Varna De Vanjare (Kaav-Chittar) : Ravinder Bhathal

ਵਰਣਾਂ ਦੇ ਵਣਜਾਰੇ (ਕਾਵਿ-ਚਿੱਤਰ) : ਰਵਿੰਦਰ ਭੱਠਲ


ਸਮਰਪਣ

ਪਿਆਰੀਆਂ-ਪਿਆਰੀਆਂ ਮੁਸਕਾਨਾਂ ਬਿਖੇਰਦੀ
ਆਪਣੀ ਬਾਲੜੀ ਦੋਹਤੀ
ਅੰਬਰੀਨ
ਦੇ ਨਾਂ

ਲੇਖਕ ਵੱਲੋਂ

ਮਨ-ਮੌਜ ’ਚ ਗਾਹੇ-ਬਗਾਹੇ ਲਿਖੇ ਇਹ ਕਾਵਿ-ਚਿੱਤਰ ਇਕੱਠੇ ਕਰਨ ਦਾ ਸਬੱਬ ਹੀ ਇਹ ਕਿਤਾਬ ‘ਵਰਣਾਂ ਦੇ ਵਣਜਾਰੇ’ ਬਣੀ ਹੈ। ਇਸ ਵਿਚਲੀਆਂ ਸ਼ਖ਼ਸੀਅਤਾਂ ਤਾਂ ਲਾਸਾਨੀ ਸਨ ਜਾਂ ਹਨ, ਪਰ ਮੇਰੀ ਅਲਪ ਬੁੱਧੀ ਜਿੰਨਾ ਕੁ ਜਾਣ ਜਾਂ ਪਛਾਣ ਸਕੀ, ਉਸੇ ਆਧਾਰ ’ਤੇ ਜਾਂ ਦਿਲ ਦੇ ਨੇੜੇ ਹੋਣ ਕਾਰਨ ਮੱਲੋ-ਮੱਲੀ ਮੇਰੀ ਲਿਖਤ ਦਾ ਅੰਗ ਬਣ ਗਈਆਂ ਸਨ। ਕੋਈ ਅਪਸ਼ਬਦ ਲਿਖੇ ਗਏ ਹੋਣ ਤਾਂ ਖਿਮਾ ਦਾ ਜਾਚਕ ਹਾਂ।

ਪ੍ਰੋ. ਰਵਿੰਦਰ ਭੱਠਲ ਦੇ ਕਾਵਿ-ਚਿੱਤਰ ‘ਵਰਣਾਂ ਦੇ ਵਣਜਾਰੇ’ : ਤੇਜਾ ਸਿੰਘ ਤਿਲਕ

ਕਵਿਤਾ ਤੋਂ ਨਾਟਕ ਦੀ ਯਾਤਰਾ ਕਰਦਿਆਂ ਅੱਜ ਸਾਹਿਤ ਦੇ ਬਹੁਤ ਸਾਰੇ ਰੂਪ ਹੋ ਗਏ ਹਨ। ਕਹਾਣੀ, ਇਕਾਂਗੀ, ਨਿਬੰਧ, ਆਲੋਚਨਾ, ਜੀਵਨੀ, ਸਵੈ ਜੀਵਨੀ, ਯਾਦਾਂ, ਰੇਖਾ-ਚਿੱਤਰ ਅਤੇ ਹੋਰ ਕਈ ਆਧੁਨਿਕ ਸਰੂਪਾਂ ਵਿੱਚ ਸਾਹਿਤ ਰਚਿਆ ਜਾ ਰਿਹਾ ਹੈ। ਕਵਿਤਾ ਦੀਆਂ ਵੀ ਕਈ ਵੰਨਗੀਆਂ ਈਜਾਦ ਹੋ ਗਈਆਂ ਹਨ, ਜਿਵੇਂ ਮਹਾਂ-ਕਾਵਿ, ਮੁਕਤਕ ਆਦਿ। ਕਵਿਤਾ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਚਰਿੱਤਰ ਚਿਤਰਣ ਵੀ ਕੀਤਾ ਜਾਣ ਲੱਗਿਆ ਹੈ। ਇਸ ਨੂੰ ਕਾਵਿ ਚਿੱਤਰ ਦਾ ਨਾਮ ਦਿੱਤਾ ਗਿਆ ਹੈ। ਵਾਰਤਕ ਵਿੱਚ ਇਸ ਵੰਨਗੀ ਨੂੰ ਰੇਖਾ-ਚਿੱਤਰ ਜਾਂ ਸ਼ਬਦ-ਚਿੱਤਰ ਨਾਮ ਦਿੱਤੇ ਗਏ ਹਨ।

ਪੰਜਾਬੀ ਵਿੱਚ ਕਾਵਿ-ਚਿੱਤਰ ਲਿਖਣ ਦਾ ਆਰੰਭ ਵੀਹਵੀਂ ਸਦੀ ਦੇ ਦੂਜੇ ਅੱਧ ਵਿੱਚ ਹੋਇਆ। ਗਲਪ ਲੇਖਕ ਸੁਖਬੀਰ ਨੇ ‘ਨੈਣ-ਨਕਸ਼’ ਸੰਗ੍ਰਹਿ ਵਿੱਚ ਕਾਫ਼ੀ ਕਾਵਿ-ਚਿੱਤਰ ਸਿਰਜੇ। ਉਪਰੰਤ ਮੋਹਨਜੀਤ ਨੇ ਤਿੰਨ ਸੰਗ੍ਰਹਿ ਕਾਵਿ ਚਿੱਤਰਾਂ ਦੇ ਰਚੇ। ਡਾ. ਆਤਮ ਹਮਰਾਹੀ ਨੇ ‘ਬਾਵਨੀ’ ਰਾਹੀਂ 52 ਮਹਾਨ ਪੁਰਖਾਂ ਦੇ ਕਾਵਿ-ਚਿੱਤਰ ਵਾਹੇ। ਕਾਵਿ-ਚਿੱਤਰ ’ਤੇ ਕਲਮ ਅਜ਼ਮਾਈ ਕਰਨ ਵਾਲਿਆਂ ਵਿੱਚ ਪ੍ਰਮਿੰਦਰਜੀਤ, ਪ੍ਰੋ. ਜੋਗਾ ਸਿੰਘ, ਸਾਧੂ ਸਿੰਘ ਬੇਦਿਲ, ਡਾ. ਅਮਰ ਕੋਮਲ, ਨਿਰੰਜਣ ਸਿੰਘ ਚੀਮਾ, ਜੰਗ ਸਿੰਘ ਫੱਟੜ, ਕਰਮ ਸਿੰਘ ਰਸੀਆ, ਮੇਜਰ ਸਿੰਘ ਰਾਜਗੜ੍ਹ, ਸੁਰਜੀਤ ਸਿੰਘ ਦਿਹੜ ਅਗਲੀ ਪੀੜ੍ਹੀ ਦੇ ਕਵੀ ਹਨ। ਅਜੋਕੇ ਕਵੀ ਜੋ ਇਸ ਵਿਧਾ ’ਤੇ ਸਿਰਜਣਾ ਕਰ ਰਹੇ ਹਨ, ਉਨ੍ਹਾਂ ਵਿੱਚ ਰਾਮ ਸਰੂਪ ਸ਼ਰਮਾ, ਸੁਖਦੇਵ ਸਿੰਘ ਔਲਖ, ਫਕੀਰ ਚੰਦ ਤੁਲੀ, ਪ੍ਰਿੰ. ਮਲਕੀਤ ਸਿੰਘ ਗਿੱਲ ਭੱਠਲਾਂ, ਗੁਰਜੰਟ ਸਿੰਘ ਸੋਹਲ, ਹਾਕਮ ਸਿੰਘ ਮਹਿਰਮ, ਸਰੂਪ ਚੰਦ ਹਰੀਗੜ੍ਹ, ਪਰਮਜੀਤ ਪੱਪੂ ਧਨੌਲਾ, ਗੁਰਜਿੰਦਰ ਸਿੰਘ ਰਸੀਆ, ਰਘਵੀਰ ਸਿੰਘ ਗਿੱਲ ਕੱਟੂ ਅਤੇ ਇਨ੍ਹਾਂ ਸਤਰਾਂ ਦਾ ਲੇਖਕ ਸ਼ਾਮਲ ਹਨ। ਉਪਰੋਕਤ ਵਰਣਿਤ ਕਾਵਿ-ਚਿੱਤਰ ਸਿਰਜਕਾਂ ਵਿੱਚ ਆਪਣੀਆਂ ਵਿਭਿੰਨ ਵਿਸ਼ੇਸ਼ਤਾਵਾਂ ਹਨ। ਸੁਖਬੀਰ ਤੇ ਪ੍ਰਮਿੰਦਰਜੀਤ ਦੇ ਕਾਵਿ-ਚਿੱਤਰ ਸੰਖੇਪ ਹਨ। ਡਾ. ਹਮਰਾਹੀ ਅਤੇ ਡਾ. ਅਮਰ ਕੋਮਲ ਦੇ ਕਾਵਿ ਚਿੱਤਰ ਲੰਬੇ ਹਨ। ਮੋਹਨਜੀਤ ਅਤੇ ਹਮਰਾਹੀ ਦੇ ਕਾਵਿ-ਚਿੱਤਰਾਂ ਦੀ ਭਾਸ਼ਾ ਗੂੜ੍ਹ ਅਤੇ ਆਮ ਪਾਠਕ ਦੀ ਸਮਝ ਤੋਂ ਉਚੇਰੀ ਹੈ। ਕਈਆਂ ਨੇ ਵਿਅਕਤੀ ਦੇ ਜੀਵਨ ਚਿਤਰਣ ’ਤੇ ਜ਼ੋਰ ਦਿੱਤਾ ਹੈ, ਕੁਝ ਕੁ ਨੇ ਕਾਰਜ ਖੇਤਰ ਵੱਲ ਧਿਆਨ ਖਿੱਚਿਆ ਹੈ। ਕੁਝ ਕੁ ਨੇ ਵਿਅਕਤੀ ਦੀ ਕਾਵਿਕ ਤਸਵੀਰ, ਸੁਭਾਅ ਅਤੇ ਰਚਨਾ ਕਾਰਜ ਦੀ ਗੱਲ ਕੀਤੀ ਹੈ। ਇਹ ਕਲਾ ਰੂਪ ਵਧੇਰੇ ਕਰਕੇ ਮੁਕਤ ਛੰਦ ਹੀ ਹੈ, ਭਾਵੇਂ ਇੱਕਾ-ਦੁੱਕਾ ਨੇ ਗ਼ਜ਼ਲ, ਗੀਤ ਜਾਂ ਬੋਲੀਆਂ ਨੂੰ ਵੀ ਆਪਣਾ ਮਾਧਿਅਮ ਬਣਾਇਆ ਹੈ। ਸੋ ਕਾਵਿ-ਚਿੱਤਰਾਂ ਦੇ ਖੇਤਰ ਵਿੱਚ ਵੀ ਵਿਭਿੰਨ ਮੌਲਿਕ ਪ੍ਰਯੋਗ ਹੋ ਰਹੇ ਦ੍ਰਿਸ਼ਟੀਗੋਚਰ ਹੁੰਦੇ ਹਨ।

ਹੱਥਲੀ ਕਾਵਿ-ਚਿੱਤਰ ਪੁਸਤਕ ‘ਵਰਣਾਂ ਦੇ ਵਣਜਾਰੇ’ ਪ੍ਰਸਿੱਧ ਸਥਾਪਿਤ ਕਵੀ ਪ੍ਰੋ. ਰਵਿੰਦਰ ਭੱਠਲ ਦੀ ‘ਦਸਵੀਂ’ ਕਾਵਿ-ਸਿਰਜਣਾ ਹੈ। ਉਹ ਮੂਲ ਰੂਪ ਵਿੱਚ ਕਵੀ ਹਨ। ਸਾਲ 1969 ਤੋਂ ਉਹ ਨਿਰੰਤਰ ਕਵਿਤਾ ਲਿਖ ਰਹੇ ਹਨ। ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਨੇ 2003 ਵਿੱਚ ‘ਸ਼੍ਰੋਮਣੀ ਕਵੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ, ਲਿਖਾਰੀ ਸਭਾ ਬਰਨਾਲਾ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਰਹੇ ਹਨ। ਪ੍ਰੋ. ਭੱਠਲ ਦੀ ਵਧੇਰੇ ਕਵਿਤਾ ਮੁਕਤ ਛੰਦ ਵਿੱਚ ਹੈ, ਪਰੰਤੂ ਖੁੱਲ੍ਹੀ ਕਵਿਤਾ ਨੂੰ ਵੀ ਉਹ ਸਟੇਜ ਤੋਂ ਜਦੋਂ ਬੋਲ ਕੇ ਸੁਣਾਉਂਦੇ ਹਨ ਤਾਂ ਸਰੋਤੇ ਮੰਤਰ-ਮੁਗਧ ਹੋ ਜਾਂਦੇ ਹਨ। ਉਨ੍ਹਾਂ ਦਾ ਅੰਦਾਜ਼-ਏ-ਬਿਆਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਅਨੂਠਾ ਹੈ। ਉਹ ਸਟੇਜ-ਸੰਚਾਲਨ ਵਿੱਚ ਵੀ ਨਿਪੁੰਨ ਹਨ। ਇਸੇ ਕਰਕੇ ਉਨ੍ਹਾਂ ਨੂੰ ‘ਸਟੇਜ ਦੇ ਧਨੀ’ ਵਜੋਂ ਜਾਣਿਆ ਜਾਂਦਾ ਹੈ।

‘ਵਰਣਾਂ ਦੇ ਵਣਜਾਰੇ’ ਪੁਸਤਕ ਵਿੱਚ ਕੁੱਲ 18 ਲੇਖਕਾਂ ਦੇ ਕਾਵਿ-ਚਿੱਤਰ ਹਨ। ਇਸ ਵਿੱਚ ਮਨਮੋਹਨ ਬਾਵਾ, ਮੋਹਨ ਕਾਹਲੋਂ, ਜਰਨੈਲ ਸੇਖਾ, ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ, ਨਿਰੰਜਨ ਤਸਨੀਮ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਜਸਬੀਰ ਭੁੱਲਰ, ਜਗੀਰ ਸਿੰਘ ਜਗਤਾਰ, ਜੋਗਾ ਸਿੰਘ, ਪ੍ਰੋ. ਪ੍ਰੀਤਮ ਸਿੰਘ ਰਾਹੀ, ਡਾ. ਤੇਜਵੰਤ ਮਾਨ, ਬਸੰਤ ਕੁਮਾਰ ਰਤਨ, ਸਾਧੂ ਸਿੰਘ ਬੇਦਿਲ, ਰਮਾ ਰਤਨ, ਪ੍ਰੋ. ਰਾਜਪਾਲ ਸਿੰਘ ਤੇ ਪ੍ਰੀਤਮ ਰਸੀਆ ਸ਼ਾਮਿਲ ਹਨ।

ਪ੍ਰੋ. ਭੱਠਲ ਹੁਰਾਂ ਨੇ ਇਸ ਪੁਸਤਕ ਦੇ ਇਨ੍ਹਾਂ ਲਾਸਾਨੀ ਮਹਾਨ ਪੁਰਖਾਂ ਦੇ ਜੀਵਨ ਬਾਰੇ ਰਚੇ ਕਾਵਿ-ਚਿੱਤਰਾਂ ਨੂੰ ਵਿਸ਼ੇਸ਼ਣੀ ਨਾਮ ਦਿੱਤੇ ਹਨ, ਜਿਵੇਂ- ਵੈਰੋਵਾਲ ਦਾ ਬਾਵਰਾ (ਮਨਮੋਹਨ ਬਾਵਾ), ਰਾਵੀ ਦਾ ਪੁੱਤ (ਮੋਹਨ ਕਾਹਲੋਂ), ਦੇਸੀ ਘਿਉ ਦਾ ਬਲ਼ਦਾ ਚਿਰਾਗ਼ (ਜਰਨੈਲ ਸੇਖਾ), ਸਾਵਾ ਬਿਰਖ (ਗੁਰਭਜਨ ਗਿੱਲ), ਸਾਹਿਤ ਅੰਬਰ ਦੀ ਕਹਿਕਸ਼ਾਂ (ਜੰਗ ਬਹਾਦਰ ਗੋਇਲ), ਅੰਤਰੀਵੀ ਭਾਵਨਾਵਾਂ ਦਾ ਸਿਰਜਕ (ਨਿਰੰਜਨ ਤਸਨੀਮ), ਰੇਗਿਸਤਾਨ ’ਚ ਵਹਿੰਦਾ ਦਰਿਆ (ਰਾਮ ਸਰੂਪ ਅਣਖੀ), ਅਜੀਬ ਜਿਹੀ ਵਰਣਮਾਲਾ (ਓਮ ਪ੍ਰਕਾਸ਼ ਗਾਸੋ), ਖੁੱਲ੍ਹੀਆਂ ਉਡਾਣਾਂ ਦਾ ਸ਼ਬਦਗੀਰ (ਜਸਬੀਰ ਭੁੱਲਰ), ਅਣਮੁੱਕ ਰਾਹਾਂ ਦਾ ਅਣਥੱਕ ਰਾਹੀ (ਜਗੀਰ ਸਿੰਘ ਜਗਤਾਰ), ਆਪਣੀ ਮਿੱਟੀ ਦਾ ਜਾਇਆ (ਜੋਗਾ ਸਿੰਘ), ਕਾਲੇ ਹੰਸ ਦਾ ਵਜੂਦ (ਪ੍ਰੀਤਮ ਸਿੰਘ ਰਾਹੀ), ਜਿਉਣੇ ਮੋੜ ਦੀ ਰੂਹ (ਤੇਜਵੰਤ ਮਾਨ), ਸਾਡੇ ਸਮਿਆਂ ਦਾ ਵੇਦ ਵਿਆਸ (ਬਸੰਤ ਕੁਮਾਰ ਰਤਨ), ਮਾਲਵੇ ਦੀ ਰੂਹ (ਸਾਧੂ ਸਿੰਘ ਬੇਦਿਲ), ਬੱਦਲਾਂ ਵਾਂਗ ਵਿਚਰਦੀ (ਰਮਾ ਰਤਨ), ਗੁਆਚੀ ਪੈੜ ਦਾ ਸਿਰਨਾਵਾਂ (ਪ੍ਰੋ. ਰਾਜਪਾਲ ਸਿੰਘ) ਅਤੇ ਅਧੂਰੀ ਨਜ਼ਮ (ਪ੍ਰੀਤਮ ਰਸੀਆ)। ਪ੍ਰੋ. ਭੱਠਲ ਦੇ ਇਹ ਸਾਰੇ ਕਾਵਿ ਚਿੱਤਰ ਚਾਰ ਤੋਂ ਨੌਂ ਸਫ਼ਿਆਂ ਦੇ ਆਕਾਰ ਵਿੱਚ ਫੈਲੇ ਹੋਏ ਹਨ। ਬੜੀ ਹੀ ਸਰਲ ਭਾਸ਼ਾ ਵਿੱਚ ਨਿੱਕੇ-ਨਿੱਕੇ ਵਾਕਾਂ ਵਿੱਚ ਮੋਤੀਆਂ ਸਮਾਨ ਹਰਫ਼ਾਂ ਵਿੱਚ ਪਰੋਏ ਹੋਏ ਹਨ। ਇਨ੍ਹਾਂ ਦਾ ਪਾਠ ਕਰਦਿਆਂ ਕਿਧਰੇ ਵੀ ਅਕੇਵਾਂ ਮਹਿਸੂਸ ਨਹੀਂ ਹੁੰਦਾ। ਕਾਵਿ-ਚਿੱਤਰ ਪਾਠਕ ਨੂੰ ਸੰਬੰਧਿਤ ਵਿਅਕਤੀ ਨਾਲ ਮੇਲ ਕਰਾਉਂਦਿਆਂ ਉਸ ਦੀਆਂ ਯਾਦਾਂ ਨੂੰ ਅੱਖਾਂ ਸਾਹਵੇਂ ਤਰੋਤਾਜ਼ਾ ਕਰ ਦਿੰਦੇ ਹਨ। ਐਵੇਂ ਹੀ ਵਾਧੂ ਦੇ ਵਿਸ਼ੇਸ਼ਣ ਲਾ ਕੇ ਬਨਾਉਟੀ ਪ੍ਰਸੰਸਾਤਮਕ ਲਫ਼ਜ਼ੀ ਬੋਝ ਵੀ ਨਹੀਂ ਪਾਇਆ ਗਿਆ, ਸਗੋਂ ਵਿਅਕਤੀ ਵਿਸ਼ੇਸ਼ ਦੇ ਨੇੜਲੇ ਅਨੁਭਵਾਂ ਦਾ ਢੁਕਵੇਂ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਸਾਰੇ ਹੀ ਪ੍ਰੋ. ਭੱਠਲ ਦੇ ਜਾਣੇ-ਪਛਾਣੇ ਚਿਹਰੇ ਹਨ। ਵਧੇਰੇ ਉਨ੍ਹਾਂ ਦੇ ਨਿੱਜੀ ਸੰਪਰਕ ਵਿੱਚ ਰਹੇ ਹਨ ਅਤੇ ਕੁਝ ਕੁ ਉਹ ਵੀ ਹਨ, ਜਿਨ੍ਹਾਂ ਤੋਂ ਉਹ ਖ਼ੁਦ ਪ੍ਰਭਾਵਿਤ ਹੋਏ ਹਨ। ਕੁਝ ਕੁ ਦੇ ਨਾਮ ਉਨ੍ਹਾਂ ਦੇ ਪਿੰਡਾਂ, ਇਲਾਕਿਆਂ ਵੱਲ ਇਸ਼ਾਰਾ ਕਰਦੇ ਹਨ, ਕਈ ਵਿਅਕਤੀ ਦੇ ਸੁਭਾਅ ਅਤੇ ਕਾਰਜ ਵੱਲ ਸੇਧਿਤ ਹਨ। ਕੁਝ ਕੁ ਅਧੂਰੀ ਨਜ਼ਮ ਵਾਲੇ ਪ੍ਰੀਤਮ ਸਿੰਘ ਰਸੀਏ ਦੀ ਤਰ੍ਹਾਂ ਅਗੇਤੇ ਹੀ ਜੁਦਾ ਹੋ ਗਏ ਹਨ। ਇਵੇਂ ਹੀ ਰਾਜਪਾਲ ਸਿੰਘ ‘ਗੁਆਚੀ ਪੈੜ ਦਾ ਸਿਰਨਾਵਾਂ’ ਬਣ ਕੇ ਰਹਿ ਗਿਆ ਹੈ।

ਮਾਲਵਾ ਇਲਾਕੇ ਵਿੱਚ ਬਰਨਾਲਾ ਦੇ ਜੰਮਪਲ ਪ੍ਰੋ. ਭੱਠਲ ਦੇ ਇਸ ਸੰਗ੍ਰਹਿ ਦੀ ਭਾਸ਼ਾ ਵਿੱਚ ਠੇਠ ਮਲਵਈ ਦੀ ਸ਼ਬਦਾਵਲੀ ਭਰੀ ਪਈ ਹੈ। ਪਾਤਲੀਆਂ, ਪੋਟੇ, ਮਲਕ ਮਲਕ ਪੈਰ ਪੁੱਟਦਾ, ਅੱਖੜ ਅੱਖ, ਕੱਕੀ ਜਿਹੀ ਮੋਹ-ਮਿੱਟੀ, ਜੂਹ, ਪਹੇ ਪਗਡੰਡੀਆਂ, ਪਹਿਲ-ਪਲੇਠੀ, ਬਾਤਾਂ ਪਾਉਂਦਾ, ਪੁ ੱਠੀਆਂ ਆਦਤਾਂ, ਤਿਕੜਮਬਾਜ਼, ਦਸੂਤੀ ’ਤੇ ਕੱਢਿਆ ਮਲਾਗੀਰੀ ਫੁੱਲ, ਛੜੱਪੇ ਮਾਰਦੀ ਵਰਗੇ ਸ਼ਬਦ ਇਸ ਪੁਸਤਕ ਦੁਆਰਾ ਪੱਕੇ ਤੌਰ ’ਤੇ ਸਾਂਭੇ ਗਏ ਹਨ। ਪੁਸਤਕ ਵਿੱਚ ਕਿੰਨੇ ਹੀ ਥਾਂ ਕਹਾਣੀ ਧਾਰਾ ਵਹਿ ਰਹੀ ਹੈ, ਕਿਧਰੇ ਨਾਟਕੀ-ਸੰਵਾਦ ਹਨ, ਕਿਤੇ ਪ੍ਰਸ਼ਨਾਂ ਰਾਹੀਂ ਵਿਅਕਤੀ ਚਿੱਤਰ ਖਿੱਚਿਆ ਹੈ, ਕਿਤੇ-ਕਿਤੇ ਬੁਝਾਰਤ ਪਾ ਕੇ ਨਾਇਕ ਦੀ ਪਹਿਚਾਣ ਕਰਾਈ ਗਈ ਹੈ। ਪੁਸਤਕ ਦਾ ਇੱਕ-ਇੱਕ ਪਾਤਰ ਆਪਣੀ ਨਿਵੇਕਲੀ ਹੋਂਦ ਦਾ ਸੁਆਮੀ ਹੈ।

ਪ੍ਰੋ. ਭੱਠਲ ਨੇ ਜਿਵੇਂ ਆਪਣੇ ਸ੍ਰੇਸ਼ਟ ਸਤ-ਪੁਰਖਾਂ ਦੇ ਚਿਤਰਣ ਕੀਤੇ ਹਨ, ਉਸੇ ਤਰ੍ਹਾਂ ਦੇ ਉਸ ਕਾਵਿ ਵਿੱਚ ਭਾਸ਼ਾ ਤੇ ਵਾਕ ਪ੍ਰਯੋਗ ਕੀਤੇ ਹਨ। ਭਾਵ ਵਿਅਕਤ ਕਰਨ ਵਿੱਚ ਸੂਖਮਤਾ, ਕਲਪਨਾ ਅਤੇ ਸੁਹਜ ਸੌਂਦਰਯ ਦਾ ਅਨੂਠਾ ਸਮਾਵੇਸ਼ ਹੈ। ਵਡਿਆਈ ਨਾ ਕਰ ਕੇ ਗੁਣਾਂ ਨਾਲ ਕਮੀਆਂ ਦਾ ਵੀ ਜ਼ਿਕਰ ਹੈ। ਜ਼ਿੱਦੀ, ਤਿਕੜਮਬਾਜ਼, ਬਦਨਾਮ ਆਤਮਾ ਦਾ ਚੋਗ਼ਾ, ਹਾਰੇ ਪੋਰਸ ਵਾਂਗ, ਮੂੰਹ ਫੱਟ, ਅਡਿੱਗ, ਅਮੋੜ, ਦ੍ਰਿੜ ਤੇ ਹਠੀ, ਕ੍ਰੋਧਿਤ ਸਾਹਿਤਕਾਰ ਵਰਗੇ ਲਕਬ ਵੀ ਉਸ ਦੇ ਕਈ ਪਾਤਰਾਂ ਦੇ ਸੁਭਾਅ ’ਤੇ ਉਂਗਲ ਧਰਦੇ ਹਨ। ਇਉਂ ਪ੍ਰੋ. ਭੱਠਲ ਦੇ ਇਨ੍ਹਾਂ ਕਾਵਿ-ਚਿੱਤਰਾਂ ਵਿੱਚ ਯਥਾਰਥਵਾਦੀ ਪ੍ਰੇਰਨਾ ਵਾਲੇ ਕਾਵਿਕ-ਅਨੁਭਵ ਹਨ।

‘ਵਰਣਾਂ ਦੇ ਵਣਜਾਰੇ’ ਪੁਸਤਕ ਦਾ ਪਾਠ ਪੜ੍ਹਨ ਉਪਰੰਤ ਇਹ ਸਿੱਟਾ ਨਿਕਲਦਾ ਹੈ ਕਿ ਪ੍ਰੋ. ਭੱਠਲ ਦੀ ਇਹ ਸਮੁੱਚੀ ਕਾਵਿ-ਰਚਨਾ ਆਸ਼ਾਵਾਦੀ ਹੈ, ਚੜ੍ਹਦੀ ਕਲਾ ਦੀ ਵਾਹਕ ਹੈ, ਚੰਗੇਰੇ ਬੀਜ ਬੀਜ ਕੇ ਜਾਣ ਦੀ ਪ੍ਰੇਰਕ ਹੈ। ਜਦੋਂ ਤੱਕ ਇਸ ਦੁਨੀਆ ’ਤੇ ਹੋ, ਉਦੋਂ ਤੱਕ ਹੱਕ-ਸੱਚ ਦੀ ਆਵਾਜ਼ ਬਣੋ, ਦੀਨ ਦੁਖੀ-ਦਰਦਵੰਦ ਦੇ ਸਹਾਇਕ ਹੋਵੋ, ਹੌਸਲਾ ਦੇਣ ਵਾਲੇ ਅਤੇ ਉਤਸ਼ਾਹ ਭਰਨ ਵਾਲੇ ਮਹਿਕਦੇ ਫੁੱਲ ਬਣ ਖਿੜੋ, ਤਾਂ ਜੋ ਤੁਹਾਡੇ ਜੀਂਦੇ ਵੀ ਤੇ ਚਲੇ ਜਾਣ ’ਤੇ ਵੀ ਤੁਹਾਡਾ ਬੇਦਾਗ਼ ਅਤੇ ਬੇਲਾਗ ਚਿਹਰਾ ਸਤਿਕਾਰ ਦਾ ਪਾਤਰ ਬਣਿਆ ਰਹੇ।

ਅਜਿਹਾ ਸੰਦੇਸ਼ ਦਿੰਦੀ ਇਸ ਪੁਸਤਕ ਦਾ ਅਭਿਨੰਦਨ ਹੈ ਅਤੇ ਮਧੁਰ ਆਵਾਜ਼, ਧੀਮੇ ਬੋਲ ਅਤੇ ਛਣ-ਛਣ ਕਰਦੇ ਸ਼ਾਲੀਨ ਹਰਫ਼ਾਂ ਦੇ ਘਾੜੇ ਪ੍ਰੋ. ਰਵਿੰਦਰ ਭੱਠਲ ਦੀ ਸ਼ਾਲੀਨਤਾ ਭਰਪੂਰ ਸਤਿਅਮ, ਸ਼ਿਵਮ, ਸੁੰਦਰਮ ਲਿਖਦੀ ਕਲਮ ਨੂੰ ਸਤਿਕਾਰ, ਸਿਜਦਾ!!

- ਤੇਜਾ ਸਿੰਘ ਤਿਲਕ
ਪ੍ਰਧਾਨ, ਪੰਜਾਬੀ ਸਾਹਿਤ ਸਭਾ (ਰਜਿ.)
ਬਰਨਾਲਾ-148101
ਸੰਪਰਕ : 98766-36159


ਵੈਰੋਵਾਲ ਦਾ ਬਾਵਰਾ (ਮਨਮੋਹਨ ਬਾਵਾ)

ਦਰਿਆ ਬਿਆਸਾ ਦੀ ਲਹਿੰਦੀ ਗੁੱਟੇ ਅਣਗੌਲੇ ਜਿਹੇ ਗਰਾਂ ਵੈਰੋਵਾਲ ਦੇ ਕੱਚੇ-ਪੱਕੇ ਜਿਹੇ ਘਰਾਂ ’ਚ ਵਸਦੇ ਬਾਵਿਆਂ ਦੇ ਟੱਬਰ ’ਚ, ਰੂੰ ਦੇ ਗੋਹੜੇ ਜਿਹੇ ਮਨਮੋਹਣੀ ਸੂਰਤ ਵਾਲੇ ਬਾਲਕ ਦੇ ਪੈਰ ਧੋਂਦਿਆਂ ਮਾਂ ਜਦੋਂ ਪੈਰਾਂ ਦੀਆਂ ਪਾਤਲੀਆਂ ’ਚ ਪਈ ਰੇਖਾ ਤੱਕਦੀ ਤਾਂ ਕਿੰਨਾ ਕਿੰਨਾ ਚਿਰ ਪੁੱਤ ਦੇ ਮੂੰਹ ਵਲ ਅਪਾਰ ਅਪਣੱਤ ’ਚ ਤੱਕਦੀ ਰਹਿੰਦੀ ਪਰ ਉਸ ਮਮਤਾ-ਵਿੰਨੀ ਮਾਂ ਨੂੰ ਕੀ ਪਤਾ ਸੀ ਕਿ ਬਾਲ-ਪੈਰਾਂ ’ਚ ਪਈ ਰੇਖਾ ਰਾਜ-ਰੇਖਾ ਨਹੀਂ, ਰਾਹ-ਰੇਖਾ ਹੈ ਤੇ ਇਹਨਾਂ ਪੈਰਾਂ ਨੇ ਕਿਸੇ ਸਿੰਘਾਸਣ ਤੇ ਨਹੀਂ ਟਿਕਣਾ ਸਗੋਂ ਅਜੀਬ ਜਗਿਆਸਾ ਲੈ ਸ਼ਾਹੀ-ਸਵਾਰ ਵਾਂਗੂੰ ਨਹੀਂ ਇਕ ਫੱਕਰ ਜਗਿਆਸੂ ਵਾਂਗ ਅਣਗਾਹੇ ਥਾਵਾਂ ਗਿਰਾਵਾਂ ਨੂੰ ਜਾਨਣ ਪਛਾਨਣ ਤੁਰ ਪੈਣਾ ਹੈ ਤੇ ਉਸ ਬਾਵਰੇ ਬਾਵੇ ਨੂੰ ਵੀ ਨਹੀਂ ਸੀ ਪਤਾ ਕਿ ਕਦੋਂ ਤੇ ਕਿਵੇਂ ਇਹ ਰਾਜ-ਰੇਖਾ, ਨਹੀਂ ਰਾਹ-ਰੇਖਾ ਪਾਤਲੀਆਂ ਤੋਂ ਹੁੰਦਿਆਂ ਹੁੰਦਿਆਂ ਪੋਟਿਆਂ ਤੇ ਆ ਗਈ ਤੇ ਉਹ ਸਾਹਿਤ ਰਚਨਾ ਦੇ ਵਹਿਣੀ ਪਿਆ ਆਪਣੇ ਅਨੁਭਵਾਂ ਨੂੰ ਪਾਈਆਂ ਪੈੜਾਂ ਨੂੰ ਮਨ ’ਚ ਮਚਲਦੇ ਸੁਪਨਿਆਂ ਨੂੰ ਕੋਰੇ ਵਰਕਿਆਂ ਤੇ ਉਲੀਕਣ ਲੱਗ ਪਿਆ ਅਤੇ ਪੈਰੀਂ ਪਈਆਂ ਵਾਟਾਂ ਨੂੰ ਨਕਸ਼ਿਆਂ ’ਚ ਰੂਪਮਾਨ ਕਰਦਾ ਰਿਹਾ ਇੰਜ ਉਹ ਪਰਬਤ-ਆਰੋਹੀ ਹੀ ਨਹੀਂ ਪਰਬਤ-ਆਰੋਹੀਆਂ ਦਾ ਰਾਹ-ਦਿਸੇਰਾ ਵੀ ਬਣਿਆ। ਜਦੋਂ ਲੋੜਾਂ-ਧੁੜਾਂ ਦਾ ਮਾਰਿਆ ਬਾਵਿਆਂ ਦਾ ਇਹ ਟੱਬਰ ਵੈਰੋਵਾਲ ਤੋਂ ਧੂਰੀ ਹੁੰਦਾ ਦਿੱਲੀ ਆ ਵਸਿਆ ਤਾਂ ਉਦੋਂ ਅਜ਼ਾਦੀ ਦੀ ਨਾ ਮਿਲਵਰਤਣ ਲਹਿਰ ਆਪਣੇ ਜ਼ੋਰਾਂ ਤੇ ਸੀ ਉਦੋਂ ਹੀ ਅਣਦਾੜ੍ਹੀਏ ਮਨਮੋਹਨ ਤੇ ਮਨਜੀਤ ਕਿਰਾਏ ਤੇ ਸਾਈਕਲ ਲੈ ਮਨ ਦੀ ਵੱਖਰੀ ਹੀ ਅਜ਼ਾਦੀ ਦੇ ਰਾਹ ਤੁਰ ਪਏ ਉਹਨਾਂ ਦਾ ਟੀਚਾ ਤਾਂ ਬੱਸ ਇਤਿਹਾਸਕ ਥਾਵਾਂ ਤੇ ਖੰਡਰਾਂ ਨੂੰ ਤੱਕਣ ਦਾ ਸੀ ਫਿਰ ਇਹ ਜਗਿਆਸਾ ਵੱਧਦੀ ਵੱਧਦੀ ਲਗਨ ਤੋਂ ਜਨੂੰਨ ਵਿਚ ਬਦਲਦੀ ਗਈ ਜੋ ਆਦਿ-ਵਾਸੀਆਂ, ਜੰਗਲੀ ਕਬੀਲਿਆਂ ਦੇ ਵਿਵਹਾਰ ਤੇ ਸਭਿਆਚਾਰ ਨੂੰ ਜਾਨਣ-ਪਛਾਨਣ ਦੀ ਸੀ ਫਿਰ ਇਹ ਯਾਤਰਾ ਮੀਲਾਂ ਕੋਹਾਂ ਤੋਂ ਵੀ ਪਰ੍ਹਾਂ ਸਾਲਾਂ ਤੇ ਸਦੀਆਂ ਨਾਪਣ ਵੱਲ ਵੀ ਤੁਰ ਪਈ। ਐਪਰ ਬਾਵਰੇ ਬਾਣੇ ਦੀਆਂ ਇਹ ਯਾਤਰਾਵਾਂ ਬੇਮਕਸਦ ਭੌਣ ਨਹੀਂ ਸੀ ਹਰ ਮੋੜ ਤੇ ਨਵੀਂ ਖੋਜ, ਨਵੀਂ ਕਥਾ ਇਤਿਹਾਸ ਮਿਥਿਹਾਸ ਦਾ ਨਵਾਂ ਹੀ ਪ੍ਰਸੰਗ ਉਸਨੇ ਸਾਹਸ, ਸੁਚੱਜ ਤੇ ਸੁਹਿਰਦਤਾ ਸੰਗ ਪ੍ਰਾਚੀਨ ਇਤਿਹਾਸ ਨੂੰ, ਪੌਰਾਣ ਸਾਹਿਤ ਨੂੰ ਤੇ ਲੋਪ ਜ਼ਿੰਦਗੀ ਜਿਉਂ ਰਹੇ ਪਾਤਰਾਂ ਦੇ ਅਣਕਹੇ ਤੇ ਘੱਟ-ਕਹੇ ਸੱਚ ਨੂੰ ਆਪਣੀ ਗਲਪ ਵਿਧੀ ਨਾਲ ਜਿਵੇਂ ਉਜਾਗਰ ਕੀਤਾ ਉਹ ਸੱਚ ਹੀ ਅਮੰਨਣ ਯੋਗ ਕਾਰਜ ਹੈ ਪਰ ਮੰਨਣਾ ਪੈਂਦਾ ਹੈ। ਇੰਜ ਬਾਵਾ ਯਾਤਰੀ ਇਕੋ ਸਮੇਂ ਇਕਹਿਰੀ ਨਹੀਂ ਦੂਹਰੀ ਯਾਤਰਾ ਕਰਦਾ ਥੇਹਾ, ਮਕਬਰਿਆਂ, ਤੇ ਖੜੋ ਕੇ ਸਿਰਫ਼ ਰੇਖਾ-ਚਿੱਤਰਾਂ ’ਚ ਨਹੀਂ ਸੀ ਉਲੀਕਦਾ ਸਗੋਂ ਉਹਨਾਂ ਪੱਥਰਾਂ ਥੱਲੇ ਦੱਬੀ, ਸਿਸਕਦੀ ਸਭਿਅਤਾ ਦੀ ਨਿਸ਼ਾਨ-ਦੇਹੀ ਕਰਦਾ ਮਰ ਮੁੱਕ ਚੁੱਕੇ ਪਾਤਰਾਂ ਨਾਲ ਵੀ ਸੰਬਾਦੀ ਸੁਰ ਵਿਚ ਅਲਾਪ ਕਰਦਾ ਇਹੀ ਅਲਾਪ ਸੁਣ, ਲਿਖਤਾਂ ਪੜ੍ਹ ਲਗਦੈ ਕਿ ਇਤਿਹਾਸ ਦੇ ਪੰਨਿਆਂ ’ਤੇ ਉੱਕਰੇ ਦਿਸਦੇ ਭਾਰਤ ਤੋਂ ਬਿਨਾਂ ਇਕ ਹੋਰ ਅਦਿਸਦਾ ਭਾਰਤ ਵੀ ਹੈ ਤੇ ਜਦੋਂ ਅਤੀਤ ਦੇ ਅਨੁਭਵ ਨੂੰ ਸਮਕਾਲੀ ਅਨੁਭਵ ਨਾਲ ਮੇਚਦਾ ਹੈ ਤਾਂ ਉਹਦੇ ਹੱਥ ਚੁੰਮਣ ਨੂੰ ਜੀ ਕਰਦਾ ਹੈ ਤੇ ਯਾਤਰਾ ਸੰਸਮਰਣ ਪੜ੍ਹਦਿਆਂ ਇਉਂ ਲਗਦੈ ਜਿਵੇਂ ਮੈਂ ਉਹਦੇ ਪਿੱਛੇ ਸਾਈਕਲ ਦੇ ਕੈਰੀਅਰ ਤੇ ਬੈਠਾ ਹੋਵਾਂ। ਸਾਡੇ ਇਸ ਬਾਵਰੇ ਬਾਵੇ ਨੇ ਪੰਜਾਬੀ ਗਲਪ ਵਿਚ ਅਸਲੋਂ ਨਵੇਂ ਹੀ ਧਰਾਤਲ ਤਲਾਸ਼ੇ ਇਬਾਰਤ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਤੇ ਨਿਵੇਕਲੇ ਹੀ ਗੁੰਬਦ ਖੜੇ ਕੀਤੇ ਨਰਬਲੀ, ਅਜਾਤ ਸੁੰਦਰੀ, ਕਾਲਾ ਕਬੂਤਰ ਵਿਚਲੀਆਂ ਕਹਾਣੀਆਂ ਮਕਸਦ-ਹੀਣ ਨਹੀਂ ਤਨ ਨੂੰ ਲੁਭਾਉਂਦੀਆਂ ਨਹੀਂ, ਝੰਜੋੜਦੀਆਂ ਹਨ ਮਨ-ਮਸਤਕ ’ਤੇ ਤਿਉੜੀਆਂ ਤਕ ਪਾ ਜਾਂਦੀਆਂ ਉਹਨਾਂ ਦੀ ਤਹਿ ਤਕ ਜਾਣ ਲਈ ਪਾਠਕ ਨੂੰ ਮਜ਼ਬੂਰ ਕਰਦੀਆਂ। ਐਪਰ ਉਥੋਂ ਤਕ ਪਹੁੰਚਣ ਲਈ ਪ੍ਰਚਲਿਤ ਸਮੀਖਿਆ ਸਿਧਾਂਤਾਂ ਤੋਂ ਪਰ੍ਹਾਂ ਹਟ ਕੇ ਜਾਂ ਮੁਕਤ ਹੋ ਕੇ ਨਵੀਆਂ ਪਗਡੰਡੀਆਂ ਤੇ ਤੁਰਨਾ ਪਵੇਗਾ ਪਰ ਇਹ ਔਖਾ ਹੈ, ਕੋਈ ਸੌਖਾ ਨਹੀਂ। ਹਾਸ਼ੀਏ ਤੇ ਸੁੱਟ ਦਿੱਤੇ ਗਏ ਅਣਪਛਾਤੇ ਭਾਰਤੀਆਂ ਦੇ ਹਉਕੇ ਹਾਵੇ ਉਹਨਾਂ ਦੀ ਮੂਕ ਪੁਕਾਰ ਨੂੰ ਪਛਾਨਣਾ ਬਾਵਾ ਦੀ ਸਿਰਜਣਾ ਦਾ ਸਿਦਕ ਹੈ ਇਸੇ ਲਈ ਉਹਦੀ ਹਰ ਕਥਾ ਵੰਗਾਰ ਹੈ ਬਾਵੇ ਦਾ ਇਹ ਫ਼ਿਕਰ ਵੀ ਸਿਰ ਚੜ੍ਹ ਬੋਲਦਾ ਹੈ ਕਿ ਸਿੱਖ ਰਾਜ ਦੇ ਗੌਰਵਸ਼ਾਲੀ ਇਤਿਹਾਸ ਦਾ ਹਸ਼ਰ ਇੰਜ ਕਿਵੇਂ ਤੇ ਕਿਉਂ ਹੋਇਆ ਉਹ ਪੰਜਾਬੀਆਂ ਨੂੰ ਮਿਹਣੇ ਮਾਰਦਾ ਉਹਨਾਂ ਦੀਆਂ ਬੇਵਫ਼ਾਈਆਂ, ਬੇਸਮਝੀਆਂ ਤੇ ਝੂਰਦਾ ਕਿ ਕਿਉਂ ਸੂਰਬੀਰਤਾ ਤੇ ਕ੍ਰਾਂਤੀਕਾਰੀ ਭਾਵਨਾ ਦੇ ਹੁੰਦਿਆਂ ਸਿੱਖ ਰਾਜ ਕਾਇਮ ਨਹੀਂ ਰਹਿ ਸਕਿਆ। ਤੇ ਉਹਦਾ ਪੰਜਾਬ ਢਾਈ ਨਦੀਆਂ ਦਾ ਪੰਜਾਬ ਨਹੀਂ ਉਹ ਤੇ ਪੰਜਾਂ ਦਰਿਆਵਾਂ ਦੀ ਹਦੂਦ ਤੋਂ ਵੀ ਪਰ੍ਹਾਂ ਬੜੀ ਦੂਰ ਤਕ ਫੈਲਿਆ ਹੋਇਆ ਹੈ। ਸਾਹਿਤ ਵਿਚ ਅੱਖਾਂ ਮੀਚ ਤੁਰਦੀ ਭੀੜ ਦਾ ਉਹ ਯਾਤਰੀ ਨਹੀਂ ਦਿਸਦੇ ਨੂੰ ਹੀ ਦ੍ਰਿਸ਼ਟਮਾਨ ਕਰੀ ਜਾਣਾ ਉਹਦੀ ਕਲਮ ਦਾ ਅਕੀਦਾ ਨਹੀਂ ਉਹ ਤੇ ਵੱਖਰੇ ਰਾਹਾਂ ਤੇ ਤੁਰਦਾ ਹੱਕ-ਸੱਚ ਦਾ ਝੰਡਾ ਬਰਦਾਰ ਹੈ। ਮੈਂ ਜਿਸ ਬਾਵਰੇ ਦੀ ਗੱਲ ਕਰਨ ਲੱਗਾ ਹਾਂ ਉਸ ਕੋਲ ਮਹਾਂ ਨਗਰੀ ਮਨੁੱਖ ਵਾਲੀ ਚਤਰਾਈ ਜ਼ਰਾ ਭਰ ਵੀ ਨਹੀਂ ਉੱਕਾ ਹੀ ਦਿਖਾਵਾ ਨਹੀਂ ਹਉਮੈ ਦੀ ਕੁਸੈਲੀ ਨੀਤ ਨਹੀਂ ਪਰ ਅਮੋੜ ਮਨੁੱਖ ਵਾਲੇ ਸਭੋ ਹੀ ਮਾੜੇ-ਚੰਗੇ ਗੁਣ-ਔਗੁਣ ਜ਼ਰੂਰ ਹਨ। ਜਮਾਂ ਹੀ ਇਹੋ ਜਿਹੇ ਉਹਦੇ ਪਾਤਰ ਹਨ ਸੱਚ ਤੇ ਪਹਿਰਾ ਦੇਣ ਵਾਲੇ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਅਣਖ ਗ਼ੈਰਤ ਦੀ ਖਾਤਰ ਮਰ ਮਿਟਣ ਵਾਲੇ ਸੁਭਾ ਦੇ ਅੱਖੜ ਤੇ ਅਮੋੜ। ਇਹ ਬਾਵਾ ਦੀ ਕਲਮ ਵਿਚਲੀ ਕਰਾਮਾਤ ਹੀ ਸਮਝੋ ਕਿ ਕਿਵੇਂ ਉਸ ਇਹਨਾਂ ਪਾਤਰਾਂ ਦੇ ਨਿਰਜਿੰਦ ਜਿਸਮਾਂ ’ਚ ਭਖ਼ਦੀ ਜਾਨ ਫੂਕੀ ਤੇ ਕਿਸ ਜੁਗਤ ਸੰਗ ਸਮਕਾਲੀ ਅਨੁਭਵਾਂ ਦੇ ਹਾਣੀ ਬਣਾਇਆ ਇਹ ਬਾਵਾ ਹੀ ਜਾਣਦਾ ਹੈ ਜਾਂ ਉਸ ਵਿਚਲਾ ਹੱਦਾਂ-ਸਰਹੱਦਾਂ ਨੂੰ ਪਾਰ ਕਰਨ ਵਾਲਾ ਸਿਰੜੀ ਸਾਹਸ। ਆਪਣੀ ਹਰ ਰਚਨਾ ਵਿਚ ਇਤਿਹਾਸ ਮਿਥਿਹਾਸ ਦੇ ਲੁਕਵੇਂ ਤੇ ਅਣਸੁਖਾਵੇਂ ਤੱਥਾਂ ਤੇ ਸੱਚਾਂ ਨੂੰ ਬੇਲਾਗ ਤੇ ਬੇਬਾਕ ਹੋ ਕੇ ਪ੍ਰਗਟਾਉਣ ਦੀ ਅਥਾਹ ਸਮਰੱਥਾ ਦਾ ਉਹ ਸੁਆਮੀ ਹੈ ਪੁਨਰ ਸਿਰਜਣਾ ਜਾਂ ਵਿਰਚਨਾ ਕਰਦਿਆਂ ਝਿਜਕ ਜਾਂ ਖੌਫ਼ ਉਹਦੇ ਨੇੜੇ ਨਹੀਂ ਫਟਕਦਾ। ਬਾਵਾ ਬੜਾ ਸਹਿਜ ਹੈ ਲੇਖਣੀ ’ਚ ਵੀ ਤੇ ਸਫ਼ਰ ’ਚ ਵੀ ਕਾਹਲ ਕਦੇ ਉਹਨੂੰ ਕੀਲ ਨਹੀਂ ਸਕੀ ਉਹ ਬੜੀ ਛੇਤੀ ਅੱਖ ਦੇ ਫੋਰ ਵਿਚ ਉਮਰ ਤੇ ਰਿਸ਼ਤਾ ਬਦਲ ਲੈਂਦਾ ਹੈ ਬੱਚਿਆਂ ਨਾਲ ਗੱਲਾਂ ਕਰਦਾ ਉਹਨਾਂ ਦੇ ਹਾਣ ਦਾ ਬਾਲ ਹੁੰਦਾ ਹੈ ਤੇ ਹਾਣਦਿਆਂ ਵਿਚ ਇਕ ਦਮ ਸੁਹਜ ਸਿਆਣਪ ਦਾ ਚੋਲਾ ਪਹਿਨ ਲੈਂਦਾ ਹੈ। ਮੈਂ ਜਿਸ ਬਾਵਰੇ ਬਾਵੇ ਦੀ ਗੱਲ ਕਰ ਰਿਹਾ ਹਾਂ ਉਹ ਹਮੇਸ਼ਾ ਮਿਣ ਮਿਣ ਕੇ ਬੋਲਦਾ ਮਿਣ ਮਿਣ ਕੇ ਹੱਸਦਾ ਮਿਣ ਮਿਣ ਕੇ ਹੀ ਅਹਾਰ ਕਰਦਾ ਪਰ ਜਦੋਂ ਕਿਸੇ ਰਾਹੇ ਪੈਂਦਾ ਤਾਂ ਪਤਾ ਨਹੀਂ ਪੈਰਾਂ ’ਚ ਤੂਫ਼ਾਨ ਕਿਵੇਂ ਜਾਗ ਪੈਂਦੇ ਨਾ ਉਹ ਥੱਕਦਾ, ਨਾ ਉਹ ਅੱਕਦਾ ਥਕਾਵਟ ਨੂੰ ਉਹਦੇ ਪੈਰਾਂ ਨੇ ਉਦੋਂ ਹੀ ਤਿਲਾਂਜਲੀ ਦੇ ਦਿੱਤੀ ਸੀ ਜਦੋਂ ਪੈਰਾਂ ਨੂੰ ਬੂਟ ਵੀ ਨਹੀਂ ਸਨ ਜੁੜਦੇ ਤੇ ਜਦੋਂ ਪੈਰੀਂ ਬੂਟ ਪਏ ਵਾਟਾਂ ਉਹਦੇ ਪੈਰਾਂ ’ਚ ਵਿਛ ਵਿਛ ਗਈਆਂ। ਉਮਰ ਦੇ ਅੱਠਵੇਂ-ਨੌਵੇਂ ਦਹਾਕੇ ’ਚ ਆ ਕੇ ਵੀ ਯਾਤਰਾ ਉਹਦੇ ਨਸੀਬਾਂ ’ਚੋਂ ਨਹੀਂ ਗਈ ਸਗੋਂ ਹੋਰ ਬੁਲੰਦੀ ਨੂੰ ਛੋਹਣ ਲੱਗੀ ਅਜੇ ਵੀ ਉਹ ਵਾਟਾਂ ਨਾਪਦਾ ਨਹੀਂ, ਨੱਪਦਾ ਹੈ। ਸਾਡੀਆਂ ਗੱਲਾਂ ਵਿਚਲਾ ਇਹ ਬਾਵਰਾ ਬਾਵਾ ਵਸਦਾ ਮਹਾਂਨਗਰ ਦੇ ਹੌਜ਼ ਖਾਸ ਵਿਚ ਹੈ ਪਰ ਬਿਰਤੀ ਉਹਦੀ ਹਮੇਸ਼ਾ ਜੰਗਲਾਂ, ਪਰਬਤਾਂ, ਮਾਰੂਥਲਾਂ ਤੇ ਵੀਰਾਨਿਆਂ ਦੀਆਂ ਜੂਹਾਂ ਜੋਂਹਦੀ ਹੈ ਦੇਖਣੀ ਪਾਖਣੀ ’ਚ ਉਹ ਆਧੁਨਿਕ ਪਰ ਸੰਵੇਦਨਾ ਦੇ ਪੱਖੋਂ ਨਿਰਾ ਆਦਿਵਾਸੀ ਮਹਾਂਨਗਰੀ ਸਭਿਅਤਾ ਦੀ ਚਕਾਚੌਂਧ ਤੋਂ ਬੇਨਿਆਜ਼। ਜਾਂਗਲੀ ਕਬੀਲੇ ਤੇ ਆਦਿਵਾਸੀਆਂ ਦੇ ਅੱਧ-ਪਚੱਧੇ ਨੰਗ ਧੜੰਗੇ ਲੋਕ ਉਹਨੂੰ ਸੁਪਨੇ ’ਚ ਵੀ ਹਾਕਾਂ ਮਾਰਦੇ ਨਜ਼ਰ ਆਉਂਦੇ ਹਨ ਸ਼ਾਇਦ ਇੰਜ ਉਹ ਨਸਲੀ ਵਿਤਕਰਿਆਂ ਤੇ ਤੰਗ ਦਿਲੀ ਤੋਂ ਨਿਰਲੇਪ ਹੈ ਇਸੇ ਕਰਕੇ ਕਿੰਤੂ-ਪ੍ਰੰਤੂ ਕਰਦਿਆਂ ਨਾ ਤੇ ਉਹ ਝਿਜਕਦਾ ਹੈ ਤੇ ਨਾ ਹੀਂ ਕਦੇ ਥਿੜਕਦਾ ਹੈ ਦਲਿਤਾਂ ਬਾਰੇ ਗੱਲ ਕਰਦਾ ਕਰਦਾ ਉਹ ਜ਼ੋਖਮ ਉਠਾਉਣ ਤੋਂ ਜ਼ਰਾ ਭਰ ਵੀ ਭੈਅ ਨਹੀਂ ਖਾਂਦਾ ਸੱਚ ਹੀ ਉਹ ਬਾਵਰਾ ਹੈ, ਬਾਵਾ ਨਹੀਂ।

ਰਾਵੀ ਦਾ ਪੁੱਤ (ਮੋਹਨ ਕਾਹਲੋਂ)

ਉਹ ਧਰਮ ਸਿਹੁੰ ਦਾ ਧਰਮ ਤੋਂ ਨਿਰਾ ਬੇਮੁੱਖ ਅੱਲੜ੍ਹ, ਜ਼ਿੱਦੀ, ਸਖ਼ਤ, ਬੇਕਿਰਕ ਜ਼ਾਲਮ ਸੁਭਾਅ ਦਾ ਪੁੱਤਰ ਐ ਜੀਹਦੇ ਬਾਰੇ ਲੋਕ ਆਖਦੇ ਕਿ ਇਹ ਕਤਲ ਕਰੇਗਾ ਤੇ ਫਾਹੇ ਲੱਗੇਗਾ ਜਾਂ ਫਿਰ ਖ਼ੁਦ ਅੜਬਾਈ ਕਾਰਨ ਕਿਸੇ ਹੱਥੋਂ ਕਤਲ ਹੋਏਗਾ ਕੁਰੱਖਤ ਸੁਭਾਅ ਦਾ ਇਹ ਮੋਹਿਨੀ ਪਰ ਕੀ ਪਤਾ ਸੀ ਅੱਥਰੂਆਂ ਦੀ ਕਥਾ ਲਿਖੇਗਾ। ਉਹਨਾਂ ਦੀ ਭੌਂਇ ਰਾਵੀ ਦੇ ਉਰਵਾਰ ਵੀ ਤੇ ਪਾਰ ਵੀ ਲਾਂਘਾ ਸਿਰਫ਼ ਬੇੜੀਆਂ ਦਾ ਪੁਲ ਰਾਵੀ ਹੋਰਾਂ ਲਈ ਭਾਵੇਂ ਇਕ ਦਰਿਆ ਸੀ ਪਰ ਇਹਦੇ ਲਈ ਦਿਲ ਦੀ ਧੜਕਨ ਜਿਸਮ ’ਚ ਵਿਚਰਦੀ ਰੂਹ ਸੀ। ਸੁਣਿਐ ਕਿ ਉਹ ਬਚਪਨੇ ’ਚ ਦਰਿਆ ਦੇ ਪੱਤਣਾਂ ’ਤੇ ਬਰੇਤੀ ’ਚ ਟੋਏ ਪੁੱਟ ਚਾਘੀਆਂ ਲਾ ਲਾ ਪਾਣੀ ਪੀਂਦਾ ਰਿਹੈ ਇਹ ਪਾਣੀ, ਇਹ ਰੇਤ ਉਹਦੇ ਸੰਘੋਂ ਉਤਰ ਉਹਦੀ ਦੇਹ ’ਚ ਵੀ ਇਕ ਪੱਤਣ ਬਣਾ ਬੈਠੇ। ਇਸੇ ਕਾਰਨ ਸੁਭਾਅ ਤੋਂ ਬਿਲਕੁਲ ਹੀ ਵਿਪਰੀਤ ਉਸ ਬਾਰੇ ਕਿਸੇ ਨਹੀਂ ਸੋਚਿਆ ਹੋਣੈ ਕਿ ਕਿਸੇ ਦੀ ਅੱਖ ’ਚ ਡਲ੍ਹਕਦਾ ਅੱਥਰੂ ਵੇਖ ਉਹ ਸਿਰਫ਼ ਪਸੀਜਿਆ ਹੀ ਨਹੀਂ ਜਾਏਗਾ ਸਗੋਂ ਉਹਦੇ ਅੰਦਰੋਂ ਫੁੱਟੇ ਸ਼ਬਦਾਂ ’ਚ ਅੱਥਰੂ ਦੇ ਰੰਗਾਂ ਦਾ ਜ਼ਿਕਰ ਹੀ ਨਹੀਂ ਸੇਕ ਵੀ ਸਮਾਇਆ ਹੋਵੇਗਾ। ਸ਼ਾਇਦ ਇਸੇ ਕਰਕੇ ਹੀ ਉਹਦੇ ਨਾਵਲਾਂ ਦੀਆਂ ਨਾਇਕਾਵਾਂ ਕਦੇ ਕਦੇ ਉਹਦੇ ਚੇਤਿਆਂ ’ਚ ਆਉਂਦੀਆਂ ਤਾਂ ਬਿਰਧ ਅਵੱਸਥਾ ’ਚ ਵੀ ਉਹਦੇ ਦਿਲ ਦਰਿਆ ਦੇ ਕਿਨਾਰੇ ਛਲਕ ਉੱਠਦੇ ਨੇ। ਉਹ ਵਿਰਸੇ ਦੀ ਵਰੋਸਾਈ ਧਰਤੀ ’ਤੇ ਮਲ਼ਕ ਮਲ਼ਕ ਪੈਰ ਪੁੱਟਦਾ ਬਾਬੇ ਨਾਨਕ ਦੀਆਂ ਪੈਲ਼ੀਆਂ ’ਚੋਂ ਸੁਹਜ, ਸਲੀਕਾ, ਸਹਿਚਾਰ ਤੇ ਸਾਹਿਤ ਦੀ ਜਰਖੇਜ਼ ਮਿੱਟੀ ’ਚੋਂ ਉਹਦੀਆਂ ਪੈੜਾਂ ਲੱਭਦਾ ਬਿਰਖਾਂ ਤੋਂ ਬਾਬੇ ਦੇ ਕਰਤਾਰੀ ਬੋਲ ਸੁਣਦਾ ਰਿਹਾ। ਫਿਰ ਇਕ ਦਿਨ ਆਇਆ ਜਦੋਂ ਉਹ ਕੁਰੱਖਤ ਲਿਬਾਸ ਨੂੰ ਪਿੰਡੇ ਤੋਂ ਲਾਹ ਰਾਵੀ ਦੇ ਪਾਰ ਤੋਂ ਉਰਾਰ ਆ ਪਹੁੰਚਿਆ ਤਾਂ ਅੱਗਾਂ ਦੇ ਤਨ ਮਨ ਲੂੰਹਦੇ ਨਜ਼ਾਰੇ ਤੇ ਤਲਵਾਰਾਂ ਦੇ ਵਹਿਸ਼ੀ ਲਲਕਾਰੇ ਵੇਖ ਇਸ ਤਰ੍ਹਾਂ ਲਰਜ਼ਾ ਗਿਆ ਕਿ ਸਾਹਿਤ ਦੇ ਸੂਖ਼ਮ ਵਹਿੰਦੇ ਦਰਿਆ ਦੇ ਪੱਤਣਾਂ ਦਾ ਤਾਰੂ ਬਣ ਬੈਠਿਆ। ਉਹਦੀ ਕਲਮ ਦੇ ਚੱਪੂਆਂ ਨੇ ਦਰਦਾਂ ਦੀ ਗਾਥਾ ਛੋਹੀ ਇਹ ਦਰਦ ਸੀ ਧਰਤ ਦੇ ਵੰਡੇ ਜਾਣ ਦਾ ਪਿੰਡਾਂ ਦੇ ਉੱਜੜ ਜਾਣ ਦਾ ਪੱਤਣਾਂ ਦੇ ਖੁੱਸ ਜਾਣ ਦਾ ਘਰਾਂ ਦੇ ਵਿਹੜਿਆਂ ’ਚ ਪੀੜ ਦੇ ਪੈਰ ਪਸਾਰ ਬੈਠ ਜਾਣ ਦਾ ਤੜਫ਼ਦੀਆਂ ਮੱਛੀਆਂ ਦਾ ਬਰੇਤਿਆਂ ’ਤੇ ਪਈਆਂ ਬੇੜੀਆਂ ਦਾ ਪਰਾਈ ਧਰਤੀ ’ਤੇ ਲੁੱਛਦੇ ਵਿਲਕਦੇ ਸ਼ੁਦਾਈ ਰੁੱਖਾਂ ਦਾ ਜੰਗਾਂ ਯੁੱਧਾਂ ਦੇ ਸੁੰਨ ਕੀਤੇ ਘਰਾਂ ਦਾ। ਇਹੀ ਕਾਰਨ ਹੈ ਕਿ ਅੱਖੜ ਅੱਖ ’ਚੋਂ ਸ਼ਬਦਾਂ ਦੇ ਅੱਥਰੂ ਵਹਿ ਤੁਰੇ ਜਦੋਂ ਉਹਦੇ ਸ਼ਬਦ ਤੱਤੀ ਤਵੀ ’ਤੇ ਬੂੰਦ ਵਾਂਗ ਮੱਚਣ ਲੱਗੇ ਤਾਂ ਲੋਕਾਂ ਦੀਆਂ ਉਂਗਲਾਂ ਉਹਦੇ ਵੱਲ ਉੱਠੀਆਂ ਉਹਨਾਂ ਕਿਹਾ ਇਹ ਹੰਝੂ ਖਾਰੇ ਨੇ, ਕੁਸੈਲੇ ਨੇ ਪਰ ਉਹਨਾਂ ਇਸ ਵਿਚਲੇ ਰੰਗਾਂ ਨੂੰ ਇਸ ਵਿਚਲੇ ਸੇਕ ਨੂੰ ਦਿਲਾਂ ਦੇ ਦਰਦ ਨੂੰ ਨਾ ਜਾਣਿਆ ਨਾ ਪਹਿਚਾਣਿਆ ਉਹਨਾਂ ਲਈ ਹੰਝੂ, ਹੰਝੂ ਹੀ ਰਹੇ। ਉਹ ਕੀ ਜਾਣਨ ਪੀੜ ਦੀ ਪਰਿਭਾਸ਼ਾ ਉਹ ਕੀ ਜਾਣਨ ਲੁੱਛਦੇ ਹੋਏ ਦਿਲ ਦੀ ਇਬਾਰਤ। ਜਦੋਂ ਉਸ ਕਲਮ ਚਲਾਈ ਤਾਂ ਸਾਹਿਤ ਦੇ ਸ਼ਾਂਤ ਸਰੋਵਰ ਵਿਚ ਇਕ ਹਲਚਲ ਜਿਹੀ ਪੈਦਾ ਹੋਈ ਤੇ ਉਹਦੇ ਕਹਿਣ ਮੁਤਾਬਕ ਮੇਰੇ ਨਾਵਲ, ਨਿਰੇ ਨਾਵਲ ਹੀ ਨਹੀਂ ਕਿੱਸੇ ਹਨ ਕਸਕ ਦੇ ਦਰਦਾਂ ਭਰੀ ਕਾਲੀ ਮਿੱਟੀ ਦੇ ਪਿਆਰ ’ਚ ਪਸੀਜੇ ਮਨਾਂ ਦੇ ਵੈਹ ਗਏ ਦਰਿਆਵਾਂ ਦੇ ਵਿਛੋੜੇ ’ਚ ਕਮਲੇ ਹੋਏ ਟੱਬਰਾਂ ਦੇ। ਇਸੇ ਲਈ ਉਹਦੀਆਂ ਰਚਨਾਵਾਂ ’ਚ ਪਹਿਲ ਪਲੇਠੀ ਵਾਰ ਰੁਖ, ਪੈਲ਼ੀਆਂ, ਪਾਣੀ, ਪੱਤਣ ਪ੍ਰਕਿਰਤੀ, ਪਹਾੜ, ਪਹੇ ਤੇ ਪਗਡੰਡੀਆਂ ਜਿਵੇਂ ਬੋਲ ਪਏ ਹੋਣ ਕੁਰਲ਼ਾ ਉੱਠੇ ਹੋਣ ਤੇ ਉਹਦੇ ਪਾਤਰ ਵੀ ਭਗਤ ਪੂਰਨ ਦੇ ਨਹੀਂ ਰਸਾਲੂ ਦੇ ਵਾਰਸ ਬਣੇ ਜੋ ਡੁਸਕਦੇ ਨਹੀਂ ਸਿਰ ਝੁਕਾ ਕੇ ਨਹੀਂ ਤੁਰਦੇ ਭੜਕਦੇ ਨੇ, ਬੁੜਕਦੇ ਨੇ ਦਗ਼ਦੇ ਕੋਲ਼ਿਆਂ ਵਾਂਗ ਮਘਦੇ ਨੇ।

ਦੇਸੀ ਘਿਉ ਦਾ ਬਲ਼ਦਾ ਚਿਰਾਗ਼ (ਜਰਨੈਲ ਸੇਖਾ)

ਉਸ ਅੰਦਰ ਬਾਲ-ਉਮਰੇ ਹੀ ਉੱਠਦੇ ਰਹੇ ਵਾ-ਵਰੋਲੇ ਵਗਦੀਆਂ ਤੱਤੀਆਂ ਲੂੰਆਂ ਫੁੱਟਦਾ ਰਿਹਾ ਇਕ ਅਜੀਬ ਜਿਹਾ ਜਵਾਲਾਮੁਖੀ ਤੇ ਇਸ ਆਕ੍ਰੋਸ਼ ਨੂੰ ਮੱਠਾ ਪਾਉਣ ਲਈ ਬੀੜਾਂ ਬੰਨਿਆਂ ’ਚ ਡੰਗਰ ਚਾਰਦਾ ਮੱਝਾਂ ਦੇ ਪੁੜ ਕੁੱਟ ਸੁੱਟਦਾ। ਉਸ ਨੂੰ ਇਸ ਅਮਲ ਦੀ ਰਤਾ ਵੀ ਸਮਝ ਨਾ ਆਉਂਦੀ ਫਿਰ ਉਹ ਅਕਸਰ ਦਿਨ ਛਿਪਦੇ ਬੁੱਢੇ ਬਾਬੇ ਦੇ ਗੋਡੇ ਮੁੱਢ ਬੈਠ ਕਹਾਣੀਆਂ ਸੁਣਨ ਲੱਗ ਪਿਆ ਇਹ ਕਹਾਣੀਆਂ ਉਸ ਅੰਦਰਲੀ ਅੱਗ ਨੂੰ ਸ਼ਾਂਤ ਕਰਦੀਆਂ, ਸਕੂਨ ਦੇਣ ਲੱਗੀਆਂ ਚੇਤਨਾ ਦੇ ਦੁਆਰ ਖੋਲਦੀਆਂ ਇਹ ਕਹਾਣੀਆਂ ਖ਼ਬਰੇ ਇਤਿਹਾਸ ਦੀਆਂ ਸਨ ਜਾਂ ਮਿਥਿਹਾਸ ਦੀਆਂ ਪਰ ਇਹਨਾਂ ਕਥਾਵਾਂ ਦਾ ਬੀਜ ਅਚੇਤ ਮਨ ਦੀ ਭੂਮੀ ’ਚ ਕਿਧਰੇ ਕਿਰ ਗਿਆ। ਮਾਲਵੇ ਕੀ ਕੱਕੀ-ਜਿਹੀ ਮੋਹ-ਮਿੱਟੀ ’ਚ ਲੋੜਾਂ ਥੁੜਾਂ ਦੀ ਜ਼ਿੰਦਗੀ ਬਸ਼ਰ ਕਰਦਿਆਂ ਅਲੂੰਏ ਮਨ-ਮਸਤਕ ’ਚ ਵਿਦਿਆ ਦੀ ਜੋਤ ਜਗਾਉਣ ਦਾ ਸਿਦਕੀ ਸਿਰੜੀ ਸੁਪਨਾ ਜਾਗਿਆ ਕਿੱਧਰੇ ਕਿਰੇ ਬੀਜ ਦੇ ਪੁੰਗਰਨ ਦੀ ਸੱਚ ਜਾਣਿਓ ਇਹ ਪਲੇਠੀ ਕਰਵਟ ਸੀ। ਉਹਦੇ ਪਿੰਡ ਦੀ ਇਕ ਗੁੱਠੇ ਨੇੜੇ ਹੀ ਉਹ ਇਤਿਹਾਸਕ ਥਾਂ ਹੈ ਜਿੱਥੇ ਵੰਗਾਰ ਮਈ ਸ਼ਬਦਾਂ ਦੀ ਜਾਬਰ ਹਾਕਮ ਦੇ ਮਨ ਦੀ ਧਰਤ ਹਿਲਾ ਦੇਣ ਵਾਲੀ ਰੋਹਲੇ ਬਾਣ ਜਿਹੀ ਸਿਰਜਣਾ ਹੋਈ। ਗੋਰਾ ਨਿਛੋਹ, ਮੱਕੀ ਦੇ ਦੋਧੇ ਦਾਣਿਆਂ ਜਿਹਾ ਜਿਵੇਂ ਪੂਰਬ ਕੰਨੀ ’ਚੋਂ ਚੜ੍ਹਦਾ ਸਰਘੀ ਦਾ ਸੂਰਜ ਬਾਹਰੀ ਪਰਤ ਤੱਕਦਿਆਂ ਉਹ ਬੜਾ ਹੀ ਸਾਊ ਸ਼ਾਂਤ ਮਨ ਤੁਰਦਾ ਨਜ਼ਰੀਂ ਪੈਂਦਾ ਹੈ ਪਰ ਅੰਦਰ ਮਚਲਦੀਆਂ ਬੇਚੈਨੀਆਂ ਤਾਂ ਹਨ ਇਸ ਸੇਕ ਦਾ ਭੇਤ ਦੋਸਤਾਂ ਨੂੰ ਨਹੀਂ ਦੱਸਦਾ ਬਸ ਸਫ਼ਿਆਂ ਤੇ ਫੈਲਾ ਦਿੰਦਾ ਹੈ ਤੇ ਜਿਹੜਾ ਵੀ ਉਹ ਹਰਫ਼ ਪੜ੍ਹਦਾ ਉਹਦੇ ਮਨ ’ਚ ਬੇਚੈਨੀ ਦੀ ਤੀਲੀ ਲਾ ਦਿੰਦਾ ਇਹ ਹੈ ਉਸਦੀ ਕਮਾਲ ਦੀ ਬੇਬਾਕੀ ਤੇ ਦਲੇਰੀ ਪਰ ਉਸਦਾ ਸੁਭਾਅ ਬਲਦੀ ਮਸ਼ਾਲ ਵਰਗਾ ਨਹੀਂ ਦੇਸੀ ਘਿਉ ਦੇ ਬਲਦੇ ਚਿਰਾਗ਼ ਵਰਗਾ ਹੈ। ਸਾਹਿਤ ਦੀ ਸਿਰਜਣਾ ਉਸਦਾ ਸ਼ੌਕ ਨਹੀਂ ਮਜਬੂਰੀ ਹੈ, ਉਸਦੀ ਲੋੜ ਹੈ ਕਦੇ ਠੰਡ ਦੀ ਕੰਬਣੀ ਤੋਂ ਬਚਣ ਲਈ ਕਦੇ ਰੂਹ ਦੀ ਵਿਲਕਦੀ ਭੁੱਖ ਲਈ ਕਦੇ ਲੋਕਾਈ ਦੇ ਕਰਾਹੁੰਦੇ ਦਰਦ ਹਰਨ ਲਈ। ਉਹ ਜਿਸ ਜੂਹ ’ਚ ਜਨਮਿਆ ਉਹ ਕਦੇ ਫਿਰੋਜ਼ਪੁਰ, ਕਦੇ ਫਰੀਦਕੋਟ ਤੇ ਫਿਰ ਕਦੇ ਮੋਗੇ ਦਾ ਜ਼ਿਲਾ ਅਖਵਾਈ ਜਿਵੇਂ ਉਹਦੀ ਜਨਮ-ਜੂਹ ਸਿਰਨਾਵੇਂ ਬਦਲਦੀ ਰਹੀ ਸੱਤ ਸਮੁੰਦਰੋਂ ਪਾਰ, ਫਿਰ ਉਹ ਵੀ ਜਾ ਵਸਿਆ ਕਨੇਡਾ ਦੀ ਧਰਤੀ ’ਤੇ ਤੇ ਨਾ ਚਾਹੁੰਦੇ ਵੀ ਬਦਲ ਗਿਆ ਉਹਦਾ ਸਿਰਨਾਵਾਂ। ਬੜੀ ਜ਼ਹੀਨ ਬੁੱਧੀ ਦਾ ਮਾਲਕ ਹੈ ਉਹ ਹਰ ਗੱਲ ਤੇ ਘਟਨਾ ਦੇ ਪੋਤੜੇ ਫਰੋਲਦਾ ਧੁਰ ਤਹਿ ਤਕ ਜਾਂਦਾ ਹੈ ਆਰਥਿਕ ਮੰਦਹਾਲੀ, ਤਿੜਕਦੇ ਰਿਸ਼ਤੇ ਪੰਜਾਬ ਦੇ ਬਦਲਦੇ ਹਾਲਾਤ ਪਰਦੇਸਾਂ ਵੱਲ ਦੀ ਗ਼ੈਰ-ਕਾਨੂੰਨੀ ਦੌੜ ਉਥੋਂ ਦੇ ਅਣਮਨੁੱਖੀ ਵਰਤਾਰੇ ਉਸ ਦੇਸ਼ ਦੇ ਚੰਗੇ ਮੰਦੇ ਕਾਰ ਵਿਵਹਾਰ ਉਹ ਦੀਆਂ ਕਹਾਣੀਆਂ ’ਚ ਉਤਰਨ ਲੱਗੇ ਪੁਣ-ਛਾਣ ਦੇ ਰਾਹ ਪਿਆ ਤਾਂ ਨਾਵਲ ਬਣ ਗਏ ਇਹਨਾਂ ’ਚ ਜੱਗ ਦਾ ਕੱਚ ਵੀ ਹੈ ਤੇ ਹੱਡੀਂ ਹੰਢਾਇਆਂ ਸੱਚ ਵੀ ਹੈ। ਉਸ ਕਵਿਤਾ ਤੋਂ ਸਿਰਜਣਾ ਦਾ ਆਗਾਜ਼ ਕੀਤਾ ਪਰ ਇਹ ਉਹਦੇ ਮਨ-ਮੇਚ ਦੀ ਨਹੀਂ ਰਹੀ ਫਿਰ ਉਹ ਕਹਾਣੀਆਂ ਦੀ ਰਾਹੇ ਪੈ ਗਿਆ ਇਹ ਰਾਹ ਵੀ ਸੌੜੇ ਜਿਹੇ ਜਾਪੇ ਅੰਤ ਉਹ ਨਾਵਲ ਸਿਰਜਣਾ ਦੇ ਲੰਮੇ ਸਫ਼ਰ ਦਾ ਅਣਥੱਕ ਯਾਤਰੀ ਬਣ ਤੁਰ ਪਿਆ। ਇਸ ਸਫ਼ਰ ਦੇ ਪੜਾਵਾਂ ’ਤੇ ਉਹ ਪਿੱਛਲਝਾਤ ਮਾਰਦਾ ਨਿਆਣ ਮੱਤੀਆਂ ਚਿਤਵਦਾ ਬਚਪਨ ਦੇ ਰੁਲ਼ੇ ਖੁਲ਼ੇ ਦਿਨਾਂ ਦੀ ਬਾਤ ਵੀ ਪਾਉਂਦਾ ਰਿਹਾ ਲਗਦੈ ਉਹ ਜੰਮਣ-ਜੂਹ ਤੋਂ ਟੁੱਟਿਆ ਨਹੀਂ ਉਸ ਦੀਆਂ ਜੜ੍ਹਾਂ ਅਜੇ ਵੀ ਉਸੇ ਮਿੱਟੀ ’ਚ ਹਨ। ਉਹਦੀਆਂ ਰਚਨਾਵਾਂ ਅਣਕਿਆਸੇ ਅਣਦਿਸਦੇ ਮਜ਼ਬੂਰੀਆਂ ਦੇ ਵੱਸ ਪਏ ਪਾਤਰਾਂ ਦੇ ਹਾਵਿਆਂ ਤੇ ਵਿਗੋਚਿਆਂ ਦੀ ਦਾਸਤਾਨ ਬਣਦੀਆਂ ਤੇ ਉਹ ਉਹਨਾਂ ਦੇ ਦਿਲਾਂ ਵਿਚਾਲੇ ਉਹਨਾਂ ਲੁਕੇ ਕੋਨਿਆਂ ਤਕ ਵੀ ਪਹੁੰਚ ਕਰ ਜਾਂਦੈ ਜਿੱਥੇ ਪਹੁੰਚਣਾ ਹਾਰੀ-ਸਾਰੀ ਦੇ ਵੱਸ ਨਹੀਂ ਹੁੰਦਾ ਉਹ ਇਹਨਾਂ ਰੂਹਾਂ ਦਾ ਰਾਜ਼ਦਾਰ ਹੈ। ਸਾਹਿਤ ਜਗਿਆਸਾ ਸੰਗ ਵਰੋਸਾਇਆ ਪਰਵਾਸੀਆਂ ਦੇ ਮੂਲ ਮਸਲਿਆਂ ਦੀਆਂ ਤੈਹਾਂ ਫਰੋਲਦਾ ਗਹਿਰ ਗੰਭੀਰ, ਗੁੱਝੀ ਟੁੱਭੀ ਦਾ ਗੋਤਾਖੋਰ ਮਨ ਮਸਤਕ ਦੀ ਸਹਿਜ ਸਿਆਣਪ ਦਾ ਧਾਰਨੀ ਸਾਹਿਤ ਦਾ ਸਲੀਕੇਦਾਰ ਸਿਪਾਹੀ ਹੈ ਉਹ ਉਸਦੀ ਰਚਨਾ ਖਰੂਦ ਨਹੀਂ ਪਾਉਂਦੀ ਸਗੋਂ ਸ਼ਾਂਤ, ਧੀਮੀ, ਮਧੁਰ ਤੇ ਰਸਭਿੰਨੀ ਵਾਰਤਾ ਦਾ ਮਾਨਵੀ ਸੰਗਮ ਹੈ। ਉਸਨੂੰ ਬੜੇ ਮਾਣ ਸਤਿਕਾਰ ਮਿਲੇ ਪਾਠਕਾਂ ਦੇ ਮਾਣ-ਮੱਤੇ ਹੁੰਗਾਰੇ ਵੀ ਆਏ ਨਿਗੋਚੀਆਂ ਦੇ ਸਿਫ਼ਤੀ ਵਾਕ ਵੀ ਸੁਣੇ ਪਰ ਇਸ ਉਮਰੇ ਵੀ ਮੇਰਾ ਮਿੱਤਰ ਜਰਨੈਲ ਸਿੰਘ ਸੇਖਾ ਪਹਿਲ ਪਲੇਠੀ ਉਮਰੇ ਸਕੂਲੀ ਮੰਚ ’ਤੇ ਪੜ੍ਹੀ ਕਵਿਤਾ ਦਾ ਇਕ ਰੁਪਏ ਦਾ ਇਨਾਮ ਆਪਣੀ ਜਜ਼ਬਿਆਂ ਭਰੀ ਹਿੱਕ ’ਤੇ ਅਜੇ ਵੀ ਹੁੱਬ ਕੇ ਲਟਕਾਈ ਫਿਰਦਾ ਹੈ ਜੋ ਉਸ ਲਈ ਸਿਰਜਣਾ ਪੰਧ ’ਤੇ ਆਤਸ਼ੀ ਊਰਜਾ ਦਾ ਸ੍ਰੋਤ ਹੈ।

ਸਾਵਾ ਬਿਰਖ (ਗੁਰਭਜਨ ਗਿੱਲ)

ਉਹ ਰਾਵੀਓਂ ਉਰਲੇ ਪਾਰ ਇਕ ਕੂਕਦੀ ਆਵਾਜ਼ ਦਾ ਸਿਰਨਾਵਾਂ ਹੈ ਇਹ ਕੂਕ ਧਰਤੀ ’ਤੇ ਇਕ ਮਨਹੂਸ ਲੀਕ ਦੇ ਖਿੱਚੇ ਜਾਣ ਤੋਂ ਹਵਾ ਵਿਚ ਫ਼ੈਲਰੀ ਸੀ ਉਦੋਂ ਜਦੋਂ ਦਰਿਆਵਾਂ ਦੇ ਨਿਰਮਲ-ਪਾਣੀ ਲਹੂ ਦੀਆਂ ਤਤੀਰੀਆ ਨਾਲ ਲਾਲ ਹੋ ਗਏ ਸਨ ਬਿਰਖ ਚੀਕਾਂ ਬਣ ਗਏ ਸਨ ਤੇ ਪਹੇ-ਪੰਗਡੰਡੀਆਂ ਬੇਗਾਨੇ ਹੋ ਗਏ ਸਨ ਇਹਨਾਂ ਅਣਕਿਆਸੇ ਦੁਖਦਾਈ ਪਲਾਂ ’ਚ ਸਹਿਮੇ ਸਹਿਮੇ ਘੁੱਗ ਵੱਸਦੇ ਘਰ ਛੱਡ ਉਹਦੇ ਵਡੇਰੇ ਜਦੋਂ ਰਾਵੀ ਪਾਰੋਂ ਵਕਤਾਂ ਦੀ ਬੇਵਿਸ਼ਵਾਸੀ ਹੱਥੋਂ ਰਾਵੀ ਦੇ ਉਰਲੇ ਪਾਸੇ ਆ ਵੱਸੇ। ਉਹਨਾਂ ਵਕਤਾਂ ਦਾ ਦਰਦ ਉਹਦੀਆਂ ਅੱਖਾਂ ’ਚੋਂ ਹੁਣ ਵੀ ਸੇਕ ਵਾਂਗ ਨਿਕਲਦਾ ਹੈ ਵੰਡ ਤੋਂ ਛੇ ਵਰ੍ਹੇ ਮਗਰੋਂ ਜੰਮਣ ਦੇ ਬਾਵਜੂਦ ਉਹ ਅੱਜ ਤੱਕ ਵੀ ਭੁੱਲ ਨਹੀਂ ਸਕਿਆ ਆਪਣੇ ਵੱਡ-ਵਡੇਰਿਆਂ ਦੀ, ਉਸ ਮੋਹ-ਮਿੱਟੀ ਨੂੰ ਪਰਸਣ ਦਾ ਹੁਣ ਵੀ ਉਹਦੇ ਪੈਰਾਂ ਨੂੰ ਇਕ ਸ਼ੁਦਾਅ ਜਿਹਾ ਕੁੱਦਿਆ ਰਹਿੰਦਾ ਹੈ ਰਾਵੀਓਂ ਪਾਰ ਜਾਣ ਦਾ। ਉਹਦਾ ਜੀਵਨ ਸਾਦਾ ਸਰਲ ਨਹੀਂ ਸੰਘਰਸ਼ ਦੀ ਲੰਮੇਰੀ ਵਿਥਿਆ ਹੈ ਤੇ ਇਸਦੀ ਪੈੜ-ਦਰ-ਪੈੜ ਪਛਾਣ ਉਹਦੀਆਂ ਰਚੀਆਂ ਕਾਵਿ-ਸਤਰਾਂ ਵਿਚ ਸੰਕੇਤਕ ਸੂਤਰ-ਬੱਧ ਹੈ ਅਧਿਆਪਨ, ਸੰਪਾਦਨ, ਪੱਤਰਕਾਰੀ ਤੇ ਪ੍ਰਸ਼ਾਸਨ ਦੇ ਉੱਚ ਮੁਕਾਮ ਤਕ ਪਹੁੰਚਣ ਲਈ ਆਪਣੇ ਅਕੀਦਿਆਂ ਦੇ ਮਹੀਂਵਾਲ ਦੇ ਦਰਸ਼ਨ-ਦੀਦਾਰੇ ਦੀ ਖਾਤਰ ਉਸ ਸਿਆਹ ਰਾਤਾਂ ਵਿਚ ਵੀ ਸ਼ੂਕਦੇ ਡਰਾਉਣੇ ਝਨਾਂ ਪਾਰ ਕੀਤੇ ਐਪਰ ਉਹ ਹੰਭਿਆ ਨਹੀਂ ਨਾ ਹਾਰਿਆ ਕੋਈ ਵੀ ਚੰਦਰੀ ਅਮਰ-ਵੇਲ ਉਹਦੇ ਹਰੇ-ਕਚੂਰ ਹੌਸਲਿਆਂ ਨੂੰ ਪਸਤ ਨਹੀਂ ਕਰ ਸਕੀ। ਮਾਯੂਸੀਆਂ ਨੇ ਉਸਨੂੰ ਸਾਹ-ਸਤ ਹੀਣ ਨਹੀਂ ਸਗੋਂ ਸਤਿਆਵਾਨ ਹੋਣ ਦਾ ਸਾਹਸ ਦਿੱਤਾ ਦੋਸਤਾਂ ਦੇ ਹੁੰਗਾਰੇ ਬਟੋਰਦੇ ਉਹਦੇ ਹੱਥਾਂ ਨੇ ਸਦਾ ਸਿਖਰਲੀ ਸ਼ਾਖ਼ ਨੂੰ ਹੀ ਫੜਿਆ ਇਹੋ ਹੀ ਨਹੀਂ ਨਿੱਕੀਆਂ ਨਿੱਕੀਆਂ ਸਿਫ਼ਤਾਂ, ਸਲਾਹਾਂ, ਸੁਝਾਉਣੀਆਂ ਉਸ ਦੋਸਤਾਂ ਦੀ ਝੋਲੀ ਪਾਈਆਂ ਉਹਦਾ ਦਰ ਹਰ ਕਿਸੇ ਲਈ ਖੁੱਲ੍ਹਾ ਹੈ ਜੋ ਦਰ ਆਵੇ ਸੋ ਰਾਜ਼ੀ ਜਾਵੇ ਇਸੇ ਕਰਕੇ ਉਹਦੇ ਘਰ ਦੇ ਇਕ ਨਹੀਂ ਦੋ ਦਰਵਾਜ਼ੇ ਹਨ ਤੇ ਦਿਲ ਦੇ ਅਨੰਤ। ਆਪਣੇ ਨਿਰੋਲ ਅਨਪੜ੍ਹ ਬਾਪ ਦੀਆਂ ਸਫ਼ਾ ਜਿਹੀਆਂ ਸੁਣੌਤੀਆਂ ਕਰਕੇ ਜਾਂ ਮਾਂ ਤੋਂ ਸੁਣੀਆਂ ਕਥਾ ਕਹਾਣੀਆਂ ਕਰਕੇ ਜਾਂ ਵੱਡੇ ਵੀਰਾਂ ਤੇ ਵੱਡੀ ਭੈਣ ਤੋਂ ਮਿਲੇ ਧਰਵਾਸ ਸਦਕਾ ਉਹਦੀ ਦੇਹ-ਮਿੱਟੀ ’ਚ ਖ਼ਬਰੇ ਕੇਹੀ ਤਾਸੀਰ ਸਮਾ ਗਈ ਕਿ ਉਥੇ ਪੋਹਲੀਆਂ ਦੀ ਥਾਵੇਂ ਸਦਾ ਮਰੂਆ ਹੀ ਖਿੜਦਾ ਹੈ। ਉਹ ਰਿਸ਼ਤਿਆਂ ਦੀ ਧਰਮੀ ਧਰਾਤਲ ’ਤੇ ਮੋਹ-ਮਿੱਟੀ ’ਚ ਗੁੰਨਿਆ ਵਜੂਦ ਹੈ ਉਹਦੀ ਸੋਚ ’ਚ ਸੁਚਿਆਈ ਅੱਖਾਂ ’ਚ ਲੱਜਾ ਦੀ ਲਿਸ਼ਕ ਤੇ ਗਰਦਨ ’ਚ ਗ਼ੈਰਤ ਦੀ ਬੁਲੰਦੀ ਹਿੱਕ ’ਚ ਪੰਜਾਬੀ ਰਹਿਤਲ ਦੀ ਰਸਾਈ ਦਿਲ ’ਚ ਦਰਦਮੰਦਾਂ ਦਾ ਦਰਦ ਹੱਥਾਂ ’ਚ ਹੋਰਾਂ ਲਈ ਹਥੌਲੇ ਵਰਗੀ ਰਹਿਮਤ ਪਰ ਪੈਰਾਂ ’ਚ ਟਿਕਾਅ ਨਹੀਂ ਮੰਜ਼ਿਲ ਪ੍ਰਸਤ ਕਾਹਲ ਹੈ ਬ੍ਰਹਿਮੰਡ ਦੀਆਂ ਸਗਲ ਧਰਤੀਆਂ ਨੂੰ ਗਾਹੁਣ ਦੀ ਰੀਝ ਉਸਦੇ ਤੀਸਰੇ ਨੇਤਰ ਨੂੰ ਸੌਣ ਨਹੀਂ ਦੇਂਦੀ। ਗੱਲਾਂ ਕਰਦਾ ਕਰਦਾ ਉਹ ਕਠੋਰ ਲੱਗੇਗਾ ਨਿਰਾ ਨਾਰੀਅਲ ਜਿਹਾ ਅੰਦਰੋਂ ਨਿਰਮਲ ਨੀਰ ਦਾ ਚਟੂਰਾ ਪਰ ਨੇੜੇ ਹੋ ਵਰਤ ਕੇ ਵੇਖੋ ਤਾਂ ਨਿਰੀ ਮੋਮ ਦੀ ਕੋਮਲ ਮੂਰਤ ਤੁਸੀਂ ਆਪਣਾ ਗ਼ਮ ਸਾਂਝਾ ਤਾਂ ਕਰੋ ਭਰੇ ਦਿਲ ਦੀ ਟੀਸ ਬਾਰੇ ਤਾਂ ਦੱਸੋ ਉਹ ਬਰਫ਼ ਦੀ ਡਲੀ ਵਾਂਗ ਪਿਘਲ ਜਾਏਗਾ ਸਮੂਲਚਾ ਤੇ ਤੁਹਾਡੇ ਟਸੂੰ ਟਸੂੰ ਕਰਦੇ ਦਿਲ ਤੋਂ ਗ਼ਮਾਂ ਦੀ ਪੰਡ ਲਹਿ ਜਾਏਗੀ ਦੀਨ ਦੁਖੀ ਲਈ ਉਹ ਪਹਿਲੀ ਹਾਕ ’ਤੇ ਹੀ ਦਾਰੂ ਹੋ ਨਿਬੜਦਾ ਹੈ। ਸੰਬੰਧੀਆਂ ’ਚ ਗੀਤ ਦੇ ਮੁੱਖੜੇ ਜਿਹਾ ਦੋਸਤਾਂ ’ਚ ਗ਼ਜ਼ਲ ਦੇ ਮਤਲੇ ਜਿਹਾ ਬੁਰਿਆਂ ਲਈ ਤੇਜ਼ ਤਿੱਖਾ ਤੀਰ ਚੰਡੀ ਦੀ ਵਾਰ ਜਿਹਾ ਇਹ ਭਰਿਆ ਭਕੁੰਨਾ ਸ਼ਖ਼ਸ਼ ਬੋਲਾਂ ਦਾ ਧਨੀ ਕਲਮ ਦਾ ਸ਼ਾਹ-ਸਵਾਰ ਤੇ ਆਪਣੇ ਤਰਕੀਬੀ ਤਰਕ ਨਾਲ ਹੋਰਾਂ ਨੂੰ ਕੀਲਣ ਦੀ ਸ਼ਕਤੀ ਰੱਖਦਾ ਹੈ। ਉਹਦੀ ਯਾਦਦਾਸ਼ਤ ਬੜੀ ਤੇਜ਼ ਹੈ ਬਚਪਨ ਦੇ ਨਿੱਕੇ ਨਿੱਕੇ ਵਕੂਏ ਉਹਨੂੰ ਪਹਾੜਿਆਂ ਵਾਂਗ ਯਾਦ ਨੇ ਐਪਰ ਇਹ ਹੀ ਨਹੀਂ ਜਨਮ ਤੋਂ ਪਹਿਲਾਂ ਦੀ ਵੀ ਬਾਪ ਦਾਦੇ ਦੀ ਵਿਰਾਸਤ ਸਾਕ-ਸੰਬੰਧੀਆਂ, ਦੋਸਤਾਂ ਮਿੱਤਰਾਂ ਦੀਆਂ ਅੰਗਲੀਆਂ ਸੰਗਲੀਆਂ ਦਾ ਜੁਗਰਾਫ਼ੀਆਂ ਉਹਦੇ ਚੇਤਿਆਂ ਵਿਚ ਮੁਹਾਰਨੀ ਅੱਖਰਾਂ ਵਾਂਗ ਵਿਛਿਆ ਹੋਇਆ ਹੈ। ਬੱਚਿਆਂ ਲਈ ਉਹ ਮੋਹ-ਮੁਹਬੱਤ ਦਾ ਰਹਿਮਤਾਂ ਭਰਿਆ ਅਸ਼ੀਰਵਾਦੀ ਹੱਥ ਹੈ ਰਿਸ਼ਤੇਦਾਰੀ ਦੇ ਦਾਇਰੇ ਤੋਂ ਬਾਹਰਲੇ ਬੱਚੇ ਵੀ ਉਸਦੀ ਮੁਹੱਬਤੀ ਬੁੱਕਲ ਦਾ ਨਿੱਘ ਮਾਣਦੇ ਆਪਣੇ-ਪਣ ਦਾ ਅਹਿਸਾਸ ਕਬੂਲਦੇ ਸੁਰਖਰੂ ਜਿਹੇ ਹੋ ਨਵੀਆਂ ਪੁਲਾਂਘਾਂ ਦਾ ਸਾਹਸ ਬਟੋਰਦੇ ਰਿਸ਼ਤਿਆਂ ਦੀ ਨਿਵੇਕਲੀ ਪਰਿਭਾਸ਼ਾ ਸਿਰਜਦੇ ਵੇਖੇ ਗਏ। ਐਪਰ ਦੂਜਿਆਂ ਨੂੰ ਹਮੇਸ਼ਾ ਧਰਵਾਸ ਦੀਆਂ ਥੰਮੀਆਂ ਦਿੰਦੇ ਇਸ ਬੰਦੇ ਨੂੰ ਮੈਂ ਨਿਜ-ਪਰ ਪੀੜ ਵਿਚ ਲੁੱਛਦਾ ਹੀ ਨਹੀਂ ਟੋਟਾ-ਟੋਟਾ ਹੋ ਟੁੱਟਦਾ ਵੀ ਵੇਖਿਆ ਹੈ। ਪਹਿਲ-ਪਲੇਠੀ ਮਿਲਣੀ ਦੀ ਕਸਤੂਰੀ ਗੰਧ ਉਹਦੇ ਚੇਤਿਆਂ ’ਚ ਚਿਤਵਣੀ ਲਾਉਂਦੀ ਕਦੇ ਗਾਇਬ ਨਹੀਂ ਹੁੰਦੀ ਮੈਂ ਉਹਨੂੰ ਜ਼ਿੰਮੇਵਾਰ ਖਾਵੰਦ ਤੇ ਪਿਆਰਾ ਜਿਹਾ ਬਾਪ ਬਣਦਿਆਂ ਮੋਹ ਦੀ ਹਰਿਆਵਲੀ ਧਰਤ ’ਤੇ ਘਾਹ ਵਾਂਗ ਵਿਛਦਾ ਵੀ ਵੇਖਿਆ ਹੈ ਸੰਬੰਧਾਂ ਦੀਆਂ ਤੰਦਾਂ ਦੀ ਤਾਣੀ ਬਣਾਉਣ ਤੇ ਸੁਲਝਾਉਣ ਦੀ ਉਸਨੂੰ ਬਰੀਕੀ ਨਾਲ ਜਾਚ ਹੈ ਇਸੇ ਲਈ ਉਹਦਾ ਤਾਣਾ-ਬਾਣਾ ਕਾਬਿਲੇ-ਜ਼ਿਕਰ ਹੈ ਅਧਿਕਾਰੀਆਂ ਤੋਂ ਸਾਧਾਂ ਸੰਤਾਂ ਤੱਕ ਸਿਆਸਤਦਾਨਾਂ ਤੋਂ ਨੀਤੀਵਾਨਾਂ ਤੱਕ ਵਿਦਿਆਰਥੀਆਂ ਤੋਂ ਵਿਦਵਾਨਾਂ ਤੱਕ ਦਰਬਾਰ ਤੋਂ ਲੈ ਕੇ ਦਰਬਾਨਾਂ ਤੱਕ ਖਿਡਾਰੀ ਤੋਂ ਲੈ ਕੇ ਖੇਡ ਮੈਦਾਨਾਂ ਤੱਕ ਉੱਚ ਦੁਮਾਲੜੇ ਲਿਖਾਰੀਆਂ ਤੋਂ ਲੈ ਕੇ ਆਮ ਇਨਸਾਨਾਂ ਤੱਕ ਕਮਾਲ ਦਾ ਹੈ ਇਸ ਵਿਚ ਉਹਦੀ ਦਿਆਨਤਦਾਰੀ ਗੱਲ ਕਰਨ ਦੀ ਸਮਰੱਥਾ ਤੇ ਯੋਗਤਾ ਹੱਦ ਤੋਂ ਵੀ ਵੱਧ ਹੈ। ਇਨਾਮਾਂ ਸਨਮਾਨਾਂ ਦੀ ਝਾਕ ਦੇ ਮੌਸਮ ਵਿਚ ਉਹ ਇਸ ਖੇਡ ਦਾ ਖਿਡਾਰੀ ਨਹੀਂ ਤੇ ਨਾਹੀਂ ਝਾਕ ਦੀ ਪੂਰਤੀ ਹਿਤ ਅਸੂਲ ਛਿੱਕੇ ਟੰਗ ਬੇਥਾਹ ਭਟਕਦਾ ਹੈ ਸਮਝਦਾ ਹੈ ਕਿ ਦੇਣ ਵਾਲਾ ਦੇਣਦਾਰ ਵੱਡਾ ਹੁੰਦਾ ਹੈ ਲੈਣ ਵਾਲਾ ਨਹੀਂ ਸਮਾਜ-ਸੇਵੀ ਸੰਗਠਨਾਂ, ਸਾਹਿਤ ਸਭਾਵਾਂ ਅਨੇਕਾਂ ਹੀ ਖੇਡ ਸੰਸਥਾਵਾਂ ਦਾ ਮੋਹਰੀ ਹੋ ਸਹੀ ਸਰਪ੍ਰਸਤੀ ਤੇ ਅਗਵਾਈ ਦੇਣਾ ਹੀ ਉਸ ਲਈ ਮਾਣ-ਸਨਮਾਨ ਬਰਾਬਰ ਹੈ। ਕਿਤੋਂ ਕਿਤੋਂ ਈਰਖਾ ’ਚ ਪਰੁੰਨੀ ਇਹ ਅਵਾਜ਼ ਵੀ ਸੁਣੀਂਦੀ ਹੈ ਕਿ ਉਹ ਜੋ ਹੈ ਅਸਲ ਵਿਚ ਉਹ ਹੈ ਨਹੀਂ ਪਰ ਇਹ ਰੱਬ ਹੀ ਜਾਣਦੈ ਹੋਰ ਕੋਈ ਨਹੀਂ ਕਿ ਇਸ ਵਿਚ ਸੱਚ ਕਿੰਨਾ ਕੁ ਹੈ। ਇਹ ਤਾਂ ਮੰਨਿਆ ਕਿ ਸਿਆਸਤੀ ਵਿਸ਼ਲੇਸ਼ਣ ਉਹਦੇ ਸੁਭਾ ’ਚ ਹੈ ਪਰ ਸਿਆਸਤ ਦੀ ਸ਼ਤਰੰਜ ’ਚ ਸੋਚ-ਸਮਝ ਕੇ ਚਾਲ ਚੱਲਣੀ ਜਿੱਤ ਦਾ ਨਿਸ਼ਚਾ ਧਾਰ ਕੇ ਕਦਮ ਪੁੱਟਣਾ ਸਿਆਣਪ ਦੀ ਸੂਝ ਦਾ ਹੀ ਪ੍ਰਮਾਣ ਹੈ ਯੁੱਧ ਲੜਦਿਆਂ ਉਹਦੀ ਨਿਗ੍ਹਾ ਸਿਰਫ਼ ਤੇ ਸਿਰਫ਼ ਮੱਛੀ ਦੀ ਅੱਖ ਤੇ ਹੀ ਹੁੰਦੀ ਹੈ। ਹਰ ਧੁਖ਼ਦੇ ਪਿੰਡ ਨੂੰ ਆਪਣਾ ਕਹਿ ਉਸ ਦੀ ਅਗਨਕਥਾ ਸੁਣਾਉਂਦਾ ਪਾਰਦਰਸ਼ੀ ਪੰਜਾਂ’ ਪਾਣੀਆਂ’ ਦੀ’ ਖ਼ੈਰ ਮੰਗਦਾ ਦੋ ਹਰਫ਼ ਰਸੀਦੀ’ ਲਿਖ ਮੋਰ-ਪੰਖ ਲੈ ਫੁੱਲਾਂ ਦੀ ਝਾਂਜਰ ਛਣਕਾਉਂਦਾ ਮਨ ਦੇ ਬੂਹੇ ਬਾਰੀਆਂ’ ਖੋਲ੍ਹ ਵੇਖਦੈ ਕਿ ਸ਼ੀਸ਼ਾ ਝੂਠ ਤਾਂ ਨਹੀਂ ਬੋਲਦਾ ਕਦੇ ਉਹ ਸੁਰਖ਼ ਸਮੁੰਦਰ ਦੀ ਥਾਹ ਪਾਉਂਦਾ ਸੀ ਪਰ ਮਨ-ਤੰਦੂਰ ਦੀ ਤਪਸ਼ ਉਹਦੇ ਬੋਲਾਂ ’ਚ ਅੱਜ ਵੀ ਧੁਖਦੀ ਹੈ ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਰਾਤ-ਭਰ ਜਾਗ ਸਕਦੈ ਹੁੰਗਾਰਿਆਂ ਬਦਲੇ ਸੰਧੂਰਦਾਨੀ ਵਿਚ ਸੂਰਜ ਖਰਲ ਕੀਤਾ ਹੋਇਆ ਹੈ ਉਸਨੇ ਜਲ ਕਣ ਪਾਉਂਦੇ ਰਾਤਾਂ ਦੀਆਂ ਬਾਤਾਂ ਪੱਤੇ ਪੱਤੇ ਲਿਖੀ ਇਬਾਰਤ ਨੂੰ ਉਹੀ ਪੜ੍ਹਨੀ ਜਾਣਦਾ ਹੈ ਵਿਸ਼ਵ-ਭਾਸ਼ਾ ਨੂੰ ਅੱਖਰ ਨਾ ਲੋੜੀਏ। ਨਮ ਨੇਤਰ ਬੋਲ ਦਿੰਦੇ ਨੇ ਸਗਲ ਦਰਦ ਨਾਮਾ ਸੁਰਤਾਲ ਵਿਚ ਗਾਉਂਦੇ ਨੇ ਉਸਦੇ ਹਉਕੇ ਕਦੇ ਗ਼ਜ਼ਲ ਬਣਦੇ ਕਦੇ ਗੀਤ ਨਰਮ ਨਰਮ ਪਿੱਪਲ ਪੱਤੀਆਂ ਪੌਣਾਂ ਵਿਚ ਰੁਮਕਦੀਆਂ ਚਰਖੜੀ ਤੇ ਘੁੰਮਦਾ ਪਿੰਜਿਆ ਇਤਿਹਾਸ ਬੋਲਦਾ ਹੈ। ਉਹ ਸ਼ਬਦਾਂ ਨੂੰ ਸੁਨਿਆਰੇ ਦੀ ਕਲਾਵੰਤ ਅੱਖ ਨਾਲ ਜ਼ੇਵਰ ਵਾਂਗ ਘੜਦਾ ਹੈ ਅੱਖਰ ਅੱਖਰ ਪਿਘਲਦਾ ਹੈ। ਫੌਲਾਦੀ ਵਿਸ਼ਵਾਸ ਕਿ ਲੋਕ ਹੀ ਸ਼ਕਤੀ ਹੁੰਦੇ ਨੇ ਉਸ ਕੋਲ ਰਾਜੇ ਵੀ ਆਉਂਦੇ ਨੇ ਤੇ ਨਿਤਾਣਾ ਰੰਕ ਵੀ ਸਭ ਨੂੰ ਇਕੋ ਘੜਿਉਂ ਪਾਣੀ ਪਿਆਉਂਦਾ ਹੈ ਉਸ ਕੋਲ ਹੋਰ ਭਾਵੇਂ ਕੁਝ ਹੋਵੇ ਨਾ ਹੋਵੇ ਅਥਾਹ ਬਲਣਸ਼ੀਲ ਊਰਜਾ ਹੈ ਸ਼ਾਇਦ ਇਹੀ ਕੁਝ ਉਸਨੂੰ ਗਰਦਨ ਸਿੱਧੀ ਰੱਖਣ ਦਾ ਤਾਣ ਦੇਂਦੀ ਹੈ। ਮੈਨੂੰ ਉਹ ਸਮਕਾਲੀ ਸਮਿਆਂ ਦੀ ਕਥਾ ਕਹਿ ਰਿਹਾ ਕੋਈ ਜਾਗਰੂਕ ਰਿਸ਼ੀ ਲਗਦਾ ਹੈ ਕਦੇ ਕੁੱਖਾਂ ਤੇ ਰੁੱਖਾਂ ਦੇ ਫਿਕਰ ਘਰ ਘਰ ਪਹੁੰਚਾਉਂਦਾ ਪੈਰ ਪੈਰ ਤੇ ’ਸ਼ਬਦਾਂ ਦੇ ਸੁਰਖ਼ ਬਿਰਖ ਉਗਾਉਂਦਾ ਲਾਲੀਆਂ’ ਹਰਿਆਲੀਆਂ ਦੀ ਬਾਤ ਪਾਉਂਦਾ ਬਾਬੇ ਦੀ ਬਾਣੀ ਦਾ ਸੱਚ ਸੁੱਤੇ ਲੋਕਾਂ ਨੂੰ ਸਹੀ ਸਮਝਾਉਂਦਾ ‘ਜਾਗ ਬਈ ਪਿੰਡਾਂ ਜਾਗ’ ਦਾ ਹੋਕਾ ਲਾਉਂਦਾ ਦਰ ਦਰ ਜਾ ਅਲਖ ਜਗਾਉਂਦਾ ਕੋਈ ਸ਼ਬਦ-ਰਿਸ਼ੀ ਸਾਵੇ ਬਿਰਖ ਜਿਹਾ ਜਿਹੜਾ ਅਕਸਰ ਹੋਣੀਆਂ’ ਅਣਹੋਣੀਆਂ ਦੇ ਹਾਵੇ ਹਾਉਕੇ ਬਿਆਨਦਾ ਤ੍ਰਿਹਾਏ ਮਿਰਗਾਂ ਦੀ ਤ੍ਰੇਹ ਦਾ ਹੱਲ ਤਲਾਸ਼ਦਾ ਕੋਇਲਾਂ ਬੁਲਬੁਲਾਂ ਦੀਆਂ ਬੈਠ ਗਈਆਂ ਰਗਾਂ ਦੀ ਪੀੜ ਪਛਾਣਦਾ ਮੂੰਹ-ਮੋੜ ਹੋ ਗਏ ਸਗਲ ਸੰਸਾਰ ਦੇ ਸਰੋਕਾਰਾਂ ਦੀ ਕਲਮ-ਨੋਕ ਸੰਗ ਪੁਣ-ਛਾਣ ਕਰਦਾ ਰਹੁ-ਰੀਤਾਂ ਦੀ ਕਿਣ-ਮਿਣ ’ਚ ਭਿੱਜਿਆ ਹੂੰਗਰ ਨੂੰ ਹੁੰਗਾਰਿਆ ’ਚ ਬਦਲਦਾ ਹਰ ਗਏ ਜਾਂ ਮਰ ਗਏ ਪੁੱਤਾਂ ਦੇ ਵਿਯੋਗ ’ਚ ਵਿਲਕਦੀਆਂ ਨਿਕਰਮਣ ਮਾਵਾਂ ਦੇ ਦਰਦ ਨੂੰ ਮਹਿਸੂਸਦਾ ਸਾਡਾ ਇਹ ਸਾਵਾ ਬਿਰਖ ਆਪਣੇ ਪੁੰਗਰਦੇ ਪੱਤਿਆਂ ਨੂੰ ਸ਼ਬਦ-ਬ-ਸ਼ਬਦ ਤਸਲੀਮ ਕਰਦਾ ਚੌਤਰਫ਼ੇ ਤੋਂ ਮੋਹ-ਮੁਕਤ ਨਹੀਂ ਹੋਇਆ। ਉਹਦੇ ਜੀਵਨ ਵਿਚਲੇ ਕੁੱਝ ਰੰਗ ਬੜੇ ਪੱਕੇ ਹਨ ਧੋਤਿਆਂ ਵੀ ਨਹੀਂ ਉਤਰਦੇ ਚਾਰ ਦਹਾਕਿਆਂ ਤੋਂ ਮਹਾਂ ਨਗਰ ’ਚ ਵਸਦਿਆਂ ਵਿਸ਼ਵ-ਭਰ ਦੀਆਂ ਸੋਚਾਂ ਨੂੰ ਮਨ-ਮਸਤਕ ਵਿਚ ਟਿਕਾਈ ਫ਼ਿਰਦਿਆਂ ਵੀ ਸ਼ਾਇਦ ਪਿੰਡ ਉਹਦੇ ਜੀਵਨ-ਵਿਵਹਾਰ ’ਚੋਂ ਇਸੇ ਲਈ ਖਾਰਜ ਨਹੀਂ ਹੋਇਆ ਤੇ ਉਹਦਾ ਅਵਚੇਤਨ ਮਨ ਬਾਤਾਂ ਪਿੰਡ ਦੀਆਂ ਹੀ ਪਾਉਂਦਾ ਰਹਿੰਦਾ ਹੈ।

ਸਾਹਿਤ ਅੰਬਰ ਦੀ ਕਹਿਕਸ਼ਾਂ (ਜੰਗ ਬਹਾਦਰ ਗੋਇਲ)

ਮਾਲਵੇ ਦੀ ਜਰਖੇਜ਼ ਭੂਮੀ ਦਸਮੇਸ਼ ਗੁਰੂ ਦੇ ਪੈਰ-ਛੋਹ ਦੀ ਵਰੋਸਾਈ ਧਰਤੀ ਹੱਕ-ਸੱਚ ਲਈ ਸੰਘਰਸ਼ਾਂ ਤੇ ਸ਼ਹਾਦਤਾਂ ਦਾ ਇਤਿਹਾਸਕ ਇਲਾਕਾ ਗੰਗਸਰ ਤੇ ਇਹੋ ਜਿਹੀ ਤਾਸੀਰੀ ਜੂਹ ਵਿਚ ਘੁੱਗ ਵਸਦੇ ਨਗਰ ਜੈਤੋਂ ਵਿਖੇ ਅਜ਼ਾਦੀ ਮਿਲਣ ਤੋਂ ਸਾਲ-ਕੁ ਪਹਿਲਾਂ ਜਦੋਂ ਲੋਕਾਂ ਦੇ ਕੰਨਾਂ ’ਚ ਬਟਵਾਰੇ ਦੀਆਂ ਕਨਸੋਆਂ ਫੂਕਾਂ ਮਾਰਨ ਲਗ ਪਈਆਂ ਸਨ ਤੇ ਮਨਾਂ ’ਚ ਸੁਲਘਣੀ ਸ਼ੁਰੂ ਹੋ ਗਈ ਸੀ ਨਫ਼ਰਤ ਦੀ ਅੱਗ। ਇਸ ਰੁੱਤੇ ਹੀ ਭਗਤ ਪਿਤਾ ਦੇ ਵਿਹੜੇ ਭੈਣਾਂ ਲਈ ਸੱਜਰੇ ਚਾਅ ਵਰਗੇ ਮਾਂ ਲਈ ਸੁਪਨਿਆਂ ਦੀ ਲਿਸ਼ਕੋਰ ਜਿਹੇ ਭਰਾਵਾਂ ਲਈ ਆਸ ਦੇ ਲਿਸ਼ਕੰਦੜੇ ਛਣਕਦੇ ਘੁੰਗਰੂ ਜਿਹੇ ਉਸ ਸਖਸ਼ ਦਾ ਜਨਮ ਹੋਇਆ ਸੀ ਜਿਸ ਦੀ ਮੈਂ ਗੱਲ ਕਰਨ ਲੱਗਾ ਹਾਂ। ਫਿਰ ਉਹ ਜੈਤੋਂ ਦੀਆਂ ਗਲੀਆਂ ’ਚ ਦੁੜੰਗੇ ਮਾਰਦਾ, ਲੁਕਣ-ਮੀਟੀ ਖੇਡਦਾ ਉਮਰ ਪੌੜੀ ਦੇ ਡੰਡੇ ਚੜ੍ਹਣ ਲੱਗਾ ਤੇ ਨਾਲ ਹੀ ਬਸਤਾ ਵੀ ਭਾਰੀ ਹੁੰਦਾ ਗਿਆ। ਪ੍ਰਕਾਸ਼ ਭਰਾ ਤੋਂ ਗਿਆਨ ਰੋਸ਼ਨੀ ਲੈ ਜਮਾਤਾਂ ਦੇ ਮੀਲ-ਪੱਥਰ ਸਰ ਕਰਦਾ ਰਿਹਾ ਤੇ ਫਿਰ ਇਕ ਦਿਨ ਕਾਲਜ ਅਧਿਆਪਕ ਬਣ ਵਿਦਿਆਰਥੀਆਂ ਦੀ ਹਥੇਲੀ ’ਤੇ ਭਵਿੱਖੀ ਨਕਸ਼ੇ ਉਲੀਕਣ ਲੱਗ ਪਿਆ। ਐਪਰ ਇਹ ਤਾਂ ਉਸਦਾ ਪੜਾਅ ਨਹੀਂ ਸੀ ਫਿਰ ਅਫਸਰੀ ਕੁਰਸੀ ਤੇ ਜਾ ਬੈਠਾ ਸਰਕਾਰ ਦੇ ਅਨੇਕਾਂ ਵਕਾਰੀ ਅਹੁਦਿਆਂ ਤੇ ਬਿਰਜਮਾਨ ਹੋ ਉਸ ਜਿਸ ਹਲੀਮੀ, ਸਿਆਣਪ ਤੇ ਦੂਰ ਅੰਦੇਸ਼ੀ ਨਾਲ ਕਲਮ ਚਲਾਈ, ਫੈਸਲੇ ਕੀਤੇ ਉਹ ਉਹਦੇ ਲਈ ਕਦੇ ਨਮੋਸ਼ੀ ਨਹੀਂ ਆਦਰ ਤੇ ਸਵੈਮਾਨ ਹੀ ਬਣ ਨਿੱਤਰੇ। ਉਸ ਕੋਲ ਨਿਖਰੀ ਲਿਆਕਤ ਤਾਂ ਹੈ ਪਰ ਮਿਹਨਤ ਦੇ ਸਿਰੜੀ ਪਲਾਂ ਦਾ ਹਲਫ਼ਨਾਮਾ ਵੀ ਹੈ ਕਹਿੰਦੇ ਨੇ ਉਹ ਦਫ਼ਤਰੀ ਕਾਰਜਾਂ ’ਚ ਨਿਸ਼ਠਾ ਤੇ ਲਗਨ ਸਦਕਾ ਘੰਟਿਆਂ ਬੱਧੀ ਕਾਰਜ ਨਿਪਟਾਉਣ ਵਾਲਾ ਖ਼ਬਤੀ ਤੇ ਮੁਸ਼ੱਕਤੀ ਅਫਸਰ ਸੀ ਫਿਰ ਕਲਮ ਤਾਂ ਉਹੀ ਰਹੀ ਪਰ ਉਹਨੇ ਆਪਣਾ ਰਾਹ ਬਦਲ ਲਿਆ। ਉਹਦੀ ਕਲਮ ਨੂੰ ਜੈਤੋਂ ਦੀ ਰਸੀਲੀ ਤੇ ਜੋਸ਼ੀਲੀ ਮਿੱਟੀ ਦੀ ਸੌਂਧੀ ਜਿਹੀ ਮਹਿਕ ਨੇ ਅਜਿਹੀ ਅਲੋਕਾਰ ਪਾਣ ਦਿੱਤੀ ਕਿ ਉਹ ਸਾਹਿਤ ਸਲੀਕੇ ਵਾਲੀ ਹੋ ਕੇ ਵੀ ਸੱਚ ਕਹਿਣ ਤੋਂ ਕਦੇ ਗੁਰੇਜ਼ ਨਹੀਂ ਕਰਦੀ। ਮੈਂ ਜਿਸਦੀ ਗੱਲ ਕਰਨ ਲੱਗਾ ਹਾਂ ਉਸਨੂੰ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਪਰ ਮੈ ਜਦੋਂ ਉਸ ਵੱਲ ਤੱਕਦਾ ਹਾਂ ਤਾਂ ਉਸ ਇਕਹਿਰੇ ਚਿਹਰੇ ’ਚੋਂ ਇਕੋਤਰ ਸੋ ਚਿਹਰੇ ਨਜ਼ਰੀ ਪੈਂਦੇ ਨੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਨਾਵਲਾਂ ਦੇ ਲੇਖਕ ਵੀ ਤੇ ਪਾਤਰ ਵੀ। ਉਹਨੂੰ ਪੁੱਛ ਕੇ ਵੇਖੋ ਕਿਵੇਂ ਲਿਖੀਦੀ ਹੈ ਰਿਸ਼ਤਿਆਂ ਦੀ ਫੱਟੀ ’ਤੇ ਦੋਸਤੀ ਦੀ ਮੁਹਾਰਨੀ। ਪਹਿਲੀ ਮਿਲਣੀ ’ਚ ਹੀ ਧੁਰ ਅੰਦਰ ਤਕ ਲਹਿ ਜਾਂਦਾ ਹੈ ਫਿਰ ਤੁਸੀਂ ਲੱਖ ਯਤਨ ਕਰਨ ਤੇ ਵੀ ਆਪਣੇ ਚੇਤਿਆਂ ’ਚੋਂ ਬਾਹਰ ਨਹੀਂ ਕੱਢ ਸਕਦੇ ਅੱਧੀ ਸਦੀ ਤੋਂ ਵੀ ਪਹਿਲਾਂ ਦਾ ਸਹਿਜਸੇਤੀ ਮੇਰੀਆਂ ਯਾਦਾਂ ਦਾ ਅਦਿੱਖ ਅਟੁੱਟ ਹਿੱਸਾ ਬਣਿਆ ਹੁਣ ਵੀ ਉਹੀ ਮਲੰਗੀ ਦਰਵੇਸ਼ੀ ਸੂਰਤ ਸੀਰਤ ਵਾਲਾ ਮੰਦ ਮੰਦ ਮੁਸਕਰਾਉਂਦਾ ਮੇਰੇ ਸਾਹਮਣੇ ਹੈ। ਇਸ ਸੁਘੜ ਸੁਜਾਨ ਸਨੇਹੀ ਮਲਵਈ ਬਾਈ ’ਚ ਬਾਣੀਆਂ ਆਲਾ ਇਕ ਵੀ ਲੱਛਣ ਨਹੀਂ ਜੱਟਾਂ ਵਰਗਾ ਹੱਠੀ ਤੇ ਜ਼ਿੱਦੀ ਮਨ ਆਈ ਤੇ ਕਦਮ ਪੁੱਟਣ ਵਾਲਾ ਤੇ ਫਿਰ ਜਮਾਂ ਹੀ ਨਾ ਸੋਚਣ ਵਾਲਾ ਪੋਨੇ ਗੰਨੇ ਵਰਗਾ ਪੋਲ਼ਾ ਤੇ ਮਿੱਠਾ ਤੂਤ ਦੀ ਛਟੀ ਵਰਗਾ ਲਚਕੀਲਾ ਪੱਕੇ ਲਸੂੜੇ ਜਿਹਾ ਗੁਣਕਾਰੀ ਤੇ ਚੇਪੂ ਨਮੋਲੀ, ਕੌੜ ਤੁੰਮੇ ਵਰਗਾ ਗੁਣਕਾਰੀ ਪਰ ਜੈਤੋਂ ਦੀਆਂ ਜੁੜਵੇਂ ਘਰਾਂ ਵਾਲੀਆਂ ਗਲੀਆਂ ਦਾ ਭਰਪਣ ਉਸਦੇ ਬੋਲਾਂ, ਗਲਵਕੜੀਆਂ, ਕਾਰਜਾਂ ’ਚੋਂ ਹੁਣ ਵੀ ਮਨਫ਼ੀ ਨਹੀਂ ਹੋਇਆ। ਮੈਂ ਜਿਸ ਦੀ ਗੱਲ ਕਰਨ ਲੱਗਾ ਹਾਂ ਉਸਦੇ ਜ਼ਿਹਨ ਵਿਚ ਅਨੇਕਾਂ ਘੁੰਮਦੇ ਫਿਰਦੇ ਅਕਾਸ਼ ਹਨ ਤੇ ਉਹ ਉਕਾਬ ਵਾਂਗ ਉਡਾਰੀਆਂ ਭਰਦਾ ਹਰ ਖੇਤਰ ਦੀਆਂ ਸਿਖਰਾਂ ਛੋਂਹਦਾ ਇਕੋ ਜਿਹੀ ਮੁਹਾਰਤ ਰੱਖਦਾ ਹੈ ਉਸ ਕੋਲ ਤਿੰਨੇ ਭਾਸ਼ਾਵਾਂ ’ਚ ਦਿਲ ਦੇ ਧੁਰ ਤਹਿ ਤਕ ਦੀਆਂ ਗੱਲਾਂ ਕਰ ਸਕਣ ਦੀ ਸੰਪੂਰਣ ਸਮਰੱਥਾ ਹੈ। ਉਹ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਨੂੰ ਫਰੋਲਣ ਵਿਰੋਲਣ ਤੇ ਵਾਚਣ ਦੀ ਜਾਚ ਦੱਸਦਾ ਹੈ ਪੜ੍ਹਣ ਦੀ ਜਾਗ ਵੀ ਲਾਉਂਦਾ ਹੈ ਵਿਸ਼ਵ ਭਰ ਦੇ ਸਾਂਸਕ੍ਰਿਤਕ ਜੀਵਨ, ਚੱਜ ਵਿਹਾਰ ਅਤੇ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਜਾਣਨ ਪਛਾਨਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ ਤੇ ਸਾਡੀ ਸਮਰੱਥਾ ਦਾ ਇਮਤਿਹਾਨ ਵੀ ਲੈਂਦਾ ਹੈ। ਆਪਾਂ ਜਿੰਨਾ ਵੀ ਮਾਣ ਕਰੀਏ ਥੋੜਾ ਹੈ ਕਿਉਂਕਿ ਉਹ ਆਪਣੀ ਲਿਖਤ ਵਿਚ ਸਿਰਫ਼ ਦਰਸਾਉਂਦਾ ਹੀ ਨਹੀਂ, ਵਿਖਾਉਂਦਾ ਵੀ ਹੈ ਸੰਵੇਦਨਾ ਸ਼ਹਿਦ ਵਰਗੀ ਮਿੱਠੀ ਤੇ ਗਾੜੀ ਨਾ ਤਮ੍ਹਾਂ ਨਾ ਗਰੂਰ ਕਾਰਜ ਦੀ ਲਗਨ ਨਸ਼ੇ ਦੀ ਹੱਦ ਤਕ ਬਿਮਾਰੀ ਦੇ ਦਿਨਾਂ ’ਚ ਵੀ ਇਹ ਲਗਨ ਉਵੇਂ ਹੀ ਮਘਦੀ ਰਹੀ ਰਿਸ਼ਤੇਦਾਰਾਂ, ਦੋਸਤਾਂ ਦੇ ਪਿਆਰ ਸਦਕਾ ਬੱਚਿਆਂ ਦੇ ਮੋਹ ਤੇ ਨੀਲਮ ਦੀ ਨੀਲੰਬਰੀ ਸੋਚ ਸਦਕਾ। ਉਹਦੀ ਹਰ ਲਿਖਤ ਅਸ਼ਟਾਮ ਪੇਪਰ ਤੇ ਲਿਖੀ ਪੱਕੀ ਇਬਾਰਤ ਵਰਗੀ ਹੁੰਦੀ ਹੈ ਸੱਚੀ, ਯਕੀਨੀਂ, ਵਿਸ਼ਵਾਸ ਯੋਗ ਜਿਸ ਤੇ ਤੁਸੀਂ ਬੇ-ਭਰੋਸਗੀ ਨਹੀਂ ਜਿਤਾ ਸਕਦੇ ਚਾਰ ਜਿਲਦਾਂ ਦੀ ਸੰਪੂਰਨ ਸਮੱਗਰੀ ਵੇਖ ਲਗਦੈ ਕਿ ਉਹ ਸਾਡੇ ਸਮਿਆਂ ਦਾ ਵੇਦ ਵਿਆਸ ਹੁਣ ਵੀ ਪਰਵਾਂ ਦੇ ਪਰਵ ਲਿਖ ਰਿਹਾ ਹੈ ਫ਼ਰਕ ਸਿਰਫ਼ ਏਨਾਂ ਕੁ ਹੀ ਹੈ ਹੁਣ ਉਹਦੇ ਪਰਵ ਸ਼ਾਹਕਾਰ ਨਾਵਲਾਂ ਦੀ ਵਿਆਖਿਆ ਹਨ ਤੇ ਜੋ ਸਾਹਿਤ ਅੰਬਰ ਦੀ ਕਹਿਕਸ਼ਾ ਵੀ ਕਹੀ ਜਾ ਸਕਦੀ ਹੈ। ਪੰਜਾਬੀਅਤ ਦਾ ਜਿਉਂਦਾ ਜਾਗਦਾ ਸਪੂਤ ਸਹਿਜ ਸਲੀਕੇ ਵਾਲੀ ਭਾਸ਼ਾ ਸ਼ੈਲੀ ਦਾ ਸਿਰਜਕ ਸਾਹਿਤ ਦੀ ਨਵੀਂ ਵਿਧਾ ਦਾ ਪਹਿਲਚੀ ਸੁੱਚੀਆਂ ਸੋਚਾਂ ਦਾ ਹਰਕਾਰਾ ਤੋਲਣ ਘੋਖਣ ਪਰਖਣ ਨਿਰਖਨ ਜਿਸਦਾ ਨਿਤਨੇਮੀ ਸਿਮਰਨ ਤਰਕ ਵਿਵੇਕ ਦੀ ਤਸਬੀ ਫੜ ਸਹੀ ਸੁਕਾਰਥੇ ਕਾਰਜਾਂ ਵੱਲ ਤੁਰਿਆ ਅਣਥੱਕ ਰਾਹੀ ਐਸੀ ਲਾਸਾਨੀ ਪ੍ਰਤਿਭਾ ਜੋ ਅਕੀਦਿਆਂ ਦੀ ਚੀਕਣੀ ਪਗਡੰਡੀ ’ਤੇ ਤੁਰਦਿਆਂ ਵੀ ਕਦੇ ਨਹੀਂ ਤਿਲਕਦੀ ਮੇਰੀ ਅਰਦਾਸ ਹੈ ਉਹਦੀ ਇਹ ਯਾਤਰਾ ਨਿਰੰਤਰ ਜਾਰੀ ਰਹੇ। ਉਹਦੀਆਂ ਪ੍ਰਾਪਤੀਆਂ ਦਾ ਅੰਬਰ ਬੜਾ ਵਿਸ਼ਾਲ ਹੈ ਕੋਈ ਵੀ ਇਨਾਮ ਸਨਮਾਨ ਹਰਗਿਜ਼ ਉਹਦੇ ਮੇਚ ਦੇ ਨਹੀਂ ਬਹੁਤ ਬੌਣੇ ਹਨ ਉਹਦੇ ਕੱਦ ਤੋਂ ਬਸ ਉਹ ਤਾਂ ਤਲਬਗਾਰ ਹੈ ਕੱਚੇ ਦੁੱਧ ਜਿਹੀ ਬੇਲਾਗ ਮੁਹੱਬਤ ਦਾ ਤੁਹਾਡੀ ਨਿੱਘੀ ਨਿਰਛਲ ਗਲਵਕੜੀ ਦਾ ਸ਼ਹਿਦ ਰੂਪੀ ਮੋਹ ਵਿਚ ਭਿੱਜੇ ਮੁਹੱਬਤੀ ਬੋਲਾਂ ਦਾ।

ਅੰਤਰੀਵੀ ਭਾਵਨਾਵਾਂ ਦਾ ਸਿਰਜਕ (ਨਿਰੰਜਨ ਤਸਨੀਮ)

ਮੈਂ ਜਿਸਦੀ ਗੱਲ ਕਰਨ ਲੱਗਾ ਹਾਂ ਉਸਦੇ ਭਰਵੇਂ ਵਜੂਦ ਨੂੰ ਤੱਕ ਹੈਰਾਨੀ ਦੀ ਹੱਦ ਤਕ ਹੈਰਾਨ ਵੀ ਹੁੰਦਾ ਹਾਂ ਕਿ ਉਹ ਆਪਣੀ ਹਰ ਰਚਨਾ ਵਿਚ ਮਨੁੱਖੀ ਸੰਬੰਧਾਂ ਦੀਆਂ ਤ੍ਰੇੜਾਂ ਮਨਾਂ ਦੀਆਂ ਉਲਝਣਾਂ ਰਿਸ਼ਤਿਆਂ ਦੇ ਗੰਧਲੇਪਣ ਮੰਦਹਾਲੀ ਦੇ ਭੰਨੇ ਮਰੋੜੇ ਪਾਤਰਾਂ ਨੂੰ ਇੰਜ ਚਿਤਰਦਾ ਹੈ ਜਿਵੇਂ ਉਹਦੇ ਹੀ ਵਜੂਦ ’ਚੋਂ ਲੰਘੇ ਹੋਣ ਐਪਰ ਉਹਦੇ ਕੱਦ-ਕਾਠ ਨੂੰ ਵੇਂਹਦਿਆਂ ਰਤੀ ਭਰ ਵੀ ਯਕੀਨ ਨਹੀਂ ਹੁੰਦਾ। ਉਹ ਬਾਹਰਲੇ ਸੰਸਾਰ ਨੂੰ ਹੀ ਨਹੀਂ ਪਾਤਰਾਂ ਦੇ ਮਨ ਵਿਚਲੇ ਸੰਸਾਰ ਨੂੰ ਵੀ ਨਿੱਕੀਆਂ ਨਿੱਕੀਆਂ ਕਲਮੀ ਛੋਹਾਂ ਨਾਲ ਕਮਾਲ ਦਾ ਚਿਤਰਦਾ ਹੈ ਉਹਦੇ ਅੰਦਰ ਇਕ ਬੇਵੱਸ, ਬੇਸਹਾਰਾ ਕਿਰਤੀ ਆਪਣੀਆਂ ਲੋੜਾਂ ਥੁੜਾਂ ਦੀਆਂ ਚੀਕਾਂ ਦੀਆਂ ਖਾਮੋਸ਼ ਹੁੱਝਾਂ ਮਾਰ ਮਾਰ ਉਸਨੂੰ ਉਕਸਾਉਂਦਾ ਹੈ ਕਿ ਕਿਰਤੀ ਦਿਵਸ ਦੇ ਜੰਮੇ-ਜਾਇਆ ਤੇਰੀ ਕਲਮ ਨੂੰ ਕਦੀ ਚੈਨ ਨਸੀਬ ਨਾ ਹੋਵੇ। ਇਸੇ ਲਈ ਉਹਦੀ ਕਲਮ ਸ਼ਹਿਰੀ ਰੋਸ਼ਨੀਆਂ ਦੇ ਆਲਮ ਵਿਚ ਵੀ ਮਨਾਂ ਦੇ ਹਨ੍ਹੇਰਿਆਂ, ਤਿੜਕਦੀ ਹੋਂਦ ਤੇ ਸਾਹ ਘੁੱਟ ਘੁੱਟ ਕੇ ਜਿਉਂਦੇ ਬੰਦਿਆਂ ਦੀ ਬਾਤ ਪਾਉਂਦੀ ਹੈ। ਇਸ ਕਲਮਕਾਰ ਦੇ ਗਲਪੀ ਕਰਮ ਵਿਚ ਮੱਧ-ਵਰਗੀ ਲੋਕਾਂ ਦੇ ਅੰਤਰ-ਮਨ ਦੀ ਵਿਥਿਆ ਬੋਲਣ ਤੋਂ ਵਿਰਵੇ ਉਹਨਾਂ ਬੇਵਸ ਵਿਅਕਤੀਆਂ ਜਿਨ੍ਹਾਂ ਦੀ ਜੀਭ ਠਾਕੀ ਹੈ ਛਾਲਿਆਂ ਨੇ ਜਿਨ੍ਹਾਂ ਦੇ ਪੈਰਾਂ ਦੀਆਂ ਪਾਟੀਆਂ ਬਿਆਈਆਂ ਮੰਜ਼ਿਲ ਦੀ ਤਲਾਸ਼ ਵਿਚ ਹਨ ਜਿਨ੍ਹਾਂ ਦੇ ਬੱਚਿਆਂ ਦੀਆਂ ਅੱਖਾਂ ’ਚ ਸੁਪਨੇ ਤਾਂ ਹਨ ਸੁਹੱਪਣੀ ਸੰਸਾਰ ਦੇ ਪਰ ਪੈਰ ਧਰਨ ਲਈ ਪੌੜੀ ਨਹੀਂ ਅਜਿਹੇ ਲੋਕਾਂ ਦੇ ਘਰਾਂ ਦੀ ਥਾਹ ਪਾਉਣ ਦਾ ਜੇਰਾ ਉਸ ਕੋਲ ਹੈ। ਉਸਦੀ ਕਲਮੀ ਕਲਾਤਮਕਤਾ ਵਿਸ਼ਾਲਤਾ ਨੂੰ ਬਿੰਦੂ ’ਚ ਸਮੇਟਣ ਦੀ ਜਾਂਚ ਜਾਣਦੀ ਹੈ ਮਨ ਦੀਆਂ ਤੈਹਾਂ ਫਰੋਲਦਾ ਉਹ ਪਾਤਰ ਦਾ ਪੂਰਾ ਜੀਵਨ ਹੰਗਾਲ ਛੱਡਦਾ ਹੈ ਤੇ ਕਿੰਨੇ ਸਾਰੇ ਹੀ ਪ੍ਰਸ਼ਨ ਸਾਡੇ ਸਾਹਮਣੇ ਉਜਾਗਰ ਕਰ ਦਿੰਦਾ ਹੈ ਅਸੀਂ ਉਹਨਾਂ ਸੰਗ ਦੋ-ਚਾਰ ਹੁੰਦੇ ਜੀਵਣ ਦੇ ਜਟਿਲ ਅਰਥਾਂ ਦੀ ਪੈੜ ਪਛਾਣਨ ਤੁਰ ਪੈਂਦੇ ਹਾਂ। ਸਹਿਕਦੀਆਂ, ਤੜਫ਼ਦੀਆਂ, ਲੁੱਛਦੀਆਂ ਉਹਦੀਆਂ ਸ਼ਹਿਰੀ ਮੱਧਵਰਗੀ ਨਾਇਕਾਵਾਂ ਕਸਕ ਕਰੁਣਾ ਦੀ ਕਹਾਣੀ ਕਹਿੰਦੀਆਂ ਸਾਡੇ ਸਮਿਆਂ ਦੇ ਸਰਬ-ਸੱਚ ਨੂੰ ਰੂਪਮਾਨ ਹੀ ਨਹੀਂ ਕਰਦੀਆਂ ਸਗੋਂ ਸੋਚਾਂ ਦੀ ਸੂਲੀ ਤੇ ਵੀ ਬੇਪਰਦ ਕਰ ਟੰਗ ਜਾਂਦੀਆਂ ਹਨ ਦਰਅਸਲ ਉਹਨਾਂ ਵਕਤ ਦੀਆਂ ਸ਼ਿਕਾਰ ਹੋਈਆਂ ਨੇ ਖਿੜਕੀ ਤਾਂ ਕੀ ਖੋਹਲਣੀ ਸੀ ਪਰਦੇ ਵੀ ਨਹੀਂ ਚੁਕ ਸਕੀਆਂ ਤੇ ਰੋਸ਼ਨੀ ਦੀ ਤਾਂਘ ਤਾਂਘ ’ਚ ਹਨ੍ਹੇਰੇ ਦੀ ਸਰਦਲ ਤੇ ਪਹੁੰਚ ਜਾਂਦੀਆਂ ਨੇ ਇੰਜ ਕਰਦਿਆਂ ਉਹਦੀ ਕਲਮ ਔਰਤਾਂ ਦੇ ਕਿੰਨੇ ਹੀ ਰੂਪ ਸਿਰਜ ਜਾਂਦੀ ਤੇ ਮਰਦ-ਮਨਾਂ ਨੂੰ ਗਹਿਰੇ ਅਰਥ ਸਮਝਾ ਜਾਂਦੀ ਹੈ। ਉਰਦੂ ’ਚ ਲਿਖਦਿਆਂ ਲਿਖਦਿਆਂ ਇਹ ਸਮਝ ਆਈ ਕਿ ਇਸ ਭਾਸ਼ਾ ’ਚ ਤਾਂ ਸਿਰਫ਼ ਦਾਸਤਾਨੇ-ਮੁਹੱਬਤ ਹੀ ਕਹੀ ਜਾ ਸਕਦੀ ਹੈ ਮਨਾਂ ਦੇ ਮਾਰੂਥਲ ਦੀ ਥਾਹ ਪਾਉਣ ਸਾਹਾਂ ਦੇ ਸਾਗਰ ਹੰਘਾਲਣ ਜ਼ਿੰਦਗੀ ਨੂੰ ਤਹਿ ਤਕ ਸਮਝ ਸਮੱਸਿਆ ਦੇ ਨਿਪਟ ਨਪਟਾਰੇ ਲਈ ਆਪਣੀ ਬੋਲੀ ਹੀ ਕਾਰਗਰ ਹੋ ਸਕਦੀ ਹੈ। ਉਸਦੀ ਲਿਖਤ ਵਿਚ ਭੂਤ, ਵਰਤਮਾਨ ਤੇ ਭਵਿੱਖ ਇਕੋ ਬਿੰਦੂ ਤੇ ਖਲੋਤੇ ਨਜ਼ਰ ਆਉਂਦੇ ਹਨ ਤੇ ਇਕੋ ਬੰਦਾ ਕੱਲਾ-ਕਾਰਾ ਹੀ ਪੂਰੇ ਸਮਾਜ ਦੀ ਝਾਕੀ ਬਣ ਜਾਂਦਾ ਹੈ ਤੇ ਅਣਕਿਆਸੇ, ਅਣਚਾਹੇ ਵਕਤਾਂ ਪ੍ਰਤੀ ਸਾਡੇ ਮਨਾਂ ’ਚ ਤਰਸ ਜਗਾ ਜਾਂਦਾ ਹੈ। ਤੁਹਾਡੇ ਸਾਹਮਣੇ ਬੈਠਾ ਮੇਰੀ ਕਾਵਿ-ਰਚਨਾ ਦਾ ਨਾਇਕ ਐਨਕ ਦੇ ਸ਼ੀਸ਼ਿਆਂ ’ਚੋਂ ਤਕਦਾ ਪਹਿਲੀ ਨਜ਼ਰੇ ਬੜਾ ਗੰਭੀਰ ਲੱਗੇਗਾ ਭੈ-ਭੀਤ ਕਰੇਗਾ, ਪਰੀ ਕਹਾਣੀਆਂ ਦੇ ਵਾਂਗ ਪਰ ਉਹਦੇ ਹੱਥਾਂ ਦੀ ਮਿਲਣੀ ’ਚ ਅਜਿਹਾ ਨਿੱਘ ਹੈ ਜੋ ਤੁਹਾਨੂੰ ਕੰਬਣੀ ਛੇੜ ਜਾਏਗਾ ਉਹਦੀ ਬੁੱਕਲ ਵਿਚਲੀ ਮੁਹੱਬਤ ਤੁਹਾਡੀ ਰੂਹ ਨੂੰ ਸਰਸ਼ਾਰ ਕਰ ਜਾਏਗੀ ਸਫ਼ਰ ’ਚ ਉਹ ਬਾਤਾਂ ਪਾਉਂਦਾ ਤੁਹਾਡਾ ਹੁਸੀਨ ਹਮਸਫ਼ਰ ਬਣ ਜਾਏਗਾ ਤੁਸੀਂ ਫਿਰ ਵਾਰ ਵਾਰ ਮਿਲਣ ਲਈ ਸਹਿਕੋਗੇ, ਬੇਚੈਨ ਹੋਵੋਗੇ ਤੇ ਕੋਈ ਨਾ ਕੋਈ ਬਹਾਨਾ ਲੱਭੋਗੇ। ਗੁਰੂ ਨਗਰੀ ਦਾ ਜੰਮ ਪਲ ਅਧਿਆਪਕੀ ਕਿੱਤੇ ਨੂੰ ਪਰਣਾਇਆ ਕਵੀ ਬਣਦਾ ਬਣਦਾ ਨਾਵਲਕਾਰ ਬਣ ਗਿਆ ਤੇ ਫਿਰ ਨਾਵਲ ਲਿਖਦਾ ਲਿਖਦਾ ਪਰਖ-ਪੜਚੋਲ ਦੇ ਰਾਹ ਤੁਰ ਪਿਆ ਸਾਹਿਤ ਸਭਾਵਾਂ ਦਾ ਸਰਗਰਮ ਰਸੀਆ ਮੱਥੇ ’ਤੇ ਸਾਹਿਤ ਅਕਾਦੇਮੀ ਪੁਰਸਕਾਰ ਦਾ ਟਿੱਕਾ ਲਵਾ ਵਿਸ਼ਾਲ ਦਿਲ ਵਾਲਾ ਪ੍ਰੋ. ਨਰੰਜਨ ਤਸਨੀਮ ਲੁਧਿਆਣਾ ਦੇ ਵਿਸ਼ਾਲ ਨਗਰ ਦਾ ਪੱਕਾ ਵਸਨੀਕ ਵੀ ਸੀ ਤੇ ਸ਼ਹਿਰ ਦਾ ਮਾਣ ਵੀ।

ਰੇਗਿਸਤਾਨ ’ਚ ਵਹਿੰਦਾ ਦਰਿਆ (ਰਾਮ ਸਰੂਪ ਅਣਖੀ)

ਨਾ ਉਹ ਸਤਲੁਜ ਹੈ, ਨਾ ਝਨਾਂ ਹੈ ਪਰ ਫਿਰ ਵੀ ਇਕ ਦਰਿਆ ਹੈ ਕੱਕੀ ਰੇਤ ਵਿਚ ਵਹਿੰਦਾ ਉਹ ਕਣਕ-ਵੰਨਾ ਦਰਿਆ ਉਹ ਜਿਹੜਾ ਕਿਸੇ ਬਰਫ਼-ਟੀਸੀ ਤੋਂ ਨਹੀਂ ਤੁਰਿਆ ਸਗੋਂ ਦੁੱਧ ਜਿਹੀ ਰੂਹ ਦੀ ਬੁਲੰਦੀ ਤੋਂ ਉਤਰਿਆ ਮੱਠੀ ਮੱਠੀ ਤੋਰੇ ਹਿੱਕਾਂ ਦੀ ਜੂਹ ’ਚੋਂ ਲੰਘਿਆ ਧੁੱਪਾਂ ਵਿਚ ਕਲਵਲ ਹੋਇਆ ਪਾਲ਼ਿਆਂ ਵਿਚ ਠਰਿਆ ਕੰਬਿਆ ਉਹ ਜਿਹੜਾ ਅੱਧੀ ਸਦੀ ਪਹਿਲਾਂ ਸਧਾਰਨ ਜਿਹੇ ਪੰਡਤਾਂ ਦੇ ਘਰੋਂ ਕੱਚੀ ਜਿਹੀ ਕੋਠੜੀ ’ਚੋਂ ਤੁਰਿਆ ਸੀ ਬਸ ਮੰਜੇ ਦੀ ਦੌਣ ’ਤੇ ਦਾਣਿਆਂ ਦੀ ਪੋਟਲੀ ਬੰਨ੍ਹ ਕੇ ਬਾਹਰਲੇ ਬੂਹੇ ਦੀ ਚੁਗਾਠ ’ਤੇ ਨਿੰਮ-ਪੱਤਰ ਲਟਕਾ ਕੇ। ਉਹ ਕੱਚਾ ਜਿਹਾ ਘਰ ਕੋਈ ਵੱਡਾ ਪਰਬਤ ਤੇ ਨਹੀਂ ਸੀ ਜਿਸਨੂੰ ਅਮਰਗਿਰੀ ਜਾਂ ਕੈਲਾਸ਼ ਵਰਗਾ ਕੁੱਝ ਨਾਂ ਦਿੱਤਾ ਜਾ ਸਕੇ ਪਰ ਉਹਦੇ ਜਨਮ-ਦਾਤੇ ਦਾ ਨਾਂ ਇੰਦਰ ਜ਼ਰੂਰ ਸੀ ਤੇ ਜਿਸ ਵਿਚ ਰਾਜਿਆਂ ਵਰਗੇ ਅੰਸ਼ ਸਨ ਉਂਜ ਉਹ ਰਾਜਾ ਨਹੀਂ ਸੀ ਅਗਵਾੜ ਦਾ ਸਭ ਤੋਂ ਅੜਬ ਬੰਦਾ ਵਿਚਰਦਾ ਹਉਮੈ ਵਿਚ ਤੇ ਡਾਂਗ ਖੜੀ ਰੱਖਦਾ ਸ਼ਾਹਾਂ ਦਾ ਕਰਜ਼ਈ ਹੁੰਦਿਆਂ ਵੀ ਉਸਦੀ ਤੋਰ ਵਿਚ ਮੜ੍ਹਕ ਸੀ। ਉਹਦਾ ਸੁਪਨਾ ਸੀ ਮੇਰਾ ਪੁੱਤ ਚਾਰ ਜਮਾਤਾਂ ਪੜ੍ਹ ਕੇ ਬਹੁਤ ਵੱਡਾ ਅਫਸਰ ਪਿੰਡ ਦਾ ਪਟਵਾਰੀ ਬਣੇ ਪਰ ਜਦੋਂ ਪੁੱਤ ਪਿਤਾ ਦੇ ਸੁਪਨਿਆਂ ਦੀ ਸੀਮਾ ਟੱਪ ਗਿਆ ਤਾਂ ਉਹ ਆਖਦੈ : ‘ਪੁੱਤਰਾ! ਕਿਤਾਬਾਂ ’ਚੋਂ ਕੀ ਕੱਢੇਂਗਾ, ਐਵੇਂ ਤੇਲ ਫੂਕਦੈਂ’ ਸੱਚ ਉਹਦੇ ਪੁੱਤ ਨੇ ਕਿਤਾਬਾਂ ’ਚੋਂ ਕੁਝ ਨਹੀਂ ਕੱਢਿਆ ਉਹ ਜੱਟਾਂ ਤੇ ਸ਼ਾਹਾਂ ਦਾ ਕਰਜ਼ਈ ਸੀ ਤੇ ਪੁੱਤ ਮਨ ਦਾ ਕਰਜ਼ਈ ਹੈ ਬਾਪ ਦੀ ਗਹਿਣੇ ਕੀਤੀ ਜ਼ਮੀਨ ਤਾਂ ਉਸ ਛੁਡਾ ਲਈ ਪਰ ਮਨ ਦੀ ਤੱਪੜ ਤਿਹਾਈ ਧਰਤੀ ਦਾ ਉਹ ਕੀ ਕਰੇਗਾ। ਤੇ ਉਹ ਤੁਰ ਪਿਆ ਦਰਿਆ ਵਾਂਗ ਮਨ ਦੀਆਂ ਜੂਹਾਂ ਨੂੰ ਠਾਰਨ ਲਈ। ਇਸ ਦਰਿਆ ਦੇ ਸੰਜੋਗ ਅੰਞਾਣੇ ਹੀ ਨਹੀਂ ਬੜੇ ਅਵੱਲੇ ਵੀ ਨੇ ਉਹ ਪੈਂਤੀ ਅੱਖਰਾਂ ਤੋਂ ਅਜੇ ਮੁਹਾਰਨੀ ਤਕ ਪਹੁੰਚਿਆ ਸੀ ਕਿ ਉਹਦੇ ਚੁੱਪ-ਚਪੀਤੇ ਦੇ ਗੁੱਟ ਉਪਰ ਸ਼ਗਨਾਂ ਦਾ ਗਾਨਾ ਬੰਨ੍ਹ ਦਿੱਤਾ ਗਿਆ ਸਿਰਫ਼ ਉਹੀ ਜਾਣਦਾ ਹੈ ਕਿ ਇਕ ਸੁਪਨਿਆਂ ਲੱਦੀ ਅੱਖ ਦਾ ਡੁੱਲਦੇ ਹੋਏ ਕੰਨਾਂ ਨਾਲ ਮਾਪਿਆਂ ਸਹੇੜਿਆ ਰਿਸ਼ਤਾ ਸੀ ਜਿਹੜਾ ਉਹਨਾਂ ਆਪ ਹੀ ਜੋੜਿਆ ਤੇ ਫਿਰ ਆਪ ਹੀ ਤੋੜਿਆ। ਮਾਂ ਉਹਨੂੰ ਡੁੱਬ ਕੇ ਪਿਆਰ ਕਰਦੀ ਤੇ ਇਹ ਪਿਆਰ ਬਿਨ-ਪੈਰਾਂ ਤੇ ਅੱਖੋਂ ਅੰਨ੍ਹਾ ਸੀ ਭੋਲੀ ਅਣਪੜ੍ਹ ਮਾਂ ਨੂੰ ਕੀ ਪਤਾ ਸੀ ਕਿ ਉਹ ਡੁਲੂੰ ਡੁਲੂੰ ਲੋਰੀਆਂ ਦੀ ਲੱਪ ਭਰਕੇ ਜਦ ਵੀ ਤੁਰੇਗੀ ਤਾਂ ਠੋਹਕਰ ਖਾ ਕੇ ਡਿੱਗੇਗੀ ਮਾਂ ਜਿਹੜੀ ਪੁੱਤ ਨੂੰ ਏਨਾਂ ਹਿੱਕ ਨਾਲ ਘੁੱਟਦੀ ਤੇ ਭੁੱਲ ਜਾਂਦੀ ਕਿ ਉਹਦਾ ਲਾਲ ਦਮ-ਘੁੱਟ ਕੇ ਤ੍ਰੇਲੀਓ ਤ੍ਰੇਲੀ ਹੋ ਗਿਆ ਹੈ ਮਾਂ ਜਿਸਨੂੰ ਪੁੱਤ ਵਿਆਹੁਣ ਦੀ ਤੇ ਜੜ੍ਹ ਲਾਉਣ ਦੀ ਐਵੇਂ ਝੱਲੀ ਜਿਹੀ ਖੋਹ ਰਹਿੰਦੀ ਸੀ ਤੇ ਇਹ ਖੋਹ ਪੁੱਤ ਦੀਆਂ ਪਾਤਲੀਆਂ ਦਾ ਸੇਕ ਬਣ ਗਈ ਸ਼ਾਇਦ ਇਸੇ ਕਰਕੇ ਮਾਂ ਨਿਰਦੋਸ਼ ਹੁੰਦੀ ਵੀ ਉਹਨੂੰ ਆਪਣੀ ਸਭ ਤੋਂ ਵੱਡੀ ਦੁਸ਼ਮਣ ਲਗਦੀ। ਅਜੇ ਉਹਦੇ ਮੋਢੇ ਤੋਂ ਬਸਤਾ ਨਹੀਂ ਸੀ ਲਿਹਾ ਕਿ ਹਵਨ ’ਚੋਂ ਨਿਕਲਦੀਆਂ ਲਾਟਾਂ ਸਨਮੁੱਖ ਸਹੁੰ-ਚੁੱਕ ਮਹਿੰਦੀ ਰੰਗੇ ਹੱਥਾਂ ਵਾਲੀ, ਖਿਆਲਾਂ ’ਚ ਲਿਪਟੀ ਇਕ ਚੁੱਪ-ਚਪੀਤੀ ਜਿਹੀ ਕੁੜੀ ਨੂੰ ਉਸ ਵਿੰਗੀਆਂ ਕੜੀਆਂ ਵਾਲੀ ਸਬਾਤ ਦੀ ਛੱਤ ਹੇਠਾਂ ਲਿਆ ਬਿਠਾਇਆ ਉਹ ਜਿਹੜੀ ਪੂਰੇ ਪੈਂਤੀ ਅੱਖਰ ਵੀ ਨਹੀਂ ਸੀ ਜਾਣਦੀ ਉਹ ਮਾਂ ਦੀ ਮਾਰੂ ਮਮਤਾ ਨੂੰ ਤੇ ਉਹਦੇ ਆਪਣੇ ਮਨ ’ਚ ਉੱਡਦੀਆਂ ਨਿੱਕੀਆਂ-ਨਿੱਕੀਆਂ ਫੰਗਾਂ ਦੀਆਂ ਉਡਾਰੀਆਂ ਨੂੰ ਉਹਦੀ ਖਾਮੋਸ਼ੀ ਨੂੰ, ਉਹਦੀ ਸੁੱਕੀ ਅੱਖ ਨੂੰ ਤੇ ਬੁੱਲ੍ਹਾਂ ’ਤੇ ਵਿਲਕਦੇ ਬੋਲਾਂ ਨੂੰ ਕਿਵੇਂ ਸਮਝਦੀ ਉਹ ਜੀਹਦੀਆਂ ਅੱਖਾਂ ਦੇ ਪਾਣੀਆਂ ਵਿਚ ਬਕੌਲ-ਕੁਲਵੰਤ ਨੀਲੀਆਂ ਅੱਖਾਂ ਵਾਲੀ ਕੁੜੀ ਨੀਲ ਬਣਕੇ ਘੁਲ਼ ਗਈ। ਇਸ ਕੁੜੀ ਨੂੰ ਉਹ ਬਾਰਾਂਦਰੀ ’ਚ ਉੱਗੇ ਅਮਲਤਾਸਾਂ ਦੇ ਪਿੱਛੇ ਜਾਂ ਕੱਚੀਆਂ ਕੰਧੋਲੀਆਂ ਕੋਲ ਦੀ ਤੁਰੀ ਜਾਂਦੀ ਕੁੜੀ ਦੀ ਤੋਰ ’ਚੋਂ ਪਛਾਣਦਾ। ਤੇ ਲੜ ਲਾਈ ਵਿੰਗੀਆਂ ਕੜੀਆਂ ਵਾਲੀ ਸਬਾਤ ਦੀ ਛੱਤ ਹੇਠਾਂ ਢਿਲਕਵੀਂ ਮੰਜੀ ਤੇ ਪਈ ਬਸ ਢਿਲਕਦੀ ਹੀ ਗਈ ਪੇਂਡੂ ਵਰਤ-ਵਰਤਾਰੇ ’ਚ ਵਿਚਰਦੀ ਉਹ ਕੁੜੀ ਕਵੀ ਕਲਪਨਾ ਦੇ ਉੱਡਦੇ ਰੰਗ ਨਾ ਫੜ ਸਕੀ ਬਸ ਕੱਚੀਆਂ ਕੰਧਾਂ ਦੇ ਘੇਰੇ ’ਚ ਬਲਦਾ ਤੇ ਬੁਝਦਾ ਸਿਵਾ ਬਣ ਗਈ। ਉਦੋਂ ਉਹ ਦਰਿਆ, ਦਰਿਆ ਨਹੀਂ ਸੀ ਰਿਹਾ ਉਹਦੇ ਪਾਣੀ ਰੇਤ ਬਣ ਗਏ ਸਨ। ਹੁਣ ਬੂਹੇ ’ਚ ਬਹਿ ਕੇ ਉਡੀਕਣ ਵਾਲਾ ਕੋਈ ਨਹੀਂ ਸੀ ਸ਼ਗਨਾਂ ਦਾ ਗਾਨਾ ਫਿਰ ਬੱਝਿਆ ਦਰਿਆ ਦੀਆਂ ਲਹਿਰਾਂ ਫਿਰ ਮਚਲ ਉੱਠੀਆਂ ਉਹ ਬੜੇ ਸ਼ਾਂਤ ਕਿਨਾਰਿਆਂ ਜਿਹੀ ਕੁੜੀ ਜਿਹੜੀ ਹਰ ਤੂਫ਼ਾਨੀ ਲਹਿਰ ਨੂੰ ਵੀ ਹਿੱਕ ਨਾਲ ਲਾ ਕੇ ਠਾਰ ਦਿੰਦੀ ਸ਼ਾਇਦ ਇਸੇ ਲਈ ਸਾਰੀਆਂ ਘੁੰਮਣ-ਘੇਰੀਆਂ ਦਰਿਆ ਦਾ ਤਾਪ-ਸੰਤਾਪ ਉਹਦੇ ਦਿਮਾਗ਼ ਵਿਚ ਸੁੰਗੜ ਕੇ ਬਹਿ ਗਿਆ ਪਹਿਲਾਂ ਤੇ ਉਹਨੇ ਅੱਖਾਂ ਮੀਟੀਆਂ ਤੇ ਫਿਰ ਉਮਰਾਂ ਦੇ ਦਾਅਵੇ ਕਰਨ ਵਾਲੀ ਕਹਾਣੀ ਸੁਣਦੀ ਸੁਣਦੀ ਹੀ ਸੌਂ ਗਈ। ਉਮਰ ਦੀ ਇਹ ਉਹ ਰੁੱਤ ਸੀ ਜਦੋਂ ਬੰਦੇ ਨੂੰ ਬੀਵੀ ਤਨ ਦਾ ਨਹੀਂ ਮਨ ਦਾ ਸਾਥ ਲਗਦੀ ਹੈ। ਜਦੋਂ ਹਵਾਵਾਂ ਰਿਸ਼ਤਿਆਂ ਦੀ ਰਹਿੰਦੀ ਸੁਆਹ ਵੀ ਉਡਾ ਲੈ ਗਈਆਂ ਤਾਂ ਦਰਿਆ ਹੀ ਜਾਣਦਾ ਹੈ ਕਿ ਉਸ ਜੂਹ ’ਚੋਂ ਲੰਘਦਿਆਂ ਕਿਵੇਂ ਉਹਦੇ ਪਾਣੀਆਂ ਨੂੰ ਅੱਗ ਲੱਗੀ ਸੀ ਉਹ ਕਿਵੇਂ ਵਿਲਕਿਆ ਸੀ, ਸੁਲਗਿਆ ਸੀ, ਤੜਫਿਆ ਸੀ। ਫਿਰ ਭੁੱਖੀ ਰੂਹ ਦੀਆਂ ਕਹਾਣੀਆਂ ਬਣ ਤੁਰੀਆਂ ਤੇ ਉਹ ਉੱਡਦੇ ਰੰਗਾਂ ਦੀਆਂ ਪੈੜਾਂ ਛਾਨਣ, ਪਹਿਚਾਨਣ ਤੁਰ ਪਿਆ ਲੋਕ ਕਹਿੰਦੇ ਤਪਦੇ ਟਿੱਬੇ ਉਹਦੇ ਪਿੰਡ ਦੀ ਜੂਹ ਵਿਚ ਹੀ ਨਹੀਂ ਉਹਦੀ ਛਾਤੀ ਵਿਚ ਵੀ ਹਨ। ਉਮਰ ਦੇ ਇਹ ਪਲ, ਬੇਥਾਹ ਦੋਸਤੀਆਂ ਦੇ ਪਲ ਸਨ ਉਹ ਅੱਚਵੀਂ ’ਚ ਤੁਰਿਆ ਫਿਰਦਾ ਦੋਸਤਾਂ ਕੋਲ ਪਨਾਹ ਮੰਗਦਾ ਦਾਰੂ ’ਚੋਂ ਚੈਨ ਲੱਭਦਾ ਔਰਤ ਵੇਖਦਾ ਤੇ ਸਮੁੱਚੀ ਨਿਗਲ ਜਾਣਾ ਚਾਹੁੰਦਾ ਇਹ ਕੇਹੀ ਭੁੱਖ ਸੀ ਜਿਸਨੂੰ ਕਿਨਾਰੇ ਵੀ ਥੰਮ ਨਾ ਸਕੇ ਇਹ ਭੁੱਖ, ਇਹ ਭਟਕਣਾ, ਇਹ ਤ੍ਰਿਸ਼ਨਾ ਵਾਰ ਵਾਰ ਉਹਦੇ ਬੋਲਾਂ ਵਿਚ ਆਈ ਬੋਲ ਜਿਹੜੇ ਕਹਾਣੀਆਂ ਬਣੇ, ਨਾਵਲ ਬਣੇ। ਫਿਰ ਉਸ ਆਪਣੀ ਹਿੱਕ ‘ਤੇ ਦੋਸਤੀਆਂ ਦੇ ਰੰਗ-ਬਰੰਗੇ ਬਿਰਖ ਉਗਾਏ ਕਿਸੇ ਬਲੰਬਰੀ ਬੋਲਾਂ ਦੀ ਮਹਿਕ ਖਾਤਰ ਪਰ ਇਹ ਕਿਹੇ ਬਿਰਖ, ਕਿਹੇ ਬੰਬੂਲ ਸਨ ਕਿ ਉਸਨੂੰ ਤਿਖੇਰੀ ਧੁੱਪ ਤੇ ਮਿਸ਼ਕ-ਮਿੰਨੀ ਛਾਂ ’ਚ ਕੋਈ ਅੰਤਰ ਨਾ ਜਾਪਦਾ ਜਿਸ ਨੂੰ ਇਕ ਪਲ ਉਹ ਦੋਸਤੀ ਸਮਝਦਾ ਦੂਜੇ ਹੀ ਪਲ ਉਹ ਛਾਂ ਛਲਾਵਾ ਤੇ ਔਤ ਔਰਤ ਦਾ ਕੀਤਾ ਟੂਣਾ ਹੁੰਦੀ ਉਹ ਬਨੇਰੇ ਤੇ ਬੈਠੇ ਕਬੂਤਰ ਦੀ ਗੁਟਰ-ਗੂੰ ਸੁਣਨ ਲਈ ਦੋਸਤੀ ਦੀਆਂ ਪੌੜੀਆਂ ਦਰ ਪੌੜੀਆਂ ਚੜ੍ਹਦਾ ਹਰ ਕਦਮ ਤੋਂ ਬਾਅਦ ਗੈਬੀ ਰਿਸ਼ਤੇ ਦੀ ਨਵੀਂ ਹੀ ਤਹਿ ਖੁੱਲ੍ਹਦੀ ਛਾਂ, ਛਾਂ ਹੀ ਨਾ ਰਹਿੰਦੀ ਉਹ ਧੁੜਧੁੜੀ ਲੈਂਦਾ ਜਿਵੇਂ ਦਾਰੂ ਦੀ ਪਹਿਲੀ ਘੁੱਟ ਭਰਨ ਤੇ ਦੋਸਤ ਗਿਲਾ ਕਰਦੇ ਕਿ ਹੋਠਾਂ ਤੇ ਮਚਲਦੀਆਂ ਦਰਿਆ ਦੀਆਂ ਲਹਿਰਾਂ ਸੁੱਕੀਆਂ ਪੇਪੜੀਆਂ ਵਿਚ ਕਿਉਂ ਬਦਲ ਗਈਆਂ ਉਹ ਕੀਹਨੂੰ ਦੱਸੇ ਕਿ ਪਾਣੀਆਂ ’ਚ ਪੈਰ ਧੋਣ ਵਾਲਾ ਕਦੇ ਦਰਿਆ ਦਾ ਦੋਸਤ ਨਹੀਂ ਹੁੰਦਾ ਤੇ ਬਹੁਤੇ ਕਿਨਾਰਿਆਂ ’ਚ ਵਟਿਆ ਦਰਿਆ, ਦਰਿਆ ਨਹੀਂ ਰਹਿੰਦਾ। ਤੇ ਫਿਰ ਦੂਰੋਂ ਸ਼ੋਭਾ ਨਾਂ ਦੀ ਕਿਸੇ ਚਸ਼ਮੇ ਜਿਹੀ ਕੁੜੀ ਨੇ ਸੁਣਿਆ ਕਿ ਦਰਿਆ ਅਕਸਰ ਰਾਤ ਨੂੰ ਰੋਂਦਾ ਹੈ ਤੱਤੀਆਂ ਖੁਰਦਰੀਆਂ ਚਟਾਨਾਂ ’ਤੇ ਜੀਭਾਂ ਫੇਰ ਫੇਰ ਕਾਲਜਾ ਠਾਰਦਾ ਹੈ ਰੋਹੀਆਂ ’ਚ ਗੁਆਚ ਗਏ ਬੋਲ ਨੂੰ ਹਾਕਾਂ ਮਾਰਦਾ ਹੈ ਤੇ ਉਹ ਕੁੜੀ ਤਪਦੀ ਹਿੱਕ ’ਤੇ ਕਿਸੇ ਬਦਲੋਟੀ ਵਾਂਗ ਵਰ੍ਹ ਪਈ ਉਹ ਸਮਝਦੀ ਸੀ ਕਿ ਦਰਿਆ ਦੇ ਸ਼ੋਰ ਨੂੰ ਸੰਗੀਤ ਵਿਚ ਪਲਟ ਦੇਵੇਗੀ ਲਹਿਰਾਂ ਦੀ ਲੈਅ ਤੇ ਨਵਾਂ ਤਰਾਨਾ ਛੇੜ ਦੇਵੇਗੀ ਉਹ ਸਮਝਦੀ ਕਿ ਨੀਲ ਵਾਂਗੂੰ ਘੁਲ ਤਾਂ ਨਹੀਂ ਸਕੇਗੀ ਪਰ ਉਹਦੀ ਹਰ ਬੂੰਦ ਸਵਾਂਤੀ ਹੈ ਉਹ ਕਲਮ ਲਈ ਕੋਰਾ ਵਰਕਾ ਬਣ ਜਾਏਗੀ ਜਿੱਥੇ ਉਹਦਾ ਦਰਿਆ ਵਗੇ ਮਾਣ-ਮੱਤਾ ਹੋ ਕੇ ਵਗੇ ਉਹ ਦਰਿਆ ਦੇ ਕਿਨਾਰੇ ਖੁਰਨ ਨਹੀਂ ਦੇਵੇਗੀ ‘ਚਾਨਣ ਚਿੱਟੇ ਰਾਹ ਹਾਣੀਆ’ ਉਸ ਗੀਤ ਤਾਂ ਨਹੀਂ ਸੁਣਿਆ ਪਰ ਹਾਣੀ ਲਈ ਰਾਹਾਂ ਦਾ ਚਿੱਟਾ ਚਾਨਣ ਤਾਂ ਬਣ ਸਕੇਗੀ। ਉਹਨੇ ਸੁੱਕੀ ਅੱਖ ਵਿਚ ਸੁਰਮੇ ਦੀ ਸਲਾਈ ਪਾਈ ਤੇ ਉਸ ਅੱਖ ਕੋਲੋਂ ਅੱਧੇ ਸੁਪਨੇ ਲੈ ਲਏ ਉਹ ਆਖਦੀ ਹੈ : ‘ਦਰਿਆ ਨੂੰ ਤੋਰਨ ਦਾ ਕੰਮ ਕਿਨਾਰਿਆਂ ਦਾ ਹੈ ਤੇ ਮੇਰੀਆਂ ਬਾਹਾਂ ਤੇਰੇ ਲਈ ਕਿਨਾਰੇ ਹਨ।’ ਹੁਣ ਜਦੋਂ ਉਹ ਪਾਸਾ ਪਰਤ ਬੀਤੇ ਵਰ੍ਹਿਆਂ ਨੂੰ ਵੇਖਦਾ ਤਾਂ ਦੂਰ ਉਹਦੇ ਬਚਪਨ ਦੇ ਸਾਥੀ ਜਿਹੜੇ ਉਹਦੀਆਂ ਕਹਾਣੀਆਂ ’ਚ ਵਾਤਸੈਨ ਦੇ ਸ਼ਿਸ਼ ਬਣ ਕਾਮ-ਸੂਤਰਾਂ ਦਾ ਅਲਾਪ ਕਰਦੇ ਰਹੇ ਉਹਦੇ ਪਿੰਡ ਦੇ ਸੰਸਕਾਰ ਮੱਥੇ ਦੀ ਧੂੜ ਬਣਦੇ ਰਹੇ ਪਾਂਡੂ ਮਿੱਟੀ ਨਾਲ ਪੋਚੀਆਂ ਕੰਧਾਂ ਦੀ ਮਹਿਕ ਹੋਠਾਂ ’ਤੇ ਲਰਜ਼ਦੇ ਗੀਤਾਂ ਵਿਚ ਸਮਾ ਗਈ ਬੀਵੀਆਂ ਦਾ ਵਿਰਲਾਪ ਪੋਟਿਆਂ ਦੀ ਕੰਪਣ ਬਣ ਗਿਆ ਧੀ ਦਾ ਫ਼ਿਕਰ ਅੱਖਾ ਦੁਆਲੇ ਕਾਲਸ ਬਣਕੇ ਫੈਲ ਗਿਆ ਦੋਸਤਾਂ ਦੀ ਦੋਸਤੀ ਦੇ ਕੌੜੇ ਘੁੱਟ ਜੀਭ ਤੇ ਛਾਲੇ ਬਣ ਗਏ ਸ਼ੁਦਾਈ ਜਿਹੇ ਇਸ਼ਕ ਬਸ ਨਿਰੀਆਂ ਲੁੱਚੀਆਂ ਹੇਕਾਂ ਜਿਹੇ ਅਨੁਭਵ ਸਨ। ਇਹ ਸਾਰੇ ਸਫ਼ਰ ਵਿਚ ਹਨ੍ਹੇਰੀਆਂ ਸਨ, ਵਾ-ਵਰੋਲੇ ਸਨ ਪੀੜਾਂ ਦੇ ਕੰਬਦੇ ਪੋਹ ਤੇ ਹਾਵਿਆਂ ਦੇ ਹਾੜ ਸਨ ਇਸ ਸਾਰੇ ਸਫ਼ਰ ਵਿਚ ਮੱਥਾ ਤਪਦਾ ਰਿਹਾ ਠੋਹਕਰਾਂ ਵੱਜ ਵੱਜ ਨਹੁੰ ਨੀਲੇ ਹੁੰਦੇ ਰਹੇ ਵਿਸ਼ਵਾਸ ਕਦਮ ਕਦਮ ਤੇ ਦਮ ਤੋੜਦਾ ਰਿਹਾ। ਬਸ ਮਰਿਆ ਨਹੀਂ ਤੇ ਅੱਖ ਦਾ ਸੁਪਨਾ ਨਹੀਂ ਮਰਿਆ। ਦਫ਼ਨ ਨਹੀਂ ਹੋਇਆ ਤੇ ਬਸ ਇਹ ਅਹਿਸਾਸ ਨਹੀਂ ਹੋਇਆ ਕਿ ਉਹ ਲੇਖਕ ਹੈ ਤੇ ਲੇਖਕ ਸੁਪਰ-ਮੈਨ ਹੁੰਦਾ ਹੈ ਰੁਕੀ ਨਹੀਂ ਤੇ ਬਸ ਕਮਬਖ਼ਤ ਕਲਮ ਹੀ ਨਹੀਂ ਰੁਕੀ ਸੁੱਕਿਆ ਨਹੀਂ ਤੇ ਬਸ ਪਿੰਡ ਦਾ ਮਰਜਾਣਾ ਮੋਹ ਨਹੀਂ ਸੁੱਕਿਆ ਮੋਹ ਜਿਹੜਾ ਸਦਾ ਆਖਦਾ ਰਿਹੈ ‘ਮਰਾਂ ਤਾਂ ਬਾਪ ਦਾਦੇ ਦੀ ਮਿੱਟੀ ’ਚ ਮਰਾਂ ਜਿੱਥੇ ਬੰਦੇ ਮਸ਼ੀਨਾਂ ਨਹੀਂ ਬੰਦੇ ਹੀ ਹੁੰਦੇ ਹਨ ਜਿੱਥੇ ਮੈਨੂੰ ਫੂਕ ਕੇ ਪਰਤ ਰਹੇ ਸੁਭਾਵਿਕ ਕਹਿ ਉੱਠਣ ਉਏ ਪੰਡਤਾ! ਤੂੰ ਮਰ ਗਿਆ ਏਂ? ਮੈਂ ਉਸ ਵਿਸ਼ਵਾਸ ਦੀ ਵਲਗਣ ’ਚ ਮਰਾਂ ਜਿੱਥੇ ਮਰਨ ਤੋਂ ਬਾਅਦ ਵੀ ਮਰ ਚੁੱਕੇ ਦਾ ਯਕੀਨ ਨਾ ਆਵੇ।’

ਅਜੀਬ ਜਿਹੀ ਵਰਣਮਾਲਾ (ਓਮ ਪ੍ਰਕਾਸ਼ ਗਾਸੋ)

ਆਪਾਂ ਤੋਂ ਤਾਂ ਜਦੋਂ ਵੀ ਹੋਈ ਬਸ ਤੇਰੀ ਨਿੰਦਿਆ ਬਦਖੋਈ ਹੀ ਹੋਈ। ਐਤਕੀਂ ਦੀ ਦਫ਼ਾ ਸੋਚਿਆ ਹੈ ਕਿ ਜਦ ਕਦੀ ਵੀ ਲਿਖਾਂਗਾ ਤਾਂ ਤੇਰੇ ਹੱਕ ਵਿਚ, ਉਸਤਤੀ ਭਰੇ ਸਾਰੇ ਦੇ ਸਾਰੇ ਅੱਖਰ ਕੱਚੇ ਦੁੱਧ ਵਿਚ ਧੋ ਕੇ ਲਿਖਾਂਗਾ। ਪਰ ਕੀ ਕਰਾਂ ਮੇਰਾ ਤੇ ਤੇਰਾ ਰਿਸ਼ਤਾ ਹੀ ਕੁੱਝ ਅਜਿਹਾ ਏ ਜੋ ਮੋਮਬੱਤੀ ਤੇ ਅੱਗ ਦੀ ਲਾਟ ਦਾ ਹੁੰਦੈ ਜੇ ਬਲਾਂਗਾ ਤਾਂ ਮੋਮ ਢਲੇਗੀ ਜੇ ਨਾ ਬਲਿਆ ਤਾਂ ਸਫ਼ੇ ਉਲਾਂਭਾ ਦੇਣਗੇ। ਤੂੰ ਅਜਿਹੀ ਵਰਣਮਾਲਾ ਜੋ ਹਥੇਲੀ ਤੇ ਵੀ ਲਿਖ ਨਾ ਹੁੰਦੀ ਤੇ ਨਾਹੀਂ ਕੋਰੇ ਕਾਗਜ਼ਾਂ ’ਤੇ ਤੂੰ ਦੁਖੀ ਰੂਹਾਂ ਦਾ ਇਕ ਅਜਿਹਾ ਹਉਕਾ ਜੋ ਸਫ਼ਿਆਂ ਦੇ ਵੀ ਮੇਚ ਨਾ ਆਉਂਦਾ ਆਖ਼ਰ ਤੈਨੂੰ ਕਿਸ ਚੁਰਸਤੇ ਤੇ ਫੈਲਾ ਦੇਵਾਂ ਨਿੰਦਿਆ, ਸੰਧਿਆ, ਘੋਰ ਨਿਰਾਸ਼ਾ ਤੇ ਮਕਤਲ ਹਰ ਰਾਹ ਨਾਮੀ ਤੋਂ ਬਦਨਾਮੀ ਤਕ ਦਾ। ਮੰਨਿਆ, ਜਦੋਂ ਸਮੁੰਦਰ ’ਚ ਤੂਫ਼ਾਨ ਉੱਠਦਾ ਹੈ ਤਾਂ ਲਹਿਰਾਂ ’ਤੇ ਡਿੱਕ-ਡੋਲੇ ਖਾਂਦੇ ਜਹਾਜ਼ਾਂ ਨੂੰ ਕੋਈ ਕਿਨਾਰਾ ਨਹੀਂ ਲੱਭਦਾ ਪਰ ਕਲਾ-ਕੰਜਕ ਹੁਣ ਕੀ ਕਰੇਗੀ ਜੋ ਮੁਹੱਬਤ ਦੇ ਪਹਿਲੇ ਲਾਰੇ ਨੂੰ ਵੀ ‘ਸੱਚ’ ਹੋਣ ਦੀ ਉਡੀਕ ਕਰਦੀ ਹੈ ਤੇ ਤੂੰ ਧੂੜ ਵਾਂਗ ਪ੍ਰਸਿੱਧੀ ਦੇ ਛਲੇਡੇ ਮਗਰ ਦੌੜਦਾ ਆਪਣੇ ਵਜੂਦ ਦੀ ਹੱਦੋਂ ਵੀ ਪਾਰ ਲੰਘ ਗਿਆ ਜਿੱਥੇ ਹਵਨ ਤੇ ਸਿਵਿਆਂ ਦੀ ਅੱਗ ਇਕੋ ਜਿਹੀ ਹੋ ਜਾਂਦੀ ਹੈ। ਇਹ ਤੇਰੀ ਹਿੱਕ ਕਿਹੋ ਜਿਹੀ ਹੈ ਜਿੱਥੇ ਬੁਰਜ ਉਸਾਰਨ ਦੇ ਸੁਪਨੇ ਤਾਂ ਹਨ ਪਰ ਇੱਟ ਤੇ ਇੱਟ ਵੀ ਨਹੀਂ ਜੁੜਦੀ। ਤੇਰੀ ’ਕੱਲੀ ’ਕੱਲੀ ਰਗ ਤੋਂ ਵਾਕਿਫ਼ ਹਾਂ ਪਰ ਤੇਰੇ ਪੋਤੜਿਆਂ ਦਾ ਭੇਤ ਨਹੀਂ ਦੱਸਾਂਗਾ ਤੇਰੀ ਜੀਭ ਤੇ ਬੰਸਰੀ ਦੀ ਤਾਨ ਕਦੇ ਛਾਲਾ ਬਣਕੇ ਫੁੱਟਦੀ ਤੇ ਕਦੇ ਫਿਸ ਜਾਂਦੀ ਹੈ। ਤੂੰ ਇਕ ਅਜਿਹਾ ਪੰਛੀ ਜੋ ਇਕੋ ਰੁੱਖ ਤੇ ਦੋ ਆਲ੍ਹਣੇ ਪਾਉਣ ਦੀ ਸੋਚਦੈਂ ਇਕ ਸੁਪਨਿਆਂ ਦਾ ਦੂਜਾ ਸੰਸਕਾਰ ਦਾ ਤੂੰ ਹਮੇਸ਼ਾ ਦੋ ਕਦਮ ਧਰਦੈ ਇਕ ਆਸ ਦਾ ਦੂਜਾ ਅੱਥਰੂ ਦਾ ਤੇਰੀਆਂ ਪੰਜੇ ਉਂਗਲਾਂ ਹਵਾ ’ਚ ਖਿਲਰੀਆਂ ਤੇ ਪੰਚਨਾਦ ਬਣਦੀਆਂ ਮਿੱਟੀ ਦਾ ਮੁੱਲ ਵੀ ਪਊ ਭਲੇਮਾਣਸਾ ਬੰਦੇ ਦੀ ਕੀਮਤ ਤਾਂ ਦੁਆਨੀ ਵੀ ਨਹੀਂ ਕਿਉਂ ਹੰੁੰਨੈਂ ਐਵੇਂ ਲੋਹਾ-ਲਾਖਾ ਮਨੁੱਖ ਦੀਆਂ ਅੱਖਾਂ ’ਚ ਮਨੁੱਖ ਤਾਂ ਕਦੋਂ ਦਾ ਮਰ ਗਿਐ। ਆ ਮੇਰੀ ਗੱਲ ਸੁਣ ਅੱਜ ਬੱਚੂ ਬਾਪ ਨੂੰ ਮੁਖਾਤਬ ਹੈ ਤੇ ਭੂਮਿਕਾ ਪੂਰੀ ਕਿਤਾਬ ਨੂੰ ਕਿ ਆਪਾਂ ਨਿਆਣਿਆਂ ਵਾਂਗ ਸਮੁੰਦਰ ਦੇ ਕਿਨਾਰੇ ਬੈਠ ਕੇ ਘੋਗੇ ਸਿੱਪੀਆਂ ’ਕੱਠੀਆਂ ਨਹੀਂ ਕਰਨੀਆਂ ਆਪਾਂ ਤਾਂ ਧੁਰ ਪਤਾਲ ਤਕ ਲਹਿ ਜਾਣਾ ਹੈ ਆਪਾਂ ਸ਼ੂੁਕਦੀਆਂ ਲਹਿਰਾਂ ਦੇ ਵੰਗਾਰਦੇ ਰਿਸ਼ਤੇ ਪ੍ਰਵਾਨ ਕਰਨੇ ਹਨ ਆਪਾਂ ਹਥੇਲੀ ’ਤੇ ਦੀਵੇ ਰੱਖ ਕੇ ਨਹੀਂ ਬਲਦੀਆਂ ਮਸ਼ਾਲਾਂ ਲੈ ਕੇ ਤੁਰਨਾ ਹੈ ਤੇ ਡੁੱਬਦੇ ਹੋਏ ਸੂਰਜ ਦਾ ਆਤਸ਼ੀ ਸੁਨੇਹਾ ਲੈ ਕੇ ਮੁੜਨਾ ਹੈ। ਹੁਣ ਸਾਨੂੰ ਸਾਰਿਆਂ ਨੂੰ ਮਾਣ ਹੈ ਤੇਰੀਆਂ ਦਰਜਨਾਂ ਹੀ ਮਸ਼ਾਲਾਂ ਪਾਠਕਾਂ ਦੇ ਵਿਹੜਿਆਂ ’ਚ ਰੋਸ਼ਨੀ ਦਾ ਪਰਚਮ ਲਹਿਰਾ ਰਹੀਆਂ ਹਨ। ਮੈਨੂੰ ਪਤੈ! ਤੂੰ ਉਡਣਾ ਚਾਹੁੰਨਾ ਏਂ, ਬੜਾ ਉੱਚਾ ਉਹ ਮਸਤ ਹਾਥੀਆਂ ਵਾਂਗ ਝੂਲਦੇ ਬੱਦਲਾਂ ਤੋਂ ਵੀ ਪਰ੍ਹਾਂ ਪਰ ਬਿਨ ਖੰਭਾਂ ਤੋਂ ਕਿਵੇਂ ਉੱਡੇਂਗਾ ਤਾਰੇ ਤੋੜਣ ਲਈ ਕਲਪਣਾ ਹੀ ਕਾਫ਼ੀ ਨਹੀਂ ਮਿੱਤਰਾ ਬਲ ਵੀ ਚਾਹੀਦਾ ਪਰ ਨਿਰੇ ਪੱਟਾਂ ਦੀਆਂ ਕੁਕੜੀਆਂ ਤੇ ਛਾਪੇ ਮੋਰ ਨਿਰਾ ਛਾਤੀ ’ਚ ਬਲਦਾ ਲਾਵਾ ਨਿਰੇ ਚੰਗਿਆੜਿਆਂ ਵਾਂਗ ਝੜਦੇ ਬੋਲ ਤੇ ਅੱਖ ਦਾ ਮਣੀ ਵਾਂਗ ਲਿਸ਼ਕਦੇ ਹੋਣਾ ਤੈਨੂੰ ਸ਼ਬਦਾਂ ਦੀ ਸਲਤਨਤ ਨਹੀਂ ਸੌਂਪ ਸਕਦਾ ਤੈਨੂੰ ਅਦੀਬਾਂ ਦਾ ਆਲਮਗੀਰ ਨਹੀਂ ਬਣਾ ਸਕਦਾ। ਫੱਟ ਫੱਟ ਜੋੜ ਕੇ ਹੀ ਪੁਲ ਬਣਦਾ ਹੈ ਇਕੋ ਕਦਮ ਨਾਲ ਕੋਈ ਦਰਿਆ ਨਹੀਂ ਉਲੰਘਿਆ। ਆ ਤੈਨੂੰ ਦੱਸਾਂ। ਮਲਕੜੇ ਜਿਹੇ ਉਹੀ ਭੇਤ ਜਿਹੜਾ ਬਿੱਲੀ ਨੇ ਵੀ ਸ਼ੇਰ ਨੂੰ ਨਹੀਂ ਸੀ ਦੱਸਿਆ ਕਿ ਅੱਖ ’ਚੋਂ ਡਿੱਗਿਆ ਅੱਥਰੂ ਹਥੇਲੀ ’ਤੇ ਰੱਖਦਿਆਂ ਮੋਤੀ ਨਹੀਂ ਬਣਦਾ ਕਿ ਸਰ੍ਹੋਂ ਤਾਂ ਮੰਨਿਆ ਹਥੇਲੀ ’ਤੇ ਜੰਮ ਪੈਂਦੀ ਹੈ ਪਰ ਸੁਪਨਿਆਂ ਦੀ ਫ਼ਸਲ ਕਿਸੇ ਹਿੱਕੜੀ ’ਚ ਨਹੀਂ ਉੱਗਦੀ ਅੱਖਰ ਤਾਂ ਅੰਗਿਆਰਿਆਂ ਵਾਂਗ ਵਰ੍ਹ ਸਕਦੇ ਨੇ ਪਰ ਯਾਦ ਰੱਖੀਂ, ਲੋਕ-ਹਿਤੂ ਸੋਚ-ਹੀਣ ਸਤਰਾਂ ਕਦੇ ਪਰਚਮ ਨਹੀਂ ਬਣਦੀਆਂ। ਕਹਿੰਦੇ ਤੈਨੂੰ ਬਹੁਤ ਪੁੱਠੀਆਂ ਆਦਤਾਂ ਨੇ ਭੰਗ ਦਾ ਪਕੋੜਾ ਜਾੜ੍ਹਾਂ ’ਚ ਚਬਾਉਂਦਾ ਕਿਲ਼ੇ ਦੀ ਫਸੀਲ ਤੇ ਜਾ ਚੜ੍ਹਦੈਂ ਤੇ ਫਿਰ ਪੁੱਠੀ ਛਾਲ ਮਾਰ ਕਿਸੇ ਮਹਾਸ਼ਯ ਦੇ ਮੋਢਿਆਂ ਤੇ ਆ ਬੈਠਦਾ ਘਰ ਦੇ ਵਿਹੜੇ ’ਚ ਤੂੰ ਰਾਜਾ ਹੀ ਨਹੀਂ ਮਦਾਰੀ ਵੀ ਹੁੰਨੈਂ ਤੂੰ ਸ਼ਬਦਾਂ ਨੂੰ ਮੱਥੇ ’ਚ ਜੜ੍ਹਦੈਂ ਜਿਵੇਂ ਹਵੇਲੀ ਦੇ ਬਨੇਰੇ ’ਤੇ ਕੱਚ ਜੜਿਆ ਹੁੰਦੈ ਤੂੰ ਪਾਤਰਾਂ ਦੇ ਨਕਸ਼ ਤਰਾਸ਼ਦਾ ਤਰਾਸ਼ਦਾ ਬਹੁਤ ਵਾਰੀ ਉਹਨਾਂ ਨਾਲ ਘੋੜ-ਕਬੱਡੀ ਖੇਡਣ ਲਗ ਜਾਨੈਂ। ਇਕੋ ਦਿਸ਼ਾ ’ਚ ਤੁਰਦਾ ਤੁਰਦਾ ਕਿੰਨੀਆਂ ਹੀ ਦਿਸ਼ਾਵਾਂ ਇਕੋ ਸੜਕ ਤੇ ਤੁਰਦਾ ਤੁਰਦਾ ਕਿੰਨੀਆਂ ਹੀ ਸੜਕਾਂ ਇਕੋ ਦੋਸਤ ਨਾਲ ਗੁਫ਼ਤਗੂ ਕਰਦਾ ਕਿੰਨਿਆਂ ਹੀ ਦੋਸਤਾਂ ਨੂੰ ਆਪਣੀ ਹੋਣੀ ’ਚ ਅੰਕ ਲੈਂਦਾ ਏਂ। ਸ਼ਾਇਦ ਇਹੀ ਕਾਰਨ ਹੈ ਕਿ ਤੂੰ ਸਾਨੂੰ ਬਹੁਤ ਵਾਰੀ ਇਲਤੀ ਲਗਦਾ ਏਂ ਤੇ ਜੇ ਤੇਰੇ ਵਸ ਵਿਚ ਹੋਵੇ ਤਾਂ ਸਾਰੇ ਸ਼ਹਿਰ ਦੀਆਂ ਨੇਮ-ਪਲੇਟਾਂ ’ਤੇ ‘ਕ੍ਰੋਧਿਤ ਸਾਹਿਤਕਾਰ’ ਦਾ ਨਾਮ ਉੱਕਰਵਾ ਦੇਵੇਂ ਪਰ ਇਹ ਤੇਰੇ ਵੱਸ ਵਿਚ ਨਹੀਂ ਕਿਉਂਕਿ ਬੱਦਲਾਂ ਦੀ ਧੁੰਧਮਈ ਧਰਤੀ ’ਤੇ ਕਦੇ ਹਲ ਨਹੀਂ ਚਲਦੇ। ਮੇਰੀਆਂ ਇਹ ਉਪਰੋਕਤ ਸਤਰਾਂ ਵਿਚਲਾ ਅਨੁਭਵ ਕਈ ਵਰ੍ਹੇ ਪਹਿਲਾਂ ਦਾ ਹੈ ਪਰ ਅੱਜ ਸਾਡੇ ਸਤਿਕਾਰਤ ਸਾਹਿਤਕਾਰ ਦੇ ਭੱਠਲਾਂ ਦੇ ਅਗਵਾੜ ਵਿਚਲੇ ਚਾਚਾ ਗਾਸੋ ਦੇ ਹਲ ਵੀ ਚਲਦੇ ਨੇ ਅੱਜ ਉਹਦੇ ਅੱਖਰ ਅੰਗਿਆਰਿਆਂ ਵਾਂਗ ਵੀ ਦਗ਼ਦੇ ਨੇ ਤੇ ਸਤਰਾਂ ਪਰਚਮ ਬਣ ਸਾਹਿਤ ਮੰਡਲ ਵਿਚ ਲਹਿਰਾ ਰਹੀਆਂ ਨੇ ਹੁਣ ਲੋਕ-ਮਨਾਂ ’ਚ ਕ੍ਰੋਧਿਤ ਸਾਹਿਤਕਾਰ ਨਹੀਂ ਸ਼੍ਰੋਮਣੀ ਸਾਹਿਤਕਾਰ ਹੈ, ਸਾਹਿਤ ਰਤਨ ਹੈ।

ਖੁੱਲ੍ਹੀਆਂ ਉਡਾਣਾਂ ਦਾ ਸ਼ਬਦਗੀਰ (ਜਸਬੀਰ ਭੁੱਲਰ)

ਸੰਜੀਦਾ ਸਾਹਿਤਕਾਰ, ਬਾਲ-ਮਨਾਂ ਦੇ ਨਿਰਛਲ ਕਥਾਕਾਰ ਜਸਬੀਰ ਦੇ ਵੱਡ-ਵਡੇਰੇ ਕਾਫ਼ੀ ਅਰਸਾ ਪਹਿਲਾਂ ਮਾਲਵੇ ਦੀਆਂ ਰੇਤਲੀਆਂ ਰੋਹੀਆਂ ਨੂੰ ਤਿਆਗ ਮਾਝੇ ’ਚ ਜਾ ਵਸੇ ਭੁੱਲਰ ਪਿੰਡ ਦੀ ਮੋਹੜੀ ਗੱਡ ਕੇ ਹੁਣ ਫਿਰ ਉਸ ਦੀਆਂ ਜ਼ਿੰਦਗੀ ਦੀ ਬਹਾਰ ਸੰਗ ਜੜ੍ਹਾਂ ਮਾਲਵੇ ਦੀ ਮਿੱਟੀ ’ਚ ਆ ਲੱਗੀਆਂ ਬਰਨਾਲੇ ਵੱਲ ਦੇ ਭੱਠਲਾਂ ਦੀ ਲਿਆਕਤਵਾਨ ਪਰਨਾ ਕੇ ‘ਅਮਰਿੰਦਰ’ ਦੀ ਮੁਹੱਬਤ ਨੇ ਉਸਨੂੰ ਸਰ ਸਬਜ਼ ਮੌਸਮ ਦਿੱਤੇ ਉਸਦੀ ਕਲਮ ਲਈ ਸਿਆਹੀ ਬਣ ਉਹਦੇ ਸੁਪਨਿਆਂ ਦੀ ਹਮ ਸਫ਼ਰ ਬਣੀ ਹਰ ਦੁੱਖ-ਸੁੱਖ ਦਾ ਨਿੱਗਰ ਹੁੰਗਾਰਾ ਵੀ ਉਸ ਖੁੱਲ੍ਹੀਆਂ ਵਾਗਾਂ ਵੀ ਛੱਡੀਆਂ ਉਡਾਣ ਭਰਨ ਲਈ ਤੇ ਬੰਨ੍ਹ ਕੇ ਬਿਠਾਉਣ ਦਾ ਜੇਰਾ ਵੀ ਵਿਖਾਇਆ। ਉਹ ਪੰਛੀ ਹੈ ਖੁੱਲ੍ਹੀਆਂ ਉਡਾਣਾਂ ਭਰਦਾ ਨਹੀਂ ਚਾਹੁੰਦਾ ਵਿਚਾਰਧਾਰਾ ਦੀਆਂ ਭਾਰੀ ਭਰਕਮ ਪਾਜ਼ੇਬਾਂ ਜੋ ਉਡਾਣ ਲਈ ਅੜਿਕਾ ਬਣ ਜਾਣ ਕਲਪਨਾ ਹੋ ਜਾਵੇ ਬੇਵਸ, ਸਾਹ-ਸੱਤਹੀਣ ਉਹ ਅਭਿਲਾਸ਼ੀ ਹੈ ਮਾਨਵਤਾ ਦੀ ਸੁੰਦਰ ਦਿੱਖ ਦਾ ਤਦੇ ਉਸ ਦੀ ਹਰ ਸਤਰ ਵਿਚ ਮੁਹੱਬਤ ਦੀਆਂ ਸ਼ਹਿਦ-ਬੂੰਦਾਂ ਹਨ ਤੇ ਉਹ ਬੂੰਦ-ਬੂੰਦ ਬਰਸ ਜਾਣਾ ਚਾਹੁੰਦਾ ਹੈ। ਉਸ ‘ਕੋਰਾ ਕਾਗਜ਼’ ਵਿਸਾਰਨ ਦੀ ਕੋਸ਼ਿਸ਼ ਕੀਤੀ ਹਰ ਵਾਰ ਕੋਸ਼ਿਸ਼ ਫੇਲ੍ਹ ਸਾਬਤ ਹੋਈ ਫਿਰ ਅੱਖਰਾਂ ਨੇ ਉਸ ਗਿਰਦ ਝੁਰਮਟ ਪਾ ਲਿਆ ਡਾਰ ਬੰਨ੍ਹ ਉਹਨਾਂ ਉਡਾਣਾਂ ਭਰੀਆਂ ਜੰਗਲ ਪਹਾੜ ਗਾਹੇ ਰੇਤ ਥਲਾਂ ’ਤੇ ਪੈੜਾਂ ਪਾਈਆਂ ਡੂੰਘੀਆਂ, ਛੁਪੀਆਂ, ਅਣਦਿਸਦੀਆਂ ਤੈਹਾਂ ਫਰੋਲੀਆਂ ਉਸਨੂੰ ਕਹਾਣੀਆਂ ਉੱਡਦੀਆਂ ਦੁਆਲੇ ਗੇੜੇ ਕੱਢਦੀਆਂ ਰਾਤਾਂ ਨੂੰ ਸੁਪਨਿਆਂ ’ਚ ਆਉਂਦੀਆਂ ਰੁੱਖਾਂ ਪੱਥਰਾਂ ’ਚ ਸਾਹ ਲੈਂਦੀਆਂ ਪ੍ਰਤੀਤ ਹੋਈਆਂ ਜਦੋਂ ਤਕ ਵਾਹ ਨਾ ਲੈਂਦਾ ਕੋਰੇ ਕਾਗਜ਼ ’ਤੇ ਰਤੀ ਭਰ ਵੀ ਚੈਨ ਨਾ ਆਉਂਦਾ ਉਸ ਨੂੰ। ਉਸਦੇ ਸੁਭਾ ’ਚ ਸਹਿਜਤਾ ਤੇ ਸਾਦਗੀ ਮਾਸੂਮੀਅਤ ਦੇ ਨਿੱਕੇ ਨਿੱਕੇ ਝਲਕਾਰੇ ਨੇ ਜਿੱਥੇ ਕਾਗਜ਼ ਦੇ ਸਿੱਕੇ ਵੀ ਚਲਦੇ ਰਹੇ ਇਹ ਮਾਸੂਮੀਅਤ ਹੀ ਸੀ ਕਿ ਬਾਲਮਨ ਨੂੰ ਕਿਤਾਬਾਂ ਸੰਗ ਮੋਹ ਪਿਆ ਲਕੀਰਾਂ ਵਾਹੁਣ ਲੱਗਾ ਇਹ ਉਹ ਗੁੜ੍ਹਤੀ ਸੀ ਕਿ ਬਾਲ-ਅਵੱਸਥਾ ’ਚ ਸੁਣੀਆਂ ਕਹਾਣੀਆਂ ਉਸਨੂੰ ਖੰਭ ਦਿੱਤੇ ਇਹਨਾਂ ਖੰਭਾਂ ਸਦਕਾ ਹੀ ਉਹ ਕਦੇ ਕਦੇ ਪਹਾੜਾਂ ਤੋਂ ਉੱਡ ਪਿੰਡ ਪਹੁੰਚ ਜਾਂਦਾ ਬਚਪਨ ਦੀਆਂ ਯਾਦਾਂ ਦੀ ਪੈਂਦ ਤੇ ਬੈਠ ਬਾਲ-ਕਹਾਣੀਆਂ, ਬਾਲ-ਨਾਵਲ ਲਿਖਣ ਬੈਠ ਜਾਂਦਾ ਉਸਨੂੰ ਯਾਦ ਆ ਜਾਂਦਾ ਪਹਿਲੀ ਰਚਨਾ ਦਾ ਮਿਲਿਆ ਆਨਾ ਇਸ ਇਨਾਮ ਨੂੰ ਯਾਦ ਕਰ ਉਹ ਊਰਜਾ ਨਾਲ ਭਰ ਜਾਂਦਾ ਫਿਰ ਉੱਠ ਅੰਗੜਾਈ ਲੈ ਕਲਪਨਾ ਦਾ ਸਿਰ ਪਲੋਸ ਉਡਾਰੀ ਭਰ ਲੈਂਦਾ ਬੱਦਲਾਂ ਤੋਂ ਪਾਰ ਪਰੀ-ਦੇਸ਼ ਵੱਲ। ਮੈਂ ਉਹਦੇ ਨੈਣਾਂ ’ਚ ਕਦੇ ਅੱਥਰੂ ਨਹੀਂ ਤੱਕੇ ਪਰ ਉਹਦੇ ਸ਼ਬਦ ਜ਼ਰੂਰ ਨਮ ਵੇਖੇ ਨੇ ਉਹਦੀ ਗਲਪ ਦੇ ਗਲਿਆਰਿਆਂ ’ਚ ਤੁਰਦਿਆਂ ਤੁਰਦਿਆਂ ਮੈਂ ਤੱਕੇ ਹਨ ਸੀਤ ਰਾਤਾਂ ਦੇ ਬਿਰਹੜੇ ਖੰਦਕਾਂ ’ਚ ਬੇਚੈਨ ਰਾਹਾਂ ਦੀਆਂ ਖੁੰਦਕਾਂ ਤਪਦੇ ਥਲਾਂ ’ਚ ਵਾ-ਵਰੋਲਿਆਂ ਜਿਹੇ ਹੇਰਵੇ ਪਿਘਲਦੀਆਂ ਬਰਫ਼ਾਂ ’ਚ ਪੈਂਦੇ ਹੌਲ਼ ਰਸਮਾਂ ਦੇ ਸੰਘਣੇ ਜੰਗਲਾਂ ’ਚ ਸਹਿਕਦੇ ਰਿਸ਼ਤੇ। ਇਹ ਸਭ ਕੁੱਝ ਹੁੰਦਿਆਂ ਵੀ ਉਹਦੇ ਵਿਚ ‘ਕਦਮ-ਤਾਲ’ ਜਿਹਾ ਕੁੱਝ ਵੀ ਨਹੀਂ ਨਿਰੰਤਰ ਗਤੀ ਐ ‘ਤੇਜ-ਚਾਲ’ ਵਰਗੀ ਅਗਾਂਹ ਹੀ ਅਗਾਂਹ ਪੈਰ ਪੁੱਟਦੀ ਹੋਈ। ਸਾਹਿਤ ਸਿਰਜਣਾ ਉਹਦੇ ਲਈ ਸਬਰ ਹੈ ਜ਼ਿੰਦਗੀ ਨੂੰ ਹੁਸੀਨ ਬਣਾਉਣ ਦਾ ਬਹਾਨਾ ਹੈ ਸੁੰਨਸਾਨ ਰਾਹਾਂ ’ਚ ਕਥਾ ਦੇ ਦੀਵੇ ਜਗਾਉਣ ਜਿਹਾ ਹੈ ਮੁੱਕਦੀ ਜਾਂਦੀ ਜੀਵਨ-ਤੋਰ ਲਈ ਸਾਹਸ ਜਟਾਉਣਾ ਹੈ। ਮਜਬੂਰੀਆਂ ਦੇ ਬੰਧਨ ਵਾਰ ਵਾਰ ਉਸਦੀ ਕਲਮ ਦਾ ਰਾਹ ਰੋਕਦੇ ਰਹੇ ਗਾਂਧੀ ਆਸ਼ਰਮ ਦੇ ਰੁੱਖੇ ਕਲਾਪੇ ਦਿਨ ਫੌਜ਼ ਦਾ ਅਕਾਊ ਅਨੁਸਾਸ਼ਨੀ ਵਤੀਰਾ ਇਹਨਾਂ ਸਮਿਆਂ ’ਚ ਸੁਪਨੇ ’ਕੱਠੇ ਤਾਂ ਹੁੰਦੇ ਰਹੇ ਪਰ ਉਸਦਾ ਹੀ ਜੇਰਾ ਸੀ ਕਿ ਮਰਨ ਨਹੀਂ ਦਿੱਤੇ ਇਹਨਾਂ ਵਕਤਾਂ ’ਚ ਵੀ ਉਹ ਕਰਤਾਰੀ ਪਲਾਂ ਲਈ ਸਹਿਕਦਾ, ਤੜਫਦਾ, ਬੇਚੈਨ ਹੁੰਦਾ ਏਕਾਂਤ ਚਾਹੁੰਦਾ ਸੁੰਨ-ਸਰਾਂ ਥਾਂ ਲੱਭਦਾ ਹਨ੍ਹੇਰੇ ਦੀ ਭਾਲ ਕਰਦਾ ਇਹ ਸਬਰ ਦਾ ਘੁੱਟ ਉਹਦੇ ਪਾਤਰ ਵੀ ਭਰਦੇ ਨੇ ਉਹ ਗੱਲਾਂ ਤਾਂ ਕਰਦੇ ਜੰਗਾਲੇ ਜੀਵਨ ਤੋਂ ਸੁਖਾਲੇ ਹੋਣ ਦੀਆਂ ਪਰ ਬਗ਼ਾਵਤ ਦੇ ਰਾਹ ਨਹੀਂ ਤੁਰਦੇ। ਜਸਬੀਰ ਨਿਰੋਲ ਸੈਨਿਕੀ ਜੀਵਨ ਦਾ ਨਿਰਾ ਚਿਤੇਰਾ ਹੀ ਨਹੀਂ ਫ਼ਿਲਮੀ ਜੀਵਨ ਦੀਆਂ ਜਗਮਗਾਉਂਦੀਆਂ ਰਾਤਾਂ ਦਾ ਚਿਤਰ ਲੈਂਦਾ ਹੈ ਕਾਲਖੀ ਚਿਹਰਾ ਵੀ ਉਹ ਜਾਣਦਾ ਹੈ ਕਿ ਤੂਲਿਕਾ ਉਦੋਂ ਹੀ ਨੈਣ-ਨਕਸ਼ਾਂ ’ਚ ਬਦਲ ਦਿੰਦੀ ਹੈ ਰੰਗਾਂ ਨੂੰ ਜਦ ਹੱਥਾਂ ਦੇ ਪੋਟਿਆਂ ’ਚ ਤਲਿਸਮ ਹੋਵੇ ਨੈਣਾਂ ’ਚ ਸੁਪਨਿਆਂ ਦੀਆਂ ਲਕੀਰਾਂ ਹੋਣ ਸ਼ਾਇਦ ਇਹੀ ਬਖਸ਼ਿਸ਼ ਹੈ ਉਸਨੂੰ ਕਿ ਗਵਾਹੀ ਭਰਦੇ ਨੇ ਘਰ ਦੀਆਂ ਕੰਧਾਂ ’ਤੇ ਲਟਕਦੇ ਚਿੱਤਰ ਵੀ। ਉਹ ਕਦੇ ਅਤੀਤ, ਕਦੇ ਵਰਤਮਾਨ ਤੇ ਕਦੀ ਭਵਿੱਖ ’ਚੋਂ ਲੱਭ ਹੀ ਲੈਂਦਾ ਹੈ ਕਹਾਣੀ ਦੀ ਕਨਸੋਅ ਫਿਰ ਉਸਦੀ ਨਜ਼ਰ ਸਿੱਧੀ ਮੱਛੀ ਦੀ ਅੱਖ ਕਿਸੇ ਨੁਕਤੇ, ਘਟਨਾ ਜਾਂ ਪਾਤਰ ’ਤੇ ਹੁੰਦੀ ਨਿਵੇਕਲੇ ਅੰਦਾਜ਼ ’ਚ ਇਹ ਬੁਣਤੀ ਬਰੀਕ ਤੋਪਿਆਂ ਵਾਲੀ ਕਿਸੇ ਰਕਾਨ ਦੀ ਕਿਰਤ ਹੋ ਨਿਬੜਦੀ। ਜਸਬੀਰ ਨੂੰ ਵੱਲ ਹੈ ਬੰਦਿਆਂ ਦੇ ਮਨ ਕੁਰੇਦਣ ਦਾ ਉਹ ਅਗਲੇ ਦੇ ਮੂਕ-ਮਨ ’ਚ ਸੁੱਤੀਆਂ ਗੱਲਾਂ ਨੂੰ ਵੀ ਲਾ ਦਿੰਦਾ ਹੈ ਬੋਲਣ ਤੇ ਅਗਲੇ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਕੋਈ ਗੱਠੜੀ ਖੋਲ੍ਹ ਬੈਠਦਾ ਗੁੱਝੇ ਭੇਤਾਂ ਦੀ ਲੰਮੀਆਂ ਲੇਖਕੀ ਮੁਲਾਕਾਤਾਂ ਇਸ ਜੁਗਤ ਦੀ ਭਰਦੀਆਂ ਹਨ ਖ਼ੁਦ-ਬ-ਖ਼ੁਦ ਗਵਾਹੀ। ਸੁੱਚੇ ਸਾਹਾਂ ਦੀਆਂ ਲਿਖੀਆਂ ਕਵਿਤਾਵਾਂ ਜਦੋਂ ਚਿਰਾਂ-ਵਿਛੁੰਨੀ ਫਾਈਲ ’ਚੋਂ ਬਾਹਰ ਕੱਢਦਾ ਹੈ ਗਰਦ ਝਾੜ ਤਾਂ ਉਸਨੂੰ ਲਗਦੈ ਕਿ ਇਹਨਾਂ ’ਚ ਪਹਿਲੀ ਮਿਲਣੀ ਵਰਗਾ ਸੇਕ ਤਾਂ ਹੈ ਪਰ ਸਿਆਣਪ ਉੱਕਾ ਹੀ ਨਹੀਂ ਉਦੋਂ ਉਂਗਲਾਂ ਦੇ ਪਟਾਕੇ ਪਾਉਂਦਾ ਜਸਬੀਰ ਵਿਲੱਖਣ ਸਾਹਿਤਕ-ਪ੍ਰਤਿਭਾ ਦਾ ਸੁਆਮੀ ਲਗਦੈ। ਪੇਚ ਦਰ ਪੇਚ ਤਰਤੀਬ ’ਚ ਪੱਗ ਬੰਨ੍ਹਦਾ ਇਵੇਂ ਹੀ ਲਿਖਤ ਨੂੰ ਕਾਂਟਦਾ ਛਾਂਟਦਾ ਵਾਰ ਵਾਰ ਸੋਧਦਾ ਸ਼ਾਇਦ ਜਿਵੇਂ ਫੌਜੀ ਪਰੇਡ ਕਰਵਾਉਂਦਾ ਉਸਤਾਦ ਹਰ ਵਾਰ ਆਖਦਾ : ‘ਬੇਹਤਰ ਹੈ ਪਰ ਦਰੁੱਸਤ ਨਹੀਂ’ ਬਸ ਇਹੀ ਰਾਜ਼ ਹੈ ਉਸਦੀ ਸ਼ਿਲਪ-ਕਲਾ ਦਾ। ਕਦੇ ਕਦੇ ਉਹ ਆਪਣੀ ਜ਼ਮੀਰ ਦਾ ਬਣ ਜਾਂਦਾ ਹੈ ਆਪ ਹੀ ਮੁਨਸਫ਼ ਰੂਹ ਨੂੰ ਖੜੀ ਕਰਕੇ ਕਟਹਿਰੇ ’ਚ ਕਰਦਾ ਹੈ ਇਲਜ਼ਾਮ ਤਰਾਸ਼ੀ ਵੀ ਤੇ ਆਪਣੇ ਆਪ ਨੂੰ ਬਰੀ ਵੀ ਇਹ ਤੌਫ਼ੀਕ ਵੀ ਕਾਤਰ ਹੈ ਉਸਦੇ ਕਿਰਦਾਰ ਦੀ ਮੁਹੱਬਤ ਦੇ ਦੋ ਪਾਸੜੇ ਸਬਰ ਵਰਗੀ। ਇਕ ਵਾਰ ਉਸ ਦਾ ਸਮੁੱਚਾ ਵਜੂਦ ਲਰਜ਼ਾ ਗਿਆ ਜਦੋਂ ਪਿਆਰੀ ਭੈਣ ਤੇ ਉਹ ਦੀਆਂ ਧੀਆਂ ਖਾੜਕੂ ਲਹਿਰ ਦੀਆਂ ਲਾਟਾਂ ਲਪੇਟੇ ਚੜ੍ਹ ਗਈਆਂ ਤਾਂ ਗੁਰੂ ਨਗਰੀ ਤਰਨ ਤਾਰਨ ’ਚ ਰੈਣਾ ਬਸੇਰਾ ਉਸਾਰਨ ਦਾ ਸੁਪਨਾ ਕੀਚਰਾਂ ਕੀਚਰਾਂ ਹੋ ਗਿਆ ਤੇ ਉਹ ਪਿੰਡ ਤੋਂ ਮੂੰਹ ਭੁਆ ਪੱਕਾ ਮੋਹ-ਆਲੀ ’ਚ ਆ ਵਸਿਆ। ਉਹ ਸ਼ਬਦ-ਗੀਰ ਹੈ ਵਾਕਾਂ ਨੂੰ ਨੁਹਾਰ ਦਿੰਦਾ ਕੋਈ ਪਰਜਾਪਤ ਹੈ ਹੁਸੀਨ ਹੱਥ ਹੈ ਮੋਹ ਨੂੰ ਪਾਲਦਾ ਹੋਇਆ ਗੁੱਝੀਆਂ ਜੀਵਨ ਰਮਜ਼ਾਂ ਦਾ ਚਿਤੇਰਾ ਨਿਰੰਤਰ ਸਾਹਿਤ ਸਾਧਨਾ ਦਾ ਤਪੱਸਵੀ ਸਬੀਲਾਂ ਦਾ ਸਿਰਜਣਹਾਰ, ਸਾਹਿਤਕ ਸ਼ਿਲਪੀ।

