Vasde Dard Klakhar : Noor Muhammad Noor
ਵਸਦੇ ਦਰਦ ਕਲੱਖਰ : ਨੂਰ ਮੁਹੰਮਦ ਨੂਰ
1. ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ
ਗੁੰਗੇ-ਬਹਿਰੇ ਲੋਕਾਂ ਨੇ ਮੂੰਹ ਖੋਲ੍ਹੇ ਕਿੱਥੋਂ ਹੋਵਣਗੇ। ਲੋਕ ਜ਼ੁਲਮ ਤੋਂ ਡਰਦੇ ਮਾਰੇ ਬੋਲੇ ਕਿੱਥੋਂ ਹੋਵਣਗੇ। ਭਲਿਉ ਲੋਕੋ ਡੰਗ ਟਪਾਉ ਧੂਆਂ ਖਾ ਕੇ ਬੰਬਾਂ ਦਾ, ਹੋਲਾਂ ਕਰਨ ਲਈ ਧਰਤੀ ਤੇ ਛੋਲੇ ਕਿੱਥੋਂ ਹੋਵਣਗੇ। ਸ਼ੀਸ਼ ਤਲੀ 'ਤੇ ਧਰ ਕੇ ਵੈਰੀ ਨੂੰ ਵੰਗਾਰਣ ਵਾਲੇ ਲੋਕ, ਸੂਲੀ ਉੱਤੇ ਚੜ੍ਹਨ ਸਮੇਂ ਵੀ ਡੋਲੇ ਕਿੱਥੋਂ ਹੋਵਣਗੇ। ਉਡਦੀ, ਦਿਲ ਦੇ ਕਾਲੇ ਨੀਲੇ ਧਾੜਵੀਆਂ ਦੀ ਧਾੜ ਦਿਸੇ, ਟੁਕੜੀ ਵਿਚ ਕਬੂਤਰ ਖ਼ਾਸ ਮਮੋਲੇ ਕਿੱਥੋਂ ਹੋਵਣਗੇ। ਝੂਠੀ ਗੱਲ ਹੈ ਵਿਛੜਣ ਪਿੱਛੋਂ ਨਹਿਰਾਂ ਵਗੀਆਂ ਹੋਣਗੀਆਂ, ਉਸ ਨੇ ਔੜਾਂ ਦੇ ਵਿਚ ਅੱਥਰੂ ਡੋਲ੍ਹੇ ਕਿੱਥੋਂ ਹੋਵਣਗੇ। ਜੇ ਪਹਿਲਾਂ ਹੀ ਫੀਂਹ ਦਈਏ ਫ਼ਨ ਜੰਮਣ ਵਾਲੇ ਨਾਗਾਂ ਦੇ, ਬਸਤੀ ਦੇ ਵਿਚ ਪੈਦਾ ਸੱਪ-ਸਪੋਲੇ ਕਿੱਥੋਂ ਹੋਵਣਗੇ। ਕਿੱਥੋਂ ਲੱਭਣੀ ਏਂ ਸਰਕਾਰੇ ਗੱਭਰੂ ਭਰਤੀ ਕਰਨ ਲਈ, ਭੁੱਖਾਂ, ਨੰਗਾਂ ਨਾਲ ਸਰੀਰ ਭੜੋਲੇ ਕਿੱਥੋਂ ਹੋਵਣਗੇ। ਉੱਚ ਸੁਸਾਇਟੀ ਦੇ ਲੋਕਾਂ ਨੂੰ ਲੋੜਾਂ ਨੇ ਨੰਗੇਜ਼ ਦੀਆਂ, ਨਵਯੁਗ ਵਿਚ ਮੁਟਿਆਰਾਂ ਪਹਿਨੇ ਚੋਲੇ ਕਿੱਥੋਂ ਹੋਵਣਗੇ। ਦੱਸਦੇ ਸੀ ਬਾਬਾ ਜੀ, ਪਾਣੀ ਖੜ੍ਹਦੈ ਨੀਵੀਆਂ ਥਾਵਾਂ 'ਤੇ, ਹੁਣ ਬਸਤੀ ਦੇ 'ਨੂਰ' ਸਲਾਮਤ ਖੋਲੇ ਕਿੱਥੋਂ ਹੋਵਣਗੇ।
2. ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ
ਤੀਹ ਦਿਨ ਦੀ ਪੈਂਸਨ ਦੇ ਪੈਸੇ ਹੋ ਜਾਂਦੇ ਨੇ ਦਾਨ ਜਿਹੇ। ਆ ਜਾਂਦੇ ਨੇ ਘੱਤ ਵਹੀਰਾਂ ਘਰ ਵਿਚ ਜਦ ਮਹਿਮਾਨ ਜਿਹੇ। ਉਸ ਦੇ ਬੋਝੇ ਦੇ ਵਿਚ ਥੁੰਨੇ ਬੰਡਲ ਕੁਝ ਵੀ ਬੋਲਣ ਨਾ, ਖੜਕੀ ਜਾਵਣ ਸਾਡੇ ਬੋਝੇ ਦੇ ਵਿਚ ਪੈਸੇ ਭਾਨ ਜਿਹੇ। ਇੰਜ ਦਿਸਦਾ ਹੈ ਹੜ੍ਹ ਦਾ ਪਾਣੀ ਖੇਤਾਂ ਦੇ ਵਿਚ ਰਾਤਾਂ ਨੂੰ, ਧਰਤੀ ਉੱਤੇ ਤਾਰੇ ਲੈ ਕੇ ਜਿਉਂ ਡਿੱਗੇ ਅਸਮਾਨ ਜਿਹੇ। ਰੱਖ ਸਕੇ ਨਾ ਸੁਥਰੇ ਖੂੰਜੇ ਅਨਪੜ੍ਹਤਾ ਦੇ ਲੱਛਣ ਤੋਂ, ਰੋਕਣ ਨੂੰ ਕੰਧਾਂ 'ਤੇ ਲਿਖੇ ਨਾਅਰੇ ਧੂਮਰ ਪਾਨ ਜਿਹੇ। ਜੋਕਾਂ ਵਾਂਗ ਭਰੇ ਬੈਠੇ ਨੇ ਪੀ ਕੇ ਖ਼ੂਨ ਗ਼ਰੀਬਾਂ ਦਾ, ਦੇਖਣ-ਪਾਖਣ ਨੂੰ ਲੱਗਦੇ ਨੇ ਜੋ ਬੰਦੇ ਇਨਸਾਨ ਜਿਹੇ। ਸੋਚਾਂ, ਆਸਾਂ, ਰੀਝਾਂ ਸਭਨਾਂ ਨੂੰ ਫੱਟੜ ਕਰ ਜਾਂਦੇ ਨੇ, ਝੱਖੜ ਬਣ ਕੇ ਆਉਂਦੇ ਨੇ ਜਦ ਯਾਦਾਂ ਦੇ ਤੂਫ਼ਾਨ ਜਿਹੇ। ਬਾਬੇ ਆਦਮ ਦੇ ਵੇਲੇ ਤੋਂ ਕੋਸ਼ਿਸ਼ ਕਰਦੇ ਆਏ ਹਾਂ, ਹੱਲ ਅਜੇ ਨਾ ਹੋਏ ਸਾਥੋਂ ਮਸਲੇ ਰੋਟੀ-ਨਾਨ ਜਿਹੇ। ਤੇਰੀ ਸ਼ਖ਼ਸ਼ੀਅਤ ਦਾ ਭਾਂਡਾ ਫੁੱਟ ਚੁਰਾਹੇ ਜਾਵੇਗਾ, 'ਨੂਰ ਮੁਹੰਮਦਾ' ਸ਼ਬਦ ਕਿਸੇ ਨੂੰ ਬੋਲੀਂ ਨਾ ਅਪਮਾਨ ਜਿਹੇ।
3. ਆਸ ਕਰੀ ਸੀ ਤਰ ਜਾਵਾਂਗੇ ਰਲ ਕੇ ਕਿਸੇ ਜੁਗਾੜੀ ਨਾਲ
ਆਸ ਕਰੀ ਸੀ ਤਰ ਜਾਵਾਂਗੇ ਰਲ ਕੇ ਕਿਸੇ ਜੁਗਾੜੀ ਨਾਲ। ਪਰ ਪੀੜਾਂ ਦੀ ਜੂਨ ਹੰਢਾਈਏ ਪਾ ਕੇ ਸਾਂਝ ਅਨਾੜੀ ਨਾਲ। ਰੋਟੀ ਦੇਣ ਲਈ ਨਾ ਪਹੁੰਚੇ ਪਿੰਡ ਦੇ ਲੋਕ ਯਤੀਮਾਂ ਨੂੰ, ਖੇਡਣ ਵਾਲੇ ਗੇੜੇ ਮਾਰਣ ਨਿਤ ਵਿਧਵਾ ਦੀ ਸਾੜ੍ਹੀ ਨਾਲ। ਅਪਣਾ ਆਪ ਬਚਾਕੇ ਚੱਲੀਂ ਇਸ ਬਸਤੀ ਦੀ ਫ਼ਿਤਰਤ ਤੋਂ, ਹੋ ਜਾਂਦੈ ਬਦਨਾਮ ਸੁਚੱਜਾ ਬੰਦਾ ਤੂਹਮਤ ਮਾੜੀ ਨਾਲ। ਜਾ ਪੈਂਦੀ ਹੈ ਭਾਂਬੜ ਬਣ ਕੇ ਕੁੱਲੀਆਂ, ਝੁੱਗੀਆਂ, ਝਾਨਾਂ ਨੂੰ, ਤੇਜ਼ ਹਵਾ ਵਿਚ ਛੇੜ ਕਰੀਂ ਨਾ ਤੂੰ ਮਘਦੀ ਚਿੰਗਾੜੀ ਨਾਲ। ਕੁਝ ਨਾ ਜਾਣਾ ਕਿਉਂ ਕੀਤਾ ਹੈ ਸਫ਼ਰ ਅਸੀਂ ਬਦਨਾਮੀ ਦਾ, ਸਮਝੋ ਏਥੇ ਪੁੱਜ ਗਏ ਹਾਂ ਰਲ ਕੇ ਸੰਗਤ ਮਾੜੀ ਨਾਲ। ਧੂਮਰ-ਪਾਨ ਨਿਸ਼ੇਧ ਲਿਖੇ 'ਤੇ ਅਮਲ ਕਿਵੇਂ ਕਰ ਸਕਦਾ ਸਾਂ, ਸਿਗਰਟ ਸੁਲਘ ਪਈ ਸੀ ਉਸ ਦੇ ਹਾਸੇ ਦੀ ਚਿੰਗਾੜੀ ਨਾਲ। ਆਸਾਂ ਦੀ ਪੰਡ ਬੰਨ੍ਹੀ ਬੈਠੇ ਭੁੱਖੇ ਬੱਚੇ ਟੱਬਰ ਦੇ, ਕੀ ਬਣਦੈ ਮਹਿੰਗਾਈ ਦੇ ਵਿਚ ਘਰ ਦਾ ਇੱਕ ਦਿਹਾੜੀ ਨਾਲ। ਬਦਲ ਲਿਆ ਕਰਦੇ ਨੇ ਰਸਤਾ ਝੱਖੜ ਵਰਗੇ ਤੇਜ਼ ਤਰਾਰ, ਜਿੱਥੇ ਟੱਕਰ ਹੁੰਦੀ ਹੈ ਆਪੇ ਤੋਂ ਸਖ਼ਤ ਪਹਾੜੀ ਨਾਲ। 'ਨੂਰ ਮੁਹੰਮਦਾ' ਕੌਣ ਬਚਾਵੇ ਆਫ਼ਤ ਤੋਂ ਫੁੱਲ ਕਲੀਆਂ ਨੂੰ, ਮਾਲੀ ਹੀ ਜੇ ਵੱਢਣ-ਟੁੱਕਣ ਬੂਟੇ ਕੂੜ-ਕੁਹਾੜੀ ਨਾਲ।
4. ਅਪਣੇ ਕੀਤੇ ਦੀ ਮੁਜਰਮ ਨੇ ਸਜ਼ਾ ਕਦੋਂ ਦੀ ਪਾਈ ਹੁੰਦੀ
ਅਪਣੇ ਕੀਤੇ ਦੀ ਮੁਜਰਮ ਨੇ ਸਜ਼ਾ ਕਦੋਂ ਦੀ ਪਾਈ ਹੁੰਦੀ। 'ਨੂਰ ਮੁਹੰਮਦਾ' ਜੇ ਤੇਰੇ ਇਲਜ਼ਾਮਾਂ ਵਿਚ ਸੱਚਾਈ ਹੁੰਦੀ। ਚੌਧਰੀਆਂ ਨੇ ਦਿਲ 'ਚੋਂ ਕੀਨਾ ਕੱਢਿਆ ਹੁੰਦਾ ਨਫ਼ਰਤ ਵਰਗਾ, ਵਾੜ ਕਦੋਂ ਦੀ ਵੰਡਾਂ ਵਾਲੀ ਰਾਹੋਂ ਪਰੇ ਹਟਾਈ ਹੁੰਦੀ। ਸ਼ਰਮ-ਹਿਆ ਕੁਝ ਕੀਤੀ ਹੁੰਦੀ ਵਿਹਲੜ ਪੁੱਤ ਨਿਖੱਟੂ ਜੀ ਨੇ, ਫਾਕੇ ਤੱਕ ਨੌਬਤ ਨਾ ਪੁੱਜਦੀ ਕਿੰਨੀ ਵੀ ਮਹਿੰਗਾਈ ਹੁੰਦੀ। ਕਿੱਦਾਂ ਹੁੰਦਾ, ਕੈਸਾ ਹੁੰਦਾ, ਪੈਸਾ ਹੁੰਦਾ, ਸਭ ਕੁਝ ਹੁੰਦਾ, ਪੋਹ ਦੀ ਰਾਤ ਜਦੋਂ ਵੀ ਆਉਂਦੀ ਬੱਚਿਆਂ ਕੋਲ ਰਜਾਈ ਹੁੰਦੀ। ਮੁੜ ਪੱਤਝੜ ਦਾ ਸਾਂਗ ਬਣਾ ਕੇ ਭੱਜਣ ਦੀ ਨਾ ਹਿੰਮਤ ਕਰਦੀ, ਰੁੱਤ ਬਹਾਰਾਂ ਵਾਲੀ ਤਰਕੀਬਾਂ ਦੇ ਪਿੰਜਰੇ ਪਾਈ ਹੁੰਦੀ। ਜਾਣ-ਪਛਾਣ ਕਿਵੇਂ ਦਿੰਦਾ ਤੂੰ ਘਰ ਦੀ ਊਚੇ ਲੋਕਾਂ ਤਾਈਂ, ਜੇ ਨੇੜੇ ਦੇ ਘਰ ਵਿਚ ਤੇਰੇ ਘਰ ਜਿੰਨੀ ਰੁਸ਼ਣਾਈ ਹੁੰਦੀ। ਮੁਖ਼ਬਰ ਨੇ ਉੱਘ-ਸੁੱਘ ਨਾ ਦਿੱਤੀ ਉਸ ਦੇ ਗੁਪਤ ਵਸੇਬੇ ਦੀ, ਔਖਾ-ਸੌਖਾ ਪੁੱਜਦਾ ਭਾਵੇਂ ਕਿੰਨੀ ਵੀ ਕਠਨਾਈ ਹੁੰਦੀ। ਨੱਕੋ-ਨੱਕ ਵਫ਼ਾਵਾਂ ਦੇ ਨਾਲ ਇਸ਼ਕ ਭੜੋਲਾ ਭਰਿਆ ਹੁੰਦਾ, ਫ਼ਸਲ ਮੁਹੱਬਤ ਦੇ ਬੀਜਾਂ ਦੀ ਦਿਲ ਦੇ ਖੇਤ ਉਗਾਈ ਹੁੰਦੀ। 'ਨੂਰ ਮੁਹੰਮਦਾ' ਢੇਰ ਬਣਾ ਕੇ ਬੰਬਾਂ ਦਾ ਕਿਉਂ ਉੱਤੇ ਬਹਿੰਦਾ, ਜੇ ਬੰਦੇ ਵਿਚ ਬੰਦਿਆਂ ਵਾਲੀ ਭੋਰਾ ਵੀ ਬੰਦਿਆਈ ਹੁੰਦੀ।
5. ਤੇਰੇ ਦਰ ਤੇ ਐਵੇਂ ਤਾਂ ਨਈਂ ਬੈਠੇ ਪਾਲੋ-ਪਾਲ ਅਸੀਂ
ਤੇਰੇ ਦਰ ਤੇ ਐਵੇਂ ਤਾਂ ਨਈਂ ਬੈਠੇ ਪਾਲੋ-ਪਾਲ ਅਸੀਂ। ਆਏ ਹਾਂ ਕੁਛ ਪੁੱਛਣ-ਗਿੱਛਣ ਸਿੰਝਣ ਤੇਰੇ ਨਾਲ ਅਸੀਂ। ਕਿੰਨਾ ਚਿਰ ਜੱਗ 'ਤੇ ਮੱਕਾਰੀ ਦੀ ਸਰਦਾਰੀ ਚੱਲੇਗੀ, ਬਹੁਤੇ ਦਿਨ ਤੱਕ ਸਿਰ ਤੇ ਬੈਠਾ ਰੱਖਣਾ ਨਹੀਂ ਦੁਜਾਲ ਅਸੀਂ। ਕਦ ਤੱਕ ਪੀੜ ਸਹੂ ਆਖ਼ਰ ਵੱਟਾਂ ਟੱਪਣ ਲੱਗ ਜਾਵੇਗਾ, ਰਸਤਾ ਦੇਣ ਲਈ ਪਾਣੀ ਨੂੰ ਜੇ ਨਾ ਮਾਂਜੇ ਖਾਲ ਅਸੀਂ। ਢਿੱਡ ਭੜੋਲੇ ਵਰਗਾ ਕਰਕੇ ਸੂਕਣ ਨੌਕਰ ਤਕੜੇ ਦੇ, ਲਾ ਕੇ ਢਿੱਡ ਦੇ ਨਾਲ ਸੁਲਾਏ ਭੁੱਖੇ-ਭਾਣੇ ਬਾਲ ਅਸੀਂ। ਹੰਕਾਰਾਂ ਦੇ ਛੱਤੇ ਅੰਦਰ ਭੋਰਾ ਨਾ ਮਠਿਆਸ ਭਰੀ, ਦਿਲ ਦੀ ਟਾਹਣੀ ਚਿਰ ਤੱਕ ਲਾਏ ਨਰਮੀ ਦੇ ਮਖ਼ਿਆਲ ਅਸੀਂ। ਦਾਦੇ ਦੀ ਗਲ ਛੱਡੋ ਜਿਹੜੀ ਆਦਮ ਦੀ ਵੀ ਹੋਈ ਨਾ, ਕਿਉਂ ਕਰਦੇ ਹਾਂ ਓਸ ਹਿਆਤੀ ਦੀ ਐਨੀ ਸੰਭਾਲ ਅਸੀਂ। ਨੇਕੋ! ਵੇਚ ਜ਼ਮੀਰਾਂ ਊਚੇ ਮਹਿਲ-ਮੁਨਾਰੇ ਛੱਤੇ ਨੇ, ਸੁੱਚੇ ਦੁੱਧ ਵਿਚ ਪਾ ਕੇ ਟੋਭੇ ਦੇ ਪਾਣੀ ਦੀ ਘਾਲ ਅਸੀਂ। ਮਹਿੰਗਾਈ ਦੀ ਉਂਗਲ ਫੜ ਕੇ ਉਹ ਵੀ ਪਹੁੰਚੋਂ ਦੂਰ ਤੁਰੀ, ਉਬਲੇ ਚੌਲਾਂ 'ਤੇ ਪਾ ਕੇ ਖਾਂਦੇ ਸਾਂ ਜਿਹੜੀ ਦਾਲ ਅਸੀਂ। ਔਤ-ਨਿਪੁੱਤਾ ਮਰਿਆ ਜਿਹੜਾ ਸੌ ਸਾਲਾਂ ਦਾ ਹੋ ਕੇ 'ਨੂਰ', ਓਸ ਸਖ਼ੀ ਦੇ ਰੌਜ਼ੇ 'ਤੇ ਚੱਲੇ ਹਾਂ ਮੰਗਣ ਲਾਲ ਅਸੀਂ।
6. ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ
ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ। ਛਡ ਮੱਕਾਰੀ ਹੱਥ ਸੁਲਾਹ ਦਾ ਫੇਰ ਵਧਾਇਆ ਜਾ ਸਕਦੈ। ਸੂਰਜ ਵਾਂਗੂੰ ਕਿਰਨਾਂ ਫੁੱਟਣ ਉਸ ਦੇ ਭਖਦੇ ਜੁੱਸੇ ਚੋਂ, ਜ਼ੁਲਫ਼ਾਂ ਦੀ ਲਾਂ ਉੱਤੇ ਕੱਪੜਾ ਸੁੱਕਣਾ ਪਾਇਆ ਜਾ ਸਕਦੈ। ਖੂੰਜੇ ਰੱਖੀ ਜਾ ਸਕਦੀ ਹੈ ਗੰਢ ਬਣਾ ਕੇ ਦੁੱਖਾਂ ਦੀ, ਦਿਲ ਦੇ ਵਿਹੜੇ ਵਿਚ ਸੁੱਖਾਂ ਦਾ ਰੁੱਖ ਉਗਾਇਆ ਜਾ ਸਕਦੈ। ਕਰ ਦਿੱਤਾ ਐਨਾ ਜ਼ਹਿਰੀਲਾ ਦੁੱਧ ਵਪਾਰੀ ਲੋਕਾਂ ਨੇ, ਸੱਪ-ਸਲੂੰਡੀ, ਟਿੱਡੀ-ਭੂੰਡੀ ਤੇ ਛਿੜਕਾਇਆ ਜਾ ਸਕਦੈ। ਮਾਰੇਂਗਾ ਕਿੰਨਾ ਚਿਰ ਮੌਜਾਂ ਤੂੰ ਬੇਗਾਨੇ ਸਾਥ ਦੀਆਂ, ਗ਼ੈਰ ਕਾਨੂੰਨੀ ਕੋਠੇ ਨੂੰ ਜਦ ਮਰਜ਼ੀ ਢਾਇਆ ਜਾ ਸਕਦੈ। ਸੋਚ ਅਜੇ ਵੀ ਅੱਲ੍ਹੜ-ਪੁਣੇ ਦੀ ਟੀਸੀ 'ਤੇ ਚੜ੍ਹ ਨੱਚਦੀ ਹੈ, ਦਾੜ੍ਹੀ ਰੰਗਣ ਨਾਲ ਬੁਢਾਪਾ ਜਿਉਂ ਝੁਠਲਾਇਆ ਜਾ ਸਕਦੈ। ਦੇਖ ਲਵੋ ਮੁੜ ਕੋਸ਼ਿਸ਼ ਕਰਕੇ ਕੋਲ ਉਨ੍ਹਾਂ ਦੇ ਬੈਠਣ ਦੀ, ਬੁਝਦੀ ਭੱਠੀ ਨੂੰ 'ਵਾ ਦੇ ਕੇ ਫੇਰ ਮਘਾਇਆ ਜਾ ਸਕਦੈ। ਹੱਕ ਅਸਾਡਾ ਖੋਹਿਆ ਜਦ ਤਕੜੇ ਨੇ ਤਾਂ ਕੁਝ ਸਮਝ ਪਈ, ਧੱਕੇ ਮੁੱਕੀ ਨਾਲ ਕਿਸੇ ਦਾ ਕੀ ਕੁਝ ਖਾਇਆ ਜਾ ਸਕਦੇ। ਚੱਕਵਾਂ ਚੁੱਲ੍ਹਾ ਬਣ ਕੇ ਸਿਖ ਲੈ ਤੂੰ ਵੀ ਮਤਲਬ ਕੱਢਣੇ 'ਨੂਰ' ਦਿਲ ਦਾ ਕੀ ਏ ਏਥੋਂ ਪੁਟ ਕੇ ਉੱਥੇ ਲਾਇਆ ਜਾ ਸਕਦੈ।
7. ਸੱਚਾਈ ਦਾ ਪਿੱਛਾ ਕੀਤਾ ਜਦ ਲੋਕਾਂ ਮੱਕਾਰਾਂ ਨੇ
ਸੱਚਾਈ ਦਾ ਪਿੱਛਾ ਕੀਤਾ ਜਦ ਲੋਕਾਂ ਮੱਕਾਰਾਂ ਨੇ। ਅਪਣੀ ਬੁੱਕਲ ਵਿਚ ਲੁਕਾਇਆ ਹਜ਼ਰਤ ਜੀ ਨੂੰ ਗ਼ਾਰਾਂ ਨੇ। ਪਾਰਟੀਆਂ ਹੰਗਾਮੇ ਪਹਿਲਾਂ ਤੋਂ ਵੀ ਬਹੁਤੇ ਹੁੰਦੇ ਨੇ, ਕੁਝ ਦਿਨ ਵੀ ਅਫ਼ਸੋਸ ਨਾ ਕੀਤਾ ਵਿਛੜ ਗਏ ਦੇ ਯਾਰਾਂ ਨੇ। ਮਿਹਨਤ ਅਤੇ ਮੁਸ਼ੱਕਤ ਕਰਕੇ ਇੱਕੋ-ਇੱਕ ਬਚਾਇਆ ਸੀ, ਪੱਥਰ ਦਿਲ ਵੀ ਖੋਹ ਲਿਆ ਮੈਥੋਂ ਕੁਝ ਵੱਡੇ ਸੰਗਸਾਰਾਂ ਨੇ। ਨਾਲ ਉਨ੍ਹਾਂ ਦੇ ਬੈਠਣ-ਉੱਠਣ ਜਦ ਤੋਂ ਸਾਂਝਾ ਕੀਤਾ ਹੈ, ਮੇਰਾ ਵੀ ਇਤਬਾਰ ਮੁਕਾਇਆ ਲੋਕਾਂ ਦੇ ਇਤਬਾਰਾਂ ਨੇ। ਚੰਨ 'ਤੇ ਸੂਰਜ, ਫੁੱਲ 'ਤੇ ਕਲੀਆਂ, ਧਰਤੀ ਵੀ ਅਸਮਾਨ ਸਣੇ, ਸੋਚਣ ਨੂੰ ਮਜਬੂਰ ਨੇ ਕੀਤੇ ਲੋਕਾਂ ਦੇ ਕਿਰਦਾਰਾਂ ਨੇ। ਵੰਡ ਰਿਹਾ ਸੀ ਚਾਨਣ ਉਹ ਤਾਂ ਸਭਨਾਂ ਨੂੰ ਇਕਸਾਰ ਜਿਹਾ, ਸੂਰਜ ਨੂੰ ਕਰ ਦਿੱਤਾ ਖੱਜਲ ਕੁਝ ਰਾਤਾਂ ਬਦਕਾਰਾਂ ਨੇ। ਆ ਬੈਠੇ ਸਨ ਦੁੱਖ ਪ੍ਰੇਮੀ ਅਪਣੀ ਬੀਤੀ ਦੱਸਣ ਨੂੰ, ਬਾਤ ਬਤੰਗੜ ਕਰਕੇ ਛਾਪੀ ਕੁਝ ਹੋਛੇ ਅਖ਼ਬਾਰਾਂ ਨੇ। ਮਾਰ ਛੜੱਪੇ ਮੰਜ਼ਿਲ ਦੇ ਵੱਲ ਦਿਲ ਤਾਂ ਨੱਸਣਾ ਚਾਹੁੰਦਾ ਸੀ, ਪੈਰਾਂ ਨੂੰ ਪਾ ਦਿੱਤੇ ਸੰਗਲ ਸੁੰਦਰ ਰੂਪ ਨਿਖਾਰਾਂ ਨੇ। 'ਨੂਰ ਮੁਹੰਮਦਾ' ਉਂਗਲ ਲਾ ਕੇ ਤੋਰਿਆ 'ਆਬਿਦ' ਭੋਲੇ ਨੂੰ, ਛੱਤ ਦੇ ਉੱਤੋਂ ਲੰਘਣ ਲੱਗੀਆਂ ਕੁਝ ਬਿਜਲੀ ਦੀਆਂ ਤਾਰਾਂ ਨੇ ।
8. ਆਪਸ ਦਾਰੀ ਦੇ ਨਾਤੇ ਚੋਂ ਲਗਦੈ ਮੁੱਕ ਪਿਆਰ ਗਿਆ
ਆਪਸ ਦਾਰੀ ਦੇ ਨਾਤੇ ਚੋਂ ਲਗਦੈ ਮੁੱਕ ਪਿਆਰ ਗਿਆ। ਉਸ ਨੂੰ ਜੇਤੂ ਹੁੰਦਾ ਡਿੱਠਾ ਜਿਹੜਾ ਠਿੱਬੀ ਮਾਰ ਗਿਆ। ਚਾੜ੍ਹ ਚੁਬਾਰੇ ਜਿਹੜੇ ਮਿੱਤਰ ਪੌੜੀ ਚੁੱਕ ਕੇ ਤੀਰ ਬਣੇ, ਉਨ੍ਹਾਂ ਤੋਂ ਬੇਗਾਨਾ ਚੰਗਾ ਜਿਹੜਾ ਹੇਠ ਉਤਾਰ ਗਿਆ। ਜਿਹੜਾ ਚਾਹਵੇ, ਜੀਹਨੂੰ ਮਰਜ਼ੀ, ਗੋਲੀ ਮਾਰੇ, ਤੁਰ ਜਾਵੇ, ਜਾਨ ਕਬਜ਼ ਦਾ ਜਮਦੂਤਾਂ ਤੋਂ ਲੱਗਦੈ ਖੁੱਸ ਅਧਿਕਾਰ ਗਿਆ। ਚਾੜੂ ਨਾਲੋਂ ਮਾੜੂ ਚੰਗਾ ਜਿਹੜਾ ਨੇਕ ਕਮਾਈ ਚੋਂ, ਭੁੱਖੇ ਨੂੰ ਦੋ ਟੁਕੜੇ ਦੇਕੇ ਕੁਝ ਪਲ ਬੁੱਤਾ ਸਾਰ ਗਿਆ। ਲਿਖਤ ਭੜੋਲੇ ਵਿਚ ਨਾ ਲੱਭਿਆ ਵਰਕਾ ਲੋਕ ਭਲਾਈ ਦਾ, ਸਾਰਾ ਜੀਵਨ ਕਲਮ ਘਸਾ ਕੇ ਜੰਮਣਾਂ ਹੀ ਬੇਕਾਰ ਗਿਆ। ਅੱਤ ਨਸ਼ੀਲੇ ਨੈਣਾਂ ਵਾਲਾ ਭੇਸ ਵਟਾਇਆ ਧੋਖੇ ਦਾ, ਇਸ਼ਕ ਮੇਰੇ ਦੀ ਬੋਟੀ ਬੋਟੀ ਕਰਕੇ ਕਿਤੇ ਖਿਲਾਰ ਗਿਆ। ਦਾਦੇ ਦੇ, ਦਾਦੇ ਦੇ ਦਾਦੇ, ਨੂੰ ਇਹ ਨਿਅਮਤ ਲੱਭੀ ਸੀ, ਜਿਸਦਾ ਨਾਮ ਮੁਹੰਮਦ ਸੀ ਉਹ ਸਾਡੀ ਕੁੱਲ ਨੂੰ ਤਾਰ ਗਿਆ। ਇਹੋ ਲਾਭ ਪ੍ਰਾਪਤ ਹੋਇਐ ਮੈਨੂੰ ਮਗ਼ਜ਼-ਖਪਾਈ ਦਾ, ਬੋਝ ਜਦੋਂ ਸੋਚਾਂ ਨੇ ਪਾਇਆ, ਸ਼ਿਅਰਾਂ ਨੇ ਵੰਡ ਭਾਰ ਲਿਆ। ਲੰਮੀ ਦੇਰ ਉਡੀਕਾਂ ਕਰੀਆ ਜੀਹਨੂੰ ਦੁੱਖ ਸੁਣਾਉਣ ਦੀਆਂ, ਉਹ ਖ਼ਚਰੇ ਹਾਸੇ ਦਾ ਬੁੱਲਾ ਦੇਕੇ ਜੁੱਸਾ ਠਾਰ ਗਿਆ।
9. ਭਾਵੇਂ ਹੁਕਮ ਖ਼ੁਦਾ 'ਤੇ ਸ਼ਿਕਵਾ ਕਰਦੀ ਮੇਰੀ ਜ਼ਾਤ ਨਹੀਂ
ਭਾਵੇਂ ਹੁਕਮ ਖ਼ੁਦਾ 'ਤੇ ਸ਼ਿਕਵਾ ਕਰਦੀ ਮੇਰੀ ਜ਼ਾਤ ਨਹੀਂ। ਪਰ ਬਿਰਹਾ ਵਿਚ ਨੀਂਦਰ ਆਉਂਦੀ ਸਾਰੀ ਸਾਰੀ ਰਾਤ ਨਹੀਂ। ਹੋਇਆ ਹੈ ਧਰਤੀ ਤੋਂ ਉਹਲੇ ਜਦ ਤੋਂ ਦਿਲਬਰ ਦਿਲ ਵਰਗਾ, ਨੈਣ ਪਹਾੜਾਂ ਉਹਲਿਉਂ ਚੜ੍ਹਦੀ ਡਿੱਠੀ ਮੁੜ ਪ੍ਰਭਾਤ ਨਹੀਂ। ਠੁਣਿਉਂ ਬਾਹਰ ਕਰ ਦਿੱਤਾ ਸਾਂ ਭਾਵੇਂ ਰਿਸ਼ਤੇਦਾਰਾਂ ਨੇ, ਦਿਲ ਦੀ ਬਸਤੀ ਵਿੱਚੋਂ ਕੱਢਣਾ ਉਨ੍ਹਾਂ ਦੀ ਔਕਾਤ ਨਹੀਂ। ਅਪਣੇ ਹੱਕਾਂ ਖ਼ਾਤਰ ਜਾਨ ਤਲੀ 'ਤੇ ਧਰ ਕੇ ਲੜਦੇ ਨੇ, ਡਰਕੇ ਜ਼ਹਿਰ ਪਿਆਲਾ ਪੀਵਣ ਵਾਲੇ ਹੁਣ ਸੁਕਰਾਤ ਨਹੀਂ। ਝੱਲੇ ਦਿਲ ਤੋਂ ਹਿਜਰ-ਭਖਾਈ ਭੱਠੀ ਠੰਢੀ ਹੋਈ ਨਾ, ਮੇਲ ਮਿਲਾਪਾਂ ਵਾਲੀ ਉਸ ਨੇ ਵੀ ਕੀਤੀ ਬਰਸਾਤ ਨਹੀਂ। ਨਵੀਆਂ ਨਵੀਆਂ ਕਾਢਾਂ ਕੱਢਾਂ ਉਸ ਦੀ ਇਕ ਮੁਸਕਾਨ ਲਈ, ਯਾਰ ਪ੍ਰੇਮੀ ਹਾਲੇ ਤੱਕ ਮੰਨਦੇ ਮੈਨੂੰ ਸੁਕਰਾਤ ਨਹੀਂ। ਪੜਦਾਦੇ ਦੇ ਦਾਦੇ ਤੋਂ ਹਾਂ ਪੈਰੋਕਾਰ ਮੁਹੰਮਦ ਦੇ, ਪਰ ਹੁਣ ਤੱਕ ਵੀ ਲਿਖਣੀ ਆਈ ਉੱਚਕੋਟੀ ਦੀ ਨਾਅਤ ਨਹੀਂ। ਫੇਰ ਭਲਾ ਕਿਉਂ ਅਪਣਾ ਆਪਾ ਬੰਬਾਂ ਨਾਲ ਉਡਾਉਂਦੇ ਨੇ, ਜਾਣਦਿਆਂ ਵੀ ਮੁਸਲਿਮ ਖ਼ਾਤਰ ਚੰਗਾ ਆਤਮਘਾਤ ਨਹੀਂ। ਬਣਿਆ ਹੈ ਇਹ 'ਨੂਰ' ਭਲਾ ਦੇਖੋ ਖ਼ਾਂ ਕਿਹੜੀ ਮਿੱਟੀ ਦਾ, ਹੋਰ ਕਿਸੇ ਨੇ ਅਣਖਾਂ ਵਾਲੀ ਕਰੀ ਕਹਾਣੀ ਮਾਤ ਨਹੀਂ।
10. ਵੱਡੀ ਗੱਡੀ ਵਾਲਾ ਛੋਟੀ ਗੱਡੀ ਨੂੰ ਇੰਜ ਭੰਨ ਗਿਆ
ਵੱਡੀ ਗੱਡੀ ਵਾਲਾ ਛੋਟੀ ਗੱਡੀ ਨੂੰ ਇੰਜ ਭੰਨ ਗਿਆ। ਛੇ ਭੈਣਾਂ ਦੇ ਕੱਲੇ ਭਾਈ ਨੂੰ ਮਲਬੇ ਵਿਚ ਬੰਨ੍ਹ ਗਿਆ। ਉਹ ਵੀ ਖੱਲ ਉਤਾਰਣ ਦਾ ਕਿੱਤਾ ਅਜ਼ਮਾਉਣਾ ਚਾਹੁੰਦਾ ਸੀ, ਗੱਲਾਂ-ਗੱਲਾਂ ਦੇ ਵਿਚ ਮੈਂ ਵੀ 'ਸਰਮਦ' ਬਣਨਾ ਮੰਨ ਗਿਆ। ਰਿਸ਼ਤਾ ਕਰਕੇ ਪਛਤਾਇਆ ਉਹ ਪੀੜਾਂ ਵਰਗੀ ਵਹੁਟੀ ਨਾਲ, ਜਿਹੜਾ ਸੁਫ਼ਨਾ ਅੱਥਰੇ ਅਰਮਾਨਾਂ ਦੀ ਚੜ੍ਹਕੇ ਜੰਨ ਗਿਆ। ਕਹਿਰ ਖ਼ੁਦਾ ਦਾ ਹੁਣ ਤੱਕ ਸਭ ਨੂੰ ਧੱਕੇ ਨਾਲ ਖਵਾਉਂਦਾ ਏ, ਗ਼ਲਤੀ ਨਾਲ ਮਨੁੱਖ ਤੋਂ ਕਾਹਦਾ ਖਾਧਾ ਭੋਰਾ ਅੰਨ ਗਿਆ। ਕਿੰਨੀ ਛੇਤੀ ਭੈੜੀ ਗੱਲ ਦਾ ਅਸਰ ਦਿਲਾਂ 'ਤੇ ਹੁੰਦਾ ਹੈ, ਜਿੱਧਰ ਚੁਗ਼ਲ-ਚਕੋਰੀ ਡਿੱਠੀ ਉੱਧਰ ਨੂੰ ਹੋ ਕੰਨ ਗਿਆ। ਸੁਣਿਆਂ ਕਰਦੇ ਸਾਂ ਬਾਬੇ ਤੋਂ ਘੁਣ ਆਟੇ ਦੇ ਨਾਲ ਪਿਸੇ, ਕੋਠੀ ਨੂੰ ਜਦ ਭਾਂਬੜ ਲੱਗਿਆ, ਫੂਕ ਅਸਾਡੀ ਛੰਨ ਗਿਆ। ਕਿੰਜ ਛੁਪਾਵੇਂਗਾ ਤੂੰ ਚਾੜ੍ਹ ਮਖੋਟਾ ਰੂਪ ਕਲਹਿਣੇ ਨੂੰ, ਲੋਕੀ ਦੇਖਣ ਜੋਗੇ ਹੋ ਗਏ ਮੁੱਕ ਨਜ਼ਰਾਂ ਦਾ ਅੰਨ੍ਹ ਗਿਆ। ਸੱਚਾਈ ਦੇ ਰੰਗ ਵਿਚ ਰੰਗਿਆ ਜਦ ਦੁਨੀਆ ਨੂੰ ਛੱਡ ਗਿਆ, ਝੂਠੇ ਰਲ ਕੇ ਆਖਣ ਲੱਗੇ, ਨਜ਼ਰੋਂ ਦੂਰ ਕਲੰਨ ਗਿਆ। ਖੋਜ-ਖੁਰਾ ਲੱਭਦੇ ਹਾਂ ਉਸ ਦਾ ਧਰਤੀ ਉੱਤੋਂ 'ਨੂਰ' ਅਜੇ, ਜਿਹੜਾ ਸਾਨੂੰ ਅਪਣਾ ਕਹਿਕੇ ਆਸਾਂ ਨੂੰ ਲਾ ਸੰਨ੍ਹ ਗਿਆ।
11. ਲੰਬੀ ਦੇਰੀ ਸਾਥ ਨਾ ਦਿੱਤਾ ਫੁੱਲਾਂ ਨੇ ਮੁਸਕਾਕੇ
ਲੰਬੀ ਦੇਰੀ ਸਾਥ ਨਾ ਦਿੱਤਾ ਫੁੱਲਾਂ ਨੇ ਮੁਸਕਾਕੇ। ਘਰ ਦਾ ਰੀਡਿੰਗ ਰੂਮ ਸਜਾਇਆ ਸੁੱਕੇ ਪੱਤੇ ਲਾ ਕੇ। ਉਸ ਭਿਸ਼ਤਣ ਦੇ ਵਾਂਗ ਦਿਲਾਸਾ ਦੇ ਕੇ ਜਾਹ ਨਾ ਮੈਨੂੰ, ਤੂੰ ਵੀ ਕਦ ਮੁੜਕੇ ਆਉਣਾ ਹੈ ਸੱਜਣਾ ਏਥੋਂ ਜਾ ਕੇ। ਪਹਿਲਾਂ ਓਸ ਬੀਮਾਰੀ ਭੇਜੀ ਫੇਰ ਫ਼ਰਿਸ਼ਤੇ ਘੱਲੇ, ਨਿਗਲ ਲਿਆ ਸਾਰੇ ਦਾ ਸਾਰਾ ਟੱਬਰ ਪੱਜ ਬਣਾ ਕੇ। ਤੇਰੇ ਵਿਰਸੇ ਦਾ ਮੈਥੋਂ ਵੱਧ ਕੌਣ ਸੰਭਾਲਾ ਕਰਦਾ, ਜੇ ਮੈਂ ਵੀ ਤੁਰ ਆਉਂਦਾ ਤੇਰੇ ਪਿੱਛੇ ਮਹੁਰਾ ਖਾ ਕੇ। ਦੁੱਖ ਲੋਕਾਈ ਦੇ ਦਰਸਾਉਂਦੇ ਸ਼ਿਅਰ ਕਿਸੇ ਨਾ ਜਾਤੇ, ਵਾਹਵਾ ਖੱਟ ਲਈ ਕਈਆਂ ਨੇ ਊਟ-ਪਟਾਂਗ ਸੁਣਾ ਕੇ। ਚੀਕਾਂ ਤੇ ਕੂਕਾਂ ਦਾ ਉਸ ਤੇ ਅਸਰ ਜ਼ਰਾ ਨਾ ਹੋਇਆ, ਜਿਸ ਨੇ ਊਚੇ ਮਾਲ ਉਸਾਰੇ ਕੱਚੇ ਕੋਠੇ ਢਾਅਕੇ। ਉਸ ਦੀ ਹੈਂਕੜ ਬਾਜ਼ ਸਿਆਸਤ ਟਸ ਤੋਂ ਮਸ ਨਾ ਹੋਈ, ਭਾਵੇਂ ਪਗੜੀ ਵੀ ਲੋਕਾਂ ਨੇ ਪੈਰੀਂ ਰੱਖੀ ਲਾਹ ਕੇ। ਉਸ ਬਾਪੂ ਦਾ ਜੇਰਾ ਦੇਖੋ ਜੋ ਭੁੱਖੇ ਬੱਚਿਆਂ ਨੂੰ, ਢਿੱਡ ਭਰਨ ਨੂੰ ਉੱਲੀ ਲੱਗੇ ਟੁਕੜੇ ਦਵੇ ਸੁਖਾ ਕੇ। 'ਨੂਰ ਮੁਹੰਮਦਾ' ਉਸ ਸਮਝੂ ਨੂੰ ਹੋਰ ਕਿਵੇਂ ਸਮਝਾਈਏ, ਜਿਸ ਨੇ ਅੱਖੀਂ ਦੇਖ ਲਿਆ ਜੱਗ ਪੈਰਾਂ ਥੱਲੇ ਗਾਹ ਕੇ।
12. ਪੇਪਰ ਦੇ ਵਿਚ ਬਹਿਕੇ ਇੰਜ ਨਾ ਡੋਲੇ ਹੁੰਦੇ
ਪੇਪਰ ਦੇ ਵਿਚ ਬਹਿਕੇ ਇੰਜ ਨਾ ਡੋਲੇ ਹੁੰਦੇ। ਪੜ੍ਹਣ ਸਮੇਂ ਕੁਝ ਵਰਕੇ ਹੋਰ ਫਰੋਲੇ ਹੁੰਦੇ। ਘੜ ਲੈਂਦੇ ਢਿੱਡ ਖ਼ਾਤਰ ਹੋਰ ਜੁਗਾੜ ਨਵੇਂ ਉਹ, ਮਜ਼ਦੂਰਾਂ ਦੇ ਹੱਥਾਂ ਵਿਚ ਬਹੋਲੇ ਹੁੰਦੇ। ਜਾਗ ਪਏ ਹੁੰਦੇ ਵੇਲੇ ਸਿਰ ਹੱਕਾਂ ਖ਼ਾਤਰ, ਮਾ੍ਹਤੜ ਲੋਕਾਂ ਦੇ ਵੀ ਭਰੇ ਭੜੋਲੇ ਹੁੰਦੇ। ਮੈਂ ਵੀ ਚੁੱਪ-ਚੁਪੀਤੇ ਸਭ ਕੁਝ ਕਹਿ ਦੇਣਾ ਸੀ, ਵਿੱਤੋਂ ਵਧ ਕੇ ਜੇ ਉਹ ਮੈਨੂੰ ਬੋਲੇ ਹੁੰਦੇ। ਆਸ ਭਵਿੱਖ ਵਿਚ ਹੁੰਦੀ ਸਾਡੇ ਤੋਂ ਲੱਭਤ ਦੀ, ਸਿੱਕਿਆਂ ਨਾਲ ਕਦੋਂ ਦੇ ਲੋਕਾਂ ਤੋਲੇ ਹੁੰਦੇ। ਆਲਣ ਮੰਗਣ ਜਾਂਦੇ ਫੇਰ ਉਮੀਦਾਂ ਦੇ ਘਰ, ਸਾਗ ਲਈ ਰੀਝਾਂ ਨੇ ਬੀਜੇ ਛੋਲੇ ਹੁੰਦੇ। ਦੇਖ ਖਲੋਕੇ ਕੋਲ ਅਸਾਡੇ ਚਾਨਣੀਏਂ ਨੀਂ, ਲੋਕਾਂ ਦੇ ਦਿਲ ਭੁੱਜਦੇ ਕੋਲੇ ਕੋਲੇ ਹੁੰਦੇ। ਵਿਛੜੇ ਲੋਕਾਂ ਭਾਰੀ ਪੰਡ ਦੁਖਾਂ ਦੀ ਦਿੱਤੀ, ਸਾਡੇ ਦੁਖ ਤਾਂ ਕੱਖਾਂ ਤੋਂ ਵੀ ਹੌਲੇ ਹੁੰਦੇ। ਬਟੂਏ ਦੇ ਵਿਚ ਪਾ ਕੇ ਘੁੰਮਦੇ ਫਿਰਦੇ 'ਨੂਰ', ਜੇ ਗ਼ਮ ਹਲਕੇ-ਫੁਲਕੇ ਰੱਤੀ-ਤੋਲੇ ਹੁੰਦੇ।
13. ਸੁੰਦਰਤਾ ਨੂੰ ਉੱਤੋਂ ਹੀ ਨਈਂ ਵਾਚੀ ਦਾ
ਸੁੰਦਰਤਾ ਨੂੰ ਉੱਤੋਂ ਹੀ ਨਈਂ ਵਾਚੀ ਦਾ। ਗੁਣ 'ਤੇ ਔਗੁਣ ਨੂੰ ਹੈ ਤਹਿ ਤੱਕ ਜਾਚੀ ਦਾ। ਕਿੱਥੇ ਮਹਫ਼ਿਲ ਗਰਮ ਕਰੇ ਧਨਵਾਨਾਂ ਦੀ, ਨਾ ਘੁੰਗਰੂ ਨਾ ਕੋਠਾ ਬਚਿਆ ਨਾਚੀ ਦਾ। ਕੱਪੜੇ ਲਾਹ ਕੇ ਫਿਰੇ ਹਿਆਤੀ ਬੰਬੇ ਦੀ, ਕੱਪੜਿਆਂ ਵਿਚ ਨਿਕਲੇ ਰੂਪ ਕਰਾਚੀ ਦਾ। ਅੱਲੜ੍ਹ-ਪੁਣੇ ਦੀ ਅਪਣੀ ਹੀ ਖਿੱਚ ਹੁੰਦੀ ਹੈ, ਤੜਕਾ ਜ਼ਰਦੇ ਨੂੰ ਜਿਉਂ ਛੋਟੀ ਲਾਚੀ ਦਾ। ਰਾਤ ਵਧੇਰੀ ਵੱਡੀ ਹੈ ਜੋ ਮਰਜ਼ੀ ਦੇਖ, ਦਿਨ ਵੇਲੇ ਖ਼ਾਬਾਂ ਵਿਚ ਨਹੀਂ ਗਵਾਚੀ ਦਾ। ਗੱਡੀ ਚੜ੍ਹ ਆਉਂਦੈ ਨਾਸਕ ਦੇ ਖੇਤਾਂ ਚੋਂ, ਕਹਿੰਦੇ ਨੇ ਕਿਉਂ ਲੋਕ ਪਿਆਜ਼ ਕਰਾਚੀ ਦਾ। ਬਹੁਤਾ ਨੋਚੇਂਗਾ ਯਾਦਾਂ ਖਿੰਡ ਜਾਣਗੀਆਂ, ਦਿਲ ਦਾ ਜੁੱਸਾ ਬਹੁਤਾ ਨਹੀਂ ਖ਼ੁਰਾਚੀ ਦਾ। ਸੇਜ ਸੁਖਾਂ ਦੀ ਤੋਂ ਦੁੱਖਾਂ ਵਿਚ ਸੁੱਟ ਗਿਆ, ਹਿਜਰ-ਪਰਾਗਾ ਦੇ ਕੇ ਤੁਰਣਾ ਡਾਚੀ ਦਾ। ਤੇਰੀ ਨਈਂ ਤੇਰੇ ਭਾਈਆਂ ਦੀ ਹੋਵੇਗੀ, ਘਰ ਵਿਚ ਮਾਂ ਜਿੱਡਾ ਰੁਤਬਾ ਰੱਖ ਚਾਚੀ ਦਾ। ਛੋਟੀ 'ਤੇ ਸੋਹਣੀ ਗੱਲ ਕਹਿ ਸਕਦੀ ਹੈ 'ਨੂਰ' ਸਾਇਜ਼ ਬੜਾ ਵੀ ਹੋਵੇ ਭਾਵੇਂ ਬਾਚੀ ਦਾ।
14. ਅੱਖ ਝੁਕੂਗੀ ਚੜ੍ਹੇ ਚੁਬਾਰੇ ਲੋਕਾਂ ਦੀ
ਅੱਖ ਝੁਕੂਗੀ ਚੜ੍ਹੇ ਚੁਬਾਰੇ ਲੋਕਾਂ ਦੀ। ਹੈ ਇਹ ਸੋਚ ਮੁਸੀਬਤ ਮਾਰੇ ਲੋਕਾਂ ਦੀ। ਏ. ਸੀ. ਨੇ ਵੀ ਠੰਢੀ ਹਵਾ ਨਹੀਂ ਦੇਣੀ, ਜੀਭ ਜਦੋਂ ਉਗਲੂ ਅੰਗਿਆਰੇ ਲੋਕਾਂ ਦੀ। ਮੈਨੂੰ ਤਾਂ ਚੁਭਦੀ ਹੈ ਤੇਰੀ ਤੂੰ ਜਾਣੇ, ਹਰ ਇਕ ਪੀੜ ਮੁਸੀਬਤ ਮਾਰੇ ਲੋਕਾਂ ਦੀ। ਹਾਕਮ ਦੀ ਘੂਰੀ ਨੇ ਤੰਦੂਆ ਪਾ ਦਿੱਤਾ, ਮਾਰ ਸਕੀ ਨਾ ਬਾਚੀ ਨਾਅਰੇ ਲੋਕਾਂ ਦੀ। ਪੱਕਾ ਬਣ ਨਾ ਸਕਿਆ ਕੌਲਾ, ਕੁੱਲੀ ਦਾ, ਉਮਰ ਗਲੀ ਵਿਚ ਇੱਟਾਂ ਗਾਰੇ ਲੋਕਾਂ ਦੀ। ਵਾਲ ਉਹਦੇ ਛੱਲੀ ਦੇ ਝਾਟੇ ਵਾਂਗ ਖਿੰਡੇ, ਕਰ ਗਏ ਨੀਂਦ ਹਰਾਮ ਵਿਚਾਰੇ ਲੋਕਾਂ ਦੀ। ਤੂੰ ਅਪਣੇ ਦੁੱਖਾਂ ਦੀ ਦਾਰੂ ਆਪੇ ਕਰ, ਸੋਚ ਤੁਰੀ ਹੈ ਤੋੜਣ ਤਾਰੇ ਲੋਕਾਂ ਦੀ। ਨਾਲ ਭੂਚਾਲਾਂ ਮਹਿਲ ਜਦੋਂ ਢੈ ਜਾਂਦੇ ਨੇ, ਰਾਖੀ ਕਰਦੇ ਕੁੱਲੀਆਂ ਢਾਰੇ ਲੋਕਾਂ ਦੀ। ਇੱਕ ਇਕੱਲੀ ਮ੍ਹਾਤੜ ਜਾਨ ਸਹਾਰੇ 'ਨੂਰ', ਫਿਕਰ ਕਰੇਂ ਕਿਉਂ ਜੱਗ ਦੇ ਸਾਰੇ ਲੋਕਾਂ ਦੀ।
15. ਸੁੰਦਰਤਾ ਨੂੰ ਅੱਖੋ-ਅੱਖੀ ਚੱਖ ਲਵਾਂ
ਸੁੰਦਰਤਾ ਨੂੰ ਅੱਖੋ-ਅੱਖੀ ਚੱਖ ਲਵਾਂ। ਚੰਡੀਗੜ੍ਹ ਦੇ ਵਿੱਚ ਵਸੇਬਾ ਰੱਖ ਲਵਾਂ। ਅਪਣੀ ਮਿਹਨਤ ਲੱਖ ਲਵਾਂ ਜਾਂ ਕੱਖ ਲਵਾਂ, ਮੇਰੀ ਮਰਜ਼ੀ ਕੱਖ ਲਵਾਂ ਜਾਂ ਲੱਖ ਲਵਾਂ। ਕਾਹਤੋਂ ਉੱਲੀ ਲਾ ਕੇ ਬਹਾਂ ਸਫ਼ਾਈ ਨੂੰ, ਸੁਥਰੇ ਘਰ ਵਿਚ ਸੱਦ ਕਿਤੋਂ ਕਿਉਂ ਮੱਖ ਲਵਾਂ। ਘਰ ਦੇ ਅੰਦਰ ਦੀ ਵੀਰਾਨੀ ਦੱਸਣ ਨੂੰ, ਬੀਜ ਦੀਵਾਰਾਂ 'ਤੇ ਕਿਉਂ ਕਾਹੀ-ਕੱਖ ਲਵਾਂ। ਰੋਟੀ ਦੇ ਨਾ ਹੋਵੇ ਦੋ ਤਿੰਨ ਬੱਚਿਆਂ ਨੂੰ, ਕੀਹਦੀ ਸਹਿ ਤੇ ਘਰ ਵਿਚ ਸੱਦ ਮਲੱਖ ਲਵਾਂ। ਉਹ ਸਾਲਸ ਲੱਭਦੇ ਨੇ ਓਹਲਾ ਰੱਖਣ ਨੂੰ, ਮੈਂ ਚਾਹੁੰਦਾ ਹਾਂ ਜੋ ਲੈਣੈਂ ਪਰਤੱਖ ਲਵਾਂ। ਉਹ ਫ਼ਤਵੇ ਤੋਂ ਡਰਦੇ ਲੁਕਦੇ ਫਿਰਦੇ ਨੇ, ਮੈਂ ਨਹੀਂ ਚਾਹੁੰਦਾ ਅੱਖ ਦੇ ਬਦਲੇ ਅੱਖ ਲਵਾਂ। ਦੋਵੇਂ ਭਾਈਵਾਲ ਨੇ ਮੇਰੇ ਦੁਖ-ਸੁਖ ਦੇ, ਦੋਹਾਂ ਦੇ ਝਗੜੇ ਵਿਚ ਕੀਹਦਾ ਪੱਖ ਲਵਾਂ। ਸਾਂਤ ਸੁਭਾਅ ਵਿਚਰਣ ਨੂੰ ਜੱਗ ਵਿਚ 'ਨੂਰ' ਕਿਤੇ, ਠਹਿਰ ਖ਼ਲ਼ਾਵਾਂ ਦੇ ਵਿਚ ਜਗ ਤੋਂ ਵੱਖ ਲਵਾਂ।
16. ਸਾਵਣ ਵਿਚ ਤਿਰਹਾਇਆ ਰਹਿਣਾ ਠੀਕ ਨਹੀਂ
ਸਾਵਣ ਵਿਚ ਤਿਰਹਾਇਆ ਰਹਿਣਾ ਠੀਕ ਨਹੀਂ। ਪੌਦੇ ਦਾ ਮੁਰਝਾਇਆ ਰਹਿਣਾ ਠੀਕ ਨਹੀਂ। ਮੀਂਹ ਬਰਸਣਗੇ ਖੱਬਲ ਜਿੱਡਾ ਜੇਰਾ ਰੱਖ, ਕਲੀਆਂ ਦਾ ਕੁਮਲਾਇਆ ਰਹਿਣਾ ਠੀਕ ਨਹੀਂ। ਕੱਢ ਦਿਲੋਂ ਡਰ ਤਕੜੇ ਦੀ ਸਰਦਾਰੀ ਦਾ, ਸਿਰ ਤੇ ਡਰ ਦਾ ਸਾਇਆ ਰਹਿਣਾ ਠੀਕ ਨਹੀਂ। ਸੇਵਾ ਨਾ ਕਰ ਇਹ ਆਪੇ ਹਟ ਜਾਵੇਗਾ, ਦੁੱਖ ਪ੍ਰਾਹੁਣਾ ਆਇਆ ਰਹਿਣਾ ਠੀਕ ਨਹੀਂ। ਖਿੰਡ ਜਾਵੇਗਾ ਸਾਂਝਾ ਚੁੱਲ੍ਹਾ ਟੱਬਰ ਦਾ, ਜੀਆਂ ਦਾ ਟਕਰਾਇਆ ਰਹਿਣਾ ਠੀਕ ਨਹੀਂ। ਅਗਲੀ ਵਾਰ ਭੂਚਾਲ ਕਿਨ੍ਹਾਂ ਨੂੰ ਰੋਲਣਗੇ, ਝੁੱਗੀਆਂ ਨੂੰ ਇੰਜ ਢਾਇਆ ਰਹਿਣਾ ਠੀਕ ਨਹੀਂ। ਬਹੁਤ ਵਧਾਵੇਂਗਾ ਤਾਂ ਦਾਰੂ ਨਹੀਂ ਮਿਲਣੀ, ਰੋਗ ਤਮਾ ਦਾ ਲਾਇਆ ਰਹਿਣਾ ਠੀਕ ਨਹੀਂ। ਹੋਣੀ ਤਾਂ ਹੋਣੀ ਹੈ ਹੋ ਕੇ ਰਹਿੰਦੀ ਹੈ, ਹੋਣੀ ਤੋਂ ਘਬਰਾਇਆ ਰਹਿਣਾ ਠੀਕ ਨਹੀਂ। ਦੌਲਤ ਦੀ ਤੂੰ ਦੂਜੀ ਲੱਤ ਨਹੀਂ ਦੇਖੀ, ਛਾਤੀ ਨੂੰ ਅਕੜਾਇਆ ਰਹਿਣਾ ਠੀਕ ਨਹੀਂ। 'ਨੂਰ ਮੁਹੰਮਦਾ' ਮਨ ਨੂੰ ਮੁਕਤ ਕਦੇ ਤਾਂ ਕਰ, ਯਾਦਾਂ ਵਿਚ ਉਲਝਾਇਆ ਰਹਿਣਾ ਠੀਕ ਨਹੀਂ।
17. ਸੰਘਣੇ ਰੁੱਖਾਂ ਦੀ ਛਾਂ ਨੂੰ ਅਪਣਾਏ ਬਾਝੋਂ
ਸੰਘਣੇ ਰੁੱਖਾਂ ਦੀ ਛਾਂ ਨੂੰ ਅਪਣਾਏ ਬਾਝੋਂ। ਢੱਗੇ ਧੁੱਪੇ ਮਰ ਜਾਂਦੇ ਨੇ ਛਾਏ ਬਾਝੋਂ। ਈਂਧਨ ਬਾਝੋਂ ਕੋਈ ਵੀ ਇੰਜਨ ਨਾ ਚੱਲੇ, ਕੰਮ ਕੋਈ ਵੀ ਚੱਲੇ ਨਾ ਸ਼ਰਮਾਏ ਬਾਝੋਂ। ਇਹ ਬਾਦਲ ਵੀ ਸਰਕਾਰੀ ਬਾਦਲ ਹੋਵੇਗਾ, ਲੰਘੇ ਜੋ ਝੜਕਾ ਕੇ ਮੀਂਹ ਵਰਸਾਏ ਬਾਝੋਂ। ਕੁਦਰਤ ਨੇ ਕੁਝ ਇੰਜ ਅਸੂਲ ਬਣਾ ਦਿੱਤੇ ਨੇ, ਧੀਆਂ ਪੇਕੇ ਛੱਡਣ ਨਾ ਪਰਣਾਏ ਬਾਝੋਂ। ਪਾਣੀ ਅੱਖਾਂ ਦੇ ਵਿਚ ਭਾਵੇਂ ਗਲ ਗਲ ਹੋਵੇ, ਨਿਕਲੇ ਨਾ ਨੈਣਾਂ ਦਾ ਹਲਟ ਚਲਾਏ ਬਾਝੋਂ। ਹੱਕ ਕਿਸੇ ਤੋਂ ਲੈਣ ਲਈ ਕੁਝ ਕਰਨਾ ਪੈਣੈ, ਦੁੱਧ ਦਵੇ ਨਾ ਮਾਂ ਰੋਏ ਕੁਰਲਾਏ ਬਾਝੋਂ। ਧੁੱਪ, ਹਵਾ, ਪਾਣੀ ਨੂੰ ਜਿੰਨਾਂ ਮਰਜ਼ੀ ਚੱਖੋ, ਭੁੱਖ ਕਦੇ ਨਾ ਮਿਟਦੀ ਭੋਜਨ ਖਾਏ ਬਾਝੋਂ। ਫੁੜਕ-ਫੁੜਕ ਕੇ ਮਰਿਆ ਜਿਹੜਾ ਪਾਣੀ ਨੂੰ, ਲੋਕੀ ਉਸ ਨੂੰ ਦੱਬਣ ਨਾ ਗੁਸਲਾਏ ਬਾਝੋਂ। ਨਾਲੇ ਰੋਵਣ ਪਿੱਟਣ ਨਾਲੇ ਤੱਦੀ ਪਾਵਣ, ਘਰ ਦੇ ਨਿਚਲੇ ਬੈਠਣ ਨਾ ਦਫ਼ਨਾਏ ਬਾਝੋਂ। 'ਨੂਰ' ਕਦੇ ਨਾ ਚੁਗ਼ਲ ਚਕੋਰੀ ਕਰਨੋਂ ਹਟਦੇ, ਸਬਰ ਜਿਨ੍ਹਾਂ ਨੂੰ ਆਵੇ ਨਾ ਅੱਗ ਲਾਏ ਬਾਝੋਂ।
18. ਜੁੱਸਾ ਸਡੋਲ ਜਿਹੜਾ ਲਗਦਾ ਸੀ ਜੰਡ ਵਰਗਾ
ਜੁੱਸਾ ਸਡੋਲ ਜਿਹੜਾ ਲਗਦਾ ਸੀ ਜੰਡ ਵਰਗਾ। ਬਿਰਹਾ ਦੇ ਸੋਕਿਆਂ ਨੇ ਕਰਿਆ ਹੈ ਛੰਡ ਵਰਗਾ। ਤੱਕੜੀ ਜਿਨ੍ਹਾਂ ਨੂੰ ਦਈਏ ਉਹ ਅਪਣਿਆਂ ਨੂੰ ਪਾਲਣ, ਕਿੱਦਾਂ ਹਿਸਾਬ ਰੱਖੀਏ ਬਾਬੇ ਦੀ ਵੰਡ ਵਰਗਾ। ਉਨ੍ਹਾਂ ਤੋਂ ਦੂਰ ਹੋ ਕੇ ਮਨ ਨੂੰ ਨਾ ਚੈਨ ਆਵੇ, ਹੈ ਸਾਥ ਵੀ ਜਿਨ੍ਹਾਂ ਦਾ ਭਿੰਡੀ ਦੀ ਕੰਡ ਵਰਗਾ। ਨਾਜ਼ੁਕ ਮਿਜਾਜ਼ ਤੂਈਆਂ ਕਿੰਜ ਚਾਂਦਨੀ ਨੂੰ ਤੱਕਣ, ਕਣੀਆਂ ਨੇ ਸਿਰ ਤੇ ਬੋਝਾ ਧਰਿਐ ਕਰੰਡ ਵਰਗਾ। ਜੀਵਨ 'ਚ ਭਰ ਗਿਆ ਉਹ ਬ੍ਰਿਹਾ ਜਿਹੀ ਕੁੜੱਤਣ, ਵੇਲਾ ਸੀ ਦਿਲ-ਲਗੀ ਦਾ ਲਗਦਾ ਜੋ ਖੰਡ ਵਰਗਾ। ਹੋਵੇ ਆਬਾਦ ਭਾਵੇਂ ਤਾਂ ਵੀ ਉਹ ਘਰ ਨਾ ਲੱਗੇ, ਹੋਵੇ ਨਾ ਪਾਠ ਜਿੱਥੇ ਬੱਚਿਆਂ ਦੀ ਡੰਡ ਵਰਗਾ। ਭਾਵੇਂ ਦਿਆਲ ਹੋ ਕੇ ਮਿਲਦਾ ਸੀ ਵੋਟਰਾਂ ਨੂੰ, ਬੋਲਾਂ 'ਚ ਝਾਕਦਾ ਸੀ ਸਭ ਕੁਝ ਪਖੰਡ ਵਰਗਾ। ਹੱਕਾਂ ਦੀ ਮੰਗ ਕਰਕੇ ਡਾਂਗਾਂ ਵੀ ਖਾਧੀਆਂ, ਪਰ- ਆਇਆ ਸੁਆਦ ਨਾ ਉਸਤਾਦਾਂ ਦੀ ਚੰਡ ਵਰਗਾ। ਪੰਚਾਂ ਨੇ ਵੀਰਿਆਂ ਵਿਚ ਪਾਏ ਨੇ ਇੰਜ ਪੁਆੜੇ, ਇਤਿਹਾਸ ਬਣ ਗਿਆ ਹੈ ਭਾਰਤ ਦੀ ਵੰਡ ਵਰਗਾ। ਭੰਨਿਆ ਹੈ ਵਿਛੜਿਆਂ ਨੇ ਅੰਦਰ ਤੋਂ 'ਨੂਰ' ਭਾਵੇਂ, ਉੱਪਰ ਤੋਂ ਦਿਸ ਰਿਹਾ ਹੈ ਭਾਰਤ ਅਖੰਡ ਵਰਗਾ।
19. ਕਰਦੇ ਸਾਂ ਫ਼ਸਲਾਂ ਦੀ ਸਾਂਭ ਭੜੀਮਾਂ ਦੇ ਕੇ
ਕਰਦੇ ਸਾਂ ਫ਼ਸਲਾਂ ਦੀ ਸਾਂਭ ਭੜੀਮਾਂ ਦੇ ਕੇ। ਪਰ, ਲਾ ਦਿੱਤੇ ਬੱਚੇ ਸੌਣ ਅਫ਼ੀਮਾਂ ਦੇ ਕੇ। ਪੈਸੇ ਵਾਲਾ ਘੁੱਗੂ, ਬੁੱਧੂ ਕੁਝ ਵੀ ਹੋਵੇ, ਚਾਲੂ ਕਰ ਦਿੰਦੇ ਨੇ ਲੋਕ ਸਕੀਮਾਂ ਦੇ ਕੇ। ਸਾਬਤ ਰੱਖਾਂ ਹੋਂਦ ਕਿਵੇਂ ਆਜ਼ਾਦੀ ਵਾਲੀ, ਬਦਲ ਦਿੱਤਾ ਕਾਨੂੰਨ ਉਨ੍ਹਾਂ ਤਰਮੀਮਾਂ ਦੇ ਕੇ। ਪਾ ਦਿੱਤੀ ਭੰਬਲ-ਭੂਸੇ ਵਿਚ ਦੇਸ ਦੀ ਦੌਲਤ, ਅਣਜਾਨਾਂ ਨੇ ਜਰਬਾਂ 'ਤੇ ਤਕਸੀਮਾਂ ਦੇ ਕੇ। ਤੁਰਦੇ-ਫਿਰਦੇ ਨੂੰ ਮੰਜੀ ਉੱਤੇ ਪਾ ਦਿੱਤਾ, ਪੁੱਠੀ-ਸਿੱਧੀ ਦਾਰੂ ਨੀਮ-ਹਕੀਮਾਂ ਦੇ ਕੇ। ਕੁਰਸੀ 'ਤੇ ਬਹਿ ਸਭ ਦੇ ਹੱਕ ਡਕਾਰਣ ਲੱਗਿਆ, ਜਿਸ ਨੂੰ ਅਫ਼ਸਰ ਲਾਇਆ ਸੀ ਇਕ ਸੀਮਾ ਦੇ ਕੇ। ਵੀਹ ਸਾਲਾਂ ਤੋਂ ਸ਼ਾਦੀ-ਸ਼ਾਦੀ ਕਰਦੇ ਸਾਂ, ਮੁੱਕ ਗਿਆ ਸ਼ਾਦੀ ਦਾ ਕੰੰਮ ਵਲੀਮਾ ਦੇ ਕੇ। ਮਾਪੇ ਕਿੱਥੋਂ ਲੱਭਣ ਹੁਣ ਪੁੱਤਰ ਮੋਏ ਨੂੰ, ਦਫ਼ਤਰ ਵਾਲੇ ਬਹਿ ਗਏ ਨੂੰਹ ਨੂੰ ਬੀਮਾ ਦੇ ਕੇ। ਪਾਲ ਦਊ ਤੇਰੇ ਬੱਚੇ ਵੀ ਅੱਲ੍ਹਾ 'ਨੂਰ' ਪਾਲ ਦਿੱਤਾ ਸੀ ਰੱਬ ਨੇ ਨਬੀ ਹਲੀਮਾ ਦੇ ਕੇ।
20. ਇਸ਼ਕ ਦੀਆਂ ਰਮਜ਼ਾਂ ਨੂੰ ਜਾਣਨ ਲੱਗ ਗਿਆ
ਇਸ਼ਕ ਦੀਆਂ ਰਮਜ਼ਾਂ ਨੂੰ ਜਾਣਨ ਲੱਗ ਗਿਆ। ਉਹ ਸੱਚਾ-ਝੂਠਾ ਪਹਿਚਾਣਨ ਲੱਗ ਗਿਆ। ਇਕ ਬੂਟੇ ਨੂੰ ਪਾਲਣ ਦੇ ਵਿਚ ਮਸਤ ਰਿਹਾ, ਦੂਜਾ ਆ ਕੇ ਛਾਵਾਂ ਮਾਨਣ ਲੱਗ ਗਿਆ। ਜ਼ਹਿਰ ਭਰੇ ਡੰਗ ਖਾ ਕੇ ਰਿਸ਼ਤੇਦਾਰਾਂ ਤੋਂ, ਡਰਿਆ ਦਿਲ ਪਾਣੀ ਵੀ ਛਾਣਨ ਲੱਗ ਗਿਆ। ਮੈਂ ਚਾਹੁੰਦਾ ਸਾਂ ਪੜਦੇ ਦੇ ਵਿਚ ਬਾਤ ਰਹੇ, ਉਹ ਪਰ੍ਹਿਆ ਵਿਚ ਹਾਲ ਬਿਆਨਣ ਲੱਗ ਗਿਆ। ਅੜਦੇ-ਥੁੜਦੇ ਅੱਗ ਜਿਨੂੰ ਦੇ ਦਿੰਦੇ ਸਾਂ, ਸਾਡੇ ਘਰ ਵਿਚ ਲੱਤ ਨਿਸਾਲਣ ਲੱਗ ਗਿਆ। ਮੈਂ ਬਾਲੀ ਸੀ ਰੋਟੀ ਤੱਤੀ ਕਰਨ ਲਈ, ਉਹ ਭੱਠੀ ਵਿਚ ਸਿੱਕੇ ਢਾਲਣ ਲੱਗ ਗਿਆ। ਜਿਸ ਨੂੰ ਸਬਕ ਪੜ੍ਹਾਇਆ ਤਿਗੜਮ-ਬਾਜ਼ੀ ਦਾ, ਉਹ ਮੇਰੀ ਹੀ ਸੋਚ ਉਧਾਲਣ ਲੱਗ ਗਿਆ। ਅਪਣੀ ਹੋਂਦ ਮੁਤਾਬਕ ਯਾਰਾਂ-ਮਿਤਰਾਂ ਚੋਂ, ਉਹ ਤਕੜੇ, ਮੈਂ ਮਾੜਾ ਭਾਲਣ ਲੱਗ ਗਿਆ। ਕੀ ਹੋਣੈ ਕਦ ਹੋਣੈ ਛੱਡ ਹੋਣੀ 'ਤੇ 'ਨੂਰ' ਸੋਚਾਂ ਵਿਚ ਕਿਉਂ ਆਪਾ ਗਾਲਣ ਲੱਗ ਗਿਆ।
21. ਦਿਲ ਦੇ ਪਿੰਜਰੇ ਪਾ ਕੇ ਰੱਖੇ ਹੋਏ ਨੇ
ਦਿਲ ਦੇ ਪਿੰਜਰੇ ਪਾ ਕੇ ਰੱਖੇ ਹੋਏ ਨੇ। ਸ਼ਿਕਰੇ ਯਾਰ ਬਣਾ ਕੇ ਰੱਖੇ ਹੋਏ ਨੇ। ਮੈਂ ਧੀਆਂ ਨੂੰ ਜੀਵਨ-ਕਲਾ ਸਿਖਾਉਣ ਲਈ, ਬਈਆਂ ਦੇ ਘਰ ਲਾਹ ਕੇ ਰੱਖੇ ਹੋਏ ਨੇ। ਸੋਚਾਂ ਵੀ ਨਈਂ ਸਾਥੀ ਬਣਨਾ ਲੋਚਦੀਆਂ, ਆਸ ਭੜੋਲੇ ਢਾਅ ਕੇ ਰੱਖੇ ਹੋਏ ਨੇ। ਖੋਲ੍ਹ ਨਾ ਦੇਵਣ ਅੱਖ ਉਨੀਂਦੀ ਨੀਂਦਰ ਦੀ, ਸੁਫ਼ਨੇ ਡਾਹਾ ਪਾ ਕੇ ਰੱਖੇ ਹੋਏ ਨੇ। ਐਵੇਂ ਤਾਂ ਨਹੀਂ ਬੈਠੇ ਲੋਭੀ ਯਾਰ ਬਣੇ, ਲਾਲਚ ਵਿਚ ਉਲਝਾ ਕੇ ਰੱਖੇ ਹੋਏ ਨੇ। ਤੱਕਦਾ ਏਂ ਜੋ ਕੁੱਪ ਬਣਾਏ ਤੂੜੀ ਦੇ, ਢੇਰ ਖਲ੍ਹੀ ਨੂੰ ਗਾਹ ਕੇ ਰੱਖੇ ਹੋਏ ਨੇ। ਅਗਲੀ ਫ਼ਸਲ ਲਈ ਕੁਝ ਦਾਣੇ ਸੋਚਾਂ ਦੇ, ਯਾਦ ਭੜੋਲੇ ਪਾ ਕੇ ਰੱਖੇ ਹੋਏ ਨੇ। ਛਾਂ ਦੇ ਨਾਂ 'ਤੇ ਬੋਹੜ ਉਗਾ ਕੇ ਲੋਕਾਂ ਨੇ, ਨਵੇਂ ਅੜਿੱਕੇ ਡਾਹ ਕੇ ਰੱਖੇ ਹੋਏ ਨੇ। ਤੂੰ ਜਿਹੜੇ ਪਾ ਕੇ ਮਟਕਾਉਂਦਾ ਫ਼ਿਰਦੈਂ 'ਨੂਰ', ਲੋਕਾਂ ਸੂਟ ਹੰਢਾ ਕੇ ਰੱਖੇ ਹੋਏ ਨੇ।
22. ਭੁੱਲ-ਭੁਲਾ ਕੇ ਵਾਅਦੇ ਦੇ ਸਤਿਕਾਰਾਂ ਵਾਲੀ
ਭੁੱਲ-ਭੁਲਾ ਕੇ ਵਾਅਦੇ ਦੇ ਸਤਿਕਾਰਾਂ ਵਾਲੀ। ਕਰ ਜਾਂਦਾ ਹੈ ਬਾਤ ਸੱਜਣ ਮੁਟਿਆਰਾਂ ਵਾਲੀ। ਹੱਦਾਂ ਮੇਟਣ ਵਾਲਾ ਭਾਸ਼ਣ ਦਿੰਦੇ ਲੋਕੋ, ਪਹਿਲਾਂ ਟੱਪ ਕੇ ਵਾੜ ਦਿਖਾਉ ਤਾਰਾਂ ਵਾਲੀ। ਪਹਿਲਾਂ ਕੂੜ-ਕਪਟ ਨੂੰ ਦਿਲ ਚੋਂ ਪਾਸੇ ਧਰ, ਫੇਰ ਕਰਾਂਗੇ ਬਾਤ ਫੁੱਲਾਂ ਦੇ ਹਾਰਾਂ ਵਾਲੀ। ਯਾਰ ਭਲੇ ਜਾਂ ਮੱਕੜੀ ਅਤੇ ਕਬੂਤਰ, ਸੋਚਾਂ? ਬਾਤ ਜਦੋਂ ਆਉਂਦੀ ਹੈ ਚੇਤੇ ਗ਼ਾਰਾਂ ਵਾਲੀ। ਹੁਣ ਤਾਂ ਨਾਰਾਂ ਵੀ ਚੰਨ ਤੇ ਜਾਕੇ ਮੁੜ ਆਈਆਂ, ਮਰਦਾਂ ਵਿਚ ਹੀ ਬਾਤ ਨਹੀਂ ਫ਼ਨਕਾਰਾਂ ਵਾਲੀ। ਔਖ ਪਵੇ ਤਾਂ ਦਿੱਲੀ ਤੱਕ ਪੱਗਾਂ ਵਟ ਜਾਵਣ, ਸੌਖ ਸਮੇਂ ਨਾ ਸਾਂਝ ਦਿਸੇ ਸਰਦਾਰਾਂ ਵਾਲੀ। ਜਿਸ ਨੇ ਇੱਜ਼ਤ ਮਿੱਟੀ ਵਿਚ ਮਧੋਲ ਦਿੱਤੀ ਸੀ, ਬਾਤ ਸੁਣਾ ਉਹ, ਉਸ ਦਿਨ ਦੇ ਅਖ਼ਬਾਰਾਂ ਵਾਲੀ। ਜਿੱਥੇ ਬਹਿ ਕੇ ਇਕ-ਦੂਜੇ ਦੇ ਖ਼ਾਬ ਚੁਰਾਈਏ, ਕਿਧਰੇ ਨਾ ਲੱਭੇ ਉਹ ਰੱਖ ਸ਼ਿਕਾਰਾਂ ਵਾਲੀ। ਸਾਰੇ ਹੀ 'ਸ਼ੀਰਾਕ' ਜਿਹੇ ਬਣ ਬਹਿੰਦੇ 'ਨੂਰ' ਮਿਲ ਜਾਵੇ ਜਦ ਸਹਿ ਪਿੱਛੋਂ ਹਥਿਆਰਾਂ ਵਾਲੀ।
23. ਕਿੰਨੀ ਵਾਰੀ ਜਾ ਕੇ ਝਗੜਾ ਝੇੜਾ ਕੀਤਾ
ਕਿੰਨੀ ਵਾਰੀ ਜਾ ਕੇ ਝਗੜਾ ਝੇੜਾ ਕੀਤਾ। ਪਰ ਉਸ ਨੇ ਨਾ ਸੱਚੋ-ਸੱਚ ਨਬੇੜਾ ਕੀਤਾ। ਵੇਲੇ ਦੇ ਸਰਦਾਰਾਂ ਨੇ ਕੀਤਾ ਸੀ ਧੱਕਾ, ਹੀਰ ਕਬੂਲ ਕਦੋਂ ਹੈ ਦਿਲ ਤੋਂ ਖੇੜਾ ਕੀਤਾ। ਸ਼ਾਇਦ ਦੁਖੜੇ ਸੁਣਨ ਲਈ ਕੋਈ ਆ ਜਾਵੇ, ਮੈਂ ਆਸਾਂ ਦਾ ਖੁੱਲ੍ਹਾ-ਡੁੱਲ੍ਹਾ ਵਿਹੜਾ ਕੀਤਾ। ਭਾਵੇਂ ਗਿਣਤੀ ਦੇ ਵਿਚ ਵੰਡ ਬਰਾਬਰ ਰੱਖੀ, ਪਰ ਸਾਡੀ ਰੋਟੀ ਦਾ ਛੋਟਾ ਪੇੜਾ ਕੀਤਾ। ਜਦ ਜੀਵਨ ਦੇ ਰਾਹਾਂ ਵਿੱਚੋਂ ਦੂਰ ਹਟਾਇਆ, ਉਸ ਨੇ ਯਾਦਾਂ ਵਿਚ ਗੇੜੇ 'ਤੇ ਗੇੜਾ ਕੀਤਾ। ਮਿੱਤਰ ਪੰਚਾਂ ਨੇ ਮੈਨੂੰ ਖ਼ੁਸ਼ ਰੱਖਣ ਖ਼ਾਤਰ, ਮੇਰੇ ਸਕੇ-ਸਬੰਧੀਆਂ ਨਾਲ ਬਖੇੜਾ ਕੀਤਾ। ਉਸ ਨੇ ਮੈਨੂੰ ਰੱਜ ਕੇ ਨ੍ਹਾਸੀਂ ਚਨੇ ਚਬਾਏ, ਮੈਂ ਦੁਨੀਆਂ ਵਿਚ ਬਹੁਤਾ ਮਹਿਰਮ ਜਿਹੜਾ ਕੀਤਾ। ਮੈਂ ਹਾਂ ਉਨ੍ਹਾਂ ਹੱਕ-ਪਰਸਤਾਂ ਦਾ ਅਨੁਆਈ, ਗ਼ਰਕ ਜਿਨ੍ਹਾਂ ਨੇ ਨਮਰੂਦਾਂ ਦਾ ਬੇੜਾ ਕੀਤਾ। ਏਸ ਗੁਣਾਂ ਦੀ ਗੁਠਲੀ ਨੂੰ ਐਵੇਂ ਨਾ ਜਾਣੀ, ਕੰਮ ਨਹੀਂ ਮੈਂ ਕਿਹੜੇ ਵੇਲੇ ਕਿਹੜਾ ਕੀਤਾ। ਤਰਸ ਜ਼ਰਾ ਨਾ ਕੀਤਾ 'ਨੂਰ' ਭੁਲੱਕੜ ਉੱਤੇ, ਅੱਲ੍ਹਾ ਨੇ ਵੀ ਅਮਲਾਂ ਨਾਲ ਨਬੇੜਾ ਕੀਤਾ।
24. ਇਹ ਸੰਗੀਤ ਵਿਚਾਰੇ ਸਭ ਪ੍ਰਵਾਸੀ ਹੁੰਦੇ
ਇਹ ਸੰਗੀਤ ਵਿਚਾਰੇ ਸਭ ਪ੍ਰਵਾਸੀ ਹੁੰਦੇ। ਜੇ ਸਭ ਹੀ ਬੇਸੁਰ ਬੇਤਾਲ ਮੀਰਾਸੀ ਹੁੰਦੇ। ਮੈਂ ਵੀ ਛੁਟੀਆਂ ਕੱਟਣ ਨਾਨਕਿਆਂ ਦੇ ਜਾਂਦਾ, ਜੇ ਦੁੱਖ ਪੀੜਾਂ ਮੇਰੇ ਮਾਮਾ ਮਾਸੀ ਹੁੰਦੇ। ਜਦ ਬ੍ਰਿਹਾ ਦੀ ਚੱਕੀ ਝੋਂ ਕੇ ਯਾਦਾਂ ਪੀਂਹਦਾ, ਸੁਫ਼ਨੇ ਰੀਝਾਂ ਬੈਠੇ ਵਿਚ ਉਦਾਸੀ ਹੁੰਦੇ। ਭਾਵੇਂ ਘਰ ਦਾ ਝਗੜਾ ਹੋਵੇ ਜਾਂ ਦਫ਼ਤਰ ਦਾ, ਜਾਂਦੇ ਨੇ ਸਭ ਮਸਲੇ ਅੱਜ ਸਿਆਸੀ ਹੁੰਦੇ। ਚੀਸਾਂ, ਪੀੜਾਂ, ਠੇਸਾਂ ਦਿੱਤੀਆਂ ਜੋ ਸਾਕਾਂ ਨੇ, ਜਰ ਲੈਂਦਾ ਜੇ ਇਹ ਸਭ ਦੁੱਖ ਅਕਾਸ਼ੀ ਹੁੰਦੇ। ਮਨ ਦੀ ਖੋਟ ਕਦੇ ਜੇ ਚੰਗਾ ਸੋਚਣ ਦਿੰਦੀ, ਹੁਣ ਤੱਕ ਮੱਕੇ ਹੁੰਦੇ, ਮਥਰਾ ਕਾਸ਼ੀ ਹੁੰਦੇ। ਭੁੱਖਾਂ ਮਾਰੇ ਬੰਦੇ ਢਿੱਡ ਭਰਨ ਦੀ ਕਰਦੇ, ਰੋਟੀ ਟੁਕੜੇ ਤਾਜ਼ੇ ਹੁੰਦੇ ਬਾਸੀ ਹੁੰਦੇ। ਰੰਗ ਲਿਆਵਣ ਲੱਗੀ ਹੈ ਬੈਠਕ ਦੀ ਸੋਹਬਤ, ਸ਼ੌਕ ਪਵਿੱਤਰ ਲਗਦੇ ਦਿਸਣ ਅੱਯਾਸੀ ਹੁੰਦੇ। 'ਨੂਰ ਮੁਹੰਮਦਾ' ਮਿਲਣਾ ਤਾਂ ਇਕ ਕੱਫ਼ਨ ਹੀ ਸੀ, ਇਸ ਜੀਵਨ ਦੇ ਭਾਵੇਂ ਸਾਲ ਅਠਾਸੀ ਹੁੰਦੇ।
25. ਦੁਖ-ਸੁਖ ਖ਼ਾਤਰ ਯਾਰ ਨਹੀਂ ਤਾਂ ਜੀਵਨ ਕਾਹਦਾ
ਦੁਖ-ਸੁਖ ਖ਼ਾਤਰ ਯਾਰ ਨਹੀਂ ਤਾਂ ਜੀਵਨ ਕਾਹਦਾ। ਜੀਵਨ ਵਿਚ ਰਫ਼ਤਾਰ ਨਹੀਂ ਤਾਂ ਜੀਵਨ ਕਾਹਦਾ। ਨਿੱਘ ਤਾਂ ਆ ਹੀ ਜਾਂਦਾ ਹੈ ਬੁੱਕਲ ਵਿਚ ਵੜਕੇ, ਜੇ ਨਿੱਘਾਂ ਵਿਚ ਪਿਆਰ ਨਹੀਂ ਤਾਂ ਜੀਵਨ ਕਾਹਦਾ। ਲੋਕੋ ਇੰਜ ਨਾ ਸਮਝੋ ਸੱਚੇ ਨੂੰ ਬੜਬੋਲਾ, ਮੁੱਦਿਆਂ 'ਤੇ ਤਕਰਾਰ ਨਹੀਂ ਤਾਂ ਜੀਵਨ ਕਾਹਦਾ। ਕਿਕਲੀ ਪਾਉਂਦੀ ਢਾਣੀ ਦੇ ਭੜਕਾਊਪਣ ਵਿਚ, ਦੇਸੀਪਣ ਦੀ ਸਾਰ ਨਹੀਂ ਤਾਂ ਜੀਵਨ ਕਾਹਦਾ, ਅਪਣੇ ਸਮਝ ਬੁਲਾਏ ਲੋਕਾਂ ਦੀ ਢਾਣੀ ਵਿਚ, ਇਕ ਅੱਧ ਵੀ ਗ਼ੱਦਾਰ ਨਹੀਂ ਤਾਂ ਜੀਵਨ ਕਾਹਦਾ। ਲੱਕ ਭੰਨਵੀਂ ਮਿਹਨਤ ਕਰਕੇ ਛੱਤੇ ਘਰ ਨੂੰ, ਸਾਂਭਣ ਵਾਲੀ ਨਾਰ ਨਹੀਂ ਤਾਂ ਜੀਵਨ ਕਾਹਦਾ। ਇਸ ਜੀਵਨ ਦੇ ਚਾਲੇ-ਢਾਲੇ ਪਰਖਣ ਜੋਗਾ, ਜੇ ਬੰਦਾ ਹੁਸ਼ਿਆਰ ਨਹੀਂ ਤਾਂ ਜੀਵਨ ਕਾਹਦਾ। ਅਪਣਾ ਜੀਵਨ ਪੰਧ ਮੁਕਾਈ ਫਿਰਦੇ ਲੋਕੋ, ਜੇ ਢਿੱਲਾ ਹੰਕਾਰ ਨਹੀਂ ਤਾਂ ਜੀਵਨ ਕਾਹਦਾ। ਵਧਦੀ ਮਹਿੰਗਾਈ ਨੂੰ ਨੱਥਾਂ ਪਾਵਣ ਵਾਲੀ, ਵੇਲੇ ਦੀ ਸਰਕਾਰ ਨਹੀਂ ਤਾਂ ਜੀਵਨ ਕਾਹਦਾ। ਧੋਖੇ ਖਾਕੇ ਵੀ ਪਹਿਚਾਣੀ 'ਨੂਰ' ਜਿਨ੍ਹਾਂ ਨੇ, ਦੁਸ਼ਮਣ ਦੀ ਲਲਕਾਰ ਨਹੀਂ ਤਾਂ ਜੀਵਨ ਕਾਹਦਾ।
26. ਥਾਂ ਵੀ ਦਿੰਦੇ ਉਸ ਨੂੰ ਦਿਲ ਵਿਚ ਰਹਿਣ ਲਈ
ਥਾਂ ਵੀ ਦਿੰਦੇ ਉਸ ਨੂੰ ਦਿਲ ਵਿਚ ਰਹਿਣ ਲਈ। ਜੇ ਉਹ ਆਉਂਦਾ ਸਾਡੇ ਵਿਹੜੇ ਬਹਿਣ ਲਈ। ਰੇਸ਼ਮ ਸੀ, ਖੱਦਰ ਸੀ ਜਾਂ ਉਹ ਮਲਮਲ ਸੀ, ਜਿਹੜੀ ਮਿਲੀ ਪੁਸ਼ਾਕ ਅਸੀਂ ਉਹ ਪਹਿਣ ਲਈ, ਆਸਾਂ ਤਾਂ ਸੋਚਾਂ ਦੇ ਢੇਰ ਲਗਾ ਗਈਆਂ, ਸ਼ਿਅਰ ਬਣਾਉਣੇ ਔਖੇ ਹੋ ਗਏ ਜ਼ਿਹਣ ਲਈ। ਪਿਉ ਦਾਦੇ ਦਾ ਨਾਂ ਲੈ ਲੈ ਕੇ ਕੋਸ ਗਿਆ, ਰਹਿੰਦਾ ਵੀ ਹੁਣ ਕੀ ਹੈ ਬਾਕੀ ਕਹਿਣ ਲਈ। ਸਭ ਸੇਕਾ ਭਾਲਣ ਮਤਲਬ ਦਾ ਜੁੱਸੇ 'ਚੋਂ, ਹਰ ਜੁੱਸਾ ਨਹੀਂ ਬਾਲਣ ਹੁੰਦਾ ਡਹਿਣ ਲਈ। ਆਪਸ ਦੇ ਵਿਚ ਪਹਿਲਾਂ ਗਿਟ-ਮਿਟ ਕਰਕੇ ਹੀ, ਕੁਝ ਭਲਵਾਨ ਅਖਾੜੇ ਉਤਰਣ ਢਹਿਣ ਲਈ। ਕਿੰਨੀ ਮਰਜ਼ੀ ਅਸਮਾਨਾਂ ਨੂੰ ਛੂਹ ਜਾਵੇ, ਹਰ ਗੁੱਡੀ ਉਡਦੀ ਹੈ ਹੇਠਾਂ ਲਹਿਣ ਲਈ। ਮੁਖ ਦੀ ਲਾਲੀ ਕਿਉਂ ਭੱਦੀ ਪੈ ਚੱਲੀ ਏ, ਕਾਰਨ ਲੱਭਾਂ ਚੰਨ ਦੇ ਏਸ ਗ੍ਰਹਿਣ ਲਈ। ਭੱਜ ਕੇ ਕਿਹੜੀ ਧਰਤੀ 'ਤੇ ਜਾਵੇਂਗਾ 'ਨੂਰ' ਰੱਬ ਨੇ ਪੈਦਾ ਕੀਤਾ ਏਂ ਦੁੱਖ ਸਹਿਣ ਲਈ।
27. ਠਿੱਲ੍ਹਣ ਬਾਝੋਂ ਬੇੜੀ ਪਾਰ ਕਿਵੇਂ ਹੋਵੇਗੀ
ਠਿੱਲ੍ਹਣ ਬਾਝੋਂ ਬੇੜੀ ਪਾਰ ਕਿਵੇਂ ਹੋਵੇਗੀ। ਤੇਜ਼ ਜ਼ਮਾਨੇ ਦੀ ਰਫ਼ਤਾਰ ਕਿਵੇਂ ਹੋਵੇਗੀ। ਜੇ ਹਿੰਮਤ ਦੇ ਤੇਸੇ ਨੇ ਪੁੱਟੀਆਂ ਨਾ ਨੀਹਾਂ, ਜ਼ਾਲਮ ਦੇ ਰਾਹ ਵਿਚ ਦੀਵਾਰ ਕਿਵੇਂ ਹੋਵੇਗੀ। ਤੂੰ ਭਾਵੇਂ ਜੀਵਨ ਦਾ ਹਰ ਸ਼ੈ ਉਸ ਤੋਂ ਲੈ ਲੈ, ਸ਼ਾਦੀ ਬਾਝੋਂ ਤੇਰੀ ਨਾਰ ਕਿਵੇਂ ਹੋਵੇਗੀ। ਘੱਟ ਕਮਾਈ ਵਿਚ ਕੱਢਣ ਕਿੰਜ ਨਿਰਧਨ ਵੇਲਾ, ਤਕੜੇ ਨੂੰ ਇਸ ਤੱਥ ਦੀ ਸਾਰ ਕਿਵੇਂ ਹੋਵੇਗੀ। ਜੇ ਲਾਲਚ ਹੀ ਮੁੱਕ ਗਿਆ ਚੁਧਰਾਹਟ ਵਰਗਾ, ਧਰਤੀ ਉੱਤੇ ਮਾਰੋ-ਮਾਰ ਕਿਵੇਂ ਹੋਵੇਗੀ। ਸੋਕ ਲਿਆ ਬ੍ਰਿਹੋਂ ਲੂਆਂ ਨੇ ਜਿਸ ਦਾ ਸੇਗਾ, ਉਹ ਅੱਖ ਵਗਣੀ ਜ਼ਾਰੋਜ਼ਾਰ ਕਿਵੇਂ ਹੋਵੇਗੀ। ਲੱਭੇ ਨਾ ਕਾਨੂੰਨ ਘੜਨ ਨੂੰ ਚੰਗੇ ਘਾੜੇ, ਲੋਕਾਂ ਦੀ ਰੋਟੀ ਇਕਸਾਰ ਕਿਵੇਂ ਹੋਵੇਗੀ। ਜੇ ਭੋਰੇ ਨੇ ਕਲੀਆਂ ਦੇ ਚੁੰਮਣ ਨਾ ਲੀਤੇ, ਲੋਕਾਂ ਵਿਚ ਖੰਭਾਂ ਦੀ 'ਡਾਰ ਕਿਵੇਂ ਹੋਵੇਗੀ। ਮੁੱਕ ਗਏ ਸਾੜ੍ਹੀ ਦਾ ਪੱਲੂ ਖਿੱਚਣ ਵਾਲੇ, ਗਿਰਝਾਂ ਤੋਂ ਨਾਰੀ ਹੁਸ਼ਿਆਰ ਕਿਵੇਂ ਹੋਵੇਗੀ। ਪੁੱਟੀ ਨਾ ਦੁੱਖਾਂ ਦੀ ਜੌਂਧਰ ਖੁੱਡਾਂ ਵਿੱਚੋਂ, 'ਨੂਰ' ਸੁਖਾਂ ਦੀ ਫ਼ਸਲ ਤਿਆਰ ਕਿਵੇਂ ਹੋਵੇਗੀ।
28. ਖ਼ਾਬਾਂ ਦੀ ਦੁਨੀਆ ਵਿਚ ਵਕਤ ਗੁਜ਼ਾਰੀ ਕਰੀਏ
ਖ਼ਾਬਾਂ ਦੀ ਦੁਨੀਆ ਵਿਚ ਵਕਤ ਗੁਜ਼ਾਰੀ ਕਰੀਏ। ਗ਼ਜ਼ਲੇ, ਆ ਗ਼ਜ਼ਲਾਂ ਦੀ ਰੂਪ-ਨਿਖਾਰੀ ਕਰੀਏ। ਨਮਰੂਦਾਂ ਦੇ ਫ਼ਰਮਾਨਾਂ ਨੂੰ ਛਿੱਕੇ ਟੰਗੀਏ, ਵੇਲੇ ਦੀ ਹਿੱਕ ਉੱਤੇ ਬਹਿ ਸਰਦਾਰੀ ਕਰੀਏ। ਦਰਸ ਲਈ ਸੱਦਣ ਆਇਆਂ ਨੂੰ ਹਸਕੇ ਮਿਲੀਏ, ਨੇਕਾਂ ਦੇ ਸੰਗ ਤੁਰ ਕੇ ਜੂਨ-ਸੁਧਾਰੀ ਕਰੀਏ। ਚੁੱਕ ਸਕੇ ਨਾ ਜੁੱਸਾ ਪੰਡ ਸਬਾਬਾਂ ਦੀ ਨੂੰ, ਜੀਵਨ ਦੇ ਬਸਤੇ ਨੂੰ ਐਨਾ ਭਾਰੀ ਕਰੀਏ। ਸੋਚਾਂ ਦੇ ਜੁੱਸੇ ਵਿਚ ਜੋਸ਼ ਉਕਾਬੀ ਭਰਕੇ, ਊਚੀ ਤੋਂ ਵੀ ਊਚੀ ਸੋਚ ਉਡਾਰੀ ਕਰੀਏ। ਜੀਵਨ ਜਾਂਚ ਸਿਖਾਈਏ ਹਰ ਘਿਸਦੇ-ਪਿਸਦੇ ਨੂੰ, ਜ਼ਾਲਮ ਦੀ ਮਜ਼ਲੂਮਾਂ ਕੋਲ ਖ਼ੁਆਰੀ ਕਰੀਏ। ਪੁੱਟ ਦੁਖਾਂ ਦੀ ਜੌਂਧਰ, ਕਾਹੀ, ਗੁੱਲੀ-ਡੰਡਾ, ਧਰਤੀ 'ਤੇ ਸੁੱਖਾਂ ਦੀ ਬੀਜ ਖਿਲਾਰੀ ਕਰੀਏ। ਦੁਖ-ਸੁਖ ਖ਼ਾਤਰ ਮਿਲ ਕੇ ਦੁਨੀਆ ਬਹਿਣ ਨਾ ਦੇਵੇ, ਚੱਲ ਖ਼ਾਬਾਂ ਵਿਚ ਚੰਨ ਤੱਕ ਸਾਂਝ ਉਡਾਰੀ ਕਰੀਏ। ਸ਼ਬਦ ਨਵੇਲੇ ਚਿਣ ਸ਼ਿਅਰਾਂ ਦੀ ਕੰਧ ਬਣਾਈਏ, 'ਨੂਰ' ਚਲੋ ਅੱਜ ਗ਼ਜ਼ਲਾਂ ਵਿਚ ਫ਼ਨਕਾਰੀ ਕਰੀਏ।
29. ਵਾਅਦਾ ਕਰਕੇ ਜਦ ਵੀ ਵਾਅਦਾ-ਮਾਰੀ ਕੀਤੀ
ਵਾਅਦਾ ਕਰਕੇ ਜਦ ਵੀ ਵਾਅਦਾ-ਮਾਰੀ ਕੀਤੀ। ਲੋਕਾਂ ਨੇ ਵੀ ਸਰਕਾਰਾਂ ਦੀ ਖ਼ੁਆਰੀ ਕੀਤੀ। ਮੰਗਲ ਦੇ ਵਸਨੀਕਾਂ ਨੇ ਖਲਪਾੜਾਂ ਚੁੱਕੀਆਂ, ਜਦ ਮੈਂ ਊਚੀ ਅਪਣੀ ਸੋਚ ਉਡਾਰੀ ਕੀਤੀ। ਰੋਜ਼ ਪ੍ਰਾਹੁਣੇ ਆਉਂਦੇ ਨੇ ਅੱਗੇ ਤੋਂ ਅੱਗੇ, ਜਦ ਤੋਂ ਦੁੱਖਾਂ ਨਾਲ ਹੈ ਰਿਸ਼ਤੇਦਾਰੀ ਕੀਤੀ। ਹਾਲੇ ਤਾਂ ਉਹ ਵੇਖ ਰਹੀਆਂ ਸਨ ਅੱਲੜ੍ਹ ਸੁਫ਼ਨੇ, ਰੀਝਾਂ ਦੀ ਕਿਸ ਉਮਰੇ ਨੱਥ ਉਤਾਰੀ ਕੀਤੀ। ਅਣਖ, ਵਿਖਾਵਾ ਸ਼ੁਹਰਤ 'ਤੇ ਦੌਲਤ ਨੇ ਰਲ ਕੇ, ਬੇਗ਼ੈਰਤ ਨਿਰਬਸਤਰ ਜੱਗ 'ਤੇ ਨਾਰੀ ਕੀਤੀ। ਅਪਣੀ ਹੈਂਕੜ ਟੀਸੀ 'ਤੇ ਰੱਖਣ ਦੀ ਖ਼ਾਤਰ, ਸਕਿਆਂ ਨੇ ਸਕਿਆਂ ਦੇ ਨਾਲ ਗ਼ੱਦਾਰੀ ਕੀਤੀ। ਚਿਣ ਚਿਣ ਚੱਠੇ ਲਾਏ ਪਰ ਮੇਰੇ ਨਾ ਹੋਏ, ਕਿੰਨਾ ਚਿਰ ਨੋਟਾਂ ਦੀ ਪੱਲੇਦਾਰੀ ਕੀਤੀ। ਵਾਰੇ ਵਾਰੇ ਜਾਈਏ ਸ਼ਾਨ ਖ਼ੁਦਾ ਦੀ ਦੇਖੋ, ਮੇਰੀ ਪਿਆਰੀ ਉਸ ਨੇ ਅਪਣੀ ਪਿਆਰੀ ਕੀਤੀ। ਉਹ ਵੀ ਲੋਕਾ-ਚਾਰੀ ਬੈਠ ਗਿਆ ਸੀ ਆਕੇ, ਹਾਂ-ਹੂੰ ਕਰਕੇ ਮੈਂ ਵੀ ਵਕਤ ਗੁਜ਼ਾਰੀ ਕੀਤੀ। ਇਕ ਵਾਰੀ ਕੀਤੀ 'ਤੇ ਗੁੱਸੇ ਹੋ ਗਿਆ ਜਿਸ ਨੇ, 'ਨੂਰ ਮੁਹੰਮਦ' ਨਾਲ ਬੁਰੀ ਸੌ ਵਾਰੀ ਕੀਤੀ।
30. ਆਸਾਂ ਦੀ ਪੂਰਤੀ ਨੂੰ ਦਿੰਦੇ ਹਾਂ ਦੱਬ ਘੋੜਾ
ਆਸਾਂ ਦੀ ਪੂਰਤੀ ਨੂੰ ਦਿੰਦੇ ਹਾਂ ਦੱਬ ਘੋੜਾ। ਸਾਡਾ ਹਿਸਾਬ ਬਹੁਤਾ ਲੰਬਾ ਹੈ ਨਾ ਹੈ ਚੌੜਾ। ਦਰਬਾਰੀਆਂ ਦੀ ਸਹਿ 'ਤੇ ਵਧਦੀ ਹੀ ਜਾ ਰਹੀ ਹੈ, ਫ਼ਿਨਸੀ ਸੀ ਜੋ ਕੁਰਪਸ਼ਨ ਉਹ ਬਣ ਗਈ ਹੈ ਫੋੜਾ। ਲਾਇਆ ਹੈ ਜਦ ਤੋਂ ਬੂਟਾ ਦਿੰਦੇ ਹਾਂ ਰੋਜ਼ ਪਾਣੀ, ਫਲ ਇਸ਼ਕ ਦੇ ਨੂੰ ਭਾਵੇਂ ਕਹਿੰਦੇ ਨੇ ਲੋਕ ਕੌੜਾ। 'ਬੀ' ਬੋ ਕੇ ਦੋਸਤੀ ਦਾ ਜੰਗਲ ਬਣਾ ਲਿਆ ਹੈ, ਯਾਰਾਂ ਦਾ ਹਿੱਤ ਭਾਵੇਂ ਦਿਸਦਾ ਹੈ ਬਹੁਤ ਸੌੜਾ। ਸ਼ਖ਼ਤਾਂ ਤੋਂ ਸਖ਼ਤ ਲੋਹਾ ਸਿੱਧਾ ਪਲਾਂ 'ਚ ਹੋਵੇ, ਭੱਠੀ 'ਚ ਗਰਮ ਕਰਕੇ ਪੈਂਦਾ ਹੈ ਜਦ ਹਥੌੜਾ। ਕਲ ਤਕ ਸਤਾਉਣ ਵਾਲੇ ਘਰ ਸਾਂਭਦੇ ਨੇ ਮੇਰਾ, ਹਾਥੀ ਦੇ ਵਾਂਗ ਭਾਵੇਂ ਰੱਖਣ ਬੜਾ ਨਕੌੜਾ। ਆਸਾਂ ਦੀ ਦੌੜ ਅੰਦਰ ਹਰ ਵਾਰ ਹਾਰ ਜਾਵੇ, ਜੁੱਸੇ ਸੁਡੋਲ ਵਾਲਾ ਜੋ ਛਾਂਟਦਾ ਹਾਂ ਘੋੜਾ। ਕੰਨਾਂ ਬਿਨਾ ਨਿਆਣਾ, 'ਤੇ ਮੌਣ ਤੋਂ ਬਿਨਾ ਖੂਹ, ਦੋਹਾਂ ਨੂੰ ਆਖਦੇ ਨੇ ਦੁਨੀਆ ਦੇ ਲੋਕ ਬੋੜਾ। ਹਰ ਵਾਰ ਖ਼ੈਰ ਮੰਗਾਂ ਉਸ ਦੀ ਸਲਾਮਤੀ ਦੀ, ਗੁੱਸੇ ਦਾ ਪੱਜ ਬਣਾ ਕੇ ਬਣਿਐ ਜੋ ਰਾਹ ਦਾ ਰੋੜਾ। ਕੱਫ਼ਨ ਨੂੰ ਜੇਬ ਲੱਗੀ ਦੇਖੀ ਨਹੀਂ ਕਿਸੇ ਦੇ, ਲੱਗਿਆ ਏਂ 'ਨੂਰ' ਕਾਹਨੂੰ ਨੋਟਾਂ ਦਾ ਭਰਨ ਤੌੜਾ ।
31. ਅਪਣੀ ਸੱਭਿਅਤਾ ਤੇ ਗ਼ੈਰਾਂ ਦਾ ਸਾਇਆ ਦੇਖਾਂ
ਅਪਣੀ ਸੱਭਿਅਤਾ ਤੇ ਗ਼ੈਰਾਂ ਦਾ ਸਾਇਆ ਦੇਖਾਂ। ਅਪਣਾ ਵਿਰਸਾ ਹੋਰਾਂ ਦੇ ਹੱਥ ਆਇਆ ਦੇਖਾਂ। ਬੱਟ ਤੇ ਖੜ੍ਹ ਕੇ ਬਾਪੂ ਨੂੰ ਵੰਗਾਰਣ ਵਾਲਾ, ਪੁਤਰਾਂ ਨੇ ਵੱਟ ਥੱਲੇ ਦੱਬਿਆ ਤਾਇਆ ਦੇਖਾਂ। ਮਹਿੰਗਾਈ ਨੇ ਖ਼ਾਲੀ ਕੀਤਾ ਖੀਸਾ ਲੱਭੇ, ਦਸ ਨੌਹਾਂ ਦਾ ਪੈਸਾ ਜਦੋਂ ਕਮਾਇਆ ਦੇਖਾਂ। ਬਾਲਣ ਕਰਕੇ ਫੂਕ ਲਏ ਦੀ ਹੀ ਸੁੱਘ ਲੱਭੀ, ਛਾਵਾਂ ਖ਼ਾਤਰ ਜਿਹੜਾ ਰੁੱਖ ਉਗਾਇਆ ਦੇਖਾਂ। ਲਗਦੈ ਰੰਗ ਲਿਆਈਆਂ ਨੇ ਵੇਲੇ ਦੀਆਂ ਕਾਢਾਂ, ਕੇਸਰ ਬੰਜਰ ਭੂਮੀ ਵਿਚ ਉਗਾਇਆ ਦੇਖਾਂ। ਦੇ ਦੇ ਕੇ ਵਿਦਵਾਨਾਂ ਨੇ ਮਨਘੜਤ ਦਲੀਲਾਂ, ਅੱਖਰਾਂ ਓਹਲੇ ਸੱਚਾਈ ਨੂੰ ਢਾਇਆ ਦੇਖਾਂ। ਖ਼ੁਸ਼ੀਆਂ 'ਤੇ ਗ਼ਮੀਆਂ ਦਾ ਮਿਲਗੋਬਾ ਬਣ ਜਾਵੇ, ਮੁੱਦਤ ਪਿੱਛੋਂ ਬੇਲੀ ਨੂੰ ਘਰ ਆਇਆ ਦੇਖਾਂ। ਲੈ ਬੈਠਾ ਹੈ ਮੁੱਲਾਂ ਨੂੰ ਹੂਰਾਂ ਦਾ ਲਾਲਚ, ਗੋਪੀਆਂ ਪਿੱਛੇ ਭੱਜਦਾ ਰਾਮ ਲੁਭਾਇਆ ਦੇਖਾਂ। ਨਿੱਤ ਆਸਾਂ ਦੀ ਮੱਲ੍ਹਮ ਲਾ ਕੇ ਪੱਟੀ ਬੰਨ੍ਹਾ, ਪਰ ਦੁੱਖਾਂ ਦਾ ਹੋਇਆ ਜ਼ਖ਼ਮ ਸਵਾਇਆ ਦੇਖਾਂ। 'ਨੂਰ ਮੁਹੰਮਦਾ' ਚੜ੍ਹ ਜਾਵੇ ਜੁੱਸੇ ਨੂੰ ਗੁੱਸਾ, ਜਦ ਝੂਠੇ ਨੂੰ ਸੱਚੇ ਤੋਂ ਉਚਿਆਇਆ ਦੇਖਾਂ।
32. ਦੌਲਤ 'ਤੇ ਸ਼ੁਹਰਤ ਦੀ ਖਿੱਚ ਦੇ ਭੰਨੇ ਹੋਏ
ਦੌਲਤ 'ਤੇ ਸ਼ੁਹਰਤ ਦੀ ਖਿੱਚ ਦੇ ਭੰਨੇ ਹੋਏ। ਫਿਰਦੇ ਨੇ ਲਾਲਚ ਵਿਚ ਲੋਕੀ ਅੰਨ੍ਹੇ ਹੋਏ। ਲੰਬੀਆਂ ਵਾਟਾਂ 'ਤੇ ਤੁਰਦੀ ਜੀਵਨ ਦੀ ਗੱਡੀ, ਖਿੱਚ-ਖਿੱਚ ਕੇ ਗਰਦਨ ਦੇ ਉੱਤੇ ਕੰਨ੍ਹੇ ਹੋਏ। ਮੈਂ ਯਾਦਾਂ ਦੀ ਧਰਤੀ ਬੰਜਰ ਰੱਖਣੀ ਚਾਹਵਾਂ, ਕਦ ਰਹਿੰਦੇ ਨੇ ਅੱਥਰੇ ਅੱਥਰੂ ਬੰਨ੍ਹੇ ਹੋਏ। ਢਿੱਡ ਕਿਵੇਂ ਉਹ ਭਰਨ ਜਿਨ੍ਹਾਂ ਦੇ ਹਿੱਸੇ ਦੇ ਵਿਚ, ਰੋਟੀਆਂ ਤੋਂ ਰੋਟੀ 'ਤੇ ਅੱਗੋਂ ਖੰਨੇ ਹੋਏ। ਚੀਨੋਂ ਆ ਗਏ ਨਵੇਂ ਨਵੇਂ ਚੀਨੀ ਦੇ ਬਰਤਨ, ਅੱਖੋਂ ਉਹਲੇ ਤਵੇ, ਪਰਾਤਾਂ, ਛੰਨੇ ਹੋਏ। ਆਪਸਦਾਰੀ ਵਿਚ ਵਧੀਆਂ ਇੰਜ ਮਾਰਾਂ-ਧਾੜਾਂ, ਲਾਲੋ-ਲਾਲ ਨੇ ਅਖ਼ਬਾਰਾਂ ਦੇ ਪੰਨੇ ਹੋਏ। ਥਾਪੇ ਸਨ ਹੱਕਾਂ ਦੀ ਸਾਂਭ ਲਈ ਜੋ ਹਾਕਮ, ਕੰਨਾਂ ਵਾਲੇ ਹੋ ਕੇ ਵੀ ਬੇਕੰਨੇ ਹੋਏ। ਬੀਜ ਜਦੋਂ ਵੀ ਕਿਧਰੇ ਮੈਂ ਯਾਰੀ ਦੇ ਬੀਜੇ, ਖ਼ਸਲਤ ਪਾਰੋਂ ਜੁੱਸੇ ਵੰਨ-ਸੁਵੰਨੇ ਹੋਏ। ਸ਼ਹਿਰਾਂ ਦੇ ਵਿਚ ਦਿਸ ਜਾਂਦੇ ਨੇ ਕਿਤੇ ਕਿਤੇ, ਪਰ- ਪਿੰਡਾਂ ਦੇ ਵਿਚ ਅੱਖੋਂ ਓਹਲੇ ਗੰਨੇ ਹੋਏ। 'ਨੂਰ' ਹੋਰੀਂ ਵੀ ਉਚਕੋਟੀ ਦੀਆਂ ਗ਼ਜ਼ਲਾਂ ਲਿਖ ਕੇ, ਅਦਬ ਦਿਆਂ ਧਨਵਾਨਾਂ ਅੰਦਰ ਧੰਨੇ ਹੋਏ।
33. ਛੱਡ ਕੇ ਉਹ ਸੰਸਾਰ ਤੁਰ ਗਿਆ
ਛੱਡ ਕੇ ਉਹ ਸੰਸਾਰ ਤੁਰ ਗਿਆ। ਮੇਰਾ ਜਾਨੀ ਯਾਰ ਤੁਰ ਗਿਆ। ਇੱਕੋ-ਇਕ ਚੰਗਾ ਸੀ ਸਭ ਤੋਂ, ਉਹ ਵੀ ਜੋਟੀਦਾਰ ਤੁਰ ਗਿਆ। ਦੁਖ ਸੁਖ ਪੁੱਛਣ ਦੱਸਣ ਵਾਲਾ, ਮੇਰਾ ਰਿਸ਼ਤੇਦਾਰ ਤੁਰ ਗਿਆ। ਮੇਰੇ ਦਿਲ ਦੀ ਧੜਕਣ ਮੋਈ, 'ਤੇ ਮੇਰਾ ਵੱਕਾਰ ਤੁਰ ਗਿਆ। ਘਰ ਵਿਚ ਪਾ ਕੇ ਚੀਕ-ਚਿਹਾੜਾ, ਕਰਕੇ ਹਾਰ-ਸ਼ਿੰਗਾਰ ਤੁਰ ਗਿਆ। ਭਰ ਜੋਬਨ ਰੋਂਦੀ ਕੁਰਲਾਂਦੀ, ਛੱਡ ਕੇ ਸੋਹਣੀ ਨਾਰ ਤੁਰ ਗਿਆ। ਬਾਪੂ ਦੀ ਡੰਗੋਰੀ ਟੁੱਟੀ, ਮਾਂ ਦੇ ਦਿਲ ਦਾ ਠਾਰ ਤੁਰ ਗਿਆ। ਨਜ਼ਰਾਂ ਦੇ ਵਿਚ ਉਠਦਾ ਬਹਿੰਦਾ, ਦਿਸਹੱਦੇ ਤੋਂ ਪਾਰ ਤੁਰ ਗਿਆ। ਛੱਡ ਕੇ ਬੈਠੇ ਵੱਡ-ਵਡੇਰੇ, ਫੜ ਕੇ ਉਹ ਰਫ਼ਤਾਰ ਤੁਰ ਗਿਆ। 'ਨੂਰ ਮੁਹੰਮਦਾ' 'ਆਬਿਦ' ਪਾ ਕੇ, ਸ਼ਹਿਰ 'ਚ ਹਾਹਾਕਾਰ ਤੁਰ ਗਿਆ।
34. ਉਂਜ ਤਾਂ ਸ਼ਹਿਰ 'ਚ ਮੇਰੇ ਰਿਸ਼ਤੇਦਾਰ ਬੜੇ ਨੇ
ਉਂਜ ਤਾਂ ਸ਼ਹਿਰ 'ਚ ਮੇਰੇ ਰਿਸ਼ਤੇਦਾਰ ਬੜੇ ਨੇ। ਪਰ ਕਰਨੀ 'ਤੇ ਕਥਨੀ ਦੇ ਮੱਕਾਰ ਬੜੇ ਨੇ। ਕੀ ਹੋਇਆ ਮੈਂ ਏਥੇ ਘਰ ਦਾ ਜੋਗੀ ਹਾਂ ਪਰ, ਮੈਨੂੰ ਪੁੱਛਣ ਵਾਲੇ ਹੱਦੋਂ ਪਾਰ ਬੜੇ ਨੇ। ਬਾਬੇ ਨਾਨਕ ਵਰਗਾ ਤਾਰੂ ਇੱਕ ਨਾ ਲੱਭੇ, ਦੁਨੀਆ ਦੇ ਹਰ ਖਿੱਤੇ ਵਿਚ ਜਗਤਾਰ ਬੜੇ ਨੇ। ਉਹ ਕਿਉਂ ਹੱਥ ਘਸਾਵੇ ਜਿਸਦਾ ਸਰਦਾ ਹੋਵੇ, ਕਰਨ ਲਈ ਜੱਗ ਦੇ ਵਿਚ ਕਾਰੋਬਾਰ ਬੜੇ ਨੇ। ਉਸ ਨੂੰ ਦੁਨੀਆ ਖੁੱਸਣ ਦਾ ਕੀ ਗ਼ਮ ਹੋਣਾ ਹੈ, ਜਿਸ ਦੇ ਮਨ ਵਿਚ ਸੋਚਾਂ ਦੇ ਸੰਸਾਰ ਬੜੇ ਨੇ। ਦਿਲਦਾਰਾਂ ਦੀ ਪਰਖ ਲਈ ਉੱਥੇ ਜਾਂਦਾ ਹਾਂ, ਭਾਵੇਂ ਘਰ ਦੇ ਨੇੜੇ ਵੀ ਬਾਜ਼ਾਰ ਬੜੇ ਨੇ। ਬੀਬਾ ਕਾਹਨੂੰ ਇਸ਼ਕ ਕੁਰਾਹੇ ਪੈ ਚੱਲਿਆ ਏਂ, ਖੇਲਣ-ਮੱਲ੍ਹਣ ਨੂੰ ਰਸਤੇ ਹਮਵਾਰ ਬੜੇ ਨੇ। ਉਸ ਦੇ ਬੰਜਰ ਦਿਲ 'ਤੇ ਫ਼ਸਲ ਕਦੇ ਨਾ ਉੱਗੀ, ਅੱਖੋਂ ਅੱਥਰੂ ਚੋਏ ਜ਼ਾਰੋ-ਜ਼ਾਰ ਬੜੇ ਨੇ। ਪੱਖਿਆਂ ਤੱਕ ਪੁੱਜਣ ਨੂੰ 'ਨੂਰ' ਕਰੰਟ ਨਹੀਂ, ਪਰ- ਖੰਭਿਆਂ 'ਤੇ ਟੰਗੇ ਝੜਕਾਊ ਤਾਰ ਬੜੇ ਨੇ।
35. ਜਚਦੀ ਸੀ ਉਹ ਰੰਗ-ਬਰੰਗੀਆਂ ਕਾਰਾਂ ਵਾਂਗੂੰ
ਜਚਦੀ ਸੀ ਉਹ ਰੰਗ-ਬਰੰਗੀਆਂ ਕਾਰਾਂ ਵਾਂਗੂੰ। ਸੁੰਦਰ ਘਰ ਅੰਦਰ ਸੁੰਦਰ ਦੀਵਾਰਾਂ ਵਾਂਗੂੰ। ਉਸ ਦੀ ਦਿਖ ਨੂੰ ਕਿਸ ਦੀ ਦਿਖ ਦੇ ਨਾਲ ਮਿਲਾਵਾਂ, ਫਬਦੀ ਸੀ ਮੂਰਤ ਦੇ ਹਿੱਕ ਉਭਾਰਾਂ ਵਾਂਗੂੰ। ਚੱਲੇ ਸਨ ਜੋ ਪੁੱਜ ਗਏ ਨੇ ਮੰਜ਼ਿਲ ਨੇੜੇ, ਭਾਰਤ ਵਰਗੇ ਦੇਸ ਦੀਆਂ ਸਰਕਾਰਾਂ ਵਾਂਗੂੰ। ਲਿੱਪਾ-ਪੋਚੀ ਕਰਕੇ ਬੁੱਢੇ ਨੈਣਾਂ ਉੱਤੇ, ਚੰਗੀ ਲੱਗੇ ਹਰ ਸ਼ੈ ਬੁੱਲ੍ਹ ਸ਼ਿੰਗਾਰਾਂ ਵਾਂਗੂੰ। ਉੱਠ ਤੁਰੇ ਬ੍ਰਿਹਾ ਦੀ ਅੱਗ ਕਲੇਜੇ ਧਰ ਕੇ, ਆ ਕੇ ਬੈਠੇ ਸਨ ਜੋ ਠੰਡੇ-ਠਾਰਾਂ ਵਾਂਗੂੰ। ਤੂੰ ਮੈਂ ਕਰਕੇ ਉੱਠ ਗਈ ਕੌਂਸਲ ਦੀ ਬੈਠਕ, ਨੈਣਾਂ ਨੈਣਾਂ ਵਿਚ ਹੋਏ ਤਕਰਾਰਾਂ ਵਾਂਗੂੰ। ਫੈਲ ਗਈ ਬੰਦੇ ਦੀ ਰਗ ਰਗ ਵਿੱਚ ਕੁਰਪਸ਼ਨ, ਵਾੜ ਪੁਰਾਣੀ ਉੱਤੇ ਉੱਗੇ ਖ਼ਾਰਾਂ ਵਾਂਗੂੰ। ਜਾਨ ਬਚਾ ਕੇ ਕਿਸ ਪਾਸੇ ਨੂੰ ਲੰਘੇ ਸੁਖੀਆ, ਦੁੱਖ ਖੜੇ ਨੇ ਰਾਹਾਂ ਵਿਚ ਦੀਵਾਰਾਂ ਵਾਂਗੂੰ। 'ਨੂਰ' ਮਿਲਣ ਆਇਐਂ ਤਾਂ ਬਹਿਜਾ ਦੁਖ-ਸੁਖ ਕਰੀਏ, ਤੂੰ ਵੀ ਨਾ ਤੁਰ ਜਾਵੀਂ ਪਹਿਲੇ ਯਾਰਾਂ ਵਾਂਗੂੰ।
36. ਕਿੱਕਰ ਲਟਕੀ ਤੋਰੀ 'ਤੇ ਨਾ ਅੱਖਾਂ ਰੱਖ
ਕਿੱਕਰ ਲਟਕੀ ਤੋਰੀ 'ਤੇ ਨਾ ਅੱਖਾਂ ਰੱਖ। ਉਸ ਦੀ ਅੱਖ ਬਲੋਰੀ 'ਤੇ ਨਾ ਅੱਖਾਂ ਰੱਖ। ਘੜਣ ਲਈ ਚਾਲਾਂ ਏਕੇ ਵਿਚ ਪਾੜ ਦੀਆਂ, ਕਾਮੇ ਦੀ ਕਮਜ਼ੋਰੀ 'ਤੇ ਨਾ ਅੱਖਾਂ ਰੱਖ। ਮੁੱਛਾਂ ਫੁਟ ਆਈਆਂ ਨੇ ਅਪਣੀ ਕਰਕੇ ਖਾਹ, ਹੁਣ ਅੰਮਾਂ ਦੀ ਲੋਰੀ 'ਤੇ ਨਾ ਅੱਖਾਂ ਰੱਖ। ਜੇ ਖਿਲਰੀ ਵੀ ਤੇਰੇ ਤੱਕ ਨਾ ਪੁੱਜੇਗੀ, ਤੂੰ ਸ਼ਾਹੂ ਦੀ ਬੋਰੀ 'ਤੇ ਨਾ ਅੱਖਾਂ ਰੱਖ। ਬਾਬਿਆਂ ਵੇਲੇ ਤੋਂ ਹੈ ਇਹ ਜ਼ਰਦਾਰਾਂ ਦੀ, ਕਜਲੇ ਦੀ ਇਸ ਡੋਰੀ 'ਤੇ ਨਾ ਅੱਖਾਂ ਰੱਖ। ਖ਼ਬਰੇ ਉਸ ਦੇ ਨੈਣਾਂ ਵਿਚ ਕੀ ਸੁਫ਼ਨੇ ਨੇ, ਰੀਝ ਕਿਸੇ ਦੀ ਕੋਰੀ 'ਤੇ ਨਾ ਅੱਖਾਂ ਰੱਖ। ਵੇਚ ਦਵੇਗਾ ਵਿੱਚ ਬਜ਼ਾਰ ਸ਼ਰਾਫ਼ਤ ਨੂੰ, ਮਿੱਤਰ ਮਨ ਦੇ ਖੋਰੀ 'ਤੇ ਨਾ ਅੱਖਾਂ ਰੱਖ। ਜਦ ਥੱਕੂ ਹਟ ਜਾਊ ਰੱਸੇ ਚੱਬਣ ਤੋਂ, ਉਸ ਦੀ ਫੇਰਾ-ਤੋਰੀ ਤੇ ਨਾ ਅੱਖਾਂ ਰੱਖ। ਸੀਰਤ ਦੀ ਲਿਸ਼ਕਾਰ ਸਦੀਵੀ ਹੁੰਦੀ 'ਨੂਰ' ਸੂਰਤ ਦੀ ਉਸ ਗੋਰੀ 'ਤੇ ਨਾ ਅੱਖਾਂ ਰੱਖ।
37. ਬੱਚਿਆਂ ਨਾਲ ਫਿਰੇ ਉਹ ਵਿਹਲੜ ਬੱਚਾ ਲੜਦਾ
ਬੱਚਿਆਂ ਨਾਲ ਫਿਰੇ ਉਹ ਵਿਹਲੜ ਬੱਚਾ ਲੜਦਾ। ਉਸ ਦੇ ਕੋਲ ਕਿਤਾਬ ਨਹੀਂ ਉਹ ਤਾਂ ਨਈਂ ਪੜ੍ਹਦਾ। ਖੁੱਲ੍ਹੇ ਰੱਸੇ ਫਿਰਦਾ ਹਰੀਆਂ ਫ਼ਸਲਾਂ ਚਰਦਾ, ਮਹਿੰਗਾਈ ਦਾ ਢੱਠਾ ਨਾ ਦਿੱਲੀ ਤੋਂ ਨੜਦਾ। ਇਸ਼ਕ ਉਨ੍ਹਾਂ ਦਾ ਹੈ ਸੀ ਗਿੱਲੇ ਗੋਹੇ ਵਰਗਾ, ਦੁੱਧ ਮੁਹੱਬਤ ਵਾਲਾ ਕਿਹੜੀ ਅੱਗ 'ਤੇ ਕੜ੍ਹਦਾ। ਜਦ ਮਿਲਦੈ ਕਹਿ ਦਿੰਦੈ ਮੇਰੇ ਦਿਲ ਵਿਚ ਵਸਦੈਂ, ਪਤਾ ਨਹੀਂ ਕਦ ਨਿਕਲਦਾ 'ਤੇ ਕਦ ਹਾਂ ਵੜਦਾ। ਫੜਲੋ-ਫੜਲੋ ਕਰਦਾ ਯਾਰਾਂ ਦੇ ਦਰ ਪੁੱਜਿਆ, ਚੋਰ ਗਲੀ ਅੰਦਰ ਹੁੰਦਾ ਤਾਂ ਕੋਈ ਫੜਦਾ। ਇਕ ਦਿਨ ਵੀ ਨਾ ਕੱਠੇ ਹੋ ਕੇ ਦੋਵੇਂ ਬੈਠੇ, ਚੰਨ ਨੂੰ ਛੁਪਦਾ ਦੇਖਾਂ ਜਦ ਸੂਰਜ ਹੈ ਚੜ੍ਹਦਾ। ਸੱਚੇ ਤਾਂ ਸੱਚਾਈ ਦੇ ਕੋਠੇ ਚੜ੍ਹ ਬੈਠੇ, ਝੂਠ ਛੁਪਾਵਣ ਵਾਲਾ ਜਾਵੇ ਅੰਦਰ ਵੜਦਾ। ਰੁੜ੍ਹ ਜਾਂਦਾ ਹੈ ਅੱਥਰੂਆਂ ਦੇ ਤੇਜ਼ ਬਹਾ ਵਿਚ, ਮਾੜੇ ਦਿਲ ਦਾ ਕੋਠਾ ਨਾ ਝੜੀਆਂ ਵਿਚ ਖੜ੍ਹਦਾ। 'ਨੂਰ' ਉਨ੍ਹਾਂ ਦੇ ਮੂੰਹੋਂ ਨਿਕਲੇ ਤੋਬਾ ਤੋਬਾ, ਜਦ ਅਪਣੇ ਵਲ ਦੇਖਣ ਆਉਂਦਾ ਪਾਣੀ ਹੜ੍ਹ ਦਾ।
38. ਮਾਂ ਨੂੰ ਕੰਡ ਵਿਖਾਈ ਜਦ ਸ਼ਹਿਜ਼ਾਦੇ ਨੇ
ਮਾਂ ਨੂੰ ਕੰਡ ਵਿਖਾਈ ਜਦ ਸ਼ਹਿਜ਼ਾਦੇ ਨੇ। ਕੁੱਟ ਦਿੱਤਾ ਬੇਗਮ ਨੂੰ ਇੱਕ ਪਿਆਦੇ ਨੇ। ਅਮਲੀ ਵਾਲੀ ਲੱਲ ਅਜੇ ਵੀ ਮੁੱਕੀ ਨਾ, ਗ਼ਲਤੀ ਕੀਤੀ ਸੀ ਦਾਦੇ ਦੇ ਦਾਦੇ ਨੇ। ਚੰਚਲ ਦੇ ਚਟਖਾਰੇ ਰੁਕਦੇ ਦਿਸਦੇ ਨਾ। ਆਦਮ ਸੀ ਕਢਵਾਇਆ ਬਾਹਰ ਸੁਆਦੇ ਨੇ। ਸ਼ੈਆਂ ਸਾਊ ਲੋਕਾਂ ਨੂੰ ਉਲਝਾ ਦਿੱਤਾ, ਮੱਕਾਰੀ ਦੇ ਪਹਿਨੇ ਚੁਸ਼ਤ ਲਿਬਾਦੇ ਨੇ। ਜਦ ਵੀ ਰੋਇਆ ਭੁੱਖਾ ਪੇਟ ਗ਼ਰੀਬੀ ਦਾ, ਭੁੱਖ ਮਿਟਾਈ ਆਹਾਂ ਦੇ ਪ੍ਰਸ਼ਾਦੇ ਨੇ। ਚਾਨਣੀਆਂ ਵਿਚ ਤਾਰੇ ਵੀ ਗਿਣ ਹੋਏ ਨਾ, ਕਿੰਨੇ ਚੰਨ ਚੜ੍ਹਾਏ ਤੇਰੇ ਵਾਅਦੇ ਨੇ। ਭੁੱਲ ਜਦੋਂ ਹੋਈ ਸੀ ਉਸ ਦਿਨ ਕਹਿਣਾ ਸੀ, ਹੁਣ ਤੇਰੇ ਤਮਕੌੜੇ ਬਹੁਤ ਜ਼ਿਆਦੇ ਨੇ। ਮੈਂ ਤੂੰ ਕਰਕੇ ਲੰਘੀ ਉੱਤੇ ਮਿੱਟੀ ਪਾ, ਬਚਦੀ ਉਮਰ ਲਈ ਕੀ ਦੱਸ ਇਰਾਦੇ ਨੇ। ਜੀਵਨ ਹਰਿਆ ਬਾਪੂ ਧੀ ਨੂੰ ਕਿੰਜ ਪੁੱਛੇ, ਪੈਸੇ ਕਿੱਥੋਂ ਆਏ ਨੇ 'ਤੇ ਕਾਹਦੇ ਨੇ। ਉਹ ਵੀ ਜਾਂਦੀ ਵਾਰੀ ਨਾਲ ਤੁਰੀ ਨਾ 'ਨੂਰ', ਦੌਲਤ ਕੱਠੀ ਕੀਤੀ ਜੋ ਸ਼ੱਦਾਦੇ ਨੇ।
39. ਖੁਰਦਲ ਖੁਰਦਲ ਬੋਲ ਉਨ੍ਹਾਂ ਦਾ ਝਾਮੇ ਵਰਗਾ
ਖੁਰਦਲ ਖੁਰਦਲ ਬੋਲ ਉਨ੍ਹਾਂ ਦਾ ਝਾਮੇ ਵਰਗਾ। ਪੁਤਰਾਂ 'ਤੇ ਧੀਆਂ ਦੇ ਵੱਡੇ ਮਾਮੇ ਵਰਗਾ। ਕਿੰਨਾਂ ਚਿਰ ਸੱਚ ਦੀ ਆਵਾਜ਼ ਦਬਾਕੇ ਬਹਿੰਦਾ, ਮਨ ਵਿਚ ਵੱਜਦਾ ਸੀ ਕੁਝ ਗਗਨ ਦਮਾਮੇ ਵਰਗਾ। ਮੱਕਾਰੀ 'ਤੇ ਖੌਲ ਚੜ੍ਹਾਇਆ ਉਹਦਾ ਮੁਖੜਾ, ਕਿੰਨਾ ਜਚਦੈ ਸੱਚਾਈ ਦੇ ਜਾਅਮੇ ਵਰਗਾ। ਪਾ ਦਿੰਦੈ ਸਰਕਾਰਾਂ 'ਤੇ ਦਹਿਸ਼ਤ ਦਾ ਸਾਇਆ, ਪੈਦਾ ਕਰਕੇ ਬੰਦਾ ਰੱਬ 'ਉਸਾਮੇ' ਵਰਗਾ। ਔੜਾਂ, ਲੋੜਾਂ, ਤੋੜਾਂ, ਥੋੜਾਂ ਦਾ ਦਬਕਾਇਆ, ਦੇਖਣ ਨੂੰ ਲੱਗੇ ਇਨਸਾਨ ਜ਼ੁਕਾਮੇ ਵਰਗਾ। ਅਪਣਾ ਜੰਮਿਆ ਵੈਰੀ ਬਣ ਕੇ ਜਦ ਲਲਕਾਰੇ, ਅਣਖ ਲਈ ਨਿਤਰੇ ਮੈਦਾਨ ਪਿਤਾਮੇ ਵਰਗਾ। ਮੇਰੀ ਛੱਡੋ ਮੈਂ ਤਾਂ ਆਉਂਦਾ ਹੀ ਰਹਿੰਦਾ ਹਾਂ, ਉਸ ਦਾ ਇੰਜ ਕਹਿਣਾ ਸੀ ਇਕ ਉਲਾਹਮੇ ਵਰਗਾ। ਕਾਲਾ ਭੂਤ ਦਿਸੇ ਨਸ਼ਿਆਂ ਦਾ ਝੰਬਿਆ ਬੰਦਾ, ਭੱਠੀ ਦੇ ਵਿਚ ਕੋਲੇ ਪਾਉਂਦੇ ਕਾਮੇ ਵਰਗਾ। ਪੱਜ ਬਣਾ ਕੇ ਲੈ ਗਈ ਤਕੜੇ-ਮਾੜੇ ਸਾਰੇ, ਹੋਣੀ ਅੱਗੇ ਖੜ੍ਹ ਨਾ ਸਕਿਆ ਗਾਮੇ ਵਰਗਾ। ਯਾਰਾਂ ਨਾਲ ਬਹਾਰਾਂ ਹੁੰਦੀਆਂ ਸੁਣਿਐ 'ਨੂਰ', ਕਾਸ਼! ਕਿਤੋਂ ਮਿਲ ਜਾਵੇ ਸਾਥ ਸੁਦਾਮੇ ਵਰਗਾ।
40. ਸੁੱਕੇ ਪੱਤਰਾਂ ਵਾਂਗੂੰ ਝੜ ਕੇ ਭੁਰ ਜਾਣਾ ਸੀ
ਸੁੱਕੇ ਪੱਤਰਾਂ ਵਾਂਗੂੰ ਝੜ ਕੇ ਭੁਰ ਜਾਣਾ ਸੀ। ਤੂੰ ਨਾ ਆਉਂਦਾ ਹੁਣ ਤੱਕ ਮੈਂ ਵੀ ਤੁਰ ਜਾਣਾ ਸੀ। ਰੁੱਤ ਸਿਆਲਣ ਜੀਹਨੂੰ ਜੰਮ ਕੇ ਤੁਰਦੀ ਹੋਈ, ਫ਼ਾਨੀ ਜੀਵਨ ਬਰਫ਼ਾਂ ਵਾਂਗੂੰ ਖੁਰ ਜਾਣਾ ਸੀ। ਦੁਨੀਆ ਅੰਦਰ ਹੋਂਦ ਸਲਾਮਤ ਰੱਖਣ ਖ਼ਾਤਰ, ਚੰਚਲ ਮਨ ਨੂੰ ਕੋਈ ਫੁਰਨਾ ਫੁਰ ਜਾਣਾ ਸੀ। ਜੇ ਉਹ ਮੁੜ ਮੁੜ ਲਾਉਂਦਾ ਨਾ ਠੋਕਰ 'ਤੇ ਠੋਕਰ, ਦਿਲ ਦਾ ਘਾਪਾ ਹੌਲੀ ਹੌਲੀ ਪੁਰ ਜਾਣਾ ਸੀ। ਪੁਜਦਾ ਨਾ ਆਹਾਂ ਦਾ ਪਾਣੀ ਜੇ ਖੱਤੇ ਤੱਕ, ਸੱਧਰਾਂ ਦੇ ਮੰਡੂਏ ਨੇ ਵੀ ਝੁਰ-ਮੁਰ ਜਾਣਾ ਸੀ। ਹੱਕ ਮੰਗਣ ਪੁੱਜਿਆਂ ਨੇ ਅੱਡ ਅੱਡ ਰਾਗ ਅਲਾਪੇ, ਕੁਝ ਲੈਣਾ ਸੀ ਤਾਂ ਹੋ ਕੇ ਇਕ ਸੁਰ ਜਾਣਾ ਸੀ। ਰੱਬਾ ਤੂੰ ਦਿੰਦਾ ਨਾ ਦੂਜੀ, ਪਹਿਲੀ ਖੋਹ ਕੇ, ਤੇਰੇ ਬੰਦਿਆਂ ਵਾਂਗ ਮੇਰਾ ਸਰ-ਸੁਰ ਜਾਣਾ ਸੀ। ਝੱਖੜ ਦੇ ਵਿਚ ਕਿੰਜ ਆਪੇ ਨੂੰ ਸਾਬਤ ਰੱਖਦਾ, ਫੁਲ ਦੇ ਜੁੱਸੇ ਵਿਚ ਕੰਡਿਆਂ ਨੇ ਪੁਰ ਜਾਣਾ ਸੀ। ਉੱਥੇ ਤਾਂ ਜਾਣੇ ਸਨ ਅਮਲ ਕਮਾਏ 'ਨੂਰ', ਨਾਲ ਕਿਸੇ ਦੇ ਸਾਜ਼ ਅਤੇ ਨਾ ਸੁਰ ਜਾਣਾ ਸੀ।
41. ਸਾਂਝ ਜਿਤਾਕੇ ਪਾਪ ਕਰ ਲਿਆ
ਸਾਂਝ ਜਿਤਾਕੇ ਪਾਪ ਕਰ ਲਿਆ। ਇਕ ਵੱਡਾ ਸੰਤਾਪ ਕਰ ਲਿਆ। ਇਕ ਤਕੜੇ ਦਾ ਝੁੱਗਾ ਖੋਹ ਕੇ, ਇਕ ਮਾੜੇ ਨੇ ਨਾਪ ਕਰ ਲਿਆ। ਚਾਲੂ ਸੀ ਉੱਪਰ ਜਾ ਚੜ੍ਹਿਆ, ਮੈਂ ਹੇਠਾਂ ਤੋਂ ਟਾਪ ਕਰ ਲਿਆ। ਰਾਤੀਂ ਅੰਨੀਂ ਲੁੱਟ ਮਚਾਈ, ਤੜਕੀਂ ਉੱਠ ਕੇ ਜਾਪ ਕਰ ਲਿਆ। ਯਾਦ ਗਿਆਂ ਦੀ ਜਦ ਵੀ ਬਹੁੜੀ, ਬੂਹਾ ਢੋਅ ਵਿਰਲਾਪ ਕਰ ਲਿਆ। ਆਹਾਂ ਭਰਕੇ ਯਾਦ ਤਿਰੀ ਦਾ, ਅੱਜ ਮੈਂ ਠੰਡਾ ਤਾਪ ਕਰ ਲਿਆ। ਰਾਹ ਦੁੱਖਾਂ ਦੀ ਚੋਟੀ ਦਾ, ਸਰ, ਹਿੰਮਤ ਨੇ ਚੁੱਪ-ਚਾਪ ਕਰ ਲਿਆ। ਉਸ ਨੇ ਜੱਗ ਛੱਡਣ ਦਾ ਹੀਲਾ, 'ਨੂਰ' ਬਿਨਾ ਹੀ ਆਪ ਕਰ ਲਿਆ।
42. ਜਦ ਤੋਂ ਜ਼ੁਲਫ਼-ਘਟਾਵਾਂ ਨਜ਼ਰੀ ਆਈਆਂ ਨੇ
ਜਦ ਤੋਂ ਜ਼ੁਲਫ਼-ਘਟਾਵਾਂ ਨਜ਼ਰੀ ਆਈਆਂ ਨੇ। ਨਜ਼ਰਾਂ ਹੋਈਆਂ ਵਾਧੂ ਹੀ ਤ੍ਰਿਹਾਈਆਂ ਨੇ। ਜਿੱਥੇ ਰੌਸ਼ਨੀਆਂ ਦੇ ਮੇਲੇ ਸੁਣਦੇ ਸਾਂ, ਉੱਥੇ ਅੱਜ ਹਨੇਰੇ ਨੇ, ਤਨਹਾਈਆਂ ਨੇ। ਇਕ ਵੀ ਸੱਧਰ ਜਿਉਂਦੀ ਰਹਿਣ ਨਹੀਂ ਦਿੱਤੀ, ਦਿਲ-ਬਸਤੀ ਵਿਚ ਵਸਦੇ ਯਾਰ ਕਸਾਈਆਂ ਨੇ। ਸਾਰੇ ਦਾ ਸਾਰਾ ਪਿਆਸਾ ਮਰਵਾ ਦਿੱਤਾ, ਬੱਛੀ ਬੱਗ ਦੇ ਵਿਚ ਰਲਾ ਕੇ ਨਾਈਆਂ ਨੇ। ਦੂਰ ਕਦੇ ਨਾ ਹੋਈਆਂ ਗੁੜ੍ਹਤੀ ਵੇਲੇ ਤੋਂ, ਲਗਦੈ ਪੀੜਾਂ ਵੀ ਸਕੀਆਂ ਮਾਂ-ਜਾਈਆਂ ਨੇ। ਉਸ ਨੂੰ ਫ਼ਰਸ਼ ਦਿਖਾਇਆ ਅਰਸ਼ੀਂ ਉਡਦੇ ਨੂੰ, ਕੁਝ ਰਿਸ਼ਤੇਦਾਰਾਂ ਕੁਝ ਭੈਣਾਂ-ਭਾਈਆਂ ਨੇ। ਰੋਜ਼ ਪਰਾਹੁਣੇ ਆਵਣ ਡੇਂਗੂ ਤਾਪ ਜਿਹੇ, ਜਦ ਤੋਂ ਰੁਕੀਆਂ ਗਲੀਆਂ ਵਿਚ ਸਫ਼ਾਈਆਂ ਨੇ। ਇਹ ਨਾ ਮੁੱਕਿਆ ਬੱਦਲਾਂ ਨੇ ਮੁੱਕ ਜਾਣਾ ਹੈ, ਬਰਸਾਤਾਂ ਵੀ ਸੋਕੇ ਤੋਂ ਘਬਰਾਈਆਂ ਨੇ। ਬੱਚਾ ਤਾਂ ਮਰਿਆ ਹੈ 'ਨੂਰ' ਪੜੋਸੀ ਦਾ, ਤੇਰੇ ਦਿਲ ਕਿਉਂ ਮੱਚੀਆਂ ਹਾਲ-ਦੁਹਾਈਆਂ ਨੇ।
43. ਦਿਲ ਦੇ ਸ਼ਾਂਤ ਸਮੁੰਦਰ ਅੰਦਰ ਉੱਠੀਆਂ ਛੱਲਾਂ
ਦਿਲ ਦੇ ਸ਼ਾਂਤ ਸਮੁੰਦਰ ਅੰਦਰ ਉੱਠੀਆਂ ਛੱਲਾਂ। ਜਿਸ ਦਿਨ ਛਿੜੀਆਂ ਨਾਲ ਕਿਸੇ ਦੇ ਉਹਦੀਆਂ ਗੱਲਾਂ। ਜਦ ਤੋਂ ਲਾਵਣ ਲੱਗੇ ਹਾਂ ਗ਼ਜ਼ਲਾਂ ਦੀਆਂ ਡੱਲਾਂ। ਪਾਠਕ ਲੋਕਾਂ ਨੇ ਕਰੀਆਂ ਭਾਅ ਵਿਚ ਸਵੱਲਾਂ। ਬਿਨ ਸੱਦੇ ਆ ਬੈਠੀ ਪੀੜ ਮਿਜਾਜ਼ਣ ਘਰ ਵਿਚ, ਦਿਲ ਕਰਦੈ ਅੱਜ ਇਸ ਨੂੰ ਬੂਹਾ ਢੋਅ ਕੇ ਖੱਲਾਂ। ਇਕ ਦਿਨ ਸੱਚਾਈ ਦੇ ਧੱਕੇ ਚੜ੍ਹਨਾ ਪੈਣੈ, ਕਿੰਨੇ ਦਿਨ ਤੱਕ ਮਾਰੂਗਾ ਉਹ ਇੰਜ ਟਪੱਲਾਂ। ਕੱਲਾ ਕਿੰਜ ਬਿਤਾਵੇਗਾ ਬਰਜ਼ਖ਼ ਦਾ ਵੇਲਾ, ਅੱਕਿਆ ਬੰਦਾ ਕਹਿ ਦਿੰਦੈ ਦੁਨੀਆ ਛੱਡ ਚੱਲਾਂ। ਇਕ ਦਿਨ ਏਸ ਹਨੇਰੀ ਨੇ ਘਰ ਘਰ ਆ ਵੜਣੈ, ਸ਼ਹਿਰੋਂ ਦੂਰ ਕੁਰਪਸ਼ਨ ਨੂੰ ਪਾਈਆਂ ਨਾ ਠੱਲਾਂ। ਸਾਹੋ-ਸਾਹੀ ਭੱਜਿਆ ਪਰ ਫਾਡੀ ਦਾ ਫਾਡੀ, ਕਛੂਏ ਵਰਗੇ ਮਾਰ ਗਏ ਮੰਜ਼ਿਲ ਤੱਕ ਮੱਲ੍ਹਾਂ। ਮਸਾਂ ਸੁਲਾਇਆ ਸੀ ਦਿਲ ਬਾਤੀ ਦੇਣੀ ਕਰਕੇ, ਨੀਂਦੋਂ, ਯਾਦ ਜਗਾ ਦਿੱਤੀ ਮੰਦਰ ਦੇ ਟੱਲਾਂ। ਦੁਨੀਆ ਦੀ ਰੌਣਕ ਦੇ ਕੋਲ ਵਸੇਬਾ ਕਰ ਲੈ, 'ਨੂਰ ਮੁਹੰਮਦਾ' ਤੈਨੂੰ ਡਸ ਨਾ ਲੈਣ ਇਕੱਲਾਂ।
44. ਹੁਸਨ ਦੀਆਂ ਜਦ ਘਰ ਵਿਚ ਠਹਿਰਾਂ ਹੋਣਗੀਆਂ
ਹੁਸਨ ਦੀਆਂ ਜਦ ਘਰ ਵਿਚ ਠਹਿਰਾਂ ਹੋਣਗੀਆਂ। ਅੰਦਰ ਬਾਹਰ ਲਹਿਰਾਂ ਬਹਿਰਾਂ ਹੋਣਗੀਆਂ। ਤੂੰ ਵੀ ਜਿੰਨੀਆਂ ਮਰਜ਼ੀ ਧੁੱਪਾਂ ਸੇਕ ਲਵੀਂ, ਜਿਸ ਦਿਨ ਸਾਡੇ ਕੋਲ ਦੁਪਹਿਰਾਂ ਹੋਣਗੀਆਂ। ਏਸੇ ਆਸ ਸਹਾਰੇ ਮਸਜਿਦ ਜਾਂਦੇ ਹਾਂ, ਇਕ ਦਿਨ ਰੱਬ ਸੱਚੇ ਦੀਆਂ ਮਿਹਰਾਂ ਹੋਣਗੀਆਂ। ਅੱਖੋਂ ਤੁਰ ਕੇ ਪੱਲੂ ਤੱਕ ਆ ਪਹੁੰਚੇ ਨੇ, ਇਸ ਤੋਂ ਲੰਬੀਆਂ ਹੋਰ ਕੀ ਨਹਿਰਾਂ ਹੋਣਗੀਆਂ। ਖੁੱਡਾਂ ਦੇ ਵਿਚ ਪਹੁੰਚੇ ਕੀੜੇ ਚੁੱਕ ਜਿਨ੍ਹਾਂ ਨੂੰ, ਅਸਲੀ ਲਿਖਿਆ, ਨਕਲੀ ਜ਼ਹਿਰਾਂ ਹੋਣਗੀਆਂ। ਜੋ ਕੰਢੇ ਧੱਕ ਗਈਆਂ ਡੁੱਬਦੇ ਬੰਦੇ ਨੂੰ, ਸਾਗਰ ਦੀਆਂ ਦਿਆਲੂ ਲਹਿਰਾਂ ਹੋਣਗੀਆਂ। ਹੁਣ ਉਸ ਦਿਨ ਬਹੁੜਾਂਗਾ ਦਿਲ ਦੀ ਆਖਣ ਨੂੰ, ਜਿਸ ਦਿਨ ਛਾਈਆਂ ਧੁੰਦਾਂ ਗਹਿਰਾਂ ਹੋਣਗੀਆਂ। ਸੁਣਨ ਲਈ ਆਏ ਸਾਂ ਸ਼ਾਇਦ ਮਹਫ਼ਿਲ ਵਿਚ, ਨਵੀਆਂ ਗ਼ਜ਼ਲਾਂ ਨਵੀਆਂ ਬਹਿਰਾਂ ਹੋਣਗੀਆਂ। ਬਾਕੀ ਅੱਲਾ ਜਾਣੇ ਸੋਚ ਹੈ ਪੱਕੀ 'ਨੂਰ' ਲਾਹੌਰ ਘਰੇ 'ਮਿਰਜ਼ੇ' ਦੇ ਠਹਿਰਾਂ ਹੋਣਗੀਆਂ।
45. ਤੱਤਾ ਵੀ ਮੈਂ ਸਹਾਰਾਂ ਠੰਡਾ ਵੀ ਥਾਲ ਵਾਂਗੂੰ
ਤੱਤਾ ਵੀ ਮੈਂ ਸਹਾਰਾਂ ਠੰਡਾ ਵੀ ਥਾਲ ਵਾਂਗੂੰ। ਹਰ ਆਦਮੀ ਹੀ ਖੇਡੇ ਕ੍ਰਿਕਟ ਦੀ ਬਾਲ ਵਾਂਗੂੰ। ਆਉਂਦੀ ਹੈ ਰਿਸ਼ਤਿਆਂ ਦੀ ਜਦ ਭੀੜ ਕਰਕੇ ਹੱਲੇ, ਕੀਹਦਾ ਲਵਾਂ ਸਹਾਰਾ ਰੋਕੇ ਜੋ ਢਾਲ ਵਾਂਗੂੰ। ਬੇੜੀ ਨੂੰ ਠੇਲ੍ਹ ਕੇ ਉਹ ਚੱਪੂ ਵੀ ਲੈ ਗਿਆ ਹੈ, ਇਕ-ਮਿਕ ਸੀ ਨਾਲ ਮੇਰੇ ਕੱਲ ਤੱਕ ਜੋ ਨਾਲ ਵਾਂਗੂੰ। ਢਾਅਕੇ ਗਿਆ ਸੀ ਜਿਹੜਾ ਦੀਵਾਰ ਰਿਸ਼ਤਿਆਂ ਦੀ, ਆਉਂਦਾ ਹੈ ਜਦ ਕਦੇ ਉਹ ਦਿਸਦੈ ਦੁਜ਼ਾਲ ਵਾਂਗੂੰ। ਦੌਲਤ ਦੇ ਭਰ ਭੜੋਲੇ ਨੱਸਿਆ ਵਿਦੇਸ ਨੂੰ ਉਹ, ਜਿਸ ਨੂੰ ਕਮਾਨ ਸੌਂਪੀ ਸੀ ਲੋਕਪਾਲ ਵਾਂਗੂੰ। ਹਥਿਆਰ ਚੁੱਕ ਜਿਸ ਨੂੰ ਲੁਟਿਆ ਹੈ ਅਪਣਿਆਂ ਨੇ, ਬਰਬਾਦ ਹੋ ਗਿਆ ਹੈ ਦਿਲ ਉਸ ਨੇਪਾਲ ਵਾਂਗੂੰ। ਦਿਲ ਨੂੰ ਨਾ ਖ਼ਬਰ ਹੋਵੇ ਜਦ ਵੀ ਫ਼ਰੇਬ ਠੱਗਣ, ਧੋਖਾ ਜਦੋਂ ਉਹ ਦੇਵਣ ਦੇਵਣ ਕਮਾਲ ਵਾਂਗੂੰ। ਜਿਸ ਦਿਨ ਤੋਂ ਸਮਝਿਆ ਹਾਂ ਜੀਵਨ ਦੀ ਹੋਂਦ ਫ਼ਾਨੀ, ਅਪਣਾ ਵੀ ਮਾਲ ਲੱਗੇ ਲੋਕਾਂ ਦੇ ਮਾਲ ਵਾਂਗੂੰ। ਖਾਂਦਾ ਹੈ ਕਦ ਕਿਸੇ ਦਾ ਹਿੱਸਾ ਨਾ ਸੁੱਘ ਕੱਢੇ, ਸੋਂਦਾ ਹੈ ਘਰ 'ਚ ਜਿਹੜਾ ਦਿਨ ਭਰ ਸਰਾਲ ਵਾਂਗੂੰ। ਜਾਂਦੇ ਸਮੇਂ ਜੋ ਉਸ ਨੇ ਆਖੇ ਸੀ ਬੋਲ ਉਸ ਦਿਨ, ਚੁਭਦੇ ਨੇ 'ਨੂਰ' ਨੂੰ ਉਹ ਅਨਪੜ੍ਹ ਦੀ ਗਾਲ ਵਾਂਗੂੰ।
46. ਜਿਹੜੇ ਜਾਂਦੇ ਵੇਲੇ ਤੁਰਨ ਦੁਆਵਾਂ ਦੇਕੇ
ਜਿਹੜੇ ਜਾਂਦੇ ਵੇਲੇ ਤੁਰਨ ਦੁਆਵਾਂ ਦੇਕੇ। ਸੱਦੇ ਨੇ ਦਰਵੇਸ਼ ਉਹੋ ਸਿਰਨਾਵਾਂ ਦੇਕੇ। ਜਾ ਪਹੁੰਚੀ ਅਸਮਾਨੀ ਸ਼ੁਹਰਤ ਕੱਪੜਿਆਂ ਦੀ, ਪਹਿਣ ਲਏ ਜਦ ਉਸ ਨੇ ਰੰਗ ਉਠਾਵਾਂ ਦੇਕੇ। ਰਸਮਾਂ ਚੜ੍ਹੀਆਂ ਕਾਰਾਂ ਵਿੱਚ ਦਹੇਜ ਦੀਆਂ ਸਭ, ਤੋਰ ਦਿੰਦੇ ਸਾਂ ਧੀਆਂ ਮੱਝਾਂ ਗਾਵਾਂ ਦੇਕੇ। ਫਿਰਣ ਚੜ੍ਹੇ ਅਸਮਾਨਾਂ ਉੱਤੇ ਸੂਹੀਆ ਰਾਕਟ, ਘੱਲੀਏ ਕਿਵੇਂ ਸੁਨੇਹੇ ਨੂੰ ਹੱਥ ਕਾਵਾਂ ਦੇਕੇ। ਠੱਲ੍ਹ ਸਕੇ ਨਾ ਪਿਉ-ਪੁਤ ਰਲ ਹੋਣੀ ਦਾ ਰਸਤਾ, ਹਿਜਰ ਵਿਛੋੜੇ ਤੁਰ ਗਈਆਂ ਨੇ ਮਾਵਾਂ ਦੇਕੇ। ਟਾਟੇ ਬਿਰਲੇ ਕੋਲ ਖਲੋਤਾ ਹੁੰਦਾ ਮੈਂ ਵੀ, ਜੇ ਜ਼ੋਰਾਵਰ ਲੰਘਣ ਦਿੰਦੇ ਰਾਹਵਾਂ ਦੇ ਕੇ। ਤਕੜੇ ਦਾ ਧੀ ਤੋਰਨ ਦਾ ਹੈ ਹੋਰ ਤਰੀਕਾ, ਤੋਰ ਤਾਂ ਮਾੜੇ ਵੀ ਦਿੰਦੇ ਨੇ ਲਾਵਾਂ ਦੇਕੇ। ਮੋਟੀ ਰਕਮ ਬਟੋਰਨ ਖ਼ੁਦ ਝੋਲੀ ਚੁੱਕ ਬਾਬੂ, ਅੱਗੇ ਨੌਕਰ ਰੱਖਣ ਘੱਟ ਤਨਖ਼ਾਹਵਾਂ ਦੇਕੇ। ਅਚਣ-ਚੇਤੇ ਮਲੀਆਮੇਟ ਸੁਖਾਂ ਦਾ ਕੀਤਾ, ਦੁਖੜੇ ਰਿਸ਼ਤੇਦਾਰਾਂ ਅਤੇ ਭਰਾਵਾਂ ਦੇਕੇ। ਦਿਲ ਦਰਿਆ ਸਨ ਜੋ ਕਬਰੀਂ ਜਾ ਸੁੱਤੇ 'ਨੂਰ', ਸਾਨੂੰ ਵੱਡੇ-ਵੱਡੇ ਮਹਿਲ ਸਰਾਵਾਂ ਦੇਕੇ।
47. ਆਖ ਜਲਾਦੇ ਨੂੰ ਇੰਜ 'ਮਾਸ ਧਰੀਕ ਨਹੀਂ'
ਆਖ ਜਲਾਦੇ ਨੂੰ ਇੰਜ 'ਮਾਸ ਧਰੀਕ ਨਹੀਂ'। 'ਸਰਮਦ' ਨੇ ਕਹਿ ਕੁਲ ਨੂੰ ਲਾਈ ਲੀਕ ਨਹੀਂ। ਲ਼ੋਕ-ਭਲਾਈ ਓਹਲੇ ਲੋਕ-ਵਿਖਾਵੇ ਦਾ, ਕਾਰਾ, ਬਹੁਤੀ ਇੱਜ਼ਤ ਦਾ ਪ੍ਰਤੀਕ ਨਹੀਂ। ਭੀੜ-ਭੜੱਕਾ ਭਾਵੇਂ ਵਧਦਾ ਜਾਂਦਾ ਹੈ, ਪਰ ਧਰਤੀ ਦੀ ਦਿੱਖ ਲਗਦੀ ਰਮਣੀਕ ਨਹੀਂ। ਛਣ ਜਾਊਗਾ ਪਿੰਜਰ ਇਸ ਦੇ ਜੁੱਸੇ ਦਾ, ਕੰਡਿਆਂ 'ਤੇ ਸੁੱਖਾਂ ਦੀ ਲਾਸ਼ ਧਰੀਕ ਨਹੀਂ। ਇੱਕੋ-ਇਕ ਆਉਂਦਾ ਸੀ ਦੁਖ-ਸੁਖ ਕਰਨ ਲਈ, ਉਹ ਵੀ ਰੱਬ ਨੇ ਛੱਡਿਆ ਕੋਲ ਸ਼ਰੀਕ ਨਹੀਂ। ਨਿੱਤ ਰੋੜੇ 'ਤੇ ਰੋੜਾ ਅਟਕੇ ਸ਼ਾਦੀ ਨੂੰ, ਭਾਵੇਂ ਸੱਧਰਾਂ ਦਾ ਮਿੱਤਰ ਮੰਗਲੀਕ ਨਹੀਂ। ਬੰਦਾ ਘਰ ਵਿਚ ਸਿੱਧਾ-ਸਾਦਾ ਬਣਿਆ ਰਹਿੰਦੈ, ਜਦ ਤਕ ਪੀਦੇਂ ਉਸ ਦਾ ਖ਼ੂਨ ਸ਼ਰੀਕ ਨਹੀਂ। ਮੁੱਖ ਨੂੰ ਤੱਕਿਆਂ ਜਿਹੜਾ ਨਜ਼ਰੀਂ ਆਵੇ ਨਾ, ਗ਼ਮ ਦਾ ਧਾਗਾ ਐਨਾ ਵੀ ਬਾਰੀਕ ਨਹੀਂ। ਜਿਸ ਰਸਤੇ ਵਲ ਵਾਪਸ ਮੁੜਦਾ ਮੋੜ ਨਹੀਂ, ਤੂੰ ਸੱਜਣਾ ਨੂੰ ਉਸ ਵਿਚ ਬੈਠ ਉਡੀਕ ਨਹੀਂ। ਝੁਰ-ਮੁਰ ਹੋ ਜਾਂਦੇ ਸੁਫ਼ਨੇ ਭਾਂਬੜ ਵਿਚ 'ਨੂਰ', ਅੱਗ ਇਸ਼ਕ ਦੀ ਬਹੁਤੀ ਬਲਣੀ ਠੀਕ ਨਹੀਂ।
48. ਦੌਲਤ ਵਾਲੇ ਦੇ ਕਰਜ਼ੇ ਵਿਚ ਜਕੜੇ ਦਾ
ਦੌਲਤ ਵਾਲੇ ਦੇ ਕਰਜ਼ੇ ਵਿਚ ਜਕੜੇ ਦਾ। ਮੁੱਕ ਜਾਣੈ ਸਾਹ ਲੱਕੜ ਕੱਟਦੇ ਲੱਕੜੇ ਦਾ। ਕੁੰਭ ਕਰਨ ਦੀ ਨੀਂਦਰ ਸੁੱਤੇ ਜਾਣੀ ਨਾ, ਉੱਠੇ ਮੱਖੂ ਠੱਪ ਦਵਾਂਗੇ ਤਕੜੇ ਦਾ। ਪੂਰੀ ਲੋੜ ਕਰੇ ਨਾ ਜਿਹੜਾ ਜੀਵਨ ਦੀ, ਪਹੀਆ ਬਦਲੋ ਉਸ ਕਾਨੂੰਨ ਦੇ ਛਕੜੇ ਦਾ। ਭੁੱਲਦਾ ਭੁੱਲਦਾ ਆਪੇ ਨੂੰ ਭੁੱਲ ਜਾਵੇ ਨਾ, ਇਹੋ ਹਾਲ ਰਿਹਾ ਇਨਸਾਨ ਭੁਲੱਕੜੇ ਦਾ। ਕਿੰਨੇ ਮੱਖੀ, ਮੱਛਰ ਟਿੱਡੇ ਨਿਗਲ ਗਿਆ, ਘਰ ਦੇ ਖੂੰਜੇ ਜਾਲ ਵਿਛਾਇਆ ਮੱਕੜੇ ਦਾ। ਵਾਟ ਦੀਆਂ ਯਾਦਾਂ ਦੇ ਛਾਲੇ ਭੰਨ ਗਿਆ, ਸੋਹਲ ਤਲੀ ਵਿਚ ਕੰਡਾ ਚੁਭਿਆ ਭੱਖੜੇ ਦਾ। ਮੰਜ਼ਿਲ ਤੱਕ ਕੀ ਹਾਲ ਬਣਾ ਕੇ ਛੱਡਣਗੇ, ਮਾੜਾ ਗੱਡਾ, ਬੁੱਢੇ ਢੱਗੇ, ਹੱਕੜੇ ਦਾ। ਦੁਨੀਆਂ ਦੀ ਹਰ ਸ਼ੈ ਨੂੰ ਭੱਦੀ ਪਾ ਦੇਵੇ, ਕਰਿਆ ਹੋਇਆ ਰੂਪ ਸ਼ਿੰਗਾਰ ਸੁਨੱਖੜੇ ਦਾ। ਬਾਜ਼ਾਰਾਂ ਵਿਚ ਆਪਾ ਨਾ ਖੋ ਆਵੀਂ 'ਨੂਰ' ਪਿੱਛਾ ਕਰਦਾ 'ਨੋਭੜ ਅੱਖ ਮਟੱਕੜੇ ਦਾ।
49. ਅਣਡਿੱਠ ਰੋਕਾਂ ਲੰਘਣ ਨੂੰ ਨਾ ਦੇਣ ਕਿਤੋਂ ਵੀ ਰਾਹਵਾਂ
ਅਣਡਿੱਠ ਰੋਕਾਂ ਲੰਘਣ ਨੂੰ ਨਾ ਦੇਣ ਕਿਤੋਂ ਵੀ ਰਾਹਵਾਂ। ਤੇਰੇ ਖ਼ੂਨੋਂ ਉੱਗੀਆਂ ਲਗ਼ਰਾਂ ਤੈਨੂੰ ਕਿਵੇਂ ਵਿਖਾਵਾਂ। ਸੁੰਨੇ ਰਾਹ ਵਿਚ ਸਿਖਰ ਦੁਪਹਿਰੇ ਮੁੱਖ ਛੁਪਾ ਕੇ ਲੰਘੀਂ, ਸੁੰਦਰ ਦਿੱਖ ਦੇ ਪਿੱਛੇ ਲੱਗ ਨਾ ਜਾਵਣ ਇੱਲ੍ਹ-ਬਲਾਵਾਂ। ਓਸੇ ਰਾਹ 'ਤੇ ਓਸੇ ਝੁੱਗੀ ਵਿਚ ਵਸੇਬਾ ਮੇਰਾ, ਤੇਰੇ ਪੈਰੀਂ ਲੱਗਿਆ ਹੋਇਆ ਸੀ ਜਿਸ ਦਾ ਸਿਰਨਾਵਾਂ। ਜਾਣਾ-ਬੁੱਝਾਂ ਸੁਣਾਂ ਖ਼ਿਆਲੀ ਪਕਵਾਨਾਂ ਦੇ ਕਿੱਸੇ, ਪਰ ਆਸਾਂ ਦਾ ਮਹਿਲ ਬਣਾ ਕੇ ਆਪ ਕਿਵੇਂ ਮੈਂ ਢਾਵਾਂ। ਦਿਲ ਵੀਰਾਨੇ ਵਾਂਗੂੰ ਖ਼ਲਕਤ ਵਿੱਚ ਉਦਾਸੀ ਡੁੱਬੀ, ਹੱਸਾਂ, ਖੇਡਾਂ, ਨੱਚਾਂ, ਟੱਪਾਂ ਖ਼ੁਸ਼ੀਆਂ ਕਿਵੇਂ ਮਨਾਵਾਂ। ਦੱਸ ਖ਼ੁਦਾਯਾ ਕਦ ਆਉਣੈ ਹੁਣ ਉਹ ਦਿਨ ਧਰਤੀ ਉਤੇ, ਦੋਹਤੇ ਪੋਤਰਿਆਂ ਦੀਆਂ ਜਦ ਨਾਨੀ ਵੀ ਲਊ ਬਲਾਵਾਂ। ਪੱਛਮ ਦੀ ਤਹਿਜ਼ੀਬ ਦਿਲਾਂ 'ਤੇ ਕਰ ਬੈਠੀ ਹੈ ਵਾਸਾ, ਕਿਹੜੀ ਮਾਂ ਬੋਲੀ ਵਿਚ ਲੋਰੀ ਦੇ ਕੇ ਬਾਲ ਸੁਲਾਵਾਂ। ਏਸ ਸਮੇਂ ਦੀ ਔੜ ਦਿਲਾਂ ਦੇ ਖੱਤੇ ਪੱਥਰ ਕੀਤੇ, ਕਿਹੜੇ ਖੇਤਾਂ ਦੇ ਵਿਚ ਚਾਰਾਂ ਮੈਂ ਸੱਧਰਾਂ ਦੀਆਂ ਗਾਵਾਂ। ਚੇਤੇ ਆਵੇ ਭਾਈਆਂ ਦੇ ਸਿਰ 'ਤੇ ਕੀਤੀ ਸਰਦਾਰੀ, 'ਨੂਰ ਮੁਹੰਮਦਾ' ਟੁਟ ਗਈਆਂ ਨੇ ਜੀਹਦੀਆਂ ਦੋਵੇਂ ਬਾਹਵਾਂ।
50. ਸੌ ਸੌ ਪੱਜ ਬਣਾਏ ਊੜਾ ਆੜਾ ਕੀਤਾ
ਸੌ ਸੌ ਪੱਜ ਬਣਾਏ ਊੜਾ ਆੜਾ ਕੀਤਾ। ਪਰ ਉਸ ਨੇ ਵਿਵਹਾਰ ਹਮੇਸ਼ਾ ਮਾੜਾ ਕੀਤਾ। ਰੀਝਾਂ ਨਾਲ ਉਗਾਏ ਸਨ ਆਸਾਂ ਦੇ ਬੂਟੇ, ਗ਼ਮ ਦੇ ਇੱਜੜ, ਟੱਪ ਕੇ ਵਾੜ ਉਜਾੜਾ ਕੀਤਾ। ਆਣ ਖਲੋਤੇ ਬੂਹੇ ਅੱਗੇ ਲੈਣ ਫ਼ਰਿਸ਼ਤੇ, ਯਾਦ ਜਦੋਂ ਰੀਝਾਂ ਨੇ ਇਸ਼ਕ ਪਹਾੜਾ ਕੀਤਾ। ਅਪਣੇਪਣ ਵਿਚ ਤੂੰ ਮੈਂ ਹੋ ਹੂ ਹੀ ਜਾਂਦੀ ਹੈ, ਤੂੰ ਲੋਕਾਂ ਦੀ ਸੁਣ ਪਾੜੀ ਤੋਂ ਪਾੜਾ ਕੀਤਾ। ਜਦ ਉਹ ਇਤਰ ਫੁਲੇਲਾਂ ਲਾ ਕੇ ਘਰ ਤੋਂ ਤੁਰਿਆ, ਚਲਦੇ ਰਾਹੀਆਂ ਖ਼ਾਤਰ ਖੜ੍ਹਾ ਪੁਆੜਾ ਕੀਤਾ। ਮੇਰੀ ਖੱਟੀ ਨੂੰ ਪਿੰਡ ਵਾਲੇ ਇੱਜ਼ਤ ਸਮਝਣ, ਪਰ ਭਾਈਆਂ ਰਿਸ਼ਤੇਦਾਰਾਂ ਨੇ ਸਾੜਾ ਕੀਤਾ। ਦੰਗਾ-ਮਸਤੀ ਕਰਕੇ ਜੰਝ ਚੜ੍ਹੇ ਮਿਤਰਾਂ ਨੇ, ਰਿਸ਼ਤੇਦਾਰਾਂ ਦੇ ਵਿਚ ਖੱਜਲ ਲਾੜ੍ਹਾ ਕੀਤਾ। ਮੈਂ ਚੁੱਪ ਰਹਿ ਕੇ ਉਸ ਦੀ ਇੱਜ਼ਤ ਦੂਣੀ ਕੀਤੀ, ਪਰ ਬੜਬੋਲੇ ਨੇ ਚਾੜ੍ਹੇ 'ਤੇ ਚਾੜ੍ਹਾ ਕੀਤਾ। ਲੰਬੀਆਂ ਉਮਰਾਂ ਰਿੜਕ ਰਿੜਕ ਕੇ ਲੱਸੀ ਪੀਤੀ, ਦੁੱਧ ਮੁਹੱਬਤ ਵਾਲਾ ਜਿਸ ਨੇ ਗਾੜ੍ਹਾ ਕੀਤਾ। 'ਨੂਰ' ਕਦੇ ਮੁੜ ਕੇ ਨਾ ਆਈ ਉਹ ਖ਼ੁਸ਼ਬੂਈ, ਜਿਸ ਦੀ ਖ਼ਾਤਰ ਦਿਲ ਦਾ ਖ਼ਾਲੀ ਵਾੜਾ ਕੀਤਾ।
51. ਲੱਦ ਗਏ ਨੇ ਜੀਵਨ ਵਿੱਚੋਂ ਖ਼ੁਸ਼ੀਆਂ ਖੇੜੇ
ਲੱਦ ਗਏ ਨੇ ਜੀਵਨ ਵਿੱਚੋਂ ਖ਼ੁਸ਼ੀਆਂ ਖੇੜੇ। ਯਾਦਾਂ ਹੀ ਯਾਦਾਂ ਨੇ ਭਰੀਆਂ ਦਿਲ ਦੇ ਵਿਹੜੇ। ਜੀਹਦੇ ਇਕ ਬੁਲਾਵੇ ਤੇ ਦੋ ਚੱਕਰ ਕੱਟੇ, ਅੱਜ ਕਹੇ ਨਾ ਲਾਇਆ ਕਰ ਮੇਰੇ ਘਰ ਗੇੜੇ। ਨਿਤ ਦਿਨ ਮੇਲ-ਮਿਲਾਪਾਂ ਦਾ ਗਲ ਘੁੱਟੇ ਜਿਹੜਾ, ਚੜ੍ਹਕੇ ਬੈਠਣ ਉਸ ਦੇ ਹੀ ਕਿਉਂ ਲੋਕ ਘਨੇੜੇ। ਮੈਂ ਜਾਂ ਮੇਰੀ ਹਿੰਮਤ ਕਿੱਥੇ, ਸੱਦਣ ਜਾਂਦੇ, ਮੱਲੋ-ਮੱਲੀ ਆ ਬੈਠੇ ਗ਼ਮ ਬਿਨਾ ਸਹੇੜੇ। ਭਾਵੇ ਲੱਖਾਂ ਘਰ ਢਾਵੇ ਭੁਚਾਲ ਘੜੀ ਵਿਚ, ਪਰ ਬਣ ਜਾਵਣ ਜੇਕਰ ਦਿਲ ਨਾ ਜਾਣ ਤਰੇੜੇ। ਜੋੜ ਲਈ ਪਾਣੀ ਨਾ ਮਿਲਿਆ ਮੁਸਕਾਣਾ ਦਾ, ਹਿਜਰ ਦੀਆਂ ਧੁੱਪਾਂ ਨੇ ਦਿਲ ਦੇ ਕੋਠੇ ਤੇੜੇ। ਕੋਠਾ ਪਾਉਣ ਨੂੰ ਮੁੱਲ ਲਿਆ ਧਰਤੀ ਦਾ ਟੋਟਾ, ਕੋਠੀ ਵਾਲਿਆਂ ਨੀਹਾਂ ਦੇ ਸਭ ਰੋੜ ਉਖੇੜੇ। ਸੱਟ ਦੀ ਖ਼ਬਰ ਲਈ ਆਏ ਰਿਸ਼ਤੇਦਾਰਾਂ ਨੇ, ਹਮਦਰਦੀ ਦੀ ਬੋਲੀ ਬੋਲ ਖਰੀਂਢ ਉਚੇੜੇ। ਬਾਂਦਰ ਵੰਡ ਲਈ ਭਾਵੇਂ ਤੀਜਾ ਲਲਚਾਇਆ, ਪਰ ਵੀਰਾਂ ਨੇ ਆਪਸ ਵਿਚ ਕਰ ਲਏ ਨਬੇੜੇ। ਆਸਾਂ ਦੇ ਸਾਗਰ ਵਿਚ ਠੇਲੇ ਪਾ ਦੇ 'ਨੂਰ' ਆਪੇ ਪਾਰ ਕਰੂਗਾ ਅੱਲ੍ਹਾ ਡੁਬਦੇ ਬੇੜੇ।
52. ਕਿੰਨਾ ਸੋਹਣਾ ਹੁੰਦੈ ਯਾਰ ਖ਼ਿਆਲਾਂ ਵੇਲੇ
ਕਿੰਨਾ ਸੋਹਣਾ ਹੁੰਦੈ ਯਾਰ ਖ਼ਿਆਲਾਂ ਵੇਲੇ। ਬਣ ਜਾਂਦੈ ਕੁਝ ਤੋਂ ਕੁਝ ਚਾਲਾਂ-ਢਾਲਾਂ ਵੇਲੇ। ਥੱਕਿਆ-ਟੁੱਟਿਆ ਜੁੱਸਾ ਫ਼ਿਕਰ ਸਵੇਰਾਂ ਵਾਲੀ, ਕਾਮਾ ਲੈਕੇ ਘਰ ਮੁੜਿਆ ਤਰਕਾਲਾਂ ਵੇਲੇ। ਮੇਰੀ ਪੁੱਛ-ਗਿਛ ਅੱਗੇ ਛਾਈਂ ਮਾਈਂ ਹੋਇਆ- ਝੂਠ, ਗਧੇ ਦੇ ਸਿੰਗਾਂ ਵਾਂਗ ਸਵਾਲਾਂ ਵੇਲੇ। ਕਿਸ ਨੂੰ ਪੁੱਛਾਂ ਕਦ ਆਏ ਕਦ ਚਲੇ ਗਏ ਉਹ, ਮੈਂ ਕਿੱਥੇ ਰਹਿੰਦਾ ਸਾਂ ਬੀਤੇ ਕਾਲਾਂ ਵੇਲੇ। ਸਭ ਨੇ ਕਿਉਂ ਛੱਡ ਦਿੱਤਾ ਕੱਲਾ ਕਿਸ ਤੋਂ ਪੁੱਛਾਂ, ਤੂੰ ਵੀ ਤਾਂ ਆਉਂਦਾ ਸੈਂ ਗੁਜਰੇ ਸਾਲਾਂ ਵੇਲੇ। ਯਾਦਾਂ ਦੇ ਜੰਗਲ ਵਿਚ ਭਟਕੇ ਫਿਰਦੇ ਦੇਖੇ, ਮਿਲਿਆ ਕਰਦੇ ਸਨ ਜੋ ਲੋਕ ਰੁਮਾਲਾਂ ਵੇਲੇ। ਕਿੰਜ ਸਮਝਾਵਾਂ ਹਿਰਸਾਂ ਦੀ ਅੰਨ੍ਹੀ ਮੱਛੀ ਨੂੰ, ਐਧਰ-ਉਧਰ ਹੋ ਜਾਇਆ ਕਰ ਜਾਲਾਂ ਵੇਲੇ। ਢਾਕੇ ਦੀ ਮਲਮਲ ਪਾਇਆਂ ਵੀ ਤਪਸ ਘਟੀ ਨਾ, ਠੁਰ-ਠੁਰ ਕਰਦੇ ਰਹਿੰਦੇ ਸਾਂ ਉਂਜ ਸ਼ਾਲਾਂ ਵੇਲੇ। ਗਰਮੀ ਦੇ ਵਿਚ ਮੌਜ ਕਰਨ ਜੋ ਨੰਗ-ਧੜੰਗੇ, ਠਰਦੇ ਦੇਖੇ ਨੇ ਉਹ ਲੋਕ ਸਿਆਲਾਂ ਵੇਲੇ। 'ਨੂਰ ਮੁਹੰਮਦਾ' ਸੇਕ ਹਿਜਰ ਦਾ ਮੱਠਾ ਚੰਗਾ, ਫੂਕ ਦਿੰਦਾ ਹੈ ਕੰਢੇ ਦੁੱਧ ਉਬਾਲਾਂ ਵੇਲੇ।
53. ਵਾਂਗ ਸਮੁੰਦਰ ਛੱਲਾਂ ਉੱਠੀਆਂ ਦਿਲ ਜਜ਼ਬਾਤੀ ਉੱਤੇ
ਵਾਂਗ ਸਮੁੰਦਰ ਛੱਲਾਂ ਉੱਠੀਆਂ ਦਿਲ ਜਜ਼ਬਾਤੀ ਉੱਤੇ। ਜਦ ਵੀ ਉਸ ਨੇ ਕੋਸੇ ਅੱਥਰੂ ਕੇਰੇ ਛਾਤੀ ਉੱਤੇ। ਰੱਬ ਨੇ ਸਭ ਨੂੰ ਦੀਦੇ ਦੇਕੇ ਖੁੱਲ੍ਹ ਦੇਖਣ ਦੀ ਦਿੱਤੀ, ਉਹ ਝੱਲਾ ਕਿਉਂ ਰੌਲਾ ਪਾਵੇ ਮੇਰੀ ਝਾਤੀ ਉੱਤੇ। ਓਸ ਜਣੇ ਦੀ ਹਾਲਤ ਬਾਰੇ ਮੈਂ ਹੀ ਮੈਂ ਬਸ ਜਾਣਾ, ਹਸਦੇ ਸਨ ਜਦ ਬਾਕੀ ਬੱਚੇ ਇੱਕ ਜਮਾਤੀ ਉੱਤੇ। ਚੰਦਰੇ ਮਨ ਨੂੰ ਰੱਜ ਨਾ ਆਇਆ ਚੰਗੇ-ਚੇਰੇ ਖਾ ਕੇ, ਭੁੱਖੇ ਨੇ ਢਿੱਡ ਭਰਿਆ ਭੁੱਕ ਕੇ ਲੂਣ ਚਪਾਤੀ ਉੱਤੇ। ਮੈਂ ਤੇਰਾ, ਮੈਂ ਤੇਰਾ ਮੈਨੂੰ ਛੱਡ ਕੇ ਜਾਹ ਨਾ ਅੜਿਆ, ਜ਼ੋਰ ਵਧੇਰਾ ਦੇਵਾਂ ਮਸਲੇ ਇੱਕ ਨੁਕਾਤੀ ਉੱਤੇ। ਅਪਣੇ ਮੂਡੀ ਮਨ ਦੀ ਚਾਹਤ ਮੈਂ ਤੈਨੂੰ ਕੀ ਦੱਸਾਂ, ਬੱਚਾ ਹੈ, ਬੱਚਾ ਤਾਂ ਵਿਡ ਜਾਂਦਾ ਹੈ ਬਾਤੀ ਉੱਤੇ। ਹਾੜ੍ਹੀ ਤਾਂ ਹਾੜ੍ਹੀ ਹੈ ਉਹ ਤਾਂ ਫ਼ਸਲ ਦਿਲਾਂ ਦੀ ਵੱਢਦਾ, ਜੇ ਰੱਬ ਘੁੰਗਰੂ ਲਾ ਦਿੰਦਾ ਪਲਕਾਂ ਦੀ ਦਾਤੀ ਉੱਤੇ। ਲਾਲਚ ਦੇ ਵਿਚ ਆ ਕੇ ਸੁਫ਼ਨੇ ਇੰਜ ਉਤੇਜਿਤ ਹੋਏ, ਤਰਸ ਕਿਵੇਂ ਕਰਦੇ ਰੀਝਾਂ ਦੀ ਦਿੱਖ ਨਹਾਤੀ ਉੱਤੇ। ਸ਼ੌਕ ਵਧੇਰੇ ਵਾਹੇ, ਬੀਜੇ, ਗੁੱਡੇ, ਸਿੰਜੇ ਐਪਰ, ਆਂਚ ਕਦੇ ਨਾ ਆਵਣ ਦਿੱਤੀ ਅਪਣੀ ਜ਼ਾਤੀ ਉੱਤੇ। ਹੂਰਾਂ ਦੇ ਲਾਲਚ ਵਿਚ ਜਿਸ ਨੇ ਵਸਦੇ ਸ਼ਹਿਰ ਉਜਾੜੇ, 'ਨੂਰ ਮੁਹੰਮਦਾ'ਲਾਅਨਤ ਪਾ ਉਸ ਆਤਮ-ਘਾਤੀ ਉੱਤੇ।
54. ਫਿਰਦੀ ਹੈ ਹੁਣ ਧੂੜਾਂ ਚੱਟਦੀ ਕੱਲਮ ਕੱਲੀ
ਫਿਰਦੀ ਹੈ ਹੁਣ ਧੂੜਾਂ ਚੱਟਦੀ ਕੱਲਮ ਕੱਲੀ। ਕਿਸਮਤ ਮੇਰੀ ਮਰਜ਼ੀ ਨਾਲ ਕਦੇ ਨਾ ਚੱਲੀ। ਦੇਖੋ ਹੁਣ ਪਰਚੀ 'ਤੇ ਕੀਹਦੇ ਬਣਦੇ ਨੇ ਉਹ, ਬੰਨ੍ਹ ਲਿਆਈ ਪੋਲਿੰਗ 'ਤੇ ਪੈਸੇ ਦੀ ਪੱਲੀ। ਵਿੱਚ ਇਕੱਠਾਂ ਮੇਰੀ ਭੰਡੀ ਕਰਨੀ ਛੱਡ ਦੇ, ਤੇਰੀ ਰੀਸ ਕਰੇ ਸੁਣ ਕੇ ਹਰ ਲੱਲੀ-ਛੱਲੀ। ਜਦ ਤੋਂ ਜੰਮਿਐ ਦੋ ਪਲ ਸਾਹ ਨੇ ਚੈਣ ਨਾ ਲੀਤਾ, ਸਾਰੀ ਉਮਰ ਬਤੀਤ ਕਰੀ ਵਿਚ ਚੱਲੋ-ਚੱਲੀ। ਭਰਦੀ ਫਿਸਦੀ ਫੋੜੇ ਜਿੱਡੀ ਹੋਈ ਲੱਗੇ, ਫਿਨਸੀ ਤੇਰੀਆਂ ਯਾਦਾਂ ਵਾਲੀ ਅੱਲੀ ਅੱਲੀ। ਨਾ ਝਗੜਾ ਨਾ ਝੇੜਾ ਜਦ ਮਰਜ਼ੀ ਆ ਨੱਪੇ, ਹੋਣੀ ਵਾਂਗ ਸ਼ਰਾਬੀ ਹੋ ਕੇ ਮੱਲੋ-ਮੱਲੀ। ਨਮਕ ਹਰਾਮੀ ਕਰਕੇ ਜੇ ਨਮਰੂਦ ਬਣੇਂਗਾ, ਮਾਲਕ ਨੂੰ ਗੁੱਸਾ ਆਊ ਮੱਚੂ ਤਰਥੱਲ਼ੀ। ਉਸ ਦੇ ਭੋਲੇਪਣ ਦੀ ਕਿਵੇਂ ਉਧਾਰਣ ਦੇਵਾਂ, ਜਿਸ ਨੂੰ ਚਾਤਰ ਲੁੱਟ ਗਏ ਨੇ ਗੱਲੀਂ-ਗੱਲੀਂ। ਆਵਣ ਨਾਲੋਂ ਵੀ ਛੇਤੀ ਵਾਪਸ ਤੁਰ ਜਾਵੇ, 'ਨੂਰ' ਜਦੋਂ ਮਿਲ ਜਾਵੇ ਮਾਇਆ ਬਹੁਤ ਸਵੱਲੀ।
55. ਕਰਨੀ 'ਤੇ ਕਥਨੀ ਦੇ ਵਿਚ ਅੱਯਾਰ ਨਹੀਂ ਹਾਂ
ਕਰਨੀ 'ਤੇ ਕਥਨੀ ਦੇ ਵਿਚ ਅੱਯਾਰ ਨਹੀਂ ਹਾਂ। ਸ਼ਕਲੋਂ ਮਾੜਾ ਹੋ ਸਕਦਾਂ ਮੱਕਾਰ ਨਹੀਂ ਹਾਂ। ਤਕੜੇ ਦਾ ਰਾਹ ਰੋਕ ਸਕਾਂ ਮੈਂ ਖੰਭਾ ਬਣ ਕੇ, ਪਰ ਸਾਊ ਦੇ ਰਸਤੇ ਦੀ ਦੀਵਾਰ ਨਹੀਂ ਹਾਂ। ਭਾਵੇਂ ਬਹਿੰਦਾ ਉਠਦਾਂ ਵਿਚ ਧਨਾਡਾਂ ਦੇ, ਪਰ- ਡੰਗ-ਟਪਾਊ ਹਾਂ ਵੱਡਾ ਜ਼ਰਦਾਰ ਨਹੀਂ ਹਾਂ। ਹਾਕਮ ਅੱਗੇ ਖੜ੍ਹ ਕੇ ਸੱਚੀ ਕਹਿ ਸਕਦਾ ਹਾਂ, ਪਰਜਾ ਦੀ ਖ਼ਾਤਰ ਰਾਜੇ ਦੀ ਆਰ ਨਹੀਂ ਹਾਂ। ਮੈਂ ਦੁੱਖਾਂ ਦੇ ਸਾਰੇ ਝੱਖੜ ਸਿਰ 'ਤੇ ਝੱਲੇ, ਰੋਇਆ ਇਕ ਵਾਰੀ ਵੀ ਜ਼ਾਰੋ-ਜ਼ਾਰ ਨਹੀਂ ਹਾਂ। ਸਾਫ਼-ਸਫ਼ਾਤ ਇਰਾਦਾ ਰੱਖਾਂ ਸਭ ਦੀ ਖ਼ਾਤਰ, ਮੈਂ ਮਾਰਾਂ-ਧਾੜਾਂ ਦਾ ਘਰ, ਸੰਸਾਰ ਨਹੀਂ ਹਾਂ। ਦਰਬਾਰਾਂ ਵਿਚ ਪੜ੍ਹਦਾ ਨਈਂ ਕਸੀਦੇ ਜਾ ਕੇ, ਜੀਵਨ ਰੇਖਾ ਤੋਂ ਡਿੱਗਿਆ ਫ਼ਨਕਾਰ ਨਹੀਂ ਹਾਂ। ਹੱਸਾਂ-ਵੱਸਾਂ ਗਹਿਮਾ-ਗਹਿਮੀ ਦੀ ਦੁਨੀਆ ਵਿਚ, ਰਾਹਾਂ ਵਿਚ ਭਟਕੀ ਕੂੰਜਾਂ ਦੀ ਡਾਰ ਨਹੀ ਹਾਂ, ਹੜ੍ਹ ਬਣ ਕੇ ਆਈਆਂ ਨੇ ਜਿਸ ਦਿਨ ਤੋਂ ਬਰਸਾਤਾਂ, ਦੋ ਪਲ ਵੀ ਸਂੌ ਸਕਿਆ ਵਿਚ ਪਰਿਵਾਰ ਨਹੀਂ ਹਾਂ। 'ਨੂਰ ਮੁਹੰਮਦ' ਵਰਗੇ ਚੰਗੇ ਲੋਕਾਂ ਵਾਂਗੂੰ, ਮੈਂ ਵੀ ਰੱਬ ਦੀ ਧਰਤੀ ਉੱਤੇ ਭਾਰ ਨਹੀਂ ਹਾਂ।
56. ਉਚ ਬਸਤੀ ਦੇ ਲੋਕਾਂ ਦੀ ਰੰਗੀਨ ਮਿਜ਼ਾਜੀ ਵਰਗਾ
ਉਚ ਬਸਤੀ ਦੇ ਲੋਕਾਂ ਦੀ ਰੰਗੀਨ ਮਿਜ਼ਾਜੀ ਵਰਗਾ। ਉਸ ਦਾ ਹਾਸਾ ਪਹੁ ਫਟਦੇ ਦੀ ਵਾਯੂ ਤਾਜ਼ੀ ਵਰਗਾ। ਉਹ ਆਪੇ ਨੂੰ ਚੰਨ ਤੱਕ ਜਿੱਤਾਂ ਜਿੱਤਣ ਵਾਲਾ ਸਮਝੇ, ਮੇਰਾ ਜੇਰਾ ਮੇਰੇ ਵਾਂਗੂੰ ਹਾਰੀ ਬਾਜ਼ੀ ਵਰਗਾ। ਮੈਂ ਪੀੜਾਂ ਸੰਗ ਰਿਸ਼ਤਾ ਜ਼ਾਹਰ ਹੋਣੋਂ ਰੋਜ਼ ਬਚਾਵਾਂ, ਫੇਰ ਵਿਛੋੜਾ ਪਾ ਨਾ ਦੇਵੇ ਕੈਦੋਂ ਕਾਜ਼ੀ ਵਰਗਾ। ਵਿੱਚ ਇਕੱਠਾਂ ਕਰਦੇ ਦੇਖੇ ਹਿਟਲਰ ਦੀ ਬਦਗੋਈ, ਜਿਹੜੇ ਲੋਕੀ ਕੰਮ ਹਮੇਸ਼ਾ ਕਰਦੇ ਨਾਜ਼ੀ ਵਰਗਾ। ਟਕਿਆਂ ਦੇ ਲਾਲਚ ਨੇ ਲਾਈ ਇਕ ਸੌ ਇਕ ਬਿਮਾਰੀ, ਦੇਖਣ ਨੂੰ ਹਰ ਬੰਦਾ ਉੱਪਰੋਂ ਲੱਗੇ ਰਾਜ਼ੀ ਵਰਗਾ। ਮੱਕਾਰੀ ਨੇ ਲੂੰ ਲੂੰ ਵਿੱਚ ਬਣਾਇਆ ਪੱਕਾ ਡੇਰਾ, ਭਾਵੇਂ ਰੋਜ਼ ਪਲੀਤੀ ਧੋ ਕੇ ਬਣਾਂ ਨਮਾਜ਼ੀ ਵਰਗਾ। ਸੱਚੋ ਸੱਚੀ ਦੱਸ ਸਮੇਂ ਕੀ ਨਾਮ ਧਰੇਂਗਾ ਮੇਰਾ, ਇਕ ਕਰਿਸ਼ਮਾ ਮੈਂ ਕਰ ਦੇਵਾਂ ਕੁਦਰਤ ਸਾਜ਼ੀ ਵਰਗਾ। ਦੁਖ ਸੁਖ ਕਰਨ ਲਈ ਪੀੜਾਂ ਨੂੰ ਜਦ ਵੀ ਘਰੇ ਬੁਲਾਵਾਂ, ਦੁਖ ਨਾ ਸਾਡਾ ਰਿਸ਼ਤਾ ਸਮਝਣ ਇਸ਼ਕ ਮਿਜਾਜ਼ੀ ਵਰਗਾ। ਉਸ ਨੇ ਜੀਵਨ ਦੇ ਪਿੜ ਅੰਦਰ ਭਾਵੇਂ ਬਾਜ਼ੀ ਹਾਰੀ, ਪਰ ਅਪਣਾ ਜੇਰਾ ਅਕੜਾ ਕੇ ਰੱਖਿਆ ਗ਼ਾਜ਼ੀ ਵਰਗਾ। 'ਨੂਰ ਮੁਹੰਮਦਾ' ਪਹੁੰਚ ਤੇਰੀ ਵੀ ਜੰਨਤ ਤੀਕਰ ਹੁੰਦੀ, ਨੇਕ ਕਿਤੇ ਤੂੰ ਵੀ ਬਣ ਜਾਂਦਾ 'ਸ਼ੈਖ਼ ਸ਼ੀਰਾਜ਼ੀ' ਵਰਗਾ।
57. ਬੀਤੇ ਵੇਲੇ ਤੂੰ ਦਿੱਤੀਆਂ ਜੋ ਤੜੀਆਂ ਨੇ
ਬੀਤੇ ਵੇਲੇ ਤੂੰ ਦਿੱਤੀਆਂ ਜੋ ਤੜੀਆਂ ਨੇ। ਦਿਲ ਵਿਚ ਝਾੜਾਂ ਵਾਂਗੂੰ ਉੱਗੀਆਂ ਖੜੀਆਂ ਨੇ। ਪਹਿਲਾਂ ਰੋੜ੍ਹ ਦਿੱਤਾ ਫ਼ਸਲਾਂ ਨੂੰ ਝੜੀਆਂ ਨੇ, ਹੁਣ ਔੜਾਂ 'ਤੇ ਧੁੱਪਾਂ ਦੇ ਵਿਚ ਰੜ੍ਹੀਆਂ ਨੇ। ਭੈਅ ਦੀ ਥਾਂ 'ਤੇ ਲਿਖਤਾਂ ਅਣਖ ਕਰੋਧ ਦੀਆਂ, ਮੈਂ ਮਜ਼ਦੂਰਾਂ ਦੇ ਮੱਥੇ 'ਤੇ ਪੜ੍ਹੀਆਂ ਨੇ। ਇਕ ਟਾਹਣੀ ਦੇ ਫੁੱਲ ਸਜਾਵਣ ਅਰਥੀ ਨੂੰ, ਦੂਜੀ ਟਾਹਣੀ ਦੇ ਸਿਹਰੇ ਦੀਆਂ ਲੜੀਆਂ ਨੇ। ਮੁਫ਼ਤ ਕਿਵੇਂ ਦੇ ਦੇਵਣ ਅੰਨ ਗ਼ਰੀਬਾਂ ਨੂੰ, ਅਣਖ ਦੀਆਂ ਵੱਟਾਂ ਅੜਚਣ ਪਾ ਖੜ੍ਹੀਆਂ ਨੇ। ਕਿਵੇਂ ਕੁੜੱਤਣ ਘਟਦੀ ਵਾੜ ਕਰੇਲੇ ਦੀ, ਵੇਲਾਂ ਨਿੰਮ ਦੀ ਟੀਸੀ ਤੱਕ ਜਾ ਚੜ੍ਹੀਆਂ ਨੇ। ਕਹਿ ਗਈ ਫੇਰ ਮਿਲਾਂਗੀ ਰੋਜ਼ ਕਿਆਮਤ ਨੂੰ, ਮੈਨੂੰ ਜਿਉਣ ਲਈ ਇਹ ਆਸਾਂ ਬੜੀਆਂ ਨੇ। ਔੜਾਂ, ਸੋਕਾ, ਖ਼ੁਸ਼ਕੀ ਸਾਰੇ ਤੀਰ ਬਣੇ, ਹੱਥ ਵਿਖਾਏ ਜਦ ਸਾਵਣ ਵਿਚ ਝੜੀਆਂ ਨੇ। 'ਨੂਰ' ਖ਼ੁਦਾ ਦਾ ਸ਼ੁਕਰ ਕਰੋ ਬਚ ਬੈਠੇ ਆਂ, ਹੜ੍ਹ ਵਿਚ ਜਾਨਾਂ ਅੰਤਾਂ ਤੋਂ ਵੱਧ ਹੜ੍ਹੀਆਂ ਨੇ।
58. ਦੁੱਖਾਂ ਦੀ ਹਰ ਰਮਜ਼ ਲਿਤਾੜੀ ਬੈਠਾ ਹਾਂ
ਦੁੱਖਾਂ ਦੀ ਹਰ ਰਮਜ਼ ਲਿਤਾੜੀ ਬੈਠਾ ਹਾਂ। ਮੈਂ ਸੁੱਖਾਂ ਦੇ ਨਾਲ ਵਿਗਾੜੀ ਬੈਠਾ ਹਾਂ। ਤੇਜ਼ ਹਵਾਵਾਂ ਦੇ ਵਿਚ ਝੱਲੇ ਜੀਵਨ ਦੀ, ਗੁੱਡੀ ਵਿੱਚ ਖਲਾਵਾਂ ਚਾੜ੍ਹੀ ਬੈਠਾ ਹਾਂ। ਭੁੱਖੇ ਪੇਟ ਲਈ ਫ਼ਿਕਰਾਂ ਦੇ ਚੁੱਲ੍ਹੇ 'ਤੇ, ਮੈਂ ਆਸਾਂ ਦੀ ਰੋਟੀ ਰਾੜ੍ਹੀ ਬੈਠਾ ਹਾਂ। ਮਨ ਦੇ ਹਾਰੇ ਵਿੱਚ ਭਖਾ ਕੇ ਸੋਚਾਂ ਨੂੰ, ਦੁੱਧ ਖ਼ਿਆਲਾਂ ਵਾਲਾ ਕਾੜ੍ਹੀ ਬੈਠਾ ਹਾਂ। ਪਾਲ-ਪਲੋਸ ਸੰਭਾਲੇ ਖੱਤੇ ਰੀਝਾਂ ਦੇ, ਵਿੱਚ ਗ਼ਮਾਂ ਦੇ ਈਜੜ ਵਾੜੀ ਬੈਠਾ ਹਾਂ। ਸੋਚ ਖ਼ਰੀ ਨਾ ਉਤਰ ਸਕੀ ਕਸਵੱਟੀ 'ਤੇ, ਬਣਿਆ ਅਪਣੇ ਵਿੱਚ ਜੁਗਾੜੀ ਬੈਠਾ ਹਾਂ। ਮਿਹਨਤਕਸ਼ ਨੂੰ ਹੱਕ ਮੰਗਣ ਤੋਂ ਵਰਜਣ ਲਈ, ਇਕ ਤਕੜੇ ਦੀ ਬਣਿਆ ਤਾੜੀ ਬੈਠਾ ਹਾਂ। ਵੱਢਣ ਦੀ ਨਾ ਦੇਣ ਇਜਾਜ਼ਤ ਤਕੜੇ ਲੋਕ, ਪਾਲ-ਪਲੋਸ ਖ਼ੁਸ਼ੀ ਦੀ ਹਾੜ੍ਹੀ ਬੈਠਾ ਹਾਂ। ਲੋੜ ਮੁਤਾਬਕ ਜਾ ਕੇ ਪਾਣੀ ਪਾ ਲਈਂ 'ਨੂਰ', ਗ਼ਮ ਦੀ ਲੱਸੀ ਰਿੜਕੀਂ ਗਾੜ੍ਹੀ ਬੈਠਾ ਹਾਂ।
59. ਜੀਵਨ ਦਾ ਦਿਨ ਰੋਜ਼ ਘਟਾਵਾਂ ਗਲ ਪਿਆ ਪੰਧ ਮੁਕਾਉਣ ਲਈ
ਜੀਵਨ ਦਾ ਦਿਨ ਰੋਜ਼ ਘਟਾਵਾਂ ਗਲ ਪਿਆ ਪੰਧ ਮੁਕਾਉਣ ਲਈ। ਰੱਖਾਂ ਰੋਜ਼ੇ, ਪੜ੍ਹਾਂ ਨਮਾਜ਼ਾਂ, ਮੁੜ ਅਪਣੇ ਘਰ ਜਾਣ ਲਈ। ਓਸ ਸਮੇਂ ਦੀ ਗ਼ਲਤੀ ਦਾ ਖ਼ੁਮਿਆਜ਼ਾ ਹੁਣ ਤੱਕ ਭੁਗਤ ਰਿਹਾਂ, ਪੱਟ ਲਿਆ ਸੀ ਅੰਮਾਂ ਨੇ ਜਦ ਬਾਬਾ ਦਾਣਾ ਖਾਣ ਲਈ। ਪਤਾ ਨਹੀਂ ਕਿਉਂ ਪੱਥਰ ਵਿੱਚੋਂ ਲਾਵਾ ਬਾਹਰ ਆਵੇ ਨਾ, ਨਿੱਤ ਨਵੇਲੇ ਪੱਜ ਬਣਾਵਾਂ ਉਸ ਦੀ ਇਕ ਮੁਸਕਾਣ ਲਈ। ਉਸ ਬੰਦੇ ਨੂੰ ਵਿੱਚ ਕਟਿਹਰੇ ਲੋਕਾਂ ਕਦੇ ਲਿਆਂਦਾ ਨਾ, ਤੱਤਪਰ ਰਹਿੰਦੈ ਜਿਹੜਾ ਦੂਜੇ ਦਾ ਹਿੱਸਾ ਹਥਿਆਉਣ ਲਈ। ਸੁਫ਼ਨੇ ਦੇ ਵਿਚ ਮਹਿਲ ਉਸਾਰੇ ਜਾਗਣ 'ਤੇ ਢੈ ਜਾਂਦੇ ਨੇ, ਸੋਚਾਂ ਸੱਚ ਕਦੇ ਨਾ ਹੋਵਣ ਰੀਝਾਂ ਦੇ ਤਰਖਾਣ ਲਈ। ਕੰਮ ਕਰਨ ਦੀ ਆਦਤ ਪਾ ਲੈ ਆਖਾਂ ਪੁੱਤ ਨਿਖੱਟੂ ਨੂੰ, ਬੱਚਤ-ਖੁੱਚਤ ਮੁੱਕ ਗਈ ਸਭ ਜੋ ਸੀ ਘਰ ਵਿਚ ਖਾਣ ਲਈ। ਹੁਣ ਤਾਂ ਬੰਦਾ ਅਪਣੀ ਆਪ ਸ਼ਨਾਖ਼ਤ ਭੁੱਲਦਾ ਜਾਂਦਾ ਹੈ, ਵਿੱਚ ਕਚਹਿਰੀ ਬੰਦਾ ਸੱਦਣ ਬੰਦੇ ਦੀ ਪਹਿਚਾਣ ਲਈ। ਖਿਸਿਆਏ ਇਤਿਹਾਦੀ ਵੀ ਹੁਣ ਤਾਂ ਇਹ ਸੋਚਣ ਲੱਗ ਪਏ, ਜਾਨੋਂ ਵੱਧ ਪਿਆਰੀ ਹੋ ਸਕਦੀ ਹੈ ਅਣਖ ਪਠਾਣ ਲਈ। ਉਨਾ ਵੱਡਾ ਹੋਵੇਗਾ ਘਰ ਵਿਚ ਬੂਟਾ ਖ਼ੁਸ਼ਹਾਲੀ ਦਾ, ਜਿੰਨਾਂ ਆਦਰ ਰੱਖੇਗੀ ਘਰ ਦੇ ਵਿਚ ਬਹੂ ਨਿਨਾਣ ਲਈ। ਇਹ ਕੋਠੀ ਇਹ ਮਹਿਲ-ਮੁਨਾਰੇ ਏਥੇ ਹੀ ਰਹਿ ਜਾਣੇ ਨੇ, 'ਨੂਰ ਮੁਹੰਮਦਾ' ਆਇਐ ਏਥੇ ਹਰ ਬੰਦਾ ਹੀ ਜਾਣ ਲਈ।
60. ਭੱਠੀ ਅੱਗੇ ਖੜ੍ਹੇ ਕਮਾਊ ਕਾਮੇ ਦੀ ਬਦਹਾਲੀ ਦੇਖ
ਭੱਠੀ ਅੱਗੇ ਖੜ੍ਹੇ ਕਮਾਊ ਕਾਮੇ ਦੀ ਬਦਹਾਲੀ ਦੇਖ। ਦਫ਼ਤਰ ਦੇ ਵਿਚ ਬੈਠੇ ਮਾਲਕ ਦੇ ਮੁਖ ਦੀ ਖ਼ੁਸ਼ਹਾਲ਼ੀ ਦੇਖ। ਪੈਂਸ਼ਨ ਦੇ ਕੇ ਖੋਹੀ ਹੈ ਜਿਸ ਦਿਨ ਤੋਂ ਕੁਰਸੀ ਦਫ਼ਤਰ ਨੇ। ਲੰਘੇ ਪਾਸਾ ਵੱਟ ਕਿਵੇਂ ਹਰ ਸੂਰਤ ਦੇਖੀ-ਭਾਲੀ ਦੇਖ। ਵਿੱਚ ਗੁਦਾਮਾਂ ਥਾਂ ਨਾ ਲੱਭੇ ਦਾਣਾ-ਫੱਕਾ ਸਾਂਭਣ ਨੂੰ, ਸੀਰੀ ਦੇ ਘਰ ਖਿਲਰੇ ਭਾਂਡੇ-ਟੀਂਡੇ ਦੀ ਕੰਗਾਲੀ ਦੇਖ। ਰੰਗ-ਬਰੰਗੇ ਫੁੱਲ ਉਗਾ ਕੇ ਮਹਿਲ ਦੀਆਂ ਦੀਵਾਰਾਂ ਕੋਲ, ਪਿਛਵਾੜੇ ਢੱਠੀ ਕੁੱਲੀ ਵਿਚ ਠੁਰ ਠੁਰ ਕਰਦਾ ਮਾਲੀ ਦੇਖ। ਰਲ ਕੇ ਲੁੱਟ-ਖਸੁੱਟ ਕਰਨ ਖ਼ਾਤਰ ਜੁੰਡੀ ਦੇ ਯਾਰਾਂ ਨੇ, ਮਾੜੇ ਮੁਲਕਾਂ ਦੇ ਵਿਚ ਜਾ ਕੇ ਲੰਬੀ ਲੱਤ ਨਿਸਾਲੀ ਦੇਖ। ਮਿਹਣੋ-ਮਿਹਣੀ ਹੋ ਕੇ ਕਮਲੀ ਕਰਦੇ ਭੋਲੀ ਜਨਤਾ ਨੂੰ, ਰੂਲਿੰਗ 'ਤੇ ਆਪੋਜੀਸ਼ਨ ਦੇ ਬੋਲਾਂ ਦੀ ਕੱਵਾਲੀ ਦੇਖ। ਸ਼ਾਇਦ ਤੈਨੂੰ ਵੀ ਆ ਜਾਵੇ ਭੋਰਾ ਚੱਜ ਵਫ਼ਾਵਾਂ ਦਾ, ਮਾਲਿਕ ਦੇ ਦਰ ਅੱਗੇ ਬੈਠੇ ਰਾਖੇ ਦੀ ਰਖਵਾਲੀ ਦੇਖ। ਫੇਰ ਕਰੀਂ ਤੂੰ ਵੱਡੀਆਂ ਵੱਡੀਆਂ ਗੱਲਾਂ ਘਰ ਦੀ ਵੰਡ ਦੀਆਂ, ਪਹਿਲਾਂ ਮਾਜ਼ੀ ਦੇ ਪੰਨਿਆਂ ਵਿਚ ਉੱਨੀ ਸੌ ਸੰਤਾਲੀ ਦੇਖ। ਅੱਗੇ ਪਿੱਛੇ ਰਿਸ਼ਤੇ ਫਿਰਦੇ 'ਨੂਰ' ਅਮੀਰ ਕਰੂਪਣ ਦੇ, ਦਾਜ ਬਿਨਾ ਬੁੱਢੀ ਹੋ ਚੱਲੀ ਘਰ ਵਿਚ ਬੈਠੀ ਪਾਲੀ ਦੇਖ।
61. ਮੈਂ ਵੀ ਇਕਵੰਜਾ ਦਾ ਹੋਇਆ ਉਹ ਵੀ ਢੁਕੀ ਛਿਆਲੀ ਨੂੰ
ਮੈਂ ਵੀ ਇਕਵੰਜਾ ਦਾ ਹੋਇਆ ਉਹ ਵੀ ਢੁਕੀ ਛਿਆਲੀ ਨੂੰ। ਪੰਝੀ ਵਰ੍ਹਿਆਂ ਤੋਂ ਵੱਧ ਹੋਏ ਗਲ ਵਿਚ ਪਈ ਪੰਜਾਲੀ ਨੂੰ। ਇਸ ਵਾਰੀ ਵੀ ਸਰਕਾਰਾਂ ਦੇ ਵਾਅਦੇ ਪੂਰੇ ਹੋਏ ਨਾ, ਇਸ ਵਾਰੀ ਵੀ ਰਾਸ਼ਨ-ਪਾਣੀ ਲਿਆ ਉਧਾਰ ਦੀਵਾਲੀ ਨੂੰ। ਇਸ ਵਾਰੀ ਵੀ ਲਛਮੀ ਸਾਡੇ ਘਰ ਦੇ ਪਿੱਛਿਉਂ ਲੰਘ ਗਈ, ਲਾਰੇ ਲਾ ਕੇ ਖ਼ੁਸ਼ ਕੀਤਾ ਇਸ ਵਾਰੀ ਵੀ ਘਰ ਵਾਲੀ ਨੂੰ। ਚੰਗਾ ਕੀਤਾ ਅੱਥਰੂਆਂ ਨੇ ਪਾਣੀ ਦੇ ਕੇ ਲੋੜਾਂ ਨੂੰ, ਤਰਸ ਗਏ ਸਨ ਦਿਲ ਦੇ ਢੱਗੇ ਔੜਾਂ ਵਿਚ ਜੁਗਾਲੀ ਨੂੰ। ਫ਼ੈਲ ਗਿਆ ਜ਼ਹਿਰੀ ਪ੍ਰਦੂਸ਼ਣ ਭਾਵੇਂ ਵਿਚ ਖ਼ਲਾਵਾਂ ਦੇ, ਜੱਟ ਨੇ ਖੱਤੇ ਵਿਹਲੇ ਕੀਤੇ ਲਾ ਕੇ ਅੱਗ ਪਰਾਲੀ ਨੂੰ। ਮੌਸਮ ਵਾਲੇ ਦੇ ਦੇਵਣ ਸੂਹ ਪਹਿਲਾਂ ਹੀ ਬਰਸਾਤਾਂ ਦੀ। ਅਜ-ਕੱਲ੍ਹ ਬੱਚੇ ਚੇਤੇ ਕਰਦੇ 'ਹਾਲੀ ਨੂੰ ਨਾ ਪਾਲੀ' ਨੂੰ। ਗਾਥਾ ਗੁੰਝਲਦਾਰ ਬਣਾਈ ਸਾਇੰਸ ਦੀਆਂ ਈਜਾਦਾਂ ਨੇ, ਪੱਕੇ ਆਸ਼ਿਕ ਹੁਣ ਨਾ ਵਰਤਣ ਨਜ਼ਰਾਂ ਦੀ ਦੋਨਾਲੀ ਨੂੰ। ਕਿਹੜਾ ਪੱਜ ਬਣਾ ਕੇ ਮੋੜਾਂ ਰੱਬ ਨੇ ਇਕ ਦਿਲ ਦਿੱਤਾ ਹੈ, ਆਸ ਲਗਾ ਕੇ ਦਰ 'ਤੇ ਮੰਗਣ ਬੈਠੇ ਰੂਪ ਸਵਾਲੀ ਨੂੰ। ਕੋਈ ਚੰਗਾ ਸ਼ਿਅਰ ਸੁਣਾ ਕੇ 'ਨੂਰ' ਕਦੇ ਤਾਂ ਪੂਰੀ ਪਾ, ਦੁਨੀਆਂ ਮੰਨੇ ਮੋਨਾਲੀਜ਼ਾ ਦੀ ਤਸਵੀਰ ਖ਼ਿਆਲੀ ਨੂੰ।
62. ਮਜ਼ਲੂਮਾਂ ਦੀ ਰੋਟੀ ਖੋਹਕੇ ਜ਼ੁਲਮ ਘਨੇਰੇ ਕਰਦੇ ਨੇ
ਮਜ਼ਲੂਮਾਂ ਦੀ ਰੋਟੀ ਖੋਹਕੇ ਜ਼ੁਲਮ ਘਨੇਰੇ ਕਰਦੇ ਨੇ। ਇਹ ਸਭ ਗੱਲਾਂ ਊਚੀ ਦਿੱਖ ਦੇ ਚੰਗੇ-ਚੇਰੇ ਕਰਦੇ ਨੇ। ਦਿਲ ਦੀ ਬਾਤ ਬੁਰੀ ਲੱਗੀ ਤਾਂ ਚੁੰਨੀ ਚੁੱਕ 'ਜ਼ਮੀਰ' ਤੁਰੀ, ਲੋਕ ਕਿਵੇਂ ਭੈੜੇ ਕੰਮਾਂ ਨੂੰ ਸ਼ਾਮ-ਸਵੇਰੇ ਕਰਦੇ ਨੇ। ਜੋਗੀ ਨੂੰ ਨਈਂ ਜਾਣਾ ਪੈਂਦਾ ਪਿੰਡ ਵਿਚ ਅਲਖ ਜਗਾਣ ਲਈ, ਅਜ-ਕੱਲ੍ਹ ਉਹ ਵੀ ਕੰਮ ਗਜ਼ਾ ਦੇ ਬਹਿਕੇ ਡੇਰੇ ਕਰਦੇ ਨੇ। ਉਹਦੀ ਖੋਹੀ ਤੈਨੂੰ ਦਿੱਤੀ ਜਾਂ ਫਿਰ ਆਪੇ ਡੱਫ਼ ਲਈ, ਲੰਬੀਆਂ ਲੰਬੀਆਂ ਬਾਹਾਂ ਵਾਲੇ ਕੰਮ ਵਧੇਰੇ ਕਰਦੇ ਨੇ। ਉਸ ਦੀ ਸੁੰਦਰਤਾ ਨੂੰ ਤੱਕਾਂ ਜਾਂ ਉਸ ਦੀ ਤਾਰੀਫ਼ ਕਰਾਂ, ਵਕਤ ਪਏ ਜੋ ਆ ਕੇ ਮੈਨੂੰ ਮੇਰੇ ਮੇਰੇ ਕਰਦੇ ਨੇ। ਉਸ ਦੀ ਆਦਤ ਇਨਸਾਨਾਂ ਦੇ ਨਾਲ ਕਿਵੇਂ ਮਿਲ ਸਕਦੀ ਏ, ਬੜ੍ਹਕਾਂ ਵਾਲੇ ਕੰਮ ਤਾਂ ਬੱਛੇ ਅਤੇ ਬਛੇਰੇ ਕਰਦੇ ਨੇ। ਔੜਾਂ ਦੇ ਦਿਨ ਦੇਖੇ ਹੁੰਦੇ ਇਹ ਗੱਲਾਂ ਨਾ ਕਹਿੰਦਾ ਤੂੰ, 'ਧਰਤੀ ਦੇ ਉੱਤੇ ਹਰਿਆਲੀ ਬੀਜ ਖਲੇਰੇ ਕਰਦੇ ਨੇ'। ਲਗਦੈ ਬੰਦਾ ਵੀ ਧਰਤੀ 'ਤੇ ਉਂਜ ਹੀ ਜੂਨਾਂ ਭੁਗਤ ਰਿਹਾ, ਜਿਉਂ ਭੰਵਰ ਵਿਚ ਡਿੱਗੇ ਤੀਲੇ ਘੁੰਮ–ਘੁਮੇਰੇ ਕਰਦੇ ਨੇ। ਕੋਈ ਕੋਈ ਬੰਦਾ ਰੱਖਦੈ ਜਾਂਚ ਦਿਲਾਂ ਨੂੰ ਜੋੜਣ ਦੀ, ਪਾੜੇ ਪਾਵਣ ਵਾਲਾ ਧੰਦਾ ਲੋਕ ਵਧੇਰੇ ਕਰਦੇ ਨੇ। 'ਨੂਰ ਮੁਹੰਮਦਾ' ਇਕ ਦਿਨ ਇਹ ਢੇਰੀ ਦੇ ਥੱਲੇ ਹੋਵਣਗੇ, ਜਿਹੜੇ ਅੱਜ ਧਰਤੀ 'ਤੇ ਫਿਰਦੇ ਮੇਰੇ ਤੇਰੇ ਕਰਦੇ ਨੇ।
63. ਅੱਚਣ-ਚੇਤੇ ਮਿਲੀ ਸਵਾਰੀ ਜਾਂਦੀ ਨਹੀਂ ਭੁਲਾਈ
ਅੱਚਣ-ਚੇਤੇ ਮਿਲੀ ਸਵਾਰੀ ਜਾਂਦੀ ਨਹੀਂ ਭੁਲਾਈ। ਉਸ ਨੂੰ ਕਿਵੇਂ ਭੁਲਾਵਾਂ ਜਿਸ ਨੇ ਛੱਬੀ ਸਾਲ ਨਿਭਾਈ। ਉਸ ਭਿਸ਼ਤਣ ਦੇ ਨ੍ਹੇਰੇ ਘਰ ਨੂੰ ਰੋਸ਼ਨ ਨਾ ਕਰ ਸਕਿਆ, ਜਿਸ ਨੇ ਮੇਰੀ ਅਗਲੀ ਪੀੜ੍ਹੀ ਨੂੰ ਦਿੱਤੀ ਰੁਸ਼ਣਾਈ। ਹੱਥ ਵਿਚ ਹੱਥ ਫੜੀ ਬੈਠਾ ਵੀ ਮੈਂ ਕੁਝ ਕਰ ਨਾ ਸਕਿਆ, ਯਾਰ ਮੇਰੇ ਨੂੰ ਲੈਣ ਲਈ ਜਦ ਮੌਤ ਮਿਜਾਜ਼ਣ ਧਾਈ। ਚੰਗਿਆਈਆਂ ਦੇ ਭਰ ਬਲਟੋਹੇ ਜੱਗ ਤੋਂ ਤੁਰਦੇ ਹੋਏ, ਚੰਗੀ ਗੱਲ ਜਿਨ੍ਹਾਂ ਨੇ ਪੱਲੇ ਬੰਨ੍ਹੀ 'ਤੇ ਖੰਡਿਆਈ। ਜੱਗ ਨੂੰ ਰੈਣ-ਬਸੇਰਾ ਸਮਝੇ ਟੁੱਕ ਨੂੰ ਉੱਕ ਨਾ ਦੱਸੇ, ਜਿਸ ਨੇ ਮੌਤ ਸਮੇਂ ਦੀ ਘਟਣਾ ਦੇਖੀ ਹੈ ਦੁਖਦਾਈ। ਨਾਲ ਮੇਰੇ ਜੰਮੇ ਨੇ ਮੇਰੇ ਨਾਲ ਨੇ ਵੱਡੇ ਹੋਏ, ਦੁਖ ਮੈਨੂੰ ਪਿਉ ਜਾਏ ਲੱਗਣ ਪੀੜ ਲੱਗੇ ਮਾਂ ਜਾਈ। ਦੂਜੇ ਹੁੰਦੇ ਮੈਂ ਵੀ ਦੂਜਾ ਬਣ ਕੇ ਹੱਥ ਵਿਖਾਉਂਦਾ, ਜਿਹੜੇ ਮੈਨੂੰ ਮਾਰਣ ਆਏ ਮੇਰੇ ਹੀ ਸਨ ਭਾਈ। ਜਰਮਨ ਜੰਮਿਆ, ਇਟਲੀ ਪੜ੍ਹਿਆ, ਦਿੱਲੀ ਆ ਕੇ ਮਰਿਆ, ਦੇਖੋ ਹੋਣੀ ਚਾੜ੍ਹ ਜਹਾਜ਼ੇ ਕਿੱਥੇ ਹੈ ਲੈ ਆਈ। ਬੇ ਪੁਤ ਨੂਰਾ ਵੱਡੀ ਉਮਰੇ ਇਹ ਕੀ ਲਿਖਦਾ ਰਹਿਨੈ, ਮੇਰੇ ਕੋਲ ਜਦੋਂ ਵੀ ਬੈਠੇ ਪੁੱਛੇ ਵੱਡੀ ਤਾਈ। ਚਾਰ ਜਣੇ ਤਾਂ ਘੱਟੋ-ਘੱਟ ਰੱਖਣੇ ਪੈਣੇ ਨੇ ਤੈਨੂੰ, 'ਨੂਰ ਮੁਹੰਮਦਾ' ਹੁੱਬਿਆ ਫਿਰਦੈਂ ਲੈ ਕੇ ਬੰਦੇ ਢਾਈ।
64. ਉਹ ਚਾਹੁੰਦਾ ਏ ਚੰਨ ਦੇ ਵਾਂਗੂੰ ਇੱਕੋ ਰਸਤੇ ਤੁਰਦਾ ਜਾਵਾਂ
ਉਹ ਚਾਹੁੰਦਾ ਏ ਚੰਨ ਦੇ ਵਾਂਗੂੰ ਇੱਕੋ ਰਸਤੇ ਤੁਰਦਾ ਜਾਵਾਂ। ਪਰ ਮਨ ਲੋਚੇ ਭੌਰੇ ਵਾਂਗੂੰ ਹਰ ਫੁੱਲ ਉੱਤੇ ਪੈਰ ਟਿਕਾਵਾਂ। ਉਸ ਧਰਤੀ 'ਤੇ ਕਰਾਂ ਵਸੇਬਾ ਸੂਰਜ ਰੋਜ਼ ਜਿਧਰ ਦੀ ਲੰਘੇ, ਪਤਾ ਨਹੀਂ ਕਿਉਂ ਸੱਜਣ ਮੇਰਾ ਭੁੱਲ ਗਿਆ ਐਧਰ ਦੀਆਂ ਰਾਹਵਾਂ। ਦਾਣਾ-ਪਾਣੀ ਚੁਗਣੋਂ ਵਿਹਲਾ ਹੋ ਕੇ ਜਦ ਵੀ ਘਰ ਨੂੰ ਆਵੇਂ, ਸੁੱਖ-ਸੁਨੇਹਾ ਲੈਂਦਾ ਆਵੀਂ ਦੂਰ ਵਸੇ ਸੱਜਣ ਦਾ ਕਾਵਾਂ। ਜ਼ੁਲਫ਼ ਘਟਾਵਾਂ ਦੇ ਉਹਲੇ ਵਿਚ ਤਾਰਿਆਂ ਵਾਂਗੂੰ ਛੁਪ ਨਾ ਜਾਵੀਂ, ਐਡੇ ਵਾਯੂ ਮੰਡਲ ਦੇ ਵਿਚ ਛਾਣੂੰ ਕੱਲਾ ਕਿੰਜ ਖ਼ਲਾਵਾਂ। ਫ਼ਿਕਰ ਕਦੇ ਨਾ ਦੀਵਾ ਕਰਦਾ ਜਗ ਦੇ ਘੁੱਪ ਹਨੇਰੇ ਵਾਲਾ, ਜਿੱਥੇ ਵੀ ਮਾਲਕ ਧਰ ਦੇਵੇ ਉਥੇ ਰੌਸ਼ਨ ਕਰਦਾ ਥਾਵਾਂ। ਵਾਂਗ ਘਟਾਵਾਂ ਤੂੰ ਮਿਹਰਾਂ ਦੀ ਕਿਣਮਿਣ ਕਿਣਮਿਣ ਕਰਦਾ ਜਾਵੀਂ, ਇਹ ਮੇਰੀ ਕਿਸਮਤ ਹੈ ਭਾਵੇਂ ਸ਼ਬਜ਼ ਰਹਾਂ, ਸੁੱਕਾਂ, ਕੁਮਲਾਵਾਂ। ਓਸ ਹਿਆਤੀ ਦਾ ਕੀ ਜੀਣਾ ਜਿਹੜੀ ਮਨ ਨੂੰ ਸੁਖ ਨਾ ਦੇਵੇ, ਤਾਹੀਉਂ ਹਰ ਇਕ ਸਾਲ ਘਟਣ ਦੀ ਲੋਕਾਂ ਨੂੰ ਸੱਦ ਖ਼ੁਸ਼ੀ ਮਨਾਵਾਂ। ਹਫ਼ੜਾ-ਦਫ਼ੜੀ ਦੇ ਮੌਸਮ ਵਿਚ ਕੋਈ ਮੇਰੀ ਮੰਜ਼ਿਲ ਦੱਸੇ' ਭੀੜ-ਭੜੱਕੇ ਦੇ ਵਿਚ ਭੁੱਲ ਗਿਆਂ ਅਪਣੇ ਘਰ ਦਾ ਸਿਰਨਾਵਾਂ। 'ਨੂਰ' ਚੁਰਾਸੀ ਦੇ ਦੰਗਿਆਂ 'ਤੇ ਰੋਣਾ ਤਾਂ ਜ਼ਾਇਜ਼ ਹੈ ਐਪਰ, ਅਗਲੇ ਸਮਿਆਂ ਬਾਰੇ ਸੋਚੋ ਬੀਤਣ ਨਾ ਮੁੜ ਇਹ ਘਟਨਾਵਾਂ।
65. ਦਿਲ 'ਤੇ ਭਾਰੇ ਪੱਥਰ ਧਰ ਕੇ ਜੀਣ ਲਈ ਮੁਸਕਾਂਦੇ ਨੇ
ਦਿਲ 'ਤੇ ਭਾਰੇ ਪੱਥਰ ਧਰ ਕੇ ਜੀਣ ਲਈ ਮੁਸਕਾਂਦੇ ਨੇ। ਮੈਂ ਉਮਰਾਂ ਦਾ ਪੈਂਡਾ ਕੀਤਾ ਦਰ ਦਰ ਧੱਕੇ ਖਾਂਦੇ ਨੇ। ਨੈਣਾਂ ਦੇ ਤੀਰਾਂ ਨੇ ਪੱਛੇ ਜ਼ਖ਼ਮ ਅਜੇ ਵੀ ਅੱਲ੍ਹੇ ਨੇ, ਇਕ ਦਿਨ ਉੱਧਰ ਝਾਕ ਲਿਆ ਸੀ ਦਫ਼ਤਰ ਤੋਂ ਘਰ ਜਾਂਦੇ ਨੇ। ਭੁੱਖੇ-ਭਾਣੇ ਬੱਚਿਆਂ ਖ਼ਾਤਰ ਇਕ ਦਿਹਾੜੀ ਲਾਉਣ ਲਈ, ਸ਼ਾਹੂਕਾਰਾਂ ਦੇ ਦਰ ਮਾੜੇ ਸੌ ਸੌ ਤਰਲੇ ਪਾਂਦੇ ਨੇ। ਬੋਲਾਂ, ਚਾਲਾਂ-ਢਾਲਾਂ ਤੋਂ ਅੰਦਾਜ਼ਾ ਲਾਉਣਾ ਆਇਆ ਨਾ, ਉਹ ਮੈਨੂੰ ਅਜ਼ਮਾਉਂਦੇ ਨੇ ਜਾਂ ਮੇਰੇ ਤੋਂ ਕਤਰਾਂਦੇ ਨੇ। ਭੰਵਲ-ਭੁਸੇ ਵਿੱਚ ਕਹਾਣੀ ਪਾ ਕੇ ਤੁਰਣਾ ਠੀਕ ਨਹੀਂ, ਸੁਲਝੇ ਹੋਏ ਬੰਦੇ ਵਿਗੜੀ ਤਾਣੀ ਨੂੰ ਸੁਲਝਾਂਦੇ ਨੇ। ਸੂਰਜ ਢਲ ਕੇ ਕਿਰਨਾ ਪਾਵੇ ਉਹਦੀ ਬੇਈਮਾਨੀ ਏ, ਅਪਣੇ ਜਾਣੇ ਬਾਬੇ ਮੰਜਾ ਛਾਵਾਂ ਦੇ ਵਿਚ ਡਾਹੁੰਦੇ ਨੇ। ਵਾਲ ਕਦੇ ਨਾ ਵਿੰਗਾ ਹੋਇਆ ਕਿਸਮਤ ਦੀਆਂ ਲਕੀਰਾਂ ਦਾ, ਅੱਧੀ ਉਮਰ ਬਤੀਤ ਕਰੀ ਪੰਡਤਾਂ ਨੂੰ ਹੱਥ ਵਿਖਾਂਦੇ ਨੇ। ਕਿਹੜੀ ਕਾਲੀ ਘਟ ਦੇਖਣ ਨੂੰ ਛੱਤ 'ਤੇ ਚੜ੍ਹਿਆ ਬੈਠਾ ਏਂ, ਅੱਜ ਕਲ ਯਾਰ ਨਹਾ ਕੇ ਵਾਲ ਡਰਾਇਰ ਨਾਲ ਸੁਖਾਂਦੇ ਨੇ। ਕੌਣ ਕਿਵੇਂ ਸਮਝਾਵੇ ਜਾ ਕੇ ਰੌਲਾ ਪਾਵਣ ਵਾਲੇ ਨੂੰ, 'ਨੂਰ ਮੁਹੰਮਦ' ਵਰਗੇ ਸ਼ਾਇਰ ਕਦੀ-ਕਦਾਈ ਆਂਦੇ ਨੇ।
66. ਛਿੱਕੇ ਧਰ ਕੇ ਸੰਗਾਂ ਨੂੰ
ਛਿੱਕੇ ਧਰ ਕੇ ਸੰਗਾਂ ਨੂੰ। ਪਾ ਸ਼ਗਨਾ ਦੀਆਂ ਵੰਗਾਂ ਨੂੰ। ਜਦ ਆਈ ਚੱਟ ਜਾਵੇਗੀ, ਧੁੱਪ ਫੁੱਲਾਂ ਦੇ ਰੰਗਾਂ ਨੂੰ। ਦੂਜੀ ਜੂਹ ਲੈ ਜਾਵੇਗੀ, ਬਹੁਤੀ ਡੋਰ ਪਤੰਗਾਂ ਨੂੰ। ਰੱਬਾ ਬੰਦੇ ਨੂੰ ਸਮਝਾ, ਛੱਡ ਦਵੇ ਹੁਣ ਜੰਗਾਂ ਨੂੰ। ਉਸ ਦੀ ਹੈਸੀਅਤ ਵੀ ਦੇਖ, ਸੀਮਤ ਕਰਲੈ ਮੰਗਾਂ ਨੂੰ। ਨੰਗਾ ਕਰ ਕੇ ਤੀਰ ਬਣੀ, ਪਤਝੜ ਰੁੱਖ ਦੇ ਅੰਗਾਂ ਨੂੰ। ਏ. ਸੀ. ਦੇ ਵਿਚ ਮਾਣੇਂਗਾ, ਕਦ ਤੱਕ ਲੁਤਫ਼ ਤਰੰਗਾਂ ਨੂੰ। ਲੋਕਾਂ ਨੇ ਹੈ ਬਦਲ ਲਿਆ, ਜੀਣ ਮਰਣ ਦੇ ਢੰਗਾਂ ਨੂੰ। ਗੋਡਾ ਗਿੱਟਾ ਫੁਟ ਜਾਊ 'ਨੂਰ' ਛੱਡ ਦੇ ਇਸ਼ਕ ਛਲੰਗਾਂ ਨੂੰ।
67. ਉਸ ਬੰਦੇ ਦਾ ਦੱਸੋ ਕੀ ਰੁਜ਼ਗਾਰ ਕਰੇ
ਉਸ ਬੰਦੇ ਦਾ ਦੱਸੋ ਕੀ ਰੁਜ਼ਗਾਰ ਕਰੇ। ਜਿਹੜਾ ਆਪ ਕਦੇ ਨਾ ਕਾਰੋਬਾਰ ਕਰੇ। ਥਾਂ ਥਾਂ 'ਤੇ ਬੰਦੂਕਾਂ ਵਾਲੇ ਲਾਏ ਨੇ, ਹੋਰ ਭਲਾ ਕੀ ਅਮਨ ਲਈ ਸਰਕਾਰ ਕਰੇ। ਹਰ ਇਕ ਬਾਤ ਉਧੇੜੇ ਪਰਦਾ ਦਾਰੀ ਦੀ, ਚੁਗ਼ਲ-ਚਕੋਰੀ ਹੋਰ ਕਿਵੇਂ ਅਖ਼ਬਾਰ ਕਰੇ। ਘੜ ਘੜ ਕੇ ਸਰਕਾਰ ਸਕੀਮਾਂ ਹੰਭ ਗਈ, ਮੰਗ ਨਵੀਂ ਨਿੱਤ ਅੱਜ ਦਾ ਜਿੰਮੀਦਾਰ ਕਰੇ। ਕਬਰਾਂ ਵਲ ਜਾਂਦਾ ਹੈ ਰਸਤਾ ਨਸ਼ਿਆਂ ਦਾ, ਓਸ ਅਨੋਭੜ ਨੂੰ ਕਿਹੜਾ ਹੁਸ਼ਿਆਰ ਕਰੇ। ਲੁਟਣ 'ਤੇ ਲੁੱਟਣ ਵਾਲਾ ਦੋਵੇਂ ਉਸ ਦੇ ਨੇ, ਕਿਸ ਦੇ ਹੱਕ ਵਿਚ ਕਿਹੜੀ ਗੱਲ ਕਰਤਾਰ ਕਰੇ। ਭੀੜ-ਭੜੱਕਾ ਵਧ ਗਿਆ ਵਿਚ ਖ਼ਲਾਵਾਂ ਦੇ, ਕਿਸ ਰਸਤੇ 'ਤੇ ਸਫ਼ਰ ਕੂੰਜਾਂ ਦੀ ਡਾਰ ਕਰੇ। ਬਾਤ ਤੁਰੇ ਨਾ ਅੱਗੇ ਹਵਸ-ਪਰਸਤੀ ਤੋਂ, ਬੰਦਾ ਕਿੱਥੇ ਅੱਖੀਆਂ ਦਾ ਵਿਉਪਾਰ ਕਰੇ। 'ਨੂਰ' ਵਿਚਾਰੀ ਨਾ ਕਹਿ ਅੱਜ ਦੀ ਨਾਰੀ ਨੂੰ, ਮਰਦਾਂ ਵਾਲੇ ਸਾਰੇ ਧੰਦੇ ਨਾਰ ਕਰੇ।
68. ਝਿੜਕਾਂ ਖਾਂਦੇ ਬੇਕਸੂਰੇ ਰਹਿ ਗਏ ਨੇ
ਝਿੜਕਾਂ ਖਾਂਦੇ ਬੇਕਸੂਰੇ ਰਹਿ ਗਏ ਨੇ। ਜਾਂ ਬਸਤੀ ਵਿਚ ਜੀ ਹਜ਼ੂਰੇ ਰਹਿ ਗਏ ਨੇ। ਨੀਂਦ ਨਾ ਆਈ ਭੁੱਖਾ ਦੇਖ ਪੜੋਸੀ ਨੂੰ, ਮੇਰੇ ਸਾਰੇ ਖ਼ਾਬ ਅਧੂਰੇ ਰਹਿ ਗਏ ਨੇ। ਲਾਇਨ ਬੜੀ ਹੈ ਰਾਸ਼ਨ ਮੁੱਕਣ ਵਾਲਾ ਹੈ, ਖਾਸੇ ਬੰਦੇ ਮੇਰੇ ਮੂਹਰੇ ਰਹਿ ਗਏ ਨੇ। ਛਾਂਗ ਦਿੱਤੇ ਨੇ ਸਭ ਦੇ ਜੁੱਸੇ ਨਸ਼ਿਆਂ ਨੇ, ਸਾਬਤ ਕੁਝ ਜੋਧੇ ਕੁਝ ਸੂਰੇ ਰਹਿ ਗਏ ਨੇ। ਆਬਾਦੀ ਨੇ ਦੂਰ ਨਸਾਇਆ ਸੱਪਾਂ ਨੂੰ, ਗਲੀਆਂ ਦੇ ਵਿਚ ਖੰਜ-ਖੰਜੂਰੇ ਰਹਿ ਗਏ ਨੇ। ਜਦ ਤੋਂ ਕੋਇਲਾਂ ਦੀ ਥਾਂ ਕਾਵਾਂ ਮੱਲੀ ਹੈ, ਬਾਗ਼ਾਂ ਦੇ ਵਿਚ ਸਿਰਫ਼ ਧਤੂਰੇ ਰਹਿ ਗਏ ਨੇ। ਛਾਣਾ ਲਾ ਕੇ ਸੁਖੀਏ ਲੈ ਗਏ ਸੁੱਖਾਂ ਨੂੰ, ਦੁਖੀਆਂ ਕੋਲ ਦੁਖਾਂ ਦੇ ਬੂਰੇ ਰਹਿ ਗਏ ਨੇ। ਚੋਰ ਚੁਰਾ ਕੇ ਲੈ ਗਏ ਮਾਲ ਮੁਹੱਲੇ ਦਾ, ਰਾਖੇ ਚੁੱਕੀ ਬੈਠੇ ਹੂਰੇ ਰਹਿ ਗਏ ਨੇ। ਲੰਬੀਆਂ ਬਾਹਾਂ ਵਾਲੇ ਘੁੰਮਣ ਸੜਕਾਂ 'ਤੇ, ਅੰਦਰ ਬੈਠੇ 'ਨੂਰ' ਗ਼ਫ਼ੂਰੇ ਰਹਿ ਗਏ ਨੇ।
69. ਉਹ ਹੈ ਚੁੱਲ੍ਹਾ ਨਾਲ ਭੁੱਬਲ ਦੇ ਭਰਿਆ ਭਰਿਆ
ਉਹ ਹੈ ਚੁੱਲ੍ਹਾ ਨਾਲ ਭੁੱਬਲ ਦੇ ਭਰਿਆ ਭਰਿਆ। ਮੇਰਾ ਜੁੱਸਾ ਆਹਾਂ ਵਰਗਾ ਠਰਿਆ ਠਰਿਆ। ਤੁਰਿਆ ਜਾਂਦਾ ਹੈ ਉਹ ਉਲਟ ਦਿਸ਼ਾਵਾਂ ਨੱਪਦਾ, ਪਲ ਦੋ ਪਲ ਵਿਚ ਕੰਮ ਕਿਸੇ ਨੇ ਕਰਿਆ ਕਰਿਆ। ਝੱਲੇ ਨੇ ਜਦ ਤੋਂ ਹੰਝੂਆਂ ਦੇ ਤੇਜ਼ ਛੜਾਕੇ, ਲਗਦਾ ਹੈ ਰੀਝਾਂ ਦਾ ਕੋਠਾ ਖਰਿਆ ਖਰਿਆ। ਮੁੱਢਾਂ ਤੋਂ ਤਾਰੂ ਹਾਂ ਦੁਖ-ਦਰਿਆਵਾਂ ਦਾ ਮੈਂ, ਤਾਹੀਉਂ ਮੰਜ਼ਿਲ ਪੁੱਜ ਗਿਆ ਹਾਂ ਤਰਿਆ ਤਰਿਆ। ਸਬਕ ਸਿਖਾਵਣ ਆਇਆ ਜੋ ਅਣਖੀਲਾ ਬਣ ਕੇ, ਵਾਪਸ ਮੁੜਿਆ ਥੱਕਿਆ ਟੁੱਟਿਆ ਹਰਿਆ ਹਰਿਆ। ਬਾਦਲ ਵਾਂਗੂੰ ਘੋਰ ਚਮਕ ਕੇ ਲੰਘ ਗਿਆ ਉਹ, ਲੱਗ ਰਿਹਾ ਸੀ ਜਿਹੜਾ ਬੱਦਲ ਵਰ੍ਹਿਆ ਵਰ੍ਹਿਆ। ਲੰਘ ਗਿਆ ਭੂਚਾਲ ਕਦੋਂ ਦਾ ਹੱਥ ਵਿਖਾ ਕੇ, ਬਚਿਆ ਬੰਦਾ ਹੁਣ ਤਕ ਫਿਰਦੈ ਡਰਿਆ ਡਰਿਆ। ਪਰਖ-ਘੜੀ ਨਬੀਆਂ 'ਤੇ ਵੀ ਆਈ ਹੈ 'ਨੂਰ', ਬੰਦਾ ਹੋ ਕੇ ਕਿਉਂ ਫਿਰਦਾ ਏਂ ਮਰਿਆ ਮਰਿਆ।
70. ਕੰਮ ਅਮੀਰੀ ਦੇ ਹੱਕ ਵਿਚ ਕਰ ਹੋ ਗਏ ਨੇ
ਕੰਮ ਅਮੀਰੀ ਦੇ ਹੱਕ ਵਿਚ ਕਰ ਹੋ ਗਏ ਨੇ। ਬੋਝਲ ਭਾਰ ਗ਼ਰੀਬੀ 'ਤੇ ਧਰ ਹੋ ਗਏ ਨੇ। ਸੋਚ ਉਡਾਰੀ ਮਾਰਣ ਵਿਚ ਖ਼ਲਾਵਾਂ ਦੇ, ਉੱਡਣ ਜੋਗੇ ਜਿਹਨਾਂ ਦੇ 'ਪਰ' ਹੋ ਗਏ ਨੇ। ਜਾਣਦਿਆਂ ਵੀ ਖ਼ੁਸ਼ੀਆਂ ਏਥੋਂ ਲੰਘਣਾ ਨਹੀਂ, ਐਵੇਂ ਦੀਵੇ ਕੰਧਾਂ 'ਤੇ ਧਰ ਹੋ ਗਏ ਨੇ। ਜ਼ਹਿਰ ਕਿਸੇ ਦੀ ਖ਼ਾਤਰ ਜਿਹੜਾ ਭਰਿਆ ਸੀ, ਮਨ ਦੇ ਪੰਛੀ ਅਪਣੇ ਹੀ ਮਰ ਹੋ ਗਏ ਨੇ। ਸਾਡੀ ਤਾਂ ਆਦਤ ਹੈ ਦਾਦੇ ਵੇਲੇ ਤੋਂ, ਦੁੱਖ ਉਨ੍ਹਾਂ ਤੋਂ ਐਨੇ ਕਿੰਜ ਜਰ ਹੋ ਗਏ ਨੇ। ਧੱਕਾ-ਮੁੱਕੀ ਚੁੱਪ-ਚੁਪੀਤੇ ਸਹਿੰਦੀ ਏ, ਉੱਮਤ ਦੇ ਜੁੱਸੇ ਕਿੰਨੇ ਠਰ ਹੋ ਗਏ ਨੇ। ਹਿੰਮਤ ਬਹੁਤ ਕਰੀ ਆਪੇ ਨੂੰ ਸਾਂਭਣ ਦੀ, ਯਾਦ ਉਹਦੀ ਵਿਚ ਕੁਝ ਹੌਕੇ ਭਰ ਹੋ ਗਏ ਨੇ। ਤੱਕ ਕੇ ਸਬਕ ਮੁਹੱਬਤ ਵਰਗੇ ਟੀ. ਵੀ. 'ਤੇ, ਅੱਲੜ੍ਹ ਬੱਚੇ ਕਿੰਨੇ ਬੇਡਰ ਹੋ ਗਏ ਨੇ। ਵਕਤ ਕਟੀ ਦੀ ਖ਼ਾਤਰ ਕਿੱਥੇ ਜਾਈਏ 'ਨੂਰ', ਇਸ਼ਕ ਝਨਾਂ ਤਾਂ ਪਹਿਲਾਂ ਈ ਤਰ ਹੋ ਗਏ ਨੇ।
71. ਘੀ ਨਾ ਆਵੇ ਪਾਣੀ ਵਿਚ ਮਧਾਣੀ ਨਾਲ
ਘੀ ਨਾ ਆਵੇ ਪਾਣੀ ਵਿਚ ਮਧਾਣੀ ਨਾਲ। ਘਰ ਨਹੀਂ ਫੁਕਿਆ ਕਰਦੇ ਤੱਤੇ ਪਾਣੀ ਨਾਲ। ਵਸਦੇ ਘਰ ਦੀ ਰੌਣਕ, ਬਰਕਤ ਹੁੰਦੀਆਂ ਨੇ, ਭੇਦ ਕਦੇ ਨਾ ਰੱਖੀਂ ਧੀ-ਧਿਆਣੀ ਨਾਲ। ਰੋਲ ਦਵੇਗੀ ਵਿਚ ਬਦਨਾਮ ਬਜ਼ਾਰਾਂ ਦੇ, ਉੱਠ ਤੁਰਿਐਂ ਕਿਉਂ ਮਰਜ਼ੀ ਖ਼ਸਮਾਂ-ਖਾਣੀ ਨਾਲ। ਕਿੰਨੇ ਖੇਸ-ਗਲੀਚੇ ਬਣ ਗਏ ਯਾਦਾਂ ਦੇ, ਬੁਣ ਬੁਣ ਕੇ ਸ਼ਬਦਾਂ ਦੀ ਤਾਣੀ-ਬਾਣੀ ਨਾਲ। ਬਾਲ ਵਰੇਸੇ ਇਸ਼ਕ ਪਲੇਥਣ ਲਾਵੀਂ ਨਾ, ਹੀਰ ਗਈ ਬਦਨਾਮੀ ਏਸ ਕਹਾਣੀ ਨਾਲ। ਅੱਖ ਬੜੀ ਹੁੰਦੀ ਹੈ ਨਸਲ ਸੁਧਾਰਣ ਨੂੰ, ਪਿਉਂਦ ਕਦੇ ਨਾ ਹੋਵਣ ਪੂਰੀ ਟਾਹਣੀ ਨਾਲ। ਅੱਡ ਬਣਾ ਲਈਆਂ ਸਰਹੱਦਾਂ ਦੇਸ ਦੀਆਂ, ਘਰ ਦੇ ਲੋਕਾਂ ਰਲ ਕੇ ਮੁਕਤੀ ਬਾਹਣੀ ਨਾਲ। ਯਾਦਾਂ ਦੇ ਨੈਣਾਂ ਵਿਚ ਹੁਣ ਤੱਕ ਰੜਕ ਪਵੇ, ਸਫ਼ਰ ਕਦੇ ਕੀਤਾ ਸੀ ਇਕ ਅਣਜਾਣੀ ਨਾਲ। ਕੁਝ ਬੁੱਢਿਆਂ ਦੇ ਦਿਲ ਤਾਂ ਕੋਲੇ ਹੋਵਣਗੇ, 'ਨੂਰ ਜਦੋਂ ਬਣ ਕੇ ਨਿਕਲੇਂਗਾ ਹਾਣੀ ਨਾਲ।
72. ਹੁਣ ਨਾ ਛੇਤੀ ਕਾਬੂ ਆਉਣ ਸੁਖਾਲੇ ਨਾਲ
ਹੁਣ ਨਾ ਛੇਤੀ ਕਾਬੂ ਆਉਣ ਸੁਖਾਲੇ ਨਾਲ। ਜਿਹੜੇ ਬੱਚੇ ਬਿਡ ਜਾਂਦੇ ਸਨ ਟਾਲੇ ਨਾਲ। ਉਸ ਦੇ ਨੈਣਾਂ ਚੋਂ ਵਰ੍ਹੀਆਂ ਬਰਸਾਤਾਂ ਨੇ, ਘਾਪੇ ਪਾਏ ਨੀਹਾਂ ਕੋਲ ਪਨਾਲੇ ਨਾਲ। ਰੋੜ੍ਹ ਦਿਆ ਕਰ ਹਾਸਾ ਵਿਚ ਖ਼ਲਾਵਾਂ ਦੇ, ਖਾਣੇ ਬਣਨ ਸੁਆਦੀ ਤੇਜ਼ ਮਸਾਲੇ ਨਾਲ। ਦੀਵਾ ਬਲਦਾ ਦੇਖ ਕੋਈ ਲੰਘ ਆਵੇ ਨਾ, ਠਰਿਆਂ ਦੇ ਘਰ ਠੁਰ ਠੁਰ ਕਰਦਾ ਪਾਲੇ ਨਾਲ। ਮੇਰਾ ਬਣ ਕੇ ਮੇਰੇ ਐਬ ਛੁਪਾਵੇਂ ਨਾ, ਮੱਕੜੀ ਨੇ ਮੂੰਹ ਢਕ ਦਿੱਤਾ ਸੀ ਜਾਲੇ ਨਾਲ। ਵਾਹਦਾ ਕੀਤਾ ਸੀ ਵੇਲੇ 'ਤੇ ਪਹੁੰਚ ਗਿਆ, ਉਹ ਤਲੀਆਂ 'ਤੇ ਭਰਦੇ-ਫਿਸਦੇ ਛਾਲੇ ਨਾਲ। ਬਹੁਤ ਲਕੋਇਆ ਚੰਨ ਜ਼ੁਲਫ਼ਾਂ ਦੇ ਬੱਦਲ ਨੇ, ਪਰ ਕੁਝ ਲੋਕਾਂ ਦੇਖ ਲਿਆ ਉਪਰਾਲੇ ਨਾਲ। ਵਿੱਚ ਘੁਟਾਲੇ ਤੇਰਾ ਨਾ ਹੋ ਜਾਣਾ ਸੀ, ਸਹਿਮਤ ਹੋ ਜਾਂਦਾ ਜੇ ਘਾਲੇ-ਮਾਲੇ ਨਾਲ। ਸ਼ੱਕ ਜ਼ਮਾਨਾ ਕਰਦੈ 'ਨੂਰ' ਸੱਚਾਈ 'ਤੇ, ਵਹੁਟੀ ਨੂੰ ਤੱਕ ਕੇ ਤੁਰਦੀ ਘਰ ਵਾਲੇ ਨਾਲ।
73. ਸੋਚਾਂ ਦੇ ਵਿਚ ਭਾਵੇਂ ਕਿੰਨਾ ਬੌਣਾ ਹੋਵੇ
ਸੋਚਾਂ ਦੇ ਵਿਚ ਭਾਵੇਂ ਕਿੰਨਾ ਬੌਣਾ ਹੋਵੇ। ਬੰਦਾ ਦੇਖਣ-ਪਾਖਣ ਨੂੰ ਕੁਝ ਸੋਹਣਾ ਹੋਵੇ। ਝੁੱਗੀਆਂ ਬੰਗਲੇ ਤੱਕ ਕੇ ਇੰਜ ਸੋਚਾਂ ਨੂੰ ਲੱਗੇ, ਭਾਰਤ ਦੀ ਆਜ਼ਾਦੀ ਜਿਵੇਂ ਖਿਡੌਣਾ ਹੋਵੇ। ਫੇਰ ਕਿਵੇਂ ਉਹ ਨੌਹਾਂ ਦੇ ਤਰਸੂਲ ਬਣਾਵੇ, ਜੇ ਵਹੁਟੀ ਨੇ ਹੱਥੀਂ ਆਟਾ ਗੋਣਾ ਹੋਵੇ। ਯਾਦਾਂ ਦੇ ਜੰਗਲ ਦਾ ਰਸਤਾ ਵਿੰਗ ਵਲੇਵਾਂ, ਇਸ ਪਾਸੇ ਉਹ ਜਾਵੇ ਜਿਸ ਨੇ ਖੋਣਾ ਹੋਵੇ। ਮੇਰਾ ਦਿਲਬਰ ਜਦ ਦੁਖ-ਸੁਖ ਖ਼ਾਤਰ ਘਰ ਆਵੇ, ਇੰਜ ਬੜ੍ਹਕੇ ਜਿਉਂ ਜਾਸੂਸਾਂ ਨੂੰ ਟੋਹਣਾ ਹੋਵੇ। ਡੋਬ ਨਹੀਂ ਸਕਦਾ ਤਾਰੂ ਨੂੰ ਡੋਬੂ ਪਾਣੀ, ਕੱਦ ਵਿਚ ਭਾਵੇਂ ਲੰਬਾ ਹੋਵੇ ਬੌਣਾ ਹੋਵੇ। ਚੰਨ ਹਮੇਸ਼ਾ ਹੀ ਲੋਕਾਂ ਤੋਂ ਚੰਨ ਕਹਾਵੇ, ਚਾਨਣ ਭਾਵੇਂ ਅੱਧਾ ਹੋਵੇ ਪੌਣਾ ਹੋਵੇ। ਉਸ ਬੰਦੇ ਨੂੰ ਕਿਹੜੀਆਂ ਨਸਲਾਂ ਨਾਲ ਰਲਾਈਏ, ਜਿਸ ਦਾ ਰਾਤੀਂ ਜਾਗਣ ਦਿਨ ਦਾ ਸੌਣਾ ਹੋਵੇ। 'ਨੂਰ ਮੁਹੰਮਦਾ' ਕਿਉਂ ਸੋਚਾਂ ਦਾ ਬੋਝਾ ਪਾਇਐ, ਹੋ ਕੇ ਰਹਿੰਦੈ ਜੋ ਬੰਦੇ 'ਤੇ ਹੋਣਾ ਹੋਵੇ।
74. ਲਾਉ ਫੇਰ ਕਿਸੇ ਦੇ ਉੱਤੇ ਤੂਹਮਤ ਮਾੜੀ
ਲਾਉ ਫੇਰ ਕਿਸੇ ਦੇ ਉੱਤੇ ਤੂਹਮਤ ਮਾੜੀ। ਪਹਿਲਾਂ ਇਕ ਹੱਥ ਨਾਲ ਵਜਾ ਕੇ ਦੇਖੋ ਤਾੜੀ। ਮਾਪੇ ਜਿਸ ਨੂੰ ਰੀਝਾਂ ਨਾਲ ਬਣਾਉਂਦੇ ਰਹਿ ਗਏ, ਘਰ ਨੂੰ ਵੰਡ ਗਈ ਪੁਤਰਾਂ ਵਿਚ ਪਈ ਪੁਆੜੀ। ਹਓਮੈ ਨੇ ਉਨ੍ਹਾਂ ਵਿਚ ਵੀ ਪੁਆੜਾ ਪਾ ਦਿੱਤਾ, ਕੱਲ੍ਹ ਤੱਕ ਜਿਹੜੇ ਖੇਡ ਰਹੇ ਸਨ ਆੜੀ-ਆੜੀ। ਉਸ ਦੇ ਨਾਲ ਕਿਵੇਂ ਜੀਵਨ ਦਾ ਵਕਤ ਬਤੀਤੇ, ਜਿਹੜੀ ਆਖੇ ਖਾਣ ਸਮੇਂ ਹਿਲਦੀ ਹੈ ਦਾੜ੍ਹੀ। ਰੱਬਾ ਤੇਰੀ ਬੀਜੀ ਦਾ ਹੁਣ ਤੂੰ ਹੀ ਵਾਲੀ, ਮੈਥੋਂ ਸਿੰਜੀ ਜਾਵੇ ਨਾ ਜੀਵਨ ਦੀ ਬਾੜੀ। ਜਿਹੜੇ ਧੰਦੇ ਨੂੰ ਹੱਥ ਪਾਵਾਂ ਮੂੰਹ ਦੀ ਖਾਵਾਂ, ਭਾਵੇਂ ਦੇਖਣ ਵਾਲੇ ਮੈਨੂੰ ਕਹਿਣ ਜੁਗਾੜੀ। ਕਿੰਜ ਸਮਝਾਵਾਂ ਜ਼ਿੱਦੀ ਪੁੱਤ ਨੂੰ ਸੋਚ ਬਦਲ ਲੈ, ਛੱਡ ਨਾ ਜਾਵੇ ਤੈਨੂੰ ਸੱਜ ਵਿਆਹੀ ਲਾੜ੍ਹੀ। ਸੱਦ ਰਹੇ ਹੋ ਕਿਉਂ ਗ਼ੈਰਾਂ ਨੂੰ ਰਾਖੀ ਖ਼ਾਤਰ, ਅਪਣੀ ਬੀਜੀ ਆਪੇ ਸਾਂਭ ਲਵੋ ਫੁਲਵਾੜੀ। ਰਲ ਜਾਵੇਂਗਾ ਹੰਭੇ ਹਾਰੇ ਲੋਕਾਂ ਦੇ ਵਿਚ, 'ਨੂਰ' ਇਸ਼ਕ ਦੀ ਤੂੰ ਵੀ ਚੜ੍ਹ ਕੇ ਦੇਖ ਪਹਾੜੀ।
75. ਜੇ ਤਾਰੀਖ਼ ਇਨ੍ਹਾਂ ਬੀਜਾਂ ਦੀ ਪੁੱਗੀ ਹੁੰਦੀ
ਜੇ ਤਾਰੀਖ਼ ਇਨ੍ਹਾਂ ਬੀਜਾਂ ਦੀ ਪੁੱਗੀ ਹੁੰਦੀ। ਫ਼ਸਲ ਕਦੇ ਨਾ ਖੇਤਾਂ ਦੇ ਵਿਚ ਉੱਗੀ ਹੁੰਦੀ। ਉਸ ਦੇ ਬੱਚੇ ਵੀ ਹੁਣ ਗੁੱਗਾ ਪੀਰ ਕਹਾਉਂਦੇ, ਜੇ ਗੁੱਗੇ ਬਾਬੇ ਦੇ ਘਰ ਵੀ ਗੁੱਗੀ ਹੁੰਦੀ। ਅੱਖੀਂ ਦੇਖੀ ਘਟਨਾਂ ਨੂੰ ਜੋ ਝੁਠਲਾਉਂਦੇ ਨੇ, ਕਰ ਲੈਂਦੇ ਇਤਵਾਰ ਜੇ ਇਹ ਸਤਯੁੱਗੀ ਹੁੰਦੀ। ਇਸ ਨੂੰ ਵੀ ਭੂਚਾਲ 'ਹੈਤੀ' ਦੇ ਫੀਂਹ ਗਏ ਹੁੰਦੇ, ਉੱਚੇ ਮਹਿਲਾਂ ਨੇੜੇ ਮੇਰੀ ਝੁੱਗੀ ਹੁੰਦੀ। ਭੁੱਖਾ ਪੇਟ ਕਦੇ ਨਾ ਸਾਲ ਉਮਰ ਦੇ ਗਿਣਦਾ, ਬੱਕਰੀ ਭਾਵੇਂ ਖੀਰੀ ਹੁੰਦੀ ਦੁੱਗੀ ਹੁੰਦੀ। ਫੇਰ ਮਦਾਰੀ ਵੀ ਸ਼ਾਜਾਂ ਦੀ ਤਾਲ ਤੇ ਨੱਚਦਾ, ਜੇ ਬਾਂਦਰ ਦੇ ਹੱਥਾਂ ਵਿਚ ਡੁਗਡੁੱਗੀ ਹੁੰਦੀ। ਉਹ ਵੀ ਬਹਿ ਕੇ ਬੱਚਿਆਂ ਦੀ ਕਿਸਮਤ ਤੇ ਰੋਂਦਾ, ਜੇ ਘੁੱਗੀ ਨੇ ਕਾਂ ਦੀ ਰੋਟੀ ਠੁੱਗੀ ਹੁੰਦੀ। ਘਰ ਦੇ ਅੰਦਰ ਭਾਵੇਂ ਚੀਕ-ਚਿਹਾੜਾ ਰਹਿੰਦਾ, ਪਰ ਟੈਂਕੀ ਉੱਤੇ ਅਮਨਾਂ ਦੀ ਘੁੱਗੀ ਹੁੰਦੀ।
76. ਭਾਵੇਂ ਉਸ ਦੇ ਘਰ ਤਕ ਮੋੜ ਉਨਾਸੀ ਹੁੰਦੇ
ਭਾਵੇਂ ਉਸ ਦੇ ਘਰ ਤਕ ਮੋੜ ਉਨਾਸੀ ਹੁੰਦੇ। ਚੱਕਰ ਲਾਏ ਮੈਂ ਵੀ ਰੋਜ਼ ਇਕਾਸੀ ਹੁੰਦੇ। ਤੇਲ ਇਸ਼ਕ ਦਾ ਪਾ ਕੇ ਚੜ੍ਹ ਹਿੰਮਤ ਦੀ ਗੱਡੀ, ਤੇਜ਼ ਗਤੀ ਨੂੰ ਕੁਝ ਨਾ ਮੀਲ ਬਿਆਸੀ ਹੁੰਦੇ। ਐਵੇਂ ਊਟ-ਪਟਾਂਗ ਪੜ੍ਹਾ ਕੇ ਮੋਹ ਨਾ ਮੈਨੂੰ। ਅੱਸੀ aੁੱਤੇ ਤਿੰਨ ਹਮੇਸ਼ ਤਰਾਸੀ ਹੁੰਦੇ। ਭੁਗਤਣਗੇ ਕਿੰਜ ਲੋਕ ਚੁਰਾਸੀ ਲੱਖ ਜੂਨਾਂ ਨੂੰ, ਸਾਨੂੰ ਤਾਂ ਦਿਸਦੇ ਨਾ ਸਾਲ ਚੁਰਾਸੀ ਹੁੰਦੇ। ਮੈਂ ਕਿਹੜਾ ਲੜਣਾ ਸੀ ਹੋਰ ਕਿਸੇ ਦੀ ਸਹਿ 'ਤੇ, ਭਾਵੇਂ ਦੁਸ਼ਮਣ ਪੈਂਤੀ ਯਾਰ ਪਚਾਸੀ ਹੁੰਦੇ। ਮੈਂ ਕਿਹੜਾ ਬਣਨਾ ਸੀ ਡੀ. ਸੀ. ਭਾਵੇਂ ਮੇਰੇ, ਨੰਬਰ ਅੱਠ ਸੌ ਵਿੱਚੋਂ ਸਤ ਸੌ ਸਿਆਸੀ ਹੁੰਦੇ। ਅੱਜ ਅਸੀਂ ਵੀ ਚੜਤਾਂ ਵਿਚ ਢੋਲੇ ਦੀਆਂ ਲਾਉਂਦੇ, ਜੇ ਸਾਡੇ ਵੀ ਜੰਮਣ ਸਾਲ ਸਤਾਸੀ ਹੁੰਦੇ। 'ਨੂਰ ਮੁਹੰਮਦਾ' ਮਿਲਣਾ ਤਾਂ ਇਕ ਕੱਫ਼ਨ ਹੀ ਸੀ, ਇਸ ਜੀਵਨ ਦੇ ਭਾਵੇਂ ਸਾਲ ਅਠਾਸੀ ਹੁੰਦੇ।
77. ਉਹ ਜੋ ਹੁਣ ਤੱਕ ਭੁੱਬਲ ਦੇ ਵਿਚ ਦੱਗ਼ ਰਹੇ ਨੇ
ਉਹ ਜੋ ਹੁਣ ਤੱਕ ਭੁੱਬਲ ਦੇ ਵਿਚ ਦੱਗ਼ ਰਹੇ ਨੇ। ਸੁਣਿਐ ਚੜ੍ਹਦੀ ਉਮਰੇ ਬਲਦੀ ਅੱਗ ਰਹੇ ਨੇ। ਲੇਪ ਚੜ੍ਹਾਇਆ ਹੋਇਐ ਬਿਊਟੀ ਪਾਰਲਰਾਂ ਦਾ, ਐਨੇ ਸੋਹਣੇ ਨਹੀਂ ਉਹ ਜਿੰਨੇ ਲੱਗ ਰਹੇ ਨੇ। ਫ਼ੇਰ ਕਦੇ ਉਹਲੇ ਬਹਿ ਬਾਤ ਕਰਾਂਗੇ ਦਿਲ ਦੀ, ਦੀਵਾਲੀ ਹੈ ਹਾਲੇ ਦੀਵੇ ਜਗ ਰਹੇ ਨੇ। ਨੇਤਾ ਬਣ ਕੇ ਲੁਟਦੇ ਨੇ ਉਹ ਦੇਸ ਉਨ੍ਹਾਂ ਦਾ। ਜਿਹੜੇ ਵੋਟਰ ਨੇਤਾਵਾਂ ਨੂੰ ਠੱਗ ਰਹੇ ਨੇ। ਪੰਝੀਆਂ ਦੇ ਸਨ ਜਦ ਰਿਸ਼ਤੇ ਦੀ ਬਾਤ ਤੁਰੀ ਸੀ, ਕੁੜਮ ਬਣੇ ਵੀ ਪੰਝੀਆਂ ਦੇ ਹੀ ਲੱਗ ਰਹੇ ਨੇ। ਕਿਉਂ ਨਾ ਲੋਕ ਸ਼ਰਾਬੀ ਹੋ ਕੇ ਹੋਸ਼ ਗਵਾਵਣ, ਉਹ ਨੈਣਾਂ ਚੋਂ ਭਰ ਭਰ ਵੰਡਦੇ ਮੱਘ ਰਹੇ ਨੇ। ਉਸ ਜੋੜੇ ਦਾ ਮੁੱਲ ਕਬੂਤਰ ਬਾਜ਼ ਹੀ ਜਾਣੇ, ਜਿਸ ਦੇ ਪੱਠੇ ਟੁਕੜੀ ਵਿਚ ਸਲੱਗ ਰਹੇ ਨੇ। ਵਾਹ ਛੱਡਿਆ ਜ਼ਰਦਾਰਾਂ ਨੇ ਹਿੱਤਾਂ ਦੀ ਖ਼ਾਤਰ, ਜਿਸ ਬੰਨੇ ਵਿਚ ਹੁਣ ਤੱਕ ਚਰਦੇ ਬੱਗ ਰਹੇ ਨੇ। ਐਰੇ-ਗ਼ੈਰੇ ਦੇ ਪੈਰਾਂ ਵਿਚ ਰੁਲਦੇ ਦੇਖੇ, ਕੱਲ੍ਹ ਤੱਕ ਜਿਹੜੇ 'ਨੂਰ' ਦੇ ਸਿਰ ਦੀ ਪੱਗ ਰਹੇ ਨੇ।
78. ਰੀਝਾਂ ਦੇ ਸ਼ਬਦ ਚੁਣ ਕੇ ਕੀਤੇ ਤਿਆਰ ਪੱਤਰ
ਰੀਝਾਂ ਦੇ ਸ਼ਬਦ ਚੁਣ ਕੇ ਕੀਤੇ ਤਿਆਰ ਪੱਤਰ। ਨਾ ਚਾਹੁੰਦਿਆਂ ਵੀ ਲਿੱਖੇ ਮੈਂ ਬੇਸ਼ੁਮਾਰ ਪੱਤਰ। ਆਇਆ ਸਾਂ ਛੱਡ ਜਿੱਥੇ ਕਰ ਕੇ ਸ਼ਿੰਗਾਰ ਉਸ ਨੂੰ, ਬਰਜ਼ਖ਼ ਦੇ ਉਸ ਪਤੇ 'ਤੇ ਲਿੱਖੇ ਹਜ਼ਾਰ ਪੱਤਰ। ਲਾਉਂਦਾ ਹੈ ਸੰਨ੍ਹ ਜਿਹੜਾ ਮੇਰੇ ਹੀ ਸੁਫ਼ਨਿਆਂ ਨੂੰ, ਉਸ ਦੋਜ਼ਖ਼ੀ ਨੂੰ ਲਿੱਖਾਂ ਕਿਉਂ ਵਾਰ ਵਾਰ ਪੱਤਰ। ਲੱਦੀ ਸੀ ਮਰਨ ਵੇਲੇ ਸਿਰ ਪੰਡ ਕਰਜ਼ਿਆਂ ਦੀ, ਲਿਖਦਾ ਰਿਹਾ ਜੋ ਮੈਨੂੰ ਲੈ ਕੇ ਉਧਾਰ ਪੱਤਰ। ਪਤਝੜ ਤਾਂ ਕਰ ਗਈ ਹੈ ਰੁੱਖਾਂ ਦੇ ਅੰਗ ਨੰਗੇ, ਆਉਂਦੀ ਹੈ ਕਦ ਕੁ ਲੈ ਕੇ ਦੇਖੋ ਬਹਾਰ ਪੱਤਰ। ਆਉਂਦੇ ਨੇ ਖ਼ਬਰ ਲੈ ਕੇ ਮੋਇਆਂ ਦੀ, ਝਗੜਿਆਂ ਦੀ, ਕੱਲ੍ਹ ਤੱਕ ਸੀ ਜਿਹੜੇ ਦਿੰਦੇ ਸੀਨੇ ਨੂੰ ਠਾਰ ਪੱਤਰ। ਹੱਥਾਂ ਚੋਂ ਤਕੜਿਆਂ ਦੇ, ਹਥ ਸੋਹਣਿਆਂ ਦੇ ਜਾਵਣ, ਲੈਂਦੇ ਨੇ ਕਦ ਨਿਮਾਣੇ ਲੋਕਾਂ ਦੀ ਸਾਰ ਪੱਤਰ। ਪਾਉਂਦਾ ਹੈ ਜਦ ਵੀ ਝੱਖੜ ਹਰਿਆਲੀਆਂ 'ਤੇ ਧੂੜਾਂ, ਬਰਸਾਤ ਦੇ ਛੜਾਕੇ ਦਿੰਦੇ ਨਿਖਾਰ ਪੱਤਰ। ਦੇਵੇ ਬਸੰਤ ਬਸਤਰ ਆ ਕੇ ਨਵੇਂ ਉਨ੍ਹਾਂ ਨੂੰ, ਜਾਂਦੀ ਹੈ ਜਦ ਵੀ ਪੱਤਝੜ ਰੁੱਖ ਤੋਂ ਨਿਖਾਰ ਪੱਤਰ। ਚੁੰਮ ਚੁੰਮ ਖ਼ੁਸ਼ੀ ਮਨਾਵੇ ਸੀਨੇ ਦੇ ਨਾਲ ਲਾਵੇ, ਆਉਂਦੇ ਨੇ 'ਨੂਰ' ਨੂੰ ਜਦ ਹੱਦਾਂ ਤੋਂ ਪਾਰ ਪੱਤਰ।
79. ਅੰਤਾਂ ਦੀ ਮਹਿੰਗਾਈ ਮਾਰੇ ਲੋਕਾਂ ਨੇ
ਅੰਤਾਂ ਦੀ ਮਹਿੰਗਾਈ ਮਾਰੇ ਲੋਕਾਂ ਨੇ। ਸ਼ਹਿਰੋਂ ਦੂਰ ਬਣਾਏ ਢਾਰੇ ਲੋਕਾਂ ਨੇ। ਮੁੱਦਤ ਲੱਗੀ ਇਸ ਨੂੰ ਊਚਾ ਹੋਣ ਲਈ, ਇਕ ਦਿਨ ਵਿਚ ਨਾ ਕੱਦ ਉਭਾਰੇ ਲੋਕਾਂ ਨੇ। ਲੁੱਟੇ ਜਾਵਣ ਵਾਲੇ ਦੱਸਣ ਘੋਖ ਕਰਾਂ, ਕਿਸ ਦੇ ਕਿੰਨੇ ਹੱਕ ਡਕਾਰੇ ਲੋਕਾਂ ਨੇ। ਧੱਕੇ ਨਾਲ ਲਵਾਈਆਂ ਮੋਹਰਾਂ ਪਰਚੀ 'ਤੇ, ਚੌਧਰ ਦੇ ਭੁੱਖੇ ਹੰਕਾਰੇ ਲੋਕਾਂ ਨੇ। ਮਿੱਟੀ ਪੱਥਰ ਚੁੱਕ ਲਿਆਏ ਧਰਤੀ 'ਤੇ, ਚੰਨ ਤੇ ਚੜ੍ਹ ਤੋੜੇ ਨਾ ਤਾਰੇ ਲੋਕਾਂ ਨੇ। ਪੱਕਾ ਹੋ ਨਾ ਸਕਿਆ ਕੌਲਾ ਕੁੱਲੀ ਦਾ, ਚਿਰ ਤੱਕ ਪੱਥੇ ਇੱਟਾਂ ਗਾਰੇ ਲੋਕਾਂ ਨੇ। ਤਹਿਜ਼ੀਬ ਨਵੀਂ ਦਾ ਇਹ ਵੀ ਇਕ ਅਜੂਬਾ ਦੇਖ, ਜੰਮੇ ਧੀਆਂ ਪੁੱਤ ਕੁਆਰੇ ਲੋਕਾਂ ਨੇ। ਭੂਚਾਲਾਂ ਮਾਰੇ ਜਾਪਾਨੀ ਲੋਕਾਂ ਨੂੰ, ਸ਼ਰਨ ਦਿੱਤੀ ਹੈ ਪਾ ਕੇ ਢਾਰੇ ਲੋਕਾਂ ਨੇ। ਮਿਲਿਆ ਨਾ ਇਨਸਾਫ਼ ਜਦੋਂ ਵੀ ਮੁਨਸਫ਼ ਤੋਂ, 'ਨੂਰ' ਕਰੇ ਨੇ ਆਪ ਨਿਤਾਰੇ ਲੋਕਾਂ ਨੇ।
80. ਜਗ ਜ਼ਾਹਰ ਕਰ ਤੁਰਿਆ ਅਸਲਾ ਜ਼ਾਤੀ ਦਾ
ਜਗ ਜ਼ਾਹਰ ਕਰ ਤੁਰਿਆ ਅਸਲਾ ਜ਼ਾਤੀ ਦਾ। ਮੰਡਪ ਵਿਚ ਪਾਇਆ ਖੜਦੁੰਮ ਬਰਾਤੀ ਦਾ। ਬਹੁਤ ਹਟਾਇਆ ਇਸ਼ਕ ਕੁਰਾਹੇ ਚੱਲਣ ਤੋਂ, ਦਿਲ ਬੱਚਾ ਕਰ ਬੈਠਾ ਲਾਲਚ ਬਾਤੀ ਦਾ। ਟਕਿਆਂ ਵਾਲੇ ਅੱਗੇ ਇਕ ਵੀ ਚੱਲੀ ਨਾ, ਜ਼ੋਰ ਵਧੇਰਾ ਲਾਇਆ ਮਾਤ੍ਹੜ ਛਾਤੀ ਦਾ। ਯਾਦ ਦੇ ਪਿੰਡੇ ਪੈੜਾਂ ਬਾਲ-ਵਰੇਸ ਦੀਆਂ, ਭੁੱਲਣ ਦੇਣ ਨਾ ਹੁਲੀਆ ਇਕ ਜਮਾਤੀ ਦਾ। ਬੱਚਿਆਂ ਵਾਂਗ ਫਰੋਲੀ ਜਾਂਦੈ ਯਾਦਾਂ ਨੂੰ, ਕੌਣ ਇਲਾਜ ਕਰੇ ਇਸ ਦਿਲ ਜਜ਼ਬਾਤੀ ਦਾ। ਉਸ ਨੂੰ ਚਿੰਤਾ ਪੈਸਾ ਬੰਨੇ ਲਾਵਣ ਦੀ, ਸਾਨੂੰ ਫ਼ਿਕਰ ਸਤਾਵੇ ਇਕ ਚਪਾਤੀ ਦਾ। ਨਿਤ ਖ਼ੁਮਿਆਜਾ ਭੁਗਤਾਂ ਸੱਚ 'ਤੇ ਪਹਿਰੇ ਦਾ, ਰਾਸ ਨਾ ਆਇਆ ਜੀਵਨ ਇਕ ਨੁਕਾਤੀ ਦਾ। ਹੁਸਨ ਅਚੰਭੇ ਵਰਗੀ ਸੁੰਦਰ ਚਮਕ ਦਵੇ, ਤੇਜ਼ ਫ਼ੁਹਾਰਾਂ ਦੇ ਵਿਚ ਕੁਦਰਤ ਨ੍ਹਾਤੀ ਦਾ। ਨਾ ਆਵਾ ਮੁੱਕੇ ਨਾ ਖੋਤਾ ਛੁੱਟੇ 'ਨੂਰ', ਏਹੋ ਲਗਦੈ ਹੁਣ ਤਾਂ ਸਫ਼ਰ ਹਿਆਤੀ ਦਾ।
81. ਜਨਗਣਨਾ ਹੈ ਦੱਸਦੀ ਭਾਰਤ ਵਿਚ ਗ਼ਰੀਬੀ
ਜਨਗਣਨਾ ਹੈ ਦੱਸਦੀ ਭਾਰਤ ਵਿਚ ਗ਼ਰੀਬੀ। ਅੱਧ ਤੋਂ ਵੱਧ ਹੈ ਵਸਦੀ ਭਾਰਤ ਵਿਚ ਗ਼ਰੀਬੀ। ਘੱਟ ਕਰਨ ਦੀ ਜਦ ਸਰਕਾਰ ਵਿਉਂਤ ਬਣਾਵੇ, ਖਿੜ ਖਿੜ ਕਰਕੇ ਹਸਦੀ ਭਾਰਤ ਵਿਚ ਗ਼ਰੀਬੀ। ਜਿਊਂ ਗੰਨੇ ਦੇ ਬੂਝੇ ਤੂਈਆਂ ਕੱਢ ਕੱਢ ਫ਼ੈਲਣ, ਉਂਜ ਹੀ ਜਾਵੇ ਫਸਦੀ ਭਾਰਤ ਵਿਚ ਗ਼ਰੀਬੀ। ਜੀਵਨ ਦੀ ਹਰ ਲੋੜ ਲਈ ਸਰਕਾਰਾਂ ਉੱਤੇ, ਰੋਜ਼ ਤੜਾਗੇ ਕਸਦੀ ਭਾਰਤ ਵਿਚ ਗ਼ਰੀਬੀ। ਜਿੰਨੇ ਹੋੜੇ ਲਾਈਏ ਊਚਾ ਚੁੱਕਣ ਖ਼ਾਤਰ, ਉੱਨੀ ਹੇਠਾਂ ਧਸਦੀ ਭਾਰਤ ਵਿਚ ਗ਼ਰੀਬੀ। ਰੋਜ਼ ਨਵੀਂ ਤਹਿ ਚੜ੍ਹਦੀ ਇਸ ਦੇ ਪਹੀਆਂ ਉੱਤੇ, ਚੱਲ ਕੇ ਵੀ ਨਾ ਘਸਦੀ ਭਾਰਤ ਵਿਚ ਗ਼ਰੀਬੀ। ਜਿੰਨਾਂ ਪੁਚ-ਪੁਚ ਕਰਕੇ ਨੇੜੇ ਸੱਦਣਾ ਚਾਹੀਏ, ਅੱਗੇ ਅੱਗੇ ਨਸਦੀ ਭਾਰਤ ਵਿਚ ਗ਼ਰੀਬੀ। ਸਿਹਤ-ਸਹੂਲਤ ਦਾ ਸਰਕਾਰੀ ਲਾਹਾ ਲੈ ਕੇ, ਨਿਤ ਪਿੰਡੇ ਨੂੰ ਲਸਦੀ ਭਾਰਤ ਵਿਚ ਗ਼ਰੀਬੀ। ਸੌ ਵਾਰੀ ਲਾਏ ਰੋਕਣ ਦੇ ਜ਼ਹਿਰੀ ਟੀਕੇ, ਝਾਕੇ ਵਸਦੀ ਰਸਦੀ ਭਾਰਤ ਵਿਚ ਗ਼ਰੀਬੀ।
82. ਜਦ ਉਹ ਇਕਲਾਪੇ ਦੇ ਦੁਖੜੇ ਸਹਿਣਗੀਆਂ
ਜਦ ਉਹ ਇਕਲਾਪੇ ਦੇ ਦੁਖੜੇ ਸਹਿਣਗੀਆਂ। ਲੋੜਾਂ ਆਪੇ ਰੌਣਕ ਦੇ ਵਿਚ ਬਹਿਣਗੀਆਂ। ਦਿਲ ਲਾਵਣ ਤੋਂ ਪਹਿਲਾਂ ਇਹ ਵੀ ਦੇਖ ਲਵੀਂ, ਬੇਰੀ ਵਾਲੇ ਘਰ ਵਿਚ ਇੱਟਾਂ ਪੈਣਗੀਆਂ। ਬਚਪਨ ਤੋਂ ਦਿਲ ਦੇ ਵਿਚ ਵਸੀਆਂ ਪੀੜਾਂ ਨੂੰ, ਘਰ ਚੋਂ ਕੱਢੇਂਗਾ ਤਾਂ ਕਿੱਥੇ ਰਹਿਣਗੀਆਂ। ਅੱਥਰੂਆਂ ਦਾ ਸੈਂਪਲ ਲੈ ਕੇ ਪਰਖ ਲਵੀਂ, ਹਾਲ ਕਿਵੇਂ ਅੰਦਰ ਦਾ ਅੱਖੀਆਂ ਕਹਿਣਗੀਆਂ। ਜੋ ਅਸਮਾਨਾਂ ਵਿਚ ਬਣਾਈਆਂ ਲੋਕਾਂ ਨੇ, ਕੰਧਾਂ ਇਹ ਬਾਰੂਦ ਦੀਆਂ ਕਦ ਢਹਿਣਗੀਆਂ। ਡੋਰ ਵਧਾਵੇਂਗਾ ਹੱਥਲ ਹੋ ਜਾਵੇਂਗਾ, ਝੱਖੜ ਵਿਚ ਗੁੱਡੀਆਂ ਕਿੰਜ ਥੱਲੇ ਲਹਿਣਗੀਆਂ। ਨਿੱਘਾਂ ਮਾਣ ਰਹੀਆਂ ਨੇ ਅੱਜ ਮਿਲਾਪ ਦੀਆਂ, ਇਕ ਦਿਨ ਇਕਲਾਪੇ ਦੀ ਭੱਠੀ ਡਹਿਣਗੀਆਂ। ਕਿਹੜਾ ਲੈਂਦੈ ਸਿਰਦਰਦੀ ਬਿਗਾਨੇ ਦੀ, ਭੁੱਖ ਦੇ ਦੁੱਖੜੇ ਆਂਤੜੀਆਂ ਹੀ ਸਹਿਣਗੀਆਂ। 'ਨੂਰ' ਸਦਾ ਨਈਂ ਮਿਲਣਾ ਨਿੱਘ ਮਿਲਾਪਾਂ ਦਾ, ਬਿਰਹਾ ਦੇ ਜੰਗਲ ਵੀ ਰਾਤਾਂ ਪੈਣਗੀਆਂ।
83. ਉਹ ਲੋਚਦੇ ਨੇ ਸੁੱਚਲ ਬੋਲਾਂ ਦੇ ਤੀਰ ਵੇਚਾਂ
ਉਹ ਲੋਚਦੇ ਨੇ ਸੁੱਚਲ ਬੋਲਾਂ ਦੇ ਤੀਰ ਵੇਚਾਂ। ਹਾਕਮ ਦੇ ਕੋਲ ਜਾਵਾਂ ਕੋਰੀ ਜ਼ਮੀਰ ਵੇਚਾਂ। ਲੋਕਾਂ ਨੂੰ ਕਰ ਇਕੱਠਾ ਦਰਬਾਰ ਵਿਚ ਲਿਜਾਵਾਂ, ਉਸ ਦੀ ਹੀ ਖੀਰ ਰਿੰਨ੍ਹਾ, ਉਸ ਦੀ ਹੀ ਖੀਰ ਵੇਚਾਂ। ਉਸ ਦੇ ਸਰੀਰ ਉੱਤੇ ਰੇਸ਼ਮ ਸਜਾਉਣ ਖ਼ਾਤਰ, ਮੈਂ ਤਨ ਦੇ ਲੀੜਿਆਂ ਦੀ ਹਰ ਲੀਰ-ਲੀਰ ਵੇਚਾਂ। ਜੋ ਖਾ ਗਏ ਨੇ ਮੇਰੀ ਹੱਡ ਭੰਨਵੀਂ ਕਮਾਈ, ਵਿਹਲੜ ਨਿਆਣਿਆਂ ਦੀ ਖ਼ਾਤਰ ਜਗੀਰ ਵੇਚਾਂ। ਥੱਕਣ ਨਾ ਕਰਨ ਵੇਲੇ ਹੱਡ ਭੰਨਵੀਂ ਕਮਾਈ, ਵੱਕਾਰ ਨਾਲ ਪਾਲੇ ਅੱਲੜ੍ਹ ਸਰੀਰ ਵੇਚਾਂ। ਕਰਦਾ ਰਹਾਂ ਖ਼ਿਆਨਤ ਹਰ ਪਲ ਅਮਾਨਤਾਂ ਵਿਚ, ਰਾਂਝੇ ਨੂੰ ਨੀਚ ਕਹਿਕੇ ਸੈਦੇ ਨੂੰ ਹੀਰ ਵੇਚਾਂ। ਉਸਤਾਦ ਕੀ ਕਹੂ ਜੇ ਉਸ ਨੂੰ ਨਾ ਸਬਕ ਦਿੱਤਾ, ਭਰ ਤਿਗੜਮੀ ਉਡਾਨਾ ਚੇਲੇ ਨੂੰ ਪੀਰ ਵੇਚਾਂ। ਮਨ ਰੋਜ਼ ਲੋਚਦਾ ਹੈ ਮਾਇਆ ਦੇ ਢੇਰ ਖ਼ਾਤਰ। ਗ਼ੱਦਾਰੀਆਂ ਪੁਗਾਵਾਂ ਦੁਸ਼ਮਣ ਨੂੰ ਵੀਰ ਵੇਚਾਂ। ਕਿੱਥੋਂ ਮੈਂ 'ਨੂਰ' ਤੇਰੀ ਚਾਹਤ ਦੀ ਪਿਆਸ ਖ਼ਾਤਰ, ਬਿਰਹਾ ਦੀ ਔੜ ਖਾਧੇ ਨੈਣਾਂ ਦਾ ਨੀਰ ਵੇਚਾਂ।
84. ਬ੍ਰਿਹਾ ਦਾ ਸੇਕ ਝੱਲਣ ਬਹਿੰਦਾ ਸੀ ਇਸ ਜਗਾ 'ਤੇ
ਬ੍ਰਿਹਾ ਦਾ ਸੇਕ ਝੱਲਣ ਬਹਿੰਦਾ ਸੀ ਇਸ ਜਗਾ 'ਤੇ। ਦੁੱਖ ਵਿਛੜਿਆਂ ਦੇ ਦਿੱਤੇ ਸਹਿੰਦਾ ਸੀ ਇਸ ਜਗਾ 'ਤੇ। ਕਿੱਥੇ ਹੈ ਕਬਰ ਉਸ ਦੀ ਪੁੱਛਣਗੇ ਲੋਕ ਇਕ ਦਿਨ, ਇਕ ਨਾਮੁਰਾਦ ਸ਼ਾਇਰ ਰਹਿੰਦਾ ਸੀ ਇਸ ਜਗਾ 'ਤੇ। ਹੱਕ ਦੂਜਿਆਂ ਦਾ ਦੱਬਣ ਵਾਲੇ ਨੂੰ ਨਿੰਦਦਾ ਸੀ, ਵੇਲੇ ਦੇ ਹਾਕਮਾਂ ਸੰਗ ਖਹਿੰਦਾ ਸੀ ਇਸ ਜਗਾ 'ਤੇ। ਕੰਧਾਂ ਵੀ ਹਸਦੀਆਂ ਸਨ ਸੁਣ ਕੇ ਕਲਾਮ ਉਸ ਦਾ, ਜਦ ਸ਼ਿਅਰ ਬੇਮੁਹਾਰੇ ਕਹਿੰਦਾ ਸੀ ਇਸ ਜਗਾ 'ਤੇ। ਦਿੰਦਾ ਸੀ ਬੁੱਕ ਭਰਕੇ ਸਭ ਨੂੰ ਦਿਲਾਸਿਆਂ ਦੇ, ਜਦ ਹੌਸਲਾ ਕਿਸੇ ਦਾ ਢਹਿੰਦਾ ਸੀ ਇਸ ਜਗਾ 'ਤੇ। ਗਿਣ ਗਿਣ ਕੇ ਉਂਗਲੀਆਂ 'ਤੇ ਛੱਡ ਜਾਣ ਵਾਲਿਆ ਨੂੰ, ਫ਼ਿਕਰਾਂ ਦੇ ਚੁੱਲ੍ਹਿਆਂ ਵਿਚ ਡਹਿੰਦਾ ਸੀ ਇਸ ਜਗਾ 'ਤੇ। ਜਦ 'ਨੂਰ' ਦੇਖਦਾ ਸੀ ਤਹਿਜ਼ੀਬ ਦਾ ਜਨਾਜ਼ਾ, ਸੋਚਾਂ ਦੇ ਭੰਵਰਾਂ ਵਿਚ ਲਹਿੰਦਾ ਸੀ ਇਸ ਜਗਾ 'ਤੇ।
85. ਨਜ਼ਰ ਕਿਤੇ ਨਾ ਆਇਆ ਧਰਮ-ਸ਼ਲੋਕਾਂ ਦੇ ਵਿਚ
ਨਜ਼ਰ ਕਿਤੇ ਨਾ ਆਇਆ ਧਰਮ-ਸ਼ਲੋਕਾਂ ਦੇ ਵਿਚ। ਬਰਜ਼ਖ਼ ਤੋਂ ਪੁੱਜਾਂਗੇ ਕਦ ਪਰਲੋਕਾਂ ਦੇ ਵਿਚ। ਹੋਮ-ਮਨਿਸਟਰ ਬਣਿਆ ਫਿਰਦੈ ਭਾਰਤ ਦਾ ਜੋ, ਘੁੰਮਕੇ ਮੇਰੇ ਨਾਲ ਦਿਖਾਵੇ ਲੋਕਾਂ ਦੇ ਵਿਚ। ਛੱਡ ਦਿੰਦੀਆਂ ਸਨ ਜੋਹਕੇ ਮਾੜਾ-ਧੀੜਾ ਪਿੰਡਾ, ਪਹਿਲਾਂ ਵਾਲੀ ਪਰਖ ਨਹੀਂ ਹੁਣ ਜੋਕਾਂ ਦੇ ਵਿਚ। ਹੱਥ ਕੰਗਾਲੇ ਦੇ ਹੈ ਜਦ ਤੋਂ ਪੈਸਾ ਲੱਗਿਆ, ਬਣ ਬੈਠਾ ਹੈ ਇਸ਼ਕ ਵਪਾਰੀ ਥੋਕਾਂ ਦੇ ਵਿਚ। ਮੱਥੇ 'ਤੇ ਘੂਰੀ ਪਾ ਕੇ ਹੱਥ ਅੱਡਦੇ ਦੇਖੇ, ਵਰਦੀ ਧਾਰੀ ਜਗਤ-ਭਿਖਾਰੀ ਚੌਕਾਂ ਦੇ ਵਿਚ। ਤੂੰ ਤੂੰ, ਮੈਂ ਮੈਂ ਕਰਦਿਆਂ ਐਵੇਂ ਉਮਰ ਲੰਘਾਈ, ਮਕਸਦ ਕੱਢ ਸਕੇ ਨਾ ਨੋਕਾਂ-ਝੋਕਾਂ ਦੇ ਵਿਚ। ਬਹੁਤ ਬਚਾਈ ਬਚਦੀ ਬਚਦੀ ਉਲਝ ਗਈ ਉਹ, ਫੁੱਲ ਦੀ ਜ਼ਿੰਦ ਨਿਮਾਣੀ ਤਿੱਖੀਆਂ ਨੋਕਾਂ ਦੇ ਵਿਚ। ਕੀਹਦੀ ਸ਼ਹਿ 'ਤੇ ਡਾਂਗ ਉਲਾਰੀ ਫਿਰਦੈਂ 'ਨੂਰ', ਉਹ ਤਾਂ ਲੁਕ ਕੇ ਬੈਠ ਗਿਆ ਡਰਪੋਕਾਂ ਦੇ ਵਿਚ।
86. ਮਾਯੂਸੀ 'ਤੇ ਹਿੰਮਤ ਮੜ੍ਹ ਕੇ ਦੇਖ ਲਵੋ
ਮਾਯੂਸੀ 'ਤੇ ਹਿੰਮਤ ਮੜ੍ਹ ਕੇ ਦੇਖ ਲਵੋ। ਅਪਣੇ ਪੈਰਾਂ ਉੱਤੇ ਖੜ੍ਹ ਕੇ ਦੇਖ ਲਵੋ। ਦੁਨੀਆ ਝੱਲਾ, ਪਾਗਲ ਸਭ ਕੁਝ ਆਖੇਗੀ, ਲੋਕ ਭਲਾਈ ਖ਼ਾਤਰ ਲੜ ਕੇ ਦੇਖ ਲਵੋ। ਅਸਮਾਨੀ ਝੁਲਦੇ ਸਨ ਝੰਡੇ ਮਿੱਲਤ ਦੇ, ਵਿਰਸੇ ਦੇ ਕੁਝ ਵਰਕੇ ਪੜ੍ਹ ਕੇ ਦੇਖ ਲਵੋ। ਫੈਲ ਗਿਆ ਰਗ ਰਗ ਵਿਚ ਕੋਹੜ ਕੁਰਪਸ਼ਨ ਦਾ, ਪਰਖ ਲਈ ਦਲਦਲ ਵਿਚ ਵੜਕੇ ਦੇਖ ਲਵੋ। ਝੁਕ ਜਾਵਣਗੇ ਆਪੇ ਲੋਕ ਜ਼ਮਾਨੇ ਦੇ, ਹੱਕ ਲਈ ਸੱਚ ਉੱਤੇ ਅੜ ਕੇ ਦੇਖ ਲਵੋ। ਮੱਖੀ ਜਿੱਡੀ ਹੋਂਦ ਦਿਸੂਗੀ ਝੁੱਗੀ ਦੀ, ਮਹਿਲਾਂ ਦੀ ਟੀਸੀ 'ਤੇ ਚੜ੍ਹ ਕੇ ਦੇਖ ਲਵੋ। ਸਮਝ ਲਵੋਗੇ ਰਮਜ਼ਾਂ ਮੇਰੇ ਸ਼ੌਕ ਦੀਆਂ, ਅੱਗ ਪਰਾਈ ਦੇ ਵਿਚ ਸੜ ਕੇ ਦੇਖ ਲਵੋ। ਹਾਲਤ ਸਮਝ ਲਵੋਗੇ ਕਟੀ ਪਤੰਗੀ ਦੀ, ਇਕ ਦਿਨ ਧਰਤੀ ਤੋਂ ਉਖੜ ਕੇ ਦੇਖ ਲਵੋ। ਤੱਕਣੀ ਚਾਹੁੰਦੇ ਹੋ ਤਸਵੀਰ ਜ਼ਮਾਨੇ ਦੀ, 'ਨੂਰ' ਦੀਆਂ ਗ਼ਜ਼ਲਾਂ ਨੂੰ ਪੜ੍ਹ ਕੇ ਦੇਖ ਲਵੋ।
87. ਕੁਦਰਤ ਦੇ ਕਹਿਰਾਂ ਨੂੰ ਪੈਂਦੀ ਨੱਥ ਨਹੀਂ
ਕੁਦਰਤ ਦੇ ਕਹਿਰਾਂ ਨੂੰ ਪੈਂਦੀ ਨੱਥ ਨਹੀਂ। ਹਾਲੇ ਬੰਦਾ ਇਸ ਪਾਸੇ ਸਮਰੱਥ ਨਹੀਂ। ਕਿੱਥੇ ਕਰਨ ਚਹੇਡਾਂ ਕੱਟੇ ਮਾਵਾਂ ਨਾਲ, ਪਿੰਡ ਦੇ ਚੜ੍ਹਦੇ ਛੱਪੜ ਛਿਪਦੇ ਸੱਥ ਨਹੀਂ। ਲੋੜਾਂ, ਤੋੜਾਂ, ਥੋੜਾਂ ਭਰੀ ਪਟਾਰੀ ਹੈ, ਮੇਰੀ ਰਾਮ ਕਹਾਣੀ ਰੌਚਕ ਕੱਥ ਨਹੀਂ। ਤਾਹੀਉਂ ਲੋਕਾਂ ਨੇ ਨਈਂ ਉੱਧਰ ਕੰਨ ਕਰੇ, ਚੀਖ਼ਾਂ ਦੇ ਵਿਚ ਸੱਚਾਈ ਦਾ ਤੱਥ ਨਹੀਂ। ਔਲੇ ਖਾਵਣ ਵਰਗੈ ਕਿਹਾ ਸਿਆਣੇ ਦਾ, ਤੂੰ ਵੀ ਅੱਜ ਪੰਚਾਂ ਦੀ ਬਾਤ ਉਲੱਥ ਨਹੀਂ। ਮੈਂ ਪਾਣੀ ਦਿਤਾ ਸੀ ਸੁੱਕੇ ਭੁਜੇ ਨੂੰ, ਝੱਖੜ ਦੇ ਪੁੱਟਣ ਵਿਚ ਮੇਰਾ ਹੱਥ ਨਹੀਂ। 'ਨੂਰ ਮੁਹੰਮਦਾ' ਕਿੱਧਰ ਨੂੰ ਉੱਠ ਤੁਰਿਆ ਏਂ, ਤੇਰੀ ਮੰਜ਼ਿਲ ਵਲ ਜਾਂਦਾ ਇਹ ਪੱਥ ਨਹੀਂ।
88. ਮੁਰਗ-ਮਸੱਲਮ ਛੱਡੀਏ ਖ਼ਰਚ-ਸੁਧਾਰੀ ਕਰੀਏ
ਮੁਰਗ-ਮਸੱਲਮ ਛੱਡੀਏ ਖ਼ਰਚ-ਸੁਧਾਰੀ ਕਰੀਏ। ਆ ਆਪਾਂ ਆਪੇ ਨੂੰ ਸਾਕਾਹਾਰੀ ਕਰੀਏ। ਮੈਂ ਵਾਰੀ ਮੈਂ ਸਦਕੇ ਸਭ ਨੂੰ ਕਹਿੰਦੇ ਜਾਈਏ, ਮਨੋਂ ਮੱਕਾਰੀ, ਬੁੱਲ੍ਹੀਂ ਸਾਕ-ਦੁਲਾਰੀ ਕਰੀਏ। ਨਾਲ ਭਰੋਸੇ ਅਪਣੇਪਣ ਦਾ ਝਾਸਾ ਦੇਕੇ, ਸਕੇ-ਸਬੰਧੀਆਂ ਦੀ ਹੀ ਸਾਕਾ-ਮਾਰੀ ਕਰੀਏ। ਚੁਰਕ ਕਿਵੇਂ ਜਾਵੇ ਸਾਡੀ ਹਿੰਮਤ ਦੇ ਅੱਗੇ, ਘੰਢੀ 'ਤੇ ਹੱਥ ਧਰਕੇ ਸਾਕ-ਖ਼ੁਆਰੀ ਕਰੀਏ। ਦੂਰ ਰਹਿਣ 'ਤੇ ਐਵੇਂ ਵਧ ਨਾ ਜਾਣ ਪੁਆੜੇ, ਆਵਣ-ਜਾਵਣ ਲੱਗੀਏ ਸਾਕ-ਸੁਧਾਰੀ ਕਰੀਏ। ਤੂੰ ਦੁਲਹਨ ਬਣ ਬੈਠ ਮੈਂ ਲਾੜ੍ਹਾ ਬਣ ਕੇ ਆਇਆ, ਨਵੇਂ ਬਣੇ ਰਿਸ਼ਤੇ ਦੀ ਸਾਕ-ਸ਼ਿੰਗਾਰੀ ਕਰੀਏ। 'ਨੂਰ ਮੁਹੰਮਦਾ' ਕਦ ਵਿਛੜੇ ਸਾਕਾਂ ਨੇ ਮਿਲਣੈ, ਉਠ ਸਾਕਾਂ ਦੇ ਉੱਤੇ ਸਾਕ-ਨਿਸ਼ਾਰੀ ਕਰੀਏ।
89. ਹਰ ਥਾਂ ਰੌਲਾ ਕਾਹਲੀ ਦਾ ਜਾਂ ਛੇਤੀ ਦਾ
ਹਰ ਥਾਂ ਰੌਲਾ ਕਾਹਲੀ ਦਾ ਜਾਂ ਛੇਤੀ ਦਾ। ਕੰਮ ਰਿਹਾ ਨਾ ਸੁਸਤ ਮਧਾਣੀ ਨੇਤੀ ਦਾ। ਕੱਚੀ ਉਮਰੇ ਇਸ਼ਕ ਪਲੇਥਣ ਲਾਵੀਂ ਨਾ, ਝਾੜ ਹਮੇਸ਼ਾ ਘਟਦੈ ਫ਼ਸਲ ਅਗੇਤੀ ਦਾ। ਕੱਦ ਦੀ ਮੰਜ਼ਿਲ ਤੱਕ ਪੁੱਜਣੋਂ ਰਹਿ ਜਾਂਦਾ ਹੈ, ਤਾਕਤਵਰ ਜੁੱਸਾ ਵੀ ਫ਼ਸਲ ਪਛੇਤੀ ਦਾ। ਰਾਜ਼ ਕਿਵੇਂ ਜਗ ਜ਼ਾਹਰ ਹੋਇਆ ਦੇਖ ਰਿਹਾਂ, ਖੋਜ-ਖੁਰਾ ਨਾ ਲੱਭੇ ਦਿਲ ਦੇ ਭੇਤੀ ਦਾ। ਕੁੜਮਾਂ ਦੀ ਇੱਜ਼ਤ ਮਿੱਟੀ ਵਿਚ ਰੋਲ ਗਿਆ, ਮੰਡਪ ਵਿਚ ਪਾਇਆ ਖੜਦੁੰਮ ਜਨੇਤੀ ਦਾ। ਬਹੁਤ ਬਹਾਏ ਹੰਝੂ ਸਿੱਲਾ ਕਰਨ ਲਈ, ਕੱਲਰ ਦਿਲ ਨਾ ਪੁਟੇ ਫਾਲਾ ਗੇਤੀ ਦਾ। ਭਾਵੇਂ ਤਿੱਖਾ ਕਰ ਲੈ ਭਾਵੇਂ ਖੁੰਢਾ 'ਨੂਰ', ਕੰਮ ਕਰੇ ਦੋਵੇਂ ਹੀ ਫਾਲਾ ਰੇਤੀ ਦਾ।
90. ਚੰਗੀ ਦੁਨੀਆ ਨਹੀਂ ਭਾਉਂਦੀ ਛੱਤੇ 'ਤੇ ਆਉ
ਚੰਗੀ ਦੁਨੀਆ ਨਹੀਂ ਭਾਉਂਦੀ ਛੱਤੇ 'ਤੇ ਆਉ। ਚੁਗ਼ਲ-ਚਕੋਰੀ ਨਹੀਂ ਆਉਂਦੀ ਛੱਤੇ 'ਤੇ ਆਉ। ਬਣ ਜਾਉਗੇ ਅਦਬੀ ਚੋਰ ਜ਼ਮਾਨੇ ਭਰ ਦੇ, ਸੋਚ ਚੁਰਾਉਣੀ ਨਹੀਂ ਆਉਂਦੀ ਛੱਤੇ 'ਤੇ ਆਉ। ਕਾਹਨੂੰ ਚਿਮਟੇ ਖਾਂਦੇ ਹੋ ਚੌਂਕੇ 'ਤੇ ਚੜ੍ਹਕੇ, ਬੁੱਢੀ ਰੋਟੀ ਨਹੀਂ ਪਾਉਂਦੀ ਛੱਤੇ 'ਤੇ ਆਉ। ਦੱਸ ਦਵਾਂਗੇ ਰਮਜ਼ਾਂ ਇਸ਼ਕ ਕਮਾਉਣ ਦੀਆਂ ਸਭ, ਝਾਤ ਹੁਸੀਨਾ ਨਹੀਂ ਪਾਉਂਦੀ ਛੱਤੇ 'ਤੇ ਆਉ। ਜੇ ਮਨ ਲੋਚੇ ਜ਼ਾਇਕੇ ਰੰਗੇ ਖਾਣਿਆਂ ਵਾਲੇ, ਪਰ ਨੋਂਹ ਤੜਕਾ ਨਹੀਂ ਲਾਉਂਦੀ ਛੱਤੇ 'ਤੇ ਆਉ।