ਵਿਰਸੇ ਵਿਚੋਂ ਵਿਗਸਦੀ ਕਵਿਤਾ ਦਾ ਸਿਰਨਾਵਾਂ : ਅਗਨ ਕਥਾ-ਗੁਲਜ਼ਾਰ ਸਿੰਘ ਪੰਧੇਰ ( ਡਾ. )

ਅਗਨ ਕਥਾ ਸ਼ਾਇਰ ਗੁਰਭਜਨ ਗਿੱਲ ਦੀ ਅੱਠਵੀਂ ਪੁਸਤਕ ਅਤੇ ਚੌਥਾਂ ਕਾਵਿ ਸੰਗ੍ਰਹਿ ਹੈ। ਅਗਨ ਕਥਾ ਵਿਚਲੀਆਂ 57 ਕਵਿਤਾਵਾਂ ਵਿਚੋਂ ਘੱਟੋ ਘੱਟ ਤਿੰਨ ਕਵਿਤਾਵਾਂ ਉਹਨਾਂ ਤਿੰਨ ਸਮਾਜਿਕ ਪਾਤਰਾਂ ਬਾਰੇ ਹਨ ਜਿਨ੍ਹਾਂ ਤੋਂ ਸ਼ਾਇਰ ਉਹਨਾਂ ਦੀ ਵੱਖਰੀ ਸਮਾਜਿਕ ਭੂਮਿਕਾ ਤੋਂ ਮੁਤਾਸਿਰ ਹੋਇਆ ਹੈ । ਪਹਿਲੀ ਕਵਿਤਾ ਲੋਕ ਚੇਤਨਾ ਦਾ ਵਣਜਾਰਾ ਉੱਘੇ ਸਮਾਜ ਸੁਧਾਰਕ ਤੇ ਪੰਜਾਬ ਵਿਚ ਪਹਿਲੇ ਪੇਂਡੂ ਕਾਲਜ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸਧਾਰ (ਲੁਧਿਆਣਾ) ਦੇ ਬਾਨੀ ਤੇ ਸੰਸਥਾਪਕ ਪ੍ਰਿੰਸੀਪਲ ਇਕਬਾਲ ਸਿੰਘ ਬਾਰੇ ਹੈ । ਦੂਸਰੀ ਕਵਿਤਾ ਅੱਖਰ ਸ਼ਿਲਪੀ ਪੰਜਾਬੀ ਲਿੱਪੀ ਨੂੰ ਲੱਕੜ ਵਿਚ ਕੁਰੇਦ ਕੇ ਨਵਾਂ ਰੂਪ ਦੇਣ ਵਾਲੇ ਕਾਰੀਗਰ ਨੂਰਦੀਨ ਬਾਰੇ ਹੈ । ਤੀਸਰੀ ਕਵਿਤਾ ਪਰਛਾਵੇਂ ਨਹੀਂ ਫੜੀਦੇ ਸ਼ਾਇਰ ਦੀ ਆਪਣੀ ਜੀਵਣ ਸਾਥਣ ਬਾਰੇ ਕਹਿ ਸਕਦੇ ਹਾਂ । ਤਿੰਨੇ ਕਵਿਤਾਵਾਂ ਪੜ੍ਹਨ ਨਾਲ ਕਾਵਿ ਸੰਗ੍ਰਹਿ ਦੀ ਕਾਵਿ ਸਮਰੱਥਾ ਦਾ ਅਹਿਸਾਸ ਹੋਣ ਲਗਦਾ ਹੈ । ਇਹ ਕਵਿਤਾਵਾਂ ਵਿਅਕਤੀ ਤੋਂ ਸਮਾਜਿਕ ਸਰੋਕਾਰਾਂ ਵੱਲ ਵਧਦੀਆਂ ਪੰਜਾਬੀ ਲੋਕ-ਧਾਰਾ ਦੀ ਨਬਜ਼ ਨੂੰ ਅਤੇ ਰਿਸ਼ਤਾ ਨਾਤਾ ਪ੍ਰਬੰਧ ਦੇ ਸੋਹਜ ਨੂੰ ਪਛਾਣਦੀਆਂ ਕੁਝ ਨਵਾਂ ਸਿਰਜਣ ਦੇ ਆਹਰ ਵਿਚ ਹਨ । ਕਵਿਤਾ ਲੋਕ ਚੇਤਨਾ ਦਾ ਵਣਜਾਰਾ ਵਿਚ ਸ਼ਾਇਰ ਆਪਣੇ ਵਿਰਸੇ ਦੇ ਸਦੀਵੀ ਅਤੇ ਗੌਰਵਸ਼ੀਲ ਅੰਸ਼ ਲੈ ਕੇ ਪਰੰਪਰਾ ਦੀ ਨਿਰੰਤਰ ਚਲ ਰਹੀ ਲੜੀ ਨੂੰ ਅੱਗੇ ਤੋਰਦਾ ਹੈ । ਸ਼ਾਇਰ ਦੀ ਦ੍ਰਿਸ਼ਟੀ ਇਕਬਾਲ ਸਿੰਘ ਵਿਚ ਬਾਬੇ ਨਾਨਕ ਦਾ, ਗੁਰੂ ਹਰਗੋਬਿੰਦ ਦਾ ਤੇ ਨਿਹੰਗ ਸ਼ਮਸ਼ੇਰ ਸਿੰਘ ਦਾ ਕੋਈ ਅੰਸ਼ ਲੱਭਦੀ ਹੋਈ ਉਸ ਨੂੰ ਸਾਡੇ ਸਮਿਆਂ ਦੇ ਜਮਾਤੀ ਯੁੱਗ ਵਿਚ ਨਾ-ਧਿਰਿਆਂ ਦੀ ਧਿਰ ਨਾਲ ਜੋੜਦੀ ਹੈ । ਕਵਿਤਾ ਦੀਆਂ ਨਿਮਨ ਸਤਰਾਂ ਦਾ ਹਵਾਲਾ ਦੇ ਸਕਦੇ ਹਾਂ:

