Watan Da Piar : Prof. Puran Singh

ਵਤਨ ਦਾ ਪਿਆਰ : ਪ੍ਰੋਫੈਸਰ ਪੂਰਨ ਸਿੰਘ

ਕਿਸੀ ਕਿਸਮ ਦਾ ਕੋਈ ਪਿਆਰ ਜੀਵਨ ਦਾ ਸਥਾਈ ਭਾਵ ਨਹੀਂ ਹੋ ਸਕਦਾ, ਜਦ ਤਕ ਆਦਮੀ ਜੀਵਨ ਦੀਆਂ ਡੂੰਘੀਆਂ ਤੈਹਾਂ ਦਾ ਨਿਵਾਸੀ ਨਾ ਹੋਵੇ। ਸਿਤਹ ਉੱਪਰ ਹਾਸਾ ਖੇਡਾਂ ਕਰਨ ਵਾਲੇ ਤੇ ਪਸ਼ੂਆਂ ਵਾਂਗ ਆਪਣਾ ਜੀਵਨ ਆਪਣੀ ਪੇਟ ਪੂਜਾ ਤੇ ਆਪਣੇ ਸਵਾਦ ਖਾਤਰ ਦੂਜਿਆਂ ਨੂੰ ਤੰਗ ਕਰਣ ਵਾਲੇ ਸਤਾਨ ਵਾਲੇ ਤਾਂ ਉਸ ਮਰਮੀ ਦਰਦ ਦਾ ਜਿਹੜਾ ਜੀਵਨ ਦੀ ਸਭ ਥੀਂ ਡੂੰਘੀ ਤੈਹ ਵਿਚ ਹੈ, ਹਾਂ ਉਸ ਜੀ-ਪੀੜਾ ਦਾ ਸੁਖ ਲੈ ਨਹੀਂ ਸਕਦੇ। ਤੇ ਜਦ ਤਕ ਜੀਵਨ ਦੇ ਦਰਦ ਤਕ ਕੋਈ ਬੰਦਾ ਨਾ ਅੱਪੜੇ, ਉਹ ਕੋਈ ਆਦਰਸ਼ ਕਾਇਮ ਨਹੀਂ ਕਰ ਸੱਕਦਾ, ਨਾ ਆਪਣੇ ਅਮਲ ਸਿੱਧੇ ਕਰ ਸੱਕਦਾ ਹੈ, ਨਾ ਪਿਆਰ ਦੇ ਰਸ ਨੂੰ ਮਾਣ ਸੱਕਦਾ ਹੈ ॥

ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ, ਮਾਂ, ਭੈਣ, ਤੇ ਆਪਣੇ ਬੱਚਿਆਂ ਦੀ ਮਾਂ ਦਾ ਗੂਹੜਾ, ਸਾਦਾ, ਪਰ ਅਸ-ਗਾਹ ਜਿਹਾ ਖਸਮਾਨਾ ਹੈ। ਇਸ ਮੁੰਢ ਥੀਂ ਵਤਨ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ, ਜੇ ਜੜ੍ਹ ਹੀ ਨਾ ਹੋਵੇ ਉਥੇ ਜਿੰਦਗੀ ਦਾ ਫੈਲਾਓ ਕਿਸ ਤਰਾਂ ਹੋ ਸਕਦਾ ਹੈ ? ਤੇ ਘਰ ਦਾ ਡੂੰਘਾ ਪਿਆਰ ਉਨ੍ਹਾਂ ਲੋਕਾਂ ਵਿੱਚ ਪੈ ਨਹੀਂ ਸੱਕਦਾ, ਜਿਨ੍ਹਾਂ ਨੇ ਇਹ ਵਿਦਯਾ ਪੜ੍ਹੀ ਹੋਵੇ, ਕਿ ਪੰਜ ਇੰਦ੍ਰੀਆਂ ਦਾ ਜੀਵਨ ਹੀ ਇਕ ਦੁੱਖ ਰੂਪ ਹੈ ਘਰ ਦਾ ਤਿਆਗ ਹੀ ਆਦ੍ਰਸ਼ ਹੈ ਤੇ ਇਸ ਦੁੱਖ ਦੀ ਨਿਵਿਰਤੀ ਵਿੱਚ ਹੀ ਕਲਿਆਣ ਹੈ। ਜਿਹੜੇ ਇਸ ਤਰਾਂ ਦੀ ਫਿਲਾਸਫੀ ਦੇ ਸਿਖਾਏ ਮਜ਼੍ਹਬ ਦੇ ਅੱਡੇ ਚੜ੍ਹੇ ਉਨ੍ਹਾਂ ਨੂੰ ਘਰ ਦਾ ਮੋਹ, ਬਾਲ ਬੱਚੇ ਦਾ ਪਿਆਰ, ਮਾਂ ਭੈਣ, ਇਸਤ੍ਰੀ ਦਾ ਸਤਕਾਰ ਪਾਪ ਜਿਹੇ ਭਾਸਦੇ ਹਨ, ਹਿੰਦੁਸਤਾਨ ਦੇ ਸੰਨਯਾਸੀ ਤੇ ਸਾਧ ਵੈਰਾਗਯ ਤਿਆਗ ਦੀ ਤਾਲੀਮ ਦਿੰਦੇ ਇਸਤ੍ਰੀ ਜਾਤੀ ਨੂੰ ਤ੍ਰਿਸਕਾਰ ਕਰਦੇ ਅਰ ਸਿਖਾਂਦੇ ਆਏ, ਇਥੋਂ ਤਕ ਇਹ ਨਫਰਤ ਫੈਲੀ, ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇਸਦੇ ਬਰਖਿਲਾਫ ਜੰਗ ਕਰਨਾ ਪਿਆ, ਸਾਹਿਬ ਫਰਮਾਂਦੇ ਹਨ:-
"ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"॥
ਘਰ ਦਾ ਜੀਵਨ ਤੇ ਵਤਨ ਦਾ ਪਿਆਰ ਇਸ ਜਾਤੀ ਦੇ ਬੇਹਦ ਸਤਕਾਰ ਤੇ ਪਿਆਰ ਦੇ ਬਿਨਾ ਜੀਂਦਾ ਨਹੀਂ ਹੋ ਸਕਦਾ । ਜਦ ਤਕ ਮਾਂ ਭੈਣ ਤੇ ਇਸਤ੍ਰੀ ਤੇ ਉਨ੍ਹਾਂ ਦੇ ਰਚੇ ਘਰ ਦੀ ਜੀਵਨ ਦਾ ਤੀਬ੍ਰ ਪਿਆਰ ਨਾ ਹੋਵੇ, ਵਤਨ ਦਾ ਪਿਆਰ ਸਥਿਰ ਹੋ ਨਹੀਂ ਸਕਦਾ। ਇਕ ਪਾਸੇ ਤਾਂ ਜੰਗ ਜੱਦਲ, ਲਾਲਚ ਤੇ ਮੁਲਕਗੀਰੀ ਦੇ ਅਤਿਆਚਾਰ ਕਰਨ ਦੇ ਸ਼ੌਕ ਵਿੱਚ ਕੀਤੇ ਜਾਂਦੇ ਹਨ । ਲੱਖਾਂ ਦੇ ਖੂਨ ਹੁੰਦੇ ਹਨ, ਜ਼ਾਲਮ ਜਰਵਾਣੇ ਜ਼ੁਲਮ ਤੇ ਜਬਰ ਕਰਦੇ ਹਨ, ਉਨ੍ਹਾਂ ਦਾ ਵੱਡਾ ਅਹੰਕਾਰ ਇੰਨਾ ਹੁੰਦਾ ਹੈ, ਕਿ ਅਨੇਕ ਪਾਪ ਕਰਕੇ ਵੀ ਅਨੇਕ ਜ਼ੁਲਮ ਕਰਦੇ ਵੀ ਨਹੀਂ ਥੱਕਦਾ, ਇਸ ਵਾਸਤੇ ਯਾ ਤਾਂ ਕੁਛ ਮਨੁੱਖ ਦੇ ਸਮੂਹ ਇਸ ਕਰਕੇ ਗੋਲ ਇਕੱਠੇ ਹੋ ਜਾਂਦੇ ਹਨ ਕਿ ਇਕੱਠੇ ਮਿਲਕੇ ਮਾਰੀਏ ਤੇ ਖਾਈਏ,ਇਹ ਤਾਂ ਬਘਿਆੜਾਂ ਦਾ ਗੋਲ ਹੋਯਾ ਉਨਾਂ ਦਾ ਆਪੇ ਵਿੱਚ ਇਕੱਠਾ ਹੋ ਜਾਣਾ ਇਕ ਹੈਵਾਨੀ ਪੇਸ਼ਾ ਹੋਯਾ। ਇਹੋ ਜਹਿਆਂ ਜਰਵਾਣਿਆਂ ਦੀਆਂ ਕੌਮਾਂ ਦਾ ਆਪੋ ਵਿੱਚ ਸੁਲਹ ਕਰਨੀ ਤੇ ਏਕਤਾ ਕਰਨੀ ਕਿਸੀ ਤਰਾਂ ਸੋਹਣੀ ਚੀਜ ਨਹੀਂ, ਭਾਵ ਉਪਰ ਆਖਰ ਨਿਬੇੜੇ ਹਨ। ਪਰ ਜੇ ਬਘਿਆੜਾਂ ਦੇ ਸਾਹਮਣੇ ਨਿਰਬਲ ਮਾਂ ਭੈਣ, ਇਸਤ੍ਰੀ, ਬੱਚੇ ਖਤਰੇ ਵਿੱਚ ਹੋਣ ਤੇ ਉਸ ਵੇਲੇ ਵੇਦਾਂਤ ਦੀਆਂ ਗਿਆਨ ਅੱਖਾਂ ਖੋਹਲਕੇ ਅੱਖ ਮੀਟ ਲੈਣੀ ਕਿ ਇਹ ਸਭ ਮਿਥਯਾ ਹੈ, ਯਾ ਕਿਸੀ ਉੱਚੇ ਖਿਆਲ ਦੀ ਬਾਲ ਦੀ ਖਾਲ ਲਾਹ ਕੇ ਕਹਿਣਾ ਕਿ ਭਾਈ ਹੱਥ ਨਹੀਂ ਉਠਾਣਾ, ਆਪ ਮਰ ਜਾਓ ਇਨ੍ਹਾਂ ਮਸੂਮ ਜ਼ਿੰਦਗੀਆਂ ਨੂੰ ਮਾਰ ਦਿਓ ਪਰ ਬਘਿਆੜਾਂ ਦੇ ਗੋਲ ਉੱਪਰ ਹੱਥ ਨਹੀਂ ਉਠਾਣਾ ਹੈ, ਇਹ ਨਿਰੋਲ ਤੇ ਸੋਲਾਂ ਆਨੇ ਕਾਇਰਤਾ ਹੈ।ਜਿਸ ਤਰਾਂ ਮੁਲਕਗੀਰੀ ਤੇ ਮਾਸ ਖਾਣ ਦਾ ਲਾਲਚ ਬਘਿਆੜਾਂ ਨੂੰ ਇਕੱਠਾ ਕਰਦਾ ਹੈ, ਉਸੀ ਤਰਾਂ ਇਹੋ ਜਿਹੇ ਬਿਪਤਾ ਦੇ ਵੇਲੇ ਮਨੁੱਖ ਦੇ ਸਮੂਹਾਂ ਨੂੰ ਆਪਣੇ ਵਤਨ ਦਾ ਪਿਆਰ ਇਕ ਮੁੱਠ ਕਰ ਦਿੰਦਾ ਹੈ ਤੇ ਜਿਹੜਾ ਕੰਮ, ਇਕ ਨਹੀਂ ਕਰ ਸਕਦਾ, ਉਹ ਸਭ ਮਿਲ ਕੇ ਸਾਧ ਲੈਂਦੇ ਹਨ। ਜਿਸ ਤਰਾਂ ਉਨ੍ਹਾਂ ਬਘਿਆੜਾਂ ਨੂੰ ਚਲਾਣ ਵਾਲੀ ਤਾਕਤ ਉਨ੍ਹਾਂ ਦੇ ਜ਼ੁਲਮ ਕਰਨ ਦੀ ਭੁੱਖ ਹੈ, ਤਿਵੇਂ ਇਨ੍ਹਾਂ ਨੂੰ ਚਲਾਣ, ਵਾਲੀ ਨਿਰੋਲ ਇਕ ਮਨੁੱਖੀ ਅਣਖ ਹੈ, ਜੋ ਆਪਣੇ ਬੇਆਸਰੇ ਪਰੀਵਾਰ ਨੂੰ ਆਸਰਾ ਦਿੰਦੀ ਹੈ ਤੇ ਉਨ੍ਹਾਂ ਦੇ ਡੂੰਘੇ ਪਿਆਰ ਵਿੱਚ ਤੇ ਇਕ ਆਹਲਾ ਜੋਸ਼ ਵਿੱਚ ਆਪਣੀ ਜਾਨ ਉੱਪਰ ਖੇਡ ਜਾਂਦੀ ਹੈ। ਇਉਂ ਜਾਨ ਦੇ ਦੇਣਾ ਜਾਨ ਦੀ ਸਬ ਥੀਂ ਵੱਡੀ ਰੱਛਾ ਹੈ॥

ਪਰ ਕੀ ਜ਼ੁਲਮ ਕਰਨ ਦੀ ਭੁੱਖ ਵਾਸਤੇ ਜ਼ਾਲਮਾਂ ਦਾ ਇਕੱਠਾ ਹੋ ਦੂਜਿਆਂ ਦੇ ਮੁਲਕ ਤੇ ਘਰ ਸਾਂਭਣ ਤੇ ਲੁੱਟਣ ਦੇ ਰਾਜਸੀ ਇਕੱਠ, ਤੇ ਕੀ ਅੱਗੋਂ ਵਤਨ ਪਰ ਪਰਵਾਨੇ ਵਾਂਗ ਸ਼ਹੀਦ ਹੋ ਜਾਣ ਵਾਲੇ ਪਿਆਰ ਦੇ ਕੁੱਠੇ ਲੋਕੀ-ਦੋਵੇਂ ਤਦ ਹੀ ਮੁਮਕਿਨ ਹਨ-ਜਦ ਜੀਵਨ ਦੀਆਂ ਤੈਹਾਂ ਵਿੱਚ ਦੁਖ, ਦਰਦ ਦੀ ਅਸਲੀਅਤ ਵਿੱਚ ਕੋਈ ਰਹਿੰਦਾ ਹੋਵੇ, ਇਨਾਂ ਜ਼ਾਲਮਾਂ ਦੀਆਂ ਕੜੀਆਂ ਚਟਾਨ ਵਰਗੀਆਂ ਸੁਰਤਾਂ ਵੀ ਖੰਡਾ ਪਕੜ ਕੇ ਬੜੇ ਵਿਕਾਸ਼ ਵਿੱਚ ਆਉਂਦੀਆਂ ਹਨ, ਜੀਵਨ ਖੇਤ ਵਿੱਚ ਇਕ ਤਰਾਂ ਦੀ ਖੇਡ ਕਰਦੀਆਂ ਹਨ, ਦੁਖ ਸਹਿੰਦੀਆਂ ਹਨ, ਮੌਤ ਝਾਗਦੀਆਂ ਹਨ, ਸਭ ਕੁਛ ਆਪਣੇ ਸਿਰੜ ਉੱਪਰ ਵਾਰ ਦਿੰਦੀਆਂ ਹਨ, ਇਕ ਔਗਣ ਕਰਕੇ ਅਨੇਕ ਗੁਣਾਂ ਨੂੰ ਆਪਣੇ ਵਿੱਚ ਲਿਆਉਂਦੀਆਂ ਹਨ ਅਰ ਉਸ ਔਗਣ ਦਾ ਪਿੱਛਾ ਅਨੇਕ ਨੇਕੀਆਂ ਨੂੰ ਸਾਧ ਕੇ ਕਰੀ ਜਾਂਦੀਆਂ ਹਨ, ਉਨਾਂ ਦਾ ਵੀ ਇਸ ਕਰਕੇ ਇਕ ਪਾਸੇ ਦਾ ਮਨੁੱਖੀ ਆਚਰਣ ਪੈਦਾ ਹੋ ਜਾਂਦਾ ਹੈ, ਤੇ ਜੇਹੜੇ ਉਨ੍ਹਾਂ ਦਾ ਗਰੀਬ ਨਿਮਾਣਾ ਜਿਹਾ ਮੁਕਾਬਲਾ ਕਰ ਦੂਸਰਿਆਂ ਨੂੰ ਸੁਖ ਦੇਣ ਲਈ ਆਪ ਦੁੱਖ ਝਾਗਦੇ ਹਨ ਯਾ ਜਾਨ ਦੇ ਦਿੰਦੇ ਹਨ, ਉਹ ਵੀ ਖੇਤ੍ਰ ਵਿਚ ਇਕ ਆਲੀਸ਼ਾਨ ਆਦਰਸ਼ਕ ਜੀਵਨ ਤੇ ਆਚਾਰ ਦੀਆਂ ਜੋਤਾਂ ਜਗਾਂਦੇ ਹਨ। ਪਰ ਜੇਹੜੇ ਜੀਵਨ ਦੀਆਂ ਡੂੰਘੀਆਂ ਤੈਹਾਂ ਦੇ ਦੁੱਖਾਂ ਥੀਂ ਕਤਰਾਂਦੇ ਹਨ ਤੇ ਸਤਹ ਦੀ ਖਾ ਤੇ ਖੁਸ਼ ਰਹਿ ਦੀ ਖੁਦਗਰਜ਼ੀ ਵਿੱਚ ਰਹਿੰਦੇ ਹਨ ਤੇ ਕਿਸੀ ਜੀਵਨ ਦੇ ਮੁਸ਼ਕਲ ਨੂੰ ਹੱਲ ਕਰਨ ਵਿੱਚ ਨਹੀਂ ਲੱਗਦੇ ਪਹਿਨਣ ਤੇ ਖਾਣ ਤੇ ਵਿਸ਼ੇ ਭੋਗਾਂ ਦਿਆਂ ਗੁਲਛਰਿਆਂ ਵਿੱਚ ਦਿਨ ਤੇ ਰਾਤ ਬਿਤੀਤ ਕਰਦੇ ਹਨ ਤੇ ਦੁਖ, ਸਾਧਨ, ਪੀੜਾ, ਮੁਸ਼ਕਲ ਨੂੰ ਦੇਖ ਆਪਣੀ ਜਾਨ ਬਚਾਣ ਦੀ ਕਰਦੇ ਹਨ, ਨਾ ਉਨਾਂ ਨੂੰ ਮਾਂ ਨਾਲ, ਨਾ ਭੈਣ ਨਾਲ, ਨਾ ਇਸਤ੍ਰੀ ਨਾਲ ਡੂੰਘਾ ਪਿਆਰ ਹੋ ਸਕਦਾ ਹੈ ਤੇ ਨਾ ਜੀਵਨ ਦੀ ਕਮਾਲ ਸਾਦਗੀ-ਜਿਹੜੀ ਸੱਚੇ ਪਿਆਰ ਨਾਲ ਜਿੰਦ ਜਾਨ ਪਾਣ ਹੋ ਕੇ ਰਹਿੰਦੀ ਹੈ-ਦਾ ਕੁਛ ਪਤਾ ਲੱਗ ਸਕਦਾ ਹੈ, ਉਹ ਲੋਕੀ ਨੇਕੀ ਦੇ ਆਚਰਣ ਤੇ ਬਦੀ ਦੇ ਆਚਰਣ ਦੋਹਾਂ ਥੀਂ ਖਾਲੀ ਲੋਥਾਂ ਹੁੰਦੀਆਂ ਹਨ । ਇਹੋ ਜਿਹੇ ਲੋਕਾਂ ਵਿੱਚ ਨਾ ਜ਼ੁਲਮ, ਨਾ ਪਿਆਰ ਲਈ ਜਾਨ ਵਾਰ ਦੇਣ ਦੀ ਬੀਰਤਾ ਆ ਸਕਦੀ ਹੈ, ਜੀਂਦਾ ਜ਼ਾਲਮ ਚੰਗਾ, ਜੀਂਦਾ ਦੁਸ਼ਮਨ ਚੰਗਾ, ਪਰ ਖੁਦਗਰਜ਼ੀ ਵਿਚ ਲਿਬੜਿਆ, ਆਪਣੀ ਚੰਮ ਖੁਸ਼ੀਆਂ ਵਿੱਚ ਗਲਤਾਨ ਆਦਮੀ ਇਕ ਲਾਸ਼ ਹੈ॥

ਕੌਮ ਦੀ ਕੌਮ ਤਦ ਹੀ ਲਾਸ਼ਾਂ ਬਣ ਜਾਂਦੀ ਹੈ ਜਦ ਆਦਰਸ਼ ਦੀ ਤੀਬ੍ਰਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀ ਛੱਡ ਦੇਣ॥

ਫਰਾਂਸ ਵਿੱਚ ਜਦ ਬਾਦਸ਼ਾਹਾਂ ਨੇ ਮਹਿਲਾਂ ਨੂੰ ਆਪਣੀ ਐਸ਼ ਦੇ ਸਾਧਨ ਬਣਾ ਲਿਆ ਤੇ ਚਮ-ਖੁਸ਼ੀਆਂ ਵਿੱਚ ਦਿਨ ਰਾਤ, ਸ਼ਰਾਬ ਤੇ ਨਾਚ ਵਿਚ ਬਿਤਾਨ ਲੱਗੇ, ਤਾਂ ਇਕ ਭਾਂਬੜ ਮਚਿਆ ਸੀ, ਤੇ ਉਹ ਵੀ ਤਾਂ ਮਚਿਆ ਸੀ, ਕਿ ਮੁਲਖਈਏ ਵਿੱਚ ਕੋਈ ਆਪਣੇ ਭੁੱਖੇ ਮਰਦੇ ਬਾਲ ਬੱਚੇ ਦੀ ਅਣਖ ਬਾਕੀ ਸੀ ਤੇ ਜਿਸ ਮੁਲਕ ਵਿੱਚ ਰਾਜਾ ਤਾਂ ਇਉਂ ਚੰਮ-ਖੁਸ਼ੀਆਂ ਦਾ ਗਾਹਕ ਹੋਵੇ ਤੇ ਲੋਕੀ ਸਦੀਆਂ ਦੇ ਗਲਤ ਫਿਲਸਫੇ ਨਾਲ ਮਰ ਚੁੱਕੇ ਹੋਣ, ਓਥੇ ਭਾਂਬੜ ਕਿਸ ਤਰਾਂ ਮਚਣ ਜੇ ਉੱਥੇ ਬਾਲਣ ਨਹੀਂ ਰਿਹਾ, ਤੇ ਐਸੇ ਦੇਸ਼ਾਂ ਵਿੱਚ ਜਦ ਸੁਰਤਿ ਵਿੱਚੋਂ ਮਨੁੱਖਤਾ ਦਾ ਭਾਵ ਹੀ ਉੱਠ ਗਿਆ ਹੋਵੇ ਦੇਸ਼ ਦਾ ਪਿਆਰ ਕਿਸ ਤਰਾਂ ਪ੍ਰਦੀਪਤ ਰਹਿ ਸਕਦਾ ਹੈ?
ਦੇਸ਼ ਦੇ ਪਿਆਰ ਨੂੰ ਜਗਾਣ ਲਈ ਜਰੂਰੀ ਹੈ, ਕਿ ਘਰ ਦੇ ਜੀਵਨ ਦੀ ਨੀਂਹ ਜ਼ਿੰਦਗੀ ਦੀਆਂ ਡੂੰਘੀਆਂ ਤਹਿਆਂ ਉਪਰ ਜਾਵੇ ॥

ਜਨਾਨੀ ਮਰਦ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਨਾ ਪਿਆਰੇ, ਤੇ ਨਾ ਮਰਦ ਜਨਾਨੀ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਪਿਆਰੇ, ਕਿਉਂਕਿ ਪਿਆਰ ਦੀ ਤੀਬ੍ਰਤਾ ਤਾਂ ਸੋਹਣੇ ਕੋਝੇ ਨੂੰ ਕਿੱਥੇ ਦੇਖਦੀ ਹੈ? ਰੱਬ ਦੀਆਂ ਬਣਾਈਆਂ ਬਣਤਾਂ ਹਨ, ਜੋ ਸੰਜੋਗਾਂ ਸੇਤੀ ਮਿਲ ਗਿਆ, ਰੱਬ ਨੇ ਮਿਲਾਯਾ ਹੈ, ਤੇ ਸਾਥੀ ਚੰਮ-ਖੁਸ਼ੀ ਦਾ ਨਾ ਹੋਵੇ, ਸਾਥੀ ਇਕ ਦੂਜੇ ਦੇ ਦੁੱਖ ਦਾ ਹੋਵੇ । ਜਿੰਦਗੀ ਇਕ ਸਾਂਝੀ ਦੁਖ ਤੇ ਦਰਦ ਹੈ ਤੇ ਉਸ ਦਰਦ ਵਿੱਚ ਇਕ ਖਤ੍ਰਾ ਹੈ, ਇਕ ਦੂਜੇ ਦੀ ਬਾਂਹ ਫੜਨੀ ਹੈ, ਇਸ ਦਰਦ ਵਿੱਚ ਇਕ ਦੂਜੇ ਪਾਸੋਂ ਸਾਨੂੰ ਸੁਖ ਦੀ ਕੀ ਆਸ ਹੋ ਸਕਦੀ ਹੈ ? ਮਿਲ ਬੈਠਣ ਦੀ ਘੜੀ ਦੀ ਘੜੀ ਖੁਸ਼ੀ ਇਕ ਅਚੰਭਾ ਹੈ, ਇੱਥੇ ਤਾਂ ਦਰਦੀਣ, ਦਰਦ ਪੀਣ, ਦੁਖ ਸਹਿਣ, ਤੇ ਇਕ ਦੂਜੇ ਦੀ ਬਾਂਹ ਪਕੜਨਾ ਹੀ ਸੱਚ ਹੈ, ਚਮ-ਖੁਸ਼ੀਆਂ ਤਾਂ ਕੂੜ ਹਨ। ਸੋ ਦਰਦ ਦੀਆਂ ਡੂੰਘਿਆਈਆਂ ਵਿੱਚ , ਜਾ ਕੇ ਘਰ ਨੂੰ ਵਤਨ ਸਾਰਾ ਤੇ ਵਤਨ ਸਾਰਾ ਘਰ ਜੇ ਬਣਾਈਏ, ਤਦ ਮੌਕੇ ਸਿਰ ਸਮੇਂ ਪਾਕੇ ਕਦੀ ਉਹ ਆਚਰਣ ਆ ਸੱਕਦਾ ਹੈ, ਜਿਹੜਾ ਦੇਸ਼ ਨੂੰ ਪਿਆਰ ਕਰਨ ਵਾਲੇ ਜਾਪਾਨੀਆਂ ਯਾ ਫਰਾਂਸੀਸੀਆਂ ਯਾ ਅੰਗ੍ਰੇਜ਼ਾਂ ਵਿੱਚ ਦਿੱਸਦਾ ਹੈ, ਇਸ ਵਾਸਤੇ ਦੇਸ਼ ਦੇ ਪਿਆਰ ਲਈ ਜ਼ਰੂਰੀ ਹੈ, ਕਿ ਅਸੀ ਆਪਣੇ ਪਹਿਨਣ ਖਾਣ, ਚੰਮ-ਖੁਸ਼ੀ ਖੁਦਗਰਜੀ ਤੋਂ ਉੱਠਕੇ ਜੀਵਨ ਦੇ ਦੁਖ ਤੇ ਦਰਦ ਦੀ ਤਹਿ ਵਿੱਚ ਜੀਵੀਏ। ਗਲਾਂ ਨ ਹੋਵਣ, ਸੱਚਾ ਦਰਦ ਹੋਵੇ, ਜੇ ਸਾਡੀ ਮਾਂ ਭੈਣ ਨੂੰ ਦੁੱਖ ਹੋਵੇ ਤਦ ਸਾਡੇ ਦਿਲ ਨੂੰ ਕੁਛ ਹੋਵੇ, ਤੇ ਜੇ ਉਨ੍ਹਾਂ ਉੱਪਰ ਕੋਈ ਬਿਪਤਾ ਆਵੇ ਤਦ ਅਸੀ ਨਾ ਹੋਣਾ ਸਹਿਜ ਸੁਭਾ ਚੁਣੀਏ, ਸਾਡੀ ਚੋਣ ਸਹਿਜ ਸੁਭਾ ਕੁਰਬਾਨੀ ਦੀ ਹੋਵੇ, ਮਰਣ ਵਿੱਚ ਸੁਖ ਦਿੱਸੇ, ਜੀਣ ਵਿੱਚ ਦੁੱਖ
'ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ
ਨਾਗ ਨਿਵਾਸਾ ਦਾ ਰਹਿਣਾ॥
ਸੂਲ ਸੁਰਾਹੀ ਖੰਜਰੁ ਪਿਆਲਾ
ਬਿੰਗੁ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ' ॥
ਇਹ ਦੁੱਖ, ਦਰਦ, ਮੌਤ, ਨਾਲ ਤੀਬ੍ਰ ਤੇ ਸਹਿਜ-ਸੁਭਾ ਲਾਗ ਹੋਵੇ ਤੇ ਸੁਖ ਥੀਂ ਉਪਰਾਮਤਾ ਹੋਵੇ॥

"ਦੁਖ ਦਾਰੂ ਸੁਖ ਰੋਗ ਭਇਆ" ਵਿੱਚ ਸਾਹਿਬਾਨ ਦਾ ਇਸ਼ਾਰਾ ਹੈ, ਕਿ ਜੀਵਨ ਦੀ ਰੌ ਉਸ ਚੰਚਲ ਚੰਮ-ਖੁਸ਼ੀ ਦੇ ਪਿਆਜ਼ੀ ਤੈਹਾਂ ਵਿੱਚ ਨਹੀਂ, ਅਸਲ ਜੀਵਨ ਤਾਂ ਇਨ੍ਹਾਂ ਉੱਚ ਤੇ ਤੀਬ੍ਰ ਦੁਖਾਂ ਵਿੱਚ ਹੈ॥

ਕਿਹਾ ਹਾਸੂ-ਹੀਣਾ ਕੂੜ ਜਿਹਾ ਸੱਚ ਮੰਨਿਆ ਜਾਂਦਾ ਹੈ ਤੇ ਲੋਕੀ ਸਮਝਦੇ ਹਨ, ਕਿ ਕੌਮੀ ਗੀਤ ਤੇ ਦੇਸ਼ ਪਿਆਰ ਦੇ ਟੱਪੇ ਬਣਾ ਕੇ ਤੇ ਗਾਉਣ ਨਾਲ ਇਸ ਦੇਸ਼ ਵਿੱਚ ਇਕ ਵਤਨ ਦਾ ਪਿਆਰ ਉਪਜੇਗਾ। ਜਦ ਓਹੋ ਇਹੋ ਜਿਹੇ ਗੀਤ ਬਨਾਉਣ ਵਾਲੇ ਚੰਮ-ਤੈਹ ਉੱਪਰ ਸਿਸਕ ਰਹੇ ਹਨ।ਜਦ ਉਨਾਂ ਨੂੰ ਚੰਮ ਥੀਂ ਤੱਲੇ ਯਾ ਉੱਪਰ ਕੋਈ ਸੱਚ ਹੋਰ ਦਿੱਸਦਾ ਹੀ ਨਹੀਂ। ਗੀਤ ਜਿਹੜੇ ਜਿੰਦ ਪਾਂਦੇ ਹਨ, ਉਹ ਇਸ ਤਰਾਂ ਤੁਕ ਬੰਦੀ ਦੀ ਵਾਕ ਰਚਨਾ ਤਾਂ ਨਹੀਂ ਹੁੰਦੇ, ਓਹ ਤਾਂ ਜੀਂਦੇ ਲੋਕਾਂ ਦੇ ਤੀਬ੍ਰ ਵਚਨ ਹੁੰਦੇ ਹਨ, ਜਿਹੜੇ ਲੱਗੇ ਬਾਣਾਂ ਵਾਂਗ ਦਿਲਾਂ ਨੂੰ ਘਾਇਲ ਕਰਦੇ ਜਾਂਦੇ ਹਨ। ਜੀਂਦਾ ਓਹ ਹੈ, ਜਿਹੜਾ ਚੰਮ-ਜੀਵਨ ਲਈ ਮਰ ਚੁੱਕਾ ਹੋਵੇ, ਜਿੱਥੇ ਜਿਹੜੀ ਕੋਈ ਸਾਦਗੀ ਰਹੀ ਸਹੀ ਸੀ, ਉਹ ਵੀ ਛੱਡ ਕੇ ਘਰ ਬਾਹਰ ਥੀਂ ਨਿਕਲ ਚੰਮ ਹੀ ਚੰਮ ਦੀ ਕੂੜ ਨੂੰ ਸੱਚ ਸਮਝ ਚੁੱਕੇ ਹਨ। ਉਨ੍ਹਾਂ ਨੂੰ ਕੀ ਦੇਸ਼ ਭਗਤੀ ਤੇ ਕੌਣ ਸਿਖਾ ਰਿਹਾ ਹੈ? ਦੇਸ਼ ਭਗਤੀ ਦਾ ਬੀਜ ਵੀ ਦਿਲਾਂ ਨੂੰ ਚੀਰ ਕੇ ਅੰਦਰ ਜਾ ਪੈਂਦਾ ਹੈ ਤੇ ਸਦੀਆਂ ਉਸਦੇ ਉੱਗਣ ਨੂੰ ਲੱਗਦੀਆਂ ਹਨ। ਸਦੀਆਂ ਵਧਣ ਨੂੰ ਤੇ ਸਦੀਆਂ ਹੀ ਮੁੜ ਉਖੇੜਣ ਨੂੰ ਲਗਦੀਆਂ ਹਨ। ਨਾ ਸੌਖਾ ਪਿਆਰ ਪੈਂਦਾ ਹੈ, ਨਾ ਸੌਖਾ ਨਿਰਮੂਲ ਹੁੰਦਾ ਹੈ। ਕਹਿੰਦੇ ਹਨ, ਫਰਾਂਸੀਸੀ ਚੰਮ-ਸੱਚ ਨੂੰ ਮੰਨਦੇ ਹਨ, ਪਰ ਇਹ ਕਥਨ ਗਲਤ ਹੈ, ਜੇ ਚੰਮ ਸੱਚ ਨੂੰ ਮੰਨਦੇ ਤਦ ਪਿਛਲੇ ਮਹਾਨ ਯੁੱਧ ਵਿੱਚ ਇੰਨੇ ਛੇਤੀ ਭੋਗ ਬਿਲਾਸ ਦੇ ਬਿਸਤ੍ਰਿਆਂ ਥੀਂ ਉੱਠਕੇ ਕੀ ਤੀਵੀਂ, ਕੀ ਮਰਦ, ਮੌਤ ਦਾ ਮੂੰਹ ਨਾ ਚੁੰਮਦੇ, ਚੰਮ ਮਤਵਾਲੇ ਤਾਂ ਬਿਸਤ੍ਰਿਆਂ ਵਿੱਚ ਹੀ ਲੇਟੇ ਰਹਿੰਦੇ ਤੇ ਪਰਾਏ ਪੁਤ ਆਕੇ ਉਥੇ ਹੀ ਕੋਹ ਸੁੱਟਦੇ, ਤੇ ਜੇ ਇਹ ਸੱਚ ਹੈ, ਕਿ ਫਰਾਂਸੀਸੀ ਚੰਮ-ਸੱਚ ਨੂੰ ਹੁਣ ਮੰਨਦੇ ਹਨ, ਤਦ ਸਦੀਆਂ ਦਾ ਪਲਿਆ ਦੇਸ਼ ਪਿਆਰ ਸਦੀਆਂ ਵਿੱਚ ਹੀ ਜਾ ਕੇ ਮਰੇਗਾ। ਸੋ ਜੇ ਓਹ ਚੰਮ ਸੱਚ ਮੰਨ ਬੈਠੇ ਹਨ, ਤਦ ਉਹ ਪੁਰਾਣਾ ਬਾਪ ਦਾਦੇ ਦਾ ਖਜਾਨਾ ਖਾ ਰਹੇ ਹਨ, ਮੁੱਕਣ ਵਿੱਚ ਸਮਾਂ ਲੱਗੇਗਾ। ਇਉਂ ਜਿਨ੍ਹਾਂ ਫਾਤਹ ਕੌਮਾਂ ਨੇ ਓਹ ਸਦੀਆਂ ਦੇ ਖਜਾਨੇ ਜਮਾ ਕੀਤੇ ਹਨ ਓਹ ਤਾਂ ਚੰਮ-ਸੱਚ ਨੂੰ ਹੀ ਕੁਛ ਸਦੀਆਂ ਮੰਨ ਕੇ ਜੀ ਸਕਦੀਆਂ ਹਨ, ਪਰ ਜਿਹੜੀਆਂ ਮਫਤੂਹ ਕੌਮਾਂ ਸਦੀਆਂ ਥੀਂ ਦੀਵਾਲੀਏ ਹੋ ਚੁਕੀਆਂ ਹਨ, ਓਹ ਜਦ ਚੰਮ-ਸੱਚ ਤੇ ਆ ਬੈਠਣ ਤੇ ਆਪਣੀ ਜੜ੍ਹਾਂ ਨੂੰ ਨੰਗਾ ਕਰਕੇ ਹਵਾ ਤੇ ਧੂਪ ਲਵਾਣ, ਓਹ ਅਜ ਵੀ ਮੋਏ ਤੇ ਕੱਲ੍ਹ ਵੀ। ਕੀ ਸਾਡੇ ਦੇਸ ਵਿੱਚ ਇਹ ਫੋਕਾਪਨ ਨਹੀਂ ਆ ਰਿਹਾ?

ਹਿੰਦੁਸਤਾਨ ਵਿੱਚ ਇਸ ਵਾਸਤੇ ਦਰਦ, ਦੁੱਖ ਤੇ ਸਾਧਨ ਤੇ ਤਤਿਖਯਾ ਵਿੱਚ ਦਰਦ ਭਰੇ ਰਹਿਣ ਦੀ ਲੋੜ ਹੈ, ਸਿਰਫ ਇਸ ਅੰਸ਼ ਵਿੱਚ ਖੱਦਰ ਪਹਿਨਣ ਦੀ ਸਾਦਗੀ, ਤੇ ਹੋਰ ਤਰਾਂ ਦੀਆਂ ਤਤਿਖਯਾ ਜੇ ਨਿਰੇ ਮਖੌਲ ਨਾ ਹੋਣ, ਜੀਵਣ ਦੀ ਡੂੰਘਿਆਈਆਂ ਵਲ ਇਕ ਮੋੜਾ ਹੈ। ਤੇ ਦੇਸ਼ ਦੀ ਭਗਤੀ ਦਾ ਬੀਜ ਤਾਂ ਸਦੀਆਂ ਲੈਕੇ ਉੱਗੇਗਾ, ਪਰ ਘਰ ਦੇ ਜੀਵਣ ਨੂੰ ਡੂੰਘਾ ਤੇ ਸਾਦਾ ਕਰ, ਖਾਣ ਪੀਣ ਪਹਿਨਣ ਵਿਚ ਦੁਖ ਸਹੀਏ। ਪਿਆਰ ਸ਼ਕਲਾਂ ਨਕਲਾਂ ਪੁਸ਼ਾਕਾਂ ਸ਼ਰਾਬਾਂ ਮਜ਼ਾਖਾਂ ਨਾਲ ਨਾ ਪਾਈਏ, ਪਿਆਰ ਨੂੰ ਧਰਤ ਵਿੱਚ ਡੂੰਘੇ ਬੇਮਲੂਮ ਦੱਬੀਏ॥

ਮਿਹਨਤ, ਕਿਰਤ ਕਰੀਏ, ਆਪਾ ਕੰਮ ਵਿੱਚ ਇਨਾ ਮਾਰੀਏ ਕਿ ਚੰਮ-ਦ੍ਰਿਸ਼ਟੀ ਰਹੇ ਹੀ ਨਾਂਹ॥
ਜਿੰਦਗੀ ਉਨ੍ਹਾਂ ਦੀ ਹੈ, ਜੋ ਜ਼ਿੰਦਗੀ ਨੂੰ ਵਾਰ ਸੱਕਦੇ, ਹਨ, ਚੰਮ ਸੱਚ ਨੂੰ ਮੰਨਣ ਵਾਲੇ ਸਦਾ ਖਵਾਰ ਹੁੰਦੇ ਹਨ। ਚੰਮ ਸੋਚ ਵਾਲੇ ਚੰਮ-ਖੁਦੀ ਸ਼ਰਾਬ ਵਿੱਚ ਗੜੂੰਦ ਮੋਏ ਕਦੀ ਸੱਚਾ ਪਿਆਰ, ਆਪਣੇ ਆਪ ਦਾ, ਕੀ ਆਪਣੇ ਪਿਆਰਿਆਂ ਦਾ, ਕੀ ਰੱਬ ਦਾ, ਕੀ ਦੇਸ਼ ਦਾ, ਪ੍ਰਤੀਤ ਕਰ ਸੱਕਦੇ ਹਨ? ਕਦੀ ਨਹੀਂ ਇਨ੍ਹਾਂ ਪਾਸੋਂ ਕਿਸੀ ਆਸ਼ਾ ਤੇ ਆਦਰਸ਼ ਦੀ ਪੂਰਤੀ ਦੀ ਉਮੈਦ ਕਰਨੀ ਨਿਸਫਲ ਹੈ, ਵੇਲਾ ਹੈ ਕਿ ਸਭ ਹਿੰਦੁਸਤਾਨ ਦੇ ਵਾਸੀ ਚੰਮ-ਸੱਚ ਥੀਂ ਉਦਾਸ ਹੋ ਕੇ ਤੇ ਚੰਮ-ਖੁਸ਼ੀ ਨੂੰ ਮੰਦ ਭਾਗ ਵਾਂਗ ਛੱਡਣ ਦੀ ਖੋ ਪਾਣ ਲੱਗਣ, ਮਤੇ ਕੁਦਰਤ ਦੇ ਖੇਤ੍ਰ ਵਿੱਚ ਮੁੜ ਗੁੰਮ ਹੋ ਜਾਣ ਨਾਲ, ਮਤੇ ਦਰਦ ਦੇ ਡੂੰਘੇ ਸੱਚ ਦਾ ਇਨ੍ਹਾਂ ਨੂੰ ਭੀ ਮੁੜ ਅਨੁਭਵ ਹੋਵੇ ਤੇ ਜੀਵਨ ਘਰ ਦੇ ਸੁੱਚੇ ਤੇ ਸਾਦੇ ਪਿਆਰਾਂ ਉੱਪਰ ਮੁੜ ਆ ਜਾਵੇ ਤੇ ਇੰਨਾ ਸੱਚਾ ਘਰ ਹੋਵੇ, ਕਿ ਉਹਦੀ ਰਛਿਆ ਲਈ ਵਤਨ ਦਾ ਸੁਫਨਾ ਕਦੀ ਸਾਨੂੰ ਆਣ ਲੱਗੇ !!

  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