ਸ. ਮੇਵਾ ਸਿੰਘ ਗਿੱਲ ਪੰਜਾਬੀ ਤੇ ਉਰਦੂ ਵਿੱਚ ਲਿਖਣ ਵਾਲੇ ਕਵੀ ਸਨ ਜਿੰਨ੍ਹਾਂ ਨੇ ਬਹੁਤ ਥੋੜਾ ਲਿਖਿਆ ਪਰ ਸੁਥਰਾ ਲਿਖਿਆ। ਉਨ੍ਹਾਂ ਦੀ ਇੱਕੋ ਪੁਸਤਕ “ਠੰਢੀਆਂ ਲਾਟਾਂ” ਦੇਵਦੂਤ ਪ੍ਰਕਾਸ਼ਨ ਲੁਧਿਆਣਾ
ਵੱਲੋਂ ਸੁਰਿੰਦਰ ਹੇਮ ਜਯੋਤੀ ਨੇ 1971 ਵਿੱਚ ਪ੍ਰਕਾਸ਼ਤ ਕੀਤੀ। ਇਸ ਪੁਸਤਕ ਦਾ ਮੁੱਖ ਬੰਦ ਪ੍ਰੋ. ਮੋਹਨ ਸਿੰਘ ਜੀ ਨੇ ਲਿਖਿਆ ਸੀ।
ਸ. ਮੇਵਾ ਸਿੰਘ ਗਿੱਲ ਦਾ ਜੱਦੀ ਪਿੰਡ ਗਿੱਲ (ਲੁਧਿਆਣਾ) ਸੀ। ਉਨ੍ਹਾਂ ਦੇ ਵੱਡੇ ਵਡੇਰੇ ਬਾਰਾਂ ਆਬਾਦ ਕਰਨ ਲਈ ਲਾਇਲਪੁਰ ਚਲੇ ਗਏ ਸਨ। ਦੇਸ਼ ਵੰਡ ਮਗਰੋਂ ਇਸ ਪਰਿਵਾਰ ਨੂੰ ਲੁਧਿਆਣਾ ਨੇੜੇ ਪਿੰਡ ਲਾਦੀਆਂ ਵਿਖੇ ਜ਼ਮੀਨ ਅਲਾਟ ਹੋਈ।
ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਲੁਧਿਆਣਾ ਦੀ ਸਥਾਪਨਾ ਵਿੱਚ ਇਸ ਪਰਿਵਾਰ ਦਾ ਵੱਡਾ ਯੋਗਦਾਨ ਸੀ। ਉਹ ਲੰਮਾ ਸਮਾਂ ਇਸ ਕਾਲਿਜ ਦੇ ਟਰਸਟੀ ਅਤੇ ਆਨਰੇਰੀ ਸਕੱਤਰ ਰਹੇ।
ਪੇਸ਼ੇ ਵਜੋਂ ਉਹ ਵਕੀਲ ਸਨ। ਲੁਧਿਆਣਾ ਦੇ ਸਿਰਕੱਢ ਵਕੀਲਾਂ ਵਿੱਚ ਗਿਣਤੀ ਹੋਣ ਕਾਰਨ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਤੋਂ ਪਾਰਲੀਮੈਂਟ ਦੀ ਟਿਕਟ ਦਿੱਤੀ ਜਿਸ ਸਦਕਾ ਉਹ 1984 ਤੋਂ 1989 ਤੀਕ ਲੋਕ ਸਭਾ ਦੇ ਮੈਂਬਰ ਰਹੇ।
ਸ. ਮੇਵਾ ਸਿੰਘ ਗਿੱਲ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਮਿੱਤਰ ਪਿਆਰਿਆਂ ਪ੍ਰੋ. ਹਜ਼ਾਰਾ ਸਿੰਘ, ਸ. ਸ਼ਿਵ ਸਿੰਘ ਸੰਧੂ , ਸ. ਸੁਖਦੇਵ ਸਿੰਘ ਕੰਗ ਸਾਬਕਾ ਗਵਰਨਰ ਤਾਮਿਲਨਾਡੂ, ਸ. ਗੁਰਦੀਸ਼ ਸਿੰਘ ਗਰੇਵਾਲ, ਸ. ਜਗਦੇਵ ਸਿੰਘ ਜੱਸੋਵਾਲ
ਸਮੇਤ ਹੋਰ ਸ਼ੁਭ ਚਿੰਤਕਾਂ ਤੇ ਸ਼ਾਗਿਰਦਾਂ ਸ. ਕੰਵਲਜੀਤ ਸਿੰਘ ਬਾਜਵਾ ਤੇ ਸਾਥੀਆਂ ਨੇ ਪਰਿਵਾਰ ਨਾਲ ਰਲ ਕੇ ਸ. ਮੇਵਾ ਸਿੰਘ ਗਿੱਲ ਮੈਮੋਰੀਅਲ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਸੀ।
ਸ. ਮੇਵਾ ਸਿੰਘ ਗਿੱਲ ਜੀ ਦੇ ਮਹਿਕਵੰਤੇ ਅੰਦਾਜ਼, ਸਨੇਹੀ ਚੌਗਿਰਦੇ ਤੇ ਅਗਾਂਹਵਧੂ ਸੋਚ ਧਾਰਾ ਕਾਰਨ ਅੱਜ ਵੀ ਉਨ੍ਹਾਂ ਨੂੰ ਪੰਜਾਬ ਵਿੱਚ ਨੇਕ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ।
ਮੈਨੂੰ ਮਾਣ ਹਾਸਲ ਹੈ ਕਿ ਮੈਂ ਵੀ ਉਨ੍ਹਾਂ ਦੀ ਸੰਗਤ ਵਿੱਚ ਕੁਝ ਚੰਗੇ ਪਲ ਗੁਜ਼ਾਰੇ ਹਨ।
- ਗੁਰਭਜਨ ਗਿੱਲ