Punjab Da Albela Lok-Shaair Ustad Daman : Piara Singh Sehrai
ਪੰਜਾਬ ਦਾ ਅਲਬੇਲਾ ਲੋਕ-ਸ਼ਾਇਰ ਉਸਤਾਦ ਦਾਮਨ : ਪਿਆਰਾ ਸਿੰਘ ਸਹਿਰਾਈ
ਦਾਮਨ ਲੋਕਾਂ ਦਾ ਮਹਿਬੂਬ ਸ਼ਾਇਰ ਸੀ।
ਹਕੂਮਤ ਇਸੇ ਲਈ ਉਹਦੀ ਖੁਸ਼ਨੂਦੀ ਹਾਸਲ
ਕਰਨ ਦੀ ਚਾਹਵਾਨ ਸੀ। ਵਜ਼ੀਰ ਤੇ ਵਜ਼ੀਰ ਏ
ਆਜ਼ਮ ਚੱਲ ਕੇ ਉਸਦੇ ਬੂਹੇ ਹਾਜ਼ਰ ਹੁੰਦੇ। ਉਸ
ਦੇ ਲਈ ਕੁਝ ਕਰਨਾ ਚਾਹੁੰਦੇ, ਉਸਨੂੰ ਆਰਾਮ
ਪਹੁੰਚਾਉਣ ਦੇ ਵਸੀਲੇ ਮੁਹੱਈਆ ਕਰਨਾ
ਚਾਹੁੰਦੇ। ਦਾਮਨ ਫਾਕੇ ਕੱਟ ਰਿਹਾ ਸੀ। ਜਾਮਾ
ਮਸਜਿਦ ਦੀਆਂ ਪੌੜੀਆਂ ਤੋਂ ਡੇਰਾ ਚੁੱਕ ਕੇ ਜਦੋਂ
ਉਸਨੇ ਇਕ ਹੁਜਰੇ ਵਿਚ ਆ ਪ੍ਰਵੇਸ਼ ਕੀਤਾ ਤਾਂ
ਉਸ ਦੇ ਕੋਲ ਥੱਲੇ ਵਿਛਾਉਣ ਲਈ ਇਕ ਬੋਰੀ
ਤੇ ਇਕ ਲੋਟਾ ਸੀ। ਉਹ ਚਾਹੁੰਦਾ ਤਾਂ ਕਿਹੜੀ
ਚੀਜ਼ ਸੀ ਜੋ ਉਹ ਪ੍ਰਾਪਤ ਨਹੀਂ ਸੀ ਕਰ ਸਕਦਾ।
ਚੌਧਰੀ ਜ਼ਹੂਰ ਅਲੀ ਤਾਂ ਸੱਚੇ ਦਿਲੋਂ ਉਸਦੇ ਉਤੇ
ਮਿਹਰਬਾਨ ਸਨ, ਉਸਦੇ ਕਦਰਦਾਨ ਸਨ, ਪਰ
ਸਨ ਤਾਂ ਆਖਰ ਰਾਜ ਦੇ ਵਜ਼ੀਰ। ਉਸ ਤੋਂ ਵੀ
ਉਸਤਾਦ ਜੀ ਨੇ ਕੋਈ ਲਾਭ ਉਠਾਉਣਾ ਮੁਨਾਸਬ
ਨਾ ਸਮਝਿਆ। ਜਦ ਉਨ੍ਹਾਂ ਨੇ ਉਸਤਾਦ ਜੀ
ਸਾਹਮਣੇ ਇਹ ਤਜਵੀਜ਼ ਰੱਖੀ ਕਿ ਹਕੂਮਤ ਦਾ
ਖਿਆਲ ਏ ਕਿ ਤੁਸੀਂ ਹਿੰਦੋਸਤਾਨ ਜਾ ਕੇ
ਪਾਕਿਸਤਾਨੀ ਸਫਾਰਤਖਾਨੇ ਵਲੋਂ ਕੰਮ ਕਰੋ ਤਾਂ
ਜੋ ਦੋਵਾਂ ਮੁਲਕਾਂ ਵਿਚ ਸਾਂਝ ਲਈ ਕੋਈ ਬੁਨਿਆਦ
ਕਾਇਮ ਹੋ ਸਕੇ ਤਾਂ ਇਸ ਅਲਬੇਲੇ ਸ਼ਾਇਰ ਨੇ
ਜਵਾਬ ਵਿਚ ਆਖਿਆ ਸੀ ਕਿ 'ਸਾਂਝ ਦੀ ਬੁਨਿਆਦ
ਤਾਂ ਅਵਾਮ ਹੁੰਦੀ ਏ ਪਰ ਤੁਹਾਡੀ ਪਾਕਿਸਤਾਨੀ
ਹਕੂਮਤ ਵਿਚ ਤਾਂ ਅਵਾਮ ਕੋਈ ਨਹੀਂ, ਖਾਸ ਈ
ਖਾਸ ਏ।''
ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ
ਕਿ ਵਜ਼ੀਰ ਸੁਹਰਾਵਰਦੀ ਤੇ ਵਜ਼ੀਰ ਆਜ਼ਮ ਨੂਨ
ਆਪਣੀ-ਆਪਣੀ ਵਾਰੀ, ਚੱਲ ਕੇ ਦਾਮਨ ਸਾਹਿਬ
ਨੂੰ ਨਿਵਾਜਣ ਲਈ ਹੁਜਰੇ ਵਿਚ ਗਏ ਸਨ, ਪਰ
ਦਾਮਨ ਸਾਹਿਬ ਨੇ ਉਨ੍ਹਾਂ ਨੂੰ ਟਿਚਕਰ ਨਾਲ ਹੀ
ਠਿਠ ਕਰ ਦਿੱਤਾ ਸੀ। ਸੁਹਰਾਵਰਦੀ ਨੂੰ ਆਖਿਆ
ਸੀ ਕਿ ਦਸ-ਬਾਰਾਂ ਪੇਟੀਆਂ ਸ਼ਰਾਬ ਦੀਆਂ ਭੇਜ
ਦਿਓ ਅਤੇ ਨੂਨ ਸਾਹਿਬ ਨੂੰ ਕਿਹਾ ਸੀ, ''ਲੋਕੀਂ
ਆਖਦੇ ਨੇ ਕਿ ਵਜ਼ੀਫਾ ਲੈਣ ਵਾਲਾ ਮਰ ਜਾਂਦਾ ਏ
ਜਾਂ ਵਜ਼ੀਫਾ ਦੇਣ ਵਾਲਾ। ਪਰ ਮੈਂ ਅਜੇ ਮਰਨਾ
ਨਹੀਂ ਚਾਹੁੰਦਾ।''
ਦਾਮਨ ਸਾਹਿਬ ਸਥਾਪਤੀ ਦੇ ਵੈਰੀ ਸਨ।
ਉਹ ਤਾਂ ਦੇਸ਼ ਦੀ ਸਮਾਜੀ-ਆਰਥਿਕ ਢਾਂਚੇ ਨੂੰ
ਬੱਚੇ ਖਾਣੀ ਮਾਂ ਨਾਲ ਤਸ਼ਬੀਹ ਦਿਆ ਕਰਦੇ ਸਨ।
ਉਹ ਇਸ ਦੇ ਵਿਰੁਧ ਲੜਦੇ ਰਹੇ ਤੇ ਇਸਦੇ ਕਾਰਨ
ਦੁੱਖ ਤੇ ਕਸ਼ਟ ਭੋਗੇ। ਅਵਾਮੀ ਹਕੂਮਤ ਦੇ ਦੌਰਾਨ
ਤਾਂ ਉਨ੍ਹਾਂ ਉਤੇ ਦੋ ਪਿਸਤੌਲ ਰੱਖਣ ਤੇ ਇਕ ਦਸਤੀ
ਬੰਬ ਰੱਖਣ ਦਾ ਝੂਠਾ ਮੁਕੱਦਮਾ ਵੀ ਬਣਾਇਆ
ਗਿਆ। ਉਸਤਾਦ ਦਾ ਕਹਿਣਾ ਸੀ ਕਿ ਜੇ ਉਨ੍ਹਾਂ
ਦੇ ਹੁਜਰੇ ਦਾ ਬੂਹਾ ਨਾ ਹੁੰਦਾ ਤਾਂ ਅੰਦਰੋਂ ਟੈਂਕ
ਨਿਕਲਣੇ ਸਨ, ਜੇ ਛੱਤ ਨਾ ਹੁੰਦੀ ਤਾਂ ਹੈਲੀਕਾਪਟਰ
