Vaar Raag Gauri : Guru Arjan Dev Ji

ਗਉੜੀ ਕੀ ਵਾਰ : ਗੁਰੂ ਅਰਜਨ ਦੇਵ ਜੀ

ਗਉੜੀ ਕੀ ਵਾਰ ਮਹਲਾ ੫
ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

1

ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥
ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥
ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥

(ਥਾਨ ਥਨੰਤਰਿ=ਥਾਨ ਥਾਨ ਅੰਤਰਿ,ਹਰੇਕ
ਥਾਂ ਵਿਚ, ਮਨਿ=ਮੰਨ ਕੇ, ਸਰਣਾਗਤੀ=ਸਰਣ
ਆਓ, ਸਦ ਸਦ=ਸਦਾ ਹੀ)

2

ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥
ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥

(ਮੁਹਿ ਡਿਠੈ ਤਿਨ ਕੈ=ਜੇ ਉਹਨਾਂ ਦਾ ਮੂੰਹ
ਵੇਖ ਲਈਏ, ਭਖੇ=ਖਾਧੇ ਜਾਂਦੇ ਹਨ, ਪਰਖੇ=
ਪ੍ਰਵਾਨ ਕਰ ਲਏ ਹਨ, ਚਲਤ=ਕੌਤਕ,ਤਮਾਸ਼ੇ,
ਨ ਜਾਪਨੀ=ਸਮਝੇ ਨਹੀਂ ਜਾ ਸਕਦੇ)

3

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥
ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

(ਨਿਧਾਨੁ=ਖ਼ਜ਼ਾਨਾ, ਮਿਲਿ=ਮਿਲ ਕੇ, ਤਿਖਾ=ਤ੍ਰੇਹ,
ਮਾਇਆ ਦੀ ਤੇਹ, ਕਾਈ=ਕੋਈ, ਪੁੰਨਿਆ=ਪੂਰੇ
ਹੋ ਜਾਂਦੇ ਹਨ, ਅਮਰਾ ਪਦੁ=ਅਟੱਲ ਦਰਜਾ, ਉਹ
ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ, ਜੇਵਡੁ=
ਜੇਡਾ, ਬਰਾਬਰ ਦਾ)

4

ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

(ਸੋਧਿ=ਸੋਧੇ ਹਨ,ਚੰਗੀ ਤਰ੍ਹਾਂ ਵੇਖੇ ਹਨ, ਕੀਮ=
ਕੀਮਤ, ਰੰਗੁ=ਆਨੰਦ, ਖਾਣੀ=ਖਾਣ,ਭੰਡਾਰ,
ਮਸਤਕਿ=ਮੱਥੇ ਤੇ, ਪਰਾਣੀ=ਜੀਵ, ਤੋਸਾ=ਰਾਹ
ਦਾ ਖ਼ਰਚ, ਦਿਚੈ=ਦੇਹ,ਦਿੱਤਾ ਜਾਏ, ਮਿਹਮਾਣੀ=
ਖ਼ਾਤਰਦਾਰੀ)

5

ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥

(ਬੈਸਨਿ=ਬੈਠਦੇ ਹਨ, ਓਇ=ਉਹ ਗੁਰਮੁਖ ਬੰਦੇ,
ਮੰਦਾ=ਮੰਦ,ਭੈੜ, ਭਗਤਿ ਵਛਲੁ=ਉਹ ਜਿਸ ਨੂੰ
ਭਗਤੀ ਪਿਆਰੀ ਲੱਗਦੀ ਹੈ, ਬਿਰਦੁ=ਮੁੱਢ ਕਦੀਮਾਂ
ਦਾ ਸੁਭਾਉ, ਜੁਗਿ ਜੁਗਿ=ਹਰੇਕ ਜੁਗ ਵਿਚ, ਜਾਚੈ=
ਮੰਗਦਾ ਹੈ, ਭਾਵੰਦਾ=ਭਾਉਂਦਾ ਹੈ)

