Thandhian Laataan : Mewa Singh Gill

ਠੰਢੀਆਂ ਲਾਟਾਂ : ਮੇਵਾ ਸਿੰਘ ਗਿੱਲ

ਆਦਿਕਾ

ਮੇਵਾ ਸਿੰਘ ਪੰਜਾਬੀ ਕਵਿਤਾ ਦੇ ਆਕਾਸ਼ ਤੇ ਉਭਰਿਆ ਇਕ ਨਵਾਂ ਸਿਤਾਰਾ ਹੈ, ਜੋ ਕਿੱਤਾ ਉਹ ਕਰਨ ਉਤੇ ਮਜਬੂਰ ਹੈ ਵਕਾਲਤ ਹੈ, ਜੋ ਕਿੱਤਾ ਉਹ ਕਰਨ ਦਾ ਚਾ ਰਖਦਾ ਹੈ, ਕਵਿਤਾ ਹੈ । ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜੀਵਨ ਦੀਆਂ ਜ਼ਿੰਮੇਵਾਰੀਆਂ ਤੇ ਉਲਝਣਾਂ ਵਿਚੋਂ ਖੋਹੇ ਉਹ ਕੁਝ ਸੰਘਣੇ ਤੇ ਸੁਜਿੰਦ ਕੀਮਤੀ ਪਲ ਹਨ, ਜਿਨ੍ਹਾਂ ਨੂੰ ਉਹ ਕਲਾ ਦਾ ਰੂਪ ਦੇ ਸਕਿਆ ਹੈ।

ਇਸ ਸੰਗ੍ਰਹਿ ਵਿਚ ਉਸਨੇ ਕਵਿਤਾ ਦੇ ਕਈ ਰੂਪਾਂ ਦੇ ਤਜਰਬੇ ਕੀਤੇ ਹਨ, ਜਿਵੇਂ ਕਵਿਤਾਵਾਂ, ਰੁਬਾਈਆਂ, ਗੀਤ ਤੇ ਗਜ਼ਲਾਂ । ਇਹ ਸਭ ਚੀਜ਼ਾਂ ਆਪੋ ਅਪਨੀ ਥਾਂ ਚੰਗੀਆਂ ਹਨ । ਕਵਿਤਾਵਾਂ ਕੋਈ ਬਹੁਤੀਆਂ ਨਹੀਂ, ਫਿਰ ਵੀ ਇਨ੍ਹਾਂ ਤੋਂ ਕਵੀ ਦੇ ਵਿਚਾਰਾਂ ਤੇ ਝੁਕਾਵਾਂ ਦੀ ਝਲਕ ਨਜ਼ਰ ਆ ਜਾਂਦੀ ਹੈ । ਉਹ ਲੋਕ- ਹਿਤੈਸ਼ੀ ਤੇ ਸਾਮਰਾਜ ਵਿਰੋਧੀ ਹੈ-ਭਾਵੇਂ ਇਹ ਸਾਮਰਾਜ ਮੁਗਲਾਂ ਦਾ ਹੋਵੇ ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਸਰਹੰਦ ਦੀਆਂ ਕੰਧਾਂ ਵਿਚ ਚਿਣਿਆ ਸੀ, ਜਾਂ ਅੱਜ ਕਲ ਦਾ ਸਾਮਰਾਜ ਜੋ ਬੰਗਾਲ ਦੇ ਕਾਲ ਅਤੇ ਲਖਾਂ ਲੋਕਾਂ ਨੂੰ ਭੁੱਖ ਨਾਲ ਤੜਪ ਤੜਪ ਕੇ ਮਰਦਾ ਦੇਖਣ ਦੇ ਬਾਵਜੂਦ, ਲੱਖਾਂ ਮਣ ਵਾਧੂ ਅਨਾਜ ਨੂੰ ਜਲਾ ਸਾੜ ਕੇ ਸੁਆਹ ਕਰ ਸਕਦਾ ਹੈ, ਜਾਂ ਫਿਰ ਸਮੁੰਦਰ ਭੇਟ ਕਰ ਸਕਦਾ ਹੈ । ਕਵੀ ਦਾ ਪ੍ਰਗਤੀਵਾਦ ਇਤਿਹਾਸਕ ਗਹਿਰਾਈ ਵਾਲਾ ਹੈ ਜੋ ਗੁਰੂ ਗੋਬਿੰਦ ਸਿੰਘ ਦੇ ਜ਼ੁਲਮ ਵਿਰੋਧੀ ਸੰਘਰਸ਼ ਤੋਂ ਅਜੋਕੇ ਜਨਤਕ ਸੰਘਰਸ਼ ਤੀਕ ਵਿਚਰਦਾ ਨਜ਼ਰ ਆਉਂਦਾ ਹੈ। ਕਿਧਰੇ ਕਿਧਰੇ ਕਵੀ ਦਾ ਬਿਆਨ ਬੜੀ ਬਲਵਾਨ ਤੇ ਸੰਘਣੀ ਸ਼ਕਲ ਧਾਰਨ ਕਰ ਲੈਂਦਾ ਹੈ ਜਿਵੇਂ ‘ਸਰਹੰਦ ਦੀ ਯਾਦ’ ਨਾਮੀ ਕਵਿਤਾ ਵਿਚ :-

ਨਾ ਸੁਣਾ ਵੇ ਰਾਗੀਆ ਨਾ ਫੇਰ ਨਸ਼ਤਰ ਨਾ ਸੁਣਾ,
ਦਿਲ ਮੇਰਾ ਮਜ਼ਬੂਤ ਨਹੀਂ ਇਤਿਹਾਸ ਦੇ ਪੰਨੇ ਜਿਹਾ।

"ਮਿੱਤਰ ਪਿਆਰੇ ਨੂੰ’’ ਅਤੇ ‘‘ਮੰਜ਼ਲ ਆਉਣ ਵਾਲੀ ਹੈ'' ਦੋਹਾਂ ਕਵਿਤਾਵਾਂ ਦਾ ਰੰਗ ਵੀ ਇਹੋ ਹੈ । ਪਹਿਲੀ ਕਵਿਤਾ ਭੂਤ-ਮੁਖੀ ਹੈ, ਦੂਜੀ-ਭਵਿਸ਼ ਮੁਖੀ ਜਿਸ ਵਿਚ ਮਨੁਖ ਦੇ ਉਜਲੇ ਭਵਿੱਖ ਦੀ ਆਸ ਬੰਨ੍ਹਾਈ ਗਈ।

ਰੁਬਾਈਆਂ ਮੈਨੂੰ ਬਹੁਤੀਆਂ ਸਫਲ ਨਹੀਂ ਲੱਗੀਆਂ । ਇਨ੍ਹਾਂ ਵਿਚ ਨਾ ਪੁਰਾਣੇ ਦੋਹੜੇ ਲਿਖਣ ਵਾਲਿਆਂ ਵਾਲੀ ਵੀਣਕਤਾ ਹੈ ਅਤੇ ਨਾ ਫਾਰਸੀ ਦੀਆਂ ਰੁਬਾਈਆਂ ਲਿਖਣ ਵਾਲਿਆਂ ਵਰਗੀ ਲੋਢਤਾ ਹੈ । ਗੀਤ ਜ਼ਰੂਰ ਚੰਗੇ ਹਨ ਜਿੰਨ੍ਹਾਂ ਵਿਚੋਂ "ਮੈਂ ਕਿਰਸਾਨ ਪੰਜਾਬੀ ਹੋ" ਇਹ ਗੀਤ ਦੇਸ਼ ਭਗਤੀ ਜਜ਼ਬੇ ਨਾਲ ਧੜਕਦਾ ਸੁਣੀਂਦਾ ਹੈ :-

ਖੇਤੀ ਬਾੜੀ ਜੀਵਨ ਮੇਰਾ, ਮੈਂ ਕਿਰਸਾਣ ਪੰਜਾਬੀ ਹੋ,
ਇਸ ਧਰਤੀ ਨਾਲ ਨਾਤਾ ਮੇਰਾ, ਜਿਉਂ ਦੇਵਰ ਤੇ ਭਾਬੀ ਹੋ।
ਏਹੋ ਝੰਗ ਸਿਆਲ ਹੈ ਮੇਰਾ, ਏਹੋ ਤਖਤ ਹਜ਼ਾਰਾ ਹੋ,
ਧੁਰ ਅਜ਼ਲਾਂ ਤੋਂ ਇਸ ਮਿੱਟੀ ਦਾ, ਮੈਂ ਬਣਿਆ ਵਣਜਾਰਾ ਹੋ ।
ਘੁੰਮ ਘੁੰਮ ਖੇਤੀਂ ਲੇਖ ਮੇਰੇ ਦੀਆਂ ਰੇਖਾਂ ਖਿਚਦਾ ਨਾਰਾ ਹੋ,
ਢਾਬ ਕਿਨਾਰੇ ਢਾਰਾ ਮੇਰਾ, ਭੁਲਦਾ ਬਲਖ ਬੁਖਾਰਾ ਹੋ।

ਪਰ ਉਤੇ ਦਸੇ ਗਏ ਕਾਵ-ਰੂਪਾਂ ਨੂੰ ਤਜਰਬੇ ਕਹਿਣਾ ਹੀ ਢੁਕਦਾ ਹੈ। ਕਵਿਤਾ ਦੇ ਜਿਸ ਰੂਪ ਵਿਚ ਕਵੀ ਨੇ ਪ੍ਰਾਪਤੀ ਕੀਤੀ ਹੈ, ਉਹ ਗਜ਼ਲ ਹੈ। ਫਾਰਸੀ ਤੇ ਉਰਦੂ ਦੇ ਕਵੀਆਂ ਨੇ ਗਜ਼ਲ ਦਾ ਮੂੰਹ ਮੱਥਾ ਸੰਵਾਰਨ ਵਿਚ ਸਦੀਆਂ ਲਗਾ ਦਿੱਤੀਆਂ ਹਨ । ਨਾ ਕੇਵਲ ਇਸ ਦੇ ਭਾਂਡੇ ਨੂੰ ਸੰਵਾਰਨ ਉਤੇ ਹੀ ਜ਼ੋਰ ਲਗਿਆ ਹੈ। ਸਗੋਂ ਵਸਤੂ ਦੇ ਪੱਖ ਤੋਂ ਵੀ ਇਸ ਦੇ ਖੇਤਰ ਨੂੰ ਕਾਫੀ ਵਿਸ਼ਾਲ ਕੀਤਾ ਗਿਆ ਹੈ ਜਿਸ ਦਾ ਫਲ ਰੂਪ ਸਾਰਾ ਜੀਵਨ ਹੀ ਗ਼ਜ਼ਲ ਦਾ ਖੇਤਰ ਬਣ ਗਿਆ ਹੈ ਹੁਸਨ ਇਸ਼ਕ ਦੀਆਂ ਗੱਲਾਂ ਤੋਂ ਲੈ ਕੇ ਸਦਾਚਾਰ, ਸਮਾਜਕ ਤੇ ਆਰਥਕ ਸਮਸਿਆਵਾਂ, ਮਨੋ-ਵਿਗਿਆਨਕ ਗੁੰਝਲਾਂ, ਰਿੰਦੀ ਰਾਜਨੀਤੀ, ਦਰਸ਼ਨ ਆਦਿ ਤਕ ਸਭ ਕੁਝ ਗਜ਼ਲ ਦੀ ਲਪੇਟ ਵਿਚ ਆ ਗਿਆ ਹੈ। ਮੇਵਾ ਸਿੰਘ ਨੇ ਵੀ ਆਪਣੀਆਂ ਗਜ਼ਲਾਂ ਵਿਚ ਕੁਝ ਦਾਰਸ਼ਨਿਕ ਨੁਕਤੇ ਪੇਸ਼ ਕੀਤੇ ਹਨ ਜਿਵੇਂ :

ਜੀਣਾ ਖੁਦਾ ਦੇ ਰਹਿਮ ਤੇ,
ਹੈ ਉਮਰ ਭਰ ਦਾ ਰੋਗ,
ਮਰਨਾ ਵੀ ਸ਼ੈਦ ਹੈ ਸਜ਼ਾ
ਏਸੇ ਕਸੂਰ ਦੀ।
ਇਸ ਪਿਆਰ ਦੇ ਭੁਲਿਆਂ ਰਾਹਾਂ ਤੇ
ਐਸਾ ਵੀ ਸਮਾਂ ਇਕ ਆਉਂਦਾ ਹੈ,
ਜਦ ਤਾਲ ਤੋਂ ਉਖੜੇ ਕਦਮਾਂ ਨੂੰ
ਠੇਡੇ ਵੀ ਸਹਾਰੇ ਹੁੰਦੇ ਨੇ।

ਉਸਨੇ ਕਿਤੇ ਕਿਤੇ ਤਨਜ਼ ਦੇ ਹਥਿਆਰ ਨੂੰ ਵੀ ਵਰਤਿਆ ਹੈ ਜੋ ਆਧੁਨਿਕ ਉਰਦੂ ਗਜ਼ਲ ਦੀ ਜਾਨ ਹੈ । ਇਕੋ ਨਮੂਨਾ ਕਾਫੀ ਹੋਵੇਗਾ :—

ਪੀਣੋ ਨਹੀਂ ਸੰਕੋਚ ਹੈ
ਕੋਈ ਵੀ ਸ਼ੇਖ਼ ਨੂੰ
ਪਰ ਸ਼ਰਤ ਜਾਮ ਨਾਲ ਹੈ
ਇਕ ਸਿਰਫ ਹੂਰ ਦੀ।

ਪਰ ਬਹੁਤ ਕਰਕੇ ਉਸ ਨੇ ਗਜ਼ਲ ਨੂੰ ਆਪਣੇ ਮੂਲ ਅਰਥਾਂ ਵਿਚ ਹੀ ਵਰਤਿਆ ਅਤੇ ਏਸੇ ਖੇਤਰ ਵਿਚ ਉਸਦੀ ਪ੍ਰਾਪਤੀ ਮੰਨਣ ਤੇ ਮਜਬੂਰ ਹੋਣਾ ਪੈਂਦਾ ਹੈ । ਗਜ਼ਲ ਅਰਬੀ ਬੋਲੀ ਦਾ ਸ਼ਬਦ ਹੈ । ਇਸਦੇ ਮੂਲ ਅਰਥ ਹਨ, ਜਵਾਨ ਤੀਵੀਂ ਦੇ ਕੰਨ ਵਿਚ ਗਲ ਕਰਨੀ, ਭਾਵ ਹੁਸਨ, ਇਸ਼ਕ ਦੀਆਂ ਗੱਲਾਂ ਅਤੇ ਇਸ਼ਕ਼ ਰਾਹੀਂ ਪੈਦਾ ਹੋਏ ਮਨੋਵੇਗਾਂ ਦਾ ਵਰਨਣ ਕਰਨਾ, ਜਿਨ੍ਹਾਂ ਨੂੰ ਫਾਰਸੀ ਵਾਲੇ ਵਾਰਦਾਤੇ ਕਲਬੀ ਕਹਿੰਦੇ ਹਨ ਇਸ ਖੇਤਰ ਵਿਚ ਮੇਵਾ ਸਿੰਘ ਦੀ ਕਾਵਿ-ਕਲਾ ਵਾਹ ਵਾਹ ਨਿਖਰੀ ਹੈ। ਕਈ—ਤਾਂ ਲਤਾਫ਼-ਤੇ ਬਿਆਨ ਦਾ ਅਤੀ ਉਤਮ ਨਮੂਨਾ ਹਨ । ਕੁਝ ਨਮੂਨੇ ਦੇਖੋ :-

੧.
ਦਮ ਰੁਕ ਗਏ ਨੇ ਵਕਤ ਦੇ
ਹੋਣੀ ਨੂੰ ਦੇਖ ਕੇ
ਹੈ ਸ਼ੈਦ ਉਠ ਰਹੀ ਨਿਗਾਹ
ਗਿਰ ਕੇ ਹਜ਼ੂਰ ਦੀ।

੨.
ਮੰਜ਼ਲ ਤਾਂ ਮੇਰੇ ਕਦਮਾਂ ਵਿਚ ਸੀ
ਹਿੰਮਤ ਪਰ ਦਿਲ ਦੀ ਹਾਰ ਗਈ,
ਦੋ ਕਦਮ ਉਰੇ ਵੀ ਮੰਜ਼ਲ ਤੋਂ
ਜਦ ਤੇਰੀ ਕਲਾਈ ਮਿਲ ਨਾ ਸਕੀ ।

੩.
ਆਪਣੀ ਹੀ ਕਥਾ ਨਿਕਲੀ
ਜਦੋਂ ਤੇਰੀ ਕਹਾਣੀ
ਐ ਰੂਪ ਬਹੁਤ ਤਰਸ
ਤੇਰੇ ਹਾਲ ਤੇ ਆਇਆ ।

੪.
ਐ ਦਰਦ ਤੇਰੇ ਬਾਅਦ ਜ਼ਰਾ ਚੈਨ ਤਾਂ ਆਇਆ
ਪਰ ਦਰਦ ਗੰਵਾ ਕੇ ਮੈਂ ਬੜਾ ਚੈਨ ਗਵਾਇਆ।

੫.
ਜਿਸ ਰਾਹ ਤੇ ਤੇਰੇ ਪੈਰ ਦੀ,
ਇਕ ਛਣਕ ਪਈ ਸੀ
ਬਰਸਾਂ ਤੋਂ ਮੇਰੇ ਨੈਣ
ਉਹ ਰਾਹ ਦੇਖ ਰਹੇ ਨੇ।

੬.
ਜਿਸ ਥਾਂ ਤੇ ਤੇਰੇ
ਨੈਣਾਂ 'ਚੋਂ ਮੁਸਕਾਣ ਖਿੰਡੀ ਸੀ
ਮੁੜ ਮੁੜ ਕੇ ਸਮਾਂ ਉਥੇ
ਕਈ ਵਾਰ ਗਿਆ ਹੈ।

੭.
ਨਿਗਾਹੋ ਜਾਮ ਦੀ ਭਿਛਿਆ
ਜ਼ਰਾ ਉਠ ਕੇ ਹੀ ਪਾ ਦੇਣਾ,
ਕਿ ਥੋਡੀ ਮੇਹਰ ਤੋਂ ਮੇਰਾ
ਜ਼ਰਾ ਕਾਸਾ ਉਚੇਰਾ ਹੈ।

ਮੈਨੂੰ ਮੇਵਾ ਸਿੰਘ ਤੋਂ ਵੱਡੀਆਂ ਆਸਾਂ ਹਨ ਕਿਉਂਕਿ ਉਸਦਾ ਮਨ ਇਕ ਕਵੀ ਦਾ ਮਨ ਹੈ, ਪਰ ਨੌਜਵਾਨ ਕਵੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਕਵਿਤਾ ਨਿਰਾ ਆਵੇਸ਼ ਹੀ ਨਹੀਂ, ਇਕ ਕਲਾ ਵੀ ਹੈ। ਅਜੇ ਤੀਕ ਕਵੀ ਨੇ ਕਲਾ ਪੱਖ ਵੱਲ ਯੋਗ ਧਿਆਨ ਨਹੀਂ ਦਿੱਤਾ ਜਿਸ ਕਾਰਨ ਕਈ ਥਾਵਾਂ ਉਤੇ ਵਜ਼ਨ ਦੀਆਂ ਤਰੁਟੀਆਂ ਰਹਿ ਗਈਆਂ ਹਨ।

ਮੋਹਨ ਸਿੰਘ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਫਰਵਰੀ 1971.


ਆਜ਼ਾਦੀ

ਅੰਬਰਾਂ ਵਿਚ ਤੱਕ ਉਡਦੇ ਪੰਛੀ ਯਾਦ ਆਜ਼ਾਦੀ ਆਵੇ, ਪਿੰਜਰੇ ਦੀ ਹਰ ਤਾਰ ਸਬਰ ਨੂੰ ਲੱਖ ਫਿਟਕਾਰਾਂ ਪਾਵੇ । ਫਿਰ ਭੀ 'ਜੋਗੀ' ਮੂਲ ਨਾ ਭਾਵੇ ਆਜ਼ਾਦੀ ਉਸ 'ਵਾ ਦੀ, ਜੋ ਕੱਖਾਂ ਦੀ ਕੁੱਲੀ ਵਿਚੋਂ ਵਲ੍ਹਦਾ ਦੀਪ ਬੁਝਾਵੇ।

ਗੁਨਾਹ

ਕਸਮ ਏਸ ਧਰਤੀ ਦੀ, ਅੰਬਰ ਗਵਾਹ ਹੈ, ਮੇਰੇ ਦਿਲ ਦੀ ਧੜਕਣ ਦੀ ਇੱਕੋ ਹੀ ਚਾਹ ਹੈ : ਜ਼ੁਲਮ ਦੀ ਕਬਰ ਤੇ ਮੈਂ ਜੇ ਨੱਚਿਆ ਨਾ, ਮੇਰੀ ਜ਼ਿੰਦਗੀ ਫਿਰ ਮੇਰੇ ਲਈ ਗੁਨਾਹ ਹੈ ।

ਮੰਜ਼ਲ ਆਉਣ ਵਾਲੀ ਹੈ

੧. ਪਾਂਧੀਓ ਕੁੱਛ ਹੌਸਲਾ ਰੱਖਣਾ ਕਿ ਮੰਜ਼ਲ ਆਉਣ ਵਾਲੀ ਹੈ, ਸੱਬਰ ਦੀ ਆਖਰੀ ਔਂਸੀਂ ਬਗ਼ਾਵਤ ਪਾਉਣ ਵਾਲੀ ਹੈ। ਬਣਾਵਾਂਗੇ ਅਸੀਂ ਸਾਕੀ ਜੁਗਾਂ ਦੇ ਇਕ ਪਿਆਸੇ ਨੂੰ, ਸੁਰਾਹੀ ਨਿੰਵ ਕੇ ਚੁਮੇਗੀ, ਮੇਰੇ ਮਿੱਟੀ ਦੇ ਕਾਸੇ ਨੂੰ । ਖਮੋਸ਼ੀ ਜਾਚ ਛਾਲੇ ਦੀ ਤੇ ਹਾਸਾ ਵੇਖ ਲੀਰਾਂ ਦਾ, ਸੰਘਾਸਣ ਡੋਲ ਉੱਠੇਗਾ, ਜ਼ਮਾਨੇ ਦੇ ਅਮੀਰਾਂ ਦਾ। ਬਣਾਵਣਗੇ ਨਵੀਂ ਰੇਖਾ ਮੇਰੀ ਤਕਦੀਰ ਦੇ ਟੋਟੇ, ਜ਼ਮਾਨਾ ਪਹਿਨ ਕੇ ਨਚਸੀ ਮੇਰੀ ਜੰਜ਼ੀਰ ਦੇ ਟੋਟੇ । ਚੁਗਾਂਗੇ ਕੱਖ ਕੁੱਲੀਆਂ ਦੇ ਨਵੀਂ ਕਿਸ਼ਤੀ ਬਣਾਵਾਂਗੇ, ਤੇ ਉਸ ਕਿਸ਼ਤੀ ਨੂੰ ਫਿਰ ਤੂਫਾਨ ਦੇ ਸਿਰ ਤੇ ਨਚਾਵਾਂਗੇ ੀ ਜਲਾ ਕੇ ਰਾਖ ਕਰ ਦੇਵੇ ਜੋ ਦੁਨੀਆਂ ਦੇ ਹਨ੍ਹੇਰੇ ਨੂੰ, ਅਜਿਹਾ ਰਾਗ ਦੀਪਕ ਦਾ ਗ਼ਰੀਬੀ ਗਾਉਣ ਵਾਲੀ ਹੈ। ਕਿ ਮੰਜ਼ਲ ਆਉਣ ਵਾਲੀ ਹੈ ... ... ... ... ... ੨. ਦਰਦ ਦੀ ਆਪ ਬਣ ਜਾਸੀ ਦਵਾ ਦੁਨੀਆਂ ਦਾ ਹਰ ਦਰਦੀ, ਕਿਨਾਰਾ ਬਣਨ ਲਈ ਉੱਠੇਗੀ ਹਰ ਇਕ ਲਹਿਰ ਸਾਗਰ ਦੀ । ਕੱਟੇ ਹੋਏ ਖੰਭ ਨੂੰ ਟੋਲਣਗੇ ਫਿਰ ਤਲਵਾਰਾਂ ਦੇ ਟੋਟੇ, ਤੇ ਖੁਦ ਪਰਵਾਜ਼ ਮੰਗਣਗੇ ਕਫ਼ਸ ਦੀ ਤਾਰ ਦੇ ਟੋਟੇ । ਬੱਦਲੀਆਂ ਦੰਗ ਰਹਿ ਜਾਸਨ ਮੇਰੀ ਪਰਵਾਜ਼ ਨੂੰ ਤੱਕ ਕੇ, ਫਰਸ਼ ਤੇ ਆਣ ਡਿੱਗੇਗੀ ਸ਼ਿਕਾਰੀ ਦੀ ਨਿਗਾਹ ਥੱਕ ਕੇ । ਉਡਾਰੀ ਜਾਣ ਗਈ ਜਿਸ ਦਿਨ ਡਰੀ ਹੋਈ ਸੋਚ ਦੀ ਪਸਤੀ, ਕਫ਼ਨ ਜਾਪੇਗੀ ਹਰ ਇਕ ਤੰਦ ਨੂੰ ਫਿਰ ਜਾਲ ਦੀ ਹਸਤੀ। ਹਰ ਇਕ ਤਨ ਤੇ ਫਰੇਰੇ ਉੱਡ ਰਹੇ ਲੀਰਾਂ ਦੇ ਦੱਸਦੇ ਨੇ, ਇਹ ਦੁਨੀਆਂ ਹੋਂਦ ਭੀ ਆਪਣੀ, ਜੂਏ ਤੇ ਲਾਉਣ ਵਾਲੀ ਹੈ। ਕਿ ਮੰਜ਼ਲ ਆਉਣ ਵਾਲੀ ਹੈ ... ... ... ... ... ੩. ਜੁਆਲਾ ਬਣ ਕੇ ਭੜਕਣਗੇ ਦੱਬੇ ਅਰਮਾਨ ਸਦੀਆਂ ਦੇ, ਉੱਠਣਗੇ ਬਣ ਕੇ ਸੱਭ ਬਾਗੀ ਦੱਬੇ ਇਨਸਾਨ ਸਦੀਆਂ ਦੇ। ਉੱਠਣਗੇ ਇਸ ਤਰ੍ਹਾਂ ਸ਼ੋਅਲੇ ਹਰ ਇਕ ਕਿੰਗਰੇ ਮਨਾਰੇ ਤੋਂ, ਕਿ ਹਰ ਬਿਜਲੀ ਪਨਾਹ ਮੰਗਸੀ ਮੇਰੇ ਫੂਸਾਂ ਦੇ ਢਾਰੇ ਤੋਂ। ਬੱਝੇ ਹੋਏ ਦੀਪ ਸਦੀਆਂ ਦੇ ਅਸੀਂ ਮੁੜ ਕੇ ਜਗਾਵਾਂਗੇ, ਤੇ ਕੰਬਦੀ ਲਾਟ ਨੂੰ ਨ੍ਹੇਰੇ ' ਦੇ ਸੀਨੇ ਤੇ ਨਚਾਵਾਂਗੇ। ਰੁਲੇ ਹੋਏ ਖਾਕ ਵਿਚ ਅੱਥਰੂ ਤੇ ਬੇ-ਬਸ ਖੂਨ ਦੇ ਕੱਤਰੇ, ਚੁਨਣਗੇ ਨਾਲ ਪਲਕਾਂ ਦੇ ਨਵੇਂ ਇਤਿਹਾਸ ਦੇ ਪੱਤਰੇ । ਜਿਨ੍ਹਾਂ ਦੇ ਕਾਲਿਆਂ ਲੇਖਾਂ ਤੇ ਹੱਸਦਾ ਅੱਜ ਜ਼ਮਾਨਾ ਹੈ । ਉਨ੍ਹਾਂ ਬਣਬਾਸੀਆਂ ਦੀ ਕਲ੍ਹ ਨੂੰ ਆ ਜਾਣੀ ਦਿਵਾਲੀ ਹੈ, ਕਿ ਮੰਜ਼ਲ ਆਉਣ ਵਾਲੀ ਹੈ ... ... ... ... ... ੪. ਸੰਭਲ ਜਾਵੋ ਤੂਫਾਨੀ ਹਵਾ ਨੇ ਬੱਦਲ ਲਏ ਪਾਸੇ, ਵਰੋਲੇ ਤੋਂਸਦੇ ਫ਼ਿਰਦੇ ਨੇ ਥਾਂ ਥਾਂ ਨੀਰ ਦੇ ਪਿਆਸੇ । ਮੇਰੀ ਨਯੀਆ ਦਾ ਲਹਿਰਾਂ ਨੂੰ ਸਦਾ ਏਹੋ ਇਸ਼ਾਰਾ ਹੈ, ਕਿ ਤੂਫਾਂ ਹੈ ਮੇਰੀ ਮੰਜ਼ਲ ਭੰਵਰ ਮੇਰਾ ਕਿਨਾਰਾ ਹੈ। ਨਹੀਂ ਡਰ ਉਸ ਨਯੀਆ ਨੂੰ ਖਵੱਈਏ ਨੇ ਜਵਾਂ ਜਿਸ ਦੇ, ਤੇ ਮਜ਼ਦੂਰਾਂ ਦੀਆਂ ਲੀਰਾਂ ਬਣੇ ਨੇ ਬਾਦਬਾਂ ਜਿਸ ਦੇ । ਸੰਭਾਲੋ ਬੀਆ-ਬਾਨੋਂ ਮੇਰੇ ਕਦਮਾਂ ਨਿਸ਼ਾਨਾਂ ਨੂੰ, ਖਿਜ਼ਰ ਚਲਿਆ ਬਨਾਵਣ ਮੈਂ ਵਤਨ ਦੇ ਨੌਜਵਾਨਾਂ ਨੂੰ। ਸਵੇਰਾ ਦੇਖ ਕੇ ਆਉਂਦਾ ਹੋਏਗਾ, ਰੰਗ ਫਿੱਕ ਇਸ ਦਾ, ਜੋ ਅੱਜ ਜੋਗੀ ਦੀ ਦੁਨੀਆਂ ਤੇ ਬਸੀ ਹੋਈ ਰਾਤ ਕਾਲੀ ਹੈ । ਪਾਂਧੀਓ ਹੌਂਸਲਾ ਰੱਖੋ ਕਿ ਮੰਜ਼ਲ ਆਉਣ ਵਾਲੀ ਹੈ, ਸਬਰ ਦੀ ਆਖਰੀ ਔਂਸੀ ਬਗ਼ਾਵਤ ਪਾਉਣ ਵਾਲੀ ਹੈ।