ਨਿਕਲਣੇ ਸਨ। ਉਨ੍ਹਾਂ ਨੇ ਦਰਅਸਲ ਆਪਣੀ
ਨਜ਼ਮ ''ਇਹ ਕੀ ਕਰੀ ਜਾਨਾ ਏਂ।'' ਵਿਚ ਸਰਕਾਰ
'ਤੇ ਭਰਪੂਰ ਵਾਰ ਕੀਤਾ ਸੀ। ਪਹਿਲਾਂ ਮਰੀ ਵਿਖੇ
ਜਲਸੇ ਵਿਚ ਪੜ੍ਹੀ ਤੇ ਫੇਰ ਪੰਜਾਬ ਯੂਨੀਵਰਸਿਟੀ
ਦੇ ਕੈਂਪਸ ਵਿਚ। ਨਜ਼ਮ ਬਹੁਤ ਹੀ ਲੋਕਪ੍ਰਿਯ ਹੋਈ
ਤੇ ਹਕੂਮਤ ਨੇ ਉਸਤਾਦ ਦਾਮਨ 'ਤੇ ਬਗਾਵਤ ਦਾ
ਮੁਕੱਦਮਾ ਬਣਾਉਣ ਲਈ ਨਜਾਇਜ਼ ਅਸਲਾ
ਰੱਖਣ ਦੇ ਜੁਰਮ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ
ਸੀ।
ਅਵਾਮੀ ਹਕੂਮਤ ਪਿੱਛੋਂ ਅਯੂਬ ਖਾਂ ਦੀ ਫੌਜੀ
ਹਕੂਮਤ ਕਾਇਮ ਹੋਈ ਤਾਂ ਉਹਨੂੰ ਲਲਕਾਰਨ
ਦਾ ਹੌਂਸਲਾ ਵੀ ਦਾਮਨ ਨੇ ਕੀਤਾ-
ਏਸ ਮੁਲਕ ਦੀਆਂ ਮੌਜਾਂ ਈ ਮੌਜਾਂ
ਜਿੱਧਰ ਵੇਖੋ ਫੌਜਾਂ ਈ ਫੌਜਾਂ
ਏਸ ਮੁਲਕ ਦੇ ਦੋ ਖੁਦਾ
ਮਾਰਸ਼ਲ ਲਾਅ ਤੇ ਲਾ ਅੱਲਾਹ।
ਆਪਣੇ ਮਾਪਿਆਂ ਅਤੇ ਬਚਪਨ ਬਾਰੇ
ਉਸਤਾਦ ਦਾਮਨ ਦੱਸਦੇ ਹਨ;
''ਅਸੀਂ ਦਰਜ਼ੀ ਹੁੰਦੇ ਆਂ ਤੇ ਮੇਰੀ ਮਾਂ
ਧੋਬਣ ਸੀ। ਮੇਰਾ ਪਿਓ ਸਿੱਧਾ-ਸਾਦਾ ਤੇ ਸਾਊ
ਢੱਗੇ ਵਾਂਗਰ ਹੁੰਦਾ ਸੀ। ਬਿਲਕੁਲ ਹੀ ਸਿਰ ਨਾ
ਚੁੱਕਣ ਵਾਲਾ। ਮੇਰਾ ਦਾਦਾ ਚਲਾਕ ਤੇ ਜ਼ਾਲਮ
ਸੀ। ਜਿਵੇਂ ਹਰ ਬਰਾਦਰੀ ਵਿਚ ਇਕ ਚੌਧਰੀ ਹੁੰਦਾ
ਹੈ, ਮੇਰਾ ਦਾਦਾ ਵੀ ਆਪਣੀ ਬਰਾਦਰੀ ਵਿਚ ਚੌਧਰੀ
ਕਿਸਮ ਦਾ ਬੰਦਾ ਸੀ। ਪੈਸੇ ਵਾਲਾ ਸੀ। ਖੋਹਮਾਰ
ਵੀ ਕਰ ਲਿਆ ਕਰਦਾ ਸੀ, ਸੱਜੇ-ਖੱਬੇ
ਦਾਓ ਵੀ ਲਾ ਲਿਆ ਕਰਦਾ ਸੀ। ਦਾਦਾ ਜ਼ਾਲਮ ਤੇ
ਮੂੰਹ ਜ਼ੋਰ ਅਤੇ ਪਿਓ ਸਿੱਧਾ-ਸਾਦਾ ਤੇ ਸਾਊ,
ਇਸੇ ਕਰਕੇ ਮੇਰੇ ਪਿਓ ਨੂੰ ਬਰਾਦਰੀ ਵਿਚੋਂ ਕੋਈ
ਰਿਸ਼ਤਾ ਦੇਣ ਨੂੰ ਤਿਆਰ ਨਾ ਹੋਇਆ। ਮੇਰੀ ਮਾਂ
ਗਰੀਬ ਤੇ ਸ਼ਰੀਫ ਧੋਬੀ ਦੀ ਧੀ ਸੀ। ਬਹੁਤ ਹੀ
ਗਰੀਬ ਸੀ ਮੇਰਾ ਨਾਨਕਾ ਝੁੱਗਾ। ਮੇਰੇ ਦਾਦੇ ਨੇ
ਉਸ ਗਰੀਬ ਧੋਬੀ ਨੂੰ ਕੁਝ ਪੈਸਿਆਂ ਦਾ ਲਾਲਚ
ਦੇ ਕੇ ਮੇਰੀ ਮਾਂ ਨੂੰ ਮੇਰੇ ਪਿਓ ਨਾਲ ਵਿਆਹ
ਦਿੱਤਾ, ਭਾਵੇਂ ਪੈਸੇ ਦਾ ਸੌਦਾ ਸੀ ਪਰ ਮੇਰੀ ਮਾਂ ਨੇ
ਨੇਕ ਧੀਆਂ ਵਾਂਗਰ ਕਬੂਲ ਕਰ ਲਿਆ ਤੇ ਮੇਰੇ
ਪਿਓ ਨੂੰ ਆਪਣਾ ਮਜਾਜ਼ੀ ਖੁਦਾ ਮਿੱਥ ਕੇ ਸੇਵਾ
ਕਰਦੀ ਰਹੀ। ਪਿਓ ਰੇਲਵੇ ਵਿਚ ਦਰਜੀ ਦਾ ਕੰਮ
ਕਰਦਾ ਸੀ, ਖੌਰੇ ਠੇਕੇ 'ਤੇ ਕੰਮ ਲਿਆ ਹੋਇਆ
ਸੀ।
ਮੇਰੀ ਮਾਂ ਗੋਰੀ-ਚਿੱਟੀ, ਖੂਬਸੂਰਤ ਤੇ
ਸਿਹਤਮੰਦ ਸੀ। ਮੇਰਾ ਦਾਦਾ ਜਿਹੜਾ ਪੈਸੇ ਦੇ
ਜ਼ੋਰ ਨਾਲ ਮੇਰੀ ਮਾਂ ਨੂੰ ਵਿਆਹ ਕੇ ਲਿਆਇਆ
ਸੀ, ਸ਼ੁਰੂ ਤੋਂ ਹੀ ਮੇਰੀ ਮਾਂ ਨੂੰ ਮੈਲੀ ਨਜ਼ਰ ਨਾਲ
ਵੇਖਣ ਲੱਗ ਪਿਆ। ਮੇਰੀ ਦਾਦੀ ਪਤਾ ਨਹੀਂ ਕਦੋਂ
ਦੀ ਮਰ ਗਈ ਹੋਈ ਸੀ। ਮੇਰਾ ਪਿਓ ਤਾਂ
ਭਲਾਮਾਣਸ ਤੇ ਆਪਣੇ ਪਿਓ ਕੋਲੋਂ ਡਰਨ ਵਾਲਾ
ਬੰਦਾ ਸੀ, ਪਰ ਮੇਰੀ ਮਾਂ ਅਣਖੀ ਤੇ ਬਹਾਦਰ
ਔਰਤ ਸੀ। ਉਸ ਮੇਰੇ ਦਾਦੇ ਦੀ ਕੋਈ ਗੱਲ ਨਹੀਂ
ਮੰਨੀ, ਇਸ ਕਾਰਨ ਖਿੱਝ ਖਾ ਕੇ ਦਾਦਾ ਮੇਰੇ
ਪਿਓ ਨੂੰ ਬਹਾਨੇ-ਬਹਾਨੇ ਨਾਲ ਜਾਂ ਵੇਲੇ-ਕੁਵੇਲੇ