6

ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥

(ਸਚੀ=ਸਦਾ ਕਾਇਮ ਰਹਿਣ ਵਾਲੀ, ਰਾਸਿ=ਪੂੰਜੀ,
ਤਿਸੈ=ਉਸੇ ਨੂੰ ਹੀ, ਭਾਇਰਹੁ=ਹੇ ਭਰਾਵੋ, ਬਿਧਾਤਾ=
ਸਿਰਜਨਹਾਰ ਪ੍ਰਭੂ, ਭੀਤਰਿ=ਅੰਦਰ, ਮਉਲਿਆ=
ਖਿੜਿਆ ਹੈ, ਰੰਗਿ=ਪਿਆਰ ਵਿਚ, ਦੋਖਹ=ਐਬਾਂ
ਨੂੰ, ਜਿਨਿ=ਜਿਸ ਨੇ)

7

ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥
ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥

(ਸੁਖ ਨਿਧਾਨੁ=ਸੁਖਾਂ ਦਾ ਖ਼ਜ਼ਾਨਾ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਉਤੇ, ਘਟਿ ਘਟਿ=
ਹਰੇਕ ਘਟ ਵਿਚ, ਭਣਿਆ=ਕਿਹਾ ਜਾਂਦਾ ਹੈ,
ਕੀਟ=ਕੀੜੇ, ਜਣਿਆ=ਪੈਦਾ ਕੀਤੇ ਹੋਏ, ਤੁਸਿ=
ਤ੍ਰੁੱਠ ਕੇ, ਨਾਨਕੁ ਦੇਵੈ=ਨਾਨਕ ਦੇਂਦਾ ਹੈ)

8

ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

(ਸਰੇਵਹੁ=ਸੇਵਹੁ, ਸੁਹੇਲਿਆ=ਸੁਖੀ, ਗਡਿ=ਗੱਡ ਕੇ,
ਅਹਲੈ=ਨਾਹ ਹਿੱਲਣ ਵਾਲਾ, ਬੰਧਹੁ=ਬਣਾਓ, ਝਲੈ=
ਝੱਲਦਾ ਹੈ,ਆਸਰਾ ਦੇਂਦਾ ਹੈ, ਤਿਸੁ=ਉਸ ਪ੍ਰਭੂ ਦੀ)

9

ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

(ਓਥੈ=ਉਸ ਸਤਸੰਗ ਵਿਚ, ਜਮ ਕੈ ਪੰਥਿ=ਜਮ ਦੇ
ਰਾਹ ਤੇ, ਜਰਣੇ=ਜਰਨ ਦੀ ਤਾਕਤ,ਜਿਗਰਾ, ਅਮਿਉ=
ਅੰਮ੍ਰਿਤ, ਝਰਣੇ=ਫੁਹਾਰੇ, ਪੇਖਿ=ਵੇਖ ਕੇ, ਧਰਣੇ=ਧਾਰਨ
ਕੀਤਾ ਹੈ, ਸੁਖੀਆ=ਸੁਖੀ ਕਰਨ ਵਾਲਾ)

10

ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥

(ਕਿਆ ਗਣੀ=ਕੀ ਬਿਆਨ ਕਰਾਂ,ਬਿਆਨ ਨਹੀਂ ਹੋ
ਸਕਦੀ, ਦਧਾ=ਸੜਦਾ, ਭੇਟਿਆ=ਮਿਲਿਆ, ਸਮਧਾ=
ਸਮਾਧੀ ਵਾਲਾ,ਟਿਕਾਉ ਵਾਲਾ, ਅਗਮ=ਅਪਹੁੰਚ,
ਅਗਧਾ=ਅਗਾਧ,ਅਥਾਹ)

11

ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

(ਇਹ ਨਿਸਾਣੀ=ਇਹ ਨਿਸ਼ਾਨੀ, ਜਿਸੁ ਭੇਟਤ=ਜਿਸ
ਨੂੰ ਮਿਲਿਆਂ, ਕੰਕਰੁ=ਕਿੰਕਰ,ਦਾਸ, ਬਹੁੜਿ=ਮੁੜ,
ਬਿਖੁ=ਜ਼ਹਿਰ, ਗੁੰਫਹੁ=ਗੁੰਦੋ, ਪਰਹਰੀਐ=ਦੂਰ ਹੋ
ਜਾਂਦੀ ਹੈ, ਨਰਹਰੀਐ=ਨਰਹਰਿ,ਕਰਤਾਰ)

