Vaar Raag Asa : Guru Nanak Dev Ji

ਆਸਾ ਦੀ ਵਾਰ : ਗੁਰੂ ਨਾਨਕ ਦੇਵ ਜੀ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਦੀ ਵਾਰ
ਟੁੰਡੇ ਅਸ ਰਾਜੈ ਕੀ ਧੁਨੀ ॥

1

ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥

(ਆਪੀਨ੍ਹੈ=ਅਕਾਲ ਪੁਰਖ ਨੇ ਆਪ ਹੀ, ਨਾਉ=
ਨਾਮਣਾ,ਵਡਿਆਈ, ਦੁਯੀ=ਦੂਜੀ, ਸਾਜੀਐ=
ਬਣਾਈ ਹੈ, ਕਰਿ=ਕਰ ਕੇ,ਬਣਾ ਕੇ, ਚਾਉ=
ਤਮਾਸ਼ਾ, ਤੁਸਿ=ਪ੍ਰਸੰਨ ਹੋ ਕੇ, ਦੇਵਹਿ=ਤੂੰ ਦੇਂਦਾ
ਹੈਂ, ਪਸਾਉ=ਪ੍ਰਸਾਦ,ਕਿਰਪਾ, ਜਾਣੋਈ=
ਜਾਣੂ, ਸਭਸੈ=ਸਭਨਾਂ ਦਾ, ਲੈਸਹਿ=ਲੈ
ਲਵੇਂਗਾ, ਜਿੰਦੁ ਕਵਾਉ=ਜਿੰਦ ਅਤੇ ਜਿੰਦ
ਦਾ ਕਵਾਉ (ਲਿਬਾਸ, ਪੋਸ਼ਾਕ),ਸਰੀਰ)

2

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥

(ਜੀਅ ਉਪਾਇ ਕੈ=ਜੀਵਾਂ ਨੂੰ ਪੈਦਾ ਕਰ ਕੇ,
ਧਰਮੁ=ਧਰਮ ਰਾਜ, ਲਿਖਿ ਨਾਵੈ=ਨਾਵਾਂ ਲਿਖਣ
ਲਈ,ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ
ਲਈ, ਓਥੈ=ਉਸ ਧਰਮ-ਰਾਜ ਦੇ ਅੱਗੇ, ਨਿਬੜੈ=
ਨਿਬੜਦੀ ਹੈ, ਜਜਮਾਲਿਆ=ਜਜ਼ਾਮੀ ਜੀਵ,ਕੋਹੜੇ
ਜੀਵ, ਮੰਦ-ਕਰਮੀ ਜੀਵ, ਸਚੇ ਹੀ ਸਚਿ=ਨਿਰੋਲ
ਸੱਚ ਹੀ ਰਾਹੀਂ, ਥਾਉ ਨ ਪਾਇਨਿ=ਥਾਂ ਨਹੀਂ ਪਾਂਦੇ,
ਦੋਜਕਿ=ਦੋਜ਼ਕ ਵਿਚ, ਚਾਲਿਆ=ਧੱਕੇ ਜਾਂਦੇ ਹਨ,
ਜਿਣਿ=ਜਿੱਤ ਕੇ, ਸਿ=ਉਹ ਮਨੁੱਖ, ਠਗਣ ਵਾਲਿਆ=
ਠੱਗਣ ਵਾਲੇ ਮਨੁੱਖ)

