ਹਵਾ ਦਾ ਅਨੁਵਾਦ (ਕਾਵਿ ਗਜ਼ਲ ਸੰਗ੍ਰਹਿ) : ਸ਼ਰਨਜੀਤ ਮਣਕੂ - Hava da anuwad : Sharanjit Manku

ਮੁਖ ਬੰਦ

ਕਵਿਤਾ ਦੇ ਪਾਠਕਾਂ ਲਈ ਸ਼ਰਨਜੀਤ ਮਣਕੂ ਬਿਲਕੁਲ ਨਵਾਂ ਨਾਮ ਹੈ ਤੇ ਉਸਦੀ ਕਵਿਤਾ ਉਨ੍ਹਾਂ ਲਈ ਨਵਾਂ ਅਨੁਭਵ ਹੋਵੇਗੀ ਪਰ ਇਹ ਨਵਾਂ ਨਾਮ ਤੇ ਨਵਾਂ ਅਨੁਭਵ ਤੁਹਾਡੇ ਮਨਾਂ ਉਤੇ ਆਪਣਾ ਪ੍ਰਭਾਵ ਅੰਕਿਤ ਕਰਨ ਲਈ ਤੁਹਾਡੇ ਧਿਆਨ ਦਾ ਮੁਹਤਾਜ ਤਾਂ ਜਰੂਰ ਹੈ, ਮੇਰੀ ਸਿਫਾਰਿਸ਼ ਦਾ ਬਿਲਕੁਲ ਨਹੀਂ ਤੇ ਇਹ ਮੁਖਬੰਦ ਜਿਹੀਆਂ ਸਤਰਾਂ ਸ਼ਰਨਜੀਤ ਦੀ ਅਣਲੋੜੀਂਦੀ ਹਲੀਮੀ ਵਿਚੋਂ ਪੈਦਾ ਹੋਈ ਇਛਾ ਤੇ ਆਪਣੀ ਉਪਰਲੀ ਗਲ ਨਾਲ ਉਸਨੂੰ ਸਹਿਮਤ ਨਾ ਕਰ ਸਕਣ ਦੀ ਮੇਰੀ ਅਸਮਰਥਾ ਵਿਚੋਂ ਪੈਦਾ ਹੋਈਆਂ ਹਨ। ਮੇਰੀ ‘ਅਸਮਰਥਾ’ ਵਿਚ ਸ਼ਾਇਦ ਇਸ ਕਿਤਾਬ ਨਾਲ ਸਿਧੇ ਅਸਿਧੇ ਢੰਗ ਨਾਲ ਜੁੜਨ ਦੀ ਅਚੇਤ ਲਾਲਸਾ ਵੀ ਸ਼ਾਮਿਲ ਹੋਵੇ ਕਿਉਂਕਿ ਸ਼ਰਨਜੀਤ ਦੀਆਂ ਰਚਨਾਵਾਂ ਨੇ ਮੈਨੂੰ ਅਕਸਰ ਟੁੰਬਿਆ, ਮੋਹਿਆ ਤੇ ਬਹੁਤ ਕੁਝ ਸੋਚਣ ਤੇ ਮਜਬੂਰ ਕੀਤਾ ਹੈ।

ਉਸਦੀ ਲਗਭਗ ਹਰ ਕਵਿਤਾ ਆਪਣੇ ਆਪ ਵਿਚ ਇਕ ਨਾਟਕੀ ਸਥਿਤੀ ਹੁੰਦੀ ਹੈ । ਸ਼ਾਇਰੀ ਜਿਉਂ ਜਿਉਂ ਨਾਟਕ ਦੇ ਨੇੜੇ ਹੋਈ ਜਾਂਦੀ ਹੈ, ਤਿਉਂ ਤਿਉਂ ਉਹ ਅੰਤਰਮੁਖਤਾ ਦੇ ਟੋਏ ਵਿਚੋਂ ਨਿਕਲਕੇ ਬਾਹਰਮੁਖਤਾ ਦੀ ਲੋਅ ਵਿਚ ਫੈਲਦੀ ਜਾਂਦੀ ਹੈ, ਸ਼ਾਇਦ ਇਸ ਗਲ ਨੂੰ ਇਸ ਤਰਾਂ ਕਹਿਣਾਂ ਵਧੇਰੇ ਠੀਕ ਹੋਵੇ ਕਿ ਜਿਉਂ ਜਿਉਂ ਕੋਈ ਕਵੀ ਆਪਣੀ ਸੰਵੇਦਨਾਤਮਕ ਵਿਆਕੁਲਤਾ ਵਸ ਅੰਤਰਮੁਖਤਾ ਤੋਂ ਬਾਹਰਮੁਖਤਾ ਵਲ ਤੁਰਦਾ ਹੈ, ਉਸਦੀ ਕਵਿਤਾ ਕਿਸੇ ਨਾ ਕਿਸੇ ਢੰਗ ਨਾਲ ਨਾਟਕ ਦੇ ਨੇੜੇ ਹੋਈ ਜਾਂਦੀ ਹੈ । ਸ਼ਰਨਜੀਤ ਦੀ ਕਵਿਤਾ ਦੀ ਨਾਟਕ ਨਾਲ ਨੇੜਤਾ ਉਸ ਦੀ ਇਸੇ ਮਾਨਸਿਕ ਬਿਰਤੀ ਨੂੰ ਰੂਪਮਾਨ ਕਰਦੀ ਹੈ ।

ਸ਼ਰਨਜੀਤ ਦੀ ਉਮਰੇ ਆਮ ਤੌਰ ਤੇ ਪ੍ਰੇਮ-ਪੱਤਰ ਲਿਖੇ ਜਾਂਦੇ ਹਨ, ਪਰ ਆਪਣੇ ਪ੍ਰੇਮ-ਪਤਰ ਨੂੰ ਜ਼ਰਾ ਬੇਗਾਨਗੀ ਨਾਲ ਦੇਖਣਾ, ਉਸਨੂੰ ਆਪਣੇ ਲਿਖੇ ਹੋਰ ਪਤਰਾਂ ਦੇ ਲਾਗੇ ਰਖ ਕੇ ਪੜ੍ਹਨਾ, ਇਸ ਤਰਾਂ ਆਪਣੀ ਸ਼ਖ਼ਸੀਅਤ ਦੇ ਕਈ ਪਹਿਲੂਆਂ ਨੂੰ ਉਜਾਗਰ ਕਰਨਾ, ਉਨ੍ਹਾਂ ਵਿਚਲੀ ਸਾਂਝ ਤੇ ਵਿਰੋਧ ਨੂੰ ਉਘਾੜ ਕੇ ਆਪਣੇ ਸਮਾਜ ਵਿਚ ਪ੍ਰਚਲਿਤ ਦੋਮੂੰਹੇ ਤਿਮੂੰਹੇ ਮਾਪ ਦੰਡਾਂ ਨੂੰ ਸਮਰਤ ਕਰਨਾ ਇਕ ਅਲਗ ਕਿਸਮ ਦਾ ਕੰਮ ਹੈ, ਜਿਹੜਾ ਕਿ ਸ਼ਰਨਜੀਤ ਨੇ ਆਪਣੀ ਕਵਿਤਾ “ਤਿੰਨ ਖਤ" ਵਿਚ ਕੀਤਾ ਹੈ ਤੇ ਇਸੇ ਤਰ੍ਹਾਂ ਦੇ ਅਲਗ ਕਿਸਮ ਦੇ ਕੰਮ ਹੀ ਉਸ ਦਿਆਂ ਹੋਰ ਕਵਿਤਾਵਾਂ ਵਿਚ ਕੀਤੇ ਗਏ ਹਨ ।

ਉਸ ਦੀਆਂ ਬਹੁਤੀਆਂ ਕਵਿਤਾਵਾਂ ਸਾਦਾ ਤੇ ਸਰਲ ਬਿਆਨੀਆਂ ਸਤਰਾਂ ਨਾਲ ਆਰੰਭ ਹੁੰਦੀਆਂ ਹਨ ਜੋ ਕਿ ਕਿਸੇ ਘਟਨਾ, ਕਿਸੇ ਸਥਿਤੀ ਜਾਂ ਕਿਸੇ ਮੂਡ ਦੇ ਬਾਹਰੀ ਰੂਪ ਨੂੰ ਪ੍ਰਗਟ ਕਰਦੀਆਂ ਹਨ ਤੇ ਫਿਰ ਪਰਤ-ਦਰ-ਪਰਤ ਉਹ ਘਟਨਾ ਜਾਂ ਗਹਿਰਾਈ ਵਲ ਤੁਰੀਆਂ ਜਾਂਦੀਆਂ ਹਨ। ਉਨਾਂ ਦਾ ਆਰੰਭ ਆਮ ਤੌਰ ਤੇ ਸਥੂਲ ਤੇ ਅੰਤ ਸੂਖ਼ਮ ਹੁੰਦਾ ਹੈ—ਇਹ ਅਨੁਭਵ ਤੋਂ ਦਰਸ਼ਨ ਵਲ ਜਾਣ ਦੀ ਪ੍ਰਕ੍ਰਿਆ ਵਾਂਗ ਸੁਭਾਵਿਕ ਤੇ ਤਰਕ-ਸੰਗਤ ਵਿਧੀ ਜਾਪਦੀ ਹੈ । ਇਹ ਵਿਧੀ ਆਮ ਪਾਠਕ ਨੂੰ ਨਾਲ ਲੈਕੇ ਤੁਰਨ ਵਿਚ ਸਹਾਈ ਹੋਣ ਕਰਕੇ ਵਧੇਰੇ ਦਿਲਚਸਪ ਤੇ ਸਹਿਜ ਸੰਚਾਰ ਦਾ ਸਬੱਬ ਬਣਦੀ ਹੈ ਉਸਦੀ ਕਵਿਤਾ “ਵਾਰੰਟ” ਦਾ ਆਰੰਭ :

ਪਿੰਡ ਦੇ ਬੋਹੜ ਥਲੇ
ਪੰਚਾਂ ਦੇ ਮੇਜ਼ ਉਪਰ
ਥਾਣੇਦਾਰ ਦਾ ਡੰਡਾ ਖੜਕਦਾ ਹੈ
ਤੇ ਪਿੰਡ ਦੀਆਂ ਅਖਾਂ ਵਿਚ
ਬੰਤੀ ਦਾ ਵੱਡਾ ਮੁੰਡਾ ਰੜਕਦਾ ਹੈ

ਤੇ ਅੰਤ :

ਥਾਣੇਦਾਰ ਦਾ ਡੰਡਾ
ਹਰਕਤ ਹੀਣ ਹੋ ਗਿਆ
ਤੇ ਪਿੰਡ ਬਹੁਤ ਪੁਰਾਣੇ
ਸੁਪਨਿਆਂ ‘ਚ ਖੋ ਗਿਆ
ਜਦੋਂ ਬੋਹੜਾਂ ਦੀ ਮਿਠੀ ਛਾਂ ਨੂੰ
ਲਕੀਰਾਂ ਨੇ ਝਰੀਟ ਦਿਤਾ ਸੀ
ਤੇ ਪਾਣੀਆਂ ਨੇ
ਲਕੀਰਾਂ ਦੀਆਂ ਬੰਦਸ਼ਾਂ ‘ਚ
ਵਗਣ ਤੋਂ ਇਨਕਾਰ ਕਰ ਦਿਤਾ ਸੀ
ਤੇ ਹਵਾਵਾਂ ਵਿਚ ਅਗ ਫੈਲ ਗਈ ਸੀ"
ਇਸਦੀ ਸਾਖੀ ਭਰਦੇ ਹਨ।

ਸੇਪੀ ਵਾਲਾ, ਡਰਾਈਵਰ, ਛੜਾ, ਭਗੌੜਾ ਫੌਜੀ ਤੇ ਸ਼ੁਧਆਚਰਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ ਲਿਖਣ ਵਾਲੀ ਵਿਦਿਆਰਥਣ ਅਨੇਕਾਂ ਜਾਣੇ ਪਹਿਚਾਣੇ ਚਿਹਰੇ ਸ਼ਰਨਜੀਤ ਦੀ ਕਵਿਤਾ ਵਿਚ ਦਿਸਦੇ ਹਨ ਪਰ ਸ਼ਰਨਜੀਤ ਦੇ ਬਿਆਨ ਬਾਅਦ ਸਾਡੇ ਮਨਾਂ ਵਿਚ ਉਹ ਪਹਿਲਾਂ ਜਿਹੇ ਨਹੀਂ ਰਹਿੰਦੇ, ਉਨ੍ਹਾਂ ਪ੍ਰਤੀ ਸਾਡਾ ਰਵੱਈਆ ਕਈ ਗੁਣਾ ਵੱਧ ਸੰਵੇਦਨਾਸ਼ੀਲ ਤੇ ਕਈ ਗੁਣਾ ਵੱਧ ਅਪਣਤ ਵਾਲਾ ਹੋ ਜਾਂਦਾ ਹੈ।

ਸ਼ਰਨਜੀਤ ਦੀਆਂ ਕਵਿਤਾਵਾਂ ਦੀ ਵਿਲੱਖਣ ਲੈਅ, ਸ਼ੈਲੀ, ਸਾਦਗੀ ਉਸਦੀ ਭਾਸ਼ਕ ਤੇ ਵਿਚਾਰਕ ਮੌਲਿਕਤਾ ਉਸਦੀ ਰੈਡੀਕਲ ਪਹੁੰਚ ਸਭ ਕੁਝ ਵਧੇਰੇ ਤਫ਼ਸੀਲ ਦੀ ਤੇ ਮੇਰੇ ਨਾਲੋਂ ਵੱਧ ਸੰਕਲਪਾਤਮਕ ਸੂਝ ਦੀ ਮੰਗ ਕਰਦਾ ਹੈ। ਮੈਂ ਸੰਖੇਪ ਵਿਚ ਸਿਰਫ਼ ਇਹ ਕਹਿ ਸਕਦਾ ਹਾਂ ਕਿ "ਹੋਣਹਾਰ” ਜਾਂ “ਵਧਾਈ ਦਾ ਹੱਕਦਾਰ” ਆਦਿ ਸ਼ਬਦ ਮੈਨੂੰ ਉਸ ਲਈ ਸਚਮੱਚ ਛੋਟੇ ਜਾਪਦੇ ਹਨ । ਮੇਰੇ ਲਈ ਉਸ ਦਾ ਨਾਮ ਆਧੁਨਿਕ ਪੰਜਾਬੀ ਕਵਿਤਾ ਵਿਚ ਇਕ ਵਿਸ਼ੇਸ਼ ਮਹੱਤਵਪੂਰਨ ਤੇ ਮੁੱਲਵਾਣ ਨਾਮ ਹੈ ।

- ਸੁਰਜੀਤ ਪਾਤਰ


1. ਤਿੰਨ ਖੱਤ

ਮੈਂ ਤਿੰਨ ਖਤ ਲਿਖੇ ਹਨ ਇਕੋ ਹੱਥ ਨਾਲ ਇਕੋ ਸਿਆਹੀ ਨਾਲ ਇਕੋ ਜਿਹੇ ਕਾਗਜ਼ ਤੇ ਇਥੋਂ ਹੀ ਕਲਮ ਨਾਲ ਮੈਂ ਤਿੰਨ ਖਤ ਲਿਖੇ ਹਨ ਖੜਾਂ ਨੂੰ ਹੂ-ਬ-ਹੂ ਪੜ੍ਹਾਂ ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੈਂ ਸਮਾਜੀ ਜੀਵ ਹਾਂ ਆਪਾ ਤੁਹਾਥੋਂ ਲੁਕਾ ਲਵਾਂ ਲੁਕਾ ਨਹੀਂ ਸਕਦਾ ਕਿਉਂਕਿ ਮੈਂ ਕਵਿਤਾ ਘੜਦਾ ਜੀਵ ਹਾਂ ਇਕ ਖਤ ਵਿਚ ਮੈਂ ਚੰਨ ਲਿਖਿਆ ਸੀ ਗੁਲਾਬ ਲਿਖਿਆ ਸੀ ਤੇ ਆਪਣੇ ਆਪ ਨੂੰ ਨਵਾਬ ਲਿਖਿਆ ਸੀ ਅਜੋਕੀ ਫ਼ੈਸਨੇਬਲ ਤਸਵੀਰ ਲਈ ਧੰਨਵਾਦ ਲਿਖਿਆ ਸੀ ਜਲਦ ਮੁਲਾਕਾਤ ਲਈ ਵਕਤ ਥਾਂ ਇਤਆਦਿ ਲਿਖਿਆ ਸੀ ਆਸ਼ਾ ਭਰੀ ਧਰਤ ਤੇ ਅਫ਼ਲਣ ਹਾਰੀ ਕਲਪਨਾ ਪੂਰੇ ਦਾ ਪੂਰਾ ਬਾਗ ਲਿਖਿਆ ਸੀ ਨਹੀਂ ਨਹੀਂ ਐਨਾ ਹੀ ਨਹੀਂ ਇਸ ਖਤ ਚ ਹੋਰ ਵੀ ਕਈ ਕੁਝ ਬੇ ਹਿਸਾਬ ਲਿਖਿਆ ਸੀ ਹਾਂ ਸੱਚ ਖਤ ਦੇ ਆਖ਼ਰ 'ਚ ਮਿੱਠੜੀ ਯਾਦ ਲਿਖਿਆ ਸੀ ਤੇ ਪੱਕਾ ਯਾਦ ਹੈ ਮੈਨੂੰ ਕਿ ਬਾਹਰ ਦਿੱਤੇ ਆਪਣੇ ਪਤੇ ਤੇ ਆਪਣੇ ਆਪ ਨੂੰ ਕੌਰ ਲਿਖਿਆ ਸੀ ਤੇ ਦੂਜਾ ਖਤ ਮਾਂ ਨੂੰ ਲਿਖਿਆ ਸੀ ਇਸ ਖਤ 'ਚ ਕੁਝ ਵਧਾ ਚੜਾ ਕੇ ਲਿਖ ਨਹੀਂ ਹੋਇਆ ਮਾਂ ਕੋਲੋਂ ਕੇਹੜਾ ਘਰ ਦੀ ਹਾਲਤ ਛੁਪੀ ਸੀ ਜਾਣਦਿਆਂ ਸਭ ਕੁਝ ਫਿਰ ਵੀ ਪੁਛਿਆ ਸੀ ਮਾਂ ! ਪਿਛਵਾੜੇ ਦੀ ਕੰਧ ਕੱਲੀ ਨੇ ਕਾਹਤੋਂ ਲਿੱਪੀ ਸੀ ? ਮਾਂ ਸ਼ਾਹ ਕਦੇ ਆਇਆ ਕਿ ਨਹੀਂ ? ਬਾਪੂ ਨੂੰ ਰਾਮ ਆਇਆ ਕਿ ਨਹੀਂ ? ਸ਼ਾਹ ਹੱਥੋਂ ਬਚਿਆ ਖੱਤੇ ਦਾ ਟੁਕੜਾ ਐਂਤਕੀ ਆਪਾ ਬਿਜਵਾਇਆ ਕਿ ਨਹੀਂ। ਭੂਆ ਘਰ ਪੜ੍ਹਦੀ ਭੈਣ ਦੀ ਰੱਖੜੀ ਤਾਂ ਮਿਲ ਗਈ ਸੀ ਮੈਨੂੰ ਤੁਸੀਂ ਵੀ ਕੁਝ ਮੋੜਵਾਂ ਭਜਵਾਇਆ ਕਿ ਨਹੀਂ । ਮਾਂ ਤੂੰ ਆਖਦੀ ਮੈਂ ਘਰ ਕਿਸੇ ਟੂਣਿਆ ਹੈ ਕਿਸੇ ਤੋਂ ਕੋਈ ਧਾਗਾ ਤਵੀਤ ਕਰਵਾਇਆ ਕਿ ਨਹੀਂ। ਮਾਂ ਆਖਰੀ ਵਰ੍ਹਾ ਹੈ ਤੇ ਜ਼ੋਰ ਹੈ ਪੜ੍ਹਾਈਆਂ ਦਾ ਤਦੇ ਪਿੰਡ ਆਇਆ ਨਹੀਂ ਤਦੇ ਖਤ ਪਾਇਆ ਨਹੀਂ ਮਾਂ ਫਿਕਰ ਨਾ ਕਰੀਂ ਤੇ ਦਵਾਈ ਖਾਂਦੀ ਰਹੀਂ ਬੋ ਰੁਜਗਾਰੀ ਦੇ ਅੰਕੜੇ ਯਾਦ ਹੁੰਦਿਆਂ ਵੀ ਲਿਖਿਆ ਸੀ... ਨਿਕਲਦਿਆਂ ਨੌਕਰੀ ਮਿਲੇਗੀ ਜ਼ਰੂਰ ਮਾਂ ਬਸ ਇਹਨਾ ਆਖਰੀ ਸਤਰਾਂ ਨਾਲ ਸਬਰ ਜਿਹਾ ਆ ਗਿਆ ਕਿਉਂਕਿ ਮੇਰੀ ਭੋਲੀ ਬੁੱਢੀ ਮਾਂ ਨੂੰ ਖਤ ਪੜ੍ਹ ਸਬਰ ਆ ਜਾਣਾ ਹੈ ਤਸੱਲੀ ਹੋ ਜਾਣੀ ਹੈ ਆਸ ਬੱਝ ਜਾਣੀ ਹੈ ਤੇ ਇਹਨਾਂ ਸਤਰਾਂ ਨੇ ਡੰਡੋਰੀ ਫੜੀ ਮਾਂ ਦੀ ਉਮਰ ਸੌਖਿਆਂ ਥੋੜੀ ਹੋਰ ਗਾਂਹ ਕਰ ਜਾਣੀ ਹੈ ਤੇ ਤੀਜੀ ਚਿੱਠੀ ਮਹਿਬੂਬ ਦੀ ਹਾਨਣ ਆਪਣੀ ਭੈਣ ਨੂੰ ਲਿਖੀ ਸੀ ਚਾਹੇ ਭੈਣ ਤੋਂ ਕੋਈ ਗੱਲ ਨਹੀਂ ਛਿਪੀ ਹੈ ਪਰ ਫੇਰ ਵੀ ਪਤਾ ਨਹੀਂ ਕਿਉਂ ਉਸ ਨੂੰ ਐਨੀ ਲੰਬੀ ਇਬਾਰਤ ਲਿਖੀ ਸੀ ਦਰ ਅਸਲ ਇਸ ਖਤ 'ਚ ਮੈਂ ਜ਼ਮਾਨੇ ਦੀ ਵਿਗੜੀ ਹਵਾ ਲਿਖੀ ਸੀ ਤੇ ਹਰ ਗੱਲ ਨਾਲ ਉਦਾਹਰਣ ਇਕ ਦੀ ਥਾਂ ਸਵਾ ਸਵਾ ਲਿਖੀ ਸੀ ਖਤ 'ਚ ਜ਼ਿਕਰ ਸੀ ਫਿਲਮਾਂ ਦੇ ਗੰਦੇ ਪ੍ਰਭਾਵ ਦਾ ਖਤ 'ਚ ਜ਼ਿਕਰ ਸੀ ਵਧ ਰਹੇ ਫੈਸ਼ਨ ਬੇ ਹਿਸਾਬ ਦਾ ਖਤ 'ਚ ਜ਼ਿਕਰ ਸੀ ਅਜੋਕੇ ਆਸ਼ਕ 'ਚ ਝੂਠੇ ਨਵਾਬ ਦਾ ਖਤ 'ਚ ਜ਼ਿਕਰ ਸੀ ਫਰੇਬੀ ਮੁਹੱਬਤ ਦੇ ਅ-ਲਾਭ ਦਾ ਖਤ ‘ਚ ਜ਼ਿਕਰ ਸੀ ਜੁਆਨੀ ਦੇ ਤਿਲਕਣੇ ਖਾਬ ਦਾ ਖਤ ‘ਚ ਜ਼ਿਕਰ ਸੀ ਕੱਚੀਆਂ ਮੁਹੱਬਤਾ ਦੇ ਸੰਤਾਪ ਦਾ ਖਤ ‘ਚ ਜ਼ਿਕਰ ਸੀ ਊਚਾ ਸਿਰ ਰਹੇ ਬਾਪ ਦਾ ਖਤ ‘ਚ ਜ਼ਿਕਰ ਸੀ ਤਿਲਕਣਾ ਚੋਂ ਉਡੀ ਖਾਕ ਦਾ ਤੇ ਮੈਂ ਤਿੰਨੋਂ ਖਤ ਲੈਟਰ ਬਕਸ 'ਚ ਇਕੋਂ ਵਕਤ ਪਾ ਆਇਆ ਹਾਂ ਪਰ ਮੁੜਦਾ ਹੋਇਆ ਮੈਂ ਉਦਾਸ ਆਇਆ ਹਾਂ ਦਰ ਅਸਲ ਮੈਂ ਮੁੜਦਾ ਹੋਇਆ ਇਕ ਸੋਚ ਲਿਆਇਆ ਹਾਂ ਕਿ-ਇਕੋਂ ਵਕਤ ਇਕੋਂ ਹੱਥ ਦੇ ਲਿਖੇ ਖਤ ਇਕੋਂ ਔਰਤ ਨੇ ਇਕੋਂ ਵਕਤ ਜੇ ਇਕੋਂ ਥਾਂ ਇਕੱਠੇ ਪੜ੍ਹ ਲਏ ਤਾਂ ਮੈਂ ਕੀ ਕਰਾਂਗਾ ਮੈਂ ਉਹਨਾਂ ਸਾਹਵੇ ਆਪਣੇ ਹੀ ਘੜੇ ਚੌਗਿਰਦੇ ‘ਚ ਕਿੰਝ ਖੜਾਂਗਾ ?

2. ਪ੍ਰੇਮਾ ਸੇਪੀ ਵਾਲਾ

ਪ੍ਰੇਮਾ ਉਦੋਂ ਅਨਦਾੜੀਆ ਹੁੰਦਾ ਸੀ ਜਦ ਤੋਂ ਉਹ ਆਹਿਰਨ ਤਾਉਂਦਾ ਹੈ ਉਹ ਪਿੰਡ ਵਿੱਚ ਦਾਤੀਆਂ, ਰੰਬੇ, ਕੁਹਾੜੀਆਂ ਬਣਾਉਂਦਾ ਹੈ ਉਸ ਤੋਂ ਸਾਰਾ ਪਿੰਡ ਫਾਲੇ ਗੰਡਾਸੇ ਇਤ ਆਦਿ ਚੰਡਾਂਉਂਦਾ ਹੈ ਗੱਲ ਕੀ ਪੇਂਡੂ ਕਲਚਰ ਦੀ ਵਜਦੀ ਬੀਨ ਦੇ ਉਹ ਆਪਣੇ ਹੱਥੀਂ ਵਰਮੀ ਨਾ ਛੇਕ ਪਾਉਂਦਾ ਹੈ ਪ੍ਰੇਮਾਂ ਜਦੋਂ ਆਨਦਾੜੀਆਂ ਹੁੰਦਾ ਸੀ ਤਾਂ ਪਿੰਡ ਦੇ ਗੁਰਦਵਾਰੇ ਤੋਂ ਵਜਦੇ ਚਿੱਟੇ ਸੰਖ ਵਰਗਾ ਹੁੰਦਾ ਸੀ ਪਿੰਡ ਦੀ ਪਿੱਠ ਚੋਂ ਲੰਘਦੀ ਪੱਕੀ ਨਹਿਰ ਦਾ ਪਾਣੀ ਹੁੰਦਾ ਸੀ ਪਿੰਡ ਦੀਆਂ ਲੈਰੀਆਂ ਫਸਲਾਂ ਨਾਲ ਅਠ ਖੇਲੀਆਂ ਕਰਦੀ ਪੌਣ ਹੁੰਦਾ ਸੀ ਤੇ ਪਿੰਡ ਦੀ ਪੋਸਤੀ ਅੱਖ ਨੂੰ ਕਿਸੇ ਗੋਰੀ ਰੰਨ ਦਾ ਭੁਲੇਖਾ ਪੈਂਦਾ ਸੀ ਪ੍ਰੇਮਾ ਜਦੋਂ ਅਨਦਾੜੀਆ ਹੁੰਦਾ ਸੀ ਤਾਂ ਉਸ ਦੀ ਅਲੂਈਂ ਉਮਰ ਉਂਝ ਤਾਂ ਸਾਰੇ ਪਿੰਡ ਲਈ ਡੰਗੋਰੀ ਹੀ ਸੀ ਪਰ ਲੰਬੜਾ ਦਾ ਘਰ ਉਸ ਤੋਂ ਬਹੁਤੀ ਬੇਗਾਰੀ ਕਰਾਉਂਦਾ ਸੀ ................ ਤੇ ਇਕ ਦਿਨ ਪ੍ਰੇਮਾ ਇਸੇ ਘਰੇ ਨਵਾਰੀ ਪਲੰਘ ਦੀ ਟੁੱਟੀ ਬਾਹੀ ਨੂੰ ਮੇਖਾਂ ਲਾਉਂਦਾ ਸੀ “ਭਾਬੀ ਪਲੰਘ ਕਿੰਝ ਟੁੱਟਾ ?” ਪ੍ਰੇਮੇ ਦਾ ਇਹ ਸਵਾਲ ਲੰਬੜਾ ਦੀ ਨੂੰਹ ਦੇ ਅੱਲੇ ਜ਼ਖ਼ਮਾਂ ਤੇ ਲੂਣ ਲਾਉਂਦਾ ਸੀ ਤੇ ਆਹਿਰਨ ਵਾਂਗ ਤਪਦੇ ਪ੍ਰੇਮੇ ਨੂੰ ਦੇਖ ਕੇ ਲੰਬੜਾ ਦੀ ਨੂੰਹ ਦੇ ਮੂੰਹ ‘ਚ ਪਾਣੀ ਆਉਂਦਾ ਸੀ ਤੇ ਉਸ ਦਾ ਦਿਲ ਪਲੰਘ ਦੀ ਮੁਰੰਮਤ ਹੋਈ ਬਾਹੀ ਨੂੰ ਸੱਚੀ ਸੁੱਚੀ ਉਂਝ ਹੀ ਤੜਵਾਉਣਾ ਚਾਹੁੰਦਾ ਸੀ ਜਿਸ ਉਤਰ ਦੇ ਲਈ ਪ੍ਰੇਮਾ ਘੜੀ ਮੁੜੀ ਸਵਾਲ ਪਾਉਂਦਾ ਸੀ। ਤੇ ਫਿਰ ਸਾਰਾ ਦਿਨ ਆਹਿਰਨ ਮੋਹਰੇ ਵਾਲੇ, ਗੰਡਾਸੇ ਚੰਡਣ ਤੋਂ ਬਾਦ ਉਹ ਆਪਣਾ ਆਪ ਲੰਬੜਾ ਦੀ ਬਾਹਰਲੀ ਬੀਹੀ ਨਾ ਲਗਦੀ ਬੈਠਕ ਚ ਤਾਉਂਦਾ ਸੀ ਤੇ ਜਦੋਂ ਵੀ ਪ੍ਰੇਮੇ ਦਾ ਬਾਪੂ ਉਸ ਨੂੰ ਐਨੀ ਬੇਗਾਰੀ ਕਰਨ ਤੋਂ ਹਟਾਉਂਦਾ ਸੀ ਤਾਂ ਪ੍ਰੇਮਾ ਆਪਣੇ ਪਿਉ ਦੇ ਵਾਲਾਂ ਨੂੰ ਆਉਂਦਾ ਸੀ ਤੇ ਉਧਰ ਲੰਬੜਾ ਦਾ ਘਰ ਪੁਸ਼ਤਾਂ ਤੋਂ ਇਹ ਚਾਹੁੰਦਾ ਸੀ ਤੇ ਉਦੋਂ ਅਜੇ ਪ੍ਰੇਮੇ ਦੇ ਲੂਈਂ ਫੁਟਦੀ ਸੀ ਜਦੋਂ ਤੋਂ ਉਹ ਆਪਣੇ ਪਿਉ ਤੋਂ ਅੱਡਰਾ ਆਹਿਰਨ ਤਾਉਂਦਾ ਹੈ ਤੇ ਆਪਣੇ ਪਿਉ ਤੋਂ ਬਹੁਤੇ ਹੱਲ ਰੱਖਣ ਦਾ ਮਾਰਾ ਸਿਰਫ ਇਕ ਭਰੀ ਲੈ ਕੇ ਸਾਲ ਭਰ ਦਾਤੀਆਂ, ਰੰਬੇ, ਕੁਹਾੜੀਆਂ ਬਣਾਉਂਦਾ ਹੈ ਤੇ ਉਸ ਤੋਂ ਸਾਰਾ ਪਿੰਡ ਫਾਲੇ, ਗੰਡਾਸੇ ਇਤ ਆਦਿ ਚੰਡਾਉਂਦਾ ਹੈ ਗੱਲ ਕੀ ਪੇਂਡੂ ਕਲਚਰ ਦੀ ਵਜਦੀ ਬੀਨ ਦੇ ਉਹ ਆਪਣੇ ਹੱਥੀਂ ਵਰਮੀ ਨਾ ਛੇਕ ਪਾਉਂਦਾ ਹੈ

3. ਵਰੰਟ

ਪਿੰਡ ਦੇ ਬੋਹੜ ਥੱਲੇ ਪੰਚਾਂ ਦੇ ਮੇਜ਼ ਉਪਰ ਥਾਣੇਦਾਰ ਦਾ ਡੰਡਾ ਖੜਕਦਾ ਹੈ ਤੇ ਪਿੰਡ ਦੀਆ ਅੱਖਾਂ ਵਿੱਚ ਬੰਤੀ ਦਾ ਵੱਡਾ ਮੁੰਡਾ ਰੜਕਦਾ ਹੈ ਜੋ ਸਰਹੱਦ ਤੇ ਲੜਦਾ ਲੜਦਾ ਪਿੱਛੇ ਪਰਤ ਆਇਆ ਹੈ ਤੇ ਜਿਸ ਨੇ ਇਸ ਪਿੰਡ ਨੂੰ ਗਿੱਦੜਾਂ ਦਾ ਘਰ ਕਹਾਇਆ ਹੈ ਬੰਤੀ ਆਪਣੇ ਢਹਿ ਰਹੇ ਦੁਧ ਨੂੰ ਥੰਮੀ ਦਿੰਦੀ ਹੈ ਤੇ ਪਿੰਡ ਦੀਆਂ ਲਾਲ ਹੋਈਆ ਅੱਖਾਂ ਨੂੰ ਮੁਖਾਤਿਬ ਹੋ ਕੇ ਕਹਿੰਦੀ ਹੈ ਕਿ ਇਸ ਬੁੱਢੇ ਬੋਹੜ ਉਤੇ ਪਿੰਡ ਦੇ ਤਾਅ ਨੇ ਕਤਲ ਕੀਤੀ ਫਾਤਮਾ ਇਕ ਘੁੱਗੀ ਬਣ ਕੇ ਰਹਿੰਦੀ ਹੈ ਲੂਈ ਫੁਟ ਉਮਰ ਸੀ ‘ਸ਼ਰਨੂੰ’ ਦੀ ਉਦੋਂ ਜਦੋਂ ਤੋਂ ਫ਼ਾਤਮਾ ਉਸ ਨੂੰ ਪਰੇਤ ਬਣ ਕੇ ਪੈਂਦੀ ਹੈ ਜਦੋਂ ਵੀ ਮੇਰਾ ‘ਸ਼ਰਨੂੰ ਉਸ ਨੂੰ ਸੁਪਨੇ ‘ਚ ਤੱਕਦਾ ਹੈ ਤਾਂ ਅੱਖਾਂ ਭਰ ਕੇ ਕਹਿੰਦਾ ਹੈ— ‘ਆਖੇ ਮਾਂ, ਮੈਨੂੰ ਫਾਤਮਾ ਕਹਿੰਦੀ ਹੈ ਮੈਂ ਤੇਰੇ ਹੰਝੂ ਕਿਵੇਂ ਪੂੰਝਾਂ ਮੇਰੇ ਹੱਥਾਂ ‘ਚ ਮਹਿੰਦੀ ਹੈ ਮਾਂ ਪਿੰਡ ਨੇ ਉਸ ਨੂੰ, ਮਾਰਨ ਤੋਂ ਪਹਿਲਾਂ ਮੈਂਨੂੰ ਮਿਲਣ ਨਹੀਂ ਦਿੱਤਾ ਤਦੇ ਤਾਂ ਉਹ ਘੁੱਗੀ ਬਣ ਕੇ ਬੋਹੜ ਤੇ ਰਹਿੰਦੀ ਹੈ ਤੇ ਆਉਂਦੇ ਜਾਂਦੇ ਨੂੰ ਪਿਆਸੀਆਂ ਨਜ਼ਰਾਂ ਨਾਲ ਤੱਕਦੀ ਰਹਿੰਦੀ ਹੈ' ਬੰਤੀ ਦੇ ਥੰਮੀ ਦਿੰਦੇ ਦਿੰਦੇ ਪਿੰਡ ਦੀਆਂ ਅੱਖਾਂ ਵਿੱਚ ਕਹੱਤਰ ਦੀ ਲਾਲੀ ਸੰਤਾਲੀ ਦੀ ਲਾਲੀ ਚ ਬਦਲ ਗਈ ਤੇ ਪਲ ਦੀ ਪਲ ਥਾਣੇਦਾਰ ਦਾ ਡੰਡਾ ਹਰਕਤ ਹੀਣਾ ਹੋ ਗਿਆ ਤੇ ਪਿੰਡ ਬਹੁਤ ਪੁਰਾਣੇ ਸੁਪਨਿਆ ‘ਚ ਖੋ ਗਿਆ— ਜਦੋਂ ਬੋਹੜਾਂ ਦੀ ਮਿੱਠੀ ਛਾਂ ਨੂੰ ਲਕੀਰਾਂ ਨੇ ਝਰੀਟ ਦਿੱਤਾ ਸੀ ਤੇ ਪਾਣੀਆਂ ਨੇ ਲਕੀਰਾਂ ਦੀ ਬੰਦਸ਼ 'ਚ ਵਗਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹਵਾਵਾਂ ਵਿੱਚ ਅੱਗ ਫੈਲ ਗਈ ਸੀ

4. ਕਰੰਸੀ

ਮੈਂ ਕਦੇ ਵੀ ਤੁਹਾਡੀ ਜੇਬ ਵਿੱਚ ਨਹੀਂ ਹੁੰਦੀ ਤੁਸੀਂ ਹਮੇਸ਼ਾ ਮੇਰੀ ਜੇਬ ਵਿੱਚ ਹੁੰਦੇ ਹੋ ਤੁਸੀ ਮਹਿਬੂਬ, ਭੈਣ, ਭਰਾ ਮਾਂ, ਬਾਪ ਬਿਨਾ ਏਨੇ ਸੱਖਣੇ ਨਹੀਂ ਹੁੰਦੇ ਜਿੰਨੇ ਸੱਖਣੇ ਕਰੰਸੀ ਬਿਨਾ ਹੁੰਦੇ ਹੋ

5. ਸ਼ੁਧ ਆਚਰਣ ਦਾ ਸਰਟੀਫ਼ਿਕੇਟ

ਸ੍ਰੀ ਮਤੀ ਮੁਖ ਅਧਿਆਪਕਾ ਜੀ ਮੈਂ ਤੁਹਾਡੇ ਸਕੂਲ ਦੀ ਦਸਵੀਂ ਕਲਾਸ ਵਿੱਚ ਪੜ੍ਹਦੀ ਸਾਂ ਮੇਰੀ ਮਾਂ ਦੀ ਮਿਰਤੂ ਮੇਰੀ ਪੜ੍ਹਾਈ ਦੀ ਔਕੜ ਬਣੀ ਹੈ ਤੇ ਮੈਂ ਆਪਣੀ ਪੜ੍ਹਾਈ ਵਿੱਚੇ ਛੱਡਦੀ ਹਾਂ ਤੇ ਆਪਣੇ ਸ਼ੁੱਧ ਆਚਰਣ ਦਾ ਸਰਟੀਫਿਕੇਟ ਮੰਗਦੀ ਹਾਂ ਸ੍ਰੀ ਮਤੀ ਮੁਖ ਅਧਿਆਪਕਾ ਜੀ ਜਦੋਂ ਵੀ ਕਦੇ ਚੌਗਿਰਦੇ ਦੀ ਸ਼ਬਦ ਕੋਸ਼ ਚੋਂ ਸ਼ੁਧ ਆਚਰਨ ਦੇ ਅਰਥ ਲਭਦੀ ਹਾਂ ਤਾਂ ਲਾਲ ਬਲਬਾਂ ਦੀ ਲੜੀ ਵਾਂਗ ਕਦੀ ਜਗਦੀ ਹਾਂ, ਕਦੀ ਬੁਝਦੀ ਹਾਂ ਤੇ ਸੋਚਦੀ ਹਾਂ ਜੇ ਇਸ ਚੌਗਿਰਦੇ ਦਾ ਸ਼ਬਦਕੋਸ਼ ਸੱਚ ਬੋਲਦਾ ਹੈ ਤਾਂ ਸ਼ੁਧ ਆਚਰਣ ਪਿੰਡਿਆਂ ਤੇ ਚੜੀ ਹਾੜ ਦੀ ਸੰਗਰਾਂਦ ਨੂੰ ਪੋਹ ਦੀ ਸੰਗਰਾਂਦ ਕਹਿਣਾ ਹੈ ਆਪਣੇ ਹਾਣੀ ਦੀਆਂ ਅੱਖਾਂ ਚੋਂ ਆਪਣੀ ਤਾਰੀਫ ਨੂੰ ਅੱਖਾਂ ਤੇ ਪੱਟੀ ਬੰਨ ਕੇ ਤੱਕਦਿਆਂ ਰਹਿਣਾ ਹੈ ਜਾਂ ਪਾਲਤੂ ਸੁਪਨਿਆ ਦੇ ਸੁਨਹਿਰੀ ਸੱਪ ਦਾ ਡੰਗ ਤਨ ਤੇ ਸਹਿਣਾ ਹੈ ਜਾਂ ਤਨ ਦੇ ਸੂਰਜ ਦੀ ਧੁੱਪ ਤੋਂ ਡਰ ਕੇ ਆਪਣੇ ਹੀ ਪਰਛਾਵੇਂ ਸੰਗ ਰਾਤਾਂ ਨੂੰ ਪੈਣਾ ਹੈ ਤੇ ਅੰਦਰੇ ਅੰਦਰ ਕਿਰਦਿਆ ਰਹਿਣਾ ਹੈ ਸ੍ਰੀ ਮਤੀ ਮੁਖ ਅਧਿਆਪਕਾ ਜੀ ਸ਼ੁਧ ਆਚਰਨ ਉਚੀ ਕੁਰਸੀ ਨੂੰ ਨੀਵੀਂ ਕੁਰਸੀ ਦਾ ਹਾਂ ਜੀ, ਜੀ ਹਾਂ ਕਰਨਾ ਹੈ ਜਾਂ ਕਤਾਰਾਂ ਵਿਚ ਰਹਿ ਕੇ ਖਾਰੇ ਸਮੁੰਦਰ ਨਾ ਚਾਹੁੰਦਿਆਂ ਹੋਇਆਂ ਵੀ ਤਰਨਾ ਹੈ ਜਾਂ ਆਪਣੇ ਹੀ ਜਜ਼ਬਾਤਾਂ ਨਾਲ ਹੁਕਮ ਦੀ ਚੱਕ 'ਚ ਆ ਕੇ ਲੜਨਾ ਹੈ ਜਾਂ ਕੋਈ ਔਖਾ ਪਾਠ ਪੜ੍ਹਨਾ ਹੈ ਸ੍ਰੀ ਮਤੀ ਮੁਖ ਅਧਿਆਪਕਾਂ ਜੀ, ਮੈਂ ਤੁਹਾਡੇ ਸਕੂਲ ਦੀ ਦਸਵੀਂ ਕਲਾਸ ਵਿਚ ਪੜ੍ਹਦੀ ਸਾਂ ਤੇ ਆਪਣੀ ਭੁਖ ਵਲੋਂ ਆਪਣੇ ਸ਼ੁਧ ਆਚਰਣ ਦਾ ਜਾਅਲੀ ਸਰਟੀਫਿਕੇਟ ਮੰਗਦੀ ਹਾਂ ਸ੍ਰੀ ਮਤੀ ਮੁਖ ਅਧਿਆਪਕਾ ਜੀ ਆਪ ਜੀ ਦੀ ਧੰਨਵਾਦੀ ਹਾਂ ਆਪ ਦੀ ਆਗਿਆ ਕਾਰ ਮੈਂ ਅਸ਼ੁਧਤਾ ਹਾਂ

6. ਟੇਪ

"ਮਾਂ ਚਰਨ ਬੰਧਨਾ ਮੈਂ ਤਾਂ ਅਜੇ ਕਾਬਲ ਹੀ ਬੈਠਾ ਹਾਂ ਤੇ ਰੋਜ ਰੋਜੀ ਵਾਲੇ ਮੁਲਖ ਦਾ ਵੀਜਾ ਲਿਆਉਣ ਲਈ ਏਜੇਂਟਾਂ ਦੇ ਨਾਲ ਕੋਹਲੂ ਵਾਂਗ ਚੱਕਰ ਲਾਉਂਦਾ ਹਾਂ ਤੇ ਮਾਂ ਮੈਂ ਅਕਸਰ ਘਰ ਦੇ ਅਸਮਾਨ ਤੇ ਕਈ ਵਾਰ ਖਿਆਲੀ ਉਡਾਰੀ ਲਾਉਂਦਾ ਹਾਂ ਤੇ ਤੇਰੀਆਂ ਅੱਖਾਂ ਵਿਚ ਟਟਹਿਣਿਆ ਵਾਂਗ ਜਗਦੀਆਂ ਬੁਝਦੀਆਂ ਆਸਾਂ ਨੂੰ ਐਂਵੇਂ ਮੁੱਚੀ ਦਾ ਲਾਰਾ ਲਾਉਂਦਾ ਹਾਂ ਤੇ ਫਿਰ ਮੈਂ ਸੋਚਾਂ 'ਚ ਉਤਰ ਆਉਂਦਾ ਹਾਂ- ਕਿ-ਕਿਤੇ ਉਧਾਰ ਚੁੱਕੇ ਕਰਜੇ ਦਾ ਵਿਆਜ ਪੁਰਾਣਾ ਕੱਲਰ ਬਣ ਕੇ ਘਰ ਦੀਆਂ ਨੀਹਾਂ ਬੋਦੀਆਂ ਨਾ ਕਰੇ ਮੈਂ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਡੁੱਬਣ ਤਕ ਵੀਜ਼ੇ ਲਗਵਾਉਂਦੇ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜਾ ਪਸੀਨੇ ਦਾ ਤੇਜ਼ਾਬ ਪਾਉਂਦਾ ਹਾਂ ਤੇ ਤੇਰਾ ਦਸਿਆ ਭਜਨ ਨਿਤਨੇਮ ਨਾਲ ਗਾਉਂਦਾ ਹਾਂ ਪਰ ਮਾਂ ਇਥੇ ਨਾਂ ਤਾਂ ਤੇਰੇ ਭਜਨ ਨੇ ਵੀਜਾ ਲਾਉਣਾ ਹੈ ਤੇ ਨਾ ਹੀ ਕੁੱਬੇ ਘਰ ਦੀ ਡੰਗੋਰੀ ਨੂੰ ਸਾਹ ਆਉਣਾ ਹੈ ਮਾਂ ਮੈਂਨੂੰ ਤਾਂ ਉਮੀਦ ਮੁੱਕ ਚੁੱਕੀ ਹੈ ਕਿਉਂਕਿ ਰੋਜ਼ੀ ਵਾਲੇ ਮੁਲਖ ਦੀ ਸਾਜ਼ਸ਼ ਨੇ ਸਾਡੇ ਏਜੈਂਟ ਨਾਲ ਕੋਈ ਗੁਪਤ ਫ਼ੈਸਲਾ ਕਰ ਲਿਆ ਹੈ ਤੇ ਮਾਂ ਸਵਦੇਸ਼ੀ ਕਾਨੂੰਨ ਦੀ ਅੱਖ ਤੋਂ ਕੀ ਉਮੀਦ ਕਰੀਏ ਜਿਸ ਵਿੱਚ ਚਿਰਾਂ ਤੋਂ ਰਿਸ਼ਵਤ ਦਾ ਕਾਲਾ ਮੋਤੀਆ ਉਤਰ ਆਇਆ ਹੈ ਤੇ ਮਾਂ ਸਵਦੇਸ਼ੀ ਪੌਣ ਦੀ ਹਵਾ ਵਿੱਚ ਜੇਹੜਾ ਵੀ ਝੰਡਾ ਲਹਿਰਾਉਂਦਾ ਹੈ ਉਹ ਕੁਰਸੀ ਦਾ ਜਮਾਂਦਰੂ ਆਸ਼ਕ ਹੈ ਤੇ ਜ਼ਜ਼ਬਾਤੀ ਲੈਕਚਰਾਂ ਨਾਲ ਭਰੇ ਹੋਏ ਲੰਬੇ ੨ ਖਤ ਕੁਰਸੀ ਨੂੰ ਪਾਉਂਦਾ ਹੈ ਤੇ ਮਾਂ ਕੋਈ ਵੀ ਝੰਡਾ ਆਪਣੇ ਘਰ ਦੇ ਨੰਗੇਜ ਲਈ ਝੱਗਾ ਨਹੀਂ ਬਣ ਸਕਦਾ ਬੱਸ ਮਾਂ ਜੇ ਗਰਭ ਵਿਚਲੀ ਕੱਲ੍ਹ ਨੇ ਵੀ ਵੀਜਾ ਨਾ ਲਾਇਆ ਤਾਂ ਸ਼ਾਇਦ ਮੈਂ ਮੁੜ ਕੇ ਕਦੇ ਵੀ ਘਰ ਨਾ ਪਰਤਾਂ ਬਸ ਤੂੰ ਬਾਪੂ ਨੂੰ ਕਹੀਂ : ਹੁਣ ਉਹ ਮੇਰਾ ਫਿਕਰ ਨਾ ਕਰੇ ਤੇ ਭੋਲੀ ਨੂੰ ਕਹੀਂ : ਉਹ ਟਾਇਪ ਸਿਖ ਲਵੇ ਤੇ ਜਿਥੇ ਵੀ ਨੌਕਰੀ ਮਿਲੇ ਉਹ ਕਰ ਹੀ ਲਵੇ ਮਾਂ ਚਰਨ ਬੰਧਨਾ !” ਗੱਲ ਇਕ ਰਾਤ ਦੀ ਗੱਲ ਉਸ ਰਾਤ ਦੀ ਹੈ ਜਦੋਂ ਅਸਮਾਨ ਵਿੱਚ ਅੱਧਾ ਚੰਦ ਸੀ ਦੋ ਜਿਸਮਾਂ ਵਿਚ ਸੂਰਜ ਬਲਦੇ ਸਨ ਤੇ ਕਮਰੇ ਦਾ ਬੂਹਾ ਬੰਦ ਸੀ ਰੰਗ ਬਰੰਗ ਛੋਟੇ ਛੋਟੇ ਬਲਬਾਂ ਦੀ ਕਮਰੇ 'ਚ ਪਸਰੇ ਹਨੇਰੇ ਦੇ ਟੁਕੜਿਆ ਨਾਲ ਹੋ ਰਹੀ ਜੰਗ ਸੀ ਉਂਝ ਤਾਂ ਉਹ ਦੋਵੇਂ ਇਕ ਦੂਜੇ ਦੇ ਕੁਝ ਲਗਦੇ ਸਨ ਪਰ ਰਿਸ਼ਤਿਆ ਵਿੱਚ ਤੀਰ ਕਮਾਨ ਵਾਂਗੂ ਚੋਖਾ ਵਿੰਗ ਸੀ ਛੋਟੇ, ਛੋਟੇ ਬਲਬਾਂ ਵਿੱਚੋਂ ਦੂਧੀਆਂ ਬਲਬ ਵਰਗਾ ਉਸ ਦਾ ਰੰਗ ਸੀ ਤੇ ਉਸ ਦੀ ਕਲਾਈ ਵਿੱਚ ਹਨੇਰੇ ਦੇ ਰੰਗ ਵਰਗੀ ਇਕ ਇਕ ਵੰਗ ਸੀ ਉਂਝ ਤਾਂ ਉਹਨਾਂ ਦੇ ਦਿਲ ਦੀ ਮਰਜ਼ੀ ਇਕ ਦੂਜੇ ਦੀਆਂ ਨਜ਼ਰਾਂ ਲਈ ਬਸਤਰ ਹੀਣ ਹੀ ਸੀ ਪਰ ਫ਼ਿਰ ਵੀ ਉਹਨਾਂ ਦੋਹਾਂ ਦੇ ਵਿਚਕਾਰ ਕੋਈ ਅਦਿਸਦੀ ਕੰਧ ਸੀ ਤੇ ਉਹਨਾਂ ਦੀਆਂ ਗੋਲ ਮੋਲ ਲਿਪਟੀਆਂ ਗੱਲਾਂ ਦੀ ਇਕ ਦਿਸ਼ਾ ਸੀ ਜਿਨਾਂ ਵਿੱਚ ਲੋੜਿਆਂ ਦਾ ਨੰਗ ਸੀ ਉਹ ਮਨ ਦੇ ਜ਼ਜ਼ਬਾਤਾਂ ਨਾਲ ਆਪਣੇ ਜਿਸਮਾਂ ਦੀ ਉਡਾਰੀ ਵੀ ਭਰਨੀ ਚਾਹੁੰਦੇ ਸਨ ਪਰ ਦੋਹਾਂ ਦੇ ਇਕੱਠਿਆ ਉੜਨ ਲਈ ਕਮਰੇ ਦਾ ਅਸਮਾਨ ਬਹੁਤਾ ਤੰਗ ਸੀ ਉਹ ਖਿਆਲਾਂ ਦੇ ਮੂੰਹ ‘ਚ ਉਂਝ ਤਾਂ, ਇਕ ਦੂਜੇ ਦਾ ਜਿਸਮ ਪਾਉਂਦੇ ਰਹੇ ਪਰ ਖਿਆਲਾਂ ਦੇ ਮੂੰਹ 'ਚ ਨਾ ਹਰਕਤ ਦਾ ਕੋਈ ਵੀ ਦੰਦ ਸੀ ਉਸ ਲੰਬੀ ਰਾਤ ਦੀ ਉਹ ਘੜੀ ਕੁਝ ਇਸ ਤਰ੍ਹਾਂ ਦੀ ਸੀ ਜਿਵੇਂ ਪਿੰਗਲ ਦੇ ਅਸੂਲਾਂ ਨਾ ਲੱਦਿਆ ਕੋਈ ਅਰਥ ਹੀਣਾ ਛੰਦ ਜੀ ਫ਼ਿਰ ਜਦੋਂ ਪੂਰਬ ਦੀਆਂ ਕਿਰਨਾਂ ਨੇ ਅਸਮਾਨ ਦੀ ਨੀਲੀ ਪਲਾਈ ਤੋਂ ਚੰਦ ਨੂੰ ਦਿੱਤਾ ਰੰਦ ਸੀ ਤਾਂ ਜਿਸਮਾ ਦੇ ਸੂਰਜ ਵੀ ਡੁੱਬ ਚੁੱਕੇ ਸਨ ਤੇ ਉਣੀਦੀਆਂ ਅੱਖਾਂ ਵਿੱਚ ਸਿਰਫ਼ ਲਾਲ ਲਾਲ ਸੰਗ ਸੀ ਤੇ ਇਹ ਸੰਗ ਉਸ ਦੀ ਬਹੁਤ ਨਜਦੀਕਣ ਰਿਸ਼ਤੇਦਾਰ ਸੀ ਜੋ ਦੋ ਜਿਸਮਾ ਵਿੱਚ ਰਾਤ ਭਰ ਤੜਫ ਤੜਫ ਕੇ ਮਰੀ ਕੋਈ ਸਾਂਝੀ ਮੰਗ ਸੀ

7. ਖਤ

ਮੇਰੀ ਪਰਮ ਪਿਆਰੀ ਮਾਂ ਮੈਂ ਤੇਰਾ ਪੁੱਤ ਪ੍ਰਦੇਸ਼ ਪਹੁੰਚ ਗਿਆ ਹਾਂ ਮੈਨੂੰ ਗੋਰੇ ਲੋਕਾਂ ‘ਚ ਪਹੁੰਚ ਕੇ ਵੀ ਇੰਝ ਲਗਦਾ ਹੈ ਜਿਵੇਂ ਮੇਰਾ ਮਨ ਸਾਵੇ ਲੋਕਾਂ ‘ਚ ਰਹਿ ਗਿਆ ਹੈ ਜਾਂ ਤੇਰਾ ਪੁੱਤ ਸਰਾਪਿਆ ਗਿਆ ਹੈ ਤੇ ਉਹ ਇਕੋ ਜਨਮ 'ਚ ਦੋਵੇਂ ਜੂਨਾਂ ਭੋਗ ਗਿਆ ਹੈ ਮੇਰੀ ਪਰਮ ਪਿਆਰੀ ਮਾਂ ਤੇਰਾ ਪੁੱਤ ਉਸ ਮੁਲਕ ‘ਚ ਪਹੁੰਚ ਗਿਆ ਹੈ ਜਿਥੋਂ ਦੇ ਲੋਕਾਂ ਦਾ ਦਿਲ ਵੀ ਮਸ਼ੀਨ ਹੈ ਤੇ ਹਰ ਰਿਸ਼ਤਾ ਵੀ ਪੱਥਰ ਦਾ ਰਿਸ਼ਤਾ ਹੈ ਮਾਂ ਇਸ ਮੁਲਖ ਦੇ ਸ਼ਹਿਰਾਂ ਦੀ ਧਰਤੀ ਜਦੋਂ ਸੜਕਾਂ ਨੇ ਕਾਲੀ ਕੀਤੀ ਦੇਖਦਾ ਹਾਂ ਤਾਂ ਮੈਨੂੰ ਆਪਣਾ ਪਿੰਡ ਬਹੁਤ ਯਾਦ ਆਉਂਦਾ ਹੈ ਜਿਸ ਦੀ ਫਿਰਨੀ ਤੇ ਆ ਰਿਹਾ ਗੱਡਾ ਆਪਣੇ ਮਗਰ ਲੀਹ ਬਣਾਉਂਦਾ ਹੈ ਜਿਥੋਂ ਦੀ ਹਰ ਡੰਡੀ ਆਪਣੇ ਹੀ ਘਰ ਤੋਂ ਆਪਣੇ ਹੀ ਖੇਤਾਂ ਵਿੱਚ ਜਾਂਦੀ ਹੈ ਤੇ ਮਾਂ ਬਹੁਤ ਯਾਦ ਆਉਂਦਾ ਹੈ ਸਾਉਣੀ ਵਿੱਚ ਮਹਿਕਦਾ ਸਰਸੋਂ ਦਾ ਖੇਤ ਤੇਰੇ ਹੱਥਾਂ ਦਾ ਬਣਿਆ ਸਰੋਂ ਦਾ ਸਾਗ ਤੇ ਸੂਰਜ ਵਰਗੀ ਮੱਕੀ ਦੀ ਰੋਟੀ ਤੇ ਰੋਟੀ ਦੇ ਰੰਗ ਵਰਗੀ ਮਿੱਠੀ ਮਿੱਠੀ ਸਿਆਲਾਂ ਦੀ ਧੁੱਪ ਤੇ ਇੰਜ ਹੀ ਮਾਂ ਇਸ ਮਸ਼ੀਨੀ ਮੁਲਖ ਵਿੱਚ ਸੋਚ ਤੇਜ਼ ਉਲਾਂਘਾ ਪੁਟਦੀ ਹੋਈ ਹਾੜ ਦੀ ਕੜਕਦੀ ਧੁੱਪ ਨੂੰ ਪੀ ਕੇ ਪੀਲੀ ਹੋਈ ਕਣਕ ਵਿੱਚ ਕਿਸੇ ਬਟੇਰੇ ਵਾਂਗ ਗੁਆਚ ਜਾਂਦੀ ਹੈ ਤੇ ਮਾਂ ਕਦੀ ਕਦੀ ਤਾਂ ਮੈਂ ਮਾਣ ਵੀ ਕਰਦਾ ਹਾਂ ਕਿ ਮੇਰੇ ਪੰਜਾਬ ਦੀ ਖੁਸ਼ਬੋ ਲੱਖਾਂ ਮੀਲ ਤੱਕ ਵਸਦੀ ਹੈ ਮੈਂਨੂੰ ਤਾਂ ਆਪਣੇ ਪੰਜਾਬ ਦੀ ਧਰਤੀ ਸਭ ਮੁਲਖਾਂ ਦੀ ਰਾਣੀ ਲਗਦੀ ਹੈ

8. ਗਰਭਵਤੀ

ਹੁਣ ਤਾਂ ਹਰ ਪਿੰਡ ਦੀ ਫਿਰਨੀ ਗਰਭਵਤੀ ਹੈ ਜਿਹੜਾ ਵੀ ਸੱਪ ਪਿੰਡ ਦੀ ਜੂਹ 'ਚ ਆਏਗਾ ਉਹ ਅੰਨ੍ਹਾਂ ਹੋ ਜਾਏਗਾ

9. ਹਵਾ ਦਾ ਅਨੁਵਾਦ

ਚਾਨਣ ਨੂੰ ਅੱਗ ਲਾਉਂਦੀਏ ਦਰਿਆਵਾਂ ਨੂੰ ਤੋਰ ਦਸਦੀਏ ਮੌਸਮ ਨੂੰ ਸ਼ਰਾਬ ਵਰਤਾਉਂਦੀਏ ਤੂੰ ਚੁਪ ਕਰਕੇ ਖਿੜਕੀ ਨੂੰ ਤੋੜ ਦੇ ਤੇ ਰੂਪ ਦੇ ਗਲੋਟਿਆ ਨੂੰ ਇਸ ਬਲਦੇ ਅਟੇਰਨ ਤੇ ਅੱਜ ਦੀ ਰਾਤ ਉਧੜ ਦੇ ਰੂਪ ਦੇ ਸਾਉਣ ਨੂੰ ਸਾਡੇ ਵੀ ਵੇਹੜੇ 'ਚ ਅੱਜ ਦੀ ਰਾਤ ਕੇਰ ਦੇ ਸਾਡੀ ਵੀ ਬਲਦੀ ਉਮਰ ਤੇ ਕੁਝ ਤਰੇਲ ਵਰਗਾ ਤਰੌਂਕ ਦੇ ਰੋਟੀ ਵਰਗਾ ਸੱਚ ਦਿਸਦੀਏ ਬਹਾਰਾਂ ਦੀ ਸ਼ਾਨ ਬਣ ਕੇ ਫੁੱਲਾਂ ਵਾਗ਼ਰ ਵਿਛਦੀਏ ਤੂੰ ਇਸ ਹਵਾ ਨੂੰ ਅਨੁਵਾਦ ਨ ਕਰਿਆ ਕਰ ਤਪਦੀ ਉਮਰ ਨੂੰ ਮਸਾਂ ਲੱਭੀ ਰਾਤ ਦਾ ਜਿੰਦਗੀ ਤੋਂ ਮਹਿੰਗਾ ਹਰ ਇਕ ਪਲ ਐਂਵੇ ਬਰਬਾਦ ਨਾ ਕਰਿਆ ਕਰ ਹਵਾ ਦਾ ਅਨੁਵਾਦ ਤਾਂ ਚੇਤਿਆਂ ਚੋਂ ਕਿਰ ਚੁੱਕੀਆਂ ਉਹਨਾਂ ਪੈੜਾਂ ਨੂੰ ਤਾਜਾ ਕਰਦਾ ਹੈ ਜੋ ਸਿਵਿਆਂ ਨੂੰ ਜਾਂਦੇ ਰਾਹ ਤੇ ਮਸ਼ਾਲਾਂ ਵਰਗੇ ਨਾਹਰਿਆ ਨਾਲ ਉਕਰੀ ਸੀ ਜ਼ਜਬਾਤ ‘ਚ ਭੜਕੇ ਇਸ ਲਹੂ ਦੀ ਲੋਅ ਯੁੱਧ ਦੇ ਬਾਰਡਰ 'ਤੇ ਪਹੁੰਚ ਕੇ ਮੱਧ ਵਰਗ ਦੀ ਬੁੱਕਲ 'ਚ ਬਹਿ ਕੇ ਯੁੱਧ ਤੋਂ ਮੁੱਕਤੀ ਸੀ ਹਵਾ ਦਾ ਅਨੁਵਾਦ ਤਾਂ ਯੁੱਧ 'ਚ ਗੁਆਚੇ ਦੋਸਤਾਂ ਦੀ ਗਾਲ੍ਹ ਹੈ ਹਵਾ ਦਾ ਅਨੁਵਾਦ ਤਾਂ ਸੂਰਜ ਦੀਆਂ ਕਿਰਨਾਂ ਦਾ ਬਲਦਾ ਜਾਲ ਹੈ ਤੂੰ ਖਿੜਕੀ ਨੂੰ ਬੰਦ ਕਰ ਦੇ ਯੁੱਧ ਵਿੱਚ ਗੁਆਚੇ ਪਹਿਲੇ ਮਹਿਬੂਬ ਨੂੰ ਭੁੱਲ ਜਾ ਤੂੰ, ਦਿਨ ਭਰ ਨਾਰੀਅਲ ਦੇ ਰੁੱਖ ਤੇ ਟੰਗੇ ਮਜ਼ਦੂਰਾਂ ਦੀ ਮਹਿਫ਼ਲ 'ਚ ਕੋਈ ਤਾੜੀ ਦੀ ਬੋਤਲ ਬਣ ਕੇ ਖੁੱਲ੍ਹ ਜਾ ਤੇ ਅੱਜ ਦੀ ਰਾਤ ਇਤਰ ਬਣ ਕੇ ਡੁੱਲ੍ਹ ਜਾ ਕਿਉਂਕਿ ਤੂੰ ਮੇਰੀ ਬੀਵੀ ਹੈਂ ਤੇ ਮੈਂ ਮੱਧ ਵਰਗੀ ਹਾਂ ਤੇ ਮੱਧ ਵਰਗੀ ਦਿਨੇ ਦਿਨ ਜੋਗਾ ਕਮਾਉਂਦੇ ਹਨ ਤੇ ਰਾਤ ਨੂੰ ਸ਼ਰੀਫ਼ ਬੰਦਿਆਂ ਦੇ ਵਾਂਗ ਬੀਵੀ ਨਾਲ ਸਉਂਦੇ ਹਨ ਤੇ ਏਰੀਅਲ ਤੋਂ ਅਨੁਵਾਦ ਹੋਈ ਹਵਾ ਮੁਤਾਬਕ ਬੱਚੇ ਬਣਾਉਂਦੇ ਹਨ ਆਪਣੇ ਵਿਚਾਰਾਂ ਨੂੰ ਜੀਭਾਂ ਲਾਉਂਦੇ ਹਨ ਤੇ ਰੁੱਤ ਦੀ ਨਬਜ਼ ਨੂੰ ਸਿਤਾਰ ਸਮਝ ਕੇ ਮੌਸਮੀ ਗੀਤ ਗਾਉਂਦੇ ਹਨ ਤੂੰ ਖਿੜਕੀ ਨੂੰ ਬੰਦ ਕਰਦੇ ਤੇ ਮੇਰੇ ਨਾਲ ਘਿਉ ਖਿਚੜੀ ਹੋ ਜਾ

10. ਤਰਸ਼ੂਲ

ਅੱਜ ਦੀ ਰਾਤ ਮੈਂ ਤਿੰਨ ਪ੍ਰਮੁੱਖ ਕੰਮ ਕਰਾਂਗਾ ਬੀਤੇ ਨੂੰ ਬੁਲਾਵਾਂਗਾ ਲੀਹਦੇ ਨੂੰ ਖੜਾਵਾਂਗਾ ਤੇ ਆਉਣ ਵਾਲੇ ਦੇ ਘਰ ਆਪ ਚਲਾ ਜਾਵਾਂਗਾ ਅੱਜ ਦੀ ਰਾਤ ਮੈਂ ਤਿੰਨ ਪ੍ਰਮੁੱਖ ਕੰਮ ਕਰਾਂਗਾ ਅੱਜ ਦੀ ਰਾਤ ਮੈਂ ਬੀਤੇ ਨੂੰ ਕਲਾਵੇ ‘ਚ ਲੈ ਕੇ ਸਮਝਾਵਾਂਗਾ ਕਿ ਪੁਲਾਂ ਹੇਠੋਂ ਲੰਘਿਆ ਪਾਣੀ ਫਿਰ ਕਦੇ ਨਹੀਂ ਪਰਤਦਾ ‘ਤੂੰ’ ਧਰਤੀ ਦੀ ਸਮਾਧ ਤੇ ਵਰਤਿਆ ਉਹ ਪ੍ਰਸ਼ਾਦ ਹੈਂ ਜੋ ਦੁਬਾਰਾ ਕਦੇ ਨਹੀਂ ਵਰਤਦਾ ‘ਤੂੰ' ਮੇਰੀ ਹਮ ਉਮਰ ਹੈ ਨਿਆਣਾ ਨਹੀਂ ਹੈ ‘ਤੂੰ' ਮੇਰੇ ਮੌਰਾਂ ਤੇ ਨਾ ਚੜਿਆ ਕਰ ਤੇ ਲੰਘਦੇ ਸੰਗ ਤੁਰੇ ਜਾਂਦਿਆ ਐਂਵੇ ਕੰਨੀ ਨਾ ਫੜਿਆ ਕਰ ਇਹ ਤੈਨੂੰ ਵੀ ਪਤਾ ਹੈ ਕਿ ਬੰਦਾ ਇਕੋ ਵਾਰ ਜੰਮਦਾ ਹੈ ਇਕੋ ਵਾਰ ਬਚਪਨ ਚੋਂ ਲੰਘਦਾ ਹੈ ਤੇ ਇਕ ਵਾਰ ਮਾਂ ਦਾ ਮਿੱਠਾ ਦੁਧ ਇਸ਼ਾਰੇ ਨਾ ਮੰਗਦਾ ਹੈ ਹਾਣੀਆਂ ਸੰਗ ਖੇਡਦਾ ਜਵਾਨੀ ਦੀ ਦਹਿਲੀਜ਼ ਇਕੋ ਵਾਰ ਲੰਘਦਾ ਹੈ ਤੇ ਸੁਪਨਿਆ ਦੀ ਸ਼ਹਿਜਾਦੀ ਦਾ ਹੱਥ ਮੰਗਦਾ ਹੈ 'ਤੈਨੂੰ’ ਚੰਗੀ ਤਰ੍ਹਾਂ ਪਤਾ ਹੈ ਕਿ ਆਦਮੀ ਗਿਣੀ ਮਿਥੀ ਉਮਰ ਤਕ ਕਾਲਜ ਜਾਂਦਾ ਹੈ ਤੇ ਮੌਜਾਂ ਉਡਾਉਂਦਾ ਹੈ ਤੇ ਫਿਰ ਲੰਘਦੇ ਦੇ ਸੰਗ ਲੰਘ ਆਉਂਦਾ ਹੈ ਤੈਨੂੰ ਚੰਗੀ ਤਰਾਂ ਪਤਾ ਹੈ ਕਿ ਨਾਨਕੇ ਨਾਨੇ ਤੇ ਨਾਨੀ ਜਾਂ ਥੋੜਾ ਬਹੁਤਾ ਮਾਮੇ ਤੇ ਮਾਮੀ ਨਾਲ ਹੁੰਦੇ ਹਨ ਤੈਨੂੰ ਪਤਾ ਹੈ ਕਿ ਹੁਣ ਦੁਬਾਰਾ ਨਹੀਂ ਜੰਮਿਆਂ ਜਾ ਸਕਦਾ ਮਾਂ ਦਾ ਦੁਧ ਦੁਬਾਰਾ ਨਹੀਂ ਚੁੰਘਿਆ ਜਾ ਸਕਦਾ ਗੁਬਾਰਿਆ ਲਈ ਜ਼ਿਦ ਨਹੀਂ ਕੀਤੀ ਜਾ ਸਕਦੀ ਜਵਾਨੀ ਦਾ ਹੁਸੀਨ ਡਰਿਆ ਸ਼ਰਮਾਕਲ ਸੁਪਨਾ ਦੁਬਾਰਾ ਨਹੀਂ ਲਿਆ ਜਾ ਸਕਦਾ ਤੇ ਬੇ ਸਮਝ ਹੋ ਕੇ ਜਵਾਨੀ ਦੇ ਨਸ਼ੇ ‘ਚ ਚਾਚੀ ਨੂੰ ਸੇਜ ਮਾਨਣ ਦੇ ਲਈ ਨਹੀਂ ਕਿਹਾ ਜਾ ਸਕਦਾ ਤੇ ਹੁਣ ਮੈਂ ਕਦੇ ਵੀ ਕਾਲਜ ਨਹੀ ਜਾ ਸਕਦਾ ਸਵਰਗਾਂ ਵਿੱਚ ਬੈਠੇ ਨਾਨੇ ਤੇ ਨਾਨੀ ਦਾ ਗੰਨਿਆਂ ਦੀ ਮਿੱਠੀ ਰੁੱਤੇ ਬੁਲਾਵਾ ਨਹੀਂ ਆ ਸਕਦਾ ਅੱਜ ਦੀ ਰਾਤ ਸਭ ਤੋਂ ਪਹਿਲਾ ਕੰਮ ਮੈਂ ਇਹੀ ਕਰਾਂਗਾ ਕਿ 'ਬੀਤੇ' ਨੂੰ ਬੁਲਾਵਾਂਗਾ ਤੇ ਇਹ ਸਭ ਕੁਝ ਸਮਝਾਵਾਂਗਾ ‘ਬੀਤੇ’ ਨੂੰ ਸਮਝਾ ਕੇ ਮੈਂ ‘ਲੰਘਦੇ’ ਨੂੰ ਫ਼ੜਾਂਗਾ ਤੇ ਉਸ ਸੰਗ ਕੁਝ ਗੱਲਾਂ ਕਰਾਂਗਾ ਦੇਖ ਕੱਲ ਭਾਵੇਂ ਮੈਂ ਸ਼ਹਿਜ਼ਾਦਾ ਸਾਂ ਤੇ ਭਾਵੇਂ ਕੱਲ ਰਾਜਾ ਹੋਵਾਂ ਪਰ ਅੱਜ ਕਲਰਕ ਹਾਂ ਰੋਜ ਕਲਮ ਘਸਾਈ ਕਰਦਾ ਹਾਂ ਤੇ ਤਦ ਕਿਤੇ ਜਾ ਕੇ ਆਪਣਾ ਢਿੱਡ ਭਰਦਾ ਹਾਂ ‘ਤੇਰੀਆਂ’ ਤਾਂ ਅੱਖਾਂ ਸਾਹਵੇਂ ਇਹ ਸਭ ਕੁਝ ਰੋਜ਼ ਹੁੰਦਾ ਹੈ ਕਿ ਮੈਂ ਬੌਸ ਦੇ ਦਬਕੇ ਤੋਂ ਬਹੁਤ ਡਰਦਾ ਹਾਂ ਨਿੱਕੀਆਂ ੨ ਲੋੜਾਂ ਦੇ ਕੰਡੇ ਰੋਜ ਚੁਬਦੇ ਹਨ ਜਿਨ੍ਹਾਂ ਦੀ ਪੀੜ ਮੈਂ ਰੋਜ਼ ਜਰਦਾ ਹਾਂ ਤੇ ਫ਼ਿਰ ਹਾਲ ਪੱਛਮ ਵੱਲ ਖੁਲਦੀ ਬਾਰੀ ਚੋਂ ਦਿਸਦੀ ਕਿਰਨ ਵਰਗੀ ਕੁੜੀ ਤੇ ਮਰਦਾ ਹਾਂ ਤੇ ਉਸ ਨੂੰ ਦਿਲ ਦੀ ਕਹਿਣ ਲਈ ਰੋਜ਼ ਮਨਸੂਬੇ ਘੜਦਾ ਹਾਂ ਪਰ ਸਮਾਜ ਨਾਂ ਦੀ ਲਟਕਦੀ ਤਲਵਾਰ ਤੋਂ ਬਹੁਤ ਡਰਦਾ ਹਾਂ ਤੇ ‘ਲੰਘਦੇ’ ਸੰਗ ਔਖਾ ਹੋ ਕੇ ਲੰਘ ਰਿਹਾ ਮੈਂ ਜਦ ਵੀ ਕਦੇ ਘਰ ਨੂੰ ਖਤ ਪਾਉਂਦਾ ਹਾਂ ਤਾਂ ‘ਲੰਘ' ਰਹੇ ਦੇ ਅਸਲੀ ਰੰਗਾਂ ਨੂੰ ਛੁਪਾ ਕੇ ਤੇ ਮੈਂ ਮੈਂ ਨਾ ਰਹਿਕੇ ਅਕਸਰ ਭੰਗੜਾ ਪਾਉਂਦਾ ਹਾਂ ਤੇ ਘਰ ਦੀਆਂ ਲੋੜਾਂ ਨੂੰ ਬੋਲੀਆਂ ਸਮਝ ਕੇ ਗਾਉਂਦਾ ਹਾਂ ਤੇ ਉਹਨਾਂ ਲੋੜਾਂ ਤੇ ਹਲਕਾ ਜਿਹਾ ਪੋਚਾ ਫ਼ੇਰਨ ਦੇ ਲਈ ਘਰ ਨੂੰ ਪੈਸੇ ਵੀ ਪਾਉਂਦਾ ਹਾਂ ਤੇ ਬਸ ‘ਲੰਘਦੇ' ਨੂੰ ਦੱਬ ਘੁੱਟ ਕੇ ਲੰਘਾਉਂਦਾ ਹਾਂ ਅੱਜ ਦੀ ਰਾਤ ਮੈਂ ਜੋ ਤੀਜਾ ਤੇ ਆਖਰੀ ਕੰਮ ਕਰਾਂਗਾ ਉਹ ਹੈ ਕਿ “ਮੈਂ” “ਆਉਣ” ਵਾਲੇ ਦੇ ਘਰ ਆਪ ਚਲਾ ਜਾਵਾਂਗਾ ਤੇ ਉਸ ਦੇ ਛਲਾਵੀ ਮੁਖੜੇ ਤੋਂ ਪੜਦਾ ਹਟਾਵਾਂਗਾ ਤੇ ਲੰਘਦੇ ਨੂੰ ਲੰਘ ਰਿਹਾ ਲੱਗ ਗਈ ਪਿਆਸ ਨੂੰ ਬੁਝਾਵਾਂਗਾ ਤੇ ਆਉਣ ਵਾਲੇ ਚੋਂ ਆਪਣੀ ਮਰਜ਼ੀ ਦੇ ਬੂਤ ਬਣਾਵਾਂਗਾ ਉਸ ਦੇ ਸੰਗ ਸੇਜ ਉਤੇ ਬੈਠਾਂਗਾ ਤੇ ਸੁਪਨੇ ਸਜਾਵਾਂਗਾ ਤੇ ‘ਲੰਘਦੇ' ਨੂੰ ਲੰਘਾਵਾਂਗਾ ਤੇ ‘ਬੀਤੇ’ ਨੂੰ ਭੁਲਾਵਾਂਗਾ ਅੱਜ ਦੀ ਰਾਤ ਮੈਂ ਤਿੰਨ ਪ੍ਰਮੁਖ ਕੰਮਾਂ ਜਿਹਾ ਇਕ ਹੀ ਕੰਮ ਕਰਾਂਗਾ ਕਿ ਆਪਣਾ ਆਪ ਵਰਤਮਾਨ ਨੂੰ ਦਿਆਂਗਾ ਤੇ ‘ਉਸ ਨੂੰ' ਕਹਾਂਗਾ ਕਿ ‘ਤੇਰੇ' ਵਿੱਚੋਂ ਹੀ ਭੂਤ ਤੇ ਭਵਿਖ ਨੇ ਆਪੋ ਆਪਣੇ ਨਕਸ਼ ਘੜਨੇ ਹਨ ‘ਤੂੰ' ਤਕੜਾ ਹੋ ਕੇ ਲੰਘੀਂ

11. ਛੜਾ

ਛੜਾ ਚੌਂਕ 'ਚ ਖੜਾ ਉਦਾਸ ਹੈ ਬੜਾ ਉਹ ਪਾਂਦਾ ਰਿਹਾ ਹੈ ਜਿਸ ਦੇ ਜਿਸਮ ਨੂੰ ਉਹ ਲੰਘੀ ਹੈ ਲੈ ਕੇ ਖਾਲੀ ਘੜਾ ਛੜਾ ਚੌਂਕ 'ਚ ਖੜਾ ਉਦਾਸ ਹੈ ਬੜਾ ਛੜਾ ਜਦੋਂ ਵੀ ਉਦਾਸ ਹੁੰਦਾ ਹੈ ਤਾਂ ਉਮਰ ਦੇ ਚੜ੍ਹਦੇ ਕੰਢੇ ਤੇ ਬੈਠ ਕੇ ਲਹਿੰਦੀ ਉਮਰ ਵਾਲੀ ਇਕ ਗੁਵਾਂਢਣ ਨਾਲ ਗੱਲਾਂ ਕਰਦਾ ਹੈ— “ਦੀਪੋ ਚੌਦਾਂ ਵਰ੍ਹਿਆਂ ਦਾ ਮੇਰਾ ਸੂਰਜ ਤੇਰੇ ਜਿਸਮ ਦੇ ਪੱਛਮ ਚੋਂ ਚੜ੍ਹਿਆ ਸੀ ਮੇਰੀ ਕੱਚੀ ਉਮਰ ਨੇ ਤੇਰੇ ਰੰਗਾਂ ਚੋਂ ਐਂਵੇਂ ਮੁੱਚੀ ਦਾ ਰੰਗ ਫ਼ੜਿਆ ਸੀ ਫ਼ੁਲਾਂ ਜਹੇ ਵਰ੍ਹੇ ਸਨ ਉਮਰ ਦੀ ਝੋਲੀ ‘ਚ ਉਹ ਜਦੋਂ ਮੈਂ ਤੇਰੇ ਜਿਸਮ ਦੇ ਤਪ ਕੇ ਬੁਝ ਰਹੇ ਕੋਲੇ ਤੇ ਪੈਰ ਧਰਿਆ ਸੀ ਜਿਸਮਾਂ ਦੇ ਵਣਜ 'ਚ ਅਨਜਾਣ ਸਾਡੀ ਉਮਰ ਨੇ ਤੇਰੇ ਕੋਲ ਆ ਕੇ ਪਿੱਤਲ ਦੇ ਵੱਟੇ ਸੋਨਾ ਹਾਰਿਆ ਸੀ ਤੇ ਫ਼ਿਰ ਦੀਪੋ ਤੇਰੇ ਜਿਸਮ ਦਾ ਸੂਰਜ ਤਾਂ ਪੱਛਮ ‘ਚ ਲਹਿ ਗਿਆ ਤੇ ਗਗਨਾ ਦੇ ਜੰਗਲ ‘ਚ ਪੂਜਾ ਕਰਦੇ ਕਿਸੇ ਰਿਸ਼ੀ ਦੇ ਵਾਂਗ ਚੰਨ ਦੀ ਜੂਨੇ ਪੈ ਗਿਆ ਪਰ ਮੇਰਾ ਜਿਸਮ ਤਾਂ ਬਲਦਾ ਸੂਰਜ ਸੀ ਜੋ ਗਗਨ ਦੇ ਅੱਧ ਵਿਚਕਾਰ ਰਹਿ ਗਿਆ ਤੇ ਮੇਰਾ ਨਾਉਂ ਵੀ ਦੀਪੋ ਜਾਗੋ ਜਗਾਉਂਦੀਆਂ ਬੁੜੀਆਂ ਦੇ ਜੋਗਾ ਹੀ ਰਹਿ ਗਿਆ ਤੇ ਮੈਂ ਉਹ ਸ਼ਬਦ ਬਣ ਗਿਆ ਜੋ ਠੱਠਾ ਬਣ ਕੇ ਆਪਣੇ ਹੀ ਚਿਹਰੇ ਤੇ ਮੱਖੀ ਦੇ ਵਾਂਗ ਬਹਿ ਗਿਆ ਦੀਪੋ ਹੁਣ ਜਦੋਂ ਵੀ ਸਾਹਾਂ 'ਚ ਸੂਰਜ ਬਲਦਾ ਹੈ ਤਾਂ ਜੀਅ ਜਿਹਾ ਕਰਦਾ ਹੈ ਕਿ ਉਸ ਫ਼ੁਲ ਨੂੰ ਤੋੜ ਲਵਾਂ ਜੋ ਤੇਰੇ ਘਰ 'ਚ ਧੀ ਬਣ ਕੇ ਪਲਦਾ ਹੈ

12. ਭਵਿੱਖ ਦਾ ਨਸ਼ਾ

ਜਦੋਂ ਖਾਮੋਸ਼ੀ ਨੂੰ ਸ਼ਬਦ ਲੱਭ ਪਏ ਤਾਂ ਉਹ ਚੁੱਪ ਨਾ ਰਹਿ ਸਕੀ ਤੇ ਉਸ ਨੇ ਉਹ ਕੁਝ ਕਹਿ ਦਿਤਾ ਜੋ ਉਮਰ, ਭਰ ਨਾ ਕਹਿ ਸਕੀ ਜਦੋਂ ਖਾਮੋਸ਼ੀ ਨੂੰ ਸ਼ਬਦ ਨਹੀਂ ਲੱਭੇ ਸਨ ਤਾਂ ਰੀਝਾਂ ਦੀ ਦਿਨ ਕਟੀ ਬਹੁਤ ਚੰਗੀ ਸੀ ਤੇਰੇ ਇਸ਼ਕ ਦੇ ਚਾਅ ਦਾ ਬਦਨ ਕੋਰਾ ਸੀ ਮੈਂ ਤੇਰੇ ਨਾਂ ਦੀ ਮਾਲਾ ਫੇਰਦਾ ਸਾਧੂ ਸਾਂ ਤੇ ਮੇਰਾ ਮਨ ਇਕ ਭੋਰਾ ਸੀ ਉਹ ਦਿਨ ਉਡਾਰੀ ਸਿਖ ਰਹੇ ਸਾਂਵਲੇ ਪਰ੍ਹਾਂ ਵਾਲੇ ਬੋਟਾਂ ਵਰਗੇ ਸਨ ਜਾ ਅਣਚੁੰਮੇ ਹੋਠਾਂ ਵਰਗੇ ਸਨ ਜਾਂ ਅਣਖੁਲੀ ਕਾਪੀ ਦੇ ਨੋਟਾਂ ਵਰਗੇ ਸਨ ਜਾਂ ਅਮਲੀ ਦੀਆਂ ਚਰੋਕੀਆਂ ਟੋਟਾਂ ਵਰਗੇ ਸਨ ਜਾਂ ਨਾ ਗਿਣੀਆਂ ਵੋਟਾਂ ਵਰਗੇ ਸਨ ਹੁਣ ਜਦੋਂ ਖਾਮੋਸ਼ੀ ਨੂੰ ਜੀਭ ਲੱਭ ਪਈ ਹੈ ਤੇ ਮੈਂ ਸ਼ਬਦਾਂ ਦੀ ਛੱਲੀ, ਚੱਬ ਲਈ ਹੈ ਤਾਂ ਇੰਜ ਲਗਦਾ ਹੈ ਜਿਵੇਂ ਦਿਲ ਦੇ ਬੈਂਕ ਚੋਂ ਕੋਈ ਬਹੁਤ ਵੱਡੀ ਰਕਮ ਕਢਵਾ ਕੇ ਮੈਥੋਂ ਖਰਚਾ ਲਈ ਹੈ ਤੇ ਮੈਂ ਆਪਣੀਆਂ ਰੀਝਾਂ ਦੀ ਔਲਾਦ ਵਿਆਹ ਲਈ ਹੈ ਤੇ ਮੈਂ ਇਸ਼ਕ ਪੁਰੀ ‘ਚ ਰਹਿੰਦਾ ਰਹਿੰਦਾ ਬਹੁਤ ਬੁੱਢਾ ਹੋ ਗਿਆ ਹਾਂ ਜਿਸ ਦੀ ਅਕਲ ‘ਚ ਮੱਤਾਂ ਦਾ ਤੇਲ ਬਲਦਾ ਹੈ— ਨਸ਼ਾ ਤਾਂ ਕੇਵਲ ਆਉਣ ਵਾਲੀ ਕੱਲ੍ਹ ਦਾ ਹੈ ਆਉਣ ਵਾਲਾ ਤਾਂ ਹਮੇਸ਼ਾ ਹੀ ਸ਼ਰਾਬੀ ਚਾਲ ਚਲਦਾ ਹੈ

