Zaid Di Sakhi : Harpal Singh Pannu
ਜ਼ੈਦ ਦੀ ਸਾਖੀ : ਹਰਪਾਲ ਸਿੰਘ ਪੰਨੂ
ਪੈਗ਼ੰਬਰ ਨੇ ਇਕ ਸਵੇਰ ਜ਼ੈਦ ਨੂੰ ਪੁੱਛਿਆ,
ਨੇਕ ਦਿਲ ਰੱਬ ਦੇ ਪਿਆਰੇ ਜ਼ੈਦ ਕੀ ਹਾਲ ਚਾਲ?
ਜ਼ੈਦ ਨੇ ਕਿਹਾ, ਦਿਲ ਦੀ ਪਿਆਰ ਅਗਨੀ
ਨੇ ਮੈਨੂੰ ਹਫ਼ਤਿਆਂ ਤੱਕ ਸੌਣ ਨਹੀਂ ਦਿੱਤਾ। ਦਿਨ
ਰਾਤ ਇੰਜ ਬੀਤੇ ਜਿਵੇਂ ਕੋਈ ਨੇਜ਼ੇ ਉਪਰ ਟੰਗਿਆ
ਹੋਇਆ ਹੋਵੇ। ਉਸ ਜਹਾਨ ਵਿਚ ਸਾਰੇ ਧਰਮ
ਇਕ ਹੋ ਗਏ ਹਨ। ਲੱਖਾਂ ਸਾਲ ਤੇ ਇਕ ਘੜੀ
ਵਿਚ ਫਰਕ ਨਹੀਂ ਰਿਹਾ। ਭੂਤ ਅਤੇ ਭਵਿੱਖ ਵਿਚ
ਫਰਕ ਨਹੀਂ। ਬੁੱਧੀ ਦਾ ਉਥੇ ਕਿਧਰੇ ਨਹੀਂ ਟਿਕਾਣਾ।
ਲੋਕਾਂ ਨੂੰ ਆਕਾਸ਼ ਦਿਸਦਾ ਹੈ, ਮੈਨੂੰ ਆਕਾਸ਼
ਤੋਂ ਪਾਰ ਦੀ ਹਕੂਮਤ ਦਾ ਸਿੰਘਾਸਨ। ਜਿਵੇਂ ਬੁਤ
ਪੂਜ ਨੂੰ ਸਾਹਮਣੇ ਪਿਆ ਪੱਥਰ ਦਿਸਦਾ ਹੈ, ਅੱਠ
ਸੁਰਗ ਅਤੇ ਸੱਤ ਨਰਕ ਪ੍ਰਤੱਖ ਦਿੱਸ ਰਹੇ ਹਨ।
ਬੁਰੇ ਭਲੇ ਲੋਕਾਂ ਦੀ, ਇਉਂ ਖੁਦ ਬਖੁਦ ਪਛਾਣ ਹੋ
ਰਹੀ ਹੈ ਜਿਵੇਂ ਕਣਕ ਅਤੇ ਬਾਜਰੇ ਦੇ ਦਾਣੇ ਵੱਖ
ਵੱਖ ਸਾਫ਼ ਦਿਸਦੇ ਹਨ। ਕੌਣ ਨੇਕ ਹੈ ਕੌਣ ਬਦ,
ਇਵੇਂ ਵੱਖ ਵੱਖ ਦਿੱਸ ਰਹੇ ਹਨ ਜਿਵੇਂ ਸੱਪ ਅਤੇ
ਮੱਛੀ। ਉਜਲ ਦੀਦਾਰ ਮਨੁੱਖ ਕਾਲੇ ਮੂੰਹ ਵਾਲਿਆਂ
ਨਾਲ ਰਲ ਨਹੀਂ ਸਕਦੇ। ਜਿਸਮ ਅੰਦਰ ਰੂਹ ਇਉਂ
ਕੈਦ ਹੈ ਜਿਵੇਂ ਮਾਂ ਦੇ ਪੇਟ ਵਿਚ ਵਿਗਸ ਰਿਹਾ
ਬੱਚਾ। ਮੌਤ ਬੱਚੇ ਦੇ ਜਨਮ ਲੈਣ ਵਰਗੀ ਘਟਨਾ
ਹੈ। ਕਲਮੂਹੇਂ ਈਥੋਪੀਅਨ ਕਹਿੰਦੇ ਹਨ, ਇਹ
ਸਾਡੀਆਂ ਰੂਹਾਂ ਹਨ। ਅਨਾਤੋਲੀਆਂ ਦੀਆਂ ਰੌਸ਼ਨ
ਰੂਹਾਂ ਖੂਬਸੂਰਤ ਹਨ। ਰੂਹਾਨੀ ਸੰਸਾਰ ਵਿਚ ਪੁੱਜ
ਜਾਣ ਤਾਂ ਕਲਮੂਹੇਂ ਵੀ ਰੌਸ਼ਨਮੁਖ ਹੋ ਜਾਣਗੇ।
ਮੈਨੂੰ ਕਿਆਮਤ ਦੇ ਦਿਨ ਵਾਪਰਨ ਵਾਲੀਆਂ
ਘਟਨਾਵਾਂ ਦਾ ਪਤਾ ਹੈ। ਕਹੋ ਤਾਂ ਦੱਸਾਂ?
ਪੈਗ਼ੰਬਰ ਨੇ ਹੋਠਾਂ ਤੇ ਉਂਗਲ ਰੱਖ ਕੇ ਕਿਹਾ,
ਖਾਮੋਸ਼। ਕੋਈ ਲੋੜ ਨਹੀਂ। ਇਹ ਗੁਫਤਗੂ ਅਨੰਤ
ਹੈ। ਊਠਾਂ ਦਾ ਕਾਰਵਾਂ ਦੂਰ ਚਲਾ ਗਿਆ ਹੈ ਜ਼ੈਦ।
ਚਲੋ ਤੇਜ਼ ਕਦਮੀ ਚਲੀਏ। ਉਨ੍ਹਾਂ ਨਾਲ ਰਲੀਏ।
ਖਾਮੋਸ਼ ਰਹੋ।
ਤੁਰਦਿਆਂ ਜ਼ੈਦ ਨੇ ਕਿਹਾ, ਪਰ ਸੂਰਜ ਨੂੰ
ਕੱਛ ਵਿਚ ਕਿਵੇਂ ਛੁਪਾ ਸਕਦਾ ਹਾਂ ਮਾਲਕ? ਬੁੱਧੀ
ਅਤੇ ਪਾਗਲਪਣ ਦੋਵੇਂ ਪਰਦੇ ਫਟ ਗਏ ਹਨ। ਮੈਨੂੰ
ਸਮਝਾਓ ਕਿ ਵਡੇ ਭੇਦ ਪ੍ਰਗਟ ਹੋਣ ਤੋਂ ਕਿਵੇਂ
ਰੋਕੀਦੇ ਹਨ।
ਪੈਗ਼ੰਬਰ ਨੇ ਕਿਹਾ, ਅੱਖ ਅੱਗੇ ਉਂਗਲ
ਕਰੋ। ਸੂਰਜ ਢਕਿਆ ਜਾਂਦਾ ਹੈ। ਨਿਕੀ ਜਿਹੀ
ਉਂਗਲ ਅੱਖ ਅਗੇ ਆ ਜਾਏ ਤਾਂ ਚੰਦ ਸੂਰਜ ਪਰਦੇ
ਉਹਲੇ ਹੋ ਜਾਂਦੇ ਹਨ। ਛੁਪਣਾ ਤੇ ਛੁਪਾਣਾ ਸਿਖ
ਜ਼ੈਦ।
ਜ਼ੈਦ ਨੇ ਕਿਹਾ, ਸ਼ੀਸ਼ਾ ਅਤੇ ਤੱਕੜੀ ਝੂਠ
ਨਹੀਂ ਬੋਲ ਸਕਦੇ, ਸ਼ੀਸ਼ਾ ਅਤੇ ਤੱਕੜੀ ਬੇਈਮਾਨੀ
ਨਹੀਂ ਕਰਦੇ, ਤਾਂ ਵੀ, ਤੁਹਾਡਾ ਹੁਕਮ ਹੈ ਖਾਮੋਸ਼
ਰਹਾਂ, ਮੈਂ ਖਾਮੋਸ਼ ਰਹਾਂਗਾ ਮਾਲਕ। ਅੰਮ੍ਰਿਤ ਦਾ
ਨਿਰਮਲ ਮਿੱਠਾ ਚਸ਼ਮਾ ਵਗਦਾ ਦਿਸ ਰਿਹਾ ਹੈ।
ਮੋਮਨ ਤ੍ਰਿਪਤ ਹੋ ਰਹੇ ਹਨ, ਕਾਫਰ ਆਲੇ ਦੁਆਲੇ
ਚੱਕਰ ਕੱਟ ਰਹੇ ਹਨ ਪਰ ਪਾਣੀ ਹਾਸਲ ਨਹੀਂ
ਹੁੰਦਾ। ਮੈਂ ਖਾਮੋਸ਼ ਰਹਾਂਗਾ।
ਪੈਗ਼ੰਬਰ ਨੇ ਫੁਰਮਾਇਆ, ਤਾਰਿਆਂ ਦੀ
ਰੌਸ਼ਨੀ ਏਨੀ ਤੇਜ਼ ਹੈ ਜ਼ੈਦ ਕਿ ਅੱਖਾਂ ਅੰਨ੍ਹੀਆਂ
ਹੋ ਜਾਣ ਪਰ ਰੱਬ ਨੇ ਉਹ ਮੋਮਬੱਤੀਆਂ ਵਰਗੇ
ਕਰ ਦਿੱਤੇ ਹਨ ਤਾਂ ਕਿ ਮੋਮਨਾਂ ਨੂੰ ਰਸਤਾ ਦਿਖਾ
ਸਕਣ। ਇਹੀ ਤਾਰੇ ਸ਼ੈਤਾਨ ਉਪਰ ਟੁੱਟਣਗੇ ਤੇ
ਤਬਾਹੀ ਮਚਾਉਣਗੇ।
ਤੁਸੀਂ ਜ਼ੈਦ ਨੂੰ ਹੁਣ ਦੇਖ ਨਹੀਂ ਸਕਦੇ।
ਜੋੜੇ ਉਤਾਰ ਕੇ ਉਹ ਅਨੰਤ ਰੂਹਾਨੀਅਤ ਵਿਚ
ਦਾਖਲ ਹੋ ਗਿਆ ਹੈ। ਤੁਸੀਂ ਉਸ ਨੂੰ ਢੂੰਡਣ ਦਾ
ਯਤਨ ਨਾ ਕਰੋ ਕਿਉਂਕਿ ਉਸਦੇ ਕਦਮਾਂ ਦੇ ਨਿਸ਼ਾਨ
ਵੀ ਗਾਇਬ ਹੋ ਗਏ ਹਨ। ਆਕਾਸ਼ ਗੰਗਾ ਦੇ
ਰਸਤੇ ਉਪਰ ਕਦਮਾਂ ਦੇ ਨਿਸ਼ਾਨ ਨਹੀਂ ਹੁੰਦੇ,
ਕੱਖ ਕਾਨੇ ਨਹੀਂ ਹੁੰਦੇ। ਸਾਰਾ ਕੁਝ ਸਾਫ਼ ਹੈ।
"ਰੱਬ ਦਾ ਧਿਆਨ ਕਰੋ, ਉਹ ਤੁਹਾਡਾ
ਖਿਆਲ ਰਖੇਗਾ, ਤੁਹਾਡੇ ਸਾਰੇ ਫਿਕਰ ਉਸਦੇ
ਫਿਕਰ ਹੋ ਜਾਣਗੇ। ਰੱਬ ਨੇ ਕਿਹਾ, ਐ ਪੈਗੰਬਰ
ਕੇਵਲ ਮੋਮਨਾਂ ਦੀ ਸੰਗਤ ਕਰਨੀ। ਅਸੀਂ ਤੁਹਾਨੂੰ
ਅਜਿਹੀ ਅੱਗ ਦੇ ਦਿਤੀ ਹੈ ਜਿਹੜੀ ਸੰਸਾਰ ਨੂੰ
ਨਿੱਘ ਦਏਗੀ ਪਰ ਅੱਗ ਜੇ ਸੁਆਹ ਦੀ ਸੰਗਤ
ਕਰੇਗੀ ਤਾਂ ਬੁਝ ਜਾਏਗੀ। ਸ਼ੈਤਾਨ, ਮੁਸਲਮਾਨ
ਦਾ ਭੇਖ ਧਾਰ ਕੇ ਆਏਗਾ। ਉਸ ਦੀ ਪਛਾਣ ਕਰਨੀ।
"ਮੁਹੰਮਦ ਨੇ ਜਦੋਂ ਅਪਣੀ ਸ਼ਰਾਬ
ਵਰਤਾਈ ਤਾਂ ਸੰਸਾਰ ਦੇ ਪਹਿਲੇ ਸਾਰੇ ਠੇਕੇ ਬੰਦ
ਹੋ ਗਏ। ਗਰੀਬ ਮੁਸਲਮਾਨ ਫਟੇ ਕੱਪੜਿਆਂ,
ਨੰਗੇ ਧੜਾਂ ਨਾਲ ਕਾਫ਼ਰ ਜੰਗਬਾਜ਼ਾਂ ਨਾਲ ਲੜ ਕੇ
ਫਤਿਹਯਾਬ ਹੋਏ। ਇਹ ਸਭ ਦੀਨੀ ਸ਼ਰਾਬ ਵਿਚ
ਮਖਮੂਰ ਸਨ। ਜੇ ਮੈਂ ਇਹ ਕਹਾਂ ਕਿ ਮੁਹੰਮਦ ਦੇ
ਹੱਥ ਵਿਚ ਸੁਰਾਹੀ ਹੈ ਤਾਂ ਇਹ ਠੀਕ ਨਹੀਂ। ਉਹ
ਸ਼ਰਾਬ ਦਾ ਭਰਿਆ ਹੋਇਆ ਛਲਕਦਾ ਪਿਆਲਾ
ਹੈ। ਸੁਰਾਹੀ ਰੱਬ ਦੇ ਹੱਥ ਵਿਚ ਹੈ।
"ਪੈਗੰਬਰ ਤੱਕ ਪੁੱਜਣ ਦਾ ਰਸਤਾ ਪਿਆਰ
ਹੈ।
ਪਿਆਰ ਵਿਚੋਂ ਅਸੀਂ ਜਨਮ ਲਿਆ, ਪਿਆਰ
ਸਾਡੀ ਮਾਂ ਹੈ।
ਮਾਂ ਤੂੰ ਪਰਦਿਆਂ ਵਿਚ ਕਿਉਂ ਛੁਪ ਗਈ
ਹੈਂ?
ਇਸ ਕਰਕੇ ਕਿ ਅਸੀਂ ਕਾਫ਼ਰ ਹਾਂ?
ਈਰਾਨ ਨੇ ਸੰਸਾਰ ਨੂੰ ਪੰਜ ਮਹਾਨ ਕਿਤਾਬਾਂ
ਦਿਤੀਆਂ; ਫਿਰਦੌਸੀ ਦਾ ਸ਼ਾਹਨਾਮਾ, ਸ਼ੇਖ ਸਾਅਦੀ
ਦੀ ਗੁਲਿਸਤਾਂ, ਹਾਫ਼ਿਜ਼ ਦਾ ਦੀਵਾਨ, ਫਰੀਦੁੱਦੀਨ
ਅੱਤਾਰ ਦੀ ਪੰਛੀਆਂ ਦੀ ਮਜਲਿਸ ਅਤੇ ਮੌਲਾਨਾ
ਰੂਮ ਦੀ ਮਸਨਵੀ। ਜੇ ਅਰਬੀ ਵਿਚ ਕੁਰਾਨ ਸ੍ਰੇਸ਼ਟ
ਹੈ ਤਾਂ ਫਾਰਸੀ ਵਿਚਲੀ ਮਸਨਵੀ ਫਾਰਸੀ ਦਾ
ਕੁਰਾਨ ਹੈ,
ਮਸਨਵੀ ਇ ਮੌਲਵੀ ਇ ਮਅਨਵੀ।
ਹਸਤ ਕੁਰਾਨ ਦਰ ਜ਼ਬਾਨ ਪਹਿਲਵੀ।
ਜਾਮੀ ਨੇ ਲਿਖਿਆ -
ਮਨ ਚਿ ਗੋਇਮ ਵਸਫਿ ਆਂ ਆਲੀ ਜਨਾਬ।
ਨੀਸਤ ਪੈਗੰਬਰ ਵਲੋ ਦਾਰਦ ਕਿਤਾਬ।
(ਉਚੀ ਸ਼ਾਨ ਵਾਲੇ (ਰੂਮੀ) ਦੇ ਕੀ ਗੁਣ
ਬਿਆਨ ਕਰਾਂ?
ਉਸ ਦੇ ਹੱਥ ਵਿਚ ਇਲਹਾਮ ਦੀ ਕਿਤਾਬ
ਹੈ ਪਰ ਉਹ ਨਬੀ ਨਹੀਂ)
ਮਸਨਵੀ ਵਿਚ ਰੂਮੀ ਵਾਰ ਵਾਰ ਸ਼ੱਮਸ ਦਾ
ਜ਼ਿਕਰ ਕਰਦਾ ਹੈ,
ਸ਼ਮਸ ਤਬਰੀਜ਼ੀ ਕਿ ਨੂਰ ਮੁਤਲਿਕ ਹਸਤ।
ਆਫਤਾਬ ਅਸਤ ਵ ਜ਼ ਅਨਵਾਰਿ ਹਕ
ਅਸਤ।
(ਸ਼ਮਸ ਤਬਰੇਜ਼ ਅੱਲਾਹ ਦਾ ਨੂਰ ਹੈ।
ਉਹ ਸੂਰਜ ਹੈ, ਉਸ ਦੀ ਰੌਸ਼ਨੀ ਰੱਬ ਦੀ
ਰੌਸ਼ਨੀ ਹੈ।)
ਦਸੰਬਰ 1273 ਈਸਵੀ, ਕੂਨੀਆਂ ਵਿਚ
ਖੌਫ਼ਨਾਕ ਤੂਫ਼ਾਨ ਅਤੇ ਭੁਚਾਲ ਆਇਆ। ਵੱਡੀ
ਗਿਣਤੀ ਵਿਚ ਮੌਤਾਂ ਹੋਈਆਂ। ਡਰੇ ਹੋਏ ਲੋਕ
ਮੌਲਾਨਾ ਦੇ ਦਰਬਾਰ ਵਿਚ ਪੁੱਜੇ ਤੇ ਪੁੱਛਿਆ ਕਿ
ਕੁਦਰਤ ਏਨੀ ਕ੍ਰੋਧਵਾਨ ਕਿਉਂ ਹੈ? ਮੌਲਾਨਾ ਨੇ
ਫੁਰਮਾਇਆ, ਧਰਤੀ ਨੂੰ ਭੁੱਖ ਲੱਗੀ ਹੋਈ ਹੈ,
ਸੁਆਦ ਬੋਟੀ ਦੀ ਖਾਹਸ਼ਵੰਦ ਹੈ। ਮਨਪਸੰਦ
ਖੁਰਾਕ ਮਿਲ ਗਈ ਸ਼ਾਂਤ ਹੋ ਜਾਏਗੀ। ਸਤਾਰਾਂ
ਦਸੰਬਰ ਨੂੰ ਮੌਲਾਨਾ ਦਾ ਦੇਹਾਂਤ ਹੋਇਆ ਤਾਂ
ਕੁਦਰਤ ਸ਼ਾਂਤ ਹੋ ਗਈ। ਉਸ ਨੂੰ ਉਸ ਦੇ ਪਿਤਾ
ਦੀ ਕਬਰ ਦੇ ਨਜ਼ਦੀਕ ਤੁਰਕੀ ਵਿਚ ਕੋਨੀਆਂ
ਵਿਖੇ ਦਫ਼ਨਾਇਆ ਗਿਆ। ਪਹਿਲੋਂ ਹਿਜਰੀ ਸੰਮਤ
ਦੇ ਹਿਸਾਬ ਉਸਦਾ ਉਰਸ ਮਨਾਇਆ ਜਾਂਦਾ ਸੀ
ਪਰ ਪਿਛਲੀ ਅੱਧੀ ਸਦੀ ਤੋਂ 17 ਦਸੰਬਰ ਦਾ
ਦਿਨ ਕੋਨੀਆਂ ਵਿਚ ਨਿਸ਼ਚਿਤ ਹੋ ਗਿਆ ਹੈ।
ਮਸਨਵੀ ਦੀਆਂ ਛੇ ਪੋਥੀਆਂ ਰਚ ਕੇ ਮੌਲਾਨਾ
ਨੇ ਕਹਿ ਦਿਤਾ ਸੀ:
ਖਾਕੀਏ ਈ ਗੁਫਿਤਾ ਆਯਦ ਬੇਜ਼ਬਾਨ।
