Yaar Bharawan Varge : Rajinder Pardesi

ਯਾਰ ਭਰਾਵਾਂ ਵਰਗੇ (ਕਾਵਿ ਸੰਗ੍ਰਹਿ) : ਰਾਜਿੰਦਰ ਪਰਦੇਸੀ

ਉਸਤਾਦ ਦੇ ਚੁੰਮਣ ਦੀ ਖ਼ੁਸ਼ਬੂ

ਪਿਛਲੇ ਪੰਜ ਦਹਾਕਿਆਂ ਤੋਂ ਮੈਂ ਸਾਹਿਤ ਸਿਰਜਣਾ ਕਰਦਾ ਆ ਰਿਹਾ ਹਾਂ ਤਕਰੀਬਨ-ਤਕਰੀਬਨ ਬਹੁਤ ਸਾਰੀਆਂ ਵਿਧਾਵਾਂ 'ਤੇ, ਪਰ ਮੈਨੂੰ ਜੇਕਰ ਮਾਣ ਪਿਆਰ, ਬੇਇੰਤਹਾ ਲੋਕਾਂ ਵਲੋਂ ਮਿਲਿਆ ਹੈ ਅਤੇ ਜੋ ਮੈਨੂੰ ਮਕਬੂਲੀਅਤ ਮਿਲੀ ਹੈ ਉਹ ਸਿਰਫ਼ ਅਤੇ ਸਿਰਫ਼ ਗ਼ਜ਼ਲ ਕਰਕੇ ਹੀ । ਸ਼ਬਦਾਂ ਨੂੰ ਡਾਂਸ ਕਰਾਉਣ ਨਾਲ ਹੀ ਗ਼ਜ਼ਲ ਨਹੀਂ ਬਣ ਜਾਂਦੀ, ਗ਼ਜ਼ਲ ਦੇ ਵਿਚ ਕੋਈ ਗੱਲ ਵੀ ਹੋਣੀ ਚਾਹੀਦੀ ਹੈ ਜੋ ਪੜ੍ਹਨ ਸੁਣਨ ਵਾਲੇ ਦੇ ਧੁਰ ਅੰਦਰ ਤਕ ਲਹਿ ਜਾਵੇ । ਅਜਿਹਾ ਤਾਂ ਹੀ ਸੰਭਵ ਹੁੰਦਾ ਹੈ ਜਦੋਂ ਆਪਣੇ ਜਜ਼ਬਿਆਂ ਨੂੰ ਕਵਿਤਾਉਂਦਿਆਂ ਸੰਵੇਦਨਸ਼ੀਲਤਾ, ਸੰਗੀਤਾਮਕਤਾ, ਦੇ ਨਾਲ ਨਾਲ ਸ਼ਬਦਾਂ ਦਾ ਵੀ ਸਹਿਜ ਪ੍ਰਵਾਹ ਹੋਵੇ ਅਤੇ ਬਹਿਰ ਵਜ਼ਨ ਦਾ ਵੀ ਪੂਰਾ ਪੂਰਾ ਖ਼ਿਆਲ ਰੱਖਿਆ ਗਿਆ ਹੋਵੇ ।

ਗ਼ਜ਼ਲ ਦੀ ਗੱਲ ਕਰਦਿਆਂ ਡਾ. ਨਰੇਸ਼ ਹੋਰੀਂ ਫ਼ਰਮਾਉਂਦੇ ਹਨ ਕਿ ਵਾਰਤਕ ਦਿਲ ਦੀ ਥਾਵੇਂ ਦਿਮਾਗ਼ ਤੋਂ ਪੈਦਾ ਹੁੰਦੀ ਹੈ । ਵਾਰਤਕ ਵਿਚ ਕਿਉਂਕਿ ਜਜ਼ਬੇ ਦੀ ਘਾਟ ਅਤੇ ਬੌਧਿਕਤਾ ਦੀ ਬਹੁਤਾਤ ਹੁੰਦੀ ਹੈ ਜਿਸ ਲਈ ਵਾਰਤਕ ਵਿਚ ਸ਼ਬਦਾਂ ਦਾ ਸਹਿਜ ਪ੍ਰਵਾਹ ਨਹੀਂ ਹੁੰਦਾ ਸਗੋਂ ਸ਼ਬਦਾਂ ਦੀ ਸੋਚੀ ਸਮਝੀ ਯੋਜਨਾ ਹੁੰਦੀ ਹੈ । ਲੈਅ, ਤੋਲ ਜਾਂ ਵਜ਼ਨ ਮਨ ਦੀ ਸਹਿਜ ਭੁੱਖ ਹੈ ਅਤੇ ਮਨੁੱਖੀ ਮਨ, ਦਿਲ ਦੀਆਂ ਡੂੰਘਾਣਾਂ ਤਕ ਪਹੁੰਚਣ ਲਈ ਕਵੀ ਨੂੰ ਲੈਅ, ਤੋਲ ਜਾਂ ਵਜ਼ਨ ਦਾ ਸਹਾਰਾ ਲੋੜੀਂਦਾ ਹੈ । ਕਵਿਤਾ ਦੀ ਕਿਸੇ ਵੀ ਹੋਰ ਵੰਨਗੀ ਵਾਂਗ ਗ਼ਜ਼ਲ ਦੇ ਸ਼ਿਅਰਾਂ ਦਾ ਵੀ ਕਿਸੇ ਵਿਸ਼ੇਸ਼ ਲੈਅ, ਵਜ਼ਨ ਜਾਂ ਤੋਲ ਵਿਚ ਹੋਣਾ ਆਵੱਸ਼ਕ ਹੈ । ਅਰਬੀ ਭਾਸ਼ਾ ਦੇ ਵਿਦਵਾਨਾਂ ਨੇ ਅਜਿਹੇ ਪੰਦਰਾਂ ਲੈਅ ਖੰਡਾਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਦਾ ਨਾਮਕਰਨ ਕੀਤਾ ਸੀ ਜਿਨ੍ਹਾਂ ਨੂੰ ਆਸਾਰ ਬਣਾ ਕੇ ਗ਼ਜ਼ਲਾਂ ਲਿਖੀਆਂ ਜਾਂਦੀਆਂ ਸਨ । ਉਹਨਾਂ ਲੈਅ ਖੰਡ ਨੂੰ ਬਹਿਰ ਦਾ ਨਾਮ ਦਿੱਤਾ । ਸਮੇਂ ਦੇ ਨਾਲ ਨਾਲ ਇਹਨਾਂ ਬਹਿਰਾਂ ਵਿਚ ਵਾਧਾ ਹੁੰਦਾ ਗਿਆ, ਗਿਣਤੀ ਵਧਦੀ ਚਲੀ ਗਈ । ਮੈਂ ਵੀ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਵੀ ਬਹਿਰ ਵਜ਼ਨ ਬਾਰੇ ਕੋਈ ਗਿਆਨ ਨਹੀਂ ਸੀ, ਬਸ ਜੋ ਮਨ ਵਿਚ ਆਉਂਦਾ ਲਿਖ ਲੈਣਾ, ਫਿਰ ਹੌਲ਼ੀ-ਹੌਲ਼ੀ ਯਾਰਾਂ ਦੋਸਤਾਂ ਨੂੰ ਸੁਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫਿਰ ਮੇਰੇ ਇਕ ਬਹੁਤ ਗੂੜ੍ਹੇ ਮਿੱਤਰ ਅਜੀਤ ਸਿੰਘ ਨੇ ਮੇਰੀ ਇਕ ਰਚਨਾ ਕਿਸੇ ਰਸਾਲੇ ਨੂੰ ਭੇਜ ਦਿੱਤੀ ਪਰ ਮੈਨੂੰ ਨਾ ਦੱਸਿਆ । ਜਦ ਇਕ ਵਾਰ ਮੈਂ ਬੁੱਕ ਸਟਾਲ ਤੋਂ ਰਸਾਲਾ ਖ਼ਰੀਦਿਆ ਤਾਂ ਅਚਾਨਕ ਮੇਰੀ ਨਜ਼ਰ ਮੇਰੀ ਰਚਨਾ 'ਤੇ ਪਈ, ਮੈਨੂੰ ਬੇਇੰਤਹਾ ਖ਼ੁਸ਼ੀ ਤਾਂ ਹੋਈ ਹੀ, ਨਾਲ ਹੀ ਹੈਰਾਨੀ ਵੀ ਹੋਈ ਕਿ ਮੇਰੀਆਂ ਰਚਨਾਵਾਂ ਅਖ਼ਬਾਰਾਂ, ਰਸਾਲਿਆਂ ਵਿਚ ਛਪ ਵੀ ਸਕਦੀਆਂ ਹਨ । ਫਿਰ ਛਪਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਮੈਂ ਲਿਖਾਰੀ ਸਭਾ ਮੋਗਾ ਦੀਆਂ ਮਹੀਨਾਵਾਰ ਇਕੱਤਰਤਾਵਾਂ ਵਿਚ ਵੀ ਜਾਣਾ ਸ਼ੁਰੂ ਕਰ ਦਿੱਤਾ । ਇਥੋਂ ਹੀ ਮੈਨੂੰ ਪਤਾ ਲੱਗਾ ਕਿ ਮੈਂ ਜੋ ਰਚਨਾਵਾਂ ਲਿਖ/ਛਪਵਾ ਰਿਹਾ ਤਾਂ ਉਹ ਬਹਿਰ ਵਜ਼ਨ ਤੋਂ ਅਭਿੱਜ ਹਨ ਅਤੇ ਫਿਰ ਮੈਂ ਬਹਿਰ ਵਜ਼ਨ ਸਿੱਖਣ ਲਈ ਤਰਲੋਮੱਛੀ ਹੋਣ ਲੱਗਾ ।

ਇਤਫ਼ਾਕ ਦੀ ਗੱਲ ਇਹ ਹੋਈ ਕਿ ਸੁਪ੍ਰਸਿੱਧ ਹਾਸ ਵਿਅੰਗ ਲੇਖਕ, ਜਨਾਬ ਕਨ੍ਹੱਈਆ ਲਾਲ ਕਪੂਰ ਹੋਰਾਂ ਨੂੰ ਗ਼ਾਲਿਬ ਅਵਾਰਡ ਮਿਲਣ 'ਤੇ, ਲਿਖਾਰੀ ਸਭਾ ਮੋਗਾ ਵੱਲੋਂ ਉਹਨਾਂ ਦੇ ਸਨਮਾਨ ਹਿਤ ਇਕ ਸਮਾਗਮ ਆਯੋਜਤ ਕੀਤਾ ਗਿਆ । ਇਸੇ ਸਮਾਗਮ ਵਿਚ ਮੇਰੀ ਮੁਲਾਕਾਤ ਉਰਦੂ ਅਤੇ ਪੰਜਾਬੀ ਦੇ ਉਸਤਾਦ ਸ਼ਾਇਰ ਪਿ੍ੰਸੀਪਲ ਤਖ਼ਤ ਸਿੰਘ ਜੀ ਨਾਲ ਹੋਈ । ਮੈਂ ਆਪਣੀਆਂ ਕੁਝ ਰਚਨਾਵਾਂ ਉਹਨਾਂ ਨੂੰ ਵਿਖਾਉਂਦਿਆਂ ਬੇਨਤੀ ਕੀਤੀ ਕਿ ਮੈਂ ਆਪ ਜੀ ਨੂੰ ਉਸਤਾਦ ਧਾਰਨਾ ਹੈ । ਉਹਨਾਂ ਮੇਰੀ ਬੇਨਤੀ ਸਵੀਕਾਰ ਕਰਦਿਆਂ ਮੈਨੂੰ ਆਪਣੇ ਘਰ ਜਗਰਾਵਾਂ ਵਿਖੇ ਆਉਣ ਲਈ ਤਾਰੀਖ਼ ਅਤੇ ਸਮਾਂ ਦੇ ਦਿੱਤਾ । ਮੈਂ ਮਿੱਥੀ ਤਾਰੀਖ਼ ਅਤੇ ਸਮੇਂ 'ਤੇ ਜਦੋਂ ਉਹਨਾਂ ਦੇ ਘਰ ਪਹੁੰਚਿਆ ਤਾਂ ਉਹ ਵਿਹੜੇ ਵਿਚ ਬੈਠੇ ਹੋਏ ਸਨ ਮੰਜੀ 'ਤੇ, ਨਾਲ ਹੀ ਇਕ ਮੰਜੀ ਹੋਰ ਪਈ ਸੀ ਅਤੇ ਵਿਚਾਲੇ ਇਕ ਸਟੂਲ ਤੇ ਪੀਪਾ ਪਿਆ ਸੀ । ਮੈਂ ਪਹਿਲਾਂ ਉਹਨਾਂ ਦੇ ਪੈਰੀਂ ਹੱਥ ਲਾਏ, ਫਿਰ ਸਾਹਮਣੇ ਚੁੱਲ੍ਹੇ ਕੋਲ ਦਾਲ ਚੁਗ ਰਹੇ ਬੀਬੀ ਜੀ ਦੇ ਪੈਰੀਂ ਹੱਥ ਲਾਏ ਅਤੇ ਫਿਰ ਮੈਂ ਉਹਨਾਂ ਦੇ ਸਾਹਮਣੇ ਮੰਜੀ 'ਤੇ ਬੈਠ ਗਿਆ । ਬੀਬੀ ਜੀ ਆਏ, ਉਹ ਸਟੂਲ 'ਤੇ ਪਏ ਗਲਾਸ ਚੁੱਕ ਕੇ ਲੈ ਗਏ, ਸ਼ਾਇਦ ਪਹਿਲਾਂ ਕੋਈ ਸੱਜਣ ਮਿਲਣ ਵਾਲੇ ਚਾਹ-ਪਾਣੀ ਪੀ ਕੇ ਗਏ ਹੋਣਗੇ । ਪਿ੍ੰ. ਸਾਹਿਬ ਬੀਬੀ ਜੀ ਨੂੰ ਚਾਹ ਲੈ ਕੇ ਆਉਣ ਲਈ ਕਹਿ ਕੇ ਮੈਂ ਸੰਬੋਧਨ ਹੋਏ, ''ਚੱਲ ਬਈ, ਪਹਿਲਾਂ ਆਪਣੇ ਤੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦੇਹ ।'' ਮੈਂ ਤਫ਼ਸੀਲ ਨਾਲ ਦੱਸਣ ਲੱਗ ਪਿਆ, ਐਨੇ ਨੂੰ ਚਾਹ ਵੀ ਆ ਗਈ । ਗੱਲਾਂ ਕਰਦੇ ਕਰਦੇ ਅਸੀਂ ਚਾਹ ਦੇ ਘੁੱਟ ਵੀ ਭਰਦੇ ਰਹੇ । ਮੈਨੂੰ ਬਾਅਦ ਵਿਚ ਅਹਿਸਾਸ ਹੋਇਆ ਕਿ ਉਹ ਮੇਰੇ ਨਾਲ ਗੱਲਾਂ ਮੇਰੀ ਜਕ ਲਾਹੁਣ ਲਈ ਕਰ ਰਹੇ ਸਨ । ਚਾਹ ਦੇ ਗਲਾਸ ਖ਼ਾਲੀ ਹੋਣ 'ਤੇ ਉਹਨਾਂ ਮੈਨੂੰ ਕਿਹਾ, ''ਚੱਲ ਸੁਣਾ ਫਿਰ ।'' ਮੈਂ ਆਪਣੀਆਂ ਗ਼ਜ਼ਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ । ਕੁਝ ਗ਼ਜ਼ਲਾਂ ਸੁਣਨ ਤੋਂ ਬਾਅਦ ਉਹ ਬੋਲੇ, ''ਆਹ ਜਿੰਨੀਆਂ ਰਚਨਾਵਾਂ ਨੂੰ ਪੰਡ ਬੰਨ੍ਹ ਕੇ ਲਿਆਇਐਂ, ਇਹ ਸਾਰੀਆਂ ਪਾੜ ਦੇਹ ।'' (ਮੈਂ ਕਾਫ਼ੀ ਰਸਾਲੇ, ਅਖ਼ਬਾਰਾਂ ਅਤੇ ਕਾਪੀਆਂ ਨਾਲ ਲੈ ਕੇ ਗਿਆ ਸਾਂ, ਜਿਨ੍ਹਾਂ ਵਿਚ ਮੇਰੀਆਂ ਰਚਨਾਵਾਂ ਸਨ) ਮੇਰਾ ਸਿਰ ਚਕਰਾ ਗਿਆ । ਮੈਂ ਸੋਚਣ ਲੱਗਾ, ਕਿੱਥੇ ਫਸ ਗਿਆ, ਮੈਂ ਬੜੀ ਮਿਹਨਤ ਨਾਲ ਐਨੀਆਂ ਰਚਨਾਵਾਂ ਲਿਖੀਐਂ, ਇਹ ਕਹਿੰਦੇ ਪਾੜ ਦੇਹ । ਮੈਨੂੰ ਗ਼ੁੱਸਾ ਤਾਂ ਬਹੁਤ ਆਇਆ ਪਰ ਮੈਂ ਅੰਦਰੇ ਅੰਦਰ ਪੀ ਗਿਆ । ਉਹ ਫਿਰ ਬੋਲੇ, ''ਕਾਕਾ ਤੇਰੇ ਵਿਚ ਭਾਵੁਕਤਾ ਬਹੁਤ ਹੈ, ਸ਼ਬਦ ਵੀ ਹਨ, ਕਹਿਣ ਦਾ ਅੰਦਾਜ਼ ਅਤੇ ਸਿੰਬਲ ਵੀ । ਤੂੰ ਇਕ ਚੰਗਾ ਗ਼ਜ਼ਲਗੋ ਬਣ ਸਕਦੈਂ, ਪਹਿਲਾਂ ਤੂੰ ਬਹਿਰ ਵਜ਼ਨ ਸਿੱਖ ।'' ਮੈਂ ਕਿਹਾ ਜੀ, ''ਦੱਸੋ ।'' ਉਹ ਗੱਤੇ 'ਤੇ ਚੂੰਡੀ ਲੱਗੇ ਇਕ ਕਾਗਜ਼ 'ਤੇ ਲਿਖ ਕੇ ਸਮਝਾਉਣ ਲੱਗ ਪਏ, 'ਫੇਲੁਨਫੇਲੁਨ, ਫਾਇਲਾਤੁਨ, ਫਾਇਲੁਨ ਵਗੈਰਾ ਵਗੈਰਾ । ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਮੇਰੇ ਪਿੜ-ਪੱਲੇ ਕੁਝ ਵੀ ਨਹੀਂ ਪਿਆ । ਸੋਚਿਆ, ਮਨਾ ਜਿਵੇਂ ਪਹਿਲਾਂ ਲਿਖ ਰਿਹੈਂ ਲਿਖੀ ਚੱਲ, ਇਹ ਤਾਂ ਪੰਗੇ ਵਾਲਾ ਕੰਮ ਹੈ । ਮੈਂ ਉਹਨਾਂ ਦੇ ਪੈਰੀਂ ਹੱਥ ਲਾਏ ਅਤੇ ਕਿਹਾ ਕਿ ਚੰਗਾ ਗੁਰੂ ਜੀ, ਮੈਂ ਹੁਣ ਫਿਰ ਕਿਸੇ ਦਿਨ ਆਊਾਗਾ । ਉਹ ਸਮਝਗੇ ਕਿ ਮੁੰਡਾ ਘਬਰਾ ਕੇ ਖਿਸਕਣ ਲੱਗਾ ਹੈ ਅਤੇ ਬੋਲੇ, ''ਬੈਠ, ਪਹਿਲਾਂ ਆਪਣੀ ਬੀਬੀ ਜੀ ਨੂੰ ਚਾਹ ਕਹਿ ਕਿ ਇਕ-ਇਕ ਗਲਾਸ ਚਾਹ ਹੋਰ ਬਣਾਵੇ ।'' ਮੈਂ ਬੀਬੀ ਜੀ ਨੂੰ ਚਾਹ ਕਹਿ ਕੇ, ਓਥੇ ਹੀ ਕੰਧੋਲੀ ਕੋਲ ਖਲੋ ਗਿਆ ਕਿ ਚਾਹ ਲੈ ਕੇ ਹੀ ਜਾਵਾਂਗਾ, ਬਾਬੇ ਕੋਲ ਜਾ ਕੇ ਕੀ ਕਰਨੈ ।

ਥੋੜ੍ਹੀ ਦੇਰ ਬਾਅਦ ਉਹਨਾਂ ਸਿਰ ਘੁਮਾ ਕੇ ਪਿੱਛੇ ਮੇਰੇ ਵੱਲ ਵੇਖਿਆ ਅਤੇ ਬੋਲੇ, ''ਐਥੇ ਖੜ੍ਹਾ ਕੀ ਕਰਦੈਂ, ਐਧਰ ਆ ।'' ਮੈਂ ਡਰਦਾ-ਡਰਦਾ ਫਿਰ ਉਹਨਾਂ ਦੇ ਸਾਹਮਣੇ ਆ ਬੈਠਾ ਅਤੇ ਉਹ ਬੋਲੇ, ''ਰੇਡੀਓ ਤੋਂ ਗ਼ਜ਼ਲਾਂ ਸੁਣਦਾ ਹੁੰਨੈਂ?'' ਮੈਂ ਕਿਹਾ, ''ਹਾਂ ਜੀ ।'' ''ਅੱਛਾ ਇਹ ਦੱਸ ਕਿਹੜੀ ਗ਼ਜ਼ਲ ਤੈਨੂੰ ਜ਼ਿਆਦਾ ਪਸੰਦ ਐ ।'' ਮੈਂ ਕਿਹਾ, ''ਜੀ, 'ਜਾਚ ਮੈਨੂੰ ਆ ਗਈ, ਗ਼ਮ ਖਾਣ ਦੀ' ।'' ''ਅੱਛਾ, ਮੈਂ ਤੈਨੂੰ ਹੁਣ ਬਹਿਰ ਢੋਲ ਦੀ ਤਾਲ 'ਤੇ ਸਮਝਾਉਨਾਂ, ਤੂੰ ਢੋਲ ਵੱਜਦਾ ਤਾਂ ਸੁਣਿਆ ਹੀ ਹੋਵੇਗਾ?'' ਮੈਂ ਕਿਹਾ, ''ਹਾਂ ਜੀ ।'' ਅਤੇ ਉਹ ਵਿਚਾਲੇ ਪਏ ਸਟੂਲ ਦੇ ਢੋਲ ਦੀ ਤਾਲ ਦੇਣ ਲੱਗ ਪਏ । 'ਡਮ ਡਮਾ ਡਮ, ਡਮ ਡਮਾ ਡਮ, ਡਮ ਡਮਾ...' ਅਤੇ ਫਿਰ ਬੋਲੇ, ''ਜਾਚ ਮੈਨੂੰ ਆ ਗਈ, ਗ਼ਮ ਖਾਣ ਦੀ... ਇਸ ਦੀ ਇਹੀ ਬਹਿਰ ਹੈ, ਉਰਦੂ ਵਿਚ ਇਸ ਨੂੰ ਹੀ, ਫਾਇਲਾਤੁਨ, ਫਾਇਲਾਤੁਨ, ਫਾਇਲੁਨ ਕਿਹਾ ਜਾਂਦੈ...'' ਅਤੇ ਨਾਲ ਹੀ ਉਹ ਮੈਨੂੰ ਕਾਗਜ਼ 'ਤੇ ਤਕਤੀਅ ਕਰ ਕੇ ਸਮਝਾਉਣ ਲੱਗ ਪਏ । ਐਨੇ ਨੂੰ ਬੀਬੀ ਜੀ ਦੋ ਪਿੱਤਲ ਦੇ ਗਲਾਸਾਂ ਵਿਚ ਚਾਹ ਸਾਡੇ ਅੱਗੇ ਰੱਖ ਗਏ । ਉਹ ਫਿਰ ਕਹਿਣ ਲੱਗੇ, ''ਆਹ ਵਰਕਾ ਤਕਤੀਅ ਵਾਲਾ ਤੂੰ ਨਾਲ ਲੈ ਜਾ, ਮੈਂ ਤੈਨੂੰ ਇਸੇ ਬਹਿਰ ਦਾ ਇਕ ਸ਼ਿਅਰ ਲਿਖ ਕੇ ਦਿਆਂਗਾ, ਤੂੰ ਉਸ ਅਧੀਨ ਗ਼ਜ਼ਲ ਲਿਖ ਕੇ ਲਿਆਉਣੀ ਹੈ । ਹੁਣ ਚਾਹ ਪੀ ।'' ਮੈਂ ਉਹ ਵਰਕਾ ਫੜ ਲਿਆ ਅਤੇ ਚਾਹ ਦੇ ਘੁੱਟ ਭਰਦਿਆਂ ਉਸ ਨੂੰ ਵਾਚਣ ਲੱਗਾ । ਇਕ ਖ਼ਿਆਲ ਜੋ ਮੇਰੇ ਦਿਮਾਗ਼ ਵਿਚ ਘੁੰਮ ਰਿਹਾ ਸੀ, ਉਹ ਮੈਂ ਉਸੇ ਵਰਕੇ 'ਤੇ ਉਤਾਰ ਦਿੱਤਾ ।

ਕੌਣ ਹੈ ਜੋ ਬੋਟ ਮੇਰੇ ਨੋਚਦਾ
ਮਰ ਗਿਆ ਪੰਛੀ ਵਿਚਾਰਾ ਸੋਚਦਾ

ਅਤੇ ਉਹ ਵਰਕਾ ਮੈਂ ਪਿ੍ੰਸੀਪਲ ਸਾਹਿਬ ਦੇ ਅੱਗੇ ਕਰ ਦਿੱਤਾ, ਮਤਲਾ ਪੜ੍ਹ ਕੇ ਉਹ ਉਠ ਕੇ ਖੜ੍ਹੇ ਹੋ ਗਏ । ਮੈਂ ਡਰ ਗਿਆ ਸ਼ਾਇਦ ਜ਼ਰੂਰ ਕੁਝ ਗ਼ਲਤ ਹੋ ਗਿਆ ਹੋਵੇਗਾ, ਐਨੇ ਵਿਚ ਉਹਨਾਂ ਨੇ ਮੇਰਾ ਹੱਥ ਫੜਿਆ ਅਤੇ ਚੁੰਮ ਕੇ ਬੋਲੇ, ''ਕਮਬਖ਼ਤਾ, ਐਨੀ ਛੇਤੀ ਤਾਂ ਮੈਨੂੰ ਵੀ ਪਤਾ ਨਹੀਂ ਸੀ ਲੱਗਿਆ...!''

ਇਸ ਲਈ ਮੇਰੀ ਨਵੇਂ ਲਿਖਣ ਵਾਲਿਆਂ ਨੂੰ ਸਲਾਹ ਹੈ ਕਿ ਉਹ ਭਾਵੇਂ ਉਸਤਾਦ ਧਾਰਨ, ਭਾਵੇਂ ਕਿਤਾਬਾਂ ਪੜ੍ਹ ਕੇ ਸਿੱਖਣ, ਸਿੱਖਣ ਜ਼ਰੂਰ । ਮੇਰੀਆਂ ਦਰਜਨ ਕੁ ਕਿਤਾਬਾਂ ਛਪ ਚੁੱਕੀਆਂ ਹੋਣਗੀਆਂ । ਇਕ ਪੁਸਤਕ ਉਰਦੂ ਵਿਚ 'ਖ਼ੁਦਾ ਹਾਫਿਜ਼' ਪਾਕਿਸਤਾਨ ਦੇ ਗੁਜਰਾਤ, ਸੋਹਣੀ ਦੇ ਸ਼ਹਿਰੋਂ ਡੇਲੀ ਰੋਜ਼ਨ ਦੇ ਸੰਪਾਦਕ/ਪ੍ਰਕਾਸ਼ਕ, ਮੇਰੇ ਬੜੇ ਪਿਆਰੇ ਮਿੱਤਰ ਅਫ਼ਜ਼ਲ ਰਾਜ ਹੋਰਾਂ ਛਾਪੀ ਹੈ । ਤੇ ਮੈਂ ਹੁਣ ਵੀ ਜਦੋਂ ਲਿਖਣ ਬੈਠਦਾ ਹਾਂ ਤਾਂ ਉਸਤਾਦ ਜੀ ਵੱਲੋਂ ਮੇਰੇ ਹੱਥ 'ਤੇ ਦਿੱਤੇ ਚੁੰਮਣ ਦੀ ਖ਼ੁਸ਼ਬੂ ਮੇਰੇ ਪੂਰੇ ਸਰੀਰ ਅਤੇ ਮੇਰੇ ਆਲੇ-ਦੁਆਲੇ ਨੂੰ ਸੁਗੰਧਿਤ-ਸੁਗੰਧਿਤ ਕਰ ਦਿੰਦੀ ਹੈ... ।

- ਰਾਜਿੰਦਰ ਪਰਦੇਸੀ

ਅਕੀਦਤ

ਗੱਲ ਮਾਰਚ-ਅਪ੍ਰੈਲ 2020 ਦੀ ਹੈ, ਜਦ ਕਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਵਿਚ ਲਾਕ-ਡਾਊਨ ਲੱਗਾ ਹੋਇਆ ਸੀ, ਮੈਂ ਵੀ ਫਰਾਂਸ ਵਿਚ ਘਰ ਅੰਦਰ ਬੰਦ ਸੀ ਅਤੇ ਮੇਰੇ ਪਾਪਾ ਸ. ਰਾਜਿੰਦਰ ਪਰਦੇਸੀ ਜੀ ਵੀ ਜਲੰਧਰ ਆਪਣੇ ਘਰ ਵਿਚ ਲਾਕ-ਡਾਊਨ ਦਾ ਫ਼ਾਇਦਾ ਲੈਂਦੇ ਹੋਏ ਲਿਖਣ-ਪੜ੍ਹਨ ਵਿਚ ਮਸਰੂਫ਼ ਸਨ, ਇਕ ਦਿਨ ਪਾਪਾ ਨੇ ਫੋਨ 'ਤੇ ਗੱਲ ਕਰਦਿਆਂ ਮੈਨੂੰ ਕਿਹਾ, ਤੇਜਿੰਦਰ ਬੇਟਾ ਮੈਂ ਆਪਣੀਆਂ ਛਪਣ ਵਾਲੀਆਂ ਕਿਤਾਬਾਂ 'ਦੂਰ ਬਹੁਤ ਦੂਰ', 'ਰੰਗ ਸਮੁੰਦਰੋਂ ਪਾਰ ਦੇ', 'ਯਾਰ ਭਰਾਵਾਂ ਵਰਗੇ' 'ਤੇ ਕੰਮ ਕਰ ਰਿਹਾ ਹਾਂ, ਤੂੰ ਮੈਨੂੰ ਇਨ੍ਹਾਂ ਤਿੰਨਾਂ ਕਿਤਾਬਾਂ ਦੇ ਟਾਈਟਲ ਡਿਜ਼ਾਇਨ ਬਣਾ ਕੇ ਭੇਜ ਦੇ। ਮੈਂ ਟਾਈਟਲ ਬਣਾ ਕੇ ਪਾਪਾ ਜੀ ਨੂੰ ਭੇਜ ਦਿੱਤੇ, ਟਾਈਟਲ ਦੇਖ ਕੇ ਪਾਪਾ ਜੀ ਬਹੁਤ ਖ਼ੁਸ਼ ਹੋਏ, ਹਮੇਸ਼ਾ ਦੀ ਤਰ੍ਹਾਂ ਅਸੀਸ ਦਿੱਤੀ, 'ਜਿਊਂਦਾ ਰਹਿ ਪੁੱਤਰਾ' ਤੇ ਕਿਹਾ ਇਹ ਟਾਈਟਲ ਆਪਣੇ ਕੋਲ਼ ਸੇਵ ਕਰ ਕੇ ਰੱਖ ਲੈ। ਦਸੰਬਰ 2020 ਵਿਚ ਪਾਪਾ ਨੇ ਆਪਣੀਆਂ ਪੁਸਤਕਾਂ 'ਦੂਰ ਬਹੁਤ ਦੂਰ' ਅਤੇ 'ਰੰਗ ਸਮੁੰਦਰੋਂ ਪਾਰ ਦੇ' ਛਪਣ ਲਈ ਪ੍ਰਕਾਸ਼ਕ ਨੂੰ ਦੇ ਦਿੱਤੀਆਂ। ਜਨਵਰੀ 2021 ਵਿਚ ਮੈਂ ਇੰਡੀਆ ਚਲਾ ਗਿਆ, ਪਾਪਾ ਜੀ ਮੈਨੂੰ ਕਹਿੰਦੇ ਤੇਰੇ ਇੰਡੀਆ ਰਹਿੰਦੇ ਰਹਿੰਦੇ ਆਪਾਂ ਇਹ ਕਿਤਾਬਾਂ ਰਿਲੀਜ਼ ਕਰ ਦੇਣੀਆ ਹਨ, ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, 1 ਮਾਰਚ 2021 ਨੂੰ ਪਾਪਾ ਜੀ ਇਸ ਜਹਾਨ ਨੂੰ ਛੱਡ ਕੇ ਓਸ ਜਹਾਨ ਵਿਚ ਚਲੇ ਗਏ, ਜਿੱਥੋਂ ਕਦੀ ਕੋਈ ਵਾਪਿਸ ਨਹੀਂ ਮੁੜਦਾ।ਪਾਪਾ ਜੀ ਦੇ ਜਾਣ ਮਗਰੋਂ ਮੈਂ ਇਹ ਪੁਸਤਕਾਂ ਪ੍ਰਕਾਸ਼ਕ ਕੋਲ਼ੋਂ ਲੈ ਕੇ ਰਿਲੀਜ਼ ਕਰ ਦਿੱਤੀਆਂ, ਫਿਰ ਜਦ ਮੈਂ ਬਹੁਤ ਉਦਾਸ ਮਨ ਨਾਲ ਪਾਪਾ ਜੀ ਦੀ ਲਾਇਬਰੇਰੀ ਫਰੋਲ ਰਿਹਾ ਸੀ ਤਾਂ ਮੈਨੂੰ ਹੱਥ ਲਿਖਤ ਕਿਤਾਬ 'ਯਾਰ ਭਰਾਵਾਂ ਵਰਗੇ' ਅਤੇ ਇੱਕ ਹਿੰਦੀ ਦੀ ਕਿਤਾਬ 'ਨਗ਼ਮਗੀ ਸਪਨੇ' ਦਾ ਖਰੜਾ ਮਿਲਿਆ, ਹੱਥ ਲਿਖਤ ਹੋਣ ਕਾਰਨ 'ਯਾਰ ਭਰਾਵਾਂ ਵਰਗੇ' ਦੇ ਖਰੜੇ ਵਿਚ ਮੈਨੂੰ ਗ਼ਜ਼ਲਾਂ ਵਿਚ ਕਾਫ਼ੀ ਅੱਖਰ ਸਮਝ ਨਹੀਂ ਆ ਰਹੇ ਸਨ, ਕਾਫ਼ੀ ਗ਼ਜ਼ਲਾਂ ਨੂੰ ਤਰਤੀਬ ਦਿੱਤੀ ਹੋਈ ਸੀ ਤੇ ਕੁਝ ਗ਼ਜ਼ਲਾਂ ਫ਼ਾਈਲ ਵਿਚ ਪਈਆਂ ਸਨ, ਮੈਨੂੰ ਕਿਤਾਬ ਤਿਆਰ ਕਰਨ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ, ਇਸ ਲਈ ਮੈਂ ਇਸ ਕਿਤਾਬ ਨੂੰ ਕਿਸੇ ਉਸਤਾਦ ਗ਼ਜ਼ਲਗੋ ਦੀ ਦੇਖ-ਰੇਖ ਵਿਚ ਹੀ ਤਿਆਰ ਕਰਵਾਉਣਾ ਠੀਕ ਸਮਝਿਆ, ਪਾਪਾ ਦੇ ਅਜ਼ੀਜ਼ ਦੋਸਤ ਗੁਰਦਿਆਲ ਰੌਸ਼ਨ ਜੀ ਨੂੰ ਮੈਂ ਫੋਨ 'ਤੇ ਇਸ ਕਿਤਾਬ ਸੰਬਧੀ ਮਦਦ ਕਰਨ ਦੀ ਬੇਨਤੀ ਕੀਤੀ, ਤਾਂ ਉਨ੍ਹਾਂ ਨੇ ਝੱਟ ਕਿਹਾ ਕਿ ਤੁਸੀਂ ਇਹ ਖਰੜਾ ਮੈਨੂੰ ਦੇ ਜਾਓ, ਮੈਂ ਇਸ ਕਿਤਾਬ ਨੂੰ ਤਰਤੀਬ ਨਾਲ ਤਿਆਰ ਕਰ ਦਿੰਦਾ ਹਾਂ, 'ਪਰਦੇਸੀ' ਸਾਡਾ ਪੁਰਾਣਾ ਸਾਥੀ ਸੀ, ਤੁਸੀਂ ਬੇਫ਼ਿਕਰ ਹੋ ਜਾਓ'। ਮੈਂ ਰੌਸ਼ਨ ਸਾਹਿਬ ਦਾ ਰੋਮ ਰੋਮ ਤੋਂ ਰਿਣੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਵਕਤ 'ਚੋਂ ਸਮਾਂ ਕੱਢ ਕੇ ਇਸ ਕਿਤਾਬ ਨੂੰ ਟਾਈਪ ਕਰਵਾਇਆ, ਪਰੂਫ ਰੀਡਿੰਗ ਮੇਰੇ ਨਾਲ ਫੋਨ 'ਤੇ ਲਾਈਵ ਹੋ ਕੇ ਕੀਤੀ, ਪਾਪਾ ਜੀ ਦਾ ਇਹ ਕਿਤਾਬ ਛਪਵਾਉਣ ਦਾ ਸੁਪਨਾ ਪੂਰਾ ਕਰਨ ਵਿਚ ਮੇਰੀ ਮਦਦ ਕੀਤੀ ਅਤੇ ਅੱਜ ਇਹ ਪੁਸਤਕ ਛਪ ਕੇ ਤੁਹਾਡੇ ਸਭਨਾਂ ਦੇ ਹੱਥਾਂ ਵਿਚ ਹੈ, ਮੈਨੂੰ ਉਮੀਦ ਹੀ ਨਹੀਂ ਪੂਰਨ ਆਸ ਹੈ ਕਿ ਦੇਸ਼ਾਂ ਵਿਦੇਸ਼ਾਂ ਵਿਚ ਵਸੇ ਪਾਪਾ ਜੀ ਦੀ ਸਾਹਿਤਕ ਦੇਣ ਨੂੰ ਬੇਇੰਤਹਾ ਪਿਆਰ ਸਤਿਕਾਰਨ ਵਾਲੇ ਤਮਾਮ ਪਾਠਕ, ਸ਼ੁੱਭਚਿੰਤਕ, ਸ਼ਾਗਿਰਦ ਅਤੇ ਦੋਸਤ, ਪਾਪਾ ਜੀ ਦੀਆਂ ਪਹਿਲੀਆਂ ਛਪੀਆਂ ਕਿਤਾਬਾਂ ਵਾਂਗ ਇਸ ਕਿਤਾਬ ਨੂੰ ਵੀ ਮਾਣ ਸਤਿਕਾਰ ਨਾਲ ਆਪਣੀਆਂ ਪਲਕਾਂ 'ਤੇ ਬਿਠਾਉਣਗੇ। ਇਸ ਕਿਤਾਬ ਸੰਬੰਧੀ ਤੁਹਾਡੇ ਕੀਮਤੀ ਵਿਚਾਰਾਂ ਦੀ ਉਡੀਕ ਵਿਚ-

- ਤੇਜਿੰਦਰ ਮਨਚੰਦਾ 'ਪਰਦੇਸੀ'



ਯਾਰ ਭਰਾਵਾਂ ਵਰਗੇ

ਸੁੱਖੀਂ ਵੱਸਣ ਸ਼ਾਮ ਸਵੇਰੇ ਯਾਰ ਭਰਾਵਾਂ ਵਰਗੇ ਜੀਵਨ ਦਾ ਸਰਮਾਇਆ ਮੇਰੇ ਯਾਰ ਭਰਾਵਾਂ ਵਰਗੇ ਉਸ ਬੰਦੇ ਨੂੰ ਜੀਵਨ ਦੇ ਵਿਚ ਹਾਰ ਕਦੇ ਨਹੀਂ ਹੁੰਦੀ ਹੋਵਣ ਜਿਸ ਦੇ ਚਾਰ ਚੁਫ਼ੇਰੇ ਯਾਰ ਭਰਾਵਾਂ ਵਰਗੇ ਮਾਰੂਥਲ ਦੇ ਅੰਗਿਆਰਾਂ 'ਚੋਂ ਤਾਂ ਲੰਘ ਆਇਆ ਸਾਲਮ ਰੁੱਖਾਂ ਜੇਹੇ ਨਾਲ ਸੀ ਮੇਰੇ ਯਾਰ ਭਰਾਵਾਂ ਵਰਗੇ ਕਵਿਤਾਵਾਂ ਵਿਚ ਕਦ ਵਗਣਾ ਸੀ ਚਾਨਣੀਆਂ ਦਾ ਦਰਿਆ ਜੇ ਨਾ ਲੜਦੇ ਨਾਲ ਹਨੇਰੇ ਯਾਰ ਭਰਾਵਾਂ ਵਰਗੇ ਉਸ ਦੇ ਘਰ ਦੀ ਛੱਤ ਉੱਤੇ ਨਈਂ ਬਰਸਾਤਾਂ ਦੀ ਪੁਗਦੀ ਜਿਸ ਦੇ ਬੰਨ੍ਹਦੇ ਰਹਿਣ ਬਨੇਰੇ ਯਾਰ ਭਰਾਵਾਂ ਵਰਗੇ ਮੀਂਹ ਨ੍ਹੇਰੀ ਵਿਚ ਨਾਲ ਜੋ ਭਿੱਜੇ, ਭੁੱਜੇ ਜੋ ਔੜਾਂ ਵਿਚ ਰੱਬ ਤੋਂ ਵੀ ਵੱਡੇ ਉਹ ਮੇਰੇ ਯਾਰ ਭਰਾਵਾਂ ਵਰਗੇ ਦਿਲ ਦੀ ਗੱਲ ਤਾਂ ਸਾਂਝੀ ਤੂੰ ਵੀ ਕਰਿਆ ਕਰ 'ਰਾਜਿੰਦਰ' ਨਈਂ ਤਾਂ ਕੀ ਸੋਚਣਗੇ ਤੇਰੇ ਯਾਰ ਭਰਾਵਾਂ ਵਰਗੇ ਖ਼ੁਸ਼ਬੂਆਂ ਸੰਗ ਭਰ ਜਾਂਦਾ ਹੈ ਘਰ ਦਾ ਕੋਨਾ ਕੋਨਾ ਯਾ-ਰੱਬ ਪਾਉਂਦੇ ਰਹਿਣ ਇਹ ਫੇਰੇ ਯਾਰ ਭਰਾਵਾਂ ਵਰਗੇ ਕੀ ਦੁੱਖ ਵਤਨਾਂ ਦਾ 'ਪਰਦੇਸੀ' ਕੀ ਭਾਈਆਂ ਦਾ ਝੋਰਾ ਪੂਰੀ ਦੁਨੀਆਂ ਦੇ ਵਿਚ ਤੇਰੇ ਯਾਰ ਭਰਾਵਾਂ ਵਰਗੇ

ਜਿੱਥੇ ਜਿੱਥੇ ਪ੍ਰੀਤੀਆਂ

ਜਿੱਥੇ ਜਿੱਥੇ ਪ੍ਰੀਤੀਆਂ ਦਿੱਤੀਆਂ ਉਸ ਦਫ਼ਨਾ ਓਥੇ ਓਥੇ ਪਿਆਰ ਦੇ ਮੈਂ ਦਿੱਤੇ ਗੀਤ ਉਗਾ ਹਰਿਆ ਭਰਿਆ ਹੋ ਗਿਆ ਪਤਝੜ ਦਾ ਮਾਹੌਲ ਆਈ ਲਹਿੰਦੇ ਪਾਸਿਓਂ ਖ਼ੁਸ਼ਬੂਦਾਰ ਹਵਾ ਗੀਤਾਂ ਗਲ਼ ਗਲਵੱਕੜੀ ਪਾਉਂਦੇ ਨੇ ਉਹ ਲੋਕ ਜੋ ਹਨ ਜੀਣਾ ਲੋਚਦੇ ਜੀਵਨ ਗੀਤ ਜਿਹਾ ਉਸ ਦੇ ਹਸਦੇ ਰਹਿਣ ਦੀ, ਪਾਲੀ ਰੱਖੀ ਰੀਝ ਭਾਵੇਂ ਹਾਸੇ ਆਪਣੇ ਬੈਠੇ ਹਾਂ ਸਦ-ਮਾ ਜਾਗਦਿਆਂ ਹੀ ਰਾਤ ਦਾ ਪੈਂਡਾ ਕਰੀਏ ਤੈਅ ਆ ਜਾਂਦੇ ਨੇ ਫੇਰ ਵੀ ਸੁਪਨੇ ਖ਼ੌਫ਼ਜ਼ਦਾ ਇਕ ਦੂਜੇ ਦੀ ਕੰਡ ਦੀ ਕੰਬਣੀ ਨੂੰ ਮਹਿਸੂਸ ਜਜ਼ਬੇ ਸੂਲੀ ਟੰਗ ਕੇ ਹੋਏ ਯਾਰ ਵਿਦਾ ਜਦ ਮਨ ਪੀਘਾਂ ਚੜ੍ਹਦੀਆਂ ਝੂਮ ਰਹੇ ਸੀ ਟਾਹਣ ਤੀਆਂ ਪਿੱਛੋਂ ਵੇਖਿਆ ਰੁੱਖ ਉਦਾਸ ਖੜ੍ਹਾ ਬਹੁਤੇ ਰੰਗੀਂ ਰੰਗਿਆ ਜਾਵੇ ਜਦ ਇਕ ਰੰਗ ਪਹਿਲਾਂ ਵਾਲਾ ਫਿਰ ਕਦੋਂ ਉਹ ਰਹਿੰਦੈ ਰੰਗ ਜਿਹਾ ਬੁੱਲ੍ਹੀਆਂ ਉੱਤੇ ਥਿਰਕਦੇ ਗੁੰਗੇ ਹੋ ਗਏ ਗੀਤ ਹਾਸਾ ਸਿਖ਼ਰ ਦੁਪਹਿਰ ਦਾ ਚੁੱਪ ਗਿਆ ਵਰਤਾ ਅੱਖੀਆਂ ਦੇ ਵਿਚ ਕੱਜਲਾ ਨੱਚ-ਨੱਚ ਕੇ ਬੇਹਾਲ ਐਨਾ ਨੱਚਿਆ ਵਗ ਪਿਆ ਕਾਲਖ਼ ਦਾ ਦਰਿਆ ਛੱਡ ਛੱਲਾਂ ਛਲਕਾਉਣੀਆਂ ਵਗਿਆ ਚਲ ਇਕ ਵੇਗ ਪੰਧ ਹੈ ਸੱਠਵੇਂ ਮੀਲ ਦਾ ਦੇਵੇ ਨਾ ਘਰਕਾ 'ਪਰਦੇਸੀ' ਪਰਦੇਸ ਹੈ ਹੁਣ ਆਪਣੇ ਹੀ ਦੇਸ ਨਾ ਉਹ ਰਿਸ਼ਤੇਦਾਰੀਆਂ ਨਾ ਉਹ ਭੈਣ ਭਰਾ

