Talwar Di Nok Te : Veer Singh Veer

ਤਲਵਾਰ ਦੀ ਨੋਕ ਤੇ : ਵੀਰ ਸਿੰਘ 'ਵੀਰ'

ਤਲਵਾਰ ਦੀ ਨੋਕ ਉਤੇ

ਹੁੰਦਾ ਵੇਖ ਮਜ਼ਲੂਮਾਂ ਤੇ ਜ਼ੁਲਮ ਭਾਰੀ,
ਕਲਗੀ ਵਾਲਿਆ ਤੇਰੀ ਤਲਵਾਰ ਨਿਕਲੀ।
ਤੇਰੇ ਇਕ ਇਸ਼ਾਰੇ ਦੇ ਹੁੰਦਿਆਂ ਹੀ,
ਜੋੜੀ ਪੁੱਤਰਾਂ ਦੀ ਛਾਲਾਂ ਮਾਰ ਨਿਕਲੀ।
ਮੁਰਦਾ ਰਗਾਂ ਅੰਦਰ ਜਾਨ ਪਾਉਣ ਖਾਤਰ,
ਤੇਰੇ ਖੰਡਿਓਂ ਅੰਮ੍ਰਿਤੀ ਧਾਰ ਨਿਕਲੀ।
ਪੱਕੀ ਕਰਨ ਲਈ ਨੀਂਹ ਕੁਰਬਾਨੀਆਂ ਦੀ,
ਲੜੀ ਲਾਲਾਂ ਦੀ ਹੋਣ ਨਿਸਾਰ ਨਿਕਲੀ।
ਕੀਤੀ ਦੀਨਾਂ ਤੇ ਦਇਆ ਦਿਆਲ ਹੋ ਕੇ,
ਮਹਿਮਾਂ ਖਿੱਲਰੀ ਲੋਕ ਪਰਲੋਕ ਉਤੇ।
ਤੂੰ ਸੀ ਤੋਲ ਵਿਖਾਲੀਆ ਜ਼ੁਲਮ ਤਾਈਂ,
ਚੰਡੀ ਰੂਪ ਤਲਵਾਰ ਦੀ ਨੋਕ ਉਤੇ।

ਤਲਵਾਰ ਤੇ

ਅੱਖਾਂ ਖੋਲ੍ਹ ਖਾਲਸਾ ਧਿਆਨ ਨਾਲ ਦੇਖ ਜ਼ਰਾ,
ਝੁਲ ਗਈ ਹਨੇਰੀ ਖ਼ੂਨੀ ਸਿੰਘ ਸਰਦਾਰ ਤੇ।
ਗਿੱਦੜਾਂ ਨੇ ਭੌਂਕ ਭੌੰਕ ਅਜ ਡਾਢਾ ਸ਼ੋਰ ਪਾਇਆ,
ਜਾਗ ਸ਼ੇਰਾ ਅੱਜ ਤੂੰ ਭੀ ਚੜ੍ਹ ਖਾਂ ਸ਼ਿਕਾਰ ਤੇ।
ਘਰ ਘਰ ਵਿਚ ਕੁਰਲਾਟ ਮਚ ਗਿਆ ਸਾਰੇ,
ਮਾਰਿਆ ਈ ਛਾਪਾ ਗ਼ੈਰਾਂ ਸਾਡੇ ਹੀ ਵਪਾਰ ਤੇ।
ਗਲ 'ਚਿ ਕਟਾਰ ਪਾ ਤਿਆਰ ਹੋ ਜਾ 'ਵੀਰ' ਪਿਆਰੇ,
ਫੇਰ ਪਰਖ ਹੋਣ ਲਗੀ ਜਬਰ ਦੀ ਤਲਵਾਰ ਤੇ।

ਖ਼ਾਲਸਾ

ਓ ਸਿਦਕੀਆਂ ਦੇ ਸ਼ਾਹ ਪ੍ਰਮੇਸ਼ਰ ਕਹਾਵਨ ਵਾਲਿਆ,
ਓ ਅੰਮ੍ਰਿਤ ਦਿਆ ਦਾਤਿਆ ਮੁਰਦੇ ਲੜਾਵਨ ਵਾਲਿਆ।
ਪੰਜ ਸੀਸ ਕਠੇ ਕਰ ਕੇ ਪੰਥ ਸਾਜਨ ਵਾਲਿਆ,
ਦੁਖੀਆਂ ਗਰੀਬਾਂ ਆਜਜ਼ਾਂ ਤਾਈਂ ਨਿਵਾਜਨ ਵਾਲਿਆ।
ਆਰੇ ਦੀ ਤਿੱਖੀ ਧਾਰ ਤੇ ਸੀ ਪੰਥ ਨੂੰ ਤੋਰਿਆ,
ਤੂੰ ਤੇਗ਼ ਫੜ ਕੇ ਸਬਰ ਦੀ ਮੂੰਹ ਜਾਬਰਾਂ ਦਾ ਮੋੜਿਆ।
ਉੱਚ ਦਾ ਤੂੰ ਪੀਰ ਬਣ ਹਾਲੋਂ ਹੋਇਓਂ ਬੇਹਾਲ ਤੂੰ,
ਸਿੰਜਿਆ ਸਿੱਖੀ ਦੇ ਬੂਟੇ ਲਹੂ ਦੇ ਨਾਲ ਤੂੰ।
ਛੋਟੀ ਉਮਰੇ ਪਿਤਾ ਨੂੰ ਕੁਰਬਾਨੀਆਂ ਲਈ ਤੋਰਿਆ,
ਜ਼ਾਲਮ ਔਰੰਗੇ ਬਾਦਸ਼ਾਹ ਦੇ ਮਾਨ ਨੂੰ ਸੀ ਤੋੜਿਆ।
ਦਿੱਲੀ ਦੇ ਸ਼ਾਹੀ ਚੌਕ ਵਿਚ ਤੂੰ ਸੀਸ ਆਪਣਾ ਵਾਰਿਆ,
ਚਾਦਰ ਤੂੰ ਬਣਕੇ ਧਰਮ ਡੁਬਦਾ ਏ ਹਿੰਦੂ ਤਾਰਿਆ।
ਜਾਨ ਦੇ ਕੇ ਆਪਣੀ ਜੰਜੂ 'ਚਿ ਪਾਈ ਜਾਨ ਹੈ,
ਕਸ਼ਟ ਝਲੇ ਹੱਸ ਕੇ ਰਖੀ ਟਿਕੇ ਦੀ ਸ਼ਾਨ ਹੈ।
ਹੱਸ ਹੱਸ ਅੱਖਾਂ ਦੇ ਸਾਮ੍ਹਣੇ ਨੀਹਾਂ ਚਿਣਾਏ ਲਾਲ ਤੂੰ,
ਮਾਛੀਵਾੜੇ ਵਿਚ ਵੇਖਾਂ ਇਹ ਅਣੋਖੀ ਘਾਲ ਨੂੰ।
ਤੇਰੀਆਂ ਇਸ ਘਾਲਣਾਂ ਦਾ ਨਾ ਕਿਸੇ ਨੂੰ ਖਿਆਲ ਹੈ,
ਉਕਾ ਕਿਸੇ ਨੂੰ ਖਿਆਲ ਨਹੀਂ ਅਜ ਪੰਥ ਦਾ ਕੀ ਹਾਲ ਹੈ।
ਕੰਬਦੀ ਕਾਨੀ ਏ ਮੇਰੀ ਵਾਰਾਂ ਲਿਖਣ ਨਹੀਂ ਜੋਗੀਆਂ,
ਸਿੱਖੀ ਦੇ ਕਲਪ ਬ੍ਰਿਛ ਦੀਆਂ ਟਾਨਾਂ ਅਨੇਕਾਂ ਹੋਗੀਆਂ।
ਕੋਈ ਨਾਮਧਾਰੀ, ਨਿਰਮਲਾ ਕੋਈ ਉਦਾਸੀ ਭਾਨ ਹੈ,
ਕੋਈ ਨਿਹੰਗ ਸਿੰਘ ਸਜਦਾ ਦਸਮੇਸ਼ ਦਾ ਨਿਸ਼ਾਨ ਹੈ।
ਕੋਈ ਅਕਾਲੀ ਸਜਿਆ ਪਾ ਗਾਤਰੇ ਕਿਰਪਾਨ ਹੈ,
ਕੋਈ ਕਮਿਊਨਿਸਟ ਅਖਵਾਂਵਦਾ ਤੇ ਰੂਸ ਉਸ ਦੀ ਜਾਨ ਹੈ।
ਕੀ ਯਾਦ ਹੈ ਨਾ ਅਣਖ ਖਾਤ੍ਰ ਬੰਦ ਬੰਦ ਕਟਵਾਏ ਕਿਸੇ,
ਖੋਪਰ ਹੱਸ ਲਹਾਇਆ ਕਿਸੇ ਆਰੇ ਸਿਰ ਚਿਲਵਾਏ ਕਿਸੇ ।
ਸੂਲਾਂ ਤੇ ਸੁਤੇ ਹੱਸ ਕੇ ਇੰਜਨਾਂ ਨੂੰ ਉਤੇ ਚਾੜ੍ਹਿਆ,
ਅਜੇ ਕੱਲ ਨਨਕਾਣੇ ਅੰਦਰ ਜੀਊਂਦੇ ਭੱਠਾਂ ਵਿਚ ਸਾੜਿਆ।
ਲੱਖਾਂ ਵਿਆਹੀਆਂ ਲਾੜੀਆਂ ਗਾਨੇ ਸ਼ਹੀਦੀ ਬਨ੍ਹ ਕੇ,
ਗਏ ਜੰਡ ਦੇ ਨਾਲ ਲਟਕੇ ਪੁਠੇ ਹੁਕਮ ਤੇਰਾ ਮੰਨ ਕੇ।
ਮਾਵਾਂ ਨੇ ਟੋਟੇ ਪੁਤਰਾਂ ਦੇ ਗਲ ਪਵਾਏ ਹੱਸ ਕੇ,
ਪੀਸਣੇ ਜੇਲਾਂ ਚਿ ਪੀਸੇ ਦੁਖੜੇ ਉਠਾਏ ਹੱਸ ਕੇ।
ਗ਼ੱਦਾਰ ਅਜ ਪੰਜਾਬ ਦੀਆਂ ਪਾਉਣ ਬੈਠੇ ਵੰਡੀਆਂ,
ਆਜ਼ਾਦੀ ਦਿਆਂ ਪਾਲੀਆਂ ਨੂੰ ਭੁਲੀਆਂ ਪਗ ਡੰਡੀਆਂ ।
ਲੰਮੇ ਟਿੱਕੇ ਲਾਉਣ ਵਾਲੇ ਭੁਲ ਬੈਠੇ ਰਾਮ ਨੂੰ,
ਆਖਦੇ ਨੇ ਰਾਸ ਧਾਰੀ ਚਕਰਵਰਤੀ ਸ਼ਾਮ ਨੂੰ।
ਉਕਾ ਕਿਸੇ ਦਾ ਖਿਆਲ ਨਹੀਂ ਅੱਜ ਪੰਥ ਦਾ ਕੀ ਹਾਲ ਹੈ,
ਆਣ ਕੇ ਦਸਮੇਸ ਦਾਤਾ ਤੂੰ ਮਿਟਾ ਦੇ ਲਾਲਸਾ।
ਹੁਝ ਦੇ ਤਲਵਾਰ ਦੀ ਸੁਤਾ ਜਗਾ ਦੇ ਖਾਲਸਾ,
ਇਸ ਫੁੱਟ ਦੇ ਘੜਿਆਲ ਨੇ ਕੀਤਾ ਬੜਾ ਪਾਮਾਲ ਹੈ ।

