ਪੰਜਾਬੀ ਸਾਹਿੱਤ ਸੱਭਿਆਚਾਰ ਦਾ ਧੁਰਾ:ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ - ਗੁਰਭਜਨ ਗਿੱਲ
ਦੇਸ਼ ਵੰਡ ਤੋਂ ਪਹਿਲਾਂ ਪੰਜਾਬੀ ਵਿੱਚ ਐੱਮ ਏ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਸੀ। ਵਿਦਵਾਨੀ, ਬੁੱਧੀਮਾਨੀ ਤੇ ਗਿਆਨੀ ਹੀ ਪੰਜਾਬੀ ਸਾਹਿੱਤ ਅਧਿਐਨ ਲਈ ਤਿੰਨ ਪੜਾਅ ਸਨ।
ਦੇਸ਼ ਵੰਡ ਮਗਰੋਂ 1948-49 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦਾ ਕੇਂਦਰ ਕੁਝ ਚਿਰ ਖ਼ਾਲਸਾ ਕਾਲਿਜ ਅੰਮ੍ਰਿਤਸਰ ਰਿਹਾ। ਉਦੋਂ ਦੇ ਪ੍ਰਿੰਸੀਪਲ ਭਾਈ ਜੋਧ ਸਿੰਘ ਜੀ ਨੇ ਪਹਿਲ ਕਰਕੇ ਪੰਜਾਬ ਯੂਨੀਵਰਸਿਟੀ ਤੋਂ ਐੱਮ ਏ ਪੰਜਾਬੀ ਸ਼ੁਰੂ ਕਰਵਾ ਲਈ।
1936 ਤੋਂ 1952 ਤੀਕ ਉਹ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ। ਮਸਲਾ ਸੀ ਕਿ ਐੱਮ ਏ ਪੰਜਾਬੀ ਦੀਆਂ ਜਮਾਤਾਂ ਕੌਣ ਪੜ੍ਹਾਵੇ। ਉਰਦੂ, ਫ਼ਾਰਸੀ, ਅੰਗਰੇਜ਼ੀ ਤੇ ਸੰਸਕ੍ਰਿਤ ਦੇ ਅਧਿਆਪਕਾਂ ਨੇ ਜਿੰਮਾਂ ਲਿਆ ਕਿ ਉਹ ਇਹ ਸੇਵਾ ਨਿਭਾਉਣਗੇ।
ਖ਼ਾਲਸਾ ਕਾਲਿਜ ਵਿੱਚ ਇਹ ਅਧਿਆਪਕ ਸਨ ਪ੍ਰਿੰਸੀਪਲ ਤੇਜਾ ਸਿੰਘ,ਪ੍ਰੋ. ਸੰਤ ਸਿੰਘ ਸੇਖੋਂ, ਗੁਰਬਚਨ ਸਿੰਘ ਤਾਲਿਬ, ਡਾ. ਦੀਵਾਨ ਸਿੰਘ , ਡਾ. ਪ੍ਰੇਮ ਪ੍ਰਕਾਸ਼ ਸਿੰਘ ਤੇ ਕੁਝ ਹੋਰ।
