Vaar Raag Sri : Guru Ram Das Ji

ਸਿਰੀਰਾਗ ਕੀ ਵਾਰ : ਗੁਰੂ ਰਾਮ ਦਾਸ ਜੀ

ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗ ਕੀ ਵਾਰ ਮਹਲਾ ੪

1

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

(ਦੀਬਾਣੁ=ਆਸਰਾ, ਅਮਰੁ=ਹੁਕਮ, ਜਿ=ਜੋ,
ਘਰਿ ਬਾਹਰਿ=ਘਰ ਵਿਚ ਤੇ ਘਰੋਂ ਬਾਹਰ,ਹਰ ਥਾਂ,
ਸੋ=ਉਹ ਮਨੁੱਖ, ਜਪਿ=ਜਪ ਕੇ, ਬਿਖਮੁ=ਔਖਾ,
ਤਰਿ=ਤਰਦਾ ਹੈ,ਤਰੇ)

2

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥

3

ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥

4

ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

(ਦੀਪ=ਜਿਸ ਦੇ ਚੌਹੀਂ ਪਾਸੀਂ ਜਲ ਹੋਵੇ, ਦਸ
ਅਸ਼ਟ ਪੁਰਾਣਾ=ਅਠਾਰਾਂ ਪੁਰਾਣ, ਨਵ ਖੰਡ=ਧਰਤੀ
ਦੇ ਨੌ ਹਿੱਸੇ, ਸਾਰਗਪਾਣ=ਜਿਸ ਦੇ ਹੱਥ ਵਿਚ ਧਨੁਖ
ਹੈ, ਗੁਰਮਖਿ=ਗੁਰੂ ਦੀ ਰਾਹੀਂ, ਚੋਜ=ਕੌਤਕ,ਲੀਲ੍ਹਾ,
ਵਿਡਾਣਾ-ਅਚਰਜ )

5

ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

(ਵਿਗਸੇਤੁ=ਖ਼ੁਸ਼ ਹੁੰਦਾ ਹੈ, ਸਚਾ=ਅਟੱਲ,
ਕੇਤੁ=ਕਿਉਂ)

6

ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

(ਵਡੀ=ਸਭ ਤੋਂ ਚੰਗਾ ਕੰਮ, ਜੀਅ ਕਾ ਫਲ=ਜੀਵਨ ਦਾ
ਮਨੋਰਥ, ਅਪੁਛਿਆ=ਕਿਸੇ ਨੂੰ ਪੁੱਛਣ ਤੋਂ ਬਿਨਾ)

7

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥

(ਮੀਨਾ=ਮੱਛੀ, ਵਤਾਇਦਾ=ਵਿਛਾਂਦਾ, ਸੇਬਾਲੁ=ਸ਼ੇਵਾਲ,
ਪਾਣੀ ਵਿਚ ਹਰੇ ਰੰਗ ਦਾ ਜਾਲਾ, ਦੁਨੀਆ ਦੇ ਪਦਾਰਥ,
ਅਲਿਪਤੁ=ਨਿਰਾਲਾ, ਸੈ ਹਥਾ ਵਿਚਿ=ਸੈਂਕੜੇ ਹੱਥ ਡੂੰਘੇ
ਪਾਣੀ ਵਿਚ, ਗੁਲਾਲੁ=ਸੋਹਣਾ,ਸੁੰਦਰ, ਨਿਮਖ=ਅੱਖ
ਝਮਕਣ ਜਿਤਨਾ ਸਮਾ, ਨਿਹਾਲੁ=ਪ੍ਰਸੰਨ,ਖਿੜਿਆ ਹੋਇਆ)

8

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

(ਸੰਬਾਹਿਆ=ਅਪੜਾਇਆ, ਇਕਿ=ਕਈ ਜੀਵ,
ਮੁਹਹੁ=ਮੂੰਹੋਂ, ਢਾਹਿਆ=ਬੋਲਿਆ, ਓਇ=ਉਹ
ਸਾਰੇ ਜੀਵ, ਬੁਝਾਇਓਨੁ=ਬੁਝਾਇਆ ਉਸ ਹਰੀ
ਨੇ, ਚੇਤਿ=ਚੇਤ ਕੇ,ਸਿਮਰ ਕੇ)

9

ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

(ਸਭੁ ਕੋ=ਹਰੇਕ ਜੀਵ, ਰਾਸਿ=ਪੂੰਜੀ, ਅਰਦਾਸਿ=ਤਰਲਾ,
ਅਰਜ਼ੋਈ, ਕਰਿ=ਕਰ ਕੇ, ਪਾਸਿ=ਨੇੜੇ, ਨਿਰਜਾਸਿ=ਨਿਰਣਾ
ਕਰ ਕੇ, ਕੋ=ਕੋਈ ਭੀ, ਦਰਿ=ਦਰ ਤੇ,ਹਜ਼ੂਰੀ ਵਿਚ)

10

ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥
ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

(ਗੁਰਮੁਖਿ ਪਾਵੈ ਥਾਇ=ਗੁਰਮੁਖ ਦੀ ਬੰਦਗੀ ਪਰਮਾਤਮਾ
ਕਬੂਲ ਕਰਦਾ ਹੈ, ਮਨਹਠਿ=ਮਨ ਦੇ ਹਠ ਨਾਲ)

11

ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

(ਦੀਬਾਣ=ਦਰਬਾਰ, ਸੁਰਖਰੂ=ਖਿੜੇ ਮੱਥੇ ਵਾਲਾ, ਨਾਮੋ=ਨਾਮ ਹੀ,
ਪਰਵਰਿਆ=ਪਰਵਾਰ,ਰੌਸ਼ਨੀ ਦਾ ਚੱਕਰ, ਨਾਇ=ਨਾਮ ਦੀ ਰਾਹੀਂ,
ਕਿਲਵਿਖ=ਪਾਪ, ਹਿਰਿਆ=ਨਾਸ ਹੋ ਜਾਂਦੇ ਹਨ, ਅਸਥਿਰੁ=ਅਟੱਲ)

12

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

(ਸਾਖੀ=ਸਿੱਖਿਆ, ਮੁਖਿ=ਮੂੰਹ ਤੇ, ਮਸਤਕਿ=ਮੱਥੇ ਤੇ, ਤਿਨਿ ਜਨਿ=
ਉਸ ਜਨ ਨੇ, ਸਹਜੇ=ਅਡੋਲ ਅਵਸਥਾ ਵਿਚ, ਤਹ=ਉਸ ਅਵਸਥਾ
ਵਿਚ, ਰੈਣਿ=ਰਾਤ, ਕਿਰਾਖੀ=ਖਿੱਚ ਲੈਂਦਾ ਹੈ, ਅਗੋਚਰੁ=ਅ+ਗੋ+ਚਰੁ,
ਗੋ-ਇੰਦ੍ਰੇ, ਚਰੁ=ਚਲਣਾ,ਅੱਪੜਨਾ, ਅਗੋਚਰੁ=ਜਿਸ ਤਕ ਗਿਆਨ-ਇੰਦ੍ਰੇ
ਪਹੁੰਚ ਨਹੀਂ ਸਕਦੇ)

13

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

(ਕਿਲਵਿਖ=ਪਾਪ, ਜਿਤੁ ਮੁਖਿ=ਜਿਸ ਮੂੰਹ ਤੇ, ਤਿਤੁ ਮੁਖਿ=ਉਸ ਮੂੰਹ ਨਾਲ)

14

ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥

(ਕੜਿ=ਕੜੇ,ਕੜ੍ਹਦੇ,ਦੁਖੀ ਹੁੰਦੇ, ਸਵਾਹੀ=ਸਬਾਹੀ)

15

ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

(ਅੰਤੀ ਅਉਸਰਿ=ਅਖ਼ੀਰਲੇ ਮੌਕੇ ਤੇ, ਗੁਰਮੁਖਿ=ਗੁਰੂ ਦੀ ਰਾਹੀਂ, ਵਡਭਾਗੀ=
ਵੱਡੇ ਭਾਗਾਂ ਵਾਲਿਆਂ ਨੇ, ਆਣਿ=ਲਿਆ ਕੇ)

16

ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

(ਮਹੀਅਲਿ=ਮਹੀ ਤਲਿ,ਧਰਤੀ ਦੇ ਉਪਰ, ਕੂੜਿਆਰ=
ਖੋਟੇ ਮਨ ਵਾਲੇ, ਜਿਨਿ=ਜਿਸ ਨੇ, ਜੈਕਾਰੁ=ਵਡਿਆਈ,
ਡੰਡੁ=ਸਜ਼ਾ)

17

ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥

(ਸਾਧਿਆ=ਸਿੱਧੇ ਰਾਹ ਤੇ ਪਾਂਦਾ ਹੈ, ਅਨਾਥ=ਜਿਨ੍ਹਾਂ
ਦਾ ਕੋਈ ਹੋਰ ਸਹਾਰਾ ਨਹੀਂ ਹੈ)

18

ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥

(ਪਰਤੀਤਿ=ਭਰੋਸਾ, ਜੇਵਡੁ=ਜੇਡਾ,ਬਰਾਬਰ ਦਾ, ਜਾਣੁ=
ਜਾਣੂ, ਧਰਮੁ=ਨਿਆਂ ਦੀ ਗੱਲ, ਕਾੜਾ=ਝੋਰਾ,ਫ਼ਿਕਰ,
ਅੰਦੇਸਾ=ਡਰ, ਅਧਰਮਿ=ਅਨਿਆਉਂ ਨਾਲ, ਸਚਾ=
ਸਦਾ-ਥਿਰ,ਅਟੱਲ, ਕਰ ਜੋੜਿ=ਹੱਥ ਜੋੜ ਕੇ)

19

ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥

(ਵੇਖਾਲੀਅਨੁ=ਵਿਖਾਲੀ ਹੈ ਉਸ ਨੇ, ਘਾਲੀਅਨੁ=ਘਾਲ
ਕਰਾਈ ਹੈ ਉਸ ਨੇ, ਬਹਾਲੀਅਨੁ=ਬਹਾਲੇ ਹਨ ਉਸ ਨੇ,
ਚਾਲਿਅਨੁ=ਚਲਾਏ ਹਨ ਉਸ ਨੇ, ਨਿਸਤਾਰਿਅਨੁ=
ਪਾਰ ਉਤਾਰੇ ਹਨ ਉਸ ਨੇ)

20

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

(ਸਤਿਗੁਰ ਸਾਖੀਐ=ਗੁਰੂ ਦੀ ਸਿੱਖਿਆ ਦੀ
ਰਾਹੀਂ, ਸੰਗਿ=ਸੰਗਤਿ ਵਿਚ, ਨਿਧਾਨੁ=ਖ਼ਜ਼ਾਨਾ,
ਗਾਇ=ਗਾ ਕੇ, ਲਾਖੀਐ=ਸਮਝ ਲਈਦਾ ਹੈ)

21

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥

  • ਮੁੱਖ ਪੰਨਾ : ਬਾਣੀ, ਗੁਰੂ ਰਾਮ ਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