Ravinder Bhathal ਰਵਿੰਦਰ ਭੱਠਲ

ਪੰਜਾਬੀ ਕਵੀ ਪ੍ਰੋਃ ਰਵਿੰਦਰ ਭੱਠਲ ਦਾ ਜਨਮ 1.1. 1943 ਨੂੰ ਪਿਤਾ ਸਃ ਬਲਧੀਰ ਸਿੰਘ ਭੱਠਲ ਦੇ ਗ੍ਰਹਿ ਵਿਖੇ ਸਰਦਾਰਨੀ ਹਰਬੰਸ ਕੌਰ ਦੀ ਕੁਖੋਂ ਨਾਨਕੇ ਘਰ ਮਹਿਲਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਰਵਿੰਦਰ ਭੱਠਲ ਦਾ ਜੱਦੀ ਸ਼ਹਿਰ ਬਰਨਾਲਾ ਹੈ ਪਰ ਹੁਣ ਉਹ 1986 ਤੋਂ 90 ਐੱਫ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਰਹਿ ਰਹੇ ਹਨ।
ਪੰਜਾਬੀ ਭਾਸ਼ਾ ਦੇ ਸ਼ਾਇਰ ਵਜੋਂ ਸਤਰਵਿਆਂ ਤੋਂ ਹੁਣ ਤੱਕ ਸਰਗਰਮ ਹਨ। ਮੁੱਢਲੀ ਸਿੱਖਿਆ ਗੌਰਮਿੰਟ ਹਾਈ ਸਕੂਲ,ਕਾਲਿਜ ਸਿੱਖਿਆ ਐੱਸ ਡੀ ਕਾਲਿਜ ਬਰਨਾਲਾ ਤੇ ਐੱਮ ਏ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1969 ਚ ਪਾਸ ਕੀਤੀ। ਇਸੇ ਯੂਨੀਵਰਸਿਟੀ ਤੋਂ ਹੀ ਆਪ ਨੇ ਕਿੱਸਾਕਾਰ ਰਣ ਸਿੰਘ ਬਾਰੇ ਖੋਜ ਕਾਰਜ ਕਰਕੇ ਐੱਮ ਲਿੱਟ ਦੀ ਡਿਗਰੀ ਹਾਸਲ ਕੀਤੀ।
ਪ੍ਰੋਃ ਭੱਠਲ ਦਾ ਪਹਿਲਾ ਕਾਵਿ ਸੰਗ੍ਰਹਿ ਕਾਲ਼ੇ ਕੋਹਾਂ ਤੋਂ ਪਰੇ 1975 ਚ ਛਪਿਆ। ਦੂਜੀ ਕਿਤਾਬ ਓਦਰੀ ਧੁੱਪ 1978 ਚ ਛਪੀ। ਤੀਜੀ ਕਿਤਾਬ ਪਾਗ਼ਲ ਪੌਣਾਂ 1995 ਚ ਛਪੀ।
ਉਨ੍ਹਾ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਅੰਬਰੀ ਅੱਖ ਸਾਲ 2000 ਵਿੱਚ ਛਪੀ। ਇਸ ਵਿੱਚ ਪਹਿਲੀਆਂ ਤਿੰਨੇ ਕਿਤਾਬਾਂ ਇੱਕ ਜਿਲਦ ਵਿੱਚ ਸਨ। 2005 ਵਿੱਚ ਉਨ੍ਹਾਂ ਦੀ ਕਾਵਿ ਪੁਸਤਕ ਸਤਰਾਂ, 2009ਵਿੱਚ ਮਨ ਮਮਟੀ ਦੇ ਮੋਰ, 2014 ਵਿੱਚ ਚਿਤਵਣੀ, 2018ਵਿੱਚ ਆਪਣੀ ਇਕਲੌਤੀ ਬੇਟੀ ਇਬਨਾ ਦੇ ਨਾਮ ਕਵਿਤਾਵਾਂ ਦਾ ਸੰਗ੍ਰਹਿ ਇੱਕ ਸੰਸਾਰ ਇਹ ਵੀ ਛਪਿਆ।
ਪ੍ਰੋ .ਰਵਿੰਦਰ ਭੱਠਲ ਅਪ੍ਰੈਲ 2018 ਨੂੰ ਡਾਃ ਤੇਜਵੰਤ ਸਿੰਘ ਗਿੱਲ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਚੁਣੇ ਗਏ ਸਨ। ਇਸ ਅਹੁਦੇ ਤੇ ਉਹ 2022 ਤੀਕ ਰਹੇ।
ਪ੍ਰੋਃ ਭੱਠਲ ਨੇ ਓਮ ਪ੍ਰਕਾਸ਼ ਗਾਸੋ ਬਾਰੇ ਪੁਸਤਕ ਲੋਕ ਧੜਕਣ ਦਾ ਤਪਦਾ ਤੰਦੂਰਃ ਗਾਸੋ 1983 ਤੇ 1988 ਵਿੱਚ ਗਲਪਕਾਰ ਰਾਮ ਸਰੂਪ ਅਣਖੀ ਦਾ ਸੰਪਾਦਨ ਕੀਤਾ।
ਪ੍ਰੋਃ ਰਵਿੰਦਰ ਭੱਠਲ ਨੇ 2002 ਤੋਂ 2008 ਤੀਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਹੁੰਦਿਆਂ ਮਾਰਕਸਵਾਦੀ ਸਾਹਿਤ ਚਿੰਤਨ: ਸਮਕਾਲੀ ਸਰੋਕਾਰ, ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾਃ ਚੁਣੌਤੀਆਂ ਤੇ ਸੰਭਾਵਨਾਵਾਂ, ਪੰਜਾਬੀ ਸਾਹਿੱਤਃ ਸਮਰਾਲੀ ਦ੍ਰਿਸ਼, ਕੁਝ ਸਰਵੋਤਮ ਸਾਹਿੱਤ ਸਿਰਜਕ, ਸ਼੍ਰੀ ਗੁਰੂ ਗ੍ਰੰਥ ਸਾਹਿਬਃ ਵਿਭਿੰਨ ਪਸਾਰ, ਰਚਨਾ ਚਿੰਤਨ ਸੰਵਾਦ ਦਾ ਸੰਪਾਦਨ ਕੀਤਾ।