ਇੱਥੇ ਪਹਿਲੇ ਪੂਰ ਵਿੱਚ ਐੱਮ ਏ ਪੰਜਾਬੀ ਕਰਨ ਵਾਲਿਆਂ ਵਿੱਚੋਂ ਪ੍ਰੋ. ਕਿਰਪਾਲ ਸਿੰਘ ਕਸੇਲ ਤੇ ਡਾ. ਪਰਮਿੰਦਰ ਸਿੰਘ ਸਨ ਜਿੰਨ੍ਹਾਂ ਨੇ ਕਲਾਸ ਨੋਟਿਸਾਂ ਦੇ ਆਧਾਰ ਤੇ ਪੰਜਾਬੀ ਸਾਹਿੱਤ ਦਾ ਇਤਿਹਾਸ “ਪੰਜਾਬੀ ਸਾਹਿੱਤ ਦੀ ਉਤਪਤੀ ਤੇ ਵਿਕਾਸ” ਨਾਮੀ ਕਿਤਾਬ ਲਿਖੀ ਜੋ ਅੱਜ ਤੀਕ ਵੀ ਪੜ੍ਹੀ ਜਾਂਦੀ ਹੈ।
1949 ਵਿੱਚ ਮਹਿੰਦਰਾ ਕਾਲਿਜ ਪਟਿਆਲਾ ਵਿੱਚ ਐੱਮ ਏ ਪੰਜਾਬੀ ਸ਼ੁਰੂ ਹੋ ਗਈ ਜਿਸ ਦੀ ਵੱਡੀ ਜ਼ੁੰਮੇਵਾਰੀ ਪ੍ਰੋ. ਪ੍ਰੀਤਮ ਸਿੰਘ ਜੀ ਨੇ ਲਈ।
1952 ਵਿੱਚ ਐੱਮ ਏ ਪੰਜਾਬੀ ਦਾ ਤੀਸਰਾ ਕੇਂਦਰ ਗੌਰਮਿੰਟ ਕਾਲਿਜ ਲੁਧਿਆਣਾ ਬਣਿਆ ਜਿੱਥੇ ਪਹਿਲੇ ਪੂਰ ਵਿੱਚ ਪ੍ਰੋ. ਮਹਿੰਦਰ ਸਿੰਘ ਚੀਮਾ, ਪ੍ਰੋਂ ਮਹਿੰਦਰ ਕਰਤਾਰ ਸਿੰਘ ਤੇ ਕੁਝ ਹੋਰ ਵਿਦਿਆਰਥੀ ਸਨ। ਇੱਥੇ ਵੀ ਪੰਜਾਬੀ ਦੀ ਐੱਮ ਏ ਦੇ ਮੁੱਢਲੇ ਅਧਿਆਪਕ ਫਿਲਾਸਫੀ ਵਾਲੇ ਡਾ. ਸ਼ੇਰ ਸਿੰਘ,ਸੰਸਕ੍ਰਿਤ ਵਾਲੇ ਪ੍ਰੋ. ਵਿਦਿਆ ਭਾਸਕਰ ਅਰੁਣ,ਅੰਗਰੇਜ਼ੀ ਵਾਲੇ ਪ੍ਰੋ. ਕਿਰਪਾਲ ਸਿੰਘ ਅਭਿਲਾਸ਼ੀ, ਫ਼ਾਰਸੀ ਵਾਲੇ ਪ੍ਰੋ. ਗੁਲਵੰਤ ਸਿੰਘ ਤੇ ਕੁਝ ਹੋਰ ਅਧਿਆਪਕ ਸਨ।
ਐੱਮ ਏ ਪੰਜਾਬੀ ਤਾਂ ਸ਼ੁਰੂਆਤ ਗਈ ਪਰ ਪੜ੍ਹਨ ਪੜ੍ਹਾਉਣ ਸਮੱਗਰੀ ਹਾਜ਼ਰ ਨਹੀਂ ਸੀ। ਸ਼ਭ ਪਾਸਿਆਂ ਨਜ਼ਰ ਦੌੜਾ ਕੇ ਗਿਣਵੀਆਂ ਕਿਤਾਬਾਂ ਹੀ ਸਨ ਆਲੋਚਨਾ ਤੇ ਸਾਹਿੱਤ ਵਿਆਖਿਆ ਦੀਆਂ।