12

ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

(ਧੋਹੁ=ਠੱਗੀ,ਧੋਖਾ, ਲਬਿ=ਲੱਬ ਦੇ ਕਾਰਨ,
ਵਿਗੁਤੇ=ਖ਼ੁਆਰ ਹੁੰਦੇ ਹਨ, ਭਲੇਰਿਆ=ਭੈੜੇ,
ਮੰਦੇ, ਮਦਿ=ਮਦ ਵਿਚ, ਨਸ਼ੇ ਵਿਚ, ਮੁਤੇ=
ਨਿਖਸਮੇ, ਛੱਡੇ ਹੋਏ, ਪਾਇਨਿ=ਪਾਂਦੇ ਹਨ,
ਜੁਤੇ=ਜੁੱਟ ਕੀਤੇ ਜਾਂਦੇ ਹਨ, ਨਾਇ ਵਿਸਾਰਿਐ=
ਜੇ ਨਾਮ ਵਿਸਾਰ ਦਿੱਤਾ ਜਾਏ, ਰੁਤੇ=ਰੁਤਿ,ਸਮਾਂ)

13

ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥
ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥
ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥

(ਵਸਤੂ=ਚੀਜ਼ਾਂ, ਸਾਦੁ=ਸੁਆਦ, ਸਾਧੀ=ਸਾਧ
ਜਨਾਂ ਨੇ, ਚਖਿ ਡਿਠਾ=ਚੱਖ ਵੇਖਿਆ ਹੈ, ਤਿਸੈ
ਮਨਿ=ਉਸ ਦੇ ਮਨ ਵਿਚ, ਵੁਠਾ=ਆ ਵੱਸਿਆ,
ਨਿਰੰਜਨੁ=ਨਿਰ+ਅੰਜਨ,ਮਾਇਆ-ਰਹਿਤ, ਰਵਿ
ਰਹਿਆ=ਹਰ ਥਾਂ ਵਿਆਪਕ ਹੈ, ਦੁਯਾ=ਦੂਜਾ,
ਕੁਠਾ=ਨਾਸ ਹੋ ਜਾਂਦਾ ਹੈ, ਕਰ=ਹੱਥ, ਤੁਠਾ=
ਪ੍ਰਸੰਨ ਹੋ ਕੇ)

14

ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥

(ਜੀਅੜੇ=ਹੇ ਜਿੰਦੇ, ਕਿਲਵਿਖ=ਪਾਪ, ਭਾਵੰਦੁ=
ਪਿਆਰਾ ਲੱਗਣ ਲੱਗ ਪੈਂਦਾ ਹੈ, ਜਿਨਿ=ਜਿਸ ਨੇ)

15

ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥

(ਲਾਹਾ=ਨਫ਼ਾ,ਲਾਭ, ਸੇ=ਉਹ ਬੰਦੇ, ਰਾਸਿ=ਪੂੰਜੀ,
ਦੁਤੀਆ=ਦੂਜਾ,ਕਿਸੇ ਹੋਰ ਦਾ, ਭਾਉ=ਪਿਆਰ,
ਸਰੇਵਿਆ=ਸਿਮਰਿਆ, ਸਾਸੁ=ਸਾਹ, ਕੰਠਿ=ਗਲ
ਨਾਲ, ਜਨ=ਸੇਵਕਾਂ ਨੂੰ, ਬਲਿ ਜਾਸੁ=ਸਦਕੇ ਹੁੰਦਾ ਹਾਂ)

16

ਜੰਮਣੁ ਮਰਣੁ ਨ ਤਿਨ੍ਹ੍ਹ ਕਉ ਜੋ ਹਰਿ ਲੜਿ ਲਾਗੇ ॥
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥

(ਲੜਿ ਲਾਗੇ=ਆਸਰਾ ਲਿਆ, ਜੀਵਤ=ਜੀਊਂਦੇ
ਹੀ,ਇਸੇ ਜ਼ਿੰਦਗੀ ਵਿਚ, ਜਾਗੇ=ਸੁਚੇਤ ਰਹੇ,
ਵਿਕਾਰਾਂ ਵਲੋਂ ਬਚੇ ਰਹੇ, ਨਾਇ ਵਿਸਰਿਐ=
ਜੇ ਨਾਮ ਵਿਸਰ ਜਾਏ, ਪੁਨੀਤ=ਪਵਿੱਤ੍ਰ, ਕੋਟਿ=
ਕ੍ਰੋੜ, ਪਿਰਾਗ=ਪ੍ਰਯਾਗ)