ਇਸ ਦਿਲ ਦੇ ਡੂੰਘੇ ਜ਼ਖਮਾਂ ਨੂੰ

ਇਸ ਦਿਲ ਦੇ ਡੂੰਘੇ ਜ਼ਖਮਾਂ ਨੂੰ ਦਿਲ ਦੀ ਡੂੰਘਾਈ ਮਿਲ ਨਾ ਸਕੀ, ਹਰ ਬਾਰ ਜ਼ਮਾਨਾ ਹਰ ਗਿਆ ਬੰਦੇ ਦੀ ਖੁਦਾਈ ਮਿਲ ਨਾ ਸਕੀ । ਮੰਜ਼ਲ ਤਾਂ ਮੇਰੇ ਕਦਮਾਂ ਵਿਚ ਸੀ ਹਿੰਮਤ ਪਰ ਦਿਲ ਦੀ ਹਾਰ ਗਈ, ਦੋ ਕਦਮ ਉਰੇ ਭੀ ਮੰਜ਼ਲ ਤੋਂ ਜਦ ਤੇਰੀ ਕਲਾਈ ਮਿਲ ਨਾ ਸਕੀ। ਅੱਜ ਰੋਗ ਉਮਰ ਦਾ ਬਣ ਬੈਠੇ ਅਣਜਾਣ ਮੁਹੱਬਤ ਦੇ ਸੌਦੇ, ਜਿਸ ਗ਼ਮ ਨੂੰ ਜੁਦਾਈ ਤੋਂ ਲੀਤਾ ਉਸ ਗ਼ਮ ਤੋਂ ਜੁਦਾਈ ਮਿਲ ਨਾ ਸਕੀ । ਤੇਰਾ ਹੱਥਾਂ 'ਚੋਂ ਨਿਕਲ ਗਿਆ ਪੱਲੂ ਮੇਰੀ ਕੰਬਦੀ ਕਲਾਈਓਂ ਦੂਰ ਨਾ ਸੀ, ਪਰ ਗਲ ਚੋਂ ਲੱਥੀਆਂ ਬਾਂਹਵਾਂ ਨੂੰ ਇਕ ਭੀ ਅੰਗੜਾਈ ਮਿਲ ਨਾ ਸਕੀ । ਗ਼ਮ ਦਰਦ ਤਾਂ ਦਿਲ ਦਾ ਖਾਸਾ ਹੈ ਇਸ ਦਰਦ ਬਿਨਾ ਦਿਲ ਕੁਝ ਭੀ ਨਹੀ, ਇੰਜ ਸੋਚ ਕੇ ਦਿਲ ਭੀ ਦੇ ਬੈਠੇ ਪਰ ਗ਼ਮ ਤੋਂ ਰਹਾਈ ਮਿਲ ਨਾ ਸਕੀ। ਤੇਰੀ ਹੋਂਦ ਪੁਰਾਣੀ ਅਜ਼ਲਾਂ ਤੋਂ ਮੇਰਾ ਰੋਗ ਪੁਰਾਤਨ ਹਸਤੀ ਤੋਂ, ਤੈਨੂੰ ਰੋਗ ਨਾ ਮੇਰਾ ਮਿਲ ਸਕਿਆ, ਮੈਨੂੰ ਇਸ ਦੀ ਦੁਵਾਈ ਮਿਲ ਨਾ ਸਕੀ। ਹਰ ਠੋਕਰ ਭੁਲਿਆ ਰਾਹਾਂ ਦੀ ‘ਜੋਗੀ’ ਦਾ ਸਹਾਰਾ ਬਣਦੀ ਰਹੀ, ਜਦ ਨੈਣ ਗੰਵਾ ਕੇ ਭੀ ਆਪਣੇ ਇਕ ਨਜ਼ਰ ਪੁਰਾਣੀ ਮਿਲ ਨਾ ਸਕੀ ।

ਇਕ ਵਾਰ ਚਿਹਨ ਜਿਸ ਨੱਈਆ ਦੇ

ਇਕ ਵਾਰ ਚਿਹਨ ਜਿਸ ਨੱਈਆ ਦੇ ਤੂਫਾਨਾਂ ਨਿਖਾਰੇ ਹੁੰਦੇ ਨੇ, ਹਰ ਪੈਰ ਤੇ ਉਸ ਦੀ ਮੰਜ਼ਲ ਦੇ ਛੱਲਾਂ ਦੇ ਹੁਲਾਰੇ ਹੁੰਦੇ ਨੇ । ਇਸ ਪਿਆਰ ਦੇ ਭੁੱਲਿਆਂ ਰਾਹਾਂ ਤੇ ਐਸਾ ਭੀ ਸਮਾਂ ਇੱਕ ਆਉਂਦਾ ਹੈ, ਜਦ ਤਾਲ ਤੋਂ ਉਖੜੇ ਕਦਮਾਂ ਨੂੰ ਠੇਡੇ ਭੀ ਸਹਾਰੇ ਹੁੰਦੇ ਨੇ । ਉਸ ਅੱਥਰੂ ਦੇ ਲੇਖ ਤੇ ਕੀ ਰੋਣਾ ਅੱਖ ਤਰ ਕੇ ਜੋ ਉਸ ਥਾਂ ਡੁੱਬ ਜਾਏ, ਇੱਕ ਨਜ਼ਰ ਪਰੇ ਬੱਸ ਜਿਸ ਥਾਂ ਤੋਂ ਪੱਲੂ ਦੇ ਕਿਨਾਰੇ ਹੁੰਦੇ ਨੇ । ਜਿਸ ਗ਼ਮ ਨਾਲ ਟੁੱਟਿਆ ਦਿਲ ਮੇਰਾ, ਫਿਰ ਉਸ ਦਾ ਸਹਾਰਾ ਭਾਲ ਰਿਹਾਂ, ਇਸ ਰੂਪ ਦੇ ਬਖਸ਼ੇ ਗ਼ਮ ਦਿਲ ਨੂੰ ਰੂਪੋਂ ਭੀ ਪਿਆਰੇ ਹੁੰਦੇ ਨੇ। ਮੇਰੀ ਉਮਰ ਉਡੀਕਾਂ ਦੀ ਸਾਰੀ ਉਸ ਨਜ਼ਰ ਤੋਂ ਵਾਰੀ ਸੌ ਵਾਰੀ, ਜਿਸ ਨਜ਼ਰ ਨੇ ਤੇਰੀਆਂ ਪਲਕਾਂ ਤੇ ਦੋ ਪਲ ਭੀ ਗੁਜ਼ਾਰੇ ਹੁੰਦੇ ਨੇ । ਜਿਸ ਥਾਂ ਤੇ ਸੁਰਾਹੀ ਨਿਵ ਜਾਏ, ਦਰਬਾਰ ਹੈ ਕਾਸੇ ਦਾ ਉਹੋ, ਜਿੱਥੇ ਕਾਸਾ ਭੀ ਐਪਰ ਝੁਕ ਜਾਵੇ, ਫੱਕਰਾਂ ਦੇ ਦੁਆਰੇ ਹੁੰਦੇ ਨੇ । ਔਖਾ ਹੈ ਇਹ ਦੁਨੀਆਂ ਦਾ ਜਿਤਣਾ ਇਹ ਦੀ ਹਾਰ ਭੀ ਔਖੀ ਹੈ ਜੋਗੀ, ਜਿਹੜੇ ਦਿਲ ਦੀ ਬਾਜ਼ੀ ਜਿੱਤ ਲੈਂਦੇ ਪਹਿਲਾਂ ਦਿਲ ਦੀਆਂ ਹਾਰੇ ਹੁੰਦੇ ਨੇ।

ਰਾਹਾਂ ਚਿ ਰੁਲੇ ਅੱਥਰੂ

ਰਾਹਾਂ ਚਿ ਰੁਲੇ ਅੱਥਰੂ ਕੋਈ ਭਾਲ ਰਿਹਾ ਹੈ, ਕੁਝ ਵਕਤ ਲਈ ਗ਼ਮ ਨੂੰ ਤੇਰੇ ਟਾਲ ਰਿਹਾ ਹੈ । ਰਸਤਾ ਹੈ ਤੇਰੇ ਰੋਸ ਤੋਂ ਜੀਵਨ ਤਕ ਨ੍ਹੇਰਾ, ਹਰ ਪੈਰ ਤੇ ਰਾਹ ਮੰਜ਼ਲ ਦਾ ਦੀਆ ਬਾਲ ਰਿਹਾ ਹੈ। ਸ਼ਰਮਾ ਕੇ ਜਿੱਥੇ ਪਹਿਲੀ ਨਜ਼ਰ ਤੇਰੀ ਡਿੱਗੀ ਸੀ, ਦਿਲ ਅੱਜ ਭੀ ਖੜਾ ਉਥੇ ਹੀ ਕੁਝ ਭਾਲ ਰਿਹਾ ਹੈ । ਮਸਤਕ ਤੋਂ ਕੋਈ ਤੋੜ ਕੇ ਨਿੱਤ ਰੇਖ ਅਛੂਤੀ, ਇੱਕ ਯੁਗ ਤੋਂ ਤੇਰੀ ਔਂਸੀਂ ਨੂੰ ਬਸ ਪਾਲ ਰਹਿਆ ਹੈ। ਕੁੱਛ ਏਸ ਤਰ੍ਹਾਂ ਦਿਲ ਤੇ ਬਣੀ ਬੀਤ ਰਹੀ ਹੈ, ਤੇਰੇ ਗ਼ਮ ਨੂੰ ਸਮਾਂ ਤੇ ਸਮੇਂ ਨੂੰ ਇਹ ਗ਼ਮ ਟਾਲ ਰਹਿਆ ਹੈ। ਔਖਾ ਹੈ ਤੇਰੇ ਨਾਲੋਂ ਤੇਰੇ ਗ਼ਮ ਦਾ ਵਿਛੋੜਾ, ਹਰ ਹਾਲ ਚ ਹਰ ਥਾਂ ਇਹ ਮੇਰੇ ਨਾਲ ਰਿਹਾ ਹੈ । ਝਾਂਜਰ ਦੀ ਛਣਕ ਤੇਰੀ ਜੋ ਇੱਕ ਵਾਰ ਸੁਣੀ ਸੀ, ਅੱਜ ਜੋਗੀ ਕੋਈ ਗੀਤ ’ਚ ਉਹ ਢਾਲ ਰਿਹਾ ਹੈ । ਰਾਹਾਂ ਚਿ ਰੁਲੇ ਅੱਥਰੂ ਕੋਈ ਭਾਲ ਰਿਹਾ ਹੈ।

ਜੀਵਨ ਦਾ ਫਿਕਰ ਬਾਜ਼ੀ ਕੋਈ

ਜੀਵਨ ਦਾ ਫਿਕਰ ਬਾਜ਼ੀ ਕੋਈ ਹਾਰ ਗਿਆ ਹੈ ਹਰ ਪੈਰ ਤੇ ਜਿੱਤਦਾ ਹੀ ਤੇਰਾ ਪਿਆਰ ਗਿਆ ਹੈ । ਜਿਸ ਥਾਂ ਤੇ ਤੇਰੇ ਨੈਣਾਂ ਚੋਂ ਮੁਸਕਾਣ ਖਿੰਡੀ ਸੀ, ਮੁੜ ਮੁੜ ਕੇ ਸਮਾਂ ਉਥੇ ਕਈ ਵਾਰ ਗਿਆ ਹੈ। ਉੱਠਿਆ ਜੋ ਮੇਰੇ ਵੱਲ ਨੂੰ ਕਦੀ ਪੈਰ ਸੀ ਤੇਰਾ, ਠੋਕਰ ਉਹ ਮੇਰੇ ਜਾਮ ਨੂੰ ਅੱਜ ਮਾਰ ਗਿਆ ਹੈ । ਲੱਗਦੇ ਨੇ ਤੇਰੇ ਬੋਲ ਸਗੋਂ ਹੋਰ ਪਿਆਰੇ, ਜਿਸ ਦਿਨ ਦਾ ਤੇਰੇ ਬੋਲ ਤੋਂ ਇਤਬਾਰ ਗਿਆ ਹੈ। ਮਿਲਿਆ ਨਾ ਤੇਰੇ ਦਰ ਤੋਂ ਮੇਰਾ ਖੋਇਆ ਨਸੀਬਾ । ਸੌ ਵਾਰ ਜਗ੍ਹਾ ਜੋਤ ਮੇਰਾ ਪਿਆਰ ਗਿਆ ਹੈ। ਉਂਗਲੀ ਤੇ ਤੇਰੀ ਲਿਪਟੀ ਹੋਈ ਦਸਦੀ ਹੈ ਚੁਨੀ। ਦੁਨੀਆਂ ਤੋਂ ਕੋਈ ਚਾਲ ਇਹ ਦਿਲ ਹਾਰ ਗਿਆ ਹੈ, ਦੱਸਿਆ ਨਾ ਮੇਰੇ ਦਿਲ ਨੂੰ ਤੇਰੇ ਗ਼ਮ ਨੇ ਟਿਕਾਣਾ । ਖੋਜਾਂ 'ਚ ਉਮਰ ਜੋਗੀ ਏਹ ਗੁਜ਼ਾਰ ਗਿਆ ਹੈ ।

ਫਿਰ ਯਾਦ ਕੋਈ ਦਰ ਤੇ ਮੇਰੇ

ਫਿਰ ਯਾਦ ਕੋਈ ਦਰ ਤੇ ਮੇਰੇ ਆਣ ਖੜੀ ਹੈ, ਭਟਕੀ ਹੈ ਕਿਸੇ ਰਾਹ 'ਚੋਂ ਪਰੇਸ਼ਾਨ ਖੜੀ ਹੈ। ਉਲਝੀ ਸੀ ਤੇਰੀ ਲਟ ਨਾਂ ਜਿੱਥੇ ਮੇਰੀ ਜਵਾਨੀ, ਅੱਜ ਤਾਈਂ ਉਮਰ ਉਥੇ ਹੀ ਅਣਜਾਨ ਖੜੀ ਹੈ । ਮੇਰੇ ਤੋਂ ਤੇਰਾ ਪੰਧ ਤਾਂ ਇਕ ਨਜ਼ਰ ਸੀ ਸਾਰਾ, ਥੱਕ ਹਾਰ ਕੇ ਅੱਧਵਾਟ ਹੀ ਪਰ ਜਾਨ ਖੜੀ ਹੈ । ਰਸਤੇ ਨੇ ਰੁਲੇ ਏਸ ਤਰ੍ਹਾਂ ਮੇਰੇ ਜਨੂੰ ਤੋਂ, ਕਦਮਾਂ 'ਚ ਮੇਰੇ ਆਪ ਮੰਜ਼ਲ ਆਨ ਖੜੀ ਹੈ । ਦੋ ਪੈਰ ਜ਼ਰਾ ਚਲ ਲੈ ਦਿਲਾ ਲਟ ਦੇ ਹਨ੍ਹੇਰੇ, ਨੇੜੇ ਹੀ ਮੇਰੇ ਹੰਝੂਆਂ ਦੀ ਮੁਸਕਾਨ ਖੜੀ ਹੈ । ਆਖਰ ਤਾਂ ਮੇਰਾ ਇਸ਼ਕ ਕਦੀ ਰੂਪ ਬਣੇਗਾ, ਦੋ ਦਿਨ 'ਚ ਹੀ ਕਿਉਂ ਜਿੰਦ ਇਹ ਹੈਰਾਨ ਖੜੀ ਹੈ। ਹੋਸ਼ਾਂ ਨੂੰ ਮੇਰੇ ਜਾਮ ਇਕ ਹੋਰ ਪਿਲਾ ਦੇ, ਜੋਗੀ ਦੀ ਕੋਈ ਤੋਬਾ ਬਣੀ ਈਮਾਨ ਖੜੀ ਹੈ ।

ਦਿਲ ਦੇਣਦਾਰ ਹੋ ਗਿਆ

ਦਿਲ ਦੇਣਦਾਰ ਹੋ ਗਿਆ ਕੂੜੇ ਕਰਾਰ ਦਾ, ਇਕ ਹੋਰ ਕੱਟ ਗਿਆ ਹੈ ਦਿਨ ਤੇਰੇ ਬੀਮਾਰ ਦਾ । ਕਿੰਝ ਬੀਤ ਦੀ ਪਤਾ ਨਹੀਂ ਦੋ ਦਿਨ ਦੀ ਜ਼ਿੰਦਗੀ, ਗ਼ਮ ਵੀ ਕਦੀ ਜੇ ਵਕਤ ਨਾ ਮੇਰਾ ਗੁਜ਼ਾਰ ਦਾ। ਦੇ ਕੇ ਹਵਾ ਵੀ ਬਚ ਗਿਆ ਪੱਲਾ ਜੇ ਰੇਸ਼ਮੀ ਕੋਈ, ਇਹ ਭੀ ਤਾਂ ਇੱਕ ਅਹਿਸਾਨ ਹੈ ਦਿਲ ਦੇ ਅੰਗਾਰ ਦਾ । ਆਹ ਲੈ ਸੰਭਾਲ ਮੁਸ਼ਕਣੀ ਮੇਰੀ ਜਾਨ ਦੋ ਘੜੀ, ਗ਼ਮ ਥੱਕ ਗਿਆ ਹੈ ਸ਼ਾਇਦ ਕੋਈ ਲਟ ਸੰਵਾਰਦਾ । ਜਾਣਾ ਸੀ ਹੋਰ ਭੀ ਅਗਾਂਹ ਤੇਰੇ ਮਿਲਾਪ ਤੋਂ, ਲੰਬਾ ਹੈ ਜ਼ਿੰਦਗੀ ਤੋਂ ਪਰ ਰਾਹ ਇੰਤਜ਼ਾਰ ਦਾ । ਉਹਨੇ ਤਾਂ ਸੀ ਬੁਲਾ ਲਿਆ ਗ਼ਮ ਦੇ ਬੀਮਾਰ ਨੂੰ, ਟੁਰਿਆ ਨਾ ਦੋ ਕਦਮ ਭੀ ਪਰ ਹੀਆ ਪਿਆਰ ਦਾ। ਹੁੰਦੀ ਨਾ ਤੇਰੀ ਜਿੱਤ ਕਦੀ ਮੇਰੀ ਹੀ ਹਾਰ ਦੀ ਮੁਹਤਾਜ, ਬਾਜ਼ੀ ਕਦੀ ਨਾ ਇਸ਼ਕ ਦੀ ਜੋਗੀ ਸੀ ਹਾਰਦਾ ।

ਤੇਰੇ ਦਰ ਤੋਂ ਜਦੋਂ ਮੁੜ ਕੇ

ਤੇਰੇ ਦਰ ਤੋਂ ਜਦੋਂ ਮੁੜ ਕੇ ਸਬਰ ਆਇਆ, ਹਰ ਪੈਰ ਤੇ ਰਾਹ 'ਚ ਤੇਰਾ ਦਰ ਆਇਆ । ਐਸੇ ਭੀ ਤੇਰੇ ਰਾਹ 'ਚ ਕਈ ਥਾਂ ਆਏ, ਤੇਰਾ ਦਰ ਭੀ ਪਿੱਛਾਂ ਜਿਸ ਤੋਂ ਨਜ਼ਰ ਆਇਆ । ਜਦ ਭੀ ਯਾਦ ਤੇਰੀ ਭੁੱਲ ਦੀ ਆਈ, ਤੇਰਾ ਰੂਪ ਸਗੋਂ ਹੋਰ ਨਿੱਖਰ ਆਇਆ । ਸਾਰੇ ਜੱਗ ਨੇ ਜੋ ਅੱਜ ਤਾਈਂ ਪੀਤੀ, ਤੇਰੇ ਨੈਣੀ ਕਿਵੇਂ ਉਸ ਦਾ ਅਸਰ ਆਇਆ । ਮੁਕਣਾ ਹੈ ਹਰ ਇਕ ਦਰਦ ਨੇ ਇਕ ਦਿਨ, ਡਰ ਦਿਲ ਨੂੰ ਤੇਰੇ ਰੋਸ ਤੋਂ ਪਰ ਆਇਆ । ਨਾ ਆਉਣ ਦਾ ਡਰ ਸੀ ਤੇਰੇ ਆਣ ਤੋਂ ਪਹਿਲਾਂ, ਆਉਣ ਸਾਰ ਚਲੇ ਜਾਣ ਦਾ ਡਰ ਆਇਆ। ਦਿਲ ਵੀ ਆਪਣਾ ਅਜਬ ਜਾਮ ਹੈ “ਜੋਗੀ”, ਜਦ ਜਦ ਵੀ ਕਿਸੇ ਪੀਤਾ ਇਹ ਭਰ ਆਇਆ ।

ਜ਼ਿੰਦਗੀ ਵੀ ਘਣੀ ਰਾਤ ਬਣਾਈ

ਜ਼ਿੰਦਗੀ ਵੀ ਘਣੀ ਰਾਤ ਬਣਾਈ, ਗ਼ਮ ਨੂੰ ਨੀਂਦ ਨਾ ਫੇਰ ਭੀ ਆਈ। ਇਕ ਉੱਮਰ ਰਿਹਾ ਦਿਲ ਬਲਦਾ, ਬੱਝੀ ਆਸ ਨਾ ਪਰ ਰੁਸ਼ਨਾਈ । ਸਾਰੇ ਆਏ ਨੇ ਮੇਰੀ ਖ਼ਬਰ ਨੂੰ, ਇਕ ਤੇਰੀ ਖ਼ਬਰ ਹੀ ਨਾ ਆਈ । ਜਦ ਜਦ ਭੀ ਮੈਂ ਜ਼ਿੰਦਗੀ ਤੇ ਰੋਇਆ, ਮੇਰੀ ਸਾਦਗੀ ਤੇ ਉਹ ਮੁਸਕਾਈ । ਮੈਥੋਂ ਭੁਲ ਨਾ ਸਕੀ ਭੁਲ ਆਪਣੀ, ਤੇਰੀ ਸਾਰੀ ਮੈਂ ਯਾਦ ਭੁਲਾਈ। ਤੇਰੇ ਰੂਪ ਦੀ ਵੱਧ ਗਈ ਆਯੂ, ਮੇਰੇ ਗ਼ਮ ਨੇ ਜਾਂ ਲਈ ਅੰਗੜਾਈ। ਕਿਸੇ ‘ਜੋਗੀ’ ਦੀ ਲੁੱਟ ਗਈ ਦੁਨੀਆਂ, ਭਾਵੇਂ ਆਪਣੀ ਤੂੰ ਨਜ਼ਰ ਚੁਰਾਈ ।