ਉਦੋਂ ਤੀਕ ਭਾਈ ਸਾਹਿਬ ਭਾਈ ਜੋਧ ਸਿੰਘ ਸੇਵਾ ਮੁਕਤ ਹੋ ਕੇ ਮਾਡਲ ਟਾਉਨ ਲੁਧਿਆਣਾ ਵਿੱਚ ਆਣ ਵੱਸੇ ਸਨ। ਫਿਲਾਸਫੀ ਦੇ ਅਧਿਆਪਕ ਡਾ. ਸ਼ੇਰ ਸਿੰਘ ਜੀ ਨੇ ਇੱਕ ਸ਼ਾਮ ਭਾਈ ਜੋਧ ਸਿੰਘ ਜੀ ਨਾਲ ਵਿਚਾਰ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਸਥਾਪਿਤ ਕਰਨ ਦਾ ਸੁਪਨਾ ਲਿਆ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿੱਚ ਉਹਨਾਂ ਨੇ 100 ਮੈਂਬਰ ਭਰਤੀ ਕਰਨ ਦੇ ਮਾਮੂਲੀ ਟੀਚੇ ਨਾਲ ਤੁਰਨ ਦੀ ਯੋਜਨਾ ਬਣਾਈ।
ਐੱਮ ਏ ਪੰਜਾਬੀ ਦੇ ਪਲੇਠੇ ਪੂਰ ਦੇ ਵਿਦਿਆਰਥੀਆਂ ਨੂੰ ਡਾ. ਸ਼ੇਰ ਸਿੰਘ ਜੀ ਨੇ ਪ੍ਰੇਰਨਾ ਦਿੱਤੀ ਕਿ ਨੌਕਰੀ ਮਿਲਣ ਸਾਰ ਪਹਿਲੀ ਤਨਖਾਹ ਇਸ ਸੰਸਥਾ ਦੇ ਮੋਢੀ ਮੈਂਬਰ ਬਣਨ ਲਈ ਦੇਣਾ। ਪ੍ਰੋ. ਮਹਿੰਦਰ ਸਿੰਘ ਚੀਮਾ ਦੱਸਦੇ ਹੁੰਦੇ ਸਨ ਕਿ ਸਭ ਵਿਦਿਆਰਥੀਆਂ ਨੇ ਇੰਜ ਹੀ ਕੀਤਾ।
ਅਕਾਡਮੀ ਸਥਾਪਤ ਕਰਨ ਦਾ ਮਨੋਰਥ ਸਾਹਿੱਤ ਅਧਿਐਨ ਸਮੱਗਰੀ ਦਾ ਵਿਕਾਸ ਕਰਨਾ ਸੀ। ਰੱਖ ਵੱਖ ਵਿਦਵਾਨਾਂ ਦੀਆਂ ਜ਼ੁੰਮੇਵਾਰੀਆਂ ਮਿਥੀਆਂ ਗਈਆਂ। ਸਭ ਨੇ ਘਰੋ ਘਰੀਂ ਬਹਿ ਕੇ ਪਹਿਲੇ ਪੰਜ ਛੇ ਸਾਲਾਂ ਵਿੱਚ ਹੀ ਦਰਜਨਾਂ ਕਿਤਾਬਾਂ ਲਿਖੀਆਂ। ਇਸ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੀ ਪ੍ਰਕਾਸ਼ਨਾ ਵਜੋਂ ਛਾਪਿਆ ਗਿਆ। ਭਾਈ ਸਾਹਿਬ ਭਾਈ ਜੋਧ ਸਿੰਘ ਇਸ ਸੰਸਥਾ ਦੇ ਬਾਨੀ ਪ੍ਰਧਾਨ ਬਣੇ ਅਤੇ ਡਾ. ਸ਼ੇਰ ਸਿੰਘ ਬਾਨੀ ਜਨਰਲ ਸਕੱਤਰ।
ਅਕਾਦਮੀ ਦੀ ਰਸਮੀ ਸਥਾਪਨਾ 24 ਅਪਰੈਲ 1954 ਨੂੰ ਕੀਤੀ ਗਈ। ਉਹ ਸਮਾਂ ਪੂਰੇ ਭਾਰਤ ਵਿੱਚ ਹੀ ਆਤਮ ਪਛਾਣ ਤੇ ਚਿੰਤਨ ਦਾ ਸਮਾਂ ਸੀ। ਉਸੇ ਸਾਲ ਹੀ ਕੇਂਦਰ ਸਰਕਾਰ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਹਿੱਤ ਅਕਾਦਮੀ ਨਵੀਂ ਦਿੱਲੀ ਦੀ ਸਥਾਪਨਾ ਕੀਤੀ ਤੇ ਜਲੰਧਰ ਵਿੱਚ ਗਿਆਨੀ ਹੀਰਾ ਸਿੰਘ ਦਰਦ ਜੀ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਕੀਤੀ।
ਸਰਕਾਰੀ ਕਾਗ਼ਜ਼ ਭਾਵੇਂ ਮੈਨੂੰ 1953 ਦਾ ਜੰਮਿਆ ਦੱਸਦੇ ਨੇ ਪਰ ਮੇਰੀ ਮਾਂ ਦੇ ਦੱਸਣ ਮੁਤਾਬਕ ਮੇਰਾ ਜਨਮ ਵੀ 1954 ਦਾ ਹੀ ਹੈ।
ਉਸ ਵੇਲੇ, ਸਾਰੇ ਭਾਰਤ ਵਿੱਚ ਇਹ ਆਪਣੀ ਕਿਸਮ ਦਾ, ਸ਼ਾਇਦ, ਪਹਿਲਾ ਸਾਹਿਤਕ ਸੰਗਠਨ ਸੀ ਜੋ ਜ਼ਬਾਨ ਦੇ ਨਾਮ ਤੇ ਸਥਾਪਤ ਹੋਇਆ।
ਪੰਜਾਬੀ ਸਾਹਿੱਤ ਅਕਾਡਮੀ ਨੂੰ ਪੱਕਾ ਸਿਰਨਾਵਾਂ ਦੇਣ ਵਿੱਚ ਪੰਜਾਬ ਦੇ ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਜੀ ਦਾ ਮੁੱਢਲਾ ਯੋਗਦਾਨ ਹੈ। ਡਾ. ਪਰਮਿੰਦਰ ਸਿੰਘ ਜੀ ਦੀ ਪ੍ਰੇਰਨਾ ਨਾਲ ਦੋ ਏਕੜ ਦਾ ਪਲਾਟ ਅਕਾਡਮੀ ਨੂੰ ਸਰਕਾਰੀ ਦਰਾਂ ਤੇ ਮਿਲ ਗਿਆ। ਅਗਲਾ ਸੁਆਲ ਸੀ ਪੈਸਿਆਂ ਦਾ। ਕਿੱਥੋਂ ਆਉਂਦਾ। ?
ਜਸਟਿਸ ਗੁਰਨਾਮ ਸਿੰਘ ਜੀ ਨੇ ਦੂਜੀ ਵਾਰ ਮੁੱਖ ਮੰਤਰੀ ਬਣਦਿਆਂ ਹੀ ਗੁਰੂ ਨਾਨਕ ਦੇਵ ਜੀ ਦੀ ਪੰਚਮ ਸ਼ਤਾਬਦੀ ਵੇਲੇ ਬਕਾਇਆਂ ਤੇ ਲੀਕ ਮਾਰੀ। ਇਹੋ ਜਹੇ ਲੋਕ ਕਿੱਧਰ ਗਏ?
