ਸੰਤ ਰੇਣ “ਰੇਣ” (25 ਦਸੰਬਰ 1925- 30 ਦਸੰਬਰ 2004) ਪੰਜਾਬੀ ਦੇ ਕਵੀ ਸਨ। ਇਨ੍ਹਾਂ ਦਾ ਜਨਮ ਧਨੌਲਾ ਵਿਖੇ 25 ਦਸੰਬਰ 1925 ਨੂੰ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਮ ਵੈਦ ਸ੍ਰੀ ਟਹਿਲ ਦਾਸ ਜੀ ਅਤੇ ਮਾਤਾ ਦਾ ਨਾਮ ਸ੍ਰੀਮਤੀ ਰਾਮ ਕੌਰ ਜੀ ਸੀ। ਉਨ੍ਹਾਂ ਦੀ ਇਕ ਭੈਣ ਬੀਬੀ ਹਰਦੇਵ ਕੌਰ ਵੀ ਸੀ। ਜਦੋਂ ਸੰਤ ਰੇਣ ਜੀ ਮਹਿਜ਼ 9 ਸਾਲ ਦੇ ਸਨ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ । ਮਾਤਾ ਰਾਮ ਕੌਰ ਨੇ ਔਖਾ ਸਮਾਂ ਦੇਖਿਆ ਅਤੇ ਬੜੀ ਮੁਸ਼ਕਿਲ ਨਾਲ 3 ਕਿੱਲਿਆਂ ਦੀ ਜ਼ਮੀਨ ਦੀ ਆਮਦਨ ਨਾਲ ਬੱਚਿਆਂ ਨੂੰ ਪਾਲ਼ਿਆ ।
ਸੰਤ ਰੇਣ ਜੀ ਬਚਪਨ ਤੋਂ ਕਵਿਤਾ ਨਾਲ ਪਿਆਰ ਬਾਰੇ ਇਕ ਥਾਂ ਲਿਖਦੇ ਹਨ ਕਿ ਇਹ ਬੀਜ ਅਸਲ ਵਿੱਚ ਉਸ ਸਮੇਂ ਪੁੰਗਰਿਆ ਜਦੋਂ 1938 ਵਿੱਚ ਸਿਰਫ 16 ਸਾਲ ਦੀ ਉਮਰ ਵਿੱਚ ਉਹ ਨੇੜਲੇ ਨਾਨਕਾ ਪਿੰਡ ਭੱਠਲਾਂ ਵਿਖੇ ਹੋਈ ਇੱਕ ਅਕਾਲੀ ਕਾਨਫਰੰਸ ਦੇਖਣ ਗਏ ਜਿਸ ਵਿੱਚ ਪ੍ਰਸਿੱਧ ਰਾਗੀ ਕਾਲ੍ਹਾ ਸਿੰਘ ਜੀ ਛੀਨੀਵਾਲ ਵਾਲਿਆਂ ਨੇ ਦਸਮ ਗ੍ਰੰਥ ਵਿੱਚੋਂ ਕਈ ਮਨੋਹਾਰੀ ਛੰਦ ਸੁਣਾਏ । ਇਸ ਘਟਨਾ ਨਾਲ ਉਨ੍ਹਾਂ ਦਾ ਮਨ ਛੰਦ ਬੱਧ ਕਵਿਤਾ ਪੜ੍ਹਨ ਅਤੇ ਸਿੱਖਣ ਵੱਲ ਪ੍ਰੇਰਿਤ ਹੋ ਗਿਆ।
ਮੁੱਢ ਵਿੱਚ ਉਨ੍ਹਾਂ ਨੇ ਪੰਡਤ ਸ੍ਰੀ ਕਾਂਸੀ ਰਾਮ ਵਿਆਕਰਨਾਚਾਯ ਜੀ ਲੌਂਗੋਵਾਲ ਤੋਂ ਸੰਸਕ੍ਰਿਤ ਭਾਸ਼ਾ ਅਤੇ ਹਿੰਦੀ ਕਵਿਤਾ ਦੀ ਸਿੱਖਿਆ ਲਈ । ਫੇਰ ਉਰਦੂ ਤੇ ਫ਼ਾਰਸੀ ਦੇ ਪ੍ਰਸਿੱਧ ਸ਼ਾਇਰ ਮੌਲਾਨਾ ਮੁਹੰਮਦ ਨਜ਼ੀਰ “ਅਰਸ਼ੀ” ਧਨੌਲਵੀ ਤੋਂ ਉਰਦੂ ਸ਼ਾਇਰੀ ਸਿੱਖੀ । ਉਹ ਲਿਖਦੇ ਹਨ - ਕਿ ੧੯੪੩ ਵਿੱਚ ਉਨ੍ਹਾਂ ਨੂੰ ਉਸ ਸਮੇਂ ਦੇ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਬਾਬੂ ਦਸੌਧੀਂ ਰਾਮ ਜੀ ਐਕਸਾਈਜ ਇੰਸਪੈਕਟਰ ਨਾਭਾ ਵਾਲਿਆਂ ਦੇ ਸਹਿਯੋਗ ਨਾਲ ਅੰਗਰੇਜ਼ੀ ਦੀ ਸਿੱਖਿਆ ਅਤੇ ਪੰਜਾਬੀ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ ।
ਉਹ ਹਿੰਦੀ, ਉਰਦੂ ਅਤੇ ਪੰਜਾਬੀ ਦੀਆਂ ਕਵਿਤਾਵਾਂ ਲਿਖਦੇ ਅਤੇ ਨੇੜੇ ਤੇੜੇ ਹੁੰਦੇ ਕਵੀ ਦਰਬਾਰਾਂ ਅਤੇ ਮੁਸ਼ਾਇਰਿਆਂ ਵਿੱਚ ਆਪਣੀਆਂ ਕਵਿਤਾਵਾਂ ਸੁਣਾ ਕੇ ਆਪਣਾ ਸ਼ੌਕ ਪੂਰਾ ਕਰਦੇ ਰਹੇ। ਉਸ ਸਮੇਂ ਤੱਕ ਸਾਹਿਤ ਬਰਨਾਲਾ ਦੀ ਸਥਾਪਨਾ ਨਹੀਂ ਹੋਈ ਸੀ ।
ਉਸ ਸਮੇਂ, ਆਸ ਪਾਸ ਦੇ ਉਨ੍ਹਾਂ ਦੇ ਹੋਰ ਕਈ ਕਵੀ ਮਿੱਤਰਾਂ ਨੇ ਮਿਲ ਕੇ ਇੱਕ ਕਵੀ ਮੰਡਲ ਧਨੌਲਾ ਦੀ ਸਥਾਪਨਾ ਕੀਤੀ ।
ਇਸ ਕਵੀ ਮੰਡਲ ਧਨੌਲਾ ਵਿੱਚ ਉਨ੍ਹਾਂ ਦੇ ਸੰਗੀ ਮਿੱਤਰ ਮੌਲਾਨਾ ਮੁਹੰਮਦ ਨਜ਼ੀਰ ਅਰਸ਼ੀ ਜੀ, ਸ੍ਰੀ ਮਹਿੰਦੀ ਹਸਨ ਜੀ, ਪੰਡਤ ਰਾਮਸ਼ਰਨ ਸ਼ਾਸ਼ਤ੍ਰੀ ਜੀ, ਸ੍ਰੀ ਕਿਰਪਾ ਰਾਮ ਪਟਵਾਰੀ ਜੀ, ਸ੍ਰੀ ਸਾਧੂ ਸਿੰਘ ਬੇਦਿਲ ਜੀ ਅਤੇ ਸ. ਦਲੀਪ ਸਿੰਘ ਕੋਮਲ ਆਦਿ ਦੋਸਤ ਸ਼ਾਮਲ ਸਨ।
੧੯੪੩ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਜੀ ਸਾਹਿਬ ਮਲਵਿੰਦਰਾ ਬਹਾਦਰ ਮਹਾਰਾਜਾ ਨਾਭਾ ਦੇ ਇੱਕ ਸਮਾਗਮ ਵਿੱਚ ਕਵਿਤਾ ਪਾਠ ਲਈ ਉਨ੍ਹਾਂ ਨੂੰ ਮਾਲਵਿੰਦਰਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ।
1947 ਤੱਕ ਕੁਝ ਅਰਸਾ ਇਹ ਕਵੀ ਮੰਡਲ ਧਨੌਲਾ ਕਾਫ਼ੀ ਸਰਗਰਮ ਰਿਹਾ। ਫਿਰ 1947 ਦੀ ਰਾਜਸੀ ਉਥਲ ਦੌਰਾਨ ਇਨ੍ਹਾਂ ਵਿੱਚੋਂ ਕੁਝ ਕਵੀ ਮਿੱਤਰ ਮਾਰੇ ਗਏ , ਕੁਝ ਪਾਕਿਸਤਾਨ ਚਲੇ ਗਏ ਅਤੇ ਕੁਝ ਦੀ ਦੂਰ ਦੁਰੇਡੇ ਬਦਲੀ ਹੋ ਗਈ । ਇਸ ਤਰਾਂ ਨਾਲ ਕਵੀ ਮੰਡਲ ਧਨੌਲਾ ਖਿੰਡ ਪੁੰਡ ਗਿਆ । ਜਿਸ ਉਨ੍ਹਾਂ ਗਹਿਰਾ ਸਦਮਾ ਸੀ ।