ਅਨੁਵਾਦ ਦੇ ਖੇਤਰ ਵਿੱਚ ਉਨ੍ਹਾਂ ਨੇ ਚੀਨੀ ਯਾਤਰੀ ਫ਼ਾਹਿਯਾਨ ਦਾ ਯਾਤਰਾ ਵਰਣਨ ਤੇ ਬਾਲ ਸਾਹਿੱਤ ਪੁਸਤਕ ਚੂਹਾ ਸੱਤ ਪੂਛਾਂ ਵਾਲਾ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਲਈ ਅਨੁਵਾਦ ਕੀਤੀਆਂ। ਦੋ ਕਿਤਾਬਾਂ ਪ੍ਰਿਥਵੀ ਲਕਸ਼ ਤੇ ਸਵੈ ਦਾ ਸਾਹਮਣਾ ਚੇਤਨਾ ਪ੍ਰਕਾਸ਼ਨ ਲਈ ਪੰਜਾਬੀ ਚ ਅਨੁਵਾਦ ਕੀਤੀਆਂ।
ਇਸ ਵਕਤ ਆਪ ਲੁਧਿਆਣਾ ਵਿਖੇ 90 ਐੱਫ , ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ ਲੁਧਿਆਣਾ ਵਿਖੇ ਆਪਣੀ ਜੀਵਨ ਸਾਥਣ ਡਾਃ ਸੁਰਿੰਦਰ ਕੌਰ ਭੱਠਲ ਸਮੇਤ ਰਹਿੰਦੇ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਫੈਲੋਸ਼ਿਪ(2023) ਤੋਂ ਇਲਾਵਾ ਸਾਲ 2003 ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਮਿਲ ਚੁਕਾ ਹੈ। ਆਪ ਨੇ 1970 ਤੋਂ 2002 ਤੀਕ ਐੱਸ ਡੀ ਕਾਲਿਜ ਬਰਨਾਲਾ ਵਿੱਚ ਪੜ੍ਹਾਇਆ। ਇਥੋਂ ਹੀ ਆਪ ਬਤੌਰ ਵਾਈਸ ਪ੍ਰਿੰਸੀਪਲ ਸੇਵਾ ਮੁਕਤ ਹੋਏ।
1977 ਵਿੱਚ ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ ਨਾਟਕ ਨਿਰਦੇਸ਼ਕ ਪੁਰਸਕਾਰ ਮਿਲਿਆ। 1978 ਚ ਆਪ ਨੂੰ ਲਿਖਾਰੀ ਸਭਾ ਬਰਨਾਲਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਪੁਰਸਕਾਰ ਮਿਲਿਆ।
2002 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਆਪ ਨੂੰ ਸੱਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਸਬੰਧੀ ਸਨਮਾਨ ਦਿੱਤਾ ਗਿਆ।
ਸਾਲ 2001 ਵਿੱਚ ਆਪ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਸਾਹਿੱਤ ਸਭਾਵਾਂ ਵੱਲੋਂ ਧਾਰੀਵਾਲ (ਗੁਰਦਾਸਪੁਰ) ਵੱਲੋ ਸ਼੍ਰੇਸ਼ਟ ਪੰਜਾਬੀ ਕਵੀ ਪੁਰਸਕਾਰ ਦਿੱਤਾ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ ) ਵੱਲੋ ਆਪ ਨੂੰ ਸੰਤ ਰਾਮ ਉਦਾਸੀ ਪੁਰਸਕਾਰ(2003), ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ ਵੱਲੋਂ ਪ੍ਰੋਃ ਮੋਹਨ ਸਿੰਘ ਪੁਰਸਕਾਰ(2015) ਪ੍ਰੋਃ ਪ੍ਰੀਤਮ ਸਿੰਘ ਰਾਹੀ ਪੁਰਸਕਾਰ(2017), ਕੌਮਾਤਰੀ ਕਲਾਕਾਰ ਸੰਗਮ ਪੰਜਾਬ ਤੇ ਬਰਨਾਲਾ ਦੀਆ ਸਮੂਹ ਸਾਹਿੱਤ ਸਭਾਵਾਂ ਵੱਲੋੰ ਸਾਲ 2018 ਲਈ ਆਪ ਨੂੰ ਸਨਮਾਨਿਤ ਕੀਤਾ ਗਿਆ। ਜਨਵਾਦੀ ਲੇਖਕ ਮੰਚ ਪੰਜਾਬ ਵੱਲੋਂ 2019 ਲਈ ਜਨਵਾਦੀ ਕਵਿਤਾ ਪੁਰਸਕਾਰ ਦਿੱਤਾ ਗਿਆ।
ਉਨ੍ਹਾਂ ਦਾ ਸੰਪਰਕ ਨੰਬਰ 98780 11557 ਹੈ। - ਗੁਰਭਜਨ ਗਿੱਲ