ਮਾਰਦਾ ਤੇ ਬੇਇੱਜ਼ਤ ਕਰਦਾ ਰਹਿੰਦਾ ਸੀ। ਬਾਅਦ
ਵਿਚ ਮੇਰੇ ਨਾਲ ਵੀ ਦਾਦੇ ਦਾ ਨਫਰਤ ਵਾਲਾ
ਸਲੂਕ ਹੀ ਸੀ। ਉਹ ਮੈਨੂੰ ਵੀ ਬੇਰਹਿਮੀ ਤੇ
ਨਫਰਤ ਨਾਲ ਕੁੱਟਦਾ ਹੁੰਦਾ ਸੀ। ਇਕ ਵਾਰੀ
ਮੇਰੀ ਭੂਆ ਆਈ ਹੋਈ ਸੀ। ਉਸ ਦੇ ਨਾਲ ਉਸਦਾ
ਪੁੱਤਰ ਵੀ ਸੀ। ਉਦੋਂ ਉਹ ਸੱਤਵੀਂ ਵਿਚ ਪੜ੍ਹਦਾ
ਸੀ ਤੇ ਮੈਂ ਉਸ ਤੋਂ ਲੈ ਕੇ ਉਸਦੀ ਕਿਤਾਬ ਵੇਖ
ਰਿਹਾ ਸਾਂ। ਇੰਨੇ ਚਿਰ ਨੂੰ ਦਾਦਾ ਆ ਗਿਆ,
ਉਸਨੇ ਮੇਰੇ ਹੱਥੋਂ ਕਿਤਾਬ ਖੋਹ ਲਈ ਤੇ ਇਕ
ਚੰਡ ਮਾਰ ਕੇ ਕਿਹਾ, 'ਤੇਰੇ ਵਰਗੇ ਇਕ ਗਸ਼ਤੀ
ਦੇ ਪੁੱਤਰ ਨੂੰ ਇਲਮ ਦੀ ਕੀ ਲੋੜ ਏ।'
ਦਾਦਾ ਮੇਰੇ ਪਿਓ ਕੋਲੋਂ ਦਾਬੇ ਨਾਲ ਸਾਰੀ
ਦੀ ਸਾਰੀ ਮਜ਼ਦੂਰੀ ਦੀ ਰਕਮ ਖੋਹ ਲਿਆ ਕਰਦਾ
ਸੀ ਤੇ ਸਾਨੂੰ ਕਈ ਵਾਰ ਫਾਕੇ ਕੱਟਣੇ ਪੈਂਦੇ ।
ਦਾਦਾ ਦਿਨੋ-ਦਿਨ ਵਧੇਰੇ ਕਮੀਨਾ ਤੇ ਕੌੜਾ ਹੁੰਦਾ
ਜਾ ਰਿਹਾ ਸੀ। ਉਸ ਦੀ ਕਮੀਨਗੀ ਤੋਂ ਤੰਗ ਆ
ਕੇ ਸਾਡੀ ਮਾਂ, ਸਾਨੂੰ ਆਪਣੀ ਭੈਣ ਕੋਲ
ਬਾਗਬਾਨਪੁਰੇ ਲੈ ਆਈ। ਪਿਓ ਨੂੰ ਰੇਲਵੇ ਦੇ
ਮਹਿਕਮੇ ਵਿਚੋਂ ਜਵਾਬ ਮਿਲ ਗਿਆ ਸੀ। ਮੇਰੀ
ਮਾਂ ਬਾਗਬਾਨਪੁਰੇ ਵਿਚ ਇਕ ਚੌਧਰੀ ਦੇ ਘਰ
ਨੌਕਰਾਣੀ ਰਹਿ ਪਈ। ਉਹ ਭਾਂਡੇ ਮਾਂਜਦੀ, ਕੱਪੜੇ
ਧੋਂਦੀ ਤੇ ਹਾਂਡੀ-ਰੋਟੀ ਵੀ ਕਰਦੀ ਸੀ। ਮੈਂ ਵੀ ਮਾਂ
ਦੇ ਨਾਲ ਹੱਥ ਵਟਾਉਂਦਾ ਸਾਂ। ਚੌਧਰੀ ਚੰਗਾ ਖਾਂਦੇ
ਸਨ, ਚੰਗਾ ਪੱਕਦਾ ਸੀ। ਚੰਗੀ ਹਾਂਡੀ ਪਕਾਉਣੀ
ਮੇਰੀ ਮਾਂ ਨੇ ਉਥੇ ਚੌਧਰੀਆਂ ਦੇ ਘਰ ਵਿਚ ਹੀ
ਸਿੱਖੀ ਸੀ ਤੇ ਮੈਂ ਆਪਣੀ ਮਾਂ ਕੋਲੋਂ ਸਿੱਖ ਲਈ
ਸੀ।
ਬੜੇ ਹੀ ਬੁਰੇ ਦਿਨ ਸਨ ਉਹ। ਘਰ ਵਿਚ
ਫਾਕੇ ਤੇ ਪਿਓ ਸ਼ਰਾਬ ਪੀਣ ਲੱਗ ਪਿਆ ਸੀ।
ਉਹ ਤਾਂ ਮੈਨੂੰ ਵੀ ਘੁੱਟ ਲਵਾਂਦਾ ਤੇ ਆਖਦਾ ਫੜ
ਪੀ ਘੁੱਟ ਤੇ ਸ਼ੇਰ ਹੋ ਜਾ। ਚੌਧਰੀਆਂ ਦੇ ਘਰੋਂ ਮਾਂ
ਜੂਠ ਇਕੱਠੀ ਕਰਕੇ ਲੈ ਆਉਂਦੀ ਸੀ। ਕਦੇ-ਕਦੇ
ਰੋਟੀ ਵੀ ਚੋਰੀ ਕਰ ਲਿਆ ਕਰਦੀ ਸੀ। ਕੁਝ ਕੁਝ
ਮਾਸੀ ਵੀ ਮਦਦ ਕਰ ਦਿੰਦੀ ਸੀ। ਮੇਰੀ ਮਾਂ
ਦੇ ਜ਼ੋਰ 'ਤੇ ਪਿਓ ਇਕ ਦੁਕਾਨ 'ਤੇ ਬਹਿ ਕੇ
ਦਰਜੀ ਦਾ ਕੰਮ ਕਰਨ ਲੱਗ ਪਿਆ ਸੀ। ਜਦ
ਕੰਮ ਜ਼ਿਆਦਾ ਹੁੰਦਾ, ਮੈਨੂੰ ਵੀ ਆਪਣੇ ਨਾਲ
ਕੰਮ ਉਤੇ ਲਾ ਲੈਂਦਾ। ਛੁੱਟੀ ਕਾਰਨ ਮੈਥੋਂ ਸਕੂਲ
ਛੁੱਟ ਜਾਇਆ ਕਰਦਾ। ਜਦ ਕੰਮ ਦਾ ਜ਼ੋਰ ਮੁਕ
ਜਾਂਦਾ ਜਾਂ ਕੰਮ ਘੱਟ ਹੁੰਦਾ ਤਾਂ ਮੈਨੂੰ ਅਗਲੇ ਸਕੂਲ
ਦਾਖਲ ਕਰਵਾ ਦਿੱਤਾ ਜਾਂਦਾ। ਉਦੋਂ ਸਕੂਲਾਂ ਵਿਚ
ਤਸ਼ੱਦਦ ਬਹੁਤ ਹੁੰਦਾ ਸੀ। ਸਾਡੀ ਸਾਰੀ ਹਯਾਤੀ
ਵਿਚ ਤਸ਼ੱਦਦ ਈ ਤਸ਼ੱਦਦ ਏ। ਬਾਲਪੁਣੇ ਤੋਂ ਲੈ
ਕੇ ਮਰਨ ਤੀਕਰ ਕੁੱਟ ਈ ਪੈਂਦੀ ਰਹਿੰਦੀ ਏ।
ਜ਼ਿਹਨੀ ਤਸ਼ੱਦਦ ਵੱਖ ਹੁੰਦਾ ਏ। ਫੇਰ ਵੱਡੇ ਹੋ ਕੇ
ਅਸੀਂ ਇਹੋ ਤਸ਼ੱਦਦ ਅੱਗੇ ਵੰਡਦੇ ਹਾਂ।
ਮਾਸਟਰ ਵਹਾਬ ਦੀ ਦੁਕਾਨ 'ਤੇ ਮੈਂ
ਟੇਲਰਿੰਗ ਦਾ ਕੰਮ ਸਿੱਖਦਾ ਸਾਂ, ਉਥੇ ਸਿਆਸੀ
ਲੋਕ ਆ ਕੇ ਬੈਠਿਆ ਕਰਦੇ ਸਨ। ਮਾਸਟਰ ਵਹਾਬ
ਖੁਦ ਵੀ ਦਹਿਰੀਏ (ਨਾਸਤਕ) ਤੇ ਸੈਕੂਲਰ
ਖਿਆਲਾਂ ਦੇ ਸਨ। ਸਿਆਸੀ ਤੇ ਮਜ਼ਹਬੀ ਬਹਿਸਾਂ
ਵਿਚ ਹਿੱਸਾ ਲੈਂਦੇ ਸਨ। ਉਥੇ ਹੁੰਦੀ ਬਹਿਸ ਸੁਣਸੁਣ
ਕੇ ਮੈਂ ਵੀ ਜੋੜ ਜੋੜਨ ਲੱਗ ਪਿਆ ਸਾਂ।
ਮੇਰੇ ਜੋੜ ਮੀਆਂ ਮੀਰ ਇਫਤਾਰਖਾਰਦੀਨ ਨੇ ਸੁਣ
ਲਏ। ਉਹ ਉਸ ਵੇਲੇ ਕਾਂਗਰਸ ਦੇ ਸਦਰ ਸਨ।
ਮਾਸਟਰ ਵਹਾਬ ਕੋਲੋਂ ਆਪਣੇ ਕੱਪੜੇ ਸਵਾਇਆ
ਕਰਦੇ ਸਨ। ਪੂਰੇ ਹਿੰਦੋਸਤਾਨ ਵਿਚ ਆਜ਼ਾਦੀ
ਦੀਆਂ ਤਹਿਰੀਕਾਂ ਚੱਲ ਰਹੀਆਂ ਸਨ। ਅੰਗਰੇਜ਼
ਦੇ ਖਿਲਾਫ ਨਫਰਤ ਵਧਦੀ ਜਾ ਰਹੀ ਸੀ। ਮੀਆਂ
ਇਫਤਾਰਖਾਰਦੀਨ ਮੈਨੂੰ ਕਾਂਗਰਸ ਦੇ ਜਲਸੇ ਵਿਚ
ਲੈ ਗਿਆ। ਮੈਂ ਮੰਚ 'ਤੇ ਖਲ੍ਹੋ ਕੇ ਨਜ਼ਮ ਪੜ੍ਹੀ।
ਲੋਕਾਂ ਬਹੁਤ ਪਸੰਦ ਕੀਤੀ। ਪੰਡਤ ਜਵਾਹਰ ਲਾਲ
ਨਹਿਰੂ ਉਥੇ ਮੌਜੂਦ ਸਨ, ਉਹ ਮੇਰੇ 'ਤੇ ਬਹੁਤ
ਮਿਹਰਬਾਨ ਹੋਏ। ਮੀਆਂ ਇਫਤਾਰਖਾਰਦੀਨ ਜਦ
ਮੈਨੂੰ ਦਸਾਂ ਦਾ ਨੋਟ ਇਨਾਮ ਵਜੋਂ ਦਿੱਤਾ ਤਾਂ ਇਹ
ਮੇਰੇ ਲਈ ਬਹੁਤ ਵੱਡੀ ਰਕਮ ਸੀ। ਮੈਂ ਅਜੇ
ਦਸਾਂ ਦਾ ਨੋਟ ਹੱਥਾਂ ਵਿਚ ਲੈ ਕੇ ਵੇਖ ਹੀ ਰਿਹਾ
ਸਾਂ ਕਿ ਪੰਡਤ ਜੀ ਨੇ ਕਿਹਾ ਕਿ ਇਸ ਮੁੰਡੇ ਨੂੰ
ਇਕ ਸੌ ਦਾ ਨੋਟ ਮੇਰੇ ਵਲੋਂ ਦੇ ਦੇਵੋ। ਇਸ ਮੁੰਡੇ
ਨੂੰ ਆਪਣੇ ਨਾਲ ਰੱਖੋ।
ਮੇਰੇ ਲਈ ਤਾਂ ਦਸ ਰੁਪਏ ਹੀ ਬਹੁਤ
ਜ਼ਿਆਦਾ ਸਨ ਮੇਰੀ ਹੈਸੀਅਤ ਨਾਲੋਂ, 'ਤੇ ਸੌ ਦਾ
ਨੋਟ ਮਿਲਣ ਨਾਲ ਮੇਰੀ ਕਾਇਆ ਹੀ ਪਲਟ ਗਈ।
ਮੈਂ ਫਿਰ ਦੁਕਾਨ 'ਤੇ ਈ ਨਹੀਂ ਗਿਆ। ਕਾਂਗਰਸ
ਦੇ ਜਲਸਿਆਂ ਵਿਚ ਨਜ਼ਮਾਂ ਪੜ੍ਹਨ ਲੱਗ ਗਿਆ,
ਆਜ਼ਾਦੀ ਦੇ ਗੀਤ ਗਾਉਣ ਲੱਗ ਗਿਆ। ਆਪਣੇ
ਲਈ ਨਹੀਂ, ਆਪਣੇ ਵਰਗੇ ਸਾਰੇ ਲੋਕਾਂ ਲਈ।
ਜਲਸਾ ਪੜ੍ਹਨ ਕਾਰਨ ਪੈਸੇ ਵੀ ਮਿਲਦੇ ਸਨ ਤੇ
ਦਾਦ ਵੀ ਢੇਰ ਲੱਭਦੀ ਸੀ। ਸ਼ਾਇਰੀ ਦੀ ਨੋਕ ਪਲਕ
ਸੰਵਾਰਨ ਲਈ ਮੈਂ ਉਸਤਾਦ ਹਮਦਮ ਹੋਰਾਂ
ਦੇ ਪੈਰ ਜਾ ਫੜੇ।"
ਉਸਤਾਦ ਦਾਮਨ ਦੀ ਲੋਕ-ਪ੍ਰਿਯਤਾ ਨੇ
ਸਿਖਰ ਛੋਹ ਲਈ। ਲੋਕ ਉਨ੍ਹਾਂ ਨੂੰ 'ਸਟੇਜਾਂ ਦਾ
ਸਿਕੰਦਰ' ਆਖਦੇ ਸਨ। ਪੰਡਤ ਨਹਿਰੂ ਜੀ ਦਾ
ਤਾਂ ਉਹ ਚਹੇਤਾ ਸ਼ਾਇਰ ਸੀ। ਇਥੇ ਇਹ ਵੀ ਦੱਸ
ਦੇਈਏ ਕਿ 1947 ਤੋਂ ਮਗਰੋਂ ਦਾਮਨ ਇਕ ਵਾਰ
ਭਾਰਤ ਫੇਰੀ 'ਤੇ ਆਏ ਤਾਂ ਪੰਡਤ ਜੀ ਨੇ ਉਨ੍ਹਾਂ
ਨੂੰ ਪ੍ਰੇਰਿਆ ਕਿ ਦਾਮਨ ਸਾਹਿਬ ਪਾਕਿਸਤਾਨ ਦੀ
ਫਿਜ਼ਾ ਤੁਹਾਡੇ ਰਾਸ ਨਹੀਂ ਆਉਣੀ। ਉਥੋਂ ਦਾ
ਮਾਹੌਲ ਕੱਟੜਪੰਥੀ ਕਿਸਮ ਦਾ ਹੈ, ਤੁਸੀਂ
ਸੈਕੂਲਰ ਬੰਦੇ ਹੋ, ਹਿੰਦੋਸਤਾਨ ਹੀ ਤੁਹਾਨੂੰ ਰਾਸ
ਆ ਸਕਦਾ ਹੈ ਪਰ ਦਾਮਨ ਹੁਰਾਂ ਇਹ ਗੱਲ ਨਾ
ਮੰਨੀ। ਉਹ ਆਪਣੀ ਜੰਮਣ ਭੋਇੰ, ਲਾਹੌਰ ਨੂੰ
ਇੰਨਾ ਪਿਆਰਦੇ ਸਨ ਕਿ ਉਹਦੇ ਨਾਲੋਂ ਨਿੱਖੜ
ਹੀ ਨਹੀਂ ਸਨ ਸਕਦੇ, ਭਾਵੇਂ ਉਹ ਜਾਣਦੇ ਸਨ
ਕਿ ਪਾਕਿਸਤਾਨ ਵਿਚ ਉਨ੍ਹਾਂ ਦਾ ਕੋਈ ਮੁੱਲ ਨਹੀਂ
ਤੇ ਉਨ੍ਹਾਂ ਨੂੰ ਕਦਮ-ਕਦਮ ਤੇ ਤਕਲੀਫਾਂ ਤੇ ਕਸ਼ਟਾਂ
ਦਾ ਮੂੰਹ ਵੇਖਣਾ ਪਵੇਗਾ। ਕਾਂਗਰਸੀ ਸ਼ਾਇਰ ਦੀ
ਕਦਰ ਭਲਾ ਉਥੋਂ ਦਾ ਕੱਟੜ ਮਜ਼ਹਬੀ ਸਮਾਜ
ਕਿਵੇਂ ਕਰ ਸਕਦਾ ਸੀ?
ਸੋ ਉਸਤਾਦ ਦਾਮਨ ਨਾਲ ਇਕ ਹੋਰ
ਮਕਬੂਲ ਸ਼ਾਇਰ ਤੇ ਦਾਮਨ ਦੇ ਗੁਰਭਾਈ ਫੀਰੋਜ਼
ਆਦਿ ਸ਼ਾਇਰਾਂ ਨੇ ਪੁਰਾਣੀਆਂ ਕੌੜਾਂ ਕੱਢੀਆਂ।
ਮਾਲੀ ਹਾਲਤ ਬਹੁਤ ਹੀ ਵਿਗੜ ਗਈ। ਰੋਜ਼ੀ ਰੋਟੀ
ਦਾ ਆਸਰਾ ਖੁੱਸ ਗਿਆ। ਜਿਨ੍ਹਾਂ ਸੁਤੰਤਰਤਾ
ਪ੍ਰੇਮੀ ਸ਼ਾਇਰਾਂ ਦੇ ਬੋਝੇ ਰੁਪਈਆਂ ਨਾਲ ਭਰੇ
ਰਹਿੰਦੇ ਸਨ, ਉਨ੍ਹਾਂ ਨੂੰ ਹੁਣ ਫਾਕੇ ਕੱਟਣ 'ਤੇ
ਮਜ਼ਬੂਰ ਹੋਣਾ ਪਿਆ। ਪਾਠਕਾਂ ਨੂੰ ਇਹ ਦੱਸਣਾ
ਵੀ ਜ਼ਰੂਰੀ ਸਮਝਦਾ ਹਾਂ ਕਿ ਉਸਤਾਦ ਦਾਮਨ ਤੇ
'ਸ਼ਰਫ' ਵਰਗੇ ਸ਼ਾਇਰ ਸਿੱਖਾਂ ਦੀਆਂ ਧਾਰਮਿਕ
ਸਭਾਵਾਂ ਵਿਚ ਆਮ ਬੁਲਾਏ ਜਾਂਦੇ ਸਨ ਅਤੇ ਬਹੁਤ
ਸਲਾਹੇ ਜਾਂਦੇ ਸਨ। ਦਾਮਨ ਸਾਹਿਬ ਦਾ ਕਹਿਣਾ
ਹੈ ਕਿ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ 'ਤੇ
ਸਿੱਖ ਮਰਦ, ਔਰਤਾਂ ਬਹੁਤ ਪੈਸੇ ਦਿੰਦੇ ਸਨ।
ਸ਼ਾਇਰ ਨੂੰ ਬਹੁਤ ਕੁਝ ਲੱਭ ਜਾਂਦਾ ਸੀ। ਸਿੱਖ
ਔਰਤਾਂ ਛੱਤਾਂ ਉਤੋਂ ਥੈਲੀਆਂ ਲਟਕਾ ਦਿਆ
ਕਰਦੀਆਂ ਸਨ। ਇਨ੍ਹਾਂ ਥੈਲੀਆਂ ਵਿਚ ਪੈਸੇ ਹੁੰਦੇ
ਸਨ। ਕੋਈ-ਕੋਈ ਔਰਤ ਅਕੀਦਤ ਨਾਲ ਟੂਮ
ਛੱਲਾ ਵੀ ਥੈਲੀ ਵਿਚ ਘੱਲ ਦਿੰਦੀ ਸੀ। ਉਹ ਲੋਕ
ਦਾਨ ਬਹੁਤ ਕਰਦੇ ਸਨ।
ਤੇ ਹੁਣ ਹਾਲਤ ਉਲਟੀ ਹੋ ਗਈ ਸੀ। ਇਨ੍ਹਾਂ
ਦੇ ਰਿਜ਼ਕ ਦੇ ਦਰਵਾਜ਼ੇ ਬੰਦ ਹੋ ਗਏ। ਦਾਮਨ
ਸਾਹਿਬ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ।
ਉਨ੍ਹਾਂ ਨੂੰ ਗੱਦਾਰ ਗਰਦਾਨਿਆ ਗਿਆ ਅਤੇ ਉਨ੍ਹਾਂ
ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਦੁਕਾਨ
ਵਿਚ ਕਿਤਾਬਾਂ ਦੇ ਨਾਲ ਹੀ ਉਸਤਾਦ ਜੀ ਦਾ ਕਲਾਮ
ਤੇ ਇਸ ਦੇ ਨਾਲ ਹੀ ਹੀਰ-ਰਾਂਝੇ ਦਾ ਉਹ ਮਸੌਂਦਾ
ਵੀ ਸੜ ਗਿਆ, ਜੋ ਉਹ ਕੁਝ ਸੱਜਣਾਂ ਦੇ ਕਹਿਣ
'ਤੇ ਲਿਖ ਰਹੇ ਸਨ। ਦਾਮਨ ਸਾਹਿਬ ਦੇ ਬਹੁਤ
ਸਾਰੇ ਕਲਾਮ ਦੇ ਨਾਲ ਉਹ ਕਲਾਮ ਵੀ ਸੜ ਕੇ
ਸੁਆਹ ਹੋ ਗਿਆ, ਜੋ ਉਹ ਸਿੱਖਾਂ ਦੇ ਧਾਰਮਿਕ
ਸਮਾਗਮਾਂ 'ਤੇ ਪੜ੍ਹਿਆ ਕਰਦੇ ਸਨ।
ਦਾਮਨ ਸਾਹਬ ਨੇ ਆਪਣੀ ਜਾਨ ਖਤਰੇ
ਵਿਚ ਪਈ ਵੇਖੀ ਤੇ ਉਹ ਕਰਾਚੀ ਚਲੇ ਗਏ।
ਪੰਜਾਬ ਦੇ ਇਸ ਉਘੇ ਸ਼ਾਇਰ ਨੇ ਕਰਾਚੀ ਦੇ
ਫੁੱਟਪਾਥਾਂ 'ਤੇ ਕੁਝ ਦਿਨ ਬੂਟ ਪਾਲਿਸ਼ ਵੀ ਕੀਤੇ।
ਇੱਥੋਂ ਹੀ ਉਨ੍ਹਾਂ ਨੂੰ ਫਿਲਮਸਾਜ਼ ਨਕਸ਼ਬ ਆਪਣੇ
ਨਾਲ ਲੈ ਗਿਆ, ਜਿਹੜਾ ਉਦੋਂ ਫਿਲਮ 'ਮੈਖਾਨਾ'
ਬਣਾਉਣ ਦੇ ਸਿਲਸਿਲੇ ਵਿਚ ਤਿਆਰੀਆਂ ਕਰ
ਰਿਹਾ ਸੀ ਤੇ ਇਸ ਕੰਮ ਵਿਚ ਉਸ ਨੇ ਦਾਮਨ
ਸਾਹਿਬ ਨੂੰ ਆਪਣੀ ਸੱਜੀ ਬਾਂਹ ਬਣਾ ਲਿਆ।
ਦਾਮਨ ਸਾਹਿਬ ਨੇ ਉਸਦੀ ਮੁਲਾਜ਼ਮਤ ਕਰ
ਲਈ ਤੇ ਰੁਜ਼ਗਾਰ ਦਾ ਮਸਲਾ ਹੱਲ ਹੋ ਗਿਆ,
ਪਰ ਉਹ ਨਕਸ਼ਬ ਦੀ ਬਦਤਮੀਜ਼ੀ ਤੇ ਬਦਜ਼ੁਬਾਨੀ
ਨੂੰ ਬਰਦਾਸ਼ਤ ਨਾ ਕਰ ਸਕੇ। ਇਕ ਦਿਨ
ਨਕਸ਼ਬ ਦੇ ਦਫਤਰ ਵਿਚ, ਜਿੱਥੇ ਕਈ ਪੰਜਾਬੀ
ਵੀ ਬੈਠੇ ਹੋਏ ਸਨ, ਪੰਜਾਬ ਤੇ ਪੰਜਾਬੀ ਦੀ ਗੱਲ
ਟੁਰ ਪਈ। ਨਕਸ਼ਬ ਕਹਿਣ ਲੱਗਾ, ''ਯਹਾਂ ਕਿਸੀ
ਪੰਜਾਬੀ ਕੇ ਬਾਪ ਕਾ ਹੀ ਪਤਾ ਨਹੀਂ ਚਲਤਾ,
ਬਲਕਿ ਮੁਝੇ ਤੋ ਕਿਸੀ ਕਾ ਬਾਪ ਨਜ਼ਰ ਹੀ ਨਹੀਂ
ਆਤਾ।'' ਦਾਮਨ ਸਾਹਿਬ ਇਹ ਬਦਜ਼ੁਬਾਨੀ ਜਰ
ਨਾ ਸਕੇ। ਕੁਰਸੀ ਤੋਂ ਉਠੇ, ਫਾਈਲ ਨਕਸ਼ਬ ਦੇ
ਮੂੰਹ 'ਤੇ ਮਾਰੀ ਅਤੇ ਇਹ ਆਖਦਿਆਂ ਬਾਹਰ
ਨਿਕਲ ਗਏ, ''ਕਿਸੇ ਭਈਏ ਦਾ ਪਿਓ ਹੋਵੇ ਨਾ
ਹੋਵੇ, ਪਰ ਮੇਰਾ ਪਿਓ ਹੈ। ਲਾਹੌਰ ਦੀ ਮਿਊਂਸੀਪਲ
ਕਮੇਟੀ ਦੇ ਦਫਤਰ ਵਿਚ ਮੇਰੇ ਤੇ ਮੇਰੇ ਪਿਓ ਦਾ
ਨਾਂ ਦਰਜ ਏ।''
ਕਰਾਚੀ ਤੋਂ ਲਾਹੌਰ ਪਰਤ ਆਏ। ਮੁੜ ਫਾਕਾ
ਮਸਤੀ ਦਾ ਦੌਰ ਸ਼ੁਰੂ ਹੋ ਗਿਆ। ਦਾਮਨ ਨੇ
ਬਾਦਸ਼ਾਹੀ ਮਸਜਦ ਦੀਆਂ ਪੌੜੀਆਂ ਵਿਚ ਆਣ
ਡੇਰਾ ਲਾਇਆ। ਪੈਸਾ ਧੇਲਾ ਪੱਲੇ ਕੋਈ ਨਹੀਂ
ਸੀ। ਕੁਝ ਜਾਣ-ਪਹਿਚਾਣ ਵਾਲੇ ਲੋਕ ਆ ਜਾਂਦੇ,
ਗੱਲਾਂ ਚਲਦੀਆਂ, ਇਲਮੇ ਅਦਬ ਦੀਆਂ ਗੱਲਾਂ ਵੀ
ਹੁੰਦੀਆਂ। ਸਵੇਰੇ ਉਠਦੇ, ਮੂੰਹ ਹੱਥ ਧੋ ਕੇ ਨੇੜੇ
ਦੇ ਇਕ ਹੋਟਲ ਤੋਂ ਨਾਸ਼ਤਾ ਕਰਦੇ ਤੇ ਪੈਸੇ ਦਿੱਤੇ
ਬਿਨਾਂ ਉੱਠ ਆਉਂਦੇ। ਹੋਟਲ ਦੇ ਨੌਕਰ ਪੈਸੇ ਲਈ
ਨਾ ਕਹਿੰਦੇ ਕਿਉਂ ਜੋ ਉਨ੍ਹਾਂ ਦੇ ਖਿਆਲ ਵਿਚ
ਉਸਤਾਦ ਕੋਈ ਪਹਿਲਵਾਨ ਸੀ ਤੇ ਉਨ੍ਹਾਂ ਦਿਨਾਂ
ਵਿਚ ਪਹਿਲਵਾਨਾਂ ਦਾ ਬਹੁਤ ਰੋਹਬ ਹੁੰਦਾ ਸੀ।
ਨੌਕਰਾਂ ਆਪਣੇ ਮਾਲਕ, ਮੁਹੰਮਦ ਰਫੀ ਨੂੰ
ਦੱਸਿਆ ਤੇ ਉਹ ਇਕ ਦਿਨ ਉਸਤਾਦ ਜੀ ਦੇ
ਮਗਰ-ਮਗਰ ਸ਼ਾਹੀ ਮਸਜਦ ਦੀਆਂ ਪੌੜੀਆਂ
ਤੱਕ ਪਹੁੰਚ ਗਿਆ ਤੇ ਪੈਸੇ ਅਦਾ ਨਾ ਕਰਨ ਦੇ
ਕਾਰਨ ਬਾਰੇ ਪੁੱਛਿਆ ਤਾਂ ਉਸਤਾਦ ਜੀ ਨੇ ਸਾਫਸਾਫ
ਆਖ ਦਿੱਤਾ ਕਿ ਮੇਰੇ ਪਾਸ ਕੋਈ ਪੈਸੇ ਹਨ
ਹੀ ਨਹੀਂ, ਜਦੋਂ ਹੱਥ ਆਏ ਤਾਂ ਸਾਰੇ ਇਕੱਠੇ ਹੀ
ਦੇ ਦਿਆਂਗਾ।
ਗੱਲਾਂ ਦੇ ਦੌਰਾਨ ਮੁਹੰਮਦ ਰਫੀ ਨੂੰ ਜਦ
ਮਾਲੂਮ ਹੋਇਆ ਕਿ ਇਹ ਬੰਦਾ ਤਾਂ ਉਸਤਾਦ
ਦਾਮਨ ਏ ਤਾਂ ਉਹਨੇ ਬੜੇ ਇਹਤਰਾਮ ਨਾਲ ਕਿਹਾ,
''ਉਸਤਾਦ ਜੀ, ਨਾਸ਼ਤਾ ਹੀ ਨਹੀਂ, ਤੁਸੀਂ ਜਦੋਂ
ਵੀ ਚਾਹੋ ਹੋਟਲ ਤੋਂ ਖਾ-ਪੀ ਸਕਦੇ ਹੋ। ਤੁਹਾਡੇ
ਲਈ ਤੁਹਾਡੇ ਹੋਰ ਮਿਲਣ ਵਾਲੇ ਵੀ ਖਾ ਪੀ ਸਕਦੇ
ਨੇ। ਪੈਸਿਆਂ ਦੀ ਕੋਈ ਗੱਲ ਨਹੀਂ, ਜਦ ਕਦੀ
ਹੋਣਗੇ ਤਾਂ ਆਪੇ ਆ ਜਾਣਗੇ।" ਹੁਣ ਰਫੀ ਸਾਹਿਬ
ਨੇ ਉਸਤਾਦ ਦਾਮਨ ਲਈ ਕੋਈ ਟਿਕਾਣਾ ਲੱਭਣ
ਲਈ ਦੌੜ ਭੱਜ ਕੀਤੀ ਤੇ ਅੰਜੁਮਨ ਹਿਮਾਇਤ ਏ
ਇਸਲਾਮ ਕੋਲੋਂ ਦਾਮਨ ਸਾਹਿਬ ਨੂੰ ਹੁਜਰਾ ਦਿਵਾ
ਦਿੱਤਾ। ਇਸ ਦਾ ਕਿਰਾਇਆ-ਭਾੜਾ ਤੇ ਪਗੜੀ
ਆਦਿ ਵੀ ਉਨ੍ਹਾਂ ਨੇ ਆਪਣੇ ਕੋਲੋਂ ਅਦਾ ਕੀਤੀ
ਸੀ। ਰਫੀ ਸਾਹਿਬ ਉਸਤਾਦ ਦਾ ਸਿਦਕੀ ਸ਼ਰਧਾਲੂ
ਸੀ। ਉਹਨੇ ਹਰ ਭੀੜ ਵਿਚ ਉਨ੍ਹਾਂ ਦਾ ਸਾਥ ਦਿੱਤਾ।
ਉਸਤਾਦ ਦਾਮਨ ਦੇ ਵਿਆਹ ਦੀ ਕਹਾਣੀ
ਬਹੁਤ ਹੀ ਦਰਦਨਾਕ ਹੈ। ਇਹ ਮੈਂ ਉਨ੍ਹਾਂ ਦੇ ਮੂੰਹੋਂ
ਸੁਣਾਉਣੀ ਚਾਹਾਂਗਾ;
"ਮੈਂ ਇਕ ਸਿੱਖ ਕੁੜੀ ਨਾਲ ਵਿਆਹ ਕੀਤਾ।
ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਇਕ ਨਿੱਕੇ ਜਿਹੇ
ਸਟੇਸ਼ਨ ਉਤੇ ਮਿਲੀ ਸੀ। ਲਾਵਾਰਿਸ ਸੀ। (ਉਦੋਂ
ਪੰਜਾਬ ਇਕੱਠਾ ਸੀ) ਮੈਂ ਵੀ ਲਾਵਾਰਿਸ ਜਿਹਾ
ਸਾਂ। ਅੱਗਾ-ਪਿੱਛਾ ਉਸਦਾ ਕੋਈ ਨਹੀਂ ਸੀ। ਉਸ
ਦੀਆਂ ਅੱਖਾਂ ਵਿਚ ਇਕ ਨੂਰ ਦੀ ਝਲਕ ਪਈ।
ਮੁਸ਼ਾਇਰੇ ਵਿਚ ਮੇਰੇ ਸ਼ੇਅਰ ਉਸ ਧਿਆਨ ਨਾਲ
ਸੁਣੇ ਤੇ ਪਸੰਦ ਕੀਤੇ ਸਨ, ਇਸੇ ਲਈ ਉਸ ਨੇ
ਮੇਰੇ ਕੋਲ ਆ ਕੇ ਜਦੋਂ ਮੈਂ ਗੱਡੀ ਦੀ ਉਡੀਕ
ਵਿਚ ਸਾਂ, ਮੇਰੇ ਸ਼ੇਅਰਾਂ ਦੀ ਤਸ਼ਰੀਹ ਕੀਤੀ।
ਮੈਨੂੰ ਉਸ ਦੀ ਇਨਸਾਨ ਦੋਸਤੀ ਤੇ ਖਲੂਸ ਭਾ
ਗਏ ਸਨ। ਅਸਾਂ ਅੰਮ੍ਰਿਤਸਰ ਆ ਕੇ ਸ਼ਾਦੀ ਕਰ
ਲਈ। ਕੁਝ ਦਿਨਾਂ ਮਗਰੋਂ ਅਜੇ ਮੈਂ ਅੰਮ੍ਰਿਤਸਰ
ਹੀ ਸਾਂ, ਮੈਨੂੰ ਗ੍ਰਿਫਤਾਰ ਕਰ ਲਿਆ ਗਿਆ। ਮੇਰੀ
ਬੀਵੀ ਨੂੰ ਇਸ ਗ੍ਰਿਫਤਾਰੀ ਦਾ ਪਤਾ ਨਹੀਂ ਸੀ
ਲੱਗਾ। ਉਹ ਮੇਰੀ ਭਾਲ ਵਿਚ ਲਾਹੌਰ ਆ ਗਈ।
ਮਹੀਨੇ ਮਗਰੋਂ ਕੈਦ ਦੀ ਰਿਹਾਈ ਮਿਲੀ ਤਾਂ ਮੈਂ
ਉਹਨੂੰ ਅੰਮ੍ਰਿਤਸਰ ਭਾਲਦਾ ਰਿਹਾ। ਉਹ ਮੈਨੂੰ
ਲਾਹੌਰ ਲੱਭਦੀ ਰਹੀ। ਆਖਰ ਡੇਢ ਸਾਲ ਮਗਰੋਂ
ਮੈਨੂੰ ਰੇਲਵੇ ਸਟੇਸ਼ਨ ਤੇ ਮਿਲੀ। ਉਸਦੇ ਕੁੱਛੜ
ਮੁੰਡਾ ਸੀ ਚਾਰ ਪੰਜ ਮਹੀਨੇ ਦਾ। ਉਹ ਦਿਨਰਾਤ
ਉਥੇ ਸਟੇਸ਼ਨ ਤੇ ਹੀ ਰਹਿੰਦੀ ਸੀ। ਉਹ
ਸਮਝਦੀ ਸੀ ਕਿ ਲਾਹੌਰ ਆਉਣ ਲਈ ਮੈਂ ਇਥੇ
ਸਟੇਸ਼ਨ ਤੇ ਹੀ ਗੱਡੀ 'ਤੋਂ ਲਹਿਣਾ ਸੀ। ਇੰਝ
ਉਹ ਡੇਢ ਸਾਲ ਤੀਕਰ ਹਰ ਆਉਣ-ਜਾਣ ਵਾਲੀ
ਗੱਡੀ ਦੇ ਮੁਸਾਫਰਾਂ ਨੂੰ ਵੇਖਦੀ ਰਹੀ ਸੀ। ਮੁੰਡਾ
ਫਿੰਮਣੀਆਂ- ਫੋੜਿਆਂ ਨਾਲ ਭਰਿਆ ਪਿਆ ਸੀ।
ਮਾਤਾ (ਚੇਚਕ) ਨਿਕਲੀ ਹੋਈ ਸੀ। ਫਿੰਮਣੀਆਂ
ਵਿਚੋਂ ਪਾਕ ਵਗ ਰਹੀ ਸੀ। ਮੁੰਡੇ ਦੀ ਮਾਂ ਸੁੱਕ ਕੇ
ਸੰਗਲੀ ਹੋ ਗਈ ਸੀ ਤੇ ਮਰਨ ਦੇ ਨੇੜੇ ਸੀ। ਮੈਂ
ਦੋਵਾਂ ਮਾਂ-ਪੁੱਤਰਾਂ ਨੂੰ ਹਸਪਤਾਲ ਲੈ ਗਿਆ। ਪਰ
ਕਹਾਣੀ ਤਾਂ ਮੁੱਕਣ ਦੇ ਨੇੜੇ ਸੀ। ਦੋਵੇਂ ਮਾਂ ਪੁੱਤਰ
ਅੱਗੜ-ਪਿੱਛੜ ਇਹ ਜੱਗ ਛੱਡ ਗਏ।"
ਸ਼ਾਇਦ ਇਸ ਕੁੜੀ ਦੇ ਵੈਰਾਗ ਦਾ ਕਾਰਨ
ਸੀ ਜਾਂ ਸਿੱਖਾਂ ਦੇ ਧਾਰਮਿਕ ਸਮਾਗਮਾਂ 'ਤੇ ਆਪਣੀ
ਕਵਿਤਾ ਪੜ੍ਹਨ ਸਦਕਾ, ਸਹਿਜੇ ਸਹਿਜੇ ਉਨ੍ਹਾਂ ਦਾ
ਗੁਰਬਾਣੀ ਲਈ ਪਿਆਰ ਜਾਗ ਪਿਆ ਸੀ।
ਉਸਤਾਦ ਦਾਮਨ ਜਦੋਂ ਉਦਾਸ ਹੁੰਦੇ ਤਾਂ ਕਈ
ਵਾਰ ਅੰਮ੍ਰਿਤਸਰ ਦਾ ਰੇਡੀਓ ਸਟੇਸ਼ਨ ਚਲਾ ਲੈਂਦੇ
ਤੇ ਗੁਰਬਾਣੀ ਸੁਣਿਆ ਕਰਦੇ।
ਦੇਸ਼ ਦੀ ਵੰਡ ਪਿੱਛੋਂ ਹਮਦਮ ਤੇ ਦਾਮਨ ਲਾਹੌਰ ਹੀ ਟਿਕੇ ਰਹੇ
ਸਨ। ਦੋਵਾਂ ਦੀ ਹਾਲਤ ਖਸਤਾ ਸੀ, ਪਰ ਹਮਦਮ
ਤਾਂ ਆਪਣਾ ਮਾਨਸਿਕ ਸੰਤੁਲਨ ਵੀ ਗਵਾ ਬੈਠੇ
ਸਨ। ਦਾਮਨ ਆਪਣੇ ਉਸਤਾਦ ਦੀ ਹਾਲਤ ਵੇਖ
