Waris Da Virsa : Man Singh

ਵਾਰਿਸ ਦਾ ਵਿਰਸਾ : ਮਾਨ ਸਿੰਘ


ਵਾਰਿਸ ਦਾ ਵਿਰਸਾ ਕਿਉਂ ?

ਪੰਜਾਬੀ ਸਾਹਿਤ ਵਿਚ ਜੋ ਵਾਰਿਸ ਦਾ ਦਰਜਾ ਹੈ ਉਹ ਕਿਸੇ ਵੀ ਪੁਰਾਤਨ ਯਾ ਨਵੀਨ ਕਵੀ ਦਾ (ਭਗਤ ਫਰੀਦ ਜੀ ਯਾ ਗੁਰੂ ਸਾਹਿਬਾਨ ਨੂੰ ਛਡ ਕੇ) ਨਹੀਂ । ਪੰਜਾਬ ਦਾ ਹੀ ਨਹੀਂ, ਮੈਨੂੰ ਤੇ ਭਾਰਤੀ ਕਵੀਆਂ ਦੀ ਬਰਾਤ ਦਾ ਲਾੜਾ ਵੀ ਇਕੋ ਇਕ ਵਾਰਿਸ ਹੀ ਵਿਖਾਈ ਦੇਂਦਾ ਹੈ। ਹੀਰ ਉਹਦੀ ਅਮਰ ਰਚਨਾ ਧਰਮ ਤੁਲ ਪਵਿਤ੍ਰ ਤਸਲੀਮ ਕੀਤੀ ਗਈ ਹੈ ਕਿਉਂਕਿ ਇਸ ਬਾਰੇ ਉਹ ਆਪ ਬੜੇ ਫ਼ਖ਼ਰ ਨਾਲ ਕਹਿ ਗਿਆ ਹੈ ਕਿ :

ਇਹ ਮਹਿਨੇ ਸਭ ਕੁਰਾਨ ਦੇ ਨੇ,
ਜਿਹੜੇ ਸ਼ੇਅਰ ਮੀਆਂ ਵਾਰਿਸ ਸ਼ਾਹ ਦੇ ਨੇ ।

ਮੇਰੇ ਬਜ਼ੁਰਗ ਮਿਹਰਬਾਨ, ਵੀਹਵੀਂ ਸਦੀ ਦੇ ਦੇਵਤਾ, ਲਾਲਾ ਅਮੀਰ ਚੰਦ ਜੀ ਖੰਨਾ (ਸ੍ਵਰਗਵਾਸੀ) ਇਨਕਮਟੈਕਸ ਪ੍ਰੈਕਟੀਸ਼ਨਰ, ਹਾਫਿਜ਼ਾਬਾਦੀ, (ਜ਼ਿਲਾ ਗੁਜ਼ਰਾਂਵਾਲਾ), ਜੋ ਪੰਜਾਬੀ ਨਾਲ ਆਪਣੇ ਅੰਤਮ ਸਵਾਸਾਂ ਤਕ ਗੂਹੜੀ ਪ੍ਰੀਤ ਨਿਭਾ ਗਏ, ਅਕਸਰ ਜਦ ਵੀ ਵਾਰਿਸ ਦੀ ਗਲ ਛੇੜਦੇ ਤਾਂ ਓਸ ਅਮਰ ਕਵੀ ਬਾਰੇ ਇਹ ਲਾਈਨਾਂ ਜ਼ਰੂਰ ਸੁਣਾਂਦੇ :

ਵਾਰਿਸ ਲੀਕਾਂ ਲੀਕੀਆਂ, ਇਸ਼ਕ ਦੀ ਕਰ ਕੇ ਲੋ।
ਫੁਲ ਖਿੜਿਆ ਅਦਬ ਦਾ, ਖਿਲਰੀ ਜਗ ਖ਼ੁਸ਼ਬੋ ।
ਹੀਰ ਵਿਆਹ ਕੇ ਖੇੜਿਆਂ, ਕੀਤੀ ਪਰਖ ਪਿਆਰ।
ਪਰਦੇ ਲਾਹ ਕੇ ਇਸ਼ਕ ਨੇ, ਦਿਤਾ ਰੰਗ ਨਿਖਾਰ ।
ਕੰਨ ਪਾੜ ਕੇ ਇਸ਼ਕ ਦੇ, ਹੁਸਨ ਨੂੰ ਸੱਪ ਲੜਾ,
ਮੰਗੀ ਖ਼ੈਰ ਪ੍ਰੇਮ ਦੀ ਸਭ ਕੁਝ ਭੇਟ ਚੜ੍ਹਾ ।
ਕਿੱਸਾ ਰਾਂਝੇ ਹੀਰ ਦਾ, ਦਸਦਾ ਸਭੈ ਵੇਗ,
ਅਮਰ ਕਰਾਇਆ ਵਾਰਸਾ, ਵਧੀਆ ਮਾਰੀ ਤੇਗ ।
ਤਖ਼ਤ ਹਜਾਰਿਓਂ ਰਾਂਝਣਾ, ਝੰਗ ਸਿਆਲਿਓਂ ਹੀਰ,
ਮੇਲ ਝਨਾਂ ਦੇ ਬੇਲਿਆਂ, ਕੁੱਟ ਕੁੱਟ ਭਰਿਆ ਧੀਰ।

ਅੱਜ ਭਾਵੇਂ ਆਜ਼ਾਦ ਭਾਰਤ ਵਿਚ ਪੰਜਾਬੀ ਭਾਸ਼ਾ ਦਾ ਉਹ ਸਤਿਕਾਰ ਨਹੀਂ ਜੋ ਹੋਣਾ ਚਾਹੀਦਾ ਸੀ ਪਰ ਏਸ ਹਕੀਕਤ ਨੂੰ ਕੋਈ ਠੁਕਰਾ ਨਹੀਂ ਸਕੇਗਾ ਕਿ ਵਾਰਿਸ ਨੇ ਆਪਣੀ ਹੀਰ ਰਾਹੀਂ ਪੰਜਾਬੀ ਨੂੰ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੀ ਮਾਲਾ ਦਾ ਮੁੱਚ ਮਣਕਾ ਬਣਾ ਦਿਤਾ। ਸਚਾਈ ਇਹੋ ਹੈ ਕਿ ਜਿਹਾ ਦੇਸ਼ ਪੰਜਾਬ, ਤਿਹਾ ਪੰਜਾਬੀਆਂ ਦਾ ਰਹਿਣ ਸਹਿਣ, ਖਾਣ ਪੀਣ, ਰੂਪ ਰੰਗ, ਖੜਕਾ ਦੜਕਾ, ਤੇ ਤਿਹੀ ਪੰਜਾਬੀਆਂ ਦੀ ਮਿੱਠੀ ਰਸੌਲੀ, ਦਿਲ ਟੁੰਬਵੀਂ ਬਾਮੁਹਾਵਰਾ ਬੋਲੀ ।

ਜੇ ਪੰਜਾਬ ਦਾ ਵੰਡਾਰਾ ਨਾ ਹੁੰਦਾ ਤਾਂ ਏਸ ਪੁਸਤਕ ਦੇ ਲਿਖਣ ਦੀ ਲੋੜ ਨਾ ਹੁੰਦੀ ਪਰ ਜਦ ਪੰਜਾਬੀ ਨੂੰ ਪੰਜਾਬੀ ਵਿਰੋਧੀਆਂ ਝਰੀਟਨਾ ਸ਼ੁਰੂ ਕੀਤਾ ਤਾਂ ਮੈਂ ਮਜਬੂਰ ਹੋ ਕੇ ਦੁਨੀਆਂ ਦੀ ਇਕ ਮਹਾਨ ਭਾਸ਼ਾ ਦੇ ਚੋਣਵੇਂ ਫ਼ੁਲਾਂ ਦੇ ਗੁਲਦਸਤੇ ਨੂੰ ਪੇਸ਼ ਕਰਨਾ ਬਹੁਤ ਹੀ ਜ਼ਰੂਰੀ ਸਮਝਿਆ।

ਮੈਂ ਏਸ ਪੁਸਤਕ ਵਿਚ ਕੇਵਲ ਕੁਝ ਗੇਣਵੇਂ ਸਮਕਾਲੀ ਕਵੀ ਹੀ ਲਏ ਹਨ ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਇਸ਼ਕ ਹਕੀਕੀ, ਧਰਮ ਅਤੇ ਦੇਸ਼ ਪਿਆਰ ਦਾ ਸਾਹਿਤ ਠਾਠਾਂ ਮਾਰਦਾ ਦਿਸਿਆ ਹੈ। ਪੰਜਾਬੀ ਮਾਂ-ਬੋਲੀ ਦਾ ਇਹ ਸਭ ਤੋਂ ਉੱਚਾ ਪਹਿਲੂ ਹੈ। ਇਸ ਪੁਸਤਕ ਦੀ ਸਮਗਰੀ ਇਕਤਰ ਕਰਦਿਆਂ ਇਕ ਅਜੀਬ ਸ਼ੰਕਾ ਮੇਰੇ ਦਿਲ ਵਿਚ ਪੈਦਾ ਹੋਇਆ ਕਿ ਕੀ ਵੀਹਵੀਂ ਸਦੀ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕੋਈ ਕਾਵਿਤ੍ਰੀ ਨਹੀਂ ਹੋਈ ਜਦ ਕਿ ਪੰਜਾਬ ਦੇ ਲੋਕ ਗੀਤਾਂ ਵਿਚ ਭੈਣ-ਭਰਾ ਦੇ ਗੀਤ ਬਹੁਤ ਮਿਲਦੇ ਹਨ, ਲੋਰੀਆਂ ਵੀ ਬਹੁਤ ਹਨ, ਘੋੜੀਆਂ ਤੇ ਸਿਠਣੀਆਂ ਦੇ ਭੀ ਭਰਮਾਰ ਭਰੇ ਪਏ ਹਨ ਅਤੇ ਵੈਣ ਵੀ ਦਿਲ ਚੀਰਵੇਂ ਸੁਣੇ ਜਾਂਦੇ ਹਨ। ਪਰ ਇਹਨਾਂ ਦੁੱਖਾਂ-ਸੁੱਖਾਂ ਨੂੰ ਗੁੰਦਨ ਵਾਲੀ ਕਿਸੇ ਇਸਤ੍ਰੀ ਦਾ ਨਾਮ ਕਿਸੇ ਖੋਜੀ ਨੇ ਅੱਜ ਤਕ ਕਿਉਂ ਪੇਸ਼ ਨਹੀਂ ਕੀਤਾ? ਇਸ ਦਾ ਉਤ੍ਰ ਯੂਨੀਵਰਸਟੀਆਂ ਦੇ ਵਿਦਵਾਨ ਤੇ ਖੋਜੀ ਪ੍ਰੋਫੈਸਰਾਂ ਤੇ ਛਡਦਾ ਹਾਂ। ਇਹ ਕਹਿਣ ਵਿਚ ਮੈਨੂੰ ਹੁਣ ਖ਼ੁਸ਼ੀ ਜ਼ਰੂਰ ਹੈ ਕਿ ਅੱਜ ਪੰਜਾਬੀ ਕਾਵ-ਖੇਤ੍ਰ ਵਿਚ ਵਡੀ ਗਿਣਤੀ ਵਿਚ ਬੀਬੀਆਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਅਤੇ ਵੀਰਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਪੰਜਾਬੀ ਦੀ ਸੇਵਾ ਕਰ ਰਹੀਆਂ ਹਨ।

ਇਹ ਪੁਸਤਕ ਲਿਖਦਿਆਂ ਇਕ ਗਲ ਬੜੇ ਸਪੱਸ਼ਟ ਰੂਪ ਵਿਚ ਸਾਹਮਣੇ ਆਈ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਜਿਨ੍ਹਾਂ ਮੁਸਲਮਾਨ ਕਵੀਆਂ ਨੇ ਅਮੀਰ ਕੀਤਾ ਹੈ ਉਨ੍ਹਾਂ ਹਿੰਦੂ-ਸਿੱਖ ਕਵੀਆਂ ਨੇ ਮਿਲ ਕੇ ਵੀ ਨਹੀਂ ਕੀਤਾ ਅਤੇ ਵਾਗਿਓਂ ਪਾਰ ਹੁਣ ਵੀ ਪੰਜਾਬੀ ਬਹੁਤ ਪ੍ਰਫੁਲਤ ਹੈ।

ਇਸ ਪੁਸਤਕ ਵਿਚ ਮੈਂ ਧਾਰਮਕ ਅਤੇ ਸਮਾਜਕ ਪੱਖ ਨੂੰ ਚਮਕਾਨ ਉਤੇ ਵਧੇਰਾ ਧਿਆਨ ਦਿਤਾ ਹੈ ਕਿਉਂਕਿ ਵਾਰਿਸ ਨੇ ਜੀਵਨ-ਜਾਚ ਵਲ ਬਹੁਤ ਅਸ਼ਾਰੇ ਆਪਣੀ ਕਲਾਮ ਵਿਚ ਕੀਤੇ ਹਨ, ਜਿਵੇਂ :

ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ,
ਦੇਣੇ ਆਉਂਦੇ ਕਦੇ ਗੁਨਾਹ ਨਾਹੀਂ।

ਅਤੇ ਬਦੀ ਕੇਵਲ ਧਰਮ ਪ੍ਰਚਾਰ ਨਾਲ ਹੀ ਮਰ ਸਕਦੀ ਹੈ। ਫੇਰ ਵਾਰਿਸ ਨੇ ਸਮਾਜ ਸੁਧਾਰ ਲਈ ਕੁਝ ਸਲੀਕੇ ਵੀ ਸ਼ਾਨਦਾਰ ਦਸੇ ਹਨ । ਇਕ ਥਾਂ ਬੜੇ ਨਾਜ਼ਕ ਫ਼ਲਸਫ਼ਾਨਾ ਢੰਗ ਨਾਲ ਉਹ ਮਨੁੱਖਤਾ ਨੂੰ ਅਉਂ ਰਾਹੇ ਪਾਂਦਾ ਹੈ :

ਵਾਰਿਸ ਸ਼ਾਹ ਲੁਕਾਈਏ ਜਗ ਕੋਲੋਂ,
ਭਾਵੇਂ ਆਪਣਾ ਹੀ ਗੁੜ ਖਾਈਏ ਜੀ ।

ਅਜ ਤਕ ਸਮਾਜ ਦੇ ਇਖ਼ਲਾਕ ਨੂੰ ਵਿਗਾੜਨ ਵਾਲਾ ਕੇਵਲ ਸ਼ੇਖੀ-ਬਾਜ਼ ਹੋਇਆ ਹੈ ਅਤੇ ਵਾਰਿਸ ਸ਼ੇਖ਼ੀਆਂ ਮਾਰਨ ਵਿਰੁਧ ਲਛਮਣ ਰੇਖਾ ਉਲੀਕ ਗਿਆ ਹੈ।

ਫੇਰ ਗੁਰਮਤ ਦਾ ਉਚ ਅਸੂਲ "ਦੇਖ ਕੇ ਅਨਡਿਠ ਕਰਨਾ" ਹੈ ਅਤੇ ਇਸ ਦੀ ਪੁਸ਼ਟੀ ਵੇਖੋ ਵਾਰਿਸ ਕਿਵੇਂ ਕਰ ਗਿਆ ਹੈ :

ਭੇਤ ਕਿਸੇ ਦਾ ਦਸਣਾ ਠੀਕ ਨਹੀਂ,
ਮਰਦ ਸੋਈ ਜੋ ਦਮ ਘੁਟ ਜਾਏ।
ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੁਲ੍ਹੇ,
ਭਾਵੇਂ ਜਾਣ ਦਾ ਜੰਦਰਾ ਟੁੱਟ ਜਾਏ ।

ਕਿਹਾ ਗ਼ਜ਼ਬ ਦੀ ਗੁਰੂ-ਆਸ਼ੇ ਦੀ ਤਰਜਮਾਨੀ ਕਰ ਗਿਆ ਹੈ। ਇਹੋ ਕਾਰਨ ਹੈ ਕਿ ਵਾਰਿਸ ਦੇ ਅਨੇਕਾਂ ਸ਼ੇਅਰ ਪੰਜਾਬੀਆਂ ਦਾ ਸਿਮ੍ਰਣ ਬਣੇ ਬੈਠੇ ਹਨ ।

ਮੈਂ ਸਿੱਖੀ ਪ੍ਰਚਾਰ ਦਾ ਵੀ ਕਾਰਗਰ ਸਾਧਨ ਏਸੇ ਪੁਸਤਕ ਰਾਹੀਂ ਢੂੰਡਿਆ ਹੈ ਅਤੇ ਆਪਣੇ ਗੁਰੂ, ਪੀਰਾਂ, ਸਾਧਾਂ, ਸੰਤਾਂ, ਰਿਸ਼ੀਆਂ, ਮੁੰਨੀਆਂ ਦੀ ਲਾਡ ਲਡਾਈ ਬੋਲੀ ਦੀ ਸੇਵਾ ਦਾ ਰਾਹ ਵੀ ਇਹੋ ਸਮਝ ਆਪਣੇ ਮਾਨਯੋਗ ਉਚ ਕੋਟੀ ਦੇ ਕਵੀਆਂ ਉਤੇ ਕਲਮ ਚੁਕਨ ਦੀ ਹਿੰਮਤ ਕੀਤੀ ਹੈ ਪਰ ਕਿਥੋਂ ਤਕ ਕਾਮਯਾਬ ਹੋਇਆ ਹਾਂ, ਇਹ ਮੇਰੇ ਪਾਠਕ ਹੀ ਦਸ ਸਕਣਗੇ।

ਐਫ਼-੭੭, ਮਾਨ ਸਿੰਘ
ਭਗਤ ਸਿੰਘ ਮਾਰਕੀਟ, ੨੩ ਅਪ੍ਰੈਲ ੧੯੮੧
ਨਵੀਂ ਦਿੱਲੀ ।

ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਆ

ਅੱਜ ਦੇ ਪੰਜਾਬੀ ਸਾਹਿਤ ਵਿਚ ਕਿਸੇ ਵੀ ਵਿਦਵਾਨ ਅਲੋਚਕ ਨੇ ਆਪਣੇ ਕਿਸੇ ਲੇਖ ਯਾ ਆਪਣੀ ਕਿਸੇ ਪੁਸਤਕ ਵਿਚ ਸ੍ਰੀ ਮਾਨ, ਸਿੰਘ ਸਾਹਿਬ, ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਆ ਦਾ ਮਾੜਾ ਜਿਹਾ ਵੀ ਜ਼ਿਕਰ ਨਹੀਂ ਕੀਤਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਰਹੇ ਹੋਣ ਅਤੇ ਅਨੇਕਾਂ ਕਾਵ ਗ੍ਰੰਥਾਂ ਦੇ ਰਚਨਹਾਰ ਹੋਣ ਤੇ ਫੇਰ ਆਪ ਜੀ ਨਾਲ ਐਸੀ ਬੇਇਨਸਾਫੀ ਕੀਤੀ ਜਾਂਦੀ ਰਹੀ ਹੋਵੇ, ਸਾਹਿਤਕ ਧੱਕਾ ਹੀ ਕਿਹਾ ਜਾ ਸਕਦਾ ਹੈ ।

ਆਪ ਨੇ ਸਿੱਖੀ ਦੀ ਸੇਵਾ ਸਿੱਖ ਪਲਟਨਾਂ ਦੇ ਗ੍ਰੰਥੀ ਤੋਂ ਸ਼ੁਰੂ ਕੀਤੀ । ਮੇਰਾ ਇਹ ਦਾਹਵਾ ਹੈ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਜਿਨ੍ਹਾਂ ਸਿੱਖ ਫੌਜੀਆਂ ਨੇ ਵਿਕਟੋਰੀਆ ਕਰਾਸ ਅਤੇ ਜਾਰਜ ਕਰਾਸ ਜੈਸੇ ਉੱਚ ਤਕਮੇ ਪ੍ਰਾਪਤ ਕੀਤੇ, ਉਹਨਾਂ ਦੇ ਪਿਛੇ ਗਿਆਨੀ ਜੀ ਵਲੋਂ ਸਿੱਖੀ ਜਜ਼ਬੇ ਅਤੇ ਆਪ ਜੀ ਵਲੋਂ ਭਰੀ ਸਿੱਖੀ ਸਪਿਰਟ ਕੰਮ ਕਰ ਰਹੀ ਸੀ । ਆਪ ਨੇ ਹਰ ਸਿਪਾਹੀ ਦੇ ਅੰਦਰ ਕੁੱਟ ਕੁੱਟ ਕੇ ਸਿੱਖੀ ਜੀਵਨ ਭਰ ਰਖਿਆ ਸੀ । ਪੰਜਾਬ ਦੇ ਪਿੰਡਾਂ ਵਿਚ ਹੀਰ ਰਾਂਝਾ ਤੇ ਸੱਸੀ ਪੁਨੂੰ ਗਾਣੇ ਏਨੇ ਸੁਣੇ ਨਹੀਂ ਸੀ ਜਾਂਦੇ ਜਿਨੇ ਗਿਆਨੀ ਜੀ ਦੇ ਗੁਰੂ-ਜੱਸ ਵਿਚ ਉਚਾਰੇ ਬੈਂਤ ।

ਕਲਾਸਵਾਲਾ, ਤਹਿਸੀਲ ਪਸਰੂਰ, ਸਿਆਲਕੋਟ ਜ਼ਿਲੇ ਦਾ ਇਕ ਛੋਟਾ ਜਿਹਾ ਕਸਬਾ ਹੈ ਜਿਸ ਨੂੰ ਗਿਆਨੀ ਜੀ ਨੇ ਆਪਣੇ ਨਾਮ ਨਾਲ ਜੋੜ ਸਿਆਲਕੋਟ ਤੋਂ ਵਧ ਉਜਾਗਰ ਕਰ ਦਿਤਾ।

ਸਾਡੇ ਪੰਜਾਬੀ ਦੇ ਬਹੁਤ ਸਾਰੇ ਪ੍ਰਸਿਧ ਕਵੀ ਹਨ, ਜਿਨ੍ਹਾਂ ਨੇ ਅੰਗ੍ਰੇਜ਼ ਰਾਜ ਦੇ ਸਮੇਂ ਖਾਲਸੇ ਤੇ ਕਹਿਰ ਲਿਖਣ ਤੋਂ ਸੰਕੋਚ ਕੀਤਾ ਹੈ ਪਰ ਗਿਆਨੀ ਜੀ ਨੇ ਦਰਬਾਰ ਖਾਲਸਾ, ਬੇਤਾਜ ਖਾਲਸਾ, ਅਤੇ ਦਲੇਰ ਖਾਲਸਾ, ਵਿਚ ਮਹਾਰਾਜਾ ਰਣਜੀਤ ਸਿੰਘ ਜੀ ਪਿਛੋਂ ਦੇ ਹਾਲਾਤ ਬੜੀ ਦਲੇਰੀ ਨਾਲ ਵਰਨਣ ਕੀਤੇ ਹਨ ਅਤੇ ਖਾਸ ਕਰ ਬੇਤਾਜ ਖਾਲਸਾ ਵਿਚ ਮਹਾਰਾਜਾ ਦਲੀਪ ਸਿੰਘ ਜੀ ਦੀ ਦਰਦ ਭਰੀ ਵਿਥਿਆ ਨੂੰ ਆਪ ਨੇ ਬਹੁਤ ਜਜ਼ਬੇ ਨਾਲ ਬਿਆਨ ਕੀਤਾ ਹੈ।

ਸੁਧਾਰ ਖਾਲਸਾ ਪੁਸਤਕ ਵਿਚ ਆਪ ਨੇ ਗੁਰਦਵਾਰਾ ਸੁਧਾਰ ਲਹਿਰ ਨੂੰ ਬੜੀ ਅਣਖ ਨਾਲ ਅੰਕਤ ਕੀਤਾ ਹੈ ਅਤੇ ਬੀਰ ਖਾਲਸਾ ਵਿਚ ਗੁਰੂ ਕੇ ਬਾਗ ਦੇ ਮੋਰਚੇ ਦਾ ਪੂਰਾ ਵਰਨਣ ਦਰਜ ਹੈ ।

ਖੂਨ ਸ਼ਹੀਦਾਂ ਪੜ੍ਹ ਕੇ ਨਨਕਾਣਾ ਸਾਹਿਬ ਦੇ ਅੰਗ੍ਰੇਜ਼ੀ ਅਤਿਆਚਾਰ ਦੀ ਫਿਲਮ ਅਖਾਂ ਸਾਹਮਣੇ ਫਿਰ ਜਾਂਦੀ ਹੈ ।

ਆਪ ਜੀ ਲਗਪਗ ਤਿੰਨ ਦਰਜਨ ਗ੍ਰੰਥ ਆਪਣੇ ਗੁਰ ਸਿੱਖੀ ਜੀਵਨ ਵਿਚ ਪ੍ਰਕਾਸ਼ਤ ਕਰਵਾ ਗਏ ਅਤੇ ਅਜੇ ਵੀ ਆਪ ਦੀਆਂ ਅਨੇਕਾਂ ਰਚਨਾਵਾਂ ਅਨਛਪੀਆਂ ਪਈਆਂ ਹਨ ।

ਪੁਰਾਤਨ ਕਵੀ ਪ੍ਰਮਾਤਮਾ ਦੇ ਨਾਮ ਤੋਂ ਆਪਣੀਆਂ ਰਚਨਾਵਾਂ ਸ਼ੁਰੂ ਕਰਦੇ ਆਏ ਹਨ ਅਤੇ ਗਿਆਨੀ ਜੀ ਨੂੰ ਵੀ ਅਕਾਲ ਪੁਰਖ ਤੇ ਅਥਾਹ ਭਰੋਸਾ ਸੀ ਅਤੇ ਆਪ ਨੇ ਹਰ ਗ੍ਰੰਥ ਦੇ ਆਰੰਭ ਵਿਚ ਓਟ ਅਕਾਲ ਪੁਰਖ ਦੀ ਲਈ ਹੈ ਪਰ ਅਤਿ ਨਿਮ੍ਰਤਾ ਸਹਿਤ, ਜਿਵੇਂ :

ਆਦਿ ਪੁਰਖ ਪ੍ਰਮਾਤਮਾ ਪਰੀ ਪੂਰਨ, ਜਿਸ ਤਰਫ ਦੇਖਾਂ ਭਰਪੂਰ ਸਾਰੇ I
ਤੂੰਹੋਂ ਸੂਖ਼ਮ ਅਤੇ ਅਸਥੂਲ ਤੂੰਹੋਂ, ਹੋ ਰਿਹਾ ਹੈ ਤੇਰਾ ਜ਼ਹੂਰ ਸਾਰੇ I
ਜੀਵ ਜੰਤ ਬੇਅੰਤ ਤੂੰ ਕਰੇਂ ਪੈਦਾ, ਫੈਲ ਰਿਹਾ ਹੈ ਤੇਰਾ ਹੀ ਨੂਰ ਸਾਰੇ ।
ਮੈਨੂੰ ਆਪਣੇ ਚਰਨੀ ਲਾਈ ਰਖੀਂ, ਕਰ ਦਈਂ ਮੁਆਫ਼ ਕਸੂਰ ਸਾਰੇ ।
ਦੀਨਾ ਨਾਥ ਦਇਆ ਕਰੀਂ ਦਾਸ ਉਪਰ, ਮੇਰੇ ਹੌਂਸਲੇ ਤਾਈਂ ਵਧਾਈ ਰਖੀਂ ।
ਮੈਨੂੰ ਆਸ ਤੇਰੇ ਦਰਬਾਰ ਦੀ ਏ, ਮੇਰੇ ਸਿਰ ਤੇ ਹੱਥ ਟਿਕਾਈ ਰਖੀਂ ।

ਅਤੇ ਗੁਰੂ ਜੱਸ ਦਾ ਵਰਨਣ ਕਰਨ ਸਮੇਂ ਗਿਆਨੀ ਜੀ ਵੇਖੋ ਕਿਸ ਕਦਰ ਨਿਮਰਤਾ ਬਿਆਨ ਕਰਦੇ ਹਨ :

ਤੇਰੀ ਸ੍ਰੀ ਦਸਮੇਸ਼ ਅਪਾਰ ਲੀਲਾ, ਮੈਂ ਕੀਟ ਕਿਵੇਂ ਪਾਰ ਪਾਇ ਸਕਾਂ ।
ਮਤ ਹੀਨ ਮੈਂ ਬੁਧ ਦਾ ਪਿੰਗਲਾ ਹਾਂ, ਕਿਵੇਂ ਸਿਖ਼ਰ ਸਮੇਰ ਤੇ ਜਾਇ ਸਕਾਂ ।
ਕੀੜੇ ਗੁਲਰ ਦੇ ਵਾਂਗ ਹੈ ਬੁੱਧ ਮੇਰੀ, ਕਿਵੇਂ ਉਡ ਬ੍ਰਹਿਮੰਡ ਕਛਾਏ ਸਕਾਂ ।
ਕਾਵ ਭਾਵ ਦੀ ਨਹੀਂ ਪਛਾਣ ਚੰਗੀ, ਕਿਵੇਂ ਛੰਦ ਪ੍ਰਬੰਧ ਨਿਬਾਹਿ ਸਕਾਂ ।

ਗੁਰੂ ਦਸਮੇਸ ਜੀ ਦੀ ਉਪਮਾ ਵੇਖੋ ਕੈਸੀ ਬੇਮਿਸਾਲ ਕਰਦੇ ਹਨ :

ਦੁਨੀਆਂ ਵਿਚ ਤੂੰ ਬੇਮਿਸਾਲ ਇਕੋ, ਤੇਰੀ ਸਮਤਾ ਨੂੰ ਹੋਰ ਪਾਇ ਕਿਹੜਾ ।
ਤੇਰੇ ਜਿਹਾ ਤੂੰਹੋਂ ਇਕ ਨਜ਼ਰ ਆਵੇਂ, ਤੇਰੇ ਦਿਲ ਜਿਹਾ ਦਿਲ ਆਇ ਕਿਹੜਾ ।
ਪੁਤਰ ਆਪਣੇ ਲਾਡਲੇ ਵਾਰ ਕਰ ਕੇ, ਬੱਚੇ ਦੇਸ਼ ਦੇ ਲਖਾਂ ਬਚਾਇ ਕਿਹੜਾ ।
ਨਾਂ ਮੁਲਕ ਨਾਂ ਰਾਜ ਦੀ ਖਾਹਿਸ਼ ਕੋਈ, ਬੇਗ਼ਰਜ਼ ਹੋ ਜੰਗ ਮਚਾਇ ਕਿਹੜਾ ।
ਸੁਟ ਕੁਛੜੋਂ ਲਾਲ ਅਮੁਲੜੇ ਨੂੰ, ਦਸੋ ਡੈਣ ਦੇ ਹੱਥ ਫੜਾਇ ਕਿਹੜਾ।
ਤੇਰੇ ਜਿਹੀ ਮਿਸਾਲ ਇਕ ਤੂੰਹੋ ਹੀ ਹੈਂ, ਏਡਾ ਜਿਗਰਾ ਹੋਰ ਰਖਾਇ ਕਿਹੜਾ ।
ਪੁਤ੍ਰ ਹੋਣ ਸ਼ਹੀਦ ਕਰਤਾਰ ਸਿੰਘਾ, ਤੇਰੇ ਵਾਂਗ ਹਸ ਸ਼ੁਕਰ ਮਨਾਇ ਕਿਹੜਾ ।

ਦਸਮੇਸ਼ ਪਿਤਾ ਜੀ ਨੇ ਜਿਥੇ ਸਮਾਜ ਦੀਆਂ ਅਨੇਕਾਂ ਕੁਰੀਤੀਆਂ ਨੂੰ ਦੂਰ ਕੀਤਾ ਸੀ ਓਥੇ ਹੋਲੀਆਂ ਦੇ ਗੰਦ ਨੂੰ ਭੀ ਖਾਲਸੇ ਵਿਚੋਂ ਸਦਾ ਲਈ ਦੂਰ ਕਰ ਦਿਤਾ । ਸਿੰਘ ਸਾਹਿਬ ਵੇਖੋ ਖਾਲਸੇ ਦਾ ਹੋਲਾ ਕਬਿਤ ਛੰਦ ਵਿਚ ਕੈਸਾ ਦਿਲਚਸਪ ਪੇਸ਼ ਕਰਦੇ ਹਨ:

ਖੇਹ ਦਾ ਉਡਾਣਾ ਸਿਰ ਪਾਣਾ ਸੰਗੀ ਸਾਥੀਆਂ ਦੇ,
ਕਰਨਾ ਕੁਪੱਤ ਬਹੁ ਰੌਲਾ ਔ ਘਚੋਲਾ ਹੈ।
ਗੰਦ ਮੰਦ ਖੇਲ੍ਹਣਾ ਤੇ ਬੋਲਣਾ ਕੁਫ਼ਰ ਮੂੰਹ ਥੀਂ,
ਫਿਰਨਾ ਬਾਜ਼ਾਰੀ ਜਿਉਂ ਸ਼ਰਾਬੀਆਂ ਦਾ ਟੋਲਾ ਹੈ ।
ਗੁਰ ਸਿਖਾਂ ਤਾਈ ਭਾਈ ਸੋਭੇ ਨਹੀਂ ਕਾਰ ਐਸੀ,
ਲੋਕਾਂ ਦੀਆਂ ਹੋਲੀਆਂ ' ਤੇ ਖਾਲਸੇ ਦਾ ਹੋਲਾ ਹੈ ।

'ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਿ ਲਾਲ ਦੇਵ'
ਸ੍ਰੀ ਗੁਰੂ ਗ੍ਰੰਥ ਮਹਿ ਸਬਦ ਅਮੋਲਾ ਹੈ।
ਸਿੱਖਯਾ ਇਹ ਸ਼ਾਂਤ ਰਸ ਬੀਰ ਰਸ, ਹੋਰ ਸੁਣੋ,
ਤਲੀ ਧਰ ਸੀਸ ਆਓ ਪ੍ਰੇਮ ਭੇਤ ਖੋਲਾ ਹੈ।
ਸੂਰਾ ਸੋ ਪਹਿਚਾਨੀਏ ਜੋ ਦੀਨ ਹੇਤ ਲੜੇ ਮਰੇ,
ਪਾਛੇ ਨਹੀਂ ਪਾਉ ਧਰੋ ਕੀਮਤ ਅਤੋਲਾ ਹੈ ।
ਇਹੋ ਭੇਦ ਪਾਇਕੇ ਮੈਂ ਆਖਦਾ ਕਰਤਾਰ ਸਿੰਘਾ,
ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ।

ਦਸਮੇਸ਼ ਜੀ ਦੇ ਸਮੇਂ ਹੀ ਮਸੰਦਾਂ ਅਤਿ ਚੁਕ ਲਈ ਸੀ ਤੇ ਭੋਲੀ ਭਾਲੇ ਸ਼ਰਧਾਲੂ ਖਾਲਸੇ ਨੂੰ ਗੁਰਾਂ ਦੇ ਨਾਮ ਤੇ ਲੁਟਨਾ ਉਨ੍ਹਾਂ ਦੀ ਨਿਤ ਦੀ ਚਾਲ ਬਣ ਚੁਕੀ ਸੀ । ਗਿਆਨੀ ਜੀ ਨੇ ਮਸੰਦਾਂ ਨੂੰ ਕੱਢ ਦੇਣ ਵਲ ਵੀ ਅਸ਼ਾਰਾ ਕੀਤਾ ਹੈ ਤੇ ਮਸੰਦ ਰੀਤੀ ਦੇ ਅੰਤ ਕਰਨ ਉਤੇ ਵੀ ਆਪਣੀ ਮੋਹਰ ਐਉਂ ਲਾਈ ਹੈ :

ਕਈ ਸਿੱਖੀਓਂ ਹੀ ਖ਼ਾਰਜ ਕਰ ਕਢੇ,
ਬੈਂਤ ਕਈਆਂ ਤਾਈ ਮਰਵਾਏ ਗਏ ।
ਕਈ ਫੂਕ ਦਿਤੇ ਤੇਲ ਪਾ ਕੇ ਭੀ,
ਕਈ ਤੇਗ ਨਾਲ ਕਤਲਾਏ ਗਏ ।
ਸਾਰਾ ਨੀਯਮ ਮਸੰਦਾਂ ਦਾ ਤੋੜ ਦਿਤਾ,
ਕਾਰ ਦਾਰ ਸਭ ਸਿੰਘ ਬਣਾਏ ਗਏ।
ਸਿੰਘ ਹੋਏ ਮੁਖ਼ਤਾਰ ਕਰਤਾਰ ਸਿੰਘਾ,
ਸਾਂਭ ਸਾਰੇ ਹੀ ਕੰਮ ਚਲਾਏ ਗਏ ।

ਬੰਦਾ ਬਹਾਦਰ ਨੇ ਚੰਭੇ ਵਿਚ ਆ ਕੇ ਜਦ ਸ਼ਾਦੀ ਕੀਤੀ ਤਾਂ ਉਸ ਦੀ ਧਰਮ ਪਤਨੀ ਦੀ ਰੂਮਾਂਚਕ ਢੰਗ ਨਾਲ ਵੇਖੋ ਕਿਵੇਂ ਉਸਤੱਤ ਕਰਦੇ ਹਨ :

ਚੰਭੇ ਵਿਚ ਨਾਰੀ ਸੋਹਣੇ ਰੂਪ ਵਾਲੀ, ਸਿਫ਼ਤ ਹੁਸਨ ਦੀ ਬਾਹਿਰ ਬਿਆਨ ਵਿਚੋਂ
ਅਠਾਰਾਂ ਬਰਸ ਦੀ ਉਮਰ ਜਵਾਨ ਨੱਢੀ, ਸਰੂ ਕੱਦ ਲੰਬਾ ਬੋਸਤਾਨ ਵਿਚੋਂ।

ਮੁਗਲਾਂ ਦੇ ਬੰਦਾ ਬਹਾਦਰ ਦੀਆਂ ਫੌਜਾਂ ਉਤੇ ਗਲਬੇ ਨੂੰ ਵੀ ਵੇਖੋ ਸਿੰਘ ਸਾਹਿਬ ਕਿਵੇਂ ਸਚਾਈ ਨਾਲ ਬਿਆਨ ਕਰਦੇ ਹਨ :

ਅਗੇ ਖਾਲਸਾ ਤੇ ਪਿਛੇ ਤੁਰਕ ਭਜੇ,
ਸਿੰਘਾਂ ਜ਼ੋਰ ਅਰਦਾਸਿਆਂ ਤੇ ਲਾਇਆ ਜੀ ।

ਅਤੇ ਭਾਰਤ ਵਾਸੀਆਂ ਦੀ ਦਸਮੇਸ਼ ਜੀ ਵਲੋਂ ਵਧਦੀ ਜਾ ਰਹੀ ਬੇਰੁਖ਼ੀ ਨੂੰ ਵੀ ਵੇਖੋ ਆਪ ਕਿਸ ਦਲੇਰੀ ਨਾਲ ਚੋਟ ਲਗਾਂਦੇ ਹਨ :

ਕੀ ਭਲਾ ਜਾਤਾ ਦੇਸ਼ ਵਾਸੀਆਂ ਨੇ,
ਭਾਰੇ ਜੰਦਰੇ ਦਿਲਾਂ ਨੂੰ ਮਾਰ ਛਡੇ ।

ਗਿਆਨੀ ਕਰਤਾਰ ਸਿੰਘ ਜੀ ਨੇ ਜਿਸ ਆਪਣੇ ਨਿਮਾਣੇ ਢੰਗ ਨਾਲ ਪੰਜਾਬੀ ਮਾਂ-ਬੋਲੀ ਅਤੇ ਸਿੱਖੀ ਦੀ ਇਕੋ ਵਕਤ ਜੈਸੀ ਸ਼ਾਨਦਾਰ ਸੇਵਾ ਕੀਤੀ ਹੈ, ਉਹ ਆਉਣ ਵਾਲੀ ਪੀੜੀ ਲਈ ਸਦਾ ਚਾਨਣ ਮੁਨਾਰੇ ਦਾ ਕੰਮ ਦੇਂਦੀ ਰਹੇਗੀ । ਮੇਰਾ ਵਿਸ਼ਵਾਸ ਹੈ ਕਿ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਬੱਚਿਆਂ ਵਿਚ ਗੁਰੂ ਸ਼ਰਧਾ, ਪ੍ਰੇਮ, ਸਿਦਕ, ਭਰੋਸਾ ਅਣਖ ਪੈਦਾ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਵਿਦਿਆਲੇ ਪੰਜਾਬੀ ਭਾਸ਼ਾ ਦੀ ਦਿਲੋਂ ਉੱਨਤੀ ਚਾਹੁੰਦੇ ਹਨ ਤਾਂ ਗਿਆਨੀ ਜੀ ਦੀਆਂ ਲਿਖਤਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਹੀ ਹੋਵੇਗਾ। ਆਪ ਦੀ ਮਿਠੀ ਤੇ ਸਰਲ ਬੋਲੀ ਆਪਣਾ ਸਦੀਵੀ ਅਸਰ ਪਾਠਕ ਤੇ ਰਖਦੀ ਹੈ।

ਭਾਈ ਸਾਹਿਬ ਡਾ: ਵੀਰ ਸਿੰਘ ਜੀ

ਇਹ ਤਾਂ ਆਮ ਪ੍ਰਸਿਧ ਹੈ ਕਿ ਕਲਮ ਦੀ ਤਾਕਤ ਤਲਵਾਰ ਨਾਲੋਂ ਵੱਧ ਹੁੰਦੀ ਹੈ ਪਰ ਕਵੀ ਦੀ ਕਲਮ ਦੀ ਤਾਕਤ ਦਾ ਅੰਦਾਜ਼ਾ ਵੀ ਕਦੇ ਕਿਸੇ ਲਗਾਇਆ ਹੈ ? ਫੇਰ ਭਾਈ ਸਾਹਿਬ ਵੀਰ ਸਿੰਘ ਜੀ ਜੈਸੇ ਕਵੀ ਦੀ ਕਲਮ ਦਾ। ਭਾਈ ਸਾਹਿਬ ਦੀ ਉਹ ਸ਼ਕਤੀਸ਼ਾਲੀ ਕਲਮ ਸੀ ਜੋ ਜਿਧਰ ਵੀ ਵਗ ਗਈ ਅਫਸਾਨੇ ਪੈਦਾ ਕਰ ਗਈ।

ਭਾਈ ਸਾਹਿਬ ਨੂੰ ਬਤੌਰ ਕਵੀ ਦੇ ਅਕਸਰ ਟੈਗੋਰ ਯਾ ਇਕਬਾਲ ਦੇ ਬਰਾਬਰ ਕਹਿੰਦੇ ਹਨ । ਮੇਰੇ ਵਿਚਾਰ ਵਿਚ ਕਾਵਿ-ਖੇਤਰ ਅੰਦਰ ਟੈਗੋਰ ਦਾ ਆਪਣਾ ਵਖਰਾ ਅਸਥਾਨ ਹੈ ਅਤੇ ਇਕਬਾਲ ਦਾ ਅਡਰਾ ਅਤੇ ਭਾਈ ਸਾਹਿਬ ਦਾ ਆਪਣਾ ਨਰੋਲ ਅਲੱਗ। ਭਾਈ ਸਾਹਿਬ ਸੰਤ-ਕਵੀ ਸਨ ਤੇ ਇਹ ਉੱਚ ਪਦਵੀ ਟੈਗੋਰ ਯਾ ਇਕਬਾਲ ਨੂੰ ਪ੍ਰਾਪਤ ਨਹੀਂ ਹੋ ਸਕੀ ।

ਭਾਈ ਸਾਹਿਬ ਕੁਦਰਤ ਦੇ ਕਵੀ ਸਨ। ਕਵਿਤਾ ਦਾ ਇਕ ਅਦਨਾ ਜਿਹਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਅੰਗਰੇਜ਼ੀ ਦੇ ਪ੍ਰਸਿਧ ਕੁਦਰਤ ਦੇ ਕਵੀ ਵਰਡਜ਼ਵਰਥ ਦਾ ਵੀ ਬੜੇ ਧਿਆਨ ਤੇ ਉਤਸ਼ਾਹ ਨਾਲ ਅਧਿਆਨ ਕੀਤਾ ਹੈ । ਵਰਡਜ਼ਵਰਥ ਨੂੰ ਪੜ੍ਹਦਿਆਂ ਉਹਦੇ ਅਗੇ ਆਪ ਮੁਹਾਰਾ ਹੀ ਸੀਸ ਝੁਕ ਜਾਂਦਾ ਹੈ ਅਤੇ ਜਦ ਮੈਂ ਉਸੇ ਦ੍ਰਿਸ਼ਟੀਕੋਨ ਤੋਂ ਭਾਈ ਸਾਹਿਬ ਦੀਆਂ ਰਚਨਾਵਾਂ ਨੂੰ ਪੜ੍ਹਦਾ ਹਾਂ ਤਾਂ ਕਹਿ ਉਠਦਾ ਹਾਂ ਕਿ ਆਪ ਪੰਜਾਬ ਦੇ "ਵਰਡਜ਼ਵਰਥ" ਸਨ। ਜੇ ਅਸੀਂ ਵਰਡਜ਼ਵਰਥ ਨਾਮ ਦੇ ਦੋ ਟੁਕੜੇ ਕਰਕੇ ਪੜ੍ਹੀਏ ਤਾਂ ਉਸ ਮਹਾਨ ਕਵੀ ਦੀ ਸ਼ਖਸੀਅਤ ਹੋਰ ਵੀ ਮਹਾਨ ਹੋ ਕੇ ਉਭਰਦੀ ਹੈ; ਭਾਵ, "ਵਰਡਜ਼-ਵਰਥ ।" ਵਰਡਜ਼ ਦੇ ਅਰਥ ਪੰਜਾਬੀ ਵਿਚ ਹਨ ਸ਼ਬਦ ਅਤੇ ਵਰਥ ਦੇ ਅਰਥ ਹਨ, ਮੁਲ, ਖੂਬੀ, ਕਦਰ, ਗੁਣ ।

ਕਿਸੇ ਮਹਾਨ ਕਵੀ ਦੇ ਸ਼ਬਦਾਂ ਦੀ ਕਦਰ ਕੀਮਤ ਤਾਂ ਕੋਈ ਜੋਹਰੀ ਹੀ ਪਾ ਸਕਦਾ ਹੈ ਪਰ ਜੇ ਮੈਂ ਇਹ ਕਹਿ ਦਿਆਂ ਕਿ ਭਾਈ ਸਾਹਿਬ ਨੇ ਕੁਦਰਤ ਦੇ ਬਿਆਨ ਵਿਚ ਕਈ ਥਾਂ ਵਰਡਜ਼ਵਰਥ ਨਾਲੋਂ ਉੱਚ ਉਡਾਰੀਆਂ ਲਾਈਆਂ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ । ਮੇਰੀ ਪਰਖ ਦਾ ਮਿਆਰ ਤਾਂ ਕੇਵਲ ਇਹ ਹੈ ਕਿ ਵਰਡਜ਼ਵਰਥ ਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਕੁਦਰਤ ਵਿਚੋਂ ਕਾਦਰ ਦਾ ਝਲਕਾਰਾ ਨਹੀਂ ਮਿਲਦਾ, ਪਰ ਦੂਜੇ ਪਾਸੇ ਭਾਈ ਸਾਹਿਬ ਦੀਆਂ ਕਵਿਤਾਵਾਂ ਪੜ੍ਹ ਕੇ ਕਾਦਰ ਦੀ ਨਿਸਚੇ ਹੀ ਝਲਕ ਅਨੁਭਵ ਹੁੰਦੀ ਹੈ, ਜਿਵੇਂ ਜਮਨਾ ਦਰਿਆ ਦੀ ਸੁੰਦਰਤਾ ਵਿਚ ਵੇਖੋ :

ਜਮਨਾਂ ਨੀਂ ਤੂੰ ਸੁਹਣੀਏ ਜਮਨਾਂ।
ਤੇਰੀ ਨੈਂ ਵਿਚ ਸ਼ੋਖ ਹੁਲਾਰੇ ।
ਉਮੰਡ ਉਮੰਡ ਤੂੰ ਤੁਰਨੀਏ ਜਮਨਾਂ,
ਤੇਰੇ ਤੋਰ ਬਦਲ ਗਏ ਸਾਰੇ ।
ਪੈਰ ਟਿਕਾਵੇਂ ਤੂੰ ਹੇਠ ਨਾਂ ਜਮਨਾਂ।
ਤੇਰਾ ਜੋਬਨ ਠਾਠਾਂ ਮਾਰੇ ।
ਭਾਗ ਸੁਣੱਖੀ ਤੂੰ ਜਮਨਾ ਦਿਸੀਵੇਂ,
ਕਿਵੇਂ ਕੱਪਰ ਪੈਣ ਕਰਾਰੇ ?

ਜਵਾਬ

ਰਾਹੀਆ ਵੇ ! ਤੂੰ ਸੁਣ ਰਾਹੀਆ।
ਤੇਰੇ ਲਗਦੇ ਬੈਨ ਪਿਆਰੇ ।
ਰਾਹੀਆ ਵੇ ! ਤੂੰ ਅਰਜ਼ ਸੁਣੀਵੀਂ,
ਤੇਰ ਨੈਣ ਚਮਕਦੇ ਤਾਰੇ ।
ਅਰਸ਼ ਕੁਰਸ਼ ਦਾ ਨੂਰ ਵੇ ਰਾਹੀਆ,
ਜਿਹਦੇ ਭੈ ਵਿਚ ਮੰਡਲ ਸਾਰੇ ।
ਨੂਰ ਜਿਹਦੇ ਤੋਂ ਸੂਰਜ ਚਮਕੇ,
ਜਿਸ ਤੋਂ ਰੋਸ਼ਨ ਚੰਦ ਤੇ ਤਾਰੇ।
ਮਾਣੇ ਉਹ ਆਣ ਨਿਮਾਣੀ ਨੂੰ ਏਥੇ,
ਮੇਰੇ ਉਛਲੇ ਨੀਂ ਅੱਜ ਕਿਨਾਰੇ ।
ਮੰਗਲ ਖੁਸ਼ੀਆਂ ਤੇ ਚਾਓ ਵੇ ਰਾਹੀਆ,
ਮੈਨੂੰ ਬਣਦੇ ਨੀਂ ਚੋਜ ਮਲਾਰੇ ।

ਕਵਿਤਾ ਅਕਾਲ ਪੁਰਖ ਦੀ ਇਕ ਮਹਾਨ ਦਾਤ ਹੈ ਪਰ ਪ੍ਰਭੂ ਵਰਡਜ਼ਵਰਥ ਨੂੰ ਇਹ ਦਾਤ ਤਾਂ ਬਖਸ਼ੀ ਪਰ ਆਪ ਪਰਦੇ ਵਿਚ ਰਹਿ ਕੇ । ਵਰਡਜ਼ਵਰਥ ਦੀ ਕਿਸੇ ਕਵਿਤਾ ਵਿਚੋਂ ਇਹ ਨਹੀਂ ਮਿਲਦਾ ਕਿ ਉਹਨੂੰ ਕਿਤੇ ਖੁਦ ਵੀ ਕਾਦਰ ਦੀ ਝਲਕ ਪਈ ਯਾ ਕਿਸੇ ਕੁਦਰਤੀ ਜਲਵੇ ਵਿਚੋਂ ਉਹਨੂੰ ਆਪਣਾ ਇਸ਼ਟ ਵਿਖਾਈ ਦਿਤਾ। ਉਹ ਨਦੀਆਂ ਨਾਲਿਆਂ ਵਿਚੋਂ ਯਾ ਪਰਬਤਾਂ ਵਾੜੀਆਂ ਵਿਚੋਂ ਕਾਦਰ ਦਾ ਜਲਵਾ ਨਹੀਂ ਮਾਣ ਸਕਿਆ, ਪਰ ਭਾਈ ਸਾਹਿਬ ਜਮਨਾਂ ਵਿਚੋਂ ਪਰਤੱਖ ਦਸਮ ਪਾਤਸ਼ਾਹ ਦਾ ਦੀਦਾਰ ਕਰਦੇ ਹਨ ਅਤੇ ਅਕਾਲ ਪੁਰਖ ਦੀ ਲਿਸ਼ਕ ਨੂੰ ਮਾਣਦੇ ਹਨ । ਕਿਹੜਾ ਪਾਠਕ ਹੈ ਜੋ ਭਾਈ ਸਾਹਿਬ ਦੀਆਂ ਉਪਰੋਕਤ ਸਤਰਾਂ ਨੂੰ ਪੜ੍ਹ ਕੇ ਆਪਣੇ ਨੈਣ ਸੇਜਲ ਨਹੀਂ ਕਰਦਾ ? "ਜਿਹਦੇ ਭੈ ਵਿਚ ਮੰਡਲ ਤਾਰੇ" ਕਹਿ ਜਾਣਾ ਆਮ ਕਵੀ ਲਈ ਕਠਨ ਹੀ ਨਹੀਂ, ਅਸੰਭਵ ਹੈ। ਇਹ ਰਮਜ਼ ਕੋਈ ਵਰਸੋਇਆ ਹੋਇਆ ਭਾਈ ਸਾਹਿਬ ਜੈਸਾ ਸੰਤ-ਕਵੀ ਹੀ ਪਛਾਣ ਸਕਦਾ ਹੈ ਤੇ ਕਹਿ ਸਕਦਾ ਹੈ। ਵਰਡਜ਼ਵਰਥ ਏਸ ਦਾਤ ਤੋਂ ਊਣਾ ਰਹਿ ਗਿਆ।

ਵੈਰੀਨਾਗ ਚਸ਼ਮੇਂ ਦੀ ਸੁੰਦਰਤਾ ਨੂੰ ਬਿਆਨ ਕਰਦੇ ਭਾਈ ਸਾਹਿਬ ਫੇਰ ਵੇਖੋ ਕਿਵੇਂ ਵਾਹਿਗੁਰੂ ਵਿਚ ਲੀਨ ਹੋ ਜਾਂਦੇ ਹਨ।

ਵੈਰੀ ਨਾਗ ਤੇਰਾ ਪਹਿਲਾ ਝਲਕਾ,
ਜਦ ਅੱਖੀਆਂ ਵਿਚ ਵਸਦਾ।
ਕੁਦਰਤ ਦੇ ਕਾਦਰ ਦਾ ਜਲਵਾ ।
ਲੈ ਲੈਂਦੇ ਇਕ ਸਜਦਾ ।

ਕਸ਼ਮੀਰ ਦੇ ਉੱਚੇ ਪਰਬਤਾਂ ਵਿਚ ਛੁਪ ਛੁਪ ਤਪ ਕਰਨ ਅਨੇਕਾਂ ਤਪਸਵੀ ਗਏ ਤੇ ਵੈਰੀਨਾਗ ਦੇ ਸੁੰਦਰ ਠੰਡੇ ਮਿਠੇ ਜਲ ਕਿਨਾਰੇ ਬੈਠ ਬੈਠ ਉਮਰਾਂ ਗਾਲ ਤਪ ਕਰਦੇ ਰਹੇ ਪਰ ਪ੍ਰਭੂ ਨੂੰ ਨਾ ਪਾ ਸਕੇ । ਏਧਰ ਗੁਰੂ ਰਾਮ ਦਾਸ ਜੀ ਦੀ ਨਗਰੀ ਦਾ ਸੰਤ-ਕਵੀ ਇਸ ਅਲੌਕਿਕ ਝਰਨੇ ਨੂੰ ਵੇਖਦਿਆਂ ਹੀ ਪ੍ਰਭੂ ਦੇ ਚਰਨਾਂ ਵਿਚ ਜੁੜ ਗਿਆ । ਇਸ ਦਾ ਗੁਪਤ ਰਾਜ਼ ਭਾਈ ਸਾਹਿਬ ਆਪ ਐਉਂ ਦਸਦੇ ਹਨ :

ਜਿਥੇ ਸੁੰਦਰਤਾ ਆਣ ਪ੍ਰਰਕਾਸ਼ ਪਾਵੇ।
ਉਥੋਂ ‘ਰੱਬ-ਪ੍ਰਕਾਸ਼’ ਪਛਾਣੀਏਂ ਜੀ ।
ਸੁਹਣੇ ਕਾਦਰ ਨੇ ਰਚੀ ਹੈ ਸੁਹਣੀ ਕੁਦਰਤ ।
ਕੁਦਰਤ ਵਿਚ ਇਹ ਸੁਹਜ ਪਛਾਣੀਏ ਜੀ ।

ਫੇਰ ਆਪਣੇ ਏਸੇ ਵਿਚਾਰ ਦੀ ਅਗੇ ਜਾ ਕੇ ਹੋਰ ਐਉਂ ਪੁਸ਼ਟੀ ਵੀ ਕਰਦੇ ਹਨ :

ਕੁਦਰਤ ਸਾਜ ਕੇ ਕੁਦਰਤ ਵਿਚ ਵਸਦਾ ।
ਸਦਾ ਚਮਕਦਾ ਜਿਕਰਾਂ ਚੰਦ ਚੜ੍ਹਿਆ ।
ਏਸ ਦਿਸਦੇ ਵਸਦੇ ਵਿਚ ਸੋਹਣਾ,
ਆਪ ਵਸਦਾ ਜਿਨੇ ਸੰਸਾਰ ਘੜਿਆ।

ਗੁਰੂ ਕਲਗੀਧਰ ਜੀ ਦੇ ਦਰਸ਼ਨ ਪਰਸਦਿਆਂ ਫੇਰ ਗੁਦਾਵਰੀ ਦਾ ਨਾਦ ਵੀ ਭਾਈ ਸਾਹਿਬ ਵੇਖੋ ਕੈਸਾ ਅਨੂਪਮ ਦ੍ਰਿਸ਼ ਵਿਚ ਪੇਸ਼ ਕਰਦੇ ਹਨ। ਆਜ਼ਾਦ ਭਾਰਤ ਵਿਚ ਤੇ ਭਾਰਤੋਂ ਬਾਹਿਰ ਵਧੇਰਾ ਹੀ ਯੋਗਾ ਪ੍ਰਧਾਨ ਹੋ ਗਿਆ ਹੈ, ਪਰ ਭਾਈ ਸਾਹਿਬ ਨੇ ਗੁਦਾਵਰੀ ਰਾਹੀਂ ਯੋਗੀਆਂ, ਤਪੱਸ਼ਰਾਂ ਤੇ ਸਿੱਧਾਂ ਆਦਿ ਉਤੇ ਵੀ ਵੇਖੋ ਕਿਸ ਨਜ਼ਾਕਤ ਨਾਲ ਕਰਾਰੀ ਚੋਟ ਕੀਤੀ ਹੈ :

ਥਰੱਰ ਥਰੱਰ ਕੋਈ ਛਿੜੀ ਖਿਰਨ ਹੈ
ਲਰਜ਼ ਗਏ ਮੇਰੇ ਪਾਣੀ।
ਝਰਨ ਝਰਨ ਰਸ-ਭਿੰਨੜੀ ਛੁਹ ਪਈ,
ਕੰਬ ਉਠੀ ਜਿਉਂ ਕਾਨੀ।
ਚਮਕ ਚਮਕ ਲਹਿਰਾਂ ਵਿਚ ਲਿਸ਼ਕੀ ।
ਬਿਜਲੀ ਜਿਉਂ ਥਰਰਾਨੀ ।
ਮਸਤ ਅਲਮਸਤ ਝੂਮਨ ਝੂੰਮੀ,
ਪ੍ਰੇਮ ਲਟਕ ਲਟਕਾਨੀ ।
ਜੋਗੀ, ਜਤੀ, ਤਪੀ, ਸਿੱਧ ਪਰਸੇ,
ਪਰਸਿ ਪਰਸਿ ਪਛੁਤਾਨੀ ॥
ਪਰਸ ਚਰਨ ਨਿਤ ਖੁਸ਼ਕ ਰਹੀ ਮੈਂ,
ਰੱਸ ਬਿਨ ਉਮਰ ਬਿਹਾਨੀ ।
ਕਉਣ ਸਖ਼ੀ ਅੱਜ ਛੋਹ ਗਿਆ ਸਾਨੂੰ,
ਜੀਅ-ਦਾਨ ਦਾ ਦਾਨੀ ?
ਨੀਵਿਆਂ ਤੋਂ ਨੀਵੀਂ ਮੈਂ ਵਗਦੀ,
ਬਣੀ ਅਰਸ਼ ਦੀ ਰਾਣੀ ।
ਕਿਸ ਨੇ ਪਿਆਰ-ਅਣੀ ਆ ਚੋਭੀ,
ਪ੍ਰੀਤ-ਤਾਰ ਖਿੰਚਾਨੀ ।

‘ਫੁਲ ਤੇ ਯੋਗੀ' ਵਾਲੀ ਕਵਿਤਾ ਵਿਚ ਭਾਈ ਸਾਹਿਬ ਕਾਦਰ ਦੀ ਸੁੰਦਰਤਾ ਵਿਚ ਛੁਪਿਆ ਕੁਲ ਫਲਸਫਾ ਖੋਲ੍ਹ ਕੇ ਬਿਆਨ ਕਰ ਦੇਂਦੇ ਹਨ ਤਾਂ ਜੋ ਹਰ ਜੀਵ ਆਪਣੀ ਸੰਸਾਰ-ਯਾਤਰਾ ਸਫ਼ਲ ਕਰ ਜਾਵੇ। ਆਪ ਫਰਮਾਉਂਦੇ ਹਨ :

ਖਿੜੇ ਫੁਲ ਨੂੰ ਧਯਾਨੀ ਸੀ ਇਕ,
ਧਿਯਾਨ ਨਾਲ ਪਿਆ ਭਰਦਾ ।
ਅਸਾਂ ਪੁਛਿਆ ! ਜੁੜੇ ਮਨਾਂ! ਤੂੰ
ਕਿਉਂ ਪਿਆ ਇਸ ਤੇ ਮਰਦਾ ?''
ਕਹਿਣ ਲਗਾ : "ਮੈਂ ਸੁਣਨੀਆਂ ਚਾਹਾਂ
ਇਸ ਦੇ ਦਿਲ ਦੀਆਂ ਗੱਲਾਂ,
ਇਸ ਲਈ ਇਸ ਨੂੰ ਜੀਭ ਲਾਣ ਦਾ
ਜਤਨ ਪਿਆ ਹਾਂ ਕਰਦਾ ।"
ਜੋਗੀ ਧਯਾਨ ਧਰੇਂਦਾ ਹੁੱਟਾ,
ਪਰ ਫੁਲ ਜੀਭ ਨਾਂ ਪਾਈ,
‘ਜੀਭ-ਚੁੱਪ' ਤਾਂ ਬੋਲ ਰਹੀ ਸੀ
ਜੋਗੀ ਨੂੰ ਨਾਂ ਦਿਸਾਈ ।
ਕੂਕ ਕੂਕ ਸੁਹਣਾ ਪਿਆ ਆਖੇ,
“ਤਨ ਮਨ ਮੇਰਾ ਖੇੜਾ,
ਖਿੜਨ ਖਿੜਾਵਣ ਬਾਝੋਂ ਸਾਨੂੰ,
ਹੋਰ ਸੁਰਤਿ ਨਹਿ ਕਾਈ ।"

ਹਕੀਕਤ ਤਾਂ ਇਹ ਹੈ ਕਿ ਵਿਚਾਰੇ ਜੋਗੀ ਨੂੰ ਜੀਭ ਦਿਸ ਕਿਵੇਂ ਸਕਦੀ ਸੀ, ਉਹ ਅੱਖਾਂ ਹੀ ਗੁਰੂ ਜੀ ਫ਼ਰਮਾ ਗਏ ਹਨ ਕਿ ਹੋਰ ਹਨ ਜਿਹਨਾਂ ਨਾਲ ਪ੍ਰਭੂ ਵੇਖਿਆ ਜਾ ਸਕਦਾ ਹੈ, ਅਤੇ ਉਹਨਾਂ ਅੱਖਾਂ ਵਾਲੇ ਨੇ ਜੋਗੀ ਨੂੰ ਬੜਾ ਢੁਕਵਾਂ ਜਵਾਬ ਦਿਤਾ।

ਭਾਈ ਸਾਹਿਬ ਮਨੁੱਖ ਨੂੰ ਸਦਾ ਹੀ ਖੇੜੇ ਵਿਚ ਰਹਿਣ ਦਾ ਵੇਖੋ ਸਿੱਖੀ ਦ੍ਰਿਸ਼ਟੀ ਕੋਨ ਤੋਂ ਕੈਸਾ ਪ੍ਰਭਾਵਸ਼ਾਲੀ ਉਪਦੇਸ਼ ਦੇਂਦੇ ਹਨ :

ਤੂੰ ਹੱਸ ਬੰਦਿਆ ! ਤੁੰ ਹੱਸ ਬੰਦਿਆ !
ਹੁਣ ਰੋਣੋਂ ਕਰ ਦੇ ਬੱਸ ਬੰਦਿਆ।
ਜੋ ਉਪਜੇ ਧਰਤੀ ਖਿੜਦਾ ਹੈ।
ਤੂੰ ਝਵਿਆਂ ਕਿਉਂ ਹੈ ਦੱਸ ਬੰਦਿਆ ?
ਜਿਸ ਕੁਦਰਤ ਤੋਂ ਤੂੰ ਉਠਿਆ ਹੈਂ,
ਖਿੜ ਕੰਵਲ ਰਹੀ ਹੱਸ ਹੱਸ ਬੰਦਿਆ।
ਤੂੰ ਸਰਵਰ ਹੈਂ ਇਸ ਧਰਤੀ ਦਾ,
ਤੂੰ ਸੂਰਜ ਵਾਂਙੂ ਲੱਸ ਬੰਦਿਆ।
ਛਡ ਨਿਮੋਝਾਣੀ ਸਿਰ ਸਿਟਣਾ,
ਟੁਰ ਸ਼ੇਰਾਂ ਵਾਲੀ ਠਸ ਬੰਦਿਆ।
ਖਿੜ ਪੰਛੀ ਰਾਗ ਅਲਾਪ ਰਹੇ,
ਤੂੰ ਗਾ ਸੋਹਲੇ ਤੇ ਜੱਸ ਬੰਦਿਆ ।
ਚੜ੍ਹ ਪਰਬਤ ਚੋਟੀ ਬਰਫ਼ ਜਿਵੇਂ,
ਤੂੰ ਦਿਨ ਰਾਤੀਂ ਪਿਆ ਹੱਸ ਬੰਦਿਆ।

ਭਾਈ ਵੀਰ ਸਿੰਘ ਜੀ ਦੀ ਐਲਫੰਟਾ ਕੇਵਜ਼ ਵਾਲੀ ਕਵਿਤਾ ਵਿਚੋਂ ਆਪਦਾ ਦੇਸ-ਪਿਆਰ ਤੇ ਗੈਰਤ ਠਾਠਾਂ ਮਾਰਦੀ ਦਿਸਦੀ ਹੈ :

ਘਾਰਾ ਪੁਰੀ ਵੇਖ ਸ਼ਿਵ ਤੇਰੀ, ਨੈਣ ਨ ਠੱਲ੍ਹੈ ਜਾਵਨ ।
ਸ਼ਰਧਾ ਭਗਤੀ ਪ੍ਰੇਮ ਅਕਲ ਮਿਲ, ਕੀਤੇ ਬੁੱਤ ਬਨਾਵਨ ।
ਕੋਮਲ ਉਨਰ ਕਮਾਲ ਪ੍ਰਗਟਿਆ, ਰਸੀਆਂ ਅਖ ਤ੍ਰਿਪਤਾਵੇ ।
ਹਾਇ ਸ਼ੋਕ ਹੱਥਾਂ ਦੇ ਜਿਨ੍ਹਾਂ, ਕੀਤੇ ਏਹ ਤੁੜਾਵਨ ।੧।
ਅਪਣੀ ਵਲੋਂ ਅੰਨ੍ਹੇ ਹੱਥਾਂ, ਕੁਝ ਨ ਛਡਿਆ ਬਾਕੀ ।
ਮੋਤੀਏ ਵਾਲੇ ਨੈਣਾਂ ਫੁੰਡ ਫੁੰਡ, ਕੀਤਾ ਟਾਕੀ ਟਾਕੀ ।
‘ਉਨਰ-ਕਮਾਲ’ ਅਜੇ ਨਹੀਂ ਮੋਯਾ, ਅਜੇ ਪ੍ਰਭਾਵ ਦਿਖੇ ਹੈ ।
ਅਪਨੇ ਜੋਬਨ ਦੀ ਸੁਧ ਦੇਵੇ, ਬਚੀ ਖੁਚੀ ਇਹ ਝਾਕੀ ।੨।
ਸ਼ਰਮ ਹਿੰਦੀਆਂ ਸ਼ਰਮ ਹਿੰਦੂਆਂ, ਸ਼ਰਮ ਦੇਸ਼ ਨੂੰ ਸਾਰੇ ।
ਹੁਨਰ ਵਿਰਾਨ ਜਿਦ੍ਹਾ ਜਦ ਹੋਇਆ, ਬਨ ਨ ਸਕੇ ਰਖਵਾਰੇ ।
ਹੁਨਰ ਮਰੀਂਦਾ ਵੇਖ ਜਿਨ੍ਹਾਂ ਦੀ ਗੈਰਤ ਜੋਸ਼ ਨ ਖਾਵੇ ।
ਫੜੇ ਗੁਲਾਮੀ ਆਨ ਉਨ੍ਹਾਂ ਨੂੰ, ਮਰ ਜਾਵਨ ਬਿਨ ਮਾਰੇ ॥੩॥

ਭਾਈ ਸਾਹਿਬ ਵੀਰ ਸਿੰਘ ਜੀ ਨੇ ਸਾਨੂੰ ਜੀਵਣ ਜੀਣ ਦਾ ਢੰਗ ਵੀ ਬਹੁਤ ਉਤਮ ਐਉਂ ਸਿਖਾਇਆ ਹੈ :

ਕਿਰਦਾ ਵੇਖ ਪਤੜੀ ਹੋ ਹੋ,
ਪੁਛਿਆ ਕਿਸੇ ਗੁਲਾਬ ਤਾਈਂ ।
ਇਹ ਸੁੱਹਣਪ ! ਇਹ ਖੇੜਾ ਹਾਇ,
ਉਮਰਾ ਥੋੜੀ ਭਾਗ ਪਈ ।

ਹੱਸ ਕਿਹਾ ਉਸ ਸਫ਼ਲ ਏ ਥੋੜੀ,
ਮੁਸ਼ਕ ਮਚਾਂਦਿਆਂ ਬੀਤੀ ਜੋ ।
ਲੰਮੀ ਦਾ ਕਰ ਫਿਕਰ ਬੰਦਿਆ,
ਬਿਨ ਮੁਸ਼ਕੇ ਜੋ ਬੀਤ ਰਹੀ ।

ਅਤੇ ਭਾਈ ਸਾਹਿਬ ਡਾ: ਵੀਰ ਸਿੰਘ ਜੀ ਨੇ ਮਨੁੱਖਤਾ ਨੂੰ ਮੌਤ ਯਾਦ ਰਖਣ ਵਲ ਐਉਂ ਗੁਰੂ ਆਸ਼ੇ ਅਨੁਕੂਲ ਕਿ "ਹਰਦਮ ਰਖਣਾ ਯਾਦ ਵੇਲਾ ਮਰਨੇ ਦਾ" ਵਲ ਬਹੁਤ ਵਿਦਵਤਾ ਭਰਪੂਰ ਅਸ਼ਾਰਾ ਐਉਂ ਕੀਤਾ ਹੈ :

ਧੋਬੀ ਕਪੜੇ ਧੋਂਦਿਆ
ਵੀਰਾ ਹੋ ਹੁਸ਼ਿਆਰ ।
ਪਿਛਲੇ ਪਾਸਿਓਂ ਆ ਰਿਹਾ,
ਮੂੰਹ ਅੱਡੀ ਸੰਸਾਰ ।

ਅਤੇ ਭਾਈ ਸਾਹਿਬ ਨੇ ਪ੍ਰਮਾਤਮਾ ਵਿਚ ਸਿਦਕ ਭਰੋਸਾ ਰਖਣ ਬਾਰੇ ਵੀ ਸੁਚੱਜਾ ਉਪਦੇਸ਼ ਦਿਤਾ ਹੈ :

ਕੀ ਹੋਇਆ ਤੇ ਕੀਕੂੰ ਹੋਇਆ,
ਖੱਪ ਖੱਪ ਮੋਏ ਸਿਆਣੇ।
ਤੂੰ ਕਿਉਂ ਰਾਹ ਪਵੇਂ ਉਸ ਜਿੰਦੇ,
ਜਿਥੋਂ ਲੱਖਾਂ ਪੂਰ ਮੁਹਾਣੇ ।
ਭਟਕਣ ਛਡ, ਲਟਕ ਲਾ ਇਕੋ,
ਖੀਵੀ ਹੋ ਸੁਖ ਮਾਣੀ,
ਹੋਸ਼ਾਂ ਨਾਲੋਂ ਮਸਤੀ ਚੰਗੀ,
ਜੋ ਰਖਦੀ ਸਦਾ ਟਕਾਣੇ।

ਪ੍ਰੋ: ਪੂਰਨ ਸਿੰਘ ਜੀ

ਮੇਰਾ ਅਤਿ ਫੇਵਰਿਟ ਕਵੀ; ਜਿਸ ਦਾ ਨਾਂ ਸੁਣ ਮੈਂ ਵਜਦ ਵਿਚ ਆ ਝੂਮ ਉਠਦਾ ਹਾਂ ਅਤੇ ਜਿਸ ਜਿਹਾ ਪੰਜਾਬ ਦੀ ਧਰਤੀ ਨੇ ਵੀਹਵੀਂ ਸਦੀ ਵਿਚ ਕੋਈ ਦੂਜਾ ਪੁੱਤ ਹੀ ਨਹੀਂ ਪੈਦਾ ਕੀਤਾ ਜੋ ਪ੍ਰੋ: ਪੂਰਨ ਸਿੰਘ ਸਾਵੇਂ ਤੁਲ ਸਕੇ । ਮੈਂ ਪ੍ਰੋ: ਸਾਹਿਬ ਬਾਰੇ ਕਾਫੀ ਲੇਖ ਪੜ੍ਹੇ ਹਨ ਪਰ ਪਤਾ ਨਹੀਂ ਮੈਨੂੰ ਡਾਕਟਰ ਦਲੀਪ ਸਿੰਘ ਜੀ ‘ਦੀਪ’, ਐਮ. ਏ. ਪੀ. ਐਚ. ਡੀ. ਦੇ ਵਿਚਾਰਾਂ ਨੇ ਕਿਉਂ ਮੋਟੇ ਸੰਗਲ ਜਕੜ ਕੇ ਬੰਨ੍ਹ ਲਿਆ ਹੈ।ਮੈਨੂੰ ਐਓਂ ਲਗਦਾ ਹੈ ਜਿਵੇਂ ਆਪ ਨੇ ਮੇਰੇ ਵਿਚਾਰਾਂ ਦੀ ਮੇਰੇ ਨਾਲੋਂ ਵੀ ਵਧੇਰੇ ਢੁਕਵੇਂ ਸ਼ਬਦਾਂ ਵਿਚ ਪ੍ਰੋੜਤਾ ਕੀਤੀ ਹੈ । ਆਪ ਲਿਖਦੇ ਹਨ :

“ਪੂਰਨ ਸਿੰਘ ਨੇ ਪੰਜਾਬ ਅਤੇ ਪੰਜਾਬੀ ਸਭਿਅਤਾਚਾਰ ਬਾਰੇ ਸਭ ਤੋਂ ਵਧੇਰਾ ਲਿਖਿਆ ਹੈ। ਉਹ ਪੰਜਾਬ-ਪਿਆਰ ਦਾ ਆਪ ਪਾਤ੍ਰ ਬਣਿਆ ਹੈ। ਪੰਜਾਬ ਓਸ ਦੇ ਜੀਵਨ ਦੀ ਥੜਕਣ ਹੈ। ਓਸ ਦੀ ਕਵਿਤਾ ਹਸਦੇ ਹੋਏ, ਗਾਉਂਦੇ ਹੋਏ, ਚਾਂਘੜਾ ਮਾਰਦੇ ਹੋਏ ਪੰਜਾਬ ਦੇ ਜੀਂਦੇ ਚਿਤਰ ਹਨ।

ਪੂਰਨ ਸਿੰਘ ਨੇ ਪੰਜਾਬ ਦੇ ਸੋਹਲੇ ਇਸ ਤਰਾਂ ਗਾਏ ਹਨ ਜਿਵੇਂ ਕੋਈ ਭਗਤ ਆਪਣੇ ਇਸ਼ਟ ਨਾਲ ਇਕ ਸੁਰ ਹੋ ਕੇ ਸਮਾਧੀ ਵਿਚ ਗਾਉਂਦਾ ਹੈ, ਜਾਂ ਕੋਈ ਮੁਟਿਆਰ ਆਪਣੇ ਬਾਬਲ ਦਾ ਤੇ ਬਾਬਲ ਦੇ ਵੇਹੜੇ ਦਾ ਖਿਆਲ ਕਰ ਕੇ ‘ਹੇਕਾਂ ਲਾ ਲਾ ਗਾਉਂਦੀ ਹੈ।’

ਖੁਲ੍ਹੀ ਕਵਿਤਾ ਮੈਨੂੰ ਅਜੇ ਤਕ ਖਿਚ ਨਹੀਂ ਪਾ ਸਕੀ ਭਾਵੇਂ ਮੈਂ ਆਪ ਵੀ ਕਦੇ ਕਦੇ ਖੁਲ੍ਹੀ ਕਵਿਤਾ ਲਿਖਦਾ ਆ ਰਿਹਾ ਹਾਂ ਪਰ ਪਤਾ ਨਹੀਂ ਪ੍ਰੋ: ਪੂਰਨ ਸਿੰਘ ਦੇ ਕਲਾਮ ਵਿਚ ਕੀ ਜਾਦੂ ਹੈ ਜੋ ਮੈਂ ਇਨ੍ਹਾਂ ਦੀ ਖੁਲ੍ਹੀ ਕਵਿਤਾ ਦਾ ਖਾਸ ਹੀ ਸ਼ੈਦਾਈ ਹਾਂ। ਮੈਨੂੰ ਆਪ ਦੇ ਇਕ ਇਕ ਅਖਰ ਵਿਚੋਂ ਮਸਤੀ ਪ੍ਰਾਪਤ ਹੁੰਦੀ ਹੈ। ਆਪ ਬੜੇ ਆਰਟਿਸਟਿਕ ਢੰਗ ਨਾਲ ਸ਼ਬਦਾਂ ਦਾ ਤਾਣਾ ਤਣਦੇ ਹਨ ਅਤੇ ਪਾਠਕ ਆਪ ਦੇ ਤਾਣੇ ਬਾਣੇ ਦੇ ਕਲਾਮਈ ਹੁਨਰ ਨੂੰ ਵੇਖ ਬੇਸਾਖ਼ਤਾ ਅਸ਼ ਅਸ਼ ਕਰ ਉਠਦੇ ਹਨ । ਪੰਜਾਬ ਦੇ ਦਰਿਆਵਾਂ ਨਾਲ ਆਪ ਦਾ ਪਿਆਰ ਹੀ ਵੇਖੋ ਕਿਵੇਂ ਛੰਦਾਂ ਬੰਦੀ ਨਾਲੋਂ ਕਿਤੇ ਵੱਧ ਸੁੰਦਰ ਤੇ ਰਵਾਨਗੀ ਵਿਚ ਤੇਜ਼, ਕਿਹਾ ਹੀ ਦਿਲਕਸ਼ ਢੰਗ ਨਾਲ ਬਿਆਨ ਕਰਦੇ ਹਨ :

ਰਾਵੀ ਸੋਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿਚਦੀ
ਮੈਨੂੰ ਝਨਾਂ ਵਾਜਾਂ ਪਈ ਮਾਰਦੀ,
ਮੈਨੂੰ ਜਿਹਲਮ ਪਿਆਰਦਾ
ਅਟਕ ਦੀ ਲਹਿਰ ਵੀ
ਨਾਲ ਮੇਰੇ ਬੂਹੇ ਤੇ ਵਜਦੀ,
ਖਾੜ ਖਾੜ ਚਲਣ ਵਿਚ ਮੇਰੇ
ਸੁਫਣਿਆਂ, ਪੰਜਾਬ ਦੇ ਦਰਿਆ
ਪਿਆਰ-ਅੱਗ ਇਨਾਂ ਨੂੰ ਲਗੀ ਹੋਈ ।

ਜਿਵੇਂ ਦੇਸ਼ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ ਅਤੇ ਦਰਿਆ ਭੀ ਨਾਲ ਹੀ ਵੰਡੇ ਗਏ, ਜੇ ਪ੍ਰੋ: ਪੂਰਨ ਸਿੰਘ ਜੀ ਉਸ ਸਮੇਂ ਜ਼ਿੰਦਾ ਹੁੰਦੇ ਤਾਂ ਪਤਾ ਨਹੀਂ ਆਪ ਦੀ ਕਲਮ ਕੈਸੇ ਕੀਰਨੇ ਪਾਂਦੀ ।

ਪ੍ਰੋ: ਪੂਰਨ ਸਿੰਘ ਜੀ ਨੂੰ ਆਪਣੇ ਪੰਜਾਂ ਪਾਣੀਆਂ ਦੀ ਪਿਆਰੀ ਧਰਤੀ ਦਾ ਅੰਨ-ਪਾਣੀ ਦੁੱਧ, ਦਹੀ ਵੀ ਬਹੁਤ ਪਿਆਰਾ ਲਗਦਾ ਹੈ । ਪਿਛਲੀ ੧੯੩੯-੧੯੪੫ ਦੀ ਵਿਸ਼ਵ ਜੰਗ ਮਗਰੋਂ ਜਦ ਜਾਪਾਨ ਦੇ ਸ਼ਰੋਮਣੀ ਜਰਨੈਲ ਟੋਜੂ ਜੀ ਉਤੇ 'ਵਾਰ ਕਰਿਮਨਲਜ਼' ਦਾ ਮੁਕੱਦਮਾ ਚਲਾਇਆ ਗਿਆ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਅਮਰੀਕਨ ਜਰਨੈਲ ਮੈਕਾਰਥਰ ਨੇ ਇਨ੍ਹਾਂ ਦੀ (last wish) ਅਖਰੀ ਮਨਸ਼ਾ ਪੁਛੀ। ਆਪ ਨੇ ਤਿੰਨ ਵਾਰੀ ਕਿਹਾ,'ਗੋਲੀ, ਗੋਲੀ ਅਤੇ ਗੋਲੀ' । ਜਦ ਮੈਕਾਰਥਰ ਨੇ ਕਿਹਾ ਕਿ ਗੋਲੀ ਤਾਂ ਅਵੱਸ਼ ਮਿਲੇਗੀ ਪਰ ਕੋਈ ਹੋਰ ਖਾਹਿਸ਼ ਦਸੋ, ਮੈਂ ਇਕ ਫੌਜੀ ਨਾਲ ਦੋਸਤੀ ਨਿਭਾਣਾ ਚਾਹੁੰਦਾ ਹਾਂ, ਤਾਂ ਇਹ ਸੁਣ ਟੋਜੂ ਨੇ ਹੱਸ ਕੇ ਕਿਹਾ : ‘ਜਾਪਾਨੀ ਖਾਣਾ, ਜਾਪਾਨੀ ਹਥੋਂ, ਜਾਪਾਨੀ ਭਾਸ਼ਾ ਵਿਚ-ਕਿ ਕੁਝ ਹੋਰ ਦਾਲ ਚੌਲ ਚਾਹੀਦੇ ਹਨ, ਆਦਿ' ਅਤੇ ਮੈਕਾਰਥਰ ਨੇ ਉਹਨੂੰ ਜਾਪਾਨੀ ਖਾਣਾ ਖਾ ਕੇ ਮਰਨ ਸਮੇਂ ਦੀ ਬੇਮਿਸਾਲ ਦੇਸ਼ ਭਗਤੀ ਵਾਲੀ ਮਹਾਨ ਇਛਾ ਨੂੰ ਪੂਰਾ ਕਰ ਦਿਤਾ। ਜਦ ਮੈਂ ਪ੍ਰੋ: ਪੂਰਨ ਸਿੰਘ ਜੀ ਦੀ ਕਵਿਤਾ ਵਿਚ ਮੱਕੀ ਦੀ ਰੋਟੀ ਤੇ ਸਾਗ ਦਾ ਵਰਨਣ ਦੇਖਦਾ ਹਾਂ ਤਾਂ ਆਪਦੇ ਪਿਆਰ ਦੀ ਵੈਸੀ ਹੀ ਸਿਖ਼ਰ ਵੇਖ ਹੈਰਾਨ ਰਹਿ ਜਾਂਦਾ ਹਾਂ । ਪੰਜਾਬੀਆਂ ਦਾ ਜੀਵਨ, ਉਨ੍ਹਾਂ ਦਾ ਮਿਲਾਪੜਾ-ਪਨ, ਉਨ੍ਹਾਂ ਦੀ ਦਰਿਆ ਦਿਲੀ ਤੇ ਸਭਿਆਚਾਰ ਆਪ ਹੀ ਮੁਲਾਹਜ਼ਾ ਫਰਮਾਓ :

ਲਸੀ ਦਾ ਛਨਾਂ ਦੇਂਦੇ
ਬਾਜਰੇ ਦੀ ਰੋਟੀ
ਮਖਨ ਦਾ ਪੇੜਾ ਦਿੰਦੇ
ਦੁੱਧ ਦੀਆਂ ਕਟੋਰੀਆਂ
ਸਾਗ ਦਿੰਦੇ, ਦਾਣੇ ਦਿੰਦੇ ਭੂਨੈ
ਮਕੀ ਜਵਾਰ ਤੇ ਛਲੀਆਂ,
ਪਾਣੀ ਠੰਡਾ ਖੂਹਾਂ ਦੇ ਦਿੰਦੇ
ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ ।

ਪੰਜਾਬ ਪ੍ਰੋਫੈਸਰ ਸਾਹਿਬ ਦੇ ਕਥਨ ਮੁਤਾਬਕ, ਹੋਇਆ ਜੋ ਗੁਰੂ ਦੇ ਨਾਮ ਦਾ, ਨਾਂ ਹਿੰਦੂ ਦਾ ਨਾਂ ਮੁਸਲਮਾਨ ਦਾ, ਸੋ ਇਸ ਖਾਣ ਪੀਣ ਤੇ ਮੇਲ ਮਿਲਾਪ ਦੀਆਂ ਸਾਂਝਾਂ ਵੀ ਪੰਜਾਬੀਆਂ ਵਿਚ ਵੇਖੀਆਂ ਜਾਣੀਆਂ ਜ਼ਰੂਰੀ ਹੀ ਸਨ। ਵੇਖੋ ਆਪ ਕਿਵੇਂ ਪੰਜਾਬ ਦੇ ਜਵਾਨਾਂ ਦੇ ਇਖਲਾਕ ਨੂੰ ਵੀ ਵੈਸੇ ਹੀ ਜਜ਼ਬੇ ਨਾਲ ਚਿਤਰ ਗਏ ਹਨ :

ਇਹ ਬੇਪ੍ਰਵਾਹ ਪੰਜਾਬ ਦੇ
ਮੌਤ ਨੂੰ ਮਖੌਲ ਕਰਨ
ਮਰਨ ਥੀਂ ਨਹੀਂ ਡਰਦੇ ।
ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦੇਂ ਦੇ
ਪਰ ਟੈਂ ਨਾਂ ਮੰਨਣ ਕਿਸੇ ਦੀ ।
ਖਲੋ ਜਾਣ ਡਾਂਗਾਂ ਮੋਢੇ ਤੇ ਖਲਾਰ ਕੇ ।
ਪੰਜਾਬ ਨਾਂ ਹਿੰਦੂ ਨਾਂ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇ ।
... ... ...
ਬਾਂਕੇ ਛਬੀਲੇ ਪੰਜਾਬ-ਪਿਆਰ ਦੇ ਰਹਿਣ ਵਾਲੇ,
ਪੰਜਾਬੀ ਮਾਵਾਂ ਦੇ ਪੁੱਤਰ ਰਖਣ ਨਾ ਜਾਨ ਸੰਭਾਲ ਇਹ,
ਜਾਨ ਨੂੰ ਵਾਰਨ ਜਾਣਦੇ,
ਲਹੂ ਵੀਟਣ ਥੀਂ ਨਾਂ ਡਰਨ ਇਹ
ਤੇ ਜੰਗ ਵਿਚੋਂ ਨਸਣਾ ਨਾਂ ਪਛਾਣਦੇ।

ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਆ ਆਪ ਨੇ ਲਗ ਪਗ ਸੰਸਾਰ ਦੇ ਸਾਰੇ ਵਡੇ ਵਡੇ ਦੇਸ ਘੁੰਮੇ ਤੇ ਵੰਨ ਸੁਵੰਨੀ ਸਭਿਅਤਾ ਨੂੰ ਆਪਣੀ ਪਾਰਖੂ ਅੱਖ ਨਾਲ ਵੇਖਿਆ ਪਰ ਆਪ ਦਾ ਪਿਆਰ ਪੰਜਾਬ ਨਾਲ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਰਹਿ ਕੇ ਭੀ ਚੰਨ-ਚਕੋਰ ਤੇ ਚਕਵੀ ਸੂਰਜ ਵਾਲਾ ਹੀ ਰਿਹਾ ਤੇ ਪੂਰਬ ਪਛਮ ਦੀ ਛੋਹ ਨੂੰ ਆਪ ਨੇ ਮਾੜਾ ਜਿਹਾ ਵੀ ਨਹੀਂ ਕਬੂਲਿਆ, ਸਗੋਂ ਵਾਪਸ ਦੇਸ਼ ਪਰਤ ਆਪਣੇ ਸੋਹਣੇ ਪੰਜਾਬ ਦੇ ਐਓਂ ਸੋਹਲੇ ਆਪ ਨੇ ਆਪਣੀ ਮਿੱਠੀ ਰਸੀਲੀ ਲੈ ਵਿਚ ਗਾਏ ਹਨ :

ਓਏ ! ਮੈਂ ਤਕਿਆ ਸਾਰਾ ਜਹਾਨ ਏ
ਮੈਂ ਫਿਰ ਫਿਰ ਆਇਆਂ ਬਗਾਨੇ ਦੇਸ਼ਾਂ ਵਿਚ
ਦੇਖਦਾ ਫਿਰਿਆ ਮੈਂ ਸੁਹਣਪ ਮਿਠਤ ਤੇ ਮਿਲਾਪ ਸਾਰਾ
ਪਰ ਕਿਧਰੇ ਨਹੀਂ ਤਕੀ ਮੈਂ ਇਹ ਨਿਮਾਣੀ ਜਿਹੀ
ਅਹੀਰਨ ਪੰਜਾਬ ਦੀ ਜਿਸ ਨੂੰ ਤਕ ਕੇ ਮੈਂ ਦਰਿਆ ਜਿਹਾ ਹੋ ਗਿਆ ।

ਹੋਰ ਵੇਖੋ ਪੰਜਾਬ ਦੀ ਕਿਵੇਂ ਆਪ ਭਰਵੀਂ ਵਡਿਆਈ ਕਰਦੇ ਹਨ :

ਮੈਨੂੰ ਪੰਜਾਬ ਜਿਹਾ ਮੁਲਖ ਹੋਰ ਨਾ ਕੋਈ ਦਿਸਦਾ,
ਵਸਦਾ ਤੇ ਹਸਦਾ ਖੇਡਦਾ ਮਜੂਰੀ ਕਰਦਾ ਪਿਆਰ ਦੀ ।
ਏਥੇ ਜਾਨ ਆਈ, ਰੂਪ ਆਇਆ,
ਰੱਬ ਆਇਆ, ਗੀਤ ਅਸਮਾਨੀ ਆਇਆ,
ਦਿਲ ਆਇਆ ਬਖਸ਼ਿਸ਼ ਦਾ
ਏਥੇ ਚਾਅ ਦੇ ਆਸਮਾਨ ਟੁਟੈ,
ਇਥੇ ਹੁਸਨ ਖੁਦਾਈ ਦਾ ਅਵਤਾਰ ਆਇਆ,
ਇਥੇ ਦਾਤੇ ਬਲਕਾਰ ਆਏ,
ਸਾਈਂ ਦੇ ਪਿਆਰੇ ਆਏ,
ਇਥੇ ਧਰਤੀ 'ਚ ਕਲਗੀ ਵਾਲੇ ਦੇ ਘੋੜੇ ਦੇ ਸੁਮਾਂ ਦੀ ਟਾਪ ਲਗੀ
ਇਥੇ ਸਤਿਗੁਰਾਂ ਸਚੇ ਪਾਤਸ਼ਾਹ ਦਾ ਨਿਵਾਸ ਹੈ ।

ਪ੍ਰੋ: ਪੂਰਨ ਸਿੰਘ ਜੀ ਨੇ ਆਪਣੀ ਕਵਿਤਾ 'ਖੂਹ ਉਤੇ' ਵਿਚ ਪੰਜਾਬ ਦੇ ਪੇਂਡੂ ਜੀਵਨ ਨੂੰ ਐਸਾ ਬਿਆਨ ਕੀਤਾ ਹੈ ਕਿ ਸ਼ਹਿਰ ਵਾਲੇ ਇਸ ਕਵਿਤਾ ਨੂੰ ਪੜ੍ਹ ਲਲਚਾ ਉਠਦੇ ਹਨ । ਆਪ ਲਿਖਦੇ ਹਨ :

ਖੂਹ ਉਤੇ ਪਿਪਲ ਹੇਠ ਨਿਕੀ ਵਡੀ ਘਗਰੀਆਂ,
ਨਿਕੀਆਂ ਨਿਕੀਆਂ ਬਾਵਾਂ,
ਵਡੀਆਂ ਵਡੀਆਂ ਲਜਾਂ ਕੁੜੀਆਂ ਪੰਜਾਬ ਦੀਆਂ
ਪਾਣੀ ਪਈਆਂ ਭਰਦੀਆਂ ਪਾਣੀ ਖੂਹ ਵਿਚੋਂ ਕਢਦੀਆਂ
ਕੁਛ ਛਟੇ ਮਾਰ ਮਾਰ ਗਵਾਂਦੀਆਂ ਮੂੰਹ ਤੇ ਪਾਂਦੀਆਂ
ਡੋਹਲ ਡੋਹਲ ਹਥਾਂ ਨਾਲ, ਪੈਰਾਂ ਨੂੰ ਨੁਹਾਲਦੀਆਂ।
ਆਏ ਗਏ ਕਵੀ ਕਵੀਸ਼ਰ ਨੂੰ ਪਾਣੀ ਬੁਕਾਂ ਨਾਲ ਪਿਆਲਦੀਆਂ।

ਪ੍ਰੋਫੈਸਰ ਸਾਹਿਬ ਦਾ ਖੂਹ ਉਤੇ ਦੀ ਕਵਿਤਾ ਦਾ ਅੰਤਲਾ ਬੰਦ ਯਾ ਜਿਹਨੂੰ ਡਰਾਪ-ਸੀਨ ਕਿਹਾ ਜਾ ਸਕਦਾ ਹੈ ਵੀ ਕਮਾਲ ਹੈ। ਧਿਆਨ ਨਾਲ ਮੁਲਾਜ਼ਾ ਫਰਮਾਓ :

ਖੂਹ ਉਤੇ ਵਸਦਾ
ਗਿਰਾਂ ਵੀ ਇਕ ਸ਼ਹਿਰ ਹੋ ਦਿਸਦਾ,
ਫਕੀਰ ਸਾਈਂ ਲੋਕ ਇਥੇ ਮਿਲਦੇ
ਤੇ ਇਨ੍ਹਾਂ ਦੁਨੀਆਂ ਦੀਆਂ ਅਖਾਂ ਵਿਚ
ਲਜਾਂ ਸੁਟ ਸੁਟ ਪਾਣੀ ਉਹ ਭਰਦੇ,
ਇਹ ਮੇਲਾ ਸੰਜੋਗ ਹੁੰਦਾ !
ਮੇਲੇ ਦੀ ਖੁਸ਼ੀ
ਕੁਟ ਕੁਟ ਦਿਲ ਵਿਚ ਭਰਨਾ
ਅਨਵਾਹੀਆਂ ਪੈਲੀਆਂ ਵਿਚ ਨਸਣਾ ਤੇ ਦੌੜਣਾ,
ਹਫੀ ਹਫੀ ਆਣਾ ਮੁੜ ਮੁੜ ਜਾਣਾ
ਪਾਣੀ ਖੂਹੇ ਤੇ ਪੀਣਾ ਬੁਕ ਬੁਕ ਭਰ ਕੇ ।

ਆਲ ਇੰਡੀਆ ਰੇਡੀਓ ਤੋਂ ਕੁਝ ਪੰਜਾਬੀ ਦੇ ਵਿਦਵਾਨ ਲੇਖਕ ਸਮਾਜ ਉਤੇ ਚਰਚਾ ਕਰਦੇ ਇਕ ਦਿਨ ਸੁਣੇ । ‘ਮਨ ਤੁਰਾ ਹਾਜੀ ਬਗੋਆ। ਤੂ ਮਰਾ ਮੁਲਾਂ ਬਗੋ' ਦੀ ਕਹਾਵਤ ਯਾਦ ਆ ਗਈ । ਕਿਸੇ ਇਕ ਵੀ ਪ੍ਰੋਫੈਸਰ ਪੂਰਨ ਸਿੰਘ ਦੇ ਇਹ ਵਾਕ ਪੜ੍ਹ ਕੇ ਚਰਚਾ ਵਿਚ ਭਾਗ ਲਿਆ ਹੁੰਦਾ ਤਾਂ ਰੰਗ ਹੀ ਹੋਰ ਹੁੰਦਾ :

ਖੂਹ ਪਈ ਅਜ ਦੀ ਸਭਿਅਤਾ ਜਿਹੜੀ ਦੌੜਦੀ ਫਿਰਦੀ
ਦੌੜ ਦੌੜ ਆਰਾਮ ਚਾਹੇ ਲੈਣਾ
ਕੋਈ ਸੋਹਣੀਆਂ ਪੀਂਘਾਂ ਹੁਣ ਨਾ ਝੂਲਦੀਆਂ
ਇਹ ਕੀ ਹੈ ਮੁਰਦਾਹੀਨ ਜਿਹੀ ?
ਉਹ ਹੁਣ ਪੁਰਾਣੇ ਵਿਆਹਾਂ ਦੇ ਰੰਗ ਨਹੀਂ ਢੰਗ ਨਹੀਂ
ਕੁਝ ਉਧਲਣ ਉਧਾਲਣ
ਦਸੋ ਨਾ ਕਿਥੇ ਤੁਰ ਗਿਆ ਸਾਰਾ
ਮੇਰਾ ਉਹ ਪੰਜਾਬ ?

ਪ੍ਰੋ: ਪੂਰਨ ਸਿੰਘ ਨੂੰ ਆਪਣੇ ਦੇਸ਼ ਜਿਹਾ ਸੰਸਾਰ ਦਾ ਕੋਈ ਵੀ ਦੇਸ਼ ਨਹੀਂ ਲਗਾ। ਮੈਂ ਵੀ ਹੁਣ ਕਈ ਵਾਰੀ ਯੋਰਪ ਵੇਖ ਆਇਆ ਹਾਂ ਅਤੇ ਵੇਖਿਆ ਵੀ ਕੇਵਲ ਸੈਰ ਦੇ ਹੀ ਆਸ਼ੇ ਨਾਲ ਹੈ। ਮੈਂ ਪ੍ਰੋਫੈਸਰ ਸਾਹਿਬ ਦੇ ਹੇਠ ਦਿਤੇ ਵਿਚਾਰਾਂ ਨਾਲ ਆਪਣੇ ਤਜਰਬੇ ਦੇ ਆਧਾਰ ਤੇ ਸੌ ਫ਼ੀ ਸਦੀ ਸਹਿਮਤ ਹਾਂ, ਕਿ :

ਓਏ ਕਿਧਰੇ ਨਹੀਂ ਲਗਦੀ
ਹਵਾ ਠੰਡੀ ਪੰਜਾਬ ਵਾਲੀ,
ਕਿਧਰੇ ਦਾ ਪਾਣੀ ਮੈਨੂੰ
ਨਾਂ ਇਹੋ ਜਿਹਾ ਮਿਠਾ ਤੇ ਮਾਫਕ ।
ਇਥੇ ਪ੍ਰਦੇਸ਼ ਝਾਗ ਜਦ ਕਦੀ ਮੈਂ ਮੁੜਿਆ
ਫੈਲਿਆ ਮੈਂ ਆਸਮਾਨ ਵਾਂਗ ਟੁਰਿਆ ਸਦੀਵ
ਬਾਹਾਂ ਉਲਾਰਦਾ ਖਿਲਾਰਦਾ ।
ਆਪ ਮੁਹਾਰਾ ਚਾਅ ਪਿਆ ਚੜ੍ਹਦਾ
ਦਿਲ ਕਰਦਾ ਖੁਸ਼ੀ ਵਿਚ ਆ
ਕਪੜੇ ਫਾੜਨ ਨੂੰ ।
ਜੁੱਸਾ ਤਤਾ ਤਤਾ ਪਿਆ ਹੁੰਦਾ,
ਮੈਂ ਪੈਰ ਨਾ ਰਖਾਂ ਜ਼ਮੀਨ ਆਸਮਾਨ ਤੇ ।

ਇਹ ਪੰਜਾਬ ਦਾ ਸਚਾ ਆਸ਼ਕ ਆਪਣੇ ਦੇਸ਼ ਨੂੰ ਵੇਖੋ ਆਸੀਸ ਵੀ ਕੈਸੀ ਪਿਆਰ ਦੇ ਲੋਰ ਵਿਚ ਘੁਲੀ ਮਿਲੀ ਦੇਂਦਾ ਹੈ :

ਵਸਣ ਤੇਰੇ ਮਹਿਲ ਤੇ ਮਾੜੀਆਂ
ਵਸਣ ਹੋਰ ਵਧ ਖੁਸ਼ ਤੇਰੀਆਂ
ਨਿਕੀਆਂ ਨਿਕੀਆਂ ਝੁੱਗੀਆਂ !
ਵਸਣ ਤੇਰੇ ਦੇਸ ਪਰਦੇਸ ਸਾਰੇ,
ਸੁਖੀ ਸੁਖੀ ਤੇਰੇ ਜਾਏ ਤੇ ਜਾਈਆਂ ।
ਵਸਣ ਤੇਰੇ ਬਾਗ ਵਸਣ ਤੇਰੀਆਂ ਬਹਾਰਾਂ
ਵਸਣ ਤੇਰੇ ਤੂਤ ਸ਼ਹਤੂਤ ਸਾਰੇ,
ਜੀਣ ਤੇਰੀਆਂ ਬੇਰੀਆਂ,
ਫਲਾਹੀਆਂ ਜੀਣ ਕਿਕਰ ਜੀਣ
ਜੀਣ ਤੇਰੀਆਂ ਝਾੜੀਆਂ।

ਇਹ ਪੰਜਾਬ ਦਾ ਆਸ਼ਕ ਪੰਜਾਬ ਦੀਆਂ ਇਨ੍ਹਾਂ ਸਾਰੀਆਂ ਬਰਕਤਾਂ ਦਾ ਰਾਜ਼ ਵੀ ਖੋਲ੍ਹ ਕੇ ਬਿਆਨ ਕਰਦਾ ਹੈ :

ਪੰਜਾਬ ਵਿਚ ਸਤਿਗੁਰਾਂ ਦੀ ਨਿਗਾਹ ਵਿਚੋਂ
ਜੀਵਨ ਬਿਜਲੀਆਂ ਦੇ ਅਸਗਾਹ ਦਰਿਆ ਵਗ ਉਠੇ
ਝਨਾਂ ਤੇ ਰਾਵੀ ਤੇ ਸਤਲੁਜ ਤੇ ਬਿਆਸ ਤੇ
ਗੁਰੂ ਕਾ ਜਪੁ ਸਭ ਗਾਉਂਦੇ, ਇਓਂ ਨਾਂ ਰਿਹਾ ਕੋਈ ਥਾਂ

ਵੈਸੇ ਗੁਰੂ ਦੇ ਪੰਜਾਬ ਦੇ ਪੰਜਾਬੀ ਜਵਾਨਾਂ ਨੂੰ ਪ੍ਰੋ: ਪੂਰਨ ਸਿੰਘ ਜੀ ਜੋ ਹਲੂਣਾ ਦੇ ਗਏ ਹਨ, ਏਸ ਵਲ ਜਦ ਤਕ ਇਹ ਧਿਆਨ ਦੇਂਦੇ ਰਹਿਣਗੇ, ਪੰਜਾਬ ਦੇ ਕਲਚਰ ਨੂੰ ਜਿੰਦਾ ਰਖਣਗੇ । ਪੰਜਾਬ ਦੀ ਹਵਾ ਉਨ੍ਹਾਂ ਨੂੰ ਭਾਵੇਂ ਉਹ ਲਖ ਕੋਹਾਂ ਤੇ ਕਿਉਂ ਨਾਂ ਹੋਣ ਨਿਸਚੇ ਹੀ ਠੰਡ ਪਹੁੰਚਾਂਦੀ ਰਹੇਗੀ, ਤੇ ਦੇਸ਼ ਭਗਤੀ ਦਾ ਧੜਕਣ ਛਾਤੀ ਵਿਚ ਸੁਣੀਂਦੀ ਰਹੇਗੀ ।

ਪ੍ਰੋ: ਮੋਹਨ ਸਿੰਘ ਜੀ, ਐਮ.ਏ. ਐਮ.ਓ.ਐਲ.

ਪੰਜਾਬੀ ਵਿਚ ਆਮ ਪ੍ਰਸਿਧ ਹੈ ਕਿ 'ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ' । ਇਹ ਖਾਸ ਅਖੌਤ ਪ੍ਰੋ: ਮੋਹਨ ਸਿੰਘ ਉਤੇ ਢੁਕਦੀ ਹੈ, ਇਹ ਠੀਕ ਹੈ ਕਿ ਮੋਹਨ ਸਿੰਘ ਮੇਰਾ ਮਿਤ੍ਰ ਸੀ, ਬਹੁਤ ਹੀ ਨਜ਼ਦੀਕੀ ਮਿਤ੍ਰ, ਅਤੇ ਹੋ ਸਕਦਾ ਹੈ ਕਿ ਕੋਈ ਖਿਆਲ ਕਰੇ ਕਿ ਮੇਰੇ ਵਿਚ ਪਰੈਜੂਡਿਸ ਹੈ, ਪਰ ਮੈਂ ਆਪਣੀ ਈਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਮੋਹਨ ਸਿੰਘ ਨੂੰ ਮੈਂ ਪੰਜਾਬੀ ਕਵਿਤਾ ਦਾ ਰੱਬ ਵੀ ਕਹਿ ਦਿਆਂ ਤਾਂ ਕੋਈ ਮੁਬਾਲਗਾ ਨਹੀਂ ਹੋਵੇਗਾ । ਪੁੱਠੋਹਾਰ ਨੇ ਭੀ ਅਕਾਲੀ ਲਹਿਰ ਵਿਚ ਬਹੁਤ ਸ਼ਾਨਦਾਰ ਰੋਲ ਅਦਾ ਕੀਤਾ ਹੈ ਅਤੇ ਉਸ ਦਾ ਇਕ ਕਾਰਨ ਮੋਹਨ ਸਿੰਘ ਦੀ ਉਹ ਕਵਿਤਾ ਵੀ ਸੀ ਜੋ ਉਸ ਨੇ ਗੁਰੂ ਦੇ ਬਾਗ਼ ਦੇ ਮੋਰਚੇ ਸਮੇਂ ਲਿਖੀ ਜਿਸ ਦਾ ਸਿਰ ਲੇਖ ਸੀ 'ਸਾਡਾ ਗੁਰੂ ਤੇ ਗੁਰੂ ਦਾ ਬਾਗ਼ ਸਾਡਾ' । ਇਸ ਕਵਿਤਾ ਨੇ ਪੁਠੋਹਾਰ ਦੇ ਸੁਤੇ ਸਿੰਘਾਂ ਨੂੰ ਜਗਾ ਦਿਤਾ। ਜੇ ਪੰਜਾਬੀਆਂ ਨੇ ਮੋਹਨ ਸਿੰਘ ਨੂੰ ਅਪਨਾਇਆ ਹੁੰਦਾ ਤਾਂ ਅੱਜ ਉਸ ਦਾ ਸ਼ੈਖ਼ਸਪੀਅਰ, ਟੈਗੋਰ ਅਤੇ ਡਾਕਟਰ ਇਕਬਾਲ ਵਾਂਗ ਹੀ ਸਾਰੇ ਸੰਸਾਰ ਵਿਚ ਨਾਂ ਚਮਕਦਾ । ਮੈਂ ਤਾਂ ਏਥੋਂ ਤਕ ਵੀ ਕਹਿਣ ਨੂੰ ਤਿਆਰ ਹਾਂ ਕਿ ਮੋਹਨ ਸਿੰਘ ਨੂੰ ਸਿੱਖਾਂ ਨੇ ਭੀ ਆਪਣਾ ਕਵੀ ਕਰ ਕੇ ਲੋੜੀਂਦਾ ਸਤਿਕਾਰ ਨਹੀਂ ਦਿਤਾ।

ਪੰਜਾਬੀ ਬੋਲੀ ਸੰਸਾਰ ਦੀਆਂ ਕੁਲ ਬੋਲੀਆਂ ਨਾਲੋਂ ਵਧੇਰੀ ਲਤਾੜੀ ਗਈ ਹੈ ਕਿਉਂਕਿ ਭਾਰਤ ਉਤੇ ਸਾਰੇ ਹਮਲਾਵਰ ਪੰਜਾਬ ਰਸਤੇ ਹੀ ਆਏ ਤੇ ਇਹਨੂੰ ਮਿਧਦੇ ਲੰਘ ਗਏ। ਅੰਗਰੇਜ਼ ਦਾ ਭੂਤ ਵੀ ਜਾਂਦੀ ਵਾਰੀ ਪੰਜਾਬ ਰਾਹੀਂ ਹੀ ਨਿਕਲਿਆ। ਪਰ ਪੰਜਾਬੀ ਬੋਲੀ ਦਾ ਕਮਾਲ ਦੇਖੋ ਕਿ ਜਿਉਂ ਜਿਉਂ ਰਗੜੇ ਖਾਂਦੀ ਗਈ, ਵਧੇਰੀ ਚਮਕਦੀ ਗਈ ਅਤੇ ਅੱਜ ਦੁਨੀਆਂ ਦੀ ਸਭ ਤੋਂ ਅਮੀਰ ਪਰ ਮਿਠੀ ਬੋਲੀ ਤਸਲੀਮ ਸ਼ੁਦਾ ਹੈ । ਵਾਰਿਸ ਦਾ ਆਪਣਾ ਰੂਮਾਂਚਕ ਰੰਗ, ਬੁਲ੍ਹੇ ਸ਼ਾਹ ਦਾ ਸੂਫੀਆਨਾ ਰੰਗ ਅਤੇ ਚੋਜੀ ਪ੍ਰੀਤਮ ਗੁਰੂ ਨਾਨਕ ਸਾਹਿਬ ਦਾ ਰੂਹਾਨੀ ਰੰਗ ਪੰਜਾਬੀ ਨੂੰ ਅਰਸ਼ਾਂ ਤੇ ਲੈ ਗਿਆ।

ਮੋਹਨ ਸਿੰਘ ਗੁਰੂ ਬਾਬੇ ਦੀ ਪਵਿਤ੍ਰ ਬਾਣੀ ਨੂੰ ਗਾ ਗਾ ਜਵਾਨੀ ਚੜ੍ਹਿਆ । ਮੈਂ ਇਹਨੂੰ ਰਾਵਲਪਿੰਡੀ ਦੇ ਛਾਛੀ ਮੱਹਲੇ ਦੇ ਗੁਰਦੁਵਾਰੇ ਵਿਚ ਆਸਾ ਦੀ ਵਾਰ ਗਾਂਦਿਆਂ ਭੀ ਵੇਖਿਆ ਹੈ ਤੇ ਗੁਰਪੁਰਬਾਂ ਉਤੇ ਗੁਰੂ ਜੱਸ ਗਾਉਂਦਿਆਂ ਭੀ । ਚੂੰਕਿ ਆਪ ਗਾਣਾ ਭੀ ਜਾਣਦਾ ਸੀ ਅਤੇ ਰਾਗਾਂ ਨੂੰ ਭੀ ਸਮਝਦਾ ਸੀ, ਏਸ ਲਈ ਇਹਦੀ ਕਵਿਤਾ ਸੁਰ ਤਾਲ ਵਿਚ ਗੁਝੀ ਹੁੰਦੀ ਹੈ ।

ਸਿੱਖੀ ਰੰਗਣ ਦਾ ਗੂਹੜਾ ਹੋਣ ਦਾ ਇਹ ਭੀ ਕਾਰਣ ਸੀ ਕਿ ਮੋਹਨ ਸਿੰਘ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਕਾਫੀ ਸਮਾਂ ਸਰਵਿਸ ਕਰਨ ਦਾ ਮਿਲਿਆ । ਫਾਰਸੀ ਦਾ ਪ੍ਰੋਫੈਸਰ ਹੋਣ ਕਰ ਕੇ ਕਾਵ-ਉਡਾਰੀਆਂ ਉਚੀਆਂ ਹੋਣੀਆਂ ਕੁਦਰਤੀ ਹੀ ਸਨ ਪਰ ਅਣਖ ਇਸ ਵਿਚ ਕਾਬਲੇ ਦਾਦ ਸੀ । ਅਣਖ ਦੀ ਦਾਤ ਦੀ ਸਤਿਗੁਰਾਂ ਦੀ ਮਿਹਰ ਮੋਹਨ ਸਿੰਘ ਆਪਣੀ ਇਕ ਕਵਿਤਾ ਰਾਹੀਂ ਐਉਂ ਦਰਸਾਂਦਾ ਹੈ। ਲਿਖਦਾ ਹੈ :

ਮੈਂ ਨਹੀਂ ਧਰਮ ਤੋਂ ਹਟਾਂਦਾ,
ਤੈਨੂੰ ਧਰਮ ਜੋ ਸਖਾਂਦਾ,
ਕਰਤਵ ਦਸਵੇਂ ਗੁਰਾਂ ਦਾ
ਸਭ ਕੁਝ ਅਣਖ ਤੋਂ ਲੁਟਾਣਾ।

ਅਤੇ ਏਸੇ ਅਣਖ ਕਾਰਨ ਏਸ ਨੇ ਨੌਕਰੀ ਛਡੀ ਤੇ ਜਰਨਲਇਜ਼ਮ ਇਖ਼ਤਿਆਰ ਕਰ ਲਿਆ।

ਪ੍ਰੋ: ਮੋਹਨ ਸਿੰਘ ਦੀ ਪਹਿਲੀ ਨਿਕਚੂ ਜਿਹੀ ਪੁਸਤਕ 'ਚਾਰ ਹੰਝੂ' ਨੇ, ਜਿਸ ਵਿਚ ਕੇਵਲ ਚਾਰ ਹੀ ਕਵਿਤਾਵਾਂ ਸਨ ਇਹਨੂੰ ਕਵੀਆਂ ਦੀ ਕਤਾਰ ਦੀ ਪਹਿਲੀ ਸਫ਼ ਵਿਚ ਲਿਆ ਖੜਾ ਕੀਤਾ । ਦਰ ਅਸਲ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪਾਰਖੂ ਅੱਖ ਦਾ ਹੀ ਨਤੀਜਾ ਸਮਝਣਾ ਚਾਹੀਦਾ ਹੈ ਜਿਨ੍ਹਾਂ ਨੇ ਉਸ ਪੁਸਤਕ ਦਾ ਮੁਖ ਲੇਖ ਲਿਖ ਕੇ ਪੰਜਾਬੀ ਪ੍ਰੀਤਵਾਨਾਂ ਨੂੰ ਮੋਹਨ ਸਿੰਘ ਦਾ ਮਤਵਾਲਾ ਬਣਾ ਦਿਤਾ।

ਮੋਹਨ ਸਿੰਘ ਨੇ ਆਪਣੀ ਰੱਬ ਵਾਲੀ ਕਵਿਤਾ ਵਿਚ ਜੋ ਉਚ ਕੋਟੀ ਦੇ ਫਲਾਸਫਰਾਂ ਵਾਲਾ ਰੰਗ ਭਰਿਆ ਹੈ ਉਹ ਆਪਣੀ ਮਿਸਾਲ ਆਪ ਹੀ ਹੈ। ਉਹ ਲਿਖਦਾ ਹੈ :

ਰੱਬ ਇਕ ਗੁੰਝਲਦਾਰ ਬੁਝਾਰਤ,
ਰੱਬ ਇਕ ਗੋਰਖਧੰਧਾ ।
ਪੇਚ ਏਸ ਦੇ ਖੋਲ੍ਹਣ ਲਗਿਆਂ,
ਕਾਫ਼ਰ ਹੋ ਜਾਏ ਬੰਦਾ।
ਕਾਫ਼ਰ ਹੋਣੋਂ ਡਰ ਕੇ ਜੀਵੇਂ
ਖੋਜੋਂ ਮੂਲ ਨਾਂ ਖੁੰਜੀ,
ਲਾਈ ਲਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ ।

ਅਤੇ ਰੱਬ ਵਾਲੀ ਕਵਿਤਾ ਵਿਚ ਹੀ ਕਵੀ ਦੇ ਤਾਂਅਨੇ ਮੇਣੇ ਸੁਣੋ :

ਕਿਸੇ ਛੱਨਾਂ ਬਣਾਇਆ ਜੇ ਖੋਪਰੀ ਦਾ,
ਤੂੰ ਬੁਲੀਆਂ ਲਾਗੇ ਛਵਾਹੀਆਂ ਨਾਂ ।
ਕਿਸੇ ਦਿਲ ਦਾ ਰਾਂਗਲ ਪਲੰਘ ਡਾਹਿਆ,
ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾਂ
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ,
ਤੇਰੀ ਬੇਪ੍ਰਵਾਹੀ ਨੇ ਪਾਈਆਂ ਨਾਂ।
ਰਗੜ ਰਗੜ ਕੇ ਮਥੇ ਚਟਾਕ ਪੈ ਗਏ,
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾਂ ।

ਅਤੇ ਏਸੇ ਕਵਿਤਾ ਦੇ ਅੰਤਲੇ ਬੈਂਤ ਵਿਚ ਦੁੱਧ ਵਿਚੋਂ ਮਖਣ ਐਓਂ ਨਤਾਰ ਵਖਾਂਦਾ ਹੈ :

ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ,
ਬਿਟ ਬਿਟ ਤਕਦਾ ਕੁਲ ਸੰਸਾਰ ਰਹਿ ਜਾਏ ।
ਮਿਸਰ ਹੋਰਾਂ ਦਾ ਰਹਿ ਜਾਏ ਸੰਦੂਰ ਘੁਲਿਆ,
ਤੇ ਛਨਾਂ ਸੂਫੀ ਦਾ ਹੋਇਆ ਤਿਆਰ ਰਹਿ ਜਾਏ ।
ਭਾਈ ਹੋਰਾਂ ਦਾ ਰਹਿ ਜਾਏ ਸੰਖ ਫੜਿਆ,
ਬਾਂਗ ਮੁਲਾਂ ਦੇ ਸੰਘ ਵਿਚਕਾਰ ਰਹਿ ਜਾਏ ।
ਕਲਮ ਢਹਿ ਪਏ ਹਥੋਂ ਫਲਾਸਫਰ ਦੀ,
ਤੇ ਮੁਨਕਰ ਤਕਦਾ ਤੇਰੀ ਨੁਹਾਰ ਰਹਿ ਜਾਏ ।
ਇਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ
ਸਾਡਾ ਨਿਤ ਦਾ ਰੇੜਕਾ ਚੁਕ ਜਾਵੇ,
ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰ ਮਸੀਤ ਦਾ ਮੁਕ ਜਾਵੇ।

ਅਜ ਦੇ ਵਿਗਿਆਨ ਯੁਗ ਵਿਚ ਮੰਗਲ ਤਾਰੇ ਨੂੰ ਜਾ ਛੋਹਣਾ ਸਭ ਤੋਂ ਉਚ ਉਡਾਰੀ ਗਿਣੀ ਜਾ ਰਹੀ ਹੈ। ਕਵੀਆਂ ਦੀਆਂ ਉਚ ਉਡਾਰੀਆਂ ਉਨ੍ਹਾਂ ਦੇ ਅਲੰਕਾਰਾਂ ਯਾ ਮੁਸ਼ਾਹਬਤਾਂ ਤੋਂ ਪਤਾ ਲਗਦੀਆਂ ਹਨ ਪਰ ਮੋਹਨ ਸਿੰਘ ਦੀ ਉਚ ਉਡਾਰੀ ਵੇਖਣੀ ਹੋਵੇ ਤਾਂ ਉਹਦੀ ਬਿਨਾਂ ਅਲੰਕਾਰ ਵਰਤੇ ਹੀ ਦਿਸਦੀ ਹੈ ਜੋ ਕਾਵ-ਕਰਾਮਾਤ ਕਹੀ ਜਾ ਸਕਦੀ ਹੈ। ਮੈਂ ਕੋਈ ਅਤਿ ਕਥਨੀਂ ਨਹੀਂ ਕਰ ਰਿਹਾ, ਨਾਂ ਕੋਈ ਸ਼ਾਇਰਾਣਾ ਮੁਬਾਲਗ਼ਾ ਹੀ ਕਰ ਰਿਹਾ ਹਾਂ। ਆਪ ਹੀ ਆਪਣੀ ਖੁਰਦਬੀਨ ਰਾਹੀਂ ਕਵੀ ਦੀ ਨਜ਼ਾਕਤ ਵੇਖ ਲੋ, ਲਿਖਦਾ ਹੈ :

ਧੌਣ ਗੋਰੀ ਦੀ ਐਦਾਂ ਫਬੇ,
ਆਉਂਦਾ ਜਾਂਦਾ ਸਾਹ ਪਿਆ ਲਬੇ ।

ਮੈਂ ਤੇ ਏਥੋਂ ਤਕ ਕਹਿਣ ਨੂੰ ਤਿਆਰ ਹਾਂ ਕਿ ਸਾਡੇ ਵਿਗਿਆਨੀ ਐਸੀ ਸਪੀਡ ਦੇ ਅਜੇ ਰਾਕਟ ਤਿਆਰ ਹੀ ਨਾ ਕਰ ਸਕੇ ਜਿਸ ਰਫਤਾਰ ਨਾਲ ਮੋਹਨ ਸਿੰਘ ਨੇ ਆਕਾਸ਼ ਪਤਾਲ ਗਾਹੇ ਨੇ।ਇਹਦੀ ਨਾਜ਼ਕ ਖਿਆਲੀ ਨੂਰ ਜਹਾਂ ਵਾਲੀ ਕਵਿਤਾ ਵਿਚ ਵੇਖੋ :

ਰੱਬਾ ਇਹੋ ਜਿਹੀ ਸ਼ਕਲਵੰਦ ਸੂਰਤ
ਯਾ ਤੇ ਤੂੰ ਬਨਾਇਆ ਨਾ ਕਰ ।
ਜੇ ਬਿਨਾ ਬਨਾਏ ਨਹੀਂ ਰਹਿ ਸਕਦਾ ।
ਫੇਰ ਖਾਕ ਦੇ ਵਿਚ ਮਲਾਇਆ ਨਾਂ ਕਰ ।

ਨਾਜ਼ਕ ਖਿਆਲੀਆਂ ਬਿਆਨ ਕਰਨ ਲਈ ਮੋਹਨ ਸਿੰਘ ਦੀ ਕਵਿਤਾ ਇਕ ਅਡਰੀ ਪੁਸਤਕ ਦੀ ਮੰਗ ਕਰਦੀ ਹੈ ।ਹੁਣ ਇਕ ਥਾਂ ਸਾਂਵਲੀ ਗਰੀਬ ਮੁਟਿਆਰ ਦੀ ਸੁੰਦ੍ਰਤਾ ਨੂੰ ਹੀ ਵੇਖੋ ਕੈਸੇ, ਦਿਲਕਸ਼ ਢੰਗ ਨਾਲ ਬਿਆਨ ਕਰਦਾ ਹੈ :

ਰੰਗ ਸੂ ਸਲੂਣਾ ਤੇ ਗਹਿਣੇ ਸੂ ਬਗੇ,
ਵਕਤ ਸ਼ਾਮ ਦਾ ਫੁੱਲ ਚੰਭੇ ਨੂੰ ਲਗੇ ।

ਇਕ ਬਿਰਹੋਂ ਕੁਠੀ ਵਿਯੋਗਨ ਦਾ ਦ੍ਰਿਸ਼ ਵੀ ਮੋਹਨ ਸਿੰਘ ਆਪਣੇ ਹੀ ਅਨੋਖੇ ਰੰਗ ਵਿਚ ਉਲੀਕਦਾ ਹੈ । ਕਹਿੰਦੈ :

ਵਿਚ ਵਿਛੋੜੇ ਦੇ ਤੇਰੇ ਸਜਨਾ ਸੁਕਿਆ ਸਾਡਾ ਚੰਮ,
ਛਾਪ ਚੀਚੀ ਦੀ ਦੇਂਵਦੀ ਪਈ ਕੰਘਣ ਦਾ ਕੰਮ ।

ਜ਼ਮਾਨੇ ਦੇ ਹਾਲਾਤ ਨੂੰ ਵੇਖਦੇ ਹੋਏ ਮੋਹਨ ਸਿੰਘ ਇਕ ਵਕਤ ਨੌਜਵਾਨਾਂ ਸਮਕਾਲੀ ਕਵੀਆਂ ਨੂੰ ਐਉਂ ਨਸੀਹਤ ਕਰਦਾ ਹੈ :

ਨਾਲ ਭੁਖਾਂ ਹੁਸਨ ਲਿੱਸਾ ਇਸ਼ਕ ਮਾਂਦਾ ਪੈ ਗਿਆ,
ਭੁਖ ਮਿਟਾਈਏ ਯਾ ਇਸ਼ਕ ਦੇ ਗੀਤ ਗਾਈਏ ਸਾਥੀਓ ।

ਅਤੇ ਜੋ ਦੇਸ਼ ਭਗਤੀ ਵਲ ਲੇਖਕ ਤੇ ਕਵੀ ਘਟ ਧਿਆਨ ਦੇਂਦੇ ਹਨ ਅਤੇ ਰੋਮਾਂਚ ਵਿਚ ਧਸਦੇ ਜਾ ਰਹੇ ਹਨ, ਉਨ੍ਹਾਂ ਨੂੰ ਮੋਹਨ ਸਿੰਘ ਇਕ ਉਸਤਾਦ ਕਵੀ ਦੇ ਨਾਤੇ ਐਉਂ ਰਾਹੇ ਪਾਂਦਾ ਹੈ :

ਕਿਉਂ ਖੂਨੇ ਜਿਗਰ ਦੀ ਮਹਿੰਦੀ ਨੂੰ
ਇਕੋ ਪਾਸੇ ਥੱਪੀ ਜਾਨਾ ਏਂ,
ਕੁਝ ਰੰਗ ਝਨਾਂ ਦੀਆਂ ਤਲੀਆਂ ਨੂੰ,
ਕੁਝ ਅਟਕ ਦੀ ਪੈਰੀਂ ਲਾ ਕਵੀਆ।

ਮੋਹਨ ਸਿੰਘ ਨੇ ਆਪਣੇ ਗੀਤਾਂ ਬਾਰੇ ਵੀ ਦੋ ਸ਼ੇਅਰਾਂ ਵਿਚ ਪੂਰੀ ਪੂਰੀ ਵਜ਼ਾਹਤ ਕੀਤੀ ਹੈ। ਉਹ ਲਿਖਦੈ :

ਇਹ ਗੀਤ ਨਾਂ ਕਿਸੇ ਸ਼ਾਹਜ਼ਾਦੀ ਦੇ,
ਨਾਂ ਹੁਸਨ ਇਸ਼ਕ ਦੀ ਵਾਦੀ ਦੇ,
ਇਹ ਤਾਂ ਨਗਮੇ ਰੂਹ ਫਰਿਆਦੀ ਦੇ,
ਦਿਲ ਵਾਲਿਆਂ ਨੂੰ ਤੜਫਾਉਣ ਗੀਤ ।
ਪਏ ਰਾਤ ਦਿਨੇ ਚਿਚਲਾਉਣ ਗੀਤ ।

ਮੋਹਨ ਸਿੰਘ ਦਾ ਮੁੱਖ ਜੀਵਨ ਫਲਸਫਾ ਸਿਦਕ ਤੇ ਵਿਸ਼ਵਾਸ਼ ਹੈ । ਉਹ ਇਕ ਤੀਵੀਂ ਦਾ ਜੋ ਖਾਨਗਾਹੀ ਦੀਵਾ ਬਾਲ ਰਹੀ ਸੀ ਦ੍ਰਿਸ਼ ਪੇਸ਼ ਕਰ ਕੇ ਐਉਂ ਆਪਣੇ ਆਪ ਨੂੰ ਕੋਸਦਾ ਹੈ :

ਪੜ੍ਹ ਪੜ੍ਹ ਕੇ ਪੁਸਤਕ ਢੇਰ ਕੁੜੇ,
ਮੇਰਾ ਵਧਦਾ ਜਾਏ ਹਨੇਰ ਕੁੜੇ।
ਕੁਝ ਅਜਬ ਇਲਮ ਦੀਆਂ ਜ਼ਿਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ, ਕਿਦਾਂ ਨੇ।
ਮੈਂ ਨਿਸਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ।

ਮਾਂ ਦੀ ਉਪਮਾ ਅਜ ਦੇ ਤੋਤਾ ਚਸ਼ਮ ਯੁਗ ਵਿਚ ਕਿਸੇ ਕਵੀ ਨੇ ਕੀਤੀ ਹੈ, ਤਾਂ ਉਹ ਮੋਹਨ ਸਿੰਘ ਹੈ। ਮਾਂ ਨੂੰ ਉਹ ਐਉਂ ਬਿਆਨ ਕਰਦਾ ਹੈ :

ਮਾਂ ਜੇਡਾ ਘਣ-ਛਾਵਾਂ ਬੂਟਾ
ਮੈਨੂੰ ਨਜ਼ਰ ਨਾ ਆਏ ।
ਜਿਸ ਤੋਂ ਲੈ ਕੇ ਛਾਂ ਉਧਾਰੀ,
ਰੱਬ ਨੇ ਸਵਰਗ ਬਨਾਏ ।
ਬਾਕੀ ਕੁਲ ਦੁਨੀਆਂ ਦੇ ਬੂਟੇ,
ਜੜ੍ਹ ਸੁੱਕਿਆਂ ਮੁਰਝਾਂਦੇ ।
ਇਹ ਬੂਟਾ ਇਕ ਪਿਆਰ ਦਾ
ਫੁਲ ਸੁਕਿਆਂ ਮਰ ਜਾਏ।

ਮੋਹਨ ਸਿੰਘ ਨੇ ਵਾਰ ਉਤੇ ਭੀ ਹੱਥ ਆਜ਼ਮਾਇਆ ਪਰ ਐਸਾ ਕਿ ਦੁਨੀਆਂ ਇਹਦਾ ਲੋਹਾ ਮੰਨ ਗਈ। ਰਾਣੀ ਸਾਹਿਬ ਕੌਰ ਦੀ ਵਾਰ ਜਦ ਏਸ ਅੰਮ੍ਰਿਤਸਰ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਪੜ੍ਹੀ ਤਾਂ ਜੱਜਾਂ ਨੇ ਫੈਸਲਾ ਦੇਂਦਿਆਂ ਕਿਹਾ ਸੀ ਕਿ ਐਸੀ ਵਾਰ ਸੌ ਸਾਲ ਨਹੀਂ ਲਿਖੀ ਜਾਵੇਗੀ । ਵੰਨਗੀ ਲਈ ਇਕ ਬੰਦ ਹਾਜ਼ਰ ਹੈ :

ਲਿਖਿਆ ਸਾਹਿਬ ਕੌਰ ਨੂੰ ਅੰਟਾ ਰਾਉ ਛਲੀਏ,
ਮੰਨ ਜਾ ਸਾਡੀ ਈਨ ਨੀ, ਨਹੀਂ ਅਸੀਂ ਤਾਂ ਟਲੀਏ ।
ਅਸੀਂ ਚੜ੍ਹੀਏ ਨੇਰੀ ਵਾਂਗਰਾਂ, ਹੜ ਵਾਂਗਰ ਚਲੀਏ,
ਅਸੀਂ ਡਿਗੀਏ ਬਿਜਲੀ ਵਾਂਗਰਾਂ, ਥੱਮ ਵਾਂਗਰ ਖਲੀਏ ।
ਅਸਾਂ ਦੂਜੇ ਆਲਮਗੀਰ ਦੇ ਫੜ ਕੀਤੇ ਦਲੀਏ,
ਸਾਥੋਂ ਡਰਨ ਫਰੰਗੀ ਸੂਰਮੇ, ਭਾਵੇਂ ਵਲ ਛਲੀਏ।
ਅਸਾਂ ਕੰਡਿਆਂ ਨਾਲ ਨਾਂ ਖਹਿਬੜੀ ਨੀਂ ਤੂੰ ਕੋਮਲ ਕਲੀਏ,
ਲਿਖਿਆ ਸਾਹਿਬ ਕੌਰ ਨੇ ਅੰਟਾ ਰਾਉ ਤਾਣੀ ।
ਮੈਂ ਨਾਗਣ, ਡੰਗਾਂ ਜਿਸ ਨੂੰ ਨਹੀਂ ਮੰ ਗਦਾ ਪਾਣੀ,
ਮੈਂ ਚੰਡੀ ਗੋਬਿੰਦ ਸਿੰਘ ਦੀ, ਵੈਰੀ ਦਲ ਖਾਣੀ ।
ਮੈਂ ਕਰ ਕਰ ਸੁੱਟਾਂ ਡਕਰੇ ਸਭ ਤੇਰੀ ਢਾਣੀ,
ਮੈਂ ਚੁੰਘ ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ ।
ਮੈਂ ਲੜ ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ,
ਮੈਂ ਸ਼ੀਹਣੀ ਪੰਜ ਦਰਿਆਂ ਦੀ ਮੈਨੂੰ ਕਲੀ ਨਾ ਜਾਣੀ ।

ਏਸੇ ਵਾਰ ਵਿਚ ਆਪਣੇ ਖਾਲਸਾ ਫੌਜੀ ਵੀਰਾਂ ਨੂੰ ਵੇਖੋ ਕਿਸ ਅਣਖ ਤੇ ਗੈਰਤ ਨਾਲ ਰਾਣੀ ਸਾਹਿਬ ਕੌਰ ਵੰਗਾਰਦੀ ਹੈ :

ਜੇ ਪਾਣੀ ਪੀਵੋ ਘੁਟ ਵੀ ਪੀਵੋ ਰੱਤ ਮੇਰੀ,
ਜੇ ਸ਼ਸਤਰ ਲਾਹੋ ਪਿੰਡਓਂ ਲਾਹੋ ਪੱਤ ਮੇਰੀ ।

ਮੋਹਨ ਸਿੰਘ ਦੀ ‘ਸਿੱਖੀ ਦਾ ਬੂਟਾ' ਵਾਲੀ ਕਵਿਤਾ ਪਰਲੋ ਤਕ ਅਮਰ ਰਹੇਗੀ । ਮੋਹਨ ਸਿੰਘ ਨੇ ਇਹ ਕਵਿਤਾ ਲਿਖ ਸਿੱਖ ਪੰਥ ਦੀ ਬਹੁਤ ਭਾਰੀ ਸੇਵਾ ਕੀਤੀ ਹੈ ਪਰ ਅਫਸੋਸ ਸਿੱਖਾਂ ਵਿਚ ਕਦਰਦਾਨੀ ਨਹੀਂ। ਮੋਹਨ ਸਿੰਘ ਲਿਖਦੈ :

ਉਹ ਕਿਹੜਾ ਬੂਟਾ ਏ,
ਹਰ ਥਾਂ ਜੋ ਪਲਦਾ ਏ ।
ਆਰੇ ਦੇ ਦੰਦਿਆਂ ਤੇ,
ਰੰਬੀ ਦੀਆਂ ਧਾਰਾਂ ਤੇ ।
ਖੈਬਰ ਦੇ ਦਰਿਆਂ ਵਿਚ,
ਸਰਸਾ ਦੀਆਂ ਲਹਿਰਾਂ ਤੇ ।
ਬੰਜਰਾਂ ਵਿਚ ਰਕੜਾਂ ਵਿਚ,
ਧੁਪਾਂ ਵਿਚ ਝਖੜਾਂ ਵਿਚ ।
ਹਨੇਰੀ ਵਿਚ ਮੀਹਾਂ ਵਿਚ,
ਸਰਹੰਦ ਦੀਆਂ ਨੀਹਾਂ ਵਿਚ ।
ਜਿਥੇ ਵੀ ਲਾ ਦਈ ਏ,
ਓਥੇ ਹੀ ਪਲਦਾ ਏ ।
ਜਿਨਾਂ ਇਹ ਛਾਂਗ ਦਿਓ,
ਓਨਾਂ ਹੀ ਫਲਦਾ ਏ ।

ਪੰਜਾਬ ਦੀ ਵੰਡ ਨੂੰ ਵੇਖ ਤੇ ਆਜ਼ਾਦ ਭਾਰਤ ਵਿਚ ਆਦਮੀਅਤ ਦੇ ਹੌਲੇਪਨ ਨੂੰ ਜਾਂਚ ਤੋਲ ਕੇ ਮੋਹਨ ਸਿੰਘ ਚੁੱਪ ਨਾ ਰਹਿ ਸਕਿਆ ਤੇ ਆਪਣੇ ਇਸ਼ਟ ਗੁਰੂ ਨਾਨਕ ਸਾਹਿਬ ਅਗੇ ਐਓਂ ਫਰਿਆਦੀ ਹੋਇਆ :

ਆ ਬਾਬਾ ਵੇਖ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ ।
‘ਕਲਯੁਗ ਹੈ ਰੱਥ ਅਗਨ ਦਾ' ਤੂੰ ਆਪ ਆਖਿਆ,
ਮੁੜ ਕੂੜ ਓਸ ਰਬ ਦਾ, ਰਥਵਾਨ ਹੋ ਗਿਆ ।
ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਈਮਾਨ ਹੋ ਗਿਆ ।
ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧ ਗਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ ।
ਮੁੜ ਭਾਗੋਆਂ ਦੀ ਚਾਦਰੀਂ ਛਿੱਟੇ ਨੇ ਖੂਨ ਦੇ,
ਮੁੜ ਲਾਲੋਆਂ ਦੇ ਖੂਨ ਦਾ ਨੁਚੜਾਨ ਹੋ ਗਿਆ ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖੂਨ ਦੇ,
ਪਾ ਪਾ ਕੇ ਕੁੰਗੂ ਰੱਤ ਦਾ ਰਤਲਾਣ ਹੋ ਗਿਆ ।
'ਉਸ ਸੂਰ ਓਸ ਗਾਉ ਦਾ' ਹਕ—ਨਾਹਰਾ ਲਾਇਆ ਤੂੰ,
ਫਿਰ ਹੱਕ ਪਰ ਨਿਹਕ ਤੋਂ ਕੁਰਬਾਨ ਹੋ ਗਿਆ ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈਂ,
“ਆਇਆ ਨ ਤੈਂ ਕੀ ਦਰਦ ਏਨਾ ਘਾਣ ਹੋ ਗਿਆ" ।

ਮੋਹਨ ਸਿੰਘ ਨੇ ਸ਼ੈਕਸਪੀਅਰ ਵਾਂਗ ਇਸਤ੍ਰੀ ਦਾ ਪਖ ਵਧੇਰਾ ਪੂਰਿਆ ਹੈ ਅਤੇ ਮਰਦ ਨੂੰ ਬੇਵਫਾ ਗਰਦਾਨਿਆ ਹੈ, ਜਿਵੇਂ ਆਪਣੀ ਪਹਿਲੀ ਪਤਨੀ ਬਸੰਤ ਦੀ ਯਾਦਗਾਰੀ ਕਵਿਤਾ ਵਿਚ ਉਹ ਕਹਿੰਦਾ ਹੈ :

ਤੇਰੇ ਪਰਖ ਲਏ ਕੌਲ ਇਕਰਾਰ ਮਾਹੀਆ,
ਨਾਲੇ ਵੇਖਿਆ ਤੇਰਾ ਪਿਆਰ ਚੰਨਾਂ ।
ਬੁਲਬੁਲ ਵਾਂਗ ਉਡਾਰੀਆਂ ਮਾਰੀਆਂ ਨੀ,
ਮੇਰਾ ਉਜੜਿਆ ਵੇਖ ਗੁਲਜ਼ਾਰ ਚੰਨਾਂ ।
ਮੇਰੇ ਰਾਹ ਵੀ ਅਜੇ ਨਾਂ ਹੋਏ ਮੈਲੇ,
ਤੈਨੂੰ ਕੁਦਿਆ ਨਵਾਂ ਪਿਆਰ ਚੰਨਾਂ ।
ਵੇ ਤੂੰ ਨਵੀਂ ਡੋਲੀਂ ਵੇਹੜੇ ਆਣ ਵਾੜੀ,
ਮੇਰੇ ਠੰਡੇ ਨਾਂ ਹੋਏ ਅੰਗਿਆਰ ਚੰਨਾਂ।
ਪਰ ਤੂੰ ਵਖਰੀ ਕੋਈ ਨਹੀਂ ਗਲ ਕੀਤੀ,
ਤੇਰੇ ਕਲੇ ਦਾ ਨਹੀਂਗਾ ਕਸੂਰ ਮਾਹੀਆ ।
ਫ਼ੁਲ ਫੁਲ ਤੇ ਭੌਰਿਆਂ ਵਾਂਗ ਫਿਰਨਾਂ,
ਇਹਨਾਂ ਬੰਦਿਆਂ ਵਾ ਦਸਤੂਰ ਮਾਹੀਆ ।

ਫੇਰ ਅਨਾਰਕਲੀ ਵਾਲੀ ਕਵਿਤਾ ਵਿਚ ਮਰਦ ਨੂੰ ਐਓਂ ਮੁਜਰਮ ਕਰਾਰ ਦੇਂਦਾ ਹੈ :

ਇਕ ਮਰਦ ਦੂਜਾ ਬਾਦਸ਼ਾਹ ਹੈ ਸੀ,
ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ।
ਐਸੇ ਫਿਟੇ ਹੋਏ ਭਾਰੇ ਹੈਂਕੜੀ ਨੂੰ,
ਕਿਦਾਂ ਜਕੜ ਸਕਦੀ ਤੇਰੀ ਗੁੱਤ ਮੋਈਏ ।

ਅਨਾਰਕਲੀ ਨੂੰ ਦਿਵਾਰ ਵਿਚ ਚਿਨਣ ਦਾ ਕਮਾਲ ਆਪਣੇ ਕਾਵ-ਮਈ ਢੰਗ ਵਿਚ ਬੜਾ ਵਲਵਲਾ ਭਰਪੂਰ ਪੇਸ਼ ਕਰਦਾ ਹੈ :

ਦਾਬੂ ਭਾਰੀਆਂ ਸਿਲਾਂ ਦਾਂ ਰੱਖਿਆ ਨੇ
ਖਵਰੇ ਏਸ ਖਾਤਰ ਤੇਰੀ ਲਾਸ਼ ਉਤੇ ।
ਮਤਾਂ ਹੁਸਨ ਤੇ ਇਸ਼ਕ ਦੇ ਖੰਭ ਲਾ ਕੇ,
ਨੀ ਤੂੰ ਉਡ ਨਾਂ ਜਾਏਂ ਆਕਾਸ਼ ਉਤੇ ।

ਮੋਹਨ ਸਿੰਘ ਇਕ ਪੰਜਾਬ ਬੱਚੀ ਦੀ ਸਪਿਰਟ ਨੂੰ ਵੀ ਵੇਖੋ ਕਿਸ ਦੇਸ਼ ਭਗਤੀ ਦੇ ਢੰਗ ਨਾਲ ਐਉਂ ਦਰਸਾਇਆ ਹੈ :

ਜਿਸ ਦਿਨ ਬਣੇ ਦੇਸ਼ ਤੇ ਭੀੜ,
ਆਵਣ ਵੈਰੀ ਘੱਤ ਵਹੀਰ ।
ਜਿਸ ਦਿਨ ਪੰਜ ਦਰਿਆਂ ਦਾ ਮਾਣ,
ਲਗੇ ਹੱਥ ਵੈਰੀ ਦੇ ਜਾਣ ।
ਜਿਸਦਾ ਪਹਿਲਾ ਖੂਨ ਕੜ੍ਹੇ,
ਜਿਹੜਾ ਪਹਿਲੇ ਪੂਰ ਚੜ੍ਹੇ ।
ਵੇ ਮੈਂ ਓਸ ਦੀ ਬਣਾਂ,
ਵੇ ਮੈਂ ਓਸ ਲਈ ਜੀਆਂ ।
ਵੇ ਮੈਂ ਓਸ ਲਈ ਮਰਾਂ,
ਮੈਂ ਪੰਜਾਬ ਦੀ ਕੁੜੀ
ਪੰਜ ਦਰਿਆਵਾਂ ਦੀ ਪਰੀ,

ਮੋਹਨ ਸਿੰਘ ਦੇ ਦੋ ਮਹਾਂ ਕਾਵ ਹਨ, ਇਕ ‘ਏਸ਼ੀਆ ਦਾ ਚਾਨਣ' ਅਤੇ ਦੂਜਾ 'ਨਾਨਕਾਇਣ'। ਪਹਿਲੀ ਵਿਚ ਭਗਵਾਨ ਬੁੱਧ ਜੀ ਦੀ ਜੀਵਨੀ ਐਡਵਿਨ ਆਰਨਲਡ ਦੀ ਜਗਤ ਪ੍ਰਸਿਧ ਪੁਸਤਕ “ਲਾਈਟ ਆਫ ਏਸ਼ੀਆ" ਦਾ ਅਨੁਵਾਦ ਕੀਤਾ ਹੈ। ਮਹਾਤਮਾ ਬੁੱਧ ਜੀ ਦੀ ਤਪਸਿਆ ਦਾ ਵਰਨਣ ਵੇਖੋ ਇਹ ਕਵੀ ਕੈਸੀ ਦਿਲਕਸ਼ ਸ਼ਰਧਾ ਨਾਲ ਕਰਦਾ ਹੈ:

ਐਸੀ ਬਿਰਤੀ ਜੋੜ ਕੇ ਬਹਿੰਦੇ ਸਨ ਭਗਵਾਨ ।
ਪਤਾ ਨਾ ਲਗਦਾ ਉਨ੍ਹਾਂ ਨੂੰ ਕਦੋਂ ਅਸਤਿਆ ਭਾਨ ।
ਨਾ ਠਿਲਕੰਦੜੀ ਸ਼ਾਮ ਦਾ ਰਹਿੰਦਾ ਕੁਝ ਖਿਆਲ,
ਲੰਘ ਜਾਂਦੀ ਜੋ ਮਲਕੜੇ ਲਾ ਕੇ ਲੰਬੀ ਛਾਲ ।
ਆਪੇ ਦੀ ਡੂੰਗਾਣ ਵਿਚ ਖਿਆਲਾਂ ਤਾਈਂ ਉਤਾਰ,
ਰਹਿੰਦੇ ਉਹ ਸੁਲਝਾਉਂਦੇ ਉਲਝੀ ਜੀਵਨ-ਤਾਰ ।

ਦੂਜੀ ਟੂਕ ਬੁੱਧ ਜੀ ਦੇ ਘਰ ਵਾਪਸੀ ਸਮੇਂ ਪਤਨੀ ਨਾਲ ਮਿਲਾਪ ਦੀ ਵੀ ਬਤੌਰ ਵੰਨਗੀ ਮੁਲਾਹਜ਼ਾ ਫਰਮਾਓ :

ਸਾਰੇ ਹੀ ਨੇ ਜਾਣਦੇ ਹੇ ਸੋਹਣੇ ਭਗਵਾਨ ।
ਨਾਰ-ਛੋਹ ਦੇ ਤਿਆਗ ਦਾ ਤੁਹਾਡਾ ਵਰਤ ਮਹਾਨ,
ਫੇਰ ਉਸ ਦਿਨ ਕਿਉਂ ਤੁਸਾਂ ਨੇ ਏਸ ਵਰਤ ਨੂੰ ਭੁਲ ।
ਕੰਵਰਾਣੀ ਨੂੰ ਦਿਤੀ ਸੀ ਗਲਵਕੜੀ ਦੀ ਖੁਲ੍ਹ ?
ਬੋਲੇ ਬੁੱਧ ਭਗਵਾਨ ਜੀ ਵਲ ਓਸ ਦੇ ਝੁਕ
"ਲੈਂਦੀ ਵਡੀ ਪ੍ਰੀਤ ਹੈ ਛੋਟੀ ਤਾਈਂ ਚੁਕ ।"

ਦੂਜਾ ਮਹਾਂ-ਕਾਵ “ਨਾਨਕਾਇਣ" ਵੀ ਬਹੁਤ ਹੀ ਦਿਲਚਸਪ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਜੀਵਨੀ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤੀ ਹੈ। ਇਸ ਦੀ ਇਕ ਟੂਕ ਮੌਕੇ ਦੀ ਸਾਖੀ ਹਾਜ਼ਰ ਖਿਦਮਤ ਹੈ :-

ਨਾਲ ਹਾਜੀਆਂ ਰਲ ਕੇ ਇਕ ਪਵਿਤ੍ਰ ਰਾਤ,
ਮਰਯਾਦਾ ਤੋਂ ਉਲਟ ਇਕ ਬਾਬੇ ਕੀਤੀ ਬਾਤ ।
ਮਨ ਦੇ ਵਿਚ ਧਿਆਉਂਦਾ ਨਿਰਭਓ ਤੇ ਨਿਰਵੈਰ,
ਬਾਬਾ ਨਾਨਕ ਸੌਂ ਗਿਆ ਕਰ ਕਾਅਬੇ ਵਲ ਪੈਰ ।
ਤਾਰੇ ਹੋਏ ਸੰਘਣੇ ਸਿਰ ਤੇ ਝੁਰਮਟ ਘੱਤ ।
ਝਿਲ ਮਿਲ ਝਿਲ ਮਿਲ ਕਰ ਉਠਿਆ ਆਸਮਾਨਾਂ ਦੀ ਛੱਤ
ਪਰੀ-ਖਟੋਲੇ ਵਾਂਗਰਾਂ ਸੱਤ ਰਿਸ਼ੀਆਂ ਦੀ ਖੱਟ,
ਚਾਨਣ-ਪਰੀਆਂ ਨੱਚੀਆਂ ਨੀਂਦਰ-ਟੂਣੇ ਕੱਤ ।
ਆਈ ਬਹੂ ਸਵੇਰ ਦੀ ਫੇਰ ਰੰਗਲੇ ਡੋਲੇ ਪੈ,
ਅੱਖਾਂ ਖੋਲੀਆਂ ਹਾਜੀਆਂ ਫੇਰ ਨਾਮ ਖੁਦਾ ਦਾ ਲੈ ।
ਤਕ ਬਾਬੇ ਨੂੰ ਲੇਟਿਆ ਕਰ ਕਾਅਬੇ ਵਲ ਪੈਰ,
ਹਾਜੀ ਜੀਵਨ ਨਾਮ ਦਾ ਆ ਕੇ ਵਿਚ ਕਹਿਰ ।
ਬਾਬੇ ਤਾਈਂ ਉਠਾਇਆ ਲਤ ਜੋਰ ਦੀ ਮਾਰ ।
ਸੁੱਤਾ ਹੈਂ ਤੂੰ ਇਸ ਤਰਾਂ ਕਿਹੜਾ ਕੁਫ਼ਰ ਕੁਫ਼ਾਰ ।

ਸ੍ਰ: ਰਘਬੀਰ ਸਿੰਘ ਜੀ ‘ਬੀਰ’

ਸਰਦਾਰ ਰਘਬੀਰ ਜੀ ‘ਬੀਰ’ ਜਮਾਂਦਰੂ ਕਵੀ ਸਨ। ਮੇਰਾ ਖਿਆਲ ਹੈ ਕਿ ਆਪ ਨੂੰ ਕਵਿਤਾ ਉਸ ਸਮੇਂ ਨਾਜ਼ਲ ਹੋਣੀ ਸ਼ੁਰੂ ਹੋਈ ਜਦ ਆਪ ਗਲਾਂ ਕਰਨੀਆਂ ਸਿਖ ਹੀ ਰਹੇ ਸਨ। ਕਿਹਾ ਜਾਂਦਾ ਹੈ ਕਿ ਗੋਲਡਸਮਿਥ ਵੀ ਬਾਲੜੀ ਉਮਰੇ ਕਵਿਤਾ ਕਹਿੰਦੇ ਸੀ ਤੇ ਇਕ ਵਾਰੀ ਉਹਦੇ ਪਿਤਾ ਨੇ ਉਹਨੂੰ ਮਨਾਂ ਕੀਤਾ ਕਿ ਤੂੰ ਕਵਿਤਾ ਕਹਿਣੀ ਬੰਦ ਕਰ ਦੇ। ਪਰ ਜਦ ਇਕ ਦਿਨ ਪਿਤਾ ਨਾਲ ਗਲਾਂ ਕਰਦਾ ਉਹ ਫੇਰ ਕਵਿਤਾ ਵਿਚ ਕੁਝ ਕਹਿ ਗਿਆ ਤਾਂ ਉਹਦੇ ਪਿਤਾ ਨੇ ਉਸ ਨੂੰ ਚਪੇੜਾਂ ਲਗਾ ਦਿਤੀਆਂ ਤਾਂ ਉਹ ਅਗੋਂ ਕਹਿਣ ਲਗਾ -
Papa Papa pity take,
verses I shall never make
ਬਸ ਉਹਦਾ ਪਿਤਾ ਸਮਝ ਗਿਆ ਕਿ ਕਵਿਤਾ ਕਹਿਣਾ ਇਹਦਾ ਦੋਸ਼ ਨਹੀਂ, ਕਵਿਤਾ ਇਹਦੇ ਅੰਦਰੋਂ ਆਪ ਮੁਹਾਰੀ ਫੁਟ ਫੁਟ ਨਿਕਲਦੀ ਹੈ। ਮੈਂ ਇਹੋ ਹਾਲ ਬੀਰ ਜੀ ਵਿਚ ਵੇਖਿਆ ਹੈ। ਆਪਣੇ ਮੂਡ ਵਿਚ ਹੁੰਦੇ ਸਨ ਤਾਂ ਗਲ ਗਲ ਤੇ ਸ਼ੇਅਰ ਕਿਹਾ ਕਰਦੇ ਸਨ । ਮੈਂ ਆਪ ਨੂੰ ਭੋਰਨ ਫੋੲਟ ਕਿਹਾ ਕਰਦਾ ਸਾਂ।

ਸ: ਰਘਬੀਰ ਸਿੰਘ ਜੀ ਨੂੰ ਬੱਚਪਨ ਤੋਂ ਹੀ ਨਾਮ ਬਾਣੀ ਤੇ ਗੁਰ ਇਤਿਹਾਸ ਦੀ ਗੁੜਤੀ ਮਿਲੀ ਹੋਈ ਸੀ । ਵਧੇਰੇ ਕਰ ਕੇ ਆਪ ਜੀ ਦੀਆਂ ਧਾਰਮਕ ਕਵਿਤਾ ਹੀ ਹਨ ਅਤੇ ਮੈਂ ਆਪ ਦੀ ਇਕ ਇਕ ਸਿੱਖੀ ਸ਼ਰਧਾ ਵਿਚ ਗੜੁਚ ਕਵਿਤਾ ਦਾ ਕਾਇਲ ਹਾਂ । ਮੈਂ ਆਪ ਦੀ ਜਗਤ ਪ੍ਰਸਿਧ ਅੰਮ੍ਰਿਤ ਵਾਲੀ ਕਵਿਤਾ ਨੂੰ ਤਾਂ ਆਪ ਆਪਣੇ ਅਨੇਕਾਂ ਲੈਕਚਰਾਂ ਵਿਚ ਕੋਟ ਕੀਤਾ ਹੈ ਅਤੇ ਆਪਣੇ ਲੇਖਾਂ ਵਿਚ ਪੂਰੇ ਜਜ਼ਬੇ ਨਾਲ ਪਰਚਾਰਿਆ ਹੈ। ਆਪ ਲਿਖਦੇ ਹਨ :

ਕਲਗੀ ਵਾਲਿਆ ਤੇਰੇ ਸਕੂਲ ਅੰਦਰ,
ਕਿਸੇ ਆਖਿਆ ਕਿ ਲਗਦੀ ਫ਼ੀਸ ਕੋਈ ਨਾਂ।
ਹੋਇਆ ਏਸੇ ਖਿਆਲ ਤੇ ਮੈਂ ਦਾਖ਼ਲ,
ਦੇਨੇ ਪੈਣਗੇ ਬੀਸ ਤੋ ਤੀਸ ਕੋਈ ਨਾਂ ।
ਜਾ ਵਿਚ ਜਮਾਤ ਦੇ ਵੇਖਿਆ ਮੈਂ,
ਦੂਜੇ ਮੁੰਡਿਆਂ ਦੇ ਧੜੀਂ ਸ਼ੀਸ ਕੋਈ ਨਾਂ ।
ਲਾਸ਼ੇ ਤੜਫਦੇ ਪਏ ਸਨ ਮੁਰਗ਼ ਬਿਸਮਲ,
ਕਰ ਸਕਦਾ ਜਿਨਾਂ ਦੀ ਰੀਸ ਕੋਈ ਨਾਂ।
ਏਥੇ ਲਾਜ਼ਮੀ ਸੀਸ ਦੀ ਫ਼ੀਸ ਦੇਣੀ,
ਇਕ ਲਾਸ਼ ਨੇ ਕਿਹਾ ਪੁਕਾਰ ਮੈਨੂੰ ।
ਸੀਸ ਫ਼ੀਸ ਦੇਸੇਂ ਤਾਂ ਹੀ ਸਬਕ ਮਿਲਸੀ,
ਇਸ ਸਕੂਲ 'ਚ ਪਹਿਲੀ ਵਾਰ ਤੈਨੂੰ ।

ਅਤੇ ਬੀਰ ਜੀ ਸਿੱਖ ਵੀ ਕੈਸਾ ਵੇਖਣਾ ਚਾਹੁੰਦੇ ਹਨ ? ਉਹਦੀ ਤਸਵੀਰ ਵੀ ਮੁਲਹਾਜ਼ਾ ਕਰੋ :

ਸਾਰੇ ਮਰ ਮਿਟੀਏ ਭਾਵੇਂ ਰਹੇ ਕੋਈ ਨਾਂ,
ਨਾਮ ਲੈਣ ਜੋਗਾ ਵੀ ਸੰਸਾਰ ਅੰਦਰ ।
ਫਰਕ ਵਾਲ ਜਿਨਾ ਪਰ ਵੀ ਨਾ ਆਉਣ ਦਈਏ,
ਤੇਰੀ ਸਾਹਿਬਾ ਸਿੱਖੀ ਦੀ ਸ਼ਾਨ ਅੰਦਰ ।

ਸਿੱਖ ਇਤਿਹਾਸ ਨੂੰ ਸਿੱਖੀ-ਵਿਰੋਧੀਆਂ ਨੇ ਗੁਰੂ ਕਾਲ ਤੋਂ ਹੀ ਧੁੰਦਲਾ ਕਰਨਾ ਸ਼ੁਰੂ ਕਰ ਦਿਤਾ ਸੀ ਤੇ ਹੁਣ ੧੯੮੧ ਤਕ ਧੁੰਦਲਾ ਕੀਤਾ ਜਾ ਰਿਹਾ ਹੈ । ਕਈ ਵਪਾਰੀ ਪੈਸੇ ਦੇ ਪੀਰ, ਸਿੱਖ ਇਤਿਹਾਸਕਾਰ ਵੀ ਏਸ ਸਾਜ਼ਸ਼ ਦਾ ਸ਼ਿਕਾਰ ਹਨ । ਬੀਰ ਜੀ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਅਨੇਕਾਂ ਇਤਿਹਾਸਕ ਭੁਲੇਖੇ ਬੜੀ ਦਲੇਰੀ ਤੇ ਈਮਾਨਦਾਰੀ ਨਾਲ ਦੂਰ ਕੀਤੇ ਹਨ। ਜਿਵੇਂ ਬੰਦਾ ਬਹਾਦਰ ਦੀ ਜੀਵਨੀ ਹੀ ਵੇਖੋ । ਬੰਦੇਈ ਖਾਲਸੇ ਦਾ ਭੁਲੇਖਾ ਪਾ ਕੇ ਇਤਿਹਾਸਕਾਰਾਂ ਬੰਦਾ ਬਹਾਦਰ ਵਿਰੁਧ ਕੀ ਕੀ ਚਿਕੜ ਨਹੀਂ ਉਛਾਲਿਆ, ਪਰ ਬੀਰ ਜੀ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਐਉਂ ਬਿਆਨ ਕਰ ਕੇ ਪੂਰਨ ਗੁਰੂ ਘਰ ਦਾ ਸਿਦਕੀ ਸਿੱਖ ਸਾਬਤ ਕਰਦੇ ਹਨ :

ਬੰਦੇ ਨੇ ਜਦੋਂ ਤਾੜਿਆ ਸਿਰ ਆ ਕੇ ਬਨੀਂ ਏ।
ਸੀਨੇ 'ਚ ਜੋਸ਼ ਮਾਰਦੀ ਗ਼ੈਰਤ ਦੀ ਕਨੀ ਏਂ।
ਸਿੱਖ ਸ਼ਮਾਂ ਤੇ ਸੜ ਮਰਨ ਦੀ ਖਿਚ ਤਨੀਂ ਏ।
ਮਰ ਕੇ ਸ਼ਹੀਦ ਹੋਣ ਦੀ ਸੂਰੇ ਨੇ ਠਨੀਂ ਏਂ।
ਇਹੋ ਸੀ ਸਿਕ ਆਖਰੀ ਯੋਧੇ ਮਹਾਨ ਦੀ ।
ਸ਼ੇਰਾਂ ਨੂੰ ਆਵੇ ਮੌਤ, ਤੇ ਸ਼ੇਰਾਂ ਦੇ ਸ਼ਾਨ ਦੀ ।

ਬੰਦਾ ਬਹਾਦਰ ਦੇ ਬੱਚੇ ਦੀ ਵਹਿਸ਼ੀਆਨਾਂ ਸ਼ਹੀਦੀ ਅਤੇ ਬੰਦਾ ਬਹਾਦਰ ਦਾ ਕਰੜਾ ਸਿੱਖੀ ਇਮਤਿਹਾਨ ਅਗੋਂ ਵੇਖੋ ‘ਬੀਰ' ਜੀ ਕਿਵੇਂ ਦਰਦਨਾਕ ਪੇਸ਼ ਕਰਦੇ ਹਨ :

ਬੰਦੇ ਦਾ ਸੀ ਇਕ ਸੂਰਬੀਰ ਦੁਲਾਰਾ ।
ਉਹਨੂੰ ਲਿਆ ਕੇ ਕੀਤਾ ਸਿਤਮਗਰਾਂ ਇਹ ਕਾਰਾ ।
ਜੀਊਂਦੇ ਬੱਚੇ ਦਾ ਢਾ ਕੇ ਸੀਨਾ ਪਾੜ ਸੁੱਟਿਆ ਸਾਰਾ ।
ਦਿਲ ਕੱਢ ਓਹਦਾ ਦਸਦੇ ਦੁਨੀਆਂ ਨੂੰ ਨਵਾਂ ਨਜ਼ਾਰਾ ।
ਫੇਰ ਓਸੇ ਦਿਲ ਨੂੰ ਬੰਦੇ ਦੀ ਛਾਤੀ ਤੇ ਰਖਿਆ ।
ਖੂਬ ਇਸ਼ਕ ਦਾ ਸਵਾਦ ਸੂਰਾ ਆਖੇ ਚਖਿਆ ।

ਬੰਦਾ ਬਹਾਦਰ ਨੂੰ ਜਿਸਮਾਨੀ ਜਿਸ ਕਦਰ ਤਸੀਹੇ ਦਿਤੇ ਗਏ, ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਮਗਰੋਂ ਇਹ ਅਨੋਖੀ ਹੀ ਜ਼ੁਲਮ ਦੀ ਨੁਮਾਇਸ਼ ਸੀ ਜੋ ਜ਼ਾਲਮ ਮੁਗ਼ਲਾਂ ਨੇ ਦਿੱਲੀ ਵਿਚ ਪੇਸ਼ ਕੀਤੀ । ਬੀਰ ਜੀ ਦੀ ਕਲਮ ਨੇ ਵੇਖੋ ਉਹ ਸੀਨ ਕੈਸੇ ਦਰਦਨਾਕ ਉਲੀਕੇ ਹਨ :

ਜਾਬਰਾਂ ਦਾ ਸਾਬਰਾਂ ਨਾ ਰੋਅਬ ਮੰਨਿਆਂ।
ਗੁੱਸੇ ਤੇ ਕਹਿਰ ਪਾਪੀਆਂ ਨੂੰ ਕੀਤਾ ਅੰਨਿਆਂ ।
ਹਾਥੀ ਦੇ ਪੈਰ ਨਾਲ ਸੂਰਮੇ ਨੂੰ ਬੰਨ੍ਹਿਆਂ।
ਸਾਰਾ ਫਿਰਾ ਕੇ ਸ਼ਹਿਰ ਅੰਗ ਅੰਗ ਭੰਨਿਆਂ।
ਭਾਵੇਂ ਸਰੀਰ ਹੋ ਗਿਆ ਲਹੂ ਲੁਹਾਣ ਸੀ।
ਮੂੰਹ ਤੇ ਨਾਂ ਸੂਰਮੇ ਦੇ ਖੌਫ਼ ਦਾ ਨਿਸ਼ਾਨ ਸੀ।

ਉਸ ਸਮੇਂ ਦੇ ਦਿੱਲੀ ਦੇ ਮਾਹੌਲ ਦਾ ਬੀਰ ਜੀ ਵੇਖੋ ਕੈਸਾ ਲੂੰ ਕੰਡੇ ਖੜੇ ਕਰ ਦੇਣ ਵਾਲਾ ਦ੍ਰਿਸ਼ ਪੇਸ਼ ਕਰਦੇ ਹਨ :

ਹਾਥੀ ਨੂੰ ਡੋਬੂ ਪੈਂਦੇ ਸੀ ਬੰਦੇ ਨੂੰ ਦੇਖ ਕੇ ।
ਉਡਦੇ ਜਨੌਰ ਢਹਿੰਦੇ ਸੀ ਬੰਦੇ ਨੂੰ ਦੇਖ ਕੇ
ਪਥਰਾਂ ਦੇ ਨੀਰ ਵਹਿੰਦੇ ਸੀ ਬੰਦੇ ਨੂੰ ਦੇਖ ਕੇ ।
ਦਿੱਲੀ ਦੇ ਬੰਦੇ ਕਹਿੰਦੇ ਸੀ ਬੰਦੇ ਨੂ ਦੇਖ ਕੇ ਙ
ਤੋਬਾ ਪਨਾਹ ਖ਼ੁਦਾ ਇਹ ਕੋਈ ਆਦਮੀ ਨਹੀਂ।
ਹੈ ਜਿਸਮ ਤੋਂ ਜੁਦਾ ਰੂਹ ਤੇ ਸਾਦਮੀ ਨਹੀਂ।

ਅਤੇ ਪੂਰਣ ਗੁਰ ਸਿੱਖ, ਦਸਮੇਸ਼ ਪਿਤਾ ਦਾ ਸਿਦਕੀ ਜਵਾਨ, ਬੰਦਾ ਸਿੰਘ ਬਹਾਦਰ ਦਾ ਹੁਣ ਅੰਤ ਵੀ ਦਿਲ ਤੇ ਹੱਥ ਰਖ ਕੇ ਵੇਖੋ :

ਆਖ਼ਰ ਨੂੰ ਸਿਰ ਤੇ ਆਇਆ ਇਮਤਿਹਾਨ ਆਖ਼ਰੀ ।
ਆਖ਼ਰ ਮਚਾਈ ਜ਼ਾਲਮਾਂ ਨੇ ਆਨ ਆਖ਼ਰੀ ।
ਯੋਧਾ ਨਿਵਾਨ ਲਈ ਲਾਣ ਤਾਣ ਆਖ਼ਰੀ ।
ਬੰਦਾ ਵਖਾਵੇ ਬੀਰਤਾ ਦੀ ਸ਼ਾਨ ਆਖ਼ਰੀ ।
ਲਹਿੰਦਾ ਸਰੀਰੋਂ ਮਾਸ ਜੰਬੂਰਾਂ ਦੇ ਨਾਲ ਸੀ।
ਖਿੜ ਖਿੜ ਕੇ ਪਰ ਉਹ ਹਸਦਾ ਗੁਰੂ ਦਾ ਲਾਲ ਸੀ।
ਸਿਰ ਨੀਵਾਂ ਪਾ ਕੇ ਦਿੱਲੀ ਦਾ ਸੁਲਤਾਨ ਖੜਾ ਸੀ ।
ਦੰਦਾਂ 'ਚ ਜੀਭ ਦੇ ਕੇ ਸਭ ਜਹਾਨ ਖੜਾ ਸੀ।
ਥਰ ਥਰ ਪਿਆ ਕੰਬਦਾ ਜ਼ਿਮੀਂ ਅਸਮਾਨ ਖੜਾ ਸੀ।
ਐਪਰ ਅਡੋਲ ਖਾਲਸੇ ਦਾ ਮਾਨ ਖੜਾ ਸੀ।

ਅਤੇ ਬੀਰ ਜੀ ਨੇ ਬੜੀ ਬੀਰਤਾ ਨਾਲ ਬੰਦੇ ਦੀ ਸ਼ਹੀਦੀ ਦਾ ਵੀ, ਕਾਰਣ ਆਪਸ ਵਿਚ ਤੱਤ ਖਾਲਸਾ ਵਲੋਂ ਪੈਦਾ ਕੀਤੀ ਫੁਟ ਵਾਲਾ, ਐਉਂ ਦਲੇਰੀ ਨਾਲ ਨੰਗਾ ਕੀਤਾ ਹੈ :

ਬੰਦਾ ਨਾ ਬੰਦੇ ਤੋਂ ਕਦੇ ਸੀ ਪਕੜਿਆ ਜਾਣਾ।
ਆਪਸ ਦੀ ਫੁਟ ਕਰ ਕੇ ਹੈ ਇਹ ਵਰਤਿਆ ਭਾਣਾ ।

੧੯੮੦–੮੧ ਦਾ ਵਰਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਸ਼ ਕਰ ਕੇ ਸਿੱਖ ਜਗਤ ਮਨਾ ਰਿਹਾ ਹੈ, ਪਰ ਕਈ ਦੋਖੀ ਸ਼ੇਰੇ ਪੰਜਾਬ ਦਾ ਸਿੱਖ ਹੋਣਾ ਬਰਦਾਸ਼ਤ ਨਾਂ ਕਰਦੇ ਹੋਏ ਕਈ ਪ੍ਰਕਾਰ ਦੀਆਂ ਹੁਜਤਾਂ ਸਿੱਖ ਕੌਮ ਦੀ ਢਿੱਲੀ ਲੀਡਰਸ਼ਿਪ ਕਾਰਣ ਪੇਸ਼ ਕਰਨੋਂ ਟਲ ਨਹੀਂ ਰਹੇ ਤੇ ਕਈ ਸ਼ੇਰੇ ਪੰਜਾਬ ਦੇ ਸਿੱਖ ਨਾਨਕ ਸ਼ਾਹੀ ਰਾਜ ਨੂੰ ਪੰਜਾਬੀ ਰਾਜ ਕਹਿਣ ਵਿਚ ਵਧੇਰਾ ਸਵਾਦ ਮਾਨ ਰਹੇ ਹਨ । ਉਨ੍ਹਾਂ ਅਲੋਚਕਾਂ ਕਦੇ ਨਹੀਂ ਸੋਚਿਆ ਕਿ ੧੨ ਮਿਸਲਾਂ ਕੌਣ ਸਨ ਤੇ ਬਾਰਾਂ ਮਿਸਲਾਂ ਨੂੰ ਇਕ ਕਰ ਕੇ ਜੋ ਰਾਜ ਕਾਇਮ ਕੀਤਾ, ਅਤੇ ਜਿਸ ਨੂੰ ਸੈਕੂਲਰ ਰੂਪ ਦਿਤਾ, ਉਹ ਕੌਣ ਸੀ ਅਤੇ ਉਸ ਦਾ ਕਮਾਲ ਕੀ ਸੀ ? ਬੀਰ ਜੀ ਨੇ ਇਹ ਸਭ ਭੁਲੇਖੇ ਅੱਧੀ ਸਦੀ ਪਹਿਲਾਂ ਹੀ ਬੜੀ ਵਿਦਵਤਾ ਅਤੇ ਦੂਰ ਅੰਦੇਸ਼ੀ ਨਾਲ ਐਉਂ ਦੂਰ ਕਰ ਦਿਤੇ ਸਨ :

ਸੱਚੀ ਮੁੱਚੀ ਤੂੰ ਸ਼ੇਰ ਪੰਜਾਬ ਦਾ ਸੀ,
ਉਮਰ ਸ਼ੇਰਾਂ ਦੇ ਵਾਂਗ ਲੰਘਾਈ ਸੀ ਤੂੰ ।
ਐਪਰ ਤੇਰਾ ਤੇ ਸ਼ੇਰ ਦਾ ਫਰਕ ਇਤਨਾ,
ਉਹ ਬੇ-ਸੋਚ ਤੇ ਪੁਤਲਾ ਦਾਨਾਈ ਸੀ ਤੂੰ ।
ਇਕ ਜਗ੍ਹਾ ਦੋ ਸ਼ੇਰ ਨਾਂ ਰਹਿਣ ਕੱਠੇ,
ਇਹ ਮਿਸਾਲ ਦੁਨੀਆਂ ਨੂੰ ਭਲਾਈ ਸੀ ਤੂੰ ।
ਲੱਖਾਂ ਸ਼ੇਰਾਂ ਨੂੰ ਕਠਿਆਂ ਕਰ ਕੀਤੀ,
ਕੌਮ ਸ਼ੇਰਾਂ ਵਾਲੀ ਰਹਿਨੁਮਾਈ ਸੀ ਤੂੰ ।
ਸ਼ੇਰ ਕਿਸੇ ਦੇ ਨਾਲ ਨਾਂ ਵੰਡ ਖਾਵਨ,
ਦੌਲਤ ਐਪਰ ਗਰੀਬਾਂ ਵੰਡਾਈ ਸੀ ਤੂੰ ।
ਏਸ ਵਾਸਤੇ ਸ਼ੇਰ ਅਖਵਾ ਕੇ ਤੇ,
ਇਜ਼ਤ ਸ਼ੇਰ ਦੀ ਬਹੁਤ ਵਧਾਈ ਸੀ ਤੂੰ !
ਤੇਰੀ ਵਾਗ ਫੜ ਕੇ ਸੀ ਇਕਬਾਲ ਤੁਰਦਾ,
ਫਤਹ ਆਪਣੀ ਟਹਿਲਣ ਬਨਾਈ ਸੀ ਤੂੰ ।
ਦੀਨ ਦੁਖੀ ਗਰੀਬਾਂ ਦਾ ਆਸਰਾ ਸੀ ਤੂੰ,
ਹੈਂਕੜ ਖਾਨਾਂ ਦੀ ਧੌਣ ਨਿਵਾਈ ਸੀ ਤੂੰ ।
ਸਵਾ ਲਖ ਦੀ ਖਾਲਸਈ ਸ਼ਾਨ ਮੁੜਕੇ,
ਰੋਸ਼ਨ ਦੁਨੀਆਂ ਨੂੰ ਕਰ ਦਿਖਾਈ ਸੀ ਤੂੰ ।

ਸਿੱਖੀ ਦੇ ਰੂਪ ਨੂੰ ਬੀਰ ਜੀ ਨੇ ਬੋਹੜ ਨਾਲ ਤਸ਼ਬੀਹ ਦਿਤੀ ਹੈ ਅਤੇ ਇਸ ਬੋਹੜ ਨੇ ਸਮੇਂ ਦੇ ਸਹੇ ਸਭੋ ਹਨੇਰੀਆਂ ਝਖੜਾਂ ਦਾ ਬਿਆਨ ਕਰਦਿਆਂ ਇਹਦੀ ਕਰਾਮਾਤ ਨੂੰ ਐਉਂ ਬਿਆਨ ਕੀਤਾ ਹੈ :

ਕਈ ਵਾਰ ਲੋਕਾਂ ਪੁਟਿਆ,
ਆਪਣੇ ਵਲੋਂ ਪੁਟ ਸੁਟਿਆ ।
ਪਰ ਸਦਕੋ ਮਾਲੀ ਏਸ ਦੇ,
ਬਲਿਹਾਰ ਮਾਲੀ ਏਸ ਦੇ।
ਐਸੀ ਅਚੱਲ ਤਾਕਤ ਧਰੀ,
ਐਸੀ ਅੱਟਲ ਸ਼ਕਤੀ ਭਰੀ ।
ਜਿਥੋਂ ਜ਼ਮਾਨਾ ਪੁਟਦਾ,
ਉਥੋਂ ਹੀ ਮੁੜ ਇਹ ਫੁਟਦਾ ।
ਜੜ੍ਹ ਏਸ ਦੀ ਪਤਾਲ ਸੀ,
ਵਿੰਗਾ ਨਾ ਹੁੰਦਾ ਵਾਲ ਸੀ।

ਜਿਸ ਘਰੇਲੂ ਫੁਟ ਨੇ ਅੱਜ ਸਾਨੂੰ ਛੱਜ ਵਾਂਗ ਛਟ ਕੇ ਸੰਸਾਰ ਦੀਆਂ ਅੱਖਾਂ ਵਿਚ ਹੌਲਾ ਕੀਤਾ ਹੈ; ਉਸ ਦਾ ਅਸ਼ਾਰਾ ਕੌਮੀ ਪ੍ਰਵਾਨਾ ‘ਬੀਰ' ਬਹਾਦਰ ਕਾਫ਼ੀ ਸਮਾਂ ਸਾਨੂੰ ਐਉਂ ਪਹਿਲਾਂ ਹੀ ਕਰ ਗਿਆ :

ਤੂੰਹੀਉਂ ਖਾਲਸਾ ਕੌਮ ਚਾ ਦਸ ਮੈਨੂੰ,
ਦਸਾਂ ‘ਐਬ' ਯਾ ਤੇਰੀ 'ਸਿਫ਼ਤ' ਗਾਵਾਂ :
ਦਸਾਂ ਸ਼ਾਨ ਤੇਰੀ ਇਤਫਾਕ ਵਾਲੀ,
ਯਾ ਕਿ ਤੇਰੇ ਨਿਫਾਕ ਦੇ ਵੈਣ ਪਾਵਾਂ।
ਦਸਾਂ ਵਿਚ ਨਕਸ਼ਾ ਤੇਰੀ ਈਰਖਾ ਦਾ,
ਯਾ ਕੇ ਬੀਰਤਾ ਤੇਰੀ ਨੂੰ ਚੰਨ ਲਾਵਾਂ ।
ਪਾਵਾਂ ਕੀਰਨੇ ਤੇਰੀਆਂ ਗ਼ਫ਼ਲਤਾਂ ਦੇ,
ਯਾ 'ਕੁਰਬਾਨੀਆਂ' ਉਤੋਂ ਕੁਰਬਾਨ ਜਾਵਾਂ ।

ਅਤੇ ‘ਬੀਰ’ ਜੀ ਸਿੱਖ ਨੌਜਵਾਨ ਨੂੰ ਐਉਂ ਕੁਝ ਅਸ਼ਾਰੇ ਕਰਦੇ ਖਬਰਦਾਰ ਵੀ ਕਰ ਗਏ ਹਨ :

ਚਪੂ ਮੁਹਾਣੇ ਟੁੱਟ ਗਏ।
ਬੁਢੇ ਮੁਹਾਣੇ ਰੁੱਠ ਗਏ ।
ਝਖੜ ਨੇ ਦਿਤਾ ਮੂੰਹ ਭਵਾ,
ਗ਼ਾਫਲ ਮਲਾਹ ਉਲਟੀ ਹਵਾ ।
ਖੁਦਗਰਜੀਆਂ ਦੀ ਲਹਿਰ ਨੇ,
ਡਾਹਢੇ ਹੀ ਕੀਤੇ ਕਹਿਰ ਨੇ।
ਪਾਸਾ ਪਰਤ ਹੁਸ਼ਿਆਰ ਹੋ,
ਉਠ ਜਾਗ ਤੇ ਤਯਾਰ ਹੋ ।
ਹਿੰਮਤ ਦੇ ਰਸੇ ਪਾਏ ਕੇ
ਚਪੂ ਸਿਦਕ ਕੇ ਲਾਏ ਕੇ
ਬਨ੍ਹ ਐਸਾ ਬਨ੍ਹ ਤਦਬੀਰ ਦਾ,
ਮੂੰਹ ਫੇਰ ਦੇ ਤਕਦੀਰ ਦਾ ।

ਪੰਡਤ ਕਾਲੀਦਾਸ ਜੀ ਗੁਜਰਾਂਵਾਲੀਏ

ਗੁਜਰਾਂਵਾਲੇ ਦੇ ਜ਼ਿਲੇ ਨੇ ਇਕ ਪਾਸੇ ਸੰਸਾਰ ਪ੍ਰਸਿਧ ਤਲਵਾਰ ਦਾ ਧਨੀ ਸ੍ਰਦਾਰ ਹਰੀ ਸਿੰਘ ਨਲਵਾ ਜੀ ਪੈਦਾ ਕੀਤਾ ਹੈ ਅਤੇ ਦੂਜੇ ਪਾਸੇ ਕਲਮ ਦੇ ਧਨੀ ਰਹੀਮ ਬਖਸ਼, ਕਾਦਰਯਾਰ ਅਤੇ ਪੰਡਤ ਕਾਲੀਦਾਸ ਜੀ ਜੈਸੇ ਮਹਾਨ ਕਵੀ । ਪੰਡਤ ਜੀ ਭਾਵੇਂ ਸਾਡੇ ਵੀਹਵੀਂ ਸਦੀ ਦੇ ਸਮਕਾਲੀ ਕਵੀਆਂ ਵਿਚੋਂ ਹੀ ਸਨ ਪਰ ਆਪ ਉਤੇ ਸਾਡੇ ਪੰਜਾਬੀ ਦੇ ਕਵੀਆਂ ਦੀ ਰੰਗਤ ਨਹੀਂ ਚੜ੍ਹੀ, ਇਸ ਲਈ ਆਪ ਨੇ ਆਪਣੀ ਪੁਰਾਣੀ 'ਵਾਰਿਸ' ਵਾਲੀ ਪ੍ਰੰਪਰਾ ਉਤੇ ਹੀ ਪਹਿਰਾ ਦਿਤਾ । ਸ਼ਾਇਦ ਆਪ ਦੀ ਪਾਰਖੂ ਅੱਖ ਨੇ ਵੇਖ ਲਿਆ ਸੀ ਕਿ ਨਵੀਨ ਕਵੀਆਂ ਦੀਆਂ ਆਮ ਕਵਿਤਾਵਾਂ ਲੋਕ ਪ੍ਰਿਆ ਨਹੀਂ ਹੋ ਸਕੀਆਂ ਅਤੇ ਪੰਜਾਬ ਦੇ ਪਿੰਡਾਂ ਵਿਚ ਜਿਥੇ ਪੰਜਾਬ ਵਸਦਾ ਹੈ, ਨਵੀਂ ਚਾਸ਼ਨੀ ਕਬੂਲ ਨਹੀਂ ਕੀਤੀ ਗਈ । ਇਹੋ ਹੀ ਇਕ ਮੁਖ ਕਾਰਨ ਦਿਸਦਾ ਹੈ ਕਿ ਆਪ ਨੇ ਏਸ ਨਵੀਂ ਰੋਸ਼ਨੀ ਦੇ ਯੁਗ ਵਿਚ ਭੀ ਕਿਸਾਕਾਰੀ ਦਾ ਲੜ ਨਹੀਂ ਛਡਿਆ ਭਾਵੇਂ ਆਪ ਦੇ ਸਾਥੀਆਂ ਬੜੀ ਬੇ-ਰਹਿਮੀ ਨਾਲ ਕਿਸਿਆਂ ਦਾ ਬੀਜ ਨਾਸ ਕਰਨ ਲਈ ਆਪਣੇ ਬਰਛੇ ਭਾਲੇ ਤੇਜ ਕਰ ਰਖੇ ਸਨ।

ਪੰਜਾਬੀ ਦਾ ਸਿਰ ਕਢ ਕਵੀ, ਭਾਰਤ ਦਾ ਪ੍ਰਸਿਧ ਵਿਦਵਾਨ ਅਤੇ ਕੌਮਾਂਤਰੀ ਸ਼ੌਹਰਤ ਰੱਖਣ ਵਾਲਾ ਫਲਾਸਫਰ ਡਾ: ਮੋਹਨ ਸਿੰਘ ਜੀ ਦੀਵਾਨਾ, ਐਮ.ਏ. ਪੀ.ਐਚ.ਡੀ., ਡੀ. ਲਿਟ., ਦਾ ਕਥਨ ਹੈ ਕਿ “ਕਿੱਸਾ ਕੋਈ ਮਾਮੂਲੀ ਜਿਹੀ ਚੀਜ਼ ਨਹੀਂ, ਨਾਂ ਹੀ ਇਹ ਘ੍ਰਿਣਾ ਦੇ ਯੋਗ ਹੈ ਅਤੇ ਨਾਂ ਹੀ ਮਾਮੂਲੀ ਕਵੀ ਕਿੱਸਾ ਲਿਖ ਸਕਦਾ ਹੈ। ਇਕ ਮਹਾਂ ਕਵੀ ਹੀ ਕਿੱਸੇ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਨੂੰ ਪੂਰੀ ਤਰ੍ਹਾਂ ਨਿਭਾ ਸਕਦਾ ਹੈ।”

ਮੈਂ ਵਿਦਵਾਨ ਡਾਕਟਰ ਸਾਹਿਬ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਮੇਰਾ ਖਿਆਲ ਹੈ ਕਿ ਆਮ ਕਵੀ ਲਈ ਕਿੱਸਾਕਾਰ ਹੋਣਾ ਏਨਾ ਹੀ ਬਹੁਤ ਕਠਨ ਹੈ, ਏਨਾ ਕਠਨ ਜਿਨਾਂ ਕਹਾਣੀ-ਕਾਰ ਲਈ ਨਾਵਲ-ਕਾਰ ਹੋਣਾ । ਲੋਕ-ਗਾਥਾ ਦੇ ਨਾਲ ਨਾਲ ਕਿੱਸਾ ਨਾਟਕੀ ਕਲਾ ਵੀ ਮੰਗਦਾ ਹੈ ਅਤੇ ਇਹ ਮੰਗ ਆਮ ਕਵੀ ਕੋਲੋਂ ਪੂਰੀ ਹੋਣੀ ਅਸੰਭਵ ਹੀ ਕਹੀ ਜਾ ਸਕਦੀ ਹੈ । ਪਹਿਲੇ ਕਵੀਆਂ ਪਾਸ ਲਗਣ ਦਾ ਭੰਡਾਰ ਹੁੰਦਾ ਸੀ, ਪੇਂਡੂ ਸ਼ਬਦਾਵਲੀ ਦਾ ਅਖੁਟ ਖਜ਼ਾਨਾ ਹੁੰਦਾ ਸੀ, ਖੁਲ੍ਹਾ ਸਮਾਂ ਹੁੰਦਾ ਸੀ, ਕਹਾਣੀ ਨੂੰ ਵਿਸਥਾਰ ਦੇਣ ਦਾ ਅਤੇ ਸਫਲਤਾ ਸਹਿਤ ਡਰਾਮੈਟਿਕ ਢੰਗ ਨਾਲ ਨਿਭਾਣ ਦਾ ਪੂਰਾ ਸ਼ਊਰ ਹੁੰਦਾ ਸੀ । ਹੁਣ ਮਸਰੂਫੀਅਤ ਦੇ ਕਾਰਣ, ਕਵਿਤਾ ਇਕ ਸ਼ੁਗਲ ਰਹਿ ਜਾਣ ਦੇ ਕਾਰਨ ਕਿਸਾ-ਕਾਰੀ ਨੇ ਸੁੰਘੜਦੇ ਸੁੰਘੜਦੇ ਆਪਣਾ ਆਪ ਗਵਾ ਲਿਆ ਹੈ ਪਰ ਇਹ ਸਵੀਕਾਰ ਕਰਨਾ ਹੀ ਹੋਵੇਗਾ ਕਿ ਪੰਡਤ ਕਾਲੀਦਾਸ ਜੀ ਦੇ ਆਤਮਕ ਬਲ ਨੂੰ ਨਵੀਨ ਕਵੀ ਤੇ ਅਲੋਚਕ ਕੋਈ ਮਾੜੀ ਜਿਹੀ ਝਰੀਟ ਨਾਂ ਲਗਾ ਸਕੇ । ਆਪ ਨੇ ਫਾਰਸੀ-ਹਿੰਦੀ ਉਰਦੂ ਦਾ ਪ੍ਰਭਾਵ ਕਬੂਲੇ ਬਿਨਾਂ ਠੇਠ ਪੰਜਾਬੀ ਮਾਂ-ਬੋਲੀ ਦੀ ਭਰਵੀਂ ਸੇਵਾ ਕੀਤੀ ।

ਪੰਡਤ ਕਾਲੀਦਾਸ ਜੀ ਜਨਮ ਤੋਂ ਬ੍ਰਹਿਮਣ ਜ਼ਰੂਰ ਸਨ ਪਰ ਇਸ਼ਟ ਆਪ ਦਾ ਗੁਰੂ ਨਾਨਕ ਦੇਵ ਜੀ ਸਨ । ਆਮ ਕਿੱਸਾ-ਕਾਰਾਂ ਨੇ ਆਪਣੇ ਇਸ਼ਟ ਮੁਤਾਬਕ ਕਿੱਸੇ ਦੇ ਸ਼ੁਰੂ ਵਿਚ ਮੰਗਲਾਚਾਰ ਉਚਾਰਨ ਕੀਤਾ ਹੈ ਪਰ ਕਵੀ ਕਾਲੀਦਾਸ ਜੀ ਦਾ ਕਿੱਸਾ ਪੂਰਨ ਭਗਤ ਦਾ ਆਰੰਭ ਵੇਖੋ :

ਇਕਓਂ ਕਾਰ ਉਚਾਰੀਏ ਸ਼ਬਦ ਪ੍ਰਗਟਿਓ ਆਦਿ ।
ਸਤਿਨਾਮ ਸਿਮਰੋ ਸਦਾ ਸਤਿਗੁਰ ਕਾ ਪਰਸਾਦਿ ।
ਪ੍ਰਿਥਮ ਭਗੌਤੀ ਸਿਮਰੀਏ ਕਰੀਏ ਗੁਰ ਕੀ ਸੇਵ ।
ਸਿਮਰ ਸਦਾ ਸੁਖ ਪਾਈਏ, ਸਤਿਗੁਰ ਨਾਨਕ ਦੇਵ ।

ਦੂਜੇ ਪਾਸੇ ਫਜ਼ਲ ਸ਼ਾਹ ਨੇ ਕਿਸਾ ‘ਸੋਹਣੀ ਮਹੀਂਵਾਲ' ਦਾ ਆਰੰਭ ਐਉਂ ਕੀਤਾ ਹੈ :

ਅਵਲ ਹਮਦ ਸਦਾ ਖੁਦਾ ਤਾਈਂ,
ਜਿਸ ਇਸ਼ਕ ਥੀਂ ਕੁਲ ਜਹਾਨ ਕੀਤਾ ।

ਵਾਰਿਸ ਦਾ ਆਪਣੀ ‘ਹੀਰ' ਦੇ ਅਰੰਭ ਦਾ ਵੀ ਉਹੋ ਫ਼ਜ਼ਲ ਸ਼ਾਹ ਵਾਲਾ ਹੀ ਢੰਗ ਹੈ, ਜਿਵੇਂ :

ਅਲਫ ਹਮਦ ਖੁਦਾ ਦਾ ਵਿਰਦ ਕੀਜੇ,
ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ ।
ਪਹਿਲਾਂ ਆਪ ਹੀ ਰਬ ਨੇ ਇਸ਼ਕ ਕੀਤਾ।
ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ।

ਪੰਡਤ ਕਾਲੀਦਾਸ ਜੀ ਨੇ ਪਿੰਡਾਂ 'ਚ ਫਿਰਕੇ ਵੇਖ ਲਿਆਸੀ ਕਿ ਕਿੱਸਾ-ਕਾਵਿ ਤਾਂ ਹਰ ਪੰਜਾਬੀ ਦੀ ਜ਼ਬਾਨ ਤੇ ਹੈ ਪਰ ਕਿੱਸਾ-ਮਾਰਾਂ ਦੀ ਕਵਿਤਾ ਦੀ ਇਹ ਅਲਬੇਲੇ ਪੰਜਾਬੀ ਸੁਖ ਸਾਂਦ ਵੀ ਪੁਛਣ ਨੂੰ ਤਿਆਰ ਨਹੀਂ। ਬਸ ਪੰਡਤ ਜੀ ਨੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਨਾਲ ਪਕੇਰੀ ਤੇ ਸਦੀਵੀ ਸਾਂਝ ਪਾ ਕੇ ਦਮੋਦਰ, ਵਾਰਿਸ, ਹਾਸ਼ਮ, ਫ਼ਜ਼ਲ ਸ਼ਾਹ, ਕਾਦਰਯਾਰ, ਪੀਲੂ ਆਦਿ ਪ੍ਰਸਿਧ ਕਿੱਸਾ-ਕਾਰਾਂ ਦਾ ਰਾਹ ਫੜਿਆ ਅਤੇ ਆਪਣੀ ਜ਼ਿੰਦਗੀ ਵਿਚ ਹੀ ਘਰ ਘਰ ਗਾਇਆ ਜਾਣ ਲਗ ਪਿਆ।

ਪੰਡਤ ਕਾਲੀਦਾਸ ਬਚਪਣ ਤੋਂ ਹੀ ਧਾਰਮਿਕ ਰੁਚੀ ਰਖਦੇ ਸਨ । ਇਹੋ ਕਾਰਨ ਸੀ ਕਿ ਆਪ ਨੇ ਹੀਰ, ਸੋਹਣੀ ਯਾ ਸੱਸੀ ਆਦਿ ਦੇ ਇਸ਼ਕੀਆ ਕਿਸੇ ਨਹੀਂ ਲਿਖੇ ਅਤੇ ਨਾਂ ਹੀ ਲੈਲਾ ਮਜਨੂੰ ਯਾ ਸ਼ੀਰੀਂ ਫਰਹਾਦ ਉਤੇ ਕਲਮ ਉਠਾਈ । ਆਪ ਨੇ ਭਗਤੀ ਮਾਰਗ ਨੂੰ ਆਪਣਾ ਵਿਸ਼ਾ ਚੁਣਿਆ ਅਤੇ ਪੂਰਨ ਭਗਤ, ਪ੍ਰਹਿਲਾਦ ਭਗਤ, ਹਕੀਕਤ ਰਾਏ, ਰਾਜਾ ਹਰੀਸ਼ ਚੰਦਰ, ਰੂਪ ਬਸੰਤ, ਗੋਪੀ ਚੰਦ, ਰਮਾਇਣ ਅਤੇ ਗੁਰੂ-ਸਾਖੀਆਂ ਜੈਸੇ ਬਹੂ-ਮੁਲੇ ਕਿੱਸੇ ਆਪਣੀ ਸਤਿਕਾਰ ਯੋਗ ਮਾਂ-ਬੋਲੀ ਦੀ ਭੇਂਟ ਕੀਤੇ ।

ਪੰਡਤ ਜੀ ਦੇ ਕਿੱਸੇ ਪੁਰਾਤਨ ਪ੍ਰੰਪਰਾ ਮੁਤਾਬਕ ਬੈਂਤ ਵਿਚ ਹਨ, ਪਰ ਵਿਚ ਵਿਚ ਵਿਦਵਾਨ ਕਵੀ ਨੇ ਡੇਉਡ, ਸੋਰਠ, ਦੋਹਿਰਾ, ਬਾਰਾਂਮਾਂਹ-ਆਦਿ ਛੰਦਾਂ ਦੀ ਵੀ ਕਾਫੀ ਵਰਤੋਂ ਕੀਤੀ ਹੈ। ਪੂਰਨ ਭਗਤ ਦੇ ਜਨਮ ਉਤੇ ਰਾਜੇ ਸਲਵਾਨ ਦੇ ਘਰ ਵਿਚ ਖੁਸ਼ੀਆਂ ਦਾ ਵਰਨਣ ਡੇਉਡ ਵਿਚ ਹੀ ਸਾਰਾ ਕੀਤਾ ਹੈ। ਜਿਵੇਂ :

ਮਾਂ ਬਾਪ ਨੂੰ ਸ਼ਾਦੀ ਹੋਈ,
ਸਾਜ਼ ਵਜਣ ਘਰ ਸਾਰੇ, ਢੋਲ ਨਗਾਰੇ ।
ਲਾਲ ਜਵਾਹਿਰ ਮਾਨਕ ਮੋਤੀ,
ਸਿਰ ਬਾਲਕ ਤੋਂ ਵਾਰੇ, ਹੋ ਬਲਿਹਾਰੇ ।
ਸੋਨਾ, ਚਾਂਦੀ, ਨਕਦ ਰੁਪਏ,
ਦੇਣ ਬ੍ਰਹਮ ਅਖਾੜੇ, ਠਾਕੁਰਦਵਾਰੇ ।
ਰੱਬ ਸਬਬ ਬਣਾਇਆ ਕਾਲੀ,
ਆਣ ਬਣੇ ਸੁਖ ਸਾਰੇ, ਪਲ 'ਚ ਭਾਰੇ ।

ਹਿੰਦੂ ਮਾਈਥਾਲੋਜੀ ਵਿਚ ‘ਹੋਣੀ’ ਦੀ ਚਰਚਾ ਬਹੁਤ ਹੈ। ਕੋਈ ਕਿੱਸਾ-ਕਹਾਣੀ ‘ਹੋਣੀ’ ਦੇ ਰੋਲ ਤੋਂ ਸਖਣੀ ਨਹੀਂ । ਪੂਰਣ ਅਤੇ ਲੂਣਾਂ ਦੇ ਮਿਲਾਪ ਦੇ ਆਰੰਭ ਵਿਚ ਹੀ ਕਵੀ ‘ਹੋਣੀ' ਨੂੰ ਆਨੰਨ ਫਾਨੰਨ ਐਉਂ ਲਿਆ ਖੜਾ ਕਰਦਾ ਹੈ :

ਪੂਰਨ ਚਲਿਆ ਮਾਂ ਦੇ ਮਿਲਣ ਕਾਰਨ,
ਹੋਣੀ ਨਾਲ ਹੀ ਕਦਮ ਉਠਾਉਂਦੀ ਆ ।
ਜਾ ਕੇ ਮਹਿਲ ਦੇ ਹੇਠ ਆਵਾਜ਼ ਮਾਰੀ,
ਲੂਣਾ ਗੋਲੀਆਂ ਹੁਕਮ ਚਲਾਉਂਦੀ ਆ ।
ਗੋਲੀ ਦੌੜਦੀ ਦੌੜਦੀ ਹੇਠ ਆਈ,
ਬਾਹੋਂ ਪਕੜ ਕੇ ਫੁਲ ਸੰਘਾਉਂਦੀ ਆ ।
ਗੋਲੀ ਡੋਹਲਿਆ ਤੇਲ ਦਹਿਲੀਜ਼ ਉਤੇ,
ਹੋਣੀ ਆਪਣੇ ਸ਼ਗਨ ਮਨਾਉਂਦੀ ਆ।
ਵਰਤ ਗਈ ਜੋ ਪੀਰ ਪੈਗੰਬਰਾਂ ਤੇ,
ਹੋਣੀ ਸੁੱਤੀਆਂ ਕਲਾਂ ਜਗਾਉਂਦੀ ਆ ।
ਕਾਲੀਦਾਸ ਹੁਣ ਵਰਤਦੀ ਨਾਲ ਪੂਰਨ,
ਵੇਖੋ ਹੱਥ ਤੇ ਪੇੜ ਉਗਾਉਂਦੀ ਆ।

ਪੂਰਨ ਭਗਤ ਦਾ ਕਿੱਸਾ ਹੋਰ ਕਵੀ ਕਵੀਸ਼ਰਾਂ ਨੇ ਭੀ ਲਿਖਿਆ ਹੈ ਪਰ ਮਤਰੇਈ ਮਾਂ ਲੂਣਾ ਦਾ ਪੁਤ ਪੂਰਨ ਤੇ ‘ਸੈਕਸੀ' ਢੰਗ ਨਾਲ ਮੋਹਤ ਹੋਣ ਦਾ ਜਾਦੂ ਬਿਆਨ ਜੋ ਪੰਡਤ ਕਾਲੀਦਾਸ ਨੇ ਕੀਤਾ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਉਹ ਲਿਖਦਾ ਹੈ :

ਸੂਰਤ ਵੇਖ ਤਸਵੀਰ ਹੋ ਗਈ ਲੂਣਾ,
ਸ਼ੌਕ ਜਿਗਰ ਤੇ ਤੀਰ ਚਲਾ ਬੈਠਾ।
ਪੂਰਨ ਚੰਦ ਨੂੰ ਵੇਖ ਚਕੋਰ ਹੋਈ,
ਇਸ਼ਕ ਜ਼ੋਰ ਦਾ ਸ਼ੋਰ ਮਚਾ ਬੈਠਾ ।
ਦੀਵਾ ਅਕਲ ਦਾ ਏਧਰੋਂ ਗੁਲ ਹੋਇਆ ।
ਇਸ਼ਕ ਓਧਰੋਂ ਸ਼ਮਾਂ ਜਗਾ ਬੈਠਾ ।
ਪਾਣੀ ਅਕਲ ਦਾ ਸੋਖਤਾ ਆਣ ਹੋਇਆ,
ਇਸ਼ਕ ਫੂਕ ਮੁਆਤੜਾ ਡਾਹ ਬੈਠਾ।
ਅਕਲ ਕੂਚ ਤੇ ਇਸ਼ਕ ਮਕਾਮ ਕੀਤਾ,
ਡੇਰਾ ਆਪਣਾ ਵਿਚ ਜਮਾ ਬੈਠਾ ।

ਇਸ਼ਕ ਦੀ ਉਪਮਾ ਵੀ ਕਵੀ ਅਨੋਖੀ ਕਰਦਾ ਹੈ, ਜਿਵੇਂ :

ਏਸ ਇਸ਼ਕ ਦਾ ਡੰਗਿਆ ਨਹੀਂ ਬਚਦਾ,
ਉੱਠ ਬੈਠਦਾ ਡੰਗਿਆ ਸਪ ਦਾ ਏ ।
ਨਾਲ ਮੰਤ੍ਰਾਂ ਦੇ ਭੂਤ ਨੂੰ ਕਢ ਲਈਏ,
ਖਬਰੇ ਇਸ਼ਕ ਕਿਹੜੀ ਥਾਂ ਛਪਦਾ ਏ।
ਸਾੜ ਸੁੱਟਿਆ ਇਸ਼ਕ ਦੀ ਅਗ ਜਿਨੂੰ,
ਹੋ ਕੇ ਸਾਧ ਨਾਂ ਧੂਣੀਆਂ ਤਪਦਾ ਏ ।
ਕਾਲੀ ਭੇਂਟ ਮਾਸ਼ੂਕ ਕੀ ਉਹ ਰਖੇ,
ਜਿਹੜਾ ਆਪਣੇ ਸੀਸ ਨੂੰ ਕਪਦਾ ਏ ।

ਪੰਡਤ ਕਾਲੀਦਾਸ ਜੀ ਨੂੰ ਸਿੱਖੀ ਦੀ ਚਾਟ ਵੀ ਲਗੀ ਤੇ ਸਿੰਘ ਸਜ ਕੇ ਪੰਡਤ ਮਾਨ ਸਿੰਘ ਉਰਫ ਕਾਲੀਦਾਸ ਵੀ ਅਖਵਾਇਆ ਪਰ ਇਸਤਰੀ ਜਾਤੀ ਨੂੰ ਨਿੰਦਣ ਵਿਚ ਆਪ ਸਮੁਚੇ ਤੌਰ ਤੇ ਵਾਰਿਸ ਦੇ ਪਕੇ ਚੇਲੇ ਹੀ ਰਹੇ, ਅਤੇ ਚੇਲੇ ਵੀ ਐਸੇ, ਜੈਸੇ ‘ਗੁਰੂ ਜਿਨ੍ਹਾਂ ਦੇ ਟਪਨੇ ਚੇਲੇ ਜਾਣ ਛੜਪ' ਭਾਵ ਵਾਰਿਸ ਤੋਂ ਵੀ ਬਹੁਤ ਅਗੇ ਲੰਘ ਜਾਂਦੇ ਹਨ। ਵਾਰਿਸ ਤਾਂ ਇਸਤ੍ਰੀ ਬਾਰੇ ਏਸ ਹਦ ਤਕ ਹੀ ਰਹਿੰਦਾ ਹੈ, ਕਿ :

ਇਹਤਾਂ ਮਕਰ ਫਰੇਬ ਦੀਆਂ ਪੁਤਲੀਆਂ ਨੇ,
ਰਾਹ ਜਾਂਦੀਆਂ ਪਾਂਦੀਆਂ ਦਾਮੀਆਂ ਨੇ।
ਇਨ੍ਹਾਂ ਮਕਰ ਕੀਤੇ ਨਾਲ ਮੁਰਸ਼ਦਾਂ ਦੇ,
ਕੀ ਦਸਾਂ ਮੈਂ ਹੋਰ ਕੀ ਖੁਨਾਮੀਆਂ ਨੇ ।
ਨਾਕਸ਼ ਅਕਲ ਤੇ ਦੀਨ ਹੈ ਔਰਤਾਂ ਦਾ,
ਨਬੀ ਪਾਕ ਜਿਹਾਂ ਕਿਆ ਹਾਮੀਆਂ ਨੇ ।

ਪਰ ਕਾਲੀਦਾਸ ਜੀ ਨੇ ਬੜੇ ਕੋਝੇ ਕਸੈਲੇ ਅਖਰ ਇਸਤਰੀ ਜਾਤੀ ਵਿਰੁਧ ਵਰਤ ਕੇ ਕਾਫੀ ਧੱਕਾ ਕੀਤਾ ਹੈ। ਆਪ ਦੀ ਕ੍ਰਿਤ ਵਿਚੋਂ ਤਾਂ ਕੋਈ ਠੀਕ ਪਤਾ ਨਹੀਂ ਲਗਦਾ ਕਿ ਇਨ੍ਹਾਂ ਨਾਲ ਕਿਸ ‘ਭਾਗਭਰੀ’ ਨੇ ਕਦ ਤੇ ਕਿਥੇ ਬੇਵਫਾਈ ਕੀਤੀ ਹੈ, ਪਰ ਗੋਪੀਚੰਦ ਦੇ ਕਿਸੇ ਵਿਚ ਇਸਤਰੀ ਜਾਤੀ ਬਾਰੇ ਜੋ ਆਪ ਦੇ ਵਿਚਾਰ ਮਿਲਦੇ ਹਨ ਉਨ੍ਹਾਂ ਤੋਂ ਸਾਫ ਪਤਾ ਲਗਦਾ ਹੈ ਕਿ ਇਸਤਰੀ ਜਾਤੀ ਤੋਂ ਆਪ ਬਹੁਤ ਹੀ ਸਤੇ ਹੋਏ ਸਨ । ਇਕ ਥਾਂ ਆਪ ਕਹਿੰਦੇ ਹਨ :

ਰੰਨਾ ਚਰਖਾ ਸ਼ੈਤਾਨ ਗ੍ਰੰਥ ਆਖੇ,
ਸਦਾ ਭੋਗ ਬਲਾਸ ਮੇਂ ਪੜਤ ਰਾਜਾ ।
ਜਾਦੂਗਰਾਂ ਤੋਂ ਹੋਈਆਂ ਨੇ ਵਧ ਰਨਾਂ,
ਵਿਦਵਾਨ ਭੀ ਕੁਨਸਾਂ ਭਰਤ ਰਾਜਾ ।
ਰੰਨ ਅਰਥ ਦਾ ਕਰ ਅਨਰਥ ਦੇਂਦੀ,
ਕੂੜ ਬੋਲਦੀ ਕੂੜ ਦੀ ਜੜਤ ਰਾਜਾ ।
ਕਾਲੀ ਕਰਮ ਤੇ ਧਰਮ ਤਿਆਗ ਦੇਂਦੀ,
ਪਾਪ ਕਰਦੀਆਂ ਕਦੇ ਨਾਂ ਡਰਤ ਰਾਜਾ।

ਪੰਡਤ ਸਾਹਿਬ ਫੇਰ ਇਕ ਥਾਂ ਇਸਤਰੀ ਜਾਤੀ ਉਤੇ ਐਉਂ ਕਹਿਰ ਨਾਲ ਵਰ੍ਹਦੇ ਹਨ :

ਸ਼ਾਸਤ੍ਰ ਸਤਵਾਂ ਪੰਜਵਾਂ ਵੇਦ ਪੜ੍ਹੀਆਂ,
ਨਾਰਾਂ ਰਾਈ ਪਹਾੜ ਜੋ ਕਰਨ ਰਾਜਾ ।
ਰੰਨਾਂ ਝੂਠ ਅਪ੍ਰਾਧ ਸਕੂਲ ਪੜ੍ਹੀਆਂ,
ਰੰਨਾਂ ਸਬਕ ਤੂਫਾਨ ਦਾ ਪੜ੍ਹਣ ਰਾਜਾ ।
ਕਾਲੀਦਾਸ ਕਰੂਪੜੀ ਕੁਲ ਨਾਰੀ,
ਕਰਨੀ ਆਪਣੀ 'ਚ ਹੀ ਮਰਨ ਰਾਜਾ।

ਅਗੇ ਚਲ ਕੇ ਕਾਲੀਦਾਸ ਜੀ ਨਾਰੀ ਦੀ ਉਸਤਤ ਵੀ ਕਰ ਜਾਂਦੇ ਹਨ ਪਰ ਨਾਲ ਹੀ ਅਗਲੀ ਤੁਕ ਵਿਚ ਗਰੀਬੜੀ ਅਬਲਾ ਦੇ ਗਿਟੇ, ਸਟ ਵੀ ਬੁਰੀ ਲਾ ਜਾਂਦੇ ਹਨ। ਅਜੀਬ ਢੰਗ ਹੈ ਟਕੋਰ ਲਾਣ ਦਾ ਵੀ ਜਿਵੇਂ :

ਗੁਣ ਇਹੋ ਹੈ ਜਨਮਦੀ ਲਾਲ ਹੀਰੇ,
ਸਭੇ ਗਲਾਂ ਤੇ ਹੋਰ ਕਪਤੀਆਂ ਨੇ ।

ਲਾਲਾ ਧਨੀ ਰਾਮ ‘ਚਾਤ੍ਰਿਕ’

ਪੰਜਾਬ ਦੇ ਬਜ਼ੁਰਗ ਕਵੀਆਂ ਵਿਚੋਂ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਉਹਨਾਂ ਦੀ ਸ਼ਖ਼ਸੀਅਤ ਵਿਚੋਂ ਭਾਰੀ ਕਸ਼ਿੱਸ਼ ਮਹਿਸੂਸ ਹੋਈ ਉਹ ਸਨ ਇਕੋ ਇਕ ਚਾਤ੍ਰਿਕ ਜੀ । ਆਪ ਜੀ ਦੇ ਪਹਿਲਾਂ ਮੈਨੂੰ ਰਾਵਲਪਿੰਡੀ ਦਰਸ਼ਨ ਪਾਣ ਦਾ ਅਵਸਰ ਪ੍ਰਾਪਤ ਹੋਇਆ ਤੇ ਫੇਰ ਦਿੱਲੀ ਆਪਣੇ ਛੋਟੇ ਜਿਹੇ ਕਵਾਟਰ ਵਿਚ । ਮੈਂ ਉਹਨੀਂ ਦਿਨੀਂ ਫਤਹ-ਪ੍ਰੀਤਮ ਨੂੰ ਐਡਿਟ ਕਰਦਾ ਸਾਂ ਤੇ ਮੈਂ ਗਜ਼ਲ ਅੰਕ, ਹੀਰ ਅੰਕ, ਸੱਸੀ ਅੰਕ, ਲੈਲਾ ਅੰਕ ਅਤੇ ਸੋਹਣੀ ਮਹੀਂਵਾਲ ਅੰਕ ਆਦਿ ਲੜੀ ਵਾਰ ਪ੍ਰਕਾਸ਼ਤ ਕਰ ਰਿਹਾ ਸਾਂ । ਚਾਤ੍ਰਿਕ ਜੀ ਇਤਫਾਕ ਨਾਲ ਦਿੱਲੀ ਆਏ ਤੇ ਮੈਨੂੰ ਮੇਰੀ ਸਾਹਿਤਿਕ ਸੇਵਾ ਦੀ ਵਧਾਈ ਦੇਣ ਤਾਲ ਕਟੋਰਾ ਗਾਰਡਨ ਦੇ ਇਕ ਨਿਕੇ ਜਿਹੇ ਕਵਾਟਰ ਵਿਚ ਪਹੁੰਚ ਗਏ। ਕੀੜੀ ਦੇ ਘਰ ਨਾਰਾਇਣ ਵਾਲੀ ਮੇਰੇ ਨਮਾਣੇ ਨਾਲ ਗਲ ਹੋਈ ।

ਮੈਂ ਚਾਤ੍ਰਿਕ ਜੀ ਦੀ ਠੇਠ ਪੰਜਾਬੀ ਸ਼ੈਲੀ ਦਾ ਮੁੱਢ ਕਦੀਮ ਦਾ ਆਸ਼ਕ ਸਾਂ । ਰਾਮ ਸਤ ਤੇ ਸੁੱਖ ਸਾਂਦ ਪੁੱਛਣ ਪੁਛਾਣ ਮਗਰੋਂ ਉਹਨਾਂ ਮੈਨੂੰ ਬਜ਼ੁਰਗਾਂ ਵਾਲੇ ਨਿਘੇ ਮਿਠੇ ਅੰਦਾਜ਼ ਵਿਚ ਆਪਣੀ ਇਕ ਕਵਿਤਾ ਲੂਣੀ ਲੱਸੀ ਦਾ ਗਲਾਸ ਪੀਂਦਿਆਂ ਐਉਂ ਕੁਝ ਅਜੀਬ ਹੀ ਲੋਰ ਵਿਚ ਆ ਕੇ ਸੁਣਾਈ :

ਸੁੱਖ ਨੀਂਦੇ ਜੇ ਸੁੱਤਾ ਚਾਹੇਂ, ਵੱਸ ਨਾਂ ਪਈ ਅਮੀਰਾਂ ਦੇ ।
ਬੰਦੀ ਜਨ ਦੇ ਹਲਵੇ ਕੋਲੋਂ, ਟੁਕੜੇ ਭਲੇ ਫਕੀਰਾਂ ਦੇ ।
ਵਿਚ ਗੁਲਾਮੀ ਹੋਏ ਖੁਨਾਮੀ, ਸੁਕਣ ਲਹੂ ਸਰੀਰਾਂ ਦੇ ।
ਖੀਰਾਂ ਨਾਲ ਭਰੇ ਕਿਸ ਕਾਰੇ, ਮੁਖੜੇ ਦਿਲ ਦਿਲਗੀਰਾਂ ਦੇ ?
ਕਰ ਗੁਜ਼ਰਾਨ ਸੁਤੰਤਰਤਾ ਵਿਚ ਪਹਿਨ ਗੋਦੜੇ ਲੀਰਾਂ ਦੇ।

ਮੇਰਾ ਆਪ ਦੇ ਮੁਖਾਰ-ਬਿੰਦ ਤੋਂ ਕੁਝ ਬੰਦ ;ਰਾਧਾ ਸੰਦੇਸ਼' ਦੇ ਵੀ ਸੁਣਨ ਤੇ ਜੀ ਕਰ ਆਇਆ ਤੇ ਆਪ ਨੂੰ ਬੜੇ ਅਦਬ ਨਾਲ ਲਿਲੜੀ ਲੈ ਕੇ ਸੁਣਾਨ ਦੀ ਬੇਨਤੀ ਕੀਤੀ। ਆਪ ਨੇ ਫਰਮਾਇਆ ਕਿ ਇਹ ਕਵਿਤਾ ਤਾਂ ਮੇਰੀ ਜਵਾਨੀ ਵੇਲੇ ਦੀ ਹੈ । ਅੱਛਾ, ਲੌ ਇਕ ਦੋ ਬੰਦ ਘਸੀ ਹੋਈ ਕਵਿਤਾ ਦੇ ਭੀ ਸੁਣਾ ਦੇਂਦਾ ਹਾਂ :

ਊਧੋ ! ਕਾਹਨ ਦੀ ਗੱਲ ਸੁਣਾ ਸਾਨੂੰ,
ਕਾਹਨੂੰ ਚਿਣਗ ਚਵਾਤੀਆਂ ਲਾਈਆਂ ਨੀ ?
ਮਸਾਂ ਮਸਾਂ ਸਨ ਆਠਰਨ ਘਾਉ ਲਗੇ,
ਨਵੀਂਆਂ ਨਸ਼ਤਰਾਂ ਆਣ ਚਲਾਈਆਂ ਨੀ।
ਅਸੀਂ ਕਾਲਜਾਂ ਘੁਟ ਕੇ ਬਹਿ ਗਏ ਸਾਂ,
ਮੁੜ ਕੇ ਸੁੱਤੀਆਂ ਕਲਾ ਜਗਾਈਆਂ ਨੀਂ ।
ਤੇਰੇ ਗਿਆਨ ਦੇ ਪੁੜੀ ਨਹੀਂ ਕਾਟ ਕਰਦੀ ।
ਏਂਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨੀ ।
ਆਪੇ ਆਉਣ ਦੀ ਜੋ ਨਹੀਂ ਨੀਤ ਉਸਦੀ,
ਕਾਹਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ ?
ਜੇ ਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ,
ਪਾ ਪਾ ਤੇਲ ਕਿਉਂ ਸੜਿਆਂ ਨੂੰ ਸਾੜਦਾ ਹੈ ?
… …. … ...
ਗਲਾਂ ਨਾਲ ਕੀ ਪਿਆ ਪਰਚਾਉਂਦਾ ਏਂ,
ਉਸ ਦੇ ਪਿਆਰ ਨੂੰ ਅਸੀਂ ਪਰਤਾ ਲਿਆ ਹੈ।
ਮਾਰੇ ਕੁਬਜਾਂ ਦੇ ਹਿਕ ਵਿਚ ਗਿਆਨ-ਗੋਲੀ,
ਬੂਹੇ ਵੜਦਿਆਂ ਜਿਨੇ ਭਰਮਾ ਲਿਆ ਹੈ ।
ਊਧੋ ! ਕੋੜਕੂ ਮੋਠ ਵਿਚ ਮੋਹ ਪਾ ਕੇ,
ਅਸਾਂ ਆਪਣਾ ਆਪ ਗਵਾ ਲਿਆ ਹੈ ।
ਦੁੱਖਾਂ ਪੀ ਲਿਆਂ ਗਮਾਂ ਨੇ ਖਾ ਲਿਆ ਹੈ,
ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ ।
ਇਹਨਾਂ ਤਿਲਾਂ ਵਿਚ ਤੇਲ ਹੁਣ ਜਾਪਦਾ ਨਹੀਂ,
ਸਾਰਾ ਹੀਰ ਪਿਆਜ ਮੈਂ ਟੋਹ ਲਿਆ ਹੈ ।
ਹੱਛਾ, ਸੁੱਖ ! ਜਿਥੇ ਜਾਏ ਘੁਗ ਵੱਸੇ,
ਸਾਡੇ ਦਿਲੋਂ ਵੀ ਕਿਸੇ ਨੇ ਖੋਹ ਲਿਆ ਹੈ ?
... ... ...

੧੯੫੧ ਦੀ ਮਰਦੁਮ ਸ਼ੁਮਾਰੀ ਆਜ਼ਾਦ ਭਾਰਤ ਦੀ ਪਹਿਲੀ ਮਰਦਮ ਸ਼ੁਮਾਰੀ ਸੀ । ਪੰਜਾਬ ਦੇ ਫਿਰਕੂ ਹਿੰਦੂ ਨੇ ਭਾਸ਼ਾ ਦੇ ਖਾਨੇ ਵਿਚ ਪੰਜਾਬੀ ਦੀ ਥਾਂ ਹਿੰਦੂਆਂ ਦੀ ਬਦੋ ਬਦੀ ਹਿੰਦੀ ਭਾਸ਼ਾ ਲਿਖਵਾਣ ਦਾ ਜ਼ੋਰਾਂ ਤੇ ਪ੍ਰਚਾਰ ਆਰੰਭਿਆ। ਚਾਤ੍ਰਿਕ ਜੀ ਨੇ ਦਸਿਆ ਕਿ ਭੁੱਲੜ ਵੀਰੋ ਮੇਰੀ ਪੰਜਾਬੀ ਵਾਲੀ ਕਵਿਤਾ ਨੂੰ ਸਦਾ ਯਾਦ ਰਖੋ । ਹਰ ਪੰਜਾਬੀ ਦੀ ਬੋਲੀ ਪੰਜਾਬੀ ਹੈ ਅਤੇ ਹਰ ਅਨਖੀਲੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਉਤੇ ਮਾਨ ਭੀ ਹੈ।

ਆਪ ਲਿਖਦੇ ਹਨ :

ਅਸੀਂ ਨਹੀਂ ਭੁਲਾਉਣੀ,
ਬੋਲੀ ਹੈ ਪੰਜਾਬੀ ਸਾਡੀ।
ਏਹੋ ਜਿੰਦ ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹਥੋਂ ਨਹੀਂ ਗੁਆਉਣੀ,
ਬੋਲੀ ਹੈ ਪੰਜਾਬੀ ਸਾਡੀ ।
--- --- --- ---
ਤ੍ਰਿੰਞਣਾਂ ਭੰਡਾਰਾਂ ਵਿਚ,
ਵੰਝਲੀ ਤੇ ਵਾਰਾਂ ਵਿਚ,
ਮਿੱਠੀ ਤੇ ਸੁਹਾਉਣੀ,
ਬੋਲੀ ਹੈ ਪੰਜਾਬੀ ਸਾਡੀ
--- --- --- ---
ਜੋਧ ਤੇ ਕਮਾਈਆਂ ਵਿਚ,
ਜੰਗਾਂ ਤੇ ਲੜਾਈਆਂ ਵਿਚ,
ਏਹੋ ਜਿੰਦ ਪਾਉਣ ਵਾਲੀ,
ਬੋਲੀ ਹੈ ਪੰਜਾਬੀ ਸਾਡੀ ।
--- --- --- ---
ਫੁੱਲਾਂ ਦੀ ਕਿਆਰੀ ਸਾਡੀ,
ਸੁੱਖਾਂ ਦੀ ਅਟਾਰੀ ਸਾਡੀ,
ਭੁਲ ਕੇ ਨਹੀਂ ਢਾਉਣੀ,
ਬੋਲੀ ਹੈ ਪੰਜਾਬੀ ਸਾਡੀ ।

ਜਿਥੇ ਚਾਤ੍ਰਿਕ ਜੀ ਪੰਜਾਬੀ ਬੋਲੀ ਦਾ ਸਤਿਕਾਰ ਕਰਦੇ ਹਨ ਉਥੇ ਦੇਸ਼ ਪੰਜਾਬ ਦੀ ਉਪਮਾ ਦੀ ਵੀ ਆਪ ਨੇ ਐਓਂ ਵੇਖੋ ਹਦ ਕਰ ਵਿਖਾਈ ਹੈ :

ਹਰੇ ਭਰੇ ਹੇ ਦੇਸ਼ ਪੰਜਾਬ ਮੇਰੇ,
ਸਾਰੇ ਦੇਸ਼ਾਂ ਦੇ ਸਿਰ ਦਾ ਸਰਦਾਰ ਹੈਂ ਤੂੰ ।
ਮੁਕਟ ਸਿਹਰਿਆਂ ਲਦਿਆ ਪਰਬਤਾਂ ਦਾ,
ਲਾੜਾ ਰੱਬ ਨੇ ਦਿਤਾ ਸ਼ਿੰਗਾਰ ਹੈਂ ਤੂੰ ।
ਮਾਈ ਬਾਪ ਤੂੰ ਭੁਖਿਆਂ ਨੰਗਿਆਂ ਦਾ,
ਵਨੋ ਵੰਨ ਦੇ ਅੰਨ ਉਗਾਉਨਾ ਏਂ ।
ਵੱਗ ਚਾਰ ਕੇ ਕੁੰਢੀਆਂ ਬੂਰੀਆਂ ਦੇ,
ਦੁੱਧ ਘਿਉ ਦੀ ਨਹਿਰ ਵਗਾਉਨਾ ਏਂ,
ਤੇਰੀ ਦਿੱਲੀ ਨੇ ਦਿਲ ਦੀ ਮਰੋੜ ਕਿੱਲੀ,
ਤੇ ਕਲਕਤਿਓਂ ਤਖ਼ਤ ਪਲਟਾ ਦਿਤਾ।
ਝਾਕੀ ਸ਼ਿਮਲੇ ਦੀ ਸੁਰਗ ਦੀ ਖੋਲ੍ਹ ਤਾਕੀ,
ਇੰਦਰਪੁਰੀ ਨੂੰ ਵੀ ਵੱਟਾ ਲਾ ਦਿਤਾ ।

ਪੰਜਾਬੀਆਂ ਦੇ ਹੁਸਨ ਤੇ ਜਵਾਨੀ ਦੀ ਵੇਖੋ ਚਾਤ੍ਰਿਕ ਜੀ ਕਿਵੇਂ ਉਸਤੱਤ ਕਰਦੇ ਹਨ :

ਤੇਰੇ ਜੋਬਨ ਤੇ ਹੁਸਨ ਦੀ ਰੀਸ ਹੈ ਨਹੀਂ,
ਬਰਸੇ ਨੂਰ ਤੇ ਭਖ਼ਦੀਆਂ ਲਾਲੀਆਂ ਨੇ।
ਸਿੰਘ ਸੂਰਮੇ, ਡੋਗਰੇ ਕੁੰਢ ਮੁੱਛੇ,
ਪੁਠੋਹਾਰ ਦੀਆਂ ਪਟੀਆਂ ਕਾਲੀਆਂ ਨੇ ।
ਛੈਲ ਗਭਰੂ ਬਾਂਕੇ ਜਵਾਨ ਸੁਹਣੇ,
ਕਿਹਾਂ ਚੌੜੀਆਂ ਅੱਖਾਂ ਮਤਵਾਲੀਆਂ ਨੇ ।

ਆਪ ਨੇ ਪੰਜਾਬੀਆਂ ਦੀ ਬਹੁਪੱਖੀ ਕਾਬਲੀਅਤ ਬਿਆਨ ਕਰਕੇ ਸੰਸਾਰ ਦੇ ਆਕੜ ਖਾਂ ਫਲਾਸਫਰਾਂ ਦੇ ਸਿਰ ਵੇਖੋ ਕਿਵੇਂ ਝੁਕਾ ਕੇ ਰਖ ਦਿਤੇ ਹਨ ।

ਕੋਟ ਅਕਲ ਦਾ,
ਤੇਗ ਦਾ ਧਨੀ ਪੂਰਾ,
ਛਤਰ ਧਰਮ ਦਾ,
ਭਗਤੀ ਭੰਡਰ ਹੈਂ ਤੂੰ ।
ਤੂੰ ਉਸਤਾਦ ਕਾਰੀਗਰੀਆਂ ਹਿਕਮਤਾਂ ਦਾ,
ਸ਼ੀਲ ਸਭਿਤਾ,
ਨੀਤਿ ਦਾ ਦ੍ਵਾਰ ਹੈਂ ਤੂੰ ।
ਹੀਰੇ ਲਾਲਾਂ ਦੀ ਖਾਣ ਸਾਹਿਤ ਤੇਰਾ
ਕਾਵਿ ਕੋਸ਼ ਦਾ ਕੁੰਜੀ-ਬਰਦਾਰ ਹੈਂ ਤੂੰ,
ਰਿਸ਼ਮਾਂ ਇਲਮ ਦੀਆਂ ਪਾਵੇਂ ਜਹਾਨ ਉਤੇ,
ਓਸ 'ਤਕਸਲਾ' ਦਾ ਦਾਵੇਦਾਰ ਹੈਂ ਤੂੰ ।

ਚਾਤ੍ਰਿਕ ਜੀ ਨੇ ਜਿਥੇ ਕਈ ਪਖਾਂ ਤੋਂ ਪੰਜਾਬ ਨੂੰ ਬੜੇ ਆਦਰ ਨਾਲ ਵਡਿਆਇਆ ਹੈ ਉਥੇ ਪੰਜਾਬ ਦੇ ਮੇਲਿਆਂ ਤੇ ਮੇਲੇ ਵਿਚ ਅੰਨ-ਦਾਤੇ ਜੱਟ ਦਾ ਵਰਨਣ ਕਰਦਿਆਂ ਉਹ ਰੰਗ ਬੰਨ੍ਹਿਆ ਹੈ ਕਿ ਪੜ੍ਹਣ ਵਾਲਾ ਝੂਮ ਉਠਦਾ ਹੈ । ਇਕ ਬੰਦ ਮੁਲਾਹਜ਼ਾ ਫਰਮਾਓ :

ਤੂੜੀ ਤੰਦ ਸਾਂਭ
ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਮੀਹਾਂ ਦੀ ਉਡੀਕ ਤੇ ਸਿਹਾੜ ਕੱਢ ਕੇ,
ਮਾਲ ਟਾਂਡਾ, ਸਾਂਭਣੇ ਨੂੰ ਕਾਮਾਂ ਛੱਡ ਕੇ ।
ਪੱਗ ਝੱਗਾ ਚਾਦਰ ਨਵੇਂ ਸਵਾਏ ਕੇ।
ਸ਼ੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ।
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ।

ਚਾਤ੍ਰਿਕ ਜੀ ਨੇ ਰੁਬਾਈਆਂ ਉਤੇ ਵੀ ਬੜੀ ਸਫ਼ਲਤਾ ਸਹਿਤ ਹੱਥ ਅਜ਼ਮਾਇਆ ਹੈ। ਆਪ ਦੀ ਇਕ ਰੁਬਾਈ ਵਨਗੀ ਵਜੋਂ ਪੇਸ਼ ਕੀਤੀ ਜਾਂਦੀ ਹੈ :

ਭੁੱਖਾ ਪੰਡਤ ਨ੍ਹਾ ਧੋ ਕੇ,
ਛੰਡ ਝਟਕ ਕੇ ਚੋਟੀ !
ਉਤੋਂ ਗੀਤਾ ਘੋਟੀ ਜਾਵੇ
ਅੰਦਰੋਂ ਟੁਟੇ ਬੋਟੀ ।
ਜੀ ਤਾਂਘੇ ਤੇ ਅੱਖ ਉਡੀਕੇ,
ਆਂਦਰ ਮੂੰਹ ਪਸਾਰੇ,
ਕਰਮ ਧਰਮ ਸਭ ਪਿਛੋਂ ਸੁੱਝਣ,
ਪਹਿਲਾਂ ਸੁੱਝੇ ਰੋਟੀ ।

ਚਾਤ੍ਰਿਕ ਜੀ ਨੇ ਸੰਸਾਰ ਪ੍ਰਸਿਧ ਕਵਿਤ੍ਰੀ ਨੂਰ ਜਹਾਂਨ ਦੀ ਪੂਰੀ ਜੀਵਨ ਸਾਖੀ ਵੇਖੋ ਦੋ ਸਤਰਾਂ ਵਿਚ ਬਹੁਤ ਹੀ ਆਲਮਾਨਾ ਢੰਗ ਨਾਲ ਕਿਵੇਂ ਬਿਆਨ ਕਰ ਦਿਤੀ ਹੈ :

ਕੁਖੋਂ ਪਈ ਈਰਾਨ 'ਚ ਅੱਖ ਖੁੱਲ੍ਹੀ ਕੰਧਾਰ ।
ਦਾਣਾ ਪਾਣੀ ਆਗਰੇ, ਵਿਚ ਲਾਹੌਰ ਮਜ਼ਾਰ ।

ਅਤੇ ਫੇਰ ਚਾਤ੍ਰਿਕ ਜੀ ਨੇ ਨੂਰ ਜਹਾਂ ਬੇਗਮ ਨੂੰ ਵੇਖੋ ਕਿਸ ਢੁਕਵੀਂ ਨਜ਼ਾਕਤ ਨਾਲ ਉਹਦੇ ਮਕਬਰੇ ਤੇ ਖੜੇ ਹੋ ਕੇ ਪੰਜਾਬੀਆਂ ਦੀ ਮਾਨ ਮਰਯਾਦਾ ਮੁਤਾਬਕ ਆਵਾਜ਼ ਦਿਤੀ ਹੈ :

ਉੱਠ ਨੀ ਨੂਰਾਂ ਬੀਬੀਏ !
ਪਾਸਾ ਤੇ ਪਰਤਾ ।
ਤੇਰੀ ਛੇਜ ਹਲੂਣੇ ਕਦੋਂ ਦਾ
ਰਾਵੀ ਖੌਰੂ ਪਾ ।

ਵਿਸਾਖੀ ਦੇ ਮੇਲੇ ਉਤੇ ਤਿਆਰੀ ਦਾ ਵਰਨਣ ਵੀ ਵੇਖੋ :

ਪੱਕ ਗਈਆਂ ਕਣਕਾਂ ਲੁਕਾਠ ਹਸਿਆ ।
ਬੂਰ ਪਿਆ ਅੰਬਾਂ ਨੂੰ ਗੁਲਾਬ ਹਸਿਆ ।
ਬਾਗਾਂ ਉਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚਲ ਨੀ ਪ੍ਰੇਮੀਏਂ, ਵਿਸਾਖੀ ਚਲੀਏ ।

ਨਵੀਂ ਨਿਵਾਰੀ ਪੰਜਾਬਣ ਦੀ ਜਵਾਨੀ ਦੀ ਤਸਵੀਰ ਵੀ ਵੇਖੋ :

ਸੇਮ ਵਾਂਗ ਸਿਮਦਾ ਸੁਹਾਗ ਦਾ ਸੰਧੂਰ ਸੀ।
ਬੋਤਲ ਦਾ ਨਸ਼ਾ ਉਹਦੇ ਨੈਣਾਂ 'ਚ ਸਰੂਰ ਸੀ।
ਕੱਸੇ ਹੋਏ ਪਿੰਡੇ ਉਤੋਂ ਮੱਖੀ ਤਿਲਕ ਜਾਂਦੀ ਸੀ।
ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ।
ਚੀਕੂ ਵਾਂਗ ਮਿੱਠੀ ਤੋ ਖਰੋਟ ਵਾਂਗ ਪਕੀ ਸੀ ।
ਪੀਆ ਦਾ ਪਿਆਰ ਨਾਂ ਸੰਭਾਲ ਹਾਲੇ ਸਕੀ ਸੀ।

ਪਰ ਮਝੈਲਨਾਂ ਦੇ ਜੋਬਨ ਨੂੰ ਬਿਆਨ ਕਰਨ ਸਮੇਂ ਚਾਤ੍ਰਿਕ ਨੇ ਲੋਹੜਾ ਹੀ ਲੈ ਆਂਦਾ ਹੈ, ਲਿਖਦੈ :

ਜੋਬਨ ਮਝੈਲਣਾ ਦਾ ਡਲ੍ਹਕਦਾ ਗੁਲਾਬ ਤੇ,
ਸ਼ਾਲਾ ਇਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ।

ਸ਼ੇਰੇ ਪੰਜਾਬ ਦੀ ਉਸਤੱਤ ਵੇਖੋ ‘ਚਾਤ੍ਰਿਕ' ਕਿਸ ਸ਼ਰਧਾ ਨਾਲ ਬਿਆਨ ਕਰਦਾ ਹੈ :

ਮੈਂ ਮੰਨਦਾ ਤੈਨੂੰ ਦਾਨਸ਼ ਦਾ ਭੰਡਾਰਾ,
ਪਰਜਾ ਪਾਲਕ, ਜਰਨੈਲ, ਸੂਰਮਾ ਭਾਰਾ ।
ਤੂੰ ਸਿੱਖ ਰਾਜ ਦੀ ਇਕੋ ਇਕ ਨਿਸ਼ਾਨੀ,
ਗੁਰੂ ਘਰ ਦਾ ਸ਼ਰਧਾਵਾਨ, ਦਿਲਾਵਰ, ਦਾਨੀ ।
ਹਰਿਮੰਦਰ ਦੀ ਸੇਵਾ ਤੋੜ ਚੜ੍ਹਾਉਣ ਵਾਲਾ,
ਸ੍ਰੀ ਕਲਗੀਧਰ ਦੀ ਮਹਿਮਾ ਦਾ ਮਤਵਾਲਾ।
ਤੂੰ ਤੀਲਾ ਤੀਲਾ ਜੋੜ ਸੀ ਬਹਾਰੀ ਬੰਨ੍ਹੀ,
ਬਿਸਮਾਰਕ ਵਰਗੀ ਸੋਚ ਤੇਰੀ ਸੀ ਗਈ ਮੰਨੀ ।
ਜੇ ਤੈਨੂੰ ਸਾਥੋਂ ਹੋਣੀ ਖੋਹ ਨਾ ਖੜਦੀ,
ਪੰਜ ਦਰਯਾਵਾਂ ਦੀ ਸ਼ਾਨ ਕਿਤੇ ਜਾ ਚੜ੍ਹਦੀ ।

ਸ਼ੁਕਰ ਹੈ ਅੱਜ ਦੇ ਚੋਰ ਬਾਜਾਰੀਏ ‘ਚਾਤ੍ਰਿਕ' ਜੀ ਨੇ ਨਹੀਂ ਵੇਖੇ, ਸਜਰੇ ਦੇਸ਼ ਆਜ਼ਾਦ ਹੋਣ ਸਮੇਂ ਦੇ ਬਲੈਕੀਏ ਵੇਖ ਹੀ ਉਹ ਤਾਂ ਡਰ ਗਏ, ਜਿਵੇਂ ਕਹਿੰਦੇ ਨੇ :

‘ਚਾਤ੍ਰਿਕ' ਤੇਰਾ ਭਗਤ ਪੁਰਾਣਾ,
ਬੁੱਢਾ ਹੋ ਗਿਆ ਆਸਾਂ ਕਰਦਾ ।
ਆਜ਼ਾਦੀ ਦਾ ਖੁਲ੍ਹ ਗਿਆ ਬੂਹਾ,
ਵੜਦਾ ਨਹੀਂ ਬਲੈਕੋਂ ਡਰਦਾ।

“ਸੰਤ ਫਤਹ ਸਿੰਘ ਜੀ“

ਪੰਜਾਬੀ ਸਾਹਿਬ ਉਤੇ ਐਂਟੀ-ਪੰਜਾਬੀ ਅਤੇ ਐਂਟੀ ਸਿੱਖ ਸਾਹਿਤ ਦਾ ਗ਼ਲਬਾ ਵਧ ਜਾਣ ਕਾਰਨ ਸੰਤ ਫਤਹ ਸਿੰਘ ਜੀ ਨੂੰ ਪੰਜਾਬੀ ਸਾਹਿਤ ਵਿਚ ਬਹੁਤ ਘਟ ਲੇਖਕ ਜਾਣਦੇ ਹਨ ਕਿ ਆਪ ਇਕ ਕਵੀ ਵੀ ਸਨ। ਮੇਰਾ ਅਜ਼ਾਰਾ ਉਨ੍ਹਾਂ ਆਪ ਬਣੇ ਅਗਾਂਹ ਵਧੂ ਲੇਖਕਾਂ ਵਲ ਹੈ ਜੋ ਨਕਲਾਂ ਮਾਰ ਮੀਰ-ਮੁਨਸ਼ੀ ਬਣ ਬੈਠੇ। ਸੰਤ ਫਤਹ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਕਵਿਤਾ ਲਿਖ ਰਹੇ ਸਨ ਪਰ ਆਪ ਦਾ ਘੇਰਾ ਨਰੋਲ ਧਾਰਮਕ ਸੀ, ਏਸ ਲਈ ਆਪ ਨਵੇਂ ਉਭਰ ਰਹੇ ਸਾਹਿਤਿਕ ਖੇਤਰ ਵਿਚ ਜਾਣੇ ਨਾਂ ਗਏ। ਦੂਜੇ ਆਪ ਕਵੀ ਦਰਬਾਰਾਂ ਵਿਚ ਭੀ ਹਿੱਸਾ ਨਹੀਂ ਸੀ ਲੈਂਦੇ ਅਤੇ ਆਪ ਜੀ ਦੀ ਸੰਗਤ ਵਧੇਰੀ ਸੰਤਾਂ, ਮਹਾਤਮਾਵਾਂ ਯਾ ਦੇਸ਼ ਭਗਤਾਂ ਨਾਲ ਹੀ ਰਹੀ, ਸੋ ਸਾਹਿਤਕ ਪਿੜ ਵਿਚ ਉਭਰਨ ਦੀ ਥਾਂ, ਆਪ ਧਰਮ-ਸਿਆਸਤ ਦੇ ਪਿੜ ਵਿਚ ਬਹੁਤ ਅੱਗੇ ਲੰਘ ਗਏ ਤੇ ਦੇਸ਼ ਦੇ ਗਿਣਤੀ ਦੇ ਉਘੇ ਲੀਡਰਾਂ ਦੀ ਸਫ ਵਿਚ ਜਾ ਖੜੇ ਹੋਏ ਅਤੇ ਸਤਿਕਾਰੇ ਗਏ ।

ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੇ ਮੇਰੀ ਸੰਤ ਜੀ ਨਾਲ ਜਾਣ ਪਛਾਣ ਉਸ ਸਮੇਂ ਕਰਵਾਈ ਜਦ ਸੰਤ ਜੀ ਨੇ ਅੰਮ੍ਰਿਤਸਰ ਤੋਂ ਚਲ ਕੇ ਦਿੱਲੀ ਪੀਲਾ ਚੋਲਾ ਪਹਿਣ ਸਿੱਖ ਪਛੜੀਆਂ ਜਾਤੀਆਂ ਦੇ ਹਕਾਂ ਲਈ ਮੋਰਚਾ ਲਗਾਣ ਆਉਣਾ ਸੀ। ਜਦ ਸੰਤ ਜੀ (੧੯੫੫-੫੬) ਵਿਚ ਦਿੱਲੀ ਗੁਰਦਵਾਰਾ ਰਕਾਬ ਗੰਜ ਸਾਹਿਬ ਆਏ ਤਾਂ ਆਪ ਜੀ ਨੇ ਮੈਨੂੰ ਬੁਲਾ ਭੇਜਿਆ ਤੇ ਉਸ ਸਮੇਂ ਤੋਂ ਅਸੀਂ ਇਕ ਦੂਜੇ ਦੇ ਨੇੜੇ ਹੁੰਦੇ ਚਲੇ ਗਏ । ਪੰਜਾਬੀ ਸੂਬੇ ਦੇ ਸਰਗਰਮ ਮੋਰਚੇ ਦੇ ਦਿਨੀਂ ਤੇ ਫੇਰ ਪੌਂਟਾ ਸਾਹਿਬ ਮੋਰਚੇ ਸਮੇਂ ਮੇਰਾ ਸੰਤ ਜੀ ਨਾਲ ਨਾਤਾ ਵਧੇਰਾ ਹੀ ਪਕੇਰਾ ਹੋ ਗਿਆ। ਸੰਤ ਜੀ ਮੇਰੇ ਪਾਸ ਕਈ ਕਈ ਦਿਨ ਆ ਕੇ ਠਹਿਰਦੇ ਰਹੇ ਤੇ ਮੈਨੂੰ ਆਪ ਨੂੰ ਬਹੁਤ ਨੇੜੇ ਹੋ ਕੇ ਵੇਖਣ ਦੇ ਅਨੇਕਾਂ ਅਵਸਰ ਮਿਲੇ। ਬਤੌਰ ਇਕ ਇਨਸਾਨ ਦੇ, ਜੇ ਮੈਂ ਆਪ ਨੂੰ ਦੇਵਤਾ ਕਹਿ ਦਿਆਂ ਤਾਂ ਕੋਈ ਮੁਬਾਲਗਾ ਨਹੀਂ ਹੋਵੇਗਾ।

ਸਿੱਖ ਸਿਆਸਤ ਵਿਚ ਆਪ ਦਾ ਨਾਮ ਪੂਜ ਬਾਬਾ ਖੜਕ ਸਿੰਘ ਜੀ ਤੇ ਮਾਸਟਰ ਤਾਰਾ ਸਿੰਘ ਜੀ ਦੇ ਬਾਅਦ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਨੂੰ ਸੰਤ ਜ਼ਰੂਰ ਕਿਹਾ ਜਾਂਦਾ ਸੀ ਪਰ ਆਪ ਡੇਰੇ ਵਾਲੇ ਸੰਤਾਂ ਨਾਲੋਂ ਕਾਫੀ ਵਖ ਸਨ ਅਤੇ ਮੇਰੇ ਖਿਆਲ ਵਿਚ ਆਮ ਸੰਤਾਂ ਨਾਲੋਂ ਆਪ ਸਿਮਰਣ ਵੀ ਵਧੇਰਾ ਹੀ ਕਰਦੇ ਸਨ । ਮੈਨੂੰ ਉਹ ਦਿਨ ਭੁੱਲ ਨਹੀਂ ਸਕਦਾ ਜਦ ਅਸੀਂ ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦੇ ਫੁਲ ਕੀਰਤਪੁਰ ਸਾਹਿਬ ਤਾਰ ਕੇ ਦਿੱਲੀ ਵਾਪਸ ਆ ਰਹੇ ਸਾਂ ਤਾਂ ਸ੍ਰ: ਬਹਾਦਰ ਲਾਲ ਸਿੰਘ ਜੀ ਦੀ ਕਾਰ ਵਿਚ ਬੈਠੇ ਆਪ ਨੇ ‘ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ' ਸ਼ਲੋਕ ਲਾਇਆ ਤੇ ਬਾਬਾ ਜੀ ਦੀ ਦਿੱਲੀ ਕੋਠੀ ਤਕ ਉਸੇ ਸ਼ਲੋਕ ਨਾਲੋਂ ਮਗਨ ਪਹੁੰਚ ਗਏ। ਆਪ ਦਾ ਇਹ ਗੁਣ ਆਮ ਸਿਆਸੀ ਲੀਡਰਾਂ ਤੋਂ ਬਹੁਤ ਅਡਰਾ ਸੀ । ਸੰਤ ਜੀ ਦੀ ਪਹਿਲੀ ਕਵਿਤਾ ਦੀ ਪ੍ਰਕਾਸ਼ਤ ਹੋਈ ਪੁਸਤਕ ਦਾ ਮੁਖਬੰਦ ਲਿਖਣ ਦਾ ਵੀ ਮੈਨੂੰ ਸੁਭਾਗ ਪ੍ਰਾਪਤ ਹੈ । ਆਪ ਦਾ ਵਿਸ਼ਾ ਨਰੋਲ ਹੀ ਧਾਰਮਕ ਰਿਹਾ ਹੈ ਮਗਰ ਆਪ ਨੇ ਛੰਦਾਂ ਦੀ ਆਪਣੀਆਂ ਕਵਿਤਾਵਾਂ ਵਿਚ ਕਾਫੀ ਵਰਤੋਂ ਕੀਤੀ ਹੈ। ਆਪ ਦੇ ਸਵੈਯੇ ਦੀ ਇਕ ਵਨਗੀ ਵੇਖੋ, ਕਿਵੇਂ ਗੁਰੂ ਬਾਬੇ ਅਗੇ ਅਰਜ਼ੋਈ ਕਰਦੇ ਹਨ :

ਹੇ ਗੁਰੂ ਨਾਨਕ ਪਹੁੰਚ ਅਚਾਨਕ, ਕਲ ਦੇ ਮਾਲਕ ਮਿਹਰ ਕਰੋ।
ਅੱਜ ਬਿਨ ਤੇਰੇ ਕੌਣ ਪਰੇਰੇ, ਸਾਂਝ ਸਵੇਰੇ ਊਣ ਭਰੋ ।
ਨਾ ਕਰੋ ਬੇ-ਆਸਾ ਪੂਰੇ ਆਸਾ, ਖੇਲ੍ਹ ਤਮਾਸਾ, ਧਰਨ ਧਰੋ ।
ਬਣੋ ਸਹਾਈ, ਗੁਰ ਗੋਸਾਂਈ ਫਤਹ ਸਿੰਘ ਦੁੱਖ ਦੂਰ ਕਰੋ ।

ਅਕਾਲ ਪੁਰਖ ਦੀ ਮਹਿਮਾ ਸੰਤ ਜੀ ਗੁਰਬਾਣੀ ਅਨਕੂਲ ਵੇਖੋ ਕਿਵੇਂ ਪੂਰੇ ਵਜਦ ਵਿਚ ਆ ਕੇ ਕਰਦੇ ਹਨ :

ਦਿਲ ਦੀ ਵਾਸ਼ਣਾਂ ਭਟਕਣਾ ਦੂਰ ਹੋਈ, ਜਦੋਂ ਤਕਿਆ ਤੇਰਾ ਸਰੂਪ ਇਕੋ ।
ਤੂੰਹੀਂ ਜਲੀਂ ਤੇ ਥਲੀਂ ਵਿਆਪ ਰਿਹਾਊਂ, ਸੂਖ਼ਮ ਰੂਪ ਅਰੂਪ ਅਨੂਪ ਇਕੋ ।
ਜਨਮ ਜੋਨ ਤੋਂ ਰਹਿਤ ਤ੍ਰਿਭੌਨ ਅੰਦਰ, ਮਨਮੋਹਨ ਅਡੋਹਨ ਤੇ ਭੂਪ ਇਕੋ ।
ਵਣਾਂ ਤਣਾਂ ਵਿਚ ਕੀਟ ਤੇ ਹਸਤ ਅੰਦਰ,ਦਸੇ ਦਿਸ਼ਾਂ 'ਚ ‘ਫਤਹ’ ਸ੍ਵੈ ਰੂਪ ਇਕੋ ।

ਸੰਤ ਫਤਹ ਸਿੰਘ ਜੀ ਮਾਹੀ ਨਾਲ ਵਸਲ ਨੂੰ ਵੇਖੋ ਇਕ ਕਬਿਤ ਵਿਚ ਕੈਸਾ ਸ਼ਾਨਦਾਰ ਵਰਨਣ ਕਰਦੇ ਹਨ :

ਜੋਤ ਜਿਉਂ ਪ੍ਰਵਾਨਿਆਂ ਨੂੰ,
ਰਾਗ ਮਸਤਾਨਿਆਂ ਨੂੰ,
ਅਕਲ ਦੀਵਾਨਿਆਂ ਨੂੰ,
ਮਿਲ ਸੁਖ ਸ਼ਾਂਤ ਸਾਂਤ ਹੈ।
ਫੁਲ ਜਿਵੇਂ ਭਉਰਿਆਂ,
ਸ੍ਰੋਤ ਜਿਵੇਂ ਡੋਰਿਆਂ ਨੂੰ,
ਤਰਸਦੇ ਪਪੀਹੇ ਤਾਂਈਂ,
ਬੂੰਦ ਜਿਵੇਂ ਸਵਾਂਤ ਹੈ ।
ਪਿਆਰ ਮਿਲੇ ਪਿਆਰਿਆਂ,
ਦੁਖਿਆਰਿਆਂ ਦਾਰੂ ਜਿਵੇਂ,
ਡੁੱਬਦਿਆਂ ਨੂੰ ਤਾਰੂ ਚਾੜ੍ਹ ਬੇੜੀਆਂ ਤਰਾਤ ਹੈ ।
ਕਾਲੀ ਬੋਲੀ ਰਾਤ ਵਿਚ ਪੀਆ ਦਾ ਪ੍ਰਕਾਸ ਭਇਆ,
ਸੀਨੇ 'ਚ ਸਮਾਇਆ,
'ਫਤਹ' ਭੁਲੀ ਸੁਧ, ਸਾਂਤ ਹੈ ।

ਸੰਤ ਜੀ ਦੀ ਸੰਗਤ ਦਾ ਚੂੰਕਿ ਬਹੁਤ ਲੰਬਾ ਸਮਾਂ ਮਿਲਿਆ ਹੈ, ਸੋ ਕਈ ਆਪਦੀਆਂ ਕਵਿਤਾਵਾਂ ਨੂੰ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਸੁਣਨ ਦਾ ਭੀ ਸੁਭਾਗ ਪ੍ਰਾਪਤ ਹੋਇਆ ਹੈ । ਕੌੜੀ ਤੂੰਬੀ ਰਾਹੀਂ ਅਸਾਂ ਭੁਲੜ ਜਗਿਆਸੂਆਂ ਨੂੰ ਸੰਤ ਜੀ ਨੇ ਜੋ ਉਪਦੇਸ਼ ਦਿਤਾ ਹੈ, ਉਹ ਐਉਂ ਸੁਣਾਇਆ ਕਰਦੇ ਸਨ :

ਕੌੜੀ ਤੂੰਬੀ ਸੁਣ ਗਲ ਮੇਰੀ, ਚਿਰ ਪਿਛੋਂ ਅੱਜ ਔੜੀ।
ਅੱਠ ਸੱਠ ਤੀਰਥ ਹੋਰ ਅਨੇਕਾਂ, ਕਰਕੇ ਕੌੜ ਨਾਂ ਛੋੜੀ।
ਸਭ ਨਦੀਆਂ ਤਰਬੈਨੀ ਤਰ ਤਰ, ਪੜ ਪੜ ਹਰਿ ਕੀ ਪੌੜੀ ।
ਸਤਿ ਸੰਗਤ ਵਿਚ ਰਹਿ ਕੇ ਵੀ, ਤੂੰ ਕਿਉਂ ਕੌੜੀ ਦੀ ਕੌੜੀ ?

ਅਤੇ ਹੁਣ ਤੂੰਬੀ ਦਾ ਉਤਰ ਵੀ ਮੁਲ੍ਹਾਜ਼ਾ ਫਰਮਾਓ, ਕਿਆ ਪ੍ਰਭਾਵਸ਼ਾਲੀ ਹੈ :

ਸੁਣ ਧਰਮੀ ਮੈਂ ਗਲ ਸਮਝਾਵਾਂ,
ਮੈਂ ਹਾਂ ਪ੍ਰੀਤ ਵਿਗੋਈ,
ਨਾ ਤੀਰਥਾਂ ਦਾ ਪਾਣੀ ਪੀਤਾ,
ਨਾਂ ਲੀਤੀ ਖੁਸ਼ਬੋਈ ।
ਨਾਂ ਮੈਂ ਪੈਰੀ ਚਲਨ ਜੋਗੀ,
ਚੁਕ ਕੇ ਲੈ ਗਿਆ ਕੋਈ,
ਫੜ ਫੜ ਕਿਸੇ ਨਵਾਇਆ ਮੈਨੂੰ,
ਭਾਵੀ ਸ਼ੁਧ ਨਾ ਹੋਈ ।
ਮਾਨਸ ਜਨਮ ਧਾਰ ਕੇ,
ਜੀਹਨਾਂ ਭੇਖ ਵਿਖਾਏ ਬਹੁਤੇ ।
ਮਨ ਨੂੰ ਚਾਨਣ ਕਿਤੋਂ ਨਾਂ ਲੱਭਾ,
ਦੀਪ ਜਗਾਏ ਬਹੁਤੇ ।
ਮਨਮੁੱਖਤਾ ਦੀ ਗਈ ਨਾਂ ਵਾਦੀ,
ਫਿਰਦੇ ਦੌੜੇ ਦੌੜੇ ।
'ਫਤਹ ਸਿੰਘ' ਗਲ ਤੂੰਬੀ ਵਾਲੀ,
ਉਹ ਕੌੜੇ ਵੇ ਕੌੜੇ ।

ਸੰਤ ਜੀ ਨੇ ਗੁਰਸਿੱਖ ਨੂੰ ਜਨਮ ਸਫ਼ਲਾ ਕਰਨ ਦੀ ਇਕ ਬਿਧੀ ਦਸੀ ਹੈ, ਉਹ ਹੈ ਸੰਗਤਾਂ ਦੀ ਚਰਨ ਧੂੜ ਮਸਤਕ ਲਾਣੀ । ਆਪ ਵੇਖੋ ਕਿਸ ਵਲਵਲੇ ਵਿਚ ਆ ਕੇ ਚਰਨ ਧੂੜ ਦੀ ਮਹਿਮਾਂ ਆਪਣੀ ਸੁਰੀਲੀ ਆਵਾਜ਼ ਵਿਚ ਗਾਉਂਦੇ ਹਨ ।

ਹੇ ਸਤਿਗੁਰ ਤੇਰਿਆਂ ਚਰਨਾਂ ਦੀ
ਧੂੜੀ ਜਿਸ ਮਸਤਕ ਲਗਦੀ ਏ ।
ਤਕਦੀਰ ਬਦਲਦੀ ਓਸੇ ਦੀ,
ਅੰਦਰ ਦੀ ਜੋਤੀ ਜਗਦੀ ਏ।
ਇਹ ਮਥੇ ਜਿਸਦੇ ਲਗ ਜਾਵੇ,
ਉਹ ਜੰਮਪੁਰ ਕਦੇ ਨਾਂ ਜਾਂਦਾ ਏ ।
ਉਹ ਜਨਮ ਸੁਹੇਲਾ ਕਰ ਲੈਂਦਾ,
ਸੰਗੀ ਭੀ ਸਾਥ ਤਰਾਂਦਾ ਏ ।

ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆਪ ਨੂੰ ਖੁਦ ਕੀਰਤਨ ਕਰਨ ਦਾ ਬੜਾ ਸ਼ੌਕ ਸੀ । ਇਕ ਸਵੇਰ ਮੈਨੂੰ ਆਪਣੇ ਛੋਟੇ ਜਿਹੇ ਫਲੈਟ ਦੀ ਛਤ ਉਤੇ ਆਪ ਦੀ ਮਸਤ ਆਵਾਜ਼ ਨੇ ਕੀਲ ਕੇ ਰੱਖ ਲਿਆ। ਜਦ ਆਪ ਗਾਇਨ ਖਤਮ ਕਰ ਚੁਕੇ ਤਾਂ ਮੈਂ ਪੁਛਿਆ ਕਿ ਸੰਤ ਜੀ ਹਰਿਮੰਦਰ ਸਾਹਿਬ ਦੀ ਇਹ ਮਹਿਮਾ ਕਿਹਦੀ ਉਚਾਰਨ ਕੀਤੀ ਹੋਈ ਗਾ ਰਹੇ ਸੀ ਤਾਂ ਬੜੇ ਧੀਰਜ ਨਾਲ ਆਪ ਨੇ ਹੌਲੇ ਫੁਲ ਵਾਕ ਉਚਾਰਨ ਕੀਤੇ : ਕਿਸੇ ਸ਼ੁਭ ਘੜੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਮੈਨੂੰ ਇਹ ਉਸਤੱਤ ਕਰਨਾ ਬਖ਼ਸ਼ਿਆ।

ਹਰਿਮੰਦਰ ਸਾਹਿਬ ਦੀ ਮਹਿਮਾਂ ਸਰਵਣ ਕਰੋ :

ਬੈਕੁੰਠ ਹੈ ਧਰਤੀ ਦਾ,
ਸਿਰਤਾਜ ਹੈ ਚਕਰਵਰਤੀ ਦਾ ।
ਇਥੇ ਵਸਦਾ ਗੁਰੂ ਕਰਤਾਰ ਪਿਆ,
ਇਥੇ ਤਰਦਾ ਸਭ ਸੰਸਾਰ ਪਿਆ ।
ਨਹੀਂ ਮਿਲਿਆ ਕਿਸੇ ਮਛੰਦਰ ਨੂੰ।
ਪਰਨਾਮ ਮੇਰਾ ਹਰਿਮੰਦਰ ਨੂੰ ।
... ... ... ...
ਇਹ ਸਾਂਝਾ ਹੈ ਚਹੁੰ ਵਰਨਾਂ ਦਾ ।
ਇਹ ਕਾਰਨ ਹੈ ਗੁਰ ਕਰਨਾ ਦਾ।
ਇਹ ਕੇਂਦਰ ਹੈ ਗੁਰਸਿੱਖੀ ਦਾ।
ਇਹ ਬਾਬ ਹੈ ਕਿਸਮਤ ਲਿਖੀ ਦਾ,
ਨਾਂ ਸਮਝ ਪਵੇ ਮਨ ਬੰਦਰ ਨੂੰ ।
ਪਰਨਾਮ ਮੇਰਾ ਹਰਿਮੰਦਰ ਨੂੰ ।

ਸੰਤ ਜੀ ਦਾ ਅੰਮ੍ਰਿਤ ਦੀ ਸ਼ਕਤੀ ਦਾ ਵਰਨਣ ਵੇਖੋ ਕੈਸਾ ਦਿਲ ਟੁੰਬਵਾਂ ਹੈ :

ਡਰ ਮੌਤ ਦਾ ਲਾਹ ਕੇ ਖਿੜੇ ਮੱਥੇ
ਨਾਲ ਹਾਥੀਆਂ ਲੜ ਤਾਂ ਹਸਦੇ ਰਹੇ ।
ਸੀਸ ਤਲੀ ਤੇ ਰਖ ਕੇ 'ਦੀਪ' ਵਰਗੇ,
ਗਲੀ ਯਾਰ ਦੀ ਵੜ ਤਾਂ ਹਸਦੇ ਰਹੇ।
ਕਦੇ ਨਾਮ ਖੁਮਾਰੀਆਂ ਲਥੀਆਂ ਨਾ,
ਉਤੇ ਚਰਖ਼ੀ ਦੇ ਚੜ੍ਹੇ ਤਾਂ ਹਸਦੇ ਰਹੇ।
ਹੇਠ 'ਇੰਜਨਾਂ' ਦੇ ਆ ਕੇ ਨਾ ਡੋਲੇ,
ਵਿਚ 'ਭਠੀਆਂ' ਸੜ ਤਾਂ ਹਸਦੇ ਰਹੇ।
ਦੁਨੀਆਂ ਮੌਤ ਤਲਵਾਰ 'ਚੋਂ ਵਖਦੀ ਏ,
ਡਿਠੀ ਜ਼ਿੰਦਗੀ ਇਹਨਾਂ ਤਲਵਾਰ ਅੰਦਰ ।
ਗਾਨੇ ਬੰਨ੍ਹ ਕੇ ਮੌਤ ਨੂੰ ਵਿਆਹੁਣ ਲਾੜੇ,
ਖ਼ਬਰੇ ਕੀ ਸੀ ਖੰਡੇ ਦੀ ਧਾਰ ਅੰਦਰ ।

ਗਿਆਨੀ ਹੀਰਾ ਸਿੰਘ ‘ਦਰਦ’

ਦੇਸ਼ ਭਗਤ, ਪੰਥ ਦਰਦੀ, ਫਿਲਾਸਫਰ, ਲੋਕ-ਕਵੀ ਗਿਆਨੀ ਹੀਰਾ ਸਿੰਘ ਜੀ ਨੂੰ ਰਾਵਲਪਿੰਡੀ ਵਿਚ ਅਨੇਕਾਂ ਵਾਰੀ ਮਿਲਣ ਦਾ ਅਵਸਰ ਪ੍ਰਾਪਤ ਹੋਇਆ ਹੈ । ਗਿਆਨੀ ਜੀ ਦਾ ਸੁਭਾ ਬਹੁਤ ਹੀ ਨਿਮ੍ਰਤਾ ਭਰਿਆ ਤੇ ਜੀਵਨ ਅਤਿ ਸਾਦਾ । ਆਪ ਨੂੰ ਪ੍ਰਮਾਤਮਾ ਨੇ ਜਿਥੇ ਸਬਰ ਤੇ ਸੰਤੋਖ ਦਾ ਖਜ਼ਾਨਾ ਬਖਸ਼ਿਆ ਹੋਇਆ ਸੀ ਓਥੇ ਨਾਲ ਹੀ ਆਪ ਆਪਣੀ ਕਮਜ਼ੋਰ ਜਿਹੀ ਹਿਕੜੀ ਵਿਚ ਦਰਦ ਦਾ ਅਥਾਹ ਸਮੁੰਦਰ ਸਾਂਭੀ ਰਖਦੇ ਸਨ। ਆਪ ਦਾ ਸਾਰਾ ਜੀਵਨ ਹੀ ਏਸੇ ਸਿਧਾਂਤ ਤੇ ਗੁਜ਼ਰਿਆ ਹੈ ਕਿ :

ਲੋਕੀ ਜਿੰਦ ਕਹਿੰਦੇ
ਅਸੀਂ ਦਰਦ ਕਹੀਏ,
ਜਿਥੇ ਦਰਦ ਹੋਵੇ ਓਥੋਂ ਆਹ ਨਿਕਲੇ ।

ਆਪ ਦਾ ਜਨਮ ੧੮੮੬ ਵਿਚ ਬੜੇ ਸ਼ਰਧਾਲੂ ਸਿੱਖ ਘਰਾਣੇ ਵਿਚ ਹੋਇਆ। ਆਪ ਸ਼ੁਰੂ ਸ਼ੁਰੂ ਵਿਚ ਗ੍ਰੰਥੀ ਭੀ ਰਹੇ ਤੇ ਫੇਰ ਥੋੜਾ ਸਮਾਂ ਅਧਿਆਪਕ ਵੀ। ਆਪ ਉਤੇ ਬਾਬਾ ਗੁਰਦਿਤ ਸਿੰਘ ਜੀ ਆਫ ਕੋਮਾ ਗਾਟਾ ਮਾਰੂ ਜਹਾਜ਼ ਦੀ ਦੁਰਘਟਨਾ ਦਾ ਬੜਾ ਪ੍ਰਭਾਵ ਪਿਆ ਅਤੇ ਫੇਰ ਪ੍ਰਸਿਧ ਪੰਜਾਬ ਕਾਨਸਪ੍ਰੇਸੀ ਵਿਚ ਬਾਬਿਆਂ ਦੀ ਲਹਿਰ ਨੇ ਆਪ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ ਲਿਆ ਖੜਾ ਕੀਤਾ।

੧੯੧੯ ਦੇ ਜਲਿਆਂ ਵਾਲੇ ਬਾਗ ਦੀ ਦੁਰਘਟਨਾ ਦੇ ਤੁਰੰਤ ਮਗਰੋਂ ਅਕਾਲੀ ਲਹਿਰ ਜਦ ਸ਼ੁਰੂ ਹੋਈ ਤਾਂ ਆਪ ਨੇ ਪੰਥ ਦੇ ਬੇਤਾਜ਼ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦੀ ਅਗਵਾਹੀ ਹੇਠ ਜੇਲ੍ਹ ਯਾਤਰਾ ਪਹਿਲੀ ਵਾਰੀ ਖ਼ੁਸ਼ੀ ਖ਼ੁਸ਼ੀ ਕੀਤੀ ।

ਨਨਕਾਣਾ ਸਾਹਿਬ ਦੇ ਖੂਨੀ ਸਾਕੇ ਨੂੰ ਵੇਖ ਆਪ ਦੇ ਦਰਦ ਨੇ ਉਬਾਲਾ ਖਾਦਾ ਤੇ ਆਪ ਦੀਆਂ ਅੱਖਾਂ ਸੇਜਲ ਹੋ ਗਈਆਂ। ਆਪ ਦੀ 'ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ' ਵਾਲੀ ਕਵਿਤਾ ਉਸ ਸਮੇਂ ਪੰਜਾਬ ਵਿਚ ਘਰ ਘਰ ਵਿਚ ਗਾਈ ਜਾਣੀ ਸ਼ੁਰੂ ਹੋ ਗਈ । ਇਕ ਹੋਰ ਕਵਿਤਾ ਵਿਚ ਆਪ ਨੇ ਪੱਥਰ-ਦਿਲ ਪੰਜਾਬੀ ਕਵੀਆਂ ਨੂੰ ਨਨਕਾਣਾ ਸਾਹਿਬ ਦੇ ਸਾਕੇ ਤੋਂ ਐਉਂ ਝੰਜੋੜਿਆ, ਉਹ ਦੀ ਵਨਗੀ ਵੇਖੋ :

ਆਖੇ ਕੌਣ ਹੈ ਦਿਲ ਹੈ ਮੋਮ ਤੇਰਾ,
ਬਲੀ ਅੱਗ ਤੋ ਅਜੇ ਵੀ ਢਲਿਆ ਨਾਂ।
ਤੇਰੇ ਦਿਲ ਦੀਆਂ ਬੋਟੀਆਂ ਕਟ ਗਈਆਂ,
ਦੋ ਸੌ ਤੀਰ ਖਾ ਕੇ ਸੀਨਾ ਸੱਲਿਆ ਨਾਂ ।

ਪ੍ਰਿੰਸ ਆਫ ਵੇਲਜ਼ (ਮਗਰੋਂ ਕਿੰਗ ਜਾਰਜ ਅਠਵਾਂ) ਜਦ ਭਾਰਤ ਆਇਆ ਤਾਂ ਕਾਂਗ੍ਰਸ ਨੇ ਉਸ ਦੇ ਦੌਰੇ ਵਿਰੁਧ ਪ੍ਰੋਟੈਸਟ ਹਰ ਸ਼ਹਿਰ ਕੀਤਾ ਅਤੇ ਅਨੇਕਾਂ ਦੇਸ਼ ਭਗਤਾਂ ਨੂੰ ਗੋਰੀ ਸ੍ਰਕਾਰ ਨੇ ਜੇਲ੍ਹਾਂ ਵਿਚ ਬੰਦ ਕਰ ਦਿਤਾ। ਪੰਜਾਬ ਵਿਚ ਲਾਲਾ ਲਾਜਪਤ ਰਾਏ ਵੀ ਗ੍ਰਿਫਤਾਰ ਕਰ ਲਏ ਗਏ । ਬਦਕਿਸਮਤੀ ਨਾਲ ਉਨ੍ਹਾਂ ਦਿਨਾਂ ਵਿਚ ਹਰਕਿਸ਼ਨ ਲਾਲ ਪੰਜਾਬ ਵਿਚ ਅੰਗਰੇਜ਼ ਦੇ ਪਿਠੂ ਹੋਣ ਕਰਕੇ ਪੰਜਾਬ ਅਸੈਂਬਲੀ ਵਿਚ ਵਜ਼ੀਰ ਬਣੇ ਬੈਠੇ ਸਨ । ਗਿਆਨੀ ਜੀ ਨੇ ਉਸ ਸਮੇਂ ਦੇ ਹਾਲਾਤ ਨੂੰ ਆਪਣੇ ਜੋਸ਼ੀਲੇ ਤੇ ਦਰਦੀਲੇ ਢੰਗ ਨਾਲ ਐਉਂ ਪੇਸ਼ ਕੀਤਾ ਹੈ :

ਐ ਪੰਜਾਬ ਅਜ ਲਾਡਲੇ 'ਲਾਲ' ਤੇਰੇ
ਬੈਠੇ ਜੇਲ੍ਹਾਂ ਦੇ ਵਿਚ ਅਸੀਰ ਬਣ ਕੇ ।
ਜ਼ਖਮਾਂ ਤੇਰਿਆਂ ਉਤੇ ਨਾ ਲਗੀ ਮਰਹਮ
ਗੁਫਾ ਮਲੀਆਂ ਉਨ੍ਹਾਂ ਫ਼ਕੀਰ ਬਣ ਕੇ।
ਉਹ ਭੀ ਆਖਦੇ ਅਸੀਂ ਹਾ ‘ਲਾਲ’ ਤੇਰੇ
ਬੈਠੇ ਕੌਂਸਲਾਂ ਵਿਚ ਵਜ਼ੀਰ ਬਣ ਕੇ ।
ਮਾਤਮ ਤੇਰੜਾ ਉਨ੍ਹਾਂ ਨੂੰ ਈਦ ਦਿਸੇ,
ਆਉਣ ਪਏ ਸ਼ਾਹਜ਼ਾਦੜੇ ਪੀਰ ਬਣ ਕੇ ।

ਉਸ ਸਮੇਂ ਅਕਾਲੀ ਦਲ ਦਾ ਮੈਂਬਰ ਇਕੋ ਵਕਤ ਹੀ ਕਾਂਗਰਸ ਦਾ ਮੈਂਬਰ ਵੀ ਬਣ ਸਕਦਾ ਸੀ ਕਿਉਂਕਿ ਅਕਾਲੀ ਸਭ ਤੋਂ ਮਹਾਨ ਦੇਸ਼ ਭਗਤ ਪ੍ਰਵਾਨ ਹੋ ਚੁਕੇ ਸਨ ਅਤੇ ਬਾਬਾ ਖੜਕ ਸਿੰਘ ਜੀ ਪੰਜਾਬ ਪ੍ਰਦੇਸ਼ ਕਾਂਗ੍ਰਸ ਦੇ ਵੀ ਪ੍ਰਧਾਨ ਸਨ ਅਤੇ ਸ਼ਰੋਮਣੀ ਅਕਾਲੀ ਦਲ ਦੇ ਵੀ, ਸੋ ਗਿਆਨੀ ਜੀ ਭੀ ਕਾਂਗ੍ਰਸ ਦੇ ਸਰਗਰਮ ਮੈਂਬਰ ਬਣ ਗਏ ਤੇ ਅੰਗਰੇਜ਼ ਰਾਜ ਦੀਆਂ ਜੇਲਾਂ ਅੰਦਰ ਚਕੀਆਂ ਪੀਸਦੇ ਰਹੇ। ਆਪ ਦੀ ਇਕ ਕਵਿਤਾ ਬਹੁਤ ਪਾਪੂਲਰ ਹੋਈ । ਆਪ ਨੇ ਦੇਸ਼ ਉਤੇ ਆਏ ਮੌਸਮ ਖਿਜ਼ਾਂ ਦਾ ਵੇਖੋ ਕਿਸ ਸਵਾਦਲੇ ਢੰਗ ਨਾਲ ਬਿਆਨ ਕੀਤਾ ਹੈ :

ਲੈ ਨੀਂ ਬੁਲਬੁਲੇ ਗਈ ਬਸੰਤ ਤੇਰੀ
ਸੱਧਰ ਫੁਲਾਂ ਦੀ ਅੱਜ ਚੁਕਾ ਅੜੀਏ ।
ਗੀਤ ਗਾ ਪਰਚਾਉਂਦੀ ਪ੍ਰੇਮੀਆਂ ਨੂੰ,
ਵੈਣ ਪਾ ਕੇ ਪਈ ਰਵਾ ਅੜੀਏ ।
ਨਾਲ ਸਦ ਲੈ ਭੌਰਿਆਂ, ਕੋਇਲਾਂ ਨੂੰ
ਇਕੱਠੀਆਂ ਬੈਠ ਕੇ ਦੁੱਖ ਵੰਡਾ ਅੜੀਏ।
ਗਈ ਜਿਨ੍ਹਾਂ ਦੀ ਅੱਜ ਬਸੰਤ ਜਗ ਤੋਂ
ਜੀਵਣ ਉਨ੍ਹਾਂ ਦੇ ਦਾ ਕੀ ਉਪਾ ਅੜੀਏ ।

ਨਨਕਾਣਾ ਸਾਹਿਬ ਦੀ ਦੁਰਘਟਨਾ ਬਾਰੇ ‘ਦੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ' ਜਿਸ ਦਾ ਉਤੇ ਪਹਿਲਾਂ ਜ਼ਿਕਰ ਕੀਤਾ ਜਾ ਚੁਕਾ ਹੈ, ਉਸ ਵਿਚੋਂ ਇਕ ਲਈਨ ਮੁਲਾਹਜ਼ਾ ਫਰਮਾਓ ਜਿਸ ਵਿਚ ਮਹੰਤ ਨਰੈਣੂ ਦੇ ਪਾਪਾਂ ਦਾ ਐਉਂ ਵਰਨਣ ਹੈ :

‘ਤਲਵੰਡੀ 'ਚ ਭੰਡੀਆਂ ਨੇ ਮਚ ਰਹੀਆਂ
ਰੰਡੀਆਂ ਦੇ ਨਾਚ ਹੁੰਦੇ ਵਿਚ ਮੰਡੀਆਂ ਬਾਜ਼ਾਰ ਦੇ ।'

੧੯੩੦ ਵਿਚ ਗਿਆਨੀ ਜੀ ਨੇ ‘ਫੁਲਵਾੜੀ’ ਮਾਸਕ ਪੱਤਰ ਜਾਰੀ ਕੀਤਾ ਜਿਸ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਅਸਥਾਨ ਬਣਾ ਲਿਆ। ਪਾਠਕ ਇਸ ਹਰਮਨ ਪਿਆਰੇ ਪਤਰ ਦੀ ਉਡੀਕ ਵਿਚ ਬੇਸਬਰੀ ਨਾਲ ਅੱਖਾਂ ਵਛਾਈ ਰਖਦੇ ਸਨ । ਇਸ ਵਿਚ ਤਾਂ ਕੋਈ ਸ਼ਕ ਨਹੀਂ ਕਿ ਕੂੜ ਹਰ ਸਮੇਂ ਹੀ ਪ੍ਰਧਾਨ ਰਿਹਾ ਹੈ ਪਰ ਇਸ ਹਕੀਕਤ ਨੂੰ ਕੂੜ ਦਾ ਢੋਲ ਪਿਟਨ ਵਾਲਿਆਂ ਨੂੰ ਝੁਠਲਾਣਾ ਅਸੰਭਵ ਹੋਵੇਗਾ ਕਿ ਉਹ ਸਮਾਂ ਐਸਾ ਸੀ ਜਦ ਗਿਆਨੀ ਜੀ ਦੀ 'ਫੁਲਵਾੜੀ' ਅਤੇ ਸ੍ਰਦਾਰ ਐਸ. ਐਸ. ਚਰਨ ਸਿੰਘ ‘ਸ਼ਹੀਦ' ਦਾ 'ਹੰਸ' ਪੰਜਾਬੀ ਸਾਹਿਤ ਉਤੇ ਪੂਰੀ ਤਰਾਂ ਛਾਏ ਹੋਏ ਸਨ ਅਤੇ ਇਹ ਦੋਵੇਂ ਮਾਸਕ ਪਤ੍ਰ ਵਾਰਿਸ ਦੀ ਹੀਰ ਵਾਂਗ ਪੰਜਾਬੀ ਜਗਤ ਵਿਚ ਸਤਿਕਾਰੇ ਜਾਂਦੇ ਸਨ।

੧੯੩੭ ਵਿਚ ਗਿਆਨੀ ਜੀ ਮੈਨੂੰ ਕੋਹ ਮਰੀ ਮਿਲੇ ਅਤੇ ਮੈਨੂੰ ਉਨ੍ਹਾਂ ਨੇ ਕਹਾਣੀ ਲਿਖਣ ਦਾ ਉਤਸ਼ਾਹ ਦੇਂਦਿਆਂ ਫਰਮਾਇਆ ਕਿ ਮੈਂ ਫੁਲਵਾੜੀ ਲਈ ਆਪਣੇ ਤਜਰਬੇ ਤੋਂ ਇਕ ਕਹਾਣੀ ਲਿਖਾਂ ਜਿਸ ਵਿਚ ਅੰਗਰੇਜ਼ਾਂ ਦੇ ਅਤੇ ਭਾਰਤੀਆਂ ਦੇ ਜੀਵਨ ਦੀ ਝਾਕੀ ਪੇਸ਼ ਕਰਾਂ । ਉਸ ਸਮੇਂ ਮੈਂ ਕੋਈ ਲੇਖਕ ਨਹੀਂ ਸਾਂ ਪਰ ਆਪ ਦੇ ਹੁਕਮ ਨੇ ਮੇਰੇ ਹੱਥ ਕਲਮ ਫੜਾ ਦਿਤੀ ਅਤੇ ਮੈਂ ਪਹਿਲੀ ਕਹਾਣੀ ‘ਪੂਰਬ ਪੱਛਮ’ ਲਿਖੀ ਜੋ ੧੯੩੭ ਦੇ ਕਿਸੇ ਅੰਕ ਵਿਚ ਗਿਆਨੀ ਜੀ ਨੇ ਪ੍ਰਕਾਸ਼ਤ ਕਰਕੇ ਮੈਨੂੰ ਭਰਵਾਂ ਉਤਸ਼ਾਹ ਬਖ਼ਸ਼ਿਆ।

੧੯੩੭ ਵਿਚ ਆਪ ਨੇ ੪੮ ਸਾਲਾਂ ਦੀ ਆਯੂ ਤੇ ਪੁਜ ਕੇ 'ਸਦਾ ਜਵਾਨੀ' ਇਕ ਕਵਿਤਾ ਲਿਖੀ । ਮੋਹਨ ਸਿੰਘ ਨੇ ਕਿਹਾ ਹੈ ਕਿ :

ਲਾਅਨਤ ਓਸ ਜਵਾਨੀ ਉਤੇ ਜਿਹੜੀ ਕਦੇ ਨਾਂ ਰੋਵੇ।

ਅਤੇ ਗਿਆਨੀ ਜੀ ਦੇਸ਼ ਪਿਆਰ ਵਿਚ ਡੂੰਗੇ ਖੁਭ ਕੇ ਓਸ ਕਵਿਤਾ ਵਿਚ ਲਿਖਦੇ ਹਨ :

ਕਦੀ ਕਦੀ ਪਰ ਮੈਂ ਵੀ ਰੋਵਾਂ
ਜਦੋਂ ਬਾਗਾਂ ਵਿਚ ਚਲਦੀਆ ਲੋਵਾਂ,
ਜਦੋਂ ਜਵਾਨੀਆਂ ਰੁਲਦੀਆਂ ਵੇਖਾਂ,
ਓਦੋਂ ਹੰਝੂਆਂ ਹਾਰ ਪਰੋਵਾਂ ।
ਦੁੱਖੀਏ ਜਦੋਂ ਅਕਹਿ ਦੁੱਖ ਸਹਿੰਦੇ
ਹੰਝੂਆਂ ਦੇ ਪਰਨਾਲੇ ਵਹਿੰਦੇ ।
ਜਦੋਂ ਤਕਾਂ ਮੈਂ ਜ਼ੋਰਾਵਰੀਆਂ,
ਹੰਝੂ ਮੇਰੇ ਆਪੇ ਡੁਲ੍ਹ ਪੈਂਦੇ।
ਕਵੀ ਰੋਵੇ ਤੇ ਜਗਤ ਰੁਆਵੇ।
ਕਵੀ ਹਸੇ ਤੇ ਜਗਤ ਹਸਾਵੇ।
ਰੋਣਾ, ਹਸਣਾ, ਨਚਣਾ, ਗਾਣਾ,
ਕਵੀ ਜਗਤ ਦੀ ਤਾਰ ਹਿਲਾਵੇ ।
ਏਸ ਭੇਦ ਨੂੰ ਸਮਝ ਪਿਆਰੇ,
ਬੇਸ਼ਕ ਰੋਵੇ ਕਵੀ ਪਿਆਰੇ ।

ਕਵਿਟ ਇੰਡੀਆ ਲਹਿਰ ਵਿਚ ਆਪ ਫੇਰ ਜੇਲ੍ਹ ਵਿਚ ਡਕ ਦਿਤੇ ਗਏ। ਆਪ ਨੇ ਮੀਆਂ ਵਾਲੀ ਜੇਲ੍ਹ ਵਿਚ ੧੯੪੪ ਵਿਚ ‘ਸ਼ਰੀਹ ਦੀਆਂ ਛਾਵਾਂ' ਇਕ ਲੰਬੀ ਕਵਿਤਾ ਲਿਖੀ ਜਿਸ ਦੇਸ਼ ਭਗਤਾਂ ਦੇ ਲੂੰ-ਕੰਡੇ ਖੜੇ ਕਰ ਦਿਤੇ । ਬੜਾ ਕਹਿਰਾਂ ਦਾ ਦਰਦ ਭਰਿਆ ਪਿਆ ਹੈ ਆਪ ਦੀ ਇਕ ਇਕ ਲਾਈਨ ਵਿਚ । ਵਨਗੀ ਮੁਲਾਹਜ਼ਾ ਫਰਮਾਓ :

ਜਿਨ੍ਹਾਂ ਸ਼ਰੀਹਾਂ ਹੇਠ ਗੁਜ਼ਾਰੇ, ਗਿਣ ਗਿਣ ਦਿਨ ਸਜ਼ਾਵਾਂ ਦੇ ।
ਝੁਰਮਟ ਪੈਂਦੇ ਉਨ੍ਹਾਂ ਤੇ ਆਣ, ਆਜ਼ਾਦ ਤੋਤਿਆਂ ਕਾਵਾਂ ਦੇ ।
ਬੰਦੀਵਾਨ ਉਨ੍ਹਾਂ ਤੋਂ ਪੁਛਣ, ਵਿਛੜੇ ਭੈਣ ਭਰਾਵਾਂ ਦੇ ।
ਬਹਿ ਬਹਿ ਜਾਣ ਜਿਨ੍ਹਾਂ ਦੇ ਹੇਠਾ ਪੁੱਤ ਪੰਜਾਬੀ ਮਾਵਾਂ ਦੇ ।
ਪੁਤ ਗਾਵਣ ਦਰਦ ਰਾਗ ਵਿਚ ਗੀਤ ਪੰਜ ਦਰਿਆਵਾਂ ਦੇ ।
ਪੌਣ ਸੁਨੇਰੇ ਲੈ ਲੈ ਗਾਵੇ ਡੂੰਗੇ ਦਿਲ ਦੇ ਘਾਵਾਂ ਦੇ ।
ਯਾਦ ਰਹਿਣਗੇ ਸਦਾ ਚੁਮਾਸੇ ਇਨ੍ਹਾਂ ਸ਼ਰੀਂਹ ਦੀਆਂ ਛਾਵਾਂ ਦੇ।

ਗਿਆਨੀ ਜੀ ਦਾ ਸਿੱਖ ਇਤਿਹਾਸ ਨਾਲ ਭੀ ਭਾਰੀ ਸਨੇਹ ਸੀ । ਆਪ ਨੇ ਫੁਲਵਾੜੀ ਮਾਸਕ ਪਤ੍ਰ ਦਾ ਇਕ ਸਿੱਖ ਇਤਿਹਾਸ ਨੰਬਰ ੧੯੩੦ ਵਿਚ ਪ੍ਰਕਾਸ਼ਤ ਕੀਤਾ ਸੀ ਜਿਸ ਕੌਮਾਂਤਰੀ ਸ਼ੌਹਰਤ ਹਾਸਿਲ ਕਰ ਲਈ । ਉਸ ਅੰਕ ਦੇ ਚਾਰ ਭਾਗ ਸਨ ਅਤੇ ਪੰਥ ਦੇ ਉਘੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਆਪਣੇ ਕੀਮਤੀ ਲੇਖਾਂ ਰਾਹੀਂ ਉਸ ਨੂੰ ਸ਼ਿੰਘਾਰਿਆ ਸੀ।

ਦੇਸ਼ ਦੇ ਆਜ਼ਾਦ ਹੋਣ ਮਗਰੋਂ ਓਸ ਅੰਕ ਦੀ ਦੂਰ ਦੂਰ ਦੇਸ਼ਾਂ ਤੋਂ ਮੰਗ ਆਉਣੀ ਸ਼ੁਰੂ ਹੋਈ ਅਤੇ ਗਿਆਨੀ ਜੀ ਨੇ ਬੜਾ ਉਦਮ ਕਰਕੇ ‘ਬਹੁ-ਮੁਲੇ ਇਤਿਹਾਸਿਕ ਲੇਖ' ਨਾਮ ਦੀ ਪੁਸਤਕ ੧੯੬੨ ਵਿਚ ਪ੍ਰਕਾਸ਼ਤ ਕਰ ਦਿਤੀ । ਮੈਗਜ਼ੀਨ ਦੀ ਥਾਂ ਜਦ ਇਹ ਪੁਸਤਕ ਦੇ ਰੂਪ ਵਿਚ ਪਾਠਕਾਂ ਸਾਹਮਣੇ ਆਈ ਤਾਂ ਇਸ ਦਾ ਹੋਰ ਵੀ ਸਤਿਕਾਰ ਵਧਿਆ ਪਰ ਸਾਹਿਤ ਅਕੈਡਮੀ ਦੀ ਨਜ਼ਰ ਵਿਚ ਪ੍ਰਵਾਨ ਨਾਂ ਹੋ ਸਕੀ ਤੇ ਗਿਆਨੀ ਜੀ ਨੂੰ ਐਵਾਰਡ ਪ੍ਰਾਪਤ ਨਾਂ ਹੋਇਆ। ਆਪ ਅਣਖੀਲੇ ਜੋ ਸਨ ।

ਸ਼ਰੀਫਾਂ ਤੇ ਗੈਰਤ-ਮੰਦਾਂ ਨਾਲ ਇਹ ਚਾਤ੍ਰ ਜ਼ਮਾਨਾ ਜੋ ਸਲੂਕ ਸਦੀਆਂ ਤੋਂ ਕਰਦਾ ਆਇਆ ਹੈ, ਗਿਆਨੀ ਜੀ ਨਾਲ ਭੀ ਵੈਸਾ ਹੀ ਆਪਣੀ ਕਠੋਰ ਆਦਤ ਮੁਤਾਬਕ ਪੇਸ਼ ਆਇਆ ਅਤੇ ਮੋਟੇ ਮੋਟੇ, ਠੁਲੇ ਠੁਲੇ ਘੁਗਿਆਂ, ਮੋਤੀਆਂ ਦਾ ਮੁਲ ਪਾ ਲਿਆ ਪਰ ਇਹ ਸੁੱਚਾ ਬਹੁਤ ਮੁਲਾ ‘ਹੀਰਾ’ ਕਚ ਦੇ ਭਾ ਰੁਲ ਗਿਆ। ਉਹ ਵੀ ਸੰਤੁਸ਼ਟ ਸੀ ਕਿ ਉਹਦੇ ਸਵਾਸ, ਗੁਲਾਮ ਭਾਰਤ ਵਿਚ ਨਹੀਂ, ਆਜ਼ਾਦ ਭਾਰਤ ਵਿਚ ਬਬਰਾਂ ਦੀ ਧਰਤੀ ਜਲੰਧਰ ਵਿਚ ਆ ਕੇ ਪੂਰੇ ਹੋਏ ।

ਸ੍ਰਦਾਰ ਈਸ਼ਰ ਸਿੰਘ ਜੀ ‘ਭਾਈਆ’

ਸ੍ਰ: ਈਸ਼ਰ ਸਿੰਘ ਪੰਜਾਬੀ ਸਾਹਿਤ ਨੂੰ ਰਾਵਲਪਿੰਡੀ ਦੀ ਮਹਾਨ ਦੇਣ ਹੈ।ਹੋ ਸਕਦੈ ਕਿ ਈਸ਼ਰ ਸਿੰਘ ਦੇ ਨਾਮ ਤੋਂ ਕਿਸੇ ਨੂੰ ਕਦੇ ਟਪਲਾ ਲਗ ਜਾਵੇ ਪਰ 'ਭਾਈਆ' ਨਾਮ ਜੋ ਆਪੇ ਵਿਚ ਹਾਸੇ ਦਾ ਸਮੁੰਦ੍ਰ ਲੁਕਾਈ ਬੈਠਾ ਹੈ, ਸਾਰੇ ਭੁਲੇਖੇ ‘ਨਵਿਰਤ' ਕਰਨ ਵਿਚ ਸਮਰਥ ਹੈ ਅਤੇ ਹਰ ਪੰਜਾਬੀ ਸੁਣਦੇ ਸਾਰ ਹਸਣਾ ਸ਼ੁਰੂ ਕਰ ਦੇਂਦਾ ਹੈ ਤੇ ਇਹ ਹਾਸਾ ਮਲੋ ਮਲੀ ਬੁਲੀਆਂ ਤੇ ਆ ਨਚਦਾ ਹੈ।

ਭਾਈਆ ਈਸ਼ਰ ਸਿੰਘ ਦੀ ਨਕਲ ਕਈ ਪੰਜਾਬੀ ਕਵੀਆਂ ਕੀਤੀ ਪਰ ਸਭ ਉਹਦੇ ਗਿਟਿਓਂ ਥਲੇ ਹੀ ਰਹਿ ਗਏ। ਭਾਈਆ ਆਪਣੀ ਅਜ਼ਮਤ ਆਪਣੇ ਨਾਲ ਬੜੀ ਸੰਭਾਲ ਨਾਲ ਆਪ ਹੀ ਲੈ ਗਿਆ ਕਿਉਂਕਿ ਬੀਰਬਲ ਦਰਗਾਹ ਵਿਚ ਬੈਠਾ ਉਹਦੇ ਹਾਸੇ ਦੇ ਸਮੁੰਦ੍ਰ ਵਿਚ ਚੁਭੀਆਂ ਲਾਣ ਨੂੰ ਬੇਤਾਬੀ ਨਾਲ ਉਡੀਕ ਵਿਚ ਬੈਠਾ ਸੀ।

ਕਿਸੇ ਵੀ ਕਵੀ ਦਰਬਾਰ ਵਿਚ, ਜਿਥੇ ਭਾਵੇਂ ਮੋਹਨ ਸਿੰਘ ਹੋਵੇ-ਯਾ ਮੁਸਾਫ਼ਰ, ਸ਼ਰਫ਼ ਹੋਵੇ ਯਾ ਚਾਤਰਿਕ, ਨੂਰਪੁਰੀ ਹੋਵੇ ਯਾ ਬਲੱਗਨ, ਭਾਈਆ ਸਭ ਤੇ ਮੁਕੰਮਲ ਤੌਰ ਤੇ ਛਾ ਜਾਂਦਾ ਸੀ । ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼-ਕਿਸਮਤ ਸਮਝਦਾ ਹਾਂ ਕਿ ਮੈਨੂੰ ਭਾਈਆ ਜੀ ਦੀ ਸੰਗਤ ਬਹੁਤ ਹੀ ਲੰਬਾ ਸਮਾਂ ਨਸੀਬ ਹੋਈ ਹੈ, ਕੀ ਰਾਵਲਪਿੰਡੀ ਤੇ ਕੀ ਦਿੱਲੀ । ਭਾਈਆ ਇਕ ਬਾਇਖਲਾਕ ਕਵੀ ਸੀ, ਸ਼ਰਧਾਲੂ ਸਿੱਖ ਸੀ, ਥਾਰੋ ਜੈਂਟਲਮੈਨ ਸੀ, ਬਹੁਮੁਲਾ ਹੀਰਾ ਸੀ, ਕਦੇ ਅਕਬਰ ਦੇ ਰਾਜ ਵਿਚ ਪੈਦਾ ਹੁੰਦਾ ਤਾਂ ਪੰਜਾਬ ਪੂਰੇ ਤੇ ਇਹਦੀ ਹਕੂਮਤ ਹੁੰਦੀ ।

ਹਾਸ-ਰਸ ਨੂੰ ਭਗਤੀ ਲਹਿਰ ਨੇ ਲਗਪਗ ਖਤਮ ਕਰਕੇ ਰਖ ਦਿਤਾ ਸੀ । ਹਰ ਧਾਰਮਕ ਮਹਿਫਲ ਵਿਚ ਹਸਣਾ ਪਾਪ ਕਰਾਰ ਦੇ ਦਿਤਾ ਗਿਆ ਸੀ । ਮੀਰੀ ਪੀਰੀ ਦੇ ਮਾਲਕ, ਦੋ ਜਹਾਨ ਵਾਲੀ, ਇਨਕਲਾਬੀ ਯੋਧੇ, ਸਾਹਿਬ ਗੁਰੂ ਹਰਿ ਗੋਬਿੰਦ ਸਾਹਿਬ ਨੇ ਏਸ ਘਾਟ ਨੂੰ ਆਪਣੀ ਪਾਰਖੂ ਅੱਖ ਨਾਲ ਤਾੜ ਲਿਆ ਤੇ ‘ਸੁਥਰੇ' ਰਾਹੀਂ ਮੁੜ ਗੁਰੂ ਘਰ ਵਿਚ ਪੂਰਾ ਆਦਰ ਮਾਨ ਦਿਤਾ ਅਤੇ ਸੰਗਤਾਂ ਵਿਚ ਮੁੜ ਹਾਸਰਸ ਦਾ ਜਜ਼ਬਾ ਪ੍ਰਚੰਡ ਕੀਤਾ। ਮੈਨੂੰ ‘ਈਸ਼ਰ' ਜੀ ਉਤੇ ਵੀ ਛੇਵੇਂ ਪਾਤਸ਼ਾਹ ਦੀ ਮਿਹਰ ਹੀ ਪਈ ਦਿਸਦੀ ਹੈ ਜੋ ਬੜੇ ਸਮੇਂ ਮਗਰੋਂ ਇਹ ਸੁੱਚਾ ਮੋਤੀ ਮੁੜ ਗੁਰੂ ਘਰ ਵਿਚ ਆ ਚਮਕਿਆ। ‘ਈਸ਼ਰ' ਜੀ ਨੇ ਉਹ ਹਾਸ-ਰਸ ਦੀ ਸੁਗੰਧੀ ਖਿਲਾਰੀ ਕਿ ਜਿਸ ਦਾ ਕੋਈ ਸਾਨੀ ਨਹੀਂ ਮਿਲਦਾ।

ਸਟੇਜ ਸੈਕੇਟਰੀ ਨੇ ਜਿਵੇਂ ਹੀ ਕਿਸੇ ਕਵੀ ਦਰਬਾਰ ਵਿਚ ਭਾਈਏ ਦਾ ਨਾਮ ਲੈਣਾ ਤਾਂ ਚਾਰੇ ਪਾਸੋਂ ਐਉਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣੀਆਂ-‘ਭਾਈਏ ਦਾ ਵਿਆਹ, ਭਾਈਏ ਦਾ ਨਕ, ਫੈਸ਼ਨਦਾਰ ਵੌਹਟੀ, ਰਾਜਾ ਭੋਜ ਤੇ ਗੰਗਾ ਤੇਲੀ....' ਤੇ ਏਸੇ ਰਾਮ ਰੌਲੇ ਵਿਚ ਸਾਡਾ ਭਾਈਆ ਮੁੱਛਾਂ ਮਟਕਾਂਦਾ ਤੇ ਬੁਲਾਂ ਵਿਚ ਮੁਸਕਾਂਦਾ ਮਾਈਕ ਅਗੇ ਆ ਖੜਾ ਹੁੰਦਾ ਤੇ ਸੁਣਨ ਵਾਲਿਆਂ ਨੂੰ ਢਿੱਡੀਂ ਪੀੜਾਂ ਪੈ ਜਾਂਦੀਆਂ ਤੇ ਅਕਲ ਹੈਰਾਨ ਰਹਿ ਜਾਂਦੀ ਕਿ ਇਹ ਕਵੀ ਕਿਸ ਹੁਨਰ ਨਾਲ ਧਰਮ ਨੂੰ ਹਾਸੇ ਵਿਚ ਗਲੇਫ ਕੇ ਇਖਲਾਕ ਦੇ ਦਾਇਰੇ ਦੇ ਅੰਦਰ ਰਹਿ ਹਜ਼ਾਰਾਂ ਸਰੋਤਿਆਂ ਦੇ ਕਲੇਜੇ ਘਉ ਮਉਂ ਕਰ ਲੈਂਦਾ ਹੈ। ਦਸਮੇਸ਼ ਪਿਤਾ ਦੇ ਦਰਬਾਰ ਵਿਚ ਡਲੇ ਦਾ ਜ਼ਰਾ ਸੀਨ ਮੁਲਾਹਜ਼ਾ ਫਰਮਾਓ :

ਡਲੇ ਆਖਿਆ ਮੁੱਛਾਂ ਨੂੰ ਵੱਟ ਦੇ ਕੇ,
ਸਤਿਗੁਰੂ ਜੇ ਮੈਨੂੰ ਫਰਮਾ ਦੇਂਦੇ ।
ਮੇਰੇ ਸੂਰਮੇ ਸ਼ੇਰ ਦਲੇਰ ਯੋਧੇ,
ਫੜਕੇ ਦੁਸ਼ਮਣਾਂ ਦੇ ਤੂੰਬੇ ਉਡਾ ਦੇਂਦੇ ।
ਟਿਬਰੀ ਟੈਟ ਕਰਕੇ ਨਮਦਾ ਕੱਸ ਦੇਂਦੇ,
ਵਿਚ ਜੁੱਤੀਆਂ ਪਾਣੀ ਪਲਾ ਦੇਂਦੇ।

ਅਜੇ ਵੀ ਸਾਡੇ ਵਿਚ ਐਸੇ ਤੰਗ ਖਿਆਲਾਂ ਦੇ ਲੋਕ ਨੇ ਜੋ ਨਿਕੀ ਨਿਕੀ ਗਲ ਤੇ ਨਕ ਮੂੰਹ ਵਟ ਸੜ ਭੁੱਜ ਕੋਲੇ ਹੁੰਦੇ ਰਹਿੰਦੇ ਨੇ ਤੇ ਜਿਨ੍ਹਾਂ ਮਜ਼ਹੱਬ ਨੂੰ ਕਾਲੇ ਨਾਗ ਵਾਂਗ ਕੀਲ ਕੇ ਟੋਕਰੀ ਵਿਚ ਤਾੜ ਕੇ ਡਕ ਰਖਿਆ ਹੈ । ਐਸੇ ਭੁਲੜਾਂ ਨੂੰ ਭਾਈਆ ਵਾਹ ਵਾਹ ਢੰਗ ਨਾਲ ਐਉਂ ਹਸਦੇ ਹਸਦੇ ਟਕੋਰ ਲਗਾਂਦਾ ਹੋਇਆ ਸਮਝਾਂਦਾ ਹੈ :

ਕਿਸੇ ਬੱਧੀ ਦਾੜ੍ਹੀ ਤੇ ਮਜ਼੍ਹਬ ਨੂੰ ਖਤਰਾ,
ਕਿਸੇ ਬੱਧੀ ਸਾੜੀ ਤੇ ਮਜ਼੍ਹਬ ਨੂੰ ਖਤਰਾ ।
ਇਹ ਮਜ਼੍ਹਬ ਨਾ ਹੋਇਆ ਹੋਈ ਮੋਮਬੱਤੀ,
ਝੱਟ ਪਿਗਲ ਗਈ ਜ਼ਰਾ ਲਗੀ ਧੁੱਪ ਤੱਤੀ ।

ਭਾਈਆ ਨਿਰਾ ਤੁਕਾਂਤ ਜੋੜਨ ਵਾਲਾ ਕਵੀ ਨਹੀਂ ਸੀ, ਤੇ ਨਾਂ ਇਹ ਛਾਇਆਵਾਦੀ ਹੀ ਸੀ, ਬਲਕਿ ਉਹ ਇਕ ਐਸਾ ਕਲਾਕਾਰ ਸੀ ਜਿਸ ਦੇ ਦਿਮਾਗ ਵਿਚ ਪਹਿਲਾਂ ਆਸ਼ਾਵਾਦੀ ਕਹਾਣੀ ਦਾ ਪਲਾਟ ਬਣਦਾ ਸੀ ਤੇ ਫੇਰ ਉਸ ਪਲਾਟ ਨੂੰ ਨਿਭਾਣ ਵਾਸਤੇ ਹਾਸ-ਰੱਸ ਦੀ ਵਿਉਂਤ ਸੋਚਦਾ ਸੀ ਤੇ ਅੰਤ ਵਿਚ ਸੂਖ਼ਮ ਕਵਿਤਾ ਦੇ ਸੱਚੇ ਵਿਚ ਢਾਲ ਕੇ ਉਹ ਜਨਤਾ ਦੇ ਅਗੇ ਪੇਸ਼ ਕਰਦਾ ਸੀ।

ਇਹਦੀ ਪੁਸਤਕ ‘ਭਾਈਆ' ਵਿਚ ਕੁਲ ੩੮ ਕਵਿਤਾਵਾਂ ਹਨ ਜੋ ਸਾਰੀਆਂ ਦੀਆਂ ਸਾਰੀਆਂ ਸਮਾਜ ਸੁਧਾਰ ਦੇ ਆਸ਼ੇ ਨਾਲ ਲਿਖੀਆਂ ਹਨ । ਇਨ੍ਹਾਂ ਸਾਰੀਆਂ ਕਵਿਤਾਵਾਂ ਵਿਚ ਨਿਕੀ ਕਹਾਣੀ ਦਾ ਪਲਾਟ ਮਿਲਦਾ ਹੈ । ਬੋਲੀ ਮਿਠੀ ਤੇ ਟਕਸਾਲੀ ਵਰਤੀ ਹੈ। ਆਸਾਂ ਜਾਸਾਂ ਤੇ ਮਿਘੀ ਤੁਘੀ ਤੋਂ ਬੜੀ ਸਫਾਈ ਨਾਲ ਪੱਲਾ ਛੁਡਾਇਆ ਹੈ। ਵਨਗੀ ਲਈ ਵੇਖੋ ਉਸ ਸਿੱਖ ਦੀ ਕਹਾਣੀ ਜੋ ਮੰਦਰ ਵਿਚ ਟੱਲ ਖੜਕਾਣ ਜਾਂਦਾ ਦਸਿਆ ਹੈ :

ਇਕ ਦਿਨ ਪੁਛਿਆ ਇਹ ਕੀ ਕਰ ਰਹੇ ਹੋ,
ਇਕ ਮੇਖ ਦੋ ਥਾਂ ਨਹੀਂ ਗੱਡੀ ਜਾਂਦੀ ।
ਅਗੋਂ ਕਹਿਣ ਲੱਗਾ ਹਾਂ ਤਾਂ ਸਿੱਖ ਪੂਰਾ,
ਪਿਤਾ ਪੁਰਖੀ ਵੀ ਪਰ ਨਹੀਂ ਛੱਡੀ ਜਾਂਦੀ ।

ਏਸੇ ਤਰਾਂ ਬੁੜ੍ਹਾਪੇ ਦੀਆਂ ਸ਼ਾਦੀਆਂ ਦੀ ਲਾਅਨਤ ਵੀ ਬੜੀ ਸਵਾਦਲੀ ਕਹਾਣੀ ਦੀ ਤਰਜ਼ ਤੇ ਪੇਸ਼ ਕਰਦਾ ਹੈ । ਟਕੋਰ ਸੁਣੋ :

ਪੈਰ ਭਾਈਏ ਦੇ ਕਬਰ ਵਿਚ ਲਟਕ ਰਹੇ ਸਨ,
ਭਾਵੇਂ ਹਡੀਆਂ ਤੋਂ ਮਾਸ ਵੱਖ ਹੈ ਸੀ ।
ਸੋਲਾਂ ਸਾਲਾਂ ਦੀ ਨਾਜ਼ੁਕ ਮੁਟਿਆਰ ਉਤੇ,
ਸਾਡੇ ਭਾਈਏ ਦੀ ਲਗੀ ਹੋਈ ਅੱਖ ਹੈ ਸੀ ।

ਸ਼ਾਦੀ ਦੀਆਂ ਫਜ਼ੂਲ ਖ਼ਰਚ ਰਸਮਾਂ ਵੀ ਏਸ ਪੰਡਤ-ਕਵੀ ਅਖੋਂ ਉਹਲੇ ਨਹੀਂ ਹੁੰਦੀਆਂ। ਕਹਾਣੀ ਸੱਚੀ ਤੇ ਸਵਾਦਲੀ ਸੁਣਾਂਦਾ ਹੈ। ਜ਼ਰਾ ਸ਼ਾਦੀ ਸਮੇਂ ਸ਼ਰੀਕਾਂ ਦਾ ਮੁਕਾਬਲਾ ਹੁੰਦਾ ਸੁਣੋ :

ਭਾਈਏ ਕਿਹਾ ਰਾਮਾਂ ਸੌ ਟਿਲ ਲਾਵੇ,
ਉਹਦੀ ਮੈਂ ਵਡਿਆਈ ਨਹੀਂ ਰਹਿਣ ਦੇਣੀ,
ਭਾਵੇਂ ਜੜ੍ਹਾਂ ਹੇਠੋਂ ਪਾਣੀ ਨਿਕਲ ਜਾਵੇ,
ਮੈਂ ਨੱਕ ਤੇ ਮੱਖੀ ਨਹੀਂ ਬਹਿਣ ਦੇਣੀ ।

ਵਲਾਇਤ ਪਾਸ ਕਰਕੇ ਆਏ ਮੁੰਡੇ ਦੇ ਵਿਆਹ ਤੋਂ ਪਹਿਲਾਂ ਦੀ ਕਹਾਣੀ ਕਿ ਮੁੰਡਾ ਕੁੜੀ ਨੂੰ ਵੇਖਣ ਸਮੇਂ ਕੀ ਪੁੱਛ ਗਿੱਛ ਕਰਦਾ ਹੈ ਤੇ ਅਗੋਂ ਪੰਜਾਬ ਦੀ ਅਣਖੀਲੀ ਮੁਟਿਆਰ ਕੀ ਜਵਾਬ ਦੇਂਦੀ ਹੈ, ਬਹੁਤ ਹੀ ਦਿਲਚਸਪ ਤੇ ਨਾਟਕੀ ਢੰਗ ਨਾਲ ਐਉਂ ਬਿਆਨ ਕਰਦਾ ਹੈ :

ਕਿਸਦੀ ਮਲਕਾ ਨੂਰ ਜਹਾਨ ਸੀ ?
ਬਾਬਰ ਦੀ ਮਾਂ ਦਾ ਕੀ ਨਾਂ ਸੀ ?
ਪਾਨੀਪਤ ਦਾ ਜੰਗ ਕਦ ਹੋਇਆ ?
ਸੇਵਾ ਜੀ ਕਦ ਜੰਮਿਆ ਮੋਇਆ ?
ਚੰਨ ਗ੍ਰਹਿਣ ਕਿਉਂ ਦਸੋ ਲਗਦਾ ?
ਟੇਮਜ਼ ਦਰਿਆ ਦਸੋ ਕਿਥੇ ਵਗਦਾ ?

ਜਵਾਬ ਸੁਣਨ ਮਗਰੋਂ ਉਹ ਆਪਣੀ ਸੰਨਦ ਵੀ ਨਰਾਲੀ ਜਿਹੀ ਹੀ ਵੇਖੋ ਕੁੜੀ ਨੂੰ ਕੀ ਪੇਸ਼ ਕਰਦਾ ਹੈ :-

ਤੇਰੇ ਮੈਂ ਜਾਵਾਂ ਵਾਰੀ
ਆਈ ਲਾਈਕ ਯੂ ਟੂ ਮਚ ਪਿਆਰੀ ।
ਬਾਕੀ ਸਭ ਕੰਮ ਵਿਚ ਯਨੀਕ ਹੋ,
ਜਨਰਲ ਨਾਲਜ ਵਿਚ ਕੁਝ ਵੀਕ ਹੋ ।

ਲੜਕੀ ਦੇ ਦਿਲ ਵਿਚ ਉਹਦੀਆਂ ਊਟਪਟਾਂਗ ਗਲਾਂ ਤੋਂ ਨਫਤਰ ਪੈਦਾ ਹੋ ਜਾਂਦੀ ਹੈ ਤੇ ਉਹ ਅਗੋਂ ਐਉਂ ਸਾਫ਼ ਜਵਾਬ ਦੇ ਦੇਂਦੀ ਹੈ :

ਸ਼ਾਦੀ ਹੈ ਯਾ ਇਹ ਹੈ ਇਮਤਿਹਾਨ ?
ਇਹ ਬਕਲੋਲ ਹੈ ਯਾ ਇਨਸਾਨ ?
ਮੈਂ ਅੰਝਾਣ ਸਾਂ ਇਸ ਰਾਹ ਤੋਂ
ਬਾਜ ਆਈ ਮੈਂ ਇਸ ਵਿਆਹ ਤੋਂ ।

ਮਾਲਕ-ਮਜ਼ਦੂਰ ਦੀ ਰਾਮ ਕਹਾਣੀ ਵੀ ਵੇਖੋ ਭਾਈਆ ਆਪਣੀ ਪੁਸਤਕ ਰੰਗੀਲਾ ਭਾਈਆ ਵਿਚ ਕਿਵੇਂ ਤਨਜ਼ ਨਾਲ ਬਿਆਨ ਕਰਦਾ ਹੈ :

ਮੇਰੇ ਮਾਲਕਾ ਦੂਲਿਆ ਰਾਜਿਆ ਓਏ,
ਜਿਨੀ ਚਾਹਨਾਂ ਏਂ ਗੋਗੜ ਵਧਾਈ ਜਾ ਤੂੰ ।
ਅਵਲ ਦਰਜੇ ਦੀ ਵਿਸਕੀ ਸ਼ਰਾਬ ਲੈ ਕੇ,
ਬੇਸ਼ਕ ਸਾਗਰ ਤੇ ਸਾਗਰ ਚੜ੍ਹਾਈ ਜਾ ਤੂੰ ।
ਘੋੜ ਦੌੜ ਤੇ ਦੌਲਤ ਲੁਟਾਈ ਜਾ ਤੂੰ,
ਅੰਡੇ ਕੇਕ ਤੇ ਬਿਸਕੁਟ ਉਡਾਈ ਜਾ ਤੂੰ,
ਆਪਣੇ ਸੌਣ ਲਈ ਮਖ਼ਮਲ ਤੇ ਅਤਲਸਾਂ ਦੀ,
ਨਰਮ ਫੁੱਲਾਂ ਦੀ ਸੇਜ ਵਛਾਈ ਜਾ ਤੂੰ।
ਮੈਨੂੰ ਖੁਸ਼ੀ ਹੈ ਤੇਰੀ ਏਸ ਖੁਸ਼ੀ ਉਤੇ,
ਪਰ ਮੈਨੂੰ ਵੀ ਜੀਣ ਦੇ ਜੱਗ ਉਤੇ ।
ਵਾਂਗ ਲੇਲੇ ਦੇ ਲਾਹੀ ਜਾ ਉੱਨ ਮੇਰੀ,
ਛੁਰੀ ਰੱਖ ਨਾਂ ਮੇਰੀ ਸ਼ਾਹ ਰੱਗ ਉਤੇ।

“ਧਰਮੀ ਭਾਈਆ” ਪੁਸਤਕ ਵਿਚ ਅੰਮ੍ਰਿਤ ਦੀ ਸ਼ਕਤੀ ਦਾ ਕਮਾਲ ਵੇਖੋ ਕੈਸਾ ਹਾਸ-ਰਸ ਭਰਪੂਰ ਪਰ ਅਸਲੀਅਤ ਵਿਚ ਗੜੁਚ ਪੇਸ਼ ਕਰਦਾ ਹੈ :

ਜੇ ਦਸਮੇਸ ਨਾਂ ਅੰਮ੍ਰਿਤ ਦੀ ਦਾਤ ਦੇਂਦਾ,
ਚਵਾਂ ਪਾਸਿਉਂ ਇਕ ਉਜਾੜਾ ਹੁੰਦਾ।
ਔਰੰਗਜ਼ੇਬ ਦੇ ਨਾਲ ਨਾਂ ਟਕਰ ਹੁੰਦੀ,
ਨਾਂ ਜਗ ਤੇ ਕੋਈ ਅਖਾੜਾ ਹੁੰਦਾ ।
ਅੱਜ ਕਛਿਹਰੇ ਦੀ ਥਾਂ ਤੇ ਲਕ ਸਾਡੇ,
ਢਿੱਲੀ ਤੰਬੀ ਤੇ ਲਟਕਦਾ ਨਾੜਾ ਹੁੰਦਾ ।
ਦੇਵੀ ਦੇਵਤੇ ਸਗਨ ਨ ਮਗਨ ਹੁੰਦੇ,
ਨਾਂ ਕੋਈ ਵੌਹਟੀ ਤੇ ਨਾਂ ਕੋਈ ਲਾੜਾ ਹੁੰਦਾ ।
ਨਾਂ ਨਲਵੇ ਦੀ ਉੱਚੀ ਲਲਕਾਰ ਹੁੰਦੀ,
ਨਾਂ ਸ਼ੇਰੇ ਪੰਜਾਬ ਦੀ ਪੁੱਛ ਹੁੰਦੀ ।
ਨਾਂ ਮਾਸਟਰ ਦਾ ਕਿਤੇ ਜ਼ਿਕਰ ਹੁੰਦਾ,
ਨਾਂ ਖੜਕ ਸਿੰਘ ਦੀ ਉੱਚੀ ਮੁਛ ਹੁੰਦੀ ।

ਕਵੀ ਨੇ ਦੇਸ਼ ਦਾ ਵਟਾਂਦਰਾ ਭੀ ਬੜਾ ਸ਼ਾਨਦਾਰ ਬਿਆਨ ਕੀਤਾ ਹੈ, ਕਸ਼ਮੀਰ ਉਤੇ ਪਾਕਿਸਤਾਨੀ ਹਮਲੇ ਵੀ ਬਿਆਨ ਕੀਤੇ ਹਨ ਤੇ ਸਮਾਜ ਦੀ ਹਰ ਬੁਰਾਈ ਨੂੰ ਬੜੀ ਦਲੇਰੀ ਨਾਲ ਆਪਣੇ ਹੀ ਹਾਸੇ ਭਿਜੇ ਢੰਗ ਨਾਲ ਚੁਰਾਹੇ ਨੰਗੀ ਕਰਕੇ ਪੇਸ਼ ਕੀਤਾ ਹੈ। ਉਸ ਊਣਾ ਤੋਲਿਆ ਹੀ ਨਹੀਂ ਕਿਉਂਜੋ ਉਹ ਤਾਂ ਕੇਵਲ ਉੜਦੀ ਧਾਰਨੀ ਤੋਲਨਾ ਹੀ ਜਾਣਾਦਾ ਸੀ।

ਭਾਈਆ ਸਾਡਾ ਅਮਰ-ਕਵੀ ਹੈ, ਅਮਰ ਰਹੇਗਾ।

ਮੁਨਸ਼ੀ ਮੌਲਾ ਬਖਸ਼ ਜੀ ‘ਕੁਸ਼ਤਾ’

ਅੱਜ ਪੰਜਾਬੀ ਵਿਚ ਗ਼ਜ਼ਲ ਜੋ ਉਰਦੂ ਗ਼ਜ਼ਲ ਨਾਲ ਮੋਢੇ ਨਾਲ ਮੋਢਾ ਖਹਿ ਕੇ ਜੋ ਚਲ ਰਹੀ ਹੈ, ਮੈਂ ਇਸ ਨੂੰ ‘ਕੁਸ਼ਤਾ' ਜੀ ਦਾ ਹੀ ਕ੍ਰਿਸ਼ਮਾ ਕਹਿ ਸਹਦਾ ਹਾਂ। ਸਭ ਤੋਂ ਪਹਿਲਾਂ ‘ਕੁਸ਼ਤਾ’ ਜੀ ਨੇ ਗਜ਼ਲ ਨੂੰ ਪੰਜਾਬੀ ਜ਼ਮੀਨ ਤੇ ਆਜ਼ਮਾਇਆ ਯਾ ਐਉਂ ਕਹਿ ਲੋ ਕਿ ਪੰਜਾਬੀ ਸਾਹਿਤ ਨੂੰ ਗਜ਼ਲ ਆਪ ਦੀ ਹੀ ਦੇਣ ਹੈ। ਪਰ ਧਨਾਢ ਨਾ ਹੋਣ ਦੇ ਕਾਰਨ “ਸ਼ਾਹੂਕਾਰਾਂ ਦੇ ਸੁਖ਼ਣ ਮਨਜ਼ੂਰ ਹੁੰਦੇ, ਸੁਖ਼ਣ ਨਹੀਂ ਮਨਜ਼ੂਰ ਗ਼ਰੀਬ ਵਾਲੇ'' ਦਾ ਪੂਰਾ ਭਾਵ ਦਰ-ਅਸਲ ਕੁਸ਼ਤਾ ਜੀ ਉਤੇ ਠੀਕ ਘਟਦਾ ਹੈ । ਜਨਾਬ ਮੌਲਾ ਬਖਸ਼ ‘ਕੁਸ਼ਤਾ’ ਸਾਹਿਬ ਦਾ ਪੰਜਾਬੀ ਵਿਚ ਐਸਾ ਉੱਚਾ ਅਸਥਾਨ ਹੈ ਕਿ ਆਮ ਕਵੀ ਆਪ ਦੇ ਮੁਕਾਬਲੇ ਵਿਚ ਖੜਾ ਵੀ ਨਹੀਂ ਹੋ ਸਕਦਾ, ਪਰ ਅਲੋਚਕਾਂ ਨੇ ਆਪ ਨੂੰ ਕਾਫੀ ਅਖੋਂ ਉਹਲੇ ਕੀਤਾ ਹੈ, ਜਿਸ ਨੂੰ ਕਲਮ ਦੀ ਬੇਇਨਸਾਫੀ ਹੀ ਕਿਹਾ ਜਾ ਸਕਦਾ ਹੈ ।

ਕੁਸ਼ਤਾ ਜੀ ਅੰਮ੍ਰਿਤਸਰ ਦੇ ਵਸਨੀਕ ਸਨ ਅਤੇ ਹਾਲ ਬਾਜ਼ਾਰ ਵਿਚ ਮਾੜੀ ਜਿਹੀ ਇਕ ਪੁਸਤਕਾਂ ਦੀ ਦੁਕਾਨ ਕਰਦੇ ਸਨ । ਪੰਜਾਬੀ ਮਾਂ-ਬੋਲੀ ਦਾ ਪਰਚਾਰ ਆਪ ਦੀ ਲਗਨ ਸੀ। ਆਪ ਨੂੰ ਦੇਸ਼ ਦੀ ਆਜ਼ਾਦੀ ਮੁਆਫਿਕ ਨਾਂ ਆਈ ਤੇ ਫਿਰਕੂ ਦੰਗਿਆਂ ਕਾਰਨ ਆਪ ਨੂੰ ਵੀ ਜਨਮ ਭੂਮੀ ਛਡ ੧੯੪੭ ਵਿਚ ਲਾਹੌਰ ਪਨਾਹ ਲੈਣੀ ਪਈ । ਆਪ ੧੯੫੪ ਵਿਚ ਫੌਤ ਹੋ ਗਏ।

੧੯੦੩ ਵਿਚ ‘ਕੁਸ਼ਤਾ’ ਜੀ ਨੇ ਆਪਣੀਆਂ ਗਜ਼ਲਾਂ ਅਤੇ ਆਮ ਸਾਹਿਤਕ ਕਵਿਤਾਵਾਂ ਦਾ ਦੀਵਾਨ ਪੰਜਾਬੀ ਸਾਹਿਤ ਨੂੰ ਭੇਂਟ ਕਰਨ ਦਾ ਮਾਨ ਪ੍ਰਾਪਤ ਕੀਤਾ। ਕੋਈ ਕਰ ਸਕਦੈ ਆਪ ਦੀ ਰੀਸ ?

ਪ੍ਰੋ: ਮੋਹਣ ਸਿੰਘ ਦਾ ਕਹਿਣਾ ਹੈ ਕਿ ‘ਕੁਸ਼ਤਾ’ ਜੀ ਦੀ ਹੈਸੀਅਤ ਐਸੇ ਪੁਲ ਵਾਂਗ ਹੈ ਜੋ ਪੁਰਾਣੀ ਰਵਾਇਤੀ ਕਵਿਤਾ ਅਤੇ ਅੰਗਰੇਜ਼ੀ ਪ੍ਰਭਾਵ ਹੇਠ ਲਿਖੀ ਨਵੀਂ ਕਵਿਤਾ ਨੂੰ ਜੋੜਦਾ ਹੈ । ‘ਕੁਸ਼ਤਾ' ਜੀ ਨੇ ਕਵਿਤਾਵਾਂ ਨਾਲੋਂ ਗਜ਼ਲਾਂ ਬਹੁਤੀਆਂ ਲਿਖੀਆਂ ਹਨ ਅਤੇ ਉਸ ਨੂੰ ਬੜੇ ਮਾਨ ਨਾਲ ਪੰਜਾਬੀ ਦਾ ਸਭ ਤੋਂ ਪਹਿਲਾ ਗਜ਼ਲ ਗੋ ਆਖ ਸਕਦੇ ਹਾਂ। ‘ਕੁਸ਼ਤਾ’ ਜੀ ਦੀ ਬੋਲੀ ਸਾਦਾ, ਸੁਥਰੀ ਤੇ ਠੇਠ ਹੈ।

‘ਕੁਸ਼ਤਾ’ ਜੀ ਕਵੀ ਦੀ ਤਸਵੀਰ ਆਪਣੀ ਚਿਤ੍ਰ-ਕਲਾ ਮੁਤਾਬਕ ਐਉਂ ਚਿਤ੍ਰਦੇ ਹਨ:

ਸ਼ਾਇਰ ਬਿਆਨ ਕਰਦਾ ਹੈ ਜਜ਼ਬੇ ਦੀ ਬਾਤ ਨੂੰ।
ਵੇਖੇ ਕਦੀ ਕਿਸੇ ਦੀ ਨਾਂ ਉਹ ਜ਼ਾਤ ਪਾਤ ਨੂੰ ।
ਰਖਦਾ ਹੈ ਨਾ ਡਰ ਟੋਏ ਦਾ, ਟਿਬੇ ਦਾ, ਖਾਲ ਦਾ ।
ਫਿਰਦਾ ਹੈ ਖਿਚਦਾ ਨਕਸ਼ਾ ਕਿਸੇ ਦੇ ਜਮਾਲ ਦਾ ।
ਖਾਧਾ ਕਿਸੇ ਨੇ ਪਾਨ ਤੇ ਮਲਿਆ ਦੰਦਾਸੜਾ,
ਸ਼ਾਇਰ ਦਾ ਕਤਲਗਾਹ ਦੇ ਵਿਚ ਹੋਇਆ ਵਾਸੜਾ ।
ਤੱਤੀ ਨਿਗਾਹ ਥੀਂ ਜੇ ਕੋਈ ਝਾਤ ਪਾ ਗਿਆ ।
ਸ਼ਾਇਰ ਦਾ ਖਿਆਲ ਪਾਣੀ ਵਿਚ ਅਗ ਲਾ ਗਿਆ ।

ਪੁਰਾਤਨ ਵਿਚਾਰਧਾਰਾ ਇਖਲਾਕ ਉਸਾਰੀ ਉਤੇ ਨਿਰਭਰ ਹੋਇਆ ਕਰਦੀ ਸੀ । ਕਦੇ ਉਚ ਇਖਲਾਕ ਰੱਬ ਸਾਮਾਨ ਮੰਨਿਆ ਜਾਂਦਾ ਸੀ ਤੇ ਇਖਲਾਕ-ਹੀਨ ਹੈਵਾਨ ਸਮਝਿਆ ਜਾਂਦਾ ਸੀ । ਅਜ ਦੇ ਜਵਾਨੀ ਵਿਚ ਅੰਨਿਆਂ ਲਈ ਵੇਖੋ ‘ਕੁਸ਼ਤਾ' ਜੀ ਕੈਸਾ ਸਿਧਾ ਰਾਹ ਉਲੀਕ ਰਹੇ ਹਨ। ਆਪ ਫਰਮਾਉਂਦੇ ਹਨ :-

ਜੌਬਨ ਹੈ ‘ਕੁਸ਼ਤਾ’ ਜਿਸ ਨੇ ਜਵਾਨੀ ਦਾ ਮਾਨਣਾ ।
ਲਾਜ਼ਮ ਹੈ ਉਸ ਦੇ ਵਾਸਤੇ ਉਸ ਗੁਰ ਦਾ ਜਾਨਣਾ।
ਮਾੜਾ ਬੜਾ ਕਿਸੇ ਨੂੰ ਛਟਣਾ ਤੇ ਛਾਨਣਾ।
ਕੰਮ ਆਉਂਦਾ ਏ ਆਪਣਾ ਈ ਚਾਨਣ ਤੇ ਚਾਨਣਾ।

ਮੌਸਮ ਬਹਾਰ ਦੇ ਬਿਆਨ ਨੂੰ ‘ਕੁਸ਼ਤਾ’ ਜੀ ਦੀ ਟਕਸਾਲੀ ਜ਼ਬਾਨ ਵਿਚ ਸੁਣੋ :-

ਫੁਲਾਂ ਦੇ ਮੂੰਹ ਤਰੇਲ ਨੇ ਧੋ ਦਿਤੇ ਆਣ ਕੇ ।
ਨਿਕਲੇ ਜੁਆਨ ਬਾਗ ਦੇ ਮੁੜ ਛਾਤੀ ਤਾਣ ਕੇ ।
ਲੀੜੇ ਹਰੇ ਦਰਖ਼ਤਾਂ ਨੇ ਪਹਿਨੇ ਸਿਆਣ ਕੇ ।
ਨਰਗਸ ਹੈ ਅਖਾਂ ਮਾਰਦੀ ਲਾਲੇ ਨੂੰ ਜਾਣ ਕੇ ।
ਮਹੂਏ ਨੇ ਪਤੀਆਂ ਦੀ ਵਜਾਈ ਏ ਬੰਸਰੀ
ਹਰ ਇਕ ਦੀ ਅਜ ਹੈ ਜੀਭ ਤੇ ਜੈ ਜੈ ਹਰੀ ਹਰੀ ।

ਫਲਾਂ ਤੇ ਫੁਲਾਂ ਦੇ ਚੌਹਲ ਤੇ ਟਟਿਹਣੇ ਦੀਆਂ ਰੰਗਰਲੀਆਂ ਨੂੰ ਵੇਖੋ ਕਿਸ ਰੂਮਾਂਚਿਕ ਢੰਗ ਨਾਲ ‘ਕੁਸ਼ਤਾ’ ਜੀ ਬਿਆਨ ਕਰ ਰਹੇ ਹਨ :-

ਕਿਆ ਲਗਦੀਆਂ ਨੇ ਸੋਹਣੀਆਂ ਵੇਖੀਂ ਵਿਚਾਰ ਨਾਲ।
ਸ਼ਾਖਾਂ ਨੇ ਝੁਕੀਆਂ ਆਣ ਕੇ ਫਲਾਂ ਦੇ ਭਾਰ ਨਾਲ।
ਕੁਛੜ 'ਚ ਲੈ ਕੇ ਆਪਣੇ ਫੁਲਾਂ ਨੂੰ ਪਿਆਰ ਨਾਲ ।
ਪਤੀਆਂ ਝੂਟਾਣ ਪੌਣ ਦੀ ਸੁੰਦਰ ਬਹਾਰ ਨਾਲ ।
ਫਿਰਦਾ ਟਟਿਹਣਾ ਲੈ ਕੇ ਹਥ ਇਕ ਲਾਲਟੈਣ ਏ
ਘਰ ਵਿਚ ਵਿਆਹ ਵਾਲੇ ਜਿਵੇਂ ਫਿਰਦੀ ਨੈਣ ਏ ।

ਆਪ ਜੀ ਦੀ ਇਕ ਬਹੁਤ ਪੁਰਾਣੀ ਗਜ਼ਲ ਦੇ ਕੁਝ ਸ਼ੇਅਰ ਪੇਸ਼ ਕਰਦਾ ਹਾਂ ਜੋ ਸਮਾਜ ਸੁਧਾਰ ਦਾ ਕਾਫੀ ਸੰਕੇਤ ਦੇਂਦੇ ਨੇ। ਆਪ ਲਿਖਦੇ ਨੇ :-

ਸਿਰਾਂ ਦੇ ਨਾਲ ਸਰਦਾਰੀ ਤੇ ਖਸਮਾਂ ਨਾਲ ਹੈ ਖੇਤੀ।
ਪਰਾਏ ਹਥੀਂ ਹੋਣੇ ਬਤੀਆਂ ਦੇ ਔਖੇ ਜੇ ਤੇਤੀ।
ਕਰੇ ਨਾ ਨਾਜ਼ ਫੁਲ ਆਪਣੇ ਸੁਹਪਣ ਵਾਸ਼ਨਾਂ ਉਤੇ ।
ਕਿ ਓੜਕ ਸੁਕ ਗਏ ਲਗ ਲਗ ਕੇ ਇਸ ਜਗ ਵਿਚ ਚਮਨ ਕੇਤੀ।
ਕਰੇਗਾ ਜੋ ਰਵਾ ਸਿਰ ਵਿਚ ਖੁਦੀ ਦੀ ਬੁਲਬਲਾ ਆਪਣੇ,
ਰਗੜ ਦੇਵੇਗੀ ਛਲ ਦਰਿਆ ਦੀ ਬਣ ਕੇ ਆਣ ਰੇਤੀ।
ਤਮੱਨਾ ਹੈ ਕਿ ਆਪਣੀ ਜਾਨ ਤੋਂ ਹੱਥ ਧੋ ਲਵੇ ‘ਕੁਸ਼ਤਾ’।
ਕਹੇ ਕਾਤਲ ਨੂੰ ਪਾਣੀ ਦੇਹ ਜ਼ਰਾ ਤਲਵਾਰ ਦਾ ਛੇਤੀ ।

ਆਪਣੀ ਕਵਿਤਾ ਬਾਰੇ ‘ਕੁਸ਼ਤਾ' ਜੀ ਐਉਂ ਅਸ਼ਾਰਾ ਕਰ ਗਏ ਹਨ :

ਦਮਾਗ 'ਚੋਂ ਬਿਆਨ ਉਤਰੇ ਪ੍ਰੇਮ ਬਾਨ ਬਣ ਜਾਏ ।
ਦਿਲੋਂ ਆਵਾਜ਼ ਜੋ ਉਠੇ, ਅਲਾਹੀ ਗਿਆਨ ਬਣ ਜਾਏ ।
ਸੁਖਨ ਨਿਕਲੇ ਜੋ ਜ਼ਬਾਂ ਥੀਂ, ਹੀਰਿਆਂ ਦੀ ਖਾਨ ਬਣ ਜਾਏ ।
ਮੇਰੇ ਮਜ਼ਮੂਨ ਦਾ ਹਰ ਰੰਗ ਰੱਬੀ ਸ਼ਾਨ ਬਣ ਜਾਏ ।

ਕਿਸੇ ਦੇ ਦੁੱਖ ਨੂੰ ‘ਕੁਸ਼ਤਾ’ ਜੀ ਆਪਣਾ ਦੁੱਖ ਸਮਝਦੇ ਹਨ ਤੇ ਦੂਜੇ ਦਾ ਦਰਦ ਵੇਖੋ ਕਿਵੇਂ ਵੰਡਾਂਦੇ ਹਨ :-

ਕਿਸੇ ਦੇ ਅਥਰੂ ਜਦ ਕਿਰਨ ਤੇ ਦਰਯਾ ਵਗਾ ਦੇਵਾਂ ।
ਕੋਈ ਹੌਕਾ ਭਰੇ ਜੇ, ਅੱਗ ਅਸਮਾਨਾਂ ਨੂੰ ਲਾ ਦੇਵਾਂ ।

ਅੱਧੀ ਸਦੀ ਤੋਂ ਵਧ ਪੰਜਾਬੀ ਦੀ ਅਨਥਕ ਤੇ ਨਿਸ਼ਕਾਮ ਸੇਵਾ ਕਰਨ ਮਗਰੋਂ, ਪੰਜਾਬੀ ਪ੍ਰੀਤਵਾਨਾਂ ਦਾ ਰੰਗ ਢੰਗ ਦੇਖਦੇ ਹੋਏ, ਆਪਣੇ ਜ਼ਿੰਦਗੀ ਦੇ ਅੰਤਲੇ ਮੋੜ ਤੇ ‘ਕੁਸ਼ਤਾ’ ਜੀ ਬੜੀ ਮਾਯੂਸੀ ਵਿਚ ਆ ਆਪਣੇ ਮਨ ਨਾਲ ਬੜੀ ਦਿਲ-ਚੀਰਵੀਂ ਐਉਂ ਗਲ ਕਰਦੇ ਨੇ :-

ਗੁਜ਼ਾਰੀ ਉਮਰ ਪੰਜਾਬੀ ਦੀ ‘ਕੁਸ਼ਤਾ' ਕਰਦਿਆਂ ਸੇਵਾ।
ਖੁਦਾ ਜਾਣੇ ਮਿਲੇਗਾ ਮੈਨੂੰ ਇਸ ਸੇਵਾ ਦਾ ਕੀ ਮੇਵਾ।

ਕੀ ਇਹ ਸਮੁਚੇ ਪੰਜਾਬੀ ਜਗਤ ਲਈ ਚੁਨੌਤੀ ਨਹੀਂ ?

ਬਾਬੂ ਫੀਰੋਜ਼ਦੀਨ ਜੀ ‘ਸ਼ਰਫ਼’

ਪ੍ਰਸਿਧ ਦੇਸ਼ ਭਗਤ, ਸੰਸਾਰ ਪ੍ਰਸਿਧ ਕਾਵਿਤ੍ਰੀ, ਆਜ਼ਾਦ ਭਾਰਤ ਦੀ ਪਹਿਲੀ ਗਵਰਨਰ ਇਸਤਰੀ, ਸ੍ਰੀਮਤੀ ਸਰੋਜਨੀ ਨੈਡੋ ਜੀ, ਜੋ ਆਲ ਇੰਡੀਆ ਨੈਸ਼ਨਲ ਕਾਂਗਰਸ ਦੀ ਇਕੋ ਇਕ ਦੇਵੀ ਪ੍ਰਧਾਨ ਵੀ ਰਹੀ, ਨੂੰ ‘ਬੁਲਬਲੇ ਹਿੰਦ' ਦਾ ਦੇਸ਼-ਵਾਸੀਆਂ ਨੇ ਖ਼ਤਾਬ ਦੇ ਰੱਖਿਆ ਸੀ। ਇਸ ਵਿਚ ਤਾਂ ਸ਼ਕ ਕੋਈ ਨਹੀਂ ਮਿਸਿਜ਼ ਸਰੋਜਨੀ ਨੈਡੋ ਦਾ ਮੁਕਾਬਲਾ ਕਿਸੇ ਵੀ ਕਵੀ ਨਾਲ ਨਹੀਂ ਕੀਤਾ ਜਾ ਸਕਦਾ ਪਰ ਪੰਜਾਬੀਆਂ ਨੂੰ ਵੀ ਇਹ ਮਾਨ ਜ਼ਰੂਰ ਹੈ ਕਿ ‘ਸ਼ਰਫ਼’ ਨੂੰ ‘ਪੰਜਾਬੀ ਬੁਲਬੁਲ' ਕਰਕੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਸਤਿਕਾਰਿਆ।

‘ਸ਼ਰਫ਼' ਨੂੰ ਜ਼ਬਾਨ ਉਤੇ ਬਹੁਤ ਕਾਬੂ ਸੀ ਅਤੇ ਉਸਦੀ ਕਵਿਤਾ ਪੜ੍ਹਣ ਦੀ ਅਦਾ ਦਾ ਕਹਿਣਾ ਹੀ ਕੀ । ਸਟੇਜ ਉਤੇ ਪੂਰੀ ਤਰ੍ਹਾਂ ਛਾ ਜਾਂਦਾ ਸੀ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦੇਂਦਾ ਸੀ। ਉਹਦੇ ਜੈਸੀ ਜਾਦੂ ਬਿਆਨੀ ਨਾਂ ਉਹਦੇ ਆਪਣੇ ਸਮੇਂ ਤੋਂ ਨਾਂ ਹੁਣ ਤਕ ਕਦੇ ਵੇਖੀ ਸੁਣੀ ਗਈ ਹੈ । ਉਸ ਨੂੰ ਇਕ ਵਾਰੀ ਨਹੀਂ, ਕਈ ਵਾਰੀ ਕਿਹਾ ਸੀ ਕਿ ਜੇ ਤੇਰੀ ਕਵਿਤਾ ਕਦੇ ਵਾਰਿਸ ਸੁਣ ਲੈਂਦਾ ਤਾਂ ਵਜਦ ਵਿਚ ਆ ਨੱਚ ਖਲੋਂਦਾ ।

ਖੁਦਦਾਰੀ ਦੇ ਖੇਤ੍ਰ ਵਿਚ ‘ਸ਼ਰਫ਼ੱ ਜੈਸਾ ਖੁਦਦਾਰ ਕਵੀ ਮੈਂ ਅਜ ਤਕ ਨਹੀਂ ਡਿੱਠਾ।ਮੌਜੀ ਦੇ ਮਾਲਕ ਤੇ ਐਡੀਟਰ ਸ੍ਰ: ਚਰਨ ਸਿੰਘ ਜੀ ‘ਸ਼ਹੀਦ’ ਨੇ ‘ਸ਼ਰਫ਼' ਨੂੰ ਦਿੱਲੀ ਦੇ ਇਕ ਧਨਾਡ ਦੇ ਨਾਮ ਚਿੱਠੀ ਦਿਤੀ ਕਿ 'ਸ਼ਰਫ਼' ਆਪਣੀਆਂ ਸਿੱਖੀ ਉਤੇ ਲਿਖੀਆਂ ਧਾਰਮਕ ਕਵਿਤਾਵਾਂ ਨੂੰ ਪੁਸਤਕ ਦਾ ਰੂਪ ਦੇਣਾ ਚਾਹੁੰਦਾ ਹੈ, ਇਹਦੀ ਮੱਦਦ ਕਰਕੇ ਇਹਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ। ੧੯੩੦-੩੧ ਦਾ ਸਮਾਂ ਸੀ ਜਦ ਵਧੀਆ ਕਾਗਜ਼ ਪੰਜ ਕੁ ਰੁਪਏ ਰਿਮ ਹੁੰਦਾ ਸੀ। ਇਕ ਹਜ਼ਾਰ ਕਾਪੀ ਉਤੇ ਲਗ ਪਗ ਦੋ ਕੁ ਸੌ ਰੁਪਏ ਮਸਾਂ ਲਾਗਤ ਆਉਂਦੀ ਸੀ। ਧਨੀ ਪੁਰਸ਼ ਨੇ ‘ਸ਼ਰਫ਼ੱ ਨਾਲ ਬਹੁਤਾ ਰੁੱਖਾ ਸਲੂਕ ਕੀਤਾ। ਅੰਮ੍ਰਿਤਸਰ ਤੋਂ ਦਿੱਲੀ ਦਾ ਰੇਲ ਦਾ ਤੀਜੇ ਦਰਜੇ ਦਾ ਕਰਾਇਆ ਭੀ ਕੋਈ ਦੋ ਢਾਈ ਰੁਪਏ ਹੀ ਉਨ੍ਹਾਂ ਦਿਨਾਂ ਵਿਚ ਹੁੰਦਾ ਸੀ । ਐਸ. ਐਸ. ਚਰਨ ਸਿੰਘ ਹੋਰਾਂ ਕਿਹਾ ਸੀ ਕਿ ਦਾਨੀ ਵੀਰ ਉਹਦੀ ਰਜਵੀਂ ਸੇਵਾ ਕਰੇਗਾ। ਸੋ ਉਹ ਸ਼ੇਖ਼ਚਿਲੀ ਵਾਂਗ ਬੜੀਆਂ ਆਸਾਂ ਲੈ ਕੇ ਆਇਆ ਸੀ, ਖਾਲੀ ਹਥ ਮੁੜਣ ਜੋਗਾ ਵੀ ਨਾਂ ਰਿਹਾ ਕਿਉਂਕਿ ਉਹਦੇ ਕੋਲ ਵਾਪਸੀ ਕਰਾਇਆ ਨਹੀਂ ਸੀ। ਉਸ ਲੋਈ ਲਾ, ਧਨੀ ਸੂਰਬੀਰ ਦੇ ਚਪੜਾਸੀ ਕੋਲੋਂ ਪੰਜ ਰੁਪਏ ਹੁਦਾਰੇ ਲਏ ਤੇ ਜਦ ਵਾਪਸੀ ਤੇ ਚਾਂਦਨੀ ਚੌਕ ਵਿਚੋਂ ਸਟੇਸ਼ਨ ਨੂੰ ਲੰਘ ਰਿਹਾ ਸੀ ਤਾਂ ਕੁਝ ਸਿੰਘਾਂ ਨੇ ‘ਸ਼ਰਫ਼’ ਨੂੰ ਪਛਾਣ ਕੇ ਗੁਰਦਵਾਰੇ ਸੀਸ ਗੰਜ ਸਾਹਿਬ ਵਿਚ ਕਵਿਤਾ ਸੁਣਾਨ ਲਈ ਰਾਜ਼ੀ ਕਰ ਲਿਆ।

ਸ਼ਾਮ ਦੇ ਦੀਵਾਨ ਵਿਚ ਇਤਫਾਕਨ ਰਈਸੇ ਆਜ਼ਮ ਸਾਹਿਬ ਵੀ ਆ ਨਿਕਲੇ । ਸ਼ਰਫ਼ ਦੀ ਕਵਿਤਾ ਸੁਣ ਖੁਸ਼ ਹੋ ਆਪ ਨੇ ੫੧ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ‘ਸ਼ਰਫ਼’ ਨੇ ਭਰੇ ਦੀਵਾਨ ਵਿਚ ਬੜੀ ਆਜਜ਼ੀ ਨਾਲ ਸ੍ਰਦਾਰ ਸਾਹਿਬ ਦੀ ਭੇਟਾ ਲੈਣ ਤੋਂ ਸਾਫ ਇਨਕਾਰ ਕਰ ਦਿਤਾ। ਸੰਗਤ ਹੈਰਾਨ ਕਿ ਏਨੀ ਵੱਡੀ ਰਕਮ (ਉਸ ਸਮੇਂ ੫੧ ਰੁਪਏ ਬਹੁਤ ਭਾਰੀ ਰਕਮ ਹੁੰਦੀ ਸੀ) ਇਹ ਕਵੀ ਲੈਣ ਤੋਂ ਇਨਕਾਰ ਕਰ ਰਿਹਾ ਹੈ।

ਅੰਮ੍ਰਿਤਸਰ ਪੁਜ ਸ਼ਰਫ਼ ਨੇ ਸਾਰੀ ਸਾਖੀ ‘ਸ਼ਹੀਦ’ ਜੀ ਨੂੰ ਸੁਣਾਈ ਤੇ ਉਨ੍ਹਾਂ ਪੰਜ ਰੁਪਏ ਲੈ ਕੇ ਦਿੱਲੀ ਤੁਰੰਤ ਮਨੀਆਰਡਰ ਕਰਵਾ ਦਿਤੇ। ਸ੍ਰਦਾਰ ਸਾਹਿਬ ਆਪਣੇ ਦਫਤਰ ਦੀ ਡਾਕ ਆਪ ਖੁਦ ਡਾਕੀਏ ਕੋਲੋਂ ਲਿਆ ਕਰਦੇ ਸਨ । ਮਨੀਆਰਡਰ ਉਤੇ ਭੇਜਣ ਵਾਲੇ ਦਾ ਨਾਮ ਵੇਖ ਆਪਣੇ ਕਰਿੰਦੇ ਨੂੰ ਬੁਲਾ ਕੇ ਪੁਛਣ ਲਗੇ ਕਿ ਇਹ ਪੰਜ ਰੁਪਏ ਕਹੇ ? ਤੇ ਅਗੋਂ ਉਸ ਜਵਾਬ ਦਿਤਾ ਕਿ ਜਨਾਬ ਉਹਦੇ ਕੋਲ ਵਾਪਸ ਜਾਣ ਲਈ ਕਰਾਇਆ ਵੀ ਨਹੀਂ ਸੀ । ਜਵਾਬ ਸੁਣਦਿਆਂ ਹੀ ਉਸ ਸਰਦਾਰ ਜੀ ਨੇ ‘ਸ਼ਹੀਦ’ ਨੂੰ ਪਤਰ ਲਿਖਿਆ ਕਿ ਉਹ ਸ਼ਰਫ਼ ਨੂੰ ਸਮਝ ਨਾਂ ਸਕਿਆ, ਖਿਮਾ ਕਰਨਾ ।

ਦਰਅਸਲ ‘ਸ਼ਰਫ਼' ਨੂੰ ਸਮਝ ਤਾਂ ਹੁਣ ਵੀ ਬਹੁਤੇ ਪ੍ਰੋਫੈਸਰ ਸਾਹਿਬਾਨ ਨਹੀਂ ਸਕੇ। ਪਰ ‘ਸ਼ਰਫ਼’ ਨੂੰ ਜੋ ਸ਼ਰਫ਼ ਹਾਸਿਲ ਸੀ ਉਹ ਰੱਬ ਵਲੋਂ ਹੀ ਸੀ, ਇਨਸਾਨ ਦਾ ਦਿਤਾ ਨਹੀਂ ਸੀ।

ਰਾਵਲਪਿੰਡੀ ਵਿਚ ਇਕ ਕਵੀ ਦਰਬਾਰ ਉਤੇ ਸ਼ਰਫ਼ ਆਇਆ ਤੇ ਮੇਰੇ ਕੋਲ ਠਹਿਰਿਆ। ਕਹਿਣ ਲਗਾ ਮੋਹਨ ਸਿੰਘ ਹੁਣ ਪੰਜਾਬੀ ਸਾਹਿਤ ਦਾ ਰੁਸਤਮੇ ਹਿੰਦ ਬਣ ਚੁਕਾ ਹੈ । ਉਹਦਾ ਕੋਈ ਮੁਕਾਬਲਾ ਨਹੀਂ। ਮੈਂ ਕੁਝ ਕਵੀਆਂ ਦੇ ਨਾਮ ਲਏ ਤੇ ਉਹ ਅਗੋਂ ਹਸਕੇ ਬੋਲਿਆ : "ਛਡ ਯਾਰ ਮੋਹਨ ਸਿੰਘ ਦਾ ਕੀ ਮੁਕਾਬਲਾ? ਤੂੰ ਉਹਦੀ ‘ਸਿੰਧਣ’ ਕਵਿਤਾ ਸੁਣੀ ਏ? ਜਦ ਮੈਂ ਸੁਣੀ ਫੇਰ ਉਸ ਦਿਨ ਮੇਰੀਆਂ ਦੋ ਨਮਾਜ਼ਾਂ ਕਜ਼ਾ ਹੋ ਗਈਆਂ । ਜਦ ਸਜਦੇ ਵਿਚ ਜਾਵਾਂ ਸਿੰਧਣ ਸਾਹਮਣੇ ਆ ਖੜੀ ਹੋਵੇ।”

ਮੈਂ ਸਿੰਧਣ ਕਵਿਤਾ ਤਾਂ ਨਹੀਂ ਸੁਣੀ ਕਿਉਂਕਿ ਉਹ ਉਹਦੀ ਉਸ ਸਮੇਂ ਕੋਈ ਸਜਰੀ ਕਵਿਤਾ ਸੀ ਜੋ ਉਸ ਅੰਮ੍ਰਿਤਸਰ ਹੀ ਖਾਲਸਾ ਕਾਲਜ ਦੀ ਪ੍ਰੋਫੈਸਰੀ ਦੇ ਦਿਨਾਂ ਵਿਚ ਲਿਖੀ ਸੀ, ਪਰ ਚੂੰਕਿ ਆਮ ਕਵੀ ਇਕ ਦੂਜੇ ਦੀ ਈਰਖਾ ਵਾਲੇ ਹੀ ਹੁੰਦੇ ਨੇ, ‘ਸ਼ਰਫ਼’ ਮੂੰਹੋਂ ਮੋਹਨ ਸਿੰਘ ਦੀ ਇਸ ਕਦਰ ਮਹਾਨ ਤਾਰੀਫ ਸੁਣ ਮੈਂ ‘ਸ਼ਰਫ਼ੱ ਦੀ ਦਰਿਆ ਦਿਲੀ ਦਾ ਕਾਇਲ ਹੋ ਗਿਆ।

‘ਸ਼ਰਫ਼’ ਜਨਮ ਤੋਂ ਮੁਸਲਮਾਨ ਜ਼ਰੂਰ ਸੀ ਪਰ ਗੁਰੂ ਘਰ ਉਤੇ ਉਸ ਨੇ ਇਕ ਤੋਂ ਇਕ ਚੜ੍ਹਦੀ ਕਵਿਤਾ ਲਿਖੀ ਹੈ। ਗੁਰੂ ਨਾਨਕ ਸਾਹਿਬ ਬਾਰੇ ੱਸ਼ਰਫੱ ਦੇ ਮੋਤੀ ਪਰੋਏ ਹੋਏ ਵੇਖੋ :

ਸ਼ਿਵਜੀ ਆਪ ਲਪੇਟ ਕੇ ਲਿਟਾਂ ਅੰਦਰ,
ਹਥੀਂ ਆਪਣੀ ਸੱਪਾਂ ਦੀ ਥਾਂ ਕੀਤੀ ।
ਤੈਨੂੰ ਸੁਤਿਆਂ ਆਈ ਏ ਧੁੱਪ ਕਿਧਰੇ,
ਤੇਰੇ ਸਿਰ ਤੇ ਸੱਪਾਂ ਨੇ ਛਾਂ ਕੀਤੀ ।

ਮਲਕ ਭਾਗੋ ਦੀ ਸਾਖੀ ਵੇਖੋ ਕਿਸ ਜਜ਼ਬੇ ਨਾਲ ਬਿਆਨ ਕਰਦਾ ਹੈ। ਦੋ ਸਤਰਾਂ ਵਿਚ ਵਲੀ ਕੰਧਾਰੀ ਦਾ ਅਤੇ ਮਾਇਆ ਜਾਲ ਵਿਚ ਫਸੇ ਹੋਏ ਸਰਮਾਏਦਾਰ ਦਾ ਨਜ਼ਾਰਾ ਪੇਸ਼ ਕਰ ਜਾਣਾ ਕੇਵਲ ‘ਸ਼ਰਫ਼' ਦਾ ਹੀ ਕਮਾਲ ਕਿਹਾ ਜਾ ਸਕਦੈ । ਉਹ ਲਿਖਦੇ :

'ਭਰੀ ਹਕ ਦੀ ਵੇਖ ਨਿਗਾਹ ਤੇਰੀ,
ਲਹੂ ਦੁੱਧ ਵਗਾਂਦੀਆਂ ਰੋਟੀਆਂ ਸਨ ।
ਪੰਜੇ ਨਾਲ ਪਹਾੜਾਂ ਨੂੰ ਡਕ ਦੇਣਾ,
ਇਹ ਕਰਾਮਾਤਾਂ ਤੇ ਛੋਟੀਆਂ ਛੋਟੀਆਂ ਸਨ ।

‘ਸ਼ਰਫ਼' ਦੀ ਪੁਸਤਕ ‘ਸੁਨਿਹਰੀ ਕਲੀਆਂ' ਵੈਸੇ ਸਾਰੀ ਧਾਰਮਕ ਕਵਿਤਾਵਾਂ ਦੀ ਬਹੁਮੁੱਲੀ ਸਿੱਖ ਪੰਥ ਨੂੰ ਸੁਗਾਤ ਹੈ ਪਰ ਦਸਮੇਸ਼ ਪਿਤਾ ਦੇ, ਜੋ ਇਹ ਅਲਬੇਲਾ ਕਵੀ, ਨੈਣ ਚਿਤ੍ਰਦਾ ਹੈ, ਉਹ ਦੂਜਾ ਹੋਰ ਪ੍ਰਮਾਤਮਾ ਪੈਦਾ ਹੀ ਨਹੀਂ ਕੀਤਾ ਕਿ ਇਹਦੇ ਸਾਂਵੇਂ ਖੜਾ ਹੋ ਸਕੇ । ਕਿਸ ਕਦਰ ਸ਼ਰਧਾ ਹੋਵੇਗੀ ਇਹਦੇ ਦਿਲ ਵਿਚ ਗੁਰੂ ਕਲਗੀਧਰ ਪਿਤਾ ਦੀ ਜਿਸ ਐਉਂ ਦੋ ਜਹਾਨ ਵਾਲੀ ‘ਬਾਦਸ਼ਾਹ ਦਰਵੇਸ਼' ਦੇ ਨੈਣਾਂ ਦੀ ਝਲਕ ਨੂੰ ਪੇਸ਼ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖਸੀਅਤ ਨੂੰ ਤੇ ਸੁੱਚੀ ਤੇ ਉੱਚੀ ਪੈਗੰਬਰੀ ਨੂੰ ਸਮਝਣ ਲਈ ‘ਸ਼ਰਫ਼' ਦੀਆਂ ਇਹ ਦੋ ਲਾਈਨਾਂ ਬਹੁਤ ਕਾਫੀ ਹਨ। ਉਹ ਕਹਿੰਦਾ ਹੈ :

ਇਕ ਚੋਂ ਵਹਿਣ ਸੋਮੇਂ,
ਇਕ ਚੋਂ ਨਿਕਲਣ ਲਾਟਾਂ,
ਤੇਰੇ ਨੈਣਾਂ ਵਿਚ ਦੋਹਾਂ ਦਾ ਮੇਲ ਤਕਿਆ ।

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਭੀ ‘ਸ਼ਰਫ਼’ ਆਪਣੇ ਹੀ ਅਨੋਖੇ ਸ਼ਰਧਾਲੂ ਢੰਗ ਨਾਲ ਐਉਂ ਪੇਸ਼ ਕਰਦਾ ਹੈ :-

ਤਤੀ ਲੋਹ ਤੇ ਬੈਠਾ ਸੀ ਗੁਰੂ ਅਰਜਨ,
ਕਿਉਂ ਜੋ ਜਗਤ ਦੀ ਤਪਤ ਮਿਟਾਵਣੀ ਸੀ ।

ਯਾ

ਗੁਰੂ ਅਰਜਨ ਸਾਮਾਨ ਜੋਗੀ ਨਾਂ ਜਹਾਨ ਦਿਸੇ,
ਤਪੇ ਤਪ ਜਿਹੜਾ ਤਪਦੀ ਲੋਹ ਉਤੇ ।

ਦਰਬਾਰ ਸਾਹਿਬ ਅੰਮ੍ਰਿਤਸਰ ਦੀ ਉਸਤੱਤ ਜੋ ‘ਸ਼ਰਫ਼' ਕਰ ਗਿਆ ਹੈ, ਕੀ ਕਿਸੇ ਕਵੀ ਨੇ ਯਾ ਲੇਖਕ ਨੇ ਕਰਨੀ ਹੈ । ਉਹ ਬੜੇ ਵਜਦ ਵਿਚ ਆ ਕੇ ਲਿਖਦਾ ਹੈ :

ਹਥੋਂ ਜਾਂਦੈ ਸਵਰਗ ਤਾਂ ਪਿਆ ਜਾਵੇ,
ਭਾਵੇਂ ਜਾਣ ਵੀ ਲਬਾਂ ਤੇ ਅੜੀ ਰਹਵੇ ।
ਜਿਥੇ ਜੋੜੇ ਉਤਾਰਦੇ ਹਨ ਦਰਸ਼ਕ,
ਪਰ ਉਹ ਨਿਗਾਹ ਅੰਦਰ ਤੇਰੀ ਬੜੀ ਰਹਵੇ ।

ਸਿਰੀਨਗਰ-ਕਸ਼ਮੀਰ ਵਿਚ ਇਕ ‘ਛਟੀ ਪਾਤਸ਼ਾਹੀ' ਦਾ ਗੁਰਦਵਾਰਾ ਹੈ, ਜਿਸ ਵਿਚ ਮਾਤਾ ਭਾਗ ਭਰੀ ਜੀ ਦੀ ਸਮਾਧ ਵੀ ਹੈ ਜੋ ਚੋਜੀ ਪ੍ਰੀਤਮ ਦੀ ਕਸ਼ਮੀਰ ਯਾਤਰਾ ਦੀ ਸਾਖੀ ਹਰ ਆਏ ਗਏ ਗੁਰਸਿੱਖ ਨੂੰ ਆਪ ਮੂੰਹੋਂ ਬੋਲ ਬੋਲ ਸੁਣਾਂਦੀ ਹੈ। ਮਾਤਾ ਜੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਅੰਨਨ ਭਗਤ ਸਨ ਤੇ ਦਿਨੇਂ ਰਾਤ ਮੀਰੀ ਪੀਰੀ ਦੀ ਯਾਦ ਵਿਚ ਡੁੱਬੇ ਰਹਿੰਦੇ ਸਨ। ‘ਸ਼ਰਫ਼' ਨੇ ਇਕ ਬੜੀ ਲੰਬੀ ਵਲਵਲਾ ਅੰਗੇਜ਼ ਕਵਿਤਾ ਵਿਚ ਉਹ ਇਤਿਹਾਸ ਪੇਸ਼ ਕੀਤਾ ਹੈ।

ਦਸਿਆ ਜਾਂਦਾ ਹੈ ਕਿ ਬਿਰਧ ਮਾਤਾ ਜੀ ਨੇ ਇਕ ਸੂਤ ਦਾ ਰੇਜਾ ਤਿਆਰ ਕਰਨ ਲਈ ਆਪਣੀ ਹਥੀਂ ਚਰਖਾ ਕਤਣਾ ਸ਼ੁਰੂ ਕੀਤਾ ਤੇ ਇਕ ਇਕ ਤੰਦ ਨਾਲ ਗੁਰੂ ਜੀ ਦਾ ਸਿਮਰਣ ਕਰਦੇ ਰਹਿਣਾ ਉਸ ਆਪਣਾ ਨਿਤਨੇਮ ਬਣਾ ਲਿਆ।

ਮਾਈ ਭਾਗਭਰੀ ਦੇ ਉਸ ਚਰਖੇ ਦੀ ਉਪਮਾ ਵੇਖੋ ‘ਸ਼ਰਫ਼' ਕਿਵੇਂ ਸਿੱਖੀ ਭਾਵਨਾ ਨਾਲ ਦਰਸਾਂਦਾ ਹੈ :

ਸੂਤ ਕਤਦੀ ਵੇਖੀ ਇਕ ਮਾਈ ਬੁੱਢੀ,
ਜੀਹਦੇ ਛੋਪੇ ਅਚਰਜ ਭੰਡਾਰ ਦੇ ਸਨ ।
ਉਹਦਾ ਚਰਖਾ ਵੀ ਨਾਨਕੀ ਘਾੜ ਦਾ ਸੀ,
ਕੋਕੇ ਠੁਕੇ ਵਿਚ ਇਕ ਓਅੰਕਾਰ ਦੇ ਸਨ।
ਲਠ, ਲਗਰ, ਤੇ ਬੈੜ ਸੀ ਸਿਦਕ ਵਾਲਾ,
ਮੁੰਨੇ, ਗੁਡੀਆਂ, ਫਰ੍ਹੀ, ਪਿਆਰ ਦੇ ਸਨ।
ਕੀਤਾ ਹੋਇਆ ਸੀ ਤਕਲਾ ਰਾਸ ਐਸਾ,
ਜਲਵੇ ਜਾਪਦੇ ਵਿਚ ਕਰਤਾਰ ਦੇ ਸਨ।
ਹਰ ਹਰ ਗੇੜ ਦੇ ਨਾਲ ਇਹ ਗਾਉਂਦੀ ਸੀ ।
'ਅੜੀ ਖੜੀ ਏ ਲਬਾਂ ਤੇ ਜਾਨ ਪਿਆਰੇ ।
ਛੇਤੀ ਪਹੁੰਚ ਕੇ ਦਾਸੀ ਨੂੰ ਦਰਸ ਬਖਸ਼ੋ,
ਹਰਿ ਗੋਬਿੰਦ ਪਿਆਰੇ, ਹਰਿ ਗੋਬਿੰਦ ਪਿਆਰੇ ।'
ਧਾਗਾ ਮਾਹਲ ਦਾ ਆਰਤੀ ਕਰ ਕਰ ਕੇ,
ਹੈ ਸੀ ਇਸ ਤਰਾਂ ਦੀ ਘੂੰ ਘੂੰ ਕਰਦਾ।
ਪਿਛਲੀ ਰਾਤ ਨੂੰ ਉਠ ਦਰਵੇਸ਼ ਰੱਬੀ,
ਹੋਏ ਜਿਸ ਤਰਾਂ ਕੋਈ ਤੂੰ ਤੂੰ ਕਰਦਾ ।

ਅਤੇ ਭਾਗ ਭਰੀ ਦਾ ਗੁਰੂ-ਮਿਲਾਪ ਦਾ ਨਜ਼ਾਰਾ ਤੇ ਮੀਰੀ-ਪੀਰੀ ਦੇ ਮਾਲਕ ਦੀ ਅਤਿਅੰਤ ਰਹਿਮਤ ਨੂੰ ਇਹ ‘ਸ਼ਰਫ਼' ਦਾ ਹੀ ਕਮਾਲ ਹੈ ਕਿ ਇਕੋ ਬੰਦ ਵਿਚ ਪੇਸ਼ ਕਰ ਜਾਣਾ।

ਭਗਤ ਅਤੇ ਭਗਵਾਨ ਦੇ ਮਿਲਾਪ ਦਾ ਨਜ਼ਾਰਾ ਵੇਖੋ ਕਿਹਾ ਮੂਰਤੀਮਾਨ ਕੀਤਾ ਹੈ :

ਅੰਤ ਆਣ ਕੇ ਮਿਹਰ ਕਰਤਾਰ ਕੀਤੀ,
ਭਾਗ ਭਰੀ ਦੇ ਭਾਗ ਭੀ ਹਸ ਪਏ ।
ਠੁਮ ਨੁਮ ਗੁਰੂ ਜੀ ਵਿਹੜੇ ਵਿਚ ਵੜੇ ਆ ਕੇ,
ਛਮ ਛਮ ਮੀਂਹ ਉਪਕਾਰ ਦੇ ਵਸ ਪਏ।
ਏਧਰ ‘ਚਰਨ ਰਕਾਬ' ਚੋਂ ਗਏ ਚੁੰਮੇ,
ਓਧਰ ਦੁੱਖ ਵਿਛੋੜੇ ਦੇ ਨੱਸ ਗਏ ।
ਹੰਝੂ ਨਿਕਲ ਕੇ ਮਾਈ ਦੇ ਦੋ ਨਾਲੇ,
ਹੈ ਸਨ ਗੁਰਾਂ ਦੇ ਗਾਉਂਦੇ ਜੱਸ ਪਏ ।
ਮੋਤੀ ਟੁੱਟਦੇ ਵੇਖ ਕੇ ਸਿਦਕ ਵਾਲੇ,
ਵੇਖੋ ਮੁਲ ਇਹ ਸਚੀ ਸਰਕਾਰ ਦਿਤਾ ।
ਸਿਰ ਸਦਕਾ ਉਹਦੇ ਦੋ ਹੰਝੂਆਂ ਦਾ,
ਸਾਰਾ ਦੇਸ਼ ਕਸ਼ਮੀਰ ਦਾ ਤਾਰ ਦਿਤਾ ।

‘ਸ਼ਰਫ਼' ਦੀਆਂ ਸਾਹਿਤਿਕ ਕਵਿਤਾਵਾਂ ਅਮਰ ਹਨ। ਉਹਦੀ ਸ਼ੈਲੀ, ਉਹਦਾ ਜਬਾਨ ਤੇ ਕਾਬੂ, ਉਹਦੀਆਂ ਤਸ਼ਬੀਹਾਂ, ਦਿਲ ਉਤੇ ਪੂਰਾ ਅਸਰ ਛਡਦੀਆਂ ਹਨ। ਪ੍ਰੇਮਕਾ ਦੇ ਕੇਸ ਵੇਖੋ ਕਿਸ ਕਲਾਮਈ ਢੰਗ ਨਾਲ ਪੇਸ਼ ਕਰਦਾ ਹੈ :

ਕਾਲੇ ਕਾਲੇ ਨਾਗ ਮੈਨੂੰ ਤਰਦੇ ਵਖਾਈ ਦਿੱਤੇ,
ਉਹਨੇ ਜਦੋਂ ਪਾਣੀ ਵਿਚੋਂ ਆਪਣੇ ਨਿਤਾਰੇ ਕੇਸ ।
ਮੋਤੀ ਓਦੋਂ ਵਸ ਗਏ ਉਹ, ਜਿਹੜੇ ਕਿਤੋਂ ਲਭਦੇ ਨਹੀਂ,
ਛੰਡੇ ਤੇ ਨਚੋੜ ਜਦੋਂ ਉਸ ਨੇ ਸਵਾਰੇ ਕੇਸ ।
ਇਸ਼ਕ-ਪੇਚਾ ਸਰੂ ਉਤੇ ਜਿੱਦਾਂ ਚੜ੍ਹ ਜਾਂਵਦਾ ਏ
ਲਗਰ ਜਹੇ ਕਦ ਉਤੇ ਦੇਂਦੇ ਤਿਉਂ ਨਜ਼ਾਰੇ ਕੇਸ ।
ਪੁੱਛਿਆ ਮੈਂ ਬਦਲਾਂ ਵਿਚ ਚੰਦ ਕਿਦਾਂ ਆਉਂਦਾ ਏ,
ਝਟ ਪਟ ਮੁਖੜੇ ਤੇ ਉਸਨੇ ਖਲਾਰੇ ਕੇਸ ।

‘ਤਰੇਲ ਤੁਬਕੇ ਦਾ ਸੁਫਣਾ’ ‘ਸ਼ਰਫ਼’ ਦੀ ਇਕ ਬਹੁਤ ਉਚ ਉਡਾਰੀ ਵਾਲੀ ਕਵਿਤਾ ਹੈ । ਇਹ ਕਵਿਤਾ ਕਦੇ ਸੁਕਰਾਤ ਸੁਣ ਸਕਦਾ ਤੇ ਸ਼ਬਨਮ ਦੀ ਫਿਲਾਸਫੀ ਉਤੇ ਪੂਰਾ ਦਫਤਰ ਲਿਖ ਜਾਂਦਾ । ਵੰਨਗੀ ਵੇਖੋ :

ਡਿਠਾ ਚੋਆ ਤਰੇਲ ਦਾ ਇਕ ਏਦਾਂ,
ਬੈਠਾ ਹੋਇਆ ਪਾਸਿਤੜਾ ਫੁਲ ਉਤੇ
ਜਿਵੇਂ ਮੋਤੀ ਬੁਲਾਕ ਦਾ ਹੋਵੇ ਝੁਕਿਆ,
ਕਿਸੇ ਪਦਮਨੀ ਨਾਰ ਦੇ ਬੁਲ ਉਤੇ ।

ਤਰੇਲ ਦੀ ਕੁਰਬਾਨੀ ਦੀ ਵਿਥਿਆ ਹੁਣ ਤਰੇਲ ਦੀ ਆਪਣੀ ਜ਼ਬਾਨੀ ਵੀ ਮੁਲਾਹਜ਼ਾ ਫਰਮਾਓ :

ਤੁਬਕਾ ਬੋਲਿਆ : ਯਾਰ ਕੀ ਗਲ ਦਸਾਂ,
ਦੁੱਖਾਂ ਵਿਚ ਹਾਂ ਗਿਆ ਵਲੇਟਿਆ ਮੈਂ ।
ਐਵੇਂ ਡਿਗਕੇ ਰਿਸ਼ਮਾਂ ਦੀ ਪੀਂਘ ਉਤੋਂ,
ਆਪਾ ਤੇਰੇ ਸੁਹੱਪਣ ਤੇ ਮੇਟਿਆ ਮੈਂ ।
ਤੇਰੇ ਰੇਸ਼ਮੀ ਪਟ ਮਲੂਕ ਉਤੇ
ਨਿਜ ਅੱਜ ਦੀ ਰਾਤ ਹਾਂ ਲੇਟਿਆ ਮੈਂ ।
ਦੋਂਹ ਘੜੀਆਂ ਦੀ ਮਿਠੜੀ ਨੀਂਦ ਬਦਲੇ,
ਸਾਰੇ ਜਗ ਦਾ ਦੁੱਖ ਸਮੇਟਿਆ ਮੈਂ।
ਜੋ ਜੋ ਸੁਤਿਆਂ ਦੇਖਿਆਂ ਅੱਜ ਹੈ ਮੈਂ,
ਜੇ ਉਹ ਭੇਦ ਜਹਾਨ ਤੇ ਖੁਲ੍ਹ ਜਾਵੇ।
ਸੁਣਕੇ ਖੰਭ ਪਤੰਗੇ ਦੇ ਝੜਣ ਦੋਵੇਂ,
ਕਰਨਾ ਚਾਨਣਾ ਦੀਵੇ ਨੂੰ ਭੁਲ ਜਾਵੇ ।

‘ਸ਼ਰਫ਼’ ਦਾ ਆਪਣੀ ਮਾਂ-ਬੋਲੀ ਨਾਲ ਅਤੇ ਪਿਆਰੇ ਦੇਸ਼ ਪੰਜਾਬ ਨਾਲ ਪਿਆਰ ਵੀ ਵੇਖੋ :

ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ,
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ ।
ਸਮਝਾਂ ਫਾਰਸੀ, ਉਰਦੂ ਵੀ ਖੂਬ ਬੋਲਾਂ,
ਥੋੜੀ ਬਹੁਤੀ ਅੰਗ੍ਰੇਜੀ ਵੀ ਡੰਗਦਾ ਹਾਂ ।
(ਪਰ) ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗਲ ਆਖਣੋਂ ਕਦੀ ਨਾਂ ਸੰਗਦਾ ਹਾਂ ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।
ਮਿਲੇ ਮਾਨ ਪੰਜਾਬੀ ਨੂੰ ਦੇਸ਼ ਅੰਦਰ,
ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ ।
ਵਾਰਿਸ ਸ਼ਾਹ ਤੇ ਬੁਲ੍ਹੇ ਦੇ ਰੰਗ ਅੰਦਰ ।
ਡੁੱਬ ਡੁੱਬ ਕੇ ਜਿੰਦੜੀ ਰੰਗਦਾ ਹਾਂ ।
ਰਵਾਂ ਏਥੇ ਤੇ ਯੂ. ਪੀ. ਦਾ ਹੋ ਕਰਾਂ ਗਲਾਂ,
ਐਸੀ ਅਕਲ ਨੂੰ ਛਿਕੇ ਤੇ ਟੰਗਦਾ ਹਾਂ ।
ਮੈਂ ਪੰਜਾਬੀ, ਪੰਜਾਬ ਦਾ ‘ਸ਼ਰਫ਼' ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ।

ਫੇਰ ‘ਸ਼ਰਫ਼' ਨੇ ਆਪਣੀ ਪੰਜਾਬੀ ਮਾਂ-ਬੋਲੀ ਨੂੰ ਸੰਸਾਰ ਵਿਚ ਵੱਧ ਚੜ੍ਹਕੇ ਮਾਣ ਦੇਣ ਦਾ ਹਲਫ਼ ਵੀ ਉਠਾ ਰਖਿਆ ਸੀ ਅਤੇ ਉਹਦਾ ਦਾਅਵਾ ਸੀ ਕਿ ਪੰਜਾਬੀ ਬੋਲੀ ਜੈਸੀ ਮਿਠੀ, ਪਿਆਰੀ, ਡੂੰਘੀ, ਸੁਨੱਖੀ ਸੰਸਾਰ ਦੇ ਕਿਸੇ ਵੀ ਹੋਰ ਪ੍ਰਾਂਤ ਦੀ ਬੋਲੀ ਨਹੀਂ। ਉਹਦਾ ਹਲਫ਼ਨਾਮਾ ਯਾ ਇਕਰਾਰ ਨਾਮਾ ਵੇਖੋ ਜੋ ਆਪਣੀ ਮਾਂ ਬੋਲੀ ਸਾਹਮਣੇ ਬੜੀ ਦ੍ਰਿੜਤਾ ਨਾਲ ਪੇਸ਼ ਕਰਦਾ ਹੈ :

ਹੱਥ ਜੋੜਕੇ ਬੇਨਤੀ ਏਹ ਕੀਤੀ,
‘ਏਥੋਂ ਤੀਕ ਤੇ ਟਿਲ ਮੈਂ ਲਾ ਦਿਆਂਗਾ ।
ਮੈਨੂੰ ਮਿਲੀ ਹੈ ਦੌਲਤ ਕਵੀਸ਼ਰੀ ਦੀ,
ਤੇਰੇ ਵਾਸਤੇ ਸਾਰੀ ਲੁੱਟਾ ਦਿਆਂਗਾ ।
ਲਿਖ ਕੁਦਰਤੀ ਭਾਵ ਪ੍ਰੇਮ ਐਸਾ,
ਤੇਰੀ ਸ਼ਾਨ ਮੈਂ ਨਵੀਂ ਦਿਖਾਂ ਦਿਆਂਗਾ।
ਤੇਰੀ ਜੁੱਤੀ ਦੇ ਟੁੱਟੇ ਹੋਏ ਤਾਰਿਆਂ ਨੂੰ,
ਫੜ ਕੇ ਚੰਦ ਅਸਮਾਨੀ ਬਣਾ ਦਿਆਂਗਾ ।
ਨਵੇਂ ਫੈਸ਼ਨ ਦਾ ਦਿਆਂਗਾ ਰੰਗ ਐਸਾ,
ਚਮਕੇ ਸੂਰਜ ਦੇ ਵਾਂਗ ਇਤਿਹਾਸ ਤੇਰਾ ।
‘ਸ਼ਰਫ਼' ਓਪਰੇ ਭੀ ਲਾ ਲਾ ਦੂਰ-ਬੀਨਾਂ
ਦਿਨੇ ਰਾਤ ਪਏ ਲੱਭਣ ਅਕਾਸ਼ ਤੇਰਾ ।

‘ਸ਼ਰਫ਼' ਨੇ ਸਰਮਾਏਦਾਰੀ ਨੂੰ ਬੁਰੀ ਤਰਾਂ ਨੰਗਾ ਕੀਤਾ ਹੈ ਅਤੇ ਬੁਲੰਦ ਆਵਾਜ਼ ਵਿਚ ਨਿਡਰਤਾ ਨਾਲ ਐਉਂ ਕਿਹਾ ਹੈ :

ਪਊਂਡ ਨੋਟ ਇਹ ਨਵਾਂ ਨਕੋਰ ਜਿਹੜੇ,
ਤੇਰੇ ਜੇਬੇ ਵਿਚ ਟੁਨਕਦੇ ਖੜਕਦੇ ਨੇ ।
ਇਹ ਆਹਾਂ ਗਰੀਬਾਂ ਮਸਕੀਨਾਂ ਦੀਆਂ,
ਹਡ ਮਜ਼ਲੂਮਾਂ ਦੇ ਕੜਕਦੇ ਨੇ ।

ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਉਤੇ ਅਨੇਕਾਂ ਪੰਜਾਬੀ ਕਵੀਆਂ ਨੇ ਬੜੇ ਜਜ਼ਬੇ ਨਾਲ ਖ਼ੂਨ ਦੇ ਹੰਝੂ ਕੇਰੇ ਹਨ ਪਰ ਗਿਆਨੀ ਹੀਰਾ ਸਿੰਘ ਜੀ ‘ਦਰਦ' ਅਤੇ ‘ਸ਼ਰਫ਼' ਜੀ ਨੇ ਤਾਂ ਪੰਜਾਬੀਆਂ ਨੂੰ ਬਮਿਸਾਲ ਹਲੂਣਾ ਦਿਤਾ ਹੈ । ਏਥੇ ‘ਸ਼ਰਫ਼’ ਦੇ ਨਾਲ ‘ਦਰਦ' ਜੀ ਦੀਆਂ ਕੁਝ ਸਤਰਾਂ ਨੂੰ ਜੋੜ ਕੇ ਡਾਇਰ ਅਤੇ ਓਡਵਾਇਰ ਦੀ ਕਾਲੀ ਕਰਤੂਤ ਨੂੰ ਪੇਸ਼ ਕਰਦਾ ਹਾਂ। ਗਿਆਨੀ ਜੀ ਗੁਮਰਾਹ ਪੰਜਾਬੀ ਪੱਥਰ ਦਿਲ ਨੂੰ ਹਲੂਣਾ ਦੇ ਕੇ ਪੁਛਦੇ ਹਨ :

ਨਾਂ ਟਪਕੀ ਬੂੰਦ ਇਕ ਤੈਥੋਂ,
ਨਾਂ ਚੋਇਆ ਖ਼ੂਨ ਦਾ ਕਤਰਾ,
ਤੂੰ ਮੁਰਦਾ ਹੈਂ ਯਾ ਜਿੰਦਾ ਹੈਂ,
ਕੋਈ ਪ੍ਰਮਾਨ ਪੈਦਾ ਕਰ ।
ਐ ਬੁਲਬੁਲ 'ਦਰਦ' ਤੇਰੇ ਦਾ
ਇਕੋ ਅੱਜ ਵੈਣ ਕਾਫੀ ਏ,
ਹੋਵੇਗਾ ਦੂਰ ਮਾਤਮ ਇਹ
ਤੂੰ ਇਤਮੀਨਾਨ ਪੈਦਾ ਕਰ ।

ਅਤੇ ‘ਸ਼ਰਫ਼' ਜੀ ਅੰਮ੍ਰਿਤਸਰ ਦੇ ਖ਼ੂਨੀ ਸਾਕੇ ਨੂੰ ਸਾਂਝੀਵਾਲਤਾ ਵਿਚ ਐਉਂ ਪੇਸ਼ ਕਰਦੇ ਹਨ :

ਕਿਤੇ ਤਸਬੀਆਂ ਕਿਤੇ ਜਨੇਊ ਟੁੱਟੇ,
ਰਲ ਮਿੱਟੀ ਵਿਚ ਕੰਘੇ ਕਿਰਪਾਨ ਏਥੇ।
ਭਾਰਤ ਮਾਤਾ ਦੇ ਸੱਚੇ ਸਪੂਤ ਪਿਆਰੇ,
ਕੌਮ ਵਾਸਤੇ ਹੋ ਗਏ ਕੁਰਬਾਨ ਏਥੇ ।

ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਮੁਸਲਮਾਨ ਕਵੀਆਂ ਨੇ ਹੀ ਆਪਣੀ ਲਗਨ ਤੇ ਨਿਸ਼ਕਾਮ ਮਿਹਨਤ ਨਾਲ ਅਮੋਲ ਮੋਤੀ ਚੁਣ ਚੁਣ ਅਮੀਰ ਬਨਾਇਆ ਹੈ । ਵਾਰਿਸ ਤੋਂ ਇਲਾਵਾ ਬੁਲੇਸ਼ਾਹ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਰਹੀਮ ਬਖਸ਼ ਕਾਦਰ ਯਾਟ, ਫ਼ਜ਼ਲਸ਼ਾਹ, ਮੁਹੰਮਦ ਬੂਟਾ, ਰਾਜ ਕਵੀ ਹਾਸ਼ਮ, ਆਦਿ, ਅਨੇਕਾਂ ਕਵੀ ਹੋਏ ਹਨ ਜਿਨ੍ਹਾਂ ਮਾਂ-ਬੋਲੀ ਨੂੰ ਹਿੰਦੂ-ਸਿੱਖਾਂ ਤੋਂ ਕਿਤੇ ਵਧ ਪਿਆਰ ਕੀਤਾ, ਜਿਨ੍ਹਾਂ ਉਤੇ ਸਾਹਿਤਕ ਰਸੀਏ ਸਦਾ ਫ਼ਖ਼ਰ ਕਰਦੇ ਰਹਿਣਗੇ । 'ਸ਼ਰਫ਼’ ਉਸੇ ਲੜੀ ਦਾ ਇਕ ਡਲ੍ਹਕਦਾ ਮੋਤੀ ਸੀ ਜਿਸ ਆਪਣੀ ਕਵਿਤਾ ਵਿਚ ਅਨੇਕਾ ਛੰਦਾਂ ਦੀ ਵਰਤੋਂ ਕੀਤੀ, ਕਬਿਤ ਤੇ ਬੈਂਤਾਂ ਵਿਚ ਇਸ ਨੂੰ ਖਾਸ ਕਮਾਲ ਹਾਸਿਲ ਸੀ।

ਆਹ ! ਪੰਜਾਬੀਆਂ ਨੇ ਏਸ ਬਹੁਮੁਲੇ ਹੀਰੇ ਦੀ ਕਦਰ ਨਹੀਂ ਪਾਈ । ਇਹੋ ਹੀ ਵਡਾ ਕਾਰਨ ਹੈ ਜੋ ਪੰਜਾਬੀ ਭਾਸ਼ਾ ‘ਚੰਦ ਅਸਮਾਨੀ' ਨਹੀਂ ਬਣ ਸਕੀ ।

ਗਿਆਨੀ ਗੁਰਮੁਖ ਸਿੰਘ ਜੀ ‘ਮੁਸਾਫ਼ਿਰ’

ਗਿਆਨੀ ਗੁਰਮੁਖ਼ ਸਿੰਘ ਜੀ ‘ਮੁਸਾਫ਼ਿਰ’ ਨੂੰ ਮੈਂ ਆਪਣੇ ਕਾਲਜ ਦੇ ਦਿਨਾਂ ਤੋਂ ਜਾਣਦਾ ਹਾਂ। ਅਕਾਲੀ ਲਹਿਰ ਜ਼ੋਰਾਂ ਤੇ ਹੁੰਦੀ ਸੀ ਤੇ ‘ਮੁਸਾਫ਼ਿਰ' ਜੀ ਆਪਣੀਆਂ ਧੜੱਲੇਦਾਰ ਕਵਿਤਾਵਾਂ ਰਾਹੀਂ ਸੰਗਤਾਂ ਵਿਚ ਕਹਿਰਾਂ ਦਾ ਜੋਸ਼ ਭਰਿਆ ਕਰਦੇ ਸਨ। ਮੈਂ ੧੯੨੫-੩੦ ਦੇ ਦਿਨ੍ਹਾਂ ਵਿਚ ਸੋਚ ਵੀ ਨਹੀਂ ਸਾਂ ਸਕਦਾ ਕਿ ਇਕ ਦਿਨ ਐਸਾ ਭੀ ਆਵੇਗਾ ਕਿ ਅਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਹੋ ਜਾਵਾਂਗੇ । ਕੁਝ ਕੁ ਸਾਲ ਐਸਾ ਸਮਾਂ ਵੀ ਆਇਆ ਕਿ ਆਪ ਬਾਬਾ ਖੜਕ ਸਿੰਘ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਨੀਯਤ ਹੋਏ ਅਤੇ ਮੈਂ ਜਨਰਲ ਸਕਤਰ । ਜੇ ਆਪ ਜੈਸੇ ਬਾਬਾ ਖੜਕ ਸਿੰਘ ਜੀ ਦੇ ਮੇਰੇ ਨਾਲ ਸ਼ਰਧਾਲੂ ਨਾਂ ਹੁੰਦੇ ਤਾਂ ਦਿੱਲੀ ਵਿਚ ਬਾਬਾ ਖੜਕ ਸਿੰਘ ਮਾਰਗ ਸ਼ਾਇਦ ਯਾਦਗਾਰ ਨਾ ਬਣ ਸਕਦੀ ।

‘ਮੁਸਾਫ਼ਿਰ’ ਜੀ ਦੇ ਪੰਜਾਬ ਦੇ ਚੀਫ ਮਨਿਸਟਰ ਦੇ ਦਿਨੀਂ ਸੰਤ ਫਤਹ ਸਿੰਘ ਜੀ ਨੇ ਪੰਜਾਬੀ ਸੂਬੇ ਦੇ ਮੋਰਚੇ ਵਿਚ ਆਪਣੇ ਸੜ ਮਰਨ ਦੇ ਐਲਾਨ ਨਾਲ ਅਜੀਬ ਗਰਮੀ ਪੈਦਾ ਕਰ ਦਿਤੀ। ਸੰਤ ਜੀ ਦੇ ਅਲਟੀਮੇਟਮ ਦੇ ਆਖਰੀ ਦਿਨ ਹਿੰਦ ਸਰਕਾਰ ਦੇ ਤਖ਼ਤ ਉਤੇ ਭੀ ਕਾਂਬਾ ਛਿੜ ਗਿਆ। ਸਰਕਾਰ ਦੇ ਚਾਰਟਰਡ ਜਹਾਜ਼ ਵਿਚ ਗਿਲ, ਦੁਗਲ ਤੇ ਮੈਂ, ਸਰਦਾਰ ਹੁਕਮ ਸਿੰਘ ਜੀ ਸਪੀਕਰ ਲੋਕ ਸਭਾ, ਨੂੰ ਨਾਲ ਲੈ ਅੰਮ੍ਰਿਤਸਰ ਗਏ ਤਾਂ ਜੋ ਬਾਇਜ਼ਤ ਢੰਗ ਨਾਲ ਹਾਲਾਤ ਤੇ ਕਾਬੂ ਪਾਇਆ ਜਾ ਸਕੇ । ‘ਮੁਸਾਫ਼ਿਰ ਜੀ ਸਾਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਹਿੰਦ ਸਰਕਾਰ ਦੇ ਕਹੇ ਮੁਤਾਬਕ ਅਗੋਂ ਲੈਣ ਆਏ। ਸ਼ਹਿਰ ਸਾਰੇ ਵਿਚ ਕਰਫੀਓ ਲੱਗਾ ਹੋਇਆ ਸੀ।

ਬਹੁਤੀ ਤਫ਼ਸੀਲ ਵਿਚ ਏਥੇ ਜਾਣ ਦੀ ਲੋੜ ਨਹੀਂ । ਸਰਦਾਰ ਹੁਕਮ ਸਿੰਘ ਜੀ ਦੀ ਸੂਝ ਬੂਝ ਦਾ ਸਦਕਾ ਔਖਾ ਵੇਲਾ ਟਲ ਗਿਆ।

ਉਹਨੀਂ ਦਿਨੀਂ ਚੁਹਾਨ ਸਾਹਿਬ ਹੋਮ ਮਨਿਸਟਰ ਆਫ ਇੰਡੀਆ ਸਨ। ਕੁਝ ਸਮੇਂ ਮਗਰੋਂ ਉਹਨਾਂ ਆਪਣੀ ਜੀਵਨੀ ਦੇ ਕਰੜੇ ਦਸ ਸਾਲ (ੰੇ ਠਰੋੁਬਲੲਦ ਧੲਚੳਦੲ) ਨਾਮ ਦੀ ਪੁਸਤਕ ਲਿਖੀ, ਜਿਸ ਵਿਚ ਆਪ ਨੇ ‘ਮੁਸਾਫ਼ਿਰ’ ਜੀ ਉਤੇ ਪੰਜਾਬੀ ਸੂਬੇ ਦੇ ਕਾਂਡ ਵਿਚ ਕਰਾਰੀ ਚੋਟ ਕੀਤੀ । ‘ਮੁਸਾਫ਼ਿਰ’ ਜੀ ਨੂੰ ਮੇਰੀ ਦੋਸਤੀ ਪਰਖਣ ਦਾ ਅਵਸਰ ਮਿਲਿਆ। ਉਸ ਸਮੇਂ ਸਰਦਾਰ ਹੁਕਮ ਸਿੰਘ ਜੀ ਗਵਰਨਰ ਰਾਜਿਸਥਾਨ ਰੀਟਾਇਰ ਹੋ ਰਹੇ ਸਨ। ਮੁਸਾਫ਼ਿਰ ਜੀ ਮੇਰੇ ਕੋਲ ਆਏ ਤੇ ਮੈਨੂੰ ਲੈ ਕੇ ਸ੍ਰ. ਹੁਕਮ ਸਿੰਘ ਜੀ ਨੂੰ ਮਿਲਣ ਭਾਈ ਮੋਹਨ ਸਿੰਘ ਜੀ ਦੇ ਕੋਠੀ ਗਏ । ਉਥੇ ਵੈਸੇ ਹੀ ਅਸੀਂ ਦੋਵੇਂ ਇਕ ਪਾਰਟੀ ਵਿਚ ਇਨਵਾਈਟਿਡ ਸਾਂ। ਸਾਨੂੰ ਇਹ ਪਤਾ ਨਹੀਂ ਸੀ ਕਿ ਸ੍ਰ. ਹੁਕਮ ਸਿੰਘ ਜੀ ਵੀ ਉਥੇ ਹੀ ਹੋਣਗੇ ਪਰ ਸਾਡਾ ਪ੍ਰੋਗਰਾਮ ਐਸਾ ਸੀ ਕਿ ਪਾਰਟੀ ਭੁਗਤਾ ਕੇ ਅਸੀਂ ਰਾਸ਼ਟਰਪਤੀ ਭਵਨ ਵਿਚ ਸਰਦਾਰ ਸਾਹਿਬ ਨੂੰ ਜਾ ਕੇ ਮਿਲਾਂਗੇ ਤੇ ਚੁਹਾਨ ਸਾਹਿਬ ਦੇ ਲਗਾਏ ਦੂਸ਼ਣ ਬਾਰੇ ਵਿਚਾਰ ਕਰਾਂਗੇ । ਰੱਬ ਦੀ ਕਰਨੀ ਸਰਦਾਰ ਸਾਹਿਬ ਭਾਈ ਸਾਹਿਬ ਦੀ ਕੋਠੀ ਹੀ ਮਿਲ ਗਏ ਤੇ ‘ਮੁਸਾਫ਼ਿਰ' ਜੀ ਆਪਣੇ ਜਜ਼ਬਾਤ ਰੋਕ ਨਾ ਸਕੇ । ਉਥੇ ਸਰਦਾਰ ਗੁਰਦਿਆਲ ਸਿੰਘ ਜੀ ਢਿਲੋਂ, ਸਪੀਕਰ ਲੋਕ ਸਭਾ ਤੇ ਸ੍ਰਦਾਰ ਜੋਗਿੰਦਰ ਸਿੰਘ, ਨਵੇਂ ਬਣੇ ਗਵਰਨਰ ਰਾਜਸਥਾਨ, ਭੀ ਮੌਜੂਦ ਸਨ ।

ਮੈਂ ਇਹ ਕਥਾ ਏਸ ਲਈ ਏਥੇ ਛੋਹੀ ਹੈ ਕਿ ਮੇਰਾ ਤੇ ‘ਮੁਸਾਫ਼ਿਰ’ ਜੀ ਦਾ ਆਪਸ ਵਿਚ ਕਿੰਨਾ ਕੁ ਗੂਹੜਾ ਸੰਬੰਧ ਸੀ ਤੇ ਮੈਂ ਉਹਨਾਂ ਦੀ ਕਵਿਤਾ ਨੂੰ ਕਿਸ ਦਾਹਵੇ ਨਾਲ ਪਾਠਕਾਂ ਦੇ ਸਾਹਮਣੇ ਰਖ ਸਕਦਾ ਹਾਂ । ਫੇਰ ਸਾਡੀ ਨੇੜ ਦਾ ਇਕ ਹੋਰ ਕਾਰਨ, ਕਿ ‘ਮੁਸਾਫ਼ਿਰ' ਜੀ ਦੀ ਬੱਚੀ ਗੁਡੀ ਤੇ ਮੇਰੀ ਬੱਚੀ ਜਸਵੰਤ ਕੌਰ ਏਥੇ ਲਾ-ਕਾਲਜ ਵਿਚ ਕਲਾਸ-ਫੈਲੋ ਸਨ ਤੇ ਸਾਡਾ ਫੈਮਲੀ ਰੀਲੇਸ਼ਨਜ਼ ਜਿਹਾ ਵੀ ਬਣ ਚੁਕਾ ਸੀ । ਜਿਥੇ ਬਹੁਤੀ ਹੀ ਖੁਲ੍ਹ ਹੋ ਜਾਏ ਉਥੇ ਕਵੀ ਦੇ ਜਜ਼ਬਾਤ ਦੀ ਤਹਿ ਤਕ ਪੁਜਣਾ ਆਸਾਨ ਹੋ ਜਾਂਦਾ ਹੈ ।

ਵੈਸੇ ਜਾਰਜ ਬਰਨਾਰਡ ਸ਼ਾਹ ਦੇ ਕਥਨ ਵਿਚ ਭੀ ਅਟੱਲ ਸਚਾਈ ਹੈ ਕਿ ਕਿਸੇ ਲੇਖਕ ਯਾ ਕਵੀ ਦਾ ਜੀਵਨ ਉਹਦੀ ਲਿਖਤ ਵਿਚੋਂ ਮਿਲਦਾ ਹੈ। 'ਮੁਸਾਫ਼ਿਰ’ ਅਕਾਸ਼ ਦੇ ਤਾਰੇ ਤੋੜਨ ਵਾਲਾ ਕਵੀ ਭੀ ਹੈ ਤੇ ਉਚ ਕੋਟੀ ਦਾ ਕਹਾਣੀ-ਕਾਰ ਆਦਿ ਭੀ । ਇਹਦੇ ਨਾਲ ਮੇਰਾ ਮੇਲ ਜੇ ਨਾਂ ਭੀ ਹੁੰਦਾ ਤਾਂ ਸ਼ਾਇਦ ਮੈਂ ‘ਮੁਸਾਫ਼ਿਰ’ ਨੂੰ ਐਸਾ ਹੀ ਪੇਂਟ ਕਰਦਾ ਜੈਸਾ ਹੁਣ ਕਰ ਰਿਹਾ ਹਾਂ । ਫਰਕ ਉੱਨੀ ਇੱਕੀ ਦਾ ਹੀ ਰਹਿੰਦਾ, ਵੱਧ ਨਹੀਂ ।

‘ਮੁਸਾਫ਼ਿਰ' ਜਵਾਨੀ ਚੜ੍ਹਦੇ ਹੀ ਆਜ਼ਾਦੀ ਲਹਿਰ ਵਿਚ ਕੁੱਦ ਪਿਆ। ਪਹਿਲਾਂ ਇਹਦੀ ਛਾਤੀ ਵਿਚ ਉਬਾਲ ਜਨਰਲ ਡਾਇਰ ਦੀਆਂ ਗੋਲੀਆਂ ਨੇ ਲਿਆਂਦੇ ਤੇ ਫੇਰ ਨਣਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਆਪ ਅੰਦਰ ਅੰਗਰੇਜ਼ੀ ਰਾਜ ਵਿਰੁਧ ਭਾਂਬੜ ਹੀ ਬਾਲ ਦਿਤੇ। ਪੂਜ ਬਾਬਾ ਖੜਕ ਸਿੰਘ ਜੀ, ਜਿਨ੍ਹਾਂ ਦਾ ‘ਮੁਸਾਫ਼ਿਰ' ਅਕਾਲੀ ਲਹਿਰ ਵਿਚ ਸਾਲਾਂ ਬਧੀ ਸੈਕਰੇਟਰੀ ਰਿਹਾ ਸੀ, ਏਸ ਕਵੀ ਨੂੰ ਕੁਰਬਾਨੀ ਦੇ ਰਾਹੇ ਪਾ ਦਿਤਾ। ‘ਮੁਸਾਫ਼ਿਰ' ਦੀ ਕਵਿਤਾ ਵਿਚ ਦੇਸ਼ ਪਿਆਰ ਦਾ ਹੜ ਠਾਠਾਂ ਮਾਰਦਾ ਦਿਸਦਾ ਹੈ । ਆਪ ਦੀ ਕਵਿਤਾ ਵਿਚ ਦੇਸ਼ ਦੀ ਆਜ਼ਾਦੀ ਦੇ ਜਜ਼ਬੇ ਦਾ ਹੜ ਵਗਦਾ ਵੇਖੋ :

ਪਰ ਫੜਕਣ ਮਨ ਤੜਪੇ ਮੇਰਾ
ਦਿਲ ਕਰਦਾ ਕੁਝ ਕਰ ਦਿਖਲਾਵਾਂ ।
ਘਸਰ ਘਸਰ ਤਨ ਆਪਨਾ ਹੀ ਚਾ,
ਪਿੰਜਰਾਂ ਤੋੜਾਂ ਸੀਖ ਘਸਾਵਾਂ ।

ਤੇ ਫੇਰ ਇਕ ਗੁਰ ਸਿੱਖ ਹੋਣ ਦੇ ਨਾਤੇ ‘ਮੁਸਾਫ਼ਿਰ' ਅਕਾਲ ਪੁਰਖ ਅਗੇ ਐਉਂ ਬੇਨਤੀ ਕਰਦਾ ਹੈ :

ਵਤਨ ਪਿਆਰ ਦੀ ਰਾਸ ਦਾ ਦੀਵਾ,
ਬੁੱਝੇ ਨਾਂ ਮੇਰੀ ਆਸ ਦਾ ਦੀਵਾ ।

'ਮੁਸਾਫ਼ਿਰ' ਪੰਜਾਬੀ ਸਾਹਿਤ ਵਿਚ ਪਹਿਲਾ ਸਿੱਖ ਕਵੀ ਹੈ ਜਿਸ ਕਵਿਤਾ ਵਿਚ ਦੋ ਜਹਾਨ ਵਾਲੀ ਗੁਰੂ ਨਾਨਕ ਸਾਹਿਬ ਦੇ ਪਾਏ ਪੂਰਨਿਆਂ ਉਤੇ ਤੁਰਨ ਦਾ ਯਤਨ ਕੀਤਾ ਹੈ । ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿਤ੍ਰ ਬਾਣੀ ਵਿਚ ਆਪਣੇ ਆਪ ਨੂੰ ਅਤਿ ਨਮਾਣਾ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਹੀ ਲੀਹਾਂ ਤੇ ਚਲਦਿਆਂ ‘ਮੁਸਾਫ਼ਿਰ' ਤੋਂ ਬਿਨਾਂ ਹੋਰ ਕੋਈ ਦੂਜਾ ਕਵੀ ਨਹੀਂ ਵੇਖਿਆ ਗਿਆ । ਆਪ ਆਪਣੇ ਬਾਰੇ ਲਿਖਦੇ ਹਨ :

ਓਏ ਸੂਰਿਆ ਕਥਨੀ ਦਿਆ,
ਕਰਨੀ ਵਲੋਂ ਨਿਕਾਰਿਆ ।
ਫੋਕਿਆ ਕਹਿਣੀ ਦਿਆ,
ਅਮਲਾਂ ਦੀ ਬਾਜੀ ਹਾਰਿਆ ।
ਤੂੰ ਆਪ ਕੀ ਹੈਂ ਮੂਰਖਾ,
ਇਹ ਭੀ ਤੂੰ ਕਦੇ ਵਿਚਾਰਿਆ ?

