Writers Colony (Punjabi Prose) : Bhushan Dhianpuri

ਰਾਈਟਰਜ਼ ਕਾਲੋਨੀ : ਭੂਸ਼ਨ ਧਿਆਨਪੁਰੀ (ਸੰਪਾਦਕ ਸੁਰਿੰਦਰ ਭੂਸ਼ਨ ਅਤੇ ਬਲੀਜੀਤ)

ਮੇਰੇ ਛੋਟੇ ਬੇਟੇ ਅਲੀ ਦੇ ਨਾਂ

1. ਰਾਈਟਰਜ਼ ਕਾਲੋਨੀ

ਕਈ ਵਰ੍ਹਿਆਂ ਦੀ ਗੱਲ ਹੈ, ਸੈਂਟਰਲ ਸਟੇਟ ਲਾਇਬਰੇਰੀ ਦੇ ਹਾਲ ਵਿੱਚ ਚੰਡੀਗੜ੍ਹ ਦੇ ਲੇਖਕਾਂ ਦਾ ਇਕੱਠ ਹੋਇਆ ਸੀ, ਜਿਸ ਵਿੱਚ ਚੀਫ਼ ਕਮਿਸ਼ਨਰ ਸਾਹਿਬ ਮੌਜੂਦ ਸਨ । ਲੇਖਕਾਂ ਦੀਆਂ ਸਮੱਸਿਆਵਾਂ ਬਾਰੇ 'ਲੇਖਕ' ਬੋਲ ਰਹੇ ਸਨ । ਵੰਨਗੀ ਵਜੋਂ ਦੋ ਵਿਦਵਾਨਾਂ ਦੇ ਭਾਸ਼ਨਾਂ ਦਾ ਸਾਰੰਸ਼ ਇਸ ਪ੍ਰਕਾਰ ਹੈ:

ਇੱਕ : ''ਫਾਰਚੂਨੇਟਲੀ ਮੈਂ ਇੱਕ ਐਸੇ ਇਨਸਟੀਚਿਊਸ਼ਨ ਦਾ ਹੈੱਡ ਹਾਂ, ਜਿਸ ਦੇ ਨਾਂ ਨਾਲ ਟੈਂਥ ਗੁਰੂ ਦਾ ਨਾਮ ਜੁੜਿਆ ਹੋਇਆ ਹੈ । ਏਸੇ ਲਈ ਆਈ ਵਿਲ ਸਪੀਕ ਦ ਟਰੂਥ ਐਂਡ ਆਈ ਕਨਫ਼ੈੱਸ ਕਿ ਮੈਂ ਕਦੇ ਕੋਈ ਪੰਜਾਬੀ ਦੀ ਕਿਤਾਬ ਨਹੀਂ ਪੜ੍ਹੀ ਅਤੇ ਨਾ ਹੀ ਲਾਇਬਰੇਰੀ ਲਈ ਬੁਕਸ ਪਰਚੇਜ਼ ਕਰਨ ਵੇਲੇ ਪੰਜਾਬੀ ਬੁਕਸ ਵੱਲ ਕੋਈ ਧਿਆਨ ਦਿੱਤਾ ਹੈ । ਮੈਂ ਸਮਝਦਾ ਸਾਂ, ਪੰਜਾਬੀ ਵਿੱਚ ਸਭ ਕੁਝ ਬੇਕਾਰ ਲਿਖਿਆ ਜਾ ਰਿਹਾ ਹੈ, ਐਕਸੈਪਟ ਗੁਰਬਾਣੀ । ਪਰ ਇਸ ਇਕੱਠ ਨੂੰ ਵੇਖਕੇ ਮੇਰਾ ਜੀ ਕਰਦਾ ਹੈ ਕਿ ਆਈ ਮੱਸਟ ਰਾਈਟ ਇਨ ਪੰਜਾਬੀ । ਆਫ਼ਟਰ ਆਲ ਇਟ ਇਜ਼ ਅਵਰ ਮਦਰ ਟੰਗ ....''

ਦੋ : ''ਅਕਾਲ ਪੁਰਖ ਦੀ ਸਾਜੀ ਸਵਾਰੀ ਇਸ ਸ੍ਰਿਸ਼ਟੀ ਉੱਤੇ ਜੋ ਭੀ ਪ੍ਰਾਣੀ ਵਿਚਰਦਾ ਹੈ, ਉਹ ਥਲਚਰ ਹੋਵੇ, ਜਲਚਰ ਹੋਵੇ ਯਾ ਨਭਚਰ ਹੋਵੇ; ਉਸ ਅੰਦਰ ਅਵੱਸ਼ ਇੱਕ ਆਤਮਾ ਦਾ ਨਿਵਾਸ ਹੈ । ਅਰਥਾਤ ਇਹ ਸਥੂਲ ਸ਼ਰੀਰ ਜੋ ਹੈ, ਸੂਖਮ ਆਤਮਾ ਦਾ ਘਰ ਹੈ । ਇਸੀ ਪ੍ਰਕਾਰ ਇਨ੍ਹਾਂ ਜੀਵਾਂ ਅੰਦਰ ਸਾਹਿੱਤਕਾਰ ਭੀ ਆਂਵਦੇ ਹੈਣ । ਸਾਹਿੱਤਕਾਰ, ਭਾਵੇਂ ਉਹ ਸਾਹਿੱਤ ਦਾ ਇਤਿਹਾਸਕਾਰ ਹੈ, ਖੋਜੀ ਹੈ, ਆਲੋਚਕ ਹੈ, ਕਹਾਣੀਆਂ ਲਿਖਦਾ ਹੈ, ਨਾਟਕ ਰਚਦਾ ਹੈ, ਗੱਦ ਸਿਰਜਦਾ ਹੈ, ਨਾਵਲਿਸਟ ਹੈ; ਏਥੋਂ ਤੱਕ ਕਿ ਭਾਵੇਂ ਉਹ ਕਵੀ ਭੀ ਕਿਉਂ ਨਾ ਹੋਵੇ, ਉਸ ਨੂੰ ਘਰ ਬਣਾਉਣ ਲਈ ਧਰਤੀ ਔਰ ਜ਼ਮੀਨ ਲੋੜੀਏ!....''

ਇਸ ਤਰ੍ਹਾਂ ਦੇ ਅਨੇਕ ਗੰਭੀਰ ਅਤੇ ਵਿਦਵਤਾ ਭਰਪੂਰ ਭਾਸ਼ਣਾਂ ਉਪਰੰਤ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਰਾਹੀਂ ਪੁਰਜ਼ੋਰ ਮੰਗ ਕੀਤੀ ਗਈ ਸੀ ਕਿ ਚੰਡੀਗੜ੍ਹ ਵਰਗੇ ਆਧੁਨਿਕ ਤਰਜ਼ ਦੇ ਸ਼ਹਿਰ ਵਿੱਚ ਬਾਕੀ ਸਭ ਤਰ੍ਹਾਂ ਦੇ ਲੋਕਾਂ ਲਈ ਸਹੂਲਤਾਂ ਹਨ ਪਰ ਇਸ ਪੱਥਰਾਂ ਦੇ ਸ਼ਹਿਰ ਵਿੱਚ ਰੂਹ ਫੂਕਣ ਵਾਲੇ ਸਾਹਿੱਤਕਾਰਾਂ ਲਈ ਸਰਕਾਰ ਕੁਝ ਨਹੀਂ ਕਰ ਰਹੀ । ਅੱਗੇ ਕਿਹਾ ਗਿਆ ਸੀ ਕਿ ਜੇ ਸਰਕਾਰ ਬਹੁਤਾ ਕੁਝ ਨਹੀਂ ਕਰ ਸਕਦੀ ਤਾਂ ਘੱਟੋ ਘੱਟ 'ਰਾਈਟਰਜ਼ ਕਾਲੋਨੀ' ਵਾਲੀ ਮੰਗ ਤਾਂ ਮੰਨ ਹੀ ਲੈਣੀ ਚਾਹੀਦੀ ਹੈ । ਲੇਖਕਾਂ ਦੇ ਸਿਰਾਂ 'ਤੇ ਛੱਤ ਹੋਵੇਗੀ ਤਾਂ ਉਹ ਚਿੰਤਾ-ਮੁਕਤ ਹੋ ਕੇ ਸਾਹਿੱਤ ਰਚਨਾ ਕਰ ਸਕਣਗੇ-ਮੁੱਖ ਮਹਿਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਿਰਫ਼ ਏਨਾ ਕਿਹਾ ਸੀ ਕਿ ਮੰਗ ਕੋਈ ਏਡੀ ਵੱਡੀ ਨਹੀ ਜਿਹੜੀ ਮੰਨੀ ਨਾ ਜਾ ਸਕੇ । ਉਨ੍ਹਾਂ ਨੇ ਲੇਖਕਾਂ ਨੂੰ ਇੱਕ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਕਮੇਟੀ ਰਾਈਟਰਜ਼ ਕਾਲੋਨੀ ਦਾ ਪੂਰਾ ਵੇਰਵਾ ਤਿਆਰ ਕਰਕੇ ਉਨ੍ਹਾਂ ਨੂੰ ਗਾਹੇਬਗਾਹੇ ਮਿਲਦੀ ਰਹੇ । ਕਮੇਟੀ, ਸਰਬ-ਸੰਮਤੀ ਨਾਲ, ਮੌਕੇ 'ਤੇ ਹੀ ਚੁਣ ਲਈ ਗਈ ਸੀ, ਜਿਸ ਵਿੱਚ ਸਭ ਤੋਂ ਉਪਰ ਉਨ੍ਹਾਂ ਦੋ ਸਮਰੱਥ ਵਿਦਵਾਨਾਂ ਦੇ ਨਾਮ ਸ਼ਾਮਿਲ ਸਨ, ਜਿੰਨ੍ਹਾਂ ਦੇ ਭਾਸ਼ਣਾਂ ਦੀ ਵੰਨਗੀ ਉਪਰ ਦਰਜ ਕੀਤੀ ਗਈ ਹੈ । ਇਸ ਤੋਂ ਬਾਅਦ ਕੀ ਹੋਇਆ, ਕੋਈ ਖ਼ਬਰ ਨਹੀਂ; ਪਰ ਜਦੋਂ ਇਹ ਖ਼ਬਰ ਅਖ਼ਬਾਰਾਂ ਵਿੱਚ ਛਪੀ ਸੀ-ਇੱਕ ਉਮੀਦ ਜਿਹੀ ਬੱਝ ਗਈ ਸੀ ਕਿ ਚਲੋ ਮੁਲਕ ਦੇ ਕਿਸੇ ਖੂੰਜੇ ਵਿੱਚ ਤਾਂ ਨਿਥਾਵਿਆਂ ਲਈ ਕੋਈ ਥਾਂ ਹੋਵੇਗੀ! ਪਰ ਇਹ ਕਈ ਵਰ੍ਹਿਆਂ ਦੀ ਗੱਲ ਹੈ ।

ਇਸ ਦੌਰਾਨ ਮੇਰੀ ਬੀਵੀ ਬਹੁਤ ਵਾਰ ਕਹਿੰਦੀ ਰਹੀ ਹੈ ਕਿ ਮਾਲਕ-ਮਕਾਨਾਂ ਨੂੰ ਬੁੱਕਾਂ ਦੇ ਬੁੱਕ ਕਿਰਾਇਆ ਦੇਈ ਜਾਣ ਨਾਲੋਂ ਬੇਹਤਰ ਹੈ ਕਿ ਮਾੜੇ ਮੋਟੇ ਮਕਾਨ ਦਾ ਜੁਗਾੜ ਕਰ ਲਿਆ ਜਾਏ । ਸਰਕਾਰ ਵਲੋਂ ਕਈ ਸਹੂਲਤੀ-ਸਕੀਮਾਂ ਵੀ ਚਲਾਈਆਂ ਗਈਆਂ : ਲੋਅਰ ਇਨਕਮ ਗਰੁੱਪ, ਮਿਡਲ ਇਨਕਮ ਗਰੁੱਪ, ਹਾਇਰ ਇਨਕਮ ਗਰੁੱਪ । ਪਰ ਮੈਂ ਚੁੱਪ ਰਿਹਾ । ਅੱਧੀ ਤੋਂ ਵੱਧ ਤਨਖ਼ਾਹ ਤਾਰ ਕੇ ਕਿਰਾਏ 'ਤੇ ਲਏ ਕਮਰੇ ਵਿੱਚ ਬੈਠਾ ਪੜ੍ਹਦਾ ਰਿਹਾ, ਲਿਖਦਾ ਰਿਹਾ । ਬਾਹਰੋਂ ਭਾਵੇਂ ਕੋਈ ਵੀ ਬਹਾਨਾ ਲਾ ਕੇ ਟਾਲਦਾ ਹੋਵਾਂ ਪਰ ਅੰਦਰੋਂ ਉਮੀਦ ਇਹ ਸੀ ਕਿ ਕਾਲੋਨੀ ਤਾਂ ਬਣਨੀ ਹੀ ਹੈ, ਫਿਰ ਫ਼ਜ਼ੂਲ ਦੇ ਚੱਕਰ ਵਿੱਚ ਪੈਣ ਦੀ ਕੀ ਲੋੜ ਹੈ । ਏਨੇ ਨੂੰ ਨਾਗਮਣੀ ਵਿੱਚ ਨਵਾਂ ਫੀਚਰ ਸ਼ੁਰੂ ਹੋਇਆ: 'ਮੇਰਾ ਕਮਰਾ' । ਲੇਖਕਾਂ ਲਈ ਬਹੁਤ ਵਧੀਆ ਟਾੱਪਿਕ ਹੈ । ਪਾਠਕਾਂ ਲਈ ਬਹੁਤ ਵਧੀਆ ਸਮੱਗਰੀ ਹੈ । ਲਿਖਣ ਨੂੰ ਜੀ ਵੀ ਕੀਤਾ । ਫਿਰ ਸੋਚਿਆ: ਕਿਹੜੇ ਕਮਰੇ ਬਾਰੇ ਲਿਖਿਆ ਜਾਏ? ਪਿਛਲੇ ਪੰਦਰ੍ਹਾਂ ਵਰ੍ਹਿਆਂ ਵਿੱਚ ਪੰਝੀ ਕਮਰੇ ਬਦਲੇ ਹਨ । ਇੱਕ ਵਾਰੀ ਮੁੜ ਉਸੇ ਖ਼ਿਆਲ ਨੇ ਹੌਂਸਲਾ ਦਿੱਤਾ: ਰਾਈਟਰਜ਼ ਕਾਲੋਨੀ ਬਣੇਗੀ, ਚਲੋ, ਪੂਰਾ ਘਰ ਨਾ ਸਹੀ; ਇੱਕ ਕਮਰਾ ਤਾਂ ਮਿਲੇਗਾ । ਉਹ 'ਕਮਰਾ' ਸੱਚੀ ਮੁੱਚੀ 'ਮੇਰਾ' ਹੋਵੇਗਾ । ਉਸ ਨੂੰ ਮੈਂ ਆਪਣੀ ਮਰਜ਼ੀ ਮੁਤਾਬਿਕ ਸੈੱਟ ਕਰਾਂਗਾ । ਉਸ ਵਿੱਚ ਬੈਠ ਕੇ ਉਸ ਬਾਰੇ ਲਿਖਾਂਗਾ ।

ਜ਼ਾਹਿਰ ਹੈ ਕਿ ਮੈਂ ਆਪਣਾ ਨਿਸ਼ਚਾ ਡੋਲਣ ਨਹੀਂ ਦਿੱਤਾ । ਸਹਾਰੇ ਵਜੋਂ ਅਜੀਤ ਕੌਰ ਦਾ ਕਿਤੇ ਲਿਖਿਆ ਇਹੋ ਜਿਹਾ ਫ਼ਿਕਰਾ ਹਮੇਸ਼ਾ ਮੇਰੇ ਅੰਗ ਸੰਗ ਰਿਹਾ ਹੈ ਕਿ ਜੇ ਤੁਸੀਂ ਪਿਆਸੇ ਹੋ ਤਾਂ ਆਪਣੀ ਪਿਆਸ ਨੂੰ ਇਸ ਸ਼ਿੱਦਤ ਨਾਲ ਮਹਿਸੂਸ ਕਰੋ ਕਿ ਤੁਹਾਡੇ ਕਦਮਾਂ 'ਚੋਂ ਨਿਰਮਲ ਤੇ ਸੀਤਲ ਜਲ ਦੇ ਚਸ਼ਮੇ ਫੁੱਟ ਪੈਣ ।

ਸ਼ਾਇਦ ਮੇਰੀ ਸ਼ਿੱਦਤ ਦਾ ਹੀ ਅਸਰ ਹੈ ਕਿ ਹੁਣ ਮੈਂ ਰਾਈਟਰਜ਼ ਕਾਲੋਨੀ ਦੇ ਪ੍ਰਵੇਸ਼ ਦੁਆਰ 'ਤੇ ਖਲੋਤਾ ਹਾਂ । ਮੇਰੀਆਂ ਅਰਧ-ਜੋਤ ਅੱਖੀਆਂ ਵਿੱਚ ਖੁਸ਼ੀ ਦੇ ਮੋਤੀ ਛਲਕ ਆਏ ਹਨ । ਕਾਲੋਨੀ ਦੇ ਮੱਥੇ ਉੱਤੇ, ਗੁਰਮੁਖੀ ਅੱਖਰਾਂ ਵਿੱਚ ਸ਼ੇਖ ਫ਼ਰੀਦ ਦਾ 'ਬਾਰ ਪਰਾਏ ਬੈਸਣਾ' ਵਾਲਾ ਦੋਹਾ ਅੰਕਿਤ ਹੈ । ਹੇਠਾਂ ਲਿਖਿਆ ਹੈ: 'ਆਉ! ਪੰਜਾਬੀ ਕਲਮਾਂ ਤੁਹਾਨੂੰ ਜੀ-ਆਇਆਂ ਆਖਦੀਆਂ ਹਨ ।'

ਮੈਂ ਅੰਦਰ ਦਾਖ਼ਿਲ ਹੁੰਦਾ ਹਾਂ । ਇੱਕ ਸੰਕੇਤ-ਪੱਥਰ ਤਿੰਨ ਦਿਸ਼ਾਵਾਂ ਵੱਲ ਤਣਿਆ ਖਲੋਤਾ ਹੈ । ਸ਼ੇਖ਼ ਫ਼ਰੀਦ ਮਾਰਗ, ਗੁਰੂ ਨਾਨਕ ਮਾਰਗ, ਭਾਈ ਵੀਰ ਸਿੰਘ ਮਾਰਗ । ਮੇਰੀ ਚੋਣ ਆਧੁਨਿਕ ਹੈ । ਭਾਈ ਵੀਰ ਸਿੰਘ ਮਾਰਗ 'ਤੇ ਅੱਗੇ ਵਧਦਾ ਹਾਂ । ਘਰਾਂ ਦੇ ਦਰਵਾਜ਼ਿਆਂ 'ਤੇ ਜੜੀਆਂ ਨਾਮ-ਪੱਤਰੀਆਂ ਪੜ੍ਹਦਾ ਹਾਂ । ਕੋਈ ਪ੍ਰੋਫ਼ੈਸਰ ਹੈ, ਕੋਈ ਡਾਕਟਰ ਹੈ, ਕੋਈ ਆਈ. ਏ. ਐਸ. ਹੈ, ਕੋਈ ਪੀ. ਸੀ. ਐਸ. ਹੈ । ਮੈਂ ਹੈਰਾਨ ਹੁੰਦਾ ਹਾਂ ਕਿ ਯੂਨੀਵਰਸਿਟੀ ਤੇ ਸਕੱਤਰੇਤ ਦੀ ਇਮਾਰਤ 'ਚੋਂ ਉਤਰ ਕੇ ਇਹ ਨੇਮ-ਪਲੇਟਾਂ ਏਥੇ ਕਿਵੇਂ ਆ ਗਈਆਂ! 'ਕਾਰਾਂ' ਤਾਂ ਖੜੀਆਂ ਹਨ ਪਰ 'ਸਾਹਿੱਤ' ਕਿੱਥੇ ਹੈ? ਕਾਲੋਨੀ ਤਾਂ ਆਖ਼ਰ ਇਹ 'ਸਾਹਿੱਤਕਾਰਾਂ' ਦੀ ਹੀ ਹੈ ਨਾ! ਚਲੋ ਕਾਰ ਦਿਸੀ ਹੈ, ਸਾਹਿੱਤ ਵੀ ਦਿਸੇਗਾ- ਏਸੇ ਆਸ ਨਾਲ ਅੱਗੇ ਵਧਦਾ ਹਾਂ । ਇੱਕ ਸਾਇਨ-ਬੋਰਡ 'ਤੇ ਨਜ਼ਰ ਪੈਂਦੀ ਹੈ: 'ਰਾਈਟਰਜ਼ ਵਰਕਸ਼ਾਪ' । ਤੇਜ਼ ਕਦਮੀਂ ਉੱਥੇ ਪੁੱਜਦਾ ਹਾਂ । ਪਰ ਇਹ ਤਾਂ ਟਾਈਪਰਾਈਟਰ ਵਰਕਸ਼ਾਪ ਹੈ । 'ਟਾਈਪ' ਬਹੁਤ ਛੋਟੇ ਅੱਖਰਾਂ ਵਿੱਚ ਲਿਖਿਆ ਹੈ । ਮਕੈਨਿਕ ਦੱਸਦਾ ਹੈ ਕਿ ਏਥੇ ਬਹੁਤੇ ਰਾਈਟਰ-ਟਾਈਪ ਲੋਕ ਰਹਿੰਦੇ ਹਨ, ਇਸ ਲਈ ਟਾਈਪ- ਰਾਈਟਰਾਂ ਦਾ ਧੰਧਾ ਕਾਫ਼ੀ ਚਲਦਾ ਹੈ ।

ਇਹ ਮਾਰਕੀਟ ਹੈ । ਦੁਕਾਨਾਂ ਦੇ ਨਾਂ ਕਲਾਤਮਕ ਹਨ : ਸ਼ਾਹ ਹੁਸੈਨ ਟੇਲਰਜ਼, ਬਟਾਲਵੀ ਬਟਨ ਹਾਊਸ, ਮੋਹਨ ਸਿੰਘ ਪ੍ਰੋਵੀਜ਼ਨ ਸਟੋਰ, ਸੇਖੋਂ ਝਟਕਾ ਸ਼ਾਪ, ਗਾਰਗੀ ਡਾਇਰਜ਼ ਐਂਡ ਡਰਾਈਕਲੀਨਰਜ਼, ਅਜੀਤ ਕੌਰ ਪਾਨ ਹਾਊਸ, ਅੰਮ੍ਰਿਤਾ ਪਿੰ੍ਰਟਿੰਗ ਪ੍ਰੈੱਸ, ਵਗੈਰਾ! ਨਾਮ ਸਭ ਜਾਣੇ ਪਛਾਣੇ ਹਨ, ਪਰ ਚਿਹਰੇ ਸਭ ਅਜਨਬੀ! ਅਜੀਬ ਮਾਹੌਲ ਹੈ । ਇੱਕ ਦੁਕਾਨਦਾਰ ਨੂੰ ਪੁੱਛਦਾ ਹਾਂ: ਜਿਨ੍ਹਾਂ ਦੇ ਨਾਵਾਂ 'ਤੇ ਇਹ ਦੁਕਾਨਾਂ ਚਲਦੀਆਂ ਹਨ, ਉਹ ਆਪ ਕਿੱਥੇ ਚਲੇ ਗਏ?' ਇੱਕ ਵੱਡੀ ਇਮਾਰਤ ਵੱਲ ਇਸ਼ਾਰਾ ਹੁੰਦਾ ਹੈ । ਪੰਜਾਬੀ ਭਵਨ! ਅੰਦਰ ਖ਼ੂਬਸੂਰਤ ਗੈਲਰੀ ਹੈ, ਜਿਸ ਵਿੱਚ ਸੁਰਗਵਾਸੀ ਲੇਖਕਾਂ ਦੀਆਂ ਆਦਮਕੱਦ ਤਸਵੀਰਾਂ ਹਨ । ਸਾਹਮਣੀ ਦੀਵਾਰ ੳੁੱਤੇ ਮਾਟੋ ਉਕਰਿਆ ਹੈ: 'ਮਹਾਨ ਲੇਖਕ ਬਣੋ! ਇਸ ਗੈਲਰੀ ਦੀ ਸ਼ੋਭਾ ਵਧਾਉ ।' ਮੈਂ ਸੋਚਦਾ ਹਾਂ, ਏਥੋਂ ਤਕ ਤਾਂ ਬੰਦਾ ਮਰ ਕੇ ਪੁੱਜਦਾ ਹੈ ।

ਸੜਕ 'ਤੇ ਆ ਜਾਂਦਾ ਹਾਂ । ਹਿੰਮਤ ਕਰਕੇ ਇੱਕ ਦਰਵਾਜ਼ੇ ਦੀ ਘੰਟੀ ਵਜਾਉਂਦਾ ਹੈ । ਇੱਕ ਯੁਵਤੀ ਬਾਹਰ ਆਉਂਦੀ ਹੈ । ਸਾੜ੍ਹੀ ਵਿੱਚ ਲਿਪਟੀ ਹੋਈ ਮੁਸਕ੍ਰਾਹਟ! ਮੈਂ ਹੱਥ ਜੋੜਦਾ ਹਾਂ । ਉਹ ਅੰਦਰ ਆਉਣ ਦਾ ਇਸ਼ਾਰਾ ਕਰਦੀ ਹੈ । ਕਾੱਫੀ ਦੇ ਕੱਪਾਂ 'ਤੇ ਗੱਲ-ਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ:

- ਮੈਂ ਇੱਕ ਅਦਨਾ ਜਿਹਾ ਲੇਖਕ ਹਾਂ
0 ਏਥੇ ਸਾਰੇ ਲੇਖਕ ਹੀ ਆਉਂਦੇ ਨੇ । ਹੁਕਮ ਕਰੋ!
- ਹੁਕਮ ਨਹੀਂ ਮੈਂ ਇੱਕ ਅਰਜ਼ ਕਰਨੀ ਹੈ
0 ਕਰੋ
- ਇਸ ਕਾਲੋਨੀ ਵਿੱਚ ਕੋਈ ਲਾਇਬਰੇਰੀ ਹੈ?
0 ਨਹੀਂ
- ਕਿਤਾਬਾਂ ਰਸਾਲਿਆਂ ਦੀ ਦੁਕਾਨ ਹੈ?
0 ਨਹੀਂ
- ਲੇਖਕਾਂ ਦੇ ਮਿਲ-ਬੈਠਣ ਦੀ ਕੋਈ ਥਾਂ ਹੈ?
0 ਨਹੀਂ
- ਫਿਰ ਲੇਖਕ ਕੀ ਕਰਦੇ ਹਨ?
0 ਰਹਿੰਦੇ ਹਨ
- ਤੁਸੀਂ ਖਿਝ ਗਏ ਲੱਗਦੇ ਹੋ । ਜਵਾਬ ਠੀਕ ਨਹੀਂ ਦੇ ਰਹੇ ।
0 ਵਕਤ ਖ਼ਰਾਬ ਨਾ ਕਰੋ...

ਮੈਂ ਹੱਥ ਜੋੜਦਾ ਹਾਂ । ਉਹ ਬਾਹਰ ਜਾਣ ਦਾ ਇਸ਼ਾਰਾ ਕਰਦੀ ਹੈ । ਸੜਕ ਉੱਤੇ ਦੋ ਕਦਮਾਂ ਦਾ ਸਿਲਸਿਲਾ ਮੁੜ ਸ਼ੁਰੂ ਹੁੰਦਾ ਹੈ । ਸ਼ਾਮ ਢਲ ਰਹੀ ਹੈ । ਘੁਸਮੁਸਾ ਜਿਹਾ ਛਾ ਰਿਹਾ ਹੈ । ਮੈਂ ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚ ਘਰ ਦਾ ਰਾਹ ਭੁੱਲ ਗਿਆ ਹਾਂ । ਮੇਰਾ ਕਮਰਾ ਕਿੱਥੇ ਹੈ? ਸ਼ਾਇਦ ਇਹ ਸਵਾਲ ਮੈਂ ਸੜਕ ਕੋਲੋਂ ਪੁੱਛਿਆ ਹੈ । ਹੁਣ ਹਾਲਾਤ ਮੇਰੇ ਵੱਸ ਨਹੀਂ ਰਹੇ ।

'ਮੇ...ਰਾ...ਕ...ਮ...ਰਾ...ਕਿੱ...ਥੇ ਹੈ...' ਸ਼ਾਇਦ ਮੈਂ ਬਹੁਤ ਉੱਚੀ ਚੀਕਿਆ ਹਾਂ । ਸਭ ਘਰਾਂ ਦੇ ਦਰਵਾਜ਼ੇ ਖੁੱਲ੍ਹ ਗਏ ਹਨ । ਲੋਕ ਮੇਰੇ ਵਲ ਦੌੜੇ ਆ ਰਹੇ ਹਨ । ਮੈਂ ਇੱਕ ਇੱਕ ਨੂੰ ਪਛਾਣਦਾ ਹਾਂ, ਪਰ ਇਨ੍ਹਾਂ ਵਿੱਚ ਲੇਖਕ ਤਾਂ ਕੋਈ ਵੀ ਨਹੀਂ । ਇੰਜ ਮੇਰੇ ਵਲ ਘੂਰ ਰਹੇ ਹਨ, ਜਿਵੇਂ ਮੈਂ ਉਨ੍ਹਾਂ ਦੇ ਹੱਕ ਨੂੰ ਹੱਥ ਪਾ ਰਿਹਾ ਹੋਵਾਂ! ਇੱਕ ਜਣਾ ਮੇਰੇ ਹੱਥ 'ਤੇ ਕਿਤਾਬ ਰੱਖ ਦੇਂਦਾ ਹੈ: 'ਪੰਜਾਬੀ ਸਾਹਿੱਤ ਦਾ ਨਵੀਨ ਇਤਿਹਾਸ' । ਮੈਂ ਕਾਹਲੀ ਕਾਹਲੀ ਵਰਕੇ ਫਰੋਲਦਾ ਹਾਂ । ਇਹ ਕਿਹੜੇ ਪੰਜਾਬੀ ਸਾਹਿੱਤ ਦਾ ਇਤਿਹਾਸ ਹੈ? - ਜਿਸ ਵਿੱਚ ਕਿਤਾਬਾਂ ਦੀ ਥਾਂ ਕੁਰਸੀਆਂ ਤੇ ਕਮੀਜ਼ਾਂ ਦਾ ਜ਼ਿਕਰ ਹੈ! ਸਾਹਿੱਤ ਦੀ ਥਾਂ ਸਿਆਸਤ ਦੀ ਸ਼ਬਦਾਵਲੀ ਹੈ! ਸਾਰੇ ਲੋਕ ਘਰੋ ਘਰੀ ਚਲੇ ਜਾਂਦੇ ਹਨ । ਇਕਵਾਰਗੀ ਬੰਦ ਹੁੰਦੀਆਂ ਚਿਟਕਨੀਆਂ ਦੀ ਆਵਾਜ਼ ਸੰਗੀਤ ਪੈਦਾ ਕਰਦੀ ਹੈ । ਮੈਨੂੰ ਨੀਂਦ ਆ ਰਹੀ ਹੈ ।

ਘੰਟੀ ਦੀ ਆਵਾਜ਼ ਨਾਲ ਮੈਂ ਤ੍ਰਭਕ ਜਾਂਦਾ ਹਾਂ । ਡਾਕੀਆ ਦਰਵਾਜ਼ੇ ਦੀ ਝੀਥ ਥਾਣੀਂ ਲਿਫ਼ਾਫ਼ਾ ਅੰਦਰ ਸੁੱਟ ਗਿਆ ਹੈ । ਅੰਮ੍ਰਿਤਾ ਪ੍ਰੀਤਮ ਹੁਰਾਂ ਦਾ ਹੁਕਮਨਾਮਾ ਹੈ:

''ਹੈਲੋ ਭੂਸ਼ਣ! ਤੇਰੀ ਕਲਮ ਦੀ ਨੋਕ ਉੱਤੇ ਐਸ ਵੇਲੇ ਜ਼ਰੂਰ ਕਿਸੇ ਹਾਸ- ਵਿਅੰਗ ਦਾ ਰੰਗ ਹੋਵੇਗਾ । ਜੋ ਲਿਖਿਆ ਹੈ ਉਹ ਭੇਜ ਦੇ! ਉਡੀਕ ਰਹੀ ਹਾਂ! -

ਅੰਮ੍ਰਿਤਾ''

ਮੈਨੂੰ ਆਪਣੇ ਆਪ ਉੱਤੇ ਬਹੁਤ ਸ਼ਰਮ ਆਈ ਹੈ । ਕਿੰਨੀ ਬਦਕਿਸਮਤੀ ਵਾਲੀ ਗੱਲ ਹੈ ਕਿ 'ਰਾਈਟਰਜ਼' ਤਾਂ ਮੈਨੂੰ ਉਡੀਕ ਰਹੇ ਹੋਣ ਤੇ ਮੈਂ 'ਕਾਲੋਨੀ' ਵਿੱਚ ਭਟਕ ਰਿਹਾ ਹੋਵਾਂ । ਮੈਨੂੰ ਜਾਪਿਆ ਜਿਵੇਂ ਚਿੱਠੀ ਵਿੱਚ ਲਿਖਿਆ ਹੋਵੇ : ''ਲੇਖਕ ਕਾਲੋਨੀਆਂ 'ਚ ਨਹੀਂ, ਕਲਮਾਂ 'ਚ ਹੁੰਦੇ ਨੇ, ਸ਼ਰੀਫ਼ ਆਦਮੀ!''

2. ਸ਼ਤਾਬਦੀ ਪੁਰਸ਼ : ਬ੍ਰਿਜਲਾਲ ਸ਼ਾਸਤਰੀ

ਬ੍ਰਿਜਲਾਲ ਸ਼ਾਸਤਰੀ ਦਾ ਰਵੀ ਸ਼ਾਸਤਰੀ ਨਾਲ ਕੋਈ ਸੰਬੰਧ ਨਹੀਂ; ਲਾਲ ਬਹਾਦੁਰ ਸ਼ਾਸਤਰੀ ਨਾਲ ਵੀ ਨਹੀਂ । ਹਾਂ, ਜਵਾਹਰ ਲਾਲ ਨਹਿਰੂ ਨਾਲ ਸੰਬੰਧ ਜ਼ਰੂਰ ਹੈ; ਸੰਬੰਧ ਵੀ ਓਹੋ ਜਿਹਾ, ਜਿਹੋ ਜਿਹਾ ਲਾਲ ਬਹਾਦੁਰ ਸ਼ਾਸਤਰੀ ਦਾ ਮਹਾਤਮਾ ਗਾਂਧੀ ਨਾਲ ਸੀ । ਜਿਵੇਂ ਗਾਂਧੀ ਅਤੇ ਉਸ ਸ਼ਾਸਤਰੀ ਦਾ ਦੋ ਅਕਤੂਬਰ ਸਾਂਝਾ ਹੈ, ਉਵੇਂ ਹੀ ਇਸ ਸ਼ਾਸਤਰੀ ਅਤੇ ਜਵਾਹਰ ਲਾਲ ਦਾ ਚੌਦਾਂ ਨਵੰਬਰ ਸਾਂਝਾ ਹੈ । ਨਹਿਰੂ ਦੀ ਸ਼ਤਾਬਦੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ (ਸਾਰੀ ਕੌਮ ਨੂੰ ਵਖ਼ਤ ਪਿਆ ਹੋਇਆ ਹੈ!),

ਬ੍ਰਿਜਲਾਲ ਸ਼ਾਸਤਰੀ, ਹੋਰ ਪੰਜਾਂ ਵਰ੍ਹਿਆਂ ਨੂੰ , 1994 ਵਿੱਚ ਸੈਂਚੁਰੀ ਮਾਰ ਲੈਣਗੇ । ਚੁਪਚਾਪ; ਸ਼ਾਂਤ; ਕਿਸੇ ਨੂੰ ਖ਼ਬਰ ਵੀ ਨਹੀਂ ਹੋਵੇਗੀ!!!

ਤੁਸੀਂ ਪੁੱਛੋ, ਬ੍ਰਿਜਲਾਲ ਸ਼ਾਸਤਰੀ ਹੈ ਕੌਣ? ਪੁੱਛੋ । ਪੁੱਛਣਾ ਤੁਹਾਡਾ ਹੱਕ ਹੈ । ਬਹੁਤ ਹੀ ਜਾਇਜ਼ ਤੁਹਾਡਾ ਇਹ ਸ਼ੱਕ ਹੈ ।

ਕੋਈ ਰਸਾਲਾ ਨਹੀਂ; ਅਖ਼ਬਾਰ ਨਹੀਂ । ਕੋਈ ਚਰਚਾ ਨਹੀਂ, ਖ਼ਬਰਸਾਰ ਨਹੀਂ ।

ਨਾ ਆਵਾਜ਼, ਨਾ ਦਰਸ਼ਨ । ਨਾ ਆਕਾਸ਼ਵਾਣੀ, ਨਾ ਦੂਰਦਰਸ਼ਨ ।

ਤੁਸੀਂ ਕਿਸ ਤਰ੍ਹਾਂ ਜਾਣੋਗੇ । ਤੁਸੀਂ ਕਿਸ ਤਰ੍ਹਾਂ ਪਛਾਣੋਗੇ?

ਤੁਸੀਂ ਤਾਂ ਪੁੱਛੋਗੇ, ਪੁੱਛੋ, ਬ੍ਰਿਜਲਾਲ ਸ਼ਾਸਤਰੀ ਕੌਣ ਹੈ?

ਪਰ ਇਹ ਵੀ, ਐਵੇਂ, ਮੇਰੀ ਖੁਸ਼ਫ਼ਹਿਮੀ ਹੀ ਸੀ ।

ਤੁਸੀਂ ਤਾਂ ਪੁੱਛ ਵੀ ਨਹੀਂ ਰਹੇ । ਤੁਹਾਨੂੰ ਤਾਂ ਜਾਨਣ ਦੀ ਕੋਈ ਉਤਸੁਕਤਾ ਹੀ ਨਹੀਂ । ਦਰਅਸਲ ਗੱਲ ਇਹ ਹੈ ਕਿ ਸਾਨੂੰ/ਤੁਹਾਨੂੰ ਜਾਨਣ/ ਨਾ ਜਾਨਣ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ । ਪਾਠਕ ਬੇ-ਦਰੇਗ਼ ਹੁੰਦਾ ਹੈ; ਲੇਖਕ ਨਾਲ ਉਸਦਾ ਰਿਸ਼ਤਾ ਵਪਾਰਕ ਜਿਹਾ ਹੋ ਗਿਆ ਹੈ । ਇੱਕ ਦੁਕਾਨ ਬੰਦ ਹੈ ਤਾਂ ਦੂਸਰੀ ਤੋਂ ਸੌਦਾ ਖ਼ਰੀਦ ਲਿਆ । ਇਹ ਸੋਚਣਾ ਹੀ ਨਹੀਂ ਕਿ ਦੁਕਾਨ ਕਿਉਂ ਬੰਦ ਹੈ? ਮੁਆਫ਼ ਕਰਨਾ, ਅਜਿਹੇ ਵਕਤਾਂ ਵਿੱਚ, ਮੈਂ ਅਹਿਸਾਸ ਦੀ ਗੱਲ ਕਰ ਰਿਹਾ ਹਾਂ!

ਤੁਸੀਂ ਆਖ ਸਕਦੇ ਹੋ ਕਿ ਮੈਂ ਗੱਲ ਨਹੀਂ ਕਰ ਰਿਹਾ, ਕਹਾਣੀਆਂ ਪਾ ਰਿਹਾ ਹਾਂ । ਅਸਲ ਵਿੱਚ ਬ੍ਰਿਜਲਾਲ ਸ਼ਾਸਤਰੀ ਨੇ ਵੀ ਸਾਰੀ ਉਮਰ ਕਹਾਣੀਆਂ ਹੀ ਪਾਈਆਂ ਹਨ । ਅਜਿਹੀਆਂ ਕਹਾਣੀਆਂ, ਜਿਨ੍ਹਾਂ ਬਾਰੇ ਤੁਹਾਡਾ/ਸਾਡਾ ਜਾਣਿਆ-ਪਛਾਣਿਆ ਪੂਰਨ ਸਿੰਘ ਇੰਞ ਕਹਿੰਦਾ ਹੈ :

ਇਤਿਹਾਸ, ਸਾਹਿਤਯ, ਸੰਗੀਤ, ਮਜ਼ਹਬ, ਕਲਾ, ਆਰਟ ਆਦਿ ਸਭ ਮਨੁੱਖ ਦੇ ਦਿਲ ਦੀਆਂ ਕਹਾਣੀਆਂ, ਹਕਾਯਤਾਂ ਹਨ । ਇਤਿਹਾਸ ਉਸ ਵਕਤ ਆਪਣੇ ਕਰਾਮਾਤੀ ਰੰਗ ਵਿੱਚ ਆਉਂਦਾ ਹੈ, ਜਦ ਕਿ ਸਦੀਆਂ ਤੱਕ ਪ੍ਰਚਲਤ ਇੱਕ ਕਹਾਣੀ, ਇਕ ਕਵਿਤਾ, ਇੱਕ ਸੰਗੀਤ ਹੈ ਲੋਕਾਂ ਦੇ ਦਿਲਾਂ ਵਿੱਚ ਘੁਲ ਘੁਲ ਉਨ੍ਹਾਂ ਦਾ ਜੀਵਨ ਲਹੂ ਹੋ ਗੇੜੇ ਲਾਣ ਲੱਗਦਾ ਹੈ—ਬੱਸ ਮੈਨੂੰ ਕਹਾਣੀਆਂ ਦਿਉ, ਇਤਿਹਾਸ ਸਾਰਾ ਛਿੱਕੇ ਟੰਗ ਦਿਉ । ਕਹਾਣੀਆਂ ਕੌਮਾਂ ਦੀਆਂ ਰੂਹਾਂ ਨੂੰ ਬਦਲ ਦੇਣ ਦੇ ਸਮਰੱਥ ਹਨ । ਇਤਿਹਾਸ ਇਤਿਹਾਸੀਆਂ ਵਾਲਾ ਸਿਰਫ਼ ਪੁਰਾਣੇ ਮਹੱਲਾਂ ਥੀਂ ਬਾਹਰ ਸੁੱਟੇ ਕੂੜੇ ਕਰਕਟ ਦੀ ਛਾਣਬੀਣ ਹੈ ।

ਭਾਈ ਬਾਬਿਉ; ਥੋੜ੍ਹਾ ਜਿਹਾ ਸਬਰ ਕਰ ਕੇ ਪ੍ਰੋ: ਪੂਰਨ ਸਿੰਘ ਦੇ ਕੁਝ ਸ਼ਬਦ ਹੋਰ ਪੜ੍ਹੋ ਜਿਹੜੇ ਉਸਨੇ ਸ਼ਾਸਤਰੀ ਰਚਿਤ ਨਾਟਕ 'ਸਾਵਿੱਤ੍ਰੀ' ਦੀ ਭੂਮਿਕਾ ਵਿੱਚ ਲਿਖੇ ਸਨ :

ਇਹ ਅਜੀਬ ਕਹਾਣੀ ਦੁਨੀਆ ਦੀਆਂ ਤਕਰੀਬਨ ਸਾਰੀਆਂ ਜ਼ਬਾਨਾਂ ਵਿੱਚ ਤਰਜਮਾ ਹੋ ਚੁੱਕੀ ਹੈ ਤੇ ਆਪਣੀ ਸਾਦਗੀ ਦੇ ਕਮਾਲ ਵਿੱਚ ਭਾਵੇਂ ਦੇਖਣ ਨੂੰ ਕਿੱਡੀ ਸੁਖੱਲੀ ਜਾਪਦੀ ਹੈ, ਪਰ ਇਹਨੂੰ ਮੁੜ ਸੁਣਾਨਾ ਹੋਰ ਵੀ ਕਠਿਨ ਹੋ ਚੁੱਕਾ ਹੈ । ਜਦ ਇੱਕ ਗੀਤ ਕਿਸੀ ਗੰਧਰਵ ਕੋਲੋਂ ਇਉਂ ਸੁਣਿਆ ਹੋਵੇ ਜਿਵੇਂ ਉਹ ਗੱਲਾਂ ਕਰਦਾ ਹੈ ਤੇ ਆਪਣੀਆਂ ਗੱਲਾਂ ਦੀ ਸਹਿਜ ਸੁਭਾ ਸਾਦਗੀ ਵਿੱਚ ਰਾਗ ਦੇ ਕੁਲ ਕਮਾਲ ਏਵੇਂ ਹੀ ਦੱਸ ਜਾਂਦਾ ਹੈ ਤੇ ਮੁੜ ਕਿਸੇ ਰਾਗ- ਵਿੱਦਿਆ ਦੇ ਚੰਗੇ ਜਾਣੂੰ ਕੋਲੋਂ ਉਹੋ ਹੀ ਗੀਤ ਸੁਣਨਾ, ਰਾਗ ਦੀ ਸਾਰੀ ਸੰਪਤੀ ਹੁੰਦਿਆਂ ਵੀ ਇੱਕ ਫਿੱਕਾਪਣ ਹੋਵੇਗਾ । ਭਾਵੇਂ ਰਾਗ ਕਿੱਡਾ ਹੀ ਰਾਗ ਕਿਉਂ ਨਾ ਹੋਵੇ, ਜਦ ਕੋਈ ਚੀਜ਼ ਕਮਾਲ ਪਰ ਪਹੁੰਚਦੀ ਹੈ ਤਦ ਉਹ ਐਸੀ ਸਾਦਾ ਹੋ ਜਾਂਦੀ ਹੈ ਜਿਵੇਂ ਫੁੱਲ, ਹਵਾ, ਦਰਯਾ, ਸੂਰਜ ਦਾ ਪ੍ਰਕਾਸ਼—ਓਸ ਵਿੱਚ ਯਤਨ ਦੀ ਫੰਗ-ਫਰਫਰਾਹਟ ਕੋਈ ਨਹੀਂ ਰਹਿੰਦੀ ।

ਇਹ ਕਹਾਣੀ ਕਈ ਜ਼ਬਾਨਾਂ ਵਿੱਚ ਹੋਣ ਨਾਲ ਐਸੀ ਮੰਝ ਚੁੱਕੀ ਹੈ ਕਿ ਮੈਂ ਹੈਰਾਨ ਸਾਂ ਕਿ ਪੰਜਾਬੀ ਵਿੱਚ ਕਿੰਝ ਕਹੀ ਜਾ ਸਕੇਗੀ, ਪਰ ਹਰ ਸੋਹਣੀ ਚੀਜ਼ ਆਪਣੀ ਅਦਾ ਵਿੱਚ ਸਦਾ ਨਵੀਂ ਹੁੰਦੀ ਹੈ ਤੇ ਮੈਂ ਆਪਣੇ ਮਿੱਤਰ ਪੰਡਿਤ ਬ੍ਰਿਜਲਾਲ ਸ਼ਾਸਤ੍ਰੀ ਜੀ ਨੂੰ ਉਹਨਾਂ ਦੀ ਇਸ ਰਚਨਾ ਪਰ ਮੁਬਾਰਕ ਦਿੰਦਾ ਹਾਂ । ਉਨ੍ਹਾਂ ਦੇ ਸਾਵਿਤ੍ਰੀ-ਸਤਯਾਵਾਨ ਦੇ ਪਿਆਰ ਰਾਗ ਦਾ ਐਸਾ ਸਮਾਂ ਪੰਜਾਬੀ ਵਿੱਚ ਬੰਨ੍ਹ ਦੱਸਿਆ ਹੈ, ਜਿਸ ਵਿੱਚ ਇਕ ਦਿਲ-ਖਿੱਚਵੀਂ ਸਹਜ ਸੁਭਾਵਕਤਾ ਹੈ ਤੇ ਇਸ ਸਹਜ ਸੁਭਾਵਕਤਾ ਕਰਕੇ ਇਹ ਰਚਨਾ ਪੰਜਾਬੀ ਵਿੱਚ ਇੱਕ ਨਵੀਂ ਸਾਹਿੱਤਕ-ਕਾਢ ਦਾ ਦਰਜਾ ਰੱਖਦੀ ਹੈ । ਆਪ ਦਾ ਸਹਜ ਸੁਭਾ ਇਹ ਪੰਜਾਬੀ ਬੋਲਣ ਇਕ ਗੀਤ ਹੈ ।

...ਤੇ 'ਸੁਕੰਨਿਆ' ਦੀ ਭੂਮਿਕਾ ਵਿੱਚ ਪ੍ਰੋ: ਪੂਰਨ ਸਿੰਘ ਦਾ ਕਹਿਣਾ ਹੈ :

.... ... ਅੱਜ ਨਹੀਂ, ਕੱਲ੍ਹ ਨਹੀਂ, ਜਦ ਪੰਜਾਬ ਆਪਣੇ ਆਪ ਦੇ ਹੁਸਨ ਵਿੱਚ ਜਾਗੇਗਾ, ਜਦ ਆਪਣੀ ਮਾਤ੍ਰੀ ਬੋਲੀ ਦੇ ਅਦਬ ਵਿੱਚ ਆ, ਉਹਦੀ ਮਿੱਠਤ, ਤੀਖਣਤਾ, ਤੀਬਰਤਾ ਦਾ ਜਾਦੂ ਹੋਵੇਗਾ—ਤੇ ਇਸ ਵਿੱਚ ਆਪਣੀ ਮਾਂ, ਭੈਣ, ਧੀ, ਵਹੁਟੀ ਦੀ ਜੀਵ-ਧੜਕ ਨੂੰ ਆਪਣੀ ਕੰਨੀਂ ਸੁਣ ਬੰਦਾ ਬਣ ਇਹਦੇ ਪਿਆਰ ਵਿੱਚ ਚੀਖ਼ ਉਠੇਗਾ—ਤਦ ਇਨ੍ਹਾਂ ਪੰਜਾਬੀ ਸੁਖੀ ਵੱਸਦੇ ਘਰਾਂ ਵਿੱਚ ਖਾਹ-ਮਖਾਹ ਇਕ ਘ੍ਰਿਣਾ ਉਪਜਾਊ ਹਠ-ਧਰਮੀ ਨਾਲ ਹਿੰਦੀ ਤੇ ਉਰਦੂ ਬੋਲੀਆਂ—ਅੱਗ ਲੈਣ ਆਈਆਂ ਘਰ ਦੀਆਂ ਮਾਲਕ ਬਣ ਬੈਠੀਆਂ ਹਨ—ਇਕ ਰੂਹ-ਰਹਿਤ ਧੱਕਾ ਹੈ, ਜਿਹੜਾ ਕਿਸੀ ਹੋਰ ਮੁਲਕ ਵਿੱਚ ਜਿਊਂਦੀਆਂ ਕੌਮਾਂ ਕਦੀ ਚੱਲਣ ਨਾ ਦੇਣ, ਫੋਕੇ ਤੇ ਕੂੜੇ ਮਜ਼ਹਬਾਂ ਦੇ ਉਪਰਲੀ ਤੈਹ ਉਪਰ ਆਏ ਅੰਦਰ ਦੇ ਕਾਮ, ਕੋ੍ਰਧ, ਲੋਭਾਂ ਨੇ ਹਿੰਦੀ ਨੂੰ ਹਿੰਦੂ, ਪੰਜਾਬੀ ਨੂੰ ਸਿੱਖ ਤੇ ਉਰਦੂ ਨੂੰ ਧੜਾਬਾਜ਼ੀ ਨਾਲ ਮੁਸਲਮਾਨ ਗਰਦਾਨ ਰਖਿਆ ਹੈ, ਹਾਲਾਂਕਿ ਬੁਲ੍ਹੇ ਸ਼ਾਹ ਤੇ ਵਾਰਸ ਸ਼ਾਹ ਦੀ ਪੰਜਾਬੀ ਵਿੱਚ ਰੀਣਕ ਫ਼ਰਕ ਨਹੀਂ । ਪੰਜਾਬੀ, ਸੰਸਕ੍ਰਿਤ, ਅਰਬੀ ਤੇ ਫ਼ਾਰਸੀ ਸਭ ਜ਼ਬਾਨਾਂ ਵਿੱਚ ਆਪਣੀ ਸ਼ਬਦ-ਤਾਕਤ ਖਿੱਚ ਸਕਦੀ ਹੈ—'ਬਿਸਮਿਲਾ' ਪੰਜਾਬੀ ਲਫ਼ਜ਼ ਹੈ, ਇਸੀ ਤਰ੍ਹਾਂ 'ਸਤਿਗੁਰੂ' ਪਰ ਭੈੜੀਆਂ ਜ਼ਿੱਦਾਂ ਵਿੱਚ ਠੁਕ ਬਰੋ ਦੀ ਗੱਲ ਤਾਂ ਕੋਈ ਸੁਣਦਾ ਹੀ ਨਾ ਹੋਇਆ । ਚੰਗੇ ਸ਼ਰੀਫ਼ ਬੰਦੇ ਇਸ ਖ਼ਾਨਾਜੰਗੀ ਥੀਂ ਡਰ ਸਿਰ ਲੁਕਾਉਂਦੇ ਫਿਰਦੇ ਹਨ ਤੇ ਆਪਣੇ ਦੇਸ਼ ਵਾਸੀਆਂ ਦੇ ਅਹੰਕਾਰੀ ਤੇ ਕਾਫ਼ਰਾਨਾਂ ਫੁੰਕਾਰ ਤੇ ਜ਼ਿੱਦ ਤੇ ਜੋਸ਼ ਤੇ ਧੜਾ-ਬਾਜ਼ੀ ਤੇ ਕਾਤਲਾਨਾ ਜੋਸ਼ ਨੂੰ ਦੇਖ ਦੇਖ ਦੁਖੀ ਹੁੰਦੇ ਹਨ । ਇਨ੍ਹਾਂ ਕੂੜਿਆਂ ਮਜ਼ਹਬਾਂ ਨੇ ਲੋਕਾਂ ਨੂੰ ਜਾਨਵਰਾਂ ਥੀਂ ਵੱਧ ਗੁਸੀਲ ਕਰ ਛੱਡਿਆ ਹੈ, ਐਸੇ ਤਪੇ ਹੋਏ ਪੰਜਾਬੀ ਦੇ ਮਾਰੂਥਲ ਵਿੱਚ ਕਿਸੀ ਕਿਸੀ ਨੌਜਵਾਨ, ਹੋਣਹਾਰ, ਬ੍ਰਿਜਲਾਲ ਸ਼ਾਸਤਰੀ ਜਿਹੇ ਨੂੰ ਮਿਲ ਪੈਣਾ ਜਿਹੜੇ ਹਿੰਦੂ, ਮੁਸਲਮਾਨ ਤੇ ਸਿੱਖ ਫ਼ਿਰਕਿਆਂ ਥੀਂ ਉੱਚਾ ਹੋ ਆਪਣੀ ਜਨਨੀ ਦੀ ਬੋਲੀ ਦੇ ਕਿਸੇ ਉਤਸ਼ਾਹ ਵਿੱਚ ਹਨ, ਇੱਕ ਉਹੋ ਜਿਹਾ ਨਜ਼ਾਰਾ ਹੈ ਜਿਉਂ ਰੇਗਿਸਤਾਨ ਵਿੱਚ ਸਬਜ਼ ਬਾਗ਼ ਦੇ ਟੁਕੜੇ ਤੇ ਜਲ ਦਾ ਨਜ਼ਰ ਆਉਣਾ । ਐਸੇ ਪੰਜਾਬ ਦੇ ਨੌਜਵਾਨ ਭਾਵੇਂ ਆਪਣੀਆਂ ਕੱਖਾਂ ਦੀਆਂ ਕੁਟੀਆਂ ਵਿੱਚ ਬੇ-ਮਾਲਮ ਰਹਿੰਦੇ ਹਨ, ਤਦ ਵੀ ਇੱਕ ਚੁਪ ਤੇ ਨਿੱਗਰ ਭਾਵੇਂ ਕਿੰਨੀ ਨਿਮਾਣੀ ਪਿਆਰ ਸੇਵਾ ਕਰ ਰਹੇ ਹਨ । ਉਨ੍ਹਾਂ ਨੂੰ ਦੇਖ ਕੇ ਪਾਰਖੀ ਪੁਰਖਾਂ ਦੇ ਕਾਲਜੇ ਠੰਢ ਪੈਂਦੀ ਹੈ ।

ਪੂਰਨ ਸਿੰਘ ਤੋਂ ਬਾਅਦ ਜੇ ਮੈਂ ਹੁਣ ਭਾਈ ਵੀਰ ਸਿੰਘ ਅਤੇ ਡਾ. ਗੰਡਾ ਸਿੰਘ ਦੀਆਂ ਕਹੀਆਂ ਗੱਲਾਂ ਦੁਹਰਾਉਣ ਲੱਗ ਪਵਾਂ ਤਾਂ ਪਤਾ ਨਹੀਂ ਕਿ ਤੁਹਾਡੇ ਸੀਨੇ ਵਿੱਚ ਕਿੰਨੀ ਕੁ ਠੰਢ ਪਵੇ ਕਿਉਂਕਿ ਅੱਜ ਤਾਂ ਪੰਜਾਬ, ਉਸ ਸਮੇਂ ਦੇ ਪੰਜਾਬ ਨਾਲੋਂ ਵੀ ਵੱਧ ਤਪਿਆ ਹੋਇਆ ਹੈ । ਮਾਂ-ਬੋਲੀ ਨਾਲ ਜਿਹੜਾ ਸਲੂਕ ਹੁੰਦਾ ਰਿਹਾ ਅਥਵਾ ਹੋ ਰਿਹਾ ਹੈ ਉਸਨੂੰ ਦੇਖ ਕੇ ਹਰ ਦਰਦਵੰਦ ਹਿਰਦਾ ਲਹੂ ਦੇ ਅੱਥਰੂ ਰੋ ਰਿਹਾ ਹੈ । ਏਧਰਲੇ ਪੰਜਾਬ ਵਿੱਚ, ਸਹੁੰ ਖਾਣ ਲਈ ਵੀ, ਕੋਈ ਮੁਸਲਮਾਨ ਪੰਜਾਬੀ ਲੇਖਕ ਨਜ਼ਰ ਨਹੀਂ ਆਉਂਦਾ ਅਤੇ ਜੇ ਹਵਾ ਇਹ ਰਹੀ ਤਾਂ ਅਗਲੇ ਕੁਝ ਵਰ੍ਹਿਆਂ ਵਿੱਚ 'ਪੰਜਾਬੀ ਸਾਹਿੱਤ ਨੂੰ ਹਿੰਦੂਆਂ ਦੀ ਦੇਣ' ਵਰਗੇ ਵਿਸ਼ੇ 'ਤੇ ਲਿਖਣ ਲਈ ਵੀ 'ਧਰਮ-ਨਿਰਪੇਖ ਸਕਾਲਰਾਂ' ਨੂੰ ਐਵੇਂ ਕੱਖੀਂ-ਪਲਾਹੀਂ ਹੱਥ ਮਾਰਨੇ ਪੈਣਗੇ ਅਤੇ ਹੋ ਸਕਦਾ ਹੈ ਕਿ ਅਜਿਹਾ ਕੋਈ ਲੇਖਕ ਦਵਾਈ 'ਚ ਪਾਉਣ ਨੂੰ ਵੀ ਨਾ ਲੱਭੇ । ਪਤਾ ਨਹੀਂ ਅਸੀਂ ਮਾਂ-ਬੋਲੀ ਲਈ ਏਨਾ ਰੌਲਾ ਕਿਉਂ ਪਾਉਂਦੇ ਹਾਂ ਜਿਵੇਂ ਕਿਤੇ ਮਾਂ ਵਿਚਾਰੀ ਬੋਲ਼ੀ ਹੋਵੇ; ਲਿਖੇ ਜਾ ਰਹੇ ਸਾਹਿੱਤ ਵਿੱਚ ਫ਼ਿਰਕਾਪ੍ਰਸਤੀ ਦੀ ਗੂੜ੍ਹੀ ਲਕੀਰ ਸਪੱਸ਼ਟ ਵੇਖੀ ਜਾ ਸਕਦੀ ਹੈ । ਹੱਦ ਇਹ ਹੈ ਕਿ ਕੱਲ੍ਹ ਦੇ ਸਰਬ- ਸਾਂਝੀਵਾਲਤਾ ਦੇ ਮੁਦੱਈ ਲੇਖਕ ਅੱਜ ਇਸ ਪ੍ਰਵਿਰਤੀ ਨੂੰ ਪ੍ਰਸੰਗਕ ਅਥਵਾ ਉਚਿਤ ਠਹਿਰਾਉਣ ਲਈ ਸੁਚੇਤ ਅਰ ਸੰਗਠਿਤ ਤੌਰ 'ਤੇ ਆਪਣੀ ਸਮਰੱਥਾ ਤੋਂ ਵੀ ਵਧੇਰੇ ਟਿੱਲ ਲਾ ਰਹੇ ਹਨ ।

ਬ੍ਰਿਜਲਾਲ ਸ਼ਾਸਤਰੀ ਇੱਕ ਪੂਰੀ ਸਦੀ ਦਾ ਮੂਲ ਦਰਸ਼ਕ ਹੈ । ਸਾਡੇ ਸਮਿਆਂ ਵਿੱਚ ਸੰਵਾਦ ਦੀ ਥਾਂ ਵਿਵਾਦ ਨੇ ਮੱਲੀ ਹੋਈ ਹੈ । ਸ਼ਾਇਦ ਇਹ ਸ਼ੇਅਰ ਲਿਖਣ ਵੇਲੇ ਮੇਰੇ ਜ਼ਿਹਨ ਵਿੱਚ ਇਹ ਸ਼ਤਾਬਦੀ-ਪੁਰਸ਼ ਹੀ ਹੋਵੇ:

ਵਾਦ-ਵਿਵਾਦ ਤੋਂ ਵਿਹਲੇ ਹੋ ਕੇ, ਜੇ ਕਿਧਰੇ ਸੰਵਾਦ ਕਰਨਗੇ । ਹੌਲੀ ਹੌਲੀ ਗੱਲ ਤੁਰੇਗੀ, ਲੋਕੀਂ ਤੈਨੂੰ ਯਾਦ ਕਰਨਗੇ¨ ਤੇਰੇ ਮਗਰੋਂ ਇਸ ਦੁਨੀਆ ਦਾ, ਕੀ ਹੋਵੇਗਾ, ਇਹ ਨਾ ਸੋਚ— ਤੇਰੇ ਹੁੰਦਿਆਂ ਕੀ ਨਹੀਂ ਹੋਇਆ, ਕੀ ਤੇਰੇ ਤੋਂ ਬਾਦ ਕਰਨਗੇ?!

ਬੜਾ ਔਖਾ ਹੁੰਦਾ ਹੈ ਜਦੋਂ ਬੰਦਾ ਸਭ ਕੁਝ ਵੇਖ ਰਿਹਾ ਹੋਵੇ, ਖਿਝ ਰਿਹਾ ਹੋਵੇ, ਪਰ ਕਰ ਕੁਝ ਵੀ ਨਾ ਸਕਦਾ ਹੋਵੇ । ਅਜਿਹੇ ਸਮਿਆਂ ਵਿੱਚ ਸਿਰਫ਼ ਗੱਲਾਂ ਹੀ ਹੋ ਸਕਦੀਆਂ ਹਨ । ਆਉ, ਇਸ ਬਜ਼ੁਰਗ ਨਾਲ ਕੁਝ ਗੱਲਾਂ ਕਰੀਏ :

? ਤੁਹਾਡੇ ਵੇਲੇ ਸਕੂਲਾਂ/ਕਾਲਜਾਂ ਵਿੱਚ ਕਿਹੜੀ ਕਿਹੜੀ ਭਾਸ਼ਾ ਦੀ ਪੜ੍ਹਾਈ ਹੁੰਦੀ ਸੀ ।

- ਉਨ੍ਹਾਂ ਦਿਨ ਵਿੱਚ ਗੌਰਮਿੰਟ ਸਕੂਲਾਂ ਤੇ ਕਮੇਟੀ ਸਕੂਲਾਂ ਵਿੱਚ ਉਰਦੂ ਚਲੀ ਆ ਰਹੀ ਸੀ । ਹਿੰਦੀ ਆਮ ਲੋਕਾਂ ਨੂੰ ਕੁਝ ਓਪਰੀ ਲੱਗਦੀ ਸੀ । ਕੋਈ ਹਿੰਦੀ ਪੜ੍ਹਿਆ ਹੁੰਦਾ ਤਾਂ ਉਹਨੂੰ ਕਹਿੰਦੇ ਸਨ ਇਹਨੂੰ ਸ਼ਾਸਤਰੀ ਆਉਂਦੀ ਹੈ । ਇੱਥੋਂ ਸਮਝਿਆ ਜਾਵੇਗਾ ਕਿ ਸੰਸਕ੍ਰਿਤ ਕਿਤਨੀ ਪੜ੍ਹਾਈ ਜਾਂਦੀ ਹੋਵੇਗੀ । ਇਹ ਵੀ ਸੱਤਵੀਂ ਜਮਾਤ ਤੋਂ ਸ਼ੁਰੂ ਕਰਦੇ ਸਨ ਅਤੇ ਜਮਾਤਾਂ ਵਿੱਚ ਦੋ ਚਾਰ ਹੀ ਪੜ੍ਹਨ ਵਾਲੇ ਹੁੰਦੇ ਸਨ । ਆਰੀਆ ਸਮਾਜ ਦੇ ਪ੍ਰਚਾਰ ਨੇ ਪੰਜਾਬ ਵਿੱਚ ਹਿੰਦੀ ਦੀ ਕੁਝ ਜਗ੍ਹਾ ਬਣਾ ਲਈ । ਗੁਰੂਕੁਲ ਅਤੇ ਡੀ. ਏ. ਵੀ. ਸਕੂਲਾਂ ਰਾਹੀਂ ਹਿੰਦੀ ਦਾ ਕਾਫ਼ੀ ਪ੍ਰਚਾਰ ਹੋਣ ਲੱਗ ਪਿਆ ਅਤੇ ਲੜਕੀਆਂ ਦੀ ਵਿੱਦਿਆ ਸਿੱਖਿਆ ਵਿੱਚ ਕੰਨਿਆ ਮਹਾ- ਵਿਦਿਆਲਾ ਜਲੰਧਰ ਨੇ ਬੜਾ ਕੰਮ ਕੀਤਾ ।

? ਪੰਜਾਬੀ ਦਾ ਕੀ ਹਾਲ ਸੀ ।

- ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਦਾ ਤੇ ਨਾਂ ਹੀ ਨਹੀਂ ਸੀ । ਉਹਨੀਂ ਦਿਨੀਂ ਹਿੰਦੀ ਦੀਆਂ ਕਿਤਾਬਾਂ ਵੀ ਬਹੁਤਾ ਕਰਕੇ ਬੰਗਾਲੀ ਨਾਵਲਾਂ ਤੇ ਡਰਾਮਿਆਂ ਦਾ ਅਨੁਵਾਦ ਸਨ ।

? ਫਿਰ ਤੁਸੀਂ ਪੰਜਾਬੀ ਵੱਲ ਕਿਵੇਂ ਝੁਕੇ ।

— ਮੇਰੇ ਦਿਲ ਵਿੱਚ ਕਈ ਵਾਰੀ ਇਹ ਖ਼ਿਆਲ ਆਉਂਦਾ ਸੀ ਕਿ ਪੰਜਾਬੀ ਹੋ ਕੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਇਹ ਹਾਲਤ ਕਿਉਂ ਹੋਵੇ? ਇਹ ਖ਼ਿਆਲ ਮੈਨੂੰ ਇਸ ਕਰਕੇ ਵੀ ਆਉਂਦਾ ਸੀ ਕਿ ਜਿਹੜੇ ਪੰਜਾਬੀ ਦੇ ਕਿੱਸੇ ਮੈਂ ਪੜ੍ਹੇ ਸਨ ਉਹਨਾਂ ਦੀ ਭਾਸ਼ਾ ਕਿਤਨੀ ਸਾਫ਼ ਤੇ ਜ਼ੋਰਦਾਰ ਹੁੰਦੀ ਸੀ ।

? ਆਪਣੇ ਪਿਛੋਕੜ ਬਾਰੇ ਕੁਝ ਦੱਸੋ ।

— ਜਨਮ ਮੇਰਾ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲਾ ਗੁਰਦਾਸਪੁਰ ਵਿੱਚ ਹੋਇਆ ।

? ਸ਼ਿਵਕੁਮਾਰ ਬਟਾਲਵੀ ਵੀ... ...

— ਹਾਂ ਸ਼ਿਵ ਵੀ ਓਥੇ ਹੀ ਜੰਮਿਆ ਸੀ । ਪਰ ਮੈਂ ਉਹਨੂੰ ਕਦੀ ਵੇਖਿਆ ਨਹੀਂ । ਉਹਦੇ ਬਾਪ ਨੂੰ ਜਾਣਦਾ ਹਾਂ । ਪਿੰਡ ਵਿੱਚ ਉਹਨਾਂ ਦੀ ਅੱਲ 'ਬੜਕੁੱਲੀਏ' ਪਈ ਹੋਈ ਸੀ ।

? ਤੁਹਾਡੇ ਬਜ਼ੁਰਗ... ...

— ਘਰ ਵਿੱਚ ਚਾਰ ਪੰਜ ਪੀੜ੍ਹੀਆਂ ਤੋਂ ਸ਼ਾਹੂਕਾਰਾ ਜ਼ਿਮੀਂਦਾਰਾ ਚਲਿਆ ਆ ਰਿਹਾ ਸੀ, ਜਿਹੜਾ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ । ਸਾਖ਼ ਚੰਗੀ ਹੀ ਰਹੀ । ਦੋ ਪੀੜ੍ਹੀਆਂ ਤੇ ਮੇਰੇ ਸਾਹਮਣੇ ਹੀ ਬੀਤੀਆਂ ਹਨ । ਮੇਰੇ ਦਾਦਾ, ਭਗਵਾਨ ਦਾਸ ਸ਼ਾਹ, ਨੂੰ ਭਗਵਦ ਗੀਤਾ ਬਹੁਤ ਸਾਰੀ ਜ਼ਬਾਨੀ ਯਾਦ ਸੀ । ...ਮੇਰੇ ਪਿਤਾ ਅਮਰ ਚੰਦ ਸ਼ਾਹ ਨੂੰ ਦਾਦਾ ਜੀ ਦੀ ਤਰ੍ਹਾਂ ਰਮਾਇਣ, ਮਹਾਭਾਰਤ ਦਾ ਕੋਨਾ ਕੋਨਾ ਯਾਦ ਸੀ । ... ਅਹਿਮਦਯਾਰ ਦੇ ਕਿੱਸੇ ਖ਼ਾਸਕਰ 'ਹਾਤਮਤਾਈ' ਬੜੇ ਸ਼ੌਕ ਨਾਲ ਪੜ੍ਹਦੇ ਸਨ ।

? ਆਪਦੇ ਮਾਤਾ ਜੀ...

— ਮਾਤਾ ਜੈ ਦੇਵੀ ਜੀ ਘਰ ਦੇ ਕਰਤਾ-ਧਰਤਾ ਸਨ । ...ਅਤਿਥੀ ਦੀ ਖ਼ੂਬ ਸੇਵਾ ਕਰਦੇ ਸਨ । ਗਲੀ ਗੁਆਂਢ ਵਿੱਚ ਲੋੜਵੰਦਾਂ ਨੂੰ ਅੰਨ ਕੱਪੜਾ ਦੇਣ ਦਾ ਬੜਾ ਸ਼ੌਕ ਸੀ । ਮੰਦਰ ਸਿਰਫ਼ ਸਾਲ ਵਿੱਚ ਕ੍ਰਿਸ਼ਨ ਅਸ਼ਟਮੀ ਦੇ ਦਿਨ ਜਾਂਦੇ ਸਨ । ਭਜਨ ਕੀਰਤਨ ਵਿੱਚ ਕਦੇ ਨਹੀਂ ਸਨ ਜਾਂਦੇ ।

? ਸਕੂਲ ਵਿੱਚ ਕਦੋਂ ਦਾਖ਼ਿਲ ਹੋਏ ।

— ਸੱਤ ਸਾਢੇ ਸੱਤ ਸਾਲ ਦੀ ਉਮਰ ਵਿੱਚ ਪਿੰਡ ਦੇ ਮਦਰੱਸੇ ਪੜ੍ਹਨੇ ਪਿਆ । ਤਦ ਇਹੋ ਉਮਰ ਦਾਖ਼ਲ ਹੋਣ ਦੀ ਸੀ । ਦੂਜੀ ਜਮਾਤ ਤੋਂ ਹੀ ਮੈਂ ਪੈਸੇ ਦੋ ਪੈਸੇ ਵਾਲੇ ਕਿੱਸੇ ਪੜ੍ਹਨ ਲੱਗ ਪਿਆ । ਪੰਜਵੀਂ ਕਰਨ ਤੋਂ ਪਹਿਲੋਂ ਹੀ ਘਰ ਵਿੱਚ ਪਏ 'ਅਲਫ਼ ਲੈਲਾ' ਅਤੇ 'ਚਹਾਰ ਦਰਵੇਸ਼' ਜਿਹੀਆਂ ਕਿਤਾਬਾਂ ਪੜ੍ਹ ਛੱਡੀਆਂ ਸਨ । 'ਗੁਲਿਸਤਾਂ' ਤੇ ਕੋਰਸ ਹੀ ਸੀ । ਫੇਰ ਜ਼ਫ਼ਰਵਾਲ ਕਮੇਟੀ ਦੇ ਮਿਡਲ ਸਕੂਲ ਵਿੱਚ ਦਾਖ਼ਲ ਹੋਇਆ । ਓਥੇ ਮੇਰੇ ਹਿਸਾਬ ਅਤੇ ਉਰਦੂ ਦੀ ਚਰਚਾ ਮਾਸਟਰਾਂ ਤੇ ਮੁੰਡਿਆਂ ਵਿੱਚ ਹੁੰਦੀ ਰਹਿੰਦੀ । ...ਗੌਰਮਿੰਟ ਸਕੂਲ ਸਿਆਲਕੋਟ ਤੋਂ ਮੈਟਰਿਕ ਪਾਸ ਕਰਕੇ ਡੀ. ਏ. ਵੀ. ਕਾਲਜ ਲਾਹੌਰ ਦਾਖ਼ਲ ਹੋਇਆ ।

? ਐਮ. ਏ. ਸੰਸਕ੍ਰਿਤ ਤੇ ਸ਼ਾਸਤਰੀ ...

— ਐਮ. ਏ. ਵਾਸਤੇ ਮੈਂ ਓਰੀਐਂਟਲ ਕਾਲਜ ਲਾਹੌਰ ਦਾਖ਼ਲ ਹੋਇਆ । ਓਥੇ ਸਾਡਾ ਇੱਕ ਕੋਰਸ ਸੰਸਕ੍ਰਿਤ ਦੇ ਮਸ਼ਹੂਰ ਕਵੀ ਸ਼ੂਦ੍ਰਿਕ ਦਾ 'ਮ੍ਰਿਛਕਟਿਕਮ', ਸੀ । ਮੈਂ ਉਸਦੀ ਕਹਾਣੀ ਹਿੰਦੀ ਵਿੱਚ ਡਰਾਮੇ ਦੇ ਨਾਇਕ ਚਾਰੂਦੱਤ ਦੇ ਨਾਮ 'ਤੇ ਲਿਖੀ । ਇਹ ਨਾਵਲੇਟ ਜਿਹਾ ਸੀ । ਮੈਂ ਛਪਵਾਈ । ਅਲਾਹਾਬਾਦ ਦੇ ਦੋ ਪ੍ਰਸਿੱਧ ਮਾਸਕ ਪੱਤਰ 'ਸਰਸਵਤੀ' ਤੇ 'ਮਾਧੁਰੀ' ਦੇ ਸੰਪਾਦਕਾਂ ਨੂੰ ਕਾਪੀਆਂ ਭੇਜੀਆਂ । ਉਹਨਾਂ ਦੋਹਾਂ ਦੀਆਂ ਇੱਕੋ ਜਿਹੀਆਂ ਰਾਵਾਂ ਆਈਆਂ । 'ਲਿਖਣ ਢੰਗ ਅੱਛਾ ਹੈ । ਭਾਵ ਸੋਹਣੀ ਤਰ੍ਹਾਂ ਪ੍ਰਗਟ ਕੀਤੇ ਹਨ ਪਰ ਭਾਸ਼ਾ ਕੁਝ ਕੱਚੀ ਹੈ ।' ਕੱਚੀ ਤਾਂ ਹੋਣੀ ਹੀ ਸੀ, ਹਿੰਦੀ ਅਜੇ ਮੈਂ ਪੜ੍ਹੀ ਹੀ ਕਿਤਨੀ ਸੀ । ਪਰ ਮੈਨੂੰ ਇਕ ਇਸ਼ਾਰਾ ਜਿਹਾ ਮਿਲ ਗਿਆ ਕਿ ਪੰਜਾਬੀ ਤਾਂ, ਬਿਨਾਂ ਕੋਈ ਕਿਤਾਬ ਪੜ੍ਹੇ ਹੀ, ਪੰਜਾਬੀਆਂ ਨੂੰ ਆਉਂਦੀ ਹੈ । ਇਨ੍ਹਾਂ ਰਾਵਾਂ ਨੂੰ ਪੜ੍ਹ ਕੇ ਖੁਸ਼ੀ ਮੈਨੂੰ ਬਹੁਤ ਹੋਈ ਕਿ ਮੈਂ ਵੀ ਇਕ ਲਿਖਾਰੀ ਬਣ ਗਿਆ ਹਾਂ । ਇਤਨੀ ਖੁਸ਼ੀ ਕਿ ਪਿਛਲੇ ਤਿੰਨ ਚਾਰ ਸੋਨੇ ਦੇ ਮੈਡਲ ਲੈ ਕੇ ਵੀ ਮੈਨੂੰ ਨਹੀਂ ਸੀ ਹੋਈ ।

? ਇਹ ਤੁਹਾਡੇ ਅਦਬੀ ਜੀਵਨ ਦਾ ਆਰੰਭ ਸੀ ਕਿ ...

— ਮੈਂ ਕਾਲਜ ਮੈਗ਼ਜ਼ੀਨ ਵਿੱਚ ਆਪਣਾ ਪਹਿਲਾ ਮਜ਼ਮੂਨ ਅੰਗਰੇਜ਼ੀ ਵਿੱਚ ਦਿੱਤਾ ਸੀ : 'ਰਿਵਾਲਸਰ' । ...ਦੋ ਤਿੰਨ ਟੁੱਟੀਆਂ ਭੱਜੀਆਂ ਅੰਗਰੇਜ਼ੀ ਕਵਿਤਾਵਾਂ ਵੀ ਲਿਖੀਆਂ ਸਨ । ਥਰਡ ਈਅਰ ਦਾ ਦਸੰਬਰ ਦਾ ਇਮਤਿਹਾਨ ਸੀ ਕਿ ਅੰਗਰੇਜ਼ੀ ਦੇ ਇੱਕ ਨਵੇਂ ਪ੍ਰੋਫ਼ੈਸਰ ਟੀ. ਰਾਮਾਨੁਜਾਚਾਰਯ ਨੇ, ਜੋ 10-11 ਤਮਿਲ ਪੁਸਤਕਾਂ ਦੇ ਲੇਖਕ ਸਨ, ਮੇਰਾ ਅੰਗਰੇਜ਼ੀ ਦਾ ਪਰਚਾ ਦੇਖ ਕੇ ਕਿਹਾ ਸੀ :'ਤੂੰ ਚੰਗਾ ਲਿਖਾਰੀ ਬਣੇਂਗਾ । ਪਰ ਇੱਕ ਗੱਲ ਯਾਦ ਰੱਖਣੀ ਕਿ ਜੇ ਤੂੰ ਇਸ ਲਾਈਨ ਵਿੱਚ ਪਿਆ ਤਾਂ ਮਾਤ ਭਾਸ਼ਾ ਵਿੱਚ ਲਿਖਣਾ, ਅੰਗਰੇਜ਼ੀ ਦਾ ਧਿਆਨ ਨਾ ਕਰਨਾ ।' ਇਹ ਸਿੱਖ ਮੈਂ ਪੱਲੇ ਬੰਨ੍ਹ ਲਈ, ਪਰ ਉਸ ਵੇਲੇ ਮੈਂ ਹਿੰਦੀ ਨੂੰ ਹੀ ਮਾਤ-ਭਾਸ਼ਾ ਸਮਝਦਾ ਸਾਂ ।

? ਮਾਤ-ਭਾਸ਼ਾ ਦਾ ਸੰਕਲਪ ਕਿਵੇਂ ਸਪੱਸ਼ਟ ਹੋਇਆ ।

— ਮੇਰੇ ਇੱਕ ਪ੍ਰੋਫ਼ੈਸਰ ਜੋ ਓਰੀਐਂਟਲ ਕਾਲਜ ਦੇ ਪ੍ਰਿੰਸੀਪਲ ਸਨ, ਮਿਸਟਰ ਏ. ਸੀ. ਵੁਲਨਰ । ਉਹ ਸਾਡੇ ਵੇਦ, ਵੇਦ ਦੇ ਵਿਆਕਰਣ ਅਤੇ ਭਾਸ਼ਾ ਸ਼ਾਸਤਰ ਦੇ ਅਧਿਆਪਕ ਸਨ ।... ਉਨ੍ਹਾਂ ਨਾਲ ਵੇਦ ਦੀ ਭਾਸ਼ਾ ਦੇ ਬਾਰੇ ਇੱਕ ਵਾਰੀ ਮੇਰੀ ਲੰਮੀ ਗੱਲਬਾਤ ਹੋਈ । ਉਹਨਾਂ ਖੋਲ੍ਹ ਕੇ ਦੱਸਿਆ ਕਿ ਸਾਡੀ ਅੱਜਕੱਲ੍ਹ ਦੀ ਪੰਜਾਬੀ ਵੇਦ ਦੀ ਭਾਸ਼ਾ ਵਿੱਚੋਂ ਨਿਕਲੀ ਨਹੀਂ ਸਗੋਂ ਹੈ ਹੀ ਇਹ ਵੇਦ ਦੀ ਭਾਸ਼ਾ । ...ਮੈਂ ਆਪਣਾ ਦਿਲ ਪੱਕਾ ਕਰ ਲਿਆ ਕਿ ਪੰਜਾਬੀ ਵਿੱਚ ਹੀ ਲਿਖਾਂਗਾ, ਜੋ ਕੁਝ ਲਿਖਾਂਗਾ । ਮੈਂ ਜਿਤਨੀਆਂ ਕਿਤਾਬਾਂ ਲਿਖੀਆਂ ਹਨ ਉਹਨਾਂ ਦਾ ਵੱਡਾ ਮਿਸ਼ਨ ਇਹ ਹੈ ਕਿ ਪੰਜਾਬੀ ਆਪਣੀ ਹੀ ਪੁਰਾਣੀ ਭਾਸ਼ਾ ਸੰਸਕ੍ਰਿਤ ਪੜ੍ਹ ਕੇ ਆਪਣੇ ਸਾਹਿੱਤ ਦੇ ਭੰਡਾਰ ਭਰਨ । ...ਪੰਜਾਬੀ ਜਿਤਨੀ ਲਚਕ ਹਿੰਦੁਸਤਾਨ ਦੀ ਕਿਸੇ ਹੋਰ ਭਾਸ਼ਾ ਵਿੱਚ ਨਹੀਂ । ਸੰਸਕ੍ਰਿਤ ਨਾਲ ਇਸਨੂੰ ਜੋੜ ਕੇ ਬਹੁਤ ਹੀ ਉਚਾ ਕੀਤਾ ਜਾ ਸਕਦਾ ਹੈ ।

? ਤੁਸੀਂ ਮਾਤ-ਭਾਸ਼ਾ ਬਾਰੇ ਆਪਣੀਆਂ ਰਚਨਾਵਾਂ ਵਿੱਚ ਵੀ ਆਦਰ ਨਾਲ ਜ਼ਿਕਰ ਕੀਤਾ ਹੈ ।

— ਸਵਾਦ ਸ਼ੈਹਤ ਖੰਡ ਦਾ ਤੇ ਮਹਿਮਾ ਹੈ ਗੁਲਾਬ ਦੀ । ਦੋਵੇਂ ਵਿਕੇ ਜਿਦ੍ਹੇ ਉਤੋਂ, ਬੋਲੀ ਉਹ ਪੰਜਾਬ ਦੀ ।

? ਪੰਜਾਬੀ ਵਿੱਚ ਤੁਹਾਡੀ ਸਭ ਤੋਂ ਪਹਿਲੀ ਰਚਨਾ 'ਪੂਰਨ' ਹੈ । ਤੁਹਾਨੂੰ ਇਹ ਪੁਸਤਕ ਲਿਖਣ ਦਾ ਫੁਰਨਾ ਕਿਵੇਂ ਫੁਰਿਆ ।

— ਸਿਆਲਕੋਟ ਗੌਰਮਿੰਟ ਹਾਈ ਸਕੂਲ ਕਿਲ੍ਹੇ ਉਤੇ ਦੱਖਣ ਵਾਲੇ ਪਾਸੇ ਸੀ । ਪੂਰਬ ਪਾਸੇ ਪਬਲਿਕ ਲਾਇਬ੍ਰੇਰੀ ਤੇ ਉਤਰ ਪਾਸੇ ਟਾਊਨ ਹਾਲ ਅਤੇ ਲਹਿੰਦੇ ਪਾਸੇ ਪੁਲਿਸ ਦਾ ਦਫ਼ਤਰ ਸੀ । ਵਿੱਚ ਬਹੁਤ ਲੰਬਾ ਚੌੜਾ ਮੈਦਾਨ ਸੀ ਜਿਸ ਵਿੱਚ ਘੋੜ-ਦੌੜ ਹੋ ਸਕਦੀ ਸੀ । ਸਾਡੇ ਕਮਰਿਆਂ ਦੇ ਥੱਲੇ ਵੱਡਾ ਹਾਲ ਸੀ ਜਿਸਨੂੰ ਪੂਰਨ ਦਾ ਭੋਰਾ ਕਹਿੰਦੇ ਸਨ । ਉਹਦੇ ਨਾਲੋਂ ਹੀ ਨਗਰ ਵੱਲ ਥੱਲੇ ਜਾਂਦੀਆਂ ਪੌੜੀਆਂ ਸਨ ਜਿਨ੍ਹਾਂ ਦੀਆਂ ਇੱਟਾਂ ਕੀ ਸਨ, ਲਾਲ ਫ਼ੌਲਾਦ ਦੀਆਂ ਫੱਟੀਆਂ ਸਨ ।... ਪੁਲਿਸ ਸਟੇਸ਼ਨ ਦੇ ਪਿੱਛੋਂ ਇੱਕ ਖੁੱਲ੍ਹਾ ਰਸਤਾ ਵਲ ਖਾਂਦਾ ਹੋਇਆ ਸ਼ਹਿਰ ਦੇ ਦੂਸਰੇ ਪਾਸੇ ਲੈ ਜਾਂਦਾ ਸੀ । ਇਸ ਰਸਤੇ ਦੇ ਵਿੱਚੋਂ ਜਿਹੇ ਥੱਲੇ ਸਾਹਮਣੇ ਬਾਗ਼ ਸੀ, ਜੋਗੀ ਦਾ ਬਾਗ਼ ।... ਸ਼ਹਿਰੋਂ ਕੋਈ ਚਾਰ ਮੀਲ ਉਤਰ ਪਾਸੇ ਪੂਰਨ ਦਾ ਖੂਹ ਸੀ । ਉਸ ਉਜਾੜ ਵਿੱਚ ਇਹ ਖ਼ੂਹ ਵੱਸਦਾ ਸੀ । ...ਜੰਮੂ, ਗੁਰਦਾਸਪੁਰ, ਕਾਂਗੜੇ ਤਕ ਦੀਆਂ ਔਰਤਾਂ ਮੁਰਾਦਾਂ ਲੈ ਕੇ ਇਸ ਖੂਹ ਦਾ ਇਸ਼ਨਾਨ ਕਰਦੀਆਂ ਸਨ । ਕੁਝ ਇਲਾਕੇ ਵਿੱਚ ਅਜੇ ਵੀ ਬਹੁਤ ਸਾਰੇ ਪੂਰਨ ਚੰਦ ਅਤੇ ਪੂਰਨ ਦੇਵੀ ਨਾਂ ਦੇ ਲੋਕ ਸਾਨੂੰ ਮਿਲਣਗੇ । ਖੂਹ ਦੇ ਲਹਿੰਦੇ ਪਾਸੇ ਅੱਧੇ ਕੁ ਮੀਲ ਤੇ ਭੱਜਾ ਟੁੱਟਾ ਨਾਥ ਦਾ ਟਿੱਲਾ ਹੈ । ਉਸਦੇ ਨਾਲ ਹੀ ਰਾਜਕੁਮਾਰੀ ਸੁੰਦਰਾਂ ਦੇ ਰੋਡਸ ਨਗਰ ਦੇ ਥੇਹ ਸਨ । ਉਨ੍ਹਾਂ ਦੇ ਇੱਕ ਪਾਸੇ ਰੋਡਸ ਨਾਂ ਦਾ ਇੱਕ ਪਿੰਡ ਹੈ ਜਿੱਥੇ ਗੁੱਜਰ ਰਹਿੰਦੇ ਹਨ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇੰਦਰ ਪ੍ਰਸਥ ਦੇ ਖੰਡਰਾਂ ਲਾਗੇ ਇੰਦਰ ਪਥ ਨਾਂ ਦਾ ਪਿੰਡ ਹੈ ।

? ਮਤਲਬ ਇਹ ਕਿ ਤੁਹਾਡੇ ਜੀਵਨ ਦੀ ਪਹਿਲੀ ਪ੍ਰੇਰਨਾ ਹੀ ਪੂਰਨ ਸੀ ।

— ਇੱਕ ਤਾਂ ਇਹ ਕਹਾਣੀ ਸਾਡੇ ਇਲਾਕੇ ਵਿੱਚ ਬਹੁਤ ਹਰਮਨ-ਪਿਆਰੀ ਸੀ । ਫੇਰ ਮੈਂ ਕਾਲੀਦਾਸ ਦਾ ਕਿੱਸਾ 'ਪੂਰਨ ਭਗਤ' ਪੜ੍ਹਿਆ ਅਤੇ ਗੁੱਜਰਾਂਵਾਲੇ ਜਾਕੇ ਕਾਲੀਦਾਸ ਦਾ ਘਰ ਵੀ ਵੇਖਿਆ । ਉਸਦੇ ਭਰਾ ਸਰਸਵਤੀ ਨਾਥ ਨਾਲ ਦੋਸਤੀ ਕਰ ਲਈ ।

? ਲਿਖਣ ਤੋਂ ਪਹਿਲਾਂ ਤੁਸੀਂ ਕੁਝ ਨਾਟਕ ਵੇਖੇ ਹੋਣਗੇ, ਪੜ੍ਹੇ ਹੋਣਗੇ...

— ਮੈਨੂੰ ਨਾਟਕ ਖੇਡਣਾ ਤੇ ਮੂਲੋਂ ਹੀ ਨਹੀਂ ਆਉਂਦਾ । ਨਾਟਕ ਦੇਖੇ ਵੀ ਬਹੁਤ ਘੱਟ ਹਨ । ਚਾਰ ਅੰਗਰੇਜ਼ੀ ਦੇ ਚੁੱਪ-ਨਾਟਕ ਦੇਖੇ, ਦੋ ਉਰਦੂ ਦੇ ਤੇ ਮਸਾਂ ਅੱਠ ਨੌਂ ਪਿਕਚਰਾਂ ਹਿੰਦੀ ਦੀਆਂ ਪਰ ਅੰਗਰੇਜ਼ੀ ਤੇ ਸੰਸਕ੍ਰਿਤ ਦੇ ਬਥੇਰੇ ਨਾਟਕ ਪੜ੍ਹੇ ਹਨ । ਤਾਂ ਮੈਂ ਸਿਰਫ਼ ਨਾਟਕ ਦੀ ਤਰਜ਼ ਦਾ ਸਾਹਿੱਤ ਲਿਖਿਆ ।

ਪੂਰਨ ਦੀ ਕਹਾਣੀ ਚੰਗੀ ਤਰ੍ਹਾਂ ਜਾਣਦਾ ਸਾਂ । ਮੈਨੂੰ ਇਹ ਨਾਟਕ ਲਿਖਣ ਵਿੱਚ ਔਖਾ ਨਹੀਂ ਹੋਣਾ ਪਿਆ, ਮਹੀਨਾ ਕੁ ਲਿਖਦਿਆਂ ਲੱਗਾ । ਵਿੱਚ ਵਿੱਚ ਵਾਧਾ ਘਾਟਾ ਵੀ ਕਰਨਾ ਹੀ ਪੈਂਦਾ ਸੀ ।....

? ਇਸ ਨਾਟਕ ਦੇ ਪ੍ਰਕਾਸ਼ਨ ਬਾਰੇ ਕੁਝ ਦੱਸੋਗੇ ।

— ਮੈਂ ਵਜ਼ੀਰੇ ਹਿੰਦ ਪ੍ਰੈਸ ਅੰਮ੍ਰਿਤਸਰ ਵੱਲ 'ਪੂਰਨ ਨਾਟਕ' ਦੀ ਕਾਪੀ ਲੈ ਕੇ ਤੁਰ ਪਿਆ । ਉਹਨਾਂ ਕਿਹਾ, 'ਚੰਗਾ ਹੋਵੇ ਕਿ ਫ਼ਾਰਸੀ ਅੱਖਰਾਂ ਦੀ ਥਾਂ ਗੁਰਮੁਖੀ ਹੁੰਦੀ । ਮੈਂ ਗੁਰਮੁਖੀ ਲਿਖਣ ਦੀ ਪ੍ਰੈਕਟਿਸ ਕੀਤੀ ਅਤੇ ਪ੍ਰੈਸ ਕਾਪੀ ਬਣਾ ਕੇ ਇਹ ਦੋਵੇਂ ਕਾਪੀਆਂ ਉਹਨਾਂ ਨੂੰ ਸੌਂਪ ਦਿੱਤੀਆਂ । ਪਰ ਮੈਨੂੰ ਪੱਕਾ ਯਾਦ ਨਹੀਂ ਕਿ ਫ਼ਾਰਸੀ ਅੱਖਰਾਂ ਵਾਲੀ ਕਿਤਾਬ ਵਜ਼ੀਰੇ ਹਿੰਦ ਪ੍ਰੈਸ ਵਿੱਚ ਛਪੀ ਕਿ ਗੁਰੂ ਖਾਲਸਾ ਪ੍ਰੈਸ ਵਿੱਚ । ਫ਼ਾਰਸੀ, ਗੁਰਮੁਖੀ ਵਾਲੇ ਨਾਟਕ ਲਗਭਗ ਇੱਕੋ ਸਮੇਂ 1920 ਵਿੱਚ ਛਪ ਗਏ ।

? ਸੰਸਕ੍ਰਿਤ ਦੇ ਬਾਕਾਇਦਾ ਪ੍ਰੋਫ਼ੈਸਰ ਬਣਨ ਤੋਂ ਪਹਿਲਾਂ ਤੁਸੀਂ....

— 1920... ਜੂਨ ਵਿੱਚ ਕੁਝ ਦਿਨਾਂ ਵਾਸਤੇ ਮੈਂ ਡੀ. ਏ. ਵੀ. ਕਾਲਜ ਲਾਹੌਰ ਵਿੱਚ ਆਰਜ਼ੀ ਤੌਰ 'ਤੇ ਕੰਮ ਕੀਤਾ । ਸਤੰਬਰ ਵਿੱਚ ਟੈਕਸਟ ਬੁਕ ਕਮੇਟੀ ਦਾ ਐਡੀਟਰ ਬਣਿਆ । ਉੱਥੇ ਡਿਊਟੀ ਇਹ ਸੀ ਕਿ ਦੂਜੀ ਤੋਂ ਲੈ ਕੇ ਅੱਠਵੀਂ ਤੱਕ ਹਿੰਦੀ, ਪੰਜਾਬੀ, ਸੰਸਕ੍ਰਿਤ ਦੇ ਕੋਰਸਾਂ ਨੂੰ ਅਪ-ਟੂ-ਡੇਟ ਲਿਆਂਦਾ ਜਾਏ ।

? ਪ੍ਰੋ: ਪੂਰਨ ਸਿੰਘ ਹੁਰਾਂ ਨਾਲ ਤੁਹਾਡੀ ਪਹਿਲੀ ਮੁਲਾਕਾਤ ਵੀ ਏਥੇ ਹੀ ਹੋਈ ।

— 1923 ਸਤੰਬਰ-ਅਕਤੂਬਰ ਦਾ ਮਹੀਨਾ ਸੀ । ਮੈਂ ਟੈਕਸਟ ਬੁਕ ਕਮੇਟੀ ਵਿੱਚ ਬੈਠਾ ਸੀ । ਇੱਕ ਦਿਨ 'ਗੁਰੂ ਘੰਟਾਲ' ਦੇ ਐਡੀਟਰ ਸ਼ਾਮ ਲਾਲ ਜੀ ਇੱਕ ਜਵਾਨ ਆਦਮੀ ਨੂੰ ਨਾਲ ਲਈ ਮੇਰੇ ਕੋਲ ਆ ਖੜੇ ਹੋਏ । ਪੁੱਛਿਆ ਕਿ ਪਛਾਣੋ ਇਹ ਕੌਣ ਹੈ? ਮੈਂ ਉਸ ਜਵਾਨ ਆਦਮੀ ਦੀ ਟੇਢੀ ਪਗੜੀ, ਅਸਮਾਨ ਵੱਲ ਤੱਕਦੀਆਂ ਅੱਖਾਂ, ਢਿਲਮਢਿਲਾ ਕੋਟ ਦੇਖ ਕੇ ਬੋਲਿਆ : ਪ੍ਰੋ : ਪੂਰਨ ਸਿੰਘ । ਵਾਕ ਪੂਰਾ ਵੀ ਨਹੀਂ ਹੋਇਆ ਸੀ ਕਿ ਪੂਰਨ ਸਿੰਘ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ।

? ਅੱਛਾ, ਫੇਰ

— ਮੈਂ ਚਪੜਾਸੀ ਵੱਲ ਇਸ਼ਾਰਾ ਕੀਤਾ ਕਿ ਪ੍ਰੋਫ਼ੈਸਰ ਸਾਹਿਬ ਝੱਟ ਬੋਲੇ : ਏਥੇ ਨਹੀਂ ਘਰ ਚਲੋ । ਸਾਰੀ ਪੁਰਾਣੀ ਅਨਾਰਕਲੀ ਲੰਘ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਘਰ ਪਹੁੰਚੇ ।

? ਓਦੋਂ ਤੁਹਾਡਾ ਵਿਆਹ ਵੀ ਨਵਾਂ ਨਵਾਂ ਹੀ ਹੋਇਆ ਸੀ ।

— ਹਾਂ, ਸਿਰਫ਼ ਛੇ ਮਹੀਨੇ ਪਹਿਲਾਂ । ਨੌਕਰ ਦੀ ਥਾਂ ਰਖ਼ਸ਼ਾ ਦੇਵੀ ਨੇ ਆਪ ਟ੍ਰੇਅ ਲਿਆ ਕੇ ਮੇਜ਼ ਤੇ ਰੱਖ ਦਿੱਤੀ । ਮੈਂ ਪੂਰਨ ਨਾਟਕ ਦੀ ਕਾਪੀ ਪੂਰਨ ਸਿੰਘ ਜੀ ਦੇ ਹੱਥ ਵਿੱਚ ਦੇ ਦਿੱਤੀ । ਉਨ੍ਹਾਂ ਪੁੱਛਿਆ ਅੱਜਕੱਲ੍ਹ ਕੀ ਲਿਖ ਰਹੇ ਹੋ? ਮੈਂ ਕਿਹਾ : ਸੋਚ ਰਿਹਾ ਹਾਂ । ਬੋਲੇ—ਇਸ ਰਖ਼ਸ਼ਾ ਦੇਵੀ ਤੇ ਹੀ ਕੋਈ ਨਾਟਕ ਲਿਖੋ ।

? ਫਿਰ ਤੁਸਾਂ ਲਿਖਿਆ ।

— ਕੁਝ ਚਿਰ ਹੱਸ ਹਸਾ ਕੇ ਜਦ ਅਸੀਂ ਅਲੱਗ ਹੋਏ ਤਾਂ ਮੇਰੇ ਦਿਮਾਗ਼ ਵਿੱਚ ਸਹਿਜ ਸੁਭਾਅ ਇੱਕ ਫੁਰਨਾ ਫੁਰਿਆ । ਮੈਂ ਦੇਵੀ ਭਾਗਵਤ ਵਿੱਚੋਂ 'ਸੁਕੰਨਿਆ' ਅਤੇ ਮਹਾਭਾਰਤ ਵਿੱਚੋਂ 'ਸਾਵਿੱਤਰੀ' ਦੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਸਨ । ...ਉਹਨਾਂ ਦੀ ਕਹਾਣੀ ਕੁਝ ਕੁਝ ਰਖ਼ਸ਼ਾ ਨਾਲ ਮੇਲ ਖਾਂਦੀ ਸੀ ।

? ਆਪਣੀ ਜੀਵਨ-ਸਾਥਣ ਬਾਰੇ ਰਤਾ ਵੇਰਵੇ ਨਾਲ ਦੱਸੋ ।

— ਰਖ਼ਸ਼ਾ ਦੇਵੀ ਮੁਮਾਂਸਾ (ਕੀਨੀਆ) ਵਿੱਚ ਪੈਦਾ ਹੋਈ । ਚਾਰ ਪੰਜ ਸਾਲ ਦੀ ਸੀ ਕਿ ਮਾਂ-ਬਾਪ ਉਸਨੂੰ ਕੰਨਿਆ ਮਹਾ-ਵਿਦਿਆਲਾ ਜਲੰਧਰ ਦਾਖ਼ਲ ਕਰਾ ਕੇ ਆਪ ਬਰਮਾ ਨੂੰ ਠੇਕੇਦਾਰੀ ਕਰਨ ਚਲੇ ਗਏ । ਕਈ ਕਾਰਣਾਂ ਤੋਂ ਉਹ 12-13 ਸਾਲ ਏਧਰ ਨਹੀਂ ਆ ਸਕੇ । ਬੱਸ ਖ਼ਰਚਾ ਬਾਕਾਇਦਾ ਭੇਜ ਛੱਡਦੇ ਸਨ । ਹੁਣ ਰਖ਼ਸ਼ਾ ਦੇਵੀ ਪ੍ਰਿੰਸੀਪਲ ਕੁਮਾਰੀ ਲੱਜਾਵਤੀ ਦੇ ਦੇਖ-ਰੇਖ ਹੇਠ ਆ ਗਈ । ਉਹ ਆਪਣੀ ਛੋਟੀ ਭੈਣ ਸ਼ਾਂਤੀ ਦੇ ਬਰਾਬਰ ਹੀ ਰਖ਼ਸ਼ਾ ਦੇਵੀ ਦੇ ਨਾਲ ਮਾਵਾਂ ਵਾਲਾ ਸਲੂਕ ਕਰਦੀ ਸੀ ।

? ਤੁਹਾਡੇ ਰਿਸ਼ਤੇ ਦੀ ਗੱਲ ਕਿਵੇਂ ਤੁਰੀ ।

— ਸ੍ਰੀ ਸੰਤ ਰਾਮ ਬੀ. ਏ. ਜੋ ਪੰਜਾਬ ਦੇ ਹਿੰਦੀ ਦੇ ਚੋਟੀ ਦੇ ਲਿਖਾਰੀ ਹਨ, ਇਸਦਾ ਬਿਆਨ ਕਦੀ ਕਦੀ ਇਸ ਲਈ ਕਰਦੇ ਸਨ ਕਿ ਇਹ ਮੇਰੀ ਜ਼ਾਤ ਦੀ ਸੀ ਤੇ ਕੁਝ ਇਸ ਲਈ ਕਿ ਇਹ ਬੜੀ ਹਰਮਨ ਪਿਆਰੀ ਸੀ, ਭੋਲੀ ਭਾਲੀ, ਚੰਚਲ । ਬੱਸ ਹੱਸਦੇ ਖੇਡਦੇ ਰਹਿਣਾ । ਮਿੱਠੀਆਂ ਮਿੱਠੀਆਂ ਹੱਸਣ-ਹਸਾਣ ਵਾਲੀਆਂ ਸ਼ਰਾਰਤਾਂ ਕਰਨਾ....

? ਅੱਛਾ, ਸ਼ਾਸਤਰੀ ਜੀ ਫੇਰ...

— 12-13 ਸਾਲਾਂ ਬਾਅਦ ਮਾਪੇ ਆਏ ਤਾਂ ਇਹਨੂੰ ਤੇਰ੍ਹਵੀਂ ਜਮਾਤ ਤੋਂ ਉਠਾ ਕੇ ਘਰ ਲੈ ਗਏ । ਓਥੇ ਜਾ ਕੇ ਪੀਲੀ ਚੁੰਨੀ ਉਤਾਰ ਕੇ ਰੇਸ਼ਮ ਪਹਿਨਣਾ ਸ਼ੁਰੂ ਕਰ ਦਿੱਤਾ । 1923 ਵਿੱਚ ਮੇਰੇ ਨਾਲ ਸ਼ਾਦੀ ਹੋਈ । ਇਹ ਖੱਦਰ ਤੇ ਰੇਸ਼ਮ ਦਾ ਮੇਲ ਸੀ । ਥੋੜ੍ਹਾ ਬੋਲਣ ਤੇ ਹਰ ਦਮ ਖਿੜੇ ਰਹਿਣ ਦਾ ਮੇਲ ਸੀ । ਮੈਂ ਫੂੜ੍ਹੀ ਤੇ ਇੱਟਾਂ ਦਾ ਸਿਰਹਾਣਾ ਚੁੱਕ ਕੇ ਨੁੱਕਰੇ ਰੱਖ ਦਿੱਤੇ । ਇਸਨੇ ਅਲੂਣੇ ਕੱਦੂ ਖਾਣੇ ਅਤੇ ਨਿੱਤ ਦੇ ਫ਼ਾਕੇ ਰੱਖਣੇ ਬੰਦ ਕਰ ਦਿੱਤੇ ।

? ਤੁਸੀਂ ਫਿਰ ਉਹ ਦੋਵੇਂ ਨਾਟਕ ਕਦੋਂ ਲਿਖੇ ।

— 'ਸਾਵਿੱਤਰੀ' ਤੇ 'ਸੁਕੰਨਿਆ' ਨਾਟਕ 1925 ਵਿੱਚ ਛਪੇ । ਇਹ ਦੋਵੇਂ ਨਾਟਕ ਇੱਕ ਹੀ ਜਿਲਦ ਵਿੱਚ ਰੱਖੇ ਗਏ । ਇਹਨਾਂ ਦੀ ਪ੍ਰੇਰਨਾ ਮੇਰੀ ਪਤਨੀ ਸੀ ਤੇ 'ਇਹਨਾਂ ਤੇ ਕੁਝ ਲਿਖੋ' ਦੀ ਗੱਲ ਪੂਰਨ ਸਿੰਘ ਦੀ । ਸੋ ਭੂਮਿਕਾ ਲਿਖਣ ਦਾ ਕੰਮ ਕਲਮ ਦੇ ਸ਼ਾਹਸਵਾਰ ਪ੍ਰੋ: ਪੂਰਨ ਸਿੰਘ ਦੇ ਹਵਾਲੇ ਕਰ ਦਿੱਤਾ ।

? ਇਨ੍ਹਾਂ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਕਿਹੜੇ ਨਾਟਕ ਹਨ ।

— ਕੁੱਲ ਛੇ ਨਾਟਕ ਲਿਖੇ ਹਨ : ਪੂਰਨ (1920), ਪ੍ਰਤਿੱਗਿਆ (1922), ਵਾਸਵਦੱਤਾ (1922), ਸਾਵਿੱਤਰੀ (1925), ਸੁਕੰਨਿਆ (1925), ਕੁਣਾਲ (1977),

? ਹੋਰ

— ਰਾਮਗੀਤ ਤੋਂ ਇਲਾਵਾ ਸੰਧਿਆ ਸੰਗੀਤ, ਕੁਣਾਲ (ਖੰਡ ਕਾਵਿ) ਛਪੇ ਹਨ । ਬਾਲ ਸਾਹਿਤ ਵਿੱਚ ਬਾਲਕਾਂ ਦੇ ਗੀਤ (ਦੋ ਭਾਗਾਂ ਵਿੱਚ) ਪ੍ਰਕਾਸ਼ਿਤ ਹਨ । ਵਾਰਤਕ ਵਿੱਚ ਰਾਮ ਕਥਾ, ਚਾਰੂਦੱਤ, ਪ੍ਰੇਮ ਪੀਘਾਂ, ਹਿੰਦੋਸਤਾਨ ਦੀ ਕਹਾਣੀ ਤੇ ਵੀਰਾਂਗਣਾ (ਹਿੰਦੀ ਤੇ ਪੰਜਾਬੀ ਵਿੱਚ) ਹਨ ।...

? ਇਨ੍ਹਾਂ ਪੁਸਤਕਾਂ ਦਾ ਪੁਨਰ-ਪ੍ਰਕਾਸ਼ਨ ਵੀ ਹੋਇਆ ਹੈ ।

— ਹਾਂ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸਵ. ਕਪੂਰ ਸਿੰਘ ਘੁੰਮਣ ਨੇ ਐਡਿਟ ਕਰਕੇ ਬ੍ਰਿਜਲਾਲ ਸ਼ਾਸਤ੍ਰੀ ਰਚਨਾਵਲੀ (ਦੋ ਭਾਗਾਂ ਵਿੱਚ) ਛਾਪੀ ਸੀ ।

? ਕੋਈ ਅਣਛਪੀ ਰਚਨਾ ।

— 1920 ਤੋਂ 1926 ਦੇ ਦੌਰਾਨ ਮੈਂ ਕੁਝ ਪੁਸਤਕਾਂ ਦੇ ਖਰੜੇ ਤਿਆਰ ਕੀਤੇ ਸਨ ਜੋ ਛਾਪੇ ਦਾ ਮੂੰਹ ਨਹੀਂ ਵੇਖ ਸਕੇ ਅਤੇ ਪਾਕਿਸਤਾਨ ਰਹਿ ਗਏ । ਉਨ੍ਹਾਂ ਵਿੱਚ ਚੂਹਿਆਂ ਦੀ ਬਸਤੀ, ਇੱਕ ਕਾਵਿ ਸੰਗ੍ਰਹਿ, ਪੰਜਾਬ ਦੇ ਜੰਗਲ, ਸਾਹਿਬ ਕੌਰ (ਨਾਟਕ), ਮਝਲਾ (ਨਾਟਕ) ਹਨ । ਇਸ ਦਾ ਵੇਰਵਾ ਮੈਂ ਆਪਣੀ 'ਸਾਹਿੱਤਕ ਸਵੈ ਜੀਵਨੀ' ਵਿੱਚ ਦਿੱਤਾ ਹੈ ।

? ਹਾਂ, ਤੁਹਾਡੀ ਇਹ ਸਾਹਿੱਤਕ ਸਵੈਜੀਵਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਪੀ ਹੈ । ਯੂਨੀਵਰਸਿਟੀ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ । ਤੁਸੀਂ ਇਸ ਵਿੱਚ ਕਈ ਭੁਲੇਖੇ ਸਪੱਸ਼ਟ ਕੀਤੇ ਹਨ ਅਤੇ ਜ਼ਿੰਦਗੀ ਦੇ ਦਿਲਚਸਪ ਵੇਰਵੇ ਵੀ ਦਿੱਤੇ ਹਨ । ਸਾਹਿੱਤ ਦੇ ਖੋਜੀ ਅਤੇ ਪਾਠਕਜਨ ਇਸ ਪੁਸਤਕ ਤੋਂ ਕਾਫ਼ੀ ਫ਼ਾਇਦਾ ਉਠਾ ਸਕਦੇ ਹਨ ।

***

ਬ੍ਰਿਜਲਾਲ ਸ਼ਾਸਤਰੀ ਨਾਲ ਮੇਰੀ ਮੁਲਾਕਾਤ 1980 ਵਿੱਚ ਹੋਈ, ਜਦੋਂ ਮੈਂ ਸਰਕਾਰੀ ਕਾਲਜ ਰੋਪੜ ਵਿਖੇ ਲੈਕਚਰਾਰ ਨਿਯੁਕਤ ਹੋਇਆ । ਸ਼ਾਸਤਰੀ ਜੀ ਵੀ ਇਸੇ ਕਾਲਜ ਤੋਂ, ਸੰਸਕ੍ਰਿਤ ਵਿਭਾਗ ਦੇ ਮੁਖੀ ਵਜੋਂ, 1949 ਵਿੱਚ ਰਿਟਾਇਰ ਹੋਏ ਸਨ । ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਸਾਹਿੱਤ ਦੇ ਇੱਕ ਇਤਿਹਾਸ ਵਿੱਚ ਉਨ੍ਹਾਂ ਦਾ ਸਮਾਂ (1891- 1971) ਦਿੱਤਾ ਗਿਆ ਸੀ । ਸ਼ਾਸਤਰੀ ਜੀ ਆਪਣੀ ਪਤਨੀ ਰਖ਼ਸ਼ਾ ਜੀ ਨਾਲ ਆਪਣੇ ਖੁੱਲ੍ਹੇ-ਡੁੱਲ੍ਹੇ ਅਤੇ ਸਾਦਾ ਜਿਹੇ ਘਰ ਵਿੱਚ ਰਹਿੰਦੇ ਸਨ । ਇੱਕ ਛੋਟੀ ਜਿਹੀ ਉਮਰ ਦਾ ਨੌਕਰ ਸੀ ਜਿਸਨੂੰ ਉਹ ਬੱਚਿਆਂ ਵਾਂਗ ਰੱਖਦੇ ਸਨ । ਸਾਡੀਆਂ ਮਿਲਣੀਆਂ ਵਧਦੀਆਂ ਗਈਆਂ । ਜਦੋਂ ਮੈਂ ਉਨ੍ਹਾਂ ਦੇ ਨਿਵਾਸ 'ਤੇ ਜਾਂਦਾ ਕਦੇ ਓਥੇ (ਸਵ.) ਪ੍ਰੋ: ਦੀਦਾਰ ਸਿੰਘ ਬੈਠੇ ਹੁੰਦੇ, ਕਦੇ ਸਵ. ਕਪੂਰ ਸਿੰਘ ਘੁੰਮਣ ਤੇ ਕਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਗਰੇਵਾਲ ਸਾਹਿਬ । ਆਮ ਤੌਰ 'ਤੇ ਉਹ ਦੋਏਾ ਜੀਅ ਹੁੰਦੇ; ਕਦੇ ਰੇਡੀਉ ਸੁਣ ਰਹੇ ਹੁੰਦੇ ਤੇ ਕਦੇ ਨਿੱਕੀਆਂ ਨਿੱਕੀਆਂ ਗੱਲਾਂ-ਬਾਤਾਂ ਕਰ ਰਹੇ ਹੁੰਦੇ । ਘਰ ਦੀ ਹਰ ਚੀਜ਼ ਪੂਰੇ ਸਲੀਕੇ ਨਾਲ ਰੱਖੀ ਹੋਈ ਹੁੰਦੀ । ਕਿਤੇ ਕੋਈ ਗੰਦਗੀ ਨਹੀਂ, ਮੱਖੀ ਨਹੀਂ, ਜਾਲਾ ਨਹੀਂ । ਚਿੱਟੇ ਸਵੱਛ ਬਸਤਰਾਂ ਵਿੱਚ ਐਨਕਾਂ ਵਾਲੇ ਦੋ ਬਿਰਧ ਚਿਹਰੇ, ਇੰਜ ਲੱਗਦਾ, ਜਿਵੇਂ ਹਰ ਪਲ ਕਿਸੇ ਨੂੰ ਉਡੀਕ ਰਹੇ ਹੋਣ; ਜਿਹੜਾ ਵੀ ਜਾਂਦਾ, ਪੂਰਾ ਆਦਰ ਮਿਲਦਾ, ਜਿਵੇਂ ਉਹਨਾਂ ਦੇ ਆਪਣੇ ਘਰ ਦਾ ਕੋਈ ਪਿਆਰਾ ਜੀਅ ਘਰ ਵਿੱਚ ਆ ਗਿਆ ਹੋਵੇ । ਇਨ੍ਹਾਂ ਮਿਲਣੀਆਂ ਵਿੱਚ ਹੋਈਆਂ ਗੱਲਾਂ-ਬਾਤਾਂ ਸਮੇਂ ਦਿਲਚਸਪ ਵਾਕਿਆ ਉਨ੍ਹਾਂ ਸੁਣਾਏ; ਸਹਿਜ-ਭਾਅ, ਨਿਰਉਚੇਚ; ਮੇਰੀ ਉਨ੍ਹਾਂ ਵਿੱਚ ਦਿਲਚਸਪੀ ਵਧਦੀ ਗਈ । ਉਨ੍ਹਾਂ ਨੇ ਮੈਨੂੰ 'ਸ਼ਾਮਗੀਤ' ਦੀ ਕਾਪੀ ਬੜੇ ਪਿਆਰ ਨਾਲ ਦਿੱਤੀ; ਬਾਲਕਾਂ ਦੇ ਗੀਤ ਅਤੇ 'ਸੰਧਿਆ ਸੰਗੀਤ' ਦੀਆਂ ਪ੍ਰਤੀਆਂ ਵੀ ਦਿੱਤੀਆਂ । ਇੱਕ ਉਨ੍ਹਾਂ ਮੈਨੂੰ ਚਰਨ ਸਿੰਘ 'ਸ਼ਹੀਦ' ਦੀ 'ਬਾਦਸ਼ਾਹੀਆਂ' (ਪਹਿਲੀ ਐਡੀਸ਼ਨ) ਦੀ ਕਾਪੀ ਯਾਦਗਾਰ ਵਜੋਂ ਦਿੱਤੀ ਜਿਹੜੀ ਉਨ੍ਹਾਂ ਨੂੰ ਆਪਣੇ ਹੱਥੀਂ ਸ਼ਹੀਦ ਨੇ ਆਦਰ ਨਾਲ ਭੇਂਟ ਕੀਤੀ ਹੋਈ ਹੈ । ਇੱਕ ਸ਼ਰਧਾ ਜਿਹੀ ਦੇ ਆਲਮ ਵਿੱਚ ਮੈਂ ਸ਼ਾਸਤਰੀ ਜੀ ਦਾ ਸਾਰਾ ਸਾਹਿੱਤ ਹੀ ਪੜ੍ਹ ਗਿਆ । ਪੜ੍ਹਦਾ ਤਾਂ ਸ਼ਾਇਦ ਹੌਲੀ ਹੌਲੀ, ਪਰ ਉਨ੍ਹੀਂ ਦਿਨੀਂ ਐਚ. ਐਸ. ਦਿਲਗੀਰ ਹੁਰਾਂ 'ਕਲਾ ਦਰਪਣ' ਵੱਲੋਂ ਸ਼ਾਸਤਰੀ ਜੀ ਦਾ ਅਭਿਨੰਦਨ ਸਮਾਰੋਹ ਮਿਥ ਲਿਆ ਅਤੇ ਅਭਿਨੰਦਨ ਪੱਤਰ ਲਿਖਣ ਦਾ ਕੰਮ ਮੈਨੂੰ ਸੌਂਪ ਦਿੱਤਾ । ਇਸ ਲਈ ਸੰਪੂਰਨ ਰਚਨਾਵਲੀ ਦਾ ਪਾਠ ਕੀਤਾ । ਮੈਨੂੰ ਉਨ੍ਹਾਂ ਦੀ ਲਿਖਤ ਅਤੇ ਸ਼ਖ਼ਸੀਅਤ ਵਿੱਚ ਕੋਈ ਫ਼ਰਕ ਹੀ ਨਾ ਜਾਪਿਆ । ਉਹੋ ਸਾਦਗੀ, ਉਹੋ ਨਿਰਛਲਤਾ, ਉਹੋ ਭੋਲਾਪਨ, ਉਹੋ ਸਹਿਜਤਾ, ਉਹੋ ਨਾਰੀ ਦਾ ਸਤਿਕਾਰ, ਉਹੋ ਸਨਾਤਨੀ ਸੱਭਿਆਚਾਰ, ਉਹੋ ਨਿੱਕੇ ਨਿੱਕੇ ਵਿਅੰਗ ਵਾਲੀ ਬੋਲਚਾਲ ਤੇ ਉਹੋ ਛੁਪੇ ਰਹਿਣ ਦੀ ਚਾਹ ।

ਇੱਕ ਦਿਨ ਮੈਂ ਬਟਾਲੇ ਵਾਲੇ ਦਰਵੇਸ਼ ਫੋਟੋ-ਕਲਾਕਾਰ ਹਰਭਜਨ ਬਾਜਵੇ ਨੂੰ ਲੈਕੇ ਉਨ੍ਹਾਂ ਦੇ ਘਰ ਚਲਾ ਗਿਆ । ਸਾਰਾ ਦਿਨ ਟੇਪ-ਰਿਕਾਰਡਰ ਆਨ ਕਰਕੇ ਅਸੀਂ ਗੱਲਾਂ ਕਰਦੇ ਰਹੇ ਅਤੇ ਬਾਜਵਾ ਫੋਟੋ ਖਿੱਚਦਾ ਰਿਹਾ । ਪਿੱਛੋਂ ਮੈਂ ਜਦੋਂ ਵੀ ਕਦੇ ਮਿਲਦਾ ਸ਼ਾਸਤਰੀ ਜੀ ਬਾਜਵੇ ਬਾਰੇ ਜ਼ਰੂਰ ਪੁੱਛਦੇ । ਉਨ੍ਹਾਂ ਦੀ ਯਾਦਾਸ਼ਤ ਅਜੇ ਵੀ ਏਨੀ ਤੇਜ਼ ਹੈ ਕਿ ਬੱਚਿਆਂ ਦੇ ਨਾਵਾਂ ਤੱਕ ਨੂੰ ਵੀ ਨਹੀਂ ਭੁੱਲਦੇ । ਕਾਸ਼ ਕੋਈ 'ਓਰਲ ਹਿਸਟਰੀ' ਵਿਭਾਗ ਉਨ੍ਹਾਂ ਦੀ ਇਸ ਯਾਦ ਸ਼ਕਤੀ ਦਾ ਫ਼ਾਇਦਾ ਉਠਾ ਸਕਦਾ ਅਤੇ ਪੂਰੀ ਸਦੀ ਦੇ ਸਾਹਿੱਤਕ-ਮਾਹੌਲ ਨੂੰ ਪੱਕੇ ਤੌਰ 'ਤੇ ਸਾਂਭਿਆ ਜਾ ਸਕਦਾ । ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਤੋਂ ਨਿੱਕੀ ਜਿਹੀ ਸਾਹਿੱਤਕ ਸਵੈਜੀਵਨੀ ਜ਼ਰੂਰ ਲਿਖਵਾਈ ਹੈ ਪਰੰਤੂ ਲੋੜ ਹੈ, ਇੱਕ ਪ੍ਰਾਜੈਕਟ ਕਿਸੇ ਜਗਿਆਸੂ ਨੂੰ ਦਿੱਤਾ ਜਾਏ ਜਿਹੜਾ ਸ਼ਾਸਤਰੀ ਜੀ ਦੇ ਕੋਲ ਲਗਾਤਾਰ ਰਹਿ ਕੇ ਇੱਕ ਵੱਡੇ ਆਕਾਰ ਦੀ ਵਿਸਤ੍ਰਿਤ ਜੀਵਨੀ ਲਿਖੇ । ਉਂਜ ਇਹ ਕੰਮ ਪੰਜਾਬੀ ਅਕਾਦਮੀ ਦਿੱਲੀ ਵੀ ਕਰ ਸਕਦੀ ਹੈ ਕਿਉਂਕਿ ਸ਼ਾਸਤਰੀ ਜੀ ਚਾਰ-ਪੰਜ ਸਾਲਾਂ ਤੋਂ ਦਿੱਲੀ ਵਿੱਚ ਹੀ ਰਹਿ ਰਹੇ ਹਨ ।

ਇੱਕ ਦਿਨ ਅਸੀਂ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਬੈਠੇ ਸਾਂ । 'ਬੀ ਜੀ' ਅਖ਼ਬਾਰ ਪੜ੍ਹ ਕੇ 'ਬਾਬੂ ਜੀ' ਨੂੰ ਸੁਣਾ ਰਹੇ ਸਨ । ਦਰਅਸਲ ਇਹ ਅਮਲ ਤਾਂ ਰੋਜ਼ ਦਾ ਹੀ ਹੈ । ਸ਼ਾਸਤਰੀ ਜੀ ਆਪ ਤਾਂ ਪੜ੍ਹ ਨਹੀਂ ਸਕਦੇ, ਨਾ ਲਿਖ ਸਕਦੇ ਹਨ, ਨਾ ਵੇਖ ਸਕਦੇ ਹਨ, ...ਤੇ ਸੁਣਦੇ ਵੀ ਥੋੜ੍ਹਾ ਉਚਾ ਹੀ ਹਨ । ਬੀ ਜੀ ਉਨ੍ਹਾਂ ਨੂੰ ਇਹ ਘਾਟਾਂ ਮਹਿਸੂਸ ਹੀ ਨਹੀਂ ਹੋਣ ਦੇਂਦੇ । ਹਰ ਵੇਲੇ ਜਵਾਨੀ ਵੇਲੇ ਦੇ ਕਿੱਸੇ ਕਹਾਣੀਆਂ ਸੁਣਾ ਕੇ ਤਰੋ ਤਾਜ਼ਾ ਰੱਖਦੇ ਹਨ ਅਤੇ ਕਦੇ ਕਦੇ ਹੱਡ-ਬੀਤੀਆਂ ਦੀ ਥਾਂ ਜੱਗ-ਬੀਤੀਆਂ ਸੁਣਾਉਣ ਲਈ ਖ਼ਬਰਾਂ ਦਾ ਸਹਾਰਾ ਵੀ ਲੈ ਲੈਂਦੇ ਹਨ । ਸ਼ਾਸਤਰੀ ਜੀ ਅੰਤਰਮੁਖੀ ਤਾਂ ਸ਼ੁਰੂ ਤੋਂ ਹੀ ਹਨ ਪਰ ਹੁਣ ਉਮਰ ਦੇ ਵਧਣ ਨਾਲ ਸਰੀਰਕ ਪੱਖੋਂ ਵੀ ਅੰਤਰਮੁਖੀ ਹੋ ਗਏ ਹਨ । ਬੀ ਜੀ ਦਾ ਹਾਸਾ ਉਨ੍ਹਾਂ ਨੂੰ ਹਸਾ ਜਾਂਦਾ ਹੈ । ਉਹ ਬੱਚਿਆਂ ਵਾਂਗ ਪਿਘਲ ਜਾਂਦੇ ਹਨ । ਅਤੀਤੀਆਂ ਯਾਦਾਂ ਨੂੰ ਵਰਤਮਾਨ ਕਰਨ ਲੱਗ ਪੈਂਦੇ ਹਨ । ਅਜਿਹਾ ਮਾਹੌਲ ਵੇਖ ਕੇ ਮੇਰੀ ਪਤਨੀ ਨੇ, ਝਕਦਿਆਂ ਹੋਇਆਂ, ਪੁੱਛ ਹੀ ਲਿਆ: ਬੀ ਜੀ, ਤੁਹਾਡਾ ਏਨਾ ਪਿਆਰ ਸ਼ੁਰੂ ਤੋਂ ਹੀ ਸੀ?...ਬੋਲੇ ਬੀ ਜੀ ਦੀ ਥਾਂ ਬਾਊ ਜੀ; ਬੜੇ ਪਿਆਰ ਨਾਲ; ਹੱਸਦੇ ਹੋਏ, ਅਖੇ : ਪੁੱਤ ਸੁਰਿੰਦਰ, ਜਿੱਥੇ ਦੋ ਭਾਂਡੇ ਹੋਣਗੇ ਖੜਕਣਗੇ ਤਾਂ ਬਰ-ਜ਼ਰੂਰ । ਅਸੀਂ ਵੀ ਖੜਕੇ । ਖੜਕਦੇ ਰਹੇ । ਆਖ਼ਰ ਖੜਕਦੇ ਖੜਕਦੇ ਚਿੱਬ ਪੈ ਗਏ । ਫੇਰ ਚਿੱਬਾਂ ਵਿੱਚ ਚਿੱਬ ਫਸ ਗਏ । ਹੁਣ ਭਲਾ ਕੀ ਖੜਕਣਾ ਹੋਇਆ!

ਮੈਂ ਪੁੱਛਿਆ : ਸ਼ਾਸਤਰੀ ਜੀ, ਤੁਸੀਂ ਸਾਰੀ ਉਮਰ ਧੋਤੀ ਪਜਾਮਾ ਹੀ ਪਾਇਆ ਹੈ? ਕਦੇ ਪੈਂਟ ਨਹੀਂ ਪਾਈ?... ਜਵਾਬ ਬਾਊ ਜੀ ਦੀ ਥਾਂ ਬੀ ਜੀ ਨੇ ਦਿੱਤਾ, ਅਖੇ : ਇੱਕ ਵਾਰ ਮੈਂ ਇਨ੍ਹਾਂ ਨੂੰ ਦੋ ਪੈਂਟਾਂ ਛੋਟੀ ਮੂਹਰੀ ਦੀਆਂ, ਜ਼ਬਰਦਸਤੀ, ਸੰਵਾ ਦਿੱਤੀਆਂ । ਜ਼ਿੱਦ ਕਰਨ । ਪਾਉਣ ਨਾ । ਅਖ਼ੀਰ ਇੱਕ ਦਿਨ ਮੰਨ ਗਏ । ਸਵੇਰੇ ਸੈਰ ਕਰਨ ਗਏ, ਇੱਕ ਪੈਂਟ ਨਾਲ ਲੈ ਗਏ । ਨਹਿਰ ਦੀ ਪਟੜੀਏ ਪਟੜੀ ਸੈਰ ਕਰਦੇ ਵੇਖਦੇ ਰਹੇ ਕਿ ਕੋਈ ਵੇਖਦਾ ਤਾਂ ਨਹੀਂ; ਸੁਰੱਖਿਅਤ ਮਾਹੌਲ ਵੇਖ ਕੇ ਪੈਂਟ ਲਾਹ ਕੇ ਨਹਿਰ ਵਿੱਚ ਵਗਾਹ ਮਾਰੀ ਤੇ ਪਜਾਮਾ ਪਾ ਕੇ ਘਰ ਨੂੰ ਆ ਗਏ । ਦੂਜੀ ਪੈਂਟ ਕਿਸੇ ਲੋੜਵੰਦ ਨੂੰ 'ਦਾਨ' ਕਰਨੀ ਪਈ ।

ਏਨੇ ਚਿਰ ਨੂੰ , ਚਾਹ ਦੀਆਂ ਚੁਸਕੀਆਂ ਵਿੱਚ, ਸ਼ਾਸਤਰੀ ਜੀ ਨੂੰ ਜਵਾਬੀ ਹਮਲੇ ਲਈ ਇੱਕ ਹੋਰ ਘਟਨਾ ਯਾਦ ਆ ਗਈ ਸੀ । ਆਖਣ ਲੱਗੇ : ਸਾਡੇ ਵਿਆਹ ਨੂੰ ਮਸਾਂ ਸਾਲ ਕੁ ਹੀ ਹੋਇਆ ਸੀ । ਮੈਂ ਇੱਕ ਸਾਹਿੱਤ ਸਭਾ ਦੀ ਮੀਟਿੰਗ 'ਤੇ ਜਾਣ ਲੱਗਾ ਤਾਂ ਰਖ਼ਸ਼ਾ ਨੇ ਜ਼ਿੱਦ ਫੜ ਲਈ, ਨਾਲ ਜਾਣ ਦੀ । ਬਥੇਰਾ ਸਮਝਾਇਆ ਕਿ ਓਥੇ ਕੋਈ ਵੀ ਔਰਤ ਨਹੀਂ ਹੋਵੇਗੀ । ਪਰ ਇਹ ਮੰਨੀ ਹੀ ਨਾ ਤੇ ਆਖ਼ਰ ਆਦਮੀਆਂ ਵਾਲੇ ਕੱਪੜੇ ਪਾ ਕੇ, ਸਰਦਾਰ ਸਜ ਕੇ, ਨਾਲ ਤੁਰ ਪਈ । ਮਹਿਫ਼ਲ ਵਿੱਚ, ਨਜ਼ਮਾਂ ਦੇ ਦੌਰ ਵਿੱਚ, ਸਾਰੇ ਇਹਦੇ ਵੱਲ ਹੀ ਵੇਖਦੇ ਜਾਣ ਅਤੇ ਫ਼ਰਮਾਇਸ਼ ਕਰਨ ਕਿ ਇਸ ਨੌਜਵਾਨ ਸ਼ਾਇਰ ਦਾ ਕਲਾਮ ਸੁਣਿਆ ਜਾਏ । ਮੈਂ ਡਰਦਾ ਸਾਂ ਕਿ ਜੇ ਇਹ ਬੋਲੀ ਤਾਂ ਭੇਤ ਜ਼ਾਹਿਰ ਹੋ ਜਾਵੇਗਾ । ਪਰ ਜਦੋਂ ਸਾਥੀ ਅਦੀਬਾਂ ਨੇ ਬਹੁਤਾ ਹੀ ਜ਼ੋਰ ਪਾਇਆ ਤਾਂ ਇਸ ਨੇ, ਉਨ੍ਹੀਂ ਦਿਨੀਂ ਪ੍ਰਚਿੱਲਤ ਇੱਕ ਲੋਕ ਗੀਤ, ਬੜੇ ਹੀ ਮਧੁਰ ਅੰਦਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ : ਸਿੱਖਾਂ ਦਾ ਪੰਥ ਨਿਆਰਾ... ਬਈ ਸਿੱਖਾਂ ਦਾ ਪੰਥ ਨਿਆਰਾ । ...ਮਹਫ਼ਿਲ 'ਸ਼ਹੀਦ' ਜੀ ਦੇ ਘਰ ਸੀ । ਸਾਰੇ ਹੀ ਖਰੇ ਔਖੇ ਬੈਠੇ ਸਨ । ਜਦੋਂ ਅਸਲੀ ਗੱਲ ਦਾ ਪਤਾ ਲੱਗਾ ਤਾਂ ਪਤੈ ਕੀ ਹੋਇਆ? ... ਹੋਣਾ ਕੀ ਸੀ, ਬੱਸ ਪਤਾ ਲੱਗ ਗਿਆ?... ...

***

ਉਮੀਦ ਹੈ ਕਿ ਹੁਣ ਤੱਕ ਤੁਹਾਨੂੰ ਬ੍ਰਿਜਲਾਲ ਸ਼ਾਸਤਰੀ ਬਾਰੇ ਬਹੁਤ ਕੁਝ ਪਤਾ ਲੱਗ ਗਿਆ ਹੋਵੇਗਾ । ਆਉ ਕੁਝ ਗੱਲਾਂ ਉਨ੍ਹਾਂ ਨਾਲ ਹੋਰ ਕਰੀਏ :

? ਸ਼ਾਸਤਰੀ ਜੀ, ਤੁਸੀਂ ਬਾਲਮੀਕੀ ਰਮਾਇਣ ਤੇ ਆਧਾਰਿਤ, ਰਾਮ ਗੀਤ ਅਤੇ ਰਾਮ ਕਥਾ ਲਿਖੇ । ਤੁਸੀਂ ਆਪਣੀ ਇਸ ਰਚਨਾ ਨੂੰ ਆਪਣਾ ਸ਼ਾਹਕਾਰ ਵੀ ਮੰਨਦੇ ਹੋ । ਸਾਨੂੰ ਇਹ ਦੱਸੋ ਕਿ ਰਿਸ਼ੀ ਬਾਲਮੀਕ ਨੂੰ ਆਦਿ ਕਵੀ ਦੀ ਉਪਾਧੀ ਕਿਉਂ ਦਿੱਤੀ ਜਾਂਦੀ ਹੈ ।

— ਬਾਲਮੀਕ ਜੀ ਨੂੰ ਕਈ ਸਦੀਆਂ ਤੋਂ ਆਦਿ ਕਵੀ ਦੀ ਉਪਾਧੀ ਮਿਲਦੀ ਆਈ ਹੈ । ਪ੍ਰਸ਼ਨ ਹੈ, ਇਹ ਕਿਵੇਂ? ਜਦ ਰਿਗ ਵੇਦ ਦੇ ਮੰਤਰ ਸਾਡੇ ਸਾਹਮਣੇ ਹਨ । ਉਤਰ ਲਈ ਬੜੀ ਦੂਰ, ਪਿੱਛੇ, ਜਾਣਾ ਪਵੇਗਾ । ਵਿਦਵਾਨਾਂ ਨੇ ਸੰਸਕ੍ਰਿਤ ਦੇ ਦੋ ਯੁੱਗ ਥਾਪੇ ਹਨ । ਇੱਕ ਵੈਦਿਕ ਸੰਸਕ੍ਰਿਤ, ਜੋ ਰਿਗਵੇਦ ਤੋਂ ਲੈ ਕੇ ਉਪਨਿਸ਼ਦਾਂ ਤੱਕ ਜਾਂਦਾ ਹੈ । ਦੂਜਾ ਰਮਾਇਣ (ਮਹਾਭਾਰਤ) ਵਾਲਾ । ਇਹ ਦੋਵੇਂ ਇਤਨੇ ਵੱਡੇ ਥੰਮ੍ਹ ਹਨ ਕਿ ਇਨ੍ਹਾਂ ਨੂੰ ਅਲੱਗ ਰੱਖ ਕੇ ਅਸੀਂ ਤੀਸਰਾ ਯੁੱਗ ਵੀ ਥਾਪ ਸਕਦੇ ਹਾਂ- ਭਾਵ ਕਾਲੀਦਾਸ ਤੋਂ ਉਤਰ ਕੇ ਅੱਜ ਤੱਕ ਦਾ ।.... ਦੂਜੇ ਦੌਰ ਦਾ (ਨਵੀਂ ਸੰਸਕ੍ਰਿਤ ਦਾ) ਮੋਢੀ ਹੋਣ ਕਰਕੇ ਬਾਲਮੀਕ ਜੀ ਆਦਿ ਕਵੀ ਅਖਵਾਂਦੇ ਹਨ ।

? ਤੁਸੀਂ ਰਮਾਇਣ ਨੂੰ ਪੰਜਾਬੀ ਵਿੱਚ ਲਿਖਣ ਦਾ ਬੀੜਾ ਕਿਉਂ ਚੁੱਕਿਆ ।

— ਰਾਮਾਇਣ ਭਾਰਤ ਵਿੱਚ ਹੀ ਸੂਰਜ ਵਾਂਗ ਨਹੀਂ ਚਮਕੀ । ਚੀਨ, ਬਰਮਾ, ਸਿਆਮ, ਹਿੰਦ-ਚੀਨੀ, ਹਿੰਦ- ਏਸ਼ੀਆ, ਲੰਕਾ, ਬਾਲੀ, ਮਾਰਸ਼ਿਸ ਆਦਿ ਪਰਦੇਸ਼ਾਂ ਵਿੱਚ ਕਵਿਤਾ ਯਾ ਚਿੱਤ੍ਰਕਾਰੀ ਦੇ ਰੂਪ ਵਿੱਚ ਸਦੀਆਂ ਜੋਤ ਜਗਾਂਦੀ ਰਹੀ । ਯੌਰਪ ਦੀ ਵੀ ਸ਼ਾਇਦ ਹੀ ਕਿਸੇ ਬੋਲੀ ਵਿੱਚ ਇਸ ਦਾ ਉਲਥਾ ਨਾ ਹੋਇਆ ਹੋਵੇ ।

ਭਾਰਤ ਦੀ ਤਾਂ ਗੱਲ ਹੀ ਕੀ ਆਖੀਏ । ਉਜੈਨ ਦੇ ਕਾਲੀਦਾਸ ਤੋਂ ਲੈ ਕੇ ਕਸ਼ਮੀਰ ਦੇ ਖੇਮਿੰਦਰ ਤੱਕ ਕੋਈ ਵੀ ਸੰਸਕ੍ਰਿਤ ਦਾ ਕਵੀ ਇਸਦੇ ਪ੍ਰਭਾਵ ਤੋਂ ਬਚਿਆ ਨਹੀਂ । ਬੋਧਾਂ ਤੇ ਜੈਨੀਆਂ ਦੇ ਗ੍ਰੰਥ ਵੀ ਬਥੇਰੇ ਰਮਾਇਣ ਦੇ ਆਸਰੇ ਲਿਖੇ ਗਏ । ਪੁਰਾਣੀਆਂ ਦੇਸੀ ਬੋਲੀਆਂ ਵਿੱਚ ਅਜਿਹੇ ਗ੍ਰੰਥਾਂ ਦੀ ਭਰਮਾਰ ਹੈ । ਉਨ੍ਹਾਂ ਵਿੱਚੋਂ ਸਵਾ ਤਿੰਨ ਸੌ ਸਾਲ ਪੁਰਾਣੀ ਤੁਲਸੀ ਦਾਸ ਦੀ ਰਚਨਾ ਰਾਮ ਚਰਿਤ ਮਾਨਸ ਹੈ ।

? ਰਾਮ ਚਰਿਤ ਮਾਨਸ ਦੇ ਵਧੇਰੇ ਮਕਬੂਲ ਹੋਣ ਦੇ ਕੀ ਕਾਰਨ ਹਨ ।

— ਇਸਦੇ ਹਰਮਨ ਪਿਆਰੀ ਹੋਣ ਦੇ ਕਾਰਣ ਹਨ । ਰਾਮ ਦੀ ਭਗਤੀ ਬਹੁਤੇ ਜ਼ੋਰਾਂ ਤੇ ਸੀ ਤੇ ਹੁਣ ਤੀਕ ਜ਼ੋਰਾਂ ਤੇ ਹੈ । ਪੁਸਤਕ ਭਾਰਤ ਦੇ ਮਨ ਦੀ ਧਾਰਾ ਦੇ ਨਾਲ ਚੱਲੀ ਤੇ ਕਵੀ ਨੇ ਭਗਤ ਤੇ ਸੰਤ ਦੇ ਰੂਪ ਵਿੱਚ ਇਸਨੂੰ ਲਿਖਿਆ ਅਤੇ ਆਪਣੀ ਉਚੀ ਕਵਿਤਾ ਤੇ ਵਿਦਵਾਨੀ ਦੀ ਸ਼ਕਤੀ ਦੇ ਕੇ ਸੋਨੇ ਤੇ ਸੁਹਾਗਾ ਫੇਰ ਦਿੱਤਾ । ਉਂਜ ਤਾਂ ਤੁਲਸੀ ਦੀ ਪੁਸਤਕ ਬਾਲਮੀਕ ਦੀ ਪੁਸਤਕ ਦਾ ਹੀ ਹਿੰਦੀ ਰੂਪ ਹੈ ਪਰ ਇਸ ਵਿੱਚ ਜੋ ਕੁਝ ਆਉਂਦਾ ਹੈ ਉਹ ਅਧਿਆਤਮਕ ਰਮਾਇਣ, ਹਨੂਮਾਨ ਨਾਟਕ ਤੇ ਸ੍ਰੀਮਦ ਭਾਗਵਦ ਦੇ ਘੇਰੇ ਵਿੱਚ ਆ ਜਾਂਦਾ ਹੈ ।

? ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਰਮਾਇਣ ਮਿਲਦੀ ਹੈ ।

— ਪਿਛਲੇ ਸੱਤਰ-ਅੱਸੀ ਸਾਲਾਂ ਵਿੱਚ ਪੈ੍ਰਸ ਦੀ ਸਹੂਲਤ ਕਰਕੇ ਰਾਮਾਇਣ ਦੀ ਕਹਾਣੀ ਅਨੇਕਾਂ ਰੂਪਾਂ ਵਿੱਚ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲਿਖੀ ਗਈ ਹੈ । ਵਾਰਤਕ ਦਾ ਵਿਕਾਸ ਵੀ ਏਸੇ ਯੁੱਗ ਵਿੱਚ ਹੋਇਆ ਹੈ । ਤਮਿਲ, ਤੇਲਗੂ, ਕਨਾਡੀ, ਮਲਿਆਲਮ, ਬੰਗਲਾ, ਗੁਜਰਾਤੀ, ਮਰਾਠੀ, ਹਿੰਦੀ ਆਦਿ ਦੇਸੀ ਬੋਲੀਆਂ ਵਿੱਚ ਲਿਖਾਰੀਆਂ ਨੇ ਵੱਧ ਤੋਂ ਵੱਧ ਜ਼ੋਰ ਲਾਏ ਹਨ ।

? ਤੇ ਤੁਸੀਂ ਪੰਜਾਬੀ ਵਿੱਚ ਜ਼ੋਰ ਲਾਇਆ ਹੈ ।

— ਹਿੰਦੀ ਵਿੱਚ ਦਰਜਨ ਕੁ ਪੂਰੇ ਅਧੂਰੇ ਰਾਮਾਇਣ ਦੇ ਅਨੁਵਾਦ ਮਿਲਦੇ ਹਨ । ਉਨ੍ਹਾਂ ਵਿੱਚ ਗੀਤਾ ਪੈ੍ਰਸ ਦੀ ਰਾਮਾਇਣ ਅਤੇ ਮਹਾਵੀਰ ਪ੍ਰਸਾਦ ਦੀ ਸੰਖੇਪ ਰਾਮਾਇਣ ਬਹੁਤ ਚੰਗੀਆਂ ਦਿਸਦੀਆਂ ਹਨ । ਪੰਜਾਬੀ ਵਿੱਚ ਇਹ ਵੱਡੀ ਊਣ ਸੀ । ਵਾਰਤਕ ਵਿੱਚ ਲਿਖੀ ਰਾਮਕਥਾ ਨੇ ਇਸ ਊਣ ਨੂੰ ਦੂਰ ਕਰਨ ਦਾ ਯਤਨ ਕੀਤਾ ਸੀ । ਪੰਜਾਬੀ ਦੀਆਂ ਜੜ੍ਹਾਂ ਵੇਦ ਦੀ ਬੋਲੀ ਤੇ ਪੁਰਾਣੀ ਸੰਸਕ੍ਰਿਤ ਵਿੱਚ ਹਨ । ਅਤੇ ਨਾਲ ਹੀ ਪੰਜਾਬ ਦੇ ਆਦਿ ਵਾਸੀਆਂ ਦੇ ਸ਼ਬਦ ਅਸਾਂ ਵਿਰਸੇ ਵਿੱਚ ਲਏ ਹਨ । ਇਨ੍ਹਾਂ 'ਚੋਂ ਆਏ ਸ਼ਬਦ ਜਿਸ ਤਰ੍ਹਾਂ ਸਾਡੀ ਬੋਲੀ ਵਿੱਚ ਫੱਬਦੇ ਹਨ ਉਸ ਤਰ੍ਹਾਂ ਬਾਹਰ ਤੋਂ ਲਏ ਫ਼ਾਰਸੀ ਤੇ ਅਰਬੀ ਦੇ ਸ਼ਬਦ ਨਹੀਂ । ਹਾਂ, ਲੰਮੀ ਵਰਤੋਂ ਨਾਲ ਜਿਹੜੇ ਓਪਰੇ ਸ਼ਬਦ ਸਾਡੇ ਆਪਣੇ ਬਣ ਗਏ ਹਨ ਉਹ ਲੈਣੋਂ ਨਾਂਹ ਨਹੀਂ ਹੋਣੀ ਚਾਹੀਦੀ । ਮੈਂ ਇਹ ਗੱਲਾਂ ਅੱਖਾਂ ਅੱਗੇ ਰੱਖਕੇ ਰਾਮ ਕਥਾ ਲਿਖੀ ।

? ਲੱਗਦੇ ਹੱਥ ਕੁਝ ਰਾਮਗੀਤ ਬਾਰੇ ਵੀ ਦੱਸ ਦਿਉ ।

— ਰਾਮਗੀਤ ਇੱਕ ਨਿੱਕੇ ਜਿਹੇ ਛੰਦ ਵਿੱਚ ਸਮੁੱਚਾ ਲਿਖਿਆ ਗਿਆ ਹੈ ਅਤੇ ਇਹ ਵੀ ਰਾਮਕਥਾ ਵਾਂਗ ਪੰਜਾਬੀ ਦੀ ਕਿਸੇ ਊਣ ਨੂੰ ਪੂਰਾ ਕਰਦਾ ਹੈ । ਇਹ ਬਾਲਮੀਕ ਦੀ ਰਾਮਾਇਣ ਦਾ ਉਲਥਾ ਤੇ ਨਹੀਂ । ਹਾਂ, ਕਹਾਣੀ ਬਾਲਮੀਕ ਦੀ ਅਤੇ ਕ੍ਰਮ ਵੀ ਓਹੀ ਹੈ । ਢੰਗ ਤੇ ਬੋਲੀ ਆਪਣੇ ਹਨ । ਪਰ ਭਾਵ ਉਸ ਕਵੀਆਂ ਦੇ ਕਵੀ ਦੇ ਹਨ । ਪੁਰਾਣੀਆਂ ਕਹਾਣੀਆਂ ਦੇ ਸੰਕੇਤ ਇਸ ਵਿੱਚ ਉਸੇ ਤਰ੍ਹਾਂ ਮਿਲਦੇ ਹਨ ਜਿਸ ਤਰ੍ਹਾਂ ਰਾਮਕਥਾ ਵਿੱਚ ।

? ਤੁਸੀਂ ਲੰਮੀ ਕਵਿਤਾ ਵਾਸਤੇ ਕੋਰੜਾ ਛੰਦ ਹੀ ਪਸੰਦ ਕਿਉਂ ਕੀਤਾ ।

— ਇਸਦਾ ਕਾਰਣ ਬਹੁਤ ਦੂਰ ਬਚਪਨ ਵੇਲੇ ਦੀ ਇੱਕ ਘਟਨਾ ਹੈ । ਸਾਡੇ ਮਹੱਲੇ ਦੇ ਚੌਂਕ ਵਿੱਚ ਕਦੀ ਕਦੀ ਇੱਕ ਮੰਗਤਾ ਆਉਂਦਾ ਸੀ ਤਾਂ ਰੌਣਕ ਲੱਗ ਜਾਂਦੀ ਸੀ । ਛੋਟਾ ਜਿਹਾ ਕੱਦ, ਵਾਲ ਪੱਕੇ, ਮੂੰਹ ਮੱਥਾ ਝੁਰੜੀਆਂ ਨਾਲ ਭਰਿਆ ਹੋਇਆ, ਮੂੰਹ ਵਿੱਚ ਦੋ- ਤਿੰਨ ਦੰਦ ਤੇ ਫਟੇ ਪੁਰਾਣੇ ਕੱਪੜੇ । ਇਸ ਸਭ ਕੁਝ ਦੇ ਵਿੱਚੋਂ ਉਹਦੀਆਂ ਅੱਖਾਂ ਹਰ ਵੇਲੇ ਮੁਸਕਰਾਉਂਦੀਆਂ ਦਿਸਦੀਆਂ ਸਨ । ਆਉਂਦਾ ਸੀ ਤੇ ਅਸੀਂ ਬੱਚੇ ਰਲ ਕੇ ਕਹਿੰਦੇ ਸਾਂ :

'ਕਾਹਨਾ ਕੁੜੀ ਦਾ ਮਾਮਾ, ਲਟਰਾਂ ਲਮਕਦੀਆਂ ।'

ਅਸੀਂ ਪੈਸਾ ਪੈਸਾ ਉਹਦੇ ਕਟੋਰੇ ਵਿੱਚ ਪਾ ਦਿੰਦੇ ਸਾਂ ਤੇ ਉਹ ਇੱਕ ਹੱਥ 'ਚ ਕਟੋਰਾ ਤੇ ਦੂਸਰੇ ਹੱਥ 'ਚ ਛਮਕ ਲੈ ਕੇ ਨੱਚਦਾ ਸੀ ਅਤੇ ਇਹ ਗੀਤ ਗਾਉਂਦਾ ਚਲਾ ਜਾਂਦਾ ਸੀ :

'ਮੱਠੀਆਂ ਦੇ ਨਾਲ ਬੁੱਢਾ ਖੂਬ ਰੱਜਿਆ ।'

ਇਹ ਉਸਦਾ ਗੀਤ ਅਸੀਂ ਰੋਜ਼ ਗਾਉਂਦੇ ਸਾਂ । ਅਜੇ ਤੱਕ ਵੀ ਕਾਹਨੇ ਦਾ ਹੁਲੀਆ ਅੱਖਾਂ ਸਾਹਮਣੇ ਆਉਂਦਾ ਹੈ ਤੇ ਇਹ ਲਾਈਨ ਬੋਲ ਦੇਈਦੀ ਹੈ । ...ਇਸੇ ਛੰਦ ਵਿੱਚ ਰਾਮ-ਗੀਤ ਲਿਖਣਾ ਸ਼ੁਰੂ ਕਰ ਦਿੱਤਾ ।

? ਰਾਮਗੀਤ ਦੇ ਛੰਦ ਲਈ ਤਾਂ ਤੁਹਾਡਾ ਪ੍ਰੇਰਣਾ ਸਰੋਤ 'ਕਾਹਨਾ' ਬਣਿਆ, ਇਸ ਦੀ ਕਥਾ ਲਈ ਪ੍ਰੇਰਣਾ ਵੀ ਤਾਂ ਅਜਿਹੇ ਹੀ ਕਿਸੇ ਪਾਤਰ ਤੋਂ ਨਹੀਂ ਮਿਲੀ ।

— ਮੈਂ 6-7 ਸਾਲ ਦਾ ਸਾਂ ਕਿ ਸਾਡੇ ਪਿੰਡ ਵਿੱਚ ਇੱਕ ਪੰਡਿਤ ਦੁਆਬੇ ਤੋਂ ਘੁੰਮਦਾ ਘੁਮਾਂਦਾ ਆ ਨਿਕਲਿਆ । ਲੰਮਾ ਪਤਲਾ, ਬਣਦਾ ਤਣਦਾ, 40-45 ਸਾਲ ਦਾ ਪੰਡਿਤ ਪਦਮ ਨਾਭ । ਸ਼ਾਇਦ ਸਾਡੇ ਪਿੰਡ ਦੀ, ਉਹਨੂੰ ਦੱਸ ਪਈ ਸੀ । ਪਤਾ ਲੱਗਾ ਕਿ ਉਹ ਰਾਮਾਇਣ ਅਤੇ ਮਹਾਭਾਰਤ ਦੀ ਕਥਾ ਕਈ ਸਾਲਾਂ ਤੋਂ ਕਰ ਰਿਹਾ ਸੀ । ਉਸ ਨੂੰ ਬੜੀ ਚੰਗੀ ਬੈਠਕ ਵਿੱਚ ਰਖਾਇਆ ਗਿਆ । ਨਾਲ ਹੀ ਇੱਕ ਸਾਡਾ ਸੌ ਸਾਲ ਪੁਰਾਣਾ ਖ਼ੂਬਸੂਰਤ ਮੰਦਿਰ ਸੀ । ਉਸਦੇ ਅੱਗੇ ਇੱਕ ਵੱਡਾ ਥੜ੍ਹਾ ਸੀ । ਉਥੇ ਪੰਡਿਤ ਜੀ ਦੀ ਚੌਂਕੀ ਡਾਹ ਦਿੱਤੀ ਗਈ ।

ਪਹਿਲੇ ਦਿਨ ਤੋਂ ਉਹਨਾਂ ਦੀ ਕਥਾ ਨੇ ਸਰੋਤਿਆਂ ਤੇ ਜਾਦੂ ਪਾ ਦਿੱਤਾ । ਸੰਸਕ੍ਰਿਤ ਦੇ ਸਲੋਕ ਪੜ੍ਹਦੇ ਸਨ, ਉਹਦੇ ਨਾਲ ਹੀ ਬੜੀ ਸਾਦਾ ਹਿੰਦੀ ਵਿੱਚ ਖੋਲ੍ਹ ਕੇ ਵਿਆਖਿਆ ਕਰਦੇ ਸਨ । ਮੈਂ ਸ਼ਾਮ ਨੂੰ ਚੌਂਕੀ ਡਹਿਣ ਤੋਂ ਪਹਿਲਾਂ ਹੀ ਨਿਯਮ ਨਾਲ ਜਾ ਬਹਿੰਦਾ ਸਾਂ । ਮਿਡਲ ਵਿੱਚ ਪੜ੍ਹਨ ਵਾਸਤੇ ਨਾਲ ਦੇ ਹੀ ਕਸਬੇ ਦੇ ਸਕੂਲ ਵਿੱਚ ਜਦ ਮੈਂ ਗਿਆ ਤਾਂ ਵੀ ਮੈਂ ਇਹ ਨਿਯਮ ਨਹੀਂ ਤੋੜਿਆ । ਪੰਡਿਤ ਜੀ ਕੋਈ ਵੀਹ ਸਾਲ ਰਾਮਾਇਣ ਅਤੇ ਮਹਾਭਾਰਤ ਦੀ ਵਾਰੀ ਵਾਰੀ, 12 ਮਹੀਨੇ, ਕਥਾ ਕਰਦੇ ਰਹੇ ਅਤੇ ਇੱਕ ਤਰ੍ਹਾਂ ਸਾਰੇ ਪਿੰਡ ਨੂੰ ਰਾਮਾਇਣ ਤੇ ਮਹਾਭਾਰਤ ਦੇ ਵਿਦਵਾਨ ਬਣਾ ਗਏ । ਮੇਰੇ ਦਿਮਾਗ਼ ਵਿੱਚ ਰਾਮਾਇਣ ਦੇ ਬੀਜ ਪੈ ਗਏ ।

? ਸ਼ਾਸਤਰੀ ਜੀ, ਗੱਲ ਲੰਬੀ ਹੁੰਦੀ ਜਾ ਰਹੀ ਹੈ । ਹੁਣ ਤੁਸੀਂ ਇਹ ਦੱਸੋ ਕਿ ਸੰਪਾਦਕਾਂ ਦਾ ਵਿਹਾਰ ਤੁਹਾਡੇ ਨਾਲ ਕਿਹੋ ਜਿਹਾ ਰਿਹਾ ।

— 1930 ਵਿੱਚ ਲੋਹੜੀ ਵਾਲੇ ਦਿਨ ਨਿੱਕਾ ਜਿਹਾ ਟੱਬਰ, ਧੁੱਪ ਵਿੱਚ ਬੈਠਾ ਗੱਲਾਂ ਵਿੱਚ ਰੁੱਝਾ ਹੋਇਆ ਸੀ ਕਿ ਅਚਾਨਕ 'ਮੌਜੀ' ਦੇ ਸੰਪਾਦਕ ਮੇਰੇ ਪਿਆਰੇ ਦੋਸਤ ਐਸ. ਐਸ. ਚਰਨ ਸਿੰਘ ਸ਼ਹੀਦ ਆ ਨਿਕਲੇ । ਖ਼ੂਬ ਸੁੱਖ-ਸਾਂਦਾਂ ਹੋਈਆਂ, ਇੱਧਰ ਓਧਰ ਦੀਆਂ ਗੱਲਾਂ ਤੁਰੀਆ । ਖੁਸ਼ੀਆਂ ਵਿੱਚ ਤਿੰਨ ਚਾਰ ਘੰਟੇ ਬੀਤ ਗਏ । ਮੈਂ ਸ਼ਹੀਦ ਜੀ ਨੂੰ ਬਜ਼ਾਰ ਦੀ ਸੈਰ ਕਰਾਈ । ਕੁਝ ਮਿੱਤਰਾਂ ਨਾਲ ਮਿਲਾਇਆ । ਘਰ ਆ ਕੇ ਸ਼ਾਮ ਨੂੰ ਮੈਂ ਕਿਹਾ, 'ਕੱਲ੍ਹ ਪਹਿਲੀ ਮਾਘ ਹੈ । ਹੀਰ ਦੇ ਮਕਬਰੇ ਕੋਲ ਮੇਲਾ ਲੱਗਦਾ ਹੈ, ਉਸਨੂੰ ਮਾਘੀ ਦਾ ਮੇਲਾ, ਹੀਰ ਮਾਈ ਦਾ ਮੇਲਾ ਅਤੇ ਤੀਰ ਕਮਾਨਾਂ ਦਾ ਮੇਲਾ ਵੀ ਕਹਿੰਦੇ ਨੇ ।' ਸਵੇਰ ਸਾਰ ਅਸੀਂ ਮਕਬਰੇ ਵੱਲ ਚੱਲ ਪਏ । ਉਹ ਕਿਸੇ ਪਿੰਡ ਦੇ ਥੇਹ ਤੇ ਉਚੀ ਥਾਂ ਬਣਿਆ ਹੋਇਆ ਹੈ । ਕਬਰ ਦੇ ਆਲੇ-ਦੁਆਲੇ ਚੱਕਰ ਲਾਇਆ । ਇੱਧਰ ਉਧਰ ਨਜ਼ਾਰਾ ਵੇਖਿਆ । ਥੱਲੇ ਉਤਰੇ ਤਾਂ ਮੇਲਾ ਜੋ ਸੂਰਜ ਚੜ੍ਹਦਿਆਂ ਹੀ ਲੱਗ ਪਿਆ ਸੀ, ਦੇਖਿਆ । ਬੜੀ ਗਹਿਮਾ-ਗਹਿਮੀ ਸੀ, ਜਿਧਰ ਦੇਖੋ ਬੱਚਿਆਂ ਨੇ ਤੀਰ ਕਮਾਨ ਤੇ ਚੜਚੜੀਆਂ ਹੱਥਾਂ ਵਿੱਚ ਲਈਆਂ ਹੋਈਆਂ ਸਨ । ਲੱਕੜੀ, ਮਿੱਟੀ ਦੇ ਖਿਡੌਣਿਆਂ ਦੇ ਢੇਰਾਂ ਦੇ ਢੇਰ ਲੱਗੇ ਹੋਏ ਸਨ । ਇਸ ਮੇਲੇ ਵਿੱਚ ਲੜਕੀਆਂ, ਜਨਾਨੀਆਂ ਸ਼ਾਮਲ ਨਹੀਂ ਹੁੰਦੀਆਂ । ਦੂਜੇ ਦਿਨ ਸਵੇਰੇ ਸਾਰ ਸ਼ਹੀਦ ਜੀ ਅੰਮ੍ਰਿਤਸਰ ਚਲੇ ਗਏ । ਮਹੀਨੇ ਕੁ ਬਾਅਦ ਇੱਕ ਦਿਨ ਡਾਕੀਆ ਡਾਕ ਵਿੱਚ ਇਕ ਮੈਗਜ਼ੀਨ ਵੀ ਲਿਆਇਆ ਜਿਸ ਦਾ ਨਾਂ 'ਹੰਸ' ਸੀ । ਧਿਆਨ ਨਾਲ ਵੇਖਿਆ ਤੇ ਸੰਪਾਦਕ ਸਨ ਐਸ. ਐਸ. ਚਰਨ ਸਿੰਘ ਸ਼ਹੀਦ । ਇਹ ਉਹਨਾਂ ਦੀ ਨਵੀਂ ਮਾਸਿਕ ਪੱਤ੍ਰਿਕਾ ਦਾ ਪਹਿਲਾ ਅੰਕ ਸੀ । ਸ਼ਹੀਦ ਜੀ ਜਦੋਂ ਮੇਰੇ ਕੋਲ ਠਹਿਰੇ ਸੀ, ਉਸ ਵੇਲੇ ਉਹਨਾਂ ਨੇ ਇਸ ਪੱਤ੍ਰਿਕਾ ਬਾਰੇ ਕੋਈ ਗੱਲ ਨਹੀਂ ਸੀ ਕੀਤੀ । ਖੋਲ੍ਹਿਆ ਤੇ ਪਹਿਲੇ ਸਫ਼ੇ 'ਤੇ ਹੀ ਲਿਖਿਆ ਸੀ 'ਕੁਣਾਲ', ਬੜੀ ਹੈਰਾਨੀ ਹੋਈ । ਪੜ੍ਹਨਾ ਸ਼ੁਰੂ ਕੀਤਾ ਤੇ ਪੜ੍ਹੀ ਗਿਆ । ਇੱਕ ਇੱਕ ਲਾਈਨ ਮੇਰੀ ਸੀ ਤੇ ਕਰਤਾ ਦਾ ਨਾਂ ਵੀ ਮੇਰਾ । ਮੈਨੂੰ ਯਾਦ ਆਇਆ ਕਿ ਮੈਂ ਮੇਜ਼ ਦੀ ਦਰਾਜ਼ ਵਿੱਚ 'ਕੁਣਾਲ' ਦੀਆਂ ਦੋ ਕਾਪੀਆਂ-ਇੱਕ ਗੁਰਮੁਖੀ ਤੇ ਦੂਸਰੀ ਫ਼ਾਰਸੀ ਅੱਖਰਾਂ ਵਿੱਚ ਰੱਖੀਆਂ ਸਨ । ਦਰਾਜ਼ ਖੋਲ੍ਹਿਆ ਤਾਂ ਦੋਵੇਂ ਕਾਪੀਆਂ ਨਦਾਰਦ । ਸਮਝ ਗਿਆ, ਚੁੱਪ ਕੀਤੇ ਸ਼ਹੀਦ ਜੀ ਉਥੋਂ ਕੱਢ ਕੇ ਲੈ ਗਏ ਸਨ । ਉਨ੍ਹਾਂ ਨੇ ਗੁਰਮੁਖੀ ਵਾਲੀ ਕਾਪੀ ਆਪਣੇ 'ਗੁਰੂ ਖ਼ਾਲਸਾ ਪ੍ਰੈਸ' ਵਿੱਚ ਛਾਪ ਦਿੱਤੀ ਤੇ ਦੂਜੀ ਕਾਪੀ ਪ੍ਰੋ ਮੋਹਨ ਸਿੰਘ ਕੋਲੋਂ 'ਪੰਜ ਦਰਿਆ' ਵਿੱਚ ਛਪਵਾ ਦਿੱਤੀ ।

? ਇਹ ਚੰਗੀ ਰਹੀ, ਹੁਣ ਆਪਣਾ ਕੋਈ ਅਨੁਭਵ ਪ੍ਰਕਾਸ਼ਕ ਵਾਲਾ ਵੀ ਦੱਸੋ ।

— ....ਮੈਂ ਰਾਮ ਕਥਾ ਛਪਵਾਉਣ ਦਾ ਖ਼ਿਆਲ ਕੀਤਾ । ਲੁਧਿਆਣੇ ਵਿੱਚ ਛਪਵਾਉਣ ਦਾ ਖ਼ਿਆਲ ਕਰਕੇ ਮੈਂ ਪਟਿਆਲੇ ਦੇ ਰਸਤੇ ਦੋ ਤਿੰਨ ਦਿਨ ਪ੍ਰੋਫ਼ੈਸਰ ਗੰਡਾ ਸਿੰਘ (ਡਾ.) ਕੋਲ ਠਹਿਰਿਆ । ਉਥੋਂ ਟੁਰਨ ਦਾ ਖ਼ਿਆਲ ਕਰਕੇ ਮੈਂ ਆਪਣੇ ਕਮਰੇ ਵਿੱਚ ਅਟੈਚੀ ਖੋਲ੍ਹ ਕੇ ਕੱਪੜੇ ਬਦਲ ਰਿਹਾ ਸਾਂ ਕਿ ਠੀਕ ਉਸ ਵੇਲੇ ਕਮਰੇ ਵਿੱਚ (ਗੰਡਾ ਸਿੰਘ ਹੁਰੀਂ) ਆ ਗਏ ਅਤੇ ਖੁੱਲ੍ਹੀ ਅਟੈਚੀ ਵਿੱਚੋਂ ਕਾਗ਼ਜ਼ਾਂ ਦਾ ਦੱਥਾ ਦੇਖ ਕੇ ਬੋਲੇ : 'ਇਹ ਕੀ ਹੈ?' ਨਾਲ ਹੀ ਝੁਕ ਕੇ ਉਹ ਪੁਲੰਦਾ ਚੁੱਕ ਲਿਆ । ਪੰਜ ਸੱਤ ਪ੍ਰਿੰਟ ਵਰਕੇ ਉਥਲ ਕੇ, ਉਪਰੋਂ ਪੜ੍ਹ ਕੇ ਬੋਲੇ : 'ਇਹ ਕਿਤੇ ਛਪਵਾਉਣ ਲਈ ਲੈ ਚਲੇ ਓ?' ਹਾਂ ਜੀ, ਲੁਧਿਆਣੇ । ਲੁਧਿਆਣੇ ਦਾ ਨਾਂ ਸੁਣ ਕੇ ਪ੍ਰੋਫ਼ੈਸਰ ਸਾਹਿਬ ਨੇ ਜ਼ੋਰ ਦੀ ਤਾੜੀ ਮਾਰੀ ਤੇ ਹੱਸ ਕੇ ਬੋਲੇ 'ਲੁਧਿਆਣੇ' ਸਬੱਬ ਨਾਲ ਉਨ੍ਹਾਂ ਦਾ ਸਹਾਇਕ ਕਮਰੇ ਦੇ ਬਾਹਰ ਹੀ ਖਲੋਤਾ ਹੋਇਆ ਸੀ । ਉਸਨੂੰ ਬੋਲੇ : 'ਇਹ ਪ੍ਰੈਸ ਵਿੱਚ ਆਪੇ ਦੇ ਆਉ । ਸਭ ਤੋਂ ਪਹਿਲਾਂ ਇਹ ਹੀ ਕਿਤਾਬ ਛਪੇ ।'

? ਸ਼ਾਸਤਰੀ ਜੀ, ਓਦੋਂ ਆਲੋਚਕਾਂ ਦਾ ਰਵੱਈਆ ਕੀ ਸੀ ।

— ਕੁਝ ਹੀ ਦਿਨਾਂ ਵਿੱਚ ਕਿਤਾਬ ਛਪ ਗਈ । ਉਹਦੇ ਬਾਅਦ ਹੀ ਭਾਈ ਜੋਧ ਸਿੰਘ ਨੇ ਅੰਗਰੇਜ਼ੀ ਦੀ ਚਿੱਠੀ ਰਾਹੀਂ ਮੈਨੂੰ 'ਰਾਮ ਕਥਾ' ਛਪਣ ਤੇ ਹਾਰਦਿਕ ਮੁਬਾਰਕ ਦਿੱਤੀ ਤੇ ਕੁਝ ਸਤਰਾਂ ਆਪਣੀ ਰਾਇ ਦੀਆਂ ਦਿੱਤੀਆਂ । ਉਹਨਾਂ ਦਾ ਸੰਖੇਪ ਇਹ ਹੈ: 'ਪਿਛਲੇ ਦਸਾਂ ਸਾਲਾਂ ਵਿੱਚ ਸਭ ਤੋਂ ਉਤਮ ਇਹ ਕਿਤਾਬ ਹੈ । ਇਸਦੀ ਭਾਸ਼ਾ ਸਾਦੀ ਪਰ ਜ਼ੋਰਦਾਰ ਹੈ । ਲਿਖਣ ਦਾ ਢੰਗ ਬਹੁਤ ਅੱਛਾ ਹੈ । ਮੈਂ ਉਭਰਦੇ ਪੰਜਾਬੀ ਲੇਖਕਾਂ ਨੂੰ ਇਹ ਸਲਾਹ ਦੇਵਾਂਗਾ ਕਿ ਇਹ ਵੀ ਪੜ੍ਹ ਦੇਖੋ ।'

? ਸ਼ਾਸਤਰੀ ਜੀ, ਲੱਗਦਾ ਹੈ ਕਿ ਤੁਹਾਨੂੰ ਕਿਸੇ ਨਾਲ ਕੋਈ ਸ਼ਿਕਾਇਤ ਹੀ ਨਹੀਂ । ਹੁਣ ਇਹ ਦੱਸੋ ਕਿ ਲਿਖਾਰੀ ਦੀ ਲਾਈਨ ਪਕੜ ਕੇ ਕੈਸਾ ਅਨੁਭਵ ਕੀਤਾ ਹੈ । ਕਿਸੇ ਰੁਕਾਵਟ, ਖੁਸ਼ੀ ਜਾਂ ਨਿਰਾਸ਼ਾ ਦਾ ਸਾਹਮਣਾ ਤੇ ਜ਼ਰੂਰ ਹੀ ਹੋਇਆ ਹੋਵੇਗਾ ।

— ਮੇਰੇ ਸਾਹਮਣੇ ਪੈਸੇ ਕਮਾਉਣ ਵਾਲੀਆਂ ਜਾਂ ਹਕੂਮਤ ਕਰਨ ਵਾਲੀਆਂ ਲਾਈਨਾਂ ਉਸ ਜ਼ਮਾਨੇ ਵਿੱਚ ਬਥੇਰੀਆ ਸਨ ਪਰ ਇਸ ਪਾਸੇ ਮੇਰਾ ਰੁਝਾਨ ਸੀ ਅਤੇ ਮੈਨੂੰ ਪੈਸੇ ਜਾਂ ਹਕੂਮਤਾਂ ਦਾ ਕਦੀ ਵੀ ਸ਼ੌਕ ਨਹੀਂ ਹੋਇਆ । ਨਿਸ਼ਕਾਮ ਹੋ ਕੇ ਇਹ ਸੇਵਾ ਆਪਣੇ ਹੱਥ ਵਿੱਚ ਲਈ ਹੈ । ਉਸਦੇ ਮੁਤਾਬਕ ਇਹ ਯੋਗਦਾਨ ਮੈਂ ਦੇ ਪਾਇਆ ਹਾਂ ।

? ਕਿਤਾਬਾਂ ਵੇਚਣ ਵਾਲਿਆ ਬਾਰੇ ਕੋਈ ਅਨੁਭਵ ।

— ਹਾਂ, ਦੁਕਾਨਦਾਰਾਂ ਦੇ ਸਲੂਕ ਦੇਖੇ ਹਨ । ਐਨਾ ਚਿਰ ਕੋਰਸ ਵਿੱਚ ਕਿਤਾਬਾਂ ਲੱਗੀਆਂ ਰਹੀਆਂ ਪਰ ਦੁਕਾਨਦਾਰਾਂ ਨੇ ਚੋਰੀ ਚੋਰੀ ਛਾਪੀਆਂ ਤੇ ਜਦੋਂ ਕੋਈ ਚੋਰ ਪਕੜਿਆ ਗਿਆ, ਮੁਆਫ਼ੀ ਮੰਗ ਲਈ, ਬੱਸ ਜੀ ਠੀਕ ਹੈ । ਆਪਣੇ ਪੈਸੇ ਵੀ ਮੁਸ਼ਕਿਲ ਨਾਲ ਹੀ ਵਾਪਿਸ ਆਉਂਦੇ ਹਨ । ਜੇ ਮੈਨੂੰ ਪੈਸੇ ਦੀ ਲੋੜ ਹੁੰਦੀ ਤਾਂ ਕਿਤਾਬਾਂ ਲਿਖ ਕੇ ਜ਼ਰੂਰ ਭੁੱਖਾ ਮਰਦਾ । ਟੈਕਸਟ ਬੁੱਕ ਕਮੇਟੀ ਲਾਹੌਰ ਵਿੱਚ ਚਾਰ ਪੰਜ ਸਾਲ ਰਹਿੰਦਿਆਂ ਪੈਸੇ ਕਮਾਉਣ ਵਾਲੀਆਂ ਕਿਤਾਬਾਂ ਲਿਖਣ ਦੇ ਬੜੇ ਮੌਕੇ ਸਨ ਪਰ ਉਸ ਪਾਸੇ ਮੈਂ ਇੱਕ ਮਿੰਟ ਵੀ ਧਿਆਨ ਨਹੀਂ ਦਿੱਤਾ ।... ..

ਜ਼ਰਾ ਧਿਆਨ ਦਿਉ! ਇਹ ਬਜ਼ੁਰਗ ਲਿਖਾਰੀ ਅੱਜਕੱਲ੍ਹ ਦਿੱਲੀ ਵਿੱਚ ਆਪਣੇ ਰਿਟਾਇਰਡ ਬੇਟੇ ਕੋਲ ਰਹਿੰਦਾ ਹੈ; ਆਪਣੀ ਪਤਨੀ ਸਮੇਤ । ਪਤਾ ਨੋਟ ਕਰ ਲਉ :

ਸ੍ਰੀ ਬ੍ਰਿਜਲਾਲ ਸ਼ਾਸਤਰੀ
ਸੀ. 2-39, ਤਿਲਕ ਮਾਰਗ,
ਨਵੀਂ ਦਿੱਲੀ -110001.