ਬਾਲ ਨਿਆਣੇ ਜਦੋਂ ਪੜ੍ਹਾਵੇ
ਤੀਸਰਾ ਨੇਤਰ ਖੋਲ੍ਹੇ
ਨਾ-ਧਿਰਿਆਂ ਦੀ ਧਿਰ ਬਣ ਬੈਠਾ
ਜਾਦੂ ਮੂੰਹੋਂ ਬੋਲੇ ।
(ਪੰਨਾ 77)

ਸਾਡੇ ਵਰਤਮਾਨ ਨਿਜ਼ਾਮ ਵਿਚ ਉਸ ਨੂੰ ਨਾ-ਧਿਰਿਆਂ ਨਾਲ ਜੁੜਨ ਦੀ ਕੁਰਬਾਨੀ ਵਰਗੀ ਸਜ਼ਾ ਵੀ ਭੁਗਤਣੀ ਪੈਂਦੀ ਹੈ । ਸਰਮਾਏ ਦੇ ਪ੍ਰਬੰਧ ਦੀ ਇਸ ਜ਼ਿਆਦਤੀ ਦਾ ਅਹਿਸਾਸ ਕਵਿਤਾ ਦੀਆਂ ਇਹਨਾਂ ਸਤਰਾਂ ਵਿਚ ਹੋਇਆ ਮਿਲਦਾ ਹੈ :

ਜੜ ਤੋਂ ਵੱਖਰਾ ਹੋਣ ਦਾ ਦੁਖੜਾ
ਪਿਛਲੀ ਉਮਰੇ ਝੱਲਿਆ
ਵਸਦਾ ਰਸਦਾ ਘਰ ਤੇ ਵਿਹੜਾ
ਸਰਮਾਏ ਨੇ ਮੱਲਿਆ ।
(ਪੰਨਾ 78)

ਕਵਿਤਾ ਅੱਖਰ ਸ਼ਿਲਪੀ ਦਾ ਨਾਇਕ ਨੂਰਦੀਨ ਮਾਂ-ਬੋਲੀ ਪੰਜਾਬੀ ਦੇ ਲੱਕੜੀ ਦੇ ਅੱਖਰਾਂ ਵਾਲਾ ਛਾਪਾ ਕੁਰੇਦ ਕੇ ਲੋਕਧਾਰਾ ਦੇ ਗੁੰਮਨਾਮ ਸਿਰਜਕਾਂ ਦੀ ਤਰ੍ਹਾਂ ਅਚੇਤ ਹੀ ਆਪਣੇ ਇਤਿਹਾਸਕ ਫਰਜ਼ ਨਿਭਾਅ ਜਾਂਦਾ ਹੈ । ਪੰਜਾਬੀ ਜ਼ੁਬਾਨ ਦੇ ਅੱਖਰਾਂ ਤੇ ਆਪਣੀ ਸੂਖਮ ਸੂਝ ਅਤੇ ਮਿਹਨਤ ਦੇ ਦੀਵੇ ਬਾਲ ਜਾਂਦਾ ਹੈ । ਨਿਮਨ ਸਤਰਾਂ ਵਿਚ ਸ਼ਾਇਰ ਦਾ ਨੂਰਦੀਨ ਦੇ ਕੰਮ ਨੂੰ ਸਜਦਾ ਕਰਨ ਦਾ ਅੰਦਾਜ਼ ਵੇਖ ਸਕਦੇ ਹਾਂ :

ਨੂਰਦੀਨ ਨੂੰ ਅੱਜ ਤੋਂ ਪਹਿਲਾਂ
ਨਾ ਮੈਂ ਜਾਣਾ ਨਾ ਪਹਿਚਾਣਾ
ਪਰ ਅਜ ਮੇਰੀ ਹਾਲਤ ਵੇਖੋ
ਜਿਹੜਾ ਅੱਖਰ ਵੀ ਪੜ੍ਹਦਾ ਹਾਂ
ਨੂਰੀ ਮੱਥੇ ਵਾਲਾ ਸੂਰਜ
ਨੂਰਦੀਨ ਹੀ ਨੂਰਦੀਨ ਬੱਸ ਚਮਕ ਰਿਹਾ ਹੈ ।
(ਪੰਨਾ 91)

ਕਵਿਤਾ ਪਰਛਾਵੇਂ ਨਹੀਂ ਫੜੀਦੇ ਵਿਚ ਸ਼ਾਇਰ ਆਪ ਉਤਮ ਪੁਰਖ ਦੇ ਰੂਪ ਵਿਚ, ਜੀਵਨ ਸਾਥਣ ਮੱਧਮ ਪੁਰਖ ਦੇ ਰੂਪ ਵਿਚ ਅਤੇ ਕਦੇ ਮਾਂ ਮੱਧਮ ਪੁਰਖ ਦੇ ਰੂਪ ਵਿਚ ਪੇਸ਼ ਹੁੰਦੇ ਹਨ । ਔਰਤ ਮਰਦ ਦਾ ਰਿਸ਼ਤਾ ਇਸ ਦੁਨੀਆਂ ਦਾ ਅੰਤਮ ਸੱਚ ਹੈ । ਔਰਤ ਦੇ ਸਾਥ ਅਤੇ ਅਭਾਵ ਦਾ ਅਹਿਸਾਸ ਇਸ ਕਵਿਤਾ ਵਿਚ ਆਪਣੀ ਚਰਮ ਸੀਮਾ ਤੇ ਪਹੁੰਚਦਾ ਨਜ਼ਰ ਆਉਂਦਾ ਹੈ । ਕਈ ਸਮਕਾਲੀ ਸ਼ਾਇਰਾਂ ਦੀ ਤਰ੍ਹਾਂ ਔਰਤ ਨਾਲ ਇਸ ਰਿਸ਼ਤੇ ਨੂੰ ਪੂਰੀ ਸ਼ਿੱਦਤ ਨਾਲ ਮਾਨਣ ਲਈ ਗੁਰਭਜਨ ਗਿੱਲ ਨੂੰ ਪਰੰਪਰਾ ਦੀਆਂ ਸਥਾਪਤ ਕਦਰਾਂ ਕੀਮਤਾਂ ਨੂੰ ਤੋੜਨ ਜਾਂ ਉਲੰਘਣ ਦੀ ਲੋੜ ਨਹੀਂ ਪੈਂਦੀ ਸਗੋਂ ਪ੍ਰਾਪਤ ਵਿਰਸੇ ਦੇ ਗੌਰਵਸ਼ੀਲ ਅੰਸ਼ਾਂ ਵਿਚੋਂ ਜੀਵਨ ਦ੍ਰਿਸ਼ਟੀ ਲੱਭ ਕੇ ਜ਼ਿੰਦਗੀ ਨੂੰ ਜਿਉਣ ਜੋਗੀ ਕਰਨ ਵਾਲੀ ਜ਼ਿੰਦਗੀ ਪ੍ਰਤੀ ਮੋਹ ਪੈਦਾ ਕਰਨ ਵਾਲੀ ਕਵਿਤਾ ਸਿਰਜ ਲੈਂਦਾ ਹੈ । ਅਹਿਸਾਸਾਂ ਦਾ ਸੰਘਣਾਪਣ ਏਨਾ ਹੈ ਕਿ ਕਵਿਤਾ ਫੁਟ ਤੁਰਦੀ ਨਜ਼ਰ ਆਉਂਦੀ ਹੈ :

ਤੂੰ ਮਿਲੇਂ ਤਾਂ ਸੂਰਜ ਦਾ ਤਪ ਤੇਜ਼
ਸ਼ਾਮਾਂ ਵੇਲੇ ਵੀ ਝੱਲਿਆ ਨਹੀਂ ਜਾਂਦਾ
ਆਵਾਜ਼ ਵਿਚ ਜਾਨ ਪੈ ਜਾਂਦੀ ਹੈ
ਸੁਕ ਰਹੀ ਵੇਲ ਨੂੰ ਪਾਣੀ ਮਿਲਣ ਵਾਂਗ
ਬਾਤ ਨੂੰ ਹੁੰਗਾਰਾ ਮਿਲਣ ਵਾਂਗ
ਬੁਝ ਰਹੇ ਦੀਵੇ ਵਿਚ ਤੇਲ ਪੈਣ ਵਾਂਗ ।
(ਪੰਨਾ 53)

ਅਤੇ

ਇਕ ਵਾਰ ਮੈਨੂੰ ਯਾਦ ਹੈ
ਆਪਾਂ ਸਿਆਲ ਜਹੇ ਵਿਚ ਪਿੰਡ ਗਏ
ਤਾਂ ਵਗਦੀ ਹਵਾ ਨਾਲ
ਸਰੀਂਹ ਦੀਆਂ ਫ਼ਲੀਆਂ ਛਣਕ ਰਹੀਆਂ ਸਨ
ਬਿਲਕੁਲ ਸਵਾਗਤੀ ਗੀਤ ਵਾਂਗ
ਸ਼ਾਮਾਂ ਤੀਕ ਅਨਹਦ ਇਹ ਸੰਗੀਤ ਵਜਦਾ ਰਿਹਾ
ਤੂੰ ਗਈ ਤਾਂ ਪਤਾ ਲੱਗਾ
ਰੁੱਖਾਂ ਦੇ ਪੱਤਰ ਵੀ ਝੜਦੇ ਨੇ
ਅਤੇ ਇਸ ਨੂੰ ਪਤਝੜ ਆਖਦੇ ਨੇ ।
(ਪੰਨਾ 55)

ਕਵਿਤਾ ਦੇ ਅੰਤ ਵਿਚ ਪਰਛਾਵੇਂ ਨਹੀਂ ਫੜੀਦੇ ਕਹਿੰਦਿਆਂ ਔਰਤ ਮਾਂ ਦੇ ਰੂਪ ਵਿਚ ਪੇਸ਼ ਹੁੰਦਿਆਂ ਜਿਥੇ ਪੁੱਤਰ ਦੇ ਦਰਦ ਦਾ ਅਹਿਸਾਸ ਕਰਦੀ ਹੈ ਉਥੇ ਉਹਦੀ ਜ਼ਿੰਦਗੀ ਵਿਚ ਮੋਹ ਪੈਦਾ ਕਰਨ ਲਈ ਪੰਜਾਬੀ ਸੰਸਕ੍ਰਿਤਕ ਰੀਤ ਦਾ ਸਹਾਰਾ ਲੈਂਦਿਆਂ ਆਖਦੀ ਹੈ :
ਅੰਨ੍ਹਾ ਹੋ ਜਾਵੇਂਗਾ ਸਫ਼ਰ ਲੰਮਾ ਹੈ
ਕਿੱਦਾਂ ਮੁਕਾਵੇਂਗਾ
ਤੇ ਆਖਦੀ
ਪਰਛਾਵੇਂ ਨਹੀਂ ਫੜੀਦੇ ।
(ਪੰਨਾ 56)