ਦਰ ਦਿਲਿ ਹਰ ਕਸ ਕਿ ਦਾਰਦ ਨੂਰੀ ਜਾਨ।
(ਗ੍ਰੰਥ ਦਾ ਰਹਿੰਦਾ ਹਿੱਸਾ ਹਰ ਸ਼ਖਸ ਦੇ
ਦਿਲ ਵਿਚ ਆਪਣੇ ਆਪ ਬਿਨ ਬੋਲਿਆਂ
ਪ੍ਰਕਾਸ਼ਵਾਨ ਹੋ ਜਾਏਗਾ ਜਿਸ ਦੀ ਆਤਮਾ ਪੁਰਨੂਰ
ਹੋ ਗਈ ਹੋਵੇਗੀ।)
ਪਰ ਸ਼ਿਅਰਾਂ ਦੀ ਬਣਤਰ ਅਤੇ ਸ਼ੈਲੀ ਤੋਂ
ਸਾਬਤ ਹੋ ਜਾਂਦਾ ਹੈ ਕਿ ਸੱਤਵੀਂ ਕਿਤਾਬ ਕਿਸੇ
ਹੋਰ ਦੀ ਨਹੀਂ, ਰੂਮੀ ਦੀ ਹੈ। ਸਿਧਾਂਤ ਇਸਲਾਮ
ਦੇ ਹਨ, ਰੂਮੀ ਉਨ੍ਹਾਂ ਦੀ ਵਿਆਖਿਆ ਨਵੇਂ ਤਰੀਕੇ
ਨਾਲ ਕਰਦਾ ਹੈ। ਸ਼ੱਰਈ ਆਖਦੇ ਹਨ ਕੇਵਲ
ਅੱਲਾਹ ਹੈ, ਉਸਦਾ ਕੋਈ ਸ਼ਰੀਕ ਨਹੀਂ, ਜਿਹੜਾ
ਉਸਦੇ ਕਿਸੇ ਸ਼ਰੀਕ ਨੂੰ ਮੰਨੇ ਉਹ ਬੁਤ ਪੂਜ
ਕਾਫਰ ਹੈ। ਉਹ ਆਪਣੇ ਮੱਤ ਦੇ ਸਮਰਥਨ
ਵਾਸਤੇ ਕੁਰਾਨ ਦੀ ਆਇਤ ਪੜ੍ਹਦੇ ਹਨ, ਨਹੀਂ ਹੈ
ਹੋਰ ਕੁਝ ਵੀ ਕਿਤੇ ਸਿਵਾਇ ਇਕ ਅੱਲਾਹ ਦੇ।
ਰੂਮੀ ਆਖਦਾ ਹੈ ਕਿ ਫਿਰ ਤਾਂ ਜਿਧਰ ਨਜ਼ਰ
ਜਾਏ ਉਧਰ ਅੱਲਾਹ ਹੀ ਅੱਲਾਹ ਹੈ। ਜਦੋਂ ਦੂਜਾ
ਉਸਦੇ ਸਿਵਾਇ ਹੋਰ ਕੋਈ ਨਹੀਂ, ਫਿਰ ਹਰੇਕ
ਕਣ ਵਿਚ ਉਸੇ ਦਾ ਜਲਵਾ ਹੈ। ਰੂਮੀ ਦਾ ਕਥਨ
ਹੈ, ਸਮੁੰਦਰ ਵਿਚ ਸਮੁੰਦਰ ਤੋਂ ਇਲਾਵਾ ਹੋਰ
ਕੁਝ ਨਹੀਂ ਪਰ ਭੈਂਗੇ ਨੂੰ ਆਪਣੀ ਗੱਲ ਮੈਂ ਕਿਸ
ਤਰੀਕੇ ਸਮਝਾਵਾਂ? ਤੂੰ ਰੋਟੀਆਂ ਦਾ ਟੋਕਰਾ ਸਿਰ
ਉਪਰ ਚੁੱਕਿਆ ਹੋਇਆ ਹੈ, ਫਿਰ ਦਰ ਦਰ ਮੰਗਣ
ਕਿਉਂ ਜਾਨੈ? ਬਹਿ ਤੇ ਆਰਾਮ ਨਾਲ ਖਾਹ।
ਸੂਫ਼ੀਆਂ ਵਿਚ ਦੋ ਤਰ੍ਹਾਂ ਦੀ ਵਿਚਾਰਧਾਰਾ
ਹੈ, ਇਕ ਇਹ ਹੈ ਕਿ ਜੋ ਕੁਝ ਹੁੰਦਾ ਹੈ ਰੱਬ ਦੇ
ਹੁਕਮ ਅਨੁਸਾਰ ਹੁੰਦਾ ਹੈ। ਦੂਜਾ ਇਹ ਕਿ ਆਦਮੀ
ਲਈ ਉਦਮ ਕਰਨਾ ਜ਼ਰੂਰੀ ਹੈ। ਪਹਿਲੀ ਕਿਸਮ
ਦੇ ਲੋਕ ਭਾਗਵਾਦੀ ਹੋਣ ਕਾਰਨ ਆਲਸੀ ਹੋ ਜਾਂਦੇ
ਹਨ। ਰੂਮੀ ਦੂਜੀ ਕਿਸਮ, ਭਾਵ ਕਿਰਤ ਕਰਨ ਨੂੰ
ਚੰਗਾ ਜਾਣਦਾ ਹੈ। ਕਿਰਤ ਕਰੋ, ਉਸ ਪਿਛੋਂ ਰੱਬ
ਦਾ ਫੈਸਲਾ ਉਡੀਕੋ। ਸ਼ਿਅਰ ਹੈ:
ਪਾਏ ਦਾਹੀ ਚੂੰ ਕੁਨੀ ਖੁਦ ਰਾ ਤੂ ਨੰਗ।
ਦਸਤ ਦਾਰੀ ਚੂੰ ਕੁਨੀ ਪਿਨਹਾਂ ਨੂ ਚੰਗ।
(ਚੰਗੇ ਭਲੇ ਹਨ ਤੇਰੇ ਪੈਰ, ਤੂੰ ਲੂਲ੍ਹਾ ਕਿਉਂ
ਬਣਿਆ ਬੈਠਾ ਹੈਂ? ਠੀਕ ਹਨ ਤੇਰੇ ਹੱਥ, ਫਿਰ
ਕੱਛਾਂ ਵਿਚ ਕਿਉਂ ਦੇਈਂ ਬੈਠਾ ਹੈਂ?)