ਏਥੇ ਹੀ ਬਸ ਨਹੀਂ, ਮੁਸਾਫ਼ਿਰ ਮੈਂਬਰ ਪਾਰਲੀਮੈਂਟ ਤੇ ਪ੍ਰਧਾਨ ਪੰਜਾਬ ਕਾਂਗਰਸ ਦਾ ਬਣ ਕੇ ਵੀ ਹਉਮੈਂ ਵਿਚ ਰਤਾ ਨਹੀਂ ਆਉਂਦਾ, ਸਗੋਂ ਆਪਣੇ ਆਪ ਨੂੰ ਐਉਂ ਕੋਸਦਾ ਹੈ :

ਪਰਲੋ ਤੇ ਨਹੀਂ ਆ ਜਾਵਣੀ,
ਜੇ ਤੂੰ ਰਿਹਾ ਪ੍ਰਧਾਨ ਨਾਂ ।
ਤੇਰੇ ਸਹਾਰੇ ਟਿਕਿਆ, ਟਟੀਹਰੀਏ ਆਸਮਾਨ ਨਾਂ ।

ਤੇ ਫੇਰ ਏਸ ਲੀਡਰੀ ਦਾ ਨਚੋੜ ‘ਮੁਸਾਫ਼ਿਰ' ਸੁਘੜ ਫ਼ਿਲਾਸਫਰ ਵਾਂਗ ਇਕੋ ਤੁਕ ਵਿਚ ਪੇਸ਼ ਕਰ ਜਾਂਦਾ ਹੈ। ਕਾਸ਼ ਅੱਜ ਦੇ ਸਾਡੇ ਲੀਡਰ ਵੀ ਇਸ ਤੋਂ ਰੋਸ਼ਨੀ ਲੈਣ ਦਾ ਯਤਨ ਕਰਦੇ । 'ਮੁਸਾਫ਼ਿਰ’ ਆਪਣੇ ਨਿਜੀ ਤਜਰਬੇ ਦੇ ਆਧਾਰ ਤੇ ਕੌੜੀ ਸਚਾਈ ਐਉਂ ਬਿਆਨ ਕਰਦਾ ਹੈ :

ਲੀਡਰ ਦੀ ਫਿਕ ਨੇ ਜੀਵਨੀ ਦੇ ਰਸ ਨੂੰ ਹੈ ਮਾਰਿਆ।

‘ਮੁਸਾਫ਼ਿਰ' ਜੀ ਨੂੰ ਕਵੀਆਂ ਦੀ ਪਹਿਲੀ ਕਤਾਰ ਦਾ ਮੋਹਰੀ ਬਨਾਣ ਵਾਲੀ ਉਨ੍ਹਾਂ ਦੀ ਕਾਵਿਤਾ ਸੀ ‘ਬੱਚਪਨ' ਤੇ ਏਸ ਵਿਸ਼ੇ ਤੇ ਆਪ ਦੀ ਇਹ ਕਵਿਤਾ ਮਾਸਟਰਪੀਸ ਚਲੀ ਆ ਰਹੀ ਹੈ। ਮੇਰਾ ਵਿਚਾਰ ਹੈ ਕਿ ਬੱਚਪਨ ਉਤੇ ‘ਮੁਸਾਫ਼ਿਰ’ ਜੀ ਤੋਂ ਚੰਗੀ ਕਵਿਤਾ ਕਹਿਣ ਲਈ ਸ਼ਾਇਦ ਕਈ ਸਦੀਆਂ ਮਗਰੋਂ ਕੋਈ ਨਵਾਂ ਯੁਗ ਪਲਟੇ ਤੇ ਕੋਈ ਲਿੱਖ ਸਕੇ ਕਿਉਂਕਿ ਹੁਣ ਦੇ ਬੱਚਿਆਂ ਵਿਚ ਬਚਪਨ ਹੀ ਨਹੀਂ ਰਿਹਾ। ਹੇਠਾਂ ਕੁਝ ਸਤਰਾਂ ‘ਬੱਚਪਨ' ਦਾ ਨਮੂਨਾ ਪੇਸ਼ ਕੀਤੀਆਂ ਜਾਂਦੀਆਂ ਹਨ :

ਕਹਿੰਦਾ ਕੋਈ ਸ਼ੈਤਾਨ ਸੀ
ਕੋਈ ਆਖਦਾ ਹੈਵਾਨ ਸੀ,
ਮਾਸੀ ਨੇ ਕਹਿਣਾ ‘ਮੁਖਿਆ,
ਚਰਦਾ ਈ ਰਹਿਨੇ ਭੁਖਿਆ ।
ਮਾਰੂੰਗੀ ਮਰਨੇ ਜੋਗਿਆ, ਕੈਸਾ ਤੂੰ ਜ਼ਿਦੀ ਹੋ ਗਿਆ ।
ਭਾਬੀ ਕਹੇ : ਅਮੋੜ ਏ, ਕੈਡਾ ਏ ਰੰਡੀ ਛੋੜ ਏ ।
ਗਲਾਂ ਮੁਹੱਬਤ ਵਾਲੀਆਂ ਅੱਜ ਬਣ ਗਈਆਂ ਨੇ ਗਾਲੀਆਂ।
ਕਿਉਂਕਿ ਹੁਣ ਮੈਂ ਬੱਚਾ ਨਹੀਂ
ਬੱਚੇ ਜਿਹਾ ਸੱਚਾ ਨਹੀਂ ।

ਆਪ ਬਜ਼ੁਰਗੀ ਤੇ ਵੀ ਪੁਜ ਕੇ ਸੁਭਾ ਵਲੋਂ ਬੱਚੇ ਹੀ ਸਨ। ਬੱਚਿਆਂ ਵਿਚ ਸੜੀਅਲਪਨ ਨਹੀਂ ਹੁੰਦਾ, ਵੈਰ ਵਿਰੋਧ ਤੋਂ ਉਹ ਕੋਰੇ ਹੁੰਦੇ ਹਨ, ਏਸੇ ਲਈ ਉਹ ਹਰ ਘੜੀ ਹਸੂ ਹਸੂ ਕਰਦੇ ਰਹਿੰਦੇ ਹਨ । ਮੈਂ ਮੁਸਾਫ਼ਿਰ ਨੂੰ ਸਦਾ ਹਸੂ ਹਸੂ ਕਰਦਾ ਹੀ ਡਿਠਾ ਹੈ ਤੇ ਸ: ਗੋਪਾਲ ਸਿੰਘ ‘ਕੌਮੀ’ ਆਦਿ ਨਾਲ ਹਸਦਿਆਂ ਆਪ ਦੀ ਜ਼ਿੰਦਾ ਦਿਲੀ ਵੀ ਵੇਖੀ ਹੈ। ਆਪ ਨੇ ਇਕ ਥਾਂ ਕਿਹਾ ਭੀ ਹੈ :

ਮੈਂ ਹਸ ਮੁੱਖਾਂ ਦਾ ਸੰਗ ਕਰਾਂਗਾ,
ਹਸਣ ਦਾ ਮੈਂ ਪਾਸ ਕਰਾਂਗਾ।

ਰਾਵਲ ਪਿੰਡੀ ਜੇਲ੍ਹ ਦੇ ਦਿਨ ਜਿਸ ਅੰਦਾਜ਼ ਨਾਲ ਮੁਸਾਫ਼ਿਰ ਜੀ ਨੇ ਵਰਨਣ ਕੀਤੇ ਹਨ ਉਨ੍ਹਾਂ ਤੋਂ ਸਾਫ ਹੀ ਆਪ ਦੇ ਖੁੱਲ੍ਹੇ ਡੁੱਲ੍ਹੇ ਸੁਭਾ ਦੀ ਝਲਕ ਮਿਲ ਜਾਂਦੀ । ਆਪ ਲਿਖਦੇ ਹਨ :

ਪਿੰਡੀ ਜੇਲ੍ਹ ਵਿਚ
ਦੂਆ ਮਹੀਨਾ
ਸਾਥੀ ਕੁਝ ਨਵੇਂ ਨਵੇਂ
ਆਦਰ ਜਿਹਾ ਕਰਦੇ ਹਨ ।
ਖੁਲ੍ਹ ਕੇ ਕੋਈ ਖੁਲ੍ਹਦਾ ਨਹੀਂ,
ਖੋਹ ਕੇ ਕੋਈ ਖਾਂਦਾ ਨਹੀਂ,
ਮੈਂ ਵੀ ਸੰਕੋਚ ਦੇ ਵਿਚ !
ਸਭ ਜੀ ਜੀ ਕਰਦੇ ਹਨ,
ਜੀਵਨ ਕੁਝ ਰੁੱਖਾ ਜਿਹਾ,
ਮੇਰੇ ਲਈ ਸਮਝ ਲਵੋ,
ਇਕ ਕੈਦ ਵਿਚ ਦੂਈ ਕੈਦ ।

‘ਮੁਸਾਫ਼ਿਰ' ਜੀ ਦਾ ਪਿਆਰ ਆਪਣੀ ਧਰਮ ਪਤਨੀ ਨਾਲ ਵੀ ਹਦੋਂ ਬਾਹਿਰਾ ਸੀ । ਪਤੀ ਪਰਮੇਸ਼ਵਰ ਹੋਣ ਦੀ ਹਸੀਅਤ ਵਿਚ ਆਪ ਆਪਣੀ ਪਤਨੀ ਨੂੰ ਐਉਂ ਅਸੀਸ ਦੇਂਦੇ ਹਨ, ਆਪਣੇ ਪੁਠੁਹਾਰ ਦੀ ਸੁਹਾਂ ਨਦੀ ਨੂੰ ਪੰਜਾਬ ਦੀਆਂ ਨਦੀਆਂ ਨਾਲ ਜੋੜ ਕੇ :

ਸਤਲੁਜ, ਬਿਆਸ, ਰਾਵੀ, ਝਨਾਂ,
ਜਿਹਲਮ ਜਦ ਤਕ ਵਗੇ ਸੁਹਾਂ,
ਹੇਠ ਜਿਮੀਂ ਉਤੇ ਆਸਮਾਂ,
ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ।

ਨਾਲ ਹੀ ‘ਮੁਸਾਫ਼ਿਰ’ ਜੀ ਏਸ ਵੱਡੀ ਅਸੀਸ ਦਾ ਕਾਰਨ ਵੀ ਐਉਂ ਦਸਦੇ ਹਨ :

ਮੇਰੇ ਦਿਲ ਦੀ ਮਾਲਕ ਰਾਣੀ,
ਮੇਰੇ ਲਈ ਵੀਟੇ ਲਹੂ ਪਾਣੀ,
ਕਦੇ ਨਾਂ ਸਰਿਆ ਮੇਥੋਂ ਨਿਆਂ,
ਜੀਂਦੀ ਰਹੇ ਮੇਰੇ ਬੱਚਿਆਂ ਦੀ ਮਾਂ !

ਮੁਸਾਫ਼ਿਰ ਜੀ ਨੂੰ ਆਦਮੀ ਹੋਣ ਦੀ ਹਸੀਅਤ ਵਿਚ ਚੰਗੀ ਤਰਾਂ ਪਤਾ ਹੈ ਕਿ ਔਰਤ ਨਾਲ ਨਿਆਂ ਕਰਨਾਂ ਬੜਾ ਮੁਸ਼ਕਲ ਹੈ। ਏਸੇ ਲਈ ਇਕ ਪੰਜਾਬ ਦੀ ਸੁਘੜ ਸਿਆਣੀ ਮੁਦੱਬਰ ਤੀਵੀਂ ਵਾਂਗ, ਜਿਸ ਕੋਲ ਕੋਈ ਸਾਧੂ ਆਇਆ ਤੇ ਆਖਣ ਲਗਾ ਕਿ ਦੇਵੀ ਮੰਗ ਜੋ ਵੀ ਮੰਗਨਾਂ ਈ, ਤਾਂ ਓਸ ਝਟ ਨਾਲ ਮੰਗਿਆ-ਪੋਤਰਾ ਹੋਵੇ ਤੇ ਸੋਨੇ ਦੇ ਕਟੋਰੇ ਵਿਚ ਦੁੱਧ ਪੀਵੇ, ਭਾਵ, ਕਿ ਪੁਤ ਪੋਤਾ, ਸੋਨਾ, ਦੌਲਤ, ਦੁੱਧ ਦਹੀਂ, ਸਭ ਵਸਤੂ ਇਕੋ ਮੰਗ ਵਿਚ ਮੰਗ ਲਈਆਂ। ‘ਮੁਸਾਫ਼ਿਰ’ ਜੀ ਨੇ ਵੀ ਆਪਣੀ ਬੈਟਰ-ਹਾਫ ਨੂੰ ਰੋਜ਼ੇ ਕਿਆਮਤ ਤਕ ਜੀਵਨ ਵਰਦਾਨ ਕਰ ਦਿਤਾ । ਮੈਂ ਤਾਂ ਇਸ ਵਿਚ ਵੀ ਕੋਈ ਨਿਆਂ ਨਹੀਂ ਸਮਝਦਾ। ਗਰੀਕ ਮਾਈਥਾਲੋਜੀ ਵਿਚ ਹੈਲਨ ਦਾ ਜ਼ਿਕਰ ਆਉਂਦਾ ਹੈ ਕਿ ਉਹ ਇਕ ਦਿਨ ਦਰਿਆ ਵਿਚ ਅਸ਼ਨਾਨ ਕਰ ਰਹੀ ਸੀ ਕਿ ਉਮਰ ਦਾ ਦੇਵਤਾ ਉਸ ਦੇ ਜੋਬਨ ਨੂੰ ਵੇਖ ਅਰਸ਼ੋਂ ਫਰਸ਼ ਤੇ ਉਤਰ ਆਇਆ ਤੇ ਹੈਲਨ ਦੇ ਰੂਪ ਦੀ ਲਗ਼ਾ ਪਿਆਰ ਭਰੀ ਉਪਮਾ ਕਰਨ । ਫੇਰ ਕਹਿੰਦੈ, ਮੰਗ ਜੋ ਕੁਝ ਵੀ ਮੰਗਨਾ ਈ । ਤਾਂ ਹੈਲਨ ਨੇ ਦਰਿਆ ਵਿਚੋਂ ਰੇਤ ਦੀ ਮੁੱਠ ਭਰ ਕੇ ਤੇ ਗੋਰੀ ਬਾਂਹ ਉਲਾਰ ਕੇ ਕਿਹਾ- ਜਿਨੇ ਰੇਤ ਦੇ ਜ਼ਰੇ ਏਨੀ ਮੇਰੀ ਉਮਰ ਕਰ ਦੇ। ਦੇਵਤਾ 'ਗਰਾਂਟਿਡ' ਕਹਿ ਅਲੋਪ ਹੋ ਗਿਆ।

ਹੈਲਨ ਬੁੱਢੀ ਹੁੰਦੀ ਗਈ, ਮੂੰਹ ਝੁਰੜੀਆਂ ਨੇ ਘੇਰ ਲਿਆ। ਜੀਵਨ ਅਤਿ ਦੁੱਖਦਾਈ ਲਗਨ ਲਗ ਪਿਆ। ਉਮਰ ਦਾ ਦੇਉਤਾ ਫੇਰ ਆਇਆ ਤੇ ਕਹਿਣ ਲਗਾ, ਡਾਰਲਿੰਗ ਤੂੰ ਉਮਰ ਤੇ ਮੰਗੀ ਹੀ ਸੀ ਪਰ ਸਦਾ ਜਵਾਨੀ ਨਾਂ ਮੰਗੀ। ਮੈਂ ‘ਏਜੰਲ ਆਫ ਡੈਥ’ ਨੂੰ ਸਫਾਰਸ਼ ਕੀਤੀ ਹੈ ਕਿ ਓਹ ਤੈਨੂੰ ਹੁਣ ਮੁਕਤ ਕਰ ਦਏ।

ਏਸੇ ਤਰ੍ਹਾਂ ਜੇ ‘ਮੁਸਾਫ਼ਿਰ' ਜੀ ਅਸੀਸ ਦੇਂਦਿਆਂ ‘ਹੇਠ ਜ਼ਿਮੀਂ ਤੇ ਉਤੇ ਆਸਮਾਂ' ਨਾਲ ਇਹ ਭੀ ਕਹਿ ਜਾਂਦੇ ‘ਤੇ ਸਦਾ ਰਹੇ ਇਹ ਜਵਾਂ' ਤਾਂ ਘਟੋ ਘਟ ਨਿਆਂ ਤੇ ਪੂਰਾ ਹੋ ਜਾਂਦਾ ਇਸਤ੍ਰੀ ਜਾਤੀ ਨਾਲ ਤੇ ਅਸੀਸ ਵੀ ਮੁਕੰਮਲ ਹੋ ਜਾਂਦੀ ਹੈ।

‘ਮੁਸਾਫ਼ਿਰ' ਦੀ ਕਵਿਤਾ ਵਿਚ ਪੰਜਾਬ ਦੇ ਵਾਸੀਆਂ ਨਾਲ ਖਾਸ ਸਨੇਹ ਵੇਖਣ ਨੂੰ ਮਿਲਦਾ ਹੈ ਪਰ ਆਪ ਪੰਜਾਬੀ ਮਾਂ-ਬੋਲੀ ਵਲੋਂ ਮੂੰਹ ਮੋੜਦੇ ਜਾ ਰਹੇ ਪੰਜਾਬੀਆਂ ਨੂੰ ਵੇਖ ਬੜਾ ਢੁਕਵਾਂ ਵੇਲੇ ਸਿਰ ਹਲੂਣਾ ਦੇ ਗਏ ਹਨ। ਆਪ ਕਹਿੰਦੇ ਹਨ :

ਇਹਦੇ ਪੁੱਤ ਰੰਗੀਲੇ ਛੈਲ ਬਾਂਕੇ,
ਬੋਲੀ ਆਪਣੀ ਮਨੋਂ ਭੁਲਾਈ ਜਾਂਦੇ ।
ਪਿਛੇ ਸਿਪੀਆਂ ਦੇ ਖਾਂਦੇ ਫਿਰਨ ਗੋਤੇ,
ਪੰਜ-ਆਬ ਦਾ ਮੋਤੀ ਰੁਲਾਈ ਜਾਂਦੇ ।

ਸਿਆਸਤ ਵਿਚ ਫੁਟ ਤਾਂ ਆਪਦੇ ਜੀਵਨ ਸਮੇਂ ਭੀ ਬਹੁਤ ਸੀ ਜਿਸ ਨੂੰ ਵੇਖ ਐਉਂ ਦਿਲੀ ਦਰਦ ਨਾਲ ਲਿੱਖ ਗਏ ਪਰ ਜੇ ਅੱਜ ਦਾ ਭਾਰਤ ਵੇਖਦੇ ਤਾਂ ਪਤਾ ਨਹੀਂ ਕਿਵੇਂ ਕੁਰਲਾ ਉਠਦੇ :

ਦੇਸ਼ 'ਚ ਬਣੀਆਂ ਕਈ ਜਮਾਤਾਂ,
ਕਿਸੇ ਨਾਂ ਪੁੱਛੀਆਂ ਮੇਰੀਆਂ ਵਾਤਾਂ।

ਪਰ ਆਪ ਆਪਣੇ ਨਕ ਦੀ ਸੇਧੀ ਤੁਰੀ ਗਏ ਤੇ ਅਕਾਲ ਪੁਰਖ ਤੇ ਓਟ ਰਖ ਗਾਵੀਂ ਗਏ :

ਪਾਂਧੀ ਦਾ ਕੰਮ ਤੁਰਨਾ,
ਅਗੋਂ ਤੋਰਨ ਵਾਲਾ ਜਾਣੇ ।

ਅੱਜ ‘ਮੁਸਾਫ਼ਿਰ’ ਜੀ ਸਾਡੇ ਵਿਚ ਨਹੀਂ ਪਰ ਆਪ ਦਾ ਸੰਦੇਸ਼ ਅਜੇ ਵੀ ਮੇਰੇ ਕੰਨਾ ਵਿਚ ਗੂੰਜ ਰਿਹਾ ਹੈ :

ਜਾਨ ਤੋਂ ਜਾਨਾਂ ਆਨ ਪਿਆਰੀ,
ਮੇਰਾ ਇਹ ਸੰਦੇਸ਼ ਪਹੁੰਚਾਈਂ ।

ਡਾਕਟਰ ਹਰਭਜਨ ਸਿੰਘ ਜੀ (F.R.C.S.)

ਸ੍ਰੀ ਮਾਨ ਡਾਕਟਰ ਹਰਭਜਨ ਸਿੰਘ ਜੀ, ਐਫ. ਆਰ. ਸੀ. ਐਸ. ਦਾ ਨਾਮ ਇਕੋ ਵਕਤ ਅੱਖਾਂ ਦਾ ਡਾਕਟਰ ਤੇ ਕਵੀ ਕਰ ਕੇ ਸਾਰੇ ਭਾਰਤੀਆਂ ਵਿਚ ਪ੍ਰਸਿਧ ਹੈ । ਆਪ ਨੇ ਅੱਖਾਂ ਦੇ ਮਰੀਜ਼ਾਂ ਨੂੰ ਨੂਰ ਬਖਸ਼ਿਆ ਅਤੇ ਰੂਹ ਦੇ ਭੁੱਖਿਆਂ ਨੂੰ ਆਪਣੀ ਰੂਹਾਨੀ ਕਵਿਤਾ ਰਾਹੀਂ ਰੂਹ ਦੀ ਖੁਰਾਕ ਰਜ ਰਜ ਕੇ ਵੰਡੀ । ਆਪ ਦਾ ਆਪਣੇ ਜੀਵਨ ਦਾ ਮੁੱਖ ਨਿਸ਼ਾਨਾ ਸੇਵਾ ਅਤੇ ਸਿਮਰਨ ਰਿਹਾ ਹੈ। ਵਾਹਿਗੁਰੂ ਦੀ ਇਸ ਕਦਰ ਆਪ ਉਤੇ ਮਿਹਰ ਸੀ ਕਿ ਆਪ ‘ਸਹਿਜ ਅਵਸਥਾ' ਦੇ ਮਾਲਕ ਸਨ, ਜੀਵਨ ਮੁਕਤ ਸਨ ।

ਆਪ ਨੇ ਜੋ ਭੀ ਕਵਿਤਾ ਕਹੀ, ਗੁਰਬਾਣੀ ਦੇ ਆਸਰੇ ਕਹੀ ਤੇ ਨਿਮਰਤਾ ਵਿਚ ਭਿਜ ਕੇ ਕਹੀ । ਆਪ ਦਾ ਰੰਗ ਆਪਣਾ ਹੈ, ਢੰਗ ਕਹਿਣ ਦਾ ਆਪਣਾ ਹੈ ਅਤੇ ਆਪ ਦੇ ਅਲੰਕਾਰ ਆਪਣੇ ਨਵੇਂ ਨਕੋਰ ਤੇ ਕਵਾਰੇ ਹਨ। ਆਪ ਜੀ ਨੇ ਸਿਵਾਏ ਗੁਰਬਾਣੀ ਦੇ ਹੋਰ ਪ੍ਰਭਾਵ ਕਬੂਲ ਨਹੀਂ ਕੀਤਾ।

ਆਪ ਦੀ ਕਵਿਤਾ ਵਿਚ ਪੰਜਾਬੀ ਦੇ ਆਮ ਰੋਜ਼ਾਨਾ ਘਰੇਲੂ ਵਰਤੋਂ ਦੇ ਸ਼ਬਦ ਵਰਤੇ ਗਏ ਹਨ, ਪਰ ਰੂਹਾਨੀਅਤ ਦੀ ਡੂੰਘਾਈ ਅਥਾਹ ਹੈ। ਜਿਨੀ ਵਾਰੀ ਆਪ ਦੀ ਕਵਿਤਾ ਨੂੰ ਪੜ੍ਹਿਆ ਜਾਵੇ, ਉਨਾਂ ਹੀ ਰਸ ਵਧੇਰਾ ਪ੍ਰਾਪਤ ਹੁੰਦਾ ਹੈ ।

ਆਪ ਦੀ ਇਕ ਨਿਕੀ ਕਵਿਤਾ ਹੈ, "ਸ਼ਹੁ ਵਾਲੀ" । ਇਸ ਦਾ ਇਕ ਇਕ ਅੱਖਰ ਵੇਖੋ ਕਿਵੇਂ ਸੀਨੇ ਵਿਚ ਖੁਭਦਾ ਜਾਂਦਾ ਹੈ :

ਸਖੀਆਂ ਕਈ ਸਜਾਵਟ ਲਦੀਆਂ,
ਨਾਲ ਸੁਗੰਧ ਮਹਿਕਾਈਆਂ ।
ਹੱਸਣ, ਖੇਡਣ, ਨਚਣ, ਗਾਵਣ,
ਜਾਪਨ ਖੁਸ਼ੀਆਂ ਨਾਲ ਭਰਾਈਆਂ ।
ਕੌਣ ਸ਼ਹੁ ਵਾਲੀ ਅੱਜ ਹੋਈ,
ਕਿਵੇਂ ਪਛਾਣਾ ਉਸ ਨੂੰ ?
ਮਸਤਕ ਨੂਰ, ਚਸ਼ਕ ਨੈਣਾਂ ਜਿਨ,
ਉਸ ਨੂੰ ਦਿਓ ਵਧਾਈਆਂ ।
ਸ਼ਹੁ ਪਾਇਆ, ਜਿਨ ਸ਼ਹੁ ਅਪਨਾਇਆ
ਰੱਜੀ, ਭਰਿਆ ਚਿਹਰਾ ।
ਹੋਰਾਂ ਚਿਹਰੇ ਦਿਸਨ ਖ਼ਾਲੀ
ਤ੍ਰਿਸ਼ਣਾਂ ਜਿਨ੍ਹਾਂ ਸਵਾਈਆਂ।
ਮਸਤਕ ਸੀਤਲ ਖਿੜਿਆ ਨੂਰੀ,
ਸ਼ਹੁ ਵਾਲੀ ਜੋ ਹੋਈ,
ਸ਼ਹੁ ਵਸਿਆ ਜਿਨ੍ਹਾਂ ਨੈਣ ਵਿਚ ਆ,
ਤਕ ਉਹਨਾਂ ਰੁਸ਼ਨਾਈਆਂ ।

ਡਾਕਟਰ ਸਾਹਿਬ ਕੁਦਰਤ ਦੇ ਗੁਝੇ ਭੇਦਾਂ ਨੂੰ ਖੋਲ੍ਹ ਖੋਲ੍ਹ ਪੇਸ਼ ਕਰਨ ਵਾਲੇ ਕਵੀ ਸਨ ਜਿਨ੍ਹਾਂ ਆਪ ਵੀ ਕੁਦਰਤ ਦੀ ਮੌਜ ਨੂੰ ਮਾਨਿਆ ਤੇ ਪਾਠਕਾਂ ਨੂੰ ਕੁਦਰਤ ਦੀ ਮਸਤੀ ਵੰਡੀ। ਆਪ ਨੇ ‘ਸੰਧਿਆ ਦੀ ਲਾਲੀ' ਵਾਲੀ ਕਵਿਤਾ ਵਿਚ ਵੇਖੋ ਕਿਨ੍ਹਾ ਸਿਖ਼ਰਾਂ ਨੂੰ ਛੋਹਿਆ ਹੈ :

ਨੀਲੇ ਗਗਨੀ ਨਿਰਮਲ ਚਿੱਟੇ
ਬਦਲ ਸੋਹਣੇ ਫਿਰਦੇ,
ਜਿਵੇਂ ਕਈ ਬਰਫ਼ਾਂ ਦੇ ਢੇਲੇ,
ਵਿਚ ਸਮੁੰਦਰ ਰਿਮ੍ਹਦੇ ।
ਤਕਦਿਆਂ ਤਕਦਿਆਂ ਅਚਰਜ ਡਿਠਾ,
ਲਾਲ ਲਾਲ ਹੋਇ ਜਾਵਨ,
ਪਛੋਂ ਭਜਦੀ ਆਈ ਲਾਲੀ,
ਰੰਗੇ ਅਬਰ ਚੁਗਿਰਦੇ ।
ਵਾਹ ਲਾਲੀ ਸੰਧਿਆ ਦੀ ਸੋਹਣੀ,
ਮਿਲਣ ਸਮੇਂ ਦੀ ਲਾਲੀ,
ਰੈਣ-ਦਿਵਸ ਜੋ ਕਦੇ ਨਾਂ ਮਿਲਦੇ,
ਵੇਖੋ ਮਿਲਦੇ ਪਲ ਪਲ ਗਿਣਦੇ ।
ਹਿਰਦਾ ਉਛਲ ਉਛਾਲੇ ਖਾਵੇ,
ਮਿਲਣ-ਤਾਂਗ ਸੰਭਾਲੀ ।
ਗਗਨਾਂ ਲਾਲੀ ਭਾਹ ਬਲੀ ਜੋ,
ਓਸ ਹਿਰਦੇ ਭਾਹ ਬਾਲੀ ।
ਹੁਸਨ ਦੀਦਾਰ ਇਹ ਗਗਨਾਂ ਦਾ,
ਤੂੰ ਹੁਸਨਾਂ ਦਾ ਵਾਲੀ ।

ਡਾ: ਹਰਭਜਨ ਸਿੰਘ ਜੀ ਆਪ ਭਗਤ ਸਨ ਤੇ ਭਗਤੀ ਹੀ ਉਨ੍ਹਾਂ ਦੀ ਤ੍ਰਿਸ਼ਨਾ ਸੀ, ਸੋ ਵੇਖੋ ਆਪ ਇਕ ਸੱਚੇ ਸੁੱਚੇ ਭਗਤ ਦਾ ਵਰਨਣ ਕਿਵੇਂ ਕਰਦੇ ਹਨ :

ਭਗਤ ਨਿਰਾਲਾ ਜਗਤ ਤੋਂ, ਓਹਦੇ ਅੰਗ ਸੰਗ ਭਗਵਾਨ,
ਦਰਸ ਸਦਾ ਪਰਸੇ ਪ੍ਰਭੂ, ਵਿਚ ਮੋਹਤ ਨਹੀਂ ਜਹਾਨ ।
ਵਿਚਰੇ ਮਾਇਆ ਸੰਗ ਪਰ ਰਹਿੰਦਾ ਜਿਉਂ ਮਹਿਮਾਨ ।
ਪਕੜ ਨਾਂ ਤ੍ਰਿਸ਼ਨਾ ਏਸ ਦੀ, ਸੰਤੋਖੀ ਹੈ ਗੁਜ਼ਰਾਨ ।
ਦੀਨ ਦੁਨੀ ਕਾ ਆਸਰਾ ਸਮਰਥ ਸਾਹਿਬ ਜਾਨ ।
ਸਿਮਰਨ ਸਾਸ ਗਰਾਸ ਲਿਵ ਚਰਨ ਕੰਵਲ ਪ੍ਰਭ ਧਿਆਨ ।

ਮੈਂ ਡਾਕਟਰ ਸਾਹਿਬ ਨੂੰ ਭਾਵੇਂ ਕਈ ਇਕਤ੍ਰਤਾਵਾਂ ਵਿਚ ਭਾਗ ਲੈਂਦੇ ਵੀ ਡਿਠੈ, ਪਰ ਬਿਰਤੀ ਆਪਦੀ ਪ੍ਰਭੂ ਚਰਨਾਂ ਵਿਚ ਹੀ ਜੁੜੀ ਵੇਖੀ । ਇਹੋ ਵਡਾ ਕਾਰਨ ਸੀ ਕਿ ਆਪ ਦੇ ਕਰ ਕੰਵਲਾਂ ਤੇ ਸਦਾ ਸ਼ਫ਼ਾ ਨਚਦੀ ਸੀ।

ਇਸ ਸੰਤ-ਕਵੀ ਦੀ ਰੂਪ ਤੇ ਮਾਇਆ ਦੀ ਕਸ਼-ਮ-ਕਸ਼ ਵੀ ਡੂੰਗੀਆਂ ਰਮਜ਼ਾਂ ਦਰਸਾਂਦੀ ਹੈ। ਡਾਕਟਰ ਸਾਹਿਬ ਦਾ ਰੂਪ ਤੇ ਮਾਇਆ ਦਾ ਵਰਨਣ ਮੁਲਾਹਜ਼ਾ ਫਰਮਾਓ :

ਰੂਪ ਮਾਇਆ ਨੂੰ ਖਿਚਾਂ ਪਾਵੇ,
ਮਾਇਆ ਖਿਚੇ ਰੂਪ ਨੂੰ ।
ਰੂਪ ਮਸਤ ਮਾਇਆ ਮਦ ਮੱਤੇ,
ਭੁਲੇ ਆਪ ਸਰੂਪ ਨੂੰ ।
ਜੋਬਨ ਰੂਪ ਖਿੜੇ ਫ਼ੁਲਾਂ ਵਤ,
ਢਲ ਕਮਲਾਵਣ ਹਾਰਾ ।
ਮਾਇਆ ਚੰਚਲ ਥਿਰ ਨਾਂ ਰਹੇ,
ਕੂੜਾ ਏਸ ਪਸਾਰਾ।

ਗੁਲਾਬ ਦੇ ਫੁਲ ਮਨੁੱਖ ਨਿਤ ਰੰਗਾ ਰੰਗ ਦੇ ਦੇਖਦਾ ਹੈ ਪਰ ਡਾਕਟਰ ਸਾਹਿਬ ਵੇਖੋ ਇਕ ਗੁਲਾਬ ਦੇ ਫੁਲ ਤੋਂ ਕੀ ਸਿਖਿਆ ਪ੍ਰਾਪਤ ਕਰਦੇ ਹਨ :

ਰੂਪ ਰੰਗ ਤੇਰਾ ਦਿਲ ਖਿਚੇ,
ਖਿੜਿਆਂ ਦੇ ਸਰਦਾਰਾ ।
ਸੁੰਦ੍ਰਤਾ, ਸੁਗੰਧ ਰਸ-ਭਿੰਨੀ,
ਦੇਵਨ ਖੁਸ਼ੀ-ਹੁਲਾਰਾ ।
ਰਜ ਆਵੈ ਕੋਈ ਤਕ ਤਕ ਤੈਨੂੰ,
ਭੁਖਾਂ ਮਨ ਦੀਆਂ ਮੇਟੇ,
ਅਖੀਂ ਸੁੱਖ ਕਲੇਜੇ ਠੰਡਕ,
ਕੀ ਤੂੰ ਪਾਸ ਭੰਡਾਰਾ ?
ਖੇੜਾ, ਸੁੰਦ੍ਰਤਾ ਤੇ ਸੁਗੰਧੀ,
ਇਹ ਸੰਪਤ ਹੈ ਤੇਰੀ,
ਕੋਮਲਤਾ, ਨਿਰਮਲਤਾ ਨਾਲੇ,
ਜੀਵਨ ਚਮਕ ਘਨੇਰੀ ।
ਖੇੜੇ ਸੰਪਤ ਪਾ ਤੂੰ ਰੱਜਾ,
ਲੋੜ ਨਹੀਂ ਫਲ ਸੰਪਤ,
ਰਜੇ ਖਿੜੇ ਸੁਗੰਧੀ ਲੈ,
ਮਨ ਪਾਵੇ ਰੱਜ ਉਚੇਰੀ ।

ਅਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਮੇਂ ਫੁਲਾਂ ਦੀ ਬਰਖਾ ਹੁੰਦੀ ਵੇਖ ਆਪ ਦੀ ਤਾੜੀ ਵੇਖੋ ਕਿਥੇ ਜਾ ਲਗਦੀ ਹੈ :

ਬੂਟਿਓਂ ਟੁੱਟੇ, ਟਾਹਣੀਓ ਟੁੱਟੇ,
ਟੋਕਰੀਆਂ ਪੈ ਆਏ ।
ਹੁਣ ਤੁਸੀਂ ਖੰਭੜੀ ਖੰਭੜੀ ਕੀਤਾ,
ਦਿਤਾ ਵੰਡ ਵੰਡਾਏ ।
ਵਾਹ ਵਾਹ ਬਰਖਾ ਸੋਹਣੀ ਹੋਈ,
ਜਿੰਦ ਗਈ ਸਭ ਵਾਰੀ,
ਜਿੰਦ ਸਫ਼ਲੀ ਸਭ ਅੰਗ ਸਫ਼ਲੇ,
ਗੁਰ-ਸੰਗਤ ਚਰਨ ਛੁਹਾਏ ।
ਟਾਹਣੀਆਂ ਸੰਗ ਲਗੇ ਫੁਲ ਸੋਹਣ,
ਵਿਚ ਫੂਲਦਾਨਾਂ ਸਜਦੇ,
ਬੂਟੇ ਨਾਲੋਂ ਵਿਛੜੇ ਪਰ,
ਏਥੇ ਵੀ ਕੁਝ ਦਿਨ ਤਗਦੇ ।
ਅਸੀਂ ਜਾਤਾ ਅਸੀਂ ਮੰਦ-ਭਾਗੀ,
ਸਾਂ ਤੋੜ ਮਰੋੜ ਵੰਡਾਏ ।
ਅੰਗ ਅੰਗ ਸਾਡੇ ਛੋਹ ਪਾਈ ਜੋ
ਵੇਖ, ਅਸਾਂ ਉਹ ਲਜਾਏ ।

ਹਰਿ ਰੰਗ ਤੇ ਜ਼ਰ ਰੰਗ ਦਾ ਭੇਦ ਜਿਵੇਂ ਡਾਕਟਰ ਸਾਹਿਬ ਨੇ ਸਮਝਿਆ ਹੈ, ਜਗ ਵਿਚ ਕੋਈ ਵਿਰਲਾ ਹੀ ਫ਼ਲਾਸਫ਼ਰ ਏਸ ਹਦ ਤਕ ਅਪੜਿਆ ਹੋਵੇਗਾ ਅਤੇ ਜੇ ਮੈਂ ਇਹ ਕਹਿ ਦਿਆਂ ਕਿ ਏਸ ਅਖਾਂ ਦੇ ਡਾਕਟਰ ਤੋਂ ਬਿਨਾਂ ਕਿਸੇ ਏਨੀ ਦੂਰ ਦੀ ਨਜ਼ਰ ਪਾਈ ਹੀ ਨਹੀਂ ਤਾਂ ਵੀ ਕੋਈ ਮਬਾਲਗਾ ਨਹੀਂ ਹੋਵੇਗਾ । ਇਹ ਇਕ ਅਟੱਲ ਸਚਾਈ ਹੈ ਕਿ ਐਸੀ ਨਖੇੜੂ ਨਜ਼ਰ ਕਿਸੇ ਹਰਿ ਰੰਗ ਵਿਚ ਰਤੇ ਤੂੰ ਹੀ ਪ੍ਰਾਪਤ ਹੋ ਸਕਦੀ ਹੈ। ਵੇਖੋ ਆਪ ਹਰਿ ਰੰਗ ਅਤੇ ਮਾਇਆ ਦੇ (ਜ਼ਰ) ਰੰਗ ਦੇ ਭੇਦ ਨੂੰ ਸਾਡੇ ਜਿਹੇ ਭੁਲੇ ਭਟਕੇ ਹੋਏ ਜੀਵਾਂ ਨੂੰ ਕਿਵੇਂ ਇਕੋ ਅਸ਼ਾਰੇ ਨਾਲ ਐਉਂ ਸਮਝਾਂਦੇ ਹਨ :

'ਹਰਿ ਹਰਿ' ਰੰਗ ਕਰੇ ਮਨ ਹਰਿਆ,
ਜ਼ਰਦ ਕਰੇ ਰੰਗ ਜ਼ਰ ਦਾ ।
‘ਜੈਸੋ ਸੇਵੋ ਤੈਸੋ ਹੋਵੇ',
ਨੇਮ ਬਣਿਆ ਇਹ ਧੁਰ ਦਾ ।
ਪੀਲਾ ਰੰਗ ਮੌਤ ਦਾ ਸੱਦਾ,
ਹਰਿਆ ਜੀਵਨ ਭਰਦਾ ।
ਪੀਲੇ ਪੱਤੇ ਭਠੀਆਂ ਸੜਦੇ,
ਸੰਗ ਟੁਟਾ ਜਾ ਤਰਵਰ ਦਾ ।
ਹਰੇ ਜੀਉਂਦੇ ਬ੍ਰਿਛ ਸੰਗ,
ਬ੍ਰਿਛ ਸੀਤਲ ਛਾਇਆ ਕਰਦਾ।
ਹਰਿ ਹਰਿ ਰੰਗ ਚੜ੍ਹੇ ਹਰਿ ਰੰਗਣ,
ਕਰਮ ਹੋਵੇ ਜੇ ਸਤਿਗੁਰ ਦਾ।
ਹਰਿ ਰੰਗ ਚੜ੍ਹੇ, ਰਸੇ ਮਨ ਜਦ,
ਇਹ ਹਰਸ ਰੰਗ ਹਰਦਾ।
ਹਰਿ ਰੰਗ ਸਭ ਤੋਂ ਸੋਹਣਾ ਪੱਕਾ,
ਚੜ੍ਹਿਆ ਨਹੀਂ ਉਤਰਦਾ ।
ਹਰਿ ਰੰਗਿਆਂ ਦੇ ਦਰਸ਼ਨ ਹੋਵਨ,
ਰੰਗ ਚੜ੍ਹੇ ਹਰਿ ਹਰਿ ਦਾ ।
ਜੀਵਨ ਮੁਕਤ ਹੋਏ ਜਗ ਤਾਰਨ'
ਬੋਹਿਥ ਭਵ-ਸਾਗਰ ਦਾ।

ਡਾਕਟਰ ਸਾਹਿਬ ਨੇ ਯੋਰਪ, ਅਮਰੀਕਾ ਅਤੇ ਭਾਰਤ ਦੇ ਕਈ ਰਮਣੀਕ ਅਸਥਾਨਾਂ ਦੀ ਸੈਰ ਆਪਣੇ ਮੋਢੇ ਤੇ ਕੈਮਰੇ ਨੂੰ ਲਟਕਾ ਕੇ ਕੀਤੀ ਹੈ ਪਰ ਕੈਮਰੇ ਨਾਲੋਂ ਕਵਿਤਾ ਵਿਚ ਖਿਚੀਆਂ ਤਸਵੀਰਾਂ ਵਿਚ ਜੋ ਕਾਦਰ ਦੀ ਰੂਹ ਝਲਕਾਂ ਮਾਰਦੀ ਹੈ, ਕੈਮਰੇ ਵਿਚ ਨਹੀਂ। ਸ਼ਾਇਦ ਹੀ ਆਪ ਦੀਆਂ ਅੱਖਾਂ ਸਾਹਮਣਿਉਂ ਕੋਈ ਐਸਾ ਸੁੰਦਰ ਨਜ਼ਾਰਾ ਲੰਘਿਆ ਹੋਵੇ ਜਿਸ ਨੂੰ ਆਪ ਜੀ ਨੇ ਆਪਣੇ ਕਵਿਤਾ ਦੇ ਲੈਨਜ਼ ਵਿਚ ਨਾਂ ਜਕੜ ਲਿਆ ਹੋਵੇ। ਪਹਾੜਾਂ ਦੀਆਂ ਬਰਫ਼ਾਂ ਲਦੀਆਂ ਚੋਟੀਆਂ, ਛੂਣ-ਛੁਹਾਈ ਖੇਡਦੇ ਅਕਾਸ਼ਾਂ ਦੇ ਬਦਲ, ਬਾਗਾਂ ਵਿਚ ਖਿੜੇ ਫੁਲ,ਸਭੋਂ ਆਪ ਦੀਆਂ ਕਵਿਤਾਵਾਂ 'ਚੋਂ ਮਿਲਦੇ ਹਨ ਪਰ ਨਾਲ ਹੀ ਆਪ ਆਪਣੇ ਸੁਣਨ-ਪੜ੍ਹਣ ਵਾਲਿਆਂ ਨੂੰ ਸੁੰਦ੍ਰਤਾ ਭਰਿਆ ਰਚਣ ਹਾਰ ਦਾ ਦ੍ਰਿਸ਼ ਵੀ ਬੜੀ ਨਾਜ਼ਕ ਅਦਾ ਨਾਲ ਵਖਾ ਜਾਂਦੇ ਹਨ, ਜਿਵੇਂ ਗੁਲਮੋਹਰ ਦਾ ਖੇੜੇ ਰਾਹੀਂ ਪੜ੍ਹ ਕੇ ਵੇਖੋ :

ਨਿਰਮਲ ਲਾਲ ਰੰਗ ਖੇੜਾ ਅੰਗ ਅੰਗ ਭਰਿਆ ।
ਧਾਵਤ ਥੰਮਿਆਂ, ਵਿਗਸਿਆ ਮਨ,
ਤੁੱਧ ਵੇਖ ਮੇਰਾ ਚਿਤ ਠਰਿਆ ।
ਮਨ ਸੁੱਤੇ ਨੂੰ ਟੁੰਬ ਜਗਾਵੇ,
ਝਲਕ ਤੇਰੀ ਇਹ ਸੁੰਦ੍ਰਤਾ,
ਕੁਦਰਤ ਦਾ ਵਿਸਮਾਦ ਵੇਖ ਫਿਰ,
ਰੰਗ ਪ੍ਰਭ ਮਨ ਭਰਿਆ ।

ਫਾਰਸੀ ਦੇ ਸ਼ਾਇਰਾਂ ਕਵਿਤਾ ਦੇ ਦੋ ਰੂਪ ਪੇਸ਼ ਕੀਤੇ ਹਨ, ਇਕ “ਆਮਦ” ਦਾ ਅਤੇ ਦੂਜਾ ‘ਆਵੁਰਦ” ਦਾ । “ਆਮਦ" ਦਾ ਭਾਵ ਹੈ, ਨਾਜ਼ਲ ਹੋਈ ਕਵਿਤਾ, ਅਤੇ “ਆਵੁਰਦ” ਜੋ ਜ਼ੋਰ ਲਾ ਕੇ ਲਿਖੀ ਜਾਵੇ । ਮੈਨੂੰ ਡਾਕਟਰ ਸਾਹਿਬ ਦੀਆਂ ਜਿਨੀਆਂ ਕਵਿਤਾਵਾਂ ਪੜ੍ਹਣ ਯਾ ਆਪਦੇ ਮੁਖਾਰਬਿੰਦ ਤੋਂ ਸੁਣਨ ਦਾ ਅਵਸਰ ਪ੍ਰਾਪਤ ਹੋਇਆ, ਮੈਂ ਇਹੋ ਅਨਭਵ ਕੀਤਾ ਹੈ ਕਿ ਆਪ ਨੂੰ ਕਵਿਤਾ ਸਦਾ ਹੀ ਨਾਜ਼ਲ ਹੁੰਦੀ ਸੀ ਅਤੇ ਆਪ ਦੀ ਆਖਰੀ ਕਵਿਤਾ ਜੋ ਆਪ ਨੇ ਵਾਹਿਗੁਰੂ ਦੀ ਦਰਗਾਹ ਵਿਚ ਚੜ੍ਹਾਈ ਕਰਨ ਤੋਂ ਕੁਝ ਹੀ ਪਲ ਪਹਿਲਾਂ ਲਿਖੀ ਸੀ, ਮੇਰੇ ਵਿਚਾਰ ਦੀ ਪੁਸ਼ਟੀ ਕਰਦੀ ਹੈ ਕਿ ਆਪ ਨੂੰ ਕਵਿਤਾ ਉਤਰਦੀ ਸੀ । ਆਪ ਨੇ ਅੰਤਮ-ਲਾਈਨਾਂ ਐਉਂ ਕਲਮ-ਬੰਦ ਕੀਤੀਆਂ ਹਨ, ਕੁਝ ਵਨਗੀ ਵੇਖੋ :-

ਹੁਣ ਤਾਂ ਸਮਾਂ ਸਮ੍ਹਾਲ, ਥੋੜੀ ਜਿਹੀ ਰਹਿ ਗਈ ਆ ।
ਰਸਨਾ ਨਾਮ ਉਚਾਰ, ਥੋੜੀ ਜਿਹੀ ਰਹਿ ਗਈ ਆ।
ਕਰ ਡੰਡੌਤ ਨਮਸਕਾਰ, ਰਖ ਮਸ਼ਤਕ ਗੁਰ ਚਰਨਾਰ ।
ਆ ਸਤਿਗੁਰ ਦੇ ਦਰਬਾਰ, ਥੋੜੀ ਜਿਹੀ ਰਹਿ ਗਈ ਆ ।

ਸ੍ਰਦਾਰ ਬਿਸ਼ਨ ਸਿੰਘ ਜੀ ‘ਉਪਾਸ਼ਕ’

“ਅੱਜ ਨੇ ਲੱਖਾਂ ਅਡੰਬਰ ਹੋ ਗਏ, ਕਾਗ਼ਜੀ ਥਾਂ ਥਾਂ ਪੈਗ਼ੰਬਰ ਹੋ ਗਏ'' ਮੇਰੇ ਕੰਨਾਂ ਵਿਚ ਬੋਲ ਜਦ ਮਦਾਨ ਵਾਂਗੂੰ ਵਜਦੇ ਹਨ ਤਾਂ ਮੈਨੂੰ ਦੇਵਤਾ ਸਰੂਪ ਕਵੀ ਸਰਦਾਰ ਬਿਸ਼ਨ ਸਿੰਘ ਉਪਾਸ਼ਕ ਨਾਲ ਹੀ ਯਾਦ ਆ ਜਾਂਦਾ ਹੈ। ਨੂਰਪੂਰੀ ਵਿਚਾਰਾ ਸਮੇਂ ਦੀ ਮਾਰ ਕਾਰਨ ਖੂਹ ਵਿਚ ਡੁੱਬ ਕੇ ਮਰ ਗਿਆ ਤੇ ਉਪਾਸ਼ਕ ਨੂੰ ਕੋਈ ਪਾਪੀ ਹਤਿਆਰਾ ਸੜਕ ਤੇ ਟਰੱਕ ਹੇਠ ਕੁਚਲ ਫਰਾਰ ਹੋ ਗਿਆ। ਜਦ ਤੋਂ ਇਹ ਸੰਸਾਰ ਬਣਿਆ ਹੈ, ਗਰੀਬ ਦਾ ਸਾਥੀ ਕੋਈ ਪੈਦਾ ਨਹੀਂ ਹੋਇਆ। ਜਿਨ੍ਹਾਂ ਪੈਗੰਬਰਾਂ ਤੇ ਅਵਤਾਰਾਂ ਗ਼ਰੀਬ-ਕਮਜ਼ੋਰ-ਮੁਥਾਜ, ਬੇ-ਆਸਰੇ ਦੀ ਬਾਂਹ ਫੜੀ, ਸੂਲੀ ਚੜ੍ਹਾ ਦਿਤੇ ਗਏ, ਕੁਰਾਹੀਏ ਕਹਿ ਕਿ ਪਛਾੜੇ ਗਏ।

ਉਪਾਸ਼ਕ ਜਿਨਾਂ ਮਾਇਕ ਪੱਖੋਂ ਗਰੀਬ ਸੀ ਉਸ ਤੋਂ ਲਖਾਂ ਗੁਣਾਂ ਵੱਧ ਇਨਸਾਨੀਅਤ ਪੱਖੋਂ ਅਮੀਰ ਸੀ । ਉਸ ਦਾ ਅੰਤ ਐਸਾ ਹੀ ਹੋਣਾ ਸੀ ਕਿਉਂਕਿ ਇਹ ਦੁਨੀਆਂ ਇਨਸਾਨਾਂ ਦੀ ਨਹੀਂ, ਹੈਵਾਨਾਂ ਦੀ ਹੈ।

ਪੰਜਾਬੀ ਕਵੀਆਂ ਵਿਚ, ਸੱਚ ਪੁਛੋ ਤਾਂ, ਮੈਨੂੰ ਜੋ ਵੀ ਕਵੀ ਮਿਲਿਆ ਹੈ ਉਸ ਵਿਚ ਇਕ ਦੂਜੇ ਨਾਲ ਵੱਧ ਘੱਟ ਈਰਖਾ ਅਵੱਸ਼ ਵੇਖੀ ਹੈ, ਭਾਵੇਂ ਉਹ ਕਿਸੇ ਰੂਪ ਵਿਚ ਹੀ ਹੈ, ਪਰ ਹੈ ਜ਼ਰੂਰ । ਉਪਾਸ਼ਕ ਵਾਹਿਦ ਕਵੀ ਮੈਨੂੰ ਵੇਖਣ ਵਿਚ ਮਿਲਿਆ ਜੋ ਈਰਖਾ, ਤੇ ਫੇਰ ਕਿਸੇ ਕਵੀ ਲਈ ਈਰਖਾ, ਜਾਣਦਾ ਹੀ ਨਹੀਂ ਸੀ। ਮੈਂ ਤੇ ਇਥੋਂ ਤਕ ਕਹਿਣ ਨੂੰ ਤਿਆਰ ਹਾਂ ਕਿ ਉਹ ਈਰਖਾ ਦੇ ਸ਼ਬਦ ਤੋਂ ਵੀ ਜਾਣੂ ਨਹੀਂ ਸੀ । ਜ਼ਿੰਦਾ ਦਿਲੀ ਦਾ ਨੂਰ ਉਹਦੇ ਰੋਮ ਰੋਮ ਵਿਚੋਂ ਟਪਕਦਾ ਸੀ। ਉਹ ਹਰ ਮਹਿਫ਼ਲ ਦਾ ਸ਼ਿੰਗਾਰ ਸੀ । ਹਾਸਾ ਵੰਡਣਾ ਉਹਦਾ ਇਕੋ ਇਕ ਪੇਸ਼ਾ ਸੀ ।

ਗਰੀਬ ਉਪਾਸ਼ਕ ਕੋਲ ਇਕਾਂਤ ਵਿਚ ਬੈਠਣ ਨੂੰ ਪਰਮਾਤਮਾ ਨੇ ਕੋਈ ਥਾਂ ਨਹੀਂ ਸੀ ਦੇ ਰਖੀ। ਕਹਿੰਦੇ ਨੇ ਨਪੋਲੀਅਨ ਘੋੜੇ ਤੇ ਸੌਂਦਾ ਸੀ ਅਤੇ ਨਪੋਲੀਅਨ ਵਾਂਗ ਉਪਾਸ਼ਕ ਸਾਈਕਲ ਸਵਾਰੀ ਕਰਦੇ ਕਵਿਤਾ ਕਹਿ ਜਾਂਦਾ ਸੀ । ਜੇ ਏਸ ਵਾਕ ਵਿਚ ਹਕੀਕਤ ਨਾਂ ਹੁੰਦੀ ਕਿ “ਸ਼ਹੂਕਾਰਾਂ ਦੇ ਸੁਖਣ ਮਨਜ਼ੂਰ ਹੁੰਦੇ, ਸੁਖਣ ਨਹੀਂ ਮਨਜ਼ੂਰ ਗਰੀਬ ਵਾਲੇ'' ਤਾਂ ਉਹ ਸਭ ਤੋਂ ਪਹਿਲਾਂ ਸਾਹਿਤ ਅਕੈਡਮੀ ਦਾ ਐਵਾਰਡ ਹਾਸਿਲ ਕਰਦਾ ਤੇ ਹੋਰ ਸਾਰੇ ਮਾਨ ਮੁਰਾਤਬੇ, ਰਾਜ ਕਵੀ, ਮਹਾਂ ਕਵੀ, ਸ਼ਰੋਮਣੀ ਕਵੀ ਆਦਿ, ਪਾ ਜਾਂਦਾ। ਹਿੰਦੀ ਕਵੀ ਦਾ ਵੀ ਇਕ ਵਾਕ ਹੈ "ਦਰਿਦਰੀ ਲਖੋ ਪੰਡਤੋਂ ਕੋ ਹਮੇਸ਼ਾ'' ਤੇ ਉਪਾਸ਼ਕ ਦੀ ਪੰਡਤਾਈ ਉਹਦੀ ਗਰੀਬੀ ਵਿਚ ਡਲ੍ਹਕਾਂ ਮਾਰਦੀ ਰਹੀ ।

੧੯੪੭ ਵਿਚ ਦੇਸ਼ ਦੇ ਵੰਡਾਰੇ ਨੇ ਮੇਰਾ ਅਨ ਜਲ ਹੁਸ਼ਿਆਰਪੁਰ ਦਾ ਲਿਖਿਆ ਹੋਇਆ ਸੀ । ਮੈਂ ਚੂੰਕਿ ਸ਼ਰਨਾਰਥੀਆਂ ਦੀ ਸੇਵਾ ਵਿਚ ਲਗਾ ਹੋਇਆ ਸਾਂ ਤਾਂ ਇਕ ਸ਼ਰਨਾਰਥੀ ਜਲਸੇ ਵਿਚ ਉਪਾਸ਼ਕ ਵੀ ਆ ਟਪਕਿਆ ਤੇ ਸਟੇਜ ਤੇ ਖੜਾ ਹੋ ਕੇ ਧੜੱਲੇਦਾਰ ਕਵਿਤਾ ਪੜ੍ਹ ਗਿਆ।

ਜਦ ਮੈਂ ਹੁਸ਼ਿਆਰਪੁਰ ਪ੍ਰੈਸ ਲਗਾ ਕੇ ਪ੍ਰੇਮ ਪਟਾਰੀ ਨਾਮ ਦਾ ਮਾਸਕ ਪਤ੍ਰ ਸ਼ੁਰੂ ਕੀਤਾ ਤਾਂ ਇਹ ਕਵੀ ਇਕ ਸ਼ਾਮ ਮੇਰੀ ਪ੍ਰੈਸ ਤੇ ਆਇਆ ਤੇ ਆਪਣੀ ਕਵਿਤਾ "ਪਾਸ਼ੋ ਜਵਾਨ ਹੋ ਗਈ'' ਮੈਨੂੰ ਪ੍ਰਕਾਸ਼ਤ ਕਰਨ ਹਿਤ ਦੇ ਗਿਆ। ਬਸ ਸਾਡੀ ਸਾਂਝ ਵਧਨੀ ਸ਼ੁਰੂ ਹੋ ਗਈ।

ਉਪਾਸ਼ਕ ਅਕਸਰ ਗਾਇਆ ਕਰਦਾ, “ਸਰ ਪੈ ਪੜੀ ਤੋ ਹੂਵਾ ਕਿਆ, ਸਰ ਪੈ ਖੁਦਾ ਜੋ ਹੈ'' ਤੇ ਏਸੇ ਆਸ਼ੇ ਤੇ ਉਹਦਾ ਆਪਣਾ ਇਕ ਗੀਤ ਮਨੁੱਖ ਨੂੰ ਵਡਾ ਸੰਤੋਖ ਦੇਣ ਵਾਲਾ ਐਉਂ ਹੈ :

ਨੇਕੀ ਕੋਈ ਨਾਂ, ਪਾਪ ਬਥੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ ।
ਇਕ ਮੇਰੀ ਜਿੰਦੜੀ ਦੁੱਖ ਨੇ ਹਜ਼ਾਰਾਂ,
ਦਿਲ ਦੇ ਟੁਕੜੇ ਖਾ ਲਏ ਯਾਰਾਂ ।
ਅਜ ਜਾਨ ਆਈ ਵਿਚ ਘੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ.....

ਤੜਫ ਤੜਫ ਮੈਂ ਦੇਵਾਂ ਲਿੱਲਾਂ,
ਚੁਫੇਰੇ ਭੌਂਦੀਆਂ ਗਿਰਜਾਂ ਇੱਲਾਂ,
ਕਾਵਾਂ ਨੇ ਮਲ ਲਏ ਬਨੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ......

ਘੁੰਮਣ-ਘੇਰੀ ਸਾਗਰ ਖਾਰਾ,
ਟੁੱਟੀ ਕਿਸ਼ਤੀ ਦੂਰ ਕਿਨਾਰਾ,
ਹੁਣ ਵਸ ਨਾ ਰਹੀ ਗਲ ਮੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ......

ਉਪਾਸ਼ਕ ਦਾ ਸਾਰੇ ਦਾ ਸਾਰਾ ਜੀਵਨ ਜ਼ਮਾਨੇ ਦੀਆਂ ਫ਼ਰੇਬੀ ਚਾਲਾਂ ਕਾਰਨ ਪਲ ਪਲ ਦੁੱਖੀ ਗੁਜ਼ਰਿਆ ਹੈ ਪਰ ਹਾਸੇ ਦੇ ਭੇਸ ਵਿਚ। ਉਹ ਆਪਣੀ ਰਾਮ-ਕਹਾਣੀ ਬੜੀ ਵਲਵਲੇ ਭਰਪੂਰ ਐਉਂ ਸੰਖੇਪ ਜਿਹੀ ਪੇਸ਼ ਕਰਦਾ ਹੈ :

ਕਾਗ਼ਜ਼ ਨੂੰ ਮੱਕਾ ਮੰਨਿਆ, ਕਲਮ ਨੂੰ ਜਾਤਾ ਕਾਸ਼ੀ ।
ਸ਼ਕਲਾਂ ਤਕ ਤਕ ਵੰਨ ਸੁ ਵੰਨੀਆਂ, ਕਰਦਾ ਰਿਹਾ ਅਯਾਸ਼ੀ ।
ਮੰਨ-ਮੰਦਰ ਵਿਚ ਭਾਤ ਭਾਂਤ ਦੀਆਂ ਟੰਗਦਾ ਰਿਹਾ ਤਸਵੀਰਾਂ,
ਆਪਣੀ ਮਰਜ਼ੀ ਨਾਲ ਮੈਂ, ਢਾਹੁੰਦਾ ਘੜਦਾ ਰਿਹਾ ਤਕਦੀਰਾਂ !
ਹਸਦਾ ਹਸਦਾ ਫੁੱਟ ਫੁੱਟ ਰੋਇਆ, ਵਹਿਸ਼ੀ ਅਤੇ ਜਨੂੰਨੀ।
ਨਿਤ ਮੈਂ ਆਸ਼ਾਂ ਦਾ ਗਲ ਘੁੱਟਿਆ, ਆਪਣਾ ਆਪ ਈ ਖੂਨੀ ।
ਕਾਇਰਤਾ ਨੂੰ ਖੁਦ-ਦਾਰੀ ਕਹਿ ਕਹਿ, ਮਨ ਨੇ ਲਏ ਦਲਾਸੇ ।
ਜੱਗ ਦੇ ਤੀਰ ਅਨੇਕਾਂ ਖਾ ਕੇ, ਮੂੰਹ ਤੇ ਆਂਦੇ ਹਾਸੇ ।

ਜਿਸ ਧਰਤੀ ਦੇ ਲੋਕਾਂ ਉਪਾਸ਼ਕ ਨਾਲ ਪੈਰ ਪੈਰ ਤੇ ਧੋਖਾ ਕੀਤਾ ਓਸ ਪੰਜਾਬ ਦੀ ਧਰਤੀ ਦੀ ਉਪਾਸ਼ਕ ਐਉਂ ਸ਼ਰਧਾ ਨਾਲ ਉਪਮਾਂ ਗਾਉਂਦਾ ਹੈ :

ਵਾਹ ਮੇਰਾ ਪੰਜਾਬ ਜੀਹਨੂੰ ਪਾਈ ਕੁਲ ਦੁਨੀਆਂ ਸਤਿਕਾਰੇ ।
ਮੇਰੇ ਦੇਸ਼ ਦੀ ਮਿੱਟੀ ਦੇ ਤਾਂ ਜ਼ਰੇ ਵੀ ਨੇ ਤਾਰੇ ।
ਕੜੀਆਂ ਜਿਹੇ ਜਵਾਨ ਜਿਥੋਂ ਦੇ, ਹਾਥੀਆਂ ਵਰਗੇ ਭਾਰੇ,
ਦਹਿਲ ਜਾਵੰਦੇ ਸ਼ੇਰਾਂ ਦੇ ਦਿਲ ਮਾਰਨ ਜਦ ਲਲਾਕਾਰੇ,
... .... ...
ਨਾਨਕੀ ਵਰਗੀਆਂ ਭੈਣਾਂ ਜਿਥੇ, ਨਾਨਕ ਵਰਗੇ "ਪੂਰੇ'',
ਪੂਰਨ ਵਰਗੇ ਜੋਗੀ ਜਿਥੇ ਨਲੂਵੇ ਵਰਗੇ ਸੂਰੇ ।
ਏਸ ਦੇਸ਼ ਲਈ ਹਿਟਲਰ ਮੋਇਆ, ਟੋਜੂ ਖਾ ਗਿਆ ਹੂਰੇ ।
ਟੁੱਟ ਗਏ ਨੇ ਸੰਗਲ ਸਾਡੇ, ਗਏ ਬਦੇਸ਼ੀ ਬੂਰੇ ।
ਚੋ ਕੇ ਖੂਨ ਦਲ੍ਹੀਜ਼ਾਂ ਤੇ, ਆਜ਼ਾਦੀ ਨੂੰ ਸਤਿਕਾਰਾਂ
ਦੇਸ਼ ਪੰਜਾਬ ਦੀ ਧਰਤੀ ਉਤੋਂ, ਜੰਨਤ ਨੂੰ ਵੀ ਵਾਰਾਂ ।

ਅੱਜ ਦੇ ਸੰਸਾਰ ਦਾ ਇਖ਼ਲਾਕ ਡਿਗਦਾ ਵੇਖ ਉਪਾਸ਼ਕ ਚੁੱਪ ਨਹੀਂ ਰਹਿੰਦਾ ਤੇ ਐਉਂ ਕੂਕ ਉਠਦਾ ਹੈ :

ਅਸਮਤ ਰੋਜ਼ ਪਿਆਲੀ ਅੰਦਰ ਘੁਲਦੀ ਰਹਿੰਦੀ ਏ ।
ਦਿਲ ਦੀ ਧੜਕਣ ਅੱਡੀਆਂ ਥਲੇ ਰੁਲਦੀ ਰਹਿੰਦੀ ਏ ।
ਭੇਸ ਬਦਲ ਕੇ ਨਿਤ ਵਪਾਰੀ ਆਉਂਦੇ ਰਹਿੰਦੇ ਨੇ ।
ਪਾਪ ਦੀ ਵਗਦੀ ਨਦੀ, ਦੇਵਤੇ ਨੌਂਦੇ ਰਹਿੰਦੇ ਨੇ ।
ਬੇ ਬਸੀਆਂ ਦਾ ਮੀਂਹ ਅਖਾਂ 'ਚੋਂ ਵਸਦਾ ਰਹਿੰਦਾ ਏ,
ਸੜੇ ਕਾਲਜਾ ਫਿਰ ਵੀ ਜੋਬਨ ਹਸਦਾ ਰਹਿੰਦਾ ਏ,

ਤੇ ਫੇਰ ਉਪਾਸਕ ਰੱਬ ਅਗੇ ਐਉਂ ਆਪਣੇ ਰੋਂਦੇ ਦਿਲ ਨਾਲ ਫਰਯਾਦ ਕਰਦੈ :

ਲੀਰੋ ਲੀਰ ਹੋ ਗਈ ਏ, ਇਜ਼ਤਾਂ ਦੀ ਪੱਗ ਰੱਬਾ ।
ਇਹੋ ਜਿਹੀ ਦੁਨੀਆਂ ਨੂੰ, ਲਗ ਜਾਏ ਅੱਗ ਰੱਬਾ ।

ਉਪਾਸ਼ਕ ਭਾਈ ਲਾਲੋ-ਬਰਾਦਰੀ ਦਾ ਮਾੜੂਆ ਜਿਹਾ ਗਰੀਬੜਾ ਪੂਰਨ ਸਿਦਕੀ ਸਿੱਖ ਸੀ। ਉਹ ਆਪਣੀ ਗੁਰੂ ਬਾਬੇ ਦੇ ਚਰਨਾਂ ਉਤੇ ਵੇਖੋ ਕਿਵੇਂ ਨਮਾਣਾ ਹੋ ਕੇ ਅਰਜ਼ੋਈ ਕਰਦਾ ਹੈ:

“ਮਲਕ ਭਾਗੋ ਨੂੰ ਜਿਵੇਂ ਸਨ ਭਾਗ ਲਾਏ,
ਭਾਈ ਲਾਲੋ ਦਾ ਕੀਤਾ ਉਧਾਰ ਬਾਬਾ ।
ਮੱਕਾ ਚਰਨਾਂ ਦੇ ਨਾਲ ਘੁਮਾ ਕੇ ਤੇ,
ਜਿਵੇਂ ਸੱਚ ਦੀ ਦਸੀ ਸੀ ਸਾਰ ਬਾਬਾ ।
ਜਿਵੇਂ ਜਗ ਦੇ ਕੜੇ ਕ੍ਰੋਧ ਤਾਈਂ,
ਦਿਤਾ ਸ਼ਾਂਤੀ ਨਾਲ ਤੂੰ ਠਾਰ ਬਾਬਾ ।
ਮੋਹਰ ਲਾਈ ਸੀ ਜਿਵੇਂ ਪਹਾੜ ਉਤੇ,
ਸਤਿਨਾਮ ਦਾ ਪੰਜਾ ਮਾਰ ਬਾਬਾ ।
ਮੱਥਾ ਰਖਿਆ ਤੇਰੀ ਚੁਗਾਠ ਉਤੇ,
ਨਾਲ ਰਿਹਾ ਹਾਂ ਹੱਥ ਪਸਾਰ ਬਾਬਾ।
ਨਾਂ ਮੈਂ ਦੁੱਧ ਮੰਗਾਂ ਨਾਂ ਮੈਂ ਪੁਤ ਮੰਗਾਂ,
ਨਾਂ ਹੀ ਧੰਨ ਮੰਗਾਂ ਬੇਸ਼ੁਮਾਰ ਬਾਬਾ ।
ਮੇਰੀ ਬੜੀ ਤੋਂ ਬੜੀ ਹੈ ਮੰਗ ਇਹੋ,
ਦੇਵੀਂ ਘੜੀ ਦੀ ਘੜੀ ਦੀਦਾਰ ਬਾਬਾ ।
ਆਪਣੇ ਰੰਗ ਦੇ ਵਿਚ ਮਲੰਗ ਕਰ ਕੇ,
ਨਾਲੇ ਬਖ਼ਸ਼ ਦੇ ਅਪਣਾ ਪਿਆਰ ਬਾਬਾ ।
ਬਣ ਕੇ ਤੇਰਾ 'ਉਪਾਸ਼ਕ' ਮੈਂ ਕਰਾਂ ਤਰਲੇ,
ਮੈਨੂੰ ਤਾਰ ਬਾਬਾ ! ਮੈਨੂੰ ਤਾਰ ਬਾਬਾ !

ਉਪਾਸ਼ਕ ਨੇ ਪੰਜਾਬੀ ਸਾਹਿਤ ਨੂੰ ਆਪਣੀਆਂ ਕਈ ਕਾਵਿ ਪੁਸਤਕਾਂ ਨਾਲ ਮਾਲਾਮਾਲ ਕੀਤਾ ਹੈ। ਇਹਦੇ ਗੀਤ ਤੇ ਗਜ਼ਲਾਂ ਬਹੁਤ ਪ੍ਰਸਿਧ ਹਨ ਪਰ ਮੈਂ ਏਥੇ ਏਸ ਅਣਖੀਲੇ ਕਵੀ ਦੀ ਕਲਗੀਧਰ ਦੀ ਤਲਵਾਰ ਦੀ ਕਵਿਤਾ ਵਿਚੋਂ ਏਸ ਦੇ ਕਵਿਤਾ ਦੇ ਸੂਖਮ ਜੌਹਰ ਭੇਟ ਕਰ ਕੇ ਏਸ ਲੇਖ ਨੂੰ ਏਥੇ ਸਮਾਪਤ ਕਰਦਾ ਹਾਂ। ਉਪਾਸ਼ਕ ਦੋ ਜਹਾਨ ਵਾਲੀ ਦੀ ਤਲਵਾਰ ਦੀ ਐਉਂ ਉਸਤੱਤ ਕਰਦਾ ਹੈ :

ਮਚਿਆ ਸੀ ਸ਼ੋਰ, ਘੋਰ, ਚਮਕੌਰ, ਜ਼ੋਰ ਵਿਚ,
ਠਕਾ ਠਕ ਤੇਗ ਉਤੇ ਤੇਗ ਹੈ ਸੀ ਚਲਦੀ ।
ਸਵਾ ਸਵਾ ਲੱਖ ਨਾਲ ਇਕ ਦਾ ਮੁਕਾਬਲਾ ਸੀ,
ਧਾੜਾਂ ਦੀਆਂ ਧਾੜਾਂ ਉਹਦੀ ਮਾਰ ਪਈ ਦੁਬੱਲਦੀ ।
ਸੀਨਿਆਂ ਨੂੰ ਚੀਰਦੀ ਤੇ ਸਿਰਾਂ ਨੂੰ ਉਛਾਲਦੀ ਪਈ,
ਨ੍ਹੇਰੀ ਵਾਂਗ ਥਲਾਂ ਨੂੰ ਉਥੱਲਦੀ ਪੁਥੱਲਦੀ ।
ਸ਼ੂਕ ਸ਼ੂਕ ਚੂਸਦੀ ਸੀ ਵੈਰੀਆਂ ਦਾ ਲਹੂ ਢੇਰਾਂ,
ਟਲ ਜਾਏ ਮੌਤ ਮਾਰ ਚੰਡੀ ਦੀ ਨਾ ਟਲਦੀ ।
ਘਨਾਂ ਨਨਾਂ ਬਦਲਾਂ ਦੇ ਵਾਂਗ ਸ਼ੇਰ ਗਜਦੇ ਤੇ,
ਛਨਾਂ ਨਨਾਂ ਨਨਾਂ ਸਨ ਤੇਗਾਂ ਛਣਕਾਰੀਆਂ।
ਛਰਾ ਰਰਾ ਮਾਰ ਮਾਰ ਨੀਲ ਨੇ ਛੜੱਪੇ ਐਸੇ,
ਜੰਗ ਵਿਚ ਉਹਨੇ ਜਾਨਾ ਲਖਾਂ ਹੀ ਲਤਾੜੀਆਂ।
ਸਰਾ ਹਰਾ ਛਡ ਤੀਰ ਪੀਰ ਦਸਮੇਸ਼ ਜੀ ਨੇ,
ਇਕੋ ਇਕ ਨਾਲ ਕਈ ਛਾਤੀਆਂ ਸੀ ਪਾੜੀਆਂ ।
ਡੌਰ ਭੌਰ ਠੋਰ ਠੋਰ ਵਿਚ ਹੋਏ ਦਲ ਜ਼ਾਲਮਾਂ ਦੇ,
ਗਿਦੜਾਂ ਦੇ ਤਾਈਂ ਮਾਨੋਂ ਪਾਈਆਂ ਸਨ ਭਾਰੀਆਂ ।
ਧੰਨ ਸੀ ਉਹ ਤੇਗ ਅਤੇ ਧੰਨ ਸੀ ਸੁਬੇਗ ਦੂਲਾ,
ਐਸੀ ਤਲਵਾਰ ਵਾਲਾ ਧੰਨ ਉਹ ਦਾਤਾਰ ਸੀ।
ਧੰਨ ਸੀ ‘ਉਪਾਸ਼ਕ' ਉਹ ਬਾਜ ਅਤੇ ਤਾਜ ਵਾਲਾ,
ਧੰਨ ਧੰਨ ਧੰਨ ਦਸਮੇਸ਼ ਤਲਵਾਰ ਸੀ।

ਲਾਲਾ ਕਿਰਪਾ ਸਾਗਰ ਜੀ

‘ਲਖਸ਼ਮੀ ਦੇਵੀ' ਮਹਾਂ ਕਾਵ ਨੇ ਲਾਲਾ ਕਿਰਪਾ ਸਾਗਰ ਜੀ ਦਾ ਨਾਮ ਪੰਜਾਬੀ ਸਾਹਿਤ ਵਿਚ ਸੂਰਜ ਵਾਂਗ ਰੋਸ਼ਨ ਕਰ ਦਿਤਾ। ਆਪ ਦਾ ਜਨਮ ਪਿੰਡ ਪਿਪਨਾਖਾਂ, ਜ਼ਿਲਾ ਸਿਆਲਕੋਟ, ਵਿਖੇ ੧੮੭੯ ਵਿਚ ਹੋਇਆ ਸੀ । ਆਪ ਕਾਫੀ ਸਮਾਂ ਅਧਿਆਪਕ ਵੀ ਰਹੇ ਤੇ ਪਤ੍ਰਕਾਰ ਵੀ ।

ਜੰਮੂ ਵਿਚ ਮੁਲਾਜ਼ਮਤ ਕਰਦਿਆਂ ਆਪ ਨੂੰ ਡੋਗਰਿਆ ਦੇ ਰਹਿਣ ਸਹਿਣ ਤੇ ਰਸਮੋ ਰਵਾਜ ਦੀ ਕਾਫੀ ਜਾਣਕਾਰੀ ਹੋ ਗਈ । ਓਥੇ ਹੀ ਆਪ ਦੇ ਦਿਲ 'ਚ ਪਹਾੜੀ ਇਲਾਕੇ ਦੇ ਪਛੋਕੜ ਨੂੰ ਸਾਹਮਣੇ ਰਖਕੇ ਇਕ ਲੰਬੀ ਕਵਿਤਾ ਲਿਖਣ ਦਾ ਫੁਰਨਾ ਫੁਰਿਆ। ੧੯੦੬ ਵਿਚ ਆਪ ਜੀ ਨੇ ਸਰ ਵਾਲਟਰ ਸਕਾਟ ਦੀ ਪ੍ਰਸਿਧ ਕਾਵ-ਕਹਾਣੀ ‘ਲੇਡੀ ਆਫ ਦੀ ਲੇਕ’ ਦੇ ਆਧਾਰ ਤੇ ਲਖਸ਼ਮੀ ਦੇਵੀ ਦੀ ਰਚਨਾ ਸ਼ੁਰੂ ਕੀਤੀ। ਇਹ ਸਾਖੀ ਆਪ ਨੇ ੮ ਸਾਲ ਦੀ ਲੰਬੀ ਤਪਸਿਆ ਮਗਰੋਂ ੧੯੧੪ ਵਿਚ ਪਹਿਲੇ ਜਰਮਨ ਵਿਸ਼ਵ ਯੁੱਧ ਦੇ ਦੌਰਾਨ ਸੰਪੂਰਨ ਕੀਤੀ। ਇਸ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੰਦਹਾਲ ਦੇਸ਼ ਦੇ ਜਿਤਨ ਦਾ ਦਿਲਕਸ਼ ਵਰਨਣ ਹੈ। ਇਹ ਬੰਦਹਾਲ ਦਾ ਇਲਾਕਾ ਜੰਮੂ ਤੇ ਸਿਆਲਕੋਟ ਦੇ ਦਰਮਿਆਨ ਵਾਕਿਆ ਹੈ। ਇਸ ਦੇਸ਼ ਦਾ ਰਾਜਾ ਜੈਮਲ ਸਿੰਘ ਸ਼ੇਰੇ ਪੰਜਾਬ ਦਾ ਵਡਾ ਬਾਗ਼ੀ ਮੰਨਿਆ ਜਾਂਦਾ ਸੀ ਅਤੇ ਬਾਗ਼ੀਆਂ ਨੂੰ ਪਨਾਹ ਵੀ ਦੇਂਦਾ ਸੀ। ਮਹਾਰਾਜਾ ਰਣਜੀਤ ਸਿੰਘ ਛੋਟੇ ਰਾਜ ਸਮਾਪਤ ਕਰਕੇ ਵਸ਼ਾਲ ਪੰਜਾਬ ਬਨਾਣਾ ਚਾਹੁੰਦੇ ਸਨ।

ਸ਼ੇਰੇ ਪੰਜਾਬ ਪਹਿਲਾਂ ਆਪ ਸ਼ਕਾਰੀ ਦਾ ਭੇਸ ਬਦਲ ਕੇ ਬੰਦਹਾਲ ਦੇਸ਼ ਤੇ ਜੈਮਲ ਸਿੰਘ ਦੀਆਂ ਫੌਜੀ ਤਿਆਰੀਆਂ ਤੇ ਉਹਦੀ ਤਾਕਤ ਆਦਿ ਦਾ ਪੂਰਾ ਪੂਰਾ ਜਾਇਜ਼ਾ ਇਕ ਸੁਘੜ ਫ਼ੌਜੀ ਮਾਹਿਰ ਵਾਂਗ ਲੈ ਆਇਆ।

ਇਕ ਅਲੋਚਕ ਦਾ ਕਹਿਣਾ ਹੈ ਕਿ ਲਖਸ਼ਮੀ ਦੇਵੀ ਵਿਚ ਲਾਲਾ ਕਿਰਪਾ ਸਾਗਰ ਜੀ ਨੇ ਦ੍ਰਿਸ਼-ਵਰਨਣ ਤੇ ਰਿਤੂ-ਵਰਨਣ ਦੇ ਉਹ ਜੌਹਰ ਵਿਖਾਏ ਹਨ ਕਿ ਸਾਡੇ ਸਾਹਿਤ ਵਿਚ ਇਸਦੀ ਮਸਾਲ ਲਭਣੀ ਔਖੀ ਹੈ । ਕਹਾਣੀ ਵਿਚ ਬੀਰ ਰਸ ਦੇ ਨਾਲ ਨਾਲ ਸ਼ਿੰਗਾਰ ਰਸ ਵਿਚ ਵੀ ਕਮਾਲ ਦਰਸਾਇਆ ਹੈ।

ਅਜ ਦੇ ਯੁਗ ਵਿਚ ਸੰਸਾਰ-ਅਮਨ ਦੀ ਲੰਬੀ ਕਥਾ ਥਾਂ ਥਾਂ ਚਲ ਰਹੀ ਹੈ ਤੇ ਯੁਧ-ਰਹਿਤ ਸੰਸਾਰ ਦੇ ਸੁਫ਼ਣੇ ਇਤਹਾਦੀ ਸਭਾ ਦੇ ਆਗੂ ਬੜੇ ਲੰਬੇ ਸਮੇਂ ਤੋਂ ਲੈਂਦੇ ਆ ਰਹੇ ਹਨ। ਕਿਰਪਾ ਸਾਗਰ ਜੀ ਨੇ ਵੇਖੋ ਯੁਧ ਦੇ ਪਵਾੜੇ ਕੈਸੇ ਦਰਦਨਾਕ ਬਿਆਨ ਕੀਤੇ ਹਨ :

ਯੁਧਾਂ ਵਿਚ ਨੇ ਕੁਸ਼ਤ ਤੇ ਖੂਨ ਹੁੰਦੇ,
ਜਾਨਾਂ ਕੁਸਦੀਆਂ ਸਦਾ ਪਿਆਰੀਆਂ ਨੀ।
ਹੁਕਮ ਕਰਨ ਜਿਹੜੇ ਹੁਕਮਰਾਨ ਬਣ ਕੇ,
ਉਹੋ ਮਰਨ ਦੀਆਂ ਕਰਨ ਤਿਆਰੀਆਂ ਨੀ ।
ਖਾਣ ਪੀਣ ਨੂੰ ਨਿਆਮਤਾਂ ਭੋਗਦੇ ਨੇ,
ਰਾਤਾਂ ਮਹਿਫਲਾਂ 'ਚ ਗੁਜ਼ਾਰੀਆਂ ਨੀ ।
ਉਹ ਧਸਦੇ ਯੁਧ ਦੇ ਵਿਚ ਪਹਿਲੇ,
ਦੇਖ ਆਣ ਜਦ ਕਿਸਮਤਾਂ ਹਾਰੀਆਂ ਨੀ ।
ਸਾਗਰ ਯੁੱਧ ਦਾ ਲੰਘਣਾ ਖਰਾ ਔਖਾ,
ਗੱਲਾਂ ਪੰਡਤਾਂ ਸਚ ਨਤਾਰੀਆਂ ਨੀ ।

ਯੁਧ ਦੇ ਕਾਰੇ ਵੀ ਵੇਖੋ ਕਿਰਪਾ ਸਾਗਰ ਕੈਸੇ ਲੂੰ ਕੰਡੇ ਖੜੇ ਕਰਨ ਵਾਲੇ ਬਿਆਨ ਕਰਦਾ ਹੈ :

ਫਿਕਰ ਜਾਨ ਤੇ ਮਾਲ ਦਾ ਜਾਨ ਖਾਂਦਾ,
ਕੰਮ ਕਾਰ ਛੁਟਣ ਮਿਠੇ ਬੋਲ ਬੇਲੀ।
ਰਾਗ ਰੰਗ ਦੀ ਥਾਂ ਆ ਪੈਣ ਸੈਂਹਸੇ,
ਛਡੇ ਕੰਬਣੀ ਫੌਜ ਦਾ ਢੋਲ ਬੇਲੀ,
ਮਰਨੇ ਮਾਰਨੇ ਦੀਆਂ ਗਲਾਂ ਹੋਣ ਸਭ ਥਾਂ,
ਪੜਦਾ ਅਕਲ ਤੇ ਪਏ ਅਨਭੋਲ ਬੇਲੀ,
ਤੋਪਾਂ ਬੀੜ ਜੋ ਕਿਲਿਆਂ ਦੇ ਵਿਚ ਰਹਿੰਦੇ,
ਮੌਤ ਝੱਪਦੀ ਏ ਬੂਹੇ ਖੋਲ੍ਹ ਬੇਲੀ ।
ਟੁਕੜੇ ਜਿਗਰ ਦੇ ਸਾਂਭ ਕੇ ਰਖੀਏ ਜੋ,
ਕੁਤੇ ਕਾਂ ਖਾਂਦੇ ਮਾਸ ਫੋਲ ਬੇਲੀ ।

ਇਖ਼ਲਾਕ ਦਾ ਸਬਕ ਸਿਖਾਣ ਵਾਲੀ ਪੂਰਨ ਭਗਤ ਦੀ ਧਰਤੀ ਦਾ ਜੰਮ ਪਲ ਕਿਰਪਾ ਸਾਗਰ ਵੇਖੋ ਜੰਗ ਦਾ ਇਕ ਰੋਸ਼ਨ ਪਹਿਲੂ ਵੀ ਕੈਸਾ ਸ਼ਾਨਦਾਰ ਪੇਸ਼ ਕਰਦਾ ਹੈ :

ਇਕੋ ਗਲ ਜੇ ਯੁਧ ਦੀ ਬਹੁਤ ਚੰਗੀ,
ਜਦੋਂ ਸੂਰਮੇ ਧਰਮ ਪਛਾਣਦੇ ਨੀ ।
ਔਰਤ ਬੱਚਿਆਂ ਤੇ ਹੱਥ ਚੁਕਦੇ ਨਾ,
ਸ਼ਰਣ ਪਏ ਨੂੰ ਮਾਰ ਨਾ ਜਾਣਦੇ ਨੀ ।
ਰਾਜ ਭਗਤ ਬਣਕੇ ਦੇਸ਼ ਭਗਤ ਬਣਦੇ,
ਸੋਹਣੇ ਸੂਰਮੇ ਸ਼ੇਰ ਮੈਦਾਨ ਦੇ ਨੀ ।
ਮੁਲਕ ਆਪਣ ਦਾ ਇਜ਼ਤ ਮਾਣ ਰਖਣ,
ਲੈਂਦੇ ਸ਼ੋਹਰਤਾਂ ਵਿਚ ਜਹਾਨ ਦੇ ਨੀ ।
ਸਾਗਰ ਸਿੰਘ ਨਾਂ ਗਿਦੜਾਂ ਨਾਲ ਲੜਦੇ,
ਹਾਥੀ ਢੂੰਡਦੇ ਵਡੀ ਸ਼ਾਨ ਦੇ ਨੀ ।

ਕਿਰਪਾ ਸਾਗਰ ਦਾ ਅੰਮ੍ਰਿਤ ਵੇਲੇ ਦਾ ਦ੍ਰਿਸ਼ ਉਲੀਕਿਆ ਵੇਖੋ, ਕਿਵੇਂ ਮਸਵਰਾਂ ਨੂੰ ਮਾਤ ਪਾਂਦੈ :

ਸੂਰਜ ਰਿਸ਼ਮਾਂ ਛਡੀਆਂ ਅੰਮ੍ਰਿਤ ਵੇਲੇ ਨਾਲ ।
ਕੁਝ ਕੁਝ ਜਾਪੇ ਚਾਨਣਾ, ਪੂਰਬ ਹੋਇਆ ਲਾਲ ।
ਝਾੜਾਂ ਵਿਚੋਂ ਲੋ ਨੇ ਦਿਤਾ ਦਰਸ਼ਨ ਆਨ ।
ਜਾਗੋ ਵੀਰੋ ਸੁਤਿਓ ਵੇਖੋ ਵਲ ਜਹਾਨ।
ਪੰਜ ਅਸ਼ਨਾਨੇ ਚਾ ਕਰੋ, ਕਰ ਈਸ਼ਵਰ ਦਾ ਧਿਆਨ ।
ਉਹੋ ਸਭ ਦਾ ਆਸਰਾ, ਕੂੜਾ ਹੋਰ ਜਹਾਨ ।

ਲਖਸ਼ਮੀ ਦੇਵੀ ਦੀ ਪੇਂਡੂ ਸੁੰਦਰਤਾ ਸ਼ਹਿਰੀ ਤੀਵੀਂ ਨੂੰ ਬੜੀ ਕਰਾਰੀ ਟਕੋਰ ਨਾਲ ਲਾਲਾ ਜੀ ਐਉਂ ਬਿਆਨ ਕਰਦੇ ਹਨ :

ਕੀ ਹੋਇਆ ਵਿਚ ਨਗਰਾਂ ਗਈ ਜੇ ਨਾ ਇਕ ਵੇਰ ।
ਸਿਖੀ ਜਾਚ ਨਾ ਟੁਰਨ ਦੀ ਨਖਰੇ ਕਰ ਕਰ ਢੇਰ ।
ਉਡੀ ਚਪੂ ਲਾਂਦਿਆ ਚੁੰਨੀ ਸਿਰੋਂ ਅਲਗ ।
ਪੂਰਨਮਾਂ ਦਾ ਚੰਨ ਜਿਉਂ ਚੜ੍ਹਿਆ ਵੇਖੇ ਜਗ ।

ਸਵੇਰ ਦੇ ਵੇਲੇ ਡੇਕ ਕੰਢੇ ਦੇ ਬੇਲਿਆਂ ਵਿਚ ਤਰੇਲ ਪਈ ਵੇਖ ਕਿਰਪਾ ਸਾਗਰ ਆਪਣੀ ਕਾਵ-ਉਡਾਰੀ ਵਿਚ ਵੇਖੋ ਕਿਥੇ ਦਾ ਕਿਥੇ ਜਾ ਪੁਜਦਾ ਹੈ :-

ਚਮਕੇ ਵਾਂਗਰ ਹੀਰਿਆਂ, ਇਕ ਇਕ ਬੂੰਦ ਤਰੇਲ ।
ਅੱਥਰ ਸੋਹਣੀ ਬਾਝ ਨਾ, ਕੋਈ ਵੀ ਇਸ ਦਾ ਮੇਲ ।

ਕਿਰਪਾ ਸਾਗਰ ਜੀ ਦੇ ਗੀਤ ਦੀ ਸੁਰੀਲੀ ਵਨਗੀ ਵੀ ਮੁਲਾਹਜ਼ਾ ਫਰਮਾਓ :

ਮੇਰਾ ਬਾਜ਼ ਖਲੌਤਾ ਈ ਥਕਿਆ,
ਕੁੱਤਾ ਰੋਟੀ ਨਾਂ ਖਾਂਦਾ ਈ ਅਕਿਆ,
ਦਿਲ ਵਿਚ ਫੋੜਾ ਦੁਖਾਂ ਦਾ ਈ ਪਕਿਆ,
ਅੱਲੇ ਦੁੱਖਦੇ ਨੀ ਘਾਹ ਚੀਸਾਂ ਮਾਰ ।
... ... ... ...
ਘੋੜਾ ਬੁੱਧਾ ਤਬੇਲੇ ਦੇ ਵਿਚ ਜੇ,
ਪਠੇ ਖਾਵੇ ਨਹੀਂ ਡਾਹਡਾ ਜਿਚ ਜੇ,
ਸਿਰ ਤੇ ਹੋਣੀ ਖਲੀ ਵਾਗਾਂ ਖਿਚ ਜੇ,
ਕੀਕਣ ਲਾਹਵਾਂ ਮੈਂ ਦਿਲ ਦਾ ਬੁਖਾਰ ।
... ... ... ...
ਪੰਛੀ ਮੰਗਲ ਕਰਨ ਵਿਚ ਜੰਗਲਾਂ,
ਮੈਨੂੰ ਦਿਲ ਵਿਚ ਪੈਣ ਉਦੰਗਲਾਂ,
ਵੇਖਾਂ ਟੁਟਣ ਕਦੋਂ ਮੇਰੀਆ ਸੰਗਲਾਂ,
ਮੁੜਕੇ ਵੇਖਾਂ ਮੈਂ ਉਹੋ ਬਾਹਰ ।
... ... ... ...
ਅੰਮ੍ਰਿਤ ਮਯ ਜੂਹਾਂ ਹਰੀਆਂ ਸੁਹਾਣੀਆਂ,
ਪਿਆਰੀਆਂ ਮੋਰਾਂ ਚਕੋਰਾਂ ਦੀਆਂ ਬਾਣੀਆਂ ।
ਦਿਲ ਦੀਆਂ ਹਰ ਲੈਣ ਪਾਪ ਗਲਾਨੀਆਂ,
ਦੇਵਣ ਮਾਨਸ ਜਨਮ ਸੁਧਾਰ ।
... ... ... ...

ਇਹ ਪੰਜਾਬ ਦਾ ਹਰਮਨ ਪਿਆਰਾ ਅਣਖੀਲਾ ਕਵੀ ੧੯੩੧ 'ਚ ਪਿਆਰਾ ਪੰਜਾਬ ਛਡ ਉਥੇ ਜਾ ਸੁਤਾ ਜਿਥੋਂ ਕਦੇ ਕੋਈ ਵਾਪਸ ਬੌਹੜਿਆ ਨਹੀਂ।

ਲਾਲਾ ਨੰਦ ਲਾਲ ਜੀ ਨੂਰਪੁਰੀ

‘ਆਤਮ-ਘਾਤੀ’ ਨੂਰਪੁਰੀ ਆਤਮ-ਘਾਤ ਨੂੰ ਸੰਸਾਰ ਦਾ ਸਭ ਤੋਂ ਵਡਾ ਤੇ ਸਰੇਸ਼ਟ ਪੁੰਨ ਸਾਬਤ ਕਰਕੇ ਪਾਪੀ ਸਮਾਜ ਦੀਆਂ ਪਿਤਾ-ਪੁਰਖੀ ਅਖੌਤੀ ਥੀਊਰੀਆਂ ਦੇ ਮੂੰਹ ਤੇ ਐਸੀ ਲੁਕ ਫੇਰ ਖੂਹ ਵਿਚ ਗੜ੍ਹਮ ਹੋ ਗਿਆ ਕਿ ਉਹ ਭਾਗਾਂ ਵਾਲੇ ਖੂਹ ਦਾ ਪਾਣੀ ਹੁਣ ਪਰਲੋ ਤਕ ਦਾਹਵਾ ਕਰਦਾ ਰਹੇਗਾ ਕਿ ਇਹ ਲੁਕ ਸੰਸਾਰ ਦੇ ਸਾਰੇ ਸਾਗਰਾਂ ਦੇ ਪਾਣੀ ਵੀ ਕਦੇ ਧੋ ਨਹੀਂ ਸਕਣਗੇ।

ਮੈਂ ਨੂਰਪੁਰੀ ਨੂੰ ੧੯੩੦-੩੧ ਤੋਂ ਬੜੇ ਨੇੜੇ ਤੋਂ ਜਾਣਦਾ ਹਾਂ। ਉਸ ਨਾਲ ਘੰਟਿਆਂ ਬਧੀ ਸ਼ਤਰੰਜ ਵੀ ਖੇਲੀ ਹੈ। ਉਸ ਮੇਰੇ ਅਗੇ ਘਰੇਲੂ ਦੁੱਖ ਸੁੱਖ ਵੀ ਫੋਲੇ ਨੇ ਪਰ ਏਨੀ ਨੇੜੇ ਹੁੰਦਿਆਂ ਉਸ ਮੇਰੇ ਸਾਹਮਣੇ ਕਦੇ ਵੀ ਸ਼ਰਾਬ ਦੀ ਗਲ ਨਹੀਂ ਕੀਤੀ । ਸ਼ਰਫ਼, ਆਸੀ, ਬਲੱਗਨ ਅਤੇ ਨੂਰਪੁਰੀ ਕਈ ਵਾਰੀ ਮੇਰੇ ਕੋਲ ਇਕਠੇ ਆਉਂਦੇ ਰਹੇ ਤੇ ਪੰਜਾਬੀ ਕਵਿਤਾ ਦੀਆਂ ਮਹਿਫਲਾਂ ਜਮਾਂਦੇ ਰਹੇ। ਹਾਂ, ਮਛੀ-ਵਛੀ ਯਾ ਪੂਰੀ-ਸੂਰੀ ਜੈਸੇ ਹਲਕੇ ਫੁਲਕੇ ਮਖੌਲ ਜ਼ਰੂਰ ਹੋ ਜਾਂਦੇ ਸਨ ਪਰ ਇਖਲਾਕ ਉਤੇ ਜੇ ਕੋਈ ਨਾਜ਼ ਕਰ ਸਕਦਾ ਸੀ ਤਾਂ ਇਹ ਸਾਡੇ ਨਾਮਵਰ ਕਵੀ ।

ਨੂਰਪੁਰੀ ਇਕ ਸਾਊ ਮਨੁੱਖ ਸੀ, ਹਰ ਮਹਿਫਲ ਦਾ ਸ਼ਿੰਗਾਰ ਸੀ, ਰੱਬ ਤੇ ਯਕੀਨ ਰਖਦਾ ਸੀ ਅਤੇ ਜਿਵੇਂ ਆਪ ਵਫ਼ਾਦਾਰ ਸੀ ਵੈਸੀ ਵਫ਼ਾਦਾਰੀ ਦੀ ਦੂਜਿਆਂ ਤੋਂ ਸਦਾ ਆਸ ਰਖਦਾ ਸੀ । ਉਹਦੇ ਅੰਤਲੇ ਦਿਨਾਂ ਵਿਚ ਭਾਵੇਂ ਮੈਂ ਉਹਨੂੰ ਮਿਲਿਆ ਤੇ ਨਹੀਂ ਪਰ ਉਹਦੀ ਗੁਰਬਤ ਦਸ ਰਹੀ ਹੈ ਕਿ ਉਹ ਅਣਖੀਲਾ ਕਵੀ ਕਿਸੇ ਦੋਸਤ ਅਗੇ ਹੱਥ ਫੈਲਾਣ ਦੀ ਭੁੱਲ ਨਹੀਂ ਕਰ ਗਿਆ ਤੇ ਸ਼ਰਮ ਦਾ ਮਾਰਾ ਬੇਸਹਾਰਾ ਹੋ ਆਪਣੀ ਵਫਾ ਨੂੰ ਐਉਂ ਵੰਗਾਰਦਾ ਹੋਇਆ ਖੂਹ ਵਿਚ ਛਾਲ ਮਾਰ ਗਿਆ :

ਗਜ਼ਬ ਹੈ ਮੈਂ ਆਪਣੇ ਇਸ਼ਕ ਤੇ ਇਤਬਾਰ ਕਰ ਬੈਠਾ ।
ਮੈਂ ਆਪਣਾ ਆਪ ਕਾਤਿਲ, ਆਪਣੇ ਤੇ ਵਾਰ ਕਰ ਬੈਠਾ।

ਅਤੇ ਮਰਦੇ ਮਰਦੇ ਓਸ ਮਿਤ੍ਰ ਦੇ ਹੱਥ ਵਿਚ ਜਿਸ ਤੋਂ ਮਾਯੂਸ ਹੋਇਆ ਹੋਵੇਗਾ, ਇਹ ਵਸੀਅਤ ਵੀ ਫੜਾ ਗਿਆ :

ਮੇਰੇ ਐਬਾਂ ਨੇ ਮੇਰੀ ਲਾਸ਼ ਨੂੰ ਬੇਪਰਦ ਕਰ ਦਿਤਾ,
ਤੂੰ ਨੰਗਾ ਹੀ ਦਫਨ ਕਰ ਦੇ, ਕਫਨ ਹੁਣ ਯਾਰ ਕੀ ਕਰਨਾ ।

ਜਿਸ ਕਫਨ ਵਿਚ ਲਪੇਟ ਕੇ ਸਮਾਜ ਦੇ ਠੇਕੇਦਾਰਾਂ ਨੇ ਨੂਰਪੁਰੀ ਨੂੰ ਚਿਖਾ ਉਤੇ ਰਖਿਆ ਹੋਵੇਗਾ, ਉਹ ਦਰ ਅਸਲ ਆਪ ਨੂਰਪੁਰੀ ਦੀ ਅੱਖ ਨਾਲ ਅੱਖ ਮਲਾਣ ਦੀ ਹਿੰਮਤ ਨਹੀਂ ਸਨ ਕਰ ਸਕਦੇ । ਟਕਿਆਂ ਨਾਲ ਵਫਾ ਨੂੰ ਤੋਲਨ ਵਾਲੇ ਓਸ ਖੁਦਦਾਰ ਦੇ ਮਰੇ ਦੀ ਅੱਖ ਦੀ ਝਾਲ ਉਹ ਝੱਲ ਵੀ ਕਿਵੇਂ ਸਕਦੇ ਸਨ ? ਜਦ ਇਨ੍ਹਾਂ ਅਣਖੀਲੇ ਨੂਰਪੁਰੀ ਦੇ ਅਣਖ ਨੂੰ ਪ੍ਰਖਣ ਵਾਲਿਆਂ ਉਹਨੂੰ ਕਫਨ ਵਿਚ ਲਪੇਟ ਆਪਣੀ ਅੱਖ ਚੁਰਾਈ ਤਾਂ ਆਤਮਘਾਤੀ ਲਾਸ਼ ਨੇ ਐਉਂ ਨਹੋਰਾ ਦਿਤਾ :

ਹੁਣ ਨਹੀਂ ਉਹਲੇ ਹੋਇਆਂ ਮੁਕਣੀ,
ਹੁਣ ਨਾਂ ਉਹਲੇ ਹੋ ਉਏ ਯਾਰਾ।
‘ਨੂਰਪੁਰੀ’ ਦੇ ਦਰਦ ਵੇਖ ਜਾ,
ਕੁਝ ਚਿਰ ਕੋਲ ਖਲੋ ਉਏ ਯਾਰਾ ।

‘ਨੂਰਪੁਰੀ' ਗੀਤਕਾਰ ਦੇ ਰੂਪ ਵਿਚ ਪੰਜਾਬੀ ਸਾਹਿਤ ਉਤੇ ਛਾ ਗਿਆ। ਇਸਦੇ ਗੀਤ ਇਹਦੇ ਜੀਵਨ ਵਿਚ ਹੀ ਪ੍ਰੀਤਵਾਨਾਂ ਦੀਆਂ ਬੁਲੀਆਂ ਉਤੇ ਗੁਣ-ਗੁਣਾਂਦੇ ਰਹੇ ਤੇ ‘ਗੋਰੀ ਦੀਆਂ ਝਾਂਜਰਾਂ ਬੁਲਾਂਦੀਆਂ ਗਈਆਂ' ਵਾਲਾ ਰੋਮਾਂਚਕ ਗੀਤ ਕੌਮਾਂਤਰੀ ਸ਼ੋਹਰਤ ਹਾਸਿਲ ਕਰ ਗਿਆ। ਸ਼ਾਇਦ ਇਹ ਗੀਤ ਮੈਂ ਆਪਣੇ ਮਾਸਕ ਪ੍ਰਤ ‘ਪ੍ਰੇਮ ਪਟਾਰੀ' ਵਿਚ ਸਭ ਤੋਂ ਪਹਿਲਾਂ ਵੰਡਾਰੇ ਦੇ ਤੁਰੰਤ ਮਗਰੋਂ ਅਕਤੂਬਰ ੧੯੪੯ ਵਿਚ ਪ੍ਰਕਾਸ਼ਤ ਕੀਤਾ ਸੀ । ਇਸ ਗੀਤ ਦੇ ਪਿਛੇ ਵੀ ਨੂਰਪੁਰੀ ਦੀ ਆਪਣੀ ਇਕ ਘਟਨਾ ਛੁਪੀ ਪਈ ਸੀ ਜੋ ਉਹਦੇ ਨਾਲ ਮੈਨੂੰ ਖੁਦ ਡਿਸਕਸ ਕਰਨ ਦਾ ਫਖਰ ਪ੍ਰਾਪਤ ਹੋਇਆ । ਇਕ ਗੀਤ ਦੀਆਂ ਕੁਝ ਪੰਗਤੀਆਂ ਐਉਂ ਹਨ :

ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ,
ਗਲੀਆਂ ਦੇ ਵਿਚ ਡੰਡ ਪਾਉਂਦੀਆਂ ਗਈਆਂ ।

ਕਾਲੇ ਜਹ ਦੁਪਟੇ ਨੇ ਕੀ ਪਾਇਆ ਨ੍ਹੇਰ ਨੀਂ,
ਘੁੰਡ ਵਿਚ ਨੈਣ ਉਹਦੇ ਲਏ ਘੇਰ ਨੀ।
ਮਿਤ੍ਰਾਂ ਦੇ ਦਿਲ ਧੜਕਾਉਂਦੀਆਂ ਗਈਆਂ,
ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਗਈਆਂ ।

ਸਾਂਭੇ ਜਾਣ ਨਖਰੇ ਨਾਂ ਅੰਗ ਅੰਗ ਦੇ,
ਵੀਣੀ ਉਤੇ ਨੱਚਦੇ ਬਲੌਰੀ ਰੰਗ ਦੇ
ਸਜਨਾਂ ਦੇ ਲਹੂ ਵਿਚ ਨਾਉਂਦੀਆਂ ਗਈਆਂ,
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ।

ਅਤੇ ਅੰਤ ਵਿਚ ਕਵੀ ਬੜੀ ਦਿਲਕਸ਼ ਝਲਕੀ ਐਉਂ ਪੇਸ਼ ਕਰਦਾ ਹੈ ਕਿ :

‘ਨੂਰਪੁਰੀ' ਕੋਲੋਂ ਸ਼ਰਮਾਉਂਦੀਆਂ ਗਈਆਂ,
ਗੋਰੀ ਦੀਆਂ ਝਾਂਜਰਾਂ ......

ਮੈਂ ਇਹ ਗੀਤ ਆਪਣੇ ਮਿਤਰ ਦੀ ਰਸਨਾ ਤੋਂ ਸੁਣ ਚੁਪ ਨਾਂ ਰਹਿ ਸਕਿਆ ਤੇ ਉਹਨੂੰ ਪੁੱਛ ਬੈਠਾ ਕੇ ਨੂਰਪੁਰੀ ਤੋਂ ਕਿਉਂ ਸ਼ਰਮਾ ਗਈਆਂ ? ਤਾਂ ਉਹ ਝਟ ਬੇਸਾਖਤਾ ਬੋਲ ਪਿਆ, ‘ਨੂਰਪੁਰੀ' ਗਰੀਬ ਜੋ ਹੋਇਆ ਝਾਂਜਰ ਕਦੇ ਕਿਸੇ ਗਰੀਬ ਨੂੰ ਵੀ ਬੁਲਾ ਸਕਦੀ ਏ ।'

‘ਨੂਰਪੁਰੀ' ਦੇ ਗੀਤਾਂ ਦੇ ਅਨੇਕਾਂ ਗ੍ਰਾਮੋਫੋਨ ਰੀਕਾਰਡ ਮਿਲਦੇ ਹਨ ਜਿਨ੍ਹਾਂ ਵਿਚੋਂ ‘ਖਤ ਆਇਆ ਸੋਹਣੇ ਸਜਨਾਂ ਦਾ' ਗੀਤ ਵੀ ਬਿਰਹਾ ਲਦੇ ਦਿਲ ਦੀ ਵੇਦਨਾ ਐਉਂ ਸੁਣਾਉਂਦਾ ਹੈ :

“ਖਤ ਆਇਆ ਸੋਹਣੇ ਸਜਨਾਂ ਦਾ ।
ਕਦੀ ਰਖਦੀ ਹਾਂ ਕਦੀ ਪੜ੍ਹਦੀ ਹਾਂ ।
ਨਾਂ ਲਿਖੀਆਂ ਤਰੀਕਾਂ ਆਣ ਦੀਆਂ,
ਨੀ ਮੈਂ ਪਲ ਪਲ ਕੋਠੇ ਚੜ੍ਹਦੀ ਹਾਂ ।
ਖਤ ਆਇਆ...

ਕੁਝ ਮਣਕੇ ਪਰੋ ਕੇ ਗਾਨੀ ਦੇ
ਨੀ ਮੈਂ ਪਰਖਾਂ ਸਬਰ ਮਸਤਾਨੀ ਦੇ,
ਜਦ ਅਥਰੂ ਡਿਗਣ ਜਵਾਨੀ ਦੇ,
ਨੀ ਮੈਂ ਐਵੇਂ ਖਿਝ ਖਿਝ ਲੜਦੀ ਹਾਂ ।
ਖਤ ਆਇਆ...

ਅਤੇ ਏਸ ਦਰਦੀਲੇ ਗੀਤ ਦੇ ਅੰਤਲੇ ਬੰਦ ਵਿਚ ‘ਨੂਰਪੁਰੀ' ਆਪਣਾ ਦੁਖ ਲੁਕਾ ਕੇ ਨਹੀਂ ਰਖ ਸਕਿਆ ਤੇ ਏਸ ਬੇਮੁਹਾਰੀ ਦੁਨੀਆਂ ਨੂੰ ਬੜੇ ਕਲਾਮਈ ਢੰਗ ਨਾਲ ਐਉਂ ਚੋਟ ਕਰ ਜਾਂਦਾ ਹੈ :

‘ਕੁਝ ‘ਨੂਰਪੁਰੀ' ਦੇ ਝੋਰੇ ਨੇ
ਕੁਝ ਰੋਂਦੇ ਪਏ ਹਟਕੋਰੇ ਨੇ,
ਕੁਝ ਦੁਨੀਆਂ ਵਾਲੇ ਕੋਰੇ ਨੇ,
ਮੈਂ ਦੋਸ਼ ਜਿਨ੍ਹਾਂ ਸਿਰ ਮੜਦੀ ਹਾਂ
ਖਤ ਆਇਆ......

ਨੂਰਪੁਰੀ ਦੁਨੀਆਂ ਵਾਲਿਆਂ ਨੂੰ ਕੋਰੇ ਕਹਿਣ ਦੇ ਬਾਵਜੂਦ ਭੀ ਪੰਜਾਬ ਦੀ ਮਾਤਭੂਮੀ ਨੂੰ ਵੇਖੋ ਕਿਵੇਂ ਪਿਆਰ ਤੇ ਸਤਿਕਾਰ ਕਰਦਾ ਹੈ :

ਧਰਤੀ ਪੰਜਾਬ ਦੀ ਉਤੋਂ ਵਾਰ ਦੇਈਏ ਜਿੰਦ-ਜਾਨ,
ਇਹਦੇ ਨਾਲ ਹੈ ਹਸਤੀ ਸਾਡੀ, ਇਹਦੇ ਨਾਲ ਹੈ ਸ਼ਾਨ ।

ਸਜਨ ਮੰਗੇ ਜਾਨ ਜੋ ਸਾਡੀ, ਹੱਸ ਕੇ ਉਹ ਵੀ ਦਈਏ।
ਜੇ ਵੰਗਾਰੇ ਦੁਸ਼ਮਣ ਉਹਨੂੰ ਸਿਧੇ ਹਥੀਂ ਲਈਏ ।
ਬਾਹਰਲੇ ਦੇਸ਼ਾਂ ਉਤੇ ਅਸੀਂ ਕਦੇ ਨ ਰਖੀਏ ਮਾਨ ।
ਧਰਤੀ ਪੰਜਾਬ ਦੀ ਉਤੋਂ ......

ਸੋਹਣੇਂ ਸ਼ੇਰ ਜਵਾਨ ਏ, ਪੰਜਾਬ ਤੇਰੇ ਰਖਵਾਲੇ ।
ਟੈਂਕਾਂ ਦੇ ਮੂੰਹ ਮੋੜ ਨੇ ਦੇਂਦੇ, ਫੌਜੀ ਵੀਰ ਮਤਵਾਲੇ ।
ਮਰ ਜਾਂਦੇ ਆਜ਼ਾਦੀ ਖਾਤਰ ਵਤਨ ਦਾ ਰਖਦੇ ਮਾਨ ।
ਧਰਤੀ ਪੰਜਾਬ ਦੀ ਉਤੋਂ ……..

ਮੇਲੇ ਦੇ ਵਿਚ ਜਟ ਆਣ ਕੇ ਬੋਲੀਆਂ ਭੰਗੜੇ ਪਾਉਣ,
ਕਤਨ ਚਰਖੇ ਤਰਿੰਝਣਾਂ ਦੇ ਵਿਚ ਕੁੜੀਆਂ ਗਿੱਧੇ ਪਾਉਣ
‘ਨੂਰਪੁਰੀ' ਗਭਰੂ ਅਣਖੀਲੇ ਲੋਹੇ ਵਰਗੀ ਜਾਨ,
ਧਰਤੀ ਪੰਜਾਬ ਦੀ ਉਤੋਂ ਵਾਰ ਦੇਈਏ ਜਿੰਦ ਜਾਨ ।

ਨੂਰਪੁਰੀ ਨੇ ਗੁਰੂ ਘਰ ਉਤੇ ਵੀ ਬੜੀ ਸ਼ਰਧਾ ਨਾਲ ਆਪਣਾ ਕਮਾਲ ਵਿਖਾਇਆ ਹੈ । ਦਰਅਸਲ ਨੂਰਪੁਰੀ ਕਮਿਊਨਿਸਟ ਸ਼ਬਦਾਵਲੀ ਵਿਚ ਅਗਾਂਹਵਧੂ ਕਵੀ ਨਹੀਂ ਸੀ ਕਿਉਂਕਿ ਉਹ ਰੱਬ ਤੋਂ ਮੁਨਕਰਾਂ ਨੂੰ ਇਨਸਾਨ ਹੀ ਨਹੀਂ ਸੀ ਸਮਝਦਾ। ਉਹ ਅਕਾਲ ਪੁਰਖ ਸਰਬ ਸ਼ਕਤੀ- ਮਾਨ ਦਾ ਦ੍ਰਿੜ ਪੁਜਾਰੀ ਸੀ ਅਤੇ ਇਹੋ ਕਾਰਨ ਹੈ ਕਿ ਉਹ ਗੁਰੂ ਘਰ ਦੇ ਬਹੁਤ ਨੇੜੇ ਸੀ। ਉਹ ਕਿਹਾ ਕਰਦਾ ਸੀ ਕਿ ਐਸ. ਐਸ. ਚਰਨ ਸਿੰਘ ‘ਸ਼ਹੀਦ' ਦਾ ਭਲਾ ਹੋਊ ਜਿਸ ਇਕੋ ਵਕਤ ਪੰਜਾਬੀ ਕਵਿਤਾ ਨੂੰ ਕਵੀ ਦਰਬਾਰਾਂ ਦੇ ਉੱਚ ਸਿੰਘਾਸਨ ਉਤੇ ਬਠਾਇਆ ਤੇ ਨਾਲ ਕਵੀਆਂ ਨੂੰ ਗੁਰੂ ਜੱਸ ਵਲ ਪ੍ਰੇਰਿਆ। ਨੂਰਪੁਰੀ ਨੇ ਗੁਰੂ ਇਤਿਹਾਸ ਉਤੇ ਅਨੇਕਾਂ ਕਵਿਤਾਵਾਂ ਲਿਖੀਆਂ ਪਰ ਚੁੰਮ ਚੁੰਮ ਰਖੋ ਕਲਗੀ ਜੁਝਾਰ ਦੀ' ਸਿੱਖ ਜਗਤ ਵਿਚ ਬਹੁਤ ਹੀ ਮਕਬੂਲ ਹੋਈ ਅਤੇ ਕੋਈ ਵਿਰਲੀ ਅੱਖ ਹੀ ਹੋਵੇਗੀ ਜੋ ਇਹ ਦਰਦ ਭਰਿਆ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗੀਤ ਸੁਣ ਸੇਜਲ ਨਾ ਹੋਈ ਹੋਵੇ । ਰੇਡੀਓ ਉਤੇ ਜਦ ਇਹ ਸ਼ਹੀਦੀ ਗੀਤ ਗਾਇਆ ਜਾਂਦਾ ਹੈ ਤਾਂ ਸਿੱਖ ਅਤੇ ਆਮ ਗੁਰੂ ਮਹਾਰਾਜ ਦੇ ਸ਼ਰਧਾਲੂ ਆਪਾ ਭੁਲ ਜਾਂਦੇ ਹਨ। ਨੂਰਪੁਰੀ ਨੇ ਏਸ ਗੀਤ ਨਾਲ ਸਿੱਖੀ ਦਾ ਐਸਾ ਵਡਾ ਪ੍ਰਚਾਰ ਕੀਤਾ ਹੈ, ਜਿਸ ਦੀ ਮਿਸਾਲ ਢੂੰਡਿਆਂ ਨਹੀਂ ਮਿਲ ਸਕਦੀ । ਇਸ ਗੀਤ ਤੋਂ ਨੂਰਪੁਰੀ ਦੀ ਗੁਰ ਚਰਨਾਂ ਨਾਲ ਪ੍ਰੀਤ ਪ੍ਰਤੱਖ ਦਿਸਦੀ ਹੈ ਅਤੇ ਏਸੇ ਗੀਤ ਨੇ ਆਪ ਨੂੰ ਅਮਰ ਕਰ ਦਿਤਾ ਹੈ । ਗੀਤ ਦੀਆਂ ਕੁਝ ਪੰਗਤੀਆਂ ਮੁਲਾਹਜ਼ਾ ਕਰੋ। ਇਹ ਗੀਤ ਮਾਤਾ ਗੁਜਰੀ ਜੀ ਵਲੋਂ ‘ਨੂਰਪੁਰੀ’ ਪੇਸ਼ ਕਰ ਰਿਹਾ ਹੈ :

ਚੁੰਮ ਚੁੰਮ ਰਖੋ ਨੀ ਇਹ ਕਲਗੀ ਜੁਝਾਰ ਦੀ।
ਫੁਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।

ਜੰਗ ਵਿਚੋਂ ਜਿਤ ਕੇ ਲਾਲ ਮੇਰੇ ਆਉਣਗੇ ।
ਚੰਨਾਂ ਦਿਆਂ ਚਿਹਰਿਆਂ ਤੋਂ ਚੰਨ ਸ਼ਰਮਾਉਣਗੇ ।
ਵੇਹੜੇ ਵਿਚ ਠਾਠਾਂ ਮਾਰੂ, ਖੁਸ਼ੀ ਸੰਸਾਰ ਦੀ ।
ਚੁੰਮ ਚੁੰਮ ਰਖੋ .......

ਘੋੜਿਆਂ ਦੇ ਪੌੜ ਜਦੋਂ ਕੰਨਾਂ ਸੁਣੇ ਵਜਦੇ,
ਵੇਖਣ ਨੂੰ ਆਏ ਨੈਣ ਬੂਹੇ ਵਲ ਭਜਦੇ।
ਲਹੂ ਵਿਚ ਭਿਜੀ ਵੇਖੀ ਘੋੜੀ ਭੁੱਬਾਂ ਮਾਰਦੀ ।
ਚੁੰਮ ਚੁੰਮ ਰਖੋ......

ਲਗੇ ਹੋਏ ਕਾਠੀ ਉਤੇ ਲਹੂ ਨੇ ਇਹ ਦਸਿਆ,
ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ ।
ਛਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ !
ਚੁੰਮ ਚੁੰਮ ਰਖੋ ਨੀ ਇਹ ਕਲਗੀ ਜੁਝਾਰ ਦੀ ।

ਸ੍ਰਦਾਰਨੀ ਪ੍ਰਭਜੋਤ ਕੌਰ ਜੀ

ਜਿਵੇਂ ਪ੍ਰਭੂ ਦੀ ਜੋਤ ਬ੍ਰਹਿਮੰਡ ਦੇ ਜ਼ੱਰੇ ਜ਼ੱਰੇ ਵਿਚ ਦੇਖੀ ਜਾਂਦੀ ਹੈ ਤਿਵੇਂ ਹੀ ਠੀਕ ਪ੍ਰਭਜੋਤ ਦੀ ਸਮੁੱਚੀ ਕਵਿਤਾ ਵਿਚ ਪ੍ਰਭਜੋਤ ਆਪ ਆਪੇ ਨੂੰ, ਇਕ ਪੰਜਾਬ ਦੀ ਸ਼ਰਮੀਲੀ ਬੱਚੀ ਹੁੰਦੀ ਹੋਈ, ਲੁਕਾਂਦੇ ਹੋਏ ਵੀ ਇਕ ਇਕ ਅੱਖਰ ਵਿਚੋਂ ਸਾਫ ਦਿਸ ਰਹੀ ਹੈ।

ਪ੍ਰਭਜੋਤ ਦੀ ਕਵਿਤਾ ਉਤੇ ਕੁਝ ਲਿਖਣਾ ਕਠਨ ਵੀ ਹੈ ਤੇ ਆਸਾਨ ਵੀ । ਕਠਨ ਇਸ ਲਈ ਕਿ ਇਹਦੀ ਕਵਿਤਾ ਵਿਚ ਸਚਾਈ ਤੇ ਡੂੰਘਾਈ ਇਕੋ ਵਕਤ ਅਥਾਹ ਮਿਲਦੀ ਹੈ ਅਤੇ ਆਸਾਨ ਇਸ ਲਈ ਇਹ ਕਾਵਿਤ੍ਰੀ ਕੌਮਾਂਤ੍ਰੀ ਸ਼ੋਹਰਤ ਹਾਸਿਲ ਕਰ ਚੁਕੀ ਹੈ, ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ। ਇਹਦਾ ਨਾਮ ਹੀ ਇਹਦੀ ਕਾਵ-ਕਲਾ ਦੀ ਤਸਵੀਰ ਸਾਹਮਣੇ ਆ ਖੜੀ ਹੁੰਦੀ ਹੈ।

ਪੰਜਾਬੀ ਨੂੰ ਆਪਣੇ ਇਸ ਗੁਣ ਤੇ ਮਾਨ ਹੈ ਕਿ ਉਹ ਕਦੇ ਵਲ ਫਰੇਬ ਦੀ ਗਲ ਨਹੀਂ ਕਰਦਾ । ਜੋ ਵੀ ਕਹੋਗੇ ਸਾਫ ਮੂੰਹ ਤੇ ਹੀ ਕਹੇਗਾ। ਪ੍ਰਭਜੋਤ ਦੇ ਦਿਲ ਵਿਚ ਜਦ ਜਜ਼ਬਾਤ ਪੁੰਗਰਣ ਲਗੇ ਤੇ ਦਿਲ ਤੇ ਦਿਮਾਗ ਦੇ ਦਰਮਿਆਨ ਖਿਚੋਤਾਣ ਸ਼ੁਰੂ ਹੋਈ ਤਾਂ ਇਹ ਸਾਧ ਮੁਰਾਦੀ ਪੰਜਾਬਣ ਕੁੜੀ ਪੁਕਾਰ ਉਠੀ :-

ਦੁਨੀਆਂ ਦੇ ਕੰਢੇ
ਸ਼ਾਮੀਂ ਸਵੇਰੇ
ਮਿਲਦੇ ਹਨੇਰਾ ਤੇ ਲੋਅ ।
ਬਿਰਹਾ ਦੀ ਛਾਵੇਂ
ਮਿਲਨੇ ਦੀ ਤਾਂਘਾਂ
ਤਾਂਘਾਂ 'ਚ ਪਿਆਰ ਪਲੋ ।

ਤੇ ਫੇਰ ਆਪਣੇ ਜਜ਼ਬਾਤ ਨੂੰ ਆਪਣੀ ਫੁਲਕਾਰੀ ਦੀ ਬੁਕਲ ਵਿਚੋਂ ਕਢ, ਝੋਲੀ ਵਿਚ ਪਾ, ਬੜੀ ਨਿੱਡਰਤਾ ਨਾਲ ਐਉਂ ਪੇਸ਼ ਕਰ ਦਿਤਾ :-

ਆਸ਼ਾ ਮਿਲਨ ਦੀ
ਡਰ ਵਿਛੜਨ ਦਾ
ਝਮਕਣ ਨੈਣਾਂ 'ਚ ਆ
ਹਾਏ ਵੇ ! ਮੇਰੇ ਝੱਲੇ ਦਿਲ ਦੇ
ਝਲੇ ਨੇ ਜਜ਼ਬੇ,
ਮੈਨੂੰ ਝਲਿਆਂ ਦੇਣ ਬਣਾ ।

ਤਰਕਾਲਾਂ ਵੇਲੇ ਦਾ ਨਜ਼ਾਰਾ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਵਿਚ ਅਵੱਸ਼ ਟੁੰਬਦਾ ਹੈ। ਇਸ ਦੋ ਪੁੜ ਮਿਲਣ ਉਤੇ ਹਰ ਕਵੀ ਨੇ ਕਿਸੇ ਨਾ ਕਿਸੇ ਸਮੇਂ ਆਪਣੇ ਮਨ ਦੀ ਭੜਾਸ ਕਿਸੇ ਬਹਾਨੇ ਜ਼ਰੂਰ ਕੱਢੀ ਹੈ। ਉਰਦੂ ਕਵੀਆਂ ਨੇ ਸ਼ਾਮ ਅਤੇ ਸ਼ਰਾਬ ਨੂੰ ਕਈ ਦਿਲਕਸ਼ ਰੰਗਾਂ ਵਿਚ ਪੇਸ਼ ਕੀਤਾ ਹੈ। ਭਾਈ ਵੀਰ ਸਿੰਘ ਜੈਸਾ ਕਵੀ ਵੀ ਚਸ਼ਮੇ ਕੰਢੇ ਖੜਾ ਸ਼ਾਮ ਹੋਈ ਵੇਖ ਆਪਣੇ ਮਨ-ਤ੍ਰੰਗ ਸੰਭਾਲ ਨਹੀਂ ਸਕਿਆ। ਪ੍ਰਭਜੋਤ ਨੇ ਸ਼ਾਮ ਦੀ ਤਸਵੀਰ ਜਿਸ ਆਰਟਿਸਟਿਕ ਢੰਗ ਨਾਲ ਤੇ ਬਿਰਹਾ ਗਲੇਫੇ ਰੰਗ ਨਾਲ ਪੇਸ਼ ਕੀਤੀ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਕਹਿੰਦੀ ਹੈ-

ਫਿੱਕਾ ਹੋਇਆ ਨੂਰ ਰਵੀ ਦਾ
ਦਿਨ ਦਾ ਸਫਰ ਮੁਕਾ ਕੇ ।
ਧੁੰਧ-ਲਪੇਟੀ ਸੰਝ-ਪਰੀ
ਕਾਲੇ ਘੁੰਗਟ ਖੋਹਲੇ ਆ ਕੇ ।
ਮਧੁਰ ਧੁੰਨੀ ਵਿਚ ਗਾਵਣ ਲਹਿਰਾਂ
ਨੱਚਣ ਘੁਮਰ ਪਾ ਕੇ ।
ਪਵਨ ਚੁੰਮਦੀ ਫੁਲ ਪੱਤਿਆਂ ਨੂੰ
ਮਧੁਰ ਰਾਗਨੀ ਛੇੜੀ,
ਮਾਂਝੀ ਠੇਲ੍ਹ ਦੇਹ ਬੇੜੀ ਮੇਰੀ ।

ਪ੍ਰੀਤ ਦੇ ਸਹਾਰੇ ਤੇ ਖੜੀ ਮੰਜ਼ਲ ਤੋਂ ਬੇਖ਼ਬਰ, ਵਾਤਾਵਰਨ ਤੋਂ ਬੇਝਿਜਕ, ਸਮੇਂ ਦੇ ਉਤਰਾ ਚੜ੍ਹਾ ਤੋਂ ਬੇਖੌਫ਼ ਸਾਂਵਲੀ ਦਿਲ ਚੀਰਵੀਂ ਫਜ਼ਾ ਵਿਚ ਫੇਰ ਪ੍ਰਭਜੋਤ ਆਪਣੇ ਪਿਆਰ ਨੂੰ ਐਉਂ ਢੋਲ ਵਜਾ ਕੇ ਤੇ ਤਾਲ ਨਾਲ ਤਾਲ ਮਿਲਾ ਕੇ ਗਾ ਉਠਦੀ ਹੈ :-

ਮੈਂ ਬਉਰੀ ਤੂੰ ਬਉਰਾ ਹੋ ਜਾ
ਪੀ ਕੇ ਪ੍ਰੀਤ-ਨੈਣ-ਮਦਿਰਾ ਨੂੰ,
ਤੂੰ ਵੀ ਅੱਜ ਵਿਸਮਾਦ 'ਚ ਖੋ ਜਾ
ਛਡ ਕੇ ਬੇੜੀ ਆਸ ਸਹਾਰੇ ।
ਪਤਵਾਰਾਂ ਨੂੰ ਮਨੋ ਭੁਲਾ ਕੇ
ਮੈਂ ਗਾਵਾਂ ਤੂੰ ਸੁਣ ਅੱਜ ਪਿਆਰੇ,
ਵਹਿੰਦੀ ਇਸ ਸੰਗੀਤ-ਨਦੀ ਵਿਚ
ਰੋੜ੍ਹ ਦੇ ਬੀਤੇ ਦੁੱਖ ਸੁੱਖ ਸਾਰੇ।
ਰਾਤ ਪਈ ਦੀ ਕਰ ਨਾ ਚਿੰਤਾ
ਅਮਰ-ਦੀਪ ਜਗਦੇ ਪਏ ਤਾਰੇ,
ਹੌਲੇ ਹੌਲੇ ਵਹਿੰਦੇ ਆਪੇ
ਪਹੁੰਚ ਪਵਾਂਗੇ ਕਿਸੇ ਕਿਨਾਰੇ ।
ਤੂੰ ਤੇ ਮੈਂ ਜੇ ਦੋਵੇਂ ਹੋਈਏ
ਫਿਰ ਚਿੰਤਾ ਹੈ ਕਿਹੜੀ ?
ਮਾਂਝੀ ਠੇਲ੍ਹ ਦੇ ਬੇੜੀ ਮੇਰੀ ।

ਇਸ ਬੀਬੀ ਰਾਣੀ ਪੰਜਾਬਨ ਦੇ ਭੋਲੇ ਪਨ ਦਾ ਵੀ ਜਵਾਬ ਨਹੀਂ । ਕਰਨਲ ਨਰਿੰਦਪਾਲ ਸਿੰਘ ਜੈਸੇ ਮਲੰਗ ਫੌਜੀ ਦੇ ਲੜ ਲਗ ਕੇ ਦੇਖੋ ਇਹਾ ਭੋਲੀ ਭਾਲੀ ਮੁਟਿਆਰ ਆਪਣੇ ਦਿਲ ਦੇ ਲੁਕਵੇਂ ਦਰਦ ਨੂੰ ਕਿਸ ਭੋਲੀ ਅਦਾ ਨਾਲ ਪੇਸ਼ ਕਰਦੀ ਹੈ :-

ਨਨਦੀ ਵੀਰਨ ਨੂੰ ਸਮਝਾ !
ਨਿਤ ਨਿਤ ਚੜ੍ਹੇ ਦਿਸੌਰ ਨੂੰ ਅੜੀਏ
ਮੈਨੂੰ ਲਾਰੇ ਲਾ ।
ਆਪੂੰ ਜਾਗ ਮੈਂ ਦਰਦ ਸੁਣਾਵਾਂ
ਉਸ ਨੂੰ ਨਹੀਂ ਪ੍ਰਵਾਹ ।
ਅੱਖਾਂ 'ਚ ਸਾਂਭਾਂ ਮੈਂ ਘੋਰ ਨਿਰਾਸਾਂ
ਰੋਜ ਵਿਛਾਨੀਆਂ ਰਾਹਾਂ ਤੇ ਆਸਾਂ
ਉਹ ਨਿੱਤ ਦਾ ਪ੍ਰਦੇਸੀ ਅੜੀਏ
ਮੈਨੂੰ ਧੁਰ ਤੋਂ ਇਕੋ ਚਾਹ
ਨਨਦੀ ਵੀਰਨ ਨੂੰ ਸਮਝਾ ।

ਪਿਆਰ, ਉਹ ਸੱਚਾ ਤੇ ਸੁੱਚਾ ਪਿਆਰ, ਜਿਸ ਦੇ ਸਹਾਰੇ ਸਾਰਾ ਸੰਸਾਰ ਖੜਾ ਹੈ, ਉਸ ਬਾਰੇ ਜਿਵੇਂ ਪ੍ਰਭਜੋਤ ਨੇ ਲਿਲੜੀ ਲਈ ਹੈ, ਅੱਜ ਦੇ ਬੇਰੂਪੀਏ ਸੰਸਾਰ ਵਿਚ ਕੋਈ ਵਿਰਲਾ ਹੀ ਮਿਲੇ । ਬੜੇ ਦਰਦ ਨਾਲ ਇਹ ਹੋਣਹਾਰ ਕਾਵਿਤ੍ਰੀ ਉੱਚੀ ਹੋਕਾ ਦੇ ਕੇ ਸਵਾਲ ਕਰਦੀ ਹੈ :-

ਅੰਨ ਦਾ ਭੁੱਖਾ ਤਾਂ ਖੋਹ ਕੇ ਖਾ ਲਏਗਾ,
ਪਰ ਮਨ ਦਾ ਭੁੱਖ ਕਿਥੇ ਪਨਾਹ ਲਏਗਾ ?