ਦਿਲ ਦੇ ਖ਼ਿਦਮਤਗਾਰ

ਦਿਲ ਦੇ ਖ਼ਿਦਮਤਗਾਰ ਰਹੇ ਹਾਂ ਐਪਰ ਬਾ-ਕਿਰਦਾਰ ਰਹੇ ਹਾਂ ਦਿਲ ਦੇ ਵਿਚ ਸਰਕਾਰ ਰਹੀ ਹੈ ਜਿੱਥੇ ਵੀ ਸਰਕਾਰ ਰਹੇ ਹਾਂ ਫ਼ਰਜ਼ਾਂ ਦੀ ਰਾਖੀ ਕੀਤੀ ਹੈ ਪ੍ਰੀਤ ਦੇ ਪਹਿਰੇਦਾਰ ਰਹੇ ਹਾਂ ਕਿੰਜ ਨਿਭਾਉਣਾ ਹੈ, ਸੋਚ ਕੇ ਫਿਰ ਕਰਦੇ ਇਕਰਾਰ ਰਹੇ ਹਾਂ ਉੱਚੇ ਨੀਵੇਂ ਮਿੱਤਰਾਂ ਦੇ ਵਿਚ ਬਸ ਆਪਾਂ ਇਕਸਾਰ ਰਹੇ ਹਾਂ ਬਦਨੀਤਾਂ ਤੋਂ ਵਾਕਿਫ਼ ਸਾਂ, ਪਰ ਫਿਰ ਵੀ ਕਰਦੇ ਪਿਆਰ ਰਹੇ ਹਾਂ ਨਾ ਧਰਤੀ ਤੇ ਨਾ ਹੀ ਅੰਬਰ ਆਪਾਂ ਤੇ ਵਿਚਕਾਰ ਰਹੇ ਹਾਂ ਉਸ ਨੇ ਦਿਲ ਦੀ ਦਿਲ ਵਿਚ ਰੱਖੀ ਜਿਸ ਦਿਲ ਦੇ ਦਿਲਦਾਰ ਰਹੇ ਹਾਂ ਜੋ ਯਾਰਾਂ ਦੇ ਯਾਰ ਬਣੇ ਨਾ ਉਹਨਾਂ ਦੇ ਵੀ ਯਾਰ ਰਹੇ ਹਾਂ ਖ਼ੁਦਗ਼ਰਜ਼ੀ ਦੇ ਦੌਰ ਦੇ ਵਿਚ ਵੀ ਰਿਸ਼ਤਾ ਹੰਢਣਸਾਰ ਰਹੇ ਹਾਂ ਚਿੜੀਆ, ਇੱਟ ਤੇ ਪਾਨ ਬਦੌਲਤ ਹੁਕਮ ਦੇ ਤਾਬੇਦਾਰ ਰਹੇ ਹਾਂ ਸੁੰਦਰ ਸੁੰਦਰ ਘਰ ਵਿਚ ਰਹਿ ਕੇ ਹਰ ਪਲ ਘਰ ਤੋਂ ਬ੍ਹਾਰ ਰਹੇ ਹਾਂ 'ਪਰਦੇਸੀ' ਨੂੰ ਪੁੱਛ ਕੇ ਵੇਖੋ ਜਾਂ ਇਸ ਜਾਂ ਉਸ ਪਾਰ ਰਹੇ ਹਾਂ

ਇਹ ਬੇ-ਈਮਾਨ ਕੈਂਚੀ

ਈਮਾਨਦਾਰਾਂ ਪਾਲ਼ੀ ਇਹ ਬੇ-ਈਮਾਨ ਕੈਂਚੀ ਜੀਵਨ ਤੇ ਮੌਤ ਦੇ ਹੈ ਬਸ ਦਰਮਿਆਨ ਕੈਂਚੀ ਜਿਸ ਨੂੰ ਇਹ ਚਾਹੇ ਰੱਖੇ ਜਿਸ ਨੂੰ ਇਹ ਚਾਹੇ ਮਾਰੇ ਇਹ ਬੇ-ਲਿਹਾਜ਼ ਕੈਂਚੀ ਇਹ ਹੁਕਮਰਾਨ ਕੈਂਚੀ ਸੂਈ ਦਾ ਕੰਮ ਸੀਣਾ ਸਿਉਂ-ਸਿਉਂ ਕੇ ਹਾਰ ਜਾਣਾ ਜਿੱਤਦਾ ਹੈ ਆਇਆ ਉਹ ਹੀ ਜਿਸ ਦਾ ਨਿਸ਼ਾਨ ਕੈਂਚੀ ਕਿੰਨਾ ਕੁ ਚਿਰ ਬਚਾਉਂਦੇ ਚਾਹਤ ਨੂੰ ਕਤਲ ਹੋਣੋਂ ਖ਼ੱਦਰ ਨਸੀਬ ਅਪਣਾ ਉਹ ਭਾਗਵਾਨ ਕੈਂਚੀ ਕਿਰਪਾਨ ਦੀ ਤਾਂ ਕਿਰਪਾ ਹੋਣੀ ਹੈ ਇਹ ਪਤਾ ਸੀ ਜਲਵਾ ਰਿਹਾ ਨਾ ਚੇਤੇ ਸੀ ਬੇ-ਮਿਆਨ ਕੈਂਚੀ ਫ਼ਿਤਰਤ ਹੈ ਇਸ ਦੀ ਦੂਜੇ ਦੇ ਕੱਟਦੀ ਨਿਸ਼ਾਨ ਪਹਿਲਾਂ ਪਿੱਛੋਂ ਹੈ ਛੱਡਦੀ ਜਾਂਦੀ ਆਪਣੇ ਨਿਸ਼ਾਨ ਕੈਂਚੀ ਉਸ ਦੀ ਹੀ ਹੋ ਕੇ ਰਹਿਗੀ ਚੜ੍ਹਗੀ ਅੰਗੂਠੇ ਜਿਸਦੇ ਘਰ ਵਿਚ ਇਹ ਹੋਵੇ ਭਾਵੇਂ, ਭਾਵੇਂ ਦੁਕਾਨ ਕੈਂਚੀ ਟਾਕੀ ਲਗਾਉਣ ਵਾਲੇ ਉਮਰਾਂ ਨੇ ਗਾਲ਼ ਦਿੰਦੇ ਇਹ ਕੁਤਰ ਦਿੰਦੀ ਪਲ ਵਿਚ ਹੀ ਆਸਮਾਨ ਕੈਂਚੀ ਜੋ ਨਾਪ ਵਿਚ ਨਾ ਆਵੇ ਖਿਸਕੇ ਜੋ ਏਧਰ ਓਧਰ ਉਸ ਦਾ ਮਿਟਾ ਹੈ ਦਿੰਦੀ ਨਾਮੋ-ਨਿਸ਼ਾਨ ਕੈਂਚੀ ਨਿਭਦੀ ਹੈ ਆਉਂਦੀ ਫਿਰ ਵੀ ਕਿੰਨੀ ਅਜੀਬ ਗੱਲ ਹੈ ਸਾਡੇ ਨੇ ਬੋਲ ਗੂੰਗੇ ਉਸ ਦੀ ਜ਼ਬਾਨ ਕੈਂਚੀ ਪਰਧਾਨ ਟੇਸ਼ਨਾਂ 'ਤੇ ਬੱਸਾਂ ਦੇ ਅੱਡਿਆਂ 'ਤੇ ਹੈ ਬੇ-ਧਿਆਨ ਕਿਹੜਾ ਰੱਖਦੀ ਧਿਆਨ ਕੈਂਚੀ ਮੇਰਠ ਮੁਰਾਦਾਬਾਦੋਂ ਆਉਂਦੀ ਸੀ ਵਾਟ ਕਰਕੇ ਜੰਮਦੀ ਜਲੰਧਰੋਂ ਹੀ ਹੁਣ ਵਰਤਮਾਨ ਕੈਂਚੀ ਕੈਂਚੀ ਤੇਰੇ ਤੋਂ ਬਚ ਕੇ ਰਹਿਣਾ ਹੈ ਹੁਣ ਤਾਂ ਮੁਸ਼ਕਿਲ 'ਪਰਦੇਸੀ' ਕਰ ਗਿਆ ਹੈ ਤੇਰਾ ਬਖ਼ਾਨ ਕੈਂਚੀ

ਜਦੋਂ ਵੀ ਹਾਦਿਸਾ ਹੁੰਦੈ

ਕਦੀ ਨਾ ਆਰ ਹੁੰਦਾ ਹੈ ਨਾ ਪਰਲੇ ਪਾਰ ਹੁੰਦਾ ਹੈ ਜਦੋਂ ਵੀ ਹਾਦਿਸਾ ਹੁੰਦੈ ਦਿਲਾਂ ਵਿਚਕਾਰ ਹੁੰਦਾ ਹੈ ਤੁਸੀਂ ਸ਼ੀਸ਼ਾ ਵਿਖਾਉਂਦੇ ਹੋ ਮੁਹੱਬਤ ਸ਼ੀਸ਼ਾ ਹੈ ਖ਼ੁਦ ਹੀ ਕਿਸੇ ਦੇ ਕੱਚ ਚੁਭਦਾ ਹੈ ਕਿਸੇ ਨੂੰ ਪਿਆਰ ਹੁੰਦਾ ਹੈ ਅਸਾਨੂੰ ਆਪਣੀ ਸੂਰਤ ਹੀ ਭੁੱਲਦੀ ਜਾ ਰਹੀ ਏ ਹੁਣ ਜਦੋਂ ਵੀ ਵੇਖੀਏ ਸ਼ੀਸ਼ਾ ਤੇਰਾ ਦੀਦਾਰ ਹੁੰਦਾ ਹੈ ਵੁਜੂ ਦਿਲ ਦੇ ਲਹੂ ਦੇ ਨਾਲ ਫਿਰ ਪੂਜਾ ਮੁਹੱਬਤ ਦੀ ਤਾਂ ਪੈਦਾ ਹੁਸਨ ਵਿਚੋਂ ਇਸ਼ਕ ਦਾ ਅਵਤਾਰ ਹੁੰਦਾ ਹੈ ਪੜ੍ਹੋਗੇ ਚਿਹਰਿਆਂ ਉੱਤੋਂ ਮੁਹੱਬਤ ਹੈ ਦਿਲਾਂ ਵਿਚ ਜੇ ਇਹ ਚਿਹਰਾ ਹੀ ਤਾਂ ਹਰ ਇਕ ਸ਼ਖ਼ਸ ਦਾ ਅਖ਼ਬਾਰ ਹੁੰਦਾ ਹੈ ਤੁਹਾਡੀ ਨੀਂਦ ਨੂੰ ਸੁਪਨੇ ਉਡੀਕਣ ਦਿਨ ਚੜ੍ਹੇ ਤੀਕਰ ਤੁਸੀਂ ਸੁਪਨਾ ਉਡੀਕੋ ਉਹ ਜੋ ਤੜਕੇ ਸਾਰ ਹੁੰਦਾ ਹੈ ਜਦੋਂ ਦਿਲ ਕਹਿੰਦਾ ਏ ਹੀਲਾ ਸਮਰਪਣ ਹੋ ਈ ਜਾਂਦਾ ਏ ਕਿਸੇ ਦਾ ਕੋਈ ਕਦ ਐਵੇਂ ਹੀ ਖ਼ਿਦਮਤਦਾਰ ਹੁੰਦਾ ਹੈ ਹਮੇਸ਼ਾ ਦੂਰ ਰਹਿ ਕੇ ਜੋ ਹਮੇਸ਼ਾ ਕੋਲ ਹੈ ਹੁੰਦਾ ਫ਼ਰਿਸ਼ਤਾ ਪਿਆਰ ਦਾ ਉਹ ਕਾਬਿਲੇ ਇਤਬਾਰ ਹੁੰਦਾ ਹੈ ਉਦ੍ਹੀ ਮਜਬੂਰੀ ਸੀ ਸੋਹਣੀ ਤਰੀ ਕੱਚੇ ਦੇ ਉੱਤੇ, ਪਰ ਸਮੁੰਦਰ ਪੱਕਿਆਂ 'ਤੇ ਵੀ ਹੌਸਲੇ ਸੰਗ ਪਾਰ ਹੁੰਦਾ ਹੈ ਗੁਲਾਬਾਂ ਵਿਚ ਵੀ ਖ਼ੁਸ਼ਬੋਈ ਤੇ ਕਲੀਆਂ ਵਿਚ ਵੀ ਖ਼ੁਸ਼ਬੋਈ ਜੋ ਮਹਿਕਾਂ ਨੂੰ ਮਿਲਾਵੇ ਸਾਹਿਬੇ ਕਿਰਦਾਰ ਹੁੰਦਾ ਹੈ ਮੁਹੱਬਤ ਉਮਰ ਭਰ ਬੇ-ਉਮਰ ਹੀ ਰਹਿੰਦੀ ਹੈ 'ਪਰਦੇਸੀ' ਹਯਾਤੀ ਦਾ ਝਮੇਲਾ ਹੀ ਤਾਂ ਬਸ ਆਜ਼ਾਰ ਹੁੰਦਾ ਹੈ

ਹੋਰ ਕੀ ਕਰਦੇ

ਅਸੀਂ ਨਾ ਦਿਨ-ਕਟੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਤੁਸੀਂ ਨਾ ਦਿਲ-ਵਧੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਫ਼ਕਤ ਮੱਝੀਆਂ ਚਰਾਉਣੇ ਬਿਨ ਵਸੀਲਾ ਜਦ ਨਾ ਸੀ ਕੋਈ ਨਾ ਰਾਂਝੇ ਚਾਕਰੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਅਭਾਗੇ ਜਦ ਸਮਝ ਬੈਠੇ ਤੁਸੀਂ ਭਗਵਾਨ ਹੋਵੋਗੇ ਨਾ ਥੋਡੀ ਆਰਤੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਤੁਸੀਂ ਜਦ ਹੱਥ ਤੋਂ ਰੋਟੀ ਚੁੱਕ ਕੇ ਅੰਗਿਆਰ ਰੱਖ ਦਿੱਤੇ ਭਲਾ ਨਾ ਅਗਜ਼ਨੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਜਿਨ੍ਹਾਂ ਨੂੰ ਖਾਣ ਨਾ ਹੀ ਪਾਣ ਨਾ ਹੀ ਸੌਣ ਦਾ ਹੱਕ ਸੀ ਉਹ ਜੇ ਨਾ ਗੜਬੜੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਅਗਨ ਦੀ ਭੇਂਟ ਕਰ ਦਿੱਤੇ ਤੁਸੀਂ ਜਦ ਬਾਂਸ ਦੇ ਜੰਗਲ ਨਾ ਬੁੱਲ੍ਹ ਹੀ ਬਾਂਸੁਰੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਜਿਨ੍ਹਾਂ ਦਾ ਮੌਤ ਦੇ ਸੌਦਾਗ਼ਰਾਂ ਨਾ ਦਮ 'ਚ ਦਮ ਛੱਡਿਆ ਨਾ ਉਹ ਜੇ ਮੁਖ਼ਬਰੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਉਹ ਜਿਹੜੇ ਘਰ ਦੇ ਨਾ ਛੱਡੇ, ਨਾ ਛੱਡੇ ਘਾਟ ਦੇ ਜਿਹੜੇ ਨਾ ਪੈਦਾ ਅਬਤਰੀ* ਕਰਕੇ ਤਾਂ ਦੱਸੋ ਹੋਰ ਕੀ ਕਰਦੇ ਜਦੋਂ ਸੱਪ ਟਿਮਟਿਮਾਉਂਦੀ ਰੌਸ਼ਨੀ ਡੱਸਣ ਨੂੰ ਆ ਧਮਕੇ ਨਾ ਜੁਗਨੂੰ ਖ਼ੁਦਕੁਸ਼ੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਕਿਵੇਂ ਤਾਂ ਆਪਣੇ ਬੱਚਿਆਂ ਨੂੰ ਵੀ ਮਹਿਫ਼ੂਜ਼ ਰੱਖਣਾ ਸੀ ਜੇ ਨਾ ਆਯਾਗ਼ਰੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ ਤੁਸੀਂ ਸਭਿਅਕ ਹੋ 'ਪਰਦੇਸੀ' ਪਲ਼ੇ ਨੇ ਨੰਗ ਧੜੰਗੇ ਜੋ ਨਾ ਗਲ-ਬੇ-ਪਰਦਗੀ ਕਰਦੇ ਤਾਂ ਦੱਸੋ ਹੋਰ ਕੀ ਕਰਦੇ (*ਅਬਤਰੀ-ਅਫ਼ਰਾ-ਤਫ਼ਰੀ)

ਤਿਲਾਂ ਦੀ ਧਾਰ ਹੈ

ਵੇਖਦੇ ਹੋ ਕੀ? ਤਿਲਾਂ ਦੀ ਧਾਰ ਹੈ ਜ਼ਿੰਦਗਾਨੀ ਕੋਹਲੂਆਂ ਵਿਚਕਾਰ ਹੈ ਹਾਸਿਆਂ ਨੂੰ ਹਾਦਸੇ ਆਉਣੇ ਨੇ ਪੇਸ਼ ਮੁਸਕਰ੍ਹਾਟਾਂ ਨੇ ਫੜੀ ਰਫ਼ਤਾਰ ਹੈ ਆਵਿਆਂ ਦਾ ਹੀ ਸਫ਼ਰ ਹੈ ਜ਼ਿੰਦਗੀ ਚੱਕ ਘੁਮਾਈ ਜਾ ਰਿਹਾ ਘੁਮਿਆਰ ਹੈ ਪਾਣੀਆਂ ਵੀ ਰੰਗ ਬਦਲੇ ਨੇ ਜ਼ਰੂਰ ਰੰਗ ਮਿੱਟੀ ਦਾ ਵੀ ਕਦ ਇਕਸਾਰ ਹੈ ਤੱਕ ਰਹੇ ਹੋ ਓਟ ਜਿਸ ਕਿਰਪਾਨ ਦੀ ਰੂਪ ਉਸ ਨੇ ਧਾਰਿਆ ਤਲਵਾਰ ਹੈ ਕਰ ਹਕੂਮਤ ਤੇ ਚਲਾ ਲੈ ਚੰਮ ਦੀਆਂ ਸ਼ਖ਼ਸ ਹਰ ਇਕ ਤੇਰਾ ਤਾਬੇਦਾਰ ਹੈ ਜੁਗਨੂੰਆਂ ਨੂੰ ਕੈਦ ਕਰ ਕਰ ਕੇ ਹਜ਼ੂਰ ਰੌਸ਼ਨੀ ਦਾ ਹੋ ਰਿਹਾ ਵਿਸਥਾਰ ਹੈ ਬਾਂਸੁਰੀ ਹੈ ਕ੍ਰਿਸ਼ਨ ਦੀ ਸੋਦਾਮਿਓਂ ਗੋਪੀਆਂ ਦਾ ਵੀ ਉਹੀ ਹੱਕਦਾਰ ਹੈ ਖ਼ਾਸ ਹਾਂ ਅੱਜ-ਕੱਲ੍ਹ ਅਸੀਂ ਸਰਕਾਰ ਦੇ ਸਿਜਦਿਆਂ ਵਿਚ ਆਪਣੇ ਸਰਕਾਰ ਹੈ ਰਾਤ ਨੂੰ ਹੀ ਵਿਕਦੀ ਹੈ ਕਦ ਚਾਨਣੀ ਸੂਰਜਾਂ ਦਾ ਵੀ ਇਹ ਕਾਰੋਬਾਰ ਹੈ ਰੋਗ 'ਪਰਦੇਸੀ' ਹੈ ਤਾਂ ਹੀ ਲਾ-ਇਲਾਜ਼ ਵੈਦ ਖ਼ੁਦ ਅੱਜ-ਕੱਲ੍ਹ ਬੜਾ ਬੀਮਾਰ ਹੈ

ਜ਼ਿੰਦਗੀ ਚੱਕਰ 'ਚ

ਜ਼ਿੰਦਗੀ ਚੱਕਰ 'ਚ ਸਾਡੀ ਪੈ ਗਈ ਵਾ-ਵਰੋਲ਼ਾ ਬਣ ਕੇ ਕਿੱਥੇ ਲੈ ਗਈ ਜੋ ਨਾ ਸੋਟਾ ਮਾਰਿਆਂ ਹੁੰਦੇ ਸੀ ਦੋ ਲੀਕ ਉਹਨਾਂ ਪਾਣੀਆਂ 'ਤੇ ਪੈ ਗਈ ਤਪ ਰਹੀ ਬਰਸਾਤ ਨੂੰ ਪਾਣੀ ਤਾਂ ਪੁੱਛ ਬਸ ਪਰ੍ਹਾਉਣਾਚਾਰੀ ਐਨੀ ਰਹਿ ਗਈ? ਦਾਦਿਆਂ ਪੜਦਾਦਿਆਂ ਦੀ ਜਿਸ 'ਚ ਰੂਹ ਮਹਿਕ ਉਸ ਮਿੱਟੀ ਦੀ ਕਿੱਥੇ ਹੈ ਗਈ? ਹੁਸਨ ਦੀ ਕੀਤੀ ਸੀ ਉਸ ਨੇ ਜੈ-ਜੈ ਕਾਰ ਇਸ਼ਕ ਦੀ ਇਸ ਵਾਸਤੇ ਜੈ-ਜੈ ਗਈ ਕੋਈ ਵੀ ਹੁਣ ਸ਼ੈਅ ਨਹੀਂ ਭਾਉਂਦੀ ਹਜ਼ੂਰ ਜ਼ਿੰਦਗਾਨੀ 'ਚੋਂ ਅਜੇਹੀ ਸ਼ੈਅ ਗਈ ਬੰਦਿਆਂ ਨੂੰ ਬੰਦਗੀ ਤੋਂ ਵਿਹਲ ਨਾ ਮੌਤ ਰੱਬ ਨੂੰ ਹੀ ਉਠਾ ਕੇ ਲੈ ਗਈ ਪੈ ਗਈ ਜਦ ਸ਼ਾਮ ਤਾਂ ਫਿਰ ਸੋਚਿਆ ਦੋਸਤੀ ਸੁਬਹਾ ਦੀ ਕਿੱਥੇ ਰਹਿ ਗਈ ਸਿੱਖ ਲੈ 'ਪਰਦੇਸੀ' ਵੰਡਣੀ ਰੌਸ਼ਨੀ ਰਾਤ ਤੈਨੂੰ ਜੁਗਨੂੰਆਂ ਵਿਚ ਪੈ ਗਈ

ਮੇਰੀ ਜ਼ਿੰਦਗੀ

ਸੀਨੇ ਦੇ ਵਿਚ ਰੜਕਦਾ ਨਸ਼ਤਰ ਹੈ ਮੇਰੀ ਜ਼ਿੰਦਗੀ ਨਸ਼ਤਰਾਂ ਵਿਚ ਟਹਿਕਦਾ ਅਖ਼ਤਰ ਹੈ ਮੇਰੀ ਜ਼ਿੰਦਗੀ ਆਫ਼ਤਾਂ ਤੇ ਆਫ਼ਤਾਂ ਦਾ ਜ਼ਿਕਰ ਹੈ ਐਨਾ ਹਜ਼ੂਰ ਗਾਗਰਾਂ ਵਿਚ ਬੰਦ ਬਸ ਸਾਗਰ ਹੈ ਮੇਰੀ ਜ਼ਿੰਦਗੀ ਮਾਸ ਨਾਲੋਂ ਨਹੁੰ ਦੇ ਰਿਸ਼ਤੇ ਵੀ ਨੇ ਭਾਵੇਂ ਟੁੱਟ ਰਹੇ ਤੋੜ ਦੇਵਾਂ ਮੈਂ ਕਿਵੇਂ ਅਕਸਰ ਹੈ ਮੇਰੀ ਜ਼ਿੰਦਗੀ ਜ਼ਿੰਦਗੀ ਤਾਂ ਲੋੜ ਅੰਬਰ ਦੀ ਸਦਾ ਹੈ ਲੋੜਦੀ ਕਿੰਜ ਉਸ ਨੂੰ ਦੱਸ ਦਿਆਂ ਬੇ-ਪਰ ਹੈ ਮੇਰੀ ਜ਼ਿੰਦਗੀ ਹਾਲ ਪੁੱਛੇ ਜ਼ਿੰਦਗੀ ਬੇ-ਹਾਲ ਹੋ ਜਾਂਦਾ ਹਾਂ, ਪਰ ਆਖ ਛੱਡਦਾ ਹਾਂ ਬੜੀ ਬਿਹਤਰ ਹੈ ਮੇਰੀ ਜ਼ਿੰਦਗੀ ਘਰ ਸਲਾਮਤ ਰਹਿਣ ਸਭ ਦੇ ਹੈ ਮੇਰੀ ਏਹੋ ਦੁਆ ਘਰ ਸਲਾਮਤ ਵਿਚ ਭਾਵੇਂ ਬੇ-ਘਰ ਹੈ ਮੇਰੀ ਜ਼ਿੰਦਗੀ ਮੁਸ਼ਕਿਲਾਂ ਦੇ ਦੌਰ 'ਚੋਂ ਮੁਸ਼ਕਿਲ ਬੜਾ ਸੀ ਲੰਘਣਾ ਲੰਘ ਹੀ ਆਈ ਬੜੀ ਅਸਤਰ ਹੈ ਮੇਰੀ ਜ਼ਿੰਦਗੀ ਛਣਕਦੇ ਹੀ ਛਣਕਦੇ ਟੁੱਟੀ ਤੇ ਜੁੜ ਕੇ ਛਣਕੀ ਫੇਰ ਘੁੰਗਰੂਆਂ ਦੀ ਮੌਜ ਹੈ, ਝਾਂਜਰ ਹੈ ਮੇਰੀ ਜ਼ਿੰਦਗੀ ਤੂੰ ਕਦੋਂ ਇਤਬਾਰ ਕਰਨੈ ਫਿਰ ਵੀ ਤੂੰ ਕਦ ਬਹੁੜਨੈ ਜੇ ਭਲਾ ਸੱਚ ਕਹਿ ਦਿਆਂ ਪਲ ਭਰ ਹੈ ਮੇਰੀ ਜ਼ਿੰਦਗੀ ਉਹ ਹੈ ਸਾਹਿਬ, ਸਾਹਿਬਾਂ ਨੂੰ ਦੱਸਣੈ ਕਿੰਨਾ ਮੁਹਾਲ ਕਿੰਨੇ ਜਨਮਾਂ ਤੋਂ ਉਧੀ ਚਾਕਰ ਹੈ ਮੇਰੀ ਜ਼ਿੰਦਗੀ ਹੱਜ ਨਹੀਂ ਹੁਣ ਜੀਣ ਦਾ 'ਪਰਦੇਸੀ' ਜੀ ਪਰਦੇਸ ਵਿਚ ਹੁਣ ਵਤਨ ਦੇ ਵਾਸਤੇ ਤਤਪਰ ਹੈ ਮੇਰੀ ਜ਼ਿੰਦਗੀ

ਨਾ ਹੀ ਪਾਰ ਨੱਚੇ

ਕਦੀ ਨਾ ਆਰ ਨਾ ਹੀ ਪਾਰ ਨੱਚੇ ਤੁਹਾਡਾ ਇਸ਼ਕ ਅੱਧ ਵਿਚਕਾਰ ਨੱਚੇ ਤੂੰ ਆਵੇਂ ਮੋਰ ਸਾਡੇ ਮਨ ਦੇ ਨੱਚਣ ਅਸਾਡੇ ਖੂਹ 'ਤੇ ਪਰਵਰਦਗਾਰ ਨੱਚੇ ਅਸੀਂ ਤਾਂ ਨੱਚਦੇ ਹਾਂ ਨਾਲ ਤੇਰੇ ਤੇਰਾ ਹੀ ਦਿਲ ਸਮੁੰਦਰੋਂ ਪਾਰ ਨੱਚੇ ਕਿਸੇ ਨੇ ਕਾਲ਼ੀਆਂ ਅੱਖੀਆਂ ਨਚਾਈਆਂ ਕਿਸੇ ਦੇ ਸ਼ਰਬਤੀ ਰੁਖ਼ਸਾਰ ਨੱਚੇ ਅਸਾਡੇ ਜ਼ਿਹਨ ਵਿਚ ਨੱਚਣ ਸਪੋਲ਼ੇ ਤੇਰੇ ਕੇਸਾਂ 'ਚੋਂ ਜਲ ਦੀ ਧਾਰ ਨੱਚੇ ਖ਼ਬਰ ਨਈਂ ਕੌਣ ਤੇਰੇ ਦਿਲ 'ਚ ਨੱਚਦੈ ਤੇਰੇ ਮੁਖੜੇ 'ਤੇ ਪਹਿਰੇਦਾਰ ਨੱਚੇ ਨਚਾਵਣ ਵਾਲਿਆਂ ਨੇ ਕੀ ਹੈ ਲੈਣਾ ਕਿ ਕਿਸ ਦੇ ਨਾਲ ਕਿਸ ਦੀ ਨਾਰ ਨੱਚੇ ਘਰੀਂ ਨਾ ਵੇਖ ਸਕਿਆ ਸਿਰ ਦਾ ਸਾਈਂ ਅਸੀਂ ਸੜਕਾਂ 'ਤੇ ਆਖ਼ਰਕਾਰ ਨੱਚੇ ਉਹ ਨੱਚੇ ਖ਼ੂਬ ਸਾਡੀ ਅੱਗ ਦੇ ਸੰਗ ਅਸੀਂ ਜਦ ਪਹਿਨ ਕੇ ਅੰਗਿਆਰ ਨੱਚੇ ਸਜ਼ਾ ਦੇ ਖ਼ੌਫ਼ ਤੋਂ ਬੇ-ਖ਼ੌਫ ਹੋ ਕੇ ਭਰੇ ਬਾਜ਼ਾਰ ਬਾ-ਰਮ-ਬਾਰ ਨਚੇ ਕਿਵੇਂ ਨਾ ਬੋਹਲ਼ਾਂ 'ਤੇ ਨੱਚਣ ਸਿਪਾਹੀ ਜਦੋਂ ਖ਼ੁਦ ਪਿੜ 'ਚ ਠਾਣੇਦਾਰ ਨੱਚੇ ਉਹੀ ਹੀ ਨੱਚਦੇ ਨੇ ਕਤਲਗਾਹੀਂ ਜਿਨ੍ਹਾਂ ਤੋਂ ਡਰਦਿਆਂ ਸਰਕਾਰ ਨੱਚੇ ਮਹੱਲੀਂ ਜੰਮੇ ਜਾਂ ਸੜਕਾਂ 'ਤੇ ਕੋਈ ਖ਼ੁਸ਼ੀ ਵਿਚ ਸਭ ਦਾ ਹੀ ਪਰਿਵਾਰ ਨੱਚੇ ਹਨੇਰਾ ਚੀਰ 'ਪਰਦੇਸੀ' ਤੁਰੇ ਜੋ ਉਹ ਆਪਣੇ ਦੇਸ਼ ਤੜਕੇਸਾਰ ਨੱਚੇ

ਸ਼ਬਦਾਂ ਦੇ ਬਾਣ

(ਗ਼ਜ਼ਲ ਚਿਤਰ) ਬਰਜਿੰਦਰ ਸਿੰਘ ਹਮਦਰਦ ਜਦ ਸ਼ਬਦਾਂ ਦੇ ਬਾਣ ਚਲਾਉਂਦੈ ਬਰਜਿੰਦਰ ਹਮਦਰਦ ਮਾਸਟਰਾਂ ਨੂੰ ਪੜ੍ਹਨੇ ਪਾਉਂਦੈ ਬਰਜਿੰਦਰ ਹਮਦਰਦ ਲੋਕਾਈ ਦੇ ਦਰਦ 'ਚ ਰਹਿੰਦੈ ਭਾਈਵਾਲ ਹਮੇਸ਼ਾਂ ਸਰਕਾਰਾਂ ਨੂੰ ਠਿੱਬੀ ਲਾਉਂਦੈ ਬਰਜਿੰਦਰ ਹਮਦਰਦ ਔਾਦੀ ਪੀੜ੍ਹੀ ਪਰਦੂਸ਼ਣ ਤੋਂ ਮੁਕਤ ਕਰਾਵਣ ਖ਼ਾਤਿਰ ਹਰ ਸਾਵਣ ਬੂਟੇ ਲਗਵਾਉਂਦੈ ਬਰਜਿੰਦਰ ਹਮਦਰਦ ਟਿ੍ਬਿਊਨ ਪੰਜਾਬੀ ਤੇ ਦਿ੍ਸ਼ਟੀ ਵਿਚ ਦੂਰ ਦਿ੍ਸ਼ਟੀ ਕਰਕੇ ਸੰਪਾਦਕ ਸਭ ਦੇ ਮਨ ਭਾਉਂਦੈ ਬਰਜਿੰਦਰ ਹਮਦਰਦ ਵਰਿ੍ਹਆਂ ਤੋਂ ਹੀ ਇਹ ਸ਼ਬਦਾਂ ਦੀ ਹਲ਼ਟੀ ਗੇੜੀ ਜਾਂਦੈ ਟਿੰਡਾਂ ਭਰ ਭਰ ਕੇ ਉਲਟਾਉਂਦੈ ਬਰਜਿੰਦਰ ਹਮਦਰਦ ਕਿਰਸਾਨਾਂ, ਮਜ਼ਦੂਰਾਂ ਲਈ ਆਵਾਜ਼ ਉਠਾਉਂਦਾ ਰਹਿੰਦੈ ਉਲਝੇ ਮਸਲੇ ਹੱਲ ਕਰਾਉਂਦੈ ਬਰਜਿੰਦਰ ਹਮਦਰਦ ਆਪਣੇ ਹਮਸਾਇਆਂ ਦਾ ਇਸ ਨੂੰ ਸਾਥ ਸੁਗੰਧੀ ਭਰਿਆ ਤਾਂ ਹੀ ਤਾਂ ਮਹਿਕਾਂ ਵਰਤਾਉਂਦੈ ਬਰਜਿੰਦਰ ਹਮਦਰਦ ਇਸ ਦੀ ਜੁਰਅਤ ਤੇ ਹਿੰਮਤ ਦਾ ਕੋਈ ਵੀ ਨਈਂ ਸਾਨੀ ਪਲ ਪਲ ਜਿੱਤਾਂ ਦਰਜ ਕਰਾਉਂਦੈ ਬਰਜਿੰਦਰ ਹਮਦਰਦ ਸ਼ਾਇਰ ਲੇਖਕ ਗਾਇਕ ਨਾਟਕਕਾਰਾਂ ਦਾ ਹਮਦਰਦੀ ਹਮ-ਦਰਦੀ ਹੈ ਤਾਂ ਅਖਵਾਉਂਦੈ ਬਰਜਿੰਦਰ ਹਮਦਰਦ ਖਿੜ ਖਿੜ ਕੇ ਜਦ ਹੱਸਦਾ ਹੈ ਸੰਗੀਤ ਫ਼ਿਜ਼ਾ ਵਿਚ ਗੂੰਜੇ ਫਿਰ ਯਾਰਾਂ ਨੂੰ ਖ਼ੂਬ ਹਸਾਉਂਦੈ ਬਰਜਿੰਦਰ ਹਮਦਰਦ ਲੇਖਕ ਸੰਪਾਦਕ ਤੇ ਨਾਲੇ ਸੁਰ ਦਾ ਵੀ ਹੈ ਗਿਆਤਾ ਗੀਤ ਤੇ ਗ਼ਜ਼ਲਾਂ ਖ਼ੂਬ ਇਹ ਗਾਉਂਦੈ ਬਰਜਿੰਦਰ ਹਮਦਰਦ ਸੱਤ ਸਮੁੰਦਰੋਂ ਪਾਰ ਪੜ੍ਹੀਂਦੈ ਛਪਿਆ 'ਅਜੀਤ' ਜਲੰਧਰੋਂ ਇਸ ਨੂੰ ਰੀਝਾਂ ਨਾਲ ਛਪਾਉਂਦੈ ਬਰਜਿੰਦਰ ਹਮਦਰਦ ਨਾ ਡਰਦੈ ਤੇ ਨਾ ਹੀ ਡਰਾਉਂਦੈ ਹੱਕਾਂ ਖ਼ਾਤਿਰ ਲੜਦੈ ਲੋਕਾਂ ਦਾ ਲੇਖਕ ਅਖਵਾਉਂਦੈ ਬਰਜਿੰਦਰ ਹਮਦਰਦ ਜਦ ਪੰਜਾਬ ਦੇ ਹੱਕਾਂ ਉੱਤੇ ਡਾਕਾ ਪੈਂਦਾ ਤੱਕਦੈ ਖ਼ਦਰਾਣੇ ਦੀ ਯਾਦ ਕਰਾਉਂਦੈ ਬਰਜਿੰਦਰ ਹਮਦਰਦ ਹਰ ਲੇਖਕ ਨੂੰ ਰੁਤਬਾ ਦਿੰਦੈ ਤੇ ਦਿੰਦੈ ਮਿਹਨਤ ਵੀ ਪਲਕਾਂ ਦੀ ਛਾਵੇਂ ਠਹਿਰਾਉਂਦੈ ਬਰਜਿੰਦਰ ਹਮਦਰਦ ਮੀਟ ਕੇ ਅੱਖਾਂ ਯਾਰ ਪੁਰਾਣੇ ਛਾਪੀ ਜਾਂਦੈ ਭਾਵੇਂ ਨਵਿਆਂ ਦੇ ਵੀ ਰਾਹ ਰੁਸ਼ਨਾਉਂਦੈ ਬਰਜਿੰਦਰ ਹਮਦਰਦ ਮੂੰਹ ਦੇ ਉੱਤੇ ਕਹਿ ਦਿੰਦਾ ਹੈ ਆਪਣੇ ਦਿਲ ਦੀ ਗੱਲ ਪਿੱਠ ਪਿੱਛੇ ਨਾ ਦੋਸ਼ ਲਗਾਉਂਦੈ ਬਰਜਿੰਦਰ ਹਮਦਰਦ ਚਾਹੁੰਦਾ ਹੈ ਸਭਨਾਂ ਧਰਮਾਂ ਵਿਚ ਪੀਡੀ ਸਾਂਝ ਮੁਹੱਬਤ ਏਕੇ ਦਾ ਪਰਚਮ ਲਹਿਰਾਉਂਦੈ ਬਰਜਿੰਦਰ ਹਮਦਰਦ ਪੰਜਾਬ ਅਤੇ ਪੰਜਾਬੀ ਦਾ ਹੈ ਪਹਿਰੇਦਾਰ 'ਅਜੀਤ' ਜਾਗਰਤੀ ਦਾ ਬਿਗਲ ਵਜਾਉਂਦੈ ਬਰਜਿੰਦਰ ਹਮਦਰਦ 'ਪਰਦੇਸੀ' ਬਰਜਿੰਦਰ ਕਰਕੇ ਤੂੰ ਵੀ ਹੈਂ 'ਰਾਜਿੰਦਰ' ਬਸ ਯਾਰਾਂ ਨੂੰ ਰਾਜ ਕਰਾਉਂਦੈ ਬਰਜਿੰਦਰ ਹਮਦਰਦ

ਤੁਰ ਗਿਆ ਗ਼ਮਖ਼ਾਰ

(ਉਸਤਾਦ ਸ਼ਾਇਰ ਡਾ. ਜਗਤਾਰ ਦੇ ਤੁਰ ਜਾਣ 'ਤੇ) ਨਾ ਸ਼ਿਕਵਾ ਨਾ ਗਿਲਾ ਕੋਈ ਤੇ ਨਾ ਇਕਰਾਰ ਰਾਜਿੰਦਰ ਕਿਵੇਂ ਚੁੱਪ ਚਾਪ ਸਾਡਾ ਤੁਰ ਗਿਆ ਗ਼ਮਖ਼ਾਰ ਰਾਜਿੰਦਰ ਜਿਨ੍ਹੇ ਕਵਿਤਾਵਾਂ ਗ਼ਜ਼ਲਾਂ ਨੂੰ ਨਵੀਂ ਪੋਸ਼ਾਕ ਪਹਿਨਾਈ ਸੁਣੂੰ ਉਹ ਗੀਤ ਵਾਂਗਰ ਹਰ ਘੜੀ ਜਗਤਾਰ ਰਾਜਿੰਦਰ ਉਹ ਜਿਸ ਦੀ ਗੱਲ ਨੂੰ ਕੱਟਦਾ ਸੀ ਉਹ ਉਸ ਨੂੰ ਗਲ਼ ਵੀ ਲਾਉਂਦਾ ਸੀ ਵਿਰੋਧੀ ਨੂੰ ਵੀ ਸਮਝਾਉਂਦਾ ਸੀ ਕਰਨਾ ਪਿਆਰ ਰਾਜਿੰਦਰ ਪਪੀਹੇ ਨੂੰ ਜਿਨ੍ਹੇ ਵੀ ਪੀਆ ਪੀਆ ਕਹਿੰਦਿਆਂ ਸੁਣਿਐ ਕਦੀ ਵੀ ਭੁੱਲ ਨਹੀਂ ਸਕਦਾ ਉਹਨੂੰ ਜਗਤਾਰ ਰਾਜਿੰਦਰ ਜਿਨ੍ਹਾਂ ਨੂੰ ਮਾਣ ਹਾਸਿਲ ਹੈ ਉਦ੍ਹੇ ਕਦਮਾਂ ਨੂੰ ਚੁੰਮਣ ਦਾ ਉਨ੍ਹਾਂ ਵਿਚ ਵੀ ਰਿਹੈ ਸ਼ਾਮਿਲ ਇਹ ਬਰਖ਼ੁਰਦਾਰ ਰਾਜਿੰਦਰ ਕਿਸੇ ਨੇ ਜ਼ਿੰਦਗੀ ਮਾਣੀ ਹੰਢਾਈ ਮੌਤ ਹੈ ਇਕਨਾਂ ਹੰਢਾ ਕੇ ਦੋਵੇਂ ਰੁਤਬੇ ਤੁਰ ਗਿਆ ਜਗਤਾਰ ਰਾਜਿੰਦਰ ਕਲਮਕਾਰਾਂ ਦੀ ਛੱਡ ਮਹਿਫ਼ਿਲ ਦੁਰਾਡੇ ਤੁਰ ਗਿਐ ਜਦ ਤੋਂ ਉਦੋਂ ਦਾ ਜਾਪਦੈ 'ਪਰਦੇਸੀ' ਕੁੱਲ ਸੰਸਾਰ ਰਾਜਿੰਦਰ

ਇਕ ਬੂੰਦ ਪਾਣੀ

ਜੇ ਦਰਿਆ ਨੂੰ ਸਮਝਿਆ ਇਸ ਤਰ੍ਹਾਂ ਇਕ ਬੂੰਦ ਪਾਣੀ ਫਿਰਾਂਗੇ ਭਾਲ਼ਦੇ ਫਿਰ ਥਾਂ-ਕੁ-ਥਾਂ ਇਕ ਬੂੰਦ ਪਾਣੀ ਡੁਬੋ ਕੇ ਪਾਣੀਆਂ ਨੂੰ ਕਰ ਰਹੇ ਹੋ ਮੌਜ ਮੇਲਾ ਕਹੋਗੇ ਕੀ ਜੇ ਮੰਗਿਆ ਬੱਚਿਆਂ ਇਕ ਬੂੰਦ ਪਾਣੀ ਅਸੀਂ ਫੁੱਲਾਂ ਦੀਆਂ ਕਲੀਆਂ ਦੀਆਂ ਮਹਿਕਾਂ ਨੂੰ ਰੋਣੈਂ ਚਮਨ ਲਈ ਜੇ ਨਾ ਬਚਿਆ ਬਾਗ਼ਬਾਂ ਇਕ ਬੂੰਦ ਪਾਣੀ ਨਾ ਬਚੀਆਂ ਧਰਤ 'ਤੇ ਹਰਿਆਵਲਾਂ ਪਾਣੀ ਦੇ ਜਾਇਓ ਮਿਲੂ ਨਾ ਅਰਸ਼ ਤੋਂ ਵੀ ਮੰਗਿਆਂ ਇਕ ਬੂੰਦ ਪਾਣੀ ਤਬਾਹੀ ਪਾਣੀਆਂ ਦੀ ਇਸ ਤਰ੍ਹਾਂ ਹੁੰਦੀ ਰਹੀ ਜੇ ਹੈ ਮੰਗਣਾ ਪੱਥਰਾਂ ਤੋਂ ਵਾਦੀਆਂ ਇਕ ਬੂੰਦ ਪਾਣੀ ਉਹ ਕਿੰਜ ਮਰਹਮ ਲਗਾਏਗਾ ਕਿਵੇਂ ਉਹ ਤ੍ਰੇਹ ਬੁਝਾਊ ਕਨ੍ਹੱਈਏ ਕੋਲ ਜੇ ਬਚਿਆ ਹੀ ਨਾ ਇਕ ਬੂੰਦ ਪਾਣੀ ਮੁਹੱਬਤ ਪਾਣੀਆਂ ਦੀ ਪਾਣੀ ਪਾਣੀ ਹੋ ਗਈ ਜੇ ਨਾ ਭਰਨਾ ਹੁਸਨ ਦਾ ਫਿਰ ਆਸ਼ਕਾਂ ਇਕ ਬੂੰਦ ਪਾਣੀ ਹੜ੍ਹਾਂ ਦੇ ਨਾਲ ਜੇ ਹੜ੍ਹ ਸਕਦੀਆਂ ਨੇ ਮੁਸਕੁਰਾਹਟਾਂ ਗ਼ਮਾਂ ਤੇ ਮੁਸਕੁਰਾਹਟਾਂ ਦਰਮਿਆਂ ਇਕ ਬੂੰਦ ਪਾਣੀ ਕਿਵੇਂ ਪਛਤਾਵਿਆਂ ਦੇ ਹੰਝ ਕੇਰੋਗੇ ਤੁਸੀਂ ਫਿਰ ਜੇ ਬਚਿਆ ਅੱਖੀਆਂ ਦੇ ਵਿਚ ਨਾ ਇਕ ਬੂੰਦ ਪਾਣੀ ਇਵੇਂ ਹੀ ਪਾਣੀਆਂ ਦਾ ਦਿਲ ਜਲਾਵੋਗੇ ਤੁਸੀਂ ਜੇ ਮਿਲੇਗਾ ਗਰਮੀਆਂ ਨਾ ਸਰਦੀਆਂ ਇਕ ਬੂੰਦ ਪਾਣੀ ਚਪੇੜਾਂ ਸਾਗਰਾਂ ਦੇ ਮਾਰਦੇ ਹੋ ਵੇਖ ਲੈਣਾ ਦਵੇਗਾ ਘੁਰਕੀਆਂ 'ਤੇ ਘੁਰਕੀਆਂ ਇਕ ਬੂੰਦ ਪਾਣੀ ਜਦੋਂ ਮਿਲਿਆ ਨਾ ਮੈਦਾਨਾਂ 'ਚੋਂ ਨਾ ਮਿਲਿਆ ਪਹਾੜੀਂ ਲਿਖੋਗੇ ਆਸਮਾਂ ਨੂੰ ਅਰਜ਼ੀਆਂ ਇਕ ਬੂੰਦ ਪਾਣੀ ਤੁਸੀਂ 'ਪਰਦੇਸੀ' ਜੀ ਮਹਿਫ਼ੂਜ਼ ਰੱਖੋ ਨੀਲ ਨਦੀਆਂ ਬਰੇਤੀ 'ਤੇ ਨਾ ਸਿਸਕਣ ਕਿਸ਼ਤੀਆਂ ਇਕ ਬੂੰਦ ਪਾਣੀ

ਰੁੱਖਾਂ ਦੇ ਸੰਗ ਯਾਰੀ

ਜਦ ਤੱਕ ਰੱਖੀ ਮਾਨਵਤਾ ਨੇ ਰੁੱਖਾਂ ਦੇ ਸੰਗ ਯਾਰੀ ਰੋਗ ਨ ਸਨ ਲੋਕਾਂ ਨੂੰ ਨਾ ਹੀ ਫ਼ਸਲਾਂ ਨੂੰ ਬੀਮਾਰੀ ਨਾ ਉਹ ਜੰਗਲ ਬੇਲੇ ਰਹਿ ਗਏ ਨਾ ਉਹ ਹੁਣ ਬਰਸਾਤਾਂ ਮਾਰੂ ਰੰਗ ਵਿਚ ਬਦਲ ਗਈ ਹਰਿਆਲੀ ਦੀ ਫੁਲਕਾਰੀ ਨਾ ਬਿਜਲੀ ਨਾ ਪਾਣੀ ਕੱਲ੍ਹ ਨੂੰ ਨਾ ਹੀ ਠੰਢੀਆਂ ਪੌਣਾਂ ਅੱਜ ਹੀ ਰੁੱਖਾਂ ਨੂੰ ਬੀਜਣ ਦੀ ਜੇ ਨਾ ਕਰੀ ਤਿਆਰੀ ਰੁੱਖਾਂ ਨੂੰ ਵੱਢ ਵੱਢ ਕੇ ਐਦਾਂ ਸੁਣ ਲੋ ਐਸ਼ਪ੍ਰਸਤੋ ਕੁਰਸੀ ਦੀ ਖ਼ਾਤਿਰ ਨਾ ਤੋੜੋ ਰੁੱਖਾਂ ਦੀ ਸਰਦਾਰੀ ਰੁੱਖਾਂ ਦੀ ਸਰਦਾਰੀ ਮੰਨੋ ਰੁੱਖ ਪੈਣੇ ਨੇ ਲਾਉਣੇ ਨਈਂ ਤਾਂ ਰੋਗਾਂ ਦੇ ਸੰਗ ਭੁੱਜਦੀ ਧਰਤ ਨਾ ਜਾਣੀ ਠਾਰੀ ਸਭਨਾਂ ਨੂੰ ਰੁੱਖ ਖ਼ੁਸ਼ੀਆਂ ਬਖ਼ਸ਼ਣ ਸਭਨਾਂ ਨੂੰ ਸੁੱਖ ਦਿੰਦੇ ਰੁੱਖ ਬਚਾਉਣਾ ਧਰਮ ਅਸਾਡਾ ਕਰਮ ਨਹੀਂ ਸਰਕਾਰੀ ਆਉਣ ਵਾਲੀਆਂ ਨਸਲਾਂ ਖ਼ਾਤਿਰ ਆਪਾਂ ਰੁੱਖ ਬਚਾਉਣੇ ਸਾਡੇ ਵੱਡਿਆਂ ਵੀ ਰੁੱਖ ਲਾਏ ਹੁਣ ਹੈ ਸਾਡੀ ਵਾਰੀ ਇਕ ਸੂਬਾ ਨਈਂ ਇਕ ਮੁਲਕ ਨਈਂ ਲੋੜ ਹੈ ਦੁਨੀਆ ਭਰ ਦੀ, ਘਰ ਬਣਦੇ ਨੇ, ਬਣਨ ਦਵਾਈਆਂ, ਰੁੱਖ ਬੜੇ ਗੁਣਕਾਰੀ ਗਿੱਦੜ, ਸ਼ੇਰ ਤੇ ਮਿਰਗ, ਪਪੀਹੇ, ਨਾਲ ਮਨੁੱਖੀ ਜਾਤਾਂ, ਰੁੱਖਾਂ ਦੇ ਸਿਰ ਹੀ 'ਪਰਦੇਸੀ' ਉਮਰ ਬਿਤਾਉਂਦੇ ਸਾਰੀ

ਬਾਬਾ

ਛੱਡ ਜਗ ਦੇ ਸਭ ਜੰਜਾਲ ਬਾਬਾ ਹੁਣ ਆਪਣੀ ਪੱਗ ਸੰਭਾਲ ਬਾਬਾ ਛਿੱਟ ਲੋਅ ਦੀ ਨਹੀਂ ਨਸੀਬ, ਫਿਰ ਵੀ ਦੀਵੇ ਲਹੂ ਦੇ ਰਿਹਾ ਏਂ ਬਾਲ ਬਾਬਾ ਨਿੱਤ ਨਵੇਂ ਕਿਉਂ ਚੰਨ, ਚੜ੍ਹਾਉਣ ਸੋਚੀਂ ਚੰਨ ਜਿਹੇ ਇਹ ਨੌ-ਨਿਹਾਲ ਬਾਬਾ ਕਹਿ ਜਾਣਗੇ ਸਾਸਰੀਕਾਲ ਇਕ ਦਿਨ ਬਿਨਾ ਬੋਲਿਆਂ ਸਾਸਰੀਕਾਲ ਬਾਬਾ ਹੁਣ ਸੋਕੇ ਦੇ ਮਾਰਿਆਂ ਟੋਭਿਆਂ 'ਚੋਂ ਘੋਗੇ ਸਿੱਪੀਆਂ ਦੀ ਛੱਡ ਭਾਲ ਬਾਬਾ ਅਣਹੋਣੀਆਂ ਜਹੀ ਗੱਲ ਅੱਜ ਜਾਪੇ ਪੰਛੀ ਉੱਡਣਗੇ ਲੈ ਕੇ ਜਾਲ ਬਾਬਾ ਇਹਨਾਂ ਪੱਛਮੀ ਸੁਰਾਂ ਨੇ ਕੀ ਰੀਸ ਕਰਨੀ ਪੈਂਦੀ ਢੋਲ 'ਤੇ ਜੋ ਧਮਾਲ ਬਾਬਾ ਸਮਾਂ ਉਹਨਾਂ ਦਾ ਹੀ ਬਲਵਾਨ ਹੁੰਦੈ ਜਿਹੜੇ ਬਦਲਦੇ ਸਮੇਂ ਦੀ ਚਾਲ ਬਾਬਾ ਪੂੰਜੀ ਸਾਹਾਂ ਦੀ ਹੱਕ ਹਲਾਲ ਦੀ ਇਹ ਸੂਦਖ਼ੋਰਾਂ ਲਈ ਲੁੱਟ ਦਾ ਮਾਲ ਬਾਬਾ ਸਾਡੇ ਰੰਗ ਇਹ ਰਹਿਣ ਬਦਰੰਗ ਕਰਦੇ ਰੰਗਪੁਰ ਦੇ ਰੰਗ ਗੁਲਾਲ ਬਾਬਾ ਅਸੀਂ ਆਪਣੀ ਹੀ, ਹੀਰ ਭਾਲਦੇ ਹਾਂ ਕਾਹਨੂੰ ਝਗੜਦੈਂ ਜੋਗੀਆਂ ਨਾਲ ਬਾਬਾ ਦੇਸ਼ ਆਪਣੇ ਵਿੱਚ ਵੀ 'ਪਰਦੇਸੀ' ਵੇਖ ਮੌਲਾ ਦੇ ਅਜਬ ਕਮਾਲ ਬਾਬਾ

ਤ੍ਰਿਕਾਲਾਂ

ਤ੍ਰਿਕਾਲਾਂ ਹਨ ਸੰਖ ਵਜਾਓ ਜੋਗੀ ਜੀ ਭਗਵੀਂ ਭਗਵੀਂ ਧੁੱਪ ਨਸ਼ਿਆਓ ਜੋਗੀ ਜੀ ਪੈ ਗਈਆਂ ਤ੍ਰਿਕਾਲਾਂ ਰਸਤਾ ਵੇਖਦਿਆਂ ਤ੍ਰਿਕਾਲਾਂ ਨੂੰ ਭਾਗ ਲਗਾਓ ਜੋਗੀ ਜੀ ਹਰ ਸ਼ੈਅ ਦਾ ਪਰਛਾਵਾਂ ਲੰਮਾ ਕਿਉਂ ਹੁੰਦੈ? ਤ੍ਰਿਕਾਲਾਂ ਦਾ ਭੇਤ ਬਤਾਓ ਜੋਗੀ ਜੀ ਦਿਲ ਦੇ ਮੰਜ਼ਰ ਕਦ ਭੁੱਲਦੇ ਤ੍ਰਿਕਾਲਾਂ ਨੂੰ ਮੀਟ ਕੇ ਅੱਖਾਂ ਨਗ਼ਮੇ ਗਾਓ ਜੋਗੀ ਜੀ ਬਾਗ਼ਾਂ 'ਤੇ ਪਰਛਾਵਾਂ ਹੈ ਤ੍ਰਿਕਾਲਾਂ ਦਾ ਫਿਰ ਵੀ ਮਹਿਕਾਂ ਵੰਡਦੇ ਜਾਓ ਜੋਗੀ ਜੀ ਰੌਲ਼ਾ ਰੱਪਾ ਦਿਨ ਦਾ ਚੁੱਪ ਤ੍ਰਿਕਾਲਾਂ ਦੀ, ਹੁਣ ਵੰਝਲੀ ਦੀ ਹੂਕ ਬਣਾਓ ਜੋਗੀ ਜੀ ਤ੍ਰਿਕਾਲਾਂ ਨੂੰ ਸੁੱਖੀਂ ਸਾਂਦੀਂ ਪਰਤਣ ਲੋਕ ਚੌਰਾਹੇ ਵਿਚ ਦੀਪ ਜਗਾਓ ਜੋਗੀ ਜੀ ਦਿਹੁੰ ਦੇ ਨਖ਼ਰੇ ਕੀਤੇ ਸਨ ਪਰਵਾਨ ਜਿਵੇਂ ਤ੍ਰਿਕਾਲਾਂ ਦੇ ਨਾਜ਼ ਉਠਾਓ ਜੋਗੀ ਜੀ ਪੈਣਾ ਸੀ ਤ੍ਰਿਕਾਲਾਂ ਨੇ ਬਸ ਪੈ ਗਈਐਂ 'ਪਰਦੇਸੀ' ਨੂੰ ਵੀ ਸਮਝਾਓ ਜੋਗੀ ਜੀ

ਮਸਤ ਹਵਾਵਾਂ ਨਾਲ

ਉਹਨਾਂ ਹਰ ਪਲ ਰਹਿਣੈ ਮਸਤ ਹਵਾਵਾਂ ਨਾਲ ਮਾਰੂਥਲ ਦਾ ਕੀ ਰਿਸ਼ਤੈ ਦਰਿਆਵਾਂ ਨਾਲ ਖ਼ੁਸ਼ ਮੌਸਮ ਵਿਚ ਖ਼ੁਸ਼ਬੂ ਖ਼ੁਸ਼ਬੂ ਸਾਥ ਬਹੁਤ ਪਤਝੜ ਵਿਚ ਹੈ ਤੁਰਦਾ ਟਾਵਾਂ ਟਾਵਾਂ ਨਾਲ ਰੁੱਤਾਂ ਦੇ ਮੇਵੇ ਨੇ ਇਹ ਹੈਰਾਨ ਹੋ ਕਿਉਂ? ਨਾਂਹ ਕਰ ਦੇਵੇ ਤੁਰਨੋਂ ਜੇ ਪਰਛਾਵਾਂ ਨਾਲ ਧੁੱਪਾਂ ਨਾਲ ਵੀ ਰੱਖੋ ਯਾਰੀ, ਖ਼ਬਰੇ ਕਦ ਤੋੜ ਵਿਛੋੜਾ ਹੋ ਜਾਣਾ ਹੈ ਛਾਵਾਂ ਨਾਲ ਗੱਲ ਅਯੁੱਧਿਆ ਦੀ ਛੱਡੋ, ਹੁਣ ਏਥੇ ਵੀ ਚਲਦਾ ਹੈ, ਚਲਦਾ ਹੈ, ਰਾਜ ਖੜਾਵਾਂ ਨਾਲ ਫੇਰ ਗਏ ਨੇ ਅੱਖੀਆਂ, ਅੱਖੀਆਂ ਸ੍ਹਾਵੇਂ ਉਹ ਅੱਖੀਆਂ ਵਿਚ ਸਨ ਕਰਦੇ ਗੱਲ ਸਲ੍ਹਾਵਾਂ ਨਾਲ ਚੂਰੀ ਦੇ ਭੁੱਖਿਆਂ ਨੂੰ ਚੂਰੀ ਪਾਵੋ ਹੁਣ ਕਰਨਾ ਪੈਣਾ ਹੈ ਸਮਝੌਤਾ ਕਾਵਾਂ ਨਾਲ ਕੱਲਿਆਂ ਤੁਰਨਾ ਵੀ ਹੁਣ ਸਿੱਖ ਲੈ ਜਾਨ ਮੇਰੀ ਹੁਣ ਮੈਂ ਕਿੱਥੇ ਕਿੱਥੇ ਆਵਾਂ-ਜਾਵਾਂ ਨਾਲ ਲੋਕ ਗੁਆਚੀ ਜਾਂਦੇ ਨੇ ਘਰ ਬਾਰ ਸਮੇਤ 'ਪਰਦੇਸੀ' ਤੂੰ ਰੱਖਿਆ ਕਰ ਸਿਰਨਾਵਾਂ ਨਾਲ

ਜਿੰਦੇ

ਕਿਸ ਨੇ ਹੈ ਗਲ਼ ਨੂੰ ਲਾ ਕੇ ਦੇਣਾ ਧਰਾਸ ਜਿੰਦੇ ਤੇਰੇ ਬਗ਼ੈਰ ਹੋਏ ਨਗ਼ਮੇ ਉਦਾਸ ਜਿੰਦੇ ਡ੍ਹਾਢੇ ਹਸੀਨ ਲਗਦੇ ਇਹ ਖ਼ੌਲਦੇ ਸਮੁੰਦਰ ਪਰ ਖ਼ਾਰੇ ਪਾਣੀਆਂ ਸੰਗ ਬੁਝਦੀ ਨਾ ਪਿਆਸ ਜਿੰਦੇ ਰੰਗ ਸ਼ੋਖ਼ ਹੋਲੀਆਂ ਨੇ ਨੈਣੀਂ ਸਜਾ ਲਏ ਤੂੰ ਰੰਗਾਂ ਦੀ ਪ੍ਰੀਤ ਸਭ ਨੂੰ ਆਉਂਦੀ ਨਾ ਰਾਸ ਜਿੰਦੇ ਏਥੇ ਮੁਹੱਬਤਾਂ ਨੂੰ ਕਬਰਾਂ ਨਸੀਬ ਹੋਈਐਂ ਏਥੋਂ ਤੂੰ ਭਾਲ਼ਦੀ ਏਂ ਉਲਫ਼ਤ-ਸ਼ਨਾਸ ਜਿੰਦੇ ਪੱਟ ਚੀਰ ਕੇ ਖਵਾਉਣਾ ਉਲਫ਼ਤ ਦੀ ਸਿਖ਼ਰ ਹੈ ਇਹ ਰੂਹਾਂ ਕਦੀ ਨਾ ਖਾਧਾ ਰੂਹਾਂ ਦਾ ਮਾਸ ਜਿੰਦੇ ਕੱਲ੍ਹ ਬਾਂਸੁਰੀ ਦੇ ਆਸ਼ਕ, ਦੁਸ਼ਮਣ ਨੇ ਬਾਂਸ ਦੇ ਅੱਜ ਬਦਲੇ ਸਿਆਸਤਾਂ ਨੇ ਬੰਦੇ ਇਹ ਖ਼ਾਸ ਜਿੰਦੇ ਗੀਤਾਂ ਨੂੰ ਚਾਹੁਣ ਵਾਲੇ ਮਿਲ ਜਾਣਗੇ ਹਜ਼ਾਰਾਂ ਤੂੰ ਰੂਹ 'ਤੇ ਨਗ਼ਮਿਆਂ ਦਾ ਪਹਿਨੀਂ ਲਿਬਾਸ ਜਿੰਦੇ ਖ਼ੁਸ਼ਬੂ ਦੀ ਹੋਂਦ ਨਾ ਹੀ ਛਣਕਾਰ ਝਾਂਜਰਾਂ ਦੀ ਦੁਸ਼ਮਣ ਦੇ ਵੀ ਨਾ ਟੁੱਟਣ ਐਦਾਂ ਸਵਾਸ ਜਿੰਦੇ 'ਪਰਦੇਸੀ' ਤਾਂਘਦੀ ਏ ਦਹਿਲੀਜ਼ ਤੈਨੂੰ ਘਰ ਦੀ ਕਿੱਥੇ ਨੇ ਬੋਲ ਤੇਰੇ ਕਿੱਥੇ ਹੈ ਵਾਸ ਜਿੰਦੇ

ਗ਼ਿਲਾ ਹੋਇਗਾ

ਓਸ ਨੂੰ ਹੀ ਗ਼ਿਲਾ ਹੋਇਗਾ ਜੋ ਦਿਲਾ ਆਪਣਾ ਹੋਇਗਾ ਰਾਤ ਨੂੰ ਜੋ ਕਿਹਾ ਹੋਇਗਾ ਦਿਨ ਚੜ੍ਹੇ ਫ਼ੈਸਲਾ ਹੋਇਗਾ ਇਹ ਤਾਂ ਫੁੱਲ ਇਨ੍ਹਾਂ ਨੂੰ ਨਾ ਤੋੜ ਤੇਰਾ ਦਿਲ ਹੀ ਖ਼ਫ਼ਾ ਹੋਇਗਾ ਮੈਂ ਜਲੰਧਰ ਤੂੰ ਸਾਗਰ ਤੋਂ ਪਾਰ ਆਸ ਹੈ ਰਾਬਤਾ ਹੋਇਗਾ ਸੋਚਿਆ ਸੀ ਕਦੇ ਇਸ ਕਦਰ ਦੋਸਤਾ ਫ਼ਾਸਲਾ ਹੋਇਗਾ ਉਹ ਵੀ ਸੁਪਨਾ ਜਿਹਾ ਸੀ ਜਿਵੇਂ ਇਹ ਵੀ ਸੁਪਨਾ ਜਿਹਾ ਹੋਇਗਾ ਸੁਪਨਿਆਂ ਨੂੰ ਕਹੋ, ਸੌਣ ਨਾ ਸ਼ਖ਼ਸ ਉਹ ਜਾਗਦਾ ਹੋਇਗਾ ਉਹ ਤਾਂ ਆਸ਼ਕ ਸੀ ਬਰਸਾਤ ਦਾ ਕਿੰਜ ਧੁੱਪੇ ਖੜ੍ਹਾ ਹੋਇਗਾ ਇਹ ਜੋ ਅੰਦਰ ਹੈ ਹੁੰਮਸ ਜਿਹਾ ਝੱਖੜੀਂ ਵਾਸਤਾ ਹੋਇਗਾ ਕੀ ਪਤਾ ਸੀ ਲੁਟਾ ਕੇ ਖ਼ੁਸ਼ੀ ਗ਼ਮ 'ਚ ਖ਼ੁਦ ਮੁਬਤਲਾ ਹੋਇਗਾ ਜੋ ਕਦੀ ਵੀ ਨਾ ਆਪਣਾ ਰਿਹਾ ਸੋਚ ਨਾ ਆਪਣਾ ਹੋਇਗਾ ਇਹ ਪਤੈ? ਭੋਰਾ ਨ੍ਹੇਰੇ ਦਾ ਮੁੱਲ ਚਾਨਣੀ ਦਾ ਘੜਾ ਹੋਇਗਾ ਉਹ ਹੈ ਜ਼ਿੱਦੀ ਬਹੁਤ ਜਾਗ ਕੇ ਵੇਖਦਾ ਦਿਨ ਚੜ੍ਹਾ ਹੋਇਗਾ ਖ਼ੂਨ ਖ਼ੁਦ ਦਾ ਵਹਾਉਂਦਾ ਹੈ ਜੋ ਆਪਣਾ ਹੀ ਭਰਾ ਹੋਇਗਾ ਦੌਰ 'ਬਿੱਲੂ' ਖ਼ੁਸ਼ਾਮਦ ਦਾ ਹੈ ਤੈਨੂੰ ਇਹ ਤਾਂ ਪਤਾ ਹੋਇਗਾ ਹੈ ਜੋ ਸਾਹੀਂ ਧੂੰਆਂ ਹੀ ਧੂੰਆਂ ਦਿਲ 'ਚ ਮੱਚਦਾ ਸਿਵਾ ਹੋਇਗਾ ਉਮਰ ਭਰ ਇਹ ਜੋ ਸੁੱਤਾ ਨਹੀਂ ਸੁਪਨਿਆਂ ਤੋਂ ਖ਼ਫ਼ਾ ਹੋਇਗਾ ਕੋਲ ਰਹਿ ਕੇ ਕਿਉਂ ਪਿਆਸੇ ਰਹੇ ਉਸ ਨਦੀ ਨੂੰ ਪਤਾ ਹੋਇਗਾ ਨਾ ਉਡੀਕੀਂ, ਕਿਲਾ ਲਾਲ ਹੁਣ ਓਸ ਨੂੰ ਭਾਅ ਗਿਆ ਹੋਇਗਾ ਕੀ ਪਤਾ ਸੀ ਉਹ ਪ੍ਰੀਤਾਂ ਦਾ ਪਿੰਡ ਹੁਣ ਇਹ 'ਮੋਗਾ' ਜ਼ਿਲ੍ਹਾ ਹੋਇਗਾ ਉਹ ਹੈ 'ਪਰਦੇਸੀ' ਬੇਘਰ ਜਿਹਾ ਕੀ ਪਤਾ ਕਿਸ ਜਗ੍ਹਾ ਹੋਇਗਾ ।

ਹੋਲੀ

ਭੁੱਲਦੀ ਨਹੀਂ ਉਹ ਹੋਲੀ ਹੁੰਦਾ ਸਾਂ ਬਾਲ ਮੈਂ ਜਦ ਉਲਝ ਹੀ ਗਿਆ ਸਾਂ ਦਾਦੇ ਦੇ ਨਾਲ ਮੈਂ ਖੇਡੇ ਸਾਂ ਰਲ਼ ਕੇ ਹੋਲੀ ਗੱਲ ਹੈ ਦਹਾਕਿਆਂ ਦੀ ਅੱਜ ਵੀ ਹਾਂ ਤੁਰਿਆ ਫਿਰਦਾ ਰੰਗਾਂ ਦੇ ਨਾਲ ਮੈਂ ਵਾਹ! ਰੰਗ ਪੀਲਾ, ਪੀਲਾ, ਜਦ ਉਸ ਮੁੱਖ 'ਤੇ ਲਾਇਆ ਅੰਤਾਂ ਦਾ ਹੋ ਗਿਆ ਸਾਂ ਫਿਰ ਲਾਲੋ ਲਾਲ ਮੈਂ ਵੱਜਿਆ ਪਟਕ ਦੇਣੀਂ ਕੰਨ ਕੋਲ ਆ ਗ਼ੁਬਾਰਾ ਲੱਗਿਆ ਸਾਂ ਪਾਉਣ ਉਸ ਦੇ ਸਿਰ 'ਤੇ ਗੁਲਾਲ ਮੈਂ ਰੰਗਾਂ ਦੀ ਪ੍ਰੀਤ ਮਾਣੀ, ਰੰਗਾਂ ਦਾ ਪਿਆਰ ਡਿੱਠਾ ਰੰਗਾਂ ਦੇ ਦੀਪ ਨੈਣੀਂ, ਰੱਖੇ ਨੇ ਬਾਲ਼ ਮੈਂ ਕਾਲ਼ੇ ਨੇ ਹੋਏ ਗੋਰੇ, ਗੋਰੇ ਨੇ ਹੋਏ ਕਾਲ਼ੇ ਰੰਗਾਂ ਦਾ ਵੇਖਿਆ ਅੱਜ ਅਦਭੁਤ ਕਮਾਲ ਮੈਂ 'ਪਰਦੇਸੀ' ਆ ਕਿ ਵਤਨੀਂ ਰੰਗਾਂ ਦੀ ਭੀੜ ਲੱਗੇ ਰੰਗਾਂ 'ਚੋਂ ਕਰ ਲਵਾਂ ਫਿਰ ਉਸ ਰੰਗ ਦੀ ਭਾਲ਼ ਮੈਂ

ਜਾਦੂ

ਗੀਤ ਉਲਫ਼ਤ ਦੇ ਗਾਉਣ ਦਾ ਜਾਦੂ ਤੇਰਾ ਹੱਸਣ ਹਸਾਉਣ ਦਾ ਜਾਦੂ ਸੰਗ ਕੇ ਪਲਕਾਂ ਝੁਕਾਉਣ ਵਾਲੇ, ਵਾਹ! ਘੁੰਡ 'ਚ ਅੱਖੀਆਂ ਨਚਾਉਣ ਦਾ ਜਾਦੂ ਕੋਈ ਸਿੱਖੇ ਹਜ਼ੂਰ ਦੇ ਕੋਲੋਂ ਦਿਲ 'ਚ ਹਲਚਲ ਮਚਾਉਣ ਦਾ ਜਾਦੂ ਵੇਖ ਜਾਦੂਗਰਾਂ ਦੀ ਨਗਰੀ ਦਾ ਉਡਦੇ ਪੰਛੀ ਫਸਾਉਣ ਦਾ ਜਾਦੂ ਜ਼ਾਹਰਨ ਹੈ ਸ਼ਫ਼ਕ ਜਹੇ ਚਿਹਰੇ ਰੱਖਦੇ ਨੀਂਦਰ ਉਡਾਉਣ ਦਾ ਜਾਦੂ ਸਾਡੀ ਉਮਰਾਂ ਦੀ ਤਿਸ਼ਨਗੀ ਸੱਜਣਾ ਤੇਰਾ ਪਾਣੀ ਪਿਲਾਉਣ ਦਾ ਜਾਦੂ ਚੱਲਦੇ-ਚੱਲਦੇ ਇਹ ਚੱਲ ਹੀ ਜਾਂਦਾ ਏ ਤੇਰਾ ਫੜ ਫੜ ਬਹਾਉਣ ਦਾ ਜਾਦੂ ਤਲੀਆਂ ਉੱਤੇ ਸਰ੍ਹੋਂ ਜਮਾਉਂਦਾ ਏ ਉਂਗਲਾਂ ਉੱਤੇ ਨਚਾਉਣ ਦਾ ਜਾਦੂ ਰੰਗ ਨੈਣਾਂ ਦਾ ਹੋ ਗਿਆ ਸੂਹਾ ਤੌਬਾ! ਕਜਲੇ ਨੂੰ ਪਾਉਣ ਦਾ ਜਾਦੂ ਪਲ 'ਚ ਤੋਲ਼ਾ ਤੇ ਪਲ 'ਚ ਹੈ ਮਾਸਾ ਗ਼ਜ਼ਬ ਰੁੱਸਣ ਮਨਾਉਣ ਦਾ ਜਾਦੂ ਚੁੱਪ ਰਹਿਣਾ ਜਵਾਬ ਨਾ ਦੇਣਾ ਇਹ ਹੈ ਟੁੱਟਦੀ ਬਚਾਉਣ ਦਾ ਜਾਦੂ ਇਹਨਾਂ ਜਾਦੂਗਰਾਂ ਤੋਂ 'ਪਰਦੇਸੀ' ਸਿੱਖ ਲੈ ਲਾਰੇ ਲਗਾਉਣ ਦਾ ਜਾਦੂ

ਗੱਲ ਬਣੇ

ਸਾਜ਼ ਛੇੜੇਂ ਮੁਸਕੁਰਾਏਂ ਗੱਲ ਬਣੇ ਗੀਤ ਫਿਰ ਉਲਫ਼ਤ ਦੇ ਗਾਏਂ ਗੱਲ ਬਣੇ ਜੀਣ ਦਾ ਕੀ ਹੱਜ ਹੈ ਬਿਨ ਹੱਜ ਦੇ ਹੱਜ ਇਉਂ ਕਹਿ ਕੇ ਕਰਾਏਂ ਗੱਲ ਬਣੇ ਗੱਲ ਤਾਂ ਬਣਦੀ ਹੈ ਇਹ ਅਕਸਰ ਬਣਦਿਆਂ ਸਿਰ ਉਠਾਏਂ, ਕੋਲ ਆਏਂ ਗੱਲ ਬਣੇ ਡੋਲ ਜਾਈਏ ਖ਼ੁਦ ਤੇ ਤੈਨੂੰ ਸਾਂਭੀਏ ਕੋਲ ਆ ਕੇ ਡਗਮਗਾਏਂ ਗੱਲ ਬਣੇ ਨਫ਼ਰਤਾਂ ਨੂੰ ਆਖ ਦੇਵੇਂ ਅਲਵਿਦਾ ਪ੍ਰੀਤ ਦਾ ਅੰਮਿ੍ਤ ਪਿਲਾਏਂ ਗੱਲ ਬਣੇ ਬੁਲਬੁਲਾਂ ਖ਼ਾਮੋਸ਼ ਗ਼ਾਇਬ ਰੌਣਕਾਂ ਬਾਗ਼ ਵਿਚ ਜੇ ਮੁਸਕੁਰਾਏਂ ਗੱਲ ਬਣੇ ਹੁਸਨ ਦੀ ਪੂਜਾ ਕਰੇਗਾ ਇਸ਼ਕ, ਪਰ ਇਸ਼ਕ ਖ਼ਾਤਿਰ ਤਿਲਮਿਲਾਏਂ ਗੱਲ ਬਣੇ ਤੋੜ ਕੇ ਮਜਬੂਰੀਆਂ, ਖ਼ਾਮੋਸ਼ੀਆਂ ਜੇ ਕਦੀ ਹੱਸੇਂ-ਹਸਾਏਂ ਗੱਲ ਬਣੇ ਪਾਰ ਦਰਿਆ ਦੇ ਸੁਣੇਂ ਜਦ ਬਾਂਸੁਰੀ ਬਿਨ ਘੜੇ ਤੋਂ ਠਿੱਲ੍ਹ ਜਾਏਂ ਗੱਲ ਬਣੇ ਤੂੰ ਪਰ੍ਹੇ ਪਰਬਤ 'ਤੇ, ਮੈਂ ਇਸ ਝੀਲ 'ਤੇ ਫਿਰ ਦੁਪੱਟਾ ਲਹਿਲਹਾਏਂ ਗੱਲ ਬਣੇ ਰੱਦ ਹੋ ਜਾਏ ਇਹ ਗੱਡੀ ਫੇਰ ਅੱਜ ਟੇਸ਼ਨੋਂ ਤੂੰ ਪਰਤ ਆਏਂ ਗੱਲ ਬਣੇ ਖ਼ਤਮ 'ਪਰਦੇਸੀ' ਉਡੀਕਾਂ ਹੋਣ ਇੰਜ ਆ ਕੇ ਫਿਰ ਮੁੜ ਕੇ ਨਾ ਜਾਏਂ ਗੱਲ ਬਣੇ

ਕਹਾਣੀ ਹੁਣ ਨਾ ਛੇੜ

ਕਦ ਕੁ ਹੋਣਾ ਹੈ ਸਵੇਰਾ, ਇਹ ਕਹਾਣੀ ਹੁਣ ਨਾ ਛੇੜ ਨਾਪਣਾ ਕਦ ਤਕ ਹਨੇਰਾ, ਇਹ ਕਹਾਣੀ ਹੁਣ ਨਾ ਛੇੜ ਰਾਤ ਭਰ ਹੈ ਖ਼ੂਨ ਵਗਦਾ ਦਿਨ ਚੜ੍ਹੇ ਗੰਗਾ ਵਗੇ ਕਿਸ ਦਾ ਇਸ ਨਦੀਏ 'ਤੇ ਡੇਰਾ, ਇਹ ਕਹਾਣੀ ਹੁਣ ਨਾ ਛੇੜ ਕਦ ਤੁਰੇ ਕਿੱਥੋਂ ਤੁਰੇ ਤੇ ਕਿਸ ਜਗ੍ਹਾ ਪਹੁੰਚੇ ਹਾਂ ਹੁਣ ਪੰਧ ਹੈ ਹਾਲੇ ਲੰਮੇਰਾ, ਇਹ ਕਹਾਣੀ ਹੁਣ ਨਾ ਛੇੜ ਇਸ ਤਰ੍ਹਾਂ ਹਾਸੇ ਲੁਟਾਏ ਉਮਰ ਭਰ ਹੱਸੇ ਹੀ ਨਾ ਕੌਣ ਸੀ ਜ਼ਾਲਿਮ ਲੁਟੇਰਾ ਇਹ ਕਹਾਣੀ ਹੁਣ ਨਾ ਛੇੜ ਸੀਸ ਨੂੰ ਧਰ ਕੇ ਤਲੀ 'ਤੇ ਹੁਣ ਤੇ ਹਾਂ ਹਾਜ਼ਿਰ ਹਜ਼ੂਰ ਫਿਰ ਕਦੋਂ ਪਾਵਾਂਗੇ ਫੇਰਾ, ਇਹ ਕਹਾਣੀ ਹੁਣ ਨਾ ਛੇੜ ਸਰਦ ਰੁੱਤਾਂ, ਤਲਖ਼ ਪੌਣਾਂ, ਪੰਧ ਕੰਡਿਆਲਾ ਬਹੁਤ ਆਪਣਾ ਕਿੱਥੇ ਹੈ ਡੇਰਾ ਇਹ ਕਹਾਣੀ ਹੁਣ ਨਾ ਛੇੜ ਇਸ਼ਕ ਹੈ ਪਰਵਾਜ਼ ਭਰਦਾ ਹੁਸਨ ਦੇ ਖੰਭਾਂ ਦੇ ਨਾਲ ਹੁਸਨ ਦਾ ਕਿੱਥੇ ਬਸੇਰਾ, ਇਹ ਕਹਾਣੀ ਹੁਣ ਨਾ ਛੇੜ ਆਸ 'ਪਰਦੇਸੀ' ਦੇ ਆਉਣੇ ਦੀ ਅਜੇ ਟੁੱਟੀ ਨਹੀਂ ਕਿਉਂ ਪਿਐ ਸੁੰਨਾ ਬਨੇਰਾ ਇਹ ਕਹਾਣੀ ਹੁਣ ਨਾ ਛੇੜ

ਇਹ ਨਹੀਂ ਤਾਂ ਉਹ ਸਹੀ

ਉਡਦੇ ਪੰਛੀ ਦਾ ਠਿਕਾਣਾ, ਇਹ ਨਹੀਂ ਤਾਂ ਉਹ ਸਹੀ ਆ ਗਿਐ ਕੈਸਾ ਜ਼ਮਾਨਾ, ਇਹ ਨਹੀਂ ਤਾਂ ਉਹ ਸਹੀ ਨਾ ਉਹ ਵਾਅਦੇ ਨਾ ਉਹ ਕਸਮਾਂ ਨਾ ਹੀ ਉਹ ਉਮਰਾਂ ਦੇ ਸਾਥ ਬਸ ਦੋ ਘੜੀਆਂ ਦਾ ਯਾਰਾਨਾ, ਇਹ ਨਹੀਂ ਤਾਂ ਉਹ ਸਹੀ ਹੁਸਨ ਦੀ ਪੂਜਾ ਰਹੀ ਨਾ ਇਸ਼ਕ ਹੀ ਮੰਦਿਰ ਰਿਹਾ ਪ੍ਰੀਤ ਦਾ ਹੁਣ ਇਹ ਫ਼ਸਾਨਾ ਇਹ ਨਹੀਂ ਤਾਂ ਉਹ ਸਹੀ ਕੌਣ ਲੈਂਦਾ ਏ ਫ਼ਕੀਰੀ ਕੌਣ ਪੜਵਾਉਂਦਾ ਏ ਕੰਨ ਆਸ਼ਕਾਂ ਦਾ ਆਸ਼ਿਆਨਾ ਇਹ ਨਹੀਂ ਤਾਂ ਉਹ ਸਹੀ ਨਾ ਉਹ ਹੀਰਾਂ ਨਾ ਉਹ ਰਾਂਝੇ ਨਾ ਉਹ ਬੇਲੀਂ ਚੂਰੀਆਂ ਪਾਰਕੀਂ ਮਿਲਣਾ ਮਿਲਾਣਾ, ਇਹ ਨਹੀਂ ਤਾਂ ਉਹ ਸਹੀ ਕਿੰਜ ਮਾਰੂਥਲ ਇਹ ਦੱਸੇ ਕਿੰਜ ਸਮਝਾਏ ਚਨਾਬ ਹੁਸਨ ਦਾ ਹੁਣ ਦਿਲ ਲਗਾਣਾ, ਇਹ ਨਹੀਂ ਤਾਂ ਉਹ ਸਹੀ ਕੌਣ ਰੁੱਸੇ ਨੂੰ ਮਨਾਉਂਦੈ ਕੌਣ ਕਰਦੈ ਇੰਤਜ਼ਾਰ ਹੁਣ ਤਾਂ ਬਸ ਲੱਭਦੇ ਬਹਾਨਾ, ਇਹ ਨਹੀਂ ਤਾਂ ਉਹ ਸਹੀ ਚੜ੍ਹਦੇ ਸੂਰਜ ਨੂੰ ਸਲਾਮਾਂ ਛੁਪ ਗਿਆਂ ਪੁੱਛਦਾ ਏ ਕੌਣ ਆਖਦੈ ਆਪਣਾ ਬਿਗਾਨਾ ਇਹ ਨਹੀਂ ਤਾਂ ਉਹ ਸਹੀ ਐਵੇਂ 'ਪਰਦੇਸੀ' ਤੂੰ ਸਾਰੀ ਉਮਰ ਹੀ ਧੁਖਦਾ ਰਿਹੈਂ ਬੁਝ ਗਿਆਂ ਆਖੂ ਜ਼ਮਾਨਾ, ਇਹ ਨਹੀਂ ਤਾਂ ਉਹ ਸਹੀ

ਇਹ ਹਾਦਸੇ ਨਾ ਮੁੱਕੇ

ਜਿੰਦੂ ਹੈ ਮੁੱਕ ਚੱਲੀ ਇਹ ਹਾਦਸੇ ਨਾ ਮੁੱਕੇ ਸਾਡੇ ਵੀ ਵੇਖ ਮੌਲਾ ਪਰ ਹੌਸਲੇ ਨਾ ਮੁੱਕੇ ਰੁੱਤ ਰਾਂਗਲੀ ਜੇ ਆਈ ਬਣ ਕੇ ਨਣਾਨ ਆਈ ਡੁੱਬਿਆ ਨਾ ਸਿਦਕ ਸਾਡਾ ਕੱਚੇ ਘੜੇ ਨਾ ਮੁੱਕੇ ਪ੍ਰੀਤਾਂ ਦੇ ਮਹਿਲ ਆਖ਼ਰ ਬਣਨੇ ਸੀ ਯਾਦਗਾਰਾਂ ਮੇਰੇ ਖ਼ੁਦਾਇਆ ਤੇਰੇ ਜਦ ਜ਼ਲਜ਼ਲੇ ਨਾ ਮੁੱਕੇ ਤਲਾਸ਼ ਖ਼ੁਦ 'ਚੋਂ ਆਪਣੀ ਕਰਦੇ ਇਕਾਂਤ ਵਿਚ ਕਦ ਸਾਰੀ ਹੀ ਉਮਰ ਰਸਤੇ ਭੀੜਾਂ ਭਰੇ ਨਾ ਮੁੱਕੇ ਇਕ ਟਾਹਣ ਤੋਂ ਗਿਰੇ ਤਾਂ ਦੂਜੇ ਨੇ ਸ਼ਰਨ ਦਿੱਤੀ ਝੱਖੜਾਂ 'ਚ ਵੀ ਅਸਾਂ ਦੇ ਵੇਖ ਆਸਰੇ ਨਾ ਮੁੱਕੇ ਮੱਛਰੇ ਝਨਾ ਨੇ ਗੋਤੇ ਦੇ-ਦੇ ਹੈ ਆਜ਼ਮਾਇਆ ਪ੍ਰੀਤਾਂ ਦੇ ਪੱਤਣਾਂ ਤੋਂ ਪਰ ਜਮਘਟੇ ਨਾ ਮੁੱਕੇ ਇਕ ਦਿਨ ਹੈ ਚੜ੍ਹ ਹੀ ਜਾਣਾ ਸਾਂਝਾਂ ਨੇ ਸੂਲ਼ੀਆਂ 'ਤੇ ਜੇਕਰ ਦਿਲਾਂ ਦੇ ਵਿਚਲੇ ਇਹ ਫ਼ਾਸਲੇ ਨਾ ਮੁੱਕੇ ਜਨਮਾਂ ਦੇ ਸਾਥ ਦੀ ਫਿਰ ਰਹਿਣੀ ਸੀ ਕੀ ਤਮੰਨਾ ਏਸੇ ਹੀ ਜਨਮ ਵਿਚ ਜਦ ਆਪਣੇ ਗ਼ਿਲੇ ਨੇ ਮੁੱਕੇ 'ਪਰਦੇਸੀ' ਦੋਸ਼ ਦੇਣਾ ਬੇਗਾਨਿਆਂ ਨੂੰ ਕਾਹਤੋਂ ਤੈਨੂੰ ਸਤਾਉਣ ਵਾਲੇ ਤਾਂ ਆਪਣੇ ਨਾ ਮੁੱਕੇ

ਇਸ਼ਕੇ ਦੇ ਨਾ

ਇਸ਼ਕੇ ਦੇ ਨਾ ਚਾਅ ਸੰਤਾਪਣ ਯਾ-ਰੱਬ, ਨਾ ਹੀ ਹੁਸਨ ਉਦਾਸਣ ਹਰ ਮੌਸਮ ਵਿਚ ਮੌਲਣ ਪ੍ਰੀਤਾਂ ਹਰ ਰੁੱਤੇ ਰਿਸ਼ਤੇ ਪਰਤਾਪਣ ਕਿਉਂ ਸਿਵਿਆਂ 'ਚੋਂ ਭਾਲਣ ਮਾਵਾਂ ਜੇ ਨਾ ਚਰਸੀਂ ਲਾਲ ਗੁਆਚਣ ਨਿਸਚਿਤ ਹੈ ਘਰ ਲੁੱਟਿਆ ਜਾਣਾ ਜਦ ਰਲ਼ ਜਾਵੇ ਘਰ ਦੀ ਰਾਖਣ ਫੁੱਟ ਭਰਾਵਾਂ ਵਿਚ ਜਦ ਪੈਂਦੀ ਫਿਰ ਜਾਂਦੇ ਨੇ ਡੋਲ ਸਿੰਘਾਸਣ ਨੀਲੇ, ਚਿੱਟੇ, ਲਾਲ, ਹਰੇ ਸਭ ਵੰਨ ਸੁਵੰਨੇ ਸ਼ਿਕਰੇ ਜਾਪਣ ਜਦ ਦਫ਼ਤਰ ਦੇ ਖ਼ਤ ਪੜ੍ਹਦਾਂ ਹਾਂ ਪੰਜਾਬੀ ਜਾਪੇ ਪਰਵਾਸਣ ਭੰਡਦਾ ਏਂ ਸਰਕਾਰ ਨੂੰ ਕਵੀਆ ਦਿਨ ਤੇਰੇ ਹੁਣ ਥੋੜ੍ਹੇ ਜਾਪਣ 'ਮੋਗੇ' ਵਿਚ ਜੋ ਨਾਲ ਸੀ ਖੇਡੇ ਉਹ ਵੀ ਹੁਣ 'ਪਰਦੇਸੀ' ਆਖਣ

ਮੈਂ ਮਹਿਲ ਉਸਾਰਾਂਗਾ

ਥਾਂ ਥਾਂ 'ਤੇ ਮੁਹੱਬਤ ਦੇ ਮੈਂ ਮਹਿਲ ਉਸਾਰਾਂਗਾ ਦੁਨੀਆਂ ਨੂੰ ਮੁਹੱਬਤ ਸੰਗ ਰਹਿਣਾ ਮੈਂ ਸਿਖਾਵਾਂਗਾ ਮੁੱਦਤ ਤੋਂ ਉਨੀਂਦੇ ਨੇ ਇਹ ਪ੍ਰੀਤ ਨਗਰ ਅਪਣੇ ਬੇ-ਖ਼ਾਬ ਜ਼ਮਾਨੇ ਦੇ ਸੁਪਨੇ ਮੈਂ ਸਜਾਵਾਂਗਾ ਇਸ ਪਿਆਰ ਦੀ ਬਸਤੀ ਵਿਚ ਪੱਕਾ ਤੂੰ ਕਰੀਂ ਵਾਸਾ ਇਸ ਦਿਲ ਦੇ ਮੈਂ ਨਕਸ਼ੇ ਤੋਂ ਹਰ ਮੁਲਕ ਹਟਾਵਾਂਗਾ ਅੱਖੀਆਂ ਦੇ ਸਰੋਵਰ ਵਿਚ ਆ ਜਾਈਂ ਤੂੰ ਬਣ ਮ ਛਲੀ ਇਸ ਦਿਲ ਦੇ ਤਲਾਅ ਅੰਦਰ ਕੰਕਰ ਜਾਂ ਮੈਂ ਮਾਰਾਂਗਾ ਰੰਗ ਸ਼ੋਖ਼ ਨੇ ਹੋਲੀ ਦੇ ਰੰਗ ਪਿਆਰ ਦੇ ਪੱਕੇ ਨੇ ਉਤਰੇ ਨਾ ਕਦੀ ਵੀ ਜੋ ਰੰਗ ਉਹ ਮੈਂ ਚੜ੍ਹਾਵਾਂਗਾ ਇਸ ਪਾਕ ਮੁਹੱਬਤ ਨੂੰ ਮੰਦਰ ਹੀ ਬਣਾ ਲਈਏ ਪੂਜਾ ਤੂੰ ਰਹੀਂ ਕਰਦੀ ਮੈਂ ਧੂਫ਼ ਧੁਖਾਵਾਂਗਾ ਦਿਲਦਾਰ ਜੋ ਹੁੰਦੇ ਨੇ ਦਿਲਰਾਜ਼ ਵੀ ਹੁੰਦੇ ਨੇ ਇਹ ਫ਼ਰਜ਼ ਸਦਾ ਅਪਣੇ ਦਿਲਦਾਰ ਨਿਭਾਵਾਂਗਾ ਫ਼ੁਰਸਤ ਦੇ ਪਲਾਂ ਅੰਦਰ ਗ਼ਿਲਿਆਂ ਨੂੰ ਪਰਾਂਅ ਕਰਕੇ ਮੈਨੂੰ ਤੂੰ ਰਹੀਂ ਤੱਕਦੀ ਤੈਨੂੰ ਮੈਂ ਨਿਹਾਰਾਂਗਾ ਸੰਗੀਤ ਹੀ ਗੂੰਜੇਗਾ ਇਸ ਪਿਆਰ ਦੀ ਵਾਦੀ ਵਿਚ ਕੰਨ ਲਾ ਕੇ ਰਹੀਂ ਸੁਣਦੀ ਮੈਂ ਗੀਤ ਸੁਣਾਵਾਂਗਾ ਦਰਿਆ ਵੀ ਕਦੀ ਆਵੇ ਜੇ ਵਿੱਚ ਵਿਚਾਲੇ ਤਾਂ ਇਕ ਵਾਰ ਬੁਲਾ ਵੇਖੀਂ ਝੱਟ ਪਾਰ ਆ ਜਾਵਾਂਗਾ ਹਰ ਪਲ ਹੀ ਮੁਹੱਬਤ ਦਾ ਤੂੰ ਤੇਲ ਰਹੀਂ ਪਾਉਂਦੀ ਮੈਂ ਪਿਆਰ ਭਰੇ ਦੀਵੇ ਤਲ਼ੀਆਂ 'ਤੇ ਟਿਕਾਵਾਂਗਾ ਇਸ ਦਿਲ ਦੀ ਹਵੇਲੀ ਨੂੰ ਨੱਚ ਨੱਚ ਕੇ ਕਰੂੰ ਕਮਲੀ ਕਹਿ ਵੇਖ ਖਾਂ, 'ਪਰਦੇਸੀ' ਪਰਦੇਸ ਨਾ ਜਾਵਾਂਗਾ