ਅਣਮੁੱਕ ਰਾਹਾਂ ਦਾ ਅਣਥੱਕ ਰਾਹੀ (ਜਗੀਰ ਸਿੰਘ ਜਗਤਾਰ)

ਧਨੌਲੇ ਲਾਗਲੇ ਪਿੰਡ ‘ਭੈਣੀ ਜੱਸਾ’ ਦੇ ਇਕ ਸਰਦੇ ਜਿਹੇ ਪਰਿਵਾਰ ’ਚੋਂ ਅਲੂੰਈਂ ਉਮਰੇ ਦੋ ਪੈਰ ਤੁਰੇ ਸਨ ਸੂਹਾ ਜਿਹਾ ਸਫ਼ਰ ਮਨ ’ਚ ਚਿਤਵ ਕੇ। ਸ਼ਾਇਦ ਇਹੀ ਹੋਣੀ ਹੈ ਕਿ ਉਹਦੇ ਪੈਰਾਂ ’ਚੋਂ ਪੈਂਡਾ ਖਾਰਜ ਨਹੀਂ ਹੋਇਆ ਤੇ ਉਹ ਨਿਰੰਤਰ ਤੁਰੀ ਜਾ ਰਿਹਾ ਹੈ ਅਣਮੁੱਕ ਰਾਹਾਂ ਦਾ ਅਣਥੱਕ ਰਾਹੀ ਬਣ ‘ਜਗਤਾਰਣ’ ਦਾ ਸੁਪਨਾ ਜਿਹਾ ਮੱਥੇ ’ਚ ਜਗਾ ਕੇ। ਸਕੂਲੀ ਉਮਰੇ ਹੀ ਲੋਕ-ਰੋਹ ਦੀ ਪਾਣ ਉਸਦੇ ਮਨ-ਮਸਤਕ ਨੂੰ ਇੰਜ ਆਣ ਚਿਮਟੀ ਕਿ ਉਸਦੀ ਤੋਰ-ਦਿਸ਼ਾ ਹੀ ਬਦਲ ਦਿੱਤੀ ਲੈਰੀ ਜਿਹੀ ਉਮਰੇ ਹੀ ਉਸ ਲਾਲ-ਝੰਡਾ ਮੋਢਿਆਂ ਤੇ ਚੁੱਕ ਲਿਆ ਫਿਰ ਐਸਾ ਤੁਰਿਆ, ਅਗਾਂਹ ਹੀ ਅਗਾਂਹ ਕਿ ਪਿੰਡ ਦਾ ਰਾਹ ਹੀ ਭੁੱਲ ਗਿਆ ਹੁਣ ਹਰ ਟਿਕਾਣਾ ਉਸ ਦਾ ਘਰ ਸੀ ਹਰ ਪਿੰਡ ਉਸਦਾ ਪਿੰਡ ਸੀ ਪਰ ਮਨ ਵਿਚ ਕਿਤੇ ਧੁਰ ਅੰਦਰ ਵਸੀ ਘਰ ਵਸਾਉਣ ਦੀ ਤਮ੍ਹਾਂ ਤੋਂ ਨਹੀਂ ਹੋ ਸਕਿਆ ਮੁਕਤ। ਉਹ ਨਿਰਾ-ਪੁਰਾ ਜੱਟ ਹੈ ਪਰ ਦੇਖਣ ਨੂੰ ਜੱਟ ਨਹੀਂ ਲਗਦਾ ਉਂਜ ਆਦਤਾਂ ਵਹਿਬਤਾਂ ਸਾਰੀਆਂ ਜੱਟਾਂ ਵਰਗੀਆਂ ਨੇ ਮੈਂ ਉਸਨੂੰ ਜਦੋਂ ਤੱਕਿਆ ਸੀ ਜਿਹੋ ਜਿਹਾ ਸੀ ਸੱਠ ਵਰ੍ਹਿਆਂ ਬਾਅਦ ਹੁਣ ਵੀ ਉਹੋ ਜਿਹਾ ਹੀ ਹੈ ਮਿੱਟੀ-ਰੰਗੇ ਖੁੱਲ੍ਹੇ ਕੁੜਤੇ ਪਜਾਮੇ ’ਚ ਉਹ ਹਮੇਸ਼ਾ ਮਿੱਟੀ ਨਾਲ ਮੋਹ ਪਾਲਣ ਵਾਲਾ ਧਰਤੀ ਪੁੱਤਰ ਹੀ ਲਗਦਾ ਹੈ ਇਕੱਹਿਰੀ ਹੱਡੀ ਦਾ ਛੀਂਟਵਾਂ ਭਲਵਾਨ ਜਿਸਦੇ ਡੌਲ਼ਿਆਂ ਦੀਆਂ ਕੁਕੜੀਆਂ ਨਹੀਂ ਦਿੱਸਦੀਆਂ ਪਰ ਮੱਥੇ ਦੀ ਸੋਚ ਦੇ ਦਾਅ-ਪੇਚ ਕਹਿੰਦੇ ਕਹਾਉਂਦਿਆਂ ਦੀ ਗੋਡਣੀ ਲਵਾ ਦਿੰਦੇ ਨੇ। ਹੱਥਾਂ ’ਚ ਕਾਗਜ਼ੀ ਲਿਫ਼ਾਫਾ ਫੜੀ ਹਵਾ ਨੂੰ ਵੀ ਮਸ਼ਕਰੀਆਂ ਕਰਦਾ ਸੁਖੀ-ਸੁਨੇਹਿਆਂ ਦਾ ਕਾਸਦ ਬਣ ਜਾਂਦਾ ਹੈ ਇਸ ਲਿਫ਼ਾਫੇ ਵਿਚ ਕਿਸੇ ਸਭਾ, ਅਦਾਰੇ ਦਾ ਮਤਾ ਕੋਈ ਅਲੋਕਾਰੀ ਜਿਹੀ ਲੋਕ-ਹਿਤੂ ਖ਼ਬਰ ਕਿਸੇ ਨਾ ਕਿਸੇ ਸਮਾਗਮ ਦਾ ਸੱਦਾ-ਪੱਤਰ ਜਾਂ ਦੋ ਧਿਰਾਂ ਦੇ ਰਾਜ਼ੀਨਾਮੇ ਦੇ ਕਾਗਜ਼ ਤੇ ਹੋਰ ਪਤਾ ਨਹੀਂ ਕੀ ਕੁਝ ਹੁੰਦੈ ਇਹ ਤਾਂ ਉਹੋ ਹੀ ਜਾਣਦਾ ਹੈ। ਉਹ ਨਿਰੰਤਰ ਤੁਰ ਰਿਹਾ ਹੈ ਤੋਰ ਕਦੇ ਧੀਮੀ ਕਦੇ ਰਫ਼ਤਾਰ ਵਿਚ ਅੜਾਂ-ਥੁੜਾਂ ਦੀ ਦਾਸਤਾਨ ਹੈ ਉਹਦੀ ਜ਼ਿੰਦਗੀ ਪਰ ਇਹ ਰੁਕਾਵਟਾਂ ਉਸਦੀ ਤੋਰ ਵਿਚ ਕਦੇ ਕਿਤੇ ਵਿਘਨ ਨਹੀਂ ਪਾ ਸਕੀਆਂ ਕੋਈ ਸ਼ਿਕਵਾ ਸ਼ਿਕਾਇਤ ਵੀ ਉਸਦੇ ਹੋਠੀਂ ਨਹੀਂ ਆਇਆ ਉਹ ਅੜਿੰਗ, ਅਮੋੜ, ਦ੍ਰਿੜ ਤੇ ਹੱਠੀ ਸੁਭਾਅ ਦਾ ਆਪਣੀ ਹੀ ਕਿਸਮ ਦਾ ਮਾਲਕ ਹੈ ਇਹੋ ਸੁਭਾਅ ਉਸਦੀ ਨਿਰੰਤਰ ਤੋਰ ਦਾ ਕਾਰਨ ਵੀ ਹੈ ਤੇ ਗੁਪਤ ਗਵਾਹ ਵੀ। ਮਾਰਕਸੀ ਪਾਰਟੀ ਦੇ ਧੁਰੰਤਰ ਲੀਡਰਾਂ ਸੰਗ ਉਸ ਅਨੇਕਾਂ ਵਰ੍ਹੇ ਸੰਗ-ਸਾਥ ਕੀਤਾ ਸਿਆਸੀ ਗੁੜ੍ਹਤੀ ਲਈ ਤੇ ਸਿਰਤੋੜ ਸਰਗਰਮੀਆਂ ’ਚ ਜੂਝਣ ਦੇ ਚਾਅ ਪੂਰੇ ਕੀਤੇ ‘ਲੋਕ ਲਹਿਰ’ ਅਖਬਾਰ ਦੇ ਦਫ਼ਤਰ ਰਹਿੰਦਿਆਂ ਸਿਆਸੀ ਸੂਝ ਨੂੰ ਮੱਥੇ ਦਾ ਨਸੀਬ ਬਣਾਇਆ ਪਰ ਫਿਰ ਹੌਲੀ ਹੌਲੀ ਸਿਆਸੀ ਪਿੜ ’ਚੋਂ ਸਰਕਦਾ ਸਰਕਦਾ ਆਪਣੀ ਹੀ ਧੂਣੀ ਧੁਖਾ ਬੈਠਾ। ਉਹ ਹਮੇਸ਼ਾ ਚਿੰਤਤ ਦਿਖਾਈ ਦਿੰਦਾ ਪਰ ਇਹ ਚਿੰਤਾ ਉਸਦੀ ਨਿਜੀ ਨਹੀਂ ਬਾਹਰ ਵਸਦੇ ਜੱਗ-ਜਹਾਨ ਦੀ ਹੁੰਦੀ ਕਿਸੇ ਵੀ ਦੀਨ-ਦੁਖੀ ਦੀ ਹੁੰਦੀ ਸਦਾ ਬੇਚੈਨੀ ਤੇ ਅੱਚਵੀ ’ਚ ਰਹਿਣਾ ਤਦੇ ਉਸਦੀ ਜੀਵਨ-ਸ਼ੈਲੀ ਸਮਝੋ ਬਾਹਰੀ ਹੈ। ਪ੍ਰੀਤਮ ਸਿੰਘ ਰਾਹੀ ਨਾਲ ਉਸਦੀ ਦੋਸਤੀ ਉਸਦੇ ਅੰਤਲੇ ਸਾਹਾਂ ਤਕ ਪੁੱਗਦੀ ਰਹੀ ਉਤਰਾਅ ਚੜਾਅ ਵੀ ਵਿਚ ਵਿਚਾਲੇ ਆਉਂਦੇ ਰਹੇ ਵਿੱਥਾਂ ਬਣਦੀਆਂ ਵੀ ਰਹੀਆਂ ਤੇ ਮਿੱਟਦੀਆਂ ਵੀ ਉਹ ਕਿਤੇ ਵੀ ਨੇੜੇ-ਤੇੜੇ ਜਾਂ ਦੂਰ-ਦੁਰਾਡੇ ਵਿਚਰੇ ਪਰ ਉਸਦਾ ਪੱਕਾ ਸਿਰਨਾਵਾਂ ਰਾਹੀ ਦੀ ਦੁਕਾਨ ‘ਦੁੱਖ ਨਿਵਾਰਨ ਔਸ਼ਧਾਲਯ’ ਛੱਤਾ ਖੂਹ ਬਰਨਾਲਾ ਹੀ ਰਿਹਾ। ਉਸਦੀ ਗੱਲ ਵਿਚ ਤਰਕ ਤੇ ਠੰਰ੍ਹਮਾ ਦੋਵੇਂ ਬਿਰਾਜਮਾਨ ਹੁੰਦੇ ਹਨ ਤੁਹਾਨੂੰ ਬਾਹਰੋਂ ਬੜਾ ਸਿੱਧਾ-ਸਾਦਾ ਦਿਸੇਗਾ ਪਰ ਹੈ ਉਹ ਬੜਾ ਤਿਕੜਮਬਾਜ਼ ਸਾਹਿਤ ਸਭਾਵਾਂ ਦੇ ਇਤਿਹਾਸ ਇਸਦੇ ਗਵਾਹ ਹਨ ਜਦੋਂ ਕੇਂਦਰੀ ਲੇਖਕ ਸਭਾ ਵਿਚ ਵਖਰੇਵਾਂ ਪਿਆ ਤਾਂ ਉਸਦੀ ਜੁਗਤ ਜਾਂ ਦਲੇਰੀ ਹੀ ਸੀ ਕਿ ਸੇਖੋਂ ਤੇ ਕੰਵਲ ਹੁਰਾਂ ਨੂੰ ਮੂਹਰੇ ਲਾ ਸਾਬਤ ਕਰਕੇ ਦਿਖਾ ਦਿੱਤਾ ਉਹ ਸਿਰਜਣਹਾਰ ਵੀ ਹੈ, ਸੰਵਾਰਨਹਾਰ ਵੀ ਕਰਤਾ-ਧਰਤਾ ਵੀ ਹੈ ਤੇ ਪ੍ਰਚਾਰਕ ਵੀ। ਕਦੇ ਉਸ ਕੋਲ ਸਮਾਂ ਹੁੰਦੈ, ਵਿਹਲ ਵਰਗਾ ਕਦੇ ਉੱਕਾ ਹੀ ਨਹੀਂ, ਨਿਰਾ ਰੁਝੇਵੇਂ ਤੇ ਰੁਝੇਵਾਂ ਦੋਵੇਂ ਅਵੱਸਥਾਵਾਂ ’ਚ ਮਹਿਸੂਸ ਕਰੋਗੇ ਉਸਦੀ ਤੋਰ ’ਚ ਕੋਈ ਫ਼ਰਕ ਨਹੀਂ ਹੁੰਦਾ ਸ਼ਾਇਦ ਉਸਦੀ ਫਿਰਤੂ-ਪ੍ਰਤਿਭਾ ਦੀ ਇਹ ਕੋਈ ਖਾਸ ਮਜਬੂਰੀ ਹੀ ਹੋਵੇ ਜੋ ਉਸ ’ਚ ਟਿਕਾਅ ਨਹੀਂ ਆਉਣ ਦਿੰਦੀ ਉਹ ਕਾਬਿਲੇ ਤਾਰੀਫ਼ ਪੱਤਰਕਾਰ ਰਿਹਾ, ਹੈ ਵੀ ਜਿਸਨੇ ਕਲਮ ਦੇ ਕਰਮ ਤੇ ਮਰਿਆਦਾ ਨੂੰ ਕਦੇ ਪੀਲੇ ਰੰਗ ’ਚ ਨਹੀਂ ਰੰਗਿਆ ਹੁਣ ਭਾਵੇਂ ਉਸਦੀ ਰਫ਼ਤਾਰ ਉਹ ਨਹੀਂ ਰਹੀ ਪਰ ਝੱਸ ਪੂਰਾ ਕਰ ਹੀ ਲੈਂਦਾ ਹੈ ‘ਸਮਾਜ ਤੇ ਪੱਤਰਕਾਰ’ ਦਾ ਮੁੱਖ-ਸੰਪਾਦਕ ਬਣਕੇ। ਉਹ ਜਦੋਂ ਮੰਚ ’ਤੇ ਖਲੋਤਾ ਆਪਣੇ ਹੀ ਅੰਦਾਜ਼ ਵਿਚ ਬੋਲਦਾ ਹੈ ਉਦੋਂ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ’ਚ ਤਬਦੀਲ ਕਰਨ ਦੀ ਤਦਬੀਰ ਦਾ ਮਾਹਰ ਲਗਦੈ ਤੇ ਸਰੋਤਿਆਂ ਦੀ ਸੁਰਤੀ ਨੂੰ ਐਸਾ ਧੋਬੀ ਪਟਕਾ ਦਿੰਦਾ ਹੈ ਜੋ ਬਿਟ ਬਿਟ ਤਕਦੇ ਸੋਚਦੇ ਹੀ ਰਹਿ ਜਾਂਦੇ ਨੇ ਤੇ ਉਹਨਾਂ ਦੀ ਮੂਕ-ਤੱਕਣੀ ਉਹਦੇ ਬੋਲਾਂ ਦੀ ਹਾਮੀ ਭਰ ਬੈਠਦੀ ਤੇ ਉਹ ਆਪ ਕੋਈ ਜਾਦੂਗਰ ਜਾਂ ਫੁਰਨਿਆਂ ਦਾ ਆਤਸ਼ਬਾਜ਼ ਲਗਦਾ ਹੈ ਸਾਹਿਤਕ ਇਕੱਠਾਂ ’ਚ ਬੈਠਾ ਵੀ ਐਨਕ ’ਚੋਂ ਟੇਢਾ ਜਿਹਾ ਝਾਕਦਾ ਸਾਹਮਣੇ ਬੈਠਿਆਂ ਦੇ ਸਾਰੇ ਭੇਤ ਫਰੋਲ ਲੈਂਦੇ ਇਹ ਜਗੀਰ ਦੀ ਕੋਈ ਜੁਗਤ ਹੀ ਕਹੀ ਜਾ ਸਕਦੀ ਹੈ। ਸ਼ਹਿਰ ਵਿਚ ਆਸੇ-ਪਾਸੇ ਕਿਤੇ ਵੀ ਸਾਹਿਤਕ ਸਮਾਗਮ ਹੋਵੇ ਜਾਂ ਕਵੀ-ਦਰਬਾਰ ਹੋਵੇ ਪੁਸਤਕ ਪ੍ਰਦਰਸ਼ਨੀ ਜਾਂ ਜਲੂਸ ਜਲਸਾ ਹੋਵੇ ਕਿਸੇ ਦਾ ਸਸਕਾਰ ਹੋਵੇ ਜਾਂ ਭੋਗ ਦੀ ਰਸਮ ਉਹ ਹਰ ਥਾਂ ਮੋਹਰੀ ਹੁੰਦੈ ਵਿਆਹ ਵਾਲੇ ਘਰੇ ਨੈਣ ਦੀ ਤਰ੍ਹਾਂ ਉਸਦੀ ਹਰ ਅਦਾ, ਹਰ ਬੋਲ, ਹਰ ਕਦਮ ਉਸਦੀ ਹਰਮਨ-ਪਿਆਰਤਾ ਤੇ ਬੁਲੰਦੀ ਦੇ ਗਵਾਹ ਹਨ। ਮਾਨਵੀ ਹਿੱਤਾਂ ਦਾ ਪੈਰੋਕਾਰ ਬਣ ਵਿਚਰਨਾ ਖਪਤ ਦੀ ਹੱਦ ਤਕ ਬੇਨਿਆਜ਼ ਮਲੰਗੀ ਕੜਵਾਹਟ ਦੇ ਪਲਾਂ ਵਿਚ ਵੀ ਸਹਿਜਧਾਰੀ ਉਸਦੇ ਅੰਤਰੀਵੀ ਗੁਣ ਵੀ ਹਨ ਤੇ ਉਸਦੀ ਤਰਜ਼ੇ ਜ਼ਿੰਦਗੀ ਵੀ।

ਆਪਣੀ ਮਿੱਟੀ ਦਾ ਜਾਇਆ (ਜੋਗਾ ਸਿੰਘ)

ਮੇਰਾ ਗੁਰੂ, ਮੇਰਾ ਨਿੱਘਾ ਯਾਰ ਉਹ ਜਿਹੜਾ ਇਕਹਿਰੀ ਹੱਡੀ ਦਾ ਮੱਧਰਾ ਜਿਹਾ, ਮਾੜਚੂ ਜਿਹਾ ਪਰ ਨਿਰੀ ਲਾਟ ਜਿਹਾ ਫਰ ਫਰ ਲਹਿਰਾਉਂਦੇ ਪਰਚਮ ਜਿਹਾ ਦਾਗ਼ੀ ਹਿੱਕਾਂ ਨੂੰ ਵਿੰਨ੍ਹ ਕੇ ਲੰਘ ਜਾਂਦੀ ਸ਼ੂਕਦੀ ਅਵਾਜ਼ ਜਿਹਾ ਦੁਨੀਆਂ ਦੀ ਬੇਥਾਹੀ ਭੀੜ ਵਿਚ ਤਰਜ਼ੇ-ਜ਼ਿੰਦਗੀ ਦੇ ਵੱਖਰੇ ਅੰਦਾਜ਼ ਜਿਹਾ ਹੁਣ ਵੀ ਸੁੱਤਿਆਂ ਨੂੰ ਅੱਬੜ-ਵਾਹੇ ਜਗਾਉਣ ਵਰਗੇ ਖ਼ਵਾਬ ਜਿਹਾ ਸਾਡੇ ਵਿਚ ਨਹੀਂ ਰਿਹਾ। ਬਚਪਨ ’ਚ ਉਸ ਨੂੰ ਸੁਖਮਿੰਦਰ ਜਾਂ ਮਨਜੀਤ ਕਹਿ ਬੁਲਾਉਂਦੇ ਰਹੇ ਬਾਲ ਉਮਰੇ ਹੀ ‘ਨਵੇਂ ਰਾਹ’ ਤੇ ‘ਜੰਗੇ-ਅਜ਼ਾਦੀ’ ਅਖ਼ਬਾਰ ਪੜ੍ਹਦਾ ਪੜ੍ਹਦਾ ਉਹ ਸਕੂਲ ਦੇ ਰਜਿਸਟਰ ’ਤੇ ਜੋਗਾ ਸਿੰਘ ਬਣ ਗਿਆ। ਉਹ ਜਿਸ ਨੂੰ ਆਪਣੇ ਘਰ ’ਚੋਂ ਹੀ ਬਗ਼ਾਵਤ ਦੀ ਗੁੜ੍ਹਤੀ ਮਿਲੀ ਸੀ ਤੇ ਇਹੋ ਬਗ਼ਾਵਤ ਦੇ ਤੇਵਰ ਉਹ ਆਖ਼ਰੀ ਸਾਹਾਂ ਤੱਕ ਵੀ ਆਪਣੇ ਮੱਥੇ ਤੋਂ ਮਿਟਾ ਨਾ ਸਕਿਆ। ਆਪਣੇ ਘਰ ’ਚ ਛਿਪਣਗਾਹ ਬਣਾ ਕੇ ਬੈਠੇ ਉਹਨਾਂ ਮਾਸੂਮ ਮੁਸਲਮਾਨਾਂ ਦੇ ਹਉਕੇ ਉਹਦੀ ਹਿੱਕ ’ਚ ਅਜਿਹੇ ਦਫ਼ਨ ਹੋਏ ਕਿ ਮੁੜ ਉਹਦੀਆਂ ਕਵਿਤਾਵਾਂ ’ਚੋਂ ਹੀ ਉਹਨਾਂ ਦੇ ਹਟਕੋਰੇ ਸੁਣਾਈ ਦਿੰਦੇ ਰਹੇ। ਭੈਣ ਚਰਨ ਦੇ ਉਂਗਲ ਛੱਡ ਜਾਣ ’ਤੇ ਉਹ ਅਜਿਹਾ ਤਰਲੋ-ਮੱਛੀ ਹੋਇਆ ਕਿ ਅਜੇ ਵੀ ਉਹਦੇ ਦਫ਼ਤਰ ਦੀਆਂ ਕੁੜੀਆਂ ਵੀਰਾ ਆਖ ਕੇ ਫਿੱਸ ਪੈਂਦੀਆਂ ਸਨ। ਉਹ ਇਹੋ ਜਿਹੇ ਪੁਖ਼ਤਾ ਇਰਾਦਿਆਂ ਦਾ ਅਲਮਸਤ ਦਰਵੇਸ਼ ਸੀ ਕਿ ਹੁਣ ਵੀ ਉਹਦੇ ਦੋਸਤ ਕਿਤੋਂ ਉਹਦਾ ਹੁੰਗਾਰਾ ਸੁਣਦੇ ਤੇ ਆਪਣੀ ਦਸਤ ਨੂੰ ਦਸਤਾਰ ਤੱਕ ਲੈ ਜਾਂਦੇ ਹਨ ਉਹਦੀ ‘ਗ਼ੈਰਹਾਜ਼ਰੀ’ ਜਿਹੀ ‘ਹਾਜ਼ਰੀ’ ’ਚ ਆਪਣਾ ਹੁੰਗਾਰਾ ਸ਼ਾਮਲ ਕਰਨ ਲਈ। ਮੈਂ ਉਸ ਜੋਗਾ ਸਿੰਘ ਦੀ ਕਵਿਤਾ ਬਹਾਨੇ ਗੱਲ ਕਰਨ ਲੱਗਾ ਹਾਂ ਜਿਹੜਾ ਖੱਦਰ ਦੇ ਕੁੜਤੇ ਪਜਾਮੇ ਵਿਚ ਕਾਲੇ ਰੰਗ ਦੀ ਜਾਕਟ ਪਾਈ ਬਿਨਾਂ ਫਿਫਟੀ ਤੋਂ ਪੱਗ ਬੰਨ੍ਹੀ ਕੁਰਮ ਦੀ ਜੁੱਤੀ ਪੈਰਾਂ ’ਚ ਅੜਾਈ ਆਪਣੀ ਹੀ ਉਮਰ ਦੇ ਵਿਦਿਆਰਥੀਆਂ ਨੂੰ ‘ਜ਼ਿੰਦਗੀ’ ਦੇ ਮਾਅਨੇ ਦੱਸਦਾ ਪਰਪੱਕ ਪਗਡੰਡੀ ਦੇ ਨਕਸ਼ ਨਿਹਾਰਦਾ ਕਲਮ ਤੇ ਸ਼ਬਦ ਦੇ ਲੜ ਲਾਉਂਦਾ ਮੱਕੇ ਤੇ ਮਕਤਲ ਦਾ ਅੰਤਰ ਦਰਸਾਉਂਦਾ ਅਧਿਆਪਨ ਦੇ ਉੱਚ ਥੜੇ ’ਤੇ ਖਲੋਤਾ ਕੋਈ ਮਹਾਂਰਿਸ਼ੀ ਲੱਗਦਾ ਸੀ। ਇਸ ਰੁੱਤੇ ਉਹਦੇ ਅੰਦਰੋਂ ਅਜੀਬ ਜਿਹਾ ਸੇਕ ਨਿਕਲਦਾ ਸੀ ਜਿਸ ਸ਼ਿਸ਼ ਨੇ ਉਹ ਸੇਕ ਜਰ ਲਿਆ ਉਹ ਕੁੰਦਨ ਬਣ ਗਿਆ ਬਹੁਤ ਸਾਰੇ ਕੁੱਝ ਵੀ ਨਾ ਰਹੇ ਸੱਚ ਹੀ ਉਹ ਆਦਰਸ਼ ਦੀ ਕੁਰਸੀ ’ਤੇ ਬੈਠਾ ਮਹਾਨ ਵਿੱਦਿਆ ਦਾਨੀ ਸੀ। ਉਹ ਭੂਤਵਾੜੇ ਦਾ ਇਕ ਭੂਤ ਮਾਰਕਸੀ ਵਿਚਾਰਧਾਰਾ ਦਾ ਪਰਪੱਕ ਆਸ਼ਕ ਕਿਤਾਬਾਂ ਪੜ੍ਹਨ ਦਾ ਸ਼ੈਦਾਈ ਔਲਖ ਗਵਾਹ ਹੈ ਕਿ ਐਮ. ਏ. ਕਰਦਿਆਂ ਹੀ ਉਸਨੇ ਮੈਨੂੰ ਵੀ ਪੜ੍ਹਾਇਆ ਕੱਚੇ ਘਰ ਤੋਂ ਤੇਤੀ ਸੈਕਟਰ ਤੱਕ ਦਾ ਸਫ਼ਰ ਉਸ ਕਿੰਨੇ ਹੀ ਪੱਕੇ-ਅਣਪੱਕੇ ਰਾਹਾਂ ਕੁਰਾਹਾਂ ਰਾਹੀਂ ਕੀਤਾ ਤੇ ਫਿਰ ਕੁੜਤੇ ਪਜਾਮੇ ਤੋਂ ਵਲੈਤੀ ਕੋਟ ਤੇ ਟਾਈ ਵੀ ਧਾਰਨ ਕੀਤੀ ਪਰ ਮਿੱਟੀ ਦਾ ਮੋਹ ਪਿੰਡਾਂ ਦੇ ਘਰਾਂ ਦਾ ਜੁਗਰਾਫ਼ੀਆ ਉਹਦੇ ਚੇਤੇ ’ਚ ਵਸੇ ਉਹ ਪਾਤਰ ਉਹਦੀ ਗੋਦੀਓਂ ਨਹੀਂ ਲਹੇ ਤੁਰਦਿਆਂ, ਬੈਠਦਿਆਂ, ਹੱਸਦਿਆਂ, ਰੋਂਦਿਆਂ ਉਹ ਹਮੇਸ਼ਾ ਗੋਡੇ-ਮੁੱਢ ਹੀ ਬੈਠੇ ਰਹੇ। ਇਸ ਸਾਰੇ ਸਫ਼ਰ ਵਿਚ ਮੈਂ ਹਵਾ ਵਾਂਗ ਉਹਦੇ ਨਾਲ ਰਿਹਾ ਉਹਨੂੰ ਤੱਕਦਾ, ਕਦੇ ਦੂਰ ਹੋ ਕੇ ਕਦੇ ਬੜਾ ਹੀ ਨੇੜੇ ਢੁਕ ਕੇ ਮੈਂ ਤੱਕਿਆ ਕਿ ਸਮਝੌਤੇ ਦੀ ਮਾਲਾ ਕਦੇ ਵੀ ਉਹਦੀ ਗਰਦਨ ਦਾ ਸ਼ਿੰਗਾਰ ਨਾ ਬਣ ਸਕੀ। ਜੇ ਕਦੇ ਬਣ ਜਾਂਦੀ ਤਾਂ ਉਹ ਵਿਭਾਗ ਦਾ ਮੁਖੀ ਸਿੱਖਿਆ ਬੋਰਡ ਦਾ ਡਾਇਰੈਕਟਰ ਤੇ ਸਾਹਿਤਕਾਰਾਂ ਦਾ ਸ਼੍ਰੋਮਣੀ ਸਾਹਿਤਕਾਰ ਹੁੰਦਾ ਉਸ ਕੋਲ ਸਾਧਨ ਸੀਮਤ ਸਨ ਪਰ ਇਹ ਗੱਲ ਤਾਂ ਪਰਪੱਕ ਸੀ ਕਿ ਉਸ ਕੋਲ ਸਾਧਨਾ ਤਾਂ ਬੇਥਾਹ ਸੀ ਉਹ ਮਹੀਨਿਆਂ ਦਾ ਕੰਮ ਘੰਟਿਆਂ ’ਚ ਵਰ੍ਹਿਆਂ ਦਾ ਕੰਮ ਦਿਨਾਂ ’ਚ ਕਰ ਸਕਣ ਦੀ ਸਮਰੱਥਾ ਰੱਖਦਾ ਸੀ ਸਕੂਲ ਬੋਰਡ ਦੀਆਂ ਪਾਠ-ਪੁਸਤਕਾਂ ਦੇ ਜਾਮੇ ਉਹਦੀ ਮਿਹਨਤ ਦੀ ਗਵਾਹੀ ਹਨ। ਤੁਹਾਨੂੰ ਉਹ ਭਾਵੇਂ ਬੜਾ ਮੂੰਹ-ਫੱਟ ਅੱਖੜ, ਜ਼ਿੱਦੀ ਤੇ ਅਮੋੜ ਲੱਗੇ ਪਰ ਨਹੀਂ, ਤੁਸੀਂ ਜਿਸ ਨੂੰ ਦੂਰੋਂ ਹੀ ਪੱਥਰ ਸਮਝਦੇ ਰਹੇ ਜ਼ਰਾ-ਕੁ ਨਾਲ ਲੱਗ ਕੇ, ਕੋਲ ਹੋ ਕੇ ਉਂਗਲ ਖਭੋ ਕੇ ਤਾਂ ਵੇਖਦੇ ਉਹ ਤਾਂ ਨਿਰਾ ਮੋਮ ਸੀ, ਨਿਰਾ ਮੋਮ ਮੈਂ ਬਿਗਾਨੇ ਦੁੱਖਾਂ ਦੇ ਸੇਕ ’ਚ ਉਹਨੂੰ ਪਿਘਲਦਿਆਂ ਤੱਕਿਆ ਹੈ ਉਹ ਤੇ ਮੋਹ ਦੀ ਮੂਰਤ ਸੀ ਹਰ ਆਏ ਗਏ ਲਈ ਖ਼ੁਸ਼ਆਮਦੀਦ ਬਣ ਜਾਣ ਦੀ ਤੌਫ਼ੀਕ ਸੀ ਉਸ ਵਿਚ। ਉਹ ਲਾਲਚੀ ਨਹੀਂ ਸੀ ਦਿਲ ਦੀਆਂ ਦੌਲਤਾਂ ਲੁਟਾਉਣ ਵਾਲਾ ਕੋਈ ਮੁਗ਼ਲ ਬਾਦਸ਼ਾਹ ਸੀ ਜਿਨ੍ਹਾਂ ਵੀ ਉਸ ਦੀਆਂ ਮਹਿਫ਼ਲਾਂ ’ਚ ਸ਼ਰੀਕ ਹੋ ਕੇ ਵੇਖਿਆ ਹੋਵੇਗਾ ਉਹ ਮਲੰਗ ਨਹੀਂ ਸੀ ਤੰਗ-ਦਸਤੀ ’ਚ ਵੀ ਉਹ ਮੁਰਾਦਾਂ ਪੂਰਨ ਵਾਲਾ ਸੀ ਉਹਦੇ ਦਰ ਤੋਂ ਕੋਈ ਵੀ ਸਵਾਲੀ ਤਿਹਾਇਆ ਮੁੜਿਆ ਕਦੇ ਸੁਣਿਆ ਨਹੀਂ ਉਹ ਵਲੀ ਕੰਧਾਰੀ ਨਹੀਂ ਸੀ ਪਰ ਉਹਨਾਂ ਲਈ ਉਹ ਸੱਚ ਹੀ ਵਲੀ-ਕੰਧਾਰੀ ਬਣ ਜਾਇਆ ਕਰਦਾ ਸੀ ਜਿਨ੍ਹਾਂ ਦੀ ਤੋਰ ਵਿਚ ਟੇਢ ਹੁੰਦੀ ਜਿਨ੍ਹਾਂ ਦੀ ਨਜ਼ਰ ਵਿਚ ਮੋਤੀਆ ਹੁੰਦਾ ਉਹਨਾਂ ਲਈ ਉਸਦਾ ਫ਼ੁਰਮਾਨ ਬਸ ਕਿਆਮਤ ਸੀ। ਦੋਸਤਾਂ ਦੇ ਬਾਰੇ ਉਸਦੇ ਫ਼ੈਸਲੇ ਉਸਦੇ ਨਿਰਣੇ ਅੰਤਮ ਹੁੰਦੇ ਸਨ ਉਹਦੀ ਅੱਖ ’ਚੋਂ ਡਿੱਗਿਆ ਮੁੜ ਉਹਦੇ ਕੰਧੇ ’ਤੇ ਹੱਥ ਧਰਨ ਜੋਗਾ ਨਹੀਂ ਸੀ ਰਹਿੰਦਾ। ਉਹਦੀ ਰੂਹ ਵਿਚ ਜਿਪਸੀਆਂ ਦੀ ਥਾਂ ਥਾਂ ਡੇਰੇ ਲਾਉਂਦੀ ਅਵਾਰਗੀ ਸੀ ਭਟਕਣਾ ਉਹਦੇ ਹੱਡਾਂ ਦਾ ਰਾਗ ਸੀ ਬੇਚੈਨੀ ਉਹਦੇ ਸਾਹਾਂ ਦੀ ਸੁਰ ਸੀ ਇਸੇ ਲਈ ਰੇਸ਼ਮਾ ਉਹਨੂੰ ਚੰਗੀ ਲਗਦੀ ਤੇ ਫਿਰ ਉਸਨੇ ਆਪਣੀ ਬੇਟੀ ਦਾ ਨਾਂ ‘ਚਰਨ ਰੇਸ਼ਮਾ’ ਰੱਖ ਦਿੱਤਾ ਚਰਨ ਉਹਦੀ ਉਂਗਲ ਛੱਡ ਕੇ ਕਿਧਰੇ ਦੂਰ ਤੁਰ ਗਈ ਭੈਣ ਸੀ ਅਤੀਤ ਦੇ ਪਰਛਾਵੇਂ ਨੂੰ ਉਹ ਕਦੀ ਪਿੰਡੇ ਤੋਂ ਲਾਹ ਨਹੀਂ ਸਕਿਆ ਇਸੇ ਲਈ ਆਪਣਾ ਅਣਰਜਿਸਟਰਡ ਨਾਮ ਬੇਟੇ ਦਾ ਨਾਮ ‘ਮਨਜੀਤ’ ਰੱਖ ਦਿੱਤਾ। ਜੋਗਾ ਸਿੰਘ ਬੁਝਾਰਤ ਨਹੀਂ ਸੀ ਲਕੋਅ ਉਹਦੇ ਕਿਰਦਾਰ ਦਾ ਹਿੱਸਾ ਨਹੀਂ ਉਹ ਮੂੰਹ-ਫੱਟ ਤਾਂ ਸੀ ਪਰ ਮੂੰਹ-ਜ਼ੋਰ ਨਹੀਂ ਸੀ ਉਹਦੇ ਆਏ ਖ਼ਤ ਇਸ ਗੱਲ ਦੀ ਗਵਾਹੀ ਹਨ। ਹੁਣ ਉਹ ਪਤਾ ਨਹੀਂ ਕਿਥੇ ਰਹਿੰਦਾ ਹੈ ਪਿੰਡ, ਪਟਿਆਲੇ ਜਾਂ ਸੁਖਣਾ ਝੀਲ ਦੇ ਕਿਨਾਰੇ ਜਾਂ ਸਤਾਰਾਂ ਸੈਕਟਰ ਦੀ ਭੀੜ ’ਚ ਕਿਤੇ ਗ਼ਾਇਬ ਹੈ ਜਾਂ ਪੰਛੀ ਬਣ ਕੇ ਉੱਡ ਗਿਐ ਕਿਉਂਕਿ ‘ਪੰਛੀ’ ਸ਼ਬਦ ਉਹਦੇ ਮੂੰਹੋਂ ਅਕਸਰ ਬੜਾ ਸੋਹਣਾ ਲੱਗਦਾ ਸੀ। ਜਦੋਂ ਕਿਤੇ ਹਵਾ ਵਗਦੀ ਏ ਇਮਲੀ ਵਾਲੇ ਡੇਰੇ ਦਾ ਬੂਹਾ ਖੜਕਦਾ ਹੈ ‘‘ਕਿੱਥੋਂ ਆਇਐਂ ਮਲੰਗਾ’’ ਸਾਧ ਬੰਦ ਬੂਹੇ ਨੂੰ ਹੀ ਪੁੱਛ ਬੈਠਦਾ ਹੈ ਕੰਧ ’ਤੇ ਲੱਗੀ ਉਹਦੀ ਤਸਵੀਰ (ਬਾਕੀ ਸਭ ਤਸਵੀਰਾਂ ਤਾਂ ਪੁੱਠੀਆਂ ਹਨ) ਆਪਣੇ ਆਪ ਨੂੰ ਪੁੱਛਦੀ ਏ ‘ਇਹ ਚਾਹ ਦੀ ਪਤੀਲੀ ਕਈ ਦਿਨਾਂ ਤੋਂ ਉਏ ਤੈਂ ਸਾਫ਼ ਕਿਉਂ ਨਹੀਂ ਕੀਤੀ?’ ਉਹ ਜੋ ਵੀ ਸੀ ਪਰ ਉਹ ਇਕ ਹਾਸਲ ਸੀ ਲੋਕ ਹਿਤੂ, ਬੁਲੰਦ ਅਵਾਜ਼ ਦਾ ਸੁੱਚੀਆਂ ਕਦਰਾਂ-ਕੀਮਤਾਂ ਦਾ ਪੇਂਡੂ ਰਹਿਤਲ ਦੀਆਂ ਪਰਤਾਂ ਦਾ ਦੋਸਤੀ ਦੇ ਸਿਰਨਾਵੇਂ ਦਾ। ਉਹ ਅਕਸਰ ਕਹਿੰਦਾ ਸੀ : ਆਪਣੀਆਂ ਜੜ੍ਹਾਂ ਤਾਂ ਦੋਸਤੋ ਆਪਣੀ ਹੀ ਮਿੱਟੀ ਵਿਚ ਲੱਗਦੀਆਂ ਨੇ ਹੁਣ ਪਤਾ ਨਹੀਂ ਕਿਸੇ ਕਾਹਨੇ-ਕੇ ਧੂਰਕੋਟ, ਰੂੜੇ ਕੇ, ਬਦਰੇ ਦੀ ਜੂਹ ’ਚ ਉਹ ਫਿਰ ਆਪਣੀ ਮਿੱਟੀ ਭਾਲਣ ਤੁਰ ਗਿਆ ਹੋਵੇ।

