ਜ਼ਫ਼ਰਨਾਮਹ ਦੇ ਅਰਥ ਜਿੱਤ ਦੀ ਚਿੱਠੀ ਹਨ, ਜੋ ਗੁਰੂ ਜੀ ਨੇ ਔਰੰਗਜ਼ੇਬ ਨੂੰ ਲਿਖੀ ਸੀ ।
ਜ਼ਫ਼ਰਨਾਮਹ ਵਿੱਚ ਕੁਲ ਬਾਰਾਂ ਹਿਕਾਯਤਾਂ ਮਿਲਦੀਆਂ ਹਨ । ਜੋ ਵਿਦਵਾਨ ਜ਼ਫ਼ਰਨਾਮਹ
ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ, ਉਨ੍ਹਾਂ ਵਿੱਚੋਂ ਵੀ ਬਹੁਤੇ ਕੇਵਲ ਪਹਿਲੀ
ਹਿਕਾਯਤ ਨੂੰ ਹੀ ਉਨ੍ਹਾਂ ਦੀ ਰਚਨਾ ਮੰਨਦੇ ਹਨ । ਸੋ ਅਸੀਂ ਵੀ ਕੇਵਲ ਪਹਿਲੀ ਹਿਕਾਯਤ
ਦਾ ਹੀ ਅਨੁਵਾਦ ਦੇ ਰਹੇ ਹਾਂ ।
ੴਹੁਕਮ ਸੱਤਿ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
ਮੰਗਲਾ ਚਰਨ
ਕਾਮਲ, ਕਾਇਮ, ਦਾਇਮ ਦਾਤਾ, ਕਰਾਮਾਤ ਭੰਡਾਰਾ ।
ਖ਼ੁਸ਼ੀਆਂ, ਰਿਜ਼ਕ ਤੇ ਮੁਕਤੀ ਦੇਵੇ, ਜਗ ਨੂੰ ਸਿਰਜਨਹਾਰਾ ।
ਸ਼ਾਂਤੀ ਦਾਤਾ ਦਯਾ ਪੁੰਜ ਹੈ, ਹਰ ਇਕ ਦੀ ਬਾਂਹ ਫੜਦਾ ।
ਰੋਜ਼ੀ ਹੁਕਮ ਦੇਣ ਜਦ ਲਗਦਾ, ਵਿਤਕਰਾ ਮੂਲ ਨਾ ਕਰਦਾ ।
ਸ਼ਾਹਨਸ਼ਾਹ, ਗੁਣ ਦਾਤਾ ਦਯਾਲੂ ਧਰਮ ਦਾ ਰਾਹ ਵਿਖਾਵੇ ।
ਤੇ ਖ਼ੁਦ ਰੰਗਾਂ, ਚਿਹਨ ਚੱਕਰਾਂ ਦੇ ਵਿਚ ਕਦੇ ਨਾ ਆਵੇ ।
ਸ਼ਾਜ਼ ਵਾਜ਼ ਤੇ ਫੌਜ ਫ਼ਰਸ਼ ਤੋਂ ਰਹਿ ਕੇ ਸਦਾ ਉਚੇਰਾ ।
ਸਵਰਗੀ ਸੁਖ ਦੇਵੇ ਬੰਦੇ ਨੂੰ, ਸਜਨ ਸੁਹੇਲਾ ਮੇਰਾ ।
ਜ਼ੋਰਾਵਰ ਦੁਨੀਆਂ ਤੋਂ ਨਿਆਰਾ, ਸਦਾ ਹਜ਼ੂਰ ਪਿਆਰਾ ।
ਖੁਲ੍ਹੀਆਂ ਦਾਤਾਂ ਦੇ ਦੇ ਵਿਗਸੇ, ਕਰਕੇ ਐਡ ਪਸਾਰਾ ।
ਸਦਾ ਪਵਿਤਰ ਤੇ ਪਰੀ ਪੂਰਨ, ਜਗ ਦਾ ਪਾਲਣ ਹਾਰਾ ।
ਮਹਾਂ ਦਿਆਲੂ ਸਭ ਵਿੱਚ ਵੱਸ ਕੇ, ਫਿਰ ਭੀ ਰਹੇ ਨਿਆਰਾ ।
ਖੰਡਾਂ ਬ੍ਰਹਿਮੰਡਾਂ ਦਾ ਮਾਲਿਕ, ਵੱਡਾ ਵੱਡਿਆਂ ਨਾਲੋਂ ।
ਸੋਹਣਾ, ਬਖ਼ਸ਼ਿਸ਼ ਦਾ ਭੰਡਾਰਾ, ਪਰੇ ਅਸਾਡੇ ਖ਼ਿਆਲੋਂ ।
ਵਡ ਦਾਨਾ, ਪ੍ਰਿਤ ਪਾਲਿਕ ਸਭ ਦਾ, ਗ਼ਰੀਬ ਨਿਵਾਜ਼ ਸੁਜਾਨਾ ।
ਰੰਕਾਂ ਨੂੰ ਪੂਜੇ, ਸਖ਼ਤਿਆਂ ਨੂੰ, ਸੋਧੇ ਬਣ ਮਰਦਾਨਾ ।
ਧਰਮ ਪਾਲ, ਸੋਭਾ ਦਾ ਸੋਮਾ, ਕਰਦਾ ਸਦਾ ਉਜਾਲਾ ।
ਅਸਲੀਅਤ ਨੂੰ ਜਾਨਣ ਵਾਲਾ, ਨਬੀ ਕਿਤਾਬਾਂ ਵਾਲਾ ।
ਦਾਨਾਈ ਨੂੰ ਲੱਭਣ ਵਾਲਾ, ਅਕਲ ਸ਼ਊਰਾਂ ਵਾਲਾ ।
ਪ੍ਰਗਟ ਹੋ ਕੇ ਸਚ ਸਿਆਣੇ, ਉਹ ਅਵਧੂਤ ਨਿਰਾਲਾ ।
ਬ੍ਰਹਿਮੰਡਾਂ ਦਾ ਇਲਮ ਓਸ ਨੂੰ ਹੈ ਕਰਨੀ ਦਾ ਪੂਰਾ ।
ਸਾਰੇ ਜੱਗ ਦੀ ਕਾਰ ਕਰ ਰਿਹਾ, ਕਿਸੇ ਨਾ ਗੱਲੋਂ ਊਰਾ ।
ਸਭ ਤੋਂ ਵੱਡਾ, ਸਭ ਨੂੰ ਪਾਲੇ, ਸਭ ਲਈ ਰਿਜ਼ਕ ਪੁਚਾਵੇ ।
ਐਡਾ ਆਲਿਮ ਕਿ ਹਰ ਦਿਲ ਦੀ ਥਾਹ ਅੰਤਲੀ ਪਾਵੇ ।
ੴਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਦਾਸਤਾਨ ॥ ਹਿਕਾਯਤ ਪਹਿਲੀ ॥
ਏਸ ਕਸਮ ਦਾ ਰਤੀ ਵੀ ਮੈਨੂੰ ਨਾ ਇਤਬਾਰ ।
ਸਾਖੀ ਮੇਰੀ ਗੱਲ ਦਾ ਇਕ ਸੱਚਾ ਕਰਤਾਰ ।
ਮੇਰੇ ਬੇਇਤਬਾਰ ਦਾ ਕਾਰਨ ਇਹ ਸਰਕਾਰ ।
ਕਿਉਂਕਿ ਝੂਠਾ ਤੁਸਾਂ ਦਾ ਹੈ ਸਾਰਾ ਦਰਬਾਰ ।
ਜਿਸ ਨੇ ਕਸਮ ਕੁਰਾਨ ਤੇ ਹੈ ਕੀਤਾ ਇਤਬਾਰ ।
ਆਖ਼ਿਰ ਹੁੰਦਾ ਵੇਖਿਆ, ਮੈਂ ਉਸੇ ਨੂੰ ਖ਼ੁਆਰ ।
ਪਰ ਜਿਸ ਮਰਦ ਹੁਮਾ ਦੀ ਹੈ ਮਾਣੀ ਪਲ ਛਾਉਂ ।
ਕਦ ਪੰਜਾ ਪਾ ਸਕਦਾ ਉਸ ਨੂੰ ਕਾਲਾ ਕਾਉਂ ।
ਜਿਹੜਾ ਸ਼ੇਰ ਦਲੇਰ ਦੀ ਲੈਂਦਾ ਆਣ ਪਨਾਹ ।
ਉਸ ਨੂੰ ਹੁੰਦੀ ਹੈ ਕਦੋਂ ਇਜੜਾਂ ਦੀ ਪਰਵਾਹ ।
ਜੇ ਮੈਂ ਲੁਕ ਵੀ ਦੇਂਵਦਾ ਜ਼ਾਮਨ ਪਾਕ ਕਲਾਮ ।
