Yashu Jaan Mashhoor : Yashu Jaan

ਯਸ਼ੂ ਜਾਨ ਮਸ਼ਹੂਰ : ਯਸ਼ੂ ਜਾਨ

ਵਿਅੰਗ ਝੂਠ ਉੱਤੇ

ਮੈਂ ਬੜੇ ਹੀ ਤੱਤ ਨਿਚੋੜੇ,
ਦਿਮਾਗ ਦੇ ਕਾਗਜ਼ੀ ਘੋੜੇ,
ਦੌੜਾਏ ਪਰ ਨਾ ਦੌੜੇ,
ਸੱਚ ਹੈ ਜਾਂ ਝੂਠ ਕਿਸੇ ਨੇ,
ਕਿੱਕਰ ਤੋਂ ਅੰਬ ਤੋੜੇ

ਗੰਗਾ ਵਹਿ ਰਹੀ ਸੀ ਉਲਟੀ,
ਮਛਲੀਆਂ ਰੁੱਖ ਤੇ ਚੜ੍ਹੀਆਂ,
ਹੱਥੀਂ ਕਲਮ, ਦਵਾਤ ਲਿਖਣ ਲਈ,
ਉੱਲੂਆਂ ਨੇ ਫੱਟੀਆਂ ਫੜ੍ਹੀਆਂ,
ਡੋਬਕੇ ਕਲਮ ਸਿਆਹੀ ਦੇ ਵਿੱਚ,
ਸੀ ਲਾਉਂਦੇ ਕੰਨੇ-ਅਹੋੜੇ,
ਮੈਂ ਬੜੇ ਹੀ ਤੱਤ ਨਿਚੋੜੇ,

ਮਧੂ-ਮੱਖੀਆਂ ਖ਼ੂਨ ਪੀਂਦੀਆਂ,
ਮੱਛਰ ਸੀ ਸ਼ਹਿਦ ਬਣਾਉਂਦੇ,
ਕੋਯਲ ਬਾਗੀਂ ਰੌਲਾ ਪਾਵੇ,
ਕਾਂ ਸੀ ਗੀਤ ਸੁਣਾਉਂਦੇ,
ਜੰਗਲ ਦਾ ਰਾਜਾ ਬੱਕਰੀ ਅੱਗੇ,
ਬੈਠਾ ਸੀ ਹੱਥ ਜੋੜੇ

ਰਾਹ ਚੋਰ ਨੇ ਸਿੱਧੇ ਪਾਇਆ,
ਇੱਥੋਂ ਜਾਂਦਾ ਸਿੱਧਾ ਰਸਤਾ,
ਗੂੰਗੇ ਆਖਿਆ 'ਯਸ਼ੂ ਜਾਨ' ਨੂੰ,
ਕਵਿਤਾ ਫੁੱਲਾਂ ਦਾ ਗੁਲਦਸਤਾ,
ਪਿੱਛੇ ਦੇਖਿਆ ਚਿੜੀਆਂ, ਉੱਲੂ,
ਉਹੀਓ ਹਾਥੀ, ਘੋੜੇ,
ਮੈਂ ਬੜੇ ਹੀ ਤੱਤ ਨਿਚੋੜੇ,
ਦਿਮਾਗ ਦੇ ਕਾਗਜ਼ੀ ਘੋੜੇ,
ਦੌੜਾਏ ਪਰ ਨਾ ਦੌੜੇ,
ਸੱਚ ਹੈ ਜਾਂ ਝੂਠ ਕਿਸੇ ਨੇ,
ਕਿੱਕਰ ਤੋਂ ਅੰਬ ਤੋੜੇ

ਅਸੀਂ ਉਹਨਾਂ ਵਰਗੇ ਨਹੀਂ

ਕਈ ਮੂੰਹੋਂ ਮਿੱਠੇ ਹੋਕੇ ਲੁੱਟਕੇ ਲੈ ਜਾਂਦੇ,
ਬੂਟੇ ਖੁਸ਼ੀਆਂ ਵਾਲੇ ਜੜ੍ਹੋਂ ਪੁੱਟਕੇ ਲੈ ਜਾਂਦੇ,
ਯਾਰੀ ਲਾਕੇ ਕਰਨ ਸ਼ਿਕਾਰ,
ਫਿਰ ਮੂੰਹ ਵੀ ਕਰਦੇ ਨਹੀਂ,
ਤੂੰ ਦਿਲ ਚੋਂ ਕੱਢਦੇ ਯਾਰ,
ਅਸੀਂ ਉਹਨਾਂ ਵਰਗੇ ਨਹੀਂ

ਕੰਮ ਔਖਾ ਹੀ ਹੁੰਦਾ,
ਜਦ ਲੜ ਜਾਵਣ ਅੱਖੀਆਂ,
ਫਿਰ ਪਤਾ ਨਹੀਂ ਹੁੰਦਾ,
ਕੀ ਕਰ ਜਾਵਣ ਅੱਖੀਆਂ,
ਲੁੱਟ ਲੈਣ ਅੱਖਾਂ ਕਰ ਚਾਰ,
ਕਦੇ ਰੱਬ ਤੋਂ ਡਰਦੇ ਨਹੀਂ,
ਤੂੰ ਦਿਲ ਚੋਂ ਕੱਢਦੇ ਯਾਰ,
ਅਸੀਂ ਉਹਨਾਂ ਵਰਗੇ ਨਹੀਂ

ਜਦ ਟੁੱਟੂਗਾ ਦਿਲ ਤੇਰਾ,
ਸਾਡੇ ਗਲ਼ ਲੱਗ ਰੋਏਂਗਾ,
ਅੱਖਾਂ ਸਾਡੇ ਤੋਂ ਫੇਰ ਯਾਰਾ,
ਤੂੰ ਔਖਾ ਹੀ ਹੋਏਂਗਾ,
ਤੇਰੇ ਵਰਗੇ ਦਿੰਦੇ ਮਾਰ,
ਹੌਂਕਾ ਵੀ ਭਰਦੇ ਨਹੀਂ,
ਤੂੰ ਦਿਲ ਚੋਂ ਕੱਢਦੇ ਯਾਰ,
ਅਸੀਂ ਉਹਨਾਂ ਵਰਗੇ ਨਹੀਂ

ਤੇਰੇ ਜਿਹੇ 'ਯਸ਼ੂ ਜਾਨ'
ਹੱਦੋਂ ਵੱਧ ਚਾਹੁੰਦੇ ਪਹਿਲਾਂ,
ਮਤਲਬ ਜਿਓਂ ਪੂਰਾ ਹੋਵੇ,
ਸਿੱਟਣ ਨਹਿਲੇ ਤੇ ਦਹਿਲਾ,
ਅਤੇ ਲੈਂਦੇ ਨਹੀਓਂ ਸਾਰ,
ਅੱਖਾਂ ਮੂਹਰੇ ਜਰਦੇ ਨਹੀਂ,
ਤੂੰ ਦਿਲ ਚੋਂ ਕੱਢਦੇ ਯਾਰ,
ਅਸੀਂ ਉਹਨਾਂ ਵਰਗੇ ਨਹੀਂ

ਅੱਜ ਮੇਰੇ ਆਸੇ-ਪਾਸੇ

ਅੱਜ ਮੇਰੇ ਆਸੇ-ਪਾਸੇ ਕੋਈ ਤਾਂ ਘੁੰਮ ਰਿਹਾ ਹੈ,
ਮੈਨੂੰ ਕਦੋਂ ਦਾ ਦੇਖ ਰਿਹਾ ਹੈ ਮੈਨੂੰ ਸੁੰਘ ਰਿਹਾ ਹੈ

ਰਾਤਾਂ ਦੇ ਹਨ੍ਹੇਰੇ ਵਿੱਚ ਮੇਰੇ ਤੋਂ ਕੀ ਹੈ ਚਾਹੁੰਦਾ,
ਸੁੱਤੇ ਪਏ ਹੋਏ ਦਾ ਮੇਰਾ ਕਿਉਂ ਮੱਥਾ ਚੁੰਮ ਰਿਹਾ ਹੈ

ਇੰਨਸਾਨ ਤਾਂ ਨਹੀਂ ਹੋ ਸਕਦਾ ਜੋ ਦਿਖ ਨਹੀਂ ਰਿਹਾ,
ਬਚਕਾਨੀ ਹਰਕਤ ਹੈ ਕਿ ਅੰਗੂਠਾ ਚੁੰਘ ਰਿਹਾ ਹੈ

ਮੇਰੇ ਵਾਲਾਂ 'ਚ ਮਾਰੇ ਫੂਕਾਂ ਹਲੂੰਧਰਾਂ ਛਾਤੀ ਉੱਪਰ,
ਹੁਸ਼ਿਆਰੀ ਖੇਡ ਰਿਹਾ ਹੈ ਮੇਰਾ ਸਿਰ ਠੁੰਗ ਰਿਹਾ ਹੈ

ਜਦ ਯਸ਼ੂ ਜਾਨ ਯਾਦ ਕਰਦਾ ਹੈ ਬਾਬੇ ਨਾਨਕ ਨੂੰ,
ਇੰਝ ਲਗਦਾ ਹੈ ਰੋਂਦਾ ਹੈ ਤੇ ਹੋ ਖਿੰਡ-ਪੁੰਡ ਰਿਹਾ ਹੈ

ਅਲੱਗ ਦੁਨੀਆਂ

ਮੇਰੀ ਅਲੱਗ ਹੈ ਦੁਨੀਆਂ ਇਸ ਜਹਾਨ ਦੇ ਨਾਲੋਂ,
ਮੇਰਾ ਕੱਚਾ ਹੈ ਕੋਠਾ ਤੇਰੇ ਪੱਕੇ ਮਕਾਨ ਦੇ ਨਾਲੋਂ

ਮੈਂ ਗਾਲ਼ ਦਿੱਤੀ ਜ਼ਿੰਦਗੀ ਤੇਰੀ ਕਦਰ ਕਰਦਿਆਂ,
ਤੇਰੇ ਲਈ ਪੈਸਾ ਹੈ ਕੀਮਤੀ ਮੇਰੀ ਜਾਨ ਦੇ ਨਾਲੋਂ

ਆਕੜ ਤੇਰੇ ਵਿੱਚ ਸੀ ਜੋ ਲੱਭੀ ਮੇਰੇ ਵਿੱਚ ਗਈਂ,
ਤਾਹੀਓਂ ਇੱਜ਼ਤ ਖੱਟੀ ਤੇਰੀ ਫ਼ੋਕੀ ਸ਼ਾਨ ਦੇ ਨਾਲੋਂ

ਅੱਜ ਤੇਰੇ ਪੱਲੇ ਕੀ ਹੈ ਮਹਿਲਾਂ, ਕੋਠੀਆਂ ਤੋਂ ਸਿਵਾ,
ਮੈਂ ਫ਼ਕੀਰ ਹੀ ਚੰਗਾ ਤੇਰੀ ਭੀਖ ਤੇ ਦਾਨ ਦੇ ਨਾਲੋਂ

ਯਸ਼ੂ ਜਾਨ ਨੂੰ ਮਰਨ ਤੋਂ ਬਾਅਦ ਤੇਰੀ ਲੋੜ ਨਹੀਂ,
ਨਿੱਘ ਕਵਿਤਾ ਦਾ ਕਾਫ਼ੀ ਅੱਗ ਸ਼ਮਸ਼ਾਨ ਦੇ ਨਾਲੋਂ

ਇੱਕ ਹੈ ਕਾਗਜ਼ ਰੰਗ-ਬਿਰੰਗਾ

ਇੱਕ ਹੈ ਕਾਗਜ਼ ਰੰਗ-ਬਿਰੰਗਾ,
ਜਿਸਦੇ ਕਰਕੇ ਪੈਂਦਾ ਪੰਗਾ,
ਕਿਸੇ ਵੇਲੇ ਇਹ ਤਖ਼ਤ ਬਿਠਾਵੇ,
ਕਈ ਵਾਰੀ ਕਰ ਦਿੰਦਾ ਨੰਗਾ
ਇੱਕ ਹੈ ਕਾਗਜ਼ ਰੰਗ-ਬਿਰੰਗਾ

ਇਸਨੂੰ ਛਾਪਣ ਬੈਂਕਾਂ ਵਾਲੇ,
ਲੱਖਾਂ ਕਰਕੇ ਘਾਲੇ-ਮਾਲੇ,
ਐਨਕ ਲਾਕੇ ਬੈਠਾ ਰਹਿੰਦਾ,
ਇਸਦੇ ਉੱਤੇ ਇੱਕੋ ਬੰਦਾ,
ਇੱਕ ਹੈ ਕਾਗਜ਼ ਰੰਗ-ਬਿਰੰਗਾ