ਕਾਲੇ ਹੰਸ ਦਾ ਵਜੂਦ (ਪ੍ਰੀਤਮ ਸਿੰਘ ਰਾਹੀ)

ਮਾਂ ਦੇ ਖਿਲਰੇ ਵਾਲਾਂ ਦੀ ਛਾਂ ਹੇਠ ਬਾਪ ਦੇ ਗਲੇ ’ਚੋਂ ਆਉਂਦੀਆਂ ਸ਼ਰਾਬੀ ਹਵਾਵਾਂ ਦੇ ਦੇਸ਼ ਵਿਚ ਉਸ ‘ਕਾਲੇ ਹੰਸ’ ਦਾ ਜਨਮ ਹੋਇਆ ਸੀ। ਪੈਦਾਇਸ਼ ਦੀ ਘੜੀ ਉਹਦੀ ਜਨਮ-ਪੱਤਰੀ ਦੇ ਤਮਾਮ ਹਰਫ਼ ਕਾਲੇ ਸਨ ਪਰ ਹਥੇਲੀ ’ਤੇ ਪਏ ਅੱਟਣਾਂ ਨੂੰ ਮੁੜ ਮੁੜ ਤੱਕਦਿਆਂ ਉਸ ਮਸਤ ਰੇਖਾਵਾਂ ਵਿਚਲੇ ਸਾਰੇ ਹੀ ਵਿਸ਼ਵਾਸ ਤੋੜ ਦਿੱਤੇ। ਦੂਰ ਸੁਣੀਂਦਾ ਮਾਨ-ਸਰੋਵਰ ਉਹਦੀਆਂ ਅੱਖ-ਫਿੰਮਣਾਂ ’ਤੇ ਕਿਸੇ ਸੁਪਨੇ ਵਾਂਗ ਲਟਕਦਾ ਰਿਹਾ ਤਦੇ ਤਾਂ ਕਿੰਨੇ ਹੀ ਵਰ੍ਹੇ ਉਹਦੇ ਖਿਡੌਣਿਆਂ ਨਾਲ ਖੇਡਣ ਵਾਲੇ ਹੱਥ ਮਾਂ ਦੀ ਪਾਟੀ ਝੋਲੀ ’ਚ ਪਾਉਣ ਲਈ ਆਨੇ-ਦੁਆਨੀਆਂ ਇਕੱਠੀਆਂ ਕਰਦੇ ਰਹੇ। ਤੇ ਫਿਰ ਇਕ ਦਿਨ ਉਸ ਆਪਣੇ ਮੋਢਿਆਂ ਤੋਂ ਫਜ਼ੂਲ ਪਹਾੜੀ ਅੱਕ ਦੇ ਬੂਟੇ ਪਤਾ ਨਹੀਂ ਕਿਸ ਤਾਅ ਵਿਚ ਆ ਪੁੱਟ ਸੁੱਟੇ ਕਿ ਭਲਾ ਬੀੜੀਆਂ ਦੇ ਬੁਝੇ ਟੋਟੇ ਚੁਗਣ ਨਾਲ ਤਾਂ ਜ਼ਿੰਦਗੀ ਨਹੀਂ ਗੁਜ਼ਰਦੀ। ਵਿਸ਼ਵਾਸ ਦੀਆਂ ਦਹਿਲੀਜ਼ਾਂ ’ਤੇ ਇੱਕ ਵਾਰ ਫਿਰ ਪੈਰ ਧਰਦਿਆਂ ਉਸ ਨਾਦ-ਸਿੰਗੀਆਂ ਦੀ ਧਤੂਰੀ ਛਾਂ ਮਾਣਨੀ ਚਾਹੀ ਤਾਂ ਇਕ ਰਾਤ ਪਿੱਪਲ ’ਚੋਂ ਝਰਦੀ ਤਿੱਤਰ-ਖੰਭੀ ਜੂਹ ’ਚ ਉਸ ਦੇਖਿਆ ਕਿ ਸਾਧ ਦੀ ਧੂਣੀ ’ਚ ਤਾਂ ਸੇਕ ਨਹੀਂ ਰਿਹਾ। ਉਸ ਰਾਤ ਹੀ ਉਸਨੇ ਇਕ ਹੋਰ ਪੁਲਾਂਘ ਪੁੱਟੀ ਗੱਡ ਕੇ ਆਪਣੇ ਕੰਧਿਆਂ ’ਤੇ ਸੁਰਖ਼ ਝੰਡੇ ਉਹ ਕਿੰਨੇ ਹੀ ਵਰ੍ਹੇ ਕੱਚਿਆਂ ਰਾਹਾਂ ਦਾ ‘ਰਾਹੀ’ ਬਣ ਕੇ ਤੁਰਦਾ ਰਿਹਾ। ਉਹ ਹੁਣ ਵੀ ਤੁਰ ਰਿਹਾ ਹੈ ਸੁਪਨਾ ਸਾਕਾਰ ਕਰਨ ਲਈ ਆਪਣੇ ਪਿੰਡੇ ’ਤੇ ਜੜ ਕੇ ਸੂਹੇ ਰੰਗ ਦੀਆਂ ਤਦਬੀਰਾਂ ਦੇ ਖੰਭ। ਜਦੋਂ ਇਕ ਚਾਨਣ ਭਿੱਜੀ ਰਾਤੇ ਹੁਸੀਨ ਕੁੜੀ ਨੇ ਉਹਦੇ ਖੰਭਾਂ ਨੂੰ ਪਲੋਸਿਆ ਤਾਂ ਉਦੋਂ ਉਹ ਅਨਭੋਲ ਮੁਹੱਬਤ ਦੇ ਅਰਥ ਨਹੀਂ ਸੀ ਜਾਣਦਾ ਤੇ ਉਹ ਕੁੜੀ ਅੱਜ ਵੀ ਉਹਦੀ ਬੇਸਮਝੀ ਦਾ ਹਉਕਾ ਆਪਣੀ ਹਿੱਕ ਵਿਚ ਸਾਂਭ ਕੇ ਬੈਠੀ ਹੈ। ਉਹ ਬਸ ਸਿਰਫ਼ ਰਾਤ-ਬਰਾਤੇ ਗੀਤ ਹੀ ਗਾਉਂਦਾ ਰਿਹਾ ‘ਤੁਧ ਬਿਨ ਕਾਹਦਾ ਜੀਣਾ ਸੱਜਣ ਜੀ ਤੁਧ ਬਿਲ ਕਾਹਦਾ ਜੀਣਾ ਕੌੜੀ ਨਿੰਮ ਪਤਾਸੇ ਵਰਗੀ ਘੁੱਟ ਸਬਰ ਦਾ ਪੀਣਾ।’ ਬੜੀ ਕਠੋਰ-ਚਿਤ ਸੀ ਉਹਦੇ ਘਰ ਦੀ ‘ਹਵਾ’ ਜੋ ਦਿਨ ਭਰ ਦੀ ਥਕਾਵਟ ਦੁੱਖਾਂ, ਸੋਚਾਂ ਤੇ ਸੰਸਿਆਂ ਲਈ ਕਦੇ ਹੁੰਗਾਰਾ ਨਾ ਬਣੀ ਉਹ ਕਦੇ ਕਿੱਕਰਾਂ ਦੀ ਛਾਵੇਂ ਖੜਦਾ ਕਦੇ ਫ਼ਰਮਾਹਾਂ ਦੀ ਛਾਵੇਂ ਆਪਣੀਆਂ ਤਲੀਆਂ ਦੇ ਸੇਕ ਨੂੰ ਆਪ ਚੱਟਦਾ ਵੇਖਿਆ। ਗੁੱਸੇ ਵਿਚ ਉਹਦੀਆਂ ਅੱਖਾਂ ਨਿਰਾ ਤਪਦਾ ਮਾਰੂਥਲ ਹੁੰਦੀਆਂ ਖੁਸ਼ਕ ਉੱਡਦੀਆਂ ਹਨ੍ਹੇਰੀਆਂ ਦੇ ਵਾ-ਵਰੋਲੇ ਭੂਤਾਂ ਪ੍ਰੇਤਾਂ ਦਾ ਨਾਚ ਉਹਦੀ ਹਾਸੀ ’ਚ ਗੁੱਝੀ ਸ਼ਰਾਰਤ ਉਹਦੀ ਮੁਸਕਰਾਹਟ ਵਿਚ ਚਾਣਕਯ ਦੀ ਸਿਆਸੀ ਚਾਲ ਹੁੰਦੀ। ਉਹ ਕਦੇ ਜੜ੍ਹੀਆਂ ਬੂਟੀਆਂ ਦਾ ਤਕੀਏ ਤੇ ਬੈਠਾ ਬਾਦਸ਼ਾਹ ਧਨੰਤਰ ਦੀਨ ਦੁਖੀਆਂ ਦੀ ਨਬਜ਼ ਟੋਹ ਰਿਹਾ ਹੁੰਦਾ ਕਦੇ ਧੂਣੀ ਤੇ ਬੈਠਾ ਗੋਰਖ ਅਲੱੜ ਧੀਦੋਆਂ ਦੇ ਕੰਨ ਪਾੜ ਪਾੜ ਮੁੰਦਰਾਂ ਪਾ ਰਿਹਾ ਹੁੰਦਾ। ਪਰ ਕਦੇ ਕੋਈ ਰਾਂਝਾ ਉਹਦੀ ਧੂਣੀ ਦਾ ਆਸ਼ਕ ਨਹੀਂ ਬਣਿਆ ਉਹ ਕਦੇ ਬਰਫ਼ ਵਾਂਗ ਸੀਤ ਹੁੰਦਾ ਕਦੇ ਅੱਗ ਵਾਂਗ ਦਮਕ ਉੱਠਦਾ ਉਹਦੇ ਮੱਥੇ ’ਤੇ ਜਨਮ ਲੈਂਦੀਆਂ ਮੁੜਕੇ ਦੀਆਂ ਬੂੰਦਾਂ ਮੁਸ਼ਕਤ ਦੀ ਸੰਧੂਰੀ ਮਹਿਕ ਤੇ ਛਾਵਾਂ ਭਰਿਆ ਬਿਰਖ ਹੁੰਦੀਆਂ। ਮੇਰੀ ਦੋਸਤੀ ਦੇ ਪੰਨਿਆਂ ’ਤੇ ਉੱਕਰੇ ਇਸ ਕਾਲੇ ਹੰਸ ਦਾ ਵਜੂਦ ਬਹੁਤ ਸਾਰਿਆਂ ਲਈ ਧਨੰਤਰ, ਕਾਲੀਦਾਸ ਤੇ ਗੋਰਖ ਹੁੰਦਾ ਇਹੋ ਹੀ ਨਹੀਂ ਕਿੰਨੇ ਹੀ ਚਿਹਰਿਆਂ ਦਾ ਸੰਗਮ ਮਸਲਨ ਦੁਕਾਨ ਤੇ ਬੈਠਾ ਉਹ ਕੋਈ ਗੂੜ ਗਿਆਨੀ ਮਹਾਂਰਿਸ਼ੀ ਸੜਕ ਤੇ ਤੁਰਦਾ ਸਿਕੰਦਰੇ-ਆਜ਼ਮ ਐਪਰ ਘਰ ਦੀ ਦਹਿਲੀਜ਼ ਟੱਪਦਾ ਹਾਰੇ ਪੋਰਸ ਵਾਂਗ ਹੁੰਦਾ। ਪਰ ਫਿਰ ਵੀ ਉਹ ਦੋਸਤਾਂ ਲਈ ‘ਰਾਹੀ’ ਤੇ ਨਿਰਾ ਰਾਹੀਂ ਘਰ ਦੇ ਜੀਆਂ ਲਈ ਪਿਆਰਾ ‘ਪ੍ਰੀਤਮ’ ਹੀ ਹੁੰਦਾ।

ਜਿਉਣੇ ਮੋੜ ਦੀ ਰੂਹ (ਤੇਜਵੰਤ ਮਾਨ)

ਉਹਦੀਆਂ ਅੱਖਾਂ ਵਿਚ ਤਪਦੇ ਟਿੱਬਿਆਂ ਦੀ ਕੱਕੀ ਰੇਤ ਰੜਕਦੀ ਤੇ ਉਹਦੇ ਸਾਹਾਂ ਵਿਚ ਕੱਲਰਾਂ ’ਚ ਉੱਡਦੇ ਵਾ-ਵਰੋਲਿਆ ਦਾ ਵੇਗ ਹੈ। ਉਹਦਾ ਮੱਥਾ ਸੂਰਜੀ-ਹੰਕਾਰ ਨਾਲ ਭਰਿਆ ਉਹਦੇ ਹੱਥ ਹੱਕ-ਸੱਚ ਦੀ ਲੜਾਈ ਦੇ ਸੰਘਰਸ਼ੀ ਯੁੱਧਾਂ ’ਚ ਝੂਲਦੇ ਅਨੋਖੇ ਪਰਚਮ ਤੇ ਬੋਲ ਭਖ਼ਦਾ ਮੈਦਾਨ ਹਨ। ਉਹ ਮਾਣ-ਮੱਤਿਆ ਦੋਸਤੀ ਦੀ ਦਸੂਤੀ ’ਤੇ ਕੱਢਿਆ ਅਜਿਹਾ ਮਲਾਗੀਰੀ ਫੁੱਲ ਹੈ ਜਿਸਦੇ ਰੰਗ ਕਦੇ ਮੱਧਮ ਨਹੀਂ ਪੈਂਦੇ। ਉਹ ਰਿਸ਼ਤਿਆਂ ਦੀ ਅਜਿਹੀ ਸੂਹੀ ਪੁਸ਼ਾਕ ਹੈ ਜਿਸਨੂੰ ਲਾਹੁਣ ਨੂੰ ਕਦੇ ਚਿੱਤ ਨਹੀਂ ਕਰਦਾ। ’ਤੇ ਕਰਮ ਦੀ ਅਜਿਹੀ ਪਗਡੰਡੀ ਜੋ ਵਗਣੋਂ ਕਦੇ ਨਹੀਂ ਰੁਕਦੀ। ਮੈਨੂੰ ਉਸਦੇ ਕੁੱਝ ਐਬ ਬੜੇ ਹੀ ਪਸੰਦ ਹਨ ਜਿਵੇਂ ਘਸਮੈਲੀ ਜਿਹੀ ਸੂਰਤ ’ਤੇ ਮਟਮੈਲੇ ਜਿਹੇ ਕਪੜੇ ਪਾਉਣਾ ਹਾੜ੍ਹ ਹੋਵੇ, ਪੋਹ ਹੋਵੇ ਤਸਮਿਆਂ ਆਲੇ ਬੂਟ ਅੜਾਈ ਫਿਰਨਾ ਤੇ ਪੂਰੀਆਂ ਬਾਹਾਂ ਵਾਲੀ ਕਮੀਜ਼ ਬਟਨ ਲਾ ਕੇ ਪਾਈ ਫਿਰਨਾ। ਉਸਦੇ ਇਹ ਐਬ ਤੁਸੀਂ ਸ਼ੌਕ ਵੀ ਕਹਿ ਸਕਦੇ ਹੋ ਜੋ ਸ਼ੁਦਾਅ ਦੀ ਹੱਦ ਤਕ ਪਸਰੇ ਹੋਏ ਹਨ। ਮੈਂ ਉਹਨੂੰ ਬਾਹਰੋਂ ਵੀ ਤੱਕਿਆ ਹੈ ਤੇ ਅੰਦਰੋਂ ਤਿੜਕਦੇ ਭੁੜਕਦੇ ਵੀ ਜੱਫੀਆਂ ਪਾਉਂਦੇ ਵੀ ਤੇ ਬਾਹਾਂ ਛੰਡਦੇ ਵੀ ਕਹਾਣੀ ਲਿਖਦਿਆਂ ਵੀ ਤੇ ਕਹਾਣੀ ਦੀ ਛਿੱਲ ਲਾਹੁੰਦਿਆਂ ਵੀ ਰਚਨਾ ’ਚੋਂ ਕਦੇ ਦੁੱਧ ਤੇ ਕਦੇ ਲਹੂ ਨਿਚੋੜਦੇ ਵੀ ਲੋਕ-ਪੀੜਾਂ ’ਚ ਲੁੱਛਦਿਆਂ ਵੀ ਤੇ ਆਪਣੇ ਚੰਦਰੇ ਦਿਨਾਂ ’ਤੇ ਹੱਸਦਿਆਂ ਵੀ। ‘ਮਾਨ ਮਿੱਤ ਨਹੀਂ, ਚਾਹਿਲ ਸਿੱਖ ਨਹੀਂ’ ਦੀ ਕਹਾਉਤ ਘੜਨ ਸਮੇਂ ਸ਼ਾਇਦ ਉਹ ਕਿਤੇ ਗਾਇਬ ਸੀ ਉਹਦੇ ਨਾਲ ਦੋ ਕਦਮ ਤੁਰਦਿਆਂ ਇਹ ਕਹਾਉਤ ਨਿਰੀ ਝੂਠੀ ਲੱਗਦੀ ਹੈ। ਕਿਉਂਕਿ ਉਹਨੂੰ ਬੜੀ ਚੰਗੀ ਤਰ੍ਹਾਂ ਆਉਂਦੀ ਹੈ ਦੋਸਤੀ ਦੇ ਦਸਤੂਰ ਦੀ ਮੁਹਾਰਨੀ ਤੇ ਉਹਦੇ ਹੋਠਾਂ ਉਪਰ ਕਦੇ ਸ਼ਿਕਵੇ ਸ਼ਿਕਾਇਤਾਂ ਦੀ ਗ਼ਲੀਜ਼ ਇਬਾਰਤ ਨਹੀਂ ਵੇਖੀ। ਸ਼ਾਇਦ ਦੋਸਤੀ ਦੇ ਦਸਤੂਰ ਦੀ ਵੀ ਉਹਨੂੰ ਜਾਚ ਆਉਂਦੀ ਹੈ। ਉਹ ਵਧੀਆ ਕਥਾਕਾਰ ਸਿਰਕੱਢ ਆਲੋਚਕ ਨਵੇਂ ਲੇਖਕਾਂ ਦੀ ਉਂਗਲ ਫੜ ਕੁਰਾਹੋਂ ਰਾਹੇ ਤੋਰਨ ਵਾਲਾ ਸ਼ਾਹ-ਸਵਾਰ ਹੈ ਸਾਹਿਤਕ ਸਰਗਰਮੀਆਂ ਦਾ। ਪਰ ਮੈਨੂੰ ਉਸ ਉੱਤੇ ਇਕ ਚੁੱਪ ਜਿਹਾ ਗਿਲਾ ਹੈ ਕਿ ਸਾਹਿਤ ਸਿਧਾਤਾਂ ਦੇ ਸ਼ਸਤਰ ਜਦੋਂ ਉਸ ਫੜੇ ਤਾਂ ਕਹਾਣੀ ਉਹਤੋਂ ਦੂਰ ਹੋ ਗਈ ਤੇ ਜਦੋਂ ਸਭਾਵਾਂ ਦੇ ਕਿਲ਼ੇ ਸਰ ਕਰਨ ਲਈ ਤੁਰਿਆ ਤਾਂ ਮੈਨੂੰ ਡਰ ਲੱਗਣ ਲੱਗਾ ਕਿ ਉਹਦੀ ਆਲੋਚਕ ਹਸਤੀ ਕਿਤੇ ਮਰ ਮਿਟ ਨਾ ਜਾਏ। ਫਿਰ ਸੋਚਦਾ ਹਾਂ ਇਹ ਤਾਂ ਮੇਰੇ ਮਨ ਦਾ ਐਵੇਂ ਨਿਰਾ ਭਰਮ ਹੀ ਸੀ। ਕਿਤੇ ਵੀ ਮਾਂ-ਬੋਲੀ ਦਾ ਮਸਲਾ ਹੋਵੇ ਕਿਸੇ ਵੀ ਲੇਖਕ ਨਾਲ ਨਜਾਇਜ਼ ਧੱਕਾ ਹੋ ਰਿਹਾ ਹੋਵੇ ਵਿਦਿਅਕ ਮਾਹੌਲ ’ਚ ਗੰਧਲਾਪਲ ਪਸਰੇ ਤਾਂ ਉਹਦੇ ਅੰਦਰਲਾ ਨਾਬਰ ਭਵਾਂ ਤਾਣ ਖਲੋ ਜਾਂਦਾ ਹੈ। ਇਹਦੇ ’ਚ ਵੀ ਉਸਦਾ ਕੋਈ ਕਸੂਰ ਨਹੀਂ ਕਿਉਂਕਿ ਉਹ ਜਿਉਣੇ ਮੌੜ ਦੇ ਪਿੰਡ ਦਾ ਵਾਸੀ ਹੈ ਤੇ ਜਿਉਣੇ ਦੀ ਨਾਬਰ ਰੂਹ ਕਿਤੇ ਨਾ ਕਿਤੇ ਕਦੇ ਨਾ ਕਦੇ ਉਹਦੇ ਹੱਡਾਂ ’ਚ ਖੜਕਦੀ ਜ਼ਰੂਰ ਹੈ। ਤੇ ਕਲਮ ਦੀ ਘੋੜੀ ਤੇ ਚੜ੍ਹਿਆ ਉਹ ਗਊ-ਗਰੀਬ ਦਾ ਮੁਦੱਈ ਹੱਕ-ਸੱਚ ਦੇ ਡਾਕੇ ਮਾਰਨੋਂ ਅਜੇ ਵੀ ਕਿਹੜਾ ਟਲ਼ਦਾ ਹੈ।

ਸਾਡੇ ਸਮਿਆਂ ਦਾ ਵੇਦ-ਵਿਆਸ (ਬਸੰਤ ਕੁਮਾਰ ਰਤਨ)

ਚਿੱਟੇ ਰੰਗ ਦਾ ਲੰਮਾ ਝੱਗਾ ਖੁੱਲ੍ਹੀ ਮੂਹਰੀ ਦਾ ਪਜਾਮਾ ਪੈਰੀਂ ਕੈਨਵਸ ਦੀ ਗੁਰਗ਼ਾਬੀ ਹੱਥ ਵਿਚ ਘਰੇ ਸਿਉਂਤਾ ਖੱਦਰ ਦਾ ਹਰੇ ਰੰਗ ਦਾ ਝੋਲ਼ਾ ਪੈਰੀਂ ਵਾਟਾਂ, ਝੋਲ਼ੇ ’ਚ ਸੁਪਨੇ ਅੱਖਾਂ ’ਚ ਮਸਤੀ ਵੀ ਤੇ ਗਹਿਰੀ ਉਦਾਸੀ ਵੀ। ਹਰ ਵਕਤ ਸਮਾਧੀ ’ਚ ਲੀਨ ਕੁੱਝ ਸੋਚਦਾ, ਚਿਤਵਦਾ ਬਹੁਤ ਘੱਟ ਬੋਲਦਾ ਪਰ ਅੰਦਰੇ ਹੀ ਅੰਦਰ ਤੋਲਦਾ ਸੰਸਾਰ-ਸਰੋਵਰ ਦਾ ਗੋਤਾਖੋਰ ਤਾਰਿਆਂ ਦਾ ਧੀਮੀ-ਗਤੀ ਦਾ ਹਮਸਫ਼ਰ ਗਿਣਤੀ ਦੇ ਨਾਵਾਂ ਤੇ ਥਾਵਾਂ ਦੀ ਜੁੰਡਲੀ ’ਚ ਵਿਚਰਦਾ ਇਤਿਹਾਸ, ਮਿਥਿਹਾਸ ਦੇ ਬੂਹੇ ਠਕੋਰਦਾ ਅਣਚਿਤਰੇ ਪਾਤਰਾਂ ਨਾਲ ਵੀ ਵਕਤ ਤੋਂ ਬਾਹਰਾ ਹੋ ਸੰਬਾਦ ਰਚਦਾ ਸਾਡੇ ਸਮਿਆਂ ਦਾ ਵੇਦ-ਵਿਆਸ ਤੰਗ ਵਲੇਵੇਂ-ਦਾਰ ਗਲੀਆਂ ’ਚ ਬੰਦ ਜਿਹੇ ਕਮਰਿਆਂ ’ਚ ਸਮਾਧੀ ’ਚ ਸਮਾਧਾਨ ਹੋ ਬੈਠਾ ਪੱਤਰੇ ਵਾਚਦਾ ਹੀ ਨਹੀਂ ਪੱਤਰੇ ਝਰੀਟਦਾ ਵੀ ਹੈ। ਮੈਂ ਜਿਸਦੀ ਗੱਲ ਕਰ ਰਿਹਾ ਹਾਂ ਉਹ ਬੜਾ ਸਿਰੜੀ ਹੈ ਜ਼ਿੱਦੀ ਵੀ, ਅਮੋੜ ਵੀ ਨਿੱਕੀ ਜਿਹੀ ਗੱਲ ’ਤੇ ਹਰਖ ਉੱਠਦਾ ਦੋਸਤੀ ਦੇ ਮੈਦਾਨ ’ਚ ਲਕੀਤਰਾਂ ਵਾਹ ਬੈਠਦਾ ਸਿਕੰਦਰੀ ਫੈਸਲੇ ਕਰਦਾ ਤੇ ਫਿਰ ਰੋਸਾ ਜਿਹਾ ਮਨਾ ਡੂੰਘੀ ਗੁਫ਼ਾ ’ਚ ਉਤਰ ਜਾਂਦਾ। ਐਪਰ ਦਿਨ ਛਿਪਣ ਤੋਂ ਪਹਿਲਾਂ ਹੀ ਉਸਦੇ ਸਾਰੇ ਤੇਵਰ ਉੱਡ ਜਾਂਦੇ ਤ੍ਰਹਿਕੇ ਪੰਛੀਆਂ ਦੇ ਵਾਂਗ ਤੇ ਉਸ ਦੇ ਹੱਥ ਹਿਲਦੀ ਟਾਹਣੀ ਦੇ ਵਾਂਗ ਖੁਸ਼-ਆਮਦੀਦ ਕਹਿਣ ਲੱਗਦੇ ਗਲਿਆਂ ਨੂੰ ਲਿਪਟਦੇ ਤੇ ਫਿਰ ਦੋਸਤੀ ਦੀ ਮਲਾਗੀਰੀ ਇਬਾਰਤ ਬਣ ਜਾਂਦੇ। ਬਸੰਤ ਦੀ ਰੰਗੀਨੀ ਬਸੰਤ ਦੀ ਬਹਾਰ ਬਸੰਤ ਦੀ ਸਾਵੀ ਸਾਵੀ ਭਾਅ ਬਸੰਤ ਦੀ ਦਿਲ-ਖਿੱਚਵੀਂ ਖੁਸ਼ਬੂ ਉਸਦੇ ਇਸੇ ਅਮਲ ਵਿਚ ਹੈ ਅਮਲ ਜਿਸ ਵਿਚੋਂ ਸੁਹਿਰਦਤਾ ਲੋਪ ਨਹੀਂ ਹੁੰਦੀ ਮਾਨਵੀ-ਮੁਹੱਬਤ ਦੀ ਆਭਾ ਨਹੀਂ ਮਰਦੀ। ਮੈਂ ਜਿਸਦੀ ਗੱਲ ਕਰਨ ਲੱਗਾ ਹਾਂ ਉਹ ਪੁਰਾਣੇ ਕਿਲ਼ੇ ਦਾ ਹਾਣੀ ਵੀ ਹੈ ਤੇ ਮੇਰੇ ਬਾਪੂ ਦਾ ਵੀ ਹਾਣੀ ਉਹ ਮੇਰਾ ਵੀ ਹਾਣੀ ਹੈ ਤੇ ਆਪਣੇ ਬਚਿਆਂ ਦਾ ਵੀ ਇਹਨਾਂ ਪੀੜ੍ਹੀਆਂ ਦੇ ਫ਼ਰਕ ਵਿਚ ਵੀ ਅਪਣੱਤ ਤੇ ਮੋਹ ਤੋਂ ਉਹਦਾ ਝੋਲਾ ਖਾਲ਼ੀ ਨਹੀਂ ਉਹ ਲਬਰੇਜ਼ ਨੱਕੋ-ਨੱਕ ਭਰੀ ਮੁਹੱਬਤ ਦਾ ਪਹਿਲਾ ਤੇ ਅੰਤਮ ਵਾਕ ਹੈ। ਮੈਂ ਰਿਸ਼ੀ ਤੇ ਕਦੇ ਨਹੀਂ ਤੱਕੇ ਨਾ ਤੱਕਣ ਦਾ ਸੁਭਾਗ ਮਿਲਿਆ ਪਰ ਉਹ ਰਿਸ਼ੀਆਂ ਵਰਗਾ ਹੈ ਸਗੋਂ ਉਹਨਾਂ ਤੋਂ ਵੀ ਉੱਚਾ ਤੇ ਸੁੱਚਾ ਟੀਸੀ ਤੇ ਪਈ ਸਫਾਫ਼ ਬਰਫ਼ ਵਰਗਾ ਮਨ-ਮੋਹਣੀਆਂ ਪਰੀਆਂ ਦੀਆਂ ਸ਼ੋਖ਼ ਅਦਾਵਾਂ ਤੋਂ ਨਿਰਲੇਪ ਚਸ਼ਮਿਆਂ ਵਾਂਗ ਮੰਦ-ਮੰਦ ਮੁਸਕਰਾਉਂਦਾ ਘਟਾਵਾਂ ਵਾਂਗ ਫੈਲਦਾ ਕਣੀਆਂ ਦੇ ਵਾਂਗ ਵਰ੍ਹਦਾ ਦਰਿਆਵਾਂ ਦੀ ਤੋਰ ਤੁਰਦਾ ਸਾਗਰਾਂ ਦਾ ਮੋਹ ਪਾਲਦਾ ਸੱਚ ਹੀ, ਕੋਈ ਰਿਸ਼ੀ ਲਗਦਾ ਹੈ। ਮੈਂ ਜਿਸਦੀ ਗੱਲ ਕਰਨ ਲੱਗਾ ਹਾਂ ਕਲਮ ਉਹਦੇ ਪੋਟਿਆਂ ’ਚ ਕਿਤਾਬਾਂ ਉਹਦੀ ਗੋਦੀ ਉਹਦੇ ਹੋਠਾਂ ਤੇ ਹਰਫ਼ਾਂ ਦੇ ਹਰਫ਼ ਜੀਭ ਤੇ ਅਰਥਾਂ ਦੇ ਅਰਥ ਇੱਛਰਾ ਤੇ ਪੂਰਨ ਦੀ ਕਥਾ ਕਹਿੰਦਾ ਅਜੇ ਵੀ ਅਪੂਰਨ ਲਗਦਾ ਹੈ। ਇਸੇ ਅਪੂਰਨ ਦੀ ਮੈਂ ਗੱਲ ਕਰਦਾ ਹਾਂ ਜੋ ਮੇਰੇ ਸ਼ਹਿਰ ਦੀਆਂ ਗਲੀਆਂ ਦਾ ਵਾਸੀ ਸਾਡੇ ਸਮਿਆਂ ਦਾ ਰਾਹਗੀਰ ਸਾਡੇ ਸੰਸਕਾਰਾਂ ਦਾ ਪੀਰ ਜਿਸ ਅਜੇ ਬੜਾ ਸਫ਼ਰ ਤਹਿ ਕਰਨਾ ਸੀ ਜਿਸ ਆਪਣੇ ਗ੍ਰਹਿਣ ਕੀਤੇ ਅਨੁਭਵ ਨੂੰ ਅੰਤਰ-ਮਨ ਦੀ ਪੀੜਾ ਨੂੰ ਹੋਰਾਂ ਦੇ ਹੇਰਵੇ ਤੇ ਥੁੜਾਂ ਨੂੰ ਅਜੇ ਵਰਕਿਆਂ ’ਤੇ ਝਰੀਟਣਾ ਸੀ ਲੋਕਤਾ ਦੇ ਦਰਦ ਨੂੰ ਸਤਰ ਸਤਰ ’ਚ ਵੀਟਣਾ ਸੀ। ਮੈਂ ਉਸੇ ਦੀ ਗੱਲ ਕਰਨ ਲੱਗਾ ਹਾਂ ਤੇ ਤੁਸੀਂ ਆਪੇ ਹੀ ਕਹੋਗੇ ਇਹ ਬਸੰਤ ਕੁਮਾਰ ਰਤਨ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ।

ਮਾਲਵੇ ਦੀ ਰੂਹ (ਸਾਧੂ ਸਿੰਘ ਬੇਦਿਲ)

ਉਹ ਫ਼ਕੀਰੀ ਬੰਦਾ ਹਾਸਿਆਂ ਦਾ ਸ਼ਾਹ-ਸਵਾਰ ਸੀ ਹਰ ਗੱਲ ’ਤੇ ‘ਵੈਰੀ ਗੁੱਡ’ ਕਹਿਣਾ ਉਹਦਾ ਤਕੀਆ ਕਲਾਮ ਸੀ ਕਦੇ ਕਦੇ ਉਹਦੇ ਮਿੱਤਰ ਸੋਚਦੇ ਘਰ ਦੀ ਗਰੀਬੀ, ਕੁਦਰਤ ਦੀ ਕਰੋਪੀ ਦੇ ਵਿਹੜੇ ’ਚ ਪੈਰ ਪਸਾਰਨ ਦੇ ਬਾਵਜੂਦ ਵੀ ਉਹਦੇ ਹੋਠਾਂ ਨੇ ਸ਼ਿਕਵੇ ਸ਼ਿਕਾਇਤਾਂ ਦੀ ਕਦੇ ਵੀ ਮੁਹਾਰਨੀ ਨਹੀਂ ਦੁਹਰਾਈੇ ਉਹ ਸਾਧੂ ਬਿਰਤੀ ਦਾ ਸੀ ਘਰ ਆਏ ਮਹਿਮਾਨ ਲਈ ਉਹ ਆਉ-ਭਗਤ ਹੀ ਨਹੀਂ ਸੇਵਾ-ਭਗਤ ਵੀ ਸੀ ਹਾਲਾਂਕਿ ਉਸਦੀ ਪਰੋਖੋਂ ਏਨੀ ਨਹੀਂ ਸੀ ਪਰ ਫਿਰ ਵੀ ਜਿੰਨਾਂ ਵਿਤ ਸੀ ਉਹ ਲਾ ਦਿੰਦਾ ਸੀ ਪੂਰੇ ਦਾ ਪੂਰਾ। ਉਹ ਮਨ ਦਾ ਸ਼ਹਿਨਸ਼ਾਹ ਸੀ ਉਸ ਕੋਲ ਮਹਿੰਗੇ ਘੋੜੇ ਨਹੀਂ ਉਹਦੀ ਸਾਈਕਲ ਹੀ ਉਹਦੀ ‘ਬੱਕੀ’ ਸੀ ਉਹ ਹਰ ਥਾਂ ਪਹੁੰਚਦਾ ਸੀ ਜਿੱਥੋਂ ਕਿਤੋਂ ਵੀ ਮਿੱਤਰਾਂ ਦਾ ਸੱਦਾ ਆਉਂਦਾ ਉਹਦੀ ਦੋ-ਪਹੀਆ ‘ਬੱਕੀ’ ਛੜੱਪੇ ਮਾਰਦੀ ਸਭ ਤੋਂ ਪਹਿਲਾਂ ਪਹੁੰਚੀ ਹੁੰਦੀ ਵੱਡੇ ਘਰਾਂ ਦੀ ਧੀ, ਪਤਨੀ ਤਾਂ ਬਣੀ ਪਰ ਅਨਪੜ੍ਹ, ਗਿਆਨ ਤੋਂ ਕੋਰੀ ਪੈਰ ਵਿਚ ਪੈਰ ਨਾ ਧਰ ਸਕੀ ਪੁੱਤਰ ਦਾ ਸੁਪਨੇ ਨਾ ਸਿਰਜ ਸਕਣ ਦਾ ਗ਼ਮ ਉਹਦੇ ਸੀਨੇ ’ਚ ਮੱਚਦਾ ਰਹਿੰਦਾ ਪਰ ਅੱਖਾਂ ’ਚੋਂ ਕਦੇ ਹੰਝ ਨਾ ਉਤਰਦੀ ਤੇ ਉਸ ਆਪਣਾ ਸਾਰਾ ਮੋਹ ਫੁੱਲਾਂ ਬੂਟਿਆਂ ਨੂੰ ਅਰਪ ਦਿੱਤਾ। ਉਹ ਅਨੁਸਾਸ਼ਨ ਦਾ ਪਾਬੰਦ ਸੀ ਭਾਵੇਂ ਸਹਿਜ ਮਤੀ ਜ਼ਿੰਦਗੀ ਹੋਵੇ ਜਾਂ ਫਿਰ ਸਿਰਜਣਾ ਦੀ ਸਿਰਜਣਕਾਰੀ ਉਹ ਗ਼ਜ਼ਲ ਦੀ ਰਮਜ਼ ਨੂੰ ਧੁਰ ਅੰਦਰੋਂ ਸਮਝਦਾ ਹੀ ਨਹੀਂ ਸਗੋਂ ਸਮਝਾਉਂਦਾ ਵੀ ਰਹਿੰਦਾ ਸੀ। ਚੌਗਿਰਦੇ ਪ੍ਰਤੀ ਜਾਗਰੂਕ ਠੀਕ ਜਾਂ ਗ਼ਲਤ ਵਾਪਰ ਰਹੇ ਪ੍ਰਤੀ ਸੁਚੇਤ ਤੀਖਣ ਦ੍ਰਿਸ਼ਟੀ ਦਾ ਮਾਲਕ ਤਦੇ ਤਾਂ ਕਹਿੰਦੇ ਉਹਦੀ ਤੱਕਣੀ ਪਹੁੰਚ ਜਾਂਦੀ ਮਨੁੱਖੀ ਵਰਤਾਰੇ ਦੀ ਤਹਿ ਤੱਕ। ਉਸਨੂੰ ਯਕੀਨ ਸੀ ਕ੍ਰਾਂਤੀ ਆਵੇਗੀ ਤੇ ਉਦੋਂ ਉਹ ਟੋਹਰ ਨਾਲ ਤੁਰੇਗਾ ਜਿੱਤ ਦਾ ਪਰਚਮ ਲਹਿਰਾਏਗਾ ਪਰ ਕ੍ਰਾਂਤੀ ਡਰਦੀ ਕੋਹਾਂ ਦੂਰ ਤੁਰ ਗਈ ਤੇ ਉਸ ਕੋਲ ਰਹਿ ਗਿਆ ਉਹੀ ਸਾਦਾ ਕੁੜਤਾ ਪਜਾਮਾ ਸਾਦੀ ਜੁੱਤੀ, ਕਾਲੀ ਪੱਗ ਤੇ ਐਨਕਾਂ। ਬੇਦਿਲ ਨਹੀਂ, ਉਹ ਦਿਲ ਵਾਲਾ ਸੀ ਬੇਦਿਲ ਤਾਂ ਐਵੇਂ ਇਕ ਮੁਸ਼ਾਇਰੇ ’ਚ ਸ਼ਾਇਰਾਂ ਉਹਦੇ ਨਾਂ ਨਾਲ ਜੋੜ ਦਿੱਤਾ ਉਹਦਾ ਦਿਲ ਤਾਂ ਸਾਫ਼ ਸੁਥਰਾ ਮਿੱਤਰੀ ਮੁਹੱਬਤ ਨਾਲ ਲਬੋ-ਲਬ ਨਿਧੜਕ, ਬੇਖੌਫ਼, ਖੜਕਦੇ ਲੱਠੇ ਵਰਗਾ ਜੋ ਜੀਵਨ ਦੇ ਔਖੇ ਸਮਿਆਂ ’ਚ ਵੀ ਥਿੜਕਿਆ ਨਹੀਂ, ਡਿੱਗਿਆ ਨਹੀਂ ਸਗੋਂ ਦੂਣ ਸਵਾਈ ਚੜ੍ਹਦੀ ਕਲਾ ’ਚ ਰਿਹਾ ਉਹ ਨਿਰੋਲ ਪਿੰਡ ਦਾਨਗੜ੍ਹ ਦੀ ਹੀ ਨਹੀਂ ਮਾਲਵੇ ਦੀ ਜਿਉਂਦੀ ਜਾਗਦੀ ਰੂਹ ਸੀ। ਉਹਦੀ ਰਚਨਾ ਵਰਤਮਾਨ ਹੁੰਦੀ ਵੀ ਸਮੂਹ ਸਮਿਆਂ ਦੀ ਧਾਰਨੀ ਹੱਡ-ਬੀਤੀਆਂ ਦੀ ਸਵੈ-ਗਾਥਾ ਨੋਕ-ਝੋਕ ਤੇ ਵਿਅੰਗੀ ਤਾਸੀਰ ਜਿਹੀ ਬਲਦ ਦੇ ਪੁੜਿਆਂ ਤੇ ਲੱਗੀ ਆਰ ਵਰਗੀ ਹੱਕ-ਸੱਚ ਦੀ ਗਵਾਹ ਬਣਦੀ ਲੋਕ-ਪੱਧਰ ’ਤੇ ਵਿਚਰਦੀ ਨੰਗੇਜ਼, ਲਚਰਤਾ ਤੋਂ ਕੋਹਾਂ ਪਰ੍ਹੇ ਜ਼ਿੰਦਗੀ ਦੇ ਕੌੜੇ ਸੱਚ ਵਰਗੀ ਹੈ। ਉਹ ਕਿੰਨੀਆਂ ਹੀ ਸਭਾਵਾਂ ਦਾ ਪ੍ਰਧਾਨ ਬਣ ਨਵ-ਯੁਵਕਾਂ ਦੀ ਕੋਰੀ ਹਿੱਕ ’ਤੇ ਸਾਹਿਤਕ ਚੇਟਕ ਦੇ ਬੀ ਬੀਜਦਾ ਰਿਹਾ ਸਾਹਿਤਕ ਮਹਿਫ਼ਲਾਂ ’ਚ ਅਕਸਰ ਉਹ ਨਵੇਂ ਰਚਨਕਾਰਾਂ ਦੀਆਂ ਰਚਨਾਵਾਂ ਵਿਚਲੀਆਂ ਗ਼ਲਤੀਆਂ ਦੱਸਣ ਤੋਂ ਝਿਜਕਦਾ ਨਹੀਂ ਸੀ। ਗੁਰੂ ਘਰਾਂ ਦੇ ਬਹੁ-ਗਿਣਤੀ ਪਾਠੀ ਉਸਨੂੰ ਬਾਣੀ ਤੋਂ ਬੇਮੁੱਖ, ਅਨਪੜ੍ਹ ਜਾਪਦੇ ਸ਼ੁੱਧ ਉਚਾਰਣ ਤੋਂ ਊਣੇ ਸਹੀ ਅਰਥ ਜਾਣਨ ਤੋਂ ਵਿਹੂਣੇ ਲਗਦੇ ਉਹ ਪੂਰਾ ਚੇਤਨ ਸੀ ਗੁਰਮੁੱਖੀ ਦੇ ਸ਼ਬਦ-ਜੋੜਾਂ ਪ੍ਰਤੀ ਥਾਂ ਥਾਂ ਜਾ ਕੇ ਟੋਕਣ ਤੋਂ ਵੀ ਝਿਜਕਣਾ ਉਸਨੂੰ ਆਪਣੀ ਹਾਰ ਲਗਦੀ ਗੁਰੂ ਘਰ ਦੇ ਇਕ ਬੋਰਡ ’ਤੇ ਕਨੌੜੇ ਨੂੰ ਹੋੜੇ ’ਚ ਖੂੰਡੀ ਦੀ ਨੋਕ ਨਾਲ ਖੁਰਚ ਖੁਰਚ ਬਦਲਣਾ ਇਹ ਉਹੀ ਕਰ ਸਕਦਾ ਸੀ। ਨਾ ਉਹ ਗੁਨ੍ਹਾਹਗਾਰ ਹੈ ਨਾ ਥੋਹਰਾਂ ਵਿਚ ਖਿੜਿਆ ਹੈ ਨਾ ਕਾਫ਼ਲਾ ਬਣ ਸਕਿਆ ਨਾਹੀਂ ਮੰਜ਼ਿਲ ’ਤੇ ਪਹੁੰਚ ਸਕਿਆ ਇੰਜ ਹੀ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ ਮੁਸਕਾਣ ਦੇ ਮਖਾਣੇ ਵੰਡਦਾ ਵੰਡਦਾ ਉਦਰੇਵਿਆਂ ਦੇ ਮਾਹੌਲ ’ਚ ਵੀ ਹਾਸਿਆਂ ਦੇ ਖੰਭਾਂ ਸੰਗ ਉਡਾਰੀਆਂ ਭਰਦਾ ਓਦਰੇ ਮਨਾਂ ’ਚ ਅਗਰਬੱਤੀ ਦੀ ਖੁਸ਼ਬੂ ਬਣ ਫੈਲਦਾ ਸਾਧੂ ਬਿਰਤੀ ਵਾਲਾ ਸਾਦ ਮੁਰਾਦਾ ਸਾਧੂ ਲੰਮੇਂ ਰਾਹਾਂ ਦਾ ਪਾਂਧੀ ਬਣ ਗਿਆ।