ਪੰਜਾਬੀ ਸਾਹਿਤ ਅਕਾਦਮੀ ਦੇ ਮੁੱਖ ਦਫ਼ਤਰ ਵਜੋਂ, ਪੰਜਾਬੀ ਭਵਨ, ਲੁਧਿਆਣਾ ਦਾ ਨੀਂਹ ਪੱਥਰ ਭਾਰਤ ਦੇ ਉਦੋਂ ਦੇ ਉਪ-ਰਾਸ਼ਟਰਪਤੀ, ਡਾ. ਰਾਧਾਕ੍ਰਿਸ਼ਨਨ ਨੇ 2 ਜੁਲਾਈ 1966 ਨੂੰ ਰੱਖਿਆ।
ਲੰਮਾ ਸਮਾਂ ਅਕਾਡਮੀ ਕੋਲ ਸਿਰਫ਼ ਦੋ ਕਮਰੇ ਹੀ ਸਨ। ਚਾਰ ਦੀਵਾਰੀ ਵੀ ਨਹੀਂ ਸੀ। ਇੱਕ ਕਮਰੇ ਵਿੱਚ ਦਫ਼ਤਰ ਸੀ ਜਿੱਥੇ ਪਹਿਲਾਂ ਖੱਦਰ ਦੀ ਦਸਤਾਰ ਵਾਲੇ ਗਿਆਨੀ ਗੁਰਦਿੱਤ ਸਿੰਘ ਬੈਠਦੇ ਸਨ ਤੇ ਦੂਜੇ ਕਮਰੇ ਵਿੱਚ ਪ੍ਰਿੰਟਿੰਗ ਪ੍ਰੈੱਸ ਸੀ। ਪ੍ਰਿੰਟਿੰਗ ਪ੍ਰੈੱਸ ਵਿੱਚ ਸਾਡੇ ਜੀ ਜੀ ਐੱਨ ਖ਼ਾਲਸਾ ਕਾਲਿਜ ਦਾ ਮੈਗਜ਼ੀਨ “ਨਵ ਰਣਜੀਤ” ਛਪਦਾ ਹੁੰਦਾ ਸੀ ਜਿਸ ਦੇ ਪਰੂਫ ਪੜ੍ਹਨ ਲਈ ਡਾ. ਐੱਸ ਪੀ ਸਿੰਘ ਮੈਨੂੰ ਤੇ ਸ਼ਮਸ਼ੇਰ ਸਿੰਘ ਸੰਧੂ ਨੂੰ ਭੇਜਦੇ ਹੁੰਦੇ ਸਨ। ਸ. ਸੁਰਿੰਦਰ ਸਿੰਘ ਕੰਪੋਜ਼ੀਟਰ ਹੁੰਦੇ ਸਨ ਤੇ ਸ. ਕਿਰਪਾਲ ਸਿੰਘ ਫੁੱਲਾਵਾਲ ਵਾਲੇ ਮਸ਼ੀਨ ਮੈਨ। ਪਰੂਫ ਪੜ੍ਹਨ ਦੀ ਜਾਚ ਅਸਾਂ ਏਥੋਂ ਹੀ ਸਿੱਖੀ ਜੋ ਹੁਣ ਤੀਕ ਕੰਮ ਆ ਰਹੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਉਦੋਂ ਸਾਲਾਨਾ ਕਾਨਫਰੰਸਾਂ ਹੁੰਦੀਆਂ ਸਨ। ਹਰ ਸਾਲ ਮਤੇ ਪੇਸ਼ ਤੇ ਪਾਸ ਹੁੰਦੇ।
ਪੰਜਾਬੀ ਭਾਸ਼ਾ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਸਥਾਪਤ ਕਰਨ ਦਾ ਮਤਾ ਵੀ ਪੰਜਾਬੀ ਸਾਹਿੱਤ ਅਕਾਡਮੀ ਨੇ ਵਾਰ ਵਾਰ ਪਾਸ ਕੀਤਾ। ਇਹ ਮਤਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਇਸ ਸ਼ਰਤ ਤੇ ਪ੍ਰਵਾਨ ਕੀਤਾ ਕਿ ਇਸ ਦੇ ਪਹਿਲੇ ਵਾਈਸ ਚਾਂਸਲਰ ਵੀ ਭਾਈ ਜੋਧ ਸਿੰਘ ਜੀ ਹੀ ਬਣਨ। ਵਿਸ਼ਵ ਭਰ ਵਿੱਚ ਭਾਸ਼ਾ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਸਿਰਫ਼ “ਰਿਬਰਿਊ ਯੂਨੀਵਰਸਿਟੀ” ਇਜ਼ਰਾਈਲ ਹੀ ਸੀ।