ਏਥੇ ਸੁਮ ਵੀ ਧਰਨ ਦਾ ਫੌਜ ਨਾ ਲੈਂਦੀ ਨਾਮ ।
ਭੁਖੇ ਚਾਲੀ ਆਦਮੀ ਕੀ ਦਿਖਲਾਂਦੇ ਤਾਣ ।
ਜਦ ਬਿਨ ਦੱਸੇ ਉਨ੍ਹਾਂ ਤੇ ਦਸ ਲਖ ਚੜ੍ਹੇ ਜਵਾਨ ।
ਸਹੁੰ ਤੋੜੀ, ਹਥਿਆਰ ਲੈ ਕੁੱਦੇ ਵਿੱਚ ਮਦਾਨ ।
ਹੱਥੀਂ ਤੇਗ਼ਾਂ ਸੂਤੀਆਂ, ਗੋਲੀਆਂ ਤੀਰ ਵਸਾਣ ।
ਹੋ ਕੇ ਅਤਿ ਲਾਚਾਰ ਮੈਂ ਜੰਗੀ ਸਾਜ ਸਜਾਇ ।
ਉਡਣੇ ਰੱਤ ਵਿੱਚ ਡੁਬਣੇ ਧਨੁਖੇ ਲਏ ਚੜ੍ਹਾਇ ।
ਜਦ ਹੀਲੇ ਇਨਸਾਫ਼ ਲਈ ਸਭੇ ਹੀ ਮੁੱਕ ਜਾਣ ।
ਤਦੋਂ ਹਲਾਲ ਏ ਤੇਗ਼ ਦਾ ਦੇਣਾ ਤੋੜ ਮਿਆਨ ।
ਕੀ ਫਿਰ ਕਸਮ ਕੁਰਾਨ ਤੇ ਮੈਂ ਕਰਦਾ ਇਤਬਾਰ ।
ਤੇ ਮੇਰੇ ਲਈ ਰਹਿ ਗਿਆ ਹੈਸੀ ਹੋਰ ਵਿਹਾਰ ।
ਪਤਾ ਨਾ ਲੂੰਬੜ-ਘੁਤੀਆਂ ਕਰਦਾ ਸ਼ਾਹ ਔਰੰਗ ।
ਜਾਣਦਾ ਤੇ ਤਦ ਬਦਲਦਾ, ਮੈਂ ਵੀ ਆਪਣਾ ਢੰਗ ।
ਸੁਣਿਆ ਕਸਮ ਕੁਰਾਨ ਦੀ ਜੋ ਵੀ ਲੈਂਦਾ ਖਾ ।
ਬੰਨ੍ਹਣਾ ਕੋਹਣਾ ਮਾਰਨਾ ਉਸ ਨੂੰ ਨਹੀਂ ਰਵਾ ।
ਮੱਖੀਆਂ ਵਾਂਗੂੰ ਕਾਲੀਆਂ ਗਲੀਂ ਵਰਦੀਆਂ ਪਾ ।
ਫੌਜਾਂ ਸ਼ਾਹੀ ਆਈਆਂ ਰਣ ਵਿੱਚ ਧੂੜ ਧੁਮਾ ।
ਜੇ ਕੋਈ ਛੱਡ ਫਸੀਲ ਨੂੰ ਨਿਕਲ ਆਇਆ ਬਾਹਰ ।
ਉਹੋ ਤੀਰ ਪਰੁਚ ਕੇ ਡਿੱਗਾ ਹੋ ਲਾਚਾਰ ।
ਪਰ ਜਿਸ ਕੱਢੀ ਸਿਰੀ ਨਾ ਛੱਡ ਕੇ ਉਹ ਦੀਵਾਰ ।
ਨਾ ਉਸ ਖਾਧਾ ਤੀਰ ਹੀ, ਤੇ ਨਾ ਹੋਇਆ ਖ਼ੁਆਰ ।
ਜਦ ਮੈਂ ਜੰਗ ਵਿੱਚ ਆਉਂਦਾ ਤਕਿਆ ਨਾਹਰ ਖ਼ਾਨ ।
ਉਡਿਆ ਮੇਰਾ ਤੀਰ ਤਦ ਉਸ ਦੇ ਲੈਣ ਪ੍ਰਾਣ ।
ਪਰ ਬੁਜ਼ਦਿਲਾਂ ਪਰੇ ਹੋ ਝਟ ਬਚਾ ਲਈ ਜਾਨ ।
ਗੱਪੀ ਜਾਪੇ ਓਸ ਦੇ ਸਾਥੀ ਕੁਲ ਪਠਾਣ ।
ਫਿਰ ਇਕ ਹੋਰ ਅਫ਼ਗਾਨ ਨੇ ਆ ਦਿਤੀ ਲਲਕਾਰ ।
ਸ਼ੂਕੀ ਵਾਂਗ ਤੂਫ਼ਾਨ ਦੇ ਤੀਰਾਂ ਦੀ ਬੁਛਾੜ ।
ਹੱਲੇ ਕਰ ਕਰ ਕੇ ਵਧੇ ਉਹ ਮਰਦਾਨਾ ਵਾਰ ।
ਹੋਸ਼ ਸਿਆਣਪ ਜੋਸ਼ ਦਾ ਨਾ ਕੋਈ ਹੱਦ ਸ਼ੁਮਾਰ ।
ਹੱਲੇ ਵੀ ਅਣਗਿਣਤ ਸਨ, ਘਾਓ ਵੀ ਸਨ ਢੇਰ ।
ਓਸ ਜੰਗ ਵਿੱਚ ਜੂਝ ਗਏ ਦੋ ਅਣਖੀਲੇ ਸ਼ੇਰ ।
ਕਰਕੇ ਉਹਲਾ ਕੰਧ ਦਾ ਜੇ ਖ਼ਾਜਾ ਮੁਰਦਾਰ ।
ਲੁਕਦਾ ਨਾ ਤੇ ਆਉਂਦਾ ਪਿੜ ਮਰਦਾਨਾ ਵਾਰ ।
ਤਦ ਫਿਰ ਮੈਂ ਵੀ ਬਖ਼ਸ਼ਦਾ ਉਸ ਨੂੰ ਐਸਾ ਤੀਰ ।
ਜਿਹੜਾ ਉਸ ਦੇ ਟੁਕੜੇ ਪਲ ਵਿਚ ਜਾਂਦਾ ਚੀਰ ।
ਹੋਣ ਕਮਾਨਾਂ ਦੋਹਰੀਆਂ ਪਏ ਸ਼ੁੰਕਾਰਨ ਤੀਰ ।
ਜੂਝਣ ਡਿਗਣ ਧਰਤ ਤੇ ਤੜਫ ਦੁਵੱਲੋਂ ਬੀਰ ।
ਬਾਣਾਂ ਦੀ ਬਰਖਾ ਵਹੇ, ਤੋੜਨ ਗੋਲੀਆਂ ਹੱਡ ।
ਰਹੇ ਨੇ ਬਿਦ ਬਿਦ ਸੂਰਮੇ ਇਕ ਦੂਜੇ ਨੂੰ ਵੱਢ ।
ਸਿਰ, ਧੜ, ਕਟੇ ਅੰਗ ਪਏ ਉਸਰੇ ਚਾਰ ਚੁਫੇਰ ।
ਖਿਦੋ ਖੂਡੀਆਂ ਦਾ ਜਿਵੇਂ ਰਣ ਵਿੱਚ ਲੱਗਾ ਢੇਰ ।
ਸਰ ਸਰ ਤੀਰ ਤੜਾਕ ਰਹੇ, ਕੜਕੜ ਕਰਨ ਕਮਾਨ ।
ਜਿਸ ਨੂੰ ਤਕ ਕੇ ਕਰ ਰਿਹਾ, ਹਾਹਾ ਕਾਰ ਜਹਾਨ ।
ਮਹਾਂ ਪ੍ਰਲੋ ਦੇ ਵਾਂਗ ਕੁਈ ਮੱਚੀ ਸ਼ੋਰ ਸ਼ਰਾਰ ।
ਜਿਸ ਨੇ ਦਿਤੀ ਯੋਧਿਆਂ ਦੀ ਕੁਲ ਹੋਸ਼ ਵਿਸਾਰ ।
ਦੱਸ ਵਿਖਾਂਦੇ ਕੀ ਭਲਾ ਉਹ ਸਿੰਘ ਆਪਣਾ ਤਾਣ ।
ਜਦ ਕਿ ਚਾਲੀਆਂ ਤੇ ਚੜ੍ਹੇ ਲਖਾਂ ਮੁਗਲ ਪਠਾਣ ।
ਸੂਰਜ ਬੁਰਕਾ ਪਹਿਨਿਆ ਜਾ ਅਸਤਾਚਲ ਵਲ
ਜਲਵੇ ਸੁਟਦੀ ਰਾਤ ਨੇ ਲਿਆ ਸਿੰਘਾਸਨ ਮੱਲ ।
ਮੈਂ ਸੁਣਿਆ ਜੋ ਖਾ ਲਵੇ ਮੁੱਖੋਂ ਕਸਮ ਕੁਰਾਨ ।
ਉਸ ਦਾ ਆਗੂ ਖ਼ੁਦ ਬਣੇ ਉਹ ਸੱਚਾ ਰਹਿਮਾਨ ।
ਵਿੰਗਾ ਵਾਲ ਨਾ ਹੋਇਆ, ਜਿਸਮ ਨਾ ਮੰਨੀ ਹਾਰ ।
ਭਾਜੜ ਪੈ ਗਈ ਆਪ ਹੀ ਲਸ਼ਕਰ ਦੇ ਵਿਚਕਾਰ ।
ਮੈਨੂੰ ਪਤਾ ਨਾ ਮਰਦ ਇਹ ਸਹੁੰ ਖਾ ਕੇ ਫਿਰ ਜਾਇ ।
ਮਾਇਆ ਪਿਛੇ ਧਰਮ ਨੂੰ ਦੇਣੋਂ ਨਾ ਸ਼ਰਮਾਇ ।
ਪਰ ਐਸੇ ਬੇਦੀਨ ਨੂੰ, ਹਰ ਥਾਂ ਧੱਕੇ ਪੈਣ ।
ਰੱਬ ਤੇ ਨਬੀ ਨਾ ਭੁਲ ਵੀ ਨੇੜੇ ਢੁਕਣ ਦੇਣ ।
ਜੋ ਪ੍ਰੇਮੀ ਹੈ ਧਰਮ ਦਾ, ਤੇ ਪ੍ਰਣ ਤੋੜ ਨਿਭਾਇ ।
ਉਹ ਨਾ ਹਾਰੇ ਸਿਦਕ ਤੋਂ, ਸਿਰ ਜਾਇ ਤਾਂ ਜਾਇ ।
ਮੈਂ ਖਾ ਕੇ ਸਹੁੰ ਰੱਬ ਦੀ, ਸਾਖੀ ਤੇ ਕੁਰਆਨ ।
ਆਖਾਂ ਕਿ ਇਹ ਮਰਦ ਹੈ, ਪੱਕਾ ਬੇਈਮਾਨ ।
ਚਾਹੇ ਹੁਣ ਕੁਰਾਨ ਦੀ ਮੁੜ ਮੁੜ ਕਸਮ ਉਠਾਇ ।
ਮੈਨੂੰ ਮਾਸਾ ਏਸ ਤੇ, ਕਦੇ ਯਕੀਨ ਨਾ ਆਇ ।
ਜੇ ਤੈਨੂੰ ਆ ਜਾਂਵਦਾ, ਮੇਰੇ ਤੇ ਇਤਬਾਰ ।
ਤਾਂ ਤੂੰ ਮਿਲਦੋਂ ਆਣ ਕੇ, ਹੋ ਕੇ ਸਿਰ ਦੇ ਭਾਰ ।
ਕੀਤੀ ਓਸ ਜ਼ਬਾਨ ਦਾ ਹੈ ਤੈਂ ਉਤੇ ਭਾਰ ।
ਜੇ ਤੂੰ ਸੱਚਾ ਹੈਂ ਰਤੀ ਕਰ ਪੂਰਾ ਇਕਰਾਰ ।
ਜੇਕਰ ਤੇਰੇ ਸਾਹਮਣੇ ਹਜ਼ਰਤ ਜੀ ਅੱਜ ਹੋਣ ।
ਤਦ ਤੇਰੀ ਇਹ ਨੀਚਤਾ ਕਦੇ ਨਾਹੀਂ ਲਕੋਣ ।
ਤੇਰਾ ਹੁਣ ਵੀ ਫ਼ਰਜ਼ ਹੈ, ਕਰਕੇ ਸਾਫ਼ ਵਿਹਾਰ ।
ਆਪਣੇ ਕੀਤੇ ਪਾਪ ਨੂੰ, ਲੈ ਬਖ਼ਸ਼ਾ ਇਕ ਵਾਰ ।
ਲਿਖੇ ਜਾਂ ਕੀਤੇ ਕੌਲ ਨੂੰ, ਮਰਦ ਨਿਬਾਹੁੰਦੇ ਤੋੜ ।
ਫੜ ਕੇ ਬਾਂਹ ਅਨਾਥ ਦੀ, ਕਦੇ ਨਾ ਦੇਂਦੇ ਛੋੜ ।
ਮਰਦ ਉਹੀ ਪ੍ਰਣ-ਪਾਲ ਜੋ, ਪਰ ਉਹ ਪੱਕਾ ਚੋਰ ।
ਮੂੰਹ ਤੇ ਹੋਰ ਤੇ ਦਿਲ ਵਿਚ ਰਖੇ ਹਾਲ ਕੁਈ ਹੋਰ ।
ਮੈਂ ਹਾਂ ਉਹ ਕੁਝ ਕਹਿ ਰਿਹਾ, ਜੋ ਕੁਝ ਕਿਹਾ ਰਸੂਲ ।
ਜੇ ਇਹ ਸੱਚ ਤਾਂ ਬਾਦਸ਼ਾਹ ਨਿਉਤਾ ਕਰੇ ਕਬੂਲ ।
ਤੈਨੂੰ ਕਸਮ ਕੁਰਾਨ ਤੇ ਜੇਕਰ ਹੈ ਇਤਬਾਰ ।
ਤਾਂ ਫਿਰ ਉਸੇ ਦਾ ਅਸੀਂ ਦੇਂਦੇ ਹਾਂ ਇਕਰਾਰ ।
ਕਾਂਗੜ ਕਸਬੇ ਵਿਚ ਸ਼ਾਹ ਲੈ ਆਵੇ ਤਸ਼ਰੀਫ ।
ਆਪੋ ਦੇ ਵਿਚ ਮਿਲਣਗੇ, ਓਥੇ ਮਰਦ ਸ਼ਰੀਫ ।
ਜ਼ਰਾ ਨਾ ਖ਼ਤਰਾ ਵਾਪਰੂ ਏਥੇ ਐ ਸਰਕਾਰ ।
ਕਿਉਂਕਿ ਮੇਰੇ ਹੁਕਮ ਵਿਚ ਸਾਰੀ ਕੌਮ ਬਰਾੜ ।
ਆ ਹੋ ਕੇ ਮੂੰਹ ਰੂਬਰੂ ਆਪਾਂ ਕਰੀਏ ਗੱਲ ।
ਵੇਖ ਕਿ ਕਿਰਪਾ ਅਸਾਂ ਦੀ ਕੀ ਕੁਝ ਦੇਂਦੀ ਫੱਲ ।
ਸਾਜਾਂ ਨਾਲ ਮਹੇਲਿਆ ਘੋੜਾ ਇਕ ਹਜ਼ਾਰ ।
ਲੈ ਕੇ ਤੈਨੂੰ ਮਿਲਾਂਗੇ ਡਾਢੇ ਨਾਲ ਪਿਆਰ ।
ਚਾਕਰ ਮੈਂ ਉਸ ਖਸਮ ਦਾ, ਜੋ ਸ਼ਾਹਾਂ ਦਾ ਸ਼ਾਹ ।
ਉਸ ਦੇ ਇਕ ਫ਼ਰਮਾਨ ਤੇ ਕਰੀਏ ਜਾਨ ਫ਼ਿਦਾ ।
ਸਚ ਮੁਚ ਪਾਵਾਂ ਓਸ ਦਾ ਜੇਕਰ ਮੈਂ ਫ਼ੁਰਮਾਨ ।
ਭੇਟਾ ਦੇ ਲਈ ਕਰ ਦਿਆਂ ਹਾਜ਼ਰ ਆਪਣੀ ਜਾਨ ।
ਜੇ ਕਰ ਰੱਬ ਨੂੰ ਮੰਨ ਕੇ ਹਈ ਰੁਸ਼ਨਾਇਆ ਦਿਲ ।
ਤਾਂ ਫਿਰ ਧੁੜਕੂ ਕੱਢ ਕੇ ਆ ਸਜਣਾਂ ਨੂੰ ਮਿਲ ।
ਜੇ ਤੂੰ ਕੀਤੀ ਰੱਬ ਦੀ ਮਾਸਾ ਦਿਲੋਂ ਪਛਾਣ ।
ਤਾਂ ਫਿਰ ਹੱਕ, ਬੇ ਹੱਕ ਨੂੰ ਵੀ ਲਿਆ ਹੋਸੀ ਜਾਣ ।
ਤੂੰ ਸਰਵਰ ਦੇ ਤਖ਼ਤ ਤੇ ਬਹਿ ਕੇ ਹੁਕਮ ਚਲਾਇੰ ।
ਪਰ ਜਿਹੜਾ ਏਂ ਕਰ ਰਿਹਾ, ਉਹ ਹੈ ਅਜਬ ਨਿਯਾਇੰ ।
ਅਚਰਜ ਦੀਨ ਇਨਸਾਫ਼ ਇਹ, ਅਚਰਜ ਉਸ ਦੀ ਮਿਹਰ ।
ਇਸ ਸਰਦਾਰੀ ਹੁਕਮ ਨੂੰ, ਹੈਫ਼ ਕਰਾਂ ਸੌ ਵੇਰ ।
ਅਚਰਜ ਫ਼ਤਵੇ ਬਾਜ਼ੀਆਂ ਨੇ ਕੀਤਾ ਹੈਰਾਨ ।
ਪਰ ਮੈਂ ਤਕ ਕੇ ਝੂਠ ਨੂੰ ਨਾ ਰੋਹੜਾਂ ਈਮਾਨ ।
ਖ਼ੂਨ ਨਾ ਡੋਲ੍ਹੀਂ ਕਿਸੇ ਦਾ ਲੈ ਤਿਖੀ ਤਲਵਾਰ ।
ਨਾ ਤਾਂ ਤੇਰੇ ਲਹੂ ਵਿਚ ਵੀ ਭਿਜੇਗੀ ਧਾਰ ।
ਮਾਣ ਅੰਦਰ ਭੁੱਲ ਰੱਬ ਨਾ, ਕਿਉਂਕਿ ਉਹ ਕਰਤਾਰ ।
ਕਦੇ ਸਫ਼ਾਰਸ਼ ਸੁਨਣ ਲਈ ਨਾ ਹੁੰਦਾ ਏ ਤਿਆਰ ।
ਉਹ ਨਿਰਭੈ ਨਿਰੰਕਾਰ ਹੈ, ਸ਼ਾਹਾਂ ਦੇ ਸਿਰ ਸ਼ਾਹ ।
ਧਰਤ, ਅਕਾਸ਼, ਪਾਤਾਲ ਤੇ ਰਹਿਆ ਹੁਕਮ ਚਲਾ ।
ਮਾਲਕ ਧਰਤ ਅਕਾਸ਼ ਦਾ ਇਕ ਸੱਚਾ ਕਰਤਾਰ ।
ਇਕੋ ਫੁਰਨੇ ਨਾਲ ਜਿਸ ਰਚ ਦਿੱਤਾ ਸੰਸਾਰ ।
ਕੀੜੀਓਂ ਹਾਥੀ ਤੀਕ ਉਹ ਸਭ ਦੀ ਲੈਂਦਾ ਸਾਰ ।
ਆਜਜ਼ਾਂ ਤਾਈਂ ਉਬਾਰਦਾ, ਗਾਫ਼ਲਾਂ ਦਏ ਵਿਸਾਰ ।
ਵੱਡਾ ਉਸ ਦਾ ਨਾਮ ਹੈ ਆਜਿਜ਼ ਗ਼ਰੀਬ ਨਿਵਾਜ਼ ।
ਰਹੇ ਸਫਾਰਸ਼ ਵੱਢੀ ਤੋਂ ਸਦਾ ਬੇ ਨਿਆਜ਼ ।
ਰੰਗਾਂ, ਚਿਹਨਾਂ ਚੱਕਰਾਂ ਦੇ ਵਿਚ ਕਦੇ ਨਾ ਆਏ ।
ਭੁਲਿਆਂ ਭਟਕਿਆਂ ਨੂੰ ਸਦਾ ਸਿੱਧੇ ਰਾਹੇ ਪਾਏ ।
ਖਾਧੀ ਕਸਮ ਕੁਰਾਨ ਦੀ ਤੂੰ ਜੋ ਉਸ ਨੂੰ ਪਾਲ ।
ਆਪਣੇ ਕੀਤੇ ਕੌਲ ਨੂੰ ਕਰਕੇ ਸੱਚ ਵਿਖਾਲ ।
ਤੈਨੂੰ ਚਾਹੀਦਾ ਸਦ ਲਵੇਂ ਦਾਨਿਸ਼ਮੰਦ ਕਹਾਇ ।
ਤਿਆਗੇਂ ਜ਼ੁਲਮ ਅਨਰਥ ਨੂੰ, ਲੋੜੇਂ ਸੱਚ ਨਿਆਇ ।
ਕੀ ਹੋਇਆ ਜੇ ਜੂਝ ਗਏ ਬਾਂਕੇ ਚਾਰੇ ਲਾਲ ।
ਜਦ ਕਿ ਕਾਲੇ ਨਾਗ ਦਾ ਓਹੋ ਨਵਾਂ ਜਲਾਲ ।
ਕੀ ਇਹ ਹਈ ਬਹਾਦਰੀ ਜੇ ਚੰਗਿਆੜ ਬੁਝਾਇ ।
ਭਾਂਬੜ ਅੰਬਰ ਚੁੰਮਦੇ, ਪਲ ਵਿਚ ਲਏ ਭੜਕਾਇ ।
'ਫਿਰਦੌਸੀ' ਮਹਾਂ ਕਵੀ ਨੇ ਬਿਲਕੁਲ ਕਹਿਆ ਸੱਚ ।
ਕਾਹਲ ਨਾਲ ਸ਼ਤਾਨ ਹੀ ਭੜ ਭੜ ਪੈਂਦਾ ਮੱਚ ।
ਮੈਂ ਓਸੇ ਦਰਗਾਹ ਤੋਂ ਆਇਆ ਸੱਚ ਸੁਣਾਂ ।
ਜਿਥੋਂ ਆਇਆ ਉਹ ਨਬੀ ਜੋ ਤੁਧੁ ਹਈ ਗਵਾਹ ।
ਜੇ ਤੂੰ ਸੱਚ ਇਨਸਾਫ਼ ਨੂੰ ਦਿੱਤਾ ਅੱਜ ਵਿਸਾਰ ।
ਤਾਂ ਤੈਨੂੰ ਵੀ ਭੁਲਸੀ ਉਹ ਸੱਚਾ ਕਰਤਾਰ ।
ਜੇ ਕਰ ਤੂੰ ਇਸ ਕੰਮ ਲਈ, ਕਸ ਕੇ ਬੱਧਾ ਲੱਕ ।
ਤੈਨੂੰ ਕਰੂ ਨਿਹਾਲ ਤਦ ਮੇਰਾ ਰੱਬ ਬੇਸ਼ਕ ।
ਇਹ ਨੇਕੀ ਦਾ ਕੰਮ ਉਹ ਜਿਸ ਤੋਂ ਸੌਰੇ ਦੀਨ ।
ਕਰੇ ਪਛਾਣ ਖ਼ੁਦਾ ਦੀ ਕਰਕੇ ਦਿਲੋਂ ਯਕੀਨ ।
ਨਾ ਜਾਣਾ ਕਿ ਰੱਬ ਦੀ ਤੈਨੂੰ ਕੋਈ ਪਛਾਣ ।
ਕਿਉਂਕਿ ਆਪਣੇ ਜ਼ੋਰ ਤੇ ਤੂੰ ਅੱਜ ਰੱਖੇਂ ਮਾਣ ।
ਤੈਨੂੰ ਕਦੀ ਪਛਾਣਸੀ ਨਾ ਉਹ ਪਾਕ ਖ਼ੁਦਾ ।
ਨਾ ਇਸ ਦੌਲਤ ਵੱਲ ਹੀ ਕਰਨੀ ਓਸ ਨਿਗਾਹ ।
ਜੇ ਕਰ ਤੂੰ ਸੌ ਵੇਰ ਵੀ ਖਾਵੇਂ ਕਸਮ ਕੁਰਾਨ ।
ਤਾਂ ਮੈਂ ਮੰਨਾਂ ਸੱਚ ਨਾ, ਝੂਠ ਨਾ ਇਸ ਵਿਚ ਜਾਣ ।
ਨਾ ਮੈਂ ਧੋਖੇ ਵਿਚ ਆ, ਜਾਵਾਂ ਸ਼ਾਹ ਦੇ ਪਾਸ ।
ਕਿਉਂਕਿ ਨਾ ਇਨਸਾਫ਼ ਦੀ ਮੈਨੂੰ ਉਸ ਤੋਂ ਆਸ ।
ਸ਼ਾਹਾਂ ਦਾ ਅੱਜ ਸ਼ਾਹ ਹੈ ਸੋਹਣਾ ਔਰੰਗਜ਼ੇਬ ।
ਮਹਾਂ ਚਲਾਕ ਹੁਸ਼ਿਆਰ ਉਹ ਪੜ੍ਹਦਾ ਸਦਾ ਕਤੇਬ ।
ਰੌਸ਼ਨ ਉਹਦੀ ਜ਼ਮੀਰ ਹੈ, ਚਿਹਰੇ ਚਮਕੇ ਨੂਰ ।
ਦੇਸ਼ਾਂ ਦਾ ਉਹ ਬਾਦਸ਼ਾਹ ਧਨੀਆਂ ਵਿਚ ਮਸ਼ਹੂਰ ।
ਸਿਆਣਾ, ਮਾਲਿਕ ਤੇਗ਼ ਦਾ, ਰਜ ਕੇ ਦਾਨਿਸ਼ਮੰਦ ।
ਕੀਤਾ ਦੇਗ਼ ਤੇ ਤੇਗ਼ ਨੇ ਰੁਤਬਾ ਜਿਦ੍ਹਾ ਬੁਲੰਦ ।
ਰੌਸ਼ਨ ਸਾਫ਼ ਜ਼ਮੀਰ ਹੈ, ਸੋਹਣੀ ਸ਼ਕਲ ਕਮਾਲ ।
ਖਾਦਮਾਂ ਨੂੰ ਸਦ ਬਖ਼ਸ਼ਦਾ ਮਿਲਖ, ਜਗੀਰਾਂ ਮਾਲ ।
ਦਾਨੀ ਮਹਾਂ ਦਲੇਰ ਹੈ ਅੰਦਰ ਜੰਗ ਮਦਾਨ ।
ਉੱਚਾ ਵਾਂਗ ਅਸਮਾਨ ਦੇ ਨਿਰਾ ਫ਼ਰਿਸ਼ਤਾ ਜਾਣ ।
ਸ਼ਾਹਾਂ ਦਾ ਹੈ ਬਾਦਸ਼ਾਹ ਆਲਮ ਸ਼ਾਹ ਔਰੰਗ ।
ਦੁਨੀਆਂ ਦਾ ਸਰਦਾਰ ਹੈ, ਪਰ ਦੀਨੋਂ ਹੈ ਨੰਗ ।
ਪੱਥਰ ਪੂਜ ਪਹਾੜੀਆਂ ਦਾ ਮੈਂ ਸੋਧਣ ਹਾਰ ।
ਮੈਂ ਬੁੱਤ ਤੋੜਾਂ ਉਹਨਾਂ ਦੇ, ਏਹੋ ਹੈ ਤਕਰਾਰ ।
ਸਦਾ ਵਫ਼ਾਓਂ ਸੱਖਣਾ ਸ਼ੋਹਦਾ ਇਹ ਅਸਮਾਨ ।
ਤੱਕ ਨਾ ਪਿੱਛੇ ਲੱਗ ਕੇ, ਕਿਵੇਂ ਕਰਦਾ ਨੁਕਸਾਨ ।
ਪਰ ਉਹ ਸੱਚੇ ਰੱਬ ਦੀ ਨੇਕੀ ਵੱਲ ਨਿਹਾਰ ।
ਜੋ ਦਸ ਲੱਖ ਮਰਵਾਂਵਦਾ ਇਕ ਪਾਸੋਂ ਕਰ ਖ਼ੁਆਰ ।
ਕੀ ਵੈਰੀ ਕਰ ਸਕਦਾ ਜਦ ਰਾਜ਼ੀ ਕਰਤਾਰ ।
ਬਖ਼ਸ਼ਿਸ਼ ਕਰਦਾ ਹੈ ਸਦਾ ਮਿਹਰਾਮਤ ਅਵਤਾਰ ।
ਮੁਕਤੀ ਦਾਤਾ ਦੱਸਦਾ ਆਗੂ ਬਣ ਕੇ ਰਾਹ ।
ਤੇ ਲਿਆਂਦਾ ਹੈ ਜੀਭ ਤੇ ਆਪੀਂ ਸਿਫ਼ਤ ਸਲਾਹ ।
ਕੰਮ ਦੇ ਵੇਲੇ ਕਰ ਦਵੇ ਦੁਸ਼ਮਣ ਦੀ ਅੱਖ ਕੋਰ ।
ਬਲਦੀ ਵਿਚੋਂ ਕੱਢ ਲਵੇ ਆਜਿਜ਼ ਨੂੰ ਵਿਚ ਫੋਰ ।
ਜੋ ਵੀ ਕਰਦਾ ਸੱਚ ਨੂੰ ਸੱਚੇ ਦਿਲੋਂ ਪਿਆਰ ।
ਉਸ ਤੇ ਕਰਦਾ ਰਹਿਮ ਹੈ, ਦਾਤਾ ਸਿਰਜਣ ਹਾਰ ।
ਸੇਵਾ ਕੀਤੀ ਹੈ ਜਿਨ੍ਹੇ ਕਰ ਕੇ ਦਿਲੋਂ ਯਕੀਨ ।
ਸ਼ਾਂਤੀ ਦਾਤੇ ਓਸ ਨੂੰ ਬਖ਼ਸ਼ੇ ਦੁਨੀਆਂ ਦੀਨ ।
ਕੀ ਵੈਰੀ ਕਰ ਸਕਦਾ ਬਣ ਕੇ ਮਹਾਂ ਮਕਾਰ ।
ਜਦ ਅਗਵਾਈ ਰੱਬ ਦੀ ਹੱਥ ਪਕੜਨ ਨੂੰ ਤਿਆਰ ।
ਜੇ ਇਕ ਉਤੇ ਚੜ੍ਹ ਪਵੇ ਇਕ ਲੱਖ ਘੋੜ ਸਵਾਰ ।
ਤਾਂ ਰਾਖਾ ਬਣ ਜਾਂਵਦਾ ਆਲਮ ਦਾ ਸਰਦਾਰ ।
ਜੇ ਤੈਨੂੰ ਜ਼ਰ ਫ਼ੌਜ ਤੇ ਡਾਢਾ ਦਿਲੋਂ ਗੁਮਾਨ ।
ਤਾਂ ਮੇਰੀ ਅੱਖ ਓਸ ਤੇ ਜੋ ਜਗ ਦਾ ਭਗਵਾਨ ।
ਤੈਨੂੰ ਦਿਲੋਂ ਗ਼ਰੂਰ ਜੇ ਮੈਂ ਧਰਤੀ ਦਾ ਸ਼ਾਹ ।
ਤਾਂ ਮੈਂ ਵੀ ਹੈ ਲੈ ਲਈ ਰੱਬ ਦੀ ਦਿਲੋਂ ਪਨਾਹ ।
ਗ਼ਾਫ਼ਲ ਹੋ ਕੇ ਬੈਠ ਨਾ ਇਹ ਜਗ ਵਾਂਗ ਸਰਾਇ ।
ਕੇਤੇ ਆਏ ਟੁਰ ਗਏ ਆਪਣਾ ਜ਼ੋਰ ਦਿਖਾਇ ।
ਏਸ ਜ਼ਮਾਨੇ ਸੰਦੜੀ ਗਰਦਸ਼ ਵਲ ਨਿਹਾਰ ।
ਜੋ ਨਾ ਦੇਂਦਾ ਕਿਸੇ ਨੂੰ ਏਥੇ ਲੈਣ ਕਰਾਰ ।
ਆਜਿਜ਼ ਅਤੇ ਗ਼ਰੀਬ ਤੇ ਨਾ ਤੂੰ ਜ਼ੋਰ ਦਿਖਾ ।
ਮਰਦਾਂ ਵਾਂਗੂੰ ਕਦੇ ਤੇ ਕੀਤੇ ਕੌਲ ਨਿਭਾ ।
ਵੈਰੀ ਕੀ ਕਰ ਸਕਦਾ, ਜੇ ਰਾਖਾ ਹੋਏ ਯਾਰ ।
ਉਸ ਦੀ ਤੱਕਣੀ ਸਾਹਮਣੇ ਸਭ ਦੁਸ਼ਮਣੀਆਂ ਖ਼ੁਆਰ ।
ਚਾਹੇ ਵੈਰੀ ਕਰਨ ਪਏ ਬਿਦ ਬਿਦ ਵੈਰ ਹਜ਼ਾਰ ।
ਵਾਲ ਨਾ ਵਿੰਗਾ ਕਰ ਸਕਣ ਜੇ ਦੋਸਤ ਕਰਤਾਰ ।
ਗਿਣਤੀ ਰਹਿਤ ਅਭੰਜ ਪ੍ਰਭ ਜਿਸ ਦਾ ਰੂਪ ਨਾ ਰੇਖ ।
ਬੰਧਨ ਮੁਕਤ ਬੇਅੰਤ ਹੈ ਭਰਮੋ ਰਹਿਤ ਅਲੇਖ ।
ਰਾਗ, ਰੂਪ, ਰੰਗ, ਰੇਖ ਤੋਂ ਨਿਆਰਾ ਰਹੇ ਨਿਸੰਗ ।
ਜਨਮਾਂ ਵਰਨਾਂ ਵਿਚ ਨਾ, ਸੂਖਮ ਸਦਾ ਅਭੰਗ ।
ਅਛੇਦ, ਅਭੇਦ, ਅਕਰਨ ਹੈ, ਕਰਮੋਂ ਰਹਿਤ ਅਕਾਮ ।
ਖੇਦ ਨਾ ਭੇਦ ਨਾ ਭਰਮ ਹੈ, ਮਾਇਆ ਤੋਂ ਨਿਸ਼ਕਾਮ ।
ਨਾ ਉਸ ਰੇਖ ਨਾ ਭੇਖ ਕੁਈ ਸਦਾ ਅਲੇਖ ਅਭੰਗ ।
ਬਖ਼ਸ਼ਿਸ਼ ਦਾਤਾ ਦੇ ਅਜਬ ਮੈਂ ਤੱਕੇ ਇਹ ਰੰਗ ।
(ਨੋਟ=ਕਈ ਵਿਦਵਾਨਾਂ ਨੇ ੧੧੨-੧੧੫ ਬੰਦ ਦੂਜੀ ਹਿਕਾਯਤ
ਦੇ ਨਾਲ ਦਿੱਤੇ ਹਨ)
ਗਿਆਨੀ ਜੀ ਨੇ ਚੋਣਵੇਂ ਬੰਦਾਂ ਦਾ ਹੀ ਅਨੁਵਾਦ ਕੀਤਾ ਹੈ ।
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਮੇਰਾ ਨਹੀਂ ਇਤਬਾਰ ਔਰੰਗੇ ਤੇਰੀਆਂ ਕਸਮਾਂ ਉੱਤੇ ।
ਸ਼ਾਹਿਦ ਇੱਕ ਅਕਾਲ ਪੁਰਖ ਹੈ ਝੂਠੇ ਤੇਰੇ ਬੁੱਤੇ ।
ਤੇਰੇ ਜਹੇ ਇਹ ਝੂਠੇ ਤੇਰੇ ਅਫ਼ਸਰ ਸਾਰੇ ਸਮਝੇ ।
ਰੱਤੀ ਨਹੀਂ ਭਰੋਸਾ ਮੈਨੂੰ ਬੇਇਤਬਾਰੇ ਸਮਝੇ ।
ਕੀਤੀ ਕਸਮ ਕੁਰਾਨ ਤੇਰੀ ਤੇ ਜੋ ਇਤਬਾਰ ਲਿਆਵੇ ।
ਆਖ਼ਰ ਇੱਕ ਦਿਨ ਓਹ ਆਦਮੀ ਖ਼ਵਾਰ ਹੋਇ ਪਛਤਾਵੇ ।
ਦੇਖ ਔਰੰਗੇ, ਕੋਈ ਹੁਮਾ ਦੇ ਸਾਯਾ ਥੱਲੇ ਹੋਵੇ ।
ਕਾਉਂ ਦਲੇਰ ਹੋਇ ਹੱਥ ਪਾਵੇ ਕੀਹ ਉਸਦਾ ਦੱਸ ਖੋਹਵੇ ।
ਜਿਸ ਕਿਸੇ ਦੀ ਪੁਸ਼ਤ ਪਨਾਹ ਤੇ ਸ਼ੇਰ ਬਹਾਦਰ ਆਵੇ ।
ਭੇਡ, ਬੱਕਰੀ, ਹਰਨੀ ਉਸਦੇ ਨੇੜੇ ਮੂਲ ਨ ਜਾਵੇ ।
ਪੇਟੋਂ ਭੁੱਖੇ ਬੰਦੇ ਚਾਲੀ ਦੱਸ ਓਥੇ ਕੀ ਕਰਦੇ ।
ਦਸ ਲੱਖ ਫ਼ੌਜ ਜਿਨ੍ਹਾਂ ਦੇ ਉੱਪਰ ਆ ਪਈ ਬਿਨਾਂ ਖ਼ਬਰ ਦੇ ।
ਉਹ ਇਕਰਾਰ ਤੋੜਨੇ ਵਾਲੇ ਝਟਾ ਪੱਟ ਚੜ੍ਹ ਆਏ ।
ਤੇਗ਼ਾਂ ਤੀਰ ਤੁਫ਼ੰਗਾਂ ਦੇ ਆ ਓਹਨਾਂ ਮੀਂਹ ਬਰਸਾਏ ।
ਹੋਇ ਲਾਚਾਰ ਅੰਤ ਨੂੰ ਮੈਂ ਭੀ ਵਿੱਚ ਮੈਦਾਨੇ ਆਯਾ ।
ਨਾਲ ਤਰੀਕੇ ਮੈਂ ਭੀ ਅਪਣੇ ਧਨਖ਼ ਤਈਂ ਹੱਥ ਪਾਯਾ ।
ਜਦੋਂ ਕੋਈ ਕੰਮ ਚਾਰੇ ਬੰਨੇ ਸਭ ਹੀਲੇ ਟੱਪ ਜਾਵੇ ।
ਹੈ ਹਲਾਲ ਤਦ ਤੇਗ਼ ਪਕੜਨੀ ਰਾਜਨੀਤ ਫ਼ਰਮਾਵੇ ।
ਤੇਰੀ ਸੌਂਹ ਕੁਰਾਨ ਉੱਤੇ ਜੇ ਨ ਇਤਬਾਰ ਰਖਾਉਂਦਾ ।
ਤੂੰ ਹੀ ਦਸ ਫਿਰ ਏਸ ਰਾਸਤੇ ਮੈਂ ਕਿਹੜੇ ਕੰਮ ਆਉਂਦਾ ।
ਮੈਂ ਜਾਣਦਾ ਨਹੀਂ ਸਾਂ ਮਰਦ ਇਹ ਦਾਉ ਲੂੰਬੜੀ ਖੇਡੇ ।
ਜੇ ਜਾਣਦਾ, ਤੇਰੇ ਦਾ ਤੋਂ ਰਹਿੰਦਾ ਹਟ ਪਰੇਡੇ ।
ਜੇ ਮੈਂ ਆਯਾ ਮੱਖੀਆਂ ਵਾਂਗੂੰ ਕਾਲੇ ਕਪੜਿਆਂ ਵਾਲੇ ।
ਇਕੋ ਵਾਰੀ ਆਣ ਪਏ ਉਹ ਸ਼ੋਰ ਮਚਾਂਦੇ ਕਾਹਲੇ ।
ਜਿਹੜਾ ਓਥੇ ਲੰਘ ਦੀਵਾਰੋਂ ਵਿੱਚ ਮੈਦਾਨੇ ਆਯਾ ।
ਮੇਰੇ ਇਕਸੇ ਤੀਰ ਓਸਨੂੰ ਲਹੂ ਦੇ ਵਿੱਚ ਡੁਬਾਯਾ ।
ਜਿਹੜਾ ਓਸ ਦੀਵਾਰੋਂ ਛੇਤੀ ਲੰਘ ਅਗਾਂਹ ਨ ਹੋਯਾ ।
ਨ ਤੇ ਉਹ ਖ਼ਵਾਰ ਹੋਯਾ ਸੀ ਨ ਸੀ ਤੀਰ ਪਰੋਯਾ ।
ਜਦ ਮੈਂ ਡਿੱਠਾ ਨਾਹਰ ਖ਼ਾਂ ਨੂੰ ਵਿੱਚ ਜੰਗ ਦੇ ਆਯਾ ।
ਇੱਕੋ ਤੀਰ ਮੇਰਾ ਉਸ ਖਾਧਾ ਜਲਦੀ ਨਾਲ ਚਲਾਯਾ ।
ਬਾਕੀ ਥਾਉਂ ਲੜਾਈ ਵਾਲੀ ਨੂੰ ਛੱਡ ਪਿਛਾਹਾਂ ਨੱਠੇ ।
ਬਾਹਰ ਪਠਾਨ ਮਾਰਦੇ ਗੱਪਾਂ ਹੋ ਹੋ ਸਨ ਜੋ ਕੱਠੇ ।
ਵਿੱਚ ਮੈਦਾਨ ਪਠਾਨ ਦੂਸਰੇ ਆ ਕੇ ਸ਼ੋਰ ਮਚਾਯਾ ।
ਹੜ੍ਹ ਪਹਾੜੋਂ ਤੀਰ ਕਮਾਨੋਂ ਗੋਲੀ ਵਾਂਗੂੰ ਆਯਾ ।
ਬਹੁਤੇ ਹਮਲੇ ਕੀਤੇ ਉਸ ਨੇ ਬਹੁਤੀਆਂ ਸੱਟਾਂ ਖਾ ਕੇ ।
ਦੂੰਹ ਜਣਯਾਂ ਦੀ ਜਾਨ ਲਈ ਉਸ ਅਪਨੀ ਜਾਨ ਗੁਵਾਕੇ ।
ਉਹ ਫਿਟਕਾਰਯਾ ਹੋਯਾ ਖ਼ਵਾਜਾ ਓਹਲੇ ਰਿਹਾ ਦੀਵਾਰੋਂ ।
ਵਿੱਚ ਮੈਦਾਨ ਨ ਮਰਦਾਂ ਵਾਂਗੂੰ ਆਯਾ ਡਰਦਾ ਮਾਰੋਂ ।
ਹੈ ਅਫ਼ਸੋਸ ! ਜੇ ਉਹ ਭੀ ਮੈਨੂੰ ਆਪਣਾ ਮੂੰਹ ਦਿਖਾਂਦਾ ।
ਔਖਾ ਸੌਖਾ ਇੱਕ ਤੀਰ ਮੈਂ ਉਸਦੇ ਪਾਸ ਪੁਚਾਂਦਾ ।
ਓੜਕ ਨੂੰ ਖਾ ਤੀਰ ਗੋਲੀਆਂ ਬਹੁਤੇ ਜ਼ਖ਼ਮੀ ਹੋਏ ।
ਇਕ ਘੜੀ ਦੇ ਵਿੱਚ ਦੁਪਾਸੀਂ ਬਹੁਤ ਸੂਰਮੇ ਮੋਏ ।
ਵਰ੍ਹੀਆਂ ਤੀਰ ਗੋਲੀਆਂ ਓਥੇ ਕੁਝ ਹਿਸਾਬ ਨ ਆਯਾ ।
ਪੋਸਤ ਦੇ ਫੁੱਲ ਵਾਂਗੂੰ ਧਰਤੀ ਸੂਹਾ ਰੰਗ ਬਣਾਯਾ ।
ਸਿਰ ਲੱਤਾਂ ਤੇ ਬਾਹਾਂ ਸਨ ਇਉਂ ਕੱਟੀਆਂ ਵਿੱਚ ਮੈਦਾਨੇ ।
ਖਿੱਦੂ ਖੂੰਡੀਆਂ ਨਾਲ ਭਰੀ ਉਹ ਸਾਰੀ ਜ਼ਿਮੀਂ ਸਿਆਨੇ ।
ਸੜਕਨ ਤੀਰ ਕਮਾਨਾ ਕੜਕਨ ਜਿਨ੍ਹਾਂ ਜਹਾਨ ਡਰਾਯਾ ।
ਦੁਨੀਆਂ ਦੇ ਵਿੱਚ ਸ਼ੋਰ ਮੱਚਯਾ ਬਹੁਤਾ ਰੌਲਾ ਪਾਯਾ ।
ਵੈਰ ਵਧਾਵਨ ਵਾਲਯਾਂ ਉੱਤੇ ਤੀਰ ਛੱਡੇ ਵਿੱਚ ਜੋਸ਼ਾਂ ।
ਬੜੇ ਬਹਾਦਰ ਮਰਦਾਂ ਦੀਆਂ ਉੱਡ ਗਈਆਂ ਸਭ ਹੋਸ਼ਾਂ ।
ਆਖ਼ਰ ਉਹ ਬਹਾਦਰ ਕਿਤਨੀ ਸੂਰਮਤਾ ਦਿਖਲਾਂਦੇ ।
ਚਾਲੀਆਂ ਸਿੰਘਾਂ ਉੱਪਰ ਵੈਰੀ ਬੇਸ਼ੁਮਾਰ ਆ ਜਾਂਦੇ ।
ਓੜਕ ਦੀਵੇ ਏਸ ਜਹਾਂ ਦੇ ਲਾਂਭੇ ਮੂੰਹ ਛੁਪਾਯਾ ।
ਚਮਕ ਦਮਕ ਦੇ ਨਾਲ ਰਾਤ ਦਾ ਬਾਦਸ਼ਾਹ ਮੁੜ ਆਯਾ ।
ਹੁਕਮ ਰੱਬ ਦਾ ਮੰਨੇ ਜਿਹੜਾ ਸੌਂਹ ਖਾ ਤੋੜ ਨਿਭਾਵੇ ।
ਰੱਬ ਓਸਦਾ ਸਦਾ ਸਹਾਈ ਸੌਖਾ ਰਾਹ ਦਿਖਾਵੇ ।
ਵਾਲ ਨਾ ਵਿੰਗਾ ਹੋਯਾ ਮੇਰਾ ਨ ਤਨ ਨੂੰ ਦੁੱਖ ਆਯਾ ।
ਦੁਸ਼ਮਨ ਦੇ ਦਲ ਤੋੜਨ ਵਾਲੇ ਆਪੇ ਬਾਹਰ ਕਢਾਯਾ ।
ਮੈਂ ਸਮਝਦਾ ਨਹੀਂ ਸਾਂ ਇਹ ਹਨ ਅਹਿਦ ਤੋੜਨੇ ਵਾਲੇ ।
ਮਾਯਾ ਦੇ ਇਹ ਬੱਚੇ ਬਣ ਕੇ ਧਰਮ ਛੋੜਨੇ ਵਾਲੇ ।
ਨਹੀਂ ਧਰਮ ਤੂੰ ਮੰਨਣ ਵਾਲਾ ਨ ਕੋਈ ਧਰਮ ਤਰੀਕਾ ।
ਨਹੀਂ ਯਕੀਨ ਮੁਹੰਮਦ ਉੱਤੇ ਪਹੁੰਚ ਨ ਰੱਬ ਨਜ਼ੀਕਾ ।
ਜਿਹੜਾ ਧਰਮੀ ਬੰਦਾ ਹੋਵੇ ਹੈ ਝੂਠੋਂ ਉਹ ਡਰਦਾ ।
ਮੂੰਹ ਦੇ ਕੀਤੇ ਬਚਨਾਂ ਤਾਈਂ ਅਗ੍ਹਾਂ ਪਿਛ੍ਹਾਂ ਨ ਕਰਦਾ ।
ਕਸਮ ਕੁਰਾਨ ਰੱਬ ਦੀ ਸੌਂਹ ਖਾ ਜੋ ਕੋਈ ਨਹੀਂ ਨਿਭਾਵੇ ।
ਕਿਹੜਾ ਮਰਦ ਰਤੀ ਭੀ ਉਸਤੇ ਫਿਰ ਇਤਬਾਰ ਲਿਆਵੇ ।
ਕਸਮ ਕੁਰਾਨ ਜੈਸੀਆਂ ਹੁਣ ਤੂੰ ਸੈ ਸੁਗੰਦਾਂ ਖਾਵੇਂ ।
ਦਿਲ ਮੇਰੇ ਤੇ ਰੱਤੀ ਜਿੰਨਾ ਨਹਿੰ ਇਤਬਾਰ ਜਮਾਵੇਂ ।
ਕਸਮ ਆਪਨੀ ਉੱਤੇ ਜੇ ਤੂੰ ਖ਼ੁਦ ਇਤਬਾਰ ਰਖਾਉਂਦਾ ।
ਕਮਰ ਕੱਸ ਕੇ ਮੇਰੇ ਤਾਈਂ ਅੱਗੋਂ ਮਿਲਣੇ ਆਉਂਦਾ ।
ਚਿੱਠੀ ਪੁੱਜੇ, ਨਾਲੇ ਇਹ ਕੁਝ ਕਹੇ ਜ਼ਬਾਨੀ ਗੱਲਾਂ ।
ਸੁਣ ਕੇ ਤੈਨੂੰ ਚਾਹੀਦਾ ਹੈ ਸੁਖ ਦੇ ਰਾਹ ਤੇ ਚੱਲਾਂ ।
ਮਰਦ ਓਹੋ ਜੋ ਗੱਲ ਦਾ ਪੱਕਾ ਮਜ਼ਾ ਸਚਾਈ ਚੱਖੇ ।
ਮੂੰਹ ਵਿਚ ਹੋਰ ਨ ਹੋਵੇ ਓਹਦੇ ਦਿਲ ਵਿੱਚ ਹੋਰ ਨ ਰੱਖੇ ।
ਕਾਜ਼ੀ ਤੇਰੇ ਸੀ ਗੱਲ ਆਖੀ ਸ਼ਾਹ ਨਹੀਂ ਕਸਮੋਂ ਬਾਹਿਰ ।
ਜੇ ਸੱਚ ਹੈ ਤਾਂ ਆਪੋ ਆ ਜਾਹ ਕਦਮ ਉਠਾ ਕੇ ਜ਼ਾਹਿਰ ।
ਤੂੰ ਕਲਾਮ ਕੁਰਾਨ ਤਾਈਂ ਹੈਂ ਜੇਕਰ ਮੰਨਣਹਾਰਾ ।
ਤੇਰੇ ਪਾਸ ਮੈਂ ਓਹੋ ਭੇਜਾਂ ਕਸਮ ਕੁਰਾਂ ਦੀ ਜ਼ਾਹਰਾ ।
ਬਾਦਸ਼ਾਹ ਤੂੰ ਜੇ ਕਰ ਕਸਬੇ ਕਾਂਗੜ ਦੇ ਵਿੱਚ ਆਵੇਂ ।
ਆਪਸ ਦੇ ਵਿੱਚ ਮੇਲ ਹੋ ਜਾਵੇ ਵੈਰ ਵਿਰੋਧ ਮਿਟਾਵੇਂ ।
ਤੈਨੂੰ ਖ਼ਤਰਾ ਏਸ ਰਾਹਿ ਵਿੱਚ ਰੱਤੀ ਭੀ ਨਹੀਂ ਭੱਲੇ ।
ਸਾਰੀ ਕੌਮ ਬੈਰਾੜਾਂ ਦੀ ਇਹ ਹੁਕਮ ਮੇਰੇ ਵਿੱਚ ਚੱਲੇ ।
ਆ ਤੂੰ ਸਾਡੇ ਪਾਸ ਗੱਲਾਂ ਕੁਝ ਕਰੀਏ ਬੈਠ ਜ਼ਬਾਨੀ ।
ਇਹ ਭੀ ਤੇਰੇ ਉੱਤੇ ਸੁਣ ਲੈ ਕਰਦੇ ਹਾਂ ਮਿਹਰਬਾਨੀ ।
ਇੱਕ ਗੱਲ ਮੇਰੇ ਲਈ ਜੇ ਘੋੜਾ ਇੱਕ ਹਜ਼ਾਰ ਲਿਆਵੇਂ ।
ਉਸਦੇ ਬਦਲੇ ਮੁਲਕ ਜੰਗਲ ਦਾ ਮੇਰੇ ਪਾਸੋਂ ਪਾਵੇਂ ।
ਮੈਂ ਭੀ ਵੱਡੇ ਸ਼ਹਿਨਸ਼ਾਹ ਦਾ ਚਾਕਰ ਇੱਕ ਸਦਾਵਾਂ ।
ਓਸਦੀ ਆਗਯਾ ਹੋਈ ਤਾਂ ਹਾਜ਼ਰ ਤਨ ਮਨ ਤੋਂ ਹੋ ਜਾਵਾਂ ।
ਜੇ ਫ਼ੁਰਮਾਨ ਓਸਦਾ, ਤੇਰੀ ਮੁਲਾਕਾਤ ਲਈ ਆਯਾ ।
ਤਨ ਮਨ ਤੋਂ ਮੈਂ ਤੈਥੇ ਆਵਾਂ ਤੈਨੂੰ ਸੱਚ ਸੁਨਾਯਾ ।
ਓਸੇ ਰੱਬ ਦੀ ਜੇਕਰ ਪੂਜਾ ਕਰਨੇ ਵਾਲਾ ਹੋਵੇਂ ।
ਸੁਸਤੀ ਕਰੇਂ ਨ ਆਵਣ ਦੇ ਵਿੱਚ ਝਬਦੇ ਆਣ ਖਲੋਵੇਂ ।
ਤੈਨੂੰ ਚਾਹੀਏ ਓਸੇ ਰੱਬ ਦੀ ਵਿੱਚ ਸ਼ਰਨ ਦੇ ਆਵੇਂ ।
ਲੋਕਾਂ ਆਖੇ ਕਿਸੇ ਬੰਦੇ ਦੀ ਐਵੇਂ ਛਿੱਲ ਨ ਲਾਹਵੇਂ ।
ਦੀਨ ਇਨਸਾਫ਼ ਪਾਲਨਾ ਕਰਨੀ ਅਜਬ ਤਰ੍ਹਾਂ ਦੀ ਤੇਰੀ ।