ਕਾਬਲ ਵਿਚ ਬੈਠੀ ਪ੍ਰਭਜੋਤ ਨੂੰ ਬਰਫ ਦੀ ਸੁੰਦਰਤਾ ਵਿਚੋਂ ਜੀਵਨ-ਰਾਜ਼ ਕਿਵੇਂ ਨਾਜ਼ਲ ਹੁੰਦਾ ਹੈ :-

ਚੁੱਕ ਪਰਦਾ ਬਾਰੀ 'ਚੋਂ ਦੇਖਾਂ ਕੁਦਰਤ ਟੂਣੇਹਾਰੀ ।
ਕਮਲ ਅੰਗੀ ਨੇ ਕਿੰਜ ਕੱਜੀ ਜੀਵਨ ਦੀ ਚਿੰਗਾਰੀ ।
ਇਕੋ ਚਿੱਟੀ ਚਾਦਰ ਵਿਛ ਗਈ ਦੂਰ ਦੂਰ ਤਕ ਸਾਰੇ ।
ਇਕੋ ਰੂਪ ਨੇ ਛੰਨਾਂ ਝੁਗੀਆਂ, ਮਸਜਦ ਮਹਿਲ-ਮੁਨਾਰੇ।
"ਪੁੱਜਾ ਹੈ ਅੱਜ ਰੂਪ ਸਿਖਰ ਤੇ'' ਆਖੇ ਕੋਲੋਂ ਕੋਈ ।
''ਸੁੱਚੀ, ਕੂਲੀ, ਕੋਮਲ ਕਾਇਆਂ ਇਸ ਧਰਤੀ ਦੀ ਹੋਈ ।"

ਪ੍ਰਭਜੋਤ ਦਾ ਫੈਸਲਾ ਹੁਣ ਸੁਣੋ :-

“ਪਰ ਜੀਵਨ ਨਾ ਰੂਪ ਸਿਖ਼ਰ ਤੇ ਨਾ ਤਨ ਸੁੱਚਾ ਕੂਲਾ।
ਜੀਵਨ ਜਿੰਦ ਦੀ ਘਾਲ ਘਾਲਣਾ ਚੁੱਕ ਪੀੜਾਂ ਦਾ ਜੂਲਾ ।"

ਪ੍ਰਭਜੋਤ ਸੰਸਾਰ ਚਕਰ ਨੂੰ ਵੀ ਬੜੀ ਨੀਝ ਲਾ ਕੇ ਵੇਖਦੀ ਹੈ ਤੇ ਇਨਸਾਨ ਵਿਚੋਂ ਇਨਸਾਨੀਅਤ ਖੋਖਲੀ ਹੁੰਦੀ ਵੇਖ ਐਉਂ ਦਰਦੀਲੀ ਆਵਾਜ਼ ਵਿਚ ਬੋਲ ਉਠਦੀ ਹੈ :-

ਸੌਂ ਗਿਆ ਇਨਸਾਨ
ਤੇ ਜਾਗ ਪਿਆ ਹੈਵਾਨ ।
ਸੌਂ ਗਈ ਪ੍ਰੀਤ
ਮਮਤਾ ਹਮਦਰਦੀ
ਨਫਰਤ ਖੁਦਗਰਜ਼ੀ, ਜਾਗ ਪਾਈ ।
ਮਨੁਖ ਦੇ ਲਹੂ ਨਾਲ
ਰੰਗੇ ਗਏ ਸਾਰੇ ਖੇਤ
ਅੰਨ ਦਾ ਇਕ ਇਕ ਦਾਣਾ
ਲਿਆ ਮਾਵਾਂ ਨੇ
ਜਿਗਰ ਦਾ ਇਕ ਇਕ ਟੁਕੜਾ ਵੇਚ !
ਸੌਂ ਗਈ ਸ਼ਾਂਤੀ
ਜਾਗ ਪਿਆ ਤੂਫਾਨ
ਸੌਂ ਗਿਆ ਇਨਸਾਨ
ਜਾਗ ਪਿਆ ਹੈਵਾਨ ।

ਕਰਾਈਮ ਦੇ ਜਨਮ ਦੀ ਅੱਖੀਂ ਵੇਖੀ ਗਵਾਹੀ ਵੀ ਪ੍ਰਭਜੋਤ ਬੜੀ ਪ੍ਰਭਾਵਸ਼ਾਲੀ ਆਵਾਜ਼ ਦੇ ਕੇ ਸਮੇਂ ਦੇ ਸਮਾਜ ਦੇ ਠੇਕੇਦਾਰਾਂ ਨੂੰ ਐਉਂ ਟੁੰਬਦੀ ਹੈ :-

ਮੈਨੂੰ ਚੰਗੀ ਤਰ੍ਹਾਂ ਯਾਦ
ਆਪਣੇ ਮਾਂ ਅਤੇ ਬਾਪ
ਇਹਨਾਂ ਝੁੱਗੀਆਂ ਦੀ ਵਾਸ
ਇਹਨਾਂ ਨਾਲੀਆਂ ਦੀ ਬਾਸ
ਪਰੇਤ ਮੁਰਦਿਆਂ ਦਾ ਸਾਥ ।
ਬਸ ਆਂਦਰਾਂ ਦਾ ਖੋਹ
ਤੇ ਅਕੋਵਿਆਂ ਦਾ ਰੋਹ
ਨਾ ਪਿਆਰ ਦਾ ਬੰਧੇਜ
ਨਾ ਸਮਾਜ ਦਾ ਬੰਧੇਜ
ਇਕੱਲਾ ਤੇ ਬੇਕਾਰ ਸਾਂ
ਗੁਨਾਹਗਾਰ ਸਾਂ।
ਗੰਢ ਕੱਪ ਹਾਂ
ਜੇਬ ਮਾਰ ਹਾਂ
ਕਿਸੇ ਅਤਿ ਡੂੰਘੇ-
ਮਾਰੂ ਰੋਗ ਦਾ ਸ਼ਿਕਾਰ ਹਾਂ ।

ਪ੍ਰਭਜੋਤ ਜ਼ਮਾਨੇ ਦੇ ਨਾਲ ਨਾਲ ਚਲਦੀ ਗ਼ਜ਼ਲ ਉਤੇ ਵੀ ਆਪਣਾ ਹੱਕ ਖੂਬ ਜਮਾਂਦੀ ਹੈ। ਉਰਦੂ ਸ਼ਾਇਰਾਂ ਦਾ ਅਭਿਮਾਨ ਤੋੜਨ ਲਈ ਪ੍ਰਭਜੋਤ ਦੀ ਇਕ ਗ਼ਜ਼ਲ ਦੇ ਕੁਝ ਸ਼ੇਅਰ ਪੇਸ਼ ਕਰਦਾ ਹਾਂ :-

ਚਮਨ ਦੀ ਹਵਾ ਨੂੰ ਨਾ ਸਹਿਕੇਗੀ ਜਿੰਦੜੀ
ਮੇਰਾ ਘਰ ਪਸਾਰਾ ਹੈ ਸਾਰੀ ਲੁਕਾਈ ।
ਮੈਂ ਮਾਣਾਂਗੀ ਰੁੱਤਾਂ ਦੀ ਸ਼ੋਖੀ ਨੂੰ ਰੱਜ ਰੱਜ,
ਨਾ ਜਾਸੀ ਜੁਆਨੀ ਦਬਾਈ ਛੁਪਾਈ ।
ਨਿਖਰੇ ਨੇ ਚਾਨਣ 'ਚ ਸਾਰੇ ਹਨੇਰੇ,
ਨਾ ਚਿੰਤਾ, ਨਾ ਗਮ, ਆਹਾਂ ਹੌਕੇ ਨਾ ਰਾਈ।
ਗਗਨਾਂ ਦੀ ਛਾਤੀ ਤੇ ਪਰ ਮੈਂ ਖਿਲਾਰੇ,
ਮੇਰੀ ਹੋ ਗਈ ਹੈ ਸਾਰੀ ਖੁਦਾਈ ।

ਪ੍ਰਭਜੋਤ ਦੀ ਕਰਿਆਨੇ ਦੀ ਦੁਕਾਨ ਸਾਰੀ ਸ੍ਰਿਸ਼ਟੀ ਤੋਂ ਅਨੋਖੀ ਹੈ । ਖਿਆਲ ਨਵਾਂ ਨਕੋਰ, ਅਠਛੋਹ, ਸਵੱਛ ਤੇ ਹਲਤ ਪਲਤ ਸਵਾਰਨ ਵਾਲਾ। ਉਹ ਆਪ ਹੀ ਤਾਂ ਬੜੇ ਫ਼ਖ਼ਰ ਨਾਲ ਕਹਿੰਦੀ ਹੈ ਕਿ ਸਦੀਵੀ ਕਲਾਕ੍ਰਿਤੀ ਮੇਰੀ ਸਾਧਨਾ, ਮੇਰੀ ਲਗਨ ਹੈ, ਅਤੇ ਇਹ ਸਾਧਨਾ ਇਹਦੀ ਕਵਿਤਾ “‘ਹਾਟ’ ਵਿਚੋਂ ਐਉਂ ਦੇਖੀ ਜਾਂਦੀ ਹੈ ਜਦ ਉਹ ਲਿਖਦੀ ਹੈ ਕਿ :-

ਦਿਲ ਦੀ ਨਿੱਕੀ ਡੱਬੀ ਅੰਦਰ
ਨਿਕਸੁਕ ਦੀ ਇਕ ਹੱਟੀ ਲਗ ਗਈ
ਬਿਨ ਚਾਹਿਆਂ ਬਿਨ ਮਿਹਨਤ ਕੀਤੇ
ਬਿਨਾਂ ਜੋੜਿਆਂ ਬਿਨਾਂ ਬੀੜਿਆਂ
ਆਪ ਸੱਜ ਗਈ ।
ਕੀ ਕੀ ਚੁਣਾਂ, ਗਿਣਾਂ ਕੀ ਚੁੱਕਾਂ
ਕੀ ਚਾਹਵਾਂ ਕੀ ਮਨ ਤੋਂ ਲਾਹਵਾਂ ।
ਸਮਝ ਨਾ ਆਵੇ
ਸਭ ਕੁਝ ਮੇਰੇ ਜੀਵਨ ਦਾ ਆਪਣਾ ਆਪਾ
ਮੇਰੇ ਤਨ ਦੇ ਕਰਮ ਕਾਜ ਦਾ ਲੇਖਾ ਜੋਖਾ ।
--- --- --- ---
ਮੇਰੇ ਤਨ ਦੇ ਕਰਮ ਕਾਜ ਦਾ
ਲੇਖਾ ਜੋਖਾ ਮਿਠਾ ਖਾਰਾ
ਹੈ ਕੋਈ ਖਰੀਦਾਰ, ਪਾਰਖੂ
ਸੁੱਖ ਦੁੱਖ ਦੋਹਾਂ ਦਾ ਵਣਜਾਰਾ ?

ਇਸ ਮਨ ਦੀ ਹੱਟੀ ਤੋਂ ਉਠ ਕੇ ਪ੍ਰਭਜੋਤ ਅਗੇ ਕਦਮ ਪੁਟਦੀ ਹੈ ਤੇ ਇਹ ਪੜਤਾਲ ਕਰਨਾ ਲੋਚਦੀ ਹੈ ਕਿ ਆਖਰ ਮਨ ਵਸਤੂ ਕੀ ਹੈ ਜੋ ਟਟੈਹਣੇ ਵਾਂਗ ਉਡਦਾ ਫਿਰਦੈ ਤੇ ਹੱਥ ਨਹੀਂ ਆਉਂਦਾ । ਇਹ ਸਾਧਨਾ ਦੀ ਆਖਰੀ ਮੰਜ਼ਲ ਹੈ ਜਿਸ ਵਲ ਵੇਖੋ, ਇਹ ਗੁਰੂ ਨਾਨਕ ਦੇ ਸਦਾ ਬਹਾਰ ਗੁਲਜ਼ਾਰ ਦੀ ਕੋਮਲ ਕਲੀ ਕਿਵੇਂ ਪੁੱਜ ਰਹੀ ਹੈ :-

ਮਨ ਕੀ ਹੈ ? ਸੋਚਦੀ ਹਾਂ
ਇਹ ਕਿਹਾ ਟੁਕੜਾ ਮੋਮ ਦਾ
ਖਿਆਲ ਦੇ ਪੈਰਾਂ ਤਲੇ ਜੋ ਤਿਲ੍ਹਕਦਾ,
ਨਿਸਚਿਤ ਸਥੂਲ ਰੂਪ ਵਿਚ
ਹਥੀਂ ਨਾ ਆਇਆ ਕਿਸੇ ਦੇ ।

ਬਾਰਾਂ ਮਾਂਹ ਪੰਜਾਬੀਆਂ ਦਾ ਹਰਮਨ ਪਿਆਰਾ ਛੰਦ ਹੈ। ਪ੍ਰਭਜੋਤ ਨੇ ਇਸ ਛੰਦ ਨੂੰ ਕਿਸੇ ਬ੍ਰਿਹਾ ਕੁੱਠੀ ਦੀ ਰੂਹ ਵਿਚ ਬੈਠ ਕੇ ਬੜੇ ਡੂੰਘੇ ਵਲਵਲੇ ਨਾਲ ਵੇਖੋ ਕਿਵੇਂ ਨਿਭਾਇਆ ਹੈ :-

ਸੇਕ ਹਾੜ ਦੀ ਧੁੱਪ ਦਾ ਮਾਂਦ ਹੋਇਆ
ਜਿਹਾ ਸੇਕ ਇਸ ਬ੍ਰਿਹਾ ਦੀ ਅੱਗ ਦਾ ਏ ।
ਜਿਸ ਤਨ ਲਗਦੀ ਜਾਣਦਾ ਉਹੀ ਪੀੜਾ
ਕੀਕਣ ਦਿਹੁੰ ਰਾਤੀਂ ਤਨ ਮੱਘਦਾ ਏ ।
ਅਸਾਂ ਪਿਆਰ ਸੰਸਾਰ ਨੂੰ ਜਾਣਿਆ ਸੀ,
ਇਹ ਤਾਂ ਬੁਲਬਲਾ ਉਠੱਦੀ ਝੱਗ ਦਾ ਏ ।
ਦੂਰੋਂ ਦੂਰੋਂ ਸੁਹਾਵਣੀ ਮ੍ਰਿਗ-ਤ੍ਰਿਸ਼ਨਾ
ਚਕਨਾਚੂਰ ਜਾਂ ਵੀ ਹੱਥ ਲਗਦਾ ਏ ।
ਇਹ ਤਾਂ ਸੁਪਨਿਆਂ ਦੀ ਸੇਜ ਹੈ ਜੀਵਣ,
ਸੁੱਖਾਂ ਦੁੱਖਾਂ ਦੇ ਪੰਛੀ, ਤੇ ਇਕ ਡਾਲੀ।
ਨੈਣ ਖੁਲ੍ਹੇ ਤੇ ਪਿਆਰੜਾ ਪਾਸ ਨਹੀਂ,
ਚੰਨ ਅਖੀਆਂ ਵਿਚ ਐਵੇਂ ਰੈਣ ਗਾਲੀ ।

ਗੀਟੇ ਖੇਡਣ ਦੀ ਬਾਲੜੀ ਉਮਰ ਤੋਂ ‘‘ਗੈਟੇ’ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਦੀ ਉਮਰ ਤੇ ਪੁਜੀ ਪ੍ਰਭਜੋਤ ਆਪਣੀ "ਏਅਰਪੋਰਟ’’ ਦੀ ਕਵਿਤਾ ਰਾਹੀਂ ਆਪਣਾ ਸਫ਼ਰਨਾਮਾ ਕਿਸ ਕਲਾਮਈ ਢੰਗ ਨਾਲ ਪੇਸ਼ ਕਰ ਜਾਂਦੀ ਹੈ। ਇਹ ਪੁਰਕਸ਼ਿਸ਼ ਢੰਗ ਸ਼ਾਇਦ ਅੱਜ ਤਕ ਕਿਸੇ ਵੀ ਦੇਸ਼ ਦੇ ਕਵੀ ਨੂੰ ਕਦੇ ਨਹੀਂ ਸੁੱਝਾ ਹੋਵੇਗਾ ! ਬਦੇਸ਼ੀ ਸਫ਼ਰਨਾਮਾ, ਅਗਾਂਹ ਵਧੂ ਦੇਸ਼ਾਂ ਦੀਆਂ ਝਲਕਾਂ ਅਤੇ ਆਪਣੇ ਗਰੀਬੜੇ ਪਛੜੇ ਦੇਸ਼ ਦੀ ਤਰਸ- ਯੋਗ ਹਾਲਤ ਇਸ ਕਵਿਤਾ ਵਿਚੋਂ ਮਿਲਦੀ ਹੈ। ਇਸ ਕਵਿਤਾ ਤੋਂ ਪ੍ਰਭਾਵਤ ਹੋ ਕੇ ਸਾਡੀ ਕੌਮ ਚਾਹੇ ਤਾਂ ਦੇਸ਼ ਅੰਦਰ ਉਸਾਰੂ ਪ੍ਰੀਵਰਤਨ ਲਿਆਂਦਾ ਜਾ ਸਕਦਾ ਹੈ। ਇਸ ਦੇਸ਼ ਭਗਤ ਕਾਵਿਤ੍ਰੀ ਨੇ ਆਪਣੇ ਕਾਵ-ਢੰਗ ਨਾਲ ਵੇਖੋ ਕਿਵੇਂ ਸ਼ਾਨਦਾਰ ਹਲੂਣਾ ਦਿਤਾ ਹੈ ਤੇ ਪਲਾਂ ਅੰਦਰ ਸਾਨੂੰ ਸਾਰੇ ਸੰਸਾਰ ਦੇ ਉਘੇ ਹਵਾਈ ਅੱਡਿਆਂ ਦੇ ਨਜ਼ਾਰੇ ਵੀ ਸਾਡੀਆਂ ਤਰਸਾਈਆਂ ਅੱਖਾਂ ਸਾਹਮਣੇ ਪੇਸ਼ ਕਰ ਦਿਤੇ ਹਨ :-

ਨਿਊਯਾਰਕ ਦੀ ਆਕਾਸ਼ ਰੇਖਾ...
ਮਿਆਮੀਂ ਦਾ ਸਾਗਰ ਤਟ
ਸ਼ਿਕਾਗੋ ਦੀ ਖਾੜੀ ..
ਨਿਆਗਰਾ ਦਾ ਝਰਨਾ...
ਗਰੈਂਡ ਕੈਨੀਅਨ ਦਾ ਸ਼ਾਨਦਾਰ ਨਜ਼ਾਰਾ
ਵਾਸ਼ਿੰਗਟਨ ਦਾ ਖਿਲਾਰਾ...
ਲੰਡਨ, ਹੈਮਬਰਗ, ਬਰਲਨ,
ਵੀਅਨਾ, ਹੇਗ, ਵੈਨਿਸ,
ਰੋਮ, ਫਲੋਰੈਂਸ, ਮਿਲਾਨ,
ਜ਼ਿਊਰਸ਼, ਜਨੀਵਾ, ਬਰਸਲਜ਼,
ਬੁਡਾਪੈਸਟ, ਬੈਲਗਰੇਡ, ਬੁਕਾਰੈਸਟ,
ਮਿਊਨਿਖ, ਫਰੈਂਕਫਰਟ, ਐਮਸਟਰਡਮ,
ਯੋਰਪ ਦੇ ਪ੍ਰਮੁੱਖ ਸ਼ਹਿਰ
ਤੇ ਸ਼ਹਿਰਾਂ ਦਾ ਸਿਰਤਾਜ ਪੈਰਿਸ
… … … …
ਮੈਂ ਝੁੰਜਲਾਂਦੀ ਹਾਂ
ਤੇ ਸੁਪਨੇ ਵਿਚੋਂ ਜਾਗ ਪੈਂਦੀ ਹਾਂ,
ਉਹੋ ਹਵਾਈ ਅੱਡਾ ਹੈ (ਪਾਲਮ)
ਉਹ ਚਰਾਕਾ ਜਹਾਜ਼,
ਉਹ ਮੇਰਾ ਦੇਸ਼,
ਉਹੋ ਹੀ ਪਛੜਿਆ
ਹਰ ਰੋਜ਼
ਹੋਰ ਪਛੇਤਰੇ ਜਾ ਪੈਂਦਾ ਹੈ ।
ਗੰਦੀਆਂ ਬਸਤੀਆਂ ਦੀਆਂ
ਮੰਦ ਝੁਗੀਆਂ ਵਿਚ
ਮਨੁੱਖ ਜੀਉਂਦਾ ਨਹੀਂ
ਰੀਂਗਦਾ ਰਹਿੰਦਾ ਹੈ ।

ਅਤੇ ਆਪਣੇ ਦੇਸ਼ ਦੀ ਨੰਗੀ ਤਸਵੀਰ ਦਾ ਮੁਲਾਹਜ਼ਾ ਕਰੋ ਜੋ ਪ੍ਰਭਜੋਤ ਅੰਮ੍ਰਿਤਾ ਸ਼ੇਰ ਗਿੱਲ ਸੰਸਾਰ ਪ੍ਰਸਿਧ ਆਰਟਿਸਟ ਦਾ ਬੁਰਸ਼ ਫੜ ਕੇ ਕਿਸ ਦਰਦ ਨਾਲ ਪੇਸ਼ ਕਰਦੀ ਹੈ :-

ਏਥੇ ਵਿਕਰਾਲ ਰੂਪ ਭੁੱਖ,
ਮਹਾਂਮਰੀ, ਬੇਰੁਜ਼ਗਾਰੀ
ਤੇ ਬੇਕਾਰੀ ਦੀ ਝੋਲੀ ਵਿਚ
ਪਾਪ ਪਲਦਾ ਹੈ ।
ਡਰਦੀ, ਝੇਂਪਦੀ, ਅੱਡੀਆਂ ਰਗੜਦੀ
ਮਨੁੱਖਤਾ ਦੀ ਇਸ-ਉਪ-ਨਸਲ
ਊਣੀ ਜਿਨਸ ਦਾ ਭਵਿਖ
ਨਸੀਬ ਦੇ ਸਹਾਰੇ ਗਲਦਾ ਹੈ।

ਤੇ ਫੇਰ ਇਹ ਇਨਕਲਾਬਨ ਕਾਵਿਤ੍ਰੀ ਐਉਂ ਆਪਣੀ ਹਕੂਮਤ ਉਤੇ ਚੋਟ ਕਰਨੋਂ ਵੀ ਪਿਛੇ ਨਹੀਂ ਰਹਿੰਦੀ :-

ਕੀ ਇਹ ਉਹੀ ਨਸਲ ਹੈ
ਜੋ ਚੰਨ ਤੇ ਅੱਪੜ ਪਈ ਹੈ ?
ਕੀ ਇਹ ਉਹੀ ਸ਼ਕਤੀ ਹੈ
ਜੋ ਪੁਲਾੜ ਸੰਗ ਜੂਝ ਰਹੀ ਹੈ ?

ਸ਼ਾਇਦ ਇਸ ਪ੍ਰਸ਼ਨ ਦਾ ਭਾਰਤ, ਸਭਿਅਤਾ ਦੀ ਜਨਮ ਭੂਮੀ, ਇਕ ਹੋਰ ਸਦੀ ਵੀ ਜਵਾਬ ਨਾ ਦੇ ਸਕੇ ।

ਪ੍ਰਭਜੋਤ ਨੇ ਏਸੇ ਹੀ ਲਹਿਜੇ ਵਿਚ ਅੱਜ ਦੇ ਨਕਲੀ ਲੀਡਰਾਂ ਅਤੇ ਪਾਖੰਡੀ ਧਾਰਮਕ ਪ੍ਰਚਾਰਕਾਂ ਉਤੇ ਭੀ ਐਉਂ ਕਰਾਰੀ ਚੋਟ ਕੀਤੀ ਹੈ :

ਤਿਰੇ ਇਹ ਅਹਿਦ ਨਕਲੀ ਨੇ,
ਤਿਰੇ ਪੈਮਾਨੇ ਨਕਲੀ ਨੇ ।
ਤਿਰੀ ਸ੍ਰਕਾਰ ਝੂਠੀ ਏ,
ਇਹ ਸਭ ਫਰਮਾਣ ਨਕਲੀ ਨੇ ।
ਸਵੇਰੇ ਨਦੀ ਤੇ ਮਲ ਮਲ ਕੇ,
ਪਿੰਡਾ ਨਾਉਂਦੇ ਸਨ ਜੋ,
ਮਨਾਂ ਦੀ ਮੈਲ ਬੋਲ ਉਠੀ,
ਇਹ ਸਭ ਅਸ਼ਨਾਨ ਨਕਲੀ ਨੇ ।
ਜੋ ਕਰਦੇ ਹੈਨ ਲੈਕਚਰ ਖੜੇ ਹੋ ਕੇ ਸਟੇਜਾਂ ਤੇ,
ਕਰਮ ਉਨ੍ਹਾਂ ਦੇ ਕਹਿੰਦੇ ਨੇ,
ਇਹ ਫੋਕੇ ਗਿਆਨ ਨਕਲੀ ਨੇ।
ਅਸਲ ਹੈ ਧਰਮ ਹਮਦਰਦੀ
ਤੇ ਜਪਨਾ ਨਾਮ ਵੰਡ ਛਕਨਾ,
ਵਿਖਰਵਾਂ ਹੈ ਇਹਨਾਂ ਬਾਝੋਂ,
ਲਗਾਣੇ ਧਿਆਨ ਨਕਲੀ ਨੇ ।

ਸ੍ਰਦਾਰਨੀ ਬਲਜੀਤ ਕੌਰ ਜੀ 'ਤੁਲਸੀ' ਐਮ.ਏ.ਬੀ.ਟੀ.

ਪ੍ਰੋ: ਪੂਰਨ ਸਿੰਘ ਜੀ ਦਾ ਕਥਨ ਹੈ ਕਿ ਪੂਰਬ ਦੇ ਦੇਸ਼ਾਂ ਵਿਚ ਸਾਧ ਬਚਨ ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤ ਮੰਨਿਆ ਹੈ। ਬਲਜੀਤ ਉਨ੍ਹਾਂ ਕੁਝ ਕੁ ‘ਸਾਧ ਬਚਨ' ਉਚਾਰਨ ਵਾਲਿਆਂ ਵਿਚੋਂ ਇਕ ਹੈ। ਆਪ ਦੀ ਕਵਿਤਾ ਵਿਚ ਰੂਹਾਨੀ ਰਮਜ਼ਾਂ ਹਨ, ਵਲਵਲੇ ਹਨ, ਸਰੂਰ ਹੈ।

ਬਲਜੀਤ ਨੇ ਦੁਨੀਆਂ ਨੂੰ ਇਕ ਨਰੋਇਆ ਜੀਵਨ ਦਿਤਾ ਹੈ। ਇਹਦੀ ਅੱਖ ਆਮ ਪਾਰਖੂਆਂ ਤੋਂ ਵਖਰੀ ਹੈ। ਇਹਦੀ ਨਰੋਏਪਨ ਦੀ ਪਰਖ ਚੰਨ ਦੇ ਵਧਣ ਘਟਣ ਵਿਚ ਵੇਖੋ, ਕੈਸਾ ਫ਼ਲਸਫਾ-ਭਰਪੂਰ ਬਿਆਨ ਕਰਦੀ ਹੈ :

ਕਿਉਂ ਕਰ ਚਿੱਟੀ ਟੁਕੜੀ ਚੰਨ ਦੀ,
ਬਣੇ, ਭਜੇ, ਤੇ ਫਿਰ ਹੈ ਬਣਦੀ,
ਆਸਾਂ ਦੇ ਪਰਬਤ ਦੀ ਸਾਰ,
ਜਿੱਤ-ਜੀਵਨ ਕਿਉਂ ਪਾਵੇ ਹਾਰ ?
ਅਸਲ ਜੀਵਨ ਹੈ ਹਾਰ ਵਿਚ ਹੀ,
ਆਸ਼ਾ ਦੇ ਸੰਸਾਰ ਵਿਚ ਹੀ,
ਹਾਰ ਬਿਨਾਂ ਕੀ ਜੀਵਨ ?
ਜੀਵਨ ਕੀ ਹੈ ਹਾਰ ਬਿਨਾਂ।

ਬਲਜੀਤ ਆਪਣੀ ਪੀੜੀ ਦੀ ਇਕ ਰੀਫ਼ਾਰਮਰ ਹੈ, ਇਹਦੇ ਕੋਮਲ ਦਿਲ ਦੇ ਵਲਵਲੇ ਨਵਾਂ ਯੁਗ ਪਲਟਾਣਾ ਦਸ ਰਹੇ ਹਨ। ਇਹ ਬੜੀ ਆਪਟੀਮਿਸਟਿਕ ਹੋ ਕੇ ਰਹਿੰਦੀ ਹੈ :

ਮੇਰੇ ਸੁਪਨੇ ਏਨੇ,
ਜਿੰਨੇ ਅੰਬਰ ਤਾਰੇ,
ਮੋਤੀ ਨੇ ਜਿਨੇ,
ਵਿਚ ਸਾਗਰ ਖਾਰੇ ।
ਹਾਂ, ਦਿਲ ਮੇਰੇ ਦੀ
ਅਨੰਤ ਪਿਆਸ,
ਹਾਂ, ਮੇਰੀ ਰੂਹ ਦੀ
ਉਚੜੀ ਆਸ ।

ਬਲਜੀਤ ਦੀ ਉੱਚੀ ਆਸ ਦੀ ਖ਼ੁਸ਼ੀ ਏਨੀ ਨਿਰਮਲ ਹੈ ਕਿ ਜਿਸ ਨੂੰ ਵੇਖ ਸਾਨੂੰ ਇਹਦੇ ਇਨਕਲਾਬ ਲਿਆਉਣ ਤੇ ਭਰੋਸਾ ਹੁੰਦਾ ਹੈ । ਜਿਸ ਆਸ਼ਾ ਦਾ ਇਸ਼ਾਰਾ ਕੇਵਲ ਅਕਾਲਪੁਰਖ ਹੀ ਹੋਵੇ, ਉਹ ਕਿਵੇਂ ਅਧੂਰਾ ਰਹਿ ਸਕਦਾ ਹੈ ? ਉਹ ਆਪਣੀ ਖੁਸ਼ੀ ਐਉਂ ਸਪਸ਼ਟ ਕਰਦੀ ਹੈ :

ਖ਼ੁਸ਼ੀ,
ਜਿਸ ਨੂੰ ਖੋਜਨ...
ਰਿਸ਼ੀ ਮੁਨੀ
ਜਤੀ, ਸਤੀ,
ਰਾਜੇ, ਯੋਗੀ,
ਤਪੀ, ਭੋਗੀ,
ਉਹ-ਉਹ
ਮੇਰੇ ਕੋਲ ਹੈ
ਕਿਉਂਕਿ ਮੇਰੇ ਕੋਲ
ਉਸ ਦਾ ਪਿਆਰ ਹੈ ।

ਬਲਜੀਤ ਨੇ ਇਸਤ੍ਰੀ ਜਾਤੀ ਦੀ ਇਸ ਲਿਬਰੇਸ਼ਨ ਮੂਵਮੈਂਟ ਵਿਚ ਵੇਖੋ ਕਿਸ ਦਲੇਰੀ ਨਾਲ ਵਕਾਲਤ ਕੀਤੀ ਹੈ :

ਕੌਣ ਕਹਿੰਦਾ ਹੈ ਕਿ ਨਾਰੀ,
ਪੁਰਸ਼ ਦੀ ਹੈ ਜਾਇਦਾਦ ?
ਪਾਂਡਵਾਂ ਨੇ ਜੂਏ ਹਾਰੀ,
ਇਸ ਲਈ ਇਹ ਦਿਓ ਦਾਦ ?
... ...
ਕੌਣ ਕਹਿੰਦੈ ਨਾਰ ਨੂੰ,
ਜੁਤੀ ਪੁਰਸ਼ ਦੇ ਪੈਰ ਦੀ ?
ਹੋ ਗਈ ਸ਼ਕਾਰ ਕਿਉਂਕਿ,
ਮੰਨੂ ਜੀ ਦੇ ਵੈਰ ਦੀ ?
... ...
ਕੌਣ ਕਹਿੰਦਾ ਹੈ ਇਸ ਨੂੰ,
ਤਾੜਨਾ ਹੀ ਠੀਕ ਹੈ ?
ਕਿਉਂਕਿ ਤੁਲਸੀ ਦਾ
ਕਹਿਣਾ ਪੱਥਰ ਤੇ ਲੀਕ ਹੈ ?
... ...
ਕੌਣ ਕਹਿੰਦੈ ਏਸ ਉਤੇ,
ਕਦੇ ਨ ਏਤਬਾਰ ਹੈ ?
ਪੁੱਛਾਂ ਮੈਂ ਵਾਰਿਸ ਸ਼ਾਹ ਨੂੰ,
ਤੈਨੂੰ ਕਹਿਣ ਦਾ ਕੀ ਅਧਿਕਾਰ ਹੈ ?
... ...
ਸ਼ੁਕਰ ਹੈ ਨਾਨਕ ਜੀ ਦਾ,
ਬੁਲੰਦ ਕੀਤੀ ਇਹ ਆਵਾਜ਼ ।
“ਸੋ ਕਿਉਂ ਮੰਦਾ ਆਖੀਐ''
ਪਹਿਨਾ ਦਿਤਾ ਸੁਨਿਹਰੀ ਤਾਜ ।
... ...
ਏਨੀ ਇਹ ਗੁੰਝਲਦਾਰ ਨਹੀਂ,
ਜਿਨਾ ਹੋ ਦੱਸ ਲਾ ਸਕੇ ।
ਰੱਬ ਵਾਂਗੂ ਏਸ ਦੈਵੀ
ਭੇਦ ਨੂੰ ਨਹੀਂ ਪਾ ਸਕੇ ।
... ...

ਬਲਜੀਤ ਬੜੇ ਜੋਸ਼ ਵਿਚ ਆ ਕੇ ਫੇਰ ਐਉਂ ਇਸਤ੍ਰੀ ਦਾ ਅਸਲੀ ਰੂਪ ਇਕ ਸੁਸ਼ੀਲ ਨਾਰ ਵਾਂਗ ਪੇਸ਼ ਕਰਦੀ ਹੈ :

ਨਾ ਖਲੌਣਾ ਨਾਰ ਹੈ,
ਤੇ ਨਾ ਖਲੌਣਾ ਸਮਝਣਾ।
ਅੱਗ ਦਾ ਅੰਗਿਆਰ ਹੈ,
ਸਮਝੋ ਜੋ ਇਸ ਦੀ ਰਮਜ਼ ਨਾਂ ।
... ...
ਖੁਲ੍ਹਦਿਲੀ ਹੀ ਏਸ ਦੀ,
ਕੰਬਖ਼ਤ ਦਾ ਕਸੂਰ ਹੈ ।
ਖੁਲ੍ਹਦਿਲੀ ਏਸ ਦੀ
ਬੇੜੀ ਦਾ ਡੋਬਿਆ ਪੂਰ ਹੈ ।
... ...

ਅਤੇ ਇਸਤ੍ਰੀ ਦੇ ਬਰਾਬਰ ਦੇ ਹਕਾਂ ਦਾ ਵੇਖੋ ਬਲਜੀਤ ਕਿਸ ਕਾਬਲੀਅਤ ਨਾਲ ਡਟ ਕੇ ਮੁਤਾਲਬਾ ਕਰਦੀ ਹੈ :

ਖਿੜਨ ਦਿਓ ਹੁਣ ਏਸ ਨੂੰ,
ਤੇ ਖਿੜ ਪਵੇਗਾ ਦੇਸ਼ ਵੀ ।
ਇਜ਼ਤ ਕਰੋ ਜੇ ਏਸ ਦੀ,
ਇਜ਼ਤ ਵਧੇਗੀ ਦੇਸ਼ ਦੀ ।
... ...
ਹੱਕ ਇਸ ਦੇ ਦਿਓ,
ਇਹੀ ਤੁਹਾਡੀ ਸ਼ਾਨ ਹੈ ।
ਘਬਰਾਓ ਨਾ ਹੁਣ ਏਸ ਨੂੰ,
ਇਹੀ ਫਰਜ਼ ਦੀ ਪਹਿਚਾਨ ਹੈ ।

ਗੁਰੂ ਨਾਨਕ ਸਾਹਿਬ ਬਾਰੇ ਆਪਣੀ ਸ਼ਰਧਾ ਇਹ ਹੋਣਹਾਰ ਕਵਿਤ੍ਰੀ ਐਉਂ ਪੇਸ਼ ਕਰਦੀ ਹੈ :

ਭਾਵੇਂ ਤੂੰ ਗੁਰੂ ਸੰਸਾਰ ਦਾ,
ਮੇਰੇ ਲਈ ਤੂੰ ਹੈਂ ਖੁਦਾ
ਮੰਨਾਂ ਤੈਨੂੰ ਸਭ ਤੋਂ ਉੱਚਾ,
ਪੂਜਾਂ ਮੈਂ ਸਾਰਾ ਮਨ ਲਗਾ,
ਫਿਰ ਵੀ ਗੁਰੂ ਨਾਨਕ ਅਜੇ,
ਮੇਰੇ ਪਿਆਰ ਵਿਚ ਅਤਿ ਹੈ ਕਮੀ !

ਅਟਕ ਦਰਿਆ ਦਾ ਸ਼ੇਰੇ ਪੰਜਾਬ ਦਾ ਅਟਕਾਣਾ ਸਿੱਖ ਇਤਿਹਾਸ ਦਾ ਸੁਨਿਹਰੀ ਵਰਕਾ ਹੈ । ਬਲਜੀਤ ਨੇ ਉਹ ਘਟਨਾ ਵੇਖੋ ਕਿਵੇਂ ਕਲਮਬੰਦ ਕੀਤੀ ਹੈ :

ਪਹਿਲੇ ਮਾਰ ਛਾਲ ਸ਼ੇਰੇ ਪੰਜਾਬ ਨੇ,
ਬੀਰ ਬਹਾਦਰ ਸਿੰਘਾਂ ਦੀ ਸ੍ਰਕਾਰ ਦਾ ।
ਉਠਣ ਲਹਿਰਾਂ ਆਵਣ ਭਿਆਨਕ ਖਾਣ ਨੂੰ,
ਖਾਵਣ ਮੂੰਹ ਦੀ ਜਿਵੇਂ ਸਿੰਘ ਲਲਕਾਰ ਦਾ।
ਪਾਣੀ ਹੀ ਪਾਣੀ ਸੀ ਸਜੇ ਤੇ ਖਬੇ,
ਲੜਦਾ ਲੜਦਾ ਦਲ ਵੀ ਜਾਪੇ ਹਾਰ ਦਾ
ਪਾਣੀ ਹੀ ਪਾਣੀ ਸੀ ਅਗੇ ਤੇ ਪਿਛੇ,
ਸਿੰਘਾਂ ਦਾ ਸੀ ਵੇਗ ਨੂੰ ਮਾਰਦਾ,
ਐਨੇ ਨੂੰ ਗਿਆ ਦੂਰ ਵੇਖੇ ਔਹ ਖੜਾ,
ਪਾਰ ਕੰਢੇ ਤੇ ਪਹੁੰਚ ਬਾਂਹ ਉਲਾਰਦਾ ।
ਜਿੱਤ ਲਿਆ ਜਿਸ ਮਨ,
ਕਦੇ ਨਹੀਂ ਹਾਰਦਾ ।
ਏਨੇ ਨੂੰ ਗਈ ਪਹੁੰਚ ਸਾਰੀ ਫੌਜ ਵੀ,
ਅਟਕ ਦਾ ਪਰ ਵੇਗ ਸੀ ਠਾਠਾਂ ਮਾਰਦਾ ।

ਅਤੇ ਬਲਜੀਤ ਇਕ ਸਿਆਣੇ ਹਿਸਟੋਰੀਅਨ ਵਾਂਗ ਅੱਜ ਦੀ ਪੰਥਕ ਆਪੇ ਧਾਪ ਨੂੰ ਵੀ ਅਖੋਂ ਉਹਲੇ ਨਹੀਂ ਕਰਦੀ । ਬੜੇ ਦਰਦ ਨਾਲ ਕਹਿੰਦੀ ਹੈ :

ਐ ਗੁਰਮੁਖੋ, ਐ ਸਾਧੂਓ ।
ਸਿੱਖੀ ਦੇ ਅਲੌਕਿਕ ਜਾਦੂਓ।
ਸੁਣਿਓ ਐ ਸਾਰੇ ਸਿਆਣਿਓ ।
ਤਸਬੀ ਦੇ ਬਿਖਰੇ ਦਾਣਿਓ।
ਨਾਨਕ ਸੀ, ਟੁੱਟੇ ਜੋੜਦਾ ।
ਜੁੜਿਆਂ ਨੂੰ ਤੂੰ ਤੈਂ ਤੋੜਦਾ।
ਪੂਜਾ ਧਾਨ ਹੈ ਤੈਨੂੰ ਨਚਾਉਂਦਾ।
ਮੰਜ਼ਲ ਤੋਂ ਦੂਰ ਲਿਜਾਂਵਦਾ।
ਤੂੰ ਛਡਿਆ ਸੱਚ ਦਾ ਰਾਹ ਹੈ ।
ਤੂੰ ਛਡ ਦਿਤਾ ਖੁਦਾ ਹੈ ।
ਹੈ ਗੁਲਾਬ ਨੂੰ ਕੀ ਹੋ ਗਿਆ
ਪੱਤੀ ਪੱਤੀ ਕਿਉਂ ਹੋ ਗਿਆ ?

ਬਲਜੀਤ ਪ੍ਰਮਾਤਮਾ ਦੇ ਸੱਚੇ ਤੇ ਸੁਚੇ ਪ੍ਰੇਮ ਦੇ ਰੰਗ ਜਿਵੇਂ ਉਹ ਮਾਣਦੀ ਹੈ ਤਿਵੇਂ ਹੀ ਵੇਖੋ ਬਿਆਨ ਕਰਦੀ ਹੈ :

ਹੈ ਅਨਿਕ ਪ੍ਰੇਮ ਦੇ ਰੰਗ ।
ਕਦੇ ਬਸੰਤੀ ਕਦੇ ਗੁਲਾਬੀ,
ਕਦੇ ਪੀਂਘ ਸਤ ਰੰਗ ।
ਕਦੇ ਕੇਸਰੀ, ਕਦੇ ਗੁਲਾਲੀ,
ਬਹੁਰੰਗ ਕਦੇ ਪਤੰਗ ।
ਕਦੇ ਸ਼ਾਂਤ-ਰੱਸ, ਕਦੇ ਬੀਰ-ਰੱਸ,
ਕਦੇ ਲੜੇ ਕਈ ਜੰਗ ।
ਕਦੀ ਪਿਤਾ ਸਮ, ਕਦੇ ਪਤੀ ਸਮ,
ਪ੍ਰੇਮ ਹੋਏ ਹਰ ਢੰਗ ।
ਕਦੇ ਪੂਜਾਰੀ ਕਦੇ ਪੂਜਯ ਬਣ,
ਕਦੇ ਬੂੰਦ ਕਦੈ ਗੰਗ,
ਹੈ ਅਨਿਕ ਤਰੰਗ ਉਮੰਗ ।
‘ਤੁਲਸੀ' ਕਹੇ ਸਖੀ ਭੇਦ ਲਏ,
ਜੋ ਕਰੇ ਪ੍ਰੇਮ ਦਾ ਸੰਗ ।
ਹੁਣ ਪ੍ਰੇਮ ਦੀ ਮਾਲਾ ਫੇਰੋ,
ਪ੍ਰੇਮ ਦਾ ਚਰਖਾ, ਪ੍ਰੇਮ ਦੀ ਪੂਣੀ,
ਪ੍ਰੇਮ ਦਾ ਸੂਤ ਅਟੇਰੋ ।
ਪ੍ਰੇਮ ਪਰਮ ਦੇ ਵਲ ਢਾਲ ਕੇ,
ਸ੍ਵਾਸ ਸ੍ਵਾਸ ਮਨ ਕੇਰੋ ।

ਬਲਜੀਤ ਜੀ ਨੇ ਬਹੁਤ ਵਡੀ ਗਿਣਤੀ ਵਿਚ ਪੰਜਾਬੀ ਸਾਹਿਤ ਨੂੰ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਭੇਂਟ ਕੀਤੀਆਂ ਹਨ ਅਤੇ ਆਸ ਹੈ ਕਿ ਪੰਜਾਬੀ ਸਾਹਿਤ ਭੰਡਾਰ ਨੂੰ ਇਹ ਬੀਬੀ ਹੋਰ ਮਾਲਾ ਮਾਲ ਕਰਦੀ ਚਲੀ ਜਾਵੇਗੀ।

ਡਾ: ਮਹਿੰਦਰ ਕੌਰ ਜੀ ਗਿਲ, ਐਮ.ਏ.ਪੀ.ਐਚ.ਡੀ.

ਪ੍ਰਿੰਸੀਪਲ ਰਾਜਿੰਦਰ ਕੌਰ ਮਾਨ ਸਿੰਘ ਜੀ ਵਧਾਈ ਦੇ ਪਾਤ੍ਰ ਹਨ, ਜਿਨ੍ਹਾਂ ਦੇ ਮਾਤਾ ਸੁੰਦਰੀ ਕਾਲਜ ਫਾਰ ਵਿਮਨਜ਼ ਵਿਚ ਡਾ: ਮਹਿੰਦਰ ਕੌਰ ਗਿਲ ਜੈਸੀ ਅਧਿਆਪਕਾ ਹੈ ।

ਡਾ: ਗਿਲ ਬੱਚੀਆਂ ਨੂੰ ਯੂਨੀਵਰਸਟੀ ਮੁਤਾਬਕ ਉਚ ਵਿਦਿਆ ਹੀ ਨਹੀਂ ਦੇਂਦੀ, ਬਲਕਿ ਬੱਚੀਆਂ ਵਿਚ ਸਿੱਖੀ ਜਜ਼ਬਾ ਅਤੇ ਉੱਚ ਆਚਾਰ ਵੀ ਪੈਦਾ ਕਰਨ ਦੀ ਭਾਰੀ ਜ਼ਿੰਮੇਵਾਰੀ ਨਿਭਾਹ ਰਹੀ ਹੈ : ਗਿਲ ਜੈਸੀ ਮਹਾਨ ਸ਼ਖ਼ਸੀਅਤ ਉਤੇ ਹਰ ਸਮਾਜ ਨੂੰ ਫ਼ਖ਼ਰ ਹੋ ਸਕਦਾ ਹੈ ।

ਡਾ: ਗਿਲ ਕੇਵਲ ਕਵਿਤ੍ਰੀ ਹੀ ਨਹੀਂ, ਕਹਾਣੀਕਾਰ ਭੀ ਹੈ ਅਤੇ ਅਲੋਚਕ ਭੀ । ਇਸ ਤੋਂ ਉਪ੍ਰੰਤ ਡਾ: ਗਿਲ ਨੇ ਕਈ ਧਾਰਮਕ ਪੁਸਤਕਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ, ਗੁਰੂ ਤੇਗ ਬਹਾਦਰ ਬਾਣੀ ਅਧਿਅਨ, ਗੁਰੂ ਅਮਰਦਾਸ : ਬਾਣੀ ਵਿਚਾਰ ਆਦਿ ਬਹੁਤ ਪ੍ਰਸਿਧ ਹਨ।

ਡਾ: ਗਿਲ ਦੀ ਕਵਿਤਾ ਦਾ ਵਿਸ਼ਾ ਇਸਤ੍ਰੀ ਵੇਦਨਾ ਹੈ। ਹਾਂ, ਪ੍ਰੋ: ਮੋਹਨ ਸਿੰਘ ਵਾਂਗ ਇਹ ਮਰਦ ਦੀ ਕਠੋਰਤਾ ਤਿੱਖੀ ਬਿਆਨ ਨਹੀਂ ਕਰਦੀ, ਜਿਵੇਂ ਉਹ ਲਿਖਦਾ ਹੈ :

ਏਸ ਮਰਦ ਨੂੰ ਥੌਹ ਨਹੀਂ ਆਸ਼ਕੀ ਦਾ,
ਸਾਰ ਲਾਲਾਂ ਦੀ ਹੋਵੇ ਕੀ ਅੰਨਿਆਂ ਨੂੰ ।
ਐਸੇ ਕਾਮ ਦੇ ਨਸ਼ੇ ਵਿਚ ਗੁੱਟ ਹੁੰਦੇ,
ਮੂੰਹ ਲਾਣ ਇਹ ਜੂਠਿਆਂ ਛੰਨਿਆਂ ਨੂੰ ।

ਡਾ: ਗਿਲ ਦੀ ਚੋਟ ਇਸਤ੍ਰੀ ਵਾਂਗ ਸੋਹਲ ਤੇ ਸ਼ਰਮੀਲੀ ਹੈ, ਪਰ ਸ਼ਰਮ ਵਾਲੇ ਮਨੁੱਖ ਦਾ ਕਲੇਜਾ ਛੇਕ ਕਰਨ ਦੀ ਸਮਰਥਾ ਰਖਦੀ ਹੈ। ਕਹਿੰਦੇ ਨੇ ਨਾਂ ਕਿ ਅਕਲਮੰਦ ਲਈ ਇਸ਼ਾਰਾ ਹੀ ਕਾਫ਼ੀ ਹੁੰਦੈ ਤਾਂ ਆਪ ਹੋਈ ਅਕਲ ਦੀ ਪੁਤਲੀ, ਸੋ ਸਮਾਜ ਦਾ ਸੁਧਾਰ ਇਸ਼ਾਰਿਆਂ ਨਾਲ ਕਰਨ ਲਕ ਬੰਨ੍ਹ ਕੇ ਮੈਦਾਨ ਵਿਚ ਆ ਨਿਤਰੀ ਹੈ।

ਭਾਰਤ ਦੀ ਪੁਰਾਤਨ ਪ੍ਰੰਪਰਾ ਵਰ-ਸਰਾਪ ਨਾਲ ਜੁੜੀ ਪਈ ਹੈ। ਡਾਕਟਰ ਗਿਲ ਦਾ ਕਥਨ ਹੈ ਕਿ ਇਸਤ੍ਰੀ ਸਰਾਪ ਦੀ ਕੁਖੋਂ ਪੈਦਾ ਹੁੰਦੀ ਹੈ ਪਰ ਮਰਦ ਪੈਦਾ ਕਰਨ ਦਾ ਵਰ ਲੈ ਕੇ । ਅਤੇ ਇਹਦਾ ਕਹਿਣਾ ਹੈ :

ਇਕ ਵਾਰ
ਜ਼ਿੰਦਗੀ ਨੇ ਮਿਹਰਬਾਨ ਹੋ ਕੇ
ਆਖਿਆ ਸੀ :
ਲੈ ਤੈਨੂੰ ਦੋਵੇਂ ਦੇ ਦਿੰਨੀਆਂ ?
ਉਦੋਂ ਦਾ ਵਰ ਤੇ ਸਰਾਪ
ਮੇਰੀ ਕਾਂਇਆਂ
ਇਕੋ ਸਾਹੇ
ਹੰਡਾ ਰਹੀ ਹੈ ।
ਕਿਵੇਂ ਦਸਾਂ
ਦੋਹਾਂ ਨੂੰ ਇਕੋ ਸਾਹੇ
ਹੰਢਾਉਣ ਦਾ ਦੁੱਖ !
… … …
ਮੈਂ ਜਿਊਣ ਤੇ ਮਾਣ ਤੇ ਮਰਣ ਵਿਚਲੇ ਭੇਦ ਨੂੰ ਸਿੰਞਾਣਦੀ ਹਾਂ ।
ਜ਼ਿੰਦਗੀ ਦੀ ਪਰਿਭਾਸ਼ਾ...?
ਤੋਬਾ !
ਮੈਂ ਜਾਣਨਾ ਨਹੀਂ ਚਾਹੁੰਦੀ ਜ਼ਿੰਦਗੀ ਢੋਂਦੀ ਹਾਂ
ਜ਼ਿੰਦਗੀ ਦੇ ਅਰਥ ਵਿਵਰਜਿਤ ਹਨ ।
ਕਾਲੇ ਲੰਬੇ ਹਨੇਰੇ ਰਾਹਾਂ ਤੇ ਸਿਸਕ ਰਹੀ ਹਾਂ
ਸੱਚ......?
ਮੇਰੇ ਬੁਲ੍ਹ ਸੀਅ ਘਤੇ ਹਨ।
ਦੇਹੀ ਸਰਾਪ ਹੰਡਾ ਰਹੀ ਹੈ ।
ਸਭ ਕੁਝ ਜਾਣਨ ਦੇ ਬਾਵਜੂਦ ਸਾਹ ਲੈ ਰਹੀ ਹਾਂ ।
ਹੈ ਨ ਕਿੱਡਾ ਵੱਡਾ ਵਰਦਾਨ !

ਡਾ: ਗਿਲ ਆਪਣੀਆਂ ਪੀੜਾਂ ਜੋ ਇਸਤ੍ਰੀ ਜਾਤੀ ਦੀ ਪ੍ਰਤੀਨਿਧਤਾ ਕਰਦਿਆਂ ਪਲ ਪਲ ਅਨੁਭਵ ਕੀਤੀਆਂ ਹਨ, ਉਨ੍ਹਾਂ ਨੂੰ ਬੁਝਾਰਤਾਂ ਦਾ ਰੂਪ ਆਪਣੀ ਕਵਿਤਾ ਵਿਚ ਨਹੀਂ ਦੇਂਦੀ, ਬਲਕਿ ਇਹਦੀ ਕਵਿਤਾ ਦੇ ਹਰ ਅੱਖਰ ਵਿਚ ਇਹਦਾ ਲੁਕਵਾਂ ਭਾਵ ਪੜ੍ਹਣ ਸੁਣਨ ਵਾਲੇ ਨੂੰ ਗਿੱਟੇ ਚੋਟ ਲਾਂਦਾ ਹੈ ਤੇ ਇਹਦੇ ਸੂਖ਼ਮ ਹੁਨਰ ਦੇ ਸਤਿਕਾਰ ਵਿਚ ਸੋਚੀਂ ਡੁੱਬ ਜਾਂਦਾ ਹੈ।ਇਹਦੀ ਇਕ ਕਾਫੀ ਲੰਬੀ ਕਵਿਤਾ ‘ਮਾਲੀ’ ਹੈ, ਜਿਸ ਵਿਚ ਮਾਸੂਮ ਇਸਤ੍ਰੀ ਨੂੰ ਗ੍ਰਹਿਸਤ ਬਾਗ ਦੇ ਇਕ ਮਾਲੀ ਦੇ ਰੂਪ ਵਿਚ ਵੇਖੋ ਕਿਸ ਵਿਅੰਗ ਨਾਲ ਪੇਸ਼ ਕਰਦੀ ਹੈ :

ਇਹ ਠੀਕ ਹੈ——
ਤੂੰ ਬਾਦਸ਼ਾਹ ਮੈਂ ਮਾਲੀ।
ਤੈਨੂੰ ਸੁਹਪਣ ਮਾਣਨ ਦਾ ਹਕ ਹੈ।
ਤੂੰ ਕੀ ਜਾਣੇਂ
ਉਹ ਜਫਰ
ਜੋ ਇਸ ਸੁਹਪਣ ਦੇ ਬਦਲੇ ਮੈਂ ਜਾਲੇ ਹਨ ।
ਮੈਂ ਰਾਤ ਬੇਰਾਤ
ਗੋਡੀ ਕਰਨ ਵਾਲਾ
ਠੰਡੀ ਯਖ ਸੀਤ ਵਿਚ
ਬੂਟਿਆਂ ਨੂੰ ਪਾਣੀ ਦੇਣ ਵਾਲਾ,
ਰੰਗ ਬਰੰਗ ਫੁਲਾਂ ਦੇ ਸੁਮੇਲ ਤੋਂ
ਸੁਹਪਣ ਨੂੰ ਨਿਖਾਰਣ ਵਾਲਾ,
ਕੇਵਲ ਇਕ ਮਾਲੀ ਹਾਂ।
ਇਸ ਤੋਂ ਵੱਧ ਤੇਰੇ ਦਰਬਾਰ ਵਿਚ
ਮੇਰਾ ਕੋਈ ਰੁਤਬਾ ਨਹੀਂ ।
… … …
ਬਰਖਾ ਦੀ ਰੁੱਤ ਤੇ ਇਹ ਹਰਿਆ ਭਰਿਆ ਬਾਗ਼-
ਪਤਾ ਨਹੀਂ ਕਿਉਂ
ਮੈਨੂੰ ਸਭ ਕੁਝ ਆਪਣਾ ਆਪਣਾ ਲਗਦਾ ਸੀ ।
ਪਰ ਬਾਦਸ਼ਾਹਾਂ ਖੁਦ ਆਪ
ਦੂਜਿਆਂ ਦੀ ਖੁਸ਼ੀ ਨੂੰ
ਕਦ ਜਾਣਿਆ ਹੈ ?
ਤੂੰ ਬਾਦਸ਼ਾਹ -
ਬਾਦਸ਼ਾਹੀ ਗੁਮਾਨ ਵਿਚ ਗਰਸਿਆ—
ਮਾਲੀ ਨੂੰ ਆਪਣੀ ਔਕਾਤ ਵਿਚ ਰਹਿਣਾ ਚਾਹੀਦਾ ਹੈ,
ਉਹ ਬਾਗ਼ ਨੂੰ ਪਾਲ ਸਕਦਾ ਹੈ
ਸੁਹੱਪਣ ਵਿਚ ਵਾਧਾ ਕਰ ਸਕਦਾ ਹੈ
ਹਰਗਿਜ਼ ਵਰਤ ਨਹੀਂ ਸਕਦਾ।
ਮੈਨੂੰ ਤਾਜ ਮਹੱਲ ਯਾਦ ਆਉਂਦਾ ਹੈ
ਤੇ ਉਹਦ ਕਾਰੀਗਰਾਂ ਦੇ ਹੱਥ ਕਟਣ ਵਾਲੀ
ਗਲ ਕੰਬਾ ਜਾਂਦੀ ਹੈ।

ਡਾਕਟਰ ਗਿਲ ਦਾ ਇਸਤ੍ਰੀ ਜਾਤੀ ਨੂੰ ਮਕੜੀ ਦੀ ਉਪਮਾ ਦੇ ਕੇ ਪੇਸ਼ ਕਰਨਾ ਇਹਦੇ ਸਟਾਇਰ ਦਾ ਸਿਖ਼ਰ ਹੈ । ਜਿਸ ਖੁਰਦਬੀਨ ਨਾਲ ਇਸ ਵਿਦਵਾਨ ਕਾਵਿਤ੍ਰੀ ਨੇ ਨੱਸ ਨੱਸ ਨੂੰ ਵੇਖਿਆ ਹੈ, ਸ਼ਾਇਦ ਇਸ ਵਿਗਿਆਨਕ ਯੁਗ ਵਿਚ ਇਹ ਆਪ ਹੀ ਹੋਵੇ। ਬੜੇ ਦਰਦ ਵਿਚ ਭਿਜ ਕੇ ਲਿਖਦੀ ਹੈ :

ਮੈਂ ਮਕੜੀ ਆਪਣੇ ਜਾਲ ਦੀ
ਮਹਾਂ ਉਦਾਸੀ ਵਿਚ ਗਰਕ ਜਾਂਦੀ ਹਾਂ,
ਆਪਣਾ ਬੋਲ ਵੀ
ਪਤਾਲ ਵਿਚੋਂ ਬੋਲਿਆ
ਪ੍ਰਤੀਤ ਹੁੰਦਾ ਹੈ ।
ਮੈਂ ਮਕੜੀ ਆਪਣੇ ਜਾਲ ਦੀ
ਦਮ ਘੁਟ ਕੇ ਮਰਦੀ ਨਹੀਂ,
ਸੱਚ ਝੂਠ ਦੀ ਟਾਕੀ ਲਾ ਕੇ
ਘੁਗੀ ਥਾਣੀਂ
ਫਿਰ ਬਾਹਰ ਆ ਜਾਂਦੀ ਹਾਂ
ਬੁਰਕਾ ਫਿਰ ਪਹਿਨ ਲੈਂਦੀ ਹਾਂ
ਮੇਰਾ ਜਿਉਂਦਾ ਬਦਨ
ਜਿਉਣ ਦਾ ਫਿਰ ਦੰਭ ਕਰਦਾ ਹੈ ।
ਜਾਣਦੀ ਹਾਂ
ਬੁਰਕੇ ਦੀ ਆੜ ਬਿਨਾਂ
ਮੈਂ ਜਿਉਂ ਨਹੀਂ ਸਕਦੀ ।

ਮੈਂ ਸਮਝ ਨਹੀਂ ਸਕਿਆ ਕਿ ਡਾ: ਗਿਲ ਇਕ ਟੀਚਰ ਕਿਉਂ ਬਣੀ । ਇਹ ਨੂੰ ਬੈਰਿਸਟਰ ਹੋਣਾ ਚਾਹੀਦਾ ਸੀ। ਇਹ ਇਸਤ੍ਰੀ ਜਾਤੀ ਦੀ ਐਸੀ ਸ਼ਾਨਦਾਰ ਵਕਾਲਤ ਕਰਦੀ ਕਿ ਰਾਜੇ ਇੰਦਰ ਨੂੰ ਵੀ ਆਪਣੇ ਅਖਾੜੇ ਵਿਚ ਕੈਦ ਕੀਤੀਆਂ ਨਮਾਣੀਆਂ ਪਰੀਆਂ ਨੂੰ ਆਜ਼ਾਦ ਕਰਣਾ ਪੈ ਜਾਂਦਾ। ਵੇਖੋ ਬੀਬੀ ਮਹਿੰਦਰ ਕੌਰ ਇਸਤ੍ਰੀ ਦੀ ਅਹਿਮੀਅਤ ਕਿਸੇ ਤਿਖੇ ਤੀਰ ਨਾਲ ਚੋਭਵੀਂ ਤੇ ਵਿਨਵੀਂ ਬਿਆਨ ਕਰਦੀ ਹੈ :

ਇਸਤਰੀ ਦੀ ਅਹਿਮੀਅਤ ਤੂੰ ਪੁੱਛੀ ਹੈ :
ਤੀਵੀਂ ਉਸ ਤਖ਼ਤੀ ਵਾਂਗ ਹੈ
ਜੋ ਵੰਨਸਵੰਨੀਆਂ
ਚੇਪੀਆਂ ਨਾਲ ਜੜ੍ਹੀ ਹੋਵੇ,
ਮਨ ਚਾਹੀ ਇਬਾਰਤਾਂ ਦੀ ਭਰਤੀ,
ਇਲਜ਼ਾਮ, ਤੁਹਮਤ,
ਸਕੈਂਡਲ ਜਿਹੇ ਸ਼ਬਦ,
ਔਰਤ ਦੀ ਦੇਹ ਉਤੇ
ਹੀ ਲਿਖੇ ਜਾਂਦੇ ਹਨ,
ਤੇ ਸਜ਼ਾ ਦੀ ਭਾਗੀ ਹੁੰਦੀ ਹੈ।
ਇਹ ਸ਼ਬਦ ਮਰਦ ਦੇ ਪਿੰਡੇ ਤੋਂ
ਟਾਕੀ ਵਾਂਗ ਉਡ ਜਾਂਦੇ ਹਨ।

ਅਤੇ ਤੀਵੀਂ ਦਾ ਹੁਲੀਆ ਵੇਖੋ ਕਿਹਾ ਅਨੋਖਾ ਪਰ ਸਚਾਈ ਵਿਚ ਢਲਿਆ ਹੋਇਆ ਪੇਸ਼ ਕਰਦੀ ਹੈ। ਕਹਿੰਦੇ ਨੇ ਸ਼ੈਕਸਪੀਅਰ ਅੰਗ੍ਰੇਜ਼ੀ ਸਾਹਿਤ ਵਿਚ ਪਹਿਲਾ ਕਵੀ ਹੋਇਆ ਹੈ ਜਿਸ ਨਾਰੀ ਨੂੰ ਸਮਾਜ 'ਚ ਉਚ ਦਰਜਾ ਦੇਣ ਦੀ ਪ੍ਰੇਰਣਾ ਦਿਤੀ । ਡਾ. ਗਿਲ ਗੁਰੂ ਘਰ ਦੀ ਸ਼ਰਧਾਲੂ ਸਿੰਘਣੀ ਹੈ ਜਿਸ ਉਤੇ ਗੁਰੂ ਨਾਨਕ ਦਾ ਪੱਕਾ ਰੰਗ ਚੜ੍ਹਿਆ ਹੋਇਆ ਹੈ, ਸੋ ਇਹ ਨਧੱੜਕ ਇਸਤ੍ਰੀ ਦੇ ਬੁੱਤ ਨੂੰ ਸਮਾਜ ਦੇ ਡਰਾਇੰਗ ਰੂਮ ਵਿਚ ਖੜਾ ਕਰਕੇ ਸਮਾਜ ਦੀਆਂ ਅੱਖਾਂ ਤੋਂ ਪੱਟੀ ਖੋਲ੍ਹਦੀ ਹੈ :

ਕੀ ਇਹ ਠੀਕ ਨਹੀਂ
ਜੀਵਨ ਇਕ ਖੇਡ ਹੈ,
ਤੀਵੀਂ ਇਸ ਵਿਚ ਇਕ ਖਿਡੌਣਾ ਹੈ,
ਖਿਡੌਣੇ ਦੀ ਕਦੀ ਕਿਸੇ ਸਲਾਹ ਪੁੱਛੀ ਹੈ ?
ਖਿਡੌਣੇ ਦੇ ਅੰਗਾਂ ਨੂੰ ਸਲਾਹਿਆ-ਪਲੋਸਿਆ ਜਾਂਦਾ ਹੈ।
… … …
ਤੀਵੀਂ ਪਲਾਸਟਿਕ ਦੇ ਖਿਡੌਣੇ ਤੋਂ ਵੱਧ ਨਹੀਂ,
ਮਰੋੜੇ ਖਾਂਦਾ ਝਰੀਟਾਂ ਪੁਆ ਲੈਂਦਾ ਹੈ,
ਟੁਟਣ ਤੋਂ ਬਾਅਦ ਵੀ।
ਜੀਵਨ-ਨਦੀ ਵਿਚ ਤਰਦਾ ਰਹਿੰਦਾ ਹੈ,
ਸਿਰ ਉਤੇ ਮੀਂਹ ਧੁੱਪ ਸਹਾਰਦਾ ਹੈ,
ਭਿਆਣਕ ਮਗਰ ਮੱਛਾਂ ਨਾਲ ਟਕਰਾਉਂਦਾ ਹੈ,
ਨਾਗ ਦੇਵਤੇ ਦੀ ਪਰਕਰਮਾ ਕਰਦਾ ਹੈ,
ਤੇ ਭਿੱਜੀ ਕਾਤਰ ਵਾਂਗ ਡੁਬਦਾ ਰਹਿੰਦਾ ।

ਡਾਕਟਰ ਮਹਿੰਦਰ ਕੌਰ ਦੀਆਂ ਕਵਿਤਾਵਾਂ ਵਿਚੋਂ ਜੇ ਇਕ ਤੁਕ ਵੀ ਅੱਜ ਵਾਰਿਸ ਦੀ ਰੂਹ ਨੇ ਸੁਣ ਲਈ ਤਾਂ ਉਹਨੂੰ ਵੀ ਅਵੱਸ਼ ਆਪਣਾ ਇਸਤ੍ਰੀ ਬਾਰੇ ਨਜ਼ਰੀਆ ਬਦਲਣਾ ਪੈ ਜਾਵੇਗਾ ।

ਸ੍ਰਦਾਰਨੀ ਜਗਜੀਤ ਕੌਰ ਜੀ ‘ਗਗਨ’ ਐਮ.ਏ.

ਕੁਝ ਸਾਲਾਂ ਦੀ ਗਲ ਹੈ ਕਿ ਮੈਂ ਆਲ ਇੰਡੀਆ ਰੇਡੀਉ ਤੇ ਆਪਣੀ ਟਾਕ ਬਰਾਡਕਾਸਟ ਕਰਨ ਗਿਆ ਤਾਂ ਓਥੇ ਮੇਰੀ ਜਾਨ ਪਹਿਚਾਨ ਏਸ ਬੀਬੀ ਜੀ ਨਾਲ ਸ੍ਰਦਾਰ ਦਵਿੰਦਰ ਸਿੰਘ ਜੀ, ਆਫ਼ ਏ, ਆਈ. ਆਰ. ਨੇ ਕਰਵਾਈ ਤੇ ਨਾਲ ਇਹ ਭੀ ਦੱਸਿਆ ਕਿ ‘ਗਗਨ’ ਤੁਹਾਡੇ ਲੇਖ 'ਰਸਾਲਿਆਂ ਵਿਚੋਂ' ਦੀਆਂ ਕੁਝ ਕੁਝ ਸਤਰਾਂ ਨਾਲ ਰੀਕਾਰਡ ਕਰਵਾਏਗੀ । ਬਸ ਉਹ ਦਿਨ ਤੇ ਐਹ ਦਿਨ, ਸਾਡਾ ਬਾਪ ਬੇਟੀ ਵਾਲਾ ਰਿਸ਼ਤਾ ਪਕੇਰਾ ਹੁੰਦਾ ਚਲਾ ਗਿਆ ਤੇ ‘ਗਗਨ' ਸਾਡੇ ਪ੍ਰਵਾਰ ਵਿਚ ਰੱਚ- ਮਿੱਚ ਗਈ ।

ਪੰਜਾਬੀ ਸਾਹਿਤ ਵਿਚ ਸੰਤ ਕਵੀ ਵੀ ਮਿਲਦੇ ਹਨ ਤੇ ਇਨਕਲਾਬੀ ਕਵੀ ਭੀ, ਰਾਜ ਕਵੀ ਭੀ ਤੇ ਮਹਾ ਕਵੀ ਭੀ, ਪਰ ਫਲਾਸਫਰ ਕਵੀ ਕੋਈ ਟਾਵਾਂ ਟਾਵਾਂ । ‘ਗਗਨ' ਦੀ ਕਵਿਤਾ ਵਿਚੋਂ ਮੈਨੂੰ ਸੂਝ ਦੇ ਝਲਕਾਰੇ ਮਿਲਦੇ ਹਨ ਜੋ ਕਿਸੇ ਸੁਕਰਾਤ ਜੈਸੇ ਸੁਲਝੇ ਹੋਏ ਫਲਾਸਫਰ ਵਿਚ ਹੁੰਦੇ ਹਨ। ਵਨਗੀ ਵੇਖੋ ਤੇ ਜਗਜੀਤ ਦੀ ਸੋਚ-ਉਡਾਰੀ ਦੀ ਦਾਦ ਦਿਓ :

ਬੱਸ ਹਫ਼ ਗਿਆ ਏਂ ਸਾਥੀਆ ?
ਆਰਾਮ ਕਰ ਰਿਹੈਂ
ਉਹ ਵੀ ਸਦੀਵੀਂ ?
ਇਹ ਨੇਕੀ ਤੇ ਬਦੀ ਦੀ ਦੌੜ ਹੈ—
ਜਿਸ ਵਿਚ ਨੇਕੀ ਨੂੰ ਆਸਾ ਦੇ ਪਹੀਏ ਲਗੇ ਨੇ—
ਪਰ ਬਦੀ ਨੂੰ ਆਪਣੀ ਤਾਕਤ ਤੇ ਭਰੋਸਾ ਹੈ—
ਗੁਮਾਨ ਵੀ ।
ਤੂੰ ਸੋਨੇ ਦੀਆਂ ਤੰਦਾਂ ਦਾ ਮੁਕਟ ਨ ਭਾਲ,
ਤੈਨੂੰ ਜੁੜੇਗਾ ਲਮਕਦੀਆਂ ਲੀਰਾਂ ਦਾ ਸਿਹਰਾ,
ਇਕ ਦੁਮੇਲ ਭਖ਼ਦੀ ਹੈ
ਅੰਗਿਆਰਿਆਂ ਨਾਲ ਭਰਪੂਰ,
ਤਿਰੇ ਸੰਗਰਾਮ ਨੂੰ ਇਹ ਖੂਨ ਬਖਸ਼ਦੀ ਹੈ—
ਸੂਰਜ ਤੈਨੂੰ ਅਗਲਵਾਂਢੀ ਲੈਣ ਆਵੇਗਾ ਕੀ ?
ਲੋਹੇ ਦੀ ਚਾਦਰ ਰਾਹ ਰੋਕ ਸਕਦੀ ਹੈ,
ਪਰ ਆਉਂਦੀ ਬਸੰਤ ਭਲਾ ਕੋਈ ਰੋਕ ਸਕਿਆ ਹੈ ?
ਸਰਹੋਂ ਦੇ ਫੁਲ ਨੇ ਜ਼ਰੂਰ ਖਿੜਨਾ ਹੈ—
ਝਰਨਿਆਂ ਦੇ ਪਾਣੀ ਨੂੰ ਕੋਈ ਬੰਨ੍ਹ ਨਹੀਂ ਸਕਦਾ ?
ਇਹ ਗਗਨ-ਕਿਲੇ ਦੇ ਚੰਦ-ਸੂਰਜ ਮੁਨਾਰੇ,
ਫਿਰ ਲੋਕਤਾ ਦਵਾਲੇ ਪ੍ਰਕਰਮਾ ਕਰਨਗੇ ਇਕ ਆਰਤੀ !

‘ਗਗਨ' ਦੀ ਮੈਂ ਕਵਿਤਾ ਅਨਹਦ ਨਾਦ ਜਦ ਪੜ੍ਹੀ ਤਾਂ ਆਨੰਨ ਫਾਨੰਨ ਮੇਰਾ ਧਿਆਨ ਇੰਗਲੈਂਡ ਦੇ ਪ੍ਰਸਿਧ ਫਲਾਸਫਰ ਸਪੈਂਸਰ ਵਲ ਚਲਾ ਗਿਆ ਜੋ ਆਪਣੀ ਪੁਸਤਕ ੂਨਕਨੋਾੳਬਲੲ ਵਿਚ ਰੱਬ ਤੇ ਮਨੁੱਖ ਬਾਰੇ ਬੜੀਆਂ ਡੂੰਘਾਈ ਵਿਚ ਤਾਰੀਆਂ ਲਾਂਦਾ ਹੈ। ‘ਗਗਨ’ ਦੀ ਇਹ ਕਵਿਤਾ ਕਦੇ ਉਹਦੇ ਸਾਹਮਣੇ ਹੁੰਦੀ ਤਾਂ ਉਹਦੀਆਂ ਕਈ ਗੁੰਝਲਾਂ ਖੁਲ੍ਹ ਜਾਂਦੀਆਂ । ਪੰਜਾਬ ਦੀ ਹੋਣਹਾਰ ਕਾਵਿਤ੍ਰੀ ਲਿਖਦੀ ਹੈ :

ਪਿਆਰ ਤਾਂ ਸਾਡਾ ਧਰੂ ਤਾਰਾ ਹੈ—
ਏਸ ਨਿਘ ਤੇ ਏਸ ਮੋਹ ਤੋਂ ਬਹੁਤ ਉਚੇਰਾ ।
ਇਕਸੁਰਤਾ ਤੇ ਇਕਮਿਕਤਾ ਦਾ
ਇਕ ਅਨੋਖਾ ਅਨਹਦ ਨਾਦ ।
ਜੀਵਨ ਦੀ ਇਸ ਮੰਜ਼ਲ ਉਤੇ
ਛਡ ਮਨਾ ਹੁਣ ਮੋਹ ਜੰਜਾਲ ।
ਉਡਦੇ ਉੱਚਾ ਗਗਨਾਂ ਦੇ ਵਿਚ,
ਬਣੀਏ ਹਾਣੀ ਕਹਿਕਸ਼ਾਂ ਦੇ ।
ਨਿਰਮਲਤਾ ਦੇ ਝਰਣੇ ਵਿਚੋਂ
ਅੰਮ੍ਰਿਤ ਦੀ ਇਕ ਬੰਦ ਛੁਹਾਈਏ ।
ਆ ਚਾਨਣ ਦੀਆਂ ਘੁੱਟਾਂ ਭਰੀਏ,
ਆ ਸੂਰਜ ਨੂੰ ਡੀਕ ਲਗਾਈਏ ।

'ਗਗਨ' ਨੇ ਜਵਾਨੀ ਚੜ੍ਹਦੇ ਹੀ, ਭਾਵ ਅਜ ਤੋਂ ਅਠਾਰਾਂ ਕੁ ਸਾਲ ਪਹਿਲਾਂ, ਅਜ ਦੇ ਹੋਛੇ ਸੰਸਾਰ ਦੀ ਫੋਕੀ ਜ਼ਿੰਦਗੀ ਦੇ ਤਾਣੇ ਬਾਣੇ ਨੂੰ ਬੜੀ ਤੀਖਨ ਨਜ਼ਰ ਨਾਲ ਵੇਖ ਲਿਆ ਸੀ ਤੇ ਉਹ ਅਡੰਬਰੀ ਬਨਾਵਟ ਨੂੰ ਬੇਨਕਾਬ ਕਰਦਿਆਂ ਐਉਂ ਬੋਲ ਉਠੀ ਸੀ :

ਦੇਖ ਚੁਕੀ ਹਾਂ ਮੈਂ ਕਈ
ਸੜੀਆਂ ਝੁਲਸੀਆਂ ਸਧਰਾਂ—
ਤੇਰਿਆਂ ਖ਼ਾਬ ਪਰਾਂ ਨਾਲ
ਹੁਣ ਮੈਂ ਉਡਾਂ ਕਿਵੇਂ ?
ਡੁਬਡਬਾਈਆਂ ਅੱਥਰਾਂ 'ਚ
ਅੱਖਾਂ ਨੇ ਲੱਖਾਂ ਦੇਖੀਆਂ—
ਚਾਰ ਅੱਖਾਂ ਦੀਆਂ ਰੀਝਾਂ
ਣ ਮੈਂ ਗੁੰਦਾਂ ਕਿਵੇਂ ?
ਗਲੇ ਸੜੇ ਫੋੜਿਆਂ ਦੀ
ਰਕਤ-ਧਾਰਾ ਤੋਂ ਵੱਧ—
ਜ਼ਿੰਦਗੀ ਦੇ ਰਿਧੇ ਦਾ ਨਾਸੂਰ ਪਕਦਾ ਜਾ ਰਿਹੈ ।
ਕਹਿਕਿਆਂ ਨਾਲ ਭਰੀ ਏ ਅੱਜ ਜ਼ਿੰਦਗੀ ਦੀ ਫਿਜ਼ਾ
ਨਾਦ ਮਾਰੂ ਮੋਹ ਦਾ ਹੁਣ ਗੂੰਜਦਾ ਹੀ ਜਾ ਰਿਹੈ ।

ਅਤੇ ਐਸੇ ਮਾਹੌਲ ਬਣਨ ਦਾ ‘ਗਗਨ’ ਕਾਰਨ ਵੀ ਪੇਸ਼ ਵੀ ਕਰਦੀ ਹੈ :

ਅੱਜ ਤਕ ਇਹ ਦੁਨੀਆਂ ਕਾਲਿਆਂ ਕਾਵਾਂ ਦੀ ਪਾਲਕ।
ਮਾਸੂਮ ਘੁਗੀਆਂ ਦੀਆਂ ਸਧਰਾਂ ਨੂੰ ਹੱਸ ਹੱਸ ਗੁਲੇਲੇ ਮਾਰਦੀ ।
ਉਮਰ ਭਰਪੂਰ ਹੈ ਲੱਖਾਂ ਸਦੀਆਂ ਦੇ ਜ਼ਖ਼ਮਾਂ ਦੇ ਨਾਲ
ਤੇ ਜਨਤਾ ਬਣੀ ਹੈ ਅੱਜ ਮਿੱਟੀ ਚੁਰਾਹੇ ਦੀ ।
ਜ਼ਿੰਦਗੀ ਪਈ ਹੈ ਘਾਇਲ,
ਅੱਜ ਬੇਘਰ ਜ਼ਖਮੀ ਦੇ ਵਾਂਗ,
ਉਖੜ ਉਖੜ ਸਾਹ ਜਿਸ ਦਾ ਮੁੜ ਮੁੜ ਦਮ ਸੰਭਾਲੇ ।
ਜ਼ਿੰਦਗੀ ਦੇ ਮੂੰਹ ਤੇ ਅਜੇ ਕਾਲਖ ਹਨੇਰਿਆਂ ਦੀ,
ਅਜੇ ਤਕ ਉਮਰ ਦੇ ਪੈਰਾਂ 'ਚ ਹਨ ਰੋਟੀ ਲਈ ਛਾਲੇ ।

ਭਾਰਤੀ ਨਾਰ ਨੂੰ ਜਨਮ ਸਮੇਂ ਤੋਂ ਪੀੜਾਂ ਨਾਲ ਖੇਡਣਾ ਸਿਖਾਇਆ ਜਾਂਦਾ ਹੈ। ਭਾਰਤ ਤੋਂ ਬਾਹਿਰ ਨਜ਼ਰ ਮਾਰੋ ਤਾਂ ਕਿਸੇ ਨਾਰੀ ਨੂੰ ਪੀੜਾਂ ਦੀ ਖੁਸ਼ਬੋ ਸੁੰਘ ਹੈਰਾਨੀ ਹੁੰਦੀ ਹੈ ਪਰ ‘ਗਗਨ’ ਨੂੰ ਪੁਛ ਵੇਖੋ ਤਾਂ ਉਹ ਦਸਦੀ ਹੈ ਕਿ ਪੀੜਾਂ ਦੀ ਖੁਸ਼ਬੋ ਦੀ ਸਾਰ ਕੌਣ ਜਾਣ ਸਕਦਾ ਹੈ ਅਤੇ ਇਹਦਾ ਮੁਲ ਤਾਰਨਾ ਕਿਹੜਾ ਸੌਖਾ ਹੈ। ਬੜੇ ਲਾਜਵਾਬ ਅੰਦਾਜ਼ ਵਿਚ ਕਹਿੰਦੀ ਹੈ :

ਕਿਹਾ ਇਹ ਛਿਣ
ਜਿਸ ਦਾ ਹਰ ਅੰਗ
ਡੀਕ ਕੇ ਪੀਣਾ ਲੋਚਾਂ ।
ਇਸ ਛਿਣ ਵਿਚ ਅਨੋਖੀ ਮਹਿਕ
ਦਰਦਾਂ ਦੀ ਸੁਬਕੀਲੀ ਖੁਸ਼ਬੋ,
ਏਸ ਮਹਿਕ ਨੂੰ ਪੀਣਾ ਕਿਹੜਾ
ਜੀਵਨ ਦਾ ਕੋਈ ਸੌਖਾ ਕੰਮ ਹੈ ?
ਇਹ ਛਿਣ ਜਿਸ ਦੇ ਹਿਸੇ ਆਉਂਦਾ
ਉਮਰਾ ਫੇਰ ਨਿਗੂਣੀ ਲੱਗੇ ।
ਸਾਂਭ ਕੇ ਰਖੀ ਸਭ ਪੂੰਜੀ
ਏਸ ਛਿਣ ਦੇ ਬੂਹੇ ਧਰ ਦਏ ।

‘ਗਗਨ’ ਨੂੰ ਆਪਣੀ ਕਵਿਤਾ ਵਿਚ ਥਾਂ ਥਾਂ ਪ੍ਰਸ਼ਨ ਚਿਨ ਲਾਣੇ ਪਤਾ ਨਹੀਂ ਅਲਹਾਮੀ ਹੀ ਲਗਦੇ ਨੇ ਕਿਉਂਕਿ ਸਾਧਾਰਨ ਕਵੀ ਤਾਂ ਐਸੇ ਪ੍ਰਸ਼ਨ ਚਿਨਾਂ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਤੇ ਆਮ ਪਾਠਕ ਇਹਨਾਂ ਚਿਨਾਂ ਵਲ ਘੜੀ ਇਕਾਂਤ ਵਿਚ ਬੈਠ ਸੋਚਨਾ ਸਿਖਿਆ ਨਹੀਂ । ਕਵਿਤ੍ਰੀ ਦਾ ਨਾਮ ਹੈ ਜਗਜੀਤ ਤੇ ਤਖ਼ਲਸ ਰਖ ਬੈਠੀ ਹੈ ‘ਗਗਨ', ਫੇਰ ਇਹਦੀਆਂ ਬੁਝਾਰਤਾਂ ਕੋਈ ਬੁਝੇ ਵੀ ਕਿਵੇਂ ? ਇਹਦੇ ਪ੍ਰਸ਼ਨਾਂ ਦੀ ਭਰਮਾਰ ਮੁਲਾਹਜ਼ਾ ਫਰਮਾਓ :

ਇਹ ਕਿਸ ਦੇ ਸਿਵੇ ਬਲ ਰਹੇ ?
ਅਥਰੂਆਂ ਦੀ ਗੰਗਾ ਦੇ ਵਿਚ ਕਿਸ ਦੇ ਫੁਲ ਬਹਿ ਰਹੇ ?
ਅੱਖੜ ਦੁਪਹਿਰੇ ਕਿਸ ਨੇ ਝਪਟ ਮਾਰੀ ਸੂਰਜ ਤੇ ?
ਕਿਸ ਨੇ ਚੰਨ ਨੂੰ ਕਾਲਖਾਂ ਵਿਚ ਝੋਕਿਆ ?
ਕਿਰਨਾਂ ਦਾ ਰਥਵਾਨ ਕਿਨੇ ਰੋਕਿਆ ?

ਦੇਸ਼ ਤੋਂ ਕੁਰਬਾਨ ਹੋਣ ਵਾਲੇ ਜਵਾਨਾਂ ਨੂੰ ‘ਗਗਨ' ਆਪਣੀ ਇਕ ਕਵਿਤਾ ‘ਅਮਰ ਸਪੂਤ' ਵਿਚ ਐਉਂ ਭਰਪੂਰ ਸ਼ਰਧਾਂਜਲੀ ਭੇਂਟ ਕਰਦੀ ਹੈ :

ਜ਼ਿੰਦਗੀ ਖੜੀ ਹੈ ਉਹਨਾਂ ਫੁਲਾਂ ਦੇ ਸਹਾਰੇ
ਜਿਨ੍ਹਾਂ ਨਾਲ ਭਰਪੂਰ ਕੰਡੇ ਹਨ ।
ਇਹ ਫੁੱਲ ਹਨ ਧਰਤ ਦੇ ਸਪੂਤ ਬਲਵਾਨ ਆਤਮਾਵਾਂ
ਜੀਵਨ ਭਰ ਜੋ ਦੂਜਿਆਂ ਨੂੰ ਮਹਿਕ ਦੇਣ।
ਆਪਣੇ ਸਾਹ ਜੋ ਦੂਜਿਆਂ ਦੇ ਲੇਖੇ ਲਾਵਣ—
ਆਪਾ ਫੂਕ ਕੇ ਵੀ,
ਸਾਥੀਆਂ ਦੀ ਲੋਅ ਜਗਾਵਣ,
ਜੀਵਨ ਦਾ ਵਿਸ਼ਵਾਸ ਭਰਨ।
ਮੌਤ ਦੀ ਪ੍ਰਵਾਹ ਨਾਂ ਕਰਦੇ
ਮੌਤ ਦੇ ਗਲ ਹਾਰ ਪਾਉਂਦੇ।
ਜੂਝਦਿਆਂ ਤੇ ਲੜਦਿਆਂ ਜੇ ਮੌਤ ਆਵੇ
ਉਹ ਮੌਤ ਮੁਬਾਰਕ ।
ਅਮਰ ਹੈ ਉਹ ਸ਼ਹਾਦਤ
ਜੋ ਜੀਵਨ ਸੰਗ ਮੱਥੇ ਲਾਂਦਿਆਂ ਝੋਲੀ ਪੈ ਗਈ ।

ਇਹ ੧੯੮੦ ਦਾ ਵਰ੍ਹਾ ਓਲੰਪਿਕ ਦਾ ਵਰਸ਼ ਹੈ ਅਤੇ ਖੇਡਾਂ ਹੋ ਭੀ ਨਾਸਤਿਕਾਂ ਦੇ ਦੇਸ਼ ਵਿਚ ਰਹੀਆਂ ਹਨ, ਭਾਵ ਰੂਸ ਵਿਚ। ਸਰਦਾਰਨੀ ਬੱਚੀ ਨੇ ਵੀ ਵੇਖੋ ਲੰਬੀ ਛਾਲ ਮਾਰ ਕੇ ਅਨੋਖਾ ਰੀਕਾਰਡ ਕਾਇਮ ਕੀਤਾ ਹੈ ਤੇ ਪ੍ਰਮਾਤਮਾ ਨੂੰ ਵੀ ਚੈਲੰਜ ਕਰ ਗਈ ਹੈ। ਇਹਨੂੰ ਇਹਦੀ ਅਦਾ ਕਹਿ ਲੌ, ਨਾਜ਼ਕ ਖਿਆਲੀ ਕਹਿ ਲੌ, ਯਾ ਇਕ ਹਕੀਕਤ ਦੀ ਐਕਸ-ਰੇਅ। ‘ਗਗਨ’ ਸੁਪਨੇ ਬਾਰੇ ਬੜੀ ਜ਼ੁਮੇਵਾਰੀ ਨਾਲ ਲਿਖਦੀ ਹੈ :

ਸੁਪਨਿਆਂ ਨੂੰ ਖੋਹਣ ਵਾਲਾ
ਅਜੇ ਧਰਤੀ ਨੇ ਪੈਦਾ ਨਹੀਂ ਕੀਤਾ ।
ਸੁਪਨਿਆਂ ਨੂੰ ਮਿਧਨ ਵਿਚ
ਅਜੇ ਖੁਦਾ ਵੀ ਹੀਣਾ ਹੈ ।

ਡਾ: ਮੋਹਨ ਸਿੰਘ ਜੀ ‘ਦੀਵਾਨਾ’

ਜਿਸ ਬੱਚੇ ਦੇ ਦਿਲ ਉਤੇ ਕਿਸੇ ਸ਼ਖ਼ਸੀਅਤ ਦੀ ਕਾਬਲੀਅਤ ਦੀ ਛਾਪ ਬੈਠ ਜਾਵੇ ਉਹ ਐਸੇ ਮਹਾਨ ਵਿਅਕਤੀ ਨੂੰ ਉਮਰ ਭਰ ਭੁਲ ਨਹੀਂ ਸਕਦਾ। ਡਾਕਟਰ ਮੋਹਨ ਸਿੰਘ ਦੀਵਾਨਾ, ਐਮ.ਏ. ਪੀ.ਐਚ.ਡੀ., ਡੀ. ਲਿਟ. ਇਕ ਐਸੀ ਹੀ ਮਹਾਨ ਹਸਤੀ ਹੈ ਜਿਸ ਦੀ ਕਾਬਲੀਅਤ ਦਾ ਪ੍ਰਭਾਵ ਮੇਰੇ ਉਤੇ ਛੋਟੀ ਉਮਰ ਤੋਂ ਹੀ ਚਲਾ ਆ ਰਿਹਾ ਹੈ । ਰਾਵਲਪਿੰਡੀ ਅਸੀਂ ਬਰਿਜ ਵੀ ਇਕ ਟੇਬਲ ਤੇ ਖੇਡਦੇ ਰਹੇ, ਕੋਹਮਰੀ ਦੇ ਦਿਲਕਸ਼ ਪਹਾੜ ਉਤੇ ਸੈਰ ਭੀ ਇਕਠੇ ਕਰਦੇ ਰਹੇ, ਅੰਮ੍ਰਿਤਸਰ ਮੈਨੂੰ ਨਾਲ ਲੈ ਸ੍ਰਦਾਰ ਨਾਨਕ ਸਿੰਘ ਜੀ ਨਾਵਲਿਸਟ ਨੂੰ ਭੀ ਆਪ ਨੇ ਹੀ ਮਲਾਇਆ, ਦਿੱਲੀ ਵਿਚ ਭੀ ਆਪ ਨੇ ਮੇਰੇ ਛੋਟੇ ਜਿਹੇ ਫਲੈਟ ਵਿਚ ਭਾਗ ਲਗਾਏ। ਏਨੀ ਨੇੜ ਦੇ ਬਾਵਜੂਦ ਮੈਂ ਅਜੇ ਤਕ ਇਹ ਸਮਝ ਨਹੀਂ ਸਕਿਆ ਕਿ ਆਪ ਨੇ ਆਪਣਾ ਤਖ਼ੱਲਸ ਦੀਵਾਨਾਂ ਕਿਉਂ ਰਖਿਆ । ਇਹ ਮੇਰੇ ਲਈ ਮੁਇਮਾਂ ਹੈ ਤੇ ਮੁਇਮਾਂ ਹੀ ਰਹੇਗਾ ਕਿਉਂਕਿ ਮੈਂ ਏਸ ਗੁੰਝਲ ਨੂੰ ਖੋਲ੍ਹਣ ਦਾ ਕਦੇ ਯਤਨ ਹੀ ਨਹੀਂ ਕੀਤਾ । ਯਤਨ ਕਰਦਾ ਵੀ ਕਿਵੇਂ, ਆਪ ਤੋਂ ਪੁੱਛਣ ਦੀ ਹਿੰਮਤ ਕਿਥੋਂ ਲਿਆਉਂਦਾ ? ਭਾਵੇਂ ਮੈਂ ਆਪ ਨਾਲ ਬਹੁਤ ਇਕ ਮਿਕ ਹਾਂ ਪਰ ਇਹ ਤਾਂ ਜਾਣਦਾ ਹਾਂ ਕਿ ਆਪ ਇਕ ਇੰਟਰਨੈਸ਼ਨਲ ਫਿਗਰ ਹਨ ਅਤੇ ਆਪ ਦੀ ਕਾਬਲੀਅਤ ਦੇ ਕਾਇਲ ਮਸੋਲੀਨੀ ਤੇ ਡਾ: ਰਾਧਾ ਕ੍ਰਿਸ਼ਨੰਨ ਜੈਸੇ ਰਹੇ ਹਨ । ਸੱਚਾ ਸਤਿਕਾਰ ਬੇਜ਼ਬਾਨ ਕਰ ਹੀ ਦੇਂਦਾ ਹੈ ।

ਡਾ: ਮੋਹਨ ਸਿੰਘ ਦਾ ਅੰਗਰੇਜ਼ੀ ਉਤੇ ਜੋ ਕਾਬੂ ਹੈ, ਉਹ ਇੰਗਲਿਸ਼ ਲਿਟ੍ਰੇਚਰ ਵਿਚ ਆਪਣੀ ਮਿਸਾਲ ਆਪ ਹੈ। ਪੰਜਾਬੀ ਤਾਂ ਆਪ ਦੀ ਮਾਂ-ਬੋਲੀ ਹੋਈ, ਪਰ ਆਪ ਹਿੰਦੀ, ਉਰਦੂ, ਫਾਰਸੀ ਆਦਿ ਕਈ ਜ਼ਬਾਨਾਂ ਦੇ ਵੀ ਪੂਰੇ ਪੂਰੇ ਪੰਡਤ ਹਨ ਅਤੇ ਭਾਰਤ ਦੇ ਉਚ ਕੋਟੀ ਦੇ ਫ਼ਲਾਸਫ਼ਰ ਸਰਕਾਰੇ ਦਰਬਾਰੇ ਮੰਨੇ ਹੋਏ ਹਨ।

ਪੰਜਾਬੀ ਕਵਿਤਾ ਦੇ ਖੇਤ੍ਰ ਵਿਚ ਜੋ ਕਮਾਲ ਆਪ ਨੂੰ ਹਾਸਿਲ ਹੈ ਉਸ ਦਾ ਕਹਿਣਾ ਹੀ ਕੀ । ਜਿਨੇ ਛੰਦ ਆਪ ਨੇ ਵਰਤੇ ਹਨ, ਕਿਸੇ ਵੀ ਹੋਰ ਕਵੀ ਨੇ ਨਹੀਂ ਵਰਤੇ। ਫੇਰ ਵਿਸ਼ੇਸ਼ ਗੁਣ ਇਹ ਕਿ ਪੰਜਾਬੀ ਉਤੇ ਹਿੰਦੀ ਦਾ ਮਾੜਾ ਜਿਹਾ ਵੀ ਪਰਛਾਵਾਂ ਪੈਣ ਨਹੀਂ ਦਿਤਾ। ਆਪ ਦੀਆਂ ਕਹਾਣੀਆਂ ਯਾ ਕਵਿਤਾਵਾਂ ਗੂਹੜੀ ਪੰਜਾਬੀ ਵਿਚ ਹਨ ਤੇ ਜਿਵੇਂ ਕੁਕੜੀ ਆਪਣੇ ਬੱਚਿਆਂ ਨੂੰ ਬਿੱਲੀ ਕੋਲੋਂ ਬਚਾ ਕੇ ਰਖਦੀ ਹੈ, ਤਿਵੇਂ ਆਪ ਨੇ ਪੰਜਾਬੀ ਨੂੰ ਹਿੰਦੀ ਦੇ ਝਪੱਟੇ ਤੋਂ ਹੁਣ ਤਕ ਆਪਣੀਆਂ ਬਹੁ-ਮੁਲੀ ਲਿਖਤਾਂ ਵਿਚ ਬਚਾ ਕੇ ਰਖਿਆ ਹੈ। ਆਪ ਨੇ ਪੰਜਾਬੀ ਦੀ ਇਹ ਸੇਵਾ ਜੋ ਕੀਤੀ ਹੈ ਉਹ ਪੰਜਾਬੀ ਦੇ ਇਤਿਹਾਸ ਵਿਚ ਸਤਿਕਾਰ ਸਹਿਤ ਯਾਦ ਕੀਤੀ ਜਾਵੇਗੀ।

ਦੀਵਾਨਾ ਜੀ ਦੀ ਕਵਿਤਾ ਨਿਰੀ ਸ਼ਾਇਰਾਨ ਉਡਾਰੀਆਂ ਨਹੀਂ, ਇਹ ਅੱਟਲ ਸਚਾਈ ਬਿਆਨ ਕਰਨ ਵਿਚ ਆਪਣਾ ਸਦੀਵੀ ਅਸਥਾਨ ਬਣਾਈ ਬੈਠੀ ਹੈ। ਵਨਗੀ ਲਈ ਇਕ ਕਵਿਤਾ ਦੀਆਂ ਕੁਝ ਲਾਈਨਾਂ ਪੇਸ਼ ਕਰਦਾ ਹਾਂ :

ਈਸਾ ਮੁੜਿਆ ਜਾਨ ਗਵਾ ਕੇ ।
ਮੂਸਾ ਬਚਿਆ ਸਿਹਰੁ ਜਗਾ ਕੇ ।
ਪੈਗੰਬਰਾਂ ਤੇ ਸੀ ਵਜੇ ਡਾਕੇ ।
ਨਾਨਕ ਚੁੱਪ ਸੀ ਪੱਥਰ ਖਾ ਕੇ ।
ਦੁਨੀਆਂ ਕੋਲੋਂ ਕਿਹੜਾ ਜਿਤਿਆ।
ਦੁਨੀਆਂ ਕੋਲੋਂ ਕੋਈ ਨ ਜਿਤਿਆ
ਬੁੱਧ ਹੋਰਾਂ ਨੂੰ ਸ਼ਹਿਰ ਸ਼ਹਿਰ ਪੁਆਇਆ।
ਭਜ ਕੇ ਕ੍ਰਿਸ਼ਨ ਦਵਾਰਕਾ ਆਇਆ ।
ਸੀਤਾ ਜੀ ਨੂੰ ਕੈਦੇ ਪਾਇਆ ।
ਯੂਸਫ ਨੂੰ ਵਿਚ ਮਿਸਰ ਵਿਕਾਇਆ।
ਜੋਗੀ ਭੋਗੀ ਦੋਵੇਂ ਹਰਾਏ ।
ਭੈਣ ਆਪਣੇ ਬੱਚੇ ਖਾਏ ।
ਨਿੱਤ ਨਵੇਂ ਹਥਿਆਰ ਬਣਾਏ।
ਅਮਨ ਅਮਨ ਵੀ ਕੂਕੀ ਜਾਏ ।
ਟਿਕਣ ਨ ਦੇਂਦੀ ਹਾਰਿਆਂ ਨੂੰ ਵੀ ।
ਰੱਬ ਦੇ ਖਾਸ ਪਿਆਰਿਆਂ ਨੂੰ ਵੀ ।
ਜ਼ਿਮੀਂ ਛੱਡ ਕੇ, ਤਾਰਿਆਂ ਨੂੰ ਵੀ ।
ਮੈਂ ਜਿਹੇ ਮਨ-ਮਾਰਿਆਂ ਨੂੰ ਵੀ।
ਨਿੱਕਾ ਪੀਂਹਦੀ ਇਸ ਦੀ ਚੱਕੀ।
ਵਗਦੀ ਵਾਉ ਕਿਸੇ ਨ ਡੱਕੀ ।
ਥੱਕੇ ਆਗੂ ਇਹ ਨਾਂ ਥੱਕੀ।
ਗਲ ਆਖੇ ‘ਦੀਵਾਨਾ' ਪੱਕੀ ।
ਦੁਨੀਆਂ ਕੋਲੋਂ ਕਿਹੜਾ ਜਿਤਿਆ।
ਦੁਨੀਆਂ ਕੋਲੋਂ ਕੋਈ ਨ ਜਿਤਿਆ।

ਏਸ ਟੂਣੇ-ਹਾਰ ਦੁਨੀਆਂ ਉਤੇ ਦੀਵਾਨਾ ਸਾਹਿਬ ਇਕ ਹੋਰ ਕਵਿਤਾ ਵਿਚ ਐਉਂ ਚੋਟ ਕਰਦੇ ਹਨ :—

ਸਾਨੂੰ ਹੁਸਨ ਦਿਤਾ ਰੱਬ ਬੁੱਕ ਭਰ ਕੇ,
ਹਥੋਂ ਹੱਥ ਖੋਹ ਕੇ ਲੈਹ ਗਈ ਇਹ ਨਾਲ ਦੁਨੀਆਂ ।
ਅਸਾਂ ਜੀਵਨ ਵਧਾਉਣ ਲਈ ਪਾਈ ਜਫੀ,
ਸਾਡੇ ਵਾਸਤੇ ਬਣੀ ਪਰ ਕਾਲ ਦੁਨੀਆਂ ।
ਏਥੇ ਹੁੰਦਿਆਂ ਵੀ ਨਾ ਵਫ਼ਾ ਕੀਤੀ,
ਪਿਛੋਂ ਕਰੇਗੀ ਕਦੋਂ ਸਮਾਲ ਦੁਨੀਆਂ ।
ਭਲਾ ਚਾਹੇਂ ਦੀਵਾਨਿਆਂ ਮਾਰ ਲਤਾਂ ।
ਦਿਲ ਦੇ ਵਲੋਂ ਕਢ ਕੋਹੜ-ਮਾਲ ਦੁਨੀਆਂ ।

ਡਾਕਟਰ ਦੀਵਾਨਾ ਸਾਂਝੇ ਪੰਜਾਬ ਵਿਚ ਲਾਹੌਰ ਯੂਨੀਵਸਟੀ ਅੰਦਰ ਪੰਜਾਬੀ ਡੀਪਾਰਟਮੈਂਟ ਦਾ ਸਾਲਾਂ ਦੇ ਸਾਲ ਹੈਡ ਰਿਹਾ ਹੈ । ਇਸ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੰਜਾਬੀ ਮਾਤ-ਭਾਸ਼ਾ ਦੀ ਰੰਗਣ ਵਿਚ ਰੰਗਿਆ। ਕਿਤੇ ਇਹਦੇ ਮਨ ਵਿਚ ਇਹ ਦਿਯਾ ਭੀ ਦਿਸਦੀ ਹੈ ਕਿ ਉਹ ਪੰਜਾਬੀ ਦੇ ਕਵੀ ਜੋ ਉਹਦੇ ਸ਼ਗਿਰਦ ਨਹੀਂ ਸਨ, ਉਨ੍ਹਾਂ ਨੂੰ ਨਵੇਂ ਖੰਭ ਲਗਾਣ ਦੀ ਵੀ ਸਿਖਿਆ ਦਿਤੀ ਜਾਵੇ । ਏਸ ਆਸ਼ੇ ਦੀ ਝਲਕ ਡਾਕਟਰ ਸਾਹਿਬ ਦੀ ਨਾਦ ਕਵਿਤਾ ਵਿਚੋਂ ਮਿਲਦੀ ਹੈ। ਵੇਖੋ ਕਿਵੇਂ ਆਪ ਉਕਾਬ ਵਾਲੀ ਉਚ ਉਡਾਰੀ ਲਗਾ ਕੇ ਦਸਦਾ ਹੈ :

ਆਪੇ ਇੰਦਰ ਆਪੇ ਮਨੂਆਂ ।
ਆਪੇ ਤਾਣਾ ਆਪੇ ਤਨੂਆਂ ।
ਆਪੇ ਸੂਰਜ ਆਪੇ ਚਨੂਆਂ ।
ਗੁਰ ਤੇ ਗੁਰ ਪਰਸਾਦ ।
ਹਰ ਪਾਸੇ ਤੋਂ ਨਾਦ,
ਹਰ ਪਾਸੇ ਤੋਂ ਨਾਦ ਸੁਣੀਦਾ,
ਹਰ ਪਾਸੇ ਤੋਂ ਨਾਦ ।
ਆਪੇ ਮਿਟਾਵੇ ਅਪਣੀ ਰੇਖਾ ।
ਆਪੇ ਗੁਪਤੀ ਆਪੇ ਪੇਖਾ ।
ਆਪੇ ਸਾਲਦ ਆਪੇ ਸ਼ੇਖਾ।
ਅਗ਼ਮ ਨਿਗਮ ਉਸਤਾਦ ।
ਹਰ ਪਾਸੇ ਤੋਂ ਨਾਦ,
ਹਰ ਪਾਸੇ ਤੋਂ ਨਾਦ ਸੁਣੀਦਾ
ਹਰ ਪਾਸੇ ਤੋਂ ਨਾਦ ।
ਸਹੁ ਆਵੇ ਘਰ ਆਪ ਟੁਰ,
ਧੰਨ ਸੋਹਾਗਣ ਜਾਣ ।
ਕੀੜੇ ਦੇ ਮਹਿਮਾਨ ਹੋ
ਆਏ ਖੁਦ ਭਗਵਾਨ ।

ਭਾਈ ਲਾਲੋ ਦੀ ਸਾਖੀ ਵਿਚ ਡਾ, ਦੀਵਾਨਾਂ ਨੇ ਸਿੱਖ ਫ਼ਲਸਫ਼ੇ ਦਾ ਨਚੋੜ ਕਢ ਕੇ ਰਖ ਦਿਤਾ ਹੈ। ਸਾਖੀ ਦੀਆਂ ਕੁਝ ਸਤਰਾਂ ਪੇਸ਼ ਹਨ :

ਪਾਪਾਂ ਬਾਝੋਂ ਨਾ ਜੁੜੇ, ਮੋਇਆਂ ਨਾਲ ਨਾ ਜਾਏ !
ਤ੍ਰਿਪਤ ਨਾ ਹੱਥ ਅਖ਼ੀਰ ਤਕ, ਮਾਇਆ ਦੇ ਤਿਰਹਾਏ ।
ਅੰਨੇ ਬੋਲੇ ਆਖੀਅਹਿ, ਮਾਇਆ ਕੇ ਭਰਮਾਏ ।
ਲੱਖ ਦੋ ਲੱਖ ਕੰਡਾਂ ਲਈ, ਕੀ ਕੀ ਜ਼ੁਲਮ ਕਮਾਏ।
ਪੁੰਨ ਦਾਨ ਦਾ ਸਾਜ ਪਾਜ, ਵਾਧੂ ਲਹੂ ਵੰਡਾਏ।
ਫਰਕ ਅਮੀਰ ਗਰੀਬ ਦਾ, ਨ ਮੁਮਕਨ ਮਿਟ ਜਾਏ ।
ਐਸਾ ਦੇਣਾ ਚਾਹੀਏ, ਹਕ ਕਮਾਈ ਖਾਏ ।
ਵੱਢੀ ਤੇ ਪਰ ਨਾਰ, ਧਨ, ਉਸ ਸੂਅਰ ਉਸ ਗਾਏ ।

ਅਸਲ ਧੰਨਵੰਤ ਦੀ ਪਛਾਣ ਆਪ ਐਉਂ ਦਰਸਾਂਦੇ ਹਨ :

“ਦਿਲ ਅਮੀਰ ਜਿਨ੍ਹਾਂਦੜੇ, ਸੋ ਧੰਨਵੰਤ ਪਛਾਣ"

ਅਤੇ ਮਲਕ ਭਾਗੋ ਦੇ ਹੰਕਾਰ ਦਾ ਜ਼ਿਕਰ ਆਪ ਐਓਂ ਕਰਦੇ ਹਨ :

ਬਾਬਾ ਲੰਗਰ ਪੁਜਿਆ, ਹਕ ਹਕ ਵਿਖਾਣ।
ਪੋਣੇ ਵਿਚ ਵਲ੍ਹੇਟੀਆਂ ਲਾਲੋ ਰੋਟੀਆਂ ਝਾਣ।
ਹੁਕਮ ਗੁਰਾਂ ਦਾ ਮੰਨ ਕੇ ਹੋਇਆ ਨਾਲ ਰਵਾਣ।
ਬਾਬੇ ਦੇ ਖਾਣੇ ਲਈ ਲੁਚੀਆਂ ਚਾਰ ਮੰਗਾਣ।
ਰੋਟੀ ਲੁੱਚੀ ਦਾਏਂ ਬਾਏਂ, ਸਤਿਗੁਰ ਘਿੰਨ ਦਬਾਣ ।
ਓਧਰ ਧਾਰਾ ਲਹੂ ਦੀ, ਏਧਰ ਦੁੱਧ ਵਗਾਣ ।
ਬਾਬਾ ਆਖੇ ਹਾਕਮਾਂ ਲਗਾ ਲਹੂ ਪਿਲਾਣ ।
ਮੱਕੀ, ਝਾਣ ਤੇ ਬਾਜਰਾ, ਲੁੱਚੀ ਤੋਂ ਕੁਰਬਾਨ ।
ਧੰਨਵੰਤੇ ਗਰਬਾਏ ਕੇ, ਸਾਧਾਂ ਤਾਈਂ ਰੰਝਾਣ।
ਪਾਪ ਛੁਪਾਵਣ ਕਾਰਣੇ, ਜਗ ਤੇ ਹੋਮ ਰਚਾਣ ।
ਮਾਯਾ ਧਾਰੀ ਜੋੜ ਸਿਰ, ਕੁਲ ਸਮਾਜ ਹਲਕਾਣ ।
ਵਖੋ ਵਖਰੀ ਤੱਕੜੀ, ਊਚ ਨੀਚ ਤੁਲਵਾਣ ।

ਸਿਟਾ ਕਿਵੇਂ ਆਪ ਪੇਸ਼ ਕਰਦੇ ਹਨ :

ਲੀਲਾ ਵੇਖ ਗਰੀਬੜੇ ਮੁੜ ਮੁੜ ਚੁੰਮਨ ਪੈਰ ।
ਆਖਣ ਨਾਨਕ ਸਾਧ ਹੈ, ਕੁਲ ਬਸ਼ਰ ਦੇ ਖੈਰ ।
ਮੁਫਲਸ ਅਤੇ ਅਮੀਰ ਦਾ ਇਹ ਮਿਟਾਸੀ ਵੈਰ ।
ਗੁਰੂ ਦੁਆਰਾ ਮੱਲੀਏ, ਛਡ ਕੇ ਕਾਹਬਾ ਦੈਰ ।
ਏਸ ਗਰੀਬ ਨਿਵਾਜ਼ ਦੇ, ਬਚਨ ਗੰਭੀਰੇ ਗਹਿਰ ।

ਹੀਰ ਰਾਂਝੇ ਦੇ ਪਿਆਰ ਨੂੰ ਜਿਥੇ ਅਨੇਕਾਂ ਸੂਫੀਆਂ ਨੇ ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਤੇ ਪੰਹੁਚਾਇਆ ਹੈ, ਓਥੇ ਦੀਵਾਨਾ ਜਿਹਾ ਵੀਹਵੀਂ ਸਦੀ ਦਾ ਮੁਮਤਾਜ਼ ਸੂਫੀ ਪਿਛੇ ਕਿਵੇਂ ਰਹਿ ਸਕਦਾ ਸੀ । ਵੇਖੋ, ਹੀਰ ਅਗੇ ਰੂਹਾਨੀ ਇਸ਼ਕ ਦੀ ਮੰਗ ਕਿਵੇਂ ਲਿਲੜੀ ਲੈ ਕੇ ਕਰਦਾ ਹੈ :

ਹੀਰੇ ਮੈਨੂੰ ਅਲਫ਼ ਬੇ ਦਸ,
ਸੱਚੇ ਇਸ਼ਕ ਰੂਹਾਨੀ ਦੀ।
ਤੇਰੇ ਵਾਂਗ ਸਭ ਦੁੱਖ ਝਲਸਾਂ,
ਮੈਨੂੰ ਸੌਂਹ ਜਵਾਨੀ ਦੀ ।
ਅਬਲਾ ਸੀ ਬੱਲ-ਵਤੀ ਬਣਾਈ।
ਤੂੰ ਹੈ ਜ਼ਾਤ ਜ਼ਨਾਨੀ ਦੀ ।
ਉਮਰ ਦਰਾਜ਼ ਕਰੇ ਰੱਬ ਸਦਾ,
ਤੇਰੀ ਪ੍ਰੇਮ ਕਹਾਣੀ ਦੀ ।

ਜਸਟਿਸ ਪ੍ਰੀਤਮ ਸਿੰਘ ਜੀ ‘ਸਫ਼ੀਰ’

ਜਦ ਸ੍ਰਦਾਰ ਲਾਭ ਸਿੰਘ ‘ਨਾਰੰਗ’, ਮਾਲਕ ਫਤਹ ਵੀਕਲੀ ਤੇ ਪ੍ਰੀਤਮ ਮੰਥਲੀ, ਨੇ ਮੈਨੂੰ ਉਨ੍ਹਾਂ ਦੇ ਦੋਹਾਂ ਪਤ੍ਰਾਂ ਦੀ ਦੇਖ ਰੇਖ ਕਰਨ ਬਾਰੇ ਆਪਣੇ ਦੋਸਤਾਨਾ ਅੰਦਾਜ਼ ਵਿਚ ਫੁਰਮਾਇਆ, ਤਾਂ ਸਭ ਤੋਂ ਪਹਿਲਾਂ ਆਪ ਨੇ ਸ੍ਰਦਾਰ ਪ੍ਰੀਤਮ ਸਿੰਘ ਸਫ਼ੀਰ ਦਾ ਨਾਮ ਲੈ ਕੇ ਆਪਣੇ ਵਲ ਖਿਚਣ ਦਾ ਜਤਨ ਕੀਤਾ। ਉਨ੍ਹਾਂ ਦਸਿਆ ਕਿ ‘ਸਫ਼ੀਰ' ਸਾਹਿਬ ਭੀ ਇਨ੍ਹਾਂ ਪਤ੍ਰਾਂ ਨੂੰ ਐਡਿਟ ਕਰ ਚੁਕੇ ਹਨ। ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿਥੇ ‘ਸਫ਼ੀਰ’ ਜੀ ਅਤੇ ਕਿਥੇ ਮੈਂ, ਇਹ ਤਾਂ ਉਹ ਗਲ ਹੋਈ, ਕਹਾਂ ਰਾਮ ਰਾਮ ਕਹਾਂ ਟੈਂ ਟੈਂ । ਪਰ ਸ੍ਰਦਾਰ ਲਾਭ ਸਿੰਘ ਜੀ ਮੇਰੇ ਗੂਹੜੇ ਮਿਤ੍ਰ ਸਨ । ਅਸੀਂ ਬਾਬਾ ਖੜਕ ਸਿੰਘ ਜੀ ਦੀ ਅੜਦਲ ਵਿਚ ਇਕੱਠੇ ਕੰਮ ਕਰਦੇ ਰਹੇ ਸਾਂ । ਮੈਂ ਲਾਹੌਰ ਵੀ ਸ੍ਰਦਾਰ ਨਾਰੰਗ ਸਾਹਿਬ ਦੀ ਕੋਠੀ ਰਾਵਲਪਿੰਡੀ ਤੋਂ ਵਿਸ਼ੇਸ਼ ਮੀਟਿੰਗਜ਼ ਵਿਚ ਹਾਜ਼ਰੀ ਭਰਨ ਆਇਆ ਕਰਦਾ ਸਾਂ, ਸੋ ਮੈਂ ਆਪ ਦੀ ਸੇਵਾ ਸੰਭਾਲ ਲਈ । ਓਸ ਦੌਰਾਨ ਵਿਚ ਮੈਨੂੰ 'ਸਫ਼ੀਰ’ ਸਾਹਿਬ ਦੀਆਂ ਕਵਿਤਾਵਾਂ ਪੜ੍ਹਣ ਦਾ ਬਹੁਤ ਅਵਸਰ ਪ੍ਰਾਪਤ ਹੋਇਆ। ਅਸੀਂ ਆਪੋ ਵਿਚ ਬਹੁਤ ਨੇੜੇ ਹੋ ਗਏ।

ਸੈਂਟਰਲ ਖਾਲਸਾ ਦੀਵਾਨ ਵਿਚ ਅਸੀਂ ਦੋਵੇਂ ਮੈਂਬਰ ਹਾਂ, ਸਾਡਾ ਆਪੋ ਵਿਚ ਪਿਆਰ ਹੋਰ ਵਧਦਾ ਚਲਾ ਗਿਆ । ਅਤੇ ਅੱਜ ਕਲ ਅਸੀਂ ਭਰਾਵਾਂ ਵਾਂਗ ਹਾਂ। ਮੈਂ ਆਪ ਦੀ ਸਿੱਖੀ ਸਪਿਰਟ ਦਾ ਪਰਸੰਸਕ ਹਾਂ, ਆਪ ਦੀ ਰਹਿਣੀ ਬਹਿਣੀ ਤੇ ਕਹਿਣੀ ਕਥਨੀ ਦਾ ਮੇਰੇ ਉਤੇ ਪੂਰਾ ਪ੍ਰਭਾਵ ਹੈ।

ਆਈਜ਼ਨ ਹਾਵਰ ਜਦ ਇਕ ਦਮ ਜਰਨੈਲ ਬਣ ਗਿਆ ਤਾਂ ਉਹਦੇ ਇਕ ਮਿਤ੍ਰ ਨੇ ਪਿਆਰੇ ਜਨਰਲ ਆਈਜ਼ਨ ਹਾਵਰ ਕਰ ਕੇ ਮੁਬਾਰਕ ਦਾ ਪਤ੍ਰ ਭੇਜਿਆ ਤਾਂ ਅਗੋਂ ਆਈਜ਼ਨ ਹਾਵਰ ਨੇ ਨਾਰਾਜ਼ ਹੋ ਕੇ ਲਿਖਿਆ ਕਿ ਤੂੰ ਮੈਨੂੰ ਪਹਿਲੇ ਵਾਂਗ ਪਿਆਰੇ ‘ਆਈਕ’ ਕਿਉਂ ਨਹੀਂ ਲਿਖਿਆ ? ਕੀ ਮੈਂ ਤੇਰਾ ਵੀ ਜਰਨੈਲ ਹਾਂ ? ਠੀਕ ਏਸੇ ਤਰ੍ਹਾਂ ਜਦ ‘ਸਫ਼ੀਰ' ਜੀ ਦਿੱਲੀ ਹਾਈਕੋਰਟ ਦੇ ਜੱਜ ਬਣ ਗਏ ਤਾਂ ਮੈਂ ਆਪ ਨੂੰ ਜੱਜ ਕਰ ਕੇ ਕਦੇ ਸੰਬੋਧਨ ਨਹੀਂ ਸੀ ਕੀਤਾ। ‘ਸਫ਼ੀਰ’ ਜੀ ਹੀ ਕਹਿੰਦਾ ਚਲਾ ਗਿਆ। । ਮੈਨੂੰ ‘ਸਫ਼ੀਰ' ਜੀ ਕਹਿਣ ਵਿਚ ਜੋ ਸਵਾਦ ਮਿਲਦਾ ਹੈ, ਜੱਜ ਸਾਹਿਬ ਕਹਿਣ ਵਿਚ ਨਹੀਂ । ਦੂਜਾ, ਮੈਂ ਦੋਸਤੀ ਨੂੰ ਤੇ ਚਾਪਲੋਸੀ ਨੂੰ ਇਕੋ ਭਾਂਡੇ ਵਿਚ ਵੇਖ ਹੀ ਨਹੀਂ ਸਕਦਾ । ਮੈਨੂੰ ਮਾਨ ਹੈ ਕਿ ‘ਸਫ਼ੀਰ’ ਨੇ ਇਨਸਾਫ਼ ਦੀ ਕੁਰਸੀ ਨੂੰ ਚਾਰ ਚੰਨ ਲਾਏ, ਪਰ ਇਸ ਦਾ ਮੁੱਖ ਕਾਰਨ ਤਾਂ ਇਹੋ ਸੀ ਨਾ ਕਿ ‘ਸਫ਼ੀਰ' ਉੱਚਾ ਗੁਰ ਸਿੱਖ ਹੈ ਤੇ ਉੱਚੇ ਗੁਰ-ਸਿੱਖ ਦਾ ਸੁਘੜ ਸੁਜਾਨ ਸਪੂਤ ਹੈ। ਜਦ ‘ਸਫ਼ੀਰ' ਦਾ ਪਿਆਰ ਦੋ ਜਹਾਨ ਵਾਲੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਮੈਂ ਪੜ੍ਹਿਆ ਤੇ ਇਕ ਦਮ ਨਸ਼ਿਆ ਗਿਆ । ਉਹ ਲਿਖਦਾ ਹੈ :

ਸੁਪਨਿਆਂ 'ਚੋਂ ਜਾਗ ਕੇ
ਡਿੱਠਾ ਹੈ ਨੂਰਾਂ ਦਾ ਸਰੂਰ,
ਹਰ ਘੜੀ ਦਿਲਬਰ ਮੇਰਾ ਦਿਲਦਾਰ ਹੈ ਗੋਬਿੰਦ ਸਿੰਘ।
ਲੂੰ ਲੂੰ 'ਚੋਂ ਬੋਲ ਪਏ ਨੇ,
ਸਾਜ਼ ਸਜਰੇ ਹੋਂਦ ਦੇ,
ਹਰ ਨਵੇਂ ਕਰਤਵ ਦਾ ਹੁਣ, ਕਿਰਦਾਰ ਹੈ ਗੋਬਿੰਦ ਸਿੰਘ ।
ਭਰਮ ਭਉ ਮੁਕੇ ਭੁਲੇਖੇ,
ਧੁਲ ਗਏ ਅੱਖੀਆਂ 'ਚੋਂ ਜਾਲ,
ਹਰ ਸਮੇਂ ਹਰ ਖਿਆਲ ਦੀ, ਸ੍ਰਕਾਰ ਹੈ ਗੋਬਿੰਦ ਸਿੰਘ ।
ਸਵਾਸ ਸਵਾਸ ਮਹਿਕਦੀ ਖ਼ੁਸ਼ਬੋ ਜਿਸਦੇ ਅੱਜ ਮੇਲ ਦੀ,
ਉਹ ਮੇਰੀ ਰਫਤਾਰ ਉਹ ਗੁਫ਼ਤਾਰ ਹੈ ਗੋਬਿੰਦ ਸਿੰਘ ।
ਹੁਸਨ ਦੇ ਨਖ਼ਰੇ ਤੇ ਨਜ਼ਰਾਂ ਨੂੰ ਕਈ ਸੰਕਟ ਨੇ ਰੋਜ਼,
ਇਸ਼ਕ ਦੀ ਦੁਨੀਆਂ ਦਾ ਹੁਣ ਸਰਦਾਰ ਹੈ ਗੋਬਿੰਦ ਸਿੰਘ ।

ਏਸ ਗੁਰੂ ਮਹਾਰਾਜ ਦੇ ਸ਼ਰਧਾਲੂ ਉਤੇ ਗੁਰਬਾਣੀ ਦਾ ਵੀ ਡੂੰਘਾ ਪ੍ਰਭਾਵ ਹੈ । 'ਭਿੰਨੀ ਰੈਣੜੀਏ ਚਮਕਣ ਤਾਰੇ' ਦੇ ਆਧਾਰ ਉਤੇ ‘ਸਫ਼ੀਰ' ਜੀ ਵੇਖੋ ਅਕਾਸ਼ ਤੇ ਚਮਕ ਰਹੇ ਸਿਤਾਰਿਆਂ ਦਾ ਕੈਸਾ ਆਰਟਿਸਟਿਕ ਵਰਨਣ ਕਰਦੇ ਹਨ :

ਮਿਠੇ ਮਿਠੇ, ਨਿਕੇ ਨਿਕੇ,
ਮੋਤੀਆਂ ਵਰਗੇ ਹਸਦੇ ਹਸਦੇ,
ਖੜੇ ਖੜੋਤੇ, ਨਸਦੇ ਨਸਦੇ,
ਦੇਂਦੇ ਲੱਖ ਨਜ਼ਾਰੇ,
ਆਸਮਾਨੀ ਚਮਕਣ ਤਾਰੇ ।

ਗੁਰੂ ਦੇ ਸਿੱਖ ਦਾ ਮੁੱਖ ਲੱਛਣ ਹੈ ਸਮੇਂ ਦੇ ਨਾਲ ਹੋ ਕੇ ਉਹਦੀ ਗੁਰੂ ਆਸ਼ੇ ਅਨਕੂਲ ਅਗਵਾਹੀ ਕਰਨੀ। ‘ਸਫ਼ੀਰ’ ਸਾਹਿਬ ਭੀ ਜ਼ਮਾਨੇ ਦੇ ਹਾਲਾਤ ਮੁਤਾਬਕ ਕ੍ਰਾਂਤੀ ਦੇ ਹਕ ਵਿਚ ਵੇਖੋ ਕੈਸੀ ਜੋਸ਼ੀਲੀ ਆਵਾਜ਼ ਬੁਲੰਦ ਕਰਦੇ ਹਨ :

ਹਾਂ, ਆਤਮਾ ਨੂੰ ਜਗਾਈ ਰਖਣਾ ਬਹੁਤ ਜ਼ਰੂਰੀ ਹੈ,
ਪਰ ਉਸ ਦੀ ਸਤਿਆ ਤੋਂ
ਕ੍ਰਾਂਤੀ ਨੂੰ ਮਚਾਣਾ ਵਧ ਜ਼ਰੂਰੀ ਹੈ ।
ਇਹ ਕ੍ਰਾਂਤੀ ਕਿਸੇ ਚਕਰਵਰਤੀ ਦਾ
ਰਾਜ ਕਾਇਮ ਦੀ ਨਹੀਂ,
ਇਹ ਕ੍ਰਾਂਤੀ ਕੱਚੇ ਕੋਠਿਆਂ ਨੂੰ
ਪ੍ਰਜਵਲਤ ਕਰਨ ਦੀ ਕ੍ਰਾਂਤੀ ਹੈ ।
ਅੱਜ ਰਾਜ ਮਾਨਣ ਦੇ ਹੁਲਾਰ
ਹਰ ਗਰੀਬ ਦੀ ਨਾੜ ਨਾੜ ਨੂੰ ਸੇਕ ਚੁਕੇ ਨੇ,
ਰਗ ਰਗ 'ਚ ਸਮਾ ਚੁਕੇ ਨੇ।
ਉਹ ਇਕ ਅਨੁਭਵੀ ਭਾਂਤ ਇਹ ਜਾਣਦਾ ਹੈ
ਕਿ ਨਵਿਆਂ ਦੁੱਖਾਂ ਦਾ ਹੋਵੇਗਾ ਦਾਰੂ ਕੋਈ ਹੋਰ ਨਵਾਂ ।

ਭੁਖ ਤੇ ਪ੍ਰੀਤ ਦੀ ਸਾਂਝ ਦੀ ਤਸਵੀਰ ਕੇਵਲ ‘ਸਫ਼ੀਰ' ਜੀ ਦਾ ਹੀ ਕੰਮ ਹੈ, ਦੋ ਲਾਈਨਾਂ ਵਿਚ ਉਲੀਕ ਜਾਣਾ, ਜਿਵੇਂ :

ਭੁੱਖ ਧੁੱਖਦੀ ਰਹਿ ਗਏ ਉਵੇਂ ਧਨੀ ਦੇ ਦਵਾਰ ਤੇ,
ਪ੍ਰੀਤ ਮੇਲ ਤੇ ਵੀ ਕਸਕੀ ਉਵੇਂ ਹੀ ਜਿਵੇਂ ਇੰਤਜ਼ਾਰ ਤੇ ।

ਅੱਜ ਦੇ ਯੁਗ ਵਿਚ ਹਰ ਉਪਦੇਸ਼ ਕਿਸੇ ਨਾ ਕਿਸੇ ਅਡੰਬਰ ਤੇ ਖੜਾ ਵੇਖਿਆ ਜਾ ਰਿਹਾ ਹੈ। ਲੋਕ-ਹਿਤਾਂ ਦੇ ਢੰਡੋਰਚੀ ਵੀ ਬੜੇ ਪਖੰਡੀ ਵੇਖੇ ਜਾਂਦੇ ਹਨ । ਜਨਤਾ ਦੀਆਂ ਪੀੜਾਂ ਵੰਡਾਣ ਵਾਲੇ ਨਿਰੇ ਬਗਲੇ ਭਗਤ ਸਾਬਤ ਹੋ ਰਹੇ ਹਨ, ਪਰ ਲੋਕ-ਪੀੜਾਂ ਕਿਸੇ ਵਿਰਲੇ ਸੀਨੇ ਵਿਚ ਛੁਪੀਆਂ ਹੁੰਦੀਆਂ ਨੇ, ਉਹਦਾ ਭੇਦ ‘ਸਫ਼ੀਰ’ ਜੀ ਐਉਂ ਸੂਖ਼ਮ ਢੰਗ ਨਾਲ ਪੇਸ਼ ਕਰਦੇ ਨੇ :

ਲੋਕ-ਦਰਦ ਉਹ ਜਿਹੜਾ ਲੋਕਾਂ ਵਿਚ ਲੈ ਜਾਏ ।
ਖ਼ਤਮ ਹੋਣ ਤਕ ਜਿੰਦ ਆਪਣੀ ਨੂੰ ਪੈ ਜਾਏ।

ਇਹ ਸਾਰੇ ਢੋਲ ਵਜਾ ਕੇ ਕਹਿੰਦੇ ਹੋਏ ਵੀ ਕਿ ‘ਇਹ ਦੁਨੀਆਂ ਫ਼ਾਨੀ ਰੇ ਬਾਬਾ' ਦੁਨੀਆਂ ਦੀ ਮੋਹ ਮਾਇਆ ਦੀ ਦਲਦਲ ਵਿਚ ਗਲ ਗਲ ਖੁਭੇ ਹੋਏ ਨੇ, ਪਰ ‘ਸਫ਼ੀਰ’ ਗੁਰਸਿੱਖ ਨਿਰਮੋਹ ਸੰਸਾਰੀ ਜੀਵਾਂ ਤੇ ਰੱਬ ਭੁਲੇ ਮੁੱਚ ਚੌਧਰੀਆਂ ਨੂੰ ਐਉਂ ਉਪਦੇਸ਼ ਦੇਂਦਾ ਹੈ :

"ਉਪਜ਼ੀਆਂ ਤੋਂ ਲਹਿਰਾਂ ਵਾਂਗ ਕਈ ਕੌਮਾਂ ਸ਼ੂਕੀਆਂ,
ਸਮੇਂ ਲਿਸ਼ਕਾਈਆਂ, ਰੁਸ਼ਨਾਈਆਂ ਫੇਰ ਫੂਕੀਆਂ
ਰਾਜ ਬਣਤਰਾਂ ਜੁਗੋ ਜੁਗ ਕਈ ਚਲੀਆਂ,
ਫਿਰ ਗਈਆਂ ਠਪੀਆਂ ਅਨੰਤ ਵਿਚ ਰਲੀਆਂ।"

‘ਸਫ਼ੀਰ' ਸਾਹਿਬ ਦੀਆਂ ਅਸ਼ਾਰਿਆਂ ਨਾਲ ਪਾਈਆਂ ਬੁਝਾਰਤਾਂ ਵੇਖੋ ਕਿਵੇਂ ਪਾਠਕ ਨੂੰ ਕੁਝ ਪ੍ਰਮਾਰਥ ਬਾਰੇ ਸੋਚਨ ਤੇ ਮਜਬੂਰ ਕਰਦੀਆਂ ਹਨ। ਆਪ ਲਿਖਦੇ ਹਨ :

ਮੇਰੇ ਗੋਡਿਆਂ ਨਾਲ ਪਲਮਦੇ,
ਇਹ ਹਲਕੇ ਹਲਕੇ ਸਾਏ ।
ਕਦੇ ਮੋਹ ਦੇ ਹਾਸੇ ਹਸਦੇ,
ਅੱਖੀਆਂ ਵਿਚ ਅਥਰੂ ਭਰਦੇ,
ਫਿਰ ਜਾਪਣ ਕੁਝ ਘਬਰਾਏ ।
ਮੈਨੂੰ ਡਸਣ ਕਾਲੀਆਂ ਰਾਤਾਂ,
ਜਦ ਇਹ ਕਿਰਨਾਂ ਦੇ ਬੱਚੇ,
ਅਸਮਾਨਾਂ ਕੋਲੋਂ ਖੋਹ ਕੇ,
ਮੈਨੂੰ ਇਉਂ ਬੰਧਨਾਂ ਵਿਚ ਪਾਏ ।

‘ਸਫ਼ੀਰ’ ਜੀ ਦੀ ਸਿੱਖੀ ਸ਼ਰਧਾ ਵੇਖੋ ਕਿਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਪਾਤਸ਼ਾਹੀਆਂ ਦੀ ਤੇ ਫੇਰ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਇਕੋ ਲੜੀ ਵਿਚ ਅੱਖਾਂ ਝੁੰਦਿਆ ਦੇਣ ਵਾਲੀ ਤਸਵੀਰ ਪੇਸ਼ ਕਰਦੇ ਹਨ । ਆਪ ਲਿਖਦੇ ਨੇ :

ਪਹਿਲੇ ਜਾਮੇ ਵਿਚ ਸੀ,
ਸਿਮ੍ਰਣ ਦੀ ਝੁਣਕਾਰ ।
ਜਦ ਉਹ ਨਾਨਕ ਗੁਰੂ ਸਨ,
ਮਿਹਰਾਂ ਭਰੇ ਆਪਾਰ ।
ਨੌਂ ਵਾਰੀ ਦਮ ਮਾਰ ਕੇ,
ਕ੍ਰਾਂਤੀ ਆਖ਼ਰਕਾਰ ।
ਆਈ ਸੀ ਆਨੰਦਪੁਰ,
ਬਣ ਦਸਵੀਂ ਸ੍ਰਕਾਰ।
ਦਸ ਅੰਕਸ਼ ਜੋ ਮਾਰ ਕੇ,
ਪਾਇਆ ਇਕ ਨਸ਼ਾਨ ।
ਸਮਿਆਂ ਦੇ ਵਿਚ ਅਮਰ ਰਹੇ,
ਹਰ ਦਮ ਉਸ ਦਾ ਬਿਆਨ।

ਦੋ ਜਹਾਨ ਵਾਲੀ, ਸਰਬੰਸਦਾਨੀ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਾ ਨਜ਼ਾਰਾ ‘ਸਫ਼ੀਰ' ਜੀ ਦੀ ਕਲਮ ਵਿਚੋਂ ਠਾਠਾਂ ਮਾਰਦਾ ਵੀ ਹੁਣ ਧਿਆਨ ਨਾਲ ਵੇਖੋ । ਆਪ ਕਹਿੰਦੇ ਨੇ :

ਭਾਰਤ ਭਾਗਾਂ ਭਰੀ ਨੇ
ਜੰਮਿਆ ਸੀ ਉਹ ਬਾਲ ।
ਸਮਿਆਂ ਦੀ ਇਸ ਕਥਾ ਵਿਚ
ਆਪਣੀ ਆਪ ਮਿਸਾਲ ।
ਜਿਸ ਦੀਆਂ ਅੱਖੀਆਂ ਵਿਚ ਸੀ,
ਭਾਰਤ ਦੀ ਤਸਵੀਰ ।
ਜਕੜੀ ਹੋਈ ਸੀ ਜਿਨੂੰ
ਦੁੱਖਾਂ ਦੀ ਜ਼ੰਜੀਰ ।

ਅੱਜ ਸਾਰਾ ਜਗ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ ਕਹਿੰਦਾ ਨਹੀਂ ਥਕਦਾ ਤੇ ਸਾਰੇ ਇਤਿਹਾਸ ਇਕ ਜ਼ਬਾਨ ਦਸਮੇਸ ਪਿਤਾ ਨੂੰ ਭਾਰਤ ਦੀ ਗੁਲਾਮੀ ਦੀਆਂ ਜ਼ੰਜੀਰਾਂ ਕਟਨ ਵਾਲਾ ਮਹਾਨ ਪਰਉਪਕਾਰੀ ਕਹਿੰਦਾ ਹੈ, ਉਸ ਦੇ ਖਾਲਸੇ ਦਾ ਭਾਰਤ ਨਾਲੋਂ ਰਿਸ਼ਤਾ ਕਦੇ ਟੁੱਟ ਨਹੀਂ ਸਕਦਾ । ਦਸਮੇਸ ਜੀ ਨੇ ਪਾਪ-ਰਾਜ ਨੂੰ ਮਿਟਾਨ ਲਈ ਆਨੰਦਪੁਰ ਸਾਹਿਬ ਦਾ ਕਿਲਾ ਉਸਾਰਿਆ ਤੇ ਕ੍ਰਾਂਤੀ ਨੂੰ ਆਪਣੀ ਕੁਖ ਵਿਚੋਂ ਜਨਮ ਦਿਤਾ। ਕ੍ਰਾਂਤੀ ਦੇ ਭਾਵੇਂ ਮਾਲਕ ਅਜ ਧਕੇ ਨਾਲ ਕਮਿਉਨਿਸਟ ਬਣ ਬੈਠੇ ਨੇ ਪਰ ਕ੍ਰਾਂਤੀ ਦੀ ਅਸਲੀਅਤ ਤੇ ਕ੍ਰਾਂਤੀ ਦੀ ਬੁਨਿਆਦ ਰਖਣ ਦੀ ਹਕੀਕਤ ‘ਸਫ਼ੀਰ' ਜੀ ਵੇਖੋ ਕਿਨ੍ਹਾਂ ਅਣਖੀਲੇ ਜਜ਼ਬਾਤ ਨਾਲ ਬਿਆਨ ਕਰਦੇ ਹਨ :