ਭਾਈ ਸਾਹਿਬ ਭਾਈ ਜੋਧ ਸਿੰਘ ਭਾਵੇਂ ਮੈਥੇਮੈਟਿਕਸ ਦੇ ਅਧਿਆਪਕ ਸਨ ਪਰ ਪੰਜਾਬੀ ਸਾਹਿੱਤ ਦੇ ਵਿਕਾਸ ਵਿੱਚ ਉ੍ਹਨ੍ਹਾਂ ਵਡਮੁੱਲਾ ਯੋਗਦਾਨ ਪਾਇਆ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਨੀ ਵਾਈਸ ਚਾਂਸਲਰ ਬਣੇ।
1969 ਵਿੱਚ ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਦੀ ਵਾਗਡੋਰ ਡਾ. ਮ ਸ ਰੰਧਾਵਾ ਨੂੰ ਸੌਂਪ ਦਿੱਤੀ ਜੋ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਕੇ ਲੁਧਿਆਣਾ ਆ ਗਏ। ਡਾ. ਮ ਸ ਰੰਧਾਵਾ ਜੀ ਨੇ ਇਸ ਸੰਸਥਾ ਨੂੰ ਕੌਮੀ ਪੱਧਰ ਤੇ ਲਿਖਾਰੀਆਂ ਤੇ ਪੰਜਾਬੀ ਚਿੰਤਕਾਂ ਦਾ ਧੁਰਾ ਬਣਾ ਦਿੱਤਾ।
ਡਾ. ਪਰਮਿੰਦਰ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ. ਪ੍ਰੀਤਮ ਸਿੰਘ,ਡਾ. ਸ ਸ ਦੋਸਾਂਝ , ਡਾ. ਪਿਆਰ ਸਿੰਘ, ਸੰਤ ਸਿੰਘ ਸੇਖੋਂ, ਡਾ.ਵਿਸ਼ਵ ਨਾਥ ਤਿਵਾੜੀ ਤੇ ਡਾ. ਉਜਾਗਰ ਸਿੰਘ ਦੇ ਸਾਥ ਵਿਯੋਗ ਨਾਲ ਇਹ ਸੰਸਥਾ ਮਜ਼ਬੂਤ ਜੜ੍ਹਾਂ ਫੜ ਗਈ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਆਰਕੀਟੈਕਟਸ ਤੋਂ ਨਕਸ਼ੇ ਰਿਆਰ ਕਰਵਾ ਕੇ ਇੱਥੋਂ ਦੀ ਭਵਨ ਨਿਰਮਾਣ ਸ਼ਾਖਾ ਤੋਂ ਪੰਜਾਬੀ ਭਵਨ ਦੀ ਇਮਾਰਤ ਬਣਵਾਈ। ਸਭ ਤੋਂ ਵੱਡਾ ਓਪਨ ਏਅਰ ਥੀਏਟਰ ਵੀ ਪੰਜਾਬੀ ਭਵਨ ਵਿੱਚ ਹੀ ਹੈ ਜਿੱਥੇ ਪ੍ਰੋ, ਮੋਹਨ ਸਿੰਘ ਯਾਦਗਾਰੀ ਮੇਲਾ ਲੱਗਦਾ ਰਿਹਾ ਹੈ।
ਡਾ. ਰੰਧਾਵਾ 1969 ਤੋਂ ਲੈ ਕੇ ਆਖ਼ਰੀ ਸਵਾਸਾਂ ਤੀਕ ਅਕਾਡਮੀ ਦੇ ਪ੍ਰਧਾਨ ਰਹੇ। ਮੈਨੂੰ ਮਾਣ ਹੈ ਕਿ 1980 ਵਿੱਚ ਉਨ੍ਹਾਂ ਦੀ ਪੇਸ਼ਕਸ਼ ਤੇ ਮੈ ਅਕਾਡਮੀ ਦਾ ਜੀਵਨ ਮੈਂਬਰ ਬਣਿਆ ਤੇ 1984 ਵਿੱਚ ਸਭ ਤੋਂ ਨਿੱਕੀ ਉਮਰ ਦਾ ਅੰਤ੍ਰਿਗ ਬੋਰਡ ਦਾ ਮੈਂਬਰ ਬਣਿਆ।
ਲਗਪਗ ਤਿੰਨ ਸਾਲ ਮੈਂ ਉਨ੍ਹਾਂ ਦੀ ਅੰਤ੍ਰਿੰਗ ਕਮੇਟੀ ਵਿੱਚ ਰਿਹਾ। ਉਨ੍ਹਾਂ ਦੇ 1986 ਵਿੱਚ ਸੁਰਗਵਾਸ ਹੋਣ ਤੇ ਪ੍ਰੋ. ਪ੍ਰੀਤਮ ਸਿੰਘ ਕਾਰਜਕਾਰੀ ਪ੍ਰਧਾਨ ਬਣੇ। .