ਇਸੇ ਤਰ੍ਹਾਂ ਮਾਂ ਦਾ ਸਫ਼ਰ ਕਵਿਤਾ ਵਿਚ ਮੋਹ ਭਰੇ ਰਿਸ਼ਤੇ ਮਾਂ ਅਤੇ ਉਸਦੇ ਚਿਹਨ ਰਾਹੀਂ ਮਮਤਾ ਦੀਆਂ ਕਈ ਕਾਵਿਕ ਪਰਤਾਂ ਫਰੋਲਦਾ ਹੈ । ਸਮੁੱਚੇ ਕਾਵਿ-ਸੰਗ੍ਰਹਿ ਵਿਚ ਰਿਸ਼ਤਾ ਨਾਤਾ ਪ੍ਰਬੰਧ ਦੇ ਚਿਹਨ ਮਾਂ ਪਿਉ, ਭੈਣ ਭਰਾ, ਮਿੱਤਰ ਬੇਲੀ ਦੇ ਨਾਲ ਨਾਲ ਆਪਣੀ ਜੰਮਣ ਭੋਂ ਬਸੰਤ ਕੋਟ, ਫ਼ਸਲਾਂ, ਪੰਛੀ, ਪਹਾੜ ਆਦਿ ਵਰਤਮਾਨ ਕੋਝੇ ਨਿਜ਼ਾਮ ਵਿਚ ਵੀ ਆਪਣੀ ਕਾਵਿਕ ਸੁਚਮ ਤੇ ਸੋਹਜ ਨਾਲ ਪੇਸ਼ ਹੁੰਦੇ ਹਨ । ਜ਼ਿੰਦਗੀ ਲਈ ਮੋਹ ਪੈਦਾ ਕਰਦੇ ਹਨ । ਜ਼ਿੰਦਗੀ ਦੇ ਸੌਂਦਰਯ ਦੇ ਦੋਖੀਆਂ ਖਿਲਾਫ਼ ਰੋਹ ਪੈਦਾ ਕਰਦੇ ਹਨ । ਇਹੀ ਸਮਾਜਿਕ ਸਰੋਕਾਰਾਂ ਵਾਲੀ ਕਵਿਤਾ ਦਾ ਵੱਡਾ ਉਦੇਸ਼ ਹੋ ਸਕਦਾ ਹੈ । ਸ਼ਾਇਰ ਕਿਸੇ ਗੰਭੀਰ ਸਿਧਾਂਤ ਜਾਂ ਵਾਦ ਦਾ ਅਨੁਯਾਈ ਹੋਣ ਦਾ ਭਾਵੇਂ ਕਿਧਰੇ ਐਲਾਨ ਨਹੀਂ ਕਰਦਾ ਪਰ ਸਮੁੱਚੀ ਕਵਿਤਾ ਮਨੁੱਖ ਹਿਤੈਸ਼ੀ ਸਿਧਾਂਤਾਂ ਦੇ ਹੱਕ ਵਿਚ ਭੁਗਤਦੀ ਹੈ । ਸ਼ਾਇਰ ਉਹਨਾਂ ਲੋਕਾਂ ਦੀ ਕਤਾਰ ਵਿਚੋਂ ਹੈ ਜੋ ਨਿਜ਼ਾਮ ਦੇ ਰਹਿਮੋ-ਕਰਮ ਤੇ ਨਹੀਂ ਜਿਉਂਦਾ ਸਗੋਂ ਧਰਤੀ ਤੇ ਨਦੀਨਾਂ ਦੀ ਤਰ੍ਹਾਂ ਵਾਤਾਵਰਣ ਪੱਖ ਵਿਚ ਨਾ ਹੋਣ ਦੇ ਬਾਵਜੂਦ ਵੀ ਮੌਲਦੇ ਰਹਿੰਦੇ ਹਨ । ਸਮੁੱਚੀ ਕਵਿਤਾ ਦੀ ਪੜ੍ਹਤ ਤੋਂ ਅਹਿਸਾਸ ਹੁੰਦਾ ਹੈ ਕਿ ਸ਼ਾਇਰ ਲੋਕਧਾਰਾਈ ਸਮੱਗਰੀ ਦਾ ਸਿਰਫ਼-ਸੰਗ੍ਰਹਿ ਹੀ ਨਹੀਂ ਕਰਦਾ ਸਗੋਂ ਯੁਗ ਪਲਟਾਊ ਕਵਿਤਾ ਵਾਂਗ ਸਮੁੱਚੀ ਸਮੱਗਰੀ ਨੂੰ ਆਪਣੇ ਮਸਤਕ 'ਚੋਂ ਕਸ਼ੀਦ ਕੇ, ਉਹਦਾ ਰੂਪਾਂਤਰਣ ਕਰਕੇ ਨਵੇਂ ਅਰਥਾਂ ਨੂੰ ਜਨਮ ਦਿੰਦਾ ਹੈ । ਅਜਿਹੀਆਂ ਕੁਝ ਉਦਾਹਰਣਾਂ ਵੇਖ ਸਕਦੇ ਹਾਂ :