ਸਾਰੇ ਇਸਦਾ ਮਾਣ ਕਰੇਂਦੇ,
ਪਰ ਥੱਕ ਜਾਵਣ ਕਰਜ਼ਾ ਦੇਂਦੇ,
ਇਸਦੇ ਕਰਕੇ ਕਈ ਥਾਂ ਹੁੰਦਾ,
ਹਵਸ-ਪੁਜਾਰੀ ਵਾਲਾ ਧੰਦਾ,
ਇੱਕ ਹੈ ਕਾਗਜ਼ ਰੰਗ-ਬਿਰੰਗਾ

ਜਿਸਨੂੰ ਮਿਲਦਾ ਪਾਗਲ ਕਰਦਾ,
ਭਾਵੇਂ ਲੱਖ ਹੋਵੇ ਬੰਦਾ ਮਰਦਾ,
'ਯਸ਼ੂ ਜਾਨ' ਇਹ ਉੱਥੇ ਰਹਿੰਦਾ,
ਜਿਹੜਾ ਟੋਪੀ ਪਾਵੇ ਚੰਗਾ,
ਇੱਕ ਹੈ ਕਾਗਜ਼ ਰੰਗ-ਬਿਰੰਗਾ

ਇਤਿਹਾਸ ਫ਼ਰੋਲਕੇ

ਇਤਿਹਾਸ ਫ਼ਰੋਲਕੇ ਦੇਖ ਲਵੋ,
ਮੇਰਾ ਮਾਸ ਫ਼ਰੋਲਕੇ ਦੇਖ ਲਵੋ

ਕੀ ਹਸ਼ਰ ਆਸ਼ਕਾਂ ਦਾ ਹੁੰਦਾ,
ਕੋਈ ਲਾਸ਼ ਫ਼ਰੋਲਕੇ ਦੇਖ ਲਵੋ

ਤੁਸੀਂ ਕੋਹਾਂ ਤੀਕਰ ਕੀ ਜਾਣਾ,
ਚਲੋ ਪਾਸ ਫ਼ਰੋਲਕੇ ਦੇਖ ਲਵੋ

ਜੋ ਇਸ਼ਕ ਸੋਚ ਦੇ ਵਿੱਚ ਫ਼ਸੀ,
ਉਹ ਕਾਸ਼ ਫ਼ਰੋਲਕੇ ਦੇਖ ਲਵੋ

ਯਸ਼ੂ ਸ਼ਿਵ ਫ਼ਰੋਲਕੇ ਦੇਖ ਲਵੋ,
ਚਾਹੇ ਪਾਸ਼ ਫ਼ਰੋਲਕੇ ਦੇਖ ਲਵੋ

ਇੱਦਾਂ ਦੱਸ ਕੌਣ ਕਰਦੈ

ਹੋਰ ਕਿੰਨੇ ਨੇ ਫਸਾਏ,
ਅੱਜ ਅਸੀਂ ਹੱਥ ਆਏ,
ਸਾਨੂੰ ਪਤਾ ਵੀ ਨਾ ਲੱਗਾ,
ਫਿਰਦੇ ਹਾਂ ਕਮਲਾਏ,
ਹੁਣ ਦੱਸ ਕੀਹਦੇ-ਕੀਹਦੇ ਕੋਲੋਂ ਰੱਖੀਏ,
ਤੇਰੀ ਗ਼ਲਤੀ ਦਾ ਪਰਦਾ,
ਪਹਿਲਾਂ ਪਿਆਰ ਕੀਤਾ,
ਫਿਰ ਸਾਨੂੰ ਮਾਰ ਦਿੱਤਾ,
ਇੱਦਾਂ ਦੱਸ ਕੌਣ ਕਰਦਾ

ਇੱਕ ਵਾਰ ਤਾਂ ਤੂੰ ਦਿਲੋਂ ਕੁਝ ਮੰਗਦੀ,
ਅਸੀਂ ਆਪੇ ਜਾਂਦੇ ਖਾ ਸੱਟ ਢੰਗਦੀ,
ਕਿਸੇ ਹੋਰ ਨਾਲ ਪਾਈ ਫਿਰੇਂ ਗਾਹਟੀਆਂ,
ਪਾਕੇ ਸਾਡੇ ਕੋਲੋਂ ਮੰਗਦੀ ਏਂ ਮਾਫ਼ੀਆਂ,
ਕਾਹਤੋਂ ਪਿਆਰ ਵਾਲੀ ਗਰਮੀ ਦਿਖਾਈ ਹੁਣ,
ਦਿਲ ਛੱਡ ਦਿੱਤਾ ਠਰਦਾ,
ਪਹਿਲਾਂ ਪਿਆਰ ਕੀਤਾ,
ਫਿਰ ਸਾਨੂੰ ਮਾਰ ਦਿੱਤਾ,
ਇੱਦਾਂ ਦੱਸ ਕੌਣ ਕਰਦਾ

ਮਿੱਠੀ ਲੱਗਦੀ ਸੀ ਜਾਨ-ਜਾਨ ਬੋਲਦੀ,
ਅੱਜ ਲੱਗਿਆ ਪਤਾ ਸੀ ਜ਼ਹਿਰ ਘੋਲਦੀ,
ਸਾਡਾ ਸਾਰਾ ਹੀ ਜਿਸਮ ਕੁੜੇ ਖਾ ਲਿਆ,
ਵੈਰ ਰੱਬ ਅਤੇ ਜੱਗ ਨਾਲ਼ ਪਾ ਲਿਆ,
ਇੱਥੇ ਅਸੀਂ ਸਿਗੇ ਗਏ ਜੋ ਸਹਾਰ ਨਹੀਂ ਤਾਂ,
ਧੋਖਾ ਕੌਣ ਇੰਝ ਜਰਦਾ,
ਪਹਿਲਾਂ ਪਿਆਰ ਕੀਤਾ,
ਫਿਰ ਸਾਨੂੰ ਮਾਰ ਦਿੱਤਾ,
ਇੱਦਾਂ ਦੱਸ ਕੌਣ ਕਰਦਾ

ਅੱਗ ਲੱਗੇ ਤੇਰੇ ਹੁਸਨ ਜਵਾਨ ਨੂੰ,
ਗਈ ਤੜਫਦਾ ਛੱਡ ਯਸ਼ੂ ਜਾਨ ਨੂੰ,
ਬੇਵਫ਼ਾਈ ਤਾਂ ਤੇਰੇ ਕੋਲੋਂ ਹੋਈ ਨਾ,
ਆਖਦੀ ਏਂ ਤੂੰ ਏਂ ਮੇਰਾ ਹੋਰ ਕੋਈ ਨਾ,
ਬਾਹਰੋਂ ਮਿਲਦੇ ਨੇ ਤਾਹਨੇ ਵੱਟੇ ਲੋਕਾਂ ਦੇ,
ਨਾਹੀਂ ਛੱਡਿਆ ਤੂੰ ਘਰ ਦਾ,
ਪਹਿਲਾਂ ਪਿਆਰ ਕੀਤਾ,
ਫਿਰ ਸਾਨੂੰ ਮਾਰ ਦਿੱਤਾ,
ਇੱਦਾਂ ਦੱਸ ਕੌਣ ਕਰਦਾ

ਸੱਜਣਾਂ

ਅਸੀਂ ਕੀ ਨਾ ਬਣੇ ਤੇਰੇ ਲਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ,
ਕੀਤਾ ਤੂੰ ਕੀ ਹੈ ਸਹੀ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ,
ਅਸੀਂ ਕੀ ਨਾ ਬਣੇ ਤੇਰੇ ਲਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ

ਅਸੀਂ ਲੱਖਾਂ ਤੋਂ ਕੱਖ ਹੋਏ,
ਤੇਰੇ ਲਈ ਜਿਊਂਦੇ ਮੋਏ,
ਸਾਨੂੰ ਮਾਰ ਵੀ ਜੱਗ ਤੋਂ ਪਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ,
ਅਸੀਂ ਕੀ ਨਾ ਬਣੇ ਤੇਰੇ ਲਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ

ਲੋਕਾਂ ਦੇ ਸਹੀ ਨੇ ਤਾਹਨੇ,
ਰੋਏ ਹਾਂ ਮਾਰ ਬਹਾਨੇ,
ਮੈਂ ਦੁੱਖ ਸਹੀ ਨੇ ਕਈ-ਕਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ,
ਅਸੀਂ ਕੀ ਨਾ ਬਣੇ ਤੇਰੇ ਲਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ

ਯਸ਼ੂ ਜਾਨ ਗੁਜ਼ਰੇ ਸਾਲ,
ਕੁਝ ਪਏ ਮਹੀਨੇ ਨਾਲ,
ਔਖਾ ਲੰਘਿਆ ਜੂਨ ਤੇ ਮਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ,
ਅਸੀਂ ਕੀ ਨਾ ਬਣੇ ਤੇਰੇ ਲਈ ਸੱਜਣਾਂ,
ਤੂੰ ਸਾਡਾ ਨਾ ਬਣ ਸਕਿਆ

ਸ਼ਰੀਫੀ ਕਮਜ਼ੋਰੀ ਨਹੀਂ ਹੈ

ਮੈਂ ਹਾਲੇ ਨਾ ਕਿਸੇ ਨੂੰ ਕੁਝ ਵੀ ਕਹਿੰਦਾ,
ਮੇਰੀ ਵੀ ਕੋਈ ਖ਼ਬਰ-ਸਾਰ ਨਾ ਲੈਂਦਾ,
ਦੇਖ ਕੇ ਰੁਤਬਾ ਕੰਬ ਉੱਠੇਗਾ ਸਾਰਾ ਤਬਕਾ,
ਇੱਕ ਦਿਨ ਐਸਾ ਕੰਮ ਕਰੇਗਾ ਮੇਰਾ ਦਬਕਾ

ਸ਼ਰੇਆਮ ਮੈਂ ਕਰਾਂ ਐਲਾਨ ਕੋਈ ਚੋਰੀ ਨਹੀਂ ਹੈ,
ਸ਼ਰੀਫੀ ਹੈ ਇੱਕ ਗੁਣ ਲੋਕੋ ਕਮਜ਼ੋਰੀ ਨਹੀਂ ਹੈ,
ਜੇਕਰ ਮੈਂ ਦੇਵਾਂ ਛੱਡ ਤੇ ਲੱਗੂ ਡਾਹਢਾ ਝਟਕਾ,
ਇੱਕ ਦਿਨ ਐਸਾ ਕੰਮ ਕਰੇਗਾ ਮੇਰਾ ਦਬਕਾ

ਇਸਨੇ ਕੀ ਕਰ ਲੈਣਾ ਸਾਡਾ ਇਹ ਖ਼ਲਕਤ ਆਖੇ,
ਬਿਨ੍ਹਾਂ ਗੱਲੋਂ ਤਾਹੀਓਂ ਹੋਣ ਮੇਰੇ ਨਾਲ ਲੋਹੇ-ਲਾਖੇ,
ਕਿਸੇ ਸ਼ੇਰ ਦੇ ਪੰਜੇ ਨਾਲੋਂ ਵੱਧਕੇ ਮਾਰੂ ਫਾਟਕ,
ਇੱਕ ਦਿਨ ਐਸਾ ਕੰਮ ਕਰੇਗਾ ਮੇਰਾ ਦਬਕਾ

ਸਾਈਕਲ ਦੇ ਉੱਤੇ ਜਾ ਰਿਹਾ ਹੋਊ ਘਰੋਂ ਗਰੀਬ,
ਫਿਰ ਸੜਕਾਂ ਉੱਤੇ ਲੈਂਦੇ ਪੰਗਾ ਤੇ ਕੱਢਣ ਜੀਭ,
ਸਿੰਘ ਸੂਰਮਾ ਯਸ਼ੂ ਜਾਨ ਫਿਰ ਖੇਡੇ ਗਤਕਾ,
ਇੱਕ ਦਿਨ ਐਸਾ ਕੰਮ ਕਰੇਗਾ ਮੇਰਾ ਦਬਕਾ

