Visar Gia Rang-Karmi 'Joginder Bahrla' : Talwinder Mand
ਵਿਸਰ ਗਿਆ ਰੰਗ-ਕਰਮੀ ‘ਜੋਗਿੰਦਰ ਬਾਹਰਲਾ’ : ਪ੍ਰੋ. ਤਲਵਿੰਦਰ ਮੰਡ
ਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਕਿ ਇਹ ‘ਜੋਗਿੰਦਰ ਬਾਰਹਲਾ’ ਨਾਂ ਦਾ ਸ਼ਖ਼ਸ ਕੌਣ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਸਾਰੇ ਅਜੋਕੇ ਰੰਗ-ਕਰਮੀ ਅਤੇ ਰੰਗਮੰਚ ਨਾਲ ਜੁੜ੍ਹੇ ਲੋਕਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਇਹ ਆਦਮੀ ਕੌਣ ਸੀ ਅਤੇ ਇਹ ਕਿਹੜੇ ਸਮੇਂ ਵਿੱਚ ਪੈਦਾ ਹੋਇਆ, ਇਸ ਦਾ ਪਿਛੋਕੜ ਕੀ ਸੀ। ਇਸ ਦੀ ਰੰਗਮੰਚ ਨੂੰ ਕੀ ਦੇਣ ਸੀ?
ਪੰਜਾਹਵਿਆਂ, ਵਿੱਚ ਜਦੋਂ ਅਜੇ ਦੇਸ਼ ਨਵਾਂ-ਨਵਾਂ ਅਜ਼ਾਦ ਹੋਇਆ ਸੀ ਅਤੇ ਲੋਕਾਂ ਨੂੰ ਅਜ਼ਾਦੀ ਤੋਂ ਆਪਣੀ ਗਰੀਬੀ ਧੋਤੇ ਜਾਣ ਦੀਆਂ ਹਜ਼ਾਰਾਂ ਆਸਾਂ ਸਨ ਪਰ ਛੇਤੀਂ ਹੀ ਸਿਆਣੇ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਸੀ ਕਿ ਇਸ ਜ਼ਹਾਲਤ ਨੇ ਅਜ਼ਾਦੀ ਵਿੱਚ ਵੀ ਉਨ੍ਹਾਂ ਲੋਕਾਂ ਦਾ ਖਹਿੜਾ ਨਹੀਂ ਛੱਡਣਾ, ਤਾਂ ਮੱਦਹਾਲੀ ਦੀ ਦੂਸਰੀ ਅਜ਼ਾਦੀ ਲਈ ਛੇਤੀਂ ਹੀ ਸੱਠਵਿਆਂ ਵਿੱਚ ਕੁਝ ਜਥੇਬੰਦੀਆਂ ਨੇ ਗਰੀਬ ਕਿਸਾਨਾਂ, ਮਜ਼ਦੂਰਾਂ ਨੂੰ ਲਾਮਵੰਦ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਫਲਸਰੂਪ ਉਸ ਸਮੇਂ ਸਮਾਜ ਵਿੱਚ ਚੇਤਨਾ ਰੱਖਣ ਵਾਲੇ ਲੋਕਾਂ ਨੇ ਭਟਕੇ ਲੋਕਾਂ ਦੀ ਅਗਵਾਈ ਕੀਤੀ। ਕਈ ਲੋਕ-ਪੱਖੀ ਅਤੇ ਕਮਿਉਨਿਸਟ ਪਾਰਟੀਆਂ ਅੱਗੇ ਆਈਆਂ ਜਿਨ੍ਹਾਂ ਨੇ ਸਮਾਜਿਕ, ਰਾਜਨੀਤਕ ਅਤੇ ਕਲਾ ਰਾਹੀਂ ਆਪਣਾ ਯੋਗਦਾਨ ਪਾਉਣ ਸ਼ੁਰੂ ਕੀਤਾ। ਇਸ ਸਮੇਂ ਵਿੱਚ ਜੋਗਿੰਦਰ ਬਾਹਰਲਾ ਵੀ ਇੱਕ ਰੰਗਕਰਮੀ ਦੇ ਤੌਰ ‘ਇਪਟਾ’ ਲਹਿਰ ਦਾ ਸਰਗਰਮ ਕਾਰਕੁਨ ਬਣਕੇ ਆਪਣੀ ਕਲਾ ਰਾਹੀਂ ਸੰਘਰਸ਼ੀ-ਮੁਹਾਜ਼ਾਂ ਉਪਰ ਆਪਣੀ ਲੋਕਪੱਖੀ-ਕਲਾ ਨਾਲ ਯੋਗਦਾਨ ਪਾ ਕੇ ਆਪਣੀ ਪਛਾਣ ਬਣਾ ਚੁੱਕਾ ਸੀ।
ਅਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਥਾਪਤੀ ਦਾ ਦੌਰ ਸੀ। ਹਰ ਬਾਸ਼ਿੰਦਾ ਅੱਜ ਵਾਂਗ ਹੀ ਉਸ ਵੇਲੇ ਵੀ ‘ਅੱਛੇ’ ਦਿਨਾਂ ਦੀ ਤਾਕ ਲਾਈ ਬੈਠਾ ਸੀ। ਇਸ ਸਥਾਪਤੀ ਲਈ ਬਣ ਰਹੇ ਨਵੇਂ ਢਾਂਚੇ ਵਿੱਚ ਸਰਮਾਏਦਾਰੀ ਦਾ ਉਭਾਰ ਵੀ ਹੋ ਰਿਹਾ ਸੀ, ਜਿੱਥੇ ਲੋਕਾਂ ਨੂੰ ਇਹ ਆਸ ਸੀ ਕਿ ਅਜ਼ਾਦੀ ਨਾਲ ਸਰਮਾਏਦਾਰੀ ਤੋਂ ਲੋਕਾਂ ਦਾ ਖਹਿੜਾ ਛੁੱਟੇਗਾ ਤਾ ਇੱਕ ਸਮਾਜਵਾਦ ਪੈਦਾ ਹੋ ਸਕੇਗਾ, ਜਿਸ ਨਾਲ ਹਰ ਇੱਕ ਨੂੰ ਮੁੱਢਲੀਆਂ ਸਹੂਲਤਾਂ ਮਿਲ ਸਕਣਗੀਆਂ। ਪਰ ਅਜਿਹਾ ਹੋਇਆ ਨਹੀਂ। ਇਸ ਨਾ ਹੋਣ ਦੀ ਪ੍ਰਕ੍ਰਿਆ ਨੂੰ ਕੁਝ ਲੋਕ-ਹਿੱਤੂ ਲੋਕਾਂ ਨੇ ਸਮਝ ਲਿਆ ਸੀ ਕਿ ਇਸ ਅਜ਼ਾਦੀ ਦੀ ਲੜਾਈ ਦੀ ਹੋਰ ਲੋੜ ਹੈ। ਇਸ ਅਜ਼ਾਦੀ ਨੂੰ ਲੜ੍ਹਨ ਲਈ ਜੋਗਿੰਦਰ ਬਾਹਰਲੇ ਵਰਗੇ ਲੋਕਾਂ ਨੇ ਆਪਣਾ ਅਹਿਮ ਯੋਗ ਰਾਜਨੀਤਕ ਤੌਰ ਉਪਰ ਅਤੇ ਕਲਾ ਰਾਹੀਂ ਪਾਇਆ।
ਬਾਹਰਲਾ ਸਿਧਾਂਤਕ ਤੌਰ ਉਪਰ ਮਾਰਕਸੀ ਵਿਚਾਰਧਾਰਾ ਦਾ ਹਾਮੀ ਸੀ ਅਤੇ ਉਹ ਦੋਫਾੜ ਹੋਣ ਤੋਂ ਪਹਿਲਾਂ ਕਮਿਉਨਿਸਟ ਪਾਰਟੀ ਦੀ ਸਟੇਟ ਬਾਡੀ ਦਾ ਮੈਂਬਰ ਸੀ ਪਰ ਤਰੇਹਟ-ਚੌਹਟ ਵਿੱਚ ਪਾਰਟੀ ਦੇ ਦੋਫਾੜ ਹੋਣ ਤੋਂ ਬਾਅਦ ਉਸ ਨੇ ਮਯੂਸ ਹੋ ਕੇ ਆਪਣਾ ਆਖਰੀ ਨਾਟਕ ਦੇਸ਼ ਭਗਤ ਹਾਲ ਜਲੰਧਰ ਵਿੱਚ ਖੇਡ ਕੇ ਟਰੁੱਪ ਤੋੜ ਦਿਤਾ ਸੀ ਅਤੇ ਇੱਕ ਫਕੀਰ ਵਾਂਗ ਜ਼ਿੰਦਗੀ ਜੀਅ ਲਈ।
ਜੋਗਿੰਦਰ ਬਾਹਰਲੇ ਨੂੰ ਮੈਂ ਉਸ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਮਿਲਿਆ ਸੀ।