- ਵੰਝਲੀ ਨੂੰ ਪੁੱਛ ਖਾਂ ਭਰਾਵਾ ਮੀਆਂ ਰਾਂਝਿਆ
ਕੀਹਦੇ ਪਿੱਛੇ ਜੇਹਲਮ ਚਨਾਬ ਰੁੱਸ ਗਏ ਨੇ ।
(ਪੰਨਾ 99)

- ਵਿਸ਼ੀਅਰ ਨਾਗਾਂ ਲਾਈਆਂ ਵੇਖੋ ਚਾਰ ਚੁਫੇਰੇ ਅੱਗਾਂ,
ਲੁਟੀਆਂ ਚੌਕ ਚੌਰਾਹੇ ਰੁਲੀਆਂ ਧੀਆਂ, ਭੈਣਾਂ, ਪੱਗਾਂ ।
(ਪੰਨਾ 46)

- ਤੜਕਸਰ ਮਾਂ ਪਾਏ ਰਿੜਕਣਾ ਮੱਖਣ ਹੱਥ ਭਰੇ
ਦੁੱਧ ਪੁੱਤ ਰਹਿਣ ਸਲਾਮਤ ਨੂਹਾਂ ਧੀਆਂ ਨਾ ਹੋਣ ਪਰੇ ।
(ਪੰਨਾ 42)