ਬਰ ਤਵੱਕੁਲ ਮੈਂ ਕੁਨੀ ਦਰ ਕਾਰ ਕੁਨ।
ਕਾਰ ਕੁਨ ਪਸ ਤਕੀਆ ਬਰ ਜੱਬਾਰ ਕੁਨ।
(ਭਰੋਸਾ ਕਰਨਾ ਹੈ ਤਾਂ ਕਿਰਤ ਉਪਰ ਕਰ,
ਇਸ ਤੋਂ ਬਾਦ ਭਰੋਸਾ ਰੱਬ ਉਪਰ ਕਰ।)
ਰੂਮੀ ਵੇਲੇ ਅਜਿਹੇ ਫਕੀਰਾਂ ਦੀ ਕੋਈ
ਘਾਟ ਨਹੀਂ ਸੀ ਜੋ ਵਿਹਲੀਆਂ ਖਾਣ ਦੇ ਸ਼ੁਕੀਨ
ਸਨ, ਕਿਹਾ ਕਰਦੇ ਸਨ ਕਿ ਅੱਲਾਹ ਆਪੇ
ਦਏਗਾ ਜੇ ਕਿਸਮਤ ਵਿਚ ਲਿਖਿਆ ਹੋਇਆ।
ਰੂਮੀ ਆਖਦਾ ਹੈ:
ਜਬਰਿਤੂ ਖੁਫਿਤਨ ਦਰ-ਉ-ਰਾਹ ਮਖਸਪ।
ਤਾ ਨ ਬੀਨੀ ਆਂ ਦਰ-ਉ-ਦਰਗਾਹ
ਮਖਸਪ।
(ਤੇਰਾ ਨਸੀਬਾਂ ਵਿਚ ਯਕੀਨ, ਸੌਂ ਜਾਣ ਵਾਂਗ
ਹੈ। ਹੋਸ਼ ਵਿਚ ਆ, ਰਸਤੇ ਵਿਚ ਸੌਂ ਨਾ। ਜਿੰਨਾ
ਚਿਰ ਦਰ ਅਤੇ ਦਰਗਾਹ ਉਤੇ ਨਹੀਂ ਪੁਜਦਾ, ਸੌਵੀਂ
ਨਾ।)
ਰੂਮੀ ਦੇ ਦੀਵਾਨ ਵਿਚ ਗਜ਼ਲਾਂ ਦੇ ਪੰਜਾਹ
ਹਜ਼ਾਰ ਸ਼ਿਅਰ ਹਨ। ਏਨੀ ਉਤਮ ਰਚਨਾ ਹੈ ਕਿ
ਸ਼ੇਖ ਸਾਅਦੀ ਅਸ਼ ਅਸ਼ ਕਰ ਉਠਿਆ ਤੇ
ਲਿਖਿਆ, ਮੇਰੀ ਕਿਸਮਤ ਵਿਚ ਉਸਦੇ ਕਦਮਾਂ
ਦੀ ਧੂੜ ਮੱਥੇ ਲਾਉਣੀ ਲਿਖੀ ਨਹੀਂ ਸੀ। ਸ਼ੀਰਾਜ਼
ਦੇ ਬਾਦਸ਼ਾਹ ਨੇ ਸਾਅਦੀ ਨੂੰ ਕਿਹਾ ਕਿ ਅੱਜ ਤੱਕ
ਫਾਰਸੀ ਜ਼ਬਾਨ ਵਿਚ ਰਚੇ ਸਾਹਿਤ ਵਿਚੋਂ ਸਰਬੋਤਮ
ਗਜ਼ਲ ਚੁਣ ਕੇ ਭੇਜੋ, ਸਾਅਦੀ ਨੇ ਰੂਮੀ ਦੇ ਦੀਵਾਨ
ਵਿਚੋਂ ਗਜ਼ਲ ਭੇਜਦਿਆਂ ਕਿਹਾ, ਇਸ ਤੋਂ ਉਪਰ
ਕੁਝ ਨਹੀਂ ਹੈ।
ਉਸਦੀ ਤੀਜੀ ਰਚਨਾ ਫੀਹੀ ਮਾ ਫ਼ੀਹੀ ਹੈ,
ਜੋ ਮੌਲਾਨਾ ਵਲੋਂ ਲਿਖੇ ਖਤਾਂ ਦਾ ਸੰਗ੍ਰਹਿ ਹੈ।
ਇਨ੍ਹਾਂ ਖਤਾਂ ਵਿਚੋਂ ਆਪਣੇ ਮਿੱਤਰਾਂ ਅਤੇ ਮੁਰੀਦਾਂ
ਪ੍ਰਤੀ ਪਿਆਰ ਤਾਂ ਝਲਕਦਾ ਹੀ ਹੈ, ਮਾਅਰਫਤ
ਦੇ ਵਿਸ਼ੇ ਉਪਰ ਵੀ ਅਨੇਕ ਟਿਪਣੀਆਂ ਮਿਲਦੀਆਂ
ਹਨ। ਇਨ੍ਹਾਂ ਖਤਾਂ ਤੋਂ ਪਤਾ ਲਗਦਾ ਹੈ ਕਿ ਪਹਿਲਾਂ
ਕੀਰਤਨ ਤੋਂ ਜਿੰਨਾ ਪਰਹੇਜ਼ ਕਰਦੇ ਸਨ, ਤਬਰੇਜ਼
ਨਾਲ ਮਿਲਾਪ ਤੋਂ ਬਾਦ ਵਿਸ਼ਵਾਸ ਹੋ ਗਿਆ ਕਿ
ਕੀਰਤਨ ਰਾਹੀਂ ਹੀ ਦੀਨ ਦੀਆਂ ਉਚੀਆਂ ਮੰਜ਼ਲਾਂ
ਤੱਕ ਪੁੱਜਿਆ ਜਾ ਸਕਦਾ ਹੈ। ਕਿਹਾ ਕਰਦੇ ਸਨ,
ਅੰਜੀਰ ਹਰੇਕ ਪੰਛੀ ਦੀ ਖੁਰਾਕ ਨਹੀਂ ਹੈ।
ਆਰ. ਏ. ਨਿਕਲਸਨ ਨੇ ਮਸਨਵੀ ਦੀ
ਜਾਣ-ਪਛਾਣ ਕਰਵਾ ਕੇ ਇਸਦਾ ਅੰਗਰੇਜ਼ੀ ਵਿਚ
1400 ਪੰਨਿਆਂ ਦਾ ਵੱਡ ਆਕਾਰੀ ਗ੍ਰੰਥ ਸੰਸਾਰ
ਦੇ ਸਪੁਰਦ ਕੀਤਾ। ਜਿਹੜੇ ਲੋਕ ਫਾਰਸੀ ਨਹੀਂ
ਜਾਣਦੇ, ਉਨ੍ਹਾਂ ਵਾਸਤੇ ਇਸ ਤੋਂ ਵਧੀਕ ਸਟੀਕ
ਅਤੇ ਮੁੱਲਵਾਨ ਅਕਾਦਮਿਕ ਕਾਰਜ ਹੋਰ ਕਿਤੇ
ਨਹੀਂ ਹੈ।
-ਬੇਸਬਰੀਆਂ ਲਾਲਚੀ ਅੱਖਾਂ ਰਜਦੀਆਂ ਈ
ਨਹੀਂ।
ਪਰ ਸਿੱਪੀ ਜਾਣਦੀ ਹੈ ਜੇ ਖਾਮੋਸ਼ ਰਹਿ ਕੇ
ਸਬਰ ਨਾ ਕੀਤਾ ਤਾਂ ਮੋਤੀ ਨਹੀਂ ਬਣੇਗਾ।
-ਗੁਲਾਬੀ ਫੁੱਲਾਂ ਦੇ ਨਜ਼ਦੀਕ ਜਾ ਕੇ ਖੂਨੀ
ਬੋਲ ਨਾ ਬੋਲ।
ਮਸਤਾਨਿਆਂ ਨੂੰ ਮੂਰਖ ਆਖ ਕੇ ਖਿੱਲੀ
ਨਾ ਉਡਾ।
-ਹੁਨਰ ਦੇ ਨਾਲ ਨਾਲ ਉਡਣਾ ਚਾਹੁੰਨੈ ਤਾਂ
ਪਹਿਲਾਂ ਨਜ਼ਰ ਮਾਰ ਕਿ ਕੀ ਤੇਰੇ ਜਿਸਮ ਉਪਰ
ਖੰਭ ਹੈਨ ਵੀ?