1988 ਵਿੱਚ ਭਾਸ਼ਾ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਤੇ ਚੇਅਰਮੈਨ ਪੀ ਪੀ ਐੱਸ ਸੀ ਦੇ ਲਾਲ ਸਿੰਘ ਦੋ ਸਾਲ ਪ੍ਰਧਾਨ ਰਹੇ।
1990 ਤੋਂ 1996 ਤੀਕ ਡਾ. ਸ ਸ ਜੌਹਲ ਇਸ ਦੇ ਪ੍ਰਧਾਨ ਬਣੇ।
1996 ਵਿੱਚ ਸ. ਅਮਰੀਕ ਸਿੰਘ ਪੂਨੀ ਪ੍ਰਧਾਨ ਬਣੇ। ਮੈਂ ਉਨ੍ਹਾਂ ਨਾਲ ਛੇ ਸਾਲ ਮੀਤ ਪ੍ਰਧਾਨ ਰਿਹਾ। ਫਿਰ 2002 ਵਿੱਚ ਡਾ. ਸੁਰਜੀਤ ਪਾਤਰ ਪ੍ਰਧਾਨ ਬਣਕੇ 6 ਸਾਲ ਕਾਰਜਸ਼ੀਲ ਰਹੇ। ਮੇਰਾ ਸੁਭਾਗ ਕਿ ਉਨ੍ਹਾਂ ਨਾਲ ਲਗਾਤਾਰ 6 ਸਾਲ ਸੀਨੀਅਰ ਮੀਤ ਪ੍ਰਧਾਨ ਰਿਹਾ।
2008 ਵਿੱਚ ਮੈਨੂੰ 31 ਵੋਟਾਂ ਨਾਲ ਹਰਾ ਕੇ ਡਾ. ਦਲੀਪ ਕੌਰ ਟਿਵਾਣਾ ਪ੍ਰਧਾਨ ਬਣੇ। ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਉਨ੍ਹਾਂ ਦੀ ਹੀ ਦੇਣ ਹੈ।
2010 ਤੋਂ 2014 ਤੀਕ ਮੈਂ, 2014 ਤੋਂ 2018 ਤੀਕ ਡਾ. ਸੁਖਦੇਵ ਸਿੰਘ ਸਿਰਸਾ, 2018 ਤੋਂ 2022 ਤੀਕ ਪ੍ਰੋ. ਰਵਿੰਦਰ ਸਿੰਘ ਭੱਠਲ, 2022 ਤੋਂ 2024 ਡੀਕ ਡਾ. ਲਖਵਿੰਦਰ ਸਿੰਘ ਜੌਹਲ ਤੇ ਹੁਣ 2024 ਤੋ ਅੱਜ ਤੀਕ ਡਾ. ਸਰਬਜੀਤ ਸਿੰਘ ਇਸ ਮਹਾਨ ਸੰਸਥਾ ਦੇ ਪ੍ਰਧਾਨ ਹਨ।
ਅੱਜ ਇਸ ਮਹਾਨ ਸੰਸਥਾ ਦੇ ਦੇਸ਼ ਬਦੇਸ਼ ਵਿੱਚ ਲਗਪਗ 2000 ਮੈਂਬਰ ਹਨ। ਲਗਪਗ 70 ਹਜ਼ਾਰ ਕਿਤਾਬਾਂ ਤੇ ਰੈਫਰੈਸ ਬੁੱਕਸ ਦੀ ਵਿਸ਼ਾਲ ਲਾਇਬਰੇਰੀ ਹੈ।