Til Phull : Sant Renu "Renu"

ਤਿਲ ਫੁੱਲ : ਸੰਤ ਰੇਣ “ਰੇਣ”


ਭੇਂਟਾ

ਹੇ ਮੇਰੀ ਸਭ ਨਾਲੋਂ ਚੰਗੀ ਮਾਂ ਪੰਜਾਬੀ ਰਾਣੀਂ ! ਭਰ ਭਰ ਥਾਲ ਕਵੀ ਲੈ ਆਏ ਤੇਰੀ ਨਜ਼ਰ ਸਿਞਾਣੀਂ ! ਕੋਈ ਮੋਤੀ ਕੋਈ ਮਾਣਿਕ ਕੋਈ ਹੀਰੇ ਪੰਨੇ, ਇਹ "ਤਿਲ ਫੁੱਲ" "ਰੇਣ" ਤੋਂ ਸਰਦੇ ਪ੍ਰੇਮ ਭੇਂਟ ਕਰ ਜਾਣੀਂ ।

ਪ੍ਰੀਤਮ ਅੱਗੇ

ਪ੍ਰੀਤਮ ! ਮੈਂ ਤੈਥੋਂ ਬਲਿਹਾਰੀ, ਮੈਂਨੂੰ ਮਨੋਂ ਭੁਲਾਂਈ ਨਾ । ਮੇਰੇ ਦਿਲ ਦੀ ਵਸਦੀ ਦੁਨੀਆਂ, ਤੂੰ ਉਜਾੜ ਕੇ ਜਾਈਂ ਨਾ । ਕਦੇ ਮੇਰੀਆਂ ਖ਼ੁਸ਼ੀਆਂ ਅੰਦਰ, ਗ਼ਮ ਜੇ ਦਿੰਦਾ ਦਖ਼ਲ ਦਿਸੇ। ਕੰਨੋ ਫੜਕੇ ਆਖ ਦਿਆ ਕਰ, ਇਸ ਵੱਲ ਅੱਖ ਉਠਾਈਂ ਨਾ । ਪਿਆਰ ਚਮਨ ਦਿਆ ਖਿੜਿਆ ਫੁੱਲਾ, ਬ੍ਰਿਹੋਂ ਖਿਜ਼ਾਂ ਦੀ ਵਾ ਵਗਿਆਂ । ਰਹੀਂ ਟਹਿਕਦਾ ਅਤੇ ਮਹਿਕ ਦਾ, ਸੁੱਕੀਂ ਜਾਂ ਮੁਰਝਾਈਂ ਨਾ । ਮੈਂ ਨਹੀਂ ਕਹਿੰਦਾ ਤੂੰ ਮੇਰੇ ਹੀ, ਪ੍ਰੇਮ ਜਾਲ ਵਿਚ ਫਸਿਆ ਰਹੁ। ਪਿਆਰ ਕਰੇ ਜੇੜ੍ਹਾ ਭੀ ਤੈਨੂੰ, ਉਹ ਦੀ ਕਦਰ ਗੰਵਾਈਂ ਨਾ। ਹਾਂ ਪਰ ਏਨੀ ਆਖੀ ਮੇਰੀ, ਮੰਨ ਲਵੇਂ ਤਾਂ ਚੰਗਾ ਹੈ । ਪਰਖੇ ਬਾਝੋਂ ਪਿਆਰ ਕਿਸੇ ਦਾ, ਮੁੱਲ ਕਦੇ ਭੀ ਪਾਈਂ ਨਾ। ਪ੍ਰੇਮ ਸੁਧਾ ਦੀ ਬਰਖਾ ਕਰਦਾ, ਰੱਖੀਂ ਦਿਲਦਾ ਬਾਗ਼ ਹਰਾ । ਬਿਰਹੋਂ ਪਤ-ਝੜ ਰੂਪ "ਰੇਣ" ਤੇ, ਵੇਲਾ ਕਦੇ ਲਿਆਈਂ ਨਾ।

ਸਾਨੂੰ ਲੋੜ ਨਹੀਂ ਸਾਕੀ ਮੈਖ਼ਾਨਿਆਂ ਦੀ

ਸਾਨੂੰ ਲੋੜ ਹੈ ਰਾਣਾ ਪਰਤਾਪ ਜੇਹੇ, ਸ਼ਮਾ ਧਰਮ ਦੇ ਬਣੇ ਪਰਵਾਨਿਆਂ ਦੀ। ਸਾਨੂੰ ਲੋੜ ਹੈ ਸ਼ਿਵਾ ਜੀ ਮਰਹਟੇ ਜਿਉਂ, ਦੇਸ਼ ਸੇਵਕਾਂ ਸ਼ੂਰ ਮਰਦਾਨਿਆਂ ਦੀ । ਸਾਨੂੰ ਲੋੜ ਸਤਿਗੁਰ ਕਲਗ਼ੀਧਰ ਵਾਂਗੂੰ, ਅਪਣੀ ਕੌਮ ਦੇ ਲਈ ਦੀਵਾਨਿਆਂ ਦੀ । ਸਾਨੂੰ ਲੋੜ ਹੈ ਬੰਦੇ ਬਹਾਦਰਾਂ ਦੀ, ਕੌਮੀ ਨਸ਼ੇ ਦੇ ਵਿਚ ਮਸਤਾਨਿਆਂ ਦੀ । ਸਾਨੂੰ ਲੋੜ ਹੈ ਭਗਤ ਸਿੰਘ ਵਰਗਿਆਂ ਦੀ, ਗਾਂਧੀ ਜਿਹੇ ਮਹਾਤਮਾਂ ਦਾਨਿਆਂ ਦੀ। ਸਾਨੂੰ ਦੇਸ਼ ਦੇ ਪਿਆਰ ਦਾ ਨਸ਼ਾ ਚੜ੍ਹਿਆ, ਸਾਨੂੰ ਲੋੜ ਨਹੀਂ ਸਾਕੀ ! ਮੈਖ਼ਾਨਿਆਂ ਦੀ । ਸਾਨੂੰ ਲੋੜ ਹੈ ਜੋ ਉਧਮ ਸਿੰਘ ਵਾਂਗੂੰ, ਕੌਮੀ ਦੁਸ਼ਮਨਾਂ ਨੂੰ ਜਾਕੇ ਮਾਰ ਸੱਕਣ। ਸਾਨੂੰ ਲੋੜ ਹੈ ਜੇਹੜੇ ਸੁਭਾਸ਼ ਵਾਂਗੂੰ, ਅਪਣੇ ਦੇਸ਼ ਖਾਤਰ ਜਾਨਾਂ ਵਾਰ ਸੱਕਣ। ਸਾਨੂੰ ਲੋੜ ਹੈ ਜੋ ਮੋਤੀ ਲਾਲ ਵਾਂਗੂੰ, ਅਪਣੀ ਕੌਮ ਦਾ ਮਹਿਲ ਉਸਾਰ ਸੱਕਣ। ਸਾਨੂੰ ਲੋੜ ਹੈ ਲਕਸ਼ਮੀ ਬਾਈ ਵਾਗੂੰ, ਜੇਹੜੇ ਸ਼ਤਰੂਆਂ ਤਾਈਂ ਲਲਕਾਰ ਸੱਕਣ। ਅਮਰ ਸਿੰਘ ਰਾਠੌਰ ਦੇ ਵਾਂਗ ਜਾਕੇ, ਅਦਾ ਕਰਨ ਜੋ ਰਕਮ ਜੁਰਮਾਨਿਆਂ ਦੀ । ਸਾਨੂੰ ਲੋੜ ਨਹੀਂ ਤੇਰੀਆਂ ਮਹਿਫਲਾਂ ਦੀ, ਸਾਨੂੰ ਲੋੜ ਨਹੀਂ ਸਾਕੀ ! ਮੈਖ਼ਾਨਿਆਂ ਦੀ । ਭਾਵੇਂ ਕਿਸੇ ਨੂੰ ਕੋਈ ਵਲੈਤ ਭਾਵੇ, ਸਾਨੂੰ ਦੇਸ਼ ਚੰਗਾ ਹਿੰਦੁਸਤਾਨ ਅਪਣਾ। ਅਸੀਂ ਹਿੰਦੀ ਹਾਂ ਕੋਈ ਭੀ ਜ਼ਾਤ ਹੋਵੇ, ਭਾਈ ਸਿੱਖ ਹਿੰਦੂ ਮੁਸਲਮਾਨ ਅਪਣਾ । ਸਾਡੇ ਲਈ ਹੈ ਗੁਰੂ ਗ੍ਰੰਥ ਅਪਣਾ, ਚਾਰੇ ਬੇਦ ਅਪਣੇ ਤੇ ਕੁਰਆਨ ਅਪਣਾ। ਸਾਨੂੰ ਰਾਮ ਅਪਣਾ ਵਾਹਿਗੁਰੂ ਅਪਣਾ, ਸਾਡੇ ਲਈ ਹੈ ਰੱਬ ਰਹਿਮਾਨ ਆਪਣਾ। ਸਾਡੇ ਮਨਾਂ ਵਿਚ ਪਿਆਰ ਹੈ ਅਪਣਿਆਂ ਦਾ, ਸਾਡੇ ਦਿਲਾਂ ਵਿਚ ਸਾਂਝ ਬਿਗਾਨਿਆਂ ਦੀ । ਸਾਨੂੰ ਲੋੜ ਨਹੀਂ ਤੇਰੀਆਂ ਝਾਂਜਰਾਂ ਦੀ, ਸਾਨੂੰ ਲੈਣ ਨਹੀਂ ਸਾਕੀ ! ਮੈਖ਼ਾਨਿਆਂ ਦੀ। ਐਵੇਂ ਵਕਤ ਖੋਵੇਂ ਬਾਂਕੀ ਅਦਾ ਤੇਰੀ, ਸਾਡੇ ਚਿੱਤ ਨੂੰ ਖਿੱਚ ਨਹੀਂ ਪਾ ਸਕਦੀ । ਤੇਰੀ ਨਜ਼ਰ ਤਲਵਾਰ ਜਾਂ ਤੀਰ ਬਣਕੇ, ਸਾਡੇ ਜਿਗਰ ਤੋਂ ਪਾਰ ਨਹੀਂ ਜਾ ਸਕਦੀ। ਤੇਰੀ ਜ਼ੁਲਫ ਕੋਈ ਨਹੀਂ ਜਾਲ ਬਣਕੇ, ਸਾਨੂੰ ਆਪਣੇ ਵਿਚ ਉਲਝਾ ਸਕਦੀ । ਸੋਹਣੀ ਸ਼ਕਲ ਜਵਾਨੀ ਦੀ ਉਮਰ ਤੇਰੀ, ਸਾਨੂੰ ਫਰਜ਼ ਤੋਂ ਨਹੀਂ ਭੁਲਾ ਸਕਦੀ। ਦੇਸ਼ ਭਗਤ ਹਾਂ "ਰੇਣ" ਨਾ ਤਲਬ ਸਾਨੂੰ, ਬੁਲ੍ਹਾਂ ਸੂਹਿਆਂ ਨੈਣ ਮਸਤਾਨਿਆਂ ਦੀ। ਸਾਨੂੰ ਲੋੜ ਨਹੀਂ ਜਾਮ ਸੁਰਾਹੀਆਂ ਦੀ, ਸਾਨੂੰ ਲੋੜ ਨਹੀਂ ਸਾਕੀ ! ਮੈਖ਼ਾਨਿਆਂ ਦੀ।

ਹਿੰਦੁਸਤਾਨ ਨੂੰ