ਕੇ ਡਾਹਢੇ ਦੁਖੀ ਹੁੰਦੇ ਸਨ। ਉਹ ਹਮਦਮ ਜਿਸ
ਤੋਂ ਲੋਕ ਜ਼ਿੰਦਗੀ ਦਾ ਸਲੀਕਾ ਤੇ ਜੀਵਨ-ਜਾਚ
ਸਿੱਖਿਆ ਕਰਦੇ ਸਨ, ਜਿਸ ਦੇ ਡੇਰੇ ਸਿੱਖਾਂ,
ਹਿੰਦੂਆਂ ਤੇ ਮੁਸਲਮਾਨਾਂ ਦੀ ਭੀੜ ਲੱਗੀ ਰਹਿੰਦੀ
ਸੀ, ਘਰੋਂ ਬਾਹਰ ਪੈਰ ਧਰਦਾ ਤਾਂ ਕਦਮ ਕਦਮ
'ਤੇ ਸਲਾਮ-ਆਲੇਕਮ, ਸਤਿ ਸ੍ਰੀ ਅਕਾਲ ਤੇ
ਰਾਮ-ਰਾਮ ਦੀਆਂ ਆਵਾਜ਼ਾਂ ਕੰਨੀ ਪੈਂਦੀਆਂ ਸਨ।
ਹੁਣ ਉਸ ਦੇ ਲਈ ਮੌਤ ਵਰਗੀ ਚੁੱਪ ਵਰਤ ਰਹੀ
ਸੀ, ਪੂਰੀ ਸਜ-ਧਜ ਨਾਲ ਰਹਿਣ ਵਾਲੇ ਹਮਦਮ
ਦਾ ਮੰਦਾ ਹਾਲ ਸੀ, ਰੋਟੀ ਲਈ ਵੀ ਮੁਹਤਾਜ ਸੀ,
ਦਰ-ਬਦਰ ਦੀਆਂ ਠੋਕਰਾਂ ਉਸ ਦਾ ਨਸੀਬ ਸਨ।
ਉਸਤਾਦ ਦਾਮਨ ਨੇ ਆਪਣੇ ਉਸਤਾਦ ਨੂੰ
ਥਾਂ-ਥਾਂ ਲੱਭਿਆ ਤੇ ਜਦੋਂ ਮਿਲ ਗਏ ਤਾਂ ਉਨ੍ਹਾਂ
ਦੀ ਹਰ ਸੰਭਵ ਸਹਾਇਤਾ ਤੇ ਸੇਵਾ ਕੀਤੀ। 1954
ਵਿਚ ਜਦੋਂ ਬਹੁਤ ਬੀਮਾਰ ਹੋ ਗਏ, ਬੋਲ ਵੀ ਨਹੀਂ
ਸਨ ਸਕਦੇ ਤਾਂ ਦਾਮਨ ਸਾਹਿਬ ਉਨ੍ਹਾਂ ਨੂੰ ਮਿਊ
ਹਸਪਤਾਲ ਲੈ ਗਏ। ਉਸਤਾਦ ਦੇ ਇਸ਼ਾਰੇ 'ਤੇ
ਦਾਮਨ ਉਨ੍ਹਾਂ ਨੂੰ ਘਰ ਲਿਆ ਰਹੇ ਸਨ ਕਿ ਰਾਹ
ਵਿਚ ਹੀ ਸਾਂਝੇ ਪੰਜਾਬ ਦੇ ਇਸ ਉਘੇ ਸਾਇਰ ਨੇ
ਆਪਣੇ ਸ਼ਾਗਿਰਦ ਦੀ ਪਿਆਰ ਤੇ ਸਤਿਕਾਰ ਨਾਲ
ਭਰੀ ਗੋਦ ਵਿਚ ਆਖਰੀ ਸਾਹ ਲਏ ਤੇ ਚੱਲਦੇ
ਬਣੇ।
ਉਸਤਾਦ ਦੀ ਮੌਤ ਨੇ ਦਾਮਨ ਨੂੰ ਇਕ ਤਰ੍ਹਾਂ
ਨਾਲ ਤੋੜ ਹੀ ਸੁੱਟਿਆ। ਮਾਂ ਪੂਰੀ ਹੋਈ ਤਾਂ ਦਾਮਨ
ਕੋਲ ਨਹੀਂ ਸੀ, ਇਸ ਦਾ ਵੀ ਉਸਨੂੰ ਦੁੱਖ ਸੀ।
ਅਲਾਉਲਦੀਨ ਨੂੰ ਪੁੱਤਰ ਵਾਂਗ ਪਾਲਿਆ ਤੇ ਪ੍ਰਵਾਨ
ਚੜ੍ਹਾਇਆ ਸੀ, ਉਹ ਵੀ ਰੱਬ ਨੂੰ ਪਿਆਰਾ ਹੋ
ਗਿਆ। ਉਸ ਦੀ ਮੌਤ ਨੇ ਦਾਮਨ ਦਾ ਲੱਕ ਹੀ
ਤੋੜ ਦਿੱਤਾ। ਉਨ੍ਹਾਂ ਦੀ ਸਿਹਤ ਦਿਨੋ-ਦਿਨ ਡਿੱਗਦੀ
ਗਈ। ਅੰਤ ਮਿਊ ਹਸਪਤਾਲ ਵਿਚ ਸੱਜਣਾ ਮਿੱਤਰਾਂ
ਭਰਤੀ ਕਰਵਾ ਦਿੱਤਾ। ਬਿਮਾਰੀ ਕਾਬੂ
ਵਿਚ ਨਹੀਂ ਸੀ ਆ ਰਹੀ। ਡਾਕਟਰ ਆਪਣੀ ਵਾਹ
ਲਾ ਰਹੇ ਸਨ, ਪਰ ਸਿਹਤ ਨਿਘਰਦੀ ਹੀ ਚਲੀ
ਗਈ। ਇਕ ਦਿਨ ਅਚਾਨਕ ਖਬਰ ਆਈ ਕਿ ਫੈਜ਼
ਅਹਿਮਦ ਫੈਜ਼ ਚਲਾਣਾ ਕਰ ਗਏ ਹਨ। ਸੁਣਦਿਆਂ
ਹੀ ਦਾਮਨ ਤੜਫ ਉਠਿਆ। ਡਾਕਟਰ ਰੋਕਦੇ ਰਹੇ,
ਪਰ ਦਾਮਨ ਨੇ ਕਿਸੇ ਦੀ ਨਾ ਸੁਣੀ। ਉਹ ਮੇਰਾ
ਯਾਰ ਸੀ, ਮੈਂ ਜ਼ਰੂਰ ਜਾਣਾ ਏ। ਆਖਦਿਆਂ ਧੱਕੋ ਧੱਕੀ
ਫੈਜ਼ ਸਾਹਿਬ ਦੇ ਜਨਾਜੇ ਵਿਚ ਸ਼ਾਮਲ ਹੋਣ
ਲਈ ਚਲੇ ਗਏ। ਉਥੇ ਰੂਸੀ ਸਫੀਰ ਵੀ ਮੌਜੂਦ
ਸੀ। ਰੂਸੀ ਸਫੀਰ ਨੇ ਫੈਜ਼ ਸਾਹਿਬ ਦਾ ਅਫਸੋਸ
ਕਰਦਿਆਂ ਦਾਮਨ ਸਾਹਿਬ ਨੂੰ ਕਿਹਾ ਕਿ ਧਰਤੀ
ਦੇ ਅਜ਼ੀਮ ਲੋਕੋ, ਤੁਹਾਡੇ ਇਕ ਸਾਥੀ ਦੇ ਵਿਛੜਨ
ਦਾ ਰੂਸ ਨੂੰ ਬਹੁਤ ਅਫਸੋਸ ਹੈ। ਦਾਮਨ ਸਾਹਿਬ
ਰੋਂਦੇ-ਰੋਂਦੇ ਮੁੜੇ। ਥੋੜ੍ਹੇ ਹੀ ਦਿਨਾਂ ਪਿੱਛੋਂ 3 ਦਸੰਬਰ
1954 ਨੂੰ ਪੰਜਾਬੀ ਦਾ ਅਲਬੇਲਾ ਸ਼ਾਇਰ ਅਤੇ
ਇਕ ਵਧੀਆ ਇਨਸਾਨ ਇਸ ਦੁਨੀਆਂ ਨੂੰ ਸਦਾ ਸਦਾ
ਲਈ ਛੱਡ ਗਿਆ।