ਸਾਨੂੰ ਛੱਡਕੇ ਨੀ

ਤੇਰੇ ਸਿਰ ਤੋਂ ਲਹਿ ਗਿਆ ਭਾਰ ਕੁੜੇ,
ਸਾਨੂੰ ਛੱਡਕੇ ਨੀ,
ਤੂੰ ਹੋਰ ਬਣਾ ਲਏ ਯਾਰ ਕੁੜੇ,
ਸਾਨੂੰ ਛੱਡਕੇ ਨੀ

ਸਾਨੂੰ ਪਿਆਰ ਕਰਨ ਦੇ ਪਿੱਛੇ,
ਤੇਰੇ ਚੰਗੇ ਨਾ ਮਨਸੂਬੇ ਸੀ,
ਜੋ ਸਾਨੂੰ ਸਿਗੇ ਪਿਆਰੇ,
ਉਹ ਚਿਹਰੇ ਤਾਂ ਦੂਜੇ,
ਇਹ ਤਾਂ ਪਿੱਠ ਤੇ ਕਰ ਗਏ ਵਾਰ ਕੁੜੇ,
ਸਾਨੂੰ ਛੱਡਕੇ ਨੀ,
ਤੂੰ ਹੋਰ ਬਣਾ ਲਏ ਯਾਰ ਕੁੜੇ,
ਸਾਨੂੰ ਛੱਡਕੇ ਨੀ

ਸਾਨੂੰ ਇਸ਼ਕ ਦੇ ਮੈਦਾਨੋਂ,
ਖ਼ਾਲੀ ਹੱਥ ਪੈਂਦਾ ਨਾ ਭੱਜਣਾ,
ਤੇਰੇ ਧੋਖ਼ੇ ਦੀ ਵਸੀਯਤ ਦੇ,
ਹੋ ਜਾਂਦੇ ਵਾਕਿਫ਼ ਜੇ ਸੱਜਣਾ,
ਤੂੰ ਕੀ ਖੱਟਿਆ,
ਕਰ ਵਿਚਾਰ ਕੁੜੇ,
ਸਾਨੂੰ ਛੱਡਕੇ ਨੀ,
ਤੂੰ ਹੋਰ ਬਣਾ ਲਏ ਯਾਰ ਕੁੜੇ,
ਸਾਨੂੰ ਛੱਡਕੇ ਨੀ

ਸਾਡੀ ਹਾਲਤ ਬਿਨ ਲੋਅ ਵਾਲੇ,
ਦੀਵੇ ਦੇ ਵਰਗੀ ਹੋ ਚੱਲੀ,
ਜ਼ਿੰਦਗ਼ੀ ਵਿੱਚ ਕਰ ਹਨ੍ਹੇਰਾ ਤੂੰ,
ਛੱਡ ਯਸ਼ੂ ਜਾਨ ਨੂੰ ਕਿਉਂ ਚੱਲੀ,
ਤੂੰ ਜਿੱਤਕੇ ਵੀ ਗਈ ਹਾਰ ਕੁੜੇ,
ਸਾਨੂੰ ਛੱਡਕੇ ਨੀਂ,
ਤੂੰ ਹੋਰ ਬਣਾ ਲਏ ਯਾਰ ਕੁੜੇ,
ਸਾਨੂੰ ਛੱਡਕੇ ਨੀ

ਕਦਰ

ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ,
ਖ਼ੌਰੇ ਕਿੰਨੀ ਕੁ ਕਦਰ ਹੈ ਮੇਰੀ ਲੋਕਾਂ ਦੇ ਵਿੱਚ,
ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ

ਲੈਂਦੇ ਨੇ ਸਲ਼ਾਹ ਇਹ ਮੇਰੀ,
ਪੁੱਟਦੇ ਨੇ ਸਵਾਹ ਇਹ ਮੇਰੀ,
ਗਿਆ ਫ਼ਸ ਖ਼ੂਨ ਚੂਸਦੀਆਂ ਜੋਕਾਂ ਦੇ ਵਿੱਚ,
ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ

ਕਾਹਤੋਂ ਕੰਨ ਸਾਡੇ ਭਰੀ ਜਾਣ,
ਤੇ ਢਿੱਡ ਨੰਗਾ ਕਰੀ ਜਾਣ,
ਜਾਨ ਦਿੱਤੀ ਏ ਫ਼ਸਾ ਅੱਜ ਨੋਟਾਂ ਦੇ ਵਿੱਚ,
ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ

ਮੈਨੂੰ ਚੰਗਾ ਕਹਿਣ ਇਹ,
ਤੇ ਮੈੱਥੋਂ ਕੰਮ ਲੈਣ ਇਹ,
ਯਸ਼ੂ ਜਾਨ ਨੂੰ ਤਪਾ ਬੈਠਾ ਹੋਠਾਂ ਦੇ ਵਿੱਚ,
ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ

ਕਵਾਲੀ : - ਰਾਤਾਂ ਨੂੰ ਉੱਠ-ਉੱਠ ਰੋਇਆ ਕਰੇਂਗਾ

(ਸ਼ਾਇਰੀ :-ਜਦ ਅੱਖੀਆਂ ਵਾਰ ਕਰਦੀਆਂ ਨੇ,
ਤੀਰ ਦਿਲ ਦੇ ਆਰ-ਪਾਰ ਕਰਦੀਆਂ ਨੇ,
ਜ਼ਿੰਦਗ਼ੀ ਤੋਂ ਹੱਥ ਧੋਣਾ ਆਸ਼ਕਾਂ ਨੂੰ ਪੈਂਦਾ,
ਆਪਣੇ ਵੱਲੋਂ ਤਾਂ ਪਿਆਰ ਕਰਦੀਆਂ ਨੇ)

ਰਾਤਾਂ ਨੂੰ ਉੱਠ-ਉੱਠ ਰੋਇਆ ਕਰੇਂਗਾ,
ਜਦ ਯਾਦ ਸਾਡੀ ਵਿੱਚ ਹੋਇਆ ਕਰੇਂਗਾ

ਇਹ ਅੱਖੀਆਂ ਤਰਸ ਨਾ ਖਾਂਦੀਆਂ ਜੀ,
ਸੀਨੇ ਨੂੰ ਚੀਰਕੇ ਜਾਂਦੀਆਂ ਜੀ

ਉਹ ਸੱਜਣ ਕਿਹੜੇ ਰਾਹ ਤੁਰ ਗਏ,
ਕਈਆਂ ਨੂੰ ਕਰ ਤਬਾਹ ਤੁਰ ਗਏ

ਕੋਈ ਨਾ ਰਮਝ ਪਛਾਣਦਾ ਇਸ ਇਸ਼ਕ ਦੀ,
ਤਾਲਵਾਰੋਂ ਤਿੱਖੀ ਧਾਰ ਹੈ ਇਸ ਇਸ਼ਕ ਦੀ,
ਮੌਤੋਂ ਵੀ ਭੈੜੀ ਮਾਰ ਹੈ ਇਸ ਇਸ਼ਕ ਦੀ,
ਸੋਚ ਸਮਝ ਕੇ ਪੈਰ ਰੱਖੀਂ ਮੈਦਾਨ ਵਿੱਚ,
ਨਗਰੀ ਬੜੀ ਖੂੰਖ਼ਾਰ ਇਸ ਇਸ਼ਕ ਦੀ

ਲੋਕਾਂ ਤੋਂ ਉਹਲੇ ਹੋ-ਹੋ ਕੇ,
ਰੋਵੇਂਗਾ ਬੂਹੇ ਢੋਹ-ਢੋਹ ਕੇ,
ਅੱਖੀਆਂ ਤੋਂ ਅੱਥਰੂ ਲੁਕੋਇਆ ਕਰੇਂਗਾ
ਰਾਤਾਂ ਨੂੰ ਉੱਠ-ਉੱਠ ਰੋਇਆ ਕਰੇਂਗਾ,
ਜਦ ਯਾਦ ਸਾਡੀ ਵਿੱਚ ਹੋਇਆ ਕਰੇਂਗਾ

ਬਿਰਹੋਂ ਦੀ ਅੱਗ ਵਿੱਚ ਆਸ਼ਕਾਂ ਨੂੰ ਸਾੜਦਾ,
ਹੌਲੀ-ਹੌਲੀ ਅੰਦਰੋਂ ਜ਼ਖ਼ਮ ਉਸਾਰਦਾ,
'ਯਸ਼ੂ ਜਾਨ' ਵੱਸਦਾ ਪਿਆ ਏਂ,
ਵੱਸਦਾ ਹੀ ਰਹਿ,
ਇਹ ਇਸ਼ਕ ਤਾਂ ਵੱਸਦੇ ਹੋਇਆਂ ਨੂੰ ਉਜਾੜਦਾ

ਰਾਤਾਂ ਨੂੰ ਉੱਠ-ਉੱਠ ਰੋਇਆ ਕਰੇਂਗਾ,
ਜਦ ਯਾਦ ਸਾਡੀ ਵਿੱਚ ਹੋਇਆ ਕਰੇਂਗਾ

ਕਵਿਤਾ ਕੀ ਹੈ

ਕਵਿਤਾ ਹੈ ਦਰਦਾਂ ਦਾ ਸਾਗਰ,
ਕਵਿਤਾ ਹੈ ਸ਼ਬਦਾਂ ਦੀ ਗਾਗਰ,
ਕਵਿਤਾ ਨੂੰ ਛੋਟਾ ਨਾ ਸਮਝੋ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਵਿੱਚ ਸਭ ਭੇਦ ਲੁਕੇ ਨੇ,
ਕਵਿਤਾ ਮੂਹਰੇ ਉਸਤਾਦ ਝੁਕੇ ਨੇ,
ਕਵਿਤਾ ਦੀ ਨਗਰੀ ਹੈ ਵੱਖਰੀ,
ਕਵਿਤਾ ਦੇ ਸਭ ਨੌਕਰ-ਚਾਕਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਸੀ ਬਾਬੇ ਨਾਨਕ ਗਾਈ,
ਕਵਿਤਾ ਕਰਦੀ ਲੋਕ-ਭਲਾਈ,
ਕਵਿਤਾ ਵਿੱਛੜੇ ਯਾਰ ਮਿਲਾਵੇ,
ਕਵਿਤਾ ਹੀ ਜ਼ਿੰਦਗੀ ਦਾ ਪਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਦੇ ਨੇ ਕੰਮ ਨਿਰਾਲੇ,
ਕਵਿਤਾ ਸੁੱਖ ਦੇ ਪਾਉਂਦੀ ਛਾਲੇ,
ਕਵਿਤਾ ਭੋਲ਼ੇ ਛੰਦ ਨੂੰ ਪੜ੍ਹਦੀ,
ਕਵਿਤਾ ਬਣਦੀ ਸਭ ਤੇ ਛਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਆਸ਼ਿਕ਼ ਥਾਂ-ਥਾਂ ਠੱਗਦੀ,
ਕਵਿਤਾ ਫਿਰ ਵੀ ਚੰਗੀ ਲੱਗਦੀ,
ਕਵਿਤਾ ਕਰਦੀ ਮਾਫ਼ ਗੁਨਾਹ ਨੂੰ,
'ਯਸ਼ੂ ਜਾਨ' ਇੱਕ ਤੇਰੀ ਖ਼ਾਤਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਕਵਿਤਾ ਹੀ ਹੈ ਮੇਰਾ ਈਮਾਨ,
ਕਵਿਤਾ ਹੈ 'ਯਾਸ਼ੂ ਜਾਨ' ਦੀ ਜਾਨ,
ਕਵਿਤਾ ਨੂੰ ਅਣਸੁਣਿਆ ਕਰੋ ਨਾ,
ਕਵਿਤਾ ਸਭ ਨੂੰ ਕਰਦੀ ਸਾਖ਼ਰ,
ਕਵਿਤਾ ਹੈ ਇੱਕ ਨਾਮ ਉਜਾਗਰ,
ਕਵਿਤਾ ਹੈ ਦਰਦਾਂ ਦਾ ਸਾਗਰ

ਖੌਫ਼

ਮੇਰੀ ਕਵਿਤਾ ਦੇ ਲਫ਼ਜ਼ਾਂ,
ਦਾ ਇੰਨਾ ਕੁ ਖੌਫ਼ ਹੈ,
ਪੜ੍ਹਦਿਆਂ ਸਾਰ ਪੜ੍ਹਨ ਵਾਲੇ,
ਦੀ ਹੋ ਜਾਂਦੀ ਮੌਤ ਹੈ