ਜਗ੍ਹਾ ਨੂੰ ਪਿਆਰ ਕੇ

ਰਸਤਿਆਂ ਦੀ ਧੂੜ ਨੂੰ ਵਾਕਿਫ਼ ਜਗ੍ਹਾ ਨੂੰ ਪਿਆਰ ਕੇ ਮੁੜ ਪਿਆ ਹਾਂ ਤੇਰੇ ਪਿੰਡ ਦੀ ਹਰ ਦਿਸ਼ਾ ਨੂੰ ਪਿਆਰ ਕੇ ਕੌਣ ਸਮਝਾਉਂਦਾ ਫਿਰੇ ਹੈ ਕੌਣ ਏਥੇ ਸਮਝਦਾ ਬੇ-ਵਫ਼ਾ ਦਿਲ ਹੋ ਗਿਆ ਉਸ ਬਾ-ਵਫ਼ਾ ਨੂੰ ਪਿਆਰ ਕੇ ਅੱਥਰੂ ਰੁਖ਼ਸਾਰ ਉੱਤੇ ਹੌਕਿਆਂ ਨੂੰ ਦਿਲ ਦੇ ਨਾਲ ਕੌਣ ਰੱਖਦਾ ਹੈ ਇਵੇਂ ਦੱਸ ਦੁਸ਼ਮਣਾਂ ਨੂੰ ਪਿਆਰ ਕੇ ਕੀ ਗ਼ਿਲਾ ਤੇਰੇ 'ਤੇ ਕਰੀਏ ਕਿਸ ਦਾ ਕੀ ਕੱਢੀਏ ਕਸੂਰ ਸਾਂਭਿਐ ਮੈਂ ਦੋਸਤਾਂ ਦੀ ਹਰ ਖ਼ਤਾ ਨੂੰ ਪਿਆਰ ਕੇ ਆਪਣੀ ਰੱਖੇ ਰਜ਼ਾ ਵਿਚ ਕੌਣ ਹੁੰਦਾ ਹੈ ਇਹ ਰੱਬ ਮੈਂ ਹਾਂ ਰਾਜ਼ੀ ਸੋਹਣਿਆ ਤੇਰੀ ਰਜ਼ਾ ਨੂੰ ਪਿਆਰ ਕੇ ਮੌਤ ਦੀ ਦਹਿਲੀਜ਼ 'ਤੇ ਬਹਿ ਪ੍ਰੀਤ ਦੇ ਗਾਏ ਮੈਂ ਗੀਤ ਤੇਰੀ ਖ਼ਾਤਿਰ ਤੇਰੇ ਪਿੰਡ ਦੀ ਹਰ ਬਲ਼ਾ ਨੂੰ ਪਿਆਰ ਕੇ ਵੰਨ-ਸੁਵੰਨੇ ਫੁੱਲ ਖਿੜੇ ਸਨ ਪਰ ਨ ਸੀ ਤੇਰਾ ਵਜੂਦ ਪਰਤਿਆ ਹਾਂ ਮਹਿਕ ਤੋਂ ਸੱਖਣੀ ਹਵਾ ਨੂੰ ਪਿਆਰ ਕੇ ਜਾਂ ਉਹ ਸ਼ਾਇਰ ਬਣ ਗਿਆ ਜਾਂ ਉਹ ਸ਼ੁਦਾਈ ਹੋ ਗਿਆ ਜਿਸ ਕਿਸੇ ਨੇ ਰੱਖਿਆ ਦਿਲ ਦੇ ਸ਼ੁਦਾ ਨੂੰ ਪਿਆਰ ਕੇ ਖ਼ੁਸ਼ ਰਹੇ 'ਪਰਦੇਸੀ' ਸੋਹਣੇ ਯਾਰ ਦਾ ਰੰਗਲਾ ਗਰਾਂ ਪੂਜ-ਆਇਆ ਹਾਂ ਮੁਹੱਬਤ ਦੀ ਚਿਤਾ ਨੂੰ ਪਿਆਰ ਕੇ

ਇੰਤਜ਼ਾਰ

ਦਰਦ ਹੁੰਦੈ ਸਾਂਝ ਦਾ ਤੇ ਦਿਲ ਮਿਲੇ ਦਾ ਇੰਤਜ਼ਾਰ ਕੌਣ ਕਰਦਾ ਹੈ ਨਹੀਂ ਤਾਂ ਤੁਰ ਗਏ ਦਾ ਇੰਤਜ਼ਾਰ ਇਹ ਪਤਾ ਹੁੰਦੇ ਕਿ ਉਸ ਨੇ ਖ਼ਤ ਕਦੀ ਪਾਉਣਾ ਨਹੀਂ ਫੇਰ ਕਿਉਂ ਰਹਿੰਦਾ ਏ ਨਿੱਤ ਹੀ ਡਾਕੀਏ ਦਾ ਇੰਤਜ਼ਾਰ ਸੱਚ ਨੂੰ ਜੋ ਸੱਚ ਆਖੇ ਝੂਠ ਨੂੰ ਆਖੇ ਜੋ ਝੂਠ ਲੋਕ ਨਈਂ ਕਰਦੇ ਅਜੇਹੇ ਸਿਰਫਿਰੇ ਦਾ ਇੰਤਜ਼ਾਰ ਉਹ ਵੀ ਦਿਨ ਸਨ ਜਦ ਲੰਘਾਇਆਂ ਵੀ ਨਹੀਂ ਲੰਘਦਾ ਸੀ ਦਿਨ ਹੁਣ ਨਹੀਂ ਹੁੰਦਾ ਕਦੇ ਵੀ ਦਿਨ ਢਲ਼ੇ ਦਾ ਇੰਤਜ਼ਾਰ ਦਿਹ ਸਜ਼ਾ ਕੋਈ ਵੀ ਭਾਵੇਂ ਦੇਰ ਪਰ ਐਨੀ ਨਾ ਲਾ ਇਸ਼ਕ ਵਿਚ ਹੁੰਦਾ ਨਹੀਂ ਹੈ ਫ਼ੈਸਲੇ ਦਾ ਇੰਤਜ਼ਾਰ ਜਾਗਦੇ ਲੋਕਾਂ ਨੂੰ ਕਹਿੰਦਾ ਹੈ ਜੋ, ਰਹਿਣਾ ਜਾਗਦੇ ਹੁਣ ਇਕੱਲਿਆਂ ਹੀ ਹਾਂ ਕਰਦੇ ਗੋਰਖੇ ਦਾ ਇੰਤਜ਼ਾਰ ਕੰਨੀ ਕਤਰਾਉਂਦੇ ਨੇ ਜਿਹੜੇ ਜੀਂਦੇ ਜੀ ਹੁਣ ਮਿਲਣ ਤੋਂ ਕਰਨਗੇ ਫਿਰ ਲੋਕ ਇਹ ਹੀ ਮਰ ਗਏ ਦਾ ਇੰਤਜ਼ਾਰ ਉਹ ਕ੍ਰਿਸ਼ਨ ਹੀ ਨਾ ਰਿਹਾ ਜਦ ਪਗਲੀਏ ਤੇਰਾ ਕ੍ਰਿਸ਼ਨ ਕਰ ਰਹੀ ਏਂ ਕਿਉਂ ਤੂੰ ਮੀਰਾਂ ਸਾਂਵਲੇ ਦਾ ਇੰਤਜ਼ਾਰ ਆਸ 'ਪਰਦੇਸੀ' ਤੂੰ ਸਾਰੀ ਉਮਰ ਹੀ ਰੱਖੀ ਫ਼ਜ਼ੂਲ ਕਦ ਘਰਾਂ ਵਾਲੇ ਨੇ ਕਰਦੇ ਬੇ-ਘਰੇ ਦਾ ਇੰਤਜ਼ਾਰ

ਲੂੰਆਂ 'ਚ ਵਾਸ ਹੋਣਾ

ਕਲੀਆਂ ਦੀ ਮਹਿਕ ਦਾ ਜਿਉਂ ਲੂੰਆਂ 'ਚ ਵਾਸ ਹੋਣਾ ਡਾਢਾ ਉਦਾਸ ਕਰਦੈ ਤੇਰਾ ਉਦਾਸ ਹੋਣਾ ਮਾਰੂਥਲਾਂ ਜਹੇ ਇਹ ਪਰਵਾਨ ਕਰਨਗੇ ਕਿੰਜ ਤੇਰਾ ਨਦੀ ਹੋ ਜਾਣਾ ਮੇਰਾ ਪਿਆਸ ਹੋਣਾ ਬਖ਼ਸ਼ੇ ਮਹਾਨਤਾ ਇਹ ਰੁਤਬਾ ਬੁਲੰਦ ਕਰਦੈ ਬੰਦੇ ਦੇ ਦਿਲ ਦੇ ਅੰਦਰ ਉਲਫ਼ਤ ਦੀ ਰਾਸ ਹੋਣਾ ਸੰਗੀਤ ਝਾਂਜਰਾਂ ਦਾ ਮਦਹੋਸ਼ ਕਰ ਹੈ ਦਿੰਦਾ ਨੱਚਣ ਦਾ ਹਰ ਘੜੀ ਹੀ ਮਨ ਵਿਚ ਉਲਾਸ ਹੋਣਾ ਸ਼ੀਸ਼ੇ ਦੇ ਸ੍ਹਾਵੇਂ ਓਦੋਂ ਹੁੰਦੈ ਅਜੀਬ ਆਲਮ ਖ਼ੁਦ 'ਚੋਂ ਹੋ ਗ਼ੈਰ-ਹਾਜ਼ਿਰ ਸੱਜਣਾ ਦੇ ਪਾਸ ਹੋਣਾ ਹੈਰਾਨ ਇਉਂ ਨਾ ਹੋਵੋ ਮੁਮਕਿਨ ਹੈ ਇਸ਼ਕ ਦੇ ਵਿਚ ਬਾਜ਼ਾਂ ਦੇ ਸ਼ਹਿਰ ਅੰਦਰ 'ਚਿੜੀਆ-ਨਿਵਾਸ' ਹੋਣਾ ਫੱਗਣ ਦੀ ਧੁੱਪ ਵਰਗੇ ਹਾਸੇ ਇਹ ਤੁਰ ਗਏ ਜਦ ਧੁੰਦਾਂ ਦੇ ਇਸ ਨਗਰ ਫਿਰ ਕਾਹਦਾ ਨਿਘਾਸ ਹੋਣਾ ਆਖ਼ਰ ਇਹ ਆਦਮੀ ਨੂੰ ਦਿੰਦੈ ਬਣਾ ਪਿਆਕੜ ਪੀੜਾਂ ਦਾ ਭਰਿਆ ਹਰ ਪਲ ਹੱਥ ਵਿਚ ਗਲਾਸ ਹੋਣਾ ਨਜ਼ਮਾਂ ਦੇ ਸੰਗ ਰਹਿਣਾ ਗ਼ਜ਼ਲਾਂ ਦੀ ਜੂਨ ਜੀਣੀ 'ਪਰਦੇਸੀ' ਹੈ ਬਹਿਸ਼ਤ ਇਹ ਗੀਤਾਂ 'ਚ ਵਾਸ ਹੋਣਾ

ਰਸਤੇ ਨਾਲੋ-ਨਾਲ

ਰਸਤੇ ਨਾਲੋ ਨਾਲ ਨੇ ਤੇਰੇ ਮੇਰੇ - ਪਰ ਕੱਠਿਆਂ ਚੱਲਣ ਦੇ ਹੀ ਕਿੱਥੇ ਜੇਰੇ - ਪਰ ਦੀਵੇ ਦੀ ਹਸਤੀ ਨੂੰ ਲੱਖ ਸਲਾਮਾਂ ਸਾਹਿਬ ਕਦ ਮਿਟਦੇ ਨੇ ਸੂਰਜ ਬਾਝ ਹਨੇਰੇ - ਪਰ ਬਾਰਸ਼ ਦੇ ਬੁਰਸ਼ਾਂ ਨੇ ਵਾਹ'ਤੇ ਚਿਤਰ ਅਜੀਬ ਲਿੱਪੇ ਪੋਚੇ ਚਾਵਾਂ ਨਾਲ ਬਨੇਰੇ - ਪਰ ਕਦਮਾਂ ਨੂੰ ਕਦਮਾਂ ਦਾ ਹਾਣੀ ਨਾ ਮਿਲਿਆ ਰਾਹੀ ਤਾਂ ਸਨ ਰਾਹਾਂ ਵਿਚ ਬਥੇਰੇ - ਪਰ ਬੇ-ਘਰ ਕੀਤਾ ਰਾਤਾਂ ਰਾਤ ਦੀ ਰਾਣੀ ਨੂੰ ਉਸ ਤੇ ਵੇਖੇ ਸਨ ਖ਼ਾਬ ਚੰਗੇਰੇ - ਪਰ ਆਪਾਂ ਵੀ ਗਾਏ ਸਨ ਗੀਤ ਮੁਹੱਬਤ ਦੇ ਆਪਣੇ ਵੀ ਸਨ ਕੋਇਲਾਂ ਵਿੱਚ ਬਸੇਰੇ - ਪਰ ਖ਼ੁਸ਼ਬੂ ਦੀ, ਖ਼ੁਸ਼ਬੂ ਦੇ ਬੱਸ ਪੁਜਾਰੀ ਸਾਂ ਲਾਏ ਸਨ, ਲਾਏ ਸਨ, ਬਾਗ਼ੀਂ ਡੇਰੇ - ਪਰ ਪੀਂਘਾਂ ਦਾ ਪਰਛਾਵਾਂ ਵੀ ਨਾ ਮਾਣ ਸਕੇ ਰੁੱਖ ਸਫ਼ੈਦੇ ਦੇ ਉਂਜ ਬਹੁਤ ਲੰਮੇਰੇ - ਪਰ ਖ਼ਬਰੇ ਕਿਸ ਫੇਰੀ ਵਾਲੇ ਦੇ ਦਿਨ ਫਿਰ ਗਏ ਆਪਾਂ ਵੀ ਪਾਉਂਦੇ ਸਾਂ ਓਧਰ ਫੇਰੇ - ਪਰ ਕਾਲ਼ੀ ਬੋਲ਼ੀ ਰਾਤ ਸੀ ਅਪਣੀ ਹਰ ਇਕ ਰਾਤ ਪਿਛਵਾੜੇ ਵੱਸਦੇ ਸਨ ਸੁਰਖ਼ ਸਵੇਰੇ - ਪਰ ਅੱਖੀਆਂ ਰੁਖ਼ਸਤ ਹੋਈਆਂ ਰੋ-ਰੋ ਰਾਤਾਂ ਤੋਂ ਦਿਨ ਨੂੰ ਲੁਕ ਲੁਕ ਦਿਲ ਨੇ ਅੱਥਰੂ ਕੇਰੇ - ਪਰ ਕੁੱਕੜ ਤਾਂ ਵੇਲੇ ਸਿਰ ਬਾਂਗਾਂ ਦੇਂਦੇ ਨੇ ਕੋਝੇ ਕੋਝੇ ਤੇਰੇ ਬਾਝ ਸਵੇਰੇ - ਪਰ ਰੰਗਾਂ ਦੀ ਔਕਾਤ ਸੀ ਤੇਰੇ ਨਾਲ ਹੀ ਬੱਸ ਰੰਗਪੁਰੀਆਂ ਨੇ ਢੇਰਾਂ ਰੰਗ ਬਖ਼ੇਰੇ - ਪਰ ਘੁੰਮਣ ਘੇਰੀ ਵਿੱਚ ਘਿਰੇ ਇਹ 'ਪਰਦੇਸੀ' ਤੋੜ ਤਾਂ ਸਕਦੇ ਸਨ ਭੰਵਰਾਂ ਦੇ ਘੇਰੇ - ਪਰ

ਕ੍ਰਿਸ਼ਨ ਮੁਰਾਰੀ

ਜੰਗਲ ਵਿਚ ਨਾ ਰਾਸ ਰਚਾਓ ਕ੍ਰਿਸ਼ਨ ਮੁਰਾਰੀ ਰਾਧਾ ਦੇ ਘਰ ਨੂੰ ਆ ਜਾਓ ਕ੍ਰਿਸ਼ਨ ਮੁਰਾਰੀ ਵਸਤਰ ਚੋਰੀ ਕਰਨੇ ਨਾਹੁੰਦੀਆਂ ਨਾਰਾਂ ਦੇ ਇਸ ਪੀੜ੍ਹੀ ਨੂੰ ਨਾ ਸਿਖਲਾਓ ਕ੍ਰਿਸ਼ਨ ਮੁਰਾਰੀ ਹਰ ਗੋਪੀ ਸੰਗ ਰਾਸ ਰਚਾਵਣ ਦੀ ਖ਼ਾਤਿਰ ਰੋਜ਼ ਬ੍ਰਿੰਦਾਬਨ ਨਾ ਜਾਓ ਕ੍ਰਿਸ਼ਨ ਮੁਰਾਰੀ ਕਿਸ ਗੋਪੀ ਦੇ ਦਿਲ 'ਤੇ ਕੀ ਕੀ ਬੀਤੇ, ਛੱਡੋ ਤੁਮ ਬਸ ਰੰਗ ਗੁਲਾਲ ਉਡਾਓ ਕ੍ਰਿਸ਼ਨ ਮੁਰਾਰੀ ਕੌਰਵ ਪਾਂਡਵ, ਦੋਵੇਂ ਹੀ ਹਨ ਜੂਏਬਾਜ਼ ਹਰ ਨਾਰੀ ਨੂੰ ਇਹ ਸਮਝਾਓ ਕ੍ਰਿਸ਼ਨ ਮੁਰਾਰੀ ਭੁੱਖ ਦੇ ਮਾਰੇ ਕੁੱਲ ਸੁਦਾਮੇ ਰੱਜ ਜਾਣੇ ਨੇ ਬਸ ਬੰਸੀ ਦੀ ਹੇਕ ਸੁਣਾਓ ਕ੍ਰਿਸ਼ਨ ਮੁਰਾਰੀ ਮਾਮੇ ਹੀ ਨਈਂ 'ਕੰਸ' ਨੇ ਚਾਚੇ ਤਾਏ ਵੀ ਹੁਣ ਗੋਕਲ ਵਾਸੀਆਂ ਨੂੰ ਸਮਝਾਓ ਕ੍ਰਿਸ਼ਨ ਮੁਰਾਰੀ ਅੱਜ ਅਰਜਨ ਦੇ ਤੀਰ ਵੀ ਉਹ ਤੇ ਹੱਥ ਵੀ ਉਹ ਨੇ ਲੱਖ ਭੁਲੇਖੇ ਪਾਲੀ ਜਾਓ ਕ੍ਰਿਸ਼ਨ ਮੁਰਾਰੀ ਫੇਰ ਸੁਦਰਸ਼ਨ ਚੱਕਰ ਕਿਹੜੇ ਕੰਮ ਆਉਣੇ ਨੇ ਛੇਤੀ ਛੇਤੀ ਜੰਗ ਕਰਾਓ ਕ੍ਰਿਸ਼ਨ ਮੁਰਾਰੀ ਹੁਣ ਹਰ ਗੋਪੀ ਨੂੰ ਮਿਲਿਆ ਕਰੋ ਹੋਟਲ ਦੇ ਵਿਚ ਹੁਣ ਨਾ ਗਊਆਂ ਚਾਰਨ ਜਾਓ ਕ੍ਰਿਸ਼ਨ ਮੁਰਾਰੀ ਫਿਰਨ ਦਰੋਪਦੀਆਂ ਬਿਨ ਸਾੜ੍ਹੀ ਤੋਂ 'ਕੌਰਵ ਘਰ' ਕੁਝ ਨਾ ਕਰਿਓ ਵੇਖੀ ਜਾਓ ਕ੍ਰਿਸ਼ਨ ਮੁਰਾਰੀ ਅੱਜ ਦੇ ਸਿਆਸਤਦਾਨ ਨੇ ਸਾਰੇ ਹੂਟਰਬਾਜ਼ ਲੱਖ ਟੱਲੀਆਂ ਖੜਕਾਈ ਜਾਓ ਕ੍ਰਿਸ਼ਨ ਮੁਰਾਰੀ ਸ਼ੇਸ਼ਨਾਗ 'ਪਰਦੇਸੀ' ਜ਼ਹਿਰ ਮਿਲਾਉਂਦੇ ਨਦੀਏਂ ਕੌਤਕ ਦੀ ਨਾ ਆਸ ਲਗਾਓ ਕ੍ਰਿਸ਼ਨ ਮੁਰਾਰੀ

ਕਿੱਥੇ ਅਜੀਤ ਤੇਰਾ

(ਬਚਪਨ ਦੇ ਮਿੱਤਰ, ਪੱਗ ਵੱਟ ਭਰਾ, ਸ. ਅਜੀਤ ਸਿੰਘ ਦੇ ਤੁਰ ਜਾਣ 'ਤੇ ਉਹਨਾਂ ਦੀ ਹਮਸਫ਼ਰ - ਸੁਰਿੰਦਰ ਕੌਰ ਦੇ ਨਾਮ) ਕਿੱਥੇ ਅਜੀਤ ਤੇਰਾ ਕਿੱਥੇ ਹਬੀਬ ਤੇਰਾ ਕਿਸ ਵੇਲੇ ਛਲ ਗਿਆ ਉਫ਼! ਤੈਨੂੰ ਨਸੀਬ ਤੇਰਾ ਕਵਿਤਾ ਦੇ ਵਾਂਗ ਤੈਨੂੰ ਕਰਦਾ ਸੀ ਜੋ ਮੁਹੱਬਤ ਪੌਣਾਂ 'ਚ ਰਲ਼ ਗਿਆ ਏ ਹੁਣ ਉਹ ਅਦੀਬ ਤੇਰਾ ਗੁਲਸ਼ਨ ਨੂੰ ਅਲਵਿਦਾ ਕਹਿ, ਉੱਡੀ ਹੈ ਮਹਿਕ ਪਲ ਵਿਚ ਰੱਬਾ ਅਜਬ ਤੇਰੇ ਰੰਗ, ਪ੍ਰਬੰਧ ਅਜੀਬ ਤੇਰਾ ਯਾਦਾਂ ਦੀ ਪੀੜ ਬਣ ਬਣ ਰਿਸਣੇ ਜੋ ਉਮਰ ਭਰ ਹੀ ਉਹ ਜ਼ਖ਼ਮ ਦੇ ਗਿਆ ਏ ਤੈਨੂੰ ਤਬੀਬ ਤੇਰਾ ਸਦਮੇ ਹੰਢਾਉਣ ਖ਼ਾਤਿਰ ਸਦਮੇ ਸੰਭਾਲ ਰੱਖੀਂ ਭੁੱਲੇਗਾ ਫਿਰ ਕਦੀ ਨਾ ਦਿਲ ਨੂੰ ਹਬੀਬ ਤੇਰਾ ਅੱਖੀਆਂ ਨੇ ਵੇਖੀ ਹੈ ਅੱਜ ਪਾਣੀ 'ਤੇ ਲੀਕ ਵੱਜਦੀ ਛਲਕੇਗਾ ਨੈਣੋਂ ਉਮਰਾਂ ਸਾਗਰ ਰਕੀਬ ਤੇਰਾ ਬਾਕੀ ਦੀ ਯਾਤਰਾ ਹੁਣ ਦੜ ਵੱਟ ਕੇ ਕਰਨੀ ਪੈਣੀ ਕੱਲ੍ਹ ਤੱਕ ਹਸੀਨ ਅੱਜ ਉਹ ਰਸਤਾ ਮੁਹੀਬ ਤੇਰਾ ਕਦਮਾਂ ਦੀ ਆਹਟ ਉਸ ਦੀ ਪਲ ਪਲ ਸੁਣਾਈ ਦੇਣੀ ਸੋਨੂ ਤੇ ਰਾਜੇ ਵਿੱਚੋਂ ਦਿਸਣੈ ਹਬੀਬ ਤੇਰਾ 'ਪਰਦੇਸੀ' ਉਮਰ ਸਾਰੀ ਸਦਮੇ ਹੀ ਤੂੰ ਹੰਢਾਏ ਛੱਡਦਾ ਅਜੇ ਨਾ ਖਹਿੜਾ ਫੁੱਟਿਆ ਨਸੀਬ ਤੇਰਾ

ਨਾ ਕੋਲ ਹੀ ਖਲੋਏ

(ਛੋਟੇ ਵੀਰ, ਮਦਨ ਮੋਹਨ ਫ਼ਿਰੋਜ਼ਪੁਰੀ ਦੇ ਤੁਰ ਜਾਣ 'ਤੇ) ਨਾ ਨਾਲ ਨਾਲ ਚੱਲੇ ਨਾ ਕੋਲ ਹੀ ਖਲੋਏ ਬਸ ਰਿਸ਼ਤਿਆਂ ਦੇ ਸਦਮੇ ਗਲ਼ ਨਾਲ ਲਾ ਕੇ ਰੋਏ ਕਿੰਜ ਗ਼ਾਰ ਕਾਲ਼ੀ ਦਿਸਦੀ ਪਾਣੀ ਦੀ ਤਹਿ ਦੇ ਹੇਠੋਂ ਹਰਿਆਏ ਬੂਰ ਜਦ ਨਾ ਤੈਥੋਂ ਨਿਤਾਰ ਹੋਏ ਚਾਨਣ ਦੀ ਪੰਡ ਬੰਨ੍ਹ ਕੇ ਅੰਦਰ ਲੁਕੋ ਲਈ ਤੂੰ ਜੀਵਨ ਬਤੀਤ ਕੀਤਾ ਬਸ ਜੁਗਨੂੰਆਂ ਦੀ ਲੋਏ ਰਿਸ਼ਤੇ ਤਰਾਸ਼ਦਾ ਤੂੰ ਜਦ ਬੁਤ ਹੀ ਬਣ ਗਿਆ ਖ਼ੁਦ ਰਿਸ਼ਤੇ ਬਲੌਰਾਂ ਵਰਗੇ ਸਭ ਚੂਰ ਚੂਰ ਹੋਏ ਮਨ ਦਾ ਲਿਬਾਸ ਭਾਵੇਂ ਲੱਖ ਪਰਦਿਆਂ 'ਚ ਰੱਖੀਏ ਤਨ ਦੇ ਲਿਬਾਸ 'ਮੋਹਨ' ਜਾਂਦੇ ਨਹੀਂ ਲੁਕੋਏ ਤੂੰ ਬੇ-ਹਿਸਾਬ ਕੀਤੇ ਜੀਵਨ ਦੇ ਲੇਖੇ ਜੋਖੇ ਸਾਰੇ ਹਿਸਾਬ ਤੇਰੇ ਅੱਜ ਬੇ-ਹਿਸਾਬ ਹੋਏ ਕੁਦਰਤ ਦੀ ਖੇਡ ਹੈ ਇਹ, ਕੁਦਰਤ ਦੇ ਰੰਗ ਹਨ ਇਹ ਅੰਬਰ ਉਨ੍ਹਾਂ ਨੂੰ ਚਾਹੇ ਜਿਹਨਾਂ ਨੂੰ ਧਰਤ ਰੋਏ ਤੇਰੇ ਮਜ਼ਾਰ ਉੱਤੇ ਉਹਨਾਂ ਦੀ ਬਾਜ਼ ਅੱਖ ਹੁਣ ਜੋ ਤੇਰੀ ਜਾਨ ਉੱਤੋਂ ਸਨ ਜਾਂ-ਨਿਸਾਰ ਹੋਏ ਪੁੱਤਰ ਤੇ ਪਤਨੀ ਛੱਡ ਕੇ ਜਦ ਤੁਰ ਗਏ ਜਹਾਂ ਤੋਂ ਫਿਰ ਹਾਸਿਆਂ ਦੀ ਨਗਰੀ ਦੇ ਲੋਕ ਰਲ਼ ਕੇ ਰੋਏ ਛੋਟੀ ਹਯਾਤ ਦੀ ਇਹ ਵੱਡੀ ਕਬੀਲਦਾਰੀ ਮਿੱਤਰਾਂ ਦੀ ਪ੍ਰੀਤ ਪਾਈ ਮਿੱਤਰਾਂ ਦੇ ਦਰਦ ਢੋਏ 'ਪਰਦੇਸੀ' ਜਿੰਨੀਆਂ ਮਿਲੀਆਂ ਇਸ ਦੇਸ਼ ਵਿਚ ਸਜ਼ਾਵਾਂ ਐਸੇ ਵੀ ਤਾਂ ਨਹੀਂ ਸਨ ਤੈਥੋਂ ਕਸੂਰ ਹੋਏ

ਕਰਨੈਲ ਸਿੰਘ ਨਿੱਝਰ

ਉਹ ਹੱਸ ਹੱਸ ਕੇ ਹਸਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਮਿਲਣ ਜਦ ਜਦ ਵੀ ਆਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ 'ਸ਼ਿਕੰਡੀ ਦਾ ਸੀ ਛੱਪੜ' ਪਰ 'ਦੁਮੇਲ' ਉਸ ਦੀ ਸੀ ਤਿਰਹਾਈ ਤਰੇਹ ਨੂੰ ਜਲ ਬਣਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ 'ਬਦਲਦੀ ਰੁੱਤ' ਨੂੰ ਦੇ ਕੇ 'ਪਨਾਹ' ਆਗੋਸ਼ ਵਿਚ ਅਪਣੇ ਫ਼ਕਤ ਤਬਦੀਲੀ ਚਾਹੁੰਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਰਿਹਾ ਚਾਨਣ ਖਿੰਡਾਉਂਦਾ ਹੀ ਉਹ ਬਣ ਕੇ 'ਸਰਘੀ ਦਾ ਤਾਰਾ' ਉਹ ਸੁੱਤਿਆਂ ਨੂੰ ਜਗਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਅਜੇਹੇ 'ਠਾਕੀਆਂ ਜੀਭਾਂ' ਨੂੰ ਮਘਦੇ ਬੋਲ ਦਿੰਦਾ ਸੀ ਉਹ ਬੋਲ਼ੇ ਸੁਣਨ ਲਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਨਹੀਂ ਉਸ ਪੁੱਛਿਆ ਇਕ ਦਿਨ ਵੀ 'ਮੇਰਾ ਕੀ ਕਸੂਰ ਹੈ' ਪਰ ਉਹ ਖ਼ੁਦ ਰੁੱਸੇ ਮਨਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਉਹ ਮਿੱਤਰ ਮਿੱਤਰਾਂ ਦਾ ਤਾਂ ਸੀ - ਸੀ ਮਿੱਤਰ ਦੁਸ਼ਮਣਾਂ ਦਾ ਵੀ ਦਿਲਾਂ ਨੂੰ ਸਭ ਦੇ ਭਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਲਿਖੀ ਜੀਵਨ ਕਥਾ ਵੀ ਖ਼ੂਬ 'ਬਾਬਾ ਕਾਹਨ ਦਾਸ' ਉਸ ਨੇ ਮਗਰ ਖੱਬੂ ਕਹਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਪੜ੍ਹੋ ਪੰਜਾਬੀ ਸਭ, ਬੋਲੋ ਲਿਖੋ ਪੰਜਾਬੀਅਤ ਖ਼ਾਤਿਰ 'ਅਲਖ' ਘਰ ਘਰ ਜਗਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਗੁਣਾਂ ਦੀ ਖਾਣ ਸੀ, ਸਾਹਿਤ 'ਚ ਸੀ ਉਹ 'ਬੇ-ਨਜ਼ੀਰ ਮਾਨੁੱਖ' ਇਨਾਮਾਂ ਨੂੰ ਨਾ ਭਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਕੋਈ ਲੇਖਕ ਅਲੇਖਕ ਵਾਂਗ ਜਦ ਕਰਦਾ ਸੀ ਵਰਤਾਰਾ ਬੜਾ ਹੀ ਤਿਲਮਿਲਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਬੜੀ ਤਹਿਜ਼ੀਬ ਰੱਖਦਾ ਸੀ ਕਿਵੇਂ ਮਹਿਫ਼ਿਲ ਜਮਾਉਣੀ ਹੈ ਜਦੋਂ ਪੀਂਦਾ ਪਿਲਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਜਫ਼ਾ ਨੂੰ ਕੱਟ ਕੇ ਰੱਖਣਾ ਵਫ਼ਾ ਨੂੰ ਰੰਗ ਕੇ ਰੱਖਣਾ ਇਹ ਪਰਚਮ ਲਹਿਲਹਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਜੋ ਕਹਿੰਦਾ ਸੀ ਉਹ ਕਰਦਾ ਸੀ, ਜੋ ਕਰਦਾ ਸੀ ਉਹ ਡੰਕੇ ਨਾਲ ਸਰ੍ਹੋਂ ਹੱਥ 'ਤੇ ਜਮਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ ਗਿਐ ਉਸ ਦੇਸ਼ ਹੁਣ ਮੁੜ ਕੇ ਨਾ ਜਿੱਥੋਂ ਆਉਣ 'ਪਰਦੇਸੀ' ਵਤਨ ਦੇ ਗੀਤ ਗਾਉਂਦਾ ਸੀ ਸਦਾ ਕਰਨੈਲ ਸਿੰਘ ਨਿੱਝਰ

ਇਹ ਵੀ ਕਰਮ ਕਮਾਉਣਾ ਸੀ

(ਪਰਮ ਮਿੱਤਰ ਸਿਰਮੌਰ ਸਾਹਿਤਕਾਰ ਤਲਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਬਲਵਿੰਦਰ ਕੌਰ ਦੇ ਤੁਰ ਜਾਣ 'ਤੇ) ਇਹ ਵੀ ਕਰਮ ਕਮਾਉਣਾ ਸੀ ਫੁੱਲਾਂ ਦੇ ਪਿਆਰ ਨੇ ਦਿਲ ਦੀ ਨਦੀ 'ਚ ਪੈਣੇ ਸੀ ਪੱਥਰ ਉਤਾਰਨੇ ਤੁਰ ਜਾਣ ਵਾਲਿਆਂ ਨੂੰ ਇਹ ਹੁੰਦਾ ਹੈ ਕੀ ਪਤਾ ਕਿੰਨੇ ਮੁਹਾਲ ਹੁੰਦੇ ਨੇ ਸਦਮੇ ਸਹਾਰਨੇ ਭੇਜੇ ਦਿਲਾਸਿਆਂ ਨੂੰ ਤਾਂ, ਕਿਸ ਕਿਸ ਨੂੰ ਕੌਣ ਕੌਣ ਹੰਝ ਜਿੰਨੇ ਬਹੁਤੇ ਆਰ ਨੇ ਵੱਧ ਉਸ ਤੋਂ ਪਾਰ ਨੇ ਪਲ ਪਲ ਦੇ ਸਾਥ ਨੂੰ ਇਉਂ ਪਲ ਵਿਚ ਲੈ ਤੁਰ ਗਿਓਂ ਇਕਰਾਰ ਵਾਹ! ਨਿਭਾਇਆ ਤੇਰੇ ਕਰਾਰ ਨੇ ਖ਼ੁਦ ਬਣਗਿਓਂ ਕਹਾਣੀ ਬੁਣਦਾ ਕਹਾਣੀਆਂ ਉੱਡਦਾ ਹੀ ਉੱਡਦਾ ਬੋਚਿਆ ਸ਼ਬਦਾਂ ਦੀ ਡਾਰ ਨੇ ਆਉਣਾ ਮਿਲਣ ਹੈ ਕਰਦਿਆਂ ਉਸ ਨੇ ਹਸੂੰ ਹਸੂੰ ਬਣ ਜਾਣਾ ਇੰਤਜ਼ਾਰ ਸੀ ਬਸ ਇੰਤਜ਼ਾਰ ਨੇ ਮਾਰੂਥਲਾਂ ਦੀ ਤਪਸ਼ ਹੀ ਸਾੜੇਗੀ ਉਮਰ ਭਰ ਹੋਣਾ ਸੀ ਬੇ-ਮੁਹਾਰ ਇੰਜ ਉਸ ਬਾ-ਮੁਹਾਰ ਨੇ ਸੂਲ਼ੀ 'ਤੇ ਟੰਗੇ ਜਾਣ ਦਾ ਹੁਣ ਉਸ 'ਤੇ ਕੀ ਗ਼ਿਲਾ ਡੰਗਿਆ ਨਹੀਂ ਹੈ ਜਾਣ ਕੇ ਉਸ ਜਾਂ-ਨਿਸਾਰ ਨੇ 'ਪਰਦੇਸੀ' ਤਲਵਿੰਦਰ ਜਹੇ ਭਾਲ਼ੇਂਗਾ ਕਿਹੜੇ ਦੇਸ਼ ਦੁਸ਼ਮਣ ਨਾ ਦੁਸ਼ਮਣਾਂ ਦੇ ਜੋ ਯਾਰਾਂ ਦੇ ਯਾਰ ਨੇ

ਰਾਹ ਕੰਡਿਆਲਾ

ਰਾਹ ਕੰਡਿਆਲਾ ਤੁਰਦਾ ਹਾਂ ਫਿਰ ਵੀ ਭੀੜ ਕਹਿਰਾਂ ਦੀ 'ਕੱਲਾ ਹਾਂ ਫਿਰ ਵੀ ਅੱਗ ਅਪਣੀ ਨਹੀਂ ਬਣੀ ਅਪਣੀ ਠੰਢਾ ਯਖ਼ ਹਾਂ ਤੇ ਸੜਦਾ ਹਾਂ ਫਿਰ ਵੀ ਜਿਸ 'ਚ ਡੁੱਬ ਡੁੱਬ ਕੇ ਮਰਿਆਂ ਸੌ ਵਾਰੀ ਝੀਲ ਓਸੇ 'ਚ ਤਰਦਾ ਹਾਂ ਫਿਰ ਵੀ ਇਹ ਪਤੈ ਮਰਨੇ ਵਾਲੇ ਮਿਲਣੇ ਨਾ ਆਸ ਸੁਪਨੇ 'ਤੇ ਰੱਖਦਾ ਹਾਂ ਫਿਰ ਵੀ ਲੈ ਖਾਂ ਵਾਪਸ ਸਰਾਪ ਰੋਣੇ ਦਾ ਹਾਸੇ ਗਿਰਵੀ ਮੈਂ ਧਰਦਾ ਹਾਂ ਫਿਰ ਵੀ ਮੈਂ ਉਹ ਝੱਖੜ ਲੰਘਾਉਣਾ ਸੀ ਆਖ਼ਰ ਸੀ ਮੈਂ ਆਕੜ ਖਾਂ, ਝੁਕਿਆ ਹਾਂ ਫਿਰ ਵੀ ਭਾਵੇਂ ਮਕਸਦ ਤੋਂ ਸਨ ਉਹ ਬੇ-ਮਤਲਬ, ਦੋਸ਼ ਖ਼ੁਦ 'ਤੇ ਮੈਂ ਧਰਦਾ ਹਾਂ ਫਿਰ ਵੀ ਅੰਨ ਬਦਲੇ ਮੈਂ ਜ਼ਹਿਰ ਖਾਂਦਾ ਹਾਂ ਅੰਨਦਾਤਾ ਕਹਾਉਂਦਾ ਹਾਂ ਫਿਰ ਵੀ ਪਾਸਕੂ ਹਨ, ਇਹ ਜਾਣਦਾ ਹੋਇਆ ਹਾੜ੍ਹੀ ਸਾਉਣੀ ਨੂੰ ਤੁਲਦਾ ਹਾਂ ਫਿਰ ਵੀ ਬਹੁਤ ਔਖੀ ਹੈ ਦਿਨ ਕਟੀ ਅੱਜ ਕੱਲ੍ਹ ਖ਼ੁਦ ਨੂੰ ਕੱਟ ਕੱਟ ਕੇ ਕਰਦਾ ਹਾਂ ਫਿਰ ਵੀ ਉਸ ਨੂੰ ਆਖੋ ਉਹ ਪਰਤ ਆਵੇ ਹੁਣ ਜਿੱਤ ਉਹ ਜਾਵੇ ਮੈਂ ਹਰਦਾ ਹਾਂ ਫਿਰ ਵੀ ਮੈਂ ਤੇ ਕੱਲ੍ਹ ਦਾ ਜਵਾਕ ਸਾਂ, ਪਰ ਉਹ? ਆਪਣੀ ਗ਼ਲਤੀ ਮੈਂ ਮੰਨਦਾ ਹਾਂ ਫਿਰ ਵੀ ਬੰਦਾ ਜਾਨਣ ਨਾ ਭਾਵੇਂ ਬੰਦੇ ਨੂੰ , ਦੇਸ਼ ਅਪਣੇ ਦਾ ਬੰਦਾ ਹਾਂ ਫਿਰ ਵੀ ਟੁਕੜੇ-ਟੁਕੜੇ ਜਿਨ੍ਹਾਂ ਨੇ ਕੀਤਾ ਏ ਨਾਲ ਉਹਨਾਂ ਦੇ ਜੁੜਦਾ ਹਾਂ ਫਿਰ ਵੀ ਘਰ ਗਵਾਚਾ ਮੇਰੇ ਵਜੂਦ ਸਣੇ ਜੋ ਨ ਲੱਭਣੈ, ਮੈਂ ਲੱਭਦਾ ਹਾਂ ਫਿਰ ਵੀ ਮੌਤ ਆਉਂਦੀ ਹੈ ਮਰਨੇ ਵਾਲੇ ਨੂੰ ਮਰ ਕੇ ਪਲ ਪਲ ਮੈਂ ਜ਼ਿੰਦਾ ਹਾਂ ਫਿਰ ਵੀ ਧੋ ਨਾ ਕਾਲਖ਼ ਦੇ ਵਾਂਗ 'ਪਰਦੇਸੀ' ਤੇਰੀ ਅੱਖੀਆਂ ਦਾ ਸੁਰਮਾ ਹਾਂ ਫਿਰ ਵੀ

ਲੰਘੇ ਹਾਂ ਘਾਟੀਆਂ

ਜੀਵਨ ਦੇ ਪੰਧ ਵਿਚ ਉਹ ਲੰਘੇ ਹਾਂ ਘਾਟੀਆਂ ਖ਼ੁਸ਼ੀਆਂ ਦੇ ਬਦਲੇ ਹੋਈਆਂ ਹਾਸਿਲ ਉਦਾਸੀਆਂ ਪਹਿਲਾਂ ਤਪਾਇਆ ਰੋਹੀ ਦੇ ਯਾਰਾਂ ਨੇ ਰੱਜ ਕੇ ਪਿੱਛੋਂ ਨਾ ਕਸਰ ਛੱਡੀ ਸਤਲੁਜ ਦੇ ਵਾਸੀਆਂ ਰੋਟੀ ਦੀ ਲੋੜ ਨੱਚ ਰਹੀ ਬੇ-ਪਰਦ ਮੰਚ 'ਤੇ ਐ ਪਰਦੇਦਾਰੋ ਨੱਚੋ ਨਚਾਵੋ ਇਹ ਨਾਚੀਆਂ ਪਰਦੇ ਦੇ ਪਿੱਛੇ ਹੋਰ ਵੀ ਜ਼ਖ਼ਮਾਂ ਦੀ ਭੀੜ ਹੈ ਘਬਰਾ ਗਏ ਕਿਉਂ ਵੇਖ ਕੇ ਦੋ ਚਾਰ ਝਾਕੀਆਂ ਬਾ-ਇਹਤਰਾਮ ਜ਼ਿੰਦਗੀ ਬੇ-ਇਹਤਰਾਮ ਹੈ ਹੁਣ ਲੋੜਵੰਦਾਂ ਨੂੰ ਕਦੇ ਲੋੜਾਂ ਨਾ ਭਾਸੀਆਂ ਕਾਲ਼ੀ ਸਿਆਹ ਹੋ ਗਈ ਰਾਤਾਂ ਦੀ ਚਾਨਣੀ ਜਦ ਪਹੁ-ਫੁਟਾਲੇ ਤੀਕ ਵੀ ਪੌਹਾਂ ਨਾ ਪਾਟੀਆਂ ਕੰਡਿਆਂ ਦੀ ਗੱਲ ਛੱਡ ਇਹ ਐਨਾ ਤਾਂ ਯਾਦ ਰੱਖ ਦਿੱਤਾ ਹੈ ਸਾਥ ਕਿਸ ਤਰ੍ਹਾਂ ਮਲ੍ਹਿਆਂ ਤੇ ਝਾੜੀਆਂ ਧਰਤੀ ਨੂੰ ਲੀਰੋ ਲੀਰ ਹੈ ਕੀਤਾ ਉਨ੍ਹਾਂ ਨੇ ਹੀ ਸੀ ਆਸ ਜਿਹੜੇ ਲਾਉਣਗੇ ਅੰਬਰ ਨੂੰ ਟਾਕੀਆਂ ਮਜ਼ਬੂਤ ਸਾਂ ਬਹੁਤ ਹੀ ਟੁੱਟਿਆ ਹਾਂ ਇਸ ਲਈ ਧੋਖੇ ਦੇ ਨਾਲ ਤੋੜਿਆ ਅਪਣੇ ਹੀ ਸਾਥੀਆਂ ਗਲ਼ ਤੀਕ ਡੁੱਬ ਗਿਆ ਸਾਂ ਸੋਚਾਂ ਦੇ ਸਾਗਰੀਂ ਰੇਤੇ 'ਚ ਫ਼ੁਦਕ ਫ਼ੁਦਕ ਜਾਂ ਚਿੜੀਆਂ ਨਹਾਤੀਆਂ 'ਪਰਦੇਸੀ' ਬਣਦਾ ਹੈ ਉਹ ਕਵਿਤਾ ਦਾ ਸ਼ਾਹਸਵਾਰ ਜਿਹੜਾ ਹੈ ਪਉਣਾ ਜਾਣਦਾ ਸ਼ਬਦਾਂ 'ਤੇ ਕਾਠੀਆਂ

ਬੋਦੀ ਵਾਲਾ ਤਾਰਾ

ਗਲ਼ੀਆਂ ਮੋੜਾਂ ਦੇ ਮੱਥਿਆਂ 'ਤੇ ਪੀੜਾਂ ਦਾ ਲਿਸ਼ਕਾਰਾ ਮੇਰੇ ਪਿੰਡ ਹੁਣ ਨਿੱਤ ਹੀ ਚੜ੍ਹਦੈ ਬੋਦੀ ਵਾਲਾ ਤਾਰਾ ਕਣੀਆਂ ਰੁੱਤੇ ਲੋਅ ਝੱਲੀ ਬਰਫ਼ਾਨੀ ਰੁੱਤੇ ਕਣੀਆਂ ਜੀਵਨ ਭਰ ਹੀ ਮਿਲਿਆ ਅਕਸਰ ਮੌਸਮ ਬੇਇਤਬਾਰਾ ਰੰਗ ਬਰੰਗੀ ਇਸ ਬਸਤੀ ਵਿਚ ਮਹਿਲਾਂ ਦੇ ਵਾਸੀ ਵੀ ਹੇ-ਰੱਬ! ਜ਼ਿਹਨ ਗਲ਼ੀਏਂ ਮਿੱਧਦੇ ਰਹਿੰਦੇ ਮਣ-ਮਣ ਗਾਰਾ ਫਿਰ ਨਾ ਹੁੰਦਾ ਤਾਪ ਮਿਆਦੀ ਸਾਡੀ ਸੋਚ ਦੀ ਦੇਹ ਨੂੰ ਜੇਕਰ ਵਕਤ 'ਤੇ ਕਾਬੂ ਕਰਦੇ ਵਧਦਾ ਜਾਂਦਾ ਪਾਰਾ ਉਹਨਾਂ ਦੇ ਖ਼ਾਬਾਂ ਵਿਚ ਵਸਦੇ - ਝੀਲਾਂ ਵਰਗੇ ਸੁਪਨੇ ਸਾਡੇ ਮੱਥੇ ਵਗਦੀ ਰੇਤ ਦੀ ਰੇਗਿਸਤਾਨੀ ਧਾਰਾ ਨਹਿਰ ਕਿਨਾਰੇ ਦੇ ਨਲਕੇ ਦਾ ਛੱਡ ਕੇ ਮਿੱਠਾ ਪਾਣੀ ਕੀ ਖੱਟਿਆ ਅਪਣਾ ਕੇ ਦੱਸ ਵਿਸ਼ਾਲ ਸਮੁੰਦਰ ਖ਼ਾਰਾ ਵੇਲੇ ਨਾਲ ਨੁਹਾਇਆ ਨਾ ਵੇਲੇ ਸਿਰ ਪਿਆਸ ਬੁਝਾਈ ਛੱਪੜ ਵਿਚ ਫਿਰ ਵੜਨਾ ਹੀ ਸੀ ਵੱਗ ਸਾਰੇ ਦਾ ਸਾਰਾ ਕਰਨੀ ਪੈਣੀ ਆਪੋ ਆਪਣੀ ਸਭ ਨੂੰ ਚਾਰਾਜ਼ੋਈ ਨਾਲ ਹੀ ਕਰਨਾ ਪੈਣਾ ਸਾਨੂੰ ਚਾਰਾਗ਼ਰ ਦਾ ਚਾਰਾ ਫੁੱਲਾਂ ਵਰਗੇ ਪਲ ਉਹਨਾਂ ਦੀ ਝੋਲ਼ੀ ਦੇ ਵਿਚ ਪਾ ਕੇ ਸਾਰੀ ਉਮਰ ਉਠਾਇਆ ਹਰ ਪਲ ਪਰਬਤ ਤੋਂ ਵੀ ਭਾਰਾ ਗੀਤ ਸਿਆਲਾਂ ਦੀ ਦੁਨੀਆ ਦੇ ਉਡ ਗਏ ਤੂੰਬੇ ਬਣ ਕੇ ਤੂੰਬੀ ਦੀ ਦੁਨੀਆ 'ਚੋਂ ਉਡਦਾ ਜਾਂਦੈ ਤਖ਼ਤ ਹਜ਼ਾਰਾ 'ਪਰਦੇਸੀ' ਪਰਦੇਸੀਂ ਵੱਸੀਏ ਭਾਵੇਂ ਲੱਖੀਂ ਰੰਗੀਂ ਆਪਣੇ ਮੁਲਕ ਦੇ ਝੰਡੇ ਦਾ ਹੀ ਲੱਗਦੈ ਰੰਗ ਪਿਆਰਾ

ਆਪਣੀ ਹੀ ਛਾਂ ਬੜੀ ਹੈ

ਧੁੱਪ ਜ਼ੁਲਮ ਦੀ ਇਹ ਧੁੱਪੇ ਇਸ ਵਾਸਤੇ ਖੜ੍ਹੀ ਹੈ ਅਪਣੇ ਲਈ ਤਾਂ ਇਸ ਨੂੰ ਅਪਣੀ ਹੀ ਛਾਂ ਬੜੀ ਹੈ ਸੱਚ ਹੈ ਹਨੇਰ ਇਸ ਨੇ ਇਕ ਵਾਰ ਤਾਂ ਹੈ ਪਾਉਣਾ ਇਹ 'ਕਾਲ਼ੀ ਬੋਲ਼ੀ ਨ੍ਹੇਰੀ' ਪੱਛਮ ਤੋਂ ਜੋ ਚੜ੍ਹੀ ਹੈ ਬਰਸਾਤ ਵਿਚ ਵੀ ਸੜਦੇ ਬਲ਼ਦੇ ਘਰੀਂ ਹਾਂ ਜਾਂਦੇ ਮੌਸਮ ਦੀ ਬਦ-ਮਿਜ਼ਾਜੀ ਭਾਰਤ 'ਚ ਆ ਵੜੀ ਹੈ ਛੱਡੋ ਸਿਤਮ ਜ਼ਰੀਫ਼ੀ, ਹਰਗ਼ਿਜ਼ ਨਹੀਂ ਜੀ ਹਰਗ਼ਿਜ਼ ਹੈ ਗ਼ੁਲਾਮ ਦੀ ਗੁਜ਼ਾਰਿਸ਼ ਸਰਕਾਰ ਦੀ ਤੜੀ ਹੈ ਫਿਰ ਵੀ ਨੇ ਗਿੱਧਾ ਪਾਉਂਦੇ ਕੈਦੀ ਮੁਹੱਬਤਾਂ ਦੇ ਪੈਰਾਂ 'ਚ ਬੇੜੀਆਂ ਨੇ ਹੱਥਾਂ 'ਚ ਹੱਥਕੜੀ ਹੈ ਨਾ ਚੇਨ ਖਿੱਚ ਕੇ ਲਾ ਹੁਣ ਬਿਨ ਟੇਸ਼ਨੋਂ ਬਰੇਕਾਂ ਰਫ਼ਤਾਰ ਜ਼ਿੰਦਗੀ ਨੇ ਰੁਕ ਰੁਕ ਮਸਾਂ ਫੜੀ ਹੈ ਜ਼ੁਲਫ਼ਾਂ ਦੀ ਓਟ ਵਿਚ ਹੈ ਅੱਖੀਆਂ ਦੀ ਆਬਸ਼ਾਰੀ ਰੁੱਤਾਂ ਦਾ ਜ਼ੁਲਮ ਹੈ ਇਹ ਬੇ-ਮੌਸਮੀ ਝੜੀ ਹੈ ਹੁਣ ਬੁਜ਼ਦਿਲੀ ਕਹੋ ਜਾਂ ਫਿਰ ਕਾਇਰਤਾ ਕਹੋ ਹੁਣ ਇਹ ਸੜਨ ਵਾਲੀ ਜਾਣੇ ਕਿਸ ਵਾਸਤੇ ਸੜੀ ਹੈ ਸ਼ੀਸ਼ੇ 'ਤੇ ਠੂੰਗਿਆਂ ਦਾ ਅਹਿਸਾਸ ਉਹ ਕੀ ਜਾਣੇ ਸੂਰਤ ਚਿੜੀ ਦੀ ਜਿਸ ਨੇ ਸ਼ੀਸ਼ੇ ਦੇ ਵਿਚ ਮੜ੍ਹੀ ਹੈ ਅਹਿਸਾਸ ਕਾਲਖ਼ਾਂ ਨੂੰ ਹੋਣਾ ਸੀ ਹੋ ਗਿਆ ਏ ਬਸਤੀ ਹੈ ਜੁਗਨੂੰਆਂ ਦੀ ਚਾਨਣ ਦੀ ਇਹ ਲੜੀ ਹੈ 'ਪਰਦੇਸੀ' ਉਸ ਨੂੰ ਦੱਸੀਂ ਜਦ ਵੀ ਮਿਲੇ ਰਾਜਿੰਦਰ ਭਾਵੇਂ ਇਹ ਆਖ਼ਰੀ ਹੈ ਪਰ ਕੀਮਤੀ ਘੜੀ ਹੈ

ਤੁਹਮਤ ਲਾਈ ਹੈ

ਧੁੱਪਾਂ ਫਿਰ ਮੇਰੇ 'ਤੇ ਤੁਹਮਤ ਲਾਈ ਹੈ ਇਹ ਬੰਦਾ ਤਾਂ ਛਾਵਾਂ ਦਾ ਸ਼ੈਦਾਈ ਹੈ ਮਾਣ ਰਹੇ ਨੇ ਰੁਤਬੇ ਨੂੰ , ਉਹ ਕੀ ਜਾਣਨ ਕੀ ਜਾਣਨ ਉਹ ਕੀ ਹੁੰਦੀ ਰੁਸਵਾਈ ਹੈ ਸਾਣ 'ਤੇ ਲਾ ਕੇ ਰੱਖਦਾ ਹੈ ਜੋ ਖ਼ੰਜਰ ਨੂੰ ਸੱਚੀ ਗੱਲ ਹੈ ਉਹ ਮੇਰਾ ਹੀ ਭਾਈ ਹੈ ਪੱਕੇ ਪੀਡੇ ਰਿਸ਼ਤੇ ਜਿੱਥੋਂ ਉਧਲ਼ ਗਏ ਅਪਣੀ ਉੱਥੇ ਹੁਣ ਵੀ ਆਵਾਜਾਈ ਹੈ ਝੱਖੜ ਦੇ ਆਸਾਰ ਨਹੀਂ ਸਨ ਸਾਰਾ ਦਿਨ ਆਲ੍ਹਣਿਆਂ ਦੀ ਸ਼ਾਮਤ ਸ਼ਾਮੀਂ ਆਈ ਹੈ ਬੀਜ ਕਪਾਹਾਂ ਖੱਦਰ ਨੂੰ ਵੀ ਤਰਸਣਗੇ ਚਰਖ਼ੇ ਵਾਲਿਆਂ ਚਰਖ਼ੀ ਇੰਜ ਘੁੰਮਾਈ ਹੈ ਝੰਡੇ, ਚੋਲ਼ੇ, ਪੱਗਾਂ, ਟੋਪੀ, ਹੈਰਤ ਵਿਚ ਐਨੇ ਜ਼ੋਰਾਂ 'ਤੇ ਕਿਉਂ ਰੰਗ ਰੰਗਾਈ ਹੈ ਚੇਅਰਮੈਨੀ ਆਪ ਵਜ਼ੀਰੀ ਘਰ ਦੀ ਨੂੰ ਆਪਣੇ ਘਰ, ਮੈਂ ਵੀ ਸਰਕਾਰ ਬਣਾਈ ਹੈ ਸੱਤ ਇਕਵੰਜੈ ਜੇ ਦੋ ਦੂਣੀ ਪੰਜ ਨਹੀਂ ਬਸ ਹੁਣ ਅੱਲ੍ਹਾ ਬੇਲੀ ਰਾਮ ਦੁਹਾਈ ਹੈ ਬਾਕੀ ਕਰਤੂਤਾਂ ਵੀ ਦੱਸੂੰ ਫੇਰ ਕਿਤੇ ਚਾਲੇ ਪਾਈਏ ਦੇਗ਼ ਗਈ ਵਰਤਾਈ ਹੈ ਜਿੰਨਾ ਉੱਚੀ ਹੱਸਦਾ ਹੈ ਇਹ 'ਪਰਦੇਸੀ' ਓਨੀ ਡੂੰਘੀ ਦਿਲ ਵਿਚ ਪੀੜ ਦਬਾਈ ਹੈ

ਚਿੜੀਆਂ ਚੂਕਦੀਆਂ

ਉੱਠੋ ਬਰਖ਼ੁਰਦਾਰ ਇਹ ਚਿੜੀਆਂ ਚੂਕਦੀਆਂ ਸੁੱਤੇ ਓ ਘੇਸਲ ਮਾਰ ਇਹ ਚਿੜੀਆਂ ਚੂਕਦੀਆਂ ਦੂਸ਼ਤ ਦਾਣਾ ਪਾਣੀ ਦੂਸ਼ਤ ਪੌਣ ਵਗੇ ਜੀਣਾ ਹੈ ਦੁਸ਼ਵਾਰ ਇਹ ਚਿੜੀਆਂ ਚੂਕਦੀਆਂ ਚੋਗਾ ਮੰਗਦੇ ਪੰਛੀ ਖੰਭ ਖਿਚਵਾਉਂਦੇ ਨੇ ਰੁੱਖ ਰੁੱਖ ਠਾਣੇਦਾਰ ਇਹ ਚਿੜੀਆਂ ਚੂਕਦੀਆਂ ਚੋਗਾ ਵੀ ਰਾਖੀ ਵੀ ਬੇ-ਪਰ ਬੋਟਾਂ ਦੀ ਸ਼ਿਕਰੇ ਬੇ-ਇਤਬਾਰ ਇਹ ਚਿੜੀਆਂ ਚੂਕਦੀਆਂ ਧਨਵਾਨਾਂ ਦੀ ਕੁਰਸੀ ਖ਼ਾਤਰ ਰੁੱਖ ਉੱਜੜੇ ਉੱਜੜ ਗਏ ਘਰ-ਬਾਰ ਇਹ ਚਿੜੀਆਂ ਚੂਕਦੀਆਂ ਨਸ਼ਿਆਂ ਦੀ ਪੂਜਾ ਨੇ ਪ੍ਰੀਤ ਪੁਜਾਰੀ ਦੀ ਦਿੱਤੀ ਹੈ ਮੱਤ ਮਾਰ ਇਹ ਚਿੜੀਆਂ ਚੂਕਦੀਆਂ ਧਰਮ ਸਥਾਨੀਂ ਫ਼ਿਲਮੀ ਤਰਜ਼ਾਂ ਭਗਤ ਜਨੋਂ ਆਥਣ, ਤੜਕੇਸਾਰ ਇਹ ਚਿੜੀਆਂ ਚੂਕਦੀਆਂ ਗੀਤਾਂ ਗਲ਼ ਅੰਗੂਠਾ ਦੇ'ਤਾ ਗਾਲ੍ਹਾਂ ਨੇ ਵਿਲ੍ਹਕੇ ਸੱਭਿਆਚਾਰ ਇਹ ਚਿੜੀਆਂ ਚੂਕਦੀਆਂ ਦਹਿਸ਼ਤ ਜਿਹੜੇ ਪਾਉਣ ਗੋਪੀਏ ਇਸ ਪਾਸੇ ਉਹੀਓ ਪਰਲੇ ਪਾਰ ਇਹ ਚਿੜੀਆਂ ਚੂਕਦੀਆਂ ਡਰਨੇ ਕੋਲੋਂ ਡਰ ਡਰ ਉਮਰ ਗੁਜ਼ਾਰ ਲਈ ਉਹ ਨ ਨਰ ਸੀ ਨ ਨਾਰ ਇਹ ਚਿੜੀਆਂ ਚੂਕਦੀਆਂ ਚਿੜੀਆਂ ਦੀ ਚੂੰ-ਚੂੰ 'ਪਰਦੇਸੀ' ਕੌਣ ਸੁਣੇ ਬੋਲ਼ੀ ਹਰ ਸਰਕਾਰ ਇਹ ਚਿੜੀਆਂ ਚੂਕਦੀਆਂ

ਸੂਹੇ ਗੁਲਾਬ ਦਿਲ ਦੇ

(ਤੇਜੀ ਤੇ ਅੰਮੂ ਦੇ ਨਾਂ) 'ਮਹਿਕਾਂ' ਖਿੰਡਾ ਰਹੇ ਨੇ ਸੂਹੇ ਗੁਲਾਬ ਦਿਲ ਦੇ ਸੁਪਨੇ ਸਾਕਾਰ ਹੋਏ ਅੱਜ ਬੇ-ਹਿਸਾਬ ਦਿਲ ਦੇ 'ਤੇਜੀ' ਤੇ 'ਅੰਮੂ' ਦੋਵੇਂ ਚਾਨਣ ਦੇ ਹਨ ਜ਼ਖ਼ੀਰੇ ਮੀਨਾਰ ਰੌਸ਼ਨੀ ਦੇ ਇਹ ਮਾਹਤਾਬ ਦਿਲ ਦੇ ਪ੍ਰੀਤਾਂ ਦੇ ਪੱਤਣਾਂ 'ਤੇ ਲਹਿਰਾਂ ਦੇ ਵੇਗ ਵਿਗਸਣ ਅਠਖੇਲੀਆਂ ਨੇ ਕਰਦੇ ਅੱਜ-ਕੱਲ੍ਹ ਚਨਾਬ ਦਿਲ ਦੇ ਪਿਆਰਾਂ ਦੇ ਬਾਦਸ਼ਾਹਾਂ ਦੀ ਜਦ ਵੀ ਗੱਲ ਤੁਰੇਗੀ ਆਖਣਗੇ ਲੋਕ ਸਾਰੇ ਇਹ ਹਨ ਨਵਾਬ ਦਿਲ ਦੇ ਹੱਸਣਾ ਹਸਾਉਣਾ ਨੱਚਣਾ ਗਾਉਣਾ ਤੇ ਭੰਗੜੇ ਪਾਉਣੇ ਅੱਖੀਆਂ ਸਜਾ ਲਏ ਨੇ ਕਿੰਨੇ ਖ਼ਵਾਬ ਦਿਲ ਦੇ ਨੱਚੀ ਤੇ ਗਾਈ ਜਾਵੇ ਹੁਣ ਬੇ-ਖ਼ੁਦੀ 'ਚ ਖ਼ੁਦ ਹੀ ਵੇਖੇ ਨਹੀਂ ਸੀ ਪਹਿਲਾਂ ਇਹ ਇਨਕਲਾਬ ਦਿਲ ਦੇ ਉਲਫ਼ਤ ਦੇ ਬੱਦਲਾਂ ਦੀ ਵਾਛੜ ਨੇ ਛੇੜੀ ਕੰਬਣੀ ਅੱਖੀਆਂ ਕਬੂਲ ਕੀਤੇ ਸਭ ਰੋਅਬ-ਦਾਬ ਦਿਲ ਦੇ ਮਦਹੋਸ਼ੀਆਂ ਦਾ ਆਲਮ ਹਨ ਨੀਮ-ਬਾਜ਼ ਅੱਖੀਆਂ ਨੈਣਾਂ 'ਚ ਤਰ ਰਹੇ ਨੇ ਖਿੜ ਖਿੜ ਗੁਲਾਬ ਦਿਲ ਦੇ ਖ਼ੁਸ਼ਬੂ ਜਦੋਂ ਵੀ ਦਿਲ ਦੇ ਵਿਹੜੇ 'ਚ ਪੈਲ ਪਾਉਂਦੀ ਮੋਰਾਂ ਨੂੰ ਮਾਤ ਪਾਉਂਦੇ ਉਸ ਪਲ ਸ਼ਬਾਬ ਦਿਲ ਦੇ ਦਿਲ ਦੀ ਕਚਹਿਰੀ ਹੋਵੇ 'ਪਰਦੇਸੀ' ਬਹਿਸ ਗੂੰਗੀ ਗੂੰਗੇ ਸਵਾਲ ਨੈਣੀਂ ਗੂੰਗੇ ਜਵਾਬ ਦਿਲ ਦੇ

ਬਾਤਾਂ ਵਿੱਚੋਂ ਬਾਤ

ਜੇ ਕੱਢੋ ਤਾਂ ਨਿਕਲਦੀ ਬਾਤਾਂ ਵਿੱਚੋਂ ਬਾਤ ਬੱਦਲ ਏਧਰ ਗਰਜਦੇ ਤੇ ਓਧਰ ਬਰਸਾਤ ਬਸ ਦਿਲ ਦੇ ਕਮਜ਼ੋਰ ਸਾਂ ਤਾਂ ਹੀ ਖਾ ਗਏ ਮਾਤ ਓਸੇ ਪਲ ਨਾ ਆਖਿਆ, ਚੱਕ ਆਪਣੀ ਸੌਗ਼ਾਤ ਮੱਸਿਆ ਹੱਥੋਂ ਮੰਨ ਲਈ ਪੂਰਨਮਾਸ਼ੀ ਹਾਰ ਬਹੁੜੀ, ਤਾਰੇ ਗਿਣਦਿਆਂ ਨਾ ਬਹੁੜੀ ਪਰਭਾਤ ਬੇ-ਸੁਰਿਆਂ ਦੇ ਬੁੱਲ੍ਹ ਸਨ ਬੇ-ਸੁਰਿਆਂ ਦੇ ਹੱਥ ਫੇਰ ਕਿਵੇਂ ਨਾ ਵੰਝਲੀ ਕਰਦੀ ਆਤਮਘਾਤ ਮਾਣ ਨਾ ਸਕਦੇ ਰੂਪ ਨੂੰ ਵੇਖ ਨਾ ਸਕਦੇ ਰੰਗ ਕੀ ਅੰਨਿ੍ਹਆਂ ਨੂੰ ਐਨਕਾਂ ਦਿਨ ਹੋਵੇ ਜਾਂ ਰਾਤ ਵਸਦੇ ਰਸਦੇ ਰਹਿਣ ਦੀ ਪਲ ਪਲ ਮੰਗੀਏ ਖ਼ੈਰ ਬੇ-ਘਰ ਕਰੀਏ ਦਰਦ ਨੂੰ ਕੀ ਸਾਡੀ ਔਕਾਤ ਧੂੰਆਂ-ਧੂੰਆਂ ਅੱਖੀਆਂ ਹੋਈਆਂ ਧੂਣੀ ਨਾਲ ਉਸ ਨੂੰ ਭਾਲਣ ਵਾਸਤੇ ਦਿਲ ਵਿਚ ਮਾਰੀ ਝਾਤ ਮਨ ਦੇ ਸੁੰਨੇ ਜੰਗਲੀਂ, ਭੱਖੜੇ, ਥੋਹਰ, ਕਰੀਰ, ਕੰਡਿਆਂ ਦੇ ਵਿਚ ਸਿਸਕਦੇ ਮਹਿਕਾਂ ਦੇ ਜਜ਼ਬਾਤ ਨਾ ਹੀ ਝੜੀਆਂ ਲੱਗੀਆਂ ਨਾ ਹੀ ਨੱਚੇ ਮੋਰ ਰੰਗ ਬਦਲ ਗਏ ਉਮਰ ਦੇ ਬਦਲੇ ਨਾ ਹਾਲਾਤ ਤਿਲਕਣਬਾਜ਼ੀ ਰੂਹ ਦੀ ਰੋਕ ਸਕੀ ਨਾ ਜਿੰਦ ਦਿਲ ਦੇ ਵਿਚ ਸਨ ਮੋਰੀਆਂ ਨੈਣਾਂ ਵਿਚ ਬਰਸਾਤ ਕੱਚੇ ਪੱਕੇ ਰੰਗ ਦੀ ਬਹੁਤ ਔਖੀ ਪਹਿਚਾਣ 'ਪਰਦੇਸੀ' ਇਸ ਦੇਸ਼ ਵਿਚ ਰੰਗਾਂ ਦੀ ਬਹੁਤਾਤ

ਤਾਜ ਬਦਲ ਗਏ

ਤਖ਼ਤ ਬਦਲ ਗਏ ਤਾਜ ਬਦਲ ਗਏ ਹਮਰਾਹੀ, ਹਮਰਾਜ਼ ਬਦਲ ਗਏ ਨਾ ਤੁਰ੍ਹਲੇ ਨਾ ਤੁਰ੍ਹਲਿਆਂ ਵਾਲੇ ਪਿੰਡ ਦੇ 'ਸਰ-ਅਫ਼ਰਾਜ਼'1 ਬਦਲ ਗਏ ਜਦ ਦਿਲਰਾਜ ਰਿਹਾ ਨਾ ਕੋਈ ਫਿਰ ਅਪਣੇ ਦਿਲਰਾਜ ਬਦਲ ਗਏ ਜਾਦੂ ਦੀ ਮਾਇਆ ਨਗਰੀ ਦੇ ਸਾਰੇ 'ਸਿਹਰ-ਤਰਾਜ਼'2 ਬਦਲ ਗਏ ਬਾਜ਼ਾਂ ਵਾਲਿਆ ਚਿੜੀਆਂ ਸੋਚਣ ਅੰਬਰੀਂ ਚੜ੍ਹ ਕਿਉਂ ਬਾਜ਼ ਬਦਲ ਗਏ ਦਰਵੇਸ਼ਾਂ ਦੀ ਸੰਗਤ ਵਿੱਚੋਂ ਸਭ ਦਰਵੇਸ਼ੀ ਸਾਜ਼ ਬਦਲ ਗਏ ਦੁਨੀਆ ਨੂੰ ਬਦਲਣ ਵਾਲੇ ਖ਼ੁਦ ਵਕਤ ਦੇ ਸੁਖ਼ਨ-ਤਿਰਾਜ਼3 ਬਦਲ ਗਏ ਹਿਕਮਤ ਸੀ ਸੰਤਾਂ ਦਾ ਧੂਣਾਂ ਹੁਣ ਸਾਧਾਂ ਦੇ 'ਲਾਜ਼ ਬਦਲ ਗਏ ਤੂਫ਼ਾਨਾਂ ਸੰਗ ਜੂਝਣ ਵਾਲੇ ਪੌਣ ਵਗੀ ਪਰਵਾਜ਼ ਬਦਲ ਗਏ ਅੱਖਰਾਂ ਦੀ ਅੱਖਰਤਾ ਕਰਕੇ ਕਵਿਤਾਵਾਂ ਦੇ ਨਾਜ਼ ਬਦਲ ਗਏ ਤੂੰ ਪਰਦੇਸੀ ਦਾ 'ਪਰਦੇਸੀ' ਦੁਨੀਆਂ ਦੇ ਅੰਦਾਜ਼ ਬਦਲ ਗਏ 1. ਸਰ-ਅਫ਼ਰਾਜ਼ = ਉੱਚੇ ਰੁਤਬੇ ਵਾਲੇ, ਆਕੜ ਖਾਂ 2. ਸਿਹਰ-ਤਰਾਜ਼ = ਜਾਦੂਗਰ 3. ਸੁਖ਼ਨ-ਤਿਰਾਜ਼ = ਮਿੱਠ ਬੋਲੜਾ, ਚੰਗਾ ਬੁਲਾਰਾ, ਸ਼ਾਇਰ

ਸਾਹਾਂ ਨਾਲ ਧਰੋ

ਸਾਹਾਂ ਨੇ ਹੈ ਕਰ ਲਿਆ ਸਾਹਾਂ ਨਾਲ ਧਰੋ ਨਾ ਸੰਦਲ ਤੇ ਨਾ ਰਹੀ ਸੰਦਲ ਦੀ ਖ਼ੁਸ਼ਬੋ ਇਹਨਾਂ ਦੀਆਂ ਰਾਣੀਆਂ ਦੀ ਵਧਦੀ ਰਹਿਣੀ ਪਿਆਸ ਕਿਹੜੀ ਗੱਲੋਂ ਰਾਜਿਆਂ ਦਾ ਪਾਣੀ ਭਰਦੇ ਹੋ ਗੀਤਾਂ ਵਿਚ ਦੀ ਵਿਚਰ ਕੇ ਸੰਗੀਤਕ ਰੱਖ ਕੇ ਰੂਹ ਮੰਜ਼ਿਲ 'ਤੇ ਹਨ ਪਹੁੰਚਦੇ ਤੁਰਦੇ ਰਹਿੰਦੇ ਜੋ ਘੁੰਗਰੂਆਂ 'ਚੋਂ ਜ਼ਿੰਦਗੀ ਜਿਹੜੇ ਲੈਂਦੇ ਵੇਖ ਨੱਚਣ ਖ਼ਾਤਰ ਜ਼ਿੰਦਗੀ ਦਾਅ 'ਤੇ ਲਾਉਂਦੇ ਓਹ ਕਹਿਣ ਨੂੰ ਹੁੰਦੇ ਹੋਣਗੇ ਦਿਲ ਨੂੰ ਦਿਲ ਦੇ ਰਾਹ ਅਪਣੇ ਤਾਂ ਹਰ ਮੋੜ 'ਤੇ ਹੋਇਆ ਹੈ ਵਿਦਰ੍ਹੋ ਥੱਰ-ਥਰਾਈਆਂ ਬੁੱਲ੍ਹੀਆਂ ਅੱਖੀਆਂ ਲਈਆਂ ਮੀਟ ਐਨਾ ਵੀ ਨਾ ਕਹਿ ਸਕੇ ਦੋ ਪਲ ਹੋਰ ਖਲੋ ਪਹਿਲਾਂ ਭਰ ਭਰ ਡੁੱਲ੍ਹੀਆਂ ਸਾਵਣ ਦੇ ਦਰਬਾਰ ਭਰ ਛਲਕਾਏ ਅੱਖੀਆਂ ਫਿਰ ਭਾਦੋਂ ਦੇ ਚੋ ਰੂਹਾਂ ਨੇ ਗਲ਼ਵੱਕੜੀ ਪਾਈ ਨਾ ਇਕ ਵਾਰ ਸਾਰੀ ਉਮਰਾ ਹੀ ਰਹੇ ਆਪਾਂ ਦੋ ਦੇ ਦੋ ਨਾ ਨੇੜੇ ਨਾ ਦੂਰ ਹਾਂ ਨਾ ਮਰਨਾ ਨਾ ਜਿਉਣ ਇਸ ਤੋਂ ਵਧ ਕੇ ਹੋਰ ਕੀ ਆਉਣੀ ਸੀ ਪਰਲੋ ਜੁੜ ਸਕਦੀ ਹੈ ਟੁੱਟ ਕੇ ਹੁਣ ਭਾਵੇਂ ਹਰ ਚੀਜ਼ ਫਿਰ ਵੀ ਆਪਾਂ ਜੀ ਰਹੇ ਹਾਂ ਟੁਕੜੇ ਟੁਕੜੇ ਹੋ ਖ਼ੂਬ ਕਮਾਈਆਂ ਕੀਤੀਐਂ ਖਾਧਾ ਪੀਤੈ ਖ਼ੂਬ ਹੁਣ 'ਪਰਦੇਸੀ' ਆਪਣੇ ਭਾਂਡੇ ਟੀਂਡੇ ਧੋ

ਨਾ ਏਧਰ ਨਾ ਓਧਰ ਹੁਣ

ਪਹਿਲਾਂ ਵਾਂਗੂੰ ਹੱਸ ਹੱਸ ਮਿਲਣਾ ਨਾ ਏਧਰ ਨਾ ਓਧਰ ਹੁਣ ਪਿਆਰ ਮੁਹੱਬਤ ਦਾ ਉਹ ਜਜ਼ਬਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਲੰਮੀਆਂ ਲੰਮੀਆਂ ਬਾਤਾਂ ਪਾਉਣਾ ਸਾਰੀ ਰਾਤ ਹੁੰਗਾਰੇ ਭਰਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਫੁੱਲਾਂ ਨੂੰ ਕੰਧਾਂ 'ਤੇ ਰੱਖਣਾ ਇਕ ਦੂਜੇ ਦੀ ਖ਼ੁਸ਼ਬੂ ਫੜਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਪਗਡੰਡੀ ਨੂੰ ਛੱਡ ਕੇ ਤੁਰਨਾ ਸਰ੍ਹਵਾਂ ਦੇ ਫੁੱਲਾਂ ਵਿਚ ਖਿੜਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਚਾਨਣੀਆਂ ਦੇ ਦਰਿਆ ਤਰਨਾ ਜ਼ਿਦ ਜ਼ਿਦ ਚਾਨਣ ਦੇ ਘੁੱਟ ਭਰਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਹਲ੍ਹਟੀ ਵਾਂਗੂੰ ਗਿੜਦੇ ਰਹਿਣਾ ਪਾਣੀ ਦੀ ਪਰਕਰਮਾ ਕਰਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਮੀਰਾਬਾਂ ਦੀ ਮੀਰਾਬੀ ਰੌਣੀ ਵਾਰੋ ਵਾਰੀ ਕਰਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਹੋਲ਼ਾਂ ਸੰਗ ਹੋਲ਼ਾਂ ਬਣ ਭੁੱਜਣਾ ਧੂੰਏਂ 'ਚੋਂ ਧੂੰਆਂ ਹੋ ਜਾਣਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਲੁਕ ਲੁਕ ਬਹਿਣਾ ਗ੍ਹੀਰੇ ਵਿਚ ਨਾਲੇ ਹੱਸਣਾ ਨਾਲੇ ਡਰਨਾ ਨਾ ਏਧਰ ਨਾ ਓਧਰ ਹੁਣ ਨਾ ਏਧਰ ਨਾ ਓਧਰ ਹੈ ਹੁਣ ਪਿਆਰ ਉਹ ਤੇਰਾ 'ਪਰਦੇਸੀ' ਪਲ ਪਲ ਉਲਫ਼ਤ ਨਾਲ ਨਿਖਰਨਾ ਨਾ ਏਧਰ ਨਾ ਓਧਰ ਹੁਣ

ਇਹ ਹਨ ਇਲਜ਼ਾਮ ਮੇਰੇ ਸਿਰ

ਮੈਂ ਸੂਰਜ ਚਾੜ੍ਹਿਆ ਚੰਨ ਪਕੜਿਆ ਚਾਨਣ ਉਦੈ ਕਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਦਿਨਾਂ ਤੋਂ ਹਾਦਸੇ ਲੈ ਲੈ ਕੇ ਰਾਤਾਂ ਤੋਂ ਨਹੀਂ ਡਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਮੈਂ ਘਰ ਦੇ ਸ਼ੀਸ਼ਿਆਂ ਕੋਲੋਂ ਕਰਾਇਐ ਕਤਲ ਅਕਸ ਅਪਣਾ ਲਹੂ ਦਾ ਇਕ ਵੀ ਅੱਥਰੂ ਪਰ ਕਿਸੇ ਸ਼ੀਸ਼ੇ 'ਚੋਂ ਨ ਝਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਮੈਂ ਕੰਧਾਂ ਨੂੰ ਖ਼ਫ਼ਾ ਕੀਤਾ ਕਿਸੇ ਤਸਵੀਰ ਨੂੰ ਲਾਹ ਕੇ ਇਹ ਸਦਮਾ ਸਰਦਲਾਂ ਕੋਲੋਂ ਤੇ ਨਾ ਛੱਤ ਤੋਂ ਗਿਆ ਜਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਮੈਂ ਆਪਣੀ ਰਤ ਵੀ ਪੀ ਪੀ ਕੇ ਬੁਝਾ ਸਕਿਆ ਨ ਪਿਆਸ ਅਪਣੀ ਤੇ ਬੇ-ਸਿਰਿਆਂ ਦੀ ਬਸਤੀ ਵਿਚ ਤਲੀ 'ਤੇ ਸੀਸ ਹੈ ਧਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਕਿ ਮੈਂ ਤਾਰੇ ਨ ਗਿਣ ਸਕਿਆ ਤੇ ਨ ਹੀ ਉਮਰ ਭਰ ਸੁੱਤਾ ਘੁਰਾੜੇ ਮਾਰਦੇ ਲੋਕਾਂ 'ਚ ਮੇਰਾ ਕਿਉਂ ਨਹੀਂ ਸਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ, ਸਮੇਂ ਦੇ ਹਾਕਮਾਂ ਸੰਗ ਆਢਾ ਜੇ ਲਾਇਆ ਤਾਂ ਕਿਉਂ ਲਾਇਆ ਗਿਆ ਮੈਂ ਵੱਢਿਆ ਤੇ ਟੁੱਕਿਆ ਹੌਕਾ ਨਹੀਂ ਭਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਮੈਂ ਨਕਲੀ ਹਾਸਿਆਂ ਉਹਲੇ ਲੁਕਾਏ ਅੱਥਰੂ ਅਸਲੀ ਮਗਰ ਉਹਨਾਂ ਨੂੰ ਖ਼ੁਸ਼ੀਆਂ ਨਾਲ ਮਾਲਾ-ਮਾਲ ਹੈ ਕਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਨ ਬਣਿਆ ਥਾਲ ਪੂਜਾ ਦਾ ਨ ਸ਼ਾਮਲ ਆਰਤੀ ਹੋਇਆ ਪੁਜਾਰੀ ਦਾ ਮੈਂ ਅਪਣਾ ਫ਼ਰਜ਼ ਪੂਰਾ ਫੇਰ ਵੀ ਕਰਿਆ ਇਹ ਹਨ ਇਲਜ਼ਾਮ ਮੇਰੇ ਸਿਰ ਇਹ ਹਨ ਇਲਜ਼ਾਮ ਮੇਰੇ ਸਿਰ ਨ ਤੇਰਾ ਘਰ ਨ ਪਿੰਡ ਗਲੀਆਂ ਨ ਤੇਰੇ ਲੋਕ 'ਪਰਦੇਸੀ' ਇਨ੍ਹਾਂ ਲੋਕਾਂ ਦੀ ਬਣ ਧੂਣੀ ਰਿਹੈਂ ਖ਼ੁਦ ਉਮਰ ਭਰ ਠਰਿਆ ਇਹ ਹਨ ਇਲਜ਼ਾਮ ਮੇਰੇ ਸਿਰ

ਹਉਕਾ ਭਰ ਨਹੀਂ ਸਕਦਾ

ਇਹ ਦੁੱਖ ਮੈਂ ਸਹਿ ਨਹੀਂ ਸਕਦਾ ਤੇ ਕੁਝ ਵੀ ਕਰ ਨਹੀਂ ਸਕਦਾ ਮੈਂ ਤੇਰੇ ਹਉਕਿਆਂ ਸ੍ਹਾਵੇਂ ਵੀ ਹਉਕਾ ਭਰ ਨਹੀਂ ਸਕਦਾ ਇਹ ਅਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਸਕਦਾ ਹਾਂ ਪਲ ਵਿਚ, ਪਰ ਮੈਂ ਤੈਨੂੰ ਜਿੱਤ ਨਹੀਂ ਸਕਦਾ ਮੈਂ ਤੈਨੂੰ ਹਰ ਨਹੀਂ ਸਕਦਾ ਉਹ ਜਿਸ ਨੇ ਹਾਸਿਆਂ ਖ਼ਾਤਰ ਅਨੇਕਾਂ ਜਫ਼ਰ ਜਾਲੇ ਹੋਣ ਕਦੀ ਉਹ ਹਾਸਿਆਂ ਨੂੰ ਕਤਲਗਾਹੀਂ ਧਰ ਨਹੀਂ ਸਕਦਾ ਕਿਨਾਰੇ ਖ਼ੋਰਦਾ ਸੀ ਜੋ ਉਹ ਖ਼ੁਦ ਹੀ ਖ਼ੁਰ ਗਿਐ ਅੱਜ-ਕੱਲ੍ਹ ਮਗਰਮੱਛਾਂ ਦਾ ਇਹ ਸਾਗਰ ਕਦੀ ਹੁਣ ਤਰ ਨਹੀਂ ਸਕਦਾ ਜੋ ਦੁਨੀਆ ਨੂੰ ਡਰਾਉਂਦਾ ਸੀ ਉਹ ਖ਼ੁਦ ਤੋਂ ਡਰ ਗਿਆ ਹੈ ਹੁਣ ਬੜਾ ਲਲਕਾਰਦਾ ਸੀ ਰੱਬ ਤੋਂ ਵੀ ਮੈਂ ਡਰ ਨਹੀਂ ਸਕਦਾ ਚਲੋ ਅੱਛਾ ਜੇ ਤੈਨੂੰ ਦੁਸ਼ਮਣਾਂ ਵਰਗਾ ਮੈਂ ਲਗਦਾ ਹਾਂ ਮੈਂ ਅਪਣੀ ਮਹਿਕ ਦੇ ਸੰਗ ਦੁਸ਼ਮਣੀ ਤਾਂ ਕਰ ਨਹੀਂ ਸਕਦਾ ਉਹ ਜਿਸ ਨੇ ਮਰਦਿਆਂ ਤਿਲ-ਤਿਲ ਗੁਜ਼ਾਰੀ ਉਮਰ ਸਾਰੀ ਹੀ ਹੈ ਹੈਰਤ ਮਰਨ ਵੇਲੇ ਹੁਣ ਵਿਚਾਰਾ ਮਰ ਨਹੀਂ ਸਕਦਾ ਉਡਾਰੀ ਰਾਤ ਦਿਨ ਭਰਦਾ ਸੀ ਜੋ ਸ਼ਬਦਾਂ ਦੇ ਅੰਬਰ 'ਤੇ ਉਹ ਅੱਖਰਾਂ ਦੀ ਜ਼ਮੀਨ ਉੱਤੇ ਵੀ ਫੜਕਾਅ ਪਰ ਨਹੀਂ ਸਕਦਾ ਤਮਾਸ਼ਾ ਬਣ ਗਿਆ ਹਾਂ ਰਿਸ਼ਤਿਆਂ ਦੀ ਡੁਗਡੁਗੀ ਦਾ, ਪਰ ਮਦਾਰੀਬਾਜ਼ ਲੋਕਾਂ ਨੂੰ ਕਲਾਵੇ ਭਰ ਨਹੀਂ ਸਕਦਾ ਮੈਂ ਅਪਣੀ ਭਾਲ ਕਰਨੀ ਛੱਡ ਦਿੱਤੀ ਹੈ ਉਸੇ ਦਿਨ ਤੋਂ ਖ਼ਬਰ ਜਦ ਤੋਂ ਮਿਲੀ ਮੈਨੂੰ ਮੈਂ ਜਾ ਹੁਣ ਘਰ ਨਹੀਂ ਸਕਦਾ ਮੈਂ ਧਰਮੀ ਤਾਂ ਨਹੀਂ, ਵਾਕਿਫ਼ ਹਾਂ, ਪਰ ਧਰਮਾਂ ਦੇ ਕਰਮਾਂ ਤੋਂ ਇਹ 'ਪਰਦੇਸੀ' ਦੀ ਰੱਤ ਪੀਂਦੇ ਤੇ ਮੈਂ ਇਹ ਜਰ ਨਹੀਂ ਸਕਦਾ

ਮੌਸਮ

ਬੀਮਾਰੀਆਂ ਦੇ ਮੌਸਮ, ਲਾਚਾਰੀਆਂ ਦੇ ਮੌਸਮ ਜਨਮਾਂ ਤੋਂ ਨਾਲ ਸਾਡੇ ਦੁਸ਼ਵਾਰੀਆਂ ਦੇ ਮੌਸਮ ਬੇ-ਦੋਸ਼ਿਆਂ ਨੂੰ ਜ਼ੋਰੀਂ ਦੋਸ਼ੀ ਬਣਾ ਰਹੇ ਨੇ ਹੁਣ ਨਿਰਬਲਾਂ 'ਤੇ ਭਾਰੂ ਬਲਕਾਰੀਆਂ ਦੇ ਮੌਸਮ ਜ਼ੱਰਾ ਪਹਾੜ ਬਣਿਆਂ ਸੀ ਜ਼ੱਰਿਆਂ ਦੇ ਜ਼ਰੀਏ ਪਰ ਇਸ ਪਹਾੜ 'ਤੇ ਹੁਣ ਜ਼ਰਦਾਰੀਆਂ ਦੇ ਮੌਸਮ ਪਿੱਪਲਾ ਧਰਾਸ ਧਰ ਲੈ ਐਵੇਂ ਨਾ ਹੁਣ ਉਡੀਕੀਂ ਰਾਜੇ ਦੇ ਰਾਜ ਅੰਦਰ ਫੁਲਕਾਰੀਆਂ ਦੇ ਮੌਸਮ ਖ਼ੁਦ ਮੁਸਕੁਰਾਹਟਾਂ ਨੂੰ ਲਟਕਾ ਕੇ ਸੂਲ਼ੀਆਂ 'ਤੇ ਮਾਣੇਂਗਾ ਕਿਸ ਤਰ੍ਹਾਂ ਹੁਣ ਕਿਲਕਾਰੀਆਂ ਦੇ ਮੌਸਮ ਜੋ ਰਿਸ਼ਤਿਆਂ ਨੂੰ ਨਾਪਣ ਧਨ ਦੀ ਜ਼ਰੀਬ ਲੈ ਕੇ ਹਰ ਰੁੱਤ 'ਚ ਉਹਨਾਂ ਵਾਸਤੇ ਪਟਵਾਰੀਆਂ ਦੇ ਮੌਸਮ ਪੁੱਤਾਂ ਦੇ ਕਫ਼ਨ ਵੇਚੇ ਖ਼ੁਦ ਮਾਪਿਆਂ ਖ਼ੁਦਾਯਾ ਸਿਵਿਆਂ 'ਚ ਲਹਿਲਹਾਏ ਜੂਆਰੀਆਂ ਦੇ ਮੌਸਮ ਰੰਗਾਂ ਦੀਆਂ ਸਾਜ਼ਿਸ਼ਾਂ ਨੇ ਬੇ-ਰੰਗ ਕਰ ਕੇ ਛੱਡਿਆ ਚੁੰਨੀਆਂ ਸਫ਼ੈਦ ਹੋਈਆਂ ਲੱਲਾਰੀਆਂ ਦੇ ਮੌਸਮ ਬੇ-ਖ਼ਾਬ ਨੀਂਦਰਾਂ ਤੇ ਖ਼ਾਮੋਸ਼ ਹਸਰਤਾਂ ਅੱਜ ਹੁੰਦੇ ਸੀ ਜਿਸ ਨਗਰ ਵਿਚ ਦਿਲਦਾਰੀਆਂ ਦੇ ਮੌਸਮ ਹਲਦੀ ਦੇ ਵਾਂਗ ਰੰਗਤ ਅੱਖੀਆਂ ਜਿਉਂ ਲਾਲ ਮਿਰਚਾਂ ਹਨ ਕੌੜਤੁੰਮੇ ਸਾਹੀਂ ਪਨਸਾਰੀਆਂ ਦੇ ਮੌਸਮ ਤੱਕ ਰੰਗ ਸਿਆਸਤਾਂ ਦੇ ਵਰਿ੍ਹਆਂ ਦੀ ਦੁਸ਼ਮਣੀ ਤੇ ਮਹਿਕਾਂ ਲੁਟਾਉਂਦੇ ਵੇਖੇ ਹੁਣ ਯਾਰੀਆਂ ਦੇ ਮੌਸਮ ਸੁੰਗੜ ਕੇ ਰਹਿ ਗਏ ਫਿਰ ਅਪਣੇ ਹੀ ਜਿਸਮ ਅੰਦਰ ਕੋਲੋਂ ਦੀ ਲੰਘ ਗਏ ਜਦ ਵਿਸਥਾਰੀਆਂ ਦੇ ਮੌਸਮ ਕਿਸ ਦੀ ਮਜ਼ਾਲ ਹੈ ਇਹ ਹੱਕ ਆਪਣੇ ਜਤਾਵੇ ਹਰ ਮੋੜ ਹਰ ਗਲ਼ੀ 'ਤੇ ਲਠਮਾਰੀਆਂ ਦੇ ਮੌਸਮ ਆ ਜਾ ਤੂੰ ਵੇਖ ਆ ਕੇ ਸਮਤੋਲ ਜ਼ਿੰਦਗੀ ਦਾ ਕਾਰਾਂ ਦੇ ਦੇਸ਼ ਅੰਦਰ, ਬੇ-ਕਾਰੀਆਂ ਦੇ ਮੌਸਮ ਰੂਹਾਂ ਪਿਆਸੀਆਂ ਨੇ ਹਨ ਪਰਬਤੀਂ ਕੰਧਾਰੀ 'ਨਾਨਕ ਜੀ' ਚਸ਼ਮਿਆਂ 'ਤੇ ਹੰਕਾਰੀਆਂ ਦੇ ਮੌਸਮ ਧੜ ਤੋਂ ਲੁਹਾ ਕੇ ਸਿਰ ਨੂੰ 'ਪਰਦੇਸੀ' ਉਮਰ ਭਰ ਹੀ ਐਵੇਂ ਗਏ ਉਡੀਕੀ ਸਰਦਾਰੀਆਂ ਦੇ ਮੌਸਮ