ਬ੍ਰਿਧ ਹਿੰਦੁਸਤਾਨ ! ਮੇਰੇ, ਪ੍ਰਾਣ ਤੋਂ ਪਿਆਰੇ ਵਤਨ ! ਜ਼ਿੰਦਗਾਨੀ ਦੇ ਸਹਾਰੇ, ਅੱਖ ਦੇ ਤਾਰੇ ਵਤਨ ! ਗਿਆਨ ਦੇ ਸੋਮੇਂ ਅਤੇ, ਦੌਲਤ ਦੇ ਭੰਡਾਰੇ ਵਤਨ ! ਤਨ ਮੇਰਾ ਕੁਰਬਾਨ ਤੈਥੋਂ, ਜਾਨ ਬਲਿਹਾਰੇ ਵਤਨ ! ਇਕ ਜ਼ਮਾਨਾ ਸੀ ਕਿ ਸਭ,ਦੇਸ਼ਾਂ 'ਚ ਤੂੰ ਸਿਰ ਤਾਜ ਸੀ। ਧਾਂਕ ਸੀ ਦੁਨੀਆਂ ‘ਚ ਤੇਰਾ, ਚਕ੍ਰਵਰਤੀ ਰਾਜ ਸੀ। ਤੂੰ ਬੜਾ ਖੁਸ਼ਹਾਲ ਮਾਲਾ, ਮਾਲ ਦੌਲਤ ਮੰਦ ਸੀ। ਹੋਰ ਤਾਰੇ ਦੇਸ਼ ਸਨ, ਤੂੰ ਚੌਧਵੀਂ ਦਾ ਚੰਦ ਸੀ। ਸ਼ਾਦ ਸੀ ਆਬਾਦ ਸੀ, ਪ੍ਰਸਿੰਨ ਸੀ ਆਨੰਦ ਸੀ । ਪਾਪ ਅਤਿਆਚਾਰ ਤੇ, ਅਨਿਆਇ ਦਾ ਦਰ ਬੰਦ ਸੀ ! ਇਸ ਤੇਰੇ ਦਿਲ ਦੀ ਕਲੀ ਹਰ ਵਕਤ ਰਹਿੰਦੀ ਸੀ ਖਿੜੀ। ਢੁੱਕਦਾ ਸੀ ਕਹਿਣ ਹਿੰਦੁਸਤਾਨ ਸੋਨੇ ਦੀ ਚਿੜੀ। ਤੂੰ ਹਰਿਕ ਵਿੱਦਿਆ ਚ ਪੂਰਾ, ਤੇ ਮਹਾਂ ਪ੍ਰਤਾਪ ਸੀ। ਨਿਸ਼ਕਪਟ ਨਿਰਦੋਖ, ਨਿਸ਼ਕੰਟਕ ਅਤੇ ਨਿਸ਼ਪਾਪ ਸੀ। ਹਰ ਉਨਰ ਤੇ ਹਰ ਕਲਾ, ਵਿਚ ਦੂਜਿਆਂ ਦਾ ਬਾਪ ਸੀ। ਚਿੱਤ੍ਰ ਕਾਰੀ ਵਿਚ ਉਪਮਾ, ਆਪਦੀ ਬਸ ਆਪ ਸੀ । ਝੂਠ ਜੋ ਮੰਨੇ ਇਹਦਾ ਪ੍ਰਮਾਣ ਸਾਵਾਂ ਦੇਖ ਲੈ। ਅੱਜ ਭੀ ਜਾਕੇ ਅਜੰਟਾ ਦੀ ਗੁਫਾਵਾਂ ਦੇਖ ਲੈ । ਸਿਲਪ-ਕਾਰੀ ਵਿਚ ਭੀ, ਲਾਂਦਾ ਪਿਆ ਤੂੰ ਰੰਗ ਸੀ। ਸਿਲਕ ਤੇਰੀ ਦੀ ਵਿਲੈਤਾਂ, ਵਿਚ ਡਾਢੀ ਮੰਗ ਸੀ। ਸ਼ਾਲ ਪੱਟੂ ਉਣਨ ਦਾ, ਤੇਰਾ ਅਣੋਖਾ ਢੰਗ ਸੀ ! ਵੇਖਕੇ ਢਾਕੇ ਦੀ ਮਲਮਲ, ਅਕਲ ਰਹਿੰਦੀ ਦੰਗ ਸੀ। ਬਾਂਸ ਦੀ ਪੋਰੀ 'ਚ ਇਕ ਉਹ ਥਾਨ ਮਲਮਲ ਦਾ ਪਿਆ। ਜੀਹਨੇ ਅਕਬਰ ਦਾ ਸਣੇ ਹੌਦੇ ਸੀ ਹਾਥੀ ਢਕ ਲਿਆ। ਹੋਰ ਯੂਰਪ ਆਦਿ ਦੂਜੇ, ਦੇਸ਼ ਤੇਰੇ ਹਾਣ ਦੇ, ਮਾਂਸ ਬਿਨ ਖਾਣਾ ਅਤੇ, ਮੂੰਹ ਧੋਣ ਨਾ ਸਨ ਜਾਣਦੇ। ਆਰੀਏ ਤੇਰੇ ਓਦੋਂ ਭੀ, ਬੇਦ ਮੰਤ੍ਰ ਬਖਾਣਦੇ । ਅੰਨ ਉਪਜਾਕੇ ਬਣਾਂਦੇ, ਸਨ ਪਦਾਰਬ ਖਾਣਦੇ । ਜੇ ਕਿਤੇ ਯੂਨਾਨ ਤੈਥੋਂ ਸਿੱਖਦਾ ਤਹਿਜ਼ੀਬ ਨਾ । ਤਾਂ ਕਦੇ ਯੂਰਪ ਨੂੰ ਰੁਤਬਾ ਹੁੰਦਾ ਅੱਜ ਨਸੀਬ ਨਾ । ਹੁਣ ਤੇਰੇ ਹਿੱਸੇ 'ਚ ਤਸਬੀ, ਤੇ ਮੁਸੱਲਾ ਰਹਿ ਗਿਐ । ਜਾਂ ਕਛਹਿਰਾ ਤੇ ਕੜਾ, ਅਰ ਗਲ 'ਚ ਪੱਲਾ ਰਹਿ ਗਿਐ। ਜਾਂ ਤਿਲਕ ਮਾਲਾ ਜਨੇਊ, ਸੰਖ ਟੱਲਾ ਰਹਿ ਗਿਐ । ਕਹਿਣ ਨੂੰ ਬਸ ਅੱਲਾ ਅੱਲਾ, ਖ਼ੈਰ ਸੱਲਾ ਰਹਿ ਗਿਐ । ਤਖ਼ਤ ਤਾਊਸ ਜਾਂ ਕਿ ਕੋਹੇ ਨੂਰ ਤਾਂ ਦਿਖਦੇ ਨਹੀਂ । ਵਾਂਗ ਨਾਲਿੰਦਾ ਦੇ ਲੋਕੀ ਵਿੱਦਿਆ ਸਿਖਦੇ ਨਹੀਂ। ਬਸ ਤਮਾਂ ਦਾ ਖੂਹ ਤਮਾਖੂ, ਹੀ ਤੇਰਾ ਦਿਲ ਦਾਰ ਏ । ਆਬਿ ਸ਼ੱਰਰ ਸ਼ਰਾਬ ਉੱਤੋਂ, ਜ਼ਿੰਦਗੀ ਬਲਿਹਾਰ ਏ । ਭੰਗ ਬੁੱਧੀ ਭੰਗ ਕਰਨੀ, ਨਾਲ ਗੂੜ੍ਹਾ ਪਿਆਰ ਏ। ਚਰਸ ਚਰ ਸਭਮਾਸ ਜਾਣਾ, ਜਾਨ ' ਤੇ ਅਸਵਾਰ ਏ। ਫੀਮ ਦੇ ਕੰਡੇ ਬਿਨਾ ਕੰਡਾ ਲਿਆ ਸਕਦਾ ਨਹੀਂ। ਪੋਸਤੋਂ ਬਿਨ ਜਿਸਮ ਦਾ ਪੋਸਤ ਸੁਕਾ ਸਕਦਾ ਨਹੀਂ। ਫਾਂਸੀਏਂ ਚੜ੍ਹ ਕੇ ਕਈ, ਮਰ ਗਏ ਤੇਰੇ ਵਾਸਤੇ । ਸੀਸ ਤਲੀਆਂ ਤੇ ਕਈ, ਧਰ ਗਏ ਤੇਰੇ ਵਾਸਤੇ। ਬਾਲ ਬਿਧਵਾਵਾਂ ਕਈ, ਕਰ ਗਏ ਤੇਰੇ ਵਾਸਤੇ । ਸੈਂਕੜੇ ਜੇਲ੍ਹਾਂ 'ਚ ਦੁਖ, ਭਰ ਗਏ ਤੇਰੇ ਵਾਸਤੇ । ਤੈਂ ਕਿਸੇ ਦੇ ਭੀ ਕਰੇ ਦੀ ਕਦਰ ਕੁਝ ਪਾਈ ਨਹੀਂ। ਹੋ ਗਿਆ ਆਜ਼ਾਦ ਤੈਨੂੰ ਹੋਸ਼ ਪਰ ਆਈ ਨਹੀਂ । ਪਾ ਗਏ ਲੱਖਾਂ ਸ਼ਹੀਦੀ, ਜਾਨ ਤੈਥੋਂ ਵਾਰਕੇ । ਹੁਣ ਹਜ਼ਾਰਾਂ ਨੇ ਖਲੋਤੇ, ਹੌਸਲਾ ਦਿਲ ਧਾਰਕੇ । ਮਿਟ ਗਏ ਬੇ ਓੜਕੇ, ਉਪਦੇਸ਼ ਕਰਤਾ ਹਾਰਕੇ । ਅਣ ਗਿਣਤ ਕਵਿਰਾਜ, ਥੱਕੇ ਨੇ ਅਵਾਜ਼ਾਂ ਮਾਰਕੇ । ਕੰਨ ਅੰਦਰ ਪਰ ਕਿਸੇ ਦੀ ਗੱਲ ਤੈਂ ਆਂਦੀ ਨਹੀਂ। ਕੁੰਭ ਕਰਨੀ ਨੀਂਦ ਗ਼ਫਲਤ ਦੀ ਤੇਰੀ ਜਾਂਦੀ ਨਹੀਂ। ਮਾੜੀ ਮਾੜੀ ਗੱਲ ਤੇ, ਐਵੇਂ ਝਗੜਦਾ ਜਾ ਰਿਹੈਂ । ਲੋੜ ਮਿਲਵਰਤਣ ਦੀ ਹੈ, ਕਿਉਂ ਘਰ ‘ਚ ਲੜਦਾ ਜਾ ਰਿਹੈਂ ? ਵਕਤ ਚਾਹੇ ਜੋੜਨਾ, ਪਰ ਤੂੰ ਨਿੱਖੜਦਾ ਜਾ ਰਿਹੈਂ। ਹੱਥ ਵਿਚ ਦੀਵਾ ਹੈ ਪਰ, ਟੋਏ 'ਚ ਵੜਦਾ ਜਾ ਰਿਹੈਂ । ਕਰ ਸਮਝ ਦੀ ਗੱਲ ਲੈ ਕੁਝ ਸਿੱਖਿਆ ਇਤਿਹਾਸ ਤੋਂ । ਅੱਧ ਪਾ, ਖਿਚੜੀ ਤੂੰ ਅੱਡੋ ਅੱਡ ਰਿੰਨ੍ਹਦੈਂ ਕਾਸ ਤੋਂ ? ਕਾਲ ਦਾ ਚਕ੍ਰ ਕਿ ਤੇਰੇ, ਦਿਨ ਅਪੁੱਠੇ ਆਏ ਸਨ । ਕਹਿਰ ਦੇ ਬੱਦਲ ਤੇਰੇ, ਵਾਤਾਵਰਨ ਤੇ ਛਾਏ ਸਨ। ਮੀਂਹ ਘਰੋਗੀ ਜੰਗ, ਪੱਥਰ ਫੁੱਟ ਦੇ ਬਰਸਾਏ ਸਨ । ਲਹਿਲਹਾਂਦੇ, ਬਾਗ਼ ਭਾਗਾਂ, ਦੇ ਤੇਰੇ ਮੁਰਝਾਏ ਸਨ। ਫੁੱਟ ਨੇ ਤੈਨੂੰ ਗ਼ੁਲਾਮੀ ਦੀ ਕੜੀ ਵਿਚ ਜਕੜਿਆ । ਤੂੰ ਕਈ ਸਦੀਆਂ ਰਿਹਾ ਮੁਹਤਾਜ, ਸੇਵਕ, ਪਕੜਿਆ। ਆ ਸਿਕੰਦਰ ਨੇ ਕਦੇ, ਮਹਿਮੂਦ ਨੇ ਆ ਲੁੱਟਿਆ । ਡੇਰਾ ਘਰ ਗ਼ੌਰੀ, ਮੁਹੰਮਦ ਵਰਗਿਆਂ ਨੇ ਪੁੱਟਿਆ। ਆਕੇ ਅਹਿਮਦ ਸ਼ਾਹ ਜਿਹਾਂ ਨੇ, ਭੀ ਤੇਰਾ ਗਲ ਘੁੱਟਿਆ । ਬਹੁਤ ਚਿਰ ਅੰਗਰੇਜ਼ ਤੋਂ ਖਹਿੜਾ ਨ ਤੇਰਾ ਛੁੱਟਿਆ । ਸ਼ੁਕਰ ਕਰ ਤਕਦੀਰ ਦੀ ਤੇਰੀ ਕਲੀ ਹੁਣ ਖਿੜ ਗਈ। ਫਿਰ ਤੇਰੀ ਤਾਰੀਖ ਆਜ਼ਾਦੀ ਦੀ ਮੁੜਕੇ ਛਿੜ ਗਈ । ਚਾਹੁੰਨੈਂ ਹੁਣ ਅਮਨ ਜੇ, ਖ਼ੁਸ਼ਹਾਲ ਹੋਣਾ ਲੋੜਦੈਂ । ਮੈਲ ਜੰਮੀ ਜੋ ਗ਼ੁਲਾਮੀ ਦੀ, ਨੂੰ ਧੋਣਾ ਲੋੜਦੈਂ । ਜੇ ਕੰਗਾਲੀ ਭੁਖ ਤੇ, ਰੋਗਾਂ ਨੂੰ ਖੋਣਾ ਲੋੜਦੈਂ। ਕਾਮਧੇਨੂੰ ਧਰਤਿ ਅਪਣੀ, ਨੂੰ ਜੇ ਚੋਣਾ ਲੋੜ ਦੈਂ । ਛੱਡ ਫਿਰਕੇ ਦਾਰੀਆਂ ਮਜ਼੍ਹਬੀ ਬਖੇੜੇ ਛੱਡ ਦੇ । ਫੁੱਟ ਘਰ ‘ਚੋਂ ਕੱਢ ਦੇ ਉਚ ਨੀਚ ਝੇੜੇ ਛੱਡ ਦੇ । ਸਿੱਖ ਹਿੰਦੂ ਮੁਸਲਮਾਂ, ਇਕ ਮਾਂ ਦੇ ਜਾਏ ਨੇ ਸਭੀ। ਰੱਬ ਨੇ ਇਕ ਮਿੱਟੀਓਂ, ਇਕਜਿਉਂ ਬਣਾਏ ਨੇ ਸਭੀ। ਤਨ ਉਹੀ ਤੇ ਜਾਨ ਓਹੀ, ਲੈ ਕੇ ਆਏ ਨੇ ਸਭੀ । ਇੱਕ ਰਸਤੇ ਆਏ ਤੇ, ਜਾਂਦੇ ਬੁਲਏ ਨੇ ਸਭੀ । ਯਾਦ ਰੱਖੋ ਵੀਰਨੋ ! ਇਹ "ਰੇਣ" ਦਾ ਸੰਦੇਸ਼ ਹੈ । ਹਨ ਸਭ ਹਿੰਦੀ ਕਿ ਹਿੰਦੁਸਤਾਨ ਸਭ ਦਾ ਦੇਸ਼ ਹੈ ।

  • ਮੁੱਖ ਪੰਨਾ : ਪੰਜਾਬੀ ਕਵਿਤਾ : ਸੰਤ ਰੇਣ “ਰੇਣ”
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