ਹਰਪ੍ਰੀਤ ਸੰਧੂ ਦੇ “ਮੋਰ” ਬਹਾਨੇ ਕਿੰਨਾ ਕੁਝ ਚੇਤੇ ਆਇਆ - ਗੁਰਭਜਨ ਗਿੱਲ


“ਰਾਣੀ ਤੱਤ” ਕਾਵਿ ਪੁਸਤਕ ਦੇ ਲੇਖਕ “ਹਰਮਨ” ਨੇ ਪਿੱਛੇ ਜਹੇ ਤਰਸੇਮ ਜੱਸੜ ਦੀ ਇੱਕ ਫਿਲਮ ਵਿੱਚ ਗੀਤ ਲਿਖਿਆ ਹੈ। ਜਿਸ ਨੂੰ ਸਾਡੇ ਬਟਾਲੇ ਦੀ ਗੁਣਵੰਤੀ ਧੀ ਨਿਮਰਤ ਖਹਿਰਾ ਤੇ ਬਹੁਤ ਹੀ ਸੁਰਵੰਤੀ ਪੁੱਤਰੀ ਨੂਰ ਚਾਹਲ ਨੇ ਗਾਇਆ ਹੈ। ਇਸ ਨੂੰ ਬਹੁਤ ਮਿੱਠੇ ਗਿਆਨਵੰਤੇ ਪੁੱਤਰ ਗੁਰਮੋਹ ਨੇ ਸੰਗੀਤਬੱਧ ਕੀਤਾ ਹੈ।

ਤੁਸੀਂ ਪੁੱਛੋਗੇ ਕਿ ਤੇਰੇ ਕਿੰਨੇ ਕੁ ਧੀਆਂ ਪੁੱਤਰ ਨੇ?

ਮੇਰਾ ਉੱਤਰ ਹੈ ਕਿ ਧਰਤੀ ਦੀ ਹਰ ਖ਼ੂਬਸੂਰਤੀ ਤੇ ਮੇਰਾ ਸੰਪੂਰਨ ਹੱਕ ਹੈ।

ਮਿਲਿਆਂ ਤਾਂ ਸਿਰਫ਼ ਇੱਕੋ ਵਾਰ ਤਰਸੇਮ ਜੱਸੜ ਨੂੰ ਹੀ ਹਾਂ। ਉਹ ਵੀ ਰਾਤ ਦੇ ਘੁਸਮੁਸੇ ਵਿੱਚ। ਕਈ ਸਾਲ ਪਹਿਲਾਂ ਉਹ ਅਜੇ ਗੀਤਕਾਰ ਸੀ ਪਰ ਗਾਇਕੀ ਲਈ ਪਰ ਤੋਲ ਰਿਹਾ ਸੀ।

ਪੰਜਾਬੀ ਫ਼ਿਲਮ ਜਗਤ ਦੀ ਵੱਡੀ ਹਸਤੀ ਬਣ ਚੁੱਕੇ ਤਰਸੇਮ ਦੇ ਕੰਮ ਨੂੰ ਮੈਂ ਮਾਣਦਾ ਹਾਂ।

ਨਿਮਰਤ ਨੂੰ ਕਦੇ ਨਹੀਂ ਮਿਲਿਆ ਪਰ ਮੇਰੇ ਪੇਕੇ ਸ਼ਹਿਰ ਬਟਾਲੇ ਦੀ ਹੈ ਉਹ ਸਤਿੰਦਰ ਸੱਤੀ ਵਾਂਗ। ਸੱਤੀ ਤਾਂ ਬਹੁਤ ਹੀ ਪਿਆਰੀ ਧੀ ਹੋਣ ਦੇ ਨਾਲ ਨਾਲ ਨਾਲ ਗੁਣਿਆਰੀ ਹੈ।

ਕਿਸੇ ਸੰਗੀਤ ਮੁਕਾਬਲੇ ਵਿੱਚ ਨਿਮਰਤ ਆਉਂਦੀ ਸੀ ਤਾਂ ਮੈਂ ਸਾਹ ਰੋਕ ਕੇ ਸੁਣਦਾ ਤੇ ਦੇਖਦਾ। ਸੰਤੀ ਦਾ ਮੰਚ ਸੰਚਾਲਨ ਸੀ। ਲੱਗਦਾ ਕਿ ਬਟਾਲੇ ਵਿੱਚ ਹੀ ਹਾਂ।