3

ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥

(ਭੋਗ=ਪਦਾਰਥਾਂ ਦੇ ਭੋਗ, ਭੋਗਿ ਕੈ=ਮਾਣ ਕੇ,
ਭਸਮੜਿ=ਭਸਮ ਦੀ ਮੜ੍ਹੀ,ਮਿੱਟੀ ਦੀ ਢੇਰੀ,
ਭਉਰੁ=ਆਤਮਾ, ਵਡਾ ਹੋਆ=ਮਰ ਗਿਆ,
ਦੁਨੀਦਾਰੁ=ਦੁਨੀਆਦਾਰ, ਘਤਿ=ਪਾ ਕੇ,
ਚਲਾਇਆ=ਅੱਗੇ ਲਾ ਲਿਆ, ਅਗੈ=
ਪਰਲੋਕ ਵਿਚ, ਕਰਣੀ=ਕਿਰਤ-ਕਮਾਈ,
ਕੀਰਤਿ=ਵਡਿਆਈ, ਵਾਚੀਐ=ਵਾਚੀ
ਜਾਂਦੀ ਹੈ,ਲੇਖੇ ਵਿਚ ਗਿਣੀ ਜਾਂਦੀ ਹੈ,
ਥਾਉ ਨ ਹੋਵੀ=ਢੋਈ ਨਹੀਂ ਮਿਲਦੀ,
ਪਉਦੀਈ=ਪੈਂਦਿਆਂ,ਜੁਤੀਆਂ ਪੈਂਦਿਆਂ,
ਹੁਣਿ=ਜਦੋਂ ਮਾਰ ਪੈਂਦੀ ਹੈ, ਕਿਆ
ਰੂਆਇਆ=ਕਿਹੜਾ ਰੋਣ,ਕਿਹੜਾ
ਤਰਲਾ, ਸੁਣੀਐ=ਸੁਣਿਆ ਜਾਂਦਾ ਹੈ,
ਗਵਾਇਆ=ਵਿਅਰਥ ਕਰ ਲਿਆ)

4

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥

(ਨਦਰਿ=ਮਿਹਰ ਦੀ ਨਜ਼ਰ, ਭਰੰਮਿਆ=ਭਟਕ ਚੁਕਿਆ,
ਸਭਿ ਲੋਕ ਸਬਾਇਆ=ਹੇ ਸਾਰੇ ਲੋਕੋ, ਸਚੁ=ਸਦਾ ਕਾਇਮ
ਰਹਿਣ ਵਾਲਾ ਪ੍ਰਭੂ, ਜਿਨ੍ਹੀ=ਜਿਨ੍ਹਾਂ ਮਨੁੱਖਾਂ ਨੇ, ਆਪੁ=
ਆਪਣਾ ਆਪ,ਅਹੰਕਾਰ, ਸਚੋ ਸਚੁ=ਨਿਰੋਲ ਸੱਚ,
ਬੁਝਾਇਆ=ਸਮਝਾ ਦਿੱਤਾ, ਜਿਨਿ=ਜਿਸ ਗੁਰੂ ਨੇ)

5

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥

(ਨਾਇ ਲਇਐ=ਜੇ ਤੇਰਾ ਨਾਮ ਸਿਮਰੀਏ, ਪਿੰਡੁ=
ਸਰੀਰ, ਤਿਸ ਦਾ=ਉਸ ਰੱਬ ਦਾ, ਖਾਜੇ=ਖ਼ੁਰਾਕ,
ਲੋੜਹਿ=ਤੂੰ ਲੋੜਦਾ ਹੈਂ, ਕਰਿ ਪੁੰਨਹੁ=ਭਲਿਆਈ
ਕਰ ਕੇ, ਜਰਵਾਣਾ=ਬਲਵਾਨ, ਜਰੁ=ਬੁਢੇਪਾ,
ਪਰਹਰੈ=ਛੱਡਣਾ ਚਾਹੁੰਦਾ ਹੈ, ਵੇਸ ਕਰੇਦੀ=ਵੇਸ
ਧਾਰ ਧਾਰ ਕੇ, ਆਈਐ=ਬੁਢੇਪਾ ਆ ਰਿਹਾ ਹੈ,
ਭਰੀਐ ਪਾਈਐ=ਜਦੋਂ ਪਾਈ ਭਰੀ ਜਾਂਦੀ ਹੈ,
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ)

6

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥

(ਕਿਨੈ=ਕਿਸੇ ਨੇ ਹੀ, ਪਾਇਓ=ਪਾਇਆ, ਰਖਿਓਨੁ=
ਉਸ ਨੇ ਰੱਖ ਦਿੱਤਾ ਹੈ, ਸਤਿਗੁਰ ਮਿਲਿਐ=ਜੇ ਇਹੋ
ਜਿਹਾ ਗੁਰੂ ਮਿਲ ਪਏ, ਜਿਨਿ=ਜਿਸ ਮਨੁੱਖ ਨੇ, ਜਗ
ਜੀਵਨੁ=ਜਗਤ ਦਾ ਜੀਵਨ)