ਇਹ ਖੌਫ਼ ਉਹਨਾਂ ਲਈ ਹੈ,
ਜੋ ਗ਼ਰੀਬਾਂ ਦਾ ਖ਼ੂਨ ਪੀਂਦੇ ਨੇ,
ਤੇ ਬੇ-ਖੌਫ਼ ਹੋਕੇ ਜਿਊਂਦੇ ਨੇ,
ਇਹ ਖੌਫ਼ ਉਹਨਾਂ ਲਈ ਹੈ,
ਜੋ ਰੱਬ ਦਾ ਖੌਫ਼ ਨਾ ਕਰਦੇ,
ਕਾਨੂੰਨ ਤੋਂ ਵੀ ਨਾ ਡਰਦੇ,
ਕਿਸੇ ਨੂੰ ਸੁਧਾਰਨ ਲਈ,
ਇੰਨਾ ਹੀ ਡਰ ਬਹੁਤ ਹੈ,
ਮੇਰੀ ਕਵਿਤਾ ਦੇ ਲਫ਼ਜ਼ਾਂ,
ਦਾ ਇੰਨਾ ਕੁ ਖੌਫ਼ ਹੈ

ਇਹ ਖੌਫ਼ ਉਹਨਾਂ ਨੂੰ ਲੱਗੇ,
ਅੰਦਰੋਂ ਕਾਲੇ ਬਾਹਰੋਂ ਜੋ ਬੱਗੇ,
ਹੋਰਾਂ ਲਈ ਪੁੱਟਣ ਜੋ ਖੱਡੇ,
ਇਹ ਖੌਫ਼ ਉਹਨਾਂ ਨੂੰ ਲੱਗੇ,
ਛਾਂਟਣ ਜੋ ਗੈਰਾਂ ਦੇ ਗੱਲ੍ਹੇ,
ਕਰਦੇ ਨੇ ਕੰਨ ਇਕੱਲੇ,
ਉਹਨਾਂ ਦੀ ਤਾਂ ਫਿਰ,
ਕੁਝ ਕੁ ਦਿਨਾਂ 'ਚ ਫੌਤ ਹੈ,
ਮੇਰੀ ਕਵਿਤਾ ਦੇ ਲਫ਼ਜ਼ਾਂ,
ਦਾ ਇੰਨਾ ਕੁ ਖੌਫ਼ ਹੈ

ਇਹ ਖੌਫ਼ ਚੰਗਿਆਂ ਲਈ ਚੰਗਾ,
ਜੇਕਰ ਸਮਝੇ ਕੋਈ ਬੰਦਾ,
ਬਿਨ ਗੱਲੋਂ ਢਾਹਵੇ ਨਾ ਕੰਧਾਂ,
ਇਹ ਖੌਫ਼ ਚੰਗਿਆਂ ਲਈ ਚੰਗਾ,
ਰੱਬ ਦਾ ਵੀ ਖੌਫ਼ ਮਹਾਨ,
ਨਿੱਕਲੇ ਯਸ਼ੂ ਦੀ ਵੀ ਜਾਨ,
ਮੌਤ ਤਾਂ ਤੇਰੇ ਨਜ਼ਦੀਕ ਹੈ,
ਸਿਰਫ਼ ਕੱਲ੍ਹ, ਪਰਸੋਂ ਜਾਂ ਚੌਥ ਹੈ,
ਮੇਰੀ ਕਵਿਤਾ ਦੇ ਲਫ਼ਜ਼ਾਂ,
ਦਾ ਇੰਨਾ ਕੁ ਖੌਫ਼ ਹੈ,
ਪੜ੍ਹਦਿਆਂ ਸਾਰ ਪੜ੍ਹਨ ਵਾਲੇ,
ਦੀ ਹੋ ਜਾਂਦੀ ਮੌਤ ਹੈ

ਗ਼ਰੀਬ

ਬੋਲਣਾ ਵੀ ਛੱਡ ਦਿੱਤਾ,
ਸਾਨੂੰ ਦਿਲ ਵਿੱਚੋਂ ਕੱਢ ਦਿੱਤਾ,
ਝੂਠੀਆਂ ਸੀ ਪਿਆਰ ਦੀਆਂ ਗੱਲਾਂ ਸਾਰੀਆਂ,
ਹਾਲ ਸਾਡਾ ਵੇਖ ਮਾਰਦੀ ਤੂੰ ਤਾੜੀਆਂ,
ਇਹ ਸਾਰਾ ਖੇਲ੍ਹ ਕੁੜੀਏ ਨਸੀਬ ਦਾ,
ਅੱਖ ਨਾਲ ਅੱਖ ਤੂੰ ਮਿਲਾਉਣੀ ਛੱਡ ਦਿੱਤੀ,
ਫੋਨ ਚੁੱਕਣਾ ਵੀ ਛੱਡਤਾ ਗ਼ਰੀਬ ਦਾ
ਬੋਲਣਾ ਵੀ ਛੱਡ ਦਿੱਤਾ,
ਸਾਨੂੰ ਦਿਲ ਵਿੱਚੋਂ ਕੱਢ ਦਿੱਤਾ

ਛੱਡ ਦਿੱਤਾ ਚੁੱਕ ਅੱਡੀਆਂ ਨੂੰ ਤੁਰਨਾ,
ਨਾਲੇ ਛੱਡਤੇ ਘਰੇਲੂ ਕੰਮ-ਕਾਰ ਤੂੰ,
ਨੀਵਿਆਂ ਦੇ ਨਾਲ ਤੂੰ ਯਾਰਾਨੇ ਤੋੜਕੇ,
ਹੁਣ ਉੱਚਿਆਂ ਦੇ ਨਾਲ ਕਰੇਂ ਪਿਆਰ ਤੂੰ,
ਦੌਲਤਾਂ ਦੇ ਨਾਲ ਨਾ ਪਿਆਰ ਨਿਭਦੇ,
ਪੈਸਿਆਂ ਦੀ ਮੰਡੀ ਵਿੱਚ ਆਣ ਵਿਕਦੇ,
ਅੱਜ ਬੰਦਾ ਹੀ ਹੈ ਬੰਦੇ ਨੂੰ ਖਰੀਦਦਾ,
ਅੱਖ ਨਾਲ ਅੱਖ ਤੂੰ ਮਿਲਾਉਣੀ ਛੱਡ ਦਿੱਤੀ,
ਫੋਨ ਚੁੱਕਣਾ ਵੀ ਛੱਡਤਾ ਗ਼ਰੀਬ ਦਾ
ਬੋਲਣਾ ਵੀ ਛੱਡ ਦਿੱਤਾ,
ਸਾਨੂੰ ਦਿਲ ਵਿੱਚੋਂ ਕੱਢ ਦਿੱਤਾ

ਗੁਰਾਂ ਦੇ ਦੁਆਰੇ ਜਾਣਾ ਛੱਡ ਦਿੱਤਾ ਤੂੰ,
ਹੋਗਈ ਫੈਸ਼ਨਪ੍ਰਸਤ ਤੂੰ ਸਿਰੇ ਦੀ,
ਅੰਮ੍ਰਿਤ ਵੇਲੇ ਵਾਲਾ ਪਾਠ ਛੱਡਿਆ,
ਜਾਂਦੀ ਇੱਜ਼ਤ ਹੈ ਘੱਟ ਅੱਖੋਂ ਗਿਰੇ ਦੀ,
ਵਾਲਾਂ ਦਾ ਸਟਾਇਲ ਹੁਣ ਹੋਰ ਰੱਖਿਆ,
ਉੱਚੀ ਹੀਲ ਵਾਲੇ ਸੈਂਡਲਾਂ ਨੇ ਪੱਟਿਆ,
ਇਹ ਫੈਸ਼ਨ ਨਹੀਂ ਹੁੰਦਾ ਕਿਸੇ ਪੀਰ ਦਾ,
ਅੱਖ ਨਾਲ ਅੱਖ ਤੂੰ ਮਿਲਾਉਣੀ ਛੱਡ ਦਿੱਤੀ,
ਫੋਨ ਚੁੱਕਣਾ ਵੀ ਛੱਡਤਾ ਗ਼ਰੀਬ ਦਾ
ਬੋਲਣਾ ਵੀ ਛੱਡ ਦਿੱਤਾ,
ਸਾਨੂੰ ਦਿਲ ਵਿੱਚੋਂ ਕੱਢ ਦਿੱਤਾ

ਪਿਆਰ ਸਾਡਾ ਛੱਡਿਆ ਮਜ਼ਾਕ ਸੋਚਕੇ,
ਹੁਣ ਫਿਰਦੀ ਏਂ ਆਪ ਧੋਖ਼ੇ ਖਾਂਵਦੀ,
ਨਿੱਕਲਿਆ ਸਮਾਂ ਹੱਥੋਂ ਮੂਹੋਂ ਕੱਢੀ ਗੱਲ,
ਕਦੇ ਮੁੜਕੇ ਨਾ ਜ਼ਿੰਦਗੀ 'ਚ ਆਂਵਦੀ,
ਮਾੜੇ ਕੰਮ ਸਦਾ ਕਰਦੇ ਨੇ ਨੁਕਸਾਨ,
ਪੁੱਛਦੀ ਫਿਰੇਂਗੀ ਕਿੱਥੇ ਗਿਆ ਯਸ਼ੂ ਜਾਨ,
ਤੈਨੂੰ ਹੁਣ ਤੱਕ ਥੋੜ੍ਹਾ ਉਹ ਉਡੀਕਦਾ,
ਅੱਖ ਨਾਲ ਅੱਖ ਤੂੰ ਮਿਲਾਉਣੀ ਛੱਡ ਦਿੱਤੀ,
ਫੋਨ ਚੁੱਕਣਾ ਵੀ ਛੱਡਤਾ ਗ਼ਰੀਬ ਦਾ
ਬੋਲਣਾ ਵੀ ਛੱਡ ਦਿੱਤਾ,
ਸਾਨੂੰ ਦਿਲ ਵਿੱਚੋਂ ਕੱਢ ਦਿੱਤਾ

ਘਮੰਡੀ ਪੇੜ

ਮੈਂ ਇੱਕ ਐਸਾ ਪੇੜ ਹਾਂ,
ਜਿਸਨੂੰ ਵਧਣ-ਫੁੱਲਣ ਲਈ,
ਪਾਣੀ ਅਤੇ ਹਵਾ ਦੀ ਲੋੜ ਨਹੀਂ,
ਧੁੱਪ ਦੀ ਲੋੜ ਨਹੀਂ,
ਕਿਸੇ ਮਨੁੱਖ ਦੀ ਲੋੜ ਨਹੀਂ,
ਮੈਂ ਇੱਕ ਐਸਾ ਪੇੜ ਹਾਂ

ਮੇਰੀਆਂ ਜੜ੍ਹਾਂ ਪਤਾਲ਼ ਤੱਕ ਫੈਲੀਆਂ ਨੇ,
ਮੇਰਾ ਕੱਦ ਅਸਮਾਨ ਤੋਂ ਵੀ ਉੱਚਾ ਹੈ,
ਮੇਰੇ ਪੱਤੇ ਕਲਪ ਬ੍ਰਿਖ ਤੋਂ ਵੀ ਕੀਮਤੀ ਨੇ,
ਮੇਰਾ ਤਣਾ ਵੱਜਰ ਨਾਲੋਂ ਵੀ ਪੱਕਾ ਹੈ,
ਇਸ ਲਈ ਮੈਨੂੰ ਜਿਊਣ ਲਈ,
ਚੁੱਪ ਦੀ ਲੋੜ ਨਹੀਂ,
ਸਹਿਣ ਦੁੱਖ ਦੀ ਲੋੜ ਨਹੀਂ,
ਧੁੱਪ ਦੀ ਲੋੜ ਨਹੀਂ,
ਕਿਸੇ ਮਨੁੱਖ ਦੀ ਲੋੜ ਨਹੀਂ,
ਮੈਂ ਇੱਕ ਐਸਾ ਪੇੜ ਹਾਂ

ਮੈਨੂੰ ਝੁਕਣ ਦੀ ਲੋੜ ਨਹੀਂ ਕਿਸੇ ਦੇ ਮੂਹਰੇ,
ਮੈਨੂੰ ਅੰਮ੍ਰਿਤ ਨਾਲੋਂ ਵੀ ਮਿੱਠੇ ਨੇ ਫਲ ਲੱਗੇ,
ਮੇਰਾ ਨਾ ਮੁਕਾਬਲਾ ਬ੍ਰਹਿਮੰਡ ਅੰਦਰ,
ਲੋਕੀ ਹੱਥ ਜੋੜ ਖੜ੍ਹੇ ਰਹਿਣ ਮੇਰੇ ਅੱਗੇ,
ਤਾਹੀਓਂ ਨਾ ਪਰਵਾਹ ਮੈਨੂੰ,
ਰੱਬ ਉਸ ਦੀ ਲੋੜ ਨਹੀਂ,
ਐਸੇ ਬੁੱਤ ਦੀ ਲੋੜ ਨਹੀਂ,
ਧੁੱਪ ਦੀ ਲੋੜ ਨਹੀਂ,
ਕਿਸੇ ਮਨੁੱਖ ਦੀ ਲੋੜ ਨਹੀਂ,
ਮੈਂ ਇੱਕ ਐਸਾ ਪੇੜ ਹਾਂ

ਮੈਨੂੰ ਮਤਲਬ ਲਈ ਹੀ ਸਭ ਜਾਣਦੇ ਨੇ,
ਮੇਰੀ ਕਦਰ, ਕੀਮਤ ਤਾਂ ਪਛਾਣਦੇ ਨੇ,
ਮੈਨੂੰ ਵੀ ਦੱਸੋ ਮੈਂ ਵੀ ਕਰਾਂ ਕੀ ਹਾਰਿਆ,
ਇਹ ਸੰਗੀ-ਸਾਥੀ ਤਾਂ ਯਸ਼ੂ ਜਾਨ ਨੇ,
ਕੁਦਰਤ ਨੂੰ ਨਾ ਉਜਾੜੋ,
ਦੇਣ ਦੁੱਖ ਦੀ ਲੋੜ ਨਹੀਂ,
ਕਿਸੇ ਪ੍ਰਮੁੱਖ ਦੀ ਲੋੜ ਨਹੀਂ,
ਧੁੱਪ ਦੀ ਲੋੜ ਨਹੀਂ,
ਕਿਸੇ ਮਨੁੱਖ ਦੀ ਲੋੜ ਨਹੀਂ,
ਮੈਂ ਇੱਕ ਐਸਾ ਪੇੜ ਹਾਂ

ਛੋਟੀ ਉਮਰ 'ਚ

ਛੋਟੀ ਉਮਰ 'ਚ ਆਸ਼ਕੀ ਨੇ ਪੱਟਿਆ,
ਨਾਲੇ ਹੱਥਾਂ ਵਿੱਚ ਫੜ੍ਹੇ ਹਥਿਆਰ ਨੇ,
ਅੱਤ ਚੁੱਕੇ ਮੁਟਿਆਰ,
ਮੁੰਡੇ ਬਣਦੇ ਸ਼ਿਕਾਰ,
ਪਾਇਆ ਜੱਭ ਵਿੱਚ,
ਅੱਜ ਦੇ ਪਿਆਰ ਨੇ,
ਛੋਟੀ ਉਮਰ 'ਚ ਆਸ਼ਕੀ ਨੇ ਪੱਟਿਆ,
ਨਾਲੇ ਹੱਥਾਂ ਵਿੱਚ ਫੜ੍ਹੇ ਹਥਿਆਰ ਨੇ

ਹੋਗਿਆ ਕੀ ਹਾਲ ਕੌਲਜ ਦੇ ਅਜੰਡੇ ਦਾ,
ਭੋਰਾ ਨਹੀਓਂ ਡਰ ਪੁਲ਼ਸ ਦੇ ਡੰਡੇ ਦਾ,
ਮਾਪਿਆਂ ਨੂੰ ਜਾਣਦੇ ਜਵਾਕ ਟਿੱਚ ਨਾ,
ਕਹਿਣ ਪਿੱਛੇ ਰਹੋ ਤੁਸੀਂ ਆਇਓ ਵਿੱਚ ਨਾ,
ਫਿਰ ਕੋਰਟ ਤੇ ਕਚਹਿਰੀ,
ਜਿਹੜੀ ਮੌਤ ਨਾਲੋਂ ਭੈੜੀ,
ਲਾਉਂਦੇ ਗੇੜੀਆਂ ਵਕੀਲਾਂ ਦੇ ਦੁਆਰ ਨੇ,
ਛੋਟੀ ਉਮਰ 'ਚ ਆਸ਼ਕੀ ਨੇ ਪੱਟਿਆ,
ਨਾਲੇ ਹੱਥਾਂ ਵਿੱਚ ਫੜ੍ਹੇ ਹਥਿਆਰ ਨੇ

ਚਲ ਪਈਆਂ ਮਿੱਤਰੋਂ ਗਰੁੱਪ-ਬਾਜ਼ੀਆਂ,
ਸੁਣਦੇ ਹਾਂ ਰੋਜ਼ ਖ਼ਬਰਾਂ ਇਹ ਤਾਜ਼ੀਆਂ,
ਵੇਖਿਓ ਫ਼ਲਾਣੇ ਪਿੰਡ ਕਾਲ਼ ਪੈਗਿਆ,
ਕਿਸੇ ਦਾ ਜਵਾਕ ਤੀਵੀਂ ਕੱਢ ਲੈਗਿਆ,
ਦਿਨ ਚਲਦੇ ਨੇ ਮਾੜੇ,
ਬੱਚੇ ਚੈਨਲਾਂ ਵਿਗਾੜੇ,
ਤਾਹੀਓਂ ਮਾਪਿਆਂ ਦੇ ਹੱਥਾਂ ਵਿੱਚੋਂ ਬਾਹਰ ਨੇ,
ਛੋਟੀ ਉਮਰ 'ਚ ਆਸ਼ਕੀ ਨੇ ਪੱਟਿਆ,
ਨਾਲੇ ਹੱਥਾਂ ਵਿੱਚ ਫੜ੍ਹੇ ਹਥਿਆਰ ਨੇ

ਮਾੜਿਆਂ ਖ਼ਿਲਾਫ਼ ਨਹੀਓਂ ਖੜ੍ਹਦੇ ਗਵਾਹ,
ਚੰਗੇ ਸਾਊ ਬੰਦਿਆਂ ਨੂੰ ਟੋਪੀ ਦੇਣ ਪਾ,
ਝੂਠੀਆਂ ਕਹਾਣੀਆਂ ਵਕੀਲ ਖੋਲ੍ਹਦਾ,
ਫਾਂਸੀ ਤੋਂ ਬਿਨ੍ਹਾਂ ਨਾ ਕੁਝ ਜੱਜ ਬੋਲਦਾ,
ਯਸ਼ੂ ਦੁੱਖ ਫਿਰ ਸਹੀਏ,
ਅਸੀਂ ਰੱਬ ਨੂੰ ਕੀ ਕਹੀਏ,
ਕਾਹਤੋਂ ਮਰਦੇ ਬੇਦੋਸ਼ੇ ਬਾਰ-ਬਾਰ ਨੇ,
ਛੋਟੀ ਉਮਰ 'ਚ ਆਸ਼ਕੀ ਨੇ ਪੱਟਿਆ,
ਨਾਲੇ ਹੱਥਾਂ ਵਿੱਚ ਫੜ੍ਹੇ ਹਥਿਆਰ ਨੇ

ਜੇ ਨਾ ਜੱਗ ਤੇ ਮਾਂ ਹੁੰਦੀ

ਜੇ ਨਾ ਜੱਗ ਤੇ ਮਾਂ ਹੁੰਦੀ,
ਨਾ ਮੈਂ ਹੁੰਦਾ ਨਾ ਤੂੰ ਹੁੰਦੀ,
ਨਾ ਹੀ ਇਹ ਦੁਨੀਆਂ ਹੁੰਦੀ,
ਜੇ ਨਾ ਜੱਗ ਤੇ ਮਾਂ ਹੁੰਦੀ

ਨਾ ਹੀ ਕੋਈ ਬਾਹਰ ਹੁੰਦਾ,
ਨਾ ਹੀ ਕੋਈ ਅੰਦਰ,
ਨਾ ਹੀ ਕੋਈ ਪੀਰ-ਫ਼ਕੀਰ,
ਨਾ ਹੀ ਕੋਈ ਪੈਗਮ੍ਬਰ,
ਨਾ ਹੀ ਵਾਰਿਸ ਹੀਰ ਸੀ ਲਿਖਣੀ,
ਬੁੱਲ੍ਹਾ ਯਾਰ ਮਨਾਉਂਦਾ,
ਨਾ ਹੀ ਸਰਵਣ ਵਰਗਾ ਪੁੱਤਰ,
ਮਾਂ ਦਾ ਹੁਕਮ ਵਜਾਉਂਦਾ,
ਚਲਦੀ ਗਰਮ ਹਵਾ ਹੁੰਦੀ,
ਜੇ ਨਾ ਜੱਗ ਤੇ ਮਾਂ ਹੁੰਦੀ

ਗੁਰੂ ਨਾਨਕ ਨਾ ਜੱਗ ਤੇ ਹੁੰਦਾ,
ਕਿੰਝ ਹੁੰਦਾ ਸੱਚਾ-ਸੌਦਾ,
ਨਾ ਹੀ ਰੱਬ ਬਰਾਬਰ ਮਿਲਣਾ,
ਸੀ ਇਸ਼ਕ ਨੂੰ ਅਹੁਦਾ,
ਰਾਜਗੁਰੂ, ਸੁਖਦੇਵ, ਭਗਤ ਸਿੰਘ,
ਕਿੱਦਾਂ ਦੇਸ਼ ਬਚਾਉਂਦੇ,
ਚੁੰਮ-ਚੁੰਮ ਰੱਸੇ ਫਾਂਸੀਆਂ ਵਾਲੇ,
ਗਲ਼ ਦੇ ਵਿੱਚ ਨਾ ਪਾਉਂਦੇ,
ਦੁੱਖਾਂ ਨੇ ਘੇਰੀ ਜਾਂ ਹੁੰਦੀ,
ਜੇ ਨਾ ਜੱਗ ਤੇ ਮਾਂ ਹੁੰਦੀ

ਕੌਣ ਲਿਖਦਾ ਮਾਂ ਤੇ ਕਵਿਤਾ,
ਤੇ ਕੌਣ ਕਹਾਣੀਕਾਰ,
ਮਾਂ ਦੇ ਵਾਜੋਂ ਖੁਸ਼ੀਆਂ ਖੇੜੇ,
ਲੱਗਣੇ ਸੀ ਬੇਕਾਰ,
ਮਾਣਿਕ, ਮੋਤੀ ਨਾਲੋਂ ਮਹਿੰਗੀ,
ਮਾਂ ਦੀ ਇੱਕ ਮੁਸਕਾਨ,
ਮਾਂ ਨੇ ਹੀ ਇਸ ਜੱਗ ਤੇ ਪੈਦਾ,
ਕੀਤਾ ਹੈ 'ਯਸ਼ੂ ਜਾਨ',
ਕੋਈ ਨਾ ਮਾਫ਼ ਖ਼ਤਾ ਹੁੰਦੀ,
ਜੇ ਨਾ ਜੱਗ ਤੇ ਮਾਂ ਹੁੰਦੀ

ਜੇਕਰ ਆਖਾਂ ਖ਼ੁਦਾਹ ਨੂੰ ਮੈਂ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਕਰ ਵਾਪਿਸ ਪੁੱਤਰ ਮਾਵਾਂ ਦੇ,
ਉਸਦਾ ਜਵਾਬ ਹੋਵੇਗਾ,
ਇਹ ਕੁਦਰਤ ਦੇ ਖਿਲਾਫ਼ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਦੇ ਧੰਨ-ਦੌਲਤ ਤੂੰ ਗਰੀਬਾਂ ਨੂੰ,
ਉਸਦਾ ਜਵਾਬ ਹੋਵੇਗਾ,
ਇਹ ਹੀ ਮੇਰਾ ਇੰਨਸਾਫ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਨੇੜੇ ਹੋ ਮੇਰੀ ਗੱਲ ਸੁਣ ਜਾ,
ਉਸਦਾ ਜਵਾਬ ਹੋਵੇਗਾ,
ਇਹ ਮੇਰੀ ਗ਼ਲਤੀ ਮਾਫ਼ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਮੇਰੇ ਦੇਸ਼ ਦੀ ਹਾਲਤ ਦੇ ਸੁਧਾਰ,
ਉਸਦਾ ਜਵਾਬ ਹੋਵੇਗਾ,
ਇਹ ਮੋਦੀ ਕੋਲ ਹਿਸਾਬ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਕੁਝ ਆਪਣੇ ਬਾਰੇ ਦੱਸ ਭਲਾ,
ਉਸਦਾ ਜਵਾਬ ਹੋਵੇਗਾ,
ਇਹ ਮੇਰੀ ਗੁਪਤ ਕਿਤਾਬ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਮੈਂ ਮਿਲਣਾ ਤੈਨੂੰ ਹੈ ਆਕੇ,
ਉਸਦਾ ਜਵਾਬ ਹੋਵੇਗਾ,
ਇਹ ਜੀਵਨ ਤੇਰਾ ਖ਼ਾਕ ਹੈ

ਜੇਕਰ ਆਖਾਂ ਖ਼ੁਦਾਹ ਨੂੰ ਮੈਂ,
ਲੈ ਯਸ਼ੂ ਜਾਨ ਦੀ ਖਬਰ ਜ਼ਰਾ,
ਉਸਦਾ ਜਵਾਬ ਹੋਵੇਗਾ,
ਇਹ ਕੰਮ ਹੀ ਖਤਰਨਾਕ ਹੈ

ਨਾਮਦਾਨ ਦਾ ਭੇਦ

ਮੈਥੋਂ ਕਈ ਲੋਕਾਂ ਨੇ ਪੁੱਛਿਆ,
ਇਹ ਭੇਦ ਕਦੋਂ ਦਾ ਲੁਕਿਆ,
ਕੁਝ ਭਰਮ-ਭੁਲੇਖੇ ਖੱਟ ਕੇ,
ਮੈਂ ਥੱਲੇ ਜੀਭ ਦੇ ਘੁੱਟਿਆ,
ਜੋ ਮਿਹਨਤ ਕਰਦਾ ਰੱਜ ਕੇ,
ਹੱਡਾਂ ਜੋ ਪਾਣੀ ਕੱਢ ਕੇ,
ਉਹੀ ਪ੍ਰਾਣੀ ਜਾਣਦਾ ਕਿ,
ਆਰਾਮ ਕੀ ਹੁੰਦਾ ਹੈ,
ਪਰ ਮੈਥੋਂ ਕਿਸੇ ਨੇ ਪੁੱਛਿਆ,
ਨਾਮਦਾਨ ਕੀ ਹੁੰਦਾ ਹੈ

ਇਹ ਨਾਮਦਾਨ ਇੱਕ ਅਨੋਖੀ ਸ਼ਕਤੀ ਹੈ,
ਨਾਮਦਾਨ ਆਪਣੇ ਆਪ 'ਚ ਭਗਤੀ ਹੈ,
ਗੁਰੂ ਕਰਨੀ ਵਾਲਾ ਹੋਵੇ ਤੇ ਪਾਰਖੀ ਵੀ,
ਨਾਮਦਾਨ ਬੰਦੇ ਦੀ ਪਲਟਦਾ ਤਖ਼ਤੀ ਹੈ,
ਨਾਮਦਾਨ ਸਿੱਧੇ ਰਸਤੇ ਦਿਖਾ ਦਿੰਦਾ ਹੈ,
ਨਾਮਦਾਨ ਮੁਰਦੇ 'ਚ ਜਾਨ ਪਾ ਦਿੰਦਾ ਹੈ,
ਗੁਰੂ ਪ੍ਰਤਿ ਸ਼ਰਧਾ,
ਵਾਲਾ ਨਾ ਕਦੇ ਮਰਦਾ,
ਜਿਸਨੂੰ ਗੁਰੂ ਮਿਲੇ ਸੱਚਾ,
ਉਹ ਘੜਾ ਤਾਰ ਦਏ ਕੱਚਾ,
ਫਿਰ ਹੀ ਪਤਾ ਚੱਲੇ ਮੁਸ਼ਕਿਲ,
ਆਸਾਨ ਕੀ ਹੁੰਦਾ ਹੈ,
ਪਰ ਮੈਥੋਂ ਕਿਸੇ ਨੇ ਪੁੱਛਿਆ,
ਨਾਮਦਾਨ ਕੀ ਹੁੰਦਾ ਹੈ

ਨਾਮਦਾਨ ਹਰ ਕੋਈ ਨਹੀਂ ਦੇ ਸਕਦਾ ਹੈ,
ਨਾਮਦਾਨ ਹਰ ਕੋਈ ਨਹੀਂ ਲੈ ਸਕਦਾ ਹੈ,
ਜੋ ਬੇਫ਼ਿਕਰਾ ਹੋਕੇ ਗ਼ੁਰੂ ਦੀ ਕਰਦਾ ਸੇਵਾ,
ਉਹੀ ਮੰਗ ਸਕਦਾ ਗ਼ੁਰੂ ਨੂੰ ਕਹਿ ਸਕਦਾ ਹੈ,
ਗੁਰੂ ਦੇਵੇ ਵਰਦਾਨ,
ਤਾਂ ਮੰਗ ਲਵੋ ਨਾਮਦਾਨ,
ਜੋ ਕਰੇ ਜਿਸਮ ਦੇ ਟੋਟੇ,
ਫਿਰ ਖਾਵੇ ਗਿਆਨ 'ਚ ਗੋਤੇ,
ਉਹ ਅਸਲ ਹਕ਼ੀਕ਼ਤ ਜਾਣੇ ਮੌਤ,
ਸ਼ਮਸ਼ਾਨ ਕੀ ਹੁੰਦਾ ਹੈ,
ਪਰ ਮੈਥੋਂ ਕਿਸੇ ਨੇ ਪੁੱਛਿਆ,
ਨਾਮਦਾਨ ਕੀ ਹੁੰਦਾ ਹੈ

ਨਾਮਦਾਨ ਹੀ ਕਰਦਾ ਅਸਲ ਸੁਰੱਖਿਆ ਹੈ,
ਨਾਮਦਾਨ ਕਰਵਾਉਂਦਾ ਕੜੀ ਤਪੱਸਿਆ ਹੈ,
ਅੰਮ੍ਰਿਤ ਵਾਂਗਰ ਹੈ ਨਾਮਦਾਨ ਗੁਰੂ ਦਾ ਮਾਣ,
ਇਹ ਹੀ ਹਰ ਇੱਕ ਗ੍ਰੰਥ ਵਿੱਚ ਦੱਸਿਆ ਹੈ,
ਇਹ ਮੇਰਾ ਸ਼ਬਦ ਨਹੀਂ,
ਮੇਰੇ ਗੁਰੂ ਦਾ ਵਾਕ ਹੈ ਜੀ,
ਮੇਰਾ ਸਭ ਜਾਣਦੇ ਨਾਮ,
ਉਹਨੇ ਕਰ ਦਿੱਤਾ ਯਸ਼ੂ ਜਾਨ,
ਹੁਣ ਤਾ ਆ ਗਈ ਸਮਝ ਕਿ,
ਨਾਮਦਾਨ ਕੀ ਹੁੰਦਾ ਹੈ,
ਇਸਦੀ ਮਹਿਮਾਂ ਸਭ ਤੋਂ ਉੱਤੇ,
ਤੂੰ ਵੀ ਜਾਣ ਕੀ ਹੁੰਦਾ ਹੈ,
ਪਰ ਮੈਥੋਂ ਕਿਸੇ ਨੇ ਪੁੱਛਿਆ,
ਨਾਮਦਾਨ ਕੀ ਹੁੰਦਾ ਹੈ

ਪਹਿਚਾਣ

ਇੱਕ ਦਿਨ ਯਾਰਾਂ ਦੀ ਐਸੀ ਪਹਿਚਾਣ ਹੋਵੇਗੀ,
ਸਾਡੇ ਕਾਰਨਾਮਿਆਂ ਤੋਂ ਦੁਨੀਆਂ ਹੈਰਾਨ ਹੋਵੇਗੀ

ਭਾਵੇਂ ਦੇਖ-ਦੇਖ ਕੇ ਸਾਨੂੰ ਕਈ ਲੋਕ ਵੀ ਸੜਨਗੇ,
ਪਰ ਮੇਰੀ ਨਜ਼ਰ ਵਿੱਚ ਤਾਂ ਹੁੰਦੀ ਸਲਾਮ ਹੋਵੇਗੀ

ਜਿਹੜੇ ਬੁਣ ਰਹੇ ਜਾਲ ਮੈਨੂੰ ਫਸਾਉਣ ਖ਼ਾਤਿਰ,
ਉਹਨਾਂ ਦੀ ਵੀ ਦੇਖਿਓ ਕੋਸ਼ਿਸ਼ ਨਾਕਾਮ ਹੋਵੇਗੀ

ਜੋ ਧੋਖ਼ੇ ਨਾਲ ਜਿੱਤ-ਜਿੱਤ ਕੇ ਸੀ ਬਾਜ਼ੀਆਂ ਲੈ ਗਏ,
ਉਹਨਾਂ ਦੀ ਹਰ ਇੱਕ ਜਿੱਤ ਹੁਣ ਸਾਡੇ ਨਾਮ ਹੋਵੇਗੀ

ਨਜ਼ਦੀਕ ਵੀ ਨਾ ਸਾਡੇ ਖੜ੍ਹਦੇ ਸੀ ਜਿਹੜੇ ਆਣ ਕੇ,
ਯਸ਼ੂ ਉਹਨਾਂ ਨਾਲ ਇੱਕ ਦਿਨ ਸਜੀ ਸ਼ਾਮ ਹੋਵੇਗੀ

ਪਰਛਾਵੇਂ ਪਿੱਛੇ

ਕਿਉਂ ਪਰਛਾਵੇਂ ਪਿੱਛੇ ਭੱਜ ਰਿਹਾ ਏਂ,
ਬਾਹਲ਼ਾ ਪਾਗਲ਼ ਲੱਗ ਰਿਹਾ ਏਂ

ਆਖੇਂ ਸੂਰਜ ਨੂੰ ਹਰਾਉਣਾ,
ਜੁਗਨੂੰ ਵਾਂਗਰ ਜਗ ਰਿਹਾ ਏਂ

ਤੇਰੀ ਇੱਥੇ ਦਾਲ ਨਹੀਂ ਗਲਣੀ,
ਐਵੈਂ ਬਾਲਦਾ ਅੱਗ ਰਿਹਾ ਏਂ

ਪੱਲੇ ਤੇਰੇ ਕੱਖ ਨਹੀਂ ਯਾਰਾ,
ਫੋਕੀਆਂ ਟੌਹਰਾਂ ਕੱਢ ਰਿਹਾ ਏਂ

'ਯਸ਼ੂ ਜਾਨ' ਤੇਰਾ ਕੀ ਬਣਨਾ,
ਤੂੰ ਵੀ ਪਾ ਘੜਮੱਸ ਰਿਹਾ ਏਂ

ਬੁਰਾਈ ਦਾ ਸਾਫਟਵੇਅਰ

ਦੇਖੋ ਬੁਰਾਈ ਦਾ ਸਾਫਟਵੇਅਰ ਅਪਡੇਟ ਹੋ ਰਿਹਾ ਹੈ,
ਇੱਕ ਵਾਇਰਸ ਜਿਹਾ ਅੱਜ-ਕੱਲ੍ਹ ਕਰੀਏਟ ਹੋ ਰਿਹਾ ਹੈ

ਵਿੰਡੋ ਉੱਡ ਰਹੀ ਹੈ ਬਾਰ-ਬਾਰ ਦੁਨੀਆਂ ਦੇ ਪੀਸੀ ਦੀ,
ਪਿਆਰ, ਮੁਹੱਬਤ ਵਾਲੇ ਦਿਨ ਲਿਖ ਹੇਟ ਹੋ ਰਿਹਾ ਹੈ

ਐਂਟੀਵਾਇਰਸ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰ ਰਿਹਾ,
ਸਟਾਰਟ ਛੱਟਡਾਉਨ ਤਾਹੀਓਂ ਇਹ ਲੇਟ ਹੋ ਰਿਹਾ ਹੈ,

ਇਹਦੀ ਮੈਮਰੀ ਗਈ ਭਰ ਹਾਰਡ ਡਿਸਕ ਖਰਾਬ,
ਇਸਦੇ ਬਲਾਸਟ ਹੋਣ ਦਾ ਹੀ ਹੁਣ ਵੇਟ ਹੋ ਰਿਹਾ ਹੈ

'ਯਸ਼ੂ ਜਾਨ' ਕਵਿਤਾ ਲੋਕਾਂ ਨੂੰ ਲੱਗੇ ਗੇਮ ਪੁਰਾਣੀ ਹੁਣ,
ਸੋਸ਼ਲ ਮੀਡੀਆ ਤੇ ਘੱਟ ਇਹਦਾ ਰੇਟ ਹੋ ਰਿਹਾ ਹੈ

ਮਸਤ

ਮੁਰਸ਼ਦ ਦਾ ਵਿਰਦ ਪਕਾਉਂਦੇ ਚਲਦਿਆਂ ਸਾਹਾਂ ਤੇ,
ਮਸਤਾਂ ਨੇ ਲਾਏ ਮੇਲੇ ਸੁੰਨੀਆਂ ਰਾਹਾਂ ਤੇ,
ਕੀ ਕਰੀਏ ਬੀਬਾ ਤੇਰੇ ਦਿਲ ਕਾਗ਼ਜ਼ ਕੋਰੇ ਦਾ,
ਮਸਤਾਂ ਤੇ ਫ਼ਰਕ ਨਹੀਂ ਪੈਂਦਾ ਰੰਗ ਦੇ ਕਾਲ਼ੇ-ਗੋਰੇ ਦਾ,
ਮਸਤ ਮਸਤਾਨੇ ਹੁੰਦੇ ਨੇ,
ਯਾਰ ਦੀਵਾਨੇ ਹੁੰਦੇ ਨੇ

ਯਾਰ ਦੀ ਰਜ਼ਾ 'ਚ ਰਾਜ਼ੀ ਰਹਿੰਦੇ ਨੇ ਕੁੜੀਏ,
ਧੁਰ-ਦਰਗਾਹੇ ਮਸਤੀ ਦੇ ਵਿੱਚ ਜਾ ਜੁੜੀਏ,
ਇਹਨਾਂ ਨਾਲ ਨਾਂ ਰਿਸ਼ਤਾ ਬੰਦੇ ਮਤਲਬ ਖ਼ੋਰੇ ਦਾ,
ਮਸਤਾਂ ਤੇ ਫ਼ਰਕ ਨਹੀਂ ਪੈਂਦਾ ਰੰਗ ਦੇ ਕਾਲ਼ੇ-ਗੋਰੇ ਦਾ,
ਮਸਤ ਮਸਤਾਨੇ ਹੁੰਦੇ ਨੇ,
ਯਾਰ ਦੀਵਾਨੇ ਹੁੰਦੇ ਨੇ

ਆਪਣੇ ਗਲ਼ ਵਿੱਚ ਇਸ਼ਕ ਦੀ ਮਾਲਾ ਪਾਲੈ ਤੂੰ,
ਪੱਲਾ ਮੁਰਸ਼ਦ ਦਾ ਫੜ੍ਹ ਰੰਗ ਚੜ੍ਹਾ ਲੈ ਤੂੰ,
ਬੰਨ੍ਹਦੇ ਵਾਂਗ ਜੰਜ਼ੀਰਾਂ ਧਾਗਾ ਕੱਚੇ ਡੋਰੇ ਦਾ,
ਮਸਤਾਂ ਤੇ ਫ਼ਰਕ ਨਹੀਂ ਪੈਂਦਾ ਰੰਗ ਦੇ ਕਾਲ਼ੇ-ਗੋਰੇ ਦਾ,
ਮਸਤ ਮਸਤਾਨੇ ਹੁੰਦੇ ਨੇ,
ਯਾਰ ਦੀਵਾਨੇ ਹੁੰਦੇ ਨੇ

ਮੂਹੋਂ ਨਾ ਕੁਝ ਬੋਲਣ ਕਲਮਾਂ ਵੀ ਪੜ੍ਹਦੇ,
ਵੱਖਰੇ ਰੰਗ ਦਿਖਾਉਂਦੇ ਤੇ ਕੀ-ਕੀ ਕਰਦੇ,
ਦੁਨੀਆਂ ਤੇ ਯਸ਼ੂ ਜਾਨ ਨਾ ਮੁੱਲ ਹੈ ਫੇਰੇ-ਤੋਰੇ ਦਾ,
ਮਸਤਾਂ ਤੇ ਫ਼ਰਕ ਨਹੀਂ ਪੈਂਦਾ ਰੰਗ ਦੇ ਕਾਲ਼ੇ-ਗੋਰੇ ਦਾ,
ਮਸਤ ਮਸਤਾਨੇ ਹੁੰਦੇ ਨੇ,
ਯਾਰ ਦੀਵਾਨੇ ਹੁੰਦੇ ਨੇ

ਮੱਛਰਾਂ ਦੀ ਕਵਿਤਾ

ਇਹ ਮੱਛਰ ਵੀ ਧੰਨ ਨੇ ਯਾਰੋ,
ਮੱਛਰਾਂ ਦੇ ਵੀ ਕੰਨ ਨੇ ਯਾਰੋ

ਰਾਤ-ਦਿਨੇ ਇਹ ਭੀਂ-ਭੀਂ ਕਰਦੇ,
ਪੀ ਜਾਂਦੇ ਨੇ ਖ਼ੂਨ ਜਿਗਰ ਦੇ,
ਖਾਂਦੇ ਰਹਿੰਦੇ ਚੰਮ ਨੇ ਯਾਰੋ,
ਇਹ ਮੱਛਰ ਵੀ ਧੰਨ ਨੇ ਯਾਰੋ,
ਮੱਛਰਾਂ ਦੇ ਵੀ ਕੰਨ ਨੇ ਯਾਰੋ
ਕੁਦਰਤੀ ਸੂਈ ਇਹਨਾਂ ਕੋਲ,
ਜਦ ਚੋਭਣ ਮਨ ਜਾਂਦਾ ਡੋਲ,
ਕਿਹੜਾ ਖਾਂਦੇ ਅੰਨ ਨੇ ਯਾਰੋ,
ਇਹ ਮੱਛਰ ਵੀ ਧੰਨ ਨੇ ਯਾਰੋ,
ਮੱਛਰਾਂ ਦੇ ਵੀ ਕੰਨ ਨੇ ਯਾਰੋ

ਕਈ ਮਲੇਰੀਆ ਨਾਲ ਢੋਵਣ,
ਇਹਨਾਂ ਦੀਆਂ ਵੀ ਕਿਸਮਾਂ ਹੋਵਣ,
ਉੱਡਦੇ ਲੱਤਾਂ ਬੰਨ੍ਹ ਨੇ ਯਾਰੋ,
ਇਹ ਮੱਛਰ ਵੀ ਧੰਨ ਨੇ ਯਾਰੋ,
ਮੱਛਰਾਂ ਦੇ ਵੀ ਕੰਨ ਨੇ ਯਾਰੋ

ਵਿਹਲੇ ਤਾਂ ਮੇਰੇ ਨਾਲ ਲੜਦੇ,
ਜਾਂ ਯਸ਼ੂ ਜਾਨ ਦੀ ਕਵਿਤਾ ਪੜ੍ਹਦੇ,
ਤੀਰ ਦਿੰਦੇ ਫਿਰ ਸੰਨ੍ਹ ਨੇ ਯਾਰੋ,
ਇਹ ਮੱਛਰ ਵੀ ਧੰਨ ਨੇ ਯਾਰੋ,
ਮੱਛਰਾਂ ਦੇ ਵੀ ਕੰਨ ਨੇ ਯਾਰੋ

ਮੇਰੇ ਬਾਰੇ ਲੋਕ ਸੋਚਦੇ

ਮੇਰੇ ਬਾਰੇ ਲੋਕ ਸੋਚਦੇ ਨੇ ਮੈਂ ਕੌਣ ਹਾਂ,
ਬੰਦਾ ਹਾਂ ਜਾਂ ਚਲਦੀ ਫਿਰਦੀ ਪੌਣ ਹਾਂ

ਮੇਰੀ ਇੱਕ ਗੱਲ ਜਾਣ,
ਸਭ ਹੁੰਦੇ ਨੇ ਹੈਰਾਨ,
ਜਾਗਦਿਆਂ ਇੰਨਸਾਨ,
ਸੌਣ ਲੱਗਿਆਂ ਸ਼ੈਤਾਨ,
ਹਾਂ ਦੋਸਤਾਂ ਲਈ ਤਾਕਤਵਰ ਮੈਂ,
ਪਰ ਟੁੱਟੇ ਮੰਜੇ ਦੀ ਦੌਣ ਹਾਂ,
ਮੇਰੇ ਬਾਰੇ ਲੋਕ ਸੋਚਦੇ ਨੇ ਮੈਂ ਕੌਣ ਹਾਂ

ਪੈਰਾਂ ਵਿੱਚ ਕੰਡੇ ਨੇ,
ਤੇ ਪੈਰ ਵੀ ਨੰਗੇ ਨੇ,
ਮੈਨੂੰ ਕੀ ਲੁੱਟਣਗੇ,
ਜੋ ਆਪ ਹੀ ਕੰਗੇ ਨੇ,
ਮੈਂ ਵੱਢ ਹੋਈ ਤਾਂ ਨਹੀਂ ਮਿੱਤਰੋ,
ਪਰ ਝੁਕੀ ਹੋਈ ਇੱਕ ਧੌਣ ਹਾਂ,
ਮੇਰੇ ਬਾਰੇ ਲੋਕ ਸੋਚਦੇ ਨੇ ਮੈਂ ਕੌਣ ਹਾਂ

ਜੋ ਬਖਸ਼ੇ ਮਾਣ 'ਯਸ਼ੂ'
ਲੈ ਲਊਗਾ ਜਾਨ 'ਯਸ਼ੂ'
ਇਹ ਖ਼ਲਕਤ ਭੁੱਲ ਜਾਂਦੀ,
ਲੈਕੇ ਅਹਿਸਾਨ 'ਯਸ਼ੂ'
ਮੇਰੀ ਔਕਾਤ ਇੰਨੀ ਵੀ ਨਹੀਂ,
ਜਿਵੇਂ ਕਾਢਿਆਂ ਦਾ ਭੌਣ ਹਾਂ,
ਮੇਰੇ ਬਾਰੇ ਲੋਕ ਸੋਚਦੇ ਨੇ ਮੈਂ ਕੌਣ ਹਾਂ,
ਬੰਦਾ ਹਾਂ ਜਾਂ ਚਲਦੀ ਫਿਰਦੀ ਪੌਣ ਹਾਂ

ਮੈਨੂੰ ਕੁਝ ਇਸ ਤਰਾਂ

ਮੈਨੂੰ ਕੁਝ ਇਸ ਤਰਾਂ ਲੱਗ ਰਿਹਾ ਹੈ,
ਜਿਵੇਂ ਮੇਰੇ ਜਿਸਮ ਨੂੰ ਕੋਈ ਲਾ ਅੱਗ ਰਿਹਾ ਹੈ

ਕੋਈ ਆਤਮਾਵਾਂ ਨੂੰ ਨਾਲ ਲੈਕੇ ਉਹਨਾਂ ਦੀ ਭੀੜ ਵਿੱਚ,
ਕੋਈ ਮੁਰਦਾ ਹੋਕੇ ਜ਼ਿੰਦਾ ਮੈਨੂੰ ਆਪਣੇ ਕੋਲ ਸੱਦ ਰਿਹਾ ਹੈ
ਮੈਨੂੰ ਕੁਝ ਇਸ ਤਰਾਂ ਲੱਗ ਰਿਹਾ ਹੈ

ਮੇਰੇ ਤੋਂ ਡਰਕੇ ਲੋਕੀ ਭੱਜਣ ਚੀਕਾਂ ਮਾਰਦੇ-ਮਾਰਦੇ ਯਾਰੋ,
ਮੈਨੂੰ ਤੜਫ਼ਦਾ ਦੇਖਕੇ ਕੋਈ ਖਿੜ-ਖਿੜ ਕੇ ਹੱਸ ਰਿਹਾ ਹੈ
ਮੈਨੂੰ ਕੁਝ ਇਸ ਤਰਾਂ ਲੱਗ ਰਿਹਾ ਹੈ

ਕੋਈ ਕਰ ਰਿਹਾ ਚੀਰ-ਫਾੜ ਮੇਰੇ ਜਿਸਮ ਦੀ ਬੋਟੀ-ਬੋਟੀ,
ਤੇ ਮੇਰੇ ਖ਼ੂਨ ਨੂੰ ਦੇ ਉਬਾਲਾ ਸੰਘਣੀ ਭਾਫ਼ ਕੱਢ ਰਿਹਾ ਹੈ
ਮੈਨੂੰ ਕੁਝ ਇਸ ਤਰਾਂ ਲੱਗ ਰਿਹਾ ਹੈ

ਇਹ ਭਾਰਤ-ਪਾਕਿਸਤਾਨ ਤਾਂ ਦਿਲ ਦੇ ਟੋਟੇ ਨੇ ਹੋਏ ਦੋ,
ਦੋਹਾਂ ਦੇ ਵਿਚਲੀ'ਯਸ਼ੂ ਜਾਨ'ਕੋਈ ਮੁਹੱਬਤ ਵੱਢ ਰਿਹਾ ਹੈ
ਮੈਨੂੰ ਕੁਝ ਇਸ ਤਰਾਂ ਲੱਗ ਰਿਹਾ ਹੈ

ਮੈਨੂੰ ਪਤਾ

ਮੈਨੂੰ ਪਤਾ ਹੈ ਤੁਸੀਂ ਮੇਰੀ ਕਵਿਤਾ ਪੜ੍ਹ ਰਹੇ ਹੋ,
ਇਹ ਕਿਸ ਤਰਾਂ ਦੀ ਕਵਿਤਾ ਹੈ,
ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ,
ਜੇ ਮੈਂ ਦੱਸਾਂ ਤਾਂ ਕਵਿਤਾ ਵਿੱਚ,
ਮੈਂ ਭਰ ਦਿੱਤਾ ਹੈ ਗੁਣ ਹਰ ਇੱਕ,
ਸ਼ਾਇਦ ਮੇਰੇ ਵਾਂਗ ਤੁਸੀਂ ਵੀ,
ਦੁੱਖ ਡਾਹਢਾ ਜਰ ਰਹੇ ਹੋ,
ਮੈਨੂੰ ਪਤਾ ਹੈ ਤੁਸੀਂ ਮੇਰੀ ਕਵਿਤਾ ਪੜ੍ਹ ਰਹੇ ਹੋ

ਹੁਣ ਤੁਸੀਂ ਸੋਚੋਗੇ ਕਿ ਇਹ ਕੋਈ ਮਸ਼ਹੂਰ ਕਵੀ ਨਹੀਂ,
ਕਵਿਤਾ ਤਾਂ ਹਰ ਕੋਈ ਲਿਖ ਸਕਦਾ,
ਇਸਦੇ ਵਿੱਚ ਕੋਈ ਗੱਲ ਨਵੀਂ ਨਹੀਂ,
ਕਵੀ ਦਾ ਮਤਲਬ ਨਾ ਮਸ਼ਹੂਰ,
ਜੇ ਹੋ ਵੀ ਗਿਆ ਨਾ ਦਿਲੀਂ ਗ਼ਰੂਰ,
ਇਹ ਪਹਿਰਾ ਪੜ੍ਹ ਕੇ ਲੰਬਾ ਜਿਹਾ,
ਤੁਸੀਂ ਹੁਣ ਹੌਂਕਾ ਭਰ ਰਹੇ ਹੋ,
ਮੈਨੂੰ ਪਤਾ ਹੈ ਤੁਸੀਂ ਮੇਰੀ ਕਵਿਤਾ ਪੜ੍ਹ ਰਹੇ ਹੋ

ਮੈਂ ਤੁਹਾਨੂੰ ਕਹਾਂਗਾ ਕਵਿਤਾ ਕੋਈ ਵੱਡੀ ਛੋਟੀ ਨਹੀਂ,
ਤੇ ਅੱਜ ਦੇ ਦੌਰ ਦੇ ਗਾਣਿਆਂ ਨਾਲੋਂ ਤਾਂ,
ਹੈ ਬਹੁਤ ਖ਼ਰੀ ਇਹ ਖੋਟੀ ਨਹੀਂ,
ਮੈਂ ਕਿਹਾ ਨਹੀਂ ਕੋਈ ਬੁਰਾ ਲਿਖਾਰੀ,
ਮੇਰੀ ਇੰਨੀ ਮੱਤ ਨਹੀਂ ਮਾਰੀ,
ਉਮੀਦ ਹੈ ਮੈਨੂੰ ਮੇਰੀਆਂ ਗੱਲਾਂ ਦਾ,
ਕੋਈ ਮਤਲਬ ਘੜ੍ਹ ਰਹੇ ਹੋ,
ਮੈਨੂੰ ਪਤਾ ਹੈ ਤੁਸੀਂ ਮੇਰੀ ਕਵਿਤਾ ਪੜ੍ਹ ਰਹੇ ਹੋ

ਚਲੋ ਅਖ਼ੀਰ ਦੇ ਵਿੱਚ ਇੱਕ ਸਲਾਹ ਮੈਂ ਦੇਵਾਂਗਾ ਹੀ,
ਸਾਡੀਆਂ ਗੱਲਾਂ ਨੂੰ ਦਿਲ ਤੇ ਜ਼ਿਆਦਾ,
ਨਾਂ ਲਾਇਆ ਕਰੋ ਹੀ ਜੀ,
ਮੈਂ ਲੇਖ਼ਕ ਹਾਂ ਨਾਂ ਵੱਡਾ ਬਹੁਤਾ,
ਨਾ 'ਯਸ਼ੂ ਜਾਨ' ਦਾ ਉੱਚਾ ਅਹੁਦਾ,
ਜੇ ਮੰਨੋਗੇ ਤਾਂ ਸਮਝਾਂਗਾ ਉੱਚੀਆਂ,
ਮੰਜ਼ਿਲਾਂ ਨੂੰ ਚੜ੍ਹ ਰਹੇ ਹੋ,
ਇਹ ਵਧੀਆ ਗੱਲ ਹੈ ਤੁਸੀਂ ਕਵਿਤਾ ਪੂਰੀ ਪੜ੍ਹ ਰਹੇ ਹੋ,
ਮੈਨੂੰ ਪਤਾ ਹੈ ਤੁਸੀਂ ਮੇਰੀ ਕਵਿਤਾ ਪੜ੍ਹ ਰਹੇ ਹੋ

ਯਾਰ

ਜਿਵੇਂ ਉਸ ਖ਼ੁਦਾਹ ਬਿਨ ਯਾਰ ਨਹੀਂ ਰਹਿੰਦਾ
ਲੜਾਈ ਨਾ ਹੋਵੇ ਤਾਂ ਪਿਆਰ ਨਹੀਂ ਰਹਿੰਦਾ,

ਮਤਲਬ ਲਈ ਹੀ ਜੋ ਮਿਲਦਾ ਹੈ ਆਕੇ,
ਰਿਸ਼ਤਿਆਂ ਦਾ ਹਕ਼ਦਾਰ ਨਹੀਂ ਰਹਿੰਦਾ

ਦੁਸ਼ਮਣ ਵੀ ਜਿਸਦੇ ਵਧਦੇ ਹੀ ਜਾਵਣ,
ਜ਼ਿੰਦਗ਼ੀ ਵਿੱਚ ਦਿਨ ਚਾਰ ਨਹੀਂ ਰਹਿੰਦਾ

ਜਦ ਹੱਦੋਂ ਵੱਧ ਸਿਰ ਚੜ੍ਹ ਜਾਏ ਕਰਜ਼ਾ,
ਬਣ ਜਾਂਦਾ ਨਰਕ ਉਧਾਰ ਨਹੀਂ ਰਹਿੰਦਾ

ਜਿਹੜਾ ਗੁਰਾਂ ਦੇ ਲੜ ਲੱਗ ਕੇ ਰਹਿੰਦਾ,
ਯਸ਼ੂ ਸਿਰ ਉਸਦੇ ਭਾਰ ਨਹੀਂ ਰਹਿੰਦਾ

ਰੰਗ-ਢੰਗ

ਅਸੀਂ ਮੌਤ ਦੇ ਕਰੀਬ ਹੋ ਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ,
ਕੱਖਾਂ ਤੋਂ ਵੀ ਗ਼ਰੀਬ ਹੋ ਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ,

ਬੁਰਾ ਹਸ਼ਰ ਪਿਆਰ ਅਤੇ ਜੰਗ ਦਾ,
ਤੈਨੂੰ ਅੱਜ ਵੀ ਹੈ ਮਾਣ ਗੋਰੇ ਰੰਗ ਦਾ,
ਜਿਸ ਪਿੱਛੇ ਕਈ ਸ਼ਹੀਦ ਹੋ ਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ

ਇਹ ਇਸ਼ਕ ਵਿਖਾਉਂਦਾ ਰੰਗ ਵੱਖਰੇ,
ਬੜੇ ਇਸ਼ਕ ਵਪਾਰੀਆਂ ਦੇ ਨਖਰੇ,
ਤਾਹੀਓਂ ਦੁੱਖਾਂ ਦੇ ਮੁਰੀਦ ਹੋਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ

ਸਾਡੇ ਵਫ਼ਾ ਦਾ ਦਿੱਤਾ ਕੀ ਇਨਾਮ ਤੂੰ,
ਬਦਨਾਮ ਕਰ ਦਿੱਤਾ ਯਸ਼ੂ ਜਾਨ ਤੂੰ,
ਇੰਨੇ ਮਾੜੇ ਕਿਉਂ ਨਸੀਬ ਹੋਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ,
ਅਸੀਂ ਮੌਤ ਦੇ ਕਰੀਬ ਹੋ ਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ,
ਕੱਖਾਂ ਤੋਂ ਵੀ ਗ਼ਰੀਬ ਹੋ ਗਏ,
ਤੇਰੇ ਬਦਲੇ ਨਾ ਰੰਗ-ਢੰਗ ਨੀ

ਯਸ਼ੂ ਜਾਨ ਮਸ਼ਹੂਰ

ਤੇਰੀ ਮੇਰੇ ਤੇ ਕਿਰਪਾ ਹੈ,
ਤੇਰਾ ਮੇਰੇ ਤੇ ਨੂਰ ਹੈ,
ਇਸ ਲਈ ਮੇਰੇ ਮੌਲਾ,
ਯਸ਼ੂ ਜਾਨ ਮਸ਼ਹੂਰ ਹੈ

ਅਸੀਂ ਬੁਰਾ ਕਿਸੇ ਦਾ ਚਾਹਿਆ ਨਾ,
ਵਿਹਲੇ ਬਹਿ ਵਕ਼ਤ ਲੰਘਾਇਆ ਨਾ,
ਕਦੀ ਵਿੱਚ ਮੁਸੀਬਤ ਠਹਿਰੇ,
ਕੱਟੇ ਦਿਨ, ਰਾਤ, ਦੁਪਹਿਰੇ,
ਮੈਂ ਦੁੱਖਾਂ ਵਿੱਚ ਘਬਰਾ ਗਿਆ,
ਤੂੰ ਕੀਤਾ ਮਾਫ਼ ਕਸੂਰ ਹੈ,
ਇਸ ਲਈ ਮੇਰੇ ਮੌਲਾ,
ਯਸ਼ੂ ਜਾਨ ਮਸ਼ਹੂਰ ਹੈ

ਤੇ ਮੇਰੇ ਮਨ ਵਿੱਚ ਜੋ ਇੱਛਾ ਜਗੀ,
ਮੈਨੂੰ ਕਹਿਣ ਦੀ ਕਦੇ ਨਾ ਲੋੜ ਪਈ,
ਜਦ ਸਮੇ ਨੇ ਪਾਇਆ ਘੇਰਾ,
ਮੈਂ ਨਾਮ ਸਿਮਰਿਆ ਤੇਰਾ,
ਬੰਦੇ ਨੂੰ ਪਰਖ਼ ਕੇ ਢਾਲਣਾ,
ਇਹ ਤੇਰਾ ਹੀ ਦਸਤੂਰ ਹੈ,
ਇਸ ਲਈ ਮੇਰੇ ਮੌਲਾ,
ਯਸ਼ੂ ਜਾਨ ਮਸ਼ਹੂਰ ਹੈ

ਤੇਰੇ ਕਰਕੇ ਪਏ ਹਾਂ ਫਿਰਦੇ ਜੀ,
ਨਹੀਂ ਤਾਂ ਮਰ ਜਾਂਦੇ ਚਿਰਦੇ ਜੀ,
ਮੇਰੀ ਦੇਹ ਹੈ ਤੇਰਾ ਮਕਾਨ,
ਜਦ ਮਰਜ਼ੀ ਲੈ ਲਈਂ ਜਾਨ,
ਯਸ਼ੂ ਜਾਨ ਨੂੰ ਇਸ ਗੱਲ ਦਾ,
ਹੁਣ ਭੋਰਾ ਨਾ ਗ਼ਰੂਰ ਹੈ,
ਇਸ ਲਈ ਮੇਰੇ ਮੌਲਾ,
ਯਸ਼ੂ ਜਾਨ ਮਸ਼ਹੂਰ ਹੈ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