ਤੁਸੀਂ ਇਲਜ਼ਾਮ ਲਾਏ ਨੇ

ਤੁਸੀਂ ਇਲਜ਼ਾਮ ਲਾਏ ਨੇ ਅਸੀਂ ਪਾਣੀ ਚੁਰਾਏ ਨੇ ਅਜੇ ਵੀ ਪਿਆਸੀਐਂ ਨਦੀਆਂ ਅਜੇ ਵੀ ਥਲ ਤਿਹਾਏ ਨੇ ਨਾ ਮੰਗੋ ਵਰਮੀਆਂ ਦੀ ਖ਼ੈਰ ਇਨ੍ਹਾਂ ਹੀ ਨਾਗ ਜਾਏ ਨੇ ਲਹੂ ਬਦਰੰਗ ਕੀਤੇ ਹਨ ਉਹ ਜਦ ਰੰਗਾਂ 'ਚ ਆਏ ਨੇ ਉਹ ਗਲ਼ ਘੁੱਟਣ ਨੂੰ ਜਦ ਆਏ ਅਸੀਂ ਗਲ਼ ਨਾਲ ਲਾਏ ਨੇ ਅਸੀਂ ਸੁਰ ਬਾਂਸੁਰੀ ਕੀਤੀ ਤੁਸੀਂ ਨਗ਼ਮੇ ਚੁਰਾਏ ਨੇ ਸ਼ੁਰੂ ਕਰ ਪੰਧ ਸਾਹਾਂ ਦਾ ਅਸਾਂ ਨੇ ਸਾਹ ਵਿਛਾਏ ਨੇ ਸਿਰਾਂ ਨੂੰ ਜੋੜ ਗਏ ਉਹ ਹੀ ਜਿਨ੍ਹਾਂ ਨੇ ਸਿਰ ਕਟਾਏ ਨੇ ਜਿਨ੍ਹਾਂ ਨੇ ਦੂਰ ਤਕ ਉਡਣੈ ਕਦੋਂ ਉਹ ਡਗਮਗਾਏ ਨੇ ਬਗ਼ਾਵਤ ਕੀਤੀ ਜਦ ਹੀਰਾਂ ਤਾਂ ਚੂਚਕ ਤਿਲਮਿਲਾਏ ਨੇ ਘਰਾਂ ਵਾਲੇ ਘਰੀਂ ਲੁਕ ਗਏ ਬੇ-ਘਰਿਆਂ ਘਰ ਬਚਾਏ ਨੇ ਤੁਸਾਂ ਚਾਨਣ ਬਚਾਉਣਾ ਹੈ ਅਸਾਂ ਦੀਪਕ ਜਲਾਏ ਨੇ ਕਹਾਉਂਦੇ ਫਿਰ ਵੀ 'ਪਰਦੇਸੀ' ਵਤਨ ਉਹ ਜਦ ਵੀ ਆਏ ਨੇ

ਕੀੜੀਆਂ

ਉਮਰ ਭਰ ਖੁੱਡਾਂ ਅਨਾਜ਼ੀਂ ਭਰਦੀਆਂ ਨੇ ਕੀੜੀਆਂ ਬੱਚਿਆਂ ਨੂੰ ਪਾਲਣੈ ਕਿੰਜ ਦੱਸਦੀਆਂ ਨੇ ਕੀੜੀਆਂ ਕੀੜੀਆਂ ਨੂੰ ਵੇਖ ਕੇ ਇਹ ਜਾਣ ਲੈਣਾ ਚਾਹੀਦੈ ਆਂਡੇ ਸਭ ਹੀ ਇਕ ਹੀ ਖੁੱਡ ਕਿਉਂ ਦੇਂਦੀਆਂ ਨੇ ਕੀੜੀਆਂ ਵੇਖੀ ਹੋਵੇਗੀ ਤੁਸੀਂ ਮੰਜ਼ਿਲ 'ਤੇ ਪਹੁੰਚਣ ਦੀ ਉਡਾਣ ਉੱਗਦੇ ਨੇ ਖੰਭ ਜਦੋਂ ਕਿੰਜ ਉਡਦੀਆਂ ਨੇ ਕੀੜੀਆਂ ਆਪਣਾ ਰਸਤਾ ਬਣਾਵਣ ਵਾਸਤੇ ਮੈਂ ਵੇਖਿਐ ਮਿੱਧ ਹੁੰਦੀਐਂ ਪਰ ਨਾ ਰਾਹੋਂ ਮੁੜਦੀਆਂ ਨੇ ਕੀੜੀਆਂ ਤੁਰਦਿਆਂ ਹੀ ਤੁਰਦਿਆਂ ਇਹ ਕਰਦੀਆਂ ਨੇ ਗੁਫ਼ਤਗੂ ਵਕਤ ਨਾ ਐਵੇਂ ਅਜਾਈਂ ਕਰਦੀਆਂ ਨੇ ਕੀੜੀਆਂ ਰੱਖਦੀਐਂ ਮਹਿਫ਼ੂਜ਼ ਖ਼ੁਦ ਨੂੰ ਮੀਂਹ ਤੇ ਨ੍ਹੇਰੀ ਵਿੱਚ ਵੀ ਵਕਤ ਦੇ ਗੜਿਆਂ ਤੋਂ ਕਦ ਇਹ ਡਰਦੀਆਂ ਨੇ ਕੀੜੀਆਂ ਤੁਰਦੀਆਂ ਇਹ ਦਿਨ ਦਿਹਾੜੇ ਦਿਸਦੀਐਂ ਭਾਵੇਂ ਹਜ਼ੂਰ ਰਾਤ ਭਰ ਵੀ ਪਰ ਸਫ਼ਰ ਇਹ ਕਰਦੀਆਂ ਨੇ ਕੀੜੀਆਂ ਜ਼ਿੰਦਗੀ ਬੇਚਾਰਗੀ ਵਿਚ ਜਿਉਂਦੀਆਂ ਚੁੱਪ ਚਾਪ, ਪਰ ਪਾਉਂਦੀਐਂ ਧੱਫੜ ਜਦੋਂ ਇਹ ਲੜਦੀਆਂ ਨੇ ਕੀੜੀਆਂ ਕੀੜੀਆਂ ਦੇ ਵਾਸਤੇ ਤਾਂ ਧਰਤ ਕੀ ਪਾਤਾਲ ਕੀ ਜ਼ਿੰਦਗੀ ਵਿਚ ਹਰ ਜਗ੍ਹਾ ਰੰਗ ਭਰਦੀਆਂ ਨੇ ਕੀੜੀਆਂ ਸੋਚ ਉੱਚੀ ਰੱਖਦੀਆਂ ਨੇ ਰੰਗਾਂ ਤੋਂ ਨਸਲਾਂ ਤੋਂ ਇਹ ਕਾਲ਼ੀਆਂ ਤੇ ਭੂਰੀਆਂ ਕਦ ਲੜਦੀਆਂ ਨੇ ਕੀੜੀਆਂ ਹੌਸਲਾ ਐਨਾ ਕਿ ਪਰਲੇ ਪਾਰ ਪਹੁੰਚਣ ਵਾਸਤੇ ਠੂਠੇ ਨੂੰ ਦਰਿਆ ਸਮਝ ਵੀ ਤਰਦੀਆਂ ਨੇ ਕੀੜੀਆਂ ਵੇਖ ਲਉ ਤੇ ਜਾਣ ਜਾਵੋ, ਨਾਲੋ ਨਾਲ ਇਹ ਤੁਰ ਕੇ ਕਿੰਜ ਲੰਮਾ ਪੈਂਡਾ ਛੋਟੇ ਕਦਮੀਂ ਕਰਦੀਆਂ ਨੇ ਕੀੜੀਆਂ ਕੱਢਦੀਐਂ ਕੀੜੇ ਇਹ ਅਕਸਰ ਸਿਹਤਮੰਦ ਫ਼ਾਇਲਾਂ ਦੇ ਵੀ ਦਫ਼ਤਰਾਂ ਅੰਦਰ ਜੋ ਫ਼ੱਬ ਕੇ ਬਹਿੰਦੀਆਂ ਨੇ ਕੀੜੀਆਂ ਸੰਤਰੀ ਤੋਂ ਮੰਤਰੀ ਤਕ ਲਾਉਂਦੀਐਂ ਫੇਰੇ ਜਨਾਬ ਪਹਿਲਾਂ ਪੈਂਦੀਂ, ਫਿਰ ਸਰ੍ਹਾਣੇ, ਖੜ੍ਹਦੀਆਂ ਨੇ ਕੀੜੀਆਂ ਕੀੜੀਆਂ ਦੀ ਚੁੱਪ ਦੀ ਆਵਾਜ਼ ਸੁਣਦੀ ਹੈ ਉਦੋਂ ਜਦ ਟਿਕਾਣੇ 'ਤੇ ਇਹ ਦੰਦੀ ਵੱਢਦੀਆਂ ਨੇ ਕੀੜੀਆਂ ਜ਼ਹਿਰ ਦਾ ਕੋਈ ਅਸਰ ਵੀ ਇਹਨਾਂ 'ਤੇ ਹੁੰਦਾ ਨਹੀਂ ਨਾਗ 'ਪਰਦੇਸੀ' ਇਹ ਅਕਸਰ ਖਾਂਦੀਆਂ ਨੇ ਕੀੜੀਆਂ

ਆਪਣੇ ਲਹੂ ਦੇ ਖ਼ਾਲੇ

ਬਚ ਬਚ ਕੇ ਜ਼ਿੰਦਗੀ ਤੋਂ ਮੈਂ ਜ਼ਿੰਦਗੀ ਬਿਤਾਈ ਦੁਨੀਆ ਨੇ ਮੈਨੂੰ ਗਾਹਿਆ ਦੁਨੀਆ ਬੜੀ ਮੈਂ ਗ੍ਹਾਈ ਅਪਣੇ ਲਹੂ ਦੇ ਖ਼ਾਲੇ ਭਰ ਭਰ ਕੇ ਮੈਂ ਵਗਾਏ ਨਾ ਦਿਲ ਦੀ ਰੌਣੀ ਹੋਈ ਨਾ ਪਿਆਰ ਦੀ ਬਿਜਾਈ ਵਾਹੀ ਹੀ ਜਾ ਰਿਹਾ ਹਾਂ ਮੈਂ ਖੇਤ ਸੁਪਨਿਆਂ ਦੇ ਹਲ਼ ਜੋੜ, ਪਾ ਪੰਜਾਲ਼ੀ, ਅਰਲੀ ਤੂੰ ਕੀ ਫਸਾਈ ਖ਼ੁਸ਼ੀਆਂ ਨੂੰ ਲਾ ਕੇ ਤੰਗਲੀ ਤੂੜੀ ਤਰ੍ਹਾਂ ਉਡਾਇਆ ਦਰਦਾਂ ਨੇ ਮੇਰੇ ਦਿਲ 'ਤੇ ਐਦਾਂ ਦੀ ਮੇੜ੍ਹ ਪਾਈ ਗੱਡੇ ਮੈਂ ਵਿੱਢ ਲਾ ਲਾ ਕੇ ਸਦਮਿਆਂ ਦੇ ਢੋਏ ਹਾਸੇ 'ਚ ਹਾਸਿਆਂ ਨੂੰ ਐਸੀ ਤੂੰ ਤੀਲ੍ਹ ਲਾਈ ਖੁੱਭਦੇ ਨੇ ਰਹਿੰਦੇ ਹੁਣ ਵੀ ਦਿਨ ਰਾਤ ਜ਼ਿਹਨ ਅੰਦਰ ਯਾਦਾਂ ਦੇ ਸੱਲਰੇ ਇਹ ਲੈਂਦੇ ਨੇ ਕਦ ਵਿਦਾਈ ਤੇਰੇ ਖ਼ਰਾਸਾਂ ਨੂੰ ਹੈ ਸੌ ਸੌ ਸਲਾਮ ਸੱਜਣਾ ਸਾਰੀ ਹੀ ਉਮਰ ਕੀਤੀ ਸਧਰਾਂ ਦੀ ਜਿਸ ਪਿਸਾਈ ਟਾਂਡੇ ਨਸੀਬ ਵਿਚ ਸਨ ਸੱਜਣਾ ਕੀ ਦੋਸ਼ ਤੇਰਾ ਹਰਿਆਂ ਦੀ ਰੁੱਤ ਵਿਚ ਵੀ ਕੜਬਾਂ ਹੀ ਜਾਈਏ ਖਾਈ ਪਹਿਲਾਂ ਤਾਂ ਸਲ੍ਹੰਗ 'ਤੇ ਤੂੰ ਟੰਗੀ ਸੀ ਜਾਨ ਮੇਰੀ ਤੂੜੀ ਦੇ ਕੁੱਪ ਉੱਤੇ ਸੁੱਕਣ ਨੂੰ ਹੁਣ ਵਿਛਾਈ ਸਾਜ਼ਾਂ ਦੇ ਹਲ੍ਹਟ ਦਾ ਤੂੰ ਕੀ ਬੂੜੀਆ ਫਸਾਇਆ ਨਗ਼ਮੇ ਤਿਹਾਏ ਤੜਪੇ ਹਰ ਬਾਂਸੁਰੀ ਤਿਹਾਈ ਧੰਨ ਨੇ ਘਰਾਟ ਤੇਰੇ ਨੈਣਾਂ ਦੇ ਪਾਣੀਆਂ ਵਿਚ ਧੰਨ ਆਸ਼ਕਾਂ ਦੇ ਦਿਲ ਜੋ ਦਿੰਦੇ ਰਹੇ ਪਿਹਾਈ ਛਿਟੀਆਂ ਤੇ ਟੀਂਡੇ ਫੁੱਟ ਫੱੁਟ ਖਿੜ ਖਿੜ ਰਹੇ ਨੇ ਝੜਦੇ ਫੋਹੇ ਵੰਡਾਉਣ ਵਾਲੀ ਇਕ ਨਾ ਚੁਗਾਵੀ ਆਈ ਨਾ ਤੇਰੀ ਸਿੱਲ੍ਹ ਏਧਰ ਨਾ ਮੇਰੀ ਸਿੱਲ੍ਹ ਓਧਰ ਮਜ਼ਹਬ ਦੀ ਜੰਦਰੀ ਨੇ ਐਸੀ ਹੈ ਵੱਟ ਪਾਈ ਜੇਕਰ ਕਰਾਹਾ ਲਾਉਂਦੇ ਉੱਚਿਆਂ ਤੋਂ ਨੀਵਿਆਂ ਵੱਲ ਹੁੰਦੀ ਮੁਹੱਬਤਾਂ ਦੀ ਇਕ ਸਾਰ ਫਿਰ ਬਿਜਾਈ 'ਪਰਦੇਸੀ' ਰਾਤ ਦਿਨ ਤੂੰ ਉੱਡਿਆ ਹੀ ਫਿਰਦਾ ਰਹਿਨੈਂ ਟਿੱਬਿਆਂ ਦੀ ਰੇਤ ਵਾਂਗੂੰ ਤੈਨੂੰ ਨਹੀਂ ਟਿਕਾਈ

ਦਿਲ 'ਚ ਸੁੱਤੇ ਦਰਦ ਨੂੰ

ਦਿਲ 'ਚ ਸੁੱਤੇ ਦਰਦ ਨੂੰ ਅੱਜ ਫਿਰ ਜਗਾ ਕੇ ਵੇਖਿਆ ਵੇਖਿਆ ਫਿਰ ਲੂਣ ਜ਼ਖ਼ਮਾਂ 'ਤੇ ਲਗਾ ਕੇ ਵੇਖਿਆ ਪਿਆਰ ਦੀ ਬਰਸੀ ਮਨਾਈ ਇਸ਼ਕ ਨੇ ਐਦਾਂ ਹਜ਼ੂਰ ਜਲ ਦੇ ਅੰਦਰ ਹੁਸਨ ਦਾ ਦੀਵਾ ਜਗਾ ਕੇ ਵੇਖਿਆ ਨਾ ਸੀ ਭੁੱਜਦੇ ਦਾਣਿਆਂ ਦੀ ਮਹਿਕ ਨਾ ਸਨ ਰੌਣਕਾਂ ਬਸ ਉਦਾਸੀ ਸ਼ਾਮ ਸੀ ਭੱਠੀ 'ਤੇ ਜਾ ਕੇ ਵੇਖਿਆ ਉਸ ਜਗ੍ਹਾ ਦੀ ਧੂੜ ਵਿਚ ਹੁਣ ਵੀ ਹੈ ਖ਼ੁਸ਼ਬੂ ਓਸ ਦੀ ਜਿਸ ਜਗ੍ਹਾ 'ਤੇ ਓਸ ਨੇ ਸੀ ਮੁਸਕੁਰਾ ਕੇ ਵੇਖਿਆ ਉਮਰ ਭਰ ਅੱਖਾਂ ਦੇ ਥਾਣੀਂ ਚਾਨਣੀ ਛਾਣੀ ਅਸੀਂ ਚੰਦ ਨੂੰ ਕੁਝ ਪਲ ਤਲੀ 'ਤੇ ਸੀ ਟਿਕਾ ਕੇ ਵੇਖਿਆ ਆਸ ਦੀ ਚੂਰੀ ਦਾ ਛੰਨਾ ਹੁਣ ਵੀ ਮੇਰੇ ਕੋਲ ਹੈ ਕੀ ਕਦੇ ਤੂੰ ਵੀ ਹੈ ਕਾਵਾਂ ਨੂੰ ਉਡਾ ਕੇ ਵੇਖਿਆ ਉਸ ਨਦੀ ਦੀ ਰੇਤ ਵੀ ਹੁਣ ਤਪ ਰਹੀ ਤੰਦੂਰ ਵਾਂਗ ਜਿਸ 'ਚ ਆਪਾਂ ਰੇਤ ਦਾ ਸੀ ਘਰ ਬਣਾ ਕੇ ਵੇਖਿਆ ਤੇਰਿਆਂ ਸਾਹਾਂ ਦੀ ਖ਼ੁਸ਼ਬੂ ਨੂੰ ਜਦੋਂ ਮਹਿਸੂਸਿਆ ਮੈਂ ਹੈ ਅਪਣੇ ਆਪ ਨੂੰ ਪੋਟੇ ਛੁਹਾ ਕੇ ਵੇਖਿਆ ਜੇ ਕੋਈ ਹੁੰਦਾ ਤਾਂ ਅੰਦਰੋਂ ਫੇਰ ਹੀ ਦਿੰਦਾ ਜਵਾਬ ਦਿਲ ਦਾ ਦਰਵਾਜ਼ਾ ਬੜਾ ਮੈਂ ਖਟਖਟਾ ਕੇ ਵੇਖਿਆ ਦੂਰੀਆਂ ਦਾ ਹੀ ਸਫ਼ਰ ਬਸ ਦੂਰ ਐਨਾ ਕਰ ਗਿਐ ਘਰ ਤੋਂ ਹੁਣ ਵੀ ਦੂਰ ਹਾਂ ਮੈਂ ਘਰ 'ਚ ਆ ਕੇ ਵੇਖਿਆ ਦਿਲ ਦੇ ਮੱਥੇ ਲੱਗਿਆਂ ਨੂੰ ਉਮਰ ਹੀ ਬੀਤੀ ਹਜ਼ੂਰ ਨਾਲ 'ਪਰਦੇਸੀ' ਦੇ ਕੈਸਾ ਦਿਲ ਲਗਾ ਕੇ ਵੇਖਿਆ

ਪਰਵਾਜ਼ ਨੂੰ ਤਰਸੋਗੇ

ਖੰਭਾਂ ਨੂੰ ਖ਼ਫ਼ਾ ਕਰ ਕੇ ਪਰਵਾਜ਼ ਨੂੰ ਤਰਸੋਗੇ ਗਹਿਣੇ ਨਾ ਧਰੋ ਜੀਭਾਂ ਆਵਾਜ਼ ਨੂੰ ਤਰਸੋਗੇ ਇਜ਼ਹਾਰ ਦਾ ਆਲਮ ਹੈ ਨਾ ਸ਼ਬਦ ਕਰੋ ਗੂੰਗੇ ਗਈ ਚੁੱਪ ਸਰਾਪੀ ਜੇ ਅਲਫ਼ਾਜ਼ ਨੂੰ ਤਰਸੋਗੇ ਰੰਗਾਂ ਦੀ ਤਲਾਸ਼ੀ ਹੁਣ ਇਹ ਬੰਦ ਕਰੋ ਲੈਣੀ ਰੰਗਾਂ ਦੇ ਨਹੀਂ ਤਾਂ ਫਿਰ ਸ਼ਹਿ-ਬਾਜ਼ ਨੂੰ ਤਰਸੋਗੇ ਸਾਹਾਂ 'ਚ ਵਸਾ ਲੈਣਾ ਤਰਤੀਬ 'ਚ ਸਾਹਾਂ ਨੂੰ ਜੇ ਬਿਖਰ ਗਏ ਤਾਂ ਫਿਰ ਸ਼ੀਰਾਜ਼ ਨੂੰ ਤਰਸੋਗੇ ਕੀਤੀ ਜੇ ਨ ਸੁਰ ਹੁਣ ਵੀ ਦਿਲਦਾਰ ਸਿਤਾਰ ਅਪਣੀ ਸੁਰਤਾਲ 'ਚ ਗੀਤਾਂ ਦੀ ਪਰਵਾਜ਼ ਨੂੰ ਤਰਸੋਗੇ ਪੁਰਨੂਰ ਇਹ ਸੋਚਾਂ ਨੂੰ ਅੰਧੇਰ ਨ ਵਰਤਾਵੋ ਚਾਨਣ ਦੀ, ਹਨੇਰ ਪਏ, ਆਵਾਜ਼ ਨੂੰ ਤਰਸੋਗੇ ਸਭ ਰਾਜ ਕਰੋ ਸਾਂਝੇ ਬਸ ਸੋਚ ਸਮਝ ਕੇ ਹੀ ਨਈਂ ਰਾਜ਼ ਗੁਆ ਕੇ ਫਿਰ ਹਮਰਾਜ਼ ਨੂੰ ਤਰਸੋਗੇ ਫ਼ੁਰਸਤ ਹੀ ਨਹੀਂ ਹੁਣ ਤਾਂ ਗੱਲ-ਬਾਤ ਵੀ ਕਰਨੇ ਦੀ ਜਦ ਆਣ ਬਣੀ ਜਿੰਦ 'ਤੇ, ਜਾਂ-ਬਾਜ਼ ਨੂੰ ਤਰਸੋਗੇ ਜਿਸ ਪਿਆਰ ਸਲੀਕੇ ਸੰਗ ਹੰਝੂ ਵੀ ਸੀ ਮੁਸਕਾਏ ਤਾ-ਉਮਰ ਇਹ ਵਿਛੜਨ ਦੇ ਅੰਦਾਜ਼ ਨੂੰ ਤਰਸੋਗੇ ਕੀਤੀ ਹੀ ਨਾ ਨਿਰਧਾਰਤ ਹੁਣ ਵੀ ਜੇ ਦਿਸ਼ਾ ਆਪਣੀ ਅੰਜਾਮ ਤਾਂ ਦੂਰ ਰਿਹਾ, ਆਗਾਜ਼ ਨੂੰ ਤਰਸੋਗੇ ਚੁੱਪ-ਚਾਪ ਦੁਆ ਕਰ ਕੇ ਚੁੱਪ-ਚਾਪ ਚਲੇ ਜਾਣਾ ਸਾਡੇ ਇਹ ਫ਼ਕੀਰਨਾ-ਅੰਦਾਜ਼ ਨੂੰ ਤਰਸੋਗੇ ਰੰਗਾਂ ਦੀ ਇਹ ਗਾਗਰ ਵਿਚ ਜੋ ਪਿਆਰ ਦੇ ਗੜਵੇ ਨੇ ਸੰਭਾਲ ਲਵੋ ਨਈਂ ਤਾਂ ਰੰਗ-ਰਾਜ਼ ਨੂੰ ਤਰਸੋਗੇ ਤਿੜਕਣ ਦੇ ਮੁਹਾਣੇ ਹੈ ਟੁੱਟ ਜਾਵੇ ਨ 'ਪਰਦੇਸੀ' ਟੁੱਟਿਆ ਤਾਂ ਉਧੇ ਸ਼ੀਰੀ-ਅੰਦਾਜ਼ ਨੂੰ ਤਰਸੋਗੇ

ਕਰੀਬ ਹੋ ਜਾ

(ਇਕ ਕਾਫ਼ੀਆ ਗ਼ਜ਼ਲ) ਵਰ੍ਹਿਆਂ ਦਾ ਫ਼ਾਸਿਲਾ ਹੈ ਕੁਝ ਪਲ ਕਰੀਬ ਹੋ ਜਾ ਅਪਣਾ ਨਸੀਬ ਕਰ ਲੈ ਮੇਰਾ ਨਸੀਬ ਹੋ ਜਾ ਇਹ ਕਾਗਜ਼ੀ ਸਹੀ, ਚੱਲ ਫੁੱਲਦਾਨ ਵਿਚ ਸਜਾ ਲੈ ਖ਼ੁਦ ਮਹਿਕ ਮਹਿਕ ਜਾਵਣ ਐਨਾ ਕਰੀਬ ਹੋ ਜਾ ਚੁੱਪ ਚਾਪ ਬੈਠਿਆਂ ਦਾ ਹਾਸਾ ਕਿਵੇਂ ਨਿਕਲਦੈ ਸਮਝੇਂਗੀ ਹਾਸਿਆਂ ਦੇ ਕੁਝ ਪਲ ਕਰੀਬ ਹੋ ਜਾ ਕਿੰਨਾ ਬੁਰਾ ਹੈ ਆਪੂੰ ਅਪਣੇ ਤੋਂ ਦੂਰ ਸੌਣਾ ਦੀਵੇ ਨੂੰ ਇਉਂ ਤਪਾ ਨਾ ਚਾਨਣ ਕਰੀਬ ਹੋ ਜਾ ਖ਼ੁਸ਼ਫ਼ਹਿਮੀਆਂ ਜਿਹਾ ਏ ਜਾਂ ਹਾਦਿਸੇ ਜਿਹਾ ਏ ਸਮਝਾਂਗੇ ਫਿਰ ਇਹ ਮਸਲਾ ਪਹਿਲਾਂ ਕਰੀਬ ਹੋ ਜਾ ਛੱਡ ਮੀਟ ਮੀਟ ਅੱਖਾਂ ਇਹ ਸੁਪਨਿਆਂ 'ਚ ਤੁਰਨਾ ਜੀਵਨ ਦੀ ਰੌਸ਼ਨੀ ਦੇ ਆ ਜਾ ਕਰੀਬ ਹੋ ਜਾ ਹੁਣ ਆਸਮਾਨ ਉੱਤੇ ਟਾਕੀ ਦੀ ਵਿਹਲ ਹੈ ਕਦ ਛੱਡ ਵਾਅਦਿਆਂ ਦੀ ਦੁਨੀਆ ਦਿਲ ਦੇ ਕਰੀਬ ਹੋ ਜਾ ਇਹ ਦੂਰੀਆਂ ਦੇ ਰਿਸ਼ਤੇ ਤੋੜਨ ਦਾ ਹੌਸਲਾ ਕਰ ਤੜਪਣ ਦੇ ਮੌਸਮਾਂ ਨੂੰ ਪਰ ਤੂੰ ਕਰੀਬ ਹੋ ਜਾ 'ਪਰਦੇਸੀ' ਉੱਠ ਕੇ ਤੁਰ ਪੈ ਕੁਝ ਵਾਟ ਹੀ ਘਟੇਗੀ ਚਲ ਸ਼ਾਮ ਤਕ ਹੀ ਉਸ ਦੇ ਦਰ ਦੇ ਕਰੀਬ ਹੋ ਜਾ

ਪਛਾਣ ਘਰ ਨੂੰ

(ਇਕ ਕਾਫ਼ੀਆ ਗ਼ਜ਼ਲ) ਚਲੋ ਹਾਸਿਆਂ ਨੂੰ ਕਹੀਏ ਮੁੜ ਕੇ ਆ ਜਾਣ ਘਰ ਨੂੰ ਭੁੱਲਦੀ ਹੀ ਜਾ ਰਹੀ ਏ ਅਪਣੀ ਪਛਾਣ ਘਰ ਨੂੰ ਅਪਣੀ ਪਛਾਣ ਘਰ ਨੂੰ ਦੱਸ ਯਾਦ ਹੀ ਕਦੋਂ ਸੀ! ਚੇਤੇ ਰਹੇ ਕਰਾਉਂਦੇ ਪਲ ਪਲ ਪਛਾਣ ਘਰ ਨੂੰ ਪਰਛਾਵਿਆਂ ਨੂੰ ਅਪਣੇ ਪਰਛਾਵੇਂ ਹੇਠ ਰੱਖ ਰੱਖ ਸ਼ੀਸ਼ਾ ਵਿਖਾ ਵਿਖਾ ਕੇ ਦੱਸੀ ਪਛਾਣ ਘਰ ਨੂੰ ਪਹਿਚਾਣ ਜਿਸ ਬਣਾਈ ਸਾਰੀ ਹੀ ਉਮਰ ਲਾ ਕੇ ਆਈ ਨਾ ਉਮਰ ਸਾਰੀ ਉਸ ਦੀ ਪਛਾਣ ਘਰ ਨੂੰ ਐਸੇ ਹੈ ਜ਼ਖ਼ਮ ਦਿੰਦੀ ਕੁਝ ਰਿਸ਼ਤਿਆਂ ਦੀ ਨਹੁੰਦਰ ਕਰਦੀ ਲਹੂ ਲੁਹਾਣ ਇਹ ਰੱਤੜੀ ਪਛਾਣ ਘਰ ਨੂੰ ਚੌਖਟ 'ਤੇ ਘਰ ਦੀ ਹੁਣ ਜਦ ਚੌਖਟ ਦਾ ਵਾਸ ਹੀ ਨਾ ਦੱਸਣੀ ਹੈ ਫੇਰ ਕਿਸ ਨੇ ਘਰ ਦੀ ਪਛਾਣ ਘਰ ਨੂੰ ਕੀ ਜੀਣ ਦਾ ਮਜ਼ਾ ਹੈ ਜੇ ਜ਼ਿੰਦਗੀ ਨਾ ਅਪਣੀ ਜੇ ਜ਼ਿੰਦਗੀ ਨਾ ਅਪਣੀ ਕਿਸ ਦੀ ਪਛਾਣ ਘਰ ਨੂੰ ਪਹਿਚਾਣ ਡੁੱਬ ਗਈ ਏ ਨਸ਼ਿਆਂ ਦੇ ਸਾਗਰਾਂ ਵਿਚ ਗ਼ਰਕੀ ਜਹੀ ਕਰਾਈਏ ਮੁਸ਼ਕਿਲ ਪਛਾਣ ਘਰ ਨੂੰ ਬੇਗ਼ਾਨਿਆਂ ਦੀ ਨਗਰੀ ਦਰ ਵੀ ਬੇ-ਗ਼ਾਨਿਆਂ ਦੇ ਬੇਗ਼ਾਨਿਆਂ ਦੀ ਹੋਣੀ ਸੀ ਕੀ ਪਛਾਣ ਘਰ ਨੂੰ ਦੁਨੀਆ 'ਚ ਰਹਿ ਕੇ ਜੋ ਨਾ ਦੁਨੀਆਂ ਪਛਾਣ ਸਕਿਆ ਰਹਿੰਦੀ ਤਾਂ ਕਿਸ ਤਰ੍ਹਾਂ ਫਿਰ ਉਸ ਦੀ ਪਛਾਣ ਘਰ ਨੂੰ ਘਰ ਵਾਲਿਓ ਤੁਹਾਨੂੰ ਘਰ ਦਾ ਪਤਾ ਨਹੀਂ ਜੇ ਦਿੱਲੀ ਵੀ ਕਿਉਂ ਕਰਾਊ ਥੋਡੀ ਪਛਾਣ ਘਰ ਨੂੰ ਸਾਰੀ ਹਯਾਤ ਬੇਘਰ, ਘਰ ਦੇ ਲਈ ਜੋ ਹੁੰਦੇ ਭੁੱਲਦੀ ਨਹੀਂ ਉਨ੍ਹਾਂ ਦੀ ਪਲ ਭਰ ਪਛਾਣ ਘਰ ਨੂੰ ਘਰ ਨੂੰ ਉਠਾ ਕੇ ਸਿਰ 'ਤੇ ਕੋਈ ਨਹੀਂ ਲਿਜਾਂਦਾ ਪੁਰਖ਼ੇ ਕਰਾ ਨੇ ਜਾਂਦੇ ਸਭ ਦੀ ਪਛਾਣ ਘਰ ਨੂੰ 'ਪਰਦੇਸੀ' ਯਾਦ ਰੱਖੀਂ ਪਰਦੇਸ ਵਿਚ ਵੀ ਘਰ ਨੇ ਆਪਣੇ ਵਤਨ ਹੀ ਹੁੰਦੀ ਆਪਣੀ ਪਛਾਣ ਘਰ ਨੂੰ

ਜ਼ੁਬਾਨ ਨਾ ਖੋਲ੍ਹੀਂ

ਇਸ ਮੁਹੱਲੇ ਜ਼ੁਬਾਨ ਨਾ ਖੋਲ੍ਹੀਂ ਜ਼ਿਹਨ ਦੇ ਆਸਮਾਨ ਨਾ ਖੋਲ੍ਹੀਂ ਰੂਪ ਦੇ ਸਾਗਰਾਂ ਨੂੰ ਖ਼ੌਲਣ ਦੇ ਇਸ਼ਕ ਦੇ ਬਾਦਬਾਨ ਨੂੰ ਖੋਲ੍ਹੀਂ ਦਿਲ ਦੇ ਮੰਦਰ ਨੂੰ ਅਲਵਿਦਾ ਕਹਿ ਕੇ ਪੂਜਾ, ਘਰ ਦੀ ਦੁਕਾਨ, ਨਾ ਖੋਲ੍ਹੀਂ ਗੰਧ ਆਵੇਗੀ ਮੋਏ ਖ਼ਵਾਬਾਂ ਦੀ ਚੇਤਿਆਂ ਦੇ ਮਕਾਨ ਨਾ ਖੋਲ੍ਹੀਂ ਰਾਜ਼ ਖੋਲ੍ਹੀਂ ਤੂੰ ਭਾਵੇਂ ਰਾਜੇ ਦੇ ਸਭ ਦੇ ਪਰ ਦਰਮਿਆਨ ਨਾ ਖੋਲ੍ਹੀਂ ਜੂਏਬਾਜ਼ਾਂ ਨਕਾਬਪੋਸ਼ਾਂ ਘਰ ਰੰਗ ਜੀਵਨ ਦੇ ਜਾਨ ਨਾ ਖੋਲ੍ਹੀਂ ਇਹਨਾਂ ਰਿਸਣੈ ਹਯਾਤ ਸਾਰੀ ਹੀ ਜ਼ਖ਼ਮ ਇਹ ਭਾਗਵਾਨ ਨਾ ਖੋਲ੍ਹੀਂ ਉਮਰ ਭਰ ਦੀ ਇਹ ਮੇਰੀ ਪੂੰਜੀ ਏ ਔਖੈ ਬੰਨ੍ਹਣਾ ਸਾਮਾਨ ਨਾ ਖੋਲ੍ਹੀਂ ਪੋਲ ਭਾਵੇਂ ਤੂੰ ਖੋਲ੍ਹ ਦੇ ਉਸ ਦੇ ਗੂੰਗਾ ਬਣ ਜਾ ਜ਼ੁਬਾਨ ਨਾ ਖੋਲ੍ਹੀਂ ਪੀੜ ਰੱਖੀ ਮਸਾਂ ਹੈ ਬੰਨ੍ਹ ਬੰਨ੍ਹ ਕੇ ਇਹ ਹੈ ਅੱਥਰੀ ਰਕਾਨ ਨਾ ਖੋਲ੍ਹੀਂ ਜਗਦੇ ਰੱਖੀਂ ਤੂੰ ਆਸ ਦੇ ਦੀਵੇ ਦਿਲ 'ਚ ਡੱਕਿਆ ਤੂਫ਼ਾਨ ਨਾ ਖੋਲ੍ਹੀਂ ਦੇਸ਼ ਵਿਚ ਘਰ ਨਾ ਘਾਟ 'ਪਰਦੇਸੀ' ਭੇਤ ਇਹ ਵੀ ਸੁਜਾਨ ਨਾ ਖੋਲ੍ਹੀਂ

ਇਕੱਠੇ ਹੋਣਾ ਚਾਹੁੰਦੇ ਹਾਂ

ਇਕੱਠੇ ਹੋਣਾ ਚਾਹੁੰਦੇ ਹਾਂ ਕੀ ਕਰੀਏ ਹੋ ਨਹੀਂ ਹੁੰਦਾ ਕਦੀ ਘਰ ਮੈਂ ਨਹੀਂ ਹੁੰਦਾ ਕਦੀ ਘਰ ਓਹ ਨਹੀਂ ਹੁੰਦਾ ਘਰਾਂ ਨੂੰ ਰਿਸ਼ਤਿਆਂ ਦੇ ਬੂਹਿਆਂ ਸ਼ਿੰਗਾਰਨਾ ਹੁੰਦੈ ਤੁਹਾਡੇ ਵਾਂਗ ਬੂਹਾ ਰਿਸ਼ਤਿਆਂ ਦਾ ਢੋ ਨਹੀਂ ਹੁੰਦਾ ਦਿਸ਼ਾਵਾਂ ਦੇ ਤੁਸੀਂ ਚੁੱਪ ਚਾਪ ਹੀ ਨਕਸ਼ੇ ਬਦਲ ਦਿੱਤੇ ਜਿਵੇਂ ਕਿ ਯਾਤਰੀ ਨੂੰ ਰਸਤਿਆਂ ਦਾ ਮੋਹ ਨਹੀਂ ਹੁੰਦਾ ਉਦਾਸੀ ਯਾਤਰਾ ਦਾ ਪੰਧ ਲੰਮੇਰਾ ਉਮਰ ਤੋਂ ਲਗਦੈ ਨਹੀਂ ਮੁੱਕਦਾ ਮੁਕਾਇਆਂ ਵੀ ਜੋ ਪੈਂਡਾ ਕੋਹ ਨਹੀਂ ਹੁੰਦਾ ਅਮੀਰੀ 'ਚੋਂ ਗ਼ਰੀਬੀ 'ਚੋਂ ਕਿਸੇ ਵੀ ਦੌਰ 'ਚੋਂ ਲੰਘੇ ਕਿਸੇ ਨੂੰ ਦੇਣ ਵਾਲੇ ਤੋਂ ਕਿਸੇ ਤੋਂ ਖੋਹ ਨਹੀਂ ਹੁੰਦਾ ਖ਼ੁਦਾ ਦੇ ਬੰਦਿਆਂ ਨੂੰ ਵੀ ਮੈਂ ਬੰਦੇ ਮਾਰਦੇ ਤੱਕਿਐ ਮਗਰ ਮਰਦੇ ਉਹੀ ਬੰਦੇ ਜਿਨ੍ਹਾਂ ਵਿਚ ਰੋਹ ਨਹੀਂ ਹੁੰਦਾ ਦਿਨਾਂ ਵਿਚ ਰੰਗ ਕਾਲ਼ੇ ਸੰਗ ਕਈ ਹੋ ਜਾਣ ਮਾਲਾ ਮਾਲ ਕਿਸੇ ਤੋਂ ਉਮਰ ਭਰ ਵੀ ਰੰਗ ਚਿੱਟਾ ਛੋਹ ਨਹੀਂ ਹੁੰਦਾ ਪਰਾਈ ਕਣਕ ਨੂੰ ਲੁੱਟ ਕੇ ਉਹੀ ਲੰਗਰ ਲਗਾਉਂਦੇ ਨੇ ਜਿਨ੍ਹਾਂ ਤੋਂ ਆਪਣਾ ਪੇੜੇ ਦਾ ਆਟਾ ਗੋਹ ਨਹੀਂ ਹੁੰਦਾ ਕਿਸੇ ਨੂੰ ਕੀ ਪਤਾ ਕਿਸ ਨੇ ਕਦੋਂ ਕੀ ਕਰ ਗੁਜ਼ਰਨਾ ਹੈ ਸੁਣੱਖੇ ਚਿਹਰਿਆਂ ਦਾ ਦਿਲ ਕਦੀ ਵੀ ਟੋਹ ਨਹੀਂ ਹੁੰਦਾ ਕਿਸੇ ਨੂੰ ਦੂਰੋਂ ਤਕ ਕੇ ਪਿਆਰ ਦਾ ਅਹਿਸਾਸ ਹੋ ਜਾਂਦੈ ਕਿਸੇ ਦੀ ਘੁੱਟਵੀਂ ਗੱਲਵਕੜੀ ਵਿਚ ਵੀ ਮੋਹ ਨਹੀਂ ਹੁੰਦਾ ਕਦੀ ਅੱਖੀਆਂ 'ਚ 'ਪਰਦੇਸੀ' ਜੀ ਦੁਨੀਆ ਤੋਲ ਸਕਦੇ ਹੋ ਕਦੀ ਪਰ ਰਿਸ਼ਤਿਆਂ ਦਾ ਭਾਰ ਦਿਲ 'ਤੇ ਜੋਹ ਨਹੀਂ ਹੁੰਦਾ

ਠੀਕ ਹੈ ਮੌਲਾ ਮੇਰਿਆ

ਹਾਦਸਿਆਂ ਦੀ ਭੀੜ ਹੈ ਇਕ ਇਕੱਲੀ ਜਾਨ ਠੀਕ ਹੈ ਮੌਲਾ ਮੇਰਿਆ ਜੋ ਤੈਨੂੰ ਪਰਵਾਨ ਧਰਤੀ ਤੋਂ ਆਕਾਸ਼ ਤਕ ਦਿੱਤੀ ਅੱਗ ਵਰਤਾ ਗੂੰਗੇ ਬੋਲ਼ੇ ਹੋ ਗਏ ਸਰਕਾਰੀ ਫ਼ਰਮਾਨ ਚੁੱਪ ਚੁਪੀਤੇ, 'ਕੱਲਿਆਂ ਲਾਈਦੈ ਦਰਬਾਰ ਕੰਧਾਂ, ਸੀਖ਼ਾਂ, ਸੁਣਦੀਐਂ ਹੁਣ ਸਾਡਾ ਵਖਿਆਨ ਚਿੜੀਆ ਰਾਣੀ ਉੜ ਗਈ ਚੁਗ-ਚੁਗ ਅਪਣਾ ਚੋਗ ਸੁੰਨ-ਮਸੁੰਨੀ ਰੂਹ ਫਿਰ, ਫਿਰ ਜਿੰਦ ਬੀਆਬਾਨ ਰਾਜਾ ਫਿਰਦਾ ਕੂਕਦਾ ਕਿੱਥੇ ਉੱਡ ਗਈ ਰੂਹ ਜਿਸ ਦਾ ਮੇਰੇ ਰਾਜ ਵਿਚ ਚਲਦਾ ਸੀ ਫ਼ਰਮਾਨ ਦੁਖੜੋ ਦੁਖੜੀ ਹੋ ਰਹੇ ਹਰ ਘਰ ਵਿਚਲੇ ਲੋਕ ਅੱਖੀਆਂ ਅੰਦਰ ਅੱਥਰੂ ਦਿਲ ਅੰਦਰ ਘਮਸਾਨ ਭਟਕਣ ਰੂਹਾਂ ਰਾਤ ਨੂੰ ਦਿਨ ਨੂੰ ਬੋਲਣ ਹਾਅੜ ਹਰ ਡੇਰੇ ਦੇ ਨਾਲ ਕਿਉਂ ਬਣ ਜਾਂਦੈ ਸ਼ਮਸ਼ਾਨ ਜੈ ਜੈ ਕਾਰ ਹੈ ਬਾਬਿਓ ਥੋਡੀ ਜੈ ਜੈ ਕਾਰ ਹੋਠੀਂ ਰੱਬ ਦਾ ਨਾਮ ਹੈ ਮਨ ਅੰਦਰ ਸ਼ੈਤਾਨ ਮੇਰੇ ਕੋਲੋਂ ਲੁਕ ਸਕੇ ਨਾ ਸੂਰਜ ਤੇ ਚੰਦ ਬੱਦਲਾਂ ਉਹਲੇ ਲੁਕ ਗਈ ਫਿਰ ਕਿੰਜ ਮੇਰੀ ਜਾਨ ਸਰਕਾਰਾਂ ਦੀ ਕਰਦਿਆਂ ਮਨ-ਮਰਜ਼ੀ ਤਾਮੀਰ ਕਿੰਨੇ ਸੱਜਣ ਬਣ ਗਏ ਸਰਕਾਰੀ ਮਹਿਮਾਨ ਤਿਤਲੀ ਪਕੜੀ ਫੁੱਲ ਤੋਂ ਪੱਤੀ ਪੱਤੀ ਫੁੱਲ ਅੱਥਰੂ-ਅੱਥਰੂ ਹੋ ਗਈ ਮਹਿਕ ਭਰੀ ਮੁਸਕਾਨ ਜਾਤਾਂ ਧਰਮਾਂ ਨਾਲ ਜਦ ਦਿੱਤੇ ਵੰਡ ਮਨੁੱਖ ਮਾਨਵਤਾ ਦੇ ਕਿੰਜ ਨਾ ਬਣਦੇ ਕਬਰਸਤਾਨ ਜੋਗੀ ਕਹਿਣ 'ਹੇ ਨਾਨਕਾ', ਪਰਲੋ ਜਾਣੀ ਆ ਪਰਜਾ ਨਾਲੋਂ ਵਧ ਗਏ ਧਰਤੀ 'ਤੇ ਭਗਵਾਨ ਅਪਣੇ ਵਿਚਲੀਆਂ ਦੂਰੀਆਂ ਦੂਰ ਕਰੇਗਾ ਕੌਣ ਹੈ ਜਦ ਐਨਾ ਫ਼ਾਸਲਾ ਜਿਉਂ ਮੋਗਿਓਂ ਮੁਲਤਾਨ ਸੁਣਦੈਂ ਕਿਸ ਦੀ ਗੱਲ ਤੂੰ ਕਰਦੈਂ ਕਿਸ ਦੀ ਗੱਲ 'ਪਰਦੇਸੀ' ਹੁਣ ਵੇਖਣੈ ਤੇਰਾ ਦੀਨ-ਈਮਾਨ

ਬਿੱਲੀਆਂ ਅੱਖੀਆਂ

ਗੁਲਾਬੀ, ਗੇਰੂਆ ਜਾਂ, ਕਾਲ਼ੀਆਂ ਜਾਂ ਬਿੱਲੀਆਂ ਅੱਖੀਆਂ ਸਲਾਮਤ ਰਹਿਣ ਜੁੱਗੋ ਜੁਗ ਮਨਾਂ ਨੂੰ ਮੋਹਣੀਆਂ ਅੱਖੀਆਂ ਜੀ ਉਸ ਦੀ ਈਦ ਤਾਂ ਹੁੰਦੀ ਏ ਤਕ ਕੇ ਈਦ ਦੇ ਚੰਦ ਨੂੰ ਅਸਾਡੀ ਈਦ ਹੁੰਦੀ ਏ, ਜੀ ਤਕ ਕੇ ਉਸ ਦੀਆਂ ਅੱਖੀਆਂ ਜੋ ਪਲਕਾਂ ਬੰਦ ਕਰ ਕਰ ਕੇ ਮਜ਼ਾ ਦੀਦਾਰ ਦਾ ਮਾਨਣ ਬਹੁਤ ਹੀ ਘੱਟ ਤੱਕੀਆਂ ਨੇ ਮੈਂ ਕਰਮਾਂ ਵਾਲੀਆਂ ਅੱਖੀਆਂ ਸਦਾ ਇਹ ਕਹਿੰਦੀਆਂ ਨੇ ਕਹਿੰਦੀਆਂ ਨੇ ਕਹਿੰਦੀਆਂ ਹੀ ਨੇ ਕਿਸੇ ਦੀ ਸੁਣਦੀਆਂ ਨਈਂ ਸੁਣਦੀਆਂ ਨਈਂ ਸੁਣਦੀਆਂ ਅੱਖੀਆਂ ਤੁਸੀਂ ਜੇ ਸੁਣ ਨਹੀਂ ਸਕਦੇ ਤਾਂ ਲੈ ਲਉ ਕੰਨ ਫਿਰ ਮੇਰੇ ਨਹੀਂ ਜੇ ਵੇਖ ਸਕਦੇ ਤਾਂ ਇਹ ਲੈ ਲਉ ਮੇਰੀਆਂ ਅੱਖੀਆਂ ਇਹ ਗੋਤੇ ਖਾਂਦੀਆਂ ਸਧਰਾਂ ਨੂੰ ਗੋਤਾਖ਼ੋਰ ਕੀ ਸਮਝਣ ਕਿਵੇਂ ਹਨ ਲੋੜ ਦੇ ਸਾਗਰ 'ਚ ਤਰ ਤਰ ਡੁੱਬਦੀਆਂ ਅੱਖੀਆਂ ਹਨੇਰਾ ਹੈ ਨਿਗਲ ਜਾਂਦਾ ਉਦੋਂ ਫਿਰ ਘਰ ਦੇ ਚਾਨਣ ਨੂੰ ਜਦੋਂ ਵੀ ਬੰਦ ਹੋ ਜਾਵਣ ਸਰਾਪੇ ਘਰ ਦੀਆਂ ਅੱਖੀਆਂ ਇਨ੍ਹਾਂ ਵਿਚ ਤੇਲ ਪਾਈ ਰੱਖਿਓ ਜੀ ਜ਼ਿੰਦਗੀ ਭਰ ਹੀ ਨਹੀਂ ਫਿਰ ਜਗਦੀਆਂ, ਇਕ ਵਾਰ ਨੇ ਜਦ ਬੁਝਦੀਆਂ ਅੱਖੀਆਂ ਢਹੇ ਜਾਦੂਗਰਾਂ ਦੇ ਚੜ੍ਹ ਕੇ ਉਹ ਹੀ ਸੁੰਨੀਆਂ ਕਰ ਗਏ ਜੋ ਕਹਿੰਦੇ ਹੀ ਨਹੀਂ ਥੱਕਦੇ ਸੀ ਜਾਦੂਗਰਨੀਆਂ ਅੱਖੀਆਂ ਜਦੋਂ ਲਾਲੀ ਸਵੇਰੇ ਦੀ ਹੈ ਪਉਂਦੀ ਰੜਕ ਆਥਣ ਤੀਕ ਉਦੋਂ ਇਹ ਸੁਰਮਈ ਜਿਹੀਆਂ ਮਸ਼ਾਲਾਂ ਬਣਦੀਆਂ ਅੱਖੀਆਂ ਉਧੇੜਨ ਰੂਹ ਨੂੰ ਸਾਰਾ ਦਿਨ ਤੇ ਰਾਤੀਂ ਬੁਣਦੀਆਂ ਸੁਪਨੇ ਕਦੀ ਇਹ ਸੋਚਿਆ ਹੈ, ਉਮਰ ਭਰ ਨਈਂ ਸੌਂਦੀਆਂ ਅੱਖੀਆਂ ਜਿਨ੍ਹਾਂ ਬੇ-ਖ਼ੌਫ਼ ਹੋ ਕੇ ਉਮਰ ਸਾਰੀ ਕਤਲ ਹੀ ਕੀਤੇ ਧਿਆਵਣ ਉਹ ਵੀ ਰੱਬ ਨੂੰ ਅੰਤ ਵੇਲੇ ਡਰਦੀਆਂ ਅੱਖੀਆਂ ਜਿਨ੍ਹਾਂ ਨੂੰ ਵਕਤ ਦੇ ਫ਼ਰਮਾਨ ਦੀ ਤਾਕਤ ਨਿਗਲ ਜਾਵੇ ਨਹੀਂ ਉਹ ਮੇਰੀਆਂ ਅੱਖੀਆਂ ਤੇ ਨਾ ਹੀ ਤੇਰੀਆਂ ਅੱਖੀਆਂ ਲੁਕਾ ਕੇ ਸ਼ੀਸ਼ਿਆਂ ਅੰਦਰ ਇਹ ਰੱਖਣ ਕੀਮਤੀ ਪਾਣੀ ਨਹੀਂ ਇਹ ਜਣੇ-ਖਣੇ ਦਾ ਐਵੇਂ ਪਾਣੀ ਭਰਦੀਆਂ ਅੱਖੀਆਂ ਤੁਸੀਂ ਹੱਸਣ ਦਾ 'ਪਰਦੇਸੀ' ਜੀ ਕਰਦੇ ਹੋ ਸਦਾ ਨਾਟਕ ਹੈ ਹਾਸਾ ਰੂਹ ਨੂੰ ਭਾਉਂਦਾ ਨਾਲ ਨੇ ਜਦ ਹੱਸਦੀਆਂ ਅੱਖੀਆਂ

ਘੜਾ ਪਾਪਾਂ ਦਾ

ਘੜਾ ਪਾਪਾਂ ਦਾ ਕਿਉਂ ਭਰਦਾ ਨਹੀਂ ਹੈ ਇਹ ਡੁੱਬੇਗਾ, ਅਜੇ ਭਰਿਆ ਨਹੀਂ ਹੈ ਉਹ ਦੇਵੇਗਾ ਹੀ, ਹਾਂ, ਜਮਨਾ 'ਚ ਗੋਤੇ ਉਦ੍ਹੀ ਜਦ ਸੋਚ ਵਿਚ ਗੰਗਾ ਨਹੀਂ ਹੈ ਉਹ ਤਖ਼ਤੇ 'ਤੇ ਚੜ੍ਹਾ ਕੇ ਆਖਦਾ ਏ ਤੁਹਾਡੀ ਜਾਨ ਨੂੰ ਖ਼ਤਰਾ ਨਹੀਂ ਹੈ ਤੂੰ ਸਿਰਜਣ ਲੱਗਿਐਂ ਇਤਿਹਾਸ ਜਿਹੜਾ ਕਦੀ ਵੀ ਵੇਖਿਆ ਸੁਣਿਆ ਨਹੀਂ ਹੈ ਤੇਰੇ ਅਸਮਾਨ 'ਤੇ ਉੱਡਿਆ ਹੈ ਜੋ ਵੀ ਕਦੀ ਵੀ ਪੰਛੀ ਉਹ ਬਚਿਆ ਨਹੀਂ ਹੈ ਨਹੀਂ ਮੈਂ ਕਿਉਂ ਨਹੀਂ ਭਾਰਤ ਦਾ ਵਾਸੀ ਜੇ ਮੇਰਾ ਰੰਗ ਕੁਝ ਭਗਵਾ ਨਹੀਂ ਹੈ ਇਹ ਜਿਸ ਨੂੰ ਪਿਆਰ ਕਰਦੇ ਹੋ ਤੁਸੀਂ ਸਭ ਇਹ ਸੋਹਣਾ ਤਾਂ ਹੈ ਮਨਮੋਹਣਾ ਨਹੀਂ ਹੈ ਨਵੀਂ ਨਿੱਤ ਬਿਪਤਾ ਪਾ ਕੇ ਹੈ ਉਹ ਕਹਿੰਦਾ ਕਿਸੇ 'ਤੇ ਕੋਈ ਵੀ ਬਿਪਤਾ ਨਹੀਂ ਹੈ ਨਾ ਇਸ ਤੋਂ ਰਹਿਮਤਾਂ ਦੀ ਆਸ ਰੱਖੋ ਇਦ੍ਹੇ ਵਿਚ ਭੋਰਾ ਭਰ ਮਮਤਾ ਨਹੀਂ ਹੈ ਉਹ ਪੀਂਦਾ ਹੈ ਬੜਾ ਪੁਣ-ਪੁਣ ਕੇ ਪਾਣੀ ਲਹੂ ਬੰਦੇ ਦਾ ਹੀ ਪੁਣਦਾ ਨਹੀਂ ਹੈ ਸਮੁੰਦਰੋਂ ਪਾਰ ਤਕ ਆਵਾਜ਼ ਇਸ ਦੀ ਇਹ ਗੂੰਗੀ ਹਿੰਦ ਦੀ ਪਰਜਾ ਨਹੀਂ ਹੈ ਸਦਾ ਡਟਿਆ ਰਿਹੈ 'ਪਰਦੇਸੀ' ਸੱਚ 'ਤੇ ਇਹ ਉਹ ਬੰਦਾ ਹੈ ਜੋ ਝੁਕਦਾ ਨਹੀਂ ਹੈ

ਸਾਨੂੰ ਤਪਾਵਣ ਲਈ

ਜੇ ਸੂਰਜਾ ਤੂੰ ਖੜ੍ਹੈਂ ਸਾਨੂੰ ਤਪਾਵਣ ਲਈ ਚੰਨ ਚਾਨਣੀ ਵੀ ਖੜ੍ਹੀ ਠੰਢਕ ਪੁਚਾਵਣ ਲਈ ਰਿਸ਼ਤੇ ਨਹੀਂ ਭੀੜ ਹੈ ਰਿਸ਼ਤੇ ਵਿਖਾਵਣ ਲਈ ਜਾਵੀਂ ਨ ਸੌਂ ਰੰਗਲੇ ਸੁਪਨੇ ਸਜਾਵਣ ਲਈ ਨਾ ਸੋਚ ਐਨਾ ਵੀ ਤੂੰ ਸੱਚੀਆਂ ਸੁਣਾਵਣ ਲਈ ਤੁਰਿਆ ਹੈਂ ਜੇ ਸੱਚ ਦਾ ਝੰਡਾ ਝੁਲਾਵਣ ਲਈ ਜਿਸ ਹਾਸਿਆਂ-ਹਾਸਿਆਂ ਵਿਚ ਰੋਲ਼ਿਆ ਖ਼ੁਦ ਵਜੂਦ ਮਜਬੂਰ ਹੁਣ ਉਹ ਆਪਣੇ ਹਾਸੇ ਲੁਟਾਵਣ ਲਈ ਮੜ੍ਹੀਆਂ ਮਸਾਣਾਂ ਭਲਾ ਕਰਨਾ ਭਲਾ ਕੀ ਭਲਾ ਕਿਉਂ ਤੁਰ ਪਏ ਰਾਖ਼ 'ਤੇ ਦੀਵੇ ਜਗਾਵਣ ਲਈ ਕਰ ਕਤਲ ਫੁੱਲਾਂ ਨੂੰ ਕਰ, ਕਰ ਤਿਤਲੀਆਂ ਸਮੇਤ ਸ਼ੋ-ਕੇਸ ਇਸ ਬਾਗ਼ ਬਹੁ ਸਦਮੇ ਸਜਾਵਣ ਲਈ ਪੰਜਾਬ ਦਾ ਦਿਲ ਕਦੋਂ ਦਿੱਲੀ ਬਣੀ ਦੋਸਤੋ ਕਾਹਲ਼ੇ ਹੋ ਕਿਉਂ ਫਿਰ ਤੁਸੀਂ ਦਿੱਲੀ ਵਿਆਹਵਣ ਲਈ ਉਹ ਦੌਰ ਸੀ ਚੋਰਟਾ ਆਇਆ ਹੀ ਸੀ, ਆਪਣੇ ਸੰਗੀਤ ਰੁੱਤੇ ਫ਼ਕਤ ਨਗ਼ਮੇ ਚੁਰਾਵਣ ਲਈ ਕਿਉਂ ਜੰਗਲੀਂ ਭਾਲਦੈਂ 'ਪਰਦੇਸੀ' ਤੂੰ ਲੱਕੜਾਂ ਬਾਲਣ ਬੜੈ ਘਰ 'ਚ ਹੀ ਸੁਪਨੇ ਜਲਾਵਣ ਲਈ

ਹੁਣ ਬੰਦਗੀ ਹੈ ਕੋਲ ਬਸ

ਬੰਦਾ ਨਹੀਂ ਹੁਣ ਬੰਦਗੀ ਹੈ ਕੋਲ ਬਸ ਤੂੰ ਬੰਦਗੀ 'ਚੋਂ ਜ਼ਿੰਦਗੀ ਨਾ ਟੋਲ ਬਸ ਇਸ ਧਰਮ ਦੀ ਨਗਰੀ 'ਚ ਫ਼ਿਰਕੇਦਾਰੀਐਂ ਤੂੰ ਨਫ਼ਰਤਾਂ ਸੰਗ ਭਰ ਲਵੇਂਗਾ ਝੋਲ ਬਸ ਜੇ ਫੋਲਣੇ ਪੈ ਜਾਣ ਵੀ ਫੋਲੀਂ ਨ ਤੂੰ ਛੱਡ ਰਿਸ਼ਤਿਆਂ ਦੇ ਫੋਲਣੇ ਨਾ ਫੋਲ ਬਸ ਜਦ ਆਪਣੀ ਹੀ ਨਾ ਰਹੀ ਇਹ ਜ਼ਿੰਦਗੀ ਬੇਗ਼ਾਨਿਆਂ 'ਚੋਂ ਜ਼ਿੰਦਗੀ ਨਾ ਟੋਲ ਬਸ ਖ਼ੁਦ ਕੌਣ ਫਸਦੈ ਦੋਜ਼ਖ਼ਾਂ ਦੇ ਜਾਲ਼ ਵਿਚ ਫਸ ਹੀ ਗਏ ਸਾਂ ਦੋਸਤਾ ਅਣਭੋਲ ਬਸ ਸੁਣ ਸੁਣ ਕੇ ਰੋਟੀ ਵਾਂਗ ਧਰਤੀ ਗੋਲ ਹੈ ਆਕਾਸ਼ ਵੀ ਲਗਦਾ ਹੈ ਹੁਣ ਤਾਂ ਗੋਲ ਬਸ ਦਿਲ 'ਤੇ ਛਪਾਕੀ ਪਾ ਹੀ ਜਾਂਦੇ ਨੇ ਉਹ ਹੁਣ ਮਿਸ਼ਰੀ ਜਹੇ ਹੁੰਦੇ ਸੀ ਜਿਹੜੇ ਬੋਲ ਬਸ ਉਹ ਤੁਰ ਗਏ ਬਰਬਾਦ ਕਰ ਕੇ ਜ਼ਿੰਦਗੀ ਹੁਣ ਤੁਰ ਗਿਆਂ ਦੇ ਪੋਤੜੇ ਨਾ ਫੋਲ ਬਸ 'ਪਰਦੇਸੀ' ਜਿੰਨੀ ਨਿਭ ਗਈ ਹੈ ਠੀਕ, ਹੁਣ 'ਸੰਮੀ' ਨ ਤੂੰ ਮੈਂ ਵੀ ਨਹੀਂ ਹਾਂ 'ਢੋਲ' ਬਸ

ਖ਼ਾਬ ਉਨੀਂਦੇ ਨੈਣ ਖ਼ੁਮਾਰੀ

ਖ਼ਾਬ ਉਨੀਂਦੇ ਨੈਣ ਖ਼ੁਮਾਰੀ ਪੁੱਛ ਨ ਕਿਸ ਬਿਧ ਰਾਤ ਗੁਜ਼ਾਰੀ ਕੌਣ ਬਚੇਗਾ ਏਸ ਗਰਾਂ 'ਚੋਂ ਅੱਜ ਨਹੀਂ ਤਾਂ ਕੱਲ੍ਹ ਤਿਆਰੀ ਚੀਰ ਨ ਹੁੰਦੀ ਕਿੰਜ ਮੁਹੱਬਤ ਰੁੱਖ ਸੀ ਰਾਂਝਾ, ਹੀਰ ਸੀ ਆਰੀ ਬਾਝ ਕਸੂਰੋਂ ਖ਼ੌਫ਼ਜ਼ਦਾ ਰਹਿ ਉਮਰ ਹੈ ਦੋਸ਼ੀ ਵਾਂਗ ਗੁਜ਼ਾਰੀ ਗੱਲ ਸੀ ਏਨੀ ਵਿੰਗ ਤੜਿੰਗੀ ਰਾਤ ਗਈ ਮੁੱਕ ਗੱਲ ਹੈ ਜਾਰੀ ਰੰਗ ਨੇ ਇਹ ਬਦਰੰਗ ਹੋ ਜਾਣੇ ਪ੍ਰੀਤ ਇਨ੍ਹਾਂ ਦੀ ਪੌਣ ਸਵਾਰੀ ਸ਼ੋਕ ਸਭਾ ਵਿਚ ਕਰਨ ਸਲਾਹਾਂ ਓਸ ਜਗ੍ਹਾ ਦਾ ਕੌਣ ਵਪਾਰੀ ਦੌਰ ਹੈ ਕੈਸਾ ਸਮਝ ਨ ਆਵੇ ਕੌਣ ਹੈ ਨਰ ਤੇ ਕੌਣ ਹੈ ਨਾਰੀ ਸੱਤ ਸਮੁੰਦਰ ਟੱਪ ਹੈ ਜਾਣੀ ਰਾਮ ਤੋਂ ਡਰਦੀ ਰਾਮ ਪਿਆਰੀ ਜੰਮ ਪਏ ਸਾਂ ਜੰਗ ਦੀ ਰੁੱਤੇ ਅੰਤ ਸਮੇਂ ਵੀ ਜੰਗ ਹੈ ਜਾਰੀ ਹੱਸ ਕਦੀ ਤਾਂ ਹੱਸ 'ਪਰਦੇਸੀ' ਪੰਧ ਹੈ ਬਿਖੜਾ ਚੁੱਪ ਤੂੰ ਧਾਰੀ

ਬੜਾ ਸਤਿਕਾਰ ਕਰਦੇ ਹੋ

ਬੜਾ ਹੀ ਮਾਣ ਦਿੰਦੇ ਹੋ ਬੜਾ ਸਤਿਕਾਰ ਕਰਦੇ ਹੋ ਮੈਂ ਇਹ ਤਾਂ ਜਾਣਦੈਂ ਐਨਾ ਤੁਸੀਂ ਕਿਉਂ ਪਿਆਰ ਕਰਦੇ ਹੋ ਹਨੇਰਾ ਹੋਣ ਤੋਂ ਪਹਿਲਾਂ ਹਨੇਰੀ ਹੋ ਉਹ ਜਾਂਦਾ ਹੈ ਸਵੇਰੇ ਨਾਲ ਸਾਡੇ ਜੋ ਤੁਸੀਂ ਇਕਰਾਰ ਕਰਦੇ ਹੋ ਤੁਸੀਂ ਇਹ ਸੋਚ ਕੇ ਖ਼ੁਸ਼ ਹੋ ਤੁਸੀਂ ਬੁੱਧੂ ਬਣਾਇਆ ਹੈ ਮਗਰ ਖ਼ੁਸ਼ ਆਪਣੇ ਹੀ ਆਪ ਨੂੰ ਬੇਕਾਰ ਕਰਦੇ ਹੋ ਛੁਪਾਈ ਜਾ ਨਹੀਂ ਸਕਦੀ ਅਗਰ ਗ਼ਲਤੀ ਤੁਸਾਂ ਤੋਂ, ਫਿਰ ਬਹਾਨੇਬਾਜ਼ੀਆਂ ਦਾ ਕਿਸ ਲਈ ਵਿਸਥਾਰ ਕਰਦੇ ਹੋ ਤੁਹਾਡੇ ਦਿਲ 'ਚ ਕੀ, ਕਰਦੇ ਹੋ ਕੀ, ਇਹ ਜਾਣਦਾ ਹਾਂ ਮੈਂ ਤੁਸੀਂ ਕਰਦੇ ਹੋ ਜੋ ਭਾਵੇਂ, ਸਮੁੰਦਰੋਂ ਪਾਰ ਕਰਦੇ ਹੋ ਕਦੀ ਕੁਝ ਸਿਖ ਨਹੀਂ ਸਕਦੇ ਜੋ ਹੈਂਕੜਬਾਜ਼ ਹੁੰਦੇ ਨੇ ਬੜੀ ਤਕਲੀਫ਼ ਹੁੰਦੀ ਜਦ ਤੁਸੀਂ ਹੰਕਾਰ ਕਰਦੇ ਹੋ ਜਦੋਂ ਸੱਚੀਆਂ ਸੁਣਾਈਆਂ ਜਾਣ ਓਦੋਂ ਝੱਲ ਨਹੀਂ ਸਕਦੇ ਦੁਹਾਈ ਪਾ ਕੇ ਉੱਚੀ ਬੇ-ਵਜ੍ਹਾ ਤਕਰਾਰ ਕਰਦੇ ਹੋ ਜਿਨ੍ਹਾਂ ਨੂੰ ਰਿਸ਼ਤਿਆਂ ਦੇ ਕਤਲ ਦਾ ਦੁੱਖ ਹੀ ਨਹੀਂ ਭੋਰਾ ਉਨ੍ਹਾਂ ਦੇ ਕੋਲ ਬਹਿ, ਖ਼ੁਦ ਨੂੰ ਹੀ ਤਾਰੋ-ਤਾਰ ਕਰਦੇ ਹੋ ਕਦੀ ਉਸ ਯੁਗ, ਕਦੀ ਇਸ ਯੁਗ 'ਚ ਵੰਡ ਵੰਡ ਕਾਲ਼ੀਆਂ ਰਾਤਾਂ ਸਿਤਮ ਹੈ, ਚਾਨਣੀ ਲੁੱਟਣ ਦਾ ਕਾਰੋਬਾਰ ਕਰਦੇ ਹੋ ਜਦੋਂ ਚਿੱਕੜ ਭਰੇ ਪੈਰਾਂ ਨੂੰ ਲੈ ਸਿਰ 'ਚੋਂ ਗੁਜ਼ਰ ਜਾਵੋ ਤੁਸੀਂ ਨਈਂ ਜਾਣਦੇ ਸੋਚਾਂ ਨੂੰ ਗਾਰੋ-ਗਾਰ ਕਰਦੇ ਹੋ ਵਤਨ ਦੇ ਹੁੰਦਿਆਂ ਸੁੰਦਿਆਂ ਉਦੋਂ ਬਣਦੇ ਹੋ 'ਪਰਦੇਸੀ' ਜਦੋਂ ਭਰਿਆਂ ਬਰਾਬਰ ਜ਼ਿੰਦਗੀ ਦਾ ਭਾਰ ਕਰਦੇ ਹੋ

ਤੋਤੇ ਦੇ ਪਿਆਰ ਵਰਗਾ

ਮੈਨਾ ਦੀ ਪ੍ਰੀਤ ਜੇਹਾ ਤੋਤੇ ਦੇ ਪਿਆਰ ਵਰਗਾ ਸਾਡਾ ਤਾਂ ਹੈ ਉਲਾਂਭਾ ਮਹਿਕਾਂ ਦੇ ਭਾਰ ਵਰਗਾ ਮੋਤੀ ਉਹ ਜਿਸ ਨੂੰ ਪੱਥਰ ਕਹਿ ਕੇ ਤੂੰ ਤੋੜ ਦਿੱਤਾ ਹੰਝੂ ਦੀ ਜੂਨ ਭੋਗੇ ਹੀਰੇ ਦੀ ਧਾਰ ਵਰਗਾ ਨਗ਼ਮੇ ਤੂੰ ਮੇਰੇ ਆਪਣੇ ਹੋਠਾਂ 'ਚੋਂ ਕੇਰ ਕੇਰਾਂ ਹੋ ਜਾਏਗਾ ਇਹ ਤੇਰਾ ਜੀਵਨ ਸਿਤਾਰ ਵਰਗਾ ਐਵੇਂ ਤੂੰ ਪੰਛੀਆਂ 'ਤੇ ਬੰਦਿਸ਼ ਲਗਾ ਨਾ ਦੇਵੀਂ ਹਉਕਾ ਇਨ੍ਹਾਂ ਦਾ ਇਕ-ਇਕ ਹੁੰਦੈ ਕਟਾਰ ਵਰਗਾ ਹਰ ਆਦਮੀ ਨੇ ਸਿਰ 'ਤੇ ਖ਼ਬਰਾਂ ਦੀ ਪੰਡ ਚੁੱਕੀ ਹਰ ਸ਼ਖ਼ਸ ਜਾਪਦਾ ਹੈ ਨਾਮਾ-ਨਿਗਾਰ ਵਰਗਾ ਏਨਾ ਰੁਆ ਨਾ ਸਾਨੂੰ ਹੜ੍ਹ ਜਾਏਗਾ ਚਮਨ ਇਹ, ਹੜ੍ਹ ਦੀਦਿਆਂ 'ਚ ਸਾਡੇ ਰਾਵੀ ਦੀ ਮਾਰ ਵਰਗਾ 'ਪਰਦੇਸੀ' ਉਮਰ ਸਾਰੀ ਲਿਖ-ਲਿਖ ਕੇ ਗਾਲ਼ ਦਿੱਤੀ, ਪਰ ਕੁਝ ਵੀ ਲਿਖ ਨਾ ਸਕਿਆ 'ਚੰਡੀ ਦੀ ਵਾਰ' ਵਰਗਾ

ਜਦ ਆਪਣੀ ਆਵਾਜ਼, ਬਸ

ਸੁਣਦੀ ਨਹੀਂ ਜਦ ਆਪਣੀ ਆਵਾਜ਼, ਬਸ ਫਿਰ ਹਾਦਸੇ ਦਾ ਸਮਝ ਲਉ ਆਗ਼ਾਜ਼, ਬਸ ਆਪਾਂ ਰਹੇ ਰੋਟੀ ਦੀ ਖ਼ਾਤਰ ਜੂਝਦੇ ਉਹ ਸ਼ਹਿਨਸ਼ਾਹ ਸੀ ਲੈ ਗਏ ਸ਼ਹਿਨਾਜ਼, ਬਸ ਪੜ੍ਹ, ਬੋਲ ਲੈਂਦੇ ਹਾਂ ਨਿਗਾਹਾਂ ਨਾਲ ਵੀ ਗੂੰਗੀ ਫ਼ਕਤ ਤੂੰ ਕਰ ਗਿਐਂ ਆਵਾਜ਼, ਬਸ ਤੈਨੂੰ ਤਾਂ ਭੁੱਲਿਆਂ ਨੂੰ ਨੇ ਸਦੀਆਂ ਬੀਤੀਆਂ ਉਹ ਭੁੱਲ ਨਹੀਂ ਹੁੰਦੇ ਤੇਰੇ ਅਲਫ਼ਾਜ਼, ਬਸ ਖੰਭਾਂ ਦਾ ਹੋਣਾ ਜਾਂ ਨਾ ਹੋਣਾ ਹੋਰ ਗੱਲ ਦਿਲ ਦੇ ਬਿਨਾਂ ਭਰਨੀ ਕਠਿਨ ਪਰਵਾਜ਼, ਬਸ ਫਿਰ ਗੀਤ ਹੱਸ ਹੱਸ ਕੇ ਰਵਾਉਂਦੇ ਨੇ ਬਹੁਤ ਉਸ ਢੋਲਕੀ ਦੇ ਯਾਦ ਕਰ ਕਰ ਨਾਜ਼, ਬਸ ਜਿਸ ਦਿਨ ਤੋਂ ਅਪਣੇ ਗੀਤ ਹੋ ਗਏ ਬੇਸੁਰੇ ਉਸ ਦਿਨ ਤੋਂ ਹੀ ਹੈ ਬਾਂਸੁਰੀ ਨਾਰਾਜ਼, ਬਸ ਗੀਤਾਂ ਨੂੰ ਹਾਕਿਮ ਕਤਲ ਕਰ ਸਕਦਾ ਸੀ ਕਦ ਦੱਸਦਾ ਨ ਸੁਰ ਦੇ ਰਾਜ਼ ਜੇ ਹਮਰਾਜ਼, ਬਸ 'ਪਰਦੇਸੀ' ਧਰਤੀ 'ਤੇ ਬੜੇ ਖ਼ੂੰਖਾਰ ਲੋਕ ਅੰਬਰ 'ਚ ਉੱਡਦੇ ਨੇ ਫ਼ਕਤ ਇਕ ਬਾਜ਼, ਬਸ

ਗੁਆਚੀਆਂ ਗ਼ਜ਼ਲਾਂ ਦੀ ਭਾਲ਼ ਮੈਂ

ਕੀਤੀ ਬੜੀ ਗੁਆਚੀਆਂ ਗ਼ਜ਼ਲਾਂ ਦੀ ਭਾਲ਼ ਮੈਂ ਰੀਝਾਂ ਨੂੰ ਅੰਤ ਝਾੜਤਾ ਪਤਝੜ ਦੇ ਨਾਲ਼ ਮੈਂ ਏਨਾ ਤਪਾਇਆ ਓਸ ਨੇ ਕੇ ਭਾਫ਼ ਬਣ ਗਿਆ ਖਾਧੇ ਕਿਸੇ ਦੇ ਇਸ਼ਕ 'ਚ ਐਸੇ ਉਬਾਲ਼ ਮੈਂ ਕਿੱਕਰ ਪਹਾੜੀ ਭੱਖੜੇ ਥੋਰ੍ਹਾਂ ਤੇ ਪੋਲ੍ਹੀਆਂ ਸੌਂਦਾ ਰਿਹਾ ਹਾਂ ਦੇਖ ਲੈ ਕਿਸ ਕਿਸ ਦੇ ਨਾਲ ਮੈਂ ਮੂੰਹ 'ਤੇ ਨਾ ਕਾਲ਼ੀ ਲੂੰਈਂ ਸੀ ਹੁਣ ਖਿੜ ਰਹੀ ਕਪਾਹ ਗਿਣ ਲੈ ਬਿਤਾਏ ਜਾਗ ਕੇ ਕਿੰਨੇ ਕੁ ਸਾਲ ਮੈਂ ਪਲਕਾਂ ਦੇ ਪਾਣੀਆਂ ਵਿਚ ਤੇ ਹਾਸਿਆਂ ਦੇ ਹੇਠ ਰੱਖਦਾ ਰਿਹਾਂ ਸੰਭਾਲ ਕੇ ਤੇਰੇ ਖ਼ਿਆਲ ਮੈਂ ਪੈਰਾਂ 'ਚ ਪਾ ਕੇ ਬੇੜੀਆਂ ਨੀਂਦਰ ਦੇ ਰਾਤ ਭਰ ਸੁਪਨੇ ਅਜੀਬ ਕਿਸਮ ਦੇ ਰੱਖੇ ਸੁਆਲ ਮੈਂ ਜੀਵਨ ਦੇ ਸਾਰੇ ਰੰਗ ਹੀ ਬਦਰੰਗ ਹੋ ਗਏ ਰੰਗਾਂ ਦੇ ਉਸ ਚਨ੍ਹਾਬ 'ਚ ਮਾਰੀ ਕੀ ਛਾਲ ਮੈਂ ਹੱਸਣਾ ਤੇਰਾ ਅਜੀਬ ਹੈ ਚੁੱਪ ਵੀ ਤੇਰੀ ਅਜੀਬ ਹਰ ਵਕਤ ਤੈਨੂੰ ਵੇਖਿਆ ਬਣਿਆ ਸਵਾਲ ਮੈਂ 'ਪਰਦੇਸੀਆ' ਤੂੰ ਦੇਸ ਨੂੰ ਕਿਉਂ ਪਰਤਦਾ ਨਹੀਂ ਪੁੱਛਦੇ ਨੇ ਤੇਰੇ ਦੇਸ਼ ਦੇ ਦਿੰਦਾ ਹਾਂ ਟਾਲ ਮੈਂ

ਉਦਰੇਵੇਂ ਦੀ ਬੁੱਕਲ

ਉਦਰੇਵੇਂ ਦੀ ਬੁੱਕਲ ਮਾਰੀ ਸੀ ਉਹ ਬਹੁਤ ਉਦਾਸ ਚੁੱਪ ਕਰਕੇ ਮੈਂ ਵੀ ਜਾ ਬੈਠਾ ਉਸ ਪੰਛੀ ਦੇ ਪਾਸ ਲੰਮੀ ਖ਼ਾਮੋਸ਼ੀ ਦੇ ਪਿੱਛੋਂ ਦੋਵੇਂ ਕੂਕ ਪਏ ਚਾਂਦੀ ਰੰਗੀ ਝੀਲ਼ 'ਚ ਡੁੱਬ ਕੇ ਗਾਈਏ ਪਿਆਸ-ਪਿਆਸ ਚਲ ਫਿਰ ਮੁੜ ਕੇ ਲੁੱਡੀ ਪਾਈਏ ਕਰੀਏ ਬਚਪਨ ਯਾਦ ਆਪਣੇ ਚਾਵਾਂ ਸੱਧਰਾਂ ਦਾ ਹੁਣ ਮੁੱਕ ਗਿਆ ਬਨਵਾਸ ਤੂੰ ਸਾਵਣ ਦੀ ਪੌਣ ਜਿਹੀ ਤੇ ਮੈਂ ਬਦਲੋਟੀ ਜਾਇਆ ਮਚਦੇ ਮੌਸਮ 'ਤੇ ਚਲ ਕਰੀਏ ਬਰਫ਼ਾਨੀ ਬਰਸਾਤ ਭਾਵੇਂ ਸਾਰੀ ਰਾਤ ਹੀ ਚਾਨਣ ਕਮਰੇ ਵਿਚ ਨਾ ਵੜਿਆ ਦਿਨ ਚੜ੍ਹਦੇ ਤਕ ਜ਼ਿੰਦਾ ਸੀ ਪਰ ਜਗਦੀ ਬੁਝਦੀ ਆਸ ਇਹ ਤਾਂ ਸੱਚ ਹੈ ਪਤਝੜ ਰੁੱਤੇ ਕਲੀਆਂ ਪੁੰਗਰ ਪੈਣ ਇਹ ਵੀ ਸੱਚ ਹੈ ਜੁੜ ਜਾਂਦਾ ਹੈ ਟੁੱਟ ਚੁੱਕਾ ਅਹਿਸਾਸ ਸਾਡੇ ਵਾਂਗੂੰ ਵੀ ਨਾ ਕੋਈ ਅੱਗ ਵਿਹੂਣਾ ਹੋਵੇ ਚਲ 'ਪਰਦੇਸੀ' ਸਿਵਿਆਂ ਦੇ ਵਿਚ ਕਰੀਏ ਇਹ ਅਰਦਾਸ

ਭੌਣ ਨਿਕਲੇ

ਸੋਚਾਂ ਤੋਂ ਆਪਣਾ ਜਦ ਖਹਿੜਾ ਛੁਡਾਉਣ ਨਿਕਲੇ ਇਸ ਸਿਰ 'ਚੋਂ ਕੀੜਿਆਂ ਦੇ ਕਿੰਨੇ ਹੀ ਭੌਣ ਨਿਕਲੇ ਜਿਸ ਥਲ 'ਚ ਸੱਸੀਆਂ ਦੇ ਪੂਰਾਂ ਦੇ ਪੂਰ ਭੁੱਜੇ ਮੋਰਾਂ ਨੂੰ ਓਸ ਥਲ ਵਿਚ ਪੁੰਨੂੰ ਨਚਾਉਣ ਨਿਕਲੇ ਸਰ੍ਹਵਾਂ ਦੇ ਫੁੱਲ ਮਹਿਕੇ 'ਚਾ ਤਿਤਲੀਆਂ ਨੂੰ ਚੜ੍ਹਿਆ ਖੰਭ ਤਿਤਲੀਆਂ ਦੇ ਨਿਕਲੇ ਸਾਨੂੰ ਸਤਾਉਣ ਨਿਕਲੇ ਆਲਮ ਉਡੀਕ ਦਾ ਵੀ ਕਿੰਨਾ ਅਜੀਬ ਹੁੰਦੈ ਕੁੰਡਾ ਗਵਾਂਢ ਖੜਕੇ ਝੱਟ ਮੂੰਹ 'ਚੋਂ ਕੌਣ ਨਿਕਲੇ ਨਸ਼ਿਆਂ ਦਾ ਵੇਗ ਵੇਖੋ ਕੁਰਸੀ ਦਾ ਮਾਣ ਵੇਖੋ ਪਰਛਾਵਿਆਂ 'ਤੇ ਹਾਕਿਮ ਪਹਿਰੇ ਲਗਾਉਣ ਨਿਕਲੇ ਅੱਜ ਬਾਂਸੁਰੀ 'ਚੋਂ ਕਾਨ੍ਹਾ ਕਿੱਦਾਂ ਦੀ ਹੂਕ ਨਿਕਲੀ ਕਿਉਂ ਰਾਧਿਕਾ ਦੇ ਗਲ਼ 'ਚੋਂ ਏਦਾਂ ਦੇ ਗੌਣ ਨਿਕਲੇ 'ਪਰਦੇਸੀ' ਤਕ ਸ਼ਰਾਰਤ ਬੇ-ਮੌਸਮੀ ਹਵਾ ਦੀ ਦੀਵੇ ਨੇ ਇਸ ਨਗਰ ਦੇ ਭਾਂਬੜ ਮਚਾਉਣ ਨਿਕਲੇ

ਆਣਾ ਸੀ ਕਦੇ

ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਮੋੜ ਆਣਾ ਸੀ ਕਦੇ ਸੁਪਨਿਆਂ ਪਲਕਾਂ ਦੇ ਦਰ ਤੋਂ ਪਰਤ ਜਾਣਾ ਸੀ ਕਦੇ ਤੇਰਿਆਂ ਬੋਲਾਂ 'ਚੋਂ ਆਉਂਦੀ ਮਹਿਕ ਦਾ ਹੀ ਸੀ ਅਸਰ ਜ਼ਿੰਦਗੀ ਨੇ ਲਾਰਿਆਂ ਸੰਗ ਵਰਚ ਜਾਣਾ ਸੀ ਕਦੇ ਜੋ ਕਦੀ ਮੁਰਗ਼ਾਬੀਆਂ ਬਣ ਕੇ ਸੀ ਤਰਦੇ ਜ਼ਿਹਨ ਵਿਚ ਤੇਰਿਆਂ ਹੀ ਹਾਸਿਆਂ ਨੇ ਦਿਲ ਜਲਾਣਾ ਸੀ ਕਦੇ ਇਹ ਜੋ ਹੁਣ ਵੀਰਾਨ ਹੈ, ਸੁੰਨਸਾਨ ਹੈ, ਸ਼ਮਸ਼ਾਨ ਹੈ ਬੁਲਬੁਲਾਂ ਦਾ ਇਸ ਜਗ੍ਹਾ ਹੁੰਦਾ ਟਿਕਾਣਾ ਸੀ ਕਦੇ ਜਿਸ ਨਗਰ ਵਿਚ ਉਸ ਤਰ੍ਹਾਂ ਹੱਸਣ ਦੀ ਖਾਧੀ ਸੀ ਕਸਮ ਉਸ ਨਗਰ ਵਿਚ ਇਸ ਤਰ੍ਹਾਂ ਹੱਸਣਾ ਹਸਾਣਾ ਸੀ ਕਦੇ ਚਾਨਣੀ ਦੇ ਛੰਨੇ ਭਰ-ਭਰ ਕੇ ਉਤਾਰੇ ਜੇਸ ਨੇ ਉਸ ਗਲ਼ੇ ਨੇ ਨ੍ਹੇਰਿਆਂ ਨੂੰ ਵੀ ਲੰਘਾਣਾ ਸੀ ਕਦੇ ਵੇਖ 'ਪਰਦੇਸੀ' ਅਸੀਂ ਅਗਨੀ ਦਾ ਝੂਲਾ ਝੂਲ ਕੇ ਪੀਂਘ ਸਤਰੰਗੀ ਨੂੰ ਏਦਾਂ ਵੀ ਮਨਾਣਾ ਸੀ ਕਦੇ

ਜ਼ਿੰਦਗੀ

ਗੀਤ ਕਵਿਤਾ ਕਹਾਣੀ ਜਹੀ ਜ਼ਿੰਦਗੀ ਸੁਪਨਿਆਂ ਵਿਚ ਇਹ ਮਾਣੀ ਜਹੀ ਜ਼ਿੰਦਗੀ ਜੋ ਵੀ ਆਇਆ ਉਹ ਬੁੱਕ ਭਰ ਕੇ ਪੀ ਤੁਰ ਗਿਆ ਆਪਣੀ ਵਗਦੇ ਪਾਣੀ ਜਹੀ ਜ਼ਿੰਦਗੀ ਹੱਸਦਿਆਂ ਹੱਸਦਿਆਂ ਨਾਲ ਹੀ ਲੈ ਗਏ ਚੁੱਪ ਖੜ੍ਹੀ 'ਜੀ ਭਿਆਣੀ' ਜਹੀ ਜ਼ਿੰਦਗੀ ਰਾਜਿਆਂ ਨੂੰ ਬਿਠਾ ਕੇ ਕਹੋ ਪ੍ਰੇਮ ਨਾਲ ਨਾ ਲੁਟਾਓ ਇਹ ਰਾਣੀ ਜਹੀ ਜ਼ਿੰਦਗੀ ਆਪਣੇ ਆਪ ਨੂੰ ਵੇਖ ਕੇ ਸੋਚਦਾਂ ਇਹ ਹੈ ਜਾਣੀ ਪਛਾਣੀ ਜਹੀ ਜ਼ਿੰਦਗੀ ਫੁੱਲ ਕਲੀਆਂ ਤੇ ਰੁੱਖਾਂ 'ਤੇ ਆਈ ਬਹਾਰ ਆਪਣੀ ਉਹ ਪੁਰਾਣੀ ਜਹੀ ਜ਼ਿੰਦਗੀ ਕਤਲ 'ਪਰਦੇਸੀ' ਹੋਣੀ ਹੀ ਸੀ ਹੋ ਗਈ ਜਜ਼ਬਿਆਂ ਦੀ ਨਿਮਾਣੀ ਜਹੀ ਜ਼ਿੰਦਗੀ

ਦਿਲ ਦੇ ਟੁਕੜੇ

ਰਹਿੰਦਾ ਹਾਂ ਜੋੜਦਾ ਮੈਂ, ਬੇਕਾਰ, ਦਿਲ ਦੇ ਟੁਕੜੇ ਤੂੰ ਕਰ ਗਿਆ ਏਂ ਜਦ ਤੋਂ ਦਿਲਦਾਰ ਦਿਲ ਦੇ ਟੁਕੜੇ ਕਵਿਤਾ, ਗ਼ਜ਼ਲ ਜਾਂ ਇਸ ਨੂੰ , ਨਗ਼ਮੇ ਦਾ ਰੂਪ ਸਮਝੋ ਮਹਿਫ਼ਿਲ 'ਚ ਪੇਸ਼ ਕਰਦੈ, ਫ਼ਨਕਾਰ, ਦਿਲ ਦੇ ਟੁਕੜੇ ਧਰਵਾਸ ਆਪਣੇ ਦਿਲ ਨੂੰ ਕਿਸ ਕੋਲ ਬਹਿ ਕੇ ਦੇਵਾਂ ਫ਼ਿਰਦੈ ਕਰਾ ਕੇ ਸਾਰਾ, ਪਰਿਵਾਰ, ਦਿਲ ਦੇ ਟੁਕੜੇ ਇਹ ਬੇ-ਜ਼ੁਬਾਨ ਜਜ਼ਬੇ, ਕੀਤੇ ਨੇ ਕਤਲ ਕਿਸ ਨੇ ਕਾਤਿਲ ਦਾ ਕਰਨ ਕਿੱਦਾਂ, ਇਜ਼ਹਾਰ, ਦਿਲ ਦੇ ਟੁਕੜੇ ਦਿਲ-ਦਿਲ ਦੀ ਖੇਡ ਕੱਚੀ ਉਮਰੇ ਅਜੇਹੀ ਖੇਡੀ ਬੈਠਾ ਕਰਾ ਕੇ ਬਹੁਤਾ, ਹੁਸ਼ਿਆਰ, ਦਿਲ ਦੇ ਟੁਕੜੇ ਰਾਹਾਂ 'ਚ ਰੁਲ਼ ਰਹੇ ਨੇ, ਮੇਰੀ ਵਫ਼ਾ ਦੇ ਵਾਂਗੂੰ ਗਿਰਝਾਂ ਨੇ ਵੀ ਨਾ ਖਾਧੇ, ਬੀਮਾਰ, ਦਿਲ ਦੇ ਟੁਕੜੇ 'ਪਰਦੇਸੀ' ਕੀ ਪਤਾ ਸੀ, ਪੂਜਾ ਪਵੇਗੀ ਕਰਨੀ ਧਾਰਨਗੇ ਮੇਰੇ ਦਿਲ 'ਚੋਂ ਅਵਤਾਰ ਦਿਲ ਦੇ ਟੁਕੜੇ

ਮੁਹੱਬਤ ਨਾ ਕਰੇ ਕੋਈ

ਦਿਆਂਗਾ ਹਰ ਨਗਰ ਹੋਕਾ ਮੁਹੱਬਤ ਨਾ ਕਰੇ ਕੋਈ ਕਿਸੇ 'ਤੇ ਜਿੰਦ ਨਾ ਵਾਰੇ ਕਿਸੇ 'ਤੇ ਨਾ ਮਰੇ ਕੋਈ ਮੈਂ ਅਪਣੇ ਹਾਸਿਆਂ ਉਹਲੇ ਬੜੇ ਹਉਕੇ ਲੁਕਾਏ ਨੇ ਕਲੇਜਾ ਮੂੰਹ ਨੂੰ ਆਉਂਦਾ ਏ ਜਦੋਂ ਹਉਕਾ ਭਰੇ ਕੋਈ ਮੁਹੱਬਤ ਕਰਕੇ ਭੁੱਲ ਜਾਣਾ ਕੋਈ ਸੌਖਾ ਨਹੀਂ ਹੁੰਦਾ ਤੇ ਸਾਰੀ ਜ਼ਿੰਦਗੀ ਦਿਲ 'ਤੇ ਕਿਵੇਂ ਪੱਥਰ ਧਰੇ ਕੋਈ ਬੜੀ ਹੀ ਯਾਦ ਆਉਂਦੀ ਹੈ ਉਦੋਂ ਉਸ ਫੁੱਲ ਦੀ ਮੈਨੂੰ ਜਦੋਂ ਅੰਗਿਆਰ ਬਣ ਬਣ ਕੇ ਮੇਰੇ ਦਿਲ 'ਤੇ ਵਰ੍ਹੇ ਕੋਈ ਮੁਹੱਬਤ ਕਰਨ ਵਾਲੇ ਨੂੰ ਕਦੋਂ ਮਿਲਦੀ ਹੈ ਆਜ਼ਾਦੀ ਬਿਤਾਵੇ ਜ਼ਿੰਦਗੀ ਕੈਦੀ ਜਿਹੀ ਅਪਣੇ ਘਰੇ ਕੋਈ ਅਸਾਂ ਨੂੰ ਸਾਰੀਆਂ ਰੁੱਤਾਂ ਹੀ ਕੱਕਰ ਤੇ ਖ਼ਿਜ਼ਾਵਾਂ ਹੁਣ ਘੜੀ ਦੇ ਸ਼ੌਕ ਦੇ ਬਦਲੇ ਨਾ ਜੀਵਨ ਭਰ ਠਰੇ ਕੋਈ ਪਰਾਈ ਅੱਗ ਤੋਂ 'ਪਰਦੇਸੀ' ਬੜੇ ਛਾਲੇ ਸਹੇੜੇ ਮੈਂ ਕਿਸੇ ਦੀ ਅੱਗ ਨੂੰ ਅਪਣਾ ਕੇ ਤਸੀਹੇ ਨਾ ਜਰੇ ਕੋਈ