7

ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥

(ਸੰਤੋਖੀਈਂ=ਸੰਤੋਖੀ ਮਨੁੱਖਾਂ ਨੇ, ਸਚੋ ਸਚੁ=ਨਿਰੋਲ ਸੱਚਾ
ਰੱਬ, ਮੰਦੈ=ਮੰਦੇ ਥਾਂ ਤੇ, ਸੁਕ੍ਰਿਤੁ=ਭਲਾ ਕੰਮ, ਧਰਮੁ
ਕਮਾਇਆ=ਧਰਮ ਅਨੁਸਾਰ ਆਪਣਾ ਜੀਵਨ
ਬਣਾਇਆ ਹੈ, ਬਖਸੀਸੀ=ਬਖ਼ਸ਼ਸ਼ ਕਰਨ ਵਾਲਾ,
ਅਗਲਾ=ਵੱਡਾ,ਬਹੁਤ, ਦੇਵਹਿ=ਤੂੰ ਜੀਵਾਂ ਨੂੰ ਦਾਤਾਂ
ਦੇਂਦਾ ਹੈਂ, ਚੜਹਿ=ਤੂੰ ਚੜ੍ਹਦਾ ਹੈਂ,ਤੂੰ ਵਧਦਾ ਹੈਂ,
ਸਵਾਇਆ=ਬਹੁਤ, ਵਡਿਆਈ=ਵਡਿਆਈ ਕਰ ਕੇ)

8

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥

(ਵਰਤਾਇਆ=ਵੰਡ ਦਿੱਤਾ, ਤੂੰ ਦੇਹਿ=ਤੂੰ ਦੇਂਦਾ ਹੈਂ,
ਤਾ=ਤਾਂ, ਤਿਨੀ=ਉਹਨਾਂ ਨੇ, ਸਚੁ ਕਮਾਇਆ=ਸੱਚ
ਨੂੰ ਕਮਾਇਆ ਹੈ, ਜਿਨ ਕੈ=ਜਿਨ੍ਹਾਂ ਮਨੁੱਖਾਂ ਦੇ,
ਵਸਾਇਆ=ਗੁਰੂ ਨੇ ਟਿਕਾਇ ਦਿੱਤਾ, ਕਾਹੇ
ਆਇਆ=ਕਿਉਂ ਆਏ)

9

ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥

(ਕੀਰਤਿ=ਸੋਭਾ,ਵਡਿਆਈ, ਕਰਮਾ ਬਾਹਰੇ=ਭਾਗ ਹੀਣ,
ਢੋਅ=ਆਸਰਾ, ਧਾਵਦੇ=ਭਟਕਦੇ ਫਿਰਦੇ ਹਨ, ਇਕਿ=
ਕਈ ਜੀਵ, ਮੂਲੁ=ਮੁੱਢ,ਪ੍ਰਭੂ, ਅਣਹੋਦਾ=ਘਰ ਵਿਚ
ਪਦਾਰਥ ਤੋਂ ਬਿਨਾ ਹੀ, ਗਣਾਇਦੇ=ਵੱਡਾ ਜਤਲਾਂਦੇ
ਹਨ, ਹਉ=ਮੈਂ, ਢਾਢੀ=ਵਡਿਆਈ ਕਰਨ ਵਾਲਾ,ਵਾਰ
ਗਾਉਣ ਵਾਲਾ, ਭੱਟ, ਢਾਢੀ ਕਾ=ਮਾੜਾ ਜਿਹਾ ਢਾਢੀ,
ਹੋਰਿ=ਹੋਰ ਲੋਕ, ਉਤਮ ਜਾਤਿ=ਉੱਚੀ ਜ਼ਾਤ ਵਾਲੇ)

