Thabba Ku Zulfan Walia : Shiv Kumar Batalvi
ਥੱਬਾ ਕੁ ਜ਼ੁਲਫ਼ਾਂ ਵਾਲਿਆ : ਸ਼ਿਵ ਕੁਮਾਰ ਬਟਾਲਵੀ
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
ਔਹ ਮਾਰ ਲਹਿੰਦੇ ਵੱਲ ਨਿਗਾਹ ।
ਅੱਜ ਹੋ ਗਿਆ ਸੂਰਜ ਜ਼ਬ੍ਹਾ ।
ਏਕਮ ਦਾ ਚੰਨ ਫਿੱਕਾ ਜਿਹਾ,
ਅੱਜ ਬਦਲੀਆਂ ਨੇ ਖਾ ਲਿਆ ।
ਅਸਾਂ ਦੀਦਿਆਂ ਦੇ ਵਿਹਰੜੇ,
ਹੰਝੂਆਂ ਦਾ ਪੋਚਾ ਲਾ ਲਿਆ ।
ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਆਈਆਂ ਵੇ ਸਿਰ 'ਤੇ ਵਹਿੰਗੀਆਂ
ਰਾਤਾਂ ਅਜੇ ਨੇ ਰਹਿੰਦੀਆਂ ।
ਕਿਰਨਾਂ ਅਜੇ ਨੇ ਮਹਿੰਗੀਆਂ
ਫਿੱਕੀਆਂ ਅਜੇ ਨੇ ਮਹਿੰਦੀਆਂ ।
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗ਼ਮਾਂ ਦਾ ਲਾ ਲਿਆ ।
ਮਿੱਠਾ ਵੇ ਤੇਰਾ ਬਿਰਹੜਾ
ਗੀਤਾਂ ਨੇ ਕੁੱਛੜ ਚਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ,
ਸੱਜਣਾ ਵੇ ਦਿਲ ਦਿਆ ਕਾਲਿਆ,
ਅਸਾਂ ਰੋਗ ਦਿਲ ਨੂੰ ਲਾ ਲਿਆ,
ਤੇਰੇ ਜ਼ਹਿਰ-ਮੌਹਰੇ ਰੰਗ ਦਾ-
ਬਾਂਹ 'ਤੇ ਹੈ ਨਾਂ ਖੁਦਵਾ ਲਿਆ ।
ਉਸ ਬਾਂਹ ਦੁਆਲੇ ਮੋਤੀਏ ਦਾ,
ਹਾਰ ਹੈ ਅੱਜ ਪਾ ਲਿਆ ।
ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ 'ਤੇ ਰੋੜਾ ਪਾ ਲਿਆ ।
ਅਸਾਂ ਹਿਜਰ ਦੀ ਸੰਗਰਾਂਦ ਨੂੰ-
ਅੱਥਰੂ ਕੋਈ ਲੂਣਾ ਖਾ ਲਿਆ ।
ਕੋਈ ਗੀਤ ਤੇਰਾ ਗਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ
ਮੇਰੇ ਹਾਣੀਆ ਮੇਰੇ ਪਿਆਰਿਆ,
ਪੀੜਾਂ ਦੀ ਪਥਕਣ ਜੋੜ ਕੇ
ਗ੍ਹੀਰਾ ਅਸਾਂ ਬਣਵਾ ਲਿਆ,
ਹੱਡਾਂ ਦਾ ਬਾਲਣ ਬਾਲ ਕੇ
ਉਮਰਾਂ ਦਾ ਆਵਾ ਤਾ ਲਿਆ ।
ਕੱਚਾ ਪਿਆਲਾ ਇਸ਼ਕ ਦਾ-
ਅੱਜ ਸ਼ਿੰਗਰਫ਼ੀ ਰੰਗਵਾ ਲਿਆ ।
ਵਿਚ ਜ਼ਹਿਰ ਚੁੱਪ ਦਾ ਪਾ ਲਿਆ ।
ਜਿੰਦੂ ਨੇ ਬੁੱਲ੍ਹੀਂ ਲਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।