ਸਿਖ ਨੂੰ ਹਲੂਣਾ

ਆਨ ਸ਼ਾਨ ਦੇ ਵਾਸਤੇ ਖ਼ਾਲਸਾ ਜੀ,
ਕਈ ਸਿੰਘ ਸ਼ਹੀਦੀਆਂ ਪਾ ਗਏ ਜੇ।
ਦੀਪ ਸਿੰਘ ਸਰਦਾਰ ਸ਼ਹੀਦ ਹੋ ਕੇ,
ਸੀਸ ਤਲੀ ਤੇ ਰਖ ਵਿਖਾ ਗਏ ਜੇ।
ਨਾਲ ਰੰਬੀਆਂ ਦੇ ਤਾਰੂ ਸਿੰਘ ਜੋਧੇ,
ਸਿਰੋਂ ਖੋਪਰੀ ਹੱਸ ਲੁਹਾ ਗਏ ਜੇ।
ਮਨੀ ਸਿੰਘ ਬਹਾਦਰ ਮੰਨ ਭਾਣਾ,
ਤਨ ਕੀਮਿਆਂ ਵਾਂਗ ਕਟਾ ਗਏ ਨੇ ।
ਕਰਮ ਸਿੰਘ ਪ੍ਰਤਾਪ ਸਿੰਘ ਬੀਰ ਬਾਂਕੇ,
ਚਲਦੇ ਇੰਜਨਾਂ ਹੇਠਾਂ ਦਰੜਾ ਗਏ ਜੇ।
ਭਾਈ ਸਿੰਘ ਸੁਬੇਗ ਜੀ ਹੋਰ ਕੇਤੇ,
ਚੜ੍ਹ ਕੇ ਚਰਖੜੀ ਜਿੰਦ ਘੁਮਾ ਗਏ ਜੇ ।
ਸੱਚ ਆਖਣੋ ਆਸ਼ਕ ਨਾਹਿੰ ਕਦੇ ਰੁਕਦੇ,
ਤਨ ਤੋਂ ਆਪਣਾ ਪੋਸ਼ ਲੁਹਾ ਗਏ ਜੇ ।
ਖੂਨ ਡੋਲ੍ਹ ਕੇ ਤੇ ਸਿਖੀ ਬੂਟੜੇ ਦੀ,
ਜੜ੍ਹਾਂ ਵਿਚ ਪਤਾਲ ਦੇ ਲਾ ਗਏ ਜੇ।
ਹੋਏ ਇਕ ਤੋਂ ਅੱਜ ਅਨੇਕ ਬੂਟੇ,
ਵਿਚ ਦੁਨੀਆਂ ਫੁਲ ਫੁਲਾ ਗਏ ਜੇ।
ਬਾਗ਼ ਗੁਰੂ ਅੰਦਰ ਅਣਖ ਆਨ ਖ਼ਾਤਰ,
ਹੱਸ ਬੀਟੀ ਦੀਆਂ ਡਾਂਗਾਂ ਖਾ ਗਏ ਜੇ ।
ਗੰਗਸਰ ਨਨਕਾਣੇ ਦੇ ਵਿਚ ਜਾ ਕੇ,
ਰੱਖ ਸ਼ਾਂਤੀ ਗੋਲੀਆਂ ਖਾ ਗਏ ਜੇ ।
ਨੈਣੂ ਜਹੇ ਚੰਡਾਲ ਜੋ ਅਤਿ ਪਾਪੀ,
ਜ਼ਿੰਦਾ ਭਠੀਆਂ ਵਿਚ ਜਲਾ ਗਏ ਜੇ ।
ਕਈ ਨਾਲ ਜੰਡੋਰਿਆਂ ਬੰਨ੍ਹ ਬੰਨ੍ਹ ਕੇ,
ਸੀਸ ਛਵੀਆਂ ਨਾਲ ਵਢਾ ਗਏ ਜੇ ।
ਕਿਤੇ ਨਾਲ ਸੰਗੀਨਾਂ ਦੇ ਵਿੰਨ੍ਹ ਦਿਤੇ,
ਜੀਉਂਦੇ ਭਠੀਆਂ ਦੇ ਵਿਚ ਪਾ ਗਏ ਜੇ ।
ਕਰੀਏ ਯਾਦ ਉਹ ਸਬਕ ਕੁਰਬਾਨੀਆਂ ਦੇ,
ਵਾਹ ਵਾਹ ਹਿੰਦ ਵਿਚ ਪੂਰਨੇ ਪਾ ਗਏ ਜੇ ।
ਬੈਂਤ ਖਾ ਕੇ ਖਲਾਂ ਉਧੜਾ ਲੀਤੀ,
ਕਿਤੇ ਛਪੜਾਂ ਵਿਚ ਗੋਤੇ ਖਾ ਗਏ ਜੇ ।
ਭਾਣਾ ਮੰਨ ਕੇ ਖੰਡ ਤੋਂ ਵਧ ਮਿੱਠਾ,
ਮੁਖੋਂ ਏਕਤਾ ਵਾਕ ਅਲਾ ਗਏ ਜੇ ।
ਵਾਰ ਸੀਸ ਨਾ ਰਤਾ ਭੀ ਸੀ ਕੀਤੀ,
ਸਤਿ ਸ੍ਰੀ ਅਕਾਲ ਬੁਲਾ ਗਏ ਜੇ।
ਧੰਨ ਧੰਨ ਸਿਖੀ ਧੰਨ ਗੁਰੂ ਜੀਓ,
ਜੇਹੜੇ ਗਿਦੜੋਂ ਸ਼ੇਰ ਬਣਾ ਗਏ ਜੇ ।
ਰਹੀਂ ਤਕੜਾ 'ਵੀਰ' ਨਾ ਰਤਾ ਡੋਲੀਂ,
ਦਿਨ ਫੇਰ ਅਜ਼ਮੈਸ਼ ਦੇ ਆ ਗਏ ਜੇ ।

ਧਰਤੀ ਦੀ ਫਰਿਆਦ

(ਕਬਿੱਤ)

ਕਾਲੀ ਬੋਲੀ ਪਾਪ ਦੀ ਹਨੇਰੀ ਜਦੋਂ ਛਾਈ ਆ ਕੇ,
ਸੁੱਚ ਦੇ ਅਕਾਸ਼ ਵਾਲਾ ਕਿੰਗਰਾ ਸੀ ਟੁੱਟਿਆ।
ਟੁੱਟਿਆ ਸੀ ਲੱਕ ਜਦੋਂ ਦੇਸ਼ ਵਾਲੀ ਸਭਿਅਤਾ ਦਾ,
ਰਾਜੇ ਅਤੇ ਪਰਜਾ ਦਾ ਪਿਆਰ ਜਦੋਂ ਟੁੱਟਿਆ ।
ਟੁੱਟਿਆ ਸੀ ਰੱਸਾ ਜਦੋਂ ਧਰਮ ਤੇ ਈਮਾਨ ਵਾਲਾ,
ਦੇਸ਼ ਦੀ ਅਜ਼ਾਦੀ ਵਾਲਾ 'ਤਾਰਾ' ਜਦੋਂ ਟੁੱਟਿਆ ।
ਟੁੱਟਿਆ ਗੁਮਾਨ ਜਦੋਂ ਮੁਨੀ ਤੇ ਮੁਨੀਸ਼ਰਾਂ ਦਾ,
ਦੁਖੀਆਂ ਤੇ ਦੁਖਾਂ ਦਾ ਪਹਾੜ ਜਦੋਂ ਟੁੱਟਿਆ ।

ਆਹਾਂ ਮਜ਼ਲੂਮਾਂ ਦੀਆਂ ਪਹੁੰਚੀਆਂ ਜਾ ਸਚ ਖੰਡ,
ਜ਼ੁਲਖ਼ ਵਾਲੇ ਬਦਲ ਜਦੋਂ ਜੱਗ ਉਤੇ ਛਾਏ ਸੀ ।
ਓਸ ਵੇਲੇ ਮਾਹੀ ਨਿਰੰਕਾਰੀ ਨਨਕਾਣੇ ਵਾਲੇ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।

ਜਾਬਰਾਂ ਦੇ ਜਬਰ ਦਿਆਂ ਪੇਚਾਂ ਵਿਚ ਪੀਚੇ ਹੋਏ,
ਜਦੋਂ ਹਿੰਦ ਵਾਸੀ ਰਹੇ ਨਿੱਤ ਧਾਹਾਂ ਮਾਰ ਸੀ ।
ਜ਼ੁਲਮ ਦੀ ਲਪੇਟ ਵਿਚ ਪਰਜਾ ਨੂੰ ਲਪੇਟ ਕੇ ਤੇ,
ਰਾਜਿਆਂ ਮਚਾਇਆ ਜਦੋਂ ਅਤੀ ਧੁੰਧੂਕਾਰ ਸੀ ।
ਵਾੜ ਜਦੋਂ ਖੇਤ ਨੂੰ ਸੀ ਨਿਤ ਉਠ ਖਾਈ ਜਾਂਦੀ,
ਸੁਣਦਾ ਗਰੀਬਾਂ ਵਾਲੀ ਕੋਈ ਨਾ ਪੁਕਾਰ ਸੀ ।
ਅਖੀਆਂ ਦੇ ਫੋਰ ਵਿਚ ਅਖੀਆਂ ਦੇ ਤਾਰਿਆਂ ਦਾ,
ਅਖੀਆਂ ਦੇ ਅਗੇ ਜਦੋਂ ਕਰਦਾ ਸੰਘਾਰ ਸੀ।
ਪਾਪਾਂ, ਦੇ ਲਤਾੜ ਹੇਠ ਧਰਤੀ ਲਤਾੜੀ ਹੋਈ,
ਦੁਖੀ ਤੇ ਨਿਮਾਣੀ ਹੋ ਕੇ, ਵੈਣ ਜਦੋਂ ਪਾਏ ਸੀ ।
ਓਸ ਵੇਲੇ ਜਾਣੀ ਜਾਣ ਨਾਨਕ, ਸਰੂਪ ਵਿਚ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।
ਮੰਦਰਾਂ ਨੂੰ ਢਾਹਕੇ ਬੁਤ ਸਾਰੇ ਤਦੋਂ ਤੋੜ ਦਿਤੇ,
ਹੁੰਦੀ ਰਾਤ ਦਿਨੇ ਜਦੋਂ ਧਨ ਦੀ ਸਫਾਈ ਸੀ ।
ਕਹਿਰ ਦੇ ਨਪੀੜ ਵਿਚ ਹਿੰਦੂ ਸੀ ਨਪੀੜੇ ਜਾਂਦੇ,
ਲੋਧੀਆਂ ਦੀ ਤੇਗ਼ ਜਦੋਂ ਖੂਨ ਦੀ ਤਿਹਾਈ ਸੀ ।
ਗਜ਼ਨੀ ਦੇ ਬਾਜ਼ਾਰ ਵਿਚ ਸ਼ਾਹੀ ਜਰਵਾਣਿਆਂ ਨੇ,
ਹਿੰਦੂ ਬਹੂ ਬੇਟੀਆਂ ਦੀ ਮੰਡੀ ਜਦੋਂ ਲਾਈ ਸੀ ।
ਸ਼ਰਾਹ ਦੀ ਮਰੋੜ ਵਿਚ ਲੋਕ ਸੀ ਮਰੋੜੇ ਜਾਂਦੇ,
ਕਾਜ਼ੀਆਂ ਦੀ ਰਾਏ ਜਦੋਂ ਹੁਕਮ ਖੁਦਾਈ ਸੀ ।

ਲਾਜਵੰਤੀ ਵਾਂਗ ਜਦੋਂ ਲੱਜ ਤਾਈਂ ਛਿਕੇ ਟੰਗ,
ਹੋਇਕੇ ਨਿਰਾਸ ਭੈਣਾਂ 'ਵੀਰ' ਕੁਮਲਾਏ ਸੀ ।
ਨਾਨਕ ਨਿਰੰਕਾਰ ਸਚੇ ਪਾਤਸ਼ਾਹ ਓ ਮਾਹੀ ਮੇਰੇ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।

ਖੰਭ ਲਾਕੇ ਸਚ ਜਦੋਂ ਦੇਸ਼ ਵਿਚੋਂ ਉੱਡ ਗਿਆ,
ਕੂੜ ਤੇ ਕੁਸੱਤ ਜਦੋਂ ਬਣੇ ਪ੍ਰਧਾਨ ਸੀ।
ਧਰਮ ਕਰਮ ਸ਼ਰਮ ਜਦੋਂ ਮੁਖੜਾ ਛੁਪਾਏ ਬੈਠੇ,
ਦਿਸਦਾ ਨਾ, ਕਿਤੇ ਜਦੋਂ ਰੱਬ ਦਾ ਗਿਆਨ ਸੀ ।
ਛੁਪਿਆ ਸੀ ਚੰਦ ਜਦੋਂ ਅਦਲ ਇਨਸਾਫ ਵਾਲਾ,
ਸਾਧੂ ਤੇ ਮਹਾਤਮਾਂ ਦਾ ਹੁੰਦਾ ਅਪਮਾਨ ਸੀ ।
ਘੂਰ ਘੂਰ ਹਾਕਮਾਂ ਨੇ ਘੂਰ ਜਦੋਂ ਕਢ ਦਿਤਾ,
ਰੁਲੀ ਹਿੰਦ ਵਾਸੀਆਂ ਦੀ ਜਦੋਂ ਆਨ ਸ਼ਾਨ ਸੀ।

ਦੁਖਾਂ ਦੇ ਨਿਚੋੜ ਦੇ ਨਿਚੋੜੇ ਹੋਏ ਹਿੰਦ ਵਾਸੀ,
ਹੋ ਕੇ ਨਿੰਮੋਝਾਨ ਜਦੋਂ ਬਹੁਤ ਘਬਰਾਏ ਸੀ ।
ਓਸ ਵੇਲੇ ਮਾਹੀ ਮੇਰੇ ਅਰਸ਼ ਦਾ ਨਿਵਾਸ ਛਡ,
ਦੁਖੀਆਂ ਦੇ ਦੁਖ ਸੁਣ ਹਿੰਦ ਵਿਚ ਆਏ ਸੀ ।

ਮਹਾਰਾਣਾ ਪ੍ਰਤਾਪ

ਸਾਡੇ ਵਾਂਗ ਨਾ ਡਰਦੇ ਸੀ ਬਿਲੀਆਂ ਤੋਂ,
ਮਨਸੇ ਹੋਏ ਸਨ ਧਰਮ ਈਮਾਨ ਉਤੋਂ ।
ਆਪਣੀ ਕੌਮ ਦੇ ਕਦਮਾਂ ਤੋਂ ਵਿਕੇ ਹੋਏ ਸਨ,
ਦੇਂਦੇ ਜਾਨ ਸਨ ਕੌਮੀ ਨਿਸ਼ਾਨ ਉਤੋਂ ।
ਬਦਲੇ ਕੌਲ ਦੇ ਵਾਰ ਪ੍ਰਵਾਰ ਦੇਦੇ,
ਫਿਤੀ ਫਿਤੀ ਹੋ ਜਾਂਦੇ ਜ਼ਬਾਨ ਉਤੋਂ।
ਸ਼ਾਹੀਆਂ ਨਾਲ ਮੱਥਾ ਲਾ ਕੇ ਬੜ੍ਹਕਦੇ ਸਨ,
ਸਦਕੇ ਹੁੰਦੇ ਸੀ ਅਣਖ ਤੇ ਆਨ ਉਤੋਂ ।

ਰਹਿਣਾ ਜੰਗਲਾਂ ਵਿਚ ਕਬੂਲ ਕੀਤਾ,
ਵੈਰੀ ਸਾਹਮਣੇ ਹੱਥ ਜਾ ਟਡਿਆ ਨਹੀਂ।
ਰਾਣੇ ਝਲੀਆਂ ਸਖਤ ਮੁਸੀਬਤਾਂ ਨੇ,
ਐਪਰ ਸਬਰ-ਸੰਤੋਖ ਨੂੰ ਛਡਿਆ ਨਹੀਂ।
ਚੜ੍ਹਿਆ ਜ਼ੋਰ ਅਕਬਰੀ ਜਰਵਾਣਿਆਂ ਦਾ,
ਸਾਰੀ ਮਿਲਖ ਦੌਲਤ ਥਿੱਤਾ ਥਾਂ ਲੈ ਗਏ।
ਧੁਪ ਸੇਕਣੀ ਮਿਲੀ ਵੀਰਾਨਿਆਂ ਦੀ,
ਖੋਹਕੇ ਚੰਦਨੀ ਚੌਰਾਂ ਦੀ ਛਾਂ ਲੈ ਗਏ ।
ਨਾਲ ਲੱਕ ਦੇ ਸੱਖਣੀ, ਤੇਗ ਰਹਿ ਗਈ,
ਸਭ ਕੁਝ ਫੇਰ ਹੂੰਝਾ ਮੁਗਲ ਖਾਂ ਲੈ ਗਏ ।
ਕਦੇ ਬੜ੍ਹਕ ਕੋਲੋਂ ਸ਼ੇਰ ਡਹਿਲਦੇ ਸਨ,
ਅੱਜ ਬਾਲ ਹੱਥੋਂ ਟੁਕਰ ਕਾਂ ਲੈ ਗਏ ।
ਰੱਸੀ ਸੜਦਿਆਂ ਤੀਕ ਨਾ ਵੱਟ ਛੱਡੇ,
ਦਿਲ ਅੰਤ ਤਕ ਕਿਰੜ ਨੂੰ ਕਢਿਆ ਨਹੀਂ।
ਰਾਣੇ ਬਹੁਤ ਮੁਸੀਬਤਾਂ ਝੱਲੀਆਂ ਨੇ,
ਐਪਰ ਸਬਰ ਸੰਤੋਖ ਨੂੰ ਛੱਡਿਆ ਨਹੀਂ ।

ਜਦ ਤਕ ਹਿਸਟਰੀ ਕਾਇਮ ਜਹਾਨ ਦੀ ਏ,
ਜ਼ਰੀਂ ਹਰਫ ਅੰਦਰ ਦਾਸਤਾਨ ਰਹੇਗੀ ।
ਜਦ ਤਕ ਦਿਲਾਂ 'ਚ ਦਰਦ ਨੂੰ ਥਾਂ ਰਹੇਗੀ,
ਉੱਕਰੀ ਇਨ੍ਹਾਂ ਉਤੇ ਤੇਰੀ ਆਨ ਰਹੇਗੀ ।
ਮਿੱਟ ਜਾਣ ਜੋ ਮੇਟਣਾ ਚਾਹੁਣ ਤੈਨੂੰ,
ਦੁਨੀਆ ਰਹਿਣ ਤੀਕਰ ਤੇਰੀ ਆਨ ਰਹੇਗੀ ।
ਘਰ ਘਰ ਅੰਦਰ ਤੇਰੀ ਹੋਊ ਚਰਚਾ,
ਬਡੀ ਜਗ ਉਤੇ ਤੇਰੀ ਸ਼ਾਨ ਰਹੇਗੀ।
ਚਰਚਾ ਰਹੇਗੀ ਹਰ ਇਕ ਜ਼ਬਾਨ ਉਤੇ,
ਕਿਸੇ 'ਵੀਰ' ਜੇਹਾ ਝੰਡਾ ਗਡਿਆ ਨਹੀਂ।
ਰਾਣੇ ਬਹੁਤ ਮੁਸੀਬਤਾਂ ਝਲੀਆਂ ਨੇ,
ਐਪਰ ਸਬਰ ਸੰਤੋਖ ਨੂੰ ਛਡਿਆ ਨਹੀਂ।

ਦਰੋਪਤੀ ਦੀ ਪੁਕਾਰ

ਓਹ ਦਰੋਪਤੀ ਪੰਜਾਂ ਦੀ ਜਾਨ ਪਿਆਰੀ,
ਕਾਬੂ ਹੋਣੀ ਦੇ ਪੰਜੇ ਵਿਚ ਆਈ ।
ਕੇਸ ਖਿਲਰੇ ਕਾਲੀਆਂ ਘਟਾਂ ਵਾਂਗੂੰ,
ਝੜੀ ਨਰਗਸੀ ਨੈਣਾਂ ਨੇ ਲਾਈ ਹੋਈ ।
ਝੋਕੀ ਜਾ ਰਹੀ ਜ਼ੁਲਮ ਦੇ ਭਠ ਅੰਦਰ,
ਉਹ ਮਾਸੂਮ ਦੀ ਜਿੰਦ ਸਤਾਈ ਹੋਈ ।
ਜ਼ਿਮੀ ਪਏ ਖਰੋਚਦੇ ਬੀਰ ਦਿਸ਼ਨ,
ਆਸਮਾਨ ਦਿਸੇ ਨੀਵੀਂ ਪਾਈ ਹੋਈ ।
ਭਰਿਆ ਕਿਸੇ ਨੇ ਦਰਦ ਦਾ ਦਮ ਨਾਹੀਂ,
ਸਭਾ ਵਿਚ ਅਬਲਾ ਨੰਗੀ ਹੋਣ ਲਗੀ ।
ਬੰਸੀ ਵਾਲਾ ਅਰਾਧ ਕੇ ਦਿਲ ਅੰਦਰ,
ਆਖਰ ਉਹਦਿਆਂ ਚਰਨਾਂ ਵਿਚ ਰੋਣ ਲਗੀ ।

ਤੈਨੂੰ ਆਖਦੇ ਨੇ ਲੋਕੀ ਪਰੀਪੂਰਨ,
ਏਥੇ ਆ ਛੇਤੀ ਬੰਸੀ ਵਾਲਿਆ ਵੇ ।
ਰੁੜ੍ਹਦੀ ਜਾਂਦੀ ਹਾਂ ਜ਼ੁਲਮ ਦੇ ਸ਼ਹੁ ਅੰਦਰ,
ਬੰਨੇ ਲਾ ਛੇਤੀ ਬੰਸੀ ਵਾਲਿਆ ਵੇ।
ਮੇਰੇ ਸਤ ਨੂੰ ਨੰਗਿਆਂ ਕਰ ਰਹੇ ਨੇ,
ਪਰਦਾ ਪਾ ਛੇਤੀ ਬੰਸੀ ਵਾਲਿਆ ਵੇ ।
ਸਾਰੇ ਪਰਖ ਲੈ ਟੋਹ ਲੈ ਵੇਖ ਲੀਤੇ,
ਤੇਰੇ ਬਿਨਾਂ ਮੈਂ ਏਸ ਜਹਾਨ ਅੰਦਰ ।
ਵੇਖ ਰਹੇ ਨੇ ਸਾਹਮਣੇ ਪਾਪ ਹੁੰਦਾ,
'ਵੀਰ' ਸੂਰਮੇਂ ਬੈਠ ਕੇ ਸ਼ਾਨ ਅੰਦਰ ।

ਮੈਨੂੰ ਮਾਣ ਸੀ ਜੀਹਦਿਆਂ ਡੌਲ੍ਹਿਆਂ ਤੇ,
ਅਜ ਓਸ ਨੇ ਸ਼ਾਨ ਗਵਾਈ ਹੋਈ ਏ ।
ਅਣਖ ਜੀਹਦੀ ਕਮਾਨ ਤੇ ਨਚਦੀ ਸੀ,
ਅਜ ਓਸ ਨੇ ਆਨ ਗਵਾਈ ਹੋਈ ਏ।
ਮੈਨੂੰ ਪੰਜ-ਜੋ ਆਪਣੀ ਜਾਣਦੇ ਸਨ,
ਅਜ ਉਹਨਾਂ ਨੇ ਕੀਤੀ ਪਰਾਈ ਹੋਈ ਏ।
ਭਰੀ ਸਭਾ ਦੇ ਵਿਚ ਜਰਵਾਣਿਆਂ ਨੇ,
ਮੇਰੇ ਸੱਤ ਤਾਈਂ ਤੀਲੀ ਲਾਈ ਹੋਈ ਏ।

ਹੁੰਦਾ ਜ਼ੁਲਮ ਮਸੂਮ ਦੀ ਜਾਨ ਉਤੇ,
ਅੱਖੀਂ ਵੇਖ ਰਹੇ ਨੇ ਮਾਣ-ਤਾਨ ਵਾਲੇ ।
ਤੈਥੋਂ ਬਿਨਾਂ ਹੁਣ ਆਸਰਾ ਰਿਹਾ ਕੋਈ ਨਹੀਂ,
ਛੇਤੀ ਬਹੁੜ ਆ ਬੰਸੀ ਬਜਾਣ ਵਾਲੇ।

ਪੁੱਜ ਪਈ ਭਗਵਾਨ ਦੇ ਕੋਲ ਜਾ ਕੇ,
ਮਥਰਾ ਵਿਚ ਜਾ ਤਾਰ ਦਰੋਪਤੀ ਦੀ ।
ਅਰਬ, ਖਰਬ ਇਹ ਆਖਦੇ ਆਏ ਹਰਿ ਜੀ,
ਮਦਦ ਕਰਨ ਦੀ ਧਾਰ ਦਰੋਪਤੀ ਦੀ ।
ਜ਼ਾਲਮ ਸਤੀ ਦੇ ਸਤ ਨੇ ਜਿੱਤ ਲੀਤੇ,
ਹੋਈ ਮੁਲ ਨਾ ਹਾਰ ਦਰੋਪਤੀ ਦੀ ।
ਲੱਗ ਗਏ ਅੰਬਾਰ ਨੇ ਲੀੜਿਆਂ ਦੇ,
ਲੀਤੀ 'ਸ਼ਾਮ' ਨੇ ਸਾਰ ਦਰੋਪਤੀ ਦੀ।

ਆ ਕੇ ਸਾਹਮਣੇ ਸ੍ਰੀ ਜਗਦੀਸ਼ ਜੀ ਨੇ,
ਦਰਸ਼ਨ ਦੇ ਕੇ ਸਤੀ ਨਿਹਾਲ ਕੀਤੀ ।
ਪਾਪ ਕਰਨ ਤੋਂ ਰੋਕਿਆ ਪਪੀਆਂ ਨੂੰ,
ਬੰਸੀ ਵਾਲੇ ਨੇ 'ਵੀਰ' ਕਮਾਲ ਕੀਤੀ ।

ਸ੍ਰੀ ਚੰਦਰ ਜੀ

ਅੱਖਾਂ ਵਿਚ ਤੇਰੀ ਮੂਰਤ ਵਸਦੀ ਏ,
ਵਸੇ ਦਿਲ ਦੇ ਵਿਚ ਪਿਆਰ ਤੇਰਾ।
ਇਕ ਇਕ ਪਲ, ਹੈ ਟੁੰਬਦੀ ਯਾਦ ਤੇਰੀ,
ਰਸਨਾ ਨਾਮ ਜਪਦੀ ਸੌ ਸੌ ਵਾਰ ਤੇਰਾ।
ਅਠੇ ਪਹਿਰ ਤਰਸਾਂ ਤੇਰੇ ਦਰਸ਼ਨਾਂ ਨੂੰ,
ਹੋਵੇ ਕਿਸ ਤਰਾਂ ਨਾਲ ਦੀਦਾਰ ਤੇਰਾ।
ਠੇਡੇ ਠੋਕਰਾਂ ਖਾਂਦਿਆਂ ਜਗ ਅੰਦਰ,
ਓੜਕ ਮਲਿਆ ਆਨ ਦੁਆਰ ਤੇਰਾ।

ਐਸਾ ਕੀਤਾ ਉਦਾਸ ਉਦਾਸੀਆਂ ਨੂੰ,
ਬਾਬਾ, ਲਭਦੇ ਫਿਰਨ ਲਕੀਰ ਤੇਰੀ।
ਹਰ ਇਕ ਘਰ ਅੰਦਰ ਤੇਰੀ ਜੋਤ ਜਗਦੀ,
ਹਰ ਇਕ ਦਿਲ ਹੈ ਪ੍ਰਭੂ ਤਸਵੀਰ ਤੇਰੀ।

ਚੁਟਕੀ ਆਪ ਦੀ ਧੂਣੀ ਚੋਂ ਲਈ ਜਿਸ ਨੇ,
ਆਵੇ ਤਪਦਾ ਭੀ ਐਪਰ ਠਰ ਗਿਆ ਉਹ।
ਨੂਰੀ ਚਰਨ ਤੇਰੇ ਜਿਸ ਨੇ ਚੁੰਮ ਲੀਤੇ,
ਨਾਮ ਆਪਣਾ ਭੀ ਰੌਸ਼ਨ ਕਰ ਗਿਆ ਉਹ।
ਜਿਹੜਾ ਕਦੇ ਨਹੀਂ ਸੀ ਕੰਮ ਸਰਨ ਵਾਲਾ,
ਤੇਰਾ ਨਾਮ ਲਿਆ ਬਾਬਾ ਸਰ ਗਿਆ ਉਹ।
ਤੇਰੇ ਨਾਮ ਦਾ ਜੀਹਨੇ ਨਾ ਜਾਪ ਕੀਤਾ,
ਗੋਤੇ ਖਾਂਵਦਾ ਖਾਂਵਦਾ ਮਰ ਗਿਆ ਉਹ।

ਤੇਰੀ ਸੂਰਤ ਦੀ ਝਲਣੀ ਝਾਲ ਔਖੀ,
ਐਸੀ ਸੂਰਤ ਸੀ ਬੇਨਜ਼ੀਰ ਤੇਰੀ।
ਲਖਾਂ ਜਗ ਵਿਚ ਕੀਤੇ ਉਪਕਾਰ ਬਾਬਾ,
ਵਸੇ ਦਿਲ ਵਿਚ ਤਾਹੀਓਂ ਤਸਵੀਰ ਤੇਰੀ।

ਸ੍ਰੀ ਚੰਦ ਬਾਬਾ ਉਹ ਜਗਦੀਸ਼ ਮਾਹੀਆ,
ਮੇਰੇ ਲੂੰ ਲੂੰ ਵਿਚ ਸਮਾ ਰਿਹੈਂ ਤੂੰ।
ਮੇਰੇ ਦਿਲ ਦਰਿਆ ਦੇ ਵਹਿਣ ਬਣ ਕੇ,
ਪਿਆਰੇ ਮਨ ਦੀ ਮੌਜ ਮਨਾ ਰਿਹੈਂ ਤੂੰ।
ਮੇਰੇ ਸੁਆਸਾਂ ਚੋਂ ਸੁਰਾਂ ਸਦੀਵ ਨਿਕਲਣ,
ਮੇਰੇ ਖੂੰਨ ਦੀ ਤਾਰ ਟਣਕਾ ਰਿਹੈਂ ਤੂੰ।
ਝੂੰਮ ਝੂੰਮ ਕੇ ਝੂੰਮਦਾ ਰਹਾਂ ਹਰਦਮ,
ਐਸਾ ਰਾਗ ਪ੍ਰੀਤ ਦਾ ਗਾ ਰਿਹੈਂ ਤੂੰ।

ਢੂੰਢ ਢੂੰਢ ਜੰਗਲ ਬੇਲੇ ਗਾਹ ਮਾਰੇ,
ਮਿਲੀ ਦਰਸ ਦੀ ਨਾ ਅਕਸੀਰ ਤੇਰੀ।
ਲਖਾਂ ਜ਼ਿਮੀਂ ਅਸਮਾਨ ਮੈਂ ਫੋਲ ਬੈਠਾ,
ਲਭੀ ਜਿਗਰ ਤੋਂ 'ਵੀਰ' ਤਸਵੀਰ ਤੇਰੀ।

ਤੇਰੇ ਚਰਨ ਕਿਉਂ ਨਾ ਸੌ ਸੌ ਵਾਰ ਚੁੰਮਾਂ

ਤੇਰੇ ਦੁਸ਼ਮਨਾਂ ਦੀ ਬਣ ਜਾਂ ਢਾਲ ਦਾਤਾ,
ਤੇਰੀ ਸੋਹਣੀ ਕਟਾਰ ਦੀ ਧਾਰ ਚੁੰਮਾਂ।
ਛੁਟੇ ਤੀਰ ਜੋ ਤੇਰੀ ਕਮਾਨ ਵਿਚੋਂ,
ਛਾਤੀ ਖਾ ਉਸ ਨੂੰ ਬਾ-ਅਖ਼ਤਿਆਰ ਚੁੰਮਾਂ।
ਪਹੁੰਚਾਂ ਉਡ ਕੇ ਪ੍ਰੀਤਮਾ ਪਾਰ ਤੇਰੇ,
ਤੇਰੀ ਕਲਗੀ ਦੀ ਇਕ ਇਕ ਤਾਰ ਚੁੰਮਾਂ।
ਹੋਵੇ ਮਿਹਰ ਤੇਰੀ ਜੂਨੋਂ ਟਲ ਜਾਵਾਂ,
ਗਲ ਵਿਚ ਲਟਕਦੀ ਤੇਰੀ ਤਲਵਾਰ ਚੁੰਮਾਂ।
ਜੇਕਰ ਪਿਆਰ ਥੀਂ ਮਾਹੀ ਦਿਖਾਏ ਸੂਰਤ,
ਦਿਲੋਂ ਦੂਈ ਦਾ ਭਰਮ ਵਿਸਾਰ ਚੁੰਮਾਂ।
ਸਾਮਰਤੱਖ ਜੇ ਦੇਵੇਂ ਦੀਦਾਰ ਸਤਿਗੁਰ,
ਤੇਰੇ ਚਰਨ ਫੜ ਕੇ ਸੌ ਸੌ ਵਾਰ ਚੁੰਮਾਂ।
ਭਾਰਤ ਵਰਸ਼ ਅੰਦਰ ਔਰੰਗਜ਼ੇਬ ਜਹਿਆਂ,
ਜਦੋਂ ਗਦਰ ਤੂਫਾਨ ਮਚਾਇਆ ਸੀ।
ਓਦੋਂ ਮਥੇ ਸਜਾ ਕੇ ਆਪ ਕਲਗੀ,
ਵਿਚ ਪਟਣੇ ਦਰਸ ਦਿਖਾਇਆ ਸੀ।
ਇਕ ਬਾਜ ਤੇ ਦੁਸਰੇ ਹਥ ਖੰਡਾ,
ਨੀਲੇ ਘੋੜੇ ਚੜ੍ਹਕੇ ਦਾਤਾ ਆਇਆ ਸੀ
ਜਿਥੇ ਮਿਲੇ ਹਿੰਦੂ ਕੀਤੀ ਆਪ ਰਖ੍ਯਾ,
ਗੈਰ ਹਿੰਦੂਆਂ ਮਾਰ ਮੁਕਾਇਆ ਸੀ।

ਕਟ ਵਢ ਕਰਦੇ ਲੜਦੇ ਵਿਚ ਰਣ ਦੇ,
ਕਿਉਂ ਨਾ ਉਹਨਾਂ ਦੀ ਟੇਡੀ ਕਤਾਰ ਚੁੰਮਾਂ।
ਨਿਕਲ ਜਾਏ ਨਾ ਕੋਈ ਸੁਆਸ ਮੇਰਾ,
ਤੇਰੇ ਚਰਨ ਫੜ ਕੇ ਸੌ ਸੌ ਵਾਰ ਚੁੰਮਾਂ।
ਗੁਰੂ ਤੇਗ ਬਹਾਦਰ ਨੇ ਧਰਮ ਖਾਤਰ,
ਦਿਲੀ ਵਿਚ ਜਾ ਸੀਸ ਕਟਵਾ ਦਿਤਾ।
ਦਿਤਾ ਸੀਸ ਪਰ ਸਿਦਕ ਵਿਸਾਰਿਆ ਨਾ,
ਸਬਕ ਸਿਖਾਂ ਨੂੰ ਇਹ ਸਿਖਾ ਦਿਤਾ।
ਡਾਢਾ ਹੋਇਆ ਮੁਕਾਬਲਾ ਹਿੰਦ ਅੰਦਰ,
ਮੁਸਲਮਾਨਾਂ ਭੀ ਜ਼ੁਲਮ ਮਚਾ ਦਿਤਾ।
ਕਲਗੀਧਰ ਜੀ 'ਵੀਰ' ਨਾ ਸ਼ੋਕ ਕੀਤਾ,
ਕੁਲ ਸਰਬੰਸ ਸ਼ਹੀਦ ਕਰਵਾ ਦਿਤਾ।
ਸਾਹਿਬਜ਼ਾਦਿਆਂ ਲਾਲਾਂ ਦੀ ਦੇਖ ਫੋਟੋ,
ਦਿਲ ਕਰਦਾ ਏ ਸੋਹਣੀ ਦਸਤਾਰ ਚੁੰਮਾਂ।
ਤੇਰੇ ਸਿਦਕੀਆਂ ਦੀ ਚਰਨ ਧੂੜ ਲੈਕੇ,
ਇਕ ਵਾਰ ਚੁੰਮਾਂ ਸੌ ਸੌ ਵਾਰ ਚੁੰਮਾਂ।

ਵਿਧਵਾ

ਇਕ ਦਿਨ ਬਾਗ ਦੇ ਅੰਦਰ ਯਾਰੋ,
ਦੇਖਿਆ ਸਰੂ ਦਾ ਬੂਟਾ।
ਠੰਢੀ ਠੰਢੀ ਹਵਾ ਸੀ ਚਲਦੀ,
ਲੈਂਦਾ ਸਰੂ ਸੀ ਝੂਟਾ।
ਓਥੇ ਇਕ ਮੁਟਿਆਰ ਮੈਂ ਦੇਖੀ,
ਕੇਸ ਗਲੀਂ ਲਟਕਾਏ।
ਸੁੰਦਰਤਾ ਦੀ ਭਰੀ ਉਹ,
ਝਲਕ ਨਾ ਝਲੀ ਜਾਏ।
ਹੈ ਇਕ ਸੀ ਛਾਂ ਬੂਟੇ ਹੇਠਾਂ,
ਕਦੇ ਬੈਠੇ ਕਦੇ ਖਲੋਂਦੀ ।
ਸਿਰ ਨੀਵਾਂ ਉਹ ਪਾਕੇ ਅਬਲਾ,
ਜ਼ਾਰ ਜ਼ਾਰ ਸੀ ਰੋਂਦੀ ।
ਕੋਲ ਖਲੋ ਜਾ ਪੁਛਿਆ ਭੈਣਾ,
ਕੀ ਦੁਖ ਲਗਾ ਤੈਨੂੰ ?
ਤੇਰੇ ਦਿਲ ਵਿਚ ਧੂ ਜੋ ਪੈਂਦੀ,
ਖੋਲ੍ਹ ਸੁਣਾ ਖਾਂ ਮੈਨੂੰ ।
ਰੋ ਰੋ ਕੇ ਓਹ ਅਗੋਂ ਬੋਲੀ,
ਕਹਿੰਦੀ, ਪੁਛ ਕੁਝ ਨਾ ਵੀਰਾ।
ਮੌਤ ਕਸੈਣ ਲੈ ਗਈ ਲੁਟ ਕੇ,
ਸੁਚਾ ਮੇਰਾ ਹੀਰਾ ।
ਜਿਸਨੂੰ ਦੇਖ ਦੇਖ ਮੈਂ ਜੀਊਂਦੀ,
ਨਾ ਪਰਵਾਹ ਸੀ ਘਰ ਦੀ ।
ਮੇਰੇ ਦਿਲ ਦਾ ਮਹਿਰਮ ਸੀ ਉਹ,
ਮੈਂ ਸਾਂ ਉਹਦੀ ਬਰਦੀ ।
ਕੰਡਾ ਜੇਕਰ ਚੁਭੇ ਮੈਨੂੰ,
ਉਹ ਪੀੜ ਨਾਲ ਸੀ ਮਰਦਾ।
ਸਚ ਦਸਾਂ ਮੈਂ ਕੀ ਵੇ ਅੜਿਆ,
ਦੁਖ ਨਾ ਪਾਣੀ ਭਰਦਾ ।
ਰੋ ਰੋ ਅਖੀਆਂ ਪਕੀਆਂ ਵੀਰਾ,
ਤਕਿਆ ਨਾ ਰਜ ਕੇ ਮਾਹੀ ।
'ਵੀਰ' ਪਿਆਰੇ ਦਸਾਂ ਕਿਸਨੂੰ,
ਆਪਣੇ ਦਿਲ ਦੀ ਆਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਖਾਕੀ ਪੁਤਲੇ ਲਾਏ ਜੋ ਗਿਆਨ ਚਿਸ਼ਮੇਂ,
ਗੁਰੂ ਗ੍ਰੰਥ ਚੋਂ ਹਾਜ਼ਰ ਹਜ਼ੂਰ ਦਿਸੇ।
ਦਸ ਜੋਤਾਂ ਦੇ ਗ੍ਰੰਥ ਦੀ ਜੋਤ ਵਿਚੋਂ,
ਸਾਮਰਤਖ ਹੀ ਚਮਕਦਾ ਨੂਰ ਦਿਸੇ।
ਔਖੀ ਘਾਲਣਾ ਘਾਲੀ ਮਨਸੂਰ ਲਭਾ,
ਚਾਹੇ ਏਸ ਰਾਹੀਂ ਹੁਣੇ ਤੂਰ ਦਿਸੇ।
ਇਕ ਇਕ ਤੁਕ ਇਸ ਦੀ ਅਖਰ ਇਕ ਇਕ ਚੋਂ
੧ ਓਅੰਕਾਰ ਦਾ ਜਲਵਾ ਜ਼ਰੂਰ ਦਿਸੇ ।
ਸਿਖਿਆ ਦੇਣ ਵਾਲਾ ਆਤਮਿਕ ਰੂਪ ਅੰਦਰ,
ਸਾਫ ਨਾਨਕ ਗੋਬਿੰਦ ਹਜ਼ੂਰ ਦਿਸੇ।
ਮੈਂ ਤਾਂ ਸੱਚ ਆਖਾਂ ਸਚੇ ਪਾਤਸ਼ਾਹ ਤੋਂ,
ਸਾਰਾ ਜੱਗ ਜਹਾਨ ਹੀ ਕੂੜ ਦਿਸੇ ।