-ਅੱਗ ਦੀ ਸੁਨਹਿਰੀ ਲਾਟ ਦੇਖਣ ਨੂੰ
ਸੁਹਣੀ ਲਗਦੀ ਹੈ
ਪਰ ਉਸ ਦਾ ਫੈਸਲਾ ਹੈ ਕਿ ਹਰੇਕ ਸ਼ੈ ਨੂੰ
ਸਾੜ ਕੇ ਕਾਲੇ ਰੰਗ ਦਾ ਪੋਚਾ ਫੇਰ ਦੇਣਾ ਹੈ।
-ਜੇ ਅਗਿਆਨ ਸਦਕਾ ਤੂੰ ਅੰਨ੍ਹਾ ਨਾ
ਹੋਇਆ ਹੁੰਦਾ
ਤਾਂ ਸੂਰਜ ਸਾਹਮਣੇ ਬਰਫ਼ ਵਾਂਗ ਦੇਰ ਤੱਕ
ਜਮਿਆਂ ਕਿਵੇਂ ਰਹਿ ਸਕਦਾ ਸੈਂ?
-ਦਰਿਆ ਵਿਚ ਜੋ ਜੀਵ ਪੈਦਾ ਹੁੰਦੇ ਹਨ,
ਮੁੜ ਮੁੜ ਦਰਿਆ ਵਲ ਨੂੰ ਨਸਦੇ ਹਨ।
-ਤੂੰ ਆਪਣੇ ਦਿਲ ਵਿਚ ਪੱਥਰ, ਲੋਹਾ ਅਤੇ
ਅੱਗ ਸੰਭਾਲ ਰੱਖੀ ਹੋਈ ਹੈ। ਇਹ ਦੱਸ ਕਿ ਪਾਣੀ
ਇਥੇ ਕਿਉਂ ਜਾਏਗਾ?
-ਮਾਲਕ ਨੂੰ ਦੇਖ ਕੇ ਕੁੱਤਾ ਪੈਰ ਚੁੰਮਣ
ਜਾਂਦਾ ਹੈ,
ਬੇਗਾਨੇ ਉਪਰ ਉਹ ਸ਼ੇਰ ਵਾਂਗ ਹੱਲਾ ਬੋਲਦਾ
ਹੈ।
ਤੈਨੂੰ ਆਪਣਿਆਂ ਤੇ ਬੇਗਾਨਿਆਂ ਦੀ ਸਮਝ
ਕਦ ਆਏਗੀ?
-ਬੱਚਾ ਮਾਂ ਵਲ ਜਾਂਦਾ ਹੈ। ਟਾਹਣੀਆਂ ਮੁੱਢ
ਵਲ ਝੁਕਦੀਆਂ ਹਨ।
ਬੇਸ਼ਕ ਦਿਸਦਾ ਨਹੀਂ, ਘੜੇ ਦਾ ਪਾਣੀ ਹੌਲੀ
ਹੌਲੀ ਹਵਾ ਵਿਚ
ਮਿਲਦਾ ਜਾਂਦਾ ਹੈ ਕਿਉਂਕਿ ਉਹ ਹਵਾ ਦਾ
ਜਾਇਆ ਹੈ।
ਪਾਣੀ ਅਤੇ ਰੋਟੀ, ਸਾਡੇ ਮਾਸ ਵਰਗੇ ਨਹੀਂ
ਪਰ ਜਦੋਂ ਅਸੀਂ
ਪੀ ਖਾ ਲੈਂਦੇ ਹਾਂ, ਇਹ ਮਾਸ ਹੋ ਜਾਂਦੇ ਹਨ।
-ਰੱਬ ਨੇ ਜਿਹੜੀ ਅਕਲ ਸ਼ਹਿਦ ਦੀ ਮੱਖੀ
ਨੂੰ ਦਿੱਤੀ,
ਉਸਦਾ ਭੇਤ ਗਿੱਦੜ ਅਤੇ ਸ਼ੇਰ ਕਿਵੇਂ ਪਾ
ਸਕਦੇ ਹਨ?
ਤੁਸੀਂ ਵੀ ਮਿੱਤਰੋ ਖੋਤੇ ਦੇ ਕੰਨ ਵੇਚ ਕੇ
ਬੰਦੇ ਦੇ ਕੰਨ ਖਰੀਦ ਲਵੋ ਫੇਰ ਅਸਾਡੀ ਗੱਲ
ਸਮਝ ਆਉਣ ਲੱਗੇਗੀ।
-ਕਿਤਾਬਾਂ ਵਿਚਲੇ ਵਾਕ ਫਾਹੀਆਂ ਹਨ
ਦੋਸਤੋ।
ਕਿਤਾਬੀ ਵਾਕ, ਮਾਰੂਥਲਾਂ ਵਿਚ ਮ੍ਰਿਗ
ਤ੍ਰਿਸ਼ਨਾ ਹਨ, ਤ੍ਰਿਪਤ ਨਹੀਂ ਕਰਦੇ।
ਪੁਰਾਤਨ ਜਨੌਰ ਕਹਾਣੀਆਂ ਵਿਚ ਤੋਤੀ ਦੀ
ਕਥਾ ਆਉਂਦੀ ਹੈ। ਪਿੰਜਰੇ ਵਿਚ ਬੰਦ ਤੋਤੀ ਉਦਾਸ
ਰਹਿੰਦੀ। ਮਾਲਕ ਪਰਦੇਸ ਚੱਲਿਆ ਤਾਂ ਹਰੇਕ ਨੂੰ
ਪੁੱਛਿਆ ਕਿ ਕੀ ਸੁਗਾਤ ਲਿਆਵਾਂ, ਕਿਸ ਨੂੰ ਕੀ
ਸੁਨੇਹਾ ਦੇ ਕੇ ਆਵਾਂ। ਉਸਨੇ ਤੋਤੀ ਨੂੰ ਵੀ ਇਹੋ
ਪੁੱਛਿਆ। ਤੋਤੀ ਨੇ ਕਿਹਾ, ਉਸ ਦੇਸ ਵਿਚ ਮੇਰੇ
ਹਮਸਫਰ ਤੋਤਿਆਂ ਦੀਆਂ ਡਾਰਾਂ ਦਿੱਸਣਗੀਆਂ,
ਉਨ੍ਹਾਂ ਨੂੰ ਕਹਿਣਾ ਤੁਹਾਡੀ ਪਿੰਜਰੇ ਵਿਚ ਬੰਦ ਤੋਤੀ
ਉਦਾਸ ਰੋਂਦੀ ਰਹਿੰਦੀ ਹੈ, ਤੁਹਾਨੂੰ ਯਾਦ ਕਰਦੀ
ਹੈ। ਮੁਸਾਫ਼ਰ ਨੇ ਦਰਖਤ 'ਤੇ ਬੈਠੇ ਤੋਤਿਆਂ ਨੂੰ
ਇਸ ਤੋਤੀ ਦੀ ਗੱਲ ਸੁਣਾਈ। ਸਭ ਨੇ ਧਿਆਨ
ਨਾਲ ਸੁਣੀ। ਦਰਦ ਕਹਾਣੀ ਸੁਣ ਕੇ ਇਕ ਤੋਤਾ
