Venus Da Butt : Shiv Kumar Batalvi
ਵੀਨਸ ਦਾ ਬੁੱਤ : ਸ਼ਿਵ ਕੁਮਾਰ ਬਟਾਲਵੀ
ਇਹ ਸੱਜਣੀ ਵੀਨਸ ਦਾ ਬੁੱਤ ਹੈ
ਕਾਮ ਦੇਵਤਾ ਇਸ ਦਾ ਪੁੱਤ ਹੈ
ਮਿਸਰੀ ਅਤੇ ਯੂਨਾਨੀ ਧਰਮਾਂ ਵਿਚ
ਇਹ ਦੇਵੀ ਸਭ ਤੋਂ ਮੁੱਖ ਹੈ
ਇਹ ਸੱਜਣੀ ਵੀਨਸ ਦਾ ਬੁੱਤ ਹੈ ।
ਕਾਮ ਜੋ ਸਭ ਤੋਂ ਮਹਾਂਬਲੀ ਹੈ
ਉਸ ਦੀ ਮਾਂ ਨੂੰ ਕਹਿਣਾ ਨੰਗੀ
ਇਹ ਗੱਲ ਉੱਕੀ ਹੀ ਨਾ ਚੰਗੀ
ਤੇਰੀ ਇਸ ਨਾ-ਸਮਝੀ ਉੱਤੇ
ਸੱਚ ਪੁੱਛੇਂ ਤਾਂ ਮੈਨੂੰ ਦੁੱਖ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ
ਏਸੇ ਦੀ ਹੈ ਬਖ਼ਸ਼ੀ ਹੋਈ
ਤੁੱਦ ਤੇ ਹੁਸਨਾਂ ਦੀ ਜੋ ਰੁੱਤ ਹੈ
ਏਸੇ ਨੇ ਹੈ ਰੂਪ ਵੰਡਣਾ-
ਖ਼ੂਨ ਮੇਰਾ ਜੋ ਤੈਂਡੀ ਕੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ
ਖੜੀ ਆ ਮਿੱਟੀ ਦੀ ਇਹ ਬਾਜ਼ੀ
ਚਿੱਟੀ ਦੁੱਧ ਕਲੀ ਜਿਉਂ ਤਾਜ਼ੀ
ਕਾਮ ਹੁਸਨ ਦਾ ਇਕ ਸੰਗਮ ਹੈ
ਕਾਮ ਹੁਸਨ ਦੀ ਕਥਾ ਸੁਣਾਂਦਾ
ਕੋਈ ਅਲਮਸਤ ਜਿਹਾ ਜੰਗਮ ਹੈ
ਤੇਰਾ ਇਸ ਨੂੰ ਟੁੰਡੀ ਕਹਿਣਾ
ਸੱਚ ਪੁੱਛੇਂ ਤਾਂ ਮੈਨੂੰ ਗ਼ਮ ਹੈ
ਕਾਮ ਬਿਨਾਂ ਹੇ ਮੇਰੀ ਸਜਣੀ
ਕਾਹਦੇ ਅਰਥ ਜੇ ਚਲਦਾ ਦਮ ਹੈ ।
ਕਾਮ ਹੈ ਸ਼ਿਵਜੀ, ਕਾਮ ਬ੍ਰਹਮ ਹੈ
ਕਾਮ ਹੀ ਸਭ ਤੋਂ ਮਹਾਂ ਧਰਮ ਹੈ
ਕਾਮ ਤੋਂ ਵੱਡਾ ਨਾ ਕੋਈ ਸੁੱਖ ਹੈ
ਕਾਮ ਤੋਂ ਵੱਡਾ ਨਾ ਕੋਈ ਦੁੱਖ ਹੈ
ਤੇਰੀ ਇਸ ਨਾ-ਸਮਝੀ ਉੱਤੇ
ਹੇ ਮੇਰੀ ਸਜਣੀ ! ਮੈਨੂੰ ਦੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ
ਵੇਖ ਕਿ ਬੁੱਤ ਨੂੰ ਕੀ ਹੋਇਆ ਹੈ ?
ਇਉਂ ਲਗਦਾ ਹੈ ਜਿਉਂ ਰੋਇਆ ਹੈ
ਸਾਥੋਂ ਕੋਈ ਪਾਪ ਹੋਇਆ ਹੈ
ਸਾਰੇ ਦੀਵੇ ਝੱਬ ਬੁਝਾ ਦੇ
ਇਸ ਨੂੰ ਥੋੜ੍ਹਾ ਪਰ੍ਹਾਂ ਹਟਾ ਦੇ
ਇਸ ਦੇ ਮੁੱਖ ਨੂੰ ਪਰ੍ਹਾਂ ਭੁਆ ਦੇ
ਜਾਂ ਇਸ 'ਤੇ ਕੋਈ ਪਰਦਾ ਪਾ ਦੇ
ਇਸ ਦੇ ਦਿਲ ਵਿਚ ਵੀ ਕੋਈ ਦੁੱਖ ਹੈ
ਇਸ ਨੂੰ ਹਾਲੇ ਵੀ ਕੋਈ ਭੁੱਖ ਹੈ
ਭਾਵੇਂ ਕਾਮ ਏਸ ਦਾ ਪੁੱਤ ਹੈ
ਮਿਸਰੀ ਅਤੇ ਯੂਨਾਨੀ ਧਰਮਾਂ
ਵਿਚ ਇਹ ਭਾਵੇਂ ਸਭ ਤੋਂ ਮੁੱਖ ਹੈ
ਭਾਵੇਂ ਵੀਨਸ ਮਾਂ ਦਾ ਬੁੱਤ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ ।