Vidhwa Rutt : Shiv Kumar Batalvi
ਵਿਧਵਾ ਰੁੱਤ : ਸ਼ਿਵ ਕੁਮਾਰ ਬਟਾਲਵੀ
ਮਾਏ ਨੀ
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ ਕੀ ਕਰੀਏ ?
ਇਸ ਰੁੱਤੇ
ਸਾਡੀ ਪੀੜ ਨੇ ਵਾਲ ਵਧਾਏ
ਗ਼ਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ
ਇਸ ਰੁੱਤੇ ਕਿਥੇ ਡੁੱਬ ਮਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਮਾਏ ਨੀ
ਇਹ ਰੁੱਤ ਕਿਦ੍ਹੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀ ਦੇ ਵਿਹੜੇ ਬੂਟਾ ਲਾਈਏ
ਹਾਏ ਨੀ
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?