ਉਸ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਮਾਹਿਲਪੁਰ ਲਾਗਲੇ ਪਿੰਡ ਜਿਆਣ ਨਾਲ ਹੈ। ਉਨ੍ਹਾਂ ਸਮਿਆਂ ਵਿੱਚ ਪਰਿਵਾਰ ਖੁਸ਼ਹਾਲ ਹੋਣ ਕਰਕੇ ਪਹਿਲੀ ਵਾਰੀ ਆਪਣਾ ਘਰ ਇਸ ਪਹਿਵਾਰ ਨੇ ਪਿੰਡ ਦੀ ਬਾਹਰਲੀ ਫਿਰਨੀ ਉਪਰ ਪਾਇਆ ਤਾਂ ਪਿੰਡ ਵਿੱਚ ਪਰਿਵਾਰ ਦੀ ਅੱਲ੍ਹ ‘ਬਾਹਰਲੇ’ ਪੈ ਗਈ ਜਿਸ ਨੂੰ ਜੋਗਿੰਦਰ ਨੇ ਆਪਣਾ ਤਖ਼ੱਲਸ ਬਣਾ ਕੇ ਆਪਣੇ ਨਾਮ ਨਾਲ ਬਾਹਰਲਾ ਲਿਖਣਾ ਸ਼ੁਰੂ ਕਰ ਦਿੱਤਾ।
ਜਦੋਂ ਮੇਰੀ ਮੁਲਾਕਾਤ ਇਸ ਸ਼ਖ਼ਸ ਨਾਲ ਹੋਈ ਤਾਂ ਮੈਂ ਉਨ੍ਹਾਂ ਦਿਨ੍ਹਾਂ ਵਿੱਚ ਕਸਬਾ ਪਾਂਛਟਾ ਵਿੱਚ ਬਤੌਰ ਕਾਲਜ ਲੈਕਚਰਾਰ ਕੰਮ ਕਰਦਾ ਸੀ। ਇਹ ਇਲਾਕਾ ਕੁਦਰਤੀ ਤੌਰ ‘ਤੇ ਖੂਬਸੂਰਤ ਹੋਣ ਕਰਕੇ ਮੈਨੂੰ ਬੜਾ ਪ੍ਰਭਾਵਿਤ ਕਰਦਾ ਸੀ। ਮੈਂ ਆਪਣੇ ਕੁਲੀਗ ਦੋਸਤ ਸ਼ਿੰਗਾਰਾ ਸਿੰਘ ਢਿੱਲੋਂ ਨਾਲ ਅਕਸਰ ਹੀ ਇਨ੍ਹਾਂ ਪਿੰਡਾਂ ਵਿੱਚ ਘੁੰਮਣ ਚਲੇ ਜਾਂਦਾ ਸੀ। ਇੱਕ ਦਿਨ ਢਿੱਲੋਂ ਨੇ ਕਿਹਾ ਕਿ ਚੱਲ ਅੱਜ ਮਾਹਿਲਪੁਰ ਚੱਲਦੇ ਹਾਂ, ਉਥੇ ਤੈਨੂੰ ਕਿਸੇ ਵੱਡੀ ਸ਼ਖ਼ਸੀਅਤ ਨਾਲ ਮਿਲਾਉਦਾ ਹਾਂ। ਉਹ ਮੈਨੂੰ ਜੋਗਿੰਦਰ ਬਾਹਰਲੇ ਦੇ ਚੱਬੇਵਾਲ ਅੱਡੇ ਦੇ ਚੜ੍ਹਦੇ ਪਾਸੇ ਖੇਤਾਂ ਵਿੱਚ ਟਿਉਬਲ ਉਪਰ ਬਣੇ ਛੋਟੇ ਜਿਹੇ ਘਰ ਨੁਮਾ ਇਮਾਰਤ ਵਿੱਚ ਲੈ ਗਿਆ। ਕਮਰੇ ਦੇ ਅੰਦਰ ਇੱਕ ਸਿਰ ਉਪਰ ਚਿੱਟੇ ਵਾਲਾਂ ਦਾ ਛੱਤਾ ਖਿਲਾਰੀ ਫਰੈਂਚ ਕੱਟ ਦਾਹੜੀ ਵਾਲ ਵਿਅਕਤੀ ਮੰਜੇ ਉਪਰ ਬੈਠਾ ਤਾਸ਼ ਦੇ ਪੱਤਿਆਂ ਨੂੰ ਆਪਣੇ ਹੀ ਢੰਗ ਨਾਲ ਛਾਂਟ ਰਿਹਾ ਸੀ ਅਤੇ ਉਹ ਕੋਈ ਆਪਣੀ ਤਰ੍ਹਾਂ ਦੀ ਤਾਸ਼ ਖੇਡ ਰਿਹਾ ਸੀ। ਇਹ ਮੇਰੀ ਉਸ ਨਾਲ ਪਹਿਲੀ ਸਰਸਰੀ ਜਿਹੀ ਮੁਲਾਕਾਤ ਸੀ ਪਰ ਮੈਨੂੰ ਲਗਦਾ ਸੀ ਕਿ ਇਹ ਸਧਾਰਣ ਜਿਹਾ ਵਿਅਕਤੀ ਕੋਈ ਖਾਸ ਸ਼ਖ਼ਸੀਅਤ ਕਿਵੇਂ ਹੋ ਸਕਦਾ ਹੈ।
ਇਹ ਗੱਲ ੧੯੯੨-੯੩ ਦੀ ਬਰਸਾਤ ਦੇ ਦਿਨਾਂ ਦੀ ਹੈ ਉਸ ਸਮੇਂ ਬਾਹਰਲੇ ਦੇ ਇਹ ਖੇਤ ਜਿਨ੍ਹਾਂ ਵਿੱਚ ਪਾਪੂਲਰ ਦੇ ਦਰਖਤ ਲੱਗੇ ਹੋਏ ਸਨ ਅਤੇ ਵਿੱਚਕਾਰ ਛੋਟਾ ਜਿਹਾ ਘਰ ਕਿਸੇ ਸਵਰਗ ਤੋਂ ਘੱਟ ਦ੍ਰਿਸ਼ ਪੇਸ਼ ਨਹੀਂ ਸਨ ਕਰਦੇ। ਇਨ੍ਹਾਂ ਦੇ ਪੂਰਬ ਵੱਲ ਪਹਾੜ ਸਨ। ਪ੍ਰਕ੍ਰਿਤਿਕ ਖੂਬਸੂਰਤੀ ਨੂੰ ਵੇਖ ਕੇ ਮੈਂ ਉਸ ਵਾਤਾਰਵਣ ਦੀ ਸਿਫਤ ਕੀਤੀ ਤਾਂ ਉਹ ਬੋਲਿਆ-
-ਇਹਦੇ ਕਰਕੇ ਤਾਂ ਸ਼ਿਵਜੀ ਨੇ ਮੇਰੇ ਉਪਰ ਗੀਤ ਲਿਖਿਆ ਸੀ।
-ਕਿਹੜਾ ਸ਼ਿਵਜੀ…ਮੈਂ ਪੁੱਛਿਆ।
-ਜੋ ਲੋਕਾਂ ਦਾ ਬਟਾਵਲੀ ਹੈ।
ਇਹ ਸੁਣ ਕੇ ਮੇਰੀ ਉਤਸੁਕਤਾ ਵਧ ਗਈ। ਮੈਨੂੰ ਉਹ ਵਿਅਕਤੀ ਇੱਕਦਮ ਆਮ ਤੋਂ ਖਾਸ ਲੱਗਣ ਲੱਗ ਪਿਆ। ਉਸ ਨੇ ਮੇਰੇ ਪੁੱਛਣ ਉਪਰ ਸ਼ਿਵ ਬਟਾਲਵੀ ਦੁਆਰਾ ਲਿਖੇ ਗੀਤ, ਜਿੱਥੇ ਇਤਰਾਂ ਦੇ ਵਗਦੇ ਨੇ ਚੋਅ’ ਜਿਸ ਨੂੰ ਲੋਕ ਅਜੇ ਤੱਕ ਬਟਾਲਵੀ ਦੀ ਪ੍ਰੀਤ ਬ੍ਰਿਹਾ ਚੋਂ ਉਪਜਿਆ ਮੰਨੀ ਜਾ ਰਹੇ ਹਨ ਅਸਲ ਵਿੱਚ ਜੋਗਿੰਦਰ ਬਾਹਰਲੇ ਬਾਰੇ ਲਿਖਿਆ ਸੀ। ਜਿਸ ਦੀ ਕਦੇ ਲੋਕਾਂ ਵਿੱਚ ਚਰਚਾ ਨਹੀਂ ਹੋਈ। ਉਸ ਨੇ ਇਸ ਮੁਲਾਕਾਤ ਵਿੱਚ ਸ਼ਿਵ ਬਟਾਲਵੀ ਨਾਲ ਬੀਤੇ ਵਕ਼ਤ ਅਤੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਬੜਾ ਸੁਆਦਲਾ ਕਰਕੇ ਸੁਣਾਇਆ। ਜਿਨ੍ਹਾਂ ਕਰਕੇ ਮੇਰੀ ਉਸ ਨਾਲ ਨੇੜਤਾ ਹੋਰ ਵਧ ਗਈ ਅਤੇ ਜਦੋਂ ਵੀ ਮੈਂ ਕਦੇ ਕਿਸੇ ਕੰਮ ਕਾਰਣ ਜਾ ਉਂਝ ਹੀ ਜਾਂਦਾ ਤਾਂ ਬਾਹਰਲੇ ਨੂੰ ਮਿਲੇ ਬਗੈਰ ਨਾ ਆੳਦਾ।
ਇਨ੍ਹਾਂ ਦਿਨ੍ਹਾਂ ਵਿੱਚ ਬਾਹਰਲਾ ਆਪਣੀ ਜ਼ਿੰਦਗੀ ਦੇ ਨਿਰਾਸ਼ਾ ਭਰੇ ਦਿਨਾਂ ਵਿੱਚੋਂ ਗੁਜ਼ਰ ਰਿਹਾ ਸੀ। ਉਸ ਦੇ ਘਰਦੇ ਉਸ ਨੂੰ ਖੇਤਾਂ ਵਿੱਚ ਹੀ ਦੋ ਵੇਲੇ ਦੀ ਰੋਟੀ ਦੇ ਜਾਂਦੇ ਅਤੇ ਬਹੁਤ ਸਾਰੇ ਲੋਕ ਇਥੇ ਉਸ ਨੂੰ ਮਿਲਣ ਆਉਦੇ ਤਾਂ ਦਾਰੂ ਲੈ ਕੇ ਦੇ ਜਾਂਦੇ। ਜਿੰਨੇ ਦਿਨ ਇਹ ਦਾਰੂ ਚਲਦੀ ਉਹ ਚਲਾਉਦਾ ਫਿਰ ਕਿਸੇ ਹੋਰ ਸੱਜਣ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ।