ਮਰ ਕੇ ਜ਼ਮੀਨ 'ਤੇ ਆ ਡਿੱਗਾ। ਮੁਸਾਫਰ
ਪਛਤਾਇਆ ਕਿ ਕਾਹਨੂੰ ਇਹ ਗੱਲ ਕਰਨੀ ਸੀ।
ਪਾਪ ਕਰ ਬੈਠਾ ਹਾਂ। ਵਾਪਸ ਆ ਕੇ ਇਹ ਘਟਨਾ
ਤੋਤੀ ਨੂੰ ਸੁਣਾਈ। ਜਦ ਉਸਨੇ ਸੁਣਿਆ ਕਿ ਇਕ
ਤੋਤਾ ਇਹ ਗੱਲ ਸੁਣਦਿਆਂ ਮਰ ਗਿਆ ਤਾਂ ਤੋਤੀ
ਨੂੰ ਵੀ ਅਜਿਹਾ ਚੱਕਰ ਆਇਆ ਕਿ ਫੁੜਕ ਗਈ।
ਮਾਲਕ ਲੱਗਾ ਹੱਥ ਮਲਣ, ਦੂਹਰੀ ਮੂਰਖਤਾ ਕਰ
ਦਿਤੀ। ਪਰਦੇਸੀਂ ਮਰੇ ਤੋਤੇ ਦੀ ਗੱਲ ਸੁਣ ਕੇ
ਇਹ ਦਮ ਤੋੜ ਗਈ। ਮੇਰੇ ਵਰਗਾ ਅਹਿਮਕ
ਹੋਰ ਕੌਣ ਹੋਏਗਾ? ਉਸ ਨੇ ਪਿੰਜਰੇ ਦੀ ਤਾਕੀ
ਖੋਲ੍ਹੀ ਤੇ ਮਰੀ ਤੋਤੀ ਨੂੰ ਟੰਗੋਂ ਫੜ ਕੇ ਵਾੜ ਤੋਂ
ਪਾਰ ਸੁੱਟ ਦਿਤਾ। ਜਿਉਂ ਹੀ ਮਾਲਕ ਨੇ ਤੋਤੀ
ਵਗਾਹੀ, ਉਹ ਫੁੱਰਰ ਕਰਕੇ ਉਡ ਗਈ।
ਹਿੰਦੋਸਤਾਨੀ ਕਥਾਕਾਰ ਤੋਤੇ ਅਤੇ ਤੋਤੀ ਦੇ ਮਰਨ
ਨੂੰ ਮਕਰ ਫਰੇਬ ਰਾਹੀਂ ਆਜ਼ਾਦ ਹੋਣ ਦੀ ਚਲਾਕੀ
ਦਸਦੇ ਹਨ। ਰੂਮੀ ਇਸ ਨੂੰ ਹੋਰ ਅਰਥ ਦਿੰਦਾ
ਹੈ। ਉਹ ਲਿਖਦਾ ਹੈ, ਇਕ ਮਹਿਮਾਨ ਨੇ ਪਿੰਜਰੇ
ਵਾਲੀ ਤੋਤੀ ਨੂੰ ਪੁੱਛਿਆ ਤੇਰੀ ਨਜ਼ਰ ਤਾਂ ਏਨੀ
ਤਿੱਖੀ ਹੈ ਕਿ ਮੀਲਾਂ ਤਕ ਸਾਫ਼ ਦੇਖ ਲੈਂਦੀ ਹੈ,
ਕੀ ਤੈਨੂੰ ਫਾਹੀ ਨਹੀਂ ਸੀ ਦਿੱਸੀ? ਤੋਤੀ ਨੇ ਕਿਹਾ,
ਜਦੋਂ ਕਿਸਮਤ ਮਾੜੀ ਹੋਵੇ ਭਾਈ ਤਾਂ ਅੱਖਾਂ ਉਪਰ
ਚਿੱਟੇ ਦਿਨ ਪਰਦਾ ਪੈ ਜਾਂਦਾ ਹੈ। ਉਹ ਤੋਤੇ ਤੋਤੀ
ਦੀ ਮੌਤ ਨੂੰ ਚਲਾਕੀ ਫਰੇਬ ਨਹੀਂ ਕਹਿੰਦਾ। ਉਹ
ਆਖਦਾ ਹੈ ਜਿਸਮ ਦੀਆਂ ਲੋੜਾਂ ਨੂੰ ਮਾਰ ਲਵੋਗੇ,
ਆਪੇ ਨੂੰ ਮਾਰ ਲਵੋਗੇ ਤਦ ਆਜ਼ਾਦ ਹੋ ਕੇ ਉਡਣ
ਲੱਗੋਗੇ। ਤੁਹਾਡੀਆਂ ਹਵਸਾਂ ਤੁਹਾਡਾ ਮਜ਼ਬੂਤ
ਪਿੰਜਰਾ ਹੈ। ਇਸ ਪਿੰਜਰੇ ਵਿਚੋਂ ਨਿਕਲਣ ਦਾ
ਇਹੋ ਰਸਤਾ ਹੈ, ਹੋਰ ਕੋਈ ਨਹੀਂ।
-ਪਿਆਸਾ ਆਦਮੀ ਸੰਸਾਰ ਵਿਚ ਪਾਣੀ
ਲਭਦਾ ਫ਼ਿਰਦਾ ਹੈ। ਉਹ ਨਹੀਂ ਜਾਣਦਾ ਕਿ ਪਾਣੀ
ਵੀ ਉਸਦੀ ਤਲਾਸ਼ ਵਿਚ ਤੁਰਿਆ ਹੋਇਆ ਹੈ।
-ਜਿਸ ਅੱਖਰ ਕਾਰਨ ਭਟਕ ਜਾਏਂ ਉਹ
ਅੱਖਰ ਕੁਫਰ ਦਾ ਸੀ ਕਿ ਈਮਾਨ ਦਾ, ਇਕੋ ਗੱਲ
ਹੈ, ਜਿਸ ਨਕਸ਼ੇ 'ਤੇ ਤੁਰਦਾ ਤੁਰਦਾ ਜੇ ਦੋਸਤ
ਤੋਂ ਵਿਛੜ ਜਾਏਂ ਉਹ ਨਕਸ਼ਾ ਚੰਗਾ ਸੀ ਕਿ ਮਾੜਾ,
ਇਕੋ ਗੱਲ ਹੈ।
-ਖੁਸ਼ਹਾਲੀ ਵਕਤ ਜਿਹੜੇ ਪਰਛਾਵਾਂ ਬਣਕੇ
ਰਹਿੰਦੇ ਸਨ, ਮੰਦਹਾਲੀ ਵਿਚ ਤੇਰਾ ਪੱਲਾ ਛੱਡ
ਦੇਣਗੇ। ਤੇਰਾ ਮਾੜਾ ਹਾਲ ਦੇਖ ਕੇ ਦੂਰੋਂ ਕਹਿਣਗੇ,
ਕਬਰ ਵਿਚੋਂ ਇਹ ਮੁਰਦਾ ਕਿਵੇਂ ਬਾਹਰ ਨਿਕਲ
ਆਇਆ?