10

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥

(ਮਹਿੰਡਾ=ਮੇਰਾ,ਮੇਰੇ ਵਾਸਤੇ, ਤਲੀ ਖਾਕੁ=ਪੈਰਾਂ
ਦੀਆਂ ਤਲੀਆਂ ਦੀ ਖਾਕ,ਚਰਨ-ਧੂੜ, ਤ=ਤਾਂ,
ਕੂੜਾ=ਕੂੜ ਵਿਚ ਫਸਾਣ ਵਾਲਾ, ਅਲਖੁ=ਅਦ੍ਰਿਸ਼ਟ,
ਤੇਵੇਹੋ=ਤਿਹੋ ਜਿਹਾ ਹੀ, ਜੇਵੇਹੀ=ਜਿਹੋ ਜਿਹੀ,
ਪੂਰਬਿ=ਪਹਿਲੇ ਤੋਂ,ਮੁੱਢ ਤੋਂ, ਲਿਖਿਆ=ਪਿਛਲੇ
ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ, ਮਤਿ
ਥੋੜੀ=ਆਪਣੀ ਮਤਿ ਥੋੜਿ ਹੋਵੇ)

11

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥

(ਧੁਰਿ=ਧੁਰ ਤੋਂ, ਕਰਮੁ=ਬਖ਼ਸ਼ਸ਼, ਤੁਧੁ=ਤੂੰ, ਵੇਕੀ=ਕਈ
ਤਰ੍ਹਾਂ ਦਾ, ਇਕਨਾ ਨੋ=ਕਈ ਜੀਵਾਂ ਨੂੰ, ਇਕਿ=ਕਈ ਜੀਵ,
ਆਪਹੁ=ਆਪਣੇ ਆਪ ਤੋਂ, ਖੁਆਇਆ=ਖੁੰਝਾਏ ਹੋਏ ਹਨ,
ਜਿਥੈ=ਜਿਸ ਮਨੁੱਖ ਦੇ ਅੰਦਰ, ਆਪੁ=ਆਪਣਾ ਆਪਾ,
ਬੁਝਾਇਆ=ਸਮਝਾ ਦਿੱਤਾ ਹੈ, ਸਹਜੇ ਹੀ=ਸੁਤੇ ਹੀ,
ਸਮਾਇਆ=ਲੀਨ ਹੋ ਜਾਂਦਾ ਹੈ)

12

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

(ਪੜਿਆ=ਪੜ੍ਹਿਆ, ਗੁਨਹਗਾਰੁ=ਮੰਦੇ ਕੰਮ ਕਰਨ ਵਾਲਾ,
ਓਮੀ=ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਅਨਪੜ੍ਹ
ਮਨੁੱਖ, ਸਾਧੁ=ਭਲਾ ਮਨੁੱਖ, ਨ ਮਾਰੀਐ=ਮਾਰ ਨਹੀਂ ਖਾਂਦਾ,
ਘਾਲਣਾ ਘਾਲੇ=ਕਮਾਈ ਕਰੇ, ਤੇਵੇਹੋ=ਤਿਹੋ ਜਿਹਾ ਹੀ,
ਪਚਾਰੀਐ=ਪਰਚਲਤ ਹੋ ਜਾਂਦਾ ਹੈ,ਮਸ਼ਹੂਰ ਹੋ ਜਾਂਦਾ ਹੈ,
ਕਲਾ=ਖੇਡ, ਜਿਤੁ=ਜਿਸ ਦੇ ਕਾਰਨ, ਵੀਚਾਰੀਐ=ਵਿਚਾਰੀ
ਜਾਂਦੀ ਹੈ, ਮੁਹਿ ਚਲੈ=ਜੋ ਮਨੁੱਖ ਮੂੰਹ-ਜ਼ੋਰ ਹੋਵੇ)

13

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥

(ਵਿਟਹੁ=ਤੋਂ, ਜਿਤ ਮਿਲਿਐ=ਜਿਸ ਗੁਰੂ ਨੂੰ ਮਿਲਣ ਕਰ ਕੇ,
ਜਿਨਿ=ਜਿਸ ਗੁਰੂ ਨੇ, ਜਗਤੁ ਨਿਹਾਲਿਆ=ਜਗਤ ਦੀ ਅਸਲੀਅਤ
ਨੂੰ ਵੇਖ ਲਿਆ ਹੈ, ਦੂਜੈ=ਦੂਜੇ ਵਿਚ, ਵਣਜਾਰਿਆ=ਵਣਜਾਰੇ)