ਮਿਟਦੀ ਨਹੀਂ ਤਿਖਾ ਕਦੀ

ਮਿਟਦੀ ਨਹੀਂ ਤਿਖਾ ਕਦੀ ਨੈਣਾਂ ਨੂੰ ਨੂਰ ਦੀ, ਕਿੰਨੀ ਸੰਖੇਪ ਹੈ ਕਥਾ ਮੂਸਾ ਦੇ ਤੂਰ ਦੀ। ਜੀਣਾ ਖੁਦਾ ਦੇ ਰਹਿਮ ਤੇ ਹੈ, ਉਮਰ ਭਰ ਦਾ ਰੰਗ ਮਰਨਾ ਭੀ ਸ਼ੈਦ ਹੈ ਸਜ਼ਾ ਏਸੇ ਕਸੂਰ ਦੀ । ਐ ਜਾਮ ਤੇਰੀ ਲੋਚ ਹੈ, ਰਾਹੀ ਨੂੰ ਇਸ ਲਈ, (ਕਿ) ਰਸਤੇ ਨੇ ਪਿਆਰ ਦੇ ਬਣੇ ਹੋਸ਼ਾਂ ਤੋਂ ਦੂਰ ਦੀ। ਪੀਣੋਂ ਨਹੀਂ ਸੰਕੋਚ ਹੈ ਕੋਈ ਭੀ ਸ਼ੇਖ ਨੂੰ, ਪਰ ਸ਼ਰਤ ਜਾਮ ਨਾਲ ਹੈ, ਇਕ ਸਿਰਫ਼ ਹੂਰ ਦੀ । ਮੇਰੇ ਇਸ਼ਕ ਦਾ ਗਰੂਰ ਸੀ ਇਕ ਪਲ ਹੀ ਪਛੜਿਆ, ਮੇਰੀ ਬੇ-ਵਸੀ ਰਹੀ ਸਦਾ ਇਸ ਪਲ ਨੂੰ ਝੂਰਦੀ। ਦਮ ਰੁਕ ਗਏ ਨੇ ਵਕਤ ਦੇ ਹੋਣੀ ਨੂੰ ਵੇਖ ਕੇ, ਹੈ ਸ਼ੈਦ ਉੱਠ ਰਹੀ ਨਿਗਾਹ ਗਿਰ ਕੇ ਹਜ਼ੂਰ ਦੀ। ‘ਜੋਗੀ’ ਨਜ਼ਰ ਦੇ ਜਾਮ ਦਾ ਨਾ ਆਰ ਹੈ ਨਾ ਪਾਰ, ਬੇੜੀ ਭਰੀ ਹੋਈ ਹੈ ਇਹ ਲਹਿਰਾਂ ਦੇ ਪੂਰ ਦੀ ।

ਉਜੜਿਆ ਦਿਲ ਮੇਰਾ ਫਿਰ ਭੀ

ਉਜੜਿਆ ਦਿਲ ਮੇਰਾ ਫਿਰ ਭੀ ਕਿਸੇ ਦਾ ਤਾਂ ਬਸੇਰਾ ਹੈ, ਮੇਰੇ ਸੱਜਨਾ ਦਾ ਪਰ ਦੇਖ ਕੇਹੀ ਰੋਹੀ 'ਚ ਡੇਰਾ ਹੈ। ਬੁਝੇ ਸੱਭ ਦੀਪ ਨੇ ਦਿਲ ਦੇ ਸੜੇ ਅਰਮਾਨ ਨੇ ਸਾਰੇ, ਤੇਰੀ ਦੁਨੀਆਂ 'ਚ ਐ ਚੰਨਾਂ ਕਿਵੇਂ ਏਨਾ ਅੰਨ੍ਹੇਰਾ ਹੈ, ਹੁਸਨ ਦੀ ਛੁਹ ਬੜੀ ਔਖੀ ਲਟਾਂ ਦੇ ਰਸਤਿਆਂ ਰਾਹੀਂ, ਮੈਂ ਉਸੇ ਰੈਣ ਥੀਂ ਗੁਮੀਆਂ ਜਿਹਦੀ ਮੰਜ਼ਲ ਸਵੇਰਾ ਹੈ । ਮੈਂ ਗ਼ਮ ਦੇ ਨਾਲ ਆਪਣਾ ਜਾਣ ਕੇ ਦੋ ਪੈਰ ਟੁਰਿਆ ਸੀ, ਮੇਰੀ ਬੇ ਆਸਰਾ ਲਗਜ਼ਸ਼ ਪੁਕਾਰੀ ਗਮ ਭੀ ਤੇਰਾ ਹੈ ।

ਚਲੋ ਹੰਝੂਓ ਕੋਈ ਆਵਾਜ਼ ਆਈ ਹੈ

ਚਲੋ ਹੰਝੂਓ ਕੋਈ ਆਵਾਜ਼ ਆਈ ਹੈ, ਕਿ ਦਰ ਤੇ ਰੋ ਰਹੀ ਸ਼ਾਇਦ ਖੁਦਾਈ ਹੈ । ਊਸ਼ਾ ਦੀ ਲੋ 'ਚ ਮੇਰੇ ਡੁੱਬੇ ਗਏ ਤਾਰੇ, ਬਹੁਤ ਹੀ ਗ਼ਮ ਨੇ ਲੰਬੀ ਬਾਤ ਪਾਈ ਹੈ । ਬਖਸ਼ ਦੇ ਐ ਦਇਆ ਸਭ ਮੇਰੀਆਂ ਨਜ਼ਰਾਂ, ਕਿ ਮੈਥੋਂ ਹਰ ਨਜ਼ਰ ਮੇਰੀ ਪਰਾਈ ਹੈ। ਬੜਾ ਔਖਾ ਦੁਆ ਦਾ ਮੇਹਰ ਤਕ ਪੁੱਜਣਾ, ਖੁਦੀ ਦੀ ਬੇ-ਖੁਦੀ ਰਸਤੇ 'ਚ ਪਾਈ ਹੈ । ਖੁਸ਼ੀ ਦੀ ਲੋਚ ਹੀ ਤਾਂ ਗ਼ਮ ਦੀ ਜਨਨੀ ਹੈ, ਖੁਸ਼ੀ ਦੀ ਲੋਚ ਹੀ ਗ਼ਮ ਦੀ ਦਵਾਈ ਹੈ । ਨਾ ਛੇੜੋ ਚੀਸ ਬਣ ਬਣ ਬੀਤੀਓ ਯਾਦੋ, ਮਸਾਂ ਹੀ ਹੁਣ ਜ਼ਖਮ ਨੀਂਦ ਆਈ ਹੈ ਭਟਕਦੇ ਰਹਿਣਗੇ ਉਹ ਪਿਆਰ ਭੀ ‘ਜੋਗੀ’, ਨਾ ਠੋਕਰ ਜਿਸ ਨੂੰ ਤੇਰੇ ਪੈਰ ਲਾਈ ਹੈ ।

ਬੁਲ੍ਹਾਂ ਨੂੰ ਛੋਹ ਰਿਹਾ ਹੈ ਜਾਮ

ਬੁਲ੍ਹਾਂ ਨੂੰ ਛੋਹ ਰਿਹਾ ਹੈ ਜਾਮ, ਫਿਰ ਭੀ ਪਿਆਸ ਹੈ, ਐ ਰੂਪ ਤੇਰੀ ਮਿਹਰ ਹੁਣ ਨਾ ਗ਼ਮ ਨੂੰ ਰਾਸ ਹੈ । ਆਪਾ ਮਿਲਣ ਦੀ ਲੋਚ ਸੀ, ਤੇਰੇ ਮਿਲਣ ਤੋਂ ਬਾਦ, ਆਪਾ ਮਿਲਣ ਤੋਂ ਬਾਦ ਪਰ ਤੇਰੇ ਮਿਲਣ ਦੀ ਆਸ ਹੈ। ਪੀ ਪੀ ਕੇ ਮੇਰਾ ਗ਼ਮ ਪਲੀ ਤੇਰੇ ਖ਼ਿਆਲ ਦੀ ਖ਼ੁਸ਼ੀ, ਤੇਰੀ ਖੁਸ਼ੀ ਦੀ ਫੇਰ ਭੀ ਗ਼ਮ ਨੂੰ ਮੇਰੇ ਪਿਆਸ ਹੈ । ਮੇਰੀ ਦੁਆ ਦੀ ਹੋਂਦ ਹੈ ਤੇਰੀ ਸਦੀਵ ਬੇ-ਰੁਖੀ, ਫਿਰ ਤੇਰੀ ਬੇ-ਰੁਖੀ ਤੋਂ ਕਿਉਂ ਮੇਰੀ ਦੁਆ ਉਦਾਸ ਹੈ । ਮੇਰੇ ਹੀ ਗ਼ਮ ਦਾ ਨੂਰ ਹੈ, ਤੇਰਾ ਸਰੂਪ ਰੂਪ ਰੰਗ, ਤੇਰੇ ਮਿਲਣ ਤੇ ਫਿਰ ਵੀ ਗ਼ਮ ਦੇ ਮਿਟਣ ਦੀ ਆਸ ਹੈ। ਤੇਰੀ ਨਜ਼ਰ ਸੀ ਜੋ ਡਿੱਗੀ ਮੇਰੀ ਨਜ਼ਰ ਦੇ ਸਾਹਮਣੇ, ਉਸੇ ਨਜ਼ਰ ਤੋਂ ਡਿੱਗ ਕੇ ਹੁਣ ਮੇਰੀ ਨਜ਼ਰ ਉਦਾਸ ਹੈ। ਜੋਗੀ ਇਹ ਇਸ਼ਕ ਦੀ ਅਗਨ ਬੁੱਝਦੀ ਨਾ ਹੰਝੂਆਂ ਦੇ ਨਾਲ, ਪਲ ਪਲ ਜੋ ਦੇ ਰਿਹਾ ਹਵਾ ਜੀਵਨ ਦਾ ਹਰ ਸੁਆਸ ਹੈ।

ਅੱਥਰੂ ਨਾ ਕਿਸੇ ਅੱਖ ਦੇ

ਅੱਥਰੂ ਨਾ ਕਿਸੇ ਅੱਖ ਦੇ ਸਦਾ ਕੋਲ ਰਹੇ ਨੇ, ਨਜ਼ਰਾਂ ਤੋਂ ਗਿਰੇ ਫਿਰ ਭੀ ਨਜ਼ਰ ਟੋਲ ਰਹੇ ਨੇ । ਲੱਗਦਾ ਹੈ ਕੋਈ ਚੰਦ ਨਵਾਂ ਹੋਰ ਚੜ੍ਹੇਗਾ, ਚੁੰਨੀਂ ਦੇ ਤੇਰੇ ਤਾਰੇ ਬੜੇ ਡੋਲ ਰਹੇ ਨੇ । ਬਖਸ਼ੀ ਹੈ ਤੇਰੀ ਚੁੱਪ ਨੇ ਜ਼ਬਾਨ ਇੱਕ ਐਸੀ, ਚੁੱਪ ਚਾਪ ਮੇਰੇ ਜ਼ਖ਼ਮ ਦੁਆ ਬੋਲ੍ਹ ਰਹੇ ਨੇ । ਨਿੱਖਰੇ ਨੇ ਦੁਆ ਵਾਂਗ ਮੇਰੀ ਹਾਰ ਦੇ ਅੱਥਰੂ, ਇਸ ਲਈ ਕਿ ਤੇਰੀ ਯਾਦ ਦੇ ਉਹ ਕੋਲ ਰਹੇ ਨੇ । ਹੰਝੂਆਂ ਦੇ ਕਿਤੇ ਦਾਗ਼ ਨਾ ਪੈ ਜਾਣ ਨਜ਼ਰ ਤੇ, ਡਰ ਡਰ ਕੇ ਮੇਰੇ ਨੈਣ ਪਲਕ ਖੋਲ ਰਹੇ ਨੇ । ਮੁੱਕਣਾ ਹੈ ਤੇਰੇ ਗ਼ਮ ਨੇ ਮੇਰੀ ਜਾਨ ਨੇ ਇੱਕ ਦਿਨ । ਨਿੱਤ ਨਿੱਤ ਕਿਉਂ ਤੇਰੇ ਕਾਗ ਬੁਰਾ ਬੋਲ ਰਹੇ ਨੇ । ਪਾਗਲ ਨੇ ਬੜੇ ਜੋਗੀ ਤੇਰੇ ਗ਼ਮ ਦੇ ਵਰੋਲੇ, ਇੱਕ ਪੈੜ ਮਿਟਾ ਆਪ ਹੀ ਫਿਰ ਟੋਲ ਰਹੇ ਨੇ ।

ਰਾਹਾਂ ਨੂੰ ਸਹਾਰਾ ਮੰਜ਼ਲ ਦਾ

ਰਾਹਾਂ ਨੂੰ ਸਹਾਰਾ ਮੰਜ਼ਲ ਦਾ, ਮੰਜ਼ਲ ਦਾ, ਸਹਾਰਾ ਕੌਣ ਬਣੇ, ਇੱਕ ਨਜ਼ਰ ਨਜ਼ਾਰਾ ਦੁਨੀਆਂ ਦਾ, ਪਰ ਉਸ ਦਾ ਨਜ਼ਾਰਾ ਕੌਣ ਬਣੇ। ਮੇਰੇ ਨੈਣ ਦੇ ਨੀਰ ਤੇ ਹੈ ਨਿਰਭਰ ਤੇਰੇ ਰੇਸ਼ਮੀ ਪੱਲੂ ਦੀ ਹਸਤੀ, ਆਪੋ ਚੀਂ ਉਲਝੀਆਂ ਨੇ ਤੰਦਾਂ ਇਸ ਲਈ ਕਿ ਕਿਨਾਰਾ ਕੌਣ ਬਣੇ। ਲਹਿਰਾਂ ਵਿੱਚ ਡੁੱਬਦੀ ਨੱਯਾ ਨੂੰ, ਕਈ ਵਾਰ ਸਹਾਰਾ ਲਹਿਰਾਂ ਦਾ, ਹੰਝੂਆਂ ਵਿੱਚ ਡੁੱਬਦੀ ਜਿੰਦੜੀ ਦਾ, ਪਰ ਪਾਰ ਉਤਾਰਾ ਕੌਣ ਬਣੇ। ਮੰਜ਼ਲ ਹੈ ਖੁਸ਼ੀ ਪਰ ਗ਼ਮ ਰਸਤਾ ਅਣ-ਜਾਣ ਜਿਹਾ ਦਿਲ ਰਾਹੀ ਹੈ, ਗਿਰਿਆ ਜੇ ਹੁਸਨ ਦੀ ਠੋਕਰ ਨਾ ਰੱਬ ਜਾਣੇ ਸਹਾਰਾ ਕੌਣ ਬਣੇ। ਤੇਰੇ ਇਸ਼ਕ ਦੀ ਮੰਜ਼ਲ 'ਚੋਂ ਜੋਗੀ, ਮੇਰਾ ਪੰਧ ਅਜੇ ਕੁਝ ਬਾਕੀ ਹੈ, ਐ ਰੂਪ ਜ਼ਰਾ ਕੁਝ ਸੋਚਣ ਦੇ, ਤੈਥੋਂ ਅਗਲਾ ਹੁਲਾਰਾ ਕੌਣ ਬਣੇ ।

ਚੁਪ ਚਾਪ ਖੜੇ ਮੇਰੇ ਗੁਨਾਹ ਦੇਖ ਰਹੇ ਨੇ

ਚੁਪ ਚਾਪ ਖੜੇ ਮੇਰੇ ਗੁਨਾਹ ਦੇਖ ਰਹੇ ਨੇ, ਇੱਕ ਹੋਰ ਗੁਨਾਹ ਕਰਦੀ ਦੁਆ ਦੇਖ ਰਹੇ ਨੇ । ਦੋਸਾਂ ਨੇ ਲਿਆ ਜਦ ਤੋਂ ਦੁਆ ਤੇਰਾ ਸਹਾਰਾ, ਮੁਸ਼ਕਲ ਚ' ਪਈ ਉਸ ਦੀ ਦਯਾ ਦੇਖ ਰਹੇ ਨੇ । ਜਿਸ ਤਰਫ ਜ਼ਮਾਨੇ ਦੇ ਕਦਮ ਜਾਣਗੇ ਕੱਲ੍ਹ ਨੂੰ, ਉਸ ਤਰਫ ਕੋਈ ਪੈੜ ਖੁਦਾ ਵੇਖ ਰਹੇ ਨੇ । ਨਿੱਤ ਨਿੱਤ ਹੀ ਨਵਾਂ ਤੱਕ ਕੇ ਤੇਰਾ ਰੂਪ ਸਿਆਣੇ, ਬਦਲੀ ਹੋਈ ਮੌਲਾ ਦੀ ਨਿਗਾਹ ਦੇਖ ਰਹੇ ਨੇ । ਜਿਸ ਰਾਹ ਤੇ ਤੇਰੇ ਪੈਰ ਦੀ ਇੱਕ ਛਣਕ ਪਈ ਸੀ, ਬਰਸਾਂ ਤੋਂ ਮੇਰੇ ਗੀਤ ਉਹ ਰਾਹ ਦੇਖ ਰਹੇ ਨੇ । ਤੱਕਦਾ ਸੀ ਤੇਰੇ ਵੱਲ ਨੂੰ ਮੈਂ ਦੁਨੀਆਂ ਤੋਂ ਚੋਰੀ, ਵੇਖਾਂ ਤਾਂ ਸਭੀ ਤੇਰੇ ਸਿਵਾ ਦੇਖ ਰਹੇ ਨੇ । ਸੰਘਣਾਂ ਹੈ ਬੜਾ ਭਾਵੇਂ ਤੇਰੀ ਲਟ ਦਾ ਹਨੇਰਾ, ਇਸ ਥੀਂ ਵੀ ਕਈ ਜੋਗੀ ਉਸ਼ਾ ਦੇਖ ਰਹੇ ਨੇ ।

ਬੀਤ ਗਈ ਹੈ ਰੈਣ ਭੀ

ਬੀਤ ਗਈ ਹੈ ਰੈਣ ਭੀ, ਆਈ ਨਾ ਪਰ ਸਵੇਰ ਹੈ, ਚੰਨਾਂ ਤੇਰੇ ਜਹਾਨ ਦਾ ਕਿੰਨ੍ਹਾਂ ਹੁਸੀਨ ਨ੍ਹੇਰ ਹੈ। ਚਲਦਾ ਰਿਹਾ ਹੈ ਆਦ ਤੋਂ ਹਰ ਦਮ ਸਮੇਂ ਦਾ ਕਾਫਲਾ, ਰੁਕਣਾ ਹੈ ਓਸ ਭੀ ਜ਼ਰਾ ਤੇਰੀ ਨਜ਼ਰ ਦੀ ਦੇਰ ਹੈ। ਗ਼ਮ ਜੋ ਨਸੀਬ ਬਣ ਗਿਆ ਆਸ ਭੀ ਬਣ ਗਈ ਸਬਰ, ਇਹ ਭੀ ਤਾਂ ਗ਼ਮ ਦੇ ਦਾਤਿਆ, ਤੇਰੀ ਅਪਾਰ ਮਿਹਰ ਹੈ । ਲੈ ਦੇ ਕੇ ਤੇਰੇ ਜ਼ਿੰਦਗੀ, ਬਾਕੀ ਰਹੇ ਨਿਸ਼ਾਨ ਦੇ, ਇੱਕ ਯਾਦ ਜੋ ਨਾ ਜਲ ਸਕੀ, ਇੱਕ ਬੁਝ ਗਈ ਦਾ ਢੇਰ ਹੈ । ਤੇਰਾ ਮਿਟਾ ਕੇ ਗ਼ਮ ਕਦੀ ਹੋਈ ਨਸੀਬ ਨਾ ਖੁਸ਼ੀ, ਗ਼ਮ ਭੀ ਤੂੰ ਹੀ, ਖੁਸ਼ੀ ਭੀ ਤੂੰ, ਸੋਚ ਦਾ ਸਾਰਾ ਫੇਰ ਹੈ । ਐ ਹੋਂਦ ਹੈ ਅਣਹੋਂਦ ਹੀ ਤੇਰਾ ਆਦਿ ਭੀ ਤੇ ਅੰਤ ਭੀ, ਜਲੇ ਜੋ ਰਾਤ ਤਾਂ ਬਣੇ, ਉਹ ਨੂਰ, ਜੋ ਸਵੇਰ ਹੈ। “ਜੋਗੀ” ਤੇਰਾ ਸਫਰ ਬੜਾ ਕਾਹਲੀ ਉਠਾ ਕਦਮ ਜ਼ਰ੍ਹਾ, ਹੈ ਚਾਰ ਦਿਨ ਦੀ ਚਾਨਣੀ ਤੇ ਫੇਰ ਨੂਰ ਨ੍ਹੇਰ ਹੈ ।

ਲੱਗਦਾ ਹੈ ਬੜਾ ਗਮ ਭੀ ਉਦਾਸ

ਲੱਗਦਾ ਹੈ ਬੜਾ ਗਮ ਭੀ ਉਦਾਸ ਅੱਜ ਯਾਰੋ। ਧੁੰਦਲੇ ਨੇ ਚਿਤਰ ਇਸ ਦੇ ਜ਼ਰਾ ਹੋਰ ਨਿਖਾਰੋ। ਇੱਕ ਉਮਰ ਬਿਤਾਈ ਹੈ ਜਿਹੜੇ ਰਾਮ ਦੇ ਸਹਾਰੇ, ਦੋ ਪੱਲ ਤਾਂ ਦਸੋ ਓਸ ਦੀ ਮੁਸ਼ਕਲ ਦੇ ਗੁਜ਼ਾਰੋ। ਯਾਦੋ ਮੈਂ ਜ਼ਰ੍ਹਾ ਹੋ ਕੇ ਜ਼ਮਾਨੇ ਤੱਕ ਆਇਆ, ਉਲਝੀ ਹੋਈ ਔਂਸੀ ਦੀ ਤੁਸੀਂ ਲਟ ਤਾਂ ਸੰਵਾਰੋ । ਸਾਹਾਂ ਦੇ ਕਦਮ ਤੇਜ਼ ਨੇ ਮੁੱਕ ਜਾਨੇ ਨਾ ਪੈਂਡੇ, ਇੱਕ ਆਖਰੀ ਧੋਖਾ ਹੀ ਬਖ਼ਸ਼ ਦੇਵੋ ਕਰਾਰੋ । ਟਿਕ ਜਾਣਗੇ ਆਪੇ ਹੀ ਦਰਦ ਹੋਰ ਤੜਫ ਕੇ, ਵਸਲਾਂ ਤੋਂ ਤੁਸੀਂ ਦੂਰ ਨਿਕਲ ਜਾਓ ਪਿਆਰੋ । ਲੜੋਗੇ ਕਦੀ ਮੇਰੀ ਭੀ ਲਗਜ਼ਸ ਦਾ ਸਹਾਰਾ, ਥੋਡੇ ਭੀ ਤਾਂ ਡੋਲ੍ਹਣਗੇ ਕਦੀ ਪੈਰ ਸਹਾਰੋ । ਹਰ ਪੈਰ ਤੇ ਜੋਗੀ ਦੇ ਕਈ ਦਾਗ ਜਲ੍ਹਣਗੇ, ਮੰਜ਼ਲ ਨਾ ਕਿਤੇ ਜਾਣ ਕੇ ਰੁੱਕ ਜਾਣਾ ਕਹਾਰੋ !

ਦੋ ਪੈਰ ਲਟ ਦੇ ਨ੍ਹੇਰੇ

ਦੋ ਪੈਰ ਲਟ ਦੇ ਨ੍ਹੇਰੇ, ਮੇਰੇ ਗ਼ਮ ਨੇ ਜਦ ਉਠਾਏ, ਸੱਭ ਜ਼ਿੰਦਗੀ ਦੇ ਪੈਂਡੇ ਮੇਰੇ ਪੈਰ ਵੱਲ੍ਹ ਨੂੰ ਆਏ। ਮੇਰਾ ਸਿਦਕ ਨਿਕਲ ਆਇਆ, ਉਹਦੇ ਦਰ ਤੋਂ ਜਦ ਅਗੇਰੇ, ਮੈਨੂੰ ਕਰਨ ਲਈ ਵਿਦਾ ਉਹ ਬੜੀ ਦੂਰ ਤੱਕ ਸੀ ਆਏ। ਉਹਦਾ ਰੂਪ ਵੇਖਿਆ ਮੈਂ, ਦੋ ਚਾਰ ਪਲ ਸਵਾਲਾ, ਮਰ ਮਰ ਕੇ ਜ਼ਬਤ ਮੇਰੇ ਉਹਦੇ ਰੋਸ ਜਦ ਮਨ੍ਹਾਏ। ਮੈਂ ਤੇ ਭਾਲਦਾ ਸੀ ਬਾਹਰ, ਦੁਰਸੀਸ ਦਿਲ 'ਚੋਂ ਆਈ, ਤੇਰੀ ਨਜ਼ਰ ਬੇ-ਪਛਾਂਣਾ ਕਦੀ ਦੀਦ ਤੱਕ ਨਾ ਜਾਏ । ਦਿਲ ਸੋਚ ਦਾ ਸੀ ਮਿਲ ਕੇ, ਉਹਦਾ ਨੇੜ ਮਿਲ ਸਕੇਗਾ, ਪਰ ਮਿਲ ਕੇ ਹੋ ਗਏ ਉਹ ਕੁਝ ਹੋਰ ਭੀ ਪਰਾਏ । ਅੱਥਰੂ ਟੁਰੇ ਜੋ ਬਣ ਕੇ ਮੇਰੇ ਗ਼ਮ ਦੇ ਨਾਲ ਸਾਥੀ, ਤੇਰੀ ਯਾਦ ਤੱਕ ਤਾਂ ਪਹੁੰਚੇ ਤੇਰੀ ਦੀਦ ਤੱਕ ਨਾ ਆਏ । ਮੁੜ ਮੁੜ ਕੇ ਵੇਖਦਾ ਹੈ ਅੱਜ ਭੀ ਓਹ ਥਾਂ ਜ਼ਮਾਨਾ, ਜਿਸ ਥਾਂ ਤੇਰੇ ਹੁਸਨ ਦੇ ਜੋਗੀ ਨੇ ਗੀਤ ਗਾਏ।

ਜਦ ਜਦ ਵੀ ਕੋਈ ਮੇਰੀ ਖਬਰ ਸਾਰ

ਜਦ ਜਦ ਵੀ ਕੋਈ ਮੇਰੀ ਖਬਰ ਸਾਰ ਨੂੰ ਆਇਆ, ਅਪਣਾ ਹੀ ਸਦਾ ਉਸ ਨੇ ਦੁੱਖ ਦਰਦ ਸੁਣਾਇਆ। ਬੇਸ਼ੱਕ ਹੈ ਨਹੀਂ ਬਾਕੀ ਕੋਈ ਉਸ ਦੀ ਨਿਸ਼ਾਨੀ, ਇੱਕ ਵਾਰ ਤਾਂ ਹਰ ਦਿਲ ਨੇ ਹੈ ਪਰ *ਤਾਜ ਬਣਾਇਆ। ਆਪਣੀ ਹੀ ਕਥਾ ਨਿਕਲੀ ਜਦੋਂ ਤੇਰੀ ਕਹਾਣੀ, ਐ ਰੂਪ ਬੜਾ ਤਰਸ ਤੇਰੇ ਹਾਲ ਤੇ ਆਇਆ । ਦਿਲ ਨੇ ਤਾਂ ਤੇਰੇ ਗਮ ਨੂੰ ਬੜਾ ਕੋਲ ਬਿਠਾਇਆ, ਪਰ ਗ਼ਮ ਹੀ ਰਿਹਾ ਤੇਰਾ ਤੇਰੇ ਵਾਂਗ ਪਰਾਇਆ । ਐ ਦਰਦ ਤੇਰੀ ਹੋਂਦ ਹੈ ਇੱਕ ਆਸ ਨਿਰਾਸੀ, ਉਹਨੂੰ ਹੀ ਮਿਟਾ ਦੇਣ ਨੂੰ ਕਿਉਂ ਜ਼ੋਰ ਤੂੰ ਲਾਇਆ । ਐ ਦਰਦ ਤੇਰੇ ਬਾਦ ਜ਼ਰਾ ਚੈਨ ਤਾਂ ਆਇਆ, ਪਰ ਦਰਦ ਗਵਾਂ ਕੇ ਮੈਂ ਬੜਾ ਚੈਨ ਗਵਾਇਆ । ਕੁਝ ਹੋਰ ਚਲੋ ਸਾਹੋ, ਕਿ ਦੁਨੀਆਂ ਕੀ ਕਹੇਗੀ, ਜੋਗੀ ਵੇ ਤੇਰੇ ਰੋਗ ਤੇ ਜੋਬਨ ਵੀ ਨਾ ਆਇਆ। *ਤਾਜ ਮਹੱਲ ।

ਤੇਰੇ ਦਰ ਤੇ ਜੇ ਨਿਆਂ ਨਹੀਂ

ਤੇਰੇ ਦਰ ਤੇ ਜੇ ਨਿਆਂ ਨਹੀਂ, ਕੁਝ ਮਿਹਰ ਤਾਂ ਜ਼ਰੂਰ ਹੈ, ਮੇਰੇ ਸਬਰ ਨੂੰ ਸਜ਼ਾ ਨਾਂ ਦੇ, ਤੇਰੀ ਨਜ਼ਰ ਦਾ ਕਸੂਰ ਹੈ। ਤੇਰੀ ਕਨਖੀਆਂ ਦੀ ਝਾਕਨੀ, ਮੇਰੀ ਮੌਜ ਨਾ ਸਮਝ ਸਕੀ, ਤੇਰਾ ਲੁੱਕ ਕੇ ਦੇਖਣਾ ਹੀ ਤਾਂ ਮੇਰੇ ਇਸ਼ਕ ਦਾ ਗ਼ਰੂਰ ਹੈ। ਤੇਰੇ ਦਰ ਤੇ ਪਹੁੰਚਣਾ ਮੇਰਾ ਕੁਝ ਨਗਜ਼ਸ਼ਾਂ ਦੀ ਕਾਰ ਸੀ, ਵਰ੍ਹਨਾ ਤੇਰੇ ਦਰੋਂ ਮੇਰਾ ਪਹਿਲਾ ਪੜ੍ਹਾ ਵੀ ਦੂਰ ਹੈ । ਤੇਰੇ ਦਰ ਤੇ ਆ ਕੇ ਜ਼ਿੰਦਗੀ, ਇੱਕ ਵਾਜ ਤਰ੍ਹਾਂ ਸੁਣੀ, ਅਜੇ ਜ਼ਿੰਦਗੀ ਉਹ ਪਾਂਧੀਆ, ਇੱਕ ਜ਼ਿੰਦਗੀ ਭਰ ਦੂਰ ਹੈ। ਗ਼ਮ ਜਲ ਕੇ ਨੂਰ ਹੋ ਗਿਆ, ਮੇਰਾ ਸਿਦਕ ਰੂਪ ਹੋ ਗਿਆ। ਮੇਰੀ ਹਰ ਨਜ਼ਰ ਹੈ ਬੰਦਗੀ, ਮੇਰੀ ਹਰ ਜਲਨ ਸਰੂਰ ਹੈ । ਮੇਰਾ ਸ਼ੁਕਰ ਕਰ ਐ ਜ਼ਿੰਦਗੀ, ਤੇਰਾ ਸਾਥ ਦੇ ਰਿਹਾ ਹਾਂ ਮੈਂ, ਹਾਲਾਂ ਤੇਰੇ ਮੁਕਾਮ ਤੋਂ ਮੇਰਾ ਮੁਕਾਮ ਦੂਰ ਹੈ। ਐ ਅੰਤ ਤੂੰ ਭੀ ਦੋ ਕਦਮ ਮੇਰੀ ਪੀੜ ਵੱਲ ਨੂੰ ਆ ਜ਼ਰਾ, ਤੇਰੇ ਪੈਂਡਿਆਂ ਤੇ ਟੁਰਦਿਆਂ ਮੇਰਾ ਅੰਗ ਅੰਗ ਚੂਰ ਹੈ।

ਲੱਖ ਸ਼ੁਕਰ ਤੇਰਾ ਸਾਕੀ

ਲੱਖ ਸ਼ੁਕਰ ਤੇਰਾ ਸਾਕੀ, ਗ਼ਮ ਪੀਣ ਤੂੰ ਸਿਖਾਇਆ, ਮੇਰੀ ਪਿਆਸ ਨੂੰ ਹੀ ਮੇਰਾ ਮੈ-ਖ਼ਾਨਾ ਤੈਂ ਬਣਾਇਆ । ਤੇਰਾ ਦਰਦ ਬਣ ਗਿਆ ਹੁਣ ਮੇਰੇ ਰੋਗ ਦੀ ਦਵਾਈ, ਐਸਾ ਜਾਮ ਬੇ-ਸੁੱਧੀ ਦਾ, ਤੇਰੀ ਹੋਸ਼ ਨੇ ਪਿਲਾਇਆ । ਤੇਰੀ ਠੋਕਰਾਂ ਦੇ ਸਦਕੇ ਮੇਰੇ ਨਸੀਬ ਜਾਗੇ, ਮੰਜ਼ਲ ਨੇ ਆਪ ਆਕੇ ਮੈਨੂੰ ਰਾਹ ਮੇਰਾ ਦਖਾਇਆ। ਤੇਰੀ ਯਾਦ ਬਣ ਸਵਾਲੀ, ਮੇਰੇ ਦਰ ਤੇ ਆ ਖੜੀ ਹੈ, ਪੱਥਰਾਂ ਦੀ ਕਰਨ ਪੂਜਾ ਭਗਵਾਨ ਆਪ ਆਇਆ । ਮੇਰੀ ਬੇਸਵਾਬ ਔਂਸੀ ਢਾਹ ਦੇਵੋ ਵਾ ਦੇ ਬੁਲਿਓ, ਮੇਰਾ ਅਪਣਾ ਜਨੂੰਨ ਮੈਂਨੂੰ, ਮੈਥੋਂ ਕਰ ਰਿਹਾ ਪਰਾਇਆ । ਚਿੰਤਾ ਮਿੱਟੀ ਮਿਟਣ ਦੀ ਹੁਣ ਹੋਂਦ ਦਾ ਫਿਕਰ ਨਹੀਂ, ਮੇਰਾ ਹਰ ਨਿਰਾਸ ਸੁਪਨਾ, ਤੇਰਾ ਰੂਪ ਬਣ ਕੇ ਆਇਆ । ਹਰ ਕਦਮ ਮੇਰੀ ਮੰਜ਼ਲ, ਹਰ ਲਹਿਰ ਹੁਣ ਕਿਨਾਰਾ, ਹਸਤੀ ਮਿਟਾ ਕੇ ‘ਜੋਗੀ’ ਜੀਵਨ ਦਾ ਭੇਤ ਪਾਇਆ।

ਮਨ ਡੋਲਦਾ ਹੈ ਮੌਲਾ ਮੇਰਾ

ਮਨ ਡੋਲਦਾ ਹੈ ਮੌਲਾ ਮੇਰਾ ਭੇਦ ਖੁੱਲ੍ਹ ਨਾ ਜਾਏ, ਉਹਦੀ ਬੇ-ਖਬਰ ਨਜਰ ਤੋਂ, ਕਿਤੇ ਨੀਰ ਡੁੱਲ੍ਹ ਨਾ ਜਾਏ । ਦਿਲ ਪਾ ਰਿਹਾ ਹੈ ਔਂਸੀ, ਪਰ ਸੋਚ ਨੂੰ ਇਹ ਡਰ ਹੈ, ਉਹਦੀ ਯਾਦ ਦੇ ਨਸ਼ੇ ਨਾ ਉਹਦੀ ਯਾਦ ਭੁੱਲ ਨਾ ਜਾਏ । ਮੇਰੀ ਨਿਵਣ ਉਸ ਦਰ ਤੇ ਕਦੀ ਵੀ ਨਾ ਜਾ ਸਕੇਗੀ, ਮੇਰਾ ਪੈਰ ਉਠਦੇ ਉਠਦੇ ਜੀਹਦਾ ਬਾਰ ਖੁੱਲ੍ਹ ਨਾ ਜਾਏ । ਤੇਰੇ ਚਿਹਨ ਹੋ ਰਹੇ ਨੇ, ਹੰਝੂਆਂ ਦੀ ਧੁੰਦ ਨਾ ਧੁੰਦਲੇ, ਮੈਨੂੰ ਡਰ ਹੈ ਮੇਰੀ ਤਸਬੀ, ਤੇਰਾ ਨਾਂ ਵੀ ਭੁੱਲ ਨਾ ਜਾਏ । ਉਹਦੀ ਆਖਰੀ ਨਿਸ਼ਾਨੀ ਮੇਰਾ ਦਾਗਦਾਰ ਚੋਲਾ, ਬਚ ਬਚਕੇ ਚਲਣਾ ਹੰਝੂਓ ਇਹਦਾ ਦਾਗ ਧੁਲ ਨਾ ਜਾਏ । ਇੱਕ ਹੋਰ ਬਖਸ਼ ਠੋਕਰ ਐ ਗ਼ਮ ਮੇਰੀ ਦੁਆ ਨੂੰ, ਕਿਤੇ ਜ਼ਿੰਦਗੀ ਦਾ ਰਾਹੀ ਉਹਦੀ ਦੇਣ ਭੁੱਲ ਨਾ ਜਾਏ । ਗਮ ਪੀ ਕੇ ਹੀ ਭੁਲਾ ਦੇ ਉਸ ਵਟ ਦੀ ਛੇੜ ਜੋਗੀ, ਕਿਤੇ ਜਾਮ ਚੁਕਦੇ ਚੁਕਦੇ ਘਟਾ ਹੋਰ ਝੁੱਲ ਨਾ ਜਾਏ।

ਇੱਕ ਸਾਹ ਤੋਂ ਪਰੇ ਮੌਤ ਉਤੇ ਜਾਨ

ਇੱਕ ਸਾਹ ਤੋਂ ਪਰੇ ਮੌਤ ਉਤੇ ਜਾਨ ਖੜੀ ਹੈ, ਜਿੰਦ ਹੈ ਕਿ ਕਲੀ ਫੇਰ ਵੀ ਅਰਾਮਾਨ ਖੜੀ ਹੈ । ਬੰਦਗੀ ਨੂੰ ਮਿਲੀ ਭੀਖ ਨਾ ਜਿਸ ਆਸ ਦੇ ਦਰ ਤੋਂ, ਜ਼ਿੰਦਗੀ ਵੀ ਉਸੇ ਦਰ ਤੇ ਹੀ ਅੰਨਜ਼ਾਨ ਖੜੀ ਹੈ। ਐ ਪੀੜ ਤੇਰਾ ਸ਼ੁਕਰ ਤੇਰੀ ਮਿਹਰ ਦੇ ਸਦਕੇ, ਹੰਝੂਆਂ ਦੀ ਹਰ ਇੱਕ ਪੈੜ ਤੇ ਮੁਸਕਾਨ ਖੜੀ ਹੈ । ਚੁੱਪ ਚਾਪ ਚਲੋ ਆਹੋ ਕਿ ਇਸ ਤਾਲ ਦੇ ਆਂਗਨ, ਟੁਟ ਗਈ ਜੋ ਕਿਸੇ ਰਾਗ ਦੀ ਇਕ ਤਾਨ ਖੜੀ ਹੈ । ਕੁਛ ਹੋਰ ਚਲੋ ਸਾਹੋ ਕਿ ਅੱਜ ਭੁਲ ਦੇ ਦੁਆਰੇ, ਰਾਹ ਭੁਲ ਕੇ ਭੁਲੀ ਯਾਦ ਕੋਈ ਆਨ ਖੜੀ ਹੈ। ਕੁਛ ਤੂੰ ਵੀ ਕਟਾ ਵਕਤ ਮੇਰਾ ਰੋਗ ਦੇ ਵੈਦਾ, ਇੱਕ ਛੋਹ ਤੋਂ ਬਿਨਾਂ ਕੈਦ ਮੇਰੀ ਜਾਨ ਖੜੀ ਹੈ। ਐ ਅੰਤ ਜ਼ਰਾ ਖੋਲ ਦੇ ਦਰ ਵਿਸ਼ਰਾਮ ਕਰਨ ਦੇ, ‘ਜੋਗੀ’ਦੀ ਜਲਨ ਚਿਰ ਤੋਂ ਤੇਰੀ ਮਹਿਮਾਨ ਖੜੀ ਹੈ।

ਹੰਝੂਓ ਨਾ ਮੇਰੇ ਦਿਲ ਤੇ ਬਣੀ

ਹੰਝੂਓ ਨਾ ਮੇਰੇ ਦਿਲ ਤੇ ਬਣੀ ਆਮ ਬਣਾਓ, ਬਿਨ ਕੀਤੇ ਕੋਈ ਦੋਸ਼ ਨਾ ਬਦਨਾਮ ਬਣਾਓ । ਆਸਾਂ ਤੋਂ ਤੇਰਾ ਨੂਰ ਬੜੀ ਦੂਰ ਦੁਪਹਿਰਾ, ਦੀਵੇ ਦੀ ਥੱਲੇ ਲਾਟ ਲਟੋ ਸ਼ਾਮ ਬਣਾਓ । ਮੇਰੇ ਤੋਂ ਮੇਰਾ ਆਪਾ ਹੈ ਕਈ ਜਨਮ ਦੁਰੇਡਾ, ਮੁੱਕ ਜਾਣ ਇਹ ਸੱਭ ਪੈਂਡੇ ਗੁਮੇਂ ਜਾਮ ਬਣਾਓ । ਨਜ਼ਰਾਂ ਤੋਂ ਗਿਰੇ ਨੀਰ ਨੇ ਬਹੁ ਦੂਰ ਹੈ ਜਾਣਾ, ਪਲਕਾਂ ਦੇ ਲਵੇ ਏਸ ਦਾ ਵਿਸ਼ਰਾਮ ਬਣਾਓ । ਜੋਗੀ ਨੇ ਲਈ ਸੁਰਤ ਗਵਾਂ ਹੋਸ਼ ਦੇ ਨ੍ਹੇਰੇ, ਕੁਝ ਦਿਲ ਦੇ ਜਗਨ ਦਾਗ਼ ਜ਼ਰਾ ਜਾਮ ਬਣਾਓ ।

ਸਮੇਂ ਤੇਰੀ ਕਹਾਣੀ ਭੀ ਨਿਆਰੀ ਹੈ

ਸਮੇਂ ਤੇਰੀ ਕਹਾਣੀ ਭੀ ਨਿਆਰੀ ਹੈ, ਕਿ ਤੇਰੀ ਯਾਦ ਤੈਥੋਂ ਭੀ ਪਿਆਰੀ ਹੈ । ਨਸ਼ਾ ਟੁੱਟਿਆ ਜਵਾਨੀ ਦਾ ਤਾਂ ਕੀ ਹੋਇਆ, ਨਸ਼ੇ ਦੀ ਯਾਦ ਭੀ ਤਾਂ ਇੱਕ ਖੁਮਾਰੀ ਹੈ। ਫਿਕਰ ਤੇਰੇ ਤੇਰੀ ਲਟ ਨਾਲ ਕਿਉਂ ਉਲਝੇ, ਇਹ ਉਲਝੀ ਲਟ ਭਲਾ ਕੀਹਨੇ ਸੰਵਾਰੀ ਹੈ। ਤੇਰੀ ਚੁੱਪ ਦਾ ਉਲਾਂਭਾ ਇਉਂ ਨਜ਼ਰ ਦੇਵੇ, ਕਿ ਦੇ ਕੇ ਖੰਭ ਕਿਉਂ ਰੋਕੀ ਉਡਾਰੀ ਹੈ । ਮੇਰੇ ਹੰਝੂਆਂ ਨਾ ਤੇਰੀ ਮਿਟ ਗਈ ਔਂਸੀ, ਅਜੇ ਪਰ ਆਸ ਨੇ ਬਾਜ਼ੀ ਨਾ ਹਾਰੀ ਹੈ। ਬਹੁਤ ਧੰਨਵਾਦ ਗ਼ਮ ਦੇ ਦਾਤਿਆ ਤੇਰਾ, ਕਿ ਮੇਰੀ ਜ਼ਿੰਦਗੀ ਗਮ ਨੇ ਸ਼ੰਗਾਰੀ ਹੈ । ਤੇਰੇ ਸੀਨੇ ਤੇ ਉਭਰੇ ਕਲਸ ਮੰਦਰ ਦੇ, ਇਹ ਜੋਗੀ ਇਸ ਲਈ ਤੇਰਾ ਪੁਜਾਰੀ ਹੈ ।

ਹਰ ਤਾਰਾ ਹੈ ਇਕ ਦੁਨੀਆਂ

ਹਰ ਤਾਰਾ ਹੈ ਇਕ ਦੁਨੀਆਂ ਹਰ ਧਰਤ ਸਤਾਰਾ ਹੈ, ਫਿਰ ਗਮ ਨੂੰ ਤੇਰਾ ਦਰ ਹੀ ਕਿਉਂ ਆਲਮ ਸਾਰਾ ਹੈ। ਇਕ ਉਮਰ ਰਿਹਾ ਦਿਲ ਤੇ ਚੰਦਾ ਦਾ ਹੁਸਨ ਜਾਦੂ, ਅੱਜ ਜਾਣ ਲਿਆ ਖੋਜਾਂ ਇਹਦਾ ਰੂਪ ਉਧਾਰਾ ਹੈ । ਧਰਤੀ ਤੇ ਰਿਹਾ ਹੱਸਦਾ ਜੁਗ ਜੁਗ ਜੋ ਗਗਨ ਨੀਲਾ, ਥੱਕੀਆਂ ਹੋਈਆਂ ਨਜ਼ਰਾਂ ਦੀ ਇਕ ਮਜ਼ਲ ਅਵਾਰਾ ਹੈ । ਵੈਹਣਾਂ ਦਿਆਂ ਰੋਹੜਾਂ ਤੋਂ ਬੱਚ ਜਾਣ ਜੋ ਕੁੱਝ ਕਿਣਕੇ, ਹਰੀਆਂ ਹੋਈਆਂ ਹਿੰਮਤਾਂ ਨੂੰ ਦਿਸਦਾ ਉਹ ਕਿਨਾਰਾ ਹੈ। ਐ ਅਗਨ ਬੜਾ ਮੁਸ਼ਕਲ ਸੂਰਜ ਦਾ ਸੁਆਹ ਹੋਣਾ, ਮਿੱਟਣਾ ਹੀ ਨਹੀਂ ਜਿਸ ਨੇ ਉਸ ਦਿਲ ਦਾ ਅੰਗਾਰਾ ਹੈ । ਪਾਸਾ ਭੀ ਬਦਲ ਲਏ ਜੇ, ਕੀ ਫਰਕ ਭਲਾ ਉਸ ਨੂੰ, ਆਪਣੀ ਹੀ ਅਗਨ ਸੜਦਾ, ਜੋ ਕਰਮਾਂ ਮਾਰਾ ਹੈ। ਸੂਰਜ ਦੇ ਭੀ ਦੀਪਕ ਨੂੰ ਉਹੋ ਰਾਤ ਨਹੀਂ ਲੱਭਣੀ, ਜਿਸ ਰਾਤ ਲਈ ਜਲਦਾ ਅਜ਼ਲਾਂ ਤੋਂ ਵਿਚਾਰਾ ਹੈ । ਕੁਝ ਹੱਸ ਲੈ ਹਨ੍ਹੇਰੇ ਤੇ ਐ ਦੀਪ ਦੀਏ ਲਾਟੇ, ਤੇਰਾ ਆਦਿ ਵੀ ਹਨ੍ਹੇਰਾ ਸੀ ਤੇਰਾ ਅੰਤ ਅੰਧਾਰਾ ਹੈ। “ਜੋਗੀ” ਇਹ ਤੇਰੀ ਹਸਤੀ ਨਿਰਭਰ ਹੈ ਨਾ ਹੋਵਣ ਤੇ, ਮਿੱਟ ਜਾਣ ਦੀਆਂ ਆਸਾਂ ਤੇਰੇ ਗ਼ਮ ਦਾ ਸਹਾਰਾ ਹੈ।

ਫਰਿਸ਼ਤੇ ਨੇ ਕਿਹਾ ਫੜ ਕੇ ਕਲਾਈ

ਫਰਿਸ਼ਤੇ ਨੇ ਕਿਹਾ ਫੜ ਕੇ ਕਲਾਈ ਚੂੜੀਆਂ ਵਾਲੀ, ਖੁਦਾਵੰਦਾ ਬਹਿਸ਼ਤਾਂ ਦੇ ਭੁਲੇਖੇ ਵਿਚ ਨਾ ਪਾ ਮੈਨੂੰ। ਜੇ ਕਰਨਾ ਈ ਅਮਰ ਮੈਨੂੰ ਇਹ ਖੋਹ ਕੇ ਜ਼ਿੰਦਗੀ ਮੇਰੀ, ਮੈਂ ਖਾਕੀ ਬਣ ਕੇ ਜੀ ਲਾਂਗਾ ਤੂੰ ਨੂਰੀ ਨਾ ਬਣਾ ਮੈਨੂੰ। ਜੇ ਮਿਲ ਸਕਦੀ ਹੈ ਆਦਮੀ ਨੂੰ ਇਹ ਦੁਨੀਆਂ ਇਕ ਗੁਨਾਹ ਬਦਲੇ, ਕਰਨ ਦੇ ਕਾਦਰਾ ਐਸੇ ਹਜ਼ਾਰਾਂ ਹੀ ਗੁਨਾਹ ਮੈਨੂੰ । ਮੇਰੇ ਸਾਕੀ ਦਾ ਸੀਨਾ ਪਾਕ ਹੈ ਸੌ ਬਾਰ ਮਸਜਦ ਤੋਂ, ਦੋ ਗੁੰਬਦ ਪਾਕ ਸੀਨੇ ਤੇ ਮੇਰਾ ਦਸਦੇ ਖੁਦਾ ਮੈਨੂੰ । ਮਮੋਲੇ ਨੈਣ ਬਾਲਮ ਦੇ ਮੇਰੇ ਜੀਵਨ ਦਾ ਬੂਟਾ ਨੇ, ਤੇਰੀ ਉਹ ਪੀਂਘ ਸੱਤ-ਰੰਗੀ ਦਿਖਾਵਾ ਜਾਪਦਾ ਮੈਨੂੰ। ਤੇਰੇ ਉਹ ਚੰਦ ਸੂਰਜ ਘੁਮ ਰਹੇ ਦੁਨੀਆਂ ਦੁਆਲੇ ਨੇ, ਮੇਰੇ ਚੰਦਰ ਦੁਆਲੇ ਲੋਕ ਘੁਮਦਾ ਦਿੱਸ ਰਿਹਾ ਮੈਨੂੰ । ਪਿਆਲੀ ਪੀ ਕੇ ਸ਼ਾਮਾਂ ਨੇ ਊਸ਼ਾ ਦੇ ਬੁਲ੍ਹ ਰੰਗੇ ਨੇ, ਨਜ਼ਰ ਇਸ ਰੰਗ ਵਿਚ ਆਉਂਦੀ ਹੈ ਤੇਰੀ ਭੀ ਰਜ਼ਾ ਮੈਨੂੰ । ਜਲੇ ਹੋਏ ਤੂਰ ਨੂੰ ਬਖਸ਼ੀ ਪਨਾਹ ਬਾਲਮ ਦੇ ਨੈਣਾ ਨੇ, ਤੇਰੇ ਦੀਦਾਰ ਤੋਂ ਚੰਗੀ ਹੈ, ਉਸ ਦੀ ਇਕ ਨਿਗਾਹ ਮੈਨੂੰ । ਮੈਂ ਜੋਗੀ ਹੀਰ ਦਾ ਬਣਿਆਂ ਹਾਂ, ਠੋਕਰ ਮਾਰ ਸੁਰਗਾਂ ਨੂੰ, ਝਨਾਂ ਦੇ ਬੇਲਿਓ ਦਿਲ ਖੋਲ੍ਹ ਕੇ ਦੇਵੋ ਪਨਾਹ ਮੈਨੂੰ।

ਰੁਬਾਈ

ਪਿਆਰ ਤੇਰਾ ਕਰ ਗਿਆ ਹੈ, ਦਿਲ ਦੀਆਂ ਹੱਦਾਂ ਵੀ ਪਾਰ, ਜ਼ਿੰਦਗੀ ਦਾ ਫਿਕਰ ਇਸ ਦੀ ਮੋੜ ਨਾ ਸਕਿਆ ਮੁਹਾਰ । ਸ਼ੁਕਰ ਹੈ ਜੇ ਮੌਤ ਪਿੱਛੋਂ ਗ਼ਮ ਤੇਰਾ ਹੋ ਜਾਏ ਨਸੀਬ, (ਕਿ) ਉਹ ਸੁੰਦਰ ਹੈ ਜੀਵਨ, ਦੀ ਖੁਸ਼ੀ ਤੋਂ ਲੱਖ ਵਾਰ ।

ਯਾਦ

ਸੁੰਦਰ ਰਚਨਾ ਮਿਰੱਤ ਮੰਡਲ 'ਚੋਂ ਕਾਹਲੀ ਕੂਚ ਬੁਲਾਵੇ, ਰੂਹ ਉੱਡ ਜਾਵੇ ਮਾਰ ਉਡਾਰੀ, ਯਾਦ ਪਿੱਛੇ ਰਹਿ ਜਾਵੇ । ਐਪਰ ‘ਜੋਗੀ ਉਸ ਲਈ ਜਿਸ ਨੇ ਫੁੱਲਾਂ ਦੇ ਨਾਲ ਲਾਈਆਂ, ਮਹਿਕ ਫੁੱਲਾਂ ਦੀ ਫੁੱਲਾਂ ਪਿੱਛੋਂ ਜ਼ਹਿਰ ਜਿਹੀ ਬਣ ਜਾਵੇ।

ਪੁਕਾਰ

ਇਲਮਾਂ ਦੇ ਜਨੂੰਨਾਂ ਤੋਂ ਜ਼ਰਾ ਹਸਤੀ ਨੂੰ ਬਚਾ ਲੌ, ਓ ਹੋਸ਼ ਵਰੋ ਹੋਸ਼ ਤੋਂ ਮਸਤੀ ਨੂੰ ਬਚਾ ਲੌ। ਠੋਕਰ ਕਿਤੇ ਜਾਏ ਨਾ ਹੁਣੇ ਕਾਸੇ ਨਾਲ ਕਾਸਾ, ਨਜ਼ਰਾਂ ਤੋਂ ਪਰੇ ਦੂਰ ਸੁਰਾਹੀ ਨੂੰ ਹਟਾ ਲੌ। ਨ੍ਹੇਰੇ ਨੇ ਜਿਹੜੇ ਦੀਪ ਸੀ ਖੁੱਦ ਜਲ ਕੇ ਜਲਾਏ, ਚਾਨਣ ਤੋਂ ਲਵੇਂ ਚੰਦ ਦੇ ਉਨ੍ਹਾਂ ਨੂੰ ਬਚਾ ਲੌ । ਸੁਪਨੇ ਨੂੰ ਜਿਹੜੀ ਨੀਂਦ ਸੀ ਸੀਨੇ ਤੇ ਖਿਡਾਂਦੀ, ਉਸ ਨੀਂਦ ਦੇ ਪੱਲੂ ਤੋਂ ਕਿਰਨ ਦੂਰ ਹਟਾ ਲੌ । ਖੋਜਾਂ ਤੋਂ ਮੇਰੀ ਹੋਂਦ ਹੈ ਦਿਨ ਦੀਵੇ ਗਵਾਚੀ, ਲੱਭਨਾਂ ਜੇ ਇਹਨੂੰ ਦਿਲ ਦੇ ਜ਼ਰਾ ਦਾਗ਼ ਜਗਾ ਲੌ। ਮੰਜ਼ਲ ਹੈ ਨਵੀਂ ਰਾਹਾਂ ਨੇ ਘਬਰਾ ਕੇ ਬਣਾ ਲਈ, ਇੱਕ ਪੈਰ ਰੁਕੋ, ਉਸ ਨੂੰ ਜ਼ਰ੍ਹਾ ਨਾਲ ਰਲਾ ਲੌ। ਕਿਉਂ ਚੰਦ ਦੇ ਟੁਕੜੇ ਨੂੰ ਮੇਰੀ ਈਦ ਉਡੀਕੇ, ਨਿਉਂ ਜਾਏ ਜ਼ਰਾ ਉਸਦੀ ਨਜ਼ਰ ਦੀ ਬਸ ਈਦ ਮਨਾ ਲੌ । ਨਜ਼ਰਾਂ ਦੀ ਹੀ ਮਜਬੂਰੀ ਹੈ ਆਕਾਸ਼ ਦੀ ਹਸਤੀ, ਮਜਬੂਰ ਨਿਗਾਹੋ ਆ ਮਿਲੋ ਆਕਾਸ਼ ਬਣਾ ਲੌ । ਜਿਸ ਲੌ ਨੇ ਹੈ ਪਰਮਾਣੂ ਨੂੰ ਚੰਦ ਬਣਾਇਆ, ਕੁੱਲੀ ਵੀ ਉਹਦੀ ਲਾਟ ਤੋਂ ‘ਜੋਗੀ’’ ਦੀ ਬਚਾ ਲੌ। ਓ ਹੋਸ਼ ਵਰੋ ਹੋਸ਼ ਤੋਂ ਹਸਤੀ ਨੂੰ ਬਚਾ ਲੌ।

ਮੈਂ ਕਿਰਸਾਨ ਪੰਜਾਬੀ ਹੋ

੧. ਖੇਤੀ ਬਾੜੀ ਮੇਰਾ ਜੀਵਣ, ਸਾਂਵਾ ਮੈਂ ਕਿਰਸਾਨ ਪੰਜਾਬੀ ਹੋ, ਇਸ ਧਰਤੀ ਨਾਲ ਮੇਰਾ ਨਾਤਾ ਜਿਉਂ ਦੇਵਰ ਤੇ ਭਾਬੀ ਹੋ । ਇਹੋ ਮੇਰਾ ਝੰਗ ਸਿਆਲੀ ਏਹੋ ਤਖਤ ਹਜ਼ਾਰਾ ਹੈ, ਧੁਰ ਅਜ਼ਲਾਂ ਤੋਂ ਇਸ ਮਿਟੀ ਦਾ ਮੈਂ ਵਣਜਾਰਾ ਹੋ। ਰੁਤ ਰੁੱਤ ਇਸ ਨੂੰ ਚੋਗ ਚੁਗਾਵਾਂ, ਮੁੱਠੀਆਂ ਭਰ ਭਰ ਦਾਣੇ ਹੋ, ਲੇਖ ਮੇਰੇ ਦੀ ਔਂਸੀ ਪਾਵੇ, ਤਨ ਬੁਲ੍ਹਿਆਂ ਦੇ ਤਾਣੇ ਹੋ । ਘੁੰਮ ਘੁੰਮ ਖੇਤੀ ਲੇਖ ਮੇਰੇ ਦੀਆਂ, ਰੇਖਾਂ ਖਿੱਚਦਾ ਨਾਰਾ ਹੋ, ਢਾਬ ਕਿਨਾਰੇ ਢਾਰਾ ਮੇਰਾ ਭੁਲ੍ਹਦਾ ਬਲਖ ਬੁਖਾਰਾ ਹੋ । ੨. ਲੀਰਾਂ ਨਾਲ ਢੱਕੀ ਹੋਈ ਮੇਰੀ ਗੇਰੂ ਰੰਗੀ ਛਾਤੀ ਹੋ, ਜਿਉਂ ਸੂਰਜ ਦੀ ਬੱਦਲਾਂ ਵਿਚ ਦੀ, ਦਿਓਂ ਚੜ੍ਹਦੇ ਦੀ ਝਾਤੀ ਹੋ। ਊਂਘ ਮੇਰੀ ਰੋੜਾਂ ਨਾਲ ਖੇਲੇ, ਸੂਲਾਂ ਰਸ਼ਕ ਮਨਾਵਣ ਹੋ, ਨੀਂਦ ਮੇਰੀ ਦੀ ਸੇਜ ਨਰਾਲੀ, ਸੁਪਨੇ ਵੀ ਸੌਂ ਜਾਵਣ ਹੋ। ਸਰਘੀ ਦੀ ਚੁਪ ਚਾਪ 'ਚ ਜਾਪਨ ਜੋਗ ਮੇਰੀ ਦੀਆਂ ਟੱਲੀਆਂ ਹੋ, ਜਿਉਂ ਸਈਆਂ ਸੇ ਮੰਤ ਮਨਾ ਕੇ ਪੀਆ ਮਨਾਵਣ ਚਲੀਆਂ ਹੋ। ਟਿੱਕ ਟਿੱਕ ਮੇਰੀ ਹਟੀ ਬੱਲੇ, ਗੀਤ ਸਮੇਂ ਦੇ ਗਾਵੇ ਹੋ, ਇਹ ਜਿੰਦੜੀ ਬੰਧਨਾਂ ਦੀ ਗੋਲੀ, ਦੁਨੀਆਂ ਨੂੰ ਸਮਝਾਵੇ ਹੋ। ੩. ਇਉਂ ਗੰਦਲਾਂ ਵਿਚ ਕਰਨ ਕੁਲੇਲਾਂ ਨੱਚ ਨੱਚ ਬੁਲੇ ਬੁਲੀਆਂ ਹੋ, ਜਿਉਂ ਜੁਲਫਾਂ ਵਿਚ ਫਸ ਕੇ ਯਾਦਾਂ, ਰਾਹ ਵਤਨਾਂ ਦੇ ਭੁਲੀਆਂ ਹੋ । ਲਾ ਸੀਨੇ ਨਾਲ ਦੁਧੀਆਂ ਛੱਲੀਆਂ, ਖੇਤੀਂ ਖੜੀਆਂ ਮੱਕੀਆਂ ਹੋ, ਜਿਵੇਂ ਮੁਟਿਆਰ ਦੀਆਂ ਅੰਗੜਾਈਆਂ ਤੰਦ ਪਾ ਪਾ ਆਕੀਆਂ ਹੋ। ਲੱਗਰਾਂ ਦੇ ਗਲ ਹਰੀਆਂ ਵੇਲਾਂ, ਘੁੱਟ ਘੁੱਟ ਜੱਫੀਆਂ ਪਾਈਆਂ ਹੋ, ਜਿਉਂ ਰਾਧਾ ਦੀਆਂ ਕੋਮਲ ਕੋਮਲ, ਸਵਾਰੀਆਂ ਗੱਲ ਬਾਹੀਆਂ ਹੋ । ਹਿੱਕ ਹਿੱਕ ਮੇਰਾ ਹਰਾ ਬਾਜਰਾ ਹੱਥ, ਹੱਥ, ਬਾਬੂ ਝੰਡੇ ਹੋ, ਜਿਉਂ ਪੋਰਸ ਦੀਆਂ ਫੌਜਾਂ ਖੜੀਆਂ, ਰਣ ਭੂਮੀ ਦੇ ਕੰਢੇ ਹੋ । ੪. ਪੌਹ ਪਾਟੀ ਕਣਕਾਂ ’ਚੋਂ ਉਠੀਆਂ, ਇਉਂ ਕੂੰਜਾਂ ਦੀਆਂ ਡਾਰਾਂ ਹੋ, ਹੰਝੂਆਂ ਨਾਲ ਬਿਰ੍ਹਨ ਦੇ ਮੁੱਖ ਤੇ, ਜਿਉਂ ਸੂਰਮੇ ਦੀਆਂ ਧਾਰਾਂ ਹੋ । ਆਲੇ ਦੁਆਲੇ ਤਾਰਾ ਮੀਰਾ ਲੱਕ ਲੱਕ ਗੰਦਲਾਂ ਚੜ੍ਹੀਆਂ ਹੋ, ਵਿਚ ਰੇਤੇ ਦੀਆਂ ਸੂਖਮ ਸੂਖਮ ਦੋ ਟਿਬੀਆਂ ਇਉਂ ਖੜੀਆਂ ਹੋ। ਜਿਉਂ ਜੋਗਨ ਦੇ ਸੀਨੇ ਉੱਤੇ, ਨਾਗ ਜ਼ੁਲਫ ਦੇ ਕਾਲੇ ਹੋ, ਦੁੱਧਾਂ ਭਰੇ ਕਟੋਰੇ ਰੱਖ ਰੱਖ, ਮਸੀਂ ਮਸੀਂ ਉਸ ਪਾਲੇ ਹੋ। ਫਸਲਾਂ ਦੇ ਵਿਚ ਲੁਕਦੀ ਛਿਪਦੀ, ਇਉਂ ਪਗਡੰਡੀ ਜਾਵੇ ਹੋ, ਜਿਉਂ ਵਿਚਾਰੀ ਹੋਈ ਯਾਦ ਕਿਸੇ ਦੀ, ਕਦੀ, ਕਦੀ, ਚਿੱਤ ਆਵੇ ਹੋ । ਮੈਂ ਕਿਰਸਾਨ ਪੰਜਾਬੀ ਜੋਗੀ, ਮੈਂ ਕਿਰਸਾਨ ਪੰਜਾਬੀ ਹੋ... ।

ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੋ

੧. ਦੱਸਦੇ ਨੇ ਇਤਿਹਾਸ ਦੇ ਪੰਨੇ ਇਕ ਸਮਾਂ ਜਦ ਭਾਰਤ ਅੰਦਰ, ਸੈ ਕਾਂਸ਼ੀ ਦੇ ਮੰਦਰਾਂ ਕੋਲੋਂ ਸੁੱਚਾ ਸੀ ਇਕ ਮਨ ਦਾ ਮੰਦਰ । ਕਾਸ਼ੀ ਦੇ ਕਲਸਾਂ ਤੋਂ ਉਹਲੇ, ਫੂਸਾਂ ਦਾ ਇਕ ਢਾਰਾ ਹੈ ਸੀ, ਇਸ ਢਾਰੇ ਵਿਚ ਵਸਦਾ ਕੋਈ, ਔ-ਲੱਖ ਦਾ ਵਣਜਾਰਾ ਹੈ ਸੀ। ਰੰਬੀ ਦੇ ਵਿਚ ਸਾਈਂ ਉਸ ਦਾ, ਪੱਥਰੀ ਵਿਚ ਪ੍ਰੀਤਮ ਵਾਸੀ, ਦੁਨੀਆਂ ਦੀ ਠੁਕਰਾ ਕੇ ਮਾਇਆ, ਬੈਠਾ ਸੀ ਇਕ ਮਸਤ ਉਦਾਸੀ । ਗੰਗਾ ਉਸ ਦੇ ਚਰਨ ਕੰਵਲ ਨੂੰ,ਹਰ ਦਮ ਲਹਿਰਾਂ ਬਣ ਬਣ ਚੁੰਮਦੀ, ਏਸ ਨਸ਼ੇ ਦੀ ਮਸਤੀ ਅੰਦਰ ਘੁੰਮਣ ਘੇਰੀ ਪਾ-ਪਾ ਘੁੰਮਦੀ । ਪੱਥਰਾਂ ਨਾਲ ਵਲੇ ਚੋਗਿਰਦੇ, ਕਾਸ਼ੀ ਦੇ ਮੰਦਰ ਬੇਚਾਰੇ, ਅੱਡੀਆਂ ਚੁੱਕ ਚੁੱਕ ਤੱਕਦੇ ਰਹਿੰਦੇ ਇਸ ਝੁਗੀ ਵਲ ਆਪ ਮੁਹਾਰੇ। ਵੇਖ ਕੇ ਖੁਲੇ ਦਰ ਕੁਲੀ ਦੇ ਜੰਗਲੀ ਵਾ ਦੇ ਬੁੱਲ੍ਹੇ ਆਉਂਦੇ, ਭਟਕੇ ਹੋਏ ਅਜ਼ਲਾਂ ਦੇ ਪਾਂਧੀ, ਰਾਹ ਜੀਵਨ ਦਾ ਭੁਲੇ ਆਉਂਦੇ। ਪੱਥਰਾਂ ਦੀ ਦੇਹਲੀਜ਼ ਦੇ ਉਤੋਂ ਜਦ ਮੱਥੇ ਠੁਕਰਾਏ ਜਾਂਦੇ, ਕੁਚਲੇ ਹੋਏ ਇਨਸਾਨ ਦੇ ਜ਼ਜ਼ਬੇ, ਇਸ ਝੁੱਗੀ ਵੱਲ ਫੇਰਾ ਪਾਂਦੇ। ਨਿਰਦੋਸ਼ਾਂ ਦੀ ਮਜ਼ਲੂਮਾਂ ਦੀ, ਦੁਖਿਆਰਾਂ ਦੀ, ਆਸ ਸੀ ਝੁੱਗੀ, ਟੁਟੇ ਹੋਏ ਇਨਸਾਨ ਦੇ ਦਿਲ ਲਈ, ਖੁਲ੍ਹੀ ਸੀ ਰਵਿਦਾਸ ਦੀ ਝੁਗੀ । ਇਸ ਝੁੱਗੀ ਦਾ ਤੀਲਾ, ਤੀਲਾ, ਗੁਣ ਗੋਬਿੰਦ ਦੇ ਗਾਉਂਦਾ ਰਹਿੰਦਾ, ਪੈਰਾਂ ਵਿਚ ਰੁਲੀ ਮਨੁੱਖਤਾ ਚੁਕ ਚੁਕ ਸੀਨੇ ਲਾਉਂਦਾ ਰਹਿੰਦਾ । ਇਕ ਉਪਦੇਸ਼ ਸੀ ਹਰ ਦੁਖੀਏ ਲਈ, ਮੱਤ ਜਾਬਰ ਦਾ ਜ਼ਬਰ ਜ਼ਰੋ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੋ । ਗੁਰ ਰਵਿਦਾਸ ਦੇ ਇਸ ਨਾਅਰੇ ਨਾਲ,ਰਾਜ ਸੰਘਾਸਣ ਡੋਲ ਰਿਹਾ ਸੀ, ਏਸ ਸ਼ਬਦ ਦੇ ਪਿੱਛੇ ਸਾਰਾ, ‘ਦੁਖੀਆ ਭਾਰਤ' ਬੋਲ ਰਿਹਾ ਸੀ। ੨. ਇਕ ਦਿਨ ਜਦ ਊਸ਼ਾ ਦੀਆਂ ਪਲਕਾਂ ਆ ਸਰਘੀ ਦੀ ਕੰਘੀ ਕੀਤੀ, ਸੁਲਤਾਨਾਂ ਦੀ ਸੇਜ਼ ਦੇ ਉੱਤੇ, ਹੋਸ਼ਾਂ ਨੇ ਅੰਗੜਾਈ ਲੀਤੀ। ਕੱਠੇ ਹੁੰਦੇ ਮੈਂਖਾਨੇ 'ਚੋਂ ਰਾਤੀਂ ਪੀਤੇ ਜਾਮ ਕਿਸੇ ਦੇ, ਠੇਡੇ ਮਾਰ ਕੇ ਚੂਰਾ ਚੂਰਾ ਰਾਤੀ ਕੀਤੇ ਜਾਮ ਕਿਸੇ ਦੇ। ਊਂਧ ਮਧੋਣੇ ਖੋਲ੍ਹ ਕੇ ਜੋਗਾਂ ਖੇਤਾਂ ਦੇ ਵੱਲ ਟੁਰ ਪਏ ਹਾਲੀ, ਅੱਖੀਆਂ ਵਿਚ ਅਣੀਂਦਾ ਲੈ ਕੇ ਉਠ ਖੜੋਤੀ ਚੂੜੇ ਵਾਲੀ। ਕੰਬਦੇ ਕੰਬਦੇ ਹੱਥਾਂ ਦੇ ਨਾਲ ਉੱਠ ਮਾਵਾਂ ਨੇ ਚੱਕੀਆਂ ਝੋਈਆਂ, ਜੀਵਨ ਦੀ ਚਿੰਤਾ ਤੋਂ ਲੰਮੀਆਂ ਇਹ ਚੱਕਰਾਂ ਦੀਆਂ ਵਾਟਾਂ ਹੋਈਆਂ। ਬਿਰਛਾਂ ਉੱਤੇ ਪੰਖ ਪਖੇਰੂ ਚੁੰਝਾਂ ਦੇ ਨਾਲ ਖੰਭ ਸੰਵਾਰਨ, ਉੱਡ ਜਾਣਾ ਹੈ ਦੇਸ਼ ਪਰਾਏ ਦੂਰ ਖਿੰਡੇ ਹੋਏ ਚੋਗ ਦੇ ਕਾਰਨ । ਦਿੱਤੀ ਬਾਂਗ ਮਸੀਤੇ ਕਾਜ਼ੀ ਅੱਲਾ ਹੂ ਅਸਲਾਮ ਕਰਨ ਲਈ, ਮੰਦਰਾਂ ਵੱਲ ਪੁਜਾਰੀ ਨੱਸੇ, ਪੱਥਰਾਂ ਨੂੰ ਪਰਨਾਮ ਕਰਨ ਲਈ । ਸੰਗਲਾਂ ਨਾਲ ਪਰੋਤੀਆਂ ਹੋਈਆਂ ਮੰਦਰਾਂ ਵਿਚ ਪੁਕਾਰਨ ਟੱਲੀਆਂ, ਪੱਥਰ ਦਿਲ ਇਨਸਾਨ ਦੇ ਹਥੋਂ ਦੁਖੀਆ ਕੂਕਾਂ ਮਾਰਨ ਟੱਲੀਆਂ ਉਸ ਵੇਲੇ ਇਸ ਝੁੱਗੀ ਵਿਚੋਂ, ਰਾਮ ਰਾਮ ਦੀ ਧੁੰਨ ਸੀ ਆਉਂਦੀ, ਆਲ-ਦੁਆਲੇ ਇਸ ਝੁੱਗੀ ਦੇ, ਪਰਭਾਤੀ ਸੀ ਫੇਰੇ ਪਾਉਂਦੀ। ਝੁੱਗੀ ਦੇ ਦਰਵਾਜ਼ੇ ਕੋਲੋਂ, ਇਕ ਮਨੁੱਖ ਨੇ ਉੱਚੀ ਸਾਰੀ, ਹੇ ਰਵਿਦਾਸ ਦਾਸ ਕੇ ਦਾਸਨ, ਇਉਂ ਕਹਿ ਕੇ ਅਵਾਜ਼ ਸੀ ਮਾਰੀ । ੩. ਹੱਥ 'ਚ ਨੇਜ਼ਾ ਜੁੱਸੇ ਵਰਦੀ, ਹਾਕਮ ਦਾ ਦਰਬਾਨ ਸੀ ਕੋਈ, ਪੇਟ ਦੀ ਅੱਗ 'ਚ ਭੁੱਝਾ ਹੋਇਆ, ਪਰ ਦਿੱਸਦਾ ਇਨਸਾਨ ਸੀ ਕੋਈ। ਕਹਿਣ ਲੱਗਾ, ਓ ਸੁਆਮੀ ਮੇਰੇ, ਅੱਜ ਥੋਨੂੰ ਸੁਲਤਾਨ ਬੁਲਾਇਆ, ਹੁਕਮ ਅਦੂਲੀ, ਬਾਗੀਪਨ ਦਾ, ਥੋਡੇ ਉੱਤੇ ਦੂਸ਼ਨ ਲਾਇਆ । ਅੱਜ ਪ੍ਰੀਖਿਆ ਕਰਨੀ ਉਸ ਨੇ ਭਰੇ ਹੋਏ ਦਰਬਾਰ ਦੇ ਅੰਦਰ, ਰਹਿ ਨਹੀਂ ਸਕਦਾ ਕੋਈ ਬਾਗੀ, ਸੁਲਤਾਨੀ ਸਰਕਾਰ ਦੇ ਅੰਦਰ । ਇਸ ਦਰਬਾਰ 'ਚ ਕੱਠੇ ਹੋ ਗਏ ਪੰਡਤ ਤੇ ਮੌਲਾਨੇ ਸਾਰੇ, ਕੌਣ ਕਹਿਣ ਦਾ ਹੀਆ ਕਰੇਗਾ ਕਿ ਰਵਿਦਾਸ ਨੇ ਪੱਥਰ ਤਾਰੇ । ਨੀਚੀ ਜ਼ਾਤ ਕਮੀਨੇ ਬੰਦੇ ਜੇ ਐਸਾ ਪ੍ਚਾਰ ਕਰਨਗੇ, ਇਸ ਦਰਬਾਰ ਦੇ ਤਿੱਖੇ ਨੇਜ਼ੇ ਤੇਰਾ ਸੀਨਾ ਪਾਰ ਕਰਨਗੇ ! ਇਸ ਜੀਭਾ ਦੀ ਬੋਟੀ ਬੋਟੀ ਗਿਰਝਾਂ ਦੀ ਚੁੰਝਾਂ ਵਿਚ ਹੋਸੀ, ਇਸ ਦੋਹੀ ਦੇ ਲੂੰ, ਲੂੰ, ਵਿਚੋਂ ਖੂਨ ਦਾ ਕਤਰਾ ਕਤਰਾ ਚੋਸੀ । ਕਾਸ਼ੀ ਵਿਚ ਢੰਡੋਰਾ ਫਿਰਿਆ ਅੱਜ ਰਵਿਦਾਸ ਪ੍ਰਿਖਿਆ ਹੋਣੀ, ਓਸ ਰਵਿਦਾਸ ਦੇ ਗੋਬਿੰਦ ਕੋਲੋਂ ਅੱਜ ਇਸ ਦੀ ਨਹੀਂ ਰਕਸ਼ਾ ਹੋਣੀ। ੫. ਕਹਿਣ ਲਗੇ ਮੁਸਕਾ ਕੇ ਸੁਆਮੀ, ਸੁਣ ਸਰਕਾਰ ਦੇ ਚਾਕਰ ਪਿਆਰੇ, ਜਿਸ ਨੂੰ ਰੱਖੇ ਮੇਰਾ ਸਾਂਈਆ, ਉਸ ਨੂੰ ਹੋਰ ਨਾ ਕੋਈ ਮਾਰੇ । ਉਸ ਰਾਜੇ ਦੀ ਸਾਰੀ ਸੈਨਾ ਇਸ ਸੈਨਾ ਦੇ ਸ਼ਸਤਰ ਸਾਰੇ, ਤਿੱਖੇ ਮੌਤ ਦੀ ਧਾਰਾ ਕੋਲੋਂ, ਸੁਲਤਾਨੀ ਤੇਗਾਂ ਦੇ ਧਾਰੇ। ਸੀਖਾਂ ਨਾਲ ਵਲੇ ਹੋਏ ਪਿੰਜਰੇ ਭੁਖੇ ਸ਼ੇਰਾਂ ਦੇ ਚੋਗਾਨੇ, ਜਿਥੇ ਮੌਤ ਭੀ ਡਰ ਜਾਂਦੀ ਹੈ, ਉਹ ਪੱਥਰਾਂ ਦੇ ਬੰਦੀਖਾਨੇ। ਠੂਹਿਆਂ ਨਾਲ ਭਰੇ ਹੋਏ ਟੋਏ, ਬਿਸੀਅਰ ਨਾਗ ਨੇ ਜਿਥੇ ਸੁੱਤੇ, ਬੋਟੀ ਬੋਟੀ ਤੋੜ ਦੇਣ ਲਈ, ਮੌਤੋਂ ਕਾਹਲੇ ਭੁੱਖੇ ਕੁੱਤੇ । ਹੱਥਕੜੀਆਂ ਜ਼ੰਜੀਰਾਂ ਬੇੜੀ ਤੇ ਸ਼ਾਹੀ ਜੱਲਾਦ ਦੇ ਕੋੜੇ, ਤੱਤੀਆਂ ਲਾਲ ਫੌਲਾਦੀ ਸੀਖਾਂ, ਕੱਢਣ ਲਈ ਨੈਣਾਂ ਦੇ ਜੋੜੇ । ਇਕ ਦਰਵੇਸ਼ ਦੇ ਸੱਚੇ ਦਿਲ ਨੂੰ, ਸੱਚ ਕਹਿਣ ਤੋਂ ਰੋਕ ਨਾ ਸਕਦੇ, ਮਾਨਵਤਾ ਇਨਸਾਫ ਲਈ ਉੱਠੇ ਕਦਮਾਂ ਨੂੰ ਉਹ ਰੋਕ ਨਾ ਸਕਦੇ । ਜਿਸ ਨਗਰੀ ਵਿਚ ਇਨਸਾਨਾਂ ਨੇ, ਇਨਸਾਨਾਂ ਦਾ ਖੂਨ ਹੈ ਪੀਤਾ, ਨਿਰਦੋਸ਼ਾਂ ਦੀ ਚਮੜੀ ਜੇ ਕਰ ਚੁਮ ਲਈ ਮੈਂ ਦੋਸ਼ ਕੀ ਕੀਤਾ । ੬. ਇਕ ਪਾਸੇ ਇਨਸਾਨ ਦਾ ਬੱਚਾ, ਤਨ ਤੇ ਲੀਰਾਂ ਹੱਥੀਂ ਛਾਲੇ, ਕੂੜਾ ਕਰਕਟ, ਗੰਦ ਉਠਾ ਕੇ, ਰੂੜੀ ਵਿਚੋਂ ਰੋਟੀ ਭਾਲੇ । ਰੋੜਾਂ ਉੱਤੇ ਸੇਜ਼ ਹੈ ਉਸ ਦੀ, ਕੱਚੀ ਇੱਟ ਸਰ੍ਹਾਣਾ ਉਸ ਦਾ, ਭੁੱਖ ਤ੍ਰਿਖਾ ਨਾਲ ਖੇਲ੍ਹਦਿਆਂ ਹੀ ਪੈਂਡਾ ਹੈ ਮੁੱਕ ਜਾਣਾ ਉਸਦਾ। ਇਕ ਪਾਸੇ ਉਹ ਮਹਿਲ ਮੁਨਾਰੇ, ਚਿਣੇ ਗਏ ਜੋ ਕਬਰਾਂ ਉੱਤੇ, ਨਿਰਦੋਸ਼ਾਂ ਦੀਆਂ ਆਹਾਂ ਉੱਤੇ, ਮਜਬੂਰਾਂ ਦਿਆਂ ਸਬਰਾਂ ਉੱਤੇ । ਮਾਨਵਤਾ ਦੀ ਲਾਸ਼ ਦੇ ਉੱਤੇ, ਤੁਰਦੇ ਫਿਰਦੇ ਪੱਥਰ ਉੱਥੇ, ਭੁਖੇ ਮਰ ਰਹੇ ਮਜ਼ਦੂਰਾਂ ਦੀਆਂ ਖੋਪਰੀਆਂ ਦੇ ਸੱਥਰ ਉੱਥੇ। ਏਸ ਨੀਚ ਨੂੰ, ਓਸ ਊਚ ਨੂੰ, ਅੱਖੀਂ ਵੇਖ ਕੇ ਚੁੱਪ ਨਾ ਹੋਸਾਂ, ਜੇ ਕਰ ਮੈਥੋਂ ਹੋਰ ਨਾ ਸਰਿਆ ਮਾਨਵਤਾ ਦੀ ਕਬਰ ਤੇ ਰੋਸਾਂ । ਏਸ ਦੋਸ਼ ਲਈ ਪੱਥਰ ਦਾ ਦਿਲ, ਜੇ ਕਰ ਖਾਂਦਾ ਪਿਆ ਉਬਾਲੇ, ਸੀਨੇ ਦੀ ਕਸੱਵਟੀ ਤੇ ਫਿਰ ਪਰਖ ਲਈਏ ਚੱਲ ਨੇਜ਼ੇ ਕਾਹਲੇ । ਅਨਿਆਏ ਦੀ ਨਗਰੀ ਅੰਦਰ, ਮੇਰਾ ਭੀ ਦਿਲ ਜਾਣ ਨੂੰ ਚਾਂਹਦਾ, ਭੁਖਾ ਪੇਟ ਤੇ ਨੰਗਾ ਸੀਨਾ ਕਾਫੀ ਜ਼ੁਰਬਾਂ ਖਾਣ ਨੂੰ ਚਾਂਹਦਾ । ਇਉਂ ਕਹਿ ਕੇ ਉਸ ਚਾਰਕ ਪਿਛੇ, ਟੁਰ ਪਏ ਪਰਉਪਕਾਰ ਸੁਆਮੀ, ਨਿਰਮਾਣਾਂ ਦੇ ਮਾਣ ਸੁਆਮੀ ਮੀਰਾਂ ਦੇ ਦਿਲਦਾਰ ਸੁਆਮੀ । ੭. ਪੁੱਜੇ ਜਾਂ ਦਰਬਾਰ ਦੇ ਅੰਦਰ ਇਉਂ ਸੁਲਤਾਨ ਖੜਾ ਲਲਕਾਰੇ, ਉਏ ਰਵਿਦਾਸ ਕਮੀਨੇ ਬੰਦੇ, ਮੌਤ ਕਿਉਂ ਤੈਨੂੰ ਵਾਜਾਂ ਮਾਰੇ। ਕੌਣ ਕਹੇ ਤੂੰ ਉੱਚਾ ਸੁੱਚਾ, ਕੌਣ ਕਹੇ ਤੂੰ ਪੱਥਰ ਤਾਰੇ, ਕਦ ਵੱਗਦੀ ਸੀ ਉਲਟੀ ਗੰਗਾ, ਤੇਰੇ ਹੱਥ ਦੇ ਵੇਖ ਇਸ਼ਾਰੇ । ਝੋਲੀ ਵਿਚ ਲੁਕਾ ਕੇ ਜੰਞੂ ਭੋਲੀ ਦੁਨੀਆਂ ਨੂੰ ਭਰਮਾਵੇਂ, ਚਾਰ ਜੁੱਗਾਂ ਦਾ ਅੰਤਰਜਾਮੀ, ਤੂੰ ਕਮਜ਼ਾਤਾ ਬਨਣਾ ਚਾਹਵੇਂ । ਕਰ ਕੇ ਦੱਸ ਇਹ ਕੌਤਕ ਨਹੀਂ ਤਾਂ ਦੁਰਗਤ ਸ਼ਰੇ-ਆਮ ਹੋਏਗੀ, ਤੇਰੀ ਚਮੜੀ ਨਹੀਂ ਤੇ ਭਗਤਾ, ਚੌਕਾਂ ਵਿਚ ਨੀਲਾਮ ਹੋਏਗੀ । ੮. ਕਹਿਣ ਲੱਗੇ ਰਵਿਦਾਸ ਸੁਆਮੀ, ਉਹ ਮਾਇਆ ਦੇ ਅੰਨੇ ਬੋਲੇ, ਤੇਰੇ ਵਰਗੇ ਲੱਖਾਂ ਏਥੇ ਇਸ ਦੁਨੀਆਂ ਨੇ ਮਿੱਟੀ ਰੋਲੇ । ਕਾਰੂੰ ਜੇਹੇ ਖਜ਼ਾਨੇ ਰੁਲ ਗਏ, ਰੁਲ ਗਈ ਸ਼ਾਨ ਸਕੰਦਰ ਏਥੇ, ਮਿੱਟੀ ਦੇ ਵਿਚ ਰੁਲਦੇ ਦੇਖੇ, ਕਲਸਾਂ ਵਾਲੇ ਮੰਦਰ ਏਥੇ । ਜਿਸ ਰਾਵਣ ਦੀ ਸੈਨਾ ਅੰਦਰ, ਇਕ ਲੱਖ ਪੂਤ ਸਵਾ ਲੱਖ ਨਾਤੀ, ਉਸ ਰਾਵਣ ਦੀ ਕਬਰ ਦੇ ਉੱਤੇ ਦੀਵਾ ਵਲੇ ਨਾ ਦਿਖਦੀ ਬਾਤੀ। ਮਿੱਟੀ ਵਿਚ ਨਮਰੂਦ ਦੀ ਮਿਲ ਗਈ, ਅੱਲਾ ਤੋਂ ਬਾਗੀ ਸੁਲਤਾਨੀ, ਭੁਲ ਜਿਹੀ ਇਕ ਯਾਦ ਹੈ ਬਾਕੀ ਦਰਯੋਧਨ ਦੀ ਮਸਤ ਜਵਾਨੀ। ਤੇਰੇ ਹੇਠਾਂ ਤਖਤ ਨਾ ਹੋਸਣ ਸਿਰ ਤੇਰੇ ਤੇ ਤਾਜ ਨਾ ਹੋਸੀ, ਥੋੜੇ ਹੋਰ ਸਮੇਂ ਤੋਂ ਪਿਛੋਂ ਕਿਧਰੇ ਤੇਰਾ ਰਾਜ ਨਾ ਹੋਸੀ। ਮਿੱਟੀ ਦੇ ਪੱਥਰ ਦਾ ਤਰਨਾ ਕਿਉਂ ਤੈਨੂੰ ਅਚਰਜ ਜਾਪਦਾ, ਜੇ ਪੱਥਰ ਨਹੀਂ ਕੋਈ ਤਰਨਾ ਨਹੀਂ ਤਰਨਾਂ ਓਹ ਤੇਰੇ ਪਾਪ ਦਾ । ਉਹ ਪਰਬਤ ਦੇ ਪੱਥਰਾਂ ਨੇ ਭੀ ਠੇਡੇ ਖਾ ਖਾ ਤੁਰਦੇ ਜਾਣਾ, ਗੰਗਾ ਦੇ ਜਲ ਧਾਰੇ ਅੰਦਰ, ਹੌਲੀ ਹੌਲੀ ਖੁਰਦੇ ਜਾਣਾ। ਕਿਣਕਾ ਕਿਣਕਾ ਕੱਠਾ ਹੋ ਕੇ, ਗੰਗਾ ਦਾ ਬਣ ਜਾਏ ਦਹਾਨਾ, ਦੇਸ਼ ਦੇ ਭੁੱਖਿਆਂ ਖਾਤਰ ਇਕ ਦਿਨ, ਬਣ ਜਾਸੀ ਅਨਮੋਲ ਖਜ਼ਾਨਾ, ਇਹ ਪੱਥਰ ਦੇ ਸੀਨੇ ਵਿਚੋਂ, ਉਗ ਪੈਣਗੇ ਫੁੱਲ ਹਜ਼ਾਰਾਂ, ਤੇਰਾ ਦਿਲ ਪੱਥਰ ਸੁਲਤਾਨਾਂ, ਦੇਸੀ ਤੇਰੀਆਂ ਡੋਬ ਬਹਾਰਾਂ। ਸੁਣ ਸੁਆਮੀ ਦੇ ਬੋਲ ਕਰਾਰੇ ਥਰ ਥਰ ਕੰਬੇ ਪਾਪ ਦੇ ਮਣਕੇ, ਪਸਚਾਤਾਪ ਦੇ ਅਥਰੂ ਵਗ ਪਏ ਗੰਗਾ ਦਾ ਜਲਧਾਰਾ ਬਣ ਕੇ । ਧੋਤੀ ਗਈ ਮਲੀਣੀ ਬੁਧੀ, ਹੌਲਾ ਫੁੱਲ ਹੋਇਆ ਹਤਿਆਰਾ, ਆਪਣੇ ਨੀਰ ਦੀ ਗੰਗਾ ਅੰਦਰ, ਤਰਿਆ ਪਾਪੀ ਪੱਥਰ ਭਾਰਾ । ਗੰਗਾ ਵਿਚ ਤਕ ਪੱਥਰੀ ਤਰਦੀ, ਦੰਗ ਹੋ ਗਏ ਦਰਬਾਰੀ ਸਾਰੇ, ਬੇ-ਬੱਸ ਜੋਗੀ ਬੁਲ੍ਹ ਫਰਕ ਪਏ, ਰਾਵੀਦਾਸ ਨੇ ਪੱਥਰ ਤਾਰੇ । ਫਿਰ ਇਹੀ ਉਪਦੇਸ਼ ਦੀਆ ਗੁਰਮਤ ਜਾਬਰ ਦਾ ਜਬਰ ਨਾ ਜਰੋ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੋ ।

ਖੋਜਨ

੧. ਝੁਕਿਆ ਹੋਇਆ ਸੂਰਜ ਮੁੱਖੀਆਂ ਸਾਜਨ ਦਾ ਸਤਿਕਾਰ ਕਰਨ ਲਈ, ਜਾਂ ਖੜ੍ਹ ਜਾਵੇ ਪਲਕਾਂ ਚਾ ਕੇ ਰੱਜ ਰੱਜ ਕੇ ਦੀਦਾਰ ਕਰਨ ਲਈ। ਜਾਂ ਫਿਰ ਸੂਰਜ ਕਿਰਨਾਂ ਰਾਹੀਂ ਤਿੱਤਲੀ ਨੂੰ ਧੁੱਪ ਛਾਂ ਦਿਖਲਾ ਕੇ, ਰੰਗ-ਬਰੰਗੀਆਂ ਚੁੰਮੇ ਬੁੱਲ੍ਹੀਆਂ ਫੁੱਲਾਂ ਦੇ ਨਾਲ ਕੰਘੀਆਂ ਪੀ ਕੇ । ਫੁੱਲਾਂ ਦੀ ਫਰਿਆਦ ਦੇ ਹੰਝੂ ਜਾਂ ਨੈਣਾਂ ਵਿਚ ਸੁੱਕ ਜਾਂਦੇ ਨੇ, ਧੁੱਪ ਤੋਂ ਡਰਦੇ ਜਾਂ ਪਰਛਾਵੇਂ ਬਿਰਛਾਂ ਹੇਠਾਂ ਲੁਕ ਜਾਂਦੇ ਨੇ। ਪਾਗਲ ਹੋ ਕੇ ਜਦੋਂ ਵਰੋਲੇ ਪਾ ਲੈਂਦੇ ਘੱਟਾ ਵਿਚ ਸਿਰ ਦੇ, ਜਾਂ ਫਿਰ ਜਲਦੀ ਹਵਾ ਦੇ ਬੁੱਲੇ ਪਾਣੀ ਪੀਣ ਨੂੰ ਦੌੜੇ ਫਿਰਦੇ । ਰੇਗਿਸਤਾਨ ਦਾ ਤੱਤਾ ਰੇਤਾ ਜਾਂ ਪਾਣੀ ਬਣ ਜਾਵੇ ਢਲ ਕੇ, ਜਾਂ ਕਿਰਨਾਂ ਚੋਂ ਲੰਘਦੀ ਲੰਘਦੀ ਨਜ਼ਰ ਧੂੰਆਂ ਹੋ ਜਾਂਦੀ ਜਲ ਕੇ। ਉਸ ਵੇਲੇ ਦੁਨੀਆਂ ਤੋਂ ਲਾਂਭੇ ਉੱਚੇ ਨੀਵੇਂ ਟਿਬਿਆਂ ਅੰਦਰ, ਦਰਦ ਭਰੀ ਆਵਾਜ਼ ਸੀ ਆਉਂਦੀ ਲੁਟ ਗਿਆ ਮੇਰੇ ਮਨ ਦਾ ਮੰਦਰ । ਨੈਣ ਪਿਆਲੇ ਭਰ ਕੇ ਬੈਠੀ ਇਉਂ ਸੋਚੇ ਇਕ ਕਰਮਾਂ ਮਾਰੀ, ਪਿਆਸੀ ਰੱਸੀ ਯਾਦ ਪੀਆ ਦੀ ਦੂਰੋਂ ਟੁਰਦੀ ਆਈ ਵਿਚਾਰੀ । ੨. ਕਲੀ ਜਿਹੀ ਦੁਖਿਆਰਨ ਕੋਈ ਰੇਤਾ ਚੁੱਕ ਚੁੱਕ ਹਿੱਕ ਨੂੰ ਲਾ ਕੇ, ਪੀਆ ਪੀਆ ਕਰ ਰੋਂਦੀ ਜਾਵੇ, ਸੁਪਨੇ ਦੇ ਗਲ ਬਾਹਵਾਂ ਪਾ ਕੇ । ਰੇਤੇ ਉੱਤੇ ਹੰਝੂ ਕੇਰੇ ਇਉਂ ਨਿਉਂ ਨਿਉਂ ਕੇ ਜੋਬਨ-ਵੰਤੀ, ਜਿਉਂ ਹੰਸਾਂ ਨੂੰ ਚੋਗ ਚੁਗਾਵੇ ਯਾਦ ਕਿਸੇ ਦੀ ਬਣ ਦਮਯੰਤੀ । ਹੰਝੂ ਪੀਣ ਨੂੰ ਕਾਲੀਆਂ ਜ਼ੁਲਫਾਂ ਇਉਂ ਖਿੰਡੀਆਂ ਸਨ ਰੇਤੇ ਉੱਤੇ, ਜਿਉਂ ਚੰਦਨ ਦੇ ਬਿਰਛ ਦੁਆਲੇ, ਨਾਗ ਜਹਿਰੀਲੇ ਹੱਫਣ ਸੁਤੇ । ਮੱਧਮ ਜਿਹੀ ਇਕ ਪੈੜ ਦੁਆਲੇ, ਹੰਝੂਆਂ ਦੇ ਨਾਂ ਔਂਸੀ ਪਾਵੇ, ਖੋਜਣ ਬਣ ਕੇ ਆਈ ਪਗਲੀ, ਆਪਣਾ ਆਪ ਗੁਆਂਦੀ ਜਾਵੇ। ਜਦ ਸੁਪਨਾ ਭੀ ਜਾਂਦਾ ਜਾਂਦਾ ਲੈ ਚਲਿਆ ਨਾਲੇ ਅੰਗੜਾਈਆਂ, ਜੱਫੀਆਂ ਖੋਲ੍ਹ ਕੇ ਰੰਗਲੇ ਚੂੜੇ ਨੰਗੀਆਂ ਕਰ ਗਏ ਨਰਮ ਕਲਾਈਆਂ। ਤੱਤੇ ਰੇਤੇ ਉੱਤੇ ਹੈਸੀ ਆਸ਼ਾ ਜੋ ਹੱਸ ਹੱਸ ਕੇ ਟੁਰਦੀ, ਟੁਰ ਗਈ ਛੱਡ ਕੇ ਉਲਝੀ ਔਂਸੀ ਰਹੀ ਜੁਦਾਈ ਸਾਥਣ ਧੁਰਦੀ। ਦੇਖ ਕੇ ਕਜਲਾ ਰੁੜ੍ਹਿਆ ਜਾਂਦਾ ਕਹਿਣ ਲੱਗਾ ਦਿਲ ਦਰਦ ਜੁਆਲਾ, (ਉਏ) ਹੰਝੂਆਂ ਪਿੱਛੇ ਲੱਗ ਕਮਲਿਆ ਜੋਬਨ ਦਾ ਮੂੰਹ ਕੀਤਾ ਕਾਲਾ । ਚਕਵੀ ਦੀ ਫਰਿਆਦ ਸੀ ਸੱਚੀ, ਪਰਦੇਸੀ ਸੰਗ ਨੇਹੁੰ ਨਾ ਲਾਈਏ, ਦਿਲ ਦਾ ਕਾਲਾ ਕੰਤ ਜੇ ਹੋਵੇ ਨੈਣਾਂ ਵਿਚ ਨਾ ਕਦੀ ਵਸਾਈਏ । ਕਲੀਆਂ ਵਰਗੇ ਪੈਰਾਂ ਉੱਤੇ ਰੇਤਾ ਕਹਿਣ ਲੱਗਾ ਤੱਕ ਛਾਲੇ, ਵਾਹ ਮੌਲਾ ਤੂੰ ਸੱਚ ਮੁੱਚ ਦਾਤਾ, ਭਰੇ ਰੱਖ ਫੱਕਰਾਂ ਦੇ ਪਿਆਲੇ। ਤਾਨੇ ਸੁਣ ਸੁਣ ਇਸ ਜੋਗਨ ਦੇ ਰੋਮ ਰੋਮ ਝਰਨਾਟੇ ਛਿੜ ਗਏ, ਆਪਣਾ ਆਤ ਬੇਗਾਨਾ ਹੋਇਆ, ਲੇਖ ਦੇ ਚੱਕਰ ਪੁਠੇ ਗਿੜ ਗਏ । ਕਹਿਣ ਲੱਗੀ ਹੇ ਮੁਨਸਫ ਕਾਦਰ ਲਏ ਇੰਨਾਫ ਦੇ ਪੱਲੇ, ਖਾਲੀ ਹਰਦਮ ਉੱਚੇ ਰਹਿੰਦੇ ਭਰੇ ਹੋਏ ਝੁਕਦੇ ਨੇ ਥੱਲੇ । ਪ੍ਰੇਮ ਪਰੁੰਣੀਆਂ ਸਾਗਰ ਲਹਿਰਾਂ, ਅੰਬਰਾਂ ਦੇ ਵਿਚ ਦੇਖ ਕੇ ਸਾਜਨ, ਜੀਵਨ ਪੂੰਜੀ ਭੇਟਾ ਲੈ ਲੈ ਪੀਆ ਮਿਲਨ ਨੂੰ ਉੱਠ ਜਾਵਣ । ਰੂਪ ਖੁਮਾਰੀ ਦੇ ਵਿਚ ਪਾਗਲ ਪਰ ਚੰਦਰਮਾ ਪਿਆਰ ਨਾ ਜਾਣੇ, ਸਗੋਂ ਬਦਲੀਆਂ ਉਹਲੇ ਹੋ ਹੋ ਤੋੜ ਦੇਵੇ ਉਮੀਦ ਦੇ ਤਾਣੇ । ਸੋਮੇ ਨੱਦੀਆਂ ਪਰਬਤ ਪਾਲੇ, ਛਾਤੀ ਉੱਤੇ ਖੇਡ ਖਿਡਾ ਕੇ, ਟੁਰ ਜਾਂਦੇ ਨੇ ਛੱਡ ਕੇ ਉਹ ਭੀ ਜਾਂਦੀ ਵਾਰੀ ਠੋਕਰ ਲਾਕੇ । ਮਿਲਦੇ ਬਾਹਵਾਂ ਖੋਲ੍ਹ ਕਿਨਾਰੇ ਨੱਚਦਾ ਆਉਂਦਾ ਵੇਖ ਕੇ ਜਾਨੀ, ਪਰ ਮੁੜ ਕੇ ਨਾ ਫੇਰਾ ਪਾਉਂਦੇ ਬੇ-ਕਦਰੇ ਪੱਤਣਾਂ ਦੇ ਪਾਣੀ। ਜੀਵਨ ਟੇਕ ਤੇ ਕੇਵਲ ਆਸ਼ਾ ਜਿਸ ਨੂੰ ਦੇਖ ਕੇ ਬੁਲਬੁਲ ਜੀਵੇ, ਹੱਸਦਾ ਜਾਵੇ ਉਹ ਮਤਵਾਲਾ, ਬੁਲਬੁਲ ਰੋ ਰੋ ਪਾਗਲ ਥੀਵੇ। ਮੇਰੇ ਪਿਆਰ ਨੂੰ ਜਾਣ ਨਾ ਸਕਿਆ,ਗਿਣਦੀ ਰਹੀ ਮੈਂ ਜਿਸ ਦੇ ਮਣਕੇ, ਜਿਸ ਪਿਛੇ ਮੈਂ ਬੌਰੀ ਹੋ ਗਈ, ਮਾਰੂਥਲ ਵਿਚ ਖੋਜਣ ਬਣ ਕੇ । ਸੁਣ ਰੋਗਣ ਦੀਆਂ ਦਰਦ ਪੁਕਾਰਾਂ, ਅੰਬਰਾਂ ਚੋਂ ਕੋਈ ਬੋਲਣ ਲੱਗਾ, ਐਸੇ ਰੋਗ ਦਾ ਰੋਗੀ ਕੋਈ, ਦਾਗ ਚਿਰਾਂ ਦੇ ਫੋਲਣ ਲੱਗਾ । ਸੱਸੀ ਸੱਭ ਸੰਸਾਰ ਹੈ ਦੁਖੀਆ, ਜਿੰਦੜੀ ਕੋਈ ਸੁਖਾਲੀ ਹੈ ਨਹੀਂ, ਇਸ ਦੁਨੀਆਂ ਦੀ ਕੋਈ ਛਾਤੀ ਗ਼ਮ ਦੇ ਦਾਗ ਤੋਂ ਖਾਲ੍ਹੀ ਹੈ ਨਹੀਂ। ਬੁਲਬੁਲ ਰੋਂਦੀ ਫੁਲ ਵੀ ਰੋਂਦੇ, ਐਪਰ ਅੱਖ ਪਛਾਣ ਨਾ ਸਕਦੀ, ਹੱਸ ਹੱਸ ਰੋਣਾ ਕਿਸ ਨੂੰ ਕਹਿੰਦੇ ਭੇਦ ਇਹ ਬੁਲਬੁਲ ਜਾਣ ਨਾ ਸਕਦੀ । ਬੁਲਬੁਲ ਦਾ ਦੁਖ ਫੁਲ ਨਾ ਜਾਨਣ, ਫੁੱਲਾਂ ਦਾ ਬੁਲਬੁਲ, ਮਾਲੀ ਦਾ ਦੁੱਖ ਕੋਈ ਨਾ ਜਾਣੇ, ਨਾ ਬੁਲਬੁਲ ਨਾ ਫੁੱਲ । ਸੁਣ ਸੱਸੀਏ ਮੇਰੀ ਆਪਣੀ ਬੀਤੀ, ਕੁਦਰਤ ਦਾ ਮੈਂ ਹਾਂ ਅਭਿਲਾਸ਼ੀ, ਕਾਦਰ ਮੋਹੇ ਪੁਕਾਰੇ ਦੁਨੀਆਂ ਆਪ ਰਚੀ ਰਚਨਾ ਦਾ ਵਾਸੀ। ਇਸ ਕੁਦਰਤ ਦੇ ਖੇਲਣ ਬਦਲੇ ਦੁਨੀਆਂ ਦਾ ਮੈਂ ਤਾਣਾ ਤਣਿਆ, ਇਸ ਦੁਨੀਆਂ ਤੇ ਜੋ ਕੁਝ ਬਣਿਆ ਇਸ ਸਜਨੀ ਦੇ ਕਾਰਨ ਬਣਿਆ । ਅੰਬਰਾਂ ਵਿਚ ਸਤ ਰੰਗੀਆਂ ਪੀਂਘਾਂ, ਏਸ ਹੁਸਨ ਨੂੰ ਪਾ ਕੇ ਦਿੱਤੀਆਂ, ਏਸੇ ਹੀ ਰੂਪੰਤੀ ਬਦਲੇ ਅੰਬਰਾਂ ਵਿਚ ਮੈਂ ਗੁੰਦੀਆਂ ਖਿੱਤੀਆਂ, ਚੰਨ ਰਿਸ਼ਮਾਂ ਵਿਚ ਰਹੀ ਪਰੋਂਦੀ ਫੁੱਲ ਕਲੀਆਂ ਦੇ ਹੰਝੂ ਚੁਣ ਕੇ, ਕਦੀ ਕਦੀ ਘੁੰਡ ਚਾ ਬੱਦਲਾਂ ਦਾ ਰਹੀ ਚਮਕਦੀ ਬਿਜਲੀ ਬਣ ਕੇ । ਜੜ ਗਗਨਾਂ ਦੇ ਮੋਤੀ ਭਾਵੇਂ ਖਿੱਚ ਦਿੱਤਾ ਨਕਸ਼ਾ ਬਣ-ਠਣ ਦਾ, ਐਪਰ ਬੇ-ਵਫ਼ਾਈ ਸੱਸੀਏ ਅਤਿ ਸੁੰਦਰ ਸ਼ੰਗਾਰ ਹੁਸਨ ਦਾ । ਬੌਰਾ ਸਮਝ ਕੇ ਛੱਡ ਗਈ ਮੈਨੂੰ ਫੇਰ ਮਿਲਣ ਦਾ ਲਾਰਾ ਲਾ ਕੇ, ਜਾ ਪਰਬਤ ਦੀ ਗੋਦੀ ਸੌਂ ਗਈ ਰੰਗ-ਬਰੰਗੇ ਫੁੱਲ ਵਿਛਾ ਕੇ । ਵਲ-ਛਲਵਲ-ਛਲ ਨਾਚ ਨੱਚ ਪਈ, ਨਦੀ ਕਿਨਾਰੇ ਕਰੇ ਕਲੋਲਾਂ, ਬਿਰਛਾਂ ਨੂੰ ਗਲਵੱਕੜੀ ਪਾਵੇ, ਕਦੀ ਕਦੀ ਬਣ ਹਰੀਆਂ ਵੇਲਾਂ । ਭੁੱਲੇ ਦਿਲ ਨੂੰ ਯਾਦ ਦੱਸਣ ਲਈ ਘੱਲੀ ਪੌਣ ਕਈ ਕਈ ਵਾਰੀ, ਭੌਰਾ ਬਣ-ਬਣ ਰਿਹਾ ਮੈਂ ਘੁੰਮਦਾ, ਐਪਰ ਉਸ ਨੇ ਝਾਤ ਨਾ ਮਾਰੀ । ਖੋਜ ਖੋਜ ਜਦ ਆਸਾਂ ਮੁੱਕੀਆਂ, ਬੀਤ ਗਈ ਸੁਪਣੇ ਬਣ ਚੱਲੇ, ਪੁਨਰ ਮਿਲਣ ਆਸ਼ਾ ਛੱਡ ਬੈਠਾ, ਬਣ ਬੈਰਾਗੀ ਬਿਰਛਾਂ ਥੱਲੇ। ਕੀ ਤੱਕਿਆ ਉਹ ਦਰਸ ਪਿਆਸੀ, ਪੁਨਰ ਮਿਲਣ ਦੇ ਬੰਨ੍ਹ ਕੇ ਦਾਈਏ, ਕੂਕ ਕੂਕ ਬੱਦਲਾਂ ਤੋਂ ਪੁਛੇ ਪੀਓ, ਪੀਓ, ਪੀਓ, ਕਿਤ ਪਾਈਏ । ਹੂਕ ਉੱਠੀ ਇਕ ਮੇਰੇ ਮਨ 'ਚੋਂ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ । ਹਰ ਮੰਜ਼ਲ ਰੂਹਾਂ ਦੇ ਮੇਲੇ ਜੀਵਨ ਵਾਟ ਵਿਛੋੜਾ ਬਣਦਾ, ਇਸ ਜੀਵਨ ਦਿਆਂ ਚੱਕਰਾਂ ਅੰਦਰ, ਭੇਦ ਅਨੋਖਾ ਫੇਰ ਮਿਲਣ ਦਾ । ਸੱਸੀ ਤੇਰੇ ਫੇਰ ਮਿਲਣ ਦਾ ਇਸ ਦੁਨੀਆਂ ਤੇ ਵੇਲਾ ਹੈ ਨਹੀਂ, ਇਕ ਤੇਰੇ ਦਿਲ ਬਾਝੋਂ ਸੱਸੀਏ, ਪੁੰਨੂੰ ਹੋਰ ਕੋਈ ਤੇਰਾ ਹੈ ਨਹੀਂ । ਗੱਲਾਂ ਸੁਣ ਸੁਣ ਸੱਸੀ ਚਲੀ, ਤੋੜ ਨਿਭੌਣ ਅਜ਼ਲ ਦੀਆਂ ਲਾਈਆਂ, ਹੌਲੀ ਹੌਲੀ ਫਿਰ ਵਾਯੂ 'ਚੋਂ ਦਿਲ ਖਿੱਚਵੀਆਂ ਆਵਾਜ਼ਾਂ ਆਈਆਂ। “ਜੋਗੀ” ਨਾਲ ਵਫਾ ਦੇ ਭਾਵੇਂ ਵੱਧਦਾ, ਫੁੱਲਦਾ, ਪਲ੍ਹਦਾ, ਐਪਰ ਬੇ-ਵਫਾਈ ਬਾਝੋਂ, ਪਿਆਰ ਕਦੇ ਨਾ ਫੁਲਦਾ ।

ਬੰਗਲਾ ਦੇਸ਼

ਪੂਰਬ ਦੇਸ਼ ਦੀ ਜਾਦੂ ਨਗਰੀ, ਗੰਗਾ ਦਾ ਰਮਣੀਕ ਬਸੇਰਾ, ਬੱਦਲਾਂ ਦੀ ਪਨ-ਘਟ ਦੇ ਕੰਢੇ, ਜਿਸ ਭੂਮੀ ਨੇ ਲਾਇਆ ਡੇਰਾ । ਜਿਸ ਛਾਤੀ ਤੇ ਨਾਚ ਕਰਨ ਲਈ ਖੋਲ੍ਹ ਕੇ ਲੰਮੀਆਂ ਲੰਮੀਆਂ ਬਾਹਵਾਂ, ਹੁਗਲੀ ਜਿਹੇ ਦਰਿਆ ਟੁਰ ਪੈਂਦੇ ਛੱਡ ਪਰਬਤ ਦੀਆਂ ਠੰਡੀਆਂ ਛਾਵਾਂ। ਜਿਸ ਭੂਮੀ ਦੇ ਬਣ ਬਿਰਛਾਂ ਤੋਂ ਜਾਂ ਵਿਛੜੇ ਰੁੱਤ ਦੁਖੜੇ ਹੋਵਣ, ਭੁਲ ਜਾਵਣ ਕਿਰਨਾਂ ਅੱਧਵਾਟੇ ਕੂੰਜਾਂ ਵਾਂਗ ਬਦਲੀਆਂ ਰੋਵਣ । ਸਾਗਰ ਨੂੰ ਬੁਲ੍ਹੀਆਂ ਨਾਲ ਲਾ ਕੇ ਪੀ ਪੀ ਕੇ ਮਦਹੋਸ਼ ਹਵਾਂਵਾਂ, ਜਿਸ ਭੂਮੀ ਤੇ ਕਰਨ ਕਲੋਲਾਂ, ਮਸਤਾਨੇ ਬੱਦਲਾਂ ਦੀਆਂ ਛਾਵਾਂ। ਉਸ ਭੂਮੀ ਦੇ ਮਹਿਲਾਂ ਦੀ ਅੱਜ ਬਰਬਾਦੀ ਇਕ ਯਾਦ ਹੈ ਬਾਕੀ, ਸੁੰਜੇ ਅੱਜ ਦਿਸਦੇ ਮੈਖਾਨੇ ਬੂਹੇ ਖੋਲ੍ਹ ਕੇ ਟੁਰ ਗਏ ਸਾਕੀ। ਮੰਦਰਾਂ ਦੇ ਵਿਚ ਧੂੰਆਂ ਹੋਇਆ ਜਲ ਬਲ ਕੇ ਸੱਭ ਦੀਵੇ ਬਾਤੀ, ਸੁਲਗ ਸੁਲਗ ਕੇ ਕੋਲੇ ਹੋ ਗਈ, ਇਸ ਧਰਤੀ ਦੀ ਕੋਮਲ ਛਾਤੀ। ਕਈ ਪਪੀਹੇ ਕੂਕ ਕੂਕ ਕੇ ਟੁਰ ਗਏ ਨੇ ਜਲ ਬਾਝੋਂ ਪਿਆਸੇ, ਛੱਡ ਗਏ ਨੇ ਮਹਿਕੀ ਫੁਲਵਾੜੀ, ਚੋਗ ਬਿਨਾਂ ਕਈ ਪੰਖ ਨਿਰਾਸੇ। ਮਾਤਾਵਾਂ ਦੀਆਂ ਖਰੀਆਂ ਹੱਡੀਆਂ ਇਉਂ ਖਿੰਡੀਆਂ ਨੇ ਖੰਡਰਾਂ ਕੋਲੇ, ਜਿਉਂ ਮਹਿਮੂਦ ਨੇ ਮੰਦਰ ਢਾ ਕੇ ਸੰਗਮਰਮਰ ਦੇ ਟੁਕੜੇ ਰੋਲੇ। ਖੰਡਰਾਂ ਦੇ ਰੋੜਾਂ ਤੇ ਸੁੱਤੀਆਂ ਦੁਖਿਆਰਾ ਦੀਆਂ ਬੋਲਣ ਰਾਖਾਂ, ਨਾ ਛੇੜੋ ਉਏ ਵਾ ਦੇ ਬੁਲ੍ਹਿਉ ਨਾ ਛੇੜੋ ਇਹ ਠੰਢੀਆਂ ਲਾਟਾਂ । ਮਾਸੂਮ ਦੀਆਂ ਚਿੱਟੀਆਂ ਹੱਡੀਆਂ ਇਉਂ ਦਿੰਦੀਆਂ ਸੰਦੇਸ਼ ਕਿਸੇ ਨੂੰ, ਓ ਜ਼ਾਲਮ ਅਸੀਂ ਕੁਝ ਨਹੀਂ ਮੰਗਦੇ, ਨਾ ਭੇਜੀਂ ਪਰਦੇਸ ਕਿਸੇ ਨੂੰ । ਕਿਤੇ ਕਿਤੇ ਬਿਰਛਾਂ ਦੇ ਥੱਲੇ ਬੀਤ ਗਈ ਦੀ ਯਾਦ ਨੇ ਝੁੱਗੀਆਂ, ਉਹ ਨਿਰਦੋਸ਼ ਮੁਜਰਮਾਂ ਦੀ ਹੁਣ ਡਰੀ ਹੋਈ ਫਰਿਆਦ ਨੇ ਝੁੱਗੀਆਂ । ਕਈ ਜੀਵਨ ਐਸੇ ਨੇ ਰੁਲਦੇ, ਜਿਨ੍ਹਾਂ ਦੀ ਕੁਲ ਪੂੰਜੀ ਲੀਰਾਂ, ਮੌਤ ਦਾ ਰਸਤਾ ਭੁਲੀਆਂ ਹੋਈਆਂ ਭਟਕ ਰਹੀਆਂ ਨੇ ਉਹ ਤਕਦੀਰਾਂ । ਜਾਚਕ ਬਣ ਗਏ ਨੇ ਦਰ ਦਰ ਤੇ ਰੰਗ ਰਲੀਆਂ ਰਾਸਾਂ ਦੇ ਵਾਲੀ, ਤਰਸ ਰਹੇ ਨੇ ਤੱਕ ਤੱਕ ਦਾਤਾ ਜਿਉਂ ਬਾਗਾਂ ਦੇ ਪਿੰਗਲੇ ਮਾਲੀ। ਲਮਕ ਰਹੀਆਂ ਮਸਤਕ ਤੋਂ ਥੱਲੇ ਪਾਟੀ ਹੋਈ ਪਗੜੀ ਦੀਆਂ ਲੀਰਾਂ, ਝੂਲਾ ਸਮਝ ਕੇ ਸੌਂ ਚੁੱਕੀਆਂ ਨੇ ਹਾਏ ਮਜ਼ਲੂਮ ਦੀਆਂ ਤਕਦੀਰਾਂ । ਹੱਥਾਂ ਤੇ ਪੈਰਾਂ ਤੇ ਛਾਲੇ, ਇਉਂ ਮਜ਼ਦੂਰ ਦੇ ਫੋਲਣ ਦੁੱਖੜੇ, ਤਲੀਆਂ ਘਸ ਘਸ ਰੇਖਾ ਮਿੱਟੀਆਂ ਮਿੱਟ ਗਏ ਲੇਖ ਲਿਖੇ ਖਾਲਕ ਦੇ । ਸੀਨੇ ਵਿਚ ਵਸਦੇ ਸਾਸਾਂ ਨੇ ਲੁਟ ਲਈ ਲਾਜ ਅਣਖ ਇਕ ਇਕ ਦੀ, ਇਕ ਰੋਟੀ ਦੇ ਟੁਕੜ ਬਦਲੇ ਬਾਜ਼ਾਰਾਂ ਵਿਚ ਲੱਜਿਆ ਵਿਕਦੀ । ਅੰਬਰਾਂ ਦੇ ਬੁਲ੍ਹਿਆਂ ਤੋਂ ਪੁੱਛੇ ਦੁਖਿਆਰਨ ਦੀ ਨੰਗਨ ਜਵਾਨੀ, ਬਿੰਦਰਾ ਬਨ ਦਾ ਬੰਸੀ ਵਾਲਾ ਕਿਉਂ ਨਹੀਂ ਸੁਣਦਾ ਦਰਦ ਕਹਾਣੀ । ਕਿਉਂ ਭੁਲ ਗਈ ਦੁਖੀਆਂ ਦੇ ਦੁਖੜੇ, ਬੰਗਲਾ ਦੇਸ਼ ਦੀ ਦੇਵੀ ਕਾਲੀ, ਦੇਖ ਕੇ ਭੁਝਦੀਆਂ ਜੀਵਨ ਜੋਤਾਂ ਕਿਉਂ ਲੁਕ ਗਈ ਅੱਜ ਜੋਤਾਂ ਵਾਲੀ । ਕੀ ਪਰਤਾਪ ਦੇ ਨੇਜ਼ੇ ਖੁੰਡੇ ਜਾਂ ਸੰਗਰਾਮ ਦੇ ਤਰਕਸ਼ ਖਾਲੀ, ਕੀ ਸੌਂ ਗਏ ਮੈਸੂਰ ਦੇ ਟੀਪੂ ਜਾਂ ਨਲੂਏ ਦੀ ਤੇਗ ਜੰਗਾਲੀ । ਕਿਉਂ ਰਾਣੇ ਜਾਂ ਸ਼ੇਰ ਪੰਜਾਬੀ ਲੁਟਦੀ ਲਾਜ ਬਚਾ ਨਹੀਂ ਸਕਦੇ, ਕਿਉਂ ਸਭਤਾ ਦੇ ਮਸਤਕ ਉਤੋਂ ਦਾਗ ਇਹ ਕਾਲਾ ਲਾਹ ਨਹੀਂ ਸਕਦੇ । ਦੁੱਖ ਸੁਣ ਸੁਣ ਕੇ ਦੁਖਿਆਰਾਂ ਦੇ ਇਉਂ ਸ਼ਾਇਰ ਦੇ ਜਜ਼ਬੇ ਬੋਲੇ, ਓਹ ਇਨਸਾਨ ਅਕਲ ਦੇ ਮਾਲਕ ਕਿਉਂ ਬੰਦਿਆਂ ਦੇ ਬੰਦੇ ਗੋਲੇ । ਕਿਉਂ ਰੋਟੀ ਦੇ ਟੁਕੜੇ ਬਦਲੇ ਮਾਨਸ ਦੇ ਪੁੱਤ ਫੋਲਣ ਰੂੜੀ, ਕਿਉਂ ਬੰਦੇ ਮਸਤਕ ਨੂੰ ਮਲਦੇ ਬੰਦਿਆਂ ਦੇ ਪੈਰਾਂ ਦੀ ਧੂੜੀ । ਸੁਣ ਸ਼ਾਇਰ ਦੇ ਬਾਗੀ ਜਜ਼ਬੇ ਮੰਡਲਾ 'ਚੋਂ ਆਵਾਜ਼ ਆਈ, ਦੋਸ਼ ਨਾ ਕਾਹੂੰ ਜੋਗ ਲੈਵੇ ਜੋਗੀ, ਬੰਧਨ ਦਾ ਜੀਵਨ ਦੁਖਦਾਈ ।

"ਮਿੱਤਰ ਪਿਆਰੇ ਨੂੰ"