-ਐ ਦੁਨੀਆਂ, ਮੈਂ ਦੇਖ ਲਿਆ ਤੈਨੂੰ।
ਪੁਰਾਣੀ ਮਿੱਟੀ ਤੋਂ ਬਗੈਰ ਤੂੰ ਹੋਰ ਕੱਖ ਨਹੀਂ, ਨਾ
ਤੇਰਾ ਜਨਮ ਹੋਇਆ, ਨਾ ਤੂੰ ਉਗੀ, ਨਾ ਤੈਨੂੰ
ਮੰਜ਼ਲ ਮਿਲੀ।
-ਜੇ ਸੰਸਾਰ ਬੇਅਕਲਾਂ, ਬੇਸ਼ਰਮਾਂ ਨਾਲ
ਭਰਿਆ ਹੋਇਆ ਨਾ ਹੁੰਦਾ ਤਾਂ ਪੈਗੰਬਰਾਂ ਨੂੰ
ਕਰਾਮਾਤਾਂ ਦਿਖਾਉਣ ਦੀ ਕੀ ਲੋੜ ਸੀ?
-ਜਿਵੇਂ ਪਿਆਲਾ ਖਾਲੀ ਹੋਣ 'ਤੇ ਦੁਬਾਰਾ
ਭਰ ਲਿਆ ਜਾਂਦਾ ਹੈ, ਸੂਰਜ ਅਸਤ ਹੋ ਕੇ ਅਗਲੇ
ਦਿਨ ਫਿਰ ਪ੍ਰਗਟ ਹੋ ਜਾਂਦਾ ਹੈ, ਤੂੰ ਵੀ ਸੂਰਜ ਹਂੈ
ਰੂਮ, ਆਪਣੀ ਜਾਨ ਕੁਰਬਾਨ ਕਰ ਤੇ ਪੁਰਾਣੇ
ਹਨੇਰੇ ਸੰਸਾਰ ਨੂੰ ਰੌਸ਼ਨ ਕਰ।
-ਪਿੱਸੂ ਨਾਲ ਖਫ਼ਾ ਹੋ ਕੇ ਆਪਣੀ ਕੰਬਲੀ
ਨੂੰ ਅੱਗ ਵਿਚ ਨਾ ਸਾੜ। ਜਦੋਂ ਤੈਨੂੰ ਸੁਣਨਾ ਆ
ਗਿਆ ਤਾਂ ਮੈਂ ਤੇਰੇ ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ
ਪਾਵਾਂਗਾ।
-ਮੁੰਦਰਾਂ ਦਾ ਨਾਮ ਸੁਣ ਕੇ ਖੁਸ਼ ਹੋ ਗਿਐ?
ਇਹ ਤਾਂ ਕੁਝ ਵੀ ਨਹੀਂ, ਮੈਂ ਤੈਨੂੰ ਸੋਨੇ ਦੀ ਖਾਣ
ਬਣਾ ਦਿਆਂਗਾ, ਚੰਦ ਨਹੀਂ, ਮੈਂ ਤੈਨੂੰ ਕਹਿਕਸ਼ਾਂ
ਬਣਾ ਦਿਆਂਗਾ।
-ਤੂੰ ਹੰਕਾਰ ਦਾ ਕੈਦੀ ਹੈਂ, ਤੇਰਾ ਕੀ ਇਲਾਜ
ਕਰਾਂ? ਜੇ ਤੂੰ ਲੋਹੇ ਦੇ ਪਿੰਜਰੇ ਵਿਚ ਬੰਦ ਹੁੰਦਾ
ਮੈਂ ਛੈਣੀ-ਹਥੌੜੇ ਨਾਲ ਲੋਹਾ ਕੱਟ ਕੇ ਤੈਨੂੰ ਆਜ਼ਾਦ
ਕਰ ਦਿੰਦਾ। ਤੇਰਾ ਹੰਕਾਰ ਕਿਵੇਂ ਵੱਢਾਂ?
ਅੱਗ, ਲੱਕੜਾਂ ਦੇ ਢੇਰ ਤੋਂ ਕਦ ਡਰਦੀ ਹੈ?
ਕਸਾਈ ਭੇਡਾਂ ਦੇ ਇਜੜ ਤੋਂ ਕਦ ਡਰਿਆ ਹੈ।
-ਨਕਲ ਕਰਕੇ ਤੂੰ ਬੁਲਬੁਲ ਵਰਗੀ
ਆਵਾਜ਼ ਕੱਢ ਸਕਦਾ ਹੈਂ। ਪਰ ਬੁਲਬੁਲ ਫੁੱਲਾਂ
ਨਾਲ ਕਿਹੜੀਆਂ ਕਿਹੜੀਆਂ ਗੱਲਾਂ ਕਰਦੀ ਹੈ ਤੈਨੂੰ
ਕੀ ਪਤਾ?
-ਬੋਲਾ ਬੰਦਾ ਗੱਲ ਕਰਨ ਵਾਲੇ ਦੇ ਬੁਲ੍ਹ
ਹਿਲਦੇ ਦੇਖ ਕੇ ਗੱਲ ਸਮਝ ਨਹੀਂ ਸਕਦਾ। ਚਾਮਚੜਿਕ
ਸੂਰਜ ਦੀ ਸਿਫਤ ਨਹੀਂ ਕਰ ਸਕਦੀ।
-ਲੱਤਾਂ ਵਿਚ ਸੋਟੀ ਲੈ ਕੇ ਤੂੰ ਦੌੜਿਆ
ਫਿਰਦਾ ਹੈਂ ਕਿ ਮੈਂ ਘੋੜੇ ਉਪਰ ਸਵਾਰ ਹਾਂ, ਸਾਨੂੰ
ਪਤੈ ਸੋਟੀ ਦਾ ਭਾਰ ਸਗੋਂ ਤੂੰ ਚੁਕਿਆ ਹੋਇਐ।
('ਆਰਟ ਤੋਂ ਬੰਦਗੀ ਤੱਕ' ਵਿੱਚੋਂ)