14

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥

(ਕਪੜੁ=ਜਿੰਦ ਦਾ ਕੱਪੜਾ,ਸਰੀਰ, ਰਾਹਿ ਭੀੜੈ=ਭੀੜੇ
ਰਸਤੇ ਵਿਚੋਂ ਦੀ, ਅਗੈ=ਮਰਨ ਤੋਂ ਪਿਛੋਂ, ਨੰਗਾ=ਪਾਜ
ਉਘੇੜ ਕੇ, ਚਾਲਿਆ=ਚਲਾਇਆ ਜਾਂਦਾ ਹੈ,ਧੱਕਿਆ
ਜਾਂਦਾ ਹੈ, ਤਾ=ਤਦੋਂ, ਖਰਾ=ਬਹੁਤ)

15

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥

(ਸਾਈ ਕਾਰ=ਉਹੀ ਕੰਮ ਜੋ ਉਸ ਨੂੰ ਭਾਉਂਦਾ ਹੈ, ਪਰਵਾਣੁ=
ਦਰਗਾਹ ਵਿਚ ਕਬੂਲ,ਸੁਰਖ਼ਰੂ, ਖਸਮੈ ਕਾ ਮਹਲੁ=ਖਸਮ ਦਾ ਘਰ,
ਮਨਹੁ ਚਿੰਦਿਆ=ਮਨ-ਭਾਉਂਦਾ, ਪੈਧਾ=ਸਿਰੋਪਾਉ ਲੈ ਕੇ,ਇੱਜ਼ਤ ਨਾਲ)

16

ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥

(ਚਿਤੈ ਅੰਦਰਿ=ਪ੍ਰਭੂ ਦੇ ਚਿੱਤ ਵਿਚ, ਸਭੁ ਕੋ=ਹਰੇਕ
ਜੀਵ, ਵੇਖਿ=ਵੇਖ ਕੇ,ਗਹੁ ਨਾਲ, ਚਲਾਇਦਾ=ਤੋਰਦਾ
ਹੈ, ਵਡਹੁ ਵਡਾ=ਵੱਡਿਆਂ ਤੋਂ ਵੱਡਾ, ਮੇਦਨੀ=ਸ੍ਰਿਸ਼ਟੀ,
ਧਰਤੀ, ਵਡ ਮੇਦਨੀ=ਵੱਡੀ ਹੈ ਸ੍ਰਿਸ਼ਟੀ ਉਸ ਦੀ, ਸਿਰੇ
ਸਿਰਿ=ਹਰੇਕ ਜੀਵ ਦੇ ਸਿਰ ਉੱਤੇ, ਉਪਠੀ=ਉਲਟੀ,
ਘਾਹੁ ਕਰਾਇਦਾ=ਕੱਖੋਂ ਹੌਲੇ ਕਰ ਦੇਂਦਾ ਹੈ, ਦਰਿ=
ਲੋਕਾਂ ਦੇ ਦਰ ਉੱਤੇ, ਮੰਗਨਿ=ਉਹ ਸੁਲਤਾਨ ਮੰਗਦੇ
ਹਨ, ਭਿਖ=ਭਿੱਖਿਆ,ਖ਼ੈਰ)

17

ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥

(ਤੁਰੇ=ਘੋੜੇ, ਪਲਾਣੇ=ਕਾਠੀਆਂ ਸਮੇਤ, ਵੇਗ=ਤ੍ਰਿਖੀ ਚਾਲ,
ਹਰ ਰੰਗੀ=ਹਰੇਕ ਰੰਗ ਦੇ, ਹਰਮ=ਮਹਲ, ਸਵਾਰਿਆ=
ਸਜਾਏ ਹੋਏ ਹੋਣ, ਮੰਡਪ=ਮਹਲ,ਸ਼ਾਮੀਆਨੇ, ਪਾਸਾਰਿਆ=
ਪਸਾਰੇ ਲਾ ਕੇ ਬੈਠੇ ਹੋਣ,ਸਜਾਵਟਾਂ ਸਜਾ ਕੇ ਬੈਠੇ ਹੋਣ,
ਚੀਜ=ਚੋਜ,ਕੌਤਕ, ਹਾਰਿਆ=ਹਾਰ ਜਾਂਦੇ ਹਨ, ਫੁਰਮਾਇਸਿ=
ਹੁਕਮ, ਜਰੁ=ਬੁਢੇਪਾ, ਜੋਬਨਿ ਹਾਰਿਆ=ਜੋਬਨ ਦੇ ਠੱਗੇ
ਹੋਇਆਂ ਨੂੰ)