ਨੂਰ ਚਾਹਲ ਨੂੰ ਪਹਿਲੀ ਵਾਰ ਸੁਣਿਆਂ ਤਾਂ ਲੱਭ ਲਭਾ ਕੇ ਉਸ ਦੇ ਬਾਬਲ ਨਾਲ ਗੱਲ ਕੀਤੀ।

ਗੁਰਮੋਹ ਦਾ ਨਾਮ ਚਰਨਜੀਤ ਸਿੰਘ ਤੇਜਾ ਤੇ ਹਰਪ੍ਰੀਤ ਸਿੰਘ ਕਾਹਲੋਂ ਤੋਂ ਅਨੇਕ ਵਾਰ ਸੁਣਿਆ ਗੁਰਸ਼ਬਦ ਵਾਂਗ।

ਸਾਰੇ ਨਵੀਂ ਪੀੜ੍ਹੀ ਦੇ ਮਹਿਕਦੇ ਗੁਲਾਬ ਹਨ। ਮੇਰੇ ਸਾਹਾਂ ਸਵਾਸੀਂ ਮਿਸ਼ਰੀ ਘੋਲ਼ਦੇ ਰਣਜੀਤ ਬਾਵਾ ਵਾਂਗ।

ਤੁਸੀਂ ਜ਼ਰੂਰ ਕਹੋਗੇ ਕਿ ਬਾਵਾ ਵੀ ਭਲਾ ਬਟਾਲੇ ਦਾ ਹੈ? ਹਾਂ ਜੀ ਬਟਾਲੇ ਨੇੜੇ ਵਡਾਲਾ ਗ੍ਰੰਥੀਆਂ ਦਾ ਬਾਜਵਾ। ਪਿੱਛੋਂ ਬਹੁਤੇ ਬਾਦਲਿਆਂ ਵਾਂਗ ਸਿਆਲਕੋਟੀਆ।

ਪਰ ਮੈਂ ਕੀ ਕਰਾਂ! ਪੇਕਿਆਂ ਦਾ ਮੋਹ ਮਾਰ ਜਾਂਦਾ ਹੈ। ਹੈਣ ਵੀ ਸੁਰੀਲੇ ਜਸਬੀਰ ਜੱਸੀ ਤੇ ਗੁਰੂ ਰੰਧਾਵੇ ਵਾਂਗ। ਸ਼ਿਵ ਕੁਮਾਰ ਦੀ ਜੂਹ ਦਾ ਜਲ ਪੀਣ ਵਾਲੇ। ਤੁਸੀਂ ਤਾਂ ਕੱਲ੍ਹ ਨੂੰ ਇਹ ਵੀ ਕਹੋਗੇ ਕਿ ਗੁਰਪ੍ਰੀਤ ਘੁੱਗੀ ਨੂੰ ਕਿਉਂ ਸਲਾਹੁੰਦੈਂ? ਉਹ ਵੀ ਮੇਰਾ ਗਿਰਾਈਂ ਹੈ। ਖੋਖਰ ਫੌਜੀਆਂ ਤੋਂ ਖੰਡ ਮਿੱਲ ਨੇੜਲਾ। ਤਾਂ ਹੀ ਪੋਨੇ ਕਮਾਦ ਦੇ ਗੰਨੇ ਵਰਗਾ ਹੈ। ਕੀ ਹੋਇਆ ਉਸ ਨੂੰ ਜਲੰਧਰ ਲੈ ਗਿਆ। ਰੋਟੀ ਪਿੱਛੇ ਰਿੜ੍ਹਦਾ ਰਿੜ੍ਹਦਾ ਮੈਂ ਵੀ ਤਾਂ ਲੁਧਿਆਣੇ ਰਹਿ ਗਿਆਂ। ਆਟਾ ਬੜੀ ਵੱਡੀ ਹਕੀਕਤ ਹੈ।

ਏਡੀ ਵੀ ਗੱਲ ਨਹੀਂ, ਮੈਨੂੰ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਫੀਰੋਜ਼ਖਾਨ, ਨਛੱਤਰ ਗਿੱਲ, ਗੁਰਦੀਪ ਸਿੰਘ ,ਕੰਠ ਕਲੇਰ, ਖਾਨ ਸਾਹਿਬ, ਟਾਈਗਰ ਤੇ ਕਿੰਨੇ ਹੋਰ ਗਾਇਕ ਵੀ ਤਾਂ ਚੰਗੇ ਲੱਗਦੇ ਨੇ। ਇਨ੍ਹਾਂ ਵਿੱਚੋਂ ਇੱਕ ਵੀ ਗੁਰਦਾਸਪੁਰੀਆ ਨਹੀਂ।

ਮੈਂ ਅਮਰਜੀਤ ਗੁਰਦਾਸਪੁਰੀ ਤੇ ਹਰਦੇਵ ਖ਼ੁਸ਼ਦਿਲ ਨੂੰ ਬਚਪਨ ਤੋਂ ਸੁਣਿਆ ਹੈ। ਬੇ ਸੁਰੇ ਸੰਘੋਂ ਨਹੀਂ ਲਹਿੰਦੇ। ਹਰਦੇਵ ਖ਼ੁਸ਼ਦਿਲ ਤਾਂ ਮੇਰੇ ਪਿੰਡ ਬਸੰਤਕੋਟ ਦਾ ਹੀ ਜੰਮਪਲ ਸੀ।

ਗੱਲ ਤਾਂ ਹਰਪ੍ਰੀਤ ਸੰਧੂ ਦੇ ਮੋਰ ਤੋਂ ਤੁਰੀ ਸੀ। ਮਾਨਸਾ ਵਾਲੇ ਹਰਮਨ ਦੇ ਗੀਤ ਰਾਹੀਂ ਕਿੱਧਰ ਤੁਰ ਪਈ।

ਮੋੜਾਂ ਕੱਟੀਏ! ਗੀਤ ਗਾਇਆ ਸੀ ਨਿਮਰਤ ਖਹਿਰਾ ਤੇ ਨੂਰ ਚਾਹਲ ਨੇ।

“ਮੈਂ ਤਾਂ ਚਾਦਰਾਂ ਤੇ ਕੱਢਿਆ ਸੀ ਧਾਗਿਆਂ ਦੇ ਨਾਲ
ਸੱਚੀਂ ਮੁੱਚੀਂ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ। “

ਹਰਪ੍ਰੀਤ ਸੰਧੂ ਦੀ ਅੱਖ ਨੇ ਮੋਰ ਵੇਖਿਆ ਤੇ ਕੈਮਰੇ ਵਿੱਚ ਕੈਦ ਕੀਤਾ ਮੋਰ ਵੀ ਸੱਚੀਂ ਮੁੱਚੀਂ ਦਾ ਮੋਰ ਲੱਗਦੈ।
ਮੂੰਹੋਂ ਬੋਲਦਾ ਮੋਰ।
ਮੈਂ ਆਪਣੀ ਕਿਤਾਬ ਮੋਰਪੰਖ ਜਦ ਹੁਣ ਕਦੇ ਛਾਪੀ ਤਾਂ ਉਸ ਦੇ ਮੁੱਖ ਪੰਨੇ ਤੇ ਸਜਾਉਣ ਲਈ ਇਹ ਤਸਵੀਰ ਮੰਗਾਂਗਾ।
ਜੇ ਮੰਨ ਗਿਆ ਤਾਂ ਰੌਣਕ ਲੱਗ ਜਾਵੇਗੀ ਕਿਤਾਬ ਦੇ ਮੱਥੇ ਤੇ।