ਇਹ ਉਹ ਬਾਣੀ ਹੈ ਜਿਸ ਨੂੰ ਗ੍ਰਹਿਣ ਕੀਤੇ,
ਵਾਸਾ ਵਿਚ ਸਚਾਈ ਦੇ ਪਾਈਦਾ ਏ ।
ਇਹ ਉਹ ਪਾਰਸ ਹੈ ਕਿ ਜਿਸਦੇ ਛੋਹਨ ਬਦਲੇ,
ਸੁਧਾ ਕੰਚਨ ਤੋਂ ਵਧ ਹੋ ਜਾਈਦਾ ਏ।
ਹੈ ਉਹ ਇਹੋ ਸੰਜੀਵਨੀ ਰਸ ਜਿਸ ਦਾ,
ਪੀਤੇ ਸਦਾ ਲਈ ਅਮਰ ਹੋ ਜਾਈਦਾ ਏ।
ਸੋਮਾਂ ਪਿਆਰਾਂ ਮਿਠਾਸਾਂ ਦਾ ਹੈ ਇਹੋ,
ਟੁਭਾ ਲਾਂਦਿਆਂ ਰੋਗ ਗਵਾਈਦਾ ਏ ।
ਕੱਲਪ ਬ੍ਰਿਛ ਏ ਜਿਸ ਦੀ ਛਾਂ ਹੇਠਾਂ,
ਕਿਸੇ ਹੋਰ ਥਾਂ ਜਾਣ ਦੀ ਲੋੜ ਹੈ ਨਹੀਂ ।
ਕਾਮਧੇਨ ਏ ਜਿਸ ਦੇ ਸੇਵਿਆਂ ਹੀ,
ਕਿਸੇ ਗਲ ਸੰਦੀ ਰਹਿੰਦੀ ਥੋੜ ਹੈ ਨਹੀਂ।

ਇਹਦੇ ਲੜ ਲਗਿਆਂ ਬੇੜਾ ਪਾਰ ਹੁੰਦਾ,
ਇਸ ਦੇ ਦਰ ਢਠਿਆਂ ਹੌਲਾ ਭਾਰ ਹੁੰਦਾ ।
ਇਸ ਦੇ ਦਰਸ਼ਨਾਂ ਨਾਲ ਛੁਟਕਾਰ ਹੋਵੇ,
ਸੜਦਾ ਕਾਲਜਾ ਹੈ ਠੰਢਾ ਠਾਰ ਹੁੰਦਾ ।
ਸਿਖਿਆ ਏਸ ਦੀ ਧਾਰ ਕੇ ਚਲੇ ਜੇ ਕਰ,
ਪੰਜਾਂ ਰਾਖਸ਼ਾਂ ਦਾ ਨਹੀਓਂ ਵਾਰ ਹੁੰਦਾ।
ਸਿਖ ਏਸ ਦਾ ਫੁਲ ਦੇ ਵਾਂਗ ਖਿੜਦਾ,
ਜਿਸ ਦੇ ਨਾਲ ਨਾ ਕਦੀ ਵੀ ਖਾਰ ਹੁੰਦਾ ।

ਰਾਜੇ ਮਹਾਰਾਜੇ ਤੇ ਸ਼ਹਿਨਸ਼ਾਹ ਏਸ ਦਰ ਤੇ,
ਲਿਫ ਜਾਂਵਦੇ ਹੈਨ ਕਮਾਨ ਵਾਂਗੂੰ।
ਮਥੇ ਲਾਂਵਦੇ ਤਿਲਕ ਨੇ ਧੂੜ ਦਾ ਜੋ,
ਸਦਾ ਚਕਮਦੇ ਹੈਨ ਓਹ ਭਾਨ ਵਾਂਗੂੰ ।

ਇਨਸਾਨ ਪੈਦਾ ਕਰ

ਐ ਦਸਮੇਸ਼ ਦੇ ਸਿੱਖਾ,
ਨਵੀਂ ਉਹ ਜਾਨ ਪੈਦਾ ਕਰ ।
ਨਵੀਂ ਧਰਤੀ ਬਣਾ ਆਪਣੀ,
ਨਵਾਂ ਆਸਮਾਨ ਪੈਦਾ ਕਰ ।
ਤਰੀ ਜਾ ਖਾਰੇ ਸਾਗਰ ਚੋਂ,
ਟੱਪੀ ਜਾ ਉਚੀ ਚੋਟੀ ਤੋਂ;
ਤੂੰ ਆਪਣੇ ਫਰਜ਼ ਦੀ ਦਿਲ ਵਿਚ,
ਜਿਹੀ ਪਹਿਚਾਨ ਪੈਦਾ ਕਰ ।
ਕੜੀ ਜ਼ੰਜੀਰ ਜੁੜਦੀ ਹੈ ਜਿਵੇਂ ਆਪੋ ਦੇ,
ਵਿਚ ਪਿਆਰੇ!
ਤਿਵੇਂ ਜੁੜਕੇ ਨਵੇਂ ਇਤਫਾਕ ਦੇ,
ਸਾਮਾਨ ਪੈਦਾ ਕਰ ।
ਜਲਾ ਦੇ ਵੈਰ ਦੇ ਹਿਰਦੇ,
ਭੁਲਾ ਦੇ ਖੌਫ ਦੇ ਕਿੱਸੇ ।
ਖੜੋਤੇ ਖੂਨ ਦੇ ਅੰਦਰ,
ਨਵਾਂ ਤੂਫਾਨ ਪੈਦਾ ਕਰ।
ਤੂੰ ਆਜ਼ਾਦ ਏਂ ਪੰਜਾਬ ਦੀ,
ਅਜ ਚਾੜ੍ਹੀਓ ਗੁੱਡੀ,
ਦਈ ਜਾ ਡੋਰ ਡਟਕੇ ਤੂੰ,
ਅਨੋਖੀ ਤਾਨ ਪੈਦਾ ਕਰ ।
ਥਰਾ ਜਾਵੇ ਜ਼ਿਮੀ ਸਾਰੀ,
ਕੰਬ ਉਠੇ ਫਲਕ ਸਾਰਾ ।
ਤੂੰ ਇਕੋ ਤੇਗ ਦੇ ਲਿਸ਼ਕੇ 'ਚਿ
ਇਹ ਸਾਮਾਨ ਪੈਦਾ ਕਰ ।
ਖਾਤਰ ਦੇਸ਼ ਦੀ ਅੜਿਆ,
ਜਿਨ੍ਹਾਂ ਨੂੰ ਆਖਦੇ ਮੀਆਂ,
ਤੂੰ ਲਗ ਨਾ ਦੁਸ਼ਮਨਾਂ ਆਖੇ,
ਨਾ ਪਾਕਿਸਤਾਨ ਪੈਦਾ ਕਰ ।
ਏਹ ਪੰਜਾਬ ਦੀ ਖਾਤਰ,
ਤਲੀ ਤੇ ਸੀਸ ਰਖ ਲੀਤਾ,
ਤੂੰ ਮਿਟ ਜਾ ਖਾਲਸਾ ਭਾਵੇਂ,
ਓਹੋ ਨਿਸ਼ਾਨ ਪੈਦਾ ਕਰ।
ਰੁਲਨ ਚਰਨਾਂ ਦੇ ਵਿਚ ਤੇਰੇ,
ਤਖਤ ਕੁਲ ਬਾਦਸ਼ਾਹੀਆਂ ਦੇ,
ਨਜ਼ਰ ਨਾ ਤੂੰ ਉਠਾ ਤਕੇਂ,
ਜਿਹਾ ਈਮਾਨ ਪੈਦਾ ਕਰ।
ਲੜਨ ਜੋ ਹਕ ਪ੍ਰਸਤੀ ਤੇ,
ਡਰਨ ਨਾ ਮੌਤ ਦੇ ਕੋਲੋਂ,
ਜਹੇ ਤੂੰ 'ਵੀਰ' ਨਿਰਭੈਤਾ ਭਰੇ,
ਇਨਸਾਨ ਪੈਦਾ ਕਰ ।

ਸਮੇਂ ਦੀ ਹਾਲਤ

ਹਿੰਦੁਸਤਾਨੀਆਂ ਦੀ ਦੇਖੀ ਅਜਬ ਹਾਲਤ,
ਜਗ੍ਹਾ ਜ਼ੋਰ ਦੀ ਹੁਣ ਜ਼ਬਾਨ ਰਹਿ ਗਈ ।
ਨਾਮ ਸ਼ੇਰ ਸਿੰਘ ਤੇ ਡਰੇ ਬਿੱਲੀਆਂ ਤੋਂ,
ਕਾਰਨਾਮਿਆਂ ਦੀ ਦਾਸਤਾਨ ਰਹਿ ਗਈ ।
ਧਨਖ ਧਾਰੀਆਂ ਨੂੰ ਜੰਞੂ ਭਾਰ ਜਾਪੇ,
ਟੰਗੀ ਕਿੱਲੀ ਦੇ ਨਾਲ ਕਿਰਪਾਨ ਰਹਿ ਗਈ।
'ਵੀਰ' ਉਹੋ ਮਿਸਾਲ ਪੰਜਾਬੀਆਂ ਦੀ,
ਸੌਦਾ ਵਿਕ ਗਿਆ ਖਾਲੀ ਦੁਕਾਨ ਰਹਿ ਗਈ।

ਹਿੰਦੀ ਤਰਾਨਾ

ਉਠ ਜਾਗ ਹੋ ਗਿਆ ਸਵੇਰ ਬੜਾ,
ਤੈਨੂੰ ਦਿਸਦਾ ਹਿੰਦੀਆ ਹਨੇਰ ਬੜਾ,
ਤੈਨੂੰ ਆਖਣ ਲੋਕ ਦਲੇਰ ਬੜਾ,
ਤੂੰ ਦਿਸੇਂ ਪੰਜਾਬੀ ਸ਼ੇਰ ਬੜਾ,
ਤੇਰਾ ਕਿਵੇਂ ਕਲੇਜਾ ਠਰਦਾ ਏ,
ਜਦੋਂ ਪਿਆ ਅੰਦੇਸ਼ਾ ਘਰ ਦਾ ਏ ।

ਜੋ ਅਣਖ ਤੇ ਅੜਿਆ ਰਹਿੰਦਾ ਏ,
ਉਹ ਕਦੀ ਨਾ ਡਿਗਦਾ ਢਹਿੰਦਾ ਏ,
ਜੋ ਆਦਮੀ ਹਿੰਮਤ ਕਰਦਾ ਏ,
ਉਹ ਮਨ ਆਈਆਂ ਭੀ ਕਰਦਾ ਏ ।
ਜੋ ਕੁਰਬਾਨੀ ਤੋਂ ਡਰਦਾ ਏ,
ਉਹ 'ਵੀਰ' ਗ਼ਦਾਰੀ ਕਰਦਾ ਏ ।