18

ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ ਤਾ ਨਦਰੀ ਆਈਆ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ ਨਉ ਨਿਧਿ ਪਾਈਆ ॥੧੮॥

(ਵਡਾ ਕਰਿ ਸਾਲਾਹੀਐ=ਗੁਣ ਗਾਵੀਏ ਤੇ ਆਖੀਏ ਕਿ
ਗੁਰੂ ਵੱਡਾ ਹੈ, ਜਿਸੁ ਵਿਚਿ=ਇਸ ਗੁਰੂ ਵਿਚ, ਵਡੀਆ
ਵਡਿਆਈਆ=ਬੜੇ ਉੱਚੇ ਗੁਣ, ਸਹਿ=ਪਤੀ ਪ੍ਰਭੂ ਨੇ,
ਨਦਰੀ ਆਇਆ=ਦਿੱਸਦੀਆਂ ਹਨ, ਮਸਤਕਿ=ਜੀਵ ਦੇ
ਮੱਥੇ ਉਤੇ, ਵਿਚਹੁ=ਜੀਵ ਦੇ ਮਨ ਵਿਚੋਂ, ਸਹਿ ਤੁਠੈ=ਜੇ
ਸ਼ਹੁ ਤ੍ਰੁੱਠ ਪਏ, ਨਉਨਿਧਿ=ਨੌ ਖ਼ਜ਼ਾਨੇ, ਸੰਸਾਰ ਦੇ ਸਾਰੇ
ਪਦਾਰਥ, ਪਾਈਆ=ਖ਼ਜ਼ਾਨੇ ਮਿਲ ਪੈਂਦੇ ਹਨ)

19

ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥

(ਆਖੈ ਆਪਣਾ=ਹਰੇਕ ਜੀਵ ਆਖਦਾ ਹੈ, 'ਇਹ ਮੇਰੀ
ਆਪਣੀ ਚੀਜ਼ ਹੈ,' ਜਿਸੁ ਨਾਹੀ=ਜਿਸ ਨੂੰ ਮਮਤਾ ਨਹੀਂ ਹੈ,
ਸੰਢੀਐ=ਭਰੀਦਾ ਹੈ, ਐਤੁ=ਇਸ, ਕਾਇਤੁ=ਕਿਉ, ਗਾਰਬਿ=
ਅਹੰਕਾਰ ਵਿਚ, ਹੰਢੀਐ=ਖਪੀਏ, ਲੁਝੀਐ=ਝਗੜੀਏ)

20

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

(ਕਰਣਾ=ਸਰੀਰ,ਸ੍ਰਿਸ਼ਟੀ, ਤੈ=ਤੂੰ, ਧਰਿ=ਧਰ ਕੇ,ਰੱਖ ਕੇ,
ਕਚੀ ਪਕੀ ਸਾਰੀਐ=ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ
ਮੰਦੇ ਜੀਵਾਂ ਨੂੰ, ਜਿਸ ਕੇ=ਜਿਸ ਪ੍ਰਭੂ ਦੇ)

21

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥

(ਸਮ੍ਹਾਲੀਐ=ਸੰਭਾਲਣਾ ਚਾਹੀਦਾ ਹੈ,ਚੇਤੇ ਰੱਖਣਾ ਚਾਹੀਦਾ ਹੈ,
ਜਿਤੁ=ਜਿਸ ਨਾਲ, ਸਾ ਘਾਲ=ਉਹ ਮਿਹਨਤ, ਮੂਲਿ ਨ ਕੀਚਈ=
ਉੱਕਾ ਹੀ ਨਹੀਂ ਕਰਨਾ ਚਾਹੀਦਾ, ਨਿਹਾਲੀਐ=ਵੇਖਣਾ ਚਾਹੀਦਾ
ਹੈ, ਜਿਉ=ਜਿਸ ਤਰ੍ਹਾਂ, ਨ ਹਾਰੀਐ=ਨਾ ਟੁੱਟੇ, ਤੇਵੇਹਾ=ਉਹੋ
ਜਿਹਾ, ਪਾਸਾ ਢਾਲੀਐ=ਚਾਲ ਚੱਲਣੀ ਚਾਹੀਦੀ ਹੈ, ਘਾਲੀਐ=
ਘਾਲ ਘਾਲਣੀ ਚਾਹੀਦੀ ਹੈ)

22

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

(ਖਸਮੈ ਭਾਇ=ਖਸਮ ਦੀ ਮਰਜ਼ੀ ਅਨੁਸਾਰ, ਹੁਰਮਤਿ=
ਇੱਜ਼ਤ, ਅਗਲੀ=ਬਹੁਤੀ, ਵਜਹੁ=ਤਨਖ਼ਾਹ,ਰੋਜ਼ੀਨਾ,
ਗੈਰਤਿ=ਸ਼ਰਮਿੰਦਗੀ, ਅਗਲਾ=ਪਹਿਲਾ, ਮੁਹੇ ਮੁਹਿ=
ਸਦਾ ਆਪਣੇ ਮੂੰਹ ਉੱਤੇ, ਪਾਣਾ=ਜੁੱਤੀਆਂ)

23

ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

(ਹਰਿ ਤਾ ਕੇ=ਉਸ ਹਰੀ ਦੇ, ਸਾਖਤੀ=ਬਨਾਵਟ,ਪੈਦਾਇਸ਼,
ਇਕਿ=ਕਈ ਜੀਵ, ਤੁਰੀ=ਘੋੜਿਆਂ ਉੱਤੇ, ਬਿਸੀਆਰ=
ਬਹੁਤ ਸਾਰੇ, ਹਉ=ਮੈਂ, ਕੈ ਸਿਉ=ਕਿਸ ਦੇ ਅਗੇ, ਕਰਣਾ=
ਸ੍ਰਿਸ਼ਟੀ, ਜਿਨਿ=ਜਿਸ ਪ੍ਰਭੂ ਨੇ)

24

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥੨੪॥੧॥

(ਵਡਿਆਈਆ=ਗੁਣ,ਸਿਫ਼ਤਾਂ, ਕਰੀਮੁ=ਕਰਮ ਕਰਨ
ਵਾਲਾ, ਸੰਬਾਹਿ=ਇਕੱਠਾ ਕਰ ਕੇ, ਦੇ ਸੰਬਾਹਿ=ਸੰਬਾਹਿ
ਦੇਂਦਾ ਹੈ,ਅਪੜਾਂਦਾ ਹੈ, ਤਿੰਨੈ=ਤਿਨ੍ਹ ਹੀ, ਉਸੇ ਨੇ ਆਪ
ਹੀ, ਏਕੀ ਬਾਹਰੀ=ਇਕ ਥਾਂ ਤੋਂ ਬਿਨਾ, ਜਾਇ=ਥਾਂ,
ਰਜਾਇ=ਮਰਜ਼ੀ)


(ਨੋਟ: ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਦੇ ਨਾਲ ਸਲੋਕ ਗੁਰੂ
ਅਰਜਨ ਦੇਵ ਜੀ ਨੇ ਲਗਾਏ ਹਨ । ਭਾਵੇਂ ਆਸਾ ਦੀ ਵਾਰ ਨਾਲ
ਸਲੋਕ ਗੁਰੂ ਨਾਨਕ ਦੇਵ ਜੀ ਦੇ ਹੀ ਹਨ ਪਰ ਉਨ੍ਹਾਂ ਦਾ ਉਚਾਰਨ
ਸਮਾਂ ਜਾਂ ਭਾਵ ਵਾਰ ਨਾਲ ਮੇਲਣਾ ਠੀਕ ਨਹੀਂ ਇਸ ਲਈ
ਅਸੀਂ ਇੱਥੇ ਵਾਰ ਵਿਚਲੀਆਂ ਪੌੜੀਆਂ ਹੀ ਦਿੱਤੀਆਂ ਹਨ ।)

  • ਮੁੱਖ ਪੰਨਾ : ਬਾਣੀ, ਗੁਰੂ ਨਾਨਕ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