ਪਰ ਫਿਰ ਸਮੇਂ ਨੇ ਕਰਵਟ ਬਦਲੀ ਅਤੇ ਆਲੇ ਦੁਆਲੇ ਦੇ ਪੰਜਾਬੀ ਸਾਹਿਤ ਦੇ ਪ੍ਰੇਮੀ ਨੌਜਵਾਨਾਂ ਨੇ ਮਿਲਕੇ ਪੰਜਾਬੀ ਸਾਹਿਤ ਸਭਾ ਬਰਨਾਲਾ ਦੀ ਸਥਾਪਨਾ ਕੀਤੀ । ਇਸ ਸਭਾ ਦਾ ਪਹਿਲਾ ਕਵੀ ਦਰਬਾਰ 29-02-1956 ਨੂੰ ਹੋਇਆ ਸੀ । ਉਸ ਸਮੇਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪਹਿਲੇ ਸਕੱਤਰ ਸ. ਜਗੀਰ ਸਿੰਘ ਜਗਤਾਰ ਸਨ। ਸਕੱਤਰ ਸ. ਜਗੀਰ ਸਿੰਘ ਜਗਤਾਰ ਤੇ ਕਈ ਮੈਬਰਾਂ ਦੀ ਪ੍ਰੇਰਨਾ ਸਹਿਯੋਗ ਨਾਲ ਉਨ੍ਹਾਂ ਦੀ ਪਹਿਲੀ ਪੁਸਤਕ “ਤਿਲ ਫੁੱਲ ” ਛਪੀ ।
ਪੇਸ਼ੇ ਵਜੋਂ ਸੰਤ ਰੇਣ ਰੇਣ ਜੀ ਸਰਕਾਰੀ ਸਿਹਤ ਵਿਭਾਗ ਪੰਜਾਬ ਵਿੱਚ ਆਯੁਰਵੈਦਿਕ ਵੈਦ ਸਨ ।
ਪੰਜਾਬੀ ਦੇ ਨਾਲ ਨਾਲ ਵੈਦ ਜੀ ਆਯੁਰਵੇਦ ਅਤੇ ਸੰਸਕ੍ਰਿਤ ਦੇ ਵੀ ਵਿਦਵਾਨ ਸਨ। ਉਨ੍ਹਾਂ ਦਾ ਸੰਸਕ੍ਰਿਤ ਵਿਚ ਲਿਖਿਆ ਇਕ ਸ਼ੋਧ ਪ੍ਰਬੰਧ ਵੀ ਅਣਛਪਿਆ ਲਿਖਿਆ ਮਿਲਦਾ ਹੈ ਜਿਸ ਵਿੱਚ ਉਨ੍ਹਾਂ ਨੇ ਆਯੁਰਵੇਦ ਦੇ ਗ੍ਰੰਥਾਂ ਦੇ ਅਧਾਰ ਤੇ ਸਿੱਧ ਕੀਤਾ ਹੈ ਕਿ ਆਕਸੀਜਨ ਨੂੰ ਹੀ ਅਸਲ ਵਿੱਚ ਪ੍ਰਾਣ ਵਾਯੂ ਕਿਹਾ ਗਿਆ ਹੈ।
ਉਨ੍ਹਾਂ ਜ਼ਿੰਮੇ ਸਰਕਾਰੀ ਨੌਕਰੀ ਦੀਆਂ ਜ਼ਿੰਮੇਵਾਰੀਆਂ, ਘਰ ਗ੍ਰਹਿਸਥੀ ਦੀਆਂ ਜ਼ਿੰਮੇਵਾਰੀਆਂ ਬਹੁਤ ਸਨ ਪਰੰਤੂ ਉਨ੍ਹਾਂ ਦੀ ਸਾਹਿਤਕ ਅਤੇ ਆਯੁਰਵੇਦ ਦੇ ਪ੍ਰਚਾਰ ਪ੍ਰਸਾਰ ਲਈ ਕੋਸ਼ਿਸ਼ਾਂ ਵਿਚ ਇਸ ਨਾਲ ਕਦੇ ਦਿੱਕਤ ਮਹਿਸੂਸ ਨਹੀਂ ਕੀਤੀ।
ਉਨ੍ਹਾਂ ਦੀਆਂ ਅਧਿਆਤਮਿਕ ਰੁਚੀਆਂ ਅਤੇ ਉਸ ਪਾਸੇ ਉਨ੍ਹਾਂ ਦਾ ਯੋਗਦਾਨ ਵੀ ਵਡਮੁੱਲਾ ਹੈ।- ਕੇਸਰ ਕਰਮਜੀਤ (ਸਿਡਨੀ,ਆਸਟਰੇਲੀਆ)