ਇਉਂ ਇਹ ਕਵਿਤਾ ਜਿਥੇ ਆਪਣੇ ਵਿਰਸੇ ਵਿਚੋਂ ਉਗਮਦੀ ਹੈ ਉਥੇ ਪਰੰਪਰਾ ਦੀ ਨਿਰੰਤਰ ਲੜੀ ਨੂੰ ਅੱਗੇ ਤੋਰਦੀ ਹੋਈ ਪ੍ਰਗਤੀਵਾਦੀ ਦੌਰ ਦੀ ਕਵਿਤਾ ਤੋਂ ਅਗਲੇ ਦੌਰ ਦੀ ਕਵਿਤਾ ਕਹੀ ਜਾ ਸਕਦੀ ਹੈ । ਇਸ ਕਵਿਤਾ ਦੀ ਪ੍ਰੇਰਕ ਜਿਥੇ ਮੱਧਕਾਲ ਦੀ ਗੁਰਬਾਣੀ ਦੀ ਕਵਿਤਾ ਹੈ ਉਥੇ ਪ੍ਰੋ. ਮੋਹਣ ਸਿੰਘ, ਬਾਵਾ ਬਲਵੰਤ ਅਤੇ ਸੁਰਜੀਤ ਪਾਤਰ ਵਰਗੇ ਸ਼ਾਇਰ ਉਸਦੀ ਪਿਠ ਭੂਮੀ ਵਿਚੋਂ ਝਾਕਦੇ ਨਜ਼ਰ ਆਉਂਦੇ ਹਨ । ਇਉਂ ਇਹ ਕਵਿਤਾ ਜ਼ਿੰਦਗੀ ਨੂੰ ਰੋਹ, ਮੋਹ ਅਤੇ ਹੌਸਲਾ ਦੇਣ ਵਾਲੀ ਕਵਿਤਾ ਹੈ ਜਿਹੜੀ ਸ਼ਾਇਰ ਨੂੰ ਸਾਫ਼ ਸਪਸ਼ਟ ਤੌਰ ਤੇ ਆਪਣੀ ਧਿਰ ਨਾਲ ਖੜ੍ਹਾ ਕਰਦੀ ਹੈ । ਥਾਂ ਥਾਂ ਤੇ ਵਰਤਮਾਨ ਨਿਜ਼ਾਮ ਦੀਆਂ ਜਾਬਰ ਕਦਰਾਂ ਕੀਮਤਾਂ ਦੇ ਖਿਲਾਫ਼ ਰੋਹ ਉਪਜਦਾ ਹੈ । ਕਾਵਿ-ਸੰਗ੍ਰਹਿ ਦੀ ਪਹਿਲੀ ਕਵਿਤਾ ਅਗਨ ਕਥਾ ਜੋ 14 ਸਫ਼ਿਆਂ ਤੇ ਫੈਲੀ ਹੋਈ ਹੈ ਜਿੰਦਗੀ ਨੂੰ ਬੇਹਤਰ ਢੰਗ ਨਾਲ ਜਿਉਣ ਲਈ ਦੁਸ਼ਮਣ ਨੂੰ ਨਵੀਆਂ ਚੁਣੌਤੀਆਂ ਤੇ ਭੰਬਲਭੂਸਿਆਂ ਵਿਚ ਹੋਰ ਵੀ ਨਿਖਰਵੇਂ ਢੰਗ ਨਾਲ ਪਛਾਣਦੀ ਹੈ ਉਹਨਾਂ ਖਿਲਾਫ਼ ਲੜਨ ਦਾ ਐਲਾਨ ਵੀ ਕਰਦੀ ਹੈ । ਇਹ ਲੰਮੀ ਕਵਿਤਾ ਪਿਛੇ ਜਿਹੇ ਲੜੀ ਗਈ ਕਾਰਗਿਲ ਜੰਗ ਤੇ ਇਕ ਤਿੱਖਾ ਵਿਅੰਗ ਵੀ ਹੈ । ਇਹ ਠੀਕ ਹੈ ਕਿ ਜ਼ਿੰਦਗੀ ਨਾਲ ਮੋਹ ਪਾਲਦੀ ਕਵਿਤਾ ਸੁੱਚੀ ਕਵਿਤਾ ਹੁੰਦੀ ਹੈ ਪਰ ਜ਼ਿੰਦਗੀ ਨੂੰ ਜਿਉਣ ਜੋਗਾ ਕਰਨ ਵਾਲੀ ਰੋਹ ਭਰੀ ਅਗਨ ਕਥਾ ਜਿਸ ਨੂੰ ਮੁੱਖ ਬੰਦ ਵਿਚ ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਗੁਸੈਲੀ ਕਵਿਤਾ ਕਹਿ ਕੇ ਨਿੰਦਿਆ ਹੈ ਉਸ ਤੋਂ ਵੀ ਸੁੱਚੇ ਫ਼ਰਜ਼ਾਂ ਵਾਲੀ ਕਵਿਤਾ ਹੁੰਦੀ ਹੈ । ਜਦੋਂ ਸ਼ਾਇਰ ਦਾ ਤਰਕ ਬਿਲਕੁਲ ਸਾਫ਼ ਹੁੰਦਾ ਹੈ ਤਾਂ ਸ਼ਾਇਰ ਵਿਚ ਵਿਚਾਲੇ ਦਾ ਰਾਹ ਅਖ਼ਤਿਆਰ ਨਾ ਕਰਕੇ ਅਜਿਹੀ ਕਵਿਤਾ ਨੂੰ ਜਨਮ ਦਿੰਦਾ ਹੈ । ਸਾਡਾ ਸ਼ਾਇਰ ਸੂਚਨਾ ਤਕਨਾਲੋਜੀ ਅਤੇ ਪੂੰਜੀ ਦੇ ਵਿਸ਼ਵੀਕਰਨ ਦੇ ਦਖਲ ਰਾਹੀਂ ਪਰੋਸੇ ਜਾ ਰਹੇ ਖਪਤ ਸਭਿਆਚਾਰ ਦੀ ਚਕਾਚੂੰਦ ਤੋਂ ਪ੍ਰਭਾਵਤ ਹੋ ਕੇ ਔਰਤ ਨੂੰ ਨਿਰਵਸਤਰ ਸਭਿਆਚਾਰ ਰਾਹੀਂ ਭੋਗਣ ਜਾਂ ਮਨ-ਅੰਤਰ ਦੀਆਂ ਘੁੰਮਣ ਘੇਰੀਆਂ ਵਿਚ ਫਸ ਕੇ ਭਾਵਨਾਵਾਂ ਭੜਕਾਉਣ ਵਾਲੇ ਪ੍ਰਵਚਨ ਰਚਣ ਦੇ ਰਾਹ ਨਹੀਂ ਪੈਂਦਾ । ਭਲਾ ਜੇ ਗੁਸੈਲੀ ਕਵਿਤਾ ਅਕਵਿਤਾ ਹੁੰਦੀ ਹੈ ਤਾਂ ਫਿਰ ਚੰਡੀ ਦੀ ਵਾਰ ਵਰਗੀਆਂ ਕਵਿਤਾਵਾਂ ਨੂੰ ਅਸੀਂ ਕਿਸ ਖਾਤੇ ਵਿਚ ਪਾਵਾਂਗੇ । ਗੁਰਭਜਨ ਗਿੱਲ ਦੀ ਕਵਿਤਾ ਪੁਰਾਣੀ ਵਿਚਾਰਧਾਰਾ ਨੂੰ, ਤਰਕ ਨੂੰ, ਇਤਿਹਾਸ ਨੂੰ ਜਾਂ ਸਮੁੱਚੀ ਕਵਿਤਾ ਨੂੰ ਹੀ ਰੱਦ ਕਰਕੇ ਨਵੇਂ ਸਿਰਿਉਂ ਲਿਖੀ ਜਾਣ ਵਾਲੀ ਕਵਿਤਾ ਨਹੀਂ ਹੈ । ਅਤੇ ਨਾ ਹੀ ਇਹ ਸਭ ਕੁਝ ਇਕੋ ਜਿੰਨਾ ਮਹੱਤਵਪੂਰਨ ਸਮਝਕੇ ਲਿਖੀ ਜਾਣ ਵਾਲੀ ਕਵਿਤਾ ਹੈ । ਇਹ ਕਵਿਤਾ ਸਭ ਕੁਝ ਨੂੰ ਮਹੱਤਵਪੂਰਨ ਤਾਂ ਸਮਝਦੀ ਹੈ ਇਸੇ ਕਰਕੇ ਇਸ ਸੰਗ੍ਰਹਿ ਵਿਚ ਗੁਬਾਰੇ ਵੇਚਦਾ ਬੱਚਾ ਅਤੇ ਪਹਾੜਾਂ ਵਾਲਿਓ ਵਰਗੀਆਂ ਨਿੱਕੇ ਨਿੱਕੇ ਅਹਿਸਾਸਾਂ ਦੀਆਂ ਕਵਿਤਾਵਾਂ ਵੀ ਸ਼ਾਮਿਲ ਹਨ । ਪਰ ਕਾਵਿ- ਸੰਗ੍ਰਹਿ ਦੀ ਮੁਖ ਸੁਰ ਰਚੇ ਜਾ ਰਹੇ ਮਹਾਂ-ਬਿਰਤਾਂਤ ਵਿਚ ਆਪਣਾ ਸੀਰ ਪਾਉਣ ਦਾ ਯਤਨ ਹੈ । ਪਹਿਲੀ ਹੀ ਕਵਿਤਾ ਵਿਚ ਇਕ ਥਾਂ ਸ਼ਾਇਰੀ ਦੇ ਉਦੇਸ਼ ਬਾਰੇ ਆਪ ਹੀ ਕੁਝ ਸਤਰਾਂ ਰਚਦਾ ਹੈ :