13. ਇਕ ਦੁਰਘਟਨਾ ਤੇ

ਅੰਬੜੀਏ ਧੰਨੀ ਕਾ ਬੀਰਾ ਜੋ ਗੱਡੀ ਚਲਾਉਂਦਾ ਸੀ ਤੇ ਕਦੇ ਕੁ ਤਾਈਂ ਜ਼ਰਦੇ ਦੀ ਚੁਟਕੀ ਲਾ ਕੇ ਲੁਚੀਆਂ ਪਰ ਸੱਚੀਆਂ ਗੱਲਾਂ ਸੁਣਾਉਂਦਾ ਸੀ ਤੇ ਬੜਾ ਹੀ ਹਸਾਉਂਦਾ ਸੀ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ ਤੇ ਧੰਨੀ ਤਾਈ ਕੇ ਵਿਹੜੇ ਦਾ ਸੂਰਜ ਖੋਹ ਗਿਆ ਹੈ ਅੰਬੜੀਏ ਦੁਰਘਟਨਾ ਵਾਲੀ ਜਗ੍ਹਾ ਤੇ ਲੋਕ ਗੱਲਾਂ ਕਰਦੇ ਸਨ ਕਿ- ਡਰਾਈਵਰ ਸ਼ਰਾਬੀ ਸੀ ਉਸ ਦੀ ਬਰੇਕ ਵਿੱਚ ਖਰਾਬੀ ਸੀ ਜਾਂ ਤੇ ਜਾਂ......... ਪਰ ਸ਼ਾਇਦ ਮਾਂ ਅਜੇਹਾ ਕੁਝ ਵੀ ਨਹੀਂ ਸੀ ਤੇ ਦੁਰਘਟਨਾ ਦਾ ਕਾਰਨ ਕੁਝ ਹੋਰ ਹੀ ਸੀ ਸ਼ਾਇਦ ਮਾਂ ਉਸ ਨੂੰ ਸੜਕ ਦੇ ਕਲਾਵੇ ਭਰਦੀਆਂ ਕਣਕਾਂ ਚੋਂ ਆਪਣੀ ਖ਼ੁਸ ਗਈ ਪੈਲੀ ਦੀ ਯਾਦ ਆ ਗਈ ਹੋਵੇ ਤੇ ਇਸੇ ਕਰ ਕੇ ਉਸ ਦੇ ਛੁੱਟ ਗਏ ਪਹਿਲੇ ਰਿਸ਼ਤੇ ਦੀ ਗੱਲ ਉਸ ਦਾ ਮਗਜ ਖਾ ਗਈ ਹੋਵੇ ਤੇ ਉਸ ਦੇ ਘਸੇ ਹੋਏ ਖੁਸੇ ਦੀ ਅੱਡੀ ਆਪਣੇ ਆਪ ਹੀ ਐਕਸੀ ਲੀਟਰ ਤੇ ਆ ਗਈ ਹੋਵੇ ਤੇ ਇੰਜ ਵੀ ਤਾਂ ਹੋ ਸਕਦਾ ਹੈ ਕਿ ਮਾਂ- ਉਸ ਨਾਲ ਹੀ ਬੈਠਾ ਹੋਵੇ ਭੈਣ ਦੇ ਦਾਜ ਦਾ ਫ਼ਿਕਰ ਮਾਂ ਦੀ ਘਟ ਰਹੀ ਨਿਗ੍ਹਾ ਲਈ ਡਾਕਟਰ ਦੀ ਲਿਖੀ ਹੋਈ ਪਰਚੀ ਪਿਉ ਦੇ ਕੱਠ ਤੇ ਕੱਟੀ ਗਈ ਨੱਕ ਦਾ ਗਲ੍ਹਿਆ ਸੜਿਆ ਜਖ਼ਮ ਜਾਂ ਬੀਵੀ ਦੇ ਗੁਵਾਂਢੀ ਮਰਦ ਨਾਲ ਅਯੋਗ ਸੰਬੰਧਾਂ ਦਾ ਬਿਨਾ ਮਤਲਬ ਹੋ ਰਿਹਾ ਚਰਚਾ ਅਜੇਹਾ ਕੁਝ ਵੀ ਇਸ ਦੁਰਘਟਨਾ ਦਾ ਕਾਰਨ ਹੋ ਸਕਦਾ ਹੈ ਪਰ ਅੰਬੜੀਏ ਕਾਨੂੰਨ ਦੀ ਅੱਖ ਤਾਂ ਦਿਮਾਗ਼ ਦਾ ਪੋਸਟਮਾਰਟਮ ਨਹੀਂ ਕਰਦੀ ਉਹ ਤਾਂ ਮੁਜ਼ਰਮ ਦੀ ਬਾਹਰੀ ਕਿਰਿਆ ਨੂੰ ਫ਼ੜਦੀ ਹੈ ਤੇ ਫ਼ੈਸਲਾ ਕਰਦੀ ਹੈ ਇਸ ਲਈ ਅੰਬੜੀਏ ਤੂੰ ਅਫ਼ਸੋਸ ਤੇ ਲੋਕਾਂ ਦੀਆਂ ਗੱਲਾਂ ਦਾ ਬਹੁਤ ਹੁੰਗਾਰਾ ਨਾ ਭਰੀਂ ਬਸ ਤਾਈ ਧੰਨੀ ਕੋਲ ਬੀਰੇ ਦੇ ਖ਼ੁਸ ਜਾਣ ਦਾ ਅਫ਼ਸੋਸ ਹੀ ਕਰੀਂ ਤੇ ਉਸ ਦੇ ਦੁਖਦੇ ਹਿਰਦੇ ਤੇ ਕੋਈ ਸਬਰ ਦਾ ਫ਼ੁਲ ਧਰੀਂ

14. ਖ਼ੁਦਗਰਜੀ

ਖ਼ੁਦਗਰਜੀਏ ਤੂੰ ਤਾਂ ਮੇਰੀ ਪਹਿਲੀ ਮਸ਼ੂਕ ਹੈਂ ਹੁਣ ਤਕ ਇਹ ਉਮਰ ਜਿਸ ਦੇ ਜ਼ਰੀਏ ਚੌਗਿਰਦੇ ਸੰਗ ਯੁਧ ਲੜਦੀ ਆ ਰਹੀ ਹੈ ਤੂੰ ਉਹ ਕੋਈ ਫੌਲਾਦੀ ਬੰਦੂਕ ਹੈਂ ਜਿਸ ਵਿੱਚ ਮਿਟੀ ਦੇ ਕਣੇ ਤੋਂ - ਤਾਰਾ ਤਾਰੇ ਤੋਂ ਚੰਦ ਚੰਦ ਤੋਂ ਸੂਰਜ ਬਣਨ ਦਾ ਸੁਪਨਾ ਸਾਂਭਿਆ ਪਿਆ ਹੈ ਤੂੰ ਖਚਰੇ ਤਖਾਣਾਂ ਦੇ ਹੱਥਾਂ ਦਾ ਬਣਿਆ ਉਹ ਕੋਈ ਸੰਦੂਕ ਹੈ ਉਮਰ ਦੀ ਸਤਰੰਗੀ ਗੇਂਦ ‘ਚ ਤੂੰ ਸਾਹਵਾਂ ਦੀ ਸੰਦਲੀ ਫ਼ੂਕ ਹੈ ਤੂੰ ਆਦਮ ਦੇ ਪੁੱਤ ਤੋਂ ਲੈ ਕੇ ਪਿਉ ਦਾਦੇ ਖੜਦਾਦੇ......ਦੇ ਧੁਰ ਅੰਦਰ ਦੀ ਹੂਕ ਹੈਂ ਖ਼ੁਦਗਰਜੀਏ ਤੂੰ ਤਾਂ ਮੇਰੀ ਪਹਿਲੀ ਮਸ਼ੂਕ ਹੈਂ ਪਹਿਲਾਂ ਪਹਿਲ ਮੈਂ ਜਦੋਂ ਤੈਨੂੰ ਮਿਲਿਆ ਸਾਂ ਤਾਂ ਪਿਊਂਦੀ ਤ੍ਰਿਪਤੀ ਬਣ ਕੇ ਮਾਂ ਦੀ ਕੁੱਖ ਵਿੱਚ ਪਿਲਿਆ ਸਾਂ ਤੇ ਮਮਤਾ ਦੀ ਮਾਸ ਰੰਗੀ ਟਹਿਣੀ ਤੇ ਪੁੱਤਰ ਨਾਊਂ ਦਾ ਫ਼ੁਲ ਬਣ ਕੇ ਖਿਲਿਆ ਸਾਂ ਦੂਜੀ ਵੇਰ ਜਦੋਂ ਮੈਂ ਤੈਂਨੂੰ ਤੱਕਿਆ ਸੀ ਤਾਂ ਮਾਂ ਦੇ ਕੂੰਜਾਂ ਰੰਗੇ ਦੁਧ ਨੂੰ ਗੁਲਾਬੀ ਬੁਟਾਂ ਦੀ ਕੂਲੀ ਹਥੇਲੀ ਤੇ ਰੱਖ ਕੇ ਦੂਹੋ ਦੂਹੀ ਫ਼ੋਕਿਆ ਸੀ ਤੇ ਉਮਰ ਦੀ ਸੜਕ ਤੇ ਗੋਦੀ ਤੋਂ ਪੰਗੂੜਾ ਪੰਗੂੜੇ ਤੋਂ ਵੇਹੜਾ ਵੇਹੜੇ ਤੋਂ ਗਲੀ ਗਲੀ ਤੋਂ ਮੁਹੱਲਾ ਮੁਹੱਲੇ ਤੋਂ ਸ਼ਹਿਰ ਤੇ ਸ਼ਹਿਰ ਤੋਂ ਸ਼ਹਿਰ ਨੱਠਿਆ ਸੀ ਜਿੰਦਗੀ ਨੇ ਹਰ ਸਫ਼ਰ ਤੇ ਤੈਂਨੂੰ ਨਾਲ ਰੱਖਿਆ ਸੀ ਤੈਂਨੂੰ ਸਿਰ ਤੇ ਚੱਕਿਆ ਸੀ ਪਰ ਖ਼ੁਦਗਰਜ਼ੀਏ ਅੱਜ ਤੇਰੀ ਵਫ਼ਾ ਦੀਆਂ ਤਲੀਆਂ ਤੇ ਮੈਂ ਵੀ ਅੰਗਾਰ ਧਰਦਾ ਹਾਂ ਤੇ ਆਪਣੇ ਅੰਦਰ ਦੀ ਕਚਹਿਰੀ ‘ਚ ਖੜੋਤਾ ਤੇਰੇ ਸੰਗ ਕੋਈ ਕੇਸ ਲੜਦਾ ਹਾਂ ਕਿ ਤੇਰੇ ਇਸ਼ਕ 'ਚ ਝੱਲਾ ਹੋ ਕੇ ਮੈਂ ਜਦ ਵੀ ਕਿਸੇ ਦੀਆਂ ਪ੍ਰਾਪਤੀਆਂ ਤੇ ਕਬਜਾ ਕਰਦਾ ਹਾਂ ਤਾਂ ਤੂੰ ਹੀ ਦੱਸ ਕੀ ਮੈਂ ਠੀਕ ਕਰਦਾ ਹਾਂ ? ਤੈਨੂੰ ਕਿੰਨੀ ਕੁ ਤਸੱਲੀ ਮਿਲਦੀ ਹੈ ਜਦੋਂ ਬੇਗਾਨੀਆਂ ਫ਼ਸਲਾਂ ਤੇ ਮੈਂ ਬੋਕ ਬਣਕੇ ਚਰਦਾ ਹਾਂ ਤੇਰਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਜਦੋਂ ਵੀ ਕਿਧਰੇ ਅਜੇਹੀ ਖ਼ਬਰ ਪੜ੍ਹਦਾ ਹਾਂ ਤਾਂ ਖ਼ਬਰ ਵਿਚਲੇ ਕਿਰਦਾਰ ਨੂੰ ਲੋੜਿਆਂ ਦੀ ਨਫ਼ਰਤ ਕਰਦਾ ਹਾਂ ਖ਼ੁਦਗਰਜੀਏ ਅੱਜ ਤੇਰੀ ਵਫਾ ਦੀਆਂ ਤਲੀਆਂ ਤੇ ਮੈਂ ਵੀ ਅੰਗਾਰ ਧਰਦਾ ਹਾਂ

15. ਇਕੱਲਤਾ ਨਾਲ ਦੋ ਪਲ

ਇਕੱਲਤਾ ਤੂੰ ਅੱਖ ਨਾ ਭਰਿਆ ਕਰ ਮੈਂ ਇਕੱਲਾ ਨਹੀਂ ਹਾਂ ਅਜੇ ਮੇਰੇ ਨਾਲ ਮੇਰਾ ਆਪਣਾ ਆਪ ਜਿਉਂਦਾ ਹੈ ਉਸ ਦਾ ਆਉਣਾ ਤੇ ਚਲੇ ਜਾਣਾ ਸੂਰਜ ਦਾ ਚੜ੍ਹਨਾ ਤੇ ਛਿਪਣਾ ਹੈ ਉਸ ਦੀਆਂ ਗੱਲਾਂ ਲੰਘੀਆਂ ਪੌਣਾਂ ਹਨ ਉਸ ਦੇ ਹਾਸੇ ਲੰਘਦੇ ਪਾਣੀਆਂ ਦਾ ਸ਼ੋਰ ਹੈ ਉਸ ਦੇ ਵਾਅਦੇ ਰੱਖਾਂ ਦੀ ਛਾਂ ਹਨ ਜੋ ਦੈਨਿਕ ਗਤੀ ਦੀ ਮੁਥਾਜ ਹੈ ਉਸ ਦੀਆਂ ਮੁਲਾਕਾਤਾਂ ਪਰ ਬਣ ਕੇ ਉਡੀਆਂ ਰੁੱਤਾਂ ਹਨ ਉਸ ਦੀ ਮੁਹੱਬਤ ਮੱਛੀਆਂ ਫੜਨ ਗਈ ਕਿਸ਼ਤੀ ਦੇ ਲਾ ਪਤਾ ਹੋਣ ਦੀ ਦੁਖ ਭਰੀ ਖਬਰ ਹੈ ਇਕੱਲਤਾ, ਮੱਛੀਆਂ ਫੜਨ ਗਈ ਕਿਸ਼ਤੀ ਦਾ ਲਾਪਤਾ ਹੋਣਾ ਕਿਸ਼ਤੀ ਦਾ ਦੋਸ਼ ਨਹੀਂ ਹੈ ਤੇ ਸ਼ਾਇਦ ਸਮੁੰਦਰ ਵੀ ਦੋਸ਼ੀ ਨਹੀਂ ਹੈ ਉਹ ਤੂਫਾਨ ਲਿਆਉਂਦਾ ਨਹੀਂ ਉਸ ‘ਚ ਤੂਫਾਨ ਆਉਂਦੇ ਹਨ

16. ਮਹਿਲ

ਉਸ ਮਹਿਲ ਦਾ ਹਰ ਦਰਵਾਜਾ ਕਸਬੇ ਦੇ ਹਰ ਮੋੜ ਤੇ ਖੁਲਦਾ ਹੈ ਉਸ ਮਹਿਲ ਨੂੰ ਦੇਖਣ ਦੇ ਲਈ ਬਾਹਰੋਂ ਯਾਤਰੂ ਨਹੀਂ ਆਉਂਦੇ ਸਗੋਂ ਕਸਬੇ ਦੀ ਹੱਦ ‘ਚ ਉੜਦਾ ਹਰ ਕਬੂਤਰ ਹੁਣ ਉਸ ਵਿੱਚ ਬਿੱਠਾਂ ਕਰਦਾ ਹੈ ਮਹਿਲ ਜੋ ਪੱਥਰ ਹੋ ਗਿਆ ਹੈ ਸਭ ਕੁਝ ਜਰਦਾ ਹੈ ਮਹਿਲ ਦੀਆਂ ਕੰਧਾਂ ਨੂੰ ਪਾੜ ਕੇ ਜਦੋਂ ਸੋਚਾਂ ਦਾ ਬੋਹੜ ਥੋੜਾ ਹੋਰ ਵਧਦਾ ਹੈ ਤਾਂ ਮਹਿਲ ਆਪਣੇ ਹੱਥ ਦੀਆਂ ਰੇਖਾਵਾਂ ਵੇਖ ਕੇ ਆਪੇ ਹੀ ਹਸਦਾ ਹੈ ਤੇ ਮਹਿਲ ਦਸਦਾ ਹੈ ਜਦੋਂ ਉਹ ਮਦਰੱਸਾ ਹੁੰਦਾ ਸੀ ਜਦੋਂ ਉਹ ਕਾਲਜ ਹੁੰਦਾ ਸੀ ਤਾਂ ਆਪਣੇ ਪਾਲਕਾਂ ਲਈ ਆਪਣੇ ਅਧਿਆਪਕਾਂ ਲਈ ਉਹ ਇਕ ਆਸ ਹੁੰਦਾ ਸੀ ਤੇ ਇਸ ਮਹਿਲ ਵਿੱਚ ਹੋਰ ਵੀ ਬੜਾ ਕੁਝ ਹੁੰਦਾ ਸੀ ਮਸਲਨ ਮਹਿਲ ਪੱਥਰ ਦੀ ਸਲੇਟੀ ਖਾਂਦਾ ਸੀ ਮਮਤਾ ਦੇ ਰੁੱਖਾਂ ‘ਚ ਘਿਰਿਆ ਛਾਂ ਨੂੰ ਹੰਢਾਉਂਦਾ ਸੀ ਮਹਿਲ ਸੁਪਨਿਆਂ ਦੀ ਪੀਂਘ ਇਕ ਹਾਣੀ ਨੂੰ ਝੁਟਾਉਂਦਾ ਸੀ ਤੇ ਮਹਿਲ ਦੀਆਂ ਦੋ ਤਾਕੀਆਂ ਚੋਂ ਸਾਰਾ ਜਹਾਨ ਨਜ਼ਰ ਆਉਂਦਾ ਸੀ ਪਰ ਮਹਿਲ ਜਿਸ ਵਕਤ ਨੂੰ ਫ਼ੜਨਾ ਚਾਹੁੰਦਾ ਸੀ ਉਹ ਹਰ ਵਾਰੀ ਉਸ ਦੇ ਹੱਥੋਂ ਤਿਲਕ ਜਾਂਦਾ ਸੀ ਤੇ ਮਹਿਲ ਆਪਣੀ ਹਾਰ ਉਤੇ ਬੜਾ ਪਛਤਾਉਂਦਾ ਸੀ ਬੜਾ ਸ਼ਰਮਾਉਂਦਾ ਸੀ ਤੇ ਇਸ ਮਹਿਲ ਨੂੰ ਉਦਾਸ ਦੇਖ ਕੇ ਇਕ ਬੁਢਾ ਸਿਆਣਾ ਪ੍ਰੋਫੈਸਰ ਆਪਣਾ ਅਨੁਭਵ ਦੁਹਰਾਂਉਂਦਾ ਸੀ ਕਿ ਇੰਜ ਹਾਰਾਂ ਵੀ ਉਮਰਾਂ ਦਾ ਹਿੱਸਾ ਹੁੰਦੀਆਂ ਹਨ ਪਰ ਮਹਿਲ ਦੀਆਂ ਦੀਵਾਰਾਂ ਨੂੰ 'ਕਿਊਂ' ਦਾ ਕਲਰ ਖਾਂਦਾ ਸੀ ਪ੍ਰੋਫੈਸਰ ਮਹਿਲ ਦੀ ਉਚਾਈ ਦਾ ਹਿਸਾਬ ਕਿਤਾਬ ਕਰਦਾ ਤੇ ਚੁੱਪ ਹੋ ਜਾਂਦਾ ਸੀ ਤੇ ਫ਼ਿਰ ਇਸ ਮਹਿਲ ਦੀ ਉਚਾਈ ਤੇ ਬੇਰੁਜ਼ਗਾਰੀ ਦੇ ਕਾਲੇ ਬੱਦਲਾ ਦੀ ਬਿਜਲੀ ਪੈ ਗਈ ਤੇ ਕਿਊਂ ਦੇ ਕੱਲਰਾਂ ਨੇ ਖਾਧੀ ਉਸ ਮਹਿਲ ਦੀ ਹਰ ਕੰਧ ਮਮਤਾ ਦੇ ਰੁਖਾਂ ਤੇ ਢਹਿ ਪਈ ਬੇਸ਼ਕ ਮਮਤਾ ਦੇ ਰੁੱਖਾਂ ਤੋਂ ਪੱਤੇ ਵਲੂੰਧਰੇ ਗਏ ਪਰ ਛਾਂ ਫਿਰ ਵੀ ਬਾਕੀ ਰਹੀ ਤੇ ਉਸ ਕਿਰੇ ਮਹਿਲ ਨੂੰ ਮਮਤਾ ਫਿਰ ਵੀ ਹੀਰਾ ਦਿਸਦੀ ਰਹੀ ਹੁਣ ਜਦੋਂ ਹਸੀਨ ਦਿਨਾਂ ਦੀ ਕਬਰ ਤੇ ਸੋਚਾਂ ਦੇ ਭੂਤ ਨਾਚ ਕਰਦੇ ਹਨ ਤਾਂ— ਮਹਿਲ ਨੂੰ ਪੌਣ ਆਉਂਦੀ ਹੈ ਤੇ ਮਹਿਲ ਦੇ ਮਨ ਦੀ ਹਰਕਤ ਬਾਪੂ ਦੀ ਪੱਗ ਨੂੰ ਸੱਚੀ ਮੁੱਚੀ ਹੱਥ ਪਾਉਂਦੀ ਹੈ ਤੇ ਮਮਤਾ ਦੇ ਉਸ ਰੁੱਖ ਦੀ ਹਵਾ ਵਾਰਗੀ ਜਾਈ ਸਿਰਫ ਦਹਿਲੀਜ਼ ਦੇ ਅੰਦਰ ਵਗਦੀ ਹੈ ਸ਼ਾਇਦ ਉਹ ਸ਼ਰੀਕੇ ਦੀਆਂ ਕੰਧਾਂ ਤੋਂ ਡਰਦੀ ਹੈ ਜਦੋਂ ਵੀ ਕਸਬੇ ਦਾ ਰੁਝਿਆ ਮੋੜ ਮਹਿਲ ਨੂੰ ਪੌਣ ਆਈ ਤੱਕਦਾ ਹੈ ਤਾਂ ਕਸਬੇ ਦੀ ਹੱਦ ‘ਚ ਉੜਦਾ ਹਰ ਕਬੂਤਰ ਉਸ ਵਿੱਚ ਬਿੱਠਾਂ ਕਰਦਾ ਹੈ ਮਹਿਲ ਜੋ ਪੱਥਰ ਹੋ ਗਿਆ ਹੈ ਸਭ ਕੁਝ ਕਰਦਾ ਹੈ

17. ਜੰਗ

ਜੰਗ ਜੰਗ ਜੰਗ ਚਾਰੋਂ ਪਾਸੇ ਇਕਾਂਤਤਾ ਤਾਇਨਾਤ ਕਰ ਦਿੱਤੀ ਗਈ ਤੇ ਤਨਹਾਈ ਰਾਤ ਦਿਨ ਪਹਿਰਾ ਦਿੰਦੀ ਸੀ ਜੁਆਨ ਪਿੰਡੇ ਦੀ ਸਾਰੀ ਦੇਹ ਦੇ ਕੇਂਦਰ ਦਿਮਾਗ਼ ਦੀ ਹਰ ਝਰੀ ਖਾਲੀ ਕੀਤੀ ਗਈ ਰੀਝੀ ਤੋਪਖਾਨਾ ਆਸੀ ਜੈੱਟ ਜਹਾਜ਼ ਤੇ ਸੁਪਨ ਜਹਾਜ਼ ਰੋਜ ਚੱਕਰ ਕੱਟਦੇ ਸਨ ਜੰਗ ਕਿਸੇ ਵੇਲੇ ਵੀ ਸੰਭਵ ਸੀ ਤੇ ਫ਼ਿਰ ਇਕ ਦਿਨ ਦੋਹਾਂ ਧਿਰਾਂ ਦੀ ਨੈਣੀ ਜੰਗ ਸ਼ੁਰੂ ਹੋਈ ਸ਼ਹਿਰ ਦੀ ਹਰ ਗਲੀ ਅਖ਼ਬਾਰਾਂ ਦੀ ਸੁਰਖੀ ਰੇਡੀਓ ਦਾ ਸੰਘ ਚੌਰਸਤੇ ਤੇ ਸੜਕਾਂ ਸਭ ਚੁਪ ਹੀ ਰਹੇ ਤੇ ਗੁਪਤ ਜੰਗ ਗੁਪਤ ਹੀ ਰਹੀ ਤੇ ਫਿਰ ਇਕ ਦਿਨ ਜੰਗ ਬਾਰੇ, ਹਵਾ ਦੰਦ ਕਥਿਆ ਕਰਦੀ ਸੁਣੀ ਗਈ ਆਸ਼ਾ, ਉਮੀਦਾਂ ਰੀਝਾਂ, ਸੁਪਨੇ ਸਾਰੇ ਤਬਾਹ ਹੋ ਗਏ ਤੇ ਜੁਆਨੀ ਨਾਲ ਗੁੰਦੀ ਹੋਈ ਦੇਹ ਬੰਜਰ ਹੋ ਗਈ ਜੰਗ ਤਾਂ ਅਕਸਰ ਜੰਗ ਹੀ ਹੈ

18. ਉਹ

ਉਹ ਜੋ ਸਫੈਦੇ ਵਾਂਗ ਪਤਲੀ ਤੇ ਲੰਬੀ ਸੀ ਉਹ ਜੋ ਪੱਕਣ ਦੇ ਨੇੜੇ ਢੁੱਕੀ ਅੰਬ ਦੀਆਂ ਟਹਿਣੀਆਂ ਤੇ ਲਟਕਦੀ ਸੰਧੂਰੀ ਅੰਬੀ ਸੀ ਇਕ ਦਿਨ ਉਸ ਦੇ ਬਾਬਲ ਨੇ ਚਿੱਟੀ ਕਪਾਹ ਦਿਆਂ ਫੁੱਟਾਂ ਵਾਂਗ ਝੰਬੀ ਸੀ ਤੇ ਉਸ ਦੀ ਕਥਾ ਨੂੰ ਸੁਣਕੇ ਪਿੰਡ ਦੀ ਹਰ ਸੁਆਣੀ ਇਕ ਵਾਰ ਤਾਂ ਕੰਬੀ ਸੀ ਉਹ ਜੋ ਸਫ਼ੈਦੇ ਵਾਂਗ ਪਤਲੀ ਤੇ ਲੰਬੀ ਸੀ ਉਸ ਦੀ ਮਾਂ ਨੇ ਕਈ ਹੌਕੇ ਭਰੇ ਸਨ ਜਦੋਂ ਉਹ ਜੰਮੀ ਸੀ ਉਹਦੇ ਜਨਮ ਤੇ ਉਹਦੇ ਬਾਬਲ ਦੇ ਮੁਖੜੇ ਤੇ ਚੁੱਪ ਤਣੀ ਸੀ ਉਹਦੀ ਦਾਦੀ ਦੇ ਭਾਣੇ ਉਹ ਹਾੜੀ ਦੀ ਪੱਕੀ ਫ਼ਸਲ ਤੇ ਡਿਗਦੀ ਕਣੀ ਸੀ ਮੁਕਦੀ ਗੱਲ ਕਿ ਇਸ ਧਰਤੀ ਦੇ ਉਤੇ ਉਹ ਉਸ ਦੀ ਮਾਂ ਨੇ ਵਿਅਰਥੀ ਜਣੀ ਸੀ ਉਹ ਜੋ ਸਫ਼ੈਦੇ ਵਾਂਗ ਪਤਲੀ ਤੇ ਲੰਬੀ ਸੀ ਇਕ ਦਿਨ ਜਦੋਂ ਉਸ ਦੇ ਕੋਲੋਂ ਹਵਾ ਵਰਗੇ ਮੁੰਡਿਆਂ ਸ਼ੋਖ ਪੌਣ ਲੰਘੀ ਸੀ ਤਾਂ ਉਸ ਨੇ ਉਸ ਲੰਘਦੀ ਹਵਾ ਚੋਂ ਸਵਾ ਕੁ ਗਜ ਦੀ ਉਹ ਹਵਾ ਮੰਗੀ ਸੀ ਜਿਸ ‘ਚ ਉਹਦੇ ਹਾਣ ਦੀਆਂ ਨਜ਼ਰਾਂ ‘ਚ ਉਹਦੀ ਆਪਣੀ ਮੰਗ ਟੰਗੀ ਸੀ ਜਿਸ ‘ਚ ਉਹ ਨਜਰਾਂ ਹਾਜ਼ਰ ਸਨ ਜਿੰਨਾਂ ਲਈ ਉਹ ਚੰਗੀ ਸੀ ਜਿਸ ਹਵਾ ਦੇ ਟੁਕੜੇ ਨੂੰ ਵੇਖ ਕੇ ਉਹ ਪਾਣੀ ਪਾਣੀ ਹੋਈ ਤੇ ਸੰਗੀ ਸੀ ਉਹ ਜੋ ਸਫ਼ੈਦੇ ਵਾਂਗ ਪਤਲੀ ਤੇ ਲੰਬੀ ਸੀ ਪੌਣ ਵਰਗੇ ਮੁੰਡੇ ਸੰਗ ਹਚਕੋਲੇ ਖਾਂਦੀ ਸੀ ਰੁਖ਼ ਵਰਗੀ ਕੁੜੀ ਨੂੰ ਵੀ ਪੈਰ ਉਗ ਆਏ ਸਨ ਤੇ ਮੁੰਡੇ ਦੇ ਨਾਲ ਸੜਕ ਤੇ ਘੁੰਮਣ ਜਾਂਦੀ ਸੀ ਨਿਖਾਰ ਉਸ ਦੀ ਝੋਲੀ ‘ਚ ਹੁੰਦਾ ਸੀ ਜਿਹੜੀ ਵੀ ਰੁੱਤ ਰੁਖ ਵਰਗੀ ਕੁੜੀ ਤੇ ਆਉਂਦੀ ਸੀ ਪੌਣ ਵਰਗੇ ਮੁੰਡੇ ਦੀ ਹਰ ਅਦਾ ਰੁਖ਼ ਵਰਗੀ ਕੁੜੀ ਨੂੰ, ਜੱਫੀਆਂ ਪਾਉਂਦੀ ਸੀ ਉਹ ਜੋ ਸਫ਼ੈਦੇ ਵਾਂਗ ਪਤਲੀ ਤੇ ਲੰਬੀ ਸੀ ਪੌਣ ਵਰਗੇ ਮੁੰਡੇ ਦੀ ਦਿਸ਼ਾ ‘ਚ ਝੁਲਦੀ ਵੇਖ ਕੇ ਉਸ ਦੇ ਬਾਬਲ ਨੇ ਖੂਬ ਝੰਭੀ ਸੀ ਹੁਣ ਉਹ ਪੱਕ ਕੇ ਧਰਤੀ ਤੇ ਸੜ ਰਹੀ ਪੀਲੀ ਅੰਬੀ ਸੀ ਜਿਸ ਨੂੰ ਵੇਖ ਕੇ ਪਿੰਡ ਦੀ ਹਰ ਜਵਾਨੀ ਕੰਬੀ ਸੀ

19. ਵਿਆਹ ਤੋਂ ਬਾਅਦ

ਨਾ ਸ਼ੂਕਦੇ ਤੂਫ਼ਾਨ ਵਰਗੀ ਹੁਣ ਤੇਰੀ ਉਮਰ ਹੈ ਨਾ ਸ਼ੂਕਦੇ ਤੂਫਾਨ ਵਰਗੀ ਹੁਣ ਮੇਰੀ ਉਮਰ ਹੈ ਤੇ ਚੱਲ ਆ ਉਹਨਾਂ ਖਤਾਂ ਨੂੰ ਵੀ ਕਿਸੇ ਬੰਦ ਅਲਮਾਰੀ ‘ਚ ਬੀਤ ਗਈ ਉਮਰ ਵਾਂਗ ਹੀ ਸਾਂਭ ਲਈਏ ਜਿਨਾਂ ਵਿਚ ਲਿਖਿਆ ਹੈ— ਤੈਂਨੂੰ ਮੁੰਦੀ ਵਿਚ ਚੰਨ ਜੜਾ ਕੇ ਦਿਆਂਗਾ ਤੈਂਨੂੰ ਬੱਦਲਾਂ ਦਾ ਝੱਗਾ ਸੁਵਾ ਕੇ ਦਿਆਂਗਾ ਤੇਰੀ ਮਾਂਗ ਵਿਚ ਤਾਰੇ ਭਰ ਦਿਆਂਗਾ ਤੇਰੇ ਲਈ ਦੁਨੀਆਂ ਦਾ ਹਰ ਸੱਚ ਅਸੱਚ ਕਰ ਦਿਆਂਗਾ ਮੇਰੀ ਹਮਸਫ਼ਰ ਖਤ ‘ਚ ਅਜੇਹੀਆਂ ਸਤਰਾਂ ਇਕ ਛਲਾਵੀ ਰੁੱਤ ਵਰਗੀਆਂ ਸਨ ਜਾਂ ਗਰਭ ਵਿੱਚ ਹੀ ਸੁੱਕ ਕੇ ਮਰ ਗਏ ਪੁੱਤ ਵਰਗੀਆਂ ਸਨ ਜਾਂ ਮੁੰਡੇ ਦੇ ਕੀਤੀ ਗੁੱਤ ਵਰਗੀਆਂ ਸਨ ਪਰ ਸੱਚ ਤਾਂ ਇਹ ਹੈ ਕਿ ਸਿਰ ਲਿਕੋਣ ਲਈ ਛੱਤ ਚਾਹੀਦੀ ਹੈ ਖਾਣ ਲਈ ਰੋਟੀ ਲੋੜੀਂਦੀ ਹੈ ਪਾਉਣ ਲਈ ਬਸਤਰ ਚਾਹੀਦੇ ਹਨ ਤੇ ਅਰਥੀ ਨੂੰ ਮੋਢਾ ਲਾਉਣ ਲਈ ਚਿਖਾ ਨੂੰ ਅੱਗ ਦਿਖਾਉਣ ਲਈ ਤੇਰੀ ਕੁਖ ਦਾ ਹਿੱਸਾ ਜ਼ਰੂਰੀ ਇਸ ਲਈ ਹੁਣ ਤੂੰ ਉਹਨਾ ਖਤਾਂ ਦਾ ਜ਼ਿਕਰ ਨਾ ਕਰਿਆ ਕਰ ਬਸ ਤੂੰ ਮੇਰੇ ਲਈ ਖਾਣਾ ਪਕਾਇਆ ਕਰ ਨਹਾਉਣ ਲਈ ਪਾਣੀ ਭਰਿਆ ਕਰ ਤੇ ਰੋਜ਼ੀ ਕਮਾਉਣ ਲਈ ਵਿਦਾ ਕਰਿਆ ਕਰ ਇਕੱਠਿਆਂ ਸੌਣ ਲਈ ਮੰਜੇ ਢਾਹਿਆ ਕਰ ਹੁਣ ਤੂੰ ਉਹਨਾਂ ਖਤਾਂ ਦਾ ਜ਼ਿਕਰ ਨਾ ਕਰਿਆ ਕਰ

20. ਬਾਗੀ ਸ਼ੇਰ

ਸਰਕਸ ਵਾਲਿਆਂ ਦਾ ਇਕ ਸ਼ੇਰ ਬਾਗੀ ਹੋ ਕੇ ਜੰਗਲ ਨੂੰ ਭੱਜ ਗਿਆ ਹੈ ਸ਼ਹਿਰ ਵਿਚ ਹਰ ਦਰਵੱਜੇ ਤੇ ਸਹਿਮ ਬਹਿ ਗਿਆ ਹੈ ਅੱਜ ਕੋਈ ਸਰਕਸ ਵੇਖਣ ਨਹੀਂ ਆਇਆ ਲਗਦਾ ਹੈ ਸਰਕਸ ਵਾਲਿਆਂ ਦਾ ਅਨਜਲ ਇਸ ਸ਼ਹਿਰ ‘ਚ ਅਜ ਦੀ ਰਾਤ ਹੀ ਬਾਕੀ ਰਹਿ ਗਿਆ ਹੈ ਸ਼ਹਿਰ ਵਿਚ ਤਾਂ ਹੁਣ ਨੱਠੇ ਹੋਏ ਸ਼ੇਰ ਦਾ ਜ਼ਿਕਰ ਹੀ ਚਲਦਾ ਹੈ ਕੀ ਵਸਾਹ ਹੈ ਨੱਠੇ ਹੋਏ ਸ਼ੇਰ ਦਾ ਖ਼ਬਰੇ ਰਾਤੀ ਆ ਜਾਵੇ ਤੇ ਸਾਨੂੰ ਸੁੱਤਿਆਂ ਨੂੰ ਖਾ ਜਾਵੇ ਅਸੀਂ ਤਾਂ ਕਹਿੰਦੇ ਹਾਂ ਜੇ ਠਠਿਆ ਸ਼ੇਰ ਸਾਨੂੰ ਖਾ ਜਾਵੇ ਤਾਂ ਸਾਡੇ ਵੀ ਜਿਸਮਾਂ ਦੀ ਵਿਅਰਥੀ ਮਿੱਟੀ ਕੰਮ ਆ ਜਾਵੇ ਸਾਲਾਂ ਦੀ ਕੈਦ ਕਦ ਸ਼ੇਰ ਨੂੰ ਸ਼ੇਰ ਰਹਿਣ ਦਿੰਦੀ ਹੈ ਜਿਉਣਾ ਤਾਂ ਸ਼ੇਰਾਂ ਦਾ ਹੈ ਜਿਨ੍ਹਾਂ ਦੇ ਨਾਂ ਦੀ ਆਵਾਜ ਹੀ ਨ ਲੋਕਾਂ ਨੂੰ ਚੈਨ ਲੈਣ ਦਿੰਦੀ ਹੈ ਸ਼ਹਿਰ ਦੇ ਸਹਿਮ ਨੂੰ ਵੇਖਦਿਆਂ ਪੁਲਸ ਦੀ ਗਸ਼ਤ ਜਾਰੀ ਹੈ ਸ਼ਹਿਰ ਦਾ ਹਰ ਦਰਵਾਜਾ ਬੰਦ ਪਿਆ ਹੈ ਤੇ ਕਦੇ ਕੁ ਤਾਈਂ ਖੁਲਦੀ ਸੀਖਾਂ ਵਾਲੀ ਬਾਰੀ ਹੈ ਨਠਿਆ ਹੋਇਆ ਸ਼ੇਰ ਪਹਿਲੇ ਦਿਨ ਅਖ਼ਬਾਰਾਂ ਦੀ ਸੁਰਖੀ ਬਣਿਆ ਦੂਜੇ ਦਿਨ ਸ਼ਹਿਰ ਦੇ ਸਹਿਮ ਦਾ ਸ਼ੀਸ਼ਾ ਤੇ ਤੀਜੇ ਦਿਨ ਤੋਂ ਲੜੀਵਾਰ ਲੇਖਾਂ ‘ਚ ਛਪਣਾ ਸ਼ੁਰੂ ਹੋ ਗਿਆ ਹੈ ਤੇ ਸੂਝਵਾਨ ਲੋਕਾਂ ਨੂੰ ਵੀ ਨੱਠੇ ਹੋਏ ਸ਼ੇਰ ਬਾਰੇ ਬਹੁਤ ਕੁਝ ਸੋਚਣਾ ਪੈ ਗਿਆ ਹੈ ਨੱਠਿਆ ਹੋਇਆ ਸ਼ੇਰ ਬਨਾਉਟੀ ਰੱਖ ਤੇ ਚੜ੍ਹਨਾ ਜਾਣਦਾ ਸੀ ਜੇ ਉਸ ਨੇ ਕਿਸੇ ਸ਼ੇਰਨੀ ਨੂੰ ਗਰਭਵਤੀ ਕਰ ਦਿੱਤਾ ਤਾਂ ਹੋ ਸਕਦਾ ਹੈ ਕੁਝ ਦਹਾਕਿਆਂ ਬਾਅਦ ਸ਼ੇਰਾਂ ਦੀ ਨਸਲ ‘ਚ ਵੀ ਉਹ ਸ਼ੇਰ ਪੈਦਾ ਹੋ ਜਾਣ ਜੋ ਰੱਖਾਂ ਤੇ ਚੜਨਾ ਜਾਣਦੇ ਹੋਣ ਤੇ ਬਿੱਲੀ ਵਰਗੇ ਲੋਕਾਂ ਲਈ ਸ਼ੇਰਾਂ ਤੋਂ ਬਚਣ ਦਾ ਇਕੋ ਇਕ ਰਾਹ ਵੀ ਬੰਦ ਹੋ ਜਾਵੇ ਬਾਗੀ ਹੋਏ ਸੇਰ ਦੀ ਜ਼ਿੰਦਗੀ ਬਿੱਲੀ ਵਰਗੇ ਲੋਕਾਂ ਦੀ ਚਿੱਟੀ ਮੌਤ ਹੈ ਸ਼ੇਰ ਦੀ ਮੌਤ ਬਿੱਲੀ ਵਰਗੇ ਲੋਕਾਂ ਦੀ ਜ਼ਿੰਦਗੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਨੂੰ ਬਚਾਵੇ ਜੇ ਬਾਗੀ ਹੋਇਆ ਸ਼ੇਰ ਪੁਲਸ ਤੋਂ ਕਾਬੂ ਨਹੀਂ ਆਉਂਦਾ ਤਾਂ ਫ਼ੌਜ ਬੁਲਾਵੇ ਸ਼ੇਰ ਨੂੰ ਜਲਦੀ ਮਰਵਾਵੇ ਤੇ ਹਾਲਤ ਆਮ ਵਰਗੇ ਬਣਾਵੇ

21. ਜਲਾਵਤਨ

ਮਾਂ ਤੇਰੇ ਪੁਤਰ ਨੂੰ ਘਰੋਂ ਜਲਾਵਤਨ ਹੋਇਆਂ ਸਾਲ ਹੋ ਗਿਆ ਹੈ ਤੇ ਇਸ ਵਰ੍ਹੇ ਦੇ ਵਕਫ਼ੇ ਵਿੱਚ ਬਹੁਤ ਕੁਝ ਹੋ ਗਿਆ ਹੈ ਤੇਰਾ ਪੁੱਤਰ ਹੁਣ ਪਾੜ੍ਹਾ ਨਹੀਂ ਰਿਹਾ ਸਰਕਾਰੂ ਦਫ਼ਤਰ ਦੀ ਚਾਬਕ ਨਾਲ ਨੱਠਦਾ ਘੋੜਾ ਬਣ ਗਿਆ ਹੈ ਪੁਰਾਣੇ ਸੁਪਨੇ ਪ੍ਰਵਾਸੀ ਪੰਛੀਆਂ ਵਾਂਗ ਉਡਾਰੀ ਭਰ ਗਏ ਹਨ ਤੇ ਅੱਖਾਂ ਦੇ ਆਕਾਸ਼ ਵਿਚ ਨਵੇਂ ਹੀ ਸੁਪਨਿਆਂ ਦਾ ਜਾਲ ਜਿਹਾ ਤਣ ਗਿਆ ਹੈ ਸੁਪਨਿਆਂ ‘ਚ ਜੀਣਾ ਮੇਰਾ ਧਰਮ ਜਿਹਾ ਬਣ ਗਿਆ ਹੈ ਕਰਮ ਜਿਹਾ ਬਣ ਗਿਆ ਹੈ ਕਾਲਜ ਦੀਆਂ ਕੁੜੀਆਂ ਭੁਲ ਗਈਆਂ ਹਨ ਤੇ ਦਫਤਰ ਨੂੰ ਜਾਂਦੇ ਰਸਤੇ ਤੇ ਮਿਲਦੀ ਮੁਸਕਰਾਹਟ ਤੇ ਤੇਰਾ ਇਹ ਪੁੱਤਰ ਡੁਲ ਹੀ ਗਿਆ ਹੈ ਹੁਣ ਉਹ ਗੁਸੇ ‘ਚ ਆ ਕੇ ਆਪੇ ਤੋਂ ਬਾਹਰ ਨਹੀਂ ਹੁੰਦਾ ਤੇ ਜਿੰਦਗੀ ਦੀ ਹਰ ਕਸਵਟੀ ਤੇ ਪੂਰਾ ਪੂਰਾ ਤੁਲ ਹੀ ਗਿਆ ਹੈ ਤੇ ਏਸੇ ਲਈ ਮਾਂ ਉਸ ਨੂੰ ਹੁਣ ਕਵਿਤਾ ਵੀ ਵਗਦੀ ਹੋਈ ਸ਼ਖ ਪੌਣ ਨਹੀ ਲਗਦੀ ਸਗੋਂ, ਵਗਦੀ ਹੋਈ ਉਹ ਹਨੇਰੀ ਲਗਦੀ ਹੈ ਜਿਸ ਤੋਂ ਬਚਣਾ ਚਿੱਟੇ ਕਪੜਿਆਂ ਵਾਲੇ ਬਾਊ ਜਹੇ ਬੰਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਮਾਂ ! ਘਰ ਤੋਂ ਜਲਾਵਤਨ ਹੋ ਕੇ ਤੇਰਾ ਪੁਤਰ ਉਹ ਸਭ ਕੁਝ ਸਿਖ ਗਿਆ ਹੈ ਜੋ ਤੂੰ ਸਿਖਾਉਂਦੀ ੨ ਆਪਣੀਆਂ ਹੀ ਅੱਖਾਂ ਦੀ ਨਿਗਾ ਗੁਵਾ ਬੈਠੀ ਆਪਣੇ ਕਦਮਾਂ ਦੀ ਚਾਲ ਡੰਗੋਰੀ ਦੀ ਮੁਹਤਾਜ ਕਰ ਬੈਠੀ ਆਪਣੇ ਵਾਲਾਂ ‘ਚ ਧੌਲਿਆਂ ਨੂੰ ਪਨਾਹ ਦਿੱਤੀ ਨਕਸ਼ੇ ਤੇ ਉਕਰੀਆਂ ਲਕੀਰਾਂ ਵਾਂਗ ਆਪਣੇ ਹੀ ਚਿਹਰੇ ਤੇ ਝੁਰੜੀਆਂ ਪੁਵਾ ਬੈਠੀ ਤੇਰਾ ਇਹ ਪੁੱਤਰ ਹੁਣ ਤਿਤਲੀਆਂ ਵਾਂਗ ਉਡਦੀਆਂ ਕੁੜੀਆਂ ਮਗਰ ਨੋਟ ਨਹੀਂ ਉਡਾਉਂਦਾ ਸਗੋਂ ਚਾਹੁੰਦਾ ਹੈ ਕਿ ਕੋਈ ਤਿਤਲੀ ਉਸ ਦੀਆਂ ਪੰਖੜੀਆਂ ਨੂੰ ਘਰ ਸਮਝ ਕੇ ਆਪਣੇ ਪਰ ਕਟਾ ਲਵੇ ਤੇ ਉਸ ਦੀ ਸੀਮਤ ਜਹੀ ਕਮਾਈ ਚੋਂ ਘਰ ਦੀਆਂ ਵੱਧ ਤੋਂ ਵੱਧ ਚੀਜ਼ਾਂ ਬਣਾ ਲਵੇ ਘਰ ਨੂੰ ਇਕ ਬਾਗ ਜਿਹਾ ਸਮਝੇ ਜਿਸ ਵਿਚ ਫੁੱਲਾਂ ਵਰਗੇ ਪੋਤੇ ਤੇ ਕਲੀ ਵਰਗੀ ਇਕੋ ਇਕ ਪੋਤਰੀ ਹੋਵੇ ਤੇ ਤੇਰੀ ਧੀ ਕਦੇ ਕਦੇ ਤਿੱਤਲੀ ਵਰਗੀ ਭਾਬੀ ਨੂੰ ਮਿਲਣ ਆਵੇ ਤੇ ਜੋ ਕੁਝ ਵੀ ਉਸ ਦੇ ਕਬੀਲਦਾਰ ਵੀਰੇ ਤੋਂ ਸਰੇ ਉਹ ਕਾਫ਼ੀ ਸਮਝ ਕੇ ਅਸੀਸਾਂ ਦਿੰਦੀ ਆਪਣੇ ਘਰ ਲੈ ਜਾਵੇ ਜਿਵੇਂ ਭੂਆ ਆਉਂਦੀ ਹੈ— ਬਾਪੂ ਕੁਝ ਦਿੰਦਾ ਤੇ ਉਹ ਅਸੀਸਾਂ ਦਿੰਦੀ ਲੈ ਜਾਂਦੀ ਹੈ ਤੇ ਸੁਖੀ ਰਹੁ ਵੀਰਾ ਕਹਿ ਜਾਂਦੀ ਹੈ ਪਰ ਮਾਂ ਅਜੇ ਵੀ ਕਦੇ ੨ ਜੀਅ ਜਿਹਾ ਕਰਦਾ ਹੈ ਕਾਸ਼ ! ਤੂੰ ਉਮਰ ਦੇ ਹੱਥੋਂ ਨਾ ਹਰੀ ਹੁੰਦੀ ਤੇ ਮੈਂ ਕਾਲਜ ‘ਚ ਤੇਰਾ ਪੜ੍ਹਾਕੂ ਪੁੱਤਰ ਹੀ ਰਹਿੰਦਾ ਤੇ ਕਵਿਤਾ ਨੂੰ ਵਗਦੀ ਹੋਈ ਸੋਖ ਪੌਣ ਹੀ ਕਹਿੰਦਾ ਕਾਸ਼ ! ਕਿਤੇ ਕਵਿਤਾ ਗਰੀ ਵਰਗੀ ਕਵਾਰੀ ਕੁੜੀ ਦੀ ਪਹਿਲੀ ਚੁੰਮੀ ਹੀ ਰਹਿੰਦੀ ਕਾਸ਼ ! ਕਿਤੇ ਪ੍ਰਵਾਸੀ ਪੰਛੀਆਂ ਵਰਗੇ, ਦਿਨਾਂ ਦੀ ਡਾਰ ਹਮੇਸ਼ਾ ਲਈ ਇਸ ਦਿਲ ਦੀ ਧਰਤੀ ਤੇ ਰਹਿੰਦੀ

22. ਬੇਗਾਨੀ

ਆਪਣੇ ਸਫ਼ਰ ਲਈ ਬੇਗਾਨੇ ਪੈਰ ਨਾ ਲਵੋ ਹੋ ਸਕਦਾ ਹੈ ਕਿ ਸਫ਼ਰ ਦੀ ਸੰਪੂਰਨਤਾ ਤੋਂ ਬਾਅਦ ਜੋ ਕੁਝ ਇਨਾਮਾਂ ‘ਚ ਮਿਲੇ ਉਹ ਇਕ ਬੂਟਾਂ ਜੋੜਾ ਹੀ ਹੋਵੇ।

23. ਤੀਸਰਾ ਮਹਾਂ ਯੁੱਧ

ਮਾਂ ਜੋ ਸਾਡੇ ਸਿਰਾਂ ਤੇ ਗਿਰਝ ਬਣ ਕੇ ਮੰਡਲਾਉਂਦਾ ਹੈ ਪਾਗਲ ਕੁੱਤੇ ਦੀ ਤਰ੍ਹਾਂ ਸਾਡੇ ਬੂਹੇ ਖੜਕਾਉਂਦਾ ਹੈ ਇਹ ਤੀਸਰਾ ਮਹਾਂ ਯੁੱਧ ਹੈ ਮਾਂ ਮੈਨੂੰ ਆਪਣੀ ਬੁਕਲ ‘ਚ ਲੁਕਾ ਲੈ ਇਹ ਤੀਸਰਾ ਮਹਾਂ ਯੁੱਧ ਤਾਂ ਬੱਕਰੇ ਬੁਲਾਉਂਦਾ ਹੈ ਮੈਨੂੰ ਡਰ ਜਿਹਾ ਲਗਦਾ ਹੈ ਕਿ ਇਹ ਮਨੁੱਖਤਾ ਦਾ ਤਾਜ਼ਾ ਖ਼ੂਨ, ਹੁਣ ਫੇਰ ਪੀਣਾ ਚਾਹੁੰਦਾ ਹੈ ਮਾਂ-ਤਪੀ ਹੋਈ ਜਨਾਨੀ ਦੇ ਵਾਂਗ ਲੋਰ ‘ਚ ਆ ਕੇ ਇਹ ਸਾਇੰਸ ਸਦੀ ਤਾਂ ਬਹੁਤ ਕੁਝ ਕਹਿੰਦੀ ਹੈ ਕਿ ਇਹ ਤੀਸਰਾ ਮਹਾਂ ਯੁੱਧ ਦੁਨੀਆਂ ਦੀ ਆਖਰੀ ਲੜਾਈ ਹੋਵੇਗੀ ਇਸ ਤੋਂ ਬਾਅਦ ਜੇ ਧਰਤੀ ਤੇ ਮਨੁੱਖ ਦੀ ਹੋਂਦ ਬਾਕੀ ਵੀ ਰਹੀ ਤਾਂ ਉਹ ਪੱਥਰ ਯੁੱਗ ਦੀ ਸਭਿਅਤਾ ਹੋਵੇਗੀ ਜਿਸ ਵਿਚ ਮਾਂ ਪੁੱਤਰ ਨਾਲ ਸੰਭੋਗ ਕਰ ਲੈਂਦੀ ਸੀ ਭੈਣ ਆਪਣੇ ਹੀ ਜਿਸਮ ਦੀ ਅੱਗ ਤੋਂ ਸੜ ਕੇ ਆਪਣੇ ਹੀ ਵੀਰ ਦਾ ਹੱਥ ਫੜ ਲੈਂਦੀ ਸੀ ਕਿੰਨਾ ਖੌਫ਼ਨਾਕ ਹੈ ਮਾਂ ਇਹ ਤੀਸਰਾ ਮਹਾਂ ਯੁੱਧ ਜੋ ਲੱਖਾਂ ਕਰੋੜਾਂ ਸਾਲਾਂ ਦੀ ਮਿਹਨਤ ਤੋਂ ਬਾਅਦ ਸਿਰਜੇ ਰਿਸ਼ਤਿਆਂ ਨੂੰ ਤੋੜ ਦੇਵੇਗਾ। ਸਭਿਆ ਮਨੁੱਖ ਨੂੰ ਅਸਭਿਅ ਕਰ ਦੇਵੇਗਾ। ਘਰ ਦੀਆਂ ਇਮਾਰਤਾਂ ਮਿੱਟੀ ‘ਚ ਰੋਲ ਦੇਵੇਗਾ। ਪਿੰਡ ਗਰਦਸ਼ ‘ਚ ਡੁੱਬੇ ਨਜ਼ਰ ਨਹੀਂ ਆਉਣਗੇ ਸ਼ਹਿਰ ਪੱਥਰ ਯੁੱਗ ਦੇ ਨਿਸ਼ਾਨ ਲੱਗਣਗੇ ਠਹਿਰ ਮਾਂ ਕਪਲ ਵਸਤੂ ਦੇ ਰਾਜ ਕੁਮਾਰ ਸਿਧਾਰਥ ਦੇ ਬੁੱਧ ਹੋਣ ਦੀ ਕਹਾਣੀ ਨਾ ਛੇੜ ਕਲਿੰਗਾ ਦੇ ਯੁੱਧ ਵਿਚ ਜਿੱਤ ਕੇ ਹਾਰੇ ਅਸ਼ੋਕ ਦਾ ਫੈਸਲਾ ਪੜ੍ਹ ਇਹ ਯੁੱਧ ਤਾਂ ਏਦਾਂ ਟਲਣ ਵਾਲਾ ਨਹੀਂ ਹੈ ਇਸ ਨੇ ਤਾਂ ਧਰਤੀ ਦੇ ਚੱਪੇ ਚੱਪੇ ਤੇ ਆਪਣੇ ਸਿਪਾਹੀ ਖੜੇ ਕਰ ਦਿੱਤੇ ਹਨ ਤੇ ਹਰ ਸਿਪਾਹੀ ਦੇ ਬੋਝੇ ਬਾਰੂਦ ਨਾਲ ਭਰ ਦਿੱਤੇ ਹਨ ਤੇ ਉਸ ਬਾਰੂਦ ਵਿਚ ਹਾਈਡਰੋਜਨ ਬੰਬ ਵੀ ਆਉਂਦਾ ਹੈ ਨਾਈਟਰੋਜਨ ਬੰਬ ਵੀ ਆਉਂਦਾ ਹੈ ਤੇ ਐਟਮੀ ਹਥਿਆਰ ਵੀ ਆਉਂਦੇ ਹਨ ਗੱਲ ਕੀ ਮਾਂ ਇਸ ਸਭਿਅਤਾ ਨੂੰ ਜੋ ਕੁਝ ਖਤਮ ਕਰਨ ਵਾਲਾ ਹੈ ਉਹ ਸਭ ਕੁਝ ਇਸ ਬਾਰੂਦ ਵਿਚ ਆਉਂਦਾ ਹੈ ਹੁਣ ਤਾਂ ਮਾਂ ਤੂੰ ਹਾਉਕਾ ਵੀ ਨਾ ਭਰਿਆ ਕਰ ਹੋ ਸਕਦਾ ਹੈ ਕਿ ਕੋਈ ਸਿਪਾਹੀ ਆਪਣੀ ਜਗ੍ਹਾ ਤੋਂ ਹਿਲ ਜਾਵੇ ਤੇ ਉਸ ਦੇ ਬੋਝਿਆਂ ਵਿਚ ਭਰਿਆ ਬਾਰੂਦ ਚਲ ਜਾਵੇ ਤੇ ਤੀਸਰਾ ਮਹਾਂਯੁੱਧ ਅਚਾਨਕ ਸ਼ੁਰੂ ਹੋ ਜਾਵੇ।

24. ਸੋਹਣੀਏ ਕੁੜੀਏ

ਸੋਹਣੀਏ ਕੁੜੀਏ ਚੱਲ ਆ ਇਕ ਦੂਜੇ ਦੇ ਪਹਿਲੂ ‘ਚ ਬਹਿ ਕੇ ਸੁਪਨੇ ਬੁਲਾਈਏ ਚੱਲ ਆ ਜੁਆਨੀ ਦੇ ਸੇਬ ਨੂੰ ਚੱਕ ਮਾਰ ਕੇ ਖਾਈਏ ਉਮਰ ਦੇ ਮਾਰੂਥਲ ‘ਚ ਪੁਰੇ ਦੀ ਪੌਣ ਬਣ ਕੇ ਵਗੀਏ ਤੇ ਆਪੋ ਆਪਣੀ ਪਿਆਸ ਲਈ ਬਰਸਾਤ ਦਾ ਸੁਨੇਹਾ ਬਣੀਏ ਤੇ ਕੁਝ ਨਵਾਂ ਜਣੀਏ ਸੋਹਣੀਏ ਕੁੜੀਏ ਉਮਰ ਦੇ ਰੋਜ ਤਾਂ ਸਮੁੰਦਰ ਦੇ ਕਿਨਾਰੇ ਨਾਲ ਟਕਰਾ ਕੇ ਮਰਦੀਆਂ ਉਹਨਾਂ ਲਹਿਰਾਂ ਵਰਗੇ ਹਨ ਜਿਨ੍ਹਾਂ ਨੇ ਮੁੜ ਕੇ ਸਮੁੰਦਰ ਵਿਚ ਕਦੇ ਨਹੀਂ ਪਰਤਣਾ ਜਿਵੇਂ ਅਜ ਤੀਕਰ ਗੁਆਚੇ ਬਚਪਨ ਦੇ ਰੋਜ ਨਹੀਂ ਮੁੜੇ ਇਵੇਂ ਹੀ ਇਸ ਜੁਵਾਨੀ ਦੇ ਇਹਨਾਂ ਦਹਾਕਿਆਂ ਦਾ ਇਹ ਕੋਸਾਪਣ ਮੁੜ ਕੇ ਕਦੇ ਨਹੀਂ ਵਰਤਣਾ ਸੋਹਣੀਏ ਕੁੜੀਏ ਕਿਸੇ ਲਈ ਪੁਲ ਬਣਨਾ ਕਿਸੇ ਲਈ ਸਾਹ ਬਣਨਾ ਕਿਸੇ ਲਈ ਰਾਹ ਬਣਨਾ ਕਿਸੇ ਲਈ ਚਾਹ ਬਣਨਾ ਜ਼ਿੰਦਗੀ ਨੂੰ ਅਸਲ ਵਾਂਗ ਜਿਊਣਾ ਹੈ ਸੋਹਣੀਏ ਕੁੜੀਏ ਚੱਲ ਆ ਇਕ ਦੂਜੇ ਲਈ ਪੁਲ ਬਣੀਏ ਸਾਹ ਬਣੀਏ ! ਚਾਹ ਬਣੀਏ ! ਰਾਹ ਬਣੀਏ ! ਤੇ ਜ਼ਿੰਦਗੀ ਨੂੰ ਅਸਲ ਵਾਂਗ ਜਿਊਣ ਦਾ ਕੋਈ ਯਤਨ ਕਰੀਏ

25. ਤਾਜ ਮਹਿਲ

ਜਮਨਾ ਦੇ ਕੰਢੇ ਖੜਾ ਤਾਜ ਯਾਤਰੂਆਂ ਭਾਣੇ ਹਸਦਾ ਹੈ ਤੇ ਅੱਜ ਤੋਂ ਕਈ ਸਾਲ ਪੁਰਾਣੀ ਕਲਾ ਦਾ ਨਮੂਨਾ ਦਸਦਾ ਹੈ ਸ਼ਾਹ ਜਹਾਨ ਤੇ ਮੁਮਤਾਜ ਦੇ ਸਨੇਹ ਦਾ ਪ੍ਰਤੀਕ ਇਹ ਤਾਜ ਮਹਿਲ ਨਚਦਾ ਹੈ ਚਾਂਦੀਆਂ ‘ਚ ਨਹਾਉਂਦਾ ਇਹ ਤਾਜ ਮਹਿਲ ਯਾਤਰੂਆਂ ਨੂੰ ਕਿਸੇ ਧਰਤੀ ਦੇ ਇੰਦਰ ਦਾ ਰਥ ਲਗਦਾ ਹੈ ਤੇ ਇੰਝ ਦੇਸ਼ ਵਾਸੀਆਂ ਨੂੰ ਵੀ ਮਾਣ ਹੈ ਕਿ ਆਗਰੇ ਦਾ ਇਕ ਪਾਸਾ ਦੁਨੀਆਂ ਦੇ ਸੱਤ ਅਜੂਬਿਆਂ ‘ਚ ਦਗਦਾ ਹੈ ਪਰ ਅਜੇ ਤੱਕ ਦੁਨੀਆਂ ਦੇ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਲੱਗਾ ਕਿ ਸ਼ਾਹ ਜਹਾਨ ਤੇ ਮੁਮਤਾਜ ਦੀ ਕਬਰ ਤੇ ਬਰਸਾਤ ਦੇ ਮੌਸਮ ‘ਚ ਪਾਣੀ ਦਾ ਤਿਬਕਾ ਕਿਥੋਂ ਡਿਗਦਾ ਹੈ ? ਤੇ ਸ਼ਾਇਦ ਏਸੇ ਇਕ ਨਿਰ ਉੱਤਰ ਪ੍ਰਸ਼ਨ ਕਰ ਕੇ ਇਹ ਤਾਜ ਮਹਿਲ ਸੱਤਵਾਂ ਅਜੂਬਾ ਵਜਦਾ ਹੈ ਮੇਰੀ ਸੋਚ ਦੇ ਅਰਥਾਂ ਵਿਚ ਇਸ ਨਿਰ ਉੱਤਰ ਪ੍ਰਸ਼ਨ ਲਈ ਇਕ ਉੱਤਰ ਬਚਦਾ ਹੈ ਤੇ ਇਹ ਉੱਤਰ ਮੇਰੀ ਸੋਚ ਦੇ ਅਰਥਾਂ ਨੂੰ ਕੁਝ ਮੇਚ ਲਗਦਾ ਹੈ ਮੇਰੀ ਸੋਚ ਦੇ ਅਰਥ ਦਸਦੇ ਹਨ— ਇਹ ਜੋ ਪਾਣੀ ਦਾ ਤਿਬਕਾ ਕਬਰ ਤੇ ਡਿਗਦਾ ਹੈ ਇਹ ਬਰਸਾਤ ਦਾ ਪਾਣੀ ਨਹੀਂ ਇਹ ਤਾਂ ਹੰਝੂ ਹੈ ਜੋ ਨਾਂ ਤਾਂ ਸ਼ਾਹ ਜਹਾਨ ਦੀ ਅੱਖ ਚੋਂ ਕਿਰਦਾ ਹੈ ਨਾ ਮੁਮਤਾਜ ਦੀ ਅੱਖ ਚੋਂ ਕਿਰਦਾ ਹੈ ਇਹ ਹੰਝੂ ਤਾਂ ਉਸ ਕਲਾਕਾਰ ਦੀ ਅੱਖ ਚੋਂ ਕਿਰਦਾ ਹੈ ਜਿਸ ਦੀ ਰੂਹ ਦੀ ਸ਼ਾਂਤੀ ਨਹੀਂ ਹੁੰਦੀ ਤੇ ਇਸ ਤਾਜ ਮਹਿਲ ‘ਚ ਫਿਰਦਾ ਹੈ ਉਹ ਕਲਾਕਾਰ ਵੱਡੇ ਉਸ ਕਦਰ ਦਾਨ ਸ਼ਾਹ ਜਹਾਨ ਨੂੰ ਲੱਭਦਾ ਹੈ ਜਿਸ ਨੇ ਤਾਜ ਮਹਿਲ ਬਣਵਾ ਕੇ ਉਸ ਕਲਾਕਾਰ ਨੂੰ ਕਤਲ ਕਰ ਦਿੱਤਾ ਸੀ ਜਦੋਂ ਵੀ ਕਲਾਕਾਰ ਦੀ ਨੂਹ ਤਾਜ ਮਹਿਲ ‘ਚ ਚੱਕਰ ਕੱਟਦੀ ਹੈ ਤਾਂ ਕਬਰ ਤੇ ਹੰਝੂ ਡਿਗਦਾ ਹੈ ਤੇ ਤਾਜ ਮਹਿਲ ਸੱਤਵਾਂ ਅਜੂਬਾ ਵਜਦਾ ਹੈ

26. ਚੰਦਨ ਦੀ ਮਹਿਕ ਵਰਗੀ ਕੁੜੀ

ਉਹ ਚੰਦਨ ਦੀ ਮਹਿਕ ਵਰਗੀ ਚੰਦਨ ਜਹੀ ਕੁਵਾਰੀ ਕੁੜੀ ਸੀ ਤੇ ਚੰਦ ਵਰਗੀ ਮਾਂ ਦਾ ਚਾਂਦਨੀ ਜਿਹਾ ਦੁੱਧ ਪੀ ਕੇ ਪਿੰਡ ਵਿਚ ਖਿੜੀ ਸੀ ਉਸ ਦਾ ਉਪਰਲਾ ਹੋਂਠ ਚੜ੍ਹਦਾ ਸੂਰਜ ਸੀ ਤੇ ਉਸ ਦਾ ਥੱਲੇ ਦਾ ਹੋਂਠ ਡੁੱਬਦਾ ਸੂਰਜ ਉਸ ਦੇ ਚਿਹਰੇ ਦੀ ਧੁੱਪ ਸੱਤ ਰੰਗਾਂ ਦਾ ਮੇਲ ਸੀ ਉਹ ਘਰ ਦੇ ਕੋਠੇ ਤੇ ਚੜ੍ਹਦੀ ਤੇ ਲਹਿੰਦੀ ਸੁਨਹਿਰੀ ਵੇਲ ਸੀ ਉਹ ਚੰਦਨ ਦੀ ਮਹਿਕ ਵਰਗੀ ਚੰਦਨ ਜਹੀ ਕੁਵਾਰੀ ਕੁੜੀ ਸੀ ਤੇ ਉਸ ਕੁੜੀ ਦੀ ਚੰਦਨ ਜਹੀ ਮਹਿਕ ਪਿੰਡ ਦੀ ਜੂਹ ਚੋਂ ਲੰਘਦੇ ਹਰ ਸੱਪ ‘ਚ ਘੁਲੀ ਸੀ ਬਹੁਤ ਸੱਪ ਚੰਦਨ ਦੀ ਜੂਹ ਤਕ ਆਉਂਦੇ ਤੇ ਅੰਮ੍ਰਿਤ ਨਾਲ ਭਰੀ ਆਪਣੀ ਮਣੀ ਚੰਦਨ ਦੀ ਹੱਦ ਤੇ ਰੱਖ ਕੇ ਵਾਪਸ ਪਰਤ ਜਾਂਦੇ ਸਨ ਪਰ ਚੰਦਨ ਦੀ ਕੋਈ ਵੀ ਟਹਿਣ ਉਸ ਮਣੀ ਨੂੰ ਛੂੰਹਦੀ ਨਹੀਂ ਸੀ ਸੱਪ ਚਾਹੁੰਦੇ ਸਨ ਕਿ ਚੰਦਨ ਦੀ ਬੀਨ ਬਣੇ ਚੰਦਨ ਦੀ ਮਹਿਕ ਚਾਹੁੰਦੀ ਸੀ ਕਿ ਉਹ ਵੀ ਕਿਸੇ ਸੱਪ ਦੀ ਖੁੱਡ ਵਿਚ ਘਰ ਕਰੇ ਤੇ ਉਸ ਦੀ ਮਹਿਕ ਵੀ ਸੱਪਾਂ ਵਾਂਗਰ ਜ਼ਹਿਰ ਬਣੇ ਉਹ ਵੀ ਕਦੀ ਸਿਆਲਾਂ ਦੀ ਰਾਤ ਵਿਚ ਮਣੀ ਪਰਨ ਆਏ ਕਿਸੇ ਸੱਪ ਲਈ ਅੱਗ ਦੀਆਂ ਲਾਟਾਂ ਵਾਂਗ ਬਲੇ ਪਰ ਅਜੇ ਤੱਕ ਸੱਪ ਵੀ ਚਾਹੁੰਦੇ ਹਨ ਚੰਦਨ ਦੀ ਮਹਿਕ ਵਰਗੀ ਚੰਦਨ ਜਹੀ ਕੁਵਾਰੀ ਕੁੜੀ ਵੀ ਚਾਹੁੰਦੀ ਹੈ ਦੇਖੋ ਉਹਨਾਂ ਦੀ ਚਾਹਤ ਤੇ ਕਦੋਂ ਬਹਾਰ ਦੀ ਸੋਹਣੀ ਰੁੱਤ ਆਉਂਦੀ ਹੈ ?

27. ਮੈਂ ਦੀ ਪ੍ਰੀਭਾਸ਼ਾ

ਮੈਂ ਕਾਰਬਨ ਪੇਪਰ ਦੇ ਹੇਠਾਂ ਪਿਆ ਕਾਗਜ਼ ਦਾ ਟੁਕੜਾ ਹਾਂ ਤੁਸੀਂ ਮੇਰੇ ਤੇ ਜੋ ਕੁਝ ਵੀ ਲਿਖੋਗੇ ਮੈਂ ਉਹੀ ਕੁਝ ਤੁਹਾਡੇ ਅੱਗੇ ਕਰ ਦਿਆਂਗਾ ਸਬੂਤ ਵਜੋਂ ਮੇਰੇ ਇਤਿਹਾਸ ਦੀ ਗਵਾਹੀ ਹਾਜ਼ਰ ਹੈ ਜਦੋਂ ਕਿਸੇ ਨੇ ਹਿੱਕ ਤੇ ਖਿਡਾਉਂਦਿਆਂ ਹੋਇਆਂ ਦੁੱਧ ਪਿਆਇਆ ਤੇ ਲੋਰੀਆਂ ਸੁਣਾ ਸੁਣਾ ਕੇ ਸੁਵਾਇਆ ਤਾਂ ਮੈਂ ਉਸ ਦੀਆਂ ਤਲੀਆਂ ਤੇ ਮਾਂ ਸ਼ਬਦ ਧਰ ਦਿੱਤਾ ਜਦੋਂ ਕਿਸੇ ਨੇ ਗੁਟ ਲਈ ਰੱਖੜੀ ਭੇਜੀ ਤਾਂ ਮੈਂ ਉਸ ਦੀਆਂ ਤਲੀਆਂ ਤੇ ਰੱਖਿਆ ਦਾ ਰੁਪਈਆ ਧਰ ਦਿੱਤਾ ਤੇ ਜਦੋਂ ਕਿਸੇ ਹਾਨਣ ਕੁੜੀ ਨੇ ਸੱਪਣੀ ਦੀ ਤੌਰ ਤੁਰ ਕੇ ਅੱਖਾਂ ਨੂੰ ਲੋਰ ਜਿਹਾ ਦਿੱਤਾ ਤਾਂ ਮੈਂ ਉਸ ਲਈ ਬੀਨ ਬਣ ਗਿਆ ਤੁਸੀਂ ਮੇਰੇ ਤੇ ਦੋਸਤੀ ਸ਼ਬਦ ਲਿਖ ਕੇ ਸੋਚਾਂ ਦੀ ਗਲਤਾਨੀ ‘ਚ ਕਿਉਂ ਡੁੱਬ ਗਏ ? ਮੈਂ ਤਾਂ ਕਾਰਬਨ ਪੇਪਰ ਦੇ ਹੇਠਾਂ ਪਿਆ ਕਾਗਜ਼ ਦਾ ਟੁਕੜਾ ਹਾਂ ਤੁਸੀਂ ਮੇਰੇ ਤੇ ਜੋ ਕੁਝ ਵੀ ਲਿਖੋਗੇ ਮੈਂ ਉਹੀ ਕੁਝ ਤੁਹਾਡੇ ਅੱਗੇ ਕਰ ਦਿਆਂਗਾ

28. ਸੁਨੀਤਾ

ਕੱਲ ਦੀ ਗੱਲ ਹੈ ਜਦੋਂ ਸੁਨੀਤਾ ਸੀ ਨਾਲ ਗੋਟੀਆਂ ਖੇਡੀ ਖੌਰਿਆ ਦੇਨੀ ਛੇਤੀ ਕਿੱਦਾਂ ਹੋਈ ਟਾਂਡਿਆਂ ਜੇਡੀ ਚੜ੍ਹਿਆ ਰੂਪ ਸੁਨੀਤਾ ਉੱਤੇ ਜਿਉਂ ਖਿੜਿਆ ਹੋਇਆ ਗੁਲਾਬ ਤਿੱਤਲੀ ਦੀ ਭੈਣ ਸੁਨੀਤਾ ਦੇ ਹਰ ਫੁਲ ਲੈਂਦਾ ਖ਼ਾਬ ਜਿਹੜਿਆਂ ਫੁਲਾਂ ਨਾਲ ਸੁਨੀਤਾ ਹੱਸ ਹੱਸ ਕੇ ਸੀ ਬਹਿੰਦੀ ਉਹਨਾਂ ਫੁਲਾਂ ਕੋਲੋਂ ਹੀ ਕੋਹਾਂ ਦੂਰ ਪਈ ਰਹਿੰਦੀ ਅੰਮੀ ਆਖੇ ਸੁਣ ਸੁਨੀਤਾ ਮੋਹ ਨਾ ਕਰੀਏ ਫੁਲਾਂ ਦਾ ਜੇ ਛੱਲੀ ਤੋਂ ਦਾਣੇ ਕਿਰ ਗਏ ਮੁੱਲ ਨਹੀਂ ਪੈਣਾ ਗੁਲਾਂ ਦਾ ਸੁਣ ਗੱਲ ਅੰਮੀ ਦੀ ਸੁਨੀਤਾ ਵਿਚੇ ਵਿਚ ਵਿਚਾਰੇ ਕਿਉਂ ਫੁਲਾਂ ਤੋਂ ਅੰਮੀ ਵਰਜੇ ਫੁਲ ਤਾਂ ਬੜੇ ਪਿਆਰੇ ਇਕ ਦਿਨ ਫੁੱਲਾਂ ਚੋਂ ਸੁਨੀਤਾ ਹਾਏ ! ਰੂਪ ਲੁਕਾ ਕੇ ਲੰਘੀ ਫ਼ਿਰ ਵੀ ਉਸ ਨੂੰ ਇੱਦਾਂ ਲੱਗੇ ਜਿਉਂ ਨੰਗੀ ਦੀ ਨੰਗੀ ਖ਼ਬਰਿਆ ਇਕ ਉਬਾਲਾ ਉਠਿਆ ਜਾਂ ਕੋਈ ਸਾਂਝ ਪੁਰਾਣੀ ਇਕ ਫੁੱਲ ਉਹਨੇ ਵਾਲੀਂ ਜੜਿਆ ਕਹਿ ਕੇ ਹਾਣੀ ਹਾਣੀ ਹਾਣੀ ਫੁੱਲ ਨੂੰ ਫੇਰ ਸੁਨੀਤਾ ਰੂਪ ਦੀ ਪੱਖੀ ਝੱਲੀ ਕੋਹਰਾ ਨਾ ਕਿਤੇ ਫੁੱਲ ਨੂੰ ਜਾਲੇ ਬਣ ਬਣ ਅੱਗ ਉਹ ਜੱਲੀ ਜਦ ਵੀ ਕਿਧਰੇ ਸਖੀਆਂ ਦੇ ਵਿਚ ਗੱਲ ਫੁੱਲਾਂ ਦੀ ਟੁਰਦੀ ਆਪਣੇ ਫੁੱਲ ਦਾ ਜਿਕਰ ਸੁਨੀਤਾ ਮੋਹਰੇ ਹੋ ਹੋ ਕਰਦੀ ਸੁਣ ਕੇ ਗੱਲ ਸੁਨੀਤਾ ਦੀ ਸਖੀਆਂ ਭਰਦੀਆਂ ਆਹਾਂ ਹਰ ਸੁਨੀਤਾ ਇਹੋ ਸੋਚੇ ਮੈਂ ਇਸ ਫੁੱਲ ਦੀ ਹੋ ਜਾਂ ਇਕ ਦਿਨ ਫ਼ੇਰ ਸੁਨੀਤਾ ਡਿੱਠਾ ਉਹੀਓ ਫੁੱਲ ਸਖੀ ਦੇ ਸਜਿਆ ਵੇਖ ਸੁਨੀਤਾ ਨੂੰ ਪਿਆ ਲੱਗੇ ਦਿਲ ‘ਚ ਬਰਛਾ ਵਜਿਆ ਰੋ ਰੋ ਕੇ ਤੇ ਫ਼ੇਰ ਸੁਨੀਤਾ ਫੁੱਲ ਨੂੰ ਗਰਭ ਦਿਖਾਈ ਪਰ ਹਵਸ ਦੇ ਮਾਰੇ ਫੁੱਲ ਨੇ ਕੰਨੀ ਨਾ ਪਕੜਾਈ ਮਾਂ ਦੀ ਗੱਲ ਪਈ ਚੇਤੇ ਆਵੇ ਮੋਹ ਨਾ ਕਰੀਏ ਫੁਲਾਂ ਦਾ ਜੇ ਛੱਲੀ ਤੋਂ ਦਾਣੇ ਕਿਰ ਗਏ ਮੁੱਲ ਨਹੀਂ ਪੈਣਾ ਗੁਲਾਂ ਦਾ ਰੋ ਰੋ ਕੇ ਫਿਰ ਕਹੇ ਸੁਨੀਤਾ ਮੈਂ ਤਾਂ ਨਹੀਂ ਸੀ ਚਾਹੁੰਦੀ ਸੀ ਨਿਗਾ ਨਿਮਾਣੀ ਮੇਰੀ ਅੰਮੀਏ ਸਾਂਝ ਫੁਲਾਂ ਨਾ ਪਾਉਂਦੀ ਸੁਣ ਕੇ ਗਲ ਸੁਨੀਤਾ ਦੀ ਅੰਮੀ ਲੈ ਲੈ ਝਈਆਂ ਪੈਂਦੀ ਕੀ ਕਰੀਏ ਹੁਣ ਦੱਸ ਖੁਥੜੀ ਜੱਗ ਵਿਚ ਨਹੀਓਂ ਰਹਿੰਦੀ ਅਗਲੇ ਦਿਨ ਫਿਰ ਸਭ ਨੇ ਡਿੱਠਾ ਪਈ ਸੁਨੀਤਾ ਲੈਣੀ ਕਟੇ ਅੰਗ ਪਏ ਏਦਾਂ ਲੱਗਣ ਕਟੀ ਸੰਦਲੀ ਟਹਿਣੀ ਤਰੇਲ ਦੇ ਮੋਤੀ ਦੇਣ ਗੁਵਾਹੀ ਚੰਨ ਦੀ ਟਿੱਕੀ ਰੋਈ ਪੌਣਾਂ ਵਿਚੋਂ ਵੈਣ ਸੁਣੀਦੇ ਚੰਨ ਦੀ ਭੈਣ ਹੈ ਮੋਈ ਈਕਣ ਲਗੇ ਜਿਵੇਂ ਸੁਨੀਤਾ ਪਈ ਲੈਣਾ ਤੇ ਆਖੇ ਕੀ ਰੰਗ ਦਸ ਫੁਲ ਦੇ ਸਖੀਓ ਅਜ ਚਿਟੇ ਕਲ ਲਾਖੇ ਫੁਲਾਂ ਤੋਂ ਤਾਂ ਕੰਡਾ ਚੰਗਾ ਜੇ ਕਰ ਹੋਵੇ ਸੱਚਾ ਫੁਲਾਂ ਪਿਛੇ ਲਗ ਸਖੀਓ ਨਾ ਰੂਪ ਗੁਵਾਇਓ ਕੱਚਾ

29. ਕਾਸ਼ਨੀ ਦੁਪਹਿਰ

ਤੇਰੇ ਜਿਸਮ ਦੀ ਕਾਸ਼ਨੀ ਦੁਪਹਿਰ ‘ਚ ਮੈਂ ਜਦੋਂ ਵੀ ਖਿੜਿਆ ਤਾਂ ਮੇਰੀ ਮਹਿਕ ਨੂੰ ਧਰਤੀ ਦੀ ਇਕ ਨੁੱਕਰ ਨੇ ਬੋ ਆਖ ਕੇ ਆਵਾਜ਼ ਮਾਰੀ ਮੈਂ ਸੌਂਹ ਖਾ ਕੇ ਆਖਦਾ ਹਾਂ ਕਿ ਤੇਰੇ ਕਹਿਣ ਤੇ ਹੱਤਕ ਇੱਜ਼ਤ ਦਾ ਦਾਅਵਾ, ਜਰੂਰ ਕਰ ਦਿੰਦਾ ਜੇ ਕਿਤੇ ਧਰਤੀ ਦੀ ਉਸ ਆਵਾਜ਼ ਤੇ ਮੈਂ ਪਿੱਛੇ ਭੌਂਅ ਕੇ ਨਾ ਵੇਖਿਆ ਹੁੰਦਾ

30. ਮਮਤਾ

ਮੈਂ ਆਪਣੇ ਦੁਖਾਂ ਦੀ ਕਿਤਾਬ ਜਦੋਂ ਵੀ ਪੜ੍ਹੀ ਹੈ ਤਾਂ ਮੇਰੀ ਮਾਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਖੜੀ ਹੈ ਮੇਰੀਆਂ ਅੱਜ ਤਕ ਦੀਆਂ ਕਲਪਨਾ ਮਈ ਬਹਾਰਾਂ ਵਿਚ ਉਹ ਹਮੇਸ਼ਾ ਹਰੀ ਹੋਈ ਹੈ ਤੇ ਮੇਰੀਆਂ ਸੱਚ ਮੁੱਚ ਦੀਆਂ ਪਤਝੜਾਂ ਵਿਚ ਉਹ ਮੈਥੋਂ ਵੀ ਪਹਿਲਾਂ ਝੜੀ ਹੈ

31. ਲਿਸ਼ਕਦਾ ਸੀਸ਼ਾ

ਉਹ ਕੁੜੀ ਨਹੀਂ ਬਲਕਿ ਲਿਸ਼ਕਦਾ ਸ਼ੀਸ਼ਾ ਸੀ ਜਿਸ ਵਿਚੋਂ ਜਦੋਂ ਬਾਬਲ ਮੂੰਹ ਤੱਕਦਾ ਤਾਂ ਦੁਪਹਿਰ ਦੀ ਰੋਟੀ ਖੇਤਾਂ ਵਿਚ ਹੀ ਭੇਜਣ ਦਾ ਆਖ ਜਾਂਦਾ ਸੀ ਜਦੋਂ ਅੰਬੜੀ ਮੂੰਹ ਤਕਦੀ ਤਾਂ ਘਰ ਵਿਚ ਕਾਮੀ ਨੂੰਹ ਦਾ ਪਾਊਂਖਾ ਲੈ ਕੇ ਕੱਤਣ ਬੈਠ ਜਾਂਦੀ ਸੀ ਉਹ ਕੁੜੀ ਨਹੀਂ ਬਲਕਿ ਲਿਸ਼ਕਦਾ ਪਾਣੀ ਸੀ ਤੇ ਪਿੰਡ ਦੀ ਲਹਿੰਦੀ ਵਲੇ ਇਕ ਮੁੰਡਾ ਚੜ੍ਹਦੇ ਸੂਰਜ ਵਰਗਾ ਉਹਦਾ ਹਾਣੀ ਸੀ ਤੇ ਮੁੰਡਾ ਉਮਰ ਦੀ ਟਿਊਬ ‘ਚ ਸਾਹਾਂ ਦੀ ਹਵਾ ਭਰ ਕੇ ਸਾਹਸ ਦੀ ਸ਼ਹਿ ਤੇ ਉਹ ਸ਼ੀਸ਼ੇ ਦੇ ਲਿਸ਼ਕਦੇ ਪਾਣੀ ਤੇ ਤਾਰੀਆਂ ਲਾਉਂਦਾ ਸੀ ਤੇ ਕੁੜੀ ਦਾ ਦਿਲ ਮੁੰਡੇ ਦੇ ਸਾਹਸ ਲਈ ਪਰ ਬਨਣਾ ਚਾਹੁੰਦਾ ਸੀ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਬਾਬਲ ਪੱਕੀਆਂ ਫ਼ਸਲਾਂ ਦੇ ਗਿਰਦੇ ਸੁਪਨਿਆਂ ਦੇ ਢੋਲ ਵਜਾਉਂਦਾ ਸੀ ਤੇ ਅੰਬੜੀ ਦਾ ਮੂੰਹ ਕਾਮੀ ਨੂੰਹ ਦੇ ਪਾਊਂਖੇ ਨੂੰ ਸਹਿਲਾਉਂਦਾ ਸੀ ਕਿ ਕੁੜੀ ਮੁੰਡੇ ਦੇ ਸਾਹਸ ਲਈ ਪਰ ਬਣੀ ਤੇ ਉੜ ਗਈ

32. ਜਾਗਦੀ ਰਾਤ

ਉਦੋਂ ਮੇਰੀ ਜੁਆਨੀ ਅਤੇ ਬਚਪਨ ਦੇ ਲਗਭਗ ਇਕੋ ਜਹੇ ਅੰਕ ਬਣਦੇ ਸਨ ਜਦੋਂ ਮੇਰਾ ਬਾਪੂ ਫ਼ੌਜ ਵਿਚੋਂ ਛੁੱਟੀ ਆਇਆ ਸੀ ਤੇ ਸ਼ਾਇਦ ਉਸ ਦਿਨ ਮੇਰੀ ਮਾਂ ਨੇ ਮੇਰੀਆਂ ਅੱਖਾਂ ਸਾਹਵੇਂ ਪਹਿਲੇ ਦਿਨ ਸੁਰਮਾ ਪਾਇਆ ਸੀ ਮਾਂ ਦੀਆਂ ਅੱਖਾਂ ਵਿਚ ਖੇਲਦੀ ਖੁਸ਼ੀ ਦੇ ਦੋ ਅਰਥ ਬਣਦੇ ਸਨ ਇਕ ਮੇਰੇ ਬਚਪਨ ਲਈ ਇਕ ਮੇਰੀ ਜੁਆਨੀ ਲਈ ਤੇ ਫਿਰ ਜਦੋਂ ਬਾਪੂ ਦੀਆਂ ਅੱਖਾਂ ਵਿਚ ਰਮ ਦੀਆਂ ਬੂੰਦਾਂ ਨਸ਼ਾ ਬਣ ਬਣ ਕੇ ਉਤਰੀਆਂ ਤਾਂ ਮੇਰੇ ਬਚਪਨ ਦੇ ਫੇਲ ਹੋ ਜਾਣ ਦੀ ਪੂਰੀ ਆਸ ਸੀ ਤੇ ਜੁਆਨੀ ਦੇ ਪਾਸ ਹੋ ਜਾਣ ਦੀ ਫਿਰ ਉਸ ਰਾਤ ਮੈਂ ਨਤੀਜੇ ਦੀ ਇੰਤਜ਼ਾਰ ਕਰਦਾ ਅੱਖਾਂ ਮੀਟ ਕੇ ਜਾਗਦਾ ਰਿਹਾ ਤੇ ਹਨੇਰਾ ਨਾ ਟਕਰਾ ਕੇ ਮਰ ਚੁੱਕੀ ਨਿਗਾ ‘ਚੋਂ ਝਾਕਦਾ ਰਿਹਾ ਫਿਰ ਬਾਪੂ ਨੇ ਪਾਸਾ ਪਰਤਿਆ ਮਾਂ ਨੇ ਉਬਾਸੀ ਭਰ ਲਈ ਤੇ ਮੈਂ ਆਪਣੀ ਸਾਹ ਅੰਦਰੇ ਅੰਦਰ ਬੰਦ ਕਰ ਲਈ ਜਿਵੇਂ ਅਖਬਾਰ ਵਿਚੋਂ ਰੋਲ ਨੰਬਰ ਟੋਲਦਾ ਹੋਣਾ ਫਿਰ ਮਾਂ ਨੇ ਮੇਰੀ ਨੀਂਦ ਤੋਂ ਸ਼ਾਹਦੀ ਲੈਣ ਲਈ ਇਕ ਗੱਲ ਤੋਰ ਲਈ ਭਲਾ ਸ਼ਰਨੇ ਦੇ ਬਾਪੂ ਤੇਰੀ ਨੌਕਰੀ ਕਿੰਨੀ ਕੁ ਰਹਿ ਗਈ ? ਉਮਰ ਸੀ ਅੱਖਾਂ ‘ਚ ਸੱਧਰਾਂ ਖਿੰਡਾਉਣ ਦੀ ਢਿੱਡਾਂ ਦੇ ਡੂੰਘੇ ਟੋਇਆਂ ‘ਚ ਵਹਿ ਗਈ ਚਲੋ ਕਿੱਲਾ ਸਿਗਾ ਗਹਿਣੇ ਧਰ ਲਿਆ ਤੇ ਬੁੜੀ ਦੇ ਕੱਠ ਤੇ ਰਹਿ ਗਈ ... ... ... ... ... ... ... ... ... ... ... ... ... ... ... ... ... ... ਭੋਲੀ ਵੀ ਹੁਣ ਤਾਂ ਸੱਤਵੀਂ ‘ਚ ਹੋ ਗਈ ਮੁੰਡੇ ਦੇ ਦੋ ਸਾਲ ਰਹਿੰਦੇ ਨੇ ਸਮਝੋ ਇਹਦੀ ਵੀ ਦਸਵੀਂ ਹੋ ਹੀ ਗਈ ਬੇਸ਼ਕ ਮੇਰੇ ਬਾਪੂ ਨੇ ਮੇਰੀ ਨੀਂਦ ਦਾ ਹਲਫ਼ੀਆ ਬਿਆਨ ਪੜ੍ਹ ਦਿੱਤਾ ਸੀ ਪਰ ਇਸ ਦੇ ਬਾਵਜੂਦ ਮੇਰੀ ਮਾਂ ਦੀ ਗੱਲ ਲੰਬੀ ਹੁੰਦੀ ਗਈ ਤੇ ਬਾਪੂ ਹੁੰਗਾਰਾ_ ਭਰਦਾ ਰਿਹਾ ਤੇ ਮੇਰਾ ਨਤੀਜਾ ਕੁੱਕੜ ਦੀ ਪਹਿਲੀ ਬਾਂਗ ਤੱਕ ਨਹੀਂ ਆਇਆ ਸੀ

33. ਪੀੜ੍ਹੀਆਂ ਦਾ ਅੰਤਰ

ਕਮਲ ਜੋ ਬੁੱਢੇ ਪਾਣੀਆਂ ਤੇ ਲਹਿਰਾ ਰਹੇ ਹਨ ਇਹਨਾਂ ਦਾ ਗਿਲਾ ਹੈ ਕਿ ਉਹਨਾਂ ਦੀ ਮਹਿਕ ਬੁੱਢੇ ਪਾਣੀਆਂ ਦੀ ਭੜਾਸ ਪੀ ਜਾਂਦੀ ਹੈ ਤੇ ਬੁੱਢੇ ਪਾਣੀਆਂ ਨੂੰ ਇਹ ਗਿਲਾ ਹੈ ਕਿ ਉਹਨਾਂ ਨੇ ਜਿਹੜੇ ਕਮਲਾਂ ਨੂੰ ਪਾਲ ਪੋਸ ਕੇ ਐਡਾ ਕੀਤਾ ਹੈ ਉਹੀ ਕਮਲ ਉਹਨਾਂ ਤੇ ਗਿਲਾ ਕਿਉਂ ਕਰਦੇ ਹਨ ਇਹਨਾਂ ਕਮਲਾਂ ਦੀ ਆਪਣੀ ਮਜਬੂਰੀ ਤੇ ਇਹਨਾਂ ਪਾਣੀਆਂ ਦੀ ਆਪਣੀ ਨਾ ਇਹ ਕਮਲ ਇਹਨਾਂ ਪਾਣੀਆਂ ਤੋਂ ਅੱਡ ਹੋ ਸਕਦੇ ਹਨ ਤੇ ਨਾ ਹੀ ਇਹ ਪਾਣੀ ਇਹਨਾਂ ਕਮਲਾਂ ਤੋਂ

34. ਮੁਹੱਬਤ

ਮੈਂ ਇਕ ਮੁਹੱਬਤ ਹਾਂ ਪਹਿਲਾਂ ਵੀ ਤੇਰੇ ਸ਼ਹਿਰ ਵਿਚ ਆਈ ਸਾਂ ਹੁਣ ਵੀ ਤੇਰੇ ਸ਼ਹਿਰ ਵਿਚ ਆਈ ਹਾਂ ਪਹਿਲਾਂ ਪਹਿਲ ਮੈਂ ਪੱਤਣਾਂ ਤੇ ਮਿਲਦੀ ਸਾਂ ਬੇਲਿਆਂ ਵਿਚ ਪਲਦੀ ਸਾਂ ਤੇ ਕਦੀ ਰਹਿਣ ਵਾਲੀ ਥਲ ਦੀ ਸਾਂ ਪਾਕ ਪਿੰਡਿਆਂ ਦੇ ਰੂਹਾਂ ਵਾਲੇ ਗਮਲਿਆਂ ਵਿਚ ਇਕ ਪੂਜਣ ਯੋਗ ; ਬਰੂਟੇ ਦਾ ਬਾਗ ਫ਼ਲਦੀ ਸਾਂ ਮੈਂ ਇਕ ਮੁਹੱਬਤ ਹਾਂ ਪਹਿਲਾਂ ਵੀ ਤੇਰੇ ਸ਼ਹਿਰ ਵਿਚ ਆਈ ਸਾਂ ਮੈਂ ਇਕ ਮੁਹੱਬਤ ਹਾਂ ਹੁਣ ਵੀ ਤੇਰੇ ਸ਼ਹਿਰ ਵਿਚ ਆਈ ਹਾਂ ਅਫ਼ਸੋਸ ਹੈ ਕਿ—ਮੈਂ ਆਪਣੀ ਪੂਜਣਯੋਗ ਹੈਸੀਅਤ ਇਤਿਹਾਸ ਦੀ ਲਾਸ਼ ਨਾਲ ਦਫ਼ਨ ਕਰ ਕੇ ਆਈ ਹਾਂ ਮੇਰੇ ਕੋਲ ਸਿਰਫ਼ ਬੋ ਮਾਰਦੇ ਉਹ ਪਿੰਡੇ ਹਨ ਜਿੰਨ੍ਹਾਂ ਦੇ ਉੱਪਰ ਮੈਂ ਪਾਊਡਰ ਭੁੱਕ ਲਿਆਈ ਹਾਂ ਮੈਂ ਇਕ ਮੁਹੱਬਤ ਹਾਂ ਜੋ ਕਦੀ ਦੋ ਦਿਲਾਂ ਦੀ ਸਾਂਝੀ ਧੜਕਨ ਅਦਿਖ ਚੀਜ਼ ਸਾਂ ਪਰ ਅੱਜ ਮੈਂ ਮੋੜਾਂ ਤੇ ਮਿਲਦੀ ਹਾਂ ਸਿਗਰਟ ਦੇ ਧੁਆਂਖੇ ਬੁਲ੍ਹਾਂ 'ਚ ਇਕ ਸਿਗਰਟ ਵਾਂਗ ਬਲਦੀ ਹਾਂ ਬਜ਼ਾਰਾਂ ਵਿਚ ਵਿਕਦੀ ਹਾਂ ਰੁਪਿਆਂ ਦੇ ਨਾਲ ਨੱਚਦੀ ਹਾਂ ਤੇ ਮੈਂ ਸਭ ਨੂੰ ਦਿਸਦੀ ਹਾਂ ਮੈਂ ਇਕ ਮੁਹੱਬਤ ਹਾਂ ਸ਼ਾਇਦ ਹੁਣ ਮੈਂ ਮੁਹੱਬਤ ਨਹੀਂ ਹਾਂ ਹੁਣ ਤਾਂ ਸਿਰਫ਼ ਇਕ ਤਾਸ਼ ਦੀ ਬਾਜ਼ੀ ਹਾਂ ਰੁਮਾਂਟਿਕ ਨਾਵਲ ਦੇ ਕੁਝ ਸਫ਼ੇ ਹਾਂ ਜਾਂ ਸਿਰਫ਼ ਚੈੱਸ ਦੀ ਰਾਣੀ ਹਾਂ ਤੇ ਹੁਣ ਜਦੋਂ ਮੈਂ ਕਾਰਟੂਨਾਂ ਵਰਗੀ ਜ਼ਿੰਦਗੀ ਬਿਤਾਉਂਦੀ ਹਾਂ ਤਾਂ ਦਿਲੋਂ ਚਾਹੁੰਦੀ ਹਾਂ ਕਿ ਆਪਣਾ ਨਾਂ ਬਦਲ ਲਵਾਂ

35. ਜੰਗਨਾਮਾ

ਮੈਂ ਜੋ ਜੰਗ ਨਾਮਾ ਲਿਖਿਆ ਹੈ ਉਸ ਦਾ ਸ਼ੁਰੂਆਤ ਜੰਗ ਦੇ ਟੇਵੇ ਤੋਂ ਕੀਤਾ ਹੈ ਦੋਗਲੀ ਈਰਖਾ ਜੰਗ ਦੀ ਜਨਮ ਦਾਤੀ ਹੈ ਜੰਗ ਜਦੋਂ ਵੀ ਗਰਭ ਵਿਚ ਹੋਵੇਗਾ ਅਸ਼ਾਂਤੀ ਅਸੰਤੁਸ਼ਟੀ ਭਟਕਣ ਵਰਗੇ ਅਨੇਕਾਂ ਗ੍ਰਹਿ ਈਰਖਾ ਦੇ ਨਾਲ ਮਨੁੱਖ ਤੇ ਭਾਰੂ ਹੋਣਗੇ ਤੇ ਜੰਗ ਦਾ ਜਨਮ ਕਦੇ ਵੀ ਹੋ ਸਕਦਾ ਹੈ ਜੰਗ ਗੋਦ ਅਵਸਥਾ ‘ਚ ਤਬਾਹੀ ਨਾਲ ਖੇਡਣ ਲੱਗ ਪਵੇਗਾ ਤੇ ਮਨੁੱਖੀ ਲਹੂ ਪੀਂਦਾ ਜੁਆਨ ਹੁੰਦਾ ਰਹੇਗਾ ਤੇ ਤਬਾਹੀ ਉਹਦੀ ਹਾਨਣ ਰਹੇਗੀ ਰੀਝਾਂ ਪੀਣਾ ਮਮਤਾ ਤੜਫਾਉਣਾ ਪਿਆਰ ਖਾਣਾ ਕਾਲ ਵਰਤਾਣਾ ਲਾਵਾਰਸ ਬਨਾਣਾ ਸੁਹਾਗ ਲੁਟਵਾਣਾ ਭੈਣਾਂ ਤੋਂ ਵੀਰ ਖੁਹਾਣਾ ਅੱਗਾਂ ਵਰਸਾਣਾ ਜਿੰਦਾਂ ਤੜਫਾਣਾ ਜੰਗ ਦੀ ਰੀਝ ਰਹੇਗੀ ਜੰਗ ਜੋ ਦੋ ਦਿਲਾਂ ਦੀ ਈਰਖਾ ਜੰਮਿਆਂ ਹੈ ਸਦਾ ਅੱਲੜ੍ਹ ਰਹੇਗਾ ਤੇ ਕੁਰਸੀ ਦੇ ਹਰ ਇਸ਼ਾਰੇ ਤੇ ਨੱਚਦਾ ਰਹੇਗਾ ਜੰਗ ਮੈਂ ਦੀ ਬੇਗਾਰੀ ਕਰਦਾ ਰਹੇਗਾ ਜੰਗ ਧੰਨ, ਜਾਇਦਾਦ ਤੇ ਔਰਤ ਦਾ ਸਦਾ ਗੁਲਾਮ ਰਹੇਗਾ ਜੰਗ ਸਦਾ ਅੱਲੜ੍ਹ ਰਹੇਗਾ ਜੰਗ ਕਿਸੇ ਲੋਰੀ ਨਾਲ ਸੌਇਆ ਨਹੀਂ ਕਰੇਗਾ ਜੰਗ ਦੀ ਤੋਤਲੀ ਬੋਲੀ ਤੋਂ ਹਰ ਕੋਈ ਡਰੇਗਾ ਜੰਗ ਬੰਦੇ ਤੇ ਰਾਜ ਕਰੇਗਾ ਜੰਗ ਆਦਮ ਦੇ ਹੱਥੋਂ ਜੰਮਿਆ ਹੈ ਤੇ ਆਦਮ ਹੀ ਖਤਮ ਕਰੇਗਾ ਜੰਗ ਆਦਮ ਦੇ ਮੱਥੇ ਉਪਰ ਕਲੰਕ ਰਹੇਗਾ ਜੰਗ ਹਰੇਕ ਸਦੀ ਲਈ ਹਊਆ ਰਹੇਗਾ ਪਰ ਸੁਣੋ ਕੌਮਾਂ ਦੇ ਵਾਰਸੋ ਦਿਲਾਂ ਵਾਲਿਓ ਦੁਨੀਆਂ ਦੇ ਰਹਿਬਰੋ ਰਖਵਾਲਿਓ ਜੰਗ ਦੇ ਟੇਵੇ 'ਚ ਦਿੱਤੀ ਜੰਗ ਦੀ ਜੀਵਨੀ ਸੁਣਕੇ ਤੁਸੀਂ ਨਾ ਘਬਰਾਵੋ ਐਟਮ ਬੰਬ ਟੈਂਕ ਤੋਪਾਂ ਤੇ ਲੜਾਕੂ ਕਿਸ਼ਤੀਆਂ ਜੋ ਜੰਗ ਤੇ ਭਾਰੂ ਗ੍ਰਹਿ ਨਾ ਹੋਣੀ ਬਣਾਓ ਅਮਨ ਦੇ ਹੱਥੋਂ ਸਾਂਝੀ-ਵਾਲਤਾ ਲੀਕਾਂ ਦੇ ਆਰ ਪਾਰ ਪੁੰਨ ਦਾਨ ਕਰਾਓ ਅਮਨ 'ਚ ਵੀ ਇਕ ਜੰਗ ਲੜੀ ਜਾਂਦੀ ਹੈ ਜੇ ਸੂਰਬੀਰਤਾ ਵਿਖਾਉਣੀ ਹੈ ਤਾਂ ਉਸ ਜੰਗ 'ਚ ਨਿੱਤਰ ਕੇ ਆਉ ਜਿਹੜੇ ਮੁਲਖ ਦੇ ਡੌਲਿਆਂ 'ਚ ਬਹੁਤਾ ਜ਼ੋਰ ਹੈ ਉਹ ਖੇਡਾਂ ਦੇ ਮੈਦਾਨ 'ਚ ਨਿੱਤਰ ਕੇ ਵਿਖਾਓ ਜਿਸ ਨੂੰ ਨਾਜ਼ ਹੈ ਆਪਣੀ ਧਰਤੀ ਤੇ ਬਹੁਤਾ ਉਹ ਆਦਮ ਦੇ ਲਈ ਅੰਨ ਉਗਾਓ ਜਿਸ ਮੁਲਖ ਦਾ ਦਿਮਾਗ ਹੈ ਤਿੱਖਾ ਜਾਓ ਜਾ ਕੇ ਗਗਨ ਫੋਲ ਕੇ ਆਓ ਆਦਮ ਦੀਆਂ ਵਧ ਗਈਆਂ ਲੋੜਾਂ ਦੇ ਲਈ ਕੁਝ ਭਾਲ ਲਿਆਓ ਜੰਗ ਦੇ ਜਨਮ ਵੇਲੇ ਦਾ ਰੋਣਾ ਸੁਣੇ ਨਾ ਕਿਸੇ ਨੂੰ ਅਮਨ ਅਮਨ ਐਨਾ ਉਚੀ ਕੁਰਲਾਓ ਤੇ ਅਮਨ ਦੀਆਂ ਗੂੰਜਾਂ ਨਾਲ ਗਰਭ 'ਚ ਪਲਦਾ ਜੰਗ ਵੀ ਖਤਮ ਕਰਾਓ ਸਮੇਂ ਦੇ ਆਗੂਓ ਜਾਓ ਜਾਓ ਕਲਮਾਂ ਵਾਲਿਆਂ ਕੋ ਇਲਮਾਂ ਵਾਲਿਆਂ ਕੋ ਤੇ ਅਮਨ 'ਚ ਲੜੀ ਜਾਂਦੀ ਜੰਗ ਦਾ ਨਵਾਂ ਟੇਵਾ ਬਣਾਓ ਤੇ ਕਿਸੇ ਸ਼ਾਇਰ ਨੂੰ ਕਹਿ ਕੇ ਅਮਨ ਦਾ ਜੰਗਨਾਮਾ ਲਿਖਾਓ

36. ਨਤੀਜਿਆਂ ਦੀ ਉਡੀਕ

ਹਾਂ ਮੈਂ ਵੀ ਟਾਂਡੇ ਦੇ ਕੁਛੜ ਚੁੱਕੀ ਹਰੀ ਭਰੀ ਛੱਲੀ ਵਰਗਾ ਹੁੰਦਾ ਸਾਂ ਮੇਰੇ ਵੀ ਸਿਰ ਤੇ ਆਰਕੰਡੀ ਦੀ ਪੱਗ ਦਾ ਖਿਲਰਵਾਂ ਫੁੱਲ ਹੁੰਦਾ ਸੀ ਮੇਰੀ ਵੀ ਦਾਹੜੀ ਦੇ ਵਾਲ ਹਰੀ ਛੱਲੀ ਦੀਆਂ ਰੇਸ਼ਮੀ ਲਿਟਾਂ ਵਰਗੇ ਹੁੰਦੇ ਸਨ ਉਨ੍ਹਾਂ ਦਿਨਾਂ ਵਿਚ ਜਦੋਂ ਵੀ ਤਾਈ ਰੱਖੀ ਮੇਰੇ ਮੱਥੇ ਲਗਦੀ ਸੀ ਤਾਂ ਇੰਗਲੈਂਡੋਂ ਵਿਆਹ ਕਰਵਾਉਣ ਲਈ ਪਰਤੀ ਆਪਣੀ ਗਰੀ ਵਰਗੀ ਭਤੀਜੀ ਦਾ ਸਾਕ ਮੇਰੀਆਂ ਹਰੀਆਂ ਤਲੀਆਂ ਤੇ ਧਰਦੀ ਸੀ ਤੇ ਮੈਂਨੂੰ ਦਸਦੀ ਸੀ ਕਿ ਪੁੱਤਾ— ਤੇਰਾ ਗਿਆਨ ਤਾਂ ਤੇਰੇ ਕਹਿਣ ਮੁਤਾਬਕ ਇਸ ਯੁਗ ਦੀ ਤੀਜੀ ਅੱਖ ਹੈ ਪਰ ਇਹ ਸਿੱਕਾ ਤਾਂ ਇਸ ਯੁਗ ਦੀ ਪਹਿਲੀ ਅੱਖ ਹੈ ਤੇ ਉਦੋਂ ਮੇਰੀਆਂ ਸੋਂਝੀ ਅੱਖਾਂ ਨੂੰ ਤਾਈ ਦਾ ਅਜੇਹਾ ਵਾਰਤਾਲਾਪ ਵਿਚੋਲਗੀ ਦੀਆਂ ਮੋ ਮੋ ਠਗਣੀਆਂ ਗੱਲਾਂ ਹੀ ਲਗਦਾ ਸੀ ਤਾਈ ਸਮਝਾਉਂਦੀ ਰਹੀ ਮੈਂ ਪੜ੍ਹਦਾ ਰਿਹਾ ਭਤੀਜੀ ਵਿਆਹੀ ਗਈ ਮੈਂ ਨਤੀਜੇ ਉਡੀਕਦਾ ਰਿਹਾ ਤੇ ਨਤੀਜੇ ਉਡੀਕਦਿਆਂ ਉਡੀਕਦਿਆਂ ਮੇਰੀ ਦਾਹੜੀ ਦੇ ਕੱਕੇ ਵਾਲ ਪਹਿਲਾਂ ਕਾਲੇ ਹੋਏ ਫਿਰ ਨਿਘਨ ਕਾਲੇ ਤੇ ਹੁਣ ਫਿਰ ਦੁਬਾਰਾ ਭੂਰੇ ਜਹੇ ਹੋ ਗਏ ਹਨ ਤੇ ਹੁਣ ਛੇਤੀ ਹੀ ਚਿੱਟੇ ਹੋ ਜਾਣਗੇ ਤੇ ਨਤੀਜੀਆਂ ਦਾ ਅਜੇ ਇਹ ਪਤਾ ਹੀ ਨਹੀਂ ਹੈ ਕਿ ਕਦੋਂ ਕੁ ਤੀਕ ਇੱਦਾਂ ਹੀ ਆਉਂਦੇ ਰਹਿਣਗੇ

37. ਸਫ਼ਰ

ਬੱਸ ਹਵਾ ਨਾਲ ਗੱਲਾਂ ਕਰਦੀ ਜਾ ਰਹੀ ਸੀ ਜਿਸ ਨਗਰ ਨੂੰ ਬੱਸ ਜਾ ਰਹੀ ਸੀ ਉਸ ਨਗਰ ਦੇ ਗਮਲੇ 'ਚ ਉਗ ਕੇ ਮੁਰਝਾ ਗਈ ਕੋਈ ਘਟਨਾ ਵਰਗੀ ਗੱਲ ਯਾਦ ਆ ਰਹੀ ਸੀ— ਇਕ ਸ਼ਾਮ ਇਸ ਨਗਰ ਦੇ ਗਗਨਾ ਤੇ ਮੌਸਮ ਦੀ ਖ਼ਬਰੀ ਅੱਖ ਬੱਦਲਾਂ ਦੀ ਚਾਦਰ ਪਾ ਰਹੀ ਸੀ ਤੇ ਸੜਕਾਂ ਤੇ ਰੀਂਘਦੀ ਦੁਨੀਆਂ ਵਿਆਹਾਰਾਂ ਨੂੰ ਜੇਬਾਂ 'ਚ ਸਾਂਭ ਛੱਤਾਂ ਦੇ ਹੇਠ ਲੁਕਣ ਲਈ ਨੱਠੀ ਹੀ ਜਾ ਰਹੀ ਸੀ ਤੇ ਵਗ ਰਹੀ ਪੌਣ ਕਣੀਆਂ 'ਚ ਨਹਾਉਣ ਲਈ ਅਜੇ ਲੀੜੇ ਹੀ ਲਾਹ ਰਹੀ ਸੀ ਕਿ ਗਹਿਮਾ ਗਹਿਮ ਭਰੀ ਹੋਈ ਸੜਕ ਬੀਆਬਾਨ ਨਜ਼ਰ ਆ ਰਹੀ ਸੀ ਤੇ ਫਿਰ ਜਦੋਂ ਹਵਾ ਕਣੀਆਂ 'ਚ ਨੰਗੀ ਨਾਹ ਰਹੀ ਸੀ ਤਾਂ ਸ਼ਹਿਰ ਦੇ ਸੁਨੱਖੇ ਪਾਰਕ ਦੀ ਰੰਗੀਨ ਧਰਤੀ ਆਪਣੀ ਗੋਦ 'ਚ ਪੂਰਨ ਇਕੱਲਤਾ ਖਿਡਾ ਰਹੀ ਸੀ ਇਵੇਂ ਲਗਦਾ ਸੀ ਜਿਵੇਂ ਬੁੱਢੇ ਸ਼ਹਿਰ ਦੀ ਮੌਤ ਤੇ ਇਹ ਬਰਸਾਤ ਕਿਣ ਮਿਣ ਕਰ ਕੇ ਕੀਰਨੇ ਪਾ ਰਹੀ ਸੀ ਤੇ ਰੁੱਖਾਂ ਦੀ ਪਾਲ ਮੁਕਾਣੇ ਆਈਆਂ ਬੁੜ੍ਹੀਆਂ ਦੇ ਵਾਂਗ ਦਿਖਾਵੇ ਦੇ ਹੰਝੂ ਸੁੱਟੀ ਜਾ ਰਹੀ ਸੀ ਬਰਸਾਤੀ ਧਾਰ ਧਰਤੀ ਦੀ ਪਿਆਸ ਇਵੇਂ ਮਿਟਾ ਰਹੀ ਸੀ ਜਿਵੇਂ ਥਿਆਈ ਉਮਰ ਵੇਸਵਾ ਦੇ ਕੋਠੇ ਤੇ ਸਾਰੀ ਕਮਾਈ ਰੁੜ੍ਹਾ ਰਹੀ ਸੀ ਤੇ ਧਰਤੀ ਵੇਸਵਾ ਦੀ ਮੁਸਕਰਾਹਟ ਨਜ਼ਰ ਆ ਰਹੀ ਸੀ ਘੜੀ ਦੀ ਟਿਕ ਟਿਕ ਸ਼ਾਮ ਦੇ ਟੁਕੜੇ ਤੇ ਰਾਤ ਲਿਖਦੀ ਜਾ ਰਹੀ ਸੀ ਤੇ ਕਿਣ ਮਿਣ ਕਰਦੀ ਬਰਸਾਤ ਵਧਦੀ ਹੀ ਜਾ ਰਹੀ ਸੀ ਤੇ ਫਿਲਮ ਵੇਖ ਕੇ ਮੁੜਦਿਆਂ ਪਾਰਕ ਦੀ ਇਕੱਲਤਾ ਉਸ ਦੇ ਸਾਹਵਾਂ ਤੇ ਤਪਸ਼ ਮਲਦੀ ਹੀ ਜਾ ਰਹੀ ਸੀ ਇਸ ਘੁੱਗ ਵਸਦੇ ਸ਼ਹਿਰ 'ਚ ਕਦ ਤੋਂ ਨਿੱਕੇ ਕਮਰਿਆਂ 'ਚ ਰਹਿੰਦੀ ਉਮਰ ਉਮਰ ਤੋਂ ਹੀ ਅਜੇਹੀ ਇਕੱਲਤਾਂ ਚਾਹ ਰਹੀ ਸੀ ਤੇ ਉਹਦੇ ਸਾਹਵਾਂ ਨੂੰ ਸ਼ਰਾਬ ਚੜ੍ਹਦੀ ਹੀ ਜਾ ਰਹੀ ਸੀ ਤੇ ਉਹਦੀ ਮਹਿਬੂਬ ਘੁੱਗ ਵਸਦੇ ਸ਼ਹਿਰ ਦੇ ਪਾਰਕ 'ਚ ਬੈਠੀ ਇਕੱਲਤਾ ਨੂੰ ਵੇਖ ਕੇ ਘਬਰਾ ਰਹੀ ਸੀ ਤੇ ਆਪਣੇ ਮਹਿਬੂਬ ਤੋਂ ਸ਼ਰਮਾ ਰਹੀ ਸੀ ਹਵਾ ਕਣੀਆਂ 'ਚ ਨੰਗੀ ਨਾਹ ਰਹੀ ਸੀ ਤੇ ਉਸ ਦੀ ਨਜ਼ਰ ਆਪਣੀ ਮਹਿਬੂਬ ਦੇ ਗਿੱਲੇ ਲੀੜੇ ਲਾਹ ਰਹੀ ਸੀ ਤੇ ਸ਼ਰਾਬੀ ਖਿਆਲ ਭਾਣੇ ਮਹਿਬੂਬ ਵੀ ਹਵਾ ਵਾਂਗ ਨੰਗੀ ਹੀ ਨਾਹ ਰਹੀ ਸੀ ਉਮਰ ਦੀ ਉਹ ਰੰਗੀਨ ਘੜੀ ਸਾਹਾਂ ਦੀ ਤਪਸ਼ ਨੂੰ ਮਹਿਬੂਬ ਦੇ ਅੰਗਾਂ ਨਾਲ ਅੈਵੇਂ ਮੁਚੀ ਦਾ ਖਿਡਾ ਰਹੀ ਸੀ ਤੇ ਜੀਭ ਮਹਿਬੂਬ ਨੂੰ ਸੱਚੀ ਮੁੱਚੀ ਖੇਡਣ ਦੇ ਲਈ ਭਰਮਾ ਰਹੀ ਸੀ ਤੇ ਮਹਿਬੂਬ ਪਤਾ ਨਹੀਂ ਕਿਉਂ ਨਾਂਹ ਨਾਂਹ ਕਰੀ ਜਾ ਰਹੀ ਸੀ ਸ਼ਾਇਦ ਉਸ ਦੀ ਨਾਂਹ ਸਮਾਜ ਦੀ ਉਹ ਜੀਭ ਸੀ ਜੋ ਉਸ ਦੇ ਤਪਦੇ ਜਿਸਮ ਨੂੰ ਗਾਲ੍ਹਾਂ ਕੱਢੀ ਜਾ ਰਹੀ ਸੀ ਤੇ ਰਾਤ ਵਧਦੀ ਹੀ ਜਾ ਰਹੀ ਸੀ ਤੇ ਉਸ ਨੂੰ ਘਰ ਜਾਣ ਦੀ ਚਿੰਤਾ ਖਾ ਰਹੀ ਸੀ ਤੇ ਸਮਾਜ ਨਾਂ ਦੀ ਲਟਕਦੀ ਤਲਵਾਰ ਦੋ ਤਪਦੇ ਜਿਸਮਾਂ ਨੂੰ ਹੀਜੜੇ ਬਣਾ ਰਹੀ ਸੀ ਹਵਾ ਕਣੀਆਂ 'ਚ ਨੰਗੀ ਨਾਹ ਰਹੀ ਸੀ ਤੇ ਗਿੱਲੀ ਹਵਾ 'ਚ ਬੱਸ ਉੱਡਦੀ ਹੀ ਜਾ ਰਹੀ ਸੀ ਜਿਸ ਨਗਰ ਨੂੰ ਬੱਸ ਜਾ ਰਹੀ ਸੀ ਉਸ ਨਗਰ ਦੇ ਗਮਲੇ 'ਚ ਉਗਕੇ ਮੁਰਝਾ ਗਈ ਕੋਈ ਘਟਨਾ ਵਰਗੀ ਗੱਲ ਚੇਤੇ ਆ ਰਹੀ ਸੀ

38. ਖਬਰਾਂ ਅਤੇ ਮਾਂ

ਅੱਜ ਦੀਆਂ ਖਬਰਾਂ ਜੇ ਮਾਂ ਨੂੰ ਸੁਣਾਵਾਂਗਾ ਤਾਂ ਇਹੀਉ ਹੀ ਕਹਾਂਗਾ ਕਿ ਸ਼ਾਇਦ ਮਾਂ ਆਪਣੇ ਮੁਲਖ ਦੇ ਹੋਰ ਟੋਟੇ ਹੋਣਗੇ ਧਰਮਾਂ ਦੇ ਸੱਪ ਬਣ ਗਏ ਹਨ ਤੇ ਇਨਸਾਨੀਅਤ ਦੇ ਜਿਸਮ ਤੇ ਜ਼ਹਿਰ ਦੇ ਛਾਲੇ ਹੋਣਗੇ ਮਾਂ ਅਜੇਹੀਆਂ ਖਬਰਾਂ ਤੂੰ ਸੁਣ ਕੇ ਝਟ ਚੌਂਕ ਜਾਵੇਗੀ ਬਹੁਤ ਘਬਰਾਵੇਗੀ ਤੇ ਵੈਣ ਜਿਹਾ ਪਾਵੇਗੀ— 'ਕਿ-ਪਹਿਲਾਂ ਤਾਂ ਪੁੱਤਾ ਆਪਾਂ ਨੂੰ ਫ਼ਾਰੰਗੀਆਂ ਨੇ ਵੰਡਿਆ ਸੀ ਹੁਣ ਆਪਾਂ ਨੂੰ ਕੌਣ ਵੰਡਦਾ ਹੈ ? ਜਾਂ ਕੇ ਕੋਈ ਮੇਰਾ ਹੀ ਪੁੱਤ ਹੈ ਜੋ ਕਪੁੱਤ ਹੋ ਕੇ ਆਪਣਾ ਹਿੱਸਾ ਮੰਗਦਾ ਹੈ ? ਮਾਂ ਨੂੰ ਵੰਡਦਾ ਹੈ ? ਮਾਂ ਮੇਰੀ ਚੁੱਪ ਦੇ ਵੀ ਅਰਥ ਕਰ ਲਵੇਗੀ ਬੀੜ ਦੀ ਬੇਅਦਬੀ ਬੀੜੀ ਤੇ ਕਤਲ ਇਤਆਦਿ ਘਟਨਾਵਾਂ ਨੂੰ ਹੁੰਗਾਰੇ ਵਜੋਂ ਧਰ ਲਵੇਗੀ ਤੇ ਮੈਨੂੰ ਪੁੱਛਣ ਬਹੇਗੀ— 'ਕਿ ਪੁੱਤਾ ਐਤਕੀ ਪੁਰੋਜਪੁਰ ਦਾ ਪਾਸਾ ਹਿੰਦੋਸਤਾਨ ਦੇ ਧੜ ਵਲ ਆਏਗਾ ਜਾਂ ਸਿਰ ਵੱਲ ਜਾਏਗਾ। ਤੁਹਾਡਾ ਹੀ ਬਾਪੂ ਜੋ ਪਟੇ ਰਖਾਉਂਦਾ ਤੇ ਸ਼ੇਵ ਕਰਾਉਂਦਾ ਹੈ ਏਸੇ ਹੀ ਘਰ ਨੂੰ ਛੱਡ ਕੇ ਕਿਧਰੇ ਚਲਿਆ ਹੀ ਜਾਵੇਗਾ ? ਤੂੰ ਜੋ ਪੁੱਤਾ ਪਗੜੀ ਨੂੰ ਬੰਨਦਾ ਤੇ ਦਾਹੜੀ ਨੂੰ ਕਟਵਾਉਂਦਾ ਹੈਂ ਨਵੀਆਂ ਬਣੀਆਂ ਸਰਹੱਦਾਂ ਤੇ ਦੋਹਾਂ ਪਾਸਿਆਂ ਤੋਂ ਚਲਦੀ ਗੋਲੀ ਨਾਲ ਕਿਤੇ ਮਾਰਿਆਂ ਤਾਂ ਨਹੀਂ ਜਾਏਗਾ ?' ਮਾਂ ਦੀ ਇਸ ਘਬਰਾਹਟ ਤੋਂ ਮੈਨੂੰ ਡਰ ਜਿਹਾ ਆਏਗਾ ਇਸ ਲਈ ਅੱਜ ਦੀਆਂ ਖਬਰਾਂ ਮਾਂ ਨੂੰ ਕੋਈ ਵੀ ਨਹੀਂ ਸੁਣਾਏਗਾ

39. ਮੁਹਾਰ ਕੌਣ ਫੜੇ ?

ਪਿੰਡ ਦੀ ਫਿਰਨੀ ਵੱਲ ਬਗਾਵਤੀ ਪੈਹੇ ਤੇ ਇਕ ਗੱਡਾ ਤਿਆਰ ਹੈ ਨਵ ਚੇਤਨਾ ਦੇ ਸ਼ਹਿਰ ਜਾਣ ਲਈ ਇਸ ਗੱਡੇ ਤੇ ਪਿੰਡ ਦੇ ਉਹ ਸਾਰੇ ਲੋਕ ਅਣਖੀਲੇ ਬਾਣ ਲਈ ਬੈਠੇ ਹਨ ਜਿੰਨ੍ਹਾਂ ਦੀਆਂ ਸੱਧਰਾਂ ਕੈਦ ਹਨ ਅਣਖ ਦਾਗੀ ਹੈ ਚਾਅ ਜ਼ਖਮੀ ਹਨ ਇਸ ਗੱਡੇ ਤੇ ਉਹ ਬੈਠੀਆਂ ਹਨ— ਜਿਨ੍ਹਾਂ ਦਾ ਗੁਨਾਹ ਗੁਰਬਤ ਵਿਚ ਵੀ ਜੀਣ ਦੀ ਖਾਹਸ਼ ਰਖਦਾ ਹੈ ਜਿਨ੍ਹਾਂ ਦੀ ਇੱਜ਼ਤ ਜ਼ਖਮੀ ਹੈ ਢਿੱਡ ਖਾਲੀ ਹਨ ਤੇ ਮੌਤ ਵੀ ਠੱਠਾ ਕਰਦੀ ਹੈ ਖੁਦਕਸ਼ੀ ਜਹੀ ਬੁਜ਼ਦਿਲੀ ਕਰਨੋਂ ਉਹ ਸੰਕੋਚ ਕਰਦੀਆਂ ਹਨ ਇਸ ਗੱਡੇ ਤੇ ਉਹ ਬੈਠੇ ਹਨ ਜਿੰਨ੍ਹਾਂ ਦੇ ਬਾਪੂ ਦੀ ਪੱਗ ਸਰਪੰਚ ਦੀ ਚੁੱਕ 'ਚ ਥਾਣੇਦਾਰ ਨੇ ਲਾਹੀ ਹੈ ਇਸ ਗੱਡੇ ਤੇ ਉਹ ਬੈਠੇ ਹਨ ਜਿਨ੍ਹਾਂ ਦਾ ਦਿਲ ਰੁਜ਼ਗਾਰ ਦੇ ਦਫ਼ਤਰ ਜਾ ਕੇ ਹੋਰ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦਾ ਸਵਾਲ ਤਾਂ ਹੈ ਕਿ-ਮੁਹਾਰ ਕੌਣ ਫੜੇ ?

ਗਜ਼ਲਾਂ

40. ਕਿਸ ਰਾਸਤੇ ਤੇ ਜਾਵਣ ਲਗਾ

ਕਿਸ ਰਾਸਤੇ ਤੇ ਜਾਵਣ ਲਗਾ ਕਿਸਦੀ ਪੈੜ ਲਿਆਈ ਹੈ ਅੱਗੇ ਬਲਿਆ ਨਾ ਹੀ ਜਾਵੀਂ ਸੂਰਜ ਅੱਗ ਵਰ੍ਹਾਈ ਹੈ ਤੇਰੇ ਘਰ ਦੇ ਰੁੱਖਾਂ ਵਿਚੋਂ ਲੋਕ ਗੁਲੇਲਾਂ ਕੱਟਣਗੇ ਪੱਤਾ ਪੱਤਾ ਕਰ ਦਊ ਤੈਨੂੰ ਤੜਕੇ ਪੌਣ ਜੋ ਆਈ ਹੈ ਜਿਹੜੇ ਰੁੱਖ ਲਈ ਮਾਂ ਮੇਰੀ ਦੇ ਪੁਤਾਂ ਖ਼ੂਨ ਵਹਾਇਆ ਸੀ ਉਸੇ ਰੁੱਖ ਦੀ ਅੱਜ ਪਨੀਰੀ ਲੋਕਾਂ ਘਰ ਘਰ ਲਾਈ ਹੈ ਧੁੱਪ ਦੇ ਸੱਤ ਰੰਗਾਂ ਵਿਚੋਂ ਸੂਹਾ ਰੰਗ ਹੀ ਬਚਿਆ ਹੈ ਖਬਰੇ ਅਜ ਦੇ ਸੂਰਜ ਨੇ ਕੇਹੀ ਧੁੱਪ ਚੜ੍ਹਾਈ ਹੈ ਉਸ ਬੱਚੇ ਨੂੰ ਪੇਪਰ ਵਿਚੋਂ ਪਾਸ ਕਰਾਂ ਜਾਂ ਫੇਲ ਕਰਾਂ ਜਿਹਨੇ ਚੰਨ ਦੀ ਥਾਂ ਦੇ ਉਤੇ ਅੱਗ ਦੀ ਫੋਟੋ ਵਾਈ ਹੈ ਬੈਨ ਲਗਾ ਕਿ ਰੋਕਾਂ ਪਾਕੇ ਤੂੰ ਸੋਚੇ ਤੂੰ ਰੋਕ ਲਿਆ ਪਰ ਸ਼ਾਇਰ ਦੇ ਦਿਲ ਦਾ ਵਹਿਣ ਕਹਿੰਦੇ ਨੇ ਦਰਿਆਈ ਹੈ ਜੇ ਤੂੰ ਸ਼ੀਰੀਂ ਪਾਉਣੀ ਚਾਹੁੰਦਾ ਤੇਸਾ ਫੜ ਕੇ ਵਾਹੁੰਦਾ ਜਾ ਤੂੰ ਨਾ ਸੋਚ ਕਿ ਇਸ ਪਰਬਤ ਦੀ ਕਿੰਨੀ ਹੋਰ ਚੁੜਾਈ ਹੈ

41. ਦਿਨ ਸਪਤਾਹਿ ਮਹੀਨੇ ਕਰਦੇ

ਦਿਨ ਸਪਤਾਹਿ ਮਹੀਨੇ ਕਰਦੇ ਹੋਇਆ ਪੂਰਾ ਸਾਲ ਉਹ ਦਿਨ ਲਭਾ ਨਾਹੀ ਸਾਨੂੰ ਜੋ ਸੀ ਉਮਰਾਂ ਨਾਲ ਇਕ ਵਰ੍ਹੇ ਦੀ ਹੋਰ ਇਹ ਮੱਛੀ ਜਾ ਪਾਣੀ ਵਿਚ ਡਿਗੀ ਖਬਰੇ ਕਿਥੋਂ ਪਾਟਾ ਹੋਇਆ ਸੀ ਉਮਰਾਂ ਦਾ ਜਾਲ ਮੈਂ ਤਾਂ ਰੁਖਾਂ ਵਾਂਗ ਖੜਾ ਹਾਂ ਫਿਰ ਉਥੇ ਦਾ ਉਥੇ ਪੂਰਾ ਗੇੜਾ ਕਰ ਚਲੀ ਹੈ ਇਹ ਧਰਤੀ ਦੀ ਚਾਲ ਤੇਰੀ ਯਾਦ ਦੇ ਨਾਂ ਕਰਦੇ ਹਾਂ ਪੂਰੇ ਸਾਲ ਤੋਂ ਮਗਰੋਂ ਜਿੰਨੇ ਸਾਲ 'ਚ ਦਿਨ ਹੁੰਦੇ ਨੇ ਉਨ੍ਹੇ ਹਾਉਕੇ ਨਾਲ ਕਾਲੇ ਅਖਰਾਂ ਵਿਚੋਂ ਮੈਨੂੰ ਕਢਣ ਦੇ ਲਈ ਬਾਹਰ ਪਿਉ ਮੇਰੇ ਦੇ ਹੋ ਚਲੇ ਨੇ ਚਿੱਟੇ ਸਾਰੇ ਵਾਲ ਮੇਰੇ ਸ਼ਹਿਰ ਦੇ ਰੁਖਾਂ ਉਤੇ ਪੱਤਰ ਨੇ ਮਹਿਮਾਨ ਤੇਰੇ ਸ਼ਹਿਰ ਦੇ ਰੁਖਾਂ ਉਤੇ ਕਿਦਾਂ ਦੀ ਹੈ ਝਾਲ

42. ਹੁਣ ਤੇਰੇ ਪੁਤਰ ਨੇ ਅੰਮੀਏ

ਹੁਣ ਤੇਰੇ ਪੁਤਰ ਨੇ ਅੰਮੀਏ ਕਾਲਜ ਜਾਣੋਂ ਹਟ ਜਾਣਾ ਹੈ ਨੌਕਰੀ ਪਿਛੇ ਚੱਕਰ ਲਾਉਂਦੇ ਉਸ ਦੀਆਂ ਬੂਟਾਂ ਘਸ ਜਾਣਾ ਹੈ ਧੀ ਵਾਂਗਰ ਹੈ ਪਾਲੀ ਡਿਗਰੀ ਹੁਣ ਡਰ ਇਸਦੀ ਇਜ਼ਤ ਦਾ ਖਬਰੇ ਇਸ ਨੇ ਦੋ ਟੁਕਰਾਂ ਲਈ ਕਿਸ ਦਫ਼ਤਰ ਵਸ ਜਾਣਾ ਹੈ ਪੰਛੀ ਵਾਂਗ ਉਡਾਰੀ ਭਰਨੀ ਯਾਦ ਜਿਹੀ ਬਣ ਚੱਲੀ ਹੈ ਘਰ ਤੋਂ ਦਫ਼ਤਰ ਦੇ ਸਕੰਜੇ ਹੁਣ ਸਮੇਂ ਨੇ ਕਸ ਜਾਣਾ ਹੈ ਚੰਗਾ ਯਾਰ ਮੁਬਾਰਕ ਹੋਵੇ ਤੈਨੂੰ ਵਾਟ ਅਗਾਂਹ ਦੀ ਹੋਵੇ ਮੈਂ ਅਸਵਾਰੂ ਜਿਸ ਡੱਬੇ ਦਾ ਉਸ ਏਥੇ ਹੀ ਕਟ ਜਾਣਾ ਹੈ

43. ਝੰਡਾ ਬਣਿਆ ਹਰ ਇਕ ਪੱਤਰ

ਝੰਡਾ ਬਣਿਆ ਹਰ ਇਕ ਪੱਤਰ ਪੌਣ 'ਚ ਤੈਰਨ ਬੋਲ ਰਹਿਣ ਸਦਾ ਨਾ ਮੌਸਮ ਚੰਦਰੇ ਦਿੰਦੇ ਫੁਲ ਜੋ ਰੋਲ ਨਾਲ ਸਮੇਂ ਦੇ ਸੰਧੀ ਕਰਦਾ ਤੇਥੋਂ ਦੂਰ ਗਿਆ ਤੇਰੇ ਖਤ ਦੇ ਅੱਖਰ ਹੀ ਬਸ ਰਹਿ ਗਏ ਮੇਰੇ ਕੋਲ ਦਿਲ ਦੇ ਅੰਦਰ ਡੱਕੇ ਅੱਖਰ ਫਾਹਾ ਲੈ ਕੇ ਮਰ ਗਏ ਬੋਲ ਸਕੀ ਨਾ ਇਸ ਮੌਸਮ ਵਿਚ ਕੋਈ ਕਲਮ ਇਕ ਬੋਲ ਮਨਿਆ ਤੈਨੂੰ ਹੱਥਾਂ ਉਤੇ ਕਰਮ ਲਿਖੇ ਨੇ ਹੁੰਦੇ ਮੈਂ ਪਾੜ੍ਹੇ ਦੇ ਹਥ ਵੀ ਹੈਨਾ ਜਾਵਾਂ ਕਿਸ ਦੇ ਕੋਲ ਐਕਸਰਿਆਂ ਦੀ ਵਰਤੋਂ ਦੇਖੋ ਕਦੇ ਨਾ ਏਦਾਂ ਹੁੰਦੀ ਐਕਸਰਿਆਂ ਦੇ ਨਾਲ ਕਦੇ ਜੇ ਦਿਲ ਕੋਈ ਲੈਂਦਾ ਫੋਲ ਭੁੱਖ ਨਾ ਮਰਦੀ ਕਦੇ ਵੀ ਏਥੇ ਚੇਹਰਾ ਭੁੱਖ ਦਾ ਬਦਲੇ ਰੋਜ਼ ਰਾਤ ਨੂੰ ਰੋਟੀ ਖਾ ਕੇ ਤੈਨੂੰ ਲੈਂਦੇ ਟੋਲ ਆਪਣੇ ਪਿਆਰ ਦੇ ਕਿਸੇ ਦੀ ਤੂੰ ਗਲ ਨਾ ਇਉਂ ਲਮਕਾ ਸਾਡੇ ਪਿਆਰ ਦੇ ਜ਼ਖਮਾਂ ਨੂੰ ਪੈ ਜਾਂਦੀ ਹੈ ਡੋਲ

44. ਪੀਲੀਆਂ ਕਿਰਨਾਂ ਜਦ ਵੀ ਸੂਰਜ

ਪੀਲੀਆਂ ਕਿਰਨਾਂ ਜਦ ਵੀ ਸੂਰਜ ਧਰਤੀ ਉਤੇ ਡੋਲ੍ਹੇ ਪਤਝੜ ਮਾਰੇ ਰੁੱਖ ਤੇ ਬੈਠਾ ਪੰਛੀ ਹੰਝੂ ਡੋਲੇ ਰਾਤ ਦੇ ਰਾਜੇ ਦਾ ਕੋਈ ਨੌਕਰ ਹੋਕਾ ਸ਼ਹਿਰ 'ਚ ਦੇਵੇ ਸ਼ਾਮ ਦੀ ਸੂਲੀ ਸੂਰਜ ਲਟਕੇ ਕੋਈ ਨਾ ਤਾਕੀ ਖੋਲ੍ਹੇ ਸਿਫ਼ਤਾਂ ਦੇ ਪੁਲ ਉਤੋਂ ਲੰਘੀ ਰਾਤ ਦੀ ਰਾਜ ਕੁਮਾਰੀ ਪਤਝੜ ਦੇ ਹਰਜਾਨੇ ਖਾਤਰ ਪੂਰੇ ਪੱਤਰ ਤੋਲੇ ਆਂਢ ਗੁਆਂਢ ਦੇ ਸਾਰੇ ਲੋਕੀ ਸੂਰਜ ਦਾ ਮੂੰਹ ਤਕਣ ਨੇਰ ਦੀ ਚਾਦਰ ਲੈ ਕੇ ਸੁਤੇ ਤੇਰੇ ਪੁਤਰ ਗੋਲੇ ਰਿਸ਼ਮਾਂ ਦੀ ਚੋਟੀ ਸਰ ਕਰਦਾ ਕੋਈ ਵਿਰਲਾ ਬੰਦਾ ਧੁੰਧਾਂ ਭਰੇ ਪਹਾੜਾਂ ਵਲ ਨੂੰ ਤੁਰਨ ਬਥੇਰੇ ਟੋਲੇ ਐਹ ਪੈਨਸ਼ਨ ਲਾਉਣੋਂ ਚੰਗਾ ਸੀ ਜੇ ਤੂੰ ਕੋਲ ਬਲਾਉਂਦਾ ਇਕ ਫ਼ੌਜੀ ਦੀ ਫੋਟੋ ਲੈਕੇ ਵਿਧਵਾ ਦੁਖੜੇ ਫੋਲੇ

45. ਮਾਂ ਉਸ ਰਾਤ ਦੀ ਗਲ ਨਾ ਛੇੜੀਂ

ਮਾਂ ਉਸ ਰਾਤ ਦੀ ਗਲ ਨਾ ਛੇੜੀਂ ਮਾਂ ਉਹ ਰਾਤ ਡਰਾਉਣੀ ਸੀ ਝੜਨੇ ਸਨ ਮੇਰੀ ਮੈਂ ਤੋਂ ਪੱਤੇ ਏਦਾਂ ਵਾਅ ਵੀ ਆਉਣੀ ਸੀ ਸ਼ਹਿਰ ਤਾਂ ਆਪਣਾ ਹਾਲਾਂ ਧੀਏ ਚੌਂਹ ਮੀਲਾਂ ਦੀ ਦੂਰੀ ਤੇ ਜਿਥੇ ਪੁਤ ਨੂੰ ਪੇਂਟੀ ਬੱਧਾ ਇਹ ਉਹ ਲੰਘੀ ਛਾਉਣੀ ਸੀ ਘਰ ਦੇ ਇਹ ਹਾਲਾਤ ਜੋ ਧੀਏ ਪੁਸ਼ਤਾਂ ਤੋਂ ਹੀ ਏਦਾਂ ਦੇ ਫ਼ਿਕਰਾਂ ਵਾਲੀ ਲੰਬੀ ਚਿੱਠੀ ਕਾਹਤੋਂ ਪਿਉ ਨੂੰ ਪਾਉਣੀ ਸੀ

46. ਨਾ ਕੁੱਝ ਸੂਰਜ ਡੁਬਿਆ ਕਰਦਾ

ਨਾ ਕੁੱਝ ਸੂਰਜ ਡੁਬਿਆ ਕਰਦਾ ਨਾ ਕੁੱਝ ਕਰਦਾ ਚੜ੍ਹ ਕੇ ਰਾਤ ਪਵੇ ਨਾ ਚੇਤੇ ਆਵੇ ਦਿਨੇ ਉਨੀਂਦਾਂ ਰੜਕੇ ਚੰਗਾ ਹੁੰਦਾ ਜੇ ਤੂੰ ਫੁੱਲਾਂ ਨੂੰ ਵਾਲਾਂ ਵਿਚ ਪਰੋਂਦੀ ਪੈਰਾਂ ਤੱਲੇ ਨਾ ਹੀ ਆਉਂਦਾ ਫੁੱਲ ਹਵਾ ਨਾ ਝੜਕੇ ਅਖਾਂ ਦੇ ਵਿਚ ਸੁਪਨੇ ਲੈਕੇ ਜਦ ਬੂਹਾ ਮੈਂ ਢੋਇਆ ਕੌਣ ਹਵਾ ਚੋਂ ਲੰਘਿਆ ਉਦੋਂ ਦਿਲ ਦੇ ਬੂਹੇ ਖੜਕੇ ਲਿਖੀ ਕਹਾਣੀ ਪਰ ਲਿਖ ਕੇ ਮੈਂ ਛਪਣ ਲਈ ਨਾ ਘੱਲੀ ਕਿਸੇ ਵਿਚਾਰੇ ਰੋ ਪੈਣਾ ਸੀ ਦਿਲ ਦੀ ਵਿਥਿਆ ਪੜ੍ਹਕੇ ਲਟਕਦੀਆਂ ਵੇਲਾਂ ਤੇ ਪੱਤਰ ਜਿਵੇਂ ਹਵਾ ਵਿਚ ਧੜਕਣ ਫੇਫੜਿਆਂ ਦੇ ਥੱਲੇ ਕਰਕੇ ਇਕ ਸ਼ੈਅ ਏਦਾਂ ਧੜਕੇ ਦਿਲ ਦੇ ਵਿਚੋਂ ਰਟ ਲਾਈ ਹੈ ਤੂੰ ਮੇਰੀ, ਤੂੰ ਮੇਰੀ ਹੈ ਇਸ ਨਗਰੀ ਵਿਚ ਸਭ ਦੇ ਸਾਹਮਣੇ ਕੌਣ ਕਹੇਗਾ ਖੜ੍ਹਕੇ ਦੂਜਿਆਂ ਖਾਤਰ ਜਿਹਨਾਂ ਰੋਲੀ ਕੰਢਿਆਂ ਉਤੇ ਦੇਹੀ ਉਹਨਾਂ ਦੀ ਦੇਹੀ ਚੋਂ ਆਖਰ ਫੁੱਲ ਲਭਣਗੇ ਸੜ ਕੇ

47. ਅਖਬਾਰਾਂ ਦੇ ਬਲਦੇ ਕਾਲਮ ਵਿਚੋਂ

ਅਖਬਾਰਾਂ ਦੇ ਬਲਦੇ ਕਾਲਮ ਵਿਚੋਂ ਤੂੰ ਖਬਰਾਂ ਨਾ ਪੜ੍ਹਿਆ ਕਰ ਦਿਸ਼ਾ ਹੀ ਕੱਲੀ ਦੇਖ ਹਵਾ ਦੀ ਤੂੰ ਰੁਖਾ ਨਾ ਝੜਿਆ ਕਰ ਸਮਿਆ ਦੇ ਸੂਰਜ ਨੇ ਖਰਿਆ ਘਰ 'ਚ ਕਦ ਆ ਵੜਨਾ ਹੈ ਘਰ ਦੇ ਗਿਠ ਅਸਮਾਨ ਤੇ ਐਵੇਂ ਤੂੰ ਤਾਰੇ ਨ ਫੜਿਆ ਕਰ ਨਵੀਂ ਕਬਰ ਤੇ ਜੇ ਕੋਈ ਦੀਵਾ ਬੁੱਝ ਜਾਵੇ ਤਾਂ, ਤਾਂ ਵੀ ਕੀ ਤੇਰੇ ਨਾਲ ਤਾਂ ਰੁੱਖ ਜਿੰਦਾਂ ਨੇ ਤੂੰ ਵਾਏ ਨਾ ਖੜ੍ਹਿਆ ਕਰ ਨਿਰੇ ਹਨੇਰੇ ਦੇ ਵਿਚ ਪੈਕੇ ਇਸ ਦਾ ਰੰਗ ਪਛਾਨਣਦੇ ਮੇਰੀਆਂ ਕਾਲੀਆਂ ਰਾਤਾਂ ਦੇ ਵਿਚ ਤੂੰ ਚੰਦਾ ਨ ਚੜ੍ਹਿਆ ਕਰ ਉਹ ਤਾਂ ਕਮਲੀਏ ਫੁੱਲ ਹੁੰਦੇ ਨੇ ਜੋ ਬਾਗਾਂ ਵਿਚ ਖਿੜਦੇ ਤੈਂ ਨਹੀਂ ਖਿੜਨਾ ਕਦੇ ਵੀ ਥੋਹਰੇ ਤੂੰ ਧੁੱਪੇ ਨਾ ਸੜਿਆ ਕਰ

48. ਸ਼ਾਮ ਜਦ ਵੀ ਤਾਰਾ ਚੜ੍ਹਿਆ

ਸ਼ਾਮ ਜਦ ਵੀ ਤਾਰਾ ਚੜ੍ਹਿਆ ਗਮ ਦਾ ਦੂਣਾ ਪਾਰਾ ਚੜ੍ਹਿਆ ਯਾਦਾਂ ਦੇ ਜਦ ਬਦਲ ਬਰਸੇ ਦਰਦਾਂ ਦਾ ਖੂਹ ਖਾਰਾ ਚੜ੍ਹਿਆ

  • ਮੁੱਖ ਪੰਨਾ : ਪੰਜਾਬੀ ਕਾਵਿ ਰਚਨਾਵਾਂ : ਸ਼ਰਨਜੀਤ ਮਣਕੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਨਾਵਲ, ਨਾਟਕ, ਲੇਖ ਤੇ ਹੋਰ ਸਾਹਿਤਕ ਰਚਨਾਵਾਂ