ਐਸੀ ਜੁੱਮੇਵਾਰੀ ਉੱਤੇ ਹੈ ਲਾਹਨਤ ਲੱਖ ਵੇਰੀ ।
ਨ ਤਲਵਾਰ ਕਿਸੇ ਦੇ ਮਾਰਨ ਲਈ ਬੇਧੜਕ ਚਲਾਈਂ ।
ਉਹ ਅਸਮਾਨੀ ਤੇਗ਼ ਤੈਨੂੰ ਭੀ ਮਾਰੇਗੀ ਦਿਲ ਲਾਈਂ ।
ਗ਼ਾਫ਼ਲ ਨ ਹੋ ਬਾਦਸ਼ਾਹ ਤੂੰ ਡਰੀਂ ਖ਼ੁਦਾ ਦੇ ਪਾਸੋਂ ।
ਬੇ ਪਰਵਾਹ ਉਹ ਬਿਨਾ ਖ਼ੁਸ਼ਾਮਦ ਤੇਰੇ ਬਾਹਰ ਕਿਆਸੋਂ ।
ਗ਼ਰੀਬ ਨਿਵਾਜ਼ ਨਾਮ ਹੈ ਓਹਦਾ ਦੀਨਾਂ ਦਾ ਰਖਵਾਲਾ ।
ਫਸਦਾ ਵਿੱਚ ਖ਼ੁਸ਼ਾਮਦ ਨਾਹੀਂ ਬੇ-ਪਰਵਾਹੀ ਵਾਲਾ ।
ਕੀਹ ਹੋਯਾ ਜੇ ਚਾਰੇ ਬੱਚੇ ਘੇਰ ਤੁਸਾਂ ਹਨ ਮਾਰੇ ।
ਕੁੰਡਲੀਆ ਸੱਪ ਜੀਊਂਦਾ ਪਿੱਛੇ ਖ਼ੌਫ਼ ਤੁਸਾਂ ਨੂੰ ਭਾਰੇ ।
ਕਾਹਦੀ ਹੈ ਇਹ ਸੂਰਮਤਾ ਚੰਗਯਾੜਯਾਂ ਤਾਈਂ ਬੁਝਾਵੇਂ ।
ਬਲਦੀ ਅੱਗ ਤਈਂ ਤੂੰ ਉਲਟਾ ਬਾਲਣ ਪਾ ਭੜਕਾਵੇਂ ।
ਫ਼ਿਰਦੌਸੀ ਨੇ ਸੋਹਣਾ ਲਿਖਿਆ ਸਭ ਦੇ ਮਨ ਨੂੰ ਭਾਯਾ ।
ਕਾਹਲੀ ਕਰਨੀ ਕੰਮ ਰਾਕਸ਼ਾਂ ਉਸਨੇ ਹੈ ਫ਼ਰਮਾਯਾ ।
ਰੱਬ ਪਛਾਨਣ ਵਾਲਾ ਬੰਦਾ ਤੈਨੂੰ ਮੈਂ ਨ ਜਾਣਾ ।
ਬਹੁਤੇ ਕੰਮ ਹੋਇ ਦੁਖਦਾਈ ਤੈਥੋਂ, ਖ਼ਾਸ ਪਛਾਣਾ ।
ਜੇਕਰ ਹੁਣ ਕੁਰਾਨ ਦੀਆਂ ਤੂੰ ਸੌ ਸੁਗੰਦਾਂ ਖਾਵੇਂ ।
ਰੱਤੀ ਨਹੀਂ ਇਤਬਾਰ ਮੇਰੇ ਦਿਲ ਝੂਠਾ ਸਮਝਿਆ ਜਾਵੇਂ ।
ਤੇਰੇ ਪਾਸ ਨ ਆਵਾਂਗਾ ਮੈਂ ਨ ਇਤਬਾਰ ਰਖਾਵਾਂ ।
ਜੇ ਤੂੰ ਏਧਰ ਚਾਹਿੰ ਬਾਦਸ਼ਾਹ ਮੈਂ ਓਧਰ ਨ ਜਾਵਾਂ ।
ਪੱਥਰ ਪੂਜ ਪਹਾੜੀਆਂ ਤਾਈਂ ਮਾਰ ਮੈਂ ਰੋੜ੍ਹਨ ਵਾਲਾ ।
ਉਹ ਬੁੱਤਾਂ ਨੂੰ ਪੂਜਣ ਵਾਲੇ ਮੈਂ ਹਾਂ ਤੋੜਨ ਵਾਲਾ ।
ਮਿਹਰਬਾਨ ਹੋਇ ਦੋਸਤ ਜਿਸ ਤੇ ਦੁਸ਼ਮਨ ਕੀਹ ਵਿਗਾੜੇ ।
ਮਿਤਰ ਅਸਾਡੇ ਦਾ ਕੰਮ ਬਖ਼ਸ਼ਸ਼ ਬਖ਼ਸ਼ੇ ਸਦਾ ਪਯਾਰੇ ।
ਕੰਮ ਪਏ ਓਹ ਵੈਰੀ ਤਾਈਂ ਤੁਰਤ ਅੰਨ੍ਹਯਾਂ ਕਰਦਾ ।
ਮਾੜਯਾਂ ਤਾਈਂ ਬਿਨ ਤਕਲੀਫ਼ੋਂ ਹੈ ਬਾਹਿਰ ਕੱਢ ਖੜਦਾ ।
ਤਾਕਤ ਵੈਰੀ ਦੀ ਕੀ, ਨਾਲ ਉਸਦੇ ਕਰ ਲਏ ਧੋਖੇਬਾਜ਼ੀ ।
ਰਾਹੇ ਪਾਵਣ ਵਾਲਾ ਉਸਤੇ ਜੇ ਹੋਵੇ ਰੱਬ ਰਾਜ਼ੀ ।
ਜੇਕਰ ਇੱਕ ਦੇ ਉੱਪਰ ਆ ਪਏ ਵੈਰੀ ਲੱਖ ਹਜ਼ਾਰਾਂ ।
ਪਰਵਦਗਾਰ ਅਕਾਲ ਪੁਰਖ, ਹੈ ਉਸਨੂੰ ਰੱਖਣਹਾਰਾ ।
ਦੌਲਤ ਲਸ਼ਕਰ ਦਾ ਦਿਲ ਤੇਰੇ ਹੈ ਗੁਮਾਨ ਜੇ ਭਾਰਾ ।
ਸ਼ੁਕਰ ਰੱਬ ਦੇ ਉੱਪਰ ਸਦ ਹੀ ਲੱਗਾ ਧਯਾਨ ਹਮਾਰਾ ।
ਜੇਕਰ ਤੈਨੂੰ ਮਾਲ ਮੁਲਕ ਦਾ ਹੈ ਹੰਕਾਰ ਉਹ ਭਾਰਾ ।
ਸਾਨੂੰ ਓਸ ਅਕਾਲ ਪੁਰਖ ਦਾ ਚੱਤੇ ਪਹਿਰ ਸਹਾਰਾ ।
ਥੋੜ੍ਹੇ ਦਿਨ ਦੇ ਏਸ ਟਿਕਾਣੇ ਉੱਪਰ ਨ ਭੁੱਲ ਬਹਿਨਾ ।
ਚਲਯਾ ਜਾਂਦਾ ਹੈ ਜੱਗ ਸਾਰਾ ਬੈਠ ਕਿਸੇ ਨਹੀਂ ਰਹਿਨਾ ।
ਹੇ ਬਚਨਾਂ ਦੇ ਕੱਚੇ ! ਦੇਖੀਂ ਚੱਕਰ ਇਹ ਜ਼ਮਾਨਾਂ ।
ਸਭਨਾਂ ਉੱਤੋਂ ਦੀ ਲੰਘ ਜਾਂਦਾ ਕਰਦਾ ਨਾਸ਼ ਨਾਦਾਨਾਂ ।
ਮਾਰ ਨ, ਜੇ ਤੂੰ ਜ਼ੋਰ ਵਾਲਾ ਹੈਂ, ਪਕੜ ਗ਼ਰੀਬਾਂ ਤਾਈਂ ।
ਧਰਮ ਆਪਨੇ ਤਾਈਂ ਕੱਟੀਂ ਨਾਲ ਕੁਹਾੜੇ ਨਾਹੀਂ ।
ਮੱਦਦਗਾਰ ਹੋਵੇ ਰੱਬ ਜਿਸਦਾ ਦੁਸ਼ਮਨ ਕੀਹ ਕਰ ਸੱਕੇ ।
ਸੈ ਮਰਦਾਂ ਨੂੰ ਕਰਕੇ ਕੱਠੇ ਪਿਆ ਦੁਸ਼ਮਨੀ ਤੱਕੇ ।
ਮੱਦਦਗਾਰ ਹੋਵੇ ਰੱਬ ਜਿਸਦਾ ਦੁਸ਼ਮਨ ਕੀਹ ਕਰ ਸੱਕੇ ।
ਸੈ ਮਰਦਾਂ ਨੂੰ ਕਰਕੇ ਕੱਠੇ ਪਿਆ ਦੁਸ਼ਮਨੀ ਤੱਕੇ ।
ਹਕਾਇਤ ਦੂਜੀ
ਉਹ ਅਬਿਨਾਸ਼ੀ ਗਿਣਤੀ ਤੋਂ ਤੇ ਰੂਪ ਰੇਖ ਤੋਂ ਨਿਆਰਾ ।
ਬੰਧਨ ਵਿੱਚ ਅਗਾਧ ਨ ਆਵੇ ਭੈ ਭਰਮਾਂ ਤੋਂ ਬਾਹਰਾ ।