17

ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥
ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥
ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥

(ਜਿਸੁ=ਜਿਸ ਪਾਸੋਂ, ਲੋੜੀਅਹਿ=ਮੰਗਦੇ ਹਨ,
ਕਮਾਵਉ=ਮੈਂ ਕਮਾਵਾਂ, ਦੇਖਉ=ਮੈਂ ਦੇਖਾਂ,
ਧਿਆਵਉ=ਮੈਂ ਧਿਆਵਾਂ, ਸਮਾਵਉ=ਮੈਂ ਸਮਾ
ਜਾਵਾਂ, ਦੇਈ=ਮੈਂ ਦੇਵਾਂ, ਜਾਵਉ=ਮੈਂ ਜਾਵਾਂ,
ਸੁਣਾਵਉ=ਮੈਂ ਸੁਣਾਵਾਂ)

18

ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥
ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥
ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥
ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥
ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥

(ਸਭਿ=ਸਾਰੇ, ਜਿਸ ਦੈ ਘਰਿ=ਜਿਸ ਦੇ ਘਰ ਵਿਚ,
ਸੰਕਟ=ਕਲੇਸ਼, ਭੇਟੀਐ=ਮਿਲੇ, ਘਣੀ=ਬਹੁਤ,ਤੀਬਰ)

19

ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥
ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥
ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥
ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥
ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

(ਰਸਨਾ=ਜੀਭ ਨਾਲ, ਸ੍ਰਵਣੀ=ਕੰਨਾਂ ਨਾਲ, ਮਿਤਾ=
ਹੇ ਮਿੱਤਰ, ਭਾਵਨੀ=ਸਰਧਾ,ਪ੍ਰੇਮ, ਹਸਤ=ਹੱਥ,
ਅਠਸਠਿ=ਅਠਾਹਠ, ਮਜਨਾ=ਇਸ਼ਨਾਨ, ਤਿਨਿ=
ਉਸ ਨੇ, ਬਿਖਿਆ=ਮਾਇਆ, ਉਧਾਰਿਅਨੁ=ਉਸ
ਨੇ ਉਧਾਰੇ ਹਨ, ਦਯੁ=ਪਿਆਰਾ ਪ੍ਰਭੂ, ਅਮਿਤਾ=ਬੇਅੰਤ)

20

ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥

(ਅਗਮੁ=ਪਹੁੰਚ ਤੋਂ ਪਰੇ, ਅਗੋਚਰੁ=ਇੰਦ੍ਰਿਆਂ
ਦੀ ਪਹੁੰਚ ਤੋਂ ਪਰੇ, ਪਰਣਾ=ਆਸਰਾ, ਹਸਤ=
ਹੱਥ, ਦੇਇ=ਦੇ ਕੇ, ਭਰਣ ਪੋਖਣੁ=ਪਾਲਣਾ)

21

ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥

(ਸਚੁ=ਪ੍ਰਭੂ ਦਾ ਸਦਾ-ਥਿਰ ਨਾਮ, ਜੋੜੇ=ਪੁਸ਼ਾਕੇ
ਏ=ਇਹ ਪ੍ਰੀਤ, ਹਸਤੀ=ਹਾਥੀ, ਮਿਲਖ=ਜ਼ਮੀਨਾਂ,
ਘਣੀ=ਬੜੀਆਂ, ਢਾਢੀ=ਪ੍ਰਭੂ ਦੀ ਸਿਫ਼ਤਿ-ਸਾਲਾਹ
ਕਰਨ ਵਾਲਾ, ਦਰਿ ਪ੍ਰਭ=ਪ੍ਰਭੂ ਦੇ ਦਰ ਤੇ)

  • ਮੁੱਖ ਪੰਨਾ : ਬਾਣੀ, ਗੁਰੂ ਅਰਜਨ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