ਮੇਰੀਆਂ ਮੁਲਾਕਾਤਾਂ ਦੌਰਾਨ ਉਸ ਨੇ ਆਪਣੀ ਜ਼ਿੰਦਗੀ ਕੇ ਬਹੁਤ ਸਾਰੇ ਕਿੱਸੇ ਸੁਣਾਏ। ਜਿਨ੍ਹਾਂ ਨੂੰ ਸੁਣ ਕੇ ਲਗਦਾ ਸੀ ਕਿ ਇਹ ਸਾਡੀ ਭਾਰਤੀਆਂ ਦੀ ਬਦਨਸੀਬੀ ਹੈ ਕਿ ਅਸੀਂ ਆਪਣੇ ਹੀਰਿਆਂ ਨੂੰ ਹੱਥੀ ਰੋਲਦੇ ਹਾਂ। ਉਸ ਦੇ ਸੁਣਾਏ ਬਹੁਤ ਸਾਰੇ ਕਿੱਸਿਆ ਵਿੱਚੋਂ ਇੱਕ ਕਿੱਸਾ ਮੈਂ ਆਪਣੇ ਪਾਠਕਾਂ ਨਾਲ ਸਾਂਝਾ ਕਰਦਾ ਹਾਂ, ਜਿਸ ਤੋਂ ਅੰਦਾਜ਼ਾ ਲੱਗ ਜਾਵੇਗਾ ਕਿ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਲੋਕ ਕਦੇ ਆਪਣੇ ਹਿੱਤਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਆਖਰੀ ਸਮੇਂ ਵਿੱਚ ਆਪਣੀ ਅਤੇ ਪਰਿਵਾਰਾਂ ਦੀ ਜ਼ਿੰਦਗੀ ਨਾਲ ਮਜ਼ਾਕ ਹੋਇਆ ਮਹਿਸੂਸ ਕਰਦੇ ਹਨ।
ਮੇਰੀ ਇੱਕ ਮਿਲਣੀ ਵਿੱਚ ਉਸ ਨੇ ਦੱਸਿਆ ਕਿ ਜਦੋਂ ਪੰਜਾਬ ਅੰਦਰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਬਣੀ ਤਾਂ ਉਸ ਵੇਲੇ ਖੱਬੇ ਅਤੇ ਸੱਜੇ ਪੱਖੀ ਤਾਕਤਾਂ ਮੌਜੂਦਾ ਸਿਸਟਮ ਨਾਲ ਲੜ੍ਹ ਰਹੀਆਂ ਸਨ। ਕੈਰੋਂ ਸਰਕਾਰ ਵਲੋਂ ਕਿਸਾਨਾਂ ਉਪਰ ਇੱਕ ਟੈਕਸ ਲਗਾਇਆ ਗਿਆ ਸੀ ਜਿਸ ਦਾ ਨਾਂ ‘ਖੁਸ਼ ਹੈਸੀਅਤੀ ਟੈਕਸ’ ਰੱਖਿਆ ਗਿਆ ਅਤੇ ਇਸ ਅਨੁਸਾਰ ਕਿਸਾਨਾਂ ਨੂੰ ਆਪਣੇ ਖੇਤਾਂ ਲਈ ਵਰਤੇ ਜਾਣ ਵਾਲੇ ਨਹਿਰੀ ਪਾਣੀ ਉਪਰ ਸਰਕਾਰ ਨੂੰ ਪੈਸੇ ਭਰਨੇ ਪਿਆ ਕਰਨਗੇ, ਇਹ ਟੈਕਸ ਨਾ ਜਮਾਂ ਕਰਵਾਉਣ ਵਾਲੇ ਲਈ ਸਜ਼ਾਂ ਨਿਸਚਿਤ ਕੀਤੀ ਗਈ। ਥਾਂ ਥਾਂ ਉਪਰ ਲੋਕਾਂ ਨੂੰ ਲਾਮਵੰਦ ਕਰਨ ਲਈ ਲੋਕ-ਹੇਤੂ ਪਾਰਟੀਆਂ ਵਲੋਂ ਜਲਸੇ ਕੀਤੇ ਜਾ ਰਹੇ ਸਨ। ਆਪਣੇ ਜਲਸਿਆਂ ਵਿੱਚ ਭਾਰੀ ਇਕੱਠ ਕਰਨ ਲਈ ਜੋਗਿੰਦਰ ਬਾਹਰਲੇ ਦੇ ਨਾਟਕ ਖੇਡੇ ਜਾਂਦੇ ਸਨ ਜਿਨ੍ਹਾਂ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਦੇ ਅਤੇ ਕਾਨਫਰੰਸ ਸਫਲ ਹੋ ਜਾਂਦੀ। ਉਸ ਨੇ ਦੱਸਿਆ ਕਿ ਆਪਣੇ ਨਾਟਕਾਂ ਦੇ ਸ਼ੁਰੂ ਵਿੱਚ ਉਸ ਵਲੋਂ ਇੱਕ ਗੀਤ ਗਾਇਆ ਜਾਂਦਾ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੁਆਰਾ ਚਲਾਈ ਗਈ ‘ਪੱਗੜੀ ਸੰਭਾਲ ਜੱਟਾ’ ਲਹਿਰ ਦੀ ਪੰਗਤੀ ਨੂੰ ਲੈ ਕਿ ਲਿਖਿਆ ਗਿਆ ਸੀ, ਜਿਸ ਦੇ ਬੋਲ ਸ਼ਾਇਦ ਕੁਝ ਇਸ ਤਰ੍ਹਾਂ ਸਨ-
-ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ਉਏ,
ਲੁੱਟੀ ਜਾਂਦੇ ਮਾਲ ਤੇਰਾ, ਪੱਗੜੀ ਸੰਭਾਲ ਉਏ।
ਇਹ ਗੀਤ ਬਹੁਤ ਮਕਬੂਲ ਹੋਇਆ ਕਿ ਲੋਕ ਘਰ-ਘਰ ਇਸ ਨੂੰ ਗਾਉਣ ਲੱਗੇ। ਗੀਤ ਤੋਂ ਕੈਰੋਂ ਸਰਕਾਰ ਏਨੀ ਭੈਅ-ਭੀਤ ਹੋ ਗਈ, ਇਸ ਗੀਤ ਦੇ ਗਾਉਣ ਉਪਰ ਸਰਕਾਰੀ ਨੇ ਮਕੰਬਲ ਪਾਵੰਦੀ ਲਗਾ ਦਿੱਤੀ ਅਤੇ ਬਾਹਰਲੇ ਨੂੰ ਫੜ ਕੇ ਅੰਦਰ ਕਰ ਦਿੱਤਾ। ਜਦੋਂ ਉਹ ਜ਼ਮਾਨਤ ਕਰਵਾ ਕੇ ਬਾਹਰ ਆਇਆ ਤਾਂ ਪ੍ਰਤਾਪ ਸਿੰਘ ਕੈਰੋਂ ਨੇ ਉਸ ਨੂੰ ਸ਼ਿਮਲੇ ਗੱਲਬਾਤ ਕਰਨ ਲਈ ਬੁਲਾਇਆ। ਉਸ ਸਮੇਂ ਵੱਡੇ ਪੰਜਾਬ ਦੀ ਰਾਜਧਾਨੀ ਅਜੋਕੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸ਼ਿਮਲੇ ਹੁੰਦੀ ਸੀ। ਕੈਰੋਂ ਨੇ ਉਸ ਨੂੰ ਸਰਕਾਰ ਵਿਰੋਧੀ ਗਤੀਵਿਧੀਆਂ ਬੰਦ ਕਰਨ ਲਈ ਕਿਹਾ ਕਿ ਜੇਕਰ ਉਹ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਹੱਕਾਂ ਪ੍ਰਤੀ ਲਾਮਵੰਦ ਕਰਨਾ ਬੰਦ ਕਰ ਦੇਵੇ ਤਾਂ ਉਹ ਬਾਹਰਲੇ ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦਾ ਡਾਇਰੈਕਟਰ ਲਗਾ ਦੇਵੇਗਾ। ਪਰ ਬਾਹਰਲੇ ਨੇ ਉਸ ਦਾ ਵਿਰੋਧ ਕਰਦਿਆਂ ਕੈਰੋਂ ਨੂੰ ਕਿਹਾ ਕਿ ਕਿਸੇ ਦੀ ਜ਼ਮੀਰ ਅਹੁੱਦਿਆਂ ਨਾਲ ਨਹੀਂ ਖਰੀਦ ਜਾ ਸਕਦੀ….ਤਾਂ ਮੁੱਖ ਮੰਤਰੀ ਕੈਰੋਂ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਉਹ ਜੱਟ ਦਾ ਪੁੱਤ ਹੈ ਪਤਾ ਕੀ ਕਰ ਸਕਦਾ ਹੈ?