ਬੱਦਲਾਂ ਵਾਂਗ ਵਿਚਰਦੀ (ਰਮਾ ਰਤਨ)

ਉਹ ਬੱਦਲਾਂ ਵਾਂਗ ਵਿਚਰਦੀ ਕਾਫ਼ਲਾ ਬਣ ਬਣ ਤੁਰਦੀ ਨਿੱਕੀਆਂ ਮੁਸਕਣੀਆਂ ਦੀਆਂ ਲਿਸ਼ਕੋਰਾਂ ਛੱਡਦੀ ਘਣਘੋਰ ਘਟਾਵਾਂ ਬਣ ਗਰਜ਼ਦੀ। ਉਹ ਬੱਦਲਾਂ ਵਾਂਗ ਵਿਚਰਦੀ ਬੱਦਲਾਂ ਦੇ ਬਸਤ੍ਰ ਪਾਉਂਦੀ ਨਿੱਕੀਆਂ ਨਿੱਕੀਆਂ ਕਣੀਆਂ ਸੰਗ ਪੂਰੇ ਅਕਾਸ਼ ’ਤੇ ਫੈਲ ਜਾਂਦੀ। ਉਹ ਬਾਲ-ਸਾਹਿਤ ਨੂੰ ਨੀਝ ਨਾਲ ਵਾਚਦੀ ਹੀ ਨਹੀਂ ਸਗੋਂ ਬਾਲ-ਮਨਾਂ ਦੀ ਤ੍ਰਿਹਾਈ ਧਰਤੀ ’ਤੇ ਇਉਂ ਛਮ-ਛਮ ਵਰ੍ਹਦੀ ਜਿਵੇਂ ਕੋਈ ਮਾਂ ਬਿਮਾਰ ਬੱਚੇ ਨੂੰ ਗੋਦ ਲੈ ਪੋਲੇ-ਪੋਲੇ ਥਪਥਪਾਉਂਦੀ ਤੇ ਨਾਲ ਹੀ ਗੁਣਗੁਣਾਉਂਦੀ ਗੀਤਾ ਦਾ, ਬਾਣੀ ਦਾ ਕੋਈ ਪਾਠ ਕਰਦੀ। ਉਹਨੂੰ ਪਹਿਲੀ ਵਾਰ ਮਿਲੋ : ਤੇ ਇਉਂ ਲਗਦਾ ਹੈ ਜਿਵੇਂ ਸ਼ਹਿਦ ’ਚ ਲਿਬੇੜ ਕੇ ਕੋਈ ਬਾਲ ਆਪਣੀ ਉਂਗਲ ਚੱਟ ਰਿਹਾ ਹੋਵੇ। ਦੂਜੀ ਵਾਰ ਮਿਲੋ : ਤਾਂ ਇੰਜ ਲਗਦਾ ਹੈ ਜਿਵੇਂ ਕਿਸੇ ਬਿਮਾਰ ਦੇ ਗੁਲੂਕੋਸ ਲੱਗਿਆ ਹੋਵੇ ਤੇ ਉਹਦੀਆਂ ਅੱਖਾਂ ’ਚ ਜਿਉਣ ਦਾ ਇਕ ਚਾਅ ਜਿਹਾ ਚਮਕ ਪਿਆ ਹੋਵੇ। ਤੀਜੀ ਵਾਰ ਮਿਲੋ : ਤੇ ਜਿਵੇਂ ਕਿਸੇ ਅਨੰਤ ਅਸੀਮ ਵਜਦ ਵਿਚ ਪਵਿੱਤਰਤਾ ’ਚ ਲਿਪਟਦੇ ਜਾ ਰਹੇ ਹੋਵੋਂ। ਤੇ ਫਿਰ ਇਹ ਨੇਮ ਨਿਰੰਤਰ ਆਸਥਾ ਬਣ ਜਾਂਦੀ ਹੈ ਐਪਰ ਜੇ ਕਿਤੇ ਅੱਖ ’ਚ ਕਣ ਹੋਵੇ ਮੈਲ਼ਾ ਜਿਹਾ ਮਨ ਹੋਵੇ ਤਾਂ ਬੱਦਲਾਂ ਦੀ ਬੁੱਕਲ ’ਚੋਂ ਬਿਜਲੀ ਵੀ ਕੜਕ ਸਕਦੀ ਹੈ ਮੈਂ ਦੇਖਿਐ, ਸਾਬਤ ਲੱਗਦੇ ਬੰਦੇ ਵੀ ਤਿੜਕ ਕੇ ਮੁੜਦੇ ਨੇ ਉਹ ਤਾਂ ਦੀਦੀ ਹੈ ਵੀਰਾਂ ਦੇ ਵਾਰੇ ਵਾਰੇ ਜਾਂਦੀ। ਉਹ ਬਹੁਤ ਜ਼ਿੱਦੀ ਹੈ ਮਨ ਆਈ ਕਿ ਨੰਗੇ ਪੈਰ ਹੀ ਤੁਰਨਾ ਹੈ ਤਾਂ ਤਪਦੀ ਰੇਤ ਵੀ ਬਹਾਨਾ ਨਹੀਂ ਬਣ ਸਕਦੀ ਜੇ ਨਹੀਂ ਬੋਲਣਾ, ਤਾਂ ਨਹੀਂ ਬੋਲਣਾ ਖ਼ੁਦਾ ਵੀ ਆ ਜਾਏ ਤਾਂ ਬੁੱਲ੍ਹ ਨਹੀਂ ਖੋਲ੍ਹਣੇ। ਉਹਦੀ ਸੋਚ ਸਪਸ਼ਟ ਹੈ ਸਿੱਧੀ ਸਪਾਟ ਸੜਕ ਵਾਂਗ ਉਹਦੇ ਫ਼ੈਸਲੇ ਬੜੇ ਨਿਸ਼ਚਿਤ ਹਨ ਐਤਵਾਰ ਦੀ ਛੁੱਟੀ ਵਾਂਗ ਉਹ ਜੇ ਹੱਸਦੀ ਹੈ ਤਾਂ ਬੜਾ ਊਦਾ ਜਿਹਾ ਆਪਣੇ ਕੱਪੜਿਆਂ ਦੇ ਰੰਗ ਵਰਗਾ ਮਿਹਰਬਾਨ ਹੁੰਦੀ ਹੈ ਤਾਂ ਪਾਣੀ ਵਾਂਗ ਗ਼ੁੱਸੇ ਹੁੰਦੀ ਹੈ ਚਿਲਚਿਲਾਂਦੀ ਧੁੱਪ ਵਾਂਗ ਖ਼ਾਮੋਸ਼ ਹੁੰਦੀ ਹੈ ਤਾਂ ਰਾਤ ਵਾਂਗ ਕੰਮ ਕਰਦੀ ਹੈ ਤਾਂ ਹਨ੍ਹੇਰੀ ਬਣ ਕੇ। ਉਹ ਇਕ ਅਜਿਹੀ ਗੁਫ਼ਾ ਹੈ ਜਿਸ ਨੂੰ ਮੈਂ ਹਨ੍ਹੇਰੀ ਤੇ ਨਹੀਂ ਪਰ ਗਹਿਰੀ ਜ਼ਰੂਰ ਕਹਾਂਗਾ ਕਿਉਂਕਿ ਇਹਦੀ ਜੂਹ ਵਿਚ ਰੋਜ਼ ਗਾਰਡਨ ਵੀ ਹੈ ਤੇ ਰੌਕ ਗਾਰਡਨ ਵੀ ਰਿਸ਼ਤਿਆਂ ਦੀ ਇਕ ਲੰਮੀ ਤੰਦ ਵੀ ਹੈ ਤੇ ਮੁਨਕਰ ਹੋਣ ਦੀ ਪੱਕੀ ਗੰਢ ਵੀ ਉਹ ਆਕੀ ਹੈ ਰਿਸ਼ਤਿਆਂ ਦੀ ਆਤਮਾ ਤੋਂ ਪਰ ਫਿਰ ਵੀ ਹਰ ਥਾਂ ਮੋਹ ਦੀਆਂ ਗੰਢਾਂ ਜਿਹੀਆਂ ਦੇਈ ਜਾਂਦੀ ਹੈ ਇਸ ਤਾਣੇ ਦਾ ਏਨਾ ਖਿਲਾਰਾ ਹੈ ਕਿ ਕਦੇ ਕਦੇ ਕੋਈ ਤੰਦ ਉਲਝ ਵੀ ਜਾਂਦੀ ਹੈ ਪਰ ਇਥੇ ਤਾਰਾਂ ਦੇ ਜੁੜਨ ਵਰਗਾ ਕੋਈ ਸਪਾਰਕ ਨਹੀਂ ਹੁੰਦਾ ਜਿਸ ਨਾਲ ਸਾਰਾ ਸ਼ਹਿਰ ਹਨੇਰੇ ’ਚ ਡੁੱਬ ਜਾਏ ਉਹ ਦੰਦੀਆਂ ਨਾਲ ਉਲਝਣਾਂ ਖੋਲ੍ਹ ਵੀ ਲੈਂਦੀ ਹੈ। ਖ਼ਬਰੇ ਕਿੱਥੋਂ ਉਹਦੀ ਜਨਮ-ਪੱਤਰੀ ਵਿਚ ਲਾਇਬਰੇਰੀ ਜਿਹਾ, ਬਾਲ ਨਾਟਕਾਂ ਜਿਹਾ ਝੱਲਪੁਣਾ ਜਿਹਾ ਲਿਖਿਆ ਗਿਆ ਐਪਰ ਇਹੀ ਤੇ ਉਹਦਾ ਇਸ਼ਕ ਏ ਸੱਚ ਤੇ ਸੁਹਿਰਦਤਾ ਦੀ ਸੀਮਾ ਤੱਕ ਬਾਲ ਸਾਹਿਤ ਦੀ ਸਿਰਜਣਾ ਤੇ ਨਰੀਖਣ ਤੱਕ ਦਾ ‘ਕਾਫ਼ਲਾ’ ‘ਸਾਰੰਗ’ ਆਦਿ ਕਿੰਨੇ ਹੀ ਨਾਮ ਉਹਦੇ ਵਜੂਦ ਦੀ ਸੰਗਿਆ ਬਣੇ। ਉਹ ਜਿਥੇ ਜੰਮੀ ਪਲੀ ਉਥੇ ਸਦਾ ਸ਼ਬਦਾਂ ਦੇ ਹਿੱਜੇ ਦਰੁਸਤ ਹੁੰਦੇ ਰਹੇ ਤੇ ਸ਼ਾਇਦ ਇਸੇ ਲਈ ਉਹ ਆਪਣੇ ਆਲੇ ਦੁਆਲੇ ਬੇਤਰਤੀਬੇ ਨੂੰ ਤਰਤੀਬ ਦੇਣ ’ਚ ਰੁੱਝੀ ਹੈ ਅਡੋਲ, ਅਟੱਲ, ਅਣਥੱਕ। ਬੜੇ ਨਾਨਕ ਵਾਹ ਲਾ ਥੱਕੇ ਪਰ ਉਹਦੇ ਮਨ ਦਾ ਮੱਕਾ ਨਹੀਂ ਫਿਰਿਆ ਤੇ ਮੇਰਾ ਜੀਅ ਕਰਦਾ ਹੈ ਮੈਂ ਉਹਨੂੰ ਹਿਮਾਲਾ ਕਹਾਂ ਐਵੇਂ ਫ਼ਜ਼ੂਲ, ਬੇਥਾਹ, ਜ਼ਿੱਦੀ ਘੁਮੰਡੀ, ਆਫ਼ਰਿਆ ਹੋਇਆ ਪਰ ਫਿਰ ਪਤਾ ਲੱਗਦੈ ਕਿ ਉਹ ਤਾਂ ਬਰਫ਼ ਹੈ ਸੀਤ ਨਰਮ ਜਿਹੀ ਐਵੇਂ ਪਾਣੀ ਬਣ ਬਣ ਕੇ ਤਪਦੇ ਹਿਰਦਿਆਂ ਵਿਚ ਵਹਿਣ ਵਾਲੀ ਉਹਦੀ ਬੁੱਕਲ ਵਿਚ ਲਹਿਰਾਂ ਦਾ ਸੰਗੀਤ ਵੀ ਹੈ ਤੇ ਕਿਨਾਰਿਆਂ ਦਾ ਨਿਯੰਤ੍ਰਣ ਵੀ। ਮੈਂ ਉਹਨੂੰ ਬਹੁਤ ਘੱਟ ਜਾਣਦਾ ਹਾਂ ਪਰ ਜੋ ਜਾਣਦਾ ਹਾਂ ਉਹ ਸਭ ਝੂਠ ਹੈ ਜੋ ਨਹੀਂ ਜਾਣਦਾ, ਉਹ ਸਭ ਸੱਚ ਹੈ।

ਗੁਆਚੀ ਪੈੜ ਦਾ ਸਿਰਨਾਵਾਂ (ਪ੍ਰੋ. ਰਾਜਪਾਲ ਸਿੰਘ)

ਰੰਗਲੀ ਤਬੀਅਤ ਦਾ ਮੇਰਾ ਮਿੱਤਰ ਵੱਡੀ ਸਾਰੀ ਦੁਮੰਜ਼ਲੀ, ਤਿਮੰਜ਼ਲੀ ਹਵੇਲੀ ਦੀ ਛਾਵੇਂ ਜਨਮਿਆ ਪਰ ਤਿੜਕਦੀਆਂ ਧੁੱਪਾਂ ਦੇ ਕੰਧੇੜੇ ਚੜ੍ਹ ਹੋਣੀਆਂ ਅਣਹੋਣੀਆਂ ਦੀ ਉੱਭੜ-ਖਾਬੜ ਵਾਟੇ ਤੁਰ ਪਿਆ। ਕੋਈ ਨਹੀਂ ਸੀ ਜਾਣਦਾ ਕਿ ਉਹਦੇ ਵਿਚਲਦੇ ਮਨ ਵਿਚ ਤਿਮੰਜ਼ਲੀ ਹਵੇਲੀ ਤੋਂ ਵੀ ਕਿਤੇ ਵਡੇਰਾ ਸੁਪਨਾ ਸੀ ਪੰਜ ਦਰਿਆਵਾਂ ਦੀ ਵਿਰਾਸਤੀ ਮਹਿਲ ਦੀ ਨਵ-ਉਸਾਰੀ ਦਾ। ਉਹ ਸੁੰਨਸਾਨ ਰੋਹੀਆਂ ’ਚ ਹਵਾ ’ਚ ਉੱਡਦੀ ਸ਼ੂਕਦੀ ਅਵਾਜ਼ ਸੁਣਦਾ ਕੱਕੀ ਰੇਤ ਦੇ ਬੁੱਕ ਭਰ ਭਰ ਹਵਾ ’ਚ ਬਉਰਿਆਂ ਹਾਰ ਉਡਾਉਂਦਾ ਬਸ ਵਾਹੋ-ਦਾਹੀ ਨੱਕ ਦੀ ਸੇਧੇ ਤੁਰਿਆ ਜਾ ਰਿਹਾ ਸੀ ਉੱਡਦੇ ਸੁਪਨੇ ਨੂੰ ਫੜ ਕਲਾਵਾ ਭਰਨ ਖ਼ਾਤਿਰ। ਅੰਤ ਉਹਦੇ ਡਗਮਗਾਉਂਦੇ ਪੈਰਾਂ ਨੂੰ ਸੁਪਨਿਆਂ ਵਿਚ ਵਿਚਰਦੀ ਪਗਡੰਡੀ ਲੱਭ ਗਈ ਨਿਰੀ ਉਹਦੇ ਹਾਣ ਦੀ ਅੱਖਰਾਂ ਦੇ ਗੂੜ੍ਹ ਗਿਆਨ ਤੇ ਸ਼ਬਦਾਂ ਦੇ ਅੰਤਰੀਵੀ ਪਹਿਚਾਣ ਦੀ। ਫਿਰ ਉਸ ਨਾ ਰਾਤ ਵੇਖੀ ਅਤੇ ਨਾਹੀਂ ਦਿਨ ਗ਼ਮਾਂ ’ਚ ਡੁੱਬੀ ਮਾਂ ਦੀਆਂ ਭੋਲ਼ੀਆਂ ਅਣਭੋਲ਼ੀਆਂ ਬਾਤਾਂ ਸੁਣਦਾ ਹੋਰ ਹੀ ਹੋਰ, ਉਤਾਂਹ ਹੀ ਉਤਾਂਹ ਮਨ ਸੋਚਾਂ ’ਚ ਉਡਾਰੀਆਂ ਭਰਦਾ ਤੇ ਫਿਰ ਵਾ-ਵਰੋਲਿਆਂ ਦੀ ਤੋਰ ਪਤਾ ਨਹੀਂ ਕਿਵੇਂ ਉਹਦੇ ਸੁੰਨ ਹੋਏ ਪੈਰਾਂ ਦੇ ਨਸੀਬੀਂ ਜੁੜ ਗਈ ਤੇ ਉਹਦੇ ਮਨ ਵਿਚਲੇ ਸਾਰੇ ਹੀ ਚਾਅ, ਅਧੂਰੇ ਸੁਪਨੇ ਬੁੱਲ੍ਹੇ ਫ਼ਕੀਰ ਵਾਂਗ ਨੱਚ ਨੱਚ ਰੂਹ ਦੀ ਤ੍ਰਿਪਤੀ ਬਣ ਗਏ। ਉਹ ਪਹਾੜਾਂ ਵੱਲ ਨੂੰ ਤੁਰ ਪਿਆ ਸ਼ਬਦ ਦੀ ਪਹਿਚਾਣ ਤੇ ਗਿਆਨ ਗ੍ਰਹਿਣ ਦੀ ਖ਼ਾਤਿਰ ਫਿਰ ਇਹ ਰੰਗੀਲਾ ਫ਼ਕੀਰ ਇਸੇ ਗਿਆਨ ਦੀਆਂ ਪੁੜੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ’ਚ ਆਪਣੇ ਚੇਲਿਆਂ ਦੀ ਸੱਖਣੀ ਤਲੀ ’ਤੇ ਧਰਨ ਲੱਗਾ। ਪਰ ਚੈਨ ਕਿੱਥੇ ਫਿਰ ਉਹ ਪੰਜਾਬੀ ਰਹਿਤਲ ਦੀ ਗੁਆਚੀ ਪੈੜ ਲੱਭਣ ਤੇ ਸਾਂਭਣ ਦੇ ਸੁਵੱਲੇ ਰਾਹੇ ਪੈ ਗਿਆ ਇਹ ਰਾਹ ਦੇਸ਼ ਤੋਂ ਵੀ ਦੂਰ ਸੱਤ-ਸਮੁੰਦਰੀਂ ਪਾਰ ਪਰਦੇਸਾਂ ਤੱਕ ਵੀ ਪਹੁੰਚ ਗਏ। ਉਹ ਸ਼ੁਦਾਈਆਂ ਹਾਰ ਪੰਜਾਬੀ ਵਿਰਸੇ ਦਾ ਵਾਰਿਸ ਬਣ ਪਿੰਡ ਪਿੰਡ ਅਲਖ ਜਗਾਉਣ ਲੱਗਾ ਕੰਨ-ਪਾਟੇ ਰਾਂਝੇ ਜੋਗੀ ਵਾਂਗ ਬੇਲਿਆਂ ’ਚ ਹੀਰ ਹੀਰ ਕੂਕਦਾ ਗੋਰਖ ਤੋਂ ਬੇਮੁੱਖ ਹੋ ਉਸ ਆਪਣਾ ਟਿੱਲਾ ਬਣਾਇਆ ਜੋਗ ਦੀਆਂ ਬਾਤਾਂ ਪਾਉਣ ਲਈ ਪਰ ਧੂਣੀ ਤਪਾਉਣ ਦਾ ਵਕਤ ਉਹਦੇ ਹੱਥਾਂ ’ਚੋਂ ਕਿਰ ਗਿਆ। ਪਰ ਜਾਂਦਾ ਜਾਂਦਾ ਉਹ ਆਪਣੇ ਪਿਆਰਿਆਂ ਦੇ ਮੋਹ ਦਾ ਪਿੱਛੇ ਤੰਬੂ ਜ਼ਰੂਰ ਤਾਣ ਗਿਆ। ਉਹ ਮੋਹ ਦਾ ਨੱਕੋ-ਨੱਕ ਭਰਿਆ ਵਜੂਦ ‘ਤੇਰੀ ਆਈ ਮੈਂ ਮਰਜਾਂ’ ਵਰਗੀ ਅਦਾ ਦਾ ਹੁੰਗਾਰਾ ਰਿਸ਼ਤਿਆਂ ਦੀ ਲੱਜ ਪਾਲਣ ਵਾਲਾ ਦੋਸਤੀਆਂ ਦੀ ਪੀਢੀ ਗੰਢ ਵਰਗਾ ਹੁਣ ਸਾਡੇ ਵਿਚਕਾਰ ਨਹੀਂ ਕਾਹਲ਼ ਸੀ ਉਸਦੇ ਸੁਭਾਅ ਵਿਚ ਹੁਣ ਵੀ ਕਾਹਲ਼ ਕਰ ਗਿਆ। ਹੁਣ ਸਾਡੇ ਵਿਚਕਾਰ ਨਹੀਂ ਇਹ ਭਰਮ ਹੈ ਨਿਰਾ ਉਹਦੀ ਬਾਲ਼ੀ ਧੂਣੀ ਦਾ ਸੇਕ ਸੇਕਣ ਉਹਦੀਆਂ ਬਾਤਾਂ ਦਾ ਹੁੰਗਾਰਾ ਭਰਨ ਉਹਦੀ ਰੂਹ ਦੇ ਹਾਣੀ ਫਿਰ ਇਕ ਥਾਂ ਜੁੜ ਬੈਠਣਗੇ। ਲਗਦੈ! ਉਹ ਕਿਤੇ ਨਹੀਂ ਗਿਆ ਇਥੇ ਹੀ ਕਿਤੇ ਆਸੇ ਪਾਸੇ ਖਿੜੇ ਫੁੱਲਾਂ ’ਚ ਮਹਿਕਾਂ ਦੀਆਂ ਚੁਟਕੀਆਂ ਵਜਾਉਂਦਾ ਹੱਥੀਂ ਉਸਾਰੇ ਹੈਰੀਟੇਜ ਦੇ ਬੂਹੇ ਲਾਗੇ ਸਾਡੇ ਹੀ ਆਲੇ-ਦੁਆਲੇ ਤੇਰੇ ਮੇਰੇ ਸਾਹਾਂ ’ਚ ਵਿਚਰਦਾ ਪਿਆ ਹੈ।

ਅਧੂਰੀ ਨਜ਼ਮ (ਪ੍ਰੀਤਮ ਰਸੀਆ)

ਉਹ ਸਫ਼ਰ ਤੇ ਤੁਰਿਆ ਤਾਂ ਸੋਚਦਾ ਸੀ ਨਿੱਕੇ ਜਿਹੇ ਚਸ਼ਮੇ ਤੋਂ ਸਮੁੰਦਰ ਬਣਾਂਗਾ ਮਾਂ ਵੀ ਸੋਚਦੀ ਸੀ ਖੂਹ ਦੀ ਮੌਣ ’ਤੇ ਤਾਂਡਵ ਨਾਚ ਨੱਚਦਾ ਕਿਤੇ ਧੁਰ ਪਤਾਲ ’ਚ ਨਾ ਉਤਰ ਜਾਏ। ਪਰ ਇਹ ਕੇਹਾ ਸਫਰ ਸੀ ਜਿੱਥੇ ਹਰ ਮੋੜ ਤੇ ਸ਼ਰਾਬੀ-ਸਰੋਵਰ ਪੈਰਾਂ ’ਚ ਉਲਝ ਜਾਂਦਾ ਰਿਹਾ ਜਿੱਥੇ ਖੂਹ ਦੀ ਗਹਿਰਾਈ ਅੱਜ ਵੀ ਉਹਦੀਆਂ ਸੋਚਾਂ ਦਾ ਖੌਫ਼ ਬਣੀ ਹੋਈ ਹੈ। ਉਸਨੇ ਤਾਂ ਬਹੁਤ ਕੁਝ ਚਾਹਿਆ ਸੀ ਕਿ ਮੇਰੇ ਕੰਠ ’ਚ ਕੋਇਲ ਸਦਾ ਕੂਕਦੀ ਰਹੇ ਮੇਰੀਆਂ ਤਲੀਆਂ ’ਤੇ ਮਿੱਤਰਾਂ ਦੇ ਤਿੱਤਰ ਚੋਗ ਚੁਗਦੇ ਰਹਿਣ ਅੱਖਾਂ ਦੇ ਲਟ ਲਟ ਬਲਦੇ ਡੋਰੇ ਬੰਦੇ ਵੈਰਾਗੀ ਦੀ ਕਥਾ ਦੁਹਰਾਉਂਦੇ ਰਹਿਣ। ਉਸ ਤਾਂ ਯਾਰੀਆਂ ਦਾ ਇਕ ਨਵਾਂ ਹੀ ਬਾਬ ਲਿਖਣਾ ਸੀ ਕੜਕਦੀਆਂ ਦੁਪਹਿਰਾਂ ’ਚ ਵੀ ਨੰਗੇ ਪੈਰ ਨੱਚਣਾ ਸੀ। ਉਸ ਤਾਂ ਬਹੁਤ ਕੁਝ ਚਾਹਿਆ ਸੀ ਪਰ ਪਲਾਂ ਦੀ ਥਿੜਕਣ ਲੱਤਾਂ ਦੀ ਕੰਬਣੀ ਇਕ ਸਰਾਪ, ਦੇਹਲੀ ਦੇ ਅੰਦਰ ਵੀ ਇਕ ਸਰਾਪ, ਦੇਹਲੀ ਦੇ ਬਾਹਰ ਵੀ। ਉਸ ਜਿਸ ਨਾਲ ਲਾਵਾਂ ਲਈਆਂ ਉਹ ਉਹਦੇ ਮਨ ’ਚ ਚਾਵਾਂ-ਮੱਤਾ ਘਰ ਨਾ ਵਸਾ ਸਕੀ ਬਸ, ਬਚਨਾਂ ਦੀ ਬੱਧੀ ‘ਜੁਤੀਆਂ ਦੇ ਮੋੜ’ ਹੀ ਮੋੜਦੀ ਰਹੀ। ਤੇ ਜਿਸਦੀ ਉਹ ਕਦੇ ਕਦਾਈਂ ਲੋਰ ਵਿਚ ਆਇਆ ਸਹੁੰ ਖਾਂਦਾ ਸੀ ਉਹ ਉਹਦੇ ਮਨ ’ਚ ਵੀ ਸੀ ਤਨ ’ਚ ਵੀ ਸੀ ਕਦੇ ਬਲਦੀ ਰਹੀ, ਕਦੇ ਬੁਝਦੀ ਰਹੀ। ਉਸ ਹੱਥਾਂ ਨਾਲ ਬਹੁਤ ਵਾਰੀ ਲਿਖਣਾ ਚਾਹਿਆ ਤੇ ਸੈਨਤਾਂ ਨਾਲ ਸਮਝਾਉਣਾ ਤਨ ਦੀ ਦੂਰੀ ਤਾਂ ਮਿਟਦੀ ਰਹੀ ਮਨ ਦੀ ਵਿੱਥ ਨਾ ਘਟੀ ਉਹਦੇ ਹਰਫ਼ ਉਹ ਪੜ੍ਹਦੀ ਵੀ ਰਹੀ ਸਮਝਦੀ ਵੀ ਰਹੀ ਪਰ ਨਾਤਿਆਂ ਦੀਆਂ ਲਛਮਣ-ਰੇਖਾਵਾਂ ਉਸ ਤੋਂ ਟੱਪੀਆਂ ਨਾ ਗਈਆਂ। ਸ਼ਹਿਰ ’ਚ ਉਹ ਫ਼ਿਲਮੀ-ਪੋਸਟਰ ਵਾਂਗ ਵਿਚਰਿਆ ਤੇ ਹਰ ਘਰ ਦੀ ਕੰਧ ’ਤੇ ਉਹਦਾ ਨਾਮ ਨਗਨ-ਚਿਤ੍ਰ ਵਾਂਗ ਲਟਕਿਆ ਸ਼ਾਇਦ ਇਹੀ ਕਾਰਨ ਹੈ ਕਿ ਉਹਦੀਆਂ ਸ਼ਰਬਤੀ ਅੱਖਾਂ ਵੀ ਸ਼ਰਾਬੀ ਲਗਦੀਆਂ ਰਹੀਆਂ। ਹੋ ਸਕਦੈ ਲੋਕ ਬੇਈਮਾਨ ਹੋਣ ਜਾਂ ਝੂਠ ਬੋਲਦੇ ਹੋਣ ਨਹੀਂ ਤਾਂ ਕਿਵੇਂ ਉਨ੍ਹਾਂ ਨੂੰ ਪਤਾ ਲਗ ਜਾਂਦੈ ਕਿ ਉਹਦੇ ਝੌਲੇ ’ਤੇ ਬੰਨ੍ਹੇ ਤਬੀਤ ਵਿਚ ਰਾਮ ਦੀ ਨਹੀਂ ਰਾਧਾ ਦੀ ਤਸਵੀਰ ਹੈ ਸ਼ਿਵ ਉਹਦੀਆਂ ਰਗਾਂ ’ਚ ਹੈ ਤੇ ਉੱਡਦਾ ਬਾਜ਼ ਉਹਦੇ ਪੰਜਿਆਂ ’ਚ। ਉਹ ਬਹੁਤ ਵਾਰ ਡਿਗਿਆ ਹੈ ਘਰ ਦੀ ਛੱਤ ਤੋਂ ਵੀ ਯਾਰਾਂ ਦੀ ਅੱਖ ’ਚੋਂ ਵੀ ਤੇ ਹਰ ਵਾਰ ਹਮਦਰਦੀ ਦੀ ਥਾਂ ਲਿਜ਼ ਲਿਜ਼ੇ ਬੋਲਾਂ ਦੀ ਬੋਛਾੜ ਉਹਦੇ ਤਨ ਨੂੰ ਛੋਹੀ ਹੈ ਉਸੇ ਦਿਨ ਹੀ ਉਹਦੇ ਅੰਦਰ ਵਸਦੇ ਗੀਤ ਦੀ ਮੌਤ ਹੋਈ ਹੈ। ਉਸਦੀ ਬਿਰਹਣ ਆਤਮਾ ਕਦੇ ਸੜਕਾਂ ਤੇ ਲਿਫ਼ ਕੇ ਰੋਂਦੀ ਕਦੇ ਉਦਾਸ ਕੰਧਾਂ ਦੇ ਗਲ ਲਗ ਕੇ ਰੋਂਦੀ ਉਦਾਸੀ ਦਾ ਆਲਮ ਤੋੜਣ ਲਈ ਉਹ ਸ਼ਰਾਬੀ-ਸਰੋਵਰ ਦੇ ਕਿਨਾਰੇ ਬੈਠ ਉਂਗਲਾਂ ਭਿਉਂ ਭਿਉਂ ਚੱਟਦਾ ਗੀਤਾਂ ਦੀਆਂ ਸਤਰਾਂ ਡਬੋ ਡਬੋ ਚੁੰਮਦਾ ਬਰਨਾਲੇ ਦੀ ਬਦਨਾਮ ਆਤਮਾ ਦਾ ਚੋਗਾ ਪਹਿਨ ਯਾਰਾਂ ਤੋਂ ਬੇਮੁੱਖ ਹੋ ਬਹੁਤ ਵਾਰ ਡਿਗਿਆ ਹੈ ਘਰ ਦੀ ਛੱਤ ਤੋਂ ਵੀ ਯਾਰਾਂ ਦੀ ਅੱਖ ’ਚੋਂ ਵੀ। ਉਹ ਸਹੀ ਸਬੂਤੇ ਸਾਰਥਿਕ ਸ਼ਬਦਾਂ ਦਾ ਕਿਰਦਾਰ ਨਹੀਂ ਸਿਰਜ ਸਕਿਆ ਉਸਨੂੰ ਜਿਸ ਤੋਂ ਚੁੰਮਣ ਜਿਹੇ ਮੁਹੱਬਤੀ ਅਹਿਸਾਸ ਦੀ ਉਡੀਕ ਸੀ ਉਥੋਂ ਚੰਦਰੀ ਚੂੰਡੀ ਦਾ ਦਰਦ ਹੀ ਮਿਲਿਐ ਤੇ ਇਹ ਦਰਦ ਹੀ ਉਹਦੇ ਲੇਖ ਬਿਗਾੜਦਾ ਰਿਹੈ ਉਹਨੂੰ ਕਾਗਜ਼ਾਂ ਦੀ ਮੌਤੇ ਮਾਰਦਾ ਰਿਹੈ ਨਗਰ-ਪਾਲਿਕਾ ਦਫ਼ਤਰ ਦੀ ਪੀਲੀ ਜਿਹੀ ਫਾਈਲ ਵਿਚ ਉਸਦੇ ਕਿੰਨੇ ਹੀ ਸਿਵੇ ਬਲੇ ਤੇ ਬੁਝੇ ਹਨ। ਇਕ ਦਿਨ ਜਦ ਸੂਰਜ ਪੱਛਮ ਦੀ ਗੁੱਠੇ ਆਖਰੀ ਡੁੱਬਕੀ ਲਾ ਗਿਆ ਤਾਂ ਉਹ ਸ਼ਰਾਬੀ-ਸਰੋਵਰ ’ਚੋਂ ਨਹਾ ਕੇ ਵਾਲ ਛੰਡਦਾ ਮੈਨੂੰ ਮਿਲਿਆ ਉਹਦੇ ਬੋਲ ਜ਼ੁਬਾਨ ’ਚੋਂ ਇਉਂ ਉਤਰੇ ਜਿਉਂ ਕੋਈ ਬੱਚਾ ਬੈਠ ਬੈਠ ਕੇ ਪੌੜੀਆਂ ਉਤਰ ਰਿਹਾ ਹੋਵੇ ‘‘ਤੂੰ ਨਜ਼ਮ ਤਾਂ ਪੂਰੀ ਕਰ ਮੈਂ ਓਦਣ ਜੀਅ ਭਰ ਕੇ ਰੋਵਾਂਗਾ ਤੇ ਮਰ ਜਾਵਾਂਗਾ।’’ ਮੈਂ ਤੱਕਿਆ ਉਹ ਕੰਬ ਰਿਹਾ ਸੀ ਤਨੋਂ ਵੀ, ਮਨੋਂ ਵੀ ਉਹਦੀਆਂ ਅੱਖਾਂ ’ਚੋਂ ਕੋਈ ਲਹਿਰ ਨਹੀਂ ਉੱਛਲੀ ਸਗੋਂ ਕਾਲ਼ੀ ਬੋਲ਼ੀ ਹਨ੍ਹੇਰੀ ਉੱਠੀ ਸੀ। ਮੈਨੂੰ ਉਹ ਦਿਨ ਵੀ ਯਾਦ ਹਨ ਜਦ ਉਹਦੇ ਪੱਬ ਮੰਚ ’ਤੇ ਵਰੋਲੇ ਬਣ ਜਾਇਆ ਕਰਦੇ ਸਨ ਜਦੋਂ ਗਾਉਂਦਾ ਸੀ ਤਾਂ ਉਹਦੀ ਜੀਭ ’ਤੇ ਤ੍ਰਿੰਝਣ ਜੁੜ ਜਾਇਆ ਕਰਦੇ ਸਨ। ਸਾਰੀ ਰਾਤ ਸੋਚਦਿਆਂ ਸੋਚਦਿਆਂ ਖ਼ਬਰੇ ਕਿਹੜੀਆਂ ਵਿਰਲਾਂ ਥਾਣੀਂ ਉਹਦੀਆਂ ਅੱਖਾਂ ’ਚੋਂ ਉੱਠੀ ਹਨ੍ਹੇਰੀ ਮੇਰੇ ਮਨ ’ਚ ਆ ਵਸੀ ਤੇ ਮੈਂ ਕਲਮ ਨੂੰ ਕਿਹਾ ‘ਚੰਦਰੀਏ! ਤੇਰੀ ਜੀਭ ਸੁੱਕ ਜੇ।’ ਵਹਿਮ ਹੈ, ਜੇ ਨਜ਼ਮ ਪੂਰੀ ਹੋ ਗਈ ਤਾਂ ਬੋਲਾਂ ਦੇ ਫੰਬੇ ਵੀ ਕਿਤੇ ਉੱਡ ਨਾ ਜਾਣ ਦੋਸਤੋ! ਖ਼ੁਦਾ ਦੇ ਵਾਸਤੇ ਮੇਰੀ ਨਜ਼ਮ ਅਧੂਰੀ ਹੀ ਜਾਣਿਓ! ਪਰ ਇਕ ਦਿਨ ਚੁੱਪ-ਚਪੀਤੇ ਅੱਖਾਂ ਤੋਂ ਓਹਲੇ ਹੋ ਉਹ ਨਜ਼ਮ ਪੂਰੀ ਕਰ ਗਿਆ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਰਵਿੰਦਰ ਭੱਠਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