ਮੋਰ ਬਾਰੇ ਇੱਕ ਗੱਲ ਪੁਰਾਣੀ ਯਾਦ ਆ ਗਈ ਜੋ ਕਦੇ ਸ. ਗੁਰਦੇਵ ਸਿੰਘ ਮਾਨ ਤੇ ਨੰਦ ਲਾਲ ਨੂਰਪੁਰੀ ਦੇ ਹਵਾਲੇ ਨਾਲ ਗਿਆਨੀ ਰਾਮ ਨਰੈਣ ਸਿੰਘ ਦਰਦੀ ਜੀ ਨੇ ਸੁਣਾਈ ਸੀ।

ਨਰਿੰਦਰ ਬੀਬਾ ਤੇ ਹਰਚਰਨ ਗਰੇਵਾਲ ਨੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਇੱਕ ਗੀਤ ਗਾਇਆ।

ਚੁੱਕ ਲਿਆ ਮੋਰ ਬਣ ਕੇ
ਮੇਰੀ ਡਿੱਗ ਪਈ
ਚਰ੍ਹੀ ਦੇ ਵਿੱਚ ਗਾਨੀ।

ਗੀਤ ਬਹੁਤ ਸੁਣਿਆ ਗਿਆ। ਕੁਝ ਦਿਨਾਂ ਬਾਅਦ ਕਿਸੇ ਕਵੀ ਦਰਬਾਰ ਤੇ ਨੰਦ ਲਾਲ ਨੂਰਪੁਰੀ ਤੇ ਗੁਰਦੇਵ ਸਿੰਘ ਮਾਨ ਇਕੱਠੇ ਹੋਏ।

ਨੂਰਪੁਰੀ ਜੀ ਨੇ ਕਿਹਾ, ਮਾਨ! ਗੀਤ ਲਿਖਣਾ ਤੁਹਾਡੇ ਜੱਟਾਂ ਦੇ ਵੱਸ ਦੀ ਗੱਲ ਨਹੀਂ, ਇਹ ਕੰਮ ਸਾਡੇ ਲਈ ਛੱਡ ਦਿਉ। ਤੁਸੀਂ ਹੋਰ ਵੱਡੇ ਮੋਟੇ ਕੰਮ ਕਰ ਲਿਆ ਕਰੋ। ਵਾਰ ਜਾਂ ਜੰਗਨਾਮੇ ਲਿਖੋ। ਗੀਤ ਬਾਰੀਕ ਅੱਖ ਮੰਗਦਾ ਹੈ।

ਮਾਨ ਸਾਹਿਬ ਦਾ ਨੂਰਪੁਰੀ ਸਾਹਿਬ ਦਾ ਸ਼ੁਗਲ ਮੇਲਾ ਚੱਲਦਾ ਸੀ। ਉਹ ਬੋਲਿਆ , ਉਇ ਨਿੱਕੀ ਹਥੋੜੀ ਵਾਲਿਆ! ਤੂੰ ਦੱਸ ਮੇਰੇ ਗੀਤਾਂ ਵਿੱਚ ਕੀ ਖੋਟ ਹੈ?

ਨੂਰਪੁਰੀ ਬੋਲੇ, ਮਾਨ ਗੁੱਸਾ ਨਾ ਕਰੀਂ , ਤੂੰ ਗਾਨੀ ਲੱਭਣ ਲਈ ਥੱਬਾ ਭਰ ਖੰਭਾਂ ਵਾਲੇ ਮੋਰ ਨੂੰ ਵਾੜ ਰਿਹੈਂ, ਜੇ ਉਹ ਤੇਰੇ ਆਖੇ ਲੱਗ ਕੇ ਚਰ੍ਹੀ ਵਿੱਚ ਗਾਨੀ ਲੱਭਣ ਜਾ ਹੀ ਵੜੇ ਤਾਂ ਏਨੇ ਖੰਭ ਲੈ ਕੇ ਵਾਪਸ ਕਿਵੇਂ ਪਰਤੇਗਾ? ਉਹਦੇ ਕੋਲੋਂ ਤੇ ਮੁੜਿਆ ਹੀ ਨਹੀਂ ਜਾਣਾ।

ਹਰਪ੍ਰੀਤ ਸੰਧੂ ਦਾ ਮੋਰ
ਜ਼ਿੰਦਾਬਾਦ।

ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