ਕਿਉਂ ਹਿੰਦੀਆ ਅੱਜ ਦਿਲਗੀਰ ਹੈਂ ਤੂੰ,
ਕਿਉਂ ਗ਼ਮ ਦੀ ਬਨੇ ਤਸਵੀਰ ਹੈਂ ਤੂੰ ।
ਏ ਖ਼ਾਕ 'ਜਿਨ੍ਹਾ' ਅਕਸੀਰ ਹੈਂ ਤੂੰ,
ਤਦਬੀਰ ਨੇ ਉਹ ਤਕਦੀਰ ਹੈਂ ਤੂੰ।
ਜੋ ਦੇਸ਼ ਦੀ ਸੇਵਾ ਕਰਦਾ ਏ,
ਜਗ ਸਾਰਾ ਉਸ ਤੋਂ ਡਰਦਾ ਏ ।

ਜਦ ਦਾ ਘਰ ਤੇਰਾ ਪਾਟਾ ਏ,
ਤਦੋਂ ਦੂਤੀ ਘੁਟਿਆ ਗਾਟਾ ਏ।
ਤੈਨੂੰ ਭੁਲ ਗਿਆ ਆਪਣਾ ਬਾਟਾ ਏ।
ਤਾਹੀਓਂ ਆਟਿਓਂ ਪੈ ਗਿਆਂ ਘਾਟਾ ਏ।
ਕੋਈ ਰਜ ਕੇ ਪੇਟ ਨਾ ਭਰਦਾ ਏ,
ਹੁਣ ਦੇਖੋ ਰੱਬ ਕੀ ਕਰਦਾ ਏ ।

ਹੈ ਸ਼ਾਂਤਮਈ ਕਾਮਲ ਗ+ਯਾਨ ਤੇਰਾ,
ਹੈ ਗਾਂਧੀ ਗੁਰੂ ਨਿਗਾਹਬਾਨ ਤੇਰਾ ।
ਜੇ ਟੁੱਟ ਗਿਆ ਹੁੰਦੀਆ ਤਾਨ ਤੇਰਾ,
ਤੇ ਰੁੜ੍ਹ ਜਾਊ ਸ਼ਹੁ ਈਮਾਨ ਤੇਰਾ।
ਉਠ ਲੱਕ ਬੰਨ੍ਹ ਕਿਉਂ ਤੂੰ ਡਰਦਾ ਏ,
ਫਿਰ ਦੇਖ ਤੂੰ ਰੱਬ ਕੀ ਕਰਦਾ ਏ।

ਸਿਫਤੀ ਹੋਈ ਹਿੰਮਤ ਤੇਰੀ ਏ,
ਖੰਡੀ ਹੋਈ ਤਾਕਤ ਤੇਰੀ ਏ।
ਦੁਨੀਆਂ ਦੀ ਦੌਲਤ ਤੇਰੀ ਏ ;
ਸਭ ਜਗ ਤੇ ਹਕੂਮਤ ਤੇਰੀ ਏ।
ਜੋ ਦੁਖੜੇ ਸਿਰ ਤੇ ਜਰਦਾ ਏ ।
ਉਹ ਕਦੀ ਨਾ ਜਿਤ ਕੇ ਹਰਦਾ ਏ ।

ਇਤਫਾਕ ਦੀ ਸ਼ਕਤੀ ਲਿਆ ਦੇ ਹੁਣ ।
ਹਿੰਦ-ਤਹਿਜ਼ੀਬ ਸਿਖਾ ਦੇ ਹੁਣ।
ਓ ਇਨਕਲਾਬ ਲਿਆ ਦੇ ਹੁਣ ।
'ਵੀਰਾਂ' ਦੇ ਜੌਹਰ ਦਿਖਾ ਦੇ ਹੁਣ।
ਜੋ ਅਨਤਾਰੂ ਤਾਰੀ ਤਰਦਾ ਏ।
ਉਹ ਮੰਝਧਾਰ ਡੁੱਬ ਮਰਦਾ ਏ।

ਚਮਕਦੀ ਸ਼ਾਨ ਤੇਰੀ

ਕੇਸ ਕੜਾ ਕ੍ਰਿਪਾਨ ਤੇ ਕਛ ਕੰਘਾ,
ਧਾਰਨ ਵਾਲਿਆ ਸ਼ਕਤੀ ਮਹਾਨ ਤੇਰੀ।
ਬੜੇ ਬੜੇ ਨੇ ਅੜੇ ਪਰ ਝੜੇ ਆਖਰ,
ਈਨਾਂ ਮੰਨ ਗਏ ਆਕੜਖਾਨ ਤੇਰੀ ।
ਤੇਰੇ ਤੁਲ ਨਾ ਕੋਈ ਜਹਾਨ ਅੰਦਰ,
ਸਾਰੇ ਜੱਗ ਨੇ ਕੀਤੀ ਪਹਿਚਾਨ ਤੇਰੀ !
ਉਚੀ ਆਨ ਤੇਰੀ ਸੁਚੀ ਸ਼ਾਨ ਤੇਰੀ,
ਦੁਖੀਆਂ ਲਈ ਕੇਵਲ ਪਲੀ ਜਾਨ ਤੇਰੀ ।

ਅਸ਼ ਅਸ਼ ਕਰਨ ਜੋਧੇ ਰਣ ਜੁੱਧ ਅੰਦਰ,
ਚਲੇ ਜਦੋਂ ਕ੍ਰਿਪਾਨ ਜੁਆਨ ਤੇਰੀ ।
ਜੋਧਾ ਤੇਰੇ ਸਾਮਾਨ ਨਾ ਕੋਈ ਦਿਸੇ,
ਉਚੀ ਉਚ ਸੁਮੇਰ ਤੋਂ ਸ਼ਾਨ ਤੇਰੀ ।

ਤੂੰ ਉਹ ਬੀਰ ਜਿਸ ਸਬਰ ਦੀ ਟੱਪ ਬੰਨ੍ਹੀ,
ਸੋਹਣੇ ਸਬਕ ਸਿਖਾਏ ਕੁਰਬਾਨੀਆਂ ਦੇ ।
ਹੈ ਉਹੀ ਜੁਆਨ ਸਰੀਰ ਚੰਦਨ,
ਹਾਏ ਵਾਂਗ ਚਿਰਵਾਏ ਨੇ ਕਾਨੀਆਂ ਦੇ।
ਲਾਲ ਓਹੀ ਤੂੰ ਜਿਸ ਨੇ ਲਾਲ ਹੋ ਹੋ,
ਛਕੇ ਸਦਾ ਛੁਡਾਏ ਗੁਮਾਨੀਆਂ ਦੇ।
ਹੈ ਤੂੰ ਓਹੀ, ਉਜਾੜ ਬਲਵਾਨ ਆਪਣੇ,
ਉਜੜੇ ਘਰ ਵਸਾਏ ਹਿੰਦਵਾਨੀਆਂ ਦੇ ।

ਸੱਚ ਕਹਾਂ ਸਾਰਾ ਭਾਰਤ ਉਜੜ ਜਾਂਦਾ,
ਜੇਕਰ ਇਕ ਨਾ ਹੋਵਦੀ ਜਾਨ ਤੇਰੀ ।
ਇਸ ਹਿੰਦ ਹਨੇਰੜੀ ਰਾਤ ਅੰਦਰ,
ਚੰਨਾ ਚਮਕਦੀ ਨਾ ਜੇਕਰ ਸ਼ਾਨ ਤੇਰੀ ।

ਤੇਰਾ ਨਾਮ ਸੁਣਕੇ ਬੀਰ ਡਹਿਲ ਜਾਂਦੇ,
ਹਿਰਦੇ ਕੰਬਦੇ ਸਨ ਦੁੱਰਾਨੀਆਂ ਦੇ।
ਮੈਨੂੰ ਯਾਦ ਹੈ ਕਿਸਤਰ੍ਹਾਂ ਕੋਹੇ ਜ਼ਾਲਮ,
ਡਾਕੂ ਦੁਸ਼ਟ ਪਠਾਣ ਪਠਾਣੀਆਂ ਦੇ।
ਇਹ ਤਾਂ ਕਲ੍ਹ ਦੀ ਗੱਲ ਜਦ ਮੋੜ ਆਏ,
ਦੂਰ ਗਏ ਡੋਲੇ ਹਿੰਦਵਾਨੀਆਂ ਦੇ।
ਆਕੜ ਖਾਨਾਂ ਦੀ ਧੌਣ ਮਰੋੜ ਦਿਤੀ,
ਬੂਥੇ ਭੰਨੇ ਤੂੰ ਮਿਸਲ ਈਰਾਨੀਆਂ ਦੇ।

ਇਟ ਇਟ ਪੰਜਾਬ ਦੀ ਵੀਰ ਬਾਂਕੇ,
ਕਰੇ ਬੀਰਤਾ ਪਈ ਬਿਆਨ ਤੇਰੀ ।
ਤਾਹੀਓਂ ਕੁਲ ਜਹਾਨ ਦੇ ਵਿਚ ਰੌਸ਼ਨ
ਚੰਨ ਵਾਂਗ ਏ ਚਮਕਦੀ ਸ਼ਾਨ ਤੇਰੀ ।