ਅਜੇ ਤਾਂ ਬਾਕੀ ਹੈ ਲੜਨਾ ਉਸ ਗਿਰੋਹ ਦੇ ਖਿਲਾਫ਼
ਜੋ ਵੰਡਦਾ ਫਿਰ ਰਿਹਾ ਹੈ ਸਾਹਿਤ ਵਿਚ ਨਵੇਂ ਵਾਦ
ਨਵ-ਕਵਿਤਾ ਨਹੀਂ ਅਜੇ ਤਾਂ ਅਸੀਂ ਕਵਿਤਾ ਲਿਖਣੀ ਹੈ
ਲੜਨਾ ਹੈ ਉਸ ਦੇ ਖਿਲਾਫ਼
ਜਿਸ ਤੇ ਰਾਜਧਾਨੀ ਵਿਚ ਰੱਖ ਕੇ ਜ਼ਹਿਰ ਵਿਕਦਾ ਹੈ
ਰੈਗਜ਼ ਦੇ ਕਪੜਿਆਂ ਵਾਂਗ
ਤੇ ਉਹੀ ਜ਼ਹਿਰ ਪੁਸਤਕਾਂ ਡਿਸਕਾਂ ਤੇ ਇੰਟਰਨੈੱਟ ਰਾਹੀਂ
ਪਹੁੰਚ ਰਿਹਾ ਹੈ ਸਕੂਲਾਂ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ
ਦੇ ਵਿਦਿਆਰਥੀਆਂ ਵਿਚ ਨਵੀਂ ਰੌਸ਼ਨੀ ਦੇ ਨਾਮ ਹੇਠ
ਅਸੀਂ ਇਸ ਵਾਇਰਸ ਨੂੰ ਪਛਾਨਣਾ ਹੈ ।

ਸ਼ਾਇਰ ਨੂੰ ਚਿੰਤਾ ਹੈ ਕਿ ਤਰੱਕੀ ਦੇ ਨਾਂ ਤੇ ਹੋ ਰਹੀ ਬੇਕਿਰਕ ਭੰਨ ਤੋੜ ਕਿਤੇ ਸਾਰੇ ਬ੍ਰਹਿਮੰਡ ਵਿਚ ਫੈਲ ਜਾਣ ਵਾਲਾ ਵਿਸਫੋਟ ਨਾ ਕਰ ਬੈਠੇ । ਗੁਰਭਜਨ ਗਿੱਲ ਦੀ ਸ਼ਾਇਰੀ ਮਹਾਂ-ਬਿਰਤਾਂਤ ਵਿਚ ਪੈਦਾ ਹੋ ਰਹੇ ਚੋਰ ਮਘੋਰਿਆਂ ਨੂੰ ਬੰਦ ਕਰਨ ਵਿਚ ਆਪਣਾ ਯਥਾਯੋਗ ਸੀਰ ਪਾਉਣ ਲਈ ਯਤਨਸ਼ੀਲ ਹੈ । ਖਤਰਿਆਂ ਦਾ ਅਹਿਸਾਸ ਹੀ ਗ਼ਜ਼ਲ ਦੇ ਅਜਿਹੇ ਸ਼ਿਅਰ ਦੀ ਰਚਨਾ ਕਰਵਾਉਂਦਾ ਹੈ :

ਲੱਗੇ ਬੋਹਲ ਉਡਾ ਨਾ ਦੇਵੇ
ਲਹਿੰਦੀ ਗੁਠੇ ਧੂੜ ਚੜ੍ਹੀ ਹੈ ।

ਪੁਸਤਕ ਦੇ ਅਖੀਰ ਵਿਚ 21 ਗ਼ਜ਼ਲਾਂ ਹਨ ਜਿਨ੍ਹਾਂ ਵਿਚ ਗ਼ਜ਼ਲ ਦੀ ਵਿਧਾ ਰਾਹੀਂ ਸਮਾਜਿਕ ਅਤੇ ਮਾਨਵੀ ਸਰੋਕਾਰਾਂ ਨੂੰ ਸੰਖੇਪ ਅਤੇ ਕਾਵਿਕ ਮੁਹਾਵਰੇ ਰਾਹੀਂ ਸਾਡੇ ਸਨਮੁਖ ਪੇਸ਼ ਕੀਤਾ ਗਿਆ ਹੈ । ਗ਼ਜ਼ਲਾਂ ਵਿਚ ਸ਼ਬਦਾਂ ਦੀ ਜਾਦੂਗਰੀ ਅਤੇ ਭਾਵ ਦੀ ਤੀਖਣਤਾ ਵੇਖਣੀ ਬਣਦੀ ਹੈ । ਕਵਿਤਾ ਵਾਂਗ ਹੀ ਗ਼ਜ਼ਲਾਂ ਵਿਚੋਂ ਵੀ ਗੀਤ ਦੀ ਲੈ ਅਕਸਰ ਸੁਣਾਈ ਦਿੰਦੀ ਹੈ । ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ਿਅਰ ਵੇਖ ਸਕਦੇ ਹਾਂ:

ਮੈਂ ਗੂਹੜੀ ਨੀਂਦ ਚੋਂ ਉਠਿਆ ਵਿਖਾਓ ਦੋਸਤੋ ਮੈਨੂੰ
ਮੈਂ ਜਿਹੜਾ ਸੁਪਨਿਆਂ ਵਿਚ ਸਾਜਿਆ ਸੰਸਾਰ ਕਿਥੇ ਹੈ ।

ਧਰਤੀ ਉਪਰ ਲੀਕਾਂ ਵਾਹ ਕੇ ਦੱਸ ਜ਼ਰਾ ਕੀ ਖੱਟਿਆ ਹੈ
ਇਕੋ ਮਾਂ ਦੇ ਜੰਮੇ ਜਾਏ ਏਦਾਂ ਨਹੀਂ ਤਰੇੜੀਦੇ ।

ਮਰਮਰੀ ਬੁਤ ਬੋਲਿਆ ਨਾ ਕੁਸਕਿਆ
ਮੈਂ ਤਾਂ ਉਸਨੂੰ ਬਹੁਤ ਵਾਜਾਂ ਮਾਰੀਆਂ ।

ਧਰਮਾਂ ਦੀ ਵਲਗਣ ਹੈ ਤੋਬਾ ਤੇ ਚਾਰ ਦਿਵਾਰੀ ਨਸਲਾਂ ਦੀ
ਲੋਕਾਂ ਨੂੰ ਕਹੀਏ ਤੋੜ ਦਿਓ ਪਰ ਆਪਣੀ ਵਾਰੀ ਸੰਗਦੇ ਰਹੇ।

ਗੁਰਭਜਨ ਗਿੱਲ ਕੋਲ ਸੂਖਮ ਅਹਿਸਾਸਾਂ ਨੂੰ ਕਾਵਿ ਵਿਧਾ ਵਿਚ ਭਾਸ਼ਾ ਨੂੰ ਵਿਚਾਰ ਦੇ ਹਾਣ ਦੀ ਕਰਕੇ ਵਰਤਣ ਦੀ ਜੁਗਤ ਕਮਾਲ ਦੀ ਹੈ । ਨਿਮਨ ਸਤਰਾਂ ਵੇਖ ਸਕਦੇ ਹਾਂ :

ਫੁਲ ਤਾਂ ਜੀਕਣ ਪੁੱਤਰ ਧੀਆਂ
ਸੂਈ ਵਿਚ ਪਰੋ ਨਾ ਹੋਵੇ ।

ਇਸੇ ਤਰ੍ਹਾਂ ਯੁਗ ਪਲਟਾਊ ਵਿਚਾਰਾਂ ਨੂੰ ਏਨਾ ਸੰਖੇਪ ਕਰ ਜਾਂਦਾ ਹੈ ਕਿ ਪ੍ਰਭਾਵ ਗੁਣਾਤਮਕ ਰੂਪ ਵਿਚ ਵਸ ਜਾਂਦਾ ਹੈ । ਇਸ ਸੰਦਰਭ ਵਿਚ ਅਯੁੱਧਿਆ ਕਵਿਤਾ ਵੇਖ ਸਕਦੇ ਹਾਂ:

ਇਕ ਹਥੌੜਾ ਵੱਜਿਆ
ਤੇ ਰੱਬ ਤਿੜਕ ਗਿਆ

ਇਹ ਕਾਵਿ-ਸੰਗ੍ਰਹਿ ਜਿਥੇ ਭੂਤ ਵਰਤਮਾਨ ਅਤੇ ਭਵਿੱਖ ਦੀਆਂ ਸਿਮਰਤੀਆਂ ਸਿਰਜਣਾਵਾਂ ਨਾਲ ਸੰਵਾਦ ਰਚਾਉਂਦਾ ਹੈ ਉਥੇ ਮਾਨਵੀ ਮਨ ਅੰਦਰਲੀਆਂ ਸੂਖਮ ਸ਼ਰਤਾਂ ਨੂੰ ਵਧੇਰੇ ਸਪੱਸ਼ਟ ਅਤੇ ਤਰਕਸ਼ੀਲ ਦ੍ਰਿਸ਼ਟੀ ਨਾਲ ਨਿਵੇਕਲਾ ਕਾਵਿ ਸਿਰਜਦਾ ਹੈ । ਇਸ ਸੰਗ੍ਰਹਿ ਦੀਆਂ ਕਵਿਤਾਵਾਂ ਹੁਣ ਤਕ ਸਿਰਜੇ ਜਾ ਚੁਕੇ ਕਾਵਿ ਸ਼ਾਸਤਰ ਨਾਲ ਦਵੰਧ ਸਿਰਜਣ ਦੀ ਸਮਰਥਾ ਰੱਖਦੀਆਂ ਹਨ।

ਆਉ ਇਹਨਾਂ ਕਾਵਿ ਪ੍ਰਵਚਨਾਂ ਨਾਲ ਸੰਵਾਦ ਰਚਾਉਂਦਿਆਂ ਇਸ ਕਾਵਿ-ਸੰਗ੍ਰਹਿ ਨੂੰ ਖੁਸ਼ ਆਮਦੀਦ ਕਹੀਏ ।

  • ਮੁੱਖ ਪੰਨਾ : ਗੁਰਭਜਨ ਗਿੱਲ ਸੰਬੰਧੀ ਆਲੋਚਨਾਤਮਿਕ ਲੇਖ
  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