3. ਅੰਮ੍ਰਿਤਾ ਪ੍ਰੀਤਮ

ੳ) ਅੰਮ੍ਰਿਤਾ : ਇੱਕ ਆਧੁਨਿਕ ਮਿੱਥ;

ਮੰਗਲਾਚਰਣ!
ਕੇ-25, ਹੌਜ਼ ਖ਼ਾਸ, ਨਵੀਂ ਦਿੱਲੀ ।
ਬੋਗਨਵਿਲੀਆ ਦੀਆਂ ਵੇਲਾਂ ਵਿਚਕਾਰ ਇੱਕ ਨੇਮ ਪਲੇਟ :
ਅੰਮ੍ਰਿਤਾ ਨਾਗਮਣੀ ਇਮਰੋਜ਼ ।

ਇੱਕ ਯੂਨੀਵਰਸਿਟੀ ਪ੍ਰੋਫ਼ੈਸਰ ਦੀ ਬੀਵੀ ਕਹਿੰਦੀ ਹੈ:
ਅੰਮ੍ਰਿਤਾ ਜੀ! ਇਹ ਨਾਗਮਣੀ ਤੁਹਾਨੂੰ ਦੋਹਾਂ ਨੂੰ ਵਿਛੋੜ ਰਹੀ ਹੈ ।
'ਵਿਛੋੜ ਰਹੀ ਹੈ? ਅੰਮ੍ਰਿਤਾ ਤੇ ਇਮਰੋਜ਼ ਦੇ ਮੂੰਹੋਂ
ਇਕੱਠਿਆਂ ਨਿਕਲਦਾ ਹੈ, 'ਧਿਆਨ ਨਾਲ ਦੇਖੋ, ਇਹ ਤਾਂ ਸਾਨੂੰ ਦੋਹਾਂ ਨੂੰ ਜੋੜ ਰਹੀ ਹੈ ।'

ਮੌਲਿਕਤਾ ਦਾ ਸੰਕਟ:

ਅੰਮ੍ਰਿਤਾ ਪ੍ਰੀਤਮ ਨੇ ਇੱਕ ਖ਼ੂਬਸੂਰਤ ਸਾਜ਼ਿਸ਼ ਬੁਣੀ ਹੋਈ ਹੈ । ਪਹਿਲਾਂ 'ਕਾਲਾ ਗੁਲਾਬ' ਲਿਖ ਕੇ ਪੰਜਾਬੀਆਂ ਦੀ ਨਬਜ਼ ਟੋਹੀ, ਫਿਰ ਬੇ-ਧੜਕ ਹੋ ਕੇ 'ਰਸੀਦੀ ਟਿਕਟ' ਛਾਪ ਦਿੱਤੀ । ਕਿਰਮਚੀ ਲਕੀਰਾਂ; ਦਸਤਾਵੇਜ਼, ਸਫ਼ਰਨਾਮਾ ਛਾਪਣ ਵੇਲੇ ਵੀ ਉਹ ਅਗਲੀ ਪੀੜ੍ਹੀ ਲਈ ਜ਼ਮੀਨ ਹੀ ਤਿਆਰ ਕਰ ਰਹੀ ਸੀ । ਦਲੀਪ ਕੌਰ ਟਿਵਾਣਾ ਕੋਲੋਂ 'ਨੰਗੇ ਪੈਰਾਂ ਦਾ ਸਫ਼ਰ' ਲਿਖਵਾਇਆ ਵੀ ਤੇ ਛਾਪਿਆ ਵੀ । ਅਜੀਤ ਕੌਰ ਨੂੰ 'ਖਾਨਾ ਬਦੋਸ਼' ਅਖਵਾਉਣ ਦਾ ਬਲ ਬਖਸ਼ਿਆ । ਲੇਖਕਾਂ ਦੀਆਂ ਬੀਵੀਆਂ ਦੇ ਬਿਆਨ ਰਿਕਾਰਡ ਕੀਤੇ । ਕੰਧਾਂ ਨੂੰ ਬੁੱਲ੍ਹ ਦੇ ਕੇ ਚਾਰ-ਦੀਵਾਰੀ ਵਿਚਲਾ ਸੰਸਾਰ ਉਜਾਗਰ ਕੀਤਾ । 'ਮੈਂ ਤੇ ਮੈਂ' ਲਿਖਵਾ ਕੇ ਲੇਖਕਾਂ ਦੇ ਹਲਫ਼ੀਆ ਬਿਆਨਾਂ 'ਤੇ ਅੰਗੂਠੇ ਲਵਾ ਲਏ । ਕਮਰਿਆਂ ਦਾ ਸੱਚ ਕਾਗਜ਼ਾਂ ਤੱਕ ਪੁਚਾ ਦਿੱਤਾ । ਨਾਗਮਣੀ ਦਾ ਹਿਪਨੋਟਿਜ਼ਮ ਸਾਡੇ ਕੋਲੋਂ ਉਹ ਕੁਝ ਬਕਵਾ ਗਿਆ ਹੈ, ਜੋ ਸ਼ਾਇਦ ਹਿੰਦੁਸਤਾਨੀ ਪੁਲਿਸ ਵੀ ਨਾ ਬਕਵਾ ਸਕਦੀ । ਡਾਇਰੀ ਜਦੋਂ ਤੱਕ ਕਬਜ਼ੇ ਵਿੱਚ ਹੋਏ, ਸੋਧੀ ਜਾ ਸਕਦੀ ਹੈ ਤੇ ਉਹ ਸੋਧ ਵੀ ਮੌਲਿਕ ਹੁੰਦੀ ਹੈ । ਪਰ ਛਪੇ ਨੂੰ ਸੋਧਣਾ ਇਸ ਜਨਮ ਵਿੱਚ ਤਾਂ ਮੁਮਕਿਨ ਨਹੀਂ । ਸ਼ਾਇਦ ਏਸੇ ਲਈ ਅੰਮ੍ਰਿਤਾ ਨੇ ਸਾਡੀ ਹੱਥੀਂ 'ਕੋਰੇ ਕਾਗਜ਼' ਫੜਾ ਕੇ ਬੀਤੇ ਦੀ ਸੁਧਾਈ ਕਰਨ ਦੀ ਮੁਹਲਤ ਵੀ ਦੇ ਦਿੱਤੀ । ਇਸ ਤੋਂ ਅੱਗੇ ਹੋਰ ਕੀ ਹੈ?...ਮੱਕਿਉਂ ਪਰੇ ਉਜਾੜ! ਇਸ ਪੀੜ੍ਹੀ ਦਾ ਸੱਚ ਨਾਗਮਣੀ ਦੇ ਪੰਨਿਆਂ 'ਤੇ ਮਹਿਫੂਜ਼ ਹੈ, ਜਿਸਦੇ 192 ਤੋਂ ਵੱਧ ਅੰਕ ਨਿਕਲ ਚੁੱਕੇ ਹਨ । ਨਾਗਮਣੀ ਆਪਣਾ ਸੋਲ੍ਹਵਾਂ ਸਾਲ ਬਖ਼ੂਬੀ ਪਾਰ ਕਰ ਗਈ ਹੈ । ਹੁਣ ਜਦੋਂ ਮੈਂ ਅੰਮ੍ਰਿਤਾ ਪ੍ਰੀਤਮ ਦੇ ਬਾਰੇ ਕੁਝ ਮੌਲਿਕ ਲਿਖਣ ਦੀ ਸੋਚ ਰਿਹਾ ਹਾਂ ਤਾਂ ਸੰਕਟ ਵਿੱਚ ਫਸ ਗਿਆ ਹਾਂ । ਕਵਿਤਾ, ਗਲਪ ਤੇ ਗੱਦ ਦੇ ਅਸੀਮ ਵਿਸਥਾਰ ਵਿੱਚ ਅੰਮ੍ਰਿਤਾ ਦੀ ਸ਼ਖ਼ਸੀਅਤ ਅਭੇਦ ਹੋਈ ਪਈ ਹੈ । ਜੇ ਕੋਈ ਕਸਰ ਸੀ ਤਾਂ ਉਹ ਸਵੈ- ਜੀਵਨੀ-ਪੂਰਕ ਲਿਖਤਾਂ ਨੇ ਪੂਰੀ ਕਰ ਦਿੱਤੀ । 'ਹੁਣ ਕਿੱਥੋਂ ਲਿਆਈਏ ਲੱਭ ਕੇ, ਮੌਲਿਕ ਗੱਲ ਕੋਈ ਹੋਰ... ।'

ਨਾਗਮਣੀ-ਪੌਧ :

ਇੱਕ ਕੁੜੀ ਨੇ ਇੱਛਿਆਧਾਰੀ ਸਪਣੀ ਵੱਸ ਵਿੱਚ ਕੀਤੀ ਹੈ, ਵਰਮੀ ਦੇ ਚੋਗਿਰਦੇ ਬੈਠੇ, ਜੋਗੀ ਪਾਲੋ-ਪਾਲ ਓ ਯਾਰ!

ਕਿਸੇ ਵੀ ਕਵੀ ਦਾ ਨਾਂ ਲਵੋ:

ਸ਼ਿਵ ਕੁਮਾਰ, ਸਤੀ ਕੁਮਾਰ, ਹਰਿਭਜਨ, ਸੁਰਜੀਤ ਪਾਤਰ, ਦੇਵ, ਅਮਿਤੋਜ, ਮੋਹਨਜੀਤ, ਪ੍ਰਮਿੰਦਰਜੀਤ, ਰਾਜਬੀਰ, ਰਵਿੰਦਰ ਰਵੀ, ਜੋਗਾ ਸਿੰਘ, ਮੀਸ਼ਾ, ਗੁਰਦੇਵ ਚੌਹਾਨ, ਮਨਜੀਤ ਟਿਵਾਣਾ, ਕ੍ਰਿਸ਼ਨ ਅਸ਼ਾਂਤ....... ।

ਕਿਸੇ ਕਥਾਕਾਰ ਦਾ ਨਾਂ ਲਓ:

ਪ੍ਰੇਮ ਪ੍ਰਕਾਸ਼, ਪ੍ਰੇਮ ਗੋਰਖੀ, ਦਲੀਪ ਟਿਵਾਣਾ, ਭੁੱਲਰ ਤੇ ਰੁਪਾਣਾ, ਦੇਵਿੰਦਰ, ਵਿਰਦੀ, ਕੇਵਲ ਸੂਦ, ਭਾਰਦਵਾਜ, ਜਸਬੀਰ ਭੁੱਲਰ, ਦਲਬੀਰ ਚੇਤਨ, ਅਜੀਤ ਕੌਰ, ਰਸ਼ਿਮ, ਗੁਲ ਚੌਹਾਨ, ਕਿਰਪਾਲ ਕਜ਼ਾਕ, ਕੇ. ਐੱਲ. ਗਰਗ, ਮੋਹਨ ਭੰਡਾਰੀ, ਖੁਰਸ਼ੀਦ, ਸ਼ਮਸ਼ੇਰ ਸੰਧੂ, ਕਸ਼ਮੀਰ ਪੰਨੂੰ... ...

ਪੰਜਾਬੀ ਵਿੱਚ ਪ੍ਰਵਾਨਗੀ ਨੂੰ ਰਸਤਾ ਨਾਗਮਣੀ 'ਚੋਂ ਹੋ ਕੇ ਜਾਂਦਾ ਹੈ ।

ਅੰਦਾਜ਼-ਏ-ਬਿਆਂ:

ਦੋ ਬੰਦਿਆਂ ਨੇ ਇੱਕੋ ਮੰਡੀ 'ਚੋਂ ਇੱਕੋ ਢੇਰੀ ਤੋਂ ਤਰਾਂ ਖਰੀਦੀਆਂ । ਇੱਕ ਨੇ ਧੋ-ਬਣਾ ਕੇ, ਸਾਇਜ਼ ਮੁਤਾਬਕ ਛਾਂਟੀਆਂ ਤੇ ਸਲੀਕੇ ਨਾਲ ਵੇਚਣ ਲਈ ਰੱਖੀਆਂ ।
'ਲੈਲਾ ਕੀ ਉਂਗਲੀਆਂ ਲੋ, ਮਜਨੂੰ ਕੀ ਪਸਲੀਆਂ ਲੋ.............' ਤਰਾਂ ਧੜਾ ਧੜ ਵਿਕ ਰਹੀਆਂ ਸਨ ।

ਦੂਜਾ ਵੀ ਲਾਗੇ ਹੀ ਢੇਰੀ ਲਾਈ ਬੈਠਾ ਸੀ:
'ਮੇਰੀਆਂ ਵੀ ਇਹੋ ਜਿਹੀਆਂ ਜੇ,...... ਮੇਰੀਆਂ ਵੀ ਇਹੋ ਜਿਹੀਆਂ ਜੇ.......'
ਕੋਈ ਪੁੱਛ ਨਹੀਂ ਸੀ ਰਿਹਾ ।

ਦੋ ਔਰਤਾਂ ਨੇ ਇੱਕੋ ਭਾਸ਼ਾ 'ਚ ਸਾਹਿੱਤ ਰਚਣਾ ਸ਼ੁਰੂ ਕੀਤਾ । ਦੋਵੇਂ ਸੁਹਣੀਆਂ ਸਨ । ਦੋਵੇਂ ਬਾ-ਰਸੂਖ ਸਨ । ਦੋਵੇਂ ਇਨਾਮ-ਯਾਫ਼ਤਾ ਸਨ । ਦੋਵੇਂ ਦੇਸ਼-ਵਿਦੇਸ਼ ਘੁੰਮੀਆਂ ਸਨ । ਦੋਹਾਂ ਨੇ ਇੱਕੋ ਸ਼ਹਿਰ 'ਚੋਂ ਆਪਣਾ ਆਪਣਾ ਰਿਸਾਲਾ ਕੱਢਿਆ । ਸੰਪਾਦਕ ਦੀ ਡਾਕ ਵਿੱਚ ਦੋਹਾਂ ਲਈ 'ਦੀਦੀ' ਸੰਬੋਧਨ ਛਪਦਾ ਸੀ ।

ਇੱਕ ਦਾ ਪਰਚਾ ਤਾਂ ਇਤਿਹਾਸ ਬਣ ਗਿਆ । ਪੂਰੀ ਪੀੜ੍ਹੀ ਦਾ ਪ੍ਰਤਿਨਿਧ ਬਣ ਗਿਆ ।

ਦੂਜੇ ਪਰਚੇ ਦੀ ਕਥਾ:

'ਮੇਰੀਆਂ ਵੀ ਇਹੋ ਜਿਹੀਆਂ ਜੇ...... ਮੇਰੀਆਂ ਵੀ ਇਹੋ ਜਿਹੀਆਂ ਜੇ.......'

ਦ੍ਰਿਸ਼ਟੀ-ਭੇਦ:

- ਨਾਗਮਣੀ ਵੀ ਕੋਈ ਮੈਗਜ਼ੀਨ ਹੈ? ਇਹਦੇ ਤਾਂ ਲਿਫ਼ਾਫੇ ਵੀ ਨਹੀਂ ਬਣਦੇ!

- ਇਹ ਪੰਜਾਬੀ ਦਾ ਇੱਕੋ ਇੱਕ ਮੈਗ਼ਜ਼ੀਨ ਹੈ, ਜਿਸਦੇ ਲਿਫ਼ਾਫ਼ੇ ਨਹੀਂ ਬਣਦੇ ।

ਸਾਈਡਪੋਜ਼ :

ਪੰਜਾਬੀ ਯੂਨੀਵਰਸਿਟੀ ਵਿੱਚ ਅੰਮ੍ਰਿਤਾ ਦੀਆਂ ਨਜ਼ਮਾਂ ਸੁਣ ਕੇ ਵਾਪਿਸ ਆਉਂਦਿਆਂ ਕੁਲਵੰਤ ਸਿੰਘ ਵਿਰਕ ਨੂੰ ਪੁੱਛਿਆ:
'ਤੁਸੀਂ ਤਾਂ ਕਹਿੰਦੇ ਹੋ ਕਿ ਮੈਨੂੰ ਕਵਿਤਾ ਦੀ ਕੋਈ ਸਮਝ ਨਹੀਂ । ਨਾ ਕਵਿਤਾ ਸੁਣਦੇ ਹੋ ਨਾ ਕਵਿਤਾ ਬਾਰੇ ਰਾਏ ਦੇਂਦੇ ਹੋ । ਫਿਰ ਅੱਜ ਏਥੇ ਕਿਵੇਂ ਏਨੀ ਦੇਰ ਬੈਠੇ ਰਹੇ?'

- 'ਮੈਂ ਕੋਈ ਨਜ਼ਮਾਂ ਥੋੜ੍ਹਾ ਸੁਣ ਰਿਹਾ ਸਾਂ । ਮੈਂ ਤਾਂ ਅੰਮ੍ਰਿਤਾ ਨੂੰ ਸੁਣ ਰਿਹਾ ਸਾਂ ।' ਵਿਰਕ ਦਾ ਜਵਾਬ ਸੀ ।

ਮੁਲਾਕਾਤ :

ਦਫ਼ਤਰ ਦਾ ਇੱਕ ਬੁੱਢਾ ਸੁਪਰਡੈਂਟ, ਜਿਹੜਾ ਕਿ ਰਿਟਾਇਰ ਹੋਣ ਵੇਲੇ ਅੰਡਰ ਸੈਕਟਰੀ ਹੋ ਗਿਆ ਸੀ, ਬਿਨਾਂ ਕਿਸੇ ਲੱਜ- ਸ਼ਰਮ ਦੇ, ਦਫ਼ਤਰੀ ਸਮੇਂ ਵਿਚ, ਮੇਜ਼ ਨੂੰ ਢੋਲਕੀ ਬਣਾ ਕੇ ਅੰਮ੍ਰਿਤਾ ਦੇ ਗੀਤ ਗਾਉਣ ਲੱਗ ਪੈਂਦਾ ਸੀ ਤੇ ਦੱਸਦਾ ਹੁੰਦਾ ਸੀ ਕਿ ਮੈਂ ਅੰਮ੍ਰਿਤਾ ਦਾ ਲਾਹੌਰ ਤੋਂ ਵਾਕਿਫ਼ ਹਾਂ । ਮੈਂ ਤਾਂ ਅੰਮ੍ਰਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਕਈ ਵਾਰ ਦਸਖ਼ਤ ਵੀ ਕਰਕੇ ਆਇਆ ਹਾਂ । ਬੜੀ ਦੇਰ ਬਾਅਦ ਪਤਾ ਲੱਗਿਆ ਕਿ ਉਹ ਸ਼ਖਸ ਉਦੋਂ ਮਲੇਰੀਏ ਦੇ ਮਹਿਕਮੇ ਵਿੱਚ ਹੁੰਦਾ ਸੀ ਤੇ ਡੀ. ਡੀ. ਟੀ. ਛਿੜਕਣ ਇੱਕ ਦੋ ਵਾਰ ਗਿਆ ਸੀ ।

ਪੰਜਾਬ ਤੋਂ ਬਾਹਰ ਪੰਜਾਬੀ :

ਬੇਦੀ, ਫ਼ੈਜ਼, ਆਨੰਦ, ਖੁਸ਼ਵੰਤ ਸਿੰਘ, ਅਸ਼ਕ ਆਦਿ ਪਹਿਲਾਂ ਵੀ ਬਹੁਤ ਸਾਰੇ ਲਿਖਣ ਵਾਲੇ ਹੋਏ ਹਨ, ਜਿਹੜੇ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਲੈ ਕੇ ਗਏ । ਪਰ ਉਹ ਉਸੇ ਭਾਸ਼ਾ ਦੇ ਹੋ ਕੇ ਰਹਿ ਗਏ । ਬਰਾਸਤਾ ਪੰਜਾਬੀ ਕੋਈ ਨਹੀਂ ਗਿਆ । ਅੰਮ੍ਰਿਤਾ ਪੰਜਾਬੀ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਗਈ ਹੈ । ਬਰਾਸਤਾ ਪੰਜਾਬੀ ਗਈ ਹੈ । ਉਹ ਆਪ ਦੇਸ ਤੇ ਬਦੇਸ ਦੀਆਂ ਜਿਹੜੀਆਂ ਬੋਲੀਆਂ ਵਿੱਚ ਛਪੀ ਹੈ, ਓਥੇ ਓਥੇ ਸਮਕਾਲੀ ਪੰਜਾਬੀ ਸਾਹਿੱਤ ਦੇ ਸਾਹਿੱਤਕਾਰਾਂ ਦਾ ਜ਼ਿਕਰ ਵੀ ਲੈ ਕੇ ਗਈ ਹੈ । ਦੂਜਿਆਂ ਨੂੰ ਆਪਣੀ ਬੋਲੀ ਵਿੱਚ ਉਲਥਾਇਆ ਹੈ । ਆਦਾਨ-ਪ੍ਰਦਾਨ ਦਾ ਇਹ ਸਿਲਸਿਲਾ ਸਹੀ ਅਰਥਾਂ ਵਿੱਚ ਅੰਤਰ- ਰਾਸ਼ਟਰੀ ਹੈ (ਭਾਵੇਂ ਕਿ ਸਾਡੇ 'ਲੇਖਕ' ਪਾਕਿਸਤਾਨ ਦੇ ਕਿਸੇ ਮਾਮੂਲੀ ਜਿਹੇ ਪਰਚੇ ਵਿੱਚ ਛਪਕੇ ਵੀ ਅੰਤਰ-ਰਾਸ਼ਟਰੀ ਅਖਵਾਉਣ ਦਾ ਭਰਮ ਪਾਲ ਲੈਂਦੇ ਹਨ!)

ਸ਼ਕਤੀ ਦਾ ਸੰਕਲਪ:

-ਹਵਾ ਨੇ ਸੂਰਜ ਨੂੰ ਇੱਕ ਵਾਰ ਵੰਗਾਰਿਆ ਸੀ ਕਿ ਮੈਂ ਤੇਰੇ ਤੋਂ ਸ਼ਕਤੀਸ਼ਾਲੀ ਹਾਂ । ਗੱਲ ਏਥੇ ਮੁੱਕੀ ਸੀ ਕਿ ਦੋਹਾਂ 'ਚੋਂ ਜਿਹੜਾ ਵੀ ਮੁਸਾਫ਼ਿਰ ਦੇ ਕੱਪੜੇ ਲੁਹਾ ਦਏ, ਉਹਦੀ ਜਿੱਤ । ਪਹਿਲਾਂ ਹਵਾ ਨੇ ਜੌਹਰ ਵਿਖਾਏ । ਹਨੇਰ ਮਚਾ ਦਿੱਤਾ । ਪਰ ਮੁਸਾਫ਼ਿਰ ਸਗੋਂ ਕੱਪੜੇ ਆਪਣੇ ਨਾਲ ਘੁੱਟਦਾ ਰਿਹਾ ।... ... ... ਸੂਰਜ ਨੇ ਸਹਿਜ ਸੁਭਾਅ ਆਪਣੀਆਂ ਕਿਰਨਾਂ ਆਜ਼ਾਦ ਕੀਤੀਆਂ । ਥੋੜ੍ਹਾ ਜਿਹਾ ਤੇਜ ਵਿਖਾਇਆ ਤੇ ਮੁਸਾਫ਼ਿਰ ਦਿਗੰਬਰ ਹੋਣ 'ਤੇ ਮਜਬੂਰ ਹੋ ਗਿਆ ।

-ਅੱਜ ਪੰਜਾਬੀ ਸਾਹਿੱਤ ਤੇ ਪੰਜਾਬੀ ਬੋਲੀ ਦੀ ਸੇਵਾ ਦਾ ਝੰਡਾ ਕਈਆਂ ਨੇ ਚੁੱਕਿਆ ਹੋਇਆ ਹੈ । ਮਾਂ-ਬੋਲੀ ਨਾਲ ਅੰਤਾਂ ਦਾ ਹੇਜ ਵਿਖਾਇਆ ਜਾ ਰਿਹਾ ਹੈ । ਸਾਹਿੱਤ ਸਭਾਵਾਂ ਧਰਨੇ ਦੇ ਰਹੀਆਂ ਹਨ । ਖ਼ੂਨ ਨਾਲ ਦਸਖ਼ਤ ਕੀਤੇ ਜਾ ਚੁੱਕੇ ਹਨ । ਜਲੂਸ, ਮੁਜਾਹਰੇ, ਜ਼ਿੰਦਾਬਾਦ-ਮੁਰਦਾਬਾਦ!... ਅਸਰ ਕੀ ਹੁੰਦਾ ਹੈ । ਸਭ ਦੇ ਸਾਹਮਣੇ ਹੈ ।

-ਪਰ ਅੰਮ੍ਰਿਤਾ ਨੇ 'ਤਜ਼ਰਬੇ ਦੀ ਅਮੀਰੀ, ਅਹਿਸਾਸ ਦੀ ਤੀਖਣਤਾ, ਚਿੰਤਨ ਦੀ ਗਹਿਰਾਈ, ਵਿਸ਼ਾਲ ਮੁਤਾਲਿਆ, ਖੋਜ ਦੀ ਰੁਚੀ, ਸੱਚ ਦਾ ਇਸ਼ਕ ਤੇ ਜ਼ਿੰਦਗੀ ਦੀਆਂ ਕਦਰਾਂ' ਵਾਲਾ ਫ਼ਾਰਮੂਲਾ ਵਰਤਿਆ । ਅਸਰ ਕੀ ਹੋਇਆ? ਸਭ ਦੇ ਸਾਹਮਣੇ ਹੈ ।

ਸਿੱਖਿਆ :

ਜੇ ਅਸੀਂ ਧੱਕੇ ਨਾਲ ਪੰਜਾਬੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਕੱਤਰੇਤ ਵੀ ਨਹੀਂ ਪਹੁੰਚੇਗੀ । ਪਰ ਜੇ ਅਸੀਂ ਸਹਿਜ ਹੋ ਕੇ ਅੰਮ੍ਰਿਤਾ ਵਾਂਗ ਆਪਣੀਆਂ ਕਿਰਣਾਂ ਆਜ਼ਾਦ ਕਰ ਦਿਆਂਗੇ ਤਾਂ ਥੋੜ੍ਹੇ ਜਿਹੇ ਤੇਜ ਨਾਲ ਹੀ ਮੌਜੂਦਾ ਸਿਆਸਤ ਦਿਗੰਬਰ ਹੋਣ 'ਤੇ ਮਜਬੂਰ ਹੋ ਜਾਵੇਗੀ!

ਅੰਤਿਕਾ ਉਰਫ਼ ਕਾਲ-ਮੁਕਤ ਸਮਕਾਲੀ:

ਵਾਰਿਸਾਂ ਤੇ ਹਾਸ਼ਮਾਂ ਨੂੰ ਆਪਣੀ ਸਮਕਾਲੀ ਪੀੜ੍ਹੀ ਦੇ ਕਲਮਕਾਰ ਮੰਨ ਕੇ ਤੁਰਨ ਵਾਲੀ ਅੰਮ੍ਰਿਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਲ-ਮੁਕਤ ਸਮਕਾਲੀ ਬਣ ਜਾਵੇਗੀ । ਪਤਾ ਤੁਹਾਨੂੰ ਵੀ ਹੈ ਤੇ ਮੈਨੂੰ ਵੀ । ਮੰਨ ਜਾਓ, ਕੀ ਹਰਜ਼ ਹੈ!

***

ਅ) ਅੰਮ੍ਰਿਤਾ ਪ੍ਰੀਤਮ ਬੀਮਾਰ ਹੈ; ਅੰਮ੍ਰਿਤਾ ਪ੍ਰੀਤਮ ਚੁਰਾਸੀ ਵਰ੍ਹਿਆਂ ਦੀ ਹੋ ਚੁੱਕੀ ਹੈ । ਬੀਮਾਰ ਹੈ । ਕਮਜ਼ੋਰ ਹੈ । ਲਿਖਣਾ-ਪੜ੍ਹਨਾ ਤਾਂ ਦਰਕਿਨਾਰ, ਬੋਲਣ ਵੇਲੇ ਵੀ ਤਕਲੀਫ਼ ਹੁੰਦੀ ਹੈ । ਲੇਟੀ ਰਹਿੰਦੀ ਹੈ; ਪਤਾ ਨਹੀਂ ਲੱਗਦਾ ਜਾਗਦੀ ਕਿ ਸੁੱਤੀ ਹੈ । ਆਪਣੇ ਆਪ 'ਤੇ ਹੱਸਦੀ ਹੈ, ਜ਼ਮਾਨੇ 'ਤੇ ਰੋਂਦੀ ਹੈ । ਮਿੱਥ ਇੰਜ ਦੀ ਹੀ ਹੁੰਦੀ ਹੈ ।

ਅੰਮ੍ਰਿਤਾ ਪ੍ਰੀਤਮ ਇੱਕ ਮਿੱਥ ਦਾ ਨਾਂ ਹੈ । ਜਿਊਂਦੀ-ਜਾਗਦੀ ਮਿੱਥ । ਹੱਸਦੀ-ਰੋਂਦੀ ਮਿੱਥ । ਪੜ੍ਹਦੀ-ਲਿਖਦੀ ਮਿੱਥ । ਪੜ੍ਹੀ-ਲਿਖੀ ਮਿੱਥ । ਆਧੁਨਿਕ ਮਿੱਥ!

ਜਿਸ ਵਰ੍ਹੇ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਾਪਰਿਆ, ਉਸੇ ਵਰ੍ਹੇ ਇਹ ਮਿੱਥ ਜੰਮੀ । ਜੰਮਣ ਵਾਲੀ ਮਾਂ ਦਾ ਨਾਂ ਸੀ ਰਾਜ ਬੀਬੀ । ਰਾਜ ਬੀਬੀ ਬਾਲ ਵਿਧਵਾ ਸੀ ਤੇ ਇੱਕ 'ਸਾਧ ਬਾਲਕਾ' ਉਸਦੀ ਜ਼ਿੰਦਗੀ ਵਿੱਚ ਅਚਾਨਕ ਭੂਚਾਲ ਵਾਂਗ ਆ ਗਿਆ । ਇਹੀ 'ਸਾਧ ਬਾਲਕਾ' ਭਾਵ ਕਰਤਾਰ ਸਿੰਘ 'ਹਿਤਕਾਰੀ' ਅੰਮ੍ਰਿਤਾ ਦਾ ਪਿਤਾ ਸੀ । ਪਿਤਾ ਕਵੀ ਸੀ । ਬੇਟੀ, ਮਾਂ ਦੀ ਮੌਤ ਪਿੱਛੋਂ, ਅੱਠ-ਨੌਂ ਵਰ੍ਹਿਆਂ ਦੀ ਉਮਰ ਵਿੱਚ ਹੀ ਕਲਮ ਚਲਾਉਣ ਲੱਗ ਪਈ । ਜਲਦੀ ਹੀ ਕਿਤਾਬ ਛਪ ਗਈ । 'ਅੰਮ੍ਰਿਤ ਲਹਿਰਾਂ' । ਲਿਖਣ ਵਾਲੀ ਦਾ ਨਾਮ ਸੀ : ਅੰਮ੍ਰਿਤ ਕੌਰ! ਪ੍ਰੀਤਮ ਸਿੰਘ ਨਾਲ ਸ਼ਾਦੀ ਹੋਈ ਅਤੇ ਨਾਮ ਹੋ ਗਿਆ 'ਅੰਮ੍ਰਿਤਾ ਪ੍ਰੀਤਮ' । ਦੋ ਬੱਚੇ ਹੋਏ, ਬੇਟੀ ਕੰਦਲਾ; ਬੇਟਾ ਨਵਰਾਜ ।

ਵਿਆਹ ਤੋਂ ਪਹਿਲਾਂ 'ਸਾਹਿਰ' ਨਾਲ ਨਜ਼ਦੀਕੀਆਂ ਦੀਆਂ ਦੰਦਕਥਾਵਾਂ ਬਣ ਚੁੱਕੀਆਂ ਸਨ । ਵਿਆਹ ਤੋਂ ਬਾਅਦ ਦੇਸ਼ ਦੀ ਵੰਡ ਹੋ ਗਈ । ਬਹੁਤ ਕੁਛ ਬਦਲ ਗਿਆ । ਘਰ ਲਾਹੌਰ 'ਤੋਂ ਦਿੱਲੀ ਆ ਗਿਆ । 'ਸਾਹਿਰ' ਦੀ ਥਾਂ 'ਇਮਰੋਜ਼' ਨੇ ਲੈ ਲਈ । ਪਰਿਵਾਰ ਦਾ ਹੁਲੀਆ ਬਦਲ ਗਿਆ । ਇਸ ਨਵੇਂ 'ਸਾਹਿਰ' ਦਾ ਨਾਮ ਇਮਰੋਜ਼ ਹੈ । ਇਮਰੋਜ਼ ਪਹਿਲਾਂ ਇੰਦਰਜੀਤ ਹੁੰਦਾ ਸੀ । ਉਹ ਚਿੱਤਰਕਾਰ ਹੈ । ਅੰਮ੍ਰਿਤਾ ਨੇ ਉਸਦਾ ਨਾਮ ਬਦਲ ਦਿੱਤਾ । 'ਇਮਰੋਜ਼' ਮਤਲਬ 'ਟੁਡੇ' । ਅੱਜ ਦਾ ਦਿਨ । ਨਿਰੋਲ ਵਰਤਮਾਨ । ਅਤੀਤ ਤੋਂ ਪਿੱਛਾ ਛੁਡਾਉਣ ਦੀ ਰੰਗੀਨ ਕੋਸ਼ਿਸ਼ । ਇੱਕ ਨਵੀਂ ਸ਼ੁਰੂਆਤ । ਅਤੇ ਅੰਮ੍ਰਿਤਾ ਆਪਣੇ ਇਮਰੋਜ਼ ਨੂੰ ਪਿਆਰ ਨਾਲ 'ਰੰਗਾਂ ਵਾਲਾ ਕੁਮਾਰ' ਕਹਿ ਕੇ ਬੁਲਾਉਣ ਲੱਗੀ । ਇਮਰੋਜ਼ ਆਪਣੀ ਅੰਮ੍ਰਿਤਾ ਨੂੰ ਆਪਣੇ ਰੰਗਾਂ 'ਚ ਭਰਨ ਲੱਗਿਆ । ਇਮਰੋਜ਼ ਆਪਣੀ ਅੰਮ੍ਰਿਤਾ 'ਚ ਰੰਗ ਭਰਨ ਲੱਗਿਆ । ਅੰਮ੍ਰਿਤਾ ਦੀ ਕਲਮ ਅਤੇ ਇਮਰੋਜ਼ ਦੇ ਬੁਰਸ਼ 'ਚੋਂ ਚਮਤਕਾਰ ਝਰਨ ਲੱਗਿਆ । ਇਮਰੋਜ਼ ਆਪਣੀ ਅੰਮ੍ਰਿਤਾ ਦੇ ਕਾਗ਼ਜ਼ ਨੂੰ ਕੈਨਵਸ 'ਤੇ ਉਤਾਰਨ ਲੱਗਿਆ । 'ਕਾਗ਼ਜ਼ ਤੇ ਕੈਨਵਸ' ਨੂੰ ਭਾਰਤੀ ਗਿਆਨਪੀਠ ਪੁਰਸਕਾਰ ਨੇ ਰੌਸ਼ਨ ਕਰ ਦਿੱਤਾ । ਇਸ ਰੌਸ਼ਨੀ ਨਾਲ ਅੰਮ੍ਰਿਤਾ ਦੀ ਮਿੱਥ ਨੂੰ ਤਾਕਤ ਮਿਲੀ ।

***

ਕੋਈ ਚਾਲੀ ਵਰ੍ਹੇ ਪਹਿਲਾਂ ਅੰਮ੍ਰਿਤਾ-ਇਮਰੋਜ਼ ਨੇ ਮਿਲ ਕੇ 'ਨਾਗਮਣੀ' ਨੂੰ ਜਨਮ ਦਿੱਤਾ । 'ਨਾਗਮਣੀ' —ਕਮਾਲ ਦੀ ਮਾਸਿਕ ਪੱਤ੍ਰਿਕਾ । ਹਰ 'ਚਿਕਨੇ ਪਾਤ ਵਾਲੇ ਬਿਰਵਾ' ਦੀ ਚਾਹਤ! 'ਹੋਣਹਾਰ' ਨੌਜਵਾਨ ਲੇਖਕਾਂ ਦੀ ਆਪਣੀ ਪੱਤ੍ਰਿਕਾ! ਪੰਜਾਬੀ ਲੇਖਕਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਸਥਾਪਿਤ ਕਰਨ ਵਾਲੀ ਪੱਤ੍ਰਿਕਾ ।

'ਨਾਗਮਣੀ' ਦਾ ਪ੍ਰਕਾਸ਼ਨ ਹਾਲ ਹੀ ਵਿੱਚ ਬੰਦ ਹੋਇਆ ਹੈ । ਪੰਜਾਬੀ ਅਦਬ ਵਾਸਤੇ ਇਹ ਇੱਕ ਭਿਆਨਕ ਹਾਦਸਾ ਹੈ ਜੋ ਸਾਨੂੰ ਇਸਤੋਂ ਵੀ ਵਡੇਰੇ ਹਾਦਸੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਰਹਿਣ ਵਾਸਤੇ ਕਹਿ ਰਿਹਾ ਜਾਪਦਾ ਹੈ ।

ਅੰਮ੍ਰਿਤਾ ਪ੍ਰੀਤਮ ਦੀ ਰਿਹਾਇਸ਼ (ਕੇ-25, ਹੌਜ਼, ਖਾਸ, ਨਵੀਂ ਦਿੱਲੀ) ਦੇ ਬਾਹਰ ਲੱਗੀ ਨੇਮ-ਪਲੇਟ 'ਤੇ ਲਿਖਿਆ ਹੋਇਆ ਹੈ :

'ਅੰਮ੍ਰਿਤਾ-ਨਾਗਮਣੀ-ਇਮਰੋਜ਼' । ਕਿਸੇ ਨੇ ਮਜ਼ਾਕ ਵਿੱਚ ਕਿਹਾ: 'ਅੰਮ੍ਰਿਤਾ ਜੀ, ਇਹ ਨਾਗਮਣੀ ਤੁਹਾਨੂੰ ਦੋਵਾਂ ਨੂੰ ਵਿਛੋੜ ਰਹੀ ਹੈ ।' ਜਵਾਬ ਇਮਰੋਜ਼ ਨੇ ਦਿੱਤਾ : 'ਭਾਈ ਸਾਹਿਬ! ਜ਼ਰਾ ਧਿਆਨ ਨਾਲ ਦੇਖੋ । ਇਹ ਤਾਂ ਸਾਨੂੰ ਦੋਵਾਂ ਨੂੰ ਜੋੜ ਰਹੀ ਹੈ ।' ਅੰਮ੍ਰਿਤਾ ਅਤੇ ਇਮਰੋਜ਼ ਦਾ ਰਿਸ਼ਤਾ ਵੀ ਅਜੀਬ ਹੈ । ਘਰ ਦੇ ਗਰਾਊਂਡ-ਫ਼ਲੋਰ 'ਤੇ ਦੋਵੇਂ ਬੱਚੇ ਰਹਿੰਦੇ ਹਨ ਅਤੇ ਉਪਰਲੀ ਮੰਜ਼ਿਲ ਵਿੱਚ 'ਨਾਗਮਣੀ' ਦੇ ਨਾਲ ਇਹ ਆਪ ਦੋਵੇਂ ਜਣੇ । ਦੋਵਾਂ ਵਿੱਚ ਇੱਕ ਮੂਕ ਸਮਝੌਤਾ ਹੈ । ਅੰਮ੍ਰਿਤਾ ਨੂੰ ਕੋਈ ਮਿਲਣ ਵਾਲਾ ਆ ਜਾਏ ਤਾਂ ਚਾਹ ਵਗ਼ੈਰਾ ਇਮਰੋਜ਼ ਬਣਾਏਗਾ ਅਤੇ ਇਮਰੋਜ਼ ਨੂੰ ਕੋਈ ਮਿਲਣ ਵਾਲਾ ਆ ਜਾਏ ਤਾਂ ਇਹ ਕੰਮ ਅੰਮ੍ਰਿਤਾ ਕਰੇਗੀ । ਪਰ ਇਮਰੋਜ਼ ਨੂੰ ਮਿਲਣ ਵਾਲਾ ਤਾਂ ਕੋਈ ਕਦੀ-ਕਦਾਈਂ ਹੀ ਆਉਂਦਾ ਹੈ । ਅੰਮ੍ਰਿਤਾ ਦੇ 'ਦਰਸ਼ਨ' ਕਰਨ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ ।

ਅੰਮ੍ਰਿਤਾ ਅਤੇ ਇਮਰੋਜ਼ ਦੇ ਬੈਂਕ ਖਾਤੇ ਵੱਖ-ਵੱਖ ਹਨ । ਅੰਮ੍ਰਿਤਾ ਨੇ ਕੁਝ ਖਰੀਦਣਾ ਹੋਵੇ ਤਾਂ ਬਿਲ ਦਾ ਭੁਗਤਾਨ ਇਮਰੋਜ਼ ਕਰਦਾ ਹੈ । ਇਮਰੋਜ਼ ਨੂੰ ਕੁਝ ਖਰੀਦਣ ਦੀ ਲੋੜ ਪੈ ਜਾਵੇ ਤਾਂ ਇਹ ਕੰਮ ਅੰਮ੍ਰਿਤਾ ਜੀ ਕਰਦੇ ਹਨ । ਪਰ ਇਮਰੋਜ਼ ਦੀਆਂ ਲੋੜਾਂ ਕੋਈ ਹੈ ਹੀ ਨਹੀਂ ।

ਉਰਦੂ ਦੇ ਪ੍ਰਸਿੱਧ ਸ਼ਾਇਰ 'ਪ੍ਰੇਮ ਬਾਰਬਰਟਨੀ' ਨੇ ਜਦੋਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਗ਼ਜ਼ਲ 'ਨਾਗਮਣੀ' ਨੂੰ ਛਪਣ ਲਈ ਭੇਜੀ । ਅੰਮ੍ਰਿਤਾ ਨੇ ਇਸ ਟਿੱਪਣੀ ਨਾਲ ਗ਼ਜ਼ਲ ਵਾਪਿਸ ਕਰ ਦਿੱਤੀ ਕਿ 'ਨਾਗਮਣੀ' ਵਿੱਚ ਅਸੀਂ ਗ਼ਜ਼ਲਾਂ ਨਹੀਂ ਛਾਪਦੇ । ਸ਼ਾਇਰ 'ਪ੍ਰੇਮ' ਨੂੰ ਧੱਕਾ ਲੱਗਿਆ । ਉਸ ਨੇ ਆਪਣੀ ਵਾਪਿਸ ਆਈ ਹੋਈ ਗ਼ਜ਼ਲ ਦੇ ਅੰਤ ਵਿੱਚ ਇੱਕ ਹੋਰ ਸ਼ੇਅਰ ਜੋੜ ਕੇ ਗ਼ਜ਼ਲ ਕਿਸੇ ਹੋਰ ਪਰਚੇ ਵਿੱਚ ਛਪਵਾ ਲਈ । ਜੋੜਿਆ ਹੋਇਆ ਨਵਾਂ ਸ਼ੇਅਰ ਇਉਂ ਸੀ:

'ਪ੍ਰੇਮ' ਪੀ ਕੇ ਅੰਮ੍ਰਿਤਾ ਪ੍ਰੀਤਮ ਨੂੰ ਪੁੱਛਾਂਗੇ ਕਦੇ,
ਇੱਕ ਗ਼ਜ਼ਲ ਨੂੰ ਗ਼ਜ਼ਲ ਦੂਜੀ ਨਾਲ ਐਨਾ ਵੈਰ ਕਿਉਂ?

ਜਦੋਂ ਇਹ ਗੱਲ ਮੈਂ ਉਨ੍ਹਾਂ ਨਾਲ ਸਾਂਝੀ ਕੀਤੀ, ਤਾਂ ਅੰਮ੍ਰਿਤਾ ਤੋਂ ਪਹਿਲਾਂ ਹੀ ਇਮਰੋਜ਼ ਬੋਲ ਪਿਆ : 'ਬਈ ਪ੍ਰੇਮ ਨੂੰ ਕਹਿਣਾ ਕਿ ਅੰਮ੍ਰਿਤਾ ਨੂੰ ਕੁਛ ਪੁੱਛਣ ਲਈ ਪੀਣ ਦੀ ਕੀ ਲੋੜ ਹੈ । ਬਿਨਾਂ ਪੀਤੇ ਪੁੱਛਦਿਆਂ ਕੀ ਡਰ ਲੱਗਦਾ ਹੈ? ਮੈਂ ਤਾਂ ਅੰਮ੍ਰਿਤਾ ਨੂੰ ਕਦੇ ਵੀ, ਕੁਝ ਵੀ ਪੁੱਛ ਲੈਨਾਂ ਤੇ ਅੱਜ ਤੱਕ ਮੈਨੂੰ ਪੀਣ ਦੀ ਲੋੜ ਨਹੀਂ ਪਈ ।'

ਪੰਜਾਬ ਸਿਵਲ ਸਕੱਤਰੇਤ ਵਿੱਚ ਇੱਕ ਅੰਡਰ-ਸੈਕਟਰੀ ਸੀ, ਮਿਸਟਰ ਆਹਲੂਵਾਲੀਆ । ਉਹ ਚਸਕੇ ਲੈ ਕੇ ਅੰਮ੍ਰਿਤਾ ਦੇ ਲਾਹੌਰ ਵਾਲੇ ਕਿੱਸੇ ਸੁਣਾਉਂਦਾ ਹੁੰਦਾ ਸੀ ਅਤੇ ਇਹ ਵੀ ਕਹਿੰਦਾ ਹੁੰਦਾ ਸੀ ਕਿ ਉਹਦਾ ਆਪਣਾ ਵੀ ਅੰਮ੍ਰਿਤਾ ਕੋਲ ਆਉਣ-ਜਾਣ ਸੀ । ਏਥੋਂ ਤੱਕ ਕਿ ਉਸ ਨੇ ਤਾਂ ਅੰਮ੍ਰਿਤਾ ਦੇ ਘਰ ਦੇ ਦਰਵਾਜ਼ੇ 'ਤੇ ਵੀ ਅਨੇਕਾਂ ਵਾਰ ਦਸਖ਼ਤ ਕੀਤੇ ਸਨ । ਜਦੋਂ ਉਸ ਸ਼ਖ਼ਸ ਦਾ ਹੁਲੀਆ ਦੱਸ ਕੇ ਅਸਲੀਅਤ ਪਤਾ ਕਰਨੀ ਚਾਹੀ ਤਾਂ ਅੰਮ੍ਰਿਤਾ ਹੁਰਾਂ ਹੱਸ ਕੇ ਕਿਹਾ, ''ਹਾਂ ਉਹਦੀ ਗੱਲ ਸਹੀ ਹੈ । ਉਹ ਝੂਠ ਨਹੀਂ ਕਹਿ ਰਿਹਾ । ਉਹ ਡੀ. ਡੀ. ਟੀ. ਛਿੜਕਣ ਵਾਲੀ ਟੋਲੀ ਨਾਲ ਆਉਂਦਾ ਹੁੰਦਾ ਸੀ ਤੇ ਸਾਡੇ ਘਰ ਦੇ ਦਰਵਾਜ਼ੇ 'ਤੇ, ਚਾਕ ਨਾਲ, ਤਰੀਕ ਸਮੇਤ, ਦਸਖ਼ਤ ਕਰਕੇ ਜਾਂਦਾ ਸੀ ।''

ਅੰਮ੍ਰਿਤਾ ਪ੍ਰੀਤਮ ਦਾ ਚਰਚਾ ਬਹੁਤ ਹੋਇਆ । ਪੰਜਾਬ ਵਿੱਚ ਅਤੇ ਪੰਜਾਬੋਂ ਬਾਹਰ ਵੀ । ਦੇਸ ਵਿੱਚ ਤੇ ਬਦੇਸਾਂ ਵਿੱਚ ਵੀ । ਔਨਰੇਰੀ ਡਿਗਰੀਆਂ ਮਿਲੀਆਂ ਹਨ । ਪੁਰਸਕਾਰ ਮਿਲੇ ਹਨ । 'ਪਦਮ ਸ਼੍ਰੀ' ਮਿਲੀ ਹੈ । ਰਾਜ ਸਭਾ ਵਿੱਚ ਨਾਮਜ਼ਦਗੀ ਮਿਲੀ ਹੈ । ਨੇਕਨਾਮੀ ਮਿਲੀ ਹੈ । ਬਦਨਾਮੀ ਮਿਲੀ ਹੈ । ਅੰਮ੍ਰਿਤਾ ਨੇ ਬਹੁਤ ਲਿਖਿਆ ਹੈ । ਅੰਮ੍ਰਿਤਾ 'ਤੇ ਬਹੁਤ ਲਿਖਿਆ ਗਿਆ ਹੈ । ਸਾਰਾ ਕੁਝ ਪੜ੍ਹ ਸਕਣਾ ਸੰਭਵ ਨਹੀਂ । ਸਾਰੇ ਛਪੇ ਨੂੰ ਇੱਕ ਥਾਂ ਕੱਠਾ ਕਰਨਾ ਵੀ ਔਖਾ ਕੰਮ ਹੈ । ਫ਼ੇਰ ਵੀ ਇਹ ਔਖਾ ਕੰਮ ਇਮਰੋਜ਼ ਨੇ ਸਿਦਕਦਿਲੀ ਨਾਲ ਕੀਤਾ ਹੈ । ਸਾਰਾ ਕੁਝ ਤਰਤੀਬਵਾਰ ਅਲਮਾਰੀਆਂ ਵਿੱਚ ਸਜਾ ਦਿੱਤਾ ਹੈ । ਸੰਭਾਲ ਲਿਆ ਹੈ । ਪੂਰਾ ਕਮਰਾ ਸਿਰਫ਼ ਅਲਮਾਰੀਆਂ ਨਾਲ ਭਰਿਆ ਹੋਇਆ ਹੈ । ਇੱਕ ਅਲਮਾਰੀ 'ਤੇ ਸਫ਼ੇਦ ਪੇਂਟ ਕੀਤਾ ਹੋਇਐ, ਬਾਕੀ ਸਭ 'ਤੇ ਕਾਲਾ । ਪੁੱਛਣ 'ਤੇ ਇਮਰੋਜ਼ ਦਾ ਕਹਿਣਾ ਸੀ : ''ਸਫ਼ੇਦ ਅਲਮਾਰੀ ਵਿੱਚ ਹਾਲੀ ਕਾਫ਼ੀ ਥਾਂ ਖਾਲੀ ਪਈ ਹੈ ਤੇ ਕਾਲੀਆਂ ਅਲਮਾਰੀਆਂ ਨੱਕੋ-ਨੱਕ ਤੂਸੀਆਂ ਪਈਆਂ ਨੇ । ਸਫ਼ੇਦ ਅਲਮਾਰੀ ਵਿੱਚ ਅੰਮ੍ਰਿਤਾ ਦੀ ਪ੍ਰਸ਼ੰਸਾ ਹੈ ਤੇ ਕਾਲੀਆਂ ਅਲਮਾਰੀਆਂ ਵਿੱਚ ਅੰਮ੍ਰਿਤਾ ਦੀ ਨਿੰਦਿਆ । ਮੈਂ ਦੋਹਾਂ ਨੂੰ ਸੰਭਾਲ ਕੇ ਰੱਖ ਦਿੱਤਾ ਹੈ ਭਵਿੱਖ ਦੀਆਂ ਪੀੜ੍ਹੀਆਂ ਲਈ । ਫ਼ੈਸਲਾ ਉਹੀਉ ਲੋਕ ਕਰਨਗੇ ।'' ਪਰ ਮੈਂ ਇਮਰੋਜ਼ ਹੁਰਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਭਾਈ ਸਾਹਿਬ, ਕਲਾ ਬਾਰੇ ਫ਼ੈਸਲਾ ਪੀੜ੍ਹੀਆਂ ਨਹੀਂ ਕਰਦੀਆਂ, ਵਕਤ ਕਰਦਾ ਹੈ । ਪਰੰਤੂ ਮਿੱਥ ਤਾਂ ਵਕਤ ਦੀ ਵੀ ਗ਼ੁਲਾਮੀ ਸਵੀਕਾਰ ਨਹੀਂ ਕਰਦੀ । ਮਿੱਥ ਦਾ ਸਿਰਫ਼ ਜਨਮ ਹੁੰਦਾ ਹੈ । ਮਿੱਥ ਕਦੇ ਮਰਦੀ ਨਹੀਂ ।

***

ੲ) ਖਲੋਤੇ ਨੂੰ ਖ਼ੁਦਾ ਹਾਫ਼ਿਜ਼ : ਤੁਰਦੇ ਨੂੰ ਸਲਾਮ ਜਿਹੜੇ ਲੋਕ ਖ਼ੁਦ ਨੂੰ ਸਿਰਫ਼ ਸਰੀਰ ਹੀ ਸਮਝਦੇ ਨੇ ਉਨ੍ਹਾਂ ਨੂੰ ਇਹ ਗੱਲ ਅਜੀਬ ਲੱਗੇਗੀ ਕਿ ਅਮ੍ਰਿਤਾ ਅਤੇ ਇਮਰੋਜ਼ ਦੇ ਸੰਯੋਗ ਤੋਂ ਪੈਦਾ ਹੋਈ ਇਕਲੌਤੀ ਸੰਤਾਨ ਦਾ ਨਾਂ ਨਾਗਮਣੀ ਹੈ । ਇਹ ਸੁਪਨੇ ਵਰਗੀ ਹਕੀਕਤ ਹੈ । ਹਕੀਕਤ ਵਰਗਾ ਸੁਪਨਾ । ਕਾਗ਼ਜ਼ ਤੇ ਕੈਨਵਸ ਵਿਚਲਾ ਫ਼ਰਕ ਮਿਟ ਗਿਆ । ਕਿਹੜੀ ਜ਼ਿੰਦਗੀ ? ਕਿਹੜਾ ਸਾਹਿੱਤ?

1966 ਮਈ ਮਹੀਨੇ ਨਾਗਮਣੀ ਦਾ ਪ੍ਰਵੇਸ਼ ਅੰਕ ਆਇਆ । ਸਾਈਜ਼, ਕਾਗ਼ਜ਼, ਦਿੱਖ, ਸਮੱਗਰੀ, ਤਰਤੀਬ, ਛਪਾਈ... ਸਭ ਅਲੱਗ । ਪਰਚਾ ਦਸ ਦਿਨ ਐਡਵਾਂਸ ਸਟਾਲਾਂ 'ਤੇ ਆ ਜਾਂਦਾ, ਪਹਿਲੇ ਮਹੀਨੇ ਦੀ ਵੀਹ ਤਰੀਕ । ਪਰਚਾ ਕਿਸੇ ਨੂੰ ਮੁਫ਼ਤ ਨਹੀਂ । ਚੰਦਾ ਅਡਵਾਂਸ । ਸਟਾਲਾਂ ਵਾਲਿਆਂ ਨੂੰ ਪਰਚੇ ਵੀ.ਵੀ.ਪੀ. ਰਾਹੀਂ । ਪੇਮੈਂਟ ਐਡਵਾਂਸ । ਅਦਬੀ ਪੱਤਰਕਾਰੀ ਦੇ ਖੇਤਰ ਵਿੱਚ ਬਾ-ਅਦਬ ਹੈਪਨਿੰਗ ।

ਅਮ੍ਰਿਤਾ ਸ਼ੁਰੂ ਤੋਂ ਹੀ ਖਿੱਚ ਦਾ ਕੇਂਦਰ ਰਹੀ ਹੈ । ਅਮ੍ਰਿਤਾ ਤੇ ਇਮਰੋਜ਼ ਦਾ ਰਿਸ਼ਤਾ ਸ਼ੁਰੂ ਤੋਂ ਹੀ ਚਰਚਾ ਦਾ ਕੇਂਦਰ ਰਿਹਾ ਹੈ । ਨਾਗਮਣੀ ਖਿੱਚ ਦਾ ਕੇਂਦਰ ਬਣ ਗਈ । ਚਰਚਾ ਦਾ ਵੀ । ਇਹ ਪਰਚਾ ਲੇਖਕਾਂ ਨੂੰ ਆਪਣਾ ਆਪਣਾ ਲੱਗਦਾ ਸੀ । ਇਸ 'ਚੋਂ ਉਨ੍ਹਾਂ ਨੂੰ ਆਪਣਾ ਆਪ ਲੱਭਦਾ ਸੀ । ਨਾਗਮਣੀ ਨਵੇਂ ਲੇਖਕਾਂ ਨੂੰ ਲੱਭਦੀ ਫਿਰਦੀ ਸੀ । ਨਵੇਂ ਪੁਰਾਣੇ ਲੇਖਕ ਨਾਗਮਣੀ ਲੱਭਦੇ ਫਿਰਦੇ ਸਨ ।

***

ਪੰਜਾਬੀ ਪਰਚਿਆਂ ਦੇ ਸੰਪਾਦਕ ਜ਼ਿਆਦਾਤਰ ਲੇਖਕ ਹੀ ਰਹੇ ਨੇ । ਵੱਡੇ ਲੇਖਕ ਵੀ । ਸਾਡੇ ਵੇਲਿਆਂ ਵਿੱਚ ਗੁਰਬਖ਼ਸ਼ ਸਿੰਘ ਦੀ ਪ੍ਰੀਤਲੜੀ ਪੱਕੀ ਉਮਰ ਵਿੱਚ ਪਹੁੰਚ ਚੁੱਕੀ ਸੀ । ਉਸ ਰਾਹੀਂ ਦਾਰ ਜੀ ਦਾ ਝਰੋਖਾ ਆਪਣਾ ਜਾਦੂ ਖਿਲਾਰ ਰਿਹਾ ਸੀ । ਪਰ ਇਹ ਪਰਚਾ ਦਾਰ ਜੀ ਦਾ ਹੀ ਰਿਹਾ, ਲੇਖਕਾਂ ਦਾ ਨਾ ਬਣ ਸਕਿਆ । ਪ੍ਰੋ. ਮੋਹਨ ਸਿੰਘ ਦਾ ਪੰਜ ਦਰਿਆ ਦਮ ਤੋੜਨ ਤੋਂ ਪਹਿਲਾਂ ਪ੍ਰਯੋਗਸ਼ੀਲਾਂ ਦੇ ਢਹੇ ਚੜ੍ਹ ਗਿਆ ਅਤੇ ਵਕਤੀ ਲਹਿਰ ਦਾ ਹੋ ਕੇ ਰਹਿ ਗਿਆ । ਕਿਸੇ ਜੋਗਾ ਨਾ ਰਿਹਾ । ਆਰਸੀ ਵਿੱਚੋਂ ਲੇਖਕਾਂ ਨੂੰ ਆਪਣਾ ਅਕਸ ਦਿਖਣਾ ਸ਼ੁਰੂ ਹੋਇਆ ਪਰ ਭਾਪਾ ਜੀ ਦੀ ਪ੍ਰਕਾਸ਼ਕੀ ਸੂਝ-ਬੂਝ ਨੇ ਉਸਨੂੰ ਸਥਾਪਤੀ ਦਾ ਪ੍ਰਤੀਕ ਬਣਾ ਕੇ ਨਵਯੁੱਗ ਦੀ ਮਸ਼ਹੂਰੀ ਤੱਕ ਮਹਿਦੂਦ ਕਰ ਲਿਆ । ਕਦੇ ਅਮਰੀਕਾ ਦਾ ਬੋਲਬਾਲਾ ਰਿਹਾ, ਕਦੇ ਸੋਵੀਅਤ ਰੂਸ ਦਾ । ਲੇਖਕ ਲਿਖਦੇ ਰਹੇ । ਛਪਦੇ ਰਹੇ । ਇਨ੍ਹਾਂ ਵਿੱਚ ਵੀ ਛਪਦੇ ਰਹੇ । ਪਰ ਕਿਤੇ ਕੁਝ ਕਮੀ ਜਹੀ ਅਖਰਦੀ ਸੀ । ਘੁਟਨ ਜਹੀ ਮਹਿਸੂਸ ਹੁੰਦੀ ਸੀ । ਬਹੁਤ ਕੁਝ ਨਵਾਂ ਵਾਪਰ ਰਿਹਾ ਸੀ । ਪਰ ਨਵੇਂ ਤਜਰੁਬਿਆਂ ਲਈ ਕੋਈ ਢੁਕਵਾਂ ਪਲੇਟਫਾਰਮ ਨਹੀਂ ਸੀ । ਇਸ ਮਾਹੌਲ ਨੇ ਲਘੂ-ਪੱਤਰਕਾਰੀ ਨੂੰ ਉਤਸ਼ਾਹਿਤ ਕੀਤਾ । ਨਿੱਕੇ ਨਿੱਕੇ ਪਰਚੇ ਛਪਣ ਲੱਗੇ । ਦੁਵਰਕੇ । ਚੁਵਰਕੇ । ਨਾ ਰਜਿਸਟਰੇਸ਼ਨ, ਨਾ ਡਾਕਖਾਨੇ ਦੀ ਮਨਜ਼ੂਰੀ । ਨਾ ਕੋਈ ਸਰਪ੍ਰਸਤ, ਨਾ ਇਸ਼ਤਿਹਾਰ । ਪੱਲਿਉਂ ਪੈਸੇ ਲਾ ਕੇ, ਝੋਲੇ 'ਚ ਪਰਚੇ ਪਾ ਕੇ, ਵੰਡਦੇ ਫਿਰਨਾ । ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਇਸ ਗੁਰੀਲਾ ਯੁੱਧ ਵਿੱਚ ਸ਼ਾਮਿਲ ਸਨ । ਹਿੱਪੀ । ਬੀਟਲਜ਼ । ਸ਼ਮਸ਼ਾਨੀ ਪੀੜ੍ਹੀ । ਅਕਵਿਤਾ । ਐਬਸਰਡਿਟੀ । ਤੱਤਾ ਲਹੂ...

ਇਸ ਮਾਹੌਲ ਵਿੱਚ ਨਾਗਮਣੀ ਦਾ ਜਨਮ ਹੋਇਆ । ਪਰਚਾ ਛੋਟਾ ਸੀ ਪਰ ਵੀਜ਼ਨ ਵੱਡਾ ਸੀ । ਅਮ੍ਰਿਤਾ ਦਾ ਵਡੱਪਣ ਇਹ ਸੀ ਕਿ ਉਹ ਸੰਪਾਦਕ ਦੀ ਥਾਂ ਕਾਮਾ ਬਣ ਗਈ ਅਤੇ ਚਿੱਤਰਕਾਰ ਇੰਦਰਜੀਤ ਨੂੰ ਇਮਰੋਜ਼ ਵਿੱਚ ਕਨਵਰਟ ਕਰਕੇ ਸਾਥੀ ਕਾਮਾ ਬਣਾ ਲਿਆ । ਦੋਹਾਂ ਦਾ ਮੂੰਹ ਇੱਕ ਦੂਜੇ ਵੱਲ ਸੀ । ਦੋਹਾਂ ਨੇ ਦੁਨੀਆ ਭੁਲਾ ਕੇ ਆਪਣਾ ਸਾਰਾ ਕੁਝ ਨਾਗਮਣੀ ਦੇ ਦਾਅ 'ਤੇ ਲਾ ਦਿੱਤਾ । ਇੱਕ-ਨੁਕਾਤੀ-ਪ੍ਰੋਗਰਾਮ । ਅਮ੍ਰਿਤਾ ਕਲਮ ਨੂੰ ਸਮਰਪਿਤ ਸੀ । ਇਮਰੋਜ਼ ਅਮ੍ਰਿਤਾ ਨੂੰ ਸਮਰਪਿਤ ਸੀ । ਇਸ ਸਮਰਪਣ ਵਿੱਚ ਸਰੀਰ ਸਿਰਫ਼ ਕਾਮੇ ਸਨ । ਸਹਿਯੋਗੀ ਸਨ । ਦਖ਼ਲ-ਅੰਦਾਜ਼ ਨਹੀਂ ਸਨ । ਤਾਹੀਉਂ ਤਾਂ ਖ਼ਦਸ਼ਾ ਹੈ ਕਿ ਜਿਹੜੇ ਸਰੀਰ ਤੋਂ ਉੱਪਰ ਉੱਠ ਹੀ ਨਹੀਂ ਸਕਦੇ ਉਨ੍ਹਾਂ ਨੂੰ ਸਿਰਫ਼ ਨਾਵਾਂ-ਕੁਨਾਵਾਂ ਵਾਲੇ ਰਿਸ਼ਤਿਆਂ ਦਾ ਹੀ ਅਭਿਆਸ ਹੁੰਦਾ ਹੈ । ਇਹੋ ਜਿਹੇ ਰਿਸ਼ਤੇ ਹੀ ਤਾਂ ਘੁਟਨ ਪੈਦਾ ਕਰਦੇ ਨੇ । ਇਹੋ ਜਿਹੀ ਘੁਟਨ ਵਿੱਚੋਂ ਹੀ ਤਾਂ ਅਮ੍ਰਿਤਾ ਜੰਮਦੀ ਹੈ । ਇਮਰੋਜ਼ ਉਗਮਦਾ ਹੈ । ਨਾਗਮਣੀ ਪ੍ਰਗਟ ਹੁੰਦੀ ਹੈ ।

ਕੇ-25 । ਹੌਜ਼ ਖ਼ਾਸ, ਦਿੱਲੀ ।
ਨੇਮ ਪਲੇਟ :
ਅਮ੍ਰਿਤਾ ਨਾਗਮਣੀ ਇਮਰੋਜ਼ ।

ਕਈਆਂ ਨੂੰ ਲੱਗਦਾ ਕਿ ਨਾਗਮਣੀ ਦੋਹਾਂ ਨੂੰ ਵਿਛੋੜ ਰਹੀ ਹੈ ਤੇ ਕਈਆਂ ਨੂੰ ਲੱਗਦਾ ਕਿ ਇਹ ਤਾਂ ਇਨ੍ਹਾਂ ਦੋਹਾਂ ਨੂੰ ਜੋੜ ਰਹੀ ਹੈ । ਇਹ ਕਿਸੇ ਫਕੀਰ ਦੀ ਧੂਣੀ ਵਰਗਾ ਸਥਾਨ ਸੀ । ਕਿਸੇ ਵੀ ਧਰਮ/ ਭਾਸ਼ਾ/ ਦੇਸ਼/ ਕਲਾ/ ਕਿੱਤੇ/ ਦਰਸ਼ਨ/ ਨਜ਼ਰੀਏ ਵਾਲਾ ਕੋਈ ਵੀ ਸ਼ਖ਼ਸ ਏਥੇ ਪੰਜਾਬੀ ਵਿੱਚ ਅਨੁਵਾਦ ਹੋ ਕੇ ਗੁਰਮੁਖੀ ਵਿੱਚ ਛਪ ਜਾਂਦਾ ਸੀ । ਕਲਾ ਦੀ ਕੀਮਤ ਸੀ । ਕਲਾਕਾਰ ਦੀ ਕਦਰ ਸੀ । ਦੋਹਾਂ ਜੀਆਂ ਨੇ ਆਪਣੇ ਪਰਿਵਾਰ ਨੂੰ ਵਿਸਤਾਰ ਦੇ ਲਿਆ ਸੀ । ਇਹ ਰਿਸ਼ਤਾ, ਇਹ ਘਰ, ਇਹ ਪਰਚਾ, ਇਹ ਸੋਚ ਲੇਖਕਾਂ ਨੂੰ ਸੁਪਨੇ ਵਰਗੀ ਹਕੀਕਤ ਲੱਗਦੀ ਸੀ । ਹਕੀਕਤ ਵਰਗਾ ਸੁਪਨਾ ।

ਇਸ ਹਕੀਕਤ ਨਾਲ ਮੇਰਾ ਵਾਹ ਸੁਪਨੇ ਵਾਂਗ ਹੀ ਪਿਆ ਸੀ । ਸ਼ਿਵ ਮੇਰੇ ਲਈ ਤਲੀ ਉੱਤੇ ਪਏ ਹੋਏ ਆਂਵਲੇ ਵਰਗੀ ਹਕੀਕਤ ਬਣ ਚੁੱਕਾ ਸੀ ਪਰੰਤੂ ਅਮ੍ਰਿਤਾ ਅਜੇ ਸੁਪਨਾ ਹੀ ਸੀ । ਨਾਗਮਣੀ ਨੂੰ ਇੱਕ ਕਵਿਤਾ 1967 ਵਿੱਚ ਭੇਜੀ ਸੀ, ਜੋ ਪਿਆਰੇ ਜਹੇ ਇਨਕਾਰ ਨਾਲ ਵਾਪਿਸ ਆ ਗਈ ਸੀ । ਇਨਕਾਰ ਵਾਲੀ ਹੱਥ-ਲਿਖਤ ਬੜੀ ਦੇਰ ਸੰਭਾਲ ਕੇ ਰੱਖੀ । ਸੰਬੋਧਨ ਵਿੱਚ ਅਮ੍ਰਿਤਾ ਨੇ ਮੇਰਾ ਨਾਂ ਆਪਣੇ ਹੱਥ ਨਾਲ ਲਿਖਿਆ ਹੋਇਆ ਸੀ । ਮੇਰੇ ਲਈ ਇਹ ਮੈਡਲ ਸੀ । ਫੇਰ ਪਤਾ ਨਹੀਂ ਉਹ ਸਲਿਪ ਕਿਹੜੇ ਕਾਗਜ਼ਾਂ ਵਿੱਚ ਰੁਲ ਗਈ । ਸਮੁੰਦਰ 'ਚੋਂ ਸੂਈ ਲੱਭਣੀ ਸੌਖੀ ਹੁੰਦੀ ਹੈ ਪਰ ਕਾਗਜ਼ਾਂ 'ਚੋਂ ਕਾਗਜ਼ ਲੱਭਣਾ ਔਖਾ । ਸੂਈ ਤਾਂ ਅੰਨ੍ਹਾ ਵੀ ਲੱਭ ਲੈਂਦਾ ਹੈ । ਕਾਗਜ਼ ਸੁਜਾਖਿਆਂ ਨੂੰ ਵੀ ਅਕਸਰ ਨਹੀਂ ਲੱਭਦਾ । ਕਾਗਜ਼ ਸੂਈ ਵਾਂਗ ਚੁਭ ਜੁ ਨਹੀਂ ਹੋ ਸਕਦਾ!

ਹੁਣ ਤਾਂ ਚਿੱਠੀਆਂ ਲਿਖਣ ਦਾ ਰਿਵਾਜ ਨਹੀਂ ਰਿਹਾ । ਭਲੇ ਵੇਲਿਆਂ ਦੀਆਂ ਆਈਆਂ ਚਿੱਠੀਆਂ ਮੇਰੇ ਕੋਲ ਅਜੇ ਵੀ ਸੰਭਾਲੀਆਂ ਪਈਆਂ ਨੇ । ਇਨ੍ਹਾਂ 'ਚੋਂ ਕੁਝ ਚਿੱਠੀਆਂ ਅਮ੍ਰਿਤਾ ਦੀਆਂ ਵੀ ਨੇ ।

ਅਮ੍ਰਿਤਾ ਦਾ ਸਰੀਰ ਵਿਦਾ ਹੋਇਆ ਤਾਂ ਮੈਂ ਚਿੱਠੀਆਂ ਦੀ ਭਾਲ ਸ਼ੁਰੂ ਕੀਤੀ । ਕੁਝ ਲੱਭ ਗਈਆਂ । ਪੜ੍ਹੀਆਂ । ਇਹ ਬਹੁਤ ਕੁਝ ਕਹਿ ਰਹੀਆਂ ਨੇ । ਆਈਆਂ ਭਾਵੇਂ ਮੇਰੇ ਸਿਰਨਾਵੇਂ 'ਤੇ ਨੇ ਪਰ ਸਿਰਫ਼ ਮੇਰੇ ਲਈ ਨਹੀਂ । ਸਿਰਫ਼ ਮੇਰੀਆਂ ਨਹੀਂ । ਇਨ੍ਹਾਂ ਰਾਹੀਂ ਅਮ੍ਰਿਤਾ ਦੀ ਸ਼ਖ਼ਸੀਅਤ ਦੀ ਇੱਕ ਦਸਤਾਵੇਜ਼ੀ ਝਲਕ ਨਜ਼ਰੀਂ ਪੈਂਦੀ ਹੈ । ਨਵੀਂ ਤੇ ਅਲੱਗ । ਕਰੀਏਟਿਵ ਤੇ ਕੰਨਸਟ੍ਰਕਟਿਵ । ਅਜ਼ੀਮ ਤੇ ਹਲੀਮ । ਵੱਡੀ ਵੱਡੀ । ਆਪਣੀ ਆਪਣੀ । ...ਇਹ ਸੁਪਨਾ ਵੀ ਹਕੀਕਤ ਬਣ ਕੇ ਮੇਰੀ ਤਲੀ ਉੱਤੇ ਆਂਵਲੇ ਵਾਂਗ ਟਿਕਿਆ ਪਿਆ ਹੈ । ਸ਼ਿਵ ਅਤੇ ਅਮ੍ਰਿਤਾ ਦਾ ਰਿਸ਼ਤਾ । ਇਹਨੂੰ ਮੇਰੇ ਤੁਹਾਡੇ ਨਾਲੋਂ ਜ਼ਿਆਦਾ ਪੰਜਾਬੀ ਸਾਹਿੱਤ ਜਾਣਦਾ ਹੈ । ਇਸ ਰਿਸ਼ਤੇ ਦੀ ਇੱਕ ਝਲਕ ਇਸ ਖ਼ਤ ਵਿੱਚ ਵੀ ਹੈ:

ਭੂਸ਼ਨ! ਤੂੰ ਸੱਚਮੁੱਚ ਕਮਾਲ ਏਂ । ਸ਼ਿਵ ਬਾਰੇ ਤੇਰਾ ਜ਼ਿਕਰ- ਏ-ਯਾਰ ਪੜ੍ਹਕੇ ਮੈਂ ਪੁਰਾਣੀਆਂ ਕਹਾਣੀਆਂ ਦੀ ਜਾਦੂਗਰਨੀ ਵਾਂਗ ਹੱਸੀ ਵੀ ਤੇ ਰੋਈ ਵੀ । ਅੱਛਾ! ਹੁਣ ਤੂੰ ਜੀਉਂਦਾ ਰਹੀਂ । ਤੈਨੂੰ ਦਿੱਲੀ ਉਡੀਕ ਰਹੀ ਹਾਂ - ਅਮ੍ਰਿਤਾ

ਏਨ੍ਹਾਂ ਦਿਨਾਂ ਵਿੱਚ ਇੱਕ ਬੰਦਾ ਮਿਲਣ ਆਇਆ ਸੀ । ਕੋਈ ਫੌਜੀ ਸੀ । ਕਹਿਣ ਲੱਗਾ, ਬਸ ਪੰਜ ਮਿੰਟ ਤੁਹਾਨੂੰ ਵੇਖਣਾ ਹੀ ਸੀ । ਮੈਂ ਸੋਚਦਾ ਹੁੰਦਾ ਸਾਂ, ਸ਼ਿਵ ਨੂੰ ਜਾ ਕੇ ਵੇਖਾਂਗਾ । ਤੇ ਉਹ ਮਰ ਗਿਆ । ਮੈਂ ਸੋਚਿਆ- ਤੁਹਾਨੂੰ ਛੇਤੀ ਨਾਲ ਜਾ ਕੇ ਵੇਖ ਆਵਾਂ, ਨਹੀਂ ਤਾਂ ਇਹ ਵੀ ਕਿਤੇ ਹਸਰਤ ਹੀ ਨਾ ਰਹਿ ਜਾਏ... ਤੇ ਉਹਨੇ ਕਿਸੇ ਕਿਤਾਬ ਦੀ ਕੋਈ ਗੱਲ ਨਾ ਕੀਤੀ । ਨਾ ਕੋਈ ਹੋਰ ਗੱਲ । ਬਸ ਪੰਜ ਮਿੰਟ ਬਹਿ ਕੇ ਚਲਾ ਗਿਆ । ਸੋ ਤੂੰ ਵੀ ਛੇਤੀ ਆ ਜਾਈਂ

- ਅਮ੍ਰਿਤਾ (ਮਾਰਚ 1979)

ਤੇ ਮੈਂ ਛੇਤੀ ਹੀ ਦਿੱਲੀ ਪਹੁੰਚ ਗਿਆ ਸਾਂ । ਦਸ ਦਿਨ ਓਥੇ ਰਿਹਾ ਸਾਂ । ਦਸੇ ਦਿਨ ਅਮ੍ਰਿਤਾ ਤੇ ਇਮਰੋਜ਼ ਦੇ ਸੰਗ ਸਾਥ ਵਿੱਚ ਨਾਗਮਣੀ ਲਈ ਲਿਖਦਾ ਰਿਹਾ ਸਾਂ । ਮੇਰੇ ਲਈ ਇਹ ਤੀਰਥ ਯਾਤਰਾ ਸੀ । ਰਚਨਾਸ਼ੀਲਤਾ ਦੇ ਸੰਮੋਹਨ 'ਚੋਂ ਗੁਜ਼ਰ ਰਿਹਾ ਸਾਂ । ਇੱਕ ਦਿਨ ਉਨ੍ਹਾਂ ਪੁੱਛਿਆ : ਕਿਤੇ ਹੋਰ ਜਾਣਾ ਈ? ਕਿਸੇ ਹੋਰ ਨੂੰ ਮਿਲਣਾ ਈ ਦਿੱਲੀ ਵਿੱਚ? ਆਪਾਂ ਜਾ ਆਉਂਦੇ ਆਂ । ...ਪਰ ਨਹੀਂ, ਮੈਂ ਦਿੱਲੀ ਥੋੜ੍ਹਾ ਗਿਆ ਸਾਂ । ਮੈਂ ਤਾਂ ਅਮ੍ਰਿਤਾ-ਨਾਗਮਣੀ-ਇਮਰੋਜ਼ ਕੋਲ ਗਿਆ ਸਾਂ । ਏਥੇ ਦਿੰਦੀ ਸ਼ਾਹ, ਸਾਈਂ ਲੋਕ ਅਤੇ ਬਰਕਤੇ ਦੀ ਧੂਣੀ ਧੁਖ ਰਹੀ ਸੀ । ਕਦੇ ਕਬੀਰ ਨਾਲ ਮੁਲਾਕਾਤ ਹੋ ਜਾਂਦੀ, ਕਦੇ ਅਸ਼ਟ ਵੱਕਰ ਨਾਲ । ਇਹ ਦੇਖ ਕਬੀਰਾ ਹੱਸਿਆ ਅੰਕ ਦੀ ਤਿਆਰੀ ਦੇ ਦਿਨ ਸਨ । ਇਸ ਅੰਕ ਦਾ ਫੁਰਨਾ ਵੀ ਅਜੀਬ ਤਰੀਕੇ ਨਾਲ ਫੁਰਿਆ ਸੀ ।

ਜਲੰਧਰ ਦੂਰਦਰਸ਼ਨ ਉਨ੍ਹੀਂ ਦਿਨੀਂ ਅੰਮ੍ਰਿਤਸਰ ਹੁੰਦਾ ਸੀ ਤੇ ਇਸਦੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਦਿੱਲੀ ਹੁੰਦੀ ਸੀ । ਹਰਜੀਤ ਕਰਤਾ-ਧਰਤਾ ਸੀ । ਉਹਨੇ ਬੁਲਾਇਆ । ਮੈਂ ਉਹਦੇ ਕੋਲ ਹੀ ਠਹਿਰਨਾ ਸੀ । ਉਹ ਅੱਗੋਂ ਦੇਵ ਕੋਲ ਠਹਿਰਿਆ ਹੋਇਆ ਸੀ । ਰਾਤ ਲੰਘੀ । ਹਰਜੀਤ ਅਤੇ ਸ਼੍ਰੀਮਤੀ ਜੁਗਿੰਦਰ ਦੇਵ ਡਿਊਟੀ 'ਤੇ ਚਲੇ ਗਏ । ਮੈਂ ਤੇ ਦੇਵ ਵਿਹਲੇ ਸਾਂ । ਨਿੱਕੀ ਨਿੱਕੀ ਕਣੀ ਦਾ ਮੀਂਹ ਵਰ੍ਹ ਰਿਹਾ ਸੀ । ਦੇਵ ਨੇ ਅਮ੍ਰਿਤਾ ਵੱਲ ਜਾਣ ਦਾ ਪ੍ਰੋਗਰਾਮ ਬਣਾ ਲਿਆ । ਮੇਰਾ ਮਨ ਨਹੀਂ ਸੀ । ਨਾਗਮਣੀ ਵਿੱਚ ਤਿੰਨ-ਚਾਰ ਵਾਰ ਛਪ ਚੁੱਕਾ ਸਾਂ । ਚਿੱਠੀ-ਪੱਤਰੀ ਹੁੰਦੀ ਸੀ । ...ਪਰ ਮਿਲਣ ਦੀ ਕੋਈ ਤੁਕ ਨਹੀਂ ਸੀ ਜਾਪਦੀ । ਮੇਰਾ ਸੁਭਾਅ ਹੀ ਅਜਿਹਾ ਹੈ ਕਿ ਮੈਂ ਬੇਵਜ੍ਹਾ ਕਿਤੇ ਵੀ ਦਖਲ-ਅੰਦਾਜ਼ ਨਹੀਂ ਹੋਣਾ ਚਾਹੁੰਦਾ । ਦੇਵ ਦੀ ਜ਼ਿਦ ਸੀ । ਉਹਦੇ ਨਾਲ ਚਲਾ ਗਿਆ । ਰੂਬਰੂ ਹੋਣ ਦਾ ਪਹਿਲਾਂ ਮੌਕਾ ਸੀ । ਦੇਵ ਨੂੰ ਸ਼ਾਇਦ ਭੁਲੇਖਾ ਸੀ ਕਿ ਅਸੀਂ ਪਹਿਲਾਂ ਮਿਲੇ ਹੋਏ ਹਾਂ । ਉਹਨੇ ਰਸਮੀਂ ਪਛਾਣ ਨਾ ਕਰਾਈ । ਉਹ ਆਪਸ ਵਿੱਚ ਗੱਲਾਂ ਕਰਦੇ ਰਹੇ: ਫਿਲਮਾਂ ਦੀਆਂ, ਬਰਸਾਤ ਦੀਆਂ, ਬਾਸੂ ਭੱਟਾਚਾਰੀਆ ਦੀਆਂ, ਨਾਗਮਣੀ ਦੀਆਂ । ਮੈਂ ਕਮਰੇ ਦੇ ਸੁਹਜ ਨੂੰ ਨਿਹਾਰਦਾ ਰਿਹਾ । ਅਮ੍ਰਿਤਾ ਦਾ ਸਲੀਕਾ ਵਾਚਦਾ ਰਿਹਾ । ਟੇਬਲ ਉੱਤੇ ਪਈ ਨਾਗਮਣੀ ਦੀ ਫਾਈਲ ਫਰੋਲਦਾ ਰਿਹਾ । ...ਦੋ-ਤਿੰਨ ਵਾਰ ਇਮਰੋਜ਼ ਆਇਆ । ਉਨ੍ਹਾਂ ਨੇ ਠਹਾਕੇ ਲਾਏ । ਠਹਾਕਿਆਂ ਦੀ ਸੈਲੀਬਰੇਸ਼ਨ ਲਈ ਚਾਹ ਆਉਂਦੀ ਰਹੀ । ਪੰਜ ਘੰਟੇ ਲੰਘ ਗਏ । ਵਾਪਸੀ ਵੇਲੇ, ਮੈਨੂੰ ਦੇਵ ਨਾਲ ਆਇਆ ਲੇਖਕ ਸਮਝਕੇ, ਰਸਮੀ ਤੌਰ 'ਤੇ ਆਖਿਆ ਗਿਆ:

-ਤੁਸੀਂ ਵੀ ਨਾਗਮਣੀ ਲਈ ਕੋਈ ਕਾਲਮ ਲਿਖ ਕੇ ਭੇਜਿਉ ।

-ਇੱਕ ਨਹੀਂ, ਮੈਂ ਤਾਂ ਸਾਰੇ ਕਾਲਮ ਲਿਖਾਂਗਾ । ਮੇਰਾ ਜੁਆਬ ਸੁਣ ਕੇ ਉਨ੍ਹਾਂ ਨੇ ਸਾਰੇ ਕਾਲਮਾਂ ਦੀ ਸੂਚੀ ਬਣਾ ਕੇ ਦੇ ਦਿੱਤੀ । ਮੈਂ ਜੇਬ੍ਹ ਵਿੱਚ ਪਾ ਲਈ, ਤਹਿ ਕਰਕੇ । ਤੇ ਤੁਰਨ ਤੋਂ ਪਹਿਲਾਂ ਦੇਵ ਨੇ ਮੇਰਾ ਨਾਂ ਦੱਸ ਦਿੱਤਾ । ਸਸਪੈਂਸ ਠਹਾਕੇ ਨਾਲ ਖ਼ਤਮ ਹੋਇਆ । ਮੈਂ ਚੰਡੀਗੜ੍ਹ ਆ ਗਿਆ ।

ਅਚਾਨਕ ਇੱਕ ਦਿਨ ਚਿੱਠੀ ਆਈ : ਹੈਲੋ ਭੂਸ਼ਨ! ਤੇਰੀ ਕਲਮ ਦੀ ਨੋਕ ਉੱਤੇ ਐਸ ਵੇਲੇ ਜ਼ਰੂਰ ਕਿਸੇ ਹਾਸ-ਵਿਅੰਗ ਦਾ ਰੰਗ ਹੋਵੇਗਾ । ਜੋ ਲਿਖਿਆ ਹੈ ਉਹ ਭੇਜ ਦੇ ।

ਅਮ੍ਰਿਤਾ 30.01.1979

ਮੈਂ ਤਾਂ ਉਦੋਂ ਤੱਕ ਕੁਝ ਵੀ ਨਹੀਂ ਸੀ ਲਿਖਿਆ । ਕਾਲਮਾਂ ਦੀ ਸੂਚੀ ਵਾਲੇ ਕਾਗਜ਼ ਦੀ ਤਹਿ ਵੀ ਖੋਲ੍ਹਕੇ ਨਹੀਂ ਸੀ ਵੇਖੀ । ਅੱਜ ਦਫ਼ਤਰੋਂ ਆਉਣ 'ਤੇ ਇਹ ਚਿੱਠੀ ਮਿਲੀ ਤਾਂ ਸ਼ਰਮ ਜੇਹੀ ਆਈ । ਮੇਰੀ ਮਜ਼ਾਕ ਵਿੱਚ ਆਖੀ ਗੱਲ ਨੂੰ ਉਨ੍ਹਾਂ ਗੰਭੀਰਤਾ ਨਾਲ ਲੈ ਲਿਆ ਸੀ । ਮੈਂ ਟਾਈਪਰਾਈਟਰ 'ਤੇ ਬਹਿ ਗਿਆ । ਉਸੇ ਸ਼ਰਮਸਾਰੀ ਦੇ ਆਲਮ ਵਿੱਚ ਰਾਈਟਰਜ਼ ਕਲੋਨੀ ਲਿਖਕੇ ਡਾਕੇ ਪਾ ਆਇਆ । ਤੀਜੇ ਦਿਨ ਫੇਰ ਚਿੱਠੀ: ਪਿਆਰੇ ਭੂਸ਼ਨ! ਹੁਣੇ ਰਾਈਟਰਜ਼ ਕਲੋਨੀ ਦਾ ਇਤਿਹਾਸ ਮਿਲਿਆ ਹੈ । ਪੜ੍ਹਕੇ ਤੇਰੇ ਨਾਲ ਬੜਾ ਪਿਆਰ ਆਇਆ । ਸੋ ਨਾਗਮਣੀ ਦੇ ਦੇਖ ਕਬੀਰਾ ਹੱਸਿਆ ਅੰਕ ਦੀ ਇਬਤਦਾ ਹੋ ਗਈ ਹੈ । ਹੁਣ ਅੱਗੋਂ ਇਕੋਤਰ ਸੌ ਵਾਰੀ ਨਹੀਂ, ਇੱਕੋ ਵਾਰੀ ਸੋਚ, ਤੇ ਸਭਨਾਂ ਕਾਲਮਾਂ ਲਈ ਲਿਖਣਾ ਸ਼ੁਰੂ ਕਰ ਦੇ । ਮੇਰੇ ਕੋਲ ਜਿਸ ਵੇਲੇ ਅੰਕ ਦਾ ਖਾਕਾ ਤਿਆਰ ਹੋ ਜਾਏਗਾ ਐਨਾਊਂਸ ਕਰਕੇ ਛਾਪ ਦਿਆਂਗੀ । ਅਮ੍ਰਿਤਾ 05.02.79 ਖ਼ੈਰ ਇਹ ਸਿਲਸਿਲਾ ਸ਼ੁਰੂ ਹੋ ਗਿਆ । ਜਾਰੀ ਰਿਹਾ । ਏਸੇ ਸਿਲਸਿਲੇ ਵਿੱਚ ਦਿੱਲੀ ਦੀ ਯਾਤਰਾ ਕੀਤੀ । ਵਾਪਿਸ ਆਕੇ ਪੂਰਣ-ਅਹੂਤੀ ਵਾਂਗ ਆਖ਼ਰੀ ਆਰਟੀਕਲ ਰਸਾਲ ਕਰ ਦਿੱਤਾ । ਹੁੰਗਾਰਾ ਇੰਜ ਮਿਲਿਆ:

ਪਿਆਰੇ ਭੂਸ਼ਨ! ਦ੍ਰਿਸ਼ਟੀ ਆਪਣੀ ਕੋਣ ਪਰਾਏ ਤੋਂ ਵੱਧ ਇਸ ਦੁਨੀਆ ਦੀ ਵਧੀਆ ਅਨੈਲੇਸਿਜ਼ ਨਹੀਂ ਹੋ ਸਕਦੀ । ਬਹੁਤ ਪਿਆਰ! ਪਰ ਅਸੀਂ ਕੁਝ ਲੋਕ ਉਨ੍ਹਾਂ ਦੇ ਤਸੱਵਰ ਵਿੱਚ ਜੀਉਂਦੇ ਹਾਂ ਜਿਨ੍ਹਾਂ ਦੀ ਦ੍ਰਿਸ਼ਟੀ ਵੀ ਆਪਣੀ ਹੈ, ਕੋਣ ਵੀ ਆਪਣੇ । ਨਾਗਮਣੀ ਉਨ੍ਹਾਂ ਵਿੱਚੋਂ ਇੱਕ ਹੈ । ਇਸ ਲਈ ਬੜੇ ਪਿਆਰ ਨਾਲ ਨਿੱਕਾ ਜਿਹਾ ਤਿਲਫੁੱਲ ਆਪਣੇ ਭੂਸ਼ਣ ਨੂੰ ਪੇਸ਼ ਕਰਨਾ ਚਾਹੁੰਦੀ ਹੈ । ਇਹ ਨਿੱਕਾ ਜਿਹਾ ਚੈੱਕ ਕਬੂਲ ਕਰੀਂ । ਇਹ ਮਈ ਅੰਕ ਹੋਵੇਗਾ । ਨਾਗਮਣੀ ਦੇ ਚੌਧਵੇਂ ਵਰ੍ਹੇ ਦਾ ਪਹਿਲਾ ਅੰਕ । ਤੇ ਇਸ ਅੰਕ ਦੇ ਕਾਮੇ ਹੋਣਗੇ: ਅਮ੍ਰਿਤਾ, ਇਮਰੋਜ਼ ਤੇ ਭੂਸ਼ਨ । ਬੜੇ ਪਿਆਰ ਨਾਲ- 3.3.79 ਅਮ੍ਰਿਤਾ । ਅੰਕ ਨਿਕਲਿਆ । ਪੂਰੀ ਸਜ-ਧਜ ਨਾਲ । ਖੂਬ ਚਰਚਾ ਹੋਈ । ਅਗਲੇ ਅੰਕ ਵਿੱਚ ਪੂਰੇ ਪੰਨੇ ਉੱਤੇ ਮੁਹੱਬਤੀ ਖ਼ਤ ਛਪੇ । ਲੱਕੜੀ ਨਾਲ ਲੱਗ ਕੇ ਲੋਹੇ ਦੀ ਵੀ ਬੱਲੇ ਬੱਲੇ ਹੋ ਗਈ ।

...ਤੇ ਫੇਰ ਜਿਵੇਂ ਕਿ ਪੰਜਾਬੀ ਵਿੱਚ ਹੋਇਆ ਕਰਦਾ ਹੈ, ਸਾਡੇ ਨਾਲ ਵੀ ਹੋਇਆ । ਕਈਆਂ ਨੂੰ ਬੜੀ ਤਕਲੀਫ਼ ਹੋਈ । ਸਕੱਤਰੇਤ ਵਿੱਚ ਬਿਰਾਜਮਾਨ ਕੁਝ ਸਰਕਾਰੀ ਸਰੀਰਾਂ ਨੂੰ ਬਾਹਲੀ ਤਕਲੀਫ਼ ਹੋਈ । ਖ਼ਬਰਾਂ ਅਫ਼ਵਾਹਾਂ ਵਾਂਗ ਉੱਡਣ ਲੱਗੀਆਂ ਕਿ ਨਾਗਮਣੀ ਦੇ ਇਸ਼ਤਿਹਾਰ ਬੰਦ ਹੋ ਰਹੇ ਨੇ । ਸਕੂਲਾਂ ਕਾਲਜਾਂ ਦੀਆਂ ਲਾਇਬਰੇਰੀਆਂ ਲਈ ਮਨਜ਼ੂਰੀ ਰੱਦ ਹੋ ਰਹੀ ਹੈ ।
...ਅਮ੍ਰਿਤਾ ਡਰ ਗਈ ਹੈ । ਉਹਨੇ ਅੱਗੇ ਤੋਂ ਭੂਸ਼ਨ ਨੂੰ ਨਾ ਛਾਪਣ ਦਾ ਫ਼ੈਸਲਾ ਕੀਤਾ ਹੈ । ... ...
ਸੁਣ ਮੈਂ ਵੀ ਰਿਹਾ ਸਾਂ । ਅਸੀਂ ਆਪਣਾ ਕੰਮ ਕਰ ਦਿੱਤਾ ਸੀ । ਲੋਕ ਆਪਣਾ ਕੰਮ ਕਰ ਰਹੇ ਸਨ । ਇਨ੍ਹੀ ਦਿਨੀਂ ਇੱਕ ਹੋਰ ਚਿੱਠੀ ਆਈ:

ਪਿਆਰੇ ਭੂਸ਼ਨ! ਅੱਜ ਅਵਤਾਰ ਜੌੜਾ ਦੇ ਖ਼ਤ ਤੋਂ ਮੈਨੂੰ ਪਤਾ ਲੱਗਾ ਕਿ ਕੁਝ ਸ਼ਰਾਰਤੀ ਲੋਕ ਗ਼ਲਤਫ਼ਹਿਮੀਆਂ ਫੈਲਾ ਰਹੇ ਹਨ । ਬਿਲਕੁਲ ਯਕੀਨ ਨਾ ਕਰੀਂ । ਮੈਂ ਬੜੇ ਪਿਆਰ ਨਾਲ, ਕਦਰ ਨਾਲ ਤੇਰੀ ਮਿਹਨਤ ਨੂੰ ਨਾਗਮਣੀ ਦੇ ਪਹਿਲੇ ਸਫੇ ਉੱਤੇ-ਆਪਣੇ ਨਾਲ ਦਾ ਕਾਮਾ ਸਾਥੀ ਬਣਾ ਕੇ ਤੇਰਾ ਨਾਂ ਲਿਖਿਆ ਸੀ । ਹੁਣ ਵੀ ਮੈਨੂੰ ਉਸੇ ਤਰ੍ਹਾਂ ਉਸ ਅੰਕ ਉੱਤੇ ਮਾਣ ਹੈ । ਤੇ ਤੇਰੇ ਅੰਦਰਲੇ ਕਲਾਕਾਰ ਉੱਤੇ ਫ਼ਖਰ ਹੈ । ਉਸ ਤੋਂ ਅਗਲਾ ਅੰਕ, ਪਾਠਕਾਂ ਦੇ ਖ਼ਤਾਂ ਵਾਲਾ ਸਫ਼ਾ, ਉਹਦੀ ਤਸਦੀਕ ਹੈ । ਅਸੀਂ ਰਲਕੇ ਅਗਲੇ ਵਰ੍ਹੇ ਫੇਰ ਇੱਕ ਅੰਕ ਕੱਢਣਾ ਹੈ । ਉਹਦੀ ਤਿਆਰੀ ਕਿਸੇ ਨਵੇਂ ਪਹਿਲੂ ਤੋਂ ਭਾਵੇਂ ਹੁਣੇ ਸ਼ੁਰੂ ਕਰ ਦੇ । ਮੇਰਾ ਕਮਰਾ ਵੀ ਜ਼ਰੂਰ ਲਿਖ! ਛੇਤੀ । ਜੋ ਖ਼ਤ ਮੈਂ ਹਸਰਤ ਦੇ ਖ਼ਤ ਦੇ ਜਵਾਬ ਵਿੱਚ ਉਹਨੂੰ ਲਿਖਿਆ ਸੀ- ਜੇ ਕਦੇ ਤੂੰ ਉਹ ਪੜ੍ਹ ਸਕੇਂ! ਪਿਆਰ ਨਾਲ
- ਅਮ੍ਰਿਤਾ 19.06.1979

ਦੇਖੋ ਕੌਣ ਕੀਹਨੂੰ ਸਪੱਸ਼ਟੀਕਰਨ ਦੇ ਰਿਹਾ ਹੈ? ਇਹ ਹੈ ਸੰਪਾਦਕ ਦਾ ਆਪਣੇ ਲੇਖਕ ਨਾਲ ਰਿਸ਼ਤਾ । ਇਹ ਹੈ ਲੇਖਕ ਦਾ ਆਪਣੀ ਕਲਮ ਨਾਲ ਰਿਸ਼ਤਾ । ਇਹ ਹੈ ਕਲਮ ਦਾ ਜ਼ਮੀਰ ਨਾਲ ਰਿਸ਼ਤਾ । ਇਹ ਹੈ ਸਾਹਿੱਤ ਦਾ ਜ਼ਿੰਦਗੀ ਨਾਲ ਰਿਸ਼ਤਾ । ਇਹ ਹੈ ਅਮ੍ਰਿਤਾ ਦਾ ਇਮਰੋਜ਼, ਨਾਗਮਣੀ, ਸ਼ਿਵ, ਭੂਸ਼ਨ ਅਤੇ ਯਕੀਨ ਨਾਲ ਰਿਸ਼ਤਾ ।
ਸਰੀਰ ਵਿਦਾ ਹੋ ਚੁੱਕਾ ਹੈ ।
ਰਿਸ਼ਤਾ ਕਾਇਮ-ਦਾਇਮ ਹੈ ।
ਇਸ ਰਿਸ਼ਤੇ ਨੂੰ ਸਲਾਮ!

ਮੇਰਾ ਸਲਾਮ ਕਬੂਲ ਹੋਇਆ ਕਿ ਨਹੀਂ, ਪਤਾ ਨਹੀਂ । ਪਰ ਇਹ ਇਸ ਖ਼ਤ ਵਾਲਾ ਸਲਾਮ ਭਲਾ ਕਿਹੜੀ ਕੈਟਾਗਰੀ ਵਿੱਚ ਆਉਂਦਾ ਹੈ:

ਪਿਆਰੇ ਭੂਸ਼ਨ!
ਅੰਦਾਜ਼-ਏ-ਭੂਸ਼ਨ ਨੂੰ ਮੇਰਾ ਸਲਾਮ ਆਖੀਂ ।
-ਅਮ੍ਰਿਤਾ ।
03.05.1982

***

ਵਾਰਿਸ਼ ਸ਼ਾਹ ਦਾ ਕਹਿਣਾ ਮੰਨ ਕੇ ਹੁਣ ਤੱਕ ਇਹ ਗੁੜ ਮੈਂ ਜੱਗ ਕੋਲੋਂ ਲੁਕਾ ਕੇ ਰੱਖਿਆ ਹੋਇਆ ਸੀ ਕਿਉਂਕਿ ਮੀਆਂ ਮਿੱਠੂ ਨਹੀਂ ਸਾਂ ਬਣਨਾ ਚਾਹੁੰਦਾ । ਨਾਗਮਣੀ ਦੇ ਵਿਸ਼ੇਸ਼ ਪ੍ਰਸੰਗ ਵਿੱਚ ਇਹ ਵਿਆਖਿਆ ਕਰਨੀ ਪੈ ਗਈ ਹੈ । ਮਜ਼ਬੂਰੀ ਹੈ । ਮੁਆਫ਼ ਕਰਨਾ! ਇੱਕ ਆਖ਼ਰੀ ਹਵਾਲੇ ਨਾਲ ਗੱਲ ਖ਼ਤਮ ਕਰਨੀ ਚਾਹਵਾਂਗਾ ।

1977 ਵਿੱਚ ਨਾਗਮਣੀ ਦੀ ਐਡੀਟਰ ਨੂੰ ਮੈਂ ਇੱਕ ਲੰਬਾ ਖ਼ਤ ਲਿਖਿਆ ਸੀ । ਲਫ਼ਜ਼ ਸਖ਼ਤ ਵਰਤੇ ਗਏ ਸਨ । ਪਰ ਜਵਾਬ ਨੇ ਲਾਜਵਾਬ ਕਰ ਦਿੱਤਾ:

....ਤੁਹਾਡੇ ਲਫ਼ਜ਼ਾਂ ਵਿੱਚ ਨਾਗਮਣੀ ਨੂੰ ਨਵੇਂ ਲੇਖਕਾਂ ਦੀ ਪ੍ਰਯੋਗਸ਼ਾਲਾ ਬਣਾ ਕੇ ਮੈਂ ਮਹਿੰਗਾ ਤੇ ਖ਼ਤਰਨਾਕ ਸ਼ੌਕ ਪਾਲਿਆ ਹੈ । ਤੇ ਤੁਸਾਂ ਕਾਮਨਾ ਕੀਤੀ ਹੈ: ਰੱਬ ਕਰੇ! ਨਾਗਮਣੀ ਦੀ ਸਰਪ੍ਰਸਤੀ ਅਤੇ ਅਪਣੱਤ ਭਰੀ ਪ੍ਰੇਰਣਾ ਦੀ ਗ਼ੈਰ ਮੌਜੂਦਗੀ ਵਿੱਚ ਵੀ ਇਹ ਮਲੂਕ ਕਲਮਾਂ ਆਪਣਾ ਵਜੂਦ ਕਾਇਮ ਰੱਖ ਸਕਣ । ... ਸੋ ਜੇ ਇਹਦੇ ਵਿੱਚ ਖ਼ਤਰਨਾਕ ਹੈ ਤਾਂ ਸਮਾਂ ਹੈ, ਮੇਰਾ ਸ਼ੌਕ ਨਹੀਂ । ਵਕਤ ਨਾ ਰਿਆਇਤ ਕਰਦਾ ਹੈ ਨੇ ਦਵੈਤ । ਉਹਦੇ ਨਾਲ ਜੂਝਣਾਂ ਤੇ ਉਹਦੇ ਨਾਲ ਚੱਲਣਾ ਲੇਖਕਾਂ ਦਾ ਆਪਣਾ ਕਰਮ ਹੈ, ਆਪਣਾ ਬਲ । ਜੋ ਵੀ ਚੱਲ ਸਕਣਗੇ, ਉਹੀ ਰਹਿਣਗੇ । ਮੈਂ ਤਾਂ ਇਹੀ ਕਹਿ ਸਕਦੀ ਹਾਂ: ਖਲੋਤੇ ਨੂੰ ਖ਼ੁਦਾ ਹਾਫ਼ਿਜ਼, ਤੁਰਦੇ ਨੂੰ ਸਲਾਮ ।

***

ਅੱਜ ਸਾਹਿੱਤ ਨੂੰ ਜਿਨ੍ਹਾਂ ਤਗੜੀਆਂ ਕਲਮਾਂ ਦੀ ਲੋੜ ਹੈ, ਉਨ੍ਹਾਂ ਕਲਮਾਂ ਵਿੱਚ ਸ਼ਾਮਿਲ ਹੋਵੋ । ਸਵਾਲ ਕਰੋ । ਪਰ ਸਵਾਲਾਂ ਦੇ ਜਵਾਬ ਵੀ ਬਣੋ । ਤਾ ਕਿ ਸੰਨਦ ਰਹੇ: ਮੈਂ ਅੰਮ੍ਰਿਤਾ ਨੂੰ ਟਿੱਪੀ ਆਪਣੀ ਲਿਖਤ ਵਿੱਚ ਨਹੀਂ ਵਰਤੀ । ਗਰਾਮਰ ਦੇ ਲਿਹਾਜ਼ ਨਾਲ ਲੁੜੀਂਦੀ ਵੀ ਨਹੀਂ । ਉਂਜ ਖ਼ਾਸ ਨਾਉਂ ਦੇ ਸ਼ਬਦ-ਜੋੜ ਅਲੱਗ ਹੋ ਸਕਦੇ ਨੇ । ਅੰਮ੍ਰਿਤਾ ਦੀ ਟਿੱਪੀ ਉਸਦੇ ਹਸਤਾਖਰਾਂ ਦਾ ਤਾਜ ਹੈ । ਛਤਰ ਹੈ । ਸਿਰਫ਼ ਉਸਦਾ ਹੈ । ਸਿਰਫ਼ ਉਸੇ ਨੂੰ ਵਰਤਣ ਦਾ ਹੱਕ ਸੀ ।

ਗੀਤਾ ਪੂਰੀ ਤਾਂ ਪੜ੍ਹੀ ਹੈ ਥੋੜ੍ਹਿਆਂ ਨੇ,
ਬਹੁਤੇ ਗੀਤਾ ਮਹਾਤਮ ਨੂੰ ਜਾਣਦੇ ਨੇ ।
ਵਾਰਿਸ਼ ਸ਼ਾਹ ਵਾਲੀ ਇੱਕੋ ਨਜ਼ਮ ਕਰਕੇ,
ਲੋਕੀਂ ਅਮ੍ਰਿਤਾ ਪ੍ਰੀਤਮ ਨੂੰ ਜਾਣਦੇ ਨੇ¨

***

4. ਗਾਰਗੀ ਉਰਫ਼ ਬਠਿੰਡੇ ਦਾ ਬਾਣੀਆ

ਬਲਵੰਤ ਗਾਰਗੀ ਛੋਟੇ ਕੱਦ ਵਾਲਾ ਵੱਡਾ ਲੇਖਕ ਸੀ । ਉਸਨੇ ਸਾਹਿੱਤ ਨੂੰ ਸਰਕਸ ਮੰਨ ਲਿਆ ਸੀ ਤੇ ਖ਼ੁਦ ਜੋਕਰ ਦਾ ਰੋਲ ਨਿਭਾਉਂਦਾ ਰਿਹਾ । ਬੋਲੀ ਨੂੰ ਮਾਂਜਦਾ ਰਿਹਾ, ਮੁਹਾਵਰਾ ਲਿਸ਼ਕਾਉਂਦਾ ਰਿਹਾ । ਕਈਆਂ ਦੇ ਹੱਥਾਂ ਦੇ ਤੋਤੇ ਉਡਾਉਂਦਾ ਰਿਹਾ । ਆਪਣੀਆਂ ਸ਼ਰਤਾਂ 'ਤੇ ਜੀਂਦਾ ਰਿਹਾ । ਉਮਰ ਦੇ ਚੋਲੇ ਨੂੰ ਕਲਮ ਨਾਲ ਸੀਂਦਾ ਰਿਹਾ । ਚੋਲਾ ਜਰਜਰਾ ਹੁੰਦਾ ਰਿਹਾ ਪਰ ਰੰਗਾਂ ਦੀ ਸ਼ੋਖੀ ਬਰਕਰਾਰ ਰਹੀ ।

ਗਾਰਗੀ ਮਰ ਗਿਆ ਹੈ । ਮਰਨ ਤੋਂ ਪਹਿਲਾਂ ਹੀ ਉਸ ਨੇ ਜੀਣਾ ਛੱਡ ਦਿੱਤਾ ਸੀ ਕਿਉਂਕਿ ਉਹ ਬੁਢਾਪੇ ਤੋਂ ਹਾਰ ਕੇ ਵੀ ਹਾਰ ਮੰਨਣੀ ਨਹੀਂ ਸੀ ਚਾਹੁੰਦਾ । ਜਦੋਂ ਉਹ ਚੜ੍ਹਦੀ ਕਲਾ ਵਿੱਚ ਸੀ ਤਾਂ ਬਹੁਤਿਆਂ ਨੂੰ ਪਛਾਣ ਵਿੱਚ ਨਹੀਂ ਸੀ ਲਿਆਉਂਦਾ । ਜਦੋਂ ਢਹਿੰਦੀ ਕਲਾ ਵਿੱਚ ਸੀ ਤਾਂ ਆਪਣੇ ਪਿਆਰਿਆਂ ਦੀ ਪਛਾਣ ਵਿੱਚ ਵੀ ਆਉਣਾ ਨਹੀਂ ਸੀ ਚਾਹੁੰਦਾ । ਜ਼ਿੰਦਗੀ ਦੇ ਨਾਟਕ ਦਾ ਇਹ ਆਖਰੀ ਦ੍ਰਿਸ਼ ਸੀ ਜਿਸਦਾ ਡਾਇਰੈਕਟਰ ਕੋਈ 'ਹੋਰ' ਸੀ । ਪਰ ਗਾਰਗੀ ਇਸ ਮੌਕੇ ਵੀ ਐਕਟਿੰਗ ਤੋਂ ਬਾਜ਼ ਨਹੀਂ ਆ ਰਿਹਾ ਸੀ । ਸ਼ਾਇਦ ਉਹ ਇੱਕ ਸਫ਼ਲ ਜੋਕਰ ਦਾ ਧਰਮ ਨਿਭਾ ਰਿਹਾ ਸੀ ।

ਬਲਵੰਤ ਗਾਰਗੀ ਬਹੁਤ ਵੱਡਾ ਫ਼ਿਕਰਾ-ਪ੍ਰਸਤ ਸੀ, ਜੁਮਲੇਬਾਜ਼ । ਕੋਈ ਤਿੱਖਾ, ਤੇਜ਼-ਤਰਾਰ, ਗਰਮਾ-ਗਰਮ ਫ਼ਿਕਰਾ ਆਪਣੀ ਕਿਸੇ ਰਚਨਾ ਵਿੱਚ ਫਿੱਟ ਕਰਨ ਲਈ ਉਹ ਆਪਣੀਆਂ ਵਾਕਫ਼ੀਅਤਾਂ ਜਾਂ ਦੋਸਤੀਆਂ ਦੇ ਬੁਲਬੁਲੇ ਉੱਡਾ ਸਕਦਾ ਸੀ; ਪਰਖਚੇ ਵੀ । ਉਹਦੇ ਫ਼ਿਕਰੇ ਉਹਦੇ ਕੱਦ ਵਾਂਗ ਛੋਟੇ; ਉਹਦੀ ਪੁਸ਼ਾਕ ਵਾਂਗ ਰੰਗੀਨ, ਉਹਦੀ ਖੁਰਾਕ ਵਾਂਗ ਚਟਪਟੇ; ਉਹਦੀ ਚਾਲ ਵਾਂਗ ਸੰਤੁਲਿਤ, ਉਹਦੇ ਵਿਹਾਰ ਵਾਂਗ ਬੇ-ਲਿਹਾਜ਼ ਅਤੇ ਉਹਦੇ ਅੰਗਾਂ ਦੀਆਂ ਹਰਕਤਾਂ ਵਾਂਗ ਦਿਲਚਸਪ ਅਤੇ ਉਕਸਾਊ ਹੁੰਦੇ ਸਨ । ਉਹ ਭਾਸ਼ਣ ਨਹੀਂ ਸੀ ਕਰਦਾ, ਡਾਇਲਾਗ ਬੋਲਦਾ ਸੀ-ਤੋੜ ਤੋੜ ਕੇ; ਸੋਚ ਸੋਚ ਕੇ; ਵਕਫ਼ਾ ਦੇ ਕੇ । ਉਹ ਲਿਖਣ ਵਾਂਗ ਬੋਲਦਾ ਸੀ; ਬੋਲਣ ਵਾਂਗ ਲਿਖਦਾ ਸੀ । ਉਹਦੇ ਲਹਿਜੇ ਵਾਂਗ ਉਹਦੀ ਵਿਆਕਰਣ ਵੀ ਵੱਖਰੀ ਸੀ ।

ਬਲਵੰਤ ਗਾਰਗੀ ਨਖ਼ਰੇ ਨਾਲ ਲਿਖਦਾ ਸੀ, ਸ਼ਾਨ ਨਾਲ ਛਪਦਾ ਸੀ, ਧੜੱਲੇ ਨਾਲ ਵਿਕਦਾ ਸੀ । ਨਾ ਉਸਨੂੰ ਪ੍ਰਕਾਸ਼ਕਾਂ 'ਤੇ ਿਗ਼ਲਾ ਸੀ, ਨਾ ਪਾਠਕਾਂ 'ਤੇ ਗੁੱਸਾ । ਨਾਟਕ, ਨਾਵਲ, ਕਹਾਣੀ, ਸਫ਼ਰਨਾਮਾ, ਰੇਖਾ-ਚਿੱਤਰ, ਰੰਗਮੰਚ, ਅਨੁਵਾਦ-ਸਭ ਉਸਦੀ ਆਤਮਕਥਾ ਦੇ ਚੈਪਟਰ ਹਨ; ਜੋ ਪੰਜਾਬੀ ਤੋਂ ਬਾਹਰ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਰੂਸੀ ਜ਼ੁਬਾਨਾਂ ਵਿੱਚ ਵੀ ਪੱਕਾ ਟਿਕਾਣਾ ਬਣਾ ਚੁੱਕੇ ਹਨ । ਅਜੋਕੇ ਭੀੜ-ਭੜੱਕੇ ਅਤੇ ਰੌਲੇ-ਗੌਲੇ ਵਾਲੇ ਮਾਹੌਲ ਵਿੱਚ ਵੀ ਆਪਣੀ ਗੱਲ ਸੁਣਾਉਣ ਦਾ ਉਹਨੂੰ ਸਲੀਕਾ ਸੀ । ਉਹ ਭੂਗੋਲ ਅਤੇ ਇਤਿਹਾਸ ਵਿੱਚ ਇੱਕੋ ਸਮੇਂ ਅਤੇ ਇੱਕੋ ਜਿਹੀ ਸਹਿਜਤਾ ਨਾਲ ਵਿਚਰਦਾ ਸੀ । ਆਤਮ- ਅਭਿਵਿਅਕਤੀ ਦਾ ਕੋਈ ਇੱਕ ਮਾਧਿਅਮ ਉਹਦੇ ਮੇਚ ਨਹੀਂ ਸੀ ਆਉਂਦਾ । ਮਲਟੀ-ਮੀਡੀਆ ਦੇ ਇਸ ਯੁੱਗ ਵਿੱਚ ਉਹ ਜ਼ਿੰਦਗੀ ਨਾਲ ਦਸਤਪੰਜਾ ਲੈਣ ਲਈ ਕਾਗਜ਼ ਤੋਂ ਮੰਚ ਵੱਲ; ਮੰਚ ਤੋਂ ਛੋਟੀ-ਵੱਡੀ ਸਕਰੀਨ ਵੱਲ ਲਗਾਤਾਰ ਤੁਰਦਾ ਰਿਹਾ । ਦੌੜਦਾ ਰਿਹਾ । ਉੱਡਦਾ ਰਿਹਾ ।

ਬਲਵੰਤ ਗਾਰਗੀ ਨੂੰ ਮਸ਼ਹੂਰੀ ਨਾਲ ਇਸ਼ਕ ਸੀ । ਮਸ਼ਹੂਰ ਹਸਤੀ, ਮਸ਼ਹੂਰ ਕਿਤਾਬ, ਮਸ਼ਹੂਰ ਜਗ੍ਹਾ ਹਮੇਸ਼ਾ ਉਹਨੂੰ ਆਪਣੇ ਵੱਲ ਖਿੱਚਦੇ ਰਹੇ । ਉਹਨਾਂ ਦੇ ਸੰਗ-ਸਾਥ ਵਿੱਚ ਉਹਨੂੰ ਆਪਣੀ ਹੋਂਦ ਸਹਿਜ ਅਤੇ ਸਾਰਥਕ ਲੱਗਦੀ ਰਹੀ । ਲੇਖਕ, ਚਿੱਤਰਕਾਰ, ਸੰਗੀਤਕਾਰ, ਗਾਇਕ, ਫ਼ਿਲਮਕਾਰ, ਡਰਾਮਾ ਡਾਇਰੈਕਟਰ, ਅਖ਼ਬਾਰ ਨਵੀਸ, ਸਿਆਸਤਦਾਨ... ਸਭ ਉਸਦੇ ਘੇਰੇ ਵਿੱਚ ਸਨ ਪਰ ਉਹ ਸਭ ਦੇ ਘੇਰੇ ਵਿੱਚ ਨਹੀਂ ਸੀ । ਫਿਰ ਵੀ ਉਹ ਆਪਣੇ ਕਿਸੇ ਸ਼ੌਕ ਨੂੰ ਬੰਧਨ ਨਹੀਂ ਸੀ ਬਣਨ ਦੇਂਦਾ । ਚੁਣ ਕੇ ਜੀਣਾ ਅਤੇ ਪੁਣ ਕੇ ਪੀਣਾ ਉਹਦੀ ਆਦਤ ਸੀ । ਆਪਣੀ ਕਲਾ ਦੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਅਤੇ ਉਹਨਾਂ ਦਾ ਘੇਰਾ ਵਧਾਉਣ ਲਈ ਉਹ ਹਰ ਜੁਗਤ ਵਰਤ ਸਕਦਾ ਸੀ; ਬਾਕੀ ਦੁਨੀਆ ਦੀ ਉਹਨੇ ਕਦੇ ਪ੍ਰਵਾਹ ਨਹੀਂ ਸੀ ਮੰਨੀ । ਇਸੇ ਲਈ ਮਸ਼ਹੂਰੀ ਉਹਦੇ ਤੋਂ ਕਦੇ ਦੂਰ ਨਹੀਂ ਹੋਈ ।

ਬਲਵੰਤ ਗਾਰਗੀ ਮਸ਼ਹੂਰ ਹੋਣ ਲਈ ਸਦਾ ਤਤਪਰ ਰਿਹਾ ਹੈ ਪਰ ਸਸਤਾ ਕਦੇ ਨਹੀਂ ਹੋਇਆ । ਸ਼ੋਹਰਤ ਦੇ ਨਾਲ ਨਾਲ ਉਹਨੇ ਦੌਲਤ ਵੀ ਕਮਾਈ ਹੈ ਪਰ ਮੰਗਤਾ ਕਦੇ ਨਹੀਂ ਹੋਇਆ । ਉਹ ਉੱਚ-ਵਰਗ ਵਿੱਚ ਵਿਚਰਦਾ ਹੋਇਆ ਵੀ ਆਮ ਆਦਮੀ ਬਾਰੇ ਸਹਿਜਤਾ ਨਾਲ ਲਿਖ ਲੈਂਦਾ ਸੀ । ਇਹ ਵਿਰੋਧਾਭਾਸ ਹੀ ਉਸਦੀ ਕਲਾ ਦੀ ਵਿਸ਼ੇਸ਼ਤਾ ਹੈ । ਉਸਦੀ ਉਮਰ ਦੇ ਏਜੰਡੇ ਉੱਤੇ ਜ਼ਿੰਦਗੀ ਨੰਬਰ ਇੱਕ ਸੀ; ਬਾਕੀ ਸਭ ਕੁਝ ਦੋ ਨੰਬਰ ਦਾ । ਸ਼ਾਇਦ ਏਸੇ ਲਈ ਉਸਦੇ ਕੱਟੜ ਆਲੋਚਕ ਵੀ ਉਸਨੂੰ ਆਦਮੀ ਤਾਂ ਭਾਵੇਂ ਦੋ ਨੰਬਰ ਦਾ ਮੰਨਦੇ ਹਨ ਪਰ ਲੇਖਕ ਉਹਨਾਂ ਨੂੰ ਵੀ ਇੱਕ ਨੰਬਰ ਦਾ ਹੀ ਕਹਿਣ ਲਈ ਮਜਬੂਰ ਹੋਣਾ ਪੈਂਦਾ ਹੈ । ਪੰਜਾਬੀ ਦੇ ਜਿਨ੍ਹਾਂ ਲੇਖਕਾਂ ਬਾਰੇ ਗਾਰਗੀ ਨੇ ਨਹੀਂ ਲਿਖਿਆ; ਉਹ ਇਸ ਲਈ ਦੁਖੀ ਹਨ ਕਿ ਉਹ ਮਸ਼ਹੂਰ ਹੋਣੋਂ ਰਹਿ ਗਏ ਪਰ ਜਿਹੜੇ ਲੇਖਕਾਂ ਬਾਰੇ ਗਾਰਗੀ ਨੇ ਰੇਖਾ-ਚਿੱਤਰ ਲਿਖੇ; ਉਹ ਇਸ ਲਈ ਦੁਖੀ ਸਨ ਕਿ ਉਹ ਨਸ਼ਰ ਹੋ ਗਏ । ਪਰ ਬਲਵੰਤ ਗਾਰਗੀ ਨੂੰ ਇਹਨਾਂ ਗੱਲਾਂ ਦਾ ਕਦੇ ਕੋਈ ਫ਼ਿਕਰ ਨਹੀਂ ਹੋਇਆ ਕਿਉਂਕਿ ਉਹ ਕਿਸੇ ਨੂੰ ਖੁਸ਼ ਜਾਂ ਨਾਰਾਜ਼ ਕਰਨ ਲਈ ਨਹੀਂ ਸੀ ਲਿਖਦਾ । ਉਹ ਤਾਂ ਬੱਸ ਲਿਖਦਾ ਸੀ, ਜਿਵੇਂ ਉਹਦਾ ਜੀਅ ਕਰਦਾ ਸੀ । ਇਸੇ ਲਈ ਉਹ ਮਸ਼ਹੂਰ ਸੀ । ਚਰਚਾ ਵਿੱਚ ਰਹਿਣ ਲਈ ਵਿਵਾਦ ਖੜ੍ਹਾ ਕਰਨਾ ਉਹਨੂੰ ਚੰਗੀ ਤਰ੍ਹਾਂ ਆਉਂਦਾ ਸੀ । ਵਿਅੰਗ ਉਸਦਾ ਕਾਰਗਰ ਹਥਿਆਰ ਸੀ ਫਿਰ ਵੀ ਯਾਰਾਂ ਦਾ ਯਾਰ ਸੀ । ਉਹ ਬਟਾਲਵੀ ਨੂੰ ਬੇਹੱਦ ਪਿਆਰ ਕਰਦਾ ਸੀ । ਉਸਦੀ ਕਵਿਤਾ ਦਾ ਸ਼ੈਦਾਈ ਸੀ । 'ਜੱਗ ਚਾਨਣ ਹੋਯਾ' ਅਤੇ 'ਗਗਨ ਮੈਂ ਥਾਲ' ਨਾਟਕਾਂ ਵਿੱਚ ਉਸ ਨੇ ਸ਼ਿਵ ਦੇ ਗੀਤ ਵੀ ਵਰਤੇ । ਸ਼ਿਵ ਬਾਰੇ ਦੋ ਰੇਖਾ-ਚਿੱਤਰ ਲਿਖੇ 'ਛਲਣੀ ਫੇਫੜੇ' ਅਤੇ 'ਕੌਡੀਆਂ ਵਾਲਾ ਸੱਪ ।' ਸ਼ਿਵ ਦੇ ਮਰਨ ਪਿੱਛੋਂ ਉਸ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਬਣਾਈ । ਪਰ ਨਾਰਾਜ਼ਗੀ ਤੋਂ ਬਿਨਾਂ ਦੋਸਤੀ ਦਾ ਅਸਲੀ ਰੰਗ ਉਘੜਦਾ ਹੀ ਨਹੀਂ । ਗਾਰਗੀ ਦੇ ਨਾਟਕਾਂ ਲਈ ਲਿਖੇ ਗੀਤਾਂ ਦੇ ਇਵਜ਼ਾਨੇ ਦੀ ਅਦਾਇਗੀ ਤੋਂ ਨਾਖੁਸ਼ ਹੋਣ ਕਰਕੇ ਸ਼ਿਵ ਕਈ ਮਹੀਨੇ ਗਾਰਗੀ ਨਾਲ ਬੋਲਿਆ ਹੀ ਨਾ । ਗਾਰਗੀ ਨੇ ਵੀ ਮਨਾਉਣ ਦੀ ਕੋਸ਼ਿਸ਼ ਨਾ ਕੀਤੀ ਪਰ ਆਪਣੀ ਨਵੀਂ ਛਪੀ ਕਿਤਾਬ 'ਮੈਂ ਤੇ ਮੈਂ' ਸ਼ਿਵ ਨੇ ਉਸਨੂੰ ਇਹਨਾਂ ਸਮਰਪਣ-ਸ਼ਬਦਾਂ ਨਾਲ ਭੇਂਟ ਕੀਤੀ :

''ਨੱਚ ਲੈਣ ਦੇ, ਮੈਨੂੰ ਗਾ ਲੈਣ ਦੇ
ਮੈਨੂੰ ਰੁੱਠੜਾ ਯਾਰ ਮਨਾ ਲੈਣ ਦੇ''

ਅਗਲੇ ਹੀ ਪਲ ਦੋਵੇਂ ਇੱਕ ਦੂਜੇ ਦੀ ਗਲਵਕੜੀ ਵਿੱਚ ਸਨ ਅਤੇ ਕੁਝ ਦਿਨ ਬਾਦ ਸ਼ਿਵ ਦਾ ਗਾਰਗੀ ਬਾਰੇ ਸਿਫ਼ਤ-ਭਰਪੂਰ, ਨਿੱਕਾ ਜਿਹਾ ਲੇਖ ਛਪਿਆ, ਜਿਸ ਦਾ ਸ਼ੀਰਸ਼ਕ ਸੀ: 'ਪੰਜਾਬੀ ਨਾਟਕ ਦਾ ਖੱਬੀਖਾਨ: ਬਲਵੰਤ ਗਾਰਗੀ ।' ਬਲਵੰਤ ਗਾਰਗੀ ਪੰਜਾਬੀ ਦੇ ਮਹਾਰਥੀ ਦੌਰ ਵਿੱਚ ਪ੍ਰਗਟ ਹੋਇਆ । ਈਸ਼ਵਰ ਚੰਦਰ ਨੰਦਾ, ਸੰਤ ਸਿੰਘ ਸੇਖੋਂ, ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਗੁਰਬਖਸ਼ ਸਿੰਘ, ਸੰਤੋਖ ਸਿੰਘ ਧੀਰ, ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ, ਸਆਦਤ ਹਸਨ ਮੰਟੋ, ਮੁਲਕਰਾਜ ਆਨੰਦ, ਖੁਸ਼ਵੰਤ ਸਿੰਘ, ਪ੍ਰੋ. ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਸਭ ਉਸਦੇ ਸਮਕਾਲੀ ਹਨ । ਨਾਵਾਂ ਦੀ ਗਿਣਤੀ ਕਰਨ ਵੇਲੇ ਤਾਂ ਲਾਹੌਰ, ਬੰਬਈ, ਚੰਡੀਗੜ੍ਹ ਅਤੇ ਦਿੱਲੀ ਦੇ ਮਹਾਰਥੀਆਂ ਦਾ ਹੀ ਮੁਕੰਮਲ ਲੇਖਾ ਜੋਖਾ ਸੰਭਵ ਨਹੀਂ । ਰਾਬਿੰਦਰਨਾਥ ਟੈਗੋਰ ਤੋਂ ਲੈ ਕੇ ਹਰਨਾਮ ਸਿੰਘ ਸ਼ਾਨ ਤੱਕ ਦਾ ਜ਼ਿਕਰ ਉਸਦੀ 'ਆਤਮਕਥਾ' 'ਚੋਂ ਮਿਲ ਸਕਦਾ ਹੈ । ਸਰਹਿੰਦ ਨਹਿਰ ਵਿੱਚ ਉਹਦੇ ਫੁੱਲ ਪ੍ਰਵਾਹ ਦਿੱਤੇ ਗਏ ਹਨ ਅਤੇ ਉਸਦੀ ਵਸੀਅਤ ਮੁਤਾਬਕ ਉਸਦੇ ਪਰਿਵਾਰ ਵੱਲੋਂ ਕੋਈ ਸੋਗ- ਸਮਾਗਮ ਨਹੀਂ ਕੀਤਾ ਗਿਆ, ਫਿਰ ਵੀ ਉਸਦਾ ਸਰੀਰਕ ਵਿਛੋੜਾ ਸਾਨੂੰ ਅਵਸਰ ਪ੍ਰਦਾਨ ਕਰ ਰਿਹਾ ਹੈ ਕਿ ਅਸੀਂ ਜ਼ਿੰਦਗੀ ਅਤੇ ਸਾਹਿੱਤ ਦੇ ਰਿਸ਼ਤੇ ਬਾਰੇ ਗੰਭੀਰ ਹੋ ਕੇ ਸੋਚੀਏ । ਬਲਵੰਤ ਗਾਰਗੀ ਪੰਜਾਬੀ ਸਾਹਿੱਤ ਦੀ ਇੱਕ 'ਹੈਪਨਿੰਗ' ਹੈ, ਜੋ ਵਾਪਰ ਸਕਦੀ ਹੈ ਪੈਦਾ ਨਹੀਂ ਕੀਤੀ ਜਾ ਸਕਦੀ । ਹੁਣ ਲੋਕ ਉਸਨੂੰ ਯਾਦ ਕਰਨਗੇ, ਉਸਦੇ ਬਹਾਨੇ ਉਹਦੇ ਯੁੱਗ ਨੂੰ ਯਾਦ ਕਰਨਗੇ । ਨਵੀਂ ਪੀੜ੍ਹੀ ਦੇ ਲੋਕ ਸਾਡੇ ਕੋਲੋਂ ਉਹਦੇ ਬਾਰੇ ਪੁੱਛਣਗੇ, ਜਿਵੇਂ ਪਿਛਲੇ ਤੀਹਾਂ ਸਾਲਾਂ ਤੋਂ ਸ਼ਿਵ ਕੁਮਾਰ ਬਾਰੇ ਪੁੱਛ ਰਹੇ ਹਨ ।

ਸਾਮਰਸੈਟ ਮਾਮ੍ਹ ਲਿਖਦਾ ਹੈ ਕਿ ਜਦੋਂ ਉਹ ਇੰਡੀਆ ਦੀ ਫੇਰੀ ਲਾ ਕੇ ਵਾਪਿਸੀ ਯਾਤਰਾ ਕਰ ਰਿਹਾ ਸੀ ਤਾਂ ਉਹਦੇ ਨਾਲ ਦੀ ਸੀਟ ਉੱਤੇ ਬੈਠਾ ਮਨੁੱਖ ਤਾਜ ਮਹੱਲ ਬਾਰੇ ਛਪੀਆਂ ਕਿਤਾਬਾਂ ਵਿੱਚ ਡੁੱਬਿਆ ਪਿਆ ਸੀ । ਇੱਕ ਛੱਡਦਾ ਸੀ, ਦੂਜੀ ਫੜਦਾ ਸੀ । ਜਦੋਂ ਮਾਮ੍ਹ ਨੇ ਅਜਿਹੇ 'ਦੀਰਘ ਅਧਿਐਨ' ਦਾ ਕਾਰਨ ਪੁੱਛਿਆ ਤਾਂ ਉਸ ਆਦਮੀ ਦਾ ਜਵਾਬ ਸੀ ਕਿ ਉਹ ਪੰਜ ਸਾਲ ਆਗਰਾ ਵਿਖੇ ਰਹਿ ਕੇ ਵਾਪਿਸ ਆਪਣੇ ਮੁਲਕ ਜਾ ਰਿਹਾ ਹੈ । ਪੰਜ ਸਾਲਾਂ ਵਿੱਚ ਉਹਨੇ ਤਾਜਮਹਿਲ ਨਹੀਂ ਵੇਖਿਆ । ਹੁਣ ਚਿੰਤਾ ਇਹ ਹੈ ਕਿ ਦੇਸ਼ ਪੁੱਜਣ 'ਤੇ ਲੋਕੀਂ ਤਾਜ ਬਾਰੇ ਪੁੱਛਣਗੇ, ਇਸ ਲਈ ਸੂਚਨਾ ਇਕੱਠੀ ਕਰ ਰਿਹਾ ਹਾਂ ਤਾਂ ਕਿ ਉਹਨਾਂ ਦੀ ਤਸੱਲੀ ਕਰਵਾ ਸਕਾਂ । ਸਾਡਾ ਪੰਜਾਬੀਆਂ ਦਾ ਸੁਭਾਅ ਵਾਪਿਸੀ ਯਾਤਰਾ ਵਰਗੇ ਮੁਸਾਫ਼ਿਰ ਵਰਗਾ ਹੀ ਹੈ । ਜਦੋਂ ਤੱਕ ਅਸੀਂ ਤਾਜ ਮਹਿਲ ਦੇ ਕਰੀਬ ਸਾਂ, ਸੁੱਤੇ ਰਹੇ । ਹੁਣ ਲੋਕੀਂ ਹਿਲਾ ਹਿਲਾ ਕੇ ਜਗਾ ਰਹੇ ਹਨ । ਆਉ ਗਾਰਗੀ ਦੀਆਂ ਕਿਤਾਬਾਂ ਪੜ੍ਹ ਲਈਏ, ਸ਼ਾਇਦ ਉਹਨੇ ਤਾਜ ਮਹਿਲ ਬਾਰੇ ਕੁਝ ਲਿਖਿਆ ਹੀ ਹੋਵੇ ।

ਗਾਰਗੀ ਬਾਰੇ ਜਾਨਣ ਦਾ ਮੈਂ ਕੋਈ ਨਿੱਗਰ ਦਾਅਵੇਦਾਰ ਨਹੀਂ ਕਿਉਂਕਿ ਕ੍ਰਿਸ਼ਨਜੀਤ, ਅਮਰੀਕ ਗਿੱਲ ਜਾਂ ਬਖ਼ਸ਼ੀਸ ਸਿੰਘ ਵਾਂਗ ਮੈਨੂੰ ਗਾਰਗੀ ਦਾ 'ਨਿੱਘਾ' ਸਾਥ ਨਸੀਬ ਨਹੀਂ ਹੋਇਆ । ਨਾ ਹੀ ਨਾਟਕ ਜਾਂ ਰੰਗ ਮੰਚ ਦੇ ਖੇਤਰ ਨਾਲ ਮੇਰਾ ਕੋਈ ਖੋਜੀਆਂ ਵਾਲਾ ਰਿਸ਼ਤਾ ਹੈ । ਫਿਰ ਵੀ ਉਹਦੀ ਸ਼ਖ਼ਸੀਅਤ ਅਤੇ ਲਿਖਤ ਵਿੱਚ ਮੇਰੀ ਲਗਾਤਾਰ ਦਿਲਚਸਪੀ ਬਣੀ ਆ ਰਹੀ ਹੈ । ਉਹਨੂੰ ਸੁਣਨਾ; ਉਹਦੇ ਬਾਰੇ ਸੁਣਨਾ; ਉਹਦੇ ਬਾਰੇ ਗੱਲਾਂ ਕਰਨਾ ਚੰਗਾ ਚੰਗਾ ਲੱਗਦਾ ਹੈ ।

ਹੁਣ ਜਦੋਂ ਗਾਰਗੀ ਸਰੀਰਕ ਰੂਪ ਵਿੱਚ ਸਾਡੇ ਤੋਂ ਸਦਾ ਲਈ ਵਿਛੜ ਚੁੱਕਾ ਹੈ ਤਾਂ ਉਹਦੀਆਂ ਕੁਝ ਮੁਲਾਕਾਤਾਂ ਮੈਨੂੰ ਬੁਰੀ ਤਰ੍ਹਾਂ ਯਾਦ ਆ ਰਹੀਆਂ ਹਨ । ਪਹਿਲੀ ਯਾਦ ਉਦੋਂ ਦੀ ਹੈ ਜਦੋਂ ਸ਼ਿਵ ਕੁਮਾਰ ਨੇ ਚੰਡੀਗੜ੍ਹ ਛੱਡਿਆ ਸੀ, ਉੱਨੀ ਸੌ ਬਹੱਤਰ ਵਿੱਚ । ਭਾਰਤ ਸੇਵਕ ਸਮਾਜ ਦੇ ਸੈਕਟਰੀ 'ਵਾਲੀਆ ਸਾਹਿਬ' ਨੇ ਉੱਪਰ ਆ ਕੇ ਸੁਨੇਹਾ ਦਿੱਤਾ ਕਿ 'ਗਾਰਗੀ ਸਾਬ੍ਹ' ਹੇਠਾਂ ਬੁਲਾ ਰਹੇ ਹਨ । ਹੇਠਾਂ ਜਾ ਕੇ ਦੇਖਿਆ ਗਾਰਗੀ ਆਪਣੀ ਕਾਰ ਵਿੱਚ ਹੀ ਬੈਠਾ ਸੀ । ਕਾਰ ਸਟਾਰਟ ਸੀ । ਉਹਨੇ ਸ਼ਿਵ ਬਾਰੇ ਪੁੱਛਿਆ । ਉਹਨੂੰ ਸ਼ਿਵ ਦੇ ਨਵੇਂ ਐਡਰੈੱਸ ਦਾ ਪਤਾ ਨਹੀਂ ਸੀ, ਜਿੱਥੇ ਉਹਨੇ ਇੰਗਲੈਂਡ ਤੋਂ ਪਰਤ ਕੇ ਸ਼ਿਫਟ ਕੀਤਾ ਸੀ । ਅਸੀਂ ਸ਼ਿਵ ਦੀ ਬਰਸਾਤੀ ਵਿੱਚ ਗਏ । ਇੱਕੀ ਸੈਕਟਰ । ਸਕੂਟਰ ਮਾਰਕੀਟ ਦੇ ਪਿੱਛੇ । ਬਰਸਾਤੀ ਖਾਲੀ ਸੀ, ਕੁਝ ਅਖ਼ਬਾਰਾਂ ਤੇ ਸ਼ੀਸ਼ੀਆਂ ਖਿੱਲਰੀਆਂ ਪਈਆਂ ਸਨ । ਇੱਕ ਕੰਧ ਉੱਤੇ ਉਰਦੂ ਵਿੱਚ ਕੋਇਲੇ ਨਾਲ ਕੁਝ ਲਿਖਿਆ ਹੋਇਆ ਸੀ । ਗਾਰਗੀ ਨੇ ਕਾਹਲੀ ਕਾਹਲੀ ਕੁਝ ਤਸਵੀਰਾਂ ਖਿੱਚੀਆਂ ਤੇ ਪੌੜੀਆਂ ਉਤਰਦਾ ਹੋਇਆ ਬਰੜਾ ਰਿਹਾ ਸੀ : 'ਕਿੱਥੇ ਹੋ ਸਕਦਾ ਹੈ? ਕਿੱਥੇ ਜਾ ਸਕਦਾ ਹੈ ਏਨੇ ਸੁਵੱਖਤੇ? ਅਜੇ ਤਾਂ ਸੱਤ ਵੀ ਨਹੀਂ ਵੱਜੇ । ਲੋਕ ਬਿਸਤਰਿਆ 'ਚੋਂ ਨਹੀਂ ਨਿਕਲੇ ਤੇ ਉਹ ਸ਼ਹਿਰ 'ਚੋਂ ਨਿਕਲ ਗਿਆ । ...ਰਾਤੀ ਮੈਨੂੰ ਪਤਾ ਲੱਗਾ ਸੀ ਉਹ ਬਟਾਲੇ ਵਾਪਿਸ ਜਾ ਰਿਹਾ ਹੈ । ਮੈਂ ਉਹਨੂੰ 'ਸੀ ਔਫ' ਕਰਨ ਆਇਆ ਹਾਂ ਤੇ ਉਹ ਲੱਭ ਹੀ ਨਹੀਂ ਰਿਹਾ । ਐਡੀ ਕੀ ਕਾਹਲੀ ਸੀ? ਕਿੱਥੇ ਲੱਭੀਏ ਉਹਨੂੰ?' ਗਾਰਗੀ ਨੇ ਖੂਬ ਕਾਰ ਘੁਮਾਈ । ਸ਼ਿਵ ਦੀ ਸਿਸਟਰ ਦੇ ਘਰ ਗਏ । ਕੁਝ ਹੋਰ ਵਾਕਫ਼ਕਾਰਾਂ ਦੇ ਘਰਾਂ ਦੀਆਂ ਘੰਟੀਆਂ ਖੜਕਾਈਆਂ । ਬੱਸ ਸਟੈਂਡ ਵੱਲ ਚੱਕਰ ਮਾਰਿਆ । ਕਈਆਂ ਕਾਰਾਂ, ਟੈਕਸੀਆਂ ਅਤੇ ਲੱਦੇ ਹੋਏ ਸਮਾਨ ਵਾਲੇ ਟਰੱਕਾਂ ਦਾ ਪਿੱਛਾ ਕੀਤਾ । ...ਕੁਝ ਪਤਾ ਨਾ ਲੱਗਾ । ਗਾਰਗੀ ਲਗਾਤਾਰ ਬੋਲ ਰਿਹਾ ਸੀ ਪਰ ਮੇਰੇ ਨਾਲ ਨਹੀਂ, ਗੈਰਹਾਜ਼ਰ ਸ਼ਿਵ ਨਾਲ । ਅਖ਼ੀਰ ਮੈਨੂੰ ਇੱਕ ਲੋਕਲ ਬੱਸ ਸਟਾਪ ਨੇੜੇ ਲਾਹ ਕੇ ਚਲਾ ਗਿਆ ।

ਇੱਕ ਵੇਰ ਮੁਲਾਕਾਤ ਹੋਈ ਪਟਿਆਲੇ । ਮੈਂ ਯੂਨੀਵਰਸਿਟੀ ਵਿੱਚ ਰਿਫ਼ਰੈਸ਼ਰ ਕੋਰਸ ਲਾਉਣ ਗਿਆ ਹੋਇਆ ਸਾਂ ਤੇ ਵਾਰਿਸ ਭਵਨ ਵਿੱਚ ਠਹਿਰਿਆ ਹੋਇਆ ਸਾਂ । ਬਲਦੇਵ ਧਾਲੀਵਾਲ ਨੇ ਦੱਸਿਆ ਕਿ ਗਾਰਗੀ ਇੱਥੇ ਯੂਨੀਵਰਸਿਟੀ ਦਾ ਮਹਿਮਾਨ ਹੈ ਅਤੇ ਨੇੜੇ ਹੀ ਇੱਕ ਕਵਾਟਰ ਵਿੱਚ ਰਹਿ ਰਿਹਾ ਹੈ । ਅਸੀਂ ਕੁਝ ਦੋਸਤ ਪ੍ਰੋਗਰਾਮ ਬਣਾ ਕੇ ਮਿਲਣ ਗਏ । ਇਹ ਉੱਨੀ ਸੌ ਅਠਾਨਵੇਂ ਦੀ ਗੱਲ ਹੈ । ਲੰਬੇ ਸਮੇਂ ਬਾਅਦ ਮਿਲ ਰਿਹਾ ਸਾਂ । ਡਰ ਸੀ ਕਿ ਪਛਾਣੇਗਾ ਨਹੀਂ । ਪਰ ਗਾਰਗੀ ਤਾਂ ਪੂਰੀ ਤਿਆਰੀ ਨਾਲ ਉਡੀਕ ਰਿਹਾ ਸੀ । ਚਾਹ ਬਣਾਉਣ ਲਈ ਪਹਿਲਾਂ ਸਰਵੈਂਟ ਨੂੰ ਕਹਿ ਕੇ ਦੇਸੀ ਕਿਸਮ ਦੀ ਮਠਿਆਈ ਮੰਗਵਾ ਰੱਖੀ ਸੀ । ਦਰਵਾਜ਼ੇ ਤੋਂ ਪਿਆਰ ਨਾਲ ਹੱਥ ਘੁੱਟਦਾ ਹੋਇਆ ਆਪਣੇ ਦੀਵਾਨ ਤੱਕ ਲੈ ਗਿਆ ਜਿੱਥੇ ਉਸਨੇ ਇੱਕ ਵੱਡੇ ਟੇਬਲ ਲੈਂਪ ਦੇ ਦੁਆਲੇ ਆਪਣੀਆਂ ਕਿਤਾਬਾਂ ਸਲੀਕੇ ਨਾਲ ਸਜਾ ਕੇ ਰੱਖੀਆਂ ਹੋਈਆਂ ਸਨ । ਚੁੱਕ ਚੁੱਕ ਵਿਖਾਉਂਦਾ ਰਿਹਾ । ਖੋਲ੍ਹ ਖੋਲ੍ਹ ਪੜ੍ਹਾਉਂਦਾ ਰਿਹਾ । ਪਿਛਲੇ ਜ਼ਮਾਨੇ ਦੀਆਂ ਗੱਲਾਂ ਸੁਣਾਉਂਦਾ ਰਿਹਾ ।...ਸ਼ਿਵ ਬਾਰੇ, ਭਾਈ ਜੋਧ ਸਿੰਘ ਬਾਰੇ, ਅੰਮ੍ਰਿਤਾ ਪ੍ਰੀਤਮ ਬਾਰੇ, ਪ੍ਰਿੰਸੀਪਲ ਪ੍ਰੀਤਮ ਸਿੰਘ ਬਾਰੇ । ...ਭਾਪੇ ਪ੍ਰੀਤਮ ਸਿੰਘ ਅਤੇ ਉਸਦੀ ਵਿਛੜ ਗਈ ਧੀ ਬਾਰੇ ਗੱਲ ਕਰਦਾ ਗਾਰਗੀ ਉਦਾਸ ਹੋ ਗਿਆ । ਅੱਖਾਂ ਸਿੱਲ੍ਹੀਆਂ ਹੋ ਗਈਆਂ । ...ਚਾਹ ਪੀਂਦਿਆਂ ਮੁੜ ਰਉਂ ਵਿੱਚ ਆ ਗਿਆ ਤੇ ਹੌਲੀ ਹੌਲੀ ਬੋਲਦਾ ਰਿਹਾ । ਦਿੱਲੀ ਦੀ 'ਅਮੀਰੀ' ਬਾਰੇ, ਪਟਿਆਲੇ ਦੀ 'ਗਰੀਬੀ' ਬਾਰੇ । ਅਸਲ ਵਿੱਚ ਪਟਿਆਲੇ ਉਹਦਾ ਦਿਲ ਨਹੀਂ ਸੀ ਲੱਗ ਰਿਹਾ । ...ਵਿੱਚ ਵਿੱਚ ਉਹ ਕੋਈ ਲਤੀਫ਼ਾ ਸੁਣਾਉਣਾ ਸ਼ੁਰੂ ਕਰਦਾ ਪਰ ਖ਼ਤਮ ਕਰਨਾ ਭੁੱਲ ਜਾਂਦਾ । ਹੱਥ ਮੇਰਾ ਉਹਨੇ ਅਜੇ ਤੱਕ ਛੱਡਿਆ ਨਹੀਂ ਸੀ । ਅਚਾਨਕ ਮੈਂ ਮਹਿਸੂਸ ਕੀਤਾ ਕਿ ਉਹ ਕੰਬਣ ਲੱਗ ਪਿਆ ਹੈ ਤੇ ਮੇਰਾ ਹੱਥ ਛੱਡ ਕੇ ਉੱਠਣਾ ਚਾਹ ਰਿਹਾ ਹੈ । ਸਾਹਮਣੇ ਜਾਲੀ ਵਾਲੇ ਦਰਵਾਜ਼ੇ 'ਚੋਂ ਉਹਨੇ ਕੋਈ 'ਪ੍ਰਸ਼ੰਸਕ' ਵੇਖ ਲਿਆ ਸੀ ਪਰ ਸ਼ਾਇਦ ਉਹਨੂੰ ਮਿਲਣਾ ਨਹੀਂ ਸੀ ਚਾਹੁੰਦਾ । 'ਇਹਨੂੰ ਕਿਸੇ ਤਰ੍ਹਾਂ ਤੋਰੋ' ਆਖ ਕੇ ਗਾਰਗੀ, ਚਾਬੀ ਦਿੱਤੇ ਖਿਡੌਣੇ ਵਾਂਗ ਹੌਲੀ ਹੌਲੀ ਤੁਰਦਾ ਬਾਥਰੂਮ ਵੱਲ ਚਲਾ ਗਿਆ । ਮੈਂ ਬਾਹਰ ਨਿਕਲ ਕੇ ਉਸ ਵਿਦਵਾਨ ਪ੍ਰਸ਼ੰਸਕ ਨੂੰ ਸਤਿਕਾਰ ਨਾਲ ਦੱਸਿਆ ਕਿ ਅੱਜ ਗਾਰਗੀ ਹੁਰੀਂ ਆਪਣੇ ਮਿੱਤਰ ਦੀ ਬੇਟੀ ਦੀ ਮੌਤ ਕਾਰਨ ਉਦਾਸ ਹਨ, ਮਿਲਣ ਦੇ ਰਉਂ ਵਿੱਚ ਨਹੀਂ । ਉਹ ਸੱਜਣ ਮੇਰੀ ਗੱਲ ਮੰਨ ਕੇ ਚਲਾ ਗਿਆ । ਜਦੋਂ ਮੈਂ ਬਾਥਰੂਮ ਦਾ ਦਰਵਾਜ਼ਾ ਖਟਖਟਾ ਕੇ 'ਰਪੋਟ' ਦਿੱਤੀ ਤਾਂ ਉਹ ਚੁਟਕੀਆਂ ਵਜਾਉਂਦਾ ਹੋਇਆ ਪੁੱਛਣ ਲੱਗਾ, 'ਕਿਹੜਾ ਮੰਤਰ ਮਾਰਿਆ?' ...ਤੇ ਨਾਲ ਬੱਚਿਆਂ ਵਾਂਗ ਖਿੜਖਿੜਾ ਕੇ ਹੱਸ ਪਿਆ । ਹੌਲੀ ਹੌਲੀ ਤੁਰਦਾ ਉਹ ਮੁੜ ਆਪਣੀ 'ਗੱਦੀ' ਉੱਤੇ ਬਿਰਾਜਮਾਨ ਹੋ ਗਿਆ । ਉਹਦਾ ਹਾਸਾ ਅਜੇ ਮਰਿਆ ਨਹੀਂ ਸੀ । ਉਹਦੀ ਸ਼ਰਾਰਤ ਅਜੇ ਜ਼ਿੰਦਾ ਸੀ । ਬਲਵੰਤ ਗਾਰਗੀ ਅਜੇ ਜ਼ਿੰਦਾ ਸੀ । ਪੰਜਾਬੀ ਯੂਨੀਵਰਸਿਟੀ ਦੀ ਹੀ ਇੱਕ ਹੋਰ ਘਟਨਾ ਯਾਦ ਆ ਰਹੀ ਹੈ । ਗੁਰੂ ਤੇਗ ਬਹਾਦਰ ਹਾਲ ਵਿੱਚ ਵੱਡਾ ਸਮਾਗਮ ਸੀ । ਇੱਕੀਵੀਂ ਸਦੀ ਦੀਆਂ ਸਾਹਿੱਤਕ ਚੁਣੌਤੀਆਂ ਬਾਰੇ । ਦਿੱਲੀ ਦੱਖਣ ਤੋਂ ਲੇਖਕ, ਆਲੋਚਕ ਅਤੇ ਬੁੱਧੀਜੀਵੀ ਹਾਲ ਵਿੱਚ ਬੈਠੇ ਹੋਏ ਸਨ । ਸਟੇਜ ਉੱਤੇ ਜਸਬੀਰ ਸਿੰਘ ਆਹਲੂਵਾਲੀਆ ਤੋਂ ਇਲਾਵਾ ਯੂਨੀਵਰਸਿਟੀ ਦੇ ਇੱਕ ਹੋਰ ਪ੍ਰੋਫ਼ੈਸਰ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਜੇ ਬੈਠੇ ਸਨ । ਅਚਾਨਕ ਮੇਰਾ ਧਿਆਨ ਦਰਵਾਜ਼ੇ ਵੱਲ ਗਿਆ । ਗੁਲਜ਼ਾਰ ਸੰਧੂ ਕਿਸੇ ਆਦਮੀ ਨੂੰ ਤਗੜਾ ਸਹਾਰਾ ਦੇ ਕੇ ਅੰਦਰ ਲਿਆ ਰਿਹਾ ਸੀ । ਉਹ ਬਲਵੰਤ ਗਾਰਗੀ ਸੀ । ਮੈਂ ਸੋਚਿਆ ਕਿ ਹੁਣੇ ਹੀ ਸਾਰਾ ਹਾਲ ਰਾਸ਼ਟਰੀ ਗਾਨ ਦੇ ਸਨਮਾਨ ਵਾਂਗ ਖੜ੍ਹਾ ਹੋ ਕੇ ਤਾੜੀਆਂ ਨਾਲ ਗੂੰਜ ਉੱਠੇਗਾ । ਹਾਰਾਂ ਨਾਲ ਲੱਦ ਕੇ, ਕੈਮਰਿਆਂ ਦੀ ਰੋਸ਼ਨੀ ਵਿੱਚ ਉਹਨੂੰ ਸਟੇਜ ਤੱਕ ਅਗਵਾਨੀ ਕਰ ਕੇ ਲਿਜਾਇਆ ਜਾਏਗਾ, ਸਭ ਤੋਂ ਉੱਚੀ ਕੁਰਸੀ 'ਤੇ ਬਿਠਾਇਆ ਜਾਏਗਾ ।

...ਪਰ ਅਜਿਹਾ ਕੁਝ ਵੀ ਨਾ ਹੋਇਆ । ਗੁਲਜ਼ਾਰ ਸੰਧੂ ਨੇ ਕੋਨੇ ਵਾਲੀ ਸੀਟ ਉੱਤੇ ਬੈਠੇ ਕਿਸੇ ਵਿਦਿਆਰਥੀ ਨੂੰ ਮਿੰਨਤ ਕਰਕੇ ਉਠਾਇਆ ਤੇ ਗਾਰਗੀ ਨੂੰ ਓਥੇ ਬਿਠਾ ਕੇ ਆਪਣੇ ਲਈ ਕੋਈ ਹੋਰ ਸੀਟ ਭਾਲਦਾ ਹੋਇਆ ਅੱਖੋਂ ਉਹਲੇ ਹੋ ਗਿਆ । ਮੈਂ ਸੋਚ ਰਿਹਾ ਸਾਂ ਕਿ ਗਾਰਗੀ ਵਰਗੇ ਲੇਖਕ ਦਾ ਜੇਕਰ ਇਹੋ ਜਿਹੇ 'ਸਾਹਿਤਕ' ਮਾਹੌਲ ਵਿੱਚ ਵੀ ਇਹ ਹਾਲ ਹੈ ਤਾਂ ਸਾਡੇ ਵਰਗਿਆਂ ਦਾ... । ਫੇਰ ਪਤਾ ਲੱਗਾ ਕਿ ਯੂਨੀਵਰਸਿਟੀ ਦੀ ਪ੍ਰਾਹੁਣਚਾਰੀ ਤਿਆਗ ਕੇ ਉਹ ਆਪਣੇ ਬੇਟੇ ਕੋਲ ਚਲਾ ਗਿਆ ਹੈ, ਮੁੰਬਈ । ਅਜੇ ਉਹਦੀ ਭਟਕਣਾ ਪੂਰੀ ਤਰ੍ਹਾਂ ਖ਼ਤਮ ਨਹੀਂ ਸੀ ਹੋਈ ਲੱਗਦੀ ।

ਦਰਅਸਲ ਗਾਰਗੀ ਬੁੱਢਾ ਨਹੀਂ ਸੀ ਹੋਣਾ ਚਾਹੁੰਦਾ । ਬੀਮਾਰ ਨਹੀਂ ਸੀ ਹੋਣਾ ਚਾਹੁੰਦਾ । ਗੁੰਮਨਾਮ ਨਹੀਂ ਸੀ ਹੋਣਾ ਚਾਹੁੰਦਾ । ਜਦੋਂ ਤੱਕ ਉਹਦੀ ਵਾਹ ਚੱਲੀ, ਉਹਨੇ ਮਨਮਰਜ਼ੀ ਕੀਤੀ । ਵਿਆਹ ਤੋਂ ਪਹਿਲਾਂ ਕਈ ਕੁਝ ਕੀਤਾ । ਗ੍ਰਹਿਸਥੀ ਬਣ ਕੇ ਕਈ ਕੁਝ ਕੀਤਾ । ਵਿਆਹ ਤੋਂ ਮੁਕਤ ਹੋ ਕੇ ਕਈ ਕੁਝ ਕੀਤਾ । ਵਿਆਹ ਦੀ ਸੰਸਥਾ ਦੀਆਂ ਧੱਜੀਆਂ ਉਡਾਈਆਂ । 'ਨੰਗੀ ਧੁੱਪ' ਵਾਂਗ ਸਥਾਪਤ ਰਹੁ-ਰੀਤਾਂ ਦੀਆਂ ਧੱਜੀਆਂ ਉਡਾਈਆਂ । ...ਤੇ ਜਦੋਂ ਉਹ ਆਪ ਬੇਵਾਹ ਹੋ ਗਿਆ ਤਾਂ ...ਉਹਦੇ ਸਾਹਮਣੇ ਉਹ ਕੁਝ ਹੁੰਦਾ ਰਿਹਾ ਜੋ ਉਹ ਨਹੀਂ ਸੀ ਚਾਹੁੰਦਾ । 'ਸਾਕ' ਕੀ ਕਰਦੇ ਜਦੋਂ 'ਅੰਗ' ਹੀ ਜਵਾਬ ਦੇ ਗਏ । ਹੁਣ ਉਹ ਚੱਲ ਨਹੀਂ ਸੀ ਸਕਦਾ । ਬੋਲ ਨਹੀਂ ਸੀ ਸਕਦਾ । ਲਿਖ ਨਹੀਂ ਸੀ ਸਕਦਾ । ਖੁੱਲ੍ਹੀਆਂ ਅੱਖਾਂ ਨਾਲ ਬਿਟਰ ਬਿਟਰ ਝਾਕਦਾ ਸੀ । ਪਛਾਣ ਮਰ ਚੁੱਕੀ ਸੀ । ਮਰਨ ਤੋਂ ਪਹਿਲਾਂ ਉਹ ਕਿਸੇ ਨੂੰ ਨਹੀਂ ਸੀ ਪਛਾਣਦਾ ਪਰ ਮਰਨ ਤੋਂ ਪਹਿਲਾਂ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਹਦੀ ਪਛਾਣ ਕਦੇ ਨਹੀਂ ਮਰ ਸਕਦੀ । ਬਲਵੰਤ ਗਾਰਗੀ ਤੱਕ ਮੇਰੀ ਰਸਾਈ 'ਯੋਗ ਪ੍ਰਣਾਲੀ ਰਾਹੀਂ' ਹੋਈ ਸੀ । ਬਰਾਸਤਾ ਸ਼ਿਵ ਕੁਮਾਰ ਬਟਾਲਵੀ । ਚੰਡੀਗੜ੍ਹ ਰਹਿੰਦਿਆਂ ਸ਼ਿਵ ਦੇ ਨਜ਼ਦੀਕੀਆਂ ਨਾਲ ਮੇਰਾ ਵੀ ਵਾਹ ਪੈਂਦਾ ਰਹਿੰਦਾ ਸੀ । ਘਰ, ਕੌਫ਼ੀ-ਹਾਊਸ, ਥੀਏਟਰ । ਪਾਠਕ ਤੇ ਪ੍ਰਸ਼ੰਸਕ ਤਾਂ ਗਾਰਗੀ ਦਾ ਮੈਂ ਪਹਿਲਾਂ ਤੋਂ ਹੀ ਸਾਂ, ਹੁਣ ਨੇੜਿਉਂ ਜਾਨਣ ਦਾ ਮੌਕਾ ਵੀ ਮਿਲ ਗਿਆ ਸੀ । ਮੈਂ ਉਸਨੂੰ ਕੰਮ ਕਰਦੇ ਵੇਖਿਆ । ਗੱਲਾਂ ਕਰਦੇ ਸੁਣਿਆ । ਕਦੇ ਕਦੇ ਬੋਲ ਵੀ ਸਾਂਝਾ ਹੋ ਜਾਂਦਾ ਸੀ ਪਰ ਬੇਤਕਲੁੱਫ਼ੀ ਵਾਲਾ ਰਿਸ਼ਤਾ ਪੈਦਾ ਨਾ ਹੋ ਸਕਿਆ । ਮੈਂ ਅਜੇ ਮਸਾਂ ਹੀ ਸਿਖਾਂਦਰੂਆਂ ਵਾਲੀ ਉਮਰ ਵਿੱਚ ਸਾਂ ਤੇ ਪਿੰਡੋਂ ਆਏ ਨੂੰ ਬਹੁਤੀ ਦੇਰ ਵੀ ਨਹੀਂ ਸੀ ਹੋਈ । ਇੱਕ ਪਹਾੜ ਉੱਤੇ ਚੜ੍ਹਨ ਵਾਲੀ ਗੱਲ ਸੀ । ਪਰ ਸ਼ਿਵ ਦੀ ਪਿਆਰ-ਭਰੀ ਅਪਣੱਤ ਕਾਰਨ ਮਾਹੌਲ ਸੁਖਾਵਾਂ ਹੀ ਰਹਿੰਦਾ ਸੀ । ਗਾਰਗੀ ਨੂੰ ਵਿੱਥ ਰੱਖਣੀ ਆਉਂਦੀ ਸੀ ਜਿਸਨੂੰ ਉਹ ਆਪਣੀ ਸਹੂਲਤ ਅਥਵਾ ਜ਼ਰੂਰਤ ਮੁਤਾਬਿਕ ਕਦੇ ਕਦਾਈਂ ਪਾਰ ਵੀ ਕਰ ਲੈਂਦਾ ਸੀ । ਉਹਨੀ ਦਿਨੀਂ ਉਹਦੇ ਬਾਰੇ ਮੈਂ ਇੱਕ ਸੰਖੇਪ ਜਿਹਾ ਰੇਖਾ ਚਿੱਤਰ ਲਿਖਿਆ ਸੀ, ਜੋ ਲੁਧਿਆਣੇ ਤੋਂ ਨਿਕਲਦੇ ਇੱਕ ਮਿਨੀ ਮੈਗਜ਼ੀਨ 'ਸੰਕਲਪ' ਵਿੱਚ ਛਪਿਆ ਸੀ । ਬਠਿੰਡੇ ਦਾ ਬਾਣੀਆ¨ ਹੁਣ 'ਸੀ' ਵਿੱਚ ਬਦਲ ਚੁੱਕਾ ਗਾਰਗੀ ਮੁੜ 'ਹੈ' ਦੀ ਜੂਨੇ ਪੈਣਾ ਚਾਹੁੰਦਾ ਹੈ । ਆਉ ਤਿੰਨ ਦਹਾਕਿਆ ਤੋਂ ਵੀ ਵੱਧ ਪਿੱਛਲ-ਪੈਂਡਾ ਤੈਅ ਕਰਕੇ ਮਿਲੀਏ 'ਬਠਿੰਡੇ ਦੇ ਬਾਣੀਏ' ਨੂੰ !

***

ਬਲਵੰਤ ਰਾਏ ਅੱਗਰਵਾਲ ਪੰਜਾਬੀ ਦਾ ਮਸ਼ਹੂਰ ਨਾਟਕਕਾਰ ਹੈ । ਬਹੁਤ ਵੱਡਾ ਫ਼ਿਕਰੇ ਬਾਜ਼ ਹੈ । ਸ਼ਬਦਾਂ ਦਾ ਮਦਾਰੀ ਹੈ । ਸਟੇਜ ਦਾ ਬਾਜ਼ੀਗਰ ਹੈ । ਉਹ ਪਾਠਕਾਂ ਨੂੰ ਹੈਰਾਨ ਕਰਦਾ ਹੈ, ਭੈ ਭੀਤ ਕਰਦਾ ਹੈ, ਭਾਵੁਕ ਕਰਦਾ ਹੈ, ਬੋਰ ਨਹੀਂ ਕਰਦਾ । ਉਹ ਦੇਂਦਾ ਕਿਸੇ ਨੂੰ ਕੁਝ ਨਹੀਂ, ਸਿਰਫ ਵਿਖਾਉਂਦਾ ਹੈ । ਉਸ ਕੋਲ ਸਿਰਫ ਇੱਕ ਝੁਰਲੂ ਹੈ, ਜਿਸਨੂੰ ਉਹ ਇੱਕੋ ਵੇਲੇ ਕਈਆਂ ਦੇ ਸਿਰਾਂ 'ਤੇ ਫੇਰਦਾ ਹੈ ਤੇ ਬੜੀ ਸਫ਼ਾਈ ਨਾਲ ਅਗਲੇ ਦੀ ਜੇਬ੍ਹ 'ਤੇ ਹੱਥ ਫੇਰ ਜਾਂਦਾ ਹੈ । ਉਸ ਨੂੰ ਲੈਣ ਦਾ ਪਤਾ ਹੈ, ਦੇਣ ਵਾਲਾ ਦੁੱਖ ਵੀ ਮਹਿਸੂਸ ਨਹੀਂ ਕਰਦਾ- ਯੂਨੀਵਰਸਿਟੀ ਤੋਂ ਪ੍ਰੋਫੈਸਰਸ਼ਿਪ, ਸਾਹਿੱਤ ਅਕਾਦਮੀ ਤੋਂ ਪੰਜ ਹਜ਼ਾਰੀ ਐਵਾਰਡ, ਸਰਕਾਰਾਂ ਤੋਂ ਨਾਟਕ ਖੇਡਣ ਲਈ ਗਰਾਂਟਾਂ, ਸਮਕਾਲੀਆਂ ਤੋਂ ਈਰਖਾ, ਅਮਰੀਕਾ ਤੋਂ ਜੀਨੀ, ਪ੍ਰਕਾਸ਼ਕਾਂ ਤੋਂ ਰਾਇਲਟੀ, ਵਿਰੋਧੀਆਂ ਤੋਂ ਗਾਲ਼ਾਂ,-ਜਿੱਥੋਂ ਜੋ ਮਿਲਿਆ ਪ੍ਰਵਾਨ । ਸ਼ਾਇਦ ਏਸੇ ਸਬਰ ਦਾ ਮਿੱਠਾ ਫਲ ਉਹਨੂੰ ਪਦਮ ਸ਼੍ਰੀ ਦੇ ਰੂਪ ਵਿੱਚ ਮਿਲਿਆ ਹੈ ।

ਉਹ ਨਾਟਕ ਲਿਖਦਾ ਹੈ । ਕਹਾਣੀਆਂ ਲਿਖਦਾ ਹੈ । ਰੇਖਾ ਚਿੱਤਰ ਲਿਖਦਾ ਹੈ । ਇੰਟਰਵਿਊ ਲਿਖਦਾ ਹੈ । ਪੰਜਾਬੀ ਵਿੱਚ ਲਿਖਦਾ ਹੈ । ਉਰਦੂ ਵਿੱਚ ਲਿਖਦਾ ਹੈ । ਹਿੰਦੁਸਤਾਨ ਵਿੱਚ ਛਪਦਾ ਹੈ । ਅਮਰੀਕਾ 'ਚ ਛਪਦਾ ਹੈ । ਰੂਸ ਵਿੱਚ ਛਪਦਾ ਹੈ । 'ਧੂਣੀ ਦੀ ਅੱਗ' ਲਿਖ ਰਿਹਾ ਹੋਵੇ ਭਾਵੇਂ 'ਗਗਨ ਮੈ ਥਾਲ੍ਹ'- ਨਿਰੰਕਾਰੀ ਬਾਬੇ ਬਾਰੇ ਲਿਖ ਰਿਹਾ ਹੋਵੇ ਭਾਵੇਂ ਗਿਆਨੀ ਜ਼ੈਲ ਸਿੰਘ ਬਾਰੇ - ਸੰਤ ਫ਼ਤਹਿ ਸਿੰਘ ਦੀ ਇੰਟਰਵਿਊ ਲੈ ਰਿਹਾ ਹੋਵੇ ਜਾਂ ਸੰਤ ਸਿੰਘ ਸੇਖੋਂ ਦੀ - 'ਸਿਆੜ' ਲਈ ਲਿਖ ਰਿਹਾ ਹੋਵੇ ਭਾਵੇਂ 'ਇਲੱਸਟ੍ਰੇਟਿਡ ਵੀਕਲੀ' ਲਈ - ਉਹ ਲਤੀਫ਼ੇ ਦਾ ਪੱਲਾ ਨਹੀਂ ਛੱਡਦਾ । ਉਹ ਲਤੀਫ਼ੇ ਨੂੰ ਕਹਾਣੀ ਬਣਾ ਸਕਦਾ ਹੈ ਤੇ ਕਹਾਣੀ ਨੂੰ ਲਤੀਫ਼ਾ ।

ਉਸਨੂੰ ਪੜ੍ਹ ਕੇ ਜੀਅ ਕਰਦਾ ਹੈ ਉਸਨੂੰ ਮਿਲਿਆ ਜਾਏ, ਉਸਨੂੰ ਮਿਲ ਕੇ ਜੀਅ ਕਰਦਾ ਹੈ ਉਸਨੂੰ ਸੁਣਿਆ ਜਾਏ ਪਰ ਉਸਨੂੰ ਸੁਣ ਕੇ ਜੀਅ ਕਰਦਾ ਹੈ ਨਾ ਉਸਨੂੰ ਪੜ੍ਹਿਆ ਜਾਏ, ਨਾ ਮਿਲਿਆ ਜਾਏ-ਸਿਰਫ਼ ਸੁਣਿਆ ਜਾਏ ।

ਸੁਣਨ ਵਿੱਚ ਆਉਂਦਾ ਹੈ ਕਿ ਉਸਦਾ ਇਕਾਂਗੀ 'ਬੇਬੇ' 'ਰਾਈਡਰਜ਼ ਟੂ ਦੀ ਸੀ' ਦਾ ਚਰਬਾ ਹੈ, 'ਰੰਗ ਮੰਚ' 'ਨਾਟਕ ਸਾਗਰ' 'ਤੇ ਆਧਾਰਿਤ ਹੈ, 'ਸੁਲਤਾਨ ਰਜ਼ੀਆ' ਕਿਸੇ ਉਰਦੂ- ਰੇਡੀਓ-ਨਾਟਕ ਦਾ ਮੰਚ ਰੂਪਾਂਤਰ ਹੈ, 'ਨਿੰਮ ਦੇ ਪੱਤੇ', 'ਸੁਰਮੇ ਵਾਲੀ ਅੱਖ', 'ਕੌਡੀਆਂ ਵਾਲਾ ਸੱਪ' ਮੰਟੋ ਦੀ ਨਕਲ ਹਨ- ਪਰ ਵੇਖਣ ਵਿੱਚ ਆਉਂਦਾ ਹੈ ਕਿ ਇਹ ਗੱਲਾਂ ਉਸਦਾ ਚੈਨ ਭੰਗ ਨਹੀਂ ਕਰਦੀਆਂ । ਕੋਈ ਫ਼ਿਕਰਾ ਕਿਸੇ ਨੂੰ ਤੜਫਾ ਦਿੰਦਾ ਹੈ । ਕੋਈ ਕਹਾਣੀ ਕਿਸੇ ਨੂੰ ਰਵਾ ਦਿੰਦੀ ਹੈ । ਕੋਈ ਨਾਟਕ ਕਿਸੇ ਨੂੰ ਹਸਾ ਦੇਂਦਾ ਹੈ । ਇੱਕ ਪੀ. ਸੀ. ਐਸ. ਆਲੋਚਕ ਉਹਦੇ ਨਾਟਕਾਂ ਦੀ ਦਿੱਲੀ 'ਚ ਹੋਈ ਨਿੰਦਿਆ ਦੀਆਂ ਕਾਤਰਾਂ ਪੰਜਾਬ 'ਚ ਇਕੱਠੀਆਂ ਕਰਦਾ ਫਿਰਦਾ ਹੈ, 'ਜੱਗ ਚਾਨਣ ਹੋਆ' ਦਾ ਗੀਤਕਾਰ ਉਸ ਉੱਤੇ ਆਪਣੇ ਪੈਸੇ ਮਾਰ ਲੈਣ ਦਾ ਇਲਜ਼ਾਮ ਲਾਉਂਦਾ ਹੈ, ਸਾਵੇ ਪੱਤਰਾਂ ਵਾਲੇ ਬਿਰਛ ਦੇ ਧੋਖੇ ਨੂੰ ਉਹਦੀ ਸ਼ਕਲ ਗਣੇਸ਼ ਵਰਗੀ ਲੱਗਦੀ ਹੈ, ਹਿੰਦੀ ਦੀ ਰਿਸਰਚ ਸਕਾਲਰ 'ਕਾਲਾ ਅੰਬ' ਨੂੰ ਗੁਲਸ਼ਨ ਨੰਦਾ-ਟਾਈਪ ਕਹਿੰਦੀ ਹੈ, ਇੱਕ ਅੱਤਵਾਦੀਆਂ ਦਾ ਹਮਾਇਤੀ ਨੌਜਵਾਨ ਉਸਦੇ ਇਕਾਂਗੀ 'ਜਵਾਈ' ਨੂੰ ਨਕਸਲਵਾਦੀ ਸਾਹਿੱਤ ਦੀ ਸਿਰਮੌਰ ਰਚਨਾ ਮੰਨਦਾ ਹੈ । ਉਸਦਾ ਨਾਂ ਤੇਲ-ਚਿੱਤਰ ਟਿਕ ਸਕਦਾ ਹੈ ਨਾ ਰੇਖਾ-ਚਿੱਤਰ । ਉਸਦੀ ਸ਼ਖ਼ਸੀਅਤ ਪਾਰੇ ਵਾਂਗ ਤਿਲਕ ਤਿਲਕ ਜਾਂਦੀ ਹੈ ।

ਉਹ ਕਾਫ਼ੀ ਹਾਊਸ ਕਾਰ 'ਤੇ ਜਾਂਦਾ ਹੈ ਪਰ ਵੀ. ਸੀ. ਨੂੰ ਮਿਲਣ ਟੁੱਟੀ ਹੋਈ ਸਾਈਕਲ 'ਤੇ । ਉਹਦੇ ਨਾਟਕਾਂ ਦੇ ਦਰਸ਼ਕਾਂ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਤੇ ਪ੍ਰਾਂਤ ਦਾ ਮੁੱਖ ਮੰਤਰੀ ਸ਼ਾਮਿਲ ਹਨ ਪਰ ਉਹ ਆਪ ਰੱਬੋ ਮਰਾਸਣ ਅਤੇ ਤਹਿਮਤ ਵਾਲੇ ਭੁੱਚਰ ਸਰਦਾਰ ਦੇ ਵਿਚਕਾਰ ਖਲੋਤਾ ਹੈ । 'ਕੁਆਰੀ ਟੀਸੀ' ਦੀ ਨਾਇਕਾ, 'ਪੱਤਣ ਦੀ ਬੇੜੀ' ਵਾਲੀ ਬੀਮਾਰ ਭੇਡ ਅਤੇ 'ਕਮਲਾ ਮਦਰਾਸਣ' ਦੀ ਸੁੱਤੀ ਹੋਈ ਕੰਨਿਆ ਨਾਲ ਇੱਕੋ ਜਿਹੀ ਸਾਂਝ ਹੈ । 'ਗਰਮ ਝੱਗ' ਪੜ੍ਹ ਕੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਹਨੂੰ ਵਧਾਈ ਭੇਜਦਾ ਹੈ ਪਰ 'ਕਾਲਾ ਅੰਬ' ਛਪਣ ਕਰਕੇ 'ਕਵਿਤਾ' ਦੇ ਸੰਪਾਦਕ ਨੂੰ ਨੋਟਿਸ ਜਾਰੀ ਹੋ ਜਾਂਦਾ ਹੈ । 'ਵਾਦ ਵਿਵਾਦੀ' ਕਹਿੰਦਾ ਹੈ ਕਿ ਉਸਨੂੰ ਨਾਟਕ ਦਾ ਊੜਾ ਐੜਾ ਨਹੀਂ ਆਉਂਦਾ ਪਰ ਗੀਤਾਂ ਵਾਲੇ ਕੁਮਾਰ ਦਾ ਕਹਿਣਾ ਹੈ ਕਿ ਉਹ ਪੰਜਾਬੀ ਨਾਟਕ ਦਾ ਖੱਬੀ ਖਾਨ ਹੈ ।

ਇੱਕ ਸਫ਼ਾ ਲਿਖਣ ਲਈ ਉਹ ਦਸਤਾ ਕਾਗਜ਼ਾਂ ਦਾ ਖਰਾਬ ਕਰ ਸਕਦਾ ਹੈ ਤੇ ਇੱਕ ਫ਼ੋਟੋ ਖਿੱਚਣ ਲਈ ਪੂਰੀ ਰੀਲ । ਸ਼ਾਇਦ ਇਸੇ ਲਈ ਉਹਦੀ ਲਿਖਤ ਪਾਠਕ ਦੇ ਚਿਹਰੇ 'ਤੇ ਛਪ ਜਾਂਦੀ ਹੈ ਅਤੇ ਉਸਦੀ ਖਿੱਚੀ ਹੋਈ ਤਸਵੀਰ 'ਕਾਗ਼ਜ਼ ਤੇ ਕੈਨਵਸ' ਮੱਲ ਲੈਂਦੀ ਹੈ । ਉਹ ਪੁੱਠਾ ਲਿਖਦਾ ਹੈ, ਸਿੱਧਾ ਛਪਦਾ ਹੈ । ਉਹਨੂੰ ਗੁਰਮੁਖੀ ਨਹੀਂ ਆਉਂਦੀ, ਪੰਜਾਬੀ ਦਾ ਮਹਾਰਥੀ ਹੈ । ਜਾਪਦਾ ਹੈ ਉਹਨੂੰ ਸਰਸਵਤੀ ਦਾ ਵਰਦਾਨ ਲੱਛਮੀ ਦਾ ਵੀ ਵਰਦਾਨ ਹੀ ਬਣ ਕੇ ਲੱਗਾ ਹੈ । ਲੱਛਮੀ ਦਾ ਵਾਹਨ ਉੱਲੂ ਹੈ । ਜੀਨੀ ਨੂੰ ਉੱਲੂ ਬਹੁਤ ਪਸੰਦ ਹਨ । ਬਲਵੰਤ ਨੂੰ ਜੀਨੀ ਬਹੁਤ ਪਸੰਦ ਹੈ ।

ਲੋਕ ਉਹਦੇ ਬਾਰੇ ਗੱਲਾਂ ਕਰਦੇ ਹਨ, ਉਹ ਲੋਕਾਂ ਬਾਰੇ ਗੱਲਾਂ ਲਿਖਦਾ ਹੈ । ਸੰਤ ਸਿੰਘ ਸੇਖੋਂ ਉਹਦੇ ਲਈ 'ਕਾਲਿਜ ਦਾ ਵਾਈਸ ਚਾਂਸਲਰ' ਹੈ, ਸ਼ਿਵ ਕੁਮਾਰ 'ਕੌਡੀਆਂ ਵਾਲਾ ਸੱਪ', ਅਜੀਤ ਕੌਰ 'ਕਾੜ੍ਹਨੀ' ਤੇ ਪ੍ਰਿੰ. ਪ੍ਰੀਤਮ ਸਿੰਘ 'ਨਾਨਕਸ਼ਾਹੀ ਇੱਟ' । ਉਹ ਵਾਰਤਕ ਦਾ ਕਵੀ ਹੈ । ਉਹਦੇ ਫ਼ਿਕਰੇ ਲੋਕ ਸ਼ੇਅਰਾਂ ਵਾਂਗ ਕੋਟ ਕਰਦੇ ਹਨ । ਉਹਦੇ ਲਿਖੇ ਅਸ਼ਲੀਲ ਫ਼ਿਕਰਿਆਂ ਨੂੰ ਦੋਸਤਾਂ ਵਿੱਚ ਵੰਡਦੇ ਹਨ । ਪਰ ਉਹਦੀਆਂ ਲਿਖਤਾਂ ਦੀਆਂ ਗੁਫ਼ਾਵਾਂ ਵਿੱਚ ਪਿਉ-ਧੀ ਜਾਂ ਭੈਣ-ਭਰਾ ਇਕੱਠੇ ਨਹੀਂ ਉਤਰ ਸਕਦੇ-ਕੋਣਾਰਕ ਅਤੇ ਖਜੁਰਾਹੋ ਵਾਂਗ । ਇਹ ਪ੍ਰੇਮੀਆਂ ਦੇ ਸੈਰ-ਗਾਹ ਹੈ ਜਾਂ ਅਜਨਬੀਆਂ ਦੀ ਮਿਲਣ-ਗਾਹ । ਉਸਦਾ ਕੱਦ ਛੋਟਾ ਹੈ ਤੇ ਸਿਰ ਗੰਜਾ । ਇਹ ਦੋਵੇਂ ਗੁਣ ਉਹਦੀ ਬਾਹਰਲੀ ਸ਼ਖ਼ਸੀਅਤ ਨੂੰ ਪੀਡਾ ਕਰਦੇ ਹਨ । ਪੱਕਿਆ ਹੋਇਆ ਗੰਭੀਰ ਚਿਹਰਾ ਸੱਠ ਸਾਲ ਪੁਰਾਣਾ ਨਹੀਂ ਲੱਗਦਾ । ਅਮਰੀਕਨ ਕਾਰ ਤੇ ਅਮਰੀਕਨ ਨਾਰ ਨਾਲ ਬੈਠਿਆਂ ਵੀ ਉਹ ਬਠਿੰਡੇ ਦਾ ਬਾਣੀਆ ਲੱਗਦਾ ਹੈ । ਤੁਰਦਾ ਫਿਰਦਾ ਇੰਜ ਜਾਪਦਾ ਹੈ ਜਿਵੇਂ ਇੱਕ ਬਹੁਤ ਵੱਡੀ ਸ਼ਖ਼ਸੀਅਤ ਬੋਰੀ ਵਿੱਚ ਬੰਦ ਹੋਵੇ ਜਾਂ ਕੱਛੂ ਨੇ ਕੈਂਚੀ ਸਮੇਤ ਸਿਰੀ ਆਪਣੇ ਖੋਲ ਵਿੱਚ ਲੁਕਾਈ ਹੋਵੇ । ਕੱਠਾ ਕੱਠਾ, ਸੁੰਗੜਿਆ ਸੁੰਗੜਿਆ । ਪਰ ਸਾਹਿੱਤ ਵਿੱਚ ਉਹ ਮਹਾ-ਮਾਨਵ ਹੈ । ਆਲੋਚਕਾਂ ਨੂੰ ਉਹਦਾ ਨਾਪ ਲੈਣ ਲਈ ਕੁਰਸੀਆਂ 'ਤੇ ਖਲੋਣਾ ਪੈਂਦਾ ਹੈ । ਪਾਠਕ ਨੂੰ ਅੱਡੀਆਂ ਚੁੱਕ ਕੇ ਵੀ ਉਹਦਾ ਗੰਜ ਨਹੀਂ ਦਿਸਦਾ, ਸਿਰਫ ਲਿਸ਼ਕਾਰਾ ਦਿਸਦਾ ਹੈ । ਉਹ ਆਪਣੇ ਬੱਚੇ ਖਿਡਾਉਂਦਾ ਹੈ ਤੇ ਦੂਜਿਆਂ ਦੇ ਡਰਾਮੇ । 'ਕਣਕ ਦੀ ਬੱਲੀ' ਤੋਂ 'ਧੂਣੀ ਦੀ ਅੱਗ' ਤੱਕ ਉਹਨੇ ਦੌੜ ਨਹੀਂ ਲਾਈ, ਬੜੇ ਇਤਮਿਨਾਨ ਨਾਲ ਤੁਰਿਆ ਹੈ । ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਡਰਾਮਿਆਂ ਦੇ ਪੰਜਾਬੀ ਰੂਪਾਂਤਰ ਪੇਸ਼ ਕਰਕੇ ਉਹਨੂੰ ਤਸੱਲੀ ਹੁੰਦੀ ਹੈ ਪਰ ਪੰਜਾਬੀ ਡਰਾਮੇ ਲਿਖ ਕੇ ਸ਼ਾਇਦ ਉਹਨੂੰ ਤਸੱਲੀ ਨਹੀਂ ਹੋਈ । ਕਦੀ ਉਹਨੇ ਕਿਹਾ ਸੀ ਕਿ ਅੰਗਰੇਜ਼ੀ ਛੱਡ ਕੇ ਉਹ ਗੁਰੂਦੇਵ ਟੈਗੋਰ ਦੇ ਕਹਿਣ 'ਤੇ ਆਪਣੀ ਮਾਤ-ਬੋਲੀ ਦੀ ਸ਼ਰਨ ਆਇਆ ਸੀ ਪਰ 'ਸੁਲਤਾਨ ਰਜ਼ੀਆ' ਹਿੰਦੁਸਤਾਨੀ ਵਿੱਚ ਲਿਖਣ ਦਾ ਕਾਰਨ ਦੱਸਦਾ ਹੈ ਕਿ ਉਹਦੀ ਆਪਣੀ ਬੋਲੀ ਅਜਿਹੇ ਥੀਮ ਨੂੰ ਪੇਸ਼ ਕਰਨ ਦੇ ਸਮਰੱਥ ਨਹੀਂ । ਖ਼ੈਰ, ਕਿਸੇ ਵੇਲੇ ਆਦਮੀ ਦਾ ਜੀਅ ਕਰਦਾ ਹੈ ਕਿ ਉਹ ਕਿਸੇ ਹੋਰ ਦੀ ਮਾਂ ਨੂੰ ਮਾਸੀ ਆਖੇ । ਸਾਨੂੰ ਬਹੁਤਾ ਤੌਖ਼ਲਾ ਨਹੀਂ ਕਰਨਾ ਚਾਹੀਦਾ । ਜੇ ਇੰਜ ਕਰਨ ਨਾਲ 'ਅਲਕਾਜ਼ੀ' ਉਸਦੇ ਬੱਚੇ ਖਿਡਾਉਂਦਾ ਹੈ ਤਾਂ ਸਾਨੂੰ ਕਿਸੇ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ । ਸ਼ਾਇਦ ਇੰਜ ਕਰਨ ਨਾਲ ਉਸਦਾ ਕੱਦ ਵੱਧ ਜਾਏ ਜਾਂ ਕੋਈ ਗੰਜ-ਨਾਸ਼ਕ ਤੇਲ ਲੱਭ ਪਵੇ ।

ਉਹ ਅਫ਼ਸਰ ਹੈ । ਉਹਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਖਿਲਾਫ਼ ਲਿਖਣ ਵਾਲੇ ਨੂੰ ਉਹ ਕੁਝ ਨਹੀਂ ਕਹਿੰਦਾ, ਸਿਰਫ ਉਸਦੇ ਅਫ਼ਸਰ ਦਾ ਐਡਰੈੱਸ ਪਤਾ ਕਰਦਾ ਹੈ । ਪੁਲੀਟੀਕਲ ਪਗੜੀਆਂ, ਪ੍ਰਸ਼ਾਸਕੀ ਹੈਟ ਅਤੇ ਵਿਦੇਸ਼ੀ ਹਕੂਮਤਾਂ ਉਹਨੂੰ ਸੱਦੇ ਘੱਲਦੀਆਂ ਹਨ । ਇੰਦਰਾ ਗਾਂਧੀ ਪਿੱਛੇ ਜਿਹੇ ਚੰਡੀਗੜ੍ਹ ਆਈ ਤਾਂ ਉਸ ਨੇ ਗਾਰਗੀ ਦੀ ਰਿਹਾਇਸ਼ 'ਤੇ ਪੰਜਾਬੀ ਕਲਾਕਾਰਾਂ ਨੂੰ ਮਿਲਣ ਦੀ ਖ਼ਾਹਿਸ਼ ਜ਼ਾਹਰ ਕੀਤੀ ਸੀ ਜੋ ਸਕਿਉਰਟੀ ਸਟਾਫ਼ ਨੇ ਪੂਰੀ ਨਾ ਹੋਣ ਦਿੱਤੀ । ਹੋ ਸਕਦਾ ਹੈ ਸਕਿਉਰਟੀ ਵਾਲਿਆਂ ਬਲਵੰਤ ਦਾ 'ਬੰਬ ਕੇਸ' ਪੜ੍ਹਿਆ ਹੋਵੇ । ਉਹ ਹੁਣ ਸਕਿਉਰਿਟੀ ਵਾਲਿਆਂ ਦੇ 'ਅਫ਼ਸਰ' ਦੀ ਭਾਲ ਵਿੱਚ ਹੈ ।

ਸ਼ਰਾਰਤ ਉਹਦੇ ਖੂਨ ਵਿੱਚ ਰਚੀ ਹੋਈ ਹੈ । ਤੇਜ਼ ਫ਼ਿਕਰਾ ਉਸਦਾ ਸਭ ਤੋਂ ਬਿਹਤਰ ਦੋਸਤ ਹੈ ਤੇ ਸਭ ਤੋਂ ਖ਼ਤਰਨਾਕ ਦੁਸ਼ਮਨ । ਸ਼ੁਹਰਤ ਉਹਦੇ ਲਈ ਸ਼ੁਹਰਤ ਹੈ, ਸਸਤੀ ਹੋਵੇ ਜਾਂ ਮਹਿੰਗੀ । ਉਹ ਆਪਣੀ ਘੜੀ ਖ਼ਰਾਬ ਨਹੀਂ ਹੋਣ ਦੇਂਦਾ-ਮੰਡੀਆਂ ਦੇ ਭਾਅ ਅਪ-ਟੂ- ਡੇਟ ਚੇਤੇ ਰੱਖਦਾ ਹੈ । ਚੀਜ਼ ਨਾਲੋਂ ਬਹੁਤਾ ਖਰਚ ਸ਼ੋ-ਕੇਸ 'ਤੇ ਕਰਦਾ ਹੈ । ਸਾਹਿੱਤ ਉਹਦੇ ਲਈ ਵਪਾਰ ਹੈ, ਜ਼ਿੰਦਗੀ ਵਾਂਗ ਹੀ । ਉਹ ਲੇਟ ਹੋ ਸਕਦਾ ਹੈ ਪਰ ਘਾਟਾ ਨਹੀਂ ਖਾਂਦਾ । ਦੂਜੇ ਦੀ ਕਮਜ਼ੋਰ-ਨਾੜ 'ਤੇ ਉਂਗਲੀ ਰੱਖ ਕੇ ਉਹਨੂੰ ਸਵਾਦ ਆਉਂਦਾ ਹੈ ਪਰ ਆਪਣੀਆਂ ਨਾੜਾਂ ਸ਼ਾਇਦ ਉਹਨੇ ਨਾੜੂ ਦੇ ਨਾਲ ਹੀ ਕਟਵਾ ਛੱਡੀਆਂ ਸਨ । ਮਹਾਤਮਾ ਗਾਂਧੀ ਨੂੰ ਉਹ ਭਾਰਤੀ ਹਿੱਪੀਆਂ ਦਾ ਆਗੂ ਮੰਨਦਾ ਹੈ ਤੇ ਹਿੱਪੀਆਂ ਬਾਰੇ 'ਮਾਤਾ ਜੀ' ਵਰਗੀ ਖੂਬਸੂਰਤ ਕਹਾਣੀ ਵੀ ਲਿਖ ਸਕਦਾ ਹੈ । ਉਹ ਆਪ ਹਿੱਪੀ ਹੈ, ਮਸਖਰਾ ਹਿੱਪੀ । ਕੜਾਕਾ ਸਿੰਘ ।

ਉਹ ਇੱਕ ਤੁਰਦਾ-ਫਿਰਦਾ ਡਰਾਮਾ ਹੈ । ਸਣੇ ਆਪਣੇ ਸਭ ਦਾ ਮਖ਼ੌਲ ਉਡਾਉਂਦਾ ਹੈ । ਸਨਸਨੀਖੇਜ਼ ਗੱਲ ਕਰਨ ਨੂੰ ਕਲਾ ਸਮਝਦਾ ਹੈ । ਜਿਸਦੇ ਬਾਰੇ ਲਿਖਦਾ ਹੈ ਉਹ 'ਝੂਠ ਝੂਠ' ਦੀ ਰੌਲੀ ਪਾਉਂਦਾ ਹੈ- ਪਰ ਕਿਸੇ ਹੋਰ ਬਾਰੇ ਲਿਖਿਆ ਇਹ 'ਝੂਠ' ਸਭ ਨੂੰ ਸੱਚ ਲੱਗਦਾ ਹੈ । ਉਹ ਕੰਟਰੋਵਰਸ਼ੀਅਲ ਪਰਸਨੈਲਿਟੀ ਹੈ । ਮੂੰਹ 'ਤੇ ਝੂਠ ਬੋਲਦਾ ਹੈ ਤੇ ਬੋਲੀ ਜਾਂਦਾ ਹੈ । ਲੋਕ ਉਹਨੂੰ ਗੰਭੀਰਤਾ ਨਾਲ ਨਾ ਲੈਣ ਦਾ ਦਾਅਵਾ ਕਰਦੇ ਹੋਏ ਵੀ ਲਗਾਤਾਰ ਪੜ੍ਹਦੇ ਹਨ, ਖਿਝਦੇ ਹਨ, ਕ੍ਰਿਝਦੇ ਹਨ ਤੇ ਫਿਰ ਅਗਲੀ ਲਿਖਤ ਉਡੀਕਣ ਲੱਗ ਪੈਂਦੇ ਹਨ । ਬਲਵੰਤ ਗਾਰਗੀ ਇੱਕ ਬਹੁ-ਮੁਖੀ ਯੋਜਨਾ ਵਾਂਗ ਕਾਇਮ ਹੈ । ਪੱਕਾ ਹਿਸਾਬੀ ਹੈ । ਪੂਰਾ ਕਿਤਾਬੀ ਹੈ । ਉਹਦਾ ਜ਼ਿਕਰ ਹੈ, ਨਾਟਕ ਦਾ ਜ਼ਿਕਰ ਹੈ, ਪੰਜਾਬੀ ਦਾ ਜ਼ਿਕਰ ਹੈ । ਉਹਦੀ ਜੇਬ੍ਹ ਭਰਪੂਰ ਹੈ ਤੇ ਕਲਮ ਸਰਮਾਏਦਾਰ । ਉਹ ਜੇਬ੍ਹੀ ਪਹਾੜਾ ਹੈ । ਪੰਜਾਬੀ-ਮਾਂ ਦਾ ਕਮਾਊ ਪੁੱਤ ਹੈ । ਮਸਖ਼ਰਾ ਹੈ, ਕਈ ਵਾਰ ਮਾਂ ਭੈਣ ਦੀ ਤਮੀਜ਼ ਵੀ ਭੁੱਲ ਜਾਂਦਾ ਹੈ । ਉਹ ਤਰੋ-ਤਾਜ਼ਾ ਹੈ । ਕੱਸਿਆ-ਮੁੱਸਿਆ ਹੈ । ਭਰਿਆ-ਭਕੁੰਨਾ ਹੈ । ਉਹਦੀਆਂ ਲਿਖਤਾਂ ਚੁਸਤ ਹੁੰਦੀਆਂ ਹਨ । ਕੋਈ ਕਿੰਨੀ ਉਮਰ ਲਿਖਾ ਕੇ ਆਉਂਦਾ ਹੈ ਕਿਸੇ ਨੂੰ ਕੀ ਪਤਾ- ਪਰ ਆਪਣੀ ਉਮਰ ਨਾਲੋਂ ਲੰਮੀਆਂ ਗੱਲਾਂ ਕਰਦਾ ਹੈ । ਵਧੀਆ ਮਹਿਫ਼ਲੀ ਗੱਲਾਂ! ਆਦਮੀ ਤੁਰ ਜਾਂਦਾ ਹੈ, ਗੱਲਾਂ ਰਹਿ ਜਾਂਦੀਆਂ ਹਨ । ਬਲਵੰਤ ਰਾਏ ਅੱਗਰਵਾਲ ਅਜੇ ਗੱਲਾਂ ਕਰ ਰਿਹਾ ਹੈ । ਏਸੇ ਲਈ ਸ਼ਾਇਦ ਕਈ ਵਾਰੀ ਸਾਨੂੰ ਉਹਦੀ ਹੋਂਦ ਮਹਿਸੂਸ ਨਹੀਂ ਹੁੰਦੀ । ਪਰ ਉਹ ਸਾਡਾ ਸਰਮਾਇਆ ਹੈ । ਜੋ ਸਾਡੀ ਖ਼ਾਤਿਰ ਆਪਣੇ ਆਪ ਨੂੰ ਸਾਂਭ ਰਿਹਾ ਹੈ... ।

***

ਡਰ ਸੀ ਕਿ ਲੇਖ ਪੜ੍ਹਕੇ ਗਾਰਗੀ ਗੁੱਸਾ ਕਰੇਗਾ । 'ਸੰਕਲਪ' ਉਹਨੂੰ ਡਾਕ ਰਾਹੀਂ ਭੇਜ ਦਿੱਤਾ ਗਿਆ ਸੀ । ਪਰ ਉਹਨੇ ਮੇਰੇ ਅਫ਼ਸਰ ਦਾ ਪਤਾ ਨਹੀਂ ਪੁੱਛਿਆ ਸਗੋਂ ਮੇਰਾ ਸਿਰਨਾਵਾਂ ਪਤਾ ਕਰਕੇ ਉਹ ਮੇਰੇ ਘਰ ਆਇਆ ਸੀ । ਲੇਖ ਬਾਰੇ ਕੋਈ ਗੱਲ ਨਹੀਂ ਸੀ ਕੀਤੀ, ਸ਼ਿਵ ਦੀ ਪਤਨੀ ਨਾਲ 'ਨਾਗਮਣੀ' ਵਿੱਚ ਛਪੀ ਮੇਰੀ ਇੰਟਰਵਿਊ ਦੀ ਤਾਰੀਫ਼ ਕਰਕੇ ਚਲਾ ਗਿਆ ਸੀ । ਸ਼ਾਇਦ ਮੈਂ ਉਸਦੇ ਗੁੱਸੇ ਦੇ ਕਾਬਿਲ ਵੀ ਨਹੀਂ ਸਾਂ । ਉਹ ਆਪਣੇ ਇੱਕ ਲੇਖ ਵਿੱਚ ਪਾਠਕਾਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਗਿਆ ਹੈ ਕਿ ਮੇਰੇ ਮਰਨ ਤੋਂ ਪਿੱਛੋਂ ਜੇ ਕੋਈ ਕਹੇ ਕਿ ਗਾਰਗੀ ਉਹਨੂੰ ਫਲਾਣੇ ਥਾਂ ਮਿਲਿਆ ਸੀ ਤੇ ਇਹ ਕੁਝ ਕਿਹਾ ਸੀ ਤਾਂ ਬਿਲਕੁਲ ਯਕੀਨ ਨਾ ਕਰਿਉ, ਕਿਉਂਕਿ ਇਸ ਨਾਂ ਦੇ ਬੰਦੇ ਨੂੰ ਮੈਂ ਨਾ ਕਦੇ ਮਿਲਿਆ ਹਾਂ ਤੇ ਨਾ ਹੀ ਕਦੇ ਕੁਝ ਕਿਹਾ ਹੈ । ਗਾਰਗੀ ਦੀ ਗੱਲ ਮੰਨਣ 'ਚ ਆਉਂਦੀ ਹੈ । ਮੰਨ ਲੈਣੀ ਚਾਹੀਦੀ ਹੈ । ਬਹਿਸ ਕਰਕੇ ਐਵੇਂ ਸ਼ਰਮਿੰਦਾ ਹੋਣ ਵਾਲੀ ਗੱਲ ਹੈ ਕਿਉਂਕਿ ਗਾਰਗੀ ਬਾਰੇ ਮਸ਼ਹੂਰ ਹੈ ਕਿ ਆਪਣੇ ਗੰਜ ਉੱਤੇ ਲਾਉਣ ਲਈ ਤੇਲ ਬਜ਼ਾਰੋਂ ਨਹੀਂ ਸੀ ਖਰੀਦਦਾ, ਹੱਥਾਂ ਉੱਤੇ ਸਰ੍ਹੋਂ ਜਮਾਉਂਦਾ ਸੀ ਤੇ ਰਗੜ ਕੇ ਤੇਲ ਕੱਢ ਲੈਂਦਾ ਸੀ । ਤੇ ਜਦੋਂ ਕਦੇ ਉਹਨੂੰ ਪਿਆਸ ਲੱਗਦੀ ਸੀ ਤਾਂ ਉਹ ਪਾਣੀ ਨਹੀਂ ਸੀ ਮੰਗਦਾ ਸਗੋਂ ਸਾਹਮਣੇ ਖੜ੍ਹੇ ਬੰਦੇ ਨੂੰ ਪਾਣੀ ਪਾਣੀ ਕਰਦਾ ਸੀ ਤੇ ਪੀ ਜਾਂਦਾ ਸੀ । ਕੋਈ ਇਹਨੂੰ ਚਮਤਕਾਰ ਕਹੇ ਜਾਂ ਮਦਾਰੀਪੁਣਾ? ਕੁਝ ਵੀ ਪਏ ਕਹੋ ਪਰ ਬਲਵੰਤ ਗਾਰਗੀ ਬਾਰੇ ਤੁਸੀਂ ਚੁੱਪ ਨਹੀਂ ਰਹਿ ਸਕਦੇ । ਉਸਨੂੰ ਨਫ਼ਰਤ ਕਰ ਸਕਦੇ ਹੋ, ਇਗਨੋਰ ਨਹੀਂ ਕਰ ਸਕਦੇ ।

***

5. ਆਉ 'ਪ੍ਰੇਮ' ਫੜ੍ਹੀਏ

ਅਸੀਂ ਦੋਵੇਂ ਪਹਿਲਾਂ-ਪਹਿਲ ਕਿੱਥੇ ਤੇ ਕਦੋਂ ਮਿਲੇ, ਪਤਾ ਨਹੀਂ । ਪਰ ਇੱਕ ਵਾਰੀ ਮਿਲੇ ਤਾਂ ਮਿਲੀ ਗਏ । ਮਿਲਦੇ ਰਹੇ । ਮਿਲਦੇ ਆ ਰਹੇ ਹਾਂ । ਸਾਡੀ ਪੱਕੀ ਸਾਂਝ ਦਾ ਮਜ਼ਬੂਤ ਸੂਤਰ ਇਹ ਹੈ ਕਿ ਪ੍ਰੇਮ ਪ੍ਰਕਾਸ਼ ਖ਼ੁਦ ਨੂੰ ਉੱਤਮ ਕਹਾਣੀਕਾਰ ਮੰਨਦਾ ਹੈ ਅਤੇ ਮੈਂ ਵੀ ਉਸਨੂੰ ਉੱਤਮ ਕਹਾਣੀਕਾਰ ਮੰਨ ਕੇ ਉਹਦੀ ਕਦਰ ਕਰਦਾ ਹਾਂ । ਮੈਂ ਉਸਦਾ ਪਾਠਕ ਹਾਂ । ਪ੍ਰਸ਼ੰਸਕ ਹਾਂ । ਉਹਦੀ ਨਵੀਂ ਕਹਾਣੀ ਛਪੇ, ਕਿਤਾਬ ਛਪੇ, ਇਨਾਮ ਮਿਲੇ... ਮੈਨੂੰ ਖੁਸ਼ੀ ਹੁੰਦੀ ਹੈ । ਖੁਸ਼ੀ ਜ਼ਾਹਰ ਵੀ ਕਰਦਾ ਹਾਂ । ਬੋਲ ਕੇ । ਲਿਖ ਕੇ ।

ਮਿਲਦੇ ਰਹਿਣ ਦਾ ਕਾਰਨ ਇਹ ਵੀ ਹੈ ਕਿ ਅਸੀਂ ਇੱਕ ਦੂਜੇ ਦੇ ਰਾਹ ਵਿੱਚ ਪੈਂਦੇ ਹਾਂ । ਮੈਂ ਬਟਾਲੇ ਵੱਲ ਨੂੰ ਜਾਣਾ ਹੋਵੇ ਤਾਂ ਆਉਂਦੇ-ਜਾਂਦੇ ਜਲੰਧਰ ਰੁਕ ਜਾਂਦਾ ਹਾਂ । ਪ੍ਰੇਮ ਦਾ ਪਹਿਲਾਂ ਵਾਂਗ ਚੰਡੀਗੜ੍ਹ ਗੇੜਾ ਲੱਗਦਾ ਹੀ ਰਹਿੰਦਾ ਹੈ ਅਤੇ ਰੋਪੜ ਚੰਡੀਗੜ੍ਹ ਦੇ ਰਾਹ ਵਿੱਚ ਪੈਂਦਾ ਹੈ । ਮੈਨੂੰ ਉਹਦਾ ਸੰਗ-ਸਾਥ ਚੰਗਾ ਲੱਗਦਾ ਹੈ । ਬਹੁਤ ਸਿੱਖਣ ਨੂੰ ਮਿਲਦਾ ਹੈ ।

ਉਹਨੂੰ ਖ਼ਤ ਲਿਖਣ ਦੀ ਚੰਗੀ ਆਦਤ ਹੈ । ਬਿਨਾਂ ਜਵਾਬ ਦੀ ਤਵੱਕੋ ਰੱਖੇ ਉਹ ਖ਼ਤ ਲਿਖਦਾ ਰਹਿੰਦਾ ਹੈ । ਜ਼ਿੰਦਗੀ ਬਾਰੇ, ਸਾਹਿੱਤ ਬਾਰੇ, ਮਾਹੌਲ ਬਾਰੇ ਚੰਗੀਆਂ ਗੱਲਾਂ ਦੱਸਦਾ ਰਹਿੰਦਾ ਹੈ । ਮੈਂ ਉਹਦੀਆਂ ਚਿੱਠੀਆਂ ਸੰਭਾਲ ਕੇ ਰੱਖੀਆਂ ਹਨ : ਕੁਝ ਹੱਥੀਂ ਲਿਖੀਆਂ, ਕੁਝ ਟਾਈਪ ਕੀਤੀਆਂ ਕੁਝ ਕੰਪਿਊਟਰ 'ਤੇ ਕੱਢੀਆਂ । ਇਹ ਚਿੱਠੀਆਂ ਵੀ ਉਹਦੀਆਂ ਕਹਾਣੀਆਂ ਅਤੇ ਜੀਵਨ-ਸ਼ੈਲੀ ਵਾਂਗ ਹੀ ਦਿਲਚਸਪ ਹਨ । ਮੇਰੇ ਲਈ ਕੀਮਤੀ ਹਨ ।

ਪ੍ਰੇਮ ਦੀ ਪਸੰਦ-ਨਾ-ਪਸੰਦ ਮੇਰੇ ਤੋਂ ਬਹੁਤ ਵੱਖਰੀ ਹੈ । ਉਹ ਬਹੁਤ ਘੋਖੀ ਤੇ ਖੋਰੀ ਹੈ । ਆਪਣੀ ਗੱਲ ਜ਼ੋਰ ਦੇ ਕੇ ਅਥਾਰਟੀ ਨਾਲ ਕਰਦਾ ਹੈ । ਬੇਲਿਹਾਜ਼, ਕੋਰਾ ਤੇ ਮੂੰਹ-ਫੱਟ ਹੈ । ਸੈਕਸ ਅਤੇ ਜਾਤ- ਬਰਾਦਰੀ ਦੇ ਵੇਰਵਿਆਂ ਵਿੱਚ ਖੁੱਭ ਕੇ ਉਹਨੂੰ ਆਨੰਦ ਮਿਲਦਾ ਹੈ । ਨੈਤਿਕਤਾ ਦੇ ਮਾਪ-ਦੰਡ ਭੰਨਦਾ ਤੋੜਦਾ ਰਹਿੰਦਾ ਹੈ । ਕੌੜੀ ਗੱਲ ਮੂੰਹ 'ਤੇ ਕਹਿੰਦਾ ਹੈ । ਮੇਰਾ ਅਖ਼ਬਾਰਾਂ ਵਿੱਚ ਛਪਣਾ ਉਹਨੂੰ ਕਤੱਈ ਪਸੰਦ ਨਹੀਂ । ਮੇਰੀ ਕਵਿਤਾ ਵਿੱਚ ਉਹਨੂੰ ਕੋਈ ਤੱਤ ਨਹੀਂ ਲੱਗਦਾ । ਉਹਦਾ ਖ਼ਿਆਲ ਹੈ ਕਿ ਜੇ ਲੇਖਾਂ ਵਿੱਚੋਂ ਲੇਖਕਾਂ ਦੇ ਨਾਂ ਮਨਫ਼ੀ ਕਰ ਦਿੱਤੇ ਜਾਣ ਤਾਂ ਬਾਕੀ ਕੁਝ ਬਚਦਾ ਹੀ ਨਹੀਂ । ਮੇਰੇ ਸ਼ਿਵਕੁਮਾਰ ਨੂੰ ਉਹ ਰੋਣਾ ਧੋਣਾ ਕਹਿੰਦਾ ਹੈ । ਮੇਰੇ ਸੂਬਾ ਸਿੰਘ ਦਾ ਉਹ ਨਾਂ ਵੀ ਸੁਣਨਾ ਨਹੀਂ ਚਾਹੁੰਦਾ । ਫਿਰ ਵੀ ਪਿਛਲੇ ਪੈਂਤੀ ਵਰ੍ਹਿਆਂ ਤੋਂ ਸਾਡਾ ਸਰਕਲ ਸਾਂਝਾ ਹੈ, ਵਾਕਿਫ਼ਕਾਰ ਸਾਂਝੇ ਹਨ, ਦੁਖ-ਸੁਖ ਸਾਂਝੇ ਹਨ । ਉਹ ਆਪਣੀਆਂ ਕਹਾਣੀਆਂ ਛਪਣ ਤੋਂ ਪਹਿਲਾਂ ਮੇਰੇ ਨਾਲ ਡਿਸਕਸ ਕਰਦਾ ਹੈ । ਮੇਰੀ ਰਾਏ ਨੂੰ 'ਵਜ਼ਨ' ਦੇਂਦਾ ਹੈ । 'ਲਕੀਰ' ਲਈ ਜ਼ੋਰ ਦੇ ਕੇ ਲਿਖਵਾਉਂਦਾ ਹੈ, ਪੂਰੇ ਹੱਕ ਨਾਲ । ਅਪਣੱਤ ਨਾਲ, ਪਰ ਲਿਖਵਾਉਂਦਾ ਵਾਰਤਕ ਹੈ, ਕਵਿਤਾ ਨਹੀਂ ।

ਨਾ ਉਹਨੂੰ ਕਵੀ ਚੰਗੇ ਲੱਗਦੇ ਨੇ, ਨਾ ਕਵਿਤਾਵਾਂ । 'ਲਕੀਰ' ਵਿੱਚ ਵੀ ਇਹ ਮਹਿਕਮਾ ਉਹਨੇ ਸੁਰਜੀਤ ਹਾਂਸ ਨੂੰ ਸੌਂਪਿਆ ਹੋਇਆ ਹੈ । ਕਵਿਤਾ ਦੀ ਕਿਤਾਬ ਦਾ ਰਿਵੀਊ ਵੀ ਹਾਂਸ ਹੀ ਕਰਦਾ ਹੈ । ਸਾਫ਼ ਕਹਿੰਦਾ ਹੈ ਕਿ ਕਵਿਤਾ ਦੀ ਉਹਨੂੰ ਬਹੁਤੀ ਸਮਝ ਨਹੀਂ । ਭਾਵੇਂ ਕਿ ਸ਼ੁਰੂ ਦੇ ਦਿਨਾਂ ਵਿੱਚ ਖ਼ੁਦ ਕਵਿਤਾ ਨੂੰ ਮੂੰਹ ਮਾਰਦਾ ਰਿਹਾ ਹੈ । 'ਖੰਨਵੀ' ਅਖਵਾ ਕੇ ਮਾਣ ਮਹਿਸੂਸ ਕਰਦਾ ਰਿਹਾ ਹੈ । ਪਰ ਸਮਕਾਲੀ ਅਥਵਾ ਤਤਕਾਲੀ ਰਸਾਲਿਆਂ ਵਿੱਚ ਛਪਦੀ 'ਜਦੀਦ' ਸ਼ਾਇਰੀ ਦਾ ਮਜ਼ਾਕ ਉਡਾਉਣ ਲਈ ਇੱਕ ਵਾਰ ਉਹਨੇ ਬਾਈਬਲ ਦੀਆਂ ਕੁਝ ਟੁਕੜੀਆਂ ਆਜ਼ਾਦ ਨਜ਼ਮ ਵਾਂਗੂੰ ਲਿਖਕੇ ਉਰਦੂ ਦੇ ਇੱਕ ਨਾਮਵਰ ਰਸਾਲੇ ਨੂੰ ਭੇਜ ਦਿੱਤੀਆਂ । ਜੋ ਕਿ ਛਪ ਗਈਆਂ ਸਨ । ਫੇਰ ਉਹਨੇ ਨਜ਼ਮ ਵੱਲੋਂ ਮੂੰਹ ਮੋੜ ਲਿਆ ਜਾਂ ਫਿਰ ਮੁੜ ਗਿਆ । ਤੇ ਸਕੂਲ ਮਾਸਟਰੀ ਦੇ ਦਿਨਾਂ ਵਿੱਚ ਉਹਨੂੰ ਜਸਵੰਤ ਵਿਰਦੀ, ਮਹਿਰਮਯਾਰ ਤੇ ਪਿਆਰਾ ਸਿੰਘ ਭੋਗਲ ਦਾ ਸਾਥ ਜੁੜ ਗਿਆ । ਉਰਦੂ ਦਾ ਪਿਛੋਕੜ, ਕਵਿਤਾ ਨਾਲ ਸ਼ੁਰੂਆਤੀ ਮੱਥਾ ਪੱਚੀ ਅਤੇ ਜਲੰਧਰ ਦਾ ਅਦਬੀ ਮਾਹੌਲ ਅਸਰ-ਅੰਦਾਜ਼ ਹੋ ਰਹੇ ਸਨ । ਪ੍ਰੇਮ ਪ੍ਰਕਾਸ਼ ਅੰਦਰਲਾ ਕਹਾਣੀਕਾਰ ਉਸੱਲਵੱਟੇ ਲੈ ਰਿਹਾ ਸੀ । ਲੰਬੇ ਸਫ਼ਰ ਦਾ ਆਗਾਜ਼ ਹੋ ਰਿਹਾ ਸੀ ।

ਉਹ ਹੌਲੀ ਹੌਲੀ ਲਿਖੀ ਗਿਆ । ਰਸਾਲਿਆਂ ਵਿੱਚ ਛਪੀ ਗਿਆ । ਪਰ ਕਿਸੇ ਪ੍ਰਕਾਸ਼ਕ ਤਕ ਉਹਦੀ ਰਸਾਈ ਨਾ ਹੋਈ । 'ਕਚਕੜੇ', 'ਨਮਾਜ਼ੀ' ਅਤੇ 'ਮੁਕਤੀ' ਉਹਨੂੰ ਆਪ ਸਹੇੜੇ 'ਤ੍ਰਿਸ਼ੂਲ ਪ੍ਰਕਾਸ਼ਨ' ਵੱਲੋਂ ਆਪਣੇ ਖਰਚੇ 'ਤੇ ਹੀ ਛਾਪਣੇ ਪਏ । ਨਾਵਲ 'ਦਸਤਾਵੇਜ਼' ਇੱਕ ਪਰਚੇ ਨੇ ਵਿਸ਼ੇਸ਼ ਅੰਕ ਦੇ ਰੂਪ ਛਾਪ ਦਿੱਤਾ ਪਰ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕਰਨ ਲਈ ਕੋਈ ਪਬਲਿਸ਼ਰ ਤਿਆਰ ਨਾ ਹੋਇਆ । 'ਸ਼ਵੇਤਾਂਬਰ ਨੇ ਕਿਹਾ ਸੀ' ਨਾਮਕ ਸੰਗ੍ਰਹਿ ਕਿੰਨੀ ਹੀ ਦੇਰ ਖਰੜੇ ਦੇ ਰੂਪ ਵਿੱਚ ਪਿਆ ਰਿਹਾ ਅਤੇ ਅਖ਼ੀਰ 'ਲੋਅ' ਵਾਲਿਆਂ ਨੇ ਉਹਨੂੰ ਕਿਤਾਬੀ ਜਾਮੇ ਵਿੱਚ ਲਿਆਂਦਾ । ਉਦੋਂ ਉਹਦਾ ਲੋਕ ਸੰਪਰਕ ਏਨਾ ਕਮਜ਼ੋਰ ਸੀ ਕਿ ਪੰਜਾਬੀ ਦਾ ਕਮਜ਼ੋਰ ਤੋਂ ਕਮਜ਼ੋਰ ਕਹਾਣੀਕਾਰ ਵੀ 'ਕਾਮਯਾਬੀ' ਦੀ ਸ਼ਾਹਰਾਹ 'ਤੇ ਉਸਤੋਂ ਅੱਗੇ ਨਿਕਲ ਗਿਆ ਜਾਪਦਾ ਸੀ ।

ਪ੍ਰੇਮ ਨੂੰ ਕਿਸੇ ਇੱਕ ਪੀੜ੍ਹੀ ਨਾਲ ਨਹੀਂ ਬੰਨ੍ਹਿਆ ਜਾ ਸਕਦਾ । ਜਾਂ ਇਉਂ ਆਖ ਲਵੋ ਕਿ ਕੋਈ ਵੀ ਪੀੜ੍ਹੀ ਉਹਨੂੰ ਅਪਣਾਉਣਾ ਨਹੀਂ ਚਾਹੁੰਦੀ । ਜਿਸ ਪੀੜ੍ਹੀ ਦਾ ਉਹ ਬੰਦਾ ਸੀ, ਉਸ ਵੇਲੇ ਉਹਦਾ ਜ਼ਿਕਰ ਨਹੀਂ ਹੋਇਆ । 'ਮੁਕਤੀ' ਦੇ ਛਪਣ ਨਾਲ ਜਦੋਂ ਉਹਦਾ ਜ਼ਿਕਰ ਹੋਣਾ ਸ਼ੁਰੂ ਹੋਇਆ ਤਾਂ ਤਿੰਨ ਪੀੜ੍ਹੀਆਂ ਹੋਂਦ ਵਿੱਚ ਆ ਚੁੱਕੀਆਂ ਸਨ । ਸੀਨੀਆਰਟੀ ਵੱਲੋਂ ਉਹ ਪਹਿਲੀ ਨਾਲ ਸੀ ਪਰ ਲਿਖਤ ਪੱਖੋਂ ਤੀਜੀ ਨਾਲ । ਮੁਕਾਬਲਾ ਕੀਹਦੇ ਨਾਲ ਕੀਤਾ ਜਾਏ? ਉਹ ਕਿਸੇ ਢਾਣੀ ਵਿੱਚ ਸ਼ਾਮਿਲ ਨਹੀਂ ਸੀ । ਕਿਸੇ ਵਾਦ ਦਾ ਪਿਛਲੱਗ ਨਹੀਂ ਸੀ । ਕਿਸੇ 'ਵਰਗਾ' ਨਹੀਂ ਸੀ ਲਿਖਦਾ । ਵੱਖਰਾ ਹੀ ਖੜ੍ਹਾ ਸੀ ਇਸ ਲਈ ਭੀੜ ਨੂੰ ਚੁੱਭਦਾ ਸੀ ।

ਪ੍ਰੇਮ ਪ੍ਰਕਾਸ਼ ਬੰਦਿਆਂ ਵਰਗਾ ਬੰਦਾ ਦਿਸਦਾ ਹੈ ਪਰ ਇਸ ਬੰਦੇ ਅੰਦਰ ਅਨੇਕ ਬੰਦੇ ਹਨ । ਉਸਨੂੰ ਮਿਲਣ ਗਿਲਣ ਵਾਲੇ ਵਾਲਿਆਂ ਦਾ ਹਰ ਵਾਰ ਵੱਖਰੇ ਬੰਦੇ ਨਾਲ ਵਾਹ ਪੈ ਸਕਦਾ ਹੈ । ਉਹ ਚੌਂਕ ਸਕਦੇ ਹਨ । ਇਸ ਵਕਤ ਮੈਂ ਜਿਸਨੂੰ ਮਿਲ ਰਿਹਾਂ ਉਹ ਪ੍ਰੇਮ ਪ੍ਰਕਾਸ਼ ਕਹਾਣੀਕਾਰ ਹੈ । ਨਿਰੋਲ । ਨਿਰੰਤਰ । ਨਿੱਤ ਨਵਾਂ । ਉਹ ਕਿਤੇ ਹੋਵੇ, ਕਿਸੇ ਹਾਲਤ ਵਿੱਚ ਹੋਵੇ, ਕਹਾਣੀ ਨਾਲ ਰਿਸ਼ਤਾ ਕਾਇਮ ਰੱਖਦਾ ਹੈ । ਕਿਸੇ ਨਾ ਕਿਸੇ ਪੱਜ ਕਹਾਣੀਆਂ ਸੁੰਘਦਾ ਰਹਿੰਦਾ ਹੈ । ਸੁਣਦਾ ਰਹਿੰਦਾ ਹੈ । ਵਿੰਹਦਾ ਰਹਿੰਦਾ ਹੈ । ਚੱਖਦਾ ਰਹਿੰਦਾ ਹੈ । ਛੂੰਹਦਾ ਰਹਿੰਦਾ ਹੈ । ਸੁਣਦਾ ਰਹਿੰਦਾ ਹੈ । ਉਹਦੇ ਗਿਆਨ-ਇੰਦਰਿਆਂ ਦੇ ਨਾਲ ਨਾਲ ਕਰਮ-ਇੰਦਰੇ ਵੀ ਇਸ ਕਾਰਜ ਵਿੱਚ ਸਦਾ ਕਿਰਿਆਸ਼ੀਲ ਰਹਿੰਦੇ ਹਨ । ਉਹਦਾ ਮਨ ਕਹਾਣੀਆਂ ਘੜਦਾ ਰਹਿੰਦਾ ਹੈ । ਬੁੱਧੀ ਕਹਾਣੀਆਂ ਸਵਾਰਦੀ ਰਹਿੰਦੀ ਹੈ । ਚੇਤਨਾ ਕਹਾਣੀਆਂ ਸੋਧਦੀ ਰਹਿੰਦੀ ਹੈ । ਕਹਾਣੀ ਉਹਨੂੰ ਕਦੇ ਟਿਕ ਕੇ ਨਹੀਂ ਬਹਿਣ ਦੇਂਦੀ । ਪੌਣੀ ਸਦੀ ਨੂੰ ਢੁੱਕਣ ਲੱਗਾ ਹੈ ਉਹਦਾ ਸਰੀਰ । ਅਜੇ ਵੀ ਡੁੰਡੂ ਉੱਠਦਾ ਹੈ ਤੇ ਉਹ ਪੌਣਾਂ 'ਤੇ ਸਵਾਰ ਹੋ ਜਾਂਦਾ ਹੈ । ਜਿੱਥੇ ਜੀ ਕਰਦਾ ਹੈ ਚਲਿਆ ਜਾਂਦਾ ਹੈ । ਠਹਿਰਾਅ ਨਹੀਂ । ਸਿਥਲਤਾ ਨਹੀਂ । ਸ਼ਰਤ ਨਹੀਂ, ਬਸ ਬਹਾਨਾ ਚਾਹੀਦਾ ਹੈ, ਜੰਗਮ ਬਣਨ ਦਾ । ਸਾਥ ਕੋਈ ਵੀ ਹੋਵੇ । ਸਾਥ ਨਾ ਵੀ ਹੋਵੇ । ਚਾਲ ਵਿੱਚ ਫ਼ਰਕ ਨਹੀਂ ਪੈਂਦਾ ।

ਪ੍ਰੇਮ ਪ੍ਰਕਾਸ਼ ਬੜੀ ਦੇਰ ਦਾ ਤੁਰਿਆ ਹੋਇਆ ਹੈ । ਤੁਰ ਰਿਹਾ ਹੈ । ਪਛਾਣ ਦੇਰ ਨਾਲ ਮਿਲੀ । ਪ੍ਰਸਿੱਧੀ ਹੋਰ ਦੇਰ ਨਾਲ ਮਿਲੀ । ਪੁਰਸਕਾਰ ਹੋਰ ਵੀ ਪਛੜ ਕੇ ਮਿਲੇ । ਮਿਲਦੇ ਰਹਿਣਗੇ ਪਰ ਉਹ ਮਿਲਣ ਵਾਲਿਆਂ ਦੇ ਲਾਗੇ ਬਹੁਤਾ ਚਿਰ ਖਲੋਂਦਾ ਨਹੀਂ । ਪੈਂਡਾ ਖੋਟਾ ਨਹੀਂ ਕਰਦਾ । ਨਿਰਮੋਹਾ ਹੈ । ਪ੍ਰਾਪਤੀ 'ਤੇ ਪੈਰ ਧਰ ਕੇ ਅੱਗੇ ਤੁਰ ਪੈਂਦਾ ਹੈ । ਸਵਾਰਥੀ ਹੈ । ਉਹਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਕਹਾਣੀ ਤੋਂ ਬਿਨਾਂ ।

ਪ੍ਰੇਮ ਪ੍ਰਕਾਸ਼ ਕਹਾਣੀ ਨੂੰ ਸਮਝਦਾ ਹੈ । ਖ਼ੁਦ ਨੂੰ ਕਹਾਣੀਕਾਰ ਸਮਝਦਾ ਹੈ । ਕਹਾਣੀਕਾਰਾਂ ਬਾਰੇ ਵੀ ਉਹਦੀ ਸਮਝ ਬੜੀ ਸਪੱਸ਼ਟ ਹੈ । ਪੁਰਾਣੇ, ਖਲੋਤੇ ਹੋਏ ਜਾਂ ਰਿਪੀਟ ਹੋ ਰਹੇ ਕਹਾਣੀਕਾਰ ਉਹਨੂੰ ਬਿਲਕੁਲ ਪਸੰਦ ਨਹੀਂ । ਨਵੇਂ ਤੁਰ ਰਹੇ ਅਤੇ ਤਜ਼ਰੁਬੇ ਕਰ ਰਹੇ ਮੁੰਡੇ ਕੁੜੀਆਂ ਤੋਂ ਉਹ ਸਦਕੇ ਜਾਂਦਾ ਹੈ । ਕੁੜੀਆਂ ਤੋਂ ਤਾਂ ਬਾਹਲਾ ਈ ਸਦਕੇ ਜਾਂਦਾ ਹੈ । ਕਈ ਕਈ ਵਾਰ ਜਾਂਦਾ ਹੈ । ਉਦੋਂ ਤੱਕ ਜਾਂਦਾ ਰਹਿੰਦਾ ਹੈ ਜਦੋਂ ਤੱਕ ਅਗਲੀ ਦਰ ਹੀ ਨਾ ਭੀੜ ਲਵੇ । ਇਹੋ ਜਿਹੀ ਸਥਿਤੀ ਥੋੜ੍ਹੀ ਦੇਰ ਲਈ ਉਹਦੇ ਮਨ ਦਾ ਭਾਰ ਹੋ ਜਾਂਦੀ ਹੈ । ਪਰ ਨਾਲ ਦੀ ਨਾਲ ਨਵੀਂ ਕਹਾਣੀ ਲਈ ਜ਼ਮੀਨ ਤਿਆਰ ਹੋ ਜਾਂਦੀ ਹੈ ।

ਪ੍ਰੇਮ ਪ੍ਰਕਾਸ਼ ਕਹਾਣੀ ਖੁਸ਼ ਹੋ ਕੇ ਲਿਖਦਾ ਹੈ । ਲਿਖਕੇ ਖੁਸ਼ ਹੁੰਦਾ ਹੈ ਅਤੇ ਕਹਿੰਦਾ ਹੈ : 'ਲਿਖੀ ਨਹੀਂ ਮੇਰੇ ਤੋਂ ਲਿਖ ਹੋ ਗਈ ।' ਉਹਦੀ ਇਸ 'ਹਰਕਤ' ਤੋਂ ਸਮਕਾਲੀ ਚਿੜਦੇ ਨੇ । ਉਹ ਅੜਿਆ ਰਹਿੰਦਾ ਹੈ । ਅਗਲੇ ਦੇ ਸੰਘ ਵਿੱਚ । ਮੱਛੀ ਦੇ ਕੰਡੇ ਵਾਂਗ ।... ਕਿਸੇ ਨੂੰ ਉਹਦੀ ਸੰਪਾਦਕੀ ਟਿੱਪਣੀ ਤੜਫਾ ਜਾਂਦੀ ਹੈ । ਕਿਸੇ ਨੂੰ ਕਹਾਣੀ । ਕਿਸੇ ਨੂੰ ਬਿਆਨਬਾਜ਼ੀ । ਪਰ ਉਹ ਨਿਰਲੇਪ ਹੋ ਕੇ ਨਿਰੰਤਰ ਤੁਰਿਆ ਰਹਿੰਦਾ ਹੈ, ਕੋਈ ਨਾਰਾਜ਼ ਹੋਵੇ ਭਾਵੇਂ ਰਾਜ਼ੀ । ਨਾਰਾਜ਼ ਕਰਕੇ ਉਹਨੂੰ ਵਧੇਰੇ ਖੁਸ਼ੀ ਮਿਲਦੀ ਹੈ । ਪੰਜਾਬੀ ਕਹਾਣੀ ਦੀ ਜ਼ਮੀਨ ਹਿੱਲਦੀ ਹੈ । ਉਹਦੇ ਜ਼ਿਹਨ ਵਿੱਚ ਰਮਾਇਣ ਨਹੀਂ, ਮਹਾਭਾਰਤ ਹੈ । ਉਹਦੇ ਲਹੂ ਵਿੱਚ ਸ਼ਰਾਰਤ ਹੈ । ਕਲਮ ਵਿੱਚ ਹਰਾਰਤ ਹੈ । ...ਕਦੇ ਉਹ ਕਲਮ ਨਾਲ ਲਿਖਦਾ ਸੀ । ਫੇਰ ਟਾਈਪ ਰਾਈਟਰ ਖਰੀਦ ਲਈ ਤੇ ਹੁਣ ਕੰਪਿਊਟਰ ਵਰਤ ਰਿਹਾ ਹੈ । ਸਰੀਰ ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਣ ਲਈ ਪ੍ਰਾਣਾਯਾਮ ਵੱਲ ਪਰਤ ਰਿਹਾ ਹੈ । ਉਹ ਭਾਵੇਂ ਟੁਕੜਿਆਂ ਵਿੱਚ ਲਿਖਦਾ ਹੈ, ਟੁਕੜਿਆਂ ਵਿੱਚ ਜੀਂਦਾ ਹੈ... ਪਰ ਇਹਨਾਂ ਟੁਕੜਿਆਂ ਨੂੰ ਨਿਰੰਤਰ ਤਰਤੀਬ ਦੇਂਦਾ ਰਹਿੰਦਾ ਹੈ । ਗੈਪ ਭਰਦਾ ਰਹਿੰਦਾ ਹੈ । 'ਪਰਫਾਰਮੈਂਸ' ਬਰਕਰਾਰ ਰੱਖਣ ਲਈ ਆਪਣੀ ਸੋੋਚ ਅਤੇ ਸੂਚਨਾ ਦੇ ਨਾਲ ਨਾਲ ਮਸ਼ੀਨਰੀ ਨੂੰ ਵੀ ਅਪ-ਡੇਟ ਅਤੇ ਅਪ-ਗਰੇਡ ਕਰਦਾ ਰਹਿੰਦਾ ਹੈ ।

ਪ੍ਰੇਮ ਨੂੰ ਤਬੀਦੀਲੀ ਦਾ ਕਾਨੂੰਨ ਪੂਰੀ ਤਰ੍ਹਾਂ ਸਮਝ ਆ ਚੁੱਕਾ ਹੈ । ਉਹ ਬਾਹਰੋਂ ਬਦਲ ਜਾਂਦਾ ਹੈ । ਅੰਦਰੋਂ ਟਿਕਿਆ ਰਹਿੰਦਾ ਹੈ । ਉਹ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਜਾਗਦਾ ਰਹਿੰਦਾ ਹੈ । ਸੁਪਨਿਆਂ ਵਿੱਚ ਘਿਰਿਆ ਰਹਿੰਦਾ ਹੈ । ਵਕਤ ਪਾ ਕੇ ਸੁਪਨੇ ਉਹਨੂੰ ਸੱਚ ਲੱਗਣ ਲੱਗ ਪੈਂਦੇ ਹਨ । ਉਹ ਸੁਪਨੇ ਵਿੱਚ ਵੀ ਸੱਚ ਬੋਲਣ ਦਾ ਦਾਅਵਾ ਕਰਦਾ ਹੈ । ਸੱਚ ਅਤੇ ਝੂਠ ਦੇ ਦਰਮਿਆਨ ਉਹਨੇ 'ਲਕੀਰ' ਖਿੱਚੀ ਹੋਈ ਹੈ ਅਤੇ ਉਸ ਲਕੀਰ ਦੇ ਮੱਥੇ 'ਤੇ ਉਕਰਿਆ ਹੈ : 'ਅਸੀਂ ਮੰਨ ਕੇ ਚੱਲੇ ਹਾਂ ਕਿ ਕੋਈ ਵੀ ਸੱਚ ਅੰਤਮ ਸੱਚ ਨਹੀਂ ਹੁੰਦਾ ।' ਜਿਸ ਸੱਚਾਈ ਨੂੰ ਪ੍ਰੇਮ ਪ੍ਰਕਾਸ ਨੇ ਚੱਲਣ ਤੋਂ ਪਹਿਲਾਂ ਹੀ 'ਮੰਨ' ਲਿਆ ਸੀ, ਹੋ ਸਕਦਾ ਹੈ ਚੱਲਦੇ ਚੱਲਦੇ ਉਸ ਵਿੱਚ ਵੀ ਸੋਧ ਕਰਨ ਦੀ ਲੋੜ ਪੈ ਜਾਏ! ਉਂਜ ਨਾਅਰੇ ਵਿੱਚ ਤਬਦੀਲੀ ਕਰਨੀ ਔਖੀ ਹੁੰਦੀ ਹੈ । ਕਿਸੇ ਵੀ ਸਿਧਾਂਤ ਨਾਲ ਬੱਝ ਕੇ ਬੰਦਾ ਆਜ਼ਾਦੀ ਗੁਆ ਬਹਿੰਦਾ ਹੈ ਅਤੇ ਫਿਰ ਮੁਕਤੀ ਲਈ ਸੰਘਰਸ਼ ਕਰਨ ਲੱਗ ਪੈਂਦਾ ਹੈ । ਮੁਕਤੀ : ਇੱਕ । ਮੁਕਤੀ : ਦੋ । ...ਮੁਕਤੀ ਮਿਲਦੀ ਨਹੀਂ, ਛਪ ਜਾਂਦੀ ਹੈ । ਵਿਕ ਜਾਂਦੀ ਹੈ । ਛਪਦੀ ਵਿਕਦੀ ਜਾਂਦੀ ਹੈ । 'ਮੁਕਤੀ' ਵਾਲਾ ਮੰਤਰ ਹੀ ਉਹਦੀ ਕਹਾਣੀ-ਕਲਾ ਦਾ ਰਹੱਸ ਹੋ ਜਾਂਦਾ ਹੈ । ਇਹ ਤੱਥ ਉਹ ਦੱਸਦਾ ਨਹੀਂ ਪਰ ਉਸ ਤੋਂ ਦੱਸ ਹੋ ਜਾਂਦਾ ਹੈ ।

***

ਪ੍ਰੇਮ ਬਹਿਸ ਬਹੁਤ ਕਰਦਾ ਹੈ । ਅਗਲੇ ਨੂੰ ਕੁਰੇਦਦਾ ਹੈ । ਛੇੜਦਾ ਹੈ । ਉਹਦੇ ਛੇੜਨ ਨਾਲ ਬਹਿਸ ਛਿੜਦੀ ਹੈ । ਵਿਸ਼ੇ ਦੇ ਹਰ ਪਹਿਲੂ ਦੀ ਤਹਿ ਤੱਕ ਜਾਣ ਲਈ ਉਹ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਹੈ । ਦੂਜੇ ਦੀ ਬੁੱਕਲ ਵਿੱਚ ਆਪਣਾ ਗੁੜ ਭੋਰਦਾ ਹੈ । ਬਹਿਸ ਅੱਗੇ ਤੋਰਦਾ ਹੈ । 'ਲਕੀਰ' ਲਈ ਸੈਮੀਨਾਰ ਕਰਦਾ ਹੈ । ਲੇਖਕਾਂ, ਵਿਦਵਾਨਾਂ ਤੇ ਆਲੋਚਕਾਂ ਕੋਲ ਜਾਂਦਾ ਹੈ । ਉਹਨਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ । ਵਿਸ਼ਾ ਦੇ ਕੇ ਬੁਲਵਾਉਂਦਾ ਹੈ । ਉਹਨਾਂ ਦਾ ਮੂੰਹ ਖੁਲ੍ਹਵਾਉਂਦਾ ਹੈ । ਐਲਾਨੀਆਂ ਟਾਪਿਕ ਦੇ ਕੇ ਲੋਕਾਂ ਤੋਂ ਲਿਖਵਾਉਂਦਾ ਹੈ । ਗੋਸ਼ਟੀਆਂ ਦਾ ਪ੍ਰਬੰਧ ਵੀ ਕਰਦਾ ਹੈ । ਪਰਚੇ ਲਿਖਵਾ ਕੇ ਬਹਿਸ ਕਰਵਾਉਂਦਾ ਹੈ । ਪਰ ਇਹ ਸਭ ਕੁਝ ਉਹ ਪਾਪੀ ਪੇਟ ਲਈ ਨਹੀਂ ਕਰਦਾ । ਸਿਰਫ਼ ਕਹਾਣੀ ਲਈ ਕਰਦਾ ਹੈ । ਪੰਜਾਬੀ ਕਹਾਣੀ ਲਈ ਕਰਦਾ ਹੈ । ਆਪਣੀ ਕਹਾਣੀ ਲਈ ਕਰਦਾ ਹੈ ।

ਪ੍ਰੇਮ ਨੂੰ ਕਹਾਣੀ ਦਾ ਬਹੁਤ ਫ਼ਿਕਰ ਹੈ । ਉਹਨੇ ਕਹਾਣੀ ਖ਼ੂਬ ਪੜ੍ਹੀ ਹੈ । ਕਹਾਣੀ ਬਾਰੇ ਬਹੁਤ ਪੜ੍ਹਿਆ ਹੈ । ਕਹਾਣੀ ਦਾ ਇਤਿਹਾਸ ਜਾਣਿਆ ਹੈ । ਕਹਾਣੀ ਦਾ ਸੱਚ ਪਛਾਣਿਆ ਹੈ । ਉਸਨੂੰ ਪੂਰੀ ਸਮਝ ਹੈ ਕਿ ਪੰਜਾਬੀ ਕਹਾਣੀ ਕਿੱਥੋਂ ਤੁਰੀ ਸੀ । ਕਿੱਥੇ ਖੜ੍ਹ ਗਈ ਸੀ । ਕਿੱਥੇ ਪਹੁੰਚੀ ਹੈ । ਕਿੱਧਰ ਨੂੰ ਜਾ ਰਹੀ ਹੈ । ਪਹਿਲਾਂ ਉਹ ਕਹਾਣੀ ਦੇ ਨਾਲ ਨਾਲ ਤੁਰ ਰਿਹਾ ਸੀ । ਹੁਣ ਕਹਾਣੀ ਉਹਦੇ ਨਾਲ ਨਾਲ ਤੁਰ ਰਹੀ ਹੈ ।

'ਲਕੀਰ' ਨੂੰ ਉਹ ਕਹਾਣੀ ਦੀ ਵੇਲ ਵਧਾਉਣ ਲਈ ਵਰਤ ਰਿਹਾ ਹੈ । ਆਪਣੀ ਕਹਾਣੀ, ਪੰਜਾਬੀ ਕਹਾਣੀ ਦੇ ਪਾਠਕਾਂ ਨੂੰ ਉਹ ਭਾਣੇ ਵਾਂਗ ਵਰਤਾ ਰਿਹਾ ਹੈ । ਕਹਾਣੀ ਦੇ ਨਾਲ ਨਾਲ ਉਹਦਾ ਆਪਣਾ ਵੀ ਚੰਗਾ ਮਾੜਾ ਜ਼ਿਕਰ ਹੋਈ ਜਾ ਰਿਹਾ ਹੈ । ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਜ਼ਿਕਰ ਦੀ ਮੁਹਿੰਮ ਉਹਨੇ ਖ਼ੁਦ ਹੀ ਚਲਾਈ ਹੋਈ ਹੈ । ਇਸ ਕੰਮ ਲਈ ਉਹਨੇ ਪੂਰੀ ਟੀਮ ਬਣਾਈ ਹੋਈ ਹੈ । ਅੱਜ ਸੈਕਸ ਦੇ ਵਿਸ਼ੇ ਬਿਨਾਂ ਕਹਾਣੀ ਤੋਰ ਹੀ ਨਹੀਂ ਫੜਦੀ । ਅਤੇ ਪ੍ਰੇਮ ਦੇ ਜ਼ਿਕਰ ਬਿਨਾਂ ਗੱਲ ਸਿਰੇ ਹੀ ਨਹੀਂ ਚੜ੍ਹਦੀ । ਪ੍ਰੇਮ ਅਤੇ ਕਹਾਣੀ ਦਾ ਰਿਸ਼ਤਾ ਸਕੈਂਡਲ ਵਾਂਗ ਸਿੱਧ ਹੋ ਚੁੱਕਾ ਹੈ ।

ਸਿੱਧੀ ਜਿਹੀ ਗੱਲ ਹੈ ਕਿ ਆਪਣੀਆਂ 'ਕਰਤੂਤਾਂ' ਕਰਕੇ ਪ੍ਰੇਮ ਪ੍ਰਕਾਸ਼ ਬਦਨਾਮੀ ਦੀ ਹੱਦ ਤੱਕ ਪ੍ਰਸਿੱਧ ਹੋ ਚੁੱਕਾ ਹੈ । ਪ੍ਰੇਮ ਪ੍ਰਕਾਸ਼ ਪੰਜਾਬੀ ਦਾ ਇਹੋ ਜਿਹਾ 'ਪ੍ਰਸਿੱਧ' ਕਹਾਣੀਕਾਰ ਹੈ ਜਿਸ ਨੂੰ ਨਿੱਜੀ ਤੌਰ 'ਤੇ ਬਹੁਤ ਘੱਟ ਲੋਕ ਜਾਣਦੇ ਹਨ । ਜਿੰਨੇ ਕੁ ਜਾਣਦੇ ਹਨ ਉਹ ਵੀ ਪੂਰੀ ਤਰ੍ਹਾਂ ਜਾਨਣ ਦਾ ਦਾਅਵਾ ਨਹੀਂ ਕਰ ਸਕਦੇ । ਉਹ ਭੀੜ ਵਿੱਚ ਵੜ ਕੇ ਵੀ ਭੀੜ ਤੋਂ ਪਰੇ ਰਹਿੰਦਾ ਹੈ । ਜਿਸ ਨੂੰ ਮਿਲਣਾ ਹੁੰਦਾ ਹੈ, ਬਸ ਓਸੇ ਨੂੰ ਮਿਲਦਾ ਹੈ । ਤੁਸੀਂ ਉਸਨੂੰ ਮਿਲਣ ਲਈ ਜਾਉ, ਉਹ ਤੁਹਾਨੂੰ 'ਸਟੱਡੀ' ਕਰਨ ਲੱਗ ਪਏਗਾ । ਸ਼ਾਇਦ ਏਸੇ ਲਈ ਕੋਈ ਉਹਨੂੰ 'ਦੋਸਤ' ਨਹੀਂ ਸਮਝਦਾ । ਕਦੇ ਕਿਸੇ ਨਵੇਂ ਨਵੇਂ ਮਿਲੇ ਬੰਦੇ ਵਿੱਚ ਇਸ ਹੱਦ ਤੱਕ ਦਿਲਚਸਪੀ ਲੈਣ ਲੱਗਦਾ ਹੈ ਕਿ ਪੁਰਾਣੇ ਵਾਕਫ਼ਕਾਰ ਹੱਤਕ ਮਹਿਸੂਸ ਕਰਨ ਲੱਗ ਪੈਂਦੇ ਹਨ । ਉਸਦਾ ਫਾਰਮੂਲਾ ਹੈ :

ਪਹਿਲਾਂ ਤੁਹਾਨੂੰ ਊਲ ਜਲੂਲ ਜਿਹੇ ਸਵਾਲ ਪੁੱਛੇਗਾ । ਬੋਲਣ ਲਈ ਉਕਸਾਏਗਾ । ਜਦੋਂ ਤੁਸੀਂ ਬੋਲਣਾ ਸ਼ੁਰੂ ਕਰੋਗੇ ਤਾਂ ਚੁਪ ਕਰਕੇ ਸੁਣੀ ਜਾਏਗਾ । ਨਾਂ-ਮਾਤਰ ਹੁੰਗਾਰਾ ਭਰੀ ਜਾਏਗਾ । ਦਰਅਸਲ ਉਹ ਆਪਣੇ ਨਵੇਂ ਨੁਸਖੇ ਨੂੰ ਤੁਹਾਡੇ 'ਤੇ ਪਰਖ ਰਿਹਾ ਹੁੰਦਾ ਹੈ । ਆਪਣੀ ਕਿਸੇ ਅਧੂਰੀ ਕਹਾਣੀ ਲਈ ਸਮੱਗਰੀ ਜੁਟਾ ਰਿਹਾ ਹੁੰਦਾ ਹੈ । ਕਿਸੇ ਨਵੀਂ ਕਹਾਣੀ ਦਾ ਮੁੱਢ ਬੰਨ੍ਹ ਰਿਹਾ ਹੁੰਦਾ ਹੈ । ਲੰਬੇ ਸਮੇਂ ਤੋਂ ਉਹ 'ਲਕੀਰ' ਕੱਢਦਾ ਆ ਰਿਹਾ ਹੈ । ਇਹ ਉਹਦਾ ਸਨਕੀ ਸ਼ੌਕ ਹੈ । ਰਿਟਾਇਰਮੈਂਟ ਪਿੱਛੋਂ ਤਾਂ ਇਸ ਸ਼ੌਕ ਦੀ ਸ਼ਿੱਦਤ ਦੇ ਨਾਲ ਨਾਲ ਜ਼ਰੂਰਤ ਵੀ ਵੱਧ ਗਈ ਹੈ । ਪਹਿਲਾਂ ਉਹ ਸਕੂਲ ਮਾਸਟਰ ਹੁੰਦਾ ਸੀ । ਪਿੱਛੋਂ ਉਰਦੂ ਦੀ ਅਖ਼ਬਾਰ ਨਾਲ ਮਜਬੂਰੀ ਵੱਸ ਜੁੜਿਆ ਰਿਹਾ । ਇਹਨਾਂ ਦੋਹਾਂ ਕਿੱਤਿਆਂ ਵਿੱਚ ਉਹਦਾ ਜੀਅ ਨਹੀਂ ਸੀ ਲੱਗਦਾ । 'ਲਕੀਰ' ਨੇ ਉਹਨੂੰ ਬਦਲਵੀਂ ਫ਼ਿਜ਼ਾ ਦਿੱਤੀ । ਟੱਬਰ ਅਤੇ ਦਫ਼ਤਰ ਤੋਂ ਪਰੇ ਇੱਕ ਪਲੇਟਫਾਰਮ ਮੁਹੱਈਆ ਕੀਤਾ, ਜਿੱਥੇ ਉਹ ਮਨ-ਮਰਜ਼ੀ ਕਰ ਸਕਦਾ ਸੀ । ਉਹਨੇ ਮਨਮਰਜ਼ੀ ਕੀਤੀ । ਕਰਦਾ ਆ ਰਿਹਾ ਹੈ । ਪੰਜਾਬੀ ਕਹਾਣੀ ਦੇ ਬਹਾਨੇ ਉਹਨੇ ਆਪਣੀ ਕਹਾਣੀ ਨੂੰ ਵੀ ਅੱਗੇ ਤੋਰਿਆ ਹੈ । ਅੱਗੇ ਲਿਆਂਦਾ ਹੈ । ਉਹ ਸੈਮੀਨਾਰ ਛਾਪਦਾ ਹੈ । ਬਹਿਸਾਂ ਕਰਵਾਉਂਦਾ ਹੈ । ਮਰਜ਼ੀ ਦੇ ਟਾਪਿਕ ਦੇਂਦਾ ਹੈ । ਜ਼ੋਰ ਪਾ ਕੇ ਲਿਖਵਾਉਂਦਾ ਹੈ । ਆਪਣੇ ਪੂਰਵ-ਕਾਲੀ, ਸਮਕਾਲੀ ਅਤੇ ਉੱਤਰ- ਕਾਲੀ ਲੇਖਕਾਂ ਦੀਆਂ ਕਹਾਣੀਆਂ ਨੂੰ ਪਰਖਣ ਲਈ ਆਪਣੀ ਕਹਾਣੀ ਨੂੰ ਹੀ ਕਸੌਟੀ ਮੰਨਕੇ ਚੱਲਦਾ ਹੈ ।

ਪ੍ਰੇਮ ਦੀਆਂ ਕਹਾਣੀਆਂ ਦੇ ਪਾਤਰ ਵੀ ਉਹਦੇ ਆਪਣੇ ਵਾਂਗ ਪੱਕੀ ਉਮਰ ਅਤੇ ਪੀਢੀ ਸੋਚ ਦੇ ਹੁੰਦੇ ਹਨ । ਉਹ ਪਿਆਰ ਵੀ ਸੋਚ ਕੇ ਕਰਦੇ ਹਨ । ਪਿਆਰ ਕਰਦੇ ਵਕਤ ਵੀ ਸੋਚਦੇ ਰਹਿੰਦੇ ਹਨ । ਪ੍ਰੇਮੀ ਜੋੜੇ 'ਚੋਂ ਇੱਕ ਜਣਾ ਜ਼ਰੂਰ ਵਿਆਹਿਆ ਹੁੰਦਾ ਹੈ । ਕਈ ਵਾਰ ਦੋਏਂ ਵਿਆਹੇ ਹੁੰਦੇ ਨੇ, ਪਰ ਆਪਸ ਵਿੱਚ ਨਹੀਂ । ਉਹ ਜਿਸ ਕਹਾਣੀ ਵਿੱਚ ਤਿਕੋਨ ਬਣਾਉਂਦਾ ਹੈ, ਨਾਇਕ ਨੂੰ ਨਿਰਾਸ਼ ਕਰਦਾ ਹੈ । ਪਾਠਕ ਨੂੰ ਉਦਾਸ ਕਰਦਾ ਹੈ । ਉਹਦੇ ਪਾਤਰ ਮਰਿਆਦਾ ਵਿੱਚ ਰਹਿ ਕੇ ਮਰਿਆਦਾ ਭੰਗ ਕਰਦੇ ਨੇ । ਪ੍ਰੇਮ ਆਪਣੇ ਪਾਤਰਾਂ ਦੇ ਰਾਹੀਂ ਕੁਝ ਵਿਖਾਉਂਦਾ ਹੈ, ਕੁਝ ਲੁਕਾਉਂਦਾ ਹੈ । ਉਹ ਕਾਮ-ਕਥਾ ਵੀ ਹਵਨ ਦੇ ਹਵਾਲੇ ਨਾਲ ਸੁਣਾਉਂਦਾ ਹੈ । 'ਕਾਰ ਸੇਵਾ' ਅਤੇ 'ਤਾਸ਼' ਨੂੰ ਕਲਮੀ ਚਲਾਕੀ ਨਾਲ ਸਮ-ਅਰਥੀ ਬਣਾਉਂਦਾ ਹੈ ।

ਉਹਦੀਆਂ ਕਹਾਣੀਆਂ ਘਰੇਲੂ ਹੁੰਦੀਆਂ ਹਨ, ਘਰਾਂ ਵਾਂਗ ਵਾਪਰਦੀਆਂ ਹਨ । ਕਿਤੇ ਮਕਾਨ ਉਸਰ ਰਿਹਾ ਹੈ । ਕਿਤੇ ਕੋਠੀ ਬਣ ਰਹੀ ਹੈ । ਕਿਤੇ ਪੁਰਾਣਾ ਘਰ ਢਹਿ ਰਿਹਾ ਹੈ । ਕਿਸੇ ਘਰ ਦਾ ਬੂਹਾ ਪਿਛਲੇ ਪਾਸੇ ਲੱਗ ਰਿਹਾ ਹੈ । ਕੋਈ ਪਾਤਰ ਨਵੇਂ ਘਰ ਦੀ ਤਲਾਸ਼ ਕਰ ਰਿਹਾ ਹੈ । ਕੋਈ ਪਿਛਲੇ ਘਰ ਲਈ ਸਹਿਕ ਰਿਹਾ ਹੈ । 'ਘਰ' ਵਰਗੀਆਂ ਬਹੁਤੀਆਂ ਕਹਾਣੀਆਂ ਦੇ ਅੰਕੁਰ ਉਦੋਂ ਹੀ ਫੁੱਟ ਪਏ ਸਨ ਜਦੋਂ ਮੋਤਾ ਸਿੰਘ ਨਗਰ ਵਿੱਚ ਉਹ ਆਪਣੀ 'ਕੋਠੀ' ਬਣਾ ਰਿਹਾ ਸੀ । ਫ਼ਰਸ਼ ਦੀ ਰੋੜੀ ਉਹ ਟੱਬਰ ਦੇ ਜੀਆਂ ਨਾਲ ਰਲ ਕੇ ਕੁੱਟਦਾ ਸੀ । 'ਹੀਰ ਵਿਚਾਰੀ ਇੱਟਾਂ ਢੋਂਦੀ, ਰਾਂਝਾ ਢੋਂਦਾ ਗਾਰਾ ਏ' ਦੀ ਤਰਜ਼ 'ਤੇ ਉਹ ਘਰ ਦੀ ਉਸਾਰੀ ਨਾਲ ਇਕਮਿਕ ਹੋਇਆ ਪਿਆ ਸੀ । ਅਖ਼ਬਾਰ ਵਿੱਚ ਰਾਤ ਦੀ ਡਿਊਟੀ ਦੇਂਦਾ । ਸ਼ਾਮ ਨੂੰ ਗਊ ਲਈ ਪੱਠਾ-ਦੱਥਾ ਲਿਆਉਂਦਾ । ਲਵੇਰੀ ਦੀ ਪਿੱਠ 'ਤੇ ਥਾਪੀ ਦੇ ਕੇ ਉਹਦੀ ਧਾਰ ਕੱਢਦਾ ਤੇ ਸੌਣ ਵੇਲੇ ਕੜ੍ਹੇ ਹੋਏ ਦੁੱਧ ਦਾ ਕੜੇ ਵਾਲਾ ਗਿਲਾਸ ਪੀ ਕੇ ਆਨੰਦ ਮਗਨ ਹੋ ਜਾਂਦਾ । ਢੇਰੂ ਅਤੇ ਟਾਈਗਰ ਘਰ ਦੇ ਅੰਦਰ-ਬਾਹਰ ਦਾ ਖ਼ਿਆਲ ਰੱਖਦੇ । ਇਹ ਦੋਏਂ ਉਹਦੇ ਪਾਲਤੂ ਕੁੱਤੇ ਸਨ । ਢੇਰੂ ਦੇਸੀ ਸੀ ਤੇ ਵੱਡੀ ਉਮਰ ਦਾ ਸੀ । ਟਾਈਗਰ ਬਦੇਸ਼ੀ ਨਸਲ ਦਾ ਸੀ ਤੇ ਜਵਾਨ ਸੀ । ਇਹ ਨਾਂ ਵੀ ਉਹਨੇ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਪ੍ਰਤੀਕ ਵਜੋਂ ਰੱਖੇ ਹੋਏ ਸਨ । ਦੋਏਂ ਆਪੋ ਆਪਣੀ ਸੀਮਾ ਵਿੱਚ ਰਹਿੰਦੇ ਸਨ । ਆਪੋ ਆਪਣੀ ਬੋਰੀ 'ਤੇ ਬਹਿੰਦੇ ਸਨ । ਫੇਰ ਪ੍ਰੇਮ ਨੇ ਕਬੂਤਰ ਪਾਲ ਲਏ । ਕੋਠੇ 'ਤੇ ਉਹਨਾਂ ਨੂੰ ਚੋਗਾ ਪਾਉਂਦਾ ਰਹਿੰਦਾ । ਉਹਨਾਂ ਨਾਲ ਖੇਡਦਾ ਰਹਿੰਦਾ । ...ਗਊ ਹੋਵੇ, ਕੁੱਤੇ ਹੋਣ ਜਾਂ ਕਬੂਤਰ । ਇਹਨਾਂ ਪਸ਼ੂ ਪੰਛੀਆਂ ਨਾਲ ਉਹਦਾ ਅਜੀਬੋ ਗਰੀਬ ਰਿਸ਼ਤਾ ਹੈ । ਇਹਨਾਂ ਦੀਆਂ ਕਾਮ-ਜ਼ਰੂਰਤਾਂ ਜਾਂ ਕਾਮ ਹਰਕਤਾਂ ਨੂੰ ਉਹ ਨੇੜੇ ਹੋ ਕੇ ਤੱਕਦਾ ਆ ਰਿਹਾ ਹੈ । ਹੁਣ ਉਹਦੇ ਘਰ ਵਿੱਚ ਇਹਨਾਂ ਦਾ ਵਾਸਾ ਨਹੀਂ ਪਰ ਕਹਾਣੀਆਂ 'ਚੋਂ ਸਹਿਜੇ ਹੀ ਪਛਾਣੇ ਜਾ ਸਕਦੇ ਹਨ ਅਤੇ ਗੱਲਬਾਤ 'ਚੋਂ ਵੀ ।

ਅਸੀਂ ਅੱਜ ਜਿਹੜੇ ਸਮਾਜ ਵਿੱਚ ਰਹਿ ਰਹੇ ਹਾਂ ਉਹਦਾ ਢਾਂਚਾ ਕਿਵੇਂ ਤਬਦੀਲ ਹੋ ਰਿਹਾ ਹੈ । ਨਾਰੀ ਦਾ ਮੁਕਤੀ ਲਈ ਅੰਦੋਲਨ, ਪ੍ਰੇਮ ਦੇ ਨਵੇਂ ਨਵੇਂ ਰੂਪ, ਅੰਤਰ-ਜਾਤੀ ਵਿਆਹ, ਵਿਰੋਧੀ ਸੰਸਕਾਰਾਂ ਦੀ ਟੱਕਰ, ਸਰਮਾਏ ਦੇ ਚਮਤਕਾਰ, ਡਿੱਗਦੇ ਰਾਜਨੀਤਕ ਮੁੱਲ, ਲਹੂ ਤੱਕ ਧੱਸੀ ਹੋਈ ਜਾਤ-ਪਾਤ... ਇਹ ਸਭ ਕੁਝ ਅਤੇ ਹੋਰ ਵੀ ਬੜਾ ਕੁਝ ਪ੍ਰੇਮ ਦੀਆਂ ਕਹਾਣੀਆਂ ਵਿੱਚ ਵਿਦਮਾਨ ਹੈ, ਪਰ ਨਾਅਰਾ ਬਣ ਕੇ ਨਹੀਂ ਸਗੋਂ ਸਹਿਜ, ਸੁਤੇ ਸਿੱਧ, ਨਿਰ-ਉਚੇਚ । ਲੱਗਦਾ ਹੈ ਜਿਵੇਂ ਕੋਈ ਪਹੁੰਚਿਆ ਹੋਇਆ ਦਰਵੇਸ਼ ਆਪਣੇ ਨਿੱਜੀ ਅਨੁਭਵ, ਪਰਤ-ਦਰ-ਪਰਤ, ਸ਼ਾਂਤ ਭਾਵ ਨਾਲ ਅਡੋਲ ਚਿੱਤ ਹੋ ਕੇ ਸੁਣਾ ਰਿਹਾ ਹੋਵੇ । ਉਹਨੂੰ ਕੋਈ ਕਾਹਲੀ ਨਾ ਹੋਵੇ ਨਿਦਾਨ ਦੱਸਣ ਦੀ, ਗੁੰਝਲ ਖੋਲ੍ਹਣ ਦੀ, ਹੈਰਾਨ ਕਰਨ ਦੀ, ਮਕਬੂਲ ਹੋਣ ਦੀ । ਸ਼ਾਇਦ ਏਸੇ ਲਈ ਉਹ ਅਜੇ ਤੀਕ 'ਲੋਕਪਿ੍ਯ' ਲੇਖਕਾਂ ਦੀ ਕੋਟੀ ਵਿੱਚ ਸ਼ਾਮਿਲ ਨਹੀਂ ਹੋਇਆ । ਉਹਦੇ ਤੋਂ ਪਿੱਛੋਂ 'ਪ੍ਰਗਟ' ਹੋਣ ਵਾਲੇ ਕਥਾਕਾਰਾਂ ਨੇ ਕਿਤਾਬਾਂ ਦੇ ਰਿਕਾਰਡ ਕਾਇਮ ਕਰ ਦਿੱਤੇ ਹਨ ਪਰ ਪ੍ਰੇਮ ਦੀਆਂ ਸਾਰੀਆਂ ਕਹਾਣੀਆਂ ਮਿਲਾ ਕੇ ਵੀ ਮਸਾਂ 'ਕਥਾ ਅਨੰਤ' ਹੀ ਬਣਦੀ ਹੈ । ਜ਼ਾਹਿਰ ਹੈ ਕਿ ਉਹ ਸਟੇਸ਼ਨਰੀ ਦਾ ਸ਼ੁਭ ਚਿੰਤਕ ਹੈ । ਸ਼ੋਹਰਤ ਕਮਾਉਣ ਵਿੱਚ ਵਿਸ਼ਵਾਸ ਰੱਖਦਾ ਹੈ, ਲੁੱਟਣ ਵਿੱਚ ਨਹੀਂ । ਇਹਨਾਂ ਗਿਣਤੀ ਦੀਆਂ ਕਹਾਣੀਆਂ ਨਾਲ ਹੀ ਉਹ ਟ੍ਰੈਂਡ-ਸੈੱਟਰ ਬਣ ਗਿਆ ਹੈ । ਉਸ ਨੇ ਨਵੀਆਂ ਬਾਰੀਆਂ ਖੋਲ੍ਹੀਆਂ ਹਨ, ਜਿਨ੍ਹਾਂ 'ਚੋਂ ਤਾਜ਼ਾ ਹਵਾ ਆਉਣ ਲੱਗੀ ਹੈ ।

'ਚੌਥੀ ਕੂੰਟ' ਦੇ ਬਹਾਨੇ ਚੌਥੀ ਪੀੜ੍ਹੀ ਹੋਂਦ ਵਿੱਚ ਆ ਚੁੱਕੀ ਹੈ । ਜਿਵੇਂ ਓਸ਼ੋ ਰਜਨੀਸ਼ ਦੇ ਆਉਣ ਨਾਲ ਕਈ ਤਰ੍ਹਾਂ ਦੇ ਦਿਮਾਗੀ ਕੰਧਾਂ ਕੌਲੇ ਢਹਿ ਗਏ ਸਨ ਅਤੇ ਚੇਤਨਾ ਦੇ ਵਿਹੜੇ ਮੋਕ੍ਹਲੇ ਹੋ ਗਏ ਸਨ ਓਸੇ ਤਰ੍ਹਾਂ ਪ੍ਰੇਮ ਤੋਂ ਪਿੱਛੋਂ ਆਏ ਨਵੇਂ ਕਹਾਣੀਕਾਰਾਂ ਦੀਆਂ ਲਿਖਤਾਂ ਵਿੱਚ ਬੜਾ ਕੁਝ ਨਵਾਂ ਅਤੇ ਵੱਖਰਾ ਪੈਦਾ ਹੋ ਰਿਹਾ ਹੈ । ਨਵੇਂ ਤਜ਼ਰੁਬੇ ਹੋਣ ਲੱਗ ਪਏ ਹਨ । ਕੁੜੀਆਂ ਮੁੰਡੇ ਵਾਹਵਾ ਉਡਾਰ ਹੋ ਕੇ ਆਪਣੀ ਗੱਲ ਕਹਿਣ ਦੀ ਜੁਰੱਅਤ ਕਰਨ ਲੱਗ ਪਏ ਹਨ । ਇਹ ਚੰਗੀ ਗੱਲ ਹੈ ਪਰ ਇੱਕ ਖ਼ਤਰਾ ਵੀ ਹੈ ਕਿ ਕਿਤੇ ਹਵਾ ਦੇ ਜ਼ੋਰ ਨਾਲ 'ਲਕੀਰ' ਦੇ ਫ਼ਕੀਰ ਨਾ ਬਣ ਜਾਣ । ਪ੍ਰੇਮ ਪ੍ਰਕਾਸ਼ ਇੱਕੋ ਹੈ, ਵਰਿਆਮ ਸੰਧੂ ਇੱਕੋ ਹੈ, ਮੋਹਨ ਭੰਡਾਰੀ ਇੱਕੋ ਹੈ, ਸੁਖਵੰਤ ਮਾਨ ਇੱਕੋ ਹੈ... ਸਭ ਨੂੰ ਇੱਕੋ ਹੋਣਾ ਚਾਹੀਦਾ ਹੈ, ਇੱਕੋ ਰਹਿਣਾ ਚਾਹੀਦਾ ਹੈ । ਪਰਛਾਵਾਂ ਬਣ ਕੇ ਗੱਲ ਨਹੀਂ ਬਣਦੀ । ਜਿਨ੍ਹਾਂ ਦੀ ਗੱਲ ਬਣੀ ਹੈ, ਉਹਨਾਂ ਨੂੰ ਪੁੱਛ ਕੇ ਵੇਖੋ । ਪੜ੍ਹ ਕੇ ਵੇਖੋ । ਅਤੇ ਖੁਦ ਉਹੀ ਕੁਝ ਬਣੇ ਰਹੋ, ਜੋ ਹੋ । ਇਹੋ ਪ੍ਰੇਮ ਦਾ ਮੁਕਤੀ-ਮੰਤਰ ਹੈ ।

ਪ੍ਰੇਮ ਨੂੰ ਬੜੀਆਂ ਚੀਜ਼ਾਂ ਨਾਲ ਨਫ਼ਰਤ ਹੈ ਪਰ ਸਭ ਤੋਂ ਵੱਧ ਨਫ਼ਰਤ ਉਹਨੂੰ ਅਖ਼ਬਾਰਾਂ ਨਾਲ ਹੈ । ਉਹ ਅਖ਼ਬਾਰਾਂ ਨਹੀਂ ਪੜ੍ਹਦਾ । ਅਖ਼ਬਾਰਾਂ ਵਿੱਚ ਨਹੀਂ ਛਪਦਾ । ਅਖ਼ਬਾਰਾਂ ਵਿੱਚ ਛਪਣ ਵਾਲੇ ਲੇਖਕ ਉਹਨੂੰ ਭੈੜੇ ਲੱਗਦੇ ਹਨ । ਅਖ਼ਬਾਰਾਂ ਵਿੱਚ ਛਪੀਆਂ ਲਿਖਤਾਂ ਉਹਨੂੰ ਘਟੀਆ ਲੱਗਦੀਆਂ ਹਨ । ਇਹ ਸਭ ਕੁਝ ਉਹਨੂੰ ਫ਼ਜੂਲ ਜਾਪਦਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਰੋਜ਼ੀ-ਰੋਟੀ ਲਈ ਉਹ ਹਿੰਦ ਸਮਾਚਾਰ ਦੀ ਨੌਕਰੀ ਕਰਦਾ ਰਿਹਾ । ਇੱਕ ਐਸੀ ਅਖ਼ਬਾਰ ਦੀ ਨੌਕਰੀ, ਜਿਸਦੀ ਨਾ ਉਹਨੂੰ ਪਾਲਿਸੀ ਪਸੰਦ ਸੀ, ਨਾ ਮਾਹੌਲ, ਨਾ ਮਾਲਕ । ਉਹ ਸਾਰਾ ਸਮਾਂ ਖਿਝਦਾ ਰਹਿੰਦਾ । ਕ੍ਰਿਝਦਾ ਰਹਿੰਦਾ । ਅੰਦਰੇ ਅੰਦਰ ਰਿੱਝਦਾ ਰਹਿੰਦਾ । ਉਬਲਦਾ ਰਹਿੰਦਾ । ਉਹਦੇ ਕੰਢੇ ਸੜਦੇ ਰਹਿੰਦੇ, ਲੋਹਾ ਢਲਦਾ ਰਹਿੰਦਾ । ਉਹ ਆਪਣੀ ਇਸ ਨਫ਼ਰਤ ਨੂੰ ਲੁਕਾਉਂਦਾ ਨਹੀਂ ਸੀ, ਕੱਢਦਾ ਰਹਿੰਦਾ ਸੀ । ਬੀੜੀ ਪੀਂਦਾ ਰਹਿੰਦਾ ਸੀ, ਧੂੰਆਂ ਛੱਡਦਾ ਰਹਿੰਦਾ ਸੀ ।

'ਹਿੰਦ ਸਮਾਚਾਰ' ਵਾਲਿਆਂ ਨੇ ਜਦੋਂ ਪੰਜਾਬੀ ਵਿੱਚ 'ਜੱਗਬਾਣੀ' ਸ਼ੁਰੂ ਕੀਤੀ ਤਾਂ ਸ਼ੁਰੂ ਸ਼ੁਰੂ ਵਿੱਚ ਉਹਦਾ ਚਾਰਜ ਪ੍ਰੇਮ ਪ੍ਰਕਾਸ਼ ਕੋਲ ਸੀ । ਅਸੀਂ ਸਮਝ ਰਹੇ ਸਾਂ ਕਿ ਵੱਖਰੀ ਅਖ਼ਬਾਰ ਦਾ ਇੰਚਾਰਜ ਬਣ ਕੇ ਉਹਨੂੰ ਸੁੱਖ ਦਾ ਸਾਹ ਆਏਗਾ । ਥੋੜ੍ਹੀ ਜਿਹੀ ਆਜ਼ਾਦੀ ਮਹਿਸੂਸ ਕਰੇਗਾ ਅਤੇ ਬਹਾਨੇ ਨਾਲ ਪੰਜਾਬੀ ਸਾਹਿੱਤ ਦੀ ਅਖ਼ਬਾਰੀ ਸੇਵਾ ਦੇ ਨਾਲ ਨਾਲ ਲੋੜਵੰਦ ਲੇਖਕਾਂ ਦੀ ਧਿਰ ਵੀ ਬਣੇਗਾ । ਉਹਨੀਂ ਦਿਨੀਂ ਪ੍ਰਮਿੰਦਰਜੀਤ ਲਈ ਯਾਰ ਫ਼ਿਕਰਮੰਦ ਸਨ । 'ਲੋਅ' ਬੰਦ ਹੋ ਗਈ ਸੀ ।

ਪ੍ਰਮਿੰਦਰਜੀਤ ਵਿਹਲਾ ਸੀ । ਮੇਰੀ ਡਿਊਟੀ ਲੱਗੀ ਕਿ ਪ੍ਰੇਮ ਨੂੰ ਕਹਾਂ ਕਿ ਇਹਨੂੰ 'ਜੱਗਬਾਣੀ' ਵਿੱਚ ਐਡਜਸਟ ਕਰ ਲਏ । ਮੈਂ ਗਿਆ । ਸਿਫਾਰਸ਼ ਪੂਰੇ ਜ਼ੋਰ ਨਾਲ ਕੀਤੀ । ਪ੍ਰੇਮ ਦੀ ਦਲੀਲ ਸੀ, ''ਮੈਂ ਪ੍ਰਮਿੰਦਰਜੀਤ ਨੂੰ ਤੇਰੇ ਤੋਂ ਵੱਧ ਜਾਣਦਾਂ । ਇਹ ਕਵੀ ਲੋਕ ਨਿੱਠ ਕੇ ਕੰਮ ਨਹੀਂ ਕਰ ਸਕਦੇ । ਅਖ਼ਬਾਰ ਦਾ ਕੰਮ ਰੋਜ਼ ਦਾ ਰੋਜ਼ ਮੁਕਾਉਣਾ ਪੈਂਦੈ । ਮੈਂ ਨਵੇਂ ਜ਼ਮਾਨੇ ਵਾਲਿਆਂ ਨੂੰ ਫ਼ੋਨ ਕਰ ਦੇਨਾਂ । ਤੂੰ ਪ੍ਰਮਿੰਦਰਜੀਤ ਨੂੰ ਕਹਿ ਕਿ ਨਵੇਂ ਜ਼ਮਾਨੇ ਵਿੱਚ ਇੱਕ ਮਹੀਨਾ ਕੰਮ ਕਰੇ । ਜੇ ਉਹ ਇੱਕ ਮਹੀਨਾ ਤਸੱਲੀ ਬਖ਼ਸ਼ ਢੰਗ ਨਾਲ ਟਪਾ ਗਿਆ ਤਾਂ ਮੈਂ ਉਹਨੂੰ ਏਥੇ ਰਖਵਾ ਦਿਆਂਗਾ । ਪਰ ਉਹਨੇ ਦੋ ਦਿਨ ਨਹੀਂ ਟਿਕਣਾ । ਹਾਂ... ਯੈੱਸ ।'' ਉਹਦੇ ਇਸ ਰਵੱਈਏ ਕਾਰਨ ਪ੍ਰਮਿੰਦਰਜੀਤ ਅਖ਼ਬਾਰ ਤੋਂ ਬਚ ਗਿਆ ਪਰ ਪ੍ਰੇਮ ਪ੍ਰਕਾਸ਼ ਦੀ ਕਵੀਆਂ ਬਾਰੇ ਰਾਏ ਵਿੱਚ ਅਜੇ ਵੀ ਕੋਈ ਤਬਦੀਲੀ ਨਹੀਂ ਆਈ ।

ਪ੍ਰੇਮ ਪ੍ਰਕਿਰਤੀ ਦੇ ਤਿੰਨਾਂ ਗੁਣਾਂ ਦਾ ਸੁੰਦਰ ਸੁਮੇਲ ਹੈ । ਇਹਨਾਂ ਗੁਣਾਂ ਦੀ ਅਨੁਪਾਤ ਅਤੇ ਤਰਤੀਬ ਆਪ-ਮੁਹਾਰੀ ਬਦਲਦੀ ਰਹਿੰਦੀ ਹੈ । ਅੱਜਕੱਲ੍ਹ ਉਹਦਾ ਪਹਿਰਾਵਾ ਤੇ ਖਾਣ-ਪਾਨ ਸਤੋਗੁਣੀ ਹੈ, ਕਿਰਿਆ ਰਜੋਗੁਣੀ ਹੈ ਅਤੇ ਸੋਚ ਤਮੋਗੁਣੀ ।

ਪੁਰਾਣਿਕ ਕਸੌਟੀ 'ਤੇ ਪਰਖੀਏ ਤਾਂ ਉਸ ਉੱਤੇ ਕ੍ਰਿਸ਼ਨ ਤੱਤ ਭਾਰੂ ਹੈ । ਰਾਧਾ ਤੱਤ ਦੇ ਨਾਲ ਨਾਲ ਰੁਕਮਣੀ ਅਤੇ ਮੀਰਾ ਵੀ ਉਹਦੀ ਮਜਬੂਰੀ ਹੈ । ਵਿਆਸ ਤੱਤ ਉਹਨੂੰ ਤੜਫਣੀ ਲਾਈ ਰੱਖਦਾ ਹੈ । ਪ੍ਰੇਮ ਆਪਣੇ ਸੰਸਕਾਰਾਂ ਉੱਤੇ ਰਹੱਸ ਦੀ ਚਾਦਰ ਵਿਛਾਈ ਰੱਖਦਾ ਹੈ । ਪਾਠਕ ਦੀ ਉਤਸੁਕਤਾ ਬਣਾਈ ਰੱਖਦਾ ਹੈ । ਥੋੜ੍ਹੀ ਜਿਹੀ ਗੱਲ ਦੱਸਦਾ ਹੈ, ਬਹੁਤੀ ਲੁਕਾਈ ਰੱਖਦਾ ਹੈ । ਸਾਕਸ਼ੀ ਤੱਤ ਦਾ ਉਹਨੂੰ ਪਤਾ ਹੈ ਪਰ ਉਹ ਅਜੇ ਐਕਟੀਵੇਟ ਨਹੀਂ ਹੋਇਆ ।

ਉਹ ਆਪਣੇ ਧਨੁਸ਼ ਦੀ ਡੋਰੀ ਨੂੰ ਪੂਰੇ ਤਾਣ ਨਾਲ ਆਪਣੇ ਵੱਲ ਖਿੱਚਦਾ ਹੈ ਅਤੇ ਟੁੱਟਣ ਦੀ ਹੱਦ ਤੱਕ ਪਿੱਛੇ ਵੱਲ ਲਿਜਾਂਦਾ ਹੈ । ਆਪਣੀ ਵਿਧਾਇਕ ਤੇ ਵਿਨਾਸ਼ਕ ਸ਼ਕਤੀ ਨੂੰ ਰਚਨਾ ਦਾ ਧੁਰਾ ਬਣਾਉਂਦਾ ਹੈ । ਉਹ ਬਾਣ ਛੱਡਦਾ ਨਹੀਂ, ਉਹਦੇ ਤੋਂ ਛੁੱਟ ਜਾਂਦਾ ਹੈ । ਉਹਦਾ ਇਹ ਕ੍ਰਿਸ਼ਮਾ ਝੰਡਾ ਗੱਡ ਜਾਂਦਾ ਹੈ, ਝੰਡੀਆਂ ਪੁੱਟ ਜਾਂਦਾ ਹੈ । ਉਹ ਇਹ ਕਾਰਨਾਮਾ ਬਹੁਤ ਪਛੜ ਕੇ ਕਰਦਾ ਹੈ ਪਰ ਬਹੁਤਿਆਂ ਨੂੰ ਪਛਾੜ ਕੇ ਸੁੱਟ ਜਾਂਦਾ ਹੈ । ਬਸ ਏਨੇ ਨਾਲ ਉਹਦੀ ਤਸੱਲੀ ਹੋ ਜਾਂਦੀ ਹੈ । ਇਹ ਕਰਮ ਉਹ ਕੇਵਲ ਕਰਦਾ ਹੀ ਨਹੀਂ, ਕਰਕੇ ਵਿਖਾਉਂਦਾ ਵੀ ਹੈ ।

ਉਹ ਕਰਮਸ਼ੀਲ ਹੈ । ਸਾਕਾਰ ਕਰਮ ਕਰਦਾ ਹੈ । ਫਲ ਦੀ ਭਰਪੂਰ ਇੱਛਾ ਰੱਖਦਾ ਹੈ । ਇੱਛਾ ਛੇਤੀ ਪੂਰੀ ਨਾ ਹੋਏ ਤਾਂ ਕਰੋਧ ਵਿੱਚ ਆਉਂਦਾ ਹੈ । ਕਰੋਧ ਕਾਮ ਨੂੰ ਭੜਕਾਉਂਦਾ ਹੈ । ਕਾਮ ਨੂੰ ਉਹ ਆਪਣੀ ਸਿਰਜਣਾ ਦੀ ਸ਼ਕਤੀ ਬਣਾਉਂਦਾ ਹੈ । ਇਸ ਸ਼ਕਤੀ ਨੂੰ ਵਧਾਈ ਜਾਣ ਦਾ ਲੋਭ ਜਗਾਉਂਦਾ ਹੈ । ਆਪਣੀ ਇਸ ਪ੍ਰਾਪਤੀ 'ਤੇ ਉਸਨੂੰ ਅੰਤਾਂ ਦਾ ਮੋਹ ਆਉਂਦਾ ਹੈ । ਉਹਦੇ ਅੰਦਰ ਹੰਕਾਰ ਦੇਵਤਾ ਦਨਦਨਾਉਂਦਾ ਹੈ । ਇਹ ਜੋ ਪੰਜ ਵਿਕਾਰ ਹਨ । ਪ੍ਰੇਮ ਦੇ ਯਾਰ ਹਨ । ਉਹਦੀ ਸ਼ੈਲੀ ਦਾ ਸ਼ਿੰਗਾਰ ਹਨ ।

ਪ੍ਰੇਮ ਆਪਣੀ ਕਹਾਣੀ ਸਿਰਜਣ ਲਈ ਦੂਸਰਿਆਂ ਦੇ ਆਲ੍ਹਣੇ ਤੀਲਾ ਤੀਲਾ ਕਰਦਾ ਹੈ । ਆਪਣੀ ਹਿੰਡ ਪੁਗਾਉਣ ਲਈ ਹਰ ਹੀਲਾ-ਵਸੀਲਾ ਕਰਦਾ ਹੈ । ਕਦੇ ਕਦੇ ਲੱਗਦਾ ਹੈ ਕਿ ਉਹ ਕੁਝ ਵੀ ਨਹੀਂ ਕਰਦਾ, ਸਿਰਫ਼ ਲੀਲਾ ਕਰਦਾ ਹੈ ।

ਪੰਜਾਬੀ ਵਿੱਚ ਸਨਾਤਨੀ ਸੰਸਕਾਰਾਂ ਦਾ ਪਰਵਰਤਕ ਹੀ ਨਹੀਂ ਸਗੋਂ ਪ੍ਰੇਮ ਆਪਣੀਆਂ ਕਹਾਣੀਆਂ ਦੇ ਇਵਜ਼ ਵਿੱਚ ਚਹੁੰਆਂ ਸਨਾਤਨੀ ਪਦਾਰਥਾਂ ਦੀ ਤਵੱਕੋ ਵੀ ਰੱਖਦਾ ਹੈ । ਕਹਾਣੀ ਨੂੰ ਉਹਨੇ 'ਧਰਮ' ਵਾਂਗ ਧਾਰਨ ਕੀਤਾ ਹੋਇਆ ਹੈ । 'ਅਰਥ' ਉਹਦੇ ਲਈ ਸਭ ਤੋਂ ਵੱਧ ਅਰਥ ਰੱਖਦਾ ਹੈ । ਉਹ ਕਿਸੇ ਨੂੰ ਕੁਝ ਵੀ ਮੁਫਤ ਛਾਪਣ ਲਈ ਨਹੀਂ ਦੇਂਦਾ । ਹਰ ਲਿਖਤ ਦਾ ਵੱਧ ਤੋਂ ਵੱਧ ਮੁੱਲ ਵੱਟਦਾ ਹੈ । 'ਕਾਮ' ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਜਾਪਦੀ । ਅਰਥ ਨਾਲ ਉਹਦੀਆਂ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ ਪਰੰਤੂ ਸ਼ਬਦਾਂ ਨਾਲ ਵੀ ਉਹ ਕਾਮ ਦਾ ਸਵਛੰਦ ਆਨੰਦ ਲੈਂਦਾ ਹੈ । 'ਮੋਕਸ਼' ਦੀ ਗਵਾਹੀ 'ਮੁਕਤੀ' ਤੋਂ ਮਿਲਦੀ ਹੈ । ਉਂਜ ਵਿਚਲੀ ਗੱਲ ਇਹ ਹੈ ਕਿ ਉਹ ਮੋਕਸ਼ ਦੀਆਂ ਕੇਵਲ ਗੱਲਾਂ ਹੀ ਕਰਨਾ ਚਾਹੁੰਦਾ ਹੈ, ਮੋਕਸ਼-ਪ੍ਰਾਪਤੀ ਦੀ ਉਹਨੂੰ ਕੋਈ ਕਾਹਲ ਨਹੀਂ । ਕਹਾਣੀ ਨਾਲ ਉਹਨੂੰ ਇਸ ਕਦਰ ਮੋਹ ਹੈ ਕਿ ਇਸ ਤੋਂ ਮੁਕਤ ਹੋਣ ਲਈ ਉਹਨੂੰ ਇੱਕ ਦੋ ਜਨਮ ਹੋਰ ਲੈਣੇ ਪੈਣਗੇ । ਲੱਗਦਾ ਤਾਂ ਇਹ ਵੀ ਹੈ ਕਿ ਪਿਛਲੇ ਜਨਮ ਵਿੱਚ ਕਾਮ- ਅਤ੍ਰਿਪਤੀ ਸਦਕਾ ਹੀ ਉਹਨੂੰ ਪ੍ਰੇਮ ਪ੍ਰਕਾਸ਼ ਦੀ ਜੂਨੇ ਪੈਣਾ ਪਿਆ ਹੈ । 'ਯੋਗ' ਅਤੇ 'ਭੋਗ' ਦਾ ਇੱਕੋ ਜਾਮੇ ਵਿੱਚ ਪ੍ਰਗਟ ਹੋਣਾ ਵੀ ਅਦਭੁਤ ਲੀਲਾ ਹੈ ।

ਕਦੀ ਕਦੀ ਲੱਗਦਾ ਹੈ ਕਿ ਪ੍ਰੇਮ ਆਪਣੇ ਜੀਂਦੇ ਜੀ ਸਾਰੀਆਂ ਹੱਦਾਂ ਤੋੜ ਕੇ ਵੇਖਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਉਹ ਹਰ ਵਰਤਾਰੇ ਨੂੰ ਆਪਣੇ ਤਕ ਘਟਾ ਕੇ ਵੇਖੇ । ਹਰ ਸੰਕਲਪ ਨੂੰ ਠੋਕ ਵਜਾ ਕੇ ਵੇਖੇ । ਉਹ ਜਾਣ ਬੁੱਝ ਕੇ ਕੋਈ ਪੁੱਠਾ ਕੰਮ ਕਰਦਾ ਹੈ ਅਤੇ ਫਿਰ ਲੋਕਾਂ ਦੀ ਪ੍ਰਤਿਕਿਰਿਆ ਵਾਚਦਾ ਹੈ । ਵਰਜਿਤ ਖੇਤਰਾਂ ਦੀਆਂ ਸ਼ਰੇਆਮ ਗੱਲਾਂ ਕਰਨਾ ਅਤੇ ਜਾਤ-ਪਾਤ ਨੂੰ ਗੇਂਦ ਵਾਂਗ ਉਛਾਲਣਾ ਵੀ ਉਹਦੀ ਇਸ ਖੇਡ ਵਿੱਚ ਸ਼ਾਮਿਲ ਹੈ । ਬੰਦੇ ਦੇ ਅੰਦਰ ਲੁਕੀਆਂ ਚੀਜ਼ਾਂ ਨੂੰ ਉਹ ਬੇਪਰਦ ਕਰਨਾ ਚਾਹੁੰਦਾ ਹੈ । ਫਰਾਇਡ ਦੇ ਫਾਰਮੂਲੇ ਨੂੰ ਪੰਜਾਬੀ ਸਮਾਜ ਉੱਤੇ ਲਾਗੂ ਕਰਕੇ ਉਹ ਸਿੱਧ ਕਰਨਾ ਚਾਹੁੰਦਾ ਹੈ ਕਿ ਬਾਹਰੋਂ ਬਾਹਰੋਂ ਜਿਹੜੇ ਭੱਦਰ ਪੁਰਸ਼ ਬਹੁਤ ਹੀ ਸਾਊੂ ਹੋਣ ਦਾ ਭਰਮ ਸਿਰਜ ਰਹੇ ਹਨ, ਅੰਦਰੋਂ 'ਮੇਰੇ ਵਰਗੇ ਹੀ ਕਮੀਨੇ' ਹਨ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ ਆਪਣੇ ਵਰਗਾ ਸਾਬਤ ਕਰਕੇ ਵੀ ਉਹ ਵੱਖਰਾ ਬਣਿਆ ਰਹਿੰਦਾ ਹੈ ।

ਪ੍ਰੇਮ ਪ੍ਰਕਾਸ਼ ਦੀਆਂ ਖੁਸ਼ੀਆਂ ਗ਼ਮੀਆਂ ਵੀ ਆਪਣੀ ਕਿਸਮ ਦੀਆਂ ਹਨ । ਉਸਨੂੰ ਹਿਰਖ ਹੈ ਕਿ ਦਿਲਜੀਤ ਸਿੰਘ ਨੇ 'ਦੁੱਕੀ ਤਿੱਕੀ ਪੰਜੀ' ਨਾਲ ਹੀ ਕਹਾਣੀ ਕਿਉਂ ਮੁਕਾ ਦਿੱਤੀ । ਉਸਨੂੰ ਤਕਲੀਫ਼ ਹੈ ਕਿ ਪਟਿਆਲੇ ਵਾਲਾ ਲਾਲੀ ਐਵੇਂ ਗੱਲੀਂ- ਬਾਤੀਂ ਬਾਬਾ ਬਣਿਆ ਫਿਰਦਾ ਹੈ, ਲਿਖਦਾ ਕਿਉਂ ਨਹੀਂ । ਉਹਨੂੰ ਅਫ਼ਸੋਸ ਹੈ ਕਿ ਚਿਰੰਜੀਵ ਲਿਖਣ ਵਾਲੇ ਪਾਸੇ ਕਿਉਂ ਨਹੀਂ ਤੁਰਿਆ । ਉਹਨੂੰ ਦੁੱਖ ਹੈ ਕਿ ਉਹਦੀ ਕਹਾਣੀ ਦੀ ਰਗ ਪਛਾਨਣ ਵਾਲਾ ਹਰਿਭਜਨ ਸਿੰਘ ਅਤੇ 'ਕਥਾ ਅਨੰਤ' ਛਾਪਣ ਵਾਲਾ ਮਿਹਰਬਾਨ ਤੇ ਸੁਹਜ-ਪਸੰਦ ਪਬਲਿਸ਼ਰ ਭਾਪਾ ਪ੍ਰੀਤਮ ਸਿੰਘ ਛੇਤੀ ਕਿਉਂ ਮਰ ਗਿਆ । [ਉਂਜ 'ਭਾਪਾ ਜੀ' ਦੀ ਕਮੀ ਤਾਂ ਲੋਕ ਗੀਤ ਵਾਲੇ ਹਰੀਸ਼ ਨੇ ਬਹੁਤਾ ਚਿਰ ਮਹਿਸੂਸ ਨਹੀਂ ਹੋਣ ਦਿੱਤੀ, ਹਰਿਭਜਨ ਸਿੰਘ ਦੀ ਘਾਟ ਪੂਰੀ ਹੋਣੀ ਔਖੀ ਹੈ ।]

ਪ੍ਰੇਮ ਨੂੰ ਖੁਸ਼ੀ ਹੈ ਕਿ ਸਰੋਦ ਸੁਦੀਪ ਲਿਖਣ-ਪੜ੍ਹਨ ਦੇ ਨਾਲ ਨਾਲ ਜੋਤਿਸ਼ ਦੀ ਪੈ੍ਰਕਟਿਸ ਕਰਨ ਲੱਗ ਪਿਆ ਹੈ । ਉਹਨੂੰ ਬਾਹਲੀ ਖੁਸ਼ੀ ਹੈ ਕਿ 'ਕਿਤੂੰ' ਵਾਲਾ ਸੀ. ਮਾਰਕੰਡਾ ਹੁਣ ਕਿਸੇ ਸਨਾਤਨ ਧਰਮ ਮੰਡਲ ਦਾ ਕੋਈ ਵੱਡਾ ਅਹੁਦੇਦਾਰ ਬਣ ਗਿਆ ਹੈ । ਉਦੋਂ ਉਹਨੂੰ ਸੁੱਖ ਦਾ ਸਾਹ ਆਇਆ ਸੀ ਜਦੋਂ ਜਸਵੰਤ ਸਿੰਘ ਵਿਰਦੀ ਕਹਾਣੀਆਂ ਛੱਡ ਕੇ ਨਦੀਆਂ ਤੇ ਬੀਬੀਆਂ ਬਾਰੇ ਲਿਖਣ ਲੱਗ ਪਿਆ ਸੀ । ਉਸਨੂੰ ਸੰਤੁਸ਼ਟੀ ਹੈ ਕਿ 'ਸਿਰਜਣਾ' ਵਾਲਾ ਰਘਬੀਰ ਸਿੰਘ ਹੁਣ ਪ੍ਰਗਤੀਵਾਦ ਦਾ ਬੁਲਾਰਾ ਨਹੀਂ ਰਿਹਾ । ਉਸਨੂੰ ਖਿਝ ਚੜ੍ਹਦੀ ਹੈ ਕਿ ਭੰਡਾਰੀ ਆਪਣੀ ਗੱਲ ਕਰਨ ਦੀ ਥਾਂ ਮੰਟੋ, ਬੇਦੀ ਜਾਂ ਦਾਸਤੋਵਾਸਕੀ ਨੂੰ ਕੋਟ ਕਿਉਂ ਕਰਨ ਲੱਗ ਪੈਂਦਾ ਹੈ । ਉਸਨੂੰ ਵੱਟ ਚੜ੍ਹਦਾ ਹੈ ਕਿ ਦੂਰਦਰਸ਼ਨ ਵਾਲੇ ਉਸ ਮੁੱਛਲ ਜਹੇ ਕਹਾਣੀਕਾਰ ਨੂੰ ਘੜੀ ਮੁੜੀ ਕਿਉਂ ਬੁਲਾਉਂਦੇ ਹਨ । ਉਸਨੂੰ ਸਮਝ ਨਹੀਂ ਆਉਂਦੀ ਕਿ ਜਾਪਾਨ ਵਾਲਾ ਪਰਮਿੰਦਰ ਸੋਢੀ ਆਪਣੀ ਮਾਇਆ 'ਕੁਪਾਤਰਾਂ' ਨੂੰ ਕਿਉਂ ਵੰਡੀ ਜਾ ਰਿਹਾ ਹੈ । ਉਸਨੂੰ ਦਰਦ ਹੈ ਕਿ ਪ੍ਰੀਤਮ ਅਤੇ ਲਾਲ ਸਿੰਘ ਦਿਲ ਨੂੰ, ਲਿਖਣ ਲਈ, ਸਾਜ਼ਗਾਰ ਹਾਲਾਤ ਕਿਉਂ ਨਹੀਂ ਮਿਲੇ ।

ਉਹਦੀ ਤਮੰਨਾ ਹੈ ਕਿ ਸੁਰਜੀਤ ਹਾਂਸ ਦੀ ਵਿਦਵਤਾ ਦੀ ਗੱਲ ਚੱਲੇ । ਉਹਦੀ ਇੱਛਾ ਹੈ ਕਿ ਜਸਵੰਤ ਦੀਦ ਨੂੰ ਅਕਾਦਮੀ ਐਵਾਰਡ ਮਿਲੇ । ਉਹਦਾ ਜੀ ਕਰਦਾ ਹੈ ਕਿ ਸੁਰਜੀਤ ਕੌਰ ਦੀ ਕਲਾ ਹੋਰ ਵੀ ਖੁੱਲ੍ਹ ਕੇ ਪਰਗਟ ਹੋਏ । ਉਹਦਾ ਸੁਪਨਾ ਹੈ ਕਿ ਲੇਖਕ ਜਿਵੇਂ ਚਾਹੁਣ ਉਵੇਂ ਸੋਚਣ । ਜਿਵੇਂ ਸੋਚਣ ਉਵੇਂ ਕਰਨ । ਮਨ ਦੀ ਗੱਲ ਖੁੱਲ੍ਹ ਕੇ ਕਹਿਣ । ਉਹ ਕਹਿੰਦਾ ਹੈ ਕਿ ਚਿੱਤਰਕਾਰ ਸੁਰਜੀਤ ਕੌਰ ਤੋਂ ਉਹਨੂੰ ਪ੍ਰੇਰਨਾ ਮਿਲਦੀ ਹੈ ਪਰ ਮੈਨੂੰ ਉਹਦੇ 'ਚੋਂ ਐੱਮ. ਐੱਫ. ਹੁਸੈਨ ਦਾ ਘੋੜਾ ਹਿਣਕਦਾ ਸੁਣਾਈ ਦੇਂਦਾ ਹੈ । ਉਹ ਕਹਿੰਦਾ ਹੈ ਕਿ ਉਰਦੂ ਵਾਲਾ ਮੰਟੋ ਅਤੇ ਰੂਸ ਵਾਲਾ ਸ਼ੋਲੋਖੋਫ਼ ਉਸਨੂੰ ਸਿਰਜਣਾ ਵਿੱਚ ਸਹਾਈ ਹੁੰਦੇ ਹਨ । ਪਰੰਤੂ ਮੈਨੂੰ ਉਹ ਪੂਰੀ ਤਰ੍ਹਾਂ ਵੇਦ ਵਿਆਸ ਦੀ ਪਕੜ ਵਿੱਚ ਜਕੜਿਆ ਵਿਖਾਈ ਦੇਂਦਾ ਹੈ । ਏਸੇ ਪਕੜ-ਜਕੜ ਨੂੰ ਉਹ ਸ਼ਾਇਦ 'ਆਪਣਾ ਬੰਨ੍ਹਣ' ਕਹਿੰਦਾ ਹੈ ਅਤੇ ਉਸਨੂੰ ਉਡੀਕ ਹੈ ਕਿ 'ਉਹ ਆਪਣੇ ਬੰਨ੍ਹਣ ਤੋਂ ਕਦੋਂ ਮੁਕਤ ਹੁੰਦਾ ਹੈ ।' ਉਸਦੀ ਸੋਚ ਹੈ ਕਿ 'ਇਹ ਮੁਕਤੀ ਮਿਲਣ 'ਤੇ ਹੀ ਸੁਤੰਤਰਤਾ ਨਾਲ ਉਹ ਕੁਝ ਲਿਖ ਸਕੇਗਾ ।' ਪਤਾ ਨਹੀਂ ਉਹ ਹੋਰ ਕਿਹੋ ਜਿਹੀ ਭਿਆਨਕ ਸੁਤੰਤਰਤਾ ਦਾ ਇੱਛੁਕ ਹੈ ।

ਉਹ ਕਹਿੰਦਾ ਹੈ ਕਿ ਉਹਨੂੰ ਗੁਲਸ਼ਨ ਨੰਦਾ ਅਤੇ ਦੇਵਕੀਨੰਦਨ ਖੱਤਰੀ ਦੀਆਂ ਲਿਖਤਾਂ ਇਸ ਗੱਲੋਂ ਅਹਿਮ ਲੱਗਦੀਆਂ ਹਨ ਕਿ ਉਹ ਪੁਰਾਣੇ ਪਾਠਕਾਂ ਨੂੰ ਜੋੜੀ ਰੱਖਣ ਦੇ ਨਾਲ ਨਾਲ ਨਵੇਂ ਪਾਠਕ ਵੀ ਪੈਦਾ ਕਰਦੀਆਂ ਹਨ । ਕਿਸੇ ਕਿਤਾਬ ਦੀ ਇਹ ਖ਼ੂਬੀ ਹੋਣੀ ਚਾਹੀਦੀ ਹੈ ਕਿ ਉਹ ਵੱਧ ਛਪੇ, ਵੱਧ ਵਿਕੇ, ਵੱਧ ਪੜ੍ਹੀ ਜਾਏ । ਲੇਖਕ ਨੂੰ ਵੱਧ ਮੁਆਵਜ਼ਾ ਮਿਲੇ । ਗਲਪਕਾਰ ਦੇ ਬਿਆਨ ਵਿੱਚ ਰਸ ਹੋਣਾ ਚਾਹੀਦਾ ਹੈ । ਇਸ ਪੱਖੋਂ ਉਹ ਅਣਖੀ ਦੇ ਨਾਵਲਾਂ ਦਾ ਵੀ ਪ੍ਰਸ਼ੰਸਕ ਹੈ ਕਿ ਉਹ ਕੰਨ-ਰਸ ਦੀ ਖ਼ੂਬੀ ਕਾਰਨ ਵੱਧ ਵਿਕਦੇ ਹਨ । ਸਾਰੇ ਲਿਖੇ ਹੋਏ ਵਰਕੇ ਉਹਦੇ ਲਈ 'ਸਾਹਿੱਤ' ਨਹੀਂ । ਉਹ ਸਾਹਿੱਤ ਨੂੰ ਧਰਮ, ਦਰਸ਼ਨ, ਵਿਗਿਆਨ, ਨੀਤੀ ਸ਼ਾਸਤਰ ਆਦਿ ਨਾਲੋਂ ਅਲੱਗ ਕਰਕੇ ਵੇਖਦਾ ਹੈ । ਉਹ ਕਹਿੰਦਾ ਹੈ ਕਿ ਸਾਹਿੱਤ ਕਲਾ ਹੈ ਅਤੇ ''ਕਲਾ ਦਾ ਅਸਲੀ ਜੌਹਰ 'ਰਸ' ਹੈ ।'' ਰਸ ਹੀ ਉਸਦੀ ਸਫ਼ਲਤਾ ਦਾ ਰਹੱਸ ਹੈ । 'ਰਸ' ਦਾ ਹੀ ਅਧਿਆਤਮਕ ਨਾਂ 'ਆਨੰਦ' ਹੈ । 'ਆਨੰਦ' ਬ੍ਰਹਮ ਦਾ ਸਮਾਨਾਰਥੀ ਹੈ । ਸਮਾਨ-ਧਰਮੀ ਹੈ । ਹਰੇਕ ਪ੍ਰਾਣੀ ਆਨੰਦ ਦਾ ਮੁਤਲਾਸ਼ੀ ਹੈ । ਪ੍ਰੇਮ ਨੂੰ ਪਾਠਕ ਦੀ ਇਸ ਕਮਜ਼ੋਰੀ ਦਾ ਸ਼ੁਰੂ ਤੋਂ ਹੀ ਇਲਮ ਹੈ । 'ਕਚਕੜੇ' ਦੀ ਕਹਾਣੀ 'ਸ਼ਾਂਤੀ' ਉਸਦੇ ਕਥਾ- ਬਿਰਖ ਦਾ ਬੀਜ ਹੈ । ਉਹੀ ਸ਼ਬਦਾਵਲੀ, ਉਹੀ ਉਤਸੁਕਤਾ, ਉਹੀ ਜਗਿਆਸਾ ਉਸਦੇ ਵਿਰਾਟ ਰਚਨਾ-ਸੰਸਾਰ ਵਿੱਚ ਅੱਜ ਵੀ ਵਿਦਮਾਨ ਹੈ । ਸਿਰਫ਼ ਉਸਦਾ ਵਿਕਾਸ ਹੋਇਆ ਹੈ । ਗਹਿਰਾਈ ਵਧੀ ਹੈ । ਪਾਸਾਰ ਹੋਇਆ ਹੈ । ਉਤਕਰਸ਼ ਹੋਇਆ ਹੈ । ਜਟਿਲਤਾ ਸੰਘਣੀ ਹੋਈ ਹੈ । ਰਸ ਦਾ ਪਰਿਸ਼ਕਾਰ ਹੋਇਆ ਹੈ । ਚਮਤਕਾਰ ਹੋਇਆ ਹੈ ।

ਪ੍ਰੇਮ ਕੀ ਕਰਦਾ ਹੈ? ... ਕਰਨ ਦਿਉ । ਇਹ ਕੰਮ ਇਤਿਹਾਸਕਾਰਾਂ ਤੇ ਖੋਜੀਆਂ ਲਈ ਰਹਿਣ ਦਿਉ । ਤੁਸੀਂ ਉਹਦੀਆਂ ਕਹਾਣੀਆਂ ਪੜ੍ਹ ਕੇ ਆਨੰਦ ਲਉ ਤੇ ਉਹਨੂੰ ਕਹਾਣੀਆਂ ਲਿਖ ਕੇ ਆਨੰਦ ਲੈਣ ਦਿਉ । ਹੁਣ ਤਾਂ ਪ੍ਰੇਮ ਕੋਲ ਆਪਣੇ ਘਰ ਵਿੱਚ ਆਪਣਾ ਕਮਰਾ ਵੀ ਹੈ । ਕਮਰੇ ਦੀ ਸਥਿਤੀ ਅਜਿਹੀ ਹੈ ਕਿ ਉਹ ਉੱਥੇ ਬੈਠਾ-ਬਿਠਾਇਆ ਬਾਹਰਲੇ ਗੇਟ, ਗੇਟ ਤੋਂ ਪਰੇ ਸੜਕ ਦੀ ਆਮਦੋਰਫ਼ਤ ਅਤੇ ਸੜਕ ਤੋਂ ਪਰੇ ਪਾਰਕ ਦੀਆਂ ਸਰਗਮੀਆਂ ਦਾ ਲਗਾਤਾਰ ਜਾਇਜ਼ਾ ਲੈ ਸਕਦਾ ਹੈ । ਜਿੱਥੇ ਹੁਣ ਇਹ ਲਗਵੇਂ ਗੁਸਲਖਾਨੇ ਵਾਲਾ ਖੁੱਲ੍ਹਾ-ਡੁੱਲ੍ਹਾ ਕਮਰਾ ਹੈ ਓਥੇ ਪਹਿਲਾਂ ਗਊ ਦਾ ਟਿਕਾਣਾ ਸੀ । ਪ੍ਰੇਮ ਦਾ ਕਮਰਾ ਪੌੜੀਆਂ ਚੜ੍ਹ ਕੇ ਸੀ, ਟੀਨ ਦੀ ਛੱਤ ਵਾਲਾ । ਲਘੂ ਸ਼ੰਕਾ-ਨਵਿਰਤੀ ਲਈ ਟੀਨ ਦਾ ਕਨਸਤਰ ਰੱਖਿਆ ਹੋਇਆ ਸੀ, ਜਿਸ ਦਾ ਇਸਤੇਮਾਲ ਕਰਨ ਵੇਲੇ ਦੂਰ ਦੂਰ ਤੱਕ ਖ਼ਬਰ ਹੋ ਜਾਂਦੀ ਸੀ । ਵਧਦੀ ਉਮਰ ਅਤੇ ਨਿੱਘਰਦੀ ਸਿਹਤ ਨੂੰ ਧਿਆਨ ਵਿੱਚ ਰੱਖਕੇ ਮੌਜੂਦਾ ਕਮਰਾ ਉਸਾਰਿਆ ਗਿਆ । ਇਹ ਕਮਰਾ ਉਸਦੀ ਸਟੱਡੀ ਹੈ, ਲਕੀਰ ਦਾ ਦਫ਼ਤਰ ਹੈ, ਬੈੱਡ ਰੂਮ ਹੈ, ਜਿੱਥੇ ਟੈਲੀਫ਼ੋਨ ਅਤੇ ਕੰਪਿਊਟਰ ਦੀ ਸੇਵਾ ਉਪਲਬਧ ਹੈ । ਲੋੜ ਵੇਲੇ ਮਹਿਮਾਨ ਲਈ ਵਾਧੂ ਮੰਜਾ ਡੱਠ ਜਾਂਦਾ ਹੈ । ਅਦਬੀ ਸੰਗਤ ਦੀ ਪਨਾਹਗਾਹ ਵੀ ਇਹੋ ਹੈ । ਵਧੇਰੇ ਜਾਣਕਾਰੀ ਲਈ ਓਮ ਪ੍ਰਕਾਸ਼ ਪਨਾਹਗੀਰ ਨਾਲ ਸੰਪਰਕ ਸਾਧਿਆ ਜਾ ਸਕਦਾ ਹੈ । ਓਮ ਪ੍ਰਕਾਸ਼ ਪ੍ਰੇਮ ਦਾ ਉਰਦੂ ਵਾਲਾ ਸਾਥੀ ਹੈ ਜਿਸਨੂੰ ਉਹ ਪਿਆਰ ਨਾਲ 'ਮੀਆਂ ਜੀ' ਕਹਿੰਦਾ ਹੈ । ਇਹਨਾਂ ਦੇ ਕਈ ਰਾਜ਼ ਸਾਂਝੇ ਹਨ ਜੋ ਇਹ ਹੋਰ ਕਿਸੇ ਨਾਲ ਸਾਂਝੇ ਨਹੀਂ ਕਰ ਸਕਦੇ । ਮੀਆਂ ਜੀ ਨੂੰ ਪ੍ਰੇਮ ਦੀ ਸੰਗਤ ਅਤੇ ਪ੍ਰੇਰਨਾ ਨੇ ਲੇਖਕ ਬਣਾ ਦਿੱਤਾ ਹੈ । ਸੰਤਾਲੀ ਦੀ ਵੰਡ ਬਾਰੇ ਉਸਦੀ ਲਿਖੀ ਕਿਤਾਬ 'ਪਨਾਹਗੀਰ' ਪੰਜਾਬੀ ਵਿੱਚ ਇਸ ਵਿਸ਼ੇ 'ਤੇ ਆਪਣੀ ਮਿਸਾਲ ਆਪ ਹੈ । ਆਤਮ-ਕਥਾ ਵਾਲੀ ਸ਼ੈਲੀ ਵਿੱਚ ਲਿਖੀ ਇਸ ਕਿਤਾਬ ਨੂੰ ਮਿਲਿਆ ਹੁੰਗਾਰਾ ਖ਼ੁਦ ਪ੍ਰੇਮ ਪ੍ਰਕਾਸ਼ ਲਈ ਈਰਖਾ ਦਾ ਕਾਰਨ ਬਣਿਆ ਹੋਇਆ ਹੈ । ਈਰਖਾ ਉਹਦੀ ਸ਼ਕਤੀ ਹੈ । ਇਹਦੇ ਨਾਲ ਮੁਕਾਬਲੇ ਦੀ ਭਾਵਨਾ ਜਾਪਦੀ ਹੈ । ਇਸ ਭਾਵਨਾ ਨਾਲ ਉਹਦੀ ਸਰਗਰਮੀ ਤੇਜ਼ ਹੁੰਦੀ ਹੈ । ਇੰਜ ਉਸਦਾ ਮਨ ਚੁਸਤ ਅਤੇ ਤਨ ਦਰੁਸਤ ਰਹਿੰਦਾ ਹੈ । ਉਹ ਘਿਰਿਆ ਰਹਿੰਦਾ ਹੈ ਪਰ ਭੀੜ ਦਾ ਹਿੱਸਾ ਨਹੀਂ ਬਣਦਾ । ਉਹ ਦੌੜਦਾ ਰਹਿੰਦਾ ਹੈ ਪਰ ਦੌੜ ਵਿੱਚ ਸ਼ਾਮਿਲ ਨਹੀਂ ਹੁੰਦਾ । ਉਰਦੂ ਦਾ ਪਿਛੋਕੜ, ਭਾਰਤੀ ਦਰਸ਼ਨ ਦੀ ਸਮਝ, ਪੁਰਾਣਿਕ ਅਧਿਐਨ, ਮਾਰਕਸਵਾਦੀ ਅਨੁਭਵ ਅਤੇ ਜਿਊਂਦੀ ਜਾਗਦੀ ਜਗਿਆਸਾ ਪ੍ਰੇਮ ਦੀ ਲਿਖਤ ਨੂੰ ਕਈ ਵੱਖਰੇ ਤੇ ਨਵੇਂ ਆਯਾਮ ਪ੍ਰਦਾਨ ਕਰਦੇ ਹਨ । ਲਿਖਣ ਦੇ ਇਸ ਪੜਾਅ 'ਤੇ ਉਹ ਏਨਾ ਸਹਿਜ ਹੋ ਗਿਆ ਹੈ ਕਿ ਉਸ ਨਾਲ ਈਰਖਾ ਹੋਣੀ ਕੁਦਰਤੀ ਹੈ । ਕੁਦਰਤ ਨੂੰ ਏਹੀ ਮਨਜ਼ੂਰ ਹੈ ।

***

ਹੁਣ ਮੈਂ ਦੋ ਪ੍ਰਸੰਗਾਂ ਦੀ ਵਿਆਖਿਆ ਕਰਨ ਦੀ ਖੁੱਲ੍ਹ ਲੈ ਰਿਹਾ ਹਾਂ ।

¨ ਪ੍ਰਸੰਗ ਪਹਿਲਾ¨

ਸਾਲ 1985 ਵਿੱਚ ਆਪਣੇ ਅਖ਼ਬਾਰੀ ਕਾਲਮ ਵਿੱਚ ਮੈਂ ਚਾਰ ਸਤਰਾਂ ਲਿਖੀਆਂ ਸਨ:

ਜਦੋਂ ਜੜ੍ਹਾਂ ਦੀ ਸਾਨੂੰ ਪਛਾਣ ਭੁੱਲੀ,
ਹੋਇਆ ਸਮਝ ਲਉ ਫੇਰ ਵਿਨਾਸ਼ ਸਾਡਾ ।
ਡਿਸਕੋ ਜਾਣਦੇ ਹਾਂ ਪਰ ਨਾ ਪਤਾ ਸਾਨੂੰ,
ਕਿਹੜਾ ਕਵੀ ਕਿਹੜਾ ਬੁਤ-ਤਰਾਸ਼ ਸਾਡਾ ।
ਰੱਖੋ ਪੈਰ ਜ਼ਮੀਨ 'ਤੇ, ਨਿਗ੍ਹਾ ਚੁੱਕੋ :
ਵੇਖੋ ਕਿੰਨਾ ਵਿਸ਼ਾਲ ਆਕਾਸ਼ ਸਾਡਾ!
ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ,
ਬਾਕੀ ਅੱਧਾ ਹੈ ਪ੍ਰੇਮ ਪ੍ਰਕਾਸ਼ ਸਾਡਾ!!

ਨਾਵਾਂ ਵਾਲੀ ਸਤਰ ਨੂੰ ਲੈ ਕੇ ਪੰਜਾਬੀ ਕਥਾ-ਜਗਤ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ ਸੀ । ਚੰਗੇ ਚੰਗੇ ਕਹਾਣੀਕਾਰ ਅਤੇ ਉਹਨਾਂ ਦੇ ਜੋਟੀਦਾਰ ਬਚਾ ਵਾਲੀ ਭੂਮਿਕਾ ਵਿੱਚ ਬਿਆਨ ਦਾਗ ਰਹੇ ਸਨ । 'ਸਮਰੱਥ' ਕਥਾਕਾਰਾਂ ਦੇ ਨਿਉਂਦਰੇ ਵਾਂਗ ਨਾਂ ਗਿਣਾ ਰਹੇ ਸਨ । ਗਿੱਚੀਆਂ ਤੋਂ ਫੜ ਫੜ ਕੇ ਉਹਨਾਂ ਦੇ ਚਿਹਰੇ ਵਿਖਾ ਰਹੇ ਸਨ । ਉਹਨਾਂ ਨੂੰ ਅਚਾਨਕ ਪਤਾ ਲੱਗਾ ਸੀ ਕਿ ਇਹਨਾਂ ਦੋ ਜਣਿਆਂ ਨੇ ਹੀ ਪੂਰੇ ਕਥਾ-ਆਕਾਸ਼ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਭੂਸ਼ਨ ਧਿਆਨਪੁਰੀ ਨੇ ਸਰਕਾਰੀ ਕਾਗਜ਼ਾਂ ਵਿੱਚ ਇਹਨਾਂ ਦੋਹਾਂ ਦੇ ਨਾਂ ਪੱਕੀ ਇੰਤਕਾਲ ਕਰ ਦਿੱਤੀ ਹੈ । ਹੁਣ ਤੱਕ ਵੀ ਕਦੇ ਕਦੇ ਕਿਸੇ ਕਿਸੇ ਦੀ ਸੁੱਤੀ ਪੀੜ ਜਾਗ ਪੈਂਦੀ ਹੈ । ਅੱਜ ਮੈਂ ਜਨ-ਹਿਤ ਵਿੱਚ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਪਰਲੀ 'ਤੁਕ-ਬੰਦੀ' ਵਿਚਲੀਆਂ ਚਾਰੇ ਸਤਰਾਂ ਧਿਆਨ ਨਾਲ ਪੜ੍ਹੋ । ਵਾਚੋ । ਸੋਚੋ । ਇਹ ਕੋਈ ਪ੍ਰਮਾਣ ਪੱਤਰ ਨਹੀਂ, ਵਿਅੰਗ ਉਕਤੀ ਹੈ । ਓਦੋਂ ਵੀ ਕਹਾਣੀ ਦੇ ਨਾਂ 'ਤੇ ਇਹ ਦੋ ਨਾਂ ਹੀ ਗੂੰਜਦੇ ਸਨ । ਗੋਸ਼ਟੀਆਂ-ਸੈਮੀਨਾਰਾਂ ਵਿੱਚ ਵੀ ਇਹਨਾਂ ਦਾ ਹੀ ਬੋਲਬਾਲਾ ਸੀ । ਬਾਕੀ ਦੇ ਕਥਾ-ਦ੍ਰਿਸ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ । ਬਾਰੀ ਵਿਚਲੇ ਆਕਾਸ਼ ਦੀ ਥਾਂ ਮੈਂ ਪੂਰਾ ਆਕਾਸ਼ ਵੇਖਣ ਦੀ ਦੁਹਾਈ ਦਿੱਤੀ ਸੀ । ਪਰ ਜਿਨ੍ਹਾਂ ਦੇ ਹੱਕ ਵਿੱਚ ਮੈਂ ਹਾਅ ਦਾ ਨਾਅਰਾ ਮਾਰਿਆ ਸੀ, ਉਹਨਾਂ ਨੇ ਹੀ ਦੁਹਾਈ ਮਚਾ ਦਿੱਤੀ ਅਤੇ ਇਸ ਬਿਆਨ ਉੱਤੇ ਪ੍ਰਮਾਣਿਕਤਾ ਦੀ ਮੋਹਰ ਲਾ ਦਿੱਤੀ ।

¨ ਪ੍ਰਸੰਗ ਦੂਜਾ¨

ਕਈ ਵਾਰ ਹਲਕੇ-ਫੁਲਕੇ ਰੰਗ ਵਿੱਚ ਕਹੀ ਹੋਈ 'ਗੰਭੀਰ' ਗੱਲ ਵੀ ਵਿਵਾਦ ਦੀ ਜੜ੍ਹ ਬਣ ਜਾਂਦੀ ਹੈ । ਪੂਰਨ ਸਿੰਘ ਦਾ ਸਾਰਾ ਪੰਜਾਬ ਗੁਰਾਂ ਦੇ ਨਾਮ 'ਤੇ ਜੀਂਦਾ ਹੈ ਪਰੰਤੂ ਫੇਰ ਵੀ ਕਦੇ ਕਦੇ ਪੰਜਾਬੀਆਂ ਅੰਦਰੋਂ ਹਿੰਦੂ-ਸਿੱਖ ਸਿਰ ਚੁੱਕਣ ਲੱਗ ਪੈਂਦੇ ਹਨ । ਲੋਕ ਚਾਹੁੰਦੇ ਹਨ ਕਿ ਲੇਖਕ ਸੈਕੂਲਰ ਹੋਣ । ਪਰੰਤੂ 'ਸੈਕੂਲਰ' ਸੋਚ ਵਾਲੇ ਚਾਹੁੰਦੇ ਹਨ ਕਿ ਲੋਕ ਹਿੰਦੂ-ਸਿੱਖ ਬਣੇ ਰਹਿਣ ਅਤੇ ਉਹਨਾਂ ਨੂੰ ਸੱਤਾ ਵਿੱਚ ਬਣਾਈ ਰੱਖਣ ਲਈ ਇੱਕ ਦੂਜੇ ਦੇ ਮੂਹਰੇ ਤਣੇ ਰਹਿਣ । ਜਦੋਂ ਦੋਸਤੀ ਦੀ ਚਾਦਰ ਪਤਲੀ ਹੁੰਦੀ ਹੈ ਤਾਂ ਐਬ ਵੱਡੇ ਨਜ਼ਰ ਆਉਂਦੇ ਹਨ । ਅਜਿਹੇ ਹੀ ਮੌਕੇ, ਤਨ ਹੌਲਾ ਕਰਨ ਲਈ, ਕਦੇ ਬੁੜਬੁੜਾਇਆ ਸਾਂ :

ਸਿੱਖ ਵੀਰ ਸ਼ਿਕਾਇਤ ਇਹ ਕਰਨ ਅਕਸਰ,
ਕਰਦੇ ਨਹੀਂ ਪੰਜਾਬੀ ਨੂੰ ਪਿਆਰ ਹਿੰਦੂ ।
ਇਕ ਹੈਸੀ ਤਿਵਾੜੀ ਉਹ ਮਰ ਗਿਆ ਏ,
ਹੋ ਗੁਜ਼ਰਿਆ ਹੈ ਸ਼ਿਵ ਕੁਮਾਰ ਹਿੰਦੂ ।
ਅਸੀਂ ਸੋਚਿਆ ਸੂਚੀ ਤਿਆਰ ਕਰੀਏ,
ਵਰਤਮਾਨ ਜਿਹੜੇ ਸਾਹਿੱਤਕਾਰ ਹਿੰਦੂ ।
ਰੋਸ਼ਨ, ਬ੍ਰਿਜ, ਬਲਵੰਤ, ਪ੍ਰੇਮ, ਮੋਹਨ
ਝੂੰਗੇ ਵਿੱਚ ਬਚਦੇ ਸਾਢੇ ਚਾਰ ਹਿੰਦੂ ।

ਗੱਲ ਤਾਂ ਕੁਝ ਵੀ ਨਹੀਂ ਸੀ ਪਰ ਏਥੇ ਵੀ ਬਦਕਿਸਮਤੀ ਨੂੰ ਦੋ ਕਹਾਣੀਕਾਰਾਂ ਦੇ ਨਾਂ ਇਕੱਠੇ ਲਏ ਗਏ । ਪਹਿਲੇ ਤਿੰਨ ਤਾਂ ਹੁਣ ਤੱਕ ਗੁਜ਼ਰ ਚੁੱਕੇ ਹਨ । ਬਾਕੀ ਰਹਿੰਦੇ ਦੋਹਾਂ ਦਾ ਜੋੜ ਡੇਢ ਬਣਦਾ ਹੈ । ਵਿਵਾਦ ਇਸ ਗੱਲ ਦਾ ਹੈ ਕਿ ਅੱਧਾ ਕੌਣ ਹੈ । ਪ੍ਰੇਮ ਪ੍ਰਕਾਸ਼ ਮੋਹਣ ਭੰਡਾਰੀ ਨੂੰ ਅੱਧਾ ਸਮਝਦਾ ਹੈ ਅਤੇ ਮੋਹਣ ਭੰਡਾਰੀ ਪ੍ਰੇਮ ਪ੍ਰਕਾਸ਼ ਨੂੰ । ਦਾਸ ਸਪੱਸ਼ਟ ਕਰਨ ਦੀ ਲੋੜ ਸਮਝਦਾ ਹੈ ਕਿ ਇਹ ਨਾਵਾਂ ਦੀ ਤਰਤੀਬ ਅਤੇ ਵਾਧ ਘਾਟ ਸਿਰਫ਼ ਬੈਂਤ ਦੇ ਵਜ਼ਨ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਸੀ, ਲੇਖਕਾਂ ਦੇ ਰੁਤਬੇ ਅਨੁਸਾਰ ਨਹੀਂ । ਉਂਜ ਫੈਸਲਾ ਤਾਂ ਵਕਤ ਹੀ ਕਰਦਾ ਹੈ ।

***

ਅੱਜ ਪ੍ਰੇਮ ਦਾ ਪੱਕਾ ਕਿਆਮ ਹੈ । ਉੱਚਾ ਮੁਕਾਮ ਹੈ । ਬਾਹਰੋਂ ਇੱਜ਼ਤ ਮਿਲਦੀ ਹੈ । ਘਰ ਵਿੱਚ ਆਉਂਦਾ ਹੈ ਤਾਂ ਸ਼ਾਂਤੀ ਮਿਲਦੀ ਹੈ । ਉਹ ਮਰਜ਼ੀ ਦਾ ਮਾਲਕ ਹੈ । ਉਹਨੇ ਮਰਜ਼ੀ ਚਲਾਈ ਹੈ । ਉਹਦੀ ਮਰਜ਼ੀ ਚੱਲਦੀ ਹੈ । ਉਹ ਖੁਸ਼ਾਮਦ ਨਹੀਂ ਕਰਦਾ । ਨਾਰਾਜ਼ਗੀ ਤੋਂ ਨਹੀਂ ਡਰਦਾ । ਉਹਨੇ ਅਦਬੀ ਸੰਸਾਰ ਵਿੱਚ ਭੱਲ ਖੱਟੀ ਹੋਈ ਹੈ, ਮੱਲ ਮਾਰੀ ਹੋਈ ਹੈ । ਡੰੂਘੀਆਂ ਨੀਹਾਂ ਉੱਤੇ ਉੱਚੀ ਉਸਾਰੀ ਹੋਈ ਹੈ । ...ਪਰ ਇਹ ਮਜ਼ਬੂਤ ਅਦਬੀ ਉਸਾਰੀ ਜਿਸ ਪਲਾਟ ਉੱਤੇ ਹੋਈ ਹੈ, ਉਹ ਅਖ਼ਬਾਰੀ ਹੈ । ਇਹ ਪਲਾਟ ਅਖ਼ਬਾਰੀ ਕੋਟੇ ਵਿੱਚੋਂ ਮਿਲਿਆ ਸੀ । ਰਾਖਵੇਂ ਵਰਗ ਨੂੰ ਮਿਲਿਆ ਸੀ । ਅਖ਼ਬਾਰ ਨਵੀਸ ਨੂੰ ਮਿਲਿਆ ਸੀ । 'ਖੰਨਵੀ' ਨੂੰ ਮਿਲਿਆ ਸੀ!! ਅਖ਼ਬਾਰਾਂ ਨਾਲ, ਅਖ਼ਬਾਰਾਂ ਵਾਲਿਆਂ ਨਾਲ, ਅਖ਼ਬਾਰਾਂ 'ਚ ਛਪਣ ਵਾਲਿਆਂ ਨਾਲ ਉਹ ਜਿੰਨੀ ਮਰਜ਼ੀ ਨਫ਼ਰਤ ਕਰ ਲਵੇ, ਉਹ ਆਪਣੇ ਕਦਮਾਂ ਹੇਠਲੀ ਜ਼ਮੀਨੀ ਹਕੀਕਤ ਤੋਂ ਮੁਨਕਰ ਨਹੀਂ ਹੋ ਸਕਦਾ । ਅਖ਼ਬਾਰਾਂ ਵਿੱਚ ਸਭ ਕੁਝ ਘਟੀਆ ਨਹੀਂ ਛਪਦਾ । ਰਸਾਲਿਆ ਤੇ ਕਿਤਾਬਾਂ ਵਿੱਚ ਵੀ ਬਹੁਤਾ ਕੁਝ ਘਟੀਆ ਛਪਦਾ ਹੈ ।

ਘਰ ਦੇ ਨਾਲ ਨਾਲ ਉਹਦਾ ਪਰਿਵਾਰ ਵੀ ਅਨੁਕੂਲ ਅਤੇ ਅਨੁਸਾਰੀ ਹੈ । ਘਰ ਨੂੰ ਘਰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਕੁਸ਼ਲ ਅਤੇ ਕਾਮਯਾਬ ਗ੍ਰਹਿਣੀ ਉਹਦੀ ਪਤਨੀ ਸ੍ਰੀਮਤੀ ਜਨਕ ਦੁਲਾਰੀ ਹੈ । ਬੇਟਾ ਸਫ਼ਲ ਕਾਰੋਬਾਰੀ ਹੈ । ਨੂੰ ਹ ਆਗਿਆ ਕਾਰੀ ਹੈ । ਦੋਹਾਂ ਬੇਟੀਆਂ ਦਾ ਆਪੋ ਆਪਣਾ ਸੁਹਾਵਣਾ ਸੰਸਾਰ ਹੈ । ਪ੍ਰੇਮ ਦੇ ਇਰਦ ਗਿਰਦ ਪਿਆਰ ਹੀ ਪਿਆਰ ਹੈ ।

ਪਰ ਪ੍ਰੇਮ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹਦੇ ਵਾਕਿਫ਼ਕਾਰਾਂ ਦੀਆਂ ਬੀਵੀਆਂ ਉਹਦੀ ਬੀਵੀ ਵਰਗੀਆਂ ਸਾਊ ਅਤੇ ਸਹਿਯੋਗੀ ਨਹੀਂ । ਉਹਨਾਂ ਕੋਲ ਉਹਨਾਂ ਦੇ ਆਪਣੇ ਹੀ ਘਰ ਵਿੱਚ ਆਪਣੇ ਲਈ ਕਮਰਾ ਨਹੀਂ । ਟੱਬਰ ਉਹਨਾਂ ਦੇ ਲਿਖਣ ਪੜ੍ਹਨ ਵਿੱਚ ਦਖ਼ਲ-ਅੰਦਾਜ਼ ਹੁੰਦਾ ਹੈ । ਉਹਨਾਂ ਨੂੰ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ । ਉਹਦੀ ਕਾਮਨਾ ਹੈ ਕਿ ਸਾਰੇ ਲੇਖਕ ਉਹਦੇ ਵਾਂਗ ਸੋਚਣ । ਉਹਦੇ ਵਾਂਗ ਜੀਣ । ਇਹ ਕਰੁਣਾ 'ਚੋਂ ਨਿਕਲੀ ਉਹਦੀ ਸਦ-ਭਾਵਨਾ ਹੈ ਪਰ ਜਾਣਦਾ ਉਹ ਵੀ ਹੈ ਕਿ ਉਹਦੇ ਵਰਗੀ ਕਿਸਮਤ ਲੈ ਕੇ ਹੋਰ ਕੋਈ ਜੰਮਿਆ ਹੀ ਨਹੀਂ ।

***

ਕਹਾਣੀਕਾਰ ਦੇ ਤੌਰ 'ਤੇ ਪ੍ਰੇਮ ਦਾ ਇੱਕ ਹੋਰ ਪੱਖ ਵੀ ਵੇਖਣ ਵਾਲਾ ਹੈ । ਉਸ ਨੇ ਆਪਣੀਆਂ ਲਿਖਤਾਂ ਨੂੰ ਬੜੀ ਸਾਵਧਾਨੀ ਨਾਲ ਸੰਭਾਲਿਆ ਹੈ । ਸੰਨ ਸੰਮਤ ਸਮੇਤ ਕਹਾਣੀਆਂ ਦੇ ਪਿਛੋਕੜ ਵੀ ਦੱਸੇ ਹਨ । ਆਪਣੀ ਕਹਾਣੀ 'ਚ ਵਰਤੀਆਂ ਜੁਗਤਾਂ ਦਾ ਖੁਲਾਸਾ ਕੀਤਾ ਹੈ । ਆਪਣੇ ਪ੍ਰੇਰਨਾ ਸਰੋਤਾਂ ਬਾਰੇ ਲਿਖਿਆ ਹੈ । ਅਸਲ ਵਿੱਚ ਇਹ ਸਭ ਕੁਝ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜੀਆਂ ਦੀ ਸਹੂਲਤ ਲਈ ਹੈ । ਪ੍ਰੇਮ ਨੂੰ ਵਿਸ਼ਵਾਸ ਹੈ ਕਿ ਭਵਿੱਖ ਦੇ ਬੁੱਧੀਜੀਵੀਆਂ ਨੂੰ ਇਸ ਸਮੱਗਰੀ ਦੀ ਲਗਾਤਾਰ ਲੋੜ ਪੈਂਦੀ ਰਹੇਗੀ ।

ਪਿਛਲੇ ਕਈ ਵਰ੍ਹਿਆਂ ਤੋਂ ਪ੍ਰੇਮ ਦੀਆਂ ਪੁਸਤਕਾਂ ਤਕਰੀਬਨ ਹਰ ਯੂਨੀਵਰਸਿਟੀ ਵਿੱਚ ਲੱਗਦੀਆਂ ਆ ਰਹੀਆਂ ਹਨ । ਉਸਨੂੰ ਫੀਡ ਬੈਕ ਮਿਲਦੀ ਰਹਿੰਦੀ ਹੈ । ਜਦੋਂ ਅੰਮ੍ਰਿਤਸਰ ਵਾਲੀ ਯੂਨੀਵਰਸਿਟੀ ਨੇ 'ਸ਼ਵੇਤਾਂਬਰ ਨੇ ਕਿਹਾ ਸੀ' ਐਮ. ਏ. ਕੋਰਸ ਵਿੱਚ ਲਾ ਦਿੱਤੀ ਤਾਂ ਪੜ੍ਹਾਉਣ ਵਾਲਿਆਂ ਦੇ ਸਾਹ ਫੁੱਲ ਗਏ । ਲਾਇਲਪੁਰ ਖਾਲਸਾ ਕਾਲਿਜ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਵਰਿਆਮ ਸਿੰਘ ਸੰਧੂ ਨੂੰ ਜੁਗਤਾਂ ਸਮਝਣ ਲਈ 'ਦਾਸ' ਦੀ ਸਹਾਇਤਾ ਲੈਣੀ ਪਈ ।

ਵੱਖਰੀ ਕਿਸਮ ਦੀ ਲਿਖਤ ਲਈ ਸਮਝ ਵੀ ਨਵੀਂ ਕਿਸਮ ਦੀ ਚਾਹੀਦੀ ਹੈ । ਪੁਰਾਣੀ ਆਲੋਚਨਾ ਨਾਲ ਕੰਮ ਨਹੀਂ ਸਰਦਾ । ਪ੍ਰੇਮ ਨੂੰ ਆਪਣਾ ਆਲੋਚਕ ਵੀ ਖ਼ੁਦ ਹੀ ਬਣਨਾ ਪਿਆ ਸੀ । ਉਸ ਨੇ ਆਪਣੀ ਕਹਾਣੀ ਦੇ ਬਹਾਨੇ ਪੰਜਾਬੀ ਕਹਾਣੀ 'ਤੇ ਬੜਾ ਉਪਕਾਰ ਕੀਤਾ ਹੈ । ਖੋਜ ਕਰਨ ਅਤੇ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਟੱਕਰਾਂ ਨਹੀਂ ਮਾਰਨੀਆਂ ਪੈਣਗੀਆਂ ।

ਉਂਜ ਇੱਕ ਖ਼ਤਰਾ ਵੀ ਹੈ ਕਿ ਜੇਕਰ ਪੇਂਟਿੰਗ ਨੂੰ ਫਰੇਮ ਕਰਕੇ ਉਹਦਾ ਸ਼ੀਰਸ਼ਕ ਵੀ ਲਿਖ ਦਿੱਤਾ ਜਾਏ ਤਾਂ ਦਰਸ਼ਕ ਦੀ ਸੰਭਾਵਨਾ ਦ੍ਰਿਸ਼ਟੀ ਸੀਮਿਤ ਹੋ ਜਾਂਦੀ ਹੈ ।

ਪ੍ਰੇਮ ਨੂੰ ਲੱਗਦਾ ਹੈ ਕਿ ਉਹਦੀ ਗੱਲ ਸ਼ਾਇਦ ਅਗਲੇ ਦੇ ਪੱਲੇ ਨਾ ਪਏ । ਪਹਿਲਾਂ ਉਹ ਕਹਾਣੀ ਵਿੱਚ ਬਹੁਤ ਕੁਝ ਅਣ-ਕਿਹਾ ਛੱਡ ਜਾਂਦਾ ਹੈ । ਪਰ ਪਿੱਛੋਂ ਉਸ 'ਅਣ-ਕਹੇ' ਦਾ ਥਹੁ-ਪਤਾ ਦੱਸਣ ਲਈ ਕਾਹਲਾ ਪਿਆ ਰਹਿੰਦਾ ਹੈ । ਉਹਨੂੰ ਪਾਠਕ ਉੱਤੇ ਤਾਂ ਪੂਰਾ ਭਰੋਸਾ ਹੈ ਪਰ ਅਕਾਦਮਿਕ ਪ੍ਰਾਣੀਆਂ ਉੱਤੇ ਇਤਬਾਰ ਨਹੀਂ ਜਾਪਦਾ । ਮੈਨੂੰ ਇਸ ਪੱਖੋਂ ਉਹ ਦੂਰਦਰਸ਼ਕ ਲੱਗਦਾ ਹੈ । ਪ੍ਰੈਕਟੀਕਲ ਲੇਖਕ ।

ਪ੍ਰੇਮ ਬਾਰੇ ਲਿਖਦਿਆਂ ਮੈਨੂੰ ਬਹੁਤ ਸਾਵਧਾਨ ਰਹਿਣਾ ਪਿਆ ਹੈ । ਕਾਰਨ ਇਹ ਹੈ ਕਿ ਉਹ ਆਪਣੇ ਬਾਰੇ ਬਹੁਤ ਕੁਝ ਲਿਖ ਚੁੱਕਾ ਹੈ । ਪਹਿਲਾਂ 'ਬੰਦੇ ਅੰਦਰ ਬੰਦੇ' ਆਤਮ-ਕਥਾ ਛਪਵਾਈ ਸੀ । ਆਪਣੀ ਰਚਨਾ-ਪ੍ਰਕ੍ਰਿਆ ਅਤੇ ਆਪਣੇ ਸੁਭਾਅ ਬਾਰੇ ਉਹ ਰਸਾਲਿਆਂ 'ਚ ਲਿਖਦਾ ਰਹਿੰਦਾ ਹੈ । ਇੰਟਰਵਿਊ, ਗੋਸ਼ਟੀ ਜਾਂ ਰੂਬਰੂ ਵੇਲੇ ਦੱਸਦਾ ਰਹਿੰਦਾ ਹੈ । ਬਹੁਤੀ ਲੁਕੀ ਛਿਪੀ ਗੱਲ ਕੋਈ ਰਹਿ ਨਹੀਂ ਸੀ ਗਈ । ਜਿਹੜੀ ਰਹਿ ਗਈ ਸੀ ਉਹ ਕਸਰ ਉਹਦੀ ਸਵੈ ਜੀਵਨੀ ਛਪਣ ਨਾਲ ਪੂਰੀ ਹੋ ਗਈ ਹੈ । ਜਿਸ ਦਾ ਖਰੜਾ ਮੈਂ 'ਸ਼ਰਧਾ' ਨਾਲ ਪੜ੍ਹਿਆ ਹੈ । ਸੋਚਦਾ ਆ ਰਿਹਾ ਹਾਂ ਕਿ ਹੁਣ ਮੇਰੇ ਦੱਸਣ ਗੋਚਰੀ ਕਿਹੜੀ ਗੱਲ ਰਹਿ ਗਈ ਹੈ? ਸੋਚਦਾ ਹਾਂ ਕਿ ਕੁਝ ਉਹ ਗੱਲਾਂ ਲਿਖਾਂ ਜਿਨ੍ਹਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ । ਪਰ ਫੇਰ ਸੋਚਦਾ ਹਾਂ ਕਿ ਇਹ ਦੱਸਣ ਦੀ ਕੀ ਲੋੜ ਹੈ ਕਿ ਸੂਬਾ ਸਿੰਘ ਉਹਦੀ ਦਾੜ੍ਹੀ ਲਈ ਕਹਿੰਦਾ ਹੁੰਦਾ ਸੀ 'ਜਿਵੇਂ ਮਿੱਠੇ ਟੁੱਕ ਨੂੰ ਕੀੜੀਆਂ ਚੰਬੜੀਆਂ ਹੋਣ ।' ਜਾਂ ਫੇਰ ਇਹ ਕਿਉਂ ਦੱਸਾਂ ਕਿ ਉਹਨੇ ਮੇਰੇ ਤੋਂ 'ਲਕੀਰ' ਦਾ 'ਕਵਿਤਾ-ਅੰਕ' ਐਡਿਟ ਕਰਵਾਇਆ ਅਤੇ ਰਸਾਲੇ ਦੇ ਲੇਟ ਛਪਣ ਦਾ ਭਾਂਡਾ 'ਸੰਪਾਦਕੀ' ਵਿੱਚ ਮੇਰੇ ਸਿਰ ਇਹ ਕਹਿ ਕੇ ਭੰਨਿਆ : 'ਬਗਾਨੇ ਹੱਥ ਖੇਤੀ । ਪਛੇਤੀ ਦੀ ਪਛੇਤੀ ।' ਜਾਂ ਫਿਰ ਮੀਸ਼ੇ ਨੂੰ ਉਹਦੇ ਦਫ਼ਤਰ ਵਿੱਚ ਜਾ ਕੇ ਗਾਲ੍ਹਾਂ ਕਿਵੇਂ ਕੱਢੀਆਂ? ... ਇਹ ਵੀ ਦੱਸਣ ਦੀ ਜ਼ਰੂਰਤ ਨਹੀਂ ਜਾਪਦੀ ਕਿ ਲੁਧਿਆਣੇ ਦੇ ਵਿਚਕਾਰ ਵਗਦੀ ਨਹਿਰ ਵਿੱਚ ਉਹ ਸ਼ਰਤ ਲਾ ਕੇ, ਸ਼ਰੇਆਮ, ਨੰਗਾ ਨਹਾਤਾ । ਇਹ ਦੱਸਣਾ ਤਾਂ ਉਂਜ ਹੀ ਫ਼ਜ਼ੂਲ ਹੈ ਕਿ ਉਹਨੇ ਵਗਦੀ ਸੜਕ 'ਤੇ ਚੱਲਦੇ ਟਾਂਗੇ ਵਿੱਚ ਪਿਸ਼ਾਬ ਕਿਵੇਂ ਕੀਤਾ!

ਚਲੋ ਇੱਕ ਗੱਲ ਦੱਸ ਦੇਂਦਾ ਹਾਂ । ਜਦੋਂ ਮੈਂ ਪਹਿਲੀ ਵਾਰ ਉਹਦੇ ਘਰ ਰਾਤ ਰਿਹਾ ਤਾਂ ਕਹਿੰਦਾ, ''ਪਹਿਲਾ ਰੋਟੀ ਖਾ ਲੈ । ਫੇਰ ਤੈਨੂੰ ਤਮਾਸ਼ਾ ਵਖਾਊਂ ।'' ਰੋਟੀ ਖਾ ਕੇ ਜਦੋਂ ਮੈਂ ਉੱਠਿਆ ਤਾਂ ਉਹਨੇ ਖਵਰੇ ਆਪਣੀ ਸ੍ਰੀਮਤੀ ਦੇ ਕੰਨ ਲਾਗੇ ਜਾ ਕੇ ਕੀ ਕਿਹਾ ਕਿ ਉਹਨੇ ਤਾਂ ਹੱਥ 'ਚ ਫੜੇ ਹੋਏ ਮੇਰੇ ਜੂਠੇ ਭਾਂਡੇ ਫਰਸ਼ 'ਤੇ ਵਗਾਹ ਮਾਰੇ ਤੇ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਬੋਲੀ ਗਈ । ਅਖੇ 'ਪਹਿਲਾਂ ਕਿਉਂ ਨਹੀਂ ਦੱਸਿਆ?' ਭਾਂਡੇ ਅੱਗ ਵਿੱਚ ਪਾਏ । ਫੇਰ ਪਾਣੀ ਵਿੱਚ ਉਬਾਲੇ । ਮਾਹੌਲ ਵਿੱਚ ਆਏ ਇਸ ਉਬਾਲ ਨੂੰ ਵੇਖ ਕੇ ਮੈਂ ਹੈਰਾਨ ਸਾਂ । ਪ੍ਰੇਮ ਖਚਰਾ ਹਾਸਾ ਹੱਸ ਰਿਹਾ ਸੀ । ਪਤਾ ਲੱਗਾ ਕਿ ਉਹਨੇ ਮੇਰਾ ਪਰਿਚੈ ਨੀਵੀਂ ਜਾਤ ਨਾਲ ਜੋੜ ਕੇ ਕਰਵਾਇਆ ਸੀ । ਪਿੱਛੋਂ ਉਹਨੇ ਸੱਚ ਦੱਸ ਕੇ ਸ਼ਾਂਤੀ ਵਰਤਾਉਣ ਦੀ ਕੋਸ਼ਿਸ਼ ਕੀਤੀ ਪਰ ਇਹੋ ਜਿਹੇ ਬੰਦਿਆਂ ਦੀ ਕਿਹੜੀ ਗੱਲ 'ਤੇ ਕੋਈ ਇਤਬਾਰ ਕਰੇ ਤੇ ਕਿਹੜੀ ਤੇ ਨਾ ਕਰੇ? ਖ਼ੈਰ, ਇਹ ਉਹਦਾ ਘਰੇਲੂ ਮਾਮਲਾ ਹੈ ।

***

ਪ੍ਰੇਮ ਦੀ ਇੱਕ ਕਹਾਣੀ ਹੈ: 'ਪਾਰੇ ਦੀ ਪਕੜ' । ਲੇਖਕ ਕਿਸੇ ਵਾਕਿਫ਼ਕਾਰ ਕਿਰਦਾਰ ਬਾਰੇ ਕਹਾਣੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਹਰ ਨਵੀਂ ਮੁਲਾਕਾਤ ਅਥਵਾ ਸੂਚਨਾ ਨਾਲ ਉਹਨੂੰ ਲੱਗਦਾ ਹੈ ਕਿ ਉਹ ਪਾਤਰ ਲਗਾਤਾਰ ਬਦਲ ਜਾਂਦਾ ਹੈ ਅਤੇ ਪਾਰੇ ਵਾਂਗ ਪਕੜ 'ਚ ਨਹੀਂ ਅਉਂਦਾ । ਇਹੋ ਤਜ਼ਰੁਬਾ ਮੈਨੂੰ ਹੋਇਆ ਹੈ, ਪ੍ਰੇਮ ਬਾਰੇ ਲਿਖਦਿਆਂ ।

ਇਹ ਖ਼ਾਕਾ ਲਿਖਕੇ ਮੈਂ ਆਪਣੀ ਪਤਨੀ ਸੁਰਿੰਦਰ ਨੂੰ ਪੜ੍ਹਾਇਆ । ਉਸ ਨੇ ਮਹਿਸੂਸ ਕੀਤਾ ਕਿ ਕਿਤੇ ਕਿਤੇ ਸਖ਼ਤ ਹੈ । ਮੈਂ ਅਗਾਊਂ ਟੋਹਣ ਲਈ ਪ੍ਰੇਮ ਨੂੰ ਫ਼ੋਨ ਕੀਤਾ । ਪੇਸ਼ ਹਨ ਵਾਰਤਾਲਾਪ ਦੇ ਕੁਝ ਅੰਸ਼:

? ਪ੍ਰੇਮ! ਤੇਰੇ ਬਾਰੇ ਕਈ ਲੋਕਾਂ ਦਾ ਵਿਚਾਰ ਹੈ ਕਿ ਤੂੰ ਲੁੱਚੀਆਂ ਕਹਾਣੀਆਂ ਲਿਖਦਾ ਹੈਂ ਅਤੇ ਇਹੋ ਲਿਖਣ ਲਈ ਹੋਰਨਾਂ ਨੂੰ ਹੱਲਾਸ਼ੇਰੀ ਦੇਂਦਾ ਹੈਂ ।

- ਉਹਨਾਂ ਦਾ ਵਿਚਾਰ ਠੀਕ ਐ, ਸਹੀ ਸੋਚਦੇ ਨੇ ਉਹ ।

? ਤੇਰੀ ਆਤਮਕਥਾ ਦਾ ਖਰੜਾ ਪੜ੍ਹ ਕੇ ਜੋ ਇਮੇਜ ਬਣਦਾ ਹੈ, ਉਹਦੇ ਮੁਤਾਬਕ ਤੂੰ ਸੈਕਸ ਲਈ ਹਾਬੜਿਆ ਲੱਗਦਾ ਹੈਂ ।

- ਹਾਂ ਬਿਲਕੁਲ

? ਤੂੰ ਰਿਸ਼ਤਿਆਂ ਦੀ ਪਵਿੱਰਤਤਾ ਵੀ ਭੰਗ ਕਰਦਾ ਹੈਂ ।

- ਕਰਦਾਂ ।

? ਤੇਰੀ ਪਸ਼ੂ ਬਿਰਤੀ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ । ਤੂੰ ਕਿਸੇ ਦਾ ਕਤਲ ਵੀ ਕਰ ਸਕਦਾ ਹੈਂ ।

- ਹਾਂ, ਯੈੱਸ । ਮੈਂ ਖ਼ੁਦ ਕਈ ਵਾਰ ਇੰਜ ਮਹਿਸੂਸ ਕਰਦਾਂ ।

? ਤੂੰ ਭਗਵੇਂ ਬਸਤਰ ਪਹਿਨ ਕੇ ਅਤੇ ਪੌਰਾਣਕ ਪਿਛੋਕੜ ਵਰਤ ਕੇ 'ਲੁੱਚੀਆਂ' ਗੱਲਾਂ ਕਰਦਾ ਤੇ ਲਿਖਦਾ ਹੈਂ ।

- ਹਾਂ, ਬਿਲਕੁਲ ।

? ਤੂੰ ਦੰਭੀ ਹੈਂ ।

-ਨਹੀਂ, ਨਹੀਂ, ਬਿਲਕੁਲ ਨਹੀਂ । ...ਤੇ ਉਹਨੇ ਠਾਹ ਕਰ ਕੇ ਫ਼ੋਨ ਰੱਖ ਦਿੱਤਾ । ਮੈਂ ਸ਼ਰਮਸਾਰ ਜਿਹਾ ਹੋ ਕੇ ਸੋਚ ਰਿਹਾ ਸਾਂ ਕਿ ਜਿਹੜਾ ਸ਼ਖ਼ਸ ਦੰਭ ਦੀਆਂ ਜੜ੍ਹਾਂ ਪੁੱਟਣ ਲਈ ਹਰ ਗਾਲ਼ ਖਾਣ ਨੂੰ ਤਿਆਰ ਹੈ, ਉਹ ਦੰਭੀ ਕਿਵੇਂ ਹੋ ਸਕਦਾ ਹੈ! ....ਤੇ ਮੈਂ ਖ਼ਾਕੇ ਨੂੰ ਫੇਅਰ ਕਰਕੇ ਲਿਖਣ ਲੱਗ ਪਿਆ ।

***

6. ਮੇਰਾ ਯਾਰ, ਸ਼ਿਵ ਕੁਮਾਰ

ਸ਼ਿਵ ਦੀਆਂ ਦੋ ਆਦਤਾਂ ਬਦਨਾਮੀ ਦੀ ਹੱਦ ਤੱਕ ਮਸ਼ਹੂਰ ਨੇ : ਇੱਕ ਸ਼ਾਇਰੀ, ਦੂਜੀ ਸ਼ਰਾਬ । ਪਰ ਅਸਲੀਅਤ ਇਹ ਹੈ ਕਿ ਨਾ ਕਦੇ ਉਹਨੇ ਪੀ ਕੇ ਕੋਈ ਨਜ਼ਮ ਲਿਖੀ ਸੀ ਤੇ ਨਾ ਉਸਦੀਆਂ ਨਜ਼ਮਾਂ ਵਿੱਚ ਦਾਰੂ ਪ੍ਰਧਾਨ ਹੈ । ਕਵਿਤਾ ਲਿਖਣ ਵੇਲੇ ਤਾਂ ਉਹ ਸਿਗਰਟ ਵੀ ਨਹੀਂ ਸੀ ਪੀਂਦਾ । ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਦੋਂ ਉਹ ਕੋਈ ਨਜ਼ਮ ਲਿਖਣ ਬੈਠਦਾ ਸੀ, ਕੋਰੇ ਕਾਗਜ਼ ਦੇ ਮੱਥੇ ਉੱਤੇ ਸਭ ਤੋਂ ਪਹਿਲਾਂ 'ੴ ' ਲਿਖਦਾ ਸੀ । ਕਾਰਨ ਪੁੱਛਣ 'ਤੇ ਉਹਨੇ ਦੱਸਿਆ ਸੀ: 'ਕਾਗ਼ਜ਼ ਦਾ ਖਾਲੀਪਨ ਤੋੜਨ ਲਈ ਇਹ ਸਭ ਤੋਂ ਵੱਧ ਪਵਿੱਤਰ ਤੇ ਤਾਕਤਵਰ ਸ਼ਬਦ ਹੈ । ਮੇਰੀ ਕਲਮ ਦਾ ਸਰਸਵਤੀ-ਪੂਜਨ; ਮੇਰੀ ਬੋਲੀ ਦਾ ਮੰਗਲਾਚਰਨ ।'

ਗੱਲ ਮੰਗਲਾਚਰਨ ਤੋਂ ਸੁਭਾਉਕੀ ਹੀ ਸ਼ੁਰੂ ਹੋ ਗਈ ਹੈ । ਸਾਡੀ ਮਿੱਤਰਤਾ ਦਾ ਮੰਗਲਾਚਰਨ ਉੱਨੀ ਸੌ ਛਿਆਹਠ ਵਿੱਚ ਪੜ੍ਹਿਆ ਗਿਆ ਸੀ, ਮਈ ਮਹੀਨੇ । ਬਟਾਲੇ ਕ੍ਰਿਸਚਿਅਨ ਕਾਲਜ ਦੇ ਸਾਹਮਣੇ, ਖੇਤਾਂ ਵਿੱਚ ਉਹਦੀ 'ਕੋਠੀ' ਸੀ, ਚਿੱਠੀ ਪੱਤਰੀ ਵਿੱਚ ਜਿਸ ਨੂੰ 'ਅਨਾਰਕਲੀ' ਲਿਖਿਆ ਜਾਂਦਾ ਹੈ । ਮੈਂ ਚੰਡੀਗੜ੍ਹੋਂ ਗਿਆ ਸਾਂ । ਦਾੜ੍ਹੀ ਬੇ-ਤਰਤੀਬੀ ਵਧ ਰਹੀ ਸੀ । ਤੇ ਸਿਰ ਦੇ ਵਾਲਾਂ ਨੂੰ ਮੈਂ ਇੱਕ ਚਿੱਟੇ ਪਟਕੇ ਨਾਲ ਬੰਨ੍ਹ ਕੇ ਬਿਠਾਇਆ ਹੋਇਆ ਸੀ । ਮੇਰੇ ਨਾਂ ਦੱਸਣ ਪਿੱਛੋਂ ਜੱਫੀ ਪਾਉਂਦਿਆਂ ਉਹਦੇ ਸ਼ਬਦ ਸਨ: 'ਆਹ ਕੀ ਭੇਸ ਬਣਾਇਆ ਹੋਇਆ ਈ? ਫ਼ਜ਼ੂਲ ਵਿਖਾਵਾ! ਜੇ ਏਦਾਂ ਦੇ ਟਸ਼ਨ ਨਾਲ ਬੰਦਾ ਵੱਡਾ ਕਲਾਕਾਰ ਬਣ ਸਕਦਾ ਤਾਂ ਸ਼ਿਵ ਸਿੰਘ ਦੁਨੀਆ ਦਾ ਸਭ ਤੋਂ ਵੱਡਾ ਆਰਟਿਸਟ ਹੁੰਦਾ । ਕੰਮ ਕਰੋ, ਸਿਰਫ਼ ਕੰਮ । ਕੰਮ ਨਾਲ ਜਿਊਣਾ ਹੈ, ਰੌਲੇ ਨਾਲ ਨਹੀਂ ।' ਕੁਝ ਨਜ਼ਮਾਂ ਸੁਣੀਆਂ- ਸੁਣਾਈਆਂ । ਉਹ ਗੱਲਾਂ ਕਰਦਾ ਰਿਹਾ-ਮੈਂ ਬੈਠਾ ਰਿਹਾ । ਉਸ ਮੁਲਾਕਾਤ ਦਾ ਮੈਨੂੰ ਹੋਰ ਕੁਝ ਵੀ ਯਾਦ ਨਹੀਂ, ਸਿਰਫ਼ ਏਨਾ ਚੇਤੇ ਹੈ ਕਿ ਖੁਦ ਨੂੰ ਇੱਕ ਪਹਾੜ 'ਤੇ ਖਲੋਤਾ ਮਹਿਸੂਸ ਕਰ ਰਿਹਾ ਸਾਂ । ਇੱਕ ਮਾਣ ਜਿਹੇ ਵਿੱਚ ਮੇਰੇ ਹੋਸ਼ ਹਵਾਸ ਗੁੰਮ ਸਨ । ਵਾਪਸ ਪਰਤ ਕੇ ਨਜ਼ਮ ਲਿਖੀ ਸੀ: 'ਇਕ ਆਇਆ ਪੀੜਾਂ ਵਾਲਾ'-ਜੋ ਅਗਲੇ ਮਹੀਨੇ 'ਬਲੱਗਣ' ਹੁਰਾਂ 'ਕਵਿਤਾ' ਰਸਾਲੇ ਵਿੱਚ ਛਾਪ ਦਿੱਤੀ ਸੀ । ਇਲਾਕੇ ਦੇ ਇੱਕ ਬਜ਼ੁਰਗ ਸ਼ਾਇਰ ਦੀ ਚਿੱਠੀ ਆਈ ਸੀ, ਲਿਖਿਆ ਸੀ: ''ਤੂੰ ਜਿਹੜੇ ਕਵੀ ਬਾਰੇ ਇਹ ਨਜ਼ਮ ਲਿਖੀ ਹੈ ਉਹ ਆਪ ਇਹੋ ਜਿਹੀ ਕਵਿਤਾ ਦੋ ਜਨਮਾਂ ਵਿੱਚ ਨਹੀਂ ਲਿਖ ਸਕਦਾ । ਪੜ੍ਹ ਕੇ ਮੈਂ ਤਾਂ ਸਮਝਿਆ ਕਿ ਧਿਆਨਪੁਰ ਦਾ ਇੱਕ ਮੰੁਡਾ ਸ਼ੁਦਾਈ ਹੋ ਗਿਐ ।'' ਦੋ ਕੁ ਸਾਲਾਂ ਬਾਅਦ ਉਹ ਬਜ਼ੁਰਗ ਸ਼ਾਇਰ ਇਸ ਸ਼ੁਦਾਈ ਮੰੁਡੇ ਦੀ ਮਾਰਫਤ ਜਦੋਂ ਸ਼ਿਵ ਨੂੰ ਮਿਲਣ ਲਈ ਬੇਤਾਬ ਸੀ ਤਾਂ ਮੈਨੂੰ ਚਿੱਠੀ ਦੇ ਮਜ਼ਮੂਨ ਦੀ ਸਮਝ ਆ ਰਹੀ ਸੀ । ਸ਼ਿਵ ਉਦੋਂ ਚੰਡੀਗੜ੍ਹ ਤਬਦੀਲ ਹੋ ਚੁੱਕਾ ਸੀ ।

ਚੰਡੀਗੜ੍ਹ ਉਹ ਜਿੰਨੇ ਸਾਲ ਰਿਹਾ, ਮੈਂ ਇਸ ਨੂੰ ਮੁਸਲਸਲ ਮੁਲਾਕਾਤ ਕਹਾਂਗਾ । ਮੁਲਾਕਾਤ—ਜਿਸ ਵਿੱਚ ਦਿਨ ਨਹੀਂ, ਰਾਤਾਂ ਵੀ ਸ਼ਾਮਿਲ ਹੁੰਦੀਆਂ ਹਨ । ਇਸ ਅਰਸੇ ਵਿੱਚ ਮੈਂ ਵੇਖਿਆ, ਉਹ ਕਿਸੇ ਦਾ ਦੁਸ਼ਮਣ ਨਹੀਂ, ਕਿਸੇ ਦਾ ਦੋਸਤ ਨਹੀਂ ਸੀ । ਕਿਸੇ ਮਾਮੂਲੀ ਜਿਹੀ ਬੇਰੁਖੀ 'ਤੇ ਉਹ ਬੌਖ਼ਲਾ ਉਠਦਾ- ਕਿਸੇ ਮਾਮੂਲੀ ਜਿਹੀ ਅਪਣੱਤ 'ਤੇ ਉਹ ਨਿਛਾਵਰ ਹੋ ਜਾਂਦਾ । ਇਨ੍ਹਾਂ ਦੋਹਾਂ ਮੌਕਿਆਂ 'ਤੇ ਉਹ ਹੱਦ ਦਰਜੇ ਦਾ ਗੰਭੀਰ ਹੁੰਦਾ । ਗੰਭੀਰ ਛਿਣਾਂ ਵਿੱਚ ਕਹੇ ਉਸਦੇ ਕੁਝ ਫ਼ਿਕਰੇ ਯਾਦ ਆ ਰਹੇ ਹਨ:

—ਬਸ ਇੱਕੋ ਇੱਕ ਬੰਦੈ–ਬਲਵੰਤ, ਸਾਰੇ ਸ਼ਹਿਰ ਵਿੱਚ, ਜਿਹਨੂੰ ਮਿਲਿਆ ਜਾ ਸਕਦੈ । ਲੋਕੀਂ ਕਹਿੰਦੇ ਨੇ ਸ਼ਰਾਰਤੀ ਐ । ਝੂਠ ਲਿਖਦੈ । ਪਰ ਮੈਂ ਉਹਦੇ 'ਤੇ ਲੇਖ ਲਿਖਿਐ:

'ਪੰਜਾਬੀ ਨਾਟਕ ਦਾ ਖੱਬੀ ਖਾਂ ।' ਆਪਣਾ ਯਾਰ ਐ ।

—ਗਾਰਗੀ ਬਾਣੀਆ । ਰਾਵਣ ਵਰਗੇ ਕੰਨ । ਰੱਸੀਆਂ ਲਮਕਦੀਆਂ । ਸਾਰਾ ਪੈਸਾ ਖਾ ਗਿਆ । ਮੈਂ ਐਜੂਕੇਸ਼ਨ ਮਨਿਸਟਰ ਨੂੰ ਡੀ.ਓ.ਲਿਖ ਰਿਹਾਂ । 'ਜੱਗ ਚਾਨਣ ਹੋਆ' ਸਾਰਾ ਮੈਂ ਲਿਖਿਆ । 'ਗਗਨ ਮੈ ਥਾਲੁ' ਵਿੱਚ ਮੇਰੇ ਗੀਤ ਨੇ । ਹੜੱਪ ਕਰ ਗਿਆ । ਲਿਖਦਾ ਮੈਂ ਮਰ ਗਿਆ, ਸੁਥਣੀ ਉਹ ਭੁੜਕਾਈ ਫਿਰਦੈ । ਬਾਣੀਆ ਕਿਸੇ ਦਾ ਯਾਰ ਨਹੀਂ ।

—ਸੇਖੋਂ ਆਦਮੀ ਨਰ ਐ । ਬਾਦ 'ਚ ਭਾਵੇਂ ਲੋਕਾਂ ਤੋਂ ਡਰ ਕੇ ਬਿਆਨ ਬਦਲ ਗਿਆ ਪਰ ਇੱਕ ਵਾਰੀ ਤਾਂ ਜੱਟ ਕਹਿ ਗਿਆ ਨਾ—ਸ਼ਿਵ ਪੰਜਾਬੀ ਦਾ ਕੀਟਸ ਐ । ਬਾਕੀ ਆਲੋਚਕ ਤਾਂ ਵਿਚਾਰੇ ਸੂਰਦਾਸ ਨੇ । ਦਿਸਦਾ ਦੁਸਦਾ ਇਨ੍ਹਾਂ ਨੂੰ ਕੁਝ ਨਹੀਂ, ਐਵੇਂ ਟੋਹ-ਟੋਹ ਕੇ ਈ ਲਿਖਦੇ ਨੇ ।

—ਪੰਜ ਸੌ ਹੋਰ ਲੈ ਗਿਆ ਈ । 'ਲੂਣਾ' ਟਰਾਂਸਲੇਟ ਕਰ ਰਿਹੈ ਨਾ ਅੰਗਰੇਜ਼ੀ ਵਿਚ, ਸਾਹਿੱਤ ਦੇ ਸੌਦੇ ਨੇ ਜੱਟ ਨੂੰ ਵੀ ਬਾਣੀਆ ਬਣਾ ਕੇ ਰੱਖ ਦਿੱਤਾ । ਲਮਕਾਈ ਜਾਂਦੈ । ਮੈਂ ਕਹਿਨਾਂ ਪਰ੍ਹਾਂ ਮੁਕਾਏ ਤੇ ਪਬਲਿਸ਼ਰ ਦੇ ਮੱਥੇ ਮਾਰੀਏ । ਚਾਰ ਪੈਸੇ ਆਉਣ । ਅੱਜਕੱਲ੍ਹ ਕਵੀ ਦਰਬਾਰਾਂ ਨਾਲ ਤਾਂ ਮਸਾਂ ਸੇਖੋਂ ਈ ਭੁਗਤਦੈ ।

—ਅੰਮ੍ਰਿਤਾ ਦੀ ਨਿੰਦਿਆ ਕਰਨ ਵਾਲਿਆਂ ਦੇ ਮੂੰਹ 'ਤੇ ਨਾਗਮਣੀ ਚਪੇੜ ਵਾਂਗ ਵੱਜਦੀ ਐ, ਆਏ ਮਹੀਨੇ । ਅਗਲੇ ਮਹੀਨੇ ਟਾਈਟਲ 'ਤੇ ਆ ਰਹੀ ਐ ਮੇਰੀ ਨਜ਼ਮ । ਫ਼ੋਨ 'ਤੇ ਲਿਖਵਾਈ ਐ ।

—ਅੰਮ੍ਰਿਤਾ ਵੀ ਬਸ ਸੰਪਾਦਕ ਹੋ ਕੇ ਰਹਿ ਗਈ ਐ । ਵੇਖ, ਟਾਈਟਲ ਉੱਤੇ ਨਜ਼ਮ ਛਾਪੀ ਸੂ ਤੇ ਰਸਾਲਾ ਨਹੀਂ ਭੇਜਿਆ । ਚੰਦਾ ਮੁੱਕ ਗਿਆ ਹੋਣੈ— ਪਰ ਆੱਥਰ ਨੂੰ ਤੇ ਕਾਪੀ ਭੇਜਣੀ ਚਾਹੀਦੀ ਐ । ਹੁਣ ਆਪਣਾ ਈ ਰਸਾਲਾ ਕੱਢਣਾ ਪੈਣੈ ।

—ਹਰਿਭਜਨ ਸਿਆਣਾ ਕਵੀ ਐ । ਫੈਲਸੂਫ਼ । ਕਵਿਤਾ ਦੀ ਬੜੀ ਸਮਝ ਐ ਉਹਨੂੰ । ਜਦੋਂ ਮੈਂ ਉਹਨੂੰ ਲਾਡ ਨਾਲ 'ਕਰੋਲ ਬਾਗ ਦਾ ਸ਼ਾਇਰ' ਆਹਨਾਂ ਤਾਂ ਬੜਾ ਹੱਸਦੈ, ਕਹਿੰਦੈ ਕਰੋਲ ਬਾਗ ਤੇ ਫੇਰ ਵੀ ਠੀਕ ਐ ਵੇਖੀਂ ਕਿਤੇ 'ਨਾਈ ਵਾਲੇ ਦਾ ਸ਼ਾਇਰ' ਨਾ ਕਹਿਣਾ ਸ਼ੁਰੂ ਕਰ ਦੇਈਂ ।

-ਡਰੂ ਜਿਹੀ ਪਰਸਨੈਲਿਟੀ ਏ ਹਰਿਭਜਨ ਸਿੰਘ ਦੀ । ਬਾਹਰ ਆ ਕੇ ਖੁੱਲ੍ਹਦੈ, ਦਿੱਲੀ ਤਾਂ ਸੁੰਗੜਿਆ ਰਹਿੰਦੈ । ਏਥੇ ਜਦੋਂ ਆਂਉਂਦੈ ਤਾਂ ਤੇਰੇ ਸਾਹਮਣੇ ਦਾਰੂ ਵਿੱਚ ਗੋਤੇ ਲਵਾ ਦੇਨੇ ਆਂ, ਜਦੋਂ ਉੱਥੇ ਜਾਈਏ ਤਾਂ ਦਾੜ੍ਹੀ ਪਿੱਛੇ ਲੁਕ ਜਾਂਦੈ ।

ਸਮਕਾਲੀਆਂ ਬਾਰੇ ਏਦਾਂ ਦੀਆਂ ਨਿੱਕੀਆਂ-ਨਿੱਕੀਆਂ ਟਿੱਪਣੀਆਂ ਦੇਂਦਾ ਉਹ ਬਾ ਦਿਲਚਸਪ ਲਗਦਾ ਸੀ । ਖ਼ੁਦ ਨੂੰ ਵੀ ਮੁਆਫ਼ ਨਹੀਂ ਸੀ ਕਰਦਾ, ਕਹਿੰਦਾ: 'ਕਵਿਤਾ ਵਿੱਚ ਤਾਂ ਮੈਂ ਰੋਣਾ ਈ ਐ । ਲੋਕੀਂ ਵੀ ਇਹੋ ਚਾਹੁੰਦੇ ਨੇ । ਮਜਬੂਰੀ ਐ । ਪਰ ਗੱਲਾਂ ਉੱਤੇ ਤਾਂ ਕੋਈ ਇਹੋ ਜਿਹੀ ਪਾਬੰਦੀ ਨਹੀਂ ।'

ਲਤੀਫ਼ਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਤੇ ਸ਼ਿਵ ਰਚਨਾਤਮਕ ਛਿਣਾਂ ਦੇ ਆਰ-ਪਾਰ ਹੋ ਜਾਂਦਾ । ਸਮਕਾਲ-ਚਰਚਾ ਉਹਦੀ ਗੱਲਬਾਤ ਦਾ ਪ੍ਰਮੁੱਖ ਵਿਸ਼ਾ ਹੁੰਦੀ । ਉਹਦਾ ਇਹ ਸੁਭਾਅ ਉਹਦੀ ਵਾਰਤਕ ਵਿੱਚ ਪ੍ਰਤੱਖ ਵੇਖਿਆ ਜਾ ਸਕਦੈ । ਸਮਕਾਲੀਆਂ ਬਾਰੇ ਉਹਨੇ ਰੇਖਾ-ਚਿੱਤਰ ਲਿਖਣੇ ਸ਼ੁਰੂ ਕੀਤੇ ਸਨ । ਮੀਸ਼ੇ, ਭੰਡਾਰੀ ਤੇ ਅਜੀਤ ਕੌਰ ਬਾਰੇ ਛਪ ਗਏ ਸਨ । ਤਿਵਾੜੀ, ਆਹਲੂਵਾਲੀਏ ਤੇ ਜੋਗਿੰਦਰ ਬਾਹਰਲੇ ਬਾਰੇ ਲਿਖ ਲਏ ਸਨ । ਚਾਰ ਹੋਰ ਲਿਖ ਕੇ ਗਿਆਰਵਾਂ ਉਹਨੇ ਆਪਣੇ ਬਾਰੇ ਲਿਖਣਾ ਸੀ: 'ਰਾਵਣ ਦਾ ਗਿਆਰ੍ਹਵਾਂ ਸਿਰ ।' ਕਿਤਾਬ ਦਾ ਨਾਂ ਰੱਖਣਾ ਸੀ: 'ਰਾਵਣ ਦੇ ਸਿਰ ।' ਲਗਦੇ ਹੱਥ ਇੱਕ ਹੋਰ ਗੱਲ ਯਾਦ ਆ ਗਈ ਹੈ । ਜਦੋਂ ਉਹ ਰੇਖਾ ਚਿੱਤਰ ਲਿਖਣ ਵਿੱਚ ਮਸਰੂਫ਼ ਸੀ ਤਾਂ ਇੱਕ ਲੋਕਲ ਕਵੀ ਉਹਦੇ ਘਰ ਦੇ ਬੜੇ ਗੇੜੇ ਕੱਢਦਾ । ਅਖੇ ਮੇਰੇ ਬਾਰੇ ਵੀ ਲਿਖ । 'ਲਿਖ ਰਿਹਾਂ, ਤੇਰੇ ਬਾਰੇ ਵੀ ਲਿਖ ਰਿਹਾਂ ।' ਸ਼ਿਵ ਟਾਲ ਛੱਡਦਾ । ਇੱਕ ਦਿਨ ਲੋਕਲ ਕਵੀ ਖਹਿੜੇ ਈ ਪੈ ਗਿਆ: 'ਨਾਂ ਕੀ ਰੱਖ ਰਿਹੈਂ?' -'ਜੰਗਾਲਿਆ ਜੰਦਰਾ', ਸ਼ਿਵ ਦਾ ਜੁਆਬ ਸੁਣ ਕੇ ਲੋਕਲ ਕਵੀ ਭੱਜ ਗਿਆ : ''ਜੰਗਾਲਿਆ ਜੰਦਰਾ... ਮੈਂ ਆਂ ਕਿ ਉਹ? ਬਿਰਹਾ-ਬਿਰਹਾ-ਬਿਰਹਾ ਬਸ ਇੱਕੋ ਗੱਲ 'ਤੇ ਅੜਿਆ ਹੋਇਐ । ਮੈਂ ਪੰਜਾਹ ਸਾਲਾਂ ਦੀ ਉਮਰ 'ਚ ਵਕਾਲਤ ਦਾ ਇਮਤਿਹਾਨ ਪਾਸ ਕੀਤਾ ਏ । ਅਜੇ ਵੀ ਸਾਈਕਲ 'ਤੇ ਦਸ ਮੀਲ ਸਫ਼ਰ, ਬਿਨਾਂ ਥੱਕਿਆਂ ਕਰ ਲੈਨਾਂ । ਜੰਗਾਲਿਆ ਜੰਦਰਾ.... ਮੈਂ ਕਿਵੇਂ ਹੋਇਆ?'' — ਪਰ ਲੋਕਲ ਕਵੀ ਦੀ ਇਹ ਖ਼ਾਸੀਅਤ ਹੈ ਕਿ ਗੱਲ ਦਿਲ ਨੂੰ ਨਹੀਂ ਲਾਉਂਦਾ । ਇੱਕ ਮੌਕੇ 'ਤੇ ਉਹ ਸ਼ਿਵ ਨੂੰ ਕਹਿਣ ਲੱਗਾ : 'ਬਰਖੁਰਦਾਰ! ਜੇ ਤੂੰ ਦੋ ਢਾਈ ਕੁਇੰਟਲ ਸ਼ਰਾਬ ਦੇ ਪੈਸੇ ਬਚਾਏ ਹੁੰਦੇ ਤਾਂ ਤੇਰੀ ਵੀ ਮੇਰੇ ਵਾਂਗ ਦਸ ਮਰਲੇ ਦੀ ਕੋਠੀ ਹੁੰਦੀ ।' 'ਕੋਠੀ ਤਾਂ ਜ਼ਰੂਰ ਹੁੰਦੀ, ਫੇਰ ਮੈਂ ਸ਼ਿਵ ਕੁਮਾਰ ਨਹੀਂ ਸੀ ਹੋਣਾ—ਲੋਕਲ ਕਵੀ ਹੋਣਾ ਸੀ?' ਸ਼ਿਵ ਨੇ ਲੋਕਲ ਕਵੀ ਦੇ ਅੰਦਾਜ਼ ਵਿੱਚ ਅੱਧਾ ਝੁਕ ਕੇ ਜੁਮਲਾ ਛੱਡਿਆ ਤੇ ਓਦੋਂ ਤੱਕ ਹੱਸਦਾ ਰਿਹਾ ਜਦੋਂ ਤੱਕ ਹਾਸਾ ਖੰਘ ਵਿੱਚ ਨਾ ਬਦਲ ਗਿਆ ।

***

ਆਲੋਚਕਾਂ ਨਾਲ ਸ਼ਿਵ ਨੂੰ ਖ਼ਾਸ ਕਿਸਮ ਦਾ ਮੋਹ ਸੀ । ਉਹਦੀ ਤਜਵੀਜ਼ ਸੀ ਕਿ ਅੱਜ ਤੱਕ ਜੋ ਵੀ ਗੰਦ ਮੰਦ ਉਹਦੇ ਖਿਲਾਫ਼ ਛਪਿਆ ਹੈ ਉਹ ਸਾਰਾ ਇਕੱਠਾ ਕਰਕੇ ਕਿਤਾਬੀ ਸ਼ਕਲ ਵਿੱਚ ਛਾਪਿਆ ਜਾਏ, ਟਾਈਟਲ ਹੋਵੇ 'ਮੇਰੇ ਨਿੰਦਕ'—ਸੰਪਾਦਕ-ਸ਼ਿਵ ਕੁਮਾਰ । ਇਹ ਯੋਜਨਾ ਪੂਰੀ ਹੋਣ ਤੋਂ ਪਹਿਲਾਂ ਹੀ ਸ਼ਿਵ ਪੂਰਾ ਹੋ ਗਿਆ ਪਰ ਆਲੋਚਕਾਂ ਪ੍ਰਤੀ ਉਹਦੀ 'ਸ਼ਰਧਾ' ਇਸ ਘਟਨਾ 'ਚੋਂ ਪੂਰੀ ਤਰ੍ਹਾਂ ਉਜਾਗਰ ਹੁੰਦੀ ਹੈ: ਇੱਕ ਮਿੱਤਰ ਦੇ ਵਿਆਹ ਵਿੱਚ ਉਹ ਬਾਹਲਾ ਸ਼ਰਾਬੀ ਹੋਇਆ ਪਿਆ ਸੀ । ਮੂੰਹ ਤੋਂ ਮੱਖੀਆਂ ਉਡਾਉਣ ਦੀ ਵੀ ਹਿੰਮਤ ਨਹੀਂ ਸੀ । ਇਸ ਕੰਮ ਵਿੱਚ ਉਹਨੇ ਮੇਰੀ ਮਦਦ ਮੰਗੀ । ਆਖਣ ਲੱਗਾ—'ਮੇਰੇ ਮੂੰਹ ਤੋਂ ਆਹ ਪੰਜਾਬੀ ਦੇ ਆਲੋਚਕ ਉਡਾਈਂ!' ਮੈਂ ਮੱਖੀਆਂ ਉਡਾਉਂਦਾ ਪਰ ਇੱਕ ਮੱਖੀ ਘੜੀ-ਮੁੜੀ ਆ ਬਹਿੰਦੀ-ਕਦੇ ਬੁੱਲ੍ਹਾਂ 'ਤੇ, ਕਦੇ ਨੱਕ 'ਤੇ, ਕਦੇ ਗੱਲ੍ਹ 'ਤੇ । ਸ਼ਿਵ ਹੱਸ ਕੇ ਕਹਿੰਦਾ: ''ਰਹਿਣ ਦੇ ਸੂ, ਬਹਿ ਲੈਣ ਦੇ । ਇਹ ਆਪਣਾ ਅੰਬਰਸਰੀਆ ਆਲੋਚਕ ਜਾਪਦੈ । ਆਪਣੇ ਹਸਰਤ ਦਾ ਯਾਰ ਐ । ਚੱਲ ਬੈਠਾ ਰਹਿਣ ਦੇ ।'' ਜ਼ਿਕਰ ਦੀ ਅਗਲੀ ਕੜੀ ਕਿਤੇ ਹੋਰ ਜਾ ਜੁੜੀ ਹੈ । ਸ਼ਿਵ ਬਿਮਾਰ ਸੀ ਤੇ ਘਰ ਈ ਲੇਟਿਆ ਹੋਇਆ ਸੀ । ਮੈਂ ਗੱਲ ਤੋਰੀ : 'ਭਾ ਜੀ! ਫਲਾਣੇ ਆਦਮੀ ਦੇ ਤੁਸੀਂ ਕੁਝ ਪੈਸੇ ਦੇਣੇ ਨੇ ਭਲਾ?' ਉਹ ਤ੍ਰਭਕ ਕੇ ਬਹਿ ਗਿਆ: 'ਕੀ ਗੱਲ, ਗਾਲ੍ਹਾਂ ਕੱਢਦਾ ਸੀ?' —ਮੈਂ ਕਿਹਾ : 'ਗਾਲ੍ਹਾਂ ਤੇ ਨਹੀਂ, ਸਰਸਰੀ ਗੱਲ ਕਰਦਾ ਸੀ ।'—'ਸਾਲਾ ਕੁੱਤਿਆਂ ਦਾ! ਸਾਲ ਪਹਿਲਾਂ ਉਹਦੇ ਕੋਲੋਂ ਤਿੰਨ ਸੌ ਰੁਪਿਆ ਫੜਿਆ ਸੀ । ਹੁਣ ਤੱਕ ਮੇਰੇ ਕੋਲੋਂ ਛੇ ਸੌ ਦੀ ਦਾਰੂ ਪੀ ਗਿਆ ਹੋਣੈ—ਤੇ ਉਹਦਾ ਤਿੰਨ ਸੌ ਅਜੇ ਖੜ੍ਹੈ ਮੇਰੇ ਸਿਰ! ...ਤੇ ਨਾਲੇ ਗੱਲ ਸੁਣ, ਜਦੋਂ ਉਹ ਝਟਕਈ ਜਿਹਾ ਬਕਵਾਸ ਕਰਦਾ ਸੀ, ਤੂੰ ਚੁੱਪ ਕਰਕੇ ਸੁਣਦਾ ਰਿਹਾ? ਕੱਢ ਕੇ ਤਿੰਨ ਸੌ ਰੁਪਿਆ ਮਾਰਨਾ ਸੀ ਉਹਦੇ ਧੁਆਂਖੇ ਜਹੇ ਮੂੰਹ 'ਤੇ । ਅੱਗੋਂ ਗੱਲ ਕਰਨ ਜੋਗਾ ਨਾ ਰਹਿੰਦਾ ।'—ਮੈਂ ਠਿੱਠ ਜਿਹਾ ਹੋ ਗਿਆ । ਉਦੋਂ ਮੇਰੀ ਤਨਖ਼ਾਹ ਢਾਈ ਸੌ ਰੁਪਏ ਮਹੀਨਾ ਸੀ ।

ਕਦੇ ਬਿਮਾਰ ਤੇ ਕਦੇ ਠੀਕ ਹੁੰਦਾ-ਹੁੰਦਾ ਉਹ ਕੁਝ ਮਹੀਨੇ ਇੰਗਲੈਂਡ ਚਲਾ ਗਿਆ ਸੀ । ਵਾਪਸ ਪਰਤਿਆ ਤਾਂ ਇੱਕ ਦਿਨ ਤ੍ਰਿਲੋਚਨ ਗਰੇਵਾਲ ਨੂੰ ਕਹਿੰਦਾ : 'ਮੇਰਾ ਸਾਮਾਨ ਕਸਟਮ ਵਾਲਿਆਂ ਰੱਖ ਲਿਐ । ਛੁਡਾਉਣ ਜਾਣੈ । ਤੂੰ ਮੇਰੇ ਨਾਲ ਦਿੱਲੀ ਚੱਲ । ਮੈਂ ਇਕੱਲਾ ਨਹੀਂ ਕਦੇ ਵੀ ਕਿਤੇ ਜਾਂਦਾ । ਕੀ ਪਤਾ ਕਿੱਥੇ ਡਿੱਗ ਪਾਂ—ਤੂੰ ਪਤਾ ਕਰਕੇ ਆ, ਸ਼ਾਮ ਤੱਕ ਕੋਈ ਫਲਾਈਟ ਜਾਣੀ ਐਂ?' ਜਦੋਂ ਪਤਾ ਲੱਗਾ ਕਿ ਜਹਾਜ਼ ਦੀ ਸਵਾਰੀ ਮੁਮਕਿਨ ਨਹੀਂ ਤਾਂ ਦੋਵੇਂ ਜਣੇ ਸਕੂਟਰ ਕਰਕੇ ਬੱਸ ਅੱਡੇ ਪੁੱਜ ਗਏ । 'ਤ੍ਰਿਲੋਚਨ, ਜਾ ਪਤਾ ਕਰ ਛੇਤੀ ਤੋਂ ਛੇਤੀ... ਕਿਹੜੀ ਬੱਸ ਜਾ ਰਹੀ ਏ?' ਟਾਈਮ ਟੇਬਲ ਅਨੁਸਾਰ ਕੋਈ ਵੀ ਬੱਸ ਰਾਤ ਦਸ ਵਜੇ ਤੋਂ ਪਹਿਲਾਂ ਦਿੱਲੀ ਨਹੀਂ ਸੀ ਪੁਚਾ ਸਕਦੀ । 'ਕਿੱਥੇ ਅੱਧੀ ਰਾਤੀਂ ਜਾ ਕੇ ਅੰਮ੍ਰਿਤਾ ਦੇ ਬੂਹੇ ਭੰਨਾਂਗਾ—ਇਹਨਾਂ ਨੂੰ ਪੁੱਛ ਕੋਈ ਬੱਸ ਬਾਈ-ਏਅਰ ਨਹੀਂ ਜਾਂਦੀ?' ਪਤਾ ਨਹੀਂ, ਉਹ ਸਫਰ ਏਨੀ ਛੇਤੀ ਕਿਉਂ ਮੁਕਾਉਣਾ ਚਾਹੁੰਦਾ ਸੀ!

***

ਸਫ਼ਰ ਉਹ ਪੈਦਲ ਕਦੇ ਨਹੀਂ ਸੀ ਕਰਦਾ, ਭਾਵੇਂ ਦੋ ਕਦਮਾਂ 'ਤੇ ਈ ਜਾਣਾ ਹੋਵੇ । ਲੋਕਲ ਹੋਵੇ ਤਾਂ ਸਵਾਰੀ ਆਉਣ-ਜਾਣ ਦੀ ਹੀ ਕਰਦਾ ਸੀ । ਜਦੋਂ ਉਹ ਬਾਹਰ ਮੁਸ਼ਾਇਰੇ ਭੁਗਤਾਉਣ ਗਿਆ ਹੁੰਦਾ ਤਾਂ ਮੈਨੂੰ ਘਰ ਰਹਿਣ ਦੀ ਪੱਕੀ ਕਰਕੇ ਜਾਂਦਾ : ਮੁਸ਼ਾਇਰਿਆਂ ਬਾਰੇ ਇੱਕ ਦੋ ਗੱਲਾਂ ਉਹ ਸਵਾਦ ਲੈ-ਲੈ ਸੁਣਾਉਂਦਾ ਹੁੰਦਾ ਸੀ । ਇੱਕ ਤਾਂ ਇਹ ਕਿ ਕਿਸੇ ਆਦਮੀ ਕੋਲ ਕੁਝ ਬੰਦੇ ਸਲਾਹ ਲੈਣ ਆਏ ਕਿ ਅਸੀਂ ਕਵੀ ਦਰਬਾਂਰ ਕਰਵਾਉਣਾ ਹੈ, ਬਟਾਲਵੀ ਨੂੰ ਸੱਦਣੈ । ਕਿੰਨੇ ਕੁ ਪੈਸੇ ਲੈ ਲਏਗਾ? ਉਸ ਆਦਮੀ ਨੇ ਪੁੱਛਿਆ: ਮੌਕਾ ਕੀ ਹੈ? ਕਹਿੰਦੇ: ਮੱਝ ਸੂਈ ਐ? ਕੱਟਾ ਦਿੱਤੈ । ਆਦਮੀ ਕਹਿੰਦਾ: ਤਾਂ ਠੀਕ ਐ, ਬੁਲਾ ਲਉ ਬਟਾਲਵੀ ਨੂੰ । ਜ਼ਰੂਰ ਆਏਗਾ । ਕੱਟਾ ਛੱਡ ਜਾਏਗਾ–ਮੱਝ ਲੈ ਜਾਏਗਾ ।

ਦੂਜੀ ਗੱਲ, ਉਹ ਕਿਸੇ ਜਨਮ ਅਸ਼ਟਮੀ ਦੇ ਮੌਕੇ 'ਤੇ ਹੋਏ ਕਵੀ ਦਰਬਾਰ ਦੀ ਦੱਸਦਾ ਹੁੰਦਾ ਸੀ, ਜਿੱਥੇ ਉਹ ਭੁਲੇਖੇ ਨਾਲ ਚਲਿਆ ਗਿਆ ਸੀ । ਕ੍ਰਿਸ਼ਨ ਬਾਰੇ ਨਜ਼ਮ ਕੋਈ ਕੋਲ ਨਹੀਂ ਸੀ । 'ਕੰਡਿਆਲੀ ਥੋਰ੍ਹ' ਵਿੱਚ ਤਰਮੀਮ ਕਰਕੇ ਵੇਲਾ ਟਪਾਇਆ । ਕ੍ਰਿਸ਼ਨ ਦੇ ਗੋਕਲ ਛੱਡ ਕੇ ਮਥੁਰਾ ਜਾਣ ਦੀ ਭੂਮਿਕਾ ਬੰਨ੍ਹੀ ਤੇ ਰਾਧਿਕਾ ਦੇ ਅੰਦਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ: 'ਮੈਂ ਕੰਡਿਆਲੀ ਥੋਰ੍ਹ ਵੇ ਕਾਹਨਾ ।'

***

ਚੰਡੀਗੜ੍ਹੋਂ ਉਹ ਬਟਾਲੇ ਚਲਾ ਗਿਆ ਸੀ, ਬਟਾਲੇ ਤੋਂ ਮੰਗਿਆਲ—ਆਪਣੇ ਸਹੁਰੇ, ਤੇ ਉਸ ਤੋਂ ਅੱਗੇ ਕਿੱਥੇ ਗਿਆ, ਕਿਸੇ ਨੂੰ ਕੋਈ ਇਲਮ ਨਹੀਂ । ਪਰ ਅਰੁਣਾ ਭਾਬੀ ਦੱਸਦੇ ਹਨ ਕਿ ਅਖ਼ੀਰਲੇ ਦਿਨਾਂ ਤੱਕ ਉਹਦੀ ਇਹ ਵਿਅੰਗ ਵਾਲੀ ਆਦਤ ਕਾਇਮ ਰਹੀ ਸੀ । ਵਿਦਾਇਗੀ ਵਾਲੀ ਰਾਤ ਸੱਦ ਕੇ ਕਹਿਣ ਲੱਗਾ : 'ਕੋਈ ਦਵਾਈ ਤਾਂ ਨਹੀਂ ਬਚੀ ਪਈ?'—'ਨਹੀਂ ਪਿਛਲੀ ਖ਼ਤਮ ਐਂ । ਕੱਲ੍ਹ ਨੂੰ ਹੋਰ ਲੈਣ ਜਾਣਾ ਏ– 'ਕੱਲ੍ਹ ਦੀ ਗੱਲ ਛੱਡ! ਤੂੰ ਦੱਸ ਇਸ ਵੇਲੇ ਕਿਸੇ ਡਾਕਟਰ, ਹਕੀਮ, ਵੈਦ ਦੀ ਦਿੱਤੀ ਹੋਈ ਪੁੜੀ ਹੈ?' 'ਦੀਨਾ ਨਗਰ ਵਾਲੇ ਵੈਦ ਦੀਆਂ ਦਿੱਤੀਆਂ ਪੁੜੀਆਂ ਪਈਆਂ ਨੇ । ਵੱਡੀਆਂ ਵੱਡੀਆਂ । ਪਰ ਉਹਦੀ ਤਾਂ ਦਵਾਈ ਛੱਡ ਈ ਦਿੱਤੀ ਸੀ ।' 'ਉਹ ਪੁੜੇ? ਲਿਆ ਉਹ ਵੀ ਸੁੱਟ ਲਾਂ ਅੰਦਰ । ਨਹੀਂ ਤੇ ਸਵੇਰੇ ਆਣ ਕੇ ਕਹੂ - ਮੇਰੀ ਦਵਾਈ ਨਹੀਂ ਸੀ ਖਾਧੀ ਤਾਂ ਮਰ ਗਿਆ ।' ਖ਼ੈਰ ਇਹ ਤਾਂ ਕੁੱਝ ਮਹੀਨੇ ਪਿੱਛੋਂ ਦੀ ਗੱਲ ਹੈ । ਮੇਰੇ ਨਾਲ ਉਹਦੀ ਆਖ਼ਰੀ ਮੁਲਾਕਾਤ ਤਿਹੱਤਰ ਦੇ ਸ਼ੁਰੂ ਵਿੱਚ ਹੋਈ ਸੀ । ਦਰਵਾਜ਼ੇ 'ਤੇ ਦਸਤਕ ਹੋਈ । ਮੈਂ ਬੂਹਾ ਖੋਲਿਆ । ਫੁੱਲਿਆ ਜਿਹਾ ਕੋਟ ਤੇ ਸਿਰ 'ਤੇ ਟੋਪੀ ਪਾਈ ਸਾਹਮਣੇ ਸ਼ਿਵ ਮੁਸਕਰਾ ਰਿਹਾ ਸੀ । ਟੋਪੀ ਲਾਹ ਕੇ ਅੰਦਰ ਲੰਘਿਆ । ਸਿਰ ਮੂੰਹ ਉਸਤਰੇ ਨਾਲ ਮੁੰਨਿਆ ਹੋਇਆ । ਮੇਰੀ ਹੈਰਾਨੀ ਵੇਖ ਕੇ ਉਹ ਗਾਉਣ ਲੱਗ ਪਿਆ: 'ਪਟੇ ਨਾਲ ਮਲਾਈਆਂ ਦੇ ਪਾਲ ਰੱਖੇ, ਵਕਤ ਆ ਗਿਆ ਘਰੜ ਮੁਨਾਵਣੇ ਦਾ ।' ਮੇਰੀ ਕੋਈ ਗੱਲ ਸੁਣੇ ਬਿਨਾਂ ਹੀ ਬੋਲੀ ਗਿਆ: 'ਦਾਰੂ ਡਾਕਟਰਾਂ ਛੁਡਵਾ ਦਿੱਤੀ । ਸ਼ਾਇਰੀ ਮੈਂ ਆਪ ਛੱਡ ਦਿੱਤੀ । ਕੁਝ ਨਹੀਂ ਪਿਆ ਇਸ ਕੁੱਤੇ ਕੰਮ ਵਿੱਚ! ਪਟੇ ਹੁਣ ਮੈਂ ਕਿਹਨੂੰ ਵਿਖਾਉਣ ਲਈ ਰੱਖਣੇ ਸਨ?' ਫੇਰ ਬਾਂਹ ਨੰਗੀ ਕਰਕੇ ਕਹਿੰਦਾ: ਆਹ ਵੇਖ ਨਾੜਾਂ ਵਿੱਚ ਟੀਕੇ ਲਾ ਲਾ ਕੇ ਬਾਹਵਾਂ ਸ਼ੁਤਰਮੁਰਗ ਦੀ ਪੈੜ ਵਰਗੀਆਂ ਕਰ ਦਿੱਤੀਆਂ ਨੇ--ਚੱਲ ਛੱਡ ਇਹ ਗੱਲਾਂ । ਤੂੰ ਏਨੇ ਟੋਟਕੇ ਜੋੜਦਾ ਰਹਿਨੈ, ਕੋਈ ਮੇਰੀ ਟਿੰਡ 'ਤੇ ਵੀ ਲਾ' । ਉਹ ਆਪਣੇ ਸਿਰ 'ਤੇ ਲਗਾਤਾਰ ਹੱਥ ਫੇਰੀ ਜਾ ਰਿਹਾ ਸੀ । ਮੈਂ ਉਹਦਾ ਰਉਂ ਵੇਖ ਕੇ ਕਿਹਾ: 'ਸਾਡੇ ਪਿੰਡ ਡੇਰਾ ਏ । ਓਥੇ ਏਦਾਂ ਦੀਆਂ ਟਿੰਡਾਂ ਵਾਲੇ ਬੜੇ ਸਾਧ ਨੇ । ਤੇਲ ਨਾਲ ਚੋਪੜੀਆਂ ਲਿਸ਼ਕਦੀਆਂ ਟਿੰਡਾਂ ਵੇਖ ਕੇ, ਨਿੱਕੇ ਹੁੰਦੇ, ਅਸੀਂ ਗੌਂਦੇ ਹੁੰਦੇ ਸੀ:

'' ਘੋਨਮਘੋਨਾ ਸਿਰ ਕਰਾਇਆ, ਵਿੱਚੋਂ ਨਿਕਲੀ ਟਿੰਡ ।
ਭਜੋ ਰਾਧੇ ਗੋਬਿੰਦ-- ਭਜੋ ਰਾਧੇ ਗੋਬਿੰਦ'' ।

ਸ਼ਿਵ ਕਿੰਨੀ ਦੇਰ ਪੂਰੇ ਤਾਲ ਵਿੱਚ ਇਹ ਤੁਕ ਦੁਹਰਉਂਦਾ ਰਿਹਾ ਤੇ ਟੋਪੀ ਸਿਰ 'ਤੇ ਪਾ ਕੇ ਚੁਪ-ਚਾਪ ਚਲਾ ਗਿਆ । ਪਤਾ ਲੱਗਾ ਉਹ ਬਟਾਲੇ ਚਲਾ ਗਿਐ, ਬਟਾਲੇ ਤੋਂ ਮੰਗਿਆਲ ਤੇ ਮੰਗਿਆਲ ਤੋਂ-- ।

***

7. ਪੰਜਾਬੀ ਦਾ ਹਿੰਦੀ ਸ਼ਾਇਰ : ਕੁਮਾਰ ਵਿਕਲ

ਪੰਜਾਬੀਆਂ ਦੇ ਇਸ ਗੁਣ ਤੋਂ ਕੱਟੜ ਵਿਰੋਧੀ ਵੀ ਮੁਨਕਰ ਨਹੀਂ ਹੋ ਸਕਦੇ ਕਿ ਇਹ ਮੁਖ਼ਾਲਿਫ਼ ਆਬੋ-ਹਵਾ ਅਤੇ ਬੰਜਰ ਜ਼ਮੀਨ ਵਿੱਚ ਵੀ ਡੂੰਘੀਆਂ ਜੜ੍ਹਾਂ ਜਮਾ ਲੈਂਦੇ ਹਨ । ਇੰਡਸਟਰੀ ਹੋਵੇ ਭਾਵੇਂ ਫ਼ਿਲਮ ਇੰਡਸਟਰੀ, ਐਗਰੀਕਲਚਰ ਹੋਵੇ ਜਾਂ ਪੌਪ ਕਲਚਰ, ਇਹਨਾਂ ਦੀ ਹੈਰਾਨਕੁੰਨ ਤਰੱਕੀ ਦਾ ਮੁਕਾਬਲਾ ਕਰਨਾ ਨਾ-ਮੁਮਕਿਨ ਹੋ ਜਾਂਦਾ ਹੈ । ਇਹੋ ਹਾਲ ਅਦਬੀ ਖੇਤਰ ਦਾ ਹੈ । ਪੰਜਾਬੀ ਤੋਂ ਇਲਾਵਾ ਇਨ੍ਹਾਂ ਨੇ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਯਸ਼ਪਾਲ, ਕ੍ਰਿਸ਼ਨ ਚੰਦਰ, ਮੰਟੋ, ਬੇਦੀ, ਮੁਲਕਰਾਜ ਆਨੰਦ ਅਤੇ ਖੁਸ਼ਵੰਤ ਸਿੰਘ ਵਰਗੇ ਦਿਗਜ ਕਲਾਕਾਰ ਹਿੰਦੁਸਤਾਨੀ ਅਦਬ ਨੂੰ ਦਿੱਤੇ ਹਨ । ਹਿੰਦੀ ਸਾਹਿੱਤ ਦੇ ਵੀਹਵੀਂ ਸਦੀ ਦੇ ਇਤਿਹਾਸ ਉੱਤੇ ਸਰਸਰੀ ਨਜ਼ਰ ਮਾਰਨ ਨਾਲ ਹੀ ਸਪਸ਼ਟ ਹੋ ਜਾਂਦਾ ਹੈ ਕਿ ਆਧੁਨਿਕ ਯੁੱਗ ਵਿੱਚ ਮੁਨਸ਼ੀ ਪ੍ਰੇਮ ਚੰਦ ਤੋਂ ਬਿਨਾਂ ਲੱਗਭਗ ਬਹੁਤੇ ਜ਼ਿਕਰਯੋਗ ਲੇਖਕ ਪੰਜਾਬੀ ਹਨ । ਇਹਨਾਂ ਪੰਜਾਬੀ ਦੇ ਹਿੰਦੀ ਲੇਖਕਾਂ ਵਿੱਚ ਇੱਕ ਅਜਿਹਾ ਨਾਂ ਹੈ, ਜੋ ਸੱਚੀ-ਮੁੱਚੀ ਭੂਗੋਲਿਕ ਤੌਰ 'ਤੇ ਵੀ ਪੰਜਾਬ ਵਿੱਚ ਰਹਿ ਕੇ ਰਚਨਾ ਕਰਦਾ ਰਿਹਾ ਹੈ । ਜਿਸਦੀ ਭਾਸ਼ਾ ਪੰਜਾਬੀ, ਹਿੰਦੀ ਤੇ ਉਰਦੂ ਨੂੰ ਇਸ ਤਰ੍ਹਾਂ ਨਜ਼ਮ ਵਿੱਚ ਸਮੇਟਦੀ ਹੈ ਕਿ ਅਸੀਂ ਇਸ ਸ਼ਖ਼ਸ ਨੂੰ 'ਪੰਜਾਬ ਦਾ ਹਿੰਦੀ ਕਵੀ' ਕਹਿਣ ਦੀ ਥਾਂ 'ਪੰਜਾਬੀ ਦਾ ਹਿੰਦੀ ਸ਼ਾਇਰ' ਕਹਿਣਾ ਉਚਿਤ ਸਮਝਦੇ ਹਾਂ ।

ਨਵੇਂ ਨਵੇਂ ਵੱਸੇ ਚੰਡੀਗੜ੍ਹ ਸ਼ਹਿਰ ਦੇ ਪੱਥਰਾਂ ਵਿੱਚ ਰੂਹ ਫੂਕਣ ਅਤੇ ਇੱਕ ਰਚਨਾਤਮਕ ਵਾਤਾਵਰਨ ਸਿਰਜਣ ਵਿੱਚ ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ, ਉਹਨਾਂ ਵਿੱਚੋਂ ਇੱਕ ਨਾਂ ਕੁਮਾਰ ਵਿਕਲ ਦਾ ਹੈ । ਨਾ ਉਹ ਕਦੇ ਯੂਨੀਵਰਸਿਟੀ ਵਿੱਚ ਪੜ੍ਹਿਆ ਸੀ, ਨਾ ਕਦੇ ਉਹਨੇ ਪੜ੍ਹਾਇਆ ਸੀ । ਪਰ ਉਹ ਪਬਲੀਕੇਸ਼ਨ ਬਿਊਰੋ ਤੋਂ ਲੈ ਕੇ ਵੀ. ਸੀ. ਦੇ ਦਫ਼ਤਰ ਤੱਕ ਪੂਰੀ ਤਰ੍ਹਾਂ ਛਾਇਆ ਸੀ । ਕਹਿਣ ਨੂੰ ਸ਼ਿਵ ਕੁਮਾਰ ਵਾਂਗ ਉਹ ਵੀ ਦਰਜਾ ਤਿੰਨ ਮੁਲਾਜ਼ਮ ਸੀ, ਪਰ ਕਲਾ ਅਤੇ ਸਾਹਿੱਤ ਦੀ ਸਲਤਨਤ ਦਾ ਉਹ ਮੁਗ਼ਲੇ-ਆਜ਼ਮ ਸੀ ।

ਉਸ ਬਾਰੇ ਲਿਖਣ ਲੱਗਿਆਂ ਉਸਦੀ ਬੇ-ਤਰਤੀਬੀ, ਅਨੁਸ਼ਾਸਨਹੀਣਤਾ ਅਤੇ ਲਾਪਰਵਾਹੀ ਮਨਫ਼ੀ ਨਹੀਂ ਕੀਤੀ ਜਾ ਸਕਦੀ । ਗੱਲ 1966-67 ਦੀ ਹੈ । ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਕਵੀ ਦਰਬਾਰ ਚੱਲ ਰਿਹਾ ਸੀ । ਸ਼ਿਵ ਕੁਮਾਰ ਨੂੰ ਸੁਣਨ ਲਈ ਸਰੋਤੇ ਇੰਨੀ ਜ਼ਿਆਦਾ ਗਿਣਤੀ ਵਿੱਚ ਜਮ੍ਹਾਂ ਹੋ ਗਏ ਸਨ ਕਿ ਉਹ ਨਾ ਸੀਟਾਂ ਵਿੱਚ ਸਮਾ ਰਹੇ ਸਨ ਤੇ ਨਾ ਹਾਲ ਵਿੱਚ । ਪ੍ਰਬੰਧਕਾਂ ਨੇ ਸ਼ਿਵ ਨੂੰ ਸਭ ਤੋਂ ਅਖ਼ੀਰ 'ਤੇ ਬੁਲਾਉਣ ਲਈ ਸ਼ੋਅ-ਪੀਸ ਵਾਂਗੂੰ ਸਟੇਜ 'ਤੇ ਬਿਠਾਇਆ ਹੋਇਆ ਸੀ । ਸ਼ਿਵ ਦੀ ਉਡੀਕ ਵਿੱਚ ਉਸਦੇ ਪ੍ਰਸ਼ੰਸਕ ਦਸੰਬਰ ਦੀ ਠੰਡ ਵਿੱਚ ਬਾਕੀਆਂ ਨੂੰ ਬਰਦਾਸ਼ਤ ਕਰ ਰਹੇ ਸਨ । ਸ਼ਿਵ ਉੱਠਿਆ, ਉਸਨੇ ਆਪਣੇ ਸੁੱਕੇ ਤੇ ਤਰੇੜੇ ਬੁੱਲ੍ਹਾਂ 'ਤੇ ਖੁਸ਼ਕ ਜੀਭ ਫੇਰ ਕੇ ਬਹੁਤ ਹੀ ਧੀਮੇ ਸੁਰ ਵਿੱਚ ਗੁਣਗੁਣਾਉਣਾ ਸ਼ੁਰੂ ਕੀਤਾ :

ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬੀਮਾਰ ਤੇਰੇ ਸ਼ਹਿਰ ਦਾ

ਇਕਸੁਰ ਹੋਏ ਤੇ ਸੂਤੇ ਮਾਹੌਲ ਵਿੱਚ ਇੱਕ ਲੜਖੜਾਉਂਦੀ ਹੋਈ ਆਵਾਜ਼ ਪੂਰੇ ਹੱਕੀ ਅੰਦਾਜ਼ ਅਤੇ ਹਾਕਮਾਨਾ ਲਹਿਜ਼ੇ ਵਿੱਚ ਫ਼ਰਮਾਇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ:

''ਨਹੀਂ ਸ਼ਿਵ... ਨਹੀਂ ਬਕਵਾਸ... ਬੰਦ ਕਰ... । ਅਸੀਂ ਨਹੀਂ ਇਹ ਸੁਣਦੇ । ਮਿੱਟੜੀ ਦੇ ਬਾਵੇ ਸੁਣਾ... ਮਿੱਟੜੀ ਦੇ ਬਾਵੇ । ਕੰਨ 'ਤੇ ਹੱਥ ਧਰ ਕੇ, ਗਾ ਕੇ ਸੁਣਾ-ਸੱਜਣਾ ਜੀ ਅਸੀਂ ਮਿੱਟੜੀ ਦੇ ਬਾਵੇ ।''

ਪ੍ਰਬੰਧਕ ਅਤੇ ਆਸ ਪਾਸ ਬੈਠੇ ਸਰੋਤੇ ਉਸਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸਨ । ਉਹ ਵਾਇਲੈਂਟ ਹੋ ਰਿਹਾ ਸੀ । ਸ਼ਿਵ ਨੇ ਗ਼ਜ਼ਲ ਬੰਦ ਕਰਕੇ ਗੱਲ ਕਰਨੀ ਸ਼ੁਰੂ ਕੀਤੀ :

''ਅੱਜ ਮੇਰਾ ਯਾਰ ਵਿਕਲ ਕੁਝ ਜ਼ਿਆਦਾ ਹੀ ਭਾਵੁਕ ਹੋ ਗਿਆ ਲਗਦੈ । ਤੁਸੀਂ ਇਹਨੂੰ ਕੁਝ ਨਾ ਕਹੋ, ਮੈਨੂੰ ਕਹਿਣ ਦਿਉ । ਗੱਲ ਸੁਣ ਵਿਕਲ, ਅੱਜ ਮੈਂ ਆਪਣੀ ਤਾਜ਼ਾ ਲਿਖੀ ਗ਼ਜ਼ਲ ਇੱਥੇ ਪਹਿਲੀ ਵਾਰ ਸੁਣਾ ਰਿਹਾਂ । ਮੈਨੂੰ ਸੁਣਾ ਲੈਣ ਦੇ ਤੇ ਇਨ੍ਹਾਂ ਨੂੰ ਸੁਣ ਲੈਣ ਦੇ । ਤੇਰੀ ਫ਼ਰਮਾਇਸ਼ ਤਾਂ ਮੈਂ ਕਿਤੇ ਵੀ ਪੂਰੀ ਕਰ ਸਕਦਾਂ । ਮੁਸ਼ਾਇਰਾ ਖ਼ਤਮ ਹੋਣ ਵਾਲਾ ਹੈ, ਪਲੀਜ਼...''

ਵਿਕਲ ਚੁੱਪਚਾਪ ਹਾਲ 'ਚੋਂ ਬਾਹਰ ਚਲਾ ਗਿਆ । ਕੁਝ ਦੇਰ ਬਾਅਦ ਆਡੀਟੋਰੀਅਮ ਦੇ ਬਾਹਰ ਕੁਮਾਰ ਵਿਕਲ ਨੂੰ ਸ਼ਿਵ ਕੰਨ 'ਤੇ ਹੱਥ ਧਰ ਕੇ ਮਿੱਟੜੀ ਦੇ ਬਾਵੇ ਸੁਣਾ ਰਿਹਾ ਸੀ । ਵਿਕਲ ਉਹਨੂੰ ਘੇਰੀ ਖੜ੍ਹਾ ਸੀ । ਸ਼ਿਵ ਦਾ ਮੇਜ਼ਬਾਨ ਕਾਰ ਸਟਾਰਟ ਕਰਕੇ ਦਰਵਾਜ਼ਾ ਖੋਲ੍ਹੀ ਉਡੀਕ ਰਿਹਾ ਸੀ । ਸ਼ਿਵ ਨੇ ਗੀਤ ਖ਼ਤਮ ਕੀਤਾ ਤੇ ਵਿਕਲ ਨੂੰ ਪਿਆਰ ਨਾਲ ਜੱਫੀ ਪਾ ਕੇ ਉਸਦੇ ਘਰ ਛੱਡਣ ਤੱਕ ਆਪਣੇ ਨਾਲ ਹੀ ਕਾਰ ਵਿੱਚ ਬਿਠਾ ਲਿਆ ।

ਹਾਂ ਇਹ ਕੁਮਾਰ ਵਿਕਲ ਸੀ, ਜਿਸ ਨਾਲ ਅਜੇ ਕੁਝ ਦਿਨ ਪਹਿਲਾਂ ਮ੍ਰਿਤਯੂਬੋਧ ਨੇ ਮੇਰੀ ਵਾਕਫ਼ੀਅਤ ਇਹ ਕਹਿ ਕੇ ਕਰਵਾਈ ਸੀ ਕਿ ਕੁਮਾਰ ਵਿਕਲ ਹਿੰਦੀ ਦਾ ਬਹੁਤ ਵਧੀਆ ਤੇ ਮਸ਼ਹੂਰ ਕਵੀ ਹੈ । ਪਰ ਮੈਨੂੰ ਉਦੋਂ ਉਹ ਨਾ ਵਧੀਆ ਲੱਗਿਆ ਤੇ ਨਾ ਮਸ਼ਹੂਰ ਕਿਉਂਕਿ ਉਦੋਂ ਤੱਕ ਉਹਦੀ ਕੋਈ ਨਜ਼ਮ ਪੜ੍ਹਨਾ ਤਾਂ ਇੱਕ ਪਾਸੇ, ਮੈਂ ਉਸਦਾ ਨਾਂ ਤੱਕ ਵੀ ਨਹੀਂ ਸੀ ਸੁਣਿਆ ਹੋਇਆ ।

ਸੱਚੀ ਗੱਲ ਤਾਂ ਇਹ ਹੈ ਕਿ ਪਹਿਲੀ ਨਜ਼ਰੇ ਮੈਨੂੰ ਉਹ ਕਵੀ ਲੱਗਾ ਹੀ ਨਹੀਂ ਸੀ । ਮਾਤਾ ਦੇ ਦਾਗ਼ਾਂ ਵਾਲਾ ਖਰ੍ਹਵਾ ਜਿਹਾ ਚਿਹਰਾ, ਵਰਾਛਾਂ ਥਾਣੀਂ ਨਜ਼ਰ ਆਉਂਦੀ ਪਾਨ ਦੀ ਰੰਗੀਨੀ, ਅੱਤ ਸਾਧਾਰਨ ਪਹਿਰਾਵਾ, ਖਿੱਲਰੇ ਅਤੇ ਉਲਝੇ ਹੋਏ ਵਾਲ, ਹਰ ਗੱਲ ਨੂੰ ਖ਼ਤਮ ਜਾਂ ਸ਼ੁਰੂ ਕਰਨ ਵੇਲੇ ਮਾਂ-ਭੈਣ ਦੀ ਅਧੂਰੀ ਗਾਲ਼ । ਮੈਂ ਸਮਝਿਆ ਮ੍ਰਿਤਯੂਬੋਧ ਮੈਨੂੰ ਮਖ਼ੌਲ ਕਰ ਰਿਹਾ ਹੈ । ਧਿਆਨਪੁਰੋਂ ਚੰਡੀਗੜ੍ਹ ਆਇਆਂ ਅਜੇ ਮੈਨੂੰ ਦੋ ਤਿੰਨ ਸਾਲ ਹੀ ਹੋਏ ਸਨ ਅਤੇ ਇੰਜ ਮਹਿਸੂਸ ਕਰਦਾ ਸਾਂ ਜਿਵੇਂ ਖੂਹ ਦਾ ਡੱਡੂ ਸਮੁੰਦਰ ਵਿੱਚ ਆ ਗਿਆ ਹੋਵੇ । ਚੰਗੀਆਂ ਕਿਤਾਬਾਂ ਅਤੇ ਵਧੀਆ ਲੇਖਕਾਂ ਦੀ ਮਿਹਰਬਾਨੀ ਨਾਲ ਹੈਰਾਨੀ, ਤੇ ਨਾਲ ਨਾਲ ਮੇਰੀ ਪਰੇਸ਼ਾਨੀ ਵੀ ਦੂਰ ਹੁੰਦੀ ਗਈ ਅਤੇ ਮੈਂ ਵੀ ਹੌਲੀ ਹੌਲੀ ਮਾਹੌਲ ਦੇ ਨੇੜੇ ਹੁੰਦਾ ਗਿਆ । ਸੰਗਤ ਦਾ ਅਸਰ ਹੋਇਆ । ਮਿਲ ਬੈਠਣ ਦੇ ਸਭਿਆਚਾਰ 'ਚੋਂ ਇੱਕ ਨਵੀਂ ਦ੍ਰਿਸ਼ਟੀ ਜਾਗੀ । ਹਾਸਿਆਂ ਵਾਲਾ ਸੂਬਾ ਸਿੰਘ ਤੇ ਹੰਝੂਆਂ ਵਾਲਾ ਸ਼ਿਵ ਕੁਮਾਰ ਮੇਰੇ ਅੰਗ ਸੰਗ ਸਨ । ਇਹਨਾਂ ਦੋਹਾਂ ਦੇ ਅਦਬੀ ਦਾਇਰੇ ਬੜੇ ਵਸੀਹ ਸਨ । ਮਾਹੌਲ ਸੰਘਣਾ, ਸਿਰਜਣਾਤਮਕ ਅਤੇ ਚੱਕਰਵਰਤੀ ਹੋ ਗਿਆ । ਲਹੂ ਗਰਮ ਸੀ, ਮਾਹੌਲ ਗਰਮ ਸੀ । ਕਵਿਤਾ ਦਿਲ 'ਚੋਂ ਨਹੀਂ, ਬੰਦੂਕ ਦੀ ਨਾਲੀ 'ਚੋਂ ਨਿਕਲ ਰਹੀ ਸੀ । ਖੱਬੀ ਮਿਲੀਟੈਂਸੀ ਦਾ ਬੋਲਬਾਲਾ ਸੀ । ਯੂਨੀਵਰਸਿਟੀ ਸੱਚੀ- ਮੁੱਚੀ ਯੂਨੀਵਰਸਿਟੀ ਲਗਦੀ ਸੀ । ਇਹ ਉਹ ਦਿਨ ਸਨ, ਜਦੋਂ ਵਿਕਲ ਨੂੰ ਅੰਦਰੋਂ ਬਾਹਰੋਂ ਜਾਣਨ ਦਾ ਮੌਕਾ ਮਿਲਿਆ । ਅਮਰਜੀਤ ਚੰਦਨ, ਅਮਿਤੋਜ, ਸਤਯਪਾਲ ਗੌਤਮ, ਗੁਰਦੀਪ ਗਰੇਵਾਲ, ਮ੍ਰਿਤਯੂਬੋਧ, ਗੁਰਬਖਸ਼ ਸਿੰਘ ਸੋਚ... ਤੇ ਕੁਮਾਰ ਵਿਕਲ । ਰੂਪੋਸ਼ ਅਦੀਬਾਂ ਦੀ ਠਾਹਰ ਵੀ ਇਹੋ ਸੀ । ਗਾਹੇ-ਬਗਾਹੇ ਉਨ੍ਹਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ । ਯੂਨੀਵਰਸਿਟੀ ਵਿੱਚ ਡਾ. ਤਿਵਾੜੀ ਸਾਹਿੱਤ ਸਰਗਰਮੀਆਂ ਭਖਾਈ ਰੱਖਦਾ ਸੀ । ਇੱਕ ਵਾਰ ਉਸਨੇ ਆਪਣੀ ਰਿਹਾਇਸ਼ 'ਤੇ ਸਥਾਨਕ ਲੇਖਕਾਂ ਦੀ ਮੀਟਿੰਗ ਬੁਲਾਈ, ਜਿੱਥੇ ਇੱਕ ਨਵੀਂ ਸਾਹਿੱਤਕ ਸੰਸਥਾ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ । ਇਸ ਮੀਟਿੰਗ ਵਿੱਚ ਨਾਮਵਰ ਪੱਤਰਕਾਰ ਕੁਲਦੀਪ ਨਈਅਰ ਵੀ ਸ਼ਾਮਿਲ ਸੀ । ਹਾਜ਼ਰ ਲੇਖਕਾਂ ਦੀ ਇੱਕ ਸੂਚੀ ਬਣਾਈ ਗਈ ਸੀ । ਜਿਸ ਵਿੱਚ ਕੁਮਾਰ ਵਿਕਲ ਦਾ ਨਾਂ ਸਭ ਤੋਂ ਉੱਪਰ ਸੀ । ਓਸੇ ਰਾਤ ਡਾ. ਤਿਵਾੜੀ ਦੇ ਘਰ ਪੁਲਿਸ ਦਾ ਛਾਪਾ ਪੈ ਗਿਆ । ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਤਿਵਾੜੀ ਦੇ ਘਰ ਰੂਪੋਸ਼ ਨਕਸਲਵਾਦੀ ਠਹਿਰਦੇ ਹਨ । ਲੇਖਕਾਂ ਦੀ ਉਹ ਲਿਸਟ ਪੁਲਿਸ ਦੇ ਹੱਥ ਲੱਗ ਗਈ । ਵਿਕਲ ਨੂੰ ਫੜ੍ਹ ਕੇ ਲੈ ਗਏ । ਪੁੱਛਗਿੱਛ ਤੋਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਕਹਿਣ ਲੱਗਾ, ''ਸਭ ਤੋਂ ਵੱਧ ਉਹ ਤੇਰੇ ਬਾਰੇ ਪੁੱਛਦੇ ਸਨ ।'' ਤਿਵਾੜੀ ਦੇ ਉੱਚੇ ਸੰਬੰਧਾਂ ਕਾਰਨ ਇਹ ਮਾਮਲਾ ਰਫ਼ਾ-ਦਫ਼ਾ ਤਾਂ ਹੋ ਗਿਆ, ਪਰ ਮੇਰੀ ਉਸ ਨਾਲ ਸਾਂਝ ਦਾ ਇਹ ਪਹਿਲਾ ਮੀਲ- ਪੱਥਰ ਸੀ ।

ਇਹਨਾਂ ਦਿਨਾਂ ਵਿੱਚ ਉਹ ਪੂਰੇ ਜਲੌਅ ਵਿੱਚ ਸੀ । ਲਗਾਤਾਰ ਲਿਖਦਾ ਸੀ । ਲਿਖਦਾ ਲਿਖਦਾ ਸੁਣਾਈ ਵੀ ਜਾਂਦਾ ਸੀ । ਜਾਪਦਾ ਤੇ ਇਉਂ ਸੀ, ਜਿਵੇਂ ਉਹ ਸੁਣਾਉਂਦਾ ਸੁਣਾਉਂਦਾ ਹੀ ਲਿਖ ਰਿਹਾ ਹੋਵੇ । ਕਈ ਵਾਰ ਉਹ ਇੱਕੋ ਸ਼ਬਦ ਜਾਂ ਅਧੂਰੀ ਸਤਰ ਦੁਹਰਾਈ ਜਾਂਦਾ, ਜਿਵੇਂ ਕੁਝ ਭੁੱਲ ਗਿਆ ਹੋਵੇ । ਪਰ ਉਹ ਭੁੱਲਦਾ ਨਹੀਂ ਸੀ, ਸਿਰਜ ਰਿਹਾ ਹੁੰਦਾ ਸੀ । ਪਿੱਛੋਂ ਜਾ ਕੇ ਇਹ ਉਹਦਾ ਸਟਾਈਲ ਹੀ ਬਣ ਗਿਆ । ਭੁਲੇਖੇ ਜਹੇ ਵਿੱਚ ਉਹ ਭੁੱਲ ਵੀ ਜਾਂਦਾ ਅਤੇ ਸਿਰਜੀ ਵੀ ਜਾਂਦਾ । ਕਦੀ ਦਿੱਲੀ ਵਾਲਾ ਗਰੁੱਪ ਉਹਦੇ ਨਾਲ ਆ ਰਲਦਾ, ਕਦੀ ਅੰਮ੍ਰਿਤਸਰ ਤੇ ਕਦੀ ਪਟਿਆਲੇ ਵਾਲਾ । ਉਹ ਬਹਿਸ ਬਹੁਤ ਕਰਦਾ ਸੀ । ਕਾਫ਼ੀ ਹਾਊਸ, ਬੀਅਰ ਬਾਰ, ਮਨਜ਼ੂਰ-ਸ਼ੁਦਾ ਹਾਤਾ, ਸੜਕ ਦਾ ਕਿਨਾਰਾ, ਘਰ ਜਾਂ ਹੋਸਟਲ, ਉਹ ਕਿਸੇ ਵੀ ਵੇਲੇ, ਕਿਸੇ ਵੀ ਜਗ੍ਹਾ ਪੂਰਾ 'ਸ਼ਾਇਰ' ਬਣ ਸਕਦਾ ਸੀ । ਰੋਕਣ-ਟੋਕਣ ਵਾਲੇ ਦੇ ਸਾਹਮਣੇ ਚੱਟਾਨ ਵਾਂਗੂੰ ਤਣ ਸਕਦਾ ਸੀ । ਮਹਫ਼ਿਲ ਜਮਾਉਣਾ, ਮਹਫ਼ਿਲ ਵਿੱਚ ਜਾਣਾ ਅਤੇ ਮਹਫ਼ਿਲ ਦਾ ਕੇਂਦਰ ਬਣੇ ਰਹਿਣਾ, ਓਸਨੂੰ ਚੰਗਾ ਲਗਦਾ ਸੀ । ਕੋਈ ਵੀ ਢੰਗ ਵਰਤ ਕੇ ਆਪਣੀ ਹੋਂਦ ਜਤਲਾਉਣ ਦਾ ਉਹ ਮਾਹਿਰ ਸੀ । ਕਿਸੇ ਆਰਟਿਸਟ ਮਿੱਤਰਾਂ ਦੇ ਚਿੱਤਰਾਂ ਦੀ ਨੁਮਾਇਸ਼ ਹੋਵੇ, ਕੋਈ ਸੈਮੀਨਾਰ ਜਾਂ ਸੰਮੇਲਨ ਹੋਵੇ, ਕਿਤੇ ਕੋਈ ਚੰਗਾ ਨਾਟਕ ਹੋ ਰਿਹਾ ਹੋਵੇ, ਜਾਂ ਪੁਸਤਕ ਪਰਦਰਸ਼ਨੀ ਹੋਵੇ-ਉਹ ਆਪਣੀ ਢਾਣੀ ਸਮੇਤ ਹਾਜ਼ਰ ਹੁੰਦਾ ਸੀ ।

ਕਹਿੰਦੇ ਨੇ ਕਿਸੇ ਇੱਕ ਵਿਸ਼ੇਸ਼ ਸਮੇਂ ਵਿੱਚ ਇੱਕੋ ਜਿਹੀ ਪ੍ਰਤਿਭਾ ਵਾਲੀਆਂ ਕੁਝ ਵਿਸ਼ੇਸ਼ ਹਸਤੀਆਂ ਪੈਦਾ ਹੁੰਦੀਆਂ ਹਨ । ਨਵਜੰਮੇ ਸ਼ਹਿਰ ਚੰਡੀਗੜ੍ਹ ਵਿੱਚ ਸ਼ਿਵ ਕੁਮਾਰ ਤੇ ਵਿਕਲ ਤੋਂ ਇਲਾਵਾ ਇਸ ਅਦਬੀ ਤ੍ਰਿਕੋਣ ਦਾ ਤੀਜਾ ਬਿੰਦੂ ਪ੍ਰੇਮ ਵਾਰਬਰਟਨੀ ਹੈ । ਪ੍ਰੇਮ ਦੀ ਸਾਂਝ ਵਿਕਲ ਨਾਲ ਉਦੋਂ ਤੋਂ ਸੀ, ਜਦੋਂ ਉਹ ਵਿਕਲ ਨਹੀਂ, ਵਿਜੇ ਕੁਮਾਰ ਹੁੰਦਾ ਸੀ । ਪ੍ਰੋ. ਹਜ਼ਾਰਾ ਸਿੰਘ (ਪੰਜਾਬੀ ਯੂਨੀਵਰਸਿਟੀ ਵਾਲੇ) ਪ੍ਰੋ. ਸਤਯਪਾਲ ਆਨੰਦ, ਪ੍ਰੇਮ ਵਾਰਬਰਟਨੀ ਅਤੇ ਵਿਜੇ ਕੁਮਾਰ ਉਰਫ਼ ਕੁਮਾਰ ਵਿਕਲ ਲੁਧਿਆਣੇ ਲਾਹੌਰ ਬੁੱਕ ਸ਼ਾਪ ਵਿੱਚ ਸਵਰਗਵਾਸੀ ਜੀਵਨ ਸਿੰਘ ਦੇ ਸ਼ਾਸਨਕਾਲ ਸਮੇਂ ਇਕੱਠੇ ਕੰਮ ਕਰਦੇ ਸਨ । ਪ੍ਰੇਮ ਤੇ ਵਿਕਲ ਦੀਆਂ ਮਹਿਫ਼ਲਬਾਜ਼ੀ ਨਾਲ ਸੰਬੰਧਿਤ ਲੁਧਿਆਣੇ ਦੀਆਂ ਵੀ ਕਈ ਕਥਾਵਾਂ ਪ੍ਰਚਲਿਤ ਹਨ । ਮਿਸਾਲ ਵਜੋਂ ਜੀਵਨ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਸੁਖਪਾਲ ਵੀਰ ਸਿੰਘ ਹਸਰਤ ਦੀ ਕਿਤਾਬ ਦੇ ਟਾਈਟਲ ਦਾ ਇੱਕ ਅੱਖਰ ਸ਼ਰਾਰਤ ਨਾਲ ਬਦਲ ਕੇ ਛਾਪ ਦਿੱਤਾ । ਬਦਲੇ ਵਿੱਚ ਹਸਰਤ ਕੋਲੋਂ ਦਾਰੂ ਪੀਤੀ ਤੇ ਜੀਵਨ ਸਿੰਘ ਕੋਲੋਂ ਝਿੜਕਾਂ ਖਾਧੀਆਂ ।

ਸ਼ਿਵ ਕੁਮਾਰ ਪੰਜਾਬੀ ਵਿੱਚ ਲਿਖਦਾ ਸੀ । ਪ੍ਰੇਮ ਉਰਦੂ ਵਿੱਚ ਪੰਜਾਬੀ ਲਿਖਦਾ ਸੀ ਅਤੇ ਵਿਕਲ ਹਿੰਦੀ ਵਿੱਚ ਪੰਜਾਬੀ ਲਿਖਦਾ ਸੀ । ਇਨ੍ਹਾਂ ਤਿੰਨਾਂ ਦੀ ਪਿਆਸ ਤੇ ਭਟਕਣਾ ਸਖ਼ਿਰ 'ਤੇ ਸੀ । ਤਿੰਨਾਂ ਨੂੰ ਪੂਰੀ ਸ਼ੁਹਰਤ ਮਿਲੀ । ਆਦਰ ਮਿਲਿਆ ਤੇ ਨਫ਼ਰਤ ਵੀ ਮਿਲੀ । ਤਿੰਨੇ ਤਕਰੀਬਨ ਇੱਕੋ ਤਰ੍ਹਾਂ ਜੀਵੇ ਅਤੇ ਇੱਕੋ ਤਰ੍ਹਾਂ ਵਿਦਾ ਹੋਏ । ਤਿੰਨਾਂ ਦੀ ਸਾਂਝ ਵਿਰੋਧ-ਵਿਕਾਸ ਵਾਲੀ ਸੀ । ਕਦੇ ਉਹ ਇੱਕ ਦੂਸਰੇ ਨੂੰ ਵੇਖ ਨਹੀਂ ਸਨ ਸੁਖਾਉਂਦੇ ਤੇ ਕਦੇ ਸਿਫ਼ਤਾਂ ਕਰਦੇ ਨਹੀਂ ਸਨ ਥੱਕਦੇ ।

ਸ਼ਿਵ ਨੇ 'ਮੈਂ ਤੇ ਮੈਂ' ਦੀ ਪ੍ਰੈੱਸ ਕਾਪੀ ਤਿਆਰ ਕੀਤੀ । ਛਪਣ ਲਈ ਭੇਜਣ ਤੋਂ ਪਹਿਲਾਂ ਸੋਚੀਂ ਪੈ ਗਿਆ ਕਿ ਸਮਰਪਣ ਕਿਸ ਨੂੰ ਕੀਤਾ ਜਾਏ । ਮੈਂ ਹਾਸੇ ਨਾਲ ਕਿਹਾ, ''ਆਪਣੇ ਨਾਂ ਕਰ ਲਉ ।'' ਸ਼ਿਵ ਗੰਭੀਰ ਹੋ ਕੇ ਕਹਿਣ ਲੱਗਾ, ''ਨਹੀਂ! ਇਹ ਇੱਕ ਨਾਜਾਇਜ਼ ਬੱਚੇ ਦੀ ਕਹਾਣੀ ਹੈ । ਲੋਕ ਮੇਰੀ ਆਤਮ-ਕਥਾ ਸਮਝ ਲੈਣਗੇ ।'' ਫੇਰ ਮੈਂ ਕੁਮਾਰ ਵਿਕਲ ਦਾ ਸੁਝਾਅ ਦਿੱਤਾ । ਗੱਲ ਉਹਦੇ ਮੰਨਣ 'ਚ ਆ ਗਈ । ਕਹਿਣ ਲੱਗਾ, ''ਠੀਕ ਐ! ਨਾਲੇ ਕੁਮਾਰ ਵਿਕਲ ਨੇ ਇਹਦੇ ਬਹੁਤ ਹਿੱਸੇ ਸੁਣੇ ਵੀ ਹੋਏ ਨੇ, ਪਰ ਉਹਦੀ ਸਹਿਮਤੀ ਲੈਣੀ ਜ਼ਰੂਰੀ ਐ ।'' ਰਿਕਸ਼ਾ ਫੜਿਆ ਤੇ ਯੂਨੀਵਰਸਿਟੀ ਪਹੁੰਚੇ । ਸ਼ਿਵ ਦਾ ਪ੍ਰਸਤਾਵ ਸੁਣ ਕੇ ਵਿਕਲ ਖੁਸ਼ ਹੋਇਆ । ਪਰ ਜਦ ਮੈਂ ਪਿਛੋਕੜ ਵੱਲ ਇਸ਼ਾਰਾ ਕੀਤਾ, ਤਾਂ ਗੁੱਸੇ ਵਿੱਚ ਆ ਕੇ ਬੋਲਿਆ, ''ਮੈਨੂੰ ਕਿਉਂ ਕਰਦੇ ਓ? ਕਿਸੇ ਹਰਾਮਜ਼ਾਦੇ ਨੂੰ ਸਮਰਪਣ ਕਰੋ ।'' ਬਾਅਦ ਵਿੱਚ ਸ਼ਿਵ ਨੇ ਕਿਤਾਬ ਸਾਹਿਰ ਲੁਧਿਆਣਵੀ ਨੂੰ ਸਮਰਪਣ ਕਰਕੇ ਛਪਵਾ ਲਈ, ਜਿਸਨੂੰ ਕਿ ਗੁਰਮੁਖੀ ਲਿਪੀ ਨਹੀਂ ਸੀ ਆਉਂਦੀ ਤੇ ਛਪੀ ਹੋਈ ਕਿਤਾਬ ਡਾਕ ਰਾਹੀਂ ਸਾਹਿਰ ਨੂੰ ਭੇਜਣ ਵੇਲੇ ਇਹ ਸ਼ਬਦ ਲਿਖ ਕੇ ਭੇਜੇ, ''ਆਪਣੇ ਯਾਰ ਸਾਹਿਰ ਲੁਧਿਆਣਵੀ ਨੂੰ , ਜਿਹੜਾ ਕਿ ਬੰਬਈ ਜਾ ਕੇ ਉੱਲੂ ਦਾ ਪੱਠਾ ਹੋ ਗਿਆ ਹੈ ।''

ਇੱਕ ਪ੍ਰਸੰਗ ਪ੍ਰੇਮ ਅਤੇ ਸ਼ਿਵ ਦਾ ਵੀ ਯਾਦ ਆ ਰਿਹਾ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਸਰੀ ਜਨਮ-ਸ਼ਤਾਬਦੀ ਸਮੇਂ ਚੰਡੀਗੜ੍ਹ ਵਿੱਚ ਹੋਏ ਰਾਜਪੱਧਰ ਦੇ ਕਵੀ ਦਰਬਾਰ ਵਿੱਚ ਇਹ ਦੋਵੇਂ ਸ਼ਾਇਰ ਸ਼ਾਮਿਲ ਸਨ । ਸ਼ਿਵ ਦੀ ਕਵਿਤਾ ਬਹੁਤੀ ਜਮ ਨਾ ਸਕੀ । ਉਹ ਲਗਭਗ ਹੂਟ ਹੀ ਹੋ ਗਿਆ । ਨਮੋਸ਼ੀ ਨੂੰ ਢੱਕਣ ਲਈ ਸਿਗਰਟ ਦੀ ਤਲਬ ਜਾਗੀ, ਪੰਡਾਲ ਤੋਂ ਬਾਹਰ ਚਲਾ ਗਿਆ । ਪ੍ਰੇਮ ਉੱਥੇ ਪਹਿਲਾਂ ਹੀ ਖੜ੍ਹਾ ਸਿਗਰਟ ਪੀ ਰਿਹਾ ਸੀ । ਪਿਛਲੇ ਕੁਝ ਅਰਸੇ ਤੋਂ ਇਹ ਆਪਸ ਵਿੱਚ ਬੋਲਦੇ ਨਹੀਂ ਸਨ । ਮਹਿਜ਼ ਬੁਲਾਉਣ ਲਈ ਸ਼ਿਵ ਨੇ ਪ੍ਰੇਮ ਤੋਂ ਮਾਚਿਸ ਮੰਗੀ । ਉਹਨੇ ਚੁੱਪ ਕਰਕੇ ਮਾਚਿਸ ਫੜਾ ਦਿੱਤੀ, ਬੋਲਿਆ ਫੇਰ ਵੀ ਨਾ । ਸਿਗਰਟ ਬਾਲ ਕੇ ਮਾਚਿਸ ਵਾਪਸ ਕਰਦਿਆ ਸ਼ਿਵ ਨੇ ਗੱਲ ਤੋਰਨ ਲਈ ਇੱਕ ਹੋਰ ਫ਼ਿਕਰਾ ਬੋਲਿਆ : ''ਅੰਮ੍ਰਿਤਾ ਦੀਦੀ ਠੀਕ ਕਹਿੰਦੀ ਹੁੰਦੀ ਐ, ਵਧੀਆ ਸ਼ਾਇਰ ਨੂੰ ਸਟੇਜ 'ਤੇ ਨਹੀਂ ਬੋਲਣਾ ਚਾਹੀਦਾ ।'' ''ਦੀਦੀ ਤਾਂ ਠੀਕ ਕਹਿੰਦੀ ਐ, ਪਰ ਤੈਨੂੰ ਕੀ ਫ਼ਰਕ ਪੈਂਦੈ?'' ਪ੍ਰੇਮ ਦਾ ਠੰਡਾ ਹੁੰਗਾਰਾ ਸੀ ।

ਰੋਜ਼ ਗਾਰਡਨ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਸੀ, ਜਿਸ ਵਿੱਚ ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਸ਼ਾਮਿਲ ਹੋ ਰਹੇ ਸਨ । ਵਿਕਲ ਦਾ ਸੁਨੇਹਾ ਸੀ - 'ਕੱਠੇ ਚੱਲਾਂਗੇ । ਬਾਈ ਸੈਕਟਰ ਤੋਂ ਹੀ ਉਸ ਨੇ ਪਊਆ ਲਾ ਲਿਆ ਤੇ ਅਸੀਂ ਰਿਕਸ਼ੇ 'ਤੇ ਬਹਿ ਗਏ । ਪਹਿਲੀ ਵਾਰ ਮੈਨੂੰ ਉਹ ਕੋਈ ਅਦਬੀ ਸਲਾਹ ਦੇ ਰਿਹਾ ਸੀ । ਕਹਿਣ ਲੱਗਾ, ''ਤੂੰ ਚੰਗਾ ਲਿਖਨੈਂ । ਤੈਨੂੰ ਗੱਲ ਦੀ ਪਕੜ ਵੀ ਐ । ਪਰ ਜੇ ਕਿਤੇ ਤੂੰ ਦਾੜ੍ਹੀ ਵਾਲੇ ਬਾਬੇ ਨੂੰ ਪੜ੍ਹਿਆ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ ।'' ਉਸਦਾ ਇਸ਼ਾਰਾ ਕਾਰਲ ਮਾਰਕਸ ਵੱਲ ਸੀ । ਰੋਜ਼ ਗਾਰਡਨ ਵਿੱਚ ਪਹੁੰਚ ਕੇ ਉਹਨੇ ਮੈਨੂੰ ਪੰਡਾਲ ਵੱਲ ਜਾਣ ਤੋਂ ਰੋਕ ਲਿਆ ਤੇ ਸਟੇਜ ਦੇ ਪਿਛਲੇ ਪਾਸੇ ਲੈ ਗਿਆ, ਜਿੱਥੇ ਤਿੰਨ ਭਾਸ਼ਾਵਾਂ ਦੇ ਬੁਲਾਏ ਤੇ ਬਿਨ- ਬੁਲਾਏ ਕਵੀ ਸੋਮਰਸ ਦਾ ਸੇਵਨ ਕਰ ਰਹੇ ਸਨ । ਉੱਥੇ ਉਹ ਸ਼ਿਵ ਨਾਲ ਲੜ ਪਿਆ । ਉੱਚੀ ਉੱਚੀ ਵਾਧੀਆਂ ਘਾਟੀਆਂ ਕਰਨ ਲੱਗਾ । ਦਰਅਸਲ ਉਹ ਸ਼ਿਵ ਨੂੰ ਮੁਸ਼ਾਇਰੇ ਵਿੱਚ ਕਵਿਤਾ ਪੜ੍ਹਨ ਤੋਂ ਵਰਜ ਰਿਹਾ ਸੀ । ਕਹਿ ਰਿਹਾ ਸੀ, ''ਮੈਨੂੰ ਨਹੀਂ ਬੁਲਾਇਆ, ਤੂੰ ਵੀ ਨਾ ਪੜ੍ਹ ।''

ਕੁਮਾਰ ਵਿਕਲ ਦੀਆਂ ਨਜ਼ਮਾਂ ਦੇ ਕਾਵਿ-ਸੰਗ੍ਰਹਿ ਛਪੇ-ਏਕ ਛੋਟੀ ਸੀ ਲੜਾਈ, ਰੰਗ ਖ਼ਤਰੇ ਮੇਂ ਹੈ, ਨਿਰੂਪਮਾ ਦੱਤ ਮੈਂ ਬਹੁਤ ਉਦਾਸ ਹੂੰ । ਉਹਦੀਆਂ ਨਜ਼ਮਾਂ ਪੰਜਾਬੀ ਵਿੱਚ ਛਾਪਣ ਲਈ ਅਨੁਵਾਦਣੀਆਂ ਨਹੀਂ ਪੈਂਦੀਆਂ, ਸਿਰਫ਼ ਲਿਪੀਅੰਤਰ ਕਰਨਾ ਹੀ ਕਾਫ਼ੀ ਹੁੰਦਾ ਹੈ ।

ਨਜ਼ਮ ਲਿਖਣਾ ਅਤੇ ਨਜ਼ਮ ਵਾਂਗ ਜੀਊਣਾ ਦੋ ਵੱਖਰੇ ਕਰਮ ਹਨ । ਸ਼ਿਵ, ਪ੍ਰੇਮ ਤੇ ਵਿਕਲ ਦੀ ਤਰਜ਼-ਏ-ਜ਼ਿੰਦਗੀ ਮਰਿਯਾਦਾਮਈ ਸੰਸਾਰੀ ਲੋਕਾਂ ਨੂੰ ਸੂਟ ਨਹੀਂ ਕਰਦੀ । ਪਰ ਉਹਨਾਂ ਦਾ ਵਰਤਮਾਨ ਜਦੋਂ ਕਹਾਣੀ ਬਣ ਜਾਂਦਾ ਹੈ ਤਾਂ ਉਹਨਾਂ ਦੇ ਨਾਂ ਸਮਾਂ ਪਾ ਕੇ ਮਿੱਥਾਂ ਜੁੜਦੀਆਂ ਹਨ । ਰਿਸ਼ਤੇ ਜੁੜਦੇ ਹਨ, ਮੇਲੇ ਜੁੜਦੇ ਹਨ, ਕੁਰਸੀਆਂ ਜੁੜਦੀਆਂ ਹਨ ।

ਨਿਰੂਪਮਾ ਦੱਤ ਦਾ ਵਿਕਲ ਦੇ ਸੰਦਰਭ ਵਿੱਚ ਜ਼ਿਕਰ ਨਾ ਕੀਤਾ ਜਾਏ ਤਾਂ ਬੇਈਮਾਨੀ ਹੋਵੇਗੀ । ਚੰਡੀਗੜ੍ਹ ਦੇ ਸਾਹਿੱਤਕ/ਸਭਿਆਚਾਰਕ ਦ੍ਰਿਸ਼ ਨੂੰ ਅੰਗਰੇਜ਼ੀ ਪੱਤਰਕਾਰੀ ਰਾਹੀਂ ਇੱਕ ਵਿਸ਼ਾਲ ਅਤੇ ਵੱਖਰੇ ਪਾਠਕ ਵਰਗ ਤੱਕ ਪਹੁੰਚਾਉਣ ਦਾ ਪ੍ਰਸ਼ੰਸਾਯੋਗ ਕਾਰਜ ਇਸ ਪ੍ਰਤਿਭਾਵਾਨ ਤੇ ਜਿਗਿਆਸੂ ਪੱਤਰਕਾਰ-ਕਮ-ਲੇਖਕ ਕੁੜੀ ਨੇ ਕੀਤਾ ਹੈ । ਵਿਕਲ ਉਸਦੇ ਕਾਲਮਾਂ ਤੋਂ ਉਸਦੀ ਕਵਿਤਾ ਤਕ ਫੈਲਿਆ ਹੋਇਆ ਹੈ । ਪਰ ਉਹ ਇਸ ਪ੍ਰਸਤਾਵ ਨਾਲ ਸਹਿਮਤ ਨਹੀਂ ਸੀ ਕਿ ਵਿਕਲ ਆਪਣੇ ਸੰਗ੍ਰਹਿ ਦਾ ਨਾਂ ਨਿਰੂਪਮਾ ਦੱਤ ਮੈਂ ਬਹੁਤ ਉਦਾਸ ਹੂੰ ਰੱਖੇ । ਉਸਦੀ ਕਿਤਾਬ ਪੜ੍ਹਨ ਵਾਲੇ ਜਦੋਂ ਉਦਾਸ ਹੋਣਗੇ ਤਾਂ ਉਹਨਾਂ ਕੋਲ ਨਿਰੂਪਮਾ ਦੱਤ ਨਾਂ ਦਾ ਇੱਕ ਪ੍ਰਤੀਕ ਜ਼ਰੂਰ ਹੋਵੇਗਾ, ਜਿਸ ਨਾਲ ਉਦਾਸੀ ਸਾਂਝੀ ਕਰਨ ਦੀ ਸੰਭਾਵਨਾ ਬਣੀ ਰਹੇਗੀ ।

***

8. ਇੱਕ ਕਥਾ-ਯੁਗ ਦਾ ਅੰਤ

ਐਤਕੀਂ ਕ੍ਰਿਸਮਿਸ (1987) ਵਾਲੇ ਦਿਨ 'ਪੰਜਾਬੀ ਟਿ੍ਬਿਊਨ' ਵਿੱਚ ਖ਼ਬਰ ਛਪੀ ਕਿ ਦੋ ਦਿਨ ਪਹਿਲਾਂ ਟਰਾਂਟੋ ਵਿੱਚ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਦੇਹ ਦਾ ਅੰਤ ਹੋ ਗਿਆ ਹੈ । ਉਸਦੀਆਂ ਅੰਤਿਮ ਰਸਮਾਂ ਵੀ ਕੈਨੇਡਾ ਦੀ ਧਰਤੀ 'ਤੇ ਹੀ ਹੋਣੀਆਂ ਹਨ । ਕੋਈ ਡੇਢ ਦੋ ਮਹੀਨੇ ਪਹਿਲਾਂ ਉਹਨੇ ਪੰਜਾਬ ਦੀ ਧਰਤੀ ਤੋਂ ਵਿਦਾ ਲਈ ਸੀ । ਉਸਦੇ ਸਰੀਰ ਦਾ ਇੱਕ ਪਾਸਾ ਜਵਾਬ ਦੇ ਗਿਆ ਸੀ । ਹੁਣ ਉਹ ਬੋਲ ਨਹੀਂ ਸੀ ਸਕਦਾ; ਲਿਖ ਨਹੀਂ ਸੀ ਸਕਦਾ; ਤੁਰ (ਵੀ) ਨਹੀਂ ਸੀ ਸਕਦਾ । ਬੋਲਦਾ ਉਹ ਪਹਿਲਾਂ ਵੀ ਘੱਟ ਸੀ; ਲਿਖਦਾ ਵੀ ਘੱਟ ਸੀ; ਪਰ ਤੁਰਨ ਦਾ ਅੰਦਾਜ਼ ਉਹਦਾ ਕਮਾਲ ਦਾ ਸੀ । ਉਸਨੂੰ ਤੁਰਦਾ ਵੇਖ ਕੇ ਕਈ ਵਾਰ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਧਰਤੀ ਹੇਠਲਾ ਬੌਲਦ, ਪਤਾਲ-ਵਾਸੀਆਂ ਨੂੰ ਝਕਾਨੀ ਦੇ ਕੇ ਧਰਤੀ ਦੇ ਉੱਪਰ ਆ ਗਿਆ ਹੋਵੇ; ਡੂਢ ਹੱਥ ਦੀ ਉੱਚੀ ਬੰਨ੍ਹ ਵਾਲਾ ਬੌਲਦ!!

ਕੁਲਵੰਤ ਸਿੰਘ ਵਿਰਕ ਦਾ ਜਨਮ 20 ਮਈ, 1920 ਨੂੰ ਚੂਹੜਕਾਣੇ ਵਿਖੇ ਹੋਇਆ ਸੀ ਤੇ ਸ਼ੇਖੂਪੁਰੇ ਦੇ ਸਰਕਾਰੀ ਹਾਈ ਸਕੂਲ ਤੋਂ ਉਹਨੇ ਦਸਵੀਂ ਪਾਸ ਕੀਤੀ ਸੀ । ਪਿੱਛੋਂ 1940 ਵਿੱਚ ਐਫ. ਸੀ. ਕਾਲਿਜ ਲਾਹੌਰ ਤੋਂ ਬੀ. ਏ. ਪਾਸ ਕਰਕੇ ਉਹਨੇ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਅੰਗਰੇਜ਼ੀ ਦੀ ਐਮ. ਏ. ਕਰ ਲਈ । ਵਿਦਿਆਰਥੀ ਜੀਵਨ ਤੋਂ ਹੀ ਉਹਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰੰਤੂ ਪ੍ਰੋ: ਮੋਹਨ ਸਿੰਘ ਦੀ ਪ੍ਰੇਰਣਾ ਨਾਲ ਉਹਦਾ ਝੁਕਾਅ ਪੰਜਾਬੀ ਵੱਲ ਹੋਇਆ ਤੇ ਉਹਦੀ ਪਹਿਲੀ ਕਹਾਣੀ 'ਚਾਚਾ' 1944 ਦੇ 'ਪੰਜ ਦਰਿਆ' ਵਿੱਚ ਪ੍ਰਕਾਸ਼ਿਤ ਹੋਈ । ਵਿਰਕ ਦੀ ਪਲੇਠੀ ਕਥਾ-ਪੁਸਤਕ 'ਛਾਹ ਵੇਲਾ' ਵੀ ਮੋਹਨ ਸਿੰਘ ਦੇ ਪ੍ਰਕਾਸ਼ਨ 'ਹਿੰਦ ਪਬਲਿਸ਼ਰਜ਼' ਵੱਲੋਂ ਹੀ ਛਾਪੀ ਗਈ । ਬਾਅਦ ਵਿੱਚ ਉਹਦੀਆਂ ਕਹਾਣੀਆਂ ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਗੋਹਲਾਂ ਅਤੇ ਨਵੇਂ ਲੋਕ ਨਾਵਾਂ ਥੱਲੇ ਕਿਤਾਬੀ ਰੂਪ ਵਿੱਚ ਸਾਡੇ ਸਾਹਮਣੇ ਆਈਆਂ । 'ਨਵੇਂ ਲੋਕ' ਸੰਗ੍ਰਹਿ ਬਦਲੇ ਉਹਨੂੰ ਭਾਰਤੀ ਸਾਹਿੱਤ ਅਕਾਦਮੀ ਦਾ ਵੱਡਾ ਇਨਾਮ ਮਿਲਿਆ । ਇਸ ਇਨਾਮ ਮਿਲਣ ਪਿੱਛੋਂ ਸ਼ਾਇਦ ਉਹਦੀ ਕਲਮ ਨੂੰ ਅਧਰੰਗ ਮਾਰ ਗਿਆ । ਉਹਨੇ ਸਾਲਾਂ ਦੇ ਸਾਲ ਕੋਈ ਕਹਾਣੀ ਨਾ ਲਿਖੀ । ਪਿੱਛੇ ਜਿਹੇ, ਇੱਕ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਿਲਸਿਲੇ ਵਿੱਚ ਕੀਤੀ ਵਿਦੇਸ਼ ਯਾਤਰਾ ਮਗਰੋਂ, ਉਹਨੇ ਮੁੜ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜੋ 'ਆਰਸੀ' ਵਿੱਚ ਛਪਦੀਆਂ ਰਹੀਆਂ ਅਤੇ ਇੱਕ ਸੰਗ੍ਰਹਿ ਦੇ ਰੂਪ ਵਿੱਚ ਵੀ ਆਈਆਂ ਪਰ ਗੱਲ ਕੁਝ ਬਣ ਨਹੀਂ ਸੀ ਰਹੀ ਜਾਪਦੀ । ਨਵਯੁੱਗ ਵੱਲੋਂ ਪਹਿਲਾਂ ਉਹਦੀਆਂ ਸ੍ਰੇਸ਼ਟ ਕਹਾਣੀਆਂ ਅਤੇ ਫਿਰ ਮੁਕੰਮਲ ਕਹਾਣੀਆਂ ਇੱਕੋ ਜਿਲਦ ਵਿੱਚ ਛਾਪੀਆਂ ਗਈਆਂ । ਇਸ ਵੇਲੇ ਤੱਕ ਵਿਰਕ ਦਾ ਸਰੀਰ ਅਧਰੰਗ ਦਾ ਸ਼ਿਕਾਰ ਹੋ ਚੁੱਕਾ ਸੀ । ਉਹ ਜਿਵੇਂ ਰੂਪੋਸ਼ ਹੋ ਗਿਆ । ਉਹਦੇ ਅੰਦਰਲਾ ਜੱਟ ਕਿਸੇ ਹਮਦਰਦੀ ਦਾ ਪਾਤਰ ਬਣਨੋਂ ਆਕੀ ਸੀ । ਉਹਦੀ ਖ਼ੁਦੀ ਸਾਲਮ-ਸਬੂਤੀ ਬਾਕੀ ਸੀ । ਘਟੀਆ ਕਿਸਮ ਦੀ ਹਮਦਰਦੀ ਤੋਂ ਬਚਣ ਲਈ ਹੀ ਉਹ ਵਤਨ ਤਿਆਗ ਗਿਆ ਸੀ । ਉਹ ਆਪਣੇ ਪਰਿਵਾਰ ਵਿੱਚ ਪਹੁੰਚ ਗਿਆ ਸੀ; ਕੁਝ ਮਿਲਣ ਲਈ ਤੇ ਕੁਝ ਇਲਾਜ ਕਰਵਾਉਣ ਲਈ । ਉਹ ਚਾਹੁੰਦਾ ਸੀ ਕਿ ਤੰਦਰੁਸਤ ਹੋ ਕੇ ਪਹਿਲਾਂ ਵਾਲਾ ਵਿਰਕ ਪੰਜਾਬੇ ਆਵੇ । ਹੱਸਦਾ ਖੇਡਦਾ ਵਿਰਕ; ਲਤੀਫ਼ੇ ਸੁਣਾਉਂਦਾ ਵਿਰਕ; ਮਸਤ ਚਾਲ ਤੁਰਦਾ ਵਿਰਕ! ਵਿਰਕ ਨੇ ਹੁਣ ਕਦੇ ਨਹੀਂ ਆਉਣਾ ਪਰ ਉਹਦੀਆਂ ਯਾਦਾਂ ਹਮੇਸ਼ਾ ਆਉਂਦੀਆਂ ਰਹਿਣਗੀਆਂ । ਜਿਸ ਕਿਸੇ ਦਾ ਵੀ ਉਹਦੇ ਨਾਲ ਵਾਹ ਪਿਆ, ਉਸਦੀ ਨਿੱਗਰ ਸ਼ਖਸੀਅਤ ਦਾ ਉਸ 'ਤੇ ਪ੍ਰਭਾਵ ਜ਼ਰੂਰ ਪਿਆ । ਉਹਨੇ ਸਾਰੀ ਉਮਰ ਅਫ਼ਸਰੀ ਕੀਤੀ ਤੇ ਕਹਾਣੀਆਂ ਲਿਖੀਆਂ । ਅਫ਼ਸਰੀ ਵੱਧ ਕੀਤੀ ਤੇ ਕਹਾਣੀਆਂ ਘੱਟ ਲਿਖੀਆਂ । ਪਰੰਤੂ ਆਪਣੀ ਅਫ਼ਸਰੀ ਵਿੱਚ ਵੀ ਤੇ ਕਹਾਣੀਆਂ ਵਿੱਚ ਵੀ ਉਹ ਸਿੱਧਾ ਸਾਦਾ ਜੱਟ ਹੀ ਬਣਿਆ ਰਿਹਾ । ਨਾ ਕੋਈ ਵਲ-ਛਲ, ਨਾ ਕੋਈ ਪਰਪੰਚ । ਫ਼ੌਜ ਦੀ ਨੌਕਰੀ ਤੋਂ ਇਲਾਵਾ ਉਹਦੀ ਬਾਕੀ ਦੀ ਅਫ਼ਸਰੀ ਲੋਕ- ਸੰਪਰਕ ਮਹਿਮਕੇ ਨਾਲ ਹੀ ਸੰਬੰਧਿਤ ਸੀ; ਭਾਵੇਂ ਉਹ ਲੋਕ ਸੰਪਰਕ ਪੰਜਾਬ ਸਰਕਾਰ ਦਾ ਹੋਵੇ; ਭਾਰਤ ਸਰਕਾਰ ਦਾ ਹੋਵੇ ਜਾਂ ਲੁਧਿਆਣਾ ਖੇਤੀ ਯੂਨੀਵਰਸਿਟੀ ਦਾ ਹੋਵੇ । ਅਖ਼ਬਾਰਾਂ ਅਤੇ ਹੋਰ ਸੰਚਾਰ ਮਾਧਿਅਮਾਂ ਨਾਲ ਲਗਾਤਾਰ ਵਾਹ ਰਹਿਣ ਦੇ ਬਾਵਜੂਦ ਉਹ ਖ਼ਬਰਾਂ ਵਿੱਚ ਨਹੀਂ ਰਿਹਾ ਜਾਂ ਇਉਂ ਸਮਝ ਲਵੋ ਕਿ ਉਹਨੇ ਆਪਣੇ ਆਪ ਨੂੰ ਖ਼ਬਰਾਂ ਦੀ ਮਾਰ ਤੋਂ ਬਚਾਈ ਰੱਖਿਆ ਤੇ ਅੰਤ ਝਕਾਨੀ ਦੇ ਕੇ ਪਹਿਲਾਂ ਕੈਨੇਡਾ ਚਲਿਆ ਗਿਆ ਤੇ ਫਿਰ... ਸ਼ਾਇਦ ਮੁੜ ਧਰਤੀ ਦੇ ਹੇਠਾਂ! ਉਸਦੀ ਮੌਤ ਦੀ ਖ਼ਬਰ ਤਿੰਨ ਦਿਨ ਬਾਅਦ ਛਪੀ ਤੇ ਉਹ ਵੀ ਸਿਰਫ਼ ਇੱਕ ਅਖ਼ਬਾਰ ਵਿੱਚ; ਜਿਸ ਅਖ਼ਬਾਰ ਦਾ ਸੰਪਾਦਕ ਉਹਦਾ ਜਿਗਰੀ ਯਾਰ ਸੀ । ਉਹ ਵੀ ਜੱਟ ਹੁੰਦਾ ਹੋਇਆ ਕਹਾਣੀਕਾਰ ਹੈ; (ਅਖ਼ਬਾਰ ਉਹਦੇ ਤੋਂ, ਤੇ ਉਹ ਅਖ਼ਬਾਰ ਤੋਂ ਅਵਾਜ਼ਾਰ ਸੀ;)

ਮੇਰਾ ਬਹੁਤਾ ਵਾਹ ਵਿਰਕ ਨਾਲ ਚੰਡੀਗੜ੍ਹ ਰਹਿੰਦਿਆਂ ਪਿਆ । ਓਦੋਂ ਉਹ ਬਾਦਲ ਦਾ ਓ. ਐਸ. ਡੀ. (ਪ੍ਰੈੱਸ) ਲੱਗਾ ਹੋਇਆ ਸੀ; ਅਰਥਾਤ ਮੁੱਖ ਮੰਤਰੀ ਦੇ ਪ੍ਰਚਾਰ ਦਾ ਉਹ ਵਿਸ਼ੇਸ਼ ਅਫ਼ਸਰ ਸੀ । ਇਸ ਅਹੁਦੇ ਉੱਤੇ ਪੰਜਾਬੀ ਦੇ ਹੋਰ ਵੀ ਕਈ ਸਾਹਿੱਤਕਾਰ ਪਹਿਲਾਂ ਰਹਿ ਚੁੱਕੇ ਸਨ, ਜਿਨ੍ਹਾਂ ਵਿੱਚ ਗੁਰਨਾਮ ਸਿੰਘ ਤੀਰ, ਜਸਬੀਰ ਸਿੰਘ ਆਹਲੂਵਾਲੀਆ ਅਤੇ ਸੂਬਾ ਸਿੰਘ ਦੇ ਨਾਂ ਜਾਣੇ-ਪਛਾਣੇ ਹਨ । ਇਸ ਸਿਆਸੀ ਅਹੁਦੇ ਦਾ ਵੀ ਵਿਰਕ ਨੇ ਕੋਈ ਫ਼ਾਇਦਾ ਨਾ ਉਠਾਇਆ ਅਤੇ ਨਾ ਹੀ ਆਪਣੇ ਕਿਸੇ ਦੋਸਤ ਮਿੱਤਰ ਨੂੰ ਮੁੱਖ-ਮੰਤਰੀ ਦੇ ਸਿਰਨਾਵੇਂ ਦੇ ਜ਼ੋਰ 'ਤੇ ਕੋਈ ਕੋਟਾ-ਪਰਮਿਟ ਦਿਵਾਇਆ । ਬਾਦਲ ਦੀ ਵਜ਼ਾਰਤ ਟੁੱਟਣ ਤੋਂ ਬਾਅਦ ਉਹਦੀ ਤਨਖ਼ਾਹ ਦੇ ਬਕਾਏ ਅਤੇ ਪੈਂਨਸ਼ਨ ਆਦਿ ਦੇ ਕਾਗ਼ਜ਼ ਵੀ ਕਿੰਨੀ ਦੇਰ ਸਕੱਤਰੇਤ ਦੀ ਮਿਸਲਾਂ ਵਿੱਚ ਅਣਗੌਲੇ ਪਏ ਰਹੇ । ਦਰ-ਅਸਲ ਆਪਣੀ ਸ਼ਕਤੀ ਦਾ ਉਹਨੂੰ ਗਿਆਨ ਨਹੀਂ ਸੀ । ਇਸ ਪੱਖ ਤੋਂ ਉਹਦੀ ਸ਼ਖ਼ਸੀਅਤ ਹਨੂਮਾਨ ਨਾਲ ਮੇਲ ਖਾਂਦੀ ਹੈ । ....ਪਰ ਹਨੂਮਾਨ ਜੱਟ ਸੀ ਕਿ ਨਹੀਂ, ਇਹ ਖੋਜ ਦਾ ਵਿਸ਼ਾ ਹੈ । ਹਾਂ, ਤੇ ਭਾਵੇਂ ਮੇਰੇ ਜਨਮ ਤੋਂ ਵੀ ਇੱਕ ਵਰ੍ਹਾ ਪਹਿਲਾਂ ਉਹਦੀ ਕਿਤਾਬ ਛਪ ਚੁੱਕੀ ਸੀ, ਸਾਡੀਆਂ ਮੁਲਾਕਾਤਾਂ ਦੌਰਾਨ ਕਦੇ ਪੀੜ੍ਹੀਆਂ ਦਾ ਪਾੜਾ ਦਰਮਿਆਨ ਨਹੀਂ ਸੀ ਆਇਆ । ਉਸਦੀ ਅਪਣੱਤ ਕਾਰਨ, ਬਹੁਤ ਸਾਰੇ ਹੋਰ ਲੇਖਕਾਂ ਵਾਂਗ, ਮੈਂ ਵੀ ਖ਼ੁਦ ਨੂੰ ਵਿਰਕ ਦੇ ਨਿਕਟ-ਵਰਤੀ ਘੇਰੇ ਵਿੱਚ ਸ਼ਾਮਿਲ ਸਮਝਦਾ ਸਾਂ ਅਤੇ ਬੇ-ਰੋਕ-ਟੋਕ ਉਹਦੇ ਦਫ਼ਤਰ ਜਾਂ ਘਰ ਵਿੱਚ ਪਹੁੰਚ ਜਾਂਦਾ ਸਾਂ । ਅਸੀਂ ਇੱਕ ਦੂਜੇ ਨੂੰ ਮਜ਼ਾਕ ਵੀ ਕਰ ਲੈਂਦੇ ਸਾਂ । ਇਸ ਵੇਲੇ ਉਹਦੀਆਂ ਕਈ ਗੱਲਾਂ ਯਾਦ ਆ ਰਹੀਆਂ ਨੇ:

ਚੰਡੀਗੜ੍ਹ ਦੇ ਸਰਕਾਰੀ ਕਾਲਿਜ ਵਿੱਚ ਵਿਦਿਆਰਥੀਆਂ ਦਾ ਕਵਿਤਾ-ਪਾਠ ਮੁਕਾਬਲਾ ਸੀ, ਜਿਸਦੀ ਪ੍ਰਧਾਨਗੀ ਲਈ ਸ਼ਿਵਕੁਮਾਰ ਨੂੰ ਕਿਹਾ ਗਿਆ ਸੀ ਪਰੰਤੂ ਉਸਦੇ ਨਾ ਜਾਣ ਕਰਕੇ ਵਿਰਕ ਨੂੰ ਬੁਲਾ ਲਿਆ ਗਿਆ । ਕੁਝ ਚਿਰ ਪਿੱਛੋਂ ਸ਼ਿਵ ਵੀ ਆ ਕੇ ਸ਼ਰੋਤਿਆਂ ਵਿੱਚ ਬਹਿ ਗਿਆ । ਵਿਰਕ ਨੇ ਸ਼ਿਵ ਨੂੰ ਆਪਣੀ ਕੁਰਸੀ ਦੀ ਪੇਸ਼ਕਸ਼ ਕੀਤੀ ਪਰ ਸ਼ਿਵ ਨਾ ਮੰਨਿਆ । ਵਿਰਕ ਕਹਿਣ ਲੱਗਾ ਕਿ ਮੈਂ ਤਾਂ ਏਸ ਲਈ ਪ੍ਰਧਾਨਗੀ ਕਰਨੀ ਮੰਨ ਗਿਆ ਕਿ ਮੈਨੂੰ ਅੱਜ ਹੋਰ ਕੋਈ ਕੰਮ ਨਹੀਂ ਸੀ; ਉਂਜ ਮੈਨੂੰ ਕਵਿਤਾ- ਕੁਵਤਾ ਦੀ ਸਮਝ ਕੋਈ ਨਹੀਂ । ਕਵੀ ਮੈਨੂੰ ਚੰਗੇ ਲੱਗਦੇ ਨੇ, ਉਹਨਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ, ਉਹਨਾਂ ਦਾ ਬਹਿਕਣਾ ਚੰਗਾ ਲੱਗਦਾ ਹੈ ਪਰ ਉਹਨਾਂ ਦੀਆਂ ਨਜ਼ਮਾਂ ਮੇਰੇ ਪੱਲੇ ਨਹੀਂ ਪੈਂਦੀਆਂ । ਪਿੱਛੋਂ ਪ੍ਰਧਾਨਗੀ ਭਾਸ਼ਣ ਵਿੱਚ ਵੀ ਉਹਨੇ ਇਹੋ ਗੱਲਾਂ ਦੁਹਰਾਈਆਂ । ਇਸ ਘਟਨਾ ਤੋਂ ਕੋਈ ਇੱਕ ਦਹਾਕਾ ਪਿੱਛੋਂ ਇੱਕ ਵਾਰ ਅੰਮ੍ਰਿਤਾ ਪ੍ਰੀਤਮ ਯੂਨੀਵਰਸਿਟੀ ਵਿੱਚ ਨਜ਼ਮਾਂ ਪੜ੍ਹਨ ਆਈ ਤਾਂ ਮੈਂ ਵਿਰਕ ਨੂੰ ਉੱਥੇ ਬੈਠਾ ਵੇਖ ਕੇ ਪੁੱਛ ਹੀ ਲਿਆ ਕਿ ਨਜ਼ਮਾਂ ਬਾਰੇ ਰੁੱਖਾ ਰਵੱਈਆ ਹੋਣ ਦੇ ਬਾਵਜੂਦ ਵੀ ਉਹ ਦੋ ਘੰਟੇ ਕਿਉਂ ਬੈਠਾ ਰਿਹਾ ਤਾਂ ਉਸਦਾ ਮੁਸਕ੍ਰਾਉਂਦਾ ਹੋਇਆ ਜਵਾਬ ਸੀ, ''ਮੈਂ ਨਜ਼ਮਾਂ ਥੋੜ੍ਹਾ ਸੁਣ ਰਿਹਾ ਸਾਂ, ਮੈਂ ਤਾਂ ਅੰਮ੍ਰਿਤਾ ਨੂੰ ਵੇਖ ਰਿਹਾ ਸਾਂ ।'' ਇਸ ਸਮਾਗਮ ਤੋਂ ਬਾਅਦ ਸਭ ਨੇ ਰੋਟੀ ਲਈ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਪਹੁੰਚਣਾ ਸੀ । ਅੰਮ੍ਰਿਤਾ ਹੁਰਾਂ ਸਾਨੂੰ ਕਾਰ ਵਿੱਚ ਬੈਠਣ ਲਈ ਕਿਹਾ ਪਰ ਵਿਰਕ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਅਸੀਂ ਗੱਲਾਂ ਕਰਕੇ ਆਉਂਦੇ ਹਾਂ, ਤੁਰ ਕੇ । ਤੁਰ ਕੇ ਗੈਸਟ ਹਾਊਸ ਤਾਂ ਪਹੁੰਚ ਗਏ ਪਰ ਅੰਦਰ ਨਾ ਗਏ । ਬਾਹਰ ਲਾਅਨ ਵਿੱਚ ਘਾਹ ਤੇ ਹੀ ਬਹਿ ਗਏ । ਸਾਡੇ ਨਾਲ ਸਵਿਤੋਜ ਸੀ ਜਿਹੜਾ ਕਿ ਓਦੋਂ ਨੌਕਰੀ ਦੀ ਭਾਲ ਵਿੱਚ ਸੀ । ਵਿਰਕ ਨੇ ਉਸਨੂੰ ਪੰਜਾਹਾਂ ਦਾ ਨੋਟ ਦੇ ਕੇ ਠੇਕੇ ਨੂੰ ਤੋਰ ਦਿੱਤਾ । ਲਾਅਨ ਵਿੱਚ 'ਗੋਸ਼ਠੀ' ਤੋਂ ਪਿੱਛੋਂ, ਬਿਨਾਂ ਰੋਟੀ ਖਾਧਿਆਂ ਹੀ, ਅਸੀਂ ਉਸ ਰਾਤ ਵਿਛੜੇ । ਰਿਕਸ਼ੇ ਤੇ ਬਹਿੰਦਿਆਂ ਵਿਰਕ ਨੇ ਸਵਿਤੋਜ ਨੂੰ ਬਹੁਤ ਜ਼ੋਰ ਲਾਇਆ ਕਿ ਅੱਜ ਮੈਂ ਘਰ ਵਿੱਚ ਇਕੱਲਾ ਹੀ ਹਾਂ, ਮੇਰੇ ਨਾਲ ਚੱਲ । ਪਰ ਸਵਿਤੋਜ ਨਾ ਮੰਨਿਆ । ਮਗਰੋਂ ਟੀ. ਵੀ. ਦੀ ਇੰਟਰਵਿਊ ਵੇਲੇ ਵਿਰਕ ਨੇ ਆਪਣੀ ਇਸ ਇਕਲੌਤੀ ਮੁਲਾਕਾਤ ਨੂੰ ਮੁੱਖ ਰੱਖ ਕੇ ਹੀ ਸਵਿਤੋਜ ਨੂੰ ਸਿਲੈਕਟ ਕਰਵਾ ਦਿੱਤਾ । ਕਿਸੇ ਦੀ 'ਮੈਰਿਟ' ਨੂੰ ਵਿਰਕ ਪਹਿਲੀ ਮੁਲਾਕਾਤ ਵਿੱਚ ਹੀ ਟੋਹ ਲੈਂਦਾ ਸੀ ।

***

ਜਸਵੰਤ ਸਿੰਘ ਨੇਕੀ ਅਕਾਦਮੀ ਐਵਾਰਡ ਮਿਲਣ ਪਿੱਛੋਂ ਚੰਡੀਗੜ੍ਹ ਦੀ ਸਾਹਿੱਤ ਸਭਾ ਵੱਲੋਂ 'ਨਿਵਾਜਿਆ' ਜਾ ਰਿਹਾ ਸੀ । ਇਸ ਬੈਠਕ ਦੀ ਪ੍ਰਧਾਨਗੀ ਲਈ ਵੀ ਵਿਰਕ ਨੂੰ ਹੀ ਯੋਗ ਉਮੀਦਵਾਰ ਸਮਝ ਕੇ ਚੁਣਿਆ ਗਿਆ । ਭਾਸ਼ਣ ਵਿੱਚ ਵਿਰਕ ਨੇ, ਆਪਣੇ ਸੁਭਾਅ ਮੁਤਾਬਿਕ, ਕਈ ਦਿਲਚਸਪ ਗੱਲਾਂ ਕਹੀਆਂ । ਉਸ ਨੇ ਦੱਸਿਆ ਕਿ ਨੇਕੀ ਉਹਦਾ ਜਮਾਤੀ ਹੈ ਪਰ ਆਪਸ ਵਿੱਚ ਮਿਲਣ-ਗਿਲਣ ਦੀ ਸਾਂਝ ਕੋਈ ਨਹੀਂ । ਨੇਕੀ ਮਨੋ-ਰੋਗਾਂ ਦਾ ਮਾਹਿਰ ਹੈ । ਜਦੋਂ ਮੈਂ ਆਪਣੀ ਬੀਵੀ ਨਾਲ ਕੋਈ ਤਲਖ਼-ਕਲਾਮੀ ਕਰਦਾ ਹਾਂ ਤਾਂ ਉਹ ਕਹਿੰਦੀ ਹੈ : ਤੁਹਾਨੂੰ ਨੇਕੀ ਕੋਲ ਜਾਣਾ ਚਾਹੀਦਾ ਹੈ । ਜਦੋਂ ਉਹ ਮੈਨੂੰ ਕਦੇ ਘੂਰਦੀ ਹੈ ਤਾਂ ਮੈਂ ਕਹਿੰਦਾ ਹਾਂ: ਤੈਨੂੰ ਨੇਕੀ ਕੋਲ ਜਾਣਾ ਚਾਹੀਦਾ ਹੈ । ਅਤੇ ਜਦੋਂ ਕਦੇ ਬੱਚੇ ਸਾਨੂੰ ਮੀਆਂ-ਬੀਵੀ ਨੂੰ ਚੁੰਝ-ਚਰਚਾ ਕਰਦਿਆਂ ਵੇਖਦੇ ਹਨ ਤਾਂ ਕਹਿੰਦੇ ਹਨ: ਤੁਹਾਨੂੰ ਦੋਹਾਂ ਨੂੰ ਨੇਕੀ ਕੋਲ ਜਾਣਾ ਚਾਹੀਦਾ ਹੈ । ...ਪਰ ਅਸੀਂ ਗਏ ਕਦੇ ਨਹੀਂ ।

***

ਉਹਨੀਂ ਦਿਨੀਂ, ਅੰਗਰੇਜ਼ੀ ਦੇ ਚੰਡੀਗੜ੍ਹੋਂ ਛਪਦੇ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਵਿੱਚ ਨਿਰੂਪਮਾ ਦੱਤ ਅਦਬੀ ਸਰਗਰਮੀਆਂ ਬਾਰੇ 'ਫਰੌਮ ਦਾ ਫ਼ਰੰਟ ਰੋਅ' ਕਾਲਮ ਲਿਖਦੀ ਸੀ, ਜਿਸ ਵਿੱਚ ਮੇਰਾ ਜ਼ਿਕਰ ਆਮ ਤੌਰ 'ਤੇ ਕੀਤਾ ਹੁੰਦਾ ਸੀ । ਕੁਝ ਹੋਰ ਨਾ ਵੀ ਹੋਵੇ ਤਾਂ ਕੋਈ ਨਾ ਕੋਈ ਅਦਬੀ ਲਤੀਫ਼ਾ 'ਟੇਲ ਪੀਸ' ਦੇ ਰੂਪ ਵਿੱਚ ਜ਼ਰੂਰ ਛਪਿਆ ਹੁੰਦਾ ਸੀ । ਵਿਰਕ ਨੇ ਛੇੜ ਹੀ ਪਾ ਲਈ, ''ਕਿਉਂ ਬਈ, ਉਸ ਕੁੜੀ ਦਾ ਕੀ ਹਾਲ ਐ?... ਹਿਜ਼ ਮਾਸਟਰਜ਼ ਵਾਇਸ ਦਾ ।'' ਫੇਰ ਉਹਨੇ ਟਿੱਪਣੀ ਜਾਰੀ ਰੱਖਦਿਆਂ ਆਖਣਾ ਕਿ ਉਹ ਅੰਗਰੇਜ਼ੀ ਬਹੁਤ ਵਧੀਆ ਲਿਖਦੀ ਐ । ਲਿਖਦੀ ਵੀ ਬਹੁਤ ਵਧੀਐ । ...ਪਰ ਤੇਰੇ 'ਤੇ ਮਿਹਰਬਾਨ ਕਿਵੇਂ ਐ, ...ਹਿਜ਼ ਮਾਸਟਰਜ਼ ਵਾਇਸ । ਅਜਿਹੀ ਵਾਰਤਾਲਾਪ ਸਮੇਂ ਮੈਂ ਜਿੰਨਾ ਜ਼ਿਆਦਾ ਚੁੱਪ ਰਹਿੰਦਾ ਉਹ ਓਨਾ ਹੀ ਉੱਚਾ ਠਹਾਕਾ ਮਾਰ ਕੇ ਹੱਸਦਾ ।

***

ਇੱਕ ਵਾਰ ਮੈਂ ਪੁੱਛਿਆ ਕਿ ਤੁਸੀਂ ਅੰਗਰੇਜ਼ੀ ਵਿੱਚ ਬਾਖ਼ੂਬੀ ਲਿਖਣ ਦੇ ਸਮਰੱਥ ਹੋ, ਫਿਰ ਵੀ ਪੰਜਾਬੀ ਵਿੱਚ ਕਿਉਂ ਲਿਖਦੇ ਹੋ? ...ਉਸਦਾ ਸਹਿਜ-ਭਾਅ ਜਵਾਬ ਸੀ ਕਿ ਮੇਰੀਆਂ ਕਹਾਣੀਆਂ ਲੁੱਚੀਆਂ ਹੁੰਦੀਆਂ ਨੇ । ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਮੇਰੀਆਂ ਕਹਾਣੀਆਂ ਪੜ੍ਹਨ । ਪੰਜਾਬੀ ਉਨ੍ਹਾਂ ਨੂੰ ਪੜ੍ਹਨੀ ਨਹੀਂ ਆਉਂਦੀ । ਇਸ ਲਈ ਪੰਜਾਬੀ ਵਿੱਚ ਲਿਖਦਾ ਹਾਂ । ਮੈਂ ਕੋਈ ਪੰਜਾਬੀ ਬੋਲੀ ਦੀ ਸੇਵਾ ਨਹੀਂ ਕਰ ਰਿਹਾ, ਸਿਰਫ਼ ਆਪਣਾ ਬਚਾਅ ਕਰ ਰਿਹਾ ਹਾਂ, ਪੰਜਾਬੀ ਵਿੱਚ ਲਿਖ ਕੇ । ...ਤੇ ਜਦੋਂ ਪੁੱਛਿਆ ਕਿ ਤੁਸੀਂ ਸਿਰਫ਼ ਕਹਾਣੀਆਂ ਹੀ ਕਿਉਂ ਲਿਖਦੇ ਹੋ ਤਾਂ ਗੰਭੀਰ ਹੋ ਗਿਆ, ''ਮੈਂ ਬਹੁਤ ਦੇਰ ਤੋਂ ਇੱਕ ਨਾਵਲ ਲਿਖਣ ਦੀ ਸੋਚ ਰਿਹਾ ਹਾਂ । ਇੱਕ ਵੱਡਾ ਨਾਵਲ । ਇਹ ਨਾਵਲ ਮੇਰੀ ਆਪਣੀ ਜ਼ਿੰਦਗੀ ਬਾਰੇ ਹੋਵੇਗਾ, ਪਿੰਡਾਂ ਬਾਰੇ ਹੋਵੇਗਾ । ਅਜੇ ਇਹ ਨਾਵਲ ਖਿੱਲਰਿਆ ਹੋਇਆ ਹੈ । ...ਏਸੇ ਲਈ ਮੈਂ ਕਹਾਣੀਆਂ ਲਿਖਣੀਆਂ ਬੰਦ ਕਰ ਦਿੱਤੀਆਂ ਨੇ । ਹੁਣ ਗੱਲ ਕਹਾਣੀ ਵਿੱਚ ਕਹਿਣ ਨੂੰ ਜੀਅ ਨਹੀਂ ਕਰਦਾ । ਗੱਲ ਵੱਡੀ ਹੈ । ਵੱਡਾ ਨਾਵਲ ਲਿਖਾਂਗਾ ।'' ਮੇਰਾ ਖ਼ਿਆਲ ਸੀ ਕਿ ਵਿਰਕ ਦੇ ਮਨ ਵਿੱਚ ਸੇਵਾ-ਮੁਕਤੀ ਤੋਂ ਬਾਅਦ ਵਾਲੀ ਵਿਹਲ ਹੈ । ਇਹ ਕੰਮ ਓਦੋਂ ਹੀ ਨੇਪਰੇ ਚੜ੍ਹੇਗਾ । ਪਰ....

***

ਤੇ ਅੰਤ ਵਿੱਚ ਸੰਖੇਪ ਪ੍ਰਸ਼ਨੋਤਰੀ :

? ਤੁਸੀਂ ਨਵੇਂ ਕਹਾਣੀਕਾਰਾਂ ਵਿੱਚੋਂ ਕਿਸ ਕਿਸ ਨੂੰ ਆਪਣਾ ਵਾਰਿਸ ਸਮਝਦੇ ਹੋ ।

— ਸੁਖਵੰਤ ਕੌਰ ਮਾਨ, ਵਰਿਆਮ ਸੰਧੂ ਤੇ ਕਿਰਪਾਲ ਕਜ਼ਾਕ ।

? ਤੁਹਾਡਾ ਤੇ ਦੁੱਗਲ ਦਾ ਟਾਕਰਾ ਕਰਕੇ ਤੁਹਾਡੀਆਂ ਕਹਾਣੀਆਂ ਨੂੰ ਸਲਾਹਿਆ ਜਾਂਦਾ ਹੈ, ਕਿਉਂ?

— ਦੁੱਗਲ ਵਧੀਆ ਵੀ ਲਿਖਦਾ ਹੈ ।

? ਤੁਸੀਂ ਖ਼ੁਦ ਨੂੰ ਕਿਸ ਪੀੜ੍ਹੀ ਨਾਲ ਸੰਬੰਧਿਤ ਕਰਨਾ ਚਾਹੋਗੇ, ਪੁਰਾਣੀ ਕਿ ਨਵੀਂ ਨਾਲ ।

— ਨਹੀਂ, ਨਵੀਂ ਨਾਲ ਬਿਲਕੁਲ ਨਹੀਂ । ਮੈਂ ਪਿਛਲੀ ਪੀੜ੍ਹੀ ਵਿੱਚ ਹੀ ਸ਼ਾਮਿਲ ਹੋਣਾ ਚਾਹਾਂਗਾ; ਅੰਮ੍ਰਿਤਾ ਤੇ ਸੇਖੋਂ ਵਾਲੀ ਪੀੜ੍ਹੀ ਵਿੱਚ । ਭਾਵੇਂ ਇਸ ਪੀੜ੍ਹੀ ਦਾ ਮੈਨੂੰ ਆਖ਼ਰੀ ਕਹਾਣੀਕਾਰ ਹੀ ਮੰਨ ਲਿਆ ਜਾਵੇ ।

.... ਤੇ ਕੁਲਵੰਤ ਸਿੰਘ ਵਿਰਕ ਦੀ ਮੌਤ ਨਾਲ ਇੱਕ ਕਥਾ- ਯੁਗ ਦਾ ਅੰਤ ਹੋ ਗਿਆ ਹੈ ।

***

9. ਮੇਰੇ ਵਾਲਾ ਹਰਿਭਜਨ

ਹਰਿਭਜਨ ਸਿੰਘ ਪੰਜਾਬੀ ਦੀ ਅਦਬੀ ਦੁਨੀਆ ਵਿੱਚ ਇੱਕ ਭਾਣੇ ਵਾਂਗੂੰ ਵਾਪਰਿਆ ਹੈ । ਭਾਣੇ ਨੂੰ ਕੋਈ ਮਿੱਠਾ ਕਰਕੇ ਮੰਨੇ; ਕੌੜਾ ਕਰਕੇ ਮੰਨੇ; ਖੱਟਾ ਕਰਕੇ ਮੰਨੇ... ਮੰਨਣਾ ਜ਼ਰੂਰ ਪੈਂਦਾ ਹੈ । ਉਸਨੂੰ ਮੰਨਿਆ ਗਿਆ ਅਤੇ ਉਹ ਅਦਬ ਦੀ ਮੰਨੀ-ਪ੍ਰਮੰਨੀ ਹਸਤੀ ਬਣ ਗਿਆ । ਉਸਨੂੰ ਏਨੀ ਮਾਨਤਾ ਮਿਲੀ ਕੇ ਉਸਤੋਂ ਮਾਨਤਾ ਲੈਣ ਵਾਲਿਆ ਦੀਆ 'ਲੈਣਾਂ' ਲੱਗ ਗਈਆਂ । ਉਸ ਨੇ ਪ੍ਰਾਇਮਰੀ ਸਕੂਲ ਤੋਂ ਪੜ੍ਹਾਉਣਾ ਸ਼ੁਰੂ ਕੀਤਾ ਤੇ ਦਿੱਲੀ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਦੇ ਮੁਖੀ ਦੀ ਕੁਰਸੀ ਤੱਕ ਜਾ ਪਹੁੰਚਾ । ਖ਼ੂਬ ਲਿਖਿਆ । ਖ਼ੂਬ ਪੜ੍ਹਿਆ । ਖ਼ੂਬ ਪੜ੍ਹਾਇਆ । ਜਮੂਦ ਨੂੰ ਤੋੜਿਆ । ਨਵੇਂ ਨਾਲ ਜੋੜਿਆ । ਨਵੇਂ ਪੂਰਨੇ ਪਾਏ । 'ਵਿਦਵਾਨ' ਪੜ੍ਹਨੇ ਲਾਏ । ਯੂਨੀਵਰਸਿਟੀ ਵਿੱਚ 'ਕਾਵਿ' ਅਤੇ 'ਆਲੋਚਨਾ' ਦੇ 'ਸਕੂਲ' ਚਲਾਏ । ਉਹ ਜਿਸ ਵੀ ਖੇਤਰ ਵਿੱਚ ਆਈ 'ਤੇ ਆਇਆ, ਬਹੁਤ ਕੁਝ ਨਵਾਂ ਕਰ ਵਿਖਾਇਆ । ਪ੍ਰਤਿਭਾ ਦਾ ਲੋਹਾ ਮੰਨਵਾਇਆ । ਮੰਨਣ ਵਾਲੇ ਮੰਨ ਗਏ; ਰੁੱਸਣ ਵਾਲੇ ਰੁੱਸ ਗਏ । ਕਈਆਂ ਦੇ ਖੰਭ ਨਿਕਲ ਆਏ, ਕਈਆਂ ਦੇ ਖੰਭ ਖੁੱਸ ਗਏ । ਇਸ ਭਾਣੇ ਦੀ ਤਾਜ਼ਗੀ ਮੂਹਰੇ ਕਈ ਪਦਾਰਥ ਬੁੱਸ ਗਏ!

ਹਰਿਭਜਨ ਸਿੰਘ ਦੀ ਰੂਹ ਵਿੱਚ ਬੇਚੈਨੀ ਵੱਸੀ ਹੋਈ ਸੀ । ਉਹ ਤੁਰਿਆ ਫਿਰਦਾ ਸੀ । ਭੱਜਿਆ ਫਿਰਦਾ ਸੀ । ਉੱਡਿਆ ਫਿਰਦਾ ਸੀ । ਕੁਝ ਲੱਭਦਾ ਫਿਰਦਾ ਸੀ । ਖ਼ੁਦ ਗੁਆਚਿਆ ਫਿਰਦਾ ਸੀ । ਕਿਸੇ ਵੇਖਣ ਵਾਲੇ ਨੂੰ ਕੁਝ ਪਤਾ ਨਾ ਚਲਦਾ ਸੀ । ਹੁਣੇ ਬੁਝਿਆ ਬੁਝਿਆ ਸੀ; ਹੁਣ ਬਲਦਾ ਬਲਦਾ ਸੀ । ਹੁਣੇ ਖਿੜਿਆ ਖਿੜਿਆ ਸੀ, ਹੁਣ ਝੰਵਿਆਂ ਝੰਵਿਆਂ ਸੀ । ਹੁਣੇ ਪੂਰਨ ਜਾਗਰਿਤ ਸੀ, ਹੁਣ ਸੰਵਿਆ ਸੰਵਿਆ ਸੀ¨ ਕਦੇ ਗੁਣਗੁਣਾਉਂਦਾ ਸੀ । ਕਦੇ ਉੱਚੀ ਗਾਉਂਦਾ ਸੀ । ਉਹਦੀ ਜੀਭਾ ਜਾਦੂ ਸੀ, ਉਹਦਾ ਨਹੁੰ ਨਹੁੰ ਨੱਚਦਾ ਸੀ । ਬੇਹਾਲ ਨਿਹਾਲ ਫਿਰੇ, ਹਰ ਹਾਲ 'ਚ ਜੱਚਦਾ ਸੀ । ਸੰਗੀਤ ਦਾ ਸ਼ੈਦਾਈ, ਉਹ ਸ਼ੋਰ ਤੋਂ ਬਚਦਾ ਸੀ । ਉਹ ਕੁਝ ਵੀ ਕਰਦਾ ਸੀ, ਬੱਸ ਕਵਿਤਾ ਰਚਦਾ ਸੀ ।

ਹਰਿਭਜਨ ਸਿੰਘ ਸ਼ਬਦ-ਸੱਭਿਆਚਾਰ ਦਾ ਬੁਲਾਰਾ ਸੀ । ਸ਼ਬਦ-ਬ੍ਰਹਮ ਦਾ ਹੁਲਾਰਾ ਸੀ । ਧਰਤ ਉੱਤੇ ਵਿਚਰਦਾ ਕਲਪ-ਲੋਕ ਦਾ ਹਰਕਾਰਾ ਸੀ । ਸ਼ਬਦ ਨੂੰ ਪਾਠ ਅਤੇ ਪਾਠ ਨੂੰ ਪ੍ਰਵਚਨ ਵਿੱਚ ਬਦਲ ਕੇ ਉਹ ਪੜ੍ਹਤਾਂ ਤਿਆਰ ਕਰੀ ਜਾਂਦਾ ਅਤੇ ਉਹ ਪੜ੍ਹਤਾਂ ਆਪਣੇ ਆਪ ਲਿਖਤਾਂ ਵਿੱਚ ਤਬਦੀਲ ਹੋਈ ਜਾਂਦੀਆਂ । ਦ੍ਰਿਸ਼ ਦਰਸ਼ਨ ਵਿੱਚ ਬਦਲ ਜਾਂਦਾ । ਦਰਸ਼ਨ ਦ੍ਰਸ਼ਟਾ ਬਣ ਜਾਂਦਾ । ਦ੍ਰਸ਼ਟਾ 'ਸਾਕਸ਼ੀ' ਦਾ ਰੂਪ ਧਾਰ ਲੈਂਦਾ । ਕਵੀ ਚੌਕੜੀ ਮਾਰ ਲੈਂਦਾ । ਅਦਵੈਤ ਦੀ ਇਹ ਸਥਿਤੀ ਦਵੈਤ ਵਿੱਚ ਬਦਲਦੀ । ਦਵੈਤ ਅਨੇਕਤਾ ਵਿੱਚ ਢਲਦੀ । ਸਾਗਰ ਬੂੰਦ ਵਿੱਚ ਸਿਮਟਦਾ, ਬੂੰਦ ਸਾਗਰ ਵਿੱਚ ਰਲਦੀ ।

ਜਾਪਦਾ ਹੈ ਕਿ ਮੰਗਲਾਚਰਨ ਦੀ ਰਸਮ ਹਰਿਭਜਨ ਨੂੰ ਬੋਰ ਕਰ ਰਹੀ ਹੈ । ਉਹ ਖ਼ੁਦ ਗੱਲਾਂ ਕਰਨਾ ਚਾਹੁੰਦਾ ਹੈ । ਸੰਵਾਦ ਰਚਾਉਣਾ ਚਾਹੁੰਦਾ ਹੈ । ਕੁਝ ਰਚਾਉਣਾ ਚਾਹੁੰਦਾ ਹੈ । ਕੁਝ ਸੁਣਨਾ-ਸੁਣਾਉਣਾ ਚਾਹੁੰਦਾ ਹੈ । ਸਾਡੇ ਦਰਮਿਆਨ 'ਮੈਂ ਜੋ ਬੀਤ ਗਿਆ' ਦੀ ਧੁਨ ਤਾਰੀ ਹੈ । ਪਤਾ ਨਹੀਂ ਕਿਸ ਨੇ ਇਹ ਪ੍ਰਸ਼ਨੋਤਰੀ ਕਾਗ਼ਜ਼ 'ਤੇ ਉਸਾਰੀ ਹੈ:

ਮੁਲਾਕਾਤ-9 [1970]

? ਡਾਕਟਰ ਸਾਹਿਬ! ਤੁਸੀਂ ਕਵਿਤਾ ਰਚਦੇ ਰਚਦੇ ਆਲੋਚਨਾ ਵੱਲ ਆਉਣ ਦੀ ਲੋੜ ਕਿਉਂ ਮਹਿਸੂਸ ਕੀਤੀ ।

-ਸਾਹਿਤ-ਆਲੋਚਨਾ ਲਈ ਵੇਲਾ ਕਿਸੇ ਪਾਸ ਨਹੀਂ । ਵੇਲਾ ਉਹਨਾਂ ਪਾਸ ਹੈ, ਜਿੰਨ੍ਹਾਂ ਪਾਸ ਰੁਝੇਵੇਂ ਹਨ । ਅਸੀਂ ਸਾਹਿੱਤ ਨੂੰ ਅਜੇ ਜ਼ਿੰਦਗੀ ਦਾ ਰੁਝੇਵਾਂ ਨਹੀਂ ਬਣਾਇਆ ।

? ਪਰ ਤੁਸੀਂ ਤਾਂ ਸਾਹਿੱਤ ਰਚਨਾ ਦੇ ਨਾਲ ਨਾਲ ਆਲੋਚਨਾ ਨੂੰ ਵੀ ਜ਼ਿੰਦਗੀ ਦਾ ਰੁਝੇਵਾਂ ਬਣਾਈ ਰੱਖਿਆ ਹੈ । ਵਿਸ਼ੇਸ਼ਕਾਰ ਕਾਵਿ- ਸਮੀਖਿਆ ਦੇ ਖੇਤਰ ਵਿੱਚ ਤੁਹਾਡਾ ਕੰਮ ਬਹੁਤ ਮੁੱਲਵਾਨ ਹੈ । ਆਧੁਨਿਕ ਕਵਿਤਾ ਬਾਰੇ ਕੁਝ ਕਹੋ ।

- ਆਧੁਨਿਕ ਕਵਿਤਾ, ਬਹੁਤ ਕਰਕੇ, ਵਿਚਾਰੇ ਵਿਅਕਤੀ ਦੀ ਬੇਬਸ, ਇਕਹਿਰੀ ਭਾਵ-ਬੁਣਤੀ ਦਾ ਪ੍ਰਗਟਾਵਾ ਹੈ ।

? ਤੁਹਾਡਾ ਭਾਵ ਵਿਅਕਤੀਵਾਦੀ ਤੋਂ ਹੈ, ਪਰ ਸਾਨੂੰ ਤਾਂ ਦੱਸਿਆ ਜਾਂਦਾ ਰਿਹਾ ਹੈ ਕਿ ਇਹ ਸਮਾਜ ਮੁਖੀ ਹੈ ।

- ਸਮਾਜ-ਮੁਖ ਹੈ, ਇਤਨਾ ਨਿਸ਼ਚਿਤ ਹੈ; ਪਰ ਪੰਜਾਬੀ ਕਵੀ ਨੇ ਸਮਾਜ ਨੂੰ ਆਪਣਾ ਹਮ-ਉਮਰ ਸਾਥੀ ਸਮਝ ਕੇ ਇਸ ਨਾਲ ਦਸਤਪੰਜਾ ਕਦੇ ਨਹੀਂ ਲਿਆ । ਸਾਡੀ ਸਮਾਜ-ਮੁਖਤਾ ਦਾ ਪ੍ਰੇਰਕ ਭੈਅ ਹੈ, ਪਿਆਰ ਨਹੀਂ ।

? ਤੁਹਾਡੇ ਤੋਂ ਪੂਰਬਲੀ ਕਵਿਤਾ ।

- ਪੰਜਾਬੀ ਕਵਿਤਾ ਸਦਾ ਮਜ਼ਲੂਮ ਘੱਟ-ਗਿਣਤੀ ਦੇ ਦ੍ਰਿਸ਼ਟੀਕੋਣ ਤੋਂ ਹੀ ਆਪਣੇ ਛੰਦ ਉਚਾਰਦੀ ਹੈ ।

? ਇਸ ਵਿੱਚ ਵਿਦਰੋਹ ਦਾ ਅੰਸ਼...

- ਵਿਦਰੋਹ ਦਾ ਕਥਨ ਭਾਵੇਂ ਕਿਤਨਾ ਵੀ ਹੋਵੇ, ਪਰ ਉਸਦੀ ਰੂਪ- ਮੁਦ੍ਰਾ ਸਥਾਪਿਤ ਵੀ ਹੈ ਤੇ ਸ਼ਾਂਤ ਵੀ ।

? ਇਸ ਰੂਪ-ਮੁਦ੍ਰਾ ਨੂੰ ਤੋੜਨ ਲਈ ਤੁਸੀਂ ਕੁਝ ਕੀਤਾ ।

- ਮੇਰੇ ਜਨਮ ਤੋਂ ਵੀ ਪਹਿਲਾਂ ਪੰਜਾਬੀ ਕਵੀ ਅਤੇ ਪੰਜਾਬੀ ਸਮਾਜ ਵਿਚਕਾਰ ਜੋ ਰਿਸ਼ਤਾ ਸਥਾਪਿਤ ਹੋ ਚੁੱਕਾ ਸੀ, ਉਸਨੂੰ ਮੈਂ ਤੋੜ ਨਹੀਂ ਸਕਿਆ ।

? ਇਹ ਰਿਸ਼ਤਾ ਕੀ ਹੈ ।

- ਕੁਲ ਮਿਲਾ ਕੇ ਸਮਾਜ ਇੱਕ ਅੰਨ੍ਹੀ ਹਕੀਕਤ ਹੈ । ਉਸ ਦਾ ਸਪੱਸ਼ਟ ਚਿਹਰਾ ਉਲੀਕਣ ਲੱਗਿਆਂ ਅਸੀਂ ਕਿਸੇ ਅਗਿਆਤ ਟੈਬੂ ਰਾਹੀਂ ਵਰਜ ਦਿੱਤੇ ਜਾਂਦੇ ਹਾਂ ।

? ਹੋਰ ਸਪੱਸ਼ਟ ਕਰੋ ।

- ਅਸਲ ਵਿੱਚ ਸਮੁੱਚੀ-ਆਧੁਨਿਕ ਪੰਜਾਬੀ ਕਵਿਤਾ ਭਾਵ ਤੋਂ ਵਧੇਰੇ ਪ੍ਰਭਾਵ ਨਾਲ ਸੰਬੰਧਿਤ ਰਹੀ ਹੈ । ਸਾਡੀ ਕਵਿਤਾ ਵਿੱਚ ਕਵੀ ਤੋਂ ਕਿਤੇ ਵਧੇਰੇ ਪਾਠਕ ਜਾਂ ਸਰੋਤਾ ਮੌਜੂਦ ਰਹਿੰਦਾ ਹੈ । ਸਾਡੀ ਸਮਾਜ-ਮੁਖ ਕਵਿਤਾ ਨੇ ਸਮਾਜ ਦੀ ਗੁਲਾਮੀ ਸਵੀਕਾਰ ਕਰ ਰੱਖੀ ਹੈ ।

? ਤੁਹਾਡੀ ਕਵਿਤਾ ਨੇ ਵੀ....

- ਇਸ ਵਰਜਨਾ-ਪ੍ਰਧਾਨ ਸਮਾਜ ਵਿੱਚ ਵਿਚਰਦੇ-ਵਰਤਦੇ ਮੈਂ ਜੋ ਵੀ ਕਾਵਿ-ਰਚਨਾ ਕੀਤੀ ਹੈ, ਉਸਦੀ ਬਿਰਤੀ ਵਰਜਨਾ-ਮੁਖ ਹੈ । ਮੁਕਤ ਆਤਮ-ਪ੍ਰਗਟਾਵਾ ਸਾਡੇ ਸਮਾਜ ਦਾ ਸਹਿਜ-ਸੁਭਾਉ ਨਹੀਂ ।... ਵਰਜਿਆ ਹੋਇਆ ਬੰਦਾ ਜਦੋਂ ਆਤਮ-ਪ੍ਰਗਟਾਵੇ ਦਾ ਯਤਨ ਕਰੇਗਾ ਤਾਂ ਵੱਧ ਤੋਂ ਵੱਧ ਉਹ ਵਰਜਿਤ ਨੂੰ ਹੀ ਵੈਧ ਰੂਪ ਦੇਣ ਦਾ ਯਤਨ ਕਰੇਗਾ ।

? ਪਰ ਤੁਹਾਡੀ ਵਿਲੱਖਣਤਾ...

- ਮੈਂ ਆਪਣੀ ਵਿਲੱਖਣਤਾ ਨੂੰ ਪ੍ਰਗਟਾਉਂਦਾ ਵੀ ਹਾਂ ਤੇ ਫਿਰ ਝਟਪਟ ਲੁਕਾਉਂਦਾ ਵੀ ਹਾਂ ।

? ਤੁਹਾਡੇ ਕਾਵਿ ਦਾ ਮੁਹਾਂਦਰਾ ਤੇ ਮੁਹਾਵਰਾ ਕੁਝ ਧਾਰਮਿਕ ਜਿਹਾ ਹੈ । ਸਿੱਖ ਚਿੰਤਨ ਦਾ ਪ੍ਰਭਾਵ ਨਜ਼ਰ ਅਉਂਦਾ ਹੈ ।

- ਸਿੱਖ ਚਿੰਤਨ ਅਤੇ ਸਿਰਜਨ ਪਿਛੋਕੜ ਉਪਰ ਜ਼ਰੂਰਤ ਤੋਂ ਵਧੇਰੇ ਬਲ ਦੇਂਦਾ ਹੈ । ਇਸ ਪ੍ਰਕਾਰ ਦੀ ਚਿੰਤਨ ਵਿਧੀ ਦਾ ਆਰੰਭ ਸਿੰਘ ਸਭਾ ਦੇ ਸਮੇਂ ਤੋਂ ਹੁੰਦਾ ਹੈ । ਅਸੀਂ ਆਪਣੇ ਧਰਮ ਦੇ ਕਿਸੇ ਵੀ ਗੁਣ ਦਾ ਜ਼ਿਕਰ ਕਰ ਰਹੇ ਹੋਈਏ, ਕਿਸੇ ਦੂਸਰੇ ਧਰਮ ਨੂੰ ਸੰਦਰਭ ਬਣਾਏ ਬਿਨਾਂ ਸਾਨੂੰ ਜ਼ਿਕਰ ਅਧੂਰਾ ਪ੍ਰਤੀਤ ਹੁੰਦਾ ਹੈ ।

? ਤੁਹਾਡਾ ਮਤਲਬ....

- ਇਹ ਚਿੰਤਨ-ਵਿਧੀ ਸਾਡੇ ਮਨੋ-ਪ੍ਰਬੰਧ ਵਿੱਚ ਇੱਕ ਕੰਪਲੈਕਸ ਬਣ ਕੇ ਬੈਠੀ ਹੈ । ਮੇਰੀਆਂ ਕਵਿਤਾਵਾਂ ਧਾਰਮਿਕ ਨਹੀਂ । ਆਪਣੇ ਧਰਮ ਪਾਸੋਂ ਪ੍ਰਾਪਤ ਇਸ ਮਨੋਬਿਰਤੀ ਨੇ ਮੇਰੀ ਸਾਹਿੱਤ- ਸਾਧਨਾ ਨੂੰ ਪ੍ਰਭਾਵਿਤ ਕੀਤਾ ਹੈ ।

? ਇਸ ਪ੍ਰਭਾਵ ਨਾਲ ਫ਼ਰਕ ਕੀ ਪਿਆ ਹੈ ।

- ਮੇਰੀ ਸਾਰੀ ਸਿਰਜਨ-ਵਿਧੀ ਡਿਫ਼ੈਂਸਿਵ ਹੋ ਜਾਂਦੀ ਹੈ । ਸਾਡੀ ਕਵਿਤਾ ਮਿਨਾਰਿਟੀ-ਡਿਫ਼ੈਂਸਿਵ ਕਵਿਤਾ ਹੈ । ਨਾ ਇਹ ਵਿਰਾਟ ਹੈ, ਨਾ ਸੁਤੰਤਰ ।

? ਇਸ ਦਾ ਹੱਲ ਕੀ ਹੈ ।

- ਵਰਜਿਤ ਖੇਤਰ ਤੋਂ ਪਰ੍ਹਾਂ ਜਾਏ ਬਿਨਾਂ ਪ੍ਰਮਾਣਿਕ ਸਿਰਜਨ ਸੰਭਵ ਨਹੀਂ । ਹਰ ਨਵਾਂ ਸਿਰਜਨ ਨਵਾਂ ਗੁਨਾਹ ਹੈ ।

? ਤੁਸੀਂ ਇਹ ਗੁਨਾਹ ਕੀਤਾ ਹੈ ।

- ਮੇਰੇ ਮਤਾਨੁਸਾਰ, ਮੇਰੀ ਕਵਿਤਾ ਇਸੇ ਲਛਮਣ ਰੇਖਾ ਤੋਂ ਪਾਰ ਜਾਣ ਦਾ ਅਚੇਤ ਅਸਫ਼ਲ ਯਤਨ ਹੈ ।

? ਤੁਹਾਡੇ ਸਮਕਾਲ ਦੀ ਪ੍ਰਾਪਤੀ ਕੀ ਹੈ ।

- ਅਸੀਂ ਜੂਝੇ ਨਹੀਂ, ਕੇਵਲ ਸਮਝੌਤੇ ਕੀਤੇ ਹਨ ਅਤੇ ਇਹਨਾਂ ਸਮਝੌਤਿਆਂ ਦੀ ਲੜੀ ਨੂੰ ਹੀ ਵਿਕਾਸ ਦਾ ਬਦਲ ਮੰਨ ਲਿਆ ਹੈ । ਰੋਮਾਂਸਵਾਦ, ਪ੍ਰਗਤੀਵਾਦ, ਪ੍ਰਯੋਗਵਾਦ ਸਾਡੇ ਸਮਝੌਤੇ ਹਨ ।

? ਤੁਹਾਡਾ ਵਿਕਅਤੀਗਤ ਰੋਲ ਕੀ ਹੈ ।

- ਜਦੋਂ ਮੇਰੇ ਸਮਕਾਲੀ ਗੀਤ ਮੁੱਖ ਸਨ, ਮੇਰਾ ਧਿਆਨ ਮੋਨੋਲਾਗ ਵੱਲ ਸੀ । ਜਦੋਂ ਉਹ ਇਕਮੁੱਖ ਪ੍ਰਗਤੀਵਾਦ ਦੀ ਪਕੜ ਵਿੱਚ ਸਨ, ਮੈਂ ਦੋ-ਤਰਫ਼ੇ ਸੰਵਾਦ ਵਿੱਚ ਰੁੱਝਾ ਹੋਇਆ ਸਾਂ । ਏਥੋਂ ਤਕ ਸਭ ਅਚੇਤ ਹੀ ਹੋਇਆ । ਮੇਰਾ ਇਹ ਵਖਰੇਵਾਂ ਮੇਰੀ ਇਕੱਲਤਾ ਦਾ ਹੀ ਸਹਿਜ ਪਰਿਣਾਮ ਸੀ ।

? ਇਹ ਸੋਝੀ ਕਦੋਂ ਆਈ ।

- ਮੈਨੂੰ ਆਪਣੀ ਵਿਲੱਖਣਤਾ ਅਤੇ ਵਖਰੇਵੇਂ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੇਰੇ ਉਪਰ ਪ੍ਰਹਾਰ ਆਰੰਭ ਹੋਏ । ਪਰ ਮੈਂ ਆਪਣੇ ਸਮਕਾਲੀਆਂ ਨਾਲ ਸੰਵਾਦ ਕਰਨ ਦੀ ਥਾਂ ਗੀਤ ਦੀ ਸ਼ਰਨ ਲਈ ।

? ਗੀਤ ਦੀ ਸ਼ਰਨ ਵਿੱਚ ਜਾ ਕੇ ਕੀ ਅਨੁਭਵ ਹੋਇਆ ।

- ਮੈਂ ਸਮੁੱਚੇ ਸਮਕਾਲੀ ਗੀਤ-ਪ੍ਰਗੀਤ ਕਾਵਿ ਅਤੇ ਇਸ ਤੋਂ ਪ੍ਰਭਾਵਿਤ ਕਾਵਿ ਨੂੰ 'ਸਲੰਮ' ਕਵਿਤਾ ਦਾ ਨਾਂ ਦਿੱਤਾ ਹੈ । ...ਸਲੰਮ; ਨਾ ਚੱਜ ਦਾ ਪਿੰਡ, ਨਾ ਚੱਜ ਦਾ ਸ਼ਹਿਰ ।

? 'ਸਲੰਮ' ਤੋਂ ਤੁਹਾਡਾ ਕੀ ਭਾਵ ਹੈ? ਹੋਰ ਸਪੱਸ਼ਟ ਕਰੋ ।

- ਜਦੋਂ ਵਿਅਕਤੀ ਜੀਵਨ-ਗਤੀ ਨਾਲੋਂ ਟੁੱਟ ਕੇ ਸ਼ੁੱਧ ਸਮੂਹਕ ਮਨੋਸਥਿਤੀ ਪਾਸ ਬੈਠ ਜਾਂਦਾ ਹੈ ਤਾਂ ਉਹ ਕਿਸੇ ਸਲੰਮ ਵਿੱਚ ਨਿਵਾਸ ਕਰ ਰਿਹਾ ਹੁੰਦਾ ਹੈ । ਜਾਂ ਸ਼ਾਇਦ ਇੱਕ ਸਲੰਮ ਉਹਦੇ ਜ਼ਿਹਨ ਵਿੱਚ ਆ ਬਿਰਾਜਦਾ ਹੈ । ...ਟੈਬੂ ਸਮਾਜ ਵਿੱਚ ਕਰੁਣਾ ਸਦਾ ਪ੍ਰਵਾਨ ਹੈ, ਹਾਸੇ ਲਈ ਮੌਕੇ ਵਿਰਲੇ ਹਨ ।

? ਮਤਲਬ ਹਾਸੇ ਦੇ ਮੌਕੇ ਵਧੇੇਰੇ ਹੋਣੇ ਚਾਹੀਦੇ ਨੇ ।

- ਆਦਮੀ ਆਪਣੇ ਹਾਸੇ ਤੋਂ ਪਛਾਣਿਆ ਜਾਂਦਾ ਹੈ । ਹਾਸ ਤੋਂ ਉਪਹਾਸ ਤਕ, ਮੁਸਕਣੀ ਤੋਂ ਹਿਣਕਣੀ ਤਕ, ਰੋਸ਼ਨੀ ਦਾ ਖਲਾਰਾ ਹੈ ਜਿਸ ਵਿੱਚ ਬੰਦਾ ਆਪਣੇ ਆਪ ਨੂੰ ਉਜਾਗਰ ਕਰੀ ਜਾਂਦਾ ਹੈ । ਬੋਲੀ ਤਾਂ ਆਪਣੇ ਆਪ ਨੂੰ ਲੁਕਾਉਣ ਲਈ ਵੀ ਵਰਤੀ ਜਾ ਸਕਦੀ ਹੈ ਪਰ ਹਾਸਾ ਮੁੱਢ-ਕਦੀਮੀ ਚੁਗਲਖੋਰ ਹੈ ਜੋ ਸੌ ਪਰਦਿਆਂ ਵਿੱਚ ਲੁਕੇ ਬੰਦੇ ਨੂੰ ਵੀ ਪਰ੍ਹਿਆ ਵਿੱਚ ਨੰਗਾ ਖਲ੍ਹਾਰ ਦੇਂਦਾ ਹੈ । ਇਸ ਦੇ ਵੱਸ ਪਏ ਬੰਦੇ ਲਈ ਲੁਕਣ ਦਾ ਕੋਈ ਰਾਹ ਨਹੀਂ ।

? ਤੁਸੀਂ ਹੱਸਦੇ ਬਹੁਤ ਸੁਹਣੇ ਲੱਗਦੇ ਹੋ ।

- ਹਾਸਾ ਤਾਂ ਨਿਰੋਲ ਸੂਰਜ ਹੈ, ਜਿਸਦਾ ਸਿੱਧਾ ਤੇ ਪੁੱਠਾ ਦੋਵੇਂ ਪਾਸੇ ਇੱਕੋ ਜਹੇ ਚਾਨਣੇ ਹਨ । ਇਹ ਤਾਂ ਸਗੋਂ ਸੂਰਜ ਨਾਲੋਂ ਵੀ ਵੱਧ ਨੰਗਾ ਹੈ । ਸੂਰਜ ਤਾਂ ਪੱਛੋਂ ਵਿੱਚ ਡੁੱਬ ਕੇ ਆਪਣੇ ਆਪ ਨੂੰ ਲੁਕਾ ਲੈਂਦਾ ਹੈ, ਪਰ ਹੱਸਦਿਆਂ ਵਿੱਚ ਹੱਸਣ ਵਾਲਾ ਬੰਦਾ ਤਾਂ ਸ਼ਰੇਆਮ ਆਪਣੀ ਕਮੀਨਗੀ ਦੀ ਗਵਾਹੀ ਦੇ ਰਿਹਾ ਹੁੰਦਾ ਹੈ ।

? ਤੁਸੀਂ ਤਾਂ ਅਕਸਰ ਹੱਸ ਲੈਂਦੇ ਹੋ । ਤੁਹਾਨੂੰ ਕੀ ਸ਼ਿਕਾਇਤ ਹੈ ।

- ਸਾਡੇ ਸਹਿੱਤ ਦਾ ਮਿਜਾਜ਼ ਸ਼ਿਕਾਇਤੀ ਹੈ ।

? ਤੁਹਾਨੂੰ ਆਪਣੇ ਕਾਵਿ ਵਿੱਚ ਕਿਹੜੀ ਘਾਟ ਖਟਕਦੀ ਹੈ ।

- ਮੇਰੀ ਕਾਵਿ-ਕਿਰਤ ਜ਼ਿੰਦਗੀ ਦੇ ਜਸ਼ਨ ਵਿੱਚ ਸ਼ਰੀਕ ਨਾ ਹੋ ਸਕੀ । ਨਿਸਚੇ ਹੀ ਮੇਰਾ ਗੀਤ ਰੁਦਨ ਨਹੀਂ, ਪਰ ਇਹ ਕ੍ਰੀੜਾ ਵੀ ਨਹੀਂ ।

? ਪਰ ਤੁਸੀਂ ਇਸ ਕਾਵਿ-ਦੌੜ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਤਾਂ ਹੋ ।

- ਮੈਂ ਇਸ ਦੌੜ ਵਿੱਚ ਜਿੱਤਣ ਲਈ ਸ਼ਰੀਕ ਨਹੀਂ ਹੋਇਆ । ਜਿੱਤਣ ਬਾਅਦ ਦੌੜ ਖ਼ਤਮ ਹੋ ਜਾਂਦੀ ਹੈ । ਆਪਣੇ ਪੈਰ ਦਲਦਲ ਵਿੱਚੋਂ ਪੁੱਟ ਕੇ, ਸ਼ੁੱਧ ਵਿਰਸਾ ਰੂਪੀ ਮਨੋਸਥਿਤੀ ਨਾਲੋਂ ਟੁੱਟ ਕੇ ਤੁਰਨ ਦਾ ਜਤਨ ਅਰੰਭਿਆ ਹੈ ।

? ਹੁਣ ਤਕ ਕੀ ਕਰਦੇ ਰਹੇ ਹੋ ।

- ਇਸ ਤੋਂ ਪਹਿਲਾ ਮੈਂ ਆਪਣੇ ਆਲੇ-ਦੁਆਲੇ ਜਾਲਾ ਬੁਣਦਾ ਰਿਹਾ ਹਾਂ ਤੇ ਆਪਣੇ ਹੱਥੀਂ ਉਸਨੂੰ ਤੋੜਿਆ ਵੀ ਹੈ ।

? ਹੁਣੇ ਹੁਣੇ ਤੁਹਾਡੀ ਕਿਤਾਬ 'ਸੜਕ ਦੇ ਸਫ਼ੇ ਉੱਤੇ' ਛਪ ਕੇ ਆਈ ਹੈ । ਖੁਸ਼ ਹੋ ।

- ਸੜਕ ਦੇ ਸਫ਼ੇ ਉੱਤੇ ਮੈਂ ਖ਼ੁਦਕੁਸ਼ੀ ਤੋਂ ਬਾਅਦ ਪਹੁੰਚਿਆ ਹਾਂ । ਇਹ ਨਵਾਂ--ਵਿਦਾ ਬਿੰਦੂ ਹੈ । ਵੇਖੋ ਕਿੱਥੋਂ ਕੁ ਤੀਕ ਤੁਰਦਾ ਹਾਂ ।

ਇਸ ਤੋਂ ਪਿੱਛੋਂ ਹਰਿਭਜਨ ਖ਼ੂਬ ਤੁਰਿਆ ਸੀ । ਇਨਾਮਾਂ ਅਤੇ ਸਨਮਾਨਾਂ ਨਾਲ ਲਬਰੇਜ਼ ਉਸਦੀ ਕਾਵਿ ਯਾਤਰਾ ਦੀ ਭੂਮਿਕਾ ਦਾ ਦਸਤਾਵੇਜ਼ੀ ਮਹੱਤਵ ਹੈ ।

(ਪ੍ਰਥਮ ਬਿਸਰਾਮ)

ਮੁਲਾਕਾਤ-99 [1989]

? ਕਾਵਿ-ਯਾਤਰਾ ਦੇ ਇਸ ਮੁਕਾਮ 'ਤੇ ਕੀ ਮਹਿਸੂਸ ਕਰਦੇ ਹੋ ।

- ਮੈਂ ਤਾਂ ਆਪ-ਸਵੀਕਾਰੇ ਰਿਸ਼ਤਿਆਂ ਦੇ ਜਕੜ-ਜਾਲ ਵਿੱਚ ਬੱਧਾ ਆਪਣੇ ਪਰੰਪਰਕ ਕਰਤੱਵ ਨਿਭਾਈ ਜਾ ਰਿਹਾ ਹਾਂ ਤੇ ਮੇਰੀ ਸਮਝੀ ਜਾਣ ਵਾਲੀ ਕਵਿਤਾ ਦੁਨੀਆ ਨਾਲ ਸੰਵਾਦ ਰਚਾਈ ਜਾ ਰਹੀ ਹੈ । ਖ਼ੁਦ ਮੇਰੇ ਆਪੇ ਤੇ ਮੇਰੀ ਸਿਰਜਣਾ ਵਿੱਚ ਬਹੁਤ ਵੱਡਾ ਫ਼ਾਸਿਲਾ ਹੈ । ਫ਼ਾਸਿਲਾ ਜੋ ਮੈਨੂੰ ਨਕਾਰਦਾ ਹੈ । ਫ਼ਾਸਿਲੇ ਤੋਂ ਪਾਰ ਖਲੋਤੀ ਮੇਰੀ ਕਵਿਤਾ ਮੈਨੂੰ ਅਪ੍ਰਸੰਗਿਕ, ਵਾਫਰ ਸਿੱਧ ਕਰੀ ਜਾ ਰਹੀ ਹੈ । ਉਹਨੇ ਦੁਨੀਆ ਵੱਲ ਮੂੰਹ ਤੇ ਮੇਰੇ ਵੱਲ ਪਿੱਠ ਕੀਤੀ ਹੋਈ ਹੈ ।

? ਕਵਿਤਾ ਤੇ ਕਵੀ ਦਾ ਇਹ ਕੈਸਾ ਰਿਸ਼ਤਾ ਹੈ ।

- ਕਵਿਤਾ ਦਾ ਸੁਭਾਅ ਪਾਰਗਾਮੀ ਹੈ । ਕਵੀ ਦੀ ਸਮਰੱਥਾ ਵਿੱਚੋਂ ਰੂਪ ਧਾਰ ਕੇ ਵੀ ਕਵਿਤਾ ਕਵੀ ਦੇ ਆਪੇ ਤੋਂ ਆਜ਼ਾਦ ਹੈ ।

? ਤੁਸੀਂ ਕਵਿਤਾ ਲਿਖਦੇ ਕਿਉਂ ਹੋ ।

- ਸ਼ੇਅਰ ਕਹਿਣਾ ਮੇਰਾ ਸ਼ੌਕ ਹੈ । ਸ਼ੇਅਰ ਕਹਿ ਕੇ ਮੈਂ ਆਪਣੇ ਆਪ ਨੂੰ ਸਮਝਣ ਦਾ ਯਤਨ ਕਰਦਾ ਹਾਂ ।

? ਕਾਵਿ ਦੀ ਪ੍ਰੇਰਨਾ ਦਾ ਸੋਮਾ...

- ਨਿਰੋਲ ਧੁਨ ਕਵਿਤਾ ਲਈ ਪ੍ਰੇਰਨਾ ਬਣ ਜਾਂਦੀ ਹੈ । ਇਹ ਅਨੁਭਵ ਹੁਣ ਤਕ ਮੇਰੇ ਕਾਵਿ-ਕਰਮ ਦਾ ਅੰਗ ਹੈ ।

? ਸ਼ਾਇਰ ਹਰਿਭਜਨ ਦੀ ਵਾਸਤਵਿਕਤਾ ਕੀ ਹੈ ।

- ਮੇਰੀ ਵਾਸਤਵਿਕਤਾ ਦਾ ਸੁਭਾਅ ਗਲਪ ਵਰਗਾ ਹੈ । ਸ਼ਾਇਦ, ਗਲਪ ਹੀ ਮੇਰੀ ਵਾਸਤਵਿਕਤਾ ਹੈ । ਗਲਪ, ਜਿਸਦੀ ਹੋਂਦ ਵਿਧੀ ਮਾਨਸਿਕ ਹੈ, ਇੰਦ੍ਰਿਆਤਮਕ ਨਹੀਂ । ਜੋ ਸ਼ਬਦਾਂ ਵਿੱਚ ਪ੍ਰਗਟਾਈ ਜਾ ਸਕਦੀ ਹੈ ਪਰ ਕਿਸੇ ਹੀਲੇ ਵਰਤਣ ਵਿੱਚ ਨਹੀਂ ਆਉਂਦੀ ।

? ਥੋੜ੍ਹੀ ਤਸ਼ਰੀਹ ਕਰੋ ।

- ਮੈਂ ਕਿਸੇ ਕਿੱਸੇ ਦੇ ਪਾਤਰ ਵਾਂਗ ਜੀਵਿਆ ਹਾਂ ਤੇ ਇਸ ਤਰ੍ਹਾਂ ਦਾ ਜੀਣਾ ਮੈਨੂੰ ਚੰਗਾ ਲੱਗਦਾ ਹੈ ।

(ਦੂਸਰਾ ਬਿਸਰਾਮ)

ਮੁਲਾਕਾਤ-999 [1994]

? ਤੁਹਾਡੇ ਕਾਵਿ ਦੀਆਂ ਜੜ੍ਹਾਂ ਕਿੱਥੇ ਹਨ ।

- ਮੇਰੀ ਕਾਵਿ-ਯਾਤਰਾ ਵਿਗੋਚੇ ਅਤੇ ਪ੍ਰਾਪਤੀ ਦੀ ਰਲੀ ਮਿਲੀ ਕਹਾਣੀ ਹੈ ।

? ਉਹ ਕਿਵੇਂ ।

- ਮੇਰੀ ਕਵਿਤਾ ਦਾ ਆਦਿ ਜੁਗਾਦਿ ਮੌਤ ਦੇ ਹਵਾਲੇ ਨਾਲ ਹੀ ਸੰਭਵ ਹੋਇਆ । ਏਨੀਆਂ ਮੌਤਾਂ ਹੋਈਆਂ ਕਿ ਇਕੱਲਾ ਰਹਿ ਗਿਆ । ...ਮੈਂ ਸਾਰਾ ਜੀਵਨ ਕਵਿਤਾ ਦੇ ਲੇਖੇ ਲਾ ਸਕਿਆ, ਇਹਦਾ ਸਿਹਰਾ ਬਹੁਤ ਕੁਝ ਮੌਤ ਦੇ ਸਿਰ ਹੀ ਬੱਝਦਾ ਹੈ ।

? ਤੁਹਾਡੀ ਕਵਿਤਾ ਵਿੱਚ ਬਚਪਨ ਦਾ ਦਖ਼ਲ ਏਨਾ ਕਿਉਂ ਹੈ, ਅਜੇ ਤੱਕ ਵੀ ।

- ਬਚਪਨ ਵਿੱਚ ਪਏ ਪ੍ਰਭਾਵਾਂ ਤੋਂ ਮੁਕਤ ਹੋ ਜਾਣਾ ਸੰਭਵ ਨਹੀਂ ਹੁੰਦਾ ।

? ਤੁਹਾਡਾ ਪਿਛੋਕੜ ।

- ਮੈਂ ਲੋਹਾਰਾਂ ਤਰਖਾਣਾਂ ਦੇ ਪਰਿਵਾਰ ਨਾਲ ਸੰਬੰਧਿਤ ਹਾਂ । ਮੈਨੂੰ ਉੱਚੀ ਜਾਤ ਦਾ ਹੰਕਾਰ ਨਹੀਂ । ਉੱਚੀ-ਨੀਵੀਂ ਜਾਤ ਤੋਂ ਪਾਰ ਆਪਣੀ ਜਨਮ-ਜਾਤ 'ਤੇ ਮਾਣ ਜ਼ਰੂਰ ਹੈ ।

? ਕੋਈ ਪ੍ਰੇਰਨਾ-ਬਿੰਦੂ ।

- ਸ਼ਾਇਰੀ ਵੱਲ ਮੈਂ ਪ੍ਰੇਰਨਾ-ਬਿੰਦੂਆਂ ਦੇ ਦਬਾਉ ਹੇਠ ਨਹੀਂ ਅਹੁਲਿਆ । ਸ਼ਾਇਰੀ ਮੇਰੀ ਇਕਾਂਤ ਨੂੰ ਪੁਰ ਕਰਨ ਦਾ ਸਹਿਜ ਵਸੀਲਾ ਹੈ ।

? ਆਪਣੀ ਸ਼ਾਇਰੀ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਕਿੰਨਾ ਕੁ ਸਾਰਥਕ ਸਮਝਦੇ ਹੋ ।

- ਕੁਝ ਲੋਕਾਂ ਨੂੰ ਮੇਰੀ ਕਵਿਤਾ ਦੇ ਅਰਥ ਸਮਝ ਨਹੀਂ ਆਉਂਦੇ । ਖ਼ੁਦ ਮੈਨੂੰ ਵੀ ਆਪਣੇ ਆਪ ਤੋਂ ਇਹੋ ਸ਼ਿਕਾਇਤ ਹੈ । ਮੈਨੂੰ ਅੱਜ ਤੱਕ ਆਪਣੇ ਹੋਣ ਦਾ ਅਰਥ ਪਤਾ ਨਹੀਂ ਲੱਗਾ । ਪਰ ਮੈਂ ਆਪਣੇ ਅੰਦਰ ਤੁਰੇ ਜਾਂਦੇ ਲਹੂ ਤੋਂ ਵਾਕਿਫ਼ ਹਾਂ । ਮੈਂ ਜ਼ਿਆਦਾਤਰ ਕਿਸੇ ਅਰਥ ਦਾ ਚਲਾਇਆ ਨਹੀਂ ਚੱਲਦਾ, ਕਿਸੇ ਲੈਅ ਦਾ ਚਲਾਇਆ ਰਚਦਾ ਹਾਂ ।

? ਇਹ 'ਲੈਅ' ਅਚੇਤ ਹੈ ਜਾਂ ਸੁਚੇਤ ।

- ਮੇਰੇ ਅੰਦਰ ਮਰਦਾਨੇ ਜਿਹਾ ਕੋਈ ਮਿੱਤਰ ਰਬਾਬ ਛੇੜਦਾ ਹੈ ਤੇ ਮੈਂ ਕੁਝ ਗਾਉਣ, ਰਚਣ 'ਤੇ ਮਜਬੂਰ ਹੋ ਜਾਂਦਾ ਹਾਂ ।

? ਕਵਿਤਾ ਨੂੰ ਤੁਸੀਂ ਪੜ੍ਹਨ ਨਾਲ ਨਹੀਂ, ਸੁਣਨ-ਸੁਣਾਉਣ ਨਾਲ ਵਧੇਰੇ ਜੋੜਦੇ ਹੋ ।

- ਏਨੀ ਗੱਲ ਨਿਸੰਗ ਕਹਿੰਦਾ ਹਾਂ ਕਿ ਮੈਨੂੰ ਜਿੰਨਾ ਫ਼ੈਜ਼ ਹਵਾ ਵਿੱਚ ਗੂੰਜਦੀ ਸ਼ਾਇਰੀ ਤੋਂ ਹੋਇਆ, ਓਨਾਂ ਕਿਤਾਬਾਂ ਵਿੱਚ ਪਏ ਗੂੰਗੇ ਸ਼ੇਅਰਾਂ ਤੋਂ ਨਹੀਂ ।

? ਤੁਹਾਡੀ ਕਾਵਿ-ਭਾਸ਼ਾ ਤੇ ਹਿੰਦੀ ਦਾ ਪ੍ਰਭਾਵ...

- ਮੈਂ ਹਿੰਦੀ ਸੰਸਕ੍ਰਿਤ ਪੜ੍ਹਿਆ ਹੋਇਆ ਪੰਜਾਬੀ ਦਾ ਕਵੀ ਹਾਂ । ਮੇਰੀ ਪੰਜਾਬੀਅਤ ਇਹਨਾਂ ਦੋਹਾਂ ਜ਼ਬਾਨਾਂ ਨੂੰ ਸਵੀਕਾਰਦੀ ਹੀ ਨਹੀਂ, ਪਿਆਰ ਵੀ ਕਰਦੀ ਹੈ । ਮੇਰੀ ਜੀਵਨ-ਦ੍ਰਿਸ਼ਟੀ ਤੇ ਮੇਰੀ ਸ਼ਾਇਰੀ ਉਪਰ ਇਹਨਾਂ ਦਾ ਚੇਤ ਜਾਂ ਅਚੇਤ ਪ੍ਰਭਾਵ ਪਛਾਣਿਆ ਜਾ ਸਕਦਾ ਹੈ ।

? ਤੇ ਪੰਜਾਬੀ...

- ਪੰਜਾਬੀ ਭਾਸ਼ਾ ਮੇਰੀ ਸਾਹਿੱਤਕਾਰੀ ਦਾ ਮੁੱਖ ਮਾਧਿਅਮ ਹੈ ਪਰ ਇਸ ਭਾਸ਼ਾ ਨਾਲ ਹੁੰਦੇ ਧੱਕਿਆਂ ਵਿਰੁੱਧ ਮੈਂ ਸ਼ਿਕਾਇਤੀ ਸ਼ੋਰ ਵਿੱਚ ਸ਼ਾਮਿਲ ਨਹੀਂ ।

? ਕਾਰਨ

- ਆਪਣੀ ਧੁਰ-ਆਤਮਾ ਵਿੱਚ ਮੈਂ ਗੁਰੂ ਦਾ ਸਿੱਖ ਹਾਂ, ਪਰ ਕਿਸੇ ਵੀ ਗ਼ੈਰ ਸਿੱਖ ਫਿਰਕੇ ਨਾਲ ਗ਼ੈਰੀਅਤ ਪਾਲਣਾ ਜ਼ਰੂਰੀ ਨਹੀਂ ਸਮਝਦਾ ।

? ਤੁਹਾਡੀ ਕਵਿਤਾ ਦੀ 'ਵਿਦੇਸ਼ ਨੀਤੀ' ਕੀ ਹੈ ।

- ਭਾਰਤੀ ਹੁੰਦਿਆਂ ਅਭਾਰਤੀ ਲੋਕਾਂ ਸੰਬੰਧੀ ਸਾਮੂਹਿਕ ਭਾਰਤੀ ਰਾਏ ਦੇ ਸੰਗ-ਸਾਥ ਤੁਰਨਾ, ਨਾ ਮੈਂ ਚਾਹਿਆ ਹੈ ਨਾ ਮੇਰੀ ਕਵਿਤਾ ਨੇ ।

? ਪੰਜਾਬੀ ਕਵਿਤਾ ਦੀ ਕੋਈ ਖੱਟੀ ਕਮਾਈ...

- ਪੰਜਾਬੀ ਕਵਿਤਾ ਕਮਾਈ ਵਾਲਾ ਧੰਦਾ ਨਹੀਂ । ਫ਼ਕੀਰੀ ਵਾਲੀ ਮੌਜ ਹੈ । ਮੇਰੀ ਜਾਚੇ ਇਸੇ ਵਿੱਚ ਸ਼ਾਇਰ ਦਾ ਭਲਾ ਹੈ । ਉਹਨੂੰ ਮੂੰਹ-ਵੇਖੀ ਗੱਲ ਕਹਿਣ ਲਈ ਅੱਖਰ ਨਹੀਂ ਜੋੜਨੇ ਪੈਂਦੇ । ਸ਼ਾਇਰੀ ਦੀ ਸਲਾਮਤੀ ਇਸੇ ਵਿੱਚ ਹੈ ਕਿ ਉਹ ਨਿਰੋਲ ਖੁਸ਼ ਕਰਨ ਦੇ ਇਰਾਦੇ ਨਾਲ ਨਾ ਲਿਖੀ ਜਾਏ ।

? ਤੁਹਾਡੀ ਕਾਵਿ-ਦ੍ਰਿਸ਼ਟੀ ਦਾ ਲੱਛਣ ।

- ਮੈਂ ਫ਼ਾਸਿਲੇ ਉਪਰ ਖਲੋ ਕੇ ਦੁਨੀਆ ਦਾ ਸੁਹਜ ਦਰਸ਼ਨ ਕੀਤਾ ਹੈ ।

? ਸੁਹਜ ਪ੍ਰਾਪਤੀ ਦੇ ਮੁੱਖ ਸਰੋਤ ਕਿਹੜੇ ਨੇ ।

- ਮੈਨੂੰ ਬਹੁਤਾ ਕੁਝ ਉਹਨਾਂ ਵਸਤਾਂ-ਵਿਅਕਤੀਆਂ ਨੇ ਬਣਾਇਆ ਹੈ, ਜੋ ਸਾਨੂੰ ਮਿਲ ਨਹੀਂ ਸਕੇ ।

? ਤੁਹਾਡੇ ਕਾਵਿ ਦਾ ਕੇਂਦਰੀ ਧੁਰਾ ।

- ਇੱਕ ਗ਼ੈਰ ਹਾਜ਼ਰ ਮਾਂ ਮੇਰੀ ਕਵਿਤਾ ਵਿੱਚ ਹਮੇਸ਼ਾ ਹਾਜ਼ਰ ਰਹੀ ਹੈ ।

? ਇਹ ਤੁਹਾਡੇ ਕਾਵਿ ਦਾ ਬਹੁਤ ਅਹਿਮ ਨੁਕਤਾ ਹੈ ।

- ਮਾਂ ਮੇਰੇ ਵਾਸਤੇ ਨੁਕਤਾ ਨਹੀਂ, ਸਦਾ ਫੈਲਦੀ ਲਕੀਰ ਹੈ ।

? ਜੇ ਤੁਸੀਂ ਇਸ ਲਕੀਰ ਦੇ 'ਫ਼ਕੀਰ' ਹੋ । ਇਸ ਮਾਤਰੀ ਫ਼ਕੀਰੀ ਬਾਰੇ ਕੁਝ ਹੋਰ ਬੋਲੋ ।

- ਠੀਕ ਹੈ ਕਿ ਕਰਤੱਵ ਪਾਲਣਾ ਦੇ ਦਬਾਉ ਹੇਠ ਮੈਂ 'ਘੋਟ ਘੋਟ ਗੱਲਾਂ ਕਰਨ ਡਹਿ' ਜਾਂਦਾ ਰਿਹਾ ਹਾਂ । ਪਰ ਮੈਨੂੰ ਸੁਖ ਮਾਤਰੀ ਸਰਲਤਾ ਵਿੱਚ ਹੀ ਮਿਲਦਾ ਰਿਹਾ ਹੈ । ਅੱਜ ਵੀ ਮੈਂ ਕਠਿਨ ਕਠੋਰ ਵੈਰ ਭਾਵਨਾ ਦਾ ਮੁਕਾਬਲਾ ਕਰਨ ਲਈ ਮਾਂ ਨੂੰ ਹੀ ਧਿਆਉਂਦਾ ਹਾਂ । ਜੋ ਮੈਨੂੰ ਸਮਝਾਉਂਦੀ ਹੈ ਕਿ ਸਰਲਤਾ ਵਿੱਚ ਸਲਾਮਤੀ ਹੈ । ...ਜਦੋਂ ਤੱਕ ਮੇਰੇ ਅੰਦਰ ਮਾਤਰੀ ਧੁਨਾਂ ਜਿਊਂਦੀਆਂ ਹਨ, ਦੁਸ਼ਮਣੀ ਦੀ ਸੰਘਣੀ ਭੀੜ ਵਿੱਚ ਵੀ ਮੈਨੂੰ ਸੱਤੇ ਖੈਰਾਂ ਹਨ ।...ਅਜੀਬ ਹੈ ਮੇਰਾ ਆਪਣੀ ਮਾਂ ਨਾਲ ਰਿਸ਼ਤਾ । ਮੈਨੂੰ 'ਹਾਇ ਮਾਂ' ਕਹਿਣ ਦੀ ਵੀ ਲੋੜ ਨਹੀਂ ਪੈਂਦੀ । ਮੈਂ ਸਿਰਫ਼ 'ਮਾਂ ਸਦਕੇ ਮਾਂ ਵਾਰੀ' ਚਿਤਾਰਦਾ ਹਾਂ ।

? 'ਮਾਂ' ਦੇ ਆਸ਼ੀਰਵਾਦ ਨਾਲ ਨਾਰੀ ਦੇ ਮਹਾਂਦ੍ਰਿਸ਼ ਨੂੰ ਕਿਵੇਂ ਪਛਾਣਿਆ ।

- ਇਸਤਰੀ ਪਤੀ ਨੂੰ ਪਿਆਰ ਕਰੇ ਭਾਵੇਂ ਬੱਚੇ ਨੂੰ , ਉਹਨਾਂ ਦੀ ਸੁੱਖ ਮੰਗਦੀ ਉਹ ਕਰੁਣਾ ਦੀ ਸਹਿਜ ਮੂਰਤ ਬਣ ਜਾਂਦੀ ਹੈ । ਜੇ ਕਿਤੇ ਇਹਨਾਂ ਤੋਂ ਵਿਛੋੜਾ ਵਾਪਰ ਜਾਏ ਤਾਂ ਕਰੁਣਾ ਆਪਣੇ ਵਿਗੜੇ ਹੋਏ ਰੂਪ ਵਿੱਚ ਪ੍ਰਗਟ ਹੁੰਦੀ ਹੈ । ਪਿਆਰ ਦੀ ਮੂਰਤੀ ਇਸਤ੍ਰੀ ਕਵਿਤਾ ਨਾਲ, ਕਿਸੇ ਨਾ ਕਿਸੇ ਤਰ੍ਹਾਂ, ਸੰਬੰਧਿਤ ਰਹਿੰਦੀ ਹੀ ਹੈ । ਇਸਤ੍ਰੀ ਦੀ ਸੁੰਦਰਤਾ ਵੀ ਕਾਵਿ-ਰਚਨਾ ਦਾ ਅਖੁਟ ਸੋਮਾ ਹੈ, ਪਰ ਕਵਿਤਾ ਨੂੰ ਜੋ ਗਹਿਰਾਈ ਇਸਤ੍ਰੀ ਦੇ ਕਰੁਣਾ-ਮਿਸ਼ਰਿਤ ਪਿਆਰ ਨਾਲ ਮਿਲਦੀ ਹੈ, ਉਹ ਅਦੁੱਤੀ ਹੈ ।

? ਇਹ 'ਅਦੁੱਤੀ' ਦਾਤ ਤੁਹਾਨੂੰ ਨਸੀਬ ਹੋਈ ।

- ਮੇਰੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਸਵੱਛ-ਆਤਮਾ ਬੀਬੀਆਂ ਆਉਂਦੀਆ ਰਹੀਆਂ ਹਨ, ਜੋ ਮੇਰੀ ਕਵਿਤਾ ਵਿੱਚ ਕਰੁਣਾ ਅਤੇ ਸਵੱਛਤਾ ਦੀ ਨਿਰੰਤਰ ਧਾਰਾ ਪ੍ਰਵਾਹਿਤ ਕਰਦੀਆਂ ਰਹੀਆਂ ।

? ਕਰੁਣਾ ਦਾ ਸੰਬੰਧ ਤਾਂ ਦੁੱਖ ਨਾਲ ਹੈ...

- ਦੁੱਖ ਅਤੇ ਮਾਸੂਮੀਅਤ ਦਾ ਕਵਿਤਾ ਨਾਲ ਬੜਾ ਗਹਿਰਾ ਰਿਸ਼ਤਾ ਹੈ । ਸੁਖ ਅਤੇ ਅਕਲਮੰਦੀ ਨੂੰ ਪ੍ਰਗਟਾਉਣ ਦੇ ਅਨੇਕਾਂ ਢੰਗ ਹਨ, ਪਰ ਦੁੱਖ ਨੂੰ ਪ੍ਰਗਟਾਉਣ ਦਾ ਪ੍ਰਮਾਣਿਕ ਢੰਗ ਕਵਿਤਾ ਹੀ ਹੈ ।

? ਤੇ ਦੁੱਖ ਦਾ ਰਿਸ਼ਤਾ ਇਸਤ੍ਰੀ ਨਾਲ...

- ਮੇਰੀ ਮਾਨਸਿਕਤਾ ਵਿੱਚ ਇਸਤ੍ਰੀ ਦੇ ਹਵਾਲੇ ਨਾਲ ਪ੍ਰਾਪਤ ਹੋਣ ਵਾਲਾ ਦੁੱਖ ਡੂੰਘਾ ਪਰੁੱਚਾ ਹੋਇਆ ਹੈ । ਇਸਤ੍ਰੀ ਸਿਰਫ਼ ਦੁੱਖ ਹੀ ਨਹੀਂ ਭੋਗਦੀ, ਦੁੱਖ ਦੇ ਬਾਵਜੂਦ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸੰਭਾਲਦੀ ਵੀ ਹੈ । ਉਹ ਉਹਨਾਂ ਦੀ ਸਲਾਮਤੀ ਲਈ ਅਚੇਤ ਹੀ ਕਾਰਜਸ਼ੀਲ ਵੀ ਨਜ਼ਰ ਆਉਂਦੀ ਹੈ । ਇਹ ਦੂਹਰੇ ਰੋਗ ਵਾਲੀ ਇਸਤ੍ਰੀ ਮੈਨੂੰ ਕਾਵਿ-ਰਚਨਾ ਲਈ ਵੀ ਪ੍ਰੇਰਦੀ ਰਹੀ ਹੈ ਤੇ ਜੀਵਨ-ਜਾਚ ਦੀ ਅਚੇਤ ਦੀਖਿਆ ਵੀ ਦੇਂਦੀ ਰਹੀ ਹੈ ।

? ਕਵਿਤਾ ਅਤੇ ਔਰਤ ਦਾ ਰਿਸ਼ਤਾ...

- ਮੈਂ ਕਵਿਤਾ ਜਾਂ ਔਰਤ ਦੀ ਕੋਈ ਪਰਿਭਾਸ਼ਾ ਤਾਂ ਨਹੀਂ ਕਰ ਰਿਹਾ, ਰਚਨਾਕਾਰੀ ਦੇ ਆਪਣੇ ਅਨੁਭਵ ਦੀ ਬਿਨਾਅ 'ਤੇ ਕਹਿੰਦਾ ਹਾਂ ਕਿ ਇਸਤ੍ਰੀ ਦੇ ਕੋਮਲ ਅਤੇ ਸਵੱਛ ਇਤਿਹਾਸ ਤੋਂ ਬਿਨਾਂ ਨਾ ਕਵਿਤਾ ਸੰਭਵ ਹੈ, ਨਾ ਸਿਹਤਮੰਦ ਕਦਰਾਂ-ਕੀਮਤਾਂ ਵਾਲਾ ਜੀਵਨ ਸੰਭਵ ਹੈ । ਉਹਦੇ ਦਮ ਨਾਲ ਹੀ ਸੁਹਜ ਅਤੇ ਸਦਾਚਾਰ ਵਿਚਕਾਰ ਮਿਲਵਰਤਣ ਬਣੀ ਰਹਿੰਦੀ ਹੈ ।

? ਸਦਾਚਾਰ ਦੀ ਗੱਲ ਨਾ ਵੀ ਕਰੀਏ ਪਰ 'ਸੁਹਜ' ਤਾਂ ਤੁਹਾਡੇ ਨਾਲ ਚਿਪਕਾ ਹੀ ਦਿੱਤਾ ਗਿਆ ਹੈ ।

- ਇਸਤ੍ਰੀ ਆਪਣੇ ਸੁਹਜ... ਨਾਲ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ।

? ਕਵਿਤਾ ਅਤੇ ਸੁਹਜ ਦੇ ਰਿਸ਼ਤੇ ਦੀ ਥੋੜ੍ਹੀ ਵਿਆਖਿਆ ਕਰੋ ।

- ਮੈਂ ਸਮਝਦਾ ਹਾਂ ਕਿ ਕਵਿਤਾ ਦਾ ਆਪਣਾ ਹਾਂ-ਮੁਖ ਦ੍ਰਿਸ਼ਟੀਕੋਣ ਹੈ । ਉਹ ਰਾਜਨੀਤੀ ਤੇ ਧਰਮ ਤੋਂ ਕੋਰਾ ਨਹੀਂ, ਪਰ ਮੂਲ ਰੂਪ ਵਿੱਚ ਹੈ ਉਹ ਕਾਵਿ-ਸੁਹਜ ਨੂੰ ਪ੍ਰਾਥਮਿਕਤਾ ਦੇਣ ਵਾਲਾ ਦ੍ਰਿਸ਼ਟੀਕੋਣ । ਸੱਚ ਤੇ ਸਵੱਛਤਾ ਸੁਹਜ ਵਿੱਚ ਸ਼ਾਮਿਲ ਹੈ । ਸੁਹਜ ਸਦਾਚਾਰ ਤੋਂ ਵੀ ਰਹਿਤ ਨਹੀਂ । ਸੱਚ ਜਾਂ ਸਦਾਚਾਰ ਤੋਂ ਵਿਛੁੰਨਿਆਂ ਹੋਇਆ ਸੁਹਜ ਕਵਿਤਾ ਦਾ ਸੁਹਜ ਨਹੀਂ ।

? ਕਵਿਤਾ ਦਾ ਬਾਕੀ ਕੋਮਲ ਕਲਾਵਾਂ ਤੋਂ ਵੱਡਾ ਫ਼ਰਕ ਕੀ ਹੈ ।

- ਸੰਗੀਤ ਜਾਂ ਚਿੱਤਰਕਾਰੀ ਵਾਂਗ ਕਵਿਤਾ ਨਿਰੋਲ ਫ਼ਾਇਨ ਆਰਟ ਨਹੀਂ । ਉਹ ਜ਼ਿੰਦਗੀ ਨਾਲ ਸੱਚਾਈ ਤੇ ਸਦਾਚਾਰ ਵਾਲਾ ਰਿਸ਼ਤਾ ਰੱਖਦੀ ਹੈ ਅਤੇ ਸਵੱਛ ਸਮਾਜਕ ਰੂੜ੍ਹੀਆਂ ਜਾਂ ਪ੍ਰਤੀਮਾਨਾਂ ਦਾ ਪੱਲਾ ਕਦੇ ਨਹੀਂ ਛੱਡਦੀ ।

? ਵਿਅਕਤੀ ਹਰਿਭਜਨ ਸਿੰਘ ਅਤੇ ਕਵੀ ਹਰਿਭਜਨ ਸਿੰਘ ਦੀ ਆਪਸ ਵਿੱਚ ਕਿਵੇਂ ਨਿਭਦੀ ਹੈ ।

- ਹੋਰਾਂ ਵਾਂਗ ਮੇਰਾ ਆਪਾ ਵੀ ਵੰਨ-ਸੁਵੰਨੇ ਤੱਤਾਂ ਦਾ ਜੋੜ ਮੇਲ ਹੈ, ਪਰ ਮੇਰੀ ਪ੍ਰਾਥਮਿਕਤਾ ਕਵਿਤਾ ਲਈ ਹੈ । ਮੈਂ ਆਪਣੇ ਧਰਮ, ਆਪਣੇ ਦੇਸ਼, ਆਪਣੀ ਭਾਸ਼ਾ ਨੂੰ ਕਵਿਤਾ ਦੀ ਨਜ਼ਰ ਥਾਣੀਂ ਵੇਖਦਾ ਹਾਂ । ਏਸੇ ਲਈ ਮੈਂ ਕਿਸੇ ਵੀ ਮਸਲੇ ਸੰਬੰਧੀ ਕੱਟੜ ਨਹੀਂ । ਧਰਮ, ਦੇਸ਼ ਜਾਂ ਭਾਸ਼ਾ ਦੇ ਕਿਸੇ ਵੀ ਐਸੇ ਵੇਰਵੇ ਤੋਂ ਮੈਂ ਇਨਕਾਰੀ ਹਾਂ ਜੋ ਮੇਰੀ ਕਵਿਤਾ ਦੀ ਸਵੱਛਤਾ ਜਾਂ ਸੁੰਦਰਤਾ ਨੂੰ ਪ੍ਰਵਾਨ ਨਹੀਂ ।

? ਤੇ ਤੁਹਾਡੀਆਂ ਨਵੰਬਰ ਚੁਰਾਸੀ ਸੰਬੰਧੀ ਨਜ਼ਮਾਂ...

- ਨਵੰਬਰ ਚੁਰਾਸੀ ਦੰਗਿਆਂ ਨੇ ਮੇਰੀ ਕਸਵੱਟੀ ਤੋੜੀ ਸੀ । ਧਰਮ ਅਤੇ ਸੰਪਰਦਾਇ ਮੇਰੇ ਲਈ ਪ੍ਰਾਥਮਿਕ ਬਣ ਗਏ ਸਨ । ਕਦੀ ਕਦੀ ਮੈਨੂੰ ਜਾਪਦਾ, ਇਹ ਕਵਿਤਾ ਮੈਂ ਪ੍ਰੇਰਨਾ ਅਧੀਨ ਨਹੀਂ, ਉਤੇਜਨਾ ਅਧੀਨ ਲਿਖ ਰਿਹਾ ਹਾਂ ।... ਇਹ ਮੈਂ ਲਿਖ ਨਹੀਂ ਰਿਹਾ, ਮੈਥੋਂ ਲਿਖਵਾਈ ਜਾ ਰਹੀ ਹੈ । ਪਰ ਮੈਂ ਇਹਨੂੰ ਲਿਖਣ ਤੋਂ ਇਨਕਾਰ ਨਹੀਂ ਸਾਂ ਕਰ ਸਕਦਾ ।

? ਕਾਵਿ ਦੇ ਸੰਦਰਭ ਵਿੱਚ ਤੁਸੀਂ ਇਸ 'ਭਾਣੇ' ਨੂੰ ਕਿਵੇਂ ਮੰਨਦੇ ਹੋ ।

- 30 ਅਕਤੂਬਰ, 1984 ਕਵਿਤਾ ਦੀ ਪਰਾਜਯ ਦਾ ਦਿਨ ਹੈ । ਭਗਤਾਂ, ਸੰਤਾਂ, ਸੂਫੀਆਂ ਨੇ ਈਸ਼-ਭਾਵਨਾ ਦਾ ਜੋ ਸ਼ਾਂਤ, ਅਦਵੈਤ ਚਿੱਤਰ, ਸਦੀਆਂ ਤੋਂ, ਲੋਕਮਨ ਵਿੱਚ ਵਸਾਉਣ ਦਾ ਜਤਨ ਕੀਤਾ ਸੀ, ਉਹ ਚੌਰਾਹੇ ਵਿੱਚ ਚੌਫਾਲ ਢੱਠਾ ਪਿਆ ਸੀ । ਫੱਟੜ । ਲਹੂ- ਲੁਹਾਨ । ਭਾਰਤੀ ਮਨ ਸ਼ਾਇਰੀ ਦਾ ਵਰੋਸਾਇਆ ਹੋਇਆ ਨਹੀਂ । ਕਵਿਤਾ ਦਾ ਆਨੰਦ ਮਾਨਣਾ ਇੱਕ ਗੱਲ ਹੈ । ਲਫ਼ਜ਼ਾਂ ਦਾ ਬਣਿਆ ਕਾਵਿ-ਬਿੰਬ ਜੀਵਨ-ਜਾਚ ਨਾ ਬਣ ਸਕਿਆ ।

? ਤੁਸੀਂ ਉਦੋਂ ਕੀ ਮਹਿਸੂਸ ਕੀਤਾ ।

- ਮੈਨੂੰ ਜਾਪਿਆ ਇਹ ਦੁਨੀਆ ਮੇਰੇ ਜਿਉਣ-ਯੋਗ ਨਹੀਂ । ਇਸ ਦੁਨੀਆ ਵਿੱਚ ਮੈਂ ਅਜਨਬੀ ਹਾਂ, ਮੇਰਾ ਬੱਜਰ ਗੁਨਾਹ ਇਹ ਹੈ ਕਿ ਕਵਿਤਾ ਨੂੰ ਮੈਂ ਆਪਣੀ ਵਾਸਤਵਿਕਤਾ ਵਿੱਚ ਉਤਾਰ ਚੁੱਕਾ ਹਾਂ । ਇਹ ਤਾਂ ਨਿਰੋਲ ਕਲਪਨਾ ਦੀ ਸ਼ੈਅ ਹੈ ।

? ਇਸ ਸਦਮੇ ਤੋਂ ਪ੍ਰਭਾਵਿਤ ਕਵਿਤਾਵਾਂ ਦਾ ਕੀ ਬਣਿਆ ।

- ਸੰਨ ਚੌਰਾਸੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਣ ਲਈ ਮੈਂ ਭਾਪੇ ਪ੍ਰੀਤਮ ਸਿੰਘ ਨੂੰ ਨਾ ਕਹਿ ਸਕਿਆ । ਅਜੇ ਤੱਕ ਅਣਛਪਿਆ ਪਿਆ ਹੈ । 'ਮੇਰੀ ਕਾਵਿ ਯਾਤਰਾ' ਵਿੱਚ ਵੀ ਇਹ ਅਣਛਪਿਆ ਇੱਕ ਖੱਪੇ ਵਾਂਗ ਪ੍ਰਤੀਤ ਹੁੰਦਾ ਹੈ ।

? ਖ਼ੈਰ ਆਪਣੀਆਂ ਹੋਰ ਬਹੁਤ ਸਾਰੀਆਂ ਨਜ਼ਮਾਂ ਵਾਂਗ ਤੁਸੀਂ ਇਹਨਾਂ ਨੂੰ ਵੀ 'ਅਬ ਹਮ ਗੁਮ ਹੂਏ' ਆਖਕੇ ਸਬਰ ਕਰ ਲਿਆ ਜਾਪਦਾ ਹੈ । ...ਇਹ ਦੱਸੋ ਕਿ ਪਾਠਕਾਂ ਤੋਂ ਤੁਹਾਨੂੰ ਕੀ ਤਵੱਕੋ ਹੈ ।

- ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਲੇਖਕ ਨੂੰ ਆਪਣੀ ਮਰਜ਼ੀ ਜਾਂ ਆਪਣੀ ਸਮਰੱਥਾ ਦੀ ਲਿਖਤ ਤਿਆਰ ਕਰਨ ਦਾ ਹੱਕ ਹੈ । ਉਹਦੀ ਲਿਖਤ ਨੂੰ ਪੜ੍ਹਨ ਦਾ ਜਾਂ ਉਸ ਸੰਬੰਧੀ ਰਾਏ ਬਣਾਉਣ ਦਾ ਹੱਕ ਪਾਠਕ ਦਾ ਹੈ ।

? ਸਮਕਾਲੀਆਂ ਬਾਰੇ ਕੋਈ ਗਿਲਾ...

- ਮੈਨੂੰ ਚੰਗਾ ਜਾਂ ਮੰਦਾ ਜਿਊਣ ਦਾ ਹੀ ਹੱਕ ਹੈ, ਮੇਰੇ ਜੀਊਣ ਸੰਬੰਧੀ ਰਾਏ ਦਾ ਹੱਕ ਮੇਰੇ ਸਮਕਾਲੀਆਂ ਦਾ ਹੈ ।

? ਲਿਖਤ ਦੀ ਪਰਖ-ਕਸੌਟੀ ਕੀ ਹੈ ।

- ਬੰਦਾ ਆਪਣੇ ਆਪ ਦਾ ਸਹੀ ਪਾਰਖੂ ਨਹੀਂ ਹੋ ਸਕਦਾ, ਜਿਵੇਂ ਲੇਖਕ ਆਪਣੀ ਲਿਖਤ ਦਾ ਪ੍ਰਮਾਣਿਕ ਪਾਠਕ ਨਹੀਂ ਹੋ ਸਕਦਾ ।

? ਤੁਹਾਡੀਆਂ ਲਿਖਤਾਂ ਪ੍ਰਤਿ ਨਾਂਹ ਪੱਖੀ ਹੁੰਗਾਰੇ ਲਈ ਕਿਹੜਾ ਤੱਤ ਜ਼ੁੰਮੇਵਾਰ ਹੈ ।

- ਮੈਂ ਹੀ ਅਜਿਹੀਆਂ ਲਿਖਤਾਂ ਤਿਆਰ ਕਰਦਾ ਰਿਹਾ ਹਾਂ ਜੋ ਦੁਖਾਵੇਂ ਹੁੰਗਾਰੇ ਉਪਜਾਉਂਦੀਆਂ ਰਹੀਆਂ । ਕੁੜੱਤਣ ਦੀ ਜੜ੍ਹ ਮੇਰੀਆਂ ਰਚਨਾਵਾਂ ਵਿੱਚ ਹੀ ਹੈ ।

? ਕੁਝ ਕਸੂਰ ਤੁਹਾਡੇ ਸੁਭਾਅ ਦਾ ਵੀ ਜਾਪਦਾ ਹੈ ।

- ਮੇਰੇ ਸੁਭਾਅ ਵਿੱਚ ਆਪਣੇ ਢੰਗ ਦੀ ਦ੍ਰਿੜ੍ਹਤਾ ਹੈ, ਜਿਸਨੂੰ ਜ਼ਿੱਦੀਪੁਣਾ ਵੀ ਕਿਹਾ ਜਾ ਸਕਦਾ ਹੈ । ਮੈਂ ਅਜਿਹੀ ਚੁੱਪ ਸਾਧ ਲੈਂਦਾ ਹਾਂ ਕਿ ਕੋਈ ਵੀ ਸ਼ੋਰ ਥੋੜ੍ਹੇ ਕੀਤਿਆਂ ਉਸਨੂੰ ਤੋੜ ਨਹੀਂ ਸਕਦਾ ।

? ਇਸ 'ਜ਼ਿੱਦੀ ਪੁਣੇ' ਦੀ ਜੜ੍ਹ ਕਿੱਥੇ ਹੈ ।

- ਲਿਖਤ ਲਈ ਸਮਾਧੀ ਦੀ ਲੋੜ ਹੈ ਤੇ ਸਮਾਧੀ ਲਈ ਖਾਮੋਸ਼ੀ ਦੀ, ਫਾਸਲੇ ਦੀ । ਲਿਖਦਿਆਂ ਲਿਖਦਿਆਂ ਸਮਾਧੀ ਮੇਰੀ ਆਦਤ ਬਣ ਗਈ ਹੈ । ਮੇਰੀ ਖ਼ਾਮੋਸ਼ੀ ਜ਼ਰੂਰਤ ਤੋਂ ਜ਼ਿਆਦਾ ਨਿਰਮੋਹੀ ਹੈ । ਸਮਾਧੀ ਲੋੜ ਤੋਂ ਵਧੀਕ ਨਿਰਲੇਪ ਹੈ ।

? ਇਹ ਤਾਂ ਬ੍ਰਹਮ ਗਿਆਨੀ ਵਾਲੀ ਅਵਸਥਾ ਹੋ ਗਈ । ਜਗਤ ਵੱਲ ਪਿੱਠ ।

- ਕਈ ਵਾਰ ਮੈਂ ਅਤਿ ਅਪਣੱਤ ਵਾਲੇ ਮਿੱਤਰਾਂ ਦੀ ਸੰਗਤ ਵਿੱਚ ਤੁਰਦਾ ਤੁਰਦਾ ਕਿਸੇ ਸਮਾਧੀ ਵਿੱਚ ਡੁੱਬ ਜਾਂਦਾ ਹਾਂ । ਮੌਜੂਦ ਹੁੰਦਾ ਹੋਇਆ ਵੀ ਗ਼ੈਰ ਹਾਜ਼ਰ ਹੋ ਜਾਂਦਾ ਹਾਂ ।

? ਤੁਹਾਡੀ ਇਸ ਅਵੱਸਥਾ ਨੂੰ ਦੋਸਤ ਕਿਵੇਂ ਲੈਂਦੇ ਰਹੇ ।

- ਕਿਸੇ ਮਿੱਤਰ ਨੇ ਮੇਰੀ ਖ਼ਾਮੋਸ਼ੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ । ਮੇਰੀ ਖ਼ਾਮੋਸ਼ੀ ਮੇਰੇ ਗਿਰਦ ਖਿੱਚੀ ਹੋਈ ਰਾਮਕਾਰ ਹੈ ।

? ਤੁਹਾਡੀ 'ਖਾਮੋਸ਼ੀ' ਅਤੇ ਮਿੱਤਰਚਾਰੇ ਵਿੱਚ ਤਣਾਅ ਕਿਉਂ ਬਣਿਆ ਰਿਹਾ ।

- ਸੱਚੀ ਗੱਲ ਇਹ ਹੈ ਕਿ ਆਪਣੀ ਖ਼ਾਮੋਸ਼ੀ ਨੂੰ ਸਮਝਣ ਵਿੱਚ ਖ਼ੁਦ ਮੈਨੂੰ ਵੀ ਬਹੁਤ ਦੇਰ ਲੱਗੀ । ਮੈਂ ਕਿਸੇ ਨਾਲ ਰੁੱਸੇ ਬਿਨਾਂ ਵੀ ਉਹਦੇ ਪ੍ਰਤੀ ਖ਼ਾਮੋਸ਼ ਹੋ ਸਕਦਾ ਹਾਂ । ਕਦੀ ਕਦੀ ਇਹ ਸੋਚ ਕੇ ਮੈਨੂੰ ਪਰੇਸ਼ਾਨੀ ਹੁੰਦੀ ਰਹੀ ਹੈ ।

? ਫਿਰ ਤੁਸੀਂ ਇਸ ਸਥਿਤੀ ਨਾਲ ਨਜਿੱਠਣ ਲਈ ਕੀ ਕੀਤਾ ।

- ਖਾਮੋਸ਼ੀ ਕਵਿਤਾ ਲਈ ਮੇਰੀ ਲੋੜ ਹੀ ਨਹੀਂ, ਆਪ ਕਾਵਿ- ਰਚਨਾ ਤੋਂ ਮਿਲਿਆ ਵਰਦਾਨ ਹੈ ਮੇਰੀ ਜੀਵਨ-ਜਾਚ ਨੂੰ । ਮੇਰੇ ਮਿੱਤਰ ਮੇਰੀ ਖ਼ਾਮੋਸ਼ੀ ਨਾਲ ਆਪਣੇ ਸ਼ੋਰ ਰਾਹੀਂ ਨਿੱਬੜਦੇ ਰਹੇ । ਮੇਰੀ ਇਕੱਲ ਨੂੰ ਨਜਿੱਠਣ ਲਈ ਉਹ ਜਮਾਤ ਜੋੜ ਲੈਂਦੇ ਰਹੇ । ਉਹ ਮੈਨੂੰ ਤੋੜਦੇ ਰਹੇ, ਖ਼ਾਮੋਸ਼ੀ ਨੂੰ ਜਾਂ ਰਿਸ਼ਤਿਆਂ ਵਿਚਕਾਰ ਵਾਪਰਨ ਵਾਲੇ ਫਾਸਲੇ ਨੂੰ ਤੋੜਨ ਬਾਰੇ ਉਹਨਾਂ ਕਦੇ ਸੋਚਿਆ ਹੀ ਨਾ ।

? ਦੋਸਤਾਂ ਦੀ ਇਸ ਬੇਰੁਖੀ ਦਾ ਤੁਹਾਡੇ 'ਤੇ ਕੀ ਅਸਰ ਹੋਇਆ ।

- ਸ਼ਾਇਰੀ ਮੇਰਾ ਖ਼ੁਦਾ ਬਣ ਗਈ ।

? ਕੋਈ ਸ਼ਿਕਾਇਤ... ਕਿਸੇ ਤੋਂ ਵੀ..

- ਮੇਰਾ ਸੁਭਾਅ ਸ਼ਿਕਾਇਤੀ ਨਹੀਂ । ਸੱਚੀ ਗੱਲ ਤਾਂ ਇਹ ਹੈ ਕਿ ਦੁਨੀਆ ਨੇ ਮੇਰੇ ਲਈ ਸ਼ਿਕਾਇਤ ਲਈ ਕੋਈ ਕਾਰਨ ਰਹਿਣ ਹੀ ਨਹੀਂ ਦਿੱਤਾ ।

? ਉਹ ਕਿਵੇਂ ।

- ਮੈਂ ਏਨਾ ਸਨਮਾਨਿਆ ਗਿਆ ਹਾਂ ਕਿ ਨਿੱਕੇ ਮੋਟੇ ਕੌੜੇ ਸ਼ਬਦਾਂ ਨੂੰ ਹੁੰਗਾਰਾ ਦੇਣਾ ਮੈਨੂੰ ਸੋਭਦਾ ਨਹੀਂ । ...ਸਗੋਂ ਤਸੱਲੀ ਹੁੰਦੀ ਹੈ ਕਿ ਮੇਰਾ ਲਿਹਾਜ਼ ਨਹੀਂ ਕੀਤਾ ਗਿਆ । ਸਨਮਾਨ, ਅਪਮਾਨ ਦੋਹਾਂ ਤਰ੍ਹਾਂ ਦੀਆਂ ਧਾਰਾਂ ਮੇਰੇ ਆਸੇ ਪਾਸੇ ਲਗਾਤਾਰ ਵਗਦੀਆਂ ਰਹੀਆਂ ਹਨ । ਮੈਂ ਅਣਗੌਲਿਆ ਨਹੀਂ ਗਿਆ ।

? ਆਲੋਚਨਾ ਦਾ ਕੋਈ ਤੁਹਾਡੀ ਲਿਖਤ 'ਤੇ ਅਸਰ ਹੋਇਆ ।

- ਇਹ ਗੱਲ ਨਿਸ਼ੰਗ ਆਖਦਾ ਹਾਂ ਕਿ ਕਿਸੇ ਵੀ ਟਿੱਪਣੀਕਾਰ, ਸਮੀਖਿਆਕਾਰ, ਪ੍ਰਸ਼ੰਸਕ ਜਾਂ ਨਿੰਦਕ ਨੇ ਮੇਰੀ ਰਚਨਾਕਾਰੀ ਨੂੰ ਪ੍ਰਭਾਵਿਤ ਨਹੀਂ ਕੀਤਾ ।

? ਤੁਸੀਂ ਖ਼ੁਦ ਵੀ ਆਲੋਚਨਾ ਲਿਖੀ ਹੈ । ਆਲੋਚਕ ਦੇ ਰੂਪ ਵਿੱਚ ਤੁਹਾਡਾ ਆਦਰਸ਼ ਕੌਣ ਹੈ ।

- ਮੇਰੀ ਵਿਸ਼ੇਸ਼ ਪ੍ਰਾਪਤੀ ਆਲੋਚਕ ਰਾਮਚੰਦ੍ਰ ਸ਼ੁਕਲ ਦੀ ਕਿਰਤ 'ਚਿੰਤਾਮਣੀ' ਦਾ ਅਧਿਐਨ ਹੈ । ਆਚਾਰੀਆ ਸ਼ੁਕਲ ਕਵਿਤਾ ਦਾ ਆਨੰਦ ਮਾਨਣ ਵਾਲੇ ਆਲੋਚਕ ਸਨ । ਅਤਿ ਗੰਭੀਰ ਵਿਸ਼ਿਆਂ ਦਾ ਵਿਸ਼ਲੇਸ਼ਣ-ਵਿਵੇਚਨ ਕਰਦਿਆਂ ਵੀ ਉਹ ਕਾਵਿ ਦੇ ਆਨੰਦ ਪੱਖ ਨੂੰ ਪਰੋਖੇ ਨਹੀਂ ਹੋਣ ਦੇਂਦੇ । ...ਇਸ ਤਰ੍ਹਾਂ ਦੀ ਆਲੋਚਨਾ ਹੀ ਮੇਰਾ ਆਦਰਸ਼ ਹੈ ।

? ਤੁਸੀਂ ਵਾਰਤਕ ਵੀ ਕਮਾਲ ਦੀ ਲਿਖੀ ਹੈ ।

- ਕਵਿਤਾ ਥਾਣੀਂ ਲੰਘ ਕੇ ਵਾਰਤਕ ਤਕ ਪਹੁੰਚੇ ਬੋਲ ਦੀ ਆਪਣੀ ਕਿਸਮ ਦੀ ਚਮਕ ਹੈ । ਹਰ ਪ੍ਰਮਾਣਿਕ ਲੇਖਕ ਆਖ਼ਰ ਉਸ ਮੁਕਾਮ 'ਤੇ ਪਹੁੰਚਦਾ ਹੈ ਜਿੱਥੇ ਕਵਿਤਾ ਅਤੇ ਵਾਰਤਕ ਦੀਆਂ ਸਰਹੱਦਾਂ ਮਿਟ ਜਾਂਦੀਆਂ ਹਨ । ਇਸ ਲਈ ਹੁਣ ਕਿਹਾ ਜਾਣ ਲੱਗ ਪਿਆ ਹੈ ਕਿ ਲਿਖਣਾ 'ਅਕਰਮਕ ਕਿਰਿਆ' ਹੈ । ਲੇਖਕ ਲਿਖਦਾ ਹੈ । ਨਾਵਲ ਜਾਂ ਕਵਿਤਾ, ਨਿਬੰਧ ਜਾਂ ਸਮੀਖਿਆ? ਇਹ ਸੁਆਲ ਉਹਦੇ ਲਈ ਫਾਲਤੂ ਹੈ । ਲਿਖਣਾ ਆਪਣੇ ਆਪ ਵਿੱਚ ਸੰਪੂਰਨ ਕਿਰਿਆ ਹੈ ।

? ਇਹ ਤਾਂ ਅਦਵੈਤ ਵਾਲੀ ਸਥਿਤੀ ਹੋ ਗਈ । ਹੁਣ ਲੱਗਦੇ ਹੱਥ ਅਸ਼ਲੀਲਤਾ ਬਾਰੇ ਵੀ ਚਾਨਣਾ ਪਾ ਦਿਉ ਕਿ ਇਹ ਵਸਤੂ ਸਾਹਿੱਤ ਲਈ ਕਿੰਨੀ ਕੁ ਜਾਇਜ਼ ਹੈ ।

- ਹਰ ਕਿਸੇ ਦੇ ਅਵਚੇਤਨ ਵਿੱਚ ਲੁੱਚਪੁਣੇ ਦਾ ਫ਼ਨੀਅਰ ਸੁੱਤਾ ਪਿਆ ਹੈ, ਜੋ ਕਦੇ ਕਦਾਈਂ ਡੰਗ ਵੀ ਚਲਾ ਦੇਂਦਾ ਹੈ । ਇਸ ਦੀ ਡੰਗੀ ਤਾਂ ਸਾਰੀ ਲੁਕਾਈ ਹੈ । ਉਹ ਮਿੱਥਾਂ ਬਣਾ ਕੇ ਆਪਣਾ ਸੰਤੁਲਨ ਕਾਇਮ ਰੱਖਣ ਦਾ ਕੰਮ ਕਰਦੀ ਹੈ । ਸਾਹਿੱਤਕਾਰ ਇਸ ਲੁੱਚੇ ਫਨੀਅਰ ਦਾ ਸਹੀ ਨਾਂ ਰੱਖਦਾ ਹੈ । ਉਹ ਇਸ ਨੂੰ ਮਨੁੱਖੀ ਮਿੱਟੀ ਵਿੱਚੋਂ ਪੁੱਟ ਤਾਂ ਨਹੀਂ ਸਕਦਾ, ਇਸਦਾ ਨਾਂ ਧਰ ਕੇ ਇਸ ਪ੍ਰਤਿ ਚੇਤਨਾ ਜਗਾਉਂਦਾ ਹੈ । ਇਸ ਨੂੰ ਨੱਥਣ ਦਾ ਇਹੋ ਤਰੀਕਾ ਹੈ ।

? ਆਪਣੇ ਨਿੱਜੀ ਤਜੁਰਬੇ ਦੇ ਆਧਾਰ 'ਤੇ ਦੱਸੋ ਕਿ ਕਵਿਤਾ ਦੇ ਬੇਅਸਰ ਹੋਣ ਦਾ ਵੱਡਾ ਕਾਰਨ ਕਿਹੜਾ ਹੁੰਦਾ ਹੈ ।

- ਮੇਰਾ ਮਨ ਕਹਿੰਦਾ ਹੈ ਕਿ ਬੇਅਸਰ ਸ਼ੇਅਰਾਂ ਵਿੱਚ ਕਮੀ ਸੰਗੀਤਕ ਸ਼ਕਤੀ ਦੀ ਘਾਟ ਕਾਰਨ ਹੁੰਦੀ ਹੈ । ਸੰਗੀਤ ਕਵਿਤਾ ਦੇ ਰਹੱਸਾਤਮਕ ਕ੍ਰਿਸ਼ਮੇ ਦਾ ਮੂਲ ਕਾਰਨ ਹੈ । ਕਵਿਤਾ ਅਰਥ ਸੰਚਾਰਨ ਵਾਲਾ ਸ਼ਬਦ-ਸਮੂਹ ਨਹੀਂ, ਇਹ ਤਾਂ ਜਾਦੂ ਜਗਾਉਣ ਵਾਲੀ ਕਲਾ ਹੈ । ...ਮੈਨੂੰ ਜਾਪਦਾ ਹੈ ਕਿ ਹਰ ਕਾਵਿ-ਰਚਨਾ ਵਿੱਚ ਇੱਕ ਅੰਸ਼ ਰਹੱਸਮਈ ਹੁੰਦਾ ਹੈ ਜਿਸਦਾ ਸਿੱਧਾ ਸਪਾਟ ਅਰਥ ਕੋਈ ਨਹੀਂ ਹੁੰਦਾ ਪਰ ਜੋ ਪਾਠਕ/ਸਰੋਤੇ ਨੂੰ ਹਲੂਣਦਾ ਹੈ । ਇਹ ਰਹੱਸਮਈ ਪ੍ਰਭਾਵ ਕਾਵਿ-ਰਚਨਾ ਦੇ ਸੰਗੀਤ ਵਿੱਚ ਸਮਾਇਆ ਹੁੰਦਾ ਹੈ ।

? ਤੁਸੀਂ ਟੀ. ਵੀ. ਉੱਤੇ ਬਾਣੀ ਦੀ ਵਿਆਖਿਆ ਵੀ ਕਰਦੇ ਹੋ । ਕੋਈ ਲਾਭ ਹੋਇਆ ।

- ਭਾਰਤ ਵਿੱਚ ਮੈਂ ਜਿੱਥੇ ਜਿੱਥੇ ਗਿਆ ਹਾਂ, ਲੋਕਾਂ ਮੈਨੂੰ ਬਾਣੀ-ਵਿਆਖਿਆਤਾ ਵਜੋਂ ਪਛਾਣਿਆ ਹੈ । ਉਹ ਡੰਡਾਉਤ ਹੋ ਕੇ ਨਮਸਕਾਰ ਕਰਨ ਤੱਕ ਗਏ ਹਨ । ਜੋ ਸਤਿਕਾਰ ਮੈਨੂੰ ਲੋਕਾਂ ਪਾਸੋਂ ਬਾਣੀ-ਵਿਆਖਿਆਤਾ ਵਜੋਂ ਮਿਲਿਆ ਹੈ, ਉਹਦੇ ਸਾਹਵੇਂ ਮੇਰੀ ਕਾਵਿ-ਪ੍ਰਸਿੱਧੀ ਅਸਲੋਂ ਨਿਗੂਣੀ ਜਾਪਦੀ ਹੈ ।

? ਫਿਰ ਵੀ ਹੋ ਤਾਂ ਤੁਸੀਂ ਸ਼ਾਇਰ ਹੀ ।

- ਮੈਂ ਆਪਣੇ ਆਪ ਨੂੰ ਧੁਰੋਂ ਵਰੋਸਾਇਆ ਸ਼ਾਇਰ ਨਹੀਂ ਮੰਨਦਾ । ਮੇਰੀ ਸ਼ਾਇਰੀ ਆਸਮਾਨੀ ਪ੍ਰਤਿਭਾ ਦਾ ਪ੍ਰਤਿਫਲ ਨਹੀਂ । ਇਹ ਮਨੁੱਖੀ ਭਾਈਚਾਰੇ ਵਿੱਚੋਂ ਉਪਜ ਕੇ ਮੈਨੂੰ ਪ੍ਰਾਪਤ ਹੋਈ ਹੈ ।

? ਤੁਸੀਂ ਆਪਣੀ ਆਤਮ-ਕਥਾ 'ਚੋਲਾ ਟਾਕੀਆਂ ਵਾਲਾ' ਵਿੱਚ ਪੂਰਨ ਭਗਤ ਦਾ ਅਨੇਕ ਵਾਰ ਤੇ ਅਨੇਕ ਥਾਵਾਂ ਉੱਤੇ ਬਹੁਤ ਭਾਵੁਕ ਹੋ ਕੇ ਜ਼ਿਕਰ ਕੀਤਾ ਹੈ । ਇਸ ਦਾ ਕੀ ਕਾਰਨ ਹੈ ।

- ਮੈਂ ਅਸਫ਼ਲ ਪੂਰਨ ਹਾਂ । ਜੋਗੀ ਬਣ ਨਹੀਂ ਸਕਿਆ । ਮਮਤਾ ਦੀ ਮਾਰੀ ਅੰਨ੍ਹੀ ਮਾਂ ਨੂੰ ਸੁਜਾਖੀ ਨਹੀਂ ਕਰ ਸਕਿਆ । ਇੱਕ ਵਾਰੀ ਵਿਛੜ ਕੇ ਦੁਬਾਰਾ ਮਾਂ ਨੂੰ ਮਿਲ ਵੀ ਨਹੀਂ ਸਕਿਆ । ਮੇਰੇ ਆਪਣੇ ਹੀ ਅੰਦਰ ਕੋਈ ਬਾਗ਼ ਉਜੜਿਆ ਪਿਐ, ਉਸਨੂੰ ਹਰਾ ਕਰਨ ਦੀ ਸ਼ਕਤੀ ਨਹੀਂ ਕਮਾ ਸਕਿਆ । ਤੇ ਉਤਪਤੀ ਲਈ ਵਿਆਕੁਲ ਜੀਵਨ-ਸ਼ਕਤੀ ਦੀ ਅਚੇਤ ਛਟਪਟਾਹਟ ਨੂੰ ਸਮਝਦਾ-ਬੁਝਦਾ ਵੀ ਉਸਦੇ ਪੱਖ ਵਿੱਚ ਉਭਾਸਰ ਨਹੀਂ ਸਕਿਆ । ਮੈਨੂੰ ਕਵਿਤਾ ਨੇ ਬਹੁਤ ਸਾਰੀਆਂ ਅੰਤਰ-ਦ੍ਰਿਸ਼ਟੀਆਂ ਬਖ਼ਸ਼ੀਆਂ ਹਨ, ਜੋ ਅਜਾਈਂ ਅਣਵਰਤੀਆਂ ਵਿਹਾ ਗਈਆਂ ।

? ਕੁਝ ਆਪਣੀ ਜੀਵਨ-ਜਾਚ ਉੱਤੇ ਚਾਨਣਾ ਪਾਉ ।

- ਮੇਰੀ ਜੀਵਨ-ਜਾਚ ਮੇਰੀ ਮਾਨਸਿਕਤਾ ਅਤੇ ਵਾਸਤਵਿਕਤਾ, ਮੇਰੀ ਰਚਨਕਾਰੀ ਅਤੇ ਨਿੱਤ ਜੀਵਨ ਦੀਆਂ ਲੋੜਾਂ ਦੇ ਪਰਸਪਰ ਵਿਰੋਧ ਵਿੱਚੋਂ ਪੈਦਾ ਹੋਈ ਹੈ । ਇਹਨੂੰ ਮੈਂ ਚਾਹਾਂ ਵੀ ਤਾਂ ਬਦਲ ਨਹੀਂ ਸਕਦਾ । ਨਾ ਮੈਂ ਸੰਨਿਆਸੀ ਵਾਂਗ ਦੁਨੀਆ ਤੋਂ ਅਸਲੋਂ ਅਲੱਗ-ਥਲੱਗ ਹੋ ਸਕਦਾ ਹਾਂ, ਨਾ ਸਿਆਣੇ ਦੁਨੀਆਦਾਰ ਵਾਂਗ ਇਸ ਵਿੱਚ ਖਚਿਤ ਹੋ ਸਕਦਾ ਹਾਂ । ਦੁਨੀਆ-ਅੰਦਰ ਅਤੇ ਦੁਨੀਆ-ਬਾਹਰ ਤੋਂ ਵੱਖਰੀ ਕੋਈ ਤੀਜੀ ਸਪੇਸ ਹੈ, ਜਿੱਥੇ ਕਵਿਤਾ ਦਾ ਨਿਵਾਸ ਹੈ । ਮੈਨੂੰ ਏਸ ਤੀਜੀ ਸਪੇਸ ਦਾ ਸਹਿਜ ਬਾਸ਼ਿੰਦਾ ਹੋਣ ਦਾ ਸੁਭਾਉਕੀ ਹੱਕ ਮਿਲਿਆ ਹੋਇਆ ਹੈ । ...ਹੁਣ ਤਕ ਆਪਣੇ ਸੰਬੰਧੀ ਮੇਰੀ ਪਛਾਣ ਏਹੋ ਹੈ ।

? 1942 ਵਿੱਚ, ਪਹਿਲੀ ਕਿਤਾਬ ਛਪਣ ਤੋਂ ਵੀ ਪੰਦਰਾਂ ਵਰ੍ਹੇ ਪਹਿਲਾਂ, ਤੁਹਾਡੇ ਇੱਕ ਮਿੱਤਰ ਸੁਲੱਖਣ ਸਿੰਘ ਨੂੰ ਤੁਹਾਡੇ ਵਿੱਚੋਂ 'ਟੈਗੋਰ' ਨਜ਼ਰ ਆਉਣ ਲੱਗ ਪਿਆ ਸੀ । ਕਿਵੇਂ ਹੈ ਉਹ ਘਟਨਾ...

- ਦਿੱਲੀ ਉਹ ਮੇਰੇ ਪਾਸ ਦੋ ਕੁ ਦਿਨ ਟਿਕਿਆ । ਇਹਨਾਂ ਦਿਨਾਂ ਵਿੱਚ ਹੀ ਉਹਨੇ ਮੈਨੂੰ ਗੁਰੂਦੇਵ ਟੈਗੋਰ ਦੀ ਅਰਥੀ ਪਿੱਛੇ ਤੁਰੇ ਜਾਂਦੇ ਲੋਕਾਂ ਦੇ ਬੇਪਨਾਹ ਜਲੂਸ ਦੀ ਗੱਲ ਸੁਣਾਈ ਸੀ ਅਤੇ ਕਿਹਾ ਸੀ : ''ਮੇਰਾ ਜੀਅ ਚਾਹੁੰਦਾ ਹੈ ਕਿ ਮੈਂ ਤੇਰਾ ਇਹੋ ਜਿਹਾ ਜਲੂਸ ਵੇਖ ਕੇ ਮਰਾਂ ।''

? ਗੁਰੂਦੇਵ ਟੈਗੋਰ ਨੂੰ ਤਾਂ ਸਤਿਆਰਥੀ ਨੇ ਹਾਈਜੈਕ ਕਰ ਲਿਆ ਹੈ, ਤੁਸੀਂ ਭਾਈ ਵੀਰ ਸਿੰਘ ਹੁਰਾਂ ਨਾਲ ਹੀ ਗੁਜ਼ਾਰਾ ਕਰ ਲਉ ।

- ਮੈਂ ਭਾਈ ਵੀਰ ਸਿੰਘ ਵਾਂਗ ਬਨਫ਼ਸ਼ੇ ਦਾ ਫੁੱਲ ਨਹੀਂ । ਮੈਨੂੰ ਛੁਪੇ ਰਹਿਣ ਦਾ ਚਾਅ ਵੀ ਨਹੀਂ ।

? ਲੱਗਦਾ ਹੈ ਕਿ ਲਿਖਣ ਦੇ ਨਾਲ ਨਾਲ ਤੁਸੀਂ ਪੜ੍ਹਿਆ ਵੀ ਬਹੁਤ ਹੈ । ਇਸ ਵਿਸ਼ਾਲ ਅਧਿਐਨ 'ਤੇ ਨਜ਼ਰ ਸਾਨੀ ਕਰਕੇ ਦੱਸੋ ਕਿ ਸਭ ਤੋਂ ਵੱਧ ਲੁਤਫ਼ ਤੁਹਾਨੂੰ ਕੀ ਪੜ੍ਹ ਕੇ ਆਉਂਦਾ ਰਿਹਾ ।

- ਆਪਣੇ ਲਿਖੇ ਨੂੰ ਆਪ ਪੜ੍ਹਨ, ਆਪਣੇ ਪੜ੍ਹੇ ਨੂੰ ਆਪ ਸੁਣਨ ਤੇ ਸਲਾਹੁਣ ਦਾ ਲੁਤਫ਼ ਮੇਰੇ ਬਿਆਨ ਤੋਂ ਬਾਹਰਾ ਹੈ ।

? ਤੁਸੀਂ ਸਾਰੀ ਉਮਰ ਕਰਤਾਰੀ ਅਮਲ ਨਾਲ ਬੁਰੀ ਤਰ੍ਹਾਂ ਜੁੜੇ ਰਹੇ ਹੋ ਅਤੇ ਤੁਹਾਡੀ ਰਚਨਾ ਉੱਤੇ ਬੇਪਨਾਹ ਪਿਆਰ ਦੀ ਪੁੱਠ ਚੜ੍ਹੀ ਲੱਗਦੀ ਹੈ । ਇਸ ਪਿਆਰ ਦੇ ਪ੍ਰਤੀਕ ਵਜੋਂ ਤੁਸੀਂ ਔਰਤ ਦੇ ਕਈ ਪੋਜ਼ ਚਿਤਰੇ ਹਨ, ਉਕਰੇ ਹਨ, ਉਚਾਰੇ ਹਨ । ਪਰ ਸੁਣਿਆ ਹੈ ਕਿ ਤੁਹਾਡੇ ਪਹਿਲ-ਪਲੇਠੇ ਪਿਆਰ ਦਾ ਨਾਂ 'ਕਰਤਾਰੀ' ਹੈ । ਹੁਣ ਵੀ ਯਾਦ ਤਾਂ ਆਉਂਦੀ ਹੋਵੇਗੀ ਕਰਤਾਰੀ ਦੀ ।

- ਕਰਤਾਰੀ ਤੋਂ ਵਿਛੜਿਆਂ ਪੰਜਾਹ ਵਰ੍ਹਿਆਂ ਤੋਂ ਉਪਰ ਸਮਾਂ ਬੀਤ ਚੁੱਕਾ ਹੈ । ਕੀ ਮੈਂ ਉਹਨੂੰ ਵਿਸਾਰ ਸਕਿਆ ਹਾਂ, ਪੂਰੇ ਦਾ ਪੂਰਾ? ਸ਼ਾਇਦ ਨਹੀਂ! ਮੈਂ ਹੁਣੇ ਹੁਣੇ ਛਪੀ ਕਵਿਤਾ 'ਰੁੱਖ ਤੇ ਰਿਸ਼ੀ' ਵਿੱਚ ਲਿਖਿਆ ਹੈ, 'ਜ਼ਖ਼ਮ ਚਲਾ ਜਾਵੇ, ਉਹਦਾ ਦਾਗ਼ ਰਹਿ ਜਾਂਦਾ ਹੈ । ਦਾਗ਼ ਨੂੰ ਪਲੋਸਣ ਦੀ ਲੋੜ ਬਣੀ ਰਹਿੰਦੀ ਹੈ ।'

? ਇਸ ਦਾਗ਼ ਨੂੰ ਪਲੋਸਦਿਆਂ ਤੁਸੀਂ ਰੋਏ ਵੀ ਹੋ । ਲੋਕ-ਵੇਦ ਵਿੱਚ ਕਿਸੇ ਨੇ ਕਿਸੇ ਨੂੰ ਰੋਂਦਿਆਂ ਵੇਖ ਕੇ ਕਾਰਨ ਪੁੱਛਿਆ ਸੀ ਤਾਂ ਜਵਾਬ ਮਿਲਿਆ ਸੀ ਕਿ ਥਾਲੀ ਵਿੱਚ ਕੁਝ ਨਹੀਂ ਦਿਸਦਾ । ਤੁਹਾਨੂੰ ਆਪਣੀ 'ਥਾਲੀ' ਵਿੱਚ ਕੀ ਦਿਸਦਾ ਹੈ ।

- ਮੇਰੀ ਥਾਲੀ ਵਿੱਚ ਤਿੰਨ ਵਸਤਾਂ ਪਈਆਂ ਹਨ । ਮੇਰਾ 'ਸਤਿ' ਇਹ ਹੈ ਕਿ ਮੈਂ ਹੈ ਭੀ-ਹੋਸੀ ਭੀ ਸੱਚ ਨਹੀਂ । ਤਾਂ ਵੀ ਮੈਨੂੰ 'ਸੰਤੋਖ' ਹੈ ਕਿ ਮੈਨੂੰ ਜਿੰਨੇ ਕੁ ਸਾਹ ਮਿਲੇ ਸਨ ਉਹ ਮੈਂ ਕਾਵਿ-ਸੁੰਦਰੀ ਦੀ ਅਰਾਧਨਾ ਵਿੱਚ ਬਿਤਾਏ ਹਨ । ਤੇ ਉਹ ਮੈਨੂੰ ਸਕਾਰਥ ਜਾਪਦੇ ਹਨ । ਇਸੇ 'ਵਿਚਾਰ' ਦੇ ਆਨੰਦ ਅਧੀਨ ਆਪਣੀ ਯਾਤਰਾ ਦੇ ਉਸ ਪੜਾਉ ਲਈ ਤਿਆਰ ਹਾਂ ਜਿਸ ਤੋਂ ਅਗਾਂਹ ਨਿਰੋਲ ਅਯਾਤਰਾ ਹੈ ।

? 'ਅਯਾਤਰਾ' ਲਈ ਏਨੇ ਕਾਹਲੇ ਨਾ ਪਵੋ । ਅਜੇ ਅਸਾਂ ਕੁਝ ਹੋਰ ਗੱਲਾਂ ਵੀ ਕਰਨੀਆਂ ਨੇ ।... ਤੁਸੀਂ ਅਨੇਕ ਵਿਧਾਵਾਂ ਅਤੇ ਵਰਤਾਰਿਆਂ ਵਿੱਚ ਵਰਤਮਾਨ ਹੋ । ਤੁਸੀਂ ਆਪਣੀ 'ਸਵੈ ਜੀਵਨੀ' ਵਿੱਚ ਸਾਰੇ ਕੁਝ ਦਾ ਖੁਲਾਸਾ ਕਿਉਂ ਨਹੀਂ ਕੀਤਾ ।

- ਸਵੈ-ਜੀਵਨੀ ਵਿੱਚੋਂ ਬਹੁਤ ਕੁਝ ਛੁਟ ਗਿਆ ਹੈ । ਗੱਦ, ਸਮੀਖਿਆ, ਸਫ਼ਰਨਾਮੇ, ਪਾਠ-ਪੁਸਤਕਾਂ, ਭੂਮਿਕਾਵਾਂ, ਪੜ੍ਹਤਾਂ, ਖ਼ਤ, ਅਧਿਆਪਨ ਲਈ ਲਿਖੇ ਵਖਿਆਨ ਬਹੁਤ ਕੁਝ ਅਣ-ਕਥਿਆ ਰਹਿ ਗਿਆ ਹੈ ।

? ਪਰ ਤੁਸੀਂ ਇਹਨਾਂ 'ਚੋਂ ਪਹਿਲ ਕਿਸ ਨੂੰ ਦੇਂਦੇ ਹੋ ।

- ਮੇਰੇ ਅਵਚੇਤਨ ਨੇ, ਮੇਰੇ ਜਾਣੇ ਬਿਨਾਂ ਹੀ, ਆਪਣੀ ਪਹਿਲ-ਦੂਜ ਬਣਾਈ ਹੋਈ ਸੀ । ਤੇ ਕਵਿਤਾ ਦੀ ਥਾਂ ਅੱਵਲ ਮਿਥੀ ਹੋਈ ਸੀ ।

? ਤੇ ਸੁਚੇਤ ਤੌਰ 'ਤੇ?

- ਸੁਚੇਤ ਤੌਰ 'ਤੇ ਮੈਂ ਇਹੋ ਕਹਿੰਦਾ ਰਿਹਾ ਹਾਂ ਕਿ ਲੇਖਕ ਤੋਂ ਵਧੀਕ ਮੈਂ ਅਧਿਆਪਕ ਬਣਨਾ ਪਸੰਦ ਕਰਾਂਗਾ ।

? ਦੂਜੇ ਜਨਮ 'ਚ ਕੀ ਬਣਨਾ ਚਾਹੋਗੇ ।

- ਦੂਜਾ ਜਨਮ ਕੌਣ ਜਾਣੇ ਮਿਲਦਾ ਵੀ ਹੈ ਕਿ ਨਹੀਂ । ਉਂਜ ਇਹ ਜਨਮ ਵੀ ਭਰਪੂਰ ਜੀਵਿਆ ਹਾਂ ।

? ਇਸ ਜਨਮ ਬਾਰੇ ਤਾਂ ਅਸੀਂ ਜਾਣਦੇ ਹਾਂ ਮਹਾਂਪੁਰਸ਼ੋ! ਤੁਸੀਂ ਇਹ ਦੱਸੋ ਕਿ ਜੇ ਦੂਜਾ ਜਨਮ ਮਿਲੇ ਤਾਂ...

- ਅਵਚੇਤਨ ਦੇ ਦਬਾਓ ਹੇਠ ਮੈਂ ਆਪਣੇ ਲਈ ਦੂਜਾ ਜਨਮ ਵੀ ਕਵੀ ਦਾ ਹੀ ਮੰਗਿਆ ਹੈ ।

? ਤੁਸੀਂ ਸ਼ਾਇਰੀ ਕੀਤੀ । ਆਸ਼ਕੀ ਵੀ ਕੀਤੀ । ਪਰ ਜਿੱਤ ਸ਼ਾਇਰ ਦੀ ਹੋਈ । ਆਸ਼ਕੀ ਪਰਦੇ ਪਿੱਛੇ ਚਲੀ ਗਈ । ਤੁਸੀਂ ਇਸ ਸਥਿਤੀ ਨੂੰ ਕਿਵੇਂ ਲੈਂਦੇ ਹੋ ।

- ਆਸ਼ਕੀ ਪ੍ਰਤੱਖ ਦਰਸ਼ਨ ਹੈ, ਸ਼ਾਇਰੀ ਪਰੋਖੇ ਦੀ ਯਾਦ । ਆਸ਼ਕੀ ਧਰਮ ਹੈ, ਸ਼ਾਇਰੀ ਮਹਿਜ਼ ਕਲਾ । ਸ਼ਾਇਰ ਹੋ ਕੇ ਜੋ ਆਸ਼ਕੀ ਕਰੇ ਉਹਨੂੰ ਪਹਿਲੀ ਬਲੀ ਆਪਣੀ ਸ਼ਾਇਰੀ ਦੀ ਹੀ ਦੇਣੀ ਪੈਂਦੀ ਹੈ ।

? ਸੋ ਤੁਸੀਂ ਆਪਣੀ ਸ਼ਾਇਰੀ ਦੀ ਬਲੀ ਨਹੀਂ ਦਿੱਤੀ ਅਤੇ ਆਪਣੀ ਸ਼ਾਇਰੀ ਨੂੰ ਤੁਸੀਂ 'ਆਪਣੀ ਮੋਈ ਮਾਂ ਨਾਲ ਗੱਲਾਂ' ਵੀ ਕਹਿੰਦੇ ਹੋ । ਮਾਂ ਨਾਲ ਗੱਲਾਂ ਤੁਹਾਨੂੰ 'ਰੱਬ ਨਾਲ ਗੱਲਾਂ' ਜਾਪਦੀਆਂ ਹਨ । ਮਤਲਬ ਇਹ ਕਿ ਤੁਸੀਂ ਰੱਬ ਨਾਲ ਗੱਲਾਂ ਕਰਦੇ ਆ ਰਹੇ ਹੋ । ਜ਼ਰਾ 'ਰੱਬ' ਦੀ ਤਸ਼ਰੀਹ ਕਰੋਗੇ ।

- ਰੱਬ ਬੰਦੇ ਦੀਆਂ ਆਪਣੀਆਂ ਸੋਚਾਂ, ਰੀਝਾਂ, ਲੋੜਾਂ ਦਾ ਹੀ ਵਿਸਤਾਰ ਹੈ ।

? ਤਾਂ ਤੇ ਡਾਕਟਰ ਸਾਹਿਬ ਤੁਸੀਂ ਆਪਣੀਆਂ ਸੋਚਾਂ, ਰੀਝਾਂ, ਲੋੜਾਂ ਨੂੰ ਵਧਾ ਕੇ ਰੱਬ ਜਿੱਡਾ ਕਰਨ ਦੇ ਸਮਰੱਥ ਹੋ ਅਤੇ ਲੋੜ ਪੈਣ 'ਤੇ ਰੱਬ ਨੂੰ ਆਪਣੇ ਜਿੱਡਾ ਬਣਾ ਲੈਂਦੇ ਹੋ । ਅਜਿਹੀ ਪੂਰਨਤਾ ਦਾ ਗਿਆਨ ਤਾਂ ਕਿਸੇ ਵੇਦ-ਪਾਠੀ ਨੂੰ ਹੀ ਹੋ ਸਕਦਾ ਹੈ । ਤੁਸੀਂ 'ਰਿਗਬਾਣੀ' ਦੇ ਰੂਪ ਵਿੱਚ ਵੇਦ ਮੰਤਰਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਹੈ । ਇਸ ਪੂਰਨਤਾ ਵਾਲੇ ਮੰਤਰ ਦਾ ਪੰਜਾਬੀ ਉਚਾਰਨ ਕਰੋਗੇ ।

- ਓਮ ਪੂਰਨ ਹੈ ਇਹ, ਪੂਰਨ ਹੈ ਉਹ
ਪੂਰਨ ਵਿੱਚੋਂ ਜੰਮਦਾ ਹੈ ਪੂਰਨ
ਪੂਰਨ ਵਿੱਚੋਂ ਪੂਰਨ ਕੱਢ ਲਈਏ
ਤਾਂ ਵੀ ਬਾਕੀ ਪੂਰਨ ਹੀ ਰਹਿ ਜਾਂਦੈ ।

(ਦੂਸਰਾ ਬਿਸਰਾਮ)

ਹਰਿਭਜਨ ਕਦੇ ਚੁੱਪ ਨਹੀਂ ਬੈਠ ਸਕਦਾ, ਮਨ ਵਾਂਗ । ਵਿਚਾਰਾਂ ਦਾ ਤਾਂਤਾ ਭਾਵਾਂ ਦੀ ਲੜੀ ਵਿੱਚ ਬਦਲ ਸਕਦਾ ਹੈ, ਪਰ ਟੁੱਟ ਨਹੀਂ ਸਕਦਾ । ਇਹ ਐਬ ਹਰਿਭਜਨ ਤੋਂ ਛੁੱਟ ਨਹੀਂ ਸਕਦਾ ਅਤੇ ਇਹ ਉਹਦਾ ਅਜਿਹਾ ਖਜ਼ਾਨਾ ਹੈ ਜੋ ਕਦੇ ਨਖੁੱਟ ਨਹੀਂ ਸਕਦਾ । ਉਹ ਸ਼ਬਦ-ਸੱਭਿਆਚਾਰ ਦਾ ਪ੍ਰਮਾਣਿਕ ਪੁਰਖ ਹੈ । ਉਸਨੂੰ ਗੱਲਾਂ ਬਹੁਤ ਆਉਂਦੀਆਂ ਹਨ । ਗੱਲਾਂ ਕਰਨੀਆਂ ਵੀ ਚੰਗੀ ਤਰ੍ਹਾਂ ਆਉਂਦੀਆਂ ਹਨ । ਇਹੋ ਤਾਂ ਉਸਦੀ ਸ਼ਖ਼ਸੀਅਤ ਦਾ ਵਾਧਾ ਹੈ । ਉਹਨੇ ਸਾਰੀ ਉਮਰ ਗੱਲਾਂ ਦਾ ਖੱਟਿਆ ਹੀ ਖਾਧਾ ਹੈ! ਤੁਸੀਂ ਹਰਿਭਜਨ ਨੂੰ ਮਿਲਣਾ ਚਾਹੋ ਤਾਂ ਉਹ ਤੁਹਾਨੂੰ ਗੱਲਾਂ ਵਿੱਚ ਉਲਝਾ ਲੈਂਦਾ ਹੈ । ਕਈ ਵਾਰ ਉਹ ਏਨਾ ਤਪ ਜਾਂਦਾ ਹੈ ਕਿ ਤੁਹਾਨੂੰ ਵੀ ਪਿਘਲਾ ਲੈਂਦਾ ਹੈ । ਤੁਹਾਡੇ ਬਹਾਨੇ ਆਪਣੀ ਗੱਲ ਦੁਨੀਆ ਤੱਕ ਪੁਚਾ ਲੈਂਦਾ ਹੈ । ਆਪ ਉਡਿਆ ਫਿਰਦਾ ਹੈ, ਤੁਹਾਨੂੰ ਬੰਨ੍ਹ ਕੇ ਬਿਠਾ ਲੈਂਦਾ ਹੈ!

ਮੈਂ ਹਰਿਭਜਨ ਨੂੰ ਬਹੁਤ ਵਾਰ ਮਿਲਣਾ ਚਾਹਿਆ । ਹਮੇਸ਼ਾ ਮਿਲਣਾ ਚਾਹਿਆ । ਮਿਲਣ ਦੀ ਕੋਸ਼ਿਸ਼ ਵੀ ਕੀਤੀ । ਕੋਸ਼ਿਸ ਕਰਕੇ ਵੀ ਮਿਲਿਆ । ...ਪਰ ਜਦੋਂ ਵੀ ਮਿਲਿਆ ਉਹਦੇ ਆਲੇ-ਦੁਆਲੇ ਸ਼ੋਰ ਹੁੰਦਾ ਸੀ । ਅਗਲੀ ਮੁਲਾਕਾਤ ਵਿੱਚ ਉਹ ਪਹਿਲਾਂ ਵਾਲਾ ਨਹੀਂ, ਕੋਈ ਹੋਰ ਹੁੰਦਾ ਸੀ । ...ਪਰ ਹਰ ਵਾਰ ਉਹਦਾ ਪ੍ਰਵਚਨ ਮੂੰਹ- ਜ਼ੋਰ ਹੁੰਦਾ ਸੀ ।

ਮੌਜੂਦਾ ਮੁਲਾਕਾਤ ਵਿੱਚ ਤੁਹਾਨੂੰ ਹਰਿਭਜਨ ਹਿਸਾਬੀ ਜਿਹਾ ਲੱਗ ਸਕਦਾ ਹੈ । ਉਸਦੀਆਂ ਗੱਲਾਂ ਦਾ ਇਹ ਸਿਲਸਿਲਾ ਕਿਤਾਬੀ ਜਿਹਾ ਲੱਗ ਸਕਦਾ ਹੈ । ਕਿਤੇ ਕਿਤੇ ਸ਼ਾਇਦ ਉਹ ਸ਼ਰਾਬੀ ਜਿਹਾ ਵੀ ਲੱਗ ਸਕਦਾ ਹੈ । ...ਹਾਂ ਉਹ ਇਹੋ ਜਿਹਾ ਹੀ ਹੈ । ਉਸਨੇ ਇਹੋ ਜਿਹਾ ਹੀ ਬਣਨਾ ਚਾਹਿਆ ਹੈ । ਉਹਦਾ ਜੋ ਬਣਿਆ, ਸਭ ਦੇ ਸਾਹਮਣੇ ਹੈ । ਉਸ ਦਾ ਕੁਝ ਵੀ ਕਿਸੇ ਤੋਂ ਗੁੱਝਾ ਨਹੀਂ । ਉਹਦੇ ਮੱਥੇ ਵਿਚਲਾ ਦੀਵਾ ਮਰ ਕੇ ਬੁਝਿਆ ਨਹੀਂ ।

ਤੁਸੀਂ ਇਸ ਚੁਬਾਰੇ ਦੀਆਂ ਪੌੜੀਆਂ ਚੜ੍ਹ ਕੇ ਵੇਖੋ ।
ਇਸ ਕਵੀ ਨੂੰ ਮੇਰੇ ਵਾਂਗ ਪੜ੍ਹ ਕੇ ਵੇਖੋ ।
ਹਵਾ ਹੈ, ਮਿੱਟੀ ਹੈ, ਪਾਣੀ ਹੈ, ਆਕਾਸ਼ ਹੈ, ਅਗਨ ਹੈ!
ਦਿਲੀ ਵਾਲਾ ਹਰਿਭਜਨ ਮਰ ਗਿਆ ਹੈ,
ਇਹ ਮੇਰੇ ਵਾਲਾ ਹਰਿਭਜਨ ਹੈ!!

¨ ਇਤੀ ਸ੍ਰੀ¨

***

10. ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ

ਭੰਡਾਰੀ ਨੂੰ ਕੁਝ ਵੀ ਲਿਖਣਾ ਨਹੀਂ ਆਉਂਦਾ, ਕਹਾਣੀ ਤੋਂ ਸਿਵਾਇ । ਕਹਾਣੀ ਵੀ ਹੁਣ ਉਹ ਸਾਲ-ਛਿਮਾਹੀ ਹੀ ਲਿਖਦਾ ਹੈ । ਸਵਾਲ ਪੈਦਾ ਹੁੰਦਾ ਹੈ ਕਿ ਉਸ ਬਾਰੇ ਕਿਉਂ ਲਿਖਿਆ ਜਾਏ, ਜਦੋਂ ਆਪ ਉਸਨੇ ਕਿਸੇ ਬਾਰੇ ਕਦੇ ਕੁਝ ਨਹੀਂ ਲਿਖਿਆ? ਜਵਾਬ ਹੈ ਕਿ ਉਸ ਬਾਰੇ ਲਿਖਣ ਦੀ ਲੋੜ ਹੈ । ਅਗਲਾ ਸਵਾਲ ਹੈ ਕਿ ਉਸ ਬਾਰੇ ਕੀ ਲਿਖਿਆ ਜਾਏ? ਜਵਾਬ ਪਾਠਕਾਂ ਦੀ ਗੈਲਰੀ 'ਚੋਂ ਆਉਂਦਾ ਹੈ: 'ਜੋ ਅਸੀਂ ਜਾਨਣਾ ਚਾਹੁੰਦੇ ਹਾਂ ।'

ਨਾ ਭੰਡਾਰੀ ਨੇ ਕਿਸੇ ਸਮਕਾਲੀ ਬਾਰੇ ਕੁਝ ਲਿਖਿਆ ਹੈ ਅਤੇ ਨਾ ਹੀ ਬਹੁਤਿਆਂ ਨੇ ਉਸ ਬਾਰੇ ਲਿਖਣ ਦੀ ਜ਼ਹਿਮਤ ਗਵਾਰਾ ਕੀਤੀ ਹੈ । ਮੋਹਨ ਨੇ ਖ਼ੁਦ ਵੀ ਭੰਡਾਰੀ ਬਾਰੇ ਕਦੇ ਕੁਝ ਨਹੀਂ ਲਿਖਿਆ । ਜ਼ਾਹਿਰ ਹੈ ਕਿ ਭੋਰਾ ਵੀ ਹਵਾਲਾ ਸਾਮੱਗਰੀ ਉਪਲਬਧ ਨਹੀਂ । ਦੂਜੀ ਗੱਲ ਇਹ ਕਿ ਗਊ, ਕੁਰਸੀ ਜਾਂ ਮਹਾਤਮਾ ਗਾਂਧੀ 'ਤੇ ਪ੍ਰਸਤਾਵ ਲਿਖਣ ਵਾਂਗ ਸਾਡੇ ਕੋਲ ਕੋਈ ਨਿਸ਼ਚਿਤ ਚੌਖਟਾ ਵੀ ਨਹੀਂ ।

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਲੇਖਕ ਬੇਜ਼ੁਬਾਨਾਂ ਦੀ ਜ਼ੁਬਾਨ ਹੁੰਦਾ ਹੈ ਅਰਥਾਤ ਉਹ ਉਨ੍ਹਾਂ ਲੋਕਾਂ ਲਈ ਲਿਖਦਾ ਹੈ, ਜੋ ਆਪਣੀ ਖ਼ਾਤਿਰ ਆਪ ਨਹੀਂ ਲਿਖ ਸਕਦੇ । ਇਸ ਤਰ੍ਹਾਂ ਲੇਖਕ ਐਨ ਰੱਬ ਦੇ ਵਿਰੋਧ ਵਿੱਚ ਖੜ੍ਹਾ ਹੁੰਦਾ ਹੈ ਕਿਉਂਕਿ ਵਿਚਾਰਾ ਰੱਬ ਤਾਂ ਉਨ੍ਹਾਂ ਦੀ ਮੱਦਦ ਕਰਦਾ ਹੈ ਜੋ ਆਪਣੀ ਮੱਦਦ ਆਪ ਕਰਦੇ ਹਨ, ਪਰੰਤੂ ਅਦਬੀ ਦੁਨੀਆ ਵਿੱਚ ਹਾਲਾਤ ਕੁਝ ਅਜੀਬ ਹੀ ਨਜ਼ਰ ਆਉਂਦੇ ਹਨ । ਬੇਜ਼ੁਬਾਨਾਂ ਦੀ ਜ਼ੁਬਾਨ ਕਹਾਉਣ ਵਾਲਾ ਲੇਖਕ ਬੇਜ਼ੁਬਾਨੀ ਦੀ ਹੱਦ ਤੱਕ ਪਰਾਈ ਕਲਮ ਦਾ ਮੁਥਾਜ ਹੋਇਆ ਰਹਿੰਦਾ ਹੈ । ਉਹ ਆਪਣਾ ਮੂੰਹ ਬਿਗ਼ਾਨੇ ਸ਼ੀਸ਼ੇ 'ਚੋਂ ਦੀ ਵੇਖਣ ਲਈ ਹਮੇਸ਼ਾ ਬੇਤਾਬ ਰਹਿੰਦਾ ਹੈ । ਇਸ ਨੂੰ ਮੋਟੇ ਤੌਰ 'ਤੇ ਮਨੁੱਖੀ ਕਮਜ਼ੋਰੀ ਕਿਹਾ ਜਾ ਸਕਦਾ ਹੈ, ਜਿਵੇਂ ਕੋਈ 'ਕਵੀ' ਬੇ-ਸਿਰ- ਪੈਰ ਦੀ 'ਕਾਵਿ-ਕਿਰਤ' ਸੁਣਾਉਣ ਦੇ ਦੌਰਾਨ ਦਾਦ ਦੀ ਤਲਾਸ਼ ਵਿੱਚ ਜੀ ਭਿਆਣਾ ਬਾਰ ਬਾਰ ਏਧਰ ਓਧਰ ਝਾਕਦਾ ਹੈ! ਕਈ ਵਾਰ ਤਾਂ ਪ੍ਰਸ਼ੰਸਾ ਦੀ ਭੁੱਖ 'ਬੰਦੇ' ਨੂੰ ਹਸਰਤ ਦੀ ਹੱਦ ਤੱਕ ਨੀਵਾਂ ਲੈ ਜਾਂਦੀ ਹੈ ।

ਕਈ ਹਾਲਾਤਾਂ ਵਿੱਚ ਮਸਲੇ ਦੀ ਸ਼ਕਲ ਸੂਰਤ ਇਸ ਤੋਂ ਕੁਝ ਵੱਖਰੀ ਵੀ ਹੁੰਦੀ ਹੈ । -ਪਾਠਕ ਜਦੋਂ ਕਿਸੇ ਲੇਖਕ ਦੀਆਂ ਲਿਖਤਾਂ ਦੀ ਕਦਰ ਕਰਦੇ ਹਨ ਤਾਂ ਸਮਾਂ ਪਾ ਕੇ ਉਸਨੂੰ ਮਿਲਣ ਦੇ ਖ਼ਾਹਿਸ਼ਮੰਦ ਵੀ ਹੋ ਜਾਂਦੇ ਹਨ । ਹਰ ਪਾਤਰ ਆਪਣੇ ਮਨਪਸੰਦ ਲੇਖਕ ਨੂੰ ਸਣ-ਦੇਹਾ ਨਹੀਂ ਮਿਲ ਸਕਦਾ, ਏਸੇ ਮਕਸਦ ਲਈ ਮੇਰੇ ਵਰਗੇ ਬੰਦੇ ਵੇਲੇ ਕੁਵੇਲੇ ਪਾਠਕਾਂ ਦੇ ਕੰਮ ਆਉਂਦੇ ਹਨ । ਪਾਠਕ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਕਿ ਉਸਦੇ ਪਿਆਰੇ ਲੇਖਕ ਦੇ ਦੰਦ ਮੈਲੇ ਤੇ ਹੁੱਡਾਂ ਵਾਲੇ ਹਨ ਜਾਂ ਮੋਤੀਆਂ ਵਰਗੇ ਚਿਣੇ ਨਹੀਂ । ਉਹ ਤਾਂ ਅਜਿਹੀਆਂ ਅਦਿੱਖ ਸੱਚਾਈਆਂ ਜਾਨਣਾ ਚਾਹੁੰਦਾ ਹੈ, ਜਿਨ੍ਹਾਂ ਦਾ ਪਤਾ ਲੱਗਣ ਨਾਲ ਉਹ ਆਪਣੇ ਮਨ-ਭਾਉਂਦੇ ਲੇਖਕ ਦੀਆਂ ਲਿਖਤਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਣ ਅਤੇ ਮਾਨਣ ਯੋਗ ਹੋ ਸਕੇ ।

ਭੰਡਾਰੀ ਦੀ ਕਹਾਣੀ ਦੇ ਪ੍ਰਸ਼ੰਸਕ ਹਜ਼ਾਰਾਂ ਦੀ ਗਿਣਤੀ ਵਿੱਚ ਹਨ, ਅਤੇ ਜਨਸੰਖਿਆ ਦੇ ਵਾਧੇ ਨਾਲ ਹੋਰ ਵੀ ਫ਼ਰਕ ਪੈਣ ਦੀ ਆਸ ਹੈ! ਮੇਰੀ ਦਿਲੀ-ਤਮੰਨਾ ਹੈ ਕਿ ਇਸ ਪਿਆਰੇ ਮਨੁੱਖ ਤੇ ਚੰਗੇ ਲੇਖਕ ਨੂੰ ਜਿਸ ਹੱਦ ਤੱਕ ਮੈਂ ਜਾਣਦਾ ਹਾਂ, ਘੱਟੋ ਘੱਟ ਓਸ ਹੱਦ ਤੱਕ ਮੇਰੇ ਸਹਿ-ਪ੍ਰਸ਼ੰਸਕ ਵੀ ਜਾਣ ਸਕਣ । ਜਿਸ ਪੜਾਅ 'ਤੇ ਭੰਡਾਰੀ ਅੱਪੜ ਚੁੱਕਾ ਹੈ ਏਥੇ ਉਸਨੂੰ ਤੁਲਨਾ ਦੀ ਨਹੀਂ ਪੜਤਾਲ ਦੀ ਲੋੜ ਹੈ ਪਰੰਤੂ ਸਾਡੇ ਸਾਹਿੱਤ ਵਿੱਚ ਜ਼ਿਆਦਾਤਰ ਲੇਖਕ-ਲੋਕ ਪੜਚੋਲ ਤੋਂ ਪਲੇਗ ਵਾਂਗ ਤ੍ਰਹਿੰਦੇ ਹਨ । ਏਥੇ ਪਹੁੰਚ ਕੇ ਮੈਨੂੰ ਇੱਕ ਅਜੀਬ ਸਥਿਤੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ । ਲੱਗਦਾ ਹੈ, ਜਿਵੇਂ ਮੈਂ ਇੱਕ ਮਿਊਜ਼ੀਅਮ ਵਿੱਚ ਖੜ੍ਹਾ ਹੋਵਾਂ । ਸਾਡੀ ਵਾਕਫ਼ੀਅਤ, ਅਪਣੱਤ ਅਤੇ ਦੋਸਤੀ ਦਾ ਸਮਾਂ ਕੈਨਵਸਾਂ ਦਾ ਰੂਪ ਧਾਰ ਗਿਆ ਹੋਵੇ! ਮੁਲਾਕਾਤਾਂ ਨੇ ਵਜੂਦ ਅਖ਼ਤਿਆਰ ਕਰ ਲਏ ਹੋਣ! ਸਾਂਝੇ ਦੋਸਤਾਂ ਤੇ ਸਮਕਾਲੀ ਲੇਖਕਾਂ ਵਿਚਕਾਰ ਹੋਏ ਚਰਚੇ ਮੇਰੀ ਯਾਦਾਸ਼ਤ ਦੁਆਲੇ ਝੁਰਮੁਟ ਪਾਈ ਖਲੋਤੇ ਹਨ । ਭੰਡਾਰੀ ਦੀਆਂ ਕਹਾਣੀਆਂ ਵਿਚਲੇ ਪਾਤਰ ਪੂਰੀ ਅਦਾਕਾਰੀ ਸਮੇਤ ਹਾਜ਼ਰ ਹਨ । ਭੰਡਾਰੀ ਦਾ ਰਚਨਾ-ਸੰਸਾਰ ਸਜਿਆ ਪਿਆ ਹੈ ਅਤੇ ਮੈਂ ਪ੍ਰਵੇਸ਼ ਦੁਆਰ ਤੋਂ ਪਿੱਛਲ-ਯਾਤਰਾ ਆਰੰਭ ਕਰ ਰਿਹਾ ਹਾਂ । ਬਾਹਰ ਪਰਤ ਕੇ ਮੈਂ ਤੁਹਾਨੂੰ ਬਹੁਤ ਕੁਝ ਦੱਸਾਂਗਾ (ਸਭ ਕੁਝ ਦੱਸਣਾ ਮੇਰੀ ਸਮਰੱਥਾ ਵਿੱਚ ਨਹੀਂ) ...ਆਪਣੀ ਸੀਮਾ ਦੀ ਮੈਨੂੰ ਖ਼ਬਰ ਹੈ, ਕਲਮ ਦੀ ਸੁਹਿਰਦਤਾ ਦੀ ਤੁਹਾਨੂੰ ਵੀ ਕਦਰ ਹੈ । ਤੁਹਾਡੀ ਗੰਭੀਰਤਾ ਅਤੇ ਕਲਮ ਦੀ ਸੁਹਿਰਦਤਾ ਨੇ ਮੇਰੇ ਬਿਆਨ ਨੂੰ ਸੰਕੋਚ ਦਿੱਤਾ ਹੈ । ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿੱਥੋਂ ਸ਼ੁਰੂ ਕਰਾਂ!

ਮੇਰੀ ਇਸ ਸਮੱਸਿਆ ਦਾ ਹੱਲ ਸਿਰਫ਼ ਭੰਡਾਰੀ ਕੋਲ ਹੈ । ਮੈਂ ਸਾਈਕਲ ਚੁੱਕ ਕੇ ਵੀਹ ਸੈਕਟਰ ਦੀ ਪਟੜੀਏ ਚੜ੍ਹ ਜਾਂਦਾ ਹਾਂ । ਬਾਰਾਂ ਟਾਈਪ ਦੇ ਸਰਕਾਰੀ ਕੁਆਟਰਾਂ ਦੇ ਚਕਰੀ-ਰਹਿਤ ਚੁਰਾਹੇ ਵਿੱਚ ਕਿਸੇ ਨੇ ਟੂਣਾ ਕੀਤਾ ਹੋਇਆ ਹੈ : ਕਵਾਸੀ ਰੋਟੀ ਉੱਤੇ ਸਿੱਧੀ ਪਈ ਕਾਲੀ ਪੋਟੜੀ, ਜਿਵੇਂ ਪਲੇਟ ਵਿੱਚ ਪਰੋਸੀ ਹੋਈ ਸੱਭਿਅਤਾ! ਮੇਰੇ ਸੰਸਕਾਰ ਪਿੰਡ ਵੱਲ ਨੂੰ ਮੁੜਦੇ ਹਨ ਅਤੇ ਮੈਂ ਮੁੜਦਾ ਮੁੜਦਾ ਰਹਿ ਜਾਂਦਾ ਹਾਂ । ਇੱਕੋ ਜਿਹੇ 'ਬਾਬੂਆਂ' ਦੇ ਇੱਕੋ ਜਿਹੇ 'ਕਵਾਟਰਾਂ' 'ਚੋਂ ਭੰਡਾਰੀ ਦੇ 'ਘਰ' ਮੂਹਰੇ ਪੁੱਜ ਕੇ ਸੰਦਰਭ ਨਾਲ ਸੰਬੰਧਿਤ ਇੱਕ ਘਟਨਾ ਯਾਦ ਆਈ ਹੈ :

ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਉਦੋਂ ਡਾਕਟਰ ਰੰਧਾਵਾ ਸੀ । ਭੰਡਾਰੀ, ਉਸ ਕੋਲ ਅਰਜ਼ੀ ਲੈ ਕੇ ਗਿਆ ਕਿ ਬਾਰਾਂ ਟਾਈਪ ਦੇ ਅੱਧੇ ਮਕਾਨ ਵਿੱਚ ਰਹਿ ਕੇ ਕਹਾਣੀਆਂ ਨਹੀਂ ਲਿਖੀਆਂ ਜਾਂਦੀਆਂ । ਲਿਖਣ ਦਾ ਮਾਹੌਲ ਨਹੀਂ ਬਣਦਾ । ਚੰਡੀਗੜ੍ਹ ਸਾਹਿੱਤ-ਅਕਾਦਮੀ ਨੇ 'ਤਿਲਚੌਲੀ' ਨੂੰ ਨਵਾਂ ਨਵਾਂ ਇਨਾਮ ਦਿੱਤਾ ਸੀ, ਇਸ ਲਈ ਡਾਕਟਰ ਸਾਹਿਬ ਨੇ ਲੰਬਾ ਚੌੜਾ ਨੋਟ ਭੰਡਾਰੀ ਦੇ ਹੱਕ ਵਿੱਚ ਲਿਖਕੇ ਪੂਰਾ ਮਕਾਨ ਦੇਣ ਦੀ ਸਿਫ਼ਾਰਿਸ਼ ਕਰ ਦਿੱਤੀ ਅਤੇ ਕਾਗਜ਼ ਭੰਡਾਰੀ ਨੂੰ ਦਸਤੀ ਦੇ ਦਿੱਤੇ ਕਿ ਉਹ ਸੈਕਟਰੀ, ਹਾਊਸ ਅਲਾਟਮੈਂਟ ਕਮੇਟੀ ਕੋਲ ਲੈ ਜਾਵੇ । ਸੈਕਟਰੀ ਦੀ ਥਾਂ ਭੰਡਾਰੀ ਸੁਪਰਡੰਟ ਕੋਲ ਚਲਾ ਗਿਆ । ਪਹਿਲਾਂ ਤਾਂ ਸੁਪਰਡੰਟ ਨੇ ਕੋਈ ਗੱਲ ਗੌਲੀ ਹੀ ਨਾ; ਪਰ ਜਦੋਂ ਨੋਟ ਪੜ੍ਹਿਆ ਤਾਂ ਇੱਕ ਦਮ ਰੀੜ੍ਹ ਦੀ ਹੱਡੀ ਸਿੱਧੀ ਕਰਕੇ ਥਿੜਕਵੀਂ ਅਤੇ ਰੋਅਬ-ਭਰੀ ਆਵਾਜ਼ ਵਿੱਚ ਕਹਿਣ ਲੱਗਾ : 'ਤੂੰ ਜਾਹ, ਤੇ ਜਾ ਕੇ ਭੰੜਾਰੀ ਸਾਹਿਬ ਨੂੰ ਹੁਣੇ ਭੇਜ ਦਿਹ ।'

ਤੇਰਾਂ ਸੌ ਪਚਾਸੀ ਨੰਬਰ ਦੀਆਂ ਪੌੜੀਆਂ ਚੜ੍ਹ ਕੇ ਵਿਚਕਾਰਲੇ ਕਾਕੇ ਤੋਂ ਪਤਾ ਲੱਗਦਾ ਹੈ ਕਿ ਭੰਡਾਰੀ ਸਾਹਿਬ ਘਰ ਹੀ ਹਨ । ਕਮਰੇ ਵਿੱਚ ਜਾਂਦਾ ਹਾਂ । ਨਾ ਬੱਤੀ ਜਗ ਰਹੀ ਹੈ, ਨਾ ਪੱਖਾ ਚੱਲ ਰਿਹਾ ਹੈ । ਬੰਦ ਗਲੇ ਵਾਲਾ ਸਫ਼ੇਦ ਕੁਰਤਾ ਅਤੇ ਖੁੱਲ੍ਹੇ ਪੌਚਿਆਂ ਵਾਲਾ ਚਿੱਟਾ ਪਜਾਮਾ ਪਾਈ, ਨਜ਼ਰ ਵਾਲੀਆਂ ਐਨਕਾਂ ਲਗਾਈ, ਖੁੱਲ੍ਹੇ ਪੈੱਨ ਵਾਲੇ ਹੱਥ ਨਾਲ ਭੰਡਾਰੀ ਮੇਰਾ 'ਅਭਿਨੰਦਨ' ਕਰਦਾ ਹੈ । ਇੱਕ ਕਿਤਾਬ ਅਤੇ ਕਾਗਜ਼ਾਂ ਵਾਲਾ ਗੱਤਾ ਮੇਜ਼ 'ਤੇ ਮੂਧਾ ਕਰਕੇ ਬੰਦਾ ਬੁਝੀ ਹੋਈ ਸਿਗਰਟ ਸੁਲਗਾ ਕੇ ਸਾਹਮਣੇ ਬਹਿ ਜਾਂਦਾ ਹੈ :

ਭੰਡਾਰੀ : ਸਵੇਰੇ ਸਵੇਰੇ ਕਿਵੇਂ ਮੋਰਚਾ ਮਾਰਿਆ?

ਮੈਂ : ਅੱਜਕੱਲ੍ਹ ਸ਼ਾਮਾਂ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਰਹੀ, ਇਸ ਲਈ ਕਿਸੇ ਦੀ ਸ਼ਾਮ ਖ਼ਰਾਬ ਕਰਨ ਨੂੰ ਜੀਅ ਨਹੀਂ ਕਰਦਾ ।

ਭੰਡਾਰੀ : ਵੱਜੇ ਤਾਂ ਭਾਵੇਂ ਦਸ ਈ ਨੇ, ਪਰ ਜੇ ਤੂੰ ਕਹੇਂ ਤਾਂ ਰੰਮ ਦਾ ਇੱਕ ਇੱਕ ਪੈੱਗ ਹੋ ਸਕਦੈ ।

ਮੈਂ : ਹੁਣ ਪਰਛਾਵੇਂ ਢਾਲਣ ਦੀ ਕੀ ਲੋੜ ਐ, ਤੂੰ ਇਹ ਦੱਸ ਕਿ ਕਿਹੜੀ ਕਿਤਾਬ ਪੜ੍ਹ ਰਿਹਾ ਸੈਂ?

ਭੰਡਾਰੀ : ਪੜ੍ਹ ਕੀ ਰਿਹਾ ਸਾਂ? ਵਗਾਰ ਕੱਟ ਰਿਹਾ ਸਾਂ । ਘਟੀਆ ਜਿਹੀ ਕਿਤਾਬ ਟਰਾਂਸਲੇਸ਼ਨ ਵਾਸਤੇ ਮਿਲੀ ਹੋਈ ਐ । ਹਫ਼ਤੇ 'ਚ ਕੱਢ ਦੇਣੀ ਐਂ । ਸੱਤ ਕੁ ਸੌ ਰੁਪਈਏ ਦਾ ਕੰਮ ਐ ।

ਮੈਂ : ਸੌ ਰੁਪਿਆ ਦਿਹਾੜੀ ਪਈ?

ਭੰਡਾਰੀ : ਪਰ ਹੈ ਤਾਂ ਦਿਹਾੜੀ ਹੀ । ਉਂਜ ਭਾਸ਼ਾ ਵਿਭਾਗ ਜਾਂ ਪ੍ਰਕਾਸ਼ਕਾਂ ਕੋਲ ਯਈਂ ਯਈਂ ਕਰਨ ਨਾਲੋਂ ਚੰਗਾ ਕੰਮ ਏ । ਮਿਹਨਤ ਦਾ ਕੋਈ ਮਿਹਣਾ ਤੇ ਨਹੀਂ ਨਾ ਹੁੰਦਾ । ਮੈਂ ਤਾਂ ਆਪਣਾ ਨਾਂ ਵੀ ਨਹੀਂ ਛਪਵਾਉਣਾ ਇਸ ਬੇਹੂਦਾ ਕਿਤਾਬ 'ਤੇ ।

ਮੈਂ : ਕੋਈ ਚੰਗੀ ਕਿਤਾਬ ਵੀ ਕਦੇ ਟਰਾਂਸਲੇਟ ਕੀਤੀ ਐ?

ਭੰਡਾਰੀ : ਜਮੀਲਾ, ਰੰਗੀਨ ਤਿਤਲੀਆਂ, ਜਜਮੈਂਟ...ਕਈ ਨੇ ।

ਮੈਂ : ਅਨੁਵਾਦ ਕਰਦਾ ਹੀ ਏਂ ਕਿ ਤੇਰੀਆਂ ਕਹਾਣੀਆਂ ਵੀ ਅਨੁਵਾਦ ਹੁੰਦੀਆਂ ਨੇ?

ਭੰਡਾਰੀ : ਕੋਈ ਇੱਕ ਕੋੜੀ ਕਹਾਣੀਆਂ ਹਿੰਦੀ ਵਿੱਚ ਅਨੁਵਾਦ ਹੋ ਚੁੱਕੀਆਂ ਨੇ ਤੇ ਵੱਖ ਵੱਖ ਪਰਚਿਆਂ ਵਿੱਚ ਛਪ ਚੁੱਕੀਆਂ ਨੇ । ਇੱਕ ਮਲਯਾਲਮ ਵਿੱਚ ਵੀ ਛਪੀ ਸੀ । 'ਦੋਸ਼ੀ' । 'ਤਿਲਚੌਲੀ' ਕਿਤਾਬ ਭਾਸ਼ਾ ਵਿਭਾਗ ਵਾਲਿਆਂ ਨੇ ਅਨੁਵਾਦ ਕਰਕੇ ਛਾਪੀ ਹੈ । ਇਹੋ ਮਹਿਕਮਾ ਹੁਣ ਚੋਣਵੀਆਂ ਕਹਾਣੀਆਂ ਦੀ ਕਿਤਾਬ ਛਾਪਣ ਬਾਰੇ ਪੁੱਛ ਰਿਹੈ । ਹਜ਼ਾਰ ਰੁਪਿਆ ਦੇਣਗੇ । ਪੈਸੇ ਬੜੇ ਘੱਟ ਦੇਂਦੇ ਨੇ ਤੇ ਹੱਕ ਸਾਰੀ ਉਮਰ ਵਾਸਤੇ ਲਿਖਵਾ ਲੈਂਦੇ ਨੇ । ਇਸ ਪੱਖੋਂ ਭਾਸ਼ਾ ਵਿਭਾਗ ਤੇ ਜੀਵਨ ਸਿੰਘ ਵਿੱਚ ਕੋਈ ਫ਼ਰਕ ਨਹੀਂ ।

ਮੈਂ : ਪ੍ਰਕਾਸ਼ਕ ਤੇ ਸਰਕਾਰਾਂ ਇੱਕੋ ਜਿਹੀਆਂ ਈ ਹੁੰਦੀਆਂ ਨੇ । ਸਿਰਫ਼ ਕੁਰਸੀਆਂ ਬਦਲਦੀਆਂ ਨੇ ਕਰੈਕਟਰ ਨਹੀਂ । -ਤੂੰ ਇਹ ਦੱਸ ਭਈ ਕਿਹੜੀ ਪਾਰਟੀ ਦੀ ਸਿਆਸਤ ਤੈਨੂੰ ਸਹੀ ਲੱਗਦੀ ਏ?

ਭੰਡਾਰੀ : ਕੀ ਮਤਲਬ?

ਮੈਂ : ਤੂੰ ਕਿਸ ਪਾਰਟੀ ਵਿੱਚ ਏਂ? ਜਨਤਾ ਵਿੱਚ, ਕਾਂਗਰਸ ਵਿੱਚ, ਸੀ. ਪੀ. ਐਮ. ਵਿੱਚ, ਸੀ. ਪੀ. ਆਈ ਵਿੱਚ?

ਭੰਡਾਰੀ : ਡੀ. ਪੀ. ਆਈ. ਵਿੱਚ ।

ਮੈਂ : ਇਸ ਗੱਲ ਨਾਲ ਤੂੰ ਸਹਿਮਤ ਨਹੀਂ ਕਿ ਚੰਗੇ ਲੇਖਕ ਨੂੰ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ । -ਜਿਸਨੂੰ ਆਲੋਚਕ ਪ੍ਰਤਿਬੱਧਤਾ ਆਖਦੇ ਨੇ?

ਭੰਡਾਰੀ : ਲੇਖਕ ਲਈ ਕਮਿਊਨਿਸਟ ਹੋਣਾ ਹੀ ਨਹੀਂ, ਆਰਟਿਸਟ ਹੋਣਾ ਵੀ ਜ਼ਰੂਰੀ ਏ । (ਤੇ ਉਹਨੇ ਰਾਖ਼ਦਾਨੀ 'ਚੋਂ ਟੋਟਾ ਚੁੱਕ ਕੇ ਉਂਗਲਾਂ 'ਚ ਫ਼ਸਾ ਲਿਆ) -ਜੇਕਰ ਲੇਖਕ ਆਲੋਚਕਾਂ ਦੀ ਹਰ ਗੱਲ ਮੰਨਣ ਲੱਗ ਪੈਣ ਤਾਂ ਸਾਹਿੱਤ ਪਿਛਲੇ ਪੈਰੀਂ ਤੁਰਨ ਲੱਗ ਪਵੇ । ਭਲਿਆ ਮਾਨਸਾ! ਆਲੋਚਕ ਤਾਂ ਲੇਖਕ ਦੇ ਪਿੱਛੇ ਪਿੱਛੇ ਤੁਰਨ ਵਾਲਾ ਜੀਵ ਹੈ, ਉਸਦੀ ਅਗਵਾਈ ਕਿਵੇਂ ਕਰ ਸਕਦਾ ਹੈ?

ਮੈਂ : ਪੰਜਾਬੀ ਆਲੋਚਕਾਂ ਬਾਰੇ ਕੋਈ ਟਿੱਪਣੀ?

ਭੰਡਾਰੀ : ਨਾ ਗਿਣ ਕੇ ਆਪਾਂ ਕੀ ਲੈਣੈ? ਦੇਗ ਵਿੱਚੋਂ ਦਾਣਾ ਟੋਹਣ ਨਾਲ ਹੀ ਪਤਾ ਲੱਗ ਜਾਂਦੈ । ਇੱਕ ਵਾਰੀ ਇੱਕ 'ਚਤਰ ਸੁਜਾਨ' ਆਲੋਚਕ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਲੇਖ ਲਿਖਕੇ ਸਦਾ ਸਦਾ ਲਈ ਅਮਰ ਕਰ ਸਕਦਾ ਹਾਂ । ਮੈਂ ਹੱਸ ਛੱਡਿਆ ਅਤੇ ਇਸ ਘਟਨਾ ਬਾਰੇ ਇੱਕ ਕਹਾਣੀ ਲਿਖੀ 'ਸਿਉਨੇ ਦਾ ਮਿਰਗ' । ਮੇਰਾ ਖ਼ਿਆਲ ਸੀ ਕਿ ਕਹਾਣੀ ਪੜ੍ਹਕੇ ਅਜਿਹੇ ਦ੍ਰਿਸ਼ਟੀਕੋਣ ਵਾਲਾ ਸਮਦਰਸ਼ਨੀ ਆਲੋਚਕ ਪ੍ਰਾਸ਼ਚਿਤ ਦੀ ਅੱਗ ਵਿੱਚ ਸੜੇਗਾ । ਪਰ...

ਮੈਂ : ਪਰ ਕੀ?

ਭੰਡਾਰੀ : ਬੱਸ ਕੁਛ ਨਾ ਪੁੱਛ (ਉਸ ਦਾ ਚਿਹਰਾ ਉਦਾਸੀ ਵਿੱਚ ਤਣ ਗਿਆ ਸੀ)

ਮੈਂ : ਤੂੰ ਵੀ ਤਾਂ ਭੋਲਾ ਭੰਡਾਰੀ ਹੀ ਏਂ । ਤੈਨੂੰ ਨਹੀਂ ਪਤਾ ਕਿ ਇਹ ਨਾਮ ਜਪਣ ਵਾਲੇ ਮਹਾਂਪੁਰਖ ਨੇ । ਇਹਨਾਂ ਨੂੰ ਨਾ ਜਲ ਡੋਬ ਸਕਦਾ ਹੈ, ਨਾ ਅਗਨੀ ਸਾੜ ਸਕਦੀ ਏ ।

ਭੰਡਾਰੀ : (ਸਿਗਰਟ ਬਾਲ ਕੇ ਤੀਲੀ ਬੁਝਾਉਂਦਾ ਹੋਇਆ) ਗੱਲ ਤੇਰੀ ਠੀਕ ਐ ।

ਗੱਲਾਂ ਭੰਡਾਰੀ ਦੀਆਂ ਵੀ ਸਾਰੀਆਂ ਹੀ ਠੀਕ ਨੇ ਪਰ ਮੇਰੀ ਸਮੱਸਿਆ ਅਜੇ ਤੱਕ ਵੀ ਓਥੇ ਹੀ ਖਲੋਤੀ ਏ । ਮੇਰੀ ਕੋਸ਼ਿਸ਼ ਹੈ ਕਿ ਅੱਜ ਤੁਹਾਡੀ ਤੇ ਮੋਹਨ ਭੰਡਾਰੀ ਦੀ ਇੱਕ ਸਾਰਥਕ ਮੁਲਾਕਾਤ ਕਰਵਾ ਸਕਾਂ । ਅਜੇ ਤੱਕ ਮੈਂ ਸਫ਼ਲ ਨਹੀਂ ਹੋ ਸਕਿਆ; ਕਾਰਨ ਕਈ ਹੋ ਸਕਦੇ ਹਨ । ਪਰ ਸਭ ਤੋਂ ਵੱਡਾ ਕਾਰਨ ਇਹ ਜਾਪਦਾ ਹੈ ਕਿ ਮੈਂ ਤੁਹਾਨੂੰ ਸਮੁੱਚਾ ਭੰਡਾਰੀ ਵਿਖਾਉਣ ਦਾ ਵਾਅਦਾ ਕਰ ਚੁੱਕਾ ਹਾਂ । ਕੋਈ ਇੱਕ ਪੱਖ ਲਿਆ ਹੁੰਦਾ ਤਾਂ ਕੰਮ ਹੁਣ ਤੱਕ ਨਿੱਬੜ ਵੀ ਗਿਆ ਹੋਣਾ ਸੀ । ਦੂਜੀ ਗੱਲ ਇਹ ਵੀ ਹੈ ਕਿ ਕਿਸੇ ਤਰੀਕੇ ਨਾਲ ਮੈਂ ਤੁਹਾਨੂੰ ਇੱਕੋ ਝਾਤ ਵਿੱਚ ਮੁਕੰਮਲ ਭੰਡਾਰੀ ਦੇ ਦਰਸ਼ਨ ਕਰਵਾਉਣਾ ਚਾਹੁੰਦਾ ਹਾਂ । ਟੁਕੜਿਆਂ ਵਿੱਚ ਸ਼ਖ਼ਸੀਅਤ ਵੇਖਣ ਨਾਲ ਗੱਲ 'ਉਹ' ਨਹੀਂ ਰਹਿੰਦੀ । ਭੰਡਾਰੀ ਇਸ ਸੱਚਾਈ ਤੋਂ ਬੇਖ਼ਬਰ ਨਹੀਂ ਕਿ ਸਾਹਿੱਤਕ ਸਰਪ੍ਰਸਤੀ ਗ੍ਰਹਿਣ ਕਰਨ ਦਾ ਮੁੱਲ ਇੱਕ ਈਮਾਨਦਾਰ ਤੇ ਬਾ- ਇੱਜ਼ਤ ਲੇਖਕ ਨੂੰ ਕਿਹੜੇ ਸਿੱਕੇ ਵਿੱਚ ਤਾਰਨਾ ਪੈਂਦਾ ਹੈ ਅਤੇ ਭੰਡਾਰੀ ਨੇ ਇਸ ਦਾ ਇਜ਼ਹਾਰ 'ਨਾਗਮਣੀ' ਦੇ 'ਖ਼ਤ ਅੰਕ' ਵਿੱਚ ਆਪਣੇ ਨਾਂ ਲਿਖੇ ਇੱਕ ਖ਼ਤ ਵਿੱਚ ਕੀਤਾ ਵੀ ਹੈ, ਦੱਬਵੇਂ ਸੁਰ ਵਿੱਚ । ਉਹ ਦੱਸਦਾ ਹੈ ਕਿ ਕਿਵੇਂ ਚੰਡੀਗੜ੍ਹ ਦੀ ਸਾਹਿੱਤ ਅਕਾਦਮੀ ਦੀ ਇੱਕ ਮੀਟਿੰਗ ਵਿੱਚ 'ਸਮਰੱਥ ਆਈ. ਏ. ਐਸ. ਅਫ਼ਸਰ ਲੇਖਕ' ਦੇ ਹਜ਼ੂਰ ਉਸਨੇ ਲੇਖਕਾਂ ਨੂੰ ਢਿੱਡ ਵਜਾਉਂਦੇ ਤੱਕਿਆ ਸੀ । ਪਰ, ਭੰਡਾਰੀ ਦੀਆਂ ਕਹਾਣੀਆਂ ਵਿੱਚੋਂ ਅਜਿਹੀਆਂ ਮਿਸਾਲਾਂ ਇੱਕਾ ਦੁੱਕਾ ਹੀ ਮਿਲਦੀਆਂ ਨੇ;- ਉਂਜ ਉਹ ਮੂੰਹ ਜ਼ਬਾਨੀ ਕਈ ਵਾਰੀ ਖ਼ਤਰੇ ਦਾ ਨਿਸ਼ਾਨ ਵੀ ਟੱਪ ਜਾਂਦਾ ਹੈ ।

ਹਾਂ, ਇੱਕ ਗੱਲ ਮੈਨੂੰ ਹੋਰ ਯਾਦ ਆ ਗਈ, ਜਿਹੜੀ ਮੈਂ ਸ਼ੁਰੂ ਵਿੱਚ ਹੀ ਕਰ ਦੇਣਾ ਚਾਹੁੰਦਾ ਸਾਂ ਪਰ ਗੱਲ ਦਾ ਸਿਰਾ ਹੱਥੋਂ ਤਿਲਕ ਗਿਆ ਸੀ । ਉਹ ਭੇਤ ਦੀ ਗੱਲ ਇਹ ਹੈ ਕਿ ਭੰਡਾਰੀ ਦੀ ਸਨਮਾਨ-ਰੇਖਾ ਬਹੁਤ ਮੱਧਮ ਹੈ । ਕੋਈ ਤਿੰਨ ਸਾਢੇ ਤਿੰਨ ਸਾਲ ਪਹਿਲਾਂ ਮੈਂ ਤੇ ਰੰਗਸ਼ਾਲਾ ਵਾਲੇ ਤ੍ਰੀਲੋਚਨ ਗਰੇਵਾਲ ਨੇ ਪੂਰੀ ਸੁਹਿਰਦਤਾ ਨਾਲ ਪ੍ਰੋਗਰਾਮ ਉਲੀਕਿਆ ਕਿ ਭੰਡਾਰੀ ਅਤੇ ਰਘੁਬੀਰ ਢੰਡ ਦੀਆਂ ਨਵੀਆਂ ਕਿਤਾਬਾਂ ਆਈਆਂ ਹਨ, ਇਨ੍ਹਾਂ ਦੋਹਾਂ ਲੇਖਕਾਂ ਦਾ ਇੱਕ ਛੋਟਾ ਜਿਹਾ ਸਨਮਾਨ ਸਮਾਰੋਹ ਕੀਤਾ ਜਾਵੇ, ਜਿਸ ਵਿੱਚ ਦੋਹਾਂ ਨਵੀਆਂ ਕਿਤਾਬਾਂ 'ਤੇ ਪੇਪਰ ਪੜ੍ਹੇ ਜਾਣ ਅਤੇ ਇਨ੍ਹਾਂ ਪੇਪਰਾਂ ਨੂੰ ਲੇਖਕਾਂ ਦੀ ਵਿਸਤ੍ਰਿਤ ਜਾਣਕਾਰੀ ਸਮੇਤ, ਉਨ੍ਹਾਂ ਦੀਆਂ ਇੱਕ ਇੱਕ ਦੋ ਦੋ ਕਹਾਣੀਆਂ ਦੇ ਕੇ ਛਪਵਾ ਵੀ ਦਿੱਤਾ ਜਾਵੇ । ਪ੍ਰਸਤਾਵਿਤ ਸਨਮਾਨ ਵਾਲੇ ਲੇਖਕਾਂ ਦੀ ਸਲਾਹ ਨਾਲ ਢੰਡ ਦੀ ਕਿਤਾਬ ਸਿਰਜਣਾ ਵਾਲੇ ਰਘਬੀਰ ਸਿੰਘ ਨੂੰ ਅਤੇ ਭੰਡਾਰੀ ਦੀ ਕਿਤਾਬ ਡਾ. ਅਤਰ ਸਿੰਘ ਨੂੰ ਪੇਪਰ ਲਿਖਣ ਵਾਸਤੇ ਦੇ ਦਿੱਤੀ । ਸਨਮਾਨ ਦੀ ਤਾਰੀਖ਼ ਨਿਸ਼ਚਿਤ ਕਰਕੇ ਪਰਚਾ ਰਾਈਟਰਾਂ ਵੱਲ ਕਈ ਗੇੜੇ ਮਾਰੇ । ਪਰੰਤੂ ਪਤਾ ਨਹੀਂ ਕਿਹੜੇ 'ਅੰਦਰੂਨੀ' ਕਾਰਨਾਂ ਕਰਕੇ ਪੇਪਰ ਨਹੀਂ ਲਿਖੇ ਗਏ ਅਤੇ ਪ੍ਰੋਗਰਾਮ ਖੱਟੇ ਪੈ ਗਿਆ । ਦੂਜੀ ਵਾਰ 'ਵਿਰਸਾ' (ਮਾਸਿਕ- ਚੰਡੀਗੜ੍ਹ) ਵਾਲਿਆਂ 'ਭੰਡਾਰੀ ਸਨਮਾਨ ਸਮਾਰੋਹ' ਦਾ ਐਲਾਨ ਕੀਤਾ । ਪਿੱਛੋਂ ਪਤਾ ਲੱਗਿਆ ਕਿ ਮਾਇਕ ਤੋਟ ਕਾਰਨ ਸਨਮਾਨ ਮੁਲਤਵੀ ਕਰਨਾ ਪੈ ਗਿਆ ਹੈ । ਇਸੇ ਲੜੀ ਦੀ ਤੀਜੀ ਕੜੀ ਇਹ ਸੀ ਕਿ ਪਿਛਲੇ ਧੋਣੇ ਧੋਣ ਲਈ 'ਵਿਰਸਾ' ਵਾਲਿਆਂ ਨੇ ਹੀ ਇੱਕ ਵਾਰੀ ਫੇਰ ਹਿੰਮਤ ਕਰਕੇ ਆਪਣੇ ਪਰਚੇ ਦਾ 'ਭੰਡਾਰੀ ਅੰਕ' ਕੱਢਣ ਦਾ ਐਲਾਨ ਕੀਤਾ । ਸਮਕਾਲੀ ਲੇਖਕਾਂ- ਆਲੋਚਕਾਂ ਨੂੰ ਦੇਸ਼ ਬਦੇਸ਼ ਵਿੱਚ ਚਿੱਠੀਆਂ ਲਿਖ ਦਿੱਤੀਆਂ ਗਈਆਂ ਅਤੇ ਦੋਸਤਾਂ-ਦੁਸ਼ਮਣਾਂ ਨੇ ਸਰਦਾ-ਬਣਦਾ ਲਿਖ ਭੇਜਿਆ । ਇੱਕ ਲੇਖ ਮੈਂ ਵੀ ਲਿਖਿਆ ਸੀ, ਜਿਸਦਾ ਸ਼ੀਰਸ਼ਕ ਇਹੋ ਸੀ ਜਿਹੜਾ ਮੈਂ ਇਸ ਮੁਲਾਕਾਤ ਦਾ ਰੱਖਿਆ ਹੈ । ਪਰਚਾ ਛਪਣਾ ਸ਼ੁਰੂ ਹੋ ਗਿਆ । 32 ਸਫ਼ੇ ਛਪ ਗਏ । ਭੰਡਾਰੀ ਦੀ ਸਨਮਾਨ ਰੇਖਾ ਨੇ ਪਰੈੱਸ 'ਤੇ ਵੀ ਅਸਰ ਕੀਤਾ । 'ਭਾਈਵਾਲ' ਨੇ ਪੈਸਿਆਂ ਲਈ 'ਗਲ-ਗੂਠਾ' ਦਿੱਤਾ ਤਾਂ ਕੰਪੋਜ਼ ਹੋਇਆ ਸਿੱਕਾ ਵੀ 'ਪਾਈ' ਕਰ ਦਿੱਤਾ ਗਿਆ । ਕੁਝ ਲੇਖ ਗੁਆਚ ਗਏ । ਤਸਵੀਰਾਂ ਰੁਲ ਗਈਆਂ ਅਤੇ ਗੱਲਬਾਤ ਇੱਕ ਵਾਰ ਫ਼ੇਰ ਓਥੇ ਹੀ ਆ ਰੁਕੀ । ਜੂਨ 77 ਵਿੱਚ 'ਦਾਸ' ਕੋਲੋਂ ਫ਼ੇਰ ਲੇਖ ਮੰਗਿਆ ਗਿਆ । ਜੋੜ ਤੋੜ ਕਰਕੇ ਪੂਰਾ ਵੀ ਕੀਤਾ ਗਿਆ । ਪਤਾ ਨਹੀਂ 'ਭੰਡਾਰੀ ਅੰਕ' ਦੇ ਮੈਟਰ ਦਾ ਭਵਿੱਖ ਕੀ ਹੈ, ਪਰੰਤੂ ਵਰਤਮਾਨ ਸਮਾਚਾਰ ਇਹ ਹੈ ਕਿ ਐਲਾਨ ਤੋਂ ਬਾਅਦ ਭੰਡਾਰੀ ਦਾ ਤਾਂ ਕੀ, ਵਿਰਸੇ ਦਾ ਵੀ ਕੋਈ ਅੰਕ ਨਹੀਂ ਨਿਕਲਿਆ । ਤੁਸੀਂ ਭੰਡਾਰੀ ਦੇ ਪਾਠਕ ਹੋ, ਤੁਹਾਡੇ ਕੋਲੋਂ ਕਾਹਦਾ ਲੁਕਾਅ, ਵਿਚਲੀ ਗੱਲ ਇਹ ਹੈ ਕਿ ਪੂਰੀ ਗੰਭੀਰਤਾ ਅਤੇ ਸੁਹਿਰਦਤਾ ਦੇ ਬਾਵਜੂਦ ਵੀ ਕੋਈ 'ਗ੍ਰਹਿ ਚਾਲ' ਭੰਡਾਰੀ ਦੇ ਸਨਮਾਨ-ਮਾਰਗ ਦਾ ਰੋੜਾ ਬਣ ਰਹੀ ਹੈ ।

ਏਧਰ ਓਧਰ ਬੁਰਸ਼ ਮਾਰ ਕੇ ਮੈਂ ਭੰਡਾਰੀ ਦਾ ਚਿਹਰਾ ਉਘਾੜਨ ਦਾ ਯਤਨ ਕਰ ਰਿਹਾ ਹਾਂ । ਇਸ ਗੱਲੋਂ ਡਰਦਾ ਵੀ ਹਾਂ ਕਿ ਕਿਤੇ ਮਾਡਰਨ ਪੇਂਟਿੰਗ ਹੀ ਨਾ ਬਣ ਜਾਏ; ਕਿਉਂਕਿ ਮਾਡਰਨ ਪੇਂਟਿੰਗ ਤਾਂ ਦੂਰੋਂ ਹੀ ਚੰਗੀ ਲੱਗਦੀ ਹੈ; -ਪਰ ਭੰਡਾਰੀ ਤਾਂ ਨੇੜਿਉਂ ਵੀ ਮਾੜਾ ਨਹੀਂ ਲੱਗਦਾ ।

ਭੰਡਾਰੀ ਇਸ ਵੇਲੇ ਮੇਰੇ ਬਿਲਕੁਲ ਨੇੜੇ ਬੈਠਾ ਹੈ । ਮੈਂ ਹੀ ਕੁਝ ਦੂਰ ਚਲਾ ਗਿਆ ਸਾਂ । ਮੁਆਫ਼ ਕਰਨਾ ਚੌਦਾਂ ਵਰ੍ਹਿਆਂ ਦੀਆਂ ਸਾਖੀਆਂ ਨੂੰ ਇੱਕ ਮੁਲਾਕਾਤ ਵਿੱਚ ਸਮੋਣਾ ਮੁਮਕਿਨ ਨਹੀਂ । ਆਪਣੇ ਅੱਟੇ-ਸੱਟੇ ਛੱਡ ਕੇ ਜੇ ਭੰਡਾਰੀ ਨਾਲ ਹੀ ਕੁਝ ਗੱਲਾਂ ਹੋਰ ਕਰ ਲਈਆਂ ਜਾਣ ਤਾਂ ਬੇਹਤਰ ਰਹੇਗਾ; ਤੇ ਸੌਖਾ ਵੀ:

ਮੈਂ : ਭੰਡਾਰੀ! ਤੇਰੇ 'ਤੇ ਕਿਹੜੇ ਕਿਹੜੇ ਲੇਖਕ ਨੇ ਅਸਰ ਕੀਤੈ?

ਭੰਡਾਰੀ : ਪੜ੍ਹੇ ਤਾਂ ਬੇਪਨਾਹ ਰਾਈਟਰ ਨੇ । ਪਰ ਚੈਖ਼ੋਵ ਦੇ ਮੁਕਾਬਲੇ ਵਿੱਚ ਮੈਨੂੰ ਕੋਈ ਲੇਖਕ ਨਹੀਂ ਲੱਭਦਾ । ਪਹਿਲਾਂ ਮੈਂ ਗੋਰਕੀ ਪੜ੍ਹਿਆ ਸੀ, ਬੜਾ ਚੰਗਾ ਲੱਗਦਾ ਸੀ । ਪਰ ਜਦੋਂ ਚੈਖ਼ੋਵ ਪੜ੍ਹਿਆ ਤਾਂ ਪਤਾ ਲੱਗਾ ਕਿ ਹਿਊਮੈਨ ਰਿਲੇਸ਼ਨਸ਼ਿਪ ਦੀ ਜਿੰਨੀ ਸਮਝ ਇਸ ਨੂੰ ਹੈ, ਹੋਰ ਕਿਸੇ ਨੂੰ ਨਹੀਂ । ਪਿੱਛੋਂ ਦਾਸਤੋਵਾਸਕੀ ਪੜ੍ਹਿਆ, ਚੰਗਾ ਲੱਗਾ । ਪਰ ਚੈਖ਼ੋਵ ਚੈਖ਼ੋਵ ਹੀ ਏ ।

ਮੈਂ : ਕੋਈ ਹੋਰ ਦੇਸੀ ਜਾਂ ਵਲੈਤੀ ਲਿਖਾਰੀ? ਮੇਰਾ ਮਤਲਬ ਏ, ਕਹਾਣੀਕਾਰ?

ਭੰਡਾਰੀ : ਕਜ਼ਾਨਜ਼ਾਕਿਸ, ਮੰਟੋ, ਬੇਦੀ, ਭੀਸ਼ਮ ਸਾਹਨੀ, ਕਮਲੇਸ਼ਵਰ, ਰਾਮਲਾਲ, ਅਬਰਾਹਮ ਸ਼ਰੀਫ਼, ਵਿਰਕ, ਏਦਾਂ ਦੇ ਕਈ ਨੇ ।

ਮੈਂ : ਅੰਮ੍ਰਿਤਾ ਪ੍ਰੀਤਮ ਬਾਰੇ ਕੀ ਵਿਚਾਰ ਐ? ਉਹਨੂੰ ਤਾਂ ਤੂੰ ਕਿਤਾਬ ਵੀ ਸਮਰਪਿਤ ਕੀਤੀ ਹੋਈ ਹੈ ।

ਭੰਡਾਰੀ : ਉਹਦੀ ਕਦਰ ਮੈਂ ਕਵਿਤ੍ਰੀ ਦੇ ਤੌਰ 'ਤੇ ਕਰਨਾਂ ।

ਮੈਂ : ਸੇਖੋਂ?

ਭੰਡਾਰੀ : ਆਲੋਚਕ ਚੰਗਾ ਏ ।

ਮੈਂ : ਦੁੱਗਲ ਬਾਰੇ ਵੀ ਕੋਈ ਗੱਲ ਕਰ । ਉਹਨੇ ਤੇਰੇ ਬਾਰੇ ਅੰਗਰੇਜ਼ੀ ਵਿੱਚ ਜ਼ਿਕਰ ਕੀਤਾ ਏ, ਫ਼ੋਟੋ ਸਮੇਤ ।

ਭੰਡਾਰੀ : ਉਹਦੀ ਟਾਵੀਂ ਟਾਵੀਂ ਕਹਾਣੀ ਚੰਗੀ ਹੁੰਦੀ ਹੈ, ਜਿਵੇਂ 'ਬੱਸ ਲੇਟ ਕਿਉਂ ਹੁੰਦੀ ਏ' ਜਾਂ ਇੱਕ 'ਸਵੇਰ ਸਾਰ' ਏ ਕਿ ਖਵਰੇ 'ਸਵੇਰ ਹੋਣ ਤੱਕ ।'

ਮੈਂ : ਚਲੋ ਕੁਝ ਹੋਏਗਾ, ਤੂੰ ਉਹਨੂੰ ਕਹਾਣੀਕਾਰ ਤਾਂ ਮੰਨਦਾ ਏ ਨਾ?

ਭੰਡਾਰੀ : ਕਹਾਣੀਕਾਰ ਤਾਂ ਮੈਂ ਵਿਰਦੀ ਨੂੰ ਵੀ ਮੰਨਦਾ ਹਾਂ ਜਿਹੜਾ ਹਫ਼ਤੇ ਵਿੱਚ ਤੇਰ੍ਹਾਂ ਕਹਾਣੀਆਂ ਲਿਖ ਲੈਂਦਾ ਹੈ ।

ਮੈਂ : ਤੂੰ ਕਹਾਣੀਕਾਰ ਮੰਨਦਾ ਕਿਸਨੂੰ ਨਹੀਂ?

ਭੰਡਾਰੀ : ਦੇਵਿੰਦਰ ਰੇਡੀਓ ਵਾਲੇ ਨੂੰ । ਉਹ ਕਦੇ ਕਹਾਣੀ ਨਹੀਂ ਲਿਖ ਸਕਦਾ ।

ਮੈਂ : ਐਵੇਂ ਸ਼ਰਾਪ ਨਹੀਂ ਦੇਈਦਾ । ਚੰਗਾ, ਹੁਣ ਤੂੰ ਲੱਗਦੇ ਹੱਥ ਇਹ ਵੀ ਦੱਸ ਇਹ ਕਿ ਨਵਿਆਂ ਵਿੱਚੋਂ ਵੀ ਤੈਨੂੰ ਕੋਈ ਕਹਾਣੀਕਾਰ ਇਹੋ ਜਿਹਾ ਲੱਗਦੈ, ਜਿਸਦੀ ਕਲਮ ਵਿੱਚ 'ਕਣ' ਹੋਵੇ ।

ਭੰਡਾਰੀ : ਕਈ ਨੇ, ਮਸਲਨ ਵਰਿਆਮ ਸੰਧੂ, ਸੰਤੋਖ ਸਿੰਘ ('ਧੀਰ' ਨਹੀਂ), ਪ੍ਰੇਮ ਗੋਰਖੀ, ਗੁਲ ਚੌਹਾਨ ਤੇ ਗੁਲਵਾਸ਼ ਵਿੱਚ ਚੰਗੇ ਕਹਾਣੀਕਾਰ ਬਣਨ ਦੇ ਲੱਛਣ ਦੀਹਦੇ ਨੇ । ਨਵਿਆਂ ਨਾਲ ਬਹੁਤਾ ਵਾਹ ਮੇਰਾ ਉਸ ਵੇਲੇ ਪਿਆ ਜਦੋਂ 'ਸਾਂਝੀ ਦੁਨੀਆ' ਦੇ ਕਹਾਣੀ ਵਿਸ਼ੇਸ਼ ਅੰਕ ਲਈ ਮੈਟਰ ਇਕੱਠਾ ਕਰ ਰਿਹਾ ਸਾਂ । ਮੈਂ ਦੋ ਕਹਾਣੀਕਾਰ ਉਸ ਵਿੱਚ ਪਹਿਲੀ ਵਾਰੀ ਸ਼ਾਮਿਲ ਕੀਤੇ ਸਨ, ਜਿਨ੍ਹਾਂ ਦੀ ਉਹ ਪਹਿਲੀ ਪਹਿਲੀ ਕਹਾਣੀ ਸੀ ; ਮ੍ਰਿਤਯੂਬੋਧ ਦੀ 'ਕਤਲੋ ਖ਼ਾਸ' ਅਤੇ ਹਰਜੀਤ ਦੀ 'ਕੋਲਾਜ਼' । ਪਰਚੇ ਦੇ ਮਾਲਿਕ ਸ. ਨ. ਸੇਵਕ ਦੀ ਕਹਾਣੀ ਵੀ ਰੱਦ ਕਰ ਦਿੱਤੀ ਸੀ । ਇੱਕ ਨਵਾਂ ਮੁੰਡਾ ਲੁਧਿਆਣੇ ਤੋਂ ਮੋਟਰਸਾਈਕਲ 'ਤੇ ਆਇਆ ਸੀ । ਕਹਾਣੀ ਲੈ ਕੇ । ਇਹ ਮੁੰਡੇ ਹਿੰਮਤੀ ਬਹੁਤ ਨੇ । ਮੈਨੂੰ ਇਨ੍ਹਾਂ 'ਤੇ ਬੜੀਆਂ ਆਸਾਂ ਨੇ ।

ਮੈਂ : ਲੋਕਾਂ ਦੀਆਂ ਗੱਲਾਂ ਬਹੁਤ ਹੋ ਗਈਆਂ । ਹੁਣ ਕੁਝ ਨਿੱਜੀ ।

ਭੰਡਾਰੀ : ਪੁੱਛ ਤਾਂ ਜੋ ਮਰਜ਼ੀ ਲੈ, ਪਰ ਕੋਈ ਸ਼ਰਾਰਤ ਨਾ ਕਰੀਂ । ਮੈਨੂੰ ਪਤਾ ਏ ਤੇਰਾ । (ਆਖ਼ਰੀ ਸਿਗਰਟ ਬਾਲ ਕੇ ਖ਼ਾਲੀ ਡੱਬੀ ਮਰੋੜ ਕੇ ਐਸ਼ ਟਰੇਅ ਵਿੱਚ ਤੁੰਨਦਾ ਹੈ ।)

ਮੈਂ : ਤੈਨੂੰ ਕਹਾਣੀਆਂ ਅਹੁੜਦੀਆਂ ਕਿਵੇਂ ਨੇ?

ਭੰਡਾਰੀ : ਫ਼ਲੈਸ਼ ਵਾਂਗ । ਚਮਕਾਰਾ ਜਿਹਾ ਪੈਂਦਾ ਹੈ ਤੇ ਮੈਨੂੰ ਗੱਲ ਦੀ ਸਮਝ ਆ ਜਾਂਦੀ ਹੈ । ਅੱਗਾ ਪਿੱਛਾ ਜੋੜ ਕੇ ਕਹਾਣੀ ਬਣਾ ਲੈਂਦਾ ਹਾਂ ।

ਮੈਂ : ਫਿਰ ਤਾਂ ਰਾਈ ਦਾ ਪਹਾੜ ਬਣਾਉਣ ਵਾਲੀ ਗੱਲ ਹੋਈ ਕਿ!

ਭੰਡਾਰੀ : ਕਈ ਵਾਰ ਪਹਾੜ ਦੀ ਰਾਈ ਵੀ ਬਣ ਜਾਂਦੀ ਏ ।

ਮੈਂ : ਉਹ ਕਿਵੇਂ?

ਭੰਡਾਰੀ : ਮਸਾਲਾ ਨਾਵਲ ਦਾ ਹੁੰਦਾ ਹੈ । ਪਰ ਸੁਸਤੀ ਕਰਕੇ ਕਹਾਣੀ ਵਿੱਚ ਹੀ ਗੱਲ ਮੁਕਾ ਕੇ ਸੰਤੋਖ ਕਰ ਲੈਂਦੇ ਹਾਂ । ਪਰ ਹੁਣ ਜੀਅ ਕਰਦਾ ਏ ਕਿ ਕੋਈ ਨਾਵਲ ਲਿਖਿਆ ਜਾਏ । ਗੁਰਦਿਆਲ ਹਰ ਸਾਲ ਨਾਵਲ ਦਾ ਨਵਾਂ ਮਾਡਲ ਇੰਟਰੋਡਿਊਸ ਕਰਦਾ ਹੈ । ਇੱਕ ਨਾ ਅੱਧਾ ਤਾਂ ਸਾਨੂੰ ਵੀ ਲਿਖਣਾ ਹੀ ਚਾਹੀਦਾ ਏ ਨਾ?

ਮੈਂ : ਤੂੰ ਨੋਟਸ ਵੀ ਲੈਂਦਾ ਹੁੰਦਾ ਏਂ? ਮੇਰਾ ਮਤਲਬ ਏ, ਡਾਇਰੀ ਰੱਖਣ ਦੀ ਆਦਤ ਹੈ ਕਿ ਨਹੀਂ?

ਭੰਡਾਰੀ : ਹੁਣ ਤੱਕ ਤਾਂ ਡਾਇਰੀ ਦੀ ਲੋੜ ਹੀ ਨਹੀਂ ਸੀ ਸਮਝੀ । ਸਭ ਕੁਝ ਜ਼ਬਾਨੀ ਯਾਦ ਰਹਿੰਦਾ ਸੀ । ਪਰ ਹੁਣ ਇਕਤਾਲੀਵੇਂ ਵਿੱਚ ਦਾਖ਼ਿਲ ਹੋ ਕੇ ਇਹਸਾਸ ਹੋਇਆ ਹੈ ਕਿ ਡਾਇਰੀ ਰੱਖਣੀ ਚਾਹੀਦੀ ਹੈ । ਕਈ ਕੰਮ ਦੀਆਂ ਗੱਲਾਂ ਭੁੱਲ ਜਾਂਦੀਆਂ ਨੇ ।

ਮੈਂ : ਤੂੰ ਕਹਾਣੀ ਲਿਖਣੀ ਸ਼ੁਰੂ ਕਿਉਂ ਕੀਤੀ ਸੀ?

ਭੰਡਾਰੀ : ਸ਼ੁਰੂ ਵਿੱਚ ਕਵਿਤਾ ਨੂੰ ਹੀ ਹੱਥ ਪਾਇਆ ਸੀ; ਪਰ ਗੱਲ ਜੱਚੀ ਨਾ । ਚਾਰ ਰੁਬਾਈਆਂ, ਇੱਕ ਗ਼ਜ਼ਲ ਤੇ ਸੱਤ ਕਵਿਤਾਵਾਂ ਲਿਖਣ ਪਿੱਛੋਂ ਆਪਣੇ ਇੱਕ ਸਕੂਲ ਮਾਸਟਰ ਦੇ ਕਹਿਣ 'ਤੇ ਕਹਾਣੀਆਂ ਲਿਖਣ ਲੱਗ ਪਿਆ । ਪਹਿਲੀ ਕਹਾਣੀ ਸੱਚੀ ਗੱਲ ਸੀ ਜਿਹੜੀ ਕਾਲਿਜ ਮੈਗ਼ਜ਼ੀਨ ਵਿੱਚ ਛਪੀ ਸੀ । ਪੰਗਾ ਪੈ ਗਿਆ ਸੀ । ਮਸੀਂ ਛੁਟਕਾਰਾ ਹੋਇਆ ।

ਮੈਂ : ਆਪਣਾ ਕੋਈ ਸ਼ੇਅਰ ਹੀ ਸੁਣਾ ਦਿਹ ਪਾਠਕਾਂ ਦੀ ਜਾਣਕਾਰੀ ਲਈ ।

ਭੰਡਾਰੀ : ਕਿਉਂ ਮਖ਼ੌਲ ਕਰਦਾ ਹੈਂ, ਏਡੀਆਂ ਵਧੀਆ ਗੱਲਾਂ ਕਰਦਾ ਕੀ ਕਰਨ ਲੱਗ ਪਿਐ?

ਮੈਂ : ਤੇਰਾ ਕਵਿਤਾ ਬਾਰੇ ਹੀ ਇਹ ਨਜ਼ਰੀਆ ਹੈ ਕਿ ਕਵੀਆਂ ਬਾਰੇ ਵੀ? ਤੂੰ ਇੱਕ ਵਾਰੀ 'ਲਕੀਰ' ਦੇ ਕਹਾਣੀ ਅੰਕ ਵਿੱਚ ਬਿਆਨ ਦਿੱਤਾ ਸੀ ਕਿ 'ਕਵੀ ਹੋਛਾ ਹੁੰਦਾ ਹੈ ।'

ਭੰਡਾਰੀ : (ਉੱਚੀ ਸਾਰੀ ਹੱਸ ਕੇ) ਉਹ ਪ੍ਰੇਮ ਦੀ ਸ਼ਰਾਰਤ ਸੀ । ਹਰਸਰਨ ਨੇ ਬੜੀ ਗੱਲ ਚੱਕੀ ਤੇ ਸ਼ਿਵ ਕੁਮਾਰ ਨੂੰ ਮੇਰੇ ਨਾਲ ਲੜਾ ਦਿੱਤਾ । (ਸ਼ਿਵ ਦਾ ਹਵਾਲਾ ਆਉਣ ਨਾਲ ਮਾਹੌਲ ਸੰਜੀਦਾ ਹੋ ਗਿਆ ਤੇ ਭੰਡਾਰੀ ਸਿਗਰਟਾਂ ਦਾ ਨਵਾਂ ਪੈਕਟ ਖੋਲ੍ਹ ਕੇ ਚਾਹ ਲਈ ਕਹਿਣ ਦੂਜੇ ਕਮਰੇ ਵਿੱਚ ਚਲਾ ਗਿਆ ।)

ਮੈਨੂੰ ਯਾਦ ਆਉਂਦਾ ਹੈ ਕਿ ਸ਼ਿਵਕੁਮਾਰ ਵਰਗੇ ਬੇਲਾਗ ਮਨੁੱਖ ਨੇ ''ਫੁਲਬਹਿਰੀ ਵਾਲੇ ਹੱਥ'' ਜਿਹਾ ਦਿਲ ਵਧਾਊ ਲੇਖ ਭੰਡਾਰੀ ਬਾਰੇ ਲਿਖਿਆ ਸੀ ਜੋ 'ਹੇਮ ਜਯੋਤੀ' ਵਿੱਚ ਛਪਿਆ ਸੀ । ਮੇਰਾ ਵਿਸ਼ਵਾਸ ਹੈ ਕਿ ਪੂਰਨ ਸਥਾਪਤੀ ਪਿੱਛੋਂ ਜਦੋਂ ਕਦੇ ਭੰਡਾਰੀ ਦਾ ਜ਼ਿਕਰ ਹੋਇਆ, ਸ਼ਿਵ ਦਾ ਇਹ ਲੇਖ ਵੀ ਸ਼ਿਲਾਲੇਖ ਵਾਂਗ ਗਵਾਹੀ ਭਰੇਗਾ ।

ਹੁਣ, ਭੰਡਾਰੀ ਦੇ ਪੂਰੇ ਪਰਿਵਾਰ ਵਿੱਚ ਬੈਠਾ, ਉਨ੍ਹਾਂ ਵਿੱਚ ਸ਼ਾਮਿਲ, ਉਨ੍ਹਾਂ ਦੇ ਨਾਲ ਮੈਂ ਚਾਹ ਪੀ ਰਿਹਾ ਸਾਂ । ਸਾਹਮਣੇ ਵਾਧੇ ਉੱਤੇ ਭੰਡਾਰੀ ਦੇ ਮਾਤਾ ਜੀ ਦੀ ਤਸਵੀਰ ਪਈ ਸੀ : ਝੁਰੜੀਆਂ ਵਾਲਾ ਮੁਸਕ੍ਰਾਉਂਦਾ ਚਿਹਰਾ । ਮਾਂ ਕਿਸ ਨੂੰ ਪਿਆਰੀ ਨਹੀਂ ਹੁੰਦੀ? -ਪਰ ਭੰਡਾਰੀ ਲਈ ਤਾਂ ਮਾਂ, ਪਿਉ ਵੀ ਸੀ । ਭੰਡਾਰੀ ਕਈ ਵਾਰ ਦੱਸ ਚੁੱਕਾ ਹੈ ਕਿ ਬਚਪਨ ਵਿੱਚ ਹੀ ਬਾਪ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਮਾਂ ਨੇ ਹੀ ਸਾਰੇ ਭੈਣ ਭਰਾਵਾਂ ਨੂੰ ਪੜ੍ਹਾਇਆ ਲਿਖਾਇਆ । ਇਸ ਅਸਿਤਿੱਤਵ ਸੰਘਰਸ਼ ਵਿੱਚ ਉਂਜ ਭਾਵੇਂ ਭੰਡਾਰੀ ਨੂੰ ਵੀ ਗੋਲ ਗੱਪੇ, ਸਾਬਣ ਤੇ ਬਰਫ਼ ਦੇ ਫੁੱਲ ਵੇਚਣੇ ਪਏ ਪਰ ਜੋ ਮਿਹਨਤ 'ਮਾਂ' ਨੇ ਕੀਤੀ ਉਸਦਾ ਬਿਆਨ ਨਹੀਂ ਕੀਤਾ ਜਾ ਸਕਦਾ । ਇਸ ਮੌਕੇ 'ਤੇ ਇਹ ਗੱਲਾਂ ਦੁਬਾਰਾ ਛੇੜ ਕੇ ਮੈਂ ਭੰਡਾਰੀ ਦਾ ਜ਼ਖ਼ਮ ਤਾਜ਼ਾ ਨਹੀਂ ਸਾਂ ਕਰਨਾ ਚਾਹੁੰਦਾ, ਇਸ ਲਈ ਚਾਹ ਦੀਆਂ ਚੁਸਕੀਆਂ ਦੇ ਵਿਹਲ ਵਿੱਚ ਮੈਂ ਆਪਣੀ ਤੇ ਭੰਡਾਰੀ ਦੀ ਸਭ ਤੋਂ ਪਹਿਲੀ ਮੁਲਾਕਾਤ ਨੂੰ ਚਿਤਵਣ ਲੱਗ ਪਿਆ । ਇਹ ਗੱਲ 1965 ਦੀ ਹੈ : ਮੇਰੇ ਇੱਕ ਨਵੇਂ ਨਵੇਂ ਬਣੇ ਲਿਖਾਰੀ ਮਿੱਤਰ ਨੇ ਆਪਣੇ ਸਾਹਿੱਤਕ ਗਿਆਨ ਦਾ ਰੋਅਬ ਜਮਾਉਣ ਲਈ ਮੇਰੇ ਨਾਲ ਗੱਲ ਕੀਤੀ :

- 'ਤੈਨੂੰ ਮੋਹਨ ਭੰਡਾਰੀ ਦਾ ਪਤਾ ਹੈ?'

- 'ਆਹੋ! ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ । ਉੱਥੋਂ ਦਾ ਪੁਲ ਬਹੁਤ ਮਸ਼ਹੂਰ ਹੈ । ਸਾਡਾ ਇੱਕ ਮਾਸਟਰ ਵੀ ਉੱਥੋਂ ਦਾ ਸੀ ।'

- 'ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ? ਤੇ ਉਹ ਠਹਾਕਾ ਮਾਰ ਕੇ ਹੱਸਣ ਲੱਗ ਪਿਆ - 'ਨਹੀਂ ਕਾਕਾ, ਮੋਹਨ ਭੰਡਾਰੀ ਤਾਂ ਏਥੇ ਇੱਕ ਕਹਾਣੀਕਾਰ ਹੈ, ਜਿਹੜਾ ਪੰਜਾਬੀ ਸਾਹਿੱਤ ਸਭਾ ਦਾ ਸੈਕਟਰੀ ਹੈ ।' ਉਹ ਤਾਂ ਆਪਣੇ ਵੱਲੋਂ ਮੇਰੀ ਜਾਣਕਾਰੀ ਵਿੱਚ ਵਾਧਾ ਕਰਕੇ ਤੁਰ ਗਿਆ । ਪਰ ਅੱਜ ਚੌਦਾਂ ਵਰ੍ਹਿਆਂ ਦੀਆਂ ਮਿਲਣੀਆਂ ਤੇ ਸਾਂਝਾਂ ਦੇ ਜ਼ੋਰ 'ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੂਰੀ ਮਾਸੂਮੀਅਤ, ਸੁਹਿਰਦਤਾ, ਖੁੱਲ੍ਹ ਦਿਲੀ ਅਤੇ ਅਪਣੱਤ ਸਮੇਤ ਮੋਹਨ ਭੰਡਾਰੀ ਇੱਕ ਪਿੰਡ ਦਾ ਨਾਂ ਹੈ ।

***

11. ਕਲਮ ਦਾ ਪੀਰ : ਸੰਤੋਖ ਸਿੰਘ ਧੀਰ

ਸੰਤੋਖ ਸਿੰਘ ਧੀਰ ਆਧੁਨਿਕ ਪੰਜਾਬੀ ਅਦਬ ਦਾ ਮੱਕਾ ਹੈ । ਉਹ ਸਾਡੇ ਅਦਬ ਦੀ ਬਾ-ਅਦਬ ਰਵਾਇਤ ਹੈ । ਮੇਰਾ ਉਸ ਬਾਰੇ ਕੁਝ ਗੱਲਾਂ ਕਰਨ ਨੂੰ ਜੀਅ ਕਰਦਾ ਹੈ । ਮੈਨੂੰ ਉਸ ਨਾਲ ਗੱਲਾਂ ਕਰਨ ਦਾ ਸ਼ਰਫ਼ ਹਾਸਿਲ ਹੋਇਆ ਹੈ । ਮੈਨੂੰ ਉਸਦੀ ਅਪਣੱਤ ਮਿਲੀ ਹੈ; ਪਿਆਰ ਮਿਲਿਆ ਹੈ । ਇਹ ਮੇਰੇ ਲਈ ਵੱਡੇ ਮਾਣ ਵਾਲੀ ਗੱਲ ਹੈ । ਉਸਦੀਆਂ ਗੱਲਾਂ ਸੁਣਨਾ, ਉਸ ਨਾਲ ਹੱਥ ਮਿਲਾਉਣਾ, ਉਸਦੇ ਸਾਥ ਵਿੱਚ ਵਿਚਰਨਾ, ਉਸਨੂੰ ਬੇ-ਤਕੱਲੁਫ਼ੀ ਦੇ ਆਲਮ ਵਿੱਚ ਵੇਖਣਾ ਕੋਈ ਘੱਟ ਫ਼ਖ਼ਰ ਵਾਲੀ ਗੱਲ ਨਹੀਂ । ਮੈਂ ਉਸਦੀ ਸ਼ਖ਼ਸੀਅਤ ਅੱਗੇ ਨਤ-ਮਸਤਕ ਹਾਂ :

ਕਿਹੜੇ ਕਿਹੜੇ ਮੁਹਾਜ਼ 'ਤੇ ਰਹੇ ਲੜਦਾ,
ਯਾਰੋ! ਬੰਦਾ ਤਾਂ ਬੰਦਾ ਅਖ਼ੀਰ ਹੁੰਦੈ ।
ਸੋਚੋ ਜ਼ਰਾ, 'ਕੱਲੇ-ਕਾਰੇ ਆਦਮੀ ਤੋਂ,
ਤੇਸੇ ਨਾਲ ਪਹਾੜ ਵੀ ਚੀਰ ਹੁੰਦੈ?
ਸਹਿੰਦਾ ਸੱਟ ਜੋ ਸੂਰਾ ਗੰਭੀਰ ਹੋ ਕੇ,
ਪੁਰਜ਼ਾ ਪੁਰਜ਼ਾ ਉਹ ਸ਼ਖ਼ਸ ਕਬੀਰ ਹੁੰਦੈ ।
ਉਂਗਲ ਵਾਂਗ ਸਿੱਧੀ ਸਦਾ ਕਲਮ ਜਿਸਦੀ,
ਉਸਦਾ ਨਾਮ ਸੰਤੋਖ ਸਿੰਘ ਧੀਰ ਹੁੰਦੈ ।

ਕਾਵਿ-ਸ਼ਾਸਤਰੀਆਂ ਨੇ ਮਹਾਂ-ਕਾਵਿ ਦੇ ਨਾਇਕ ਲਈ ਤਿੰਨ ਸ਼ਰਤਾਂ ਰੱਖੀਆਂ ਹਨ ਅਰਥਾਤ ਉਸਨੂੰ ਧੀਰ, ਵੀਰ ਜਾਂ ਗੰਭੀਰ ਹੋਣਾ ਚਾਹੀਦਾ ਹੈ ।

ਸਾਡੇ ਏਸ ਸੰਤੋਖ ਸਿੰਘ ਨੇ ਆਪਣੇ ਵਿਚਾਰ ਹਮੇਸ਼ਾ ਦਲੇਰੀ ਨਾਲ ਪ੍ਰਗਟਾਏ ਹਨ :

ਉਹ 'ਵੀਰ' ਹੈ ।
ਉਸਨੇ ਮਾਰਕਸ ਦੇ ਫਲਸਫ਼ੇ ਨੂੰ ਪੂਰੀ ਗੰਭੀਰਤਾ ਨਾਲ ਅਪਣਾਇਆ ਹੈ;
ਉਹ 'ਗੰਭੀਰ' ਹੈ ।
ਉਸਨੇ ਵੱਡੀ ਤੋਂ ਵੱਡੀ ਔਕੜ ਵੇਲੇ ਵੀ ਧੀਰਜ ਨਹੀਂ ਛੱਡਿਆ;
ਉਹ 'ਧੀਰ' ਵੀ ਹੈ ।

ਆਉ ਇਸ ਕਸੌਟੀ 'ਤੇ ਉਸਨੂੰ ਇੱਕ ਵਾਰ ਹੋਰ ਪਰਖੀਏ:

'ਸੰਤੋਖ' ਸਦਾ 'ਗੰਭੀਰ' ਹੁੰਦੈ ।
'ਸਿੰਘ' ਸਦਾ 'ਵੀਰ' ਹੁੰਦੈ ।
'ਧੀਰ' ਤਾਂ 'ਧੀਰ' ਹੁੰਦਾ ਹੀ ਹੈ ।

...ਤੇ ਜੇ ਜ਼ਿੰਦਗੀ ਇੱਕ ਮਹਾਂ-ਕਾਵਿ ਹੈ ਤਾਂ ਸੰਤੋਖ ਸਿੰਘ 'ਧੀਰ' ਉਸਦਾ ਨਾਇਕ ਜ਼ਰੂਰ ਹੈ । ਆਉ, ਜ਼ਿੰਦਗੀ ਦੇ ਇਸ ਨਾਇਕ ਦੀਆਂ ਬਾਤਾਂ ਪਾਈਏ!

***

ਫਰਜ਼ ਕਰੋ: ਚੰਡੀਗੜ੍ਹ ਦੇ ਸਕੱਤ੍ਰੇਤ ਵਿੱਚ ਭੂਚਾਲ ਆ ਜਾਏ; ਬੰਗਲਾ ਦੇਸ਼ ਜਾਂ ਪਾਕਿਸਤਾਨ ਵਿੱਚ ਰਾਜ-ਪਲਟਾ ਹੋ ਜਾਏ; ਰੂਸ ਦਾ ਕੋਈ ਜਾਨਵਰ ਕਿਸੇ ਨਵੇਂ ਨਛੱਤਰ 'ਤੇ ਪਹੁੰਚ ਜਾਏ; ਕੈਨੇਡਾ ਤੋਂ ਉਸਨੂੰ ਕੋਈ ਮਿੱਤਰ ਕਲਮ ਦਾ ਤੋਹਫ਼ਾ ਭੇਜੇ; ਬਣ ਰਹੇ ਮਕਾਨ ਤੋਂ ਉਸਦਾ ਸਰੀਆ ਚੋਰੀ ਹੋ ਜਾਏ; ਕਿਸੇ ਨਿਰਦੋਸ਼ ਦਾ ਕਤਲ ਹੋ ਜਾਏ; ਜਾਂ... ਜਾਂ... ਜਾਂ... ਹਿੰਦੁਸਤਾਨ ਵਿੱਚ ਅਚਾਨਕ ਇਨਕਲਾਬ ਆਏ.... ਤਾਂ ਕੀ ਹੋਵੇਗਾ? ...ਹੋਰ ਕੁਝ ਹੋਵੇ ਨਾ ਹੋਵੇ, ਧੀਰ ਕਵਿਤਾ ਜਾਂ ਕਹਾਣੀ ਜ਼ਰੂਰ ਲਿਖੇਗਾ; ਤੇ ਲਿਖੇਗਾ ਵੀ ਆਪਣੀ ਸ਼ਖ਼ਸੀਅਤ ਵਰਗੀ ਸਿੱਧੀ, ਆਪਣੇ ਸੁਭਾਅ ਵਰਗੀ ਸਿੱਧੀ, ਆਪਣੀ ਵਿਚਾਰਧਾਰਾ ਵਰਗੀ ਸਿੱਧੀ, ... ਆਪਣੀ ਉਂਗਲ ਵਰਗੀ ਸਿੱਧੀ ।

ਇਹ 'ਸਿੱਧੀ' ਸਾਡੇ 'ਸਿੱਧ' ਨੂੰ ਲੰਬੀ ਸਾਧਨਾ ਤੋਂ ਬਾਅਦ ਹਾਸਿਲ ਹੋਈ ਹੈ । ਲੋਕ ਕਹਿੰਦੇ ਹਨ ਕਿ ਸਿੱਧੀ ਉਂਗਲ ਨਾਲ ਘਿਉ ਨਹੀਂ ਨਿਕਲਦਾ, ਤੇ ਧੀਰ ਨੇ ਘਿਉ ਕਰਨਾ ਵੀ ਕੀ ਹੈ? ਉਹ ਤਾਂ ਰੁੱਖੀ-ਮਿੱਸੀ ਖਾ ਕੇ ਠੰਡਾ ਪਾਣੀ ਪੀਣ ਵਾਲਾ ਕਰਮ-ਯੋਗੀ ਹੈ ।

ਪਤਾ ਨਹੀਂ ਕਿਉਂ 'ਧੀਰ' ਨੂੰ ਮਿਲ ਕੇ ਹਮੇਸ਼ਾ ਕਬੀਰ ਯਾਦ ਆਉਂਦਾ ਹੈ! ਇਹ ਠੀਕ ਹੈ ਕਿ ਧੀਰ ਨੇ ਕਬੀਰ ਸਾਰਾ ਪੜ੍ਹਿਆ ਹੋਇਆ ਹੈ; ਸਗੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੋਇਆ ਹੈ ਪਰ ਗੱਲ ਸਿਰਫ਼ ਏਨੀ ਹੀ ਨਹੀਂ, ਉਹਦਾ ਕਬੀਰ ਨਾਲ ਹੋਰ ਵੀ ਬਹੁਤ ਕੁਝ ਰਲਦਾ ਹੈ । ਜਾਨਣਾ ਚਾਹੁੰਦੇ ਹੋ ਤਾਂ ਉਸਦੀ ਸਵੈ-ਜੀਵਨੀ ਦਾ ਪਾਠ ਕਰੋ । ਸਹਿਜ-ਪਾਠ! ...ਉਸਦੀ ਸਾਦਗੀ ਹੀ ਤੁਹਾਨੂੰ ਉਹਦੀ 'ਸਿੱਧੀ' ਜਾਪੇਗੀ । ਕਬੀਰ ਦੀ ਰਚਨਾ ਅਤੇ ਸ਼ਖ਼ਸੀਅਤ ਦਾ ਸਾਡੇ ਸਮਿਆਂ ਵਿੱਚ ਪ੍ਰਕਾਸ਼ ਕਰਨ ਵਾਲੀ ਇੱਕ ਹੋਰ ਸ਼ਖ਼ਸੀਅਤ ਵੀ ਹੋਈ ਹੈ, ਜਿਸਦਾ ਨਾਮ ਹੈ ਆਚਾਰੀਆ ਹਜ਼ਾਰੀ ਪ੍ਰਸਾਦ ਦਿੱਵੇਦੀ । ਜਦੋਂ ਕਿਸੇ ਨੇ ਉਨ੍ਹਾਂ ਨੂੰ ਉਨ੍ਹਾਂ ਦੀ 'ਸਾਦਗੀ' ਅਰਥਾਤ 'ਸਿੱਧੇਪਣ' ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਨਿੱਕਾ ਜਿਹਾ ਗੰਭੀਰ ਉੱਤਰ ਸੀ:

'ਸੀਧੀ ਰੇਖਾ ਖੀਂਚਨਾ, ਟੇੜ੍ਹੀ ਬਾਤ ਹੈ'

***

ਧੀਰ ਦੋ ਦਸੰਬਰ, ਨੂੰ 68 ਵਰ੍ਹਿਆਂ ਦਾ ਹੋ ਗਿਆ । ਉਸ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਮਿੱਤਰਾਂ ਨੇ, ਇਸ ਮੌਕੇ 'ਤੇ 100 ਰੁਪਏ ਪ੍ਰਤਿ ਸਾਲ ਦੇ ਹਿਸਾਬ ਨਾਲ, ਉਸਨੂੰ 6800 ਰੁਪਏ ਦੀ ਥੈਲੀ ਭੇਂਟ ਕੀਤੀ । ਤੇ ਸ਼ਾਇਦ ਇਹ ਮੌਕਾ ਮੇਲ ਹੀ ਸੀ ਕਿ ਇਹ ਸਨਮਾਨ ਉਸਨੂੰ, ਤਾਜ਼ਾ ਤਾਜ਼ਾ ਕਬੀਰ-ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ, ਡਾਕਟਰ ਹਰਿਭਜਨ ਸਿੰਘ ਦੇ ਹੱਥੋਂ ਦਿਵਾਇਆ ਗਿਆ । ਲੱਗਦਾ ਹੈ ਕਿ ਵਿਆਹ-ਵਾਲੇ ਮੁੰਡੇ ਨੇ ਆਪਣੇ ਕੁਆਰੇ ਦੋਸਤ ਨੂੰ ਛੁਹਾਰਾ ਦੇ ਦਿੱਤਾ ਕਿ ਜਾ, ਅਗਲੇ ਸਾਲ ਤੂੰ ਵੀ ਮੇਰੇ ਵਾਂਗ ਘੋੜੀ ਚੜ੍ਹ ਜਾਏਂ!... ਖ਼ੈਰ, ਧੀਰ ਇਨ੍ਹਾਂ ਸਾਰੇ ਪੁਰਸਕਾਰਾਂ ਤੋਂ ਉੱਚਾ ਹੈ । ਉਸਦਾ ਸਨਮਾਨ ਤਾਂ ਕਈਆਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ । ਕੀ ਇਹ ਕਿਸੇ ਪੁਰਸਕਾਰ ਨਾਲੋਂ ਘੱਟ ਹੈ ਕਿ ਅਮਰਜੀਤ ਚੰਦਨ ਵਰਗਾ ਬੇ-ਲਿਹਾਜ਼ ਲੇਖਕ 'ਫ਼ੈਲਸੂਫ਼ੀਆਂ' ਵਿੱਚ, ਸਮੁੱਚੇ ਪੰਜਾਬੀ ਜਗਤ ਵਿੱਚੋਂ ਸਿਰਫ਼ ਸੰਤੋਖ ਸਿੰਘ ਧੀਰ ਨੂੰ ਹੀ ਧਿਆਏ, ਤੇ ਧਿਆਏ ਵੀ ਗੁਰੂ-ਪੀਰ ਵਾਂਗੂੰ?

(ਪ੍ਰੀਤਲੜੀ-ਦਸੰਬਰ 1988)....

ਦਰ-ਅਸਲ ਇਨਾਮਾਂ ਦੀ ਸਿਆਸਤ ਤੋਂ ਪਰੇ ਰਹਿ ਕੇ ਉਹ ਸਮੇਂ ਦੇ ਸਿੰਘਾਸਣ 'ਤੇ ਬਿਰਾਜ ਸਕਿਆ ਹੈ । ਧੀਰ ਪੰਜਾਬੀ ਦਾ ਇੱਕੋ ਇੱਕ ਅਜਿਹਾ ਲੇਖਕ ਹੈ ਜਿਸ ਨੇ ਇੱਕ ਲੰਬਾ ਅਰਸਾ ਸਮੇਂ ਦੇ ਸਮਾਨੰਤਰ ਰਚਨਾ ਕੀਤੀ ਹੈ ਪਰ ਵਕਤੀ ਲਾਭ ਲੈਣ ਲਈ ਆਪਣੀ ਕਲਮ ਨੂੰ ਕਦੇ ਨਹੀਂ ਵਰਤਿਆ । ਉਹ ਕਲਮ ਨਾਲ ਸਾਹਿੱਤ ਦੇ ਮੈਦਾਨ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਮੈਦਾਨ ਵਿੱਚ ਵੀ ਜੂਝਦਾ ਆ ਰਿਹਾ ਹੈ । ...ਪਤਾ ਨਹੀਂ, ਭਾਰਤੀ ਸਾਹਿੱਤ ਅਕਾਦਮੀ ਵਾਲਿਆਂ ਨੂੰ ਇਹ ਸਾਦ-ਮੁਰਾਦੀ ਵਿਰਾਟ ਸ਼ਖ਼ਸੀਅਤ ਏਨੀ ਦੇਰ ਨਾਲ ਨਜ਼ਰ ਕਿਉਂ ਆਈ ।

ਅਸਲ ਵਿੱਚ ਸਾਡੇ ਸਾਹਿੱਤ ਉੱਤੇ ਯੂਨੀਵਰਸਿਟੀਆਂ ਛਾਈਆਂ ਹੋਈਆਂ ਹਨ ਅਤੇ ਜੇ ਹੋਰ ਵੀ ਗਹੁ ਨਾਲ ਵੇਖੀਏ ਤਾਂ ਪੰਜਾਬ ਦੇ ਸਮੁੱਚੇ ਸਾਹਿੱਤ ਉੱਤੇ ਦਿੱਲੀ ਵਾਲੇ ਛਾਏ ਹੋਏ ਹਨ । ਬਹੁਤੇ ਫ਼ੈਸਲੇ ਦਿੱਲੀ ਵਿੱਚ ਹੀ ਹੁੰਦੇ ਹਨ । ਬਹੁਤੀਆਂ ਤਿਕੜਮਾਂ ਦਿੱਲੀ ਵਿੱਚ ਹੀ ਲੜਦੀਆਂ ਹਨ । ਦਰ-ਅਸਲ ਦਿੱਲੀ ਨੇ ਪੰਜਾਬੀ ਸਾਹਿੱਤ ਉੱਤੇ ਜਮ ਕਰ ਮੁਗ਼ਲ ਚੜ੍ਹਾਇਆ ਹੋਇਆ ਹੈ । ਇਸ ਪ੍ਰਸੰਗ ਵਿੱਚ ਕੁਝ ਸਤਰਾਂ ਮੱਲੋ-ਜ਼ੋਰੀ ਜੁੜ ਰਹੀਆਂ ਹਨ । ਲਉ ਤੁਸੀਂ ਵੀ ਸੁਣੋ:

ਦਿੱਲੀ ਨੇ ਪੰਜਾਬ 'ਤੇ ਜਿਸ ਦਮ,
ਜਮ ਕਰ ਮੁਗ਼ਲ ਚੜ੍ਹਾਇਆ ।
ਮੈਂ ਰੱਬ ਨੂੰ ਬਹੁਤ ਧਿਆਇਆ!
ਕਵੀ ਵਿਛੋੜਿਆ ਕਵਿਤਾ ਨਾਲੋਂ,
ਵੱਖਰਾ ਵਾਦ ਚਲਾਇਆ ।
ਰਚਨਾ ਵਿੱਚ ਸੰਰਚਨਾ ਵਾੜੀ,
ਨ੍ਹੇਰ-ਗੁਬਾਰ ਮਚਾਇਆ ।
ਮੈਂ ਰੱਬ ਨੂੰ ਬਹੁਤ ਧਿਆਇਆ ।
ਮਾਇਆ ਦੇਖ, ਬ੍ਰਹਮ ਵਿਸਰਿਆ,
ਠੂਠਾ ਬਣ ਗਈ ਕਾਇਆ ।
ਨੱਚੀ ਕਲਮ ਵੇਸਵਾ ਬਣ ਕੇ,
ਆਲਮ ਵੇਖਣ ਆਇਆ ।
ਮੈਂ ਰੱਬ ਨੂੰ ਬਹੁਤ ਧਿਆਇਆ ।

ਖ਼ੈਰ, ਅਸੀਂ ਗੱਲ ਧੀਰ ਦੇ ਪ੍ਰਸੰਗ ਵਿੱਚ ਕਰ ਰਹੇ ਸਾਂ, ਗੱਲ ਦੂਰ ਨਿਕਲ ਗਈ । ਅਸੀਂ ਇਸ ਗੱਲ ਦਾ ਹੋਰ ਪਿੱਛਾ ਨਾ ਕਰੀਏ ਤਾਂ ਬੇਹਤਰ ਹੈ ।

ਹੁਣ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਧੀਰ ਬਾਰੇ ਇਹ ਸਤਰਾਂ ਲਿਖਣ ਦਾ ਮੈਨੂੰ ਖ਼ਿਆਲ ਕਿਵੇਂ ਆਇਆ । ਗੱਲ ਇਹ ਹੈ ਕਿ ਕਈ ਸਾਲ ਪਹਿਲਾਂ ਮੈਂ ਧੀਰ ਬਾਰੇ ਇੱਕ ਲੰਬਾ ਲੇਖ ਲਿਖਣ ਦਾ ਵਿਚਾਰ ਬਣਾਇਆ ਸੀ । ਕਈ, ਉਚੇਚੇ ਤੌਰ 'ਤੇ ਮੁਲਾਕਾਤਾਂ ਕੀਤੀਆਂ । ਉਸ ਦੀਆਂ ਪੁਸਤਕਾਂ ਨੂੰ ਧਿਆਨ ਨਾਲ ਪੜ੍ਹਿਆ । ਤਸਵੀਰਾਂ ਮੰਗਵਾ ਲਈਆਂ । ...ਈਮਾਨਦਾਰੀ ਨਾਲ ਕੋਸ਼ਿਸ਼ ਕੀਤੀ ਪਰ ਲੇਖ ਲਿਖਿਆ ਨਾ ਗਿਆ । ਜਿਨ੍ਹਾਂ ਲੋਕਾਂ ਨੇ ਪਹਿਲਾਂ ਧੀਰ ਬਾਰੇ ਥੋੜ੍ਹਾ ਬਹੁਤ ਲਿਖਿਆ ਹੋਇਆ ਹੈ, ਉਸ ਵਿੱਚ ਦੁਹਰਾਉ ਹੈ । ਇੱਕੋ ਹੀ ਗੱਲ ਸਾਰਿਆਂ ਨੇ ਬਾਰ ਬਾਰ ਕਹੀ ਹੈ । ਗਾਰਗੀ ਦੇ ਰੇਖਾ ਚਿੱਤਰ 'ਸੁਰਮੇ ਵਾਲੀ ਅੱਖ' ਤੋਂ ਬਿਨਾਂ ਬਾਕੀ ਕੁਝ ਵੀ ਮੈਨੂੰ 'ਧੀਰ' ਦੇ ਮੇਚ ਦਾ ਨਹੀਂ ਸੀ ਜਾਪਿਆ । ਮੇਰਾ ਖ਼ਿਆਲ ਸੀ ਕਿ ਇਸ ਬੰਦੇ ਦੀਆਂ ਪਰਤਾਂ ਫਰੋਲੀਆਂ ਜਾਣ; ਸਤੱਹੀ ਜਿਹੀ ਕਲਮ-ਘਸਾਈ ਤਾਂ ਐਵੇਂ ਡੰਗ ਸਾਰਨ ਵਾਲੀ ਗੱਲ ਹੋਵੇਗੀ । ਇਸੇ ਦੁਚਿੱਤੀ ਵਿੱਚ ਵਕਤ ਬੀਤਦਾ ਗਿਆ । ਧੀਰ ਨੇ ਤਸਵੀਰਾਂ ਵਾਪਿਸ ਮੰਗਵਾ ਲਈਆਂ । ਪਰ ਨਾਰਾਜ਼ ਨਹੀਂ ਹੋਇਆ । ਮੈਂ ਆਪਣੇ ਹੀ ਸਾਹਮਣੇ ਬਹੁਤ ਸ਼ਰਮਿੰਦਾ ਜਿਹਾ ਮਹਿਸੂਸ ਕਰ ਰਿਹਾ ਸਾਂ ।

'ਸਿਰਨਾਵਾਂ' (ਦਸੰਬਰ 88) ਫਰੋਲਦਿਆਂ ਇੱਕ ਪੰਨੇ ਉੱਤੇ ਧੀਰ ਦੀ ਕਵਿਤਾ ਨਜ਼ਰੀਂ ਪਈ, ਜਿਸਦੇ ਹੇਠਾਂ ਸੰਪਾਦਕ ਵੱਲੋਂ ਟਿੱਪਣੀ ਦਿੱਤੀ ਗਈ ਸੀ ਕਿ ਕਿਸੇ ਨੇ ਇਹ ਰਚਨਾ ਭੇਜੀ ਹੈ ਅਤੇ ਪੁੱਛਿਆ ਹੈ ਕਿ ਦੱਸੋ: ਇਹ ਕਵਿਤਾ ਹੈ ਕਿ ਵਾਰਤਕ? ਜੇ ਕਵਿਤਾ ਹੈ ਤਾਂ ਦੱਸੋ ਕਿ ਫੇਰ ਵਾਰਤਕ ਕੀ ਹੁੰਦੀ ਹੈ? ਵਗ਼ੈਰਾ... ... ਧੀਰ ਦਾ ਨਾਂ ਨਹੀਂ ਸੀ ਲਿਖਿਆ ਗਿਆ ਸਗੋਂ ਟਿੱਪਣੀ ਵਿੱਚ ਕਵੀ ਦਾ ਨਾਂ ਵੀ ਪਾਠਕਾਂ ਕੋਲੋਂ ਪੁੱਛਿਆ ਗਿਆ ਸੀ । ਇਹ ਹਰਕਤ ਸੱਚੀਮੁੱਚੀਂ ਮੈਨੂੰ ਬਹੁਤ ਬੁਰੀ ਲੱਗੀ । ਦੇਖੋ ਕੌਣ ਕੀਹਦੇ ਬਾਰੇ ਗੱਲ ਕਰ ਰਿਹਾ ਹੈ ਅਤੇ ਕਿਸ ਕੋਝੇ ਢੰਗ ਨਾਲ ਕਰ ਰਿਹਾ ਹੈ! ਜੇ ਕਿਸੇ ਨੇ ਕਵਿਤਾ ਦੀ ਪਰਿਭਾਸ਼ਾ ਜਾਨਣੀ ਹੈ ਜਾਂ ਕਵਿਤਾ ਅਤੇ ਵਾਰਤਕ ਦਾ ਭੇਦ ਸਮਝਣਾ ਹੈ ਤਾਂ ਜਗਿਆਸੂ ਬਣ ਕੇ ਆਵੇ । ਜਿਸ ਰਚਨਾ ਦਾ ਉਸ ਨੇ ਮਖ਼ੌਲ ਉਡਾਉਣਾ ਚਾਹਿਆ ਹੈ ਉਹ ਸੰਤੋਖ ਸਿੰਘ ਧੀਰ ਦੁਆਰਾ ਲਿਖੀ ਹੋਈ ਪੰਜਾਬੀ ਦੀ ਬਹੁਤ ਹੀ ਉੱਤਮ ਕਾਵਿ-ਕਿਰਤ ਹੈ । ਪਹਿਲਾਂ ਸਾਹਿੱਤ ਪ੍ਰਤੀ ਆਪਣੀ ਪਹੁੰਚ ਨੂੰ ਸਹੀ ਕਰੋ, ਫਿਰ ਸਭ ਕੁਝ ਸਹੀ ਦਿਸਣ ਲੱਗ ਪਵੇਗਾ । ਧੀਰ ਦੀ ਇਸ ਕਵਿਤਾ ਦੇ ਸ਼ਬਦ ਉਸਦੀ ਸ਼ਖ਼ਸੀਅਤ 'ਚੋਂ ਫੁੱਟੇ ਹੋਏ ਹਨ ।

ਵਰਿਆਮ ਸਿੰਘ ਸੰਧੂ ਨੂੰ ਹੁਣ ਤੀਕ ਅਫ਼ਸੋਸ ਹੈ ਕਿ ਉਸਨੇ ਚੜ੍ਹਦੀ ਉਮਰੇ ਐਵੇਂ ਮੂਰਖਪੁਣੇ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵਰਗੀ ਮਹਾਨ ਸ਼ਖ਼ਸੀਅਤ ਦਾ ਇੱਕ ਵਾਰ ਮਖ਼ੌਲ ਉਡਾਇਆ ਸੀ । ਉਸਦੀ ਰਚਨਾ ਨੂੰ ਬਿਨਾਂ ਦਲੀਲ ਤੋਂ ਛੁਟਿਆਉਣਾ ਚਾਹਿਆ ਸੀ । ਸੰਧੂ ਦਾ ਇੰਜ ਮਹਿਸੂਸ ਕਰਨਾ ਸਿੱਧ ਕਰਦਾ ਹੈ ਕਿ ਉਹ ਉਮਰ ਦੇ ਨਾਲ ਨਾਲ 'ਵੱਡਾ' ਵੀ ਹੋਇਆ ਹੈ ।.... ਧੀਰ ਦੇ ਪ੍ਰਸੰਗ ਵਿੱਚ ਇਹ ਹਰਕਤ ਕਰਨ ਵਾਲੇ ਸੱਜਣ ਨੂੰ ਵੀ ਸ਼ਾਇਦ ਕਦੇ ਇੰਜ ਮਹਿਸੂਸ ਹੋਵੇ । ਗੱਲ, ਮੇਰੇ ਸੁਭਾਅ ਦੇ ਉਲਟ, ਲੋੜ ਤੋਂ ਵੱਧ ਸੰਜੀਦਾ ਹੋ ਗਈ ਹੈ । ਸਿਰਫ਼ ਇੱਕ ਟੋਟਕਾ ਸੁਣਾ ਕੇ ਤੁਹਾਥੋਂ ਛੁੱਟੀ ਲਵਾਂਗਾ । ਇਹ ਧੀਰ ਨਾਲ ਹੋਈ ਇੱਕ ਮੁਲਾਕਾਤ ਦਾ ਦੁੰਬ-ਛੱਲਾ ਹੈ:

? ਧੀਰ ਸਾਹਿਬ, ਹੁੰਮਸ ਜਿਹਾ ਹੋਇਆ ਪਿਐ । ਮੇਰਾ ਖ਼ਿਆਲ ਹੈ ਹਨੇਰੀ ਆਏਗੀ ।

- ਆਹੋ, ਆ ਵੀ ਸਕਦੀ ਐ, ਨਹੀਂ ਵੀ ।

? ਰੋਜ਼ ਸ਼ਾਮ ਜਹੀ ਨੂੰ ਬੱਦਲ ਬਣ ਜਾਂਦੇ ਨੇ । ਮੀਂਹ ਨਹੀਂ ਪੈਂਦਾ । ਲੱਗਦੈ, ਅੱਜ ਜ਼ਰੂਰ ਪਵੇਗਾ, ਤੁਹਾਡਾ ਕੀ ਖ਼ਿਆਲ ਐ?

- ਆਹੋ, ਪੈ ਵੀ ਸਕਦੈ, ਨਹੀਂ ਵੀ ।

? ਧੀਰ ਜੀ, ਲੱਗਦੈ, ਇਸ ਵਾਰ ਸਾਹਿੱਤ ਅਕਾਦਮੀ ਦਾ ਇਨਾਮ ਤੁਹਾਨੂੰ ਮਿਲ ਜਾਣੈ । ਤੁਹਾਡਾ ਕੀ ਖ਼ਿਆਲ ਐ?

- ਆਹੋ, ਮਿਲ ਵੀ ਸਕਦੈ, ਨਹੀਂ ਵੀ ।

? ਧੀਰ ਸਾਹਿਬ, ਇਨਕਲਾਬ ਬਾਰੇ ਤੁਹਾਡਾ ਕੀ ਖ਼ਿਆਲ ਐ?

- ਧੀਰ : (ਤਣ ਕੇ) ਆਏਗਾ.... ਆਏਗਾ... ਜ਼ਰੂਰ ਆਏਗਾ ।

***

12. 'ਸ਼ਾਹ ਕਾ ਮੁਸਾਹਿਬ' : ਸੂਬਾ ਸਿੰਘ

ਸੂਬਾ ਸਿੰਘ ਸਾਹਿੱਤ ਦੀ ਕੋਈ ਅਲੋਕਾਰ ਸ਼ਖ਼ਸੀਅਤ ਨਹੀਂ । ਫਿਰ ਵੀ ਨਾ ਉਹ ਆਮ ਬੰਦਿਆਂ ਵਾਂਗ ਬੰਦਾ ਹੈ, ਨਾ ਆਮ ਲੇਖਕਾਂ ਵਰਗਾ ਲੇਖਕ । ਇਉਂ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਮ ਬੰਦਿਆਂ ਵਰਗਾ ਲੇਖਕ ਹੈ ਅਤੇ ਆਮ ਲੇਖਕਾਂ ਵਰਗਾ ਬੰਦਾ । ਇਹ ਇੱਕ ਮੰਨੀ ਹੋਈ ਸੱਚਾਈ ਹੈ ਕਿ ਜਿਹੜਾ ਸ਼ਖ਼ਸ ਆਪਣੇ ਕਿੱਤੇ ਜਾਂ ਹੁਨਰ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਆਮ ਤੌਰ ਤੇ ਗੰਭੀਰਤਾ ਨਾਲ ਉਸ ਨੂੰ ਵੀ ਨਹੀਂ ਲਿਆ ਜਾਂਦਾ ਪਰੰਤੂ ਸੂਬਾ ਸਿੰਘ ਏਥੇ ਵੀ ਲੀਕ ਨਾਲੋਂ ਟੁੱਟਾ ਹੋਇਆ ਹੈ, ਸਗੋਂ ਉਲਟ ਹੈ । ਉਹ ਆਪਣੇ ਕਿੱਤੇ ਬਾਰੇ ਹੱਦੋਂ ਵੱਧ ਗੰਭੀਰ ਹੈ ਪਰ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਦੂਜੇ ਪਾਸੇ ਉਹ ਸਾਡੀ ਸੰਜੀਦਗੀ ਦਾ ਹੱਦੋਂ ਵੱਧ ਮਜ਼ਾਕ ਉਡਾਉਂਦਾ ਹੈ, ਫਿਰ ਵੀ ਅਸੀਂ ਉਸ ਨੂੰ ਸੀਰੀਅਸਲੀ ਲੈਣ ਲਈ ਮਜਬੂਰ ਹੋ ਜਾਂਦੇ ਹਾਂ ।

ਸੂਬਾ ਸਿੰਘ ਮਸ਼ਹੂਰ ਹੈ - 'ਹੀਰ ਕਰਕੇ' । ਸੂਬਾ ਸਿੰਘ ਚਰਚਿਤ ਹੈ-'ਲਤੀਫ਼ਿਆਂ ਕਰਕੇ' । ਉਹ ਆਪਣੇ ਬੀਤੇ ਦਿਨਾਂ ਦੀਆਂ ਗੱਲਾਂ ਕਰਦਾ ਹੋਇਆ ਏਨੀ ਵੱਡੀ ਗਿਣਤੀ ਵਿੱਚ 'ਕੌੜੀਆਂ ਮਿੱਠੀਆਂ' ਸੁਣਾਈ ਤੁਰਿਆ ਜਾਂਦਾ ਹੈ ਕਿ ਕਈ ਵਾਰੀ ਮੇਰੇ ਵਰਗਾ ਸਰੋਤਾ ਧਰਮ ਸੰਕਟ ਵਿੱਚ ਫਸ ਜਾਂਦਾ ਹੈ । ਅਲੋਕਾਰ ਕਿਸਮ ਦੇ ਕਿਰਦਾਰਾਂ ਦੀਆਂ ਕਹਾਣੀਆਂ ਸੁਣਾਏਗਾ ਪਰ 'ਆਖ ਦਮੋਦਰ ਅੱਖੀਂ ਡਿੱਠਾ' ਜਾਂ 'ਓਦੋਂ ਹਾਜ਼ਿਰ ਸਾਂ ਮੈਂ', ਦੀ ਸ਼ੈਲੀ ਤੋਂ ਪੂਰਾ ਪੂਰਾ ਲਾਭ ਉਠਾਉਂਦਾ ਇੰਜ ਜਾਪੇਗਾ ਜਿਵੇਂ ਪੰਚ ਤੰਤਰ ਦੀਆਂ ਕਹਾਣੀਆਂ ਨੂੰ ਇਤਿਹਾਸਕ ਹਵਾਲਿਆਂ ਵਜੋਂ ਪੇਸ਼ ਕਰ ਰਿਹਾ ਹੋਵੇ ।

''ਮੈਂ ਤਸਦੀਕ ਕਰਦਾ ਹਾਂ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ ਅਸਲੀ ਹਨ । ਇੱਕ ਵੀ ਮੇਰੀ ਕਲਪਨਾ ਦੀ ਉਪਜ ਨਹੀਂ । ਇਹ ਹੱਡੀ, ਮਾਸ, ਲਹੂ ਤੇ ਨਾੜੀਆਂ ਵਾਲੇ ਜਿਊਂਦੇ ਜਾਗਦੇ ਲੋਕ ਹਨ, ਜਿਨ੍ਹਾਂ ਨਾਲ ਮੇਰਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਉੱਤੇ ਵਾਹ ਪਿਆ ਹੈ-- ।''
('ਗਲਤੀਆਂ' ਵਿੱਚੋਂ )

ਆਪਣੀਆਂ ਹਾਸੇ ਹਾਸੇ ਵਿੱਚ ਕੀਤੀਆਂ ਗੱਲਾਂ ਨੂੰ ਜਦੋਂ ਉਹ ਲਿਖ ਕੇ ਕਿਤਾਬੀ ਰੂਪ ਦੇਂਦਾ ਹੈ ਤਾਂ ਮਿਥਿਹਾਸ ਤੇ ਇਤਿਹਾਸ ਇਸ ਦੀ ਸਾਹਿੱਤ-ਧਾਰਾ ਦੇ ਦੋ ਕਿਨਾਰੇ ਹੋ ਨਿੱਬੜਦੇ ਹਨ । ਫਿਰ ਉਪਾਸ਼ਕ ਵਰਗੀ ਮਜਬੂਰੀ ਨਾਲ 'ਇੱਕ ਚੰਚਲ ਖੇਖਣ ਹਾਰੀ' 'ਤੇ ਇਤਬਾਰ ਕਰਨ ਨੂੰ ਜੀਅ ਕਰਦਾ ਹੈ । ''ਸੂਬਾ ਸਿੰਘ ਐਡੀਸਨ ਵਾਂਗ ਹੀ 'ਸਮਕਾਲੀ ਸਮਾਜ' ਤੇ 'ਸਮਕਾਲੀ ਸਾਹਿੱਤਕਾਰ' ਦਾ ਮਖ਼ੌਲ ਉਡਾਉਂਦਾ ਹੈ । ਮਖੌਟੇ ਉਤਾਰਦਾ ਹੈ । ਉਂਝ ਐਡੀਸਨ ਵਾਂਗ ਹੀ ਉਸ ਅੰਦਰ ਕਿਸੇ ਪ੍ਰਤਿ ਦੁਸ਼ਮਣੀ ਨਹੀਂ, ਸੁਹਿਰਦਤਾ ਹੈ ।''
(ਸੁਤਿੰਦਰ ਸਿੰਘ ਨੂਰ/ਭੂਮਿਕਾ 'ਗਲਤੀਆਂ')

ਉਸ ਦੀ ਲਿਖਤ ਦਾ ਮੁੱਢ ਅਜੀਬ ਹਾਲਾਤ ਵਿੱਚ ਬੱਝਾ ਸੀ । ਜਦੋਂ ਹਿੰਦੋਸਤਾਨ ਅੰਗਰੇਜ਼ਾਂ ਦੀ ਕੈਦ ਵਿੱਚ ਸੀ ਓਦੋਂ ਸੂਬਾ ਸਿੰਘ ਜਾਪਾਨੀਆਂ ਦੀ ਕੈਦ ਵਿੱਚ ਸੀ । ਉਸ ਨੇ ਪੜ੍ਹਿਆ ਸੁਣਿਆ ਹੋਇਆ ਸੀ ਕਿ ਬਹੁਤ ਸਾਰੀਆਂ ਮਸ਼ਹੂਰ ਕਿਤਾਬਾਂ ਲੇਖਕਾਂ ਤੇ ਸਿਆਸੀ ਆਗੂਆਂ ਨੇ ਸੀਖਾਂ ਦੇ ਅੰਦਰਵਾਰ ਬਹਿ ਕੇ ਹੀ ਰਚੀਆਂ ਸਨ । ਕੈਦ 'ਚੋਂ ਛੁਟਕਾਰੇ ਦੀ ਉਮੀਦ 'ਜੱਨਤ ਦੀ ਹਕੀਕਤ' ਵਰਗੀ ਸੀ । ਸੋ ਸੂਬਾ ਸਿੰਘ ਨੇ ਡਾਇਰੀ ਲਿਖਣ ਦੀ ਸੋਚੀ । ਪੈਨਸਿਲ ਦਾ ਟੁਕੜਾ ਤਾਂ ਕਿਤੋਂ ਥਿਆ ਗਿਆ, ਪਰ ਕਾਗਜ਼? ਜਾਪਾਨੀ ਜੇਲ੍ਹਾਂ 'ਚ ਇਨ੍ਹਾਂ ਕੈਦੀਆਂ ਨੂੰ ਉਨ੍ਹੀਂ ਦਿਨੀਂ 'ਹੱਥ ਪਾਣੀ' ਲਈ ਪਾਣੀ ਨਹੀਂ, ਕਾਗਜ਼ ਮਿਲਦੇ ਸਨ । ਸੂਬਾ ਸਿੰਘ ਸੰਜਮ ਕਰਕੇ ਕਾਗਜ਼ ਦਾ ਥੋੜ੍ਹਾ ਬਹੁਤਾ ਕੋਟਾ ਬਚਾ ਲੈਂਦਾ । ਇੰਜ ਹੱਥ ਪਾਣੀ ਵਾਲੇ ਕਾਗਜ਼ਾਂ ਉੱਤੇ ਉਸਦੀ ਮਾਂਗਵੀ ਪੈਨਸਿਲ ਨੇ ਮੁੱਢਲੇ ਲੇਖਣੀ ਪ੍ਰਯੋਗ ਕੀਤੇ । ਤਾਅਜੁਬ ਦੀ ਗੱਲ ਹੈ ਕਿ ਅੱਜ ਓਹੀ ਸੂਬਾ ਸਿੰਘ ਸਾਰੇ ਸੂਬੇ ਦੇ ਪ੍ਰਕਾਸ਼ਕਾਂ ਨੂੰ ਕਾਗਜ਼ ਦਾ ਕੋਟਾ ਦੇਣ ਦਾ ਸਮਰੱਥ ਸਰਕਾਰੀ ਅਫ਼ਸਰ ਹੈ । ਉਸਦੀ ਦਰਮਿਆਨੀ ਜਿਹੀ ਜ਼ਿੰਦਗੀ ਵਿੱਚ ਅਜਿਹੇ ਇੱਕ ਨਹੀਂ ਅਨੇਕ ਛੋਟੇ ਮੋਟੇ ਇਨਕਲਾਬ ਬਿਸ਼ਰਾਮ ਕਰ ਰਹੇ ਹਨ ।

ਏਸੇ ਹੀ ਸਦੀ ਦੀ ਗੱਲ ਹੈ ਜਦੋਂ ਉਹ 'ਪ੍ਰਕਾਸ਼' ਦੀ ਐਡੀਟਰੀ ਕਰਦਾ ਸੀ ਤੇ ਗਿਆਨੀ ਗੁਰਦਿੱਤ ਸਿੰਘ ਦੀ ਨੌਕਰੀ । ਸਾਡੇ ਵਿੰਹਦਿਆਂ ਵਿੰਹਦਿਆਂ ਉਹ 'ਪੰਚਾਇਤੀ ਰਾਜ' ਦੀ ਐਡੀਟਰੀ ਕਰਨ ਲੱਗ ਪਿਆ ਤੇ 'ਕੈਰੋਂ ਸਾਹਿਬ' ਦੀ ਨੌਕਰੀ । 'ਕੈਰੋਂ ਸਾਹਿਬ' ਦਾ ਵਿਛੋੜਾ ਉਸ ਕੋਲੋਂ ਰੱਬ ਜਿੱਡੀ ਸਰਪ੍ਰਸਤੀ ਖੋਹ ਕੇ ਲੈ ਗਿਆ । ਉਸ ਦੇ ਆਪਣੇ ਕਹਿਣ ਅਨੁਸਾਰ ਉਹ ਦੋ ਵਾਰੀ ਹੀ ਪੂਰੀ ਸ਼ਿੱਦਤ ਨਾਲ ਰੋਇਆ, ਇੱਕ 'ਬਾਪੂ ਜੀ' ਤੇ ਦੂਜੇ 'ਕੈਰੋਂ ਸਾਹਿਬ' ਦੇ ਅੱਖਾਂ ਮੀਟਣ ਸਮੇਂ । ਮੁੱਖ ਮੰਤਰੀਆਂ ਦਾ ਕਾਲ਼ ਨਹੀਂ ਸੀ ਪਰ ਉਹ ਉਪਰਾਮ ਜਿਹਾ ਹੋ ਕੇ ਸ: ਕਿਰਪਾਲ ਸਿੰਘ ਨਾਰੰਗ ਦੀ ਛਤਰ ਛਾਇਆ ਹੇਠ 'ਪੰਜਾਬੀ ਭਾਸ਼ਾ ਦਾ ਵਿਕਾਸ' ਕਰਨ ਵਿੱਚ ਰੁੱਝ ਗਿਆ । ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਬਣਨ ਨਾਲ ਹਾਲਾਤ ਨੇ ਇੱਕ ਵਾਰੀ ਫੇਰ ਪਲਟਾ ਖਾਧਾ ਤੇ ਉਹ ਚੁੱਪ ਕਰਕੇ 'ਗਿਆਨੀ ਜੀ' ਦਾ ਪ੍ਰੈਸ ਸਕੱਤਰ ਆ ਲੱਗਾ । ਪਰ ਉਸਦੀ 'ਛਿਪੇ ਰਹਿਣ ਤੇ ਛਿਪ ਟੁਰ ਜਾਣ ਦੀ ਚਾਹ' ਫਿਰ ਵੀ ਪੂਰੀ ਨਾ ਹੋਈ । ਗਿਆਨੀ ਜੀ ਦੀ ਦੂਰ-ਦਰਸ਼ਤਾ ਰੰਗ ਲਿਆਈ । ਜਿਸਦੇ ਸਿੱਟੇ ਵਜੋਂ ਸੂਬਾ ਸਿੰਘ ਦੀ ਸ਼ਖ਼ਸੀਅਤ ਪਾਣੀ ਤੇ ਦੁੱਧ ਵਾਂਗ ਦੋ ਹਿੱਸਿਆਂ ਵਿੱਚ ਵੰਡੀ ਗਈ । ਹੁਣ ਸਿਆਸਤ ਵਾਲਾ ਸੂਬਾ ਸਿੰਘ ਮੁੱਖ ਮੰਤਰੀ ਦਾ ਪ੍ਰੈਸ ਸਕੱਤਰ ਹੈ ਅਤੇ ਸਾਹਿੱਤ ਵਾਲਾ ਸੂਬਾ ਸਿੰਘ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ । ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਹ ਭਾਵੇਂ ਗਵਰਨਰ ਵੀ ਲੱਗ ਜਾਏ, ਧਰਤੀ 'ਚੋਂ ਪੈਰ ਨਹੀਂ ਪੁੱਟਦਾ, ਹਰ ਹਾਲ ਵਿੱਚ ਸੂਬਾ ਸਿੰਘ ਹੀ ਰਹਿੰਦਾ ਹੈ । ਏਥੇ ਇੱਕ ਗੱਲ ਖਾਸ ਦਿਲਚਸਪੀ ਵਾਲੀ ਹੈ ਕਿ ਉਸਦਾ ਉੱਠਣ ਬਹਿਣ ਅਫ਼ਸਰਾਂ ਨਾਲ ਹੈ । ਕਾਲਿਜਾਂ ਵਾਲੇ ਉਸ ਨੂੰ ਲੈਕਚਰ ਦੇਣ ਲਈ ਬੁਲਾਉਂਦੇ ਹਨ ਤੇ ਸਮਾਰੋਹਾਂ ਵਾਲੇ ਪ੍ਰਧਾਨਗੀ ਕਰਨ ਲਈ । ਦੋ ਤਿੰਨ ਕਾਰਾਂ, ਚਾਰ ਛੇ ਡਰਾਈਵਰ ਤੇ ਪੰਜ ਸੱਤ ਚਪੜਾਸੀ ਹਰ ਵੇਲੇ ਤਾਬਿਆ ਰਹਿੰਦੇ ਹਨ । ਕੋਰਸਾਂ 'ਚ ਉਹਦੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ । ਕਈ ਯੂਨੀਵਰਸਿਟੀਆਂ ਵਿੱਚ ਹਾਈ ਲੈਵਲ ਕਮੇਟੀਆਂ ਦਾ ਮੈਂਬਰ ਹੈ । ਬੇ-ਸ਼ੁਮਾਰ ਰਾਜ ਪੱਧਰ ਦੀਆਂ ਵਿਦਿਅਕ ਤੇ ਸੱਭਿਆਚਾਰਕ ਕਮੇਟੀਆਂ ਦੀ ਐਗਜ਼ੈਕਟਿਵ 'ਚ ਹੈ । ਪਾਠਕ ਸੋਹਲੇ ਗਾਉਂਦੇ ਹਨ, ਆਲੋਚਕ ਉਸਤਤ ਕਰਦੇ ਹਨ ... ਗੱਲ ਕੀ ਵਾਹਿਗੁਰੂ ਦਾ ਦਿੱਤਾ ਸਭ ਕੁਛ ਹੈ ਪਰ ਅਜੇ ਵੀ ਅਨੇਕ ਅਜਿਹੇ ਪਾਤਰ ਉਹਦੀ ਮਿੱਤਰ ਮੰਡਲੀ ਵਿੱਚ ਸ਼ਾਮਿਲ ਹਨ ਜਿਨ੍ਹਾਂ ਕੋਲ ਉਹ ਆਪਣੀ ਬੋਰੀਅਤ ਤੋੜਨ ਜਾਂਦਾ ਹੈ ਜਾਂ ਆਪਣੀ ਕਲਮ ਦਾ ਸ਼ਿਕਾਰ ਬਣਾਉਣ ਲਈ ਉਨ੍ਹਾਂ ਨੂੰ ਲੱਭਦਾ ਫਿਰਦਾ ਹੈ । ਇੱਕ ਉਦਾਹਰਣ ਦੇਣੀ ਕੁਥਾਂ ਨਹੀਂ ਹੋਵੇਗੀ । ਇਸ ਦੇ ਬੇਲੀਆ 'ਚੋਂ ਇੱਕ 'ਦੀਵਾਨਾ' ਹੈ ਜਿਸਦੀ ਸ਼ਕਲ ਉੱਤੇ ਹਾਸਰਸੀ ਸ਼ੇਅਰਾਂ ਵਾਂਗ ਹੱਸਿਆ ਜਾ ਸਕਦਾ ਹੈ । ਸੂਬਾ ਸਿੰਘ ਨੇ ਦੋਸਤੀ ਬਣਾਈ ਰੱਖਣ ਲਈ ਉਸਦੀਆਂ 'ਕਵਿਤਾਵਾਂ' ਨੂੰ ਭਾਈ ਵੀਰ ਸਿੰਘ ਤੋਂ ਇਲਾਵਾ ਸਭ ਤੋਂ ਵਧੀਆ 'ਕਲਾਮ' ਕਹਿ ਦਿੱਤਾ । ਉਹ ਖਰੜਾ ਤਿਆਰ ਕਰਕੇ ਮੁੱਖ-ਬੰਧੀਆਂ ਦੀ ਭਾਲ ਵਿੱਚ ਆਪਣੇ ਸੂਬਾ ਸਿੰਘ ਕੋਲ ਆ ਗਿਆ । ਬੁਰਾ ਫਾਹਿਆ! ਸੂਬਾ ਸਿੰਘ ਨੇ ਇੱਕ ਸਿਫ਼ਾਰਸ਼ੀ ਚਿੱਠੀ ਦੇ ਕੇ ਉਸ ਨੂੰ ਗਿਆਨੀ ਲਾਲ ਸਿੰਘ ਹੁਰਾਂ ਵੱਲ ਰੀ- ਡਾਇਰੈਕਟ ਕਰ ਦਿੱਤਾ ਜੋ ਉਸ ਸਮੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਨ ।

ਚਿੱਠੀ ਦਾ ਮਜ਼ਮੂਨ ਕੁਛ ਕੁਛ ਇਸ ਤਰ੍ਹਾਂ ਸੀ: -

''ਸਤਿਕਾਰ ਯੋਗ ਗਿਆਨੀ ਜੀ,
ਤੁਹਾਡੇ ਕੋਲ ਦੀਵਾਨਾ ਜੀ ਨੂੰ ਖਰੜੇ ਸਮੇਤ ਭੇਜ ਰਿਹਾ ਹਾਂ । ਮੈਂ ਇਹ ਹੱਥ ਲਿਖਤ ਕਿਤਾਬ ਪੜ੍ਹੀ ਹੈ । ਇਸ ਦਾ ਮੁੱਖ ਬੰਧ ਲਿਖ ਦੇਣਾ, ਨਾਲੇ ਵਿਭਾਗ ਵੱਲੋਂ ਛਾਪ ਵੀ ਦੇਣਾ ਕਿਉਂਕਿ ਤੁਸੀਂ ਪਹਿਲਾਂ ਵੀ ਇਹੋ ਜਿਹੀਆਂ ਹੀ ਕਿਤਾਬਾਂ ਛਾਪਦੇ ਆ ਰਹੇ ਹੋ ।''

ਇਸ ਤਰ੍ਹਾਂ ਸੂਬਾ ਸਿੰਘ ਇੱਕੋ ਨਿਸ਼ਾਨੇ ਨਾਲ ਦੋ ਕਾਰੇ ਕਰ ਗਿਆ । ਜੇ ਗਿਆਨੀ ਜੀ ਉਸਦਾ ਵਿਅੰਗ ਨਾ ਸਮਝਦੇ ਤਾਂ ਹੁਣ ਤਕ 'ਦੀਵਾਨ-ਏ-ਦੀਵਾਨਾ' ਸਰਕਾਰੀ ਰਿਆਇਤੀ ਮੁੱਲ 'ਤੇ ਪਾਠਕਾਂ ਦੇ ਹੱਥਾਂ ਵਿੱਚ ਹੋਣਾ ਸੀ ।

ਉਹ ਆਪਣੇ ਪਾਤਰਾਂ ਨੂੰ ਜਿੰਨੀ ਹਮਦਰਦੀ ਅਤੇ ਪ੍ਰਸ਼ੰਸਾ ਭਰੇ ਵਤੀਰੇ ਨਾਲ ਮਿਲਦਾ ਹੈ, ਚਿੱਤਰਨ ਸਮੇਂ ਓਨੀ ਹੀ ਬੇ-ਰਹਿਮੀ ਵਰਤਦਾ ਹੈ । ਚੰਗੇ ਭਲੇ ਬੰਦਿਆਂ ਦਾ ਕਾਰਟੂਨ ਬਣਾ ਕੇ ਰੱਖ ਦਿੰਦਾ ਹੈ । ਇਹੋ ਕਾਰਨ ਹੈ ਕਿ ਉਸਦੇ ਬਹੁਤੇ ਪਾਤਰਾਂ ਨਾਲ ਪਾਠਕ ਨੂੰ ਹਮਦਰਦੀ ਨਹੀਂ ਹੁੰਦੀ ਸਗੋਂ ਉਨ੍ਹਾਂ ਉੱਤੇ ਹਾਸਾ ਹੀ ਆਉਂਦਾ ਹੈ । ਲਿਖਣ ਵੇਲੇ ਜਿਹੜੇ ਵੀ ਕਿਰਦਾਰ ਦੀ ਗੱਲ ਕਰਨੀ ਹੁੰਦੀ ਹੈ, ਸਭ ਤੋਂ ਪਹਿਲਾਂ ਉਹਦਾ ਹੁਲੀਆ ਪੇਸ਼ ਕਰਦਾ ਹੈ । ਕੁਝ ਨਮੂਨੇ ਵੇਖੋ :

ਇੱਕ ਪ੍ਰਯੋਗਵਾਦੀ ਕਵੀ 'ਕਸਰਤ' ਨਾਲ ਮੁਲਾਕਾਤ ਕਰੋ:-

''ਅੱਖੀਆਂ ਉੱਬਲੇ ਹੋਏ ਆਂਡਿਆਂ ਵਰਗੀਆਂ, ਦੰਦ ਚੌੜੇ, ਬੁੱਲ੍ਹ ਮੋਟੇ, ਚਿਹਰਾ ਖਿੜਿਆ ਹੋਇਆ, ਪਤਲੂਨ ਕੋਟ ਨਕਟਾਈ ਤੇ ਨੀਲੀ ਫਿਫ਼ਟੀ ਨਾਲ ਸਵਾਰ ਪੋਚ ਕੇ ਬੱਧੀ ਹੋਈ ਪਗੜੀ, ਕੋਟ ਦੇ ਕਾਲਰ ਨਾਲ ਇੱਕ ਫੁੱਲ ਟੰਗਿਆ ਹੋਇਆ, ਦਾੜ੍ਹੀ ਕਾਲੀ ਪਟਿਆਲੇ-ਸ਼ਾਹੀ ਚੜ੍ਹਤ ਵਾਲੀ, ਬੋਲ ਭਾਰਾ, ਲਫ਼ਜ਼ਾਂ ਵਿੱਚ ਲਮਕਾਓ ਜਿਸ ਨਾਲ ਉਚਾਰਨ ਵਿਗੜ ਜਾਏ ।'' ...
(ਗਲਤੀਆਂ)

'ਪੀਰ' ਸਾਹਿਬ ਵੱਲ ਝਾਤ ਮਾਰੋ :

'ਅੱਖੀਆਂ ਵਿੱਚ ਸੁਰਮਾ, ਮੂੰਹ 'ਤੇ ਮਾਤਾ ਦੇ ਦਾਗ,
ਦਾਹੜੀ ਚਿਪਕੀ ਹੋਈ, ਲਿਬਾਸ ਅੰਗਰੇਜ਼ੀ, ਪਗ ੜੀ
ਪੋਚਵੀਂ, ਹੱਥ ਵਿੱਚ ਲਾਲ ਰੰਗ ਦਾ ਰੁਮਾਲ
...(ਗਲਤੀਆਂ)

ਪ੍ਰਧਾਨ ਜੀ ਹਾਜ਼ਿਰ ਹਨ : -

'ਕਰੜ ਬਰੜੀ ਦਾੜ੍ਹੀ, ਜੇਬ੍ਹ ਘੜੀ ਧੌਣ ਥਾਣੀ ਲਮਕਾਏ ਹੋਏ ਕਾਲੇ ਰੇਸ਼ਮੀ ਰੱਸੇ ਵਰਗੇ ਧਾਗੇ ਦੇ ਵਿਚਕਾਰ ਪਲਮ ਰਹੀ ਸੀ । ਐਨਕਾਂ ਦੀ ਨੱਕ ਉੱਤੇ ਆਉਣ ਵਾਲੀ ਘੋੜੀ 'ਤੇ ਟਾਕੀ ਲਪੇਟ ਰੱਖੀ ਸੀ । ਇੱਕ ਅੱਖ ਉਨ੍ਹਾਂ ਦੀ ਚੇਚਕ ਦਾ, ਜਾਂ ਹੋ ਸਕਦਾ ਹੈ ਖ਼ਾਨਦਾਨੀ ਹਿਕਮਤ ਦਾ ਸ਼ਿਕਾਰ ਹੋ ਚੁੱਕੀ ਸੀ, ਦੂਜੀ ਅੱਖ ਨਾਲ ਉਹ ਐਨਕਾਂ ਦੇ ਸ਼ੀਸ਼ੇ ਉੱਤੋਂ ਦੀ ਦੇਖਦੇ ਹੋਏ ਕਾਨਫਰੰਸ ਦੀ ਹਾਜ਼ਰੀ ਉੱਤੇ ਮੁਸਕਰਾ ਰਹੇ ਸਨ ।
....(ਗਲਤੀਆਂ)

ਸਾਹਿੱਤ-ਖੇਤਰ ਦੀ ਇੱਕ ਬਹੁ-ਚਰਚਿਤ ਅਤੇ ਹਰਮਨ ਪਿਆਰੀ ਸ਼ਖਸੀਅਤ ਦਾ ਸ਼ਬਦ-ਚਿਤਰ ਇਹ ਜ਼ਾਹਿਰ ਕਰਦਾ ਹੈ ਕਿ ਸੂਬਾ ਸਿੰਘ ਦੀ ਸ਼ਬਦਾਵਲੀ ਇੱਕ ਤਰਲ ਪਦਾਰਥ ਵਾਂਗ ਹੈ ਤੇ ਪਾਤਰ ਦੇ ਅਨੁਕੂਲ ਢਲ ਜਾਂਦੀ ਹੈ ।

''ਦਾਹੜਾ ਚਿੱਟਾ, ਕੱਦ ਕਾਠ, ਗਠਿਆ ਹੋਇਆ,
ਖੁੱਲ੍ਹਾ ਤੇ ਲਾਲ ਦਗਦਗ ਕਰਦਾ ਹੋਇਆ ਚਿਹਰਾ,
ਸੋਨੇ ਦੇ ਫਰੇਮ ਵਾਲੀਆਂ ਐਨਕਾਂ ਲਾਈਆਂ ਹੋਈਆਂ,
ਸ਼ਾਹਰਗ ਤੱਕ ਬਟਨਾਂ ਨਾਲ ਕੱਸੀ ਹੋਈ ਰੇਸ਼ਮੀ ਅਚਕਨ,
ਪਗੜੀ ਚਿੱਟੀ ਰੀਝ ਨਾਲ ਪੋਚਕੇ ਸਜਾਈ ਹੋਈ ।
ਅੱਖੀਆਂ ਵਿੱਚ ਬੇਮਲੂਮ ਜਿਹੀ ਕੱਜਲਧਾਰਾ, ਕੰਨਾਂ ਦੀਆਂ ਕਰੂੰਬਲੀਆਂ ਉਪਰ ਤੁਣਕਾਏ ਹੋਏ ਕਿਸੇ ਇਤਰ ਦੇ ਛਿੱਟੇ । ਉਨ੍ਹਾਂ ਦੀ ਤੇਜਮਈ ਪ੍ਰਭਾਵਸ਼ਾਲੀ ਸ਼ਖ਼ਸੀਅਤ ਹਰ ਸਾਹਿੱਤਕਾਰ, ਖਾਸ ਕਰ ਇਸਤਰੀ ਸਾਹਿੱਤਕਾਰਾਂ ਲਈ ਵਸ਼ੀਕਰਨ ਅਸਰ ਰੱਖਦੀ ਸੀ । ਉਨ੍ਹਾਂ ਦੇ ਬੋਲਾਂ ਵਿੱਚ ਮਿਸਰੀ ਦੀਆਂ ਡਲੀਆਂ ਘੁਲੀਆਂ ਹੋਈਆਂ ਸਨ...
(ਗਲਤੀਆਂ)

ਇਸ ਤਰ੍ਹਾਂ ਦੇ ਇੱਕ ਨਹੀਂ ਅਨੇਕ ਪਾਤਰ ਉਸਦੀਆਂ ਲਿਖਤਾਂ ਵਿੱਚ ਸਾਹ ਲੈ ਰਹੇ ਹਨ-ਪਰ ਨਾ ਉਹ ਭੀੜ ਦੀ ਸ਼ਕਲ ਵਿੱਚ ਪੇਸ਼ ਹੁੰਦੇ ਹਨ ਅਤੇ ਨਾ ਹੀ ਜਲੂਸ ਦੀ ਸ਼ਕਲ ਵਿਚ । ਸਾਰਿਆਂ ਦੀ ਵਿਲੱਖਣ ਤੇ ਸੁਤੰਤਰ ਸ਼ਖ਼ਸੀਅਤ ਹੈ । ਇੰਜ ਲੱਗਦਾ ਹੈ ਜਿਵੇਂ ਸੂਬਾ ਸਿੰਘ ਕੁਦਰਤੀ ਤੌਰ 'ਤੇ ਇੱਕ ਸਫ਼ਲ ਵਿਅੰਗ ਚਿੱਤਰਕਾਰ (ਕਾਰਟੂਨਿਸਟ) ਹੈ, ਜਿਸ ਦੇ ਹੱਥ ਵਿੱਚ ਹਾਲਾਤ ਨੇ ਪੈਨਸਿਲ ਦੀ ਥਾਂ ਕਲਮ ਫੜਾ ਦਿੱਤੀ ਹੋਵੇ । ਦੋ ਚਾਰ ਲਾਈਨਾਂ ਨਾਲ ਹੀ ਜਾਣਿਆ ਪਛਾਣਿਆ ਚਿਹਰਾ ਉਘਾੜ ਦੇਣਾ ਉਸ ਲਈ ਮਾਮੂਲੀ ਗੱਲ ਹੈ । ਸਾਧਾਰਣ ਗੱਲਬਾਤ ਵਿੱਚ ਵੀ ਉਹ ਕਿਸੇ ਵਿਅਕਤੀ ਬਾਰੇ ਪਹਿਲੀ ਰਾਏ ਉਹਦਾ ਚਿਹਰਾ ਵੇਖ ਕੇ ਬਣਾ ਲੈਂਦਾ ਹੈ ।

ਜੇ ਸੂਬਾ ਸਿੰਘ ਦੀ ਸ਼ੈਲੀ ਨੂੰ ਕੋਈ ਨਾਂ ਦੇਣ ਦੀ ਮਜਬੂਰੀ ਹੋਵੇ ਤਾਂ 'ਕਾਰਟੂਨ ਸ਼ੈਲੀ' ਦਾ ਨਾਂ ਦਿੱਤਾ ਜਾ ਸਕਦਾ ਹੈ । ਜਿਹੜੇ ਲੋਕਾਂ ਨੂੰ ਉਸਦਾ ਨੇੜ ਪ੍ਰਾਪਤ ਹੈ ਉਹ ਜਾਣਦੇ ਹਨ ਕਿ ਉਸਦੇ ਬੋਲ ਚਾਲ ਅਤੇ ਲਿਖਤ ਵਿੱਚ ਕੋਈ ਫ਼ਰਕ ਨਹੀਂ । ਜੇ ਉਸਦੀ ਗੱਲਬਾਤ ਨੂੰ ਹੂ-ਬ-ਹੂ ਲਿਖ ਲਿਆ ਜਾਵੇ ਤਾਂ ਅਜਿਹੀ ਲਿਖਤ ਨੂੰ ਆਪਣੇ ਨਾਂ 'ਤੇ ਛਪਵਾਉਣ ਵਿੱਚ ਸੂਬਾ ਸਿੰਘ ਨੂੰ ਕੋਈ ਇਤਰਾਜ ਨਹੀਂ ਹੋਵੇਗਾ । ਜਾਂ ਇਉਂ ਕਹਿ ਲਵੋ ਕਿ ਉਹ ਆਪਣੀਆਂ ਲਿਖਤਾਂ ਵਾਂਗ ਜਿਉਂਦਾ ਹੈ ਅਤੇ ਆਪਣੇ ਜੀਵਨ ਵਾਂਗ ਲਿਖਦਾ ਹੈ ।

ਨਵੀਂ ਕਵਿਤਾ ਦਾ ਉਹ ਸਭ ਤੋਂ ਵੱਧ ਮਖ਼ੌਲ ਉਡਾਉਂਦਾ ਹੈ, ਪਰ ਨਵੇਂ ਕਵੀਆਂ ਦਾ ਸਭ ਤੋਂ ਵੱਧ ਸ਼ੁਭ-ਚਿੰਤਕ ਹੈ । ਉਨ੍ਹਾਂ ਨੂੰ ਧੀਆਂ ਪੁੱਤਰਾਂ ਵਾਂਗ ਮਿਲਦਾ ਗਿਲਦਾ ਹੈ । ਦੁਖ-ਸੁਖ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਕਈ ਮੁਸੀਬਤਾਂ ਰਾਹ ਜਾਂਦੇ ਟਾਲ ਜਾਂਦਾ ਹੈ । ਅਹਿਸਾਨ ਕਰਦਾ ਹੈ ਜਤਾਉਂਦਾ ਨਹੀਂ । ਕਿਸੇ ਅਜਿਹੇ ਸ਼ਖ਼ਸ ਨੂੰ ਵੀ ਉਹ ਚੰਗੇ ਚਾਲ ਚਲਣ ਦਾ ਸਰਟੀਫਿਕੇਟ ਦੇ ਸਕਦਾ ਹੈ, ਜਿਸ ਨੇ ਦਾਰੂ ਦੇ ਅਸਰ ਹੇਠ ਉਸ ਨਾਲ ਪਿਛਲੀ ਰਾਤੇ ਬਦਸਲੂਕੀ ਕੀਤੀ ਹੋਵੇ । ਕਿਸੇ ਦੀ ਉਸ ਨਾਲ ਹਜ਼ਾਰ ਦੁਸ਼ਮਣੀ ਹੋਵੇ, ਉਹਦੇ ਸਾਹਮਣੇ ਮੋਮ ਵਾਂਗ ਪਿਘਲ ਜਾਂਦਾ ਹੈ । ਦੁਸ਼ਮਣੀ ਨੂੰ ਦੋੋੋਸਤੀ ਵਿੱਚ ਬਦਲ ਦੇਣਾ ਉਸਦੀ ਨਿਰਮਾਣਤਾ ਦਾ ਚਮਤਕਾਰ ਹੈ ।

ਹਿਸਾਬ ਦੀ ਐਮ. ਏ. ਉਹਨੇ ਭਲਿਆਂ ਸਮਿਆਂ ਵਿੱਚ ਪਾਸ ਕੀਤੀ ਸੀ । ਕਿਤਾਬਾਂ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ -ਪਰ ਹਿਸਾਬੀ ਕਿਤਾਬੀ ਫਿਰ ਵੀ ਨਹੀਂ । ਏਸੇ ਲਈ ਪ੍ਰਕਾਸ਼ਕ ਉਸ ਨੂੰ ਹਿਸਾਬ ਨਹੀਂ ਦੇਂਦੇ ਕਿਤਾਬਾਂ ਛਾਪੀ ਜਾਂਦੇ ਹਨ । ਜਿੰਨੀ ਰਾਇਲਟੀ ਆਈ ''ਅਸੀਂ ਕਿਹੜੀ ਕਣਕ ਵੇਚੀ ਏ'' ਕਹਿ ਕੇ ਖੀਸੇ ਪਾਉਂਦਾ ਹੈ । ਗਿਣਤੀ ਮਿਣਤੀ ਉਹਦੇ ਵੱਸ ਦਾ ਰੋਗ ਨਹੀਂ, ਸਗੋਂ ਨਿੱਤ ਦੀ ਚਿੰਤਾ ਹੈ । ਉਹ ਫ਼ਿਕਰਮੰਦ ਰਹਿੰਦਾ ਹੈ ਕਿ ਉਸਦੀ ਆਪਣੀ ਉਮਰ ਤਾਂ ਜ਼ਰੂਰਤ ਤੋਂ ਜ਼ਿਆਦਾ ਵੱਧ ਰਹੀ ਹੈ ਪਰ ਉਸਦੇ ਇਕਲੌਤੇ ਪੁੱਤਰ ਜੋਗੀਰਾਜ ਸਿੰਘ ਦਾ ਕੱਦ ਜ਼ਰੂਰਤ ਦੇ ਮੁਤਾਬਿਕ ਵੀ ਵਧਣ 'ਚ ਨਹੀਂ ਆ ਰਿਹਾ । ਪਰ ਇਹ ਨਿੱਤ ਦੀ ਚਿੰਤਾ ਉਸ ਦਾ ਏਨਾ ਨਿੱਜੀ ਮਸਲਾ ਹੈ, ਜਿਸ ਨੂੰ ਆਪਣੀ ਪਤਨੀ ਨਾਲ ਸਾਂਝਿਆਂ ਨਹੀਂ ਕਰ ਸਕਦਾ । ਘਰ ਵਿੱਚ ਸੂਬਾ ਸਿੰਘ ਨੂੰ ਚਿੰਤਾ ਕਰਨ ਦੀ ਇਜ਼ਾਜਤ ਨਹੀਂ । ਓਥੇ ਉਹ ਇੱਕ ਸਾਧਾਰਣ ਅਤੇ ਆਸ਼ਰਿਤ ਮੈਂਬਰ ਵਾਂਗ ਵਿਚਰਦਾ ਹੈ । ਓਥੇ ਹਕੂਮਤ ਉਸਦੀ ਬੀਵੀ ਦੀ ਹੈ । ਤਨਖ਼ਾਹ ਅਤੇ ਹੋਰ ਆਮਦਨ ਦਾ ਹਿਸਾਬ ਅਤੇ ਘਰ ਦਾ ਖਰਚ ਉਹ ਇੱਕ ਡਿਕਟੇਟਰ ਵਾਂਗ ਖ਼ੁਦ ਵਿਉਂਤਦੀ ਹੈ । ਉਸ ਦੀ ਸਲਤਨਤ ਵਿੱਚ ਦਖਲਅੰਦਾਜ਼ੀ ਕਰਨ ਦਾ ਹੱਕ ਸੂਬਾ ਸਿੰਘ ਨੂੰ ਨਹੀਂ । ਸ਼ਾਇਦ ਇਹੋ ਕਾਰਨ ਹੈ ਕਿ ਉਹ ਖੁਸ਼ਹਾਲ ਅਤੇ ਦਰਵੇਸ਼ ਗ੍ਰਹਿਸਥੀ ਹੈ । ਅਤੇ ਸੂਰਜ ਵਾਂਗ ਦਿਨ ਰਾਤ ਦੀਆਂ ਮੁਸਾਫ਼ਰੀਆਂ, ਸਰਕਾਰੀ ਧੰਦੇ, ਸਿਆਸੀ ਉਲਝਣਾਂ ਅਤੇ ਹੋਰ ਹਜ਼ਾਰ ਰੁਝੇਵੇਂ ਹੋਣ ਦੇ ਬਾਵਜੂਦ ਵੀ ਉਹ ਘਰ ਵਿੱਚ ਕੁਝ ਸਮਾਂ ਘੋੜੇ ਵੇਚ ਕੇ ਸੌਂ ਸਕਦਾ ਹੈ । ਸਾਰੇ ਫ਼ਿਕਰਾਂ ਤੋਂ ਮੁਕਤ ਹੋ ਕੇ ਵਿਚਰ ਸਕਦਾ ਹੈ, ਜਿਸ ਤਰ੍ਹਾਂ ਮਾਂ ਦੀ ਗੋਦ ਵਿੱਚ ਬਹਿ ਕੇ ਬੱਚੇ ਨੂੰ ਕਿਸੇ ਹੋਰ ਰੱਬ ਦੀ ਲੋੜ ਨਹੀਂ ਰਹਿੰਦੀ ।

ਰਾਮਾਇਣ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਹਨੂੰਮਾਨ ਨੂੰ ਆਪਣੀ ਸ਼ਕਤੀ ਦਾ ਗਿਆਨ ਜਾਂ ਅਨੁਮਾਨ ਨਹੀਂ ਸੀ । ਉਸ ਕੋਲੋਂ ਕੋਈ ਕੰਮ ਲੈਣ ਲਈ ਪਹਿਲਾਂ ਉਸਨੂੰ ਉਹਦੀ ਤਾਕਤ ਤੋਂ ਜਾਣੂੰ ਕਰਵਾਉਣਾ ਪੈਂਦਾ ਸੀ । ਫੇਰ ਭਾਵੇਂ ਉਹਦੇ ਕੋਲੋਂ ਪਹਾੜ ਚੁਕਵਾ ਲਵੋ ਜਾਂ ਇੱਕੋ ਛਾਲ ਵਿੱਚ ਸਮੁੰਦਰ ਪਾਰ ਕਰਵਾ ਲਵੋ । ਕੁਝ ਕੁਝ ਇਹੋ ਜੇਹੀ ਹਾਲਤ ਹੀ ਸਾਡੇ ਸੂਬਾ ਸਿੰਘ ਦੀ ਹੈ । ਇਸ ਨੇ ਅੱਜ ਤੱਕ ਆਪਣੇ ਆਪ ਕੁਛ ਨਹੀਂ ਲਿਖਿਆ, ਜੋ ਕੁਝ ਵੀ ਇਸ ਦੇ ਨਾਂ ਨਾਲ ਜੁੜਿਆ ਮਿਲਦਾ ਹੈ, ਕਿਸੇ ਦੂਜੇ ਪੁਰਖ ਜਾਂ ਸੰਸਥਾ ਦੀ ਹਿੰਮਤ ਨੇ ਲਿਖਵਾਇਆ ਹੈ । ਇਹ ਸਾਹਿੱਤ ਰਚਨਾ ਕੋਈ ਖੁਸ਼ੀ ਨਾਲ ਨਹੀਂ ਕਰਦਾ, ਸਗੋਂ ਮਜਬੂਰੀ ਵਿੱਚ ਫਰਜ਼ ਨਿਭਾਉਂਦਾ ਹੈ । ਕਈ ਵਾਰ ਇੰਜ ਜਾਪਦਾ ਹੈ ਕਿ ਵਗਾਰ ਕੱਟ ਰਿਹਾ ਹੈ, ਪਰ ਇਹ ਭੁਲੇਖਾ ਲੱਗ ਜਾਣਾ ਕੁਦਰਤੀ ਹੈ ਕਿਉਂਕਿ ਉਹ 'ਜੰਮਣ ਪੀੜਾਂ' ਦਾ ਵਿਖਾਵਾ ਨਹੀਂ ਕਰਦਾ ਤੇ ਨਾ ਹੀ ਫਿਲਾਸਫ਼ਰਾਂ ਵਾਲੀ ਸੰਜੀਦਗੀ ਦੇ ਮੁਖੌਟੇ ਪਹਿਨਦਾ ਹੈ । ਹੀਰ ਦੇ ਬੰਦ 'ਪ੍ਰਕਾਸ਼' ਵਿੱਚ ਇਹ ਸੋਚ ਕੇ ਲਿਖਣੇ ਸ਼ੁਰੂ ਨਹੀਂ ਸਨ ਕੀਤੇ ਕਿ ਕਿਤਾਬ ਬਣ ਜਾਏ । ਉਹ ਤਾਂ ਵਿਚਾਰੀ ਕਿਤਾਬ ਦੀ ਕਿਸਮਤ ਕਿ ਉਹ ਬਣੀ । ਅਜੀਤ ਕੁਮਾਰ ਪਤਾ ਨਹੀਂ ਕਿਉਂ ਅਖ਼ਬਾਰ ਦੀਆਂ ਹੀਰ ਵਾਲੀਆਂ ਕਾਤਰਾਂ ਇਕੱਠੀਆਂ ਕਰਨ ਦਾ ਜਨੂੰਨ ਪਾਲਦਾ ਰਿਹਾ ਤੇ ਕਿਤਾਬ ਪੂਰੀ ਕਰਕੇ ਸੂਬਾ ਸਿੰਘ ਦੇ ਹਵਾਲੇ ਕੀਤੀ । ਏਸੇ ਤਰ੍ਹਾਂ ਬਹੁਤ ਕੁਝ ਪਬਲਿਕ ਰਿਲੇਸ਼ਨ ਵਾਲੀ ਮਜਬੂਰੀ ਕਰਕੇ ਲਿਖਿਆ ਗਿਆ, ਕੁਝ ਰੇਡੀਓ ਵਾਲਿਆਂ ਲਿਖਵਾ ਲਿਆ, ਕੁਝ ਰਿਸਾਲਿਆਂ ਵਾਲਿਆਂ ਅੰਦਰੋਂ ਕਢਵਾ ਲਿਆ । ਜੋ ਲਿਖਿਆ ਗਿਆ, ਲਿਖਿਆ ਗਿਆ । ਸੂਬਾ ਸਿੰਘ ਨੇ ਕਦੇ ਆਪਣੀ ਪ੍ਰਾਪਤੀ ਫਰੋਲਣ ਦੀ ਕੋਸ਼ਿਸ਼ ਨਹੀਂ ਕੀਤੀ । ਉਂਜ ਹੁਣ ਤੱਕ 'ਏਸੇ ਕਲਮ ਤੋਂ' ਇਹ ਵੰਨਗੀਆਂ ਪ੍ਰਕਾਸ਼ ਵਿੱਚ ਆ ਚੁੱਕੀਆਂ ਹਨ : -

ਅੱਗ ਤੇ ਪਾਣੀ, ਤੋਪਾਂ ਦੇ ਪਰਛਾਵਿਆਂ ਥੱਲਿਉਂ,
ਗ਼ਲਤੀਆਂ (ਕਹਾਣੀ-ਸੰਗ੍ਰਹਿ)
ਹੀਰ ਸੂਬਾ ਸਿੰਘ (ਕਵਿਤਾ)
ਅਲੋਪ ਹੋ ਰਹੇ ਚੇਟਕ (ਲੇਖ)
ਦੀਵਾਨ ਸਿੰਘ ਕਾਲੇ ਪਾਣੀ (ਜੀਵਨੀ)
ਪੰਜਾਬੀ ਪੱਤਰਕਾਰੀ ਦਾ ਇਤਿਹਾਸ (ਇਤਿਹਾਸ)
ਸਰਮਦ ਦੀਆਂ ਰੁਬਾਈਆਂ, ਧਮਪਦ (ਕਾਵਿ-ਅਨੁਵਾਦ)
ਮੌਜ ਮੇਲਾ, ਜਲ੍ਹਿਆਂ ਵਾਲਾ ਬਾਗ, ਜਰਨੈਲ ਸੋਹਣ ਸਿੰਘ ਦੀ ਸਵੈ ਜੀਵਨੀ,
ਬੰਗਾਲੀ ਸਾਹਿੱਤ ਦਾ ਇਤਿਹਾਸ, ਧਰਤੀ ਤੇ ਮਨੁੱਖ (ਅਨੁਵਾਦ)
ਪੰਜ ਫੂਲਾ ਰਾਣੀ (ਬਾਲ ਸਾਹਿੱਤ)
ਭਾਰਤ ਦਰਸ਼ਨ (ਯਾਤਰਾ)
ਤੇਜਾ ਸਿੰਘ ਦੇ ਚੋਣਵੇਂ ਲੇਖ, ਸ਼ਹੀਦ ਰਚਨਾਵਲੀ, ਜੰਗ ਮੁਸਾਫਾ ਵੱਜਿਆ, ਜੈ ਤੇਗਮ (ਸੰਪਾਦਨ)

ਇੰਜ ਭਾਂਤ ਸੁਭਾਂਤੇ ਵਿਸ਼ਿਆਂ ਅਤੇ ਸਾਹਿੱਤ ਰੂਪਾਂ ਵਿੱਚ ਰਚਨਾ ਕਰਦਾ ਆ ਰਿਹਾ ਸੂਬਾ ਸਿੰਘ ਅਜੇ ਤੱਕ ਵੀ ਆਪਣੇ ਮਿਹਰਬਾਨਾਂ ਦੀ ਉਕਸਾਹਟ ਦਾ ਸ਼ਿਕਾਰ ਬਣਿਆ ਹੋਇਆ ਹੈ । ਪਰ ਉਹ ਕਾਹਲਾ ਨਹੀਂ ਪੈਂਦਾ, ਜਦੋਂ ਵੀ ਵਿਹਲ ਲੱਗੇ, ਜੋ ਜੀਅ ਕਰੇ ਲਿਖ ਸਕਦਾ ਹੈ । ਦਫ਼ਤਰ ਹੋਵੇ ਜਾਂ ਘਰ, ਕਾਰ ਹੋਵੇ ਜਾਂ ਕਾਫੀ ਹਾਊਸ ਵਿੱਚ ਆਪਣੇ ਜ਼ਿੰਮੇ ਲੱਗਾ ਕੰਮ ਲਿਖਦਾ ਰਹਿੰਦਾ ਹੈ । ਡਾ: ਜਾਨਸਨ ਦੇ ਕਹਿਣ ਵਾਂਗ ਲਿਖਣ ਲਈ ਉਸਨੂੰ ਕਿਸੇ ਖਾਸ ਪ੍ਰਕਾਰ ਦੇ ਰਉਂ ਜਾਂ ਵਕਤ ਦੀ ਜ਼ਰੂਰਤ ਨਹੀਂ, ਸਿਰਫ਼ ਸਿਰ ਖੁਰਕਣ ਦੀ ਵਿਹਲ ਮਿਲਣੀ ਚਾਹੀਦੀ ਹੈ । ਉਹ ਸਿਰ ਨਹੀਂ ਖੁਰਕੇਗਾ, ਲੇਖ ਲਿਖ ਲਏਗਾ । ਲਿਖ ਕੇ ਮੁੜ ਪੜ੍ਹਦਾ ਵੀ ਨਹੀਂ । ਉਸਦੀ ਧਾਰਨਾ ਹੈ ਕਿ ਜੇ ਆਪ ਲਿਖ ਕੇ ਆਪ ਹੀ ਪੜ੍ਹਨਾ ਹੈ ਤਾਂ ਲਿਖਣ ਦਾ ਕੀ ਫਾਇਦਾ? ਨਾਲੇ ਉਸਦਾ ਕਹਿਣਾ ਹੈ ਕਿ ਮੈਂ ਕਿਹੜਾ ਕੋਈ ਮਨ-ਘੜਤ ਕਹਾਣੀਆਂ ਲਿਖਦਾ ਹਾਂ ਜਿਸ ਵਿੱਚ ਸੋਧ ਸੁਧਾਈ ਦੀ ਜ਼ਰੂਰਤ ਪਵੇ । ਉਸ ਦੀਆਂ ਕਿਤਾਬਾਂ ਦੀ ਭਾਸ਼ਾ 'ਕਿਤਾਬੀ' ਨਹੀਂ ਹੁੰਦੀ । ਇਸੇ ਲਈ ਵਾਕ-ਬਣਤਰ ਵਿੱਚ ਵਿਆਕਰਣ ਦੇ ਬੰਧੇਜ ਨੂੰ ਧਿਆਨ ਵਿੱਚ ਨਹੀਂ ਰੱਖਦਾ । ਉਸਦੀ ਸ਼ੈਲੀ ਬਾਰੇ ਇੱਕ ਗੱਲ ਹੋਰ ਵੀ ਵੇਖਣ ਵਾਲੀ ਹੈ ਕਿ ਉਹ ਲੇਖ ਲਿਖ ਰਿਹਾ ਹੋਵੇ ਜਾਂ ਰੇਡੀਓ ਟਾਕ, ਝਲਕੀ ਲਿਖ ਰਿਹਾ ਹੋਵੇ ਜਾਂ ਕਹਾਣੀ, ਇਤਿਹਾਸ ਲਿਖ ਰਿਹਾ ਹੋਵੇ ਜਾਂ ਜੀਵਨੀ, ਸ਼ੈਲੀ ਨਹੀਂ ਬਦਲਦਾ । ਇਸੇ ਲਈ ਕਈ 'ਵਿਦਵਾਨਾਂ' ਨੂੰ ਉਸਦੀ 'ਭਾਸ਼ਾ' ਵਿਸ਼ੇ ਅਨੁਕੂਲ ਨਹੀਂ ਜਾਪਦੀ ।

ਸੂਬਾ ਸਿੰਘ ਨੂੰ ਅਖਾਉਤੀ ਪ੍ਰਗਤੀਵਾਦੀ ਲੇਖਕਾਂ ਤੋਂ ਜਿੰਨੀ ਚਿੜ ਹੈ, ਓਨਾਂ ਹੀ ਗਏ-ਗੁਆਚੇ ਤੇ ਭੁੱਲੇ-ਵਿਸਰੇ ਪੰਜਾਬੀ ਸ਼ਬਦਾਂ ਨਾਲ ਮੋਹ ਹੈ । ਇਸ ਪੱਖੋਂ ਉਹ ਕੱਟੜ ਪੁਰਾਣ-ਪੰਥੀ ਹੈ । ਹਿੰਦੀ ਸੰਸਕ੍ਰਿਤ ਦਾ ਸ਼ਬਦ ਬਿਲਕੁਲ ਬਰਦਾਸ਼ਤ ਨਹੀਂ ਕਰਦਾ । ਹਿੰਦੀ ਸੰਸਕ੍ਰਿਤ ਦੇ ਸ਼ਬਦ ਅਤੇ ਅੰਗਰੇਜ਼ੀ ਦਵਾਈਆਂ ਉਹ ਓਦੋਂ ਹੀ ਵਰਤਦਾ ਹੈ, ਜਦੋਂ ਹੋਰ ਕੋਈ ਚਾਰਾ ਨਾ ਰਹੇ । ਆਪਣੀ ਲਿਖਤ ਵਿੱਚ ਵਾਰਿਸ ਸ਼ਾਹ ਦੇ ਸ਼ੇਅਰ ਉਹ ਕਾਨੂੰਨੀ ਦਸਤਾਵੇਜ਼ਾਂ ਵਾਂਗ ਵਰਤਦਾ ਹੈ ਪਰ ਉਸਨੂੰ ਪੰਜਾਬ ਦਾ ਪ੍ਰਤਿਨਿਧ ਕਵੀ ਮੰਨਣ ਲਈ ਵੀ ਤਿਆਰ ਨਹੀਂ । ਵਾਰਿਸ ਨੇ ਜਿੰਨਾ ਕੁ ਮੁਸਲਮਾਨੀ ਪੱਖ ਪਾਲਿਆ ਸੀ, ਸੂਬਾ ਸਿੰਘ ਓਨਾਂ ਕੁ ਸਿੱਖੀ ਪੱਖ ਪਾਲਣਾ ਨਾਜਾਇਜ਼ ਨਹੀਂ ਸਮਝਦਾ । ਉਹ ਪੰਜਾਬੀ ਦੇ ਨਾਲ ਨਾਲ ਸਿੱਖ ਹੋਣਾ ਵੀ ਫ਼ਖ਼ਰ ਦੀ ਗੱਲ ਸਮਝਦਾ ਹੈ ।

ਸੂਬਾ ਸਿੰਘ ਵਿੱਚ ਪ੍ਰਸ਼ੰਸਾ ਕਰਨ ਜਾਂ ਫੂਕ ਦੇਣ ਦਾ ਗੁਣ ਮੌਜੂਦ ਹੈ । ਉਸ ਦਾ ਨਜ਼ਰੀਆ ਇਹ ਇਜਾਜ਼ਤ ਨਹੀਂ ਦੇਂਦਾ ਕਿ ਨਾਲੇ ਲਿਖਿਆ ਜਾਏ ਨਾਲੇ ਦੁਸ਼ਮਣੀ ਵਿਹਾਜੀ ਜਾਏ । ਇੰਜ ਉਸ ਦੇ ਦੋਸਤਾਂ ਦਾ ਘੇਰਾ ਤਾਂ ਓਨਾਂ ਵਿਸ਼ਾਲ ਨਹੀਂ ਹੋ ਸਕਦਾ ਪਰ ਮੂੰਹ 'ਤੇ ਪ੍ਰਸ਼ੰਸਾ ਕਰਨ ਵਾਲੇ ਬਰਸਾਤੀ ਖੁੰਭਾਂ ਵਾਂਗ ਨਿਕਲ ਆਏ ਹਨ । ਪਰ ਸੂਬਾ ਸਿੰਘ ਨੂੰ ਆਪਣੇ ਬਾਰੇ ਖੁਸ਼ਫਹਿਮੀਆਂ ਹਜ਼ਾਰ ਹੋਣ ਪਰ ਗ਼ਲਤ-ਫ਼ਹਿਮੀ ਕੋਈ ਨਹੀਂ । ਪਿੱਛੇ ਜਿਹੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਸਿੰਘ ਦੇ ਸਨਮਾਨ ਵਿੱਚ ਚਾਹ ਪਾਰਟੀ ਹੋਈ ਜਿਸ ਵਿੱਚ ਅਨੇਕ ਉੱਚ- ਕੁਰਸੇ ਲੇਖਕਾਂ ਤੇ ਪ੍ਰੋਫੈਸਰਾਂ ਨੇ 'ਜਨਾਬ' ਦੀ ਸਿਫ਼ਤ ਦੇ ਅਜਿਹੇ ਪੁਲ ਬੰਨ੍ਹੇ ਕਿ ਚਾਹ ਵਰਤਾਉਣ ਵਾਲੇ ਬੈਰਿਆਂ ਤੱਕ ਨੂੰ ਵੀ ਸਮਝ ਆ ਗਈ ਸੀ ਭਈ ਸਿਫ਼ਤ ਗਿਆਨੀ ਜੀ ਦੀ ਸਰਪ੍ਰਸਤੀ ਦੀ ਹੋ ਰਹੀ ਹੈ, ਸੂਬਾ ਸਿੰਘ ਦੀ ਕਲਮ ਦੀ ਨਹੀਂ । ਅਖ਼ੀਰ 'ਤੇ ਧੰਨਵਾਦ ਵਜੋਂ ਬੋਲਦਿਆਂ ਸੂਬਾ ਸਿੰਘ ਨੂੰ ਕਹਿਣਾ ਪਿਆ : -

''ਅੱਜ ਵਿਦਵਾਨਾਂ ਨੇ ਮੇਰੀ ਜਿੰਨੀ ਸਿਫ਼ਤ ਕੀਤੀ ਹੈ, ਜੇ ਉਸ ਵਿੱਚ ਇੱਕ ਫ਼ੀਸਦੀ ਵੀ ਸੱਚਾਈ ਹੋਵੇ ਤਾਂ ਵੀ ਮੈਂ ਖੁਸ਼ਕਿਸਮਤ ਹਾਂ-ਉਂਜ ਮੈਨੂੰ ਆਪਣੇ ਬਾਰੇ ਕੋਈ ਭੁਲੇਖਾ ਨਹੀਂ । ਗ਼ਾਲਿਬ ਦਾ ਇਹ ਸ਼ੇਅਰ ਇਸ ਮੌਕੇ ਤੇ ਠੀਕ ਢੁੱਕਦਾ ਹੈ: -

'ਹੂਆ ਹੈ ਸ਼ਾਹ ਕਾ ਮੁਸਾਹਿਬ, ਫਿਰੇ ਹੈ ਇਤਰਾਤਾ
ਵਗਰਨਾ ਸ਼ਹਿਰ ਮੇਂ ਗ਼ਾਲਿਬ ਕੀ ਆਬਰੂ ਕਿਆ ਹੈ ।' ''

***

13. ਵਰਿਆਮ ਕਹਾਣੀਕਾਰ : ਲੰਬਾ ਸੰਧੂ

ਗੱਲ ਕਿਤੋਂ ਤਾਂ ਸ਼ੁਰੂ ਕਰਨੀ ਹੀ ਹੈ, ਕਿਉਂ ਨਾ ਕਬੀਰ ਤੋਂ ਕੀਤੀ ਜਾਏ! ਕਬੀਰ ਬਹੁਤ ਸਤਿਆ ਅਥਵਾ ਸਤਾਇਆ ਹੋਇਆ ਲੇਖਕ ਸੀ । ਇੱਕ ਵਿਸ਼ੇਸ਼ ਪ੍ਰਸਿਥਤੀ ਵਿੱਚ ਉਸਨੂੰ ਕਹਿਣਾ ਪਿਆ ਸੀ:

ਸਿੰਘਨ ਕੇ ਨਹੀਂ ਲਾਡਲੇ, ਹੰਸਨ ਕੀ ਨਹੀਂ ਪਾਤਿ ।
ਲਾਲਨ ਕੀ ਨਹੀਂ ਬੋਰੀਆਂ, ਸਾਧ ਨਾ ਚਲੇਂ ਜਮਾਤਿ ।

'ਸਾਧ' ਓਦੋਂ 'ਕਵੀ' ਅਥਵਾ ਸਾਹਿੱਤਕਾਰ ਦਾ ਹੀ ਦੂਜਾ ਨਾਂ ਸੀ ਕਿਉਂਕਿ ਸਾਰਾ ਸਾਹਿੱਤ ਹੀ 'ਕਾਵਿ' ਹੁੰਦਾ ਸੀ । ਕਬੀਰ ਨੇ 'ਆਸ਼ਕ ਰਹਿਣ ਅਲੱਗ' ਨੂੰ ਆਪਣੇ ਢੰਗ ਨਾਲ ਬਹੁਤ ਚਿਰ ਪਹਿਲਾ ਹੀ ਅਭਿਵਿਅਕਤ ਕਰ ਦਿੱਤਾ ਸੀ । ਭੀੜ ਦੀ ਸੁਭਾਵਲੀ ਕਬੀਰ ਨੂੰ ਰਾਸ ਨਹੀਂ ਸੀ ਆਈ । ਉਸਨੂੰ ਪਤਾ ਸੀ ਕਿ ਕਲਾਕਾਰ ਨੂੰ ਇਕੱਲਿਆਂ ਹੀ 'ਤਾਰ 'ਤੇ ਤੁਰਨਾ' ਪੈਂਦਾ ਹੈ । ...ਅਤੇ ਅਜਿਹੇ ਕਲਾਕਾਰ ਗਿਣਤੀ ਦੇ ਪੱਖੋਂ ਬਹੁਤ ਘੱਟ ਹੁੰਦੇ ਹਨ ।

ਬਹੁਤੇ ਲੋਕਾਂ ਨੂੰ ਪਤਾ ਹੈ ਕਿ ਬਹੁਤਾ ਲਿਖਣ ਵਾਲੇ ਬਹੁਤੇ ਲੇਖਕ ਹੁੰਦੇ ਹਨ ਅਤੇ ਥੋੜ੍ਹਾ ਲਿਖਣ ਵਾਲੇ ਬਹੁਤ ਥੋੜ੍ਹੇ । ਬਹੁ-ਗਿਣਤੀ ਵਕਤੀ ਤੌਰ 'ਤੇ ਪ੍ਰਭਾਵੀ ਹੁੰਦੀ ਹੈ ਅਤੇ ਉਹ ਹਮੇਸ਼ਾ ਤੋਂ ਘੱਟ-ਗਿਣਤੀ ਵਾਲਿਆਂ ਨੂੰ ਦਬਾਈ ਰੱਖਣਾ ਲੋਚਦੀ ਰਹੀ ਹੈ ।... ਉਹ ਭਾਵੇਂ ਕੁੱਝ ਵੀ ਲੋਚਦੀ ਅਥਵਾ ਸੋਚਦੀ ਰਹੀ ਹੋਵੇ, ਹੁੰਦਾ ਇਸ ਤੋਂ ਉਲਟ ਹੀ ਰਿਹਾ ਹੈ । ਸਾਹਿੱਤ ਤੇ ਕਲਾ ਦੇ ਖੇਤਰ ਵਿੱਚ ਤਾਂ ਸ਼ਾਇਦ ਲੋਕ-ਰਾਜ ਦੀ ਇਹ 'ਲੋਕ ਪਿ੍ਯ ਪ੍ਰਣਾਲੀ' ਕਦੇ ਕਾਮਿਆਬ ਹੋ ਹੀ ਨਹੀਂ ਸਕੀ । ਅਸਲ ਵਿੱਚ, ਪਤੈ, ਗੱਲ ਕੀ ਹੁੰਦੀ ਐ? ਥੋੜ੍ਹੀ ਸ਼ੈਅ ਅਕਸਰ ਬਹੁਤਾ ਧਿਆਨ ਖਿੱਚਦੀ ਐ । ਢੇਰ ਢੇਰਾਂ ਦੇ ਹਿਸਾਬ ਨਾਲ ਵਿਕਦੇ ਨੇ । ਥੋੜ੍ਹੀ ਵਸਤ, ਆਪਣਾ ਮੁੱਲ ਪਵਾਉਣ 'ਤੇ ਬਜ਼ਿਦ ਹੁੰਦੀ ਹੈ । ਪ੍ਰੋਫੈਸਰ ਪੂਰਨ ਸਿੰਘ ਨੇ ਏਸੇ ਲਈ ਕਿਹਾ ਸੀ: ਸੋਹਣਿਆਂ! ਮੁੱਲ ਪਾ ਤੂੰ ਆਪਣਾ! ...ਜਿਹੜੇ ਲੇਖਕ ਆਪਣਾ 'ਮੂਲ ਪਛਾਣਦੇ' ਨੇ, ਉਹ ਆਪਣਾ ਮੁੱਲ ਪਾ ਅਥਵਾ ਪੁਆ ਲੈਂਦੇ ਨੇ । ਹਜ਼ਰਤ ਮੋਹਨ ਸਿੰਘ ਦੀਵਾਨਾ ਨੇ, ਪਤੈ, ਕੀ ਕਿਹਾ ਸੀ: ਮੁੱਕਦੀ ਗੱਲ 'ਦੀਵਾਨਾ' ਵਿਕਾਊ ਹੀ ਨਹੀਂ, ਭਾਵੇਂ ਲੱਖ ਦਾ ਹੈ, ਭਾਵੇਂ ਕੱਖ ਦਾ ਹੈ¨

'ਦੀਵਾਨੇ' ਕਦੇ ਵੀ 'ਵਿਕਾਊ' ਨਹੀਂ ਹੁੰਦੇ ਅਤੇ ਜਿਹੜੇ ਵਿਕਾਊ ਹੁੰਦੇ ਹਨ ਉਨ੍ਹਾਂ ਬਾਰੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਉਹ ਆਪਣੀ ਹਾਜ਼ਰੀ ਵਿੱਚ ਵੀ ਦੂਜਿਆਂ ਦਾ ਵਕਤ ਖਰਾਬ ਕਰਦੇ ਹਨ ਅਤੇ ਆਪਣੀ ਗ਼ੈਰ-ਹਾਜ਼ਰੀ ਵਿੱਚ ਵੀ!

ਅੱਜ ਕੱਲ੍ਹ ਲੇਖਕਾਂ ਨਾਲ 'ਮੁਲਾਕਾਤਾਂ' ਦਾ ਰਿਵਾਜ ਬਹੁਤ ਵੱਧ ਗਿਆ ਹੈ । ਯੋਜਨਾ-ਬੱਧ ਢੰਗ ਨਾਲ ਕਲਮ-ਕੱਸੇ ਕੀਤੇ ਜਾਂਦੇ ਹਨ ਕਿ ਫਲਾਣੇ ਸ਼ਹਿਰ ਵਿੱਚ ਕਿੰਨੇ ਲੇਖਕ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਇੱਕੋ ਫੇਰੀ ਵਿੱਚ ਹੀ 'ਝਟਕਾ' ਲਿਆ ਜਾਵੇ । ਇੱਕ ਸਵਾਲਨਾਮਾ ਜਿਹਾ ਤਿਆਰ ਕਰ ਲਿਆ ਜਾਂਦਾ ਹੈ ਅਤੇ 'ਲੇਖਕ' ਦੇ ਜਵਾਬ 'ਨੋਟ' ਕਰਕੇ ਛਪਵਾ ਦਿੱਤੇ ਜਾਂਦੇ ਹਨ । ਇਸ ਤਰ੍ਹਾਂ ਦੀ ਭਉਜਲ ਪੱਤਰਕਾਰਾਂ ਨੂੰ ਤਾਂ ਸੋਭਦੀ ਹੈ, ਲੇਖਕਾਂ ਨੂੰ ਨਹੀ । ਮੈਨੂੰ ਯਾਦ ਹੈ ਕਿ ਜਦੋਂ ਗੁਰਦਿਆਲ ਸਿੰਘ ਨੂੰ ਸਾਹਿੱਤ ਅਕਾਦਮੀ ਐਵਾਰਡ ਮਿਲਿਆ ਸੀ ਤਾਂ ਪੰਜਾਬੀ ਦੀ ਵਧੀਆ ਕਵਿੱਤਰੀ (ਅੰਗਰੇਜ਼ੀ ਦੀ ਪੱਤਰਕਾਰ) ਨਿਰੂਪਮਾ ਦੱਤ ਉਸ ਨਾਲ ਮੁਲਾਕਾਤ ਕਰਨ ਆਈ ਸੀ । ਗੁਰਦਿਆਲ ਦਾ ਪਹਿਲਾ ਸਵਾਲ ਸੀ : ਤੁਸੀਂ ਮੇਰਾ ਕਿਹੜਾ ਕਿਹੜਾ ਨਾਵਲ ਪੜ੍ਹਿਆ ਹੈ? ...ਜੇ ਨਹੀਂ ਪੜ੍ਹਿਆ ਤਾਂ ਪੜ੍ਹ ਕੇ ਆਉ, ਗੱਲ ਕਰ ਲਵਾਂਗੇ... ਲੇਖਕਾਂ ਦੀਆਂ ਲੋੜਾਂ ਹੋਰ ਹਨ ਅਤੇ ਪੱਤਰਕਾਰਾਂ ਦੀਆਂ ਹੋਰ, ਅਤੇ ਜੇ ਕੋਈ ਲੇਖਕ ਬਦਕਿਸਮਤੀ ਜਾਂ ਖੁਸ਼ਕਿਸਮਤੀ ਨਾਲ ਪੱਤਰਕਾਰ ਵੀ ਹੋਵੇ ਤਾਂ ਉਸਦਾ ਹਾਲ ਨਿਰੂਪਮਾ ਦੱਤ ਵਾਲਾ ਹੀ ਹੁੰਦਾ ਹੈ । ਪੱਤਰਕਾਰੀ ਮਹਿਜ਼ ਰੋਜ਼ੀ ਦਾ ਸਾਧਨ ਹੈ ਪਰ ਮੌਲਿਕ ਲੇਖਨ...? ਮੌਲਿਕ ਲੇਖਨ ਤਾਂ ਰੋਜ਼ੀ 'ਤੇ ਲੱਤ ਵੀ ਮਾਰ ਸਕਦਾ ਹੈ; (ਨਿਰੋਲ ਪੱਤਰਕਾਰਾਂ ਤੋਂ ਖਿਮਾ ਸਹਿਤ!)

ਜ਼ਰੂਰੀ ਨਹੀਂ ਕਿ ਦੋ ਸੰਵਾਦ ਕਰਨ ਵਾਲੇ ਵਿਅਕਤੀ ਇੱਕ- ਦੂਜੇ ਦੇ ਵਾਕਿਫ਼ ਵੀ ਹੋਣ । ਹਾਂ, ਸੰਵਾਦ ਦੇ ਦੌਰਾਨ ਜਾਂ ਸੰਵਾਦ ਤੋਂ ਬਾਅਦ, ਅਕਸਰ ਵਾਕਿਫ਼ ਬਣ ਹੀ ਜਾਂਦੇ ਹਨ; ਪਰ ਸ਼ਰਤ ਇਹ ਹੈ ਕਿ ਉਹ ਅੰਦਰਲੇ ਮਨੋਂ ਵਾਕਿਫ਼ ਬਣਨਾ ਚਾਹੁੰਦੇ ਹੋਣ, ਇੱਕ ਦੂਜੇ ਨੂੰ 'ਬਣਾਉਣਾ' ਨਾ ਚਾਹੁੰਦੇ ਹੋਣ! ਸਗੋਂ ਇੱਕ ਦੂਜੇ ਨੂੰ ਜਾਨਣਾ ਚਾਹੁੰਦੇ ਹੋਣ, ਆਪਾ ਜਨਾਉਣਾ ਨਾ ਚਾਹੁੰਦੇ ਹੋਣ; ਆਪ ਬੋਲ ਕੇ ਦੂਜੇ ਨੂੰ ਚੁੱਪ ਕਰਾਉਣਾ ਨਾ ਚਾਹੁੰਦੇ ਹੋਣ । ਅਪਨਾਉਣਾ ਚਾਹੁੰਦੇ ਹੋਣ! ਭਜਾਉਣਾ ਨਾ ਚਾਹੁੰਦੇ ਹੋਣ!... ਸਿਰਫ਼ ਚਾਹੁੰਦੇ ਹੀ ਚਾਹੁੰਦੇ ਨਾ ਹੋਣ, ਇਹ ਵੀ ਜਾਨਣ ਦੀ ਕੋਸ਼ਿਸ਼ ਕਰਨ ਕਿ ਦੂਸਰਾ ਕੀ ਚਾਹੁੰਦਾ ਹੈ । ਕਿਤੇ ਇਹ ਗੱਲ ਤਾਂ ਨਹੀਂ ਕਿ ਇੱਕ, ਦੂਜੇ ਨੂੰ , ਆਪਣੇ ਹੱਕ ਵਿੱਚ ਬਿਠਾਉਣਾ ਚਾਹੁੰਦਾ ਹੈ । ਬਿਸ਼ਰਾਮ ਚਿੰਨ੍ਹਾਂ ਸਮੇਤ, ਆਪਣੀ ਮਰਜ਼ੀ ਮੁਤਾਬਕ, ਲਿਖਣਾ ਲਿਖਵਾਉਣਾ ਚਾਹੁੰਦਾ ਹੈ । ...ਜਦੋਂ ਅਸੀਂ ਕਿਸੇ ਨੂੰ ਜ਼ਬਰਦਸਤੀ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਤਾਂ ਅਗਲਾ ਸਾਡੀ ਗੱਲ ਸਮਝਣ ਦੀ ਥਾਂ ਸਾਡੀ ਨੀਅਤ ਸਮਝਣ ਦੀ ਥਾਂ ਸਾਡੀ ਨੀਅਤ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ । ਆਦਮੀ ਕੋਈ ਸਜਾਵਟੀ ਪੌਦਾ ਨਹੀਂ ਹੁੰਦਾ ਕਿ ਉਸ ਦੇ ਪੱਤਿਆਂ ਫੁੱਲਾਂ, ਜਾਂ ਉਸ ਦੀਆਂ ਲਗਰਾਂ ਨੂੰ ਉਲਟਾ-ਪੁਲਟਾ ਕਰਕੇ, ਉਸ ਦੇ ਉੱਗਣ, ਪੱਲਰਣ ਜਾਂ ਫੁੱਲਣ ਦੇ ਦਿਨਾਂ ਬਾਰੇ ਪਤਾ ਕਰਕੇ, ਉਸ ਦਾ ਬਿੰਬ ਘੜ ਲਿਆ ਜਾਏ । ਉਂਜ ਤਾਂ ਬੂਟੇ ਨੂੰ , ਪਸ਼ੂ ਪੰਛੀ ਨੂੰ , ਮੱਛ- ਕੱਛ ਨੂੰ ਜਾਨਣ ਤੇ ਸਮਝਣ ਲਈ ਵੀ ਸਿਆਣੇ ਲੋਕ ਕਈ ਕਈ ਵਰ੍ਹਿਆਂ ਤੱਕ ਤਪ-ਸਾਧਨਾ ਕਰਦੇ ਰਹਿੰਦੇ ਹਨ । ਉਨ੍ਹਾਂ ਵਿੱਚ ਵਿਚਰਦੇ ਹਨ, ਉਨ੍ਹਾਂ ਨਾਲ ਸਾਂਝ ਪੈਦਾ ਕਰਦੇ ਹਨ । ਉਹਨਾਂ ਨੂੰ ਪਿਆਰਦੇ-ਦੁਲਾਰਦੇ ਹਨ । ਪਰ ਕਲਾ ਜਾਂ ਸਾਹਿੱਤ ਅਥਵਾ ਕਲਾਕਾਰ ਜਾਂ ਸਾਹਿੱਤਕਾਰ ਨੂੰ ਜਾਨਣ ਸਮਝਣ ਲਈ ਅਸੀਂ ਵਕਤ ਨਹੀਂ ਗਵਾਉਣਦਾ ਚਾਹੁੰਦੇ । ਅਸੀਂ ਚਾਹੁੰਦੇ ਹਾਂ ਕਿ ਵੇਖਦੇ ਸਾਰ, ਪੜ੍ਹਦੇ ਸਾਰ, ਅਥਵਾ ਮਿਲਦੇ ਸਾਰ ਹੀ ਸਭ ਕੁਝ ਜਾਣ ਜਾਈਏ; ਸਭ ਕੁਝ ਸਾਡੀ ਸਮਝ ਵਿੱਚ ਆ ਜਾਏ । ਜੇ ਇਉਂ ਨਹੀਂ ਹੁੰਦਾ ਤਾਂ ਅਸੀਂ ਔਖੇ ਹੋ ਜਾਂਦੇ ਹਾਂ; ਬੇਮੁੱਖ ਹੋ ਜਾਂਦੇ ਹਾਂ; ਉਦਾਸੀਨ ਹੋ ਜਾਂਦੇ ਹਾਂ ।

ਹਰ ਅਵਸਰ ਜਾਨਣ, ਸਮਝਣ ਅਥਵਾ ਅਨੁਭਵ ਕਰਨ ਲਈ ਸ਼ੁਭ ਨਹੀਂ ਹੁੰਦਾ । ਮਹੂਰਤ ਦਾ ਆਪਣਾ ਮਹਾਤਮ ਹੁੰਦਾ ਹੈ । ਰਸ ਜਾਂ ਆਨੰਦ ਦੀ ਖਿਣਿਕ ਪ੍ਰਾਪਤੀ ਲਈ ਸਾਡੇ ਰਿਸ਼ੀ ਮੁਨੀ ਆਪਣੀਆਂ ਉਮਰਾਂ ਲੇਖੇ ਲਾ ਦੇਂਦੇ ਸਨ । ਕਿਸੇ ਵੀ ਰਹੱਸ ਦੀ ਵਿਸ਼ਾਲਤਾ ਨੂੰ ਅਨੁਭਵ ਦੇ ਘੇਰੇ ਵਿੱਚ ਲਿਆਉਣ ਲਈ ਆਪਣੀਆਂ ਨਿਹਿਤ ਸੀਮਾਵਾਂ ਵਿੱਚ ਭੰਨ-ਤੋੜ ਕਰਨੀ ਪੈਂਦੀ ਹੈ ਅਤੇ ਜੇ ਕੋਈ ਇੱਕ-ਅੱਧ ਮੁਲਾਕਾਤ ਸਾਰਥਕ ਹੋ ਜਾਏ ਤਾਂ ਉਮਰ ਭਰ ਦੀਆਂ ਅਪ੍ਰਾਪਤੀਆਂ/ਅਣ-ਉਪਲਬਧੀਆਂ ਵਿੱਸਰ ਜਾਂਦੀਆਂ ਹਨ । ਇਹ ਅਵੱਸਥਾ 'ਵਰਤਮਾਨ' ਹੁੰਦੀ ਹੈ, ਭੂਤ ਦੀਆਂ ਹੇਰਵਿਆਂ/ਵਿਗੋਚਿਆਂ ਅਤੇ ਭਵਿੱਖ ਦੀਆਂ ਕਿਆਸ ਅਰਾਈਆਂ ਤੋਂ ਐਨ ਅਲੱਗ-ਥਲੱਗ!

ਆਧੁਨਿਕ ਪ੍ਰਚਾਰ-ਪ੍ਰਸਾਰ ਮੀਡੀਆ ਨੇ ਮੁਲਾਕਾਤ ਦੇ ਇਸ ਅਮਲ ਨੂੰ ਸਸਤਾ ਅਤੇ ਮਾਮੂਲੀ ਬਣਾ ਧਰਿਆ ਹੈ । ਤੁਹਾਡਾ ਮਨ-ਭਾਉਂਦਾ 'ਨਾਇਕ' ਦੂਰ-ਦਰਸ਼ਨ ਜਾਂ ਵੀ. ਡੀ. ਓ. ਰਾਹੀਂ ਡਰਾਇੰਗ ਰੂਮ ਜਾਂ ਬੈਡ-ਰੂਮ ਵਿੱਚ ਆਰਾਮ ਨਾਲ ਆ ਜਾਂਦਾ ਹੈ । ਤੁਹਾਡੀ ਖਿੱਚ ਖ਼ਤਮ ਹੋ ਜਾਂਦੀ ਹੈ । ਤੁਹਾਡਾ ਕਥਾਰਸਿਸ ਹੋ ਜਾਂਦਾ ਹੈ । ਤੁਸੀਂ ਹੌਲੇ ਹੋ ਜਾਂਦੇ ਹੋ । ਤੁਹਾਡਾ ਹੀਰੋ ਵੀ 'ਹੌਲਾ' ਹੋ ਜਾਂਦਾ ਹੈ ।

ਕਿਸੇ ਲੇਖਕ ਨੂੰ ਉਸਦੀ ਆਪਣੀ ਮਾਤ-ਭਾਸ਼ਾ ਦੇ ਲੋਕਾਂ 'ਚੋਂ ਵੀ ਐਵੇਂ ਵਿਰਲੇ-ਟਾਵੇਂ ਹੀ ਜਾਣਦੇ ਹੁੰਦੇ ਨੇ; ਤੇ ਉਨ੍ਹਾਂ ਵਿਰਲੇ ਟਾਂਵਿਆਂ 'ਚੋਂ ਵੀ ਬਹੁ-ਗਿਣਤੀ ਸਿਰਫ ਲੇਖਕ ਦੇ; ਜਾਂ ਉਸਦੀਆਂ ਕੁਝ ਇੱਕ ਰਚਨਾਵਾਂ ਦੇ ਨਾਵਾਂ ਤੋਂ ਹੀ ਵਾਕਿਫ਼ ਹੁੰਦੀ ਹੈ । ਜਦੋਂ ਕਿਸੇ ਲੇਖਕ ਨੂੰ ਰਾਸ਼ਟਰੀ/ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲਾ ਕੋਈ ਪੁਰਸਕਾਰ ਮਿਲੇ; ਕੋਈ ਲਿਖਾਰੀ ਜਵਾਨੀ ਵਿੱਚ ਜਾ ਅਣ-ਆਈ ਮੌਤੇ ਮਰ ਜਾਵੇ; ਤੇ ਜਾਂ ਫਿਰ ਕਿਸੇ ਲੇਖਕ ਦੀ ਕੋਈ ਚੰਗੀ/ਮਾੜੀ ਕਿਤਾਬ ਜ਼ਬਤ ਹੋ ਜਾਵੇ ਤਾਂ ਲੋਕਾਂ ਵਿੱਚ ਉਸਨੂੰ ਜਾਨਣ ਦੀ ਮਾੜੀ-ਮੋਟੀ ਇੱਛਾ ਉਤਪੰਨ ਹੁੰਦੀ ਹੈ । ਲੋਕਾਂ ਦੇ ਮਨ ਵਿੱਚ ਅਜਿਹੀ ਇੱਛਾ ਨਾ ਵੀ ਉਤਪੰਨ ਹੋਵੇ, ਮੀਡੀਆ ਵਾਲੇ ਅਜਿਹੇ ਮੌਕਿਆਂ ਨੂੰ ਅਜਾਈਂ ਨਹੀਂ ਜਾਣ ਦੇਂਦੇ । ਏਧਰੋਂ ਓਧਰੋਂ ਚਾਰ ਗੱਲਾਂ ਦਾ ਜੋੜ-ਤੋੜ ਕਰਕੇ ਪਬਲਿਕ ਮੂਹਰੇ ਪਰੋਸ ਦਿੰਦੇ ਹਨ । ਉਨ੍ਹਾਂ ਦਾ ਫਰਜ਼ ਪੂਰਾ ਹੋ ਜਾਂਦਾ ਹੈ ਅਤੇ ਲੋਕਾਂ ਦੀ 'ਭੁੱਖ' (ਜਾਂ ਤ੍ਰੇਹ) ਮਰ ਜਾਂਦੀ ਹੈ । ਲੇਖਕ ਅਜਿਹੇ ਹਾਲਾਤ ਵਿੱਚ ਵੀ ਆਪਣਾ ਕੰਮ ਕਰਦੇ ਰਹਿੰਦੇ ਹਨ । ਲਿਖਦੇ ਰਹਿੰਦੇ ਹਨ; ਮਰਦੇ ਰਹਿੰਦੇ ਹਨ । ਉਨ੍ਹਾਂ 'ਚੋਂ ਕੁਝ ਤਾਂ ਜੀਂਦੇ ਵੀ ਅਣ-ਹੋਇਆਂ ਵਰਗੇ ਹੁੰਦੇ ਹਨ ਤੇ ਕਈ ਮਰ ਕੇ ਵੀ ਨਹੀਂ ਮਰਦੇ । ਕਿਸੇ ਲੇਖਕ ਨੂੰ ਮਾਰਨ ਜਾਂ ਅਮਰ ਕਰਨ ਦਾ ਫੈਸਲਾ ਮੀਡੀਆ ਨਹੀਂ ਕਰਦਾ, ਲੋਕ ਕਰਦੇ ਹਨ; ਵਕਤ ਕਰਦਾ ਹੈ । ਵਕਤ, ਜੋ ਕਿਸੇ ਦੇ ਅਧੀਨ ਨਹੀਂ । ਵਕਤ, ਜੋ ਕਿਸੇ ਦਾ ਮੁਥਾਜ ਨਹੀਂ । ਹਾਂ, ਤੇ ਵਕਤ, ਘੱਟ ਲਿਖਣ ਵਾਲਿਆਂ 'ਤੇ ਸਦਾ ਮਿਹਰਬਾਨ ਰਿਹਾ ਹੈ । ਜਿੰਨੀ ਦੇਰ ਉਹ ਲਿਖਦੇ ਰਹੇ ਹਨ, ਓਨੀ ਦੇਰ ਸਾਵਧਾਨ ਰਿਹਾ ਹੈ । ਬਹੁਤਾ ਲਿਖਣ ਵਾਲਿਆਂ ਨੂੰ ਮਾਨਤਾ ਤਾਂ ਸ਼ਾਇਦ ਮਿਲ ਜਾਏ ਪਰ ਉਹ ਮਾਨਤਾ ਮਿਕਦਾਰ ਨੂੰ ਮਿਲਦੀ ਹੈ, ਪਿਆਰ ਨੂੰ ਨਹੀਂ । ਸੌ ਯਤਨਾਂ ਨਾਲ ਵੀ ਮਿਕਦਾਰ ਨੂੰ ਮਿਆਰ ਵਿੱਚ ਨਹੀਂ ਬਦਲਿਆ ਜਾ ਸਕਦਾ । ਕਈ ਲੇਖਕਾਂ ਨੂੰ ਲੋਕ ਇਸ ਕਰਕੇ ਜਾਣਨ ਲੱਗ ਪੈਂਦੇ ਹਨ ਕਿ ਉਹ ਬਹੁਤ ਰੌਲਾ ਪਾਉਂਦੇ ਹਨ ਅਤੇ ਕੁਝ ਲੇਖਕਾਂ ਨੂੰ ਇਸ ਲਈ ਜਾਣ ਜਾਂਦੇ ਹਨ ਕਿ ਉਨ੍ਹਾਂ ਬਾਰੇ ਬਹੁਤ ਰੌਲਾ ਪੈਂਦਾ ਹੈ । ਰੌਲੇ ਦਾ ਅਰਥ, ਆਮ ਤੌਰ 'ਤੇ ਸ਼ੁਹਰਤ ਤੋਂ ਲਿਆ ਜਾਂਦਾ ਹੈ । ਸ਼ੁਹਰਤ ਅਤੇ ਸ਼ੁਹਰਤ ਦੇ ਸੁਭਾਅ ਵਿੱਚ ਫ਼ਰਕ ਹੁੰਦਾ ਹੈ ।

ਪੰਜਾਬੀ ਵਿੱਚ, ਹੁਣ ਤੀਕ, ਮਾਨਤਾ ਉਸ ਲੇਖਕ ਨੂੰ ਮਿਲਦੀ ਆਈ ਹੈ ਜਿਸਦਾ ਆਪਣਾ ਛਾਪਾਖ਼ਾਨਾ ਹੋਵੇ, ਜਾਂ ਆਪਣਾ ਪਰਚਾ ਹੋਵੇ ਅਤੇ ਜਾਂ ਫਿਰ ਆਪਣਾ ਪ੍ਰਕਾਸ਼ਨ ਹੋਵੇ :

ਪੰਜਾਬੀ ਦਾ ਹਰ ਲੇਖਕ ਸੰਪਾਦਕ ਹੈ ।
ਜੋ ਸੰਪਾਦਕ ਨਹੀਂ ਹੈ, ਉੁਹ ਇਤਿਆਦਕ ਹੈ¨

ਜਦੋਂ ਲੇਖਕ ਆਪਣਾ ਆਪ ਛਾਪਕ ਹੋਵੇ, ਸੰਪਾਦਕ ਹੋਵੇ ਜਾਂ ਪ੍ਰਕਾਸ਼ਕ ਹੋਵੇ ਤਾਂ ਸਮਝੋ ਕਿ ਉਹ ਪ੍ਰਸਿੱਧੀ ਦੇ ਗਾਡੀ ਰਾਹ 'ਤੇ ਪੈ ਗਿਆ । ਅੱਖਾਂ ਮੀਟ ਕੇ ਲਿਖਿਆ ਤੇ ਸੁੱਤੇ ਸੁੱਤੇ ਛਪ ਗਿਆ । ...ਛਪੀ ਗਿਆ... ਛਪੀ ਗਿਆ ਜੋ ਕੁਝ ਛਪਣਾ ਸੀ, ਲੋਕਾਂ ਨੇ ਉਹੋ ਕੁਝ ਹੀ ਪੜ੍ਹਨਾ ਸੀ । ਸੋ, ਮਸ਼ਹੂਰੀ ਤਾਂ ਇਸ ਤਰ੍ਹਾਂ, ਦਾਜ ਵਾਂਗੂੰ, ਝੂੰਗੇ ਵਿੱਚ ਮਿਲ ਜਾਂਦੀ ਹੈ । ...ਪਰ ਹੁਣ ਵਕਤ ਬਦਲ ਗਏ ਲਗਦੇ ਹਨ ।

ਪੰਜਾਬੀ ਵਿੱਚ ਪਹਿਲਾਂ ਬਹੁਤਾ ਲਿਖਣ ਵਾਲਿਆਂ ਨੂੰ ਮਾਨਤਾ ਮਿਲਦੀ ਸੀ । ਅੱਜ ਕੱਲ੍ਹ ਘੱਟ ਲਿਖਣ ਵਾਲਿਆਂ ਨੂੰ ਮਿਲਦੀ ਹੈ । ਪਹਿਲਾਂ ਲੇਖਕ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਸਮਝਦੇ ਸਨ ਅਤੇ ਪਾਠਕਾਂ ਨੂੰ ਅਨਪੜ੍ਹ ਜਾਂ ਅਧਪੜ੍ਹ । ਹੁਣ ਪਾਠਕ, ਕਈ ਵਾਰ ਲੇਖਕਾਂ ਨਾਲੋਂ ਕਈ ਗੁਣਾਂ ਵਧੇਰੇ ਪੜ੍ਹੇ ਹੋਏ ਹੁੰਦੇ ਹਨ ।

ਪਹਿਲਾਂ ਪਾਠਕ ਘੱਟ ਹੁੰਦੇ ਸਨ ਤੇ ਸਰੋਤੇ ਵੱਧ । ਜਦੋਂ ਤੋਂ ਪਾਠਕ ਪੈਦਾ ਹੋਣੇ ਸ਼ੁਰੂ ਹੋਏ ਹਨ ਸਰੋਤਿਆਂ ਦੇ ਰਹਿਮ 'ਤੇ ਪਲਣ ਵਾਲਿਆਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੀਡੀਆ ਦੀ ਸਾਜ਼ਿਸ਼ ਨੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਬਰਾਬਰ ਦੇ ਸ਼ਰੀਕ ਬਣਾ ਧਰਿਆ ਹੈ... ਪਰ ਫਿਰ ਵੀ ਇੱਕ ਗੱਲ ਦੀ ਤਸੱਲੀ ਹੈ ਕਿ ਅਜੇ ਤੀਕ ਵਕਤ, ਘੱਟ ਲਿਖਣ ਵਾਲਿਆਂ ਦੇ, ਹੱਕ ਵਿੱਚ ਹੈ । ਪਾਠਕ ਭਾਵੇਂ ਘੱਟ ਗਿਣਤੀ ਵਿੱਚ ਹੈ ਪਰ ਉਹ ਘੱਟ-ਗਿਣਤੀ ਲੇਖਕ ਨੂੰ ਤਰਜੀਹ ਦੇਂਦਾ ਹੈ । ਜਾਪਦਾ ਇਉਂ ਹੈ ਕਿ ਅਲਪ-ਭਾਸ਼ਾ, ਅਲਪ- ਨਿਦ੍ਰਾ, ਅਲਪ-ਆਹਾਰ ਦੇ ਨਾਲ ਨਾਲ 'ਅਲਪ ਲੇਖਨ' ਵੀ ਉੱਚੀ- ਸੁੱਚੀ ਜੀਵਨ ਜਾਚ ਦਾ ਅੰਗ ਹੈ । ਜਿਨ੍ਹਾਂ ਨੂੰ ਇਸ 'ਸੰਵਿਧਾਨਕ ਪਰਿਵਰਤਨ' ਦੀ ਸੂਹ ਲੱਗ ਗਈ ਹੈ ਉਨ੍ਹਾਂ ਦੀ ਹੱਲਾ-ਸ਼ੇਰੀ ਨਾਲ, ਹੁਣ, ਗੱਲ ਅੱਗੇ ਤੋਰਨੀ ਬਣਦੀ ਹੈ ।

***

ਹੁਣ ਸਹੀ ਵਕਤ ਹੈ, ਵਰਿਆਮ ਸੰਧੂ ਬਾਰੇ ਗੱਲ ਕਰਨ ਦਾ । ਉਸਦੀਆਂ ਕਹਾਣੀਆਂ ਬਾਰੇ ਗੱਲ ਕਰਨ ਦਾ । ਉਸ ਦੀਆਂ ਪ੍ਰਾਪਤੀਆਂ ਅਪ੍ਰਾਪਤੀਆਂ ਬਾਰੇ ਗੱਲ ਕਰਨ ਦਾ । ਉਸ ਦੇ ਲੋਕ ਬਿੰਬ ਬਾਰੇ ਗੱਲ ਕਰਨ ਦਾ । ...ਜੇ ਸੱਚ ਪੁੱਛੋ ਤਾਂ, ਉਸਦੇ ਬਹਾਨੇ ਆਪਣੀ ਗੱਲ ਕਰਨ ਦਾ!

ਇਹ ਨਿਬੰਧ ਵਰਿਆਮ ਸੰਧੂ ਬਾਰੇ ਲਿਖਣ ਦਾ ਯਤਨ ਕੀਤਾ ਜਾ ਰਿਹਾ ਹੈ । ਪਰ ਨਿਬੰਧ ਪਤਾ ਨਹੀਂ, ਕਿਧਰ ਨੂੰ ਜਾ ਰਿਹਾ ਹੈ । ... ਨਿਬੰਧ ਕਿਤੇ ਨਹੀਂ ਜਾ ਰਿਹਾ, ਵਰਿਆਮ ਸੰਧੂ ਨੂੰ ਆਪਣੀ ਪਕੜ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਹੈ । ...ਨਾਲੇ ਮੈਂ ਨਿਬੰਧ ਦੇ ਬਹਾਨੇ, ਕੁਝ ਕੁ ਗੱਲਾਂ ਵੀ ਤਾਂ ਕਰਨੀਆਂ ਹਨ; ਜੋ ਤੁਸੀਂ ਵਰਿਆਮ ਸੰਧੂ ਦੇ ਬਹਾਨੇ ਜਰਨੀਆਂ ਹਨ । ਮੈਨੂੰ ਪਤਾ ਹੈ ਕਿ ਤੁਸੀਂ ਸੰਧੂ ਨੂੰ ਪਸੰਦ ਕਰਦੇ ਹੋ, ਉਸਦੀਆਂ ਕਹਾਣੀਆਂ ਪੜ੍ਹਦੇ ਹੋ; ਉਸਦੀਆਂ ਕਹਾਣੀਆਂ ਦੀ ਤਾਰੀਫ਼ ਵੀ ਕਰਦੇ ਹੋ । ਉਸਦੀਆਂ ਕਹਾਣੀਆਂ ਦੇ ਕਈ ਫਿਕਰਿਆਂ ਨੂੰ ਲੀਕਦੇ ਹੋ; ਉਸਦੀ ਅਗਲੀ ਕਹਾਣੀ ਨੂੰ ਉਡੀਕਦੇ ਹੋ । ...ਇਹ ਤੁਹਾਡੀ ਸ਼ਕਤੀ ਹੈ ਤੇ ਇਹੋ ਤੁਹਾਡੀ ਕਮਜ਼ੋਰੀ ਵੀ ਹੈ । ਮੈਂ ਤੁਹਾਡੀ ਇਸੇ 'ਸ਼ਕਤੀ' ਤੋਂ ਸ਼ਕਤੀ ਲੈ ਕੇ ਤੁਹਾਡੀ ਇਸ 'ਕਮਜ਼ੋਰੀ' ਦਾ ਲਾਭ ਉਠਾ ਰਿਹਾ ਹਾਂ; ਪਰ ਅਨੁਚਿਤ ਨਹੀਂ । ਕਹਿੰਦੇ ਨੇ : ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਂਦਾ ਹੈ । ਸ਼ਾਇਦ ਆਪਣਾ ਵੀ ਇਸੇ ਬਹਾਨੇ ਕਲਿਆਣ ਹੋ ਜਾਵੇ । ਇਸੇ ਲਈ ਇਸ ਸਮਰੱਥ ਹਸਤਾਖਰ ਨੂੰ ਚਰਚਾ ਲਈ ਚੁਣਿਆ ਹੈ । ...ਹੁਣ ਉਹ ਕਹਿੰਦਾ ਹਾਂ, ਜੋ ਵਰਿਆਮ ਬਾਰੇ ਪੜ੍ਹਿਆ ਸੁਣਿਆ ਹੈ ।

***

ਵਰਿਆਮ ਸੰਧੂ ਦਾ ਨਾਂ ਮੈਂ ਸਭ ਤੋਂ ਪਹਿਲੀ ਵੇਰ ਕਾਮਰੇਡ ਤ੍ਰਿਲੋਚਨ ਗਰੇਵਾਲ ਦੇ ਮੂੰਹੋਂ ਸੁਣਿਆ ਸੀ । ਗਰੇਵਾਲ, ਵਰਿਆਮ ਦਾ, ਤੱਤੇ ਦੌਰ ਵੇਲੇ ਦਾ ਸਾਥੀ ਹੈ । ਓਦੋਂ ਸੰਧੂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਵਿੱਚ ਐਮ. ਫਿਲ, ਕਰ ਰਿਹਾ ਸੀ । ਗਰੇਵਾਲ ਨੇ ਇੱਕ ਦਿਨ ਹੱਸਦਿਆਂ ਕਿਹਾ ਸੀ: ਭੂਸ਼ਨ! ਤੈਨੂੰ ਇੱਕ ਆਦਮੀ ਨਾਲ ਮਿਲਾਵਾਂਗਾ । ਜਿਸ ਦਾ ਹਾਸਾ ਸੁਣ ਕੇ ਤੂੰ ਆਪਣੇ ਲਤੀਫ਼ੇ ਭੁੱਲ ਜਾਵੇਂਗਾ ।... ਉਸਨੇ ਮਿਲਾਇਆ ਵੀ ਸੀ । ਮੈਂ ਸ਼ੁਰੂ ਸ਼ੁਰੂ ਵਿੱਚ ਵਰਿਆਮ ਨੂੰ ਹਸਾਇਆ ਵੀ ਸੀ... ਪਰ... ਪਿੱਛੋਂ ਮੇਰਾ ਅਨੁਭਵ ਇਹ ਰਿਹਾ ਹੈ ਕਿ ਉਸਦੀ ਹਾਜ਼ਰੀ ਵਿੱਚ ਮੈਨੂੰ ਲਤੀਫ਼ੇ ਭੁੱਲ ਜਾਂਦੇ ਹਨ । ਉਸਦੀਆਂ ਗੱਲਾਂ ਵਿੱਚ ਗੁਆਚ ਜਾਂਦਾ ਹਾਂ । ਉਸ ਦੇ ਹਾਸੇ ਵਿੱਚ ਗੁੰਮ ਜਾਂਦਾ ਹਾਂ । ਉਸ ਦਾ ਹਾਸਾ ਬਹੁਤ ਉੱਚਾ ਹੁੰਦਾ ਹੈ । ਉਹ ਮੈਨੂੰ ਹਮੇਸ਼ਾ ਹੱਸਦਾ ਹੀ ਮਿਲਿਆ ਹੈ । ਉਦਾਸ ਜਾਂ ਗੰਭੀਰ ਵੀ ਹੁੰਦਾ ਹੋਵੇਗਾ.... ਜ਼ਰੂਰ ਹੁੰਦਾ ਹੋਵੇਗਾ ਪਰ ਇਕੱਲ ਵਿੱਚ; ਆਪਣੇ ਲਿਖਣ ਕਮਰੇ ਵਿੱਚ... ਆਪਣੇ ਸੌਣ ਕਮਰੇ ਵਿੱਚ....

***

ਪੰਜਾਬ ਵਿੱਚ (1967-68 ਤੋਂ 1970-71 ਤੱਕ) ਤਿੰਨ-ਚਾਰ ਸਾਲ ਤੱਤੇ ਲਹੂ ਦਾ ਬੋਲ-ਬਾਲਾ ਰਿਹਾ ਹੈ । ਜਿਸ ਨੂੰ ਕਦੇ ਨਕਸਲਵਾਦ ਅਤੇ ਨਵ-ਪ੍ਰਗਤੀਵਾਦ ਕਿਹਾ ਗਿਆ ਹੈ.... ਤੇ ਉਸ ਦਾ ਪ੍ਰਭਾਵ ਪੰਜਾਬੀ ਸਾਹਿੱਤ/ਸਾਹਿੱਤਕਾਰਾਂ ਉੱਤੇ ਵੀ ਪਿਆ ਹੈ । ਇਸ ਦੌਰ 'ਚੋਂ 'ਲਹੂ ਦੀ ਲੋਅ' ਲਿਖਕੇ, ਜਸਵੰਤ ਸਿੰਘ ਕੰਵਲ ਨੇ ਬਹੁਤ ਕੁਝ ਖੱਟਿਆ ਕਮਾਇਆ ਹੈ; ਪ੍ਰੇਮ ਪ੍ਰਕਾਸ਼ ਦੇ ਹੱਥ ਤਾਂ ਸਿਰਫ 'ਦਸਤਾਵੇਜ਼' ਹੀ ਆਇਆ ਹੈ; ਸੁਰਿੰਦਰ ਸਿੰਘ ਨਰੂਲਾ ਦੇ 'ਰਾਹੇ-ਕੁਰਾਹੇ' ਨੂੰ ਨਾ ਕਿਸੇ ਯਾਦ ਕੀਤਾ ਤੇ ਨਾ ਕਿਸੇ ਭੁਲਾਇਆ ਹੈ । ...ਹਾਂ, ਤੇ ਮੈਨੂੰ ਯਾਦ ਆਇਆ ਹੈ ਕਿ ਇਸ ਦੌਰ ਵਿੱਚ ਵਰਿਆਮ ਸੰਧੂ ਨੇ 'ਲੋਹੇ ਦੇ ਹੱਥ' ਕਾਵਿ-ਸੰਗ੍ਰਹਿ ਛਪਵਾਇਆ ਸੀ । ਇਸ ਸੰਗ੍ਰਹਿ ਦਾ ਜ਼ਿਕਰ ਵੀ ਹੋਇਆ- ਹਵਾਇਆ ਸੀ । ਉਸ ਨੇ ਇਸ ਦੌਰ ਵਿੱਚ ਸੀਖਾਂ ਵਾਲੇ ਕਮਰੇ ਵੀ ਹੰਢਾਏ ਸਨ । 'ਸਪੀਕਰ' ਤੋਂ ਬਿਨਾਂ ਵੀ 'ਲਾਊਡ' ਹੋ ਕੇ ਨਾਅਰੇ ਲਾਏ ਸਨ । ਆਪਣੀ ਜਾਚੇ ਵੱਡੇ ਵੱਡੇ ਦਰੱਖਤ ਜੜ੍ਹਾਂ ਤੋਂ ਹਿਲਾਏ ਸਨ । ...ਪਰ ਅਖ਼ੀਰ ਉਹ ਦਿਨ ਵੀ ਆਏ ਸਨ.... ਜਦੋਂ ਉਸ ਦੇ ਸੰਗੀ ਸਾਥੀ, ਪਤਾ ਨਹੀਂ ਕਿੱਥੇ, ਗੁੰਮ ਗੁਆਚ ਗਏ ਸਨ । 'ਹਤਿਆ' 'ਤੇ ਉਤਾਰੂ, ਆਪ 'ਆਤਮ-ਹੱਤਿਆ' ਦੇ ਰਾਹੇ ਪਏ ਸਨ, ਕੁਝ ਵਿਦੇਸ਼ ਗਏ ਸਨ, ਕੁਝ ਏਧਰ ਰਹੇ ਸਨ । ਥੋੜ੍ਹੀ ਦੇਰ ਲਈ ਤਾਂ ਵੱਡੇ ਵੱਡੇ ਨਾਂ ਵੀ, ਬੱਸ ਐਵੇਂ ਸਨ । .... ਇਹ ਨਕਸਲਵਾਦੀ ਲੇਖਕ, ਜਾਂ ਤਾਂ ਨਿਰਾਸ਼ਵਾਦੀ ਬਣ ਗਏ; ਜਾਂ ਅਵਸਰਵਾਦੀ ਬਣ ਗਏ ਅਤੇ ਜਾਂ ਫਿਰ ਅਸਤਿੱਤਵ-ਵਾਦੀ ਬਣ ਗਏ । ਵਕਤ ਬਦਲ ਗਏ । ਸਾਥੀ ਬਦਲ ਗਏ । ਫਲਸਫ਼ੇ ਬਦਲ ਗਏ । ... ਪੰਡਿਤ ਮਾਨ ਸਿੰਘ ਉਰਫ਼ ਕਾਲੀਦਾਸ ਗੁੱਜਰਾਂਵਾਲੀਆਂ ਦੇ ਕਹਿਣ ਮੁਤਾਬਕ:

ਸਾਬਤ ਰਹੇ ਆਖ਼ਰ ਦੋਵੇਂ ਗੁਰੂ-ਚੇਲਾ,
ਆਸਣ ਹੋਰਨਾਂ ਦੇ ਹੇਠੋਂ ਸਿੱਲ੍ਹ ਗਏ ।

ਇਸ ਦੌਰ ਦੇ ਲੇਖਕਾਂ 'ਚੋਂ ਸਾਬਤ-ਸਬੂਤੇ ਨਿਕਲਣ ਵਾਲਿਆਂ 'ਚੋਂ ਦੋ ਨਾਂ ਹੀ ਮੁੜ-ਘਿੜ ਕੇ ਸਾਹਮਣੇ ਆਉਂਦੇ ਹਨ: ਵਰਿਆਮ ਸੰਧੂ ਅਤੇ ਅਮਰਜੀਤ ਚੰਦਨ! ...ਪਤਾ ਨਹੀਂ ਇਨ੍ਹਾਂ 'ਚੋਂ ਗੁਰੂ ਕੌਣ ਹੈ ਤੇ ਚੇਲਾ ਕੌਣ? ਖ਼ੈਰ, ਇਹ ਫੈਸਲਾ ਤੁਹਾਡੇ 'ਤੇ....

***

ਪੰਜਾਬੀ ਲੇਖਕਾਂ ਦੀ (ਉਮਰ-ਪੱਖੋਂ) ਵਰਿਆਮ ਸੰਧੂ ਵਾਲੀ ਪੀੜ੍ਹੀ ਕਿਸੇ ਹੱਦ ਤੱਕ, ਬਰਾਸਤਾ 'ਨਾਗਮਣੀ' ਹੀ ਪ੍ਰਵਾਨ ਚੜ੍ਹੀ ਹੈ । ਪਤਾ ਨਹੀਂ ਵਰਿਆਮ ਕਿਵੇਂ ਬਚ ਗਿਆ! ਸ਼ਾਇਦ ਏਸੇ ਲਈ ਉਸ ਦੀਆਂ ਕਹਾਣੀਆਂ ਵਿੱਚ ਨਾਗਮਣੀ-ਨੁਮਾ ਸ਼ਬਦ ਸੁਹੱਪਣ ਨਹੀਂ ਆ ਸਕਿਆ । ਉਹ ਨਾਗਮਣੀ ਦਾ ਪਾਠਕ ਕਦੇ ਵੀ ਨਹੀਂ ਰਿਹਾ । ਉਹ ਦਾ ਸੰਗਾਊ ਸੁਭਾਅ ਕਈ ਵਾਰ ਕੁੜੀਆਂ ਤੋਂ ਵੀ ਟੱਪ ਜਾਂਦਾ ਹੈ । ਲੱਗਦਾ ਹੈ ਇਸੇ ਕਰਕੇ ਉਹ ਕੁੜੀਆਂ ਦਾ ਕਹਾਣੀਕਾਰ ਨਹੀਂ ਬਣ ਸਕਿਆ । ਉਂਜ ਵੀ ਜੇ ਕਿਤੇ ਉਹ ਨਾਗਮਣੀ ਵਿੱਚ ਛਪਣਾ ਸ਼ੁਰੂ ਕਰ ਦੇਂਦਾ ਤਾਂ ਹੋਰ ਕਿਸੇ ਲੇਖਕ ਦੀ ਵਾਰੀ ਹੀ ਨਹੀਂ ਸੀ ਆਉਣੀ ਕਿਉਂਕਿ ਉਹਦੀ ਕਹਾਣੀ ਲਈ ਤਾਂ ਪਰਚੇ ਨੂੰ ਪੂਰਾ ਅੰਕ ਅਰਪਿਤ ਕਰਨਾ ਪੈਣਾ ਸੀ । ਲਘੂ-ਪਰਚਿਆਂ ਦੇ ਇਸ ਯੁੱਗ ਵਿੱਚ ਸੰਧੂ ਜਿੱਡੀ ਲੰਬੀ ਕਹਾਣੀ ਵੀ ਤਾਂ ਇੱਕ ਅਪਵਾਦ ਹੀ ਹੈ ਨਾ!

ਸੰਧੂ ਲੰਬੇ ਕੱਦ ਦਾ ਹੈ, ਏਸੇ ਲਈ ਲੰਬੀਆਂ ਕਹਾਣੀਆਂ ਲਿਖਦਾ ਹੈ । ਪਰ ਇਹ ਸਿੱਧਾਂਤ ਹਰ ਇੱਕ 'ਤੇ ਲਾਗੂ ਨਹੀਂ ਹੁੰਦਾ । ਉਸ ਤੋਂ ਪਿੱਛੋਂ ਕਈਆਂ ਹੋਰਨਾਂ ਨੇ ਵੀ ਆਪਣੀ ਕਹਾਣੀ ਦਾ ਕੱਦ ਵਧਾਉਣਾ ਚਾਹਿਆ ਪਰ ਕਹਾਣੀ ਬਣੀ ਨਹੀਂ ਸਗੋਂ ਲਮਕ ਗਈ । ਮੁਆਫ਼ ਕਰਨਾ :

ਪੀਠ ਊਂਚੀ ਊਂਠ ਕੀ, ਉਂਚਾਈ ਸੇ ਨਹੀਂ ਹੋਤੀ
ਹੋਤੀ ਹੀ ਹੈ, ਹੋਤੀ ਹੀ ਹੈ, ਪੀਠ ਊਂਚੀ ਊਂਠ ਕੀ...

ਉੱਚਾਈ ਤੋਂ ਮੈਨੂੰ ਇੱਕ ਹੋਰ ਪ੍ਰਸੰਗ ਯਾਦ ਆ ਰਿਹਾ ਹੈ । ਕਹਿੰਦੇ ਨੇ: ਜਨਮ ਸਮੇਂ ਵੱਛੇ ਦਾ ਕੱਦ ਹਾਥੀ ਦੇ ਬੱਚੇ ਤੋਂ ਉੱਚਾ ਹੁੰਦਾ ਹੈ । ਕਾਫ਼ੀ ਅਰਸਾ ਹਾਥੀ ਦਾ ਬੱਚਾ, ਵੱਛੇ ਤੋਂ ਛੋਟਾ ਜਾਪਦਾ ਰਹਿੰਦਾ ਹੈ । ਪਰ ਇੱਕ ਖ਼ਾਸ ਉਮਰ ਤੋਂ ਬਾਦ ਵੱਛੇ ਦਾ ਵਿਕਾਸ ਰੁੱਕ ਜਾਂਦਾ ਹੈ ਤੇ ਹਾਥੀ ਕੱਦ ਕੱਢ ਜਾਂਦਾ ਹੈ । ਸਾਡੇ ਸਮਿਆਂ ਵਿੱਚ ਵੀ ਇੰਜ ਹੋਇਆ ਹੈ; ਪੰਜਾਬੀ ਕਹਾਣੀ ਵਿੱਚ ਵੀ ਇੰਜ ਹੋਇਆ ਹੈ । ਸਾਡੇ ਦੋ ਕਹਾਣੀਕਾਰਾਂ ਨੂੰ ਸ਼ੁਹਰਤ ਬਹੁਤ ਪਛੜ ਕੇ ਮਿਲੀ ਹੈ ਪਰ ਜਦੋਂ ਮਿਲੀ ਹੈ ਉਦੋਂ ਛਾ ਗਈ ਹੈ । ਇਹ ਦੋ ਨਾਂ ਨੇ : ਪ੍ਰੇਮ ਪ੍ਰਕਾਸ਼ ਤੇ ਵਰਿਆਮ ਸੰਧੂ । ਨਵੀਂ ਕਹਾਣੀ ਵਿੱਚ (ਵਿਰਕ ਤੋਂ ਬਾਦ) ਇਨ੍ਹਾਂ ਨੇ ਨਵੇਂ ਟਰੈਂਡ ਸੈੱਟ ਕੀਤੇ ਹਨ । ਭਾਵੇਂ ਕਈਆਂ ਨੂੰ ਇਤਰਾਜ਼ ਹੋਵੇ ਤਾਂ ਵੀ ਮੈਂ ਇੱਕ ਸ਼ੇਅਰ ਜ਼ਰੂਰ ਦੁਹਰਾਵਾਂਗਾ ਕਿਉਂਕਿ ਸ਼ੇਅਰ ਕਿਹਾ ਹੋਇਆ ਤਾਂ ਮੇਰਾ ਹੈ ਪਰ ਭਾਵਨਾ ਸਾਡੇ ਪਾਠਕਾਂ ਦੀ ਹੈ ।

ਸ਼ੇਅਰ ਹੈ :

ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ,
ਬਾਕੀ ਅੱਧਾ ਹੈ ਪ੍ਰੇਮ ਪ੍ਰਕਾਸ਼ ਸਾਡਾ ।

ਤੁਹਾਡੀ ਸਹਿਮਤੀ ਉਡੀਕੇ ਬਿਨਾਂ ਮੈਂ ਆਪਣੀ ਗੱਲ ਜਾਰੀ ਰੱਖਣ ਦੀ ਇਜਾਜ਼ਤ ਚਾਹੁੰਦਾ ਹਾਂ ।

1987 ਦਸੰਬਰ ਦੇ ਅਖ਼ੀਰ ਦੀ ਗੱਲ ਹੈ । ਅਜੀਤ ਕੌਰ ਨੇ 'ਵਿਸ਼ਾਲ' ਕਹਾਣੀ ਦਰਬਾਰ ਕਰਵਾਇਆ ਸੀ, ਦਿੱਲੀ ਦੀ ਪੰਜਾਬੀ ਸਾਹਿੱਤ ਅਕਾਦਮੀ ਦੇ ਸਹਿਯੋਗ ਨਾਲ । ਪਾਕਿਸਤਾਨੀ ਪੰਜਾਬ ਦੇ ਚਾਰ ਕੱਦਾਵਰ ਕਹਾਣੀਕਾਰ ਵੀ ਆਏ ਸਨ । ਉੱਥੇ ਸੰਧੂ ਨੇ ਕਹਾਣੀ ਪੜ੍ਹੀ ਸੀ; ਚੌਥੀ ਕੂਟ । ਸਫ਼ਰ ਵਿੱਚ ਤਾਜ਼ਾ ਤਾਜ਼ਾ ਲਿਖੀ ਹੋਈ ਕਹਾਣੀ, ਜਿਸ ਦੀ ਅਜੇ, ਪੂਰੀ ਤਰ੍ਹਾਂ, ਨੋਕ ਪਲਕ ਵੀ ਨਹੀਂ ਸੀ ਸਵਾਰੀ ਗਈ । 'ਇੱਕ ਨਿੱਕੀ ਜਿਹੀ ਕਹਾਣੀ' ਕਹਿ ਕੇ ਸੰਧੂ ਨੇ ਸੁਣਾਉਣ ਦੀ ਇਜਾਜ਼ਤ ਮੰਗੀ ਸੀ । ਹੈ ਵੀ ਨਿੱਕੀ ਕਹਾਣੀ ਸੀ, ਪਰ 'ਨਿੱਕੀ' ਨਹੀਂ ਸੀ । 'ਲੰਬਾ ਸੰਧੂ' ਨਿੱਕੀ ਕਹਾਣੀ ਵੀ ਕਹੇਗਾ ਤਾਂ ਨਿੱਕੀ ਨਾਲੋਂ ਲੰਬੀ ਹੀ ਕਹੇਗਾ । ਹਾਜ਼ਰ ਸੰਪਾਦਕ-ਗਣ ਉਸ ਕਹਾਣੀ ਦੀ ਮੰਗ ਕਰਦੇ ਰਹੇ ਪਰ ਕਹਾਣੀਕਾਰ ਦਾ ਇਸ਼ਕ 'ਸਿਰਜਣਾ' ਨਾਲ ਹੈ । ਬੇਵਫ਼ਾਈ ਕਿਵੇਂ ਕਰ ਸਕਦਾ ਸੀ । ਲੇਖਕ ਦੀ 'ਪ੍ਰਤਿਬਧਤਾ' ਦਾ ਵੀ ਕੋਈ ਮਾਅਨਾ ਹੁੰਦਾ ਹੈ ।

***

1989 ਫ਼ਰਵਰੀ ਦੇ ਅਖ਼ੀਰ ਦੀ ਗੱਲ ਹੈ । ਸੰਧੂ ਨੂੰ 'ਕੁਲਵੰਤ ਸਿੰਘ ਵਿਰਕ' ਦੇ ਨਾਂ 'ਤੇ ਸਥਾਪਿਤ ਕੀਤਾ ਗਿਆ ਪਹਿਲਾ ਪੁਰਸਕਾਰ ਮਿਲਿਆ ਹੈ । ਵਿਰਕ ਤੇ ਸੰਧੂ ਆਪਸ ਵਿੱਚ ਅਕਸਰ ਮਿਲਦੇ ਰਹਿੰਦੇ ਸਨ; ਇਹੋ ਪੁਰਸਕਾਰ ਵੀ ਮਿਲਦੇ ਗਿਲਦੇ ਰਹਿਣਗੇ ਪਰੰਤੂ ਇਹ ਪੁਰਸਕਾਰ ਲਾਇਲਪੁਰ ਖਾਲਸਾ ਕਾਲਜ ਦੇ ਅਹਾਤੇ ਵਿੱਚ ਮਿਲਣਾ ਇੱਕ ਇਤਿਹਾਸਕ ਘਟਨਾ ਹੈ । ਇਸੇ ਕਾਲਿਜ ਵਿੱਚ ਵਰਿਆਮ ਪਿੱਛੇ ਜਿਹੇ ਪੰਜਾਬੀ ਦਾ ਪ੍ਰਾਧਿਆਪਕ ਨਿਯੁਕਤ ਹੋਇਆ ਹੈ । ਪਬਲਿਕ ਸਰਵਿਸ ਕਮਿਸ਼ਨ ਵਾਲਿਆਂ ਨੂੰ ਉਹਦੀ ਯੋਗਤਾ ਵਿੱਚ 'ਪ੍ਰਤਿਬੱਧਤਾ' ਦੀ ਕਸਰ ਨਜ਼ਰ ਆਉਂਦੀ ਰਹੀ ਹੈ, ਇਸ ਲਈ ਉਸਨੂੰ ਹੁਣ ਤਕ ਸਕੂਲ ਬੋਰਡ ਦੀਆਂ ਕਿਤਾਬਾਂ ਹੀ ਪੜ੍ਹਉਣੀਆਂ ਪਈਆਂ ਹਨ । ਇੱਕ ਵਾਰ ਆਦਰਸ਼ ਸਕੂਲ ਵਿੱਚ ਨਿਯੁਕਤੀ ਹੋ ਗਈ ਸੀ ਪਰ ਉਹ ਵਾਪਿਸ 'ਆਨੇ ਵਾਲੀ ਥਾਂ' ਆ ਗਿਆ ਕਿਉਂਕਿ ਉਸਦਾ ਆਪਣਾ ਵੀ ਤਾਂ ਕੋਈ 'ਆਦਰਸ਼' ਹੈ ...ਸਕੂਲ ਮਾਸਟਰੀ ਤੋਂ ਤਰੱਕੀ ਕਰਕੇ 'ਪ੍ਰੋਫੈਸਰ' ਬਣਨ ਵਾਲੇ ਹੋਰ ਵੀ ਕਈ ਲੇਖਕ ਹਨ । ਜਿਨ੍ਹਾਂ 'ਚੋਂ ਇੱਕ 'ਮੜੀ ਦੇ ਦੀਵੇ' ਵਾਲਾ ਗੁਰਦਿਆਲ ਸਿੰਘ ਹੈ । ਜਦੋਂ ਉਹਨੂੰ ਸਾਹਿੱਤ ਅਕਾਦਮੀ ਪੁਰਸਕਾਰ ਮਿਲਿਆ ਤਾਂ ਉਹ ਫਰੀਦਕੋਟ ਦੇ ਸਰਕਾਰੀ ਕਾਲਿਜ ਵਿੱਚ ਪੜ੍ਹਾਉਦਾ ਸੀ । ਇਨਾਮ ਦੀ ਖ਼ਬਰ ਸੁਣ ਕੇ ਕਈ ਸਟਾਫ ਮੈਂਬਰ ਉਸਨੂੰ ਵਧਾਈਆਂ ਦੇ ਰਹੇ ਸਨ । ਇੱਕ 'ਕੁਲੀਗ' (ਜੋ ਬਾਅਦ ਵਿੱਚ ਪੀ. ਐਚ. ਡੀ. ਕਰਕੇ ਵਿਦਵਾਨ ਅਖਵਾ ਰਿਹਾ ਹੈ ।) ਉਸਨੂੰ ਗੰਭੀਰ ਹੋ ਕੇ ਪੁੱਛਣ ਲੱਗਾ: ਭਾਈ ਸਾਹਿਬ, ਆਹ ਜਿਹੜਾ ਅਕਾਦਮੀ ਐਵਾਰਡ ਮਿਲਿਆ ਹੈ, ਇਹ ਤਾਂ ਨਾਵਲਕਾਰ ਗੁਰਦਿਆਲ ਸਿੰਘ ਨੂੰ ਮਿਲਿਆ ਹੈ । ਇਹ ਲੋਕ ਤੁਹਾਨੂੰ ਵਧਾਈਆਂ ਕਿਉਂ ਦੇ ਰਹੇ ਹਨ? ....ਗੁਰਦਿਆਲ ਆਪਣੀਆਂ ਕਮਜ਼ੋਰ ਮੁੱਛਾਂ ਹੇਠ ਹਾਸੇ ਨੂੰ ਛੁਪਾਉਂਦਾ ਹੋਇਆ ਕਹਿਣ ਲੱਗਾ: ਛੱਡ ਯਾਰ, ਇਹ ਲੋਕ ਤਾਂ ਮੈਨੂੰ ਮਖ਼ੌਲ ਕਰ ਰਹੇ ਨੇ! 'ਵਿਦਵਾਨ' ਨੇ ਸੁੱਖ ਦਾ ਸਾਹ ਲੈਂਦਿਆਂ ਫ਼ਿਕਰਾ ਬੋੋਲਿਆ: ਮੈਂ ਵੀ ਕਹਾਂ, ਇਹ ਮਾਜਰਾ ਕੀ ਹੈ, ਹੀ... ਹੀ... ਹੀ... ਉਮੀਦ ਹੈ ਕਿ ਲਾਇਲਪੁਰ ਖਾਲਸਾ ਕਾਲਜ ਦੇ ਵਿਦਵਾਨਾਂ 'ਚੋਂ ਕਿਸੇ ਨੂੰ ਇਹੋ ਜਿਹੀ ਸ਼ਿਕਾਇਤ ਨਹੀਂ ਹੋਵੇਗੀ ।

ਪੰਜਾਬੀ ਕਿੱਸਾ-ਕਹਾਣੀ ਨੂੰ ਸੰਧੂਆਂ ਦੀ ਦੇਣ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ । ਪੂਰਨ ਦਾ ਭਗਤ ਕਾਦਰਯਾਰ ਸੰਧੂ ਸੀ, ਤੇਈ ਮਾਰਚ ਨੂੰ ਸ਼ਹੀਦ ਹੋਣ ਵਾਲਾ ਪਾਸ਼ ਸੰਧੂ ਸੀ, ਸਾਡੇ ਕੋਲ ਇੱਕ ਸੰਤ ਸਾਧੂ ਵੀ ਹੈ, ਸ਼ਮਸ਼ੇਰ ਸੰਧੂ ਹੈ, ਸਵਰਾਜ ਸੰਧੂ ਹੈ । ਗੁਲਜ਼ਾਰ ਸੰਧੂ ਹੈ । ਗੁਲਜ਼ਾਰ ਦੇ ਨਾਂ ਤੋਂ ਇੱਕ ਘਟਨਾ ਯਾਦ ਆ ਗਈ । ਇੱਕ ਦਿਨ ਸਵਰਗੀ ਮਹਿੰਦਰ ਸਿੰਘ ਰੰਧਾਵਾ ਨਵੇਂ ਲੇਖਕਾਂ/ਅਧਿਆਪਕਾਂ ਨਾਲ ਗੱਲ-ਬਾਤ ਕਰ ਰਿਹਾ ਸੀ । ਰੰਧਾਵੇ ਨੇ ਪੁੱਛ ਲਿਆ : ਕਿਸੇ ਨਵੇਂ ਤੇ ਚੰਗੇ ਕਹਾਣੀਕਾਰ ਦਾ ਨਾਂ ਲਉ । ਮੋਹਨ ਭੰਡਾਰੀ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ ਅਤੇ ਗੁਲ ਚੌਹਾਨ ਆਦਿ ਦੇ ਨਾਂ ਲਏ ਗਏ । ਰੰਧਾਵਾ ਸੁਣੀ ਗਿਆ । ਜਦੋਂ ਵਰਿਆਮ ਸੰਧੂ ਦਾ ਨਾਂ ਕਿਸੇ ਨੇ ਲਿਆ ਤਾਂ ਤ੍ਰਬਕ ਪਿਆ, ਕਹਿਣ ਲੱਗਾ : ਸੰਧੂ? ... ਕਿਹੜਾ ਸੰਧੂ? ਗੁਲਜ਼ਾਰ ਤਾਂ ਨਵਾਂ ਨਹੀਂ... ਜਦੋਂ ਦੱਸਿਆ ਗਿਆ ਕਿ ਗੁਲਜ਼ਾਰ ਨਹੀਂ ਵਰਿਆਮ ਸੰਧੂ ਦਾ ਨਾਂ ਲਿਆ ਗਿਆ ਹੈ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਰ ਸਿੰਘ ਪਿੰਡ ਵਿੱਚ ਰਹਿੰਦਾ ਹੈ ਅਤੇ ਸਕੂਲ ਵਿੱਚ ਨਿਆਣੇ ਪੜ੍ਹਾਉਂਦਾ ਹੈ ਤਾਂ ਰੰਧਾਵਾ ਤਾਅ ਖਾ ਗਿਆ, ਅਖੇ: ਜੇ ਕੋਈ ਸੰਧੂ ਵਧੀਆ ਕਹਾਣੀਆਂ ਲਿਖਦਾ ਹੈ ਤਾਂ ਹੁਣ ਤਕ ਮੈਨੂੰ ਮਿਲਿਆ ਕਿਉਂ ਨਹੀਂ? ਉਸ ਨੂੰ ਕਹਿਉ, ਮੈਨੂੰ ਮਿਲੇ । ...ਓਦੋਂ ਰੰਧਾਵਾ ਚੰਡੀਗੜ੍ਹ ਸਥਿਤ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਸੀ । ...ਪਤਾ ਨਹੀਂ ਕਿਸੇ ਨੇ ਸੰਧੂ ਤੀਕ ਰੰਧਾਵੇ ਦਾ ਸੁਨੇਹਾ ਪੁਚਾਇਆ ਕਿ ਨਹੀਂ, ਪਤਾ ਨਹੀਂ ਇਸ ਸੰਬੰਧ ਵਿੱਚ ਕੋਈ ਜਣਾ ਸੰਧੂ ਨੂੰ ਮਿਲਿਆ ਕਿ ਨਹੀਂ ਪਰ ਅਗਲੇ ਵਰ੍ਹੇ ਦਾ ਕੌਂਸਲ ਦਾ ਪੁਰਸਕਾਰ ਜ਼ਰੂਰ ਵਰਿਆਮ ਨੂੰ ਮਿਲ ਗਿਆ, ਪਰ ਵਰਿਆਮ ਨੂੰ ਅਫ਼ਸੋਸ ਹੈ ਕਿ ਇਹ ਰਹੱਸ ਉਸ ਲਈ ਰੰਧਾਵੇ ਦੇ ਤੁਰ ਜਾਣ ਪਿੱਛੋਂ ਖੁੱਲ੍ਹਿਆ । ਕਾਸ਼, ਕੋਈ ਸੱਜਣ ਪਹਿਲਾਂ ਦੱਸ ਦਿੰਦਾ ਤਾਂ ਚੰਡੀਗੜ੍ਹ ਵਿੱਚ ਇੱਕ ਅੱਧ ਪਲਾਟ ਹੀ ਅਲਾਟ ਕਰਵਾ ਲੈਂਦੇ । ਖ਼ੈਰ...

***

ਮੁਲਾਕਾਤਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ । ਪਰ ਇੱਕ ਦਿਨ ਮੈਂ ਮੁਲਾਕਾਤ ਦਾ 'ਫ਼ਾਇਦਾ' ਵੀ ਉਠਾਉਣਾ ਚਾਹਿਆ ਸੀ । ਵਰਿਆਮ ਸੰਧੂ ਨਾਲ ਢੇਰਾਂ ਦੇ ਢੇਰ ਗੱਲਾਂ-ਬਾਤਾਂ ਕੀਤੀਆਂ; ਨੋਟ ਵੀ ਕੀਤੀਆਂ । ਏਨਾ ਮਸਾਲਾ ਇਕੱਠਾ ਹੋ ਗਿਆ ਕਿ ਪੀ. ਐੱਚ. ਡੀ. ਦਾ ਥੀਸਿਸ ਲਿਖਿਆ ਜਾ ਸਕਦਾ ਸੀ । ਤੱਥ ਤੇ ਆਂਕੜੇ, ਘਟਨਾਵਾਂ ਤੇ ਦੁਰ-ਘਟਨਾਵਾਂ, ਘਰ-ਪਰਿਵਾਰ ਤੇ ਕਾਰੋਬਾਰ... ਕੋਈ ਅੰਤ ਨਹੀਂ ਸੀ ਗੱਲਾਂ ਦਾ । ਜਿਸ ਕਾਪੀ ਉੱਤੇ ਇਹ ਸਭ ਕੁਝ ਨੋਟ ਕੀਤਾ ਸੀ, ਉਹ ਕਾਪੀ ਟਾਈਪਰਾਈਟਰ ਵਾਲੇ ਮੇਜ਼ ਉੱਤੇ ਕਈ ਦਿਹਾੜੇ ਪਈ ਰਹੀ । ਇੱਕ ਦੋ ਵਾਰ ਖੋਲ੍ਹ ਕੇ ਪੜ੍ਹੀ ਵੀ ਪਰ 'ਆਰਟੀਕਲ' ਲਿਖਣ ਦਾ ਮੂਡ ਹਮੇਸ਼ਾ ਅੱਗੇ ਹੀ ਪੈਂਦਾ ਰਿਹਾ । ਹੁਣ ਜਦੋਂ ਮੂਡ ਬਣਿਆ ਹੈ ਤਾਂ, ਸੌ ਯਤਨ ਕਰਨ ਦੇ ਬਾਵਜੂਦ ਵੀ, ਉਹ ਕਾਪੀ ਨਹੀਂ ਥਿਆ ਰਹੀ । ਉਸ ਤੋਂ ਬਿਨਾਂ ਹੀ ਸਾਰਨਾ ਪੈ ਰਿਹਾ ਹੈ । ਕਲਪਨਾ ਦੇ ਸ਼ੀਸ਼ੇ ਵਿੱਚ ਵਰਿਆਮ ਦਾ ਅਕਸ ਨਵੇਂ ਸਿਰਿਉਂ ਉਤਾਰਨਾ ਪੈ ਰਿਹਾ ਹੈ । ਆਪਣੀ ਅਣਗਹਿਲੀ ਮੂਹਰੇ ਇੱਕ ਵਾਰ ਫੇਰ ਹਾਰਨਾ ਪੈ ਰਿਹਾ ਹੈ । ...ਪਰ ਹਿੰਮਤ ਹਾਰਨ ਵਾਲੀ ਕੋਈ ਗੱਲ ਨਹੀਂ । ਜੋ ਕੁਝ ਵਰਿਆਮ ਨੇ ਮੈਨੂੰ ਦੱਸਿਆ ਸੀ ਉਹ ਕੁਝ ਤਾਂ ਉਹ ਕਦੇ ਵੀ ਆਪਣੀ ਆਤਮ-ਕਥਾ ਵਿੱਚ, ਮੇਰੇ ਨਾਲੋਂ ਬਿਹਤਰ ਢੰਗ ਨਾਲ, ਲਿਖ ਸਕਦਾ ਹੈ । ਮੈਨੂੰ ਗੁਆਚੇ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਸਗੋਂ ਕਿਸੇ ਨਾ ਕਿਸੇ ਤਰ੍ਹਾਂ ਇਹ 'ਬਿੰਬ' ਸੰਪੂਰਨ ਕਰਨਾ ਚਾਹੀਦਾ ਹੈ ।

ਸਿਆਣੇ ਕਿਹਾ ਕਰਦੇ ਨੇ: ਤਾਲੋਂ ਘੁੱਥੀ ਡੂਮਣੀ, ਗਾਵੇ ਆਲ ਬੇਤਾਲ । ...ਦੋਸਤੋ, ਆਲ-ਬੇਤਾਲ ਹੀ ਸਹੀ! ਇਸ ਦੌਰ ਵਿੱਚ ਗਾਉਣਾ ਵੀ ਕਿਹੜਾ ਸੌਖਾ ਹੈ । ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਰਿਭਾਸ਼ਾ ਨੂੰ ਆਪੋ ਆਪਣੀ ਸ਼ਖ਼ਸੀਅਤ ਵੱਲ ਖਿੱਚਣ ਵਾਲੇ ਮਿਹਰਬਾਨ ਖ਼ਿਮਾ ਕਰਨ । ਮਾਹੌਲ ਹੀ ਇਹੋ ਜਿਹਾ ਹੈ ਕਿ ਜਿਹੋ ਜਿਹੀ ਵੀ ਹੋ ਸਕੇ, ਦਮ ਦੇ ਕੇ, ਗੱਲ ਕਰ ਹੀ ਦੇਣੀ ਚਾਹੀਦੀ ਹੈ । ਦਮ ਦਾ ਕੀ ਭਰੋਸਾ । ਪੰਜਾਬੀ ਲੇਖਕਾਂ ਨੂੰ ਤਾਂ ਲੋਕ-ਕਵੀ ਸੁਥਰੇ ਦੀ ਕਹਾਣੀ ਸੌ-ਫ਼ੀ-ਸਦੀ ਭੁਗਤਣੀ ਪੈ ਰਹੀ ਹੈ:

ਹੱਥ ਦੀ ਹੱਥ ਵਿੱਚ ਰਹਿ ਗਈ,
ਮੂੰਹ ਵਿੱਚ ਰਿਹਾ ਗਰਾਹ¨
ਲੱਖ ਲਾਹਨਤ ਉਏ ਸੁਥਰਿਆ;
ਜੇ ਦਮ ਦਾ ਕਰੇਂ ਵਸਾਹ¨

ਅਤੇ ਜੇਕਰ ਇਹੋ ਜਿਹੇ ਮਾਹੌਲ ਵਿੱਚ ਵੀ, ਇਹੋ ਜਿਹੇ ਮਾਹੌਲ ਬਾਰੇ, ਕੋਈ 'ਭੱਜੀਆਂ ਬਾਹੀਂ' ਅਤੇ 'ਚੌਥੀ ਕੂਟ' ਵਰਗੀਆਂ ਕਹਾਣੀਆਂ ਲਿਖ ਸਕਦਾ ਹੈ ਤਾਂ ਭਲਾ ਉਹ ਵਰਿਆਮ ਸੰਧੂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ?... ਸੁਰ ਸਿੰਘ ਵਾਲਾ ਵਰਿਆਮ ਸਿੰਘ... ਬਹੁਤੇ ਲੋਕ ਜਿਸਨੂੰ ਵਰਿਆਮ ਸਿੰਘ ਵਲਦ ਸੁਰ ਸਿੰਘ ਕਰਕੇ ਹੀ ਜਾਣਦੇ ਹਨ । ...ਚਲੋ, ਜਾਣਦੇ ਤਾਂ ਹਨ; 'ਸਾਕਨ' ਵੀ ਤਾਂ 'ਵਲਦ' ਹੀ ਹੁੰਦਾ ਹੈ । ਅਤੇ ਚੰਗੀ ਗੱਲ ਹੈ ਕਿ ਇਹ ਵੱਖਰੀ ਸੁਰ ਵਾਲਾ ਸਿੰਘ, ਸੁਰ ਸਿੰਘ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ ।

ਕਹਾਣੀਆਂ ਦੀਆਂ ਸਿਰਫ਼ ਦੋ ਅਦਦ ਕਿਤਾਬਾਂ (ਅੰਗ ਸੰਗ ਅਤੇ ਭੱਜੀਆਂ ਬਾਹੀਂ) ਲਿਖਕੇ ਜਿਹੜਾ ਸ਼ਖ਼ਸ ਨਵੇਂ ਕਹਾਣੀਕਾਰਾਂ ਦੀ ਮੂਹਰਲੀ ਕਤਾਰ ਵਿੱਚ ਨਿੱਠ ਕੇ ਬਹਿ ਸਕਦਾ ਹੈ, ਉਸ ਨੂੰ ਪੁੱਛੋ ਕਿ ਲੋਹੇ ਦੇ ਹੱਥਾਂ ਵਾਲੀਆਂ ਬਾਹਾਂ ਜਦੋਂ ਕਿਸੇ ਦੇ ਅੰਗ ਸੰਗ ਹੋਣ ਤਾਂ ਉਹ ਭੱਜੀਆਂ ਬਾਹੀਂ ਕਿਵੇਂ ਬਣ ਜਾਂਦੀਆਂ ਹਨ? ... ਉਸ ਦਾ ਜਵਾਬ ਹੋਵੇਗਾ ਕਿ ਲੋਹੇ ਦੇ ਹੱਥ ਤਾਂ ਕਵਿਤਾ ਵਰਗੀ ਕੋਰੀ ਭਾਵੁਕਤਾ ਸੀ ... ਜੇਕਰ ਤੁਸੀਂ ਕਹਾਣੀਆਂ ਦੇ ਅੰਗ ਸੰਗ ਰਹੋ ਤਾਂ ਭੱਜੀਆਂ ਬਾਹੀਂ ਕਿਤੇ ਨਹੀਂ ਜਾਣਗੀਆਂ, ਗਲਾਂ ਨੂੰ ਭੱਜੀਆਂ ਆਉਣੀਆਂ... ਘਾਣੀ ਗੇੜ ਤੇ ਸਿਲਸਲਾ ਆਹ ਈ...

ਵਰਿਆਮ ਵਿੱਚ ਗੱਲ ਦੀ ਤਹਿ ਤੱਕ ਪੁੱਜਣ ਦਾ ਜੇਰਾ ਹੈ, ਸਬਰ ਹੈ । ਉਹ ਉਡੀਕ ਕਰ ਸਕਦਾ ਹੈ । ਸਾਲ ਵਿੱਚ ਮਰ ਕੇ, ਇੱਕ ਜਾਂ ਦੋ ਕਹਾਣੀਆਂ ਉਸ ਦੀ ਔਸਤ ਆਮਦਨ ਹੈ । ਏਨੀ ûੜ ਵਾਲੀ ਪੂੰਜੀ ਨਾਲ ਵੀ ਜੇ ਉਹ ਕ੍ਰਿਸ਼ਮਾ ਕਰ ਜਾਂਦਾ ਹੈ ਤਾਂ ਉਸ ਦੀ ਕਲਾ ਹੀ ਸਮਝੋ । ਲੱਗਦਾ ਹੈ ਜਿਵੇਂ ਉਸ ਦੇ ਹੱਥ ਕੋਈ 'ਅਕਲ ਵਾਲੀ ਕਾਪੀ' ਜ਼ਰੂਰ ਲੱਗ ਗਈ ਹੈ । ਉਹ ਤਾਂ 'ਡੁੰਮ੍ਹ' 'ਚੋਂ ਡੁੱਬੀਆਂ ਸੱਚਾਈਆਂ ਵੀ ਕੱਢ ਲਿਆਉਂਦਾ ਹੈ । ਉਸ ਨੂੰ ਪਤਾ ਹੈ ਕਿ ਅਸਲੀ ਤੇ ਵੱਡੀ ਹੀਰ ਕਿਹੜੀ ਹੈ । ਉਹ ਆਪੇ ਦਾ ਵਿਸ਼ਲੇਸ਼ਣ ਕਰਨਾ ਵੀ ਜਾਣਦਾ ਹੈ । ਉਹ ਪ੍ਰਗਤੀਵਾਦੀ ਭਵਿੱਖ ਦੇ ਨਕਸ਼ ਪਛਾਣਦਾ ਹੈ; ਜਾਂ ਇਉਂ ਕਹਿ ਲਵੋ ਕਿ ਉਹ ਆਪਣੇ ਆਪੇ ਦੇ ਹਾਣ ਦਾ ਹੈ; ਉਹ ਆਪਣਾ 'ਟਾਈਪ' ਨਹੀਂ ਬਣਿਆ । ਉਹ ਤੁਰਿਆ ਹੈ, ਲਗਾਤਾਰ ਤੁਰਿਆ ਹੈ । ਅਤੇ ਤੁਰਦਿਆਂ ਤੁਰਦਿਆਂ ਹੀ ਉਹ ਨੂੰ ਕਿਸੇ ਨਵੀਂ ਕਹਾਣੀ ਦਾ ਫੁਰਨਾ ਫੁਰਿਆ ਹੈ । ਆਪਣੀ ਹਰ ਕਹਾਣੀ ਦੇ ਵਜੂਦ ਵਿੱਚ ਉਹ ਥੋੜ੍ਹਾ ਬਹੁਤ ਭੁਰਿਆ ਹੈ । ਕਹਾਣੀ ਵਿੱਚ ਰੰਗ ਭਰਨ ਲਈ ਉਹਦੀ ਆਪਣੀ ਸ਼ਖ਼ਸੀਅਤ ਦਾ ਕੋਈ ਨਾ ਕੋਈ ਕੋਨਾ ਜ਼ਰੂਰ ਖੁਰਿਆ ਹੈ । ... ਉਹ ਨਕਸਲਵਾਦੀ ਲਹਿਰ ਵਿੱਚ ਵੀ ਕਾਬੂ ਆ ਗਿਆ ਅਤੇ ਖ਼ਾਲਿਸਤਾਨੀ ਲਹਿਰ ਵਿੱਚ ਵੀ । ਪੁਲਿਸ ਤਾਂ ਦੋਹੀਂ ਵਕਤੀਂ ਇੱਕੋ ਹੀ ਸੀ । ਜੇ ਵਕਤ ਬਦਲਣ ਨਾਲ ਪੁਲਿਸ ਦਾ ਕਿਰਦਾਰ ਬਦਲ ਜਾਏ ਤਾਂ ਕਹਾਣੀਕਾਰ ਨੂੰ ਸੌਖ ਰਹਿੰਦੀ ਹੈ । ਵਰਿਆਮ ਸੰਧੂ ਨੂੰ ਵੀ ਦੂਜੀ ਵਾਰ ਬਹੁਤਾ ਔਖਾ ਨਹੀਂ ਹੋਣਾ ਪਿਆ । ਸਿਰਫ਼ ਖੁਸ਼ਕ ਹੰਝੂਆਂ ਨਾਲ ਸਿਆਸਤ ਦੇ ਕਿਰਦਾਰ 'ਤੇ ਰੋਣਾ ਪਿਆ । ਲੈਨਿਨ ਨੇ ਕਿਹਾ ਸੀ : ਹਰ ਵਰਦੀ ਦੇ ਹੇਠਾਂ ਕਿਸਾਨ ਹੈ । ਵਰਿਆਮ ਸੰਧੂ ਨੂੰ ਇਸ ਕਥਨ 'ਤੇ ਇਤਮੀਨਾਨ ਹੈ!

ਦੋ ਦੋ ਕਿਤਾਬਾਂ ਲਿਖ ਕੇ ਮਸ਼ਹੂਰ ਹੋਣ ਵਾਲੇ ਲੇਖਕਾਂ ਦੀ ਪੰਜਾਬੀ ਵਿੱਚ ਘਾਟ ਨਹੀਂ । ਇਸ ਸ਼੍ਰੇਣੀ ਦੇ ਕਈ ਸੱਜਣ ਤਾਂ ਵੱਡੇ ਇਨਾਮ ਵੀ ਮਾਰ ਚੁੱਕੇ ਹਨ, ਮਸਲਨ ਮੀਸ਼ਾ, ਗੁਲਜ਼ਾਰ, ਆਹਲੂਵਾਲੀਆ... । ਘੱਟ ਲਿਖ ਕੇ ਸਥਾਪਿਤ ਅਥਵਾ ਅਰਧ- ਸਥਾਪਿਤ ਹੋਣ ਵਾਲੇ ਤਾਂ ਅਨੇਕ ਹਨ, ਭੁੱਲਰ, ਰੁਪਾਣਾ, ਭੰਡਾਰੀ, ਢੰਡ, ਜੋਗਾ ਸਿੰਘ, ਪ੍ਰਮਿੰਦਰਜੀਤ, ਕੈਰੋਂ, ਦੀਦ, ਦੇਵ, ਗੁਰਦੇਵ... । ਪਰੰਤੂ ਇੱਕੋ ਡਗੇ ਪਿੰਡ ਮੰਗਣ ਵਾਲਿਆਂ ਵਿੱਚ ਸਭ ਤੋਂ ੳੁੱਪਰ ਨਾਂ ਸੁਰਜੀਤ ਪਾਤਰ ਦਾ ਆਉਂਦਾ ਹੈ । ਇੱਕ ਨਿੱਕੀ ਜਿਹੀ ਗ਼ਜ਼ਲ-ਕਿਤਾਬੜੀ ਨਾਲ ਉਹਨੇ ਅਣਗਣਿਤ ਇਨਾਮ-ਅਕਰਾਮ ਫੁੰਡ ਲਏ ਹਨ । ਉਂਜ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਵੱਧ ਇਨਾਮਾਂ-ਸਨਮਾਨਾਂ ਨਾਲ ਲੱਦਿਆ ਜਾਣ ਵਾਲਾ ਸੰਪਾਦਕ ਲਿਖਾਰੀ ਹਰਭਜਨ ਹਲਵਾਰਵੀ ਹੈ । ਸ਼ਾਇਦ ਹੀ ਇਹ ਰਿਕਾਰਡ, ਇਸ ਸਦੀ ਵਿੱਚ, ਕੋਈ ਹੋਰ ਨੌਜਵਾਨ-ਕਰਾਂਤੀਕਾਰੀ ਤੋੜ ਸਕੇ; ... ਪਰ ਇਹਨਾਂ, ਘੱਟ ਲਿਖ ਕੇ ਵੱਧ ਪ੍ਰਾਪਤੀ ਕਰਨ ਵਾਲਿਆਂ ਵਿੱਚੋਂ ਵੀ ਵਰਿਆਮ ਸੰਧੂ ਦਾ ਬਿੰਬ ਬਿਲਕੁਲ ਅਲੱਗ ਹੈ : ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ!! ਇਸ ਵੱਖਰੇਪਨ ਦੀ ਨੁਹਾਰ ਉਸਦੀਆਂ ਕਹਾਣੀਆਂ ਵਿੱਚ ਹੈ; ਉਸਦੇ ਨਜ਼ਰੀਏ ਵਿੱਚ ਹੈ; ਉਸਦੇ ਸੁਭਾਅ ਵਿੱਚ ਹੈ; ਉਸਦੇ ਵਿਹਾਰ ਵਿੱਚ ਹੈ । ਕਹਿੰਦੇ ਨੇ ਕਿ ਉਹ 'ਗੱਲੀਂ' ਚੰਗਾ ਹੈ ਅਤੇ 'ਆਚਾਰੀਂ' ਵੀ ਬੁਰਾ ਨਹੀਂ । ਨੇਕ ਮੰਜ਼ਿਲ ਉੱਤੇ ਪਹੁੰਚਣ ਲਈ ਉਸ ਨੇ ਸਾਧਨ ਵੀ ਨੇਕ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ।

"ਟੁੱਟ-ਭੱਜ ਵਿੱਚੋਂ ਸੁਹਜ ਸਿਰਜ ਲੈਂਦੇ,
ਹੱਥ ਹੋਣ ਜੇਕਰ ਨੇਕ ਚੰਦ ਵਰਗੇ¨

***

ਕਿਸੇ ਲੇਖਕ ਦੀ ਇਕਲੌਤੀ ਕਹਾਣੀ ਵੀ ਉਸਨੂੰ ਹਮੇਸ਼ਾ ਲਈ ਸਾਹਿੱਤ ਦੇ ਇਤਿਹਾਸ ਵਿੱਚ ਪੱਕੀ ਥਾਂ ਦਿਵਾ ਸਕਦੀ ਹੈ ਪਰ ਇਹ ਘੱਟ ਹੀ ਹੁੰਦਾ ਹੈ ਕਿ ਕਿਸੇ ਲੇਖਕ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਹੀ ਚਰਚਾ ਦਾ ਵਿਸ਼ਾ ਬਣਨ । ਵਰਿਆਮ ਸੰਧੂ ਦੀ ਕਲਮ ਨੂੰ ਹੁਣ ਤੀਕ ਤਾਂ ਇਹ ਸਰਫ਼ ਹਾਸਿਲ ਰਿਹਾ ਹੈ । ਉਸਨੂੰ ਅਜੇ ਤੀਕ ਤਾਂ ਮਿਆਰ ਬਰਕਰਾਰ ਰੱਖਣਾ ਆਉਂਦਾ ਹੈ । ਜੇਕਰ ਰੂਪ ਅਤੇ ਵਸਤੂ ਦੀ ਦ੍ਰਿਸ਼ਟੀ ਤੋਂ ਵੀ ਪਰਖੀਏ ਤਾਂ ਸੰਧੂ ਦੀਆਂ ਕਹਾਣੀਆਂ ਵਿੱਚ ਕਿਤੇ ਕਾਣ ਨਜ਼ਰ ਨਹੀਂ ਆਏਗੀ । ਨਿੱਠ ਕੇ ਲਿਖੀਆਂ ਕਹਾਣੀਆਂ ਵਿੱਚ ਦ੍ਰਿਸ਼ਟੀ ਨੂੰ ਇਉਂ ਗੁੰਦਿਆ ਹੁੰਦਾ ਹੈ ਕਿ ਲਿਖਤ ਦਾ ਹਰ ਕੋਨਾ ਰੌਸ਼ਨ ਹੁੰਦਾ ਹੈ ਅਤੇ ਇੱਕ ਹੋਰ ਵੱਡੀ ਖੂਬੀ ਇਹ ਕਿ ਸਟੇਜ ਉੱਤੇ ਖੜ੍ਹ ਕੇ ਪੜ੍ਹਨ ਨਾਲ ਵੀ ਸੁਣਨ ਵਾਲਿਆਂ ਨੂੰ ਬੰਨ੍ਹ ਕੇ ਬਿਠਾਈ ਰੱਖਦੀਆਂ ਹਨ । 'ਭੱਜੀਆਂ ਬਾਹੀਂ' ਦੀ, ਨਾਟਕੀ- ਕਰਣ ਉਪਰੰਤ, ਮੰਚ ਸਫ਼ਲਤਾ ਨੇ ਇਹ ਪੱਖ ਹੋਰ ਵੀ ਉਜਾਗਰ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚ 'ਮਾਸ ਅਪੀਲ' ਵੀ ਹੈ । ਦਿੱਲੀ- ਦੂਰ-ਦਰਸ਼ਨ ਵਾਲਿਆਂ ਨੇ ਦੋ ਕਹਾਣੀਆਂ ਉੱਤੇ ਟੈਲੀ-ਫ਼ਿਲਮਾਂ ਬਣਾਉਣ ਦਾ ਮਨ ਬਣਾਇਆ ਹੈ ਤਾਂ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਦੀ ਦਾਦ ਦੇਣੀ ਬਣਦੀ ਹੈ । ਸੰਧੂ ਤਾਂ ਸਾਧ ਆਦਮੀ ਹੈ । ਹੈਰਾਨਗੀ ਹੁੰਦੀ ਹੈ ਕਿ ਉਹਦੀ ਇਸ ਪੱਧਰ ਤੀਕ ਪਹੁੰਚ ਕਿਵੇਂ ਹੋ ਗਈ । ਜੇ ਉਹ ਆਪਣੇ 'ਹੱਕਾਂ' ਦੀ ਰਾਖੀ ਕਰ ਸਕਦਾ ਹੁੰਦਾ ਤਾਂ ਪਿਛਲੇ ਵਰ੍ਹੇ ਲੁਧਿਆਣੇ ਵਾਲੀ ਪੰਜਾਬੀ ਅਕਾਦਮੀ ਦਾ ਪੁਰਸਕਾਰ ਕਦੇ ਵੀ ਆਪਣ ਹੱਥਾਂ ਵਿੱਚੋਂ ਨਿਕਲਣ ਨਾ ਦਿੰਦਾ । ਹੋਇਆ ਇੰਜ ਸੀ ਕਿ 'ਨੀਤੀ' ਅਨੁਸਾਰ ਉਨ੍ਹਾਂ ਨੇ ਚਾਰ ਬਜ਼ੁਰਗਾਂ ਅਤੇ ਇੱਕ 'ਨਵੇਂ' ਲਿਖਾਰੀ ਨੂੰ ਇਕਵੰਜਾ- ਇਕਵੰਜਾ ਸੌ ਰੁਪਏ ਨਾਲ ਨਿਵਾਜਣਾ ਸੀ । ਵਰਿਆਮ ਦਾ ਨਾਂ ਚੁਣਿਆ ਗਿਆ । ਉਸ ਦਾ ਸੰਖੇਪ ਜੀਵਨ-ਬਿਓਰਾ ਵੀ ਮੰਗਵਾ ਲਿਆ ਗਿਆ । ਪਰ... ਜਦੋਂ ਬਿੱਲੀ ਥੈਲਿਉਂ ਬਾਹਰ ਆਈ ਤਾਂ ਉਸ ਦੀ ਥਾਂ ਇੱਕ ਦਿੱਲੀ ਵਾਲੇ ਬਜ਼ੁਰਗ ਦਾ ਨਾਂ ਪੈ ਚੁੱਕਾ ਸੀ । ਉਸ ਨੂੰ ਤਾਂ ਵੀ ਇਨਾਮ ਮਿਲਣ ਜਾਂ ਨਾ ਮਿਲਣ ਦਾ ਕਦੇ ਕੋਈ ਤੌਖਲਾ ਜਾਂ ਹਰਖ ਨਹੀਂ ਹੋਇਆ ਸਗੋਂ ਇਹ ਸਿਆਣੇ ਬਿਆਣੇ ਲੋਕ ਕਿਸੇ ਸ਼ਰੀਫ਼ ਆਦਮੀ ਨੂੰ ਮਖ਼ੌਲ ਕਿਉਂ ਕਰਦੇ ਨੇ । ਸੰਧੂ ਥੋੜ੍ਹੀ ਕੀਤਿਆਂ ਕਿਸੇ ਦੇ ਗਲ ਨਹੀਂ ਪੈਂਦਾ । ਗੱਲ ਨੂੰ ਹਾਸੇ ਵਿੱਚ ਟਾਲ ਜਾਂਦਾ ਹੈ । ਪਰ ਜਦੋਂ ਕਿਸ ਨੂੰ ਗਲੋਂ ਲਾਹੁਣਾ ਪਵੇ ਤਾਂ ਉਸਦੇ ਅੰਦਰਲਾ ਮਝੈਲ ਉਸ ਵੇਲੇ ਅੱਗਾ ਪਿੱਛਾ ਵੀ ਨਹੀਂ ਵੇਖਦਾ । ਟੀ. ਵੀ. ਉੱਤੇ ਚੱਲ ਰਹੀ ਸਾਹਿੱਤਕ ਬਹਿਸ ਵਿੱਚ ਜਦੋਂ ਸੰਤ ਸਿੰਘ ਸੇਖੋਂ ਆਪਣੀ ਸੀਨੀਆਰਟੀ ਕਰਕੇ ਕੋਈ ਗੱਲ ਧੱਕੇ ਨਾਲ ਮੰਨਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੰਧੂ ਅੜ ਗਿਆ । ਸੇਖੋਂ ਨਾਰਾਜ਼ ਹੋ ਗਿਆ । ਕਹਿੰਦਾ : ਮੈਂ ਵਾਕ-ਆਊਟ ਕਰਦਾ ਹਾਂ । ਜਦੋਂ ਸੇਖੋਂ ਉੱਠ ਕੇ ਜਾਣ ਲੱਗਾ ਤਾਂ ਸੰਧੂ ਬਾਂਹ ਉਲਾਰ ਕੇ ਬੋਲਿਆ: ਜਾ ਜਾ, ਇੱਕ ਵਾਰੀ ਛੱਡ ਕੇ ਸੌ ਵਾਰੀ ਜਾ । ਮੇਰੇ ਸਿਰ ਕਾਹਦਾ ਹਸਾਨ । ...ਬਾਕੀ ਸਾਥੀਆਂ ਨੇ ਸੰਧੂ ਨੂੰ ਸਲਾਹ ਦਿੱਤੀ ਕਿ ਸੇਖੋਂ ਸਾਹਿਬ ਨੂੰ ਮਨਾ ਲੈਣਾ ਚਾਹੀਦਾ ਹੈ, ਉਹ ਰੁਸ ਕੇ ਜਾ ਰਹੇ ਹਨ । ਵਰਿਆਮ ਪਹਿਲਾਂ ਵਾਲੇ ਰਾਉਂ ਵਿੱਚ ਹੀ ਕਹਿਣ ਲੱਗਾ : ਜਾਣ ਦਿਉ ਸੂ, ਮੈਂ ਕਿਉਂ ਮਨਾਵਾਂ, ਇਹ ਕਿਹੜੇ ਮੇਰੇ ਮੁੰਡੇ ਦੇ ਛੁਹਾਰੇ 'ਤੇ ਆਇਆ ਹੋਇਐ । ... ...ਹਾਸਾ ਪੈ ਗਿਆ । ਸੇਖੋਂ ਬਹਿ ਗਿਆ । ਤੇ ਗੱਲ ਅੱਗੇ ਤੁਰ ਪਈ ।

ਪਿਛਲੇ ਪੰਨੇ ਪੜ੍ਹ ਕੇ ਕਿਸੇ ਨੂੰ ਲੱਗ ਸਕਦਾ ਹੈ ਜਿਵੇਂ ਖ਼ਾਹ-ਮ- ਖ਼ਾਹ ਸੰਧੂ ਨੂੰ ਵੰਝ 'ਤੇ ਚੜ੍ਹਾ ਰਿਹਾ ਹੋਵਾਂ । ਮੈਂ ਕੌਣ ਹੁੰਦਾ ਹਾਂ ਇੰਜ ਕਰਨ ਵਾਲਾ; ਮੇਰੀ ਨਾਚੀਜ਼ ਦੀ, ਇਹ ਪਾਇਆਂ ਕਿੱਥੇ; ਮੈਂ ਤਾਂ ਹਜ਼ੂਰ, ਆਪਣੇ ਸਮਿਆਂ ਦਾ ਸਰਮਾਇਆ ਸੰਭਾਲਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ । ਮੈਨੂੰ ਵਰਿਆਮ ਵਿੱਚ ਦਿਲਚਸਪੀ ਉਹਦੀ ਸ਼ਖ਼ਸੀਅਤ ਕਰਕੇ ਹੈ । ਉਸ ਦੇ ਬਿੰਬ ਵਿੱਚ ਮੈਨੂੰ ਭਵਿੱਖ ਦੇ ਨਕਸ਼ ਨਜ਼ਰ ਆ ਰਹੇ ਹਨ ।

ਮੇਰੀ ਲਿਖਤ ਵਿੱਚ ਅੰਤਰ-ਵਿਰੋਧ ਸਹਿਜੇ ਹੀ ਵੇਖਿਆ ਜਾ ਹੈ । ਅੰਤਰ-ਵਿਰੋਧ ਸੰਧੂ ਦੀਆਂ ਲਿਖਤਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ ਅਤੇ ਜੇਕਰ ਧਿਆਨ ਨਾਲ ਵੇਖੀਏ ਤਾਂ ਇਹ 'ਦੋਸ਼' ਕਿਤੋਂ ਵੀ ਲੱਭਿਆ ਜਾ ਸਕਦਾ ਹੈ । ਜਦੋਂ ਵਿਚਾਰ ਤੁਰਨਗੇ ਤਾਂ ਜ਼ਰੂਰੀ ਨਹੀਂ ਕਿ ਉਹ ਸਮਾਨੰਤਰ ਹੀ ਤੁਰਨ । ਉਹ ਇੱਕ ਦੂਜੇ ਨੂੰ ਕੱਟ ਵੀ ਸਕਦੇ ਹਨ । ਅਸਲ ਗੱਲ ਭਾਵਨਾ ਦੀ ਹੁੰਦੀ ਹੈ । ਇੱਕ ਰੰਗ ਦੂਜੇ ਰੰਗ ਦਾ ਸਹਿਯੋਗੀ ਜਾਂ ਵਿਰੋਧੀ ਹੀ ਨਹੀਂ ਹੁੰਦਾ । ਕੋਈ ਚਿੱਤਰਕਾਰ ਕਿਸੇ ਦੇ ਬਿੰਬ ਨੂੰ ਉਭਾਰਨ ਲਈ ਕਈ ਰੰਗਾਂ ਨੂੰ ਵਰਤੋਂ ਵਿੱਚ ਲਿਆਉਂਦਾ ਹੈ । ਗੱਲ ਰੰਗਾਂ ਦਾ ਸੰਰਚਨਾਵਾਦੀ ਵਿਸ਼ਲੇਸ਼ਣ ਕਰਨ ਨਾਲ ਨਹੀਂ ਬਣਦੀ, ਵੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਬਿੰਬ ਕਿਹੋ ਜਿਹਾ ਉਘੜਦਾ ਹੈ । ਵਰਿਆਮ ਨਾਲ ਅਜੇ ਤੀਕ ਕੋਈ ਮਿੱਥ ਨਹੀਂ ਜੁੜੀ । ਉਹ ਅਜੇ ਦੰਦ ਕਥਾ ਨਹੀਂ ਬਣਿਆ । ਅਸਲ ਵਿੱਚ ਉਸ ਨੇ ਆਪਣੇ ਬਾਰੇ ਆਪ ਵੀ ਅਜੇ ਡੂੰਘਾਈ ਵਿੱਚ ਜਾ ਕੇ ਨਹੀਂ ਸੋਚਿਆ । ਉਸ ਨੇ ਕਿਸੇ ਪਰਚੇ ਵਿੱਚ ਆਪਣੀ ਆਤਮ-ਕਥਾ ਲੜੀ-ਵਾਰ ਆਰੰਭ ਨਹੀਂ ਕੀਤੀ । ਯੂਨੀਵਰਸਿਟੀਆਂ ਦੇ ਸਿਲੇਬਸਾਂ ਤੋਂ ਵੀ ਬਚਿਆ ਹੋਇਆ ਹੈ ਪਰ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਏਗੀ; ਜਦੋਂ ਪਾਤਰ, ਪ੍ਰੇਮ-ਪ੍ਰਕਾਸ਼, ਆਤਮਜੀਤ ਅਤੇ ਅਜਮੇਰ ਔਲਖ ਐਮ. ਏ. ਦੇ ਕੋਰਸਾਂ ਵਿੱਚ ਪੜ੍ਹਾਏ ਜਾਣ ਲੱਗ ਪਏ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਰਿਆਮ ਸੰਧੂ ਬਾਰੇ ਵੀ 'ਕੁੰਜੀਆਂ' ਛਪਣ ਦੀ ਰੁੱਤ ਆ ਜਾਏਗੀ । ਉਹ ਆਪ 'ਉਸਤਾਦ' ਹੈ, ਫਿਰ ਵੀ ਮੇਰੀ ਉਸ ਨੂੰ ਸਲਾਹ ਹੈ :

ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ, ਕੋਰਸ ਦੇ ਵਿੱਚ ਲੱਗੇ ਨਾ
ਰੂਹ ਤੇਰੀ ਤੋਂ ਸਹਿ ਨਾ ਹੋਣਾ, ਜੋ ਹਾਲਤ ਉਸਤਾਦ ਕਰਨਗੇ ।

***

ਮੇਰੀ ਦਿਲੀ-ਇੱਛਾ ਸੀ ਕਿ ਵਰਿਆਮ ਦੀਆਂ ਕੁਝ ਕਮੀਆਂ, ਕਮੀਨਗੀਆਂ ਵੀ ਲੱਭਾਂ । ਕੁਝ ਐਬਾਂ ਦਾ ਵੀ ਜ਼ਿਕਰ ਕਰਾਂ । ਪਰ ਕੀ ਕਰਾਂ ਆਪਣੇ ਸਮਕਾਲੀ ਦੋਸਤਾਂ ਵਰਗਾ ਕੋਈ ਵੀ 'ਐਬ' ਇਸ ਬੰਦੇ ਵਿੱਚ ਨਹੀਂ । ਇਹ ਤਾਂ ਦਾਰੂ ਦੀ ਮਹਿਫ਼ਲ ਵਿੱਚ ਵੀ 'ਪ੍ਰਧਾਨ' ਬਣ ਕੇ ਬੈਠਾ ਰਹਿੰਦਾ ਹੈ । ਨਿੱਜੀ ਗੱਲਬਾਤ ਵਿੱਚ ਵੀ 'ਪੱਧਰ' ਕਾਇਮ ਰੱਖਦਾ ਹੈ । ਇਸ਼ਕ-ਵਿਸ਼ਕ ਦਾ ਕੋਈ ਮਾਮਲਾ ਵੀ ਟੇਟੇ ਨਹੀਂ ਚੜ੍ਹਿਆ ।... ਉਂਜ ਇਹ ਮੁਮਕਿਨ ਨਹੀਂ ਕਿ ਉਸ ਵਿੱਚ ਕੋਈ ਐਬ ਹੋਵੇ ਹੀ ਨਾ । ਪਰ ਦੋਸਤੋ, ਦੋਸਤੀ ਦੀ ਚਾਦਰ ਜਦੋਂ ਮੋਟੀ ਹੁੰਦੀ ਹੈ ਤਾਂ ਐਬ ਨਜ਼ਰ ਹੀ ਨਹੀਂ ਆਉਂਦੇ । ਜੋ ਕੁਝ ਨਜ਼ਰ ਆਉਂਦਾ ਹੈ, ਉਹੀ ਤਾਂ ਨਜ਼ਰ ਦੀ ਸੀਮਾ ਹੁੰਦੀ ਹੈ । ...ਜੇ ਕਿਸੇ ਸੱਜਣ ਨੂੰ ਸੰਧੂ ਦੇ ਇਸ ਅਛੂਤੇ ਪੱਖ ਦੀ ਜਾਣਕਾਰੀ ਹੋਵੇ ਤਾਂ ਕਿਸੇ ਅਖ਼ਬਾਰ/ਰਸਾਲੇ ਰਾਹੀਂ ਲੋਕਾਂ ਤੀਕ, ਛੇਤੀ ਤੋਂ ਛੇਤੀ, ਪਹੁੰਚਾਉਣ ਦੀ ਖੇਚਲ ਕਰੇ ਤਾਂ ਕਿ ਲੋਕ ਇਸ ਲੇਖਕ ਦਾ ਬਿੰਬ ਘੜਨ ਵਿੱਚ ਟਪਲਾ ਨਾ ਖਾ ਜਾਣ ।

***

14. ਲੋਕ-ਬਿੰਬ : ਡਾਕਟਰ ਮਹਿੰਦਰ ਸਿੰਘ ਰੰਧਾਵਾ

ਪੰਜਾਬ ਦਾ ਮੂੰਹ-ਮੱਥਾ ਸਵਾਰਨ ਵਿੱਚ ਦੋ ਜੱਟਾਂ ਦਾ ਵੱਡਾ ਹੱਥ ਹੈ ; ਇੱਕ ਸੀ ਕੈਰੋਂ ... ਤੇ ਦੂਜਾ ਸੀ ਰੰਧਾਵਾ । ਇੱਕ ਨੂੰ ਮਾਰ ਦਿੱਤਾ ਗਿਆ, ਦੂਜਾ ਵੀ ਆਖ਼ਿਰ ਮਰ ਹੀ ਗਿਆ! ਮਰਨਾ, ਇੱਕ ਨਾ ਇੱਕ ਦਿਨ, ਸਾਰਿਆਂ ਨੇ ਹੈ । ਸਾਡੇ ਸਮਿਆਂ ਵਿੱਚ ਤਾਂ ਮੌਤ ਦਾ ਸੰਕਲਪ ਵੀ ਕਾਫ਼ੀ ਹੱਦ ਤੱਕ ਬਦਲ ਗਿਆ ਹੈ । ਮੌਤ ਭਿਆਨਕ ਤਾਂ ਅਜੇ ਵੀ ਹੈ ਪਰ ਅਚੰਭਾ ਨਹੀਂ ਰਹੀ । ਕਿਸੇ ਨੂੰ ਮਾਰਿਆ ਜਾ ਰਿਹਾ ਹੈ; ਕੋਈ ਮਰ ਰਿਹਾ ਹੈ । ਹਰ ਕੋਈ, ਕੁਝ ਨਾ ਕੁਝ ਕਰ ਰਿਹਾ ਹੈ । ਕਰਮ ਹੀ ਜੀਵਨ ਹੈ । ਮਰਦੇ ਦਮ ਤੱਕ ਬੰਦਾ ਕੁਝ ਨਾ ਕੁਝ ਕਰਦਾ ਰਹਿੰਦਾ ਹੈ । ਡਰ ਅਤੇ ਸਹਿਮ ਦੇ ਖ਼ਿਲਾਅ ਨੂੰ , ਔਖਾ ਸੌਖਾ, ਭਰਦਾ ਰਹਿੰਦਾ ਹੈ । ਯਥਾਰਥ ਦੀ ਜਿੱਲ੍ਹਣ ਨੂੰ ਭੁੱਲਣ ਲਈ ਕਲਪਨਾ ਦੇ ਸਰੋਵਰਾਂ ਵਿੱਚ ਤਰਦਾ ਰਹਿੰਦਾ ਹੈ ।

ਅੱਜ ਦੀਆਂ ਅਖ਼ਬਾਰਾਂ ਵਿੱਚ ਇੱਕ ਖ਼ਬਰ ਛਪੀ ਹੈ ਕਿ ਦੁਨੀਆ ਦਾ ਸਭ ਤੋਂ ਛੋਟੇ ਕੱਦ ਵਾਲਾ ਆਦਮੀ ਮਰ ਗਿਆ ਹੈ । ਉਸਨੂੰ ਦਫਨਾਉਣ ਦੀ ਰਸਮ ਪਿੱਛੋਂ ਪਾਦਰੀ ਨੇ ਕਿਹਾ ਹੈ ਕਿ ਬੰਦੇ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਨਹੀਂ ਸਗੋਂ ਉਸ ਦੁਆਰਾ ਕੀਤੇ ਗਏ ਕੰਮਾਂ ਨਾਲ ਮਿਣੀ ਜਾਣੀ ਚਾਹੀਦੀ ਹੈ । ਵਧੀਆ ਗੱਲ ਇਹ ਹੈ ਕਿ ਮਰਨ ਵਾਲੇ ਨੇ ਆਪਣੇ ਕੱਦ ਪ੍ਰਤਿ ਸਾਰਥਕ ਪਹੁੰਚ ਅਪਣਾਈ ਸੀ । ਹੀਣ-ਭਾਵਨਾ ਦਾ ਸ਼ਿਕਾਰ ਹੋਣ ਦੀ ਥਾਂ ਉਹ ਸਵੈ-ਮਾਣ ਨਾਲ ਜੀਂਦਾ ਰਿਹਾ ਅਤੇ ਇੱਜ਼ਤ ਵਾਲੀ ਮੌਤੇ ਮੋਇਆ ਹੈ । ਨਿੱਕੇ ਕੱਦ ਵਲੇ ਆਦਮੀ ਨੂੰ ਕਿਸੇ ਨੇ 'ਵੱਡਿਆਂ' ਨਹੀਂ ਕੀਤਾ, ਉਹ ਆਪ ਵੱਡਾ ਹੋਇਆ ਹੈ ।

ਰੰਧਾਵੇ ਦਾ ਕੱਦ ਬਹੁਤ ਵੱਡਾ ਸੀ । ਉੱਚਾ-ਲੰਬਾ, ਸੋਹਣਾ,
ਪ੍ਰਭਾਵਸ਼ਾਲੀ : ਦਰਸ਼ਨੀ, ਉੱਚੀ ਪਦਵੀ, ਉੱਚੀਆਂ ਖਾਹਿਸ਼ਾਂ,
ਉੱਚੀਆਂ ਉਡਾਰੀਆਂ; ਰੱਜਿਆ-ਪੁੱਜਿਆ, ਭਰਿਆ-ਭਰਿਆ,
ਮਾਣ-ਮੱਤਾ, ਤਿਆਰ-ਬਰ-ਤਿਆਰ, ਚੁਸਤ, ਰੁੱਝਿਆ ਹੋਇਆ,
ਪ੍ਰਤਿਭਾ, ਸੱਤਾ, ਸ਼ਕਤੀ ਅਤੇ ਕਾਹਲ, ਮੀਟਿੰਗ, ਏਜੰਡਾ,
ਪ੍ਰਧਾਨਗੀ, ਉਦਘਾਟਨ, ਭਾਸ਼ਣ, ਸਰਪ੍ਰਸਤੀ, ਭੂਮਿਕਾ ...

ਘੱਟ ਖਾਣ ਵਾਲਾ,
ਘੱਟ ਸੌਣ ਵਾਲਾ,
ਕੰਮ ਕਰਨ ਵਾਲਾ,
ਕੰਮ ਆਉਣ ਵਾਲਾ ।
ਇਰਾਦਾ ਪੱਥਰ ਵਾਲਾ,
ਸੁਭਾਅ ਪੌਣ ਵਾਲਾ
ਭਾਗਾਂ ਵਾਲਾ
ਬਾਗ਼ਾਂ ਵਾਲਾ
ਰਾਗਣੀਆਂ ਤੇ ਰਾਗਾਂ ਵਾਲਾ
ਵੈਣਾਂ ਤੇ ਸੁਹਾਗਾਂ ਵਾਲਾ
ਹਰਿਆਂ ਤੇ ਚਿੱਟਿਆਂ ਇਨਕਲਾਬਾਂ ਵਾਲਾ
ਮੂਰਤਾਂ ਵਰਗੇ ਖ਼ਾਬਾਂ ਵਾਲਾ
ਪੱਥਰਾਂ ਅਤੇ ਗੁਲਾਬਾਂ ਵਾਲਾ
ਬਾਹਰੋਂ ਟੌਅਰ ਨਵਾਬਾਂ ਵਾਲਾ
ਅੰਦਰੋਂ ਸ਼ੌਕ ਕਿਤਾਬਾਂ ਵਾਲਾ...

ਛੱਡੋ, ਕਸੀਦਾ-ਗੋਈ ਬਹੁਤ ਹੋ ਚੁੱਕੀ । ਸਿਆਣੇ ਕਹਿੰਦੇ ਨੇ, ਮਾੜੇ ਦਾ ਨਿੰਦਣਾ ਕੀ ਤੇ ਤਕੜੇ ਦਾ ਸਲਾਹੁਣਾ ਕੀ? ...ਪਰ ਸਾਡੀ ਰਾਏ ਇਹ ਹੈ ਕਿ ਮਾੜੇ ਨੂੰ ਨਿੰਦਣਾ ਮਾੜੀ ਗੱਲ ਹੈ ਪਰ ਤਕੜੇ ਨੂੰ ਸਲਾਹੁਣਾ ਮਾੜੀ ਗੱਲ ਨਹੀਂ । ਤਕੜੇ ਤੋਂ ਭਾਵ ਸਰੀਰੋਂ ਤਕੜਾ ਬਿਲਕੁਲ ਨਹੀਂ । ਤਕੜਾ ਉਹ ਹੈ ਜਿਸ ਨੇ ਆਪਣੀ ਕਿਰਤ-ਕਮਾਈ ਨਾਲ ਜੀਵਨ ਦੇ ਕਿਸੇ ਅੰਗ ਨੂੰ ਤਕੜਾ ਕੀਤਾ ਹੈ । ਘਾਲਾਂ ਘਾਲਣ ਵਾਲੇ ਦੀ ਪ੍ਰਸ਼ੰਸਾ ਹੋਣੀ ਹੀ ਚਾਹੀਦੀ ਹੈ; ਪਰ ਸ਼ਰਤ ਇਹ ਹੈ ਕਿ ਉਸ 'ਪ੍ਰਸ਼ੰਸਾ' ਨੂੰ 'ਚਾਪਲੂਸੀ' ਨਾ ਗਰਦਾਨਿਆ ਜਾ ਸਕੇ । ਕਿਸੇ ਡਰ ਜਾਂ ਲਾਲਚ ਦੇ ਵੱਸ ਕੀਤੀ ਗਈ ਪ੍ਰਸ਼ੰਸਾ 'ਭਾਖੜੇ ਦੇ ਰਾਹ ਵਿੱਚ ਭਾਖੜਾ' ਖੜਾ ਕਰ ਦੇਂਦੀ ਹੈ । ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਬਹੁਤ ਲੋਕ ਹੁੰਦੇ ਹਨ ਪਰੰਤੂ ਉਨ੍ਹਾਂ ਦੀ ਸਲਾਮ ਕਦੇ ਵੀ ਸਲਾਮਤ ਨਹੀਂ ਰਹਿੰਦੀ, ਸੂਰਜ ਦੇ ਢਲਣ ਨਾਲ ਹੀ ਢਲ ਜਾਂਦੀ ਹੈ । ਜਨਮ ਤੋਂ ਮਰਨ ਤਕ ਬੰਦਾ ਆਪਣਾ ਬਿੰਬ ਸਿਰਜਣ ਦੇ ਕਰਮ ਵਿੱਚ ਬੁਰੀ ਜਾਂ ਚੰਗੀ ਤਰ੍ਹਾਂ ਰੁੱਝਿਆ ਰਹਿੰਦਾ ਹੈ । ਗਰਮੀ-ਸਰਦੀ ਸਹਿੰਦਾ ਹੈ । ਤਿੜਕਣ ਤੋਂ ਤ੍ਰਹਿੰਦਾ ਹੈ । ...ਪਰ ਬਿੰਬ ਅਪੂਰਨ ਹੀ ਰਹਿੰਦਾ ਹੈ । ਦਰ-ਅਸਲ ਬਿੰਬ ਸਿਰਜਣ ਦਾ ਕੰਮ ਵਕਤ ਕਰਦਾ ਹੈ, ਲੋਕ ਕਰਦੇ ਹਨ । ਇਹੋ ਅਸਲ-ਬਿੰਬ ਹੁੰਦਾ ਹੈ । ਇਹੋ ਲੋਕ-ਬਿੰਬ ਹੁੰਦਾ ਹੈ । ਆਉ, ਰੰਧਾਵੇ ਦੇ ਲੋਕ-ਬਿੰਬ ਦੀ ਗੱਲ ਕਰੀਏ । ਕਹਿੰਦੇ ਨੇ : ਲੇਖਕਾਂ ਦੀ ਇੱਕ ਜਥੇਬੰਦੀ ਦੀ ਚੋਣ ਹੋਣ ਲੱਗੀ । ਪ੍ਰਧਾਨ ਵਜੋਂ ਰੰਧਾਵੇ ਦਾ ਨਾਂ ਤਜਵੀਜ਼ ਹੋਇਆ । ਕਿਸੇ ਇੱਕ ਨੇ ਇਅਤਰਾਜ਼ ਕੀਤਾ । ਰੰਧਾਵਾ ਗੁੱਸੇ ਵਿੱਚ ਵਾਕਆਊਟ ਕਰ ਗਿਆ । ਉਸਨੂੰ ਪ੍ਰਧਾਨ ਤੋਂ ਘੱਟ ਕੋਈ ਅਹੁਦਾ ਪ੍ਰਵਾਨ ਹੀ ਨਹੀਂ ਸੀ ।

ਕਹਿੰਦੇ ਨੇ : ਤਸਵੀਰਾਂ ਦੀ ਇੱਕ ਨੁਮਾਇਸ਼ ਦਾ ਉਦਘਾਟਨ ਰੰਧਾਵੇ ਨੇ ਕਰਨਾ ਸੀ । ਉਦਘਾਟਨ ਸ਼ਾਮ ਨੂੰ ਸੀ ਪਰ ਰੰਧਾਵਾ ਸਵੇਰੇ ਦਸ ਵਜੇ ਹੀ ਪਹੁੰਚ ਗਿਆ । ਓਦੋਂ ਅਜੇ ਦੀਵਾਰਾਂ ਉੱਤੇ ਪੇਟਿੰਗਜ਼ ਲਟਕਾਉਣ ਦਾ ਕੰਮ ਚੱਲ ਰਿਹਾ ਸੀ । ਜਦੋਂ ਛਪੇ ਹੋਏ ਕਾਰਡ ਤੋਂ ਰੰਧਾਵੇ ਨੂੰ ਪ੍ਰੋਗਰਾਮ ਦਿਖਾਉਣ ਦਾ ਯਤਨ ਕੀਤਾ ਗਿਆ ਤਾਂ ਉਸ ਦਾ ਸੰਖੇਪ ਜਿਹਾ ਪ੍ਰਤਿਕਰਮ ਸੀ : ਫ਼ੋਟੋਗ੍ਰਾਫਰ ਬੁਲਾਉ, ਫ਼ੀਤਾ ਕਟਵਾਉ, ਤਸਵੀਰ ਛਪਵਾਉ । ਇਹ ਕੰਮ ਮੁਕਾਉ । ਸ਼ਾਮ ਨੂੰ ਮੈਂ ਕਈ ਹੋਰ ਉਦਘਾਟਨ ਕਰਨੇ ਨੇ ।...

ਕਹਿੰਦੇ ਨੇ : ਇੱਕ ਪੀ. ਐਚ. ਡੀ. ਕਰ ਰਹੇ ਖੋਜਾਰਥੀ ਦਾ ਐਗਜ਼ਾਮੀਨਰ ਰੰਧਾਵਾ ਸੀ । ਵਾਈਵਾ ਉਸੇ ਨੇ ਲੈਣਾ ਸੀ । ਕਈ ਤਾਰਾਂ ਦੇ ਬਾਵਜੂਦ ਵੀ ਰੰਧਾਵਾ ਯੂਨੀਵਰਸਿਟੀ ਨਾ ਗਿਆ । ਆਖ਼ਰ ਉਹ ਖੋਜਾਰਥੀ ਆਪਣੇ ਗਾਈਡ ਅਤੇ ਵਿਭਾਗ ਦੇ ਮੁਖੀ ਨੂੰ ਨਾਲ ਲੈ ਕੇ ਕਸਬਾ ਖਰੜ ਵਿਖੇ ਰੰਧਾਵੇ ਦੀ ਕੋਠੀ ਪਹੁੰਚ ਗਿਆ । ਛੇ-ਫੁੱਟੇ ਖੋਜਾਰਥੀ ਜੱਟ ਦਾ ਭਾਰੀ-ਭਰਕਮ ਥੀਸਿਸ ਹੱਥ ਵਿੱਚ ਫੜ ਕੇ ਰੰਧਾਵਾ, ਮੁਖੀ ਅਤੇ ਗਾਈਡ ਨੂੰ ਆਖ ਰਿਹਾ ਸੀ: ਜੱਟਾਂ ਦੇ ਮੁੰਡੇ ਨੇ ਏਡਾ ਵੱਡਾ ਥੀਸਿਸ ਲਿਖਿਆ ਹੈ ਤੇ ਯੂਨੀਵਰਸਿਟੀ ਵਾਲੇ ਉਸਨੂੰ ਨਿੱਕੀ ਜਿਹੀ ਡਿਗਰੀ ਵੀ ਨਹੀਂ ਦੇ ਰਹੇ?... ਜਾਉ, ਹੋ ਗਿਆ ਵਾਈਵਾ... ਕਹਿੰਦੇ ਨੇ: ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਪਿੱਛੋਂ ਦੋ ਨੌਜਵਾਨ ਰੰਧਾਵੇ ਕੋਲੋਂ ਪ੍ਰੇਰਨਾ ਤੇ ਅਗਵਾਈ ਲੈਣ ਲਈ ਖਰੜ ਆਏ । ਰੰਧਾਵੇ ਨੇ ਉਨ੍ਹਾਂ ਨੂੰ ਦੋ ਕਰਮੰਡਲ ਜਿਹੇ ਦੇ ਕੇ ਜਾਮਨੂੰਆਂ ਦੇ ਦਰੱਖਤਾਂ 'ਤੇ ਚੜ੍ਹਾ ਦਿੱਤਾ; ਅਖੇ : 'ਜਾਮਨੂੰ ਖਾਈ ਜਾਉ ਤੇ ਗਿਟਕਾਂ ਕਰਮੰਡਲਾਂ ਵਿੱਚ ਪਾਈ ਜਾਉ । ਜਦੋਂ ਢਿੱਡ ਤੇ ਕਰਮੰਡਲ ਭਰ ਜਾਣ, ਥੱਲੇ ਉਤਰ ਆਉ, ਤੇ ਆਪ ਕੁਰਸੀ ਡਾਹ ਕੇ ਲਾਅਨ ਵਿੱਚ ਉਨ੍ਹਾਂ ਦੀ ਨਿਗਰਾਨੀ ਲਈ ਬਹਿ ਗਿਆ । ਮੁੰਡੇ ਬੁਰੇ ਫਸੇ । ਇੱਕ ਦੂਜੇ ਦੇ ਮੂੰਹ ਵੱਲ ਵੇਖਣ । ਨਾਲੇ ਰੰਧਾਵੇ ਕੋਲੋਂ ਡਰਨ, ਨਾਲੇ ਕਰਮੰਡਲ ਪਏ ਭਰਨ । ਕਿਸੇ ਕੰਮ ਲਈ ਜਦੋਂ ਰੰਧਾਵਾ ਥੋੜ੍ਹੀ ਦੇਰ ਲਈ ਉੱਥੋਂ ਉੱਠ ਕੇ ਕੋਠੀ ਦੇ ਅੰਦਰ ਗਿਆ ਤਾਂ ਦੋਵੇਂ ਮੁੰਡੇ ਛਾਲਾਂ ਮਾਰ ਕੇ ਹੇਠਾਂ ਉਤਰ ਆਏ । ਅੱਧ-ਪਚੱਧੇ ਡੋਲੂ ਕੁਰਸੀ ਲਾਗੇ ਰੱਖ ਕੇ ਐਸੇ ਭੱਜੇ ਕਿ ਹੁਣ ਤੱਕ ਉਨ੍ਹਾਂ ਬਾਰੇ ਕੋਈ ਥਹੁ- ਪਤਾ ਨਹੀਂ ਲੱਗ ਸਕਿਆ ।....

ਕਹਿੰਦੇ ਨੇ : ਕਿਸੇ ਪੁਰਾਣੇ ਵਾਕਿਫ਼ਕਾਰ ਨੇ ਰੰਧਾਵੇ ਕੋਲ ਆ ਕੇ ਕਿਹਾ ਕਿ ਉੁਸਦਾ ਮੁੰਡਾ ਡਰਾਈਵਿੰਗ ਸਿੱਖ ਕੇ ਵੀ ਵਿਹਲਾ ਹੈ । ਰੰਧਾਵੇ ਨੇ ਨੌਕਰੀ ਦਾ ਭਰੋਸਾ ਦਿਵਾ ਕੇ ਮੁੰਡੇ ਨੂੰ ਨਾਲ ਲਿਆਉਣ ਲਈ ਕਿਹਾ । ਜਦੋਂ ਮੁੰਡਾ ਸਾਹਮਣੇ ਹੋਇਆ ਤਾਂ ਰੰਧਾਵੇ ਨੇ ਉਸਨੂੰ ਇਸ ਗੱਲੋਂ ਬਹੁਤ ਡਾਂਟਿਆ ਕਿ ਉਸ ਦੀ ਦਾੜ੍ਹੀ ਕਤਰੀ ਹੋਈ ਸੀ । ਮੁੰਡੇ ਦੇ ਪਿਉ ਨੂੰ ਵੀ ਝਿੜਕਾਂ ਮਾਰੀਆਂ ਪਰ ਉਸਨੇ ਬੜੀ ਹਲੀਮੀ ਨਾਲ ਮੌਕਾ ਸੰਭਾਲਦਿਆਂ ਅਰਜ਼ ਕੀਤੀ : 'ਜਨਾਬ ਮੁੰਡਾ-ਖੁੰਡਾ ਹੈ, ਮਾੜੀ ਸੰਗਤ ਵਿੱਚ ਪੈ ਕੇ ਵਿਗੜ ਗਿਆ ਹੈ । ਤੁਹਾਡੇ ਕੋਲ ਰਹੇਗਾ ਤਾਂ ਬਿਲਕੁਲ ਠੀਕ ਹੋ ਜਾਏਗਾ ।'... ਅਤੇ ਨਾਲ ਹੀ ਆਪਣੀ ਪੱਗ ਉੱਤੋਂ ਦੀ ਪਿੱਛੇ ਵੱਲ ਨੂੰ ਹੱਥ ਫੇਰਿਆ । ਰੰਧਾਵਾ ਆਪਣੇ ਅੰਗਰੇਜ਼ਾਂ ਵਰਗੇ ਸਿਰ ਨੂੰ ਯਾਦ ਕਰਕੇ ਮੁਸਕਰਾ ਪਿਆ ਤੇ ਮੁੰਡੇ ਦੀ ਨੌਕਰੀ ਪੱਕੀ ਹੋ ਗਈ ।...

ਕਹਿੰਦੇ ਨੇ : ਰੰਧਾਵੇ ਦੀ ਲੜਕੀ ਦੀ ਸ਼ਾਦੀ ਸੀ । ਬਰਾਤ ਦੀ ਰੋਟੀ ਨੂੰ ਹਾਲੀ ਦੇਰ ਸੀ ਪਰ ਰੰਧਾਵੇ ਦੇ ਖਾਣੇ ਦਾ ਟਾਈਮ ਹੋ ਗਿਆ । ਉਸ ਨੇ ਖਾਣਾ ਲਗਾਉਣ ਦਾ ਹੁਕਮ ਦਿੱਤਾ । ਉਸਨੂੰ ਦੱਸਿਆ ਗਿਆ ਕਿ ਕੁੜੀ ਵਾਲੇ, ਬਰਾਤੀਆਂ ਤੋਂ ਪਹਿਲਾਂ, ਰੋਟੀ ਨਹੀਂ ਖਾਇਆ ਕਰਦੇ । ਪਰ ਉਹ, ਬਿਨਾਂ ਵਕਤ ਜ਼ਾਇਆ ਕੀਤਿਆਂ, ਆਪ ਹੀ ਰਸੋਈ ਵੱਲ ਚਲਾ ਗਿਆ ਤੇ ਆਪਣਾ ਕੰਮ ਕਰ ਆਇਆ ।...

ਕਹਿੰਦੇ ਨੇ : ਰੰਧਾਵੇ ਦੀ ਪ੍ਰਧਾਨਗੀ ਵਾਲੀ ਚੰਡੀਗੜ੍ਹ ਸਾਹਿੱਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕਰਨ ਦੇ ਕੁਝ ਮਹੀਨਿਆਂ ਪਿੱਛੋਂ ਕਹਾਣੀਕਾਰ ਮੋਹਨ ਭੰਡਾਰੀ ਜਦੋਂ ਇੱਕ ਸਮਾਗਮ ਦੌਰਾਨ ਰੰਧਾਵੇ ਨੂੰ ਮਿਲਿਆ ਤਾਂ ਰੰਧਾਵਾ ਖੁਸ਼ ਹੋਣ ਦੀ ਥਾਂ ਤਲਖ਼ ਹੋ ਗਿਆ, ਅਖੇ :ਤੂੰ ਅਜੇ ਵੀ ਆਹ ਕੱਪੜੇ ਪਾਈ ਫਿਰਦਾ ਹੈਂ? ਸੂਟ ਨਹੀਂ ਸੰਵਾਇਆ? ਤੈਨੂੰ ਪੰਜ ਸੌ ਰੁਪਏ ਕਾਹਦੇ ਲਈ ਦਿੱਤੇ ਸਨ?... ਭੰਡਾਰੀ ਪੁਰਸਕਾਰ ਦੀ ਪਰਿਭਾਸ਼ਾ ਲੱਭਣ ਵਿੱਚ ਗੁਆਚ ਗਿਆ ਤੇ ਰੰਧਾਵਾ ਅੱਗੇ ਨਿਕਲ ਗਿਆ ।... ਕਹਿੰਦੇ ਨੇ : ਲੇਖਕਾਂ ਦੀ ਇੱਕ ਮਹਫ਼ਿਲ ਵਿੱਚ ਰੰਧਾਵੇ ਨੇ ਸੁਆਲ ਕੀਤਾ ਕਿ ਨਵੇਂ ਲੇਖਕਾਂ 'ਚੋਂ ਕਹਾਣੀਆਂ ਕੌਣ ਵਧੀਆ ਲਿਖ ਰਿਹਾ ਹੈ? ਕਿਸੇ ਨੇ ਪ੍ਰੇਮ ਪ੍ਰਕਾਸ਼ ਦਾ ਨਾਂ ਲਿਆ, ਕਿਸੇ ਨੇ ਕਿਰਪਾਲ ਕਜ਼ਾਕ ਦਾ, ਕਿਸੇ ਨੇ ਪ੍ਰੇਮ ਗੋਰਖੀ ਦਾ ਤੇ ਕਿਸੇ ਨੇ ਗੁਲ ਚੌਹਾਨ ਦਾ । ਵਿੱਚੋਂ ਇੱਕ ਜਣੇ ਨੇ ਵਰਿਆਮ ਸੰਧੂ ਦਾ ਨਾਂ ਬੋਲ ਦਿੱਤਾ । ਰੰਧਾਵਾ ਤ੍ਰਭਕਿਆ: ਸੰਧੂ?.. ਕਿਹੜਾ ਸੰਧੂ? ਗੁਲਜ਼ਾਰ ਤਾਂ ਪੁਰਾਣਾ ਹੈ ।... ਦੱਸਿਆ ਗਿਆ ਕਿ ਵਰਿਆਮ ਸੰਧੂ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਸਕੂਲ ਮਾਸਟਰ ਲੱਗਿਆ ਹੋਇਆ ਹੈ ਪਰ ਕਹਾਣੀਆਂ ਵਧੀਆ ਲਿਖਦਾ ਹੈ ।...ਰੰਧਾਵਾ ਤਾਅ ਖਾ ਗਿਆ, ਅਖੇ: ਜੇ ਕੋਈ ਸੰਧੂ ਵਧੀਆ ਕਹਾਣੀਆਂ ਲਿਖਦਾ ਹੈ ਤਾਂ ਹੁਣ ਤਕ ਮੈਨੂੰ ਮਿਲਿਆ ਕਿਉਂ ਨਹੀਂ? ਉਹਨੂੰ ਕਹਿਉ, ਮੈਨੂੰ ਮਿਲੇ;... ਪਤਾ ਨਹੀਂ ਵਰਿਆਮ ਸੰਧੂ ਤਕ ਕਿਸੇ ਨੇ ਇਹ ਸੁਨੇਹਾ ਪੁਚਾਇਆ ਕਿ ਨਹੀਂ; ਵਰਿਆਮ ਸੰਧੂ ਰੰਧਾਵੇ ਨੂੰ ਮਿਲਿਆ ਕਿ ਨਹੀਂ;... ਪਰ ਅਗਲੇ ਸਾਲ ਦਾ ਪੰਜਾਬ ਆਰਟ ਕੌਂਸਲ ਦਾ ਪੁਰਸਕਾਰ ਜ਼ਰੂਰ ਵਰਿਆਮ ਸੰਧੂ ਨੂੰ ਮਿਲ ਗਿਆ ।... ..

ਕਹਿੰਦੇ ਨੇ : ਟ੍ਰਿਬਿਊਨ ਟਰੱਸਟ ਦਾ ਟਰੱਸਟੀ ਬਣਨ ਪਿੱਛੋਂ ਜਦੋਂ ਰੰਧਾਵੇ ਨੇ 'ਪੰਜਾਬੀ ਟ੍ਰਿਬਿਊਨ' ਜਾਰੀ ਕਰਨਾ ਮੰਨਵਾ ਲਿਆ ਤਾਂ ਐਡੀਟਰਸ਼ਿਪ ਲਈ ਉਹਦੇ ਕੋਲ ਦੋ ਨਾਂ ਸਨ : ਕੁਲਵੰਤ ਸਿੰਘ ਵਿਰਕ ਅਤੇ ਗੁਲਜ਼ਾਰ ਸਿੰਘ ਸੰਧੂ । ਦੋਵੇਂ ਜੱਟ, ਦੋਵੇਂ ਕਹਾਣੀਕਾਰ, ਦੋਵੇਂ ਰੰਧਾਵੇ ਦੇ ਪਰਖੇ ਹੋਏ । ਪਹਿਲਾਂ ਤਾਂ ਇਨ੍ਹਾਂ ਦੋਹਾਂ ਅਕਾਦਮੀ-ਸਾਈਜ਼ ਲੇਖਕਾਂ ਦੀ ਆਨਾ-ਕਾਨੀ ਕਾਰਨ ਗੁਣਾਂ ਬਰਜਿੰਦਰ ਸਿੰਘ 'ਤੇ ਪੈ ਗਿਆ ਪਰੰਤੂ ਬਰਜਿੰਦਰ ਦੇ 'ਅਜੀਤ' ਵਿੱਚ ਚਲੇ ਜਾਣ ਪਿੱਛੋ. ਗੁਲਜ਼ਾਰ ਸਿੰਘ ਸੰਧੂ ਚੰਡੀਗੜ੍ਹੀਆ ਹੋ ਗਿਆ । ਜਿੰਨੀ ਦੇਰ ਰੰਧਾਵਾ ਜੀਂਦਾ ਰਿਹਾ ਸੰਧੂ ਦੀ ਸਰਦਾਰੀ ਕਾਇਮ ਰਹੀ ਪਰ ਪਿੱਛੋਂ ਉਸਨੂੰ ਨਵੇਂ ਵਰ੍ਹੇ ਦੇ ਵਧਾਈ ਕਾਰਡਾਂ ਉੱਤੇ ਲਿਖਣਾ ਪਿਆ: ਜੱਟ ਛੱਡ ਚੱਲਿਆ ਸਰਦਾਰੀ, ਟ੍ਰਿਬਿਊਨ ਦੇ ਸੁਹਾਗੇ ਦੀ... ...

ਕਹਿੰਦੇ ਨੇ : ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ ਜਦੋਂ ਰੰਧਾਵੇ ਨੇ ਪੰਜਾਬੀ ਦੇ ਇੱਕ ਕਵੀ ਦੀਆਂ ਕੁਝ ਸਤਰਾਂ ਸ਼ਿਲਾ-ਲੇਖ ਦੇ ਰੂਪ ਵਿੱਚ ਸਥਾਪਿਤ ਕੀਤੀਆਂ ਤਾਂ ਦੂਜੀ ਧਿਰ ਨੇ ਮੰਗ ਕੀਤੀ ਕਿ ਪੰਜਾਬੀ ਦੇ ਨਾਲ ਕਿਸੇ ਹਿੰਦੀ ਕਵੀ ਨੂੰ ਵੀ ਇਹ ਮਾਣ ਮਿਲਣਾ ਚਾਹੀਦਾ ਹੈ । ਰੰਧਾਵੇ ਨੇ ਝੱਟ ਕਿਹਾ: ਇਸ ਵਿਸ਼ੇ 'ਤੇ ਏਨੀਆਂ ਭਾਵਪੂਰਤ ਸਤਰਾਂ ਕਿਸੇ ਹਿੰਦੀ ਕਵੀ ਦੀਆਂ ਲੈ ਆਉ, ਮੈਂ ਇੱਕ ਪੱਥਰ ਹੋਰ ਗਡਵਾ ਦਿਆਂਗਾ । ਉਸਨੂੰ ਪਤਾ ਸੀ ਕਿ ਇਅਤਰਾਜ਼ ਕਰਨ ਵਾਲਿਆਂ ਦਾ ਸੰਬੰਧ ਸਿਆਸਤ ਨਾਲ ਹੈ, ਸਾਹਿੱਤ ਜਾਂ ਭਾਸ਼ਾ ਨਾਲ ਬਿਲਕੁਲ ਨਹੀਂ । ਬਾਦ ਵਿੱਚ ਉਹਦੇ ਕੋਲ ਕੋਈ ਨਾ ਆਇਆ ।... ...

ਕਹਿੰਦੇ ਤਾਂ ਹੋਰ ਵੀ ਬਹੁਤ ਕੁਝ ਨੇ ਪਰ ਆਉ ਜ਼ਰਾ ਦੇਖੀਏ ਕਿ ਰੰਧਾਵਾ ਆਪਣੇ ਬਾਰੇ ਆਪ ਕੀ ਕਹਿੰਦਾ ਹੈ । ਉਸਨੇ ਆਪਣੀ ਜੀਵਨ-ਕਥਾ ਲਿਖੀ ਹੈ: ਆਪ-ਬੀਤੀ । ਇਸਦੀ ਭੂਮਿਕਾ 'ਚ ਉਹ ਸੰਨ 1972 ਦੇ ਹਵਾਲੇ ਨਾਲ ਗੱਲ ਕਰਦਾ ਦੱਸਦਾ ਹੈ :

ਪ੍ਰੋਫ਼ੈਸਰ ਦਲੀਪ ਸਿੰਘ ਦੀਪ ਨੇ... ਕਿਹਾ ਕਿ ਮੈਨੂੰ ਵਕਤ ਦਿਉ ਮੈਂ ਤੁਹਾਡੀ ਜੀਵਨੀ ਲਿਖਣਾ ਚਾਹੁੰਦਾ ਹਾਂ । ਮੈਂ ਕਿਹਾ ਕਿ ਤੂੰ ਜੀਵਨੀ ਵਿੱਚ ਮੇਰੀਆਂ ਤਾਰੀਫ਼ਾਂ ਹੀ ਕਰੇਂਗਾ, ਇਸ ਤਰ੍ਹਾਂ ਇੱਕ ਫੋਕੀ ਜਿਹੀ ਕਿਤਾਬ ਬਣੇਗੀ । ਜੀਵਨੀ ਦਾ ਮਤਲਬ ਹੈ ਕਿ ਜੋ ਚੰਗਾ ਮਾੜਾ ਬੀਤਿਆ ਹੈ, ਸਚਾਈ ਨਾਲ ਲਿਖਿਆ ਜਾਵੇ ਤੇ ਇਹ ਕੰਮ ਮੈਨੂੰ ਆਪ ਹੀ ਕਰਨਾ ਚਾਹੀਦਾ ਹੈ । ...ਮੈਂ ਇਹ ਵੀ ਅਨੁਭਵ ਕੀਤਾ ਕਿ ਪੰਜਾਬ ਦੇ ਕੁਝ ਲੋਕ ਮੇਰੇ ਪਿਛੋਕੜ ਬਾਰੇ ਜਾਨਣਾ ਚਾਹੁੰਦੇ ਹਨ । ਪੰਜਾਬੀ ਲੋਕਾਂ ਵਿੱਚ ਇਹ ਵੀ ਅਨੁਭਵ ਸੀ ਕਿ ਮੈਂ ਪੰਜਾਬ ਦੀ ਉੱਨਤੀ ਵਿੱਚ ਬੜਾ ਹਿੱਸਾ ਪਾਇਆ ਹੈ । ਪੰਜਾਬ ਦੇ ਉਜੜਨ 'ਤੇ ਸ਼ਰਨਾਰਥੀਆਂ ਨੂੰ ਵਸਾਇਆ, ਜ਼ਮੀਨਾਂ ਵੰਡੀਆਂ, ਟਿਊਬਵੈੱਲਾਂ ਦਾ ਰਿਵਾਜ ਪਾਇਆ, ਖਿਲਰੀਆਂ ਪੁਲਰੀਆਂ ਜ਼ਮੀਨਾਂ ਦੀ ਚੱਕਬੰਦੀ ਕੀਤੀ, ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ, ਨਵੇਂ ਢੰਗ ਦੀ ਖੇਤੀ ਦਾ ਰਿਵਾਜ ਪਾਇਆ ਤੇ ਲੋਕਾਂ ਦੇ ਜੀਵਨ ਵਿੱਚ ਪਲਟਾ ਲਿਆਂਦਾ । ਚੰਡੀਗੜ੍ਹ ਨੂੰ ਫ਼ਲਦਾਰ ਬੂਟਿਆਂ ਨਾਲ ਸਜਾਇਆ, ਮਿਊਜ਼ੀਅਮ ਬਣਾਏ ਤੇ ਡਾਕਟਰਾਂ, ਸਾਇੰਸਦਾਨਾਂ, ਲਿਖਾਰੀਆਂ ਤੇ ਚਿੱਤਰਕਾਰਾਂ ਨੂੰ ਸਸਤੇ ਪਲਾਟ ਦਿੱਤੇ ਅਤੇ ਇਸ ਸ਼ਹਿਰ ਨੂੰ ਵਸਾਇਆ । ਸਭ ਤੋਂ ਉੱਤਮ ਕੰਮ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਨੂੰ ਉਸਾਰਨਾ ਸੀ ਤੇ ਇਸਨੂੰ ਪੰਜਾਬ ਦੇ ਪਿੰਡਾਂ ਦੀ ਉਸਾਰੀ ਦਾ ਸੋਮਾ ਬਣਾਇਆ ।

ਆਪ-ਬੀਤੀ ਵਿੱਚ ਰੰਧਾਵੇ ਨੇ ਲੇਖਕਾਂ ਜਾਂ ਹੋਰ ਕਲਾਕਾਰਾਂ ਬਾਰੇ ਬਹੁਤੇ ਵੇਰਵੇ ਨਾਲ ਗੱਲਾਂ ਤਾਂ ਨਹੀਂ ਕੀਤੀਆਂ ਪਰੰਤੂ ਕਿਤੇ ਕਿਤੇ ਦਿਲਚਸਪ ਟਿੱਪਣੀਆਂ ਜ਼ਰੂਰ ਕੀਤੀਆਂ ਹਨ । ਵੇਖੋ ਇੱਕ ਹਵਾਲਾ ਦੇਵਿੰਦਰ ਸਤਿਆਰਥੀ ਬਾਰੇ : ਲਾਹੌਰ... ਮੈਂ ਰਾਮਾਕ੍ਰਿਸ਼ਨਾ ਦੀ ਦੁਕਾਨ 'ਤੇ ਕਿਤਾਬਾਂ ਦੇਖ ਰਿਹਾ ਸੀ ਤੇ ਦੇਵਿੰਦਰ ਸਤਿਆਰਥੀ ਨਾਲ ਮੁਲਾਕਾਤ ਹੋਈ । ਲੰਬੀ ਦਾੜ੍ਹੀ, ਉੱਬਲੀਆਂ ਹੋਈਆਂ ਅੱਖਾਂ ਤੇ ਮੋਢਿਆਂ ਨੂੰ ਛੂੰਹਦੇ ਪਟੇ । ਇਹ ਸੀ ਦੇਵਿੰਦਰ ਸਤਿਆਰਥੀ ਜਿਸਨੇ ਪੰਜਾਬ ਦੇ ਲੋਕ ਗੀਤਾਂ ਦੀ ਭਾਲ ਵਿੱਚ ਬੜਾ ਉੱਘਾ ਕੰਮ ਕੀਤਾ । ਮੈਨੂੰ ਉਸਦੀ ਕਿਤਾਬ 'ਗਿੱਧਾ' ਬਹੁਤ ਪਸੰਦ ਆਈ ਸੀ । ਮੈਂ ਸਤਿਆਰਥੀ ਨੂੰ ਇੱਕ ਰੈਸਟੋਰੈਂਟ ਵਿੱਚ ਚਾਹ ਪਿਲਾਈ ਤੇ ਇਸਦੇ ਪਿੱਛੋਂ ਆਨਾਰਕਲੀ ਵੱਲ ਕੱਪੜੇ ਖਰੀਦਣ ਦੀ ਸੋਚੀ । ਮੈਂ ਇਕਬਾਲ ਲਈ ਇੱਕ ਦੁਪੱਟਾ ਖਰੀਦਿਆ । ਸਤਿਆਰਥੀ ਬੋਲਿਆ ਕਿ ਮੇਰੀ ਵਹੁਟੀ ਲਈ ਵੀ ਇੱਕ ਦੁਪੱਟਾ ਖ਼ਰੀਦ ਦਿਉ । ਮੈਂ ਉਸਨੂੰ ਕਿਹਾ ਕਿ ਆਪਣੀ ਮਰਜ਼ੀ ਦਾ ਇੱਕ ਦੁਪੱਟਾ ਚੁਣ ਲਏ । ਉਸ ਨੇ ਦੋ ਜੁਦੇ ਜੁਦੇ ਰੰਗਾਂ ਦੇ ਦੁਪੱਟੇ ਚੁਣ ਲਏ । ਮੈਂ ਉਨ੍ਹਾਂ ਦਾ ਬਿੱਲ ਦੇ ਕੇ ਸਤਿਆਰਥੀ ਤੋਂ ਛੁਟਕਾਰਾ ਪਾਇਆ । ਸਾਥ ਹੀ ਉਸਦੀ ਮੰਗਤਿਆਂ ਵਾਲੀ ਜ਼ਿੰਦਗੀ ਦੇਖ ਕੇ ਮੈਂ ਸੋਚਿਆ ਕਿ ਇਹ ਆਦਮੀ ਗੁਣੀ ਹੈ, ਜੇ ਕਿਸੇ ਕੰਮ 'ਤੇ ਲੱਗ ਜਾਵੇ ਤਾਂ ਇਹ ਬਹੁਤ ਕੁਝ ਲਿਖ ਸਕਦਾ ਹੈ । ਸਤਿਆਰਥੀ ਦੀ ਫ਼ੋਟੋਗਰਾਫ਼ੀ ਵੀ ਬੜੀ ਕਮਾਲ ਦੀ ਸੀ ਤੇ ਉਸਨੂੰ ਕਿਤਾਬਾਂ ਦੀ ਲੇ-ਆਊਟ ਬਣਾਉਣ ਦਾ ਵੀ ਕਾਫ਼ੀ ਤਜ਼ਰੁਬਾ ਸੀ । ਮੈਂ ਦਿੱਲੀ ਵਾਪਿਸ ਮੁੜ ਕੇ ਸਤਿਆਰਥੀ ਨੂੰ ਆਈ. ਸੀ. ਏ. ਆਰ. ਵਿੱਚ ਅਸਿਸਟੈਂਟ ਐਡੀਟਰ ਦੀ ਨੌਕਰੀ ਦੇ ਦਿੱਤੀ ਤੇ ਇੰਡੀਅਨ ਫ਼ਾਰਮਿੰਗ ਦਾ ਸਪੈਸ਼ਲ ਇਸ਼ੂ, ਡਿਵੈਲਪਿੰਗ ਵਿਲੇਜ ਇੰਡੀਆ ਦੇ ਲੇ-ਆਊਟ ਦਾ ਕੰਮ ਸਪੁਰਦ ਕਰ ਦਿੱਤਾ । ਉਸਨੇ ਇਹ ਕੰਮ ਬਹੁਤ ਅੱਛਾ ਕੀਤਾ ।... ਚੰਡੀਗੜ੍ਹ ਦੇ ਲਿਖਾਰੀਆ ਤੇ ਕਲਾਕਾਰਾਂ ਨੂੰ ਪਲਾਟ ਵੰਡਣ ਸੰਬੰਧੀ ਰੰਧਾਵੇ ਦੀ ਟਿੱਪਣੀ ਇਸ ਪ੍ਰਕਾਰ ਹੈ: ਮੈਂ...ਵੇਖਿਆ ਕਿ ਇਸ ਸ਼ਹਿਰ ਵਿੱਚ ਉਹੀ ਲੋਕ ਪਲਾਟ ਲੈ ਸਕਦੇ ਹਨ, ਜਿਹੜੇ ਧਨਾਢ ਜਾਂ ਬਲੈਕੀਏ ਹੋਣ । ਕੋਈ ਗੁਣੀ ਆਦਮੀ ਚਾਹੇ ਕਲਾਕਾਰ, ਲਿਖਾਰੀ ਜਾਂ ਡਾਕਟਰ ਹੋਵੇ, ਜਾਂ ਕੋਈ ਸਰਕਾਰੀ ਮੁਲਾਜ਼ਮ ਵੀ ਹੋਏ, ਉਸ ਵਿੱਚ ਪਲਾਟ ਖਰੀਦਣ ਦੀ ਸ਼ਕਤੀ ਨਹੀਂ । ਮੈਂ ਪਹਿਲਾਂ ਤਿੰਨ ਅਕਾਦਮੀਆਂ ਸਾਹਿੱਤ, ਸੰਗੀਤ ਨਾਟਕ ਤੇ ਲਲਿਤ ਕਲਾ ਅਕਾਦਮੀ ਬਣਾਈਆਂ । ਸਾਹਿੱਤ ਅਕਾਦਮੀ ਵਿੱਚ ਉਹ ਸਾਰੇ ਵਿਅਕਤੀ ਜਿਨ੍ਹਾਂ ਨੇ ਕੋਈ ਕਿਤਾਬ ਲਿਖੀ, ਨੂੰ ਮੈਂਬਰ ਬਣਾਇਆ । ਸੰਗੀਤ ਨਾਟਕ ਅਕਾਦਮੀ ਵਿੱਚ ਨੱਚਣ ਵਾਲੇ ਕਲਾਕਾਰਾਂ ਨੂੰ ਇਕੱਠਾ ਕੀਤਾ ਤੇ ਜਿੰਨੇ ਉੱਘੇ ਲਿਖਾਰੀ ਸਨ ਉਨ੍ਹਾਂ ਨੂੰ ਲਲਿਤ ਕਲਾ ਅਕਾਦਮੀ ਦਾ ਮੈਂਬਰ ਬਣਾਇਆ । ਇਨ੍ਹਾਂ ਸਾਰਿਆਂ ਨੂੰ ਮੁਕੱਰਰ ਕੀਮਤਾਂ 'ਤੇ ਸਸਤੇ ਪਲਾਟ ਦਿੱਤੇ ।...

ਵੇਰਵੇ ਵਿੱਚ ਨਾ ਜਾਈਏ ਤਾਂ ਦਿੱਲੀ, ਚੰਡੀਗੜ੍ਹ ਜਾਂ ਲੁਧਿਆਣੇ ਰਹਿੰਦਿਆਂ ਰੰਧਾਵੇ ਨੇ, ਵਾਹ ਲੱਗਦੀ, ਕਲਮਾਂ ਵਾਲਿਆਂ, ਬੁਰਸ਼ਾਂ ਵਾਲਿਆਂ-ਸਾਜ਼ਾਂ ਵਾਲਿਆਂ, ਨੂੰ ਆਰਥਿਕ ਮੰਦਵਾੜੇ ਤੋਂ ਮੁਕਤੀ ਦਿਵਾਉਣ ਲਈ ਭਰਪੂਰ ਯਤਨ ਕੀਤੇ । ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਸਾਹਿੱਤ ਤੇ ਸੱਭਿਆਚਾਰ ਦਾ ਵਿਭਾਗ ਸਥਾਪਿਤ ਕਰਕੇ ਕਈ ਲੇਖਕਾਂ ਤੇ ਕਲਾਕਾਰਾਂ ਨੂੰ ਸਥਾਈ ਰੋਜ਼ਗਾਰ ਪ੍ਰਦਾਨ ਕੀਤਾ । ਪ੍ਰੋ: ਮੋਹਨ ਸਿੰਘ ਤੇ ਸੰਤ ਸਿੰਘ ਸੇਖੋਂ ਨੂੰ ਪ੍ਰੋਫੈਸਰ ਅਮੈਰੇਟਸ ਦੀ ਪਦਵੀ 'ਤੇ ਲਾਈ ਰੱਖਿਆ । ਅਸੀਂ ਸਵਰਗੀ ਸੋਭਾ ਸਿੰਘ ਅਤੇ ਗੁਰਬਖ਼ਸ਼ ਸਿੰਘ ਤੋਂ ਸ਼ੁਰੂ ਕਰਕੇ ਦੇਵ ਆਰਟਿਸਟ ਤੱਕ ਕਹਾਣੀ ਪਾ ਸਕਦੇ ਹਾਂ ਪਰੰਤੂ ਇਹ ਸਾਡਾ ਕੰਮ ਨਹੀਂ । ਰੰਧਾਵੇ ਦੇ ਮਸ਼ਕੂਰ ਬੰਦੇ ਆਪਣੀ ਆਪਣੀ ਆਤਮ-ਕਥਾ ਵਿੱਚ ਇਹ ਸਾਰੇ ਵੇਰਵੇ ਆਪੇ ਹੀ ਦੇਣਗੇ । ਅਸਲ ਵਿੱਚ ਰੰਧਾਵੇ ਨੇ ਸਿਰਫ਼ ਆਪ ਹੀ ਸੁਪਨੇ ਨਹੀਂ ਲਏ, ਅਣਗਣਿਤ ਹੋਰਨਾਂ ਸੁਪਨੇ ਲੈਣ ਵਾਲਿਆਂ ਨੂੰ ਵੀ ਸੁਪਨੇ ਸਾਕਾਰ ਕਰਨ ਵਿੱਚ ਮੱਦਦ ਦਿੱਤੀ ਹੈ । ਉਸਨੇ ਆਪਣੀ ਜੀਵਨੀ ਕਈਆਂ ਹੋਰਨਾਂ ਦੀਆਂ ਜੀਵਨੀਆਂ ਵਿੱਚ ਬੀਜ ਦਿੱਤੀ ਹੈ, ਜੋ ਹੌਲੀ ਹੌਲੀ ਉੱਗਦੀ ਰਹੇਗੀ ।

ਉਂਜ ਰੰਧਾਵੇ ਦੇ ਲੋਕ-ਬਿੰਬ ਦਾ ਇੱਕ ਹੋਰ ਪਹਿਲੂ ਵੀ ਹੈ । ਉਸ ਪਹਿਲੂ ਦਾ ਵੀ ਜ਼ਿਕਰ ਕਰਨਾ ਬਣਦਾ ਹੈ । ਰੰਧਾਵੇ ਦੇ ਨਾਂ 'ਤੇ ਬਹੁਤ ਸਾਰੀਆਂ ਕਿਤਾਬਾਂ ਛਪੀਆਂ ਹੋਈਆਂ ਹਨ । ਜਦੋਂ ਉਸਦਾ ਅਭਿਨੰਦਨ-ਗਰੰਥ ਛਪਿਆ ਤੇ ਰਿਲੀਜ਼ ਹੋਇਆ ਸੀ ਤਾਂ ਚੰਡੀਗੜ੍ਹ ਦੀ ਆਰਟ ਮਿਊਜ਼ੀਅਮ ਦੇ ਬਾਹਰ ਇਨ੍ਹਾਂ ਕਿਤਾਬਾਂ ਦੀ ਨੁਮਾਇਸ਼ ਵੀ ਲੱਗੀ ਸੀ । ਵੇਖਣ ਵਾਲਿਆਂ ਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਏਨੇ ਵੱਖ-ਵੱਖ, ਵੱਖਰੀ ਤਰ੍ਹਾਂ ਦੇ, ਵੱਖਰੇ ਅਨੁਸ਼ਾਸਨਾਂ ਵਾਲਿਆਂ ਵਿਸ਼ਿਆਂ ਉੱਤੇ ਇੱਕੋ ਆਦਮੀ ਏਨੀ ਕਾਮਯਾਬੀ ਨਾਲ ਕਲਮ ਚਲਾ ਸਕਦਾ ਹੈ: ਗੱਲਾਂ ਹੁੰਦੀਆਂ ਰਹਿੰਦੀਆਂ ਹਨ ਕਿ ਕਿਤਾਬਾਂ ਲਿਖੀਆਂ ਹੋਰਨਾਂ ਨੇ ਹਨ ਅਤੇ ਛਪੀਆਂ ਰੰਧਾਵੇ ਦੇ ਨਾਂ ਥੱਲੇ ਹਨ । ਉਹਨੇ ਗ਼ਰੀਬ ਅਤੇ ਲੋੜਵੰਦ ਗੁਣੀਆਂ ਦਾ ਨਾਜਾਇਜ਼ ਫਾਇਦਾ ਉਠਾਇਆ ਹੈ । ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਬਹਾਨੇ ਆਪ ਫ਼ਾਇਦਾ ਉਠਾਇਆ ਹੈ । ਆਪਣੀ ਪਦਵੀ ਅਤੇ ਅਸਰ-ਰਸੂਖ਼ ਦਾ ਬੇਲੋੜਾ ਫ਼ਾਇਦਾ ਉਠਾਇਆ ਹੈ ।... ਪਰ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਮਹਾਂਪੁਰਖਾਂ ਨੇ ਰੰਧਾਵੇ ਲਈ ਇਹ ਸਾਰਾ ਕੰਮ ਕੀਤਾ ਉਹ ਆਪ ਕਿਉਂ ਨਹੀਂ ਬੋਲਦੇ?... ਹੁਣ ਤਾਂ ਉਹ ਨਹੀਂ ਰਿਹਾ, ਚਲੋ ਹੁਣ ਹੀ ਬੋਲ ਪਵੋ!

ਸਾਡੇ ਕੋਲ ਵੱਡੇ ਅਫ਼ਸਰ ਤਾਂ ਹੁਣ ਵੀ ਹਨ ਜਿਹੜੇ ਪੜ੍ਹਨ-ਲਿਖਣ ਵਾਲੀ ਰੁਚੀ ਰੱਖਦੇ ਹਨ । ਜਿਨ੍ਹਾਂ ਦੀ ਕਾਫ਼ੀ ਲੰਬੀ ਫਰਿਹਸਤ ਬਣਾਈ ਜਾ ਸਕਦੀ ਹੈ । ਇਹ ਸਾਰੇ ਨੇਕ ਕਾਰਜ ਕਰ ਰਹੇ ਹਨ ਪਰ ਰੰਧਾਵੇ ਦੇ ਮੁਕਾਬਲੇ ਕਿੱਥੇ ਕੁ ਠਹਿਰਦੇ ਹਨ? ਕੀ ਇਨ੍ਹਾਂ ਦੀ ਪਦਵੀ ਛੋਟੀ ਹੈ ਜਾਂ ਕਿ ਅਖ਼ਤਿਆਰਾਤ ਘੱਟ ਹਨ? ਕੁਝ ਵੀ ਘੱਟ ਨਹੀਂ । ਘਾਟ ਸਿਰਫ਼ ਮਿਸ਼ਨਰੀ ਸਪਿਰਟ ਦੀ ਹੈ । ਰੰਧਾਵਾ ਮਿਸ਼ਨਰੀ ਸਪਿਰਟ ਨਾਲ ਇਸ ਪਾਸੇ ਜੁਟਿਆ ਹੋਇਆ ਸੀ । ਉਹ ਨਵੇਂ ਪੰਜਾਬ ਦਾ ਅਸਲੀ ਉਸਰੱਈਆ ਹੈ । ਉਸਨੂੰ ਗ਼ਰੀਬੀ ਨਾਲ ਨਫ਼ਰਤ ਸੀ; ਗ਼ਰੀਬੀ ਭਾਵੇਂ ਕਿਸਾਨ ਦੀ ਹੋਵੇ, ਕਲਾਕਾਰ ਦੀ ਹੋਵੇ, ਵਿਗਿਆਨੀ ਦੀ ਹੋਵੇ ਜਾਂ ਫ਼ਿਰ ਕਾਮੇ ਦੀ ਹੋਵੇ । ਉਹ ਗ਼ਰੀਬਾਂ ਦਾ ਸੱਚੇ ਦਿਲੋਂ ਹਿਤੈਸ਼ੀ ਸੀ । ਬਦਸੂਰਤੀ ਤੇ ਬੇਤਰਤੀਬੀ ਦਾ ਦੁਸ਼ਮਣ ਸੀ । ਪੰਜਾਬ ਦਾ ਹਰ ਪਿੰਡ, ਹਰ ਖੇਤ, ਹਰ ਘਰ, ਹਰ ਬਾਗ਼, ਹਰ ਮੈਦਾਨ ਸੋਹਣਾ ਵੇਖਣਾ ਚਾਹੁੰਦਾ ਸੀ । ਫਲਾਂ, ਫੁੱਲਾਂ, ਪੰਛੀਆਂ ਦਾ ਸ਼ੈਦਾਈ ਸੀ । ਪਤਾ ਨਹੀਂ ਕਿੱਥੇ ਕਿੱਥੇ ਉਹ ਆਪਣੇ ਹਸਤਾਖ਼ਰ ਕਰ ਗਿਆ ਹੈ । ਕੌਣ ਕਹਿੰਦਾ ਹੈ ਕਿ ਉਹ ਮਰ ਗਿਆ ਹੈ; ਹਾਂ, ਸਾਡੇ 'ਚੋਂ ਇੱਕ ਪਰਜੀਵੀ ਵਰਗ ਨੂੰ ਉਹ ਯਤੀਮ ਜ਼ਰੂਰ ਕਰ ਗਿਆ ਹੈ ।

ਹਰ ਕੰਮ-ਦੇ-ਬੰਦੇ ਦਾ ਅਹਿਮ ਵੀ ਹੁੰਦਾ ਹੈ । ਅਹਿਮ ਸਾਧੂ ਸਿੰਘ ਹਮਦਰਦ ਦਾ ਵੀ ਸੀ ਤੇ ਵਿਸ਼ਵਾਨਾਥ ਤਿਵਾੜੀ ਦਾ ਵੀ । ਇਨ੍ਹਾਂ ਦੋਹਾਂ ਨੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜ਼ੋਰ-ਸ਼ੋਰ ਨਾਲ ਕੰਮ ਕੀਤਾ । ਭਾਵੇਂ ਜ਼ੋਰ ਘੱਟ ਸੀ ਤੇ ਸ਼ੋਰ ਵੱਧ; ਇਹਨਾਂ ਦੋਹਾਂ ਦੇ ਤੁਰ ਜਾਣ ਨਾਲ ਸਾਨੂੰ ਬਹੁਤ ਘਾਟਾ ਪਿਆ ਹੈ । ਇੱਕ ਤਾਂ ਪੰਜਾਬੀ ਗ਼ਜ਼ਲ ਦੀ ਵਿਕਾਸ ਗਤੀ ਮੱਠੀ ਪੈ ਗਈ ਹੈ ਅਤੇ ਦੂਜੇ ਪੰਜਾਬ ਯੂਨੀਵਰਸਿਟੀ ਦੀ ਰੌਣਕ ਮਰ ਗਈ ਹੈ । ਪਰੰਤੂ ਰੰਧਾਵੇ ਦੇ ਤੁਰ ਜਾਣ ਨਾਲ ਇੰਜ ਲੱਗਦਾ ਹੈ ਜਿਵੇਂ ਪੰਜਾਬ ਦਾ ਸਾਹ ਰੁਕ ਗਿਆ ਹੋਵੇ!... ਜਿਵੇਂ ਸੁਪਨਿਆਂ ਦੀ ਰੌਣਕ ਮਰ ਗਈ ਹੋਵੇ! ਸਾਡੇ ਬੰਦਿਆਂ ਨੇ ਸਭ ਤੋਂ ਵੱਧ ਰੰਧਾਵੇ ਨਾਲ ਤਸੀਵਰਾਂ ਖਿਚਵਾਈਆਂ ਹਨ, ਅਖ਼ਬਾਰਾਂ-ਰਸਾਲਿਆਂ ਵਿੱਚ ਛਪਵਾਈਆਂ ਹਨ, ਭੂਮਿਕਾਵਾਂ ਲਿਖਵਾਈਆਂ ਹਨ, ਫ਼ੀਤਾ-ਕੱਟਣੀਆਂ ਕਰਵਾਈਆਂ ਹਨ... ਇਹ ਸਾਰੇ ਲੋਕ ਉਸ ਕੋਲ 'ਅਰਜ਼' ਲੈ ਕੇ ਜਾਂਦੇ ਸਨ, ਉਹ ਤਾਂ ਕਿਸੇ ਕੋਲ ਨਹੀਂ ਸੀ ਜਾਂਦਾ । ਉਹ ਕੰਮ ਕਰਦਾ ਸੀ, ਮਾਨਤਾ ਚਾਹੁੰਦਾ ਸੀ ਪਰ ਉਸਨੂੰ ਮਾਨਤਾ ਦੇਣ ਵਾਲਾ ਕੌਣ ਸੀ? ਉਸਦੇ ਕੰਮਾਂ ਨੂੰ ਮਾਨਤਾ ਵਕਤ ਦੇਵੇਗਾ, ਲੋਕ ਦੇਣਗੇ । ਅਤੇ ਇਹ ਮਾਨਤਾ ਹੀ ਉਸਦੇ ਲੋਕ-ਬਿੰਬ ਨੂੰ ਬਣਾਏਗੀ, ਫ਼ੈਲਾਏਗੀ, ਚਮਕਾਏਗੀ ।

ਅਜੇ ਤਕ ਤਾਂ ਕਿਸੇ ਪਾਠ-ਪੁਸਤਕ ਵਿੱਚ ਉਸ ਬਾਰੇ ਲੇਖ ਵੀ ਨਹੀਂ ਛਪਿਆ!
ਅਜੇ ਤਾਂ ਉਸਦੀ 'ਆਪਬੀਤੀ' ਨੇ ਕੋਰਸ ਦੀ ਕਿਤਾਬ ਬਣਨਾ ਹੈ!! ਅੰਮ੍ਰਿਤਾ ਨੇ ਜਦੋਂ ਵਾਰਿਸ ਨੂੰ ਵਾਜਾਂ ਮਾਰੀਆਂ ਸਨ, ਉਹ ਇੱਕ ਭਾਵੁਕ ਸੱਚਾਈ ਸੀ । ਪੰਜਾਬ ਦੀ ਕਿਸੇ ਇੱਕ ਧੀ ਦੇ ਰੋਣ ਦੀ ਆਵਾਜ਼ ਸੁਣ ਕੇ ਵੈਣ ਲਿਖ ਲਿਖ ਮਾਰਨ ਵਾਲਾ ਤਾਂ ਸ਼ਾਇਦ ਕੋਈ ਹੋਰ 'ਵਾਰਿਸ' ਲੱਭ ਹੀ ਪਵੇ ਪਰ ਅਸੀਂ ਸੋਚਦੇ ਹਾਂ :

ਅੱਜ ਕਿੱਥੋਂ ਲਿਆਈਏ ਲੱਭ ਕੇ, ਮਹਿੰਦਰ ਸਿੰਘ ਇੱਕ ਹੋਰ!

ਕੁਝ ਲੋਕਾਂ ਦਾ ਖ਼ਿਆਲ ਹੈ ਕਿ ਜਗਦੇਵ ਸਿੰਘ ਜੱਸੋਵਾਲ ਸਾਨੂੰ ਲੱਭ ਪਿਆ ਹੈ । ਪਰ ਇਹਦੇ ਬਾਰੇ ਕੋਈ ਵਿਸ਼ਵਾਸ-ਯੋਗ ਟਿੱਪਣੀ ਤਾਂ ਖ਼ੁਦ ਜੱਸੋਵਾਲ ਹੀ ਕਰ ਸਕਦਾ ਹੈ!

ਮਹਿੰਦਰ ਸਿੰਘ ਰੰਧਾਵਾ ਇੱਕ ਅਜਿਹਾ 'ਕਲਪ ਤਰੂ' ਸੀ ਕਿ ਜਿਸਦੇ ਹੇਠਾਂ ਭਾਵੇਂ ਕੋਈ ਲੱਕੜਬੱਗਾ ਵੀ ਆ ਗਿਆ, ਤਰ ਗਿਆ । ਰੁੱਖ ਨੂੰ ਮਨੁੱਖ ਦੀ ਪਛਾਣ ਨਹੀਂ ਹੁੰਦੀ, ਉਹ ਤਾਂ ਬੱਸ ਫ਼ਲ ਦੇਣਾ ਜਾਣਦਾ ਹੈ । ਗੱਲ ਉਸ ਤੀਕ ਪਹੁੰਚ ਦੀ ਹੈ । ਜਿਨ੍ਹਾਂ ਲੋਕਾਂ ਦੀ ਰੰਧਾਵੇ ਤੀਕ ਪਹੁੰਚ ਸੀ, ਉਨ੍ਹਾਂ ਨੂੰ ਫ਼ਲ ਮਿਲ ਗਿਆ । ਰੁੱਖ ਕਦੇ ਪਾਤਰ-ਕੁਪਾਤਰ ਨਹੀਂ ਵੇਖਦਾ । ਉਹਦਾ ਤਾਂ ਅਸੂਲ ਹੁੰਦਾ ਹੈ : ਜੋ ਆਵੇ ਸੋ ਰਾਜ਼ੀ ਜਾਵੇ । ਸਵਾਰਥੀ ਅਤੇ ਮੌਕਾਪ੍ਰਸਤ ਲੋਕ ਰੁੱਖ ਦੀ ਇਸ ਪ੍ਰਕ੍ਰਿਤੀ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ । ਕਾਸ਼! ਕਿਤੇ ਰੁੱਖਾਂ ਵਿੱਚ ਵੀ ਵਿਵੇਕ ਹੁੰਦਾ । ਉਹ ਆਪਣੇ ਖੁਸ਼ਾਮਦੀਆਂ ਅਤੇ ਪ੍ਰਸ਼ੰਸਕਾਂ ਵਿੱਚ ਨਿਖੇੜਾ ਕਰ ਸਕਦੇ!... ਸਾਡਾ ਵਿਸ਼ਵਾਸ ਹੈ ਕਿ ਜਦੋਂ ਰੁੱਖਾਂ ਦੀ ਪ੍ਰਕਿਰਤੀ ਦੇ ਨਾਲ ਨਾਲ ਕਿਸੇ ਕਲਪ-ਤਰੂ ਵਿੱਚ ਵਿਵੇਕ ਦੀ ਸੰਸਕ੍ਰਿਤੀ ਵੀ ਰਲ ਜਾਏਗੀ ਤਾਂ ਸਾਡਾ ਇਹ ਅਸੰਭਵ ਸੁਪਨਾ ਵੀ ਸੰਭਵ ਹੋ ਸਕੇਗਾ ।

ਰੰਧਾਵਾ ਮੁੜ ਨਹੀਂ ਜੰਮ ਸਕਦਾ;
ਪਰ ਰੰਧਾਵੇ ਦੀ ਰਾਹ 'ਤੇ ਤੁਰਿਆ ਤਾਂ ਜਾ ਸਕਦਾ ਹੈ...
ਕਿ ਨਹੀਂ?

***

15. ਜਸਵੰਤ ਸਿੰਘ 'ਕੰਵਲ' ਦਾ ਲੋਕ-ਬਿੰਬ

ਮਨੁੱਖ ਆਪਣੇ ਅਸਤਿੱਤਵ ਦੀ ਰੱਖਿਆ, ਪਛਾਣ ਅਤੇ ਮਾਨਤਾ ਲਈ ਜੁਗਾਂ-ਜੁਗਾਂਤਰਾਂ ਤੋਂ ਸੰਘਰਸ਼-ਰਤ ਹੈ । ਇਹ ਸੰਘਰਸ਼ ਅਨੇਕ ਪੱਧਰਾਂ 'ਤੇ ਲਗਾਤਾਰ ਜਾਰੀ ਹੈ । ਕਿਤੇ ਰਚਨਾਤਮਕ ਹੈ, ਕਿਤੇ ਵਿਨਾਸ਼ਕਾਰੀ ਹੈ । ਆਦਮੀ, ਪੁਰਾਣੀ ਅਤੇ ਮੌਜੂਦਾ ਸਮੱਗਰੀ ਦੀ ਢਾਹ-ਭੰਨ ਕਰਕੇ, ਕੋਈ 'ਨਵੀਂ' ਚੀਜ਼ ਪੇਸ਼ ਕਰਨ ਦੀ ਕਾਹਲ ਵਿੱਚ ਰਹਿੰਦਾ ਹੈ । ਦਰਸ਼ਨ, ਗਿਆਨ-ਵਿਗਿਆਨ ਅਤੇ ਰਾਜਨੀਤੀ ਦੇ ਖੇਤਰਾਂ ਵਾਂਗ ਸਾਹਿੱਤਕ ਧਰਾਤਲ 'ਤੇ ਵੀ ਇਹੋ ਕੁਝ ਹੋ ਰਿਹਾ ਹੈ ।

ਲੇਖਕ ਭਾਵੇਂ ਆਪਣੀ ਆਜ਼ਾਦ ਹਸਤੀ ਦਾ ਦਾਅਵਾ ਕਰਦਾ ਹੈ, ਪਰ ਵਿਅਕਤੀ ਦੇ ਤੌਰ 'ਤੇ ਉਹ ਵਿਸ਼ਾਲ ਜਨ-ਸਮੂਹ ਦਾ ਹਿੱਸਾ ਹੈ । ਏਸੇ ਜਨ-ਸਮੂਹ ਨੂੰ ਉਹ ਕੁਝ ਅਜਿਹਾ ਕਰਕੇ ਵਿਖਾਉਣਾ ਚਾਹੁੰਦਾ ਹੈ ਜਿਸ ਨਾਲ ਉਹਦਾ ਨਾਮ ਹੋਵੇ, ਉਹਦਾ ਨਾਮ ਰਹਿ ਜਾਏ । ਇਹ ਨਾਮ ਦੀ ਚਿੰਤਾ ਹੀ ਉਹਨੂੰ ਵੱਖਰਾ ਬਣਨ ਲਈ ਪ੍ਰੇਰਦੀ ਹੈ । ਲੇਖਕ ਆਪਣੇ ਚੁਣੇ ਹੋਏ ਸਾਹਿੱਤ ਰੂਪ ਵਿੱਚ ਕਈ ਤਰ੍ਹਾਂ ਦੇ ਪ੍ਰਯੋਗ ਕਰਦਾ ਹੈ, ਆਪਣੇ ਆਪ ਨੂੰ ਰੱਦ ਕੇ, ਕਈ ਵਾਰ ਮੁੱਢੋਂ-ਸੁੱਢੋਂ ਖੇਡ ਸ਼ੁਰੂ ਕਰਦਾ ਹੈ । ਕਈ ਵਾਰ ਇੱਕ ਸਾਹਿੱਤਕ ਵਿਧਾ ਦਾ ਤਿਆਗ ਕਰਕੇ ਦੂਸਰੀ ਵਿਧਾ ਅਪਣਾਉਂਦਾ ਹੈ; ਜਿਵੇਂ ਕੋਈ ਬਾਲ ਰੇਤੇ ਦੇ ਘਰ ਬਣਾਉਂਦਾ ਹੈ, ਢਾਹੁੰਦਾ ਹੈ, ਬਣਾਉਂਦਾ ਹੈ । ... ਤੇ ਕਈ ਵਾਰ ਇੱਕੋ ਸਾਹੇ ਕਈ ਕਈ ਸਾਹਿੱਤ-ਰੂਪਾਂ 'ਤੇ ਕਲਮ ਅਜ਼ਮਾਉਂਦਾ ਹੈ; ਆਪਣੀ ਸਿਰਜਣ-ਸ਼ਕਤੀ ਦੇ ਜੌਹਰ ਵਿਖਾਉਂਦਾ ਹੈ । ਇੱਕੋ ਜਨਮ ਵਿੱਚ ਕਈ ਉਮਰਾਂ ਜੀਂਦਾ ਹੈ; ਆਪਣਾ ਜਾਮਾ ਉਧੇੜ ਉਧੇੜ ਸੀਂਦਾ ਹੈ । ਕਦੀ ਕਦੀ ਇੰਝ ਵੀ ਹੁੰਦਾ ਹੈ ਕਿ ਲੇਖਕ ਸਮੇਂ ਦੇ ਐਨ ਅਨੁਕੂਲ ਚੱਲਦਾ ਹੈ; ਫੈਸ਼ਨ ਅਤੇ ਮੌਸਮ ਅਨੁਸਾਰ, ਕੱਪੜਿਆਂ ਦੇ ਨਾਲ ਨਾਲ, ਦ੍ਰਿਸ਼ਟੀਕੋਣ ਵੀ ਬਦਲਦਾ ਹੈ । (ਸਾਹਿੱਤ ਦੀ ਸਿਆਸਤ ਵਿੱਚ ਸਭ ਚੱਲਦਾ ਹੈ!)

ਲੇਖਕ ਅਤੇ ਸਮਾਜ ਵਿੱਚ ਵੀ ਇੱਕ ਹੋੜ ਲੱਗੀ ਰਹਿੰਦੀ ਹੈ । ਲੇਖਕ ਕਹਿੰਦਾ ਹੈ : ਮੈਨੂੰ ਪੜ੍ਹਿਆ ਜਾਏ, ਸੁਣਿਆ ਜਾਏ, ਸਲਾਹਿਆ ਜਾਏ, ਵਡਿਆਇਆ ਜਾਏ । ਸਮਾਜ ਦਾ ਕਹਿਣਾ ਹੈ : ਪਹਿਲਾਂ ਕਹਿਣ ਜੋਗਾ ਹੋ ਤਾਂ ਸਹੀ, ਫਿਰ ਸੁਣ ਵੀ ਲਵਾਂਗੇ । ਬਹੁਤੀ ਵਾਰ ਇਹ ਹੋੜ ਲੇਖਕ ਲਈ ਦੁਖਾਂਤ ਹੋ ਨਿੱਬੜਦੀ ਹੈ । ਲੇਖਕ ਹੱਥ ਪੈਰ ਮਾਰ ਕੇ ਜਦੋਂ ਤੀਕ 'ਸਟੇਜ' ਤੱਕ ਪਹੁੰਚਦਾ ਹੈ, ਉਸ ਕੋਲ ਕਹਿਣ ਲਈ ਕੁਝ ਨਹੀਂ ਰਹਿ ਜਾਂਦਾ । 'ਸੁਣਨ ਵਾਲੇ' ਬੜੇ ਬੇਦੀਦ ਹੁੰਦੇ ਹਨ, ਸਟੇਜ ਅਗਲੇ ਵਕਤਾ ਨੂੰ ਸੌਂਪ ਦੇਂਦੇ ਹਨ । ਪਹਿਲੇ ਵਿਚਾਰੇ ਦੇ ਹੱਥ-ਪੈਰ ਮਾਰਨੇ ਤਾਂ ਯਾਦ ਰਹਿੰਦੇ ਹਨ, ਬਾਕੀ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ । ਸਾਹਿੱਤ ਦੇ ਇਤਿਹਾਸ ਵਿੱਚ ਤਾਂ ਸ਼ਾਇਦ ਉਸਦਾ ਨਾਮ ਰਹਿ ਜਾਏ, ਸਾਹਿੱਤ 'ਚੋਂ ਖਾਰਜ ਹੋ ਜਾਂਦਾ ਹੈ ।

ਗਿਣਤੀ ਦੇ ਖੁਸ਼ਕਿਸਮਤ ਲੇਖਕ ਹੁੰਦੇ ਹਨ ਜਿਨ੍ਹਾਂ ਦੇ ਮਨ ਦੀ ਮੁਰਾਦ ਲੋਕ ਪੂਰੀ ਕਰਦੇ ਹਨ; ਉਹ ਲੇਖਕ ਨੂੰ ਅਪਣਾ ਲੈਂਦੇ ਹਨ; ਉਸਨੂੰ ਆਪਣਾ ਸਮਝਦੇ ਹਨ । ਲੇਖਕਾਂ ਵਾਂਗ ਪਾਠਕਾਂ/ ਲੋਕਾਂ ਦੀ ਵੀ ਆਪਣੀ ਨਜ਼ਰ ਹੁੰਦੀ ਹੈ; ਆਪਣਾ ਨਜ਼ਰੀਆ ਹੁੰਦਾ ਹੈ । ਉਹ ਲੇਖਕ ਨੂੰ ਆਪਣੇ ਢੰਗ ਨਾਲ, ਜ਼ਰੂਰਤ ਅਤੇ ਸਹੂਲੀਅਤ ਮੁਤਾਬਕ, ਸਮਝਦੇ ਹਨ । ਲਿਖਤਾਂ ਤੋਂ ਇਲਾਵਾ ਉਸਦੀ ਨਿੱਜੀ ਜ਼ਿੰਦਗੀ ਅਤੇ ਤਰਜ਼-ਏ- ਜ਼ਿੰਦਗੀ ਦਾ ਜਾਇਜ਼ਾ ਵੀ ਲੈਂਦੇ ਹਨ । ਉਹਨਾਂ ਦੀ ਇਹ ਖੋਜ ਬਾ-ਤਰਤੀਬ ਤੇ ਬਾ-ਦਲੀਲ ਭਾਵੇਂ ਨਾ ਹੋਵੇ, ਦਿਲਚਸਪ ਜ਼ਰੂਰ ਹੁੰਦੀ ਹੈ । ਉਹ ਆਪਣੇ ਲੇਖਕ ਦਾ ਇੱਕ ਬਿੰਬ ਘੜਦੇ ਹਨ । ਇਸ ਬਿੰਬ ਵਿੱਚ ਉਹਨਾਂ ਦਾ ਅਧਿਐਨ, ਸ਼ਰਧਾ, ਵਿਰੋਧ, ਦੰਦ-ਕਥਾਵਾਂ ਅਤੇ ਕਲਪਨਾ...ਸਭ ਕੁਝ ਸ਼ਾਮਿਲ ਹੁੰਦਾ ਹੈ । ਉਹ ਲੇਖਕ ਨੂੰ ਛਾਂਗਦੇ ਹਨ; ਘੜਦੇ ਹਨ; ਵਿਉਂਤਦੇ ਹਨ; ਤੋੜਦੇ ਹਨ;.... ਤੇ ਕਈ ਕੁਝ ਆਪਣੇ ਵਲੋਂ ਵੀ ਜੋੜਦੇ ਹਨ । ਇਹ ਬਿੰਬ ਖ਼ੁਦ ਲੇਖਕ ਨੂੰ ਪਸੰਦ ਹੋਵੇ ਭਾਵੇਂ ਨਾ-ਪਸੰਦ, ਲੋਕਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ । ਇਹ ਲੋਕ-ਬਿੰਬ ਸਥਾਪਿਤ ਲੇਖਕ ਦੀ ਹੋਣੀ ਹੈ । ਲੋਕ ਇਸ ਬਿੰਬ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਣਾ ਚਾਹੁੰਦੇ ਹਨ । ਥੋੜ੍ਹੀ ਬਹੁਤ ਤਬਦੀਲੀ ਤਾਂ ਭਾਵੇਂ ਗਵਾਰਾ ਕਰ ਲੈਣ, ਮੂਲ-ਚੂਲ ਪਰਿਵਰਤਨ ਦੀ ਆਗਿਆ ਨਹੀਂ ਦੇਂਦੇ ।

ਲੇਖਕ ਜਿਨ੍ਹਾਂ ਲਈ ਲਿਖਦਾ ਹੈ, ਉਹਨਾਂ ਲੋਕਾਂ ਦਾ ਬਿੰਬ ਉਹਦੇ ਸਚੇਤ ਜਾਂ ਅਚੇਤ ਮਨ ਵਿੱਚ ਹੁੰਦਾ ਹੈ । ਲੋਕ ਜਿਹੜੇ ਲੇਖਕ ਨੂੰ ਪੜ੍ਹਦੇ ਹਨ, ਉਹਦਾ ਨਿੱਜੀ ਬਿੰਬ ਸਿਰਜ ਲੈਂਦੇ ਹਨ । ਦੋਵੇਂ ਧਿਰਾਂ ਆਜ਼ਾਦ ਹਨ । ਚੋਣ ਵੀ ਆਜ਼ਾਦ ਹੈ ਤੇ ਦ੍ਰਿਸ਼ਟੀਕੋਣ ਵੀ! ਲੋਕ-ਰਾਜ ਵਿੱਚ ਲੋਕ-ਬਿੰਬ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ! ਲੋਕ-ਬਿੰਬ ਵਕਤ ਪਾ ਕੇ ਮਿੱਥ ਬਣ ਜਾਂਦਾ ਹੈ ।

***

ਗੁਰਬਖ਼ਸ਼ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਣ ਸਿਘ, ਦੇਵਿੰਦਰ ਸਤਿਆਰਥੀ, ਸ਼ਿਵ ਕੁਮਾਰ ਵਰਗੇ ਕੁਝ ਲੇਖਕ ਇਸ ਪ੍ਰਕਿਰਿਆ 'ਚੋਂ ਗੁਜ਼ਰ ਚੁੱਕੇ ਹਨ ।

ਨਾਨਕ ਸਿੰਘ ਤੇ ਗੁਰਦਿਆਲ ਸਿੰਘ ਦਾ ਲੋਕ-ਬਿੰਬ ਤਕਰੀਬਨ ਬਣ ਚੁੱਕਾ ਹੈ ।

ਜਸਵੰਤ ਸਿੰਘ ਕੰਵਲ ਦਾ ਲੋਕ-ਬਿੰਬ ਬਣ ਰਿਹਾ ਹੈ ।

ਅਸੀਂ ਇਸ ਨਿਬੰਧ ਰਾਹੀਂ ਇਸ ਬਿੰਬ ਦੀ ਨੁਹਾਰ ਵੇਖਣ ਦਾ ਯਤਨ ਕਰਾਂਗੇ । ਇਸ ਯਤਨ ਵਿੱਚ ਸਾਨੂੰ ਕਈ ਵਾਰੀ ਅੱਗੇ-ਪਿੱਛੇ ਹੋਣਾ ਪਵੇਗਾ । ਲੋਕਾਂ ਨੂੰ ਮਿਲਣਾ ਪਵੇਗਾ, ਉਹਨਾਂ ਨੂੰ ਸੁਣਨਾ ਪਵੇਗਾ । ਕੰਵਲ ਦੇ ਪਾਠਕਾਂ, ਪ੍ਰਸ਼ੰਸਕਾਂ ਤੇ ਵਿਰੋਧੀਆਂ ਥਾਣੀਂ ਹੁੰਦੇ ਹੋਏ, ਕੰਵਲ ਤੀਕ ਪੁੱਜਣਾ ਹੋਵੇਗਾ ।

ਇਸ ਅਧਿਐਨ ਲਈ ਕੋਈ ਸਥਾਪਿਤ, ਪ੍ਰਵਾਨਿਤ ਜਾਂ ਰਵਾਇਤੀ ਖੋਜ-ਵਿਧੀ ਕੰਮ ਨਹੀਂ ਆ ਸਕਦੀ । ਘੱਟੋ ਘੱਟ ਸਾਡੇ ਕੰਮ ਨਹੀਂ ਆ ਸਕਦੀ!

ਇੱਕ ਹੋਰ ਨਿਖੇੜਾ ਵੀ ਏਥੇ ਹੀ ਕਰ ਲਈਏ ਕਿ ਅਸੀਂ ਕੋਈ ਕੰਵਲ-ਸਾਹਿੱਤ ਦਾ ਮੁਲੰਕਣ ਕਰਨ ਨਹੀਂ ਜਾ ਰਹੇ । ਕੰਵਲ ਦਾ ਸਾਹਿੱਤ ਵਿੱਚ ਥਾਂ ਵੀ ਨਿਸ਼ਚਿਤ ਨਹੀਂ ਕਰ ਰਹੇ । ਵੇਖਣਾ ਸਿਰਫ਼ ਇਹ ਹੈ ਕਿ ਅੱਜ ਇੱਕ ਜਾਗਰੂਕ ਪੰਜਾਬੀ ਪਾਠਕ ਦੇ ਮਨ ਵਿੱਚ ਕੰਵਲ ਲਈ ਕੀ ਥਾਂ ਹੈ; ਕਿਹੋ ਜਿਹੀ ਥਾਂ ਹੈ; ਕਿੰਨੀ ਕੁ ਥਾਂ ਹੈ! ਲੋਕ ਉਸ ਤੋਂ ਤਵੱਕੋ ਕੀ ਰੱਖਦੇ ਹਨ । ਉਹ ਦੇ ਕੀ ਰਿਹਾ ਹੈ ।

...ਹਾਂ, ਤੇ 'ਕੰਵਲ' ਜਸਵੰਤ ਸਿੰਘ ਦਾ ਤਖੱਲੁਸ ਹੈ । ਉਹ ਮੂਲ ਰੂਪ ਵਿੱਚ ਕਵੀ ਹੈ । ਆਪਣਾ ਅਦਬੀ ਜੀਵਨ ਉਹਨੇ ਕਵਿਤਾ ਤੋਂ ਆਰੰਭ ਕੀਤਾ ਸੀ । 'ਭਾਵਨਾ' ਉਸ ਦੀਆਂ ਨਜ਼ਮਾਂ ਦੀ ਕਿਤਾਬ ਹੈ । ਉਸ ਦੇ ਵਲਵਲੇ ਮੂੰਹ-ਜ਼ੋਰ ਹਨ । ਉਹ ਪਿਆਰ ਵਿੱਚ 'ਮੋਇਆ ਹੋਇਆ' ਹੈ । ਉਸ ਕੋਲ ਸਰੋਦ ਹੈ ਤੇ ਰੁਮਾਂਸ ਵੀ । ਲੋਕ-ਗੀਤਾਂ ਦੇ ਬੋਲ ਉਹਦੇ ਪ੍ਰੇਰਣਾ-ਸਰੋਤ ਹਨ । ਉਹ ਆਪਣੇ ਨਾਵਲਾਂ ਦੇ ਕਾਂਡ ਲੋਕ-ਗੀਤਾਂ ਦੇ ਬੋਲਾਂ ਨਾਲ ਸ਼ੁਰੂ ਕਰਦਾ ਹੈ । ਉਸਦੀਆਂ ਕਹਾਣੀਆਂ ਦੇ ਨਾਇਕ-ਨਾਇਕਾਵਾਂ ਵੀ ਗੀਤਾਂ ਜਾਂ ਲੋਕ-ਉਕਤੀਆਂ ਰਾਹੀਂ ਆਪਣੇ ਜਜ਼ਬਿਆਂ ਦਾ ਕਲਾਮਈ ਪ੍ਰਗਟਾਵਾ ਕਰਦੇ ਹਨ । ਜਵਾਨ ਰੂਹਾਂ, ਜਵਾਨ ਦਿਲ ਅਤੇ ਜਵਾਨ ਸਰੀਰ ਪਿਆਰ ਦੀ ਦੁਨੀਆ ਵਿੱਚ ਸਾਕਾਰ ਹੋਣ ਵਾਲੇ ਸੁਪਨਿਆਂ ਵਾਂਗ ਧੜਕਦੇ ਹਨ । ਰਵਾਇਤੀ ਅਰਥਾਂ ਵਿੱਚ ਨਜ਼ਮ ਕਹਿਣੀ ਭਾਵੇਂ ਉਹਨੇ ਬਾਅਦ ਵਿੱਚ ਛੱਡ ਦਿੱਤੀ ਪਰ ਉਸਦੇ ਹਰ ਨਾਵਲ ਤੇ ਕਹਾਣੀ ਵਿੱਚ 'ਕਵੀ ਕੰਵਲ' ਵਿਦਮਾਨ ਹੈ । ਉਹ ਕਵੀ ਪਹਿਲਾਂ ਹੈ; ਗਲਪਕਾਰ ਪਿੱਛੋਂ ।

***

ਲਿਖੇ ਗਏ ਅੱਖਰ ਲੇਖਕ ਨਾਲ ਹਮੇਸ਼ਾ ਲਈ ਜੁੜ ਜਾਂਦੇ ਹਨ । ਉਹ ਲੱਖ ਪਿੱਛਾ ਛੁਡਾਉਣਾ ਚਾਹੇ; ਬੀਤੇ ਨੂੰ ਛੁਟਿਆਉਣ ਜਾਂ ਭੁਲਾਉਣਾ ਚਾਹੇ, ਖ਼ਿਮਾ-ਯਾਚਨਾ ਰਾਹੀਂ ਭੁੱਲ ਬਖ਼ਸ਼ਾਉਣਾ ਚਾਹੇ ਜਾਂ ਧੱਕੇ ਨਾਲ ਆਪਣੀ ਨਵੀਂ ਤਸਵੀਰ ਵਿਖਾਉਣਾ ਚਾਹੇ; ...ਇੰਝ ਨਹੀਂ ਕਰ ਸਕਦਾ । ਉਸ ਕੋਲ ਇੱਕੋ ਕੈਨਵਸ ਹੁੰਦੀ ਹੈ ਜਿਸ ਉੱਤੇ ਉਹ ਆਪਣਾ ਸਵੈ-ਚਿੱਤਰ ਉਲੀਕਦਾ ਹੈ । ਅੱਖਰ; ਛਪੇ ਹੋਏ ਅੱਖਰ, ਪੱਕੇ ਰੰਗਾਂ ਵਰਗੇ ਹੁੰਦੇ ਹਨ । ਉਹਨਾਂ ਉੱਤੇ ਨਵਾਂ ਚਿੱਤਰ ਬਣ ਤਾਂ ਸਕਦਾ ਹੈ ਪਰ ਇੱਕ ਤਾਂ ਉਹ ਆਪ ਨਹੀਂ ਉਘੜਦਾ, ਦੂਜਾ ਪਹਿਲੇ ਨੂੰ ਵੀ ਉਲਝਾ ਦੇਂਦਾ ਹੈ । ਵੇਖਣ ਵਾਲੇ ਨੂੰ ਉਲਝਣ ਵਿੱਚ ਪਾ ਦੇਂਦਾ ਹੈ । ਜੇ ਇੱਕੋ ਕੈਨਵਸ ਉੱਤੇ ਪੰਜ-ਸੱਤ ਚਿੱਤਰ ਹੇਠਾਂ ਉਪਰ ਬਣੇ ਹੋਣ ਤਾਂ ਉਲਝਣ ਹੋਰ ਵੀ ਡੂੰਘੀ ਹੋ ਜਾਂਦੀ ਹੈ । ਪਰ ਕੀ ਕਰੀਏ, ਜਸਵੰਤ ਸਿੰਘ ਕੰਵਲ ਦੇ ਲੋਕ-ਬਿੰਬ ਤੱਕ ਪਹੁੰਚਣ ਲਈ ਇਹੋ ਲਿੰਕ-ਰੋਡ ਜਾਂਦੀ ਹੈ ।

***

ਇਹ ਕੈਨਵਸ ਨਹੀਂ । ਕਾਗ਼ਜ਼ ਉੱਤੇ ਚਿਪਕੇ ਹੋਏ ਕਾਗ਼ਜ਼ ਹਨ, ਸ਼ਾਇਦ । ਕਾਗ਼ਜਾਂ ਨੂੰ ਵੱਖ ਵੱਖ ਕਰਨ ਦੀ ਕੋਸ਼ਿਸ਼ ਕਰਾਂਗੇ, ਪੂਰੀ ਇਹਤਿਆਤ ਨਾਲ । ਫੇਰ ਵੀ ਖ਼ਦਸ਼ਾ ਹੈ ਕਿ ਚਿੱਤਰ ਦੀ ਥਾਂ ਵਿਗੜ- ਚਿੱਤਰ ਹੀ ਹੱਥ ਲੱਗੇਗਾ । ਮਜਬੂਰੀ ਹੈ । ਜੋ ਹੱਥ ਵੱਸ ਹੈ, ਉਹੀ ਕੀਤਾ ਜਾ ਸਕਦਾ ਹੈ!

***

ਕਈ ਪੌੜੀਆਂ ਹਨ । ਕਿਸੇ ਪੌੜੀ ਦੇ ਇੱਕ ਡੰਡੇ 'ਤੇ ਕੰਵਲ ਦੇ ਪੈਰਾਂ ਦਾ ਨਿਸ਼ਾਨ ਹੈ; ਕਿਸੇ ਦੇ ਦੋ ਅਤੇ ਕਿਸੇ ਦੇ ਤਿੰਨ ਡੰਡਿਆਂ 'ਤੇ । ਉਹ ਕਈ ਡੰਡੇ ਚੜ੍ਹਿਆ ਹੈ ਪਰ ਪੂਰੀ ਪੌੜੀ ਨਹੀਂ ਚੜ੍ਹਿਆ । ਹਰ ਵਾਰ ਉਹਨੂੰ ਗ਼ਲਤੀ ਦਾ ਅਹਿਸਾਸ ਹੋਇਆ ਲੱਭਦਾ ਹੈ ਅਤੇ ਜਾਂ ਫਿਰ ਦੂਜੀ ਪੌੜੀ, ਦੂਰ ਤੋਂ, ਉਹਨੂੰ ਵਧੇਰੇ ਰੋਮਾਂਚਕਾਰੀ ਜਾਪੀ ਹੋਵੇਗੀ । ਉਸਦਾ ਵਿਕਾਸ ਖੜ੍ਹੇ-ਦਾਅ ਨਹੀਂ, ਲੇਟਵੇਂ-ਦਾਅ ਹੋਇਆ ਹੈ । ਉਹ ਧਰਤੀ ਦੇ ਨੇੜੇ ਰਿਹਾ ਹੈ! ਉਸ ਦਾ ਧਰਾਤਲ ਇੱਕੋ ਰਿਹਾ ਹੈ । ਏਸੇ ਧਰਾਤਲ 'ਤੇ ਉਹਦੀ ਚੜ੍ਹਤ ਦੇ ਨਿਸ਼ਾਨ ਹਨ ਤੇ ਪ੍ਰਵਾਨਗੀ ਦੇ ਵੀ । ਇਹ ਉਹਦੇ ਲੋਕ- ਬਿੰਬ ਦਾ ਤਤਕਰਾ ਹੈ; ਦਿਸ਼ਾ-ਸੰਕੇਤ ਹੈ ।

***

ਕੰਵਲ ਪੰਜਾਬੀ ਦਾ ਸਮਾਨੰਤਰ ਲੇਖਕ ਹੈ । ਉਸਨੇ ਪੰਜਾਬ ਦੀ ਹਰ ਰਾਜਨੀਤਕ, ਸੱਭਿਆਚਾਰਕ ਅਤੇ ਸਾਹਿੱਤਕ ਲਹਿਰ ਦੇ ਨਾਲ ਨਾਲ ਤੁਰਨ ਦੀ ਕੋਸ਼ਿਸ਼ ਕੀਤੀ ਹੈ । ਤੁਰਿਆ ਵੀ ਹੈ । (ਕਦੇ ਕਦੇ ਦੌੜਿਆ ਵੀ ਹੈ ।) ਉਸਦੀ ਕੋਸ਼ਿਸ਼ ਹਮੇਸ਼ਾ ਪਹਿਲ ਕਰਨ ਦੀ ਰਹੀ ਹੈ । ਪਹਿਲ ਕੀਤੀ ਵੀ ਹੈ । ਕਦੀ ਕਦੀ ਤਾਂ ਉਹ ਲਹਿਰ ਤੋਂ ਅੱਗੇ ਵੀ ਨਿਕਲ ਗਿਆ ਤੇ ਲਹਿਰ ਪਿੱਛੇ ਰਹਿ ਗਈ । ਬਹੁਤ ਪਿੱਛੇ! ਹਰ ਲਹਿਰ ਨਾਲ ਸੰਬੰਧਿਤ ਉਹਦੇ ਪਾਠਕ ਹਨ । ਹਰ ਵਿਚਾਰਧਾਰਾ ਨਾਲ ਸੰਬੰਧਿਤ ਉਹਦੇ ਪ੍ਰਸ਼ੰਸਕ ਹਨ । ਪਰ ਇਹ ਪਾਠਕ ਤੇ ਪ੍ਰਸ਼ੰਸਕ ਹਮੇਸ਼ਾਂ ਬਦਲਦੇ ਰਹੇ ਹਨ । ਕੁਝ ਬੇਮੁੱਖ ਹੋ ਜਾਂਦੇ ਰਹੇ; ਕੁਝ ਵਿਰੋਧੀ ਬਣ ਜਾਂਦੇ ਰਹੇ; ਕੁਝ ਨਵੇਂ ਸ਼ਰਧਾਲੂ ਪੈਦਾ ਹੁੰਦੇ ਰਹੇ । ਕੰਵਲ ਦੇ ਪਾਠਕਾਂ ਵਿੱਚ ਲਗਾਤਾਰ ਵਾਧਾ ਭਾਵੇਂ ਨਹੀਂ ਹੋਇਆ ਪਰ ਵੰਨਗੀ ਦੀ ਭਰਪੂਰਤਾ ਜ਼ਰੂਰ ਹੈ ।

ਉਹ ਆਪਣੀ ਸਦਾ-ਬਹਾਰ ਲੋਕ-ਪਿ੍ਯਤਾ ਲਈ ਮਸ਼ਹੂਰ ਹੈ । ਉਹ ਅਦਬੀ ਜ਼ਮੀਨ ਵਿੱਚ ਮਸ਼ਹੂਰੀ ਦੇ ਬਹੁ-ਫ਼ਸਲੀ ਚੱਕਰ ਦਾ ਤਜਰਬਾ ਬੜੀ ਕਾਮਯਾਬੀ ਅਤੇ ਹੁਸ਼ਿਆਰੀ ਨਾਲ ਕਰ ਰਿਹਾ ਹੈ । (ਸਾਹਿੱਤ ਦੇ ਸਮੁੰਦਰ ਵਿੱਚ ਨਹੀਂ, ਮਸ਼ਹੂਰੀ ਦੇ ਸਰੋਵਰਾਂ ਵਿੱਚ ਪੂਰੀ ਕੁਸ਼ਲਤਾ ਨਾਲ ਤਰ ਰਿਹਾ ਹੈ!)

***

ਕੰਵਲ ਬਾਗ਼ੀ ਤਬੀਅਤ ਦਾ ਲੇਖਕ ਹੈ । ਸਥਾਪਤੀ ਦਾ ਵਿਰੋਧੀ ਹੈ । ਇਕਸਾਰਤਾ ਤੇ ਇਕਰਸਤਾ ਉਹਦੇ ਅੱਖੜ ਸੁਭਾਅ ਨੂੰ ਰਾਸ ਨਹੀਂ ਆਉਂਦੀ । ਉਹ ਪੁਰਾਣੀਆਂ ਕਦਰਾਂ ਕੀਮਤਾਂ ਵਿੱਚ ਤਬਦੀਲੀ ਚਾਹੁੰਦਾ ਹੈ, ਮੌਜੂਦਾ ਸਿਆਸੀ ਢਾਂਚੇ ਵਿੱਚ ਤਬਦੀਲੀ ਚਾਹੁੰਦਾ ਹੈ; ਭਾਵੀ-ਸਮਾਜ ਵਿੱਚ ਤਬਦੀਲੀ ਚਾਹੁੰਦਾ ਹੈ । ਤਬਦੀਲੀ ਦੀ ਇਸ ਸਦੀਵੀ ਤਾਂਘ ਕਾਰਨ ਉਹ ਆਪ ਬਦਲਦਾ ਰਹਿੰਦਾ ਹੈ । ਪਾਸਾ ਬਦਲ ਬਦਲ ਵੇਖਦਾ ਹੈ । ਪਰ ਕਿਸੇ ਪਾਸੇ ਵੀ ਉਹਨੂੰ ਆਰਾਮ ਨਹੀਂ ਮਿਲਦਾ ਜਾਪਦਾ । ਉਹ ਕਾਹਲਾ ਤੇ ਕੱਟੜ ਹੈ । ਜਿੱਥੇ ਜੁੜਦਾ ਹੈ, ਬੜੀ ਕਾਹਲੀ ਤੇ ਕੱਟੜਤਾ ਨਾਲ ਜੁੜਦਾ ਹੈ । ਜਦੋਂ ਜਿੱਥੇ ਜੁੜਿਆ ਹੁੰਦਾ ਹੈ, ਓਸੇ ਪੱਖ ਨੂੰ ਮਨੁੱਖਤਾ ਦਾ ਸਭ ਤੋਂ ਵੱਧ ਕਲਿਆਣਕਾਰੀ ਪੱਖ ਕਹਿ ਕੇ ਨਾਅਰਾ ਬੁਲੰਦ ਕਰਦਾ ਹੈ । ਉਹ ਜਿੰਨੀ ਦੇਰ ਜੀਹਦੇ ਨਾਲ ਹੁੰਦਾ ਹੈ, ਪੂਰੀ ਤਰ੍ਹਾਂ ਪ੍ਰਤਿਬੱਧ ਹੁੰਦਾ ਹੈ । ਪਰ ਜਿੰਨੀ ਸ਼ਿੱਦਤ ਨਾਲ ਜੁੜਦਾ ਹੈ, ਉਸ ਤੋਂ ਵੱਧ ਸ਼ਿੱਦਤ ਨਾਲ ਟੁੱਟ ਵੀ ਜਾਂਦਾ ਹੈ । (ਪ੍ਰਤਿਬੱਧਤਾ ਵੀ ਛਾਉਣੀ ਬਦਲ ਲੈਂਦੀ ਹੈ!) ਜੇ ਬਦਲ ਰਹੇ ਸਮਿਆਂ ਨਾਲ ਬਦਲ ਜਾਣਾ ਚੰਗੇ ਲੇਖਕ ਦਾ ਲੱਛਣ ਮੰਨ ਲਿਆ ਜਾਏ ਤਾਂ ਕੰਵਲ ਬਾਈ ਤੋਂ ਬਿਨਾਂ ਮਾਲੀ ਕੋਈ ਨਹੀਂ ਜਿੱਤ ਸਕੇਗਾ । ਉਹ ਪੰਜਾਬੀ ਦੇ ਅਦਬੀ ਅਖਾੜੇ ਦਾ ਦਰਸ਼ਨੀ ਪਹਿਲਵਾਨ ਹੈ । ਆਧੁਨਿਕ ਪੰਜਾਬੀ ਗਲਪ ਦੇ ਹਰ ਪ੍ਰਤੀਨਿਧ ਝੁਕਾਅ ਦੇ ਜ਼ਿਕਰ ਵੇਲੇ ਜਸਵੰਤ ਸਿੰਘ ਕੰਵਲ ਦਾ ਜ਼ਿਕਰ ਲਾਜ਼ਮੀ ਤੌਰ 'ਤੇ ਕੀਤਾ ਜਾਵੇਗਾ ।

***

ਆਮ ਧਾਰਨਾ ਹੈ ਕਿ ਪਰਿਵੇਸ਼ ਵਿੱਚ ਜਦੋਂ ਕੋਈ ਮੰਨਣ-ਯੋਗ ਪਰਿਵਰਤਨ ਆਉਂਦਾ ਹੈ, ਤਾਂ ਸਾਹਿੱਤ ਉਸਦਾ ਅਸਰ ਜ਼ਰੂਰ ਕਬੂਲ ਕਰਦਾ ਹੈ ਅਤੇ ਇਹ ਅਸਰ ਸਭ ਤੋਂ ਪਹਿਲਾਂ ਕਵਿਤਾ ਕਬੂਲਦੀ ਹੈ । ਸਮਕਾਲੀ ਸਾਹਿੱਤ ਵਿੱਚ ਵੀ ਹਰ ਝੁਕਾਅ ਦਾ ਪ੍ਰਵੇਸ਼, ਬਾਕੀ ਸਾਹਿੱਤ-ਰੂਪਾਂ ਨਾਲੋਂ ਪਹਿਲਾਂ ਕਵਿਤਾ ਵਿੱਚ ਹੀ ਨਜ਼ਰ ਆਉਂਦਾ ਹੈ । ਪਰ ਕੰਵਲ ਦੇ ਮਾਮਲੇ ਵਿੱਚ ਇਹ ਧਾਰਨਾ ਗ਼ਲਤ ਸਿੱਧ ਹੋ ਜਾਂਦੀ ਹੈ । ਕਈ ਵਾਰ ਤਾਂ ਉਹਦਾ ਗਲਪ ਕਵਿਤਾ ਤੋਂ ਵੀ ਪਹਿਲ ਕਰ ਜਾਂਦਾ ਹੈ । ਇਸ ਪੱਖੋਂ ਉਸਦੀ ਕਲਮ ਅਤੇ ਮਾਨਸਿਕਤਾ ਦਾ ਸੁਭਾਅ ਕਵੀਆਂ ਵਾਲਾ ਹੀ ਹੈ । ਇੱਕ ਜਟਕਾ ਜਿਹਾ ਸਿਧਾਂਤ ਵੀ ਤਾਂ ਹੈ ਕਿ ਪਹਿਲਾ ਵਾਰ ਕਰਨ ਵਾਲਾ ਆਦਮੀ ਅੱਧੀ ਲੜਾਈ ਤਾਂ ਮੁਫ਼ਤ 'ਚ ਹੀ ਜਿੱਤ ਲੈਂਦਾ ਹੈ । ਖ਼ਾਲਸ ਜੱਟ ਤਬੀਅਤ ਵਾਲੇ ਕੰਵਲ ਨੂੰ ਇਹ ਅਸੂਲ ਬਹੁਤ ਰਾਸ ਆਇਆ ਹੈ । ਉਸਨੇ ਸਾਹਿੱਤ ਦੇ ਹਰ ਮੋੜ 'ਤੇ ਝੰਡੇ ਗੱਡੇ ਹਨ । ਉਸ ਦੇ ਯਤਨ ਵਿੱਚ ਨਾਅਰੇ ਵਰਗੀ ਸ਼ਿੱਦਤ, ਭਾਵੁਕਤਾ ਅਤੇ ਖਿੱਚ ਹੁੰਦੀ ਹੈ । ਉਹ ਆਪਣੀ ਗੱਲ ਬਹੁਤ ਉੱਚੇ ਸੁਰ ਵਿੱਚ ਕਹਿੰਦਾ ਹੈ । ਬਾਰ ਬਾਰ ਕਹਿੰਦਾ ਹੈ । ਲਗਾਤਾਰ ਕਹਿੰਦਾ ਹੈ । ਮਿਆਰ ਜਾਂ ਮਿਕਦਾਰ ਦੇ ਨਖੇੜ ਤੋਂ ਨਿਰਲੇਪ ਰਹਿੰਦਾ ਹੈ ।

***

'ਪੰਜਾਬੀ ਸਾਹਿੱਤ ਵਿੱਚ ਜੱਟਵਾਦ' ਵਿਸ਼ੇ ਉੱਤੇ ਗੰਭੀਰ ਖੋਜ ਕਰਨ ਲਈ ਵੱਖਰੇ ਅਕਾਦਮਿਕ ਯਤਨ ਦੀ ਲੋੜ ਹੈ ਪਰ ਮੋਟੇ ਤੌਰ 'ਤੇ ਇਹ 'ਰੁਚੀ' ਪ੍ਰਧਾਨ ਅਤੇ ਪ੍ਰਵਾਨ ਹੈ । ਸੰਤ ਸਿੰਘ ਸੇਖੋਂ ਹੋਵੇ ਭਾਵੇਂ ਕੁਲਵੰਤ ਸਿੰਘ ਵਿਰਕ; ਮਹਿੰਦਰ ਸਿੰਘ ਰੰਧਾਵਾ ਹੋਵੇ ਜਾਂ ਜਸਵੰਤ ਸਿੰਘ ਕੰਵਲ; ਗੁਲਜ਼ਾਰ ਸੰਧੂ ਨੂੰ ਲੈ ਲਵੋ ਭਾਵੇਂ ਵਰਿਆਮ ਸੰਧੂ ਨੂੰ ... ਇਸ ਥੀਸਿਸ ਲਈ ਜ਼ਮੀਨ ਤਕਰੀਬਨ ਤਿਆਰ ਹੀ ਮਿਲਦੀ ਹੈ । ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਦਵੰਦ ਵਿੱਚ ਪ੍ਰਾਕ੍ਰਿਤੀ ਦੀ ਪ੍ਰਵਿਰਤੀ ਭਾਰੂ ਦਿਖਾਈ ਦੇਂਦੀ ਹੈ । ਸਾਡਾ ਲੇਖਕ ਆਪਣੀਆਂ ਜੜ੍ਹਾਂ ਦੇ ਨੇੜੇ ਤੇੜੇ ਹੀ ਰਹਿੰਦਾ ਹੈ । ਉਹ ਭਾਵੇਂ ਕੁਝ ਵੱਖਰਾ ਬਣਨ ਲਈ ਬਹੁਤ ਕੁਝ ਕਹਿੰਦਾ ਹੈ । 'ਬਣਦਾ' ਵੀ ਰਹਿੰਦਾ ਹੈ । ਪਰ ਫਿਰ ਵੀ 'ਓਹੀ ਕੁਝ' ਰਹਿੰਦਾ ਹੈ । ਇਹ ਤੱਥ ਕੋਈ ਬਹੁਤੇ ਹੈਰਾਨ ਕਰਨ ਵਾਲੇ ਵੀ ਨਹੀਂ ਕਿਉਂਕਿ ਅਸੀਂ ਜਿਊਣ ਲਈ, ਵੱਖ ਵੱਖ ਪੱਧਰਾਂ 'ਤੇ, ਵੱਖਰੇ ਵੱਖਰੇ ਮਾਪ-ਦੰਡ ਅਪਣਾ ਲੈਂਦੇ ਹਾਂ । ਸ਼ਰੇ-ਆਮ ਕੁਝ ਹੋਰ ਕਹਿੰਦੇ ਹਾਂ; ਘਰ ਵਿੱਚ ਕੁਝ ਹੋਰ ਬਣੇ ਰਹਿੰਦੇ ਹਾਂ । ਇਹ ਸਾਡਾ 'ਕੌਮੀ ਚਰਿੱਤਰ' ਹੈ । (ਕਿੰਨਾ ਅਨੋਖਾ ਤੇ ਵਚਿੱਤਰ ਹੈ!) ਫਿਰ ਵੀ ਕਦੀ ਕਦੀ ਵਕਤ ਸਾਡਾ ਇਮਤਿਹਾਨ ਲੈਂਦਾ ਹੈ । ਅਸੀਂ ਅੰਦਰ ਵਾਲਾ ਪਾਸਾ ਬਾਹਰ ਕਰ ਲੈਂਦੇ ਹਾਂ । ਨੰਗੇ ਚਿੱਟੇ ਹੋ ਕੇ ਸਭ ਦੇ ਸਾਹਮਣੇ ਆਉਂਦੇ ਹਾਂ । ਘਰੋਗੀ ਇਮਤਿਹਾਨਾਂ ਦੇ ਨਤੀਜਿਆਂ ਦਾ ਲੇਖਕ ਦੀ ਸ਼ਖ਼ਸੀਅਤ ਜਾਂ ਲੋਕ-ਬਿੰਬ 'ਤੇ ਬਹੁਤਾ ਅਸਰ ਨਹੀਂ ਪੈਂਦਾ ਪਰ 'ਪੱਕੇ ਇਮਤਿਹਾਨਾਂ' ਵੇਲੇ ਤਾਂ ਲੋਕ 'ਡਿਗਰੀ' ਦੇਣ ਤੋਂ ਪਹਿਲਾਂ ਫੈਸਲਾਕੁਨ ਦੁਚਿੱਤੀ ਵਿੱਚੋਂ ਲੰਘਦੇ ਹੀ ਹਨ!

ਇਸ ਵੇਲੇ ਕੰਵਲ ਜਿਸ ਮੁਕਾਮ 'ਤੇ ਪਹੁੰਚ ਚੁੱਕਾ ਹੈ, ਉਸਦੀ ਕਹੀ ਹੋਈ ਜਾਂ ਲਿਖੀ ਹੋਈ ਕਿਸੇ ਗੱਲ ਨੂੰ ਐਵੇਂ 'ਆਈ ਗਈ' ਨਹੀਂ ਕੀਤਾ ਜਾ ਸਕਦਾ । ਕੰਵਲ ਨੇ ਹਮੇਸ਼ਾ ਲੋਕਾਂ ਦੀ ਗੱਲ ਕੀਤੀ ਹੈ ।

(ਪਰ, ਕਿਹੜੇ ਲੋਕਾਂ ਦੀ ਗੱਲ ਕੀਤੀ ਹੈ!)

***

ਲੋਕਾਂ ਦੀ ਯਾਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ । ਬਹੁਤੀ ਵਾਰੀ ਉਹ ਫ਼ਰਾਖ਼-ਦਿਲ ਵੀ ਹੁੰਦੇ ਹਨ । ਬਹੁਤ ਕੁਝ ਦਰ-ਗੁਜ਼ਰ ਕਰ ਜਾਂਦੇ ਹਨ । ਬਹੁਤ ਕੁਝ ਭੁਲਾ ਦੇਂਦੇ ਹਨ । ਉਹ ਲੇਖਕ ਦੀ ਇੱਕ ਇੱਕ ਕਿਰਤ ਨੂੰ ਨਹੀਂ ਲੈਂਦੇ, ਸਮੁੱਚ ਵਿੱਚ ਲੈ ਕੇ ਰਿੜਕਦੇ ਹਨ । ਜੋ ਉਹਨਾਂ ਦੇ ਹੱਥ ਲੱਗਦਾ ਹੈ, ਓਹੀ 'ਹਾਸਿਲ' ਹੁੰਦਾ ਹੈ । (ਬਾਕੀ ਤਾਂ ਜਮ੍ਹਾ ਤਫ਼ਰੀਕ ਹੋ ਜਾਂਦਾ ਹੈ ।)

***

ਇਹਨਾਂ ਸਤਰਾਂ ਦੇ ਪਾਠਕ ਨੂੰ ਆਭਾਸ ਹੋ ਰਿਹਾ ਹੋਵੇਗਾ ਕਿ ਕੰਵਲ ਦੇ ਕਿਸੇ ਵਿਸ਼ੇਸ਼ ਪ੍ਰਸੰਗ ਦਾ ਦਸਤਾਵੇਜ਼ੀ ਹਵਾਲਾ ਦਿੱਤੇ ਬਿਨਾਂ ਮਨੋਬਚਨੀ ਕੀਤੀ ਜਾ ਰਹੀ ਹੈ । ਪੈਂਤੜਾ ਵੀ ਕੰਵਲ- ਵਿਰੋਧੀ ਹੀ ਜਾਪ ਰਿਹਾ ਹੋਵੇਗਾ । ਪਰ ਇਹ ਇੱਕ ਵਿਸ਼ੇਸ਼ ਮਨੋ-ਸਥਿਤੀ ਦੀ ਉਪਜ ਹੈ । ਇਹ ਮਨੋ-ਸਥਿਤੀ ਕਿਉਂ ਉਪਜੀ ਹੈ?... ਪਰਿਸਥਿਤੀ ਕਰਕੇ! ਪਰਿਸਥਿਤੀ ਦਾ ਸੰਬੰਧ ਪਰਿਵੇਸ਼ ਨਾਲ ਹੈ; ਪਰਿਵੇਸ਼ ਦਾ ਮਨ ਨਾਲ;... ਤੇ ਮਨ ਦਾ ਸਾਹਿੱਤ ਨਾਲ । ਕਰਮ ਅਤੇ ਪ੍ਰਤਿਕਰਮ ਨਾਲੋ ਨਾਲ ਹੀ ਚੱਲਦੇ ਹਨ । ਲੇਖਕ ਦੇ ਮਨ ਵਿੱਚ ਵੀ, ਤੇ ਪਾਠਕ ਦੇ ਮਨ ਵਿੱਚ ਵੀ । (ਇਹੋ ਤਾਂ ਜਿਊਂਦੀ ਕੌਮ ਅਤੇ ਜਾਗਦੀ ਜ਼ਮੀਰ ਦੀ ਨਿਸ਼ਾਨੀ ਹੈ!)

ਅਸੀਂ ਸਮਝਦੇ ਹਾਂ ਕਿ ਕੰਵਲ ਦੇ ਸੰਦਰਭ ਵਿੱਚ ਹੁਣ ਹਵਾਲੇ ਦੇਣ ਜਾਂ ਉਦਾਹਰਣਾਂ ਦੀ ਪੁਨਰ-ਉਕਤੀ ਦੀ ਬਹੁਤੀ ਜ਼ਰੂਰਤ ਨਹੀਂ । ਉਸਦਾ ਲਫ਼ਜ਼-ਲਫ਼ਜ਼ ਪੜ੍ਹਿਆ ਜਾਂਦਾ ਹੈ । ਕੰਵਲ ਨੂੰ ਪੰਜਾਬੀ-ਮਨ ਦੀ ਪਕੜ ਹੈ । ਉਹ ਪਾਠਕ ਨੂੰ ਆਪਣੇ ਨਾਲ ਲੈ ਤੁਰਦਾ ਹੈ । ਉਸਨੂੰ ਭਾਵੁਕ ਤੋਂ ਉਪ-ਭਾਵੁਕ ਕਰਦਾ ਤੁਰਿਆ ਜਾਂਦਾ ਹੈ । ਮੌਜੂਦਾ ਸੱਤਾ-ਪ੍ਰਬੰਧ ਅਤੇ ਅਰਥ-ਚਾਰੇ ਦੀਆਂ ਕਮਜ਼ੋਰੀਆਂ ਦਾ ਲਾਭ ਲੈ ਕੇ ਉਹ ਪਾਠਕ ਨੂੰ ਇੱਕ ਤਟ-ਫਟ ਸੁਪਨਾ ਫੜਾ ਦੇਂਦਾ ਹੈ । ਇਹ ਰੋਮਾਂਚਕਾਰੀ ਸੁਪਨਾ ਪਾਠਕ ਕੋਲੋਂ ਦਲੀਲ ਖੋਹ ਲੈਂਦਾ ਹੈ । ਇਹ ਪਾਠਕ ਜ਼ਿਆਦਾਤਰ ਨੌਜਵਾਨ ਹੁੰਦੇ ਹਨ । ਇਹਨਾਂ ਕੋਲ ਸ਼ਕਤੀ ਹੁੰਦੀ ਹੈ; ਉਤਸ਼ਾਹ ਹੁੰਦਾ ਹੈ; ਗੁੱਸਾ ਹੁੰਦਾ ਹੈ; ਭਵਿੱਖ ਹੁੰਦਾ ਹੈ; ਵਿਹਲ ਹੁੰਦੀ ਹੈ । ਨੌਜਵਾਨ ਹਮੇਸ਼ਾ ਹੀ ਕੁਝ ਕਰ-ਗੁਜ਼ਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ । ਮਰਨਾ ਜਾਂ ਮਾਰਨਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ । 'ਸ਼ਹਾਦਤ' ਦਾ ਸੰਕਲਪ ਬਹੁਤ ਆਕਰਸ਼ਕ ਹੁੰਦਾ ਹੈ; ਪਿਆਰ ਵਿੱਚ ਮਰਨਾ, ਸੱਤਾ ਦੇ ਵਿਰੋਧ ਵਿੱਚ ਮਰਨਾ ਜਾਂ ਧਰਮ ਲਈ ਮਰਨਾ 'ਸ਼ਹਾਦਤ' ਹੀ ਅਖਵਾਉਂਦਾ ਹੈ । ਇੰਜ ਆਮ ਆਦਮੀ ਵੀ 'ਨਾਇਕ' ਬਣ ਜਾਂਦਾ ਹੈ । ਆਪਣੀ ਜਾਨ ਵਾਰਨਾ ਕੋਈ ਆਸਾਨ ਬਾਤ ਨਹੀਂ । ਜ਼ਿੰਦਗੀ ਦਾ ਸਭ ਤੋਂ ਵੱਡਾ ਕ੍ਰਿਸ਼ਮਾ ਹੁੰਦਾ ਹੈ ਇਹ! ਪਰ ਵੱਡੀ ਗੱਲ ਉਦੇਸ਼ ਪ੍ਰਤਿ ਸੁਹਿਰਦਤਾ, ਸਹੀ 'ਦੁਸ਼ਮਣ' ਦੀ ਪਛਾਣ ਅਤੇ ਲੜਾਈ ਦੇ 'ਢੰਗ' ਦੀ ਹੁੰਦੀ ਹੈ । ਇਹ ਵੇਖਣਾ ਲੇਖਕ ਦਾ ਕੰਮ ਹੁੰਦਾ ਹੈ ਕਿ ਉਸਦੀ ਲਿਖਤ ਪਾਠਕਾਂ ਨੂੰ ਕਿਤੇ ਆਤਮ-ਘਾਤੀ ਮੁਹਿੰਮ ਵੱਲ ਤਾਂ ਨਹੀਂ ਪਰੇਰ ਰਹੀ! ਕਲਾਕਾਰ ਕਿਸੇ ਇੱਕ ਫ਼ਿਰਕੇ ਨਾਲ ਜਾਂ ਖਿੱਤੇ ਨਾਲ ਜੁੜਿਆ ਨਹੀਂ ਹੁੰਦਾ । ਉਸਦਾ ਰਿਸ਼ਤਾ ਸਮੁੱਚੀ ਮਨੁੱਖਤਾ ਨਾਲ ਹੁੰਦਾ ਹੈ । ਉਸ ਦੇ ਹਿੱਤ, ਜ਼ਾਤੀ ਤੌਰ 'ਤੇ ਕਿਸੇ ਇੱਕ ਥਾਂ ਜੁੜੇ ਹੋ ਸਕਦੇ ਹਨ ਪਰ ਇਹ ਲਗਾਉ ਉਹਦੀ ਪ੍ਰਵਾਜ਼ ਲਈ ਅੜਿੱਕਾ ਨਹੀਂ ਬਣਨੇ ਚਾਹੀਦੇ । ਲੇਖਕ ਦੀ ਕਰਮ-ਭੂਮੀ ਸਿਰਫ਼ ਪਦਾਰਥਕ ਹੀ ਨਹੀਂ ਹੁੰਦੀ, ਸਥੂਲ ਹੀ ਨਹੀਂ ਹੁੰਦੀ; ਸੂਖ਼ਮ ਵੀ ਹੁੰਦੀ ਹੈ । ਉਸ ਨੇ ਅਨੁਵਾਦ ਹੋ ਕੇ ਘਰ-ਪਰਿਵਾਰ ਤੋਂ ਬਾਹਰ ਵੀ ਜਾਣਾ ਹੁੰਦਾ ਹੈ । ਉਸਦਾ ਇੱਕ ਬ੍ਰਹਿਮੰਡਕ ਸਮਾਜ ਹੁੰਦਾ ਹੈ । ਜਿੱਥੇ ਉਹ ਜਵਾਬਦੇਹ ਹੁੰਦਾ ਹੈ । ਨਿੱਜੀ ਹਿੱਤਾਂ ਵਾਲੀ ਸੌੜੀ ਤੇ ਕੌੜੀ ਰਾਜਨੀਤੀ ਲੇਖਕ ਦੇ ਧਰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ । ਵੱਡੇ ਲੇਖਕ ਹਮੇਸ਼ਾ ਇਸ ਖ਼ਤਰੇ ਤੋਂ ਬਚਦੇ ਰਹੇ ਹਨ । ਬਚਦੇ ਰਹਿਣਗੇ ।

***

ਜਸਵੰਤ ਸਿੰਘ ਕੰਵਲ ਨੇ ਆਪਣੀ ਜ਼ਿੰਦਗੀ ਰਵਾਇਤੀ ਪਿਆਰ ਦੇ ਕਿੱਸਿਆਂ ਨਾਲ ਸ਼ੁਰੂ ਕੀਤੀ ਸੀ । ਉਹ ਨੌਜੁਆਨ ਜੋੜਿਆਂ ਦੇ ਸਿਰੜੀ ਤੇ ਸਿਦਕਵਾਨ ਜੀਵਨ ਨੂੰ ਆਦਰਸ਼ਕ ਅੰਦਾਜ਼ ਵਿੱਚ ਸੁਣਾਉਣ ਵੱਲ ਰੁਚਿਤ ਰਿਹਾ । ਫੇਰ ਉਹਦਾ ਨਜ਼ਰੀਆ ਰਵਾਇਤੀ ਤੌਰ 'ਤੇ ਚੁੜੇਰਾ ਹੋ ਗਿਆ ਤੇ ਉਹ ਪ੍ਰਗਤੀਵਾਦੀ ਸੁਰ ਦਾ ਧਾਰਣੀ ਹੋ ਗਿਆ । ਕਵੀ ਕੰਵਲ 'ਕਾਮਰੇਡ' ਬਣ ਗਿਆ । ਪਿੱਛੋਂ ਜਾ ਕੇ ਕਾਮਰੇਡਾਂ ਵਿੱਚ ਤੱਤਾ ਲਹੂ ਚੱਕਰ ਕੱਟਣ ਲੱਗ ਪਿਆ । ਤੱਤੇ ਲਹੂ ਦੇ ਦੌਰ 'ਚੋਂ ਕੰਵਲ ਨੂੰ ਨਵੀਂ ਦ੍ਰਿਸ਼ਟੀ ਮਿਲੀ । ਉਸਨੇ ਲਹੂ ਦੀ ਲੋਅ ਨੂੰ ਪ੍ਰਜਵਲਤ ਕੀਤਾ । ਇਹ 'ਲੋਅ' ਜਦੋਂ ਮੱਠੀ ਪੈਣ ਲੱਗੀ ਤਾਂ ਬਾਹਰ-ਅੰਦਰ ਜਾਣ ਨਾਲ ਉਹਦਾ ਅੰਤਰ-ਰਾਸ਼ਟਰੀ ਝਰੋਖਾ ਖੁੱਲ ਗਿਆ । ਉਹਨੂੰ ਬਰਫ਼ ਵਿੱਚੋਂ ਵੀ ਅੱਗ ਨਜ਼ਰ ਆਉਣ ਲੱਗੀ । ਇਸ ਨਵੀਂ-ਨਵੇਲੀ ਨਜ਼ਰ ਨਾਲ ਉਹਨੂੰ ਮੋਹਿਨ-ਜੋ-ਦੜੋ ਯਾਨਿ ਮੋਇਆਂ ਦੇ ਟਿੱਬੇ 'ਚੋਂ ਮੁੜ ਪਿਆਰ-ਭਿੱਜੀਆਂ ਰੂਹਾਂ ਉਖਾੜਨ ਦਾ ਮੌਕਾ ਮਿਲ ਗਿਆ । ਇਸੇ ਦੌਰਾਨ ਉਸ ਨਾਲ ਨਿੱਜੀ ਤੌਰ 'ਤੇ ਦੋ ਵੱਡੇ ਨਾਟਕੀ ਹਾਦਸੇ ਵਾਪਰੇ; ਇੱਕ ਦੁਖਾਂਤਕ ਤੇ ਦੂਜਾ ਸੁਖਾਂਤਕ । ਜਦੋਂ ਉਹ ਇਹਨਾਂ ਦੋਹਾਂ ਹਾਦਸਿਆਂ ਤੋਂ ਉਪਜੇ ਸੰਤਾਪ ਅਤੇ ਰੋਮਾਂਸ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਦੇ ਹਾਲਾਤ ਨਾਟਕੀ ਢੰਗ ਨਾਲ ਬਦਲ ਗਏ । ਏਥੇ ਕਹਿਰ ਬਰਪਾ ਹੋ ਗਿਆ । ਨਿੱਕੇ ਨਿੱਕੇ ਹਾਦਸੇ ਵੱਡੇ ਹਾਦਸੇ ਦੀ ਲਪੇਟ ਵਿੱਚ ਅਲੋਪ ਹੋ ਗਏ । ਨਵਾਂ ਖਾੜਕੂ ਦੌਰ ਸ਼ੁਰੂ ਹੋਇਆ । ਕੰਵਲ ਦੇ ਸੁਰ ਨੂੰ ਮੁੜ ਸ਼ਕਤੀ ਮਿਲੀ । ਉਹ ਸਿੱਖ ਬੁੱਧੀਜੀਵੀਆਂ 'ਚੋਂ ਸਭ ਤੋਂ ਉੱਚੀ ਸੁਰ ਵਾਲਾ ਬੁਲਾਰਾ ਬਣ ਗਿਆ । ਆਪਣੀਆਂ ਪਿਛਲੀਆਂ ਪੈੜਾਂ ਨੂੰ ਰੱਦਣ ਲੱਗ ਪਿਆ । ਹੁਣ ਉਹ ਬਿਨਾਂ ਸਿਰਨਾਵੇਂ ਤੋਂ ਨਹੀਂ ਸਗੋਂ ਸਿਰਨਾਵਿਆਂ ਵਾਲੀਆਂ ਚਿੱਠੀਆਂ ਲਿਖਦਾ ਹੈ । ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਸਾਹਿੱਤਕਾਰ ਕੰਵਲ ਕੇਵਲ ਇੱਕ ਧੜੇ ਦੀ ਵਿਚਾਰਧਾਰਾ ਦਾ ਪ੍ਰਤਿਨਿਧ ਕਹਾਉਣ ਵਿੱਚ ਫ਼ਖ਼ਰ ਸਮਝਣ ਲੱਗ ਪਿਆ ਹੈ ।

ਕਦੇ ਕਦੇ ਤਾਂ ਕੰਵਲ 'ਤੇ ਰਸ਼ਕ ਵੀ ਆਉਂਦਾ ਹੈ । ਇੱਕੋ ਉਮਰ ਵਿੱਚ ਉਸਨੇ ਦਸ-ਬਾਰਾਂ ਲੇਖਕਾਂ ਦੀਆਂ ਜੂਨਾਂ ਹੰਢਾ ਲਈਆਂ ਹਨ । ਉਸ ਨੇ ਪੰਜਾਬੀ ਗਲਪ ਦੇ ਪਾਠਕ ਪੈਦਾ ਕੀਤੇ ਹਨ । ਉਸ ਨੇ ਵਿਕਣ ਵਾਲੀਆਂ ਕਿਤਾਬਾਂ ਲਿਖੀਆਂ ਹਨ । ਆਮ ਪੰਜਾਬੀ ਲੇਖਕ ਨੂੰ ਜੋ ਸ਼ਿਕਾਇਤਾਂ ਹੋ ਸਕਦੀਆਂ ਹਨ ਉਹ ਕੰਵਲ ਨੂੰ ਨਹੀਂ । ਉਹ ਬਾਗ਼ੀ ਹੈ, ਜਰਖੇਜ਼ ਹੈ, ਦਲੇਰ ਹੈ, ਪ੍ਰਤਿਭਾਵਾਨ ਹੈ । ਮਾਤ-ਭਾਸ਼ਾ ਦੇ ਮੁਹਾਵਰੇ ਨੂੰ ਅਤੇ ਪੰਜਾਬੀਆਂ ਦੇ ਰਉਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ । ਢੁੱਡੀਕੇ ਦੀ ਸਰਪੰਚੀ ਕਰਨੀ, ਪੇਂਡੂ ਖੇਡਾਂ ਦੀ ਕੁਮੈਂਟਰੀ ਕਰਨੀ ਜਾਂ ਸਾਹਿੱਤ ਰਚਨਾ ਕਰਨੀ ਉਹਦੇ ਲਈ ਇੱਕੋ ਜਿਹੀ ਸਹਿਜ ਹੈ । ਉਹ ਜਦੋਂ ਵੀ ਕੋਈ ਗੱਲ ਕਰਦਾ ਹੈ, ਲੋਕ ਉਹਨੂੰ ਸੁਣਦੇ ਹਨ ।

ਕਿਹੜੇ ਲੋਕ ਸੁਣਦੇ ਹਨ!
ਕਿੰਨੇ ਕੁ ਲੋਕ ਸੁਣਦੇ ਹਨ!

ਹੱਥਾਂ' ਤੇ ਸਰ੍ਹੋਂ ਜੰਮਦੀ ਕੌਣ ਨਹੀਂ ਵੇਖਣਾ ਚਾਹੇਗਾ? ਇਸ਼ਤਿਹਾਰੀ ਤੇ 'ਖ਼ਾਨਦਾਨੀ' ਤਾਕਤ ਦੇ ਬਾਦਸ਼ਾਹਾਂ ਕੋਲ ਬਾਕਾਇਦਾ ਡਾਕਟਰਾਂ ਨਾਲੋਂ ਵਧੇਰੇ ਭੀੜ ਰਹਿੰਦੀ ਹੈ । ਵੱਡੇ ਤੋਂ ਵੱਡਾ ਨਾਸਤਕ ਵੀ ਮੌਕਾ ਪਾ ਕੇ ਕਿਸੇ ਕਿਸਮਤ- ਆਚਾਰੀਆ ਨੂੰ ਹੱਥ ਵਿਖਾਉਣ ਦੀ ਤਾਕ ਵਿੱਚ ਰਹਿੰਦਾ ਹੈ । ਸ਼ਾਇਦ ਜ਼ਿਆਦਾਤਰ ਲੋਕ ਵੀ ਉਹੀ ਕੁਝ ਚਾਹੁੰਦੇ ਹਨ ਜੋ ਕੰਵਲ ਕਹਿੰਦਾ ਹੈ!

ਪਰ ਕੀ ਇਸ ਨਾਲ ਲੇਖਕ ਦੇ ਤੌਰ 'ਤੇ ਕੰਵਲ ਦਾ ਕੋਈ ਬਿੰਬ ਬਣਦਾ ਹੈ? ਕਿਹੜਾ ਬਿੰਬ ਬਣਦਾ ਹੈ?

ਮਜਮਾਗਿਰੀ ਸਿਰਫ਼ ਭੀੜ ਇਕੱਠੀ ਕਰਨ ਤੱਕ ਜਾਇਜ਼ ਮੰਨੀ ਜਾ ਸਕਦੀ ਹੈ । ਭੀੜ ਇਕੱਠੀ ਕਰਕੇ ਕਹਿਣਾ ਕੀ ਹੈ; ਅਸਲੀ ਮੁੱਦਾ ਇਹ ਹੈ ।

ਭੀੜ ਕੰਵਲ ਨੇ ਬਹੁਤ ਵਾਰ ਇਕੱਠੀ ਕੀਤੀ ਹੈ । ਭੀੜ ਨੂੰ ਸੰਬੋਧਨ ਵੀ ਕੀਤਾ ਹੈ ।

ਇਹੋ ਪ੍ਰਕਿਰਿਆ ਉਸਦੇ ਲੋਕ-ਬਿੰਬ ਨੂੰ ਨਿਰਧਾਰਿਤ ਕਰਨ ਵਿੱਚ ਸਹਾਈ ਹੁੰਦੀ ਹੈ ।

***

ਪੰਜਾਬ ਦਾ ਮੌਜੂਦਾ ਦੁਖਾਂਤ ਸਿਰਫ਼ ਪੰਜਾਬ ਵਿੱਚ ਵੱਸਦਿਆਂ ਲਈ ਹੀ ਨਹੀਂ ਸਗੋਂ ਸੰਸਾਰ ਦੇ ਕੋਨੇ ਕੋਨੇ ਵਿੱਚ ਬੈਠੇ ਹਰ ਪੰਜਾਬੀ ਲਈ ਇੱਕੋ ਜਿਹਾ ਪੀੜਾ-ਦਾਇਕ ਹੈ । ਹਰ ਤ੍ਰਾਸਦਿਕ ਪਰਿਸਥਿਤੀ ਸਮੇਂ ਕਲਮਕਾਰਾਂ ਨੇ ਸੱਚ 'ਤੇ ਪਹਿਰਾ ਦਿੱਤਾ ਹੈ । ਪਰ ਵੇਖਣਾ ਇਹ ਹੈ ਕਿ ਅਜਿਹਾ ਸੱਚ ਲੇਖਕ ਦੀ ਸ਼ਖ਼ਸੀਅਤ ਨੂੰ ਵਿਸਤਾਰ ਪ੍ਰਦਾਨ ਕਰਦਾ ਹੈ ਜਾਂ ਕਿ ਸੁੰਗੜੇਦਾ ਹੈ! ਸਿੱਖ-ਮਨ ਦੀ ਪੀੜ ਸ਼ਾਹ ਮੁਹੰਮਦ ਨੇ ਕਹੀ ਹੈ, ਭਾਈ ਵੀਰ ਸਿੰਘ ਨੇ ਕਹੀ ਹੈ, ਪ੍ਰੋ: ਪੂਰਨ ਸਿੰਘ ਨੇ ਕਹੀ ਹੈ । ...ਮੌਜੂਦਾ ਦੌਰ ਦੀ ਹਨੇਰੀ ਨੇ ਵੱਡੇ ਵੱਡੇ ਥੰਮ੍ਹ ਥਿੜਕਾ ਦਿੱਤੇ ਹਨ । ਬ੍ਰਹਿਮੰਡਕ-ਚੇਤਨਾ ਵਾਲੇ ਕਲਾਕਾਰ ਵੀ ਚਾਰ-ਦੀਵਾਰੀਆਂ ਵਿੱਚ ਬੰਦ ਕਰ ਦਿੱਤੇ ਹਨ । ਪੰਜਾਬੀ ਅਦਬ ਨੂੰ ਬਹੁਤ ਵੱਡਾ ਧੱਕਾ ਪਹੁੰਚਿਆ ਹੈ । ਪਤਾ ਨਹੀਂ ਕਦੋਂ ਜਾ ਕੇ ਅਸੀਂ ਇਸ ਖੱਪੇ ਨੂੰ ਪੂਰ ਸਕਾਂਗੇ । ਸਾਡੇ ਲੇਖਕ ਆਪਣੀ ਲੇਖਕੀ-ਪ੍ਰਤਿਬੱਧਤਾ ਤੋਂ ਬੇਮੁੱਖ ਹੋ ਕੇ ਵੱਖਰੀ ਘਰੇਲੂ ਕਿਸਮ ਦੀ ਪਛਾਣ ਵੱਲ ਰੁਚਿਤ ਹੋ ਗਏ ਹਨ । ਇਸ ਹਨੇਰੀ ਨੇ ਸਾਡੇ ਕੰਵਲ ਵਰਗੇ ਗਦਾ-ਧਾਰੀ ਲੇਖਕ 'ਤੇ ਵੀ ਅਸਰ ਕੀਤਾ ਹੈ । ਵਕਤੀ ਸਿਆਸਤ ਦੇ ਰੌਲੇ ਵਿੱਚ ਸਰਸਵਤੀ ਦੀ ਮਾਧੁਰ ਸੁਰ-ਗੂੰਜ ਸੁਣਾਈ ਨਹੀਂ ਦੇਂਦੀ । ਇਸ ਸਰਾਪਿਤ ਸਥਿਤੀ ਤੋਂ ਪਤਾ ਨਹੀਂ ਕਦੋਂ ਛੁਟਕਾਰਾ ਮਿਲੇਗਾ ।

ਇੱਕ ਨਿੱਕੀ ਜਿਹੀ ਉਦਾਹਰਣ ਨਾਲ ਅਸੀਂ ਆਪਣੀ ਗੱਲ ਮੁਕਾਉਣ ਦਾ ਯਤਨ ਕਰਾਂਗੇ । ਸਾਡੇ ਪੰਜਾਬ ਦੇ ਦੋ ਵੱਡੇ ਕਲਾਕਾਰ ਹਨ, ਚਿੱਤਰ ਬਣਾਉਣ ਵਾਲੇ; ... ਸਰਦਾਰ ਸੋਭਾ ਸਿੰਘ ਅਤੇ ਸਰਦਾਰ ਕਿਰਪਾਲ ਸਿੰਘ । ਦੋਵੇਂ ਮਕਬੂਲ ਹਨ; ਮੰਝੇ ਹੋਏ ਹਨ; ਸਿਰੜੀ ਹਨ; ਸੱਚੇ ਹਨ । ਸਵਰਗੀ ਸ੍ਰ. ਸੋਭਾ ਸਿੰਘ ਹੁਰੀਂ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਂਦੇ ਰਹੇ ਹਨ ਅਤੇ ਇੰਜ ਉਹਨਾਂ ਨੇ ਇਸ ਪੱਖ ਤੋਂ ਅੰਤਰ-ਰਾਸ਼ਟਰੀ ਸੇਵਾ ਕੀਤੀ ਹੈ । ਦੁਨੀਆ ਦੇ ਕੋਨੇ ਕੋਨੇ ਵਿੱਚ ਬਾਬਿਆਂ ਦੇ ਰੂਹਾਨੀ ਜਲੌਅ ਵਾਲੇ ਚਿਹਰੇ ਪਹੁੰਚੇ ਹਨ । ਦੂਜੇ ਪਾਸੇ ਕਿਰਪਾਲ ਸਿੰਘ ਹੁਰਾਂ ਨੇ ਸਿੱਖ ਇਤਿਹਾਸ ਦੇ ਸ਼ਹੀਦੀ ਸਾਕਿਆਂ ਨੂੰ ਆਪਣੀ ਕਾਨੀ ਦਾ ਵਿਸ਼ਾ ਬਣਾਇਆ ਹੈ । ਵੱਡੀ ਗਿਣਤੀ ਵਿੱਚ ਅਤੇ ਵਿਸ਼ਾਲ ਆਕਾਰ ਦੇ ਮਾਰਮਿਕ ਚਿੱਤਰ ਉਲੀਕੇ ਹਨ ਜੋ ਨੁਮਾਇਸ਼-ਘਰਾਂ ਅਤੇ ਅਜਾਇਬ ਘਰਾਂ ਦੀ ਸੋਭਾ ਹਨ । ਇਹ ਚਿੱਤਰ ਪੰਜਾਬੀਆਂ ਨੂੰ ਆਪਣੇ ਮਹਾਨ ਵਿਰਸੇ ਤੋਂ ਜਾਣੂ ਕਰਵਾਉਂਦੇ ਹਨ । ਦੋਹਾਂ ਦੀ ਕਲਾ ਅੱਗੇ ਸਿਰ ਝੁਕਾਉਣ ਨੂੰ ਜੀਅ ਕਰਦਾ ਹੈ;....

ਪਰ ਕਿਰਪਾਲ ਸਿੰਘ ਹੁਰਾਂ ਦੇ ਚਿੱਤਰ, ਸੱਚੇ-ਸੁੱਚੇ ਹੁੰਦੇ ਹੋਏ ਵੀ ਇੱਕ ਸੀਮਿਤ ਪਹੁੰਚ ਦੇ ਧਾਰਨੀ ਹਨ । ਇੱਕ ਵਿਸ਼ੇਸ਼ ਵਰਗ ਪ੍ਰਤਿ ਘਿਰਣਾ ਪੈਦਾ ਕਰਦੇ ਹਨ; ਕੋ੍ਰਧ ਉਪਜਾਉਂਦੇ ਹਨ; ਬਦਲੇ ਦੀ ਭਾਵਨਾ ਪੈਦਾ ਕਰਦੇ ਹਨ । ਦੂਜੇ ਪਾਸੇ ਸੋਭਾ ਸਿੰਘ ਹੁਰਾਂ ਦੀਆਂ ਕਿਰਤਾਂ ਅਨੰਤ ਤੇ ਅਗੰਮੀ ਮੁਹੱਬਤ ਦਾ ਸੁਨੇਹਾ ਦੇਂਦੀਆਂ ਹਨ । ਬਿਨਾਂ ਕਿਸੇ ਭੇਦ-ਭਾਵ ਦੇ, ਹਰ ਦਿਲ ਵਿੱਚ ਜਗ੍ਹਾ ਬਣਾਉਂਦੀਆਂ ਹਨ ।

ਬੱਸ ਇਹੋ ਫ਼ਰਕ ਹੈ ਫੈਲਣ ਅਤੇ ਸੁੰਗੜਨ ਵਿੱਚ । ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਜੋ ਬਿੰਬ, ਸਾਹਿੱਤਕਾਰ ਕੰਵਲ ਦਾ, ਲੋਕਾਂ ਵਿੱਚ ਬਣ ਰਿਹਾ ਹੈ, ਉਹ ਸਰਦਾਰ ਕਿਰਪਾਲ ਸਿੰਘ ਵਾਲਾ ਹੈ, ਸਰਦਾਰ ਸੋਭਾ ਸਿੰਘ ਵਾਲਾ ਨਹੀਂ!

ਕੀ ਆਪਣੀ ਰਵਾਇਤ ਨੂੰ ਅੱਗੇ ਤੋਰਦਾ ਹੋਇਆ ਕੰਵਲ, ਆਪਣੇ ਇਸ ਲੋਕ-ਬਿੰਬ ਨੂੰ ਵੀ, ਕਦੇ ਤੋੜ ਸਕੇਗਾ?! ਆਪਣੇ ਬਿੰਬ ਨੂੰ ਖੰਡਿਤ ਕਰਨ ਦੀ ਪ੍ਰਵਿਰਤੀ ਨੂੰ ਉਹ ਅੱਗੇ ਤੋਰ ਸਕੇਗਾ??!! 'ਪਰਿਵਤਨ' ਪ੍ਰਕਿਰਤੀ ਦਾ ਅਪਰਿਵਰਤਨਸ਼ੀਲ ਨਿਯਮ ਹੈ । ਪਰੰਤੂ ਹਰ ਪਰਿਵਰਤਨ ਦੀ ਮਹੱਤਤਾ ਉਸਦੀ ਦਿਸ਼ਾ 'ਤੇ ਹੀ ਨਿਰਭਰ ਕਰਦੀ ਹੈ ।

***

16. ਕਾਵਿਕਤਾ ਦਾ ਰੂਪ-ਧਿਆਨ : ਅਮਿਤੋਜ

ਅਮਿਤੋਜ ਵੀ ਤੁਰ ਗਿਆ । ਤੁਰਿਆ ਹੋਇਆ ਤਾਂ ਉਹ ਬੜੇ ਚਿਰ ਦਾ ਸੀ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਬਾਹਲਾ ਹੀ ਤੁਰਨ ਤੁਰਨ ਕਰਦਾ ਸੀ । ਲੱਗਦਾ ਸੀ ਕਿ ਉਹਦੇ ਕਰਨ ਗੋਚਰਾ ਕੰਮ ਨਹੀਂ ਰਿਹਾ ਜਾਂ ਫਿਰ ਉਹ ਖ਼ੁਦ ਹੀ ਕਿਸੇ ਕੰਮ ਦਾ ਨਹੀਂ ਰਿਹਾ! ਕਿਸੇ ਵੇਲੇ ਅਮਿਤੋਜ ਬੜੇ ਕੰਮ ਦਾ ਬੰਦਾ ਸੀ । ਪੂਰੀ ਯੂਨੀਵਰਸਿਟੀ ਉਹਦੇ ਨਾਲ ਧੜਕਦੀ ਸੀ । ਚੰਡੀਗੜ੍ਹ ਦਾ ਅਦਬੀ ਮਾਹੌਲ ਉਹਦੇ ਸਾਹ ਨਾਲ ਸਾਹ ਲੈਂਦਾ ਸੀ । ਜਦੋਂ (1968 ਵਿੱਚ) ਉਹ ਚੰਡੀਗੜ੍ਹ ਆਇਆ ਸੀ ਤਾਂ ਜਵਾਨ-ਜਹਾਨ, ਸੋਹਣਾ ਸੀ, ਸਿਆਣਾ ਲੱਗਦਾ ਸੀ । ਚਿਹਰੇ ਤੋਂ ਮਾਸੂਮ ਅਤੇ ਚਾਲ-ਢਾਲ ਤੋਂ ਬੀਬਾ ਰਾਣਾ ਲੱਗਦਾ ਸੀ ।

ਚੰਡੀਗੜ੍ਹ ਆਉਣ ਤੋਂ ਪਹਿਲਾਂ ਉਹ ਕ੍ਰਿਸ਼ਨ ਕੰਵਲ ਤੋਂ ਸ਼ਮੀਮ ਅਤੇ ਸ਼ਮੀਮ ਤੋਂ ਅਮਿਤੋਜ ਤੱਕ ਦਾ ਸਫ਼ਰ ਤੈਅ ਕਰ ਚੁੱਕਾ ਸੀ । ਸੁਰਜੀਤ ਪਾਤਰ ਦੀ ਉਹਨੂੰ ਪੂਰੀ ਸ਼ਹਿ ਸੀ । ਐਮ. ਏ. ਪੰਜਾਬੀ ਵਿੱਚ ਦਾਖਲਾ ਲੈਣ ਵੇਲੇ ਉਹ ਸਾਧਾਰਨ ਵਿਦਿਆਰਥੀ ਨਹੀਂ, ਬੜੀ ਸ਼ੈਅ ਸੀ । ਅਜਿਹੀ ਸ਼ੈਅ ਦੀ ਡਾ. ਵਿਸ਼ਵਨਾਥ ਤਿਵਾੜੀ ਨੂੰ ਉਡੀਕ ਸੀ । ਉਸ ਵੇਲੇ ਅਮਿਤੋਜ, ਤਿਵਾੜੀ ਦੇ ਫ਼ਾਰਮੂਲੇ 'ਚ ਫਿੱਟ ਹੋਣ ਲਈ ਹਰ ਪੱਖ ਤੋਂ ਠੀਕ ਸੀ ।

ਤਿਵਾੜੀ ਅਮਿਤੋਜ ਦੀਆਂ ਖ਼ੂਬੀਆਂ ਨੂੰ ਕੈਸ਼ ਕਰਦਾ ਰਿਹਾ ।
ਅਮਿਤੋਜ, ਤਿਵਾੜੀ ਦੇ ਸਿਰ 'ਤੇ ਐਸ਼ ਕਰਦਾ ਰਿਹਾ ।
ਯੂਨੀਵਰਸਿਟੀ ਦੇ ਅਦਬੀ ਸਮਾਗ਼ਮਾਂ ਦਾ ਸ਼ਿੰਗਾਰ ਉਹ ਦੋਵੇਂ ਜਣੇ ਸਨ ।
ਲੱਗਦਾ ਸੀ ਜਿਵੇਂ ਇੱਕ-ਦੂਜੇ ਲਈ ਬਣੇ ਸਨ ।
ਬਾਹਰੋਂ ਵੇਖਣ ਵਾਲਿਆਂ ਲਈ ਇੱਕ ਤਾਂ ਆਦਮੀ ਸੀ, ਦੂਜਾ ਫ਼ਰਿਸ਼ਤਾ ਸੀ ।
ਪਰ, ਅੰਦਰੋਂ ਦੋਹਾਂ ਦਾ ਖ਼ਰਗੋਸ਼ ਤੇ ਸ਼ੇਰ ਵਾਲਾ ਰਿਸ਼ਤਾ ਸੀ ।
ਬੜਾ ਚਿਰ ਇਹ ਰਿਸ਼ਤਾ ਮੂਰਤੀਮਾਨ ਹੁੰਦਾ ਰਿਹਾ ।
ਸ਼ੇਰ ਹੱਸਦਾ ਰਿਹਾ, ਖ਼ਰਗ਼ੋਸ਼ ਲਹੂ-ਲੁਹਾਨ ਹੁੰਦਾ ਰਿਹਾ ।
ਸ਼ੇਰ ਸਿਆਸਤਦਾਨ ਸੀ, ਖ਼ਰਗੋਸ਼ ਦੀ ਮਜ਼ਬੂਰੀ ਦਾ ਨਾਜ਼ਾਇਜ ਫ਼ਾਇਦਾ ਉਠਾਉਂਦਾ ਰਿਹਾ ।
ਖ਼ਰਗੋਸ਼ ਵਿਚਾਰਾ ਭਲੇ ਦਿਨਾਂ ਦੀ ਆਸ ਵਿੱਚ
ਦੜ ਵੱਟ ਕੇ ਵਕਤ ਲੰਘਾਉਂਦਾ ਰਿਹਾ । ...
ਤੇ ਵਕਤ ਲੰਘਦਾ ਗਿਆ ।
ਹੁਣ ਅਮਿਤੋਜ ਯੂਨੀਵਰਸਿਟੀ ਦੀ ਖ਼ਾਸ ਚੀਜ਼ ਸੀ ।
ਯੁਵਾ-ਕਵੀ ਦੇ ਤੌਰ 'ਤੇ ਹਰ-ਦਿਲ-ਅਜ਼ੀਜ਼ ਸੀ¨
ਬਾਹਰ ਪਾਣੀ ਸੀ, ਅੰਦਰ ਬਰੇਤਾ ਸੀ ।
ਮੁੰਡਿਆਂ ਦਾ ਨਾਇਕ ਸੀ, ਕੁੜੀਆਂ ਦਾ ਚਹੇਤਾ ਸੀ¨
ਮੁੰਡੇ ਉਸ 'ਤੇ ਰਸ਼ਕ ਕਰਦੇ ਸਨ ।
ਕੁੜੀਆਂ ਉਹਦੇ 'ਤੇ ਖਰਚ ਕਰਦੀਆਂ ਸਨ ।
ਅਜਬ ਲੀਲਾ ਸੀ, ਅਜੀਬ ਮਾਇਆ ਸੀ ।
ਇਹ ਮਿੱਠਾ ਜ਼ਹਿਰ ਉਸ ਨੂੰ ਖ਼ੂਬ ਰਾਸ ਆਇਆ ਸੀ ।
ਉਹ ਰਾਸ ਰਚਾਉਣ ਦਾ ਭਰਮ ਪਾਲਦਾ ਰਿਹਾ ।
ਮੋਮਬੱਤੀ ਨੂੰ ਦੁਪਾਸਿਉਂ ਬਾਲਦਾ ਰਿਹਾ ।
ਯੂਨੀਵਰਸਿਟੀ 'ਚੋਂ ਉਹ ਲਿਕਲਣਾ ਨਹੀਂ ਸੀ ਚਾਹੁੰਦਾ ।
ਬਣੇ ਰਹਿਣ ਲਈ ਬਹਾਨਾ ਚਾਹੀਦਾ ਸੀ ।
ਐਮ. ਏ, ਦੇ ਰਿਜ਼ਲਟ ਨਾਲ ਉਹਦਾ ਭਰਮ ਟੁੱਟਿਆ ਸੀ ।
ਇੱਕ ਕੁੜੀ ਨੇ ਉਹਨੂੰ ਨੰਬਰਾਂ ਵਿੱਚ ਪਛਾੜ ਸੁੱਟਿਆ ਸੀ ।
ਕਿਸੇ ਪ੍ਰੋਫੈਸਰ ਨੇ ਆਪਣੀ ਬੇਟੀ ਤੋਂ ਬਾਜ਼ੀ ਮਰਵਾ ਦਿੱਤੀ ਸੀ ।
ਵਿਚਾਰੇ ਖ਼ਰਗੋਸ਼ ਦੀ ਬਾਂ-ਬਾਂ ਕਰਵਾ ਦਿੱਤੀ ਸੀ ।
ਕਿੰਨਾ ਹੀ ਚਿਰ ਖ਼ਰਗੋਸ਼ ਆਪਣੀਆਂ ਲੱਤਾਂ-ਬਾਹਾਂ 'ਤੇ ਦੰਦੀਆਂ ਵੱਢਦਾ ਰਿਹਾ ।
ਦਾਰੂ ਨਾਲ ਟੁੰਨ ਹੋ ਕੇ ਸ਼ੇਰ ਨੂੰ , ਸ਼ਰੇਆਮ, ਗਾਲ੍ਹਾਂ ਕੱਢਦਾ ਰਿਹਾ ।
ਖ਼ਰਗੋਸ਼ ਲਹੂ-ਲੁਹਾਨ ਸੀ ।
ਸ਼ੇਰ ਸਿਆਸਤਦਾਨ ਸੀ ।

ਪੀ. ਐੱਚ. ਡੀ. ਲਈ ਰਜਿਸਟ੍ਰੇਸ਼ਨ ਹੋ ਗਈ । ਅਮਿਤੋਜ ਰਿਸਰਚ ਫੈਲੋ ਹੋ ਗਿਆ । ਗੱਡੀ ਲੀਹੇ ਪੈ ਗਈ, ਹੈਲੋ ਹੈਲੋ ਹੋ ਗਿਆ ।

ਕਾਹਦਾ ਗਿਆਨ ਤੇ ਕਿਹੜੀ ਖੋਜ ।
ਹੀਰੋ ਦਾ ਨਾਇਕ ਸਿਰ ਬੋਝ ।
ਦਾਰੂ ਸਿੱਕਾ ਤੇ ਅਮਿਤੋਜ ।

ਫੈਲੋਸ਼ਿਪ ਮੁੱਕ ਗਈ । ਖੋਜ ਸ਼ੁਰੂ ਵੀ ਨਹੀਂ ਸੀ ਹੋਈ । ਯੂਨੀਵਰਸਿਟੀ ਵਿੱਚ ਰਹਿਣਾ ਸੀ ਤਾਂ ਡਿਗਰੀ ਲਈ ਹੀਲਾ- ਵਸੀਲਾ ਕਰਨਾ ਹੀ ਪੈਣਾ ਸੀ ।
ਦੁੱਧ ਬਚਾ ਲਉ ਬਿੱਲੀ ਤੋਂ ।
ਹੁਣ ਪ੍ਰਸਾਰਨ ਦਿੱਲੀ ਤੋਂ¨
ਤਿਵਾੜੀ ਨੇ ਚਲਾਕੀ ਨਾਲ ਆਪਣੇ ਸਿਰੋਂ ਜ਼ਿੰਮੇਵਾਰੀ ਲਾਹ ਦਿੱਤੀ ।
ਅਮਿਤੋਜ ਨੂੰ ਦਿੱਲੀ ਜਾਣ ਦੀ ਸਲਾਹ ਦਿੱਤੀ ।
ਸਲਾਹ ਲੈ ਕੇ ਉਹ ਪਹਿਲਾਂ ਆਪਣੇ ਪਿੰਡ ਅਖਾੜੇ ਗਿਆ ।
ਛੋਟੇ ਭਰਾ ਤੋਂ ਖਰਚ-ਪੱਠਾ ਲਿਆ ।
ਸ਼ਾਇਰ ਸੀ, ਇਸ ਲਈ ਆਲੋਚਨਾ ਜਿਹੀ ਤੋਂ ਹਾਰ ਗਿਆ ।
ਪੱਲੇ ਖਰਚ ਬੰਨ੍ਹ ਕੇ, ਬੋਰੀਏ ਬਿਸਤਰੇ ਸਣੇ,
ਦਿੱਲੀ ਵੱਲ ਉਡਾਰੀ ਮਾਰ ਗਿਆ ।
ਪਹਿਲਾਂ ਉਹਦੇ ਲਈ ਦਿੱਲੀ ਦੂਰ ਸੀ ।
ਨੌਂ ਮਹੀਨੇ ਬਾਅਦ ਜਦੋਂ ਚੰਡੀਗੜ੍ਹ ਵਾਪਸ ਆਇਆ ਤਾਂ ਉਹਦੀ
ਝੋਲੀ ਵਿੱਚ ਥੀਸਿਸ ਸੀ ਤੇ ਚਿਹਰੇ ਉੱਤੇ ਨੂਰ ਸੀ ।
ਉਹਨੂੰ ਲੱਗਦਾ ਸੀ ਕਿ ਯੂਨੀਵਰਸਿਟੀ ਹੁਣ ਉਹਦਾ ਪੱਕਾ ਘਰ ਹੋ ਗਿਆ ।
ਸਈਓ ਨੀ! ਮੈਨੂੰ ਦਿਉ ਵਧਾਈਆਂ ਅਮਿਤੋਜ ਡਾਕਟਰ ਹੋ ਗਿਆ ।
ਸਹਿੰਸਾ ਮੁੱਕਾ, ਰਾਸ-ਲੀਲਾ ਹੁਣ ਰੈਗੂਲਰ ਫ਼ੀਚਰ ਸੀ ।
ਪਹਿਲਾਂ ਸਟੂਡੈਂਟ, ਫਿਰ ਸਕਾਲਰ, ਹੁਣ ਉਹ ਟੀਚਰ ਸੀ¨
ਉਹ ਆਮ ਵਾਂਗ ਡਿਪਾਰਟਮੈਂਟ ਆਉਂਦਾ ।
ਹੱਥ ਹਿਲਾਉਂਦਾ । ਹੱਥ ਮਿਲਾਉਂਦਾ ।
ਆਪਣਾ ਟਾਈਮ ਪਾਸ ਕਰੀ ਗਿਆ ।
ਵਿਦਿਆਰਥੀ ਆਪਣੇ ਆਪ ਪਾਸ ਹੋਈ ਗਏ ।
ਉਹਦੇ ਸਾਹਮਣੇ ਹੱਸੀ ਗਏ, ਪਿੱਛੋਂ ਰੋਈ ਗਏ¨
ਵਿਦਿਆਰਥੀ ਜਾਣਦੇ ਹੁੰਦੇ ਨੇ
ਕਿ ਟੀਚਰ 'ਤੇ ਨਿਰਭਰ ਰਹਿਣਾ ਬੇਕਾਰ ਹੈ ।
ਸਵਾਰੀ ਆਪਣੇ ਸਮਾਨ ਦੀ ਖ਼ੁਦ ਜ਼ਿੰਮੇਵਾਰ ਹੈ ।

ਯੂਨੀਵਰਸਿਟੀ ਵੱਲੋਂ ਰਤਾ ਮੋਹ-ਭੰਗ ਹੋਇਆ ਤਾਂ ਹਰਜੀਤ ਨੇ ਸਾਂਭ ਲਿਆ । ਉਹਦੇ ਕੰਨਾਂ ਵਿੱਚ ਪਈਆਂ ਦੂਰਦਰਸ਼ਨੀ ਕੱਚ ਦੀਆਂ ਮੁੰਦਰਾਂ ਨੇ ਉਹਨੂੰ ਇੱਕ ਵਾਰ ਫੇਰ ਹੁਲਾਰਾ ਦਿੱਤਾ । ਉਹਨੂੰ ਕਲਾਕਾਰਾਂ ਦਾ ਸਾਥ ਮਿਲਿਆ । ਬੋਲ-ਬਾਣੀ ਦਾ ਮੁੱਲ ਮਿਲਿਆ । ਸਿਫ਼ਤ ਹੋਈ । ਸ਼ੋਹਰਤ ਮਿਲੀ । ਟੀ. ਵੀ. ਉੱਤੇ ਉਹ ਬੜੀਆਂ ਸੋਹਣੀਆਂ ਗੱਲਾਂ ਕਰਦਾ । ਗੱਲਾਂ ਕਰਦਾ ਕਰਦਾ ਗੁਆਚ ਜਾਂਦਾ । ਉਹਨੂੰ ਲੱਗਦਾ ਸੀ ਜਿਵੇਂ ਗੱਲ ਬਣ ਨਹੀਂ ਰਹੀ । ਵਿਚਲੀ ਗੱਲ ਇਹ ਸੀ ਕਿ ਕਵਿਤਾ ਮੂੰਹ ਮੋੜ ਰਹੀ ਸੀ । ਪ੍ਰੇਰਣਾ ਦੇ ਸੋਮੇ ਸੁੱਕ ਰਹੇ ਸਨ । ਉਹ ਆਪਣਾ ਇੱਕ ਬਿੰਬ ਬਣਾ ਕੇ ਉਸ ਬਿੰਬ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਵਿੱਚ ਛਿੱਥਾ ਪੈ ਗਿਆ ਲੱਗਦਾ ਸੀ । ਪਿੱਛੋਂ ਤੁਰਨ ਵਾਲੇ ਅੱਗੇ ਲੰਘ ਗਏ ਸਨ । ਨਾਲ ਤੁਰਨ ਵਾਲੇ ਕਿਤੇ ਨਾ ਕਿਤੇ ਪਹੁੰਚ ਗਏ ਸਨ । ਉਹ ਹੁਣ ਅਜਿਹੀ ਹਾਲਤ ਵਿੱਚ ਸੀ ਕਿ ਕਿਤੇ ਵੀ ਜਾਣਾ ਨਹੀਂ ਸੀ ਚਾਹੁੰਦਾ । ਕਿਤੇ ਵੀ ਪਹੁੰਚਣਾ ਨਹੀਂ ਸੀ ਚਾਹੁੰਦਾ । ਕਿਸੇ ਨੂੰ ਵੀ ਭੁੱਲ ਜਾਣ ਦਾ ਨਾਟਕ ਕਰਨ ਲੱਗ ਪਿਆ ।

ਆਸ਼ਕ ਬਣਨ ਦਾ ਯਤਨ ਕੀਤਾ ।
ਨਾਇਕ ਬਣਨ ਦਾ ਯਤਨ ਕੀਤਾ ।
ਜੋਗੀ ਬਣਨ ਦਾ ਯਤਨ ਕੀਤਾ ।

ਦਰ-ਅਸਲ ਅਮਿਤੋਜ ਵਰਗੇ ਸਾਰੇ ਲੋਕ ਇੰਜ ਹੀ ਕਰਦੇ ਹਨ । ਪਲਾਇਨ ਵਿੱਚ ਪ੍ਰਸੰਨਤਾ ਭਾਲਦੇ ਹਨ । ਉਨ੍ਹਾਂ ਦੇ ਚੰਗੇ ਕਰਮਾਂ ਨੂੰ ਥੋੜ੍ਹੇ ਜਿਹੇ ਸਮੇਂ ਲਈ ਸਵਰਗ ਦੇ ਝੂਟੇ ਵੀ ਨਸੀਬ ਹੋ ਜਾਦੇ ਹਨ ਪਰੰਤੂ ਸੁਪਨਾ ਟੁੱਟ ਕੇ ਬਾਹਲਾ ਤੰਗ ਕਰਦਾ ਹੈ । ਅਸੰਭਵ ਦੀ ਮੰਗ ਕਰਦਾ ਹੈ । ਪਤਾ ਨਹੀਂ ਮਨੁੱਖ ਆਪਣੀ ਕਰਮ-ਜੂਨੀ ਨੂੰ ਭੋਗ- ਜੂਨੀ ਵਿੱਚ ਕਿਉਂ ਵਟਾ ਲੈਂਦਾ ਹੈ! ਸੁੱਖ ਦੀ ਭਾਲ ਵਿੱਚ ਦੁੱਖ ਕਿਉਂ ਸਹੇੜ ਲੈਂਦਾ ਹੈ! ਰੋਸ਼ਨੀ ਵਾਲੇ ਪਾਸੇ ਦੇ ਦਰ ਕਿਉਂ ਭੇੜ ਲੈਂਦਾ ਹੈ!

ਆਉ ਜ਼ਰਾ ਪਿਛਲੇ ਦਰਵਾਜ਼ੇ ਥਾਣੀਂ ਝਾਕੀਏ ਜਿਸ ਉੱਤੇ ਸ਼ਿਵ ਕੁਮਾਰ ਦੀਆਂ ਇਹ ਸਤਰਾਂ ਲਿਖੀਆਂ ਹੋਈਆਂ ਹਨ:

ਮੇਰੇ ਪਿੰਡ ਵੀ ਇੱਕ ਹਾਦਸਾ ਹੋਇਆ ਸੀ ।
ਪਿੰਡ ਦੇ ਖੂਹ ਵਿੱਚ ਸ਼ਹਿਰ ਡੁੱਬਕੇ ਮੋਇਆ ਸੀ¨
ਇੱਕ ਮੁੱਦਤ ਦੇ ਬਾਅਦ ਜਦੋਂ ਮੈਂ ਘਰ ਮੁੜਿਆ,
ਖੁੱਲ੍ਹਣ ਵੇਲੇ ਦਰਵਾਜ਼ਾ ਵੀ ਰੋਇਆ ਸੀ¨

...ਤੇ ਲਉ ਪੇਸ਼ ਹੈ, ਅਮਿਤੋਜ ਦੀ ਨਾ-ਮੁਮਕਿਨ ਬੀਵੀ ਤਾਜਿਨ ਨਾਲ ਮੁਲਾਕਾਤ:

ਜ਼ਿਕਰ –ਏ-ਖ਼ੈਰ (1971)

ਅਮਿਤੋਜ ਨੇ ਉਦੋਂ ਐਮ. ਏ. (ਪੰਜਾਬੀ) ਫ਼ਾਈਨਲ ਦਾ ਇਮਤਿਹਾਨ ਦਿੱਤਾ ਹੋਇਆ ਸੀ; ਇਹ ਸਾਲ ਉੱਨੀ ਸੌ ਇਕੱਤਰ੍ਹ ਦੇ ਪਿਛਲੇ ਅੱਧ ਦੀ ਗੱਲ ਹੈ । ਚੰਡੀਗੜ੍ਹ, ਨਿਰੰਕਾਰੀ ਭਵਨ ਦੇ ਲਾਗੇ ਨਿੱਕੇ ਜਿਹੇ ਕਮਰੇ ਵਿੱਚ ਰਹਿੰਦਾ ਸੀ । ਬਿਨਾਂ ਕਿਸੇ ਖ਼ਾਸ ਮਕਸਦ ਦੇ, ਕੋਈ ਗਿਆਰਾਂ ਕੁ ਵਜੇ ਸਵੇਰੇ, ਮੈਂ ਉਸ ਦੇ ਦਜਵਾਜ਼ੇ ਉੱਤੇ ਜਾ ਦਸਤਕ ਦਿੱਤੀ । ਇੱਕ ਕੁੜੀ ਨੇ ਬੂਹਾ ਖੋਲ੍ਹਿਆ । ਹੇਠਾਂ ਵਿਛੇ ਬਿਸਤਰੇ ਦੇ ਇੱਕ ਕੋਨੇ 'ਤੇ ਮੈਂ ਕੱਠਾ ਜਿਹਾ ਹੋ ਕੇ ਬਹਿ ਗਿਆ ਅਤੇ ਦੂਜੇ ਕੋਨੇ 'ਤੇ ਉਹ ਕੁੜੀ । ਅਮਿਤੋਜ ਕਮਰੇ ਵਿੱਚ ਨਹੀਂ ਸੀ । ਪੰਜ-ਸੱਤ ਮਿੰਟ ਦੀ ਖ਼ਮੋਸ਼ੀ ਮਗਰੋਂ, ਮਾਹੌਲ ਏਨਾ ਸ਼ੱਕੀ ਤੇ ਬੋਝਲ ਹੋ ਗਿਆ ਕਿ ਬੋਲਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ:

? ਅਮਿਤੋਜ ਏਥੇ ਹੀ ਐ?

- ਨਹੀਂ

? ਕਿੱਥੇ ਗਿਐ?

- ਬਾਥ-ਰੂਮ-

? ਫੇਰ ਉਹ ਕਿਹੜਾ ਦਿੱਲੀ ਗਿਐ ।

-ਤੇ ਮੈਂ ਨਿੱਠ ਕੇ ਬਹਿ ਗਿਆ ।

- ਜੇ ਉਹ ਦਿੱਲੀ ਗਿਆ ਹੁੰਦਾ ਤਾਂ ਮੈਂ ਕਹਿੰਦੀ: ਬਹਿ ਜਾਉ ਹੁਣੇ ਆ ਜਾਏਗਾ । ਪਰ ਉਹ ਤਾਂ ਬਾਥ-ਰੂਮ ਗਿਐ...

? ਕਿੰਨੀ ਕੁ ਦੇਰ ਲਾਏਗਾ?

- ਕੁਝ ਨਹੀਂ ਕਹਿ ਸਕਦੀ । ਉਂਜ ਤੁਹਾਡੀ ਮਰਜ਼ੀ ਹੈ, ਮੇਰੇ ਵਾਂਗੂੰ ਉਡੀਕੀ ਜਾਉ!

? ਥੋੜ੍ਹੀ ਦੇਰ ਤਾਂ ਉਡੀਕਣਾ ਬਣਦਾ ਵੀ ਐ । –ਅੱਜ ਦਾ ਪੇਪਰ ਜ਼ਰਾ ਦਿਖਾਣਾ!

- ਅਮਿਤੋਜ ਕੋਲ ਹੈ...

ਫੇਰ ਉਹੋ ਸੰਘਣੀ ਚੁੱਪ । ਅਮਿਤੋਜ ਦੀਆਂ ਕੁਝ ਵਾਕਿਫ਼ ਕੁੜੀਆਂ ਨੂੰ ਤਾਂ ਮੈਂ ਵੀ ਜਾਣਦਾ ਸਾਂ, ਉਨ੍ਹਾਂ ਨੂੰ ਮੇਰਾ ਪਤਾ ਸੀ; ਪਰ ਇਹ ਚਿਹਰਾ ਬਿਲਕੁੱਲ ਅਜਨਬੀ ਸੀ । ਅਖ਼ਬਾਰ ਹੈ ਨਹੀਂ ਸੀ, ਕੋਰਸ ਦੀਆ ਕਿਤਾਬਾਂ ਪਈਆਂ ਸਨ ਪਰ ਦਿਲਚਸਪੀ ਨਹੀਂ ਸੀ । ਹੁਣ ਕਿਹੜੀ ਗੱਲ ਕੀਤੀ ਜਾਏ!

? ਤੁਹਾਡਾ ਨਾਂ?

- ਤਾਜਿਨ

? ਤੁਸੀਂ...?

-ਮੈਂ ਅਮਿਤੋਜ ਨਾਲ ਵਿਆਹੀ ਹੋਈ ਹਾਂ ।

? ਤੁਸੀਂ ਉਸ ਦੀ ਪਤਨੀ...?

- ਨਹੀਂ, ਮੈਂ ਉਸ ਨਾਲ ਵਿਆਹੀ ਹੋਈ ਹਾਂ ।

? ਮੈਨੂੰ ਪਤਾ ਲੱਗਾ, ਉਹਦਾ ਪਹਿਲਾਂ ਹੀ ਕਿਸੇ ਕੁੜੀ ਨਾਲ...

- ਇਸ਼ਕ ਚੱਲਦੈ?

? ਨਹੀਂ, ਵਿਆਹ ਹੋਇਆ ਹੋਇਐ...

- ਉਹ ਕੁੜੀ ਮੈਂ ਹੀ ਹਾਂ...

? ਅਮਿਤੋਜ ਨੇ ਕਦੇ ਦੱਸਿਆ ਤਾਂ ਨਹੀਂ ਤੁਹਾਡੇ ਬਾਰੇ...

- ਜੇ ਉਹ ਦੱਸੇ ਤਾਂ ਤੁਸੀਂ ਵਿਸ਼ਵਾਸ ਕਰ ਲਉਗੇ?

? ਵਿਸ਼ਵਾਸ ਤਾਂ ਤੁਹਾਡੇ ਦੱਸਣ 'ਤੇ ਵੀ ਕਰ ਲਿਆ ਹੈ । ਪਰ ਮੈਂ ਇਸ ਕਮਰੇ ਵਿੱਚ ਅਕਸਰ ਆਉਂਦਾ ਰਹਿੰਦਾ ਹਾਂ; ਤੁਹਾਨੂੰ ਪਹਿਲਾਂ ਕਦੇ ਨਹੀਂ ਵੇਖਿਆ?

- ਮੈਂ ਵੀ ਇਸ ਕਮਰੇ ਵਿੱਚ ਅਕਸਰ ਆਉਂਦੀ ਰਹਿੰਦੀ ਹਾਂ, ਤੁਸੀਂ ਅੱਜ ਹੀ ਨਜ਼ਰ ਆਏ ਹੋ!

ਅਸੀਂ ਦੋਵੇਂ ਹੱਸ ਪਏ । ਮਾਹੌਲ ਕੁਝ ਸੁਖਾਵਾਂ ਹੋਇਆ । ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਹੋਇਆ:

? ਤੁਸੀਂ ਇੱਕ-ਦੂਜੇ ਦੇ ਸੰਪਰਕ ਵਿੱਚ ਕਿਵੇਂ ਆਏ?

- ਹੌਲੀ ਹੌਲੀ ।

? ਤੁਹਾਡੇ ਘਰਦਿਆਂ ਨੂੰ ਪਤਾ ਹੈ?

- ਤੋਬਾ ਤੋਬਾ!!

? ਤੁਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ ਹੈ?

- ਨਾ ਨਾ

? ਉਹ ਕਿਹੜੀ ਚੀਜ਼ ਹੈ, ਜਿੰਨ੍ਹੇ ਤੁਹਾਨੂੰ ਇਸ ਵੱਲ ਖਿੱਚਿਆ?

- ਸੁਹਣਾ ਮੁੰਡੈ...

? ਵਿਆਹ ਤੋਂ ਪਹਿਲਾਂ ਜਦੋਂ ਤੁਸੀਂ ਮਿਲਦੇ ਸੀ ਤਾਂ ਕਿਸ ਟਾੱਪਿਕ 'ਤੇ ਗੱਲਾਂ ਹੁੰਦੀਆਂ ਸੀ?

- ਇਹਦੀ ਹੋਣ ਵਾਲੀ ਕਟਿੰਗ ਬਾਰੇ, ਹੋਣ ਵਾਲੀ ਬੀਵੀ ਬਾਰੇ, ਆਉਣ ਵਾਲੇ ਰਿਜ਼ਲਟ ਬਾਰੇ, ਛਪਣ ਵਾਲੀ ਕਿਤਾਬ ਬਾਰੇ, ਚੁਣੇ ਜਾਣ ਵਾਲੇ ਪੇਸ਼ੇ ਬਾਰੇ...

? ਅੱਜ ਕੱਲ੍ਹ ਕੀ ਗੱਲਾਂ ਕਰਦੇ ਹੋ?

- ਹੋਣ ਵਾਲੇ ਬੱਚਿਆਂ ਬਾਰੇ ।

? ਗੱਲਬਾਤ ਵਿੱਚ ਤੁਹਾਨੂੰ ਉਹ ਕਿਹੋ ਜਿਹਾ ਲੱਗਦੈ?

- ਸ਼ੁਦਾਈ ਜਿਹਾ! ਦੋ ਮਿੰਟ ਲਗਾਤਾਰ ਬੋਲੇ ਤਾਂ ਨੱਕ ਉੱਤੇ ਪਸੀਨੇ ਦੀਆਂ ਬੂੰਦਾਂ ਲਟਕਣ ਲੱਗ ਪੈਂਦੀਆਂ ਨੇ । ਪਜ਼ਲ ਬੜੀ ਛੇਤੀ ਹੁੰਦੈ । ਜੇ ਕੋਈ ਗੱਲ ਠੀਕ ਤਰ੍ਹਾਂ ਸਮਝ ਨਾ ਸਕੇ ਤਾਂ ਬੌਂਦਲਿਆ ਹੋਇਆ ਕਹੇਗਾ: ਮੇਰਾ ਮਤਲਬ ਐ... ਮੇਰਾ ਮਤਲਬ ਐ, ਤੂੰ ਮੇਰਾ ਮਤਲਬ ਸਮਝ ।

? ਫਿਰ ਤੁਸੀਂ ਸਮਝ ਜਾਂਦੇ ਓ?

- ਸਮਝਣ ਨੂੰ ਕਿਤੇ ਇਹ ਅਫ਼ਲਾਤੂਨ ਐ! ਨਿਰੀਆਂ ਬੱਚਿਆਂ ਵਾਲੀਆ ਆਦਤਾਂ । ਇੱਕ ਦਿਨ ਬੱਸ ਵਿੱਚ ਕਿਤੋਂ ਬਾਹਰੋਂ ਆ ਰਹੇ ਸਾਂ, ਇਹ ਸੌਂ ਗਿਆ । ਕੰਡਕਟਰ ਨੇ ਟਿਕਟ ਵਾਸਤੇ ਹਿਲਾਇਆ ਤਾਂ ਕਹਿੰਦਾ: ਬੀਬੀ, ਮੈਂ ਦੁੱਧ ਨਹੀਂ ਪੀਣਾ! ਅਸਲ ਵਿੱਚ ਉਹ ਆਪਣੀ ਅੰਮੀ ਨੂੰ ਬਹੁਤ ਪਿਆਰ ਕਰਦੈ ।

? ਮਾਂ ਪਿਓ ਨੂੰ ਤਾਂ ਸਾਰੇ ਈ ਪਿਆਰ ਕਰਦੇ ਨੇ?

- ਨਹੀਂ, ਇਹ ਮੂੰਹ ਵੇਖ ਕੇ ਚਪੇੜ ਮਾਰਦੈ । ਮਾਂ ਇਹਦੀਆਂ ਵਧੀਕੀਆਂ ਸਹਾਰ ਲੈਂਦੀ ਐ, ਉਹਦੀ ਸਿਫ਼ਤ ਕਰਦੈ । ਬਾਪ ਰੋਕ-ਟੋਕ ਕਰਦੈ, ਉਹਦੀ ਨਿੰਦਿਆ ।

? ਤੁਹਾਡੀ ਨਿੰਦਿਆ ਕਰਦੈ ਕਿ ਸਿਫ਼ਤ?

- ਮੂੰਹ 'ਤੇ ਤਾਂ ਕਦੇ ਕੁਝ ਨਹੀਂ ਕਰਦਾ, ਪਰ ਉਂਜ ਮੈਨੂੰ ਪਤਾ ਹੈ ਕਿ ਇਸ ਨੂੰ ਟੋਟੇ ਪੀਣ ਦੀ ਭੈੜੀ ਆਦਤ ਹੈ । ਮੈਂ ਇਹਨੂੰ ਪੂਰੀ ਸਿਗਰਟ ਪੀਣ ਦੀ ਜਾਚ ਸਿਖਾਵਾਂਗੀ ।

? ਟੋਟਿਆ ਤੋਂ ਇਲਾਵਾ ਇਹਦੇ ਕੋਈ ਹੋਰ ਸ਼ੌਕ ਵੀ ਹੋਣਗੇ?

- ਛੜਿਆਂ ਦੇ ਸ਼ੌਕ ਬੁਰੇ, ਕੱਟਾ ਮੁੰਨ ਕੇ ਝਾਂਜਰਾਂ ਪਾਈਆਂ ।

? ਬੁਰੇ ਸ਼ੌਕਾਂ ਦਾ ਵੇਰਵਾ ਮੈਂ ਨਹੀਂ ਪੁੱਛਦਾ, ਮੇਰਾ ਮਤਲਬ ਇਹਦੀ ਪਸੰਦ ਤੋਂ ਸੀ ।

- ਪਸੰਦ ਦੇ ਮਾਮਲੇ ਵਿੱਚ ਇਹ ਪਰਿੰਸ ਐ । ਰੋਟੀ ਪਰਿੰਸ ਹੋਟਲ 'ਤੇ ਖਾਂਦੈ, ਬਲੇਡ ਪਰਿੰਸ ਦੇ ਵਰਤਦੈ, ਅੰਡਰ-ਵੀਅਰ ਪਰਿੰਸ ਦੇ ਪਾਉਂਦੈ...

? ਕੋਈ ਹੋਰ ਸ਼ੁਗਲ?

- ਰਿਕਸ਼ੇ ਦੀ ਸਵਾਰੀ, ਸ਼ਰਾਬ, ਮੈਂਡਰੈਕਸ, ਅਵਾਰਗ਼ਰਦੀ, ਕਿਤਾਬਾਂ...

? ਕਿਤਾਬਾਂ ਕਿਹੜੀਆਂ ਪੜ੍ਹਦੈ?

- ਪੂਰੀ ਲਾਇਬਰੇਰੀ ਤਾਂ ਮੈਂ ਗਿਣਕੇ ਦੱਸ ਨਹੀਂ ਸਕਦੀ, ਪਰ ਇੱਕ ਕਿਤਾਬ ਇਹ ਸਿਰਹਾਣੇ ਰੱਖ ਕੇ ਸੌਂਦੈ...

? ਕਿਹੜੀ?

- ਕਿੱਸਾ ਨਰਮ ਪੱਠੀ- ਤਸਵੀਰਾਂ ਵਾਲਾ- ਅਸਲੀ ਤੇ ਵੱਡਾ ਸਾਈਜ਼ ।

? ਲੇਖਕ ਇਹਨੂੰ ਕਿਹੜੇ ਸਭ ਤੋਂ ਵੱਧ ਪਸੰਦ ਨੇ?

- ਜਾਂ ਜੈਨੇ ਤੇ ਖ਼ਲੀਲ ਜ਼ਿਬਰਾਨ ਦੀਆਂ ਗੱਲਾਂ ਕਰਦਾ ਹੁੰਦੈ; ਪਸੰਦ ਪਤਾ ਨਹੀਂ ਕਿਹੜਾ ਸੂ ।

? ਇਹਦੀਆਂ ਕਵਿਤਾਵਾਂ ਬਾਰੇ ਤੁਹਾਡਾ ਕੀ ਖ਼ਿਆਲ ਐ?

- ਜਿੰਨੀਆਂ ਕੁ ਮੈਂ ਪੜ੍ਹੀਆਂ ਸੁਣੀਆਂ ਨੇ ਉਹ ਨਜ਼ਮ ਤੋਂ ਘੱਟ ਤੇ ਖ਼ਬਰਾਂ ਤੋਂ ਵੱਧ ਜਾਪਦੀਆਂ ਨੇ- ਭਾਵੇਂ ਉਹ ਰੋਸ਼ਨ ਆਰਾ ਹੋਵੇ ਜਾਂ ਲਾਲਟੈਨਾਂ ਦੀ ਕਤਾਰ...

? ਤੁਹਾਡੀ ਨਜ਼ਰ ਵਿੱਚ ਇਸ ਦਾ ਭਵਿੱਖ ਕੀ ਹੈ?

- ਕਦੇ ਇਹ ਮੈਨੂੰ ਟਰੈਕਟਰ 'ਤੇ ਚੜ੍ਹਿਆ ਜੱਟ ਲੱਗਦਾ ਹੈ, ਕਦੇ ਭੋਜ ਪੱਤਰਾਂ 'ਤੇ ਮੋਰ ਪੰਖ ਨਾਲ ਲਿਖਦਾ ਰਿਸ਼ੀ, ਕਦੇ ਸਟੇਟਸ ਦੇ ਨਸ਼ੇ ਵਿੱਚ ਚੂਰ ਅਫ਼ਸਰ, ਕਦੇ ਫ਼ਿਲਮੀ ਹੀਰੋ, ਕਦੇ ਫ਼ੋਟੋਗਰਾਫ਼ਰ ਤੇ ਭਲਵਾਨ ।

? ਸਾਹਿੱਤ ਦੇ ਖੇਤਰ ਵਿੱਚ ਇਸ ਦਾ ਕੀ ਭਵਿੱਖ ਹੈ?

- ਮੈਂ ਇਹਨੂੰ ਦਿੱਲੀ ਨਹੀਂ ਜਾਣ ਦੇਂਦੀ । ਮੈਨੂੰ ਡਰ ਹੈ ਕਿ ਅਮਿਤੋਜ ਦਿੱਲੀ ਦੀਆਂ ਗਲੀਆਂ ਵਿੱਚ ਉੱਗੇ ਕਾਲੇ ਗੁਲਾਬ ਸੁੰਘਦਾ ਸੁੰਘਦਾ ਜਾਂ ਤਾਂ ਜੇਬਕਤਰਾ ਹੋ ਜਾਏਗਾ ਜਾਂ ਫਿਰ ਜਲਾਵਤਨ ।

? ਮਤਲਬ ਇਹਦੇ ਸਾਹਿੱਤ ਦਾ ਭਵਿੱਖ ਦਿੱਲੀ 'ਤੇ ਨਿਰਭਰ ਹੈ ਤੇ ਤੁਹਾਨੂੰ ਇਹਦਾ ਦਿੱਲੀ ਜਾਣਾ ਨਾ-ਪਸੰਦ । ਹੋਰ ਤੁਹਾਨੂੰ ਇਹਦਾ ਕੀ ਕੀ ਪਸੰਦ ਹੈ?

- ਬੁਲਡੋਜ਼ਰ ਜਿਹੀਆਂ ਕੁੜੀਆਂ ਨਾਲ ਫਿਰਨਾ ਤੇ ਦਿਨ ਵੇਲੇ ਦਾਰੂ ।

? ਅਜਿਹੇ ਮੌਕੇ 'ਤੇ ਤੁਹਾਡਾ ਵਤੀਰਾ ਕੀ ਹੁੰਦਾ ਹੈ?

- ਜਦੋਂ ਉਹ ਸੰਦਲ ਦਾ ਸਾਬਨ ਮੰਗੇ ਤਾਂ ਮੈਂ ਪਤਾਸੇ ਉੱਤੇ ਪਾ ਕੇ ਬੋਹੜ ਦਾ ਦੁੱਧ ਦੇਂਦੀ ਹਾਂ । ਪਰ ਇਹ ਮੈਨੂੰ ਬਹੁਤੀ ਦੇਰ ਨਾਰਾਜ਼ ਨਹੀਂ ਰਹਿਣ ਦਿੰਦਾ । ਚੁਟਕੀਆਂ ਵਜਾਉਂਦਾ ਮੇਰੇ ਆਲੇ ਦੁਆਲੇ ਚੱਕਰ ਕੱਟਣ ਲੱਗ ਪੈਂਦਾ ਏ: ਮੇਰੀ ਡਿੱਕਲੀਗਰਾਮਾ... ਮੇਰੀ ਗੋਗਲੀਜਮਾਮੀ...

? ਬਹੁਤ ਵਧੀਆ ਗੱਲਾਂ ਹੋਈਆਂ । ਟਾਈਮ ਵੀ ਕਾਫ਼ੀ ਹੋ ਗਿਐ, ਤੇ ਸ਼੍ਰੀਮਾਨ ਜੀ ਦੇ ਆਉਣ ਦਾ ਅਜੇ ਸਕੋਪ ਕੋਈ ਨਹੀਂ ਦੀਹਦਾ । ਜਾਦੇ ਜਾਂਦੇ ਮੈਂ ਇੱਕ ਗੱਲ ਹੋਰ ਕਰਨਾਂ ਚਾਹੁੰਦਾ ਹਾਂ ਕਿ ਹੁਣ ਤੱਕ ਤਾਂ ਤੁਸੀਂ ਸਿਰਫ਼ ਮੇਰਿਆਂ ਸਵਾਲਾਂ ਦੇ ਜਵਾਬ ਹੀ ਦਿੱਤੇ ਹਨ; ਤੁਸੀਂ ਆਪਣੇ ਆਪ ਕੁਝ ਹੋਰ ਵੀ ਕਹਿਣਾ ਚਾਹੁੰਦੇ ਹੋ? - ਮੈਂ ਸਿਰਫ਼ ਏਨਾ ਹੀ ਆਖਣਾ ਚਾਹੁੰਦੀ ਹਾਂ ਕਿ ਤੂੰ ਅਮਿਤੋਜ ਨਾਲ ਬਹੁਤਾ ਨਾ ਫਿਰਿਆ ਕਰ!

ਅਖ਼ੀਰਲੇ ਫ਼ਿਕਰੇ ਵਿੱਚ ਉਹਦਾ ਮੇਰੇ ਲਈ ਤੂੰ ਸੰਬੋਧਨ ਏਨਾ ਅਪਣੱਤ ਭਰਿਆ ਸੀ ਕਿ ਹੋਰ ਕੁਝ ਕਹਿਣ-ਸੁਣਨ ਦੀ ਗੁੰਜਾਇਸ਼ ਹੀ ਨਹੀਂ ਸੀ ਰਹੀ! ਪਰ ਅਮਿਤੋਜ ਨੇ ਕਦੇ ਆਪਣੇ ਮੂੰਹੋਂ ਉਸ ਬਾਰੇ ਕੁਝ ਨਹੀਂ ਦੱਸਿਆ । ਵਿਆਹ ਦੀ ਗੱਲ ਚੱਲੇ ਤਾਂ ਉਹ ਕਹਿੰਦਾ ਕਿ ਕਿਤੇ ਜ਼ਿੰਦਗੀ 'ਚ ਵਿਆਹ ਦਾ ਪ੍ਰੋਗਰਾਮ ਛਪਿਆ ਤਾਂ ਯਾਰਾਂ ਦੋਸਤਾਂ ਨੂੰ ਕਾਰਡਾਂ ਉੱਤੇ ਇਹ ਬੋਲੀ ਲਿਖ ਕੇ ਭੇਜਣੀ ਹੈ: ਬੱਕਰੇ ਬੁਲਾਉਂਦੇ ਆਇਉ, ਨਹੀਂ ਤੇ ਨਾ ਆਇਉ ।

ਅਮਿਤੋਜ ਸਭ ਕੁਝ ਕਰਨਾ ਚਾਹੁੰਦਾ ਸੀ ਪਰ ਜ਼ਿੰਦਗੀ 'ਚ ਤਿੰਨ ਕੰਮ ਨਹੀਂ ਸੀ ਕਰਨਾ ਚਾਹੁੰਦਾ ।

- ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ ।

- ਘਰ ਨਹੀਂ ਸੀ ਬਣਾਉਣਾ ਚਾਹੁੰਦਾ ।

- ਕਿਤਾਬ ਨਹੀਂ ਸੀ ਛਪਵਾਉਣਾ ਚਾਹੁੰਦਾ ।

ਪਰ ਵਾਰੀ ਵਾਰੀ ਇਹ ਤਿੰਨੋ ਕੰਮ ਹੋ ਗਏ । ਬਸ, ਹੋ ਗਏ । ...ਤੇ ਉਹਦੀ ਬਸ ਹੋ ਗਈ । ਉਹ ਬੇਬਸ ਹੋ ਗਿਆ । ਬੀਮਾਰ ਹੋ ਗਿਆ, ਬੇਯਾਰ ਹੋ ਗਿਆ ।

ਅੰਤਲੇ ਦਿਨਾਂ ਵਿੱਚ ਉਹ ਬਹੁਤ ਨਰਾਜ਼ ਸੀ । ਨਿਰਾਸ਼ ਸੀ । ਹੁਣ ਨਾ ਕੋਈ ਤਲਬ ਸੀ, ਨਾ ਤਲਾਸ਼ ਸੀ । ਭਟਕਣ ਸੀ । ਅਮਿਤੋਜ ਦੇ ਨਾਂ 'ਤੇ ਸਾਡੇ ਕੋਲ ਉਹਦੀ ਪਤਨੀ ਅੰਮ੍ਰਿਤ ਹੈ,

ਬੇਟੀ ਲੋਰੀ ਹੈ, ਬੇਟਾ ਸ਼ਾਗੋਸ਼ ਹੈ ।
ਨਾ ਸ਼ੇਰ ਹੈ, ਨਾ ਖ਼ਰਗੋਸ਼ ਹੈ ।

ਹੁਣ ਅਮਿਤੋਜ ਨੂੰ ਸੰਭਾਲਣ ਦਾ ਵੇਲਾ ਹੈ । ਥੋੜ੍ਹਾ ਬਹੁਤ ਸਾਂਭ ਲੈਣ ਦਾ ਯਤਨ ਪਾਤਰ ਨੇ ਕੀਤਾ । ਕਵਿਤਾਵਾਂ ਇਕੱਠੀਆਂ ਕਰਕੇ ਖਾਲੀ ਤਰਕਸ਼ ਕਿਤਾਬ ਛਪਵਾ ਦਿੱਤੀ । ਜਸਵੰਤ ਦੀਦ ਨੇ ਦੂਰਦਰਸ਼ਨ ਵੱਲੋਂ ਇੱਕ ਡਾਕੂਮੈਂਟਰੀ ਤਿਆਰ ਕੀਤੀ । ਸ਼ੁਕਰ ਹੈ ਕਿ ਹੁਣ ਇਨ੍ਹਾਂ ਸ਼ਬਦਾਂ ਅਤੇ ਮੂਰਤਾਂ ਦੇ ਸਹਾਰੇ ਅਸੀਂ ਅਮਿਤੋਜ ਨੂੰ ਕਲਪਨਾ ਵਿੱਚ ਮੂਰਤੀਮਾਨ ਕਰ ਸਕਦੇ ਹਾਂ । ਕਵੀ ਦੀ ਗ਼ੈਰਹਾਜ਼ਰੀ ਵਿੱਚ ਉਸਦੀ ਕਾਵਿਕਤਾ ਦਾ ਰੂਪ ਧਿਆਨ ਕਰ ਸਕਦੇ ਹਾਂ । ਅਜੇ ਏਨਾ ਈ...

***

17. ਮੇਰਾ ਯਾਰ ਮ੍ਰਿਤਯੂਬੋਧ

ਪ੍ਰਿੰਸੀਪਲ ਪ੍ਰੀਤਮ ਸਿੰਘ ਨੇ ਇੱਕ ਸਾਹਿੱਤਕ ਸਮਾਗਮ ਵਿੱਚ ਪੂਰੀ ਗੰਭੀਰਤਾ ਨਾਲ ਕਿਹਾ ਸੀ, 'ਚੰਡੀਗੜ੍ਹ ਖੂਬਸੂਰਤ ਸ਼ਹਿਰ ਹੈ । ਇਹ ਹੋਰ ਵੀ ਖੂਬਰਸੂਰਤ ਹੋਣਾ ਸੀ ਜੇ ਏਥੇ ਭੂਸ਼ਨ ਧਿਆਨਪੁਰੀ ਅਤੇ ਮ੍ਰਿਤਯੂਬੋਧ ਨਾ ਹੁੰਦੇ ।' ਮ੍ਰਿਤਯੂਬੋਧ ਮੇਰਾ ਯਾਰ ਸੀ । ਸ਼ਿਵ ਕੁਮਾਰ ਉਹਨੂੰ 'ਕੁੱਕੜ ਦਾ ਖੰਭ' ਕਿਹਾ ਕਰਦਾ ਸੀ । ਸੂਬਾ ਸਿੰਘ ਲਈ ਉਹ 'ਮਜੌਰ' ਸੀ । ਕ੍ਰਿਸ਼ਨ ਕੁਮਾਰ ਤੋਂ ਉਹ 'ਕ੍ਰਿਸ਼ਨ ਨਿਰਬੋਧ' ਅਤੇ ਅੰਤ ਵਿੱਚ 'ਮ੍ਰਿਤਯੂਬੋਧ' ਬਣਿਆ । ਲੰਬੀ ਦਾੜ੍ਹੀ । ਗਰਮੀਆਂ ਵਿੱਚ ਸਵੈਟਰ । ਗਲ ਵਿੱਚ ਪੇਂਟ ਕੀਤਾ ਹੱਡ । ਨਕਸਲਬਾੜੀ ਦੌਰ ਵਿੱਚ 'ਕਤਲੇ ਖਾਸ' ਵਰਗੀ ਕਹਾਣੀ ਲਿਖ ਸਕਦਾ ਸੀ ਉਹ । 'ਬੁਲੰਦ' ਨਾਂ ਦਾ ਪਰਚਾ ਕੱਢ ਸਕਦਾ ਸੀ । ਅਜੀਤ ਕੌਰ ਦੇ 'ਨਵਾਂ ਪਿੰਡ' ਰਸਾਲੇ ਦਾ ਸੰਪਾਦਕ ਬਣ ਕੇ ਪਰਚਾ ਬੰਦ ਕਰਵਾਉਣ ਦਾ ਕਾਰਨ ਬਣ ਸਕਦਾ ਸੀ । ਲਿਖਦਾ ਥੋੜ੍ਹਾ ਸੀ । ਖੁਸ਼ਖ਼ਤ ਲਿਖਦਾ ਸੀ । ਪੜ੍ਹਦਾ ਬਹੁਤ ਸੀ ਪਰ ਕਿਤਾਬ ਆਪਣੇ ਕੋਲ ਨਹੀਂ ਸੀ ਰੱਖਦਾ, ਪੜ੍ਹ ਕੇ ਅੱਗੇ ਤੋਰ ਦਿੰਦਾ ਸੀ ।

ਕਿਰਾਏ 'ਤੇ ਮਕਾਨ ਲਿਆ ਹੋਇਆ ਸੀ ਪਰ ਤਾਲਾ ਨਹੀਂ ਸੀ ਲਾਉਂਦਾ । ਇੱਕ ਰਾਤ ਘਰ ਆਇਆ ਤਾਂ ਤਾਲਾ ਲੱਗਾ ਵੇਖ ਕੇ ਕਾਹਲੀ ਨਾਲ ਪੌੜੀਆਂ ਉਤਰ ਗਿਆ ਕਿ ਗਲਤੀ ਨਾਲ ਗਲਤ ਜਗ੍ਹਾ ਆ ਗਿਆ ਹੈ । ਹੇਠਾਂ ਜਾ ਕੇ ਟਾਰਚ ਜਗਾ ਕੇ ਮਕਾਨ ਦਾ ਨੰਬਰ ਪੜ੍ਹਿਆ । ਨੰਬਰ ਠੀਕ ਸੀ । ਸੈਕਟਰ ਠੀਕ ਸੀ । ਸਣੇ ਮਾਲਕ ਮਕਾਨ, ਤਿੰਨਾਂ ਫਲੋਰਾਂ 'ਤੇ ਰਹਿੰਦੇ ਕਿਰਾਏਦਾਰਾਂ ਨੂੰ ਬੂਹੇ ਭੰਨ ਭੰਨ ਜਗਾ ਦਿੱਤਾ । ਵਿਚਲੀ ਗੱਲ ਇਹ ਸੀ ਕਿ ਮਕਾਨ ਮਾਲਕ ਨੇ ਇਸ ਲਈ ਆਪਣਾ ਤਾਲਾ ਲਾ ਦਿੱਤਾ ਸੀ ਕਿ ਸਾਰਾ ਦਿਨ ਉੱਥੇ ਕੁੜੀਆਂ ਮੁੰਡੇ ਆਉਂਦੇ ਰਹਿੰਦੇ ਸਨ, ਬਦਲ ਬਦਲ ਕੇ । ਹੁਣ ਮ੍ਰਿਤਯੂਬੋਧ ਦਾ ਪੱਕਾ ਸਿਰਨਾਵਾਂ ਸਤਾਰਾਂ ਸੈਕਟਰ ਦਾ ਨੀਲਮ ਸਿਨਮੇ ਵਾਲਾ ਕੌਫੀ ਹਾਊਸ ਬਣ ਗਿਆ ਸੀ । ਉਹਦੀ ਡਾਕ ਉੱਥੇ ਆਉਂਦੀ । ਦਿਨ ਵਿੱਚ ਵੀਹ ਵੀਹ ਵਾਰੀ ਕੌਫੀ ਪੀਂਦਾ । ਬੈਰੇ ਉਹਨੂੰ ਘਰ ਦਾ ਬੰਦਾ ਹੀ ਸਮਝਦੇ ਸਨ ਉਹਦਾ 'ਬਿੱਲ' ਆਪਣੀ 'ਟਿਪ' ਵਿੱਚ ਐਡਜਸਟ ਕਰ ਲੈਂਦੇ ਸਨ । ਕੌਫੀ ਹਾਊਸ ਦੇ ਸਾਹਮਣੇ ਕੌਰੀਡੋਰ ਵਿੱਚ ਰਾਤ ਨੂੰ ਰਿਕਸ਼ੇ ਵਾਲੇ ਸੌਂਦੇ ਸਨ । ਇੱਕ ਰਿਕਸ਼ੇ ਵਾਲੇ ਨਾਲ ਉਹਨੇ ਸਾਂਝ ਪਾਈ ਹੋਈ ਸੀ ਕਿ ਉਹਦੇ ਸੌਣ ਵੇਲੇ ਰਾਤ ਨੂੰ ਉਹ ਉਹਦੇ ਰਿਕਸ਼ੇ ਉੱਤੇ ਇੱਕ ਦੋ ਚੱਕਰ ਲਾ ਲਿਆ ਕਰੇਗਾ । ਸਵਾਰੀ ਦਾ ਵਜ਼ਨ ਅਤੇ ਹਵਾ ਦਾ ਰੁਖ ਵੇਖ ਕੇ ਮ੍ਰਿਤਯੂਬੋਧ ਰਾਤੋ-ਰਾਤ ਸਵਾਰੀਆਂ ਢੋਅ ਕੇ ਗੁਜ਼ਾਰੇ ਜੋਗੀ ਕਮਾਈ ਕਰ ਲੈਂਦਾ ਸੀ । ਥੋੜ੍ਹਾ ਬਹੁਤਾ ਬਚਾ ਵੀ ਲੈਂਦਾ ਸੀ, ਜੋ ਬੈਰ੍ਹਿਆਂ ਕੋਲ ਜਮ੍ਹਾਂ ਰਹਿੰਦਾ ਸੀ ।

ਇਸੇ ਖੂਨ-ਪਸੀਨੇ ਦੀ ਕਮਾਈ 'ਚੋਂ ਮ੍ਰਿਤਯੂਬੋਧ ਨੇ ਪਰਚਾ ਕੱਢਿਆ 'ਅਣੂਤ' । ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਪ੍ਰਤਿਨਿਧ ਆਧੁਨਿਕ ਵਿਦਰੋਹੀ ਕਵਿਤਾਵਾਂ ਛਾਪਦਾ ਸੀ । ਸ਼ੀਰਸ਼ਕ ਮੂਲ ਭਾਸ਼ਾ ਵਾਲਾ ਹੀ ਰੱਖਦਾ ਸੀ । ਕੁੱਲ ਤਿੰਨ ਅੰਕ ਨਿਕਲੇ । ਇੱਕ ਅੰਕ ਵਿੱਚ ਉਹਨੇ 'ਰੰਗਦਾਰ' ਸਪਲੀਮੈਂਟ ਵੀ ਛਾਪਿਆ ਜਿਸ ਦਾ ਸਿਰਲੇਖ ਸੀ 'ਕੱਦਾਵਰ ਪੇਸ਼ੇਵਰ ਵਿਰਤੀ ਵਾਲੇ ਹਾਰੇ ਹੋਏ ਲੋਕ' । ਇਸ ਲੇਖ ਵਿੱਚ ਗੁਰਬਖ਼ਸ ਸਿੰਘ ਤੋਂ ਲੈ ਕੇ ਬਲਬੀਰ ਮੋਮੀ ਤਕ ਕਿਸੇ ਨੂੰ ਨਹੀਂ ਸੀ ਬਖਸ਼ਿਆ ਗਿਆ । ਇੱਥੋਂ ਤਕ ਕਿ ਉਦੋਂ ਦੇ ਚੀਫ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਵੀ ਨਹੀਂ । ਉਸ ਦੇ ਬੁੱਤ ਦਾ ਮਜ਼ਾਕ ਉਡਾਇਆ ਗਿਆ ਸੀ । ਚੀਫ ਕਮਿਸ਼ਨਰ ਨੇ ਡਾ. ਵੀ.ਐਨ. ਤਿਵਾੜੀ ਨੂੰ ਕਿਹਾ ਕਿ ਉਹ ਇਸ ਛੋਕਰੇ ਦੇ ਖਿਲਾਫ ਕਾਰਵਾਈ ਕਰੇ ।

ਤਿਵਾੜੀ ਨੇ ਕਿਹਾ ਕਿ ਉਹ ਵਿਦਿਆਰਥੀ ਹੈ ਕਰਮਚਾਰੀ ਨਹੀਂ । ਫਿਰ ਮ੍ਰਿਤਯੂਬੋਧ ਦੇ ਪਿਉ ਦਾ ਪਤਾ ਲੱਭ ਕੇ ਸਬੰਧਤ ਜ਼ਿਲਾ ਪ੍ਰਸ਼ਾਸਨ ਰਾਹੀਂ ਉਸ 'ਤੇ ਦਬਾਓ ਪਾਇਆ ਗਿਆ ਤਾਂ ਦੁਖੀ ਪਿਉ ਨੇ ਚਿੱਠੀ ਲਿਖੀ 'ਬਰਖੁਰਦਾਰ ਕ੍ਰਿਸ਼ਨ ਕੁਮਾਰ । ਪਰਚਾ ਬੰਦ ਕਰ ਦੋ ਵਰਨਾ ਖਰਚਾ ਬੰਦ ਕਰ ਦੂੰਗਾ ।'' ਮ੍ਰਿਤਯੂਬੋਧ ਨੇ ਵਾਪਸੀ ਡਾਕ ਹੁੰਗਾਰਾ ਭਰਿਆ । ਚਿੱਠੀ ਲਿਖੀ 'ਪੂਜਯ ਪਿਤਾ ਜੀ, ਆਪ ਦੀ ਰਚਨਾ ਮਿਲੀ । ਅਗਲੇ ਅੰਕ ਵਿੱਚ ਛਾਪ ਰਿਹਾ ਹਾਂ ।''

***

18. ਇੱਕ ਦੁਖਾਂਤ ਹੋਰ

ਪੰਜਾਬੀ ਵਿੱਚ ਇਸ ਵੇਲੇ ਨਾਟਕ ਲਿਖਣ ਵਾਲੇ ਲੋਕ, ਸੱਚੀਮੁੱਚੀਂ, ਇੱਕ ਹੱਥ ਦੀਆਂ ਉਂਗਲਾਂ 'ਤੇ ਗਿਣੇ ਜਾਣ ਜੋਗੇ ਵੀ ਨਹੀਂ । ਪੰਜਾਬੀ ਨਾਟਕ ਦਾ ਇਤਿਹਾਸ ਪੜ੍ਹਾਉਂਦਿਆਂ ਲੈਕਚਰ ਘੰਟੀ ਵੱਜਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਹੈ । ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਨਾਟਕ ਦਾ ਪਿਤਾਮਾ ਕਹਿਕੇ, ਬ੍ਰਿਜਲਾਲ ਸ਼ਾਸਤਰੀ ਦਾ ਜ਼ਿਕਰ ਕੀਤੇ ਬਿਨਾਂ ਹੀ, ਹਰਚਰਨ ਸਿੰਘ ਨੂੰ ਨੰਦੇ ਦਾ ਵਾਰਿਸ ਕਹਿ ਕੇ ਸਾਰ ਲਿਆ ਜਾਂਦਾ ਹੈ । ਫੇਰ ਸੰਤ ਸਿੰਘ ਸੇਖੋਂ ਦੇ ਨਾਟਕਾਂ ਨੂੰ ਮੰਚ ਪੱਖੋਂ ਕਮਜ਼ੋਰ ਆਖਕੇ ਝੱਟਪੱਟ ਬਲਵੰਤ ਗਾਰਗੀ 'ਤੇ ਆ ਜਾਈਦਾ ਹੈ । ਹੁਣ ਵਾਰੀ ਆਉਂਦੀ ਹੈ ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਅਤੇ ਹਰਸਰਨ ਸਿੰਘ ਦੀ । ਅਜਮੇਰ ਸਿੰਘ ਔਲਖ ਅਤੇ ਆਤਮਜੀਤ ਨੂੰ ਵਗ਼ੈਰਾ ਵਗ਼ੈਰਾ ਤੋਂ ਪਹਿਲਾਂ ਜਗ੍ਹਾ ਦੇ ਕੇ ਸੁਰਖ਼ਰੂ ਹੋ ਜਾਂਦੇ ਹਨ, ਪ੍ਰੋਫ਼ੈਸਰ ਲੋਕ; ਨਾਟਕ ਦੇ ਦੋ ਵੱਡੇ ਭੇਦ ਮੰਨੇ ਗਏ ਹਨ: ਸੁਖਾਂਤ ਅਤੇ ਦੁਖਾਂਤ । ਪੰਜਾਬੀ ਵਿੱਚ ਸੁਖਾਂਤ ਬਹੁਤੇ ਮਿਲਦੇ ਹਨ ਅਤੇ ਦੁਖਾਂਤ ਘੱਟ ।

ਪੰਜਾਬੀ ਨਾਟਕ ਦਾ ਦੁਖਾਂਤ ਹੋਰ ਤਰ੍ਹਾਂ ਦਾ ਹੈ ਜਿਹੜਾ ਕਿ ਕਪੂਰ ਸਿੰਘ ਘੁੰਮਣ ਦੇ ਚਲੇ ਜਾਣ ਪਿੱਛੋਂ ਹੋਰ ਵੀ ਗੂੜ੍ਹਾ ਅਤੇ ਗੰਭੀਰ ਹੋ ਗਿਆ ਹੈ ।

ਪੰਜਾਬੀ ਸਾਹਿੱਤ ਦੁਰਘਟਨਾ-ਗ੍ਰਸਤ !
ਕਾਰ ਦੀ ਟਰੱਕ ਨਾਲ ਟੱਕਰ !
ਦੁਖਾਂਤ ਦਾ ਸਿਖ਼ਰ !
ਇੱਕ ਨਾਟਕ-ਕਾਰ ਦਾ ਦੁਖਾਂਤਕ ਅੰਤ !

***

ਕਹਿੰਦਾ ਹੁੰਦਾ ਸੀ : ਮੇਰੀ ਬੀਵੀ ਕਹਿੰਦੀ ਹੈ,
''ਜਿਉਂ ਜਿਉਂ ਤੁਸੀਂ ਬੁੱਢੇ ਹੁੰਦੇ ਜਾਂਦੇ ਓ, ਸੁਹਣੇ ਹੁੰਦੇ ਜਾਂਦੇ ਓ, ਟੈਗੋਰ ਵਾਂਗ ।''
ਉਹਦੀ ਦਾੜ੍ਹੀ ਦਾ ਰੰਗ ਟੈਗੋਰ ਵਰਗਾ ਸੀ ।
ਅਜੇ ਪਿਛਲੇ ਸਾਲ ਤਾਂ ਸਾਹਿੱਤ ਅਕਾਦਮੀ ਨੇ ਉਹਨੂੰ ਦਸ ਹਜ਼ਾਰ ਰੁਪਏ ਦਿੱਤੇ ਸਨ ।
ਪਾਗਲ ਲੋਕ !

***

ਸੁਣਿਆ ਹੈ ਕਿ ਕਪੂਰ ਸਿੰਘ ਘੁੰਮਣ ਨੇ ਭਾਸ਼ਾ ਵਿਭਾਗ ਦੀ ਡਾਇਰੈਕਟਰੀ ਤੋਂ ਸੇਵਾ-ਮੁਕਤ ਹੋਣ ਵੇਲੇ ਆਪਣੇ ਵਿਦਾਇਗੀ ਭਾਸ਼ਣ ਵਿੱਚ ਕਿਹਾ ਸੀ ਕਿ ਹੁਣ ਭਾਵੇਂ ਉਸਨੂੰ ਸਰਕਾਰ ਵੱਲੋਂ ਤਸ਼ਤਰੀ ਵਿੱਚ ਧਰਕੇ 'ਐਕਸਟੈਨਸ਼ਨ' ਦਿੱਤੀ ਜਾਵੇ, ਉਹ ਸਵੀਕਾਰ ਨਹੀਂ ਕਰੇਗਾ ਅਤੇ ਬਾਕੀ ਦਾ ਵਕਤ ਸਿਰਫ਼ ਲੇਖਨ ਦੇ ਲੇਖੇ ਲਾਵੇਗਾ । ਪਰ ਹੋਇਆ ਇਹ ਕਿ ਨਾਲ ਦੀ ਨਾਲ ਟੈਕਸਟ-ਬੁੱਕ-ਬੋਰਡ ਦੀ ਡਾਇਰੈਕਟਰੀ ਮਿਲ ਗਈ । ਸ਼ਾਇਦ ਕਿਤਾਬਾਂ ਲਿਖਣ-ਲਿਖਾਉਣ ਦੇ ਨਾਲ ਨਾਲ ਕਿਤਾਬਾਂ ਛਾਪਣ-ਛਪਾਉਣ ਦੀ ਜ਼ੁੰਮੇਵਾਰੀ ਉਹਨੂੰ ਦਰਗਾਹੋਂ ਹੀ ਮਿਲੀ ਹੋਈ ਸੀ !

ਲਿਖੀਆਂ ਨੂੰ ਕੌਣ ਮੇਟ ਸਕਦਾ ਹੈ !!

***

ਇੱਕ ਦਿਨ ਸ਼ਿਵ ਕੁਮਾਰ ਬਟਾਲਵੀ ਕਹਿਣ ਲੱਗਾ : ਚੱਲ ਕਪੂਰ ਸਿੰਘ ਫੁੱਫੜ ਨੂੰ ਮਿਲਕੇ ਆਈਏ । ਮੈਂ ਸਮਝਿਆ ਉਹ 'ਘੁੰਮਣ' ਨੂੰ ਮਜ਼ਾਕ ਨਾਲ 'ਫੁੱਫੜ' ਆਖ ਰਿਹਾ ਹੈ । ਪਰ ਪੁੱਛਣ 'ਤੇ ਉਹਨੇ ਦੱਸਿਆ ਕਿ ਘੁੰਮਣ ਕਰਮਜੀਤ ਦਾ ਫੁੱਫੜ ਲੱਗਦਾ ਏ । ਇਸ ਨਾਤੇ ਆਪਣਾ ਵੀ ਫੁੱਫੜ ਈ ਲੱਗਾ ਕਿ ਨਾ;

ਕਰਮਜੀਤ ਸਿੰਘ ਫ਼ਰੀਦਕੋਟ ਕਾਲਿਜ ਵਿੱਚ ਪੰਜਾਬੀ ਪੜ੍ਹਾਉਂਦਾ, ਪੰਜਾਬੀ ਦਰਦਵੰਦ ਕਵੀ ਸੀ । ਹੁਣ ਨਾ ਸ਼ਿਵ ਕੁਮਾਰ ਹੈ, ਨਾ ਕਰਮਜੀਤ, ਤੇ ਨਾ... ਕਪੂਰ ਸਿੰਘ ਘੁੰਮਣ!

***

ਡਾਇਰੈਕਟਰ ਸ਼ਬਦ ਘੁੰਮਣ ਨਾਲ ਹਮੇਸ਼ਾ ਜੁੜਿਆ ਰਿਹਾ ਹੈ । ਕਦੇ ਸਹਾਇਕ ਡਾਇਰੈਕਟਰ, ਕਦੇ ਡਿਪਟੀ ਡਾਇਰੈਕਟਰ, ਕਦੇ ਕੰਮ ਚਲਾਊ-ਡਾਇਰੈਕਟਰ, ਕਦੇ ਪੂਰਾ-ਸੂਰਾ ਡਾਇਰੈਕਟਰ । ਮਹਿਕਮਾ ਬਦਲ ਗਿਆ, ਅਹੁਦਾ ਨਹੀਂ ਬਦਲਿਆ । ਇਹਨਾਂ ਸਰਕਾਰੀ ਤੇ ਨੀਮ ਸਰਕਾਰੀ ਡਾਇਰੈਕਟਰੀਆਂ ਤੋਂ ਇਲਾਵਾ ਵੀ ਉਹ ਡਾਇਰੈਕਟਰ ਹੀ ਸੀ :

ਡਰਾਮਾ ਡਾਇਰੈਕਟਰ !

***

ਚੰਡੀਗੜ੍ਹ ਰਹਿੰਦਿਆ ਦੋਸਤਾਂ ਦੇ ਇਹ ਡਾਇਲਾਗ ਆਮਤੌਰ 'ਤੇ ਕਹਿਕਹੇ ਬਣਦੇ ਰਹਿੰਦੇ ਸਨ :

— ਚੱਲ ਮਿਲਣ ਚੱਲੀਏ, ਪਟਿਆਲੇ ਤੋਂ ਘੁੰਮਣ ਆਇਆ ਹੈ ।

? ਕੌਣ ਆਇਆ ਹੈ,

— ਦੱਸਿਆ ਤਾਂ ਹੈ, ਪਟਿਆਲੇ ਤੋਂ ਘੁੰਮਣ ਆਇਆ ਹੈ ।

? ਕੀ ਕਰਨ ਆਇਆ ਹੈ,

— ਘੁੰਮਣ ਆਇਆ ਹੈ ।

***

ਘੁੰਮਣ ਨੂੰ ਚੰਡੀਗੜ੍ਹ ਨਾਲ ਇਸ਼ਕ ਸੀ । ਕਿਸੇ ਨਾ ਕਿਸੇ ਬਹਾਨੇ ਘੁੰਮਣ ਚੰਡੀਗੜ੍ਹ ਘੁੰਮਣ ਆਉਂਦਾ ਹੀ ਰਹਿੰਦਾ ਸੀ । ਟੈਕਸਟ ਬੁਕ ਬੋਰਡ ਦੀ ਡਾਇਰੈਕਟਰੀ ਪ੍ਰਵਾਨ ਕਰਨ ਵਿੱਚ ਉਹਦਾ ਚੰਡੀਗੜ੍ਹ ਆਉਣ ਦਾ ਲਾਲਚ ਵੀ ਸ਼ਾਮਿਲ ਹੋ ਸਕਦਾ ਹੈ ਪਰ ਉਹਦੇ ਆਉਂਦਿਆ ਈ ਬੋਰਡ ਦਾ ਦਫ਼ਤਰ ਮੁਹਾਲੀ ਤਬਦੀਲ ਹੋ ਗਿਆ । ਉਹਨੂੰ ਉਮੀਦ ਸੀ ਕਿ ਦਫ਼ਤਰ ਮੁੜ ਚੰਡੀਗੜ੍ਹ ਚਲਾ ਜਾਵੇਗਾ । ਚੜ੍ਹੇ ਸਾਲ ਚੰਡੀਗੜ੍ਹ ਪੰਜਾਬ ਵਿੱਚ ਆ ਜਾਣਾ ਹੈ । ਹੋ ਸਕਦਾ ਹੈ, ਹੋਰ ਦਫ਼ਤਰਾਂ ਦੇ ਨਾਲ, ਬੋਰਡ ਦਾ ਦਫ਼ਤਰ ਵੀ ਚੰਡੀਗੜ੍ਹ ਚਲਾ ਜਾਏ । ... ਪਰ ਘੁੰਮਣ ਤਾਂ ਜਾ ਚੁੱਕਾ ਹੈ ।

ਕਿੱਥੇ?....

***

ਭਾਸ਼ਾ ਵਿਭਾਗ ਦਾ ਡਾਇਰੈਕਟਰ ਬਣਕੇ ਵੀ ਘੁੰਮਣ ਲੇਖਕ ਪਹਿਲਾਂ ਸੀ ਤੇ ਡਾਇਰੈਕਟਰ ਬਾਅਦ ਵਿੱਚ । ਉਸਦੇ ਕਾਰਜ-ਕਾਲ ਵਿੱਚ ਪੰਜਾਬੀ ਲੇਖਕ ਖ਼ੁਦ ਨੂੰ ਭਾਸ਼ਾ ਵਿਭਾਗ ਦੇ ਕੁਝ ਨੇੜੇ ਮਹਿਸੂਸ ਕਰਨ ਲੱਗ ਪਏ ਸਨ । ਹਰ ਐਰਾ-ਗ਼ੈਰਾ, ਏਥੋਂ ਤਕ ਕਿ ਮੇਰੇ ਵਰਗਾ ਨਾਮ-ਨਿਹਾਦ ਕਲਮ-ਘਸਾਊ ਵੀ, ਉਹਨੂੰ ਸਿੱਧੀ ਚਿੱਠੀ ਲਿਖਕੇ ਜਵਾਬ ਦੀ ਤਵੱਕੋ ਰੱਖ ਸਕਦਾ ਸੀ । 21 ਫਰਵਰੀ, 1983 ਨੂੰ ਮੈਂ ਇੱਕ ਚਿੱਠੀ ਵਿੱਚ ਵਿਭਾਗ ਬਾਰੇ ਕੁਝ 'ਨੇਕ ਤੇ ਮੁਫ਼ੀਦ ਰਾਵਾਂ' ਲਿਖਕੇ ਭੇਜੀਆਂ ਅਤੇ ਗ਼ਿਲਾ ਕੀਤਾ ਕਿ ਮਹਿਕਮੇ ਦੀ ਸੂਚੀ ਵਿੱਚ 'ਦਾਸ' ਦਾ ਨਾਂ ਕਿਉਂ ਨਹੀਂ? 25.02.1983 ਨੂੰ ਜਵਾਬ ਵੀ ਆ ਗਿਆ : ਅਰਧ-ਸਰਕਾਰੀ ਪੱਤਰ ਦੇ ਰੂਪ ਵਿੱਚ : ਲਿਖਿਆ ਸੀ, ''... ਪੰਜਾਬੀ ਸਾਹਿੱਤ ਵਿੱਚ ਆਪਦਾ ਜੋ ਸਥਾਨ ਹੈ ਉਹ ਕਿਸੇ ਸੂਚੀ ਵਿੱਚ ਤੁਹਾਡੇ ਹੋਣ ਜਾਂ ਨਾ ਹੋਣ ਦੀ ਮੰਗ ਤੋਂ ਬਹੁਤ ਉੱਚਾ ਹੈ । ਤੁਹਾਡਾ ਨਾਂ ਪੰਜਾਬੀ ਪਾਠਕਾਂ ਦੀ ਹਿਰਦੇ ਦੀ ਸੂਚੀ ਉੱਤੇ ਦਰਜ ਹੈ । ਵਿਭਾਗ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਆਪ ਜੀ ਦੀ ਹਾਜ਼ਰੀ ਸ਼ੋਭਾ ਵਧਾਇਆ ਕਰੇਗੀ ਅਤੇ ਆਪਦੇ ਬਹੁਮੁੱਲੇ ਵਿਚਾਰਾਂ ਦਾ ਲਾਭ ਉਠਾਵਾਂਗੇ । ਆਪਣੀਆਂ ਰਚਨਾਵਾਂ ਲਗਾਤਾਰ ਭੇਜਣ ਦੀ ਕਿਰਪਾ ਕਰਨੀ, ਧੰਨਵਾਦੀ ਹੋਵਾਂਗਾ । ਵਿਭਾਗ ਦਾ ਮੂੰਹ-ਮੱਥਾ ਸੰਵਾਰਨ ਲਈ ਕੀ ਕਾਰਵਾਈ ਕਰਨੀ ਚਾਹੀਦੀ ਹੈ, ਇਸ ਸੰਬੰਧੀ ਆਪਣੇ ਬਹੁਮੁੱਲੇ ਸੁਝਾਉ ਭੇਜਣ ਦੀ ਕਿਰਪਾ ਕਰੋ ਜੀ ।''

ਪੱਤਰ ਸਵੈ-ਸਪੱਸ਼ਟ ਹੈ ।
ਮੇਰਾ ਖ਼ਿਆਲ ਹੈ ਕਿਸੇ ਟਿੱਪਣੀ ਦੀ ਗੁੰਜਾਇਸ਼ ਨਹੀਂ ।

***

ਘੁੰਮਣ ਵੇਲੇ ਭਾਸ਼ਾ ਵਿਭਾਗ ਨੇ ਨਾਟਕ-ਕਾਰਾਂ ਦੇ ਜਨਮ-ਦਿਨ ਮਨਾਉਣੇ ਸ਼ੁਰੂ ਕੀਤੇ ਸਨ । ਮੈਂ ਲਿਖਿਆ ਸੀ ਕਿ ਸੌ ਵਰ੍ਹਿਆਂ ਦੀ ਉਮਰ ਨੂੰ ਢੁੱਕਣ ਵਾਲਾ ਨਾਟਕਕਾਰ ਬ੍ਰਿਜ ਲਾਲ ਸ਼ਾਸਤਰੀ ਰੋਪੜ ਵਿੱਚ ਰਹਿ ਰਿਹਾ ਹੈ । ਕੀ ਏਥੇ ਵੀ ਕਦੇ ਮੇਲਾ ਰਚਾਇਆ ਜਾਵੇਗਾ?...

14 ਨਵੰਬਰ 1984 ਨੂੰ , ਸ਼ਾਸਤਰੀ ਜੀ ਦੇ 90ਵੇਂ ਜਨਮ-ਦਿਨ ਉਤੇ ਇਹ ਮੇਲਾ ਮਨਾਇਆ ਜਾਣਾ ਤੈਅ ਹੋ ਗਿਆ ਸੀ । ਅਖ਼ਬਾਰਾਂ ਵਿੱਚ ਖ਼ਬਰਾਂ ਵੀ ਛਪ ਗਈਆਂ ਸਨ ਪਰ 09 ਨਵੰਬਰ 1984 ਨੂੰ ਡਾਇਰੈਕਟਰ ਘੁੰਮਣ ਦੀ ਚਿੱਠੀ ਆਈ, '' ... ਬ੍ਰਿਜ ਲਾਲ ਸ਼ਾਸਤਰੀ ਜੀ ਦਾ ਜਨਮ ਦਿਨ ਇਹ ਚਿੱਠੀ ਮਿਲਣ ਤੱਕ ਸ਼ਾਇਦ ਲੰਘ ਜਾਵੇ । ਅੱਜਕੱਲ੍ਹ ਡਾਕ ਦਾ ਸਿਲਸਿਲਾ ਤਸੱਲੀਬਖ਼ਸ਼ ਨਹੀਂ ਰਿਹਾ । ਮੇਰੀ ਸ਼ਾਸਤਰੀ ਜੀ ਨਾਲ ਲਿਖਾ-ਪੜ੍ਹੀ ਵੀ ਚੱਲ ਰਹੀ ਹੈ । ... ਪੰਜਾਬ ਦੇ ਵਰਤਮਾਨ ਹਾਲਾਤ ਕਾਰਨ ਹੁਣ ਇਹ ਬ੍ਰਿਜ ਲਾਲ ਸ਼ਾਸਤਰੀ ਜੀ ਦਾ ਜਨਮ ਦਿਨ ਵਾਲਾ ਸਮਾਗਮ ਮਨਾ ਸਕਣਾ ਸੰਭਵ ਨਹੀਂ ਰਿਹਾ । ਰੋਪੜ ਵਿੱਚ ਕੋਈ ਹੋਰ ਸਮਾਗਮ ਰੱਖਣ ਦਾ ਉਪਰਾਲਾ ਕੀਤਾ ਜਾਵੇਗਾ ਪਰ ਇਸ ਲਈ ਹਾਲਾਤ ਸਾਜ਼ਗਾਰ ਹੋਣ ਦੀ ਉਡੀਕ ਹੈ ।...''

ਘੁੰਮਣ ਹੁਣ ਭਾਸ਼ਾ ਵਿਭਾਗ ਦਾ ਡਾਇਰੈਕਟਰ ਨਹੀਂ ।
ਘੁੰਮਣ ਹੁਣ ਇਸ ਸੰਸਾਰ ਵਿੱਚ ਨਹੀਂ ।
ਸ਼ਾਸਤਰੀ ਜੀ ਦੀ ਉਮਰ ਇਕਾਨਵੇਂ ਮੀਲ-ਪੱਥਰ ਟੱਪ ਗਈ ਹੈ ।
ਕੀ ਹਾਲੇ ਵੀ ਵਿਭਾਗ ਨੂੰ ਹਾਲਾਤ 'ਸਾਜ਼ਗਾਰ' ਹੋਣ ਦੀ ਉਡੀਕ ਹੈ?

***

ਕਪੂਰ ਸਿੰਘ ਘੁੰਮਣ ਪੂਰੀ ਤਰ੍ਹਾਂ ਨਾਟਕ ਅਤੇ ਰੰਗ-ਮੰਚ ਨੂੰ ਸਮਰਪਿਤ ਸੀ । ਉਹਦਾ ਪਰਿਵਾਰ ਵੀ ਉਹਦੇ ਇਸ ਰੁਝੇਵੇਂ ਵਿੱਚ ਸ਼ਾਮਿਲ ਹੈ । ਨਾਟਕ ਕਿਤੇ ਵੀ ਹੋਵੇ ਉਹ ਉੱਡ ਕੇ ਵੇਖਣ ਜਾਂਦਾ ਸੀ; ਖੇਡੇ ਗਏ ਨਾਟਕਾਂ ਬਾਰੇ ਲਿਖਦਾ ਸੀ । ਏਥੋਂ ਤਕ ਕਿ ਯੂਨੀਵਰਸਿਟੀਆਂ ਵੱਲੋਂ ਕਰਵਾਏ ਜਾਂਦੇ ਯੁਵਕ-ਮੇਲਿਆਂ ਵਿੱਚ ਖੇਡੇ ਗਏ ਨਾਟਕਾਂ ਬਾਰੇ ਵੀ, ਤਸਵੀਰਾਂ ਸਹਿਤ, ਆਰਟੀਕਲ ਲਿਖਕੇ ਛਪਵਾਉਂਦਾ ਸੀ ।
ਨਾਟਕ ਉਹਦਾ ਇਸ਼ਟ ਸੀ ।
ਮੰਚ ਉਹਦਾ ਇਸ਼ਕ ਸੀ ।

***

ਬਲਵੰਤ ਗਾਰਗੀ ਨੇ ਕਦੇ ਹਲਕੇ-ਫੁਲਕੇ ਰਉਂ ਵਿੱਚ ਲਿਖਿਆ ਸੀ ਕਿ ਮੇਰੇ ਮਰਨ ਪਿੱਛੋਂ ਜੇਕਰ ਕਪੂਰ ਸਿੰਘ ਘੁੰਮਣ ਨਾਂ ਦਾ ਆਦਮੀ ਤੁਹਾਨੂੰ ਕਹੇ ਕਿ ਗਾਰਗੀ ਸਾਹਿਬ ਮੈਨੂੰ ਫ਼ਲਾਣੇ ਰੇਲਵੇ ਸਟੇਸ਼ਨ ਉਤੇ ਮਿਲੇ ਸਨ ਅਤੇ ਆਹ ਕਹਿੰਦੇ ਸਨ... ਅਹੁ ਕਹਿੰਦੇ ਸਨ... ਤਾਂ ਯਕੀਨ ਨਾ ਕਰਨਾ ਕਿਉਂਕਿ ਮੈਂ ਉਹਨੂੰ ਕਦੇ ਕਿਸੇ ਰੇਲਵੇ ਸਟੇਸ਼ਨ 'ਤੇ ਮਿਲਕੇ ਕੁਛ ਨਹੀਂ ਕਿਹਾ... ਇਹ ਲਿਖਣ ਵੇਲੇ ਗਾਰਗੀ ਸਾਹਿਬ ਨੇ ਘੁੰਮਣ ਦੀ 'ਲੰਬੀ ਉਮਰ' ਦੀ ਕਾਮਨਾ ਕੀਤੀ ਸੀ । ਕੀ ਹੁਣ ਗਾਰਗੀ ਸਾਹਿਬ ਕੁਝ ਕਹਿਣਾ ਚਾਹੁਣਗੇ?

***

19. ਪੁਲਸੀਏ ਦਾ ਪੁੱਤ : ਗੁਲ ਚੌਹਾਨ

ਗੁਲ ਚੌਹਾਨ ਇਹਨੀਂ ਦਿਨੀਂ ਰੋਪੜ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਹਿੰਦੀ ਦਾ ਮਾਸਟਰ ਲੱਗਾ ਹੋਇਆ ਹੈ ਤੇ ਚੰਡੀਗੜ੍ਹ ਰਹਿੰਦਾ ਹੈ । ਕੁਝ ਮਹੀਨੇ ਪਹਿਲਾਂ ਉਹ ਅੰਮ੍ਰਿਤਸਰ ਦੇ ਅਦਬੀ ਹਲਕਿਆਂ ਦੀ ਬਹਿਸ-ਤਲਬ ਸ਼ਖ਼ਸੀਅਤ ਸੀ । ਆਪਣੇ ਬਾਪ ਦੇ ਮਕਾਨ ਵਿੱਚ ਰਹਿੰਦਾ ਸੀ । ਚੰਗਾ ਖਾਂਦਾ ਸੀ, ਮੰਦਾ ਬੋਲਦਾ ਸੀ, ਬਾਕਾਇਦਾ ਲਿਖਦਾ ਸੀ ਤੇ ਰੱਜ ਕੇ ਘੁੰਮਦਾ ਸੀ । ਜ਼ਿੰਦਗੀ ਉਹਦੇ ਲਈ ਕੋਈ ਸਮੱਸਿਆ ਨਹੀਂ ਸੀ, ਸਗੋਂ ਖੇਡ ਸੀ । ਕਈ ਵਾਰ ਉਹ ਇਹ ਸੋਚ ਕੇ ਹੀ ਉਦਾਸ ਹੋ ਜਾਂਦਾ: ਯਾਰ, ਕਿਧਰੇ ਕੋਈ ਮਸਲਾ ਹੀ ਨਹੀਂ; ...ਤੇ ਉਹ 'ਮਸਲਿਆਂ' ਨੂੰ ਸ਼ਿੱਦਤ ਨਾਲ ਉਡੀਕਦਾ ਰਹਿੰਦਾ । ਹੱਸਦਾ ਰਹਿੰਦਾ । ਗਾਲ੍ਹਾਂ ਕੱਢਦਾ ਰਹਿੰਦਾ ....ਤੇ 'ਝੂਠੇ ਬਾਜ਼ਾਰ' ਵਿੱਚ ਬੇ-ਮਕਸਦ ਗੇੜੇ ਕੱਢਦਾ ਰਹਿੰਦਾ । ਇਸੇ ਦੌਰਾਨ ਉਹ ਆਪਣੀ ਹਿੰਮਤ ਨਾਲ ਆਪਣੀ ਇੱਕ-ਅੱਧ ਕਿਤਾਬ ਛਾਪ ਲੈਂਦਾ ਤੇ ਕੱਢ ਵੀ ਲੈਂਦਾ । ....ਹੁਣ ਜਦੋਂ ਚੰਡੀਗੜ੍ਹ ਆਇਆ ਤਾਂ ਡੀ. ਐਸ. ਪੀ. ਦੇ ਪਲੇਠੀ ਦੇ ਪੁੱਤ ਨੂੰ ਇੱਕ ਥਾਣੇਦਾਰ ਦੀ ਗੈਰਾਜ ਵਿੱਚ ਕਿਰਾਏ 'ਤੇ ਰਹਿਣਾ ਪਿਆ । ਮਸਲਿਆਂ ਦੀ ਕੋਈ ਤੋਟ ਨਾ ਰਹੀ । ਰੋਜ਼ ਸੌ ਕਿਲੋਮੀਟਰ ਦਾ ਸਫ਼ਰ, ਸਫ਼ਰ ਦੀ ਥਕਾਵਟ ਅਤੇ ਥਕਾਵਟ ਦਾ ਖਰਚਾ ਉਹਦੇ ਲਈ ਅਸਹਿ ਹੋ ਗਿਆ ਹੈ । ਦੂਜੇ ਜ਼ਿਲ੍ਹੇ ਵਿੱਚ ਬਦਲੀ ਹੋਣ ਨਾਲ ਸੀਨੀਆਰਟੀ ਖੁੱਸਣ ਦਾ ਉਹਨੂੰ ਕਤੱਈ ਦੁੱਖ ਨਹੀਂ, ਦੁੱਖ ਸਿਰਫ਼ ਇਸ ਗੱਲ ਦਾ ਹੈ ਕਿ ਜਿਹੜਾ ਵਕਤ ਉਹ ਚੰਡੀਗੜ੍ਹ ਦੀਆਂ ਰੰਗੀਨੀਆਂ ਵਿੱਚ ਬਿਤਾਉਣ ਬਾਰੇ ਸੋਚ ਕੇ ਤਬਦੀਲ ਹੋਇਆ ਸੀ ਉਹ ਵਕਤ ਹੁਣ ਰੋਡਵੇਜ਼ ਦੀਆਂ ਖੜਕਦੀਆਂ ਬੱਸਾਂ ਵਿੱਚ ਬੇ-ਰੌਣਕ ਤੇ ਭਿ੍ਸ਼ਟੇ ਹੋਏ ਚਿਹਰੇ ਵੇਖਦਿਆਂ ਅਤੇ ਤੱਪੜਾਂ ਦੀ ਬਦਬੂ ਸੁੰਘਦਿਆਂ ਗੁਜ਼ਰ ਜਾਂਦਾ ਹੈ । ਗੁਲ ਚੌਹਾਨ ਦਾ ਬਹੁਤਾ ਸਮਾਂ ਮਾਸਟਰ ਬਲਦੇਵ ਸਿੰਘ ਖਾ ਜਾਂਦਾ ਹੈ ।

ਮਾਸਟਰ ਬਲਦੇਵ ਸਿੰਘ ਨੂੰ ਗੁਲ ਚੌਹਾਨ ਬਣਾਉਣ ਵਿੱਚ ਵੱਡਾ ਹੱਥ ਅੰਮ੍ਰਿਤਸਰੀਏ ਸ਼ਾਇਰ ਮੋਹਨਜੀਤ ਦਾ ਹੈ । ਮੋਹਨਜੀਤ ਨੇ ਉਹਨੂੰ ਕਵੀ ਦੇ ਤੌਰ 'ਤੇ ਲੱਭਿਆ, ਉਤਸਾਹਿਤ ਕੀਤਾ ਅਤੇ ਪਰਿਚਿਤ ਵੀ ਕਰਵਾਇਆ । ਪਰ ਗੁਲ ਦੀ ਕਲਮ ਕਹਾਣੀ ਵੱਲ ਝੁਕ ਗਈ । ਨਜ਼ਮਾਂ ਉਹਨੇ ਬਹੁਤ ਲਿਖੀਆਂ ਹਨ, ਹੁਣ ਵੀ ਲਿਖਦਾ ਹੈ, ਕਦੇ ਕਦੇ ਛਪਦਾ ਵੀ ਹੈ ਪਰ ਜਾਣਿਆ ਕਹਾਣੀਕਾਰ ਦੇ ਤੌਰ 'ਤੇ ਹੀ ਜਾਂਦਾ ਹੈ । ਸਾਈਡਪੋਜ਼, ਡਾਚੀਆਂ ਦੇ ਜਾਣ ਪਿੱਛੋਂ ਅਤੇ ਰੇਸ਼ਮਾ ਦਾ ਪੰਜਵਾਂ ਚਿਰਾਗ਼ ਦੇ ਚਰਚਿਤ ਵਕਫ਼ੇ ਪਿੱਛੋਂ ਉਹਦੀ 'ਇਕ ਚੌਰਸ ਤਕਲੀਫ਼' ਛਪ ਗਈ ਹੈ । ਉਸਦੀ ਕਹਾਣੀ ਨੂੰ ਭਰਵਾਂ ਅਤੇ ਲਗਾਤਾਰ ਹੁੰਗਾਰਾ ਮਿਲਿਆ ਹੈ । ਹੁੰਗਾਰਾ ਦੇਣ ਵਾਲਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੀ ਸ਼ਾਮਿਲ ਹੈ ਅਤੇ ਪ੍ਰੇਮ ਪ੍ਰਕਾਸ਼ ਵੀ! ਕੁਲਵੰਤ ਸਿੰਘ ਵਿਰਕ ਵੀ ਤੇ ਦੇਵਿੰਦਰ ਸਤਿਆਰਥੀ ਵੀ!!

***

ਉਸਦੀ ਨਜ਼ਰ ਕਮਜ਼ੋਰ ਹੈ ਪਰ ਸੋਚਦਾ ਬਹੁਤ ਦੂਰ ਦੀ ਹੈ । ਨਜ਼ਰ ਨਾਲ ਸੰਬੰਧਿਤ ਇੱਕ ਵਾਰਤਾ ਯਾਦ ਆ ਗਈ ਹੈ । ਕਹਿੰਦੇ ਨੇ : ਇੱਕ ਵਾਰ ਉਹਨੇ ਨਾਗਮਣੀ ਦਾ ਨਵਾਂ ਲੇਖਕ ਹੋਣ ਦੇ ਨਾਤੇ ਅੰਮ੍ਰਿਤਾ 'ਦੀਦੀ' ਨੂੰ ਖ਼ਤ ਲਿਖਿਆ ਸੀ ਕਿ ਕਹਾਣੀਆਂ ਲਿਖਣ ਕਰਕੇ ਉਹਦੀਆਂ ਅੱਖਾਂ ਰਹਿ ਗਈਆਂ ਹਨ ਤਾਂ ਜ਼ੁੰਮੇਵਾਰ ਸੰਪਾਦਕ ਦੇ ਨਾਤੇ ਅੰਮ੍ਰਿਤਾ ਹੁਰਾਂ ਗੁਲ ਨੂੰ ਐਨਕਾਂ ਲਈ ਮਾਇਆ ਭੇਜੀ ਸੀ । ਜਦੋਂ ਇਸ ਦੀ ਪੁਸ਼ਟੀ ਮੈਂ ਚੌਹਾਨ ਕੋਲੋਂ ਕਰਵਾਉਣੀ ਚਾਹੀ ਤਾਂ ਐਨਕਾਂ ਸੰਵਾਰਦਾ ਹੋਇਆ ਆਪਣੀਆਂ ਪੁੜਪੁੜੀਆਂ ਨੂੰ ਪਟੋਕੀਆਂ ਮਾਰ ਕੇ ਹੱਸਣ ਲੱਗ ਪਿਆ ਅਤੇ ਜਦੋਂ ਅੰਮ੍ਰਿਤਾ ਹੁਰਾਂ ਨਾਲ ਗੱਲ ਕੀਤੀ ਤਾਂ ਕਹਿਣ ਲੱਗੇ : ਇਹਦਾ ਤੇ ਹੁਣ ਮੈਨੂੰ ਚੇਤਾ ਨਹੀਂ ਪਰ ਇਹਦੀਆਂ ਛਪਣ ਆਈਆਂ ਕਹਾਣੀਆਂ ਦੇ ਖਰੜੇ ਪੜ੍ਹਦਿਆਂ ਮੇਰੀ ਨਜ਼ਰ ਜ਼ਰੂਰ ਕਮਜ਼ੋਰ ਹੋ ਗਈ ਹੈ । ਇਹਦੀ ਲਿਖਤ ਚੰਗੀ ਹੁੰਦੀ ਹੈ ਪਰ ਲਿਖਾਈ ਬਹੁਤ ਭੈੜੀ । ....ਸੰਪਾਦਕਾਂ ਦੀ ਇਸ ਜਾਇਜ਼ ਸ਼ਿਕਾਇਤ ਦੇ ਬਾਵਜੂਦ ਵੀ ਉਹ ਕਹਾਣੀਆਂ ਟਾਈਪ ਕਰਵਾ ਕੇ ਨਹੀਂ ਭੇਜਦਾ ਕਿਉਂਕਿ ਪੈਸੇ ਖਰਚ ਹੁੰਦੇ ਹਨ । ਪਰ ਉਹ ਤਾਂ ਪਾਈ ਪਾਈ ਦਾ ਹਿਸਾਬ ਰੱਖਦਾ ਹੈ ।

ਪੈਸੇ ਉਹਦੇ ਕੋਲ ਹਨ ਪਰ ਆਪਣੇ ਕਮਾਏ ਹੋਏ ਨਹੀਂ । ਪਿਉ ਦੇ ਪੈਸਿਆਂ ਨੂੰ ਉਹ ਆਪਣੇ ਉੱਤੇ ਨਹੀਂ ਖਰਚਦਾ ਸਗੋਂ ਲਾਇਕ ਪੁੱਤਰਾਂ ਵਾਂਙ ਉਹਨਾਂ ਵਿੱਚ ਵਾਧਾ ਕਰਨਾ ਚਾਹੁੰਦਾ ਹੈ । ਵਕਤ ਦਾ ਹਿਸਾਬ ਵੀ ਪੈਸਿਆਂ ਵਾਂਙ ਰੱਖਦਾ ਹੈ । ਕਿੱਥੇ ਕਿੰਨਾ ਪੈਸਾ ਜਾਂ ਕਿੰਨਾ ਵਕਤ ਖ਼ਰਚ ਕਰਨਾ ਹੈ, ਇਹ ਕੋਈ ਗੁਲ ਚੌਹਾਨ ਕੋਲੋਂ ਸਿੱਖੇ । ਇਸ ਪੱਖ ਤੋਂ ਉਹ ਪੱਕਾ ਵਪਾਰੀ ਹੈ । ਕਾਮਯਾਬ ਅਤੇ ਕੋਰਾ । ਨਿਯੋਜਿਤ ਖਰਚ ਅਤੇ ਨਿਯੋਜਿਤ ਪਰਿਵਾਰ ਹੀ ਉਸਦੀ ਸਿਹਤ ਅਤੇ ਉਸਦੇ ਸਾਹਿੱਤ ਨੂੰ ਵਧਦਾ ਫੁੱਲਦਾ ਰੱਖਣ ਵਿੱਚ ਸਹਾਈ ਹੁੰਦੇ ਹਨ ।

***

ਜੀਵਨ ਵਿੱਚ ਵਿਚਰਨ ਦੇ ਮਾਪ-ਦੰਡ ਗੁਲ ਚੌਹਾਨ ਦੇ ਆਪਣੇ ਹਨ । ਵੱਖਰੇ । ਏਥੇ ਉਹ ਕਿਸੇ ਦੀ ਦਖ਼ਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ । ਸਕੇ ਪਿਉ ਦੀ ਵੀ ਨਹੀਂ । ਪਹਿਲਾਂ ਉਹਨੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕੀਤਾ ਸੀ । ਹਿਤੂ ਜੰਮਿਆ ਸੀ । ਬਦਮਜ਼ਗੀ ਦੇ ਦੌਰ ਪਿੱਛੋਂ ਤਲਾਕ, 'ਸੰਪੰਨ' ਹੋਇਆ ਸੀ । ਗੁਲ ਸੁਰਖ਼ਰੂ ਹੋਇਆ ਸੀ । ਖੁਸ਼ ਸੀ ਅਖੇ : ਹਿਤੂ ਹੁਣ ਗੰਢੇ ਛਿੱਲਣ ਜੋਗਾ ਹੋ ਗਿਆ ਹੈ । ਦੋਵੇਂ ਪਿਉ-ਪੁੱਤ ਐਸ਼ ਕਰਾਂਗੇ । ...ਪਰ ਛੇਤੀ ਹੀ ਉਹ ਇਸ ਮਾਹੌਲ ਤੋਂ ਬੋਰ ਹੋ ਗਿਆ ਸੀ । ਵਿਆਹੇ-ਵਰੇ ਦੋਸਤਾਂ ਦੇ ਪਰਿਵਾਰਾਂ ਵਿੱਚ ਜਾਂਦਿਆਂ ਉਹਨੂੰ ਝਿਜਕ ਜਿਹੀ ਲੱਗਦੀ । ਅਗਲਿਆਂ ਦਾ ਵਤੀਰਾ ਵੀ ਕੁਝ ਬਦਲਿਆ ਲੱਗਦਾ । ...ਉਹ ਰੱਜ ਕੇ ਭਟਕਿਆ ਤੇ ਆਖ਼ਰ ਥੱਕ ਕੇ ਦੋਸਤਾਂ ਨੂੰ ਕਹਿਣ ਲੱਗਾ: ਮੇੇਰੇ ਲਈ ਕੋਈ ਵਹੁਟੀ ਲੱਭੋ ਯਾਰ! ਮੇਰਾ ਤਾਂ ਘਰ ਹੀ ਗੁਆਚ ਗਿਆ ਹੈ । ...ਅਸੀਂ ਕੋਸ਼ਿਸ਼ ਕੀਤੀ । ਮੁਲਾਕਾਤਾਂ ਵੀ ਕਰਵਾਈਆਂ । ਕਿਤੇ ਇਹਦਾ ਇਅਤਰਾਜ਼, ਕਿਤੇ ਅਗਲੇ ਦਾ ਕੋਈ ਡਰ... ਤੇ ਆਖ਼ਰ ਇੱਕ ਥਾਂ ਮੰਗਣੀ ਕਰਵਾ ਦਿੱਤੀ । ਯਾਰਾਂ ਨੇ ਇਹਦੇ ਭਰਾਵਾਂ ਨਾਲ ਰਲਕੇ ਚੰਡੀਗੜ੍ਹ ਵਿੱਚ ਭੰਗੜੇ ਵੀ ਪਾਏ ਪਰ ਅਗਲੇ ਹੀ ਦਿਨ ਪਿਉ ਦੀ ਤਾਰ ਆਉਣ 'ਤੇ ਗੁਲ ਦਿੱਲੀ ਚਲਾ ਗਿਆ ਤੇ ਕੁਝ ਦਿਨਾਂ ਪਿੱਛੋਂ ਊਸ਼ਾ 'ਭਾਬੀ' ਨੂੰ ਨਾਲ ਲੈ ਕੇ ਫੇਰਾ ਪਾਉਣ ਆ ਗਿਆ । ਇੱਕ ਵਾਰੀ ਫੇਰ ਉਹ ਬੜਾ ਖੁਸ਼ ਸੀ । ਬੇਪਰਵਾਹ । ਆਜ਼ਾਦ । ਬੋਰੀਅਤ-ਮੁਕਤ । ਯਾਰਾਂ ਦਾ ਯਾਰ । ਪਰਿਵਾਰ ਦਾ ਹਿੱਸਾ ।

ਉਹਦੀ ਸਾਬਕਾ-ਬੀਵੀ ਜਹਾਜ਼ 'ਤੇ ਚੜ੍ਹ ਕੇ ਕੈਨੇਡਾ ਚਲੀ ਗਈ ਸੀ ਤੇ ਮੌਜੂਦਾ ਬੀਵੀ ਨੇ 'ਅਭੀ' ਨੂੰ ਜਨਮ ਦਿੱਤਾ ਸੀ । 'ਹਿਤੂ' ਸਕੂਲ ਜਾ ਰਿਹਾ ਸੀ । ਜ਼ਿੰਦਗੀ ਠੀਕ ਚੱਲ ਰਹੀ ਸੀ । ਅਚਾਨਕ ਕੈਨੇਡਾ ਤੋਂ ਖ਼ਤ ਆਉਣੇ ਸ਼ੁਰੂ ਹੋ ਗਏ । ਮਾਂ ਦੀ ਮਮਤਾ ਦਾ ਰੋਣਾ । ਦੂਰ ਦੇਸ਼ ਦੀ ਇਕੱਲ । ਬੀਤੇ ਪਲਾਂ ਦਾ ਨਿੱਘ । ...ਤੇ ਗੁਲ ਦੀ ਜ਼ਿੰਦਗੀ ਵਿੱਚ ਨਵਾਂ ਅਧਿਆਇ ਸ਼ੁਰੂ ਹੋਣ ਲੱਗਾ । ਹਿਤੂ ਕੈਨੇਡਾ ਚਲਾ ਜਾਏਗਾ । ਇਹਦਾ ਭਵਿੱਖ ਸੰਵਰ ਜਾਏਗਾ । ਤੇ ਇਹਦੇ ਬਹਾਨੇ ਕਦੇ ਮੈਂ ਵੀ ਚਲਾ ਜਾਵਾਂਗਾ । ਕਹਾਣੀ ਅੱਗੇ ਵਧਦੀ ਗਈ ਤੇ ਇੱਕ ਦਿਨ ਜਹਾਜ਼ ਤੇ ਚੜ੍ਹ ਕੇ ਸਾਬਕਾ ਬੀਵੀ ਪੰਜਾਬ ਆ ਗਈ । ਗੁਲ ਲਈ ਚੰਨ ਚੜ੍ਹ ਗਿਆ । ਉਹਦੇ ਲਈ ਅੰਬਰਸਰ ਹੀ ਕੈਨੇਡਾ ਬਣ ਗਿਆ । ਉਹ ਅਭੀ ਨੂੰ ਭੁੱਲ ਗਿਆ । ਊਸ਼ਾ ਨੂੰ ਤਾਂ ਭੁੱਲ ਹੀ ਗਿਆ! ਉਹਦੇ ਪੈਰਾਂ ਵਿੱਚ ਸਫ਼ਰ ਤੇ ਸਿਰ 'ਤੇ ਭੂਤ ਸਵਾਰ ਸੀ । ਦੋਸਤਾਂ ਨੇ ਉਹਦੇ ਇਸ ਗ਼ੈਰ- ਸਮਾਜੀ ਰਵੱਈਏ ਦਾ ਬੁਰਾ ਮਨਾਇਆ ਪਰ ਉਹ ਸਮਝਣ-ਸਮਝਾਉਣ ਦੀ ਹੱਦ ਤੋਂ ਪਰੇ ਸੀ । ...ਕਾਗ਼ਜ਼ਾਤ ਮੁਕੰਮਲ ਕਰਵਾ ਕੇ ਹਿਤੂ ਅਤੇ ਉਹਦੀ ਸਾਬਕਾ-ਪਤਨੀ ਵਾਪਿਸ ਜਹਾਜ਼ ਤੇ ਚੜ੍ਹ ਕੇ ਕੈਨੇਡਾ ਚਲੇ ਗਏ । ਗੁਲ ਪਤਨੀ ਦੇ ਹੁੰਦਿਆਂ ਵੀ ਇਕੱਲਾ ਰਹਿ ਗਿਆ ਤੇ ਨਾਵਲ ਲਿਖਣ ਲੱਗ ਪਿਆ । ਇਸ ਅਨੁਭਵ ਨੂੰ ਉਹਨੇ ਬੜੀ ਬੇਰਹਿਮੀ ਨਾਲ 'ਜੂਨ ਪਚਾਸੀ' ਨਾਂ ਦੇ ਨਾਵਲ ਵਿੱਚ ਸਾਂਭਣ ਦਾ ਗਾਲਪਨਿਕ ਯਤਨ ਕੀਤਾ ਹੈ । ...ਊਸ਼ਾ ਨੂੰ ਯਕੀਨ ਸੀ ਕਿ ਗੁਲ ਭਾਵੇਂ ਜਿੰਨਾ ਮਰਜ਼ੀ ਭਟਕ ਲਵੇ ਆਖ਼ਰ ਉਹਨੇ ਮੇਰੇ ਕੋਲ ਹੀ ਆਉਣਾ ਹੈ । ਊਸ਼ਾ ਦਾ ਯਕੀਨ ਰੰਗ ਲਿਆਇਆ ਹੈ । ਗੁਲ ਚੌਹਾਨ ਹੁਣ ਹਰ ਰੋਜ਼, ਸਕੂਲੋਂ ਛੁੱਟੀ ਕਰਕੇ, ਊਸ਼ਾ ਕੋਲ ਹੀ ਆਉਂਦਾ ਹੈ । ਸਵੇਰੇ ਊਸ਼ਾ ਹੀ ਉਹਦੀ ਤਿਆਰੀ ਕਰਦੀ ਹੈ ਅਤੇ ਪਿੱਛੋਂ ਸਾਰਾ ਦਿਨ ਘਰ-ਬਾਹਰ ਦਾ ਕੰਮ-ਕਾਜ ਇਸ ਇਹਤਿਆਤ ਨਾਲ ਕਰਦੀ ਹੈ ਕਿ ਉਹਦੇ ਆਉਣ ਵੇਲੇ ਉਹਦੀਆਂ ਤਿਊੜੀਆਂ ਅਤੇ ਗਾਲ੍ਹਾਂ ਨੂੰ ਆਪਣੀ ਮੁਸਕਰਾਹਟ ਵਿੱਚ ਸਾਂਭ ਕੇ, ਦੋਸਤਾਂ ਸਮੇਤ ਉਹਦੀ ਸ਼ਾਮ ਕਿਵੇਂ ਨਮਕੀਨ ਬਣਾਉਣੀ ਹੈ ।

***

ਭਾਈ ਵੀਰ ਸਿੰਘ ਉੱਤੇ ਹੁਣ ਤੀਕ ਇਹ ਦੋਸ਼ ਲੱਗਦਾ ਆ ਰਿਹਾ ਹੈ ਕਿ ਜਦੋਂ ਜਲ੍ਹਿਆਂ ਵਾਲੇ ਬਾਗ਼ ਵਿੱਚ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ ਉਹ ਕਸ਼ਮੀਰ ਦੀਆਂ ਗੁਲਦਾਉਦੀਆਂ ਉਡੀਕ ਰਿਹਾ ਸੀ । ਗੁਲ ਨੇ ਭਾਵੇਂ ਪੰਜਾਬ ਦੇ ਅਜੋਕੇ ਇਤਿਹਾਸਕ ਸੰਕਟ ਤੋਂ ਪ੍ਰੇਰਿਤ ਹੋ ਕੇ ਅਦਦ ਨਜ਼ਮਾਂ ਲਿਖੀਆਂ ਹਨ: ਇੱਕ ਸੁਮੀਤ ਦੀ ਮੌਤ ਬਾਰੇ ਅਤੇ ਦੂਜੀ ਮੋਹਨਜੀਤ ਦੀ ਕਵਿਤਾ ਦੇ ਜਵਾਬ ਵਿੱਚ; ਪਰ ਇਸ ਘੱਲੂਘਾਰੇ ਦੇ ਸਮਾਨੰਤਰ ਉਹ 'ਜੂਨ ਪਚਾਸੀ' ਦੇ ਗੇੜ ਵਿੱਚ ਕਿਵੇਂ ਪਿਆ ਰਹਿ ਸਕਿਆ! ਗੱਲ ਤਾਂ ਹੈਰਾਨੀ ਦੀ ਹੈ ਪਰ ਇਸ ਦੁਬਿਧਾ ਦਾ ਸਮਾਧਾਨ ਓਦੋਂ ਹੋ ਗਿਆ ਜਦੋਂ ਉਹ ਆਪਣੇ ਇਸੇ ਛਪ-ਰਹੇ ਨਾਵਲ ਦੇ ਆਖ਼ਰੀ ਸਫ਼ਿਆਂ ਦੇ ਪਰੂਫ਼ ਪੜ੍ਹ ਕੇ ਤਕਰੀਬਨ ਨੌਂ ਵਜੇ ਰਾਤ ਦੇ ਘਰ ਪਰਤਿਆ । ਅਧੀਆ ਤੇ ਆਂਡੇ ਉਹਦੇ ਕੋਲ ਸਨ । ਅਜੇ ਪੌੜੀਆਂ ਹੀ ਚੜ੍ਹਨ ਲੱਗਾ ਸੀ ਕਿ ਪੰਜਾਬੀ ਟ੍ਰਿਬਿਊਨ ਵਾਲਾ ਉਹਦਾ ਯਾਰ ਰਾਜਿੰਦਰ ਸੋਢੀ ਆ ਗਿਆ । ਉਹਦਾ ਮੂੰਹ ਉਤਰਿਆ ਹੋਇਆ ਸੀ : 'ਯਾਰ, ਮੀਸ਼ਾ ਮਰ ਗਿਆ ਹੈ । ਪਿਕਨਿਕ ਮਨਾਉਣ ਗਿਆ ਸੀ ਤੇ ਕਪੂਰਥਲੇ ਲਾਗੇ ਨਦੀ ਵਿੱਚ ਡੁੱਬ ਗਿਆ । ਲਾਸ਼ ਅਜੇ ਨਹੀਂ ਮਿਲੀ... ।' ਗੁਲ ਉਹਦੀ ਗੱਲ ਨੂੰ ਅਣਸੁਣੀ ਕਰਕੇ ਵਿੱਚੋਂ ਹੀ ਟੋਕ ਕੇ ਬੋਲਿਆ, ''ਛੱਡ ਯਾਰ! ਤੂੰ ਇਹ ਦੱਸ ਕਿ ਕੱਲ੍ਹ ਨੂੰ ਪੰਜਾਬ ਗੌਰਮਿੰਟ ਨੇ ਬਾਬੇ ਫ਼ਰੀਦ ਦੇ ਉਰਸ ਕਰਕੇ ਸਕੂਲਾਂ ਵਿੱਚ ਛੁੱਟੀ ਕੀਤੀ ਹੈ ਕਿ ਨਹੀਂ?'' ...ਸੋਢੀ ਰੋਣਹਾਕਾ ਹੋ ਗਿਆ: ਯਾਰ, ਮੈਂ ਅਧੀਆ ਲੈ ਕੇ ਆਇਆ ਹਾਂ । ਘਰ 'ਕੱਲਾ ਸਾਂ । ਸੋਚਿਆ ਕਿਸੇ ਸਾਹਿੱਤਕ ਦੋਸਤ ਕੋਲ ਬਹਿ ਕੇ ਗ਼ਮ ਗ਼ਲਤ ਕਰੀਏ । ਸਾਰੇ ਸ਼ਹਿਰ ਵਿੱਚ ਮੈਨੂੰ ਤੂੰ ਹੀ ਇਸ ਕਾਬਿਲ ਜਾਪਿਆ ਤੇ ਮੈਂ ਆ ਗਿਆ ਹਾਂ । ...ਗੁਲ ਉਹਨੂੰ ਬਾਹੋਂ ਫੜ ਕੇ ਉਪਰ ਲੈ ਗਿਆ । ਕਈ ਘੰਟੇ ਗ਼ਮ ਗ਼ਲਤ ਹੁੰਦਾ ਰਿਹਾ । ਮੀਸ਼ਾ ਮਰ ਗਿਆ ਸੀ ਤੇ ਫਰੀਦ ਦੇ ਉਰਸ ਦੀ ਛੁੱਟੀ ਨਹੀਂ ਸੀ ਹੋਈ; ...ਮੈਨੂੰ ਗੁਲ ਚੌਹਾਨ ਦੀ ਰਚਨਾ-ਪ੍ਰਕਿਰਿਆ ਦਾ ਥਹੁ ਪਤਾ ਲੱਗ ਗਿਆ ।

***

ਉਹਦਾ ਚੀਜ਼ਾਂ ਨੂੰ ਵੇਖਣ-ਪਰਖਣ ਦਾ ਢੰਗ ਵੀ ਆਪਣਾ ਹੀ ਹੈ । ਪਿਛਲੇ ਦਿਨੀਂ ਮੈਂ ਉਹਦੇ ਨਾਲ ਸਾਂ । ਮਾਰਕੀਟ 'ਚੋਂ ਉਹਨੇ ਨਿੱਕੀ ਕੈਂਚੀ ਖਰੀਦਣੀ ਸੀ । ਸਤਾਰਾਂ ਦੁਕਾਨਾਂ ਘੁੰਮੀਆਂ । ਹਰ ਦੁਕਾਨ ਦੀਆਂ ਸਾਰੀਆਂ ਕੈਂਚੀਆਂ ਵੇਖੀਆਂ । ਭਾਅ ਪੁੱਛੇ । ਮੁੜ ਪਹਿਲੀ ਦੁਕਾਨ ਉੱਤੇ ਆ ਕੇ ਮੁੜ ਕੈਂਚੀਆਂ ਵਿਖਾਉਣ ਲਈ ਕਿਹਾ । ਮੁੜ ਸਾਰੀਆਂ ਕੈਂਚੀਆਂ ਵੇਖੀਆਂ । ਭਾਅ ਪੁੱਛੇ । ਦੁਕਾਨਦਾਰ ਕਹਿਣ ਲੱਗਾ : ਬਾਊ ਜੀ, ਤੁਸੀਂ ਕਿੰਨੀਆਂ ਕੁ ਕੈਂਚੀਆਂ ਲੈਣੀਆਂ ਨੇ? ਗੁਲ ਦਾ ਜਵਾਬ ਸੀ: ਲੈ ਲਵਾਂਗੇ ਸੌ ਪੰਜਾਹ! ਦੁਕਾਨਦਾਰ ਥੋੜ੍ਹਾ ਦੁਖੀ ਸੀ ਪਰ ਮੈਂ ਉਹਨੂੰ ਦੱਸਿਆ ਕਿ ਇਹ ਮੁੰਡਾ ਜਾਪਾਨੀ ਕੈਂਚੀਆਂ ਨਹੀਂ ਈਰਾਨੀ ਕੁੜੀਆਂ ਵੇਖ ਰਿਹਾ ਹੈ । ...ਅਖ਼ੀਰ ਉਹਨੇ ਸੱਤਾਂ ਰੁਪਿਆਂ ਦੀ ਇੱਕ ਕੈਂਚੀ ਖ਼ਰੀਦ ਲਈ ਤੇ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਆਪਣੇ ਘਰ ਤੀਕ ਉਸ ਕੈਂਚੀ ਦੀ ਸਿਫ਼ਤ ਕਰਦਾ ਰਿਹਾ । ਅੱਜਕੱਲ੍ਹ ਉਸ ਕੈਂਚੀ ਦੀ ਉਹ ਕੀਮਤ ਵਸੂਲ ਕਰਦਾ ਹੈ; ਸਵੇਰੇ ਉੱਠ ਕੇ ਮੁੱਛਾਂ 'ਬਰਾਬਰ' ਕਰਦਾ ਹੈ; ਕਿਤਾਬਾਂ ਦੇ ਟਾਈਟਲ ਬਣਾਉਣ ਲਈ ਕਾਗ਼ਜ਼ ਕੱਟਦਾ ਹੈ ਜਾਂ ਫਿਰ ਉਂਞ ਹੀ ਉਹਨੂੰ ਉਂਗਲਾਂ ਵਿੱਚ ਫਸਾ ਕੇ ਨਾਈਆਂ ਵਾਲੀ ਹਰਕਤ ਕਰਦਾ ਹੋਇਆ ਆਏ-ਗਏ ਨੂੰ ਵਿਖਾਉਂਦਾ ਹੈ : ਵੇਖ, ਕੈਂਚੀ ਕਿੰਨੀ ਵਧੀਆ ਹੈ; ... ਭਾਵੇਂ ਦਿੱਲੀ ਤੋਂ ਆ ਕੇ, ਆਉਂਦੇ ਸਾਰ, ਉਹਨੇ ਊਸ਼ਾ ਨੂੰ ਕਿਹਾ ਸੀ : 'ਕੱਢ ਮੇੇਰੇ ਬੈਗ ਦੀ ਜੇਬ੍ਹ 'ਚੋਂ ਕੈਂਚੀ । ਮੈਂ ਇਹ ਤੇਰੇ ਲਈ ਲਿਆਇਆ ਹਾਂ ।' ਊਸ਼ਾ ਖੁਸ਼ ਹੈ! ਉਹਦਾ ਰਿਸ਼ਤੇਦਾਰ ਤੇ ਯਾਰਾਂ ਨੂੰ ਮਿਲਣ ਦਾ ਹਿਸਾਬ-ਕਿਤਾਬ ਵੀ ਆਪਣੀ ਤਰ੍ਹਾਂ ਦਾ ਹੈ । ਦਿੱਲੀ ਵਿੱਚ ਚਾਰ-ਪੰਜ ਦਿਨ ਰਹੇ ਪਰ ਉਹ ਆਪਣੇ ਸਹੁਰਿਆਂ ਦੇ ਘਰ ਨਾ ਗਿਆ । ਮੈਂ ਬਹੁਤ ਜ਼ੋਰ ਪਾਇਆ ਕਿ ਇੱਕ ਵਾਰ ਫੇਰਾ ਪਾ ਕੇ ਹੀ ਆ ਜਾਵਾਂਗੇ ਪਰ ਉਹ ਨਾ ਜਾਣ 'ਤੇ ਅੜਿਆ ਰਿਹਾ । ਵਾਪਸੀ ਤੇ ਬੱਸ ਵਿੱਚ ਉਹ ਜੇਤੂ ਅੰਦਾਜ਼ ਵਿੱਚ ਆਖ ਰਿਹਾ ਸੀ : ਭੂਸ਼ਨ, ਦੱਸ - ਮੈਂ ਸਹੁਰਿਆਂ ਵੱਲ ਜਾ ਕੇ ਕੀ ਲੈਣਾ ਸੀ? ਹੁਣ ਸਾਡੇ ਖ਼ਾਤੇ ਵਿੱਚ ਤਾਰਾ ਸਿੰਘ ਦੀ ਦਰਿਆ-ਦਿਲੀ ਹੈ, ਅੰਮ੍ਰਿਤਾ-ਇਮਰੋਜ਼ ਦੀ ਖੁਸ਼ਬੂ ਹੈ, ਅਜੀਤ ਕੌਰ -ਅਰਪਨਾ ਅਤੇ ਨਿਰੁਪਮਾ ਨਾਲ ਬਿਤਾਏ ਵਕਤ ਦਾ ਸਰਮਾਇਆ ਹੈ, ਸਤਿਆਰਥੀ ਦੀਆਂ ਖੁੱਲ੍ਹੀਆਂ ਗੱਲਾਂ ਹਨ... ।

***

ਗੁਲ ਚੌਹਾਨ ਦੀ ਆਦਤ ਹੈ ਕਿ ਉਹ ਆਪਣੀ ਕੋਈ ਨਿੱਜੀ ਗੱਲ ਵੀ ਲੁਕਾ ਕੇ ਨਹੀਂ ਰੱਖਦਾ । ਲਿਖਣ ਲੱਗਾ ਉਹ ਇਹ ਗੱਲ ਬਿਲਕੁਲ ਨਹੀਂ ਸੋਚਦਾ ਕਿ ਇਸਦੇ ਛਪ ਜਾਣ ਨਾਲ ਰਿਸ਼ਤਿਆਂ 'ਤੇ ਕੀ ਅਸਰ ਪਵੇਗਾ । ਬਾਪ ਦੇ ਪਰਿਵਾਰ, ਆਪਣੇ ਪਰਿਵਾਰ ਅਤੇ ਸਹੁਰਿਆਂ ਦੇ ਪਰਿਵਾਰ ਨੂੰ ਉਹਨੇ ਬੜੀ ਬੇਰਹਿਮੀ ਨਾਲ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ । ਦਰ-ਅਸਲ ਉਹਦਾ ਹਰ ਹੰਭਲਾ ਬੋਰੀਅਤ 'ਚੋਂ ਜਨਮ ਲੈਂਦਾ ਹੈ ਅਤੇ ਬੋਰ ਉਹ ਬਹੁਤ ਛੇਤੀ ਹੋ ਜਾਂਦਾ ਹੈ । ਜਿਹੜੀਆਂ ਚੀਜ਼ਾਂ ਜਾਂ ਰਿਸ਼ਤੇ, ਕਿਸੇ ਵੀ ਕੀਮਤ 'ਤੇ, ਨਹੀਂ ਬਦਲੇ ਜਾ ਸਕਦੇ ਉਹਨਾਂ ਨਾਲ ਜੁੜੇ ਰਹਿਣਾ ਤਾਂ ਉਹਦੀ ਮਜਬੂਰੀ ਹੈ ਪਰ ਜੋ ਕੁਝ ਬਦਲਿਆ ਜਾ ਸਕਦਾ ਹੋਵੇ, ਉਹਦੇ ਲਈ ਉਹ ਹਰ ਵੇਲੇ ਤਹੂ ਰਹਿੰਦਾ ਹੈ । ਉਹ ਹਰ ਸ਼ੈਅ ਨੂੰ 'ਭੋਗ' ਕੇ ਅਗਾਂਹ ਤੁਰਨਾ ਚਾਹੁੰਦਾ ਹੈ ਤੇ ਇਸ ਉਕਤਾਹਟ ਕਾਰਨ ਉਹ ਕਈ ਗ਼ਲਤ ਫ਼ੈਸਲੇ ਵੀ ਲੈ ਲੈਂਦਾ ਹੈ । ਕਬਜ਼ੇ ਦੀ ਭਾਵਨਾ ਅਤੇ ਭੋਗ ਦੀ ਕਾਹਲੀ ਉਹਦੀ ਫ਼ਿਤਰਤ ਦਾ ਹਿੱਸਾ ਹਨ । ਉਹ 'ਕੰਮ ਦੀ ਚੀਜ਼' ਨੂੰ ਹਾਬੜਿਆਂ ਵਾਂਙ ਪੈਂਦਾ ਹੈ । ਜਿਹੜਾ ਪ੍ਰੋਗਰਾਮ ਦੋ ਦੋਸਤਾਂ ਲਈ ਵਿਉਂਤਿਆ ਗਿਆ ਹੈ ਉਸ ਵਿੱਚ ਉਹ ਤੀਜੇ 'ਦੋਸਤ' ਦਾ ਵੀ ਦਖ਼ਲ ਆਪਣਾ ਨਿੱਜੀ ਨੁਕਸਾਨ ਸਮਝਦਾ ਹੈ । ਨਾਲ ਨੂੰ ਦਾਲ ਸੇਵੀਆਂ ਹੋਣ ਤਾਂ ਉਹ ਦਾਰੂ ਵੱਲ ਧਿਆਨ ਰੱਖਦਾ ਹੈ ਅਤੇ ਜੇਕਰ ਮੁਰਗ-ਮੁਸੱਲਮ ਹੋਵੇ ਤਾਂ ਤਿੰਨ-ਚੁਥਾਈ ਉਹਦੇ ਲੇਖੇ ਲੱਗ ਜਾਂਦਾ ਹੈ; ਦਾਰੂ ਦਾ ਪਹਿਲਾ ਪੈਗ ਵੀ ਪਿਆ ਰਹਿੰਦਾ ਹੈ । ਚਾਹ ਜਾਂ ਕਾਫ਼ੀ ਦੀ ਥਾਂ ਉਹ ਕਾਜੂਆਂ ਤੇ ਪਨੀਰ-ਪਕੌੜਿਆਂ ਨੂੰ ਤਰਜੀਹ ਦੇਂਦਾ ਹੈ ਅਤੇ ਆਟੇ ਨਾਲੋਂ 'ਲੈੱਗ ਪੀਸ' ਉਹਨੂੰ ਕਿਤੇ ਵੱਧ ਪਿਆਰੇ ਲੱਗਦੇ ਹਨ! ...ਉਹਦੀ ਵਰਤਮਾਨ ਪਤਨੀ ਨੇ ਜਦੋਂ ਇਹ ਡਰ ਜ਼ਾਹਿਰ ਕੀਤਾ ਕਿ ਕਿਤੇ ਉਹ ਉਹਨੂੰ ਛੱਡ ਕੇ ਜਹਾਜ਼ 'ਤੇ ਚੜ੍ਹਕੇ ਕੈਨੇਡਾ ਤਾਂ ਨਹੀਂ ਚਲੇ ਜਾਵੇਗਾ ਤਾਂ ਉਹਦਾ 'ਮੂਰਖਾਂ' ਵਰਗਾ ਸਿੱਧਾ ਜਵਾਬ ਸੀ : ਮੈਂ ਕੋਈ ਮੂਰਖ ਆਂ ਕਿ ਮੈਨੂੰ ਮਾਸਟਰੀ ਛੱਡ ਕੇ ਅਫ਼ਸਰੀ ਮਿਲਦੀ ਹੋਵੇ ਤੇ ਮੈਂ ਨਾ ਜਾਵਾਂ! ਪਰ ਇਸ ਤਰ੍ਹਾਂ ਦੇ ਫ਼ਿਕਰੇ ਉਹ ਕਈ ਵਾਰ ਬੋਲਣ ਲਈ ਹੀ ਬੋਲਦਾ ਹੈ । ਬੀਵੀ ਬੱਚਿਆਂ ਦਾ ਫ਼ਿਕਰ ਉਹਨੂੰ ਆਮ ਦੁਨੀਆਦਾਰ ਨਾਲੋਂ ਵਧੇਰੇ ਹੁੰਦਾ ਹੈ । ਉਹ ਬੱਚਿਆਂ ਵਿੱਚ ਬੱਚਾ ਤਾਂ ਬਣ ਸਕਦਾ ਹੈ ਪਰ ਤੀਵੀਆਂ ਵਿੱਚ ਤੀਵੀਂ ਬਣਨਾ ਉਹਦੇ 'ਮਰਦ ਸ਼੍ਰੀ' ਨੂੰ ਕਦੀ ਵੀ ਗਵਾਰਾ ਨਹੀਂ ਹੁੰਦਾ ।

***

ਉਹਦਾ ਮੈਨੂੰ ਬਹੁਤ ਕੁਝ ਪਸੰਦ ਨਹੀਂ ਪਰ ਫੇਰ ਵੀ ਪਿਛਲੇ ਪੰਦਰ੍ਹਾਂ-ਸੋਲ੍ਹਾਂ ਵਰ੍ਹਿਆਂ ਤੋਂ ਅਸੀਂ ਇੱਕ ਦੂਜੇ ਦੇ ਦੋਸਤ ਵਜੋਂ ਜਾਣੇ ਜਾਂਦੇ ਹਾਂ । ਦੋਸਤ ਹਾਂ ਵੀ! ਸਾਡੇ ਵਿੱਚ ਕਈ ਕੁਝ ਸਾਂਝਾ ਹੈ; ਮਿਸਾਲ ਵਜੋਂ ਸਾਡੀ ਨਾਮ-ਰਾਸ਼ੀ ਇੱਕ ਹੈ, ਅਸੀਂ ਦੋਹਾਂ ਨੇ ਬਰਾਸਤਾ-ਬਠਿੰਡਾ ਪੰਜਾਬੀ ਦੀ ਐਮ. ਏ. ਕੀਤੀ ਹੋਈ ਹੈ, ਦੋਹਾਂ ਨੇ ਪ੍ਰਭਾਕਰ ਤੇ ਗਿਆਨੀ ਵੀ ਕੀਤੀ ਹੋਈ ਹੈ; ਸਾਡੀਆਂ ਪਤਨੀਆਂ ਦੇ ਨਾਂ ਇੱਕ ਹਨ (ਉਹਦੀ ਸਾਬਕਾ ਤੇ ਮੇਰੀ ਇਕਲੌਤੀ!) ਸਾਡੇ ਵੱਡੇ ਬੱਚੇ ਦੇ ਜਨਮ ਦਾ ਸਾਲ-ਦਿਨ- ਸਮਾਂ ਇੱਕ ਹੈ ... ਪਰ ਫਿਰ ਵੀ ਜੀਵਨ-ਸ਼ੈਲੀ ਅਤੇ ਵਿਚਾਰਧਾਰਾ ਵਿੱਚ ਵਿਰੋਧੀ-ਧਰੁਵਾਂ ਜਿੰਨਾ ਅੰਤਰ ਹੈ । ਅਸੀਂ ਇੱਕ ਦੂਜੇ ਦੇ ਕੱਟੜ ਆਲੋਚਕ ਅਤੇ ਜਿਗਰੀ ਦੋਸਤ ਹਾਂ । ਉਹ ਸਭ ਕੁਝ ਗੁਆ ਸਕਦਾ ਹੈ ਪਰ ਦੋਸਤ ਨਹੀਂ ਗੁਆ ਸਕਦਾ । ਡਾ. ਅੰਬਰੀਸ਼, ਡਾ: ਕੁਲਵੰਤ, ਦੇਵ ਭਾਰਦਵਾਜ... ਕਿਸੇ ਨੂੰ ਵੀ ਨਹੀਂ । ਪਿੱਛੇ ਜਿਹੇ ਕਿਸੇ ਮਾਮੂਲੀ ਜਿਹੀ ਗੱਲ ਤੋਂ ਉਹ ਘਰ ਆਏ ਅੰਬਰੀਸ਼ ਨਾਲ ਠੰਡਾ-ਤੱਤਾ ਹੋ ਗਿਆ । ਬਹੁਤ ਊਲ-ਜਲੂਲ ਬੋਲਿਆ । ਹੱਤਕ ਵੀ ਕੀਤੀ, ਜਿਵੇਂ ਰਿਸ਼ਤੇ ਉੱਤੇ ਲੀਕ ਮਾਰ ਦਿੱਤੀ ਹੋਵੇ ਪਰ ਉਹਦੇ ਜਾਣ ਪਿੱਛੋਂ ਉਦਾਸ ਹੋ ਗਿਆ । ਉਹਦੇ ਨਾਂ ਦਾ ਜਾਮ ਪੀਤਾ ਤੇ ਆਖਣ ਲੱਗਾ : ''ਯਾਰ ਇਹਦੀਆਂ ਨਜ਼ਮਾਂ ਦੀ ਦੂਜੀ ਕਿਤਾਬ ਵੀ ਅਸੀਂ ਛਾਪਣੀ ਐ । ਕੋਈ ਪਿਆਰਾ ਜਿਹਾ ਨਾਂ ਦੱਸੋ ।'' ਕੋਈ ਦੋ ਘੰਟੇ ਗੁਲ, ਭਾਰਦਵਾਜ ਤੇ ਮੈਂ ਉਹਦੀ ਕਿਤਾਬ ਦੇ ਟਾਈਟਲ ਬਾਰੇ ਬਹਿਸ ਕਰਦੇ ਰਹੇ । 'ਗ੍ਰਹਿ-ਦਿਸ਼ਾ' ਉੱਤੇ ਸਹਿਮਤੀ ਹੋ ਗਈ । ਅਸੀਂ ਸੌਣ ਦੀ ਤਿਆਰੀ ਕਰ ਰਹੇ ਸਾਂ ਤੇ ਉਹ ਦਿੱਲੀਉਂ ਲਿਆਂਦੀ ਕੈਂਚੀ, ਆਰਟ ਪੇਪਰ ਦਾ ਟੁਕੜਾ ਅਤੇ ਗੂੰਦ ਦੀ ਸ਼ੀਸ਼ੀ ਮੇਜ਼ 'ਤੇ ਰੱਖ ਕੇ 'ਅਭੀ' ਦੇ ਬੈਗ 'ਚੋਂ ਸਕੈੱਚ-ਪੈੱਨ ਲਿਆਉਣ ਲਈ ਜਾਂਦਾ ਹੋਇਆ ਕਹਿ ਰਿਹਾ ਸੀ, ''ਅੱਜ ਮੈਂ ਗ੍ਰਹਿ-ਦਿਸ਼ਾ ਦਾ ਟਾਈਟਲ ਬਣਾ ਕੇ ਹੀ ਸੌਣਾ ਹੈ ।''

ਉਹਦੀ ਦਹਿਸ਼ ਪੁਲਸੀਆਂ ਵਾਲੀ ਹੈ ਪਰ ਅੰਦਰੋਂ 'ਵਿਚਾਰਾ' ਲੇਖਕ ਹੀ ਤਾਂ ਹੈ!

***

ਗੁਲ ਚੌਹਾਨ ਨੂੰ ਆਪਣੇ 'ਦਾਰ ਜੀ' (ਸਰਦਾਰ ਸੂਰਤ ਸਿੰਘ) ਨਾਲ ਅੰਤਾਂ ਦਾ ਮੋਹ ਹੈ । ਤੀਜੇ ਦਿਨ ਉਹ ਅੰਬਰਸਰ ਨੂੰ ਭੱਜੇਗਾ ਜਾਂ ਫਿਰ ਦਾਰ ਜੀ ਚੰਡੀਗੜ੍ਹ ਹੋਣਗੇ । ਹੁਣ ਤੀਕ ਉਹ ਬਾਕੀ ਸਭ ਦੇ ਸਭ ਰਿਸ਼ਤਿਆਂ 'ਚੋਂ ਸਿਰਫ਼ ਇਸੇ 'ਨਿਰਭਰਤਾ ਦੇ ਰਿਸ਼ਤੇ' ਹੇਠ ਖ਼ੁਦ ਨੂੰ ਸੁਰੱਖਿਅਤ ਸਮਝਦਾ ਹੈ । ਉਹ ਮੁੜ ਚਾਹੁੰਦਾ ਹੈ ਕਿ ਮਸਲੇ ਉਹਦੇ ਲਈ ਸੁਪਨਾ ਬਣ ਜਾਣ । ਉਹ ਇੱਕ ਵਾਰ ਫੇਰ ਨਿਸ਼ਚਿੰਤ ਹੋ ਕੇ ਵਿਚਰ ਸਕੇ । ਉਹ ਪੂਰਾ-ਸੂਰਾ ਮਰਦ ਹੋਣ ਦੇ ਬਾਵਜੂਦ ਵੀ ਇਸ ਪਿਤਰੀ-ਗ੍ਰੰਥੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੈ । ਉਸਦੀ ਮਾਨਸਿਕ ਬਣਤਰ ਵਿੱਚ ਦਾਰ ਜੀ ਦਾ ਬਹੁਤ ਵੱਡਾ ਹਿੱਸਾ ਹੈ । ਭਾਵੇਂ ਗੁਲ ਨੇ ਆਪਣੀ ਸ਼ਖ਼ਸੀਅਤ ਖ਼ੁਦ ਕਮਾਈ ਹੈ ਪਰ ਉਹਦੀ ਸ਼ਖ਼ਸੀਅਤ ਦੀ ਪਿੱਠ-ਭੂਮੀ 'ਤੇ ਦਾਰ ਜੀ ਦਾ ਮਿਹਰ- ਭਰਿਆ ਹੱਥ ਨਜ਼ਰ ਆਉਂਦਾ ਹੈ ।

ਪਿੱਛੇ ਜਿਹੇ ਦਾਰ ਜੀ ਉਹਨੂੰ ਝਿੜਕ ਰਹੇ ਸਨ :

''ਬਲਦੇਵ! ਤੂੰ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ? ਵਿਆਹ ਕਰਵਾਉਣ ਲਈ ਮੇਰੇ ਮੂੰਹ ਵੱਲ ਝਾਕਦਾ ਹੈਂ । ਤਲਾਕ ਵੇਲੇ ਵੀ ਪਿਉ ਦੀ ਕੱਛ ਵਿੱਚ ਆ ਵੜਦਾ ਹੈਂ । ਕਰਾਏਦਾਰ ਜਿਹਾ ਨਾ ਹੋਵੇ ਤਾਂ! ਤੇਰਾ ਦੂਜੀ ਵਾਰ ਘਰ ਵਸਾ ਦਿੱਤਾ ਹੈ । ਘਰ ਵਸਾ ਤਾਂ ਦਿੱਤਾ ਹੁਣ ਘਰ ਬਣਾ ਕੇ ਵੀ ਮੈਂ ਹੀ ਦਿਆਂ? ਮੇਰੇ ਕੋਲ ਨਹੀਂ ਏਨਾ ਟਾਈਮ । ਤੂੰ ਕੋਈ ਚੰਗਾ ਜਿਹਾ, ਬਣਿਆ ਬਣਾਇਆ ਮਕਾਨ ਵੇਖ ਛੱਡ ਚੰਡੀਗੜ੍ਹ 'ਚ । ਅਗਲੇ ਮਹੀਨੇ ਆਵਾਂਗਾ ਤਾਂ ਲੈ ਦਿਆਂਗਾ ।''

ਅੱਜ-ਕੱਲ੍ਹ ਗੁਲ ਵਿਕਾਊ ਮਕਾਨਾਂ ਦੇ ਅੰਕੜੇ ਇਕੱਠੇ ਕਰ ਰਿਹਾ ਹੈ ।

***

20. ਜੋਗਾ ਸਿੰਘ ਦੇ ਜਾਣ ਪਿੱਛੋਂ

ਜੋਗਾ ਸਿੰਘ ਬੜਾ ਦਿਲਚਸਪ ਆਦਮੀ ਸੀ । ਜਿੰਨੀ ਦੇਰ ਜਿਊਂਦਾ ਰਿਹਾ ਮੌਤ ਵਿੱਚ ਉਸਦੀ ਦਿਲਚਸਪੀ ਬਰਕਰਾਰ ਰਹੀ । ਮਰਨਾ ਸਾਰਿਆਂ ਨੇ ਹੈ । ਮੌਤ ਵੱਲ ਅਸੀਂ ਸਾਰੇ ਵੱਧ ਰਹੇ ਹਾਂ, ਲਗਾਤਾਰ ਪਰ ਅਚੇਤ! ਜੋਗਾ ਸਿੰਘ 'ਸਚੇਤ' ਸੀ । ਸਚੇਤ ਇਸ ਲਈ ਕਿ ਮੌਤ ਉਸ ਲਈ ਮਹਿਜ਼ ਸੰਕਲਪ ਨਹੀਂ ਸੀ ਸਗੋਂ ਜਿੰਨੀ ਦੇਰ ਉਹ ਜੀਵਿਆ ਮੌਤ ਦੇ ਸਮਾਨੰਤਰ ਜੀਵਿਆ । ਉਹ ਮਰ ਰਿਹਾ ਸੀ, ਮਰਨ ਦੀ ਪ੍ਰਕਿਰਿਆ ਨੂੰ ਵੇਖ ਰਿਹਾ ਸੀ ਅਤੇ ਨਾਲੋ ਨਾਲ ਬਿਆਨ ਵੀ ਕਰ ਰਿਹਾ ਸੀ । ਇੱਕੋ ਵੇਲੇ ਤੀਹਰੀ ਭੂਮਿਕਾ ਨਿਭਾਉਣਾ ਔਖਾ ਕੰਮ ਹੁੰਦਾ ਹੈ । ਉਹ ਔਖਾ ਹੋ ਕੇ ਵੀ ਆਖ਼ਰੀ ਦਮ ਤੱਕ 'ਜੋਗਾ ਸਿੰਘ' ਬਣਿਆ ਰਿਹਾ । ਕਵਿਤਾ ਲਿਖਦਾ ਰਿਹਾ ।

ਜੋਗਾ ਸਿੰਘ ਕਵੀ ਹੈ । ਸਾਡੀ ਉਹਦੇ ਵਿੱਚ ਦਿਲਚਸਪੀ ਕਵੀ ਕਰਕੇ ਹੈ । ਜਿੰਨੀ ਦੇਰ ਕਵੀ ਸਰੀਰਕ ਰੂਪ ਵਿੱਚ ਜਿੰਦਾ ਰਹਿੰਦਾ ਹੈ, ਉਹਦੀ ਅਣਲਿਖੀ ਕਵਿਤਾ ਪਕੜ ਤੋਂ ਪਰੇ ਹੁੰਦੀ ਹੈ । ਉਹ ਖ਼ੁਦ ਨੂੰ ਕਦੇ ਰੱਦ ਵੀ ਕਰ ਸਕਦਾ ਹੈ । ਉਹਦਾ ਰੂਪਾਂਤਰਣ ਹੋ ਸਕਦਾ ਹੈ । ਪਰ ਉਹਦੇ ਜਾਣ ਪਿੱਛੋਂ ਕਵਿਤਾ ਦੀਆਂ ਸੰਭਾਵਨਾਵਾਂ ਬਿਲਕੁਲ ਨਵੇਂ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ । ਕਵਿਤਾ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਛੇੜਨ ਤੋਂ ਪਹਿਲਾਂ, ਜਾਣ ਵਾਲੇ ਦੇ ਪਰਿਵਾਰ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ । ਨਹੀਂ?

ਕਵੀ ਦਾ ਆਪਣੇ ਪਰਿਵਾਰ ਨਾਲ ਰਿਸ਼ਤਾ ਹੋਰਨਾਂ ਤੋਂ ਕੁਝ ਵੱਖਰੀ ਤਰ੍ਹਾਂ ਦਾ ਹੁੰਦਾ ਹੈ । ਉਸਦਾ 'ਪਰਿਵਾਰ' ਵੀ ਵੱਖਰੀ ਤਰ੍ਹਾਂ ਦਾ ਹੁੰਦਾ ਹੈ । ਪਰਲੋਕ ਸਿਧਾਰਨ ਤੋਂ ਪਹਿਲਾਂ, ਇਸ ਲੋਕ ਵਿੱਚ ਵਿਚਰਦਾ ਹੋਇਆ ਵੀ ਕਵੀ ਕਿਸੇ ਵੱਖਰੇ ਲੋਕ ਦਾ ਵਾਸੀ ਹੁੰਦਾ ਹੈ । ਮਾਂ-ਪਿਓ, ਭੈਣ-ਭਰਾ, ਪਤੀ-ਪਤਨੀ ਤੋਂ ਵੱਖਰਾ ਤੇ ਵੱਡਾ ਪਰਿਵਾਰ ਉਹਨੇ ਅਚੇਤ ਹੀ ਸਿਰਜ ਲਿਆ ਹੁੰਦਾ ਹੈ । ਪਰ ਜੋਗਾ ਸਿੰਘ ਵਰਗਾ ਸਿਰੜੀ ਬੰਦਾ ਇਹ ਕੰਮ ਵੀ ਸਚੇਤ ਰੂਪ ਵਿੱਚ ਕਰਦਾ ਹੈ । ਆਪ ਵਾਹੀ ਹੋਈ ਖਿਆਲੀ ਤਸਵੀਰ ਵਿੱਚ ਰੰਗ ਵੀ ਆਪਣੀ ਮਰਜ਼ੀ ਦੇ ਭਰਦਾ ਹੈ । ਉਹ ਮਰਜ਼ੀ ਦਾ ਮਾਲਕ ਹੈ । ਆਪਣੀ ਗੱਲ ਮਾਲਕ ਵਾਂਗੂੰ ਪੂਰੇ ਅਧਿਕਾਰ ਨਾਲ ਕਹਿੰਦਾ ਹੈ । ਕਲਪਨਾ-ਲੋਕ ਵਿੱਚ ਉਡਾਰੀਆਂ ਭਰਦਾ ਵੀ ਸਚੇਤ ਰਹਿੰਦਾ ਹੈ । ਆਪਣੀ ਗੱਲ ਮੰਨਵਾਉਣ ਦੀ ਹੱਦ ਤੱਕ ਜ਼ੋਰ ਪਾਉਂਦਾ ਹੈ । ਉਸਨੂੰ ਹਰ ਹਾਲਤ ਵਿੱਚ 'ਠਾਠ' ਕਾਇਮ ਰੱਖਣਾ ਆਉਂਦਾ ਹੈ ।

ਜੋਗਾ ਸਿੰਘ ਆਪਣੀ ਭੂਮਿਕਾ ਨਿਭਾ ਚੁੱਕਾ ਹੈ । ਇਸ ਫ਼ਾਨੀ ਦੁਨੀਆ ਤੋਂ ਜਾ ਚੁੱਕਾ ਹੈ । ਅਗਲੀ ਜ਼ਿੰਮੇਵਾਰੀ ਉਹਦੀ ਕਵਿਤਾ ਦੇ ਸਿਰ ਆਉਂਦੀ ਹੈ । ਕਵਿਤਾ ਕੁਝ ਤਾਂ ਉਹ ਆਪ ਹੀ ਛਪਵਾ ਗਿਆ ਸੀ, ਬਾਕੀ ਦੀ ਉਹਦੇ ਪਰਿਵਾਰ ਨੇ ਸਾਂਭ ਲਈ ਹੈ । ਪਰਿਵਾਰ ਨੇ ਇਹ ਜ਼ਿੰਮੇਵਾਰੀ ਪੂਰੀ ਅਕੀਦਤ ਨਾਲ ਨਿਭਾਈ ਹੈ । ਛਪੀ-ਅਣਛਪੀ ਕਵਿਤਾ ਇਕੱਠੀ ਕਰਕ ਇੱਕੋ ਸੈਂਚੀ ਵਿੱਚ ਛਪਵਾਈ ਹੈ । 'ਖ਼ੁਦਾ ਹਾਫ਼ਿਜ਼' ਨਾਂ ਵਾਲੀ ਇਹ ਕਿਤਾਬ ਕਵਿਤਾ ਦੇ ਪੁਨਰ-ਮੁਲੰਕਣ ਦਾ ਐਲਾਨ ਕਰਦੀ ਹੈ । ਜੋਗਾ ਸਿੰਘ ਦੀ ਕਵਿਤਾ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਖੁੱਲ੍ਹਾ- ਡੁੱਲ੍ਹਾ ਅਵਸਰ ਪ੍ਰਦਾਨ ਕਰਦੀ ਹੈ । ਗੁਰਬਚਨ ਸਿੰਘ ਭੁੱਲਰ ਦੁਆਰਾ ਸੰਪਾਦਿਤ ਇਹ ਕਿਤਾਬ ਮੁਹੱਬਤ ਦਾ ਸਿੱਕੇਬੰਦ ਪ੍ਰਤੀਕ ਹੈ । ਹੁਣ ਇਸਨੂੰ ਸਿਰਫ਼ ਸੁਹਿਰਦ ਪਾਠਕਾਂ ਦੀ ਉਡੀਕ ਹੈ ।

ਸੁਹਿਰਦ ਪਾਠਕਾਂ ਦੀ ਉਡੀਕ ਹਰ ਕਿਤਾਬ ਨੂੰ ਹੁੰਦੀ ਹੈ । ਹਰ ਰਚਨਾ ਨੂੰ ਹੁੰਦੀ ਹੈ । ਰਹੇਗੀ ਵੀ । ਕਿਤਾਬ ਓਦੋਂ ਤੱਕ ਬੰਦ ਰਹਿੰਦੀ ਹੈ ਜਦੋਂ ਤੱਕ ਖੋਲ੍ਹੀ ਨਾ ਜਾਏ । ਰਚਨਾ ਓਦੋਂ ਤੱਕ ਗੁਆਚੀ ਰਹਿੰਦੀ ਹੈ ਜਦੋਂ ਤੱਕ ਪੜ੍ਹੀ ਨਾ ਜਾਏ । ਅੱਜ ਕਿਤਾਬਾਂ ਛਪਣ ਦਾ ਮਿਆਰ ਕਾਫ਼ੀ ਉੱਚਾ ਹੋ ਗਿਆ ਹੈ । ਕਿਤਾਬਾਂ ਛਪਣ ਦੀ ਰਫ਼ਤਾਰ ਤੇਜ਼ ਹੋ ਗਈ ਹੈ । ਪਰ ਪਾਠਕਾਂ ਦਾ ਸੁਹਜ-ਸੁਆਦ ਪਹਿਲਾਂ ਵਾਲਾ ਹੀ ਹੈ । ਪਾਠਕਾਂ ਦੀ ਗਿਣਤੀ ਵਿੱਚ ਵੀ ਬਹੁਤਾ ਫ਼ਰਕ ਨਹੀਂ ਪਿਆ । ਤੁਹਾਡੀ ਰਾਏ ਵੱਖਰੀ ਹੋ ਸਕਦੀ ਹੈ ਪਰ ਮੈਂ ਇਸ ਵੇਲੇ ਜੋਗਾ ਸਿੰਘ ਦੇ ਬਹਾਨੇ ਇੱਕ ਗੰਭੀਰ ਸਥਿਤੀ ਵੱਲ ਸੰਕੇਤ ਕਰਨਾ ਚਾਹ ਰਿਹਾ ਹਾਂ । ਜਵਾਬ ਪਤਾ ਹੋਣ ਦੇ ਬਾਵਜੂਦ ਵਕਤ ਨੂੰ ਸਵਾਲ ਪਾ ਰਿਹਾ ਹਾਂ ।

ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਸਾਡੇ ਸਮਾਜ ਵਿੱਚ ਸਾਹਿੱਤਕਾਰ ਨੂੰ ਪਾਲਣ ਅਤੇ ਉਸਦੇ ਲਿਖੇ ਸਹਿੱਤ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਿਰਫ਼ ਉਸਦੇ ਟੱਬਰ ਦੀ ਹੀ ਹੈ? ਲੇਖਕ ਦੀ ਕਿਰਤ-ਕਮਾਈ ਤਾਂ ਸਰਬੱਤ ਲਈ ਹੁੰਦੀ ਹੈ । ਲੇਖਕ ਦੇ ਤੌਰ 'ਤੇ ਉਹ ਆਪਣੇ ਟੱਬਰ ਲਈ ਬਹੁਤਾ ਉਪਯੋਗੀ ਨਹੀਂ ਹੁੰਦਾ । ਟੱਬਰ ਪਾਲਣ ਲਈ ਉਹਨੂੰ ਕਲਮ ਤੋਂ ਬਿਨਾਂ ਕੋਈ ਹੋਰ ਵਸੀਲਾ ਅਪਣਾਉਣਾ ਪੈਂਦਾ ਹੈ । ਜਾਂ ਫਿਰ ਕਲਮ ਨੂੰ ਆਪਣੀਆਂ ਲੋੜਾਂ ਦੇ ਹਾਣ ਦਾ ਬਣਾਉਣਾ ਪੈਂਦਾ ਹੈ । ਸਮਾਜ ਅਤੇ ਟੱਬਰ ਦੇ ਵਿਚਕਾਰ ਲੇਖਕ ਬਿਲਕੁਲ ਇਕੱਲਾ ਪੈ ਜਾਂਦਾ ਹੈ । ਜਦੋਂ ਉਹ ਆਪਣੇ ਪੈਰਾਂ 'ਤੇ ਖੜਾ ਨਹੀਂ ਰਹਿ ਸਕਦਾ ਤਾਂ ਕਿਸੇ ਨਾ ਕਿਸੇ ਦੇ ਹੱਕ 'ਚ ਬਹਿ ਜਾਂਦਾ ਹੈ ।

ਜੋਗਾ ਸਿੰਘ ਕਿਸੇ ਦੇ ਹੱਕ ਵਿੱਚ ਖੜ੍ਹਾ ਤਾਂ ਰਹਿ ਸਕਦਾ ਹੈ, ਬਹਿ ਨਹੀਂ ਸਕਦਾ । ਬਹਿਣਾ ਉਹਦੇ ਸੁਭਾਅ ਵਿੱਚ ਹੀ ਨਹੀਂ ਸੀ । ਇਸ ਸੁਭਾਅ ਨੇ ਉਹਨੂੰ ਖ਼ੂਬ ਭਟਕਾਇਆ । ਇਹ ਭਟਕਣ ਵਾਲਾ ਅਮਲ ਉਹਦੀ ਕਵਿਤਾ ਨੂੰ ਖ਼ੂਬ ਰਾਸ ਆਇਆ । ਉਹਨੇ ਕਵਿਤਾ ਨੂੰ ਵਾਰਤਕ ਵਾਂਗ ਲਿਖਿਆ ਅਤੇ ਵਾਰਤਕ ਨੂੰ ਕਵਿਤਾ ਵਾਂਗ ਗਾਇਆ । ਅੰਮ੍ਰਿਤਾ ਪ੍ਰੀਤਮ ਤੋਂ ਲੈ ਕੇ ਸਤਿੰਦਰ ਸਿੰਘ ਨੂਰ ਤੱਕ ਸਭ ਨੇ ਉਹਦੀ ਸ਼ੈਲੀ ਨੂੰ ਸਲਾਹਿਆ । ਗੁਰਸ਼ਰਨ ਸਿੰਘ ਨੇ ਉਹਦੀ ਇੱਕ ਕਵਿਤਾ 'ਮੁਣਸ਼ੀ ਖਾਂ' ਦਾ ਡਰਾਮਾ ਬਣਾ ਕੇ ਲੋਕਾਂ ਨੂੰ ਵਿਖਾਇਆ । ਪਰ ਨਾ ਤਾਂ ਉਹਨੂੰ ਕੋਈ ਵੱਡਾ ਪੁਰਸਕਾਰ ਮਿਲਿਆ ਅਤੇ ਨਾ ਹੀ ਉਹ ਕਿਸੇ ਯੂਨੀਵਰਸਿਟੀ ਦੇ ਕੋਰਸ ਵਿੱਚ ਲੱਗਾ । ਇਸ ਲਈ ਉਹ ਕਵੀ ਤਾਂ ਹੈ ਪਰ ਲੋਕਪਿ੍ਯ ਨਹੀਂ । ਪੰਜਾਬੀ ਆਲੋਚਨਾ ਉੱਤੇ ਉਹਨੂੰ ਓਨਾ ਹੀ ਗਿਲਾ ਹੈ ਜਿੰਨਾ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਪੱਤਰਕਾਰੀ 'ਤੇ ਕਦੇ ਹੁੰਦਾ ਸੀ । ਇਸੇ ਸਾਂਝ ਕਾਰਨ ਜੋਗਾ ਸਿੰਘ ਨਾਲੋਂ 'ਜੋਗਾ ਸਿੰਘ ਦਾ ਚੁਬਾਰਾ' ਜ਼ਿਆਦਾ ਜਾਣਿਆ ਜਾਂਦਾ ਹੈ ਅਤੇ ਬਹੁਤਾ ਕਰਕੇ ਉਸਨੂੰ 'ਨਾਗਮਣੀ' ਦੀ ਕਸੌਟੀ ਰਾਹੀਂ ਪਛਾਣਿਆ ਜਾਂਦਾ ਹੈ । ਪਰ ਹੁਣ 'ਨਾਗਮਣੀ' ਪੁੱਗ ਚੁੱਕੀ ਹੈ, ਜੋਗਾ ਸਿੰਘ 'ਸਬੂਤੀ ਅਲਵਿਦਾ' ਕਹਿ ਚੁੱਕਾ ਹੈ ।

ਜੋਗਾ ਸਿੰਘ 'ਪਛਾਣ' ਨਾਂ ਦੀ ਕਵਿਤਾ ਵਿੱਚ ਖ਼ੁਦ ਨੂੰ ਆਵਾਰਾਗਰਦ, ਪਿਅੱਕੜ ਅਤੇ ਸੁਪਨ ਸਾਜ਼ ਦੇ ਰੂਪ ਵਿੱਚ ਪਛਾਨਣ ਦੀ ਕੋਸ਼ਿਸ਼ ਕਰਦਾ ਹੈ । ਆਪਣਾ ਖ਼ੁਦ ਸਾਕਸ਼ੀ ਬਣ ਕੇ ਖ਼ੁਦ ਨੂੰ ਜਾਨਣ ਦੀ ਕੋਸ਼ਿਸ਼ ਕਰਦਾ ਹੈ । ਇਹ ਪਛਾਣ ਸੱਚ ਹੋਣ ਦੇ ਬਾਵਜੂਦ ਉਹ ਮੁੜ ਸੁਪਨੇ ਲੈਣ ਲੱਗ ਪੈਂਦਾ ਹੈ ਅਤੇ ਖ਼ੁਦ ਨੂੰ ਆਖਦਾ ਹੈ:

''ਆਪੇ ਦੀ ਪਛਾਣ ਛੱਡ
ਨਦੀ ਬਣ ਕੇ ਵਹਿ ਜਾ
ਫਿਰ ਲੋਕ ਤੈਨੂੰ ਤੇਰੇ ਰੰਗ ਤੋਂ ਨਹੀਂ
ਉਹਨਾਂ ਜੰਗਲਾਂ ਪਹਾੜਾਂ ਜਾਂ ਮੈਦਾਨਾਂ ਦੀ ਮਿੱਟੀ ਦੇ ਰੰਗ ਤੋਂ ਪਛਾਨਣਗੇ
ਕਿਉਂਕਿ ਪਾਣੀਆਂ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ ।''

ਪਾਣੀਆਂ ਦਾ ਕੋਈ ਰੰਗ ਨਹੀਂ ਹੁੰਦਾ ਪਰ ਰੰਗ ਦਾ ਭੁਲੇਖਾ ਜ਼ਰੂਰ ਪੈਂਦਾ ਰਹਿੰਦਾ ਹੈ । ਜੋਗਾ ਸਿੰਘ ਵਾਂਗ ਉਸਦੀ ਕਵਿਤਾ ਦਾ ਵੀ ਆਪਣਾ ਰੰਗ ਹੈ ਜੋ ਮੌਤ ਵਰਗਾ ਹੈ ਅਤੇ ਮੌਤ ਭਟਕਣਾ ਵਰਗੀ:

''ਅੰਦਰ ਰਹਾਂ ਤਾਂ ਜੰਮ ਕੇ ਮਰ ਜਾਂ, ਬਾਹਰ ਜਾਂ ਸੜ ਜਾਵਾਂ ।
ਮੇਰੇ ਲਈ ਹੀ ਕਿਉਂ ਨਹੀਂ ਕਿਧਰੇ, ਜੀਣ ਜੋਗੀਆਂ ਥਾਵਾਂ ।''

***

21. ਅਥ ਪਿਤਾ-ਪੁਰਾਣ ਲਿਖਯਤੇ

ਪਿਛਲੇ ਕਈ ਦਿਨਾਂ ਤੋਂ, ਚੌਵੀ ਘੰਟੇ, ਮਨ ਦੀ ਹਾਲਤ ਇਹ ਹੈ ਕਿ ਖ਼ੁਦ ਨੂੰ ਪਰੀਖਿਆ ਕੇਂਦਰ ਵਿੱਚ ਬੈਠਾ ਮਹਿਸੂਸ ਕਰ ਰਿਹਾ ਹਾਂ । ਇੱਕ-ਸ਼ਬਦ ਪ੍ਰਸ਼ਨ ਹੈ: ''ਪਿਤਾ?'' ਉੱਤਰ ਦੇਣ ਦੀ ਮੋਹਲਤ ਵਿੱਚ ਕਈ ਵਾਰ ਵਾਧਾ ਕਰਵਾ ਚੁੱਕਾ ਹਾਂ । ਥੀਮ ਆਪਣਾ- ਆਪਣਾ ਹੈ । ਦਿਲ ਦੇ ਨੇੜੇ ਹੈ । ਸਤਿਕਾਰਯੋਗ ਹੈ । ਸੋਚ ਦੀ ਚੱਕੀ ਚੱਲ ਰਹੀ ਹੈ । ਨਿਕਲ ਕੁਛ ਨਹੀਂ ਰਿਹਾ । ਸਿਰਫ਼ ਪੁੜ ਘਸ ਰਹੇ ਨੇ । ਗਾਲਾ ਕਿੱਥੇ ਹੈ?

ਗਊ, ਕੁਰਸੀ ਅਤੇ ਮਹਾਤਮਾ ਗਾਂਧੀ ਵਾਂਗ ਪਿਤਾ 'ਤੇ ਪ੍ਰਸਤਾਵ ਲਿਖ-ਲਿਖ ਕਈ ਵਰਕੇ ਪਾੜ ਚੁੱਕਾ ਹਾਂ । ਸਮਝ ਨਹੀਂ ਆ ਰਹੀ ਕਿ ਜੇਕਰ ਰਾਸ਼ਟਰਪਿਤਾ ਬਾਰੇ ਬਿਨਾਂ ਸੋਚੇ ਸਮਝੇ ਲਿਖਿਆ ਜਾ ਸਕਦਾ ਹੈ ਤਾਂ ਪਿਤਾ ਬਾਰੇ ਲਿਖਦਿਆਂ ਕਲਮ ਨੂੰ ਕੀ ਹੋ ਜਾਂਦਾ ਹੈ? ਕਿਸੇ ਬਾਰੇ ਲਿਖਣ ਤੋਂ ਪਹਿਲਾਂ ਉਸ ਨੂੰ ਵੇਖਣਾ ਪੈਂਦਾ ਹੈ । ਵੇਖਣ ਲਈ ਦੂਰੀ ਜ਼ਰੂਰੀ ਹੈ । ਪਿਤਾ ਤੋਂ ਦੂਰੀ, ਮੇਰੇ ਲਈ ਮੁਮਕਿਨ ਹੀ ਨਹੀਂ । ਸਾਡੀ ਦੋਹਾਂ ਦੀ ਹੋਂਦ ਘੁਲੀ-ਮਿਲੀ ਹੈ । ਪਿਤਾ ਨੂੰ ਖ਼ੁਦ ਤੋਂ ਵੱਖ ਕਰਕੇ ਕਿਵੇਂ ਵੇਖਾਂ? ਉਸ ਤੋਂ ਵੱਖ ਹੋ ਕੇ ਕਿਵੇਂ ਖਲੋਵਾਂ? ਇੱਕ ਤੋਂ ਦੋ ਕਿਵੇਂ ਹੋਵਾਂ?

ਪਿਤਾ ਨੇ ਸਦਾ ਏਕੇ ਦਾ ਸਬਕ ਦਿੱਤਾ ਹੈ । ਅਦਵੈਤ ਦਾ ਪਾਠ ਪੜ੍ਹਾਇਆ ਹੈ । ਦੂਈ ਦਾ ਬੀਜ ਬੋਇਆ ਹੀ ਨਹੀਂ । ਦੂਰੀ ਦਾ ਬੋਧ ਹੋਇਆ ਹੀ ਨਹੀਂ । ਅੰਦਰੋਂ ਆਵਾਜ਼ ਆਉਂਦੀ ਹੈ: ''ਪੁੱਤਰ! ਸਫ਼ਰ ਓਥੋਂ ਹੀ ਸ਼ੁਰੂ ਹੋਣਾ ਹੈ, ਜਿੱਥੇ ਪੈਰ ਹਨ ।'' ...ਮੈਂ ਪੈਰਾਂ ਦੇ ਸਹਾਰੇ ਤੁਰਨ ਦੀ ਕੋਸ਼ਿਸ਼ ਕਰਦਾ ਹਾਂ । ਅਜੀਬ ਸਥਿਤੀ ਹੈ: ਪਿਤਾ ਦੀ ਉਂਗਲ ਫੜ ਕੇ, ਪਿਤਾ ਦੇ ਪੈਰਾਂ ਨਾਲ, ਪਿਤਾ ਦੇ ਪੂਰਨਿਆਂ ਉੱਤੇ ਚੱਲ ਰਿਹਾ ਹਾਂ । ਉਹਨਾਂ ਦਾ ਬਿੰਬ ਸੂਰਜ ਵਾਂਗੂੰ ਦਗ ਦਗ ਕਰਦਾ ਹੈ: ਮੈਂ ਮੋਮਬੱਤੀ ਵਾਂਗੂੰ ਢਲ ਰਿਹਾ ਹਾਂ । ਪਿਤਾ ਦਾ ਸਰੀਰ ਚਿਤਾ ਦੇ ਹਵਾਲੇ ਹੋਇਆ ਡੇਢ ਦਹਾਕਾ ਬੀਤ ਗਿਆ ਹੈ । ਇਕੱਤੀ ਵਰ੍ਹੇ ਪਹਿਲਾਂ ਮੈਂ ਖ਼ੁਦ ਪਿਤਾ ਬਣ ਗਿਆ ਸਾਂ । ਸੱਤ ਸਾਲ ਹੋ ਗਏ ਨੇ ਮੇਰੇ ਪੁੱਤਰ ਨੂੰ ਪਿਤਾ ਬਣਿਆਂ । ...ਆਦਿ ਕਾਲ ਤੋਂ ਪਿਤਾ ਲਗਾਤਾਰ ਪੈਦਾ ਹੋ ਰਿਹਾ ਹੈ, ਪੈਦਾ ਕਰ ਰਿਹਾ ਹੈ । ਭਵਿੱਖ ਨੂੰ ਡਰਾ ਰਿਹਾ ਹੈ: ਭੂਤ ਤੋਂ ਡਰ ਰਿਹਾ ਹੈ । ਪਰਮ-ਪਿਤਾ ਹੀ ਪਿਤਾ ਬਣਕੇ ਲੀਲਾ ਕਰ ਰਿਹਾ ਹੈ । ਭਟਕਿਆ ਹੋਇਆ ਬਾਲ ਘਰ ਪਰਤ ਆਇਆ ਹੈ । ਪਿਤਾ ਨੇ ਛਾਤੀ ਨਾਲ ਲਾਇਆ ਹੈ । ਪਹਿਲਾਂ ਹਨੇਰ ਛਾਇਆ ਹੋਇਆ ਸੀ, ਹੁਣ ਕਈ ਕੁਝ ਯਾਦ ਆ ਰਿਹਾ ਹੈ । ਪਹਿਲਾਂ ਕੁਝ ਸੁੱਝਦਾ ਹੀ ਨਹੀਂ ਸੀ, ਹੁਣ ਲਿਖਣ ਵਿੱਚ ਸਵਾਦ ਆ ਰਿਹਾ ਹੈ ।

ਤੁਰਨ ਵਾਂਗ ਲਿਖਣ ਵੀ ਪਿਤਾ ਨੇ ਲਾਇਆ ਸੀ: ਪੂਰਨੇ ਪਾ ਕੇ, ਕਲਮ ਘੜ ਕੇ, ਹੱਥ ਫੜ ਕੇ । ਲਿਖਾਈ ਤੋਂ ਲਿਖਤ ਤੱਕ ਦਾ ਸਫ਼ਰ ਵੀ ਇਹੋ ਜਿਹਾ ਹੀ ਹੈ । ਉਹ ਕਵੀ ਸਨ । ਪੜ੍ਹਦੇ ਸਨ । ਲਿਖਦੇ ਸਨ । ਸੁਣਾਉਂਦੇ ਸਨ । ਸਮਝਾਉਂਦੇ ਸਨ । ਕਾਗਜ਼ ਨੂੰ ਪੱਤਰਾ ਤੇ ਕਿਤਾਬ ਨੂੰ ਗਰੰਥ ਕਹਿੰਦੇ ਸਨ । ਕਿਤਾਬਾਂ ਨੂੰ ਸਾਫ਼ ਕੱਪੜੇ 'ਚ ਬੰਨ੍ਹ ਕੇ ਉੱਚੇ ਥਾਂ ਰੱਖਦੇ ਸਨ । ਕਿਤਾਬ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਪਵਿੱਤਰ ਕਰਦੇ ਸਨ । ਪੰਜ ਗਰੰਥੀ, ਦਸ-ਗੁਰਦਰਸ਼ਨ, ਕਲਗੀਧਰ ਚਮਤਕਾਰ, ਗੀਤਾ, ਤੁਲਸੀ ਰਮਾਇਣ, ਜਸਵੰਤ ਸਿੰਘ ਟੋਹਾਵਣੀ ਦੀ ਰਮਾਇਣ, ਪੰਡਤ ਰਾਧੇ ਸ਼ਾਮ ਦੀ ਰਮਾਇਣ, ਕਾਲੀਦਾਸ ਦਾ ਪੂਰਨ ਭਗਤ ਤੇ ਗੋਪੀ ਚੰਦ, ਭਰਥਰੀ ਹਰੀ ਸੰਤ ਬਾਣੀ, ਸਾਰ, ਬਚਨ, ਸਾਰੀ ਦੁਨੀਆ, ਸਤਿਜੁਗ... ਵਰਗੀਆਂ ਪੁਸਤਕਾਂ ਤੇ ਪੱਤਰਕਾਵਾਂ ਸਾਡੇ ਘਰੇਲੂ ਸਿਲੇਬਸ ਵਿੱਚ ਲੱਗੀਆਂ ਹੋਈਆਂ ਸਨ । ਪੜ੍ਹਦਾ-ਸੁਣਦਾ ਪਤਾ ਨਹੀਂ, ਕਦੋਂ, ਮੈਂ ਤੁਕਾਂ ਜੋੜਨ ਲੱਗ ਪਿਆ । ਕਬੀਰ, ਨਾਮਦੇਵ,ਰਵੀਦਾਸ,ਪਲਟੂ, ਦਾਦੂ, ਮੀਰਾ ਬਾਈ...ਸਾਡੇ ਟੱਬਰ ਦੇ ਜੀਆਂ ਵਰਗੇ ਸਨ । ...ਹੁਣ ਤਕ ਦੀ ਕਲਮ- ਘਸਾਈ ਦਾ ਜੋ ਕਿਰਿਆ-ਕਲਾਪ ਹੈ । ਸਭ ਪਿਤਾ ਦਾ ਪ੍ਰਤਾਪ ਹੈ । ਉਹਨਾਂ ਦੀਆਂ ਪੜ੍ਹੀਆਂ ਕਿਤਾਬਾਂ ਪੜ੍ਹਦਿਆਂ, ਪੜ੍ਹਨ ਦੀ ਜਾਚ ਆਈ । ਹਾਸ਼ੀਏ ਵਿੱਚ ਲਿਖੀਆਂ ਟਿੱਪਣੀਆਂ ਅਤੇ ਗਲਤ ਛਾਪੇ ਦੀ ਸੁਧਾਈ ਦੀ ਆਦਤ ਹੁਣ ਤੱਕ ਕਾਇਮ ਹੈ । ਫਾਰਸੀ ਜਾਂ ਦੇਵਨਾਗਰੀ ਤੋਂ ਗਰੁਮੁਖੀ ਵਿੱਚ ਲਿਪਾਂਤਰ ਹੋਣ ਵਾਲੀਆਂ ਉਕਾਈਆਂ ਦਾ ਪਤਾ ਉਸੇ ਸਿਖਲਾਈ ਦਾ ਨਤੀਜਾ ਹੈ ।

ਪਿਤਾ ਬਾਰੇ ਲਿਖਣਾ ਹੁਣ ਆਤਮ ਕਥਾ ਲਿਖਣ ਵਾਂਗ ਜਾਪ ਰਿਹਾ ਹੈ । ਇਹ ਵੱਡਾ ਅਤੇ ਜ਼ੁੰਮੇਵਾਰੀ ਵਾਲਾ ਕੰਮ ਹੈ । ਹਾਲ ਦੀ ਘੜੀ ਇਸ ਕੰਮ ਨੂੰ ਅੱਗੇ ਪਾਇਆ ਜਾ ਸਕਦਾ ਹੈ । ਵਕਤੀ ਲੋੜ ਵੱਲ ਆਇਆ ਜਾ ਸਕਦਾ ਹੈ । ਉਹਨਾਂ ਦੇ ਕੁਝ ਬੋਲਾਂ ਨਾਲ ਪ੍ਰਥਮ ਅਧਿਆਇ ਮੁਕਾਇਆ ਜਾ ਸਕਦਾ ਹੈ ।

? ਬੇਟਾ! ਬਹਿਸ ਤੋਂ ਬਚੋ । ਅਖ਼ਬਾਰ ਦੀ ਥਾਂ ਗਰੰਥ ਪੜ੍ਹਿਆ ਕਰੋ ।

? ਕਰਜ਼ਾ ਕੋਹੜ ਹੁੰਦਾ ਹੈ । ਜੇਕਰ ਐਤਵਾਰ ਨੂੰ ਉਤਰਦਾ ਹੋਏ ਤਾਂ ਸੋਮਵਾਰ ਨਹੀਂ ਉਡੀਕੀਦਾ ।

? ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਰੋਜ਼ੀ- ਦਹਿੰਦ, ਬਖ਼ਸ਼ਿੰਦ ਅਤੇ ਮੁਸ਼ਕਿਲ-ਕੁਸ਼ਾ ਸਿਰਫ਼ 'ਉਹੀ' ਹੈ । 'ਉਸ' ਨੂੰ ਯਾਦ ਰੱਖੋ ।

ਅੰਤ ਵਿੱਚ ਉਨ੍ਹਾਂ ਦਾ ਇੱਕ ਸ਼ੇਅਰ:

ਲਾਖ਼ ਹੋਂ ਫ਼ਾਨੂਸ ਰੋਸ਼ਨ ਗ਼ਰ ਸ਼ਬੇ ਦੀਜੂਰ ਮੇਂ,
ਦਿਨ ਨ ਕਹਿਲਾਏਗੀ ਵੋ ਸੂਰਜ ਕੀ ਹਸਤੀ ਕੇ ਬਗ਼ੈਰ ।
ਦਾਨਾ ਹੈ ਤੋ ਸੋਚ ਲੇ ਦਾਨਾ ਭੀ ਗਿਰ ਕਰ ਹੀ ਬੜ੍ਹੇ,
ਬੜ੍ਹਨਾ ਆ ਸਕਤਾ ਨਹੀਂ 'ਸ਼ਾਦਾਬ' ਪਸਤੀ ਕੇ ਬਗ਼ੈਰ ।

ਅਥ ਪਿਤਾ ਪ੍ਰਕਰਣ

ਪਿਤਾ ਇੱਕ ਸ਼ਬਦ ਹੈ, ਸੰਕਲਪ ਹੈ, ਸੰਬੋਧਨ ਹੈ । ਪਿਤਾ ਧਿਰਤਰਾਸ਼ਟਰ ਹੈ, ਬੇਟਾ ਦੁਰਯੋਜਨ ਹੈ¨ ਕੈਸਾ ਵਿਰੋਧਾਭਾਸ ਹੈ ਇਹ ਕੈਸਾ ਅਪਵਾਦ ਹੈ । ਪਿਤਾ ਹਰਨਾਖ਼ਸ਼ ਹੈ, ਬੇਟਾ ਪ੍ਰਹਿਲਾਦ ਹੈ¨ ਰਾਮ ਮਰਿਯਾਦਾ ਹੈ, ਦਸ਼ਰਥ ਸਿਧਾਂਤ ਹੈ । ਪਿਤਾ –ਪੁਰਖੀ ਨਾਟਕ ਦਾ ਇਹੋ ਹੀ ਦੁਖਾਂਤ ਹੈ¨ ਕਸ਼ਯਪ ਨਿਜ-ਬੀਜ ਕੋ ਹੈਰਾਨ ਹੋ ਕੇ ਦੇਖਤੇ । 'ਦਿੱਤੀ' ਜੰਮੇ ਦੈਂਤ ਤੇ 'ਅਦਿੱਤੀ' ਜੰਮੇ ਦੇਵਤੇ¨ ਇੱਕ ਖੁਸ਼ ਹੁੰਦਾ ਏਥੇ ਦੂਸਰੇ ਨੂੰ ਮਾਰਕੇ । ਭਾਵੇਂ ਏਕ ਪਿਤਾ ਸਭ ਏਕਸ ਕੇ ਬਾਰਕੇ¨ ਆਦਮੀ ਦੀ ਬੋਲੀ ਵਿੱਚ ਪਿਤਾ ਇੱਕ ਰਿਸ਼ਤਾ ਹੈ । ਕਿਸੇ ਲਈ ਜਮ-ਦੂਤ, ਕਿਸੇ ਲਈ ਫਰਿਸ਼ਤਾ ਹੈ¨ ਦ੍ਰਿਸ਼ਟੀ ਦਾ ਭਰਮ ਸਭ ਸ੍ਰਿਸ਼ਟੀ ਦੀ ਲੀਲਾ ਹੈ । ਜੀਵਨ ਸਨਾਤਨ ਹੈ, ਪਿਤਾ ਤਾਂ ਵਸੀਲਾ ਹੈ¨ ਆਪਣੇ ਵਜੂਦ ਰਾਹੀਂ ਪਿਤਾ ਨੂੰ ਜੇ ਜਾਣਾਂਗੇ । ਤਾਂ ਹੀ ਪਰਮ ਸੱਚ, ਪਰਮ-ਪਿਤਾ ਨੂੰ ਪਛਾਣਾਂਗੇ¨

''ਇਤਿ ਪਿਤਾ ਪ੍ਰਕਰਣ''

***

22. ਅਣ-ਲਿਖੀ ਪੁਸਤਕ ਦੇ ਪੰਨੇ

ਬੁੱਢੇ ਤਾਂ ਬੁਢਾਪਾ ਕੱਟ ਲੈਂਦੇ ਨੇ ਪਰ ਇਹ ਪਰਚਿਆਂ ਵਾਲੇ ਨਹੀਂ ਕੱਟਣ ਦੇਂਦੇ । ਜਦੋਂ ਇਹਨਾਂ ਨੂੰ ਡੁੰਡੂ ਉੱਠਦਾ ਏ ਅਗਲੇ ਦੇ ਗੋਡਿਆਂ ਤੇ ਖਾਜ ਕਰਨ ਲੱਗ ਪੈਂਦੇ ਨੇ । ਕੋਸ਼ਿਸ਼ ਕਰਕੇ ਠਹਿਰਾਏ ਹੋਏ ਪਾਣੀਆਂ ਵਿੱਚ ਠੀਕਰੀ ਤੈਰਾ ਕੇ ਇਹਨਾਂ ਨੂੰ ਸਵਾਦ ਆਉਂਦਾ ਏ । ਇਹ ਤਮਾਸ਼ਬੀਨ ਲੋਕ ਨੇ ਜੋ ਬੁੱਢਿਆਂ ਦਾ ਤਮਾਸ਼ਾ ਖ਼ੁਦ ਤਾਂ ਵੇਖਣਾ ਹੀ ਚਾਹੁੰਦੇ ਨੇ; ਲੋਕਾਂ ਨੂੰ ਵੀ ਵਿਖਾਉਣਾ ਚਾਹੁੰਦੇ ਨੇ । ਅਪਣੱਤ ਜਤਾ ਕੇ ਉਹਨਾਂ ਤੋਂ ਝੂਠ- ਸੱਚ ਬੁਲਾਉਣਾ ਚਾਹੁੰਦੇ ਨੇ । ਉਹਨਾਂ ਦੀ ਮੌਤ ਦੇ ਪਰਵਾਨੇ ਉਹਨਾਂ ਤੋਂ ਹੀ ਲਿਖਵਾਉਣਾ ਚਾਹੁੰਦੇ ਨੇ । ਇਹ ਉਹਨਾਂ ਦੀ ਲੋੜ ਹੈ, ਰੁਝੇਵਾਂ ਹੈ, ਸ਼ੁਗਲ ਹੈ । ਜਿਹੜਾ ਵੀ ਪ੍ਰਾਣੀ ਜਨਮਿਆ ਹੈ; ਮਰਨ ਤੋਂ ਪਹਿਲਾਂ ਉਹਨੂੰ ਕੁਝ ਨਾ ਕੁਝ ਕਰਦੇ ਹੀ ਰਹਿਣਾ ਪੈਂਦਾ ਹੈ । ਇਸੇ 'ਕੁਝ ਨਾ ਕੁਝ' ਕਰਕੇ ਉਸਦੀ ਪਛਾਣ ਬਣਦੀ-ਬਿਣਸਦੀ ਰਹਿੰਦੀ ਹੈ । ਸਾਹਾਂ ਦੀ ਮੋਹਲਤ ਦੇ ਆਖ਼ਰੀ ਪੜਾਅ ਨੂੰ ਵੀ ਨਾਮ ਦੇ ਰੂਪ ਦੇ ਆਸਰੇ ਹੀ ਬਿਆਨ ਕੀਤਾ ਜਾ ਸਕਦਾ ਹੈ । ਨਾਮ ਵਜੋਂ ਸਾਨੂੰ ਬੁੱਢਿਆਂ ਨੂੰ ਬੁੜ੍ਹੇ ਪ੍ਰੌਢ, ਬੁੱਢੇ ਠੇਰੇ, ਚੌਰੇ, ਬਜ਼ੁਰਗ, ਪੱਕੀ ਉਮਰ ਦੇ, ਸੀਨੀਅਰ ਸਿਟੀਜ਼ਨ ਵਗੈਰਾ ਕਰਕੇ ਜਾਣਿਆ ਜਾਂਦਾ ਹੈ ਅਤੇ ਰੂਪ ਵਜੋਂ ਧੌਲਾ ਝਾਟਾ, ਧੌਲੀ ਦਾੜ੍ਹੀ, ਹਿੱਲਦਾ ਸਿਰ, ਕੰਬਦੇ ਹੱਥ, ਡੋਲਦੇ ਪੈਰ, ਚੁੰਨ੍ਹ੍ਹੀਆਂ ਅੱਖਾਂ, ਬੋੜੇ ਮੂੰਹ, ਝੁਰੜੀਦਾਰ ਚਿਹਰੇ ਵਗੈਰਾ ਤੋਂ ਪਛਾਣਿਆ ਜਾਂਦਾ ਹੈ । ਸ਼ਬਦਾਂ ਦੀ ਇਹ ਮਾਇਆ ਅਜੀਬ ਹੈ, ਦਿਲਚਸਪ ਵੀ । ਇਸੇ ਮਾਇਆ ਦੇ ਆਰਪਾਰ ਝਾਕਣ ਦੀ ਕੋਸ਼ਿਸ਼ ਵਿੱਚ ਕੁਝ ਅਤਿ ਮਹਿੰਗੇ ਸਾਹਾਂ ਨੂੰ ਲੇਖੇ ਲਾਉਣ ਦਾ ਬਹਾਨਾ ਮਿਲ ਗਿਆ ਹੈ । ਸ਼ੁਕਰੀਆ ਲਕੀਰ! ਗੱਲ ਸ਼ੁਰੂ ਕਰਨ ਲਈ ਜੋ ਪਹਿਲਾ ਫ਼ਿਕਰਾ ਸੁੱਝਿਆ ਹੈ, ਉਸਦਾ ਪਹਿਲਾ ਸ਼ਬਦ ਹੈ; ਮੈਂ! 'ਮੈਂ' ਇਸੇ ਅਪਰੈਲ ਮਹੀਨੇ ਦੀ ਤੀਹ ਤਰੀਕ ਨੂੰ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਗਿਆ ਹਾਂ ।' ਇਹ 'ਮੈਂ' ਹਮੇਸ਼ਾ ਵਾਂਗ ਤੰਗ ਕਰ ਰਿਹਾ ਹੈ । ਕੌਣ ਹੈ ਇਹ 'ਮੈਂ'? ਇਹ ਜੋ ਸ਼ਖ਼ਸ ਚਾਲੀ ਸਾਲਾਂ ਦੀ ਨੌਕਰੀ ਪਿੱਛੋਂ ਅਠਵੰਜਾ ਸਾਲ ਦੀ ਉਮਰ ਵਿੱਚ ਰਿਟਾਇਰ ਕਰ ਦਿੱਤਾ ਗਿਆ ਹੈ, ਇਹ ਤਾਂ ਮੈਂ ਨਹੀਂ । ਵਰਤਮਾਨ ਵਿੱਚ ਖੜ੍ਹ ਕੇ ਇਹ ਜੋ ਅਤੀਤ ਦਾ ਨਰੀਖਣ ਕਰ ਰਿਹਾ ਹੈ, ਇਹ ਕੋਈ ਹੋਰ ਹੈ । ਪਹਿਲਾਂ ਇਹਦੇ ਬਾਰੇ ਕੋਈ ਫ਼ੈਸਲਾ ਹੋ ਜਾਏ ਤਾਂ ਹੀ ਗੱਲ ਅੱਗੇ ਤੁਰ ਸਕਦੀ ਹੈ ।

ਧੰਨ ਨੇ ਉਹ ਲਿਖਾਰੀ ਜਿਹੜੇ ਕੁਰਸੀ, ਗਊ ਅਥਵਾ ਹਿਮਾਲੀਆ ਪਹਾੜ ਬਾਰੇ ਨਿਬੰਧ ਲਿਖਣ ਵਾਂਗ ਆਪਣੇ ਬਾਰੇ ਵੀ ਸਿੱਕੇ ਬੰਦ ਤੱਥ ਤੇ ਆਂਕੜਿਆਂ ਸਮੇਤ ਬਿਆਨਬਾਜ਼ੀ ਕਰਕੇ ਨਾਮ- ਦਾਮ ਕਮਾ ਜਾਂਦੇ ਨੇ । ਚੰਗੇ ਹੋਟਲ ਦੇ ਟਰੇਂਡ ਬੈਰੇ ਵਾਂਗ ਉਹ ਆਪਣਾ 'ਬਾਇਉਡਾਟਾ', ਕਦੇ ਵੀ ਤੇ ਕਿਤੇ ਵੀ, ਮਸ਼ੀਨ ਵਾਂਗ ਦੁਹਰਾ ਸਕਦੇ ਹਨ । 'ਸੁਤੇ-ਸਿੱਧ' ਉਤਰਨ ਵਾਲੀਆਂ ਰਚਨਾਵਾਂ ਤਾਂ ਪਤਾ ਨਹੀਂ ਕਿੱਥੇ ਛਿਪ ਖਲੋਤੀਆਂ ਹਨ; 'ਸੁੱਤੇ ਸੁੱਤੇ' ਉਚਾਰੀਆਂ ਗਈਆਂ ਕਿਤਾਬਾਂ ਪ੍ਰਧਾਨ ਬਣ ਕੇ ਫਿਰ ਰਹੀਆਂ ਹਨ । ਇਸ ਦੌਰ ਵਿੱਚ ਆਪਣੇ ਅੰਦਰ ਉਤਰਨ ਦੀ ਗੱਲ ਕਰਨਾ ਓਪਰਾ ਓਪਰਾ ਲੱਗਦਾ ਹੈ । ਬਹੁਤ ਸਾਰੇ ਮਜ਼ਾਕ ਏਸੇ ਸਥਿਤੀ ਨਾਲ ਜੁੜੇ ਹੋਏ ਨੇ; ਹੱਡਾਂ ਗੋਡਿਆਂ ਤੋਂ ਰਹੀ ਤੇ ਨਾਮ ਜਪਣ ਡਹੀ । ਜਾਂ ਫਿਰ ....ਬੁੱਢੇ ਵਾਰੇ ਮਾਲਾ ਫੜ ਲਈ, ਰੱਬ ਦਾ ਉਲਾਹਮਾ ਲਾਹਿਆ । ਵੇਦ ਅਤੇ ਲੋਕ-ਵੇਦ ਦੇ ਕੁਦਰਤੀ ਤਕਰਾਰ ਤੋਂ ਪਾਸਾ ਵੱਟ ਕੇ ਸਫ਼ਰ ਜਾਰੀ ਰੱਖਣਾ ਹੀ ਉਚਿਤ ਹੈ ।

***

ਇਸ ਤਰ੍ਹਾਂ ਦੇ ਮਜ਼ਮੂਨ ਵਿੱਚ 'ਮੈਂ' ਦੇ ਪ੍ਰਯੋਗ ਤੋਂ ਬਚਿਆ ਨਹੀਂ ਜਾ ਸਕਦਾ । ਇਸ ਲਈ ਪਹਿਲਾਂ ਹੀ ਅਰਜ਼ ਕਰ ਦਿਆਂ ਕਿ ਇਸ ਵਕਤੀ ਮਜਬੂਰੀ ਨੂੰ ਵਕਤੀ ਹੀ ਸਮਝਿਆ ਜਾਏ ਕਿਉਂਕਿ ਹੱਥਲਾ ਕੰਮ ਨਿਪਟਾਉਣ ਤੋਂ ਪਿੱਛੋਂ ਵੀ, ਪਹਿਲਾਂ ਵਾਂਗ ਹੀ, ਖ਼ੁਦ ਨੂੰ ਜਾਨਣ-ਸਮਝਣ ਦੀ ਪ੍ਰਕਿਰਿਆ ਜਾਰੀ ਰਹੇਗੀ । ਜਾਣੇ- ਅਨਜਾਣੇ, ਹੁਣ ਤੱਕ, ਮੈਂ ਇਹੋ ਕਰਮ ਕੀਤਾ ਹੈ ਅਤੇ ਇਸ ਕਰਮ ਤੋਂ ਇਲਾਵਾ ਕੋਈ ਕਰਮ ਨਹੀਂ ਕੀਤਾ । ਕਿਸੇ ਸਮਾਗਮ ਵਿੱਚ ਆਪਣਾ ਰਸਮੀ 'ਪਰਿਚਯ' ਦੇਣਾ ਜਾਂ 'ਰੁਬਰੂ' ਸਮੇਂ ਆਪਣੀਆਂ ਪ੍ਰਾਪਤੀਆਂ ਨੂੰ ਹਵਾ ਦੇਣਾ ਮੇਰੇ ਲਈ ਸਭ ਤੋਂ ਵੱਧ ਸੰਕਟ ਭਰਪੂਰ ਹੁੰਦਾ ਹੈ । ਹੋਰਨਾਂ ਬਾਰੇ ਮੇਰੇ ਕੋਲ ਜਿਹੜੀ ਸੂਚਨਾ ਹੈ ਉਸਦੇ ਆਧਾਰ 'ਤੇ ਉਹਨਾਂ ਬਾਰੇ 'ਸੱਚ' ਬੋਲਣ ਦਾ ਭਰਮ ਤਾਂ ਪਾਲਦਾ ਆਇਆ ਹਾਂ ਪਰ ਮੈਨੂੰ ਯਕੀਨ ਹੋ ਗਿਆ ਹੈ ਕਿ ਆਪਣੇ ਬਾਰੇ ਮੈਂ ਕੱਖ ਨਹੀਂ ਜਾਣਦਾ ਅਤੇ ਇਸ ਹਾਲਤ ਵਿੱਚ ਜੋ ਕੁਝ ਵੀ ਬੋਲਾਂਗਾ ਉਹ ਮੇਰੀ ਨਜ਼ਰ ਵਿੱਚ ਸੱਚ ਨਹੀਂ ਹੋਵੇਗਾ । ਸੱਚ ਦੀ ਪਰਿਭਾਸ਼ਾ, ਸੱਚ ਦੀ ਪਛਾਣ, ਸੱਚ ਦਾ ਅਨੁਭਵ... ਸਭ ਕਿਤਾਬੀ ਹੈ । ਸੁਣਿਆ-ਸੁਣਾਇਆ ਹੈ । ਪੜ੍ਹਿਆ-ਦੁਹਰਾਇਆ ਹੈ । ਜੀਵਨੀਆਂ ਅਤੇ ਸਵੈ-ਜੀਵਨੀਆਂ ਪੜ੍ਹਨ ਵਿੱਚ ਮੇਰੀ ਖ਼ੂਬ ਦਿਲਚਸਪੀ ਹੈ । ਇਸੇ ਲਈ ਜੀਵਨ ਵੀ ਦਿਲਚਸਪ ਲੱਗਣ ਲੱਗ ਪਿਆ ਹੈ । ਕਿਤਾਬਾਂ ਤੋਂ ਬਾਹਰਲਾ ਜੀਵਨ । ਜੀਵਨ ਜੋ ਅਜੇ ਵਿਚਾਰ ਨਹੀਂ ਬਣਿਆ । ਸਾਰੇ ਵਿਚਾਰ ਅਤੀਤ ਨਾਲ ਸੰਬੰਧਿਤ ਹੁੰਦੇ ਹਨ, ਯਾਦਾਂ ਵਾਂਗ, ਇਤਿਹਾਸ ਵਾਂਗ । ਵਿਅਕਤੀਗਤ ਅਤੀਤ ਨੂੰ ਉਮਰ ਆਖਦੇ ਹਨ । ਉਮਰ ਦੌਰਾਨ ਵਾਪਰੀ ਜੀਵਨ ਦੀ ਧੁੱਪ-ਛਾਂ ਨੂੰ ਪ੍ਰਗਟ ਹੋਣ ਲਈ ਕਈਆਂ ਕੰਧਾਂ-ਕੌਲਿਆਂ ਦੇ ਸਹਾਰੇ ਲੈਣੇ ਪੈਣਗੇ । ਇਹਨਾਂ ਕੰਧਾਂ-ਕੌਲਿਆਂ ਨੂੰ ਅਸੀਂ ਸ਼ਖ਼ਸੀਅਤ ਦੇ ਪਹਿਲੂ ਵੀ ਆਖ ਸਕਦੇ ਹਾਂ । ਸ਼ਖ਼ਸੀਅਤ ਦੀ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ:- ਪਰਿਵਾਰਕ ਪਿਛੋਕੜ, ਮਾਲੀ ਹਾਲਤ, ਧਰਮ ਦਾ ਠੁੰਮ੍ਹਣਾ, ਸੱਤਾ ਦਾ ਨੇੜ, ਸਮਾਜੀ ਹੈਸੀਅਤ, ਪਦਵੀ.... । ਕਿਸੇ ਦਾ ਅਤੀਤ ਹੀ ਉਸਦੀ ਹਉਮੈ ਦਾ ਅਕਾਰ ਨਿਰਧਾਰਤ ਕਰਦਾ ਹੈ । ਇਹ ਹਉਮੈ ਹੀ ਸਤੋਗੁਣੀ ਰੂਪ ਵਿੱਚ ਆਤਮ-ਸੰਮਾਨ ਅਤੇ ਰਜੋਗੁਣੀ ਰੂਪ ਵਿੱਚ ਸਵੈ-ਅਭਿਮਾਨ ਦਾ ਰੂਪ ਧਾਰਨ ਕਰਦੀ ਹੈ । ਇਸਨੂੰ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਜਾਨਣ ਤੋਂ ਬਾਦ ਇਹ ਬਚਦੀ ਹੀ ਨਹੀਂ । ਹਾਲ ਦੀ ਘੜੀ ਜਿੰਨੀ ਕੁ ਇਹ ਵਿਚਾਰੀ ਬਚੀ ਹੋਈ ਹੈ, ਇਹਦੀ ਗੱਲ ਹੋ ਸਕਦੀ ਹੈ । ਵਿਚਾਰਾਂ ਦਾ ਰੂਪ ਧਾਰ ਚੁੱਕੀ ਜ਼ਿੰਦਗੀ ਅਣਲਿਖੀ ਪੁਸਤਕ ਵਾਂਗ ਵਾਚੀ ਜਾ ਸਕਦੀ ਹੈ ਅਤੇ ਉਸਨੂੰ ਸਿਲਸਿਲੇਵਾਰ ਪੜ੍ਹਨ ਦੀ ਮਜਬੂਰੀ ਵੀ ਨਹੀਂ ਹੁੰਦੀ । ਖ਼ੁਦ ਨੂੰ ਇਹ ਸਹੂਲਤ ਦੇ ਕੇ ਮੈਂ ਥੋੜ੍ਹਾ ਜਿਹਾ ਤਣਾਅ-ਮੁਕਤ ਹੋਣਾ ਚਾਹੁੰਦਾ ਹਾਂ । ਸੇਵਾ-ਮੁਕਤ ਵਿਅਕਤੀ ਨੂੰ ਏਨੀ ਕੁ ਛੋਟ ਤਾਂ ਮਿਲ ਹੀ ਸਕਦੀ ਹੈ ।

***

ਮੈਂ ਢਾਈ ਵਰ੍ਹਿਆਂ ਦਾ ਸਾਂ ਜਦੋਂ ਨਾਰੋਵਾਲ ਤਹਿਸੀਲ ਦੇ ਪਿੰਡ ਰਸੀਂਹਵਾਲ 'ਚੋਂ ਪਨਾਹਗੀਰ ਬਣ ਕੇ ਧਿਆਨਪੁਰ ਆਇਆ ਸਾਂ । ਸੋਲ੍ਹਾਂ ਵਰ੍ਹੇ ਪਿੰਡ ਬਿਤਾਏ, ਵੀਹ ਵਰ੍ਹੇ ਚੰਡੀਗੜ੍ਹ ਤੇ ਵੀਹ ਵਰ੍ਹੇ ਰੋਪੜ । ਮੈਟ੍ਰਿਕ ਪਿੱਛੋਂ ਪ੍ਰਭਾਕਰ, ਗਿਆਨੀ ਐਮ. ਏ. ਪ੍ਰਾਈਵੇਟ ਕਰਕੇ ਕਲਰਕ ਤੋਂ ਕਾਲਜ ਟੀਚਰ ਬਣ ਗਿਆ । ਅਠਾਈ ਸਾਲ ਦੀ ਉਮਰ ਵਿੱਚ ਸੁਰਿੰਦਰ ਨਾਲ ਵਿਆਹ ਹੋਇਆ । ਅੰਸ਼ੂਮਾਨ ਤੇ ਅਲੰਕਾਰ; ਦੋ ਬੇਟੇ ਹਨ । ਸੁਖ ਨਾਲ ਦਾਦਾ ਬਣ ਚੁੱਕਾ ਹਾਂ । ਚੰਡੀਗੜ੍ਹ ਆਪਣਾ ਫਲੈਟ ਹੈ, ਰੋਪੜ ਵੀ । ਦੋਹਾਂ ਜੀਆਂ ਨੂੰ ਪੈਨਸ਼ਨ ਮਿਲਦੀ ਹੈ । ਬਹੁਤ ਦੁੱਖ ਦੇਣ ਵਾਲੀ ਕੋਈ ਬਿਮਾਰੀ ਨਹੀਂ । ਸੁਖ ਹੈ । ਸਹਿਜ ਹੈ । ਸ਼ਾਂਤੀ ਹੈ । ਯਾਦ ਨਹੀਂ ਆਉਂਦਾ ਕਿ ਕਦੇ ਕੋਈ ਚੀਜ਼ ਮੰਗ ਕੇ ਜਾਂ ਖੋਹ ਕੇ ਲਈ ਹੋਵੇ । ਕਿਸੇ ਦੌੜ ਵਿੱਚ ਕਦੇ ਸ਼ਾਮਿਲ ਨਹੀਂ ਹੋਇਆ । ਉਚੇਚੇ ਤੌਰ 'ਤੇ ਕਦੇ ਕਿਸੇ ਨਾਲ ਵਾਕਫ਼ੀਅਤ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਕਿਸੇ ਧਰਮ, ਸਿਆਸੀ ਵਿਚਾਰਧਾਰਾ ਜਾਂ ਸੰਸਥਾ ਨਾਲ ਕੋਈ ਦੂਰ ਨੇੜੇ ਦਾ ਵਾਸਤਾ ਨਹੀਂ ਰੱਖਿਆ । ਕਿਸੇ ਕਿਸਮ ਦੀ ਪਾਬੰਦੀ, ਠੋਸੀ ਹੋਈ ਮਰਿਆਦਾ ਜਾਂ ਯੋਜਨਾਬੰਦੀ ਨੂੰ ਕਦੇ ਅਹਿਮੀਅਤ ਨਹੀਂ ਦਿੱਤੀ । ਦੂਸਰਿਆਂ ਦੀ ਅਜ਼ਾਦੀ ਦੀ ਸਦਾ ਇੱਜ਼ਤ ਕੀਤੀ ਹੈ । ਸੰਘਰਸ਼ ਨਹੀਂ ਕੀਤਾ । ਸਮਝੌਤਾ ਵੀ ਨਹੀਂ ਕੀਤਾ । ਹੁਣ ਇਹ ਸਭ ਕੁਝ ਯਾਦ ਕਰ ਕੇ ਹੈਰਾਨੀ ਹੋ ਰਹੀ ਹੈ ਕਿ ਏਨਾ ਲੰਬਾ ਸਮਾਂ ਏਨੀ ਸਹਿਜਤਾ ਨਾਲ ਕਿਵੇਂ ਬੀਤ ਗਿਆ ।

ਬੱਸ ਵਾਪਰ ਗਿਆ ਨਾ ਉਹੀਉ ਭਾਣਾ, ਜਿਸਦਾ ਡਰ ਸੀ । ਰਤਾ ਕੁ ਢਿੱਲ ਦਿੱਤੀ ਨਹੀਂ ਕਿ 'ਮੈਂ' ਦਾ ਵਿਸਥਾਰ ਹੋਣਾ ਸ਼ੁਰੂ । ਗੁਬਾਰਾ ਫੁੱਲਦਾ ਹੀ ਜਾਂਦਾ ਹੈ । ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ । ਇਹ ਮੈਂ ਅਤੇ ਆਹ ਸਭ ਮੇਰਾ । ਏਸੇ ਖਲਜਗਣ ਤੋਂ ਬਚਣ ਲਈ ਏਨੀ ਲੰਮੀ ਭੂਮਿਕਾ ਬੰਨ੍ਹੀ ਸੀ । ਸਭ ਵਿਅਰਥ । ਫ਼ਜੂਲ । ਹੁਣ ਗੱਲ ਸਿਰਫ਼ ਸਾਹਿੱਤ ਦੇ ਬਹਾਨੇ ਨਾਲ ਹੀ ਹੋ ਸਕਦੀ ਹੈ । ਸਵਾਲਨਾਮਾ ਲੇਖਕ ਨੂੰ ਹੀ ਭੇਜਿਆ ਗਿਆ ਹੈ । ਲੇਖਕ ਨੂੰ ਸਵਾਲਨਾਮੇ ਤੱਕ ਹੀ ਮਹਿਦੂਦ ਰਹਿਣਾ ਚਾਹੀਦਾ ਹੈ । ਸਰਦੇ ਬਣਦੇ ਜਵਾਬ ਹਾਜ਼ਰ ਨੇ :

0 ਮੈਂ ਆਪਣੇ ਲੰਮੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਮ ਆਦਮੀ ਵਾਂਗ ਵੇਖਿਆ ਤੇ ਭੋਗਿਆ ਹੈ । ਯਥਾ ਸ਼ਕਤੀ ਕਲਮ ਰਾਹੀਂ ਹੁੰਗਾਰਾ ਵੀ ਭਰਿਆ ਹੈ;

0 ਉਮਰ ਦੇ ਹਰ ਪੜਾਅ ਨੂੰ ਵਰਤਮਾਨ ਦੀ ਦ੍ਰਿਸ਼ਟੀ ਤੋਂ ਹੀ ਸਵੀਕਾਰ ਕੀਤਾ ਹੈ । ਬਚਪਨ ਸਮੇਂ ਜਵਾਨ ਹੋਣ ਦੀ ਕੋਸ਼ਿਸ਼ ਵਿੱਚ ਬੁੱਢਾ ਨਹੀਂ ਹੋਇਆ ਅਤੇ ਹੁਣ ਬੁੱਢੇ ਵਾਰੇ ਜਵਾਨ ਬਣਨ ਦੀ ਕੋਸ਼ਿਸ਼ ਵਿੱਚ ਬੱਚਾ ਨਹੀਂ ਬਣ ਰਿਹਾ । ਸਨਮਾਨ ਦੇਣ ਲੈਣ ਦੇ ਚੱਕਰ ਵਿੱਚ ਪਿਆ ਹੀ ਨਹੀਂ । ਚਿੜੀਆਂ ਤੋਤਿਆਂ ਨਾਲ ਆਪਣੀ ਕੋਈ ਸਾਂਝ ਨਹੀਂ । ਲੋਈ ਕਦੋਂ ਦੀ ਲਾਹੀ ਹੋਈ ਹੈ ।

0 ਮੇਰੇ ਲਈ ਸਾਹਿੱਤ ਮਹੱਤਵ ਰੱਖਦਾ ਹੈ, ਸਾਹਿੱਤਕਾਰ ਨਹੀਂ । ਆਪਣਾ ਜਾਂ ਟੱਬਰ ਦਾ ਢਿੱਡ ਭਰਨ ਲਈ ਉਹ ਕੀ ਕਰਦੇ ਨੇ, ਇਸ ਨਾਲ ਮੇਰਾ ਕੋਈ ਸਰੋਕਾਰ ਨਹੀਂ । ਸਵਾਰੀ ਆਪਣੇ ਸਮਾਨ ਦੀ ਖ਼ੁਦ ਜ਼ੁੰਮੇਵਾਰ ਹੈ । ਅਹਿਮੀਅਤ ਇਸ ਗੱਲ ਦੀ ਹੈ ਕਿ ਉਸ ਨੇ ਲਿਖਿਆ ਕੀ ਹੈ । ਦਮਦਾਰ ਲਿਖਤਾਂ ਲਈ ਕੋਈ ਖ਼ਾਸ ਕਾਲ-ਖੰਡ ਨਿਸ਼ਚਿਤ ਨਹੀਂ ਹੁੰਦਾ । 0 ਨਵੇਂ ਅਤੇ ਪੁਰਾਣੇ ਸਾਹਿੱਤ ਦੀ ਵੰਡ ਵੀ ਤਰਕ-ਸੰਗਤ ਨਹੀਂ । ਅਸੀਂ ਕਈ ਵਾਰ ਆਪਣੀ ਸਹੂਲਤ ਲਈ, ਆਪਣੀ ਲਿਖਤ ਨੂੰ ਵਡਿਆਉਣ ਲਈ, ਬਾਕੀਆਂ ਉੱਤੇ ਕਾਟਾ ਫੇਰਨ ਦੀ ਸਾਜ਼ਿਸ਼ ਰਚ ਲੈਂਦੇ ਹਾਂ । ਧੜੇਬੰਦੀ ਨੂੰ ਉਤਸ਼ਾਹ ਦੇਣ ਅਤੇ ਆਪਣਿਆਂ ਨੂੰ ਰਿਉੜੀਆਂ ਵੰਡਣ ਲਈ ਇਹੋ ਜਿਹੀਆਂ ਸਕੀਮਾਂ ਯੂਨੀਵਰਸਿਟੀਆਂ ਵਾਲੇ ਗਿਆਨ ਬੰਧੂ ਘੜਦੇ ਰਹਿੰਦੇ ਨੇ ।

0 ਨਵਾਂ ਸਮਾਂ ਕਿਸੇ ਪੱਖੋਂ ਵੀ ਚੰਗਾ ਜਾਂ ਮਾੜਾ ਨਹੀਂ; ਬੱਸ ਨਵਾਂ ਏ । ਮੁਕਾਬਲਾ ਕਰਨ ਦੀ ਆਦਤ ਨੇ ਸਾਨੂੰ ਦੁਬਿਧਾ ਵਿੱਚ ਪਾ ਕੇ ਭੁਚਲਾਇਆ ਹੋਇਆ ਏ ।

0 ਆਉਣ ਵਾਲਾ ਸਮਾਂ ਕਦੇ ਆਏਗਾ ਹੀ ਨਹੀਂ । ਸਦਾ ਹੀ ਵਰਤਮਾਨ ਰਹੇਗਾ । ਵਰਤਮਾਨ ਨੂੰ ਮਾਣੋ । ਆਉਣ ਵਾਲੇ ਸਮੇਂ ਦੀ ਚਿੰਤਾ ਆਉਣ ਵਾਲੇ ਲੋਕਾਂ ਲਈ ਰਹਿਣ ਦਿਉ ।

0 ਅਜੇ ਲਿਖ ਰਿਹਾ ਹਾਂ । ਲਿਖਣ ਨਾਲੋਂ ਜ਼ਿਆਦਾ ਪੜ੍ਹ ਰਿਹਾ ਹਾਂ । ਲਿਖਣ ਦੀ ਗਤੀ ਘਟੀ ਹੈ ਪਰ ਜੀਵਨ ਪ੍ਰਤਿ ਸਮਝ ਵਧੀ ਹੈ ।

0 ਸਾਹਿਤ ਪੱਕੀ ਉਮਰ ਦੇ ਲੋਕਾਂ ਬਾਰੇ ਵੀ ਲਿਖਿਆ ਜਾਂਦਾ ਰਿਹਾ ਹੈ ਪਰ ਇਹ ਦਲਿਤ ਸਾਹਿੱਤ ਵਾਂਗ ਕੋਈ ਵੱਖਰੀ ਕੈਟੇਗਰੀ ਨਹੀਂ ਬਣਦੀ । ਨਾਲੇ ਸਾਹਿੱਤ ਲੋਕਾਂ ਲਈ ਹੁੰਦਾ ਹੈ, ਬਾਰੇ ਨਹੀਂ । ਵਿਅਕਤੀ ਪਾਤਰ ਹੁੰਦਾ ਹੈ ਤੇ ਵਿਸ਼ਾ ਵਸਤੂ । ਬੁੱਢਾ ਵਿਅਕਤੀ ਹੈ, ਬੁਢਾਪਾ ਵਸਤੂ । 0 ਰੀਝ ਨਾਲ ਕਦੇ ਕੁਝ ਲਿਖਿਆ ਹੀ ਨਹੀਂ ਜਾਂਦਾ । ਸੁਪਨੇ ਉਸਨੂੰ ਆਉਂਦੇ ਨੇ ਜਿਸਦੀ ਨੀਂਦ ਵਿੱਚ ਗੜਬੜ ਹੋਵੇ । ਉਂਜ ਕੋਸ਼ਿਸ਼ ਕਰਾਂਗਾ ਕਿ ਆਖ਼ਰੀ ਸਾਹ ਤੱਕ ਜੀਵਨ ਨੂੰ ਸਮਝਣ ਦੀ ਰੀਝ ਕਾਇਮ ਰਹੇ ।

0 ਅਣਗੌਲੇ ਹੋਣ ਦਾ ਕਤੱਈ ਗਿਲਾ ਨਹੀਂ ਕਿਉਂਕਿ ਹਰ ਕਹਿੰਦਾ-ਕਹਾਉਂਦਾ ਲੇਖਕ ਅਤੇ ਹਰ ਕਾਬਲ-ਇ-ਜ਼ਿਕਰ ਸੰਪਾਦਕ ਮੇਰੇ 'ਤੇ ਮਿਹਰਬਾਨ ਰਿਹਾ ਹੈ, ਤੁਹਾਡੀ ਕਿਰਪਾ ਨਾਲ, ਅਤੇ ਪਾਠਕਾਂ ਦੀ ਮਿਹਰਬਾਨੀ ਦਾ ਕੋਈ ਲੇਖਾ ਹੀ ਨਹੀਂ ।

0 ਮੇਰੇ ਜੀਵਨ ਦੀ ਹਰ ਪ੍ਰਾਪਤੀ ਸਾਹਿੱਤ ਕਰਕੇ ਹੈ । ਸਾਹਿੱਤ ਮੇਰੇ ਜੀਵਨ ਦੀ ਪ੍ਰਾਣ-ਧਾਰਾ ਹੈ । ਮੇਰਾ ਸੂਝ- ਖੇਤਰ ਵੀ ਸਾਹਿੱਤ । ਸਾਹਿੱਤ ਤੋਂ ਬਿਨਾਂ ਮੈਂ ਕੁਝ ਨਹੀਂ ਜਾਣਦਾ ਅਤੇ ਸਾਹਿੱਤ ਤੋਂ ਬਾਹਰ ਮੈਨੂੰ ਕੋਈ ਨਹੀਂ ਜਾਣਦਾ । ਸਾਹਿੱਤ ਤੋਂ ਬਾਹਰਲੀਆਂ ਪ੍ਰਾਪਤੀਆਂ ਵੀ ਸਾਹਿੱਤ ਕਰਕੇ ਹੀ ਹਨ ।

0 ਵਿਦੇਸ਼ ਯਾਤਰਾ ਅਤੇ ਕਾਨਫਰੰਸ ਦੀ ਪ੍ਰਧਾਨਗੀ ਨਾਲ ਮੈਨੂੰ ਸਾਹਿੱਤ ਦਾ ਕੋਈ ਸਰੋਕਾਰ ਨਹੀਂ ਲੱਗਦਾ । ਸਾਹਿੱਤਕਾਰਾਂ ਨੂੰ ਅਜਿਹੇ ਕੰਮ ਕੋਈ ਵਿਸ਼ੇਸ਼ ਸੋਭਾ ਨਹੀਂ ਦੇਂਦੇ ।

0 ਜਾਣ ਬੁੱਝ ਕੇ ਜਾਂ ਧੱਕੇ ਨਾਲ ਦੋਸਤੀ ਤਾਂ ਕੀ, ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ । ਪਹਿਲਾਂ ਵਾਂਗ ਹੁੰਦੀਆਂ ਰਹਿਣ ਦੋਸਤੀਆਂ, ਮੁਬਾਰਕ । ਖਹਿੜਾ ਉਹ ਛੁਡਾਉਣਾ ਚਾਹੁੰਦੇ ਨੇ ਜਿਹੜੇ ਧੁੱਸ ਦੇ ਕੇ ਵੜੇ ਹੋਣ ।

0 ਦਿਲ ਦੀ ਹੀ ਨਹੀਂ ਦਿਮਾਗ ਦੀ ਵੀ ਪੂਰੀ ਇਮਾਨਦਾਰੀ ਨਾਲ ਸਭ ਕੁਝ ਲਿਖ ਦਿੱਤਾ ਹੈ । ਅੱਗੋਂ ਲਿਖਤ ਦੀ ਸਮਰੱਥਾ ਹੈ ਕਿ ਉਹ ਨਵੀਂ ਪੀੜ੍ਹੀ ਤੱਕ ਪੁੱਜਣ ਜੋਗੀ ਹੈ ਕਿ ਨਹੀਂ ।

***

ਵਾਣਪ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਹੋ ਚੁੱਕਾ ਹੈ । ਮੁੱਠੀਆਂ ਪਹਿਲਾਂ ਤੋਂ ਹੀ ਢਿੱਲੀਆਂ ਹਨ । ਕਬਜ਼ੇ ਦੀ ਭਾਵਨਾ ਨੂੰ ਸਿਰ ਨੀਵਾਂ ਰੱਖਣ ਲਈ ਕਹਿ ਰੱਖਿਆ ਹੈ । ਕੁਝ ਵੀ ਉਚੇਚ ਨਾਲ ਕਰਨ ਦੀ ਇੱਛਿਆ ਨਹੀਂ । ਇੱਛਿਆ ਤਾਂ ਹੈ ਹੀ ਨਹੀਂ । ਜੋ ਹੋ ਰਿਹਾ ਹੈ । ਬੱਸ, ਹੋ ਰਿਹਾ ਹੈ ।

ਇਹ ਲਿਖਣਾ ਵੀ ਆਪਣੇ ਆਪ ਕੋਲ ਇਕਾਂਤ ਵਿੱਚ, ਇਕੱਲਿਆਂ ਬੈਠ ਕੇ ਆਪਣੇ ਸਾਹਵੇਂ ਉਧੜਨ ਦੀ ਪ੍ਰਕਿਰਿਆ ਹੈ; ਕਿਸੇ ਦੇ ਸਿਰ ਕੋਈ ਅਹਿਸਾਨ ਨਹੀਂ । ਕਲਮ ਨੂੰ ਕਦੇ ਹਥਿਆਰ ਅਤੇ ਕਦੇ ਕਵਚ ਵਾਂਗ ਵਰਤਣਾ ਵੀ ਸੱਚ ਤੋਂ ਪਲਾਇਨ ਦਾ ਕਲਾਮਈ ਤਰੀਕਾ ਹੈ । ਧਨ, ਸੱਤਾ, ਬਾਹੂਬਲ, ਪਦਵੀ, ਰਾਜਨੀਤੀ ਵਿੱਚ ਖੁਭਿਆ ਹੋਇਆ ਆਦਮੀ ਆਪਣੀ ਅਸਲੀਅਤ ਨੂੰ ਲੁਕਾ ਕੇ ਕਿਸੇ ਹੋਰ ਰੂਪ ਵਿੱਚ ਪ੍ਰਤਿਸ਼ਠਤ ਹੋਣਾ ਚਾਹੁੰਦਾ ਹੈ ਪਰ ਉਧੜਨ ਦੀ ਪ੍ਰਕਿਰਿਆ ਦਾ ਸਾਕਸ਼ੀ ਵਿਅਕਤੀ ਕੁਝ ਵੀ ਬਣਨ ਦਾ ਯਤਨ ਨਹੀਂ ਕਰਦਾ ਸਗੋਂ ਜੋ ਹੈ ਉਸਨੂੰ ਪ੍ਰਗਟ ਹੋਣ ਦਾ ਅਵਸਰ ਪ੍ਰਦਾਨ ਕਰਦਾ ਹੈ ।

ਕਹਿੰਦੇ ਨੇ ਕਿ ਸਾਹਿੱਤ ਦਾ ਪਰਮ ਮਨੋਰਥ ਆਨੰਦ ਹੁੰਦਾ ਹੈ । ਪਤਾ ਕਰਨ ਵਾਲੀ ਗੱਲ ਇਹ ਹੈ ਕਿ ਆਨੰਦ ਕੀ ਸ਼ੈਅ ਹੈ । ਇਹ ਸੋਚਣ ਵੇਲੇ ਹੁੰਦਾ ਹੈ ਜਾਂ ਕਿ ਲਿਖਣ ਵੇਲੇ? ਸੋਧਣ ਵੇਲੇ ਕਿ ਛਪਣ ਵੇਲੇ । ਲੇਖਕ ਲਈ ਹੁੰਦਾ ਹੈ ਜਾਂ ਪਾਠਕ ਲਈ? ਕਿੰਨੀ ਕੁ ਦੇਰ ਰਹਿੰਦਾ ਹੈ? ਜੇ ਕਿਸੇ ਸੰਬੰਧਿਤ ਧਿਰ ਦੇ ਗਵੇੜ ਵਿੱਚ ਆਨੰਦ ਦਾ ਕੋਈ ਅੰਸ਼ ਆਇਆ ਹੋਵੇ ਤਾਂ ਸਾਂਝਾ ਕਰਨ ਦੀ ਕਿਰਪਾ ਕਰੇ । ਇਸ ਪੱਕੀ-ਪੀਢੀ ਉਮਰੇ ਕਿਸੇ ਅਜਿਹੀ ਗੋਸ਼ਠ ਵਿੱਚ ਬੈਠਣ ਨੂੰ ਦਿਲ ਕਰਦਾ ਹੈ ਜਿੱਥੇ ਰਟੀਆਂ ਰਟਾਈਆਂ ਟਰਮਾਂ ਤੋਂ ਪੱਲਾ ਛੁਡਾ ਕੇ, ਅਖੌਤੀ ਪ੍ਰਤਿਬੱਧਤਾ ਨੂੰ ਤਿਲਾਂਜਲੀ ਦੇ ਕੇ, ਬੰਦਿਆਂ ਵਾਂਗ ਗੱਲ ਕਹੀ ਜਾਏ । ਬੰਦਿਆਂ ਵਾਂਗ ਗੱਲ ਸੁਣੀ ਜਾਏ । ਫੈਸਲੇ ਨਾ ਕੀਤੇ ਜਾਣ, ਸੰਵਾਦ ਰਚਾਇਆ ਜਾਏ । ਪਰ ਸਭ ਤੋਂ ਪਹਿਲਾਂ, ਬੈਠਣ ਦਾ ਜੁਗਾੜ ਬਣਾਇਆ ਜਾਏ ।

***

  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