੧. ਜਾਂ ਪੱਛਮ ਵਿਚ ਦੂਰ ਦੁਰੇਡੇ ਜਾ ਸੂਰਜ ਨੇ ਡੇਰੇ ਲਾਏ, ਜਾਂ ਪੀ ਬੋਲ ਪਪੀਹਾ ਕੂਕੇ ਪੀਆ ਨੂੰ ਸੰਦੇਸ਼ ਪੁਚਾਏ। ਦਿਨ ਦੇ ਵਿਛੜੇ ਪੰਖ ਪੰਖੂਰੇ ਚੁੰਝਾਂ ਦੇ ਵਿਚ ਚੁੰਝਾਂ ਪਾ ਕੇ, ਇਕ ਦੂਜੇ ਨੂੰ ਹੌਲੀ ਹੌਲੀ ਆਪਣੀ ਬੀਤੀ ਦਸਦੇ ਆ ਕੇ। ਜਾਂ ਵੰਝਲ ਦੀ ਮਸਤੀ ਅੰਦਰ, ਝੂਮਦੇ ਆਉਂਦੇ ਮਾਹੀ ਪਾਲੀ, ਜਾਂ ਅੰਬਰਾਂ 'ਚੋਂ ਹੌਲੀ-ਹੌਲੀ ਮਿੱਟਦੀ ਜਾਏ ਚਿੰਤਾ ਦੀ ਲਾਲੀ । ਲੱਟ-ਪਟ ਪੰਛੀ ਤਿੱਤਰ ਬੋਲੋ, ਗੀਤ ਕਿਸੇ ਦਾ ਗਾਉਣ ਬਟੇਰੇ, ਗਲੀਆਂ ਦੇ ਵਿਚ ਫੱਕਰ ਕੂਕੇ, ਮੈਲਾ ਰੈਣ ਵਿਜੋਗ ਸਵੇਰੇ । ਐਨੇ ਚਿਰ ਨੂੰ ਰਾਤ ਦੀ ਰਾਣੀ ਲੈ ਮਸਤਕ ਤੇ ਚਾਦਰ ਕਾਲੀ, ਨੱਚਦੀ ਨੱਚਦੀ ਆ ਗਈ ਰੱਖ ਕੇ ਥੇਲੀ ਤੇ ਗਗਨਸ਼ਤਰ ਬਾਲੀ । ਨੈਣ ਜਿਹੇ ਇਕ ਚੰਨ ਦੁਆਲੇ, ਅਬਰਾਂ ਵਿਚ ਇਉਂ ਚਮਕੇ ਤਾਰੇ, ਜਿਉਂ ਜੋਗਣ ਦੀਆਂ ਜ਼ੁਲਫਾਂ ਅੰਦਰ, ਬੇ-ਬਸ ਜੁਗਨੂੰ ਦਮਕਾਂ ਮਾਰੇ । ੨. ਉਸ ਵੇਲੇ ਇਕ ਬੰਦ ਕਿਲੇ ਵਿਚ ਦਾਤਾ ਤੇ ਦਾਤਾ ਦੇ ਪਿਆਰੇ, ਆਪ ਲਿਖੀ ਤਕਦੀਰ ਦੇ ਲੇਖੇ ਹੱਸ ਹੱਸ ਦਿੰਦੇ ਜਾਂਦੇ ਸਾਰੇ । ਗੁੱਸੇ ਵਿਚ ਸਿੰਘਾਂ ਦੀਆਂ ਪਲਕਾਂ ਆਰੇ ਵਾਂਗੂ ਘੁੰਮ ਰਹੀਆਂ ਸਨ, ਤੇਗ ਵਰਗੀਆਂ ਕੁੰਡੀਆਂ ਮੁੱਛਾਂ ਸ਼ੇਰਾਂ ਦਾ ਮੂੰਹ ਚੁੰਮ ਰਹੀਆਂ ਸਨ । ਫਰਕ ਰਹੇ ਸਨ ਥੱਕੇ ਡੌਲੇ ਨਾਹਰੇ ਸੁਣ ਸੁਣ ਵੈਰੀ ਦਲ ਦੇ, ਆਉਣ ਵਾਲੀ ਤਕਦੀਰ ਦੇ ਨਕਸ਼ੇ ਲੰਘਦੇ ਜਿਉਂ ਪਰਛਾਵੇਂ ਢਲਦੇ । ਰਾਤ ਸਮੇਂ ਜਦ ਵੈਰੀ ਦਲ ਨੇ ਹੱਲੇ ਉੱਤੇ ਬੋਲੇ ਹੱਲੇ, ਥੱਕੇ ਟੁੱਟੇ ਸਿੰਘਾਂ ਦੇ ਫਿਰ ਆਸਾਂ ਨੇ ਛੱਡ ਦਿੱਤੇ ਪੱਲੇ । ਸਿੰਘਾਂ ਨੇ ਫਿਰ ਗੱਲ ਵਿਚਾਰੀ ਕਿ ਦੁਸ਼ਮਣ ਦੀ ਫੌਜ ਹੈ ਭਾਰੀ, ਕਲਗੀਧਰ ਨੂੰ ਕਿਵੇਂ ਬਚਾ ਕੇ ਕੁੱਦ ਪਵੋ ਸਭ ਬਾਰੀ ਬਾਰੀ । ੩. ਕਲਗੀਧਰ ਦੇ ਚਾਰ ਚੁਫੇਰੇ ਇਉਂ ਖੜ੍ਹ ਗਏ ਜਾਂ ਪੰਜ ਪਿਆਰੇ, ਜਿਉਂ ਪੁੰਨਿਆਂ ਦੇ ਚੰਨ ਦੁਆਲੇ ਕਿਧਰੇ ਕਿਧਰੇ ਚਮਕਣ ਤਾਰੇ। ਪਾ ਪੱਲੂ ਅਰਦਾਸ ਗੁਜ਼ਾਰਨ ਸੁਣੋ ਬੇਨਤੀ ਠਾਕਰ ਮੇਰੇ, ਰੁੜ੍ਹਦੀ ਹਿੰਦ ਜੇ ਰੱਖਣੀ ਚਾਹਵੋ, ਨਿਕਲ ਜਾਵੇ ਨ੍ਹੇਰੇ ਨ੍ਹੇਰੇ । ਕਈ ਦੁਖਿਆਰੇ ਕਰਮਾਂ ਮਾਰੇ ਰੋ, ਰੋ ਥੋਨੂੰ ਯਾਦ ਨੇ ਕਰਦੇ, ਜਾਓ ਪਿਤਾ ਜੀ ਅੱਖੀਂ ਤੱਕ ਲਵੋ, ਫੁੱਲ ਕਿਵੇਂ ਫਰਿਆਦ ਨੇ ਕਰਦੇ। ਸਾਡੇ ਵਰਗੇ ਹੋਰ ਬਹੁਤੇਰੇ, ਆਪ ਜਿਹਾ ਪਰ ਇਕ ਨਾ ਆਉਣਾ, ਇਸ ਦੁਨੀਆ ਤੇ ਹੋਰ ਕਿਸੇ ਨਾ ਲੱਖਾਂ ਦੇ ਨਾਲ ਇਕ ਲੜਾਉਣਾ । ਐਸਾ ਦਿਸਦਾ ਹੋਰ ਨਾ ਕੋਈ ਪੰਥ ਉੱਤੋਂ ਪਰਵਾਰ ਜੋ ਵਾਰੇ, ਹੱਸਦਾ ਹੱਸਦਾ ਭੇਟਾ ਕਰ ਦਏ, ਸਮਝ ਅਮਾਨਤ ਚਾਰ ਦੁਲਾਰੇ । ਥੋਡੇ ਬਾਝੋਂ ਕੌਣ ਸੁਣੇਗਾ, ਦੁਖਿਆਰਾਂ ਦੀ ਦਰਦ ਕਹਾਣੀ, ਕੌਣ ਕਰੇਗਾ ਜੰਜੂ ਰੱਖਸ਼ਾ ਜਦ ਅੱਖੀਆਂ 'ਚੋਂ ਸੁਕ ਜਾਏ ਪਾਣੀ । ਕੌਣ ਆਏਗਾ ਨੀਲਾ ਫੜ ਕੇ ਮਜ਼ਲੂਮਾਂ ਨੂੰ ਚੁੱਪ ਕਰਾਵਣ, ਜਾਂ ਹਿੰਦੀਆਂ ਦੀ ਅਣਖ ਦੇ ਡੋਲੇ ਧੁਰ ਗਜ਼ਨੀ ਨੂੰ ਰੋਂਦੇ ਜਾਵਣ। ੪. ਇਸ ਧਰਤੀ ਤੇ ਫੇਰ ਨਾ ਮਿਲਸੀ ਐਸੀ ਮਾਂ ਜੋ ਹੱਸਦੀ ਹੋਵੇ, ਜਾਂ ਪੁੱਤਰ ਦੇ ਟੋਟੇ ਟੋਟੇ ਗਲ ਵਿਚ ਲਟਕਣ ਹਾਰ ਬਣੇ ਹੋਏ। ਅੱਖੀਂ ਦੇਖ ਕੇ ਸੱਭ ਕੁਝ ਮਾਈਆਂ ਸਬਰ ਸਬੂਰੀ ਨਾਲ ਖਲੋਵਣ, ਜਾਂ ਦੁੱਧ ਚੁੰਘਦੇ ਲਾਡ ਦੁਲਾਰੇ, ਨੇਜ਼ੇ ਉੱਤੇ ਟੰਗੇ ਹੋਵਣ। ਹੇ ਦਾਤਾ ਜੀ ਥੋਡੇ ਬਾਝੋਂ ਕੀਹਨੇ ਐਸਾ ਸਬਕ ਪੜ੍ਹਾਣਾ, ਸਿਰ ਦੇ ਉੱਤੇ ਆਰਾ ਚੱਲੇ, ਫਿਰ ਵੀ ਮਿੱਠਾ ਲੱਗੇ ਭਾਣਾ। ਬੰਦ ਬੰਦ ਕਟਿਆ ਜਾਂਦਾ ਹੋਵੇ, ਜਾਂ ਖੋਪਰ ਤੇ ਫਿਰ ਕਟਾਰੀ, ਜਾਂ ਚਰਖੀ ਤੇ ਸੌਂ ਜੇ ਕੋਈ, ਐਨੀ ਚੜ੍ਹ ਜਾਏ ਨਾਮ ਖੁਮਾਰੀ । ਪਰ ਸਤਿਗੁਰ ਜੀ ਥੋਡੇ ਬਾਝੋਂ ਸਾਤੋਂ ਕੁਝ ਭੀ ਹੋ ਨਹੀਂ ਸਕਣਾ, ਦੁਖੀਆ ਰਖਸ਼ਾ ਕੀ ਕਰਨੀ ਸੀ, ਮਜ਼ਲੂਮਾਂ ਨੇ ਰੋ ਨਹੀਂ ਸਕਣਾ । ੫. ਸੁਣ ਗਲ ਦਸ਼ਮੇਸ਼ ਜੀ ਉੱਠੇ ਕਹਿਣ ਲੱਗੇ ਕਿਉਂ ਡੋਲ ਰਹੇ ਹੋ, ਸਿੰਘੋ ਮੈਨੂੰ ਸਮਝ ਨਾ ਆਉਂਦੀ ਅੱਜ ਤੁਸੀਂ ਕੀ ਬੋਲ ਰਹੇ ਹੋ । ਸਿੰਘੋ ਜੇਹੜੀ ਚੀਜ਼ ਦੇ ਬਦਲੇ ਪੁੱਤਰ ਨੂੰ ਨਾ ਦਿੱਤਾ ਪਾਣੀ, ਜਿਸ ਸਿਖਸ਼ਾ ਦੀ ਖਾਤਰ ਮੇਰਾ ਜੀਵਨ ਬਣਿਆ ਦਰਦ ਕਹਾਣੀ । ਦਸੋ ਕਿੱਕਰ ਚੀਜ਼ ਮੈਂ ਐਸੀ ਮਿੱਟੀ ਦੇ ਵਿਚ ਰੋਲ ਸਕਾਂਗਾ, ਛੱਡ ਮੈਦਾਨ ਮੈਂ ਦੁਨੀਆਂ ਸ੍ਹਾਵੇਂ, ਅੱਖਾਂ ਚਾ ਨਹੀਂ ਬੋਲ ਸਕਾਂਗਾ । ਸੌਂ ਜਾਵੋ ਬੇ-ਫਿਕਰੀ ਅੰਦਰ, ਪਹਿਰੇ ਤੇ ਮੈਂ ਆਪ ਖੜਾਂਗਾ, ਦਿਨ ਚੜ੍ਹਸੀ ਤੇ ਤੇਗ ਉਠਾ ਕੇ, ਰਣ ਵਿਚ ਜਾ ਕੇ ਆਪ ਲੜਾਂਗਾ । ਉਦੋਂ ਤਕ ਜ਼ੁਲਮ ਦੇ ਸਾਹਵੇਂ ਲੜਦਾ ਜਾਸਾਂ ਮੈਂ ਹੱਸ ਹੱਸ ਕੇ, ਹਰ ਨੇਜੇ ਦੇ ਮੁਖੜੇ ਉੱਤੇ ਜਦ ਤੱਕ ਮੇਰਾ ਖੂਨ ਨਾ ਟਪਕੇ । ਮੇਰੇ ਦਿਲ ਦੇ ਟੁਕੜੇ ਟੁਕੜੇ ਤੇਗਾਂ ਦੇ ਨਾਲ ਖੇਲ੍ਹਣ ਹੋਲੀ, ਤਦ ਜਾ ਕੇ ਇਸ ਦੁਨੀਆਂ ਅੰਦਰ, ਜੜ੍ਹ ਜ਼ੁਲਮ ਦੀ ਹੋਵੇ ਪੋਲੀ । ੬. ਕੰਬ ਉੱਠੀ ਸੱਭ ਪੌਣ ਕਿਲ੍ਹੇ ਦੀ, ਸੁਣ ਚੋਜੀ ਦੇ ਬੋਲ ਕਰਾਰੇ, ਅਣ-ਹੋਣਾ ਇਹ ਦੇਖ ਨਜ਼ਾਰਾ, ਅੰਬਰਾਂ ਦੇ ਵਿਚ ਕੰਬੇ ਤਾਰੇ । ਜਦ ਸਿੰਘਾਂ ਦੀ ਚੋਜੀ ਸਾਹਵੇਂ, ਹੋਰ ਕੋਈ ਭੀ ਪੇਸ਼ ਨਾ ਚੱਲੇ, ਕੱਠੇ ਹੋ ਕੇ ਖੜ ਗਏ ਸਾਰੇ, ਲਾਹ ਕੇ ਆਪਣੇ ਗਲ 'ਚੋਂ ਪੱਲੇ । ਕਹਿਣ ਲੱਗੇ ਹੁਣ ਸੁਣੋ ਗੋਬਿੰਦ ਸਿੰਘ ਸੁਣ ਨਹੀਂ ਸਕਦੇ ਕੋਈ ਹਵਾਲਾ, ਸਾਡਾ ਹੁਕਮ ਹੈ ਏਸ ਕਿਲ੍ਹੇ ਵਿਚ ਰਹਿ ਨਹੀਂ ਸਕਦਾ ਕਲਗੀ-ਵਾਲਾ । ਕਲਗੀ ਝਟ ਪੱਟ ਨੀਵੀਂ ਹੋ ਗਈ, ਢਿੱਲਾ ਹੋਇਆ ਸੀਨਾ ਤਣਿਆ, ਇਸ ਦੁਨੀਆਂ ਤੇ ਪਹਿਲੀ ਵਾਰੀ, ਪੰਥ ਗੁਰੂ, ਗੁਰ ਚੇਲਾ, ਬਣਿਆ। ਗਗਨ ਮੰਡਲ ਵਿਚ ਚੰਦਰਮਾਂ ਨੇ, ਝੁਕਿਆ ਦੇਖ ਕੇ ਬਖਸ਼ਣ-ਹਾਰਾ, ਬੱਦਲੀ ਉਹਲੇ ਮੂੰਹ ਕੱਜ ਲੀਤਾ, ਦੇਖ ਨਾ ਸਕਿਆ ਮੰਜ਼ਰ ਸਾਰਾ । ੭. ਟੁਰ ਚਲਿਆ ਛੱਡ ਆਸਾਂ ਸੱਧਰਾਂ, ਪ੍ਰੇਮ ਦਾ ਬੰਧਨ ਤੋੜ ਨਾ ਸਕਿਆ, ਮੁੜ ਦਿੱਤਾ ਤਕਦੀਰ ਦਾ ਕਹਿਣਾ, ਪਰ ਸਿੰਘਾਂ ਦਾ ਮੋੜ ਨਾ ਸਕਿਆ। ਨ੍ਹੇਰੀ ਰਾਤ ਤੇ ਚਾਰ ਚੁਫੇਰੇ ਪਹਿਰੇਦਾਰ ਨੇ ਗੇੜੇ ਲਾਂਦੇ, ਪਰ ਸਤਿਗੁਰ ਜੀ ਸੋਚਾਂ ਅੰਦਰ, ਚੁੱਪ ਕੀਤੇ ਨੇ ਟੁਰਦੇ ਜਾਂਦੇ । ਕਿਵੇਂ ਨਾ ਜਾਂਦੇ ਸਤਿਗੁਰ ਉਥੋਂ ਛੱਡ ਕੇ ਕਿਲਾ ਤੇ ਝੂਲਦੇ ਝੰਡੇ, ਚਰਨ ਚੁੰਮਣ ਨੂੰ ਤਰਸ ਰਹੇ ਸਨ, ਮਾਛੀਵਾੜੇ ਦੇ ਤਿੱਖੇ ਕੰਡੇ । ਮਾਛੀਵਾੜੇ ਦੇ ਤਿੱਖੇ ਕੰਡੇ ਬੈਠੇ ਰਾਹ ਵਿਚ ਲਾ ਕੇ ਡੇਰਾ, ਮੂੰਹ ਚੁੱਕ ਚੁੱਕ ਕੇ ਵੇਖ ਰਹੇ ਸਨ, ਕਦ ਪਾਉਂਦੇ ਨੇ ਸਤਿਗੁਰ ਫੇਰਾ । ਦੇਖੋ ਚੋਜੀ ਪਿਆਰ ਦਾ ਬੱਧਾ ਛੱਡ ਕੇ ਸਭ ਕੁਝ ਖੈਰੀਂ ਮੈਰੀਂ, ਇਕ ਕੰਡਿਆਂ ਨੂੰ ਮਿਲਣ ਦੀ ਖਾਤਰ, ਟੁਰਿਆ ਜਾਂਦਾ ਨੰਗੇ ਪੈਰੀਂ । ਨੇਰ੍ਹੀ ਰਾਤ ਦੇ ਬੱਦਲਾਂ ਦਾ ਇਕ ਛਤਰ ਜਿਹਾ ਕਲਗੀ ਤੇ ਝੁਮੇਂ, ਕੰਡਿਆਂ ਨੇ ਭੀ ਚਰਨ ਅਮੋਲੇ, ਉਸ ਵੇਲੇ ਰੱਜ ਰੱਜ ਕੇ ਚੁੰਮੇ । ਰਹਿ ਨਾ ਸਕਿਆ ਪਿਆਰ ਦਾ ਜਜ਼ਬਾ, ਦੇਖ ਕੇ ਅਚਰਜ ਖੇਲ੍ਹਾਂ ਤਾਈਂ, ਕਹਿਣ ਲੱਗਾ ਫਿਰ ਹੌਲੀ ਹੌਲੀ, ਜੰਗਲ, ਬ੍ਰਿਛ ਤੇ ਬੇਲਾਂ ਤਾਈਂ । ਯਾਰੜੇ ਦਾ ਸਾਨੂੰ ਸੱਥਰ ਚੰਗੇਰਾ, ਭੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ ।

ਯਾਦ

੧. ਬਸ ਰਬਾਬੀ ਠਹਿਰ ਜਾ ਤੇ ਤੋੜ ਦੇ ਇਥੇ ਸਤਾਰ, ਨਿਕਲ ਨਾ ਜਾਵਣ ਮੇਰੇ ਸੀਨੇ 'ਚੋਂ ਤਾਨਾ ਸਾਰ ਪਾਰ । ਨਾ ਸੁਣਾ ਵੇ ਰਾਗੀਆ ਨਾ ਫੇਰ ਨਸ਼ਤ੍ਰ ਨਾ ਸੁਣਾ, ਦਿਲ ਸ਼ੇਰਾ ਮਜ਼ਬੂਤ ਨਹੀਂ ਇਤਿਹਾਸ ਦੇ ਪੰਨੇ ਜਿਹਾ। ਜੇ ਸੁਣਾਂਦਾ ਹੀ ਗਿਆ ਤੂੰ ਇਹ ਪੁਰਾਣੀ ਦਾਸਤਾਨ, ਡਰ ਹੈ ਮੈਨੂੰ ਸੁੰਨ ਹੋ ਜਾਵੇ ਨਾ, ਇਹ ਕੋਮਲ ਜ਼ਬਾਨ । ਸੁਣਲਿਆ ਮੈਂ ਜ਼ੁਲਮ ਨੇ ਬਰਬਾਦੀਆਂ ਜੋ ਕੀਤੀਆਂ, ਸੁਣ ਲਿਆ ਜੋ ਸਾਡੀਆਂ ਮਜਬੂਰੀਆਂ ਨਾਲ ਬੀਤੀਆਂ। ਫਿਰ ਰਿਹਾ ਔਖੀਆਂ ਦੇ ਸਾਹਵੇਂ ਬੀਤਿਆ ਖੂੰਨੀ ਸਮਾਂ, ਜਜਦ ਬਦਲੀਆਂ ਸਨ ਰੋਂਦੀਆਂ ਤੇ ਮੁਸਕਰਾਵਣ ਬਿਜਲੀਆਂ । ੨. ਯਾਦ ਆ ਗਈ ਫੇਰ ਉਹ ਸਰਹੰਦ ਦੀ ਖੂਨੀ ਦੀਵਾਰ, ਸਾਹਮਣੇ ਦਿਸਦੇ ਖੜੇ ਮਾਸੂਮ ਤਲੀਆਂ ਤੇ ਮੀਨਾਰ । ਯਾਦ ਸਾਹਵੇਂ ਜਲ ਰਹੀ ਤਸਵੀਰ ਹੈ ਇਕ ਪਿਆਰ ਦੀ, ਤਕਦੀਰ ਨੂੰ ਲਾ ਤਲੀਆਂ ਤਦਬੀਰ ਫੂਕਾਂ ਮਾਰਦੀ । ਨੇਜ਼ਿਆਂ ਦੀ ਨੋਕ ਤੇ ਮਾਸੂਮ ਤਰਦੇ ਤਾਰੀਆਂ, ਪਰਖ ਨੇ ਰਹੀਆਂ ਕਿਸੇ ਦਾ ਜਿਗਰ ਖੂਨੀ ਆਰੀਆਂ । ੩. ਤੱਕ ਰਹੀਆਂ ਮਜਬੂਰ ਨਜ਼ਰਾਂ, ਝੋਲੀਆਂ ਵਿਚ ਪਿਆਰ ਨੇ, ਜਿਗਰ ਦੇ ਟੋਟੇ ਬਣੇ ਮਾਤਾ ਦੇ ਗਲ ਦਾ ਹਾਰ ਨੇ। ਸੁਣ ਲਿਆ ਮੈਂ ਕਿਸ ਤਰਾਂ ਛੁਰੀਆਂ ਮਨਾਈਆਂ ਹੋਲੀਆਂ, ਕਿਸ ਤਰ੍ਹਾਂ ਨਿਰਦੋਸ਼ ਤੋਂ, ਨਜ਼ਰਾਂ ਕਟਾਰਾਂ ਖੋਹ ਲਈਆਂ। ਕਿਸ ਤਰ੍ਹਾਂ ਪਾ ਬੇ-ਬਸੀ ਨੂੰ ਵੱਸ ਕਿਸੇ ਤਲਵਾਰ ਦੇ, ਉੱਠ ਗਿਆ ਇਨਸਾਫ ਹੈ, ਗੁੱਝੀ ਉਡਾਰੀ ਮਾਰ ਕੇ । ਹੋਲੀਆਂ ਖੇਲੇ ਸਿਦਕ ਬਹਿ ਜ਼ੁਲਮ ਦੀ ਤਲਵਾਰ ਤੇ, ਬੋਟੀਆਂ ਨੇ ਨਾਚ ਕੀਤੇ ਖੰਜਰਾਂ ਦੀ ਧਾਰ ਤੇ । ੪. ਤੂੰਬੇ ਤੂੰਬੇ ਹੋ ਗਈ ਜਿੰਦੜੀ ਕਿਸ ਵਿਰਿਆਮ ਦੀ, ਲਾਹ ਨਾ ਸਕਿਆ ਪਰ ਕੋਈ ਸੁਚੀ ਖੁਮਾਰੀ ਨਾਮ ਦੀ । ਧਿਰ ਮਿਲਣ ਨੂੰ ਔਸੀਆਂ ਕੋਈ ਖੂਨ ਨਾ ਪਾਉਂਦਾ ਰਿਹਾ, ਪੁਰਜ਼ੇ ਪੁਰਜ਼ੇ ਹੋ ਗਿਆ ਪਰ ਸੁਖਮਨੀ ਗਾਉਂਦਾ ਰਿਹਾ । ਚਰਖੀਆਂ ਦੇ ਦੰਦਿਆ 'ਚੋਂ ਆ ਰਹੀ ਹੈ ਇਉਂ, ਆਵਾਜ਼, ਈਦਾਂ ਮਨਾ ਲਉ ਜ਼ਾਲਮੋਂ ਆ ਚੰਨ ਚੜ੍ਹਿਆ ਹੈ ਸ਼ਾਹਬਾਜ਼ । ਦੱਸ ਰਹੀ ਹੈ ਰਾਖ ਇਉਂ ਇਕ ਜੰਡ ਦੀ ਛਾਵੇਂ ਪਈ, ਇਸ ਜਗ੍ਹਾ ਪਰਲ੍ਹਾਦ ਦੀ ਸਾਖੀ ਦੁਹਰਾਈ ਸੀ ਗਈ । ਹੱਡੀਆਂ ਦੇ ਕਹਿ ਰਹੇ ਨੇ ਖਾਨਕਾਹਾਂ ਦੇ ਮੀਨਾਰ, ਸਿਦਕ ਉੱਚਾ ਹੀ ਰਹੇਗਾ ਜ਼ੁਲਮ ਨਿਮਸੀ ਬਾਰ ਬਾਰ । ੫. ਇਕ ਤਰਫ ਟੁੱਟੀਆਂ ਕਟਾਰਾਂ, ਕਹਿ ਰਹੀਆਂ ਉੱਚੀ ਪੁਕਾਰ, ਮਿੱਟ ਨਹੀਂ ਸਕਦੇ ਪਤੰਗੇ ਸ਼ਮਾਂ ਜਲ ਜਾਏ ਲੱਖ ਬਾਰ । ਕਹਿ ਰਹੀ ਹੈ ਸੁਰਤ ਨੂੰ, ਇਕ ਧੁਨ ਜਿਹੀ ਅਸਮਾਨ ਤੋਂ, ਪਾਂਧੀਆਂ ਜੀਵਨ ਲੁਟਾ ਦੇ ਕੋਟ ਇਕ ਸ਼ਮਸ਼ਾਨ ਤੋਂ। ਬੱਸ ਰਬਾਬੀ ਠਹਿਰ ਜਾ, ਤੇ ਹੋਰਨਾਂ ਅੱਗੇ ਸੁਣਾ, ਪਰਖ ਲਏ ਅੱਗੇ ਹਜ਼ਾਰਾਂ ਨਾਂ ਮੇਰਾ ਦਿਲ ਆਜ਼ਮਾ । ਹੈ ਕਿਸੇ ‘ਜੋਗੀ’ ਦੇ ਦਿਲ ਵਿਚ ਇਕ ਜੁਆਲਾ ਜਲ ਰਹੀ, ਜੇ ਕਦੀ ਆਇਆ ਸਮਾਂ ਪੂਰੀ ਕਰਾਂਗੇ ਆਰਤੀ । ਬਸ ਰਬਾਬੀ ਠਹਿਰ ਜਾ ਤੇ ਤੋੜ ਦੇ ਐਥੇ ਸਤਾਰ, ਨਿਕਲ ਨਾ ਜਾਵਣ ਮੇਰੇ ਸੀਨੇ 'ਚੋਂ ਤਾਨਾਂ ਆਰ ਪਾਰ ।

ਸਦੀਵੀ ਸੇਹਰਾ

ਨਾ ਫੁੱਲਾਂ ਦੀ ਛਾਤੀ ਵਿੱਨ੍ਹੀ, ਨਾ ਕਲੀਆਂ ਦਾ ਲੁਟਿਆ ਡੇਰਾ, ਨਜ਼ਰਾਂ ਨੇ ਨਜ਼ਰਾਂ ਨਾਲ ਮਿਲ ਕੇ ਆਪੇ ਗੁੰਦ ਲਿਆ ਹੈ ਸੇਹਰਾ । ਦਰਿਆਵਾਂ ਨੂੰ ਦਰਿਆ ਮਿਲਦੇ, ਖੋਲ੍ਹਕੇ ਲੰਮੀਆਂ ਲੰਮੀਆਂ ਬਾਹਵਾਂ, ਸਾਗਰ ਨੂੰ ਜਾ ਮਿਲਦੇ ਸੋਮੇਂ ਛੱਡ ਪਰਬਤ ਦੀਆਂ ਠੰਡੀਆਂ ਛਾਵਾਂ । ਬੁਲ੍ਹਿਆਂ ਨੂੰ ਜਾ ਮਿਲਣ ਹਵਾਵਾਂ, ਸੌ ਅੰਬਰਾਂ ਦੇ ਉਹਲੇ, ਪ੍ਰਦੇਸਾਂ ਤੋਂ ਆ ਚੁੰਮਦੇ ਨੇ ਬੁਲ੍ਹੀਆਂ ਸਾਜਨ ਸੋਹਲੇ । ਲਗਰਾਂ ਦੇ ਗਲ ਹਰੀਆਂ ਵੇਲਾਂ ਮਿਲੀਆਂ ਜੱਫੀਆਂ ਪਾ ਕੇ, ਕਿਰਨਾਂ ਨੂੰ ਮਿਲਣੇ ਪਰਛਾਵੇਂ, ਆਪਣਾ ਆਪ ਮਿਟਾ ਕੇ । ਚੰਨ ਰਿਸ਼ਮਾਂ ਨੂੰ ਸਾਗਰ ਲਹਿਰਾਂ ਤੇ ਪੱਤਣਾਂ ਨੂੰ ਪਾਣੀ, ਇਸ ਦੁਨੀਆਂ ਤੇ ਉੱਡ ਉੱਡ ਮਿਲਦੇ ਇਕ ਦੂਜੇ ਨੂੰ ਜਾਨੀ। ਅਜ਼ਲਾਂ ਤੋਂ ਵਿਛੜੇ ਹੋਏ ਸਾਥੀ ਅੱਜ ਸੇਹਰੇ ਆਣ ਮਿਲਾਏ, ਆਸ਼ਾਵਾਂ ਨੇ ਮੰਗਲ ਗਾਇਆ, ਖੁਸ਼ੀਆਂ ਰਾਗ ਅਲਾਏ। ਭੈਣਾਂ ਦੇ ਹੱਸਦੇ ਨੇ ਸੁਪਨੇ ਸੇਹਰੇ ਲੜੀਆਂ ਉਹਲੇ, ਮਾਤਾ ਦੀ ਪੁੰਗਰੀ ਅੱਜ ਲੋਰੀ ਤੱਕ ਤੱਕ ਨਵੇਂ ਪਟ੍ਹੋਲੇ। ਨੱਚ ਪਏ ਵੀਰਾਂ ਦੇ ਰੋਸੇ, ਨੱਚਿਆ ਭਾਬੋ ਝੇੜਾ, ਇਸ ਝਾਂਜਰ ਦੀ ਛਣਕ ਨਰਾਲੀ ਨੱਚਿਆ ਸਾਰਾ ਵੇਹੜਾ। ਨੱਚਦਾ ਜਾਂਦਾ ਵੇਖ ਕਾਫਲਾ ਫ਼ਿਕਰ ਪਿਤਾ ਦੇ ਹੱਸਦੇ, ਸੋਹਣੀ ਹੈ ਮੰਜ਼ਲ ਇਹ ਸੇਹਰਾ ਚਾ ਮਿੱਤਰਾਂ ਦੇ ਦੱਸਦੇ। ਨ੍ਹੇਰੀ ਪਰ ਦੁਨੀਆਂ ਲਈ ਜੋਗੀ ਤਾਂ ਸੋਂਹਦਾ ਇਹ ਸੁੰਦਰ ਸੇਹਰਾ, ਜੇ ਸ਼ੋਹਵੰਤ ਊਸ਼ਾ ਬਣ ਜਾਵੇ, ਬਣ ਜਾਵੇ ਸ਼ੋਰ ਆਪ ਸਵੇਰਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਮੇਵਾ ਸਿੰਘ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