ਬਾਹਰਲਾ ਕਹਿੰਦਾ ਮੈਂ ਵੀ ਉਸ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਜੱਟ ਦਾ ਪੁੱਤ ਹੈ ਤਾਂ ਉਹ ਵੀ ਜੱਟ ਦਾ ਹੀ ਪੁੱਤ ਹੈ ਕਿਸੇ ਕਰਾੜ ਦਾ ਨਹੀਂ…ਅਤੇ ਇਹ ਗੱਲਬਾਤ ਵਿਚਾਲੇ ਟੁੱਟ ਗਈ ਅਤੇ ਬਾਹਰਲਾ ਜਦੋਂ ਸ਼ਿਮਲੇ ਤੋਂ ਹੁਸ਼ਿਆਰਪੁਰ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਪੰਜਾਬ ਭਰ ਵਿੱਚ ਉਸ ਦੇ ਨਾਟਕਾਂ ਨੂੰ ਖੇਡਣ ਉਪਰ ਸਰਕਾਰ ਨੇ ਪਾਵੰਦੀ ਲਗਾ ਦਿੱਤੀ ਹੈ।
ਬਾਹਰਲੇ ਦੇ ਚਾਹੁਣ ਵਾਲਿਆਂ ਨੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਬਨੂੜ ਵਿੱਚ ਉਸ ਦੇ ਨਾਟਕ ਕਰਵਾਉਣ ਦਾ ਪ੍ਰੋਗਰਾਮ ਉਲੀਕ ਲਿਆ। ਰਾਤ ਵੇਲੇ ਖੇਡੇ ਜਾਣ ਵਾਲੇ ਨਾਟਕ ਦੀ ਸਟੇਜ ਉਪਰ ਜਦੋਂ ਬਾਹਰਲਾ ਅੱਖ ਬਚਾ ਕੇ ਹਨੇਰੀ ਦੀ ਆੜ੍ਹ ਵਿੱਚ ਚੜ੍ਹਨ ਲੱਗਾ ਤਾਂ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਖਰੜ ਦੇ ਥਾਣੇ ਲਿਆ ਬੰਦ ਕਰ ਦਿੱਤਾ। ਲੋਕਾਂ ਦਾ ਹਜ਼ੂਮ ਆਪਣੇ ਚਹੇਤੇ ਨਾਟਕਕਾਰ ਦੇ ਮਗਰ ਹਨੇਰੀ ਰਾਤ ਸਮੇਂ ਬਨੂੜ ਤੋਂ ਖਰੜ ਆ ਗਿਆ ਅਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬਾਹਰਲੇ ਨੂੰ ਰਿਹਾ ਨਹੀਂ ਕਰਦੀ ਤਾਂ ਉਹ ਇੱਕਠੇ ਹੋ ਕੇ ਥਾਣੇ ਉਪਰ ਧਾਵਾ ਬੋਲ ਦੇਣਗੇ ਅਤੇ ਉਸ ਨੂੰ ਛੁਡਾ ਲੈਣਗੇ ਤਾਂ ਥਾਣਾ ਇੰਚਾਰਜ ਨੂੰ ਥਾਣੇ ਵਿੱਚ ਪੁਲੀਸ ਦੀ ਨਫਰੀ ਘੱਟ ਹੋਣ ਕਰਕੇ ਅਤੇ ਹਾਲਾਤ ਨੂੰ ਸਮਝਦਿਆਂ ਬਾਹਰਲੇ ਨੂੰ ਰਿਹਾ ਕਰਨਾ ਪਿਆ ਸੀ। ਇਸ ਗੱਲ ਤੋਂ ਉਸ ਦੀ ਲੋਕਪ੍ਰੀਅਤਾ ਦਾ ਪਤਾ ਲਗਾਇਆ ਜਾ ਸਕਦਾ ਹੈ।
ਅਜਿਹੀਆਂ ਹੋਰ ਕਈ ਕਹਾਣੀਆਂ ਉਸ ਨੇ ਆਪਣੀ ਜ਼ਿੰਦਗੀ ਦੀਆਂ ਮੈਨੂੰ ਸੁਣਾਈਆਂ ਜਿਨ੍ਹਾਂ ਬਾਰੇ ਜੇਕਰ ਗੱਲ ਕਰਾਂਗੇ ਤਾਂ ਲੇਖ ਨੇ ਲੰਬੇ ਹੋ ਜਾਣਾ ਹੈ।
ਜਦੋਂ ਪੰਜਾਬ ਅਤੇ ਭਾਰਤ ਵਿੱਚ ਇਪਟਾ ਦੀ ਲਹਿਰ ਸੀ ਤਾਂ ਉਸ ਵੇਲੇ ਉਸ ਦੇ ਨਾਟਕਾਂ ਦੇ ਲੋਕ ਸ਼ੁਦਾਈ ਸਨ। ਉਸ ਦੇ ਖੁਦ ਦੇ ਲਿਖੇ ਨਾਟਕ ‘ਹਾੜ੍ਹੀਆਂ ਸੌਣੀਆਂ’ ਨੇ ਕਿਸੇ ਵੇਲੇ ਪੰਜਾਬੀ ਰੰਗਮੰਚ ਖੇਤਰ ਵਿੱਚ ਕਾਫੀ ਤੁਫਾਨ ਲਿਆਂਦਾ ਸੀ। ਇਸ ਨੂੰ ਖੇਡਣ ਉਪਰ ਵੀ ਸਰਕਾਰੀ ਤੌਰ ‘ਤੇ ਪਾਵੰਦੀ ਲਗਾਈ ਗਈ ਸੀ। ਉਸ ਦਾ ਨਾਟਕ ‘ਖੋਹੀਆਂ ਰੱਬੀਆਂ’ ਦੀ ਵੀ ਖੂਬ ਚਰਚਾ ਆਪਣੇ ਸਮੇਂ ਦੌਰਾਨ ਹੋਈ ਸੀ। ਉਸ ਨੂੰ ਪੰਜਾਬੀ ਉਪੇਰਾ ਨਾਟਕ ਦਾ ਮੋਢੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਪਰ ਉਹ ਲੋਕ ਹਿੱਤਾਂ ਦਾ ਮਦੱਈ ਹੋਣ ਕਰਕੇ ਆਪਣੇ ਲਈ ਜੁਗਾੜ੍ਹਾਂ ਦੀ ਰਾਜਨੀਤੀ ਵਿੱਚ ਨਾ ਪੈ ਸਕਿਆ ਜਿਸ ਕਰਕੇ ਅੱਜ ਪੰਜਾਬੀ ਰੰਗਮੰਚ ਤੋਂ ਗਾਇਬ ਹੋ ਗਿਆ ਹੈ। ਲੋਕਾਂ ਨੇ ਉਨ੍ਹਾਂ ਦੀ ਗੱਲ ਕਰਨ ਵਾਲੇ ਇਸ ਕਲਾਕਾਰ ਨੂੰ ਵਿਸਾਰ ਦਿੱਤਾ ਹੈ। ਫਰਵਰੀ ਮਹੀਨਾ ਉਸ ਦੀ ਬਰਸੀ ਦਾ ਮਹੀਨਾ ਹੈ ਅਤੇ ਕਿਸੇ ਵੀ ਸਾਹਿੱਤਕ ਸਭਾ ਸੋਸਾਇਟੀ ਨੇ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਵੀ ਕਦੀ ਉਸ ਦਾ ਜਨਮ ਦਿਨ ਜਾਂ ਬਰਸੀ ਨਹੀਂ ਮਨਾਈ। ਭਾਂਵੇਂ ਕਿ ਕਈ ਕਾਮਰੇਡ ਉਸ ਦੇ ਪੈਦਾ ਕੀਤੇ ਹੋਏ ਹਨ ਜੋ ਅੱਜ ਵੀ ਰਾਜਨੀਤੀ ਦਾ ਨਿੱਘ ਮਾਣ ਰਹੇ ਹਨ। ਬਾਹਰਲਾ ਜਦੋਂ ਇਸ ਦੁਨੀਆਂ ਤੋਂ ਗਿਆ ਤਾਂ ਉਸ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ। ਸਿਆਲੀ ਰਾਤ ਵਿੱਚ ਉਹ ਹਨੇਰੇ ਵਿੱਚ ਪਿਸ਼ਾਬ ਕਰਨ ਲਈ ਉਠਿਆ ਤਾਂ ਮੰਜੇ ਕੋਲ ਤਪ ਰਹੇ ਬਿੱਜਲੀ ਦੇ ਹੀਟਰ ਉਪਰ ਡਿੱਗ ਪਿਆ, ਜਿਸ ਨਾਲ ਉਸ ਦੀ ਛਾਤੀ ਝੁਲਸ ਗਈ। ਅੰਤਮ ਵੇਲੇ ਉਸ ਕੋਲ ਇਲਾਜ ਲਈ ਪੈਸੇ ਵੀ ਨਹੀਂ ਸਨ। ਜਦੋਂ ਹੁਸ਼ਿਆਰਪੁਰ ਦੇ ਡੀ ਸੀ ਨੂੰ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਐਬੂਲੈਂਸ ਭੇਜ ਕੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਅਤੇ ਉਸ ਦਾ ਥੋੜਾ ਬਹੁਤਾ ਇਲਾਜ ਸਰਕਾਰੀ ਖਰਚ ਉਪਰ ਕਰਵਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਉਹ ਆਖਰ ਇਸ ਦੁਨੀਆਂ ਦੇ ਰੰਗਮੰਚ ਨੂੰ ਆਖਰੀ ਅਲਵਿਦਾ ਕਹਿ ਗਿਆ।
ਕਈ ਕਮਿਉਨਿਸਟ ਪਾਰਟੀਆਂ ਵਲੋਂ ਉਸ ਦਾ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ ਜਿਸ ਵਿੱਚ ਨਵਾਂ ਜ਼ਮਾਨਾ ਅਖਬਾਰ ਦੇ ਸਵਰਗੀ ਸੰਪਾਦਕ ਜਗਜੀਤ ਸਿੰਘ ਅਨੰਦ ਵੀ ਸ਼ਾਮਲ ਹੋਏ। ਆਏ ਲੀਡਰਾਂ ਨੇ ਜੋਗਿੰਦਰ ਬਾਰਹਲੇ ਦੀਆਂ ਪ੍ਰਾਪਤੀਆਂ ਅਤੇ ਸ਼ਖ਼ਸੀਅਤ ਦੇ ਸੋਹਲੇ ਗਾਏ ਅਤੇ ਕੋਈ ਯਾਦਗਾਰ ਬਣਾਉਣ ਦੀਆਂ ਗੱਲਾਂ ਕੀਤੀਆਂ ਅਤੇ ਭੁਲਾ ਦਿੱਤੀਆਂ। ਅੱਜ ਤੱਕ ਕੋਈ ਯਾਦਗਾਰ ਨਹੀਂ ਬਣ ਸਕੀ, ਸਗੋਂ ਕਿਸੇ ਨੇ ਮੁੜ ਕੇ ਉਸ ਦੇ ਪਿੰਡ ਜਾਣ ਦੀ ਵੀ ਕੋਸ਼ਿਸ਼ ਨਹੀਂ ਕੀਤੀ।
-ਤਲਵਿੰਦਰ ਮੰਡ (ਪ੍ਰੋ.)