ਤੇਰੀ ਇਸ ਦੋਸਤੀ ਨਾਲੋਂ

ਭਲੀ ਹੈ ਦੁਸ਼ਮਣੀ ਸਾਨੂੰ ਤੇਰੀ ਇਸ ਦੋਸਤੀ ਨਾਲੋਂ ਖ਼ਰੀ ਹੈ ਬੇਰੁਖ਼ੀ ਅੜਿਆ! ਤੇਰੀ ਇਸ ਦਿਲ-ਲਗੀ ਨਾਲੋਂ ਜੇ ਦੁਖਦੀ ਨਾੜ ਫੜਨੀ ਸੀ ਤੂੰ ਸਾਡੀ ਮਿਲਦਿਆਂ ਸਾਨੂੰ ਖ਼ਰਾ ਸੀ ਹਿਜਰ ਫਿਰ ਸੱਜਣਾ! ਮਿਲਣ ਦੀ ਇਸ ਘੜੀ ਨਾਲੋਂ ਖ਼ਬਰ ਕੀ ਸੀ ਕਿ ਚੰਨਾ! ਚਾਨਣੀ ਤੇਰੀ ਜਲਾਵੇਗੀ ਅਸੀਂ ਐਵੇਂ ਹੀ ਚੰਗੇ ਸਾਂ ਤੇਰੀ ਇਸ ਚਾਨਣੀ ਨਾਲੋਂ ਕਿਵੇਂ ਨਾ ਰਾਤ ਦਿਨ ਹਉਕੇ ਜਿਗਰ ਨੂੰ ਖਾਣ 'ਰਾਜਿੰਦਰ' ਸਵੱਲਾ ਕੁਝ ਨਹੀਂ ਤੇਰੇ ਨਗਰ ਵਿਚ ਆਦਮੀ ਨਾਲੋਂ ਮੈਂ ਅਪਣੀ ਗਰਭ-ਜੂਨੀ ਤੋਂ ਉਤਾਰਾਂ ਆਰਤੀ ਗ਼ਮ ਦੀ ਬੜਾ ਚੰਗਾ ਹੈ ਗ਼ਮ ਲਗਦਾ ਮੇਰੇ ਦਿਲ ਨੂੰ ਖ਼ੁਸ਼ੀ ਨਾਲੋਂ ਕਦੀ ਪੀਣਾ ਨਾ ਪੈਂਦਾ ਜ਼ਿੰਦਗੀ ਭਰ ਜ਼ਹਿਰ 'ਪਰਦੇਸੀ' ਤੂੰ ਜੇਕਰ ਮੌਤ ਮੰਗ ਲੈਂਦਾ ਉਧਾਰੀ ਜ਼ਿੰਦਗੀ ਨਾਲੋਂ

ਖ਼ੁਦਾ ਹਾਫ਼ਿਜ਼

ਮੇਰਾ ਦਿਲ ਤੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਗ਼ਮਾਂ ਸੰਗ ਜੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਅਸਾਡੀ ਪ੍ਰੀਤ ਦੀ ਦੁਨੀਆਂ, ਅਸਾਡੇ ਪਿਆਰ ਦੇ ਮੋਤੀ ਝਨਾਂ ਵਿਚ ਰੋੜ੍ਹ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਅਸੀਂ ਖ਼ਾਰਾਂ 'ਤੇ ਤੁਰ-ਤੁਰ ਕੇ ਤੁਹਾਡੇ ਕੋਲ ਪਹੁੰਚੇ ਸੀ ਤੁਸੀਂ ਮੁਖ ਮੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਅਸੀਂ ਇਸ ਪਿਆਰ ਦੇ ਫੁੱਲ ਨੂੰ ਬਹੁਤ ਹੀ ਪਿਆਰ ਕੇ ਰੱਖਿਆ ਤੁਸੀਂ ਮਚਕੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਮੁਹੱਬਤ ਦੀ ਕਸਮ ਖਾਧੀ ਤੁਰਾਂਗੇ ਉਮਰ ਭਰ ਕੱਠੇ ਮਗਰ ਹੁਣ ਛੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਕਿਨਾਰੇ ਨਹਿਰ ਦੇ ਬਹਿ ਕੇ, ਜੋ ਚੁਲ਼ੀਆਂ ਭਰ ਕੇ ਕੀਤੇ ਸੀ ਉਹ ਵਾਅਦੇ ਤੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼ ਨਾ 'ਪਰਦੇਸੀ' ਜੀ ਨਿਕਲੇਗਾ ਜੋ ਸਾਡੇ ਦਿਲ 'ਚੋਂ ਜੀਵਨ ਭਰ ਉਹ ਕੰਡਾ ਪੋੜ ਚੱਲੇ ਹੋ, ਚਲੋ ਅੱਛਾ ਖ਼ੁਦਾ ਹਾਫ਼ਿਜ਼

ਟੁੱਟੇ ਤਾਰਿਆਂ ਵਾਂਗੂੰ

ਜੋ ਬਣ ਕੇ ਚੰਦ ਚਮਕੇ ਸੀ ਉਹ ਟੁੱਟੇ ਤਾਰਿਆਂ ਵਾਂਗੂੰ ਖ਼ਲਾਅ ਅੰਦਰ ਜਦੋਂ ਖਿੱਲਰੇ ਵਰ੍ਹੇ ਅੰਗਿਆਰਿਆਂ ਵਾਂਗੂੰ ਅਸੀਂ ਖ਼ੰਜਰ ਉਠਾਇਆ ਨਾ, ਨਾ ਕੋਈ ਖ਼ੂਨ ਹੀ ਕੀਤਾ 'ਸਜ਼ਾਏ ਮੌਤ' ਦੇ ਦਿੱਤੀ ਤੁਸੀਂ ਹਤਿਆਰਿਆਂ ਵਾਂਗੂੰ ਅਸਾਡਾ ਹੋ ਗਿਆ ਜੀਵਨ ਇਹ ਟੁੱਟੀ ਵੰਗ ਦੇ ਵਰਗਾ ਅਸੀਂ ਵੰਗਾਂ ਦੇ ਮਾਲਿਕ ਸਾਂ ਕਦੀ ਵਣਜਾਰਿਆਂ ਵਾਂਗੂੰ ਕਿਵੇਂ ਧਰਵਾਸ ਧਰ ਲਈਏ ਕਿਵੇਂ ਇਤਬਾਰ ਕਰ ਲਈਏ ਕਿ ਇਹ ਇਕਰਾਰ ਵੀ ਤੇਰਾ ਹੈ ਪਹਿਲੇ ਲਾਰਿਆਂ ਵਾਂਗੂੰ ਕਿਸੇ ਨੇ ਹਾਰ ਖਾ ਕੇ ਵੀ ਅਜੇ ਹਿੰਮਤ ਨਹੀਂ ਹਾਰੀ ਕੋਈ ਜਿੱਤ ਕੇ ਵੀ ਫਿਰਦਾ ਹੈ ਬੜਾ ਹੀ ਹਾਰਿਆਂ ਵਾਂਗੂੰ ਅਸੀਂ ਹੱਥਾਂ ਦਾ ਜਾਦੂ ਹੁਣ ਵਿਖਾਵਾਂਗੇ, ਵਿਖਾਵਾਂਗੇ ਇਹ ਅਪਣੇ ਮਹਿਲ ਵੇਖੇਂਗਾ ਤੂੰ ਡਿੱਗਦੇ ਢਾਰਿਆਂ ਵਾਂਗੂੰ ਕਦੀ ਤੂੰ ਬੋਲ 'ਪਰਦੇਸੀ' ਦੇ ਜ਼ਾਲਿਮ ਫੜ ਨਹੀਂ ਸਕਦਾ ਉਦ੍ਹੇ ਤਾਂ ਬੋਲ ਚਲਦੇ ਨੇ ਸਿਤਮ 'ਤੇ ਆਰਿਆਂ ਵਾਂਗੂੰ

ਦਰਦਾਂ ਦੇ ਸੁਲਤਾਨ

ਹਾਦਸਿਆਂ ਦੀ ਭੀੜ ਸੀ ਇੱਕ ਇਕੱਲੀ ਜਾਨ ਵਿਹੰਦੇ-ਵਿਹੰਦੇ ਬਣ ਗਏ ਦਰਦਾਂ ਦੇ ਸੁਲਤਾਨ ਪੰਛੀ ਆਏ ਉੜ ਗਏ ਚੁਗ-ਚੁਗ ਅਪਣਾ ਚੋਗ ਸੁੰਨ-ਮਸੁੰਨੀ ਰੂਹ ਫਿਰ, ਫਿਰ ਜਿੰਦ ਬੀਆਬਾਨ ਕਾਲ਼ੇ ਬੱਦਲ ਫੇਰ ਅੱਜ ਘੇਰ ਲਿਆਈ ਪੌਣ ਤੇਰੇ ਚਿਹਰੇ ਵਾਂਗ ਹੀ ਛੁੱਪ ਗਿਆ ਅਸਮਾਨ ਮੁੜ ਕੇ ਆਈ ਫੇਰ ਨਾ ਧੁੰਦ 'ਚ ਲਿਪਟੀ ਰੁੱਤ ਬਣਦੇ-ਬਣਦੇ ਬਣ ਗਏ ਧੁੱਪਾਂ ਦੀ ਪਹਿਚਾਨ ਸੁਪਨੇ ਤੜਕੇ ਸਾਰ ਦੇ ਟੁੱਟੇ ਏਸ ਤਰ੍ਹਾਂ ਜਿਉਂ ਬੇ-ਸ਼ਗਨੇ ਟੁੱਟਦੇ ਤਾਰੇ ਵਿਚ ਅਸਮਾਨ ਅਪਣੀ ਰੂਹ ਨੂੰ ਪਿੰਜ ਕੇ ਕਰ ਬੈਠੇ ਹਾਂ ਰੂੰ ਨਿੱਘ ਰਹੇ ਹੁਣ ਮਾਣਦਾ ਅਪਣਾ ਹਿੰਦੋਸਤਾਨ ਮੋਗੇ ਵਿਚ ਵੀ ਪੁੱਛਦੇ ਇਹ ਰਾਜਿੰਦਰ ਕੌਣ ਦੱਸ ਕੀ ਤੇਰੀ ਪੁੱਛ ਹੈ ਕੀ ਤੇਰੀ ਪਹਿਚਾਨ ਯਾਦਾਂ ਦਾ ਤੰਦੂਰ ਜਦ ਤਪ ਕੇ ਹੋਇਆ ਲਾਲ ਸੇਕੇ ਸਾਰੀ ਰਾਤ ਹੀ ਠਰ ਚੁੱਕੇ ਅਰਮਾਨ ਲੱਖ 'ਪਰਦੇਸੀ' ਆਪਣੀ ਵਾਟ ਲੁਕਾ ਕੇ ਰੱਖ ਰਾਹ ਅਠਤਾਲੀ ਮੀਲ ਦਾ ਚਿਹਰਾ ਕਰੂ ਬਿਆਨ

ਸਭ ਪਰਖੇ ਬਾਰਮਬਾਰ

ਨੀਲੇ ਪੀਲੇ ਲਾਲ ਮੈਂ ਸਭ ਪਰਖੇ ਬਾਰਮਬਾਰ ਕੀ ਰਾਜਿੰਦਰ ਰਹਿ ਗਿਆ ਹੁਣ ਰੰਗਾਂ ਦਾ ਇਤਬਾਰ 'ਜੀ ਆਇਆਂ ਨੂੰ ' ਕਹਿਣ ਨੂੰ ਹੁਣ ਤਾਂ ਨਈਂ ਕਰਦਾ ਜੀ ਹੁਣ ਮਹਿਮਾਨ ਨਿਵਾਜ਼ੀਆਂ ਨੇ ਬਣੀਆਂ ਕਾਰੋਬਾਰ ਬਾਹਰ ਸਭ ਨੂੰ ਹਾਸਿਆਂ ਦੇ ਲੰਗਰ ਲਾਈ ਜਾਹ ਅਪਣੇ ਅੰਦਰ ਦਰਦ ਦੇ ਪਰ ਲਾਈ ਚੱਲ ਅੰਬਾਰ ਅੱਜ ਕੁਝ ਧੁੰਦ ਉਦਾਸ ਹੈ, ਅੱਜ ਫਿਰ ਚਮਕੇਗੀ ਧੁੱਪ ਵਿੱਥ ਬਣੇਗੀ ਤ੍ਰੇਲ ਅਤੇ ਫੁੱਲਾਂ ਦੇ ਵਿਚਕਾਰ ਮੱਥੇ ਵਿਚ ਡੰਗ ਲਾਉਣਗੇ ਇਹ ਕਦ ਤੱਕ ਉੱਡਣੇ ਸੱਪ ਦੱਸ ਦੇ ਮੌਲਾ ਮੇਰਿਆ ਦੱਸ ਦੇ ਪਰਵਰਦਗਾਰ ਜੋੜ ਕਿਸੇ ਦੇ ਜੋੜਦਾ ਹੀ ਟੁੱਟ ਗਿਆ ਏਂ ਆਪ ਕਰ ਲੈ ਤੂੰ ਹਮਦਰਦੀਆਂ ਕਰ ਲੈ ਪਰਉਪਕਾਰ ਏਥੇ ਸੂਰਜ ਚੰਦ ਨੂੰ ਜਾਂਦੇ ਨੇ ਲੱਗ ਗ੍ਰਹਿਣ ਤੂੰ ਰਾਜਿੰਦਰ ਚੀਜ਼ ਕੀ ਦੱਸ ਤੂੰ ਕਿਸ ਪਾਣੀਹਾਰ ਉਸ ਨਗਰੀ ਵਿਚ ਜਾਣ ਦੀ ਬਸ ਕਰ ਬੈਠੇ ਸਾਂ ਭੁੱਲ ਬੰਦਾ ਭੁੱਲਣਹਾਰ ਹੈ ਤੂੰ ਬਖ਼ਸ਼ੀਂ ਬਖ਼ਸ਼ਣਹਾਰ ਆਪਾਂ ਅਪਣਾ ਖ਼ੂਨ ਹੀ ਜਦ ਕਰ ਬੈਠੇ ਤਕਸੀਮ ਫਿਰ ਕੀ ਰਹਿਣਾ ਦਰਦ ਸੀ ਤੇ ਕੀ ਰਹਿਣਾ ਸੀ ਪਿਆਰ ਗੰੂਗੀ ਬੋਲ਼ੀ ਰੁੱਤ ਹੈ ਦਮ ਘੁੱਟ ਦਾ ਮਾਹੌਲ ਐਨਾ ਅਪਣੀ ਚੁਪ ਦਾ ਕਿਉਂ ਕਰਨਾ ਸੀ ਵਿਸਥਾਰ ਚੱਲ ਉਠ ਮੋਏ ਹਾਸਿਆਂ ਦੀ ਚੱਲੀਏ ਦੇਣ ਮਕਾਣ ਉਠ 'ਪਰਦੇਸੀ' ਮੇਰਿਆ ਉਠ ਰੋਈਏ ਜ਼ਾਰੋਜ਼ਾਰ

ਨਗ਼ਮਾ ਸੁਣਾਉਣ ਚੱਲੇ

ਅੱਜ ਫੇਰ ਜਜ਼ਬਿਆਂ ਨੂੰ ਸੂਲ਼ੀ ਚੜ੍ਹਾਉਣ ਚੱਲੇ ਉਸ ਦੀ ਸਭਾ 'ਚ ਅਪਣਾ ਨਗ਼ਮਾ ਸੁਣਾਉਣ ਚੱਲੇ ਮਾਸੂਮ ਹਾਸਿਆਂ ਨੂੰ ਲੈ ਜਾਏ ਜੋ ਉੜਾ ਕੇ ਯਾ ਰੱਬ, ਕਿਸੇ ਨਗਰ ਵੀ ਐਸੀ ਨਾ ਪੌਣ ਚੱਲੇ ਹੱਥੀਂ ਕਟਾਰ ਫੜ ਕੇ, ਨੈਣੀਂ ਅੰਗਾਰ ਭਰ ਕੇ ਦਿਲਬਰ ਨੂੰ ਕਿਸ ਤਰ੍ਹਾਂ ਇਹ ਦਿਲਬਰ ਮਨਾਉਣ ਚੱਲੇ ਉਸ ਦੇ ਗਿਰਾਂ ਦੇ ਰਸਤੇ ਚੱਲਦੇ ਹਾਂ ਜਦ ਵੀ ਆਪਾਂ ਇਉਂ ਜਾਪਦਾ ਹੈ ਜੀਕਣ ਗੰਗਾ ਨਹਾਉਣ ਚੱਲੇ ਥੋਰ੍ਹਾਂ 'ਚੋਂ ਫੁੱਲ ਬਣ ਕੇ ਫੁੱਟਣ ਦੀ ਲਾਲਸਾ ਹੈ ਐਵੇਂ ਨਹੀਂ ਤਾਂ ਇਹਨਾਂ ਕੰਡਿਆਂ 'ਤੇ ਕੌਣ ਚੱਲੇ ਮਾਸੂਮ ਨਗ਼ਮੇ ਉਸ ਨੇ ਜਿੱਥੇ ਜਿਬ੍ਹਾ ਸੀ ਕੀਤੇ 'ਪਰਦੇਸੀ' ਹੋਰੀਂ ਉੱਥੇ ਮੰਦਿਰ ਬਣਾਉਣ ਚੱਲੇ

ਸ਼ਹਿਰ ਤੇਰੇ ਗਿਰਾਂ ਵੀ ਤੇਰੇ ਨੇ

ਸ਼ਹਿਰ ਤੇਰੇ ਗਿਰਾਂ ਵੀ ਤੇਰੇ ਨੇ ਤਾਂ ਹੀ ਜੰਗਲ 'ਚ ਅਪਣੇ ਡੇਰੇ ਨੇ ਰਾਤੇ ਤੂੰ ਕਿਉਂ ਤਸੀਹੇ ਦੇਨੀਂ ਏਂ ਦੁੱਖ ਦੇਣੇ ਨੂੰ ਦਿਨ ਬਥੇਰੇ ਨੇ ਚਾਨਣੀ ਜਦ ਗਵਾ ਲਈ ਆਪਾਂ ਫਿਰ ਤਾਂ ਲੁੱਟਣਾ ਹੀ ਸੀ ਹਨੇਰੇ ਨੇ ਫੇਰ ਪਾਣੀ 'ਚ ਨਕਸ਼ ਨੇ ਕਿਸ ਦੇ ਜੇ ਨਾ ਤੇਰੇ ਤੇ ਨਾ ਹੀ ਮੇਰੇ ਨੇ ਸਾਡੇ ਉੱਤੇ ਅਸਰ ਨਹੀਂ ਹੋਣਾ ਐਵੇਂ ਰੰਗਾਂ ਨੇ ਪਾਏ ਘੇਰੇ ਨੇ ਮੌਤ ਅਪਣੀ 'ਤੇ ਵੀ ਨਹੀਂ ਰੋਏ ਵੇਖ ਸਾਡੇ ਵੀ ਕੇਡੇ ਜੇਰੇ ਨੇ ਚਿਹਰੇ ਉੱਤਰੇ ਤੇ ਹਉਕੇ ਹੋਠਾਂ 'ਤੇ ਇਹ ਜੋ ਨਗ਼ਮੇ ਉਦਾਸ ਮੇਰੇ ਨੇ ਕੀ ਖ਼ਬਰ ਕਦ ਹਵਾ 'ਚ ਉੜ ਜਾਈਏ ਮਹਿਕਾਂ ਵਰਗੇ ਅਸਾਂ ਦੇ ਫੇਰੇ ਨੇ ਕੀਤੈ ਕੀ ਹੀ ਸਫ਼ਰ ਤੂੰ 'ਪਰਦੇਸੀ' ਹਾਲੇ ਪੈਂਡੇ ਬੜੇ ਲੰਮੇਰੇ ਨੇ

ਸਾਰੇ ਜਹਾਂ ਦੀ ਰੌਣਕ

ਲਗਦੀ ਹੈ ਸੁੰਨੀ ਸੁੰਨੀ ਸਾਰੇ ਜਹਾਂ ਦੀ ਰੌਣਕ ਜਦ ਵੀ ਹੈ ਯਾਦ ਆਉਂਦੀ ਤੇਰੇ ਗਿਰਾਂ ਦੀ ਰੌਣਕ ਖਾਂਦਾ ਹੈ ਕੌਣ ਧੱਕੇ ਅੱਜ-ਕੱਲ੍ਹ ਝਨਾਂ ਦੇ ਕੰਢੇ ਲਗਦੀ ਹੈ ਸਿਨਮਿਆਂ ਵਿਚ ਹੁਣ ਆਸ਼ਿਕਾਂ ਦੀ ਰੌਣਕ ਕਰਨੀ ਹੈ ਐਟਮਾਂ ਨੇ ਧਰਤੀ ਦੀ ਗੋਦ ਸੁੰਨੀ ਲੁੱਟਣੀ ਹੈ ਮਾਲੀਆਂ ਨੇ ਹੁਣ ਗੁਲਿਸਤਾਂ ਦੀ ਰੌਣਕ ਉਹ ਮਹਿਫ਼ਿਲਾਂ ਦੀ ਰੌਣਕ ਕਵਿਤਾ ਜੋ ਅਰਥ ਰੱਖੇ ਬੇ-ਅਰਥ ਕਵਿਤਾ ਹੁੰਦੀ, ਬਸ ਕਾਗਜ਼ਾਂ ਦੀ ਰੌਣਕ ਮਹਿਕਾਂ ਖਿੰਡਾਉਂਦਾ ਕੋਈ ਏਧਰ ਦੀ ਲੰਘਿਆ ਸੀ ਲੱਗੀ ਹੈ ਹੁਣ ਗਲ਼ੀ ਵਿਚ, ਕੁਝ ਭੌਰਿਆਂ ਦੀ ਰੌਣਕ ਬਹਿ ਕੇ ਉਦਾਸ ਘਰ ਦੇ ਸੁੰਨੇ ਬਨੇਰੇ ਉੱਤੇ ਵਿਹੰਦੇ ਹਾਂ ਦੂਰੋਂ-ਦੂਰੋਂ, ਦੂਜੇ ਘਰਾਂ ਦੀ ਰੌਣਕ 'ਪਰਦੇਸੀ' ਰੁੱਤਾਂ ਵਾਂਗੂੰ ਰਹਿੰਦੇ ਨੇ ਆਉਂਦੇ ਜਾਂਦੇ ਘਟਦੀ ਨਹੀਂ ਕਦੇ ਵੀ 'ਆਲਮ-ਸਰਾਂ' ਦੀ ਰੌਣਕ

ਤਰਦੇ ਨੇ ਸਰ-ਫ਼ਰੋਸ਼

ਆਤਿਸ਼ ਦੇ ਸਾਗਰਾਂ ਵਿਚ ਤਰਦੇ ਨੇ ਸਰ-ਫ਼ਰੋਸ਼ ਜਾਨਾਂ ਵਤਨ ਤੋਂ ਵਾਰਿਆ ਕਰਦੇ ਨੇ ਸਰ-ਫ਼ਰੋਸ਼ ਕਿਸਮਤ ਬਦਲ ਨੇ ਦਿੰਦੇ ਇਹ ਕੌਮਾਂ ਤੇ ਕਾਮਿਆਂ ਦੀ ਤਲੀਆਂ 'ਤੇ ਕੱਟ ਕੇ ਸਿਰ ਜਦੋਂ ਧਰਦੇ ਨੇ ਸਰ-ਫ਼ਰੋਸ਼ ਤੇਗ਼ਾਂ ਦੇ ਨਾਲ ਕੱਟਦੇ ਨੇ ਇਹ ਮੁਸ਼ਕਿਲਾਂ ਦੇ ਖੰਭ ਹਉਕੇ ਕਦੋਂ ਰਣਾਂ ਵਿਚ ਭਰਦੇ ਨੇ ਸਰ-ਫ਼ਰੋਸ਼ ਤਵੀਆਂ 'ਤੇ ਤਪਦੇ ਹਨ ਚੜ੍ਹ ਦੇਗ਼ਾਂ 'ਚ ਉਬਲਦੇ ਹੱਸ ਹੱਸ ਕੇ ਲਾੜੀ ਮੌਤ ਨੂੰ ਵਰਦੇ ਨੇ ਸਰ-ਫ਼ਰੋਸ਼ ਵਧਦੇ ਅਗਾਹਾਂ ਜਾਣ ਇਹ ਛਾਤੀ ਦੇ ਜ਼ੋਰ ਨਾਲ ਤੋਪਾਂ ਤੋਂ ਵੀ ਕਦੋਂ ਫਿਰ ਡਰਦੇ ਨੇ ਸਰ-ਫ਼ਰੋਸ਼ ਰੱਬ ਦੀ ਹਯਾਤ ਦੇ ਉਹ ਹੋ ਜਾਂਦੇ ਨੇ ਹਾਣ ਦੇ ਖੱਲਾਂ ਲੁਹਾ ਕੇ ਵੀ ਕਦੋਂ ਮਰਦੇ ਨੇ ਸਰ-ਫ਼ਰੋਸ਼ 'ਪਰਦੇਸੀਂ' ਖ਼ੁਦ ਪ੍ਰਸਤ ਹੀ ਤਾਂ ਰੱਖਣ ਲੁਕਾ ਕੇ ਜਾਨ ਧਰਤੀ ਦੀ ਮਾਂਗ ਅੰਤ ਨੂੰ ਭਰਦੇ ਨੇ ਸਰ-ਫ਼ਰੋਸ਼

ਦਿਲ-ਜਾਨ ਉੱਤੋਂ ਉੱਤੋਂ

ਦਿਲਦਾਰ ਵਾਰਦੇ ਨੇ ਦਿਲ-ਜਾਨ ਉੱਤੋਂ ਉੱਤੋਂ ਹੁੰਦੇ ਨੇ ਸਾਡੇ ਉੱਤੇ ਕੁਰਬਾਨ ਉੱਤੋਂ ਉੱਤੋਂ ਦਿੱਤੈ ਜੋ ਉਸ ਨੇ ਸਾਨੂੰ ਵਰਦਾਨ ਉੱਤੋਂ ਉੱਤੋਂ ਮੰਨਦੇ ਹਾਂ ਆਪਾਂ ਵੀ ਤਾਂ ਅਹਿਸਾਨ ਉੱਤੋਂ ਉੱਤੋਂ ਅੰਦਰ ਸੀ ਭੁੱਖ ਏਨੀ, ਖਾ ਪੀ ਗਏ ਉਹ ਸਭ ਕੁਝ ਕਰਦੇ ਨਹੀਂ ਨਹੀਂ ਸੀ ਮਹਿਮਾਨ ਉੱਤੋਂ ਉੱਤੋਂ ਆਵੇ ਜਦੋਂ ਮੁਸੀਬਤ ਪੂਛਾਂ ਦਬਾ ਕੇ ਭੱਜਣ ਗੱਜਣ ਦਸੌਰੀ ਘਿਉ ਦੇ ਭਲਵਾਨ ਉੱਤੋਂ ਉੱਤੋਂ ਸਾਡੀ ਵੀ ਸੀ ਤਮੰਨਾ, ਬਹਿ ਕੇ ਉਹ ਕੋਲ ਸਾਡੇ ਪਲਕਾਂ ਉਠਾ-ਝੁਕਾ ਕੇ, ਸ਼ਰਮਾਣ ਉੱਤੋਂ ਉੱਤੋਂ ਪੀੜ ਲੁਕਾ ਕੇ ਇਉਂ ਮੈਂ ਹੱਸਿਆ ਸਾਂ ਉਸ ਦੇ ਅੱਗੇ ਮੰਡੀ 'ਚ ਜਿੱਦਾਂ ਹੱਸਦੈ, ਕਿਰਸਾਨ ਉੱਤੋਂ ਉੱਤੋਂ ਕੋਈ ਵੀ ਯੁੱਗ ਹੋਵੇ ਕੋਈ ਵੀ ਦੌਰ ਹੋਵੇ ਪੂਰਨ ਨੂੰ ਪਿਆਰਦਾ ਹੈ ਸਲਵਾਨ ਉੱਤੋਂ ਉੱਤੋਂ ਇਹ ਝੂਠ ਦੇ ਹੀ ਨਾਤੇ ਇਹ ਝੂਠੀਆਂ ਪ੍ਰੀਤਾਂ 'ਪਰਦੇਸੀ' ਤੂੰ ਵੀ ਕਰ ਲੈ ਪਰਵਾਨ ਉੱਤੋਂ ਉੱਤੋਂ

ਵਰ੍ਹਦਾ ਹੈ ਰਾਜਿੰਦਰ

ਬਰਫ਼ਾਂ 'ਤੇ ਅੰਗਿਆਰੇ ਬਣ ਕੇ ਵਰ੍ਹਦਾ ਹੈ ਰਾਜਿੰਦਰ ਵੇਖੋ ਜੀ, ਕੀ ਕੰਮ ਅਵੱਲੇ ਕਰਦਾ ਹੈ ਰਾਜਿੰਦਰ ਭੁੱਲ-ਭੁਲੇਖੇ ਹੀ ਇਕ ਦਿਨ ਮੈਂ ਹੱਸ ਕੇ ਬੋਲ ਪਿਆ ਸੀ ਉਸਨੇ ਸੋਚ ਲਿਆ ਮੇਰੇ 'ਤੇ ਮਰਦਾ ਹੈ ਰਾਜਿੰਦਰ ਇਹ ਦੁਖਿਆਰਾ ਬਚਪਨ ਤੋਂ ਹੀ ਭੋਰਾ ਭਰ ਦਿਲ ਉੱਤੇ ਪਰਬਤ ਤੋਂ ਵੀ ਭਾਰੇ ਸਦਮੇ ਜਰਦਾ ਹੈ ਰਾਜਿੰਦਰ ਚੰਦ ਤਿੜਕਦਾ, ਤਾਰੇ ਟੁੱਟਦੇ ਰੁੱਖਾਂ ਦੇ ਪੱਤ ਝੜਦੇ ਜਦ ਵੀ ਸੜਿਆ ਬਲ਼ਿਆ ਹਉਕਾ ਭਰਦਾ ਹੈ ਰਾਜਿੰਦਰ ਲੱਖਾਂ ਝੱਖੜਾਂ ਦੇ ਸਿਰ ਪਾੜ ਕੇ ਏਸ ਜਹਾਨੋਂ ਤੋਰੇ ਤੇਰੀ ਏਸ ਹਨੇਰੀ ਤੋਂ ਕਦ ਡਰਦਾ ਹੈ ਰਾਜਿੰਦਰ ਨ੍ਹੇਰੇ ਦੀ ਛਾਤੀ 'ਤੇ ਉਕਰੀਂ ਚਾਨਣ ਦੀ ਪਗਡੰਡੀ ਚਾਨਣ ਬਾਝੋਂ ਬੰਦੇ ਦਾ ਕਦ ਸਰਦਾ ਹੈ ਰਾਜਿੰਦਰ ਕੱਲ੍ਹ ਕਿਸੇ 'ਪਰਦੇਸੀ' ਨੇ ਹੈ ਦਰਿਆਵਾਂ ਤੋਂ ਸੁਣਿਆਂ ਪੌਣਾਂ ਨੂੰ ਪੈਰਾਂ 'ਤੇ ਬੰਨ੍ਹ ਕੇ ਤਰਦਾ ਹੈ ਰਾਜਿੰਦਰ

ਮਹਿਕਾਂ ਤੋਂ ਬਨਵਾਸ

ਤੂੰ ਤੇ ਲੈ ਕੇ ਤੁਰ ਗਿਓਂ ਮਹਿਕਾਂ ਤੋਂ ਬਨਵਾਸ ਗੂੰਗੀ ਰੁੱਤ ਦੀ ਪੀੜ ਦਾ ਕੌਣ ਕਰੇ ਅਹਿਸਾਸ ਤਪਦੀ ਰੂਹ ਨੂੰ ਇੰਜ ਹੀ ਦੇ ਲਈਏ ਧਰਵਾਸ ਰੇਗਿਸਤਾਨੀ ਅੱਕੜੇ ਜੰਮਣ ਲੈ ਕੇ ਪਿਆਸ ਜਿਸ ਦੇ ਵੱਜਣ ਛਮਕਾਂ ਉਸ ਦੇ ਪੈਂਦੀ ਲਾਸ ਜ਼ਖ਼ਮਾਂ ਦੇ ਸੰਗ ਸੋਭਦੀ ਹੈ ਦਰਦਾਂ ਦੀ ਬਾਸ ਵੰਝਲੀ ਨੂੰ ਬਸ ਛੇੜ ਨ, ਨ ਕਰ ਹੋਰ ਉਦਾਸ ਖ਼ਬਰੇ ਰੁਕ ਰੁਕ ਇੰਜ ਹੀ ਚੱਲਦੇ ਰਹਿਣ ਸਵਾਸ ਹੱਸਣ ਨੂੰ ਤੂੰ ਆਖ ਨਾ ਇਹ ਨਈਂ ਪੁੱਗਣੀ ਆਸ ਇਸ ਜਨਮੇਂ ਤਾਂ ਆਪਣਾ ਚੱਲ ਰਿਹੈ ਉਪਵਾਸ ਤਰਲੋਮੱਛੀ ਅੱਖੀਆਂ ਪਰ ਨਾ ਦੁਆ ਸਲਾਮ ਦਿਲ ਦੀ ਗਲ਼ੀਓਂ ਲੰਘਿਆ ਬੰਦਾ ਖ਼ਾਸਮਖ਼ਾਸ ਨਾ ਚਸ਼ਮੇ ਨਾ ਰੁੱਖ ਹੀ ਇਸ ਪਰਬਤ ਦੇ ਪਾਸ ਅਉਣਾ ਹੈ ਹੁਣ ਪੰਛੀਆਂ ਲੈ ਕੇ ਕਿਹੜੀ ਆਸ ਤੈਨੂੰ ਤਾਂ ਇਹ ਦੁੱਖ ਹੈ, ਹੈਂ ਤੂੰ ਵਤਨੋਂ ਦੂਰ ਸਾਨੂੰ ਸਾਡੇ ਦੇਸ਼ ਹੀ ਉਮਰਾਂ ਦਾ ਪਰਵਾਸ 'ਪਰਦੇਸੀ' ਨੂੰ ਪਿਸਦਿਆਂ ਗਏ ਚੁਰੰਜਾ ਬੀਤ ਹੁਣ ਵੀ ਤੇਰੀ ਯਾਦ ਦਾ ਚਲਦਾ ਪਿਐ ਖ਼ਰਾਸ

ਜ਼ਿੰਦਗੀ ਭਾਲ਼ੀਏ

ਫਿਰ ਚਲੋ ਮੁੱਢ ਤੋਂ ਜ਼ਿੰਦਗੀ ਭਾਲ਼ੀਏ ਹਾਦਸੇ ਰੋਕੀਏ ਹਾਦਸੇ ਟਾਲੀਏ ਵੇਖੀਏ ਦੋਸਤਾਂ ਦੁਸ਼ਮਣਾਂ ਨੂੰ ਜਦੋਂ ਫੇਰ ਇਸ 'ਕੱਠ ਦੀ ਕੀ ਵਜ੍ਹਾ ਭਾਲੀਏ ਹੁਸਨ ਦਾ ਇਸ਼ਕ ਦਾ ਰੂਪ ਦਾ ਰੰਗ ਦਾ ਭਿੱਜਣਾ ਮਾਣੀਏ ਸੁੱਕਣਾ ਟਾਲੀਏ ਪੁੱਛਣਾ ਦੱਸਣਾ ਪਰਖਣਾ ਦੇਖਣਾ ਅੱਗ ਨੂੰ ਪਰਖੀਏ ਨਾ ਇਵੇਂ ਬਾਲ਼ੀਏ ਜੇ ਤੁਸੀਂ ਇਸ ਤਰ੍ਹਾਂ ਤੁਰ ਸਕੋਂ ਤਾਂ ਤੁਰੋ ਤਾਂ ਕਦੀ ਜ਼ਿੰਦਗੀ ਮਾਣੀਏ ਭਾਲ਼ੀਏ

ਮੌਤ ਪਾਸ ਹਾਂ ਮੈਂ

ਕਿੰਨਾ ਹੁਸੀਨ ਮੌਸਮ ਕਿੰਨਾ ਉਦਾਸ ਹਾਂ ਮੈਂ ਤੂੰ ਜ਼ਿੰਦਗੀ ਦੇ ਨੇੜੇ ਪਰ ਮੌਤ ਪਾਸ ਹਾਂ ਮੈਂ ਤੇਰਾ ਸੁਹਾਗ ਜੋੜਾ, ਬਣਦਾ, ਨਸੀਬ ਕਿੱਥੇ ਚਿੱਟੇ ਕਫ਼ਨ ਦੇ ਵਰਗਾ ਬਣਿਆ ਲਿਬਾਸ ਹਾਂ ਮੈਂ ਮੇਰਾ ਹੈ ਕੀ ਭਰੋਸਾ ਕਿਸ ਪਲ ਹੈ ਤਿੜਕ ਜਾਣਾ ਪੱਥਰ ਦੇ ਹੱਥ ਨੇ ਸਾਰੇ ਕਚ ਦਾ ਗਿਲਾਸ ਹਾਂ ਮੈਂ ਕੋਈ ਵੀ ਮੈਨੂੰ ਅਪਣੇ ਸਾਹਾਂ 'ਚ ਧਰ ਲਵੇਗਾ ਦਾਵਾ ਨਾ ਕਰ ਮੇਰੇ 'ਤੇ ਫੁੱਲਾਂ ਦੀ ਬਾਸ ਹਾਂ ਮੈਂ ਦਰਿਆ ਕਹਾਉਣ ਵਾਲੇ ਹੋਤਾਂ ਦੇ ਯਾਰ ਨਿਕਲੇ ਮਾਰੂਥਲਾਂ 'ਚ ਰੁਲਦੀ ਸੱਸੀ ਦੀ ਪਿਆਸ ਹਾਂ ਮੈਂ ਦਾਖਲ ਨਾ ਹੋ ਮੇਰੇ ਵਿਚ ਨਫ਼ਰਤ ਦੀ ਅੱਗ ਲੈ ਕੇ ਸੀਤਲ ਸੁਭਾ ਨਗਰ ਵਿਚ 'ਉਲਫ਼ਤ ਨਿਵਾਸ' ਹਾਂ ਮੈਂ 'ਪਰਦੇਸੀ' ਉਮਰ ਸਾਰੀ ਬੀਤੀ ਕੁੜੱਤਣਾਂ ਵਿਚ ਕੌੜੀ ਹਯਾਤ ਭਾਵੇਂ ਫਿਰ ਵੀ ਮਿਠਾਸ ਹਾਂ ਮੈਂ (ਇਹ ਗ਼ਜ਼ਲ ਰਾਜਿੰਦਰ ਪਰਦੇਸੀ ਦੇ ਗੂੜ੍ਹੇ ਮਿੱਤਰ ਮਰਹੂਮ ਸੰਜੀਦਾ ਗਾਇਕ ਸਾਬਰ ਕੋਟੀ ਨੇ ਖ਼ਾਸ ਮਹਿਫ਼ਿਲਾਂ ਵਿਚ ਉਚੇਚੇ ਤੌਰ 'ਤੇ ਗਾਈ ਅਤੇ ਆਪਣੀ ਗ਼ਜ਼ਲਾਂ ਦੀ ਸੀ.ਡੀ. ਲਈ ਰਿਕਾਰਡ ਵੀ ਕੀਤੀ, ਪਰ ਕੁਝ ਕਾਰਨਾ ਕਰਕੇ ਓਹ ਸੀ.ਡੀ. ਰਿਲੀਜ਼ ਨਾ ਹੋ ਸਕੀ ।)

ਹੌਲੀ-ਹੌਲੀ

ਕੀਤੇ ਇਕਾਂਤ ਵਿਚ ਜੋ ਇਕਰਾਰ ਹੌਲੀ-ਹੌਲੀ ਚੰਗਾ ਹੈ ਭੁੱਲ ਜਾਈਏ, ਸਰਕਾਰ ਹੌਲੀ-ਹੌਲੀ ਕਲੀਆਂ ਦੀ ਵਿੱਕਰੀ 'ਤੇ ਹੱਸੋ ਤੇ ਖ਼ੂਬ ਹੱਸੋ ਰੋਵੋਗੇ ਵਿਕ ਗਈ ਜਦ ਗੁਲਜ਼ਾਰ ਹੌਲੀ-ਹੌਲੀ ਇਕ ਹੂਰ ਦੇ ਗ਼ਮਾਂ ਦਾ ਉਹ ਚਾਰਾ ਕਰਦਾ ਕਰਦਾ ਖ਼ੁਦ ਹੋ ਗਿਐ ਮਸੀਹਾ ਬੀਮਾਰ ਹੌਲੀ-ਹੌਲੀ ਸੌ ਪਰਦਿਆਂ 'ਚ ਭਾਵੇਂ ਕੋਈ ਲੁਕਾ ਕੇ ਰੱਖੇ ਬੰਦੇ ਦਾ ਉੱਘੜ ਆਉਂਦੈ ਕਿਰਦਾਰ ਹੌਲੀ-ਹੌਲੀ ਉਹ ਗ਼ੈਰ ਨਾਲ ਕਰਦੇ ਹਨ ਹੌਲੀ ਹੌਲੀ ਗੱਲਾਂ ਚਲਦੀ ਹੈ ਮੇਰੇ ਦਿਲ 'ਤੇ ਤਲਵਾਰ ਹੌਲੀ-ਹੌਲੀ ਸੜ ਕੇ ਮਰੀ ਹੈ ਜਿਹੜੀ ਮੇਰੀ ਹੀ ਧੀ ਨਾ ਹੋਵੇ ਪੜ੍ਹਦਾ ਹਾਂ ਡਰਦਾ-ਡਰਦਾ ਅਖ਼ਬਾਰ ਹੌਲੀ-ਹੌਲੀ ਜਿਸਮਾਂ ਤੋਂ ਕਪੜਾ ਜੇਕਰ ਘਟਦਾ ਰਿਹਾ ਇਵੇਂ ਹੀ ਹੋ ਜਾਊ ਅਲਫ਼ ਨੰਗਾ ਸੰਸਾਰ ਹੌਲੀ-ਹੌਲੀ ਸਿਵਿਆਂ 'ਚ ਤੈਨੂੰ ਛਡ ਕੇ 'ਪਰਦੇਸੀ' ਤੁਰ ਗਏ ਜੋ ਆਉਣੇ ਨੇ ਅੰਤ ਏਥੇ ਸਭ ਯਾਰ ਹੌਲੀ-ਹੌਲੀ

ਤਿਰੇ ਤੁਰ ਜਾਣ ਪਿੱਛੋਂ

ਬੜੀ ਸੋਗੀ ਹਵਾ ਛਾਈ ਤਿਰੇ ਤੁਰ ਜਾਣ ਦੇ ਪਿੱਛੋਂ ਗ਼ਜ਼ਲ ਗੁਲਜ਼ਾਰ ਕੁਰਲਾਈ ਤਿਰੇ ਤੁਰ ਜਾਣ ਦੇ ਪਿੱਛੋਂ ਬਹੁਤ ਰੌਣਕ ਸੀ ਮਹਿਫ਼ਿਲ ਵਿਚ, ਉਹ ਰੁਤ ਵੀ ਡਾਢ੍ਹੀ ਪਿਆਰੀ ਸੀ ਬੜੀ ਬੇ-ਦਰਦ ਰੁਤ ਆਈ, ਤਿਰੇ ਤੁਰ ਜਾਣ ਦੇ ਪਿੱਛੋਂ ਤੇਰੇ ਫਿਰ ਹਾਸਿਆਂ ਨੂੰ ਯਾਦ ਕਰ ਕਰ ਕੇ ਬੜਾ ਰੋਏ ਜਦੋਂ ਯਾਦ ਉਹ ਘੜੀ ਆਈ ਤਿਰੇ ਤੁਰ ਜਾਣ ਦੇ ਪਿੱਛੋਂ ਸਹਾਰਾ ਐਸਾ ਦਿੱਤਾ ਬੇ-ਸਹਾਰਾ ਕਰ ਗਿਉਂ ਸਾਨੂੰ ਬਣੇ ਅਪਣੇ ਤਮਾਸ਼ਾਈ ਤਿਰੇ ਤੁਰ ਜਾਣ ਦੇ ਪਿੱਛੋਂ ਤੂੰ ਡੇਰਾ ਲਾ ਲਿਆ ਏ ਜਾ ਕੇ ਜਿਹੜੇ ਦੇਸ਼ 'ਪਰਦੇਸੀ' ਮੈਂ ਪਲ ਪਲ ਮੌਤ ਹੰਢਾਈ ਤਿਰੇ ਤੁਰ ਜਾਣ ਦੇ ਪਿੱਛੋਂ

ਜ਼ਮਾਨਾ ਹੋਰ ਹੁੰਦਾ ਸੀ

ਜਦੋਂ ਹਸਦੇ ਹਸਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਅਸੀਂ ਤੇਰੇ ਕਹਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਅਸਾਨੂੰ ਪੈ ਰਿਹੈ ਜੀਣਾ ਛੁਪਾ ਕੇ ਭਿੱਜੀਆਂ ਪਲਕਾਂ ਨਿਗਾਹਾਂ ਨੂੰ ਨਚਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਬਦਨ ਅਪਣਾ ਅਸੀਂ ਖ਼ਾਰਾਂ ਨੂੰ ਅਜ-ਕਲ ਸੌਂਪ ਦਿੱਤਾ ਏ ਗਲੇ ਕਲੀਆਂ ਨੂੰ ਲਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਬੁਝਾਈਏ ਤੇਹ ਕਿਵੇਂ ਪਾਣੀ ਦਾ ਘੁਟ ਮਿਲਦਾ ਨਹੀਂ ਹੁਣ ਤਾਂ ਜਦੋਂ ਦਰਿਆ ਕਹਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਅਸੀਂ ਗੀਤਾਂ ਦੇ ਅਥਰੂ ਹੀ ਨਹੀਂ ਪੂੰਝਣ ਤੋਂ ਹੁਣ ਵਿਹਲੇ ਤੇਰੇ ਸੰਗ ਗੀਤ ਗਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਸਨਮ ਹੁਣ ਤੇਰੀਆਂ ਗਲੀਆਂ ਦੇ ਕੱਖਾਂ ਤੋਂ ਵੀ ਡਰਦੇ ਹਾਂ ਤੇਰੀ ਮਹਿਫ਼ਿਲ ਸਜਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ ਪਏ ਰਹਿੰਦੇ ਹਾਂ ਹੁਣ ਤੇ ਰਾਤ ਭਰ ਸੋਚਾਂ 'ਚ 'ਪਰਦੇਸੀ' ਜਦੋਂ ਬਾਤਾਂ ਸੁਣਾਉਂਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਜਿੰਦਰ ਪ੍ਰਦੇਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