ਅੰਮ੍ਰਿਤ ਦੀ ਬਰਕਤ

ਅੰਮ੍ਰਿਤ ਉਹ ਗੁੱਝਾ ਜਾਦੂ ਹੈ,
ਜਿਸ ਗਿਦੜੋਂ ਸ਼ੇਰ ਬਣਾਇਆ ਸੀ ।
ਯਾ, ਉਹ ਸੰਜੀਵਨੀ ਬੂਟੀ ਹੈ,
ਜਿਸ ਲਛਮਨ ਬੀਰ ਜਿਵਾਇਆ ਸੀ
ਇਹ ਕਰਾਮਾਤ ਜਗਦੀਸ਼ ਦੀ ਹੈ,
ਜੋ ਮੁਰਦੇ ਤਾਈਂ ਜਿਵਾਂਦੀ ਹੈ ।
ਨੂੰ ਇਹ ਰੱਬੀ ਹਿਕਮਤ ਹੈ ਜੇਹੜੀ,
ਚਿੜੀਆਂ ਤੋਂ ਬਾਜ ਤੁੜਾਂਦੀ ਹੈ ।
ਏਹ ਉਹ ਗੁੜ੍ਹਤੀ ਹੈ ਜੇਹੜੀ ਕਿ,
ਸ਼ੇਰਾਂ ਦੇ ਬੱਚੇ ਪੀਂਦੇ ਨੇ ।
ਏਹ ਉਹ ਜੀਵਨ ਦੀ ਜੁਗਤੀ ਹੈ,
ਪਿੰਗਲੇ ਜਿਸ ਨੂੰ ਪੀ ਜੀਂਦੇ ਨੇ ।
ਇਹ ਸ਼ਹਿਦ ਜੋ ਖਾ ਕੇ ਤਲੀਆਂ ਤੇ,
ਪੈਦਾ ਹੁੰਦੇ ਦੀਵਾਨੇ ਨੇ ।
ਏਸੇ ਦੇ ਟੁੰਬਿਆਂ ਦੀਵੇ ਤੇ,
ਤਿੜ ਤਿੜ ਮਰਦੇ ਪ੍ਰਵਾਨੇ ਨੇ।
ਏਹ ਉਹ ਗੁੜ੍ਹਤੀ ਹੈ ਜਿਹੜੀ ਕਿ,
ਜ਼ੋਰਾਵਰ ਤਾਈਂ ਪਿਲਾਈ ਸੀ ।
ਏਹ ਉਹ ਤਾਕਤ ਹੈ ਜਿਸ ਨੇ,
ਨਲੂਏ ਦੀ ਧਾਂਕ ਬਿਠਾਈ ਸੀ ।
ਐਵੇਂ ਨਹੀਂ ਅਟਕ ਸੀ ਅਟਕਯਾ,
ਰਣਜੀਤ ਬਹਾਦਰ ਸੂਰੇ ਨੇ।
ਐਵੇਂ ਨਹੀਂ ਸ਼ਾਹਦੀ ਦੇਂਦੇ ਪਏ,
ਜਮਰੋਦੀ ਪਰਬਤ ਚੂਰੇ ਨੇ ।
ਏਹ ਉਹ ਛੂਹ-ਮੰਤਰ ਹੈ ਜੇਹੜਾ ਕਿ,
ਛੂਤਾਂ ਦੇ ਭੂਤ ਮਿਟਾਂਦਾ ਹੈ ।
ਏਹ ਨੂਰ ਪ੍ਰੇਮ ਦਾ ਚਸ਼ਮਾ ਹੈ,
ਜੋ ਵਿਛੜੇ 'ਵੀਰ' ਮਿਲਾਂਦਾ ਹੈ ।
ਇਹ ਅੰਮ੍ਰਿਤ ਰੱਬੀ ਬਖਸ਼ਿਸ਼ ਹੈ,
ਜੋ ਟੁਟੇ ਹੋਏ ਦਿਲ ਜੋੜੇ ਜੋ,
ਏਹ ਉਹ ਸ਼ਕਤੀ ਹੈ ਜੇਹੜੀ ਕਿ,
ਹੈਂਕੜ ਦੀ ਹੈਂਕੜ ਤੋੜੇ ਜੋ।
ਏਸੇ ਨੂੰ ਪੀ ਕੇ ਤਾਰੂ ਸਿੰਘ,
ਸਿਰ ਦਾ ਖੋਪਰ ਖੁਲਵਾਇਆ ਸੀ
ਏਸੇ ਨੂੰ ਪੀ ਕੇ ਮਨੀ ਸਿੰਘ ਨੇ,
ਅੰਗ ਅੰਗ ਕਟਵਾਯਾ ਸੀ !
ਏਨੇ ਨੂੰ ਪੀ ਕੇ ਬੰਦੇ ਨੇ,
ਜ਼ੁਲਮਾਂ ਦਾ ਥੰਮਾਂ ਢਾਹਿਆ ਸੀ !
ਏਸੇ ਨੂੰ ਪੀ ਕੇ ਪੰਜਾਂ ਨੇ,
ਪੰਜਾਬ ਗਰੀਬ ਬਚਾਇਆ ਸੀ ।
ਏਸੇ ਨੂੰ ਪੀ ਕੇ ਜੀਉਣ ਸਿੰਘ ਨੇ,
ਦਿੱਲੀ ਤੋਂ ਸੀਸ ਲਿਆ ਦਿੱਤਾ ।
ਏਸੇ ਨੂੰ ਪੀ ਕੇ ਮਹਾਂ ਸਿੰਘ,
ਬੇਦਾਵਾ ਫਾੜ ਵਿਖਾ ਦਿਤਾ।
ਏਸੇ ਦੀ ਸ਼ਾਨ ਬਚਿਤਰ ਸਿੰਘ,
ਹਾਥੀ ਨੂੰ ਹੱਥ ਦਿਖਾ ਦਿਤੇ ।
ਏਸੇ ਨੂੰ ਪੀ ਕੇ ਸਿੰਘਾਂ ਨੇ,
ਵੈਰੀ ਦੇ ਪੈਰ ਹਿਲਾ ਦਿਤੇ ।
ਏਸੇ ਦੇ ਸਦਕੇ ਫੂਲਾ ਸਿੰਘ,
ਅਕਾਲੀ ਯੋਧਾ ਬਣਿਆ ਹੈ ।
ਏਸੇ ਅੰਮ੍ਰਿਤ ਦੀ ਤਾਕਤ ਨੇ,
ਪ੍ਰਿਥੀਪਾਲ ਸਿੰਘ ਜਣਿਆਂ ਹੈ।
ਏਸੇ ਦੇ ਅਰਸ਼ੀ ਛਟੇ ਨੇ,
ਲੈਣਾਂ ਤੇ ਸੀ ਚਿਥੜਾ ਦਿਤਾ ।
ਏਸੇ ਨੇ ਸੂਰੇ ਪਰਖਣ ਲਈ,
ਨਨਕਾਣੇ ਭੱਠ ਭਖਾ ਦਿਤਾ !
ਏਸੇ ਦੀ ਸ਼ਕਤ ਨਿਰਾਲ ਨੇ,
ਜੈਤੋ ਨੂੰ ਜਥੇ ਭੇਜੇ ਸਨ।
ਏਸੇ ਨੂਰਾਨੀ ਝਲਕੇ ਨੇ,
ਗੁਰੂ ਬਾਗ ਚਬਾਏ ਨੇਜੇ ਸਨ।
ਆਹ ਤਰਨ ਤਾਰਨ ਦੇ ਸਾਕੇ ਨੇ,
ਅਦਭੁਤ ਹੀ ਸ਼ਾਨ ਵਿਖਾ ਦਿਤੀ ।
ਪੰਚਮ ਗੁਰੂ ਦੇ ਗੁਰਦਵਾਰੇ ਵਿਚ,
ਅੰਮ੍ਰਿਤ ਦੀ ਰੂਹ ਫੁੰਕਾ ਦਿਤੀ ।
ਏਸੇ ਨੇ ਖੁੰਢਾ ਕੀਤਾ ਸੀ,
ਮੁਗਲਾਂ ਦੀਆਂ ਤਲਵਾਰਾਂ ਨੂੰ।
ਸ਼ਕਤੀ ਅੰਮ੍ਰਿਤ ਦੀ ਪੁਛ ਲਵੋ,
ਮਹਾਰਾਜੇ ਬਾਈਆਂ ਧਾਰਾਂ ਨੂੰ।

ਇਹ ਆਬ ਹਯਾਤੀ ਦਾ ਸੋਮਾ,
ਮੁਰਦਾ ਦਿਲ ਜ਼ਿੰਦਾ ਕਰਦਾ ਹੈ।
ਇਸ ਅੰਮ੍ਰਿਤ ਦਾ ਇਕ ਛਟਾ ਲੈ,
ਬੁਜ਼ਦਿਲ ਭੀ ਲੜ ਲੜ ਮਰਦਾ ਹੈ ।
ਇਹ ਅੰਮ੍ਰਿਤ ਦੁਖ ਨਿਵਾਰਨ ਏ,
ਜਨਮਾਂ ਦਾ ਫੰਦ ਮੁਕਾ ਦੇਵੇ।
ਪ੍ਰਾਣੀ ਦੀ ਚੌਣੀ ਸ਼ਾਨ ਬਣਾ,
ਤ੍ਰੈਲੋਕੀ ਮਾਣ ਦਿਵਾ ਦੇਵੇ।
ਜੀਵਨ ਮੁਕਤੀ ਪਈ ਡੁਲ੍ਹਦੀ ਹੈ,
ਸਮ ਦ੍ਰਿਸ਼ਟੀ ਕਰਮ ਸਿਖਾਂਦਾ ਹੈ ।
ਕੀਟਾਂ ਤੋਂ ਰਾਜੇ ਸ਼ਹਿਨਸ਼ਾਹ,
ਤਖ਼ਤੇ ਤੋਂ ਤਖ਼ਤ ਬਿਠਾਂਦਾ ਹੈ।
ਇਸ ਅੰਮ੍ਰਿਤ ਦੇ ਇਕ ਤਰੁਬਕੇ ਨੂੰ,
ਬ੍ਰਹਮਾ ਵਿਸ਼ਨੂੰ ਪਏ ਤਰਸ ਰਹੇ।
ਦੇਵੀ ਦਿਉਤੇ ਉਲਿਆਉ ਪੈਗ਼ੰਬਰ,
ਮਨ-ਮੰਦਰ ਅੰਦਰ ਪਰਸ ਗਏ ।
ਇਹ ਦਸਮ ਗੁਰੂ ਦੀਆਂ ਮਿਹਰਾਂ ਨੇ,
ਮਹਰਾਂ ਦਾ ਮੀਂਹ ਬਰਸਾ ਦਿੱਤਾ।
ਹਰ ਥਾਂ ਤੇ ਅੰਮ੍ਰਿਤ ਬਾਟੇ ਦਾ,
ਖੁਲ੍ਹਾ ਭੰਡਾਰਾ ਲਾ ਦਿਤਾ।
ਓਹ ਪ੍ਰਾਣੀ ਬੜਾ ਅਭਾਗਾ ਹੈ,
ਜਿਸ ਨੇ ਇਹ ਅੰਮ੍ਰਿਤ ਛਕਿਆ ਨਹੀਂ ।
ਅਰ ਕੇਸ, ਕੜਾ, ਕ੍ਰਿਪਾਨ, ਕਛਹਿਰਾ,
ਕੰਘਾ ਕੇਸੀਂ ਰਖਿਆ ਨਹੀਂ ।
ਜੋ ਪੁਰਸ਼ ਇਸ ਜੀਵਨ ਬੂਟੀ ਤੋਂ,
ਵਾਂਝਾ ਰਹਿ ਜਾਏਗਾ।
ਓਹ 'ਵੀਰ' ਤਾਜ ਚੋਂ ਡਿਗਕੇ ਤੇ,
ਚੀਣਾ ਚੀਣਾ ਹੋ ਜਾਏਗਾ।

(ਪ੍ਰਿਥੀਪਾਲ ਸਿੰਘ ਉਹ ਜਵਾਨ ਹੈ ਜਿਸ ਨੇ
ਬੀਟੀ ਨੂੰ ਹੱਥ ਤੇ ਚੁਕ ਲੀਤਾ ।
ਆਖ਼ਰ ੧੦੦ ਡਾਂਗ ਖਾ ਕੇ ਸ਼ਹੀਦ ਹੋਇਆ ।)

ਨਿਰਾਲੀ ਦੁਨੀਆ ਦੀ ਤਸਵੀਰ

ਦੇਸ਼ ਵਾਸੀਆਂ ਦੀ ਮੈਂ ਤਸਵੀਰ ਦਸਾਂ,
ਲੜਦੇ ਝਗੜਦੇ ਅਸੀਂ ਮਲੰਗ ਬਣ ਗਏ।
ਖੁਨ ਚੂਸ ਲਏ ਟੋਡੀਆਂ ਜੋਕ ਬਣਕੇ
ਡਾਂਗਾਂ ਝਲੀਆਂ ਰੰਗ ਬਦਰੰਗ ਬਣ ਗਏ ।
ਗੁੰਡੀ ਰੰਨ ਪਖੰਡ ਦਾ ਮੁਲ ਪੈਂਦਾ,
ਧਰਮੀ ਖਾਣ ਧੱਕੇ ਆਗੂ ਨੰਗ ਬਣ ਗਏ।
ਸਾਡੇ ਦੁਖੜੇ ਦੇਸ਼ ਦੇ ਸੁਣੇ ਕੋਈ ਨਾ।
ਲੋਕੀ ਨਿਗਾਹ ਵਾਲੇ ਦੇਖ ਦੰਗ ਬਣ ਗਏ ।
ਨਿੰਦਕ ਚੁਗਲ ਖੜਪੈਂਚ 'ਤੇ ਕੌਮ ਘਾਤੀ,
ਬਿਨਾਂ ਸਦਿਆਂ ਤੋਂ ਨੰਬਰਦਾਰ ਹੁੰਦੇ ।
'ਵੀਰ' ਭੋਲਿਆ ਕ੍ਰਿਤੀਆ ਸਮਝਿਓਂ ਨਾ,
ਤੇਰੇ ਵਾਸਤੇ ਰੋਜ਼ ਪ੍ਰਚਾਰ ਹੁੰਦੇ !

ਦੁਨੀਆਂ ਭੁੱਖ ਨੇ ਕੀਤੀ ਲਾਚਾਰ ਡਾਢੀ,
ਚੋਰੀ ਖੂਨ ਡਾਕੇ ਅੱਠੇ ਪਹਿਰ ਹੁੰਦੇ ।
ਫਾਂਸੀ ਚੜ੍ਹੇ ਕਈ ਵਤਨ ਦੀ ਸ਼ਾਨ ਬਦਲੇ,
ਜਗ੍ਹਾ ਜਗ੍ਹਾ ਤੇ ਜ਼ੁਲਮ ਦੇ ਫਾਇਰ ਹੁੰਦੇ ।
ਉਤੋਂ ਏਕਤਾ ਏਕਤਾ ਕਹਿਣ ਸਾਰੇ,
ਅਖੀਂ ਵੇਂਹਦਿਆਂ ਵੇਂਹਦਿਆਂ ਕਹਿਰ ਹੁੰਦੇ ।
ਸੜਦੇ ਤੜਫਦੇ ਏਧਰ ਗਰੀਬ ਭੁਖੇ,
ਦੂਜੀ ਤਰਫ ਕਸ਼ਮੀਰ ਦੇ ਸੈਰ ਹੁੰਦੇ।

ਸੋਹਣੀ ਸ਼ਕਲ ਸ਼ੁਕੀਨ ਤੇ ਸ਼ੈਲ ਮੁੰਡੇ,
ਟੁਕਰ ਮੰਗਦੇ ਗਲੀ ਬਜਾਰ ਹੁੰਦੇ ।
ਪਰ ਪੰਜਾਬੀਆ ਸ਼ੇਰਾ ਤੂੰ ਸਮਝਿਓਂ ਨਾ,
ਤੇਰੇ ਵਾਸਤੇ ਰੋਜ਼ ਪ੍ਰਚਾਰ ਹੁੰਦੇ ।

ਉਹਨਾਂ ਜੀ ਹਜ਼ੂਰਾਂ ਦੀ ਗਲ ਸੁਣ ਲੈ,
ਰੋਜ਼ ਕਾਗਤੀ ਬੇੜੀਆਂ ਤਾਰਦੇ ਨੇ ।
ਲੁੱਟ ਪੁੱਟਕੇ ਅਸਾਂ ਨੂੰ ਦਿਨੇ ਰਾਤੀ,
ਸਕੇ ਬਣੇ ਪਿਛੇ ਦੂਤੀ ਯਾਰ ਦੇ ਨੇ ।
ਵੀਰ ਵੀਰ ਦੇ ਖੂਨ ਦਾ ਘੁੱਟ ਭਰਦਾ,
ਪੁਤਰ ਪਿਤਾ ਉੱਤੇ ਡਾਂਗਾਂ ਮਾਰਦੇ ਨੇ ।
ਏਧਰ ਲੀਡਰਾਂ ਤੇ ਚਿਕੜ ਸੁੱਟਦੇ ਨੇ ।
ਓਧਰ ਲੈਣ ਸੁਫਨੇ ਸਿਵਲ ਵਾਰ ਦੇ ਨੇ ।
ਨੰਗ ਭੁੱਖ ਕਰਕੇ ਅਸੀਂ ਸਾਰਿਆਂ ਨੂੰ,
ਜਾਪਣ ਐਉਂ ਜੋ ਬੜੇ ਸ੍ਰਦਾਰ ਹੁੰਦੇ ।
ਪਰ ਪੰਜਾਬੀ ਜਵਾਨਾਂ ਤੂੰ ਜਾਗਿਓਂ ਨਾ,
ਤੇਰੇ ਵਾਸਤੇ ਰੋਜ਼ ਪ੍ਰਚਾਰ ਹੁੰਦੇ।

ਦੇਖ ਬਦਲੇ ਜ਼ਮਾਨੇ ਦੇ ਤੌਰ ਸਾਰੇ,
ਸੁਣੀਏਂ ਨਵੇਂ ਤੋਂ ਨਵੇਂ ਹਥਿਆਰ ਬਦਲੇ।
ਪੁੱਤਰ ਪਿਤਾ ਬਦਲੇ ਭੈਣ ਭਾਈ ਬਦਲੇ,
ਕੰਤ ਨਾਰ ਬਦਲੇ ਰਿਸ਼ਤੇਦਾਰ ਬਦਲੇ ।
ਏਹ ਤਾਂ ਕਲ ਦੀ ਗਲ ਕੋਈ ਦੂਰ ਦੀ ਨਹੀਂ,
ਸਾਡੇ ਸਾਹਮਣੇ ਯਾਰਾਂ ਤੋਂ ਯਾਰ ਬਦਲੇ ।
ਬਾਤਾਂ ਬਦਲ ਕੇ ਹੋਰ ਦੀਆਂ ਹੋਰ ਹੋਈਆਂ,
ਪਰ ਪੰਜਾਬ ਦੇ ਨਾ ਪਹਿਰੇਦਾਰ ਬਦਲੇ।

ਭੁਖੇ ਮਰਦੇ ਤੇ ਕਰਨ ਕਲੋਲ ਬੈਠੇ,
ਦਰ ਦਰ ਤੇ 'ਵੀਰ' ਖੁਆਰ ਹੁੰਦੇ ।
ਪਰ ਪੰਜਾਬੀ ਜਵਾਨਾ, ਤੂੰ ਸਮਝਿਓਂ ਨਾ,
ਤੇਰੇ ਵਾਸਤੇ ਰੋਜ਼ ਪ੍ਰਚਾਰ ਹੁੰਦੇ ।

ਪੰਜੇ ਸਾਹਿਬ ਦੀ ਸ਼ਹੀਦੀ ਟ੍ਰੇਨ

ਘੋਲੀ ਉਹਨਾਂ ਦੇ ਨਾਮ ਤੋਂ ਜਾਂ ਸਦਕੇ,
ਜਿਨ੍ਹਾਂ ਕੌਮ ਪਿਛੇ ਜਾਨਾਂ ਵਾਰੀਆਂ ਸਨ ।
ਸੀਸ ਤਲੀ ਰੱਖ ਸਿਦਕ ਦੀ ਗਲੀ ਲੰਘੇ,
ਹੱਸ ਹੱਸ ਕੇ ਡਾਂਗਾਂ ਸਹਾਰੀਆਂ ਸਨ।
ਅਸੀਂ ਪੁੱਠੀਆਂ ਖੱਲਾਂ ਲੁਹਾਨ ਵਾਲੇ,
ਸਾਡੇ ਸਿਰਾਂ ਤੇ ਚਲੀਆਂ ਆਰੀਆਂ ਸਨ ।
ਬਾਗ ਗੁਰੂ ਵਿਚ ਪਰਖ ਦੇ ਚੜ੍ਹੇ ਕੰਡੇ,
ਲਾਉਂਦੇ ਸ਼ਹੁ ਦੇ ਸਿਦਕ ਵਿਚ ਤਾਰੀਆਂ ਸਨ।

ਧਮਕ ਗਏ ਲੋਕੀਂ ਸਾਰੇ ਜੱਗ ਵਾਲੇ,
ਪਾਈਆਂ ਜਿਨ੍ਹਾਂ ਨੇ ਉਚ ਅਟਾਰੀਆਂ ਸਨ।
ਰੋਹ ਵੇਖ ਕੇ ਖਾਲਸਾ ਕੌਮ ਅੰਦਰ,
ਉਹਨਾਂ ਢੋ ਲੀਤੇ ਬੂਹੇ ਬਾਰੀਆਂ ਸਨ ।

ਇਹਨਾਂ ਸਿੰਘਾਂ ਨੇ ਹੀ ਪੰਜੇ ਸਾਹਿਬ ਅੰਦਰ,
ਧਰਤ ਅਤੇ ਅਕਾਸ਼ ਕੰਬਾਏ ਹੈਸਨ ।
ਦੇਹਾਂ ਨਹੀਂ ਸੀ ਇੰਜਨਾਂ ਹੇਠ ਡਾਹੀਆਂ,
ਫੁਲ ਸ਼ਰਧਾ ਦੇ ਭੇਟ ਚੜ੍ਹਾਏ ਹੈਸਨ ।
ਉਹਨਾਂ ਪਿਆਰੇ ਦੀ ਪਿਆਸ ਬੁਝਾਵਣੇ ਲਈ,
ਜਿਗਰ ਚੀਰ ਕੇ ਲਹੂ ਡੁਲ੍ਹਾਏ ਹੈਸਨ ।
ਉਹਨਾਂ ਤੋੜਿਆ ਮਾਣ ਸੀ ਜਾਬਰਾਂ ਦਾ,
ਪੱਟੀ ਸ਼ਹੀਦੀ ਤੇ ਪੂਰਨੇ ਪਾਏ ਹੈਸਨ।

ਏਸੇ ਲਈ ਅਰਜਨ ਗੁਰੂ ਸਾਹਿਬ ਤਾਈਂ,
ਹੋਈਆਂ ਹੋਈਆਂ ਇਹ ਜਾਨਾਂ ਪਿਆਰੀਆਂ ਸਨ।
ਉਹਨਾਂ ਆਪਣੀ ਹਿੱਕ ਦੇ ਨਾਲ ਲਾ ਕੇ,
ਇਹ ਸਰੀਰ ਤੇ ਥਾਪੀਆਂ ਮਾਰੀਆਂ ਸਨ।

ਓਸ ਥਾਪਨਾ ਚੋਂ ਸ਼ੁਧ ਬੀਰਤਾ ਦੀ,
ਇਕ ਚਮਕਦੀ ਹੋਈ ਫੁਹਾਰ ਨਿਕਲੀ ।
ਓਹਦੀ ਦਮਕ ਅਗੇ ਚੰਨ ਪਿਆ ਪੀਲਾ,
ਸੂਰਜ ਲਈ ਗਰਮੀ ਵਾਲੀ ਤਾਰ ਨਿਕਲੀ ।
ਰੰਗ ਓਸ ਦਾ ਅੱਖਾਂ ਤੇ ਖਿੱਚਦਾ ਸੀ,
ਜਿਵੇਂ ਖਿੜੀ ਹੋਈ ਕੋਈ ਗੁਲਜ਼ਾਰ ਨਿਕਲੀ।
ਉਹਦੇ ਫੁਲਾਂ ਸੂਹਾ ਬਾਣਾ ਪਹਿਣ ਲੀਤਾ,
ਬਾਗ ਵਿਚੋਂ ਜਾਂ ਮੜ੍ਹਕ ਬਹਾਰ ਨਿਕਲੀ ।

ਤਾਹੀਓਂ ਭਿਜ ਕੇ ਪ੍ਰੇਮ ਦੀ ਮਹਿਕ ਅੰਦਰ,
'ਵੀਰ' ਓਹਨਾਂ ਖੁਸ਼ਬੋਈਆਂ ਖਿਲਾਰੀਆਂ ਸਨ।
ਪੰਜੇ ਸਾਹਿਬ ਓਹ ਰੇਲ ਦੇ ਹੇਠ ਆਏ,
ਜਾਨਾਂ ਜਿਨ੍ਹਾਂ ਨੂੰ ਬਹੁਤ ਪਿਆਰੀਆਂ ਸਨ।

ਇਹ ਸ਼ਹੀਦ ਹੀ ਕੌਮ ਦੀ ਰੂਹ ਅੰਦਰ,
ਇਕ ਬੀਰਤਾ ਦੀ ਧਾਰ ਭਰਨ ਵਾਲੇ।
ਸਾਹਵੇਂ ਵੇਖ ਕੇ ਸਾਗਰ ਅਥਾਹ ਵਾਲਾ,
ਟੇਕ ਇਕ ਦੀ ਧਾਰ ਕੇ ਤਰਨ ਵਾਲੇ ।
ਸਦੀਆਂ ਤੀਕ ਜਿਹੜੇ ਕੰਮ ਨਹੀਂ ਹੁੰਦੇ,
ਸੀਸ ਦੇਣ ਦੇ ਨਾਲ ਉਹ ਕਰਨ ਵਾਲੇ ।
ਵੇਖ ਸਾਹਮਣੇ ਮੌਤ ਦਾ ਮੂੰਹ ਖੁਲ੍ਹਾ,
ਇਹ ਨਹੀਂ ਡਰਨ ਵਾਲੇ ਸਗੋਂ ਮਰਨ ਵਾਲੇ ।

ਸਦਕੇ ਉਹਨਾਂ ਦੇ ਅਜ ਉਸ ਕੌਮ ਅੰਦਰ,
ਹੋਈਆਂ ਦੂਰ ਗੱਲਾਂ ਜੋ ਦੁਖਿਆਰੀਆਂ ਸਨ।
ਫਲਿਆ ਰੁਖ ਅਜ ਏਸ ਲਈ ਬੀਰਤਾ ਦਾ,
ਪਹਿਲੇ ਸਮੇਂ ਵਿਚ ਕੇਵਲ ਕਿਆਰੀਆਂ ਸਨ।

ਮਜ਼ਦੂਰ ਦਾ ਹੋਕਾ

ਕਿਰਤੀਆਂ ਦੇ ਹਾਲ ਭੈੜੇ ਦੇਖ ਦੇਖ ਰੋਣ ਆਵੇ,
ਰੋਮ ਰੋਮ ਵਿਚੋਂ ਰੋਣ ਨਿਕਲਦਾ ਲਾਚਾਰੀ ਦਾ।
ਰੂਸ ਤੇ ਫਰਾਂਸ ਵਾਲੇ ਗੀਤ ਪਏ ਗਾਂਵਦੇ ਨੇ,
ਨਾਮ ਨਹੀਓਂ ਲੈਂਦੇ ਅਸੀਂ ਭਾਰਤ ਨਿਕਾਰੀ ਦਾ ।
ਵਜਾ ਏਹਦੀ ਪਤਾ ਹੈ ਜੇ ਝਾਤ ਮਾਰ ਵੇਖੋ ਭਲਾ,
ਲਭ ਪਵੇ ਦਾਰੂ ਮਤਾਂ ਲੁਕੀ ਹੋਈ ਬੀਮਾਰੀ ਦਾ।
ਸਭਨਾਂ ਦਾ ਧਿਆਨ ਅਜ ਏਦੂੰ ਉਤੇ ਜਾਪਦਾ ਏ,
ਚੜ੍ਹਿਆ ਹੋਇਆ ਪਾਰਾ ਵੇਖੋ ਏਥੇ ਹਾਰੀ ਸਾਰੀ ਦਾ।
ਖਾਣ ਨੂੰ ਨਾ ਰੋਟੀ ਲਭੇ ਨੋਚਦੇ ਨੇ ਮਾਸ ਬੈਠੇ,
ਆਪਣਿਆਂ ਭਰਾਵਾਂ ਦਾ ਤੇ ਜਨਤਾ ਦੁਖਿਆਰੀ ਦਾ ।
ਮੇਰੇ ਦਿਲੋਂ ਤਦੇ ਹੀ ਆਵਾਜ਼ ਉਠੇ ਜ਼ੋਰ ਵਾਲੀ,
ਸੁਣੋ ਲੋਕੋ ਦਸਾਂ ਫੁਰਮਾਨ ਏ ਉਡਾਰੀ ਦਾ।
ਅਦਬ ਕਰੋ ਰਬੋਂ ਡਰੋ ਪ੍