ਇਹ ਹੈ ਕਿਲਾ ਆਨੰਦ ਗੜ੍ਹ,
ਹਰ ਦਮ ਜਿਸ ਦੀ ਯਾਦ ।
ਅਖੀਆਂ ਵਿਚ ਸੀ ਡੁਸਕਦੀ,
ਬਣ ਕੇ ਇਕ ਫਰਿਯਾਦ ।
ਅੱਜ ਮੈਂ ਇਸ ਨੂੰ ਦੇਖਿਆ
ਸੌ ਜਜ਼ਬੇ ਸੰਭਾਲ ।
ਝੁਕ ਝੁਕ ਜਿਥੇ ਸੂਰਜਾਂ
ਡਿੱਠਾ ਰੋਜ਼ ਜਮਾਲ ।

ਆਨੰਦਪੁਰ ਸਾਹਿਬ ਦੀ ਪਵਿਤ੍ਰ ਧਰਤੀ ਤੇ ਬੈਠ ਕੇ ਜਦ ‘ਸਫ਼ੀਰ' ਜੀ ਨੇ ਪਿਛਾਂ ਵਲ ਝਾਤ ਮਾਰੀ ਤਾਂ ਕ੍ਰਾਂਤੀ ਦਾ ਜਨਮ ਆਪ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਵਿਚੋਂ ਐਉਂ ਨਜ਼ਰ ਪਿਆ ਤੇ ਨਵੇਂ ਜਹਾਨ ਦੀ ਨਵੀਂ ਨੁਹਾਰ ਐਉਂ ਦਿਸੀ :

ਕੋਟ ਸੂਰਜ ਚਿਹਰਿਆਂ ਤੋਂ ਚਮਕਦੇ
ਚਲ ਰਹੇ ਚਾਰ ਕਦਮ,
ਕ੍ਰਾਂਤੀਕਾਰੀ ਸ਼ਕਤੀਆਂ ਦੀ
ਰਾਹਬਰੀ ਕਰਦੇ ਹੋਏ ।
ਹਰ ਨਵੇਂ ਅੰਦਾਜ਼ ਨਾਲ
ਹੋਣ ਵਾਲੇ ਹਰ ਜਿਸਮ ਦੇ ਰਕਤ ਵਿਚ
ਇਨਕਲਾਬੀ ਜੋਸ਼ ਨੂੰ ਉਜਿਆਰਦੇ
ਇਕ ਨਵੇਂ ਸੰਗ੍ਰਾਮ ਦੀਆਂ
ਨੀਹਾਂ ਰੱਖਣ ਜਾ ਰਹੇ ।
ਜਿਨ੍ਹਾਂ ਤੇ ਉਸਰੇਗੀ ਦੁਨੀਆਂ
ਜਿਸ ਦੇ ਅੰਦਰ ਸੁਖ ਸਾਂਝੇ ਹੋਣਗੇ
ਸਰਬਤ ਤੇ ।
ਸਾਂਭ ਕੇ ਜ਼ੁਲਮਾਂ ਨੂੰ ਮੁਕਦੀ ਜਾ ਰਹੀ,
ਬੇਗੁਨਾਹ ਇਹ ਅਜ ਦੀ ਰਾਤ ।

ਅਤੇ ਫੇਰ ‘ਸਫ਼ੀਰ’ ਜੀ ਦਾ ਤਰਲਾ ਵੀ ਵੇਖੋ ਜੋ ‘ਬੇਕਸਾਂ ਦੇ ਯਾਰ' ਅਗੇ ਪਾਂਦੇ ਹਨ :

ਸਰਿਸ਼ਟੀਆਂ ਦੀ ਰਚਨਾ ਵਿਚ
ਨਵਾਂ ਰੂਪ ਪਾਉਣ ਲਈ,
ਆਨੰਦਪੁਰ ਦੀ ਗੱਦੀ ਤੋਂ,
ਇਕ ਨਜ਼ਰ ਦੇਖੋ ਤਾਂ ਸਹੀ ।

‘ਸਫ਼ੀਰ' ਜੀ ਦੀ ਕਵਿਤਾ ਵਿਚ ਸ਼ਾਨਦਾਰ ਵਲਿਖਣ ਇਹ ਹੈ ਕਿ ਇਨ੍ਹਾਂ ਦੇ ਮੁਖਾਰਬਿੰਦ ਤੋਂ ਸੁਣੀ ਕਵਿਤਾ ਤੇ ਇਨ੍ਹਾਂ ਦੇ ਕਵਿਤਾ ਪੜ੍ਹਦੇ ਚਿਹਰੇ ਨੂਰ ਦੇ ਝਲਕਾਰੇ ਸਰੋਤੇ ਨੂੰ ਕੀਲ ਕੇ ਰਖ ਲੈਂਦੇ ਨੇ ।

ਸ੍ਰਦਾਰ ਗੁਰਦਿਤ ਸਿੰਘ ਜੀ ‘ਕੁੰਦਨ’

ਜਦ ਮੈਂ ਪਾਕਿਸਤਾਨ ਵਿਚੋਂ ਆ ਕੇ ‘ਪ੍ਰੇਮ ਪਟਾਰੀ’ ਮਾਸਕ ਮੈਗਜ਼ੀਨ ਸ਼ੁਰੂ ਕੀਤੀ ਤਾਂ ਗੁਰੂ ਕਲਗੀਆਂ ਵਾਲੇ ਨੇ ਮੇਰੇ ਡੋਲਦੇ ਮਨ ਨੂੰ ਤਸਕੀਨ ਦੇਣ ਲਈ ‘ਕੁੰਦਨ’ ਜੈਸਾ ਕਵੀ ਮਲਾ ਦਿਤਾ।‘ਕੁੰਦਨ’ ਨੂੰ ਤੇ ‘ਕੁੰਦਨ’ ਦੇ ਸਿੱਖੀ ਪਿਆਰ ਨੂੰ ਅੱਡ ਅੱਡ ਪੇਸ਼ ਨਹੀਂ ਕੀਤਾ ਜਾ ਸਕਦਾ। ‘ਕੁੰਦਨ’ ਹੀ ਸਿੱਖੀ ਪਿਆਰ ਦਾ ਨਾਮ ਹੈ । ਇਹ ਆਪਣੀ ਕਵਿਤਾ ਨੂੰ ਭੀ ਇਕ ਪੂਰਨ ਗੁਰ ਸਿੱਖ ਵਾਂਗ ਹੀ ਐਉਂ ਕਹਿੰਦਾ ਹੈ :

"ਇਹ ਲਕੀਰਾਂ ਮੇਰੇ ਅਲ੍ਹੜ ਪੁਣੇ ਦੀਆਂ ਖੇਡਾਂ ਨੇ, ਇਹ ਕਿਨੀਆਂ ਕੁ ਗੂਹੜੀਆਂ ਨੇ ਤੇ ਕਦੋਂ ਮਿੱਟ ਜਾਣਗੀਆਂ ਮੈਨੂੰ ਪਤਾ ਨਹੀਂ। ਮੈਂ ਇਹਨਾਂ ਨੂੰ ਵਾਹੁੰਦਾ ਗਿਆ ਆਪ ਮੁਹਾਰਾ। ਇਹਨਾਂ ਵਿਚ ਕੋਈ ਕਲਾਕਾਰੀ ਹੈ ਯਾ ਨਹੀਂ, ਇਹ ਕੋਈ ਪਾਰਖੂ ਅੱਖ ਹੀ ਦਸ ਸਕੇਗੀ।”

ਜਿਸ ਵੇਲੇ ਵੀ ਇਹ ਆਵਾਜ਼ ਮੇਰੇ ਕੰਨਾਂ ਵਿਚ ਪੈਂਦੀ ਹੈ ਕਿ ਸਿੱਖੀ ਖਤਰੇ ਵਿਚ ਹੈ ਤਾਂ ਮੇਰਾ ਧਿਆਨ ਅਡੋਲ ਹੀ ‘ਕੁੰਦਨ’ ਜੀ ਤੇ ਪੈਂਦਾ ਹੈ ਤੇ ਮੈਂ ਦ੍ਰਿੜ ਵਿਸ਼ਵਾਸ ਨਾਲ ਕਹਿ ਉਠਦਾ ਹਾਂ ਕਿ ਜਦ ਤਕ ‘ਕੁੰਦਨ’ ਜਿਹੇ ਕਵੀ ਸਿੱਖੀ ਦੇ ਪਹਿਰੇਦਾਰ ਕਾਇਮ ਹਨ, ਸਿੱਖੀ ਨੂੰ ਕੋਈ ਖਤਰਾ ਨਹੀਂ। ਮੈਨੂੰ ਤੇ ਪੂਰਾ ਵਿਸ਼ਵਾਸ ਹੈ ਕਿ ‘ਕੁੰਦਨ’ ਉਤੇ ਗੁਰੂ ਦਸ਼ਮੇਸ਼ ਪਿਤਾ ਜੀ ਦੀ ਆਪਣੀ ਖਾਸ ਦ੍ਰਿਸ਼ਟੀ ਹੋਈ ਹੈ ਕਿ ਉਹਨਾਂ ਏਸ ਸਿੱਖ ਬੱਚੇ ਕੋਲੋਂ ਸਿੱਖ ਧਰਮ ਉਤੇ ਇਹੋ ਜਿਹੀ ਬੇਨਜ਼ੀਰ ਸੇਵਾ ਲਈ ਹੈ ਅਤੇ ਆਸ ਹੈ ਕਿ ਇਹ ਪੰਥ ਦਾ ਹੋਣਹਾਰ ਕਵੀ ਅਗੋਂ ਵੀ ਵੱਧ ਤੋਂ ਵੱਧ ਸੇਵਾ ਕਰਦਾ ਰਹੇਗਾ।

ਕਹਿੰਦੇ ਨੇ ਕਿ ਰਾਣਾ ਪਰਤਾਪ ਨੂੰ ਹਾਰ ਸਮੇਂ ਕਿਸੇ ਢਾਡੀ ਨੇ ਬੀਰਤਾ ਦੀ ਵਾਰ ਸੁਣਾਈ, ਜਿਸ ਨੂੰ ਸੁਣਦੇ ਸਾਰ ਹੀ ਰਾਣਾ ਪ੍ਰਤਾਪ ਦੀ ਛਾਤੀ ਅੰਦਰ ਖੂਨ ਜੋਸ਼ ਮਾਰਨ ਲਗ ਪਿਆ ਤੇ ਉਹਦੀ ਅਚਕਨ ਦੇ ਬਟਨ ਆਪਣੇ ਆਪ ਹੀ ਖੁਲ੍ਹਣੇ ਸ਼ੁਰੂ ਹੋ ਗਏ। ਅੱਜ ਜੇ ਬੀਰ ਰਸ ਦੀ ਕਵਿਤਾ ਦਾ ਸਵਾਦ ਮਾਨਣਾ ਹੋਵੇ ਤਾਂ ‘ਕੁੰਦਨ’ ਨੂੰ ਸੁਣੋ :

ਬੇੜੀ ਸਿਦਕ ਦੀ ਰਹੀ ਅਡੋਲ ਤੇਰੀ,
ਆਏ ਗਜ਼ਨੀਓ ਕਈ ਤੂਫਾਨ ਭਾਵੇਂ ।
ਖੋਪਰ ਲਾਹ ਕੇ ਰੰਬੀਆਂ ਨਾਲ ਤੇਰੇ,
ਕੱਢੇ ਗਏ ਕਈ ਦਿਲੀ ਅਰਮਾਨ ਭਾਵੇਂ ।
ਤੇਰੇ ਡੁਲ੍ਹੇ ਹੋਏ ਖੂਨ ਤੇ ਆਸ਼ਿਕਾ ਉਏ,
ਬਣੇ ਕਈ ਵਾਰੀ ਪਾਕਿਸਤਾਨ ਭਾਵੇਂ ।
ਕਿਸੇ ਸਮੇਂ ਵੀ ਕਦੀ ਨਾਂ ਫਹਿਲ ਹੋਇਓਂ
ਤੇਰੇ ਲਖ ਹੋਏ ਇਮਤਿਹਾਨ ਭਾਵੇਂ ।
ਤੇਰੀ ਸਾਬਤੀ ਵਿਚ ਨਾਂ ਫਰਕ ਆਇਆ,
ਪੁਰਜਾ ਪੁਰਜਾ ਹੋ ਗਈ ਸੰਤਾਨ ਤੇਰੀ।
ਗਲੀਂ ਹਾਰ ਜਾਂ ਪਾਏ ਸੀ ਬੇਟਿਆਂ ਦੇ,
ਵੇਖਣ ਯੋਗ ਸੀ ਓਸ ਦਿਨ ਸ਼ਾਨ ਤੇਰੀ ।

ਸਰਬੰਸ ਦਾਨੀ ਗੁਰੂ ਕਲਗੀਆਂ ਵਾਲੇ ਪਿਤਾ ਦਾ ਜੱਸ ਗਾਉਂਦਾ ‘ਕੁੰਦਨ’ ਇਕੋ ਵਕਤ ਕਹਿਰਾਂ ਦੀ ਬੀਰਤਾ ਤੇ ਆਖਰਾਂ ਦਾ ਸੋਜ਼ ਵੇਖੋ ਕਿਵੇਂ ਪੈਦਾ ਕਰਦਾ ਹੈ :

ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ,
ਮੰਜ਼ਲ ਐਉਂ ਮੁਕਾਉਂਦਾ ਵੇਖਿਆ ਨਹੀਂ ।
ਪੈਰ ਪੈਰ ਤੇ ਰਾਜ ਨੂੰ ਮਾਰ ਠੋਹਕਰ,
ਹੀਰੇ ਲਾਲ ਲੁਟਾਉਂਦਾ ਵੇਖਿਆ ਨਹੀਂ।
ਬੋਟਾਂ ਜਿਹੇ ਪਿਆਸਿਆਂ ਬੱਚਿਆਂ ਨੂੰ,
ਮੂੰਹ ਮੌਤ ਦੇ ਪਾਵੰਦਾ ਵੇਖਿਆ ਨਹੀਂ।
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉਤੇ,
ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਹੀਂ ।
ਖਿਜ਼ਾਂ ਵਿਚ ਵੀ ਟਹਿਕਣਾ ਫੁਲ ਵਾਂਗੂੰ,
ਜਦੋਂ ਵਖਰਾ ਡਿਠਾ ਵਿਹਾਰ ਤੇਰਾ ।
ਸਾਰਾ ਵਾਰ ਕੇ ਬਾਗ ਪਰਵਾਰ ਆਪਣਾ,
ਕਹਿਣਾ ਫੇਰ ਵੀ ਸ਼ੁਕਰ ਕਰਤਾਰ ਤੇਰਾ।

ਅੱਜ ਕਕਾਰ ਦੀ ਉਸਤੱਤ ਤੇ ਅੰਮ੍ਰਿਤ ਦੀ ਫਜ਼ਲਤ ਵੀ ‘ਕੁੰਦਨ' ਦੀ ਸੁਣੋ, ਕਹਿੰਦੈ :

ਦੇ ਕੇ ਕੇਸ ਦਸਮੇਸ਼ ਨੇ ਕਿਹਾ ਮੂੰਹੋਂ,
ਜਾਓ ਬਖਸ਼ੀਆਂ ਅੱਜ ਸ੍ਰਦਾਰੀਆਂ ਨੇ ।
ਕੰਘਾਂ ਫੇਰਦੇ ਸਦਾ ਖਿਆਲ ਰਖਣਾ,
ਕਦੇ ਫਿਰਨੀਆਂ ਸਿਰਾਂ ਤੇ ਆਰੀਆਂ ਨੇ।
ਉਠੇ ਹੱਥ ਨਾਂ ਕਿਸੇ ਗਰੀਬ ਉਤੇ,
ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ ।
ਕੱਛ ਕੀ ਏ ? ਜੱਤ ਤੇ ਸੱਤ ਦੇ ਕੇ,
ਦੇ ਦਿਤੀਆਂ ਬਰਕਤਾਂ ਸਾਰੀਆਂ ਨੇ ।
ਰਹਿਣਾ ਸਦਾ ਮਜ਼ਲੂਮ ਦੀ ਢਾਲ ਬਣ ਕੇ,
ਏਸੇ ਲਈ ਕਿਰਪਾਨ ਦਾ ਦਾਨ ਕੀਤਾ।
ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ,
ਖੰਡੇ ਧਾਰ ਅੰਮ੍ਰਿਤ ਤੁਸਾਂ ਪਾਨ ਕੀਤਾ।

ਸਰਦਾਰ ਗੁਰਦਿਤ ਸਿੰਘ ‘ਕੁੰਦਨ’ ਨੇ ਇਕ ਅਮਰ ਕਵਿਤਾ ਇਨਕਲਾਬੀ ਵਿਸਾਖੀ ਅੱਜ ਤੋਂ ਕੋਈ ਚਾਲੀ ਸਾਲ ਪਹਿਲਾਂ ਲਿਖੀ ਸੀ ਜੋ ਅੱਜ ਦੇ ਨੌਜਵਾਨਾਂ ਅੰਦਰ ਸਿੱਖੀ ਸਪਿਰਟ ਵੇਖੋ ਕਿਸ ਜਜ਼ਬੇ ਨਾਲ ਭਰਨ ਦੀ ਤਾਕਤ ਰਖਦੀ ਹੈ ! ‘ਕੁੰਦਨ' ਕਹਿੰਦੈ :

ਭਾਗ ਭਰੀ ਵਿਸਾਖੀ ਏ ! ਜੀਉ ਆਇਆਂ,
ਤੂੰਹੀਓਂ ਮੁਰਦਿਆਂ ਨੂੰ ਜੀਵਨ ਦਾਨ ਕੀਤਾ।
ਕਿਸੇ ਮਾਹੀ ਨੇ ਤੇਗ ਦੀ ਧਾਰ ਵਿਚੋਂ,
ਪੈਦਾ ਅੱਜ ਸੀ ਨਵਾਂ ਜਹਾਨ ਕੀਤਾ ।
ਜੀਹਨੂੰ 'ਮਨੂੰ' ਦੀ ਨਿਗਾਹ ਨਿਖੇੜ ਗਈ ਸੀ,
ਕੱਠਾ ਫੇਰ ਮੁੜਕੇ ਖਾਨਦਾਨ ਕੀਤਾ ।

ਅਤੇ ਸਿੱਖ ਦੀ ਪਰੀਖਿਆ ਦਾ ਅਗੋਂ ਅਨੋਖਾ ਵਰਨਣ ਵੀ ਸੁਣੋ :

ਦੁਨੀਆਂ ਵਿਚ ਨਾਂ ਜਿਸ ਦੀ ਮਿਸਾਲ ਮਿਲਦੀ,
ਸਾਡਾ ਇਸ ਤਰਾਂ ਸੀ ਇਮਤਿਹਾਨ ਕੀਤਾ ।
ਲਿਖਿਆ ਗਿਆ ਜੋ ਖੂਨ ਦੇ ਨਾਲ ਸਾਰਾ,
ਸ਼ੁਰੂ ਅਜ ਸੀ ਉਹ ਬਿਆਨ ਕੀਤਾ ।
ਨੀਂਹ ਰੱਖ ਤਲਵਾਰ ਦੀ ਧਾਰ ਉਤੇ,
ਕਿਸਮਤ ਇਸ ਤਰਾਂ ਸਾਡੀ ਬਣਾਈ ਗਈ ਸੀ ।
ਸਿਰ ਕਿਸ ਤਰਾਂ ਕਲਮ ਕਰਵਾਈ ਦਾ ਏ,
ਐਸੇ ਇਸ਼ਕ ਦੀ ਪੱਟੀ ਪੜ੍ਹਾਈ ਗਈ ਸੀ ।
ਜੀਉਣਾ ਸਿਖਦੇ ਸਿਖਦੇ ਲੋਕ ਮਰ ਗਏ,
ਸਾਨੂੰ ਮਰਨ ਦੀ ਜਾਚ ਸਿਖਾਈ ਗਈ ਸੀ ।

ਅਤੇ ਸਿੱਖ ਦੀ ਅਵਸਥਾ ਵੇਖੋ 'ਕੁੰਦਨ' ਕੀ ਬਿਆਨ ਕਰਦਾ ਹੈ ਜਦ ਸਿੱਖ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ ਸੰਸਾਰ ਵਿਚ ਵਿਚਰਦਾ ਹੈ :

ਅੱਜ ਕੇਸ ਗੜ੍ਹ ਟਿਲਿਓਂ ਜੋਗ ਲੈ ਕੇ,
ਅਸੀਂ ਜੋਗ ਕਮਾਵਣਾਂ ਸਿੱਖ ਆਏ ।
ਕਾਸਾ ਫੜ ਕੇ ਹੱਥ ਵਿਚ ਖੋਪਰੀ ਦਾ,
ਬੂਹੇ ਯਾਰ ਦੇ ਜਾਵਣਾ ਸਿੱਖ ਆਏ ।
ਕਨ ਪਾੜ ਕੀ ਮੁੰਦਰਾਂ ਪਾਣੀਆਂ ਨੇ ?
ਅੰਗ ਅੰਗ ਕਟਾਵਨਾ ਸਿੱਖ ਆਏ ।
ਰਹੀ ਲੋੜ ਨਾ ਕੋਈ ਭਬੂਤੀਆਂ ਦੀ,
ਤਣ ਦੀ ਸਵਾਹ ਬਣਾਵਣਾ ਸਿੱਖ ਆਏ ।

‘ਕੁੰਦਨ' ਸਿਖ ਰਾਜ ਦਾ ਨਕਸ਼ਾ ਜਦ ਵੇਖਦਾ ਹੈ ਤਾਂ ਰਾਜ ਖਾਲਸਾ ਉਤੇ ਵੀ ਗਦ ਗਦ ਹੋ ਐਉਂ ਆਪਣੀ ਸ਼ਰਧਾਂਜਲੀ ਭੇਂਟ ਕਰਦਾ ਹੈ :

ਇਹਨਾਂ ਰਾਵੀ-ਝਨਾਂ ਦੇ ਕੰਢਿਆਂ ਤੇ,
ਸਿੱਖੀ ਸ਼ਾਨ ਦੀ ਖਿੜੀ ਗੁਲਜ਼ਾਰ ਵੇਖੀ ।
ਫੂਲਾ ਸਿੰਘ ਜਿਹੇ ਉਸ ਵਿਚ ਫੁਲ ਵੇਖੇ,
ਫੁਲ ਫੁਲ ਤੇ ਲਦੀ ਬਾਹਰ ਵੇਖੀ ।
ਬਿਜਲੀ ਵਾਂਗਰਾਂ ਲਿਸ਼ਕਦੀ ਪਰਬਤਾਂ ਤੇ,
ਨਲਵੇ ਸ਼ੇਰ ਦੀ ਤੇਜ਼ ਤਲਵਾਰ ਵੇਖੀ ।
ਜੀਹਦੇ ਅਗੋਂ ਦਰਿਆ ਸਨ ਅਟਕ ਜਾਂਦੇ,
ਉਹ ਮੈਂ ਸਤਿਆਵਾਨ ਸ੍ਰਕਾਰ ਵੇਖੀ।
ਉਸ ਸ਼ੇਰੇ ਪੰਜਾਬ ਦੇ ਦਰ ਉਤੇ,
ਪਈਆਂ ਸ਼ਕਤੀਆਂ ਸੀਸ ਝੁਕਾਂਦੀਆਂ ਸੀ ।
ਸਦਾ ਨਾਲ ਪਰਛਾਵਿਆਂ ਨਾਲ ਉਸ ਦੇ,
ਜਿਧਰ ਜਾਂਦਾ ਸੀ ਬਰਕਤਾਂ ਜਾਂਦੀਆਂ ਸੀ।

ਪਰ ‘ਕੁੰਦਨ' ਦੀ ਅੱਖ ਅਗੋਂ ਮਹਾਰਾਜਾ ਦਲੀਪ ਸਿੰਘ ਦਾ ਬਣਬਾਸ ਵੀ ਛੁਪਿਆ ਨਹੀਂ ਰਹਿੰਦਾ। ਵੇਖੋ ਦੋ ਸਤਰਾਂ ਵਿਚ ਦਲੀਪ ਸਿੰਘ ਦੀ ਸਾਰੀ ਦਰਦਨਾਕ ਕਹਾਣੀ ਦਾ ਦ੍ਰਿਸ਼ ਇਹ ਕਵੀ ਕਿਵੇਂ ਪੇਸ਼ ਕਰ ਜਾਂਦਾ ਹੈ :

ਡੁੱਬਾ ਹੋਇਆ ਉਹ ਦੇਸ਼ ਪਿਆਰ ਅੰਦਰ,
ਇਹਦਾ ਤੜਫਦਾ ਦਿਲ ਬਰਬਾਦ ਡਿੱਠਾ ।
ਬੈਠਾ ਟੇਮਜ਼ ਦੇ ਓਪਰੇ ਕੰਢਿਆਂ ਤੇ,
ਕਰਦਾ ‘ਰਾਵੀ-ਝਨਾਂ’ ਨੂੰ ਯਾਦ ਡਿੱਠਾ।

‘ਕੁੰਦਨ’ ਦੇ ਲੂੰ ਲੂੰ ਵਿਚ ਗੁਰਸਿੱਖੀ ਡੂੰਘੀ ਧਸੀ ਹੋਈ ਹੈ। ਸ: ਸ਼ਾਮ ਸਿੰਘ ਅਟਾਰੀ ਵਾਲੇ ਦੀ ਵਾਰ ਰਾਹੀਂ ਸਿੱਖ ਦੀ ਪੁਕਾਰ ਸੁਣ ਕਿਨ੍ਹਾਂ ਭਾਰੀ ਵਲਵਲਿਆਂ ਰਾਹੀਂ ਇਹ ਪੇਸ਼ ਕਰਦਾ ਹੈ :

ਓਸ ਖਿੱਚੀ ਤੇਗ ਮਿਆਨ 'ਚੋਂ ਹੋ ਅੱਗ ਅੰਗਾਰੀ ।
ਓਸ ਨਜ਼ਰ ਅਖੀਰੀ ਮਾਰ ਕੇ ਤਕ ਲਈ ‘ਅਟਾਰੀ' ।
ਫ਼ਿਰ ਜੁੱਸਾ ਛੰਡਿਆ ਆਪਣਾ, ਸ਼ੀਂਹ ਬਲਕਾਰੀ ।
ਝੱਟ ਆਵੇ ਅੰਦਰ ਰੋਹ ਦੇ ਜਿਵੇਂ ਵੇਖ ਸ਼ਿਕਾਰੀ ।
ਉਹਦੇ ਸੀਨੇ ਦੇਸ਼-ਪਿਆਰ ਨੇ, ਸੱਟ ਐਸੀ ਮਾਰੀ ।
ਉਹਦੇ ਨੈਣ ਮਤਵਾਲੇ ਬਲ ਉਠੇ, ਰੱਤ ਖੌਲੀ ਸਾਰੀ ।
ਉਸ ਅਗੇ ਗੁਰੂ ਦਸ਼ਮੇਸ਼ ਦੇ, ਐਉਂ ਅਰਜ਼ ਗੁਜਾਰੀ।
ਕਦੇ ਜੀਉਂਦੇ ਜੀ ਮੈਂ ਹਾਰ ਕੇ ਨਾਂ ਮੁੜਾਂ ਅਟਾਰੀ ।
ਜਿਉਂ ਮਾਰੇ ਰੋਹ ਵਿਚ ਆਣ ਕੇ, ਕੋਈ ਬਾਜ਼ ਉਡਾਰੀ ।
ਤਿਉਂ ਤੁਰਿਆ ਪੁੱਤ ਪੰਜਾਬ ਦਾ ਪਾਲਨ ਸਰਦਾਰੀ ।

‘ਕੁੰਦਨ' ਨੇ ਨਨਕਾਣਾ ਸਾਹਿਬ ਦੇ ਅਮਰ ਸ਼ਹੀਦਾਂ ਨੂੰ ਵੀ ਬੇਮਿਸਾਲ ਪਿਆਰ ਤੇ ਸਤਿਕਾਰ ਨਾਲ ਐਉਂ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ ਹਨ :

ਕਲਗੀਧਰ ਦੇ ਇਹ ਨੇ ਬੇਟੇ,
ਤੇਰੀ ਗੋਦੀ ਅੰਦਰ ਲੇਟੇ ।
ਇਕ ਕਫਨ ਵਿਚ ਲਪੇਟੇ,
ਇਹ ਪਰਦੇਸੀ ਚੂਰ ਹੋਏ ਨੇ,
ਜੀਉਂਦੇ ਜੀ ਭਠੀਆਂ ਵਿਚ ਸੜ ਕੇ,
ਇਹ ਆਸ਼ਕ ਮਨਸੂਰ ਹੋਏ ਨੇ ।

ਤੇ ਫੇਰ ‘ਕੁੰਦਨ' ਸ਼ਹੀਦਾਂ ਦੀ ਚਿਖਾ ਦਾ ਵੇਖੋ ਕਿਸ ਸਿੱਖੀ ਅਦਾ ਨਾਲ ਜਾਣ ਪਛਾਣ ਕਰਵਾਂਦਾ ਹੈ :

ਬੇਸ਼ਕ ਨਾਂ ਗੁਲਜ਼ਾਰ ਬਣੀ ਤੂੰ,
ਨਾਂ ਹੀ ਬਾਗ ਬਹਾਰ ਬਣੀ ਤੂੰ,
ਇਹ ਖਲੀਲ ਨਹੀਂ ਡੋਲ੍ਹਣ ਵਾਲੇ,
ਮੂੰਹੋਂ ਕੁਝ ਨਹੀਂ ਬੋਲਣ ਵਾਲੇ ।
ਪਰਖੇ ਹੋਏ ਨੇ ਇਹ ਦੀਵਾਨੇ,
ਕੀ ਇਹਨਾਂ ਨੂੰ ਸਾੜੇਂਗੀ ਤੂੰ,
ਸੜ ਚੁਕੇ ਨੇ ਇਹ ਪਰਵਾਨੇ ।

ਸਿੱਖ ਦਾ ਆਪਣੇ ਪੰਜਾਬ ਨਾਲ ਜੋ ਪਿਆਰ ਹੈ ਉਹ ਪੰਜਾਬ ਦੇ ਹੋਰ ਵਸਨੀਕਾਂ ਦੇ ਮੁਕਾਬਲੇ ਬਹੁਤ ਵਖਰਾ ਹੈ। ‘ਕੁੰਦਨ’ ਇਸ ਦੀ ਗਵਾਹੀ ਵੇਖੋ ਪੰਜਾਬ ਦੇ ਆਕਾਸ਼ ਤੋਂ ਕਿਵੇਂ ਪੇਸ਼ ਕਰਦਾ ਹੈ :-

ਐ ਆਸਮਾ ਤੂੰਹੀਉਂ ਸੁਣਾ,
ਸਾਡੀ ਅਨੋਖੀ ਦਾਸਤਾਂ,
ਕਿਸ ਤਰਾਂ ਇਸ ਬਾਗ ਦੇ ਬਣ ਕੇ ਰਹੇ ਹਾਂ ਬਾਗ਼-ਬਾਂ ?
ਇਹਦਿਆਂ ਫੁਲਾਂ ਦੇ ਵਿਚ ਲਾਲੀ ਹੈ ਸਾਡੇ ਖੂਨ ਦੀ,
ਝਾੜ ਨਾਂ ਸਕੇ ਜਿਨ੍ਹਾਂ ਨੂੰ ਟਹਿਣੀਉਂ ਪਾਪਨ ਖਜ਼ਾਂ।

ਅਤੇ ਆਸਮਾਂ ਦੀ ਸ਼ਹਾਦਤ ਸੁਣੋ, ਕਿਵੇਂ ਏਸ ਪੰਜਾਬ ਦੀ ਧਰਤੀ ਉਤੋਂ ਸਿੱਖਾਂ ਜਾਨਾਂ ਵਾਰੀਆਂ :

ਏਸੇ ਪਿਆਰੇ ਦੇਸ਼ ਦੀ,
ਸੋਹਣੇ ਹਜ਼ਾਰੇ ਦੇਸ਼ ਦੀ,
ਸੋਹਣੀ ਪਵਿਤ੍ਰ ਖਾਕ ਤੋਂ,
ਮੋਤੀ ਲੁਟਾ ਕੇ ਆਪਣੇ,
ਮਾਵਾਂ ਨੇ ਆਪਣੀ ਗੋਦ ਦੇ,
ਖਾਲੀ ਖਜ਼ਾਨੇ ਕਰ ਲਏ,
ਭੁਖਿਆਂ ਬਾਜਾਂ ਨੂੰ ਪਾ ਕੇ ਬੋਟੀਆਂ,
ਬੁਲਬੁਲਾਂ ਦੇ ਵਾਂਗ ਸੁੰਝੇ ਆਸ਼ੀਯਾਨੇ ਕਰ ਲਏ।

‘ਕੁੰਦਨ' ਨੇ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਵੀ ਆਪਣੀ ਇਕ ਰੁਬਾਈ ਵਿਚ ਲਾਜਵਾਬ ਕੀਤੀ ਹੈ। ਲਿਖਦੈ :

ਜੰਮਣ ਮਰਣ ਮਿਟਾਵਣ ਵਾਲਾ,
ਅੰਮ੍ਰਿਤ ਦਾ ਸਰ ਭਰਿਆ ।
ਜਿਹੜਾ ਡੁੱਬਾ ਪ੍ਰੇਮ ਇਹਦੇ ਵਿਚ,
ਭਵ ਸਾਗਰ ਤੋਂ ਤਰਿਆ ।
ਰੱਬੀ ਰੰਗਣ ਚੜ੍ਹਦੀ ਦਿਲ ਨੂੰ,
ਜਾਂ ਇਹ ਮੂੰਹੋਂ ਨਿਕਲੇ,
‘ਨਾਨਕ ਨਾਮੁ ਮਿਲੈ ਤਾਂ ਜੀਵਾਂ
ਤਨੁ ਮਨੁ ਥੀਵੈ ਹਰਿਆ ।'

ਅਤੇ ਸੁਖਮਨੀ ਸਾਹਿਬ ਦੀ ਉਪਮਾ ਵੀ ਵੇਖੋ ਆਪਣੀ ਰੁਬਾਈ ਵਿਚ ‘ਕੁੰਦਨ’ ਕਿਵੇਂ ਕਰਦਾ ਹੈ :

ਜਾਣਨ ਭੇਦ ਹਕੀਕਤ ਵਾਲਾ ਜੋ ਇਹਦੇ ਵਿਚ ਗੁੱਤੇ ।
‘ਸਿਮਰਉ ਸਿਮਰ ਸਿਮਰ ਸੁਖ ਪਾਵਉ ਗਾਵਣ ਤਵੀਆਂ ਉੱਤੇ।
ਇਸ ਮਾਲਾ ਨੂੰ ਫੇਰਨ ਜਿਹੜੇ।
ਪੀਂਘਾ ਫਾਂਸੀਆਂ ਸਮਝਣ,
ਫੁੱਲਾਂ ਵਾਂਗੂੰ ਹਸਦੇ ਰਹਿੰਦੇ, ਸੁੱਤੇ ਸੂਲਾਂ ਉੱਤੇ ।

ਕੁੰਦਨ ਨੇ ਗਜ਼ਲ ਉਤੇ ਵੀ ਹੱਥ ਆਜ਼ਮਾਇਆ ਹੈ। ਇਹਦੀ ਗਜ਼ਲ ਦੇ ਦੋ ਕੁ ਸ਼ੇਅਰ ਮੁਲਾਹਜ਼ਾ ਫਰਮਾਓ, ਜਿਨ੍ਹਾਂ ਵਿਚੋਂ ਪੰਜਾਬ ਦੀ ਫਜ਼ੀਲਤ ਕਿਵੇਂ ਠਾਠਾਂ ਮਾਰਦੀ ਦਿਸਦੀ ਹੈ :

ਗੰਗਾ ਬਣਾਏ ਦੇਵਤੇ ਜਮਨਾਂ ਨੇ ਦੇਵੀਆਂ,
ਆਸ਼ਕ ਬਣਾਂਦਾ ਆ ਰਿਹਾ ਪਾਣੀ ਚਨਾਬ ਦਾ।
ਅਤੇ
ਪਾਣੀ ਤੇ ਨਿਰਾ ਪਾਣੀ ਏ,
ਪਿਆਰ ਛੋਹ ਦਾ ਮੂਲ ਸਾਰਾ,
ਜੋ ਮਾਨ ਝਣਾਂ ਦੀਆਂ ਛਲਾਂ ਨੂੰ
ਗੰਗਾ ਦਾ ਕਿਨਾਰਾ ਕੀ ਜਾਣੇ।

ਇਕ ਗਜ਼ਲ ਦਾ ਹੋਰ ਸ਼ੇਅਰ ‘ਕੁੰਦਨ’ ਦਾ, ਆਪਣੇ ਕਲੇਜੇ ਨੂੰ ਮੁਠ ਵਿਚ ਲੈ ਕੇ, ਉਹਦੀ ਤਿਲਕ ਤਿਲਕ ਜਾਂਦੀ ਨਾਜ਼ੁਕ ਖਿਆਲੀ ਨੂੰ, ਪੂਰੀ ਤਰਾਂ ਸੰਭਾਲ ਕੇ ਪੜ੍ਹਣ ਦਾ ਸਵਾਦ ਲੌ :

ਆਰਸੀ ਵਿਚ ਵੇਖਿਆ ਜਾਂ ਰੂਪ ਉਸ ਨੇ ਆਪਣਾ,
ਪਾਣੀ ਹੁੰਦੀ ਉਹਦੇ ਹਥਾਂ ਦੀ ਹਨਾ ਵੇਖੀ ਗਈ।

‘ਕੁੰਦਨ' ਦੀ ਆਜ਼ਾਦੀ ਦੀ ਕਵਿਤਾ ਪੰਜਾਬੀ ਸਾਹਿਤ ਵਿਚ ਹਰ ਪੱਖੋਂ ਵਿਸ਼ੇਸ਼ ਅਸਥਾਨ ਰਖਦੀ ਹੈ। ਇਹ ਕਵਿਤਾ ਕੀ ਹੈ, ਸਾਖਿਆਤ ਦੇਸ਼ ਮੇਰੇ ਦੀ ਮੂੰਹ ਬੋਲਦੀ ਤਸਵੀਰ ਹੈ, ਭਾਵੇਂ ‘ਕੁੰਦਨ' ਨੇ ੧੯੪੮ ਵਿਚ ਲਿੱਖੀ, ਪਰ ਹੁਣ ਤਕ ਏਸ ਤਸਵੀਰ ਦੀ ਨੁਹਾਰ ਉਹੋ ਹੀ ਵੇਖੀ ਜਾ ਰਹੀ ਹੈ । ‘ਕੁੰਦਨ’ ਲਿਖਦੈ :

ਮੈਂ ਸੁਣਿਆਂ ਸੀ ਆਜ਼ਾਦੀ ਦੀ ਕੋਈ ਦੁਨੀਆਂ ਨਰਾਲੀ ਏ ।
ਜ਼ੰਜੀਰਾਂ ਹੱਥਕੜੀਆਂ ਤੋਂ ਇਹਦਾ ਦਰਬਾਰ ਖਾਲੀ ਏ।
ਜੋ ਖਾ ਜਾਂਦੇ ਨੇ ਚਿੜੀਆਂ ਨੂੰ, ਉਹ ਭੁਖੇ ਬਾਜ਼ ਨਹੀਂ ਰਹਿੰਦੇ ।
ਤੇ ਜੀਭਾਂ ਹੁੰਦਿਆਂ ਮਜ਼ਲੂਮ ਬੇ-ਆਵਾਜ਼ ਨਹੀਂ ਰਹਿੰਦੇ।
ਨਾਂ ਭੁੰਨੇ ਦਿਲ ਕਿਤੇ ਜਾਂਦੇ, ਭੁਲੇਖੇ ਪਾ ਕਬਾਬਾਂ ਦੇ।
ਕਿਸੇ ਦੀ ਰੱਤ ਨਾ ਪੀਵੇ, ਬਹਾਂਨੇ ਕੋਈ ਸ਼ਰਾਬਾਂ ਦੇ।
ਇਹ ਮੋਤੀ ਹੰਝੂਆਂ ਦੀ ਥਾਂ ਕਿਤੇ ਪਰਵਾਨ ਨਹੀਂ ਹੁੰਦੇ ।
ਤੇ ਜੀਵਂਦੇ ਭੇਟ ਕਬਰਾਂ ਦੀ ਦਿਲੀ ਅਰਮਾਨ ਨਹੀਂ ਹੁੰਦੇ ।

ਪਰ ਆਜ਼ਾਦੀ ਦੇ ਸੋਹਲੇ ਜੋ 'ਕੁੰਦਨ' ਨੇ ਸੁਣੇ ਸਨ, ਜਦ ਆਪਣੇ ਦੇਸ਼ ਵਿਚ ਵੇਖੇ ਨਾਂ ਗਏ, ਤਾਂ ਇਹਦਾ ਕੋਮਲ ਹਿਰਦਾ ਤੜਫ ਉਠਿਆ ਤੇ ਐਉਂ ਪੁਕਾਰਿਆ :

ਮੇਰੇ ਪਰ ਵਤਨ ਦੇ ਪਹਿਲੇ,
ਅਜੇ ਦਸਤੂਰ ਨਹੀਂ ਬਦਲੇ ।
ਉਹੋ ਬੇੜੀਆਂ ਹੁਣ ਤਕ,
ਅਜੇ ਉਹ ਪੂਰ ਨਹੀਂ ਬਦਲੇ ।
ਇਹਦੇ ਕਿਰਸਾਨ ਨਹੀਂ ਬਦਲੇ;
ਇਹਦੇ ਮਜ਼ਦੂਰ ਨਹੀਂ ਬਦਲੇ ।
ਬੜੇ ਬੇ ਨੂਰ ਨੇ ਤਾਰੇ,
ਇਹਦੇ ਪਰਵਾਰ ਦੇ ਅੰਦਰ ।
ਜ਼ਹਿਰੀਲੇ ਨਾਗ ਨੇ ਬੈਠੇ,
ਅਜੇ ਗੁਲਜ਼ਾਰ ਦੇ ਅੰਦਰ ।
ਇਹ ਜੀਵਨ ਮੌਤ ਵਰਗਾ,
ਜਿੰਦਗੀ ਜੀਣਾ ਨਹੀਂ ਚਾਹੁੰਦੀ,
ਤੇ ਟੁੱਟੇ ਪਿਆਲਿਆਂ ਵਿਚ
ਜਾਮ ਕੋਈ ਪੀਣਾ ਨਹੀਂ ਚਾਹੁੰਦੀ ।

ਕਿਉਂ ? ਆਜ਼ਾਦ ਭਾਰਤ ਦਾ ਹੁਣ ਤਾਂ ਸਾਨੂੰ ਨਕਸ਼ਾ ਬਦਲਣ ਦੀ ਲੋੜ ਹੈ। ਆਜ਼ਾਦੀ ਦੇਵੀ ਨੂੰ ਲਖਾਂ ਜਵਾਨੀਆਂ ਦੀ ਘੁੰਡ ਚੁਕਾਈ ਦੇਣ ਮਗਰੋਂ ਦੇਸ਼ ਦੇ ਨੌਜਵਾਨ ਟੁੱਟੇ ਪਿਆਲਿਆਂ ਵਿਚ ਜਾਮ ਕਿਉਂ ਪੀਣ ?

'ਕੁੰਦਨ’ ਜੀ ਦੀ ਕਲਾਕਾਰੀ ਦਾ ਨਿਆਂ ਪਾਰਖੂਆਂ ਲਈ ਕਰਨਾ ਕਠਨ ਨਹੀਂ। ਆਪ ਹੀ ਆਪਣੀ ਉਚ ਪੱਧਰੀ ਕਲਾ ਦੀ ਖ਼ੁਦ ਨੁਮਾਇਸ਼ ਕਰ ਰਿਹਾ ਹੈ ।

ਕਰਨਲ ਜਗਜੀਤ ਸਿੰਘ ਜੀ ਗੁਲੇਰੀਆ

ਰੁਬਾਈਆਂ ਦੀ ਜਦ ਵੀ ਕਿਸੇ ਮਹਿਫ਼ਲ ਵਿਚ ਗਲ ਛਿੜਦੀ ਹੈ ਤਾਂ ਝਟ ਉਮਰ ਖ਼ਿਆਮ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ। ਅਨੇਕਾਂ ਅਲੋਚਕਾਂ ਦਾ ਖਿਆਲ ਹੈ ਕਿ ਉਮਰ ਖ਼ਿਆਮ ਮਗਰੋਂ ਰੁਬਾਈ ਕਲਾ ਦਾ ਮੂੰਹ ਮੁਹਾਂਦਰਾ ਲਿਸਾ ਹੁੰਦਾ ਗਿਆ ਹੈ।

ਫਾਰਸੀ ਦਾ ਇਕ ਵਿਦਿਆਰਥੀ ਹੋਣ ਕਰਕੇ ਉਮਰ ਖ਼ਿਆਮ ਦਾ ਮੈਂ ਭੀ ਭਾਰਾ ਪ੍ਰਸੰਸਕ ਹਾਂ, ਪਰ ਮੈਂ ਐਸੇ ਅਲੋਚਕਾਂ ਨਾਲ ਸਹਿਮਤ ਨਹੀਂ ਜੋ ਇਹ ਰਾਏ ਰਖਦੇ ਹਨ ਕਿ ਉਮਰ ਖ਼ਿਆਮ ਮਗਰੋਂ ਰੁਬਾਈ ਮੰਦੀ ਪੈ ਗਈ। ਪੰਜਾਬੀ ਕਵਿਤਾ ਤੋਂ ਅੰਝਾਣ ਕੀ ਜਾਨਣ ਕਿ ਫ਼ਾਰਸੀ ਕਵਿਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਪੰਜਾਬੀ ਕਵਿਤਾ ਤੁਰੀ ਜਾ ਰਹੀ ਹੈ। ਚੂੰਕਿ ਪੰਜਾਬੀਆਂ ਦੇ ਨੈਣ ਨਕਸ਼ ਬੜੇ ਤਿਖੇ ਤੇ ਡੀਲ ਡੌਲ ਵਿਚ ਆਪਣਾ ਸਾਨੀ ਨਹੀਂ ਰਖਦੇ ਅਤੇ ਇਨ੍ਹਾਂ ਦੀ ਬੋਲੀ ਵਿਚ ਮਿਸਰੀ ਘੁਲੀ ਪਈ ਹੈ ਸੋ ਪੰਜਾਬੀ ਕਵਿਤਾ ਸੰਸਾਰ ਦੀ ਹਰ ਭਾਸ਼ਾ ਦੀ ਕਵਿਤਾ ਨੂੰ ਪਿਛੇ ਛਡ ਚੁਕੀ ਹੈ । ਅਤੇ ਭਾਈ ਵੀਰ ਸਿੰਘ ਜਾਂ ਪ੍ਰੋ: ਮੋਹਣ ਸਿੰਘ ਦੀਆਂ ਕੁਝ ਰੁਬਾਈਆਂ ਉਰਦੂ-ਫਾਰਸੀ ਦੀਆਂ ਰੁਬਾਈਆਂ ਨਾਲੋਂ ਕਿਸੇ ਪਖ ਤੋਂ ਵੀ ਪਿਛੇ ਨਹੀਂ। ਕਰਨਲ ਗੁਲੇਰੀਆ ਤਾਂ ਏਸ ਦੌੜ ਵਿਚ ਉਮਰ ਖ਼ਿਆਮ ਦੇ ਮੁਕਾਬਲੇ ਵਿਚ ਜਾ ਖੜਾ ਹੋਇਆ ਹੈ । ਇਕ ਗੁਰੂ ਦਾ ਸਿੱਖ, ਦੂਜਾ ਫੌਜੀ ਤੇ ਤੀਜਾ ਭਾਈ ਵੀਰ ਸਿੰਘ ਜੀ ਦੀ ਛਤ੍ਰ ਛਾਇਆ ਹੇਠ ਪਲਿਆ ਪੋਸਿਆ ਹੋਇਆ, ਗੁਲੇਰੀਆ ਮੈਨੂੰ ਕਿਤੇ-ਕਿਤੇ ਉਮਰ ਖ਼ਿਆਮ ਤੋਂ ਵੀ ਸਿਰ ਕਢ ਦਿਸਦਾ ਹੈ, ਕਿਉਂਕਿ ਇਹਦਾ ਤਰਜ਼ੇ ਬਿਆਨ ਤੇ ਇਹਦਾ ਤਖ਼ੀਅਲ ਉਮਰ ਖ਼ਿਆਮ ਤੋਂ ਵਖਰਾ ਹੈ। ਸਾਗਰ ਅਤੇ ਪੈਮਾਨੇ ਤੋਂ ਨਿਕਲ ਗੁਲੇਰੀਆ ਸਿੱਖੀ ਰੰਗਨ ਵਿਚ ਕਵਿਤਾ ਲਿਖਦਾ ਹੈ ਅਤੇ ਕਾਗਜ਼ ਦੀ ਹਿਕ ਤੇ ਕਲਮ ਨਾਲ ਕਵਿਤਾ ਨੂੰ ਹਰਫ਼ਾਂ ਦਾ ਉਸ ਸਮੇਂ ਰੂਪ ਦੇਂਦਾ ਹੈ ਜਦ ਇਹਦੀ ਕਾਵਿ- ਉਡਾਰੀ ਸਤ ਅਕਾਸ਼ਾਂ ਤੋਂ ਉਪਰ ਜਾ ਪੁਜਦੀ ਹੈ। ਗੁਲੇਰੀਆ ਜੀ ਦੀ ਇਕ ਰੁਬਾਈ ਦੀ ਵਨਗੀ ਮੁਲਾਹਜ਼ਾ ਫਰਮਾਓ :

ਧਰਤੀ ਨੇ ਗਲਵਕੜੀ ਪਾਈ, ਅੰਬਰ ਗਲੇ ਲਗਾਇਆ।
ਗਗਨਾਂ ਨਾਲ ਕਪੋਲ ਛੁਹਾ ਕੇ, ਪਰਬਤ ਵੀ ਮੁਸਕਾਇਆ ।
ਖੀਵੇ ਵਾਯੂ ਮੰਡਲ ਦੇ ਅੱਜ ਪੈਰ ਲੜ੍ਹਕਦੇ ਜਾਵਣ ।
ਅੱਜ ਅਰੂਪ ਤ੍ਰੁਠ ਕੇ ਆਪੇ ਰੂਪ ਨਿਵਾਜਣ ਆਇਆ ।

ਗੁਰ-ਸਿੱਖ ਕਿਸਮਤ ਦਾ ਕਾਇਲ ਨਹੀਂ, ਇਹਦਾ ਬਖਸ਼ਿਸ਼ ਤੇ ਯਕੀਨ ਹੈ ਅਤੇ ਇਹ ਸਿੱਖ ਫ਼ਲਸਫ਼ਾ ਸੰਸਾਰ ਤੋਂ ਗੁਰੂ ਨਾਨਕ ਸਾਹਿਬ ਦਾ ਅਡਰਾ ਹੈ। ਇਸ ਫ਼ਲਸਫ਼ੇ ਨੂੰ ਗੁਲੇਰੀਆ ਵੇਖੋ ਕਿਵੇਂ ਬਿਆਨ ਕਰਦਾ ਹੈ :

ਦਿਲ ਕਚਕੋਲ ਸੰਧੂਰੀ ਹੋਇਆ,
ਤੇਰੀ ਭਿਖਿਆ ਪਾ ਕੇ।
ਪਾਰਸ ਛੁਹ ਅਜ ਸੁਹਣੇ ਦਿਤੀ,
ਕਿਸਮਤ ਰੇਖ ਮਿਟਾ ਕੇ।
ਡਾਢੀ ਸੂਖਮ ਵਸਤ ਅਮੋਲਕ,
ਸੁਪਨੇ ਦੀ ਉਹ ਮਿਲਣੀ ।
ਰਾਤਾਂ ਦੇ ਨਾਂ ਦਈਂ ਸੁਨੇਹੇ,
ਹੁਣ ਸੰਧਿਆ ਵਿਚ ਆ ਕੇ।

ਫਾਰਸੀਵਾਨ ਵਿਸਮਾਦ ਅਵਸਥਾ ਦਾ ਅਨੁਮਾਨ ਨਹੀਂ ਲਗਾ ਸਕਦੇ ਅਤੇ ਜਿਸ ਵਿਸਮਾਦ ਅਵਸਥਾ ਵਲ ਗੁਰਬਾਣੀ ਦਾ ਜੋ ਇਸ਼ਾਰਾ ਹੈ ਉਹ ਹੋਰ ਵੇਦ ਕਤੇਬ ਅਨੁਭਵ ਨਹੀਂ ਕਰਦੇ। ਗੁਲੇਰੀਆ ਗੁਰੂ ਨਾਨਕ ਸਾਹਿਬ ਦੀ ਦਸੀ ਵਿਸਮਾਦ ਅਵਸਥਾ ਦੀ ਰਮਜ਼ ਵਲ ਵੇਖੋ ਕਿਸ ਕਲਾਮਈ ਢੰਗ ਨਾਲ ਇਸ਼ਾਰਾ ਕਰਦਾ ਹੈ :

ਹੁਸਨ ਤੇਰਾ ਹੁਸਨਾਂ ਤੋਂ ਸੁਹਣਾ,
ਪਿਆਰ ਤੇਰਾ ਵਡਮੁਲਾ।
ਖਿਚ ਤੇਰੀ ਦੇ ਤੁਲ ਨਾ ਕੋਈ,
ਸੁਆਦ ਤੇਰਾ ਅਣਤੁਲਾ।
ਬੇਪਰਵਾਹੀ ਤੇਰੀ ਦੇ ਪਰ ਕੋਈ ਨਹੀਂ ਬਰਾਬਰ,
ਲੈ ਜਾਵੇ ਵਿਸਮਾਦਾਂ ਅੰਦਰ ਤੇਰਾ ਇਕੋ ਬੁਲਾ ।

ਪੰਜਾਬੀ ਸੂਫੀ ਕਵਿਤਾ ਵਿਚ ਰਾਂਝਾ ਇਕ ਮੁਖ ਪਾਤਰ ਹੈ। ਬੁਲ੍ਹੇ ਸ਼ਾਹ ਨੇ ਰਾਂਝੇ ਦੇ ਚਿਨ ਨੂੰ ਇਸ਼ਟ ਮਨ ਕੇ ਪੂਜਿਆ ਹੈ। ਹੁਣ ਗੁਲੇਰੀਆ ਜੀ ਦੇ ਰਾਂਝੇ ਦਾ ਵੀ ਜ਼ਰਾ ਦੀਦ ਕਰੋ :

ਛੇੜ ਛੇੜ ਝਰਨਾਟਾਂ ਉਹ,
ਜਾ ਲੁਕਿਆ ਕਿਸ ਬੇਲੇ ।
ਉਸ ਵੰਝਲੀ ਦੀ ਟੇਕ ਨੀ ਅੜੀਓ,
ਖਿਚੇ ਮੈਂ ਹਰ ਵੇਲੇ ।
ਰੀਝਾਂ ਦੀ ਝੋਲੀ ਫੈਲਾਈ,
ਖ਼ੈਰ ਓਸ ਤੋਂ ਮੰਗਾਂ ।
ਉਹ ਜੋ ਧੁਰ ਅੰਦਰ ਦੇ ਅੰਦਰ
ਨਚੇ ਟਪੇ ਖੇਲੇ।

ਇਸ਼ਕ ਹਕੀਕੀ ਤੇ ਇਸ਼ਕ ਮਿਜ਼ਾਜੀ ਵਿਚ ਅੰਤਰ ਤਾਂ ਬਹੁਤ ਥੋੜਾ ਹੈ, ਪਰ ਇਸ ਅੰਤਰ ਨੂੰ ਪਰਖਣ ਵਾਲੀ ਪਾਰਖੂ ਅੱਖ ਕਿਸੇ ਵਿਰਲੇ ਗੁਲੇਰੀਏ ਜਿਹੇ ਰੂਹਾਨੀਅਤ ਦੇ ਮਤਵਾਲੇ ਨੂੰ ਹੀ ਮਿਲੀ ਹੈ। ਗੁਲੇਰੀਆ ਜੀ ਦੀ ਹਰ ਰੁਬਾਈ ਵਿਚੋਂ ਇਸ਼ਕ ਹਕੀਕੀ ਦੀ ਝਲਕ ਝਲਕਾਂ ਮਾਰਦੀ ਵੇਖੀ ਜਾਂਦੀ ਹੈ । ਲੌ ਮੁਲਾਹਜ਼ਾ ਫਰਮਾਓ :

ਮਾਏ ਨੀ ਕੋਈ ਵੰਝਲੀ ਵਜੇ,
ਅੰਦਰ ਵਾਲੇ ਬੇਲੇ ।
ਆਇਆ ਏ ਅੱਜ ਚਾਕ ਪ੍ਰਾਹੁਣਾ,
ਮੈਂ ਘਰ ਸਰਘੀ ਵੇਲੇ ।
ਨਾ ਮੈਂ ਲੋੜ ਨਮਾਜ਼ਾਂ ਦੀ ਹੁਣ,
ਨਾ ਰੋਜੇ ਮੈਂ ਰਖਾਂ ।
ਜਿਸਦੀ ਤਸਬੀ ਫੇਰ ਰਹੀ ਸਾਂ,
ਉਹ ਤਾਂ ਅੰਦਰ ਖੇਲੇ ।

ਏਸ ਰੁਬਾਈ ਨੂੰ ਜਦ ਵੀ ਮੈਂ ਪੜ੍ਹਦਾ ਹਾਂ, ਐਉਂ ਲਗਦੈ ਜਿਵੇਂ ਮੇਰੇ ਸਾਹਮਣੇ ਗੁਲੇਰੀਆ ਜੀ ਅਗੇ ਉਮਰ ਖ਼ਿਆਮ ਖੜਾ ਸਜਦਾ ਕਰ ਰਿਹਾ ਹੋਵੇ ।

ਨਦੀਆਂ ਦੇ ਸੰਗਮ ਦੇ ਦਿਲਕਸ਼ ਨਜ਼ਾਰੇ ਆਮ ਕਵੀਆਂ ਨੇ ਬੜੇ ਵਲਵਲੇ ਨਾਲ ਪੇਸ਼ ਕੀਤੇ ਹਨ ਪਰ ਗੁਲੇਰੀਆ ਵਸਲ-ਵਿਛੋੜੇ ਦਾ ਸੰਗਮ ਵੇਖੋ ਕਿਸ ਅਨੋਖੇ ਜਜ਼ਬੇ ਨਾਲ ਪੇਸ਼ ਕਰਦਾ ਹੈ :

ਨੈਣਾਂ ਦੇ ਵਿਚ ਨੈਣ ਸਮੋਇ, ਜਿਉਂ ਸੁਪਨੇ ਵਿਚ ਸੁਪਨਾ ।
ਲਹਿਰਾਂ ਵਿਚ ਅਕਾਸ਼ ਸਮੋਇ, ਜਿਉਂ ਹਸਨੇ ਵਿਚ ਰੁਸਨਾ ।
ਅਰਮਾਨਾਂ ਵਿਚ ਆਸ ਸਮੋਈ,
ਦਿਲ ਵਿਚ ਢੋਲਕ ਵਜੇ।
ਬਿਰਹੋਂ ਦਾ ਇਹ ਕੈਸਾ ਸੰਗਮ,
ਪਲ ਮਿਲਨਾ ਪਲ ਲੁਕਨਾ।

‘ਪਨ ਆਫ਼ ਦੀ ਵਰਡ' ਉਤੇ ਅੰਗਰੇਜ਼ੀ ਕਵਿਤਾ ਨੂੰ ਵਿਸ਼ੇਸ਼ ਅਭਿਮਾਨ ਹੈ। ਗੁਲੇਰੀਆ ਇਕ ਸਿਪਾਹੀ ਦੇ ਨਾਤੇ ਅੰਗਰੇਜ਼ੀ ਦਾ ਇਹ ਚੈਲੰਜ਼ ਕਿਤੇ ਮਨਜੂਰ ਕਰ ਬੈਠਾ ਹੈ ਤੇ ਉਸ ਅੰਗਰੇਜ਼ੀ ਖਾਂ ਨੂੰ ਐਉਂ ਆਪਣੀ ਰੁਬਾਈ ਸੁਣਾਈ :

ਅਟਕ ਅਟਕ ਕੇ ਮਟਕ ਮਟਕ ਕੇ
ਆਂਦੇ ਓ ਤੇ ਜਾਂਦੇ ਓ।
ਹਟਕ ਹਟਕ ਕੇ ਪਟਕ ਪਟਕ ਕੇ
ਦੂਰੋਂ ਦੂਰ ਹਟਾਂਦੇ ਹੋ ।
ਲਟਕ ਮੇਰੀ ਤੇ ਭਟਕ ਮੇਰੀ ਨੂੰ
ਆਪਣੇ ਚਰਨੀਂ ਲਾਓ ਜੀ,
ਖਟਕ ਖਟਕ ਕੇ ਝਟਕ ਝਟਕ ਕੇ
ਦੇਰੀ ਕਿਉਂ ਲਗਾਂਦੇ ਓ ।

ਸੰਸਾਰ ਅਮਨ ਲਈ ਅਰਦਾਸ ਤੇ ਮਨੁੱਖਤਾ ਦਾ ਭਲਾ ਵੇਖੋ ਗੁਲੇਰੀਆ ਕਿਵੇਂ ਗੁਰਸਿਖ ਦੀ ਅਰਦਾਸ ਅਨਕੂਲ ਮੰਗਦਾ ਹੈ :

ਸ਼ਾਲਾ ਮਨੁਖ ਸਾਂਈ ਦੇ ਵਸਨ ਰਲ ਮਿਲ ਰਹਿਣ ਗਵਾਂਡੀ ।
ਰੱਜ ਹੰਡਾਵਨ ਤੇ ਰਜ ਰਜ ਖਾਵਣ ਆਪਣੀ ਪਕੀ ਹਾਂਡੀ ।
ਅਮਨ ਅਮਾਨ ਸੁਲਾਹ ਸੁਖ ਮਾਨਣ ਜਿਉਂ ਸਕਿਆਂ ਦੇ ਜਾਏ,
ਸਾਡਾ ਪਿਆਰ ਇਹੋ ਕੁਝ ਮੰਗੇ, ਮਹਿਕ ਕੁਲ ਬ੍ਰਹਿਮਾਂਡੀ ।

ਜਿਵੇਂ ਮੈਂ ਉਪਰ ਦਸ ਆਇਆ ਹਾਂ ਕਿ ਕਰਨਲ ਗੁਲੇਰੀਆ ਇਕ ਗੁਰਸਿੱਖ ਹੈ, ਸੋ ਇਕ ਸ਼ਰਧਾਲੂ ਸਿੱਖ ਦਾ ਨਮਾਣਾਪਨ ਵੀ ਮੁਲਾਹਜ਼ਾ ਕਰੋ :

ਅਖੀਆਂ ਦੀ ਮੈਂ ਦਵਾਤ ਬਣਾਵਾਂ,
ਹੰਝੂਆਂ ਦੀ ਮੈਂ ਸਿਹਾਈ ।
ਵਲਵਲਿਆਂ ਦੀ ਮੈਂ ਕਲਮ ਬਣਾਵਾਂ,
ਬੋਧਕਤਾ ਦੀ ਕਾਹੀ ।
ਧਰਤੀ ਜੇਡਾ ਕਾਗਜ਼ ਲੈ ਕੇ,
ਯਾਦ ਤੇਰੀ ਵਿਚ ਲਿਖਾਂ ।
ਸਮਝ ਨਾਂ ਆਵੇ ਐ ਪਰ ਸਾਈਆਂ,
ਤੇਰੀ ਬੇਪ੍ਰਵਾਹੀ ।

ਅਤੇ ਇਕ ਗੁਰਸਿੱਖ ਦਾ ਤਰਲਾ ਵੀ ਵੇਖੋ ਜੋ ਆਪਣੀ ਮਿਸਾਲ ਆਪ ਹੈ :

ਨਾ ਸੁਣ ਮਿਨਤਾਂ ਤਰਲੇ ਮੇਰੇ,
ਨਾ ਕਰ ਅਰਜ਼ ਕਬੂਲ।
ਨਾ ਦੇ ਰੁਤਬੇ, ਦੌਲਤ, ਇਜ਼ਤ,
ਇਹ ਸਭ ਵਸਤ ਫਜ਼ੂਲ ।
ਦਾਨ ਦਈਂ ਤਾਂ ਇਹੋ ਦਈਂ,
ਭਵਜਲ ਪਾਰ ਕਰਾਵਨ ਦਾ ।
ਏਸੇ ਜਨਮ ਮੁਕਾ ਦੇ ਲੇਖਾ,
ਨਾ ਰਹੇ ਵਿਆਜ ਨ, ਮੂਲ ।

ਸ਼ੇਖ ਸਾਅਦੀ ਜੀ ਬਾਰੇ ਵੀ ਸੰਸਾਰ ਵਿਚ ਬਹੁਤ ਚਰਚਾ ਹੈ। ਆਪ ਦੀ ਕਵਿਤਾ ਸੂਫੀਆਂ ਦੀ ਪਹਿਲੀ ਸਫ ਦੀ ਕਵਿਤਾ ਮੰਨੀ ਗਈ ਹੈ। ਉਮਰ ਖ਼ਿਆਮ ਦੇ ਨਾਲ ਜੀ ਕਰ ਆਇਆ ਹੈ ਕਿ ਕੁਝ ਲਾਈਨਾਂ ਗੁਲੇਰੀਆ ਜੀ ਦੀਆਂ ਐਸੀਆਂ ਵੀ ਪੇਸ਼ ਕਰਾਂ ਕਿ ਸਾਅਦੀ ਦੀ ਰੂਹ ਵੀ ਨਸ਼ਿਆ ਜਾਵੇ । ਗੁਲੇਰੀਆ ਲਿਖਦੈ :

ਖਿਚਾਂ ਵਾਲੇ ਤਰਬਾਂ ਵਾਲੇ,
ਚਾਟ ਇਸ਼ਕ ਦੀ ਲਾ ਗਏ ।
ਇਕ ਛਿਣ ਤਕ ਨਿਮਾਣੀ ਵਲੇ,
ਲੂੰ ਲੂੰ ਨੂੰ ਥਰਰਾ ਗਏ ।
ਨਾ ਮੂੜਾ ਨ ਫੂੜੀ ਮੈਂ ਘਰ,
ਗੁਰਬਤ ਦੀ ਨਾ ਹਦ ਕੋਈ,
ਸਮਝ ਨਾ ਆਵੇ ਐਡੇ ਉਚੇ,
ਨੀਚਾਂ ਦੇ ਕਿੰਝ ਆ ਗਏ।

ਸਾਡੇ ਉਰਦੂ ਦੇ ਸ਼ਾਇਰਾਂ ਨੂੰ ਆਪਣੀਆਂ ਨਾਜ਼ਕ ਖ਼ਿਆਲੀਆਂ ਉਤੇ ਬੜਾ ਮਾਨ ਤੁਰਿਆ ਆ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਜ਼ੋਕ ਤੇ ਗਾਲਿਬ ਦੀਆਂ ਰੂਹਾਂ ਵੀ ਤਰਿਹਾਈਆਂ ਰਹਿ ਜਾਣ। ਗੁਲੇਰੀਆ ਦੀ ਜਾਮ ਸੁਰਾਹੀ ਵਿਚੋਂ ਦੋ ਘੁਟ ਇਨ੍ਹਾਂ ਲਈ ਵੀ ਪੇਸ਼ ਕਰਦਾ ਹਾਂ, ਸ਼ਾਇਦ ਪੰਜਾਬੀ ਕਵੀ ਦੀਆਂ ਨਾਜ਼ੁਕ ਖਿਆਲੀਆਂ ਇਨ੍ਹਾਂ ਨੂੰ ਸਰੂਰ ਵਿਚ ਲੋਟ ਪੋਟ ਕਰ ਜਾਣ :

ਖ਼ਲੀ ਝਨਾਂ ਦੀ ਕੰਧੀ ਰਾਂਝਣ ।
ਬੁਲ ਤ੍ਰਿਹਾਏ ਮੇਰੇ ।
ਲੀਰਾਂ ਲਦਿਆ ਜੋਬਨ ਮੇਰਾ,
ਦੇ ਜੋਬਨ ਨੂੰ ਛਾਂ ।
ਭਰੀ ਸੁਰਾਹੀ ਚਾਈ ਵੇ ਮੈ,
ਓਕ ਮੇਰੀ ਪਰ ਸੁੱਕੀ ।
ਮਹਿਫਲ ਮੈਨੂੰ ਸਾਕੀ ਆਖੇ,
ਪਯਾਸੀ ਆਪ ਰਹਾਂ ।
ਤੰਦਾਂ ਦੇਵਾਂ ਚੰਨੇ ਕੀ ਮੈ,
ਤ੍ਰਿੰਝਣ ਮੇਰੇ ਢੋਲਕ ਵੱਜੇ,
ਕੋਠੇ ਬੋਲੇ ਕਾਂ।
ਮੁੜ ਮੁੜ ਮੱਮਟੀ ਦੇ ਵਲ ਦੌੜਾਂ,
ਸਿਰ ਤੇ ਲਵਾਂ ਦੁਪੱਟਾ ।
ਹਾਂਡੀ ਸੜ ਗਈ ਚੁਲ੍ਹੇ ਉਤੇ,
ਹਾਕਾਂ ਮਾਰੇ ਮਾਂ ।

ਗੀਤਾਂ ਦੇ ਖੇਤਰ ਵਿਚ ਪੰਜਾਬੀ ਦਾ ਮੁਕਾਬਲਾ ਸਾਰੇ ਸੰਸਾਰ ਵਿਚੋਂ ਕੋਈ ਵੀ ਦੇਸ਼ ਨਹੀਂ ਕਰ ਸਕਦਾ। ਗੀਤਾਂ ਦੇ ਇਕ ਇਕ ਅੱਖਰ ਵਿਚੋਂ ਪਿਆਰ ਭਿਨਾਂ ਸੰਦੇਸ਼ ਮਿਲਦਾ ਹੈ, ਸ਼ਿੰਗਾਰ ਰਸ ਮਿਲਦਾ ਹੈ, ਵਸਲ ਵਿਛੋੜੇ ਦਾ ਨਿਆਂ ਮਿਲਦਾ ਹੈ, ਸੰਗੀਤ ਦਾ ਅਨੋਖਾ ਜਾਦੂ ਮਿਲਦਾ ਹੈ। ਕਰਨਲ ਗੁਲੇਰੀਆ ਦੇ ਗੀਤ ਪੰਜਾਬੀਆਂ ਦੀ ਸ਼ਾਨ ਹਨ । ਗੀਤ ਦਾ ਇਕ ਇਕ ਬੋਲ ਦਿਲ ਨੂੰ ਟੁੰਬਦਾ ਹੈ। ਇਕ ਵਨਗੀ ਮੁਲਾਹਜ਼ਾ ਕਰੋ :

ਅਜ ਛਿੜਣ ਕਈ ਝਰਨਾਟਾਂ,
ਮੇਰੇ ਮਨ ਵਿਚ ਉਠਣ ਤਰਾਟਾਂ,
ਨੀ ਕੋਈ ਛੋਹ ਗਿਆ ।
ਅੱਜ ਮੈਂ ਮੁੜ ਮੁੜ ਸ਼ੀਸ਼ੇ ਵੇਖਾਂ,
ਬਿੰਦੀ ਲਾ ਲਾ ਕੇ ਮੈਂ ਮੇਟਾਂ,
ਵਾਲ ਕਰਾਂ ਮੈਂ ਉਤੇ ਹੇਠਾਂ,
ਕਜਲ ਪਾ ਖੁਸ਼ ਹੋ ਹੋ ਲੇਟਾਂ,
ਮੈਂ ਭੁਲ ਗਈ ਤਵੇ ਪਰਾਤਾਂ
ਮੈਨੂੰ ਹੋਈਆਂ ਨੇ ਮੁਲਾਕਾਤਾਂ,
ਨੀ ਕੋਈ ਛੋਹ ਗਿਆ।

ਅਜ ਕਲ ਮਾਡਰਨ ਕਵਿਤਾ ਦਾ ਰਵਾਜ਼ ਪ੍ਰਧਾਨ ਹੁੰਦਾ ਜਾਂਦੈ, ਪਰ ਪ੍ਰੋ: ਪੂਰਨ ਸਿੰਘ ਵਾਂਗ ਖੁਲੀ ਕਵਿਤਾ ਲਿਖਣ ਵਾਲਾ ਮੈਨੂੰ ਦੂਜਾ ਕੋਈ ਨਹੀਂ ਮਿਲਿਆ। ਹਿੰਦੀ-ਉਰਦੂ ਦੇ ਕਵੀਆਂ ਨੂੰ ਅੱਜ ਕੋਈ ਮਾਡਰਨ ਕਵਿਤਾ ਵਿਚ ਨਵੀਂ ਸੇਧ ਦੇ ਸਕਦਾ ਹੈ ਤਾਂ ਇਕ ਗੁਲੇਰੀਆ । ਇਹਦੀ ਖੁਲ੍ਹੀ ਕਵਿਤਾ ਵਿਚੋਂ ਜ਼ਰਾ ਦਿਲ ਦੀ ਧੜਕਣ ਸੁਣੋ, ਸਾਡੇ ਏਸ ਪੰਜਾਬ ਦੇ ਉਮਰ ਖ਼ਿਆਮ ਦੀ :

ਅਲਮਸਤ ਏ
ਆਵਾਜਾਈ ਬਰਸਾਤੀ ਨਦੀਆਂ ਦੀ।
ਪਰ ਲਗਦੀਆਂ ਨੇ ਪਿਆਸੀਆਂ,
ਬੁਲੀਆਂ ਪਰਬਤਾਂ ਦੀਆਂ ।
ਕੋਈ ਆਇਆ ਤੇ ਟੁਰ ਗਿਆ,
ਘਟੀ ਨਾ ਪਿਆਸ ।
ਮਿਟੀ ਨਾਂ ਤਰਿਸ਼ਨਾਂ ।
ਨਾਂ ਸੁੱਕੀ ਨਾਂ ਹਰੀ ਮੇਰੀ ਝੁੱਗੀ
ਨਾਂ ਪੂਰੀ ਨਾਂ ਅਧੂਰੀ ਮੇਰੀ ਤਾਂਗ ।
ਤੇ
ਮਾੜੇ ਮਾੜੇ ਤੀਲੇ
ਮੇਰੀ ਖਸਤਾ ਜਿਹੀ ਛੱਤ ਦੇ,
ਕਿਰਦੇ ਹੋਏ ਵਾਯੂ-ਚੋਹਲ ਨਾਲ
ਭੂਏਂ ਵਿਛੀ ਸਫ਼ ਮਸਤਾਨੀ ਨੂੰ
ਪੁੱਛ ਰਹੇ ਨ ਮੁੜ ਮੁੜ
‘ਕਦੋਂ ਆਸੋ ਤੁਸੀਂ ?'

ਅਸੀਂ ਅੱਜ ਕਲ ਗਜ਼ਲ ਦੇ ਯੁਗ ਵਿਚੋਂ ਲੰਗ ਰਹੇ ਹਾਂ ਅਤੇ ਆਮ ਗਜ਼ਲਗੋ ਆਪਣੇ ਕਲਾਮ ਨੂੰ ਬੜਾ ਉਛਾਲ ਕੇ ਬਿਆਨ ਕਰਨ ਵਿਚ ਭਾਰੀ ਫ਼ਖਰ ਮਹਿਸੂਸ ਕਰਦੇ ਹਨ ਅਤੇ ਕਈ ਉਰਦੂ ਅਦੀਬਾਂ ਦਾ ਦਾਹਵਾ ਹੈ ਕਿ ਪੰਜਾਬੀ ਵਿਚ ਗਜ਼ਲ ਅਜੇ ਉਰਦੂ ਤੋਂ ਬਹੁਤ ਪਿਛੇ ਹੈ। ਪਰ ਜੇ ਉਹ ਕਦੇ ਕਰਨਲ ਗੁਲੇਰੀਆ ਦੀਆਂ ਗਜ਼ਲਾਂ ਪੜ੍ਹ ਲੈਂਦੇ ਤਾਂ ਉਨ੍ਹਾਂ ਦੀ ਸਾਰੀ ਗਲਤ ਫ਼ਹਿਮੀ ਕਦੋਂ ਦੀ ਦੂਰ ਹੋ ਜਾਂਦੀ । ਮੈਂ ਨਮੂਣੇ ਵਜੋਂ ਆਪ ਦੀ ਇਕ ਗਜ਼ਲ ਦੇ ਕੁਝ ਸ਼ੇਅਰ ਦੇ ਰਿਹਾ ਹਾਂ, ਜੋ ਗਜ਼ਲ ਦੇ ਖੇਤਰ ਵਿਚ ਹਰ ਅਦਬੀ ਪੱਖ ਤੋਂ ਬਹੁਤ ਬਲੰਦ ਹਨ ਅਤੇ ਨਾਲ ਹੀ ਸੂਫ਼ੀਆਨਾ ਰੰਗੀਨੀ ਨਾਲ ਭੀ ਭਰਪੂਰ ਹਨ। ਫ਼ੇਰ ਲੁਤਫ਼ ਇਹੋ ਕਿ ਆਪ ਵਿਚ ਨਿਮ੍ਰਤਾ ਵੀ ਡੁਲ ਡੁਲ ਪੈ ਰਹੀ ਹੈ। ਆਪ ਲਿਖਦੇ ਹਨ :

ਸ਼ੋਹਰਤ ਮਿਲੀ ਗ਼ਰੀਬ ਨੂੰ
ਤੇਰੇ ਕਰਮ ਦੇ ਆਸਰੇ,
ਜਜ਼ਬਾ ਹੈ ਤੂੰ ਕਲਾਮ ਦਾ,
ਮੇਰਾ ਤੇ ਨਾਂ ਕੁਝ ਵੀ ਨਹੀਂ ।
ਜੇ ਤੂੰ ਨਹੀਂ ਤੇ ਸਾਈਆਂ
ਦੋਨੋਂ ਜਹਾਂ ਕੁਝ ਵੀ ਨਹੀਂ,
ਸਾਕੀ ਨਹੀਂ, ਸਾਗਰ ਨਹੀਂ,
ਪੀਰੇ ਮੁਗਾਂ ਕੁਝ ਵੀ ਨਹੀਂ ।
ਫਿਰਦੇ ਤੇਰੀ ਤਲਾਸ਼ ਵਿਚ
ਰਿੰਦ ਤੇ ਵਾਇਜ਼ ਰਾਤ ਦਿਨ,
ਤੇਰ ਵਜੂਦ ਤੋਂ ਬਿਨਾਂ,
ਕੋਨੋ ਮਕਾਂ ਕੁਝ ਵੀ ਨਹੀਂ।

ਇਕ ਫੌਜੀ ਨੂੰ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਕੁ ਪਿਆਰ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਕਰਨਲ ਗੁਲੇਰੀਆ ਜੀ ਦੀਆਂ ਇਨ੍ਹਾਂ ਲਾਈਨਾਂ ਤੋਂ ਲਗਾਓ :

ਜਿੰਦੜੀਏ ਗੁਰੂ ਨਾਨਕ ਬੋਲ ।
ਸਤਿਗੁਰ ਨਾਨਕ ਤੇਰੇ ਕੋਲ ।
ਦਵਾਰ ਦਵਾਰ ਨਾਂ ਐਵੇਂ ਟੋਲ,
ਭਟਕ ਭਟਕ ਨਾਂ ਜਿੰਦੜੀ ਰੋਲ।
ਨੈਣ-ਮੀਟ, ਦਿਲ-ਅੱਖੀਆਂ ਖੋਲ੍ਹ ।
ਸਤਿਗੁਰ ਨਾਨਕ ਤੇਰੇ ਕੋਲ ।
ਅਪਣੇ ਗਲ ਵਿਚ ਪਲੜੁ ਪਾ
ਇਕ ਪਲ ਦੇ ਲਈ ਸੀਸ ਨਵਾ,
ਗੁਰੂ ਨਾਨਕ ਗੁਰੂ ਨਾਨਕ ਧਿਆ
ਸਤਿਗੁਰ ਨਾਨਕ ਤੇਰੇ ਕੋਲ ।

ਮੇਜਰ ਹਰਚਰਨ ਸਿੰਘ ਜੀ ‘ਪਰਵਾਨਾ’

ਪੰਜਾਬ ਜ਼ਿੰਦਾ ਹੀ ਗੀਤਾਂ ਉਤੇ ਹੈ। ਇਸ ਸਚਾਈ ਨੂੰ ਸਾਰੇ ਸੰਸਾਰ ਵਿਚ ਹਿੱਕ ਦੇ ਜ਼ੋਰ ਸਿਧ ਕਰਨ ਵਿਚ ਮੇਜਰ ਹਰਚਰਨ ਸਿੰਘ ‘ਪ੍ਰਵਾਨਾ’ ਨੇ ਬੇਮਿਸਾਲ ਰੋਲ ਅਦਾ ਕੀਤਾ ਹੈ । ਇਕ ਸਿੰਘ, ਦੂਜਾ ਪੰਜਾਬੀ ਤੇ ਤੀਜਾ ਫੌਜੀ ਜਦ ਆਪਣੇ ਮਜ਼ਬੂਤ ਮੋਢਿਆਂ ਤੇ ਗੀਤਾਂ ਦੀ ਪੰਡ ਚੁਕ ਕੇ ਗੀਤਾਂ ਦੀ ਮੰਡੀ ਵਿਚ ਨਿਕਲਿਆ ਤਾਂ ਆੜਤੀ ਏਸ ਨਵੇਂ ਵਨਜਾਰੇ ਵਲ ਅੱਖਾਂ ਚੁਕ ਵੇਖਣ ਲਗ ਪਏ। ਗੀਤਾਂ ਦੀ ਮੰਡੀ ਵਿਚ ਕਈ ਗੀਤ-ਕਾਰ ਲੰਗਰ ਲੰਗੋਟੇ ਕੱਸੀ ਬੈਠੇ ਸਨ ਪਰ ਜਦ ‘ਪ੍ਰਵਾਨਾ’ ਜੀ ਨੇ ਆਪਣਾ ਐਉਂ ਹੋਕਾ ਦਿਤਾ :

ਜਿਨੇ ਗੀਤ ਪੀੜਾਂ ਦਾ ਗਾਇਆ ਨਹੀਂ ਏ।
ਉਹ ਸਮਝੋ ਕਿ ਦੁਨੀਆਂ ਤੇ ਆਇਆ ਨਹੀਂ ਏ ।
ਜਿਨੇ ਪੀੜ ਨੂੰ ਪੀੜ ਕਰਕੇ ਨਾ ਜਾਤਾ ।
ਨਾਂ ਪੀੜਾਂ ਦੇ ਵਿਚ ਸਵਾਦ ਗਮ ਦਾ ਪਛਾਤਾ ।
ਦੁਖ ਜੇ ਕਿਸੇ ਦਾ ਵੰਡਾਇਆ ਨਹੀਂ ਏ ।
ਉਹ ਸਮਝੋ ਕਿ......

ਤਾਂ ਸਭ ਸਿਰ ਸੁੱਟ ਕੇ ਸੋਚੀਂ ਪੈ ਗਏ।

‘ਪ੍ਰਵਾਨਾ’ ਦਿਨਾਂ ਵਿਚ ਮਾਲੀ ਜਿਤ ਕੇ ਲੈ ਗਿਆ ਤੇ ਏਸ ਫੌਜੀ ਦੀ ਚਾਰੇ ਪਾਸੋਂ ਵਾਹ ਵਾਹ ਹੋਣੀ ਸ਼ੁਰੂ ਹੋ ਗਈ ।

‘ਪ੍ਰਵਾਨਾ' ਜੀ ਨੇ ਫੌਜੀ ਭਾਈਆਂ ਦਾ ਪ੍ਰੋਗਰਾਮ ਆਲ ਇੰਡੀਆ ਰੇਡੀਓ ਤੋਂ ਬਹਾਦਰ ਸੈਨਿਕਾਂ ਦੀ ਦਿਲਚਸਪੀ ਲਈ ਸਾਲਾਂ ਦੇ ਸਾਲ ਪੇਸ਼ ਕੀਤਾ। ਫੌਜੀ ਵੀਰਾਂ ਵਿਚ ‘ਪ੍ਰਵਾਨਾ' ਜੀ ਦੇ ਗੀਤ ਇਸ ਕਦਰ ਪਾਪੂਲਰ ਹੋਏ ਕਿ ਸੈਨਿਕਾਂ ਦੇ ਪ੍ਰਵਾਰ ਵੀ ਆਪ ‘ਪ੍ਰਵਾਨੇ’ ਦੇ ਬੋਲ ਗੁਣਗੁਣਾਂਦੇ ਸੁਣੇ ਜਾਣ ਲਗ ਪਏ। ਇਕ ਅਤਿ ਹਰਮਨ ਪਿਆਰੇ ਫੌਜੀ ਗੀਤ ਦੀ ਵਨਗੀ ਵੇਖੋ :

ਵੀਰ ਜਵਾਨ, ਵੀਰ ਜਵਾਨ ।
ਦੇਸ਼ ਮੇਰੇ ਦੀ ਆਨ ਤੇ ਸ਼ਾਨ ।
ਦੇਸ਼ ਦੇ ਪਾਹਰੂ, ਵੈਰੀ ਤੇ ਭਾਰੂ।
ਪਾਪਾਂ ਦੇ ਮਾਰੂ, ਦੇਸ਼ ਉਸਾਰੂ ।
ਬੜੇ ਹਠੀਲੇ ਤੇ ਫੁਰਤੀਲੇ ।
ਰੰਗ ਰੰਗੀਲੇ ਛੈਲ ਛਬੀਲੇ ।
ਨਚਦੇ ਕੁਦੱਦੇ ਭੰਗੜੇ ਪਾਣ,
ਵੀਰ ਜਵਾਨ।
ਹਸਦੇ ਹਸਦੇ ਸੂਲੀ ਚੜ੍ਹਦੇ,
ਫਾਂਸੀ ਚੜ੍ਹਦੇ ਦੇਸ਼ ਤੋਂ ਮਰਦੇ ।
ਜੋਰ ਲਗਾਂਦੇ, ਅਗੇ ਜਾਂਦੇ,
ਜਿਥੇ ਜਾਂਦੇ ਧੁੰਮਾਂ ਪਾਂਦੇ।
ਦੇਸ਼ ਦੀ ਸ਼ਾਨ ਵਧਾਂਦੇ ਜਾਣ।
ਵੀਰ ਜਵਾਨ ।

ਭਾਰਤੀ ਤਰੰਗੇ ਝੰਡੇ ਦੀ ਉਚੀ ਸ਼ਾਨ ਦਾ ਗੀਤ ਕੇਵਲ ਇਕ ਦੇਸ਼ ਭਗਤ ਸਿੱਖ ਸਿਪਾਹੀ ਹੀ ਗਾ ਸਕਦਾ ਹੈ, ਦੂਜਾ ਨਕਲ ਭਾਵੇਂ ਪਿਆ ਕਰੇ ਅਸਲ ਦੇ ਨੇੜੇ ਨਹੀਂ ਪੁਜ ਸਕਦਾ। ‘ਪ੍ਰਵਾਨਾ' ਜੀ ਦੇ ਤਿਰੰਗੇ ਲਈ ਜਜ਼ਬਾਤ ਮੁਲ੍ਹਾਜ਼ਾ ਫਰਮਾਓ :

ਦੇਸ਼ ਮੇਰੇ ਦੀ ਸ਼ਾਨ ਤਿਰੰਗਾ,
ਦੇਸ਼ ਦੀ ਹੈ ਆਨ ਤਿਰੰਗਾ ।
ਸਾਡੀ ਹੈ ਜਿੰਦ ਜਾਨ,
ਤਿਰੰਗਾ ਉੱਚ ਝੁਲਾਵਾਂਗੇ,
ਦੇਸ਼ ਦੀ ਸ਼ਾਨ ਵਧਾਵਾਂਗੇ ।
ਇਸ ਝੰਡੇ ਦੇ ਰੰਗਾਂ ਅੰਦਰ,
ਪਿਆਰਾਂ ਦੀ ਹੈ ਰੀਤ ਭਰੀ ।
ਸਤ, ਅਹਿੰਸਾ, ਦਯਾ, ਧਰਮ,
ਤੇ ਦੇਸ ਦੀ ਸੱਚੀ ਪ੍ਰੀਤ ਭਰੀ ।
ਮਿਲਿਆ ਹੈ ਵਰਦਾਨ ਤਿਰੰਗਾ,
ਦੇਸ਼ ਮੇਰੇ ਦੀ ਸ਼ਾਨ ਤਿਰੰਗਾ,
ਉੱਚ ਝੁਲਾਵਾਂਗੇ......

‘ਪ੍ਰਵਾਨਾ’ ਜਵਾਨ ਨੂੰ ਜਦ ਵੰਗਾਰਦਾ ਹੈ ਤਾਂ ਵੇਖੋ ਇਹਦੇ ਲੂੰ ਲੂੰ ਵਿਚੋਂ ਸਿੱਖੀ ਕਿਵੇਂ ਫੁਟ ਫੁਟ ਨਿਕਲਦੀ ਹੈ :

ਹੇ ਜਵਾਨੋ-ਤੁਹਾਨੂੰ ਦੇਸ਼ ਨੇ ਪੁਕਾਰਿਆ।
ਹੇ ਜਵਾਨੋ-ਅੱਜ ਵੈਰੀ ਲਲਕਾਰਿਆ।
ਹੇ ਜਵਾਨੋ-ਸਾਡੀ ਅਣਖ ਨੂੰ ਵੰਗਾਰਿਆ।
ਹੇ ਜਵਾਨੋ-ਸਾਡਾ ਪਿਆਰ ਦੁਰਕਾਰਿਆ।
ਹੇ ਜਵਾਨੋ-ਵੇਲਾ ਆਇਆ ਇਮਤਿਹਾਨ ਦਾ ।
ਹੇ ਜਵਾਨੋ-ਸੱਚ ਝੂਠ ਦੀ ਪਛਾਣ ਦਾ।
ਹੇ ਜਵਾਨੋ-ਸਹੋਂ ਜਲਿਆਂ ਵਾਲੇ ਬਾਗ ਦੀ ।
ਹੇ ਜਵਾਨੋ-ਸਹੋਂ ਤੁਹਾਨੂੰ ਸੋਹਣੇ ਪੰਜਾਬ ਦੀ ।
ਹੇ ਜਵਾਨੋ-ਸਹੋਂ ਖਾ ਲੋ ਸੀਸ ਗੰਜ ਦੀ ।
ਹੇ ਜਵਾਨੋ-ਸਹੋਂ ਖਾ ਲੌ ਸਰਹੰਦ ਦੀ ।
ਹੇ ਜਵਾਨੋ-ਤੁਸੀਂ ਨਲਵੇ ਦੇ ਲਾਲ ਹੋ।
ਹੇ ਜਵਾਨੋ-ਫੂਲਾ ਸਿੰਘ ਦੀ ਮਿਸਾਲ ਹੋ ।

ਪੰਜਾਬ ਨੂੰ ਸਾਰਾ ਸੰਸਾਰ ਭਾਰਤ ਦੀ ਫੌਲਦੀ ਬਾਂਹ ਮੰਨਦਾ ਹੈ ਅਤੇ ਜਦ ਵੀ ਭਾਰਤ ਉਤੇ ਕਿਸੇ ਨੁਕਰੋਂ ਹਮਲਾ ਵੀ ਹੋਵੇ, ਪੰਜਾਬ ਦਾ ਜਵਾਨ ਉਥੇ ਜਾ ਗਜਦਾ ਹੈ ਤੇ ਠਲ ਪਾ ਦੇਂਦਾ ਹੈ। ਚੀਨ ਦੇ ਹਮਲੇ ਸਮੇਂ ਪੰਜਾਬੀ ਸੂਰਬੀਰਾਂ, ਖਾਸ ਕਰ ਗੁਰੂ ਦੇ ਸਿੰਘਾਂ, ਹਿਮਾਲੀਆ ਉਤੇ ਜਿਸ ਜਜ਼ਬੇ ਨਾਲ ਆਪਣੀ ਬੀਰਤਾ ਵਿਖਾਈ, ਉਸਦਾ ਵਰਨਣ ਸੁਣੋ ‘ਪ੍ਰਵਾਨੇ’ ਦੀ ਰਸੀਲੀ ਆਵਾਜ਼ ਵਿਚ:

ਹੱਥ ਜਿਹੜੇ ਬੀਜਦੇ ਸੀ, ਬਾਜਰੇ, ਕਣਕਾਂ ਤੇ ਧਾਨ ।
ਅੱਜ ਟੈਂਕ, ਤੋਪ, ਗੋਲੇ ਛਡਦੇ ਨੇ ਤਾਨ ਤਾਨ ।
ਅੱਖੀਆਂ ਵਿਚ ਵਸਦੀ ਕੋਈ ਝਲਕ ਸੀ ਦਿਲਦਾਰ ਦੀ ।
ਅੱਜ ਉਹ ਅੱਖ ਚੁਣ ਚੁਣ ਵੈਰੀਆਂ ਨੂੰ ਮਾਰਦੀ ।
ਕਲਮ ਜਿਹੜੀ ਲਿਖ ਰਹੀ ਸੀ ਗੀਤ ਪ੍ਰੀਤ ਪਿਆਰ ਦੇ।
ਅੱਜ ਓਸ 'ਚੋਂ ਛੁਟਦੇ ਪਏ, ਜੌਹਰ ਨੇ ਤਲਵਾਰ ਦੇ ।
ਭੰਗੜੇ ਤੇ ਗਿਧਿਆਂ 'ਚ ਨੱਚੀਆਂ ਜੋ ਅੱਡੀਆਂ ।
ਅੱਜ ਉਹ ਬਰਫਾਨੀਆਂ, ਜਾਂ ਚੋਟੀਆਂ ਤੇ ਗਡੀਆਂ।
ਕੌਣ ਹੈ ਜਿਸ ਨੇ ਮਚਾਇਆ ਆਣ ਕੇ ਸਾਰਾ ਫਤੂਰ,
ਅੱਤ ਚੁੱਕੀ, ਸ਼ਰਮ ਲਾਹੀ ਅਗ ਲਾਈ ਦੂਰ ਦੂਰ ।
ਉਹ ਹੈ ਮਾਊ, ਉਹ ਹੈ ਚਾਊ ਕੰਸ ਤੇ ਰਾਵਣ ਬਣੇ ।
ਵਿਸ਼ਵ ਤੇ ਮਥੇ ਤੇ ਇਹ ਕਲੰਕ ਨੇ ਦੋਵੇਂ ਜਣੇ ।
ਪਰ ਅਸੀਂ ਹਿੰਦੀ ਹਾਂ ਸਾਡੀ ਤਿਰੰਗਾ ਸ਼ਾਨ ਹੈ।
ਰਾਮ ਅਤੇ ਕਿਰਸ਼ਨ ਦੀ ਧਰਤੀ ਤੇ ਸਾਨੂੰ ਮਾਨ ਹੈ।

ਅਤੇ ‘ਪ੍ਰਵਾਨਾ’ ਜੀ ਭਾਰਤੀ ਸੈਨਿਕ ਦਾ ਦ੍ਰਿੜ ਫੈਸਲਾ ਵੇਖੋ ਐਸੇ ਜੰਗੀ ਹਾਲਾਤ ਵਿਚ ਕੈਸਾ ਸ਼ਾਨਦਾਰ ਤੇ ਅਣਖੀਲਾ ਪੇਸ਼ ਕਰਦੇ ਹਨ :

ਭਾਰਤ ਮਾਂ ਦੀ ਲਾਜ ਤੇ
ਜਿਸ ਪਾਪੀ ਨੇ ਹੱਥ ਉਠਾਇਆ ਏ।
ਤੋੜ ਕੇ ਨਾਤਾ ਪੰਚ-ਸ਼ੀਲ ਦਾ,
ਸਾਨੂੰ ਆਣ ਸਤਾਇਆ ਦੇ ।
ਓਸ ਵੈਰੀ ਨੂੰ ਧੌਣੋ ਫੜਕੇ,
ਗਾਜਰ ਵਾਂਗ ਮਰੋੜਾਂਗੇ।

ਫੌਜੀ ਕਿਸੇ ਵੀ ਦੇਸ਼ ਦਾ ਹੋਵੇ, ਉਹ ਗ੍ਰਹਿਸਤੀ ਜੀਵਨ ਵਿਚ ਸਭ ਕੁਝ ਹੋ ਸਕਦਾ ਹੈ ਪਰ ਬਣੀਆਂ ਨਹੀਂ ਹੋ ਸਕਦਾ। ‘ਪ੍ਰਵਾਨਾ' ਮੈਂ ਬਣੀਏ ਦੇ ਰੂਪ ਵਿਚ ਵੀ ਡਿੱਠਾ ਹੈ ਪਰ ਇਹ ਬਣੀਆਂ ਦੁਨੀਆਂ ਤੋਂ ਅਨੋਖਾ ਹੀ ਹੈ ਤੇ ਇਹਨੂੰ ਸਵਾਏ ਪਿਆਰ ਦੇ ਲੇਖੇ ਜੋਖੇ ਦੇ ਹੋਰ ਸਰਮਾਏਦਾਰਾਂ ਵਾਲੀ ਗਿਣਤੀ ਮਿਨਤੀ ਨਹੀਂ ਆਉਂਦੀ। ਪਿਆਰ ਦੀ ਵਹੀ ਫੋਲਦਾ ‘ਪ੍ਰਵਾਨਾ ਧਿਆਨ ਨਾਲ ਨੀਝ ਲਾ ਕੇ ਵੇਖੋ, ਕਿਵੇਂ ਏਸ ਖੇਤ੍ਰ ਦੇ ਲੈਜਰ ਦੇ ਮਾਹਿਰਾਂ ਨੂੰ ਮਾਤ ਕਰਦਾ ਹੈ। ਮੈਂ ਏਸ ‘ਪਿਆਰਾਂ ਦਾ ਲੇਖਾ’ ਗੀਤ ਉਤੇ ਇਹਨੂੰ ਵਧਾਈ ਦਿਤੇ ਬਿਨਾਂ ਰਹਿ ਨਹੀਂ ਸਕਦਾ। ਬੜਾ ਹੀ ਕਵਾਰਾ ਤੇ ਅਨ-ਛੋਹ ਲੇਖਾ ਪੇਸ਼ ਕਰਦਾ ਹੈ :

ਆ ਨੀਂ ਜਿੰਦੇ ਲੇਖਾ ਕਰੀਏ,
ਲੇਖਾ ਆਪਣੇ ਪਿਆਰਾਂ ਦਾ।
ਨਾਪ ਤੋਲ ਹਿਸਾਬ ਲਗਾਈਏ,
ਮਾਹੀਏ ਦੇ ਇਕਰਾਰਾਂ ਦਾ।
ਕਿਨੀਆਂ ਕੁ ਧਰਤੀ ਤੇ ਔਸੀਆਂ ਪਾਈਆਂ
ਕਿਨੇ ਕੁ ਅੰਬਰਾਂ ਦੇ ਗਿਣੇ ਨੇ ਤਾਰੇ,
ਕਿਨੇ ਕੁ ਨੈਣਾਂ 'ਚੋਂ ਹੰਝੂ ਕੇਰੇ,
ਕਿਨੇ ਕੁ ਓਸ ਨੇ ਲਾਏ ਨੇ ਲਾਰੇ ।
ਆ ਨੀ ਜਿੰਦੇ ਅੰਤਰ ਕਢੀਏ
ਪਤ-ਝੜ ਅਤੇ ਬਹਾਰਾਂ ਦਾ।
ਕਿਨੀਆਂ ਕੁ ਹੁਣ ਤਕ ਪੀੜਾਂ ਸਹੀਆਂ,
ਕਿਨੇ ਕੁ ਹੰਢੇ ਨੇ ਜਗਰਾਤੇ ।
ਕਿਨੀ ਕੁ ਓਸ ਹਮਦਰਦੀ ਕੀਤੀ,
ਕਿਨੇ ਕੁ ਸਾਡੇ ਰੋਗ ਪਛਾਤੇ ।
ਆ ਨੀਂ ਜਿੰਦੇ ਮਿੱਧ ਮਿੱਧ ਚਖੀਏ,
ਸੁਆਦ ਹਿਜਰ ਦੀਆਂ ਮਾਰਾਂ ਦਾ।
ਕਿਨੇ ਕੁ ਹੁਣ ਤਕ ਪੰਧ ਮੁਕਾਏ,
ਕਿਨੀਆਂ ਕੁ ਹਾਲਾਂ ਨੇ ਰਹਿੰਦੀਆਂ ਵਾਟਾਂ,
ਕਿਨੇ ਕੁ ਅਜੇ ਨੇ ਛਾਲੇ ਫਿਸਨੇ,
ਕਿਨੀਆਂ ਕੁ ਹਾਲੇ ਨੇ ਪੈਣੀਆਂ ਤ੍ਰਾਟਾਂ ।
ਆ ਨੀਂ ਜਿੰਦੇ ਨਿਰਣਾ ਕਰੀਏ,
ਜਿਤਾਂ ਦਾ ਤੇ ਹਾਰਾਂ ਦਾ।

ਗੁਰੂ ਨਾਨਕ ਸਾਹਿਬ ਦੇ ਉਪਕਾਰ ਦੀ ‘ਪ੍ਰਵਾਨਾ’ ਜੀ ਦੀ ਜ਼ਬਾਨੀ ਸੁਣੋ :-

ਜੋ ਜੀਵਨ ਜਾਚ ਸਿਖਾਉਂਦੀ ਏ,
ਬਾਬਾ ਉਹ ਤੇਰੀ ਜਪੁਜੀ ਹੈ ।
ਜੋ ਆਸ ਪੁਜਾਉਂਦੀ ਹੈ ਸਭ ਨੂੰ,
ਤੇਰੀ ਆਸਾ ਦੀ ਵਾਰ ਹੈ ਉਹ।
ਸੱਚ-ਧਰਮ ਦੀ ਕਿਰਤ ਵਿਰਤ ਕਰਕੇ,
ਵੰਡ ਛਕਣਾ ਜਪਨਾ ਵਾਹਿਗੁਰੂ,
ਜਿਸ ਨੂੰ ‘ਪਰਵਾਨਾ’ ਲੋਚ ਰਿਹਾ,
ਸਤਿਨਾਮ ਦਾ ਹੀ ਭੰਡਾਰ ਹੈ ਉਹ।
ਇਸ ਭੁਲੀ ਭਟਕੀ ਦੁਨੀਆਂ ਨੂੰ,
ਬਾਬੇ ਤੂੰ ਰਾਹੇ ਪਾ ਦਿਤਾ ।
ਇਹ ਜਗਤ-ਜਲੰਦਾ ਤਾਰਨ ?
ਤੇਰਾ ਹੀ ਪਰਉਪਕਾਰ ਹੈ ਉਹ।

ਇਕ ਫੌਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹੀਦੀ ਦੀ ਉਪਮਾ ਵੇਖੋ ਕਿਵੇਂ ਕਰਦਾ ਹੈ :

ਐ ਸਿਰਤਾਜ ਸ਼ਹੀਦਾਂ ਦੇ ਗੁਰੂ ਅਰਜਨ,
ਮਹਿਮਾਂ ਕਰ ਨਾਂ ਸਕਾਂ ਬਿਆਨ ਤੇਰੀ।
ਕਿਹੋ ਜਿਹੇ ਤੂੰ ਪਰਉਪਕਾਰ ਕੀਤੇ,
ਦਸੀ ਜਾਵੇ ਨਾਂ ਮੇਰੇ ਤੋਂ ਸ਼ਾਨ ਤੇਰੀ ।
ਝੱਲੇ ਕਸ਼ਟ ਤੇ ਕਸ਼ਟ ਮਿਟਾਏ ਸਭੇ,
ਖ਼ਾਤ੍ਰ ਧਰਮ ਦੇ ਵਾਰੀ ਗਈ ਜਾਨ ਤੇਰੀ ।
ਅੱਖਰ ਅੱਖਰ ਇਤਿਹਾਸ ਦਾ ਬੋਲਦਾ ਏ,
ਹਸਤੀ ਉਚੀ ਏ ਵਿਚ ਜਹਾਨ ਤੇਰੀ।
ਤੈਥੋਂ ਪਹਿਲਾਂ ਵੀ ਕਈ ਕੁਰਬਾਨ ਹੋਏ,
ਪਰ ਨਾ ਤੇਰੇ ਜਿਹਾ ਕਿਸੇ ਕਮਾਲ ਕੀਤਾ ।
ਇਸਮਾਈਲ, ਮਨਸੂਰ ਜਿਹੇ ਕੰਬ ਉਠੇ,
ਕਰਨੀ ਜਿਹੀ ਤੂੰ ਬੇ-ਮਿਸਾਲ ਕੀਤੀ ।

ਮੇਜਰ ‘ਪ੍ਰਵਾਨਾ ਦਰ ਅਸਲ ਬੜਾ ਡੂੰਗਾ, ਫ਼ਲਾਸਫ਼ਰ-ਕਵੀ ਹੈ। ਇਹਦੇ ਗਿਆਨ ਦੀ ਉਚਾਈ ਦਾ ਭਲਾ ਅੰਦਾਜ਼ਾ ਕੋਈ ਕਿਵੇਂ ਲਾਏ ਜਦ ਇਹ ਅੱਖ ਦੇ ਫੋਰ ਵਿਚ ਸਭ ਅਕਾਸ਼ ਟਪ ਜਾਂਦਾ ਹੋਵੇ। ਨਹੀਂ ਯਕੀਨ ਤੇ ਆਪ ਕਿਆਸਆਰਾਈ ਕਰ ਲੌ :

ਜ਼ਿੰਦਗੀ ਨੂੰ ਜ਼ਿੰਦਗੀ ਹੈ ਖਾ ਰਹੀ,
ਮੌਤ ਨੂੰ ਪਰ ਮੌਤ ਕਿਉਂ ਆਉਂਦੀ ਨਹੀਂ ।

ਪਰਕਾਸ਼ ਜੀ ‘ਸਾਥੀ’

ਪਰਕਾਸ਼ ‘ਸਾਥੀ' ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ ਜਦ ਇਹ ਜਵਾਨੀ ਚੜ੍ਹ ਰਿਹਾ ਸੀ, ਭਾਵ ਅੱਜ ਤੋਂ ਲਗਪਗ ੨੮ ਸਾਲਾਂ ਤੋਂ। ਉਹਦੋਂ ਇਹ ਆਪਣੇ ਵਿਆਹ ਦੀ ਤਲਾਸ਼ ਵਿਚ ਸੀ ਤੇ ਹੁਣ ਇਹ ਆਪਣੇ ਬੱਚਿਆਂ ਦੇ ਵਰ ਢੂੰਡਦਾ ਫਿਰਦੈ ।

ਅਸੀਂ ਸੰਜੋਗ ਦੇ ਬਹੁਤ ਕਾਇਲ ਹਾਂ । ਸ਼ਾਇਦ ਸਾਡੇ ਵੀ ਦੋਹਾਂ ਦੇ ਸੰਜੋਗਾਂ ਵਿਚ ਐਉਂ ਹੀ ਲਿਖਿਆ ਹੋਏਗਾ ਕਿ ਇਹ ਕਵੀ ਦਰਬਾਰਾਂ ਵਿਚ ਮਿਲਦਾ ਮਿਲਦਾ ਮੇਰੇ ਬਹੁਤ ਨੇੜੇ ਆ ਗਿਆ। ‘ਸਾਥੀ’ ਦੀ ਬੋਲੀ ਵਿਚ ਆਖਰਾਂ ਦੀ ਮਠਾਸ ਨੇ ਮੈਨੂੰ ਉਹਦਾ ਬਣਾ ਲਿਆ । ਆਖ਼ਰ ਸਿਆਲਕੋਟੀ ਬੋਲੀ ਜੋ ਹੋਈ, ਪੋਨੇ ਗੰਨੇ ਵਾਂਗ ਮੁਰਕਨੀ ਤੇ ਸ਼ਹਿਦ ਤੋਂ ਵੱਧ ਮਿੱਠੀ । ਮੈਂ ਭਾਵੇਂ ਚੰਗੇ ਤੋਂ ਚੰਗਾ ਗਾਣਾ ਰੇਡੀਓ ਤੇ ਗਾਇਆ ਜਾ ਰਿਹਾ ਸੁਣਿਆ ਅਨ ਸੁਣਿਆ ਕਰ ਲਵਾਂ ਪਰ “ਮੁੰਡਿਆ ਸਿਆਲ ਕੋਟੀਆ” ਵਾਲਾ ਰੀਕਾਰਡ ਵਜਦਾ ਮੈਨੂੰ ਆਪਣੇ ਵਿਚ ਜ਼ਰੂਰ ਗੜੂੰਦ ਕਰ ਲਵੇਗਾ। ਮੇਰੇ ਲਈ ਇਹ ਗੀਤ ਕਦੇ ਪੁਰਾਣਾ ਨਹੀਂ ਹੋ ਸਕਦਾ । ਮੇਰੇ ਵਤਨ ਦੀ ਬੋਲੀ ਨੇ ਮੇਰੀ ਤੇ ‘ਸਾਥੀ' ਦੀ ਸਾਂਝ ਪਕੇਰੀ ਕਰਵਾਈ । ਇਕ ਕਵੀ ਦਰਬਾਰ ਵਿਚ ਮੈਂ ਜਦ ਇਹਦੀ ਇਕ ਕਵਿਤਾ ਸੁਣੀ ਤਾਂ ਉਹਦੇ ਇਕ ਅਣਖੀਲੇ ਨਵੇਂ ਨਰੋਏ ਦਿਲਕਸ਼ ਖਿਆਲ ਨੇ ਮੈਨੂੰ ਇਹਦਾ ਦੀਵਾਨਾ ਬਣਾ ਦਿਤਾ। ਉਹ ਖਿਆਲ ਸੀ :

ਤੂੰ ਬੰਦੇ ਬਣਾ ਲੈਨੈਂ ਰੱਬਾ,
ਕਵਿਤਾ ਬਣਾਨਾ ਮੈਂ,
ਤੇਰੇ ਵਾਂਗ ਮੈਨੂੰ ਪਰ
ਮੂੰਹ ਛੁਪਾਣਾ ਨਹੀਂ ਆਉਂਦਾ ।

ਬੜਾ ਅਜੀਬ ਕਿਸਮ ਦਾ ਕਵੀ ਏ ਪਰਕਾਸ਼ ! ਛੋਟੇ ਮੋਟੇ ਨਾਲ ਤੇ ਇਹ ਆਪਣਾ ਮੁਕਾਬਲਾ ਹੀ ਨਹੀਂ ਕਰਦਾ ਤੇ ਹੁਣ ਜਦ ਇਹ ਵਿਦੇਸ਼ਾਂ ਵਿਚ ਭੀ ਆਪਣਾ ਸਿੱਕਾ ਚਲਾ ਆਇਆ ਹੋਵੇ । ਇਹ ਠੀਕ ਹੈ ਕਿ ਸਰ ਮੁਹੰਮਦ ਇਕਬਾਲ (ਸਿਆਲਕੋਟੀ) ਨੇ ਖੁਦਦਾਰੀ ਦਾ ਪ੍ਰਭਾਵ ਪੰਜਾਬੀਆਂ ਵਿਚ ਬਹੁਤ ਭਰਿਆ ਪਰ ਪਰਕਾਸ਼ ਤਾਂ ਲੱਠ ਹੀ ਟੱਪ ਗਿਆ ਹੈ। ਇਸਲਾਮੀ ਦਰਿਸ਼ਟੀਕੋਨ ਤੋਂ ਇਹ ਏਸ ਹਦ ਤਕ ਕਾਫ਼ਰ ਹੋ ਜਾਂਦਾ ਹੈ ਕਿ ਕਦੇ ਬਖਸ਼ਿਆ ਹੀ ਨਾਂ ਜਾ ਸਕੇ। ਇਹ ਤਾਂ ਰੱਬ ਨਾਲ ਆਡਾ ਲਾਣ ਨੂੰ ਨਿਰਾਲੀ ਅਣਖ ਤੇ ਨਿਰਾਲਾ ਫ਼ਖਰ ਸਮਝਦਾ ਹੈ। ਜੋ ਗਲਾਂ ਵਾਰਿਸ ਸਹਿਤੀ ਦੇ ਮੂੰਹੋਂ ਨਹੀਂ ਅਖਵਾ ਸਕਿਆ, ‘ਸਾਥੀ’ ਅਡੋਲ ਹੀ ਮੂੰਹੋ ਕਢ ਮਾਰਦਾ ਹੈ, ਜਿਵੇਂ :

ਮੇਰੀ ਕਵਿਤਾ ਕਈ ਵੇਰਾਂ ਪਹਾੜਾਂ ਨਾਲ ਟਕਰਾਏ,
ਗ਼ਮਾਂ ਨਾਲ ਤੇਰੇ ਬੰਦੇ ਨੂੰ ਖਹਿਣਾਂ ਨਹੀਂ ਆਉਂਦਾ ।
ਮੇਰੀ ਜੇ ਜਾਨ ਲੈਣੀ ਆ ਤੇ ਆ ਚਲ ਕੇ ਮੇਰੇ ਦਰ ਤੇ,
ਮੇਰੇ ਦਰ ਤੇ ਕੋਈ ਆਵੇ, ਨਾਂਹ ਕਹਿਣਾ ਨਹੀਂ ਆਉਂਦਾ !

ਮੈਨੂੰ ‘ਸਾਥੀ' ਕੋਲੋਂ ਕਈ ਘੰਟੇ ਲਗਾਤਾਰ ਉਹਦੀ ਕਵਿਤਾ ਸੁਣਨ ਦਾ ਫਖ਼ਰ ਪ੍ਰਾਪਤ ਹੋਇਆ ਹੈ। ਜੇ ਮੈਂ ਇਹ ਕਹਿ ਦਿਆਂ ਤਾਂ ਵਧੇਰਾ ਚੰਗਾ ਹੋਵੇਗਾ ਕਿ ਮੈਂ ਰਾਗ ਤੇ ਜਵਾਨੀ ਨੂੰ ਇਕੋ ਵਕਤ ਤੇ ਇਕੋ ਥਾਂ ਕਿਸੇ ਦੀ ਯਾਦ ਵਿਚ ਨਚਦਾ ਵੇਖਿਆ ਹੈ ਤਾਂ ਉਹ ‘ਸਾਥੀ' ਦੀ ਕਵਿਤਾ ਵਿਚ । ‘ਸਾਥੀ' ਦੀ ਕਵਿਤਾ ਵਿਚ ਵਲਵਲਾ ਹੈ, ਰਾਗ ਵਿਚ ਸੋਜ਼ ਹੈ ਤੇ ਜਵਾਨੀ ਵਾਲੀ ਬਿਰਹਾ ਦੀ ਅੱਗ। ਇਹ ਠੀਕ ਹੈ ਕਿ ‘ਸਾਥੀ' ਦੀਆਂ ਅੱਖਾਂ ਨੇ ਕਿਸੇ ਦੀ ਜਾਗੀ ਯਾਦ ਵਿਚ ਮੇਰੇ ਸਾਹਮਣੇ ਅਥਰੂ ਨਹੀਂ ਕੇਰੇ ਪਰ ਇਹਦੀਆਂ ਫਰਕਦੀਆਂ ਬੁਲੀਆਂ ਨੇ ਇਹਦੇ ਡੂੰਘੇ ਜ਼ਖਮਾਂ ਦੀਆਂ ਲੁਕਵੀਆਂ ਪੀੜਾਂ ਨੂੰ ਨੰਗਿਆਂ ਕਰਨ ਵਿਚ ਕੋਈ ਕਸਰ ਨਹੀਂ ਛਡੀ । ਮੇਰਾ ਨਿਸਚਾ ਹੈ ਕਿ ਕਿਸੇ ਇਕਾਂਤ ਵਿਚ ਬਹਿ ਕੇ ਪਰਕਾਸ਼ ਇਹ ਸਤਰਾਂ ਪੜ੍ਹ ਪੜ੍ਹ ਜ਼ਰੂਰ ਹੀ ਫ਼ੁਟ ਫ਼ੁਟ ਰੋਂਦਾ ਹੋਵੇਗਾ :

ਜਿਸ ਨੇ ਮੇਰੀ ਕਲਮ ਦੇ ਅੰਦਰ,
ਭਰੀ ਪਿਆਰ ਦੀ ਸ਼ਾਹੀ ਸੀ ।
ਓਸ ਦੀ ਤਸਵੀਰ ਬਣਾ ਕੇ,
ਹੰਜੂਆਂ ਦਾ ਰੰਗ ਭਰਦਾ ਹਾਂ ।

ਮੈਨੂੰ ਰੀਝ ਰਹੀ ਹੈ ਕਿ ਪਰਕਾਸ਼ ਨੇ ਮੇਰੇ ਸਾਹਮਣੇ ਮੋਟੇ ਮੋਟੇ ਹੰਜੂ ਕਿਉਂ ਨਹੀਂ ਕੇਰੇ। ਕਵੀ ਲਈ ਤੇ ਫੇਰ ‘ਸਾਥੀ' ਜੈਸੇ ਕਵੀ ਲਈ, ਆਏ ਹੋਏ ਗਲੇਡੂ ਡਕਨੇ ਸੋਭਾ ਤੇ ਨਹੀਂ ਦੇਂਦੇ ਤੇ ਪਲਕਾਂ ਦੀ ਪਨਾਹ ਲੈਣੀ ਅਣਖ ਦੇ ਉਲਟ ਹੈ, ਪਰ ਐਉਂ ਦਿਸਦਾ ਹੈ ਜਿਵੇਂ ਇਹ ਮੇਰੀ ਕਹਾਣੀ ਲਿਖਣ ਦੀ ਆਦਤ ਤੋਂ ਡਰ ਗਿਆ ਹੋਵੇ ਕਿਉਂਕਿ ਮੈਨੂੰ ਲਗਦੈ ਜਿਵੇਂ ਪਹਿਲਾਂ ਕਿਸੇ ਉਹਦੇ ਅਥਰੂਆਂ ਦਾ ਨਰਾਦਰੀ ਨਾਲ ਅਫਸਾਨਾ ਘੜਿਆ ਹੋਵੇ। ਜਿਵੇਂ ਉਹ ਕਹਿੰਦੈ :

ਲੁਕ ਕੇ ਹੰਜੂ ਸੀ ਕੇਰੇ ਪਰ ਪਤਾ ਨਹੀਂ ਲਗਦਾ,
ਕਿਸ ਘੜੀ ਲੋਕਾਂ ਨੂੰ ਉਹ ਮੇਰੀ ਕਹਾਣੀ ਕਹਿ ਗਏ ।

ਕਹਾਣੀ ਲਈ ਤਾਂ ਮੈਨੂੰ ਇਹਦੀਆਂ ਐ ਦੋ-ਸਤਰਾਂ ਬੜਾ ਟਰੈਜਿਕ ਪਲਾਟ ਦੇ ਰਹੀਆਂ ਹਨ ਜੋ ਕਦੇ ਮੇਰੀ ਚੰਗੀ ਦੁਖਾਂਤੀ ਕਹਾਣੀ ਬਣਾ ਜਾਣਗੀਆਂ :

ਲਾਸ਼ ਹਾਲੇ ਵੀ ਪਈ ਹਸਦੀ ਸੀ ਅੱਖੀਆਂ ਮੀਟ ਕੇ।
ਜਦ ਕਿਸੇ ਦਿਲਦਾਰ ਦੇ ਲਈ ਕਫ਼ਨ ਉਠਵਾਇਆ ਗਿਆ।

‘ਸਾਥੀ' ਦੀ ਕਵਿਤਾ ਵਿਚ ਰੁਮਾਂਚਕ ਢੰਗ ਦਾ ਗੂਹੜਾ ਫਲਸਫ਼ਾ ਹੈ । ਇਹ ਨਿਰਾ ਜਜ਼ਬਾਤ ਦੀ ਰੌ ਵਿਚ ਕਵਿਤਾ ਨਹੀਂ ਕਹੀ ਜਾਂਦਾ ਸਗੋਂ ਵਿਚਾਰ ਸ਼ਕਤੀ ਤੋਂ ਕੰਮ ਲੈ ਕੇ ਤੇ ਚੋਣਵੇਂ ਮੋਤੀਆਂ ਨੂੰ ਲਸ਼ਕਾ ਮਾਂਝ ਕੇ ਸ਼ੇਅਰ ਕਹਿੰਦਾ ਹੈ। ਦੇਖੋ ਇਹ ਅਲਬੇਲਾ ਕਵੀ ਆਪਣੇ ਜਨਮ ਦੇ ਕਾਰਨ ਨੂੰ ਕਿਵੇਂ ਨਵੇਂ ਤਖ਼ੀਅਲ ਵਿਚ ਬਿਆਨ ਕਰਦਾ ਹੈ :

ਹੂਰਾਂ ਮੇਰੇ ਗੀਤ ਸੁਣ
ਬਾਗੀ ਨ ਹੋ ਜਾਵਣ ਕਿਤੇ,
ਏਸ ਲਈ ਜੱਨਤ 'ਚੋਂ ਮੈਨੂੰ
ਬਾਹਿਰ ਕਢਵਾਇਆ ਗਿਆ।

ਤੇ ਆਪਣੀ ਸਜਨੀ ਦੀ ਗੰਭੀਰਤਾ ਨੂੰ ਬਿਆਨ ਕਰਨ ਵਿਚ ਇਹਦਾ ਨਵਾਂ ਠਾਠ ਹੈ, ਨਵਾਂ ਰੰਗ ਹੈ, ਨਵਾਂ ਤਰੰਗ ਹੈ। ਨਾਲੇ ਗ਼ਜ਼ਲ ਦੇ ਬਹਿਰ ਤੇ ਕਲਮ ਆਜ਼ਮਾਈ ਕਰ ਲਈ ਨਾਲੇ ਪਰਦੇ ਪਰਦੇ ਵਿਚ ਉਹਨਾਂ ਦੇ ਕਸੀਦੇ ਗਾ ਲਏ। ਐਓਂ ਪਰਤੀਤ ਹੁੰਦੈ ਜਿਵੇਂ ‘ਸਾਥੀ' ਕਿਸੇ ਸਿਆਣੇ ਮੁਰਸ਼ਦ ਦਾ ਚੰਡਿਆ ਹੋਇਆ ਹੈ। ਸਜਨੀ ਦੀ ਮਹਿਮਾ ਸੁਣੋ :

ਮੇਰੀ ਹਾਲਤ ਵੇਖ ਓਹ ਹੰਜੂ ਹੁਦਾਰੇ ਦੇ ਗਏ,
ਜਿੰਦਗੀ ਭਰ ਕਰਜ਼ ਪਰ ਮੈਥੋਂ ਚੁਕਾਇਆ ਨ ਗਿਆ।
ਚਿਰ ਤੋਂ ਮੈਨੂੰ ਸੀ ਰਵਾਂਦੇ ਪਰ ਅਜ ਆਪੀ ਰੋ ਪਏ,
ਰੱਬ ਵਾਂਗੂੰ ਉਨ੍ਹਾਂ ਦਾ ਵੀ ਭੇਤ ਪਾਇਆ ਨਾ ਗਿਆ ।

‘ਸਾਥੀ' ਗਜ਼ਲ ਵਿਚ ਨਿਰੀ ਪਰੇਮਕਾ ਦੀ ਤਾਰੀਫ਼ ਹੀ ਕਰਨੀ ਨਹੀਂ ਜਾਣਦਾ, ਗਜ਼ਲ ਨੂੰ ਅੱਜ ਦੇ ਅਗਾਂਹ ਵਧੂ ਦੌਰ ਵਿਚ ਵੀ, ਏਸ ਸੰਸਾਰ ਦੇ ਵੰਨ ਸੁਵੰਨੇ ਦੇਸ਼ਾਂ ਦੀ ਸੈਰ ਕਰਨ ਵਾਲੇ ਦੀ, ਕਲਮ ਅਗੇ ਹੀ ਅਗੇ ਜਾ ਰਹੀ ਹੈ। ਵੇਖੋ ਰੱਬ ਨੂੰ ਕੈਸੀਆਂ ਮਿਠੀਆਂ ਚੂੰਡੀਆਂ ਵਡਦੈ :

ਜੇ ਉਹ ਚਾਹੁੰਦਾ ਏ ਉਹਦੀ ਜਨਤ ਵਿਚ ਰੌਲਾ ਨਾ ਪਵੇ,
ਤਾਂ ਉਹ ਮਹਿਲਾਂ ਸਾਹਮਣੇ ਕੁੱਲੀਆਂ ਜਲਾਇਆ ਨਾ ਕਰੇ।
ਫੂਕ ਸੁਟਣਗੇ ਉਹਦੀ ਜਨੱਤ ਕਿਸੇ ਦਿਨ ਅਥਰੂ,
ਛਣਕਦੇ ਹੋਏ ਚੂੜਿਆ ਨੂੰ ਕੜਕੜਾਇਆ ਨਾ ਕਰੇ।
ਜੇ ਉਹ ਚਾਹੁੰਦਾ ਏ ਉਹਦਾ ਮੁਖ਼ਾਲਫ਼ ਨਾਂ ਰਹੇ,
ਤਾਂ ਕਿਸੇ ਨੂੰ ਜਗ ਤੇ ਸ਼ਾਇਰ ਬਣਾਇਆ ਨਾਂ ਕਰੇ ।

‘ਸਾਥੀ' ਦੀ ਸਮਾਜ ਉਤੇ ਇਨਕਲਾਬੀ ਤਨਜ਼ ਦਾ ਰੰਗ ਵੀ ਵੇਖੋ :

ਰਹੀਆਂ ਜ਼ਿੰਦਗੀ ਭਰ ਮੇਰੇ ਤਨ ਤੇ ਲੀਰਾਂ,
ਮਰਨ ਬਾਅਦ ਮੈਨੂੰ ਸਜਾ ਕੇ ਚਲਨਗੇ।

‘ਸਾਥੀ' ਦਾ ਦਿਲ ਕਿਨਾਂ ਸਾਫ ਤੇ ਕਿਨਾਂ ਭੋਲਾ ਹੈ । ਇਹ ਆਪਣੇ ਐਬ ਛੁਪਣ ਦੀ ਥਾਂ ਨੰਗੇ ਕਰ ਕਰ ਦਸਦਾ ਹੈ। ਇਹ ਤਾਂ ਠੀਕ ਹੈ ਕਿ ਐਸਾ ਜਵਾਨੀ ਵਿਚ ਕੋਈ ਵਿਰਲਾ ਹੀ ਹੋਵੇਗਾ ਜੋ ਪੁਰ ਫਰੇਬ ਜੋਬਨ ਨੂੰ ਲਲਚਾਈ ਅੱਖ ਨਾਂ ਘੂਰ ਘੂਰ ਵੇਖਦਾ ਹੋਵੇ ਪਰ ਇਹ ਭੋਲਾ ਪੰਛੀ ਤਾਂ ਆਪ ਹੀ ਓਸ ਨਜ਼ਾਰੇ ਨੂੰ ਬੜੀ ਨਿੱਡਰਤਾ ਨਾਲ ਢੋਲ ਵਜਾ ਵਜਾ ਤਰੰਨਮ ਵਿਚ ਸੁਣਾਂਦਾ ਹੈ ਕਿ :

ਰੱਬ ਤੋਂ ਨਜ਼ਰਾਂ ਚੁਰਾ वे
ਹੂਰਾਂ ਮੈਂ ਗਿਣਦਾ ਰਿਹਾ,
ਜਿਨਾਂ ਚਿਰ ਮੇਰੇ ਗੁਨਾਹਾਂ ਨੂੰ
ਉਹ ਗੁਣਵਾਂਦੇ ਰਹੇ।

ਪਰ ਫੇਰ ਨਾਲ ਹੀ ਪਰਮਾਤਮਾ ਦੀ ਬਖਸ਼ਿਸ਼ ਦਾ ਵਰਨਣ ਭੀ ਵੇਖੋ :

ਮੇਰੀਆਂ ਗਜ਼ਲਾਂ ਨੂੰ ਸੁਣ ਕੇ ਰੱਬ ਇਹ ਦਿਤੀ ਸਜ਼ਾ,
ਜਾ ਵੇ 'ਸਾਥੀ' ਹੁਣ ਤੇਰੇ ਸਾਰੇ ਗੁਨਾਹ ਜਾਂਦੇ ਰਹੇ ।

ਭਾਈ ਮੁਨਸ਼ੀ ਰਾਮ ਜੀ ‘ਹਸਰਤ’

ਸੰਸਾਰ ਨੇ ਐਸੀਆਂ ਹਸਤੀਆਂ ਬਹੁਤ ਹੀ ਘਟ ਪੈਦਾ ਕੀਤੀਆਂ ਹਨ ਜੋ ਤਿਨੋਂ ਸੂਖ਼ਮ ਹੁਨਰਾਂ ਦੀਆਂ ਮਾਲਕ ਹੋਣ। ਅਤੇ ਇਹ ਤਿੰਨ ਸੂਖ਼ਮ ਹੁਨਰ ਹਨ : ਚਿਤ੍ਰਕਾਰੀ, ਕਵਿਤਾ ਅਤੇ ਸੰਗੀਤ । ਜਿਥੋਂ ਤਕ ਮੈਂ ਆਪਣੇ ਪੰਜਾਬੀਆਂ ਵਲ ਨਿਗਾਹ ਮਾਰ ਕੇ ਦੇਖਿਆ ਹੈ ਮੈਨੂੰ ਤਾਂ ਇਕ ਭਾਈ ਮੁਨਸ਼ੀ ਰਾਮ ਜੀ ਹੀ ਨਜ਼ਰੀਂ ਪਏ ਹਨ ਜੋ ਚਿਤ੍ਰਕਾਰ ਭੀ ਹਨ, ਕਵੀ ਭੀ ਅਤੇ ਰਸੀਲੇ ਗਵਈਯੇ ਭੀ । ਸੰਤ ਫਤਹ ਸਿੰਘ ਜੀ ਕਵੀ ਭੀ ਸਨ ਤੇ ਮਿਠੇ ਕੀਰਤਨੀਏ ਭੀ। ਐਸੇ ਕਈ ਹੋਰ ਕਵੀ ਭੀ ਮਿਲਣਗੇ ਜੋ ਆਪਣੀ ਕਵਿਤਾ ਦਾ ਪ੍ਰਭਾਵ ਸਰੋਤਿਆਂ ਉਤੇ ਆਪਣੀ ਜਾਦੂਗਰੀ ਆਵਾਜ਼ ਨਾਲ ਪਾ ਸਕਦੇ ਹਨ, ਪਰ ਤਿੰਨ ਕਲਾ ਸੰਪੂਰਨ ਮੈਂ ਭਾਈ ਮੁਨਸ਼ੀ ਰਾਮ ਨੂੰ ਹੀ ਡਿੱਠਾ ਹੈ ।

ਜਦ ਅਜੇ ਭਾਸ਼ਾ ਨੂੰ ਖੰਭ ਭੀ ਨਹੀਂ ਸੀ ਨਿਕਲੇ, ਚਿਤ੍ਰਕਲਾ ਆਕਾਸ਼ ਵਿਚ ਉਡਾਰੀਆਂ ਲਾ ਰਹੀ ਸੀ । ਪੰਡਤ ਮੁਨਸ਼ੀ ਰਾਮ ਜੀ ਭੀ ਪਹਿਲਾਂ ਚਿਤ੍ਰਕਾਰ ਬਣੇ ਅਤੇ ਛੋਟੀ ਉਮਰ ਤੋਂ ਹੀ ਆਪ ਕੈਨਵਸ ਨਾਲ ਬੁਰਸ਼ ਫੜ ਕਲੋਲ ਕਰਨ ਲਗ ਪਏ। ਰੋੜੀ ਸਾਹਿਬ ਦੀ ਪਵਿਤ੍ਰ ਧਰਤੀ ਨੂੰ ਦੋ ਜਹਾਨ ਵਾਲੀ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੀ ਛੋਹ ਪ੍ਰਾਪਤ ਸੀ। ਰੋੜੀ ਸਾਹਿਬ ਆਪਦੇ ਪਿੰਡ ਦੇ ਲਾਗੇ ਹੋਣ ਕਰਕੇ ਆਪ ਅਕਸਰ ਰੋੜੀ ਸਾਹਿਬ ਆਇਆ ਜਾਇਆ ਕਰਦੇ ਸਨ । ਖੁਸ਼ਕਿਸਮਤੀ ਨਾਲ ਉਸ ਧਰਤੀ ਦੀ ਭਾਗਾਂ ਵਾਲੀ ਮਿੱਟੀ ਆਪ ਦੀਆਂ ਅੱਖਾਂ ਵਿਚ ਹਵਾ ਦੇ ਕਿਸੇ ਬੁਲੇ ਨਾਲ ਉਡ ਕੇ ਪੈ ਗਈ ਕਿ ਆਪ ਦੇ ਅੰਦਰਲੇ ਨੇਤਰ ਰੋਸ਼ਣ ਹੋ ਗਏ ਤੇ ਆਪ ਮੁਹਾਰੇ ਛੋਟੀ ਉਮਰੇ ਹੀ ਚਿਤ੍ਰ ਉਲੀਕਦੇ ਕਵਿਤਾ ਕਹਿਣ ਲਗ ਪਏ । ਬਸ, ਆਪ ਦੇ ਅੰਦਰਲੇ ਅੰਦਰ ਕਵਿਤਾ ਦਾ ਚਸ਼ਮਾ ਫੁੱਟ ਪਿਆ।

ਗੁਰਪੁਰਬਾਂ ਵਿਚ ਸੰਗਤਾਂ ਦੇ ਦਰਸ਼ਨ ਕਰਨ ਦੀ ਆਪ ਉਤੇ ਗੁਰੂ ਬਾਬੇ ਦੀ ਬਚੱਪਨ ਤੋਂ ਹੀ ਬਖਸ਼ਿਸ਼ ਸੀ ਤੇ ਕੁਦਰਤ ਨੇ ਸੰਗੀਤ-ਗਲਾ ਆਪ ਨੂੰ ਜਮਾਂਦਰੂ ਦੇ ਰਖਿਆ ਸੀ, ਜੋਟੀਆਂ ਦੇ ਸ਼ਬਦ ਪੜ੍ਹਦੇ ਆਪ ਰਾਗ ਵਿਦਿਆ ਦੇ ਮਾਹਿਰ ਹੋ ਗਏ। ਅੱਜ ਆਪ ਵਿਚ ਇਹ ਤਿੰਨੇ ਸੂਖ਼ਮ ਹੁਨਰ ਵੇਖ ਸਾਰੇ ਹੈਰਾਨ ਰਹਿ ਜਾਂਦੇ ਹਨ ।

