ਘੁੱਟ ਭਰਿਆ ਤੇ ਚਿਹਰੇ ਉਪਰ ਇਕ ਮਿੱਠੀ ਮੁਸਕਾਨ ਖਿਲਾਰ ਕੇ ਬੋਲਿਆ,
“ਭਰਾ ਰੰਗੀਲਿਆ, ਹੁਣ ਅਸੀਂ ਦੋਸਤ ਤਾਂ ਬਣ ਈ ਗਏ ਹਾਂ ਨਾ? ਫੇਰ ਕਿਉਂ ਨਾ ਇਸ ਦੋਸਤੀ ਨੂੰ ਪੱਕਿਆਂ ਰਿਸ਼ਤਿਆਂ ਵਿਚ ਬੰਨ੍ਹ ਲਈਏ ਤੇ ਆਪਸ ਵਿਚ ਪੱਗ-ਵਟ ਭਰਾ ਬਣ ਜਾਈਏ?” ਉਸਨੇ ਆਪਣੀ ਪਗੜੀ ਲਾਹ ਕੇ ਮੁਹੰਮਦ ਸ਼ਾਹ ਵੱਲ ਵਧਾ ਦਿੱਤੀ।
“ਜਹੇ ਕਿਸਮਤ! ਤੁਹਾਡੇ ਨਾਲ ਦਸਤਾਰ ਬਦਲਣੀ ਮੇਰੇ ਲਈ ਬੜੇ ਮਾਣ ਵਾਲੀ ਗੱਲ ਏ।” ਨਸ਼ੇ ਵਿਚ ਰਗੀਲਾ ਮਿਨਮਿਣਾਇਆ। ਉਸ ਦੀ ਹਸਤੀ ਵਿਚ ਬਾਬਰੀ-ਸ਼ਾਨ ਵਾਲੀ ਕੋਈ ਗੱਲ ਬਾਕੀ ਨਹੀਂ ਸੀ ਦਿੱਸਦੀ।
ਇਸ ਪਿੱਛੋਂ ਮਥਰਾ ਤੇ ਬਿੰਦਰਾਬਨ ਨੂੰ ਖੂਬ ਲੁੱਟਿਆ ਗਿਆ। ਨਾਦਰ ਸ਼ਾਹ 5 ਮਈ ਨੂੰ ਜਦੋਂ ਦਿੱਲੀ ਤੋਂ ਤੁਰਿਆ ਤਾਂ ਉਸ ਕੋਲ ਹੀਰੇ-ਜਵਾਹਰ ਤੇ ਹੋਰ ਕੀਮਤੀ ਚੀਜਾਂ ਦੇ ਇਲਾਵਾ 15 ਕਰੋੜ ਰੁਪਏ ਨਕਦ, 300 ਹਾਥੀ, ਦੱਸ ਹਜਾਰ ਘੋੜੇ ਤੇ ਏਨੇ ਹੀ ਊਠ ਸਨ। ਹਜ਼ਾਰਾਂ ਹਿੰਦੂ-ਮੁਸਲਮਾਨ, ਮਰਦ-ਔਰਤਾਂ ਨੂੰ ਕੈਦੀ ਬਣਾਇਆ ਹੋਇਆ ਸੀ, ਜਿਹਨਾਂ ਵਿਚ ਦੋ ਸੌ ਕਾਰੀਗਰ ਵੀ ਸਨ। ਈਰਾਨੀ ਸੈਨਕ ਕਿਉਂਕਿ ਮੈਦਾਨੀ ਇਲਾਕੇ ਦੀ ਲੂ ਤੇ ਧੁੱਪ ਨਹੀਂ ਸਨ ਬਰਦਾਸ਼ਤ ਕਰ ਸਕਦੇ, ਇਸ ਲਈ ਉਹ ਸਰਹੰਦ ਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਾਲ ਨਾਲ ਸਫਰ ਕਰਦੇ ਤੇ ਲੁੱਟਮਾਰ ਕਰਦੇ ਹੋਏ ਇਕ ਲੰਮਾਂ ਸਫਰ ਕਰਕੇ, ਮਈ ਦੇ ਅਖੀਰਲੇ ਹਫਤੇ, ਜੇਹਲਮ ਦੇ ਕਿਨਾਰੇ ਜਾ ਪਹੁੰਚੇ। ਉਪਰੋਂ ਰਾਤ ਘਿਰ ਆਈ ਸੀ। ਅਗਲੇ ਦਿਨ ਸਵੇਰੇ ਨਦੀ ਪਾਰ ਕਰਨ ਦਾ ਫੈਸਲਾ ਕਰਕੇ ਉਹਨਾਂ ਉੱਥੇ ਹੀ ਡੇਰੇ ਲਾ ਲਏ। ਹੁਣ ਉਹ ਗੂੜ੍ਹੀ ਨੀਂਦ ਸੁੱਤੇ ਹੋਏ ਸਨ। ਉਹਨਾਂ ਦੀ ਨੀਂਦ ਏਨੀ ਗੂੜ੍ਹੀ ਤੇ ਚਿੰਤਾ-ਮੁਕਤ ਸੀ ਕਿ ਉਸ ਵਿਚ ਸੁਪਨਿਆਂ ਨੂੰ ਵੀ ਵਿਘਣ ਪਾਉਣ ਦੀ ਹਿੰਮਤ ਨਹੀਂ ਸੀ। ਇਹ ਜੈਤੂ ਸੈਨਾ ਲੁੱਟ ਦੇ ਮਾਲ ਨਾਲ ਮਾਲਾ-ਮਾਲ ਸੀ ਤੇ ਜਿਸ ਦੇਸ਼ ਤੇ ਦੇਸ਼ਵਾਸੀਆਂ ਨੂੰ ਲੁੱਟਿਆ ਗਿਆ ਸੀ ਉਹ, ਉਸਦੀ ਨਜ਼ਰ ਵਿਚ ਏਨੇ ਅਪਾਹਿਜ ਤੇ ਸੱਤਿਆਹੀਣ ਸਨ ਕਿ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਸੀ ਸਮਝੀ ਗਈ।
ਸਿੱਖ ਯੋਧਿਆਂ ਨੇ ਉਹਨਾਂ ਦੇ ਇਸੇ ਭਰਮ ਨੂੰ ਮਿਟਾਉਣ ਦੀ ਧਾਰੀ ਹੋਈ ਸੀ। ਉਹਨਾਂ ਕੋਲ ਆਪਣੇ ਸੂਹੀਆਂ ਰਾਹੀਂ ਈਰਾਨੀ ਸੈਨਾ ਦੀਆਂ ਸਾਰੀਆਂ ਗਤੀ-ਵਿਧੀਆਂ ਦੀ ਖਬਰ, ਹਰ ਪਲ, ਪਹੁੰਚ ਰਹੀ ਸੀ।...ਤੇ ਹੁਣ ਉਹ, ਉਸਨੂੰ ਲੁੱਟ ਲੈਣ ਦੇ ਮੰਸ਼ੇ ਨਾਲ ਮੁਹਿੰਮ 'ਤੇ ਨਿਕਲੇ ਸਨ। ਮੈਦਾਨ ਵਿਚ ਪਹੁੰਚਦਿਆਂ ਹੀ ਉਹ ਤਿੰਨ ਵੱਖ-ਵੱਖ ਟੋਲਿਆਂ ਵਿਚ ਵੰਡੇ ਗਏ ਤੇ ਈਰਾਨੀ-ਸੈਨਾ ਉਤੇ ਤਿੰਨ ਪਾਸਿਓਂ ਇਕੋ ਸਮੇਂ ਹੱਲਾ ਬੋਲ ਦਿੱਤਾ; ਇਸ ਤੋਂ ਪਹਿਲਾਂ ਕਿ ਉਹ ਜਾਗਦੇ ਤੇ ਸੰਭਲਦੇ, ਉਹ ਆਪਣਾ ਕੰਮ ਕਰਕੇ ਜਿਸ ਤੇਜ਼ੀ ਨਾਲ ਆਏ ਸਨ ਉਸੇ ਤੀਬਰ ਗਤੀ ਨਾਲ ਜੰਗਲ ਵਿਚ ਜਾ ਕੇ ਛਿਪਣ ਹੋ ਗਏ।
ਅਚਾਨਕ ਹਮਲੇ ਕਰਨ ਦਾ ਇਹ ਸਿਲਸਿਲਾ ਜੇਹਲਮ, ਸਿੰਧ ਤੇ ਚਨਾਬ ਪਾਰ ਕਰਨ ਤਕ, ਤਿੰਨੋਂ ਰਾਤਾਂ, ਲਗਾਤਾਰ ਚਲਦਾ ਰਿਹਾ। ਆਪਣੀ ਪੂਰੀ ਸਾਵਧਾਨੀ, ਚੇਤੰਨਤਾ ਤੇ ਦਲੇਰੀ ਦੇ ਬਾਵਜੂਦ ਨਾਦਰ ਸ਼ਾਹ ਸਿੱਖ ਗੁਰੀਲਿਆਂ ਤੋਂ ਜਾਨ ਤੇ ਮਾਲ ਦੀ ਰੱਖਿਆ ਕਰਨ ਵਿਚ ਅਸਫਲ ਰਿਹਾ ਤੇ ਅਸਮਰਥ ਦਿਖਾਈ ਦਿੱਤਾ। ਉਹ ਹਨੇਰੀ ਵਾਂਗ ਆਉਂਦੇ ਤੇ ਵਰੋਲੇ ਵਾਂਗ ਪਰਤ ਜਾਂਦੇ। ਸੰਘਣੇ ਜੰਗਲ ਵਿਚ ਉਹਨਾਂ ਦਾ ਪਿੱਛਾ ਕਰਨਾ ਸੰਭਵ ਨਹੀਂ ਸੀ। ਇਹ ਉਹਨਾਂ ਦੀ ਆਪਣੀ ਧਰਤੀ ਸੀ, ਜਿਸ ਦਾ ਚੱਪਾ-ਚੱਪਾ ਤੇ ਕਣ-ਕਣ ਉਹਨਾਂ ਦਾ ਜਾਣਿਆਂ-ਪਛਾਣਿਆਂ ਸੀ¸ ਜਿਸਦੀ ਗੋਦ ਨੂੰ ਉਹਨਾਂ ਦੀ ਹਮੇਸ਼ਾ ਉਡੀਕ ਰਹਿੰਦੀ ਸੀ। ਪਰ ਨਾਦਰ ਸ਼ਾਹ ਤੇ ਉਸਦੀ ਸੈਨਾ ਲਈ ਇਹ ਧਰਤੀ ਅਣਜਾਣ ਤੇ ਓਪਰੀ ਸੀ। 'ਜਾਂਦੇ ਚੋਰ ਦੀ ਪੱਗ...' ਵਾਲੀ ਕਹਾਵਤ ਨੂੰ ਸਾਰਥਕ ਕਰਦਿਆਂ ਹੋਇਆਂ ਸਿੱਖ ਗੁਰੀਲਿਆਂ ਨੇ, ਈਰਾਨੀ ਸੈਨਾ ਨੂੰ ਜਿੰਨਾਂ ਸੰਭਵ ਹੋ ਸਕਿਆ ਓਨਾਂ ਹੀ ਲੁੱਟਿਆ। ਜਿਹਨਾਂ ਜਵਾਨ ਮਰਦ ਔਰਤਾਂ ਨੂੰ ਕੈਦੀ ਬਣਾ ਕੇ ਨਾਲ ਲਿਜਾਇਆ ਜਾ ਰਿਹਾ ਸੀ, ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਮੁਕਤ ਕਰਵਾ ਲਿਆ ਗਿਆ।
25 ਮਈ 1739 ਨੂੰ ਨਾਦਰ ਸ਼ਾਹ ਚਨਾਬ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਅਖਨੂਰ ਪਹੁੰਚਿਆ। ਉੱਥੇ ਉਸਨੇ ਸਿੱਖਾਂ ਹੱਥੋਂ ਖਾਧੇ ਨੁਕਸਾਨ ਦਾ ਹਿਸਾਬ-ਕਿਤਾਬ ਲਾਇਆ ਤਾਂ ਜ਼ਕਰੀਆ ਖਾਂ ਨੂੰ, ਜਿਹੜਾ ਉਸਦੇ ਨਾਲ ਉਸਨੂੰ ਵਿਦਾਅ ਕਰਨ ਆਇਆ ਸੀ, ਪੁੱਛਿਆ¸
“ਤੁਹਾਡੇ ਰਾਜ ਵਿਚ ਇਹ ਬਾਗ਼ੀ ਕੌਣ ਨੇ?”
“ਜਹਾਂਪਨਾਹ, ਇਹ ਹਿੰਦੂ ਫਕੀਰਾਂ ਦਾ ਇਕ ਫਿਰਕਾ ਏ। ਉਹ ਲੰਮੇਂ-ਲੰਮੇਂ ਵਾਲ ਰੱਖਦੇ ਨੇ ਤੇ ਨਾਨਕ ਨਾਂਅ ਦੇ ਇਕ ਪੀਰ ਨੂੰ ਗੁਰੂ ਮੰਨਦੇ ਨੇ।” ਭਿੱਜੀ ਬਿੱਲੀ ਬਣੇ ਜ਼ਕਰੀਆਂ ਨੇ ਉਤਰ ਦਿੱਤਾ।
“ਇਹਨਾਂ ਦੇ ਘਰ-ਬਾਰ ਕਿੱਥੇ ਨੇ? ਉਹਨਾਂ ਨੂੰ ਲੁੱਟ ਲਓ, ਤਬਾਹ ਕਰ ਛੱਡੋ।” ਨਾਦਰ ਸ਼ਾਹ ਦਾ ਮੱਥਾ ਵੱਟੋ-ਵੱਟ ਸੀ ਤੇ ਆਵਾਜ਼ ਵਿਚ ਕੁਸੈਲ।
ਜ਼ਕਰੀਆਂ ਖਾਂ ਨੇ ਇਕ ਨਜ਼ਰ ਨਾਦਰ ਸ਼ਾਹ ਵੱਲ ਦੇਖਿਆ। ਉਸਦੀ ਦਸਤਾਰ ਵਿਚ ਕੋਹੇਨੂਰ ਹੀਰਾ ਚਮਕ ਰਿਹਾ ਸੀ, ਜਿਸ ਨੂੰ ਦੇਖ ਕੇ ਨਮੋਸ਼ੀ ਮਹਿਸੂਸ ਹੁੰਦੀ ਸੀ ਤੇ ਹਾਰ ਦਾ ਜ਼ਖਮ ਟਸਕਦ ਲੱਗ ਪੈਂਦਾ ਸੀ।
“ਜਹਾਂਪਨਾਹ, ਇਹਨਾਂ ਦੇ ਘਰ ਇਹਨਾਂ ਦੇ ਘੋÎੜਿਆਂ ਦੀਆਂ ਕਾਠੀਆਂ 'ਤੇ ਈ ਨੇ। ਸਾਲ ਵਿਚ ਦੋ ਵਾਰੀ ਅੰਮ੍ਰਿਤਸਰ ਵਿਚ ਇਕੱਤਰ ਹੁੰਦੇ ਨੇ ਤੇ ਉੱਥੇ ਇਕ ਤਲਾਅ ਵਿਚ ਨਹਾਉਂਦੇ ਨੇ, ਜਿਸਨੂੰ ਉਹ ਮਕੱਦਸ (ਪਵਿੱਤਰ) ਮੰਨਦੇ ਨੇ।”
ਕੁਝ ਪਲ ਮੌਨ ਵਿਚ ਲੰਘੇ। ਨਾਦਰ ਨੇ ਬੜੇ ਗਹੁ ਨਾਲ ਇਧਰ-ਉਧਰ ਦੇਖਿਆ, ਸੋਚਿਆ ਤੇ ਫੇਰ ਗੰਭੀਰ ਆਵਾਜ਼ ਵਿਚ ਕਿਹਾ¸
“ਫੇਰ ਮੇਰੀ ਇਹ ਗੱਲ ਚੇਤੇ ਰੱਖਣਾ ਕਿ ਹਕੂਮਤ ਤੁਸੀਂ ਨਹੀਂ, ਉਹ ਲੋਕ ਕਰਨਗੇ।”
ਦਿੱਲੀ ਦੇ ਅੰਤਲੇ ਸਾਹਾਂ 'ਤੇ ਪਹੁੰਚੇ ਤੁਰਕ-ਅਫਗਾਨ ਰਾਜ ਦੀ ਕਬਰ ਤੈਮੂਰਲੰਗ ਨੇ ਪੁੱਟੀ ਸੀ ਤੇ ਮੁਗਲਾਂ ਦੇ ਸਹਿਕ ਰਹੇ ਰਾਜ ਦੀ ਕਬਰ ਨਾਦਰ ਸ਼ਾਹ ਨੇ ਪੁੱਟੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਸਮੇਂ ਦੀ ਹਕੂਮਤ ਦੇ ਬਾਗੀ ਸਨ¸ਪਰ ਉਹਨਾਂ ਦਾ ਮਕਸਦ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ। ਉਹ ਵੀ ਜਾਣਦੇ ਸਨ ਕਿ ਆਜ਼ਾਦੀ ਮੁਫ਼ਤ ਵਿਚ ਨਹੀਂ ਮਿਲਦੀ, ਇਸ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇਸ ਲਈ ਉਹਨਾਂ ਆਪਣੇ ਘਰ ਘੋੜਿਆਂ ਦੀਆਂ ਕਾਠੀਆਂ ਉਪਰ ਬਣਾ ਲਏ ਸਨ ਜਾਂ ਇੰਜ ਕਹਿ ਲਓ ਬਣਾਉਣੇ ਹੀ ਪੈਣੇ ਸਨ, ਕਿਉਂਕਿ ਮੁਗਲ ਸਰਕਾਰ ਉਹਨਾਂ ਦਾ ਨਾਂ-ਨਿਸ਼ਾਨ ਮਿਟਾਉਣ ਉੱਤੇ ਤੁਲੀ ਹੋਈ ਸੀ। 1716 ਵਿਚ ਬੰਦਾ ਬਹਾਦਰ ਦੀ ਸ਼ਹਾਦਤ ਪਿੱਛੋਂ ਦਿੱਲੀ ਦੇ ਬਾਦਸ਼ਾਹ ਫਰੂੱਖ਼ ਸੀਯਰ ਨੇ ਇਹ ਹੁਕਮ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਮਿਲੇ, ਉਸਨੂੰ ਤੁਰੰਤ ਗਿਰਫ਼ਤਾਰ ਕਰ ਲਓ। ਉਸ ਲਈ ਦੋ ਹੀ ਹੁਕਮ ਸਨ : ਜਾਂ ਤਾਂ ਉਹ ਮੁਸਲਮਾਨ ਬਣਨਾ ਸਵੀਕਾਰ ਕਰੇ ਜਾਂ ਫੇਰ ਉਸੇ ਸਮੇਂ ਬਿਨਾਂ ਕਿਸੇ ਪੁੱਛ-ਦੱਸ ਦੇ ਕਤਲ ਕਰ ਦਿੱਤਾ ਜਾਵੇ। ਹਰ ਸਿੱਖ ਦੇ ਸਿਰ ਦਾ ਮੁੱਲ ਮਿਥ ਦਿੱਤਾ ਗਿਆ।
ਦਲੇਰ ਜੰਗ ਅਬਦੁਲ ਸਮਦ ਖਾਂ ਬੰਦਾ ਬਹਾਦੁਰ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰਕੇ ਦਿੱਲੀ ਲੈ ਆਇਆ ਸੀ। ਉਸਦੀ ਇਸ ਬਹਾਦਰੀ 'ਤੇ ਖੁਸ਼ ਹੋ ਕੇ ਉਸਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ। ਸਰਹੰਦ ਤੇ ਜੰਮੂ ਦੇ ਫੌਜਦਾਰ ਉਸਦੇ ਸਹਿਯੋਗੀ ਸਨ। ਤਿੰਨੇ ਜਗ੍ਹਾ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਸਿੱਖਾਂ ਦੀਆਂ ਗਤੀਵਿਧੀਆਂ ਬਾਰੇ ਖਬਰ ਦੇਣ ਵਾਲੇ ਨੂੰ 10 ਰੁਪਏ, ਫੜਾਉਣ ਵਾਲੇ ਨੂੰ 25 ਰੁਪਏ, ਗਿਰਫ਼ਤਾਰ ਕਰਕੇ ਥਾਨੇ ਪਹੁੰਚਾਉਣ ਵਾਲੇ ਨੂੰ 50 ਤੇ ਸਿਰ ਕੱਟ ਕੇ ਲਿਆਉਦ ਵਾਲੇ ਨੂੰ 100 ਰੁਪਏ ਦਿੱਤੇ ਜਾਣਗੇ। ਪਿੰਡਾਂ ਦੇ ਨੰਬਰਦਾਰਾਂ ਤੇ ਚੌਧਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਕਿ ਉਹ ਸਿੱਖਾਂ ਨੂੰ ਵੱਸਣ ਲਈ ਜਗ੍ਹਾ ਨਾ ਦੇਣ। ਜੇ ਉਹ ਆਪ ਗਿਰਫ਼ਤਾਰ ਨਾ ਕਰ ਸਕਣ ਤਾਂ ਸਰਕਾਰ ਨੂੰ ਸੂਚਨਾ ਦੇਣ। ਹਰ ਜਗ੍ਹਾ ਮੁਖਬਰ ਤੇ ਜਾਸੂਸ ਮੰਡਲਾਉਣ ਲੱਗੇ। ਸਿੱਖਾਂ ਲਈ ਕਿਤੇ ਵੀ ਸਿਰ ਛੁਪਾਉਣਾ ਮੁਸ਼ਕਲ ਹੋ ਗਿਆ। ਉਹਨਾਂ ਨੂੰ ਫੜ੍ਹ-ਫੜ੍ਹ ਕੇ ਕਤਲ ਕੀਤਾ ਜਾਣ ਲੱਗਿਆ। ਕੁਝ ਲੋਕ ਵਾਲ ਕਟਵਾ ਕੇ ਤੇ ਸਿੱਖ ਪੰਥ ਦੇ ਨਿਸ਼ਾਨਾਂ ਨੂੰ ਤਜ ਕੇ ਆਮ ਲੋਕਾਂ ਵਾਂਗ ਰਹਿਣ ਲੱਗ ਪਏ ਪਰ ਜਿਹੜੇ ਧਰਮ ਤੇ ਦੇਸ਼-ਸੇਵਾ ਲਈ ਪ੍ਰੀਤੀਬੱਧ ਸਨ ਤੇ ਕਿਸੇ ਹਾਲਤ ਵਿਚ ਹਥਿਆਰ ਸੁੱਟਣ ਲਈ ਤਿਆਰ ਨਹੀਂ ਸਨ¸ ਉਹ ਸ਼ਿਵਾਲਿਕ ਦੀਆਂ ਪਹਾੜੀਆਂ, ਲੱਖੀ ਦੇ ਸੰਘਣੇ ਜੰਗਲਾਂ ਤੇ ਬੀਕਾਨੇਰ ਦੇ ਰੇਤਲੇ ਟਿੱਬਿਆਂ ਵੱਲ ਨਿਕਲ ਗਏ। ਸਿੱਖਾਂ ਲਈ ਇਹ ਭਾਰੀ ਸੰਕਟ ਦਾ ਸਮਾਂ ਸੀ। ਸ਼ਾਹੀ ਹੁਕਮ ਦੀ ਮੁਨਿਆਦੀ ਹੁੰਦਿਆਂ ਹੀ ਸਾਰੇ ਸਰਕਾਰੀ ਕਰਮਚਾਰੀ, ਵੱਡੇ ਅਫਸਰਾਂ ਨੂੰ ਖੁਸ਼ ਕਰਨ ਲਈ; ਤੇ ਸਰਕਾਰ-ਪ੍ਰਸਤ ਤੇ ਮੌਕਾ-ਪ੍ਰਸਤ, ਇਨਾਮ ਦੇ ਲਾਲਚ ਵਿਚ ਹੱਥ ਧੋ ਕੇ ਸਿੱਖਾਂ ਦੇ ਪਿੱਛੇ ਪੈ ਗਏ। ਸਿੱਖਾਂ ਦੇ ਟੋਲੇ ਦੇ ਟੋਲੇ ਫੜ੍ਹ-ਫੜ੍ਹ ਕੇ ਲਾਹੌਰ ਭੇਜੇ ਜਾਣ ਲੱਗੇ, ਜਿੱਥੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ। ਜਿਹੜੇ ਸਿੱਖ ਜੰਗਲਾਂ ਤੇ ਪਹਾੜਾਂ ਵਿਚ ਜਾ ਛੁਪੇ ਸਨ, ਉੱਥੇ ਉਹਨਾਂ ਦੇ ਰੋਟੀ ਕਪੜੇ ਦਾ ਕੋਈ ਵਸੀਲਾ ਨਹੀਂ ਸੀ। ਇਸ ਦੇ ਇਲਾਵਾ ਇਕੱਲੇ-ਇਕੱਲੇ ਰਹਿਣ ਵਿਚ ਫੜ੍ਹੇ ਜਾਣ ਦਾ ਖਤਰਾ ਵੀ ਸੀ। ਇਸ ਲਈ ਰੋਟੀ ਕਪੜਾ ਪ੍ਰਾਪਤ ਕਰਨ ਤੇ ਦੁਸ਼ਮਣਾ ਤੋਂ ਆਪਣੀ ਰੱਖਿਆ ਕਰਨ ਲਈ ਉਹਨਾਂ ਜੱਥੇ ਬਣਾ ਲਏ। ਸ਼ੁਰੂ ਵਿਚ ਇਹ ਜੱਥੇ ਛੋਟੇ-ਛੋਟੇ ਸਨ, ਪਰ ਜਿਵੇਂ-ਜਿਵੇਂ ਮੈਦਾਨਾਂ ਵਿਚੋਂ ਆ ਕੇ ਹੋਰ ਲੋਕ ਇਹਨਾਂ ਨਾਲ ਰਲਦੇ ਰਹੇ, ਜੱਥੇ ਵੱਡੇ ਹੁੰਦੇ ਗਏ। ਇਹਨਾਂ ਜੱਥਿਆਂ ਨੂੰ ਧਾੜਵੀ-ਜੱਥੇ ਕਿਹਾ ਜਾਂਦਾ ਸੀ। ਉਹ ਆਪਣੇ ਸੁਰੱਖਿਅਤ ਠਿਕਾਣਿਆਂ 'ਚੋਂ ਨਿਕਲ ਕੇ ਆਸੇ-ਪਾਸੇ ਦੇ ਪਿੰਡਾਂ ਵਿਚ 'ਛਾਪੇ' ਮਾਰਦੇ ਤੇ ਸਰਕਾਰੀ ਅਧਿਕਾਰੀਆਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ। ਜਿਹੜਾ ਵੀ ਉਹਨਾਂ ਦੇ ਵਿਰੁੱਧ ਸਰਕਾਰ ਦੀ ਮਦਦ ਕਰਦਾ ਜਾਂ ਜਾਸੂਸੀ, ਮੁਖਬਰੀ ਕਰਦਾ, ਉਹ ਉਸਦੇ ਖੇਤ ਉਜਾੜ ਦਿੰਦੇ ਤੇ ਉਸਦੇ ਪੂਰੇ ਪਰਿਵਾਰ ਦਾ ਸਫਾਇਆ ਕਰ ਦਿੰਦੇ। ਨਤੀਜਾ ਇਹ ਕਿ ਉਹਨਾਂ ਦਾ ਆਤੰਕ ਏਨਾ ਛਾ ਗਿਆ ਕਿ ਜੇ ਕਿਤੇ ਕੋਈ ਸਿੱਖ ਨਜ਼ਰ ਆ ਜਾਂਦਾ ਤਾਂ ਲੋਕ 'ਸ਼ੀਹ ਆਇਆ, ਸ਼ੀਹ ਆਇਆ' ਦਾ ਰੌਲਾ ਪਾਉਂਦੇ ਏਧਰ-ਉਧਰ ਭੱਜ ਖੜ੍ਹੇ ਹੁੰਦੇ।
ਅਬਦੁੱਲ ਸਮਦ ਕੋਲ ਜਿੰਨੀ ਫੌਜ ਸੀ, ਉਹ ਸਾਰੀ ਲਾਹੌਰ ਵਿਚ ਸੀ, ਬਾਕੀ ਸਿੱਖਾਂ ਨੂੰ ਫੜ੍ਹਨ ਲਈ ਦੌੜਾਈ ਜਾ ਰਹੀ ਸੀ ਪਰ ਸਿੱਖ ਉਸਦੇ ਹੱਥ ਨਹੀਂ ਸੀ ਆਉਂਦੇ। ਇਕ ਤਾਂ ਉਸ ਵੇਲੇ ਆਵਾਜਾਈ ਦੇ ਸਾਧਨ ਬੜੇ ਸੀਮਿਤ ਸਨ, ਦੂਜਾ ਸਿੱਖ ਗੁਰੀਲਿਆਂ ਦੀ ਨੀਤੀ ਇਹ ਸੀ ਕਿ ਜੇ ਅੱਜ ਉਹ ਇੱਥੇ ਧਾਵਾ ਬੋਲਦੇ ਹਨ, ਤਾਂ ਕੱਲ੍ਹ 25-30 ਕੋਹ ਦੇ ਫਾਸਲੇ ਉਪਰ ਕਿਸੇ ਹੋਰ ਜਗ੍ਹਾ ਜਾ ਕੇ ਧਾਵਾ ਬੋਲਦੇ ਸਨ। ਸਰਕਾਰ ਪ੍ਰੇਸ਼ਾਨ ਸੀ। ਉਸਦੇ ਕੋਰੇ-ਅਤੰਕ ਨੂੰ ਸਿੱਖਾਂ ਦੇ ਕਰਾਂਤੀਕਾਰੀ-ਆਤੰਕ ਨੇ ਮਾਤ ਪਾ ਦਿੱਤੀ ਸੀ।
ਸਿੱਖ ਖਤਮ ਹੋਣ ਦੇ ਬਜਾਏ ਵਧ ਰਹੇ ਸਨ, ਕਿਉਂਕਿ ਸਰਕਾਰੀ ਸਖਤੀ ਤੇ ਸਿੱਖਾਂ ਦੀ ਬਹਾਦਰੀ ਦੇਖ ਕੇ ਸਵੈਮਾਨ ਵਾਲੇ ਜਾਟ ਨੌਜਵਾਨ ਘਰ-ਬਾਰ ਛੱਡ ਕੇ ਉਹਨਾਂ ਨਾਲ ਜਾ ਰਲਦੇ ਸਨ। ਇਹ ਦੇਖ ਕੇ ਅਬਦੁੱਲ ਸਮਦ ਨੇ ਆਪਣੀ ਨੀਤੀ ਬਦਲੀ। ਉਸਦੀ ਸਖਤੀ ਸਿਰਫ ਉਹਨਾਂ ਦੇ ਖ਼ਿਲਾਫ਼ ਰਹਿ ਗਈ ਜਿਹੜੇ ਬੰਦਾ ਬਹਾਦਰ ਦੇ ਸਾਥੀ ਰਹਿ ਚੁੱਕੇ ਸਨ ਤੇ ਜੱਥੇਬੰਦ ਹੋ ਕੇ ਧਾਵੇ ਬੋਲਦੇ ਸਨ¸ ਇਹਨਾਂ ਨੂੰ ਰਾਠ-ਸਿੰਘ ਕਿਹਾ ਜਾਂਦਾ ਸੀ। ਜਿਹੜੇ ਸਿੱਖ ਪਿੰਡਾਂ ਵਿਚ ਖੇਤੀ, ਵਪਾਰ ਜਾਂ ਦਸਤਕਾਰੀ ਕਰਦੇ ਸਨ, ਭਾਵੇਂ ਉਹ ਸਰਕਾਰ ਵਿਰੁੱਧ ਪ੍ਰਤੱਖ ਰੂਪ ਵਿਚ ਕੁਝ ਵੀ ਨਹੀਂ ਸਨ ਕਰਦੇ, ਪਰ ਉਹਨਾਂ ਦੀ ਦਿਲੀ-ਹਮਦਰਦੀ ਉਹਨਾਂ ਰਾਠ-ਸਿੱਖਾਂ ਨਾਲ ਹੀ ਸੀ ਜਿਹੜੇ ਦੇਸ਼ ਤੇ ਧਰਮ ਦੀ ਰੱਖਿਆ ਖਾਤਰ ਸਰਕਾਰੀ ਜੁਲਮ ਤੇ ਭਾਂਤ-ਭਾਂਤ ਦੀਆਂ ਮੁਸੀਬਤਾਂ ਝੱਲ ਰਹੇ ਸਨ। ਉਹ ਉਹਨਾਂ ਨੂੰ ਚੁੱਪਚਾਪ ਰਸਦ-ਪਾਣੀ ਪਹੁੰਚਾ ਆਉਂਦੇ ਸਨ। ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਪਰ ਹੁਣ ਇਹਨਾਂ ਦੇ ਵਿਰੁੱਧ ਤੇ ਉਹ ਜਿਹੜੇ ਪਹਾੜਾਂ ਜੰਗਲਾਂ ਵਿਚੋਂ ਨਿਕਲ ਕੇ ਘਰਾਂ ਵਿਚ ਆ ਵੱਸੇ ਸਨ, ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਇਸੇ ਦੌਰਾਨ ਫ਼ਰੂੱਖ ਸੀਯਰ ਦੀ ਹੱਤਿਆ ਪਿੱਛੋਂ ਜਿਹੜਾ ਗ੍ਰਹਿ-ਯੁੱਧ ਛਿੜਿਆ, ਉਹ ਕਈ ਸਾਲ ਤਕ ਚੱਲਦਾ ਰਿਹਾ। ਦਿੱਲੀ ਸਰਕਾਰ ਨੂੰ ਗ੍ਰਹਿ-ਯੁੱਧ ਵਿਚ ਉਲਝਿਆਂ ਦੇਖ ਕੇ ਮੰਝ-ਤਿਹਾੜ ਦੇ ਈਸਾ ਖਾਂ, ਕਸੂਰ ਦੇ ਹੁਸੈਨ ਖਾਂ ਖੇਰੂਗੀ ਤੇ ਕਸ਼ਮੀਰ ਦੇ ਸਰਫੁੱਦੀਨ ਨੇ ਬਗਾਵਤ ਕਰ ਦਿੱਤੀ। ਇਹਨਾਂ ਬਗਾਵਤਾਂ ਨੂੰ ਦਬਾਉਣ ਦੀ ਜ਼ਿੰਮੇਵਾਰੀ ਅਬਦੁੱਲ ਸਮਦ 'ਤੇ ਆ ਪਈ। ਹੁਣ ਉਸਨੇ ਸਿੱਖਾਂ ਦੇ ਵਿਰੁੱਧ ਆਪਣੀ ਨੀਤੀ ਇੱਥੋਂ ਤਕ ਨਰਮ ਕਰ ਦਿੱਤੀ ਕਿ ਉਹਨਾਂ ਨੂੰ ਸਰਕਾਰੀ ਅਹੁਦਿਆਂ ਉਪਰ ਰੱਖਣਾ ਸ਼ੁਰੂ ਕਰ ਦਿੱਤਾ। ਪਿੰਡਾਂ ਵਿਚ ਰਹਿਣ ਵਾਲੇ ਸਿੱਖ, ਜਿਹੜੇ ਚੋਰੀ-ਛਿੱਪੇ ਰਸਦ ਪਹੁੰਚਾਉਂਦੇ ਸਨ, ਉਹਨਾਂ ਤੋਂ ਨਿਗਰਾਨੀ ਹਟ ਗਈ ਤੇ ਜਿਹੜੇ ਸਿੱਖ ਅਹੁਦਿਆਂ ਉਪਰ ਰੱਖੇ ਸਨ ਉਹਨਾਂ ਰਾਹੀਂ ਸਰਕਾਰੀ ਕਾਰਵਾਈਆਂ ਦੀ ਖਬਰ ਮਿਲਣ ਲੱਗੀ, ਜਿਸ ਨਾਲ ਧਾੜਵੀ ਜੱਥੇ ਸਮੇਂ ਸਿਰ ਚੌਕਸ ਹੋ ਜਾਂਦੇ। ਪਿੰਡਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ 'ਗੁਰਸਿੱਖ' ਤੇ ਅਹੁਦਿਆਂ ਉਤੇ ਲੱਗਿਆਂ ਨੂੰ ਖਾਲਸਾਈ ਭਾਸ਼ਾ ਵਿਚ 'ਚਕਰੈਲ' ਆਖਿਆ ਜਾਣ ਲੱਗਿਆ। ਗੁਰਸਿੱਖਾਂ ਤੇ ਚਕਰੈਲਾਂ ਦੀ ਮਦਦ ਦਾ ਰਾਠ-ਸਿੱਖਾਂ ਨੂੰ ਕਾਫੀ ਲਾਭ ਹੋਇਆ।
ਅਬਦੁੱਲ ਸਮਦ ਜਦੋਂ ਕਸ਼ਮੀਰ ਦੀ ਬਗਾਵਤ ਨੂੰ ਦਬਾਉਣ ਵਿਚ ਉਲਝਿਆ ਹੋਇਆ ਸੀ, ਉਦੋਂ ਹੀ ਪੱਛਮੀ ਪੰਜਾਬ ਵਿਚ ਮੁਲਤਾਨ ਦੇ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ। ਇਸ ਹਫੜਾ-ਦਫੜੀ ਵਿਚ ਪਹਾੜੀ ਖੇਤਰ ਦੇ ਕਬਾਇਲੀਆਂ ਨੇ ਮਾਰ-ਧਾੜ ਸ਼ੁਰੂ ਕਰ ਦਿੱਤੀ। ਮਾਲਵੇ, ਸਿਰਸੇ ਤੇ ਦੁੱਲੇ ਦੀ ਵਾੜ ਵਿਚ ਭੱਟੀ, ਡੋਗਰ, ਸਿਆਲ, ਖਰਲ ਤੇ ਬਲੂਚਾਂ ਨੇ ਪਿੰਡਾਂ ਦੇ ਪਿੰਡ ਲੁੱਟ ਲਈ। ਇਹ ਸਾਰੇ ਉਤਪਾਤ ਸਿੱਖਾਂ ਦੇ ਨਾਂ ਪੈ ਜਾਂਦੇ ਸਨ। ਇਸ ਹਫੜਾ-ਦਫੜੀ ਨੂੰ ਰੋਕਣ ਲਈ ਅਬਦੁੱਲ ਸਮਦ ਤੋਂ ਕੁਝ ਵੀ ਨਾ ਕੀਤਾ ਜਾ ਸਕਿਆ¸ ਉਹ ਬੁੱਢਾ ਹੋ ਚੁੱਕਿਆ ਸੀ।
ਅਬਦੁੱਲ ਸਮਦ ਦੇ ਪੁੱਤਰ ਜ਼ਕਰੀਆ ਖਾਂ ਨੇ ਦਿੱਲੀ ਜਾ ਕੇ ਨਵੇਂ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਕਿਹਾ ਕਿ ਪੰਜਾਬ ਦਾ ਸੂਬੇਦਾਰ ਮੈਨੂੰ ਬਣਾਇਆ ਜਾਏ। ਮੈਂ ਬਹੁਤ ਜਲਦੀ ਅਮਨ ਬਹਾਲ ਕਰ ਦਿਆਂਗਾ। ਪ੍ਰਧਾਨ ਮੰਤਰੀ ਕਮਰੁੱਦੀਨ ਦੀ ਸਿਫਾਰਸ਼ ਉਪਰ, ਜਿਸ ਦਾ ਜ਼ਕਰੀਆ ਖਾਂ ਜੀਜਾ ਸੀ, ਇਹ ਗੱਲ ਮੰਨ ਲਈ ਗਈ। ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਜ਼ਕਰੀਆ ਖਾਂ ਨੂੰ ਲਾਹੌਰ ਦਾ ਤੇ ਅਬਦੁੱਲ ਸਮਦ ਨੂੰ ਮੁਲਤਾਨ ਦਾ ਸੂਬੇਦਾਰ ਬਣਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜ਼ਕਰੀਆ ਖਾਂ ਨੇ ਲਾਹੌਰ ਦਾ ਸੂਬੇਦਾਰ ਬਣਦਿਆਂ ਹੀ 20,000 ਫੌਜੀ ਭਰਤੀ ਕੀਤੇ। ਉਹਨਾਂ ਵਿਚੋਂ ਦਸ ਹਜ਼ਾਰ ਲਾਹੌਰ ਵਿਚ ਰੱਖੇ। ਬਾਕੀ ਦੇ ਦਸ ਹਜ਼ਾਰ ਨੂੰ ਹਜ਼ਾਰ-ਹਜ਼ਾਰ ਦੇ ਦਸਤਿਆਂ ਵਿਚ ਵੰਡ ਦਿੱਤਾ। ਉਹਨਾਂ ਨੂੰ ਤੇਜ਼ ਚੱਲਣ ਵਾਲੇ ਘੋੜੇ-ਊਠ ਦੇ ਕੇ ਤੇ ਜੰਬੂਰਕ ਨਾਂ ਦੀਆਂ ਹਲਕੀਆਂ ਤੋਪਾਂ ਨਾਲ ਲੈਸ ਕਰ ਕੇ ਪੂਰੇ ਰਾਜ ਵਿਚ ਫੈਲਾ ਦਿੱਤਾ। ਇਹ 1721 ਦੀ ਗੱਲ ਹੈ। ਇਹਨਾਂ ਦਸਤਿਆਂ ਨੂੰ ਗਸ਼ਤੀ-ਫੌਜ ਕਿਹਾ ਜਾਂਦਾ ਸੀ। ਇਹਨਾਂ ਨੂੰ ਹੁਕਮ ਸੀ ਕਿ ਜਿੱਥੇ ਵੀ ਸਿੱਖ ਮਿਲਣ, ਉਹਨਾਂ ਨੂੰ ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਵੇ।
ਜ਼ਕਰੀਆ ਖਾਂ ਸਿੱਖਾਂ ਨੂੰ ਮਿਟਾਉਣ ਉਪਰ ਤੁਲਿਆ ਹੋਇਆ ਸੀ। ਉਸ ਦੀ ਗਸ਼ਤੀ-ਫੌਜ ਪਿੰਡ-ਪਿੰਡ ਗਸ਼ਤ ਕਰਨ ਲੱਗੀ। ਨੰਬਰਦਾਰਾਂ, ਚੌਧਰੀਆਂ ਤੇ ਮੁੱਕਦਮਾਂ ਨੂੰ ਫੇਰ ਸਤਰਕ ਕੀਤਾ ਗਿਆ ਤੇ ਸਿੱਖਾਂ ਨੂੰ ਗਿਰਫ਼ਤਾਰ ਕਰਵਾਉਣ ਤੇ ਮਰਵਾਉਣ ਲਈ ਫੇਰ ਲਾਲਚ ਦਿੱਤੇ ਗਏ। ਉਹਨਾਂ ਨਾਲ ਹਮਦਰਦੀ ਰੱਖਣ ਤੇ ਮਦਦ ਕਰਨ ਵਾਲਿਆਂ ਨੂੰ ਵੀ ਨਹੀਂ ਸੀ ਬਖ਼ਸ਼ਿਆ ਜਾਂਦਾ। ਸੈਂਕੜੇ ਸਿੱਖ ਫੜ੍ਹ ਕੇ ਆਏ ਦਿਨ ਲਾਹੌਰ ਲਿਆਏ ਜਾਂਦੇ ਸਨ ਤੇ ਉਹਨਾਂ ਨੂੰ ਖੁੱਲ੍ਹੇਆਮ ਲੋਕਾਂ ਦੇ ਸਾਹਮਣੇ, ਦਿੱਲੀ ਦਰਵਾਜ਼ੇ ਦੇ ਬਾਹਰ, ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਜਾਂਦਾ ਸੀ, ਤਾਂ ਕਿ ਦੂਜਿਆਂ ਨੂੰ ਨਸੀਹਤ ਹੋਵੇ। ਨਖਾਸ ਚੌਕ ਨੂੰ 'ਘੋੜਾ ਮੰਡੀ' ਵੀ ਕਿਹਾ ਜਾਂਦਾ ਸੀ ਪਰ ਪਿੱਛੋਂ ਇਹਨਾਂ ਸ਼ਹੀਦੀਆਂ ਸਦਕਾ ਉਸ ਦਾ ਨਾਂ ਸ਼ਹੀਦ-ਗੰਜ ਪੈ ਗਿਆ।
ਰਾਠ-ਸਿੱਖਾਂ ਦਾ ਜੰਗਲਾਂ ਤੇ ਪਹਾੜੀਆਂ ਵਿਚ ਵੀ ਪਿੱਛਾ ਕੀਤਾ ਜਾਂਦਾ ਸੀ ਪਰ ਉਹ ਗਸ਼ਤੀ ਫੌਜ ਦੀ ਪਹੁੰਚ ਤੋਂ ਬਹੁਤ ਦੂਰ ਨਿਕਲ ਜਾਂਦੇ ਸਨ। ਉਹ ਬੀਕਾਨੇਰ ਦੇ ਰੇਤ ਦੇ ਟਿੱਬਿਆਂ ਵਿਚ ਰਹਿਣ ਦੇ ਆਦਿ ਵੀ ਸਨ, ਜਿੱਥੇ ਦੂਰ-ਦੂਰ ਤਕ ਪਾਣੀ ਨਹੀਂ ਮਿਲਦਾ ਸੀ। ਜੰਗਲੀ ਫਲ, ਸਾਗ ਸਬਜ਼ੀਆਂ ਤੇ ਸ਼ਿਕਾਰ¸ ਜੋ ਵੀ ਮਿਲਦਾ, ਉਸੇ ਉੱਤੇ ਗੁਜਾਰਾ ਕਰ ਲੈਂਦੇ ਸਨ। ਕੁਝ ਨਾ ਮਿਲਦਾ ਤਾਂ 'ਲੰਗਰ-ਮਸਤ' ਭਾਵ ਫਾਕੇ ਵਿਚ ਹੀ ਮਸਤੀ ਮਾਰਦੇ ਸਨ। ਉਹ ਮੁਸੀਬਤਾਂ ਵਿਚ ਮੁਸਕਰਾਉਣ ਤੇ ਮੌਤ ਨਾਲ ਮਖੌਲਾਂ ਕਰਨ ਵਾਲੇ ਅਜਿਹੇ ਖੁਸ਼ਮਿਜਾਜ਼ ਤੇ ਮਨਮੌਜੀ ਜੀਵ ਸਨ, ਜਿਹੜੇ ਕਿਸੇ ਵੀ ਹਾਲਤ ਵਿਚ ਢੇਰੀ ਨਹੀਂ ਸੀ ਢਾਉਂਦੇ। ਥੁੜਾਂ ਦੀ ਪੂਰਤੀ ਖਾਤਰ ਉਹਨਾਂ ਰਸਹੀਣ ਛੋਟੀਆਂ-ਛੋਟੀਆਂ ਵਸਤਾਂ ਦੇ ਵੱਡੇ-ਵੱਡੇ ਰਸਭਰੇ ਤੇ ਰੌਚਕ ਨਾਂ ਰੱਖ ਲਏ ਸਨ¸ ਉਹ ਖਾਲੀ ਪਰਾਤਾਂ ਤੇ ਬੁਝੋ ਹੋਏ ਚੁੱਲ੍ਹਿਆਂ ਨੂੰ 'ਲੰਗਰ-ਭਰਪੂਰ'; ਉਬਾਲੇ ਹੋਏ ਪੱਤਿਆਂ ਦੇ ਸਾਗ ਨੂੰ 'ਸਬਜ਼-ਪੁਲਾਅ'; ਭੁੱਜੇ ਹੋਏ ਦਾਣਿਆਂ ਨੂੰ 'ਖੁਸ਼ਕ-ਪੁਲਾਅ'; ਕਣਕ ਦੇ ਕੱਚੇ ਦਾਣਿਆਂ ਨੂੰ 'ਸੌਗੀ'; ਭੁੱਜੇ ਹੋਏ ਛੋਲਿਆਂ ਨੂੰ 'ਬਾਦਾਮ'; ਲੂਣ ਨੂੰ 'ਸਰਵ-ਰਸ'; ਗੁੜ ਨੂੰ 'ਸੂਬੇਦਾਰ'; ਕੜ੍ਹੀ ਨੂੰ 'ਅੰਮ੍ਰਿਤੀ'; ਕਟੀਰ ਦੇ ਫਲ ਨੂੰ 'ਅੰਗੂਰ'; ਬੇਰਾਂ ਨੂੰ 'ਸਿਓ' ਗੰਢੇ ਨੂੰ 'ਰੂਪਾ-ਪ੍ਰਸ਼ਾਦ' ਤੇ ਬੈਂਗਣ ਨੂੰ 'ਰਾਮ ਬਟੇਰਾ' ਕਹਿੰਦੇ ਸਨ। ਇੰਜ ਉਹਨਾਂ ਸੈਂਕੜੇ ਚੀਜਾਂ ਦੇ ਆਪਣੇ ਵੱਖਰੇ ਨਾਂ ਰੱਖੇ ਹੋਏ ਸਨ। ਪਿਸ਼ਾਬ ਕਰਨ ਜਾਂਦੇ ਤਾਂ ਕਹਿੰਦੇ ਕਿ 'ਚੀਤਾ ਮਾਰਨ ਜਾ ਰਹੇ ਹਾਂ'। ਟੱਟੀ ਜਾਣਾ ਹੁੰਦਾ ਤਾਂ 'ਕਾਜੀ ਨੂੰ ਭੋਜਨ ਕਰਾਉਣ ਜਾ ਰਿਹਾਂ'। ਵਿਦੇਸ਼ੀ ਹਾਕਮਾਂ ਦੇ ਪ੍ਰਤੀ ਉਹਨਾਂ ਦੇ ਮਨ ਵਿਚ ਜੋ ਨਫ਼ਰਤ ਸੀ ਉਸਨੂੰ ਪ੍ਰਗਟ ਕਰਨ ਦਾ ਵੀ ਉਹਨਾਂ ਦਾ ਆਪਣਾ ਹੀ ਢੰਗ ਸੀ। ਰਾਤ ਨੂੰ ਉਹ ਖੁੱਲ੍ਹੇ ਅਸਮਾਨ ਹੇਠ ਪਏ ਹੇਕਾਂ ਲਾ ਲਾ ਗਾਉਂਦੇ...:
'ਨੀਂ ਮੁਗਲਾਂ ਦੀਏ ਮਾਏਂ ਸੁਣ।
ਆਏ ਤੇਰੇ ਜਵਾਈ ਹੁਣ।।
ਤੂੰ ਵੀ ਸੁਣ ਲੈ ਮੁਗਲ ਦੀ ਭੈਣੇ।
ਹੀਰੇ ਮੋਤੀ ਅਸਾਂ ਨੇ ਖੋਹ ਲੈਣੇ।।'
ਮੌਤ ਦਾ ਭੈ ਮਨਾਂ ਵਿਚੋਂ ਕੱਢ ਸੁੱਟਿਆ ਸੀ। ਪੰਜਾਬ ਦੇ ਇਹਨਾਂ ਯੋਧਿਆਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਮਰਨਾ ਹੀ ਹੈ ਤਾਂ ਮੁਫ਼ਤ ਵਿਚ ਕਿਉਂ ਮਰੀਏ, ਦੁਸ਼ਮਣ ਦੇ ਜਿੰਨੇ ਆਦਮੀ ਮਾਰੇ ਜਾ ਸਕਦੇ ਹਨ, ਉਹਨਾਂ ਨੂੰ ਮਾਰ ਕੇ ਹੀ ਮਰੀਏ। ਇਹ ਫੈਸਲਾ ਬੁਜ਼ਦਿਲਾਂ ਨੂੰ ਵੀ ਬਹਾਦਰ ਬਣਾ ਦਿੰਦਾ ਸੀ। ਉਹ ਦੁਸ਼ਮਣ ਦਾ ਸਾਹਮਣਾ ਕਰਨ ਸਮੇਂ ਸ਼ੇਰ ਵਾਂਗ ਗੱਜਦੇ ਤੇ ਉਸ ਉੱਤੇ ਚੀਤੇ ਵਾਂਗ ਝਪਟ ਪੈਂਦੇ। ਸੰਘਰਸ਼ ਦੀ ਕੁਠਾਲੀ ਵਿਚ ਤਪੇ ਖਾੜਕੂ ਯੋਧੇ ਸਨ ਉਹ। ਉਦੇਸ਼ ਉੱਚਾ ਸੀ ਤੇ ਵਿਚਾਰ ਪੂਰੀ ਤਰ੍ਹਾਂ ਨਿੱਖਰੇ ਹੋਏ।...ਉਹ ਦੁਸ਼ਮਣ ਲਈ ਜਿੰਨੇ ਖਤਰਨਾਕ ਸਨ, ਆਪੂ ਵਿਚ ਤੇ ਸੱਜਣਾਂ-ਪਿਆਰਿਆਂ ਲਈ ਓਨੇਂ ਹੀ ਸੱਜਣ-ਪੁਰਖ ਸਨ।
ਮਾਝੇ ਦੇ ਕਿਸਾਨਾਂ ਨੂੰ ਬਿਲਕੁਲ ਉਜਾੜ ਦਿੱਤਾ ਗਿਆ। ਉਹ ਤੰਗ ਆ ਕੇ ਧਾੜਵੀ ਜੱਥਿਆਂ ਨਾਲ ਆ ਮਿਲੇ। ਗਿਣਤੀ ਵਧੀ, ਸ਼ਕਤੀ ਵਧੀ ਤੇ ਹੌਂਸਲਾ ਵੀ ਵਧਿਆ। ਉਹ ਮੈਦਾਨਾਂ ਵਿਚ ਆ ਕੇ ਮੁਗਲ ਅਫਸਰਾਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ। ਜ਼ਕਰੀਆ ਖਾਂ ਨੇ ਤੋਪਾਂ ਨਾਲ ਲੈਸ ਜਿਹੜੀ ਫੌਜ ਤਿਆਰ ਕੀਤੀ ਸੀ, ਉਸ ਵਿਚ ਵੀ ਇਹਨਾਂ ਧਾੜਵੀ ਜੱਥਿਆਂ ਦੀ ਦਹਿਸ਼ਤ ਫੈਲ ਗਈ ਸੀ। ਦੋ ਤਿੰਨ ਜੱਥੇ ਇਕੱਠੇ ਰਲ ਕੇ ਇਸ ਗਸ਼ਤੀ ਫੌਜ ਉਪਰ ਅਚਾਨਕ ਹਮਲਾ ਕਰਦੇ। ਉਸਦੇ ਹਥਿਆਰ, ਘੋੜੇ ਤੇ ਰਸਦ ਵਗੈਰਾ ਖੋਹ ਕੇ ਲੈ ਜਾਂਦੇ। ਹੁਣ ਇਸ ਫੌਜ ਲਈ ਗਸ਼ਤ ਲਾਉਣਾ ਆਸਾਨ ਨਹੀਂ ਸੀ ਰਹਿ ਗਿਆ। ਬਾਗੀਆਂ ਨੂੰ ਫੜ੍ਹਨ ਦੀ ਬਜਾਏ, ਖ਼ੁਦ ਉਹਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪੈ ਗਈ ਸੀ। ਸਿੱਖ ਗੁਰੀਲੇ ਪਤਾ ਨਹੀਂ ਕਦੋਂ ਤੇ ਕਿੱਧਰੋਂ ਹੱਲਾ ਬੋਲ ਦੇਣ। ਹਰ ਪਲ ਭੈ ਵਿਚ ਲੰਘਦਾ ਤੇ ਰਾਤ ਨੂੰ ਵੀ ਸੌਂਣਾ ਨਸੀਬ ਨਹੀਂ ਸੀ ਹੁੰਦਾ। ਇਕ ਵਾਰੀ ਧਾੜਵੀ ਜੱਥਿਆਂ ਨੇ ਤਰਨ ਤਾਰਨ ਲਾਗੇ ਉਹ ਸ਼ਾਹੀ ਖਜਾਨਾ ਲੁੱਟ ਲਿਆ, ਜਿਸ ਨੂੰ ਇਕ ਹਜ਼ਾਰ ਸਿਪਾਹੀ ਲਾਹੌਰ ਤੋਂ ਦਿੱਲੀ ਲਿਜਾਅ ਰਹੇ ਸਨ।
ਹੌਲੀ-ਹੌਲੀ ਇਹਨਾਂ ਧਾੜਵੀ ਜੱਥਿਆਂ ਦੇ ਹੌਂਸਲੇ ਏਨੇ ਵਧ ਗਏ ਕਿ ਮੈਦਾਨਾਂ ਵਿਚ ਉਤਰ ਕੇ ਮੁਗਲ ਸੈਨਾ ਨਾਲ ਸਿੱਧੀ ਟੱਕਰ ਲੈਣ ਲੱਗ ਪਏ। ਬੰਦਾ ਬਹਾਦਰ ਦੇ ਜਮਾਨੇ ਵਿਚ ਹੀ ਸ਼ਕਤੀਸ਼ਾਲੀ ਦੁਸ਼ਮਣ ਨਾਲ ਲੜਨ ਦਾ ਉਹਨਾਂ ਇਕ ਨਵਾਂ ਤਰੀਕਾ ਇਜਾਦ ਕਰ ਲਿਆ ਸੀ¸ ਜਿਸ ਦਾ ਨਾਂ ਸੀ 'ਧਾਏ (ਢਾਈ) ਫਟ'।
ਉਹ ਜੰਗਲ ਵਿਚੋਂ ਅਚਾਨਕ ਨਿਕਲ ਆਉਂਦੇ। ਮੁਗਲ ਸੈਨਾ ਉਤੇ ਬਾਜ ਵਾਂਗ ਝਪਟਦੇ ਤੇ ਲੁੱਟ ਮਾਰ ਕਰਕੇ ਜਿੰਨੀ ਫੁਰਤੀ ਨਾਲ ਆਉਂਦੇ, ਓਨੀਂ ਫੁਰਤੀ ਨਾਲ ਹੀ ਨੱਸ ਜਾਂਦੇ। ਦੁਸ਼ਮਣ ਪਿੱਛਾ ਕਰਦਾ ਤਾਂ ਪਲਟ ਕੇ ਫੇਰ ਹਮਲਾ ਕਰਦੇ ਤੇ ਫੇਰ ਨੱਸ ਪੈਂਦੇ। ਉਹਨਾਂ ਦੇ ਘੋੜੇ ਵੀ ਪੂਰੇ ਸਧੇ ਹੋਏ ਸਨ। ਉਹਨਾਂ ਨੂੰ ਅੱਡੀ ਲਾਉਣ ਜਾਂ ਲਗਾਮ ਖਿੱਚਣ ਦੀ ਲੋੜ ਨਹੀਂ ਸੀ ਪੈਂਦੀ। ਉਹ ਆਵਾਜ਼ੀ-ਇਸ਼ਾਰਿਆਂ ਨਾਲ ਹੀ ਭੱਜ ਪੈਂਦੇ, ਪਲਟਦੇ ਤੇ ਫੇਰ ਪਰਤ ਜਾਂਦੇ ਸਨ।
ਸ਼ਹਿਰਾਂ ਤੇ ਕਸਬਿਆਂ ਵਿਚ ਮੁਗਲਾਂ ਦਾ ਰਾਜ ਸੀ ਪਰ ਜੰਗਲ ਵਿਚ ਸਿੱਖਾਂ ਦਾ ਰਾਜ ਸੀ, ਜਿੱਥੇ ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਤੇ ਸਿਰ ਚੁੱਕ ਕੇ ਤੁਰਦੇ। ਗਸ਼ਤੀ-ਫੌਜ ਦੇ ਸਿਪਾਹੀ ਉਹਨਾਂ ਦਾ ਪਿੱਛਾ ਕਰਨ ਦੇ ਬਜਾਏ ਆਮ ਲੋਕਾਂ ਨੂੰ ਲੁੱਟਦੇ ਤੇ ਤੰਗ ਕਰਦੇ ਸਨ। ਸਰਕਾਰ ਕੋਲ ਉਹਨਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਸੀ। ਇਸ ਲਈ ਬਗਾਵਤ, ਅਸੰਤੋਖ ਤੇ ਰੋਸ ਦੀ ਅਜਿਹੀ ਹਨੇਰੀ ਉਠੀ ਕਿ ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਜ਼ਕਰੀਆ ਖਾਂ ਦੀ ਦਮਨ ਨੀਤੀ ਅਸਫਲ ਹੋ ਗਈ। ਉਸ ਲਈ ਰਾਜ-ਭਾਗ ਚਲਾਉਣਾ ਅਸੰਭਵ ਹੋ ਗਿਆ। ਖਜਾਨਾ ਖਾਲੀ ਸੀ। ਸੈਨਾ ਨੂੰ ਤਨਖਾਹ ਦਿੱਤੀ ਜਾਏ ਤਾਂ ਕਿਵੇਂ ਦਿੱਤੀ ਜਾਏ? ਲਗਾਨ ਕਿਸ ਤੋਂ ਉਗਰਾਇਆ ਜਾਏ? ਖੇਤੀ, ਵਪਾਰ ਸਭ ਚੌਪਟ ਹੋ ਚੁੱਕਿਆ ਸੀ। ਜਿਹੜਾ ਮਾਮਲਾ ਉਗਰਾਹ ਕੇ ਦਿੱਲੀ ਭੇਜਿਆ ਜਾਂਦਾ ਸੀ, ਉਹ ਵੀ ਜਾਣਾ ਬੰਦ ਹੋ ਗਿਆ ਸੀ।
ਸਿੱਖਾਂ ਨੂੰ ਖਤਮ ਕਰਨ ਦਾ ਸੁਪਨਾ ਚੂਰ-ਚੂਰ ਹੋ ਗਿਆ। ਉਹਨਾਂ ਦੀ ਗਿਣਤੀ ਹੁਣ ਉਸ ਗਿਣਤੀ ਨਾਲੋਂ ਦੁੱਗਣੀ ਹੋ ਚੁੱਕੀ ਸੀ, ਜਿਹੜੀ ਬੰਦਾ ਬਹਾਦਰ ਦੇ ਪੰਜਾਬ ਆਉਣ ਵੇਲੇ ਸੀ।
ooo
ਜ਼ਕਰੀਆ ਖਾਂ ਚੰਗਾ ਪ੍ਰਸ਼ਾਸਕ ਤੇ ਫਾਰਸੀ ਦਾ ਵਿਦਵਾਨ ਸੀ। ਉਸਨੇ ਸ਼ੇਖਸਾਦੀ ਦੀ 'ਗੁਲਿਸਤਾਂ-ਬੋਸਤਾਂ' ਦਾ ਅਧਿਅਨ ਵੀ ਕੀਤਾ ਹੋਇਆ ਸੀ ਤੇ ਉਸਦੇ ਕਠੋਰ ਹਿਰਦੇ ਵਿਚ ਇਕ ਕੋਮਲ ਸਥਾਨ ਵੀ ਸੀ। ਉਹ ਸੱਚਮੁੱਚ ਪੰਜਾਬ ਵਿਚ ਅਮਨ ਬਹਾਲ ਕਰਕੇ ਉਸਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਸੀ। ਹੁਣ ਸੱਤ ਸਾਲ ਦੇ ਖੂਨ-ਖਰਾਬੇ ਦਾ ਨਤੀਜਾ ਤਬਾਹੀ ਤੇ ਬਰਬਾਦੀ ਦੇਖ ਕੇ ਉਸਨੇ ਆਪਣੇ ਦੀਵਾਨ ਲਖਪਤ ਰਾਏ ਨਾਲ ਸਲਾਹ ਕਰਕੇ ਤੇ ਦਿੱਲੀ ਤੋਂ ਆਗਿਆ ਲੈ ਕੇ ਸਿੱਖਾਂ ਵੱਲ ਸੁਲਾਹ ਦਾ ਹੱਥ ਵਧਾਇਆ।
ਜਦੋਂ ਉਹ 1936 ਦੀ ਵਿਸਾਖੀ ਸਮੇਂ ਅੰਮ੍ਰਿਤਸਰ ਵਿਚ ਇਕੱਠੇ ਹੋਏ ਤਾਂ ਚਕਰੈਲ ਸਿੱਖ ਭਾਈ ਸੁਬੇਗ ਸਿੰਘ ਦੀ ਅਗਵਾਈ ਹੇਠ ਉਸ ਦਾ ਇਕ ਪ੍ਰਤੀਨਿਧ ਮੰਡਲ ਉਹਨਾਂ ਕੋਲ ਪਹੁੰਚਿਆ ਤੇ ਇਹ ਪੇਸ਼ਕਸ਼ ਕੀਤੀ ਕਿ ਜੇ ਸਿੱਖ ਸ਼ਾਂਤੀ ਨਾਲ ਰਹਿਣਾ ਮੰਜ਼ੂਰ ਕਰ ਲੈਣ ਤਾਂ ਉਹਨਾਂ ਨੂੰ ਇਕ ਲੱਖ ਰੁਪਏ ਦੀ ਜਾਗੀਰ, ਨਵਾਬ ਦੀ ਪਦਵੀ ਤੇ ਖਿਲਅਤ ( ਰਾਜੇ ਜਾਂ ਬਾਦਸ਼ਾਹ ਵੱਲੋ ਸਨਮਾਨ ਵਜੋਂ ਦਿੱਤੀ ਗਈ ਪੁਸ਼ਾਕ- ਅਨੁ.) ਦਿੱਤੀ ਜਾਵੇਗੀ। ਸਿੱਖਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਤੁਣਕ ਕੇ ਬੋਲੇ, “ ਉਹ ਕੌਣ ਹੁੰਦਾ ਏ ਸਾਨੂੰ ਜਾਗੀਰਾਂ ਦੇਣ ਵਾਲਾ, ਮੁਲਕ ਉਸਦਾ ਨਹੀਂ ਸਾਡਾ ਏ। ਸਾਨੂੰ ਨਹੀਂ ਚਾਹੀਦੀ ਉਸਦੀ ਦਿੱਤੀ ਹੋਈ ਨਵਾਬੀ¸ ਸਰਦਾਰੀ ਉਹ ਜੋ ਪੰਥ ਵੱਲੋਂ ਮਿਲੇ।”
ਸੁਬੇਗ ਸਿੰਘ ਸ਼ਾਂਤ ਸੁਭਾਅ ਦਾ ਮਿੱਤ-ਭਾਸ਼ੀ ਆਦਮੀ ਸੀ। ਬੋਲਿਆ, “ਸੁਲਾਹ ਵਿਚ ਪੰਥ ਦਾ ਫਾਇਦਾ ਏ। ਤੁਹਾਨੂੰ ਨਵਾਬ ਵਲੋਂ ਬੇਖਤਰਾ ਹੋ ਕੇ ਧਰਮ ਦਾ ਪ੍ਰਚਾਰ ਕਰਨ ਤੇ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲੇਗਾ।”
ਸੁਬੇਗ ਸਿੰਘ ਦੀ ਇਹ ਗੱਲ ਸਾਰਿਆਂ ਦੇ ਮਨ ਲੱਗੀ ਸੀ। ਜਾਗੀਰ ਲੈ ਲੈਣ ਦਾ ਮਤਾ ਪਾਸ ਹੋ ਗਿਆ। ਹੁਣ ਸਵਾਲ ਇਹ ਸੀ ਕਿ ਨਵਾਬ ਦੀ ਪਦਵੀ ਕਿਸ ਨੂੰ ਦਿੱਤੀ ਜਾਏ। ਕੋਈ ਵੀ ਪ੍ਰਮੁੱਖ ਸਰਦਾਰ ਇਸ ਲਈ ਤਿਆਰ ਨਹੀਂ ਸੀ। ਵਾਰੀ ਨਾਲ ਸਾਰਿਆਂ ਤੋਂ ਪੁੱਛਿਆ ਗਿਆ ਪਰ ਸਭ ਨੇ ਇਨਕਾਰ ਕਰ ਦਿੱਤਾ। ਕੁਝ ਬਜ਼ੁਰਗਾਂ ਨੇ ਰਾਏ ਦਿੱਤੀ ਕਿ ਪੰਥ ਦੇ ਸਭ ਤੋਂ ਪੁਰਾਣੇ ਨੇਤਾ ਸਰਦਾਰ ਦਰਬਾਰਾ ਸਿੰਘ ਨੂੰ ਇਹ ਪਦਵੀ ਦੇ ਦਿੱਤੀ ਜਾਏ। ਉਹਨਾਂ ਵੀ ਇਨਕਾਰ ਕਰ ਦਿੱਤਾ। ਨਵਾਬ ਦੀ ਪਦਵੀ ਤੇ ਖਿਲਅਤ ਉਹ ਫੁਟਬਾਲ ਬਣ ਗਈ ਸੀ, ਜਿਸ ਨੂੰ ਖੇਡ ਦੇ ਮੈਦਾਨ ਵਿਚ ਏਧਰੋਂ ਉਧਰ ਠੁਡਿਆਇਆ ਜਾ ਰਿਹਾ ਸੀ। ਦੀਵਾਨ ਸਜਿਆ ਹੋਇਆ ਸੀ ਤੇ ਗੁਰੂ ਗਰੰਥ ਸਾਹਿਬ ਦਾ ਪਾਠ ਹੋ ਰਿਹਾ ਸੀ। ਇਸੇ ਸਮੇਂ ਗਰੰਥੀ ਨੇ ਗੁਰੂ ਅਰਜਨ ਦੇਵ ਦਾ ਇਕ ਵਾਕ ਉਚਾਰਣ ਕੀਤਾ, ਜਿਸ ਤੋਂ ਪ੍ਰੇਰਨਾ ਲੈ ਕੇ ਇਕ ਸਿੱਖ ਬੋਲਿਆ, “ਗੁਰੂ ਮਹਾਰਾਜ ਦਾ ਵਾਕ ਇਹ ਫਰਮਾਉਂਦਾ ਹੈ ਕਿ ਉੱਚੀ ਪਦਵੀ ਟਹਿਲ (ਸੇਵਾ) ਕਰਨ ਵਾਲੇ ਨੂੰ ਮਿਲਦੀ ਹੈ। ਗੁਰੂ ਦਾ ਹੁਕਮ ਮੰਨੋ। ਦੇਰ ਨਾ ਕਰੋ। ਸੇਵਾ ਕਰਨ ਵਾਲੇ ਸਿੰਘ ਨੂੰ ਇਹ ਪਦਵੀ ਦੇ ਦਿਓ।”
ਭਾਈ ਕਪੂਰ ਸਿੰਘ ਦੀਵਾਨ ਵਿਚ ਸੰਗਤ ਨੂੰ ਪੱਖਾਂ ਝੱਲ ਰਹੇ ਸਨ। ਪਿੱਛਲੇ ਦਿਨੀਂ ਰੋਪੜ ਵਿਚ ਗਸ਼ਤੀ ਫੌਜ ਨਾਲ ਹੋਈ ਟੱਕਰ ਵਿਚ ਉਹਨਾਂ ਦੇ ਮੱਥੇ 'ਤੇ ਸੱਟ ਲੱਗੀ ਸੀ, ਜਖ਼ਮ ਅਜੇ ਭਰਿਆ ਨਹੀਂ ਸੀ। ਇਸ ਦੇ ਬਾਵਜੂਦ ਉਹ ਬੜੀ ਤਤਪਰਤਾ ਨਾਲ ਇਧਰ-ਉਧਰ ਝੂਲ ਕੇ ਸੰਗਤ ਨੂੰ ਪੱਖਾਂ ਝੱਲ ਰਹੇ ਸਨ। ਉਸ ਸਿੰਘ ਨੇ ਸੁਝਾਅ ਦਿੱਤਾ ਕਿ ਨਵਾਬ ਦੀ ਪਦਵੀ ਤੇ ਖਿਲਅਤ ਭਾਈ ਕਪੂਰ ਸਿੰਘ ਨੂੰ ਦੇ ਦਿੱਤੀ ਜਾਏ।
ਦੀਵਾਨ ਵਿਚ ਇਕੱਤਰ ਸਰਬਤ ਖਾਲਸਾ ਨੂੰ ਇਹ ਸੁਝਾਅ ਬੜਾ ਚੰਗਾ ਲੱਗਿਆ ਤੇ ਉਹਨਾਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ' ਦਾ ਜੈਕਾਰਾ ਛੱਡ ਕੇ ਆਪਣੀ ਸਹਿਮਤੀ ਦਾ ਐਲਾਨ ਕਰ ਦਿੱਤਾ। ਭਾਈ ਕਪੂਰ ਸਿੰਘ ਨੇ ਸੰਗਤ ਦੇ ਇਸ ਫੈਸਲੇ ਅੱਗੇ ਸਿਰ ਝੁਕਾਅ ਦਿੱਤਾ ਤੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੋਲੇ, “ਜੇ ਸਾਧ ਸੰਗਤ ਦੀ ਇਹੀ ਇੱਛਾ ਹੈ ਤਾਂ ਖਿਲਅਤ, ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾਅ ਕੇ ਪਵਿੱਤਰ ਕਰਨ ਪਿੱਛੋਂ, ਮੈਨੂੰ ਬਖ਼ਸ਼ੀ ਜਾਏ।” ਗੁਰੂ ਦੀ ਹਜੂਰੀ ਵਿਚ ਅਰਦਾਸ ਹੋਈ ਤੇ ਖਿਲਅਤ ਜਿਵੇਂ ਭਾਈ ਕਪੂਰ ਸਿੰਘ ਨੇ ਕਿਹਾ ਸੀ, ਓਵੇਂ ਹੀ ਉਸਨੂੰ ਬਖ਼ਸ਼ੀ ਗਈ। ਪਰਗਨਾ, ਚੂਹਨੀਆਂ, ਦਿਆਲਪੁਰ, ਕੰਗਨਵਾਲ ਤੇ ਝਬਾਲ ਆਦਿਕ ਬਾਰਾਂ ਪਿੰਡਾਂ ਦੀ ਜਮੀਨ ਗੁਰੂ ਚੱਕ ਸ਼੍ਰੀ ਅੰਮ੍ਰਿਤਸਰ ਦੇ ਨਾਂ ਕਰ ਦਿੱਤੀ ਗਈ ਤੇ ਖਾਲਸੇ ਨੂੰ ਖੁੱਲ੍ਹਾ ਘੁੰਮਣ-ਫਿਰਨ ਦੀਆਂ ਛੋਟਾਂ ਹੋ ਗਈਆਂ।
ਸਰਕਾਰ ਨਾਲ ਹੋਏ ਇਸ ਸਮਝੌਤੇ ਪਿੱਛੋਂ ਅਮਨ ਬਹਾਲ ਹੋਇਆ ਤਾਂ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਕੁਝ ਸਿੱਖ ਅੰਮ੍ਰਿਤਸਰ ਵਿਚ ਸ਼੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਆ ਵੱਸੇ। ਹਜ਼ਾਰਾਂ ਆਦਮੀਆਂ ਤੇ ਉਹਨਾਂ ਦੇ ਘੋੜਿਆਂ ਲਈ ਰਸਦ ਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਿਲ ਕੰਮ ਸੀ। ਨੌਜਵਾਨਾਂ ਨੂੰ ਬਜ਼ੁਰਗਾਂ ਪ੍ਰਤੀ ਇਹ ਰੋਸ ਸੀ ਕਿ ਚੰਗੀ ਰਸਦ ਤੇ ਚੰਗਾ-ਚੰਗਾ ਖਾਣ ਪੀਣ ਵਾਲਾ ਹੋਰ ਸਾਮਾਨ ਉਹ ਲੈ ਜਾਂਦੇ ਹਨ, ਉਹਨਾਂ ਤੇ ਉਹਨਾਂ ਦੇ ਘੋੜਿਆਂ ਨੂੰ ਬਚਿਆ-ਖੁਚਿਆ ਮਾਲ ਮਿਲਦਾ ਹੈ। ਨਾਲੇ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਫ਼ਰਕ ਵੀ ਸੀ¸ ਸੋ ਵਾਦ-ਵਿਵਾਦ ਤੇ ਤਣਾਅ ਪੈਦਾ ਹੋਣਾ ਸੁਭਾਵਕ ਵੀ ਸੀ। ਨਵਾਬ ਕਪੂਰ ਸਿੰਘ ਨੇ ਇਸ ਸਮੱਸਿਆ ਦਾ ਮਨੋਵਿਗਿਆਨਕ ਹੱਲ ਕੱਢਿਆ, ਸਾਰੇ ਜਣਿਆਂ ਨੂੰ ਬੁੱਢਾ-ਦਲ ਤੇ ਤਰੂਣਾ-ਦਲ ਵਿਚ ਵੰਡ ਦਿੱਤਾ। ਤਰੂਣਾ-ਦਲ ਨੂੰ ਅੱਗੇ ਪੰਜ ਭਾਗਾਂ ਵਿਚ ਵੰਡਿਆ। ਹਰ ਭਾਗ (ਟੋਲੇ) ਦਾ ਆਪਣਾ ਨੇਤਾ ਤੇ ਆਪਣਾ ਡੇਰਾ ਸੀ। ਇੰਜ ਬੁੱਢਾ ਦਾਲ ਨੂੰ ਵੀ ਪੰਜ ਭਾਗਾਂ ਵਿਚ ਵੰਡ ਦਿੱਤਾ ਗਿਆ। ਉਹਨਾਂ ਦਾ ਵੀ ਆਪਣਾ-ਆਪਣਾ ਨੇਤਾ ਤੇ ਆਪਣਾ-ਆਪਣਾ ਡੇਰ ਸੀ।
ਸਿੱਖਾਂ ਨੂੰ ਬੰਦਾ ਬਹਾਦੁਰ ਦੀ ਸ਼ਹਾਦਤ ਪਿੱਛੋਂ ਪਹਿਲੀ ਵਾਰੀ ਨਵਾਬ ਕਪੂਰ ਸਿੰਘ ਦੇ ਰੂਪ ਵਿਚ ਇਕ ਸੁਯੋਗ ਤੇ ਪ੍ਰਭਾਵਸ਼ਾਲੀ ਨੇਤਾ ਮਿਲਿਆ ਸੀ। ਉਹ ਇਕ ਕੁਸ਼ਲ ਸੰਗਠਨਕਰਤਾ ਤੇ ਸਮੱਸਿਆਵਾਂ ਨੂੰ ਸੁਲਝਾਉਣ ਵਾਲਾ ਬੁੱਧੀਜੀਵੀ ਸੀ। ਸੋ ਬੜੀ ਛੇਤੀ ਹਰਮਨ ਪਿਆਰਾ ਹੋ ਗਿਆ। ਸਾਰੇ ਉਸਦਾ ਆਦਰ ਕਰਦੇ ਸਨ। ਉਹ ਜਿੱਥੇ ਵੀ ਜਾਂਦਾ, ਉੱਥੇ ਹੀ ਉਸਦਾ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਤੇ ਨੌਜਵਾਨ ਉਸਦੇ ਹੱਥੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਦੇ ਸੇਵਾਦਾਰ ਬਨਣ ਵਿਚ ਮਾਣ ਮਹਿਸੂਸ ਕਰਦੇ। ਇਹਨਾਂ ਸੇਵਾਦਾਰਾਂ ਨੂੰ ਅਸਤਰ-ਸ਼ਸਤਰ ਚਲਾਉਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ। ਸੰਗਤਾਂ ਦੀਆਂ ਜੁੱਤੀਆਂ ਸਾਫ ਕਰਨ, ਪੱਖਾ ਝੱਲਣ, ਲੰਗਰ ਦਾ ਪ੍ਰਬੰਧ ਕਰਨ, ਰਸਦ ਤੇ ਲੰਗਰ ਵਰਤਾਉਣ ਦਾ ਕੰਮ ਦੇ ਕੇ ਇਹ ਗੱਲ ਮਨਾਂ ਵਿਚ ਬਿਠਾਅ ਦਿੱਤੀ ਜਾਂਦੀ ਸੀ ਕਿ ਸੇਵਾ, ਤਿਆਗ ਅਤੇ ਅਨੁਸ਼ਾਸਨ ਹੀ ਖਾਲਸੇ ਦੇ ਵਿਸ਼ੇਸ਼ ਗੁਣ ਹਨ ਤੇ ਇਹਨਾਂ ਗੁਣਾ ਨੂੰ ਧਾਰਨ ਕਰਕੇ ਹੀ ਮਨੁੱਖ ਛੋਟੇ ਤੋ ਵੱਡਾ ਬਣਦਾ ਹੈ।
ਇਕ ਵਾਰੀ ਨਵਾਬ ਕਪੂਰ ਸਿੰਘ ਸਰਦਾਰ ਬਾਘ ਸਿੰਘ ਦੇ ਘਰ ਉਹਨਾਂ ਨੂੰ ਮਿਲਣ ਜਲੰਧਰ ਗਏ। ਉਹ ਜਿਸ ਕਮਰੇ ਵਿਚ ਬੈਠੇ ਗੱਲਾਂ ਕਰ ਰਹੇ ਸਨ, ਉਸੇ ਵਿਚ ਬਾਘ ਸਿੰਘ ਦੀ ਵਿਧਵਾ ਭੈਣ 'ਆਸਾ ਦੀ ਵਾਰ' ਦਾ ਕੀਰਤਨ ਕਰ ਰਹੀ ਸੀ। ਉਸਦੀ ਆਵਾਜ਼ ਬੜੀ ਸੁਰੀਲੀ ਸੀ ਤੇ ਉਹ ਦੋ ਤਾਰਾ ਬੜਾ ਸੋਹਣਾ ਵਜਾ ਰਹੀ ਸੀ। ਉਸਦੇ ਵਾਲ ਖੁੱਲ੍ਹੇ ਹੋਏ ਸਨ ਤੇ ਉਹ ਕੀਰਤਨ ਕਰਨ ਵਿਚ ਏਨੀ ਮਗਨ ਹੋਈ ਹੋਈ ਸੀ ਕਿ ਉਸਨੂੰ ਆਪਣੀ ਤੇ ਆਪਣੇ ਆਸੇ-ਪਾਸੇ ਦੀ ਕੋਈ ਸੁੱਧ ਹੀ ਨਹੀਂ ਸੀ ਜਾਪਦੀ। ਉਸਦੇ ਲਾਗੇ ਹੀ ਉਸਦਾ ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਪੁੱਤਰ, ਖੰਭੇ ਉਪਰ, ਤਲਵਾਰ ਦੀ ਯੁੱਧ ਕਲਾ ਦਾ ਅਭਿਆਸ ਕਰ ਰਿਹਾ ਸੀ। ਜਿਵੇਂ ਮਾਂ ਕੀਰਤਨ ਵਿਚ ਮਗਨ ਸੀ, ਓਵੇਂ ਹੀ ਪੁੱਤਰ ਆਪਣੇ ਅਭਿਆਸ ਵਿਚ। ਆਸੇ-ਪਾਸੇ ਕੀ ਹੋ ਰਿਹਾ ਹੈ, ਇਸ ਦੀ ਉਸਨੂੰ ਵੀ ਸੁੱਧ ਨਹੀਂ ਸੀ। ਸਾਹਮਣੇ ਖੜ੍ਹੇ ਕਲਪਿਤ ਦੁਸ਼ਮਣ ਉਪਰ ਇਕਾਗਰ-ਚਿੱਤ ਹੋ ਕੇ ਨਿਸ਼ਾਨਾ ਸਿੰਨ੍ਹਣ ਤੇ ਵਾਰ ਕਰਨ ਦਾ ਉਸਦਾ ਅੰਦਾਜ਼ ਤੇ ਉਸਦੇ ਹਾਵ-ਭਾਵ ਸਿਰਫ ਦੇਖਣ ਯੋਗ ਸਨ¸ ਬਿਆਨ ਨਹੀਂ ਸਨ ਕੀਤੇ ਜਾ ਸਕਦੇ।
ਨਵਾਬ ਕਪੂਰ ਸਿੰਘ ਨੇ ਇਕੋ ਨਜ਼ਰ ਵਿਚ ਉਸ ਨੌਜਵਾਨ ਦੀ ਵਿਲੱਖਣ ਪ੍ਰਤਿਭਾ ਨੂੰ ਪਛਾਣ ਲਿਆ। ਉਹਨਾਂ ਬਾਘ ਸਿੰਘ ਦਾ ਧਿਆਨ ਉਸ ਵੱਲ ਦਿਵਾਉਂਦਿਆਂ ਕਿਹਾ, “ਤੁਹਾਡਾ ਭਾਣਜਾ ਜਿੰਨਾਂ ਸੋਹਣਾ ਏਂ, ਓਨਾਂ ਹੀ ਗੰਭੀਰ ਤੇ ਬੁੱਧੀਮਾਨ ਵੀ ਹੈ। ਇਸ ਦਾ ਮੁਖ-ਮੰਡਲ ਕਿਸੇ ਮਹਾਨ ਯੋਧੇ ਜਿਹਾ ਹੈ। ਮੇਰਾ ਖ਼ਿਆਲ ਐ ਕਿ ਦੇਸ਼ ਤੇ ਧਰਮ ਨੂੰ ਵਿਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦਾ ਕਾਰਜ ਇਸ ਦੀ ਅਗਵਾਈ ਵਿਚ ਤੋੜ ਚੜ੍ਹੇਗਾ।”
ਜਦੋਂ ਇਹ ਭਵਿੱਖਬਾਣੀ ਹੋ ਰਹੀ ਸੀ, ਉਦੋਂ ਹੀ ਬਾਘ ਸਿੰਘ ਦੀ ਵਿਧਵਾ ਭੈਣ ਕੀਰਤਨ ਸਮਾਪਤ ਕਰਕੇ ਉੱਠੀ। ਨਵਾਬ ਕਪੂਰ ਸਿੰਘ ਤੇ ਬਾਘ ਸਿੰਘ ਦੀਆਂ ਨਜ਼ਰਾਂ ਨਿਸ਼ਾਨਾ 'ਸਾਧ' ਰਹੇ ਉਸਦੇ ਪੁੱਤਰ ਉਪਰ ਟਿਕੀਆਂ ਹੋਈਆਂ ਸਨ, ਇਸ ਲਈ ਉਹ ਵੀ ਉਧਰ ਹੀ ਦੇਖਣ ਲੱਗੀ।
ਮੁੰਡੇ ਦਾ ਨਾਂ ਜੱਸਾ ਸਿੰਘ ਸੀ। ਉਹ ਸੁਡੌਲ ਜੁੱਸੇ ਤੇ ਲੰਮੇ-ਝੰਮੇ ਕੱਦ ਦਾ ਨੌਜਵਾਨ ਸੀ। ਮਾਂ ਦਾ ਇਕਲੌਤਾ ਪੁੱਤਰ ਸੀ ਤੇ ਬਾਘ ਸਿੰਘ ਦੀ ਆਪਣੀ ਕੋਈ ਸੰਤਾਨ ਨਹੀਂ ਸੀ, ਇਸ ਲਈ ਉਸ ਨੇ ਜੱਸਾ ਸਿੰਘ ਨੂੰ ਆਪਣਾ ਮੁਤਬੰਨਾ-ਪੁੱਤਰ ਬਣਾ ਲਿਆ ਸੀ। ਮਜੇ ਦੀ ਗੱਲ ਇਹ ਸੀ ਕਿ ਨਵਾਬ ਕਪੂਰ ਸਿੰਘ ਦੇ ਆਪਣੇ ਵੀ ਕੋਈ ਬੱਚਾ-ਬੱਚੀ ਨਹੀਂ ਸੀ। ਉਸਦੇ ਮਨ ਵਿਚ ਜੱਸਾ ਸਿੰਘ ਨੂੰ ਆਪਣਾ ਮੁਤਬੰਨਾ-ਪੁੱਤਰ ਬਣਾ ਲੈਣ ਦੀ ਇੱਛਾ ਪੈਦਾ ਹੋਈ। ਇਹ ਇੱਛਾ ਏਨੀ ਤੀਬਰ ਸੀ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਵਿਧਵਾ ਮਾਂ ਵੱਲ ਦੇਖਦੇ ਹੋਏ ਬੋਲੇ¸
“ਭੈਣਾ! ਮੈਂ ਇਕ ਅਜਿਹੀ ਗੱਲ ਸੋਚ ਰਿਹਾਂ, ਜਿਸ ਨੂੰ ਕਹਿਣਾ ਤੇਰੇ ਨਾਲ ਤੇ ਭਾਈ ਬਾਘ ਸਿੰਘ ਨਾਲ ਜ਼ਿਆਦਤੀ ਹੋਏਗੀ।...ਪਰ ਮੈਂ ਕਹੇ ਬਗੈਰ ਨਹੀਂ ਰਹਿ ਸਕਦਾ।”
“ਭਰਾ ਨਵਾਬ, ਤੁਸੀਂ ਆਪਣੀ ਗੱਲ ਬਿਨਾਂ ਸੰਕੋਚ ਕਹੋ। ਮੈਨੂੰ ਵਿਸ਼ਵਾਸ ਐ ਕਿ ਤੁਸੀਂ ਜੋ ਵੀ ਸੋਚਦੇ ਓ ਪੰਥ ਦੇ ਹਿੱਤ ਲਈ ਈ ਸੋਚਦੇ ਓ। ਤੁਹਾਤੋਂ ਕਿਸੇ ਨਾਲ ਜ਼ਿਆਦਤੀ ਹੋ ਈ ਨਹੀਂ ਸਕਦੀ।”
ਨੌਜਵਾਨ ਨੇ ਵੀ ਯੁੱਧ ਅਭਿਆਸ ਦਾ ਨਿੱਤ-ਕਰਮ ਪੂਰਾ ਕਰ ਲਿਆ ਸੀ ਤੇ ਉਹ ਵੀ ਸਤਿਕਾਰ ਵਜੋਂ ਝੁਕ ਕੇ ਨਵਾਬ ਦੇ ਕੋਲ ਆਣ ਖੜ੍ਹਾ ਹੋਇਆ ਸੀ।
ਨਵਾਬ ਕਪੂਰ ਸਿੰਘ ਨੇ ਉਸਦੇ ਚੌੜੇ ਮੱਥੇ ਉਪਰ ਹੱਥ ਰੱਖ ਕੇ, ਇਕ ਨਜ਼ਰ ਵਿਧਵਾ ਮਾਂ ਤੇ ਫੇਰ ਬਾਘ ਸਿੰਘ ਵੱਲ ਦੇਖਿਆ। ਕੁਝ ਪਲ ਮੌਨ ਵਿਚ ਬੀਤੇ। ਸਾਰੇ ਚੁੱਪ ਸਨ। ਵਾਤਾਵਰਣ ਵਿਚ ਸੰਨਾਟਾ ਸੀ।
“ਭੈਣਾ, ਮੈਂ ਚਾਹੁੰਦਾ ਹਾਂ...” ਨਵਾਬ ਕਪੂਰ ਸਿੰਘ ਨੇ ਦ੍ਰਿੜ੍ਹ ਆਵਾਜ਼ ਵਿਚ ਗੱਲ ਸ਼ੁਰੂ ਕੀਤੀ, “...ਤੇਰੇ ਏਸ ਇਕੋ-ਇਕ ਪੁੱਤਰ ਨੂੰ ਆਪਣੇ ਨਾਲ ਲੈ ਜਾਵਾਂ। ਇਸਨੂੰ ਆਪਣਾ ਪੁੱਤਰ ਸਮਝ ਕੇ ਆਪਣੇ ਕੋਲ ਰੱਖਾਂ ਤੇ ਇਸਦੀ ਸਿਖਲਾਈ-ਪੜ੍ਹਾਈ ਦੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਵਾਂ। ਮੈਂ ਜਾਣਦਾਂ ਕਿ ਤੇਰਾ ਦਿਲ ਮਾਂ ਦਾ ਦਿਲ ਏ¸ ਕੀ ਤੂੰ ਇਹ ਤਿਆਗ ਕਰ ਸਕੇਂਗੀ?”
“ਭਰਾ ਨਵਾਬ, ਤੁਹਾਡੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਏ¸ ਅੰਤਾਂ ਦੀ ਖੁਸ਼ੀ।” ਮਾਂ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ। ਉਸਨੇ ਆਪਣਾ ਸੱਜਾ ਹੱਥ ਪੁੱਤਰ ਦੇ ਮੋਢੇ ਉੱਤੇ ਰੱਖਿਆ, ਜਿਵੇਂ ਸੰਭਲਣ ਲਈ ਸਹਾਰਾ ਲੈ ਰਹੀ ਹੋਏ। ਫੇਰ ਉਹ ਬੋਲੀ, “ਮੇਰਾ ਬੱਚਾ ਤੁਹਾਡਾ ਬੱਚਾ ਏ, ਪੰਥ ਦਾ ਬੱਚਾ ਏ। ਉਹ ਤੁਹਾਡੇ ਹੱਥੀਂ ਪ੍ਰਵਾਨ ਚੜ੍ਹੇ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਐ।”
ਕਪੂਰ ਸਿੰਘ ਨੌਜਵਾਨ ਜੱਸਾ ਸਿੰਘ ਨੂੰ ਆਪਣੇ ਨਾਲ ਲੈ ਆਏ। ਉਸਨੂੰ ਅਸਤਰ-ਸ਼ਸਤਰ ਤੇ ਘੋੜ ਸਵਾਰੀ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਪੰਥਕ ਪ੍ਰੰਪਰਾ ਅਨੁਸਾਰ ਨਿੱਕੇ ਵੱਡੇ ਕੰਮ ਸੌਂਪ ਕੇ ਉਸਦੇ ਮਨ ਵਿਚ ਸੇਵਾ ਭਾਵ ਵਿਕਸਤ ਕੀਤਾ।
ooo
ਸੌਣ ਮਹੀਨੇ ਦੀ ਘੁੱਪ ਹਨੇਰੀ ਰਾਤ ਸੀ। ਮੀਂਹ ਵਰ੍ਹ ਰਿਹਾ ਸੀ। ਨਵਾਬ ਕਪੂਰ ਸਿੰਘ ਨੇ ਕੈਂਪ ਵਿਚੋਂ ਕਈ ਵਾਰੀ ਪੁੱਛਿਆ, “ਪਹਿਰੇ 'ਤੇ ਕੌਣ ਏਂ?” ਹਰ ਵਾਰੀ ਉਤਰ ਮਿਲਿਆ, “ਜੱਸਾ ਸਿੰਘ ਜੀ।” ਕਪੂਰ ਸਿੰਘ ਉਸ ਦੀ ਫਰਜ਼ ਪ੍ਰਤੀ ਪ੍ਰਤੀਬੱਧਤਾ ਨੂੰ ਦੇਖ ਕੇ ਬੜੇ ਖੁਸ਼ ਹੋਏ।
ਇਸ ਪਿੱਛੋਂ ਜੱਸਾ ਸਿੰਘ ਦੇ ਜ਼ਿੰਮੇਂ ਘੋੜਿਆਂ ਦਾ ਰਾਤਬ (ਪਸ਼ੂਆਂ ਦੀ ਹਰ ਰੋਜ਼ ਦੀ ਖੁਰਾਕ-ਅਨੁ.) ਵੰਡਣ ਦਾ ਕੰਮ ਲਾ ਦਿੱਤਾ ਗਿਆ। ਇਹ ਕੰਮ ਦੇਖਣ ਵਿਚ ਮਾਮੂਲੀ ਸੀ ਪਰ ਬੜਾ ਹੀ ਮਹੱਤਵਪੂਰਨ ਸੀ। ਇਸ ਲਈ ਚੌਕਸੀ ਤੇ ਵਿਹਾਰਕ ਸਮਝਦਾਰੀ ਦੀ ਬੜੀ ਲੋੜ ਸੀ। ਜੱਸਾ ਸਿੰਘ ਦੇ ਪਿਤਾ ਦਿਆਲ ਸਿੰਘ ਉਹਦੇ ਬਚਪਨ ਵਿਚ ਹੀ ਚੱਲ ਵੱਸੇ ਸਨ। ਵਿਧਵਾ ਮਾਂ ਉਸਨੂੰ ਲੈ ਕੇ ਦਿੱਲੀ ਚਲੀ ਗਈ ਸੀ ਤੇ ਦਸ ਵਰ੍ਹੇ ਮਾਤਾ ਸੁੰਦਰੀ ਦੀ ਸੇਵਾ ਵਿਚ ਬਿਤਾਏ ਸਨ। ਪੁੱਤਰ ਦੀ ਪੜ੍ਹਾਈ ਲਿਖਾਈ ਉੱਥੇ ਹੀ ਹੋਈ ਸੀ। ਇਸ ਲਈ ਉਰਦੂ ਉਸ ਦੀ ਬੋਲੀ ਵਿਚ ਰਚ ਗਈ ਸੀ। ਸਿੱਖ ਸਵਾਰ ਜਦੋਂ ਰਾਤਬ ਲੈਣ ਆਉਂਦੇ ਤਾਂ ਉਸ ਨੂੰ 'ਹਮਕੋ-ਤੁਮਕੋ' ਕਹਿ ਕੇ ਚਿੜਾਉਂਦੇ ਸਨ। ਉਹਨਾਂ ਦੇ ਇੰਜ ਚਿੜਾਉਣ ਕਰਕੇ ਜੱਸਾ ਸਿੰਘ ਏਨਾ ਤੰਗ ਆ ਗਿਆ ਕਿ ਇਕ ਦਿਨ ਰੋਣ ਹਾਕਾ ਹੋ ਕੇ ਨਵਾਬ ਕਪੂਰ ਸਿੰਘ ਕੋਲ ਗਿਆ ਤੇ ਬੋਲਿਆ, “ਮਹਾਰਾਜ ਮੈਥੋਂ ਇਹਨਾਂ ਲੋਕਾਂ ਦੇ ਘੋੜਿਆਂ ਦੀ ਦਾਨਾ ਵੰਡ ਨਹੀਂ ਹੁੰਦੀ। ਤੁਸੀਂ ਇਹ ਕੰਮ ਕਿਸੇ ਹੋਰ ਨੂੰ ਦੇ ਦਿਓ।”
ਨਵਾਬ ਕਪੂਰ ਸਿੰਘ ਮੁਸਕਰਾਏ ਤੇ ਉਸਦੀ ਪਿੱਠ ਉਤੇ ਹੱਥ ਫੇਰਦੇ ਹੋਏ ਬੋਲੇ, “ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਵਿਚ ਸੇਵਾ ਨਾਲ ਈ ਮੇਵਾ ਮਿਲਦਾ ਏ। ਇਹ ਬੜੇ ਭਲੇ ਲੋਕ ਨੇ। ਇਹਨਾਂ ਮੈਨੂੰ ਪੱਖਾਂ ਝੱਲਣ ਵਾਲੇ ਸੇਵਾਦਾਰ ਨੂੰ ਚੁੱਕ ਕੇ ਨਵਾਬ ਬਣਾ ਦਿੱਤਾ ਏ¸ ਤੈਨੂੰ ਸ਼ਾਇਦ ਬਾਦਸ਼ਾਹ ਬਣਾ ਦੇਣ।”
ਜੱਸਾ ਸਿੰਘ ਸ਼ਾਂਤ ਹੋ ਗਿਆ। ਉਹ ਤਨ-ਮਨ ਨਾਲ ਪੰਥ ਦੀ ਸੇਵਾ ਕਰਦਾ ਰਿਹਾ। ਸਿੱਟਾ ਇਹ ਕਿ ਉਸਨੇ ਏਨਾ ਸਨੇਹ ਤੇ ਸਨਮਾਨ ਪ੍ਰਾਪਤ ਕੀਤਾ ਕਿ ਸਾਰੇ ਉਸਨੂੰ 'ਬਾਦਸ਼ਾਹ' ਕਹਿਣ ਲੱਗ ਪਏ ਤੇ ਮੰਨੇ-ਪ੍ਰਮੰਨੇ ਸਰਦਾਰਾਂ ਵਿਚ ਉਸਦਾ ਦਰਜਾ ਏਨਾ ਉਚਾ ਹੋ ਗਿਆ ਕਿ ਨਵਾਬ ਕਪੂਰ ਸਿੰਘ ਪਿੱਛੋਂ ਦੂਜਾ ਪਦ ਉਸੇ ਦਾ ਗਿਣਿਆਂ ਜਾਣ ਲੱਗਿਆ।
ਜੱਸਾ ਸਿੰਘ ਦਾ ਜਨਮ ਲਾਹੌਰ ਦੇ ਨੇੜੇ ਆਹਲੂਵਾਲ ਪਿੰਡ ਵਿਚ ਹੋਇਆ ਸੀ। ਉਸਦੇ ਪਿਤਾ ਸ਼ਰਾਬ ਦਾ ਧੰਦਾ ਕਰਦੇ ਸਨ। ਪੰਜਾਬ ਵਿਚ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ 'ਕਲਾਲ' ਕਹਿੰਦੇ ਸਨ। ਇੰਜ ਉਹਨਾਂ ਦੀ ਇਕ ਵੱਖਰੀ ਕਲਾਲ ਜਾਤੀ ਬਣ ਗਈ ਸੀ। ਪਿੰਡ ਦੇ ਨਾਤੇ ਜੱਸਾ ਸਿੰਘ ਨੂੰ 'ਜੱਸਾ ਸਿੰਘ ਆਹਲੂਵਾਲੀਆ' ਤੇ ਪਿਓ ਦੇ ਪੇਸ਼ੇ ਦੇ ਨਾਤੇ 'ਜੱਸਾ ਸਿੰਘ ਕਲਾਲ' ਕਹਿੰਦੇ ਹਨ। ਪਿੱਛੋਂ ਉਹ ਜਿਸ ਮਿਸਲ ਦਾ ਆਗੂ ਬਣਿਆ, ਉਸਦਾ ਨਾਂ ਵੀ 'ਆਹਲੂਵਾਲੀਆ ਮਿਸਲ' ਪਿਆ। ਇਹੀ ਨਾਂ ਮਸ਼ਹੂਰ ਹੋ ਜਾਣ ਕਾਰਨ ਹੁਣ ਜਿੰਨੇ ਕਲਾਲ ਹਨ, ਉਹ ਆਪਣੇ ਆਪ ਨੂੰ ਆਹਲੂਵਾਲੀਆ ਲਿਖਦੇ ਹਨ।
ਦੋ ਢਾਈ ਸਾਲ ਅਮਨ ਰਿਹਾ। ਇਸ ਦੌਰਾਨ ਖਾਲਸਾ ਦਲਾਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। ਉਹ ਪੂਰੇ ਪੰਜਾਬ ਵਿਚ ਫੈਲ ਗਏ। ਤਰੁਣਾ-ਦਲ ਦੇ ਘੋੜਿਆਂ ਦੇ ਖੁਰਾਂ ਦੀ ਟਾਪ ਜਮਨਾ ਪਾਰ ਦਿੱਲੀ ਦੇ ਲਾਲ ਕਿਲੇ ਵਿਚ ਸੁਣੀ ਜਾਣ ਲੱਗੀ। ਇਸ ਨਾਲ ਮੁਗਲ ਹੁਕਮਰਾਨ ਦੀ ਨੀਂਦ ਹਰਾਮ ਹੋ ਗਈ।
ਖਾਨ ਬਹਾਦਰ ਜ਼ਕਰੀਆ ਖਾਂ ਨੇ ਨਵਾਬ ਕਪੂਰ ਸਿੰਘ ਨੂੰ ਸੁਨੇਹਾ ਘੱਲਿਆ ਕਿ ਤੁਹਾਡੇ ਇਹ ਨੌਜਵਾਨ ਜੇ ਆਪਣਾ ਰਵੱਈਆ ਬਦਲ ਲੈਣ ਤਾਂ ਮੈਂ ਉਹਨਾਂ ਨੂੰ ਸ਼ਾਹੀ ਫੌਜ ਵਿਚ ਭਰਤੀ ਕਰਨ ਲਈ ਤਿਆਰ ਹਾਂ। ਉਸਦਾ ਇਹ ਸੁਝਾਅ ਰੱਦ ਕਰ ਦਿੱਤਾ ਗਿਆ। ਫੇਰ ਜ਼ਕਰੀਆ ਖਾਂ ਨੇ ਦੂਜਾ ਸੁਝਾਅ ਰੱਖਿਆ ਕਿ ਜੇ ਇਹ ਨੌਜਵਾਨ ਅਮਲ ਪਸੰਦ ਵਾਹੀਵਾਨ ਬਣ ਕੇ ਪਿੰਡਾਂ ਵਿਚ ਵੱਸਣਾ ਚਾਹੁੰਦੇ ਹਨ ਤਾਂ ਸਰਕਾਰ ਇਹਨਾਂ ਤੋਂ ਲਗਾਨ ਨਹੀਂ ਲਏਗੀ। ਇਹ ਸੁਝਾਅ ਵੀ ਰੱਦ ਕਰ ਦਿੱਤਾ ਗਿਆ। ਉਹਨਾਂ ਸਾਹਮਣੇ ਇਕੋ ਟੀਚਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਆਜ਼ਾਦ ਪੰਜਾਬ ਦਾ ਜੋ ਸੁਪਨਾ ਦੇਖਿਆ ਸੀ, ਉਸਨੂੰ ਸਾਕਾਰ ਕੀਤਾ ਜਾਏ। ਅੱਜ ਤੱਕ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਸਨ, ਉਹ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹੀ ਦਿੱਤੀਆਂ ਗਈਆਂ ਸਨ¸ ਸੋ ਉਹ ਇਸ ਟੀਚੇ ਨੂੰ ਕਿੰਜ ਛੱਡ ਦਿੰਦੇ?
ਖਾਨ ਬਹਾਦਰ ਜ਼ਕਰੀਆ ਖਾਂ ਨੇ ਸੋਚਿਆ ਸੀ ਕਿ ਉਹ ਲਾਲਚ ਤੇ ਐਸ਼-ਆਰਾਮ ਵਿਚ ਪੈ ਕੇ ਸੰਘਰਸ਼ ਤੇ ਵਿਦਰੋਹ ਦਾ ਰਸਤਾ ਛੱਡ ਦੇਣਗੇ। ਉਸਦਾ ਇਹ ਭਰਮ ਟੁੱਟ ਗਿਆ। ਉਸਨੇ ਜਾਗੀਰ ਵਾਪਸ ਲੈ ਲਈ ਤੇ ਨਵਾਬ ਦਾ ਖਿਤਾਬ ਵੀ; ਪਰ ਇਸ ਨਾਲ ਕੀ ਹੋਣਾ ਸੀ, ਨਵਾਬ ਕਪੂਰ ਸਿੰਘ ਤਾਂ ਫੇਰ ਵੀ ਨਵਾਬ ਬਣੇ ਰਹੇ। ਸਿੱਖਾਂ ਦੇ ਦਿਲਾਂ ਦੇ ਨਵਾਬ, ਪੂਰੇ ਪੰਥ ਦੇ ਨਵਾਬ।
ਜ਼ਕਰੀਆ ਖਾਂ ਨੇ ਫੇਰ ਆਪਣੀਆਂ ਤੋਪਾਂ ਊਠਾਂ ਉੱਤੇ ਲਦਵਾ ਦਿੱਤੀਆਂ। ਗਸ਼ਤੀ-ਫੌਜ ਪਿੰਡ-ਪਿੰਡ ਘੁੰਮਣ ਲੱਗੀ। ਸਿੱਖਾਂ ਨੇ ਵੀ ਆਪਣੀਆਂ ਕਿਰਪਾਨਾ 'ਸਾਣ' 'ਤੇ ਲਾ ਲਈਆਂ ਤੇ ਵਾਤਾਵਰਣ ''ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਿਹ'' ਦੇ ਨਾਅਰਿਆਂ, ਜੈਕਾਰਿਆਂ ਨਾਲ ਗੂੰਜ ਉਠਿਆ। ਉਹ ਫੇਰ ਪਹਾੜਾਂ ਤੇ ਜੰਗਲਾਂ ਵੱਲ ਨਿਕਲ ਗਏ। ਰਾਹ ਵਿਚ ਪੈਂਦੇ ਸ਼ਹਿਰਾਂ ਤੇ ਕਸਬਿਆਂ ਵਿਚ ਛਾਪੇ ਮਾਰਦੇ ਰਹੇ। ਧਨ, ਹਥਿਆਰ ਤੇ ਘੋੜੇ ਲੁੱਟ ਕੇ ਲੈ ਗਏ। ਉਹ ਬਿਲਾਸਪੁਰ, ਨਾਲਾਗੜ੍ਹ ਤੇ ਸਰਮੂਰ ਦੀਆਂ ਪਹਾੜੀਆਂ ਤੇ ਲੱਖੀ ਜੰਗਲ ਵਿਚ ਜਾ ਛੁਪੇ। ਕੁਝ ਬਠਿੰਡੇ ਤੇ ਮੁਕਤਸਰ ਦੇ ਰੇਤਲੇ ਟਿੱਬਿਆਂ ਵਿਚਕਾਰ ਚਕਰਾਉਣ ਲੱਗੇ।
ਬੁੱਢਾ-ਦਲ ਮਾਝੇ ਵੱਲੋਂ ਨੱਸ ਕੇ ਮਾਲਵੇ ਵਿਚ ਚਲਾ ਗਿਆ। ਇੱਥੇ ਦੇ ਕਾਫੀ ਖਿੱਤੇ ਉਪਰ ਆਲਾ ਦਾ ਰਾਜ ਸੀ। ਉਸਦੀ ਰਾਜਧਾਨੀ ਵਿਚ ਬੁੱਢਾ-ਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇੰਜ ਉਸਦੀ ਆਪਣੀ ਸ਼ਕਤੀ ਵੀ ਵਧੀ ਤੇ ਉਸਨੇ ਸੁਨਾਮ ਤੱਕ ਆਪਣੇ ਰਾਜ ਦਾ ਵਿਸਥਾਰ ਕੀਤਾ। ਅੰਮ੍ਰਿਤਸਰ ਪਹੁੰਚ ਕੇ ਦਿਵਾਲੀ ਮਨਾਉਣ ਲਈ ਬੁੱਢਾ-ਦਲ ਫੇਰ ਮਾਝੇ ਵੱਲ ਤੁਰ ਪਿਆ। ਸਫਰ ਖਰਚ ਲਈ ਉਹਨਾਂ ਕੋਲ ਖਾਸੀ ਰਕਮ ਸੀ। ਜਦੋਂ ਉਹ ਗੋਬਿੰਦਵਾਲ ਤੇ ਤਰਨ ਤਾਰਨ ਲੰਘ ਕੇ ਅੰਮ੍ਰਿਤਸਰ ਤੋਂ ਥੋੜ੍ਹਾ ਕੁ ਦੂਰ ਬਾਸਰਕੇ ਵਿਖੇ ਰੁਕੇ ਹੋਏ ਸਨ, ਦੀਵਾਨ ਲਖਪਤ ਰਾਏ ਨੇ 7,000 ਸੈਨਿਕਾਂ ਨਾਲ ਉਹਨਾਂ ਉਪਰ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਚੂਨੀਆਂ ਵੱਲ ਭਜਾ ਦਿੱਤਾ। ਤਰੁਣਾ-ਦਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬੁੱਢਾ ਦਲ ਦੀ ਸਹਾਇਤਾ ਲਈ ਆ ਪਹੁੰਚਿਆ। ਇਹਨਾਂ ਦੋਹਾਂ ਦਲਾਂ ਨੇ ਸਾਂਝਾ ਹੱਲਾ ਬੋਲ ਕੇ ਮੁਗਲ ਸੈਨਾ ਦੇ ਛੱਕੇ ਛੁਡਾ ਦਿੱਤੇ। ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਤੇ ਜਮਾਲ ਖਾਂ ਤੇ ਤਤਾਰ ਖਾਂ ਨਾਂ ਦੇ ਦੋ ਫੌਜਦਾਰ ਵੀ ਖੇਤ ਰਹਿ ਗਏ। ਇਸ ਜਿੱਤ ਨੇ ਸਿੱਖਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਤੇ ਉਹਨਾਂ ਅੰਮ੍ਰਿਤਸਰ ਤਕ ਦੇ ਪੂਰੇ ਇਲਾਕੇ ਨੂੰ ਲੁੱਟ ਲਿਆ।
ਇਸ ਹਾਰ ਤੋਂ ਪਿੱਛੋਂ ਸਰਕਾਰ ਆਪਣੀ ਪੂਰੀ ਤਾਕਤ ਨਾਲ ਹਰਕਤ ਵਿਚ ਆ ਗਈ। ਮੁਗਲ ਸੈਨਾ ਨੇ ਹਰਿਮੰਦਰ ਸਾਹਬ ਉਪਰ ਕਬਜਾ ਕਰ ਲਿਆ ਤੇ ਅੰਮ੍ਰਿਤਸਰ ਪਹੁੰਚਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਗਸ਼ਤੀ ਫੌਜ ਦੇ ਨਾਲ ਮੁੱਕਦਮਾਂ ਤੇ ਨੰਬਰਦਾਰਾਂ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਿੱਖਾਂ ਨੂੰ ਫੜ੍ਹ-ਫੜ੍ਹ ਕੇ ਲਾਹੌਰ ਭੇਜਣ। ਸਿੱਖਾਂ ਨੂੰ ਪਨਾਹ ਦੇਣੀ ਜਾਂ ਕਿਸੇ ਕਿਸਮ ਦੀ ਮਦਦ ਦੇਣੀ ਅਪਰਾਧ ਐਲਾਨਿਆਂ ਗਿਆ ਤੇ ਸਿੱਖਾਂ ਦੇ ਸਿਰਾਂ ਲਈ ਇਨਾਮ ਦਿੱਤੇ ਜਾਣ ਲੱਗ ਪਏ। ਹਜ਼ਾਰਾਂ ਸਿੱਖ ਲਾਹੌਰ ਲਿਜਾਅ ਦੇ ਸ਼ਹੀਦ ਕੀਤੇ ਜਾਣ ਲੱਗੇ।
ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਪਰ ਕਿਸੇ ਨੇ ਵੀ ਧਰਮ ਬਦਲਣਾ ਸਵਿਕਾਰ ਨਹੀਂ ਕੀਤਾ। ਕੋਈ ਵੀ ਰੋਇਆ ਜਾਂ ਗਿੜਗਿੜਾਇਆ ਨਹੀਂ, ਬਲਕਿ ਸਾਰਿਆਂ ਨੇ, “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ” ਦੇ ਜੈਕਾਰੇ ਛੱਡਦਿਆਂ ਹੱਸ-ਹੱਸ ਕੇ ਮੌਤ ਨੂੰ ਗਲ਼ੇ ਲਾ ਲਿਆ। ਧਰਮ ਪਰਿਵਰਤਨ ਦਾ ਮਤਲਬ ਸੀ ਮਨੋਬਲ ਤੋੜਨਾ। ਸਿੰਘਾਂ ਨੇ ਸ਼ਹੀਦੀਆਂ ਦੇ ਕੇ ਕੌਮ ਦਾ ਮਨੋਬਲ ਕਾਇਮ ਰੱਖਿਆ।
ਜ਼ਕਰੀਆ ਖਾਂ ਦਾ ਜੁਲਮ ਉਹਨਾਂ ਦੇ ਇਸ ਵਿਸ਼ਵਾਸ ਨੂੰ ਡੋਲਾਉਣ ਤੋਂ ਅਸਮਰਥ ਰਿਹਾ ਕਿ ਉਹਨਾਂ ਦੀ ਸੰਸਾਰਕ ਸੰਪਤੀ, ਨਾਸ਼ਵਰ ਸਰੀਰ ਤੇ ਆਤਮਾਂ ਤਕ ਉਹਨਾਂ ਦੀ ਆਪਣੀ ਨਹੀਂ ਗੁਰੂ ਦੀ ਇਮਾਨਤ ਹੈ ਜਿਹਨਾਂ ਆਪਣਾ ਸਰਬੰਸ ਪੰਥ ਉਪਰੋਂ ਵਾਰ ਦਿੱਤਾ ਹੈ। ਇਸ ਲਈ ਪੰਥ ਖਾਤਰ ਕੀਤੀ ਹਰ ਕੁਰਬਾਨੀ ਸਦਕਾ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਮੋਕਸ਼ ਦਾ ਦਰ ਖੁੱਲ੍ਹਦਾ ਹੈ।
'ਜੋ ਲੜੇ ਦੀਨ ਕੇ ਹੇਤ' ਯੁੱਧ-ਗੀਤ ਵਿਚ ਇਹੀ ਭਾਵਨਾ ਭਰੀ ਹੋਈ ਹੈ, ਜਿਸ ਨਾਲ ਆਤਕ-ਬਲ ਪ੍ਰਾਪਤ ਹੁੰਦਾ ਹੈ।
ਭਾਈ ਮਨੀ ਸਿੰਘ ਸਹਿਜ-ਸੁਭਾਅ ਦੇ ਹਰਮਨ-ਪਿਆਰੇ ਤੇ ਵਿਦਵਾਨ ਆਦਮੀ ਸਨ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਅੰਮ੍ਰਿਤ ਛਕ ਕੇ ਸਿੱਖ ਸਜਨ ਦਾ ਮਾਣ ਪ੍ਰਾਪਤ ਸੀ। ਉਹ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਉਹਨਾਂ ਨੂੰ ਵੀ ਗਿਰਫ਼ਤਾਰ ਕਰਕੇ ਲਾਹੌਰ ਪਹੁੰਚਾ ਦਿੱਤਾ ਗਿਆ ਸੀ। ਜਦੋਂ ਉਹਨਾਂ ਧਰਮ ਬਦਲਣ ਤੋਂ ਇਨਕਾਰ ਕੀਤਾ ਸੀ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਨਾਲ ਸਿੱਖਾਂ ਵਿਚ ਜਬਰਦਸਤ ਰੋਸ ਫੈਲ ਗਿਆ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਤੇ ਬੰਦਾ ਬਹਾਦਰ ਦੇ ਨਾਲ ਭਾਈ ਮਨੀ ਸਿੰਘ ਦਾ ਨਾਂ ਵੀ ਅਰਦਾਸ ਵਿਚ ਸ਼ਾਮਲ ਹੋ ਗਿਆ। ਤੇ ਉਹਨਾਂ ਦੀ ਸ਼ਹਾਦਤ ਦੇ ਜ਼ਿੰਮੇਵਾਰ ਜ਼ਕਰੀਆ ਖਾਂ ਤੇ ਉਸਦੇ ਸਹਾਇਕ ਸੱਯਦ ਖਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਲਿਆ ਗਿਆ।
ਜ਼ਕਰੀਆ ਖਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜਾ ਕਰਕੇ ਫੌਜਦਾਰ ਰਹਿਮਾਨ ਖਾਂ ਨੂੰ ਤਾਇਨਾਤ ਕਰ ਦਿੱਤਾ ਤਾਂ ਕਿ ਕੋਈ ਸਿੱਖ ਉੱਥੇ ਨਾ ਆ ਸਕੇ। ਉਸਦਾ ਖਿਆਲ ਸੀ ਕਿ ਹਰਿਮੰਦਰ ਦੇ ਦਰਸ਼ਨਾਂ ਤੇ ਸਰੋਵਰ ਵਿਚ ਇਸ਼ਨਾਨ ਸਦਕਾ ਹੀ ਸਿੱਖਾਂ ਦਾ ਬਲ, ਉਤਸਾਹ ਤੇ ਹੌਂਸਲਾ ਪ੍ਰਬਲ ਹੁੰਦਾ ਹੈ। ਪਰ ਭਾਈ ਕਪੂਰ ਸਿੰਘ ਦੀ ਅਗਵਾਨੀ ਵਿਚ ਸਿੱਖ ਸੂਰਮਿਆਂ ਨੇ ਅੰਮ੍ਰਿਤਸਰ ਸਰੋਵਰ ਵਿਚ ਟੁੱਭੀ ਲਾਉਣ ਦੇ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਿਆ। ਸਾਹਸੀ ਗੁਰੀਲੇ ਕਦੀ ਭੇਸ ਬਦਲ ਕੇ ਤੇ ਕਦੀ ਖੁੱਲ੍ਹੇ-ਆਮ ਆਉਂਦੇ ਤੇ ਸਰੋਵਰ ਵਿਚ ਟੁੱਭੀ ਲਾ ਕੇ ਚਲੇ ਜਾਂਦੇ। ਇਕ ਵਾਰੀ ਮਾੜੀ ਕੰਬੋ ਦਾ ਭਰਾ ਸੁੱਖਾ ਸਿੰਘ ਤੇ ਭਾਈ ਮਨੀ ਸਿੰਘ ਦਾ ਭਤੀਜਾ ਬਾਜ ਸਿੰਘ ਯਕਦਮ ਆਏ, ਸਰੋਵਰ ਵਿਚ ਟੁੱਭੀ ਲਾਈ ਤੇ ਆਪਣੇ ਘੋੜਿਆਂ ਉਪਰ ਸਵਾਰ ਹੋ ਕੇ ਭੱਜ ਨਿਕਲੇ। ਅਬਦੁੱਲ ਰਹਿਮਾਨ ਨੇ ਇਹ ਸੋਚਿਆ ਕਿ ਸਿਰਫ ਦੋ ਹੀ ਆਦਮੀ ਹਨ, ਆਪਣੇ ਕੁਝ ਸਿਪਾਹੀਆਂ ਨਾਲ ਉਹਨਾਂ ਦਾ ਪਿੱਛਾ ਕੀਤਾ ਪਰ ਹਰਿਮੰਦਰ ਸਾਹਿਬ ਦੇ ਬਾਹਰ ਚਾਰ-ਪੰਜ ਸੌ ਸਿੱਖ ਸਵਾਰ ਉਹਨਾਂ ਦੀ ਉਡੀਕ ਕਰ ਰਹੇ ਸਨ। ਸੁੱਖਾ ਸਿੰਘ ਤੇ ਬਾਜ ਸਿੰਘ ਆਪਣੇ ਇਹਨਾਂ ਸਾਥੀਆਂ ਨਾਲ ਆ ਮਿਲੇ। ਅਬਦੁੱਲ ਰਹਿਮਾਨ ਨੂੰ ਪਿੱਛੇ ਨੱਸ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਉਹ ਤੇ ਉਸਦੇ ਸੈਨਕ ਸਿੱਖਾਂ ਨਾਲ ਹੋਏ ਮੁੱਠ-ਭੇੜ ਵਿਚ ਮਾਰੇ ਗਏ।
ਜਦੋਂ ਜ਼ਕਰੀਆ ਖਾਂ ਨੂੰ ਇਸ ਘਟਨਾ ਦੀ ਖੁਬਰ ਮਿਲੀ ਤਾਂ ਉਸਨੇ ਸੱਯਦ ਖਾਂ ਦੀ ਕਮਾਂਡ ਵਿਚ ਇਕ ਵੱਡੀ ਸੈਨਾ ਨਵਾਬ ਕਪੂਰ ਸਿੰਘ ਦੀ ਭਾਲ ਵਿਚ ਭੇਜ ਦਿੱਤੀ। ਸੱਯਦ ਖਾਂ ਦੀ ਇਹ ਆਦਤ ਸੀ ਕਿ ਉਹ ਆਪ ਪਿੱਛੇ ਰਹਿੰਦਾ ਸੀ ਤੇ ਆਪਣੇ ਅਧੀਨ ਅਫਸਰਾਂ ਨੂੰ ਅੱਗੇ ਰੱਖਦਾ ਸੀ। ਭਾਈ ਕਪੂਰ ਸਿੰਘ ਨੇ ਅਜਿਹੀ ਚਾਲ ਚੱਲੀ, ਜਿਸ ਨਾਲ ਖੁਦ ਸੱਯਦ ਖਾਂ ਸਾਹਮਣੇ ਆ ਗਿਆ। ਭਾਈ ਕਪੂਰ ਸਿੰਘ ਨੇ ਆਪਣੇ ਗੁਰੀਲੇ ਸਾਥੀਆਂ ਨੂੰ ਦੋ ਟੁਕੜੀਆਂ ਵਿਚ ਵੰਡਿਆ। ਇਕ ਟੁਕੜੀ ਨੂੰ ਦੁਸ਼ਮਨ ਨਾਲ ਲੜਨ ਲਈ ਭੇਜ ਦਿੱਤਾ ਤੇ ਦੂਜੀ ਟੁਕੜੀ, ਜਿਸ ਦੀ ਕਮਾਨ ਉਹ ਆਪ ਕਰ ਰਹੇ ਸਨ, ਝੜੀਆਂ ਵਿਚ ਘਾਤ ਲਾ ਕੇ ਬੈਠ ਗਈ। ਕੁਝ ਚਿਰ ਲੜਨ ਤੋਂ ਬਾਅਦ ਪਹਿਲੀ ਟੁਕੜੀ ਨੇ ਸੋਚੀ-ਸਮਝੀ ਯੋਜਨਾ ਅਨੁਸਾਰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਸੱਯਦ ਖਾਂ ਨੂੰ ਲੱਗਿਆ ਕਿ ਸਿੱਖ ਭੱਜ ਰਹੇ ਨੇ ਤੇ ਉਹ ਜੋਸ਼ ਵਿਚ ਆ ਕੇ ਉਹਨਾਂ ਦਾ ਪਿੱਛਾ ਕਰਨ ਲਈ ਅੱਗੇ ਵਧ ਆਇਆ। ਇਹੀ ਭਾਈ ਕਪੂਰ ਸਿੰਘ ਚਾਹੁੰਦੇ ਸਨ। ਉਹਨਾਂ ਦੀ ਕਮਾਨ ਵਿਚ ਘਾਤ ਲਾ ਕੇ ਬੈਠੀ ਟੁਕੜੀ ਨੇ ਸੱਯਦ ਖਾਂ ਨੂੰ ਆਣ ਦਬੋਚਿਆ। ਉਸਨੂੰ ਫੜ ਕੇ ਚਾਰ ਘੋੜਿਆਂ ਪਿੱਛੇ ਬੰਨ੍ਹ ਲਿਆ ਗਿਆ। ਘੋੜੇ ਦੌੜਾਏ ਤਾਂ ਸੱਯਦ ਖਾਂ ਉਹਨਾਂ ਦੇ ਪਿੱਛੇ ਘਸੀਟੇ ਖਾਂਦਿਆਂ ਹੋਇਆਂ ਦਮ ਤੋੜ ਗਿਆ।
ਇਹ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਸੀ, ਪਰ ਮੁੱਖ ਅਪਰਾਧੀ ਜ਼ਕਰੀਆਂ ਖਾਂ ਅਜੇ ਵੀ ਜਿਉਂਦਾ ਸੀ। ਉਹ ਸਿੱਖਾਂ ਦੇ ਭੈ ਕਾਰਨ ਕਿਲੇ ਵਿਚ ਲੁਕਿਆ ਰਹਿੰਦਾ ਸੀ ਤੇ ਬਾਹਰ ਨਿਕਲਣ ਦਾ ਸਾਹਸ ਨਹੀਂ ਸੀ ਕਰਦਾ। ਨਵਾਬ ਕਪੂਰ ਸਿੰਘ ਨੇ ਸੂਹੀਏ ਛੱਡੇ ਹੋਏ ਸਨ, ਜਿਹੜੇ ਉਸਦੀਆਂ ਗਤੀਵਿਧੀਆਂ ਦੀ ਖਬਰ ਦਿੰਦੇ ਰਹਿੰਦੇ ਸਨ। ਇਕ ਵਾਰੀ ਇਹ ਖਬਰ ਆਈ ਜ਼ਕਰੀਆ ਖਾਂ ਜੁਮੇਂ (ਸ਼ੁਕਰਵਾਰ) ਦੀ ਨਮਾਜ ਪੜ੍ਹਨ ਲਾਹੌਰ ਦੀ ਸ਼ਾਹੀ ਮਸਜਦ ਵਿਚ ਜਾਏਗਾ। ਨਵਾਬ ਕਪੂਰ ਸਿੰਘ ਨੇ ਦੋ ਹਜ਼ਾਰ ਮੰਨੇ ਹੋਏ ਗੁਰੀਲੇ ਨਾਲ ਲਏ। ਉਹ ਸਾਰੇ ਉਚ ਵਰਗ ਦੇ ਮੁਸਲਿਮ ਮੁਰੀਦਾਂ ਦੇ ਭੇਸ ਵਿਚ ਸਨ। ਹਰੇ ਰੰਗ ਦੇ ਬਸਤਰ, ਲੰਮੇ-ਲੰਮੇ ਵਾਲ ਪਿੱਛੇ ਵੱਲ ਲਹਿਰਾਉਂਦੇ ਹੋਏ ਤੇ ਅੱਗੇ-ਅੱਗੇ ਹੈਦਰੀ-ਝੰਡਾ। ਉਹਨਾਂ ਨੇ 'ਅੱਲਾ ਹੂ ਅਕਬਰ' ਦੇ ਨਾਅਰੇ ਲਾਉਂਦਿਆਂ ਹੋਇਆਂ ਸ਼ਹਿਰ ਵਿਚ ਪ੍ਰਵੇਸ਼ ਕੀਤਾ। ਸਬੱਬ ਨਾਲ ਜ਼ਕਰੀਆ ਖਾਂ ਬਿਮਾਰ ਹੋ ਗਿਆ ਤੇ ਮਸਜਦ ਵਿਚ ਨਹੀਂ ਆਇਆ। ਇਸ ਨਾਲ ਸਿੱਖਾਂ ਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ, ਪਰ ਉਹਨਾਂ ਆਪਣਾ ਅਸਲੀ ਰੂਪ ਵੀ ਜਾਹਰ ਕਰ ਦਿੱਤਾ¸ ਉਹ 'ਬੋਲੇ ਸੋ ਨਿਹਾਲ, ਸਤ ਸ੍ਰੀ ਆਕਾਲ' ਦੇ ਜੈਕਾਰੇ ਗਜਾਉਂਦੇ ਸ਼ਹਿਰ ਵਿਚੋਂ ਨਿਕਲੇ ਤੇ ਜੰਗਲਾਂ ਵੱਲ ਹੋ ਲਏ।
ਇਸ ਪਿੱਛੋਂ ਨਵਾਬ ਕਪੂਰ ਸਿੰਘ ਨੇ ਮਾਲਵੇ ਵੱਲ ਕੂਚ ਕੀਤਾ। ਸਤਲੁਜ ਪਾਰ ਕਰਕੇ ਉਹ ਦਿੱਲੀ ਵੱਲ ਵਧੇ। ਰਸਤੇ ਵਿਚ ਝੱਜਰ, ਦਾਦਰੀ ਤੇ ਪਟੌਦੀ ਦੇ ਮੁਗਲ ਫੌਜਦਾਰਾਂ ਤੋਂ ਖਿਰਾਜ (ਟੈਕਸ) ਵਸੂਲਿਆ। ਫਰੀਦਾਬਾਦ, ਬਲੱਭਗੜ੍ਹ ਤੇ ਗੁੜਗਾਂਵ ਦੇ ਪੂਰੇ ਇਲਾਕੇ ਨੂੰ ਲੁੱਟਿਆ ਤੇ ਫੇਰ ਜੰਗਲ ਵਿਚ ਪਰਤ ਆਏ।
ਇਹਨਾਂ ਸਾਰੀਆਂ ਮੁਹਿੰਮਾਂ ਵਿਚ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਦੀ ਸੱਜੀ ਬਾਂਹ ਸੀ। ਉਸਦੀ ਉਮਰ ਹੁਣ ਅਠਾਰਾਂ-ਉੱਨੀਂ ਵਰ੍ਹਿਆਂ ਦੀ ਸੀ। ਕੱਦ ਛੇ ਫੁੱਟ ਤਿੰਨ ਇੰਚ, ਦਾੜ੍ਹੀ-ਮੁੱਛਾਂ ਵੀ ਆ ਗਈਆਂ ਸਨ, ਜਿਸ ਕਰਕੇ ਚਿਹਰਾ ਭਰਿਆ-ਭਰਿਆ ਲੱਗਣ ਲੱਗ ਪਿਆ ਸੀ ਤੇ ਵਿਅਕਤੀਤੱਵ ਵਿਚ ਵੀ ਨਿਖਾਰ ਆ ਗਿਆ ਸੀ। ਉਹ ਯੁੱਧ-ਕਲਾ ਵਿਚ ਮਾਹਰ, ਇਕ ਕੁਸ਼ਲ ਤੇ ਨਿੱਡਰ ਯੋਧਾ ਬਣ ਚੁੱਕਿਆ ਸੀ।
ਜਦੋਂ ਇਹ ਸੰਘਰਸ਼ ਚਲ ਰਿਹਾ ਸੀ, ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ।
ਜ਼ਕਰੀਆ ਖਾਂ ਨੇ ਦੂਹਰੀ ਨੀਤੀ ਅਪਣਾਈ। ਜਿੱਥੇ ਉਹ ਸਿੱਖਾਂ ਨੂੰ ਮਿਟਾਅ ਦੇਣ 'ਤੇ ਤੁਲਿਆ ਹੋਇਆ ਸੀ, ਉੱਥੇ ਉਹ ਸਿੱਖਾਂ ਹੱਥੋਂ ਲੁੱਟੇ ਜਾਣ ਵਾਲਿਆਂ ਨੂੰ ਰਾਹਤ (ਸਹਾਇਤਾ) ਵੀ ਦਿੰਦਾ ਸੀ ਤਾਂ ਕਿ ਸਿੱਖਾਂ ਵਿਰੁੱਧ ਉਹਨਾਂ ਦਾ ਸਹਿਯੋਗ ਪ੍ਰਾਪਤ ਹੋਏ। ਜਿਹੜੇ ਲੋਕ ਸਿੱਖਾਂ ਦੇ ਘਰ ਬਰਬਾਦ ਕਰਦੇ ਤੇ ਲੁੱਟਦੇ ਸਨ, ਉਹਨਾਂ ਨੂੰ ਲੁੱਟ ਦਾ ਮਾਲ ਆਪਣੇ ਕੋਲ ਰੱਖਣ ਦੀ ਛੋਟ ਸੀ। ਮਤਲਬ ਇਹ ਕਿ ਕਾਨੂੰਨ ਤੇ ਵਿਵਸਥਾ ਸਿੱਖਾਂ ਦੁਆਰਾ ਹੀ ਨਹੀਂ, ਖੁਦ ਸਰਕਾਰ ਦੁਆਰਾ ਵੀ ਭੰਗ ਹੋ ਰਹੀ ਸੀ। ਅਮਨ ਬਹਾਲ ਹੋਣ ਦੇ ਬਜਾਏ ਅਰਾਜਕਤਾ ਤੇ ਹਿੰਸਾ ਵਧ ਰਹੀ ਸੀ। ਖੇਤੀਬਾੜੀ, ਵਪਾਰ, ਦਸਤਕਾਰੀ ਸਾਰੇ ਧੰਦੇ ਚੌਪਟ ਹੋ ਚੁੱਕੇ ਸਨ। ਵਿਧਵਾ ਔਰਤਾਂ, ਅਨਾਥ ਬੱਚਿਆਂ, ਬੇਰੁਜ਼ਗਾਰਾਂ ਤੇ ਭੁੱਖੇ ਮਰਨ ਵਾਲਿਆਂ ਦੀ ਗਿਣਤੀ ਏਨੀ ਵਧ ਗਈ ਸੀ ਕਿ 'ਦੇਅ ਅੱਲਾ ਦੇ ਨਾਮ, ਕੁਝ ਦੇ-ਦੇ ਬਾਬਾ' ਦੀਆਂ ਸਦਾਵਾਂ ਲਾਉਣ ਵਾਲੇ ਫਕੀਰਾਂ-ਭਿਖਾਰੀਆਂ ਦੀਆਂ ਅਣਗਿਣਤ ਟੋਲੀਆਂ ਇਧਰ-ਉਧਰ ਘੁੰਮਦੀਆਂ ਨਜ਼ਰ ਆਉਂਦੀਆਂ। ਇਹਨਾਂ ਫਕੀਰਾਂ ਤੇ ਭਿਖਾਰੀਆਂ ਦੇ ਭੇਸ ਵਿਚ ਸਿੱਖਾਂ ਤੇ ਸਰਕਾਰ ਦੇ ਜਸੂਸ ਵੀ ਹੁੰਦੇ ਸਨ, ਜਿਹੜੇ ਆਪਣੇ-ਆਪਣੇ ਠਿਕਾਣਿਆਂ ਉਪਰ ਦੁਸ਼ਮਣ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਪਹੁੰਚਾਉਂਦੇ ਸਨ।
ਜਗ੍ਹਾ-ਜਗ੍ਹਾ ਤਕੀਏ ਤੇ ਡੇਰੇ ਬਣ ਗਏ ਸਨ, ਜਿੱਥੇ ਬੇਘਰੇ ਲੋਕਾਂ ਨੂੰ ਠਿਕਾਣਾ ਮਿਲਦਾ ਸੀ। ਇਹ ਤਕੀਏ ਤੇ ਡੇਰੇ ਆਮ ਤੌਰ 'ਤੇ ਸੂਫੀਮਤ ਦੇ ਪੈਰੋਕਾਰ ਪੀਰਾਂ-ਫਕੀਰਾਂ ਵੱਲੋਂ ਬਣਾਏ ਗਏ ਸਨ, ਜਿਹੜੇ ਦੀਨ-ਦੁਖੀਆਂ ਨਾਲ ਸੱਚਮੁੱਚ ਹਮਦਰਦੀ ਕਰਦੇ ਸਨ ਤੇ ਜਿਹਨਾਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਸ਼ਰਧਾ ਵੀ ਸੀ। ਉਹ ਇਹਨਾਂ ਤਕੀਆਂ ਤੇ ਡੇਰਿਆਂ ਵਿਚ ਮਕਤਬ (ਸਕੂਲ) ਵੀ ਚਲਾਉਂਦੇ ਸਨ, ਜਿਹਨਾਂ ਵਿਚ ਅਰਬੀ, ਫਾਰਸੀ ਤੇ ਸੂਫੀਵਾਦ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਕ ਅਜਿਹਾ ਹੀ ਤਕੀਆ ਅੰਮ੍ਰਿਤਸਰ ਤੇ ਲਾਹੌਰੇ ਦੇ ਵਿਚਕਾਰ ਵੀ ਸਥਾਪਤ ਕੀਤਾ ਗਿਆ ਸੀ, ਜਿਸ ਨੂੰ ਮੌਲਵੀ ਜਹੀਰ ਬਖ਼ਸ਼ ਚਲਾਉਂਦੇ ਸਨ। ਇਸ ਤਕੀਏ ਵਿਚ ਅਰਬੀ, ਫਾਰਸੀ ਪੜ੍ਹਾਉਣ ਦੇ ਨਾਲ-ਨਾਲ ਯਤੀਮ ਬੱਚਿਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਸੀ। ਇਹਨਾਂ ਤਕੀਆਂ ਵਿਚ ਉਹਨਾਂ ਹਿੰਦੂ-ਜਾਟਾਂ ਤੇ ਸਿੱਖਾਂ ਦੇ ਬੱਚੇ ਵੀ ਸਨ ਜਿਹਨਾਂ ਦੇ ਘਰ-ਬਾਰ ਉੱਜੜ ਚੁੱਕੇ ਸਨ ਜਾਂ ਜਿਹਨਾਂ ਦੇ ਘਰਵਾਲੇ ਗੁਰੀਲਿਆਂ ਨਾਲ ਜਾ ਰਲੇ ਸਨ¸ ਉਹਨਾਂ ਨੂੰ ਸਾਈਂ ਜਹੀਰ ਬਖ਼ਸ਼ ਭੇਸ ਬਦਲ ਕੇ ਜਾਸੂਸੀ ਕਰਨ ਦੀ ਸਿੱਖਿਆ ਵੀ ਦਿੰਦੇ ਸਨ ਤੇ ਉਹ ਵੱਡੇ ਹੋ ਕੇ ਗੁਰੀਲਿਆਂ ਨਾਲ ਜਾ ਰਲਦੇ ਸਨ।
ਮੌਲਵੀ ਜਹੀਰ ਬਖ਼ਸ਼ ਦਾ ਅਸਲੀ ਨਾਂ ਬਾਬਾ ਗੁਰਬਖ਼ਸ਼ ਸਿੰਘ ਸੀ। ਉਸ ਲਗਭਗ ਸੱਤਰ ਵਰ੍ਹਿਆਂ ਦੇ ਸਨ। ਉਹ ਸਿਰਫ ਭੇਖ ਦੇ ਹੀ ਮੁਸਲਮਾਨ ਨਹੀਂ ਸਨ, ਬਲਕਿ ਅਰਬੀ, ਫਾਰਸੀ ਤੇ ਸੂਫੀਵਾਦ ਦੇ ਵਿਦਵਾਨ ਵੀ ਸਨ। ਪੰਜੇ ਵੇਲੇ ਨਮਾਜ ਪੜ੍ਹਦੇ ਸਨ ਤੇ ਕੁਰਾਨ ਸ਼ਰੀਫ਼ ਦੀ ਤਲਾਵਤ ਕਰਦੇ ਸਨ। ਉਹਨਾਂ ਉੱਤੇ ਸਿੱਖ ਹੋਣ ਦਾ ਸ਼ੱਕ ਪੈਣ ਦੀ ਬਿਲਕੁਲ ਹੀ ਸੰਭਾਵਨਾ ਨਹੀਂ ਸੀ। ਇਸੇ ਤਰ੍ਹਾਂ ਦੇ ਦਸ-ਬਾਰਾਂ ਮਕਤਬ, ਅਲੱਗ-ਅਲੱਗ ਥਾਵਾਂ ਉਪਰ, ਹੋਰ ਵੀ ਸਨ ਜਿਹਨਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਵਰਗੇ ਚਿੱਤ-ਲਗਦੇ ਮੌਲਵੀ ਹੀ ਚਲਾਉਂਦੇ ਸਨ। ਉਹਨਾਂ ਵਿਚ ਸਿੱਖ ਬੱਚਿਆਂ ਦੀ ਪੜ੍ਹਾਈ-ਸਿਖਲਾਈ ਹੁੰਦੀ ਸੀ।
ਇਹ ਇਕ ਅਜਿਹਾ ਵਚਿੱਤਰ ਯੁੱਗ ਸੀ, ਜਿਸ ਵਿਚ ਇਤਿਹਾਸ ਤੇ ਮਿਥਿਹਾਸ ਦਾ ਅੰਤਰ ਮਿਟ ਗਿਆ ਸੀ। ਜਿਸ ਵਿਚ ਇਹੋ ਜਿਹੇ ਵਿਅੱਕਤੀ ਪੈਦਾ ਹੋਏ ਤੇ ਅਜਿਹੀਆਂ-ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਹਨਾਂ ਨੂੰ ਪੜ੍ਹ-ਸੁਣ ਕੇ ਅਕਲ ਚਕਰਾਉਣ ਲੱਗ ਪੈਂਦੀ ਹੈ। ਇਸੇ ਯੁੱਗ ਵਿਚ ਇਕ ਅਜਿਹਾ ਅਦਭੁਤ ਫਕੀਰ ਪੈਦਾ ਹੋਇਆ, ਜਿਸ ਨੇ ਲਾਹੌਰ ਵਿਚ ਮੁਜਰਾ ਕਰਨ ਵਾਲੀਆਂ ਵੇਸਵਾਵਾਂ ਦੀ ਚਾਕਰੀ ਕਰਕੇ ਨੱਚਣ ਤੇ ਗਾਉਣ ਦੀ ਕਲਾ ਸਿੱਖੀ। ਖ਼ੁਦਾ ਨੂੰ ਆਪਣਾ ਪਤੀ ਮੰਨ ਕੇ ਖ਼ੁਦ ਉਸਦੀ ਪ੍ਰੇਮਕਾ ਬਣ ਗਿਆ। ਉਹ ਮਸਤੀ ਵਿਚ ਨੱਚਦਾ ਤੇ ਗਾਉਂਦਾ...:
'ਕੀ ਪੁੱਛਦਾਏਂ ਜਾਤ ਸਿਫਾਤ ਮੇਰੀ,
ਓਹੋ ਆਦਮ ਵਾਲੀ ਜਾਤ ਮੇਰੀ।
ਮੈਨੂੰ ਇਸ਼ਕ ਹੁਲਾਰੇ ਦੇਂਦਾ,
ਮੂੰਹ ਚੜ੍ਹਿਆ ਯਾਰ ਬੁਲੇਂਦਾ।
ਕਿਤੇ ਸ਼ੀਆ ਹੈ ਕਿਤੇ ਸੁਨੀਂ ਹੈ,
ਕਿਤੇ ਜਟਾਧਾਰੀ ਕਿਤੇ ਮੁਨੀਂ ਹੈ।
ਮੇਰੀ ਸਭ ਤੋਂ ਫਾਰਗ ਕੰਨੀਂ ਹੈ,
ਜੋ ਕਹਾਂ ਸੋ ਯਾਰ ਮਨੇਂਦਾ
ਮੈਨੂੰ ਇਸ਼ਕ ਹੁਲਾਰੇ ਦੇਂਦਾ।'
ਲੋਕ ਉਸਦੇ ਦੁਆਲੇ ਇਕੱਠੇ ਹੋ ਜਾਂਦੇ। ਉਸੇ ਵਾਂਗ ਝੂੰਮਦੇ ਤੇ ਗਾਉਂਦੇ। ਧਰਮ, ਜਾਤ ਤੇ ਸੰਪਰਦਾਏ ਦਾ ਫਰਕ ਮਿਟ ਜਾਂਦਾ। ਜਿਸ ਧਰਤੀ ਉਪਰ ਮੌਤ ਮੰਡਲਾ ਰਹੀ ਸੀ ਤੇ ਹਰ ਪਾਸੇ ਆਹਾਂ ਤੇ ਕਰਾਹਾਂ ਸੁਣਾਈ ਦਿੰਦੀਆਂ ਸਨ, ਉਸੇ ਧਰਤੀ ਉਪਰ ਉਹ ਨੱਚਦਾ ਗਾਉਂਦਾ ਤੇ ਜਿੰਦਗੀ ਦਾ ਜਸ਼ਨ ਮਨਾਉਂਦਾ ਹੋਇਆ ਦਿਖਾਈ ਦਿੰਦਾ ਸੀ।
ਇਸ ਅਦਭੁਤ ਫਕੀਰ ਦਾ ਨਾਂ ਸੀ ਬੁੱਲ੍ਹੇਸ਼ਾਹ। ਹਜਰਤ ਬੁੱਲ੍ਹੇਸ਼ਾਹ ਇਕ ਮਸ਼ਹੂਰ ਸ਼ਾਇਰ ਜਿਸ ਦੀ ਮੌਤ 1933 ਵਿਚ ਹੋ ਗਈ, ਪਰ ਉਸਦੀਆਂ ਕਾਫੀਆਂ ਅੱਜ ਵੀ ਜਿਉਂਦੀਆਂ ਨੇ, ਜਿਹੜੀਆਂ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਨੇ। ਇਕ ਕਾਫੀ ਦੇ ਬੋਲ ਨੇ…:
ਇਕ ਨੁਕਤੇ ਵਿਚ ਗੱਲ ਮੁਕਦੀ ਹੈ
ਫੜ ਨੁਕਤਾ ਛੱਡ ਕਿਤਾਬਾਂ ਨੂੰ।'
ਜਦੋਂ ਜ਼ਕਰੀਆ ਖਾਂ ਅਤੇ ਸਿੱਖਾਂ ਵਿਚਾਲੇ ਮੌਤ ਤੇ ਜ਼ਿੰਦਗੀ ਦਾ ਸੰਘਰਸ਼ ਚੱਲ ਰਿਹਾ ਸੀ, ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ ਸੀ। ਇਸ ਨਾਲ ਜੋ ਉਲਟ-ਪਲਟ ਹੋਈ ਉਸਦਾ ਸਿੱਖਾਂ ਦੀ ਸੰਗਠਤ ਸ਼ਕਤੀ ਨੇ ਪੂਰਾ ਲਾਭ ਉਠਾਇਆ। ਹੁਣ ਉਹਨਾਂ ਕੋਲ ਨਵਾਬ ਕਪੂਰ ਸਿੰਘ, ਬਾਘ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਗ ਤੇ ਪ੍ਰਭਾਵਸ਼ਾਲੀ ਨੇਤਾ ਸਨ। ਉਹ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਮੈਦਾਨਾਂ ਵਿਚ ਆ ਗਏ ਤੇ ਉਹਨਾਂ ਨੇ ਲਾਹੌਰ ਤੋਂ ਲੈ ਕੇ ਸ਼ਿਵਾਲਕ ਦੀ ਤਲਹਟੀ ਤਕ, ਰਚਨਾ ਦੁਆਬੇ ਤੋਂ ਬਾਰੀ ਦੁਆਬੇ ਤਕ ਦੇ ਪੂਰੇ ਇਲਾਕੇ ਉਪਰ ਆਪਣਾ ਕਬਜਾ ਕਰ ਲਿਆ। ਅੰਮ੍ਰਿਤਸਰ ਉਹਨਾਂ ਦਾ ਪ੍ਰਮੁੱਖ ਤੇ ਸਰਬਉਚ ਸਥਾਨ ਸੀ। ਉੱਥੇ ਉਹਨਾਂ ਰਾਵੀ ਦੇ ਕੰਢੇ ਡੱਲੇਵਾਲ ਦੇ ਸੰਘਣੇ ਜੰਗਲ ਵਿਚ ਕਿਲਾ ਬਣਾਇਆ, ਇਸ ਦੇ ਆਸੇ-ਪਾਸੇ ਅੰਨ ਤੇ ਪੱਠੇ-ਦੱਥੇ ਉਗਾਉਣ ਲਈ ਉਪਜਾਊ ਜ਼ਮੀਨ ਸੀ। ਜੰਗਲਾਂ ਜਾਂ ਪਹਾੜਾਂ ਵਿਚ ਛੁਪਣ ਦੇ ਬਜਾਏ ਹੁਣ ਉਹ ਇਸ ਕਿਲੇ ਵਿਚ ਪਨਾਹ ਲੈ ਸਕਦੇ ਸਨ¸ ਅਮੀਰਾਂ ਤੇ ਜ਼ਿੰਮੀਦਾਰਾਂ ਨੂੰ ਲੁੱਟ ਕੇ ਜਿਹੜਾ ਸਾਮਾਨ ਹੱਥ ਲੱਗਦਾ ਸੀ, ਉਸਨੂੰ ਇੱਥੇ ਰੱਖ ਸਕਦੇ ਸਨ।
ਇੱਥੋਂ ਦਾ ਪ੍ਰਬੰਧਕ ਬਾਘ ਸਿੰਘ ਆਹਲੂਵਾਲੀਆ ਸੀ। ਉਸ ਦਾ ਭਾਣਜਾ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਸੋਹਣਾ-ਸੁਣੱਖਾ, ਸਾਹਸੀ ਜਵਾਨ ਬਣ ਚੁੱਕਿਆ ਸੀ, ਸਾਰੇ ਮਾਮਲਿਆਂ ਵਿਚ ਆਪਣੇ ਮਾਮੇ ਦਾ ਸਹਾਇਕ ਤੇ ਸਲਾਹਕਾਰ ਸੀ। ਬੁੱਢਾ-ਦਲ ਤੇ ਤਰੁਣਾ-ਦਲ ਦੇ ਸਾਰੇ ਜੱਥੇਦਾਰ ਉਸਦੀ ਆਗਿਆ ਦਾ ਪਾਲਣ ਕਰਦੇ ਸਨ।
ਨਾਦਰ ਸ਼ਾਹ ਦੇ ਹੱਥੋਂ ਮੁਗਲਾਂ ਦੀ ਹਾਰ ਉਪਰ ਲੋਕ ਖੁਸ਼ ਸਨ। ਸਿੱਖ ਰਾਜ ਨੂੰ ਉਹ ਆਪਣਾ ਰਾਜ ਸਮਝਦੇ ਸਨ। ਵਰ੍ਹਿਆਂ ਦੀ ਗ਼ੁਲਾਮੀ ਦਾ ਜੂਲਾ ਮੋਢਿਆਂ ਤੋਂ ਉਤਰਿਆ ਸੀ। ਹੁਣ ਉਹ ਧੌਣ ਉਚੀ ਕਰਕੇ ਤੁਰ ਸਕਦੇ ਸਨ। ਜੱਸਾ ਸਿੰਘ ਆਹਲੂਵਾਲੀਆ ਜਿਸ ਦੀ ਰਾਹਨੁਮਾਈ ਵਿਚ ਸਿੱਖ ਯੋਧਿਆਂ ਨੇ ਨਾਦਰ ਸ਼ਾਹ ਨੂੰ ਲੁੱਟਿਆ ਸੀ ਤੇ ਬੰਦੀ ਬਣਾਏ ਹੋਏ ਮਰਦ-ਔਰਤਾਂ ਨੂੰ ਮੁਕਤ ਕਰਵਾ ਕੇ ਘਰੋ-ਘਰੀ ਪਹੁੰਚਾਇਆ ਸੀ। ਇਹਨਾਂ ਗੱਲਾਂ ਕਾਰਨ ਉਹਨਾਂ ਦਾ ਮਾਣ-ਆਦਰ ਹੋਰ ਵੀ ਵਧ ਗਿਆ ਸੀ ਤੇ ਉਹ ਲੋਕ ਨਾਇਕ ਬਣ ਗਏ ਸਨ¸ ਉਹਨਾਂ ਦੀ ਬਹਾਦਰੀ ਦੇ ਸੱਚੇ-ਝੂਠੇ ਕਿੱਸੇ ਹਰੇਕ ਦੀ ਜ਼ਬਾਨ 'ਤੇ ਸਨ। ਲੋਕੀਂ ਸੱਥਾਂ ਵਿਚ ਇਕੱਠੇ ਹੁੰਦੇ ਤਾਂ ਗੱਲਾਂ ਚੱਲਦੀਆਂ..:
“ਤੈਂ ਜੱਸਾ ਸਿੰਘ ਨੂੰ ਦੇਖਿਆ ਏ ?”
“ਦੇਖਿਆ ਤਾਂ ਨਹੀਂ, ਪਰ ਸੁਣਿਆਂ ਏਂ, ਦਰਸ਼ਨੀ-ਜਵਾਨ ਏਂ। ਲੰਮਾ-ਉਚਾ ਕੱਦ ਤੇ ਹੱਥ ਗੋਡਿਆਂ ਤੋਂ ਥੱਲੇ ਤੀਕ ਜਾਂਦੇ ਨੇ।”
“ਗੁਰੂ ਗੋਬਿੰਦ ਸਿੰਘ ਦਾ ਅਵਤਾਰ ਐ ਜੀ। ਯੁੱਧ ਵਿਚ ਉਸ ਦਾ ਘੋੜਾ ਦੁਸ਼ਮਣ ਦੀ ਛਾਤੀ 'ਤੇ ਜਾ ਚੜ੍ਹਦੈ ਤੇ ਤਲਵਾਰ ਬਿਜਲੀ ਵਾਂਗ ਲਿਸ਼ਕਦੀ ਆ।”
“ਜਿਸ ਨਾਦਰ ਸ਼ਾਹ ਨੇ ਮੁਗਲਾਂ ਦੀ ਨੱਕ ਕੱਟ ਦਿੱਤੀ, ਕਮਾਲ ਤਾਂ ਇਹ ਵੇ ਕਿ ਜੱਸਾ ਸਿੰਘ ਨੇ ਉਸਦੀ ਨੱਕ ਕੱਟ ਲਈ ਜੀ।” ਇਸ ਉਪਰ ਸਾਰਿਆਂ ਨੇ ਹਾਸੇ ਦਾ ਠਹਾਕਾ ਲਾਇਆ।
ਸਿੱਖਾਂ ਦੇ ਜੱਥੇ ਜਦੋਂ ਪਿੰਡੋ-ਪਿੰਡੀ ਘੁੰਮ ਕੇ ਸ਼ਾਤੀ ਬਹਾਲ ਕਰਦੇ ਤੇ ਜ਼ਿਮੀਂਦਾਰਾਂ ਤੋਂ ਟੈਕਸ ਉਗਰਾਉਂਦੇ ਤੇ ਜਦੋਂ ਪਤਾ ਲੱਗਦਾ ਸੀ ਕਿ ਜੱਸਾ ਸਿੰਘ ਆਪਣੇ ਜੱਥੇ ਨਾਲ ਉਹਨਾਂ ਦੇ ਜਾਂ ਕਿਸੇ ਗੁਆਂਢੀ ਪਿੰਡ ਵਿਚ ਆ ਰਿਹਾ ਹੈ ਤਾਂ ਲੋਕ ਉਸਦੇ ਦਰਸ਼ਨਾਂ ਲਈ ਇਕੱਠੇ ਹੋ ਜਾਂਦੇ। 'ਦੇਗ ਤੇਗ ਫਤਿਹ' ਦੇ ਜੈਕਾਰਿਆਂ ਨਾਲ ਉਸਦਾ ਸਵਾਗਤ ਹੁੰਦਾ। ਨਵਾਬ ਕਪੂਰ ਸਿੰਘ ਤੋਂ ਪਿੱਛੋਂ ਹੁਣ ਜੱਸਾ ਸਿੰਘ ਹੀ ਹਰਮਨ ਪਿਆਰਾ ਆਗੂ ਸੀ। ਹੁਣ ਉਸਦੇ ਹੱਥੋ ਪਾਹੁਲ (ਖੰਡੇ ਬਾਟੇ ਦਾ ਅੰਮ੍ਰਿਤ) ਛਕ ਕੇ ਸਿੱਖ ਬਣਨਾ/ ਸਿੰਘ ਸਜਨਾ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ।
ਜੱਸਾ ਸਿੰਘ ਦੇ ਆਉਣ ਦੀ ਖਬਰ ਜਦੋਂ ਜ਼ਿਲਾ ਸ਼ੇਖੁਪੁਰਾ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਵਿਚ ਪਹੁੰਚੀ ਤਾਂ ਜਿੰਨੀ ਖੁਸ਼ੀ ਸੁਖਵੰਤ ਕੌਰ ਨੂੰ ਹੋਈ, ਕਿਸੇ ਹੋਰ ਨੂੰ ਨਹੀਂ ਹੋਈ ਹੋਣੀ। ਉਹ ਦਰਮਿਆਨੇ ਕੱਦ, ਸੁਡੌਲ ਜੁੱਸੇ ਤੇ ਪੱਕੀ ਉਮਰ ਦੀ ਜਨਾਨੀ ਸੀ। ਉਸਦਾ ਪਤੀ ਵਰਿਆਮ ਸਿੰਘ ਬੰਦਾ ਬਹਾਦੁਰ ਦੀ ਸੇਵਾ ਵਿਚ ਸੰਤ ਸਿਪਾਹੀ ਹੁੰਦਾ ਸੀ। ਬੰਦਾ ਬਹਾਦੁਰ ਦੀ ਸ਼ਹਾਦਤ ਪਿੱਛੋਂ ਵੀ ਉਸਨੇ ਹਥਿਆਰ ਨਹੀਂ ਸੀ ਸੁੱਟੇ। ਉਹ ਵੀ ਵਿਦੇਸ਼ੀ ਸਰਕਾਰ ਨਾਲ ਲੋਹਾ ਲੈਣ ਵਾਲੇ ਸਿੱਖ ਬਾਗੀਆਂ ਨਾਲ ਜੰਗਲ ਵਿਚ ਚਲਾ ਗਿਆ ਸੀ। ਕਦੀ ਕਦੀ ਰਾਤ ਦੇ ਹਨੇਰੇ ਵਿਚ ਘਰ ਆ ਜਾਂਦਾ ਤੇ ਦਿਨ ਨਿਕਲਣ ਤੋਂ ਪਹਿਲਾਂ ਹੀ ਜੰਗਲ ਵਿਚ ਪਰਤ ਜਾਂਦਾ। ਇਕ ਵਾਰੀ ਸੌਣ ਦੇ ਮਹੀਨੇ ਦੀ ਹਨੇਰੀ ਰਾਤ ਸੀ, ਵਰਿਆਮ ਸਿੰਘ ਛੁਪਦਾ-ਛਿਪਾਂਦਾ ਘਰ ਆਇਆ। ਉਹ ਸਿਰ ਤੋਂ ਪੈਰਾਂ ਤੀਕ ਭਿੱਜਿਆ ਹੋਇਆ ਸੀ। ਸਤਵੰਤ ਕੌਰ ਪਹਿਲਾਂ ਹੀ ਉਸਦੀ ਉਡੀਕ ਵਿਚ ਸੀ। ਉਸਨੂੰ ਪਤਾ ਸੀ ਕਿ ਪਤੀ ਇਹੋ ਜਿਹੀਆਂ ਰਾਤਾਂ ਵਿਚ ਹੀ ਘਰ ਆਉਂਦਾ ਹੁੰਦਾ ਹੈ, ਕਿਉਂਕਿ ਅਜਿਹੀਆਂ ਰਾਤਾਂ ਵਿਚ ਗਸ਼ਤੀ-ਫੌਜ ਗਸ਼ਤ ਲਾਉਣ ਦੇ ਬਜਾਏ ਆਪਣੇ ਠਿਕਾਣਿਆ ਵਿਚ ਲੁਕੀ ਹੁੰਦੀ ਹੈ ਤੇ ਮੁਖਬਰ ਵੀ ਬੂਥੀਆਂ ਬਾਹਰ ਨਹੀਂ ਕੱਢਦੇ। ਵਰਿਆਮ ਸਿੰਘ ਨੇ ਭਿੱਜੇ ਕੱਪੜੇ ਲਾਹ ਕੇ ਪਤਨੀ ਦੁਆਰਾ ਪਹਿਲਾਂ ਹੀ ਤਿਆਰ ਰੱਖੇ ਸੁੱਕੇ ਕੱਪੜੇ ਪਾ ਲਏ ਤੇ ਆਰਾਮ ਨਾਲ ਮੰਜੇ ਉੱਤੇ ਬੈਠ ਗਿਆ।
“ਮੈਂ ਕੱਲ੍ਹ ਟਾਹਲੀ ਹੇਠ ਰੋਟੀਆਂ ਰੱਖ ਆਈ ਸਾਂ, ਮਿਲ ਗਈਆਂ ਸੀ ਨਾ?” ਸਤਵੰਤ ਕੌਰ ਨੇ ਪਤੀ ਦੇ ਮੋਢੇ ਉੱਤੇ ਹੱਥ ਰੱਖ ਕੇ, ਮੂੰਹ ਕੰਨ ਕੋਲ ਲਿਜਾਅ ਕੇ ਪੁੱਛਿਆ।
“ਹਾਂ, ਮਿਲ ਗਈਆਂ ਸੀ।” ਵਰਿਆਮ ਸਿੰਘ ਨੇ ਉਤਰ ਦਿੱਤਾ। “ਸਾਨੂੰ ਪਤਾ ਸੀ ਤੂੰ ਨੇਮ ਦੀ ਪੱਕੀ ਏਂ, ਬਰਸਾਤ ਵਿਚ ਵੀ ਰੋਟੀਆਂ ਜ਼ਰੂਰ ਰੱਖ ਜਾਏਂਗੀ।”
“ਹੋਰ ਲੋਕ ਵੀ ਰੱਖ ਜਾਂਦੇ ਨੇ?”
“ਹਾਂ, ਹੋਰ ਵੀ ਰੱਖ ਜਾਂਦੇ ਨੇ।”
“ਇਹਨਾਂ ਨਾਲ ਤੁਹਾਡਾ ਕੰਮ ਚੱਲ ਜਾਂਦੈ ਜਾਂ...?”
ਅੰਦਰ ਦੀਵੇ ਦੀ ਮੱਧਮ ਰੌਸ਼ਨੀ ਸੀ। ਬਾਹਰ ਮੀਂਹ ਪੈ ਰਿਹਾ ਸੀ। ਮੀਂਹ ਕੱਲ੍ਹ ਵੀ ਪਿਆ ਸੀ¸ ਝੜੀ ਲੱਗ ਗਈ ਜਾਪਦੀ ਸੀ।
“ਸਤਵੰਤ ਕੌਰੇ,” ਵਰਿਆਮ ਸਿੰਘ ਪਤਨੀ ਵੱਲ ਦੇਖ ਕੇ ਮਿੰਨਾਂ-ਮਿੰਨਾਂ ਮੁਸਕਰਾਇਆ ਤੇ ਜ਼ਰਾ ਰੁਕ ਕੇ ਬੋਲਿਆ, “ਕੰਮ ਭਾਵੇਂ ਨਾ ਚੱਲੇ, ਪਰ ਇਹਨਾਂ ਰੋਟੀਆਂ ਦਾ ਇਕ ਵਿਸ਼ੇਸ਼ ਮਹੱਤਵ ਏ¸ ਇਹ ਰੋਟੀਆਂ ਸ਼ਰਧਾ, ਵਿਸ਼ਵਾਸ ਤੇ ਤਿਆਗ ਦਾ ਪ੍ਰਤੀਕ ਨੇ। ਇਹਨਾਂ ਨਾਲ ਸਾਡਾ ਮਨੋਬਲ ਵਧਦਾ ਏ ਤੇ ਆਪਣੇ ਲੋਕਾਂ ਵਿਚ ਵਿਸ਼ਵਾਸ ਪੈਦਾ ਹੁੰਦਾ ਏ।” ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ। ਦੀਵੇ ਦੀ ਲੋਅ ਥਰਥਰ ਕੰਬੀ। ਇਸ ਖ਼ਿਆਲ ਨਾਲ ਕਿ ਕਿਤੇ ਦੀਵਾ ਬੁਝ ਨਾ ਜਾਏ ਸਤਵੰਤ ਕੌਰ ਨੇ ਲੋਅ ਦੁਆਲੇ ਹਥੇਲੀਆਂ ਦੀ ਓਟ ਕਰ ਦਿੱਤੀ। ਬੁੱਲ੍ਹਾ ਲੰਘ ਜਾਣ ਪਿੱਛੋਂ ਲੋਅ ਸਥਿਰ ਹੋਈ ਤਾਂ ਵਰਿਅਮ ਸਿੰਘ ਬੋਲਿਆ, “ਤੁਹਾਡੀਆਂ ਰੋਟੀਆਂ ਖਾ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਏ। ਘਰ ਦੀ ਯਾਦ ਉਹਨਾਂ ਵਿਚ ਰਸ ਘੋਲ ਦਿੰਦੀ ਏ। ਵਰਨਾ ਤੂੰ ਜਾਣਦੀ ਏਂ,” ਉਸਦੀ ਆਵਾਜ਼ ਬਦਲ ਗਈ ਤੇ ਉਹ ਸੱਜੀ ਬਾਂਹ ਹਵਾ ਵਿਚ ਉਲਾਰ ਕੇ ਬੋਲਿਆ, “ਸਾਡਾ ਆਪਣਾ ਬਹੁਬਲ ਤੇ ਗੁਰੂ ਦੀਆਂ ਕਿਰਪਾਨਾਂ ਨੇ। ਅਸੀਂ ਦੁਸ਼ਮਣ ਨੂੰ ਸੋਧ ਕੇ ਉਸਦੀ ਰਸਦ ਤੇ ਉਸ ਦੇ ਹਥਿਆਰ ਖੋਹ ਲੈਂਦੇ ਹਾਂ। ਇਹ ਨਾ ਹੋਏ ਤਾਂ ਸ਼ਿਕਾਰ ਨਾਲ ਕੰਮ ਚਲਾ ਲੈਣੇ ਆਂ ਤੇ ਭੁੱਖੇ ਵੀ ਮੌਜ-ਮਸਤੀ ਨਾਲ ਦਿਨ ਬਿਤਾਉਂਦੇ ਆਂ।”
ਪਤੀ ਪਤਨੀ ਦੋਹੇਂ ਮੁਸਕਰਾ ਪਏ। ਦੀਵੇ ਦੀ ਲੋਅ ਕੰਬੀ। ਕੁਝ ਪਲ ਮੌਨ ਵਿਚ ਲੰਘੇ।
“ਮੱਝ ਦੁੱਧ ਦੇ ਰਹੀ ਏ ਨਾ?” ਵਰਿਆਮ ਸਿੰਘ ਨੇ ਵਿਸ਼ਾ ਬਦਲਿਆ।
“ਹਾਂ, ਦੇ ਰਹੀ ਏ। ਪਰ ਮੁਸ਼ਕਲ ਨਾਲ ਚਾਰ ਕੁ ਸੇਰ।”
“ਏਨਾ ਹੀ ਬਥੇਰਾ ਏ। ਉਸਨੇ ਤਿੰਨਾਂ ਮਹੀਨਿਆਂ ਪਿੱਛੋਂ ਸੂਣਾ ਵੀ ਤਾਂ ਹੈ।”
ਜਦੋਂ ਇਹ ਗੱਲਾਂ ਹੋ ਰਹੀਆਂ ਸਨ। ਉਹਨਾਂ ਦਾ ਇਕਲੌਤਾ ਪੁੱਤਰ ਭੂਪ ਸਿੰਘ ਜਾਗ ਪਿਆ। ਵਰਿਆਮ ਸਿੰਘ ਨੇ 'ਭੂਪਾ, ਭੂਪਾ! ਮੇਰਾ ਪੁੱਤਰ ਭੂਪਾ!' ਕਹਿੰਦਿਆਂ ਹੋਇਆਂ ਉਸਨੂੰ ਜੱਫੀ ਵਿਚ ਲੈ ਲਿਆ ਤੇ ਭੂਪੇ ਨੇ ਵੀ 'ਭਾਪਾ, ਭਾਪਾ!' ਕਹਿ ਕੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਆਪਣੇ ਭਾਪੇ ਦੇ ਗਲ਼ ਵਿਚ ਪਾ ਦਿੱਤੀਆਂ।
ਭੂਪੇ ਦੀ ਉਮਰ ਚਾਰ ਕੁ ਸਾਲ ਦੀ ਸੀ। ਰੰਗ ਗੋਰਾ, ਅੱਖਾਂ ਭੂਰੀਆਂ, ਨੱਕ ਮਿੱਡਾ, ਚਿਹਰਾ ਗੋਲ ਤੇ ਭਰਿਆ-ਭਰਿਆ।।
“ਹੁਣ ਇਹ ਸਿਆਣਾ ਹੋ ਗਿਆ ਏ। ਮੈਂ ਚਲਾ ਜਾਂਨਾਂ ਤਾਂ ਯਾਦ ਕਰਦਾ ਹੋਏਗਾ?”
“ਹਾਂ, ਪੁੱਛਦਾ ਏ ਭਾਪਾ ਕਦੋਂ ਆਏਗਾ? ਪਰ ਤੇਰੇ ਘਰ ਆਉਣ ਬਾਰੇ ਕਿਸੇ ਨੂੰ ਨਹੀਂ ਦੱਸਦਾ। ਹਵਾ ਨਹੀਂ ਕੱਢਦਾ।”
“ਇਹ ਤਾਂ ਫੇਰ ਵੀ ਆਦਮੀ ਦਾ ਬੱਚਾ ਏ¸ ਪਸ਼ੂ-ਪੰਖੀਆਂ ਦੇ ਬੱਚੇ ਵੀ ਖਤਰੇ ਨੂੰ ਤਾੜ ਲੈਂਦੇ ਨੇ, ਤੇ ਉਸਤੋਂ ਬਚਦੇ ਨੇ।”
ਸਤਵੰਤ ਕੌਰ ਨੇ ਖੁਸ਼ੀ ਤੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਤੱਕਿਆ। ਸੰਘਰਸ਼ ਵਿਚ ਪੈ ਕੇ ਆਦਮੀ ਕਿੰਨਾਂ ਬਦਲ ਜਾਂਦਾ ਹੈ! ਪਤੀ ਦਾ ਬਦਲਿਆ ਹੋਇਆ ਰੂਪ ਉਸ ਦੇ ਸਾਹਮਣੇ ਸੀ। ਸਿੱਧਾ-ਸਾਦਾ ਕਿਸਾਨ, ਦਾਰਸ਼ਨੀਕ ਬਣ ਚੁੱਕਿਆ ਸੀ। ਜੰਗਲ ਵਿਚ ਪਸ਼ੂ-ਪੰਛੀਆਂ ਵਿਚਕਾਰ ਰਹਿ ਕੇ ਜੋ ਦੇਖਿਆ, ਅਨੁਭਵ ਕੀਤਾ ਸੀ, ਉਸਦੀਆਂ ਗੱਲਾਂ ਕਰ ਰਿਹਾ ਸੀ। ਮਨੁੱਖ ਦਾ ਸਾਰਾ ਗਿਆਨ ਅਨੁਭਵ ਤੋਂ ਹੀ ਪੈਦਾ ਹੋਇਆ ਹੈ।
ਸਤਵੰਤ ਕੌਰ ਦੀ ਸੱਜੀ ਅੱਖ ਹੇਠ ਇਮਲੀ ਦੀ ਗੁਠਲੀ ਜਿੱਡਾ ਮੱਸਾ ਸੀ, ਜਿਹੜਾ ਉਸਦੇ ਅੰਡਾ-ਕਾਰ ਸੁੰਦਰ ਚਿਹਰੇ ਨੂੰ ਹੋਰ ਵੀ ਸੁੰਦਰ ਬਣਾ ਦਿੰਦਾ ਸੀ। ਉਸਦਾ ਆਪਣਾ ਜੀਵਨ ਵੀ ਬੜੇ ਸੰਘਰਸ਼ ਵਿਚ ਬੀਤਿਆ ਸੀ। ਇਸ ਸੰਘਰਸ਼ ਵਿਚ ਹੀ ਉਸਦੇ ਵਿਅਕਤੀਤਵ ਦਾ ਵਿਕਾਸ ਹੋਇਆ ਸੀ ਤੇ ਭੂਪੇ ਦੇ ਜਨਮ ਦੀ ਘਟਨਾ ਇਸ ਗੱਲ ਦੀ ਸਾਖੀ ਸੀ…:
ਪਤੀ ਤੋਂ ਬਾਅਦ ਘਰ ਵਿਚ ਸਿਰਫ ਬੁੱਢੀ ਸੱਸ ਰਹਿ ਗਈ। ਘਰ ਤੋਰਨ ਲਈ ਸਤਵੰਤ ਕੌਰ ਨੂੰ ਬੜੀ ਮਿਹਨਤ ਕਰਨੀ ਪਈ ਸੀ। ਜਦੋਂ ਭੂਪਾ ਢਿੱਡ ਵਿਚ ਸੀ ਤੇ ਦਿਨ ਪੂਰੇ ਹੋਏ ਹੋਏ ਸਨ, ਉਹ ਖੇਤ ਵਿਚ ਮੱਝ ਲਈ ਪੱਠੇ ਵੱਢ ਰਹੀ ਸੀ ਕਿ ਅਚਾਨਕ ਪੀੜਾਂ ਸ਼ੁਰੂ ਹੋ ਗਈਆਂ ਸਨ। ਉਹ ਪੱਠੇ ਉੱਥੇ ਹੀ ਛੱਡ ਕੇ ਨਿੰਮ ਦੀ ਛਾਂ ਹੇਠ ਆ ਗਈ। ਫੁਲਕਾਰੀ, ਜਿਹੜੀ ਉਸਨੇ ਉੱਤੇ ਲਈ ਹੋਈ ਸੀ, ਲਾਹ ਕੇ ਹੇਠਾਂ ਵਿਛਾਈ। ਉਸ ਉਪਰ ਲੇਟ ਕੇ ਬੱਚੇ ਨੂੰ ਜਨਮ ਦਿੱਤਾ, ਦਾਤਰੀ ਨਾਲ ਉਸਦਾ ਨਾੜੂਆ ਕੱਟਿਆ ਤੇ ਫੁਲਕਾਰੀ ਵਿਚ ਲਪੇਟ ਕੇ ਉਸਨੂੰ ਉੱਥੇ ਹੀ ਪਾ ਦਿੱਤਾ¸ ਫੇਰ ਪੱਠੇ ਵੱਢੇ, ਉਹਨਾਂ ਦਾ ਗੱਠਾ ਬੰਨ੍ਹ ਕੇ ਸਿਰ ਉਪਰ ਰੱਖਿਆ ਤੇ ਇਕ ਬਾਂਹ ਉਪਰ ਫੁਲਕਾਰੀ ਵਿਚ ਲਪੇਟੇ ਬੱਚੇ ਨੂੰ ਚੁੱਕ ਕੇ ਘਰ ਆ ਗਈ।
ਜਦੋਂ ਵਰਿਆਮ ਸਿੰਘ ਘਰ ਆਇਆ ਤਾਂ ਬੱਚੇ ਦੇ ਜਨਮ ਦੀ ਕਹਾਣੀ ਸੁਣ ਕੇ ਉਸਨੇ ਪਤਨੀ ਵੱਲ ਪ੍ਰਸ਼ੰਸਾ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਤੱਕਿਆ ਸੀ, ਜਿਵੇਂ ਪਤਨੀ ਅੱਜ ਉਸ ਵੱਲ ਦੇਖ ਰਹੀ ਸੀ।
ਬਾਹਰ ਮੀਂਹ ਤੇਜ਼ ਹੋ ਗਿਆ। ਬਿਜਲੀ ਕੜਕੀ। ਭੂਪਾ ਡਰ ਗਿਆ। ਵਰਿਆਮ ਸਿੰਘ ਨੇ ਉਸਨੂੰ ਛਾਤੀ ਨਾਲ ਲਾ ਕੇ ਪੁਚਕਾਰਿਆ, “ਪੁੱਤਰ ਡਰ ਨਾ। ਤੂੰ ਸਿੰਘ ਦਾ ਪੁੱਤਰ ਏਂ ਸ਼ੇਰਾ, ਤੇ ਸ਼ੇਰ ਕਦੀ ਡਰਦੇ ਨਹੀਂ ਹੁੰਦੇ। ਅਸੀਂ ਲੋਕ ਮੌਤ ਨਾਲ ਖੇਡ ਰਹੇ ਆਂ। ਧਰਮ ਲਈ ਲੜ ਰਹੇ ਹਾਂ। ਬਿਨਾਂ ਲੜਿਆਂ ਕੁਝ ਨਹੀਂ ਮਿਲਦਾ। ਜੋ ਡਰਦਾ ਏ, ਉਹ ਲੜ ਨਹੀਂ ਸਕਦਾ। ਮੇਰਿਆ ਪੁੱਤਰਾ, ਡਰਨਾ ਨਹੀਂ।”
ਉਸਨੇ ਬੱਚੇ ਨੂੰ ਦੋਹਾਂ ਹੱਥਾਂ ਵਿਚ ਸਿਰ ਤੋਂ ਉਚਾ ਚੁੱਕਿਆ, ਸੱਜੇ-ਖੱਬੇ ਝੁਲਾਇਆ ਤੇ ਮੂੰਹ ਚੁੰਮ ਕੇ ਪਤਨੀ ਨੂੰ ਫੜਾ ਦਿੱਤਾ।
ਇਹ ਪਲ ਸੁਖ ਦੇ ਪਲ ਸਨ। ਵਰਿਆਮ ਸਿੰਘ ਜਦੋਂ ਘਰੋਂ ਨਿਕਲਿਆ, ਮੀਂਹ ਰੁਕ ਚੁੱਕਿਆ ਸੀ। ਸੰਘਣਾ ਹਨੇਰ ਸੀ ਤੇ ਚੁੱਪ ਵਾਪਰੀ ਹੋਈ ਸੀ। ਸਿਰਫ ਰੁੱਖਾਂ ਤੋਂ ਬੂੰਦਾਂ ਡਿੱਗ ਰਹੀਆਂ ਸਨ। ਵਰਿਆਮ ਸਿੰਘ ਸੁਖਮਈ ਯਾਦਾਂ ਵਿਚ ਗਵਾਚਿਆ, ਨਿਸ਼ਚਿੰਤ ਹੋ ਕੇ ਤੁਰਿਆ ਜਾ ਰਿਹਾ ਸੀ। ਅਜੇ ਉਸਨੇ ਜੰਗਲ ਵਿਚ ਪ੍ਰਵੇਸ਼ ਨਹੀਂ ਸੀ ਕੀਤਾ ਕਿ ਘਾਤ ਲਾਈ ਬੈਠੇ ਦੁਸ਼ਮਣ ਨੇ ਉਸਨੂੰ ਦਬੋਚ ਲਿਆ ਤੇ ਲਾਹੌਰ ਲਿਜਾ ਕੇ ਨਖਾਸ ਚੌਂਕ ਵਿਚ ਸ਼ਹੀਦ ਕਰ ਦਿੱਤਾ।
ਸਤਵੰਤ ਕੌਰ ਨੂੰ ਇਸ ਘਟਨਾ ਦਾ ਪਤਾ ਨਹੀਂ ਸੀ ਲੱਗਿਆ। ਉਹ ਹਨੇਰੀਆਂ ਰਾਤਾਂ ਵਿਚ ਪਤੀ ਨੂੰ ਉਡੀਕਦੀ ਤੇ ਔਂਸੀਆਂ ਪਾਉਂਦੀ ਰਹੀ। ਇੰਤਜ਼ਾਰ ਕਰਦਿਆਂ ਪੂਰੇ ਦੋ ਵਰ੍ਹੇ ਬੀਤ ਗਏ, ਪਰ ਵਰਿਆਮ ਸਿੰਘ ਨਹੀਂ ਆਇਆ। ਭੂਪਾ ਛੇ ਸਾਲ ਦਾ ਹੋ ਗਿਆ। ਉਹ ਮਾਂ ਤੇ ਦਾਦੀ ਦਾ ਲਾਡਲਾ ਤੇ ਜ਼ਿੰਦਗੀ ਦਾ ਇਕੋਇਕ ਸਹਾਰਾ ਸੀ। ਸਾਰਾ ਦਿਨ ਬੱਚਿਆਂ ਨਾਲ ਖੇਡਦਾ ਤੇ ਖੁਸ਼ ਰਹਿੰਦਾ, ਰਾਤੀਂ ਜਦੋਂ ਮਾਂ ਦੀਵੇ ਦੇ ਚਾਨਣ ਵਿਚ ਔਂਸੀਆਂ ਪਾ ਰਹੀ ਹੁੰਦੀ ਤਾਂ ਉਦਾਸ ਜਿਹੀ ਆਵਾਜ਼ ਵਿਚ ਪੁੱਛਦਾ, “ਮਾਂ, ਭਾਪਾ ਕਦੋਂ ਆਏਗਾ?” ਮਾਂ ਪੁੱਤਰ ਵੱਲ ਦੇਖਦੀ ਤਾਂ ਮਨ ਵਿਚ ਹੂਕ ਜਿਹੀ ਉਠਦੀ। ਬੱਚੇ ਨੂੰ ਪਰਚਾਉਣ ਖਾਤਰ ਸਨੇਹ-ਭਿੱਜੀ ਆਵਾਜ਼ ਵਿਚ ਉਤਰ ਦਿੰਦੀ, “ਮੇਰੇ ਲਾਡੇ, ਉਹ ਕਿਧਰੇ ਦੂਰ ਚਲਾ ਗਿਆ ਏ। ਆਏਗਾ, ਤੇ ਛੇਤੀ ਈ ਆਏਗਾ।” ਪਰ ਇਸ ਉਤਰ ਨਾਲ ਨਾ ਬੱਚੇ ਦੀ ਤਸੱਲੀ ਹੁੰਦੀ ਤੇ ਨਾ ਹੀ ਉਸਦੀ ਆਪਣੀ। ਉਹ ਸਮਝ ਚੁੱਕੀ ਸੀ ਕਿ ਹੁਣ ਉਹ ਸੰਸਾਰ ਵਿਚ ਨਹੀਂ ਰਿਹਾ। ਗੁਰੂ ਦੇ ਸਰੀਰ ਵਾਂਗ ਉਸਦਾ ਸਰੀਰ ਵੀ ਪੰਥ ਦੇ ਲੇਖੇ ਲੱਗ ਗਿਆ ਏ।
ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਘਰ ਢੇਰ ਸਾਰੀਆਂ ਰੋਟੀਆਂ ਪੱਕਦੀਆਂ ਰਹੀਆਂ, ਜਿਹਨਾਂ ਨੂੰ ਮੱਖਣ ਤੇ ਲੱਸੀ ਵਾਲੇ ਕੁੱਜੇ ਸਮੇਤ, ਉਹ ਜੰਗਲ ਵਿਚ ਨਿਸ਼ਚਤ ਸਥਾਨ ਉਪਰ ਰੱਖ ਆਉਂਦੀ ਰਹੀ। ਉਸਦੇ ਘਰ ਦੇ ਨਾਲ ਦਾ ਘਰ ਸੱਯਦ ਕੁਤਬ ਸ਼ਾਹ ਕਾ ਸੀ। ਜਦੋਂ ਉਹ ਰੋਟੀਆਂ ਲੈ ਕੇ ਜੰਗਲ ਵੱਲ ਜਾਂਦੀ ਤਾਂ ਕੁਤਬ ਸ਼ਾਹ ਆਪ ਜਾਂ ਉਸਦੀ ਪਤਨੀ ਅੱਲਾ ਰੱਖੀ ਉਸਦੇ ਨਾਲ ਹੋ ਲੈਂਦੀ।
ਭੂਪਾ ਸਭ ਕੁਝ ਦੇਖਦਾ ਤੇ ਸਮਝਦਾ ਸੀ ਕਿ ਏਨੀਆਂ ਰੋਟੀਆਂ ਕਿਸ ਲਈ ਪੱਕਦੀਆਂ ਹਨ। ਮਾਂ ਉਸਨੂੰ ਸ਼ਹੀਦਾਂ ਦੇ ਬਲੀਦਾਨ ਦੀਆਂ ਕਹਾਣੀਆਂ ਸੁਣਾਉਂਦੀ ਰਹਿੰਦੀ ਸੀ, ਜਿਸ ਕਰਕੇ ਉਸਦੇ ਮਨ ਵਿਚ ਗ਼ੁਲਾਮੀ ਤੇ ਜੁਲਮ ਦੇ ਵਿਰੁੱਧ ਲੜਨ ਦੀ ਭਾਵਨਾ ਪੱਕੀ ਹੁੰਦੀ ਗਈ। ਜਦੋਂ ਉਹ ਬਾਰਾਂ ਸਾਲ ਦਾ ਹੋਇਆ ਤਾਂ ਮਾਂ ਨੇ ਉਸਨੂੰ ਸਾਈਂ ਜਹੀਰ ਬਖ਼ਸ਼ ਭਾਵ ਬਾਬੇ ਗੁਰਬਖ਼ਸ਼ ਸਿੰਘ ਦੇ ਤਕੀਏ ਵਿਚ ਅਲਹੋਲ ਭੇਜ ਦਿੱਤਾ। ਉੱਥੇ ਉਸ ਅਰਬੀ ਫਾਰਸੀ ਪੜ੍ਹੀ, ਭੇਸ ਬਦਲ ਕੇ ਜਾਸੂਸੀ ਕਰਨਾ ਸਿੱਖਿਆ ਤੇ ਦੁਸ਼ਮਣ ਦੀ ਨਜ਼ਰ ਤੋਂ ਵੀ ਬਚਿਆ ਰਿਹਾ। ਹੁਣ ਜਦੋਂ ਹਾਲਾਤ ਬਦਲੇ, ਉਹ ਘਰ ਆ ਗਿਆ। ਉਸਦੀ ਉਮਰ ਅਠਾਰਾਂ ਸਾਲ ਤੋਂ ਦੋ ਮਹੀਨੇ ਉਤੇ ਸੀ। ਨਿੱਕੀਆਂ ਨਿੱਕੀਆਂ ਮੁੱਛਾਂ ਤੇ ਦਾੜ੍ਹੀ ਫੁੱਟ ਆਈ ਸੀ। ਕੱਦ ਦਰਮਿਆਨਾ ਤੇ ਸਰੀਰ ਪੂਰਾ ਨਰੋਆ ਸੀ। ਚਿਹਰੇ 'ਚੋਂ ਦ੍ਰਿੜ੍ਹ ਸੰਕਲਪ ਦੀ ਭਾਅ ਮਾਰਦੀ ਸੀ।
ਜੱਸਾ ਸਿੰਘ ਦੇ ਜੱਥੇ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਮਰਦ-ਔਰਤਾਂ ਵਿਚ ਸੱਯਦ ਕੁਤਬ ਸ਼ਾਹ ਤੇ ਸਤਵੰਤ ਕੌਰ ਸਭ ਨਾਲੋਂ ਅੱਗੇ ਸਨ। ਉਹ ਦੋਹਾਂ ਪਿੰਡਾਂ ਵਿਚ ਜਾਣੇ-ਪਛਾਣੇ ਜਾਂਦੇ ਸਨ ਤੇ ਲੋਕ ਉਹਨਾਂ ਦਾ ਆਦਰ ਕਰਦੇ ਸਨ। ਜਦੋਂ ਪਾਹੁਲ ਛਕਾਉਣ ਦੀ ਰਸਮ ਸ਼ੁਰੂ ਹੋਈ ਤਾਂ ਸਤਵੰਤ ਕੌਰ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਭੂਪ ਸਿੰਘ ਨੂੰ ਜੱਸਾ ਸਿੰਘ ਸਾਹਮਣੇ ਲਿਜਾ ਖੜ੍ਹਾ ਕੀਤਾ ਤੇ ਬੜੀ ਨਿਮਰਤਾ ਨਾਲ ਬੋਲੀ, ''ਇਹ ਮੇਰਾ ਇਕਲੌਤਾ ਪੁੱਤਰ ਭੂਪਾ ਏ। ਜਿਵੇਂ ਤੁਹਾਡੀ ਵਿਧਵਾ ਮਾਂ ਨੇ ਤੁਹਾਨੂੰ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ ਸੀ, ਮੈਂ ਇਕ ਵਿਧਵਾ ਮਾਂ ਆਪਣਾ ਪੁੱਤਰ ਤੁਹਾਡੇ ਸਪੁਰਦ ਕਰਦੀ ਹਾਂ।''
''ਭੈਣਾ ਤੂੰ ਨਿਸਚਿੰਤ ਰਹੁ। ਤੇਰਾ ਪੁੱਤਰ ਭੂਪ ਸਿੰਘ ਹੁਣ ਮੇਰਾ ਪੁੱਤਰ ਏ, ਪੰਥ ਦਾ ਪੁੱਤਰ ਏ। ਉਸਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾਏਗਾ।'' ਜੱਸਾ ਸਿੰਘ ਆਹਲੂਵਾਲੀਆ ਨੇ ਤਸੱਲੀ ਦਿਵਾਈ ਤੇ ਭੂਪ ਸਿੰਘ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸੰਤ-ਸਿਪਾਹੀ ਬਣਾ ਲਿਆ।
ਦੀਵਾਨ ਵਿਚ ਜੈਕਾਰੇ ਛੱਡੇ ਗਏ।
ਅਰਜਨ ਲਾਲ ਖੱਤਰੀ ਦੇ ਦੋ ਪੁੱਤਰ ਸਨ, ਕਰਮ ਚੰਦ ਤੇ ਭੀਮ ਚੰਦ ਦੋਹੇਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਹ ਸਿਲਸਿਲਾ ਦੁਪਹਿਰ ਦੇ ਦੋ ਵਜੇ ਸ਼ੁਰੂ ਹੋਇਆ ਸੀ ਤੇ ਸ਼ਾਮ ਦੇ ਪੰਜ, ਸਵਾ-ਪੰਜ ਵਜੇ ਤਕ ਚਲਦਾ ਰਿਹਾ। ਨਿਰੰਜਨ ਦਰਜੀ, ਸੋਭਾ ਤਖਾਣ, ਭੀਖਾ ਨਾਈ, ਮੋਹਨਾਂ ਧੋਬੀ, ਚਤਰਾ ਝਿਊਰ ਤੇ ਭੋਲਾ ਮੋਚੀ ਵਗੈਰਾ ਕਈ ਜਣੇ ਸਿੰਘ ਸਜ ਗਏ। ਉਹਨਾਂ ਦਾ ਜਿੱਥੇ ਨਾਂ ਬਦਲਿਆ ਗਿਆ, ਉੱਥੇ ਹੀ ਜਾਤ-ਪਾਤ ਦਾ ਫਰਕ ਵੀ ਮਿਟ ਗਿਆ। ਹੁਣ ਉਹ ਧਰਮ ਦੀ ਰੱਖਿਆ ਅਤੇ ਦੇਸ਼ ਦੀ ਆਜਾਦੀ ਲਈ ਲੜਨ ਵਾਲੇ ਸੰਤ-ਸਿਪਾਹੀ ਸਨ। ਇਹ ਉਹਨਾਂ ਦੇ ਦੂਜੇ ਜਨਮ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ।
ਸੱਯਦ ਕੁਤਬ ਸ਼ਾਹ ਨੇ ਜਿਸ ਦੇ ਚਿਹਰੇ ਉਪਰ ਮਹਿੰਦੀ ਨਾਲ ਰੰਗੀ ਸ਼ਰਈ-ਦਾੜ੍ਹੀ ਸੀ, ਨਵੇਂ ਸਿੰਘਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ, “ਜੁਲਮ ਕਿਸੇ ਵੀ ਤਰ੍ਹਾਂ ਦਾ ਹੋਏ, ਉਸਦੇ ਖ਼ਿਲਾਫ਼ ਲੜਨਾਂ ਇਨਸਾਨ ਦਾ ਫ਼ਰਜ਼ ਹੈ।”
ਸਮਾਰੋਹ ਸਮਾਪਤ ਹੋਇਆ ਤਾਂ ਜੱਥੇ ਨੂੰ 'ਫਤਹਿ-ਫਤਹਿ' ਦੇ ਨਾਅਰਿਆਂ ਨਾਲ ਭਾਵ-ਭਿੱਜੀ ਵਿਦਾਈ ਦਿੱਤੀ ਗਈ। ਕੁਤਬ ਸ਼ਾਹ ਦਾ ਨਿੱਕਾ ਬੇਟਾ, ਜਿਸ ਦੀ ਉਮਰ ਪੰਜ ਕੁ ਸਾਲ ਦੀ ਸੀ, ਪਿਓ ਦੀ ਉਂਗਲ ਫੜ੍ਹੀ ਖੜ੍ਹਾ ਇਹ ਦ੍ਰਿਸ਼ ਦੇਖ ਰਿਹਾ ਸੀ। ਉਹ ਵੀਰ੍ਹ ਗਿਆ ਤੇ ਭੌਇਂ ਤੇ ਲਿਟਣ ਲੱਗਾ ਕਿ 'ਮੈਂ ਵੀ ਜਾਵਾਂਗਾ, ਮੈਂ ਵੀ ਲੜਾਂਗਾ।'
ਉਹ ਆਪਣੇ ਅੱਬਾ ਤੋਂ ਹੱਥ ਛੁਡਾਉਣ ਦਾ ਯਤਨ ਕਰ ਰਿਹਾ ਸੀ ਤੇ ਵਾਰੀ ਵਾਰੀ ਦੂਹਰਾ ਰਿਹਾ ਸੀ, 'ਮੈਂ ਵੀ ਜਾਵਾਂਗਾ, ਮੈਂ ਵੀ ਲੜਾਂਗਾ'। ਉਸਦੀ ਇਸ ਜਿੱਦ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ। ਜੱਸਾ ਸਿੰਘ ਨੇ ਉਸਨੂੰ ਗੋਦੀ ਵਿਚ ਚੁੱਕ ਕੇ ਪਿਆਰ ਕੀਤਾ ਤੇ ਉਸਦੀਆਂ ਗਲ੍ਹਾਂ ਥਾਪੜਦਿਆਂ ਹੋਇਆਂ ਕਿਹਾ, “ਤੂੰ ਇਕ ਚੰਗਾ ਬੱਚਾ ਏਂ। ਚੰਗੇ ਬੱਚੇ ਜ਼ਰੂਰ ਲੜਦੇ ਨੇ, ਪਰ ਜਦੋਂ ਤੂੰ ਏਨਾ ਵੱਡਾ ਹੋ ਜਾਏਂਗਾ¸ ਅਸੀਂ ਤੈਨੂੰ ਵੀ ਆਪਣੇ ਨਾਲ ਲੈ ਜਾਵਾਂਗੇ।”
ਬੱਚੇ ਦਾ ਨਾਂ ਵਾਰਿਸ ਸੀ; ਪੰਜਾਬੀ ਦਾ ਹੋਣ ਵਾਲਾ ਮਹਾਂਕਵੀ ਵਾਰਿਸ ਸ਼ਾਹ, ਜਿਹੜਾ ਬੁੱਲ੍ਹੇ ਸ਼ਾਹ ਦੀ ਮੌਤ ਤੋਂ ਤਿੰਨ, ਸਾਢੇ-ਤਿੰਨ ਸਾਲ ਪਹਿਲਾਂ ਪੈਦਾ ਹੋਇਆ ਸੀ¸ ਉਹ ਜੱਸਾ ਸਿੰਘ ਦੇ ਪੁਚਕਾਰਨ ਨਾਲ ਸ਼ਾਂਤ ਹੋਇਆ ਸੀ ਤੇ ਜੱਥਾ ਚਲਾ ਗਿਆ ਸੀ।
ਨਾਦਰ ਸ਼ਾਹ ਦੇ ਹਮਲੇ ਦੇ ਕਾਰਨ ਪਿੰਡਾਂ ਦੇ ਪਿੰਡ ਉੱਜੜ ਗਏ ਸਨ ਤੇ ਸਾਰਾ ਨਿਜ਼ਾਮ ਖੇਰੂ-ਖੇਰੂ ਹੋ ਗਿਆ ਸੀ। ਜ਼ਕਰੀਆ ਖਾਂ ਕੋਲ ਨਾ ਫੌਜ ਸੀ ਤੇ ਨਾ ਹੀ ਖਜਾਨਾ। ਉਸਨੂੰ ਦੁਬਾਰਾ ਨਿਜ਼ਾਮ ਬਹਾਲ ਕਰਨ ਅਤੇ ਉੱਜੜੇ ਹੋਏ ਪਿੰਡਾਂ ਨੂੰ ਵਸਾਉਣ ਵਿਚ ਤਿੰਨ ਸਾਲ ਲੱਗ ਗਏ। ਇਸ ਦੌਰਾਨ ਸਿੱਖਾਂ ਦੇ ਵਿਸਥਾਰ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਸਨ ਤੇ ਨਾਦਰ ਸ਼ਾਹ ਦੀ ਇਹ ਭਵਿੱਖਬਾਣੀ ਵੀ ਕਈ ਵਾਰੀ ਯਾਦ ਆਉਂਦੀ ਰਹੀ ਸੀ ਕਿ 'ਹਕੂਮਤ ਤੁਸੀਂ ਨਹੀਂ, ਉਹ ਲੋਕ ਕਰਨਗੇ।' ਉਹ ਰਾਤ ਨੂੰ ਤ੍ਰਬਕ-ਤ੍ਰਬਕ ਉਠਦਾ ਤੇ ਦਹਿਸ਼ਤ ਵੱਸ ਚੀਕਣ ਲੱਗਦਾ, 'ਮੈਂ ਉਹਨਾਂ ਨੂੰ ਖਤਮ ਕਰ ਦਿਆਂਗਾ...ਖਤਮ ਕਰ ਦਿਆਂਗਾ।' ਉਸਦੀਆਂ ਮੁੱਠੀਆਂ ਭਿਚ ਜਾਂਦੀਆਂ ਤੇ ਮੂੰਹ ਵਿਚੋਂ ਝੱਗ ਡਿੱਗਣ ਲੱਗਦੀ। ਉਹ ਬੇਵੱਸ ਸੀ। ਬੇਵੱਸੀ ਵਿਚ ਆਦਮੀ ਇਸ ਤੋਂ ਵੱਧ ਹੋਰ ਕਰ ਵੀ ਕੀ ਸਕਦਾ ਹੈ?
ਪਰ ਜਿਵੇਂ ਹੀ ਉਸਦੀ ਆਪਣੀ ਹਾਲਤ ਸੰਭਲੀ ਤੇ ਦਿੱਲੀ ਤੋਂ ਸਹਾਇਤਾ ਮਿਲੀ, ਉਸਨੇ ਸਿੱਖਾਂ ਉਪਰ ਜਬਰਦਸਤ ਹਮਲਾ ਕਰ ਦਿੱਤਾ। ਡੱਲੇਵਾਲ ਦੇ ਕਿਲੇ ਵਿਚ ਜਿੰਨਾ ਸਾਮਾਨ ਸੀ, ਲੁੱਟ ਲਿਆ ਤੇ ਉਸਨੂੰ ਢਾਅ ਕੇ ਮਿੱਟੀ ਵਿਚ ਮਿਲਾ ਦਿੱਤਾ। ਸੈਂਕੜੇ ਸਿੱਖਾਂ ਨੂੰ ਫੜ੍ਹ ਕੇ ਲਾਹੌਰ ਲਿਆਂਦਾ ਗਿਆ ਤੇ ਉਸੇ ਪੁਰਾਣੇ ਨਖਾਸ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ।
ਸਿੱਖ ਫੇਰ ਭੱਜ ਕੇ ਜੰਗਲਾਂ ਤੇ ਪਹਾੜਾਂ ਵਿਚ ਜਾ ਛੁਪੇ। ਗਸ਼ਤੀ-ਫੌਜ ਪਿੰਡ-ਪਿੰਡ ਘੁੰਮਣ ਲੱਗੀ। ਨੰਬਰਦਾਰਾਂ, ਮੁਕੱਦਮਾਂ ਤੇ ਚੌਧਰੀਆਂ ਨੂੰ ਮੁੜ ਸਾਵਧਾਨ ਕਰਨ ਲਈ ਇਨਾਮ ਰੱਖ ਦਿੱਤੇ ਗਏ। ਸਿੱਖ ਜ਼ਕਰੀਆਂ ਖਾਂ ਦੇ ਸਿਰ 'ਤੇ ਭੂਤ ਵਾਂਗ ਸਵਾਰ ਹੋਏ ਜਾਪਦੇ ਸਨ। ਉਸਨੂੰ ਇਕ ਪਲ ਲਈ ਵੀ ਚੈਨ ਨਹੀਂ ਸੀ ਮਿਲਦਾ ਤੇ ਉਹ ਮਨ ਪ੍ਰਚਾਉਣ ਖਾਤਰ ਆਪਣੇ ਦਰਬਾਰ ਵਿਚ ਭੰਡਾਂ ਦੇ ਖਾੜੇ ਦੇਖਣ-ਸੁਣਨ ਲੱਗ ਪਿਆ। ਇਕ ਦਿਨ ਬਰਸਾਤ ਦੇ ਮੌਸਮ ਵਿਚ ਦੋ ਦਿਨਾਂ ਦੀ ਝੜੀ ਤੋਂ ਪਿੱਛੋਂ ਜਦੋਂ ਡੱਡੂ ਟਰਟਰਾ ਰਹੇ ਸਨ ਤੇ ਮੱਛਰਾਂ-ਮੱਖੀਆਂ ਤੇ ਭਮੱਕੜਾਂ ਦਾ ਖਾਸਾ ਬੋਲ-ਬਾਲਾ ਹੋ ਗਿਆ ਸੀ ਮਰਾਸੀ-ਭੰਡਾਂ ਨੇ ਇਕ ਹਾਸ-ਵਿਅੰਗ ਪੇਸ਼ ਕੀਤਾ...:
ਇਕ ਮਰਾਸੀ, “ਅੱਲਾ ਤਾਲਾ ਦੀ ਕੁਦਰਤ। ਮੈਂ ਹੈਰਾਨ ਵਾਂ ਕਿ ਇਹ ਏਨੇ ਮੱਖੀਆਂ-ਮੱਛਰ, ਕੀਟ-ਪਤੰਗੇ ਤੇ ਡੱਡੂ ਕਿੱਧਰੋਂ ਆ ਗਏ ਹੋਏ? ਨਾ ਇਹ ਬਾਰਿਸ਼ ਦੇ ਨਾਲ ਅਸਮਾਨ ਵਿਚੋਂ ਡਿੱਗਦੇ ਨੇ ਤੇ ਨਾ ਬਰਸਾਤ ਤੋਂ ਪਹਿਲਾਂ ਕਿਤੇ ਦਿਖਾਈ ਦਿੰਦੇ ਨੇ। ਕਿਉਂ ਭਾਈ ਦੱਸ ਸਮਦਾ ਏਂ ਕਿ ਇਕੋ ਦਮ ਇਹ ਕਿਧਰੋਂ ਆ ਗਏ?” ਉਹ ਆਪਣੇ ਦੂਜੇ ਸਾਥੀ ਨੂੰ ਪੱਛਣ ਲੱਗਿਆ।
ਦੂਜਾ ਮਰਾਸੀ¸ “ਤੂੰ ਨਹੀਂ ਸਮਝ ਸਕਦਾ। ਇਹ ਡੱਡੂ ਤੇ ਕੀਟ-ਪਤੰਗੇ ਮੀਂਹ ਦੇ ਪਾਣੀ, ਹਵਾ ਤੇ ਮਿੱਟੀ ਦੇ ਆਪੋ ਵਿਚ ਮਿਲਣ ਤੋਂ ਪੈਦਾ ਹੁੰਦੇ ਨੇ।”
ਤੀਜਾ¸ “ਮੰਨ ਲਿਆ ਕਿ ਮੀਂਹ ਦੇ ਪਾਣੀ, ਹਵਾ ਤੇ ਮਿੱਟੀ ਤੋਂ ਪੈਦਾ ਹੁੰਦੇ ਨੇ ਪਰ ਇਹ ਲੰਮੇ ਲੰਮੇ ਵਾਲਾਂ ਤੇ ਕਾਲੇ ਕਾਲੇ ਚਿਹਰਿਆਂ ਵਾਲੇ ਵਹਿਸ਼ੀ, ਜਿਹਨਾਂ ਨੂੰ ਹਰ ਰੋਜ਼ ਕਤਲ ਕੀਤਾ ਜਾਂਦਾ ਏ, ਏਨੀ ਤਾਦਾਤ 'ਚ ਕਿੱਥੋਂ ਆ ਜਾਂਦੇ ਨੇ?”
ਦੂਜਾ¸ “ਓਇ ਮੂਰਖਾ, ਅਕਲ ਦਿਆ ਦੁਸ਼ਮਣਾ। ਜਿਵੇਂ ਡੱਡੂ ਤੇ ਕੀਟ-ਪਤੰਗੇ, ਪਾਣੀ ਤੋਂ ਪੈਦਾ ਹੁੰਦੇ ਨੇ, ਓਵੇਂ ਇਹ ਅੰਮ੍ਰਿਤਸਰ ਦੇ ਤਲਾਅ 'ਚੋਂ...”
ਹਰੇਕ ਸਾਮੰਤੀ ਸ਼ਾਸਕ ਵਾਂਗ ਖਾਨ ਬਹਾਦਰ ਜ਼ਕਰੀਆ ਖਾਂ ਵੀ ਅੰਧਵਿਸ਼ਵਾਸੀ ਸੀ। ਜਿਵੇਂ ਉਸਨੇ ਪਹਿਲਾਂ ਸਿੱਖਾਂ ਨੂੰ ਸਰੋਵਰ ਵਿਚ ਨਹਾਉਣ ਤੋਂ ਰੋਕਣ ਲਈ ਅਬਦੁਲ ਰਹਿਮਾਨ ਦੀ ਡਿਊਟੀ ਲਾਈ ਸੀ, ਹੁਣ ਇਕ ਹੋਰ ਫੌਜਦਾਰ ਮੱਸਾ ਖਾਂ ਰੰਘੜ ਨੂੰ ਭੇਜ ਦਿੱਤਾ। ਮੱਸਾ ਖਾਂ ਕੱਟੜ ਮੁਤਸੱਬੀ ਤੇ ਉੱਜਡ ਆਦਮੀ ਸੀ। ਉਸਨੇ ਆਪਣਾ ਮੰਜਾ ਹਰਿਮੰਦਰ ਸਾਹਿਬ ਵਿਚ ਡਾਹ ਲਿਆ। ਉੱਥੇ ਬੈਠ ਕੇ ਉਹ ਹੁੱਕਾ ਪੀਂਦਾ, ਸ਼ਰਾਬ ਪੀਂਦਾ ਤੇ ਨਾਚ-ਮੁਜਰਾ ਦੇਖਦਾ।
ਏਨੀ ਸਖਤੀ ਦੇ ਬਾਵਜੂਦ ਬੁਲਾਕਾ ਸਿੰਘ ਨਾਂ ਦਾ ਇਕ ਸਿੱਖ ਸਵਾਰ ਸਰੋਵਰ ਵਿਚ ਨਹਾਉਣ ਆਇਆ। ਮੱਸਾ ਖਾਂ ਦੇ ਰੰਗ-ਢੰਗ ਦੇਖ ਕੇ ਉਸਦਾ ਅੰਦਰ-ਬਾਹਰ ਸੁਲਗ ਉਠਿਆ। ਉਸਦਾ ਜੱਥਾ ਇਸ ਸਮੇਂ ਬੀਕਾਨੇਰ ਦੇ ਰੇਗਿਸਤਾਨ ਵਿਚ ਸੀ। ਬੁਲਕਾ ਸਿੰਘ ਬਿਨਾਂ ਇਸ਼ਨਾਲ ਕੀਤਿਆਂ ਤੁਰਤ ਵਾਪਸ ਪਰਤ ਗਿਆ ਤੇ ਬੀਕਾਨੇਰ ਪਹੁੰਚ ਕੇ ਆਪਣੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਦੀ ਬੇਅਦਬੀ ਤੇ ਮੱਸੇ ਰੰਘੜ ਦੀ ਕਰਤੂਤ ਦੀ ਖਬਰ ਦਿੱਤੀ।
“ਬੁਲਾਕਾ ਸਿੰਘਾ।” ਇਕ ਨੌਜਵਾਨ ਰੋਹੀਲੀ ਆਵਾਜ਼ ਵਿਚ ਬੋਲਿਆ, “ਤੂੰ ਕਿਹੋ ਜਿਹਾ ਸਿੱਖ ਏਂ ਓਇ? ਤੂੰ ਇਹ ਸਭ ਦੇਖ ਕੇ ਬਰਦਾਸ਼ਤ ਕਿੰਜ ਕਰ ਲਿਆ? ਆਪਣੇ ਧਰਮ ਸਥਾਨ ਦੀ ਰੱਖਿਆ ਲਈ ਸੀਸ ਕਿਉਂ ਨਹੀਂ ਦੇ ਦਿੱਤਾ?”
ਬੁਲਾਕਾ ਸਿੰਘ ਦੀ ਗਰਦਨ ਸ਼ਰਮ ਨਾਲ ਝੁਕ ਗਈ। ਉਸ ਸਮੇਂ ਦੀਵਾਨ ਚੱਲ ਰਿਹਾ ਸੀ। ਜਥੇਦਾਰ ਨੇ ਸੰਗਤ ਨੂੰ ਵੰਗਾਰ ਕੇ ਕਿਹਾ, “ਤੁਹਾਡੇ ਵਿਚ ਅਜਿਹਾ ਕੋਈ ਸੁਰਾ ਹੈ ਜਿਹੜਾ ਅੰਮ੍ਰਿਤਸਰ ਜਾ ਕੇ ਮੱਸੇ ਰੰਘੜ ਦਾ ਸਿਰ ਕੱਟ ਲਿਆਏ?”
“ਇਹ ਸੇਵਾ ਮੈਨੂੰ ਦਿਓ ਜੀ।”
“ਇਹ ਸੇਵਾ ਮੈਨੂੰ ਦਿਓ ਜੀ।”
ਦੋ ਸੰਤ-ਸਿਪਾਹੀ ਇਕੱਠੇ ਉਠ ਖੜ੍ਹੇ ਹੋਏ। ਉਹਨਾਂ ਦੀਆਂ ਤਲਵਾਰਾਂ ਮਿਆਨ ਵਿਚੋਂ ਬਾਹਰ ਨਿਕਲ ਆਈਆਂ ਸਨ।
“ਵਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ...” ਦੇ ਜੈਕਾਰੇ ਨਾਲ ਸੰਗਤ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ।
ਇਹ ਦੋਹੇਂ ਸੂਰਮੇਂ ਉਦੋਂ ਹੀ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਤੁਰ ਪਏ। ਉਹਨਾਂ ਵਿਚ ਇਕ ਮਹਿਤਾਬ ਸਿੰਘ ਭੰਗੂ ਤੇ ਦੂਜਾ ਸੁੱਖਾ ਸਿੰਘ ਤਰਖਾਨ ਸੀ। ਮਹਿਤਾਬ ਸਿੰਘ ਦਾ ਜਨਮ ਮੰਡੀ ਕਾਮੋਂ ਵਿਚ ਤੇ ਸੁੱਖਾ ਸਿੰਘ ਦਾ ਸਿਆਲਕੋਟ ਵਿਚ ਹੋਇਆ ਸੀ।
ਉਹਨਾਂ ਮੁਗਲ ਅਧਿਕਾਰੀਆਂ ਦਾ ਭੇਸ ਧਾਰ ਲਿਆ। ਇਕ ਥੇਲੇ ਵਿਚ ਹੇਠਾਂ ਠੀਕਰੀਆਂ ਤੇ ਉਪਰ ਸਿੱਕੇ ਭਰ ਲਏ।
ਅੰਮ੍ਰਿਤਸਰ ਪਹੁੰਚ ਕੇ ਉਹਨਾਂ ਪਹਿਰੇਦਾਰਾਂ ਨੂੰ ਕਿਹਾ ਕਿ ਅਸੀਂ ਆਪਣੇ ਇਲਾਕੇ ਦਾ ਮਾਲੀਆ ਦੇਣ ਆਏ ਹਾਂ।
ਅੰਦਰ ਜਾਣ ਦੀ ਆਗਿਆ ਮਿਲ ਗਈ।
ਅੰਮ੍ਰਿਤਸਰ ਉਦੋਂ ਬੜਾ ਛੋਟਾ ਜਿਹਾ ਸ਼ਹਿਰ ਹੁੰਦਾ ਸੀ। ਉਹਨਾਂ ਨੇ ਆਪਣੇ ਘੋੜੇ ਇਕ ਰੁੱਖ ਦੀ ਛਾਂ ਹੇਠ ਬੰਨ੍ਹ ਦਿੱਤੇ ਤੇ ਮੰਦਰ ਦੇ ਅੰਦਰ ਚਲੇ ਗਏ। ਮੱਸੇ ਨੇ ਨਾਚ-ਗਾਣੇ ਤੇ ਸ਼ਰਾਬ ਦੀ ਮਹਿਫਲ ਸਜਾਈ ਹੋਈ ਸੀ। ਉਹਨਾਂ ਠੀਕਰੀਆਂ ਤੇ ਸਿੱਕਿਆਂ ਨਾਲ ਭਰਿਆ ਥੈਲਾ ਉਸਦੇ ਸਾਹਮਣੇ ਰੱਖ ਦਿੱਤਾ। ਜਿਵੇਂ ਹੀ ਮੱਸਾ ਖਾਂ ਨੇ ਥੇਲਾ ਖੋਲ੍ਹਣ ਲਈ ਗਰਦਨ ਝੁਕਾਈ, ਮਹਿਤਾਬ ਸਿੰਘ ਨੇ ਤਲਵਾਰ ਦੇ ਇਕੋ ਵਾਰ ਨਾਲ ਉਸਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਜਿੰਨੇ ਚਿਰ ਵਿਚ ਉਸਨੇ ਸਿਰ ਥੇਲੇ ਵਿਚ ਰੱਖਿਆ ਸੁੱਖਾ ਸਿੰਘ ਨੇ ਉਹਨਾਂ ਸਾਰਿਆਂ ਦਾ ਸਫਾਇਆ ਕਰ ਦਿੱਤਾ ਜਿਹੜੇ ਮੱਸਾ ਖਾਂ ਦੇ ਕੋਲ ਬੈਠੇ ਸ਼ਰਾਬ ਪੀ ਰਹੇ ਸਨ ਤੇ ਨਾਚ-ਮੁਜਰਾ ਦੇਖ ਰਹੇ ਸਨ।
ਦੋਵੇਂ ਸੂਰਮੇਂ ਝਟਪਟ ਬਾਹਰ ਨਿਕਲੇ ਤੇ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਨੌਂ ਦੋ ਗਿਆਰਾਂ ਹੋ ਗਏ।
ਇਹਨੀਂ ਦਿਨੀਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਤਰਨਤਾਰਨ ਦੇ ਜੰਗਲਾਂ ਵਿਚ ਛਿਪੇ ਹੋਏ ਸਨ। ਉਹ ਰਾਤ ਨੂੰ ਖਾਣੇ ਦੀ ਭਾਲ ਵਿਚ ਨਿਕਲਦੇ ਤੇ ਮੌਕਾ ਦੇਖ ਕੇ ਅੰਮ੍ਰਿਤਸਰ ਸਰੋਵਰ ਵਿਚ ਟੁੱਭੀ ਲਾ ਜਾਂਦੇ ਸਨ। ਇਕ ਦਿਨ ਕਿਸੇ ਕਿਸਾਨ ਨੇ ਉਹਨਾਂ ਨੂੰ ਦੇਖ ਲਿਆ ਤੇ ਆਪਦੇ ਨਾਲ ਦੇ ਕਿਸਾਨ ਨੂੰ ਪੁੱਛਿਆ…:
“ਇਹ ਕੌਣ ਨੇ? ਕਿਤੇ ਸਿੰਘ ਤਾਂ ਨਹੀਂ?”
“ਸਿੰਘ ਕਿੱਥੇ? ਉਹ ਤਾਂ ਖਤਮ ਹੋ ਚੁੱਕੇ ਨੇ...ਇਹ ਤਾਂ ਗਿੱਦੜ ਨੇ ਵਿਚਾਰੇ ਜਿਹੜੇ ਜਾਨ ਲੁਕਾਂਦੇ ਫਿਰ ਰਹੇ ਨੇ।” ਸਾਥੀ ਨੇ ਉਤਰ ਦਿੱਤਾ।
ਇਹ ਗੱਲ ਬੋਤਾ ਸਿੰਘ ਨੂੰ ਬੜੀ ਰੜਕੀ। ਇਹ ਸਿੱਧ ਕਰਨ ਲਈ ਕਿ ਸਿੰਘ ਖਤਮ ਨਹੀਂ ਹੋਏ, ਅਜੇ ਜਿਉਂਦੇ ਨੇ, ਉਹ ਦੋਵੇਂ ਜੰਗਲਾਂ ਵਿਚੋਂ ਨਿਕਲ ਕੇ ਨੂਰ ਮਹਿਲ ਦੀ ਸਰਾਂ ਕੋਲੋਂ ਲੰਘਦੀ ਸ਼ਾਹੀ ਸੜਕ ਉੱਤੇ ਆ ਬੈਠੇ। ਉਹਨਾਂ ਆਉਂਦੇ, ਜਾਂਦੇ ਮੁਸਾਫਰਾਂ ਦੇ ਗੱਡਿਆਂ ਉਪਰ ਇਕ ਆਨਾ ਤੇ ਖੋਤਿਆਂ ਉਪਰ ਭਾਰ ਉਪਰ ਇਕ ਪੈਸਾ ਵਸੂਲ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਉੱਥੇ ਉਹਨਾਂ ਸਿੱਖ ਰਾਜ ਸਥਾਪਤ ਕਰ ਲਿਆ ਹੋਏ। ਇਹ ਸਿਲਸਿਲਾ ਕੁਝ ਦਿਨ ਇੰਜ ਹੀ ਚੱਲਦਾ ਰਿਹਾ। ਕਿਸੇ ਨੇ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ। ਮੁਸਾਫਰ ਟੈਕਸ ਦਿੰਦੇ ਤੇ ਲੰਘ ਜਾਂਦੇ ਰਹੇ। ਪਰ ਬੋਤਾ ਸਿੰਘ ਦਾ ਉਦੇਸ਼ ਟੈਕਸ ਵਸੂਲਣਾ ਨਹੀਂ ਸੀ, ਮੁਗਲ ਸ਼ਾਸਕਾਂ ਨੂੰ ਵੰਗਾਰਨਾਂ ਸੀ। ਜਦੋਂ ਕੋਈ ਪੁੱਛਗਿੱਛ ਨਾ ਹੋਈ ਤਾਂ ਉਸਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੂੰ ਚਿੱਠੀ ਲਿਖੀ...:
"ਚਿੱਠੀ ਲਿਖੇ ਸਿੰਘ ਬੋਤਾ, ਹੱਥ ਹੈ ਸੋਟਾ
ਆਨਾ ਲਇਆ ਗੱਡੇ ਨੂੰ, ਪੈਸਾ ਪਰ ਖੋਤਾ।
ਆਖੋ ਭਾਈਓ ਖਾਨ ਨੂੰ, ਇੰਜ ਆਖੇ ਬੋਤਾ।"
ਜ਼ਕਰੀਆ ਖਾਂ ਨੂੰ ਖਬਰ ਮਿਲੀ ਤਾਂ ਉਸਨੇ ਆਪਣੇ ਫੌਜੀ ਅਫਸਰ ਜਲਾਲੂਦੀਨ ਨੂੰ ਸੌ ਆਦਮੀ ਦੇ ਕੇ ਭੇਜ ਦਿੱਤਾ ਕਿ ਉਹ ਬੋਤਾ ਸਿੰਘ ਨੂੰ ਗ੍ਰਿਫਤਾਰ ਕਰ ਲਿਆਏ। ਬੋਤਾ ਸਿੰਘ ਤਾਂ ਚਾਹੁੰਦਾ ਹੀ ਇਹ ਸੀ। ਉਹ ਤੇ ਉਸਦਾ ਸਾਥੀ ਗਰਜਾ ਸਿੰਘ ਮੁਗਲਾਂ ਦਾ ਮੁਕਾਬਲਾ ਕਰਨ ਲਈ ਮੈਦਾਨ ਵਿਚ ਉਤਰ ਆਏ। ਹੱਥ ਵਿਚ ਇਕ ਸੋਟਾ ਫੜ੍ਹੀ ਸਿਰਫ ਦੋ ਸਿੰਘ ਤੇ ਦੂਜੇ ਪਾਸੇ ਜ਼ਕਰੀਆ ਖਾਂ ਦੇ ਹਥਿਆਰਾਂ ਨਾਲ ਲੈਸ ਸੌ ਸੈਨਿਕ। ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸਿਰ ਤਲੀ 'ਤੇ ਰੱਖ ਕੇ ਪਿੱਠਾਂ ਜੋੜ ਲਈਆਂ ਘੁੰਮ ਘੁੰਮ ਦੇ ਦੁਸ਼ਮਣ ਨੂੰ ਰੋਕਦੇ ਤੇ ਜਵਾਬੀ ਵਾਰ ਕਰਦੇ ਰਹੇ। ਜਦੋਂ ਤੱਕ ਦੇਹ ਵਿਚ ਪ੍ਰਾਣ ਰਹੇ ਜੀਅ ਤੋੜ ਕੇ ਲੜੇ। ਆਖਰ ਦੋ ਨਿਹੱਥੇ ਆਦਮੀ ਕਦੋਂ ਤੱਕ ਸੌ ਸੈਨਿਕਾਂ ਦਾ ਮੁਕਾਬਲਾ ਕਰਦੇ। ਉਹ ਦੁਸ਼ਮਣ ਸੈਨਾਂ ਦੇ ਕਈ ਆਦਮੀਆਂ ਨੂੰ ਜਖਮੀ ਕਰਕੇ ਸ਼ਹੀਦ ਹੋ ਗਏ।
ਸੁਬੇਗ ਸਿੰਘ ਨੇ ਸਿੱਖਾਂ ਤੇ ਜ਼ਕਰੀਆ ਖਾਂ ਵਿਚਕਾਰ ਸਮਝੌਤਾ ਕਰਵਾਇਆ ਸੀ, ਲਾਹੌਰ ਦਾ ਖਾਂਦਾ-ਪੀਂਦਾ ਜੱਟ ਸੀ। ਉਸਦਾ ਪੁੱਤਰ ਸ਼ਾਹਬਾਜ ਸਿੰਘ ਮਕਤਬ ਵਿਚ ਫਾਰਸੀ ਤੇ ਅਰਬੀ ਪੜ੍ਹਦਾ ਸੀ। ਉਹ ਇਕ ਹੁਸ਼ਿਆਰ ਤੇ ਸਮਝਦਾਰ ਵਿਦਿਆਰਥੀ ਸੀ¸ ਘਰੇ ਵੇਦ ਤੇ ਆਪਣੇ ਹੋਰ ਧਾਰਮਕ ਗ੍ਰੰਥ ਵੀ ਪੜ੍ਹਦਾ ਸੀ। ਜ਼ਕਰੀਆ ਖਾਂ ਸਿੱਖਾਂ ਦੀਆਂ ਹੱਤਿਆਵਾਂ ਕਰ ਰਿਹਾ ਸੀ, ਮਕਤਬ ਦੇ ਕੱਟੜਪੰਥੀ ਮੌਲਵੀ ਨੇ ਉਹਨਾਂ ਨੂੰ ਜਾਇਜ਼ ਦੱਸਦਿਆਂ ਕਿਹਾ, “ਸਿੱਖ ਮਜ਼ਹਬ ਵੀ ਕੋਈ ਮਜ਼ਹਬ ਹੈ, ਜਿਹੜਾ ਡਾਕੂ-ਲੁਟੇਰੇ ਪੈਦਾ ਕਰਦਾ ਏ?” ਇਹ ਸੁਣ ਕੇ ਸ਼ਾਹਬਾਜ ਚੁੱਪ ਨਾ ਰਹਿ ਸਕਿਆ, ਝੱਟ ਮੌਲਵੀ ਦੀ ਇਸ ਗੱਲ ਦਾ ਉਤਰ ਦਿੱਤਾ, “ਮੁਸਲਮਾਨ ਮਜ਼ਹਬ ਵੀ ਕੋਈ ਮਜ਼ਹਬ ਹੈ, ਜੋ ਬੇਗੁਨਾਹਾਂ ਉਪਰ ਜ਼ੁਲਮ ਢਾਉਂਦਾ ਹੈ ਤੇ ਭਰਾ ਤੋਂ ਭਰਾ ਦਾ ਕਤਲ ਕਰਵਾਉਂਦਾ ਹੈ?”
ਸੁਣਦਿਆਂ ਹੀ ਮੌਲਵੀ ਦਾ ਪਾਰਾ ਚੜ੍ਹ ਗਿਆ। ਉਸਨੇ ਇਸਲਾਮ ਦੀ ਤੌਹੀਨ (ਬੇਅਦਬੀ) ਕਰਨ ਦਾ ਦੋਸ਼ ਲਾ ਕੇ ਸ਼ਾਹਬਾਜ ਨੂੰ ਕਾਜੀ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ। ਕਾਜੀ ਨੇ ਜਿਵੇਂ ਕਿ ਉਸਦਾ ਅਸੂਲ ਸੀ, ਇਸਲਾਮ ਕਬੂਲ ਕਰਨ ਜਾਂ ਫੇਰ ਮੌਤ ਦਾ ਫੈਸਲਾ ਸੁਣਾ ਦਿੱਤਾ। ਸ਼ਾਹਬਾਜ ਨੇ ਧਰਮ ਬਦਲਣ ਦੇ ਬਜਾਏ ਮੌਤ ਕਬੂਲ ਲਈ। ਸੁਬੇਗ ਸਿੰਘ ਜ਼ਕਰੀਆ ਖਾਂ ਕੋਲ ਗਿਆ। ਉਸਨੇ ਉਤਰ ਦਿੱਤਾ, “ਅਦਾਲਤ ਦਾ ਮਾਮਲਾ ਏ, ਮੈਂ ਇਸ ਵਿਚ ਕੋਈ ਦਖਲ ਨਹੀਂ ਦੇ ਸਕਦਾ।” ਸੁਬੇਗ ਸਿੰਘ ਕਾਜੀ ਕੋਲ ਗਿਆ। ਕਾਜੀ ਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਸੁਬੇਗ ਸਿੰਘ ਉਸਦੇ ਉਸ ਉਜੱਡ ਵਤੀਰੇ ਤੋਂ ਚਿੜ ਕੇ ਬੋਲਿਆ, “ਤੂੰ ਕਾਜੀ ਨਹੀਂ, ਕਸਾਈ ਏਂ...ਤੇ ਤੇਰੀ ਇਹ ਅਦਾਲਤ ਬੁੱਚੜਖਾਨਾ।” ਕਾਜੀ ਨੇ ਪੁੱਤਰ ਦੇ ਨਾਲ ਉਸਨੂੰ ਵੀ ਫਾਹ ਲਿਆ। ਉਸਨੂੰ ਵੀ ਇਸਲਾਮ ਕਬੂਲ ਕਰ ਲੈਣ ਜਾਂ ਫੇਰ ਸਜ਼ਾਏ-ਮੌਤ ਦੀ ਸਜਾ ਸੁਣਾ ਦਿੱਤੀ ਗਈ।
ਪਿਉ ਤੇ ਪੁੱਤਰ ਦੋਵਾਂ ਨੂੰ ਚਰਖੀ ਉਪਰ ਪੁੱਠਾ ਲਮਕਾ ਦਿੱਤਾ ਗਿਆ। “ਬੋਲੋ, ਇਸਲਾਮ ਕਬੂਲ ਕਰਦੇ ਹੋ ਜਾਂ ਨਹੀਂ?” ਕਹਿੰਦਿਆਂ ਹੋਇਆਂ ਕੋਰੜੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਜਦੋਂ ਕੋਰੜਿਆਂ ਨਾਲ ਗੱਲ ਨਾ ਬਣੀ ਤਾਂ ਗਰਮ ਚਿਮਟਿਆਂ ਨਾਲ ਮਾਸ ਪੁੱਟਿਆ ਗਿਆ ਪਰ ਪਿਉ-ਪੁੱਤਰ ਟਸ ਤੋਂ ਮਸ ਨਾ ਹੋਏ। ਜਦੋਂ ਤੱਕ ਦੇਹ ਵਿਚ ਪ੍ਰਾਣ ਰਹੇ 'ਸਤਿਨਾਮ, ਸਤਿਨਾਮ' ਉਚਾਰਦੇ ਰਹੇ। ਆਖਰੀ ਸ਼ਬਦ ਸਨ¸
'ਸਿੰਘ ਸੂਰਾ ਸੋਈ ਕਹਾਵੇ
ਗਲ਼ ਖੰਜਰ ਨਾਲ ਕਟਾਵੇ।'
ਹਕੀਕਤ ਰਾਏ ਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਵੀ ਇਹਨਾਂ ਦਿਨਾਂ ਵਿਚ ਇਸੇ ਤਰ੍ਹਾਂ ਹੋਈ। ਕਿਸੇ ਨੇ ਵੀ ਧਰਮ ਬਦਲਣਾ ਸਵੀਕਾਰ ਨਹੀਂ ਕੀਤਾ। ਸ਼ਹੀਦੀਆਂ ਤੇ ਬਲੀਦਾਨਾਂ ਦੀ ਰੀਤ ਜਿਹੀ ਪੈ ਗਈ ਸੀ। ਸਿੱਖ ਇਤਿਹਾਸ ਦੀ ਵੀਰਤਾ ਤੇ ਬਲੀਦਾਨ ਗਾਥਾ ਵਿਚ ਔਰਤਾਂ ਵੀ ਮਰਦਾਂ ਨਾਲੋਂ ਪਿੱਛੇ ਨਹੀਂ ਸਨ।
ਜ਼ਿਲਾ ਅੰਮ੍ਰਿਤਸਰ ਦੇ ਕੌਂਡਾ ਪਿੰਡ ਵਿਚ ਜੱਥੇਦਾਰ ਬਹਾਦਰ ਸਿੰਘ ਦੇ ਪੁੱਤਰ ਦਾ ਵਿਆਹ ਸੀ। ਵਿਆਹ ਚੁੱਪਚਾਪ ਕੀਤਾ ਜਾ ਰਿਹਾ ਸੀ। ਕੁੜੀ ਵਾਲੇ ਕੰਨਿਆਂ ਦਾਨ ਕਰਨ ਲਈ ਕੌਂਡੇ ਹੀ ਆ ਗਏ ਸਨ। ਕੋਈ ਧੁਮਧਾਮ ਨਹੀਂ ਸੀ ਤੇ ਨਾ ਹੀ ਬਹੁਤੇ ਲੋਕ ਹੀ ਬੁਲਾਏ ਗਏ ਸਨ। ਨੇੜੇ ਨੇੜੇ-ਦੇ ਰਿਸ਼ਤੇਦਾਰ ਤੇ ਮੇਲੀ-ਮੁਲਾਕਾਤੀ ਆਏ ਹੋਏ ਸਨ। ਉਦੋਂ ਹੀ ਖਬਰ ਮਿਲੀ ਕਿ ਪੱਟੀ ਦਾ ਹਾਕਮ ਜਫ਼ਰ ਬੇਗ਼ ਫੌਜ ਲੈ ਕੇ ਆ ਰਿਹਾ ਹੈ। ਬਹਾਦਰ ਸਿੰਘ ਤੇ ਉਸਦੇ ਸਾਥੀ ਘਬਰਾਏ ਨਹੀਂ। ਘਬਰਾਉਣਾ ਕੈਸਾ? ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਸੀ ਤੇ ਉਹ ਉਹਨਾਂ ਦੇ ਆਦਿ ਹੋ ਚੁੱਕੇ ਸਨ। ਆਨੰਦ ਕਾਰਜ ਜਾਰੀ ਰਿਹਾ ਤੇ ਜਫ਼ਰ ਬੇਗ਼ ਨੇ ਪਿੰਡ ਨੂੰ ਆ ਘੇਰਿਆ।
ਸਿੱਖਾਂ ਦੀ ਗਿਣਤੀ ਦਸ-ਬਾਰਾਂ ਹੀ ਸੀ, ਜਦੋਂ ਕਿ ਜਫ਼ਰ ਬੇਗ਼ ਨਾਲ ਸੌ ਤੋਂ ਵੱਧ ਆਦਮੀ ਸਨ। ਇਸ ਦੇ ਬਾਵਜੂਦ ਸਿੱਖਾਂ ਨੇ ਅਜਿਹਾ ਜਬਰਦਸਤ ਹੱਲਾ ਬੋਲਿਆ ਕਿ ਦੁਸ਼ਮਨ ਦੀ ਸੈਨਾਂ ਦੇ ਪੰਜਾਹ ਆਦਮੀਆਂ ਦੇ ਸਿਰ ਕੱਟ ਕੇ ਸਾਫ ਨਿਕਲ ਗਏ। ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ।
ਜਫ਼ਰ ਬੇਗ਼ ਨੇ ਬਚੇ ਹੋਏ ਪੰਜਾਹ ਆਦਮੀਆਂ ਨਾਲ ਬਹਾਦਰ ਸਿੰਘ ਦੇ ਮਕਾਨ ਨੂੰ ਘੇਰ ਲਿਆ। ਉਹ ਆਪਣੇ ਬੰਦਿਆਂ ਦੀ ਮੌਤ ਦਾ ਬਦਲਾ ਜਨਾਨੀਆਂ ਤੇ ਬੱਚਿਆਂ ਕੋਲੋਂ ਲੈਣਾ ਚਾਹੁੰਦਾ ਸੀ। ਬਹਾਦਰ ਸਿੰਘ ਦੀ ਪਤਨੀ ਧਰਮ ਕੌਰ ਨੇ ਮੁਕਾਬਲੇ ਲਈ ਕਮਰ ਕੱਸ ਲਈ। ਘਰ ਵਿਚ ਵੀਹ ਔਰਤਾਂ ਸਨ। ਧਰਮ ਕੌਰ ਨੇ ਦੋ ਜਣੀਆਂ ਨੂੰ ਤਲਵਾਰਾਂ ਦੇ ਕੇ ਦਰਵਾਜ਼ੇ ਕੋਲ ਖੜ੍ਹਾ ਕਰ ਦਿੱਤਾ ਤੇ ਦੋ ਨੂੰ ਬਰਛੇ ਫੜਾ ਕੇ ਕੰਧ ਕੋਲ। ਬਾਕੀ ਜਨਾਨੀਆਂ ਜਿਹਨਾਂ ਵਿਚ ਖੁਦ ਧਰਮ ਕੌਰ ਵੀ ਸੀ, ਨੇ ਛੱਤ ਉੱਤੇ ਜਾ ਕੇ ਦੁਸ਼ਮਣ ਉੱਤੇ ਇੱਟਾਂ-ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ।
ਜਦੋਂ ਦੇਖਿਆ ਕਿ ਉਪਰਲੀ ਸਮਗਰੀ ਖਤਮ ਹੋ ਗਈ ਹੈ ਤੇ ਦੁਸ਼ਮਣ ਹਮਲਾ ਕਰਕੇ ਘਰ ਵਿਚ ਘੁਸਣਾ ਚਾਹੁੰਦਾ ਹੈ ਤਾਂ ਧਰਮ ਕੌਰ ਤਲਵਾਰ ਲੈ ਕੇ ਹੇਠਾਂ ਛਾਲ ਮਾਰ ਗਈ। ਕੁਝ ਹੋਰ ਜਨਾਨੀਆਂ ਨੇ ਵੀ ਉਸਦਾ ਸਾਥ ਦਿੱਤਾ। ਦੁਸ਼ਮਣ ਦੀਆਂ ਤਲਵਾਰਾਂ ਨਾਲ ਲੋਹਾ ਲੈਂਦੀ ਹੋਈ ਅਖੀਰ ਧਰਮ ਕੌਰ ਧਰਤੀ 'ਤੇ ਡਿੱਗ ਪਈ। ਤਲਵਾਰ ਅਜੇ ਵੀ ਉਸਦੇ ਹੱਥ ਵਿਚ ਸੀ। ਜਫ਼ਰ ਬੇਗ਼ ਨੇ ਸੋਚਿਆ ਕਿ ਕੰਮ ਨਿਬੜ ਗਿਆ। ਉਹ ਉਸਨੂੰ ਘੋੜੇ ਉੱਤੇ ਲੱਦ ਕੇ ਨਾਲ ਲੈ ਜਾਣਾ ਚਾਹੁੰਦਾ ਸੀ।
ਜਿਉਂ ਹੀ ਜਫ਼ਰ ਬੇਗ਼ ਘੋੜੇ ਤੋਂ ਛਾਲ ਮਾਰ ਕੇ ਉਤਰਿਆ, ਧਰਮ ਕੌਰ ਚੁਕੰਨੀ ਹੋ ਗਈ। ਉਸਨੇ ਤਲਵਾਰ ਦਾ ਇਕ ਭਰਪੂਰ ਵਾਰ ਕੀਤਾ ਤੇ ਜਫ਼ਰ ਬੇਗ਼ ਪਛਾੜ ਖਾ ਕੇ ਜਾ ਡਿੱਗਿਆ। ਮੁਗਲ ਸੈਨਕਾਂ ਨੇ ਉਸਨੂੰ ਚੁੱਕਿਆ ਤੇ ਘੋੜੇ ਉਪਰ ਲੱਦ ਕੇ ਭੱਜ ਖੜ੍ਹੇ ਹੋਏ।
ਪਹਿਲੀ ਜੁਲਾਈ 1745 ਨੂੰ ਜ਼ਕਰੀਆ ਖਾਂ ਚੱਲ ਵੱਸਿਆ। ਉਪਰੋਕਤ ਘਟਨਾ ਉਸਦੀ ਮੌਤ ਤੋਂ ਅੱਠ-ਦਸ ਦਿਨ ਪਹਿਲਾਂ ਹੋਈ ਸੀ। 'ਹਕੂਮਤ ਤੁਸੀਂ ਨਹੀਂ ਉਹ ਕਰਨਗੇ।' ਨਾਦਰ ਸ਼ਾਹ ਦੀ ਭਵਿੱਖ ਬਾਣੀ ਮਰਨ ਸਮੇਂ ਵੀ ਉਸਨੂੰ ਯਾਦ ਆਈ ਤੇ ਇਹ ਉਸਨੂੰ ਸੱਚ ਹੁੰਦੀ ਜਾਪੀ। ਉਸਨੇ ਕੋਈ ਦਸ ਹਜਾਰ ਸਿੱਖਾਂ ਦੀ ਹੱਤਿਆ ਕੀਤੀ ਪਰ ਸਿੱਖਾਂ ਦੇ ਹੌਂਸਲੇ ਪਹਿਲਾਂ ਨਾਲੋਂ ਵੀ ਵਧੇ ਹੋਏ ਜਾਪਦੇ ਸਨ। ਬਰਬਰਤਾ, ਉਦੇਸ਼ ਤੇ ਆਦਰਸ਼ ਤੋਂ ਹਾਰ ਚੁੱਕੀ ਸੀ।
ਜ਼ਕਰੀਆ ਖਾਂ ਦੀ ਮੌਤ ਪਿੱਛੋਂ, ਦੋ-ਢਾਈ ਸਾਲ ਇੰਜ ਬੀਤੇ...ਲੱਗਦਾ ਸੀ, ਪੰਜਾਬ ਵਿਚ ਨਾ ਕੋਈ ਰਾਜ ਹੈ, ਨਾ ਰਾਜ-ਪ੍ਰਬੰਧ। ਇਕ ਪਾਸੇ ਜ਼ਕਰੀਆ ਖਾਂ ਦੇ ਦੋਵੇਂ ਬੇਟੇ ਯਹੀਆ ਖਾਂ ਤੇ ਸ਼ਾਹ ਨਿਵਾਜ ਵਿਚਕਾਰ ਉਤਰ-ਅਧਿਕਾਰੀ ਬਣਨ ਲਈ ਘਰੇਲੂ-ਜੰਗ ਸ਼ੁਰੂ ਹੋ ਗਈ ਤੇ ਦੂਜੇ ਪਾਸੇ ਕਠਪੁਤਰੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤੇ ਉਸਦੇ ਵਜੀਰ ਕਮਰੂੱਦੀਨ ਖਾਂ ਵਿਚ ਠਣ ਗਈ। ਬਾਦਸ਼ਾਹ ਇਹ ਨਹੀਂ ਸੀ ਚਾਹੁੰਦਾ ਕਿ ਪੰਜਾਬ ਵਿਚ ਤੁਰਾਨੀ-ਦਲ ਦਾ ਹੀ ਰਾਜ ਰਹੇ, ਜਦੋਂ ਕਿ ਕਮਰੂੱਦੀਨ ਆਪਣਾ ਖਾਨਦਾਨੀ ਰਾਜ ਕਾਇਮ ਰੱਖਣ ਉੱਤੇ ਤੁਲਿਆ ਹੋਇਆ ਸੀ। ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ। ਸੱਤਾ ਕਮਰੂੱਦੀਨ ਦੇ ਹੱਥ ਵਿਚ ਸੀ। ਉਸਨੇ ਜ਼ਕਰੀਆ ਖਾਂ ਦੇ ਭਤੀਜੇ ਨੂੰ ਫੈਸਲਾ ਨਾ ਹੋਣ ਤਕ ਆਰਜ਼ੀ ਸੁਬੇਦਾਰ ਬਣਾ ਦਿੱਤਾ। ਖਜਾਨਾ ਖਾਲੀ ਸੀ, ਫੌਜ ਨੂੰ ਤਨਖਾਹ ਨਹੀਂ ਸੀ ਮਿਲ ਰਹੀ। ਨਵਾਬ ਅਬਦੁੱਲਾ ਨੇ ਆਪਣੇ ਅਸਥਾਈ ਸ਼ਾਸਨ ਕਾਲ ਵਿਚ ਆਪਣਾ ਘਰ ਭਰ ਲੈਣ ਦੀ ਸੋਚੀ। ਕਿਸਾਨਾਂ ਉਪਰ ਲਗਾਨ ਵਧਾ ਦਿੱਤਾ ਗਿਆ ਤੇ ਫੌਜ ਨੂੰ ਜਿੱਥੋਂ ਵੀ ਤੇ ਜਿਵੇਂ ਵੀ ਹੋ ਸਕੇ ਪੈਸੇ ਕਮਾਉਣ ਦੀ ਖੁੱਲ੍ਹੀ ਛੁੱਟੀ ਮਿਲ ਗਈ। ਸਿੱਟਾ ਇਹ ਕਿ ਅਜਿਹੀ ਹਨੇਰਗਰਦੀ ਮੱਚ ਗਈ ਕਿ ਲੋਕ ਹਾਹਾਕਾਰ ਕਰ ਉਠੇ ਤੇ ਇਹ ਕਹਾਵਤ ਹੋਂਦ ਵਿਚ ਆਈ...
'ਹਕੂਮਤ ਨਵਾਬ ਅਬਦੁੱਲਾ,
ਨਾ ਚੱਕੀ ਰਹੀ, ਨਾ ਚੁੱਲ੍ਹਾ।'
ਭਰਾਵਾਂ ਵਿਚ ਚੱਲ ਰਹੇ ਵਿਰਾਸਤ ਦੇ ਝਗੜੇ ਨੂੰ ਨਿਬੇੜਨ ਲਈ ਵਜੀਰ ਕਮਰੂੱਦੀਨ ਖਾਂ ਨੇ ਬਾਦਸ਼ਾਹ ਨੂੰ ਇਹ ਸੁਝਾਅ ਦਿੱਤਾ ਕਿ ਯਹੀਆ ਖਾਂ ਨੂੰ ਲਾਹੌਰ ਦਾ ਤੇ ਸ਼ਾਹ ਨਵਾਜ ਖਾਂ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਜਾਏ। ਪਰ ਬਾਦਸ਼ਾਹ ਨੇ ਉਸਦਾ ਇਹ ਸੁਝਾਅ ਰੱਦ ਕਰ ਦਿੱਤਾ ਕਿਉਂਕਿ ਉਹ ਸੂਬੇਦਾਰ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਕਰਕੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਸਿੱਧ ਕਰਨਾ ਚਾਹੁੰਦਾ ਸੀ ਤੇ ਪੰਜਾਬ ਨੂੰ ਤੁਰਾਨੀ-ਦਲ ਦੇ ਜੱਦੀ ਅਧਿਕਾਰ ਹੇਠੋਂ ਮੁੱਕਤ ਕਰਨਾ ਚਾਹੁੰਦਾ ਸੀ।
ਵਜੀਰ ਕਮਰੂੱਦੀਨ ਬੜਾ ਚਤੁਰ ਤੇ ਧੁਨ ਦਾ ਪੱਕਾ ਆਦਮੀ ਸੀ। ਜਿੱਥੇ ਉਹ ਬਾਦਸ਼ਾਹ ਉੱਤੇ ਅੰਕੁਸ਼ ਰੱਖਣਾ ਚਾਹੁੰਦਾ ਸੀ, ਉੱਥੇ ਹੀ ਪੰਜਾਬ ਨੂੰ ਵੀ ਵਿਰੋਧੀ ਦਲ ਦੇ ਹੱਥਾਂ ਵਿਚ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਂਜ ਵੀ ਯਹੀਆ ਖਾਂ ਉਸਦਾ ਜਵਾਈ ਸੀ ਤੇ ਉਹ ਉਸਨੂੰ ਪੰਜਾਬ ਦਾ ਨਵਾਬ ਬਨਾਉਣਾ ਚਾਹੁੰਦਾ ਸੀ। ਜਦੋਂ ਬਾਦਸ਼ਾਹ ਨੇ ਉਸਦਾ ਸੁਝਾਅ ਰੱਦ ਕਰ ਦਿੱਤਾ ਤਾਂ ਉਹ ਢੀਠਾਂ ਵਾਂਗ ਮੁਸਕਰਾਇਆ ਤੇ ਮਨ ਹੀ ਮਨ ਵਿਚ ਇਹ ਕਹਾਵਤ ਦਹੂਰਾਈ, 'ਕਿਆ ਪਿੱਦੀ, ਕਿਆ ਪਿੱਦੀ ਕਾ ਸ਼ੋਰਬਾ'। ਉਸਨੇ ਚੁੱਪਚਾਪ ਫੈਸਲਾ ਕੀਤਾ ਤੇ ਯਹੀਆ ਖਾਂ ਨੂੰ ਕਿਹਾ, “ਜਾਹ, ਜਾ ਕੇ ਲਾਹੌਰ 'ਤੇ ਕਬਜਾ ਕਰ ਲੈ। ਰੰਗੀਲਾ ਜੋ ਤੀਰ ਮਾਰੇਗਾ, ਉਸਨੂੰ ਮੈਂ ਦੇਖ ਲਵਾਂਗਾ।”
ਫੌਜ ਤਿਆਰ ਸੀ। ਯਹੀਆ ਖਾਂ ਉਸਨੂੰ ਲੈ ਕੇ ਲਾਹੌਰ ਆ ਪਹੁੰਚਿਆ। ਸ਼ਾਹ ਨਵਾਜ਼ ਖਾਂ ਤੋਂ ਇਹ ਸਹਿ ਨਾ ਹੋਇਆ। ਉਹ ਵੀ ਆਪਣੀ ਫੌਜ ਲੈ ਕੇ ਆ ਪਹੁੰਚਿਆ। ਉਹ ਬੜਾ ਹਿਰਖੀ ਸੁਭਾਅ ਦਾ ਆਦਮੀ ਸੀ। ਭਰਾ ਨੂੰ ਕਹਿਣ ਲੱਗਾ, “ਤੁਹਾਡੀ ਵਿਰਾਸਤ ਵਿਚ ਮੇਰਾ ਵੀ ਹਿੱਸਾ ਹੈ, ਬਟਵਾਰਾ ਹੋਵੇਗਾ। ਸਿੱਧੀ ਤਰ੍ਹਾਂ ਨਾ ਹੋਇਆ ਤਾਂ ਤਲਵਾਰ ਦੀ ਨੋਕ 'ਤੇ ਹੋਵੇਗਾ।”
ਯਹੀਆ ਖਾਂ ਨੂੰ ਆਪਣੇ ਵਜ਼ੀਰ ਸਹੁਰੇ ਦੀ ਮਦਦ ਦਾ ਭਰੋਸਾ ਸੀ। ਬੋਲਿਆ, “ਇਹ ਮੂੰਹ ਤੇ ਮਸਰਾਂ ਦੀ ਦਾਲ। ਵੱਡਾ ਆਇਆ ਏ ਬਟਵਾਰਾ ਕਰਨ ਵਾਲਾ।”
ਦੋਵਾਂ ਭਰਾਵਾਂ ਦੀਆਂ ਫੌਜਾਂ ਆਪਸ ਵਿਚ ਭਿੜ ਗਈਆਂ। ਸ਼ਾਹ ਨਵਾਜ਼ ਮਿਜਾਜ਼ ਦਾ ਕਰਾਰਾ ਹੀ ਨਹੀਂ, ਤਲਵਾਰ ਦਾ ਧਨੀ ਵੀ ਸੀ। ਯਹੀਆ ਖਾਂ ਨੇ ਜਦੋਂ ਦੇਖਿਆ ਕਿ ਸ਼ਾਹ ਨਵਾਜ਼ ਦਾ ਪਲੜਾ ਭਾਰੀ ਪੈ ਰਿਹਾ ਹੈ ਤਾਂ ਉਸਨੂੰ ਕੁਝ ਨਕਦੀ ਤੇ ਕੁਝ ਹੀਰੇ-ਜਵਾਹਰ ਦੇ ਕੇ ਸਮਝੌਤਾ ਕਰ ਲਿਆ, ਜਿਹੜਾ 3 ਜਨਵਰੀ 1746 ਨੂੰ ਹੋਇਆ। ਸ਼ਾਹ ਨਵਾਜ਼ ਖਾਂ ਆਪਣੀ ਜਲੰਧਰ ਦੀ ਫੌਜਦਾਰੀ ਵਿਚ ਵਾਪਸ ਪਰਤ ਗਿਆ।
ਜ਼ਕਰੀਆ ਖਾਂ ਨੇ ਸਿੱਖਾਂ ਨੂੰ ਮਿਟਾਉਣ ਦਾ ਜੋ ਅਭਿਆਨ ਛੇੜਿਆ ਸੀ, ਪੰਜਾਬ ਵਿਚ ਕਾਨੂੰਨ ਤੇ ਪ੍ਰਬੰਧ ਦੀ ਹਾਲਤ ਉਸੇ ਕਰਕੇ ਗੜਬੜਾਈ ਹੋਈ ਸੀ। ਉਸਦੀ ਮੌਤ ਪਿੱਛੋਂ ਯਹੀਆ ਖਾਂ ਤੇ ਸ਼ਾਹ ਨਵਾਜ਼ ਵਿਚ ਜਿਹੜਾ ਗ੍ਰਹਿ-ਯੁੱਧ ਛਿੜਿਆ, ਉਸ ਨਾਲ ਹਾਲਾਤ ਹੋਰ ਵੀ ਮੰਦੇ ਹੋ ਗਏ। ਰਾਜ ਪ੍ਰਬੰਧ ਦੀਆਂ ਚੂਲਾਂ ਬਿਲਕੁਲ ਹੀ ਹਿੱਲ ਗਈਆਂ ਸਨ। ਜੰਮੂ ਦੇ ਰਾਜੇ ਨੇ ਆਪਣੇ ਰਾਜ ਨੂੰ ਸੁਤੰਤਰ ਐਲਾਨ ਦਿੱਤਾ ਤੇ ਰਾਜਸਵ ਦੇਣਾ ਬੰਦਾ ਕਰ ਦਿੱਤਾ। ਸਭ ਤੋਂ ਵੱਡਾ ਖਤਰਾ ਸਿੱਖ ਬਾਗ਼ੀ ਸਨ। ਉਹਨਾਂ ਦੇ ਧਾੜਵੀ ਜੱਥੇ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਆਏ ਸਨ ਤੇ ਉਹਨਾਂ ਆਪਣੇ ਦੁਸ਼ਮਣਾ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੌਸ਼ਹਿਰਾ ਤੇ ਮਜੀਠਾ ਆਦਿ ਦੇ ਪਿੰਡਾਂ ਤੇ ਕਸਬਿਆਂ ਉਪਰ ਧਾਵਾ ਬੋਲ ਕੇ ਸਾਹਬ ਰਾਏ, ਰਾਮ ਰੰਧਾਵਾ, ਕਰਮਦੀਨ, ਹਰ ਭਗਤ ਨਿਰੰਜਨੀਆਂ, ਕਾਜੀ ਫ਼ਜ਼ਲ ਅਹਿਮਦ ਖਾਂ ਖੋਖਰ, ਸ਼ਮਸ਼ੇਰ ਖਾਂ ਤੇ ਉਹਨਾਂ ਦੇ ਚੌਧਰੀਆਂ ਤੇ ਮੁੱਕਦਮਾਂ ਦਾ, ਜਿਹਨਾਂ ਨੇ ਉਹਨਾਂ ਦੇ ਘਰ-ਬਾਰ ਉਜਾੜਨ ਵਿਚ ਮੁਗਲਾਂ ਦੀ ਮਦਦ ਕੀਤੀ ਸੀ, ਸਫਾਇਆ ਕਰ ਦਿੱਤਾ।
ਅਮਨ ਪਸੰਦ ਲੋਕ ਆਪਣੇ ਖੇਤਾਂ ਵਿਚ ਮਿਹਨਤ ਕਰਕੇ ਜੋ ਵੀ ਪ੍ਰਾਪਤ ਕਰਦੇ, ਉਸ ਵਿਚ ਸੰਤੁਸ਼ਟ ਰਹਿੰਦੇ ਸਨ। ਰਾਜਨੀਤੀ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ ਪਰ ਹੁਣ ਉਹ ਵੀ ਗਸ਼ਤੀ ਫੌਜ ਹੱਥੋਂ ਦੁਖੀ ਸਨ। ਫੌਜੀ ਭੁੱਖੇ ਬਘਿਆੜਾਂ ਵਾਂਗ ਘਰ ਵਿਚ ਘੁਸ ਆਉਂਦੇ। ਪੈਸਾ, ਪ੍ਰਾਣ ਤੇ ਇੱਜ਼ਤ¸ ਕੁਝ ਵੀ ਸੁਰੱਖਿਅਤ ਨਹੀਂ ਸੀ। ਉਹ ਘੁਸਰ-ਮੁਸਰ ਕਰਦੇ, 'ਇਸ ਜਿਉਣੇ ਨਾਲੋਂ ਤਾਂ ਮਰ ਜਾਣਾ ਚੰਗਾ ਹੈ।' ਜਵਾਨ ਪੁੱਤਰ, ਪਿਓ ਨੂੰ ਕਹਿੰਦਾ, “ਮੈਂ ਹੁਣ ਹਲ ਦੀ ਹੱਥੀ ਨਹੀਂ ਫੜਨੀ। ਬਲਦ ਜਾਂ ਜ਼ਮੀਨ ਵੇਚ ਕੇ ਮੈਨੂੰ ਘੋੜਾ ਤੇ ਤਲਵਾਰ ਲੈ ਦਿਓ। ਜਿਉਣ ਦਾ ਇਹੀ ਇਕ ਸਾਧਨ ਰਹਿ ਗਿਆ ਏ। ਅਸੀਂ ਅੰਨ ਉਗਾਉਣ ਵਾਲੇ ਦਾਣੇ-ਦਾਣੇ ਨੂੰ ਤਰਸਦੇ ਹਾਂ, ਤੇ ਲੁੱਟ-ਮਾਰ ਕਰਨ ਵਾਲੇ ਮੌਜਾਂ ਮਾਣਦੇ ਨੇ ਤੇ ਦਨ-ਦਨਾਉਂਦੇ ਫਿਰਦੇ ਨੇ।”
ਮਾਝੇ ਦੇ ਜੱਟ-ਕਿਸਾਨ ਉਤੋਂ ਭੋਲੇ-ਭਾਲੇ ਤੇ ਅੰਦਰੋਂ ਪੂਰੇ ਚਲਾਕ ਹੁੰਦੇ ਨੇ। ਉਹਨਾਂ ਬਾਰੇ ਇਕ ਕਹਾਵਤ ਮਸ਼ਹੂਰ ਹੈ¸ 'ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ'। ਇਹਨਾਂ ਜੱਟ ਕਿਸਾਨਾਂ ਦਾ ਜਨਮਾਂ ਜਨਮਾਂਤਰਾਂ ਤੋਂ ਇਕ ਸੁਭਾਅ ਹੈ¸ ਬਣ ਠਣ ਕੇ ਸਵੈਮਾਨ ਨਾਲ ਰਹਿਣਾ। ਜਦੋਂ ਮਾਣ-ਸਨਮਾਣ ਉੱਤੇ ਗੱਲ ਆਏ, ਉਹ ਜਾਨ 'ਤੇ ਖੇਡ ਜਾਂਦੇ ਨੇ। ਹੁਣ ਵੀ ਇਵੇਂ ਹੀ ਹੋਇਆ। ਤਲਵਾਰਾਂ ਤਿੱਖੀਆਂ ਕੀਤੀਆਂ ਗਈਆਂ, ਘੋੜਿਆਂ ਦਾ ਜਿਵੇਂ ਵੀ ਹੋ ਸਕਿਆ ਪ੍ਰਬੰਧ ਕੀਤਾ ਗਿਆ ਤੇ ਘਰ-ਬਾਰ ਛੱਡ ਕੇ ਸਿੱਖ ਜੱਥਿਆਂ ਵਿਚ ਜਾ ਸ਼ਾਮਲ ਹੋਏ। ਪੜ੍ਹਨ-ਲਿਖਣ ਦੀ ਨਾ ਕਿਸੇ ਨੂੰ ਵਿਹਲ ਸੀ ਤੇ ਨਾ ਹੀ ਲੋੜ। ਉਹ ਘੋੜਸਵਾਰੀ ਤੇ ਤਲਵਾਰਬਾਜ਼ੀ ਸਿੱਖਦੇ ਸਨ ਤੇ ਇਸ ਕਲਾ ਵਿਚ ਕੋਈ ਉਹਨਾਂ ਦਾ ਸਾਨੀ ਨਹੀਂ ਸੀ ਹੁੰਦਾ। ਤੈਰਨਾ ਤੈਰਨ ਨਾਲ ਤੇ ਲੜਨਾ ਲੜਨ ਨਾਲ ਆਉਂਦਾ ਹੈ। ਜਿਹੜੇ ਤੇਜ਼ ਬੁੱਧ ਵਾਲੇ ਨੌਜਵਾਨ ਕਿਸੇ ਜੱਥੇ ਨਾਲ ਰਹਿ ਕੇ ਲੜਨਾ ਸਿੱਖ ਜਾਂਦੇ ਸਨ, ਉਹ ਆਪਣਾ ਵੱਖਰਾ ਜੱਥਾ ਬਣਾ ਲੈਂਦੇ ਸਨ। ਇੰਜ ਨਵੇਂ ਨਵੇਂ ਜੱਥੇਦਾਰ ਪੈਦਾ ਹੋ ਗਏ, ਜਿਹੜੇ ਆਪਣੇ ਪਿੰਡ ਤੇ ਜਾਤੀ ਦੇ ਵੀਹ-ਪੱਚੀ ਨੌਜਵਾਨਾਂ ਨੂੰ ਨਾਲ ਰਲਾ ਕੇ ਆਪਣਾ ਵੱਖਰਾ ਡੇਰਾ ਵੀ ਬਣਾ ਲੈਂਦੇ ਸਨ। ਉਹਨਾਂ ਨੂੰ ਗਸ਼ਤੀ ਫੌਜ ਦਾ ਭੈ ਨਹੀਂ ਸੀ ਹੁੰਦਾ, ਬਲਕਿ ਗਸ਼ਤੀ ਫੌਜ ਖ਼ੁਦ ਉਹਨਾਂ ਤੋਂ ਭੈਭੀਤ ਰਹਿੰਦੀ ਸੀ। ਹੌਂਸਲੇ ਤੇ ਵੀਰਤਾ ਦੇ ਕਾਰਨਾਮਿਆਂ ਸਦਕਾ, ਉਹਨਾਂ ਨੂੰ ਜਿਹੜਾ ਧਨ, ਪ੍ਰਸਿੱਧੀ ਤੇ ਸੁਰੱਖਿਆ ਪ੍ਰਾਪਤ ਹੁੰਦੀ, ਉਹ ਨੌਜਵਾਨਾ ਨੂੰ ਹੀ ਨਹੀਂ ਬਲਕਿ ਵੱਡੇ-ਬਜ਼ੁਰਗਾਂ ਨੂੰ ਵੀ ਆਪਣੇ ਵੱਲ ਖਿੱਚਦੀ ਸੀ। ਅਰਾਜਕਤਾ ਦੇ ਇਸ ਯੁੱਗ ਵਿਚ ਤਲਵਾਰ ਨਾਲ ਹੀ ਇੱਜ਼ਤ ਮਿਲਦੀ ਸੀ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਜਿਹੜਾ ਮਨੋਬਲ ਪੈਦਾ ਹੁੰਦਾ ਸੀ, ਉਹ ਅਜਿੱਤ ਤੇ ਅਨੰਤ ਸੀ। ਭਾਂਤ-ਭਾਂਤ ਦੇ ਡਾਕੂ ਲੁਟੇਰੇ ਉਠ ਖੜ੍ਹੇ ਹੋਏ ਸਨ¸ ਹਫੜਾ-ਦਫੜੀ, ਲੁੱਟ-ਮਾਰ, ਜਿਸਦੀ ਲਾਠੀ ਉਸਦੀ ਮੱਝ, ਸਾਧਾਰਨ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਸੀ। ਇਹ ਜੱਥੇ ਆਪਣੀ ਤੇ ਆਪਣੇ ਪਿੰਡਾਂ ਵਿਚ ਵੱਸਦੇ ਆਪਣੇ ਲੋਕਾਂ ਦੀ ਰਾਖੀ ਕਰਦੇ ਸਨ। ਉਹਨਾਂ ਦੀ ਸੰਖਿਆ ਦਿਨੋਂ ਦਿਨ ਵਧ ਰਹੀ ਸੀ।
ਇਕ ਬੇਨਾਮ ਸੂਫੀ ਫਕੀਰ, ਜਿਸਦੇ ਵਾਲ ਖਿੱਲਰੇ ਹੋਏ, ਮੋਢੇ ਉਪਰ ਝੋਲੀ ਤੇ ਹੱਥ ਵਿਚ ਘੁੰਗਰੂਆਂ ਵਾਲਾ ਗੋਲ ਮੁਲਾਇਮ ਡੰਡਾ ਹੁੰਦਾ ਸੀ, ਘੁੰਮਦਾ ਨਜ਼ਰ ਆਉਂਦਾ। ਉਹ ਉਸ ਡੰਡੇ ਨੂੰ ਧਰਤੀ ਉਪਰ ਮਾਰ-ਮਾਰ ਕੇ, ਘੁੰਗਰੂਆਂ ਦੀ ਛਣਕਾਰ ਦੇ ਨਾਲ ਨਾਲ ਉੱਚੀ ਤੇ ਸਾਫ-ਮਿੱਠੀ ਆਵਾਜ਼ ਵਿਚ ਗਾਉਂਦਾ…:
'ਕਬੀਰ ਇਕ ਇਨਸਾਨ, ਨਾ ਹਿੰਦੂ ਨਾ ਮੁਸਲਮਾਨ।
ਕੁਝ ਵੀ ਕਹੇ ਵੇਦ ਕੁਰਾਨ, ਮੇਰੀ ਆਪਣੀ ਇਹ ਪਹਿਚਾਨ।
ਤੂੰ ਕਹੇਂ ਕਾਗਜ਼ ਦੀ ਲੇਖੀ, ਮੈਂ ਕਹਾਂ ਅੱਖਾਂ ਦੀ ਦੇਖੀ।'
ਉਹ 'ਦੇਖੀ-ਦੇਖੀ' ਵਾਰੀ ਵਾਰੀ ਦੁਹਰਾਉਂਦਾ, ਪਿੱਛੇ ਪਿੱਛੇ ਆ ਰਹੇ ਅਨਾਥ ਬੱਚੇ ਵੀ ਦੁਹਰਾਉਂਦੇ। ਘੁੰਗਰੂਆਂ ਦੀ ਛਣਕਾਰ ਦੇ ਨਾਲ ਇਹ ਬੋਲ ਇਕਸੁਰ ਹੋ ਜਾਂਦੇ ਤੇ ਸਮਾਂ ਬੱਝ ਜਾਂਦਾ। ਤਾਣ ਇੰਜ ਟੁੱਟਦੀ…:
'ਦੁਨੀਆਂ ਦਾਣੇ-ਦਾਣੇ ਨੂੰ ਮੁਹਤਾਜ,
ਦੁਨੀਆਂ ਦਾਣੇ-ਦਾਣੇ ਦੀ ਮੁਹਤਾਜ'।
ਲੋਕਾਂ ਦੀ ਭੀੜ ਲੱਗ ਜਾਂਦੀ। ਜਿਸਦੀ ਜੋ ਸ਼ਰਧਾ ਹੁੰਦੀ, ਉਸਦੀ ਝੋਲੀ ਵਿਚ ਪਾ ਦਿੰਦਾ ਤੇ ਉਹ ਝੂੰਮਦਾ-ਗਾਉਂਦਾ ਹੋਇਆ ਅੱਗੇ ਤੁਰ ਜਾਂਦਾ।
ਦਰਅਸਲ ਇਹ ਬੇਨਾਮ ਸੂਫੀ ਫਕੀਰ ਭੂਪ ਸਿੰਘ ਸੀ। ਉਹ ਤੇ ਉਸਦੇ ਪਿੱਛੇ ਪਿੱਛੇ ਤੁਰਨ ਵਾਲੇ ਬੱਚੇ ਇਸ ਫਕੀਰੀ ਭੇਸ ਵਿਚ ਸ਼ਹਿਰ ਸ਼ਹਿਰ ਘੁੰਮਦੇ ਸਨ, ਦੁਸ਼ਮਣ ਦੇ ਪੜਾਅ ਦੀਆਂ ਗਤੀਵਿਧੀਆਂ ਤੇ ਯੋਜਨਾਵਾਂ ਦਾ ਪਤਾ ਕਰਕੇ ਉਸ ਦੀ ਖਬਰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੁਵਾਲੀਆ ਨੂੰ ਪਹੁੰਚਾਉਂਦੇ ਸਨ।
ਜ਼ਕਰੀਆ ਖਾਂ ਦੀ ਮੌਤ ਪਿੱਛੋਂ ਪਹਿਲੀ ਦੀਵਾਲੀ 14 ਨਵੰਬਰ 1745 ਨੂੰ ਆਈ। ਲਾਹੌਰ ਸਰਕਾਰ ਦੀ ਕਮਜ਼ੋਰੀ ਦਾ ਪਤਾ ਲੱਗ ਚੁੱਕਿਆ ਸੀ। ਸਿੱਖ ਇਸ ਮੌਕੇ ਉਪਰ ਅੰਮ੍ਰਿਤਸਰ ਵਿਚ ਖੁੱਲ੍ਹਮ-ਖੁੱਲੇ ਇਕੱਤਰ ਹੋਏ। ਹਰਿਮੰਦਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕੀਤੇ, ਸਰੋਵਰ ਵਿਚ ਇਸ਼ਨਾਨ ਕੀਤਾ ਤੇ ਦਰਬਾਰ ਸਜਿਆ ਤੇ ਆਪਣੇ ਆਪ ਨੂੰ ਮੁੜ ਸੰਗਠਿਤ ਕਰਨ ਦਾ ਗੁਰਮਤਾ ਪਾਸ ਹੋਇਆ। ਜਿਹੜੇ ਨਵੇਂ ਲੋਕ ਆਏ ਸਨ, ਉਹਨਾਂ ਨੂੰ ਮਿਲਾ ਕੇ ਬੁੱਢਾ-ਦਲ ਤੇ ਤਰੁਣਾ-ਦਲ ਦੇ 25 ਜੱਥੇ ਬਣਾਏ ਗਏ। ਉਹਨਾਂ ਦਾ ਆਪਣਾ ਆਪਣਾ ਝੰਡਾ ਤੇ ਆਪਣਾ ਆਪਣਾ ਨੇਤਾ ਸੀ। ਹਰੇਕ ਜੱਥੇ ਦੇ ਮੈਂਬਰਾਂ ਦੀ ਤਾਦਾਦ ਸੌ ਦੇ ਲਗਭਗ ਸੀ। ਜੱਸਾ ਸਿੰਘ ਆਹਲੁਵਾਲੀਆ ਦੀ ਉਮਰ ਉਸ ਸਮੇਂ 27 ਸਾਲ ਦੇ ਲਗਭਗ ਸੀ। ਤੀਰ ਤੇ ਤਲਵਾਰ ਚਲਾਉਣ ਵਿਚ ਉਸਦਾ ਕੋਈ ਸਾਨੀ ਨਹੀਂ ਸੀ। ਜੈਸਾ ਡੀਲ ਡੌਲ ਸੀ, ਵੈਸੀ ਹੀ ਖੁਰਾਕ¸ ਇਕ ਸੇਰ ਮੱਖਣ ਤੇ ਪਾਈਆ ਕੁ ਮਿਸਰੀ ਦਾ ਨਾਸ਼ਤਾ ਕਰਦਾ ਤੇ ਰੋਟੀ ਵੇਲੇ ਅੱਧਾ ਬੱਕਰਾ ਇਕੱਲਾ ਖਪਾ ਜਾਂਦਾ ਸੀ। ਉਸਨੇ ਮਾਤਾ ਸੁੰਦਰੀ ਕੋਲ ਰਹਿ ਕੇ ਜਿੱਥੇ ਧਾਰਮਕ ਸਿੱਖਿਆ ਪ੍ਰਾਪਤ ਕੀਤੀ ਸੀ, ਨਾਲ ਹੀ ਮਕਤਬ ਵਿਚ ਉਰਦੂ ਅਤੇ ਫਾਰਸੀ ਵੀ ਸਿੱਖ ਲਈ ਸੀ। ਇੰਜ ਉਹ ਆਪਣੇ ਸਮੇਂ ਦੇ ਅਨੁਸਾਰ ਵਿਦਵਾਨ ਵੀ ਸੀ ਤੇ ਉਸਦੀ ਵੀਰਤਾ ਦਾ ਲੋਹਾ ਵੀ ਸਾਰੇ ਮੰਨਦੇ ਸਨ। ਆਪਣੇ ਇਹਨਾਂ ਗੁਣਾ ਕਾਰਨ ਤੇ ਨਵਾਬ ਕਪੂਰ ਸਿੰਘ ਦਾ ਧਰਮ ਪੁੱਤਰ ਹੋਣ ਕਾਰਕੇ ਉਹ ਏਨਾ ਹਰਮਨ-ਪਿਆਰਾ ਹੋ ਗਿਆ ਸੀ ਕਿ ਲੋਕ ਉਸਨੂੰ 'ਬਾਦਸ਼ਾਹ' ਕਹਿਣ ਲੱਗ ਪਏ ਸਨ। ਨਵਾਬ ਕਪੂਰ ਸਿੰਘ ਬੁੱਢਾ-ਦਲ ਦੇ ਨੇਤਾ ਸਨ। ਜੱਸਾ ਸਿੰਘ ਤਰੁਣਾ-ਦਲ ਵਿਚ ਜਾਣ ਦੇ ਬਜਾਏ ਉਹਨਾਂ ਦੇ ਅੰਗ-ਸੰਗ ਰਹਿੰਦਾ ਸੀ ਤੇ ਉਹਨਾਂ ਦੀ ਸੇਵਾ-ਟਹਿਲ ਕਰਦਾ ਸੀ।
ਬਹੁਤ ਸਾਰੇ ਨਵੇਂ ਲੋਕ ਆ ਗਏ ਸਨ। ਉਹਨਾਂ ਲਈ ਤੇ ਉਹਨਾਂ ਦੇ ਘੋੜਿਆਂ ਲਈ ਖੁਰਾਕ, ਬਸਤਰਾਂ ਤੇ ਹਥਿਆਰਾਂ ਦੀ ਲੋੜ ਸੀ। ਪੰਜਾਬ ਵਿਚ ਜਿਵੇਂ ਬਾਬਰ ਦੇ ਹਮਲੇ ਪਿੱਛੋਂ ਭੁੱਖੇ-ਨੰਗੇ ਤੇ ਬੇਰੁਜ਼ਗਾਰਾਂ ਦੀ ਗਿਣਤੀ ਵਧ ਗਈ ਸੀ। ਉਸੇ ਤਰ੍ਹਾਂ ਹੁਣ ਵੀ ਵਧ ਰਹੀ ਸੀ। ਇਹਨਾਂ ਨਿਆਸਰਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਲੰਗਰ, ਪੰਗਤ ਤੇ ਸੰਗਤ ਵਾਲੀ ਜਿਹੜੀ ਰੀਤ ਚਲਾਈ ਸੀ, ਉਹ ਹੁਣ ਵੀ ਜਿਵੇਂ ਦੀ ਤਿਵੇਂ ਚੱਲ ਰਹੀ ਸੀ। ਇਸ ਲਈ ਪੈਸੇ ਦੀ ਬੜੀ ਲੋੜ ਸੀ। ਧਨ ਜਿਸ ਹੀਲੇ ਨਾਲ ਆ ਸਕਦਾ ਸੀ, ਉਹੀ ਸਿੱਖਾਂ ਨੇ ਅਪਣਾਇਆ। ਗਸ਼ਤੀ ਫੌਜ ਪੂਰਬ ਵਲ ਜਾਂਦੀ ਤਾਂ ਉਹ ਪੱਛਮ ਵਿਚ ਧਾਵਾ ਬੋਲ ਦਿੰਦੇ। ਜੇ ਸੈਨਾਂ ਨਾਲ ਟਾਕਰਾ ਹੋ ਜਾਂਦਾ ਤਾਂ ਡਟ ਕੇ ਲੜਦੇ। ਆਪਣੀ ਯੁੱਧ ਕਲਾ ਦੀ ਮੁਹਾਰਤ ਸਦਕਾ ਉਹਨਾਂ ਬਟਾਲਾ, ਜਲੰਧਰ, ਤਲਵਾੜਾ, ਬਿਜਵਾੜਾ, ਘਾਗ, ਮਾਨਿਕੀ ਤੇ ਫਗਵਾੜਾ ਆਦਿ ਕਸਬੇ ਲੁੱਟ ਲਏ।
ਆਪਣੀਆਂ ਇਹਨਾਂ ਸਫਲਤਾਵਾਂ ਤੋਂ ਉਤਸਾਹਤ ਹੋ ਕੇ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਵੀ ਲੁੱਟ ਲੈਣ ਦੀ ਯੋਜਨਾ ਬਣਾਈ।
ਕੁਝ ਚੁਣੇ ਹੋਏ ਨੌਜਵਾਨਾ ਨੇ ਮੁਗਲ ਸੈਨਾਂ ਦਾ ਭੇਸ ਧਾਰਿਆ ਤੇ ਉਹ ਮੋਚੀ ਦਰਵਾਜ਼ੇ ਰਾਹੀਂ ਲਾਹੌਰ ਵਿਚ ਦਾਖਲ ਹੋ ਗਏ। ਜਨਵਰੀ ਦਾ ਮਹੀਨਾ ਸੀ, ਕਸ਼ਮੀਰ ਵਿਚ ਬਰਫ ਪੈ ਰਹੀ ਸੀ ਤੇ ਇੱਥੇ ਹੱਡੀਆਂ ਵਿਚ ਪੁਰ ਜਾਣ ਵਾਲੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਲੋਕ ਸੂਰਜ ਦੇ ਛਿਪਾਅ ਨਾਲ ਹੀ ਘਰਾਂ ਵਿਚ ਜਾ ਵੜਦੇ ਸਨ। ਬੂਹੇ ਬਾਰੀਆਂ ਬੰਦ ਹੋ ਜਾਂਦੀਆਂ ਸਨ ਤੇ ਗਲੀਆਂ ਸੁੰਨੀਆਂ। ਅੱਜ ਵੀ ਇਵੇਂ ਹੀ ਸੀ। ਦੁਕਾਨਾਂ ਤੇ ਘਰਾਂ ਵਿਚੋਂ ਆਉਂਦੀ ਮਧੱਮ ਰੌਸ਼ਨੀ ਵਿਚ ਸਿੰਘਾਂ ਨੂੰ ਪਛਾਨਣਾ ਅਸੰਭਵ ਸੀ। ਸਿੱਖ ਜਵਾਨਾਂ ਨੇ ਸਾਰੇ ਰਸਤੇ ਬੰਦ ਕਰਕੇ ਦੁਕਾਨਦਾਰਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਤੇ ਲੁੱਟ ਦਾ ਮਾਲ ਘੋੜਿਆਂ ਉੱਤੇ ਲੱਦ ਕੇ ਤੁਰੰਤ ਨੱਸ ਆਏ। ਕੁਝ ਨੌਜਵਾਨਾਂ ਨੇ ਉਹਨਾਂ ਕਾਜੀਆਂ ਤੇ ਮੁਨਸਫਾਂ ਦਾ, ਜਿਹਨਾਂ ਨੇ ਫੜ੍ਹੇ ਗਏ ਸਿੱਖਾਂ ਨੂੰ ਮੌਤ ਦੀਆਂ ਸਜਾਵਾਂ ਸੁਣਾਈਆਂ ਸਨ, ਉਹਨਾਂ ਦੇ ਘਰਾਂ ਵਿਚ ਘੁਸ ਕੇ ਸਫਾਇਆ ਕਰ ਦਿੱਤਾ।
ਭਾਵੇਂ ਹਰ ਜਗ੍ਹਾ ਗੜਬੜ ਚੱਲ ਰਹੀ ਸੀ, ਪਰ ਲਾਹੌਰ ਪਹਿਲੀ ਵਾਰੀ ਲੁੱਟਿਆ ਗਿਆ ਸੀ। ਜਦੋਂ ਯਹੀਆ ਖਾਂ ਨੂੰ ਇਸ ਦੀ ਖਬਰ ਮਿਲੀ, ਉਸਨੂੰ ਬੜੀ ਨਮੋਸ਼ੀ ਹੋਈ। ਉਸਨੇ ਦੀਵਾਨ ਲਖਪਤ ਰਾਏ ਨੂੰ ਹੁਕਮ ਦਿੱਤਾ ਕਿ ਸਾਡੀ ਨੱਕ ਹੇਠ ਸੱਤਾ ਦਾ ਅਪਮਾਨ ਕਰਨ ਵਾਲੇ ਇਹਨਾਂ ਸਿੱਖਾਂ ਨੂੰ ਸਖਤ ਸਜਾ ਦਿੱਤੀ ਜਾਏ। ਲਖਪਤ ਰਾਏ ਨੇ ਘੋੜ ਸਵਾਰ ਸੈਨਾਂ ਉਹਨਾਂ ਦੇ ਪਿੱਛੇ ਲਾ ਦਿੱਤੀ।
ਲਾਹੌਰ ਲੁੱਟਣ ਤੋਂ ਪਿੱਛੋਂ ਮੁਗਲ ਸੈਨਿਕ ਬਣੇ ਸਿੱਖ ਘੋੜ ਸਵਾਰ ਆਪਣੇ ਦੂਜੇ ਸਾਥੀਆਂ ਨਾਲ ਆ ਰਲੇ। ਉਹ ਰਾਵੀ ਦੇ ਕੰਢੇ ਜੰਗਲ ਵਿਚ ਛੁਪੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਕੰਡੇਦਾਰ ਝਾੜੀਆਂ ਤੇ ਦਲਦਲੀ ਰਸਤਿਆਂ ਉੱਤੇ ਢਿੱਲੀਆਂ-ਢਾਲੀਆਂ ਸਲਵਾਰਾਂ ਵਾਲੀ ਮੁਗਲ ਸੈਨਾਂ ਲਈ, ਚੁਸਤ-ਫੁਰਤੀਲੇ ਸਿੰਘਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ ਹੁੰਦਾ। ਉਹਨਾਂ ਦੀਆ ਸਲਵਾਰਾਂ ਕੰਡੇਦਾਰ ਝੜੀਆਂ ਵਿਚ ਫਸ ਜਾਂਦੀਆਂ ਤੇ ਘੋੜੇ ਦਲਦਲ ਵਿਚ ਧਸ ਜਾਂਦੇ। ਜਦੋਂ ਕਿ ਸਿੱਖਾਂ ਲਈ ਇਸਨੂੰ ਪਾਰ ਕਰ ਜਾਣਾ ਕੋਈ ਔਖਾ ਕੰਮ ਨਹੀਂ ਸੀ ਹੁੰਦਾ, ਕਿਉਂਕਿ ਉਹ ਇਸ ਦੇ ਆਦੀ ਸਨ। ਸਿੱਖ ਉੱਥੋਂ ਨੱਸ ਕੇ ਰੋੜੀ ਬਾਬਾ ਨਾਨਕ ਪਿੰਡ ਵਿਚ ਪਹੁੰਚ ਗਏ। ਰਾਹ ਵਿਚ ਉਹਨਾਂ ਗੋਂਡਲਾ ਵਾਲਾ ਪਿੰਡ ਉਪਰ ਧਾਵਾ ਬੋਲਿਆ ਸੀ ਤੇ ਉੱਥੋਂ ਕੁਝ ਭੇਡ-ਬੱਕਰੀਆਂ ਹੱਕ ਲਿਆਏ ਸਨ। ਇਹ ਸਮਝ ਕੇ ਕਿ ਹੁਣ ਅਸੀਂ ਖਤਰੇ 'ਚੋਂ ਬਾਹਰ ਹਾਂ¸ ਭੇਡ-ਬੱਕਰੀਆਂ ਦੇ ਮਾਸ ਦਾ ਭੋਜਨ ਛਕ ਕੇ ਰਾਤ ਉੱਥੇ ਹੀ ਬਿਤਾਉਣ ਦਾ ਫੈਸਲਾ ਕੀਤਾ ਗਿਆ। ਇਹ ਅਮੀਨਾਬਾਦ ਜ਼ਿਲੇ ਦਾ ਪਿੰਡ ਸੀ ਤੇ ਅਮੀਨਾਬਾਦ ਜ਼ਿਲੇ ਦਾ ਫੌਜਦਾਰ, ਲਖਪਤ ਰਾਏ ਦਾ ਭਰਾ ਜਸਪਤ ਰਾਏ ਸੀ, ਜਿਹੜਾ ਆਪਣੀ ਫੌਜ ਨਾਲ ਖੋਖਰਾਂ ਪਿੰਡ ਵਿਚ ਘਾਤ ਲਾਈ ਬੈਠਾ ਸੀ।
ਗੋਂਡਲਾ ਵਾਲ ਦੇ ਲੋਕਾਂ ਨੇ ਉਸ ਕੋਲ ਜਾ ਕੇ ਫਰਿਆਦ ਕੀਤੀ ਕਿ ਦੋ ਹਜ਼ਾਰ ਸਿੱਖ ਸਵਾਰਾਂ ਨੇ ਅਚਾਨਕ ਉਹਨਾਂ ਦੇ ਪਿੰਡ ਉੱਤੇ ਧਾਵਾ ਬੋਲਿਆ ਤੇ ਉਹਨਾਂ ਦੀਆਂ ਭੇਡ-ਬੱਕਰੀਆਂ ਹੱਕ ਕੇ ਲੈ ਗਏ। ਹੁਣ ਉਹ ਰੋੜੀ ਬਾਬਾ ਨਾਨਕ ਵਿਚ ਉਹਨਾਂ ਦਾ ਝਟਕਾ ਕਰਨਗੇ। ਸਾਡੀਆਂ ਇਹ ਭੇਡਾਂ, ਬੱਕਰੀਆਂ ਸਾਨੂੰ ਦਿਵਾ ਦਿਓ।
ਇਹ ਤਿੰਨੇ ਪਿੰਡ ਨੇੜੇ ਨੇੜੇ ਸਨ। ਜਸਪਤ ਰਾਏ ਆਪਣੀ ਫੌਜ ਲੈ ਕੇ ਰੋੜੀ ਬਾਬਾ ਨਾਨਕ ਆ ਪਹੁੰਚਿਆ। ਉਸਨੇ ਆਪਣੇ ਦੂਤ ਹੱਥ ਸਿੱਖਾਂ ਨੂੰ ਕਹਿ ਭੇਜਿਆ ਕਿ ਭੇਡਾਂ-ਬੱਕਰੀਆਂ ਉਹਨਾਂ ਦੇ ਮਾਲਕਾਂ ਨੂੰ ਵਾਪਸ ਕਰ ਦਿਓ ਤੇ ਤੁਰੰਤ ਇੱਥੋਂ ਚਲੇ ਜਾਓ। ਸਿੱਖਾਂ ਦੀ ਅਗਵਾਈ ਜੱਸਾ ਸਿੰਘ ਆਹਲੁਵਾਲੀਆ ਕਰ ਰਹੇ ਸਨ। ਉਹਨਾਂ ਨੇ ਉਤਰ ਦਿੱਤਾ, ਅਸੀਂ-ਤਿੰਨ ਦਿਨ ਦੇ ਭੁੱਖੇ ਹਾਂ, ਭੋਜਨ ਕਰਕੇ ਰਾਤੀਂ ਆਰਾਮ ਕਰਾਂਗੇ ਤੇ ਫੇਰ ਚਲੇ ਜਾਵਾਂਗੇ। ਜਸਪਤ ਰਾਏ ਨੇ ਕਹਾਇਆ ਕਿ ਭਲਾ ਚਾਹੁੰਦੇ ਹੋ ਤਾਂ ਤੁਰੰਤ ਚਲੇ ਜਾਓ। ਮੈਂ ਤੁਹਾਨੂੰ ਇੱਥੇ ਇਕ ਪਲ ਵੀ ਟਿਕਣ ਨਹੀਂ ਦਿਆਂਗਾ।
ਸਿੱਖਾਂ ਨੇ ਇਸ ਧਮਕੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਹ ਸੁਣੀ-ਅਣਸੁਣੀ ਕਰਕੇ ਲੰਗਰ ਬਨਾਉਣ ਵਿਚ ਰੁੱਝ ਹੋ ਗਏ। ਜਸਪਤ ਰਾਏ ਨੇ ਤਾਅ ਖਾ ਕੇ ਹਮਲਾ ਕਰ ਦਿੱਤਾ। ਉਹ ਹਾਥੀ ਉੱਤੇ ਸਵਾਰ ਸੀ ਪਰ ਉਸ ਕੋਲ ਫੌਜ ਕੋਈ ਜ਼ਿਆਦਾ ਨਹੀਂ ਸੀ। ਸਿੱਖਾਂ ਨੇ ਹਥਿਆਰ ਸੰਭਾਲੇ ਤੇ ਮੁਕਾਬਲੇ ਲਈ ਆ ਡਟੇ। ਭਾੜੇ ਦੀ ਟੱਟੂ ਫੌਜ ਸਿੱਖਾਂ ਦਾ ਕੀ ਮੁਕਾਬਲਾ ਕਰਦੀ। ਜੱਸਾ ਸਿੰਘ ਦੀ ਤਲਵਾਰ ਕਹਿਰ ਢਾਅ ਰਹੀ ਸੀ। ਸਿੱਖ ਬੜੀ ਤੇਜ਼ੀ ਨਾਲ ਅੱਗੇ ਵਧੇ ਤੇ ਜਸਪਤ ਰਾਏ ਨੂੰ ਆ ਘੇਰਿਆ। ਨਿਬਾਹੂ ਸਿੰਘ ਨਾਂ ਦਾ ਰੰਗਰੇਟਾ ਸਿੱਖ ਪੂਛ ਫੜ੍ਹ ਕੇ ਹਾਥੀ ਉਪਰ ਜਾ ਚੜ੍ਹਿਆ ਤੇ ਤਲਵਾਰ ਦੇ ਇਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਬਸ ਹੁਣ ਕੀ ਸੀ ਦੁਸ਼ਮਣ ਸੈਨਾ ਭੱਜ ਖੜ੍ਹੀ ਹੋਈ ਤੇ ਮੈਦਾਨ ਸਿੱਖਾਂ ਦੇ ਹੱਥ ਰਿਹਾ। ਨਿਬਾਹੂ ਸਿੰਘ ਨੂੰ ਮੋਢਿਆਂ ਉਪਰ ਚੁੱਕ ਕੇ...
'ਰੰਗਰੇਟਾ ਗੁਰੂ ਕਾ ਬੇਟਾ,
ਗੁਰੂ ਦਾ ਬੇਟਾ ਰੰਗਰੇਟਾ'।
ਨਾਅਰੇ ਲਾਉਂਦਿਆਂ ਤੇ ਗਾਉਂਦਿਆਂ ਹੋਇਆਂ ਜਸ਼ਨ ਮਨਾਇਆ ਗਿਆ। ਫੇਰ ਲੰਗਰ ਛਕਿਆ ਤੇ ਰਾਮ ਨਾਲ ਰਾਤ ਬਿਤਾਈ ਗਈ।
ooo
ਦੀਵਾਨ ਲਖਪਤ ਰਾਏ ਨੇ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ ਤਾਂ ਯਕਦਮ ਪਾਗਲ ਹੋ ਉਠਿਆ। ਉਹ ਆਪਣੀ ਪੱਗ ਯਹੀਆ ਖਾਂ ਦੇ ਸਾਹਵੇਂ ਸੁੱਟ ਕੇ ਬੋਲਿਆ, “ਮੈਂ ਪ੍ਰਤਿਗਿਆ ਕਰਦਾ ਹਾਂ ਕਿ ਜਦੋਂ ਤੀਕ ਸਿੱਖਾਂ ਦਾ ਖੁਰਾ-ਖੋਜ ਨਹੀਂ ਮਿਟਾਅ ਦਿਆਂਗਾ, ਉਹਨਾਂ ਦੇ ਬੱਚੇ-ਬੱਚੇ ਨੂੰ ਕਤਲ ਨਹੀਂ ਕਰ ਦਿਆਂਗਾ, ਪੱਗ ਨਹੀਂ ਬੰਨ੍ਹਾਂਗਾ। ਇਕ ਖੱਤਰੀ ਨੇ ਉਹਨਾਂ ਨੂੰ ਪੈਦਾ ਕੀਤਾ ਤੇ ਮੈਂ, ਇਕ ਖੱਤਰੀ, ਉਹਨਾਂ ਦਾ ਖਾਤਮਾਂ ਕਰ ਦਿਆਂਗਾ।”
ਯਹੀਆ ਖਾਂ ਇਹੀ ਚਾਹੁੰਦਾ ਸੀ। ਉਸਨੇ ਦੀਵਾਨ ਲਖਪਤ ਰਾਏ ਨੂੰ ਮਨ-ਮਾਨੀਂ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਲਾਹੌਰ ਵਿਚ ਦੁਕਾਨਦਾਰੀ ਜਾਂ ਸਰਕਾਰੀ ਨੌਕਰੀ ਕਰਨ ਵਾਲੇ ਜਿੰਨੇ ਵੀ ਗੁਰਮੁਖ ਸਿੱਖ ਸਨ, ਉਹਨਾਂ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਗਿਆ। ਸਾਰਿਆਂ ਨੂੰ ਜਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ 10 ਮਾਰਚ ਨੂੰ, ਮੱਸਿਆ ਵਾਲੇ ਦਿਨ, ਨਖਾਸ ਚੌਂਕ ਵਿਚ ਕਤਲ ਕਰ ਦਿੱਤਾ ਜਾਏ।
ਇਹ ਖਬਰ ਸੁਣਦਿਆਂ ਹੀ ਲਾਹੌਰ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਸ਼ਹਿਰ ਦੇ ਪਤਵੰਤੇ ਸਜੱਣ ਕੌੜਾ ਮੱਲ, ਕੁੰਜਾ ਮੱਲ, ਦਿਲਾ ਰਾਮ, ਕਸ਼ਮੀਰੀ ਮੱਲ, ਸੂਰਤ ਸਿੰਘ, ਹਰੀ ਸਿੰਘ, ਭਾਈ ਦੇਸਰਾਜ ਤੇ ਚੌਧਰੀ ਜਵਾਹਰ ਮੱਲ ਪ੍ਰਤੀਨਿਧ ਮੰਡਲ ਬਣ ਕੇ ਦੀਵਾਨ ਲਖਪਤ ਰਾਏ ਕੋਲ ਗਏ ਤੇ ਬੇਨਤੀ ਕੀਤੀ ਕਿ ਬੇਗੁਨਾਹਾਂ ਦਾ ਖ਼ੂਨ, ਤੇ ਖਾਸ ਕਰਕੇ ਸੋਮਵਾਰੀ ਮੱਸਿਆ ਦੇ ਪਵਿੱਤਰ ਦਿਹਾੜੇ ਉੱਤੇ, ਨਾ ਬਹਾਇਆ ਜਾਏ।
ਲਖਪਤ ਰਾਏ ਨੇ ਉਹਨਾਂ ਦੀ ਪ੍ਰਵਾਹ ਨਹੀਂ ਕੀਤੀ। ਜੱਲਾਦਾਂ ਨੇ ਹੁਕਮ ਦਾ ਪਾਲਣ ਕੀਤਾ। ਦੀਵਾਨ ਨੇ ਦੂਜਾ ਕਦਮ ਇਹ ਚੁੱਕਿਆ ਕਿ ਸਿੱਖਾਂ ਦੇ ਧਾਰਮਕ ਗ੍ਰੰਥ ਸਾੜ ਦਿੱਤੇ ਤੇ ਪੂਜਾ ਸਥਾਨ ਢਾਹ ਦਿੱਤੇ ਗਏ¸ ਤੇ ਨਾਲ ਹੀ ਇਹ ਐਲਾਨ ਕੀਤਾ ਕਿ ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਦਾ ਨਾਂ ਲਏ, ਉਸਦੇ ਢਿੱਡ ਵਿਚ ਛੁਰਾ ਮਾਰ ਦਿੱਤਾ ਜਾਏ। ਇੱਥੋਂ ਤਕ ਕਿ ਉਸਨੇ ਗੁੜ ਨੂੰ 'ਗੁੜ' ਕਹਿਣ ਦੀ ਮਨਾਹੀ ਵੀ ਕਰ ਦਿੱਤੀ¸ ਕਿਉਂਕਿ 'ਗੁ' ਤੋਂ 'ਗੁਰੂ' ਸ਼ਬਦ ਚੇਤਨਾ ਵਿਚ ਉਜਾਗਰ ਹੁੰਦਾ ਸੀ। ਲੋਕ ਗੁੜ ਨੂੰ 'ਭੇਲੀ' ਕਹਿਣ ਲੱਗ ਪਏ।
ਤੋਪਾਂ ਤੇ ਬੰਦੂਕਾਂ ਨਾਲ ਲੈਸ ਗਸ਼ਤੀ ਫੌਜ ਸਿੱਖਾਂ ਦੀ ਭਾਲ ਵਿਚ ਨਿਕਲ ਪਈ ਤੇ ਉਹਨਾਂ ਦਾ ਕਤਲੇਆਮ ਸ਼ੁਰੂ ਹੋ ਗਿਆ।
ਲਗਭਗ ਪੰਦਰਾਂ ਹਜ਼ਾਰ ਸਿੱਖ ਰਾਵੀ ਦੇ ਕਿਨਾਰੇ ਕਾਨ੍ਹੋਂਵਾਲ ਦੇ ਜੰਗਲਾਂ ਵਿਚ ਛੁਪੇ ਹੋਏ ਸਨ। ਨਵਾਬ ਕਪੂਰ ਸਿੰਘ, ਸੁੱਖਾ ਸਿੰਘ ਮਾੜੀ ਕੰਬੋ ਵਾਲੇ, ਗੁਰਦਿਆਲ ਸਿੰਘ ਡੱਲੇਵਾਲ, ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਜੱਸਾ ਸਿੰਘ ਆਹਲੂਵਾਲੀਆ ਪ੍ਰਮੁੱਖ ਜੱਥੇਦਾਰ ਵੀ ਉਹਨਾਂ ਵਿਚ ਸ਼ਾਮਲ ਸਨ।
ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਮੁਲਤਾਨ, ਬਹਾਵਲ ਪੁਰ, ਜਲੰਧਰ, ਦੁਆਬ ਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਨਾਲ ਲੈ ਕੇ ਯਹੀਆ ਖਾਂ ਤੇ ਲਖਪਤ ਰਾਏ ਨੇ ਉਹਨਾਂ ਉਪਰ ਚੜ੍ਹਾਈ ਕਰ ਦਿੱਤੀ। ਸਿੱਖ ਗੁਰੀਲਾ ਯੁੱਧ ਲੜਦੇ ਹੋਏ ਪਿੱਛੇ ਹਟ ਰਹੇ ਸਨ। ਉਹ ਕਦੀ-ਕਦੀ ਪਲਟ ਕੇ ਦੁਸ਼ਮਣ ਉੱਤੇ ਹਮਲਾ ਕਰਦੇ ਸੀ ਤੇ ਉਸਦੀ ਰਸਦ ਤੇ ਹਥਿਆਰ ਆਦਿ ਖੋਹ ਲਿਜਾਂਦੇ ਸੀ। ਉਹ ਹੌਲੀ ਹੌਲੀ ਪਠਾਨਕੋਟ ਤੇ ਡਲਹੌਜੀ ਦੇ ਵਿਚਕਾਰ ਵੈਸ਼ਾਲੀ ਪਹਾੜੀ ਦੀ ਤਲਹਟੀ ਵਿਚ ਪਹੁੰਚ ਗਏ। ਇਕ ਪਾਸੇ ਪਹਾੜ ਸੀ, ਪਹਾੜੀ ਰਾਜਿਆਂ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤਾ ਗਿਆ ਸੀ ਕਿ ਉਹ ਸਿੱਖਾਂ ਦਾ ਰਸਤਾ ਰੋਕਣ। ਦੂਜੇ ਪਾਸੇ ਬਿਫਰੀ ਹੋਈ ਤੂਫ਼ਾਨੀ ਨਦੀ ਸੀ ਜਿਸ ਨੂੰ ਪਾਰ ਕਰਨਾ ਸੰਭਵ ਨਹੀਂ ਸੀ। ਬਾਕੀ ਦੋਵੇਂ ਪਾਸੀਂ ਤੋਪਾਂ ਤੇ ਬੰਦੂਕਾਂ ਨਾਲ ਲੈਸ ਲਖਪਤ ਰਾਏ ਦੀ ਸੈਨਾਂ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦੇਣ ਲਈ ਤਿਆਰ ਖੜ੍ਹੀ ਸੀ। ਸਿੰਘ ਚਾਰੇ ਪਾਸਿਓਂ ਘਿਰ ਗਏ। ਮੌਤ ਸਿਰਾਂ ਉਤੇ ਮੰਡਲਾਉਂਦੀ ਦਿਖਾਈ ਦਿੱਤੀ। ਪ੍ਰਮੁੱਖ ਜੱਥੇਦਾਰਾਂ ਨੇ ਆਪੋ ਵਿਚ ਸਲਾਹ ਮਸ਼ਵਰਾ ਕੀਤਾ ਤੇ ਇਸ ਸਿੱਟੇ ਉੱਤੇ ਪਹੁੰਚੇ ਕਿ ਲੜਾਈ ਦੇ ਤਿੰਨ ਪੱਖ ਹਨ¸ ਇਹ ਕਿ ਹਥਿਆਰ ਸੁੱਟ ਕੇ ਈਨ ਮੰਨ ਲਈ ਜਾਏ, ਦੂਜਾ ਇਹ ਕਿ ਜਿੱਧਰ ਰਸਤਾ ਮਿਲੇ ਉਧਰ ਹਰਨ ਹੋ ਜਾਇਆ ਜਾਏ ਤਾਂ ਕਿ ਮੁੜ ਇਕੱਤਰ ਹੋ ਕੇ ਲੜਿਆ ਜਾ ਸਕੇ ਤੇ ਤੀਜਾ ਪੱਖ ਇਹ ਹੈ ਕਿ ਲੜੋ, ਮਰ ਜਾਓ ਜਾਂ ਮਾਰ ਮੁਕਾਓ। ਈਨ ਮੰਨ ਲੈਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਸਿੰਘ ਗੁਰੂ ਦੇ ਸਿਵਾਏ ਹੋਰ ਕਿਸੇ ਦੀ ਅਧੀਨਤਾ ਨਹੀਂ ਸਵੀਕਾਰ ਕਰ ਸਕਦਾ। ਇਧਰ ਉਧਰ ਭੱਜ ਕੇ ਵੀ ਨਿੱਕਲ ਸਕਣਾ ਸੰਭਵ ਨਹੀਂ ਸੀ, ਕਿਉਂਕਿ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਮਰਦਾ ਕੀ ਨਹੀਂ ਕਰਦਾ? ਦੁਸ਼ਮਣ ਨਾਲ ਟਾਕਰਾ ਕਰਨ ਦਾ ਫੈਸਲਾ ਲੈ ਲਿਆ ਗਿਆ।
ਕੁਝ ਲੋਕ ਕੇਸ ਕਟਵਾ ਕੇ ਤੇ ਸਿੱਖੀ ਦੇ ਪਛਾਣ ਚਿੰਨ੍ਹਾਂ ਨੂੰ ਤਿਆਗ ਕੇ ਆਮ ਲੋਕਾਂ ਦੇ ਰੂਪ ਵਿਚ ਬਚ ਨਿਕਲੇ ਤੇ ਜਿਹੜੇ ਸਿਰਫ ਲੁੱਟ-ਮਾਰ ਕਰਨ ਖਾਤਰ ਜੱਥਿਆਂ ਵਿਚ ਆ ਰਲੇ ਸਨ, ਉਹ ਵੀ ਸਾਥ ਛੱਡ ਗਏ। ਪਰ ਜਿਹੜੇ ਸਿੱਖੀ-ਸਿਦਕ ਦੇ ਪੱਕੇ ਸਨ, ਉਹ ਸਿਰਾਂ ਉੱਤੇ ਕਫਨ ਬੰਨ੍ਹ ਕੇ ਦੁਸ਼ਮਣ ਸੈਨਾਂ ਉਪਰ ਟੁੱਟ ਪਏ। ਇਸ ਅਚਾਨਕ ਹਮਲੇ ਨਾਲ ਜਿਹੜੀ ਖਲਬਲੀ ਮੱਚੀ ਉਸ ਵਿਚ ਸਿੰਘ ਰਸਦ, ਗੋਲਾ-ਬਰੂਦ ਤੇ ਕੁਝ ਘੋੜੇ ਖੋਹ ਕੇ ਫੇਰ ਜੰਗਲ ਵਿਚ ਜਾ ਛੁਪੇ।
ਹਾਰ ਦੇ ਹਿਰਖ ਨੇ ਲਖਪਤ ਰਾਏ ਦੀ ਮੱਤ ਹੀ ਮਾਰ ਛੱਡੀ। ਉਸਨੇ ਬੇਲਦਾਰ ਮੰਗਵਾ ਕੇ ਜੰਗਲ ਵਿਚ ਰਸਤੇ ਬਣਵਾਉਣੇ ਸ਼ੁਰੂ ਕਰ ਦਿੱਤੇ ਪਰ ਸੰਘਣੇ ਜੰਗਲ ਵਿਚ ਬੇਲਦਾਰਾਂ ਨੂੰ ਵੜਨਾ ਹੀ ਮੁਸ਼ਕਲ ਹੋ ਗਿਆ, ਨਾਲੇ ਸਿੰਘ ਉਹਨਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸਨ। ਜਦੋਂ ਕੋਈ ਹੋਰ ਵਾਹ ਨਾ ਚੱਲੀ ਤਾਂ ਜਿੱਥੇ ਜਿੱਥੇ ਵੀ ਸੰਘਣਾ ਜੰਗਲ, ਮਲ੍ਹੇ-ਝਾੜੀਆਂ ਸਨ, ਲਖਪਤ ਰਾਏ ਨੇ ਅੱਗ ਲਗਵਾ ਦਿੱਤੀ। ਹੁਣ ਸਿੰਘਾਂ ਲਈ ਮੁਸ਼ਕਲ ਆ ਪਈ¸ ਜਿਹੜੀਆਂ ਲੁਕਣ ਵਾਲੀਆਂ ਥਾਵਾਂ ਸਨ, ਉਹ ਨਹੀਂ ਰਹੀਆਂ ਤੇ ਲਖਪਤ ਰਾਏ ਨੇ ਤੋਪਾਂ ਦੀ ਮਾਰ ਤੇਜ਼ ਕਰ ਦਿੱਤੀ। ਠਾਹ-ਠਾਹ ਗੋਲੇ ਚੱਲ ਰਹੇ ਸਨ। ਸਲਾਹ ਬਣੀ ਰਿਆੜਕੀ ਤੇ ਦੁਆਬੇ ਵੱਲ ਨੱਠ ਚੱਲੋ। ਸਿੰਘ ਪਲਟ ਕੇ ਫੇਰ ਦੁਸ਼ਮਣਾ ਉੱਤੇ ਟੁੱਟ ਪਏ। ਲੜਦੇ-ਮਰਦੇ ਦੁਸ਼ਮਣ ਸੈਨਾਂ ਦੀ ਨਾਕਾਬੰਦੀ ਨੂੰ ਤੋੜਦੇ ਹੋਏ, ਘੇਰੇ ਵਿਚੋਂ, ਬਾਹਰ ਨਿਕਲੇ ਪਰ ਜਾਂਦੇ ਕਿੱਧਰ? ਰਾਵੀ ਨੇ ਰਾਹ ਰੋਕ ਲਿਆ। ਵਹਾਅ ਏਨਾ ਤੇਜ਼ ਸੀ ਕਿ ਪਾਣੀ ਵਿਚ ਉਤਰਨਾ, ਉਸ ਵਿਚ ਰੁੜ੍ਹ ਜਾਣਾ ਹੀ ਸੀ। ਫੇਰ ਵੀ ਡੂੰਘਾਈ ਦਾ ਥੋਹ ਲਾਉਣ ਲਈ ਡੱਲੇਵਾਲੇ ਸਰਦਾਰ ਗੁਰਦਿਆਲ ਸਿੰਘ ਦੇ ਦੋ ਭਰਾਵਾਂ ਨੇ ਹਿੰਮਤ ਕਰਕੇ ਘੋੜੇ ਨਦੀ ਵਿਚ ਉਤਾਰ ਦਿੱਤੇ। ਠਾਠਾਂ ਮਾਰਦੀ ਨਦੀ ਨੇ ਦੋਵਾਂ ਭਰਾਵਾਂ ਤੇ ਉਹਨਾਂ ਦੇ ਘੋੜਿਆਂ ਨੂੰ ਨਿਗਲ ਲਿਆ।
“ਨਦੀ ਵਿਚ ਡੁੱਬ ਕੇ ਮਰਨ ਨਾਲੋਂ ਚੰਗਾ ਏ, ਦੁਸ਼ਮਣ ਨਾਲ ਦੋ ਦੋ ਹੱਥ ਕਰਕੇ ਮੈਦਾਨ ਵਿਚ ਸ਼ਹੀਦ ਹੋ ਜਾਈਏ।” ਜੱਸਾ ਸਿੰਘ ਨੇ ਸੁਝਾਅ ਦਿੱਤਾ ਤੇ ਸਿੰਘਾਂ ਨੇ ਸੁੱਖਾ ਸਿੰਘ ਦੀ ਅਗਵਾਈ ਵਿਚ, 'ਜੋ ਬੋਲੇ ਸੋ ਨਿਹਾਲ...ਸਤਿ ਸ੍ਰੀ ਆਕਾਲ' ਦਾ ਜੈਕਾਰਾ ਛੱਡਦਿਆਂ ਹੋਇਆਂ ਹੱਲਾ ਬੋਲ ਦਿੱਤਾ। ਘਮਾਸਾਨ ਦੀ ਲੜਾਈ ਹੋਈ, ਜਿਸ ਵਿਚ ਜਸਪਤਾ ਰਾਏ ਦਾ ਪੁੱਤਰ ਹਰਭਜ ਰਾਏ, ਯਹੀਆ ਖਾਂ ਦਾ ਪੁੱਤਰ ਨਾਹਰ ਖਾਂ, ਫੌਜਦਾਰ ਸੈਫ਼ਅਲੀ ਖਾਂ, ਕਰਮ ਬਖ਼ਸ਼ ਰਸੂਲ ਨਗਰੀਆ, ਅਗਰ ਖਾਂ ਆਦਿ ਮਾਰੇ ਗਏ। ਸਿੰਘਾਂ ਨੂੰ ਵੀ ਕਾਫੀ ਨੁਕਸਾਨ ਉਠਾਉਣਾ ਪਿਆ। ਸੁੱਖਾ ਸਿੰਘ ਦੇ ਪੱਟ ਉੱਤੇ ਜੰਬੂਰੇ ਦਾ ਗੋਲਾ ਆਣ ਵੱਜਿਆ। ਹੱਡੀ ਟੁੱਟ ਗਈ, ਪਰ ਉਸਨੇ 'ਸੀ' ਤਕ ਨਹੀਂ ਕੀਤੀ। ਆਪਣਾ ਪੱਗੜ ਪਾੜ ਕੇ ਲੱਤ ਨੂੰ ਕਾਠੀ ਨਾਲ ਬੰਨ੍ਹ ਲਿਆ ਤੇ ਇਧਰੋਂ-ਉਧਰ ਘੋੜਾ ਦੌੜਾਉਂਦਾ ਹੋਇਆ ਪੂਰੇ ਹੌਂਸਲੇ ਨਾਲ ਲੜਦਾ ਰਿਹਾ। ਜੱਸਾ ਸਿੰਘ ਆਹਲੂਵਾਲੀਆਂ ਤੇ ਹੋਰ ਜੱਥੇਦਾਰ ਉਸਦਾ ਸਾਥ ਦੇ ਰਹੇ ਸਨ। ਹੱਲਾ ਏਨਾਂ ਜੋਰਦਾਰ ਸੀ ਕਿ ਦੁਸ਼ਮਣ ਦੀਆਂ ਪੰਗਤੀਆਂ ਉਖੜ ਗਈਆਂ। ਲੜਦੇ-ਭਿੜਦੇ ਸਿੰਘ ਇਕ ਵਾਰੀ ਫੇਰ ਜੰਗਲਾਂ ਵਿਚ ਜਾ ਘੁਸੇ। ਏਨੇ ਵਿਚ ਰਾਤ ਪੈ ਗਈ।
ਜੰਗਲ ਵਿਚ ਛੁਪੇ ਰਹਿਣਾ ਵੀ ਸੰਭਵ ਨਹੀਂ ਸੀ। ਪਰਤੱਖ ਸੀ ਦੁਸ਼ਮਣ ਦਿਨ ਚੜ੍ਹਦਿਆਂ ਹੀ ਫੇਰ ਹਮਲਾ ਕਰੇਗਾ। ਰਾਤ ਅੱਧੀ ਬੀਤ ਚੁੱਕੀ ਸੀ। ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ, “ਖਾਲਸਾ ਜੀ, ਦੁਸ਼ਮਣ ਉਪਰ ਇਕ ਚੋਟ ਹੋਰ ਕਰਨ ਦਾ ਸਮਾਂ ਏਂ। ਅਸੀਂ ਭੱਜ ਗਏ ਸੋਚ ਕੇ ਉਹ ਬੇਫਿਕਰ ਹੋ ਕੇ ਸੌਂ ਗਏ ਹੋਣਗੇ। ਨੀਂਦ ਨੇ ਉਹਨਾਂ ਨੂੰ ਆ ਦਬੋਗਿਆ ਹੋਏਗਾ। ਇਸ ਹਾਲਤ ਵਿਚ ਅਸੀਂ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਦੇ ਘੋੜੇ ਤੇ ਹਥਿਆਰ ਖੋਹ ਸਕਦੇ ਹਾਂ।” ਗੱਲ ਠੀਕ ਸੀ। ਸਿੰਘ ਝੱਟ ਉਠ ਖੜ੍ਹੇ ਹੋਏ ਤੇ ਹੱਲਾ ਬੋਲ ਦਿੱਤਾ। ਇਸ ਤੋਂ ਪਹਿਲਾਂ ਕਿ ਦੁਸ਼ਮਣ ਜਾਗੇ, ਸੰਭਲੇ ਤੇ ਮਿਸ਼ਾਲਾਂ ਜਗਾਵੇ, ਸਿੰਘ ਬਹੁਤਿਆਂ ਦਾ ਸਫਾਇਆ ਕਰਕੇ ਜੰਗਲ ਵਿਚ ਵੜ ਗਏ।
ਲਖਪਤ ਰਾਏ ਨੇ ਫੌਜ ਦੇ ਨਾਲ, ਪਿੰਡਾਂ ਦੇ ਬੰਦਿਆਂ ਦੀ ਭੀੜ ਇਕੱਠੀ ਕਰਕੇ ਉਹਨਾਂ ਦਾ ਪਿੱਛਾ ਕੀਤਾ। ਸਿੰਘਾਂ ਵਿਚ ਘੋੜ-ਸਵਾਰ ਘੱਟ ਸਨ ਤੇ ਪੈਦਲ ਜ਼ਿਆਦਾ। ਪੈਦਲਾਂ ਦੀ ਰੱਖਿਆ ਕਰਨਾ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਸੀ, ਇਸ ਲਈ ਸਿੰਘ ਭੱਜਦੇ-ਭੱਜਦੇ ਪਿੱਛੇ ਪਰਤ ਕੇ ਹਮਲਾ ਕਰਦੇ ਤੇ ਫੇਰ ਪਲਟ ਪੈਂਦੇ। 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਉਹਨਾਂ ਦੇ ਹੌਂਸਲੇ ਵਧਾ ਰਹੇ ਸਨ। ਲਖਪਤ ਰਾਏ ਦੀ ਸੈਨਾ ਅੱਗੇ ਢੋਲ ਵੱਜ ਰਿਹਾ ਸੀ। ਪਿੰਡਾਂ ਦੇ ਨੰਬਰਦਾਰਾਂ ਤੇ ਚੌਧਰੀਆਂ ਦੇ ਆਦਮੀ ਬੰਦੂਕਾਂ, ਬਰਛੇ, ਬੇਲਚੇ, ਕੁਹਾੜੀਆਂ ਤੇ ਡਾਂਗਾਂ ਲਈ ਝਾੜੀਆਂ ਨੂੰ ਇੰਜ ਫਰੋਲ ਰਹੇ ਸਨ ਜਿਵੇਂ ਸ਼ਿਕਾਰੀ ਕੁੱਤੇ ਝਾੜੀਆਂ ਵਿਚ ਛੁਪੇ ਹਿਰਨਾ ਦਾ ਪਿੱਛਾ ਕਰ ਰਹੇ ਹੋਣ। ਪੈਦਲਾਂ ਲਈ ਇਹ ਸਮਾਂ ਬੜਾ ਹੀ ਕਰੜਾ ਸੀ, ਪਰ ਸਿੰਘਾਂ ਨੇ ਪਰਤ-ਪਲਟ ਕੇ ਏਨੇ ਜਬਰਦਸਤ ਹਮਲੇ ਕੀਤੇ ਕਿ ਨੰਬਰਦਾਰਾਂ ਤੇ ਚੌਧਰੀਆਂ ਦੀ ਇਕੱਠੀ ਕੀਤੀ ਭੀੜ ਲਈ ਫੱਟ ਖਾ ਕੇ ਬਿਫਰੇ ਸਿੰਘਾਂ ਦਾ ਸਾਹਮਣਾ ਕਰਨਾ ਆਸਾਨ ਕੰਮ ਨਹੀਂ ਸੀ। ਜੈਕਾਰੇ ਛੱਡ ਰਹੇ ਸਿੰਘ ਸੂਰਮਿਆਂ ਦੀਆਂ ਤਲਵਾਰਾਂ ਦੇਖ ਕੇ ਹੀ ਉਹਨਾਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ ਤੇ ਉਹ ਸਿਰ 'ਤੇ ਪੈਰ ਰੱਖ ਕੇ ਭੱਜ ਖੜ੍ਹੇ ਹੁੰਦੇ ਸਨ।
ਹੁਣ ਸਿੰਘ ਗੋਇੰਦਵਾਲ ਤਕ ਪਹੁੰਚ ਗਏ ਸਨ, ਜਿੱਥੇ ਨਦੀ ਦਾ ਵਹਾਅ ਬਹੁਤਾ ਤੇਜ਼ ਨਹੀਂ ਸੀ। ਉਹਨਾਂ ਘਾਹ ਫੂਸ ਦੇ ਬੇੜੇ ਬਣਾ ਕੇ ਨਦੀ ਪਾਰ ਕੀਤੀ ਦੇ ਰਿਆੜਕੀ ਜਾ ਪਹੁੰਚੇ...ਪਰ ਉਹ ਇਕ ਮੁਸੀਬਤ ਵਿਚੋਂ ਲੰਘ ਕੇ ਦੂਜੀ ਮੁਸੀਬਤ ਵਿਚ ਫਸ ਗਏ। ਮਈ ਦਾ ਮਹੀਨਾ ਸੀ। ਲੂ ਵਗ ਰਹੀ ਸੀ। ਕੜਾਕੇ ਦੀ ਧੁੱਪ ਸੀ ਤੇ ਤਿੰਨ ਮੀਲ ਲੰਮੀ ਬਰੇਤੀ ਦੀ ਭੱਠੀ ਬਣੀ ਧਰਤੀ ਪਾਰ ਕਰਨੀ ਸੀ। ਸਿੰਘਾਂ ਨੇ ਆਪਣੀਆਂ ਪੱਗਾਂ ਪਾੜ ਕੇ ਪੈਰਾਂ ਉਪਰ ਪੱਟੇ ਬੰਨ੍ਹ ਲਏ ਤਾਂ ਕਿਤੇ ਜਾ ਕੇ ਉਸਨੂੰ ਪਾਰ ਕੀਤਾ।
ਇਸ ਤੋਂ ਪਿੱਛੋਂ ਉਹ ਹਰਗੋਬਿੰਦ ਪੁਰ ਵਿਚੋਂ ਬਿਆਸ ਨਦੀ ਪਾਰ ਕਰਕੇ ਦੁਆਬੇ ਵਿਚ ਜਾ ਪਹੁੰਚੇ ਤੇ ਮੀਰਕੋਟ ਵਿਚ ਜਾ ਡੇਰੇ ਲਾਏ। ਉਹ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ। ਆਸੇ ਪਾਸੇ ਦੇ ਪਿੰਡਾਂ ਵਿਚੋਂ ਰਸਦ ਇਕੱਠੀ ਕਰਕੇ ਲੰਗਰ ਤਿਆਰ ਕੀਤਾ ਤੇ ਘੋੜੇ ਚਰਨ ਲਈ ਛੱਡ ਦਿੱਤੇ। ਪਰ ਉਹ ਲੰਗਰ ਛਕਣ ਬੈਠੇ ਹੀ ਸਨ ਕਿ ਸੂਹੀਏ ਨੇ ਖਬਰ ਦਿੱਤੀ ਬਈ ਲਖਪਤ ਰਾਏ ਪਿੱਛਾ ਕਰਦਾ ਹੋਇਆ ਆ ਪਹੁੰਚਿਆ ਹੈ। ਉਹਨਾਂ ਸਬਰ ਦਾ ਘੁੱਟ ਭਰਿਆ ਤੇ ਅੱਧੇ-ਭੁੱਖੇ-ਢਿੱਡੀਂ ਭੱਜ ਖੜ੍ਹੇ ਹੋਏ। ਅਲੀਵਾਲ ਪਹੁੰਚ ਕੇ ਸਤਲੁਜ ਪਾਰ ਕੀਤਾ ਤੇ ਮਾਲਵੇ ਵਿਚ ਪ੍ਰਵੇਸ਼ ਕਰ ਗਏ। ਹੁਣ ਉਹ ਖਤਰੇ ਤੋਂ ਬਾਹਰ ਸਨ।
ਇਸ ਲੰਮੇਂ ਸੰਘਰਸ਼ ਵਿਚ ਸੱਤ ਹਜ਼ਾਰ ਦੇ ਲਗਭਗ ਸਿੱਖ ਮਾਰੇ ਗਏ। ਤਿੰਨ ਹਜ਼ਾਰ ਨੂੰ ਫੜ੍ਹ ਕੇ ਲਾਹੌਰ ਲਿਜਾਇਆ ਗਿਆ। ਇਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ, ਚੜਖੜੀਆਂ ਉਤੇ ਚੜ੍ਹਾ ਕੇ, ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਧੜਾਂ ਤੇ ਸਿਰਾਂ ਦੇ ਢੇਰ ਲੱਗ ਗਏ। ਫਾਰਸੀ ਵਿਚ ਢੇਰ ਨੂੰ 'ਗੰਜ' ਆਖਦੇ ਹਨ¸ ਇਸ ਲਈ ਨਖਾਸ ਚੌਕ ਦਾ ਨਾਂ 'ਸ਼ਹੀਦ ਗੰਜ' ਪੈ ਗਿਆ। ਵੱਡਾ ਘੱਲੂਘਾਰਾ ਅੱਗੇ ਚੱਲ ਅਹਿਮਦ ਸ਼ਾਹ ਅਬਦਾਲੀ ਦੇ ਹੱਥੀਂ ਹੋਇਆ।
ਇਸ ਘੱਲੂਘਾਰੇ ਪਿੱਛੋਂ ਸਿੱਖ ਏਧਰ ਉਧਰ ਖਿੱਲਰ ਗਏ। ਸੁੱਖਾ ਸਿੰਘ ਜੈਤੋ ਜਾ ਟਿਕਿਆ। ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਬਿੱਜੂ ਕੇ, ਹਰੀ ਸਿੰਘ ਦਿਆਲ ਪੁਰੇ, ਚੜ੍ਹਤ ਸਿੰਘ ਪੱਕੇ ਪਥਰਾਲੇ ਦੇ ਕੁਝ ਹੋਰ ਡਰੌਲੀ ਦੇ ਆਸ-ਪਾਸ ਜਾ ਟਿਕੇ। ਮਤਲਬ ਇਹ ਕਿ ਜਿਧਰ ਜਿਸਦੇ ਸਿੰਗ ਸਮਾਏ, ਉਹ ਉਹ ਉਧਰ ਹੀ ਜਾ ਟਿਕਿਆ।
ਛੇ ਮਹੀਨਿਆਂ ਦੀ ਭੱਜ-ਨੱਠ, ਭੁੱਖ-ਪਿਆਸ ਤੇ ਯੁੱਧ ਦੀਆਂ ਤਕਲੀਫਾਂ ਝਲਣ ਪਿੱਛੋਂ ਉਹ ਫੇਰ ਹਰਕਤ ਵਿਚ ਆ ਗਏ ਤੇ ਸਰਕਾਰ ਦੇ ਵਿਰੁੱਧ ਸੰਘਰਸ਼ ਵਿਚ ਉਤਰ ਆਏ। ਪਹਿਲਾਂ ਪਹਿਲਾਂ ਆਪੋ ਆਪਣੇ ਇਲਾਕਿਆਂ ਵਿਚ ਛਾਪੇ ਮਾਰਨੇ ਸ਼ੁਰੂ ਕੀਤੇ। ਇਸ ਸਮੇਂ ਜੱਸਾ ਸਿੰਘ, ਹਰੀ ਸਿੰਘ, ਚੜ੍ਹਤ ਸਿੰਘ, ਝੰਡਾ ਸਿੰਘ ਤੇ ਗੰਡਾ ਸਿੰਘ ਇਕੱਠੇ ਸਨ ਤੇ ਉਹ ਛਾਪੇ ਮਾਰਨ ਵਿਚ ਇਕ ਦੂਜੇ ਦੀ ਸਹਾਇਤਾ ਕਰਦੇ ਸਨ। ਇਹਨਾਂ ਛਾਪਿਆਂ ਦਾ ਮਕਸਦ ਕਿਸੇ ਸ਼ਹਿਰ ਜਾਂ ਪਿੰਡ ਉੱਤੇ ਕਬਜਾ ਜਮਾਉਣਾ ਨਹੀਂ; ਉਗਰਾਹੀ ਕਰਨਾ, ਨਜ਼ਰਾਨੇ ਲੈਣਾ ਤੇ ਆਪਣੇ ਵਿਰੋਧੀ ਰਾਈਸਾਂ ਤੇ ਜਾਗੀਰਦਾਰਾਂ ਨੂੰ ਲੁੱਟਣਾ ਸੀ। ਸੂਹੀਆਂ ਦੁਆਰਾ ਜੋ ਜਾਣਕਾਰੀ ਪ੍ਰਾਪਤ ਹੁੰਦੀ, ਛਾਪਾ ਮਾਰਨ ਦੀ ਵਿਉਂਤ-ਬੰਦੀ ਉਸੇ ਅਨੁਸਾਰ ਕੀਤੀ ਜਾਂਦੀ।
ਇਹਨੀ-ਦਿਨੀਂ ਬੇਨਾਮ ਸੂਫੀ ਫਕੀਰ ਆਪਣਾ ਘੁੰਗਰੂਆਂ ਵਾਲਾ ਗੋਲ ਕੂਲਾ ਡੰਡਾ ਲਈ ਕਸੂਰ ਵਿਚ ਘੁੰਮ ਰਿਹਾ ਸੀ। ਅਨਾਥ ਬੱਚਿਆਂ ਦੀ ਟੋਲੀ ਹੁਣ ਉਸਦੇ ਨਾਲ ਨਹੀਂ ਸੀ ਹੁੰਦੀ। ਉਹਨਾਂ ਨੂੰ ਉਹ ਸਾਈਂ ਜਹੀਰ ਬਖ਼ਸ਼ ਦੇ ਤਕੀਏ ਵਿਚ ਛੱਡ ਆਇਆ ਸੀ। ਹੁਣ ਉਹ ਇਕੱਲਾ ਹੁੰਦਾ ਸੀ। ਧਰਤੀ ਉਪਰ ਡੰਡਾ ਮਾਰ ਮਾਰ ਕੇ ਘੁੰਗਰੂਆਂ ਦੀ ਛਣਕਾਰ ਦੇ ਨਾਲ, ਆਪਣੀ ਸੁਰੀਲੀ ਆਵਾਜ਼ ਵਿਚ, ਕਦੀ ਕਬੀਰ ਦੀ ਸਾਖੀ ਤੇ ਕਦੀ ਬੁੱਲ੍ਹੇ ਸ਼ਾਹ ਦੀ ਕਾਫ਼ੀ ਗਾਉਂਦਾ ਤੇ ਇਕੱਠੀ ਹੋਈ ਆਮ ਲੋਕਾਂ ਦੀ ਭੀੜ ਨੂੰ ਆਪਸ ਵਿਚ ਪਿਆਰ ਤੇ ਮੁਹੱਬਤ ਨਾਲ, ਰਲ ਮਿਲ ਕੇ ਰਹਿਣ ਦਾ ਉਪਦੇਸ਼ ਵੀ ਦਿੰਦਾ ਸੀ।
ਇਕ ਵਾਰੀ ਜਦੋਂ ਉਹ ਭੀੜ ਵਿਚੋਂ ਨਿਕਲਿਆ ਕੇ ਅੱਗੇ ਤੁਰ ਗਿਆ ਸੀ ਤੇ ਇਕ ਵਿਸ਼ਾਲ ਇਮਾਰਤ ਦੇ ਸਾਹਮਣੇ ਖਲੋ ਕੇ ਉਸ ਵਿਚ ਆਉਣ ਜਾਣ-ਵਾਲਿਆਂ ਦੀ ਭੀੜ ਵੱਲ ਦੇਖ ਰਿਹਾ ਸੀ ਤਾਂ ਕਿਸੇ ਨੇ ਉਸਦੇ ਕੋਲ ਆ ਕੇ ਕਿਹਾ, “ਭੂਪੇ।”
ਬੇਨਾਮ ਸੂਫੀ ਫਕੀਰ ਆਪਣਾ ਨਾਂਅ ਸੁਣ ਕੇ ਤ੍ਰਭਕਿਆ। ਉਸਦੇ ਸਾਹਵੇਂ ਦਸ ਗਿਆਰਾਂ ਸਾਲ ਦਾ ਇਕ ਮੁੰਡਾ ਖੜ੍ਹਾ ਸੀ। ਉਸਦੇ ਨੀਲੇ ਰੰਗ ਦਾ ਧਾਰੀਦਾਰ ਤਹਿਮਦ ਤੇ ਖੁੱਲ੍ਹੀਆਂ ਬਾਹਾਂ ਵਾਲਾ ਚਿੱਟਾ ਕੁੜਤਾ ਪਾਇਆ ਹੋਇਆ ਸੀ। ਚੌੜਾ ਮੱਥਾ, ਤਿੱਖੀ ਨੱਕ, ਚਿਹਰੇ ਉੱਤੇ ਰੌਣਕ ਤੇ ਅੱਖਾਂ ਵਿਚ ਚਮਕ ਸੀ; ਪਛਾਨਣ ਵਿਚ ਦੇਰ ਨਹੀਂ ਲੱਗੀ। ਉਹ ਉਸਨੂੰ ਇਸ਼ਾਰੇ ਨਾਲ ਇਕ ਗਲੀ ਵਿਚ ਲੈ ਗਿਆ ਤੇ ਉੱਥੇ ਉਸਨੂੰ ਜੱਫੀ ਪਾ ਕੇ ਮੋਹ ਭਿੱਜੀ ਆਵਾਜ਼ ਵਿਚ ਬੋਲਿਆ, “ਵਾਰਿਸ! ਮੇਰਾ ਵਾਰਸ!!”
ਉਹ ਉਸਦੇ ਪਿੰਡ ਦੇ ਗੁਆਂਢੀ ਸੱਯਦ ਕੁਤਬ ਸ਼ਾਹ ਦਾ ਬੇਟਾ, ਵਾਰਿਸ ਸ਼ਾਹ ਸੀ। ਭੂਪ ਸਿੰਘ ਨੂੰ ਪਿੰਡ ਛੱਡਿਆਂ ਛੇ-ਸੱਤ ਵਰ੍ਹੇ ਹੋ ਗਏ ਸਨ। ਇਸ ਦੌਰਾਨ ਉਹ ਕਦੀ ਪਿੰਡ ਨਹੀਂ ਸੀ ਗਿਆ। ਪਿੰਡ ਦੇ ਕਿਸੇ ਬੰਦੇ ਨਾਲ ਉਸਦੀ ਕਦੀ ਮੁਲਾਕਾਤ ਵੀ ਨਹੀਂ ਹੋਈ ਸੀ ਤੇ ਉਹ ਕਿਸੇ ਨਾਲ ਮੁਲਾਕਾਤ ਕਰਨੀ ਵੀ ਨਹੀਂ ਸੀ ਚਾਹੁੰਦਾ। ਵਾਰਿਸ ਦੇ ਪਛਾਣ ਲੈਣ ਨਾਲ ਪਹਿਲਾਂ ਉਸਨੂੰ ਪ੍ਰੇਸ਼ਾਨੀ ਹੋਈ ਪਰ ਫੇਰ ਉਸਦੇ ਖਿੜੇ ਹੋਏ ਚਿਹਰੇ ਵੱਲ ਦੇਖ ਕੇ ਤੇ ਉਸਦੇ ਉਹ ਸ਼ਬਦ ਯਾਦ ਕਰਕੇ ਜਿਹੜੇ ਉਸਨੇ ਜੱਥੇ ਦੀ ਵਿਦਾਈ ਸਮੇਂ ਕਹੇ ਸਨ, “ਮੈਂ ਵੀ ਜਾਵਾਂਗਾ, ਮੈਂ ਵੀ ਲੜਾਂਗਾ।” ਦੂਜੇ ਪਲ ਹੀ ਉਹ ਬੇਫਿਕਰ ਹੋ ਗਿਆ।
ਨੇੜੇ ਹੀ ਇਕ ਬਗੀਚੀ ਸੀ। ਦੋਏ ਉਸ ਬਗੀਚੀ ਵਿਚ ਚਲੇ ਗਏ ਤੇ ਵੇਲਾਂ ਦੀ ਛਾਂ ਵਿਚ ਬੈਠ ਗਏ।
“ਤੂੰ ਇੱਥੇ ਕਿਵੇਂ?” ਭੂਪ ਸਿੰਘ ਨੇ ਵਾਰਿਸ ਤੋਂ ਪੁੱਛਿਆ।
“ਮੈਂ ਇੱਥੇ ਅਨਾਇਤੁੱਲਾ ਸ਼ਾਹ ਦੇ ਮਕਤਬ ਵਿਚ ਪੜ੍ਹ ਰਿਹਾਂ।” ਵਾਰਿਸ ਨੇ ਉਤਰ ਦਿੱਤਾ।
“ਕਦੋਂ ਦਾ ?”
“ਤਿੰਨ ਸਾਢੇ ਤਿੰਨ ਸਾਲ ਹੋ ਗਏ ਨੇ।”
“ਪਿੰਡ ਤਾਂ ਜਾਂਦਾ ਹੋਏਂਗਾ ?”
“ਹਾਂ। ਅਹਿ ਦੋ ਮਹੀਨੇ ਹੋਏ ਗਿਆ ਸਾਂ।”
“ਮੇਰੀ ਮਾਂ ਦਾ ਕੀ ਹਾਲ ਏ ? ਮੈਨੂੰ ਯਾਦ ਕਰਦੀ ਹੋਏਗੀ ?”
“ਤੂੰ ਜਾਣਦਾ ਈ ਏਂ, ਉਹ ਇਕ ਸਖ਼ਤ ਜਾਨ (ਸਿਰੜੀ ਤੇ ਮਿਹਨਤਕਸ਼-ਅਨੁ.) ਔਰਤ ਏ। ਸ਼ਾਹੀ ਗਰਮੀ ਉਸਨੂੰ ਛੁਹ ਤਕ ਨਹੀਂ ਸਕਦੀ। ਤੈਨੂੰ ਯਾਦ ਜ਼ਰੂਰ ਕਰਦੀ ਹੋਏਗੀ, ਪਰ ਆਪਣੇ ਦਿਲ ਵਿਚ।”
ਸਾਹਮਣੇ ਸ਼ਹਿਤੂਤ ਦਾ ਰੁੱਖ ਸੀ। ਉਸ ਉਪਰ ਹੁਣੇ ਹੁਣੇ ਇਕ ਗੁਟਾਰ ਆ ਕੇ ਬੈਠੀ ਸੀ। ਭੂਪ ਸਿੰਘ ਉਸ ਵੱਲ ਦੇਖਣ ਲੱਗਿਆ ਤੇ ਕੁਝ ਚਿਰ ਚੁੱਪਚਾਪ ਬੈਠਾ ਦੇਖਦਾ ਰਿਹਾ।
“ਤੂੰ ਆਪਣੇ ਘਰ ਦਾ ਹਾਲ ਸੁਣਾ ?” ਉਹ ਫੇਰ ਵਾਰਿਸ ਵੱਲ ਪਰਤਿਆ।
“ਵਾਲਿਦ (ਪਿਤਾ) ਤੇ ਵਾਲਿਦਾ (ਮਾਤਾ) ਦੋਵਾਂ ਦਾ ਇੰਤਕਾਲ (ਮੌਤ) ਹੋ ਗਿਐ।”
“ਓ-ਅ, ਇਹ ਤਾਂ ਬੜੀ ਮਾੜੀ ਖਬਰ ਸੁਣਾਈ।” ਭੂਪ ਸਿੰਘ ਨੇ ਦੁੱਖ ਨਾਲ ਸਿਰ ਹਿਲਾਇਆ।
“ਅੱਲ੍ਹਾ ਦੀ ਮਰਜ਼ੀ। ਉਸ ਅੱਗੇ ਕਿਸੇ ਦਾ ਕੀ ਜ਼ੋਰ ਏ।”
ਕੁਝ ਪਲ ਮੌਨ ਵਿਚ ਬੀਤੇ। ਹੁਣ ਭੂਪ ਸਿੰਘ ਤੇ ਵਾਰਿਸ ਦੋਹੇਂ ਸ਼ਹਿਤੂਰ ਦੇ ਰੁੱਖ ਵੱਲ ਦੇਖ ਰਹੇ ਸਨ। ਗੁਟਾਰ ਉੱਡ ਗਈ ਸੀ, ਪਰ ਉਸ ਟਾਹਣੀ ਉਪਰ ਦੋ ਚਿੜੀਆਂ ਆ ਬੈਠੀਆਂ ਸਨ।
“ਅਨਾਇਤੁੱਲਾ ਸ਼ਾਹ ਦਾ ਮਕਤਬ ਤਾਂ ਬੜਾ ਮਸ਼ਹੂਰ ਏ।” ਭੂਪ ਸਿੰਘ ਨੇ ਵਿਸ਼ਾ ਬਦਲਿਆ।
“ਸਾਡੇ ਉਸਤਾਦ, ਅਨਾਇਤੁੱਲਾ ਸ਼ਾਹ ਪੰਜਾਬੀ ਦੇ ਪਹਿਲੇ ਸ਼ਾਇਰ ਬਾਬਾ ਫਰੀਦ ਦੇ ਖਾਨਦਾਨ ਦੇ ਨੇ। ਇਹ ਮਕਤਬ ਉਸੇ ਸਮੇਂ ਤੋਂ ਚੱਲਦਾ ਆ ਰਿਹੈ।”
“ਬੁੱਲ੍ਹੇ ਸ਼ਾਹ ਵੀ ਇਸੇ 'ਚ ਪੜ੍ਹੇ ਸਨ ਨਾ ?”
“ਹਾਂ, ਬਿਲਕੁਲ। ਜੇ ਜਲਦੀ ਨਾ ਹੋਏ ਤਾਂ ਉਹਨਾਂ ਦੀ ਇਕ ਗੱਲ ਸੁਣਾਵਾਂ ?” ਵਾਰਿਸ ਨੇ ਮੁਸਕਰਾਂਦਿਆਂ ਹੋਇਆਂ ਕਿਹਾ।
“ਹਾਂ, ਸੁਣਾਅ। ਮੈਨੂੰ ਕੋਈ ਜਲਦੀ ਨਹੀਂ।”
ਵਾਰਿਸ ਨੇ ਵੇਲ ਦਾ ਇਕ ਪੱਤਾ ਤੋੜਿਆ। ਉਸਨੂੰ ਹਥੇਲੀਆਂ ਵਿਚਕਾਰ ਰੱਖ ਕੇ ਬੋਲਿਆ¸
“ਹਜਰਤ ਬੁੱਲ੍ਹੇ ਸ਼ਾਹ ਨੇ ਜਦੋਂ ਚੂੜੀਆਂ ਪਾ ਕੇ ਔਰਤ ਦੇ ਭੇਸ ਵਿਚ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸ਼ੇਖ ਅਨਾਇਤੁੱਲਾ ਉਹਨਾਂ ਨਾਲ ਏਨੇ ਨਾਰਾਜ਼ ਹੋਏ ਕਿ ਆਪਣੇ ਮਕਤਬ ਵਿਚ ਉਹਨਾਂ ਦਾ ਦਾਖਲਾ ਬੰਦ ਕਰ ਦਿੱਤਾ। ਉਹ ਇਸਨੂੰ ਆਪਣੀ ਤਾਲੀਮ ਦੀ ਭੰਡੀ ਸਮਝਦੇ ਸਨ ਪਰ ਇਕ ਦਿਨ ਜਦੋਂ ਸ਼ਾਹ ਅਨਾਇਤ ਵੀ ਦਰਵੇਸ਼ਾਂ ਦੀ ਮਹਿਫਲ ਵਿਚ ਬੈਠੇ ਹੋਏ ਸਨ, ਬੁੱਲ੍ਹੇ ਨੇ ਵੇਸਵਾ ਦੇ ਭੇਸ ਵਿਚ ਨੱਚ ਗਾ ਕੇ ਅਜਿਹਾ ਸਮਾਂ ਬੰਨ੍ਹਿਆਂ ਕਿ ਸ਼ਾਹ ਅਨਾਇਤ ਉਹਨਾਂ ਦੀਆਂ ਅਦਾਵਾਂ ਤੇ ਹੁਨਰ ਉਪਰ ਮੋਹਿਤ ਹੋ ਗਏ ਤੇ ਬੁੱਲ੍ਹੇ ਵੱਲ ਇਸ਼ਾਰਾ ਕਰਕੇ ਆਪਣੇ ਇਕ ਸੇਵਕ ਨੂੰ ਕਿਹਾ, “ਉਸ ਗਾਉਣ ਵਾਲੀ ਨੂੰ ਬੁਲਾਅ ਕੇ ਮੇਰੇ ਕੋਲ ਲਿਆਓ।” ਸੇਵਕ ਨੇ ਕਿਹਾ, “ਸੱਚ ਬਚਨ।” ਤੇ ਫੇਰ ਬੋਲਿਆ, “ਸ਼ਾਹ ਜੀ ਉਹ ਕੋਈ ਵੇਸਵਾ ਨਹੀਂ, ਤੁਹਾਡਾ ਸ਼ਾਗਿਰਦ ਬੁੱਲ੍ਹਾ ਸ਼ਾਹ ਏ।” ਸ਼ਾਹ ਜੀ ਬੜੇ ਹੈਰਾਨ ਹੋਏ ਤੇ ਉਸਨੂੰ ਕੋਲ ਬੁਲਾ ਕੇ ਪੁੱਛਿਆ, “ਕਿਉਂ ਭਾਈ ਤੂੰ ਬੁੱਲ੍ਹਾ ਏਂ ?” ਬੁੱਲ੍ਹੇ ਸ਼ਾਹ ਨੇ ਉਤਰ ਦਿੱਤਾ, “ਜੀ ਹਾਂ, ਮੈਂ ਭੁੱਲਾ ਹਾਂ। ਮੈਨੂੰ ਬਖ਼ਸ਼ ਦਿਓ ਤੇ ਆਪਣੇ ਚਰਨਾਂ ਵਿਚ ਜਗ੍ਹਾ ਦਿਓ।” ਸ਼ਾਹ ਅਨਾਇਤ ਨੇ ਬੁੱਲ੍ਹੇ ਸ਼ਾਹ ਨੂੰ ਗਲ਼ ਨਾਲ ਲਾ ਲਿਆ ਤੇ ਉਸਨੂੰ ਆਪਣੀ ਦਰਗਾਹ ਵਿਚ ਆਉਣ-ਜਾਣ ਦੀ ਆਗਿਆ ਦੇ ਦਿੱਤੀ।” ਵਾਰਿਸ ਇਹ ਕਿੱਸਾ ਸੁਣਾ ਕੇ ਕੁਝ ਚਿਰ ਚੁੱਪ ਰਿਹਾ, ਤੇ ਫੇਰ ਬੋਲਿਆ, “ਬਾਬਾ ਫਰੀਦ ਤੇ ਸ਼ਾਹ ਅਨਾਇਤ ਦੀ ਸਿੱਖਿਆ ਦਾ ਮੰਤਕ ਇਹ ਹੈ ਕਿ ਇਨਸਾਨ ਖ਼ੁਦਾ ਦਾ ਨੂਰ ਹੈ ਤੇ ਉਹਨਾਂ ਦਾ ਪੈਗ਼ਾਮ ਹੈ ਕਿ ਇਨਸਾਨ, ਇਨਸਾਨਾਂ ਦੇ ਨਾਲ ਪਿਆਰ-ਮੁਹੱਬਤ ਦੇ ਨਾਲ ਰਹਿਣ।” ਜਿਹੜਾ ਪੱਤਾ ਉਸਦੀਆਂ ਹੱਥੇਲੀਆਂ ਵਿਚ ਫੜਿਆ ਹੋਇਆ ਸੀ, ਉਸਨੇ ਮਸਲ ਕੇ ਸੁੱਟ ਦਿੱਤਾ।
“ਬੁੱਲ੍ਹੇ ਸ਼ਾਹ ਦਾ ਪੈਗ਼ਾਮ ਵੀ ਇਹੀ ਸੀ।” ਭੂਪ ਸਿੰਘ ਨੇ ਗੱਲ ਨਾਲ ਗੱਲ ਮੇਲੀ। “ਬੁੱਲ੍ਹੇ ਸ਼ਾਹ ਦਾ ਇਸ਼ਕ ਮਿਜਾਜ਼ੀ, ਇਸ਼ਕ ਹਕੀਕੀ ਤੱਕ ਪਹੁੰਚਣ ਦਾ ਸਾਧਨ ਸੀ,
ਬੰਸੀ ਕਾਹਨ ਅਚਰਜ ਵਜਾਈ।
ਬੰਸੀ ਵਾਲਿਆ ਚਾਕਾ ਰਾਂਝਿਆ, ਤੇਰਾ ਸੁਰ ਹੈ ਸਭ ਨਾਲ ਸਾਂਝਾ।
ਤੇਰੀਆਂ ਮੌਜਾਂ ਸਾਡਾ ਮਾਂਜਾ , ਕੈਸੀ ਬਿਖਰੀ ਖੇਡ ਰਚਾਈ।
ਬੰਸੀ ਕਾਹਨ ਅਚਰਜ ਵਜਾਈ। ”
ਡੰਡਾ ਧਰਤੀ ਉੱਤੇ ਮਾਰ ਮਾਰ ਕੇ, ਘੁੰਗਰੂਆਂ ਦੀ ਛਣਕਾਰ ਦੇ ਨਾਲ ਨਾਲ ਬੁੱਲੇ ਸ਼ਾਹ ਦੇ ਬੋਲ ਦੂਹਰਾਏ ਤੇ ਫੇਰ¸ “ਤੇਰਾ ਸੁਰ ਹੈ ਸਭ ਦਾ ਸਾਂਝਾ।” ਗਾਉਂਦਿਆਂ ਹੋਇਆਂ ਮਸਤੀ ਭਰੇ ਅੰਦਾਜ਼ ਵਿਚ ਝੂੰਮਣ ਲੱਗ ਪਿਆ, ਜਿਵੇਂ ਭੀੜ ਵਿਚ ਝੂੰਮਦਾ ਹੁੰਦਾ ਸੀ।
ਉਹ ਝੂੰਮ ਰਿਹਾ ਸੀ ਤੇ ਵਾਰਿਸ ਉਸਨੂੰ ਝੂੰਮਦਿਆਂ ਦੇਖ ਕੇ ਮੁਸਕਰਾ ਰਿਹਾ ਸੀ। ਇਸ ਪਿੱਛੋਂ ਉਹ ਬਗੀਚੇ ਵਿਚੋਂ ਬਾਹਰ ਨਿਕਲੇ ਤੇ ਅਲੱਗ-ਅਲੱਗ ਦਿਸ਼ਾਵਾਂ ਵੱਲ ਤੁਰ ਪਏ। ਵਾਰਿਸ ਨੇ ਇਹ ਨਹੀਂ ਪੁੱਛਿਆ ਕਿ ਤੂੰ ਇਹ ਭੇਸ ਕਿਉਂ ਧਾਰਿਆ ਹੋਇਆ ਹੈ। ਉਹ ਸਹਿਜ ਬੁੱਧੀ ਨਾਲ ਸਭ ਕੁਝ ਸਮਝ ਗਿਆ ਸੀ।
ਭੂਪ ਸਿੰਘ ਕਸੂਰ ਤੋਂ ਜਿੰਨੀ ਜਾਣਕਾਰੀ ਲੈ ਕੇ ਪਹੁੰਚਿਆ, ਉਸਦੇ ਆਧਾਰ ਉੱਤੇ ਯੋਗਨਾ ਬਣਾਈ ਗਈ ਤੇ ਸਿੰਘਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਹਮਲਾ ਕੀਤਾ। ਖ਼ਿਆਲ ਸੀ, ਕਾਫੀ ਮਾਲ ਹੱਥ ਲਗੇਗਾ। ਪਰ ਸੋਚੇ ਅਨੁਸਾਰ ਸਫਲਤਾ ਨਹੀਂ ਮਿਲੀ। ਕਾਰਨ ਇਹ ਸੀ ਕਿ ਕਸੂਰ ਦੇ ਅਫਗਾਨ ਸ਼ਾਸਕ, ਜਿਹਨਾਂ ਨੇ ਆਪਣੇ ਆਪ ਨੂੰ ਦਿੱਲੀ ਤੋਂ ਵੱਖ ਤੇ ਸੁਤੰਤਰ ਹੋਣ ਦਾ ਐਲਾਨ ਕੀਤਾ ਹੋਇਆ ਸੀ, ਕਿਸੇ ਵੀ ਹਮਲੇ ਤੋਂ ਆਪਣਾ ਬਚਾਅ ਕਰਨ ਲਈ ਤਿਆਰ-ਬਰ-ਤਿਆਰ ਮਿਲੇ ਸਨ। ਉਹਨਾਂ ਨੇ ਸਿੰਘਾਂ ਨੂੰ ਜਲਦੀ ਹੀ ਸ਼ਹਿਰ ਵਿਚੋਂ ਕੱਢ ਦਿੱਤਾ। ਜਦੋਂ ਲਾਹੌਰ ਇਹ ਖਬਰ ਪਹੁੰਚੀ ਕਿ ਸਿੰਘ ਫੇਰ ਸਿਰ ਚੁੱਕ ਰਹੇ ਨੇ ਤੇ ਜਗ੍ਹਾ-ਜਗ੍ਹਾ ਹਮਲੇ ਕਰ ਰਹੇ ਨੇ ਤਾਂ ਯਹੀਆ ਖਾਂ ਨੇ ਸਰਹਿੰਦ ਦੇ ਦੀਵਾਲ ਲਕਸ਼ਮੀ ਨਾਰਾਇਣ ਨੂੰ ਉਹਨਾਂ ਵਿਰੁੱਧ ਚੜ੍ਹਾਈ ਦਾ ਹੁਕਮ ਦਿੱਤਾ।
ਕੁਝ ਸਿੰਘ ਘਰਾਂ ਨੂੰ ਚਲੇ ਗਏ ਸਨ ਤੇ ਕੁਝ ਇਧਰ ਉਧਰ ਖਿੱਲਰੇ ਹੋਏ ਸਨ। ਜੱਸਾ ਸਿੰਘ ਆਹਲੂਵਾਲੀਆ ਤੇ ਉਸਦੇ ਕੁਝ ਸਾਥੀ ਗੁੱਜਰਵਾਲ ਵਿਚ ਟਿਕੇ ਹੋਏ ਸਨ। ਲਕਸ਼ਮੀ ਨਾਰਾਇਣ ਨੇ ਅਚਾਨਕ ਉਹਨਾਂ ਉਪਰ ਹਮਲਾ ਕਰ ਦਿੱਤਾ। ਸਿੰਘਾਂ ਦੀ ਗਿਣਤੀ ਬੜੀ ਘੱਟ ਸੀ ਫੇਰ ਵੀ ਉਹ ਜੀਅ ਤੋੜ ਕੇ ਲੜੇ। ਘਮਾਸਾਨ ਦੀ ਲੜਾਈ ਹੋਈ ਤੇ ਲੜਦਿਆਂ-ਲੜਦਿਆਂ ਸ਼ਾਮ ਹੋ ਗਈ। ਲਕਸ਼ਮੀ ਨਾਰਾਇਣ ਦਾ ਪੱਖ ਭਾਰੀ ਪੈ ਰਿਹਾ ਸੀ, ਕਿਉਂਕਿ ਉਸਦੇ ਕੋਲ ਤੋਪਾਂ ਤੇ ਬੰਦੂਕਾਂ ਸਨ ਤੇ ਆਦਮੀ ਵੀ ਬਹੁਤ ਜ਼ਿਆਦਾ ਸਨ। ਰਾਤ ਨੂੰ ਸਿੰਘ ਸਥਿਤੀ ਦਾ ਜਾਹਿਜ਼ਾ ਲੈਣ ਤੇ ਆਪਸ ਵਿਚ ਸਲਾਹ ਕਰਨ ਲਈ ਇਕੱਠੇ ਹੋਏ। ਹਰੇਕ ਪੱਖ ਉਪਰ ਵਿਚਾਰ ਕਰਨ ਪਿੱਛੋਂ ਜੱਸਾ ਸਿੰਘ ਨੇ ਕਿਹਾ, “ਇੱਥੇ ਆਪਾਂ ਕਿਹੜਾ ਕਿਲਾ ਬਣਾਇਆ ਹੋਇਆ ਏ, ਜਿਸ ਉਪਰ ਦੁਸ਼ਮਣ ਕਬਜਾ ਕਰ ਲਏਗਾ। ਸਿਰਫ ਹਾਰ-ਜਿੱਤ ਲਈ ਲੜਨਾ ਨਾ ਬਹਾਦਰੀ ਹੈ ਨਾ ਅਕਲਮੰਦੀ। ਦੁਸ਼ਮਣ ਸੁੱਤਾ ਹੋਇਆ ਏ ਤੇ ਸਾਡੇ ਲਈ ਬਚ ਨਿਕਲਣ ਦਾ ਮੌਕਾ ਹੈ।”
ਇਸ ਸਲਾਹ ਨੂੰ ਸਾਰਿਆਂ ਨੇ ਪਸੰਦ ਕੀਤਾ ਤੇ ਸਿੰਘ ਲਕਸ਼ਮੀ ਨਾਰਾਇਣ ਦੇ ਦੂਜੇ ਹਮਲੇ ਤੋਂ ਪਹਿਲਾਂ ਹੀ ਇਧਰ ਉਧਰ ਚਲੇ ਗਏ, ਸਵੇਰ ਹੋਈ ਮੈਦਾਨ ਖਾਲੀ ਸੀ।
ooo
ਯਹੀਆ ਖਾਂ ਦਾ ਛੋਟਾ ਭਰਾ ਮਿਰਜਾ ਹਯਾਤੁੱਲਾ ਖਾਂ ਜਿਹੜਾ ਫਲੌਰੀ ਖਾਂ ਦੇ ਨਾਂ ਨਾਲ ਪ੍ਰਸਿੱਧ ਸੀ, ਉਸਨੂੰ ਨਾਦਰ ਸ਼ਾਹ ਨੇ ਨਵਾਬ ਦਾ ਖਿਤਾਬ ਦੇ ਕੇ ਮੁਲਤਾਨ ਦਾ ਹਾਕਮ ਬਣਾ ਦਿੱਤਾ ਸੀ। ਉਹ ਯਹੀਆ ਖਾਂ ਦੀ ਜਗ੍ਹਾ ਖ਼ੁਦ ਲਾਹੌਰ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ। ਲਖਪਤ ਰਾਏ ਜਦੋਂ 10 ਮਾਰਚ ਨੂੰ, ਸੋਮਵਾਰੀ ਮੱਸਿਆ ਵਾਲੇ ਦਿਨ, ਚਕਰੈਲ ਤੇ ਗੁਰਮੁੱਖ ਸਿੱਖਾਂ ਦੀ ਹੱਤਿਆ ਕੀਤੀ ਤੇ ਸਿੰਘਾਂ ਦੇ ਕਤਲੇ ਆਮ ਦਾ ਹੁਕਮ ਦਿੱਤਾ ਸੀ ਤਾਂ ਕੌੜਾ ਮੱਲ ਲਾਹੌਰ ਛੱਡ ਕੇ ਮੁਲਤਾਨ ਚਲਾ ਗਿਆ ਸੀ। ਕੌੜਾ ਮੱਲ ਗੁਰੂ ਨਾਨਕ ਦਾ ਸਹਿਜਧਾਰੀ ਸਿੱਖ ਸੀ ਤੇ ਸਰਕਾਰੀ ਮੁਲਾਜਮ ਹੁੰਦਿਆਂ ਹੋਇਆਂ ਵੀ ਉਸਦੀ ਹਮਦਰਦੀ ਦੇਸ਼ ਤੇ ਧਰਮ ਲਈ ਲੜ ਰਹੇ ਸਿੰਘਾਂ ਨਾਲ ਸੀ। ਲਾਹੌਰ ਤੋਂ ਮੁਲਤਾਨ ਆਉਣ ਦਾ ਉਦੇਸ਼ ਸਿੰਘਾਂ ਦੀ ਯਹੀਆ ਖਾਂ ਤੇ ਲਖਪਤ ਰਾਏ ਤੋਂ ਰੱਖਿਆ ਕਰਨੀ ਸੀ। ਉਹ ਅਸਰ ਰਸੂਖ ਵਾਲਾ ਬੁੱਧੀਮਾਨ ਆਦਮੀ ਸੀ। ਸ਼ਾਹਨਵਾਜ ਨੇ ਉਸਦਾ ਸਵਾਗਤ ਕੀਤਾ ਤੇ ਆਪਣਾ ਸਲਾਹਕਾਰ ਬਣਾ ਲਿਆ।
ਇਧਰ ਯਹੀਆ ਖਾਂ ਤੇ ਲਖਪਤ ਰਾਏ ਨੇ ਆਪਣੀ ਸਾਰੀ ਸ਼ਕਤੀ ਸਿੱਖਾਂ ਵਿਰੁੱਧ ਲੜਨ ਵਿਚ ਲਾਈ ਹੋਈ ਸੀ। ਉਧਰ ਸ਼ਾਹ ਨਵਾਜ ਨੇ ਕੌੜਾ ਮੱਲ ਦੀ ਸਹਾਇਤਾ ਨਾਲ ਚੁੱਪਚਾਪ ਆਪਣੀ ਸ਼ਕਤੀ ਵਧਾਈ ਤੇ 21 ਨਵੰਬਰ 1746 ਨੂੰ ਲਾਮ-ਲਸ਼ਕਰ ਲੈ ਕੇ ਆਪਣੇ ਪਿਤਾ ਦੇ ਮਜਾਰ ਕੋਲ ਸ਼ਾਲੀਮਾਰ ਬਾਗ ਵਿਚ ਆ ਡੇਰੇ ਲਾਏ। ਕੌੜਾ ਮੱਲ ਨਾਲ ਹੀ ਸੀ। ਅਦੀਨਾ ਬੇਗ ਤੇ ਹਸ਼ਮਤੁੱਲਾ ਵੀ ਨਾਲ ਰਲ ਗਏ। ਦੀਵਾਨ ਸੂਰਤ ਸਿੰਘ ਨੂੰ ਆਪਣਾ ਏਲਚੀ ਬਣਾ ਕੇ ਯਹੀਆ ਖਾਂ ਕੋਲ ਭੇਜਿਆ ਗਿਆ ਕਿ ਪਿਤਾ ਦੀ ਸੰਪੱਤੀ ਦਾ ਵੰਡਾਰਾ ਕਰੋ।
ਯਹੀਆ ਖਾਂ ਕੁਝ ਵੀ ਦੇਣ ਲਈ ਤਿਆਰ ਨਹੀਂ ਸੀ ਪਰ ਉਸਨੇ ਇਨਕਾਰ ਵੀ ਨਹੀਂ ਕੀਤਾ। ਗੱਲਬਾਤ ਚੱਲਦੀ ਰਹੀ ਤੇ ਦੋਹਾਂ ਪਾਸਿਆਂ ਦੀ ਸੈਨਾਂ ਵਿਚ ਮਾੜੀਆਂ-ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਇਸ ਦੌਰਾਨ ਯਹੀਆ ਖਾਂ ਨੇ ਆਪਣੇ ਨਵੇਂ-ਪੁਰਾਣੇ ਅਹਿਲਕਾਰਾਂ ਜਿਵੇਂ ਮਾਮਿਨ ਖਾਂ, ਲਖਪਤ ਰਾਏ, ਮੀਰ ਨਿਆਮਤ ਖਾਂ ਤੇ ਅਮੀਨਾ ਬੇਗ ਆਦਿ ਨੂੰ ਇਕੱਠਾ ਕੀਤਾ ਤੇ ਉਹ ਲਾਹੌਰ ਵਿਚੋਂ ਬਾਹਰ ਨਿਕਲ ਆਏ। ਬੜੀ ਜ਼ੋਰਦਾਰ ਲੜਾਈ ਹੋਈ। ਆਪਣਾ ਪੱਖ ਕਮਜ਼ੋਰ ਪੈਂਦਾ ਦੇਖ ਕੇ ਯਹੀਆ ਖਾਂ ਨੇ 6 ਲੱਖ ਰੁਪਏ ਦੇ ਕੇ ਸਮਝੌਤਾ ਕਰ ਲਿਆ। ਸ਼ਾਹ ਨਵਾਜ ਇਹ ਰਕਮ ਲੈ ਕੇ ਬਟਾਲੇ ਵੱਲ ਚਲਾ ਗਿਆ। ਉੱਥੇ ਉਸਨੇ ਯਹੀਆ ਖਾਂ ਦੇ ਕਈ ਜ਼ਿਲਿਆਂ ਉੱਤੇ ਕਬਜਾ ਕਰ ਲਿਆ ਤੇ ਜ਼ਿਲਾ ਅਧਿਕਾਰੀਆਂ ਨੂੰ ਆਪਣੇ ਨਾਲ ਰਲਾ ਲਿਆ। ਯਹੀਆ ਖਾਂ ਨੂੰ ਬੜਾ ਗੁੱਸਾ ਆਇਆ। ਲੜਨ ਦੇ ਸਿਵਾਏ ਕੋਈ ਚਾਰਾ ਨਹੀਂ ਸੀ। 13 ਮਈ 1747 ਨੂੰ ਈਦ ਮੀਲਾਦੇ ਨਬੀ ਵਾਲੇ ਦਿਨ ਤਕੜੀ ਲੜਾਈ ਹੋਈ। ਯਹੀਆ ਖਾਂ ਆਪਣੇ ਸਾਰੇ ਸਾਥੀਆਂ ਨੂੰ ਮਰਵਾ ਕੇ ਰਣਵਾਸ ਵਿਚ ਜਾ ਛੁਪਿਆ। ਸ਼ਾਹ ਨਵਾਜ ਨੇ ਉਸਨੂੰ ਉੱਥੇ ਹੀ ਕੈਦ ਕਰ ਦਿੱਤਾ।
ਸ਼ਾਹ ਨਵਾਜ ਨੇ ਲਾਹੌਰ ਉੱਤੇ ਕਬਜਾ ਕਰਕੇ ਕੌੜਾ ਮੱਲ ਨੂੰ ਆਪਣਾ ਦੀਵਾਨ ਬਣਾਇਆ ਤੇ ਅਦੀਨਾ ਬੇਗ ਨੂੰ ਜਲੰਧਰ, ਦੁਆਬੇ ਦਾ ਹਾਕਮ ਥਾਪ ਦਿੱਤਾ। ਦੀਵਾਨ ਕੌੜਾ ਮੱਲ ਸਿੱਖਾਂ ਦਾ ਹਮਦਰਦ ਸੀ ਤੇ ਅਦੀਨਾ ਬੇਗ ਵੀ ਆਪਣੀ ਨੀਤੀ ਪੱਖੋਂ ਉਹਨਾਂ ਦੇ ਵਿਰੁੱਧ ਨਹੀਂ ਸੀ। ਸਿੱਖਾਂ ਦਾ ਕਤਲੇ-ਆਮ ਬੰਦ ਹੋਇਆ ਤੇ ਉਹਨਾਂ ਨੂੰ ਕੋਈ ਨੌਂ ਸਾਲ ਬਾਅਦ ਸੁੱਖ ਦਾ ਸਾਹ ਮਿਲਿਆ।
ਯਹੀਆ ਖਾਂ ਦਿੱਲੀ ਦੇ ਵਜ਼ੀਰ ਕਮਰੂੱਦੀਨ ਦਾ ਜਵਾਈ ਸੀ। ਉਹ ਕਸੂਰੀ ਪਠਾਨਾ ਦੀ ਮਦਦ ਨਾਲ ਕੈਦ ਵਿਚੋਂ ਭੱਜ ਗਿਆ ਤੇ ਦਿੱਲੀ ਜਾ ਪਹੁੰਚਿਆ। ਸ਼ਾਹ ਨਵਾਜ ਦਿੱਲੀ ਸਰਕਾਰ ਤੋਂ ਮੰਜੂਰੀ ਲੈਣਾ ਚਾਹੁੰਦਾ ਸੀ, ਜਿਹੜੀ ਮਿਲੀ ਨਹੀਂ ¸ ਬਲਕਿ ਕਮਰੂੱਦੀਨ ਨੇ ਉਸਨੂੰ ਧਮਕੀ ਦਿੱਤੀ ਕਿ ਉਹ ਲਾਹੌਰ ਛੱਡ ਕੇ ਮੁਲਤਾਨ ਚਲਾ ਜਾਏ। ਹੁਣ ਯਹੀਆ ਖਾਂ ਦੇ ਦਿੱਲੀ ਦੌੜ ਜਾਣ ਨਾਲ ਉਹ ਡਰ ਗਿਆ ਸੀ ਤੇ ਉਸਨੇ ਆਪਣੀ ਸਹਾਇਤਾ ਲਈ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾਅ ਭੇਜਿਆ।
6 ਜੂਨ 1747 ਨੂੰ ਨਾਦਰ ਸ਼ਾਹ ਦੀ ਹੱਤਿਆ ਕਰ ਦਿੱਤੀ ਗਈ ਸੀ। ਹੁਣ ਉਸਦਾ ਸਭ ਤੋਂ ਯੋਗ ਸੈਨਾਪਤੀ ਅਹਿਮਦ ਸ਼ਾਹ ਅਬਦਾਲੀ, ਜਿਸਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਿਹਾ ਜਾਂਦਾ ਹੈ, ਬਾਦਸ਼ਾਹ ਸੀ। ਨਾਦਰ ਸ਼ਾਹ ਈਰਾਨੀ ਸੀ। ਅਹਿਮਦ ਸ਼ਾਹ ਅਬਦਾਲੀ ਨੇ ਸੁਤੰਤਰ ਅਫਗਾਨ ਰਾਜ ਦੀ ਨੀਂਹ ਰੱਖੀ ਤੇ ਕਾਬੁਲ ਨੂੰ ਆਪਣੀ ਰਾਜਧਾਨੀ ਬਣਾਇਆ। ਉਸਦੇ ਕਬੀਲੇ ਦੇ ਲੋਕ ਅਬਦਾਲੀ ਕਹਾਉਂਦੇ ਸਨ ਜਿਸ ਦਾ ਅਰਥ ਹੈ 'ਅਲੀ ਦੇ ਸੇਵਕ'। ਉਹ ਸ਼ੁਰੂ ਵਿਚ ਸ਼ੀਆ ਮੱਤ ਦੇ ਸਨ ਪਰ ਪਿੱਛੋਂ ਸੂਨੀ ਬਣ ਗਏ। ਅਹਿਮਦ ਖਾਂ ਜਮਾਂ ਖਾਂ ਦਾ ਬੇਟਾ ਸੀ। ਉਸਦਾ ਵੱਡਾ ਭਰਾ ਨਾਦਰ ਸ਼ਾਹ ਦਾ ਮੁਲਾਜਮ ਸੀ। ਜਦੋਂ ਉਹ ਇਕ ਉੱਚੇ ਪਦ ਉੱਤੇ ਪਹੁੰਚਿਆ ਤਾਂ ਉਸਨੇ ਆਪਣੇ ਛੋਟੇ ਭਰਾ ਅਹਿਮਦ ਖਾਂ ਨੂੰ ਵੀ ਨੌਕਰੀ ਦਿਵਾ ਦਿੱਤੀ। ਆਪਣੀ ਬਹਾਦਰੀ ਤੇ ਸਿਆਣਪ ਨਾਲ ਉਹ ਛੇਤੀ ਨਾਦਰ ਸ਼ਾਹ ਦਾ ਵਿਸ਼ਪਾਤਰ ਬਣ ਗਿਆ। ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਉਪਰ ਹਮਾਲ ਕੀਤਾ ਤਾਂ ਉਸਦੀ ਛੇ ਹਜ਼ਾਰ ਨਿੱਜੀ ਸੈਨਾ ਦਾ ਪ੍ਰਧਾਨ-ਸੈਨਾਪਤੀ ਅਹਿਮਦ ਸ਼ਾਹ ਅਬਦਾਲੀ ਹੀ ਸੀ। ਕਿਹਾ ਜਾਂਦਾ ਹੈ ਕਿ ਜਦੋਂ ਅਹਿਮਦ ਸ਼ਾਹ ਹੈਦਰਾਬਾਦ ਰਾਜ ਦੇ ਵਿਸਥਾਪਕ ਆਸਿਫ ਸ਼ਾਹ ਨੂੰ ਮਿਲਿਆ, ਜਿਹੜਾ ਚਿਹਰੇ ਪੜ੍ਹ ਲੈਂਦਾ ਸੀ ਤਾਂ ਉਸਨੇ ਭਵਿੱਖਬਾਣੀ ਕੀਤੀ ਸੀ ਕਿ ਅਹਿਮਦ ਸ਼ਾਹ ਇਕ ਦਿਨ ਬਾਦਸ਼ਾਹ ਬਣੇਗਾ। ਉਸਨੇ ਬਾਦਸ਼ਾਹ ਬਣਦਿਆਂ ਹੀ ਆਪਣੇ ਰਾਜ ਦਾ ਵਿਸਥਾਰ ਪੇਸ਼ਾਵਰ ਤਕ ਕਰ ਲਿਆ। ਉਸ ਕੋਲ ਅਫਗਾਨਾਂ ਦੀ ਬੜੀ ਵੱਡੀ ਸੈਨਾ ਸੀ ਪਰ ਤਨਖਾਹ ਦੇਣ ਲਈ ਪੈਸੇ ਨਹੀਂ ਸਨ। ਇਹ ਸਥਿਤੀ ਸੀ ਜਦੋਂ ਸ਼ਾਹ ਨਵਾਜ ਦਾ ਦੂਤ ਉਸ ਕੋਲ ਪਹੁੰਚਿਆ। 'ਅੰਨ੍ਹਾਂ ਕੀ ਭਾਲੇ, ਦੋ ਅੱਖਾਂ'¸ ਹਿੰਦੁਸਤਾਨ ਦੀ ਆਰਥਕ ਖੁਸ਼ਹਾਲੀ ਤੇ ਦਿੱਲੀ ਸਰਕਾਰ ਦੀਆਂ ਕਮਜ਼ੋਰੀਆਂ ਚੰਗੀ ਤਰ੍ਹਾਂ ਜਾਣਦਾ ਸੀ ਉਹ। ਸੋ ਆਪਣੇ ਦਲ-ਬਲ ਦੇ ਨਾਲ ਦਸੰਬਰ 1747 ਵਿਚ ਪੇਸ਼ਾਵਰ ਤੋਂ ਚੱਲ ਪਿਆ।
ਇਸ ਦੌਰਾਨ ਸ਼ਾਹ ਨਵਾਜ ਨੇ ਆਪਣਾ ਰਵੱਈਆ ਬਦਲ ਲਿਆ। ਜਦੋਂ ਵਜ਼ੀਰ ਕਮਰੂੱਦੀਨ ਨੂੰ ਇਹ ਪਤਾ ਲੱਗਿਆ ਕਿ ਸ਼ਾਹ ਨਵਾਜ ਨੇ ਅਬਦਾਲੀ ਨੂੰ ਬੁਲਾਵਾ ਭੇਜ ਦਿੱਤਾ ਹੈ ਤਾਂ ਉਸਨੇ ਸ਼ਾਹ ਨਵਾਜ ਨੂੰ ਨਵਾਬ ਦੀ ਸ਼ਾਹੀ ਸਨਦ ਭੇਜੀ ਤੇ ਨਾਲ ਹੀ ਇਕ ਖੁਸ਼ਾਮਤ ਭਰਿਆ ਖਤ ਵੀ ਲਿਖਿਆ ਜਿਸ ਵਿਚ ਉਸਦੇ ਪਰਵਾਰਕ ਰਿਸ਼ਤਿਆ, ਇੱਜਤ-ਮਾਣ ਤੇ ਬਾਦਸ਼ਾਹ ਪ੍ਰਤੀ ਵਫਾਦਾਰੀ ਦਾ ਵਾਸਤਾ ਪਾਇਆ। ਸ਼ਾਹ ਨਵਾਜ ਨੂੰ ਨਵਾਬੀ ਦੀ ਸਨਦ ਮਿਲ ਗਈ। ਹੋਰ ਉਸਨੂੰ ਕੀ ਚਾਹੀਦਾ ਸੀ? ਜਿਸ ਦੁਸ਼ਮਣ ਨੂੰ ਕੁਝ ਦਿਨ ਪਹਿਲਾਂ ਉਸਨੇ ਬੁਲਾਅ ਭੇਜਿਆ ਸੀ, ਹੁਣ ਉਹ ਉਸਦੇ ਵਿਰੁੱਧ ਹੋ ਗਿਆ ਸੀ।
ਅਹਿਮਦ ਸ਼ਾਹ ਨੇ ਸ਼ਾਹ ਨਵਾਜ ਨੂੰ ਆਪਣੇ ਨਾਲ ਮਿਲਾਉਣ ਦੇ ਪੂਰੇ ਯਤਨ ਕੀਤੇ। ਉਸਨੇ ਪਹਿਲਾਂ ਹਾਰੂਨ ਖਾਂ ਤੇ ਫੇਰ ਸ਼ਬੀਰ ਸ਼ਾਹ ਨੂੰ ਆਪਣਾ ਦੂਤ ਬਣਾ ਕੇ ਲਾਹੌਰ ਭੇਜਿਆ। ਸ਼ਾਹ ਨਵਾਜ ਨੇ ਹਾਰੂਨ ਖਾਂ ਦੀ ਬੇਇੱਜਤੀ ਕਰਕੇ ਉਸਨੂੰ ਵਾਪਸ ਭੇਜ ਦਿੱਤਾ ਤੇ ਸ਼ਬੀਰ ਸ਼ਾਹ ਦੀ ਹੱਤਿਆ ਕਰ ਦਿੱਤੀ। ਸਿੱਟਾ ਇਹ ਕਿ 11 ਜਨਵਰੀ ਨੂੰ ਅਫਗਾਨਾ ਤੇ ਮੁਗਲਾਂ ਵਿਚਕਾਰ ਘਮਾਸਾਨ ਦੀ ਲੜਾਈ ਹੋਈ, ਜਿਸ ਵਿਚ ਸ਼ਾਹ ਨਵਾਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਉਹ ਦਿੱਲੀ ਨੱਸ ਗਿਆ।
ਅਬਦਾਲੀ ਨੇ ਲਾਹੌਰ ਦੀਆਂ ਬਸਤੀਆਂ ਤੇ ਖਾਸ ਤੌਰ 'ਤੇ ਮੁਗਲਪੁਰਾ ਨੂੰ, ਜਿਹੜੀ ਸਭ ਤੋਂ ਅਮੀਰ ਬਸਤੀ ਸੀ, ਲੁੱਟ ਲਿਆ। ਸ਼ਹਿਰ ਦੇ ਲੋਕਾਂ ਨੇ 30 ਲੱਖ ਰੁਪਏ ਤਾਵਾਨ (ਹਰਜਾਨਾ) ਦੇ ਕੇ ਆਪਣੇ ਆਪ ਨੂੰ ਲੁੱਟ ਤੋਂ ਬਚਾਇਆ। ਸ਼ਾਹ ਨਵਾਜ ਦੀ ਸੈਨਾ ਦਾ ਸਾਰਾ ਸਾਮਾਨ ਤੋਪਾਂ, ਹਾਥੀ, ਉਠ ਤੇ ਘੋੜੇ ਉਸਦੇ ਹੱਥ ਲੱਗੇ। ਇਸ ਨਾਲ ਉਸਦੀ ਸੈਨਾ ਦੀ ਸ਼ਕਤੀ ਹੋਰ ਮਜਬੂਤ ਹੋ ਗਈ। ਉਹ ਲਗਭਗ ਡੇਢ ਮਹੀਨਾ ਲਾਹੌਰ ਵਿਚ ਟਿਕਿਆ ਰਿਹਾ। ਆਪਣੇ ਨਾਂ ਦਾ ਸਿੱਕਾ ਚਲਾਇਆ ਤੇ ਪੀਰਾਂ ਫਕੀਰਾਂ ਨੂੰ ਖੈਰਾਤ ਵੰਡੀ।
ਜਦੋਂ ਸ਼ਾਹ ਨਵਾਜ ਭੱਜ ਕੇ ਦਿੱਲੀ ਪਹੁੰਚਿਆ, ਉਦੋਂ ਕਿਤੇ ਜਾ ਕੇ ਰੰਗ-ਰਲੀਆਂ ਵਿਚ ਡੁੱਬੇ ਬਹਾਦਰ ਸ਼ਾਹ ਰੰਗੀਲੇ ਦੀ ਨੀਂਦ ਟੁੱਟੀ। ਉਸਨੇ ਵਜ਼ੀਰ ਕਮਰੂੱਦੀਨ ਨੂੰ ਛੇ ਲੱਖ ਸੈਨਾ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਮੁਕਾਬਲੇ ਲਈ ਭੇਜ ਦਿੱਤਾ। ਜਦੋਂ ਕਮਰੂਦੀਨ ਸਰਹਿੰਦ ਪਹੁੰਚਿਆ ਤਾਂ ਉਸਨੂੰ ਇਹ ਜਾਣ ਕੇ ਬੜਾ ਦੁੱਖ ਹੋਇਆ ਕਿ ਸਰਹਿੰਦ ਦਾ ਸੂਬੇਦਾਰ ਅਲੀ ਮੁਹੰਮਦ, ਜਿਹੜਾ ਖੁਦ ਅਫਗਾਨ ਸੀ, ਆਪਣੇ ਅਫਗਾਨ ਭਰਾਵਾਂ ਨਾਲ ਲੜਨ ਦੇ ਬਜਾਏ ਬਰੇਲੀ ਵੱਲ ਭੱਜ ਗਿਆ ਹੈ। ਕਮਰੂੱਦੀਨ ਆਪਣਾ ਗੋਲਾ-ਬਾਰੂਦ, ਫਾਲਤੂ ਸਾਮਾਨ ਤੇ ਹਰਮ ਦੀਆਂ ਔਰਤਾਂ ਨੂੰ ਇਕ ਹਜ਼ਾਰ ਸਿਪਾਹੀਆਂ ਦੀ ਨਿਗਰਾਨੀ ਵਿਚ ਛੱਡ ਕੇ ਅੱਗੇ ਵਧਿਆ।
ਉਸਨੇ ਪਹਿਲੀ ਗਲਤੀ ਇਹ ਕੀਤੀ ਕਿ ਸਤਲੁਜ ਨੂੰ ਸਿੱਧਾ ਲੁਧਿਆਣੇ ਤੋਂ ਪਾਰ ਕਰਨ ਦੇ ਬਜਾਏ ਉਤਰ ਪੂਰਬ ਵੱਲ ਵੀਹ ਕੋਹ ਦਾ ਚੱਕਰ ਕੱਟ ਕੇ ਮਾਛੀਵਾੜੇ ਵਿਚੋਂ ਪਾਰ ਕੀਤਾ ਤੇ ਦੂਜੀ ਗਲਤੀ ਇਹ ਕੀਤੀ ਕਿ ਦੁਸ਼ਮਣ ਦੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਕੀਤੀ। ਪਰ ਦੁਸ਼ਮਣ ਬੜਾ ਚਾਲਾਕ ਸੀ। ਉਹ ਜਦੋਂ ਲਾਹੌਰ ਤੋਂ ਤੁਰਿਆ ਤਾਂ ਕਿਸ ਰਸਤੇ ਕਿੱਧਰ ਜਾਏਗਾ ਇਸਦੀ ਭਿਣਕ ਤੱਕ ਨਹੀਂ ਕੱਢੀ। ਲੁਧਿਆਣੇ ਪਹੁੰਚ ਕੇ ਬਿਨਾਂ ਕਿਸੇ ਵਿਰੋਧ ਦੇ ਸਤਲੁਜ ਪਾਰ ਕੀਤਾ ਤੇ ਰਾਤੋ-ਰਾਤ ਪੰਜਾਹ ਕੋਹ ਦਾ ਪੈਂਡਾ ਕਰਕੇ 2 ਮਾਰਚ ਦੀ ਸਵੇਰ ਨੂੰ ਹੀ ਸਰਹਿੰਦ ਦੇ ਕਿਲੇ ਉੱਤੇ, ਗੋਲਾ-ਬਾਰੂਦ, ਰਸਦ ਤੇ ਸਾਰੀਆਂ ਔਰਤਾਂ ਉੱਤੇ ਕਬਜਾ ਕਰ ਲਿਆ। ਉੱਥੇ ਜਿਹੜੇ ਇਕ ਹਜ਼ਾਰ ਸੈਨਕ ਸਨ, ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ।
ਅਬਦਾਲੀ ਨੇ ਸਰਹਿੰਦ ਨੂੰ ਆਪਣਾ ਡੇਰਾ ਬਣਾਇਆ।
ਸਰਹਿੰਦ ਉਪਰ ਅਬਦਾਲੀ ਦੇ ਕਬਜੇ ਦੀ ਖਬਰ ਸੁਣ ਕੇ ਮੁਗਲ ਘਬਰਾ ਗਏ ਤੇ ਮਾਛੀਵਾੜੇ ਤੋਂ ਜਲਦੀ ਜਲਦੀ ਮਾਣੂਪੁਰ ਪਹੁੰਚੇ। ਦੁਸ਼ਮਣ ਦਾ ਮੁਕਾਬਲਾ ਕਰਨ ਲਈ ਉੱਥੇ ਮੋਰਚੇ ਪੁੱਟੇ ਗਏ ਤੇ 11 ਮਾਰਚ ਦੀ ਸਵੇਰ ਨੂੰ ਜਦੋਂ ਵਜ਼ੀਰ ਕਮਰੂੱਦੀਨ ਅਫਗਾਨਾ ਨਾਲ ਲੜਨ ਲਈ ਨਿਕਲਿਆ ਤਾਂ ਤੋਪ ਦਾ ਇਕ ਗੋਲਾ ਵੱਜਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਉਸਨੇ ਆਪਣੇ ਬੇਟੇ ਮੁਈਨੁਲ ਮੁਲਕ ਨੂੰ ਜਿਹੜਾ ਮੀਰ ਮੰਨੂੰ ਦੇ ਨਾਂ ਨਾਲ ਮਸ਼ਹੂਰ ਹੈ, ਆਪਣੇ ਕੋਲ ਬੁਲਾਅ ਕੇ ਕਿਹਾ, “ਬੇਟਾ ਮੇਰਾ ਬਚਣਾ ਮੁਸ਼ਕਲ ਏ। ਮੇਰੇ ਮਰਨ ਦੀ ਖ਼ਬਰ ਫੈਲਣ ਤੋਂ ਪਹਿਲਾਂ ਘੋੜਿਆਂ ਉਪਰ ਸਵਾਰ ਹੋ ਜਾਓ ਤੇ ਜਬਰਦਸਤ ਹਮਲਾ ਕਰੋ। ਮੇਰੀ ਫਿਕਰ ਪਿੱਛੋਂ ਕਰਨਾ।”
ਏਨਾ ਕਹਿ ਕੇ ਵਜ਼ੀਰ ਨੇ ਦਮਤੋੜ ਦਿੱਤਾ। ਮੰਨੂੰ ਨੇ ਪਿਤਾ ਦੀ ਲਾਸ਼ ਨੂੰ ਹਾਥੀ ਉਪਰ ਇੰਜ ਬਿਠਾਇਆ ਜਿਵੇਂ ਉਹ ਜਿਉਂਦੇ ਹੋਣ। ਖੁਦ ਝੰਡਾ ਲੈ ਕੇ ਹਾਥੀ ਉਪਰ ਸਵਾਰ ਹੋਇਆ ਤੇ ਹਮਲੇ ਦੀ ਅਗਵਾਈ ਕੀਤੀ। ਸ਼ਹਿਜਾਦਾ ਅਹਿਮਦਸ਼ਾਹ ਦੇ ਨਾਲ ਮੰਨੂੰ ਅੱਗੇ ਸੀ। ਉਸਦੇ ਸੱਜੇ ਪਾਸੇ ਸਫਦਰ ਜੰਗ ਤੇ ਖੱਬੇ ਪਾਸੇ ਈਸ਼ਵਰੀ ਸਿੰਘ ਸੀ। ਅਬਦਾਲੀ ਦੇ ਦਾਅ ਪੇਚ ਹੈਰਾਨ ਕਰ ਦੇਣ ਵਾਲੇ ਸਨ। ਉਸਨੇ ਇਕ ਹਜ਼ਾਰ ਘੋੜ ਸਵਾਰ ਸੱਜਿਓਂ, ਖੱਬਿਓਂ ਤੇ ਸਾਹਮਣਿਓਂ ਆਉਂਦੇ ਹੋਏ ਯਕਦਮ ਹਮਲਾ ਕਰਦੇ, ਗੋਲਾ-ਬਾਰੀ ਕਰਦੇ ਤੇ ਫੇਰ ਪਿੱਛੇ ਹਟ ਜਾਂਦੇ। ਉਹਨਾਂ ਦੀ ਜਗ੍ਹਾ ਓਨੇਂ ਹੀ ਤਾਜਾ-ਦਮ ਘੋੜ-ਸਵਾਰ ਆ ਜਾਂਦੇ। ਖੱਬੇ ਪਾਸੇ ਈਸ਼ਵਰੀ ਸਿੰਘ ਦੀ ਹਾਲਤ ਖਰਾਬ ਸੀ। ਉਸਦੇ ਬਹੁਤ ਸਾਰੇ ਸੈਨਕ ਮਾਰੇ ਗਏ ਸਨ। ਵਿਚਕਾਰ ਘਮਸਾਨ ਦਾ ਯੁੱਧ ਹੋ ਰਿਹਾ ਸੀ। ਮੰਨੂੰ ਪ੍ਰੇਸ਼ਾਨ ਸੀ। ਉਸਦੇ ਛੋਟੇ ਭਰਾ ਦੇ ਪੈਰ ਵਿਚ ਗੋਲੀ ਲੱਗੀ। ਅਦੀਨਾ ਬੇਗ ਦੋ ਵਾਰੀ ਫੱਟੜ ਹੋਇਆ। ਕਈ ਵੱਡੇ ਅਫਸਰ ਮਾਰੇ ਗਏ। ਸੱਜੇ ਪਾਸੇ ਸਫਦਰਜੰਗ ਬਹਾਦਰੀ ਨਾਲ ਲੜਿਆ ਤੇ ਅਫਗਾਨਾ ਨੂੰ ਪਿੱਛੇ ਧਰੀਕ ਕੇ ਮੰਨੂੰ ਦੀ ਮਦਦ ਲਈ ਆ ਪਹੁੰਚਿਆ।
ਸਬੱਬ ਨਾਲ ਉਦੋਂ ਅਬਦਾਲੀ ਦੇ ਅਸਲੇ-ਬਾਰੂਦ ਨੂੰ ਅੱਗ ਲੱਗ ਗਈ। ਉਸਦੇ ਇਕ ਹਜ਼ਾਰ ਸੈਨਕ ਥਾਵੇਂ ਢੇਰ ਹੋ ਗਏ। ਅਫਗਾਨਾ ਵਿਚ ਭਗਦੜ ਜਿਹੀ ਮੱਚ ਗਈ। ਅਬਦਾਲੀ ਜਾਨ ਬਚਾ ਕੇ ਭੱਜ ਖੜ੍ਹਾ ਹੋਇਆ।
ਮਾਣੂਪੁਰ ਦੀ ਜਿੱਤ ਦਾ ਸਿਹਰਾ ਮੀਰ ਮੰਨੂੰ ਦੇ ਸਿਰ ਵੱਝਿਆ।