ਆਪ ਦਾ ਤਖ਼ੱਲਸ ਹਸਰਤ ਹੈ। ਮੈਂ ਜ਼ਾਤੀ ਤੌਰ ਤੇ ਨਹੀਂ ਜਾਣਦਾ ਕਿ ਪੰਡਤ ਮੁਨਸ਼ੀ ਰਾਮ ਨੇ ‘ਹਸਰਤ' ਤਖ਼ੱਲਸ ਕਿਉਂ ਇਖ਼ਤਿਆਰ ਕੀਤਾ। ਆਪ ਦੀ ਗਜ਼ਲਾਂ ਦੀ ਪੁਸਤਕ 'ਹਸਰਤਾਂ' ਜਦ ਪ੍ਰਕਾਸ਼ਤ ਹੋਣੀ ਸੀ ਤਾਂ ਮੈਨੂੰ ਉਸਦਾ ਮੁੱਖ-ਬੰਦ ਲਿਖਣ ਦਾ ਸ਼ਰਫ਼ ਹਾਸਿਲ ਹੋਇਆ। ਉਸ ਸਮੇਂ ਤੋਂ ਬੜੀ ਸੰਜੀਦਗੀ ਨਾਲ ਸੋਚਦਾ ਆ ਰਿਹਾ ਹਾਂ ਕਿ ਇਸ ‘ਤਖ਼ੱਲਸ' ਦਾ ਅੰਤ੍ਰੀਵ ਭਾਵ ਕੀ ਹੈ ਪਰ ਮੈਨੂੰ ਹਸਰਤ ਸਾਹਿਬ ਤੋਂ ਇਹ ਖੁਫ਼ੀਆ ਭੇਦ ਜਾਨਣ ਦੀ ਹਿਮਤ ਨਹੀਂ ਪਈ । ਹੋ ਸਕਦਾ ਹੈ ਕਿ ਆਪ ਉਰਦੂ ਦੇ ਕਵੀ ਭੀ ਹੋਣ ਕਾਰਣ ਆਪ ਨੇ ਇਹ ਉਪ-ਨਾਮ ਚੁਣਿਆ ਹੋਵੇ । ਅਤੇ ਇਹ ਭੀ ਹੋ ਸਕਦਾ ਹੈ ਕਿ ਆਪ ਨੇ ਸ਼ਾਇਦ ਪਹਿਲਾਂ ਉਰਦੂ ਉਤੇ ਹੀ ਕਲਮ ਨੂੰ ਆਜ਼ਮਾਇਆ ਹੋਵੇ । ਇਹ ਭੀ ਹੋ ਸਕਦੈ ਕਿ ਆਪ ਦੀਆਂ ਹਸਰਤਾਂ ਕੁਦਰਤ ਨੇ ਕਦੇ ਨਪੀੜੀਆਂ ਹੋਣ।

ਲਾਲਾ ਧਨੀ ਰਾਮ ‘ਚਾਤ੍ਰਿਕ' ਯਾ ਬਾਬੂ ਫ਼ੀਰੋਜ਼ ਦੀਨ ‘ਸ਼ਰਫ’ ਵਾਂਗ ਹਸਰਤ ਸਾਹਿਬ ਦਾ ਜ਼ਬਾਨ ਉਤੇ ਬੜਾ ਕਾਬੂ ਹੈ ਅਤੇ ਆਪ ਜੈਸੇ ਕਵੀਆਂ ਦੇ ਸਹਾਰੇ ਹੀ ਪੰਜਾਬੀ ਭੀ ਅਮਰ ਰਹੇਗੀ, ਹਿੰਦੀ ਪ੍ਰਭਾਵ ਕਬੂਲਨ ਵਾਲਿਆਂ ਆਸਰੇ ਨਹੀਂ ।

ਰੋੜੀ ਸਾਹਿਬ ਦੀ ਪਵਿਤ੍ਰ ਧਰਤੀ ਦੀ ਉਪਮਾ ਦੇਖੋ । ‘ਹਸਰਤ' ਸਾਹਿਬ ਦੀ ਸ਼ਰਧਾ ਤੇ ਪੰਜਾਬੀ ਸ਼ਬਦਾਂ ਦਾ ਢੁਕਵਾਂ ਪ੍ਰਯੋਗ। ਆਪ ਲਿਖਦੇ ਹਨ :-

ਜ਼ੱਰੇ ਜ਼ੱਰੇ ਚੋਂ ਇਕਓਂਕਾਰ ਦੀ ਗੂੰਜ,
ਪਈ ਗੂੰਜਦੀ ਸੀ ਹਰ ਘੜੀ ਸੋਹਣੀ ।
ਸੇਜ ਰੋੜਾਂ ਦੀ ਇੰਜ ਪਈ ਜਾਪਦੀ ਸੀ,
ਹੋਵੇ ਸ੍ਵਰਗ ਦੀ ਜਿਸ ਤਰ੍ਹਾਂ ਥੜੀ ਸੋਹਣੀ ।

ਬਾਬੇ ਨਾਨਕ ਦੇ ਦਰ ਦੀ ਉਸਤੱਤ ਵੀ ਹੁਣ ਸੁਣੋ :

ਜਿਥੋਂ ਮਿਲੇ ਗਿਆਨ ਮਨੁੱਖਤਾ ਨੂੰ,
ਉਹ ਇਲਾਹੀ ਕਲਾਮ ਸਿਰਜਨਹਾਰ ਤੇਰਾ ।
ਵੱਡੇ ਵੱਡੇ ਵੀ ਜਿਥੇ ਨੇ ਝੁੱਕ ਜਾਂਦੇ,
ਉਹ ਹੈ ਬੂਹਾ ਐ ਸੱਚੀ ਸਰਕਾਰ ਤੇਰਾ।

ਦੋ ਜਹਾਨ ਵਾਲੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਨੂੰ ਸਾਂਝੀਵਾਲਤਾ ਭਾਰੀ ਦੇਣ ਹੈ ਅਤੇ ਹਜ਼ੂਰ ਦੀ ਇਸ ਰਹਿਮਤ ਦਾ ਭਾਈ ਸਾਹਿਬ ਵੇਖੋ ਕਿਵੇਂ ਬਿਆਨ ਕਰਦੇ ਹਨ :-

ਏਸੇ ਹੀ ਮਣਕੇ ਮਾਲਾ ਦੇ,
ਤਸਬੀ ਦੇ ਵਿਚ ਪਰੋਏ ਸੀ ।
ਸਾਂਝਾਂ ਦੇ ਬੂਹੇ ਖੋਲ੍ਹੇ ਸੀ,
ਜੋ ਵੈਰ ਵਿਰੋਧਾਂ ਢੋਏ ਸੀ ।
ਇਹਦੇ ਹੀ ਰਾਹੀਂ ਹਿੰਦੂ-ਮੁਸਲਮ,
ਇੱਕੋ ਮਿੱਕੋ ਹੋਏ ਸੀ ।
ਦੁਨੀਆਂ ਦੇ ਭਲੇ ਭਲਾਈ ਲਈ,
ਘਰ ਬਾਹਿਰ ਭੁਲਾਇਆ ਨਾਨਕ ਨੇ ।
ਸਭੈ ਸਾਂਝੀ ਵਾਲ ਸਦਾਇਣ,
ਨਾਹਰਾ ਲਾਇਆ ਨਾਨਕ ਨੇ ।

ਜਗਤ-ਤਾਰਕ ਗੁਰੂ ਆਦਿ ਬਾਬਾ ਜੀ ਦਾ ਜੱਸ ਗਾਣ ਦੀ ਸ਼ਕਤੀ ਕਿਸ ਜੀਵ ਵਿਚ ਹੋ ਸਕਦੀ ਹੈ ਪਰ ਭਾਈ ਮੁਨਸ਼ੀ ਰਾਮ ਜੀ ਨੇ ਹਜ਼ੂਰ ਚਰਨਾਂ ਵਿਚ ਜੁੜ ਕੇ ਆਪਣੀ ਸ਼ਰਧਾ ਦੇ ਫੁਲ ਐਉਂ ਪੇਸ਼ ਕੀਤੇ ਹਨ :

ਉਨ੍ਹਾਂ ਇਕੋ ਨਾਮ ਜਪਾਇਆ,
ਉਨ੍ਹਾਂ ਲਾਇਆ ਨਾਆਰ ਹੱਕ ।
ਰਹਿਮਤ ਦੇ ਸੀ ਮੀਂਹ ਵਰਸਾਏ,
ਹਰਦਵਾਰੋਂ ਮੱਕੇ ਤਕ।
ਨਹੀਂ ਕੋਈ ਆਇਆ ਤੇਰੇ ਵਰਗਾ,
ਏਸ ਜਹਾਨ ਤੇ ਹਾਲੀ ਤਕ।
ਨਵਖੰਡ ਪ੍ਰਿਥਵੀ ਸੱਚਾ ਢੋਆ,
ਬਾਬੇ ਤਾਰੇ ਚਾਰੇ ਚੱਕ ।

‘ਹਸਰਤ' ਸਾਹਿਬ ਨੇ ਯਤਨ ਕੀਤਾ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿਚ ਗੁਰ ਇਤਿਹਾਸ ਪੇਸ਼ ਕਰ ਜਾਣ। ਏਸੇ ਆਸ਼ੇ ਦੀ ਪੂਰਤੀ ਲਈ ਵੇਖੋ ਗੁਰੂ ਅਮਰ ਦਾਸ ਜੀ ਦੀ ਤਸਵੀਰ ਦਾ ਪਹਿਲਾ ਰੁਖ਼ :

ਜੀਵਨ ਯਾਤ੍ਰਾ ਦੇ ਡੂੰਘੇ ਪੰਧ ਅੰਦਰ,
ਬਿਰਤੀ ਕੋਈ ਸਹਾਰਾ ਪਈ ਟੋਲਦੀ ਸੀ ।
ਰਹੁ-ਰੀਤੀਆਂ ਦੇ ਜਾਲ ਵਿਚ ਫਾਥੀ,
ਫਾਥੀ ਜਿੰਦੜੀ ਕਿਸੇ ਅਨਭੋਲ ਦੀ ਸੀ।
ਡਾਵਾਂ ਡੋਲ ਸੁਰਤੀ ਚਾਨਣ-ਛਿੱਟ ਬਾਝੋਂ,
ਬ੍ਰਿਹਾ ਵਿਚ ਪਈ ਜਿੰਦ ਮਧੋਲਦੀ ਸੀ ।
ਨੂਰ ਨਾਨਕ ਦਾ ਜਗ ਤੇ ਫੈਲਿਆ ਸੀ,
ਬਾਣੀ ਘਰੋ ਘਰੀ ਮੂੰਹੋਂ ਬੋਲਦੀ ਸੀ।
ਹੋਇਆ ਮਨ ਰੋਸ਼ਨ ਸੁਣ ਸੁਣ ਗਲਾਂ,
ਬਾਬਾ ਕਰ ਗਿਆ ਜੋ ਹਰਦਵਾਰ ਗਲਾਂ ।
ਤਾਂਗਾਂ ਲਗਈਆਂ ਮਿੱਠੀ ਬਾਣੀ ਦੇ ਲਈ,
ਮਿੱਠੀ ਬਾਣੀ ਦੀਆਂ ਸੁਣਦੇ ਸਾਰ ਗਲਾਂ।

ਭਾਈ ‘ਹਸਰਤ' ਜੀ ਦੀ ਬਾਣੀ ਦੀ ਉਪਮਾ ਵੀ ਵੇਖੋ ਕੈਸੇ ਸੱਚੇ ਸਿਦਕੀ ਸਿੱਖ ਵਾਲੀ ਹੈ।ਕਾਸ਼ ! ਸਾਡੇ ਵਿਚ ਵੀ ਐਸਾ ਪਿਆਰ ਗੁਰਬਾਣੀ ਲਈ ਜਾਗੇ । ਆਪ ਲਿਖਦੇ ਹਨ :

ਬਾਣੀ ਉਹ ਬਾਣੀ ਜਿਸ ਦੀ ਜੋਤ ਨੂਰੀ,
ਤਪਦੇ ਹਿਰਦਿਆਂ ਦੀ ਅੱਗ ਠਾਰਦੀ ਏ ।
ਭੁੱਲੇ ਭਟਕੇ ਤੇ ਦੀਨਾਂ ਦੁੱਖੀਆਂ ਦਾ,
ਜਿਹੜੀ ਲੋਕ ਪਰਲੋਕ ਸਵਾਰਦੀ ਏ ।
ਬਾਣੀ ਉਹ ਬਾਣੀ, ਕਾਮ, ਕ੍ਰੋਧ ਅਤੇ,
ਲੋਭ, ਮੋਹ, ਹੰਕਾਰ ਜੋ ਮਾਰਦੀ ਏ ।
ਬਾਣੀ ਉਹ ਬਾਣੀ, ਜਿਹੜੀ ਗ਼ਮਖ਼ਾਰ ਜਗ ਦੀ,
ਸਿਰਜਨਹਾਰ, ਨਿਰੰਕਾਰ ਦਾਤਾਰ ਦੀ ਏ।

ਗੁਰੂ ਅੰਗਦ ਸਾਹਿਬ ਦੇ ਮਿਲਾਪ ਦਾ ਵਰਨਣ ਵੀ ਵੇਖੋ ‘ਹਸਰਤ’ ਆਪਣੇ ਹੀ ਅੰਦਾਜ਼ ਵਿਚ ਕਿਵੇਂ ਆਰਟਿਸਟਿਕ ਢੰਗ ਲਾਲ ਕਰਦਾ ਹੈ, ਜੈਸਾ ਭਗਤ-ਭਗਵਾਨ ਦਾ ਚਾਹੀਦਾ ਹੈ :

ਏਧਰ ਤੂੰਹੀਂ ਤੂੰਹੀਂ ਦੀ ਸਦਾ ਮੁਖੋਂ
ਮਹਿਕ ਵਿਚ ਫਜ਼ਾਵਾਂ ਪਈ ਘੋਲਦੀ ਸੀ।
ਓਧਰ ਦਯਾ ਦ੍ਰਿਸ਼ਟੀ ਦੂਜੇ ਪਾਤਸ਼ਾਹ ਦੀ,
ਨੂਰਾਂ ਨਾਲ ਪਈ ਸ਼ਾਹ ਤੀਜਾ ਟੋਲਦੀ ਸੀ ।

ਸੇਵਕ ਦੀ ਸੇਵਾ ਤੋੜ ਚੜ੍ਹੀ ਵੇਖ ਗੁਰੂ ਅੰਗਦ ਸਾਹਿਬ ਨੇ ਬਿਰਧ ਬਾਬਾ ਅਮਰਦਾਸ ਜੀ ਨੂੰ ਜੋ ਵਰ ਬਖਸ਼ੇ ਉਹ ਵੇਖੋ ‘ਹਸਰਤ' ਸਾਹਿਬ ਕਿਵੇਂ ਪੇਸ਼ ਕਰਦੇ ਹਨ :

ਹਾਜ਼ਰ ਹਜ਼ੂਰੀ ਅਤੇ ਸਬਰ ਸਬੂਰੀ ਵੇਖ,
ਆਪ ਦਿਤਾ ਸਤਿਗੁਰਾਂ ਇੰਝ ਵਰਦਾਨ ਏ ।
ਨਪੱਤਿਆਂ ਦੀ ਪੱਤ ਤੂੰ, ਨਗੱਤਿਆਂ ਦੀ ਗੱਤ ਤੂੰ,
ਨਤਾਣਿਆਂ ਦਾ ਤਾਣ ਤੇ ਨਮਾਣਿਆਂ ਦਾ ਮਾਨ ਏਂ ।

ਗੁਰੂ ਘਰ ਦੇ ਸ਼ਰਧਾਲੂ ਕਵੀ ਨੇ ਬੀਬੀ ਭਾਨੀ ਜੀ ਉਤੇ ਭੀ ਸ਼ਾਨਦਾਰ ਕਵਿਤਾ ਦੇ ਜੌਹਰ ਵਿਖਾਏ ਹਨ। ਬੜਾ ਵਲਵਲਾ ਹੈ, ਕਵੀ ਦੀ ਉੱਚ ਉਡਾਰੀ ਵਿਚ :

ਗੁਰਾਂ ਦੀ ਤੂੰ ਬੇਟੀ, ਗੁਰਾਂ ਵੇਹੜੇ ਖੇਡੀ,
ਗੁਰੂ-ਵਰ ਤੂੰ ਪਾਇਆ ਸੀ ਐ ਬੀਬੀ ਭਾਨੀ ।
ਤੂੰ ਚੌਹਾਂ ਹੀ ਜੋਤਾਂ ਦੇ ਚਾਨਣ ਸੀ ਮਾਣੇ,
ਤੂੰ ਚਾਨਣ ਖਿੰਡਾਇਆ ਸੀ ਐ ਬੀਬੀ ਭਾਨੀ ।
ਤੂੰ ਬਾਣੀ ਦੀ ਰਸੀਆ ਤੇ ਬਾਣੀ ਨੇ ਤੈਨੂੰ,
ਬੜਾ ਭਾਗ ਲਾਇਆ ਸੀ ਐ ਬੀਬੀ ਭਾਨੀ ।
ਸ਼ਹੀਦਾਂ ਦੇ ਸਿਰਤਾਜ ਨੂੰ ਨਿਘੀ ਗੋਦੀ 'ਚ,
ਤੂੰ ਏਂ ਖਿਡਾਇਆ ਸੀ ਐ ਬੀਬੀ ਭਾਨੀ ।

ਅਤੇ ਵੇਖੋ ਬੀਬੀ ਭਾਨੀ ਜੀ ਦਾ ਜੱਸ ਕਿਸ ਸਿਖ਼ਰ ਤਕ ਜਾਂ ਪਹੁੰਚਾਂਦੇ ਹਨ ਭਾਈ ਸਾਹਿਬ 'ਹਸਰਤ' ਜੀ :

ਤੇਰਾ ਰੂਪ ਸ਼ਕਤੀ ਲਗਨ ਤੇਰੀ ਭਗਤੀ,
ਤੂੰ ਦਿਨ ਰਾਤ ਸੇਵਾ ਦੇ ਸਚਿਆਂ 'ਚ ਢਾਲੇ।
ਤੇਰੇ ਮਨ ਪਵਿਤ੍ਰ ਤੋਂ ਤੇਰੀ ਨਿਮ੍ਰਤਾ ਹੀ,
ਸਿਦਕਾਂ ਦੇ ਕੀਤੇ ਨੇ ਪ੍ਰਗਟ ਉਜਾਲੇ ।
ਇਹ ਤੇਰੇ ਹੀ ਬਚੜੇ ਦੀ ਹੈ ਮਿਹਰਬਾਨੀ
ਬਣੇ ਹਾਂ ਅਸੀਂ ਅਜ ਜੋ ਗ੍ਰੰਥ ਵਾਲੇ ।
ਇਕਤ੍ਰ ਨਾ ਹੁੰਦੀ ਜੇ ਬਾਬੇ ਦੀ ਬਾਣੀ,
ਅਸੀਂ ਭਟਕਦੇ ਫਿਰਦੇ ਆਲੇ ਦਵਾਲੇ।

ਇਸਤ੍ਰੀ ਜਾਤੀ ਨੂੰ ਗੁਰੂ ਘਰ ਵਿਚ ਜੋ ਬਰਾਬਰੀ ਦਾ ਦਰਜਾ ਮਿਲਿਆ ਹੈ, ਉਹ ਭੀ ਵੇਖੋ ‘ਹਸਰਤ' ਸਾਹਿਬ ਕਿਸ ਕਲਾਮਈ ਢੰਗ ਨਾਲ ਬੀਬੀ ਜੀ ਦਾ ਹੀ ਉਪਕਾਰ ਦਸਦੇ ਹਨ :

ਇਹ ਤੇਰੇ ਹੀ ਕਲੀਰੇ ਦੀ ਛਣਕਾਰ ਸੀ,
ਜਿਸ ਨੇ ਤੀਵੀਂ ਮਨੁੱਖ ਦੇ ਬਰਾਬਰ ਖਲਾਰੀ ।

ਅਤੇ ‘ਹਸਰਤ' ਹੀ ਸਿੱਖ ਇਤਿਹਾਸ ਵਿਚ ਪਹਿਲਾ ਕਵੀ ਹੋਇਆ ਹੈ ਜਿਸ ਸਿਖਾਂ ਦੀ ਬੀਬੀ ਜੀ ਬਾਰੇ ਅਨਗਹਿਲੀ ਨੂੰ ਐਉਂ ਨਧੱੜਕ ਪੇਸ਼ ਕੀਤਾ ਹੈ :

ਕਿਸੇ ਨਾਂ ਤੇਰੇ ਦਾ ਭਵਨ ਨਹੀਂ ਬਣਾਇਆ,
ਬੜੇ ਅਕ੍ਰਿਤਘਣ ਹਾਂ ਅਸੀਂ ਮਾਇਆਧਾਰੀ ।

ਔਰੰਗਜ਼ੇਬ ਦੇ ਰਾਜ ਦਾ ਨਜ਼ਾਰਾ ਜਿਵੇਂ ‘ਹਸਰਤ' ਸਾਹਿਬ ਨੇ ਪੇਸ਼ ਕੀਤਾ ਹੈ, ਵੈਸਾ ਅਜ ਤਕ ਕਿਸੇ ਇਤਿਹਾਸਕਾਰ ਨੇ ਘਟ ਹੀ ਕੀਤਾ ਹੈ। ਆਪ ਦੀ ਉਲੀਕੀ ਦਰਦਨਾਕ ਤਸਵੀਰ ਵੇਖ ਕੋਈ ਵਿਰਲਾ ਹੀ ਕਠੋਰ ਹਿਰਦਾ ਹੋਵੇਗਾ, ਜੋ ਕੰਬ ਨਾ ਉਠੇ। ਉਸ ਸਮੇਂ ਦਾ ਐਊਂ ਵਰਨਣ ਕਰਦੇ ਹਨ :

ਮੁਗਲਾਂ ਦਾ ਦੌਰ ਸੀ, ਈਰਖਾ ਦਵੈਤ
ਅਤੇ ਸ਼ੋਰਸ਼ਾਂ ਕਦੂਰਤਾਂ ਨੇ ਚਾਈ ਹੋਈ ਅੱਤ ਸੀ ।
ਛੇੜੇ ਸੀ ਫਸਾਦ ਖੁਦ ਮਜ਼੍ਹਬੀ ਜਨੂਨੀਆਂ ਨੇ,
ਲਿਆ ਦੁਖਾਂ ਦਰਦਾ ਚੁਫੇਰੇ ਘੇਰਾ ਘੱਤ ਸੀ।
ਲੁਟ ਰਹੀਆਂ ਇਜ਼ਤਾਂ ਸੀ ਨੇਜ਼ਿਆਂ ਦੀ ਨੋਕ ਰਾਹੀਂ,
ਧਰਤ ਲਹੂ ਲੁਹਾਣ ਸੀ, ਅਕਾਸ਼ ਰਤੋ ਰੱਤ ਸੀ ।
ਇਕ ਪਾਸੇ ਧਰਮ ਸੱਤਿ, ਦੂਜੇ ਪਾਸੇ ਅਤੀ ਅੱਤਿ,
ਹਾਕਮਾਂ ਦੀ ਹੂੜ ਮਤ, ਲਾਹੀ ਲਜਪੱਤ ਸੀ ।

ਮੇਰੀ ਇਹ ਪੁਸਤਕ 'ਵਾਰਸ ਦਾ ਵਿਰਸਾ' ਸ਼ਾਇਦ ਅਗਲੇ ਸੌ ਸਾਲਾ ਮਗਰੋਂ ਕਿਸੇ ਇਤਿਹਾਸ ਦੇ ਖੋਜੀ ਵਿਦਿਆਰਥੀ ਦੇ ਕੰਮ ਆਵੇ, ਏਸ ਲਈ ਮੈਂ ਜਨਮ ਦੇ ਬ੍ਰਹਿਮਣ ਤੇ ਕਰਮ ਦੇ ਗੁਰ-ਸਿੱਖ ਪੰਡਤ ਮੁਨਸ਼ੀ ਰਾਮ ਦੇ ਕਾਂਡ ਨੂੰ ਲੰਬਾ ਕਰਨਾ ਜ਼ਰੂਰੀ ਸਮਝਿਆ ਹੈ । ਜੋ ਸਚਾਈ ਸਿੱਖ ਲੇਖਕਾਂ ਤੇ ਕਵੀਆਂ ਨੇ ਬਿਆਨ ਕਰਨੋਂ ਸੰਕੋਚ ਕੀਤਾ ਹੈ ਉਹ ਪੰਡਤ ਜੀ ਨੇ ਆਪਣੀ ਪੰਡਤਾਈ ਨਾਲ ਜ਼ੋਰਦਾਰ ਅਖਰਾਂ ਵਿਚ ਸ਼ਰਧਾ ਤੇ ਹਕੀਕਤ-ਬਿਆਨੀ ਨਾਲ ਪੇਸ਼ ਕੀਤੀ ਹੈ, ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਕਸ਼ਮੀਰੀ ਪੰਡਤਾਂ ਦੀ ਪੁਕਾਰ :

ਕੀਤੀ ਪੰਡਤਾਂ ਆਣ ਫਰਿਯਾਦ ਆਨੰਦਪੁਰ,
ਕਹਿੰਦੇ ਫੁਟ ਗਈ ਸਾਡੀ ਤਕਦੀਰ ਦਾਤਾ।
ਪੂਜਾ ਪਾਠ ਤੇ ਗੀਤਾ ਰਮਾਇਣ ਦੇ ਲਈ,
ਲਾਗੂ ਕੈਦ ਕਾਨੂੰਨ ਜ਼ੰਜੀਰ ਦਾਤਾ ।
ਜੰਝੂ ਲਾਹੁੰਦੇ, ਬੋਦੀਆਂ ਕਤਰ ਦੇਂਦੇ,
ਆਇਆ ਧਰਮ ਦਾ ਸ਼ਾਇਦ ਅਖ਼ੀਰ ਦਾਤਾ।
ਧਰਮ-ਗੋਦੜੀ ਦੀ ਦਾਤਾ ਕਰੋ ਰਖਿਆ,
ਕਿਤੇ ਹੋ ਨਾਂ ਜਾਏ ਲੀਰੋ ਲੀਰ ਦਾਤਾ ।

ਅਤੇ ਗੁਰੂ ਜੀ ਦੀ ਸ਼ਹੀਦੀ ਦਾ ਨਜ਼ਾਰਾ ਪੇਸ਼ ਕਰਦੇ ਭਾਈ ਸਾਹਿਬ ਵੇਖੋ ਸਿਤਮਗਰ ਔਰੰਗਜ਼ੇਬ ਨੂੰ ਕਿਵੇਂ ਤਾੜਨਾ ਕਰਦੇ ਹਨ :-

ਵੇਖੀਂ ਕਿਤੇ ਸੜ ਜਾਏ,
ਜੱਦੀ ਨਾਂ ਜੁਗਾੜ ਤੇਰਾ
ਮਜ਼ਹਬੀ ਜਨੂਨ ਵੀ ਤੇ,
ਅੱਗ ਦਾ ਅੰਗਾਰਾ ਏ ।
ਆਇਆ ਹੈ ਜੋ ਆਪ ਚਲ,
ਤੇਰੀ ਦਰਗਾਹ ਅੰਦਰ,
ਸਾਂਈਂ ਲੋਕੋ ਕੋਈ ਉਨ੍ਹਾਂ ਪਿਛੇ ਵੀ ਸਹਾਰਾ ਏ।

ਆਮ ਇਤਿਹਾਸਕਾਰਾਂ ਨੇ ਗੁਰੂ ਜੀ ਦੀ ਅਦੁੱਤੀ ਸ਼ਹੀਦੀ ਸਮੇਂ ਹਨੇਰੀ ਦਾ ਆਉਣਾ ਦੱਸਿਆ ਹੈ ਤੇ ਹਨੇਰੀ ਵਿਚ ਹੀ ਸਿੱਖਾਂ ਦਾ ਗੁਰੂ ਜੀ ਦੀ ਦੇਹ ਨੂੰ ਚੁਕ ਲੈ ਜਾਣਾ ਤੇ ਸੀਸ ਉਠਾ ਕੇ ਅਨੰਦ ਪੁਰ ਸਾਹਿਬ ਪਹੁੰਚਾਣਾ ਬਿਆਨ ਕੀਤਾ ਹੈ। ਜਦ ਮੈਂ ਆਪਣੀ ਪੁਸਤਕ “ਇਹ ਖੇਲ੍ਹ ਕਠਨ ਹੈ' ਵਿਚ ਏਸ ਵਿਚਾਰ ਦਾ ਖੰਡਨ ਕੀਤਾ ਤਾਂ ਭਾਈ ਸਾਹਿਬ ਨੂੰ ਮੇਰੀ ਰਾਏ ਟੁੰਬ ਗਈ ਅਤੇ ਆਪ ਨੇ ਜਿਸ ਦਲੇਰੀ ਨਾਲ ‘ਹਿੰਦ ਦੀ ਚਾਦਰ' ਦਾ ਅੰਤਮ ਸੀਨ ਪੇਸ਼ ਕੀਤਾ। ਉਹ ਪਰਲੋ ਤਕ ਸੁਨਹਿਰੀ ਅੱਖਰਾਂ ਵਿਚ ਲਿਖਿਆ ਚਮਕਦਾ ਰਹੇਗਾ। ਆਪ ਲਿਖਦੇ ਹਨ :

ਕਰਮ ਕੂਕਿਆ ਹਰ ਜ਼ਮੀਰ ਕੰਬੀ,
ਅਣਖ ਟੁੰਬਿਆ ਵਧੇ ਦਲੇਰ ਯੋਧੇ ।
ਹੋਸ਼ ਉਡ ਰਹੇ ਰਾਜਿਆਂ ਰਾਣਿਆਂ ਦੇ,
ਪਏ ਗਜ ਜਦ ਗੁਰਾਂ ਦੇ ਸ਼ੇਰ ਯੋਧੇ ।
ਵਿਚ ਹਰਬਲੀ ਸੰਤਰੀ ਗਏ ਨ੍ਹੇਨੇ,
ਪਏ ਭੂਤ ਜਦ ਚਾਰ ਚੁਫੇਰ ਯੋਧੇ ।
ਲੈ ਗਏ ਸੀਸ ਤੇ ਧੜ ਉਹ ਸਤਿਗੁਰਾਂ ਦਾ
ਕਰ ਕੇ ਜ਼ਾਬਰਾਂ ਨੂੰ ਉਹ ਜ਼ੇਰ ਯੋਧੇ ।
ਏਧਾਂ ਯੋਧਿਆਂ ਸਿੱਖਾਂ ਅਣਖੀਲਿਆਂ ਨੇ,
ਭਰੀ ਕੋਤਵਾਲੀ ਵਿਚ ਮਾਰ ਮਾਰੀ ।
ਠਪ ਰਹੇ ਹਕੂਮਤ ਦੇ ਹੁਕਮ ਸਾਰੇ,
ਅਹਿਲਕਾਰ ਹੋਏ ਸ਼ਰਮਸਾਰ ਭਾਰੀ ।

ਦਸਮੇਸ਼ ਜੀ ਦੇ ਪਾਸ ਸਤਿਗੁਰਾਂ ਦੇ ਸੀਸ ਨੂੰ ਲੈ ਜਾਣ ਦਾ ਵਰਨਣ ਹੁਣ ਮੁਲ੍ਹਾਜ਼ਾ ਫਰਮਾਓ :-

ਸੀਨਾ ਤਾਣ ਕੇ ਚਾਂਦਨੀ ਚੌਕ ਵਿਚੋਂ,
ਮਿਥੇ ਰਾਹੀਂ ਸੂਰੇ ਦਬਾ ਦਬ ਚਲੇ ।
ਬਣਿਆ ਰੱਬ ਰਾਖਾ ਕੀਤੀ ਰੱਬ ਰਹਿਮਤ,
ਲਾਇਆ ਰੱਬ ਸਬੱਬ ਲੈ ‘ਰੱਬ’ ਚਲੇ ।
ਕੁਲ ਰਿਧੀਆਂ ਸਿਧੀਆਂ ਨਾਲ ਤੁਰੀਆਂ,
ਗੁਰਮੁਖ ਲੈ ਜਦ ਆਪਣਾ ਪ੍ਰਭ ਚਲੇ ।
ਲੈ ਕੇ ਜੋਤ ਨੂਰੀ, ਤੁਰਤ ਫੁਰਤ ਚਲੇ,
ਰਾਤ ਦਿਨ ਚਲੇ, ਝਬਾ ਝਬ ਚਲੇ।

ਅਤੇ ਹੁਣ ਆਨੰਦਪੁਰ ਸਾਹਿਬ ਦਾ ਨਜ਼ਾਰਾ ਵੀ ਵੇਖੋ, ਕਵੀ ਕਿਵੇਂ ਅਰਸ਼ ਦੇ ਤਾਰੇ ਤੋੜ ਕੇ ਵਖਾਂਦਾ ਹੈ :

ਜੈ ਜੈ ਕਾਰ ਹੋਈ ਸੁਰ-ਲੋਕ ਅੰਦਰ,
ਮਾਤਾ ਪੁੱਤ ਦੀ ਜਦੋਂ ਦਸਤਾਰ ਚੁੰਮੀ।
ਦਿਲ ਭਰ ਆਇਆ ਜ਼ੁਲਫ਼ ਕੰਤ ਦੀ ਜਦ,
ਮਾਤਾ ਗੁਜਰੀ ਨੇ ਬਾਰ ਬਾਰ ਚੁੰਮੀ।
ਕੰਬੀ ਧਰਤ ਜਦੋਂ ਗੁਰੂ ਬੰਦਨਾਂ ਕਰ,
ਕਲਗੀਧਰ ਦਾਤਾਰ ਤਲਵਾਰ ਚੁੰਮੀ ।
ਪਾਈ ਦੋਹਾਂ ਸੰਤਾਂ ਜਦੋਂ ਗਲਵਕੜੀ,
ਕੁਦਰਤ ਦੋਹਾਂ ਦੀ ਨੂਰੀ ਨੁਹਾਰ ਚੁੰਮੀ ।

ਪੰਡਤ ਜੀ ਦਾ ਗੁਰੂ ਉਪਮਾ ਦਾ ਇਹ ਪ੍ਰਸੰਗ ਜਦ ਮੈਂ ਮਾਨਸਰੋਵਰ ਵਿਚ ਪ੍ਰਕਾਸ਼ਤ ਕੀਤਾ ਤਾਂ ਗਿਆਨੀ ਮਹਿੰਦਰ ਸਿੰਘ ਜੀ, ਸਕੱਤ੍ਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਨੇ ਪੰਡਤ ਜੀ ਦੀ ਸ਼ਰਧਾ ਦੀ ਡੂੰਘਾਈ ਨੂੰ ਵੇਖ, ਇਤਿਰਾਸ ਦੀ ਕਸਵਟੀ ਤੇ ਪਰਖ, ਗੁਰਦਵਾਰਾ ਗਜ਼ਟ ਦੇ ਜਨਵਰੀ ੧੯੭੮ ਅੰਕ ਵਿਚ ਪ੍ਰਕਾਸ਼ਤ ਕੀਤਾ। ਵੈਸੇ ਪੂਜ ਗਿਆਨੀ ਜੀ ਨੇ ਮੇਰੇ ਹੋਰ ਭੀ ਕਈ ਲੇਖ ਸ਼੍ਰੋਮਣੀ ਕਮੇਟੀ ਦੇ ਮਾਸਕ ਪੱਤਰ ਵਿਚ ਪ੍ਰਕਾਸ਼ਤ ਕੀਤੇ ਹਨ ਪਰ ਏਸ ਲੇਖ ਦੇ ਛਾਪਣ ਦਾ ਮੈਂ ਉਨ੍ਹਾਂ ਦਾ ਖਾਸ ਤੌਰ ਤੇ ਰਿਣੀ ਹਾਂ।

ਭਾਈ ਸਾਹਿਬ ਨੇ ਦਸਮੇਸ਼ ਪਿਤਾ ਜੀ ਦੀ ਬੜੀ ਭਰਪੂਰ ਸ਼ਰਧਾ ਨਾਲ ਅਨੇਕਾਂ ਪੱਖਾਂ ਤੋਂ ਉਪਮਾ ਕੀਤੀ ਹੈ ਅਤੇ ਅੰਤ ਵਿਚ ਮੈਂ ਇਕ ਵਨਗੀ ਪੇਸ਼ ਕਰਨਾ ਬਹੁਤ ਹੀ ਜ਼ਰੂਰੀ ਸਮਝਦਾ ਹਾਂ । ਖਾਸ ਕਰ ਮਾਛੀਵਾੜੇ ਦਾ ‘ਸਾਹਿਬੇ ਕਮਾਲ' ਦਾ ਦ੍ਰਿਸ਼ :-

ਨਾਂ ਤਰਕਸ਼ ਮਿਆਂ ਨਾਂ ਤੀਰੋ ਤਬਰ ਏ ।
ਨਾਂ ਸੰਗੀਨਾਂ ਸਾਥੀ ਨਾਂ ਕੋਈ ਬਸ਼ਰ ਏ ।
ਖ਼ਬਰ ਤੇ ਹੈ ਸਭ ਕੁਝ, ਮਗਰ ਬੇਖ਼ਬਰ ਏ।
ਤੇ ਅਲਮਸਤ ਸੁੱਤਾ ਏਥੇ ਕਲਗੀਧਰ ਏ ।
ਝੁਲਾਇ ਨੇ ‘ਝੰਡੇ' ਹੋਏ, ਬੇ ਫਿਕਰ ਨੇ ।
ਨਾਂ ਪੰਜ ਨੇ, ਨਾਂ ਚਾਲੀ, ਨਾਂ ਲਖ਼ਤੇ ਜਿਗਰ ਨੇ ।

‘ਹਸਰਤ' ਜੀ ਦੀਆਂ ‘ਹਸਰਤਾਂ’ ਦਾ ਉਤੇ ਜ਼ਿਕਰ ਕਰ ਚੁਕਾ ਹਾਂ । ਇਹ ਆਪ ਦੀ ਗਜ਼ਲਾਂ ਦੀ ਪੁਸਤਕ ਹੈ। ਪੰਜਾਬੀ ਵਿਚ ਅਜ ਕਲ ਗਜ਼ਲ ਆਮ ਪ੍ਰਧਾਨ ਹੈ ਅਤੇ 'ਹਸਰਤ’ ਗਜ਼ਲ-ਗੋ ਪ੍ਰਸਿਧ ਹੈ। ਏਥੇ ‘ਹਸਰਤ’ ਦੀ ਗਜ਼ਲ ਦੀ ਵਨਗੀ ਉਹ ਪੇਸ਼ ਕਰ ਰਿਹਾ ਹਾਂ ਜੋ ਉਸਤਾਦਾਨਾ ਢੰਗ ਮੁਤਾਬਕ ਹੈ। ਮਾਸ਼ੂਕ ਨੂੰ ਸ਼ਿਕਵਾ ਕਰਨਾ ਗਜ਼ਲ ਵਿਚ ਫਾਰਸੀ ਵਾਲਿਆਂ ਮੰਨਿਆ ਹੈ, ਅਤੇ ਸਰ ਮੁਹੱਮਦ ਇਕਬਾਲ ਦਾ ਕਥਨ ਹੈ, "ਇਸ਼ਕ ਅਵਲ ਦਰ ਦਿਲੇ ਮਾਸ਼ੂਕ ਪੈਦਾ ਮੀਸ਼ਵੱਦ" ਤੇ ਉਹ ਸਾਬਤ ਐਉਂ ਕਰਦਾ ਹੈ ਕਿ ਰੱਬ ਮਾਸ਼ੂਕ ਹੈ, ਉਹਦੇ ਦਿਲ ਇਚ ਇਸ਼ਕ ਪਹਿਲਾਂ ਪੈਦਾ ਹੋਇਆ ਤੇ ਉਸ ਇਨਸਾਨ ਪੈਦਾ ਕਰ ਦਿਤੇ, ਭਾਵ ਇਨਸਾਨ ਆਸ਼ਕ ਤੇ ਰੱਬ ਮਾਸ਼ੂਕ, ਤੇ ‘ਹਸਰਤ’ ਰੱਬ ਨੂੰ ਐਉਂ ਸ਼ਿਕਵਾ ਕਰਦਾ ਹੈ :-

ਬੇਹਿਸਾਬਾਂ ਹਿਸਾਬ ਲਾਇਆ ਏ,
ਤੇਰੀ ਲੀਲਾ ਏ ਤੇਰੀ ਮਾਇਆ ਏ ।
ਤੂੰ ਹੀ ਬਦਲਾਂ ਦੀ ਬੁੱਕਲੇ ਬਹਿ ਕੇ,
ਜ਼ੱਰੇ ਜ਼ੱਰੇ ਨੂੰ ਰੋਸ਼ਨਾਇਆ ਏ ।
ਕਿਉਂ ਭਵਾਈਆਂ ਨੀ ਨਰਗਸੀ ਅੱਖੀਆਂ ?
ਜੇ ਤੂੰ ਨੂਰੀ ਲਿਬਾਸ ਪਾਇਆ ਏ ?
ਉਹੋ ਰੰਗੇ ਨੇ ਤੇਰੇ ਰੰਗਾਂ ਵਿਚ,
ਤੂੰ ਹੀ ਜਿਨ੍ਹਾਂ ਨੂੰ ਰੰਗ ਲਾਇਆ ਏ ।
ਬਲਦੀ ਅੱਗ ਵਿਚ ਵੀ ਸੜ ਨਹੀਂ ਸਕਦਾ,
ਤੇਰੀ ਰਹਿਮਤ ਦਾ ਜਿਸ ਤੇ ਸਾਇਆ ਏ ।
ਉਹਨਾਂ ਭਰੀਆਂ ਨੇ ਝੋਲੀਆਂ ‘ਹਸਰਤ’
ਜਿਨ੍ਹਾਂ ਸ਼ਾਖਾਂ ਨੇ ਸਿਰ ਨਿਵਾਇਆ ਏ ।

ਸ: ਹਜ਼ਾਰਾ ਸਿੰਘ ਜੀ ‘ਗੁਰਦਾਸਪੁਰੀ’

ਸ: ਹਜ਼ਾਰਾ ਸਿੰਘ 'ਗੁਰਦਾਸਪੁਰੀ' ਨਾਲ ਮੇਰੀ ਲਗਪਗ ਪਿਛਲੇ ੩੦ ਕੁ ਸਾਲਾਂ ਤੋਂ ਬਹੁਤ ਨੇੜ ਚਲੀ ਆ ਰਹੀ ਹੈ। ਇਹ ਦੇਸ਼ ਭਗਤ ਆਜ਼ਾਦੀ ਦੀ ਲਹਿਰ ਵਿਚ ਬੜੇ ਭਰ ਜੋਬਨ ਵਿਚ ਕੁਦ ਪਿਆ ਸੀ । ਏਥੇ ਏਸ ਨੇ ਆਲ ਇੰਡੀਆ ਸਿੱਖ ਫੈਡਰੇਸ਼ਨ ਸਮੇਂ ਮੇਰਾ ਸਾਥ ਦਿਤਾ ਤੇ ਮੋਢੀਆਂ ਵਿਚੋਂ ਪਹਿਲੀ ਕਤਾਰ ਵਿਚ ਖੜਾ ਹੋਇਆ । ਸਰਦਾਰ ਹਰਭਜਨ ਸਿੰਘ ‘ਰਤਨ’ ਅਤੇ ਸ਼ੇਰ ਬਲਵੰਤ ਸਿੰਘ ਨੂੰ ਭੀ ਇਹ ਆਪਣੇ ਨਾਲ ਲੈ ਕੇ ਸਿੱਖ ਫੈਡਰੇਸ਼ਨ ਦੀਆਂ ਸਰਗਰਮੀਆਂ ਵਧਾਉਣ ਵਿਚ ਗਰਮਜੋਸ਼ੀ ਵਿਖਾਉਂਦਾ ਰਿਹਾ।

ਇਕ ਸਮਾਂ ਆਇਆ ਜਦ ਬੜੇ ਬੜੇ ਬੀਤੇ ਪੰਜਾਬੀ ਕਵੀਆਂ ਦੇ ਦਿਨ ਗੁਰਦਾਸਪੁਰੀ ਨੇ ਮਨਾਉਣੇ ਸ਼ੁਰੂ ਕੀਤੇ ਜਿਹਨਾਂ ਵਿਚ ਦੇਸ਼ ਦੇ ਵਡੇ ਤੋਂ ਵਡੇ ਲੀਡਰ ਭਾਗ ਲੈਂਦੇ ਰਹੇ। ਪੰਜਾਬੀ ਮਾਂ ਬੋਲੀ ਦੀ ਸੇਵਾ ਦੀ ਇਹਦੀ ਲਗਨ ਨੇ ਮੈਨੂੰ ਸਦਾ ਹੀ ਬਹੁਤ ਪ੍ਰਭਾਵਤ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਜੇ ਮੈਂ ਵੀ ਆਪਣੀਆਂ ਕੁਝ ਕੁ ਰੁਬਾਈਆਂ ਸਟੇਜ ਤੇ ਪੜ੍ਹੀਆਂ ਹਨ ਤਾਂ ਕੇਵਲ ‘ਗੁਰਦਾਸਪੁਰੀ’ ਦੀ ਸਟੇਜ ਤੇ ।

ਇਹ ਮੇਰੇ ਪੰਚਕੁਈਆਂ ਰੋਡ ਦੇ ਦਫ਼ਤਰ ਵਿਚ ਜਦ ਵੀ ਆਉਂਦਾ ਕੋਈ ਆਪਣਾ ਨਵਾਂ ਸ਼ੇਅਰ ਸੁਣਾਂਦਾ। ਇਕ ਦਿਨ ਇਹ ਗੁਣ-ਗੁਣਾ ਰਿਹਾ ਸੀ :

ਵਿਰਲਾ ਕੋਈ ਵੇਖਦਾ ਹੈ
ਮੈਨੂੰ ਅੰਦਰ ਝਾਤੀ ਪਾ...

ਬਸ ਉਹ ਸਤਰਾਂ ਮੇਰੇ ਅੰਦਰ ਧੱਸ ਗਈਆਂ ਤੇ ਮੈਂ ਇਹਦੇ ਅੰਦਰ ਦੇ ਅੰਦਰ ਝਾਤੀ ਪਾਣ ਦੇ ਯਤਨ ਸ਼ੁਰੂ ਕਰ ਦਿਤੇ ।

ਇਕ ਦਿਨ ਸਮਾਜ ਦੇ ਚੌਧਰੀਆਂ ਦੀਆਂ ਕੁਝ ਗਲਾਂ ਤੁਰ ਪਈਆਂ । ‘ਗੁਰਦਾਸਪੁਰੀ’ ਕਹਿਣ ਲਗਾ ਕਿ ਮੈਂ ਇਕ ਧਨਾਡ ਕੋਲ ਗਿਆ। ਉਹ ਪੁਛਦੈ ਕਿਸ ਤਰ੍ਹਾਂ ਆਏ ਹੋ ? ਮੈਂ ਅਗੋਂ ਉਤ੍ਰ ਦਿਤਾ- ਤੁਹਾਡੇ ਕੋਲ ਹੈ ਹੀ ਕੇਵਲ ਦੌਲਤ, ਥੋਹੜੀ ਦੌਲਤ ਭੇਟਾ ਕਰ ਦਿਓ ।' ਫੇਰ ਹਸ ਕੇ ‘ਗੁਰਦਾਸਪੁਰੀ’ ਕਹਿੰਦੈ - ‘ਭਲਾ ਧਨਾਡ ਕੋਲ ਕੋਈ ਅਕਲ ਜਾਂ ਸ਼ਊਰ ਥੋਹੜੀ ਏ ਜੋ ਮੈਂ ਉਸਤੋਂ ਮੰਗਦਾ । ਬੜਾ ਬਲੰਟ ਬੰਦਾ ਹੈ ‘ਗੁਰਦਾਸਪੁਰੀ'। ਉਹ ਸਾਫ ਸਾਫ ਕਹਿੰਦਾ ਹੈ :

ਮਨੁੱਖ ਹਾਂ, ਮਨੁੱਖ ਨੂੰ ਜਹਾਨ ਚਾਹੀਦਾ।
ਧਰਤੀ ਨੂੰ ਦੇਵਤਾ ਨਹੀਂ, ਇਨਸਾਨ ਚਾਹੀਦਾ ।

‘ਗੁਰਦਾਸਪੁਰੀ’ ਰੱਬ ਨੂੰ ਮੰਨਣ ਵਾਲਾ ਅਕੀਦਤਮੰਦ ਇਨਸਾਨ ਹੈ, ਪਰ ਭੇਖ ਦਾ ਕਰੜਾ ਵਿਰੋਧੀ ਤੇ ਅਡੰਬਰਾਂ ਦਾ ਵੈਰੀ । ਉਹ ਕਹਿੰਦੈ :

ਅਕਲ ਵਿਸ਼ਵਾਸ਼ ਨਹੀਂ ਕਰਦੀ ਕਿ ਤੂੰ ਐਦਾਂ ਚਾਹਿਆ ਏ ।
ਮੇਰੀ ਜਾਚੇ ਤੇਰੇ ਭਗਤਾਂ ਜਗਤ ਬੁੱਧੂ ਬਣਾਇਆ ਏ ।

ਅੱਜ ਦੀ ਧਨਾਡ ਫੈਸ਼ਨ ਪ੍ਰਸਤ ਇਸਤਰੀ ਜਾਤੀ ਦੇ ਬੇਲੱਜੇ ਫੈਸ਼ਨ ਨੂੰ ਵੇਖ ‘ਗੁਰਦਾਸਪੁਰੀ' ਦਾ ਕਲੇਜਾ ਕੰਬ ਜਾਂਦਾ ਹੈ ਤੇ ਉਹ ਐਉਂ ਕੀਰਨੇ ਪਾਉਂਦੈ :

ਏਸ ਤਰਾਂ ਜਾਂ ਹੁਸਨ ਨੇ ਆ ਪੁਠੀਆਂ ਚਾਈਆਂ ।
ਉਨ ਕਰ ਕਰ ਹਿਕਾਂ ਨੰਗੀਆਂ, ਕੱਢ ਧੌਣ ਸੁਰਾਹੀਆਂ।
ਲਾਹ ਲਾਹ ਸਿਰਾਂ ਤੋਂ ਚੁਨੀਆਂ ਗੁੱਤਾਂ ਲਮਕਾਈਆਂ ।
ਲਾ ਲਾ ਪਊਡਰ ਸੁਰਖ਼ੀਆਂ, ਭਰਵਟੀਂ ਛਾਹੀਆਂ ।
ਉਨ ਚੁਣ ਲਏ ਫੁਲ ਪੰਜਾਬ ਦੇ, ਜਾਂ ਚੋਣਾਂ ਪਾਈਆਂ।
ਆ ਘਰ ਘਰ ਪੈ ਗਏ ਪਿਟਣੇ, ਜਾਂ ਜ਼ੁਲਫਾਂ ਕਟਵਾ ਕੇ ਆਈਆਂ ।

‘ਗੁਰਦਾਸਪੁਰੀ' ਨੇ ਸਮਾਜ ਦਾ ਇਕ ਬੜਾ ਹੀ ਗੁੰਝਲਦਾਰ ਮਸਲਾ ਲੂਣਾ ਤੇ ਪੂਰਨ ਭਗਤ ਦੇ ਪੁਰਾਤਨ ਕਿੱਸੇ ਦੀ ਓਟ ਲੈ ਬੜੇ ਸੁਚੱਜ਼ੇ ਢੰਗ ਨਾਲ ਐਉਂ ਹਲ ਕਰ ਵਿਖਾਇਆ ਹੈ :

ਬੇਸ਼ਕ ਤੈਨੂੰ ਸ਼ਿਕਾਇਤ ਬੜੀ ਹੈ,
ਬੇਸ਼ਕ ਗਿਲਾ ਬਥੇਰਾ ।
ਲੂਣਾਂ ਦੇ ਚਲਨ ਨੇ ਕੀਤਾ,
ਇਹ ਦਿਲ ਪੱਥਰ ਤੇਰਾ।
ਐਪਰ ਖੂਹ ਵਿਚ ਡਿਗਾ ਹੋਇਆ,
ਕਾਸ਼ ਕਿਤੇ ਤੂੰ ਆਪਣੇ ਆਪ ।
ਨਜ਼ਰ ਡੂੰਗੇਰੀ ਮਾਰ ਕੇ ਤਕਦਾ,
ਕਿਸ ਦਾ ਹੈ ਇਹ ਬੱਜਰ ਪਾਪ ।
ਇਕ ਬੁੱਢੇ ਨਿਰਬਲ ਰਾਜੇ,
ਆਪਣੇ ਰਾਜ ਮਹੱਲਾਂ ਅੰਦਰ ।
‘ਅੱਗ-ਜਵਾਨੀ’ ਕੈਦਨ ਕੀਤੀ,
ਸੜ ਗਏ ਉਹਦੇ ਮੋਤੀ ਮੰਦਰ ।
ਦਿਲ ਮੇਰੇ ਦੇ ਤਖ਼ਤ ਬਹਿ ਕੇ,
ਪੂਰਨ ਚੰਦਾ ਕਰ ਨਿਆਂ।
ਲੂਣਾ ਸੀਗੀ ਪਾਪਨ ਨਾਰੀ,
ਕਿ ਰਾਜਾ ਸਲਵਾਨ ਸੀ ਜਾਂ ?

‘ਗੁਰਦਾਸਪੁਰੀ’ ਨੂੰ ਵਾਰਾਂ ਦਾ ਬਾਦਸ਼ਾਹ ਕਹਿ ਸਤਿਕਾਰਿਆ ਜਾਂਦਾ ਹੈ। ਇਹਦੀਆਂ ਵਾਰਾਂ ਵਿਚ ਆਖ਼ਰਾਂ ਦਾ ਜਜ਼ਬਾ ਭਰਿਆ ਹੁੰਦਾ ਹੈ। ਬੰਦਾ ਬਹਾਦਰ ਦੀ ਵਾਰ ਦੀਆਂ ਕੁਝ ਲਾਈਨਾਂ ਮੁਲਾਹਜ਼ਾ ਫਰਮਾਓ :

ਉਹ 'ਬੰਦਾ’ ਜਿਸ ਨੂੰ ਸਾਹਿਬਾਂ ਯੁੱਧ ਲਈ ਘੜਿਆ ।
ਜਿਸ ਥਾਪੀ ਲੈ ਦਸਮੇਸ਼ ਤੋਂ, ਹੱਥ ਖੰਡਾ ਫੜਿਆ ।
ਜਿਸ ਝੂਣ ਸੁੱਟੀ ਬਾਦਸ਼ਾਹੀ, ਹਰ ਥਾਂ ਲੁੱਟ ਖੜਿਆ ।
ਜਿਹੜਾ ਨਾਲ ਬਹਾਦਰ ਸ਼ਾਹ ਦੇ, ਲੋਹਗੜ ਵਿਚ ਲੜਿਆ ।
ਜਿਸ ਸਿੱਕਾ ਤੋਰਿਆ ਗੁਰਾਂ ਦਾ, ਸੋਨੇ ਵਿਚ ਮੜਿਆ।
ਉਹ ਮਾਰ ਵਟਾਲਾ ਮੁੜ ਕੇ, ਮਾਝੇ ਵਿਚ ਵੜਿਆ।
ਕੋਟਾਂ ਨੂੰ ਆ ਗਈ ਕੰਬਨੀ, ਹਰ ਹਾਕਮ ਦੜਿਆ ।

ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦਾ ‘ਗੁਰਦਾਸਪੁਰੀ' ਅਗੇ ਚਲ ਕੇ ਐਉਂ ਸ਼ਾਨਦਾਰ ਵਰਨਣ ਕਰਦਾ ਹੈ :

ਉਨ ਮਾਰ ਪਠਾਨਕੋਟ ਨੂੰ, ਕੁਲ ਫੌਜ ਭਜਾਈ।
ਉਨ ਬੇਖਲ ਹਿੰਦ ਨੂੰ ਮਾਰਿਆ, ਫਟ ਕਰ ਕੇ ਢਾਈ ।
ਉਨ ਕਲਾਨੌਰ ਦੇ ਕੋਟ ਨੂੰ, ਅੱਗ ਹੱਥੀਂ ਲਾਈ ।
ਉਹਦੇ ਤੀਰਾਂ ਵਿਚ "ਗੋਬਿੰਦ" ਨੇ ਹੈ ਮੌਤ ਬਿਠਾਈ ।
ਉਹਦੇ ਨਾਲ ਫੌਜ ਨਿਹੰਗਾਂ, ਸਿਰ ਚਕਰ ਪਾਈ ।
ਜਿਨ੍ਹਾਂ ਅੰਮ੍ਰਿਤ ਪੀਤਾ ਗੁਰਾਂ ਤੋਂ, ਤੇ ਮੌਤ ਵਿਹਾਈ ।

ਮੈਂ ‘ਗੁਰਦਾਸਪੁਰੀ’ ਦੇ ਵਰਤੇ ਅਨੇਕਾਂ ਨਵੀਨ ਤਖ਼ੀਅੱਲਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਪਰ ਜਿਸ ਤਖ਼ੀਅੱਲ ਅਗੇ ਮੇਰਾ ਸਦਾ ਸੀਸ ਝੁਕਦਾ ਰਹੇਗਾ, ਉਹ ਬਾਬਾ ਰਾਮ ਸਿੰਘ ਜੀ ਦੀ ਚਲਾਈ ਆਜ਼ਾਦੀ ਦੀ ਜੰਗ ਦੀ ਵਾਰਤਾ ਵਿਚੋਂ ਹੈ। ‘ਗੁਰਦਾਸਪੁਰੀ' ਵੇਖੋ ਕਿਵੇਂ ਬਿਆਨ ਕਰਦਾ ਹੈ :

ਭੈਣੀ ਸਾਹਿਬੋਂ ਜੰਝਾਂ ਚੜ੍ਹੀਆਂ,
ਆਣ ਕੋਟਲੇ ਹੋਇਆ ਉਤਾਰਾ ।
ਇਕ ਇਕ ਤੋਪ ਦੀ ਬਲੀ ਚੜ੍ਹ ਗਿਆ,
ਉਥੇ ਆਜ਼ਾਦੀ ਦਾ ਲਾੜਾ ।
ਸਿੰਘਾਂ ਵਾਲੀ ਰੀਤ ਵਿਖਾ ਕੇ,
ਓਥੇ ਸੜ ਗਏ ਕਈ ਪ੍ਰਵਾਨੇ ।
ਇੱਟਾਂ ਰੱਖ ਹੋਏ ਕਈ ਉੱਚੇ,
ਉੱਕ ਨਾਂ ਜਾਵਨ ਕਿਤੇ ਨਿਸ਼ਾਨੇ ।
ਭਾਰਤ ਮਾਂ ਦੇ ਚਰਨਾਂ ਵਿਚ,
ਆਪਣਾ ਲਹੂ ਡੋਹਲਿਆ ਸਿੰਘਾਂ ।
‘ਕਾਵਨ' ਦੀਆਂ ਤੋਪਾਂ ਦੇ ਵਿਚੋਂ,
ਆਜ਼ਾਦੀ ਨੂੰ ਟੋਲਿਆ ਸਿੰਘਾਂ ।
ਓਸ ਸਮੇਂ ਦਾ ਇਕ ਮਾਜਰਾ,
ਆਉਂਦਾ ਹੈ ਇਤਿਹਾਸ ਦੇ ਅੰਦਰ ।
ਸਿੰਘਾਂ ਜਦੋਂ ਛਕੀ ਸ਼ਹੀਦੀ,
ਤੋਪਾਂ ਦੇ ਗਲਾਸਾਂ ਅੰਦਰ ।

ਅਤੇ “ਤੋਪਾਂ ਦੇ ਗਲਾਸ" ਸਿੰਘਾਂ ਬਿਨਾਂ ਸੰਸਾਰ ਵਿਚ ਦੂਜਾ ਬਣਾ ਵੀ ਕੌਣ ਸਕਦਾ ਹੈ ? ਭੁਲੜ ਦੇਸ਼ਵਾਸੀ ਅਜ ਗਾਂਧੀ ਜੀ ਨੂੰ ਹੀਰੋ ਬਣਾਈ ਬੈਠੇ ਹਨ ਤੇ ਬਾਬਾ ਰਾਮ ਸਿੰਘ ਜੀ ਦਾ ਨਾਮ ਬੇਦਰਦੀ ਤੇ ਬੇਰਹਿਮੀ ਨਾਲ ਭੁਲਾਇਆ ਜਾ ਰਿਹਾ ਹੈ ਪਰ ਇਹ ‘ਗੁਰਦਾਸਪੁਰੀ’ ਦੀਆਂ ਖੂਨ ਉਬਾਲੂ ਲਾਈਣਾਂ ਕਦੇ ਰੰਗ ਲਿਆਉਣਗੀਆਂ।

ਉਪਰ ਕਵੀ ਨੇ ਇਤਿਹਾਸਿਕ ਮਾਜਰੇ ਵਲ ਅਸ਼ਾਰਾ ਕੀਤਾ ਹੈ। ਉਹ ਸਾਖੀ ਐਉਂ ਹੈ ਕਿ ੧੮੭੨ ਦੀ ਆਜ਼ਾਦੀ ਦੀ ਪਹਿਲੀ ਜੰਗ (੧੮੫੬ ਦੀ ਆਜ਼ਾਦੀ ਦੀ ਕੋਈ ਜੰਗ ਨਹੀਂ ਸੀ, ਉਹਨੂੰ ਫੀਊਡਲ ਬੈਟਲਜ਼ ਕਹਿ ਸਕਦੇ ਹਾਂ) ਬਾਬਾ ਰਾਮ ਸਿੰਘ ਜੀ ਨੇ ਅੰਗਰੇਜ਼ ਵਿਰੁਧ ਲੜੀ, ਉਸ ਵਿਚ ਅਨੇਕਾਂ ਸਿੰਘਾਂ ਨੇ ਕੁਰਬਾਨੀਆਂ ਦਿਤੀਆਂ ਜਿਨ੍ਹਾਂ ਵਿਚ ਇਕ ਛੋਟਾ ਨਿਆਣਾ ਬਾਲਕ ਵੀ ਸੀ। ਅੰਗਰੇਜ਼ ਅਫ਼ਸਰ ਕਾਵਨ ਨੇ ਉਸ ਬੱਚੇ ਨੂੰ ਤੋਪ ਦੇ ਗੋਲੇ ਤੋਂ ਬਚਨ ਲਈ ਮੋੜਿਆ ਪਰ ਉਹ ਸ਼ੇਰਨੀ ਦਾ ਬੱਚਾ ਸ਼ਹੀਦੀ ਦੇਣ ਹੀ ਤਾਂ ਉਥੇ ਮੈਦਾਨੇ ਜੰਗ ਵਿਚ ਪੁੱਜਾ ਸੀ । ਉਹਦੇ ਸ਼ਹੀਦੀ ਦੇ ਚਾਓ ਨੂੰ ‘ਗੁਰਦਾਸਪੁਰੀ' ਵੇਖੋ ਕੈਸੇ ਜੋਸ਼ੀਲੇ ਢੰਗ ਨਾਲ ਬਿਆਨ ਕਰਦਾ ਹੈ :

ਕਹਿੰਦੇ ਨੇ ਉਹ ਐਨਾ ਸੁਣ ਕੇ,
ਇਕ ਦਮ ਹੋ ਗਿਆ ਅੱਗ ਭਬੂਕਾ।
ਉਸ ਨੇ ਆਖਿਆ "ਸੁਣ ਗੋਰਿਆ,
ਮੈਂ ਹਾਂ ਰਾਮ ਸਿੰਘ ਦਾ ਕੂਕਾ ।
ਮੈਂ ਵੀ ਦੇਸ਼ ਵਤਨ ਦੀ ਖ਼ਾਤਰ,
ਤੇਰੀਆਂ ਤੋਪਾਂ ਸਾਹਮਣੇ ਖੜਨਾ ।
ਮੈਂ ਵੀ ਨਾਲ ਭਰਾਵਾਂ ਦੇ ਅੱਜ,
ਵਾਂਗ ਪਤੰਗ ਦੇ ਹੈ ਸੜਨਾ ।"
ਪਤਾ ਨਹੀਂ ਫੇਰ ਉਸ ਨੂੰ ਕਹਿੰਦੇ ,
ਐਸਾ ਜੋਸ਼ ਅੰਗਮੀ ਚੜ੍ਹਿਆ
ਦੋ ਹੱਥਾਂ ਦੇ ਨਾਲ ਉਸ ਨੇ,
ਕਾਵਨ ਦੀ ਦਾਹੜੀ ਨੂੰ ਫੜਿਆ ।
ਬੜੀ ਛੁਡਾਈ ਦਾਹੜੀ ਉਸ ਤੋਂ,
ਪਰ ਨਾਂ ਉਸ ਸੂਰਮੇ ਛਡੀ ।
ਕਾਵਨ ਦਿਆਂ ਸਿਪਾਹੀਆਂ ਉਹਦੀ,
ਇੰਚ ਇੰਚ ਕਰ ਵੀਣੀ ਵੱਡੀ ।
ਕਿਰਚਾਂ ਅਤੇ ਸੰਗੀਨਾਂ ਦੇ ਨਾਲ,
ਬਾਲਕ ਹੋ ਗਿਆ ਟੋਟੇ ਟੋਟੇ ।
ਨੇਜ਼ਿਆਂ ਤੇ ਤਲਵਾਰਾਂ ਨਾਲ,
ਹੋ ਗਿਆ ਉਹ ਪੋਟੇ ਪੋਟੇ ।
ਸੰਨ ਬਹਤਰ ਦੇ ਵਿਚ ਮਰ ਗਏ,
ਸੂਰੇ ਆਪਣੀ ਆਣ ਦੇ ਬਦਲੇ ।
ਰਾਮ ਸਿੰਘ ਦਾ ਨਿੱਕਾ ਕੂਕਾ,
ਮਰ ਗਿਆ ਹਿੰਦੁਸਤਾਨ ਦੇ ਬਦਲੇ ।

ਗੁਰੂ ਨਾਨਕ ਸਾਹਿਬ ਨੂੰ ਅਜ ਦੀ ਖੋਖਲੀ ਸਮਾਜ ਦੀ ਦਰਦ ਭਰੀ ਵਿਥਿਆ ‘ਗੁਰਦਾਸਪੁਰੀ’ ਐਉਂ ਬਿਆਨ ਕਰਦਾ ਹੈ :

ਤੁਸੀਂ ਆ ਗਏ ਜਦ ਦੇ ਛਡ ਕੇ
ਸਚ ਖੰਡ ਵਿਚ ਹਜ਼ੂਰ ।
ਤੇਰੀ ਦੁਨੀਆਂ ਕਮਲੀ ਹੋ ਗਈ,
ਮੁੜ ਖਹਿ ਖਹਿ ਹੋ ਗਈ ਚੂਰ ।
ਮੁੜ ਧਰਮ ਪੰਖ ਲਾ ਉਡਿਆ,
ਮੁੜ ਕੂੜ ਹੋਇਆ ਮਨਜ਼ੂਰ ।
ਮੁੜ ਕੌਡੇ ਰਾਕਸ਼ ਜੰਮ ਪਏ,
ਮੁੜ 'ਸਜਨ' ਹੋਏ ਮਸ਼ਹੂਰ ।
ਮੁੜ ਜੰਮ ਪਏ ਲਖਾਂ ਭੂਮੀਏਂ,
ਮੁੜ ਟੁਟਣ ਕਹਿਰ ਕਹਿਲੂਰ ।
ਮੁੜ ਭਾਗੋ ਰਤ ਨਿਚੋੜਦੇ,
ਉਹ ਬੇਦੋਸ਼ਾਂ ਨੂੰ ਘੂਰ ।
ਮੁੜ ਬਾਬਰ ਕਰਨ ਬੇਪਤੀਆਂ,
ਪਾਉਂਦੇ ਫਿਰਨ ਫ਼ਤੂਰ ।
ਮੁੜ ਕੂੜ ਅਮਾਵਸ ਛਾ ਗਈ,
ਮੁੜ ਸੱਚ ਹੋਇਆ ਕਾਫ਼ੂਰ ।
ਮੁੜ ਹੱਕ ਪਰਾਇਆ ਖਾਂਵਦੇ,
ਜੋ ਉਸ ਗਾਏ ਉਸ ਸੂਰ ।
ਮੁੜ ਬਗਲੀਂ ਛੁਰੀਆਂ ਤਿਖੀਆਂ
ਇਹ ਭਗਤਾਂ ਦੇ ਦਸਤੂਰ ।

ਭਾਰਤ ਦੀ ਭੁਖਮਰੀ ਸਾਰੇ ਜਹਾਨ ਵਿਚ ਪ੍ਰਸਿਧ ਹੁੰਦੀ ਜਾ ਰਹੀ ਹੈ। ਭਾਰਤ ਦੇ ਘਰ ਘਰ ਵਿਚ, ਸਵਾਏ ਕੁਝ ਕੁ ਸਜਨ ਠਗਾਂ ਤੇ ਮਲਕ ਭਾਗੋਆਂ ਦੇ, ਗਰੀਬੀ ਆਪਣਾ ਨੰਗਾ ਨਾਚ ਵਖਾ ਰਹੀ ਹੈ । ‘ਗੁਰਦਾਸਪੁਰੀ’ ਜਨਤਾ ਦਾ ਕਵੀ ਹੈ ਤੇ ਜਨਤਾ ਦੀ ਕੁਰਲਾਟ ਸੁਣ ਐਉਂ ਕੂਕ ਉਠਦਾ ਹੈ :

ਹਾਲੀ ਖਾ ਗਏ ਹਲਾਂ ਨੂੰ,
ਕਣਕ ਨੂੰ ਖਾ ਗਏ ਚੋਰ ।
ਲੋਹਾ ਲੁਹਾਰਾਂ ਖਾ ਲਿਆ,
ਆਰਣ ਆਪਣੀ ਤੋੜ ।
ਖਡੀ ਜੁਲਾਹਿਆਂ ਖਾ ਲਈ,
ਕੀ ਉਹ ਖਾਂਦੇ ਹੋਰ ?
ਮੋਚੀ ਨੇ ਖਾ ਲਈਆਂ ਰੰਬੀਆਂ,
ਭੁਖ ਤੇ ਕਿਸ ਦਾ ਜ਼ੋਰ ।
ਭੁਖਾਂ ਖਾਦੀ ਦੁਨੀਆਂ,
ਸਭ ਕੁਝ ਬੈਠੀ ਖਾ।
ਪਾਂਧਾ ਖਾ ਗਿਆ ਪੋਥੀਆਂ,
ਮੁਲਾਂ ਖਾ ਗਿਆ ਖੁਦਾ ।
ਸਤਵੰਤੀ ਦੇ ਸੇਜ ਦਾ,
ਮੁੜ ਮੁੜ ਚੁਕਦਾ ਭਾ।
ਮਜ਼ਹਬ, ਧਰਮ, ਇਖ਼ਲਾਕ ਦਾ,
ਵਿਕ ਗਿਆ ਮਾਲ ਮਤਾ।

ਪਰ ਐਸੇ ਭਿਆਨਕ ਹਾਲਾਤ ਵਿਚ ਭੀ ‘ਗੁਰਦਾਸਪੁਰੀ' ਬੜਾ ਆਸ਼ਾਵਾਦੀ ਹੈ ਅਤੇ ਖਾਲਸੇ ਦੇ ਭਵਿਖ ਬਾਰੇ ਤੇ ਸੰਸਾਰ-ਅਮਨ ਬਾਰੇ ਆਪਣੀ ਐਓਂ ਪੇਸ਼ੀਨਗੋਈ ਕਰਦਾ ਹੈ :

ਮੁੜ ਤੇਰੀ ਕਿਰਪਾਨ ਨੇ, ਵੇਖ ਲਈਂ ਇਕ ਵੇਰ ।
ਲਿਖਣੇ ਲੇਖ ਜਹਾਨ ਦੇ, ਮੁਢੋਂ ਸੁਢੋਂ ਫੇਰ ।
ਮੁੜ ਮਾਵਾਂ ਦੀ ਗੋਦ ਵਿਚ ਖੇਡਣਗੇ ਰਣਜੀਤ ।
ਮੁੜ ਉਠਣਗੇ ਸੂਰਮੇ ਨਲਵੇ ਤੇ ਅਜੀਤ ।
ਮੁੜ ਖੰਡੇ ਦੀ ਧਾਰ 'ਚੋਂ ਨਿਕਲੂ ਐਸੀ ਧਾਰ ।
ਉਡ ਜਾਣਗੇ ਵਿਤਕਰੇ, ਵਿਸਰ ਜਾਊਗੀ ਖਾਰ।
ਤੇਰੀ ਇਸ ਤਲਵਾਰ ਦੀ, ਛਾਵੇਂ ਬੈਠ ਜਹਾਨ ।
ਲਭ ਲਵੇਗਾ ਚਿਰਾਂ ਤੋਂ ਗਵਾਚੀ ਹੋਈ ਸੰਝਾਣ ।
ਮੁਲਾਂ ਨੂੰ ਜੋ ਸਟ ਲਗੂ, ਬਾਹਮਣ ਪਵੇਗਾ ਰੋ ।
ਰਾਜ ਕਰੇਗਾ ਖਾਲਸਾ ਆਕੀ ਰਹੇ ਨਾਂ ਕੋ ।

ਰਾਜ-ਕਵੀ ਸ੍ਰ: ਇੰਦਰਜੀਤ ਸਿੰਘ ਜੀ ‘ਤੁਲਸੀ'

ਉਸ ਮਹਿਫ਼ਲ ਨੂੰ ਕੋਈ ਮਹਿਫ਼ਲ ਮੰਨਣ ਨੂੰ ਤਿਆਰ ਹੀ ਨਹੀਂ ਜਿਸ ਮਹਿਫਲ ਵਿਚ ਮਹਿਫ਼ਲ ਦਾ ਸ਼ਿੰਗਾਰ ਸ੍ਰਦਾਰ ਇੰਦਰਜੀਤ ਸਿੰਘ ‘ਤੁਲਸੀ' ਰਾਜ-ਕਵੀ, ਬਰਾਜਮਾਨ ਨਾ ਹੋਵੇ। ਸ੍ਰਕਾਰੋਂ ਦਰਬਾਰੋਂ ਇਸ ਕਵੀ ਨੂੰ ਰਾਜ-ਕਵੀ ਦੇ ਟਾਈਟਲ ਨਾਲ ਸਨਮਾਨਿਆ ਗਿਆ ਤੇ ਕਵਿਤਾ ਦੇ ਸਰਾਫ਼ ਡਾ. ਮੋਹਣ ਸਿੰਘ ਜੀ ‘ਦੀਵਾਨਾ' ਤੁਲਸੀ ਨੂੰ ਮੈਖਾਨੇ ਦਾ ਸਾਕੀ ਕਹਿ ਪੰਜਾਬੀ ਸਾਹਿਤ ਗਗਨ ਦਾ ਡਲ੍ਹਕਦਾ ਸਿਤਾਰਾ ਬਣਾ ਦਿਤਾ । ਮੇਰੀ ਨਜ਼ਰ ਵਿਚ ਇਹ ਗੁਰੂ ਘਰ ਦਾ ਮਿੱਠਾ ਜਿਹਾ ਢਾਡੀ ਹੈ, ਜਿਸ ਗੁਰੂ ਜੱਸ ਗਾ ਗਾ ਇਹ ਸਾਰੇ ਸੰਸਾਰੀ ਮਾਨ ਮੁਰਾਤਬੇ ਹਾਸਿਲ ਕੀਤੇ ਹਨ। ਅਕਾਲ ਪੁਰਖ ਨੇ ਇਸ ਨੂੰ ਐਸਾ ਗਲਾ ਬਖ਼ਸ਼ਿਆ ਹੈ ਕਿ ਜਦ ਇਹ ਸਟੇਜ ਤੇ ਗਜਦਾ ਹੈ ਤਾਂ ਸਰੋਤਿਆਂ ਵਿਚ ਸਨਾਟਾ ਛਾ ਜਾਂਦਾ ਹੈ, ਤੇ ਜਿਵੇਂ ਈਦ ਦੀ ਨਮਾਜ਼ ਦੀ ਫਿਲਮ ਵਿਚ ਹਜ਼ਾਰਾਂ ਨਮਾਜ਼ੀ ਸਿਜਦੇ ਵਿਚ ਉਠਦੇ ਬੈਠਦੇ ਵੇਖੇ ਜਾਂਦੇ ਹਨ, ਤਿਵੇਂ ਇਹਦੀ ਮਹਿਫ਼ਲ ਵਿਚ ਇਹਦੀ ਕਵਿਤਾ ਨੂੰ ਸੁਣਦੇ ਹਜ਼ਾਰਾਂ ਹੀ ਝੂੰਮਦੇ ਵੇਖੇ ਜਾਂਦੇ ਹਨ।

ਤੁਲਸੀ ਜੀ ਦੀ ਕਵਿਤਾ ਵਿਚ ਆਖਰਾਂ ਦਾ ਸੰਗੀਤ ਹੈ, ਕਹਿਰਾਂ ਦਾ ਵਲਵਲਾ ਹੈ, ਹੌਲੇ ਫੁਲ ਹਰਫ਼ਾਂ ਦਾ ਜਾਦੂ ਹੈ, ਅਲੰਕਾਰਾਂ ਦੀ ਚਿਤਰਕਾਰੀ ਹੈ ਅਤੇ ਸੋਜ਼ ਦਾ ਰੰਗ ਬਹੁਤਾ ਹੀ ਗੂਹੜਾ ਹੈ। ਗੀਤਾਂ ਇਹਦਿਆਂ ਦੀ ਮਠਾਸ ਕੇਵਲ ਸੁਣਨ ਯਾ ਪੜ੍ਹਣ ਨਾਲ ਤੱਅਲਕ ਰਖਦੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ । ਬਿਆਨੀਆਂ ਅੰਦਾਜ਼ ਤੁਲਸੀ ਦਾ ਆਪਣਾ ਹੀ ਹੈ। ਉਹ ਅੱਖ ਹੀ ਕੀ ਜੋ ਇਹਦਾ ਬਿਆਨ ਪੜ੍ਹ ਸੇਜਲ ਨਾਂ ਹੋ ਜਾਵੇ। ਕਵੀ ਨੇ ਪਿਛਲੇ ਦੋ ਦਹਾਕਿਆਂ ਵਿਚ ਮਾਂ ਬੋਲੀ ਦੀ ਜੋ ਸੇਵਾ ਕੀਤੀ ਹੈ ਉਹ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਸਦਾ ਹੀ ਚਮਕਦੀ ਵਿਖਾਈ ਦੇਂਦੀ ਰਹੇਗੀ। ਇਹਦੇ ਫ਼ਿਲਮੀ ਗੀਤ ਸੁਣੋ ਤਾਂ ਇਹਦੀ ਨਵੀਨਤਾ ਵੇਖ ਖੁਸ਼ੀ ਵਿਚ ਅੱਖਾਂ ਤਰ ਹੋ ਜਾਂਦੀਆਂ ਹਨ ਤੇ ਜੇ ਸ਼ਰਧਾ ਭਰਿਆ ਸਿੱਖੀ ਇਤਿਹਾਸ ਸੁਣੋ ਤਾਂ ਅੱਖਾਂ ਝੜੀ ਲਾ ਦੇਂਦੀਆਂ ਹਨ । ਕਸ਼ਮੀਰੀ ਪੰਡਤਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਫ਼ਰਿਯਾਦੀ ਹੋਣਾ ਅਨੇਕਾਂ ਕਵੀਆਂ ਆਪਣੇ ਰੰਗ ਢੰਗ ਵਿਚ ਲਿਖਿਆ ਹੈ। ਤੁਲਸੀ ਜੀ ਦਾ ਬਿਆਨ ਵੀ ਜ਼ਰਾ ਵੇਖੋ, ਕਿਵੇਂ ਲਿਖਦੈ :

ਹਿੰਦੂ-ਤਵ ਦੇ ਰਾਖੇ ਸਤਿਗੁਰ ਔਰੰਗਜ਼ੇਬ ਸਤਾਉਂਦਾ ਹੈ।
ਮਣ ਮਣ ਜੰਝੂ ਲਾਹ ਕੇ ਸਾਡੇ ਰੋਟੀ ਨੂੰ ਹੱਥ ਲਾਉਂਦਾ ਹੈ ।
ਮੰਦਰ ਉਸ ਨੇ ਢਾਹ ਅਸਾਡੇ ਕਈ ਮਸੀਤਾਂ ਪਾਈਆਂ ਨੇ।
ਕੰਜ ਕੁਮਾਰੀਆਂ ਕੰਨਿਆਂ ਚੁਕੀਆਂ, ਨਾਲੇ ਸਜ ਵਿਆਹੀਆਂ ਨੇ।
ਸਾਡੀ ਸਰਲਾ, ਸ਼ੀਲਾ, ਕਮਲਾ, ਬੇਗ਼ਮ ਆਰਾ ਬਣ ਗਈ ਹੈ।
ਹੁਣ ਤੇ ਖੂਨੀ ਲਹਿਰ ਹੀ ਸਾਡੇ ਲਈ ਕਿਨਾਰਾ ਬਣ ਗਈ ਹੈ।
ਹੁਣ ਤੇ ਹਿੰਦੂ-ਤਵ ਦਾ ਅਰਸ਼ੋਂ, ਟੁੱਟਨ ਵਾਲਾ ਤਾਰਾ ਹੈ ।
ਸ਼ਾਹਾਂ ਦੇ ਸ਼ਾਹ ਤੇਗ਼ ਬਹਾਦਰ ਤੇਰਾ ਇਕ ਸਹਾਰਾ ਹੈ।

ਫ਼ਰਿਯਾਦ ਸੁਣ ਜਦ ਗੁਰੂ ਜੀ ਦਿੱਲੀ ਸ਼ਹੀਦੀ ਦੇਣ ਪੁਜਦੇ ਹਨ ਤਾਂ ਔਰੰਗਜ਼ੇਬ ਜੋ ਜੋ ਲਾਲਚ ਤੇ ਫ਼ਰੇਬ ਗੁਰੂ ਸਾਹਿਬ ਨੂੰ ਦੇਂਦਾ ਹੈ ਕਿ ਇਹ ਇਸਲਾਮ ਧਰਮ ਇਖ਼ਤਿਆਰ ਕਰ ਲੈਣ, ਵੇਖੋ ਰਾਜ-ਕਵੀ ਕਿਸ ਅਦਾ ਨਾਲ ਪੇਸ਼ ਕਰਦਾ ਹੈ :

ਜੇ ਮੰਨ ਜਾਏਂ ਤੇਗ ਬਹਾਦਰਾ,
ਤੇਰਾ ਰੁਖ ਇਸਲਾਮੀ ਮੋੜੀਏ।
ਤੇਰੇ ਪਿਛੇ ਰੁਲਣ ਨਵਾਬੀਆਂ,
ਲੱਖ ਪੱਤੀਏ ਲੱਖ ਕਰੋੜੀਏ।
ਤੇਰੇ ਆਸੇ ਪਾਸੇ ਬੇਗਮਾਂ,
ਤੈਨੂੰ ਇਸ਼ਕ ਦਾ ਜਿੰਨ ਚੰਬੋੜੀਏ।
ਜੇ ਤਾਰੇ ਮੰਗੇਂ ਅਰਸ਼ ਦੇ,
ਅਸੀਂ ਚੁਟਕੀ ਵਿਚ ਤਰੋੜੀਏ।
ਤੈਨੂੰ ਪੀਰ ਬਣਾ ਕੇ ਆਪਣਾ,
ਅਸੀਂ ਵਿਚ ਦਰਗਾਹੀਂ ਲੋੜੀਏ।

ਅਤੇ ਅਗੋਂ 'ਹਿੰਦ ਦੀ ਚਾਦਰ' ਦਾ ਜਵਾਬ ਵੀ ਕਵੀ ਦੀ ਕਲਮ ਰਾਹੀਂ ਮੁਗ਼ਲ ਹਕੂਮਤ ਨੂੰ ਸੁਣੋ ਅਤੇ ਸਚੇ ਪਾਤਸ਼ਾਹ ਦੇ ਚਰਨਾਂ ਵਿਚ ਜੁੜੋ :

ਮੇਰਾ ਤੇਗ ਬਹਾਦਰ ਨਾਮ ਹੈ,
ਸੁਣ ਮੁਗਲ ਹਕੂਮਤ ਭਾਰੀਏ।
ਸਾਡੇ ਸਿਰ ਵਿਚ ਠਾਕੁਰ ਵਸਦਾ,
ਤੇਰੇ ਸਿਰ ਵਿਚ ਠਰਕ ਨਕਾਰੀਏ ।
ਤੂੰ ਲੱਖ ਸਲਾਹਿਆ ਆਪਣੇ,
ਇਸ ਭਾਂਡੇ ਨੂੰ ਘੁਮਿਆਰੀਏ ।
ਪਰ ਵਿਚ ਚੁਰਸਤੇ ਟੁੱਟਿਆ,
ਤੇਰੇ ਹਥੋਂ ਡਿਗ ਹਤਿਆਰੀਏ।
ਗੁਰੂ ਅਰਜਨ ਪਿਛੋਂ ਜ਼ਾਲਮਾਂ,
ਅੱਜ ਆਈ ਅਸਾਡੀ ਵਾਰੀ ਏ।
ਸੁਣ ਜਮਨਾ ਨਦੀਏ ਵਹਿੰਦੀਏ,
ਕੀ ਕਹਿੰਦਾ ਕ੍ਰਿਸ਼ਨ ਮੁਰਾਰੀ ਏ ।
ਕੋਈ ਰੰਗ ਲਿਆਵੀਂ ਕਹਿਰ ਦਾ,
ਮੇਰੇ ਖੂਨ ਦੀਆ ਪਚਕਾਰੀਏ ।
ਅਸਾਂ ਚੌਕ ਚਾਂਦਨੀ ਰੰਗਨਾ,
ਜਿਦ੍ਹੀ ਅੱਜ ਤਕ ਮਾਂਗ ਕਵਾਰੀ ਏ ।
ਅੱਜ ਸੁਚੇ ਠੇਕੇ ਠੇਕਨ;
ਤੈਨੂੰ ਧਰਮ ਦੀਏ ਫੁਲਕਾਰੀਏ ।
ਸਾਨੂੰ ਨਿਕੇ ਜਿਹੇ ਰੱਬ ਦਸਿਆ,
ਕਟ ਜਾਈਏ ਧਰਮ ਨਾ ਹਾਰੀਏ।

ਜ਼ਾਤ ਪਾਤ ਦਾ ਭਿੰਨ ਭੇਦ, ਨੀਚ ਊਚ ਦਾ ਭਰਮ, ਮੰਗਲ-ਛਨਿਛਰ ਦਾ ਭੂਤ ਗੁਰੂ ਘਰ ਵਿਚੋਂ ਕਿਵੇਂ ਦਲੇਰੀ ਨਾਲ ਦਸਮੇਸ ਪਿਤਾ ਜੀ ਨੇ ਦੂਰ ਕੀਤਾ, ਉਸ ਦਾ ਵਰਨਣ ਤੁਲਸੀ ਜੀ ਤੋਂ ਸੁਣੋ :

ਬਰਫਾਂ ਦੇ ਵਿਚ ਲਾ ਲਈ, ਸਤਿਗੁਰਾਂ ਨੇ ਜਾਂ ਅੱਗ ।
ਏਸ ਖੁਸ਼ੀ ਵਿਚ ਸਤਿਗੁਰਾਂ, ਇਕ ਰਚਾਇਆ ਜਗ ।
ਰਸਮਾਂ ਤੋੜ ਪੁਰਾਣੀਆਂ, ਗੁਰੂ ਗਰੀਬ ਨਿਵਾਜ,
ਸਦੀਆਂ ਬੱਧੀ ਚਲਦੇ, ਦਿਤੇ ਤੋੜ ਰਿਵਾਜ ।
ਸਭ ਤੋਂ ਪਹਿਲਾਂ ਸਤਿਗੁਰਾਂ, ਸ਼ੂਧਰ ਲਏ ਬੁਲਾ।
ਪੰਗਤ ਵਿਚ ਪ੍ਰਸ਼ਾਦ ਵੀ, ਦਿਤਾ ਖੁਦ ਵਰਤਾ ।
ਪੰਡਤਾਂ ਤੇ ਰਜਵਾੜਿਆਂ, ਕੀਤਾ ਵੱਡਾ ਰੋਸ,
ਥਾਂ ਥਾਂ ਕਰਦੇ ਨਿੰਦਿਆ, ਗੁਰੂ ਸਾਹਿਬ ਨੂੰ ਕੋਸ।
ਭੇਜੇ ਸਤਿਗੁਰਾਂ ਨਿਰਮਲੇ, ਕਾਂਸ਼ੀ ਤੇ ਪਰਯਾਗ,
ਘਰ ਘਰ ਵਿਦਿਆ ਪਾਉਣ ਦੀ, ਲਹਿਰ ਪਈ ਇਕ ਜਾਗ ।
ਆਏ ਸਿੱਖ ਤੇ ਨਿਰਮਲੇ, ਪੜ੍ਹਨ ਵੇਦ ਪੁਰਾਨ,
ਸਾਰਾ ਆਣ ਉਲੱਥਿਆ, ਉਹਨਾਂ ਗੂੜ੍ਹ-ਗਿਆਨ ।
ਸਤਿਗੁਰ ਜੀ ਨੇ ਖੋਲ੍ਹਿਆ, ਭਰਮਾਂ ਦਾ ਜਦ ਪਾਜ,
ਜ਼ਾਤ ਪਾਤ ਦੇ ਭੇਦ ਤੋਂ, ਮੁਕਤ ਹੋਏ ਮੁਹਤਾਜ।
ਉੱਚੀ ਨੀਵੀਂ ਜ਼ਾਤ ਦਾ, ਕਰਕੇ ਬਸਤਾ ਬੰਦ,
ਸੋਧੇ ਸੱਚੇ ਪਾਤਸ਼ਾਹ, ਆਪਣੇ ਫੇਰ ਮਸੰਦ ।

ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਦੋ ਜਹਾਨ ਵਾਲੀ ਨੇ ਸਿੱਖ ਨੂੰ ਕਿਸਾ ਅਨੋਖੀ ਸ਼ਾਨ ਨਾਲ ਸੰਬੋਧਨ ਕੀਤਾ, ਤੁਲਸੀ ਦੀ ਜ਼ਬਾਨੀ ਸੁਣੋ :

ਸਚੇ ਚਿਤਰਕਾਰਾਂ ਨੇ ਤਾਂ ਸਚੀ ਕਲਾ ਵਿਖਾਈ,
ਵਲੀਆਂ ਤੇ ਅਵਤਾਰਾਂ ਕੀ ਹੈ ਸਾਬਤ ਸ਼ਕਲ ਬਣਾਈ।
ਪਰ ਮੈਂ ਸਿੱਖੋ ਅੱਜ ਤੁਹਾਨੂੰ ਆਦਿ ਰੂਪ ਹੈ ਦਿੱਤਾ,
ਸ਼ੇਰਾਂ ਵਰਗਾ ਗੁਰਦਾ ਦਿੱਤਾ, ਸ਼ਿਕਰੇ ਵਰਗਾ ਪਿੱਤਾ ।
ਸਦਾ ਜਵਾਨੀ ਮਾਣੋਂ ਸਿੰਘੋ, ਹਰ ਦਮ ਰਹੋ ਨਰੋਏ,
ਬੇਸ਼ਕ ਬੁੱਢਾ ਸਿੱਖ ਹੋਏ ਪਰ ਸਿਦਕ ਨਾਂ ਬੁੱਢਾ ਹੋਏ ।

ਦਸਵੇਂ ਗੁਰੂ ਨਾਨਕ ਨੇ "ਮੂਰਖ ਗੰਢ ਪਏ ਮੂੰਹ ਮਾਰ” ਦਾ ਪਹਿਲੇ ਜਾਮੇ ਦਾ ਉਪਦੇਸ਼ ਅਮਲੀ ਰੂਪ ਵਿਚ ਦੇਣ ਖਾਤ੍ਰ ਜਦ ਤਲਵਾਰ ਨੂੰ ਹੱਥ ਵਿਚ ਫੜਿਆ ਤਾਂ ਉਸ ਸਮੇਂ ਦਸਮੇਸ ਪਿਤਾ ਨੇ ਜੋ ਆਪਣੀ ਕਿਰਪਾਨ ਦੀ ਉਸਤਤ ਕੀਤੀ, ਉਹ ਤੁਲਸੀ ਜੀ ਦੀਆਂ ਵਾਰਾਂ ਵਿਚ ਸੁਣੋ :

ਨਿਰਬਲ ਤੇ ਬਲਹੀਨ ਕੀ ਰਖਸ਼ਕ ਹੈ ਤਲਵਾਰ ।
ਇਹੋ ਜਵਾਲਾ ਭੜਕਦੀ ਦੁਸ਼ਮਨ ਦੇ ਵਿਚਕਾਰ ।
ਇਹੋ ਕਰੇ ਹਿਫ਼ਾਜ਼ਤਾਂ ਧਰਮ ਚੜ੍ਹੇ ਪਰਵਾਨ ।
ਇਸ ਨੂੰ ਆਇਆ ਪੂਜਦਾ ਜੁਗ ਜੁਗ ਤੋਂ ਇਨਸਾਨ ।
ਭਦਰ, ਕਾਲੀ, ਸੀਤਲਾ, ਸ਼ੇਰਾਂ ਵਾਲੀ ਮਾਂ,
ਮੁਨਸਫ ਤੇ ਇਨਸਾਫ ਇਹ, ਇਹਦੇ ਹੱਥ ਨਿਆਂ।
ਇਹੋ ਭਗੌਤੀ ਭਗਵਤੀ ਕਰਦੀ ਜੋ ਅਟਹਾਸ,
ਬਾਣੇ ਪਾਉਂਦੀ ਕੇਸਰੀ, ਪਹਿਨੇ ਰਕਤ-ਲਿਬਾਸ ।
ਐ ਮੇਰੀ ਕਿਰਪਾਲੜੀ, ਕਿਰਪਾ ਨਿਧ ਕਿਰਪਾਨ,
ਨਮਸਕਾਰ ਡੰਡੌਤ ਹੈ ਤੈਨੂੰ ਗੁਣੀ ਨਿਧਾਨ ।
ਲਾਈ ਮਸਤਕ ਚੁੰਮ ਕੇ ਚੰਡੀ ਜਦ ਬਖ਼ਸ਼ਿੰਦ ।
ਬੋਲੇ ਦੇਵੀ ਦੇਵਤੇ ਜੈ ਜੈ ਗੁਰ ਗੋਬਿੰਦ ।

ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਿਆਨ ਕਰਦਿਆਂ ਅਲੰਕਾਰ ਐਸੇ ਘਰੇਲੂ ਵਰਤੇ ਹਨ ਕਿ ਇਕ ਗ੍ਰਹਸਤੀ ਏਸ ਦ੍ਰਿਸ਼ ਨੂੰ ਪੜ੍ਹਦਿਆਂ ਆਪਾ ਸੰਭਾਲ ਹੀ ਨਹੀਂ ਸਕਦਾ । ਅੰਗਰੇਜ਼ੀ ਦਾ ਸ਼ਬਦ ‘ਈਮੋਸ਼ਨਲ' ਐਸੇ ਦ੍ਰਿਸ਼ ਸਮੇਂ ਵਰਤਣਾ ਬਹੁਤ ਹੀ ਢਿਲਾ ਲਗਦਾ ਹੈ । ਕਵੀ ਦੀ ਕਲਮ ਇਹ ਨਜ਼ਾਰਾ ਕਿਵੇਂ ਪੇਸ਼ ਕਰ ਗਈ, ਇਸ ਦਾ ਅੰਦਾਜ਼ਾ ਲਗਾਣਾ ਅਸੰਭਵ ਹੈ। ਤੁਲਸੀ ਲਿਖਦਾ ਹੈ :

ਮੁਕਦੀ ਗਲ ਕੇ ਮੌਤ ਦਾ ਹੈ ਲੁਤਫ਼ ਅਨੋਖਾ,
ਹਿੰਗ ਲਗੇ ਨਾ ਫਟਕੜੀ, ਰੰਗ ਆਵੇ ਚੋਖਾ।
ਮੈਨੂੰ ਵੀ ਇਹ ਰੀਝ ਹੈ ਪੁੱਤ ਚਾਰ ਵਿਆਹਵਾਂ,
ਮੈਂ ਵੀ ਨੂਹਾਂ ਵਾਲੜਾ ਸੌਹੁਰਾ ਅਖਵਾਵਾਂ,
ਜਾਓ ਮੇਰੇ ਲਾੜਿਓ ਲਾੜੀ ਪਰਣਾਓ,
ਅੱਜ ਵਿਹਾ ਕੇ ਮੌਤ ਨੂੰ ਮੇਰੀ ਅੰਸ ਵਧਾਓ ।
ਖਾਰੇ ਬੈਠੋ ਪੁਤਰੋ ਮੈਂ ਮਾਈਏਂ ਪਾਵਾਂ,
ਮਲ ਮਲ ਵਟਨ ਮਿਝ ਦੇ ਲਹੂ ਨਾਲ ਨੁਹਾਵਾਂ।
ਆਓ ਬੰਨ੍ਹਾਂ ਲਾੜਿਓ ਮੈਂ ਸਿਰ ਤੇ ਸਿਹਰੇ,
ਵੇਖ ਲਵਾਂ ਮੈਂ ਲਿਸ਼ਕਦੇ ਨੂਰਾਨੀ ਚਿਹਰੇ।
ਐਵੇਂ ਪਾਈ ਲਾਗੀਆਂ ਨੇ ਕਾਵਾਂ ਰੌਲੀ,
ਬੰਨ੍ਹੋ, ਗਾਨੇ ਮੌਤ ਦੇ, ਮੇਰੇ ਕੋਲ ਨਾ ਮੌਲੀ।
ਘੋੜੀ ਆ ਗਈ ਮੌਤ ਦੀ ਲਓ ਪੈ ਗਈ ਕਾਠੀ,
ਪੜ੍ਹਦੇ ਸ਼ਬਦ ਚਲਾਣਿਆਂ ਦੇ ਮੇਰੇ ਪਾਠੀ।
ਅੱਜ ਜੇ ਹੁੰਦੀ ਇਕ ਵੀ ਕੋਈ ਭੈਣ ਤੁਹਾਡੀ,
ਗਾਉਂਦੀ ਨੱਚ ਨੱਚ ਘੋੜੀਆਂ ਕਰ ਕਰ ਕੇ ਲਾਡੀ ।
ਆਓ ਭੈਣਾਂ ਵਾਲੜੇ, ਮੈਂ ਸ਼ਗਨ ਮਨਾਵਾਂ,
ਗੁੰਦ ਗੁੰਦ ਵਾਗਾਂ ਖੂਨ ਦੇ ਮੈਂ ਸੋਹਲੇ ਗਾਵਾਂ।

ਰਾਜ-ਕਵੀ ਤੁਲਸੀ ਜੀ ਨੇ ਬੜੇ ਮੌਕੇ ਗੁੰਝਲਦਾਰ ਜ਼ਿੰਦਾ-ਗੁਰੂ ਪਖੰਡ ਨੂੰ ਆਪਣੀ ਉਚ ਕਾਬਲੀਅਤ ਦਵਾਰਾ ਦਸਮ ਗੁਰੂ ਜੀ ਦਾ ਅੰਤਮ ਹੁਕਮ ਸੁਣਾ ਕੇ ਖੰਡਨ ਕੀਤਾ ਹੈ । ਪਰ ਜੇ ਅਸੀਂ ਭੁੱਲੜ ਜੀਵ ਅਜੇ ਵੀ ਜ਼ਿੰਦਾ-ਗੁਰੂਆਂ ਪਿਛੇ ਦੌੜੇ ਫਿਰੀਏ ਤਾਂ ਇਸ ਤੋਂ ਵਧ ਸਾਡੀ ਬਦਕਿਸਮਤੀ ਕੀ ਹੋ ਸਕਦੀ ਹੈ।

ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਨ ਸਮੇਂ ਦੀ ਵਾਰਤਾ ਤੁਲਸੀ ਜੀ ਐਉਂ ਬਿਆਨ ਕਰਦੇ ਹਨ :

ਬਾਅਦ ਤੁਹਾਡੇ ਪਾਤਸ਼ਾਹ ਗੁਰੂ ਅਸਾਡਾ ਕੌਣ।
ਕਿਸ ਨੂੰ ਮੱਥਾ ਝੁਕਾਈਏ ਨਾਲ ਫ਼ਖ਼ਰ ਦੇ ਧੌਣ ।
ਸਤਿਗੁਰ ਬੋਲੇ ਖਾਲਸਾ ਸੁਣਨਾ ਬਿਰਤੀ ਜੋੜ ।
ਦੇਹਧਾਰੀ ਗੁਰ ਵਾਲੜੀ ਪ੍ਰਥਾ ਰਹੇ ਹਾਂ ਤੋੜ।
ਜਿਸ ਨੇ ਗੁਰੂ ਗ੍ਰੰਥ ਦੀ ਓਟ ਲਈ ਨਿਤ ਓਟ ।
ਭਰੇ ਭੰਡਾਰੇ ਰਹਿਣਗੇ ਕਦੇ ਨਾ ਆਵੇ ਤੋਟ ।
ਸਤਿਗੁਰ ਬੋਲੇ ਸ਼ਬਦ ਨੇ ਸਾਡੇ ਨਕਸ਼ ਨਗਾਰ।
ਦਸ ਗੁਰੂਆਂ ਦੇ ਏਸ 'ਚੋਂ ਕਰਨੇ ਸਦਾ ਦੀਦਾਰ ।
ਪਾਈ ਆਪਣੀ ਆਤਮਾ ਸਿਖੋ ਵਿਚ ਗ੍ਰੰਥ ।
ਮੇਰਾ ਅਮਰ ਸਰੀਰ ਹੈ ਤੁਸੀਂ ਖਾਲਸਾ ਪੰਥ ।
ਹੁਣ ਤੋਂ ਗੋਬਿੰਦ ਸਿੰਘ ਤੁਸੀਂ ਹੋ ਜੋ ਚਾਹੋ ਸੋ ਕਰ ਸਕਦੇ ।
ਮੌਤ ਮਰੇ ਤਾਂ ਮਰ ਜਾਵੇ, ਮੇਰੇ ਸਿੰਘ ਕਦੇ ਨਹੀਂ ਮਰ ਸਕਦੇ ।

ਸਰਦਾਰ ਜੋਗਿੰਦਰ ਸਿੰਘ ਜੀ ‘ਦਿਲਗੀਰ’

ਮੇਰੇ ਮਾਸਕ ਪਤ੍ਰ 'ਪ੍ਰੇਮ ਪਟਾਰੀ' ਦੇ ਦਿਨੀਂ ਮੈਨੂੰ ਇਕ ਸਾਧੂ ਸੁਭਾਅ ਵਾਲਾ ਬੀਬਾ ਜਿਹਾ ਨੌਜਵਾਨ ਹੁਸ਼ਿਆਰਪੁਰ ਵਿਚ ਮਿਲਿਆ । ਉਹਦੇ ਚਿਹਰੇ ਤੋਂ ਮੈਂ ਇਹ ਕਦੇ ਆਸ ਵੀ ਨਹੀਂ ਸੀ ਕਰ ਸਕਦਾ ਕਿ ਇਹ ਕਵੀ ਹੋਵੇਗਾ। ਪ੍ਰੇਮ ਪਟਾਰੀ ਦੇ ਦਫ਼ਤ੍ਰ ਵਿਚ ਕਈ ਹੋਰ ਸਜਣ ਵੀ ਬੈਠੇ ਹੋਏ ਸਨ, ਜੋ ਗੱਪ ਤੇ ਗੱਪ ਠੇਲ ਰਹੇ ਸਨ ਪਰ ਜੋਗਿੰਦਰ ਸਿੰਘ ਐਉਂ ਚੁੱਪ ਬੈਠਾ ਸੀ, ਜਿਵੇਂ ਇਹਦੇ ਮੂੰਹ ਵਿਚ ਕੋਈ ਦੰਦ ਹੀ ਨਹੀਂ ਹੁੰਦਾ। ਦਰ ਅਸਲ ਉਨ੍ਹਾਂ ਨੂੰ ਸਾਡੇ ਵਿਚੋਂ ਕੋਈ ਵੀ ਨਹੀਂ ਸੀ ਪਹਿਚਾਨਦਾ ਅਤੇ ਵੈਸੇ ਭੀ ਉਹ ਪਬਲਿਕ ਲਾਈਫ ਵਿਚ ਨਹੀਂ ਸੀ । ਗੱਲਾਂ ਗੱਲਾਂ ਵਿਚ ਮੈਂ ਉਹਨੂੰ ਪੁਛਿਆ ਕਿ ਕੀ ਆਪ ਸ਼ਰਨਾਰਥੀ ਹੋ ਅਤੇ ਆਪ ਦਾ ਕੋਈ ਵਸੇਬੇ ਦਾ ਮਸਲਾ ਹੈ ? ਇਹ ਪ੍ਰਸ਼ਨ ਮੈਂ ਉਸ ਨੂੰ ਏਸ ਲਈ ਕੀਤਾ ਕਿਉਂਕਿ ਮੈਂ ਉਨ੍ਹਾਂ ਦਿਨਾਂ ਵਿਚ ਸ਼ਰਨਾਰਥੀਆਂ ਦਾ ਸੇਵਾਦਾਰ ਸਾਂ। ਓਸ ਅਗੋਂ ਮੁਸਕਰਾ ਕੇ ਪੋਲੇ ਜਿਹੇ ਕਿਹਾ ਕਿ ਨਹੀਂ, ਮੈਂ ਏਸੇ ਜ਼ਿਲੇ ਦਾ ਰਹਿਣ ਵਾਲਾ ਹਾਂ। ਕੂਕੋਵਾਲ ਮੇਰੇ ਪਿੰਡ ਦਾ ਨਾਮ ਹੈ ਅਤੇ ਬਜ਼ਾਜ਼ੀ ਦੀ ਕ੍ਰਿਤ ਕਰਦਾ ਹਾਂ ਪਰ ਨਾਲ ਕਵਿਤਾ ਕਹਿਣ ਦਾ ਵੀ ਸ਼ੌਂਕ ਰਖਦਾ ਹਾਂ।

ਬੜੇ ਸ਼ੁਭ ਮਹੂਰਤ ਮੇਰੀ ਸ੍ਰਦਾਰ ਜੋਗਿੰਦਰ ਸਿੰਘ ਜੈਸੇ ਫਰਿਸ਼ਤਾ ਸੀਰਤ ਨਾਲ ਮੁਲਾਕਾਤ ਹੋਈ । ਮੈਨੂੰ ਉਹਦੇ ਮੂੰਹੋਂ ਉਹਦੀਆਂ ਕੁਝ ਕਵਿਤਾਵਾਂ ਸੁਣਨ ਦਾ ਅਵਸਰ ਮਿਲਦਾ ਰਿਹਾ ਅਤੇ ਕਾਫੀ ਕਲਾਮ ਉਹਦਾ ਮੈਂ ਪ੍ਰੇਮ ਪਟਾਰੀ ਵਿਚ ਪ੍ਰਕਾਸ਼ਤ ਵੀ ਕੀਤਾ । ਮੈਨੂੰ ਉਹਦੀਆਂਕਵਿਤਾਵਾਂ ਪ੍ਰਕਾਸ਼ਤ ਕਰਨ ਦੀ ਮੰਗ ਸ਼ੁਰੂ ਹੋ ਗਈ ਅਤੇ ਕਈ ਪਾਠਕਾਂ ਪੁਛ ਵੀ ਕੀਤੀ ਕਿ ਇਹ ਛੁਪਿਆ ਰੁਸਤਮ ਕੌਣ ਹੈ ?

ਇਕ ਵਾਰੀ ਦਾ ਬਹੁਤ ਹੀ ਦਿਲਚਸਪ ਵਾਕਿਆ ਹੈ ਕਿ ਮੇਰੇ ਪਾਸ ਹੁਸ਼ਿਆਰਪੁਰ ਦੇ ਪ੍ਰਸਿਧ ਅਕਾਲੀ ਲੀਡਰ, ਜਥੇਦਾਰ ਠੋਲਾ ਸਿੰਘ ਅਤੇ ਜਥੇਦਾਰ ਲੱਖਾ ਸਿੰਘ ਬੈਠੇ ਹੋਏ ਸਨ ਅਤੇ ਤੀਜਾ ਉਨ੍ਹਾਂ ਦੇ ਨਾਲ ਸੀ ਸ੍ਰਦਾਰ ਅਮਰ ਸਿੰਘ ਬੱਬਰ, ਉਤੋਂ ਸ੍ਰਦਾਰ ਜੋਗਿੰਦਰ ਸਿੰਘ ਜੀ ਟਪਕ ਪਏ। ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ : 'ਸ੍ਰਦਾਰ ਅਮਰ ਸਿਆਂ, ਬੱਬਰਾਂ ਦੀ ਧਰਤੀ ਉਤੇ ਵੇਖ ਬਕਰੀ ਵੀ ਆਈ ਆ' ਅਤੇ ਅਗੋਂ ਬਬਰ ਜੀ ਨੇ ਬੜੀ ਹਾਜ਼ਰ ਜਵਾਬੀ ਵਿਚ ਕਿਹਾ : "ਓ ਮਾਸਟਰ ਤਾਰਾ ਸਿੰਘੇ ਨੇ ਕੁਝ ਲਗਨਿਆਂ, ਬਕਰੀ ਈ ਏ, ਗਿਦੜ ਤਾਂ ਨਹੀਂ, ਮਾਂਹ ਡਰ ਲਗੈ ਮਤੇ ਗਿਦੜੇ ਨਾ ਮੇਅਣਾ ਨਾਂ ਦੇ ਛੋੜੇਂ" ਬੜੀ ਅਜੀਬ ਪੋਠੋਹਾਰੀ ਬੋਲੀ ਉਹਦੇ ਮੂੰਹੋਂ ਲਗੀ ਪਰ ਗਲ ਓਸ ਸਵਾ ਸੇਰੀ ਕੀਤੀ, ਭਲਾ ਹੁਸ਼ਿਆਰਪੁਰ ਵਿਚ ਗਿਦੜ ਕਿਵੇਂ?

ਦਿਲਗੀਰ ਦੀ ਕਵਿਤਾ ‘ਪੀਂਘਾਂ' ਵਿਚ ਪੰਜਾਬ ਦੀ ਕੁੜੀ ਦੀ ਤਸਵੀਰ ਵੇਖੋ, ਕਿਸ ਰੰਗ ਵਿਚ ਪੇਸ਼ ਕਰਦਾ ਹੈ :

ਨਚਨ ਦਿਲ ਦੇ ਜਜ਼ਬੇ ਸੁਣਕੇ,
ਝਾਂਜਰ ਦੀ ਛਣਕਾਰ ਨੂੰ ਅੜੀਏ ।
ਨੈਣ ਨਦੀ ਵਿਚ ਜੋਤਾਂ ਬਣ ਕੇ,
ਜਗੇ ਰੂਪ ਤੇਰਾ ਪੀਂਘੇ ਚੜ੍ਹੀਏ ।
ਕਹੇਂ ਕੁੜੇ ਮੇਰੇ ਮਨ ਦੀਏ ਪੀਂਘੇ,
ਚਲ ਸਜਣਾਂ ਦੇ ਵੇਹੜੇ ਵੜੀਏ ।
ਓਸ ਦੀਆਂ ਲਗੀਆਂ ਤੋੜ ਚੜ੍ਹਾਈਏ,
ਪੈਰ ਨੇ ਜੀਹਦੇ ਹੱਥੀਂ ਫੜੀਏ।
ਗ਼ੈਰ ਹੀ ਵਸ ਕੇ ਅੱਖੀਆਂ ਥਾਣੀ,
ਦਿਲ ਦੀ ਦੁਨੀਆਂ ਲੁਟ ਨ ਜਾਏ ।
ਪਿਆਰ ਵਤਨ ਦੇ ਹੂਟੇ ਬਿਨਾ,
ਪੀਂਘ ਦਮਾਂ ਦੀ ਟੁਟ ਨਾ ਜਾਏ ।

ਇਕ ਥਾਂ ਮੁਟਿਆਰ ਨੂੰ ਸ਼ੰਗਾਰ ਰਸ ਤੇ ਬੀਰ ਰਸ ਵਿਚ ਇਕੋ ਟਕਾਣੇ ਸ਼ੀਸ਼ੇ ਵਿਚ ਜੁੜਿਆ ਐਉਂ ‘ਦਿਲਗੀਰ' ਦਰਸਾਂਦਾ ਹੈ :

ਜੇ ਬੰਨ੍ਹੇ ਵਾਲ ਤਾਂ ਗਭਰੂ ਲਈ,
ਕੇਸਾਂ ਦਾ ਸੰਗਲ ਬਣਿਆ ਏ ।
ਝੁਕਿਆ ਏ ਲਕ ਜ਼ਮਾਨੇ ਦਾ,
ਜੇ ਇਹਨੇ ਸੀਨਾ ਤਣਿਆ ਏ ।

ਸੋਹਣੀ ਘੁਮਾਰਨ ‘ਦਿਲਗੀਰ' ਦੀ ਵਲਵਲਾ ਆਮੇਜ਼ ਕਵਿਤਾ ਹੈ। ਬੜੇ ਬੜੇ ਕਵੀਆਂ ਨੇ ਸ਼ਾਇਰਾਨਾ ਅਦਾ ਵਿਚ ਸੋਹਣੀ ਦੇ ਹੁਸਨ ਦੀ ਤਾਰੀਫ਼ ਕੀਤੀ ਹੈ ਪਰ ਇਹ ਨੌਜਵਾਨ ਹੁਸਨ ਨੂੰ ਅਨੋਖੀ ਹੀ ਪਾਨ ਚਾੜ੍ਹਕੇ ਐਉਂ ਮਹੀਂਵਾਲ ਦੀ ਸੋਹਣੀ ਨੂੰ ਸਟੇਜ ਤੇ ਲਿਆਉਂਦਾ ਹੈ :

ਦਿਤਾ ਇਸ਼ਕ ਪਿਆਰ ਦਾ ਰੂਪ ਸੋਹਣੀ,
ਤੈਨੂੰ ਰੱਬ ਨੇ ਸੋਹਣੀ ਬਨਾਣ ਖ਼ਾਤਰ ।
ਘਟਾ ਮੋਹ ਦੀ ਨੈਣਾਂ 'ਚੋਂ ਉਠਦੀ ਸੀ,
ਝੜੀ ਕਿਸੇ ਦੇ ਪਿਆਰ ਵਿਚ ਲਾਣ ਖ਼ਾਤਰ ।
ਚੰਦ ਮੁਖੜਾ ਜੁਲਫ਼ਾਂ ਦੀ ਰਾਤ ਵਿਚ,
ਚਮਕੇ ਯਾਰ ਦੀ ਈਦ ਮਨਾਣ ਖ਼ਾਤਰ।
ਤੇਰੇ ਦਿਲ ਦੀ ਦਿੱਲੀ ਸੀ ਗਈ ਲੁੱਟੀ,
ਕਿਸੇ ਦਿਲ ਦੀ ਦੁਨੀਆਂ ਵਸਾਣ ਖ਼ਾਤਰ ।
ਤੇਰੇ ਇਸ਼ਕ ਦਾ ਤਪਿਆ ਤੱਪ ਜੀਹਨੇ,
ਲੱਗੀ ਉਹਦੇ ਵਿਛੋੜੇ ਦੀ ਅੱਗ ਤੈਨੂੰ ।
ਨਹੀਂ ਸੀ ਬੁਝਦੀ ਤਰੇ ਝਨਾਂ ਬਿਨਾਂ,
ਲਾਉਂਦਾ ਲੂਤੀਆਂ ਭਾਵੇਂ ਸੀ ਜੱਗ ਤੈਨੂੰ ।

ਅਤੇ ਮਹੀਂਵਾਲ ਜੋ ਦਰ ਅਸਲ ਹੀ ਇਕ ਕਾਬਲ ਦਾ ਵਪਾਰੀ ਸ਼ਾਹਜ਼ਾਦਾ ਸੀ, ਅਤੇ ਜੋ ਭਾਰਤ ਆਪਣੇ ਵਪਾਰੀ ਦੌਰੇ ਤੇ ਆਇਆ ਹੋਇਆ ਸੀ, ਉਹਦਾ ਸੋਹਣੀ ਨਾਲ ਪਿਆਰ ਦਾ ਸਾਰਾ ਕਿੱਸਾ ਹੀ 'ਦਿਲਗੀਰ' ਆਪਣੇ ਰੋਮਾਂਚਕ ਅਤੇ ਨਾਟਕੀ ਢੰਗ ਨਾਲ ਐਉਂ ਪੇਸ਼ ਕਰਦਾ ਹੈ :

ਤੇਰੀ ਅਕਲ ਦੇ ਘੜੇ ਹੋਏ ਘੜੇ ਉਤੋਂ,
ਚੋ ਚੋ ਰੂਪ ਜਵਾਨੀ ਦਾ ਡੁੱਲ੍ਹਦਾ ਸੀ।
ਘੜੇ ਨਾਲ ਹੀ ਨੈਣਾ ਦੀ ਤਕੜੀ ਤੇ,
ਦਿਲ ਆਏ ਵਪਾਰੀ ਦਾ ਤੁੱਲਦਾ ਸੀ ।
ਤੇਰੀ ਜ਼ੁਲਫ਼ ਦੀ ਡੰਡੀ ਤੇ ਪਿਆ ਜਿਹੜਾ,
ਰਾਹ ਨਿਕਲਣ ਦਾ ਓਸ ਨੂੰ ਭੁੱਲਦਾ ਸੀ ।
ਪੈਸਾ ਆ ਕੇ ਸ਼ਾਹਾਂ ਸੁਦਾਗਰਾਂ ਦਾ,
ਤੇਰੇ ਹੁਸਨ ਦੇ ਪੈਰਾਂ ਵਿਚ ਰੁਲਦਾ ਸੀ ।
ਤੇਰੇ ਇਸ਼ਕ ਦੇ ਦਾਅ ਤੇ ਲਗ ਕੇ,
ਜਿਹਨੇ ਆਪਣਾ ਆਪ ਸੀ ਹਾਰ ਦਿਤਾ।
ਦਾਅ ਦਮਾਂ ਦੇ ਓਸ ਤੋਂ ਵਾਰ ਕੇ ਤੈਂ,
ਮੂਲ ਓਸ ਦੀ ਇਜ਼ਤ ਦਾ ਤਾਰ ਦਿਤਾ।

ਫੇਰ ‘ਦਿਲਗੀਰ’ ਮਹੀਂਵਾਲ ਦੇ ਸੱਚੇ ਪਿਆਰ ਨੂੰ ਵੇਖੋ ਜੱਗ ਦੇ ਸਾਰਿਆਂ ਮੋਤੀਆਂ ਹੀਰਿਆਂ ਤੋਂ ਵੱਧ ਕੀਮਤ ਤੇ ਇਸ਼ਕ ਦੀ ਮੰਡੀ ਵਿਚ ਸੁਘੜ ਸਰਾਫ਼ ਵਾਂਗ ਪੇਸ਼ ਕਰਦਾ ਹੈ :

ਤੇਰੇ ਨੈਣਾਂ ਦੇ ਇਸ਼ਕ ਦੀ ਲਾਟ ਨਾਰੇ,
ਸ਼ਮਾਂ ਕਿਸੇ ਪ੍ਰਵਾਨੇ ਲਈ ਜਗਦੀ ਸੀ ।
ਕਲੀ-ਮੁੱਖ ਓਦੋਂ ਖਿੜ ਖਿੜ ਫੁਲਦਾ ਸੀ,
ਸਜਣ ਵਲ ਦੀ ਹਵਾ ਜਾਂ ਵਗਦੀ ਸੀ।
ਤੇਰੀ ਗੁੱਤ ਦੇ ਇਕ ਇਕ ਵਲ ਅੰਦਰ,
ਇਜ਼ਤ ਆਬਰੂ ਇਕੋ ਹੀ ਪਗ ਦੀ ਸੀ।
ਤੇਰੇ ਨੈਣ-ਝਨਾਂ ਵਿਚ ਲਾ ਗੋਤਾ,
ਤੇਰਾ ਦਿਲ ਜਿਸ ਮਰਦ ਨੇ ਕੱਢਿਆ ਸੀ।
ਉਹਨੇ ਡੁੱਬਦੀ ਦੇ ਪਿਛੇ ਡੁੱਬ ਕੇ ਵੀ,
ਦਿਲ ਆਪਣੇ ਹੱਥੋਂ ਨਾ ਛਡਿਆ ਸੀ ।

ਸੋਹਣੀ ਜਦ ਝਨਾਂ ਪਾਰ ਕਰਦੀ ਸੀ ਤਾਂ ਉਸ ਸਮੇਂ ਦਰਿਆ ਦੀਆਂ ਲਹਿਰਾਂ ਦਾ ਨਜ਼ਾਰਾ ਵੀ 'ਦਿਲਗੀਰ' ਦਾ ਅੱਖਾਂ ਚੁੰਦਿਆਂ ਦੇਣ ਵਾਲਾ ਹੈ । ਲਿਖਦਾ ਹੈ :

ਪੈਂਦਾ ਚੀਰ ਝਨਾਂ ਦੇ ਉਦੋਂ ਸੀਨੇ,
ਤੀਰ ਵਾਂਗ ਜਾਂ ਸਜਨ ਵਲ ਜਾਂਵਦੀ ਸੈਂ।
ਓਦੋਂ ਦਿਲ ਦਰਿਆ ਦਾ ਡੋਲ ਜਾਂਦਾ,
ਪੈਰ ਇਸ਼ਕ ਦੇ ਜਦੋਂ ਤੂੰ ਪਾਂਵਦੀ ਸੈਂ।
ਘੁੰਮਣ-ਘੇਰ ਦਰਿਆ ਨੂੰ ਪੈਣ ਓਦੋਂ,
ਜਦੋਂ ਜ਼ੁਲਫ਼ਾਂ ਦਾ ਜਾਲ ਵਛਾਂਵਦੀ ਸੈਂ।
ਜਾ ਕੇ ਇਸ਼ਕ ਜੁਦਾਈ ਦੇ ਫਟ ਉੱਤੇ,
ਫੇਹਾ ਸੋਹਣੀਏ ਜਿਗਰ ਦਾ ਲਾਂਵਦੀ ਸੈਂ ।

ਸੋਹਣੀ ਫ਼ਜ਼ਲ ਸ਼ਾਹ ਦੀ ਪ੍ਰਸਿਧ ਹੈ ਪਰ ਅੱਜ ਫਜ਼ਲ ਸ਼ਾਹ ਤੇ ਵਾਰਿਸ ਦੋਵੇਂ 'ਦਿਲਗੀਰ' ਦੇ ਅੰਤਲੇ ਬੈਂਤ ਨੂੰ ਸੁਣ ਕੇ ਨੱਚ ਉਠੇ ਹੋਏ ਹੋਣਗੇ ਜਦ ਉਨ੍ਹਾਂ ਦੇ ਕੰਨਾਂ ਵਿਚ ਇਹ ਆਵਾਜ਼ ਪਈ ਹੋਵੇਗੀ :

ਜਿਹਨੇ ਪੱਟ ਦੀ ਮੱਛੀ ਖਵਾ ਮੋਈਏ,
ਲਾਈ ਹੈ ਸੀ ਫ਼ਰਾਕ ਦੀ ਅੱਗ ਤੈਨੂੰ ।
ਉਹਨੇ ਨੈਣਾਂ ਦੇ ਸਾਗਰ 'ਚ ਰਖਣੇ ਲਈ,
ਲਿਆ ਮੱਛੀ ਬਣਾ ਕੇ ਠੱਗ ਤੈਨੂੰ ।
ਪਿਆਰ ਚਮਕਦਾ ਵੇਖ ਕੇ ਕਹੇ ਦੁਨੀਆਂ,
ਕਿਸੇ ਜੀਵਨ ਦੇ ਗਹਿਣੇ ਦਾ ਨਗ ਤੈਨੂੰ ।
ਨੰਗੇ ਇਸ਼ਕ ਤੇ ਪਾਇਆ ਝਨਾਂ ਪੜਦਾ,
ਕਰਦਾ ਦੇਖ ਕੇ ਉਂਗਲਾਂ ਜੱਗ ਤੈਨੂੰ ।

ਦਰਦ ਯਾਰ ਵਾਲਾ ਡੁੱਬੀ ਹੋਈ ਚੋਂ ਵੀ
ਲਹਿਰਾਂ ਬਣ ਬਣ ਕੇ ਅਜੇ ਆ ਰਿਹਾ ਏ ।
ਹੋ 'ਦਿਲਗੀਰ' ਝਨਾਂ ਅੱਜ ਮੋਈ ਹੋਈ ਦੇ,
ਵੈਣ ਤੜਫ਼ਦੀ ਗੂੰਜ ਵਿਚ ਪਾ ਰਿਹਾ ਏ ।

'ਦਿਲਗੀਰ' ਦੀਆਂ ਅੱਖਾਂ ਸਾਹਮਣੇ ਦੇਸ਼ ਦਾ ਵੰਡਾਰਾ ਵੀ ਹੋਇਆ ਅਤੇ ਆਪ ਨੇ ਸ਼ਰਨਾਰਥੀਆਂ ਦੇ ਜਦ ਦਰਦੀਲੇ ਕੀਰਨੇ ਸੁਣੇ ਤਾਂ ਆਪ ਦਾ ਕਲੇਜਾ ਤੜਫ ਉਠਦਾ ਹੈ ਤੇ ਆਪ ਰੱਬ ਨੂੰ ਐਉਂ ਸੰਬੋਧਨ ਕਰਦੇ ਹਨ :

ਰੱਬਾ ! ਤੇਰੇ ਨਾਲ ਕੀ ਬਦੀਆਂ ਕਮਾਈਆਂ ਦੇਸ਼ ਨੇ
ਕੀ ਕੀ ਉਹ ਖੁਦੀਆਂ ਕੀਤੀਆਂ, ਇਹਦੇ ਜੋ ਆਈਆਂ ਪੇਸ਼ ਨੇ ।
ਮੰਦਰਾਂ 'ਚ ਤੇਰੇ ਨਾਂ ਦੀਆਂ ਜੋਤਾਂ ਜਗਾਈਆਂ ਏਸ ਨੇ
ਦੁਨੀਆਂ 'ਚ ਰੋਸ਼ਨ ਕੀਤੀਆਂ, ਤੇਰੀਆਂ ਖੁਦਾਈਆਂ ਏਸ ਨੇ।
ਖਹਿ ਖ਼ਹਿ ਜਿਨਾਹ ਦੀ ਅਕਲ ਹੀ ਅੱਗ ਬਣ ਕੇ ਬਲ ਉਠੀ ।
ਬੰਦਿਆਂ ਦੀ ਜਿਸ ਤੋਂ ਸਰੂ ਜਿਹੀ ਕੌਮੀ ਬਗ਼ੀਚੀ ਜਲ ਉਠੀ ।
ਦੁੱਧਾਂ ਪਲੇ ਪੰਜਾਬ ਦੇ ਗਭਰੂ ਦੀ ਚਰਬੀ ਢਾਲੀ ਗਈ ।
ਰੱਤ ਤੋਂ ਕਿਸੇ ਦੀ ਆਸ ਦੀ ਸਮਾਂ ਸੀ ਇਥੇ ਬਾਲੀ ਗਈ।
ਦੁਸ਼ਮਣ ਦੀ ਕਾਤਲ ਨਿਗਾਹ ਤੋਂ, ਜੋਬਨ ਨੂੰ ਛੁਪਨਾ ਪੈ ਗਿਆ।
ਇਜ਼ਤ ਤੇ ਪੜਦਾ ਪਾਣ ਲਈ, ਖੂਹਾਂ 'ਚ ਡੁਬਨਾ ਪੈ ਗਿਆ ।
ਲਗਰ ਜਿਹੀ ਧੀ ਭੈਣ ਨੂੰ, ਹੱਥੀਂ ਹੀ ਵੱਢਣਾ ਪਿਆ ਏ ।
ਰਾਹਾਂ 'ਚ ਮਾਵਾਂ ਤਾਈਂ, ਗੋਦ ਦੇ ਪੁਤਾਂ ਨੂੰ ਛਡਨਾ ਪਿਆ ਏ ।
ਥਾਂ ਥਾਂ ਸੀ ਪਈਆਂ ਇਸਤਰਾਂ, ਲੋਥਾਂ ਲਹੂ ਨਾਲ ਗੁਤੀਆਂ ।
ਜਿਉਂ ਓੜ ਸਾਲੂ ਮੌਤ ਨਾਲ ਆਪ ਵਿਆਹ ਕੇ ਸੁਤੀਆਂ।

‘ਦਿਲਗੀਰ' ਅੱਜ ਭਾਵੇਂ ਸਠ ਕੁ ਸਾਲਾਂ ਦਾ ਹੋ ਗਿਆ ਹੋਵੇਗਾ ਅਤੇ ਜ਼ਮਾਨੇ ਦੇ ਨਵੇਂ ਰੰਗ ਵੇਖ ਪਤਾ ਨਹੀਂ ਉਹਦਾ ਕੋਮਲ ਹਿਰਦਾ ਕਿਵੇਂ ਉਬਾਲੇ ਖਾਂਦਾ ਹੋਵੇਗਾ ਪਰ ਭਰ ਜਵਾਨੀ ਦੀ ਉਮਰੇ ਹੀ ਉਸ ਨੂੰ ਨਵੀਂ ਤਾਲੀਮ ਤੋਂ ਗੰਦੀ ਸੜਿਆਣ ਆ ਰਹੀ ਸੀ ਤੇ ਉਹ ਆਪਣਾ ਸਾਹ ਘੁਟ ਐਉਂ ਨਵੀਂ ਤਾਲੀਮ ਨੂੰ ਅਸ਼ਾਂਤ ਦਿਲ ਨਾਲ ਕੋਸ ਰਿਹਾ ਸੀ :

ਅਰਸ਼ੀਂ ਹਵਾ ਤੋਂ ਤੇਜ ਅੱਜ, ਉਡਦੀ ਅਕਲ ਉਂਝ ਜਾਪਦੀ ।
ਚਲੀ ਜ਼ਮਾਨੇ ਵਿਚ ਪਰ, ਚਾਲ ਇਹਨੇ ਪਾਪ ਦੀ ।
ਇਸ ਇਲਮ ਦੇ ਤੂਫ਼ਾਨ ਵਿਚ, ਜ਼ਿੰਦਗੀ ਦਾ ਬੇੜਾ ਡੋਲਿਆ ।
ਇਉਂ ਖੂਨ ਚੜਕੇ ਜੰਗ ਦਾ, ਇਹਦੇ ਮਥੇ ਬੋਲਿਆ।
ਕਲਮਾਂ ਹੀ ਤੇਰੀਆਂ ਹਾਲੇ ਤੇ, ਬਣ ਬਣ ਕੇ ਛੁਰੀਆਂ ਚਲਦੀਆਂ ।
ਬੰਦੇ ਦਾ ਪੀ ਪੀ ਲਹੂ ਅਜ, ਸੱਧਰਾਂ ਨੇ ਤੇਰੀਆਂ ਪਲਦੀਆਂ ।
ਖੂਨਣ ਪੀਆ ਬਿਨ ਜਾਪਦੀ, ਮਹਿੰਦੀ ਹੈ ਅਜ ਮੁਟਿਆਰ ਦੀ।
ਹੰਝੂਆਂ 'ਚ ਰੁੜਦੀ ਰਖ ਲੈ, ਰੱਬਾ ! ਜੁਆਨੀ ਨਾਰ ਦੀ ।
ਵੀਰਾਂ ਦਾ ਵਗਦਾ ਖੂਨ ਹੁਣ, ਭੈਣਾਂ ਨੂੰ ਗੋਤੇ ਆ ਰਹੇ ।
ਮਾਵਾਂ ਦੇ ਫਟੇ ਦਿਲ ਘਰ ਘਰ, ਕੀਰਨੇ ਹਨ ਪਾ ਰਹੇ ।
ਇਖ਼ਲਾਕ ਦੀ ਅੱਜ ਮੌਤ ਤੇ, ਤਹਿਜ਼ੀਬ ਰੰਡੀ ਹੋ ਗਈ ।
ਇਨਸਾਫ ਤੋਲਣ ਨਿਗ੍ਹਾ ਦੀ, ਕਾਣੀ ਹੈ ਡੰਡੀ ਹੋ ਗਈ ।
ਰੱਬਾ ! ਬੁਝਾ ਦੇ ਸੜੀ ਹੋਈ, ਐਸੀ ਦਮਾਗ਼ੀ ਅੱਗ ਨੂੰ।
‘ਦਿਲਗੀਰ’ ਜੀਹਦੇ ਸੇਕ ਨੇ, ਕੀਤਾ ਹੈ ਕੋਲੇ ਜੱਗ ਨੂੰ।

ਪੰਜਾਬ ਦੀ ਕੁੜੀ ਦਾ ਦੇਸ਼ ਪਿਆਰ ‘ਦਿਲਗੀਰ' ਨੇ ਐਸੇ ਚੈਲੰਜਿੰਗ ਢੰਗ ਨਾਲ ਪੇਸ਼ ਕੀਤਾ ਹੈ ਕਿ ਸੰਸਾਰ ਦੀਆਂ ਮੁਟਿਆਰਾਂ ਨੂੰ ਆਪਣੀਆਂ ਪਤਲੀਆਂ ਪਤਲੀਆਂ ਗੁਲਾਬੀ ਗੁਲਾਬੀ ਬੁਲੀਆਂ ਤੇ ਉਂਗਲੀ ਰਖਕੇ ਸੋਚਣ ਤੇ ਮਜ਼ਬੂਰ ਕਰ ਦਿਤਾ ਹੈ । ਲਿਖਦਾ ਹੈ :

ਇਹਦੀਆਂ ਨੇ ਪਗਡੰਡੀਆਂ, ਮੇਰੇ ਸਿਰ ਦਾ ਚੀਰ ।
ਨੈਣ ਨੇ ਚਾਨਣ ਵਸਤੀਆਂ, ਸ਼ਿਮਲਾ ਤੇ ਕਸ਼ਮੀਰ ।
ਰਾਂਝਣ ਦੇਸ਼ ਪੰਜਾਬ ਦੇ, ਮੈਂ ਹਾਂ ਜੱਟੀ ਹੀਰ ।
ਬਣਿਆ ਇਹਦੀ ਖਾਕ ਤੋਂ, ਮੇਰਾ ਪਰੀ ਸਰੀਰ ।
ਬੇਲਿਆਂ ਦੇ ਵਿਚ ਖੇਡਿਆ, ਮੇਰਾ ਝੁਕ ਝੁਕ ਪਿਆਰ ।
ਇਸ਼ਕ ਹੁਸਨ ਦੀ ਏਸ ਥਾਂ, ਪਲਿਆ ਮਝੀਆਂ ਚਾਰ ।

ਅਤੇ ‘ਦਿਲਗੀਰ' ਠੀਕ ਹੀ ਕਹਿੰਦਾ ਹੈ ਕਿ ਹਿੰਦ ਨੂੰ ਗੁਲਾਮੀ ਦੀ ਨੀਂਦ ਵਿਚੋਂ ਜਗਾਨ ਵਾਲਾ ਪੰਜਾਬ ਹੀ ਸੀ ਅਤੇ ਇਹ ਰੋਲ ਪੰਜਾਬ ਦੀ ਮੁਟਿਆਰ ਵੇਖੋ ਕਿਵੇਂ ਅਦਾ ਕਰਦੀ ਦਸਦੀ ਹੈ :

ਬਣ ਗਿਆ ਰੂਹ ਵਤਨ ਦੀ, ਮੇਰੇ ਸੀਨੇ ਧਸਿਆ ਰਾਗ।
ਮੇਰੇ ਚਰਖੇ ਕੀ ਪਰਛਾਂ ਦਾ, ਪਿਆ ਚੰਨ ਦੇ ਸੀਨੇ ਦਾਗ ।
ਪਿਆਰ ਵਤਨ ਵਿਚ ਘੂਕਿਆ, ਇਹਨੂੰ ਚੜ੍ਹਿਆ ਦੇਸ਼ ਵੈਰਾਗ ।
ਮੇਰੇ ਏਸ ਆਜ਼ਾਦੀ ਸਾਜ਼ ਤੋਂ, ਆਈ ਘੂਕ ਹਿੰਦ ਨੂੰ ਜਾਗ ।
ਕੋਈ ਆਂਦਰ ਮੇਰੇ ਦੇਸ਼ ਦੀ, ਇਹ ਦਾ ਬਣਿਆ ਹਾਰ ।
ਮੈਂ ਪੂਣੀ ਵਾਂਗਰ ਏਸ ਤੋਂ, ਜਿੰਦ ਕਰਦਿਆਂ ਤਾਰੋ ਤਾਰ ।

ਏਸੇ ਲਈ ਤਾਂ ਸਾਰਾ ਜਗ ਮੇਰੇ ਪਿਆਰੇ ਦੇਸ਼ ਪੰਜਾਬ ਨੂੰ ਭਾਰਤ ਦੀ “ਸੋਰਡ ਆਫ਼ ਆਰਮ" ਬੜੇ ਫ਼ਖ਼ਰ ਨਾਲ ਕਹਿੰਦਾ ਨਹੀਂ ਥਕਦਾ।

ਸ੍ਰਦਾਰ ਪਿਆਰਾ ਸਿੰਘ ਜੀ ਐਮ. ਏ.

ਅੰਗਰੇਜ਼ੀ ਦੇ ਇਕ ਨਾਵਲ “What is in the name" ਨੇ ਸਿਆਸੀ ਤੇ ਸਾਹਿਤਕ ਜਗਤ ਵਿਚ ਇਕ ਸਮੇਂ ਬੜੀ ਅਨੋਖੀ ਜਿਹੀ, ਪਰ ਦਿਲਚਸਪ ਚਰਚਾ ਛੇੜ ਰਖੀ ਸੀ । ਪਰ ਮੇਰਾ ਜ਼ਾਤੀ ਤਜਰਬਾ ਦਸਦਾ ਹੈ ਕਿ ਨਾਵਾਂ ਦਾ ਵੀ ਕਾਫੀ ਅਸਰ ਹੁੰਦਾ ਹੈ । ਦੂਰ ਕਾਹਨੂੰ ਜਾਈਏ, ਏਸ ਕਵੀ ਪਿਆਰਾ ਸਿੰਘ ਨੂੰ ਹੀ ਲੌ। ਜੈਸਾ ਕਿ ਇਹਦਾ ਨਾਮ ਦਸਦਾ ਹੈ ਵੈਸਾ ਹੀ ਹੈ, ਭਾਵ, ਮੁਜੱਸਮਾ ਪਿਆਰ ਦਾ । ਸੁਭਾ ਦਾ ਠੰਡਾ, ਜ਼ਬਾਨ ਦਾ ਮਿੱਠਾ, ਗੁਰ-ਸਿੱਖਾਂ ਵਾਲੀ ਰਹਿਣੀ-ਬਹਿਣੀ, ਜੋ ਵੀ ਇਹਦੇ ਨੇੜੇ ਆਇਆ, ਏਸ ਉਹਦੀ ਝੋਲ ਪਿਆਰ ਨਾਲ ਭਰ ਦਿਤੀ ।

ਪਿਆਰਾ ਸਿੰਘ ਇਹ ਭਲੀ ਪ੍ਰਕਾਰ ਜਾਣਦਾ ਹੈ ਕਿ ਜਿਸ ਯੁਗ ਵਿਚੋਂ ਉਹ ਲੰਘ ਰਿਹਾ ਹੈ ਉਸ ਯੁਗ ਵਿਚ ਪਿਆਰ ਦੀਆਂ ਕਦਰਾਂ ਬਦਲ ਚੁਕੀਆਂ ਹਨ ਪਰ ਇਹ ਪਿਆਰ-ਖੇਤ ਵਿਚ ਬਹੁਤ ਹੀ ਕਨਜ਼ਰਵੇਟਿਵ ਹੈ ਤੇ ਇਹ ਜਾਣਦਾ ਹੋਇਆ ਵੀ ਕਿ One way traffic ਨਹੀਂ ਨਿਭ ਸਕਦਾ ਹੈ, ਪਰ ਫੇਰ ਵੀ ਪਰੇਸ਼ਾਨੀਆਂ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਪਿਆਰ ਦੀ ਪੁਰਾਤਨ ਰੀਤ ਨਿਭਾਈ ਜਾ ਰਿਹਾ ਹੈ ।

ਪਿਆਰ ਲੋਕਾਂ ਬੜਾ ਹਾਸੋਹੀਣਾ ਸ਼ਬਦ ਬਣਾ ਦਿਤਾ ਹੈ । ਬਜ਼ਾਰੀ ਕਵੀਆਂ ਪਿਆਰ ਨੂੰ ਭੰਗ ਦੇ ਭਾੜੇ ਵੇਚਣਾ ਸ਼ੁਰੂ ਕਰ ਕੇ ਪਿਆਰ ਦਾ ਹੁਲੀਆ ਹੀ ਵਗਾੜ ਕੇ ਰਖ ਦਿਤਾ ਹੈ। ਪਰ ਪਿਆਰਾ ਸਿੰਘ ਨੇ ਪਿਆਰ ਨੂੰ ਆਪਣੇ ਨਾਮ ਜੈਸਾ ਪਵਿਤ੍ਰ ਸਾਬਤ ਕਰਨ ਵਿਚ ਕਮਾਲ ਹੀ ਕਰ ਵਿਖਾਇਆ ਹੈ। ਕਿਸੇ ਉਰਦੂ ਸ਼ਾਇਰ ਦਾ ਕਥਨ ਹੈ-'ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ' ਤੇ ਪਿਆਰਾ ਸਿੰਘ ਦਰਦਮੰਦ ਦਾ ਦਰਦ ਵੰਡਾਣਾ ਹੀ ਪਿਆਰ ਸਮਝਦਾ ਹੈ ਭਾਵੇਂ ਉਹ ਜਾਣਦਾ ਹੈ ਕਿ :

ਕੌਣ ਸੁਣੇ ਨਸ਼ਿਆਂ ਦੀ ਰੁੱਤੇ ਦਰਦਾਂ ਭਰੇ ਤਰਾਨੇ ।

ਪਰ ਪਿਆਰਾ ਸਿੰਘ ਦੀ ਪਿਆਰ ਭਰੀ ਆਤਮਾਂ ਅੰਦਰੋਂ ਐਉਂ ਬੋਲਦੀ ਹੈ :

ਜੀ ਕਹਿੰਦਾ ਚੰਗਾ ਹੈ ਬੀਬਾ,
ਮਿੱਟੀ ਦੀਪਕ ਬਣਨਾ।
ਕਿਸੇ ਹਨੇਰੀ ਹਿੱਕ ਟੱਪਰੀ ਦੇ,
ਨੁਕਰ ਬਲਦੇ ਰਹਿਣਾ ।
ਤੇ ਚਾਨਣਾ ਵੰਡਣਾ ।

ਮੈਂ ਪਿਆਰਾ ਸਿੰਘ ਨੂੰ ਚੂੰਕਿ ਪਿਛਲੇ ਲਗ ਪਗ ਤੀਹ ਸਾਲਾਂ ਤੋਂ ਜਾਣਦਾ ਹਾਂ ਕਿ ਪਿਆਰ ਇਹਦੀ ਸੈਕੰਡ ਨੇਚਰ ਬਣ ਚੁਕੀ ਹੈ ਤੇ ਇਹ ਠੇਡੇ ਖਾ ਕੇ ਵੀ ਪਿਆਰ ਦੇ ਰਾਹ ਤੁਰਦਾ ਹੀ ਜਾਵੇਗਾ ਭਾਵੇਂ ਉਹ ਕਿਸੇ ਵੇਲੇ ਜ਼ਮਾਨੇ ਦੀਆਂ ਕਲਾਬਾਜ਼ੀਆਂ ਵੇਖ ਆਪ ਕਹਿੰਦਾ ਹੈ :

ਕਿਸ ਮੰਡੀ ਜਾ ਵਣਜ ਕਮਾਈਏ, ਥਾਂ ਥਾਂ ਸੁਪਨੇ ਵਿਖੇ ਉਧਾਰੇ ।
ਲਖ ਹਯਾਤੀ ਬਾਤਾਂ ਪਾਈਆਂ, ਚੰਦਰੇ ਜੱਗ ਨਾਂ ਭਰੇ ਹੁੰਗਾਰੇ ।

ਪਰ ਕਹਿੰਦੇ ਨੇ “ਵਾਦੀ ਪਈ ਕੁੜੀ ਨੂੰ, ਜਾਏਗੀ ਉੜੀ ਨੂੰ'' ਤੇ ਪਿਆਰਾ ਸਿੰਘ ਆਪਣੀ ਆਦਤ ਦੀ ਪਿਆਰ ਵੰਡਣ ਦੀ ਮਜਬੂਰੀ ਵੇਖੋ ਕੈਸੀ ਸਪਸ਼ਟ ਤੇ ਐਲਾਨੀਆ ਪੇਸ਼ ਕਰਦਾ ਹੈ :

ਜ਼ਖ਼ਮ ਹਾਸੇ ਵਿਚ ਸਜਾਣੇ ਪੈ ਗਏ ।
ਸੋਗ ਸੀਨੇ ਵਿਚ ਛੁਪਾਣੇ ਪੈ ਗਏ ।
ਲਗਰ ਨ ਜੀਵਨ ਦੀ ਕੋਈ ਪੁੰਗਰੀ,
ਰੇਤ ਵਿਚ ਹੰਝੂ ਉਗਾਨੇ ਪੈ ਗਏ ।

ਪਿਆਰਾ ਸਿੰਘ ਨੂੰ Book worm ਕਿਹਾ ਜਾਵੇ ਤਾਂ ਕੋਈ ਅਤਿ- ਕਥਨੀ ਨਹੀਂ ਹੋਵੇਗੀ ਪਰ ਇਹ ਟਾਈਮ ਪਾਸ ਕਰਨ ਲਈ ਯਾ ਮਨੋਰੰਜਨ ਲਈ ਪੁਸਤਕਾਂ ਨਹੀਂ ਪੜ੍ਹਦਾ, ਇਹ ਫ਼ਲਾਸਫ਼ੀ ਦੇ ਗੂਹੜ ਗਿਆਨ ਵਿਚ ਮਸਤ ਰਹਿੰਦਾ ਹੈ ਤੇ ਇਹਦੀ ਤੀਖਨ ਬੁੱਧੀ ਦੀ ਨਜ਼ਰ ਐਕਸਰੇਅ ਦਾ ਕੰਮ ਕਰਦੀ ਹੈ। ਇਹ ਆਪਣੀ ਪ੍ਰਸਿਧ ਪੁਸਤਕ ‘ਯਾਦਾਂ ਦਾ ਸਾਗਰ' ਵਿਚ ਰੱਬ ਦੇ ਬਖਸ਼ੇ ਨੈਣਾਂ ਦੀ ਤਸਵੀਰ ਵੇਖ ਕਿਸ ਫ਼ਲਸਫਾਨਾ ਢੰਗ ਨਾਲ ਪੇਸ਼ ਕਰਦਾ ਹੈ। ਇਹ ਉਹ ਅਛੋਹ ਰੰਗਤ ਆਪਣੇ ਵਿਚ ਲੁਕਾਈ ਬੈਠਾ ਹੈ ਜਿਸ ਨੂੰ ਪੜ੍ਹਦਿਆਂ ਹੀ ਬੜੇ ਬੜੇ ਮਹਾਂ ਕਵੀਆਂ ਦੇ ਨੈਣ ਅਸਚਰਜਤਾ ਵਿਚ ਅੱਡੇ ਦੇ ਅੱਡੇ ਰਹਿ ਜਾਂਦੇ ਹਨ। ਮੁਲਾਹਜ਼ਾ ਫਰਮਾਓ :


ਵੇਖ ਅਲੌਕਿਕ ਦੀਵੇ ਬਲਦੇ ਬਿਨ ਬੱਤੀ ਬਿਨ ਤੇਲ ।
ਇਕ ਇਕ ਪਿਆਲੀ ਭਰੀ ਨੂਰ ਦੀ ਜੋਤ ਨਾ ਦਿਸਦੀ ਕੋਈ।
ਜਿਸ ਤੋਂ ਰੋਸ਼ਨ ਜਗਤ-ਉਜਾਲਾ ਲਾਟ ਨਾ ਤਿਸ ਦੀ ਕੋਈ।
ਬਿਨ ਜੋਤੀ ਪ੍ਰਕਾਸ਼ ਜਗ ਦੇ, ਵੇਖ ਅਗੰਮੀ ਖੇਲ੍ਹ।
ਬਿਨ ਬੱਤੀ ਬਿਨ ਤੇਲ
ਵੇਖਣ ਜਗਤ ਵਿਖਾਲਣ 'ਅਸਲਾ' 
ਵੇਖਣ ਤੱਤ ਵਿਖਾਲਣ 'ਸੁਹਜਾ' 
ਵੇਖਣ ਰਤਨ ਵਿਖਾਲਨ ‘ਪਰਖਾ’
ਸੁਹਜੀ ਦਿੱਸਣ ਅਣ-ਦਿਸੇ ਦੀ
 ਚੁਕ ਕੇ ਵੇਖ ਉਤਾਹਾਂ
ਜਿਹੜੇ ਰਾਹ ਦੇ ਰਾਹ ਵਿਚ ਗੱਡੇ
ਚੰਨ ਮਸਤਕੋਂ ਜ਼ਰਾ ਕੁ ਹਠਾਂਹ।
ਜਗਦੇ ਬੁਝਦੇ
ਬੁਝ ਬੁਝ ਜਗਦੇ
ਜਗ ਬੁਝਦੇ 
ਬੁਝ ਜਗਦੇ
ਜਗਣ ਬੁਝਣ ਦਾ ਮੇਲ 
ਬਿਨ ਬੱਤੀ ਬਿਨ ਤੇਲ।

ਪਿਆਰਾ ਸਿੰਘ ਦਾ ਸਟਾਇਰ ਵੀ ਗਿਟੇ ਚੋਟ ਲਾਂਦਾ ਹੈ । ਗੁਰਪੁਰਬਾਂ ਸਮੇਂ ਲੀਡਰਾਂ ਦੇ ਸਨਮਾਨ ਹੁੰਦੇ ਵੇਖ ਕਵੀ ਦੀ ਪ੍ਰਬੰਧਕਾਂ ਉਤੇ ਕਰਾਰੀ ਚੋਟ ਵੇਖੋ :


ਸਾਧ ਸੰਗਤ ਸੁਣਿਆ
ਤੇਰਾ ਜੱਸ ਲੀਡਰਾਂ ਮੂੰਹੋਂ
ਗਾਇਆ ਗਿਆ ਜੱਸ
ਵੇਲੇ ਦੇ ਲੀਡਰਾਂ ਦਾ,
ਸਾਂਝ ਲਈ-ਪਛਾਣ ਲਈ
ਇਕ ਦੂਜੇ ਦੇ ਵੇਲੇ ਵੇਲੇ ਕਲਿਆਣ ਲਈ । 
ਇੰਝ ਵੰਡੀ ਗਈ ਖ਼ੁਲ ਖਿਲਾਰੀ ਗਈ
ਬੇਓੜਕ ਮਾਇਆ ਸਣੇ ਦਸਵੰਦ ਸਰਕਾਰੀ
ਤੇਰਾ ਨਾਮ ਲੈ ਕੇ
ਖੱਟੀ ਤੇਰੇ ਨਾਮ ਦੀ ।
ਕੁਝ ਦੁਨੀਆਂ ਅੰਦਰ
ਖੁਲ੍ਹੀਆਂ ਏਜੰਸੀਆਂ
ਵੇਚਣ ਕਿਰਤਾਂ ਤੇਰੀਆਂ 
ਮਸ਼ਹੂਰ ਨਾਵਾਂ ਹੇਠ
ਗਰੀਬ ਸਾਧ ਸੰਗਤ ਨੂੰ।

ਪਿਆਰਾ ਸਿੰਘ ਨੇ ਗਜ਼ਲਾਂ ਵੀ ਬਹੁਤ ਉੱਚ ਪੱਧਰ ਦੀਆਂ ਲਿਖੀਆਂ ਹਨ । ਜੇ ਸਾਡੇ ਅਲੋਚਕ ਈਰਖਾ ਤੋਂ ਉੱਚੇ ਹੁੰਦੇ ਤਾਂ ਪਿਆਰਾ ਸਿੰਘ ਪਹਿਲੀ ਸਫ਼ ਦਾ ਗਜ਼ਲਗੋ ਗਰਦਾਨਿਆ ਜਾਂਦਾ। ਬਹੁਤ ਕਸੂਰ ਅਲੋਚਕਾਂ ਦਾ ਵੀ ਨਹੀਂ, ਇਹ ਵਿਚਾਰੇ ਇਸ਼ਕ ਮੁਸ਼ਕ ਦੀ ਉਲਝਣ ਤੋਂ ਬਾਹਿਰ ਝਾਤੀ ਹੀ ਨਹੀਂ ਮਾਰ ਸਕਦੇ ਤੇ ਪਿਆਰਾ ਸਿੰਘ ਦੀਆਂ ਗਜ਼ਲਾਂ ਵਿਚ ਤਾਂ ਹੋਇਆ ਸੂਫੀਆਨਾ ਰੰਗ। ਇਹਦੀ ਇਕ ਗਜ਼ਲ ਦੇ ਕੁਝ ਸ਼ੇਅਰ ਵਨਗੀ ਮਾਤ੍ਰ ਪੇਸ਼ ਕਰਦਾ ਹਾਂ, ਧਿਆਨ ਦਿਓ :-


ਹਰ ਸੂਰਤ ਵਿਚ ਸੂਰਤ ਤੇਰੀ,
ਹਰ ਦਮ ਨਜ਼ਰੀਂ ਆਉਂਦੀ ਏ। 
ਤਾਰੀ ਜਦ ਤੋਂ ਇਸ ਜਲਵੇ ਦੀ,
 “ਮੈਂ" ਦੀ ਘੁੰਡ ਚੁਕਾਈ । 
ਲਾਰੇ ਲੱਪੇ ਇਕ ਬਰਾਬਰ, 
ਇਕ ਤੇਰੇ ਇਕ ਮੇਰੇ ਨੇ । 
ਕਹੇ ਕਸਵਟੀ ਦੋਵੇਂ ਝੂਠੇ, 
ਜਦੋਂ ਵਫ਼ਾ ਆਜ਼ਮਾਈ ਏ।
ਇਕ ਖੁਦਾ ਏ ਇਕ ਖੁਦੀ ਏ,
ਦੋਹਾਂ ਨੂੰ ਇਕ ਕੌਣ ਕਹੇ,
ਪ੍ਰੇਮ ਪਰੋਈ ਕੱਚੀ ਤੰਦੇ, 
ਦਿਸੇ ਸਭ ਲੋਕਾਈ ਏ । 
ਅੱਖਾਂ ਮੀਟਾਂ ਤਾਂ ਪਰਲੋ ਆਵੇ,
 ਅੱਖਾਂ ਖੋਲ੍ਹਾਂ ਤਾਂ ਜਲਵਾ ਏ, 
ਜਗਦੇ ਬੁੱਝਦੇ ਤੇਰੇ ਨੈਣਾਂ,
ਨਵੀਂ ਬੁਝਾਰਤ ਪਾਈ ਏ ।

ਪਿਆਰਾ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਪਵਿਤ੍ਰ ਇਲਾਹੀ ਬਾਣੀ ਵਿਚੋਂ ਜੋ ਬੁਨਿਆਦੀ ਤੱਥ ਵੰਡਿਆ ਹੈ ਉਹ ਹੈ ਪ੍ਰਮਾਤਮਾ ਦੀ ਪ੍ਰਾਪਤੀ ਲਈ ਹਉਮੈ ਦਾ ਦੂਰ ਕਰਨਾ ਅਤੇ ਇਹ ਹਉਮੈ ਦੀ ਦੂਰੀ ਦਾ ਜੋ ਇਲਾਜ ਗੁਰੂ ਜੀ ਨੇ ਦਰਸਾਇਆ ਹੈ, ਉਸ ਬਾਰੇ ਪਿਆਰਾ ਸਿੰਘ ਦੇ ਸ਼ਰਧਾ ਭਰਪੂਰ ਵਿਚਾਰ :

ਪਾਣੀ ਅੰਦਰ ਲੀਕ ਨ ਪੈਂਦੀ, ਰੂਹ ਕਿਉਂ ਵਖਰੀ ਜਾਪੇ ।
ਪੌਣ ਦੇ ਅੰਦਰ ਛੰਦ ਨਾ ਕੋਈ, ਸੁਰ ਕਿੰਜ ਵੱਖ ਅਲਾਪੇ !
ਅੰਬਰ ਅੰਦਰ ਵਿਥ ਨਾ ਦਿੱਸੇ, ਗ੍ਰਹਿ ਵਖਰੇ ਕਿਸੇ ਥਾਪੇ ।
ਇਕੋ ਇਕ ਜੋ ਇਕੋ ਇਕ ਹੈ, ਦੂਜਾ ਕੌਣ ਸੰਤਾਪੇ ।
ਸਰਬ ਸੁਖਾਂ ਦਾ ਸਮਾਂ ਲੋੜਨ, ਦੁਖੜਾ ਸਹੇ ਨਾ ਕੋਇ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ।
ਏਸ ਹਜ਼ੂਰੀ ਦਰ ਤੇ ਆ ਕੇ, ਨਿਸਚਾ ਇਕ ਪਕਾਈਏ ।
ਜੋਜੋ ਇਕ ਹੈ ਤੇ ਜਿਸ ਦੇ ਇਕ ਹਾਂ, ਬਲ ਬਲ ਉਸਦੇ ਜਾਈਏ।
ਇਕ ਮਾਲਕ ਦੇ ਇਕ ਸੇਵਕ ਹੋ, ਹਰ ਦਮ ਸੇਵ ਕਮਾਈਏ ।
ਮੈਂ ਤੇ ਮੈਂ ਦਾ ਪਰਦਾ "ਮੈਂ" ਮਾਰ ਹਟਾਈਏ।
ਮੈਂ ਤੂੰ ਅੰਦਰ ਖੇਡ 'ਉਸੇ' ਦੀ, ਭੇਦ ਰਹੇ ਨ ਕੋਇ ।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।

ਪਿਆਰਾ ਸਿੰਘ ਦਾ ਕਾਵ-ਗਗਨ ਉਤੇ ਆਪਣਾ ਵਿਸ਼ੇਸ਼ ਅਸਥਾਨ ਹੈ ਅਤੇ ਇਹਦੀ ਚਮਕ ਦਮਕ ਕਵਿਤਾ ਦੇ ਰਾਹੀਆਂ ਨੂੰ ਸਦਾ ਰੋਸ਼ਨੀ ਦੇਂਦੀ ਰਹੇਗੀ।

ਸ੍ਰਦਾਰ ਮਨੋਹਰ ਸਿੰਘ ਜੀ ‘ਮਾਰਕੋ’

ਸ੍ਰਦਾਰ ਮਨੋਹਰ ਸਿੰਘ ਵਪਾਰੀ ਤਾਂ ਬਹੁਤ ਲੰਮੇ ਸਮੇਂ ਤੋਂ ਪ੍ਰਸਿਧ ਹੈ ਅਤੇ ਜਦ ਇਸ ਹੋਣਹਾਰ ਸਿੱਖ ਨੇ ‘ਚਿਠੀਆਂ ਲਿਖ ਸਤਿਗੁਰਾਂ ਵਲ ਪਾਈਆਂ' ਪੁਸਤਕ ਪ੍ਰਕਾਸ਼ਤ ਕੀਤੀ ਤਾਂ ਆਨੰਨ ਫ਼ਾਨੰਨ ਇਹ ਪੰਜਾਬੀ ਸਾਹਿਤ ਦਾ ਸਿਰ ਕਢ ‘ਸਟਾਇਰ' ਲੇਖਕ ਚਮਕ ਉਠਿਆ। ਮੇਰਾ ਜ਼ਾਤੀ ਵਿਚਾਰ ਹੈ ਕਿ ‘ਸਟਾਇਰ' ਦੇ ਖੇਤ੍ਰ ਵਿਚ ਸ੍ਰਦਾਰ ਮਨੋਹਰ ਸਿੰਘ ਦਾ ਰੀਕਾਰਡ ਬੜਾ ਲੰਬਾ ਸਮਾਂ ਕੋਈ ਤੋੜ ਨਹੀਂ ਸਕੇਗਾ। ‘ਸਟਾਇਰ' ਇਕ ਸੂਖ਼ਮ ਆਰਟ ਹੈ ਅਤੇ ਪੰਜਾਬੀ ਸਾਹਿਤ ਵਿਚ ਸ: ਮਨੋਹਰ ਸਿੰਘ ਇਸ ਦਾ ਬਾਨੀ ਯਾ ਮੋਢੀ ਕਰਕੇ ਸਤਿਕਾਰਿਆ ਜਾਵੇਗਾ।

ਮੈਂ ਨਹੀਂ ਸਾਂ ਜਾਣਦਾ ਕਿ ਸ੍ਰ: ਮਨੋਹਰ ਸਿੰਘ ਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਹੈ, ਹਾਂ ਕਵਿਤਾ ਦਾ ਸ਼ੌਕੀਨ ਇਸ ਨੂੰ ਮੈਂ ਜ਼ਰੂਰ ਮੰਨਦਾ ਸਾਂ ਕਿਉਂਕਿ ਸ਼ੇਅਰ ਗੁਣਗੁਣਾਂਦੇ ਇਹਨੂੰ ਅਕਸਰ ਸੁਣਦਾ ਆ ਰਿਹਾ ਹਾਂ। ਕੁਝ ਸਮਾਂ ਹੋਇਆ ਇਸ ਸਰਬ-ਪੱਖੀ ਮਾਹਿਰ ਨੇ ਮਾਨਸਰੋਵਰ ਵਿਚ ਕਦੇ ਕਦੇ ਆਪਣੀਆਂ ਕਵਿਤਾਵਾਂ ਪ੍ਰਕਾਸ਼ਤ ਹਿਤ ਭੇਜਨੀਆਂ ਸ਼ੁਰੂ ਕੀਤੀਆਂ। ਮੈਂ ਇਹਦੀ ਬਾਰੀਕਬੀਨਾਂ ਵੇਖ ਹੈਰਾਨ ਰਹਿ ਗਿਆ । ਮੈਨੂੰ ਅੱਜ ਖੁਸ਼ੀ ਹੈ ਕਿ ਸ: ਮਨੋਹਰ ਸਿੰਘ ਨੇ ਆਪਣਾ ਵਿਸ਼ੇਸ਼ ਅਸਥਾਨ ਕਾਵ-ਖੇਤ੍ਰ ਵਿਚ ਬਣਾ ਲਿਆ ਹੈ।

ਸ: ਮਨੋਹਰ ਸਿੰਘ ਪਛਮੀ ਪੰਜਾਬ ਤੋਂ ਇਕ ਸ਼ਰਨਾਰਥੀ ਦੀ ਹਸੀਅਤ ਵਿਚ ਏਧਰ ਦੇਸ਼ ਦੇ ਵੰਡਾਰੇ ਸਮੇਂ ਆਇਆ। ਵੰਡਾਰੇ ਦੀਆਂ ਲਾਸਾਂ ਇਹਦੇ ਜਿਸਮ ਤੇ ਅਜੇ ਵੀ ਦਿਸਦੀਆਂ ਹਨ ਅਤੇ ਵੰਡਾਰੇ ਦੇ ਦਰਦਨਾਕ ਦ੍ਰਿਸ਼ ਵੀ ਇਸ ਦੇ ਮੂੰਹ ਤੇ ਸਦਾ ਸਜਰੇ ਜਾਪਦੇ ਹਨ। ਸ਼ਰਨਾਰਥੀਆਂ ਦੇ ਕੀਰਨੇ ਇਹ ਬਹੁਤ ਹੀ ਦਰਦਨਾਕ ਪਾਂਦਾ ਹੈ ਅਤੇ ਹਰ ਸ਼ਰਨਾਰਥੀ ਇਹਦੇ ਵੈਣ ਸੁਣ ਆਪਣੇ ਹੀ ਗਮਾਂ ਵਿਚ ਡੁੱਬ ਜਾਂਦਾ ਹੈ । ਵਨਗੀ ਵੇਖੋ :


ਹੋਇਆ ਰਾਜ ਸ਼ੈਤਾਨ ਦਾ,
ਜਿਸ ਦਿਤਾ ਧਰਮ ਡਬੋ । 
ਉਹਲਾ ਬਣੀਆਂ ਕਾਲਖ਼ਾਂ, 
ਚਾਨਣ ਲਿਆ ਲਕੋ । 
ਓਏ ਜੁਲਮਾਂ ਦਿਆ ਪਥੇਰਿਆ,
ਅੱਜ ਰੱਜ ਕੇ ਮਿੱਝ ਨੂੰ ਗੋ । 
ਇਹ ਗਜ਼ਨੀ ਨਹੀਂ ਪੰਜਾਬ ਹੈ,
ਉਹ ਭੀ ਇਕ ਨਹੀਂ ਨੇ ਦੋ ।
ਅੱਜ ਮੁਟਿਆਰਾਂ ਵਿਕਦੀਆਂ,
ਮੰਡੀਆਂ ਵਿਚ ਖਲੋ।
ਪਤ ਵਿਹੂਣੀਆਂ ਕੰਜਕਾਂ,
ਅਣਖ ਵਿਹੂਣੇ ਮਰਦ, 
ਜ਼ੁਲਮਾਂ ਦੀ ਕੁਰਲਾਟ ਵਿਚ,
ਕੋਈ ਨਾਂ ਵੰਡੇ ਦਰਦ ।
ਮਾਵਾਂ ਟੋਲਨ ਪੁੱਤ ਨੂੰ,
ਵੀਰੇ ਟੋਲਨ ਭੈਣ ।
ਢਿਡੋਂ ਸੜਦੀਆਂ ਆਂਦ੍ਰਾਂ,
 ਮੂੰਹੋਂ ਨਾਂ ਨਿਕਲੇ ਵੈਣ । 
ਜੋ ਅਬਲਾ ਦੀ ਪਤ ਲਈ, 
ਸੂਰੇ ਹੋਣ ਸ਼ਹੀਦ ।
ਉਹ ਮੁੱਛਾਂ ਅਜ ਨੀਵੀਆਂ, 
ਸ਼ੈਤਾਨਾਂ ਦੀ ਈਦ।

ਸ: ਮਨੋਹਰ ਸਿੰਘ ਨੂੰ ਵੰਡਾਰੇ ਦੀਆਂ ਪੀੜਾਂ ਹੀ ਯਾਦ ਨਹੀਂ ਆਉਂਦੀਆਂ, ਪਛਮੀ ਪੰਜਾਬ ਵਿਚ ਪਿਛੇ ਰਹਿ ਗਏ ਉਹ ਮੁਸਲਮਾਨ ਸਜਨ ਮਿਤ੍ਰ ਵੀ ਯਾਦ ਆਉਂਦੇ ਹਨ ਜੋ ਕਦੇ ਭਰਾਵਾਂ ਤੋਂ ਵੀ ਵੱਧ ਨੇੜੇ ਹੁੰਦੇ ਸਨ ਤੇ ਜਿਨ੍ਹਾਂ ਨਾਲ ਬਚਪਨ ਬਤਾਂਦਿਆਂ ਕਦੇ ਸੋਚ ਵੀ ਨਹੀਂ ਸੀ ਆਈ ਕਿ ਇਕ ਦਿਨ ਅੰਗਰੇਜ਼ ਜਾਂਦਾ ਜਾਂਦਾ ਪੰਜਾਬ ਨੂੰ ਲੀਰਾਂ ਕਰ ਜਾਵੇਗਾ। 'ਸਜਨ ਦੀ ਯਾਦ' ਸ: ਮਨੋਹਰ ਸਿੰਘ ਦੀ ਸੀਨੇ-ਵੇਧਕ ਕਵਿਤਾ ਹੈ ਜਿਸ ਦੀਆਂ ਕੁਝ ਲਾਈਨਾਂ ਹੇਠ ਦਿਤੀਆਂ ਜਾਂਦੀਆਂ ਹਨ :

ਚੁਮਣ ਦਾ ਨਿਘ ਜਾਪਦੀ ਮਹਿਕਾਂ ਵਾਂਗ ਮਹੀਨ ।
ਖੇੜੇ ਵੰਡਦੀ ਤਕਣੀ, ਸਧਰਾਂ ਵਾਂਗ ਹੁਸੀਨ ।
ਰੂਹ ਨਸ਼ਿਆਂਦੀ ਤਕਣੀ, ਮਹਿਕਾਂ ਵੰਡਦੀ ਰੁਤ।
ਚੇਤਨ ਹੋਇਆ ਚਾਨਣਾ, ਸੌਂ ਕੇ ਉੱਠੀ ਧੁਪ।

ਅਤੇ ਏਸੇ ਯਾਦ ਵਿਚ ਕਿਸੇ ਨਾਲ ਹੋਇਆ ਸੁਫਣੇ ਦਾ ਮਿਲਾਪ ਵੀ ਕਵੀ ਬਹੁਤ ਹੀ ਦਿਲ ਟੁੰਬਵਾਂ ਐਉਂ ਬਿਆਨ ਕਰਦਾ ਹੈ :

ਤੁਸਾਂ ਨੇ ਸੁਫਣਿਆਂ ਵਿਚ ਆਉਣ ਦੀ ਖੇਚਲ ਕਿਵੇਂ ਕੀਤੀ ?
ਜਿਵੇਂ ਕੋਈ ਦੇਵਤਾ ਮੜ੍ਹੀਆਂ ਦੇ ਵਿਚ ਕੁਝ ਭਾਲਦਾ ਫਿਰਦਾ ।
ਬਿਤਾਈ ਨੇੜਤਾ ਦੇ ਚਾਰ ਦਿਨ ਮੇਰੀ ਅਮਾਨਤ ਹੈ,
ਜਿਵੇਂ ਕੋਈ ਭੋਲੇ ਪਨ ਵਿਚ ਬਿਛੂਆਂ ਨੂੰ ਪਾਲਦਾ ਫਿਰਦਾ ।

ਸ: ਮਨੋਹਰ ਸਿੰਘ ਨੂੰ ਮੈਂ ਇਨਕਲਾਬੀ ਕਵੀ ਮੰਨਦਾ ਹਾਂ । ਇਹ ਕਵਿਤਾ ਦੇ ਛੰਦ ਦਾ ਬਹੁਤਾ ਕਾਇਲ ਨਹੀਂ। ਇਸ ਨੇ ਬੈਂਤ ਉਤੇ ਕਲਮ ਨਹੀਂ ਆਜ਼ਮਾਈ, ਗੀਤ ਨਹੀਂ ਲਿਖੇ, ਰੁਬਾਈ ਦੇ ਨੇੜੇ ਵੀ ਨਹੀਂ ਢੁੱਕਾ, ਹਾਂ, ਕਦੇ ਕਦੇ ਗਜ਼ਲ ਜ਼ਰੂਰ ਕਹਿ ਲੈਂਦਾ ਹੈ ਯਾ ਖੁਲੇ ਆਜ਼ਾਦਾਨ ਸ਼ੇਅਰਾਂ ਵਿਚ ਲੀਨ ਰਹਿੰਦਾ ਹੈ। ਇਹਦੀ ਇਕ ਗ਼ਜ਼ਲ ਦੀਆਂ ਦੋ ਲਾਈਨਾਂ ਮੁਲਾਹਜ਼ਾ ਫ਼ਰਮਾਓ :

ਜੇ ਬਣ ਕੇ ਮੂੰਹ ਤੇ ਮੁਸ਼ਕਨੀ
ਕੋਈ ਆਹ ਵੀ ਨਿਕਲੇ,
ਉਹ ਆਹ ਮੇਰੇ ਨਸੀਬ ਦੇ
ਲੇਖੇ 'ਚ ਢਾਲ ਦੇ ।
ਪੀ ਕੇ ਨਸ਼ਾ ਕੀ ਬਹਿਕਣਾ
ਪਰ ਭਾਗਵਾਨ ਉਹ,
ਜਿਸ ਨੂੰ ਕਿ ਸਾਕੀ
ਮਧ ਭਰੇ ਨੈਣੋਂ ਪਿਆਲ ਦੇ ।

ਇਕ ਹੋਰ ਗਜ਼ਲ ਵਿਚ ਮਾਰਕੋ ਸਾਹਿਬ ਦੀ ਨਾਜ਼ੁਕ ਖਿਆਲੀ ਵੇਖੋ, ਕੈਸੀ ਨਿਸ਼ਾਨੇ ਤੇ ਚੋਟ ਲਗਾਂਦਾ ਹੈ :


ਦਿਲ ਤੂੰ ਇਕੋ ਬਖਸ਼ਿਆ,
ਜਿਹੜਾ ਨਛਾਵਰ ਹੋ ਗਿਆ ।
ਹੋਰ ਦੇ ਦੇਵੇਂ ਕਰਾਂ,
ਤੇਰੀ ਭਲਾਈ ਨੂੰ ਸਲਾਮ।
ਸੂਫ਼ੀਆਂ ਦੀ ਸਭਾ ਵਿਚ,
ਰਿੰਦਾਂ ਵਿਰੁਧ ਤਕੜਾ ਸੰਘਰਸ਼,
ਮੂੰਹ 'ਚੋਂ ਲਪਟਾਂ ਆ ਰਹੀਆਂ,
ਇਸ ਪਾਰਸਾਈ ਨੂੰ ਸਲਾਮ ।
ਆਖਦੇ ਨੇ ਹਿਜਰ ਵਿਚ,
ਆਦੇਸ਼ ਕਵਿਤਾ ਦਾ ਫੁਰੇ,
ਵਸਲ ਵਿਚ ਜੇ ਆਏਂ,
ਤਾਂ ਸੌ ਵਾਰੀ ਆਈ ਨੂੰ ਸਲਾਮ

ਸ਼ੇਅਰੋ ਸ਼ਾਇਰੀ ਦੇ ਅਖਾੜੇ ਵਿਚ ਮਾਰਕੋ ਜੀ ਨੇ ਮਾਲੀ ਐਉਂ ਮਾਰੀ ਹੈ ਕਿ ਗਾਮਾਂ ਭਲਵਾਨ ਵੀ ਅਜ ਕਬਰੋਂ ਨਿਕਲੇ ਤਾਂ ਅਖਾਂ ਮਲਦਾ ਰਹਿ ਜਾਏ । ਭਲਵਾਨਾਂ ਨੂੰ ਆਪਣੇ ਦਾਓ ਪੇਚ ਤੇ ਮਾਨ ਹੁੰਦੈ, ਮਨੋਹਰ ਸਿੰਘ ਨੂੰ ਆਪਣੀਆਂ ਕਵਾਰੀਆਂ ਤਸ਼ਬੀਹਾਂ ਉਤੇ। ਵਨਗੀਆਂ ਮੁਲਾਹਜ਼ਾ ਫਰਮਾਓ:


ਉਂਗਲਾਂ ਕਰਨ ਕਲੋਲਾਂ,
ਜ਼ੁਲਫਾਂ ਘਨੇਰੀਆਂ ਵਿਚ ।
ਜਿਉਂ ਸੱਪ ਖੇਡਦੇ ਨੇ 
ਰਾਤਾਂ ਹਨੇਰੀਆਂ ਵਿਚ ।
ਕੋਇਲੇ ਦਰਦਾਂ ਕੁਠੀਏ, 
ਕਾਹਨੂੰ ਰੋਵੇਂ ਚੀਕ । 
ਏਥੇ ਕਾਂ ਨੇ ਬੋਲਦੇ 
ਸਗਨਾਂ ਦੇ ਪਰਤੀਕ
...      ...    ...      ...    

ਕੱਢ ਕਲੇਜਾਬੁਸਕਦਾ, 
ਕਰਾਂ ਸਮਰਪਣ ਨਿਤ ।
ਕਲ ਵਲ ਹੋਂਦੀ ਆਤਮਾ, 
ਲੋਕੀਂ ਕਹਿਣ ਕਬਿਤ।
...      ...   ...      ...     
ਨੈਣੀਂ ਸ਼ਬਨਮ ਘੋਲ ਕੇ,
ਢਿੱਡ ਵਿਚ ਲਈ ਛਪਾ।
 ਬਿਨਾਂ ਅਥਰੂਓਂ ਰੋਣ ਦੀ, 
ਜਾਚ ਗਈ ਏ ਆ।
 ...      ...    ...      ...    

ਮੇਰਾ ਬੁੜ੍ਹੇਪਾ ਮੋਮ ਦਾ,
ਤੇਰੀ ਜਵਾਨੀ ਅੱਗ ।
ਦੋਹਾਂ ਦੀ ਇਸ ਵਿਚ ਬੇਹਤਰੀ, 
ਰਹੀਏ ਅਲੱਗ ਅਲੱਗ ।
...      ...    ...      ...    
ਅੱਜ ਜਦੋਂ ਸੰਸਦ ਭਵਨ ਮੈਂ ਵੇਖਿਆ, 
ਭਗਤ ਸਿੰਘ ਤੇ ਦਤ ਚੇਤੇ ਆ ਗਏ ।
...      ...    ...      ...    

ਗੁਰ ਸਿੱਖ ਨੂੰ ਵੇਖੋ ਇਕ ਗੁਰਸਿੱਖ 
ਕੈਸਾ ਸੁਚੱਜਾ ਉਪਦੇਸ਼ ਦੇਂਦਾ ਹੈ :

ਜਿਸ ਦੀ ਮੰਨੇ ਸਤਿਗੁਰੂ,
ਤੂੰ ਐਸਾ ਸਿੱਖ ਬਣ । 
ਪੂਰਨ ਹੋਵੇ ਜਾਪਦਾ,
ਕਲਗੀਧਰ ਦਾ ਪ੍ਰਣ।

ਅਤੇ ਦਸਮੇਸ ਦੀ ਲਾਸਾਨੀ ਸ਼ਖਸ਼ੀਅਤ ਵੀ ਵੇਖੋ, ਕੈਸੀ ਦਿਲਕਸ਼ ਉਲੀਕਦਾ ਹੈ :

ਜਿਸ ਤੋਂ ਡਰਨ ਹਕੂਮਤਾਂ,
ਇਹੋ ਜਿਹਾ ਦਲੇਰ ।
ਨਿਤ ਨਹੀਂ ਮਾਵਾਂ ਜੰਮਦੀਆਂ,
ਕਲਗੀਧਰ ਜਿਹੇ ਸ਼ੇਰ ।

ਸ੍ਰਦਾਰ ਚਤਰ ਸਿੰਘ ਜੀ ‘ਬੀਰ’ ਐਮ.ਏ.

ਅਜ ਕੋਈ ਤੀਹ ਕੁ ਵਰ੍ਹੇ ਹੋਣ ਲਗੇ ਹੋਣਗੇ ਜਦ ਮੈਨੂੰ ਸ੍ਰ: ਚਤਰ ਸਿੰਘ ਨਾਲ ਮਿਲਣ ਦਾ ਅਵਸਰ ਪ੍ਰਾਪਤ ਹੋਇਆ। ਇਹ ਉਸ ਸਮੇਂ ਨਵਾਂ ਨਵਾਂ ਕਾਲਜ ਵਿਚੋਂ ਨਿਕਲ ਕੇ ਆਇਆ ਸੀ। ਸਾਡਾ ਜ਼ਮਾਨਾ ਹੋਰ ਹੁੰਦਾ ਸੀ ਜਦ ਪ੍ਰੋ: ਮੋਹਨ ਸਿੰਘ ਵਰਗੇ ਪੜ੍ਹੇ ਲਿਖੇ ਵੀ ਸਿੱਖੀ ਰੰਗਨ ਵਿਚ ਰੱਤੇ ਮਿਲ ਜਾਂਦੇ ਸਨ ਪਰ ੧੯੫੦-੬੦ ਦੇ ਦਹਾਕੇ ਵਿਚ ਨੌਜਵਾਨ ਸਿੱਖੀ ਸਰੂਪ ਵਿਚ ਤਾਂ ਬਹੁਤ ਸਨ ਪਰ ਸਿੱਖੀ ਸ਼ਰਧਾ ਵਿਚ ਕੋਈ ਵਿਰਲੇ ਵਿਰਲੇ । ਜਦ ਖਾਲਸਾ ਕਾਲਜਾਂ ਸਕੂਲਾਂ ਦੀ ਪੜ੍ਹਾਈ ਵਿਚ ਹੀ ਫ਼ਰਕ ਆ ਚੁਕਾ ਸੀ ਫੇਰ ਨੌਜਵਾਨਾਂ ਵਿਚ ਫ਼ਰਕ ਆਉਣਾ ਤਾਂ ਸੁਭਾਵਕ ਹੀ ਸੀ । ਪਰ ਚਤਰ ਸਿੰਘ ਵਿਚ ਮੈਂ ਇਖ਼ਲਾਕੀ ਗਿਰਾਵਟ ਵਾਲੀ ਕੋਈ ਚਤਰਾਈ ਨਾਂ ਦੇਖੀ ਸਗੋਂ ਸਿੱਖੀ ਵਿਚ ਇਹਦੀ ਸ਼ਰਧਾ ਅਤੇ ਸਿੱਖੀ ਬਾਰੇ ਇਹਦੇ ਪਵਿਤਰ ਵਿਚਾਰ ਸੁਣ ਮੈਂ ਇਹਦਾ ਮਤਵਾਲਾ ਹੋ ਗਿਆ। ਮੈਨੂੰ ਐਉਂ ਲਗਾ ਜਿਵੇਂ ਇਹ ਸ਼ਰਮ, ਹਯਾ ਤੇ ਸਾਊਪੁਨੇ ਦਾ ਮੁਜੱਸਮਾ ਹੁੰਦਾ ਹੈ। ਮੈਂ ਇਹਦੀਆਂ ਅਕਸਰ ਕਵਿਤਾਵਾਂ ਬੜੇ ਪਿਆਰ ਨਾਲ ਸੁਣਦਾ । ਇਹ ਜ਼ਬਾਨ ਵਿਚ ਇਕੋ ਵਕਤ ਮਿਠਾਸ ਭੀ ਰਖਦਾ ਹੈ ਅਤੇ ਸੋਜ਼ ਭੀ। ਅਲੰਕਾਰ ਕਾਤਿਲਾਨਾ ਵਰਤਨੇ ਜਾਣਦਾ ਹੈ ਅਤੇ ਇਹਦਾ ਵਡਾ ਗੁਣ ਇਹ ਹੈ ਕਿ ਇਹ ਕਵੀ ਅਣਖ਼ ਵੀ ਰਖਦਾ ਹੈ, ਜੋ ਅਜ ਕਿਸੇ ਵਿਰਲੇ ਕਵੀ ਵਿਚ ਹੀ ਅਣਖ਼ ਦਾ ਮਾਦਾ ਵੇਖਣ ਵਿਚ ਆਉਂਦਾ ਹੈ। ਗਾਲਿਬ ਦੀ ਰੂਹ ਨੂੰ ਵੀ ਆਪਣੀ ਧਰਤੀ ਤੇ ਬੜੇ ਲੰਬੇ ਸਮੇਂ ਮਗਰੋਂ ਇਕ ਅਣਖ਼ੀਲਾ ਸ਼ਾਇਰ ਵੇਖ ਨਸ਼ਾ ਆ ਗਿਆ ਹੋਵੇਗਾ। ਆਖਰ ਦਸਮੇਸ਼ ਪਿਤਾ ਦਾ ਸਿਦਕੀ ਸਿੱਖ ਜੋ ਹੋਇਆ । ‘ਬੀਰ’ ਨੂੰ ਭਲੀ ਪ੍ਰਕਾਰ ਸਮਝਣ ਲਈ ਇਹਦੀ ਖਾਲਸੇ ਦੀ ਸਿਰਜਨਾ ਦੀ ਉਲੀਕੀ ਤਸਵੀਰ ਬੜੀ ਨੀਝ ਨਾਲ ਵੇਖਣ ਦੀ ਲੋੜ ਹੈ । ਦੇਖੋ ਦਸਮੇਸ ਜੀ ਨੂੰ ਤੇ ਉਹਦੇ ਸਿਖਾਂ ਨੂੰ ਕਿਸ ਵਲਵਲੇ ਨਾਲ ਪੇਸ਼ ਕਰਦਾ ਹੈ :

ਉਹਨੇ ਤੇਗ ਚੋਂ ਤੀਸਰੀ ਕੌਮ ਸਾਜੀ,
ਸੋਚਾਂ ਵਿਚ ਪਾਇਆ ਸਾਰਾ ਜਗ ਉਹਨੇ ।
ਜ਼ਾਲਮ ਨਾਲ ਮੁਕਾਬਲਾ ਕਰਨ ਵਾਲੇ,
ਕੀਤੇ ਭੇਡਾਂ ਚੋਂ ਸ਼ੇਰ ਅਲੱਗ ਉਹਨੇ ।
ਅੱਗ ਅਣਖ਼ ਦੀ ਬਾਲ ਕੇ ਸੇਕ ਦਿਤਾ,
ਕੀਤਾ ਲਹੂ ਸਭ ਦਾ ਝੱਗੋ ਝੱਗ ਉਹਨੇ ।
ਆਪਣੇ ਸਾਰੇ ਪ੍ਰਵਾਰ ਦੇ ਸਿਰ ਦੇ ਕੇ,
ਹਿੰਦੁਸਤਾਨ ਦੀ ਰਖ ਲਈ ਪਗ ਉਹਨੇ ।

ਸਰਬੰਸ ਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਦਾ ਵੀ ਬਿਆਨ ਵੇਖੋ ‘ਬੀਰ' ਕਿਸ ਅਦਾ ਨਾਲ ਕਰਦਾ ਹੈ :

ਉਹਦੇ ਦੋਖੀਆਂ ਦੇ ਪੱਤੇ ਝੜੇ ਰਹਿੰਦੇ,
ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ।
ਚੜ੍ਹੇ ਹੋਏ ਦਰਿਯਾ ਦੀ ਕਾਂਗ ਵਾਂਗੂੰ,
ਹਰ ਦਮ ਅਣਖ ਉਹਦੀ ਠਾਠਾਂ ਮਾਰਦੀ ਸੀ ।
ਉਹਦੀ ਤੇਗ ਜਦ ਖਾਂਦੀ ਸੀ ਇਕ ਝਟਕਾ,
ਗਰਦਨ ਲੱਥਦੀ ਕਈ ਹਜ਼ਾਰ ਦੀ ਸੀ।
ਉਹਦਾ ਘੋੜਾ ਮੈਦਾਨ 'ਚ ਹਿਣਕਦਾ ਸੀ,
ਕੰਧ ਕੰਬਦੀ ਮੁਗ਼ਲ ਦਰਬਾਰ ਦੀ ਸੀ।

ਅੱਜ ਕਲ ਆਮ ਸ਼ਿਕਾਇਤ ਹੈ ਕਿ ਸਾਡੇ ਸਿੱਖ ਗਭਰੂ ਸਿੱਖੀ ਤੋਂ ਦੂਰ ਜਾ ਰਹੇ ਹਨ । ਉਸ ਦਾ ਮੂਲ ਕਾਰਨ ਹੈ ਕਿ ਉਨ੍ਹਾਂ ਨੂੰ ‘ਕੁੰਦਨ' ਯਾ ‘ਬੀਰ' ਜੈਸਿਆਂ ਦਾ ਕਲਾਮ ਸੁਣਨ ਦਾ ਅਵਸਰ ਪ੍ਰਾਪਤ ਨਹੀਂ ਹੋਇਆ । ਖਾਲਸੇ ਦੀ ਤਸਵੀਰ ਜੋ ‘ਬੀਰ’ ਨੇ ਪੇਸ਼ ਕੀਤੀ ਹੈ ਉਸ ਦਾ ਇਕ ਇਕ ਅੱਖਰ ਸਿੱਖ ਬੱਚਿਆਂ ਦੇ ਕਾਇਆਂ ਕਲਪ ਦੀ ਤਾਸੀਰ ਰਖਦਾ ਹੈ। ਵੇਖੋ ‘ਬੀਰ’ ਖਾਲਸੇ ਨੂੰ ਕਿਵੇਂ ਨਿਆਰਾ ਪੇਸ਼ ਕਰਦਾ ਹੈ :-

ਕੌਮਾਂ ਵਿਚ ਦੁਨੀਆਂ ਹੈਨ ਕਈ ਐਪਰ,
ਸਭ ਤੋਂ ਵਖਰੀ ਹੈ ਦਾਸਤਾਨ ਤੇਰੀ ।
ਲੋਕੀ ਮਿੱਟੀ ਦੇ ਬੁੱਤ ਨੂੰ ਪੂਜਦੇ ਰਹੇ,
ਪੂਜਾ ਤੇਗ ਦੀ ਹੋਈ ਪ੍ਰਵਾਨ ਤੇਰੀ ।
ਸੁਣਕੇ ਗੜਕਵੀਂ ਗੂੰਜ ਜੈਕਾਰਿਆਂ ਦੀ,
ਈਨ ਮੰਨਦਾ ਰਿਹਾ ਆਸਮਾਨ ਤੇਰੀ ।
ਕਿਥੋਂ ਲਭਣੀ ਸੀ ਤੇਰੇ ਦੁਸ਼ਮਣਾਂ ਨੂੰ,
ਮਰ ਗਈ ਮੌਤ ਵੀ ਟੋਲਦੀ ਜਾਂਨ ਤੇਰੀ ।

ਜੋ ਤਿੰਨ ਚਾਰ ਸਾਲਾਂ ਦੇ ਨਿਆਣੇ ਬੱਚੇ ਨੂੰ ਹੀ ‘ਬੀਰ' ਦੀ ਇਹ ਕਵਿਤਾ ਕੰਠ ਕਰਵਾ ਉਹਦੀ ਪਾਲਨਾ ਯੋਜਨਾ ਕੀਤੀ ਜਾਵੇ ਤਾਂ ਸੰਸਾਰ ਦੀ ਕੋਈ ਕਸ਼ੱਸ਼ ਉਹਨੂੰ ਸਿੱਖੀ ਤੋਂ ਦੂਰ ਨਹੀਂ ਲੈ ਜਾ ਸਕਦੀ । ਵੇਖੋ ‘ਬੀਰ’ ਲਿਖਦੈ :

ਸਾਡਾ ਮੂੰਹ ਮੁਹਾਂਦਰਾ ਵਖਰਾ ਹੈ,
ਸਾਡਾ ਰੂਪ ਵੱਖਰਾ ਸਾਡਾ ਰੰਗ ਵਖਰਾ ।
ਸਾਡੀ ਮੌਤ ਜਹਾਨ ਤੋਂ ਵਖਰੀ ਹੈ,
ਸਾਡਾ ਜ਼ਿੰਦਗੀ ਜੀਨ ਦਾ ਢੰਗ ਵਖਰਾ ।
ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ,
ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵਖਰਾ ।
ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ,
ਰਹੇ ਖੇਡਦੇ ਕੌਡ ਕਬੱਡੀਆਂ ਨੂੰ ।
ਅਸੀਂ ਉਹ ਹਾਂ ਜਿਨ੍ਹਾ ਨੇ ਹਿੱਕ ਡਾਹ ਕੇ,
ਰੋਕ ਛਡਿਆ ਚਲਦੀਆਂ ਗੱਡੀਆਂ ਨੂੰ।

ਸ੍ਰ: ਚਤਰ ਸਿੰਘ ਨੇ ਆਪਣੀਆਂ ਕਾਵ-ਉਡਾਰੀਆਂ ਵਿਚ ਕਈ ਛੰਦਾ ਤੇ ਹੱਥ ਆਜ਼ਮਾਏ ਨੇ। ਸਤਵਾਰਾ ਅਜ ਸਾਡੇ ਲਈ ਭੁਲਿਆ ਵਿਸਰਿਆ ਛੰਦ ਹੈ ਪਰ ਜਦ ਅਸੀਂ ‘ਬੀਰ’ ਦਾ ਸਤਵਾਰਾ ਪੜ੍ਹਦੇ ਹਾਂ ਤਾਂ ਮਸਤੀ ਵਿਚ ਝੂਮ ਪੈਂਦੇ ਹਾਂ, ਵਨਗੀ ਵੇਖੋ :


ਐਤਵਾਰ ਅੱਖਾਂ ਅਸਾਂ ਕੀ ਲਾਈਆਂ,
ਬੱਝ ਗਏ ਹਾਂ ਬਿਨਾਂ ਕਸੂਰ ਮੀਆਂ। 
ਬਿਨਾਂ ਪਰਾਂ ਦੇ ਸਾਡੇ ਪਿਆਰ ਦੀਆਂ, 
ਗਲਾਂ ਉੱਡ ਗਈਆਂ ਦੂਰ ਦੂਰ ਮੀਆਂ।
ਨਾੜ ਨਾੜ ਦੇ ਵਿਚ ਹੈ ਨਸ਼ਾ ਤੇਰਾ, 
ਹੱਡੀ ਹੱਡੀ ਦੇ ਵਿਚ ਸਰੂਰ ਮੀਆਂ । 
ਜਿਹੜੀ ਗਲੀ ਥਾਣੀਂ ਅਸੀਂ ਲੰਘਦੇ ਹਾਂ,
ਦੁਨੀਆਂ ਵੇਖਦੀ ਹੈ ਘੂਰ ਘੂਰ ਮੀਆਂ । 
ਤੜਪ ਤੜਪ ਕੇ ਤੇਰੇ ਵਿਯੋਗ ਅੰਦਰ, 
ਰਾਤਾਂ ਮਾਣੀਆਂ ਅਸਾਂ ਜ਼ਰੂਰ ਮੀਆਂ । 
ਇਸ਼ਕ ਪੇਚੇ ਦੀ ਵੇਲ ਨੂੰ ਫੁਲ ਲਗੇ, 
ਸਾਡੇ ਇਸ਼ਕ ਨੂੰ ਪਿਆ ਨਾਂ ਬੂਰ ਮੀਆਂ ।

ਬਰਸਾਤ ਦਾ ਨਜ਼ਾਰਾ ਵੇਖੋ ਸ੍ਰ: ਚਤਰ ਸਿੰਘ ਕੈਸਾ 
ਸ਼ਾਨਦਾਰ ਉਪਮਾ ਭਰਪੂਰ ਪੇਸ਼ ਕਰਦਾ ਹੈ :

ਕਾਲੇ ਸ਼ਾਹ ਬਦਲਾਂ ਵਿਚ
ਬਿਜਲੀ ਇਉਂ ਲੰਘਾਰੇ ਪਾਵੇ, 
ਜਿਉਂ ਆਸ਼ਕ ਦੇ ਸੀਨੇ ਅੰਦਰ
ਯਾਦ ਸਜਨ ਦੀ ਆਵੇ । 
ਸਤਰੰਗੇ ਪਾਣੀ ਦੇ ਤੁਪਕੇ
ਏਦਾਂ ਨਜ਼ਰੀਂ ਆਂਦੇ, 
ਜਿਉਂ ਪਰੀਆਂ ਦੇ ਖੰਭ
ਪਿਘਲਦੇ ਹੇਠਾਂ ਚੋਂਦੇ ਜਾਂਦੇ ।
ਨਦੀ ਪਹਾੜੋਂ ਏਦਾਂ ਦੌੜੀ 
ਪਥਰਾਂ ਤੋਂ ਟਕਰਾ ਕੇ, 
ਜਿਵੇਂ ਦੌੜਦੀ ਜ਼ਖਮੀ 
ਸਪਨੀ ਵਿੰਗ ਵਲੇਵੇਂ ਪਾ ਕੇ ।
ਚਿੱਟਾ ਬਦਲ ਘਟਾ 'ਚ 
ਏਦਾਂ ਜਾਪੇ ਖੁਰਦਾ ਜਾਂਦਾ,
ਕੱਚਾ ਘੜਾ ਝਨਾਂ ਵਿਚ
ਜਿਦਾਂ ਆਪੇ ਭੁਰਦਾ ਜਾਂਦਾ।
ਛੋਟੇ ਬਦਲ-ਖੰਡੇਭੇ
ਏਦਾਂ ਕੇਲਾਂ ਕਰਦੇ ਜਾਂਦੇ, 
ਜਿਉਂ ਵਾਰਿਸ ਤੇ
ਭਾਗ ਭਰੀ ਦੇ ਸੁਪਨੇ ਤਰਦੇ ਜਾਂਦੇ ।

ਮੈਨੂੰ ਜ਼ਾਤੀ ਤੌਰ ਤੇ ਫ਼ਖ਼ਰ ਹੈ ਕਿ ਮੈਂ ‘ਪ੍ਰੀਤਮ’ ਮਾਸਕ ਪੱਤ੍ਰ ਦਾ ਸਭ ਤੋਂ ਪਹਿਲਾਂ ਇਕ ਗਜ਼ਲ ਅੰਕ ਪੰਜਾਬੀ ਸਾਹਿਤ ਨੂੰ ਪੇਸ਼ ਕੀਤਾ ਸੀ ਜਿਸ ਵਿਚ ਮੈਂ ਬੜੇ ਦਾਹਵੇ ਨਾਲ ਲਿਖਿਆ ਸੀ ਕਿ ਪੰਜਾਬੀ ਕਵਿਤਾ ਵਿਚ ਗਜ਼ਲ ਉਰਦੂ ਦੇ ਨੇੜੇ ਬਹੁਤ ਛੇਤੀ ਅਪੜ ਪਵੇਗੀ। ਮੇਰੀ ਪੇਸ਼ੀਨਗੋਈ ਨੂੰ ਸਾਕਾਰ ਰੂਪ ਦੇਣ ਵਿਚ ‘ਬੀਰ' ਨੇ ਬਹੁਤ ਸ਼ਲਾਘਾ ਯੋਗ ਸਹਿਯੋਗ ਦਿਤਾ ਹੈ। ਇਹਦੀਆਂ ਗਜ਼ਲਾਂ ਦੇ ਕੁਝ ਸ਼ੇਅਰ ਮੁਲਾਹਜ਼ਾ ਫਰਮਾਉ :


ਵੇਖ ਲਈ ਰੌਣਕ ਮਸੀਤਾਂ ਮੰਦਰਾਂ ਵਿਚ ਬੈਠ ਕੇ,
ਆ ਜ਼ਰਾ ਮੈਖਾਨੇ ਵਿਚ ਵੀ ਪੈਰ ਪਾ ਕੇ ਵੇਖੀਏ ।
ਪਿਛਲੀਆਂ ਬਰਬਾਦੀਆਂ ਦਾ ਜ਼ਿਕਰ ਛਡ ਕੇ ਦੋਸਤਾ,
ਚਲ ਕਿਸੇ ਟਹਿਣੀ ਤੇ ਫਿਰ ਤੀਲੇ ਟਕਾ ਕੇ ਵੇਖੀਏ ।
ਆਸ ਛਡ ਕੇ ਬੈਠ ਚੁਕੇ ਸਾਥੀਓ ਉਠੋ ਜ਼ਰਾ,
ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾ ਕੇ ਵੇਖੀਏ ।
....   ....
ਹੁਸਨ ਦੇ ਮਾਲਕਾਂ ਤੋਂ ਹਰ ਘੜੀ ਡਰਨਾ ਈ ਪੈਦਾ ਏ,
ਇਸ਼ਕ ਦੇ ਹਰ ਸਿਤਮ ਨੂੰ ਹਸ ਕੇ ਜਰਨਾ ਈ ਪੈਂਦਾ ਏ ।
ਜੇ ਜੱਨਤ ਫੂਕ ਦਿਤੀ ਗਈ, ਕਿਸੇ ਨਾਰਾਜ਼ ਨਾ ਹੋਣਾ;
ਸਤੇ ਹੋਏ ਆਦਮੀ ਨੂੰ ਕੁਝ ਨ ਕੁਝ ਕਰਨਾ ਈ ਪੈਂਦਾ ਏ ।
----    -----
ਜ਼ੁਲਮ ਤੇਰਾ ਸੀ ਜੋ ਸਾਥੀ ਉਮਰ ਦਾ ਬਣਿਆ ਰਿਹਾ,
ਅੱਖ ਮੇਰੀ ਸੀ ਜੋ ਸਾਰੇ ਰਾਹ ਕਿਤੇ ਰੋਈ ਨਹੀਂ ।
ਮੁਸਕਰਾ ਕੇ ਬੁਲ ਖੋਲ੍ਹੋ ਫੁਲ ਕਿਰਦੇ ਨੇ ਜ਼ਰੂਰ,
ਪਰ ਅਜੇ ਇਨਸਾਨ ਦੇ ਸੀਨੇ 'ਚ ਖੁਸ਼ਬੋਈ ਨਹੀਂ।

ਪੰਜਾਬੀ ਮਾਂ-ਬੋਲੀ ਦੀ ਉਸਤੱਤ ਇਹਦੇ ਕਈ ਹੋਣਹਾਰ ਸਪੂਤਾਂ ਨੇ, ਸਮੇਂ ਸਮੇਂ ਬੜੀ ਢੁਕਵੀਂ ਕੀਤੀ ਹੈ। ਸ੍ਰਦਾਰ ਚਤਰ ਸਿੰਘ ‘ਬੀਰ’ ਵੀ ਪੰਜਾਬ ਦਾ ਲਾਡਲਾ ਸਪੂਤ ਹੁੰਦਾ ਹੋਇਆ ਆਪਣੀ ਮਾਂ-ਬੋਲੀ ਨਾਲ ਪਿਆਰ ਦਸੇ ਬਿਨਾ ਕਿਵੇਂ ਪਿਛੇ ਰਹਿ ਸਕਦਾ ਸੀ ? ਬੜੇ ਵਜਦ ਵਿਚ ਆ ਕੇ ਪੰਜਾਬੀ ਬੋਲੀ ਦਾ ਐਉਂ ਸਤਿਕਾਰ ਕਰਦਾ ਹੈ :


ਕਿਸੇ ਗਾਉਂਦੇ ਵਾਗੀ ਦੀ ਇਹ ਹੇਕ ਚੋਂ ਨਿਕਲੀ ਹੈ।
ਉਭਰੀ ਹੋਈ ਛਾਤੀ ਦੇ ਇਹ ਸੇਕ ਚੋਂ ਨਿਕਲੀ ਹੈ ।
ਨਿਕਲੀ ਕਿਸੇ ਅਲੜ ਦੇ ਅਲੜ ਅਰਮਾਨਾਂ ਚੋਂ।
ਦੂਰ ਕਿਸੇ ਵਜਦੇ ਅਲਗੋਜ਼ੇ ਦਿਆਂ ਤਾਨਾਂ ਚੋਂ।
ਹਲ ਵਾਹੁੰਦੇ ਹਾਲੀ ਦੇ ਇਹ ਲੋਰ ਚੋਂ ਨਿਕਲੀ ਹੈ।
ਬਲਦਾਂ ਦੇ ਘੁੰਗਰੂਆਂ ਦੇ ਸ਼ੋਰ ਚੋਂ ਨਿਕਲੀ ਹੈ ।
ਨਿਕਲੀ ਹੈ ਵੰਝਲੀ ਤੇ ਮਿਰਜ਼ੇ ਦਿਆਂ ਬੋਲਾਂ ਤੋਂ,
ਪੈ ਰਹੇ ਵਿਸਾਖੀ ਦੇ ਭੰਗੜੇ ਦਿਆਂ ਢੋਲਾਂ ਚੋਂ ।

ਕਿਉਂ ? ਪੰਜਾਬੀ ਬੋਲੀ ਤੋਂ ਪੰਜਾਬ ਦੀ ਰਹਿਣੀ ਬਹਿਣੀ ਕੈਸੀ ਇਕ ਇਕ ਸਤਰ ਵਿਚੋਂ ਨਿੱਖਰ ਕੇ ਸਾਹਮਣੇ ਆਈ ਹੈ।

ਸ੍ਰ: ਪ੍ਰੀਤਮ ਸਿੰਘ ਜੀ ‘ਕਾਸਦ’ ਐਮ.ਏ.

'ਈਦ ਦੇ ਚੰਨ ਨੂੰ ਖਾ ਗਏ ਕਾਜ਼ੀ, ਸੂਰਜ ਖਾ ਗਏ ਪੰਡੇ' ਸੁਣਦੇ ਸਾਰ ਮੇਰੀ ਬਿਰਤੀ ਇਕਾਗਰ ਹੋ ਗਈ ਤੇ ਮੈਂ ਦਿਲ ਵਿਚ ਧਾਰ ਲਿਆ ਕਿ ਏਸ ਇਨਕਲਾਬੀ ਕਵੀ ਦੀ ਸੰਗਤ ਮੇਰੇ ਜੈਸੇ ਸੱਚ ਦੇ ਮੁਤਲਾਸ਼ੀ ਲਈ ਬਹੁਤ ਹੀ ਸੁਭਾਗੀ ਰਹੇਗੀ । ਮੈਂ ‘ਕਾਸਦ’ ਦੀਆਂ ਕਵਿਤਾਵਾਂ ਨੂੰ ਬੜੀ ਦਿਲਚਸਪੀ ਨਾਲ ਪੜ੍ਹਣ ਸੁਣਨ ਲਗ ਪਿਆ। ਜਦ ਮੇਲ ਮੁਲਾਕਾਤ ਦੇ ਢੋਹੇ ਢੁੱਕੇ ਤਾਂ ਪਤਾ ਲੱਗਾ ਕਿ ‘ਕਾਸਦ' ਤਾਂ ਪਿਛੋਂ ਚਕਵਾਲ ਦੇ ਇਲਾਕੇ ਦਾ ਹੈ, ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਦੇ ਪਿੰਡ ਹਦਵਾਲ ਦੇ ਨੇੜੇ ਦਾ । ਮੇਰੇ ਉਤੇ ਉਸ ਧਰਤੀ ਦੀ ਖਿਚ ਦਾ ਭੀ ਅਸਰ ਪਿਆ । ਹੌਲੇ ਹੌਲੇ ਇਹ ਭੀ ਪਤਾ ਲਗਾ ਕਿ ਇਹ ਬਚਪਨ ਦੇ ਕਾਫੀ ਸਾਲ ਨਨਕਾਣਾ ਸਾਹਿਬ ਦੇ ਪਵਿੱਤਰ ਵਾਯੂ ਮੰਡਲ ਵਿਚ ਗੁਜ਼ਾਰ ਕੇ ਆਇਆ ਹੈ, ਤਾਂ ਮੈਨੂੰ ਇਹਦੇ ਵਿਚੋਂ ਸਿੱਖੀ ਦੀ ਮਹਿਕ ਆਉਣੀ ਸ਼ੁਰੂ ਹੋ ਗਈ ।

ਇਕ ਦਿਨ ਮੈਂ ਆਪ ਤੋਂ ਪੁਛਿਆ ਕਿ ਆਪ ਨੇ ਕਵਿਤਾ ਕਦ ਤੇ ਕਿਵੇਂ ਲਿਖਣੀ ਸ਼ੁਰੂ ਕੀਤੀ, ਤਾਂ ਆਪ ਦਾ ਬਿਆਨ ਬਹੁਤ ਹੀ ਦਿਲਚਸਪ ਸੀ ਕਿ ਗੀਤ ਤਾਂ ਮੈਂ ‘ਚਮਨ' (ਬਿਲੋਚਸਤਾਨ) ਵਿਚ ਹੀ ਲਿਖਣੇ ਅਤੇ ਸਟੇਜਾਂ ਤੇ ਪੜ੍ਹਨੇ ਅਰੰਭ ਕਰ ਦਿਤੇ ਸਨ, ਪਰ ਪਾਕਿਸਤਾਨ ਬਣਨ ਪਿਛੋਂ ਦਿੱਲੀ ਵਿਚ ਆ ਕੇ ਕਵਿਤਾ ਲਿਖਣੀ ਪੜ੍ਹਨੀ ਅਤੇ ਅਖ਼ਬਾਰ ਵਿਚ ਛਪਵਾਉਣੀ ਮੈਂ ੧੯੫੩ ਵਿਚ ਉਦੋਂ ਅਰੰਭ ਕੀਤੀ ਜਦੋਂ ਕਵੀ ਦਰਬਾਰਾਂ ਵਿਚ ਕਈ ਕੱਚੇ ਪਿਲੇ ਕਵੀਆਂ ਨੂੰ ਸੁਣਿਆ। ਮੈਂ ਸੋਚਿਆ ਕਿ ਜੇ ਇਹ ਅਗੜ ਪਿਛੜ ਅਖਰ ਜੋੜਨ ਨਾਲ ਕਵੀ ਬਣ ਸਕਦੇ ਨੇ ਤਾਂ ਮੈਂ ਵੀ ਜ਼ਰੂਰ ਇਕ ਚੰਗਾ ਕਵੀ ਬਣ ਸਕਦਾ ਹਾਂ। ਇੰਜ ਮੈਂ, ਕਰੋਲ ਬਾਗ ਦਿੱਲੀ ਵਿਚ ਲਾਲਾ ਅਮੀਰ ਚੰਦ ਖੰਨਾ ਦੀ ਪ੍ਰਧਾਨਗੀ ਹੇਠ ਹੋਏ ਪਹਿਲੇ ਕਵੀ ਦਰਬਾਰ ਵਿਚ ਹੀ ਸ਼ਾਮਲ ਹੋ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਕਵੀ ਦਰਬਾਰ ਦੀ ਸਮਸਿਆ ਸੀ “ਨਹੀਂ ਕੋਈ ਸ਼ੇਰਾਂ ਤਾਈਂ ਡਰਾ ਸਕਦਾ।”

ਕਿਸੇ ਉਰਦੂ ਕਵੀ ਦਾ ਕਹਿਣਾ ਹੈ ਕਿ: ‘ਹਮੇਂ ਕਾਸਦ ਭੀ ਮਿਲਾ ਲੁਕਨਾਜ਼ਦ, ਟੁਕੜੇ ਟੁਕੜੇ ਹੋ ਗਏ ਪੈਗ਼ਾਮ ਕੇ' ਤੇ ਮੈਂ ਬੜੇ ਫ਼ਖਰ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਉਹ ਤੇਜ਼ ਤਰਾਰ ‘ਕਾਸਦ’ ਮਿਲਿਆ ਹੈ ਜੋ ਆਸਮਾਨ ਨੂੰ ਟਾਕੀ ਲਾ ਵੀ ਸਕਦੈ ਤੇ ਆਸਮਾਨ ਦੀ ਟਾਕੀ ਲਾਹ ਭੀ ਸਕਦੈ, ਕਿਉਂਕਿ ਇਹ ਲੁਕਨਾਜ਼ਦ (ਥੱਥਾ) ਨਹੀਂ, ਇਹਦੀ ਜ਼ਬਾਨ ਵਿਚ ਆਖਰਾਂ ਦੀ ਰਵਾਨਗੀ ਦਾ ਜਾਦੂ ਭਰਿਆ ਪਿਆ ਹੈ ।

ਅੱਜ ਦੇ ਸੰਸਾਰ ਦੇ ਗਿਰ ਰਹੇ ਇਖ਼ਲਾਕ ਨੂੰ ‘ਕਾਸਦ' ਨੇ ਆਪਣੀ ਇਕ ਦਿਲ ਟੁੰਬਵੀਂ ਕਵਿਤਾ ‘ਕਾਲ ਗਰਲ' ਰਾਹੀਂ ਬੜਾ ਦਰਦਨਾਕ ਪੇਸ਼ ਕੀਤਾ ਹੈ। ਜੇ ਇਹ 'ਪਲੇਅ ਬੋਵਾਏ' ਵੀ ਵੇਖ ਲੈਂਦਾ ਤਾਂ ਪਤਾ ਨਹੀਂ ਕੀ ਕਹਿਰ ਗੁਜ਼ਾਰਦਾ। ਲਿਖਦਾ ਹੈ :


ਹੈ ਕੋਈ ਐਸਾ ਮੁਕੱਦਸ ਆਤਮਾ,
ਜਿਸ ਦੀਆਂ ਨਜ਼ਰਾਂ 'ਚ ਮੈਂ ਪਾਕ ਹਾਂ।
ਵੇਚਦੀ ਫਿਰਦੀ ਹਾਂ ਤਨ ਦੇ ਚੀਥੜੇ,
ਉਂਜ ਨਵੀਂ ਤਹਿਜ਼ੀਬ ਦੀ ਪੌਸ਼ਾਕ ਹਾਂ ।
ਕਾਲਜੋਂ ਨਿਕਲੀ ਤਾਂ ਦੇਵੀ ਵਾਂਗ ਸਾਂ,
ਦੇਵਤੇ ਦੀ ਆਸ ਵਿਚ ਬੈਠੀ ਸਾਂ ਮੈਂ।
ਮਾਰੇ ਹੋਏ ਰੋਜ਼ਗਾਰ ਦੇ ਮਾਤਾ ਪਿਤਾ,
ਮਾਰੀ ਹੋਈ ਦਹੇਜ ਦੀ ਬੇਟੀ ਸਾ ਮੈਂ ।
ਆਪ ਆਪਣੇ ਦੇਵਤੇ ਦੀ ਭਾਲ ਵਿਚ, 
ਪਿਆਰ ਦੀ ਸਰਦਲ ਤੇ ਆ ਲੁੱਟੀ ਸਾਂ ਮੈਂ । 
ਪਿਆਰ ਵੀ ਧੋਖਾ ਸੀ ਇਕ ਸ਼ੈਤਾਨ ਦਾ, 
ਕਿਸ ਕਦਰ ਨਸੀਬ ਤੋਂ ਹੇਟੀ ਸਾਂ ਮੈਂ। 
ਕੋਈ ਜ਼ਮਾਨਾ ਸੀ ਸ਼ਮਾਂ ਦਾ ਨੂਰ ਸਾਂ, 
ਅੱਜ ਮੈਂ ਮੋਈ ਸ਼ਮਾਂ ਦੀ ਰਾਖ ਹਾਂ। 
ਵੇਸਵਾਵਾਂ ਦਾ ਮੱਹਲਾ ਇਕ ਹੈ,
ਪਰ ਮੈਂ ਹਰ ਹੋਟਲ-ਕਲੱਬ ਦੀ ਡਾਕ ਹਾਂ ।

ਅਤੇ ਦੁਖਿਆਰੀ ਮੁਟਿਆਰ ਦੇ ਮੂੰਹੋਂ ‘ਕਾਸਦ' 
ਸਮਾਜ ਸੁਧਾਰ ਦੇ ਆਗੂਆਂ ਨੂੰ ਐਉਂ 
ਬੇਨਕਾਬ ਕਰਦਾ ਹੈ :

ਕਈ ਲੁਟੇਰੇ ਕੌਮ ਦੇ ਸ਼ੋਸ਼ਲ ਦਲਾਲ,
ਰਾਤ ਦਿਨ ਮੇਰੇ ਦਵਾਰੇ ਭਟਕਦੇ । 
ਖਾਸ ਖਾਸ ਅਫ਼ਸਰਾਂ ਦੀ ਮੇਜ਼ ਤੋਂ, 
ਮੇਰੇ ਬਿਨਾਂ ਨਹੀਂ ਖ਼ਾਸ ਕਾਗ਼ਜ਼ ਸਰਕਦੇ। 
ਕਈ ਤਾਂ ਸ਼ਤਰੰਜ਼ ਦੇ ਮੋਹਰੇ ਦੇ ਵਾਂਗ, 
ਰਾਜਨੀਤੀ ਵਿਚ ਵੀ ਮੈਨੂੰ ਵਰਤਦੇ ।
ਦੇ ਕੇ ਭਾਸ਼ਨ ਕੌਮ ਨੂੰ ਇਖ਼ਲਾਕ ਦਾ,
ਆਪ ਮੇਰੀ ਗੋਦ ਵਿਚ ਨੇ ਪਰਤਦੇ । 
ਇਹ ਸਮਾਜਕ ਚੋਰ, ਖੂਨੀ ਭੇੜੀਏ, 
ਮੈਂ ਇਨ੍ਹਾਂ ਦੀ ਹਵਸ ਦੀ ਖੁਰਾਕ ਹਾਂ ।
ਵੇਸਵਾ ਕਹਿ ਜਾਂ ਕਹਿ ਲੈ 'ਕਾਲ ਗਰਲ' 
ਸੜ ਰਹੇ ਸਮਾਜ ਦੀ ਮੈਂ ਖਾਕ ਹਾਂ ।

ਅੰਗਰੇਜ਼ੀ ਦੀ ਇਕ ਪ੍ਰਸਿਧ ਕਹਾਵਤ ਹੈ 'Politics is the last resort of a scoundrel' ਅਤੇ ਏਸ ਕਹਾਵਤ ਦਾ ਆਰਟਿਸਟਕ ਰੂਪ ‘ਕਾਸਦ’ ਐਉਂ ਪੇਸ਼ ਕਰਦਾ ਹੈ :

ਕਤਲ ਕਰ ਕੇ ਮੈਂ ਸਤਿਆਗ੍ਰਹੀ ਸੀ ਬਣਿਆ,
ਬੜੀ ਜੇਲ੍ਹ ਕਈ ਬੜਾ ਨਾਮ ਪਾਇਐ ।
ਇਸੇ ਜੇਲ੍ਹ ਸਦਕਾ ਹੀ ਅਜਕਲ ਮੈਂ ਆਪਣੇ,
ਚੁਬਾਰੇ 'ਚ ਤਾਮਰ ਦਾ ਪਤਰ ਲਗਾਇਐ ।
ਤੇ ਇਹਦੇ ਤੇ ਲਿਖਿਐ ਕਿ ਜੰਗੇ ਆਜ਼ਾਦੀ 'ਚ,
ਮੇਰੀ ਕਲਮ ਮੁਰਦਿਆਂ ਨੂੰ ਜੀਵਾਇਐ।
ਮਗਰ ਇਹ ਕੀ ਜਾਨਣ ਮੇਰੀ ਮੁਖ਼ਬਰੀ ਨੇ,
ਕਿਨੇ ਦੇਸ਼ ਭਗਤਾਂ ਨੂੰ ਫਾਂਸੀ ਚੜਾਇਐ ।

‘ਕਾਸਦ' ਸਮਾਜ ਸੁਧਾਰ ਦਾ ਹੀ ਕਵੀ ਨਹੀਂ, ਸਿੱਖੀ ਜਜ਼ਬੇ ਵਿਚ ਭਰਪੂਰ ਹੈ। ਤਲਵੰਡੀ ਦੀ ਪਵਿਤ੍ਰ ਧਰਤੀ ਦੀ ਮਹਿਮਾ ਵੇਖੋ ਕਿਸ ਸ਼ਰਧਾ ਨਾਲ ਕਰਦਾ ਹੈ, ਜਿਥੋਂ ਆਦਿ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ :

ਮੈਂ ਤਲਵੰਡੀ ਸਚ ਖੰਡ ਦਾ ਟੁਕੜਾ,
ਮੇਰਾ ਕਣ ਕਣ ਪੂਰਨਮਾਸ਼ੀ ।
ਇਕ ਅੱਖ ਮੈਨੂੰ ਕਾਅਬਾ ਸਮਝੇ,
ਇਕ ਅੱਖ ਸਮਝੇ ਕਾਸ਼ੀ ।

ਰਾਏ ਬੁਲਾਰ ਦੀ ਜ਼ਬਾਨੋਂ ਦੋ ਜਹਾਨ ਵਾਲੀ ਦੀ ਉਸਤਤ ਸੁਣੋ :

ਵੇਖ ਵੇਖ ਵੇਖ ਮੀਆਂ,
ਮੇਰੀ ਅੱਖ ਨਾਲ ਵੇਖ,
ਏਸੇ ਦੇ ਸਹਾਰੇ ਖੜੀ,
ਸ੍ਰਿਸ਼ਟੀ ਇਹ ਸਾਰੀ ਏ ।
ਵਾਲੀ ਵਾਲੀ ਵਾਲੀ,
ਤਿਨਾਂ ਲੋਕਾਂ ਦਾ ਇਹ ਵਾਲੀ,
ਆਪੇ ਮਾਲੀ, ਆਪੇ ਡਾਲੀ,
ਆਪੇ ਫੁਲ ਤੇ ਕਿਆਰੀ ਏ ।

ਕਾਰਲ ਮਾਰਕਸ ਦੇ ਚੇਲਿਆਂ ਨੂੰ ‘ਕਾਸਦ’ ਬੜੀ ਤਨਜ਼ ਨਾਲ ਉਪਦੇਸ਼ ਦੇਂਦਾ ਹੈ :

ਗੁਰੂ ਨਾਨਕ ਹੀ ਐਸਾ ਸਤਿਗੁਰੂ
ਆਇਆ ਹੈ ਦੁਨੀਆ ਤੇ,
ਕਿ ਜਿਸ ਦੀ ਪਾਕ ਰਹਿਮਤ ਦਾ,
ਕਦੇ ਸਾਇਆ ਨਹੀਂ ਢੱਲਦਾ ।
ਜੇ ਕਰ ਉਹ ਸ਼ਹਿਨਸ਼ਾਹ
ਚੁੰਮਦਾ ਨਾਂ ਖੁਦ ਲਾਲੋ ਦੀ ਝੁੱਗੀ ਨੂੰ,
ਤਾਂ ਮਜ਼ਦੂਰਾਂ ਦੇ ਸੀਨੇ ਵਿਚ ਕਦੇ
ਕੋਈ ਦੀਪ ਨਾਂ ਜਲਦਾ।

ਗੁਰੂ ਅਰਜਨ ਸਾਹਿਬ ਦੇ ਲਾਸਾਨੀ ਸ਼ਹੀਦੀ ਸਾਕੇ ਦੇ ਅਸਲੀ ਇਤਿਹਾਸ ਨੂੰ ‘ਕਾਸਦ' ਐਉਂ ਦੋ ਸ਼ੇਅਰਾਂ ਵਿਚ ਬਿਆਨ ਕਰ ਕੁਜੇ ਵਿਚ ਸਮੁੰਦਰ ਨੂੰ ਡਕ ਵਖਾਂਦਾ ਹੈ :

ਜਬਰ ਤੇ ਜ਼ੁਲਮ ਦੀ ਸ਼ਕਤੀ,
ਤਵੀ ਦੇ ਹੇਠ ਜਲਦੀ ਰਹੀ,
ਸਬਰ ਤੇ ਸਿਦਕ ਦੀ ਮੂਰਤ,
ਤਵੀ ਤੇ ਰਾੜ ਨਾਂ ਸਕੀ।
ਅਜੇ ਤੀਕਰ ਹਸਦ ਵਿਚ ਜਲ ਰਹੀ ਏ,
ਤੁਜਕੇ ਜਹਾਂਗੀਰੀ,
ਗੁਰੂ ਅਰਜਨ ਦੀ ਕੁਰਬਾਨੀ
ਜਿਗਰ 'ਚੋਂ ਫਾੜ ਨਾ ਸਕੀ ।

ਮੈਂ ਦਸਮੇਸ਼ ਪਿਤਾ ਜੀ ਨੂੰ ਪ੍ਰਮਾਤਮਾ ਦਾ ਮਾਸਟਰ ਪੀਸ ਕਰਕੇ ਮੰਨਿਆ ਹੈ ਅਤੇ ਮੇਰਾ ਖਿਆਲ ਹੈ ਕਿ ਇਕ ਪਰਲੋ ਨਹੀਂ, ਲਖਾਂ ਪਰਲੋ ਆਉਣ ਤੇ ਯੁਗ ਬਦਲਣ ਪਰ ਦਸਮੇਸ਼ ਪਿਤਾ ਜਿਹਾ ਦੂਜਾ ਕਦੇ ਕੋਈ ਪੈਦਾ ਨਹੀਂ ਹੋ ਸਕੇਗਾ। ਉਸ ਸਾਹਿਬ ਕਮਾਲ, ਬਾਦਸ਼ਾਹ-ਦਰਵੇਸ਼ ਦੀ ਇਕ ਝਲਕ ‘ਕਾਸਦ’ ਐਉਂ ਪੇਸ਼ ਕਰਦਾ ਹੈ :

ਨਵੀਂ ਰੁੱਤ ਤੇ ਫੁੱਲਾਂ ਦੀ ਆਬ ਸਜਰੀ,
ਨਵੇਂ ਮਾਲੀ ਨੇ ਨਵੇਂ ਪੈਗ਼ਾਮ ਦਿਤੇ ।
ਆਪ ਸੂਲ ਸੁਰਾਹੀਆਂ 'ਚੋਂ ਜਾਮ ਪੀਤੇ,
ਸਾਨੂੰ ਜਿਗਰ ਸੁਰਾਹੀ 'ਚੋਂ ਜਾਮ ਦਿਤੇ।

ਸੂਲ ਸੁਰਾਹੀਆਂ ਤੇ ਜਿਗਰ ਸੁਰਾਹੀਆਂ ਦੇ ਸ਼ਬਦ ਵਰਤ ਕੇ ‘ਕਾਸਦ' ਨੇ ਸਰਬੰਸ ਦਾਨੀ ਦੇ ਸਾਰੇ ਦੇ ਸਾਰੇ ਸੁਨਿਹਰੀ ਇਤਿਹਾਸ ਦੀ ਪੂਰੀ ਦੀ ਪੂਰੀ ਫ਼ਿਲਮ ਵਖਾ ਦਿਤੀ ਹੈ।

ਗੁਰੂ ਖਾਲਸੇ ਦੀ ਮਹਿਮਾਂ ਵੀ ‘ਕਾਸਦ' ਐਸੀ ਦਿਲ ਟੁੰਬਵੀਂ ਕਰਦਾ ਹੈ ਕਿ ਅੱਜ ਦੇ ਸਿੱਖ ਨੂੰ ਆਪਣੀ ਸੂਰਤ ਤੇ ਪਿਛੋਕੜ ਦੇ ਇਤਿਹਾਸ ਵੇਖਣ ਤੇ ਮਜਬੂਰ ਕਰ ਜਾਂਦਾ ਹੈ।ਕੀ ਸੱਚ ਮੁੱਚ ਅਸੀਂ ਉਹੋ ਸਿੱਖ ਹਾਂ ਜੋ ਕਵੀ ਦਰਸਾ ਰਿਹਾ ਹੈ :

ਦੁਨੀਆਂ ਇਕ ਮਨਸੂਰ ਤੇ ਮਾਣ ਕਰਦੀ,
ਏਥੇ ਪੰਥ ਮਨਸੂਰਾਂ ਦਾ ਪਲਦਾ ਏ ।
ਸਾਡੇ ਬੱਚੇ ਵੀ ਖਲ੍ਹ ਲੁਹਾ ਸਕਦੇ,
ਬੇਸ਼ਕ ਮਾਣ ਤਬਰੇਜ਼ ਦੀ ਖਲ੍ਹ ਦਾ ਏ ।
ਸਿੰਘ ਪਿਛੋਂ ਦਸਮੇਸ਼ ਦਾ ਸਿੰਘ ਸਜਦੈ,
ਪਹਿਲਾਂ ਸੀਸ ਨਜ਼ਰਾਨੇ 'ਚ ਘਲਦਾ ਏ ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੇ ਲੋਹਲੜ ਇਤਿਹਾਸਕਾਰਾਂ ਨੇ ਬੇਰਹਿਮੀ ਨਾਲ ਕਾਫੀ ਬਲੈਕ ਪੇਂਟ ਕਰਨ ਦੇ ਯਤਨ ਕੀਤੇ ਹਨ ਤੇ ਕਰੀ ਜਾ ਰਹੇ ਹਨ ਪਰ ‘ਕਾਸਦ' ਦਾ ਕਮਾਲ ਵੇਖੋ, ਕਿਵੇਂ ਬੰਦੇ ਦੀ ਬੇਮਿਸਾਲ ਉਪਮਾ ਕਰਦਾ ਹੈ :

ਉਹ ਬੰਦਾ ਜਿਨੂੰ ਦਸਮ ਗੁਰੂ ਨੇ,
ਚਰਨੋਂ ਚੁਕ ਸੀਨੇ ਨਾਲ ਲਾਇਆ ।
ਸ਼ੋਹਲਾ ਬਣ ਨਾਂਦੇੜ 'ਚੋਂ ਤੁਰਿਆ,
ਕਿਆਮਤ ਬਣ ਪੰਜਾਬ ਤੇ ਛਾਇਆ,
ਬੇਸ਼ਕ ਨਾਲ ਜ਼ੰਜੀਰਾਂ ਕੜਿਆ,
ਦਿੱਲੀ ਸ਼ਹਿਰ 'ਚ ਗਿਆ ਘੁਮਾਇਆ ।
ਪਰ ਮੁਗਲਾਂ ਦੇ ਦਿਲੋਂ ਨਾਂ ਲੱਥਾ,
ਮਰ ਕੇ ਵੀ ਉਹਦੀ ਤੇਗ਼ ਦਾ ਸਾਇਆ ।

ਆਪਣੇ ਜ਼ਾਲਮ ਕਾਤਲ ਫ਼ਰਖ਼ਸੀਅਰ ਨੂੰ ਸ਼ਹੀਦੀ ਸਮੇਂ ਕਿਵੇਂ ਬੰਦਾ ਵੰਗਾਰਦਾ ਹੈ, ‘ਕਾਸਦ’ ਦੀ ਕਲਮ ਦਾ ਬਿਆਨ ਸੁਣੋ :

ਫਰਖ਼ਸੀਅਰ, ਮੇਰੇ ਤਨ ਦੇ ਟੁਕੜੇ,
ਬੇਸ਼ਕ ਆਪਣੇ ਤਖਤ 'ਚ ਮੜ ਲਈਂ।
ਲਾਲ ਮੇਰੇ ਦਾ ਲਾਲ ਕਲੇਜਾ,
ਐਹ ਲੈ ਆਪਣੇ ਤਾਜ 'ਚ ਜੜ ਲਈਂ।
ਮੇਰੀ ਖੱਲ ਵੀ ਸਾਂਭ ਕੇ ਰਖੀਂ,
ਇਸ ਦੀ ਤੈਨੂੰ ਲੋੜ ਪਵੇਗੀ ।
ਮੁਗ਼ਲ ਰਾਜ ਦੀ ਅਰਥੀ ਉਤੇ,
ਮੇਰੀ ਖਲੜੀ ਕਫਨ ਬਣੇਗੀ ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜੈਸਾ ਵੀ ਸਿੱਖ ਕਦੇ ਨਸੀਬਾਂ ਨਾਲ ਹੀ ਅਗੋਂ ਨਾਨਕੀ ਗੁਲਜ਼ਾਰ ਵਿਚ ਵੇਖਿਆ ਜਾਵੇਗਾ। ‘ਮੋਤੀਆਂ ਵਾਲੀ ਸਰਕਾਰ' ਦੀ ‘ਕਾਸਦ' ਦੀ ਉਲੀਕੀ ਤਸਵੀਰ ਮੁਲਾਹਜ਼ਾ ਫਰਮਾਓ :

ਰੁੱਤਾਂ ਬਦਲੀਆਂ ਬੁਲਬਲਾਂ ਗੀਤ ਬਦਲੇ,
ਕਲੀਆਂ ਰੂਪ ਬਦਲੇ ਫੁਲਾਂ ਰੰਗ ਬਦਲੇ ।
ਚੜਤ ਸਿੰਘ ਦੇ ਪੋਤੇ ਰਣਜੀਤ ਸਿੰਘ ਨੇ,
ਜਦੋਂ ਕਾਬਲੀ ਸੱਪਾਂ ਦੇ ਡੰਗ ਬਦਲੇ ।
ਕੁੰਜ ਲਥੀ ਗੁਲਾਮੀ ਦੀ ਆਤਮਾਂ ਤੋਂ,
ਸੁੱਕੇ ਸੜੇ ਪੰਜਾਬ ਦੇ ਅੰਗ ਬਦਲੇ !
ਬਦਲੇ ਲਖਾਂ ਚੰਡਾਲਾਂ ਦੇ ਜਨਮ ਉਸਨੇ,
ਭਾਰਤ ਮਾਂ ਦੀ ਇਕ ਇਕ ਵੰਗ ਬਦਲੇ ।

ਅਤੇ ਸ਼ੇਰੇ ਪੰਜਾਬ ਦੇ ਬਾਅਦ ਦੇ ਸਿੱਖੀ ਕਰੈਕਟਰ ਉਤੇ ਵੇਖੋ ਕਿਸ ਦਲੇਰੀ ਨਾਲ ਇਹ ਗੁਰੂ ਘਰ ਦਾ ਸ਼ਰਧਾਲੂ ‘ਕਾਸਦ’ ਕੈਸੀ ਕਰਾਰੀ ਚੋਟ ਕਰਦਾ ਹੈ :

ਤੇਰੀ ਰਾਣੀ ਅਣਖ਼ ਦਾ ਇਕ
ਮੁਜੱਸਮਾ ਬਣ ਕੇ ਫਿਰਦੀ ਰਹੀ,
ਅਸੀਂ ਅੰਗਰੇਜ਼ ਦੀ ਜੁੱਤੀ ਦੀ
ਨੋਕ ਬਣ ਕੇ ਫਿਰਦੇ ਰਹੇ ।

‘ਕਾਸਿਦ ਦੀ ਅਰਦਾਸ ਵਿਚ ਉਹ ਤਰਲਾ ਹੈ ਜੋ ਸਾਰੇ ਪੰਥ ਦੀ ਸ਼ਾਨ ਨੂੰ ਉੱਚਾ ਕਰ ਸਕਦਾ ਹੈ। ਇਹ ਅਰਦਾਸ ਹੀ ਸਿੱਖ ਨੂੰ ਸਦੀਵੀ ਮਹਿਕ ਵੰਡ ਸਕਦੀ ਹੈ :

ਸਾਨੂੰ ਵਾਹਿਗੁਰੂ ਦੀ ਝੋਲੀ ਪਾਉਂਣ ਵਾਲੇ,
ਆਪਣੇ ਬਖ਼ਸ਼ੇ ਸਰੂਪ ਦੀ ਲਾਜ ਰਖੀਂ ।
ਸਾਨੂੰ ਬੇਸ਼ਕ ਗਰੀਬੀ ਦਾ ਰਾਜ ਬਖ਼ਸ਼ੀਂ,
ਪਰ ਕਾਇਮ ਸੀਸ ਤੇ ਸਿੱਖੀ ਦਾ ਤਾਜ ਰਖੀਂ ।

ਮਾਨ ਸਿੰਘ

ਆਪਣੇ ਬਾਰੇ ਕੁਝ ਲਿਖਣਾ ਬਹੁਤ ਹੀ ਕਠਨ ਹੁੰਦਾ ਹੈ। ਫੇਰ ਮੈਂ ਆਪਣੇ ਆਪ ਨੂੰ ਕਵੀ ਕਹਿੰਦਾ ਭੀ ਕਦੇ ਨਹੀਂ । ਇਕ ਪੁਸਤਕ ਆਪਣੀਆਂ ਕਵਿਤਾਵਾਂ ਦੀ “ਅਥਰੇ ਅਥਰੂ’” ਭੁਲ ਕੇ ਕਦੇ ਛਪਵਾ ਬੈਠਾ ਤੇ "ਜੈਕ ਆਫ ਆਲ, ਮਾਸਟਰ ਆਫ ਨਨ" ਦੀ ਫਰਿਸਤ ਵਿਚ ਪਹੁੰਚ ਗਿਆ।

ਦਰ ਅਸਲ ਮੈਂ ਲੇਖਕ ਵੀ ਦੇਸ਼ ਦੇ ਵੰਡਾਰੇ ਪਿਛੋਂ ਹੀ ਬਣਿਆ ਹਾਂ। ਪਹਿਲਾਂ ਪਹਿਲ ਕੋਈ ੪੫-੫੦ ਵਰੇ ਹੋਏ ਹੋਣਗੇ ਕਿ ਮੇਰੀ ਇਕ ਕਹਾਣੀ ਵੀਰ-ਪਿਆਰ ਇਕ ਰਸਾਲੇ ਵਿਚ ਛਪੀ ਸੀ, ਉਹ ਭੀ ਸ: ਰਘਬੀਰ ਸਿੰਘ ਜੀ ‘ਬੀਰ’ ਦੀ ਜ਼ਿਦ ਕਾਰਨ। ਉਹ ਮੇਰੇ ਬਹੁਤ ਨੇੜੇ ਹੁੰਦੇ ਸਨ ਤੇ ਉਨ੍ਹਾਂ ਦੀ ਕਵਿਤਾ “ਮੱਸਾ ਗਿਆ ਹੰਕਾਰਿਆ, ਹੰਕਾਰਿਆ ਸੋ ਮਾਰਿਆ” ਓਸ ਰਸਾਲੇ ਵਿਚ ਛਪੀ ਅਤੇ ਉਹਨਾਂ ਮੇਰੀ ਕਹਾਣੀ ਵੀ ਮਗਰੋਂ ਉਸੇ ਰਸਾਲੇ ਵਿਚ ਛਪਵਾ ਦਿਤੀ । ਉਹ ਓਸ ਕਹਾਣੀ ਮਗਰੋਂ ਵੀ ਮੈਨੂੰ ਲਿਖਣ ਲਈ ਬੜਾ ਟੁੰਬਦੇ ਰਹੇ, ਪਰ ਮੈਂ ਆਖਿਆ ਕਿ ਪਹਿਲੀ ਕਹਾਣੀ ਵੀ ਮੇਰੀ ਅੰਦਰਲੇ ਦਿਲ ਦੀ ਆਵਾਜ਼ ਨਹੀਂ, ਕਿਉਂ ਜੋ ਮੇਰੀ ਭੈਣ ਹੀ ਕੋਈ ਨਹੀਂ, ਮੈਂ ਕਿਵੇਂ ਉਪਰਲੇ ਦਿਲੋਂ ਕਹਾਣੀ ਲਿਖਾਂ। ਖੈਰ, ਬੀਰ ਜੀ ਤਾਂ ਟਲ ਗਏ ਪਰ ਗਿਆਨੀ ਹੀਰਾ ਸਿੰਘ ਜੀ ਇਕ ਵਾਰੀ ਕੋਹ ਮਰੀ ਆਏ ਤੇ ਮੇਰੇ ਆ ਦਵਾਲੇ ਹੋਏ ਕਿ ਮੈਂ ਫੁਲਵਾੜੀ ਵਾਸਤੇ ਕੁਝ ਜ਼ਰੂਰ ਲਿਖਾਂ। ਮੈਂ ਦੂਜੀ ਕਹਾਣੀ “ਪੂਰਬ-ਪੱਛਮ" ਉਹਨਾਂ ਲਈ ਲਿਖੀ ਜੋ ੧੯੩੬-੩੭ ਵਿਚ ਸ਼ਾਇਦ ਉਹਨਾਂ ਕਿਰਪਾਲਤਾ ਸਹਿਤ ਆਪਣੀ ਫੁਲਵਾੜੀ ਵਿਚ ਪ੍ਰਕਾਸ਼ਤ ਕਰ ਦਿਤੀ ।

ਫੇਰ ੧੯੪੭ ਤਕ ਮੈਂ ਕੇਵਲ ਬਰਿਜ ਟੇਬਲ ਉਤੇ ਹੀ ਸਮਾਂ ਕਟਦਾ ਰਿਹਾ ਯਾ ਪੰਜਾਬੀ ਦੇ ਰਸਾਲੇ ਤੇ ਅੰਗਰੇਜ਼ੀ ਸਾਹਿਤ ਪੜ੍ਹ ਛਡਦਾ।

ਵੰਡਾਰੇ ਦੇ ਰੌਲਿਆਂ ਨੇ ਮੇਰੀ ਪੂਜ ਮਾਤਾ ਮੈਥੋਂ ਸਦਾ ਲਈ ਖੋਹ ਲਈ। ਮੈਂ ਯਤੀਮ ਹੋ ਗਿਆ। ਮੈਨੂੰ ਮੇਰੇ ਰਾਵਲਪਿੰਡੀ ਅਤੇ ਮਰੀ ਦੇ ਅੰਗਰੇਜ਼ੀ ਹੋਟਲਾਂ ਦੇ ਜਾਨ ਦਾ ਕੋਈ ਦੁਖ ਨਾ ਹੋਇਆ, ਪਰ ਮਾਤਾ ਜੀ ਦੀ ਜੁਦਾਈ ਮੈਨੂੰ ਪਾਗਲ ਬਣਾ ਗਈ ਅਤੇ ਮੈਂ ਪਾਗਲਪਨ ਵਿਚ ਕਲਮ ਦਾ ਸਹਾਰਾ ਲੈ ਬੈਠਾ। ਪੰਜਾਬੀ ਦੇ ਪ੍ਰਸਿਧ ਲਿਖਾਰੀਆਂ ਦੀ ਸੰਗਤ ਮੇਰੇ ਭਾਰੀ ਕੰਮ ਆਈ ਅਤੇ ਮੈਂ ਹੌਲੇ ਹੌਲੇ ਸਾਹਿਤਕ ਖੇਤ੍ਰ ਵਿਚ ਪੈਰ ਰਖਣ ਲਗ ਪਿਆ ਤੇ ਕੁਝ ਕਵਿਤਾ ਉਤੇ ਭੀ ਕਲਮ ਅਜ਼ਮਾਨ ਲਗ ਪਿਆ।

ਕੁਝ ਸਾਲ ਹੋਏ ਮੇਰੀ ਕਵਿਤਾ ਉਤੇ ਇਕ ਲੇਖ ਸਰਦਾਰ ਪਰਮਜੀਤ ਸਿੰਘ, ਐਮ. ਏ. ਨੇ ਲਿਖਿਆ ਸੀ। ਉਹ ਭਾਰਤ ਵਿਚੋਂ ਪਹਿਲਾਂ ਸ਼ਾਇਦ ਕਾਬਲ ਯਾ ਈਰਾਨ ਗਏ ਸਨ ਤੇ ਫੇਰ ਸਵੀਡਨ । ਅਜ ਕਲ ਮੈਨੂੰ ਪਤਾ ਨਹੀਂ ਆਪ ਕਿਥੇ ਹਨ । ਉਹਨਾਂ ਦੇ ਲੇਖ ਦਾ ਸਹਾਰਾ ਲੈ ਕੇ ਆਪਣੀ ਕਵਿਤਾ ਬਾਰੇ ਕੁਝ ਲਿਖਦਾ ਹਾਂ।

"ਗਰੀਬੀ ਦੀ ਕਵਿਤਾ ਮਾਨ ਸਿੰਘ ਦੀ ਬਹੁਤ ਹੀ ਦਿਲ-ਟੁੰਬਵੀਂ ਹੈ। ਐਸੀ ਕਵਿਤਾ ਸ਼ਾਇਦ ਕਮਿਊਨਿਸਟ ਸਾਹਿਤ ਵਿਚ ਨਾ ਮਿਲ ਸਕੇ ਕਿਉਂਕਿ ਕਮਿਊਨਿਸਟ ਸਾਹਿਤ ਜ਼ਜ਼ਬੇ ਤੋਂ ਸਖਣਾ ਹੁੰਦਾ ਹੈ, ਓਪਰੇਪਨ ਨਾਲ ਭਰਪੂਰ । ਮਾਨ ਸਿੰਘ ਦੀ ਕਵਿਤਾ ਵਿਚੋਂ ਗਰੀਬੀ ਆਪ ਬੋਲਦੀ ਸੁਣਾਈ ਦੇਂਦੀ ਹੈ। ਵਨਗੀ ਵੇਖੋ :


ਗਰੀਬੀ
ਨਾ ਘਬਰਾ,
ਨਾ ਫੜਫੜਾ,
ਨਾ ਲੜਖੜਾ,
ਤੂੰ ਨਹੀਂ ਹੋ ਸਕਦੀ ਖ਼ਤਮ 
ਜਹਾਨ ਵਿਚੋਂ ।
ਮਾਰਕਸ ਦੀਆਂ ਥੀਊਰੀਆਂ 
ਲੈਨਿਨ ਦੀਆਂ ਲੂਹਰੀਆਂ 
ਤੇ ਚਾਊ ਮਾਊ ਦੀਆਂ ਘੂਰੀਆਂ 
ਕੀ ਵਗਾੜ ਸਕੀਆਂ ਤੇਰਾ ?
ਤੇਰਾ ਹਲਦੀ ਵਰਗਾ ਰੰਗ, 
ਤੇਰੀਆਂ ਗੌਤਮ ਵਰਗੀਆਂ ਹੜਬਾਂ, 
ਤੇਰਾ ਫਕੀਰਾਂ ਵਰਗਾ ਵੇਸ, 
ਤੇਰਾ ਯਤੀਮਾਂ ਵਾਲਾ ਭੇਸ,
ਹੈ ਨਾ ਵੈਸੇ ਦਾ ਵੈਸਾ ਅਨ-ਛੋਹ ?

ਹੁਣ ਮਾਨ ਸਿੰਘ ਅਮੀਰੀ ਦੀ ਤਸਵੀਰ ਵੇਖੋ ਕੈਸੀ 
ਦਿਲਕਸ਼ ਦਲੇਰੀ ਨਾਲ ਪੇਸ਼ ਕਰਦਾ ਹੈ ਕਿਉਂਕਿ 
ਇਹ ਅਮੀਰਾਂ ਦੇ ਚੁੰਗਲ ਤੋਂ ਬਾਹਿਰ ਹੈ ਅਤੇ ਸਿੱਖੀ 
ਸਿਦਕ ਰਖਦਾ ਹੈ । ਲਿਖਦੈ :

ਅਮੀਰੀ । 
ਜੜ੍ਹ ਪਾਪਾਂ ਦੀ,
ਐਵੇਂ ਨਹੀਂ ਕਹਿ ਗਏ ਸਿਆਣੇ
ਢਿੱਡ ਭਰਿਆ ਤੇ ਰੱਬ ਡਰਿਆ,
ਅਮੀਰਾਂ ਦੇ ਮਹਿਲੀਂ
ਸੋਨਾ,
ਚਾਂਦੀ,
ਹੀਰੇ, ਮੋਤੀ,
ਰੇਸ਼ਮ, ਆਬਰੇਸ਼ਮ,
ਵੈਲਵਟ, ਮਖ਼ਮਲ, 
ਸ਼ਰਾਬ, ਕਬਾਬ,                                  
ਨਾਚ-ਰੰਗ,
ਦਗ਼ਾ-ਫਰੇਬ,
ਬੇ-ਹਯਾਈ, ਬੇ-ਵਫਾਈ,
ਬਦਕਾਰੀ, ਸਿਤਮਗਾਰੀ, 
ਮਨੁੱਖ ਮਨੁੱਖ ਲਈ ਅਦਾਵਤ 
ਤੇ ਰੱਬ ਤੋਂ ਬਗਾਵਤ
ਛੀਹ ! ਛੀਹ !! ਛੀਹ !!!

ਅਤੇ ਹੁਣ ਦੂਜੇ ਪਾਸੇ ਮਾਨ ਸਿੰਘ ਗਰੀਬੀ 
ਦੇ ਬੜੇ ਦਰਦ ਤੇ ਹਮਦਰਦੀ ਨਾਲ ਐਉਂ 
ਸੋਹਿਲੇ ਗਾਉਂਦਾ ਹੈ :

ਗਰੀਬੀ ! ਤੇਰੀਆਂ ਝੁੱਗੀਆਂ,
ਤੇਰੇ ਛੰਨੇ ਢਾਰੇ ਰਹਿਣਗੇ
ਆਬਾਦ ਪਰਲੋ ਤੀਕ,
ਜਿਸ ਵਿਚ ਵੱਸੇ
ਸਬਰ,
ਸਿਦਕ,
ਭਰੋਸਾ,
ਦੁੱਖ,
ਦਰਦ,
ਹਿੰਮਤ-ਮਿਹਨੱਤ,
ਆਚਾਰ-ਪਿਆਰ,
ਹਯਾ-ਵਫਾ,
ਤੇ-
ਛਹਿਬਰ ਲਗੀ ਰਹੇ ਰੱਬ ਦੇ ਨਾਮ ਦੀ,
ਆਉਣ ਆਵਾਜ਼ਾਂ ਦੂਰੋਂ
ਅਲ੍ਹਾ ਹੂ ਦੀਆਂ ।
ਗਰੀਬੀ ! 
ਜੈ
ਜੈ
ਜੈ-ਗਰੀਬੀ !

ਮੇਰਾ ਦਾਅਵਾ ਹੈ ਕਿ ਇਸ ਕਵਿਤਾ ਰਾਹੀਂ ਜਿਸ ਮਾਨ ਸਿੰਘ ਦੇ ਦਿਲ ਦੇ ਸਾਫ ਸ਼ਰਾਫ ਸ਼ੀਸ਼ੇ ਨੂੰ ਵੇਖਿਆ, ਉਹ ਮਾਨ ਸਿੰਘ ਦਾ ਹੋ ਗਿਆ। - (ਪ. ਸ.)

"ਮਾਨ ਸਿੰਘ ਨੇ ਜਦ ‘ਮੌਤ' ਕਵਿਤਾ ਲਿਖੀ ਤਾਂ ਬੜੇ ਬੜੇ ਫ਼ਲਾਸਫ਼ਰ ਇਹ ਦੇ ਵਲ ਅਖਾਂ ਪੁੱਟ ਪੁੱਟ ਵੇਖਣ ਲਗ ਪਏ । ਬੜੀਆਂ ਡੂੰਘੀਆਂ ਰਮਜ਼ਾਂ ਭਰੀਆਂ ਪਈਆਂ ਨੇ ਇਸ ਨਿਕੀ ਜਿਹੀ ਕਵਿਤਾ ਵਿਚ । ਕੌਣ ਜਾਣਦਾ ਹੈ ਕਿ ਮਾਨ ਸਿੰਘ ਨੇ ਕਿੰਜ ਆਪਣੇ ਦੁੱਖੀ ਦਿਲ ਨੂੰ ਮੁਠ ਵਿਚ ਲੈਕੇ ਇਹ ਆਪਣੇ ਦਿਲ ਦੀ ਹਵਾੜ ਕਾਗਜ਼ ਦੀ ਹਿਕ ਉਤੇ ਖਲੇਰੀ ਹੋਵੇਗੀ ? ਜ਼ਰਾ ਧਿਆਨ ਦੇਣਾ :


ਮੌਤ ! 
ਤੂੰ ਕੀ ਏਂ ?
ਮੈਨੂੰ ਪਤਾ ਨਹੀਂ,
ਪਰ ਤੇਰਾ ਮੇਰਾ ਰਿਸ਼ਤਾ ਹੈ-ਜ਼ਰੂਰ,
ਏਸ ਲਈ,
ਮੈਂ ਤੇਰਾ ਇੰਤਜ਼ਾਰ ਕਰਦਾ ਹਾਂ.
ਤੂੰ ਆ, ਨਾ ਆ,
ਮੈਂ ਤੇਰਾ ਇੰਤਜ਼ਾਰ ਕਰਦਾ ਹਾਂ ।
---     ---    ---
ਮੇਰੀ ਦੁਨੀਆਂ,
ਮੇਰੇ ਦੁੱਖ,
ਮੇਰੇ ਗ਼ਮ,
ਮੇਰੀ ਭੁੱਖ,
ਰਹਿਣ ਦੇ ਤੂੰ ਮੇਰੇ ਲਈ, 
ਤੂੰ ਨਾਂ ਭਾਰ ਮੇਰੇ ਸਹੀਂ,
ਕੀ ਹੋਇਆ ਜੇ ਮੇਰੇ ਪਰਬਤ ਦੇ ਨਾਲ
ਠੰਡੀਆਂ ਹਵਾਵਾਂ ਆ ਆ
ਨਹੀਂ ਟਕਰਾਂਦੀਆਂ,
ਤੇ-
ਕਿਸੇ ਦੀ ਮਿਹਰ ਦੇ ਮੀਂਹ ਤੋਂ ਵਾਂਝਾ ਹਾਂ ਮੈਂ ।
ਆਸਾਂ ਦੇ ਤੀਲੇ ਵੀ ਭਾਵੇਂ,
ਸੁਕ ਗਏ,
ਸੜ ਗਏ,
ਝੜ ਗਏ।
ਪਰ ਅਜੇ ਵੀ ਨਾਂ ਆਵੀਂ ਤੂੰ 
ਮੇਰੀਏ ਜੁਗਾਂ ਜੁਗਾਂ ਦੀਏ ਸਹੇਲੀਏ । 
ਮੈਨੂੰ ਮੇਰੇ ਪਿਛਲੇ ਜਨਮ ਦੀਆਂ 
ਯਾਦਾਂ ਹੁਣ ਭੁਲ ਗਈਆਂ, 
ਏਸ ਜਨਮ ਦੀਆਂ ਯਾਦਾਂ
ਕਿਵੇਂ ਮੈਂ ਯਾਦ ਰਖ ਸਕਾਂਗਾ ਅਗੋਂ ?
ਕੀ ਦਵਾ ਸਕਨੀਏ ਭਰੋਸਾ ਤੂੰ
ਆਪਣੇ ਕਿਸੇ ਗਵਾਂਡੀ ਫਰਿਸ਼ਤੇ ਕੋਲੋਂ ? 
ਅਜੇ ਤੇ ਮੈਂ ਬੀਤੇ ਦਿਨ ਤਕ ਲੈਨਾਂ,
ਘੜੀ ਦੋ ਘੜੀ ਹੱਸ ਲੈਨਾ,
ਦੁੱਖਾਂ ਦੀ ਭਾਰੀ ਪੰਡ
ਪੈਰਾਂ ਦੇ ਹੇਠ ਰਖ ਕੇ ਆਪਣੇ।
---     ---    ---
ਜਦ ਤਕ ਹੌਕੇ ਮੇਰੇ ਨਹੀਂ ਮੁਕਦੇ, 
ਹੰਝੂ ਮੇਰੇ ਨਹੀਂ ਸੁਕਦੇ,
ਵਿਸਰਦੀਆਂ ਯਾਦਾਂ ਨਹੀਂ,
ਤੇ ਔੜ ਦੀਆਂ ਫਰਿਯਾਦਾਂ ਨਹੀਂ, 
ਜੀ ਲੈਣ ਦੇ,
ਦੋ ਘੁਟ ਕੌੜੇ ਹੋਰ ਪੀ ਲੈਣ ਦੇ,
ਆਖਰ ਮੈਂ ਤੇਰਾ ਸਤਿਕਾਰ ਕਰਦਾ ਹਾਂ
ਮੈਂ
ਤੇਰਾ ਇੰਤਜ਼ਾਰ ਕਰਦਾ ਹਾਂ।

ਮਾਨ ਸਿੰਘ ਨੇ ਗ਼ਜ਼ਲ ਉਤੇ ਭੀ ਹੱਥ ਆਜ਼ਮਾਇਆ ਹੈ ਅਤੇ ਇਹਦੀ ਇਕ ਗ਼ਜ਼ਲ ਦਾ ਸ਼ੇਅਰ ਨਮੂਨੇ ਦੇ ਤੌਰ ਤੇ ਪੇਸ਼ ਕਰਦਾ ਹਾਂ :

ਮੇਰੀ ਮੌਤ ਨਾਲ ਮੇਰਾ ਇਸ਼ਕ ਮਰ ਚਲਿਆ ਨਹੀਂ,
ਹੀਰ ਦੀ ਕਬਰ 'ਚੋਂ ਲਖਾਂ ਜੁਗਨੂੰ ਟਿਮਟਮਾਂਦੇ ਰਹੇ ।

ਮਾਨ ਸਿੰਘ ਨੇ ਖੁਲ੍ਹੀ ਕਵਿਤਾ ਨੂੰ ਪੱਕਾ ਅਪਨਾ ਰਖਿਆ ਹੈ ਪਰ ਕਦੇ ਰੁਬਾਈਆਂ ਵੀ ਕਹਿਣ ਦਾ ਸ਼ੌਕ ਰਖਦਾ ਹੈ। ਪੰਡਤ ਨਹਿਰੂ ਅਤੇ ਬਾਬਾ ਖੜਕ ਸਿੰਘ ਦੀਆਂ ਕੌਮੀ ਸੇਵਾਵਾਂ ਇਹਨੇ ਇਕ ਇਕ ਰੁਬਾਈ ਵਿਚ ਹੀ ਪੇਸ਼ ਕੀਤੀਆਂ ਹਨ । ਪੰਜਾਬ ਦੀ ਕੁੜੀ ਦਾ ਇਹਦੀ ਇਕ ਰੁਬਾਈ ਵਿਚ ਬਿਆਨ ਸੁਣੋ :

ਸਹਿਕ ਸਹਿਕ ਤੈਨੂੰ ਰੱਬ ਨੇ ਘੜਿਆ,
ਨੀ ਕਲੀਏ ਜਨਤ ਦੇ ਬਾਗ਼ ਦੀਏ।
ਪਿਆਰ-ਸਾਗਰ ਤੂੰ ਤਰਨਾਂ ਜਾਣੇ,
ਨੀ ਲਹਿਰੇ ਮੇਰੇ ਚਨਾਬ ਦੀਏ ।
ਸ਼ਰਮ, ਧਰਮ ਤੇ ਗ਼ੈਰਤ-ਇਜ਼ਤ,
ਤੈਨੂੰ ਦਾਤਾਂ ਰੱਬ ਨੇ ਦਿਤੀਆਂ,
ਤੇਜ ਤੇਰੇ ਦੀ ਝਾਲ ਕੌਣ ਝਲੇ ?
ਨੀ ਕੁੜੀਏ ਦੇਸ਼ ਪੰਜਾਬ ਦੀਏ ।

ਮਾਨ ਸਿੰਘ ਨੇ ਯੋਰਪ ਦੇ ਕਈ ਗੇੜੇ ਲਾਏ ਹਨ ਅਤੇ ਹਰ ਵਿਦੇਸ਼-ਯਾਤ੍ਰਾ ਵਿਚ ਇਹ ਕੁਝ ਤੋਹਫੇ ਕਲਮ ਬੰਦ ਕਰਕੇ ਲਿਆਉਂਦਾ ਹੈ ।

ਦਰਿਆ ਰਾਈਨ, ਸਵਿਟਜ਼ਰਲੈਂਡ, ਜਰਮਨੀ ਤੇ ਹਾਲੈਂਡ ਤਿੰਨਾਂ ਹੀ ਦੇਸ਼ਾਂ ਵਿਚੋਂ ਬਹਿ ਨਿਕਲਦਾ ਹੈ ਪਰ ਇਹ ਪੂਰਬੀ ਜਰਮਨੀ ਵਿਚ ਪੈਰ ਨਹੀਂ ਪਾਂਦਾ। ਮਾਨ ਸਿੰਘ ਏਸ ਦਰਿਆ ਦੇ ਵੇਗ ਨੂੰ ਵੇਖ ਉਹਨੂੰ ਐਉਂ ਸਵਾਲ ਕਰਦਾ ਹੈ :

ਰਾਈਨ ! ਤੈਥੋਂ ਰੱਬ ਦੇ ਵੈਰੀ,
ਦੂਰ ਦੂਰ ਕਿਉਂ ਰਹਿੰਦੇ ?
ਧਰਮ ਨੂੰ ਜਿਹੜੇ ਕਰਨ ਮਖੌਲਾਂ,
ਤੈਥੋਂ ਕਿਉਂ ਤਰਿਹੰਦੇ ?
ਮੇਰੀਆਂ ਲਹਿਰਾਂ ਉੱਤੇ ਰਾਹੀਆ
ਸੀ ਕਿਸੇ ਸਿਮ੍ਰਣ ਰੱਬ ਦਾ ਕੀਤਾ,
ਉਹਦੀ ਕਰਾਮਾਤ ਇਹ ਸਾਰੀ
ਮੇਰੇ ਕੰਢੇ ਧਰਮੀ ਬਹਿੰਦੇ ।

ਪਛਮੀ ਜਰਮਨੀ ਵਿਚ ਰਾਈਨ ਕੰਢੇ ਇਕ ਰੂਡੇਸੀਮ (Rudesheim) ਬੜੀ ਸੁੰਦਰ ਬਸਤੀ ਹੈ। ਮਾਨ ਸਿੰਘ ਨੇ ਏਸ ਨਗਰ ਨੂੰ ਵੇਖੋ ਹਿੰਦੁਸਤਾਨੀ ਰੂਪ ਕਿਸ ਨਜ਼ਾਕਤ ਨਾਲ ਪੇਸ਼ ਕੀਤਾ ਹੈ :

ਰਾਈਨ ! ਤੇਰੀ ਖਿੱਚ ਦਾ ਬੱਧਾ,
ਕੋਈ ਮੱਥਰਾ ਤੋਂ ਸਨਿਆਸੀ ਆਇਆ ।
ਬੈਠ ਓਸ ਨੇ ਤੇਰੇ ਕੰਢੇ,
‘ਰਾਧੇ-ਸ਼ਾਮ’ ਦਾ ਨਾਅਰਾ ਲਾਇਆ।
ਰੂਡੋਸ਼ੀਮ ਓਥੇ ਪਈ ਇਕ ਬਸਤੀ,
ਜਿਥੇ ਆਉਣ ਸੈਲਾਨੀ ਲੱਖਾਂ,
ਅੰਗੂਰਾਂ ਦੇ ਰੱਸ ਪੀ ਪੀ ਝੂਮਣ,
ਕਹਿੰਦੇ ਧੰਨ ਕ੍ਰਿਸ਼ਨ ਤੇਰੀ ਮਾਇਆ ।

ਗੁਰੂ ਨਾਨਕ ਸਾਹਿਬ ਉਤੇ ਮਾਨ ਸਿੰਘ ਦਾ ਅਥਾਹ ਭਰੋਸਾ ਹੈ। ਗੁਰੂ ਬਾਬੇ ਦੀ ਉਸਤੱਤ ਦੀਆਂ ਕੁਝ ਸਤਰਾਂ ਪੇਸ਼ ਹਨ ਜਿਨ੍ਹਾਂ ਦੇ ਰਾਹੀਂ ਮਾਨ ਸਿੰਘ ਨੇ ਮਨੁੱਖਤਾ ਉਤੇ ਕਰਾਰੀ ਚੋਟ ਵੀ ਲਾਈ ਹੈ :


‘ਤੇਰਾ ਤੇਰਾ' ਜਪਨ ਵਾਲਾ
ਨਿਕਲ ਤੁਰਿਆ ਪੈਦਲੋ ਪੈਦਲ,
ਬਾਲੇ ਮਰਦਾਨੇ ਨੂੰ ਨਾਲ ਲੈ, ਖਾਲੀ ਹੱਥ,
ਸੋਧਨ ਧਰਤ ਲੁਕਾਈ ਨੂੰ।
ਜੋਗੀ ਤਾਰੇ,
ਭੋਗੀ ਤਾਰੇ,
ਜਟਾ ਜੂਟ ਸਨਿਆਸੀ ਤਾਰੇ,
ਵੇਦਾਂ ਦੇ ਅਭਿਆਸੀ ਤਾਰੇ ।
ਪੱਥਰ ਤਾਰ,
ਹੈਵਾਨ ਵੀ ਤਾਰੇ,
ਬਾਬਰ ਜਿਹੇ ਸੁਲਤਾਨ ਵੀ ਤਾਰੇ ।
ਤੀਰਥ ਕੀਤੇ,
ਹੱਜ ਵੀ ਕੀਤੇ,
ਰਾਹੇ ਪਾਣ ਦੇ ਪੱਜ ਵੀ ਕੀਤੇ ।
ਪਰ
ਮਨੁੱਖਤਾ
ਤੂੰ
ਅਜੇ ਵੀ ਅੰਨੀ ਬੋਲੀ ।

ਬਾਲਾ ਪ੍ਰੀਤਮ ਦਾ ਗੰਗਾ ਵਿਚ ਸੋਨੇ ਦੇ ਕੜੇ 
ਸੁਟਨ ਦਾ ਨਜ਼ਾਰਾ ਵੇਖੋ ਮਾਨ ਸਿੰਘ ਕੈਸਾ 
ਦਿਲਕਸ਼ ਅਤੇ ਨਵੀਨ ਰੰਗ ਵਿਚ ਪੇਸ਼ ਕਰਦਾ ਹੈ :

ਜੁਗਾਂ ਦੇ ਸੁੱਤੇ ਜਾਗ ਪਏ ਭਾਗ
ਗੰਗਾ ਦੇ,
ਜਿਸ
ਪਾ ਵਾਸਤਾ ਪਾਰਬਤੀ ਦੇ ਰਾਗ ਦਾ, 
ਸ਼ਿਵਾਂ ਦੇ ਕਾਲੇ ਨਾਗ ਦਾ,
ਬਿਧਰ ਦੇ ਅਲੂਣੇ ਸਾਗ ਦਾ, 
ਕੱਢ ਕੇ ਬਾਂਹਾਂ ਗੋਰੀਆਂ,
ਗੰਨੇ ਦੀਆਂ ਪੋਰੀਆਂ,
ਆਲੇ ਭੋਲੇ ਨਾਥ ਦੀ ਜਾਈ ਨੇ,
ਦੀਦ ਦੀ ਤਿਹਾਈ ਨੇ,
ਲੁਹਾ ਲਏ ਕੜੇ,
ਲਾਲਾਂ ਜੜ੍ਹੇ, 
ਹੀਰਿਆਂ ਜੜ੍ਹੇ, 
ਪੰਨਿਆਂ ਜੜ੍ਹੇ,
ਬਾਲੇ ਪ੍ਰੀਤਮ ਦੇ,
ਚੋਜੀ ਪ੍ਰੀਤਮ ਦੇ,
ਅਰਸ਼ੀ ਪ੍ਰੀਤਮ ਦੇ ।

-'ਪ੍ਰਮਜੀਤ ਦੇ ਧੰਨਵਾਦ ਸਹਿਤ'
...  ...  ....

ਜਰਮਨੀ ਵਿਚ ਮੇਰੀ ਹਾਈਜੈਕਿੰਗ ਉਤੇ ਕੁਝ ਕੁ ਵਿਗਿਆਨੀਆਂ ਨਾਲ ਚਰਚਾ ਪਿਛੇ ਜਿਹੇ ਛਿੜੀ । ਮੈਂ ਬੜੇ ਅਦਬ ਨਾਲ ਜਰਮਨ ਦੇ ਪੀਸ ਲਵਿੰਗ ਵਿਗਿਆਨੀਆਂ ਨੂੰ ਪੁਛਿਆ ਕਿ ਇਹ ਹਵਾਈ ਜਹਾਜ਼ ਹੁਦਾਲੇ ਜਾਣੇ ਰੋਕਣ ਬਾਰੇ ਸੰਸਾਰ ਚੁੱਪ ਕਿਉਂ ਹੈ ? ਓਸੇ ਸ਼ਾਮ ਮੈਂ ਏਸ ਖ਼ਤਰਨਾਕ ਕਰਾਈਮ ਬਾਰੇ ਕੁਝ ਲਾਈਨਾਂ ਲਿਖੀਆਂ ਸਨ, ਜਿਨ੍ਹਾਂ ਵਿਚੋਂ ਕੁਝ ਮੇਰੇ ਵਲਵਲੇ ਐਉਂ ਹਨ :


ਵੇ ਕਲਜੁਗ ਦੇ ਵਿਗਿਆਨੀਓ; 
ਮੈਨੂੰ ਸੱਚ ਸੱਚ ਦਿਓ ਸੁਣਾ। 
ਕਿਥੇ ਸੌਂ ਗਈ ਤੁਹਾਡੀ ਮੱਤ ਵੇ, 
ਕਿਥੋਂ ਇਹ ਟੈਰਰਿਸਟ ਨਿਕਲੇ ਆ।
ਕਿਉਂ ਦੇਸ਼ ਨਹੀਂ ਕੋਈ ਉਠਦਾ, 
ਜੋ ਇਨ੍ਹਾਂ ਨੂੰ ਪਾਵੇ ਠੱਲ ।
ਕਸਾਈਆਂ ਵਾਂਗ ਇਹ ਤਾਂ, 
ਲਾਹੀ ਜਾਂਦੇ ਪੁੱਠੀ ਖਲ੍ਹ ।
ਇਹ ਰਾਕਸ਼ ਰੂਪ ਸ਼ੈਤਾਨ ਦੇ, 
ਘੜੇ ਸ਼ੈਤਾਨੀ ਸੱਚੇ ।
ਇਹ ਕਹਿੰਦੇ ਆਪਣੇ ਆਪ ਨੂੰ, 
ਸ਼ੇਖੀ 'ਚ ਹਿਟਲਰ ਦੇ ਬੱਚੇ ।
ਸਕਾਈ ਜੈਕਿੰਗ ਇਹ ਕਰਨ,
ਫੇਰ ਵਡੀਆਂ ਮੰਗਾਂ ਮੰਗਨ । 
ਅੜ ਖਲੋਵੇ ਜੇ ਕੋਈ, 
ਇਹ ਹੱਥ ਖੂਨ 'ਚ ਰੰਗਨ । 
ਵੇ ਅਮਨ ਦਿਓ ਪ੍ਰਚਾਰਕੋ, 
ਕਿਧਰ ਗਿਆ ਤੁਹਾਡਾ ਗਿਆਨ, 
ਕਿਉਂ ਹੱਥ ਨੇ ਤੁਹਾਡੇ ਕੰਬਦੇ; 
ਕਿਉਂ ਤਲਵਾਰ ਏ ਵਿਚ ਮਿਆਨ ?

ਅਤੇ ਕਵਿਤਾ ਦੇ ਅੰਤ ਵਿਚ ਜਾ ਕੇ ਮੈਂ 
ਸਿੱਖਾਂ ਨੂੰ ਐਉਂ ਅਪੀਲ ਕੀਤੀ ਹੈ:

ਸਿੱਖ ਗੁਰੂ ਦੇ ਪਿਆਰਿਓ, ਨਿਤਰੋ ਵਿਚ ਮੈਦਾਨ । 
ਗੁਰੂ ਨਾਨਕ ਦੇ ਉਪਦੇਸ਼ ਨਾਲ, ਠੱਲ ਪਾਓ ਵਿਚ ਜਹਾਨ।


  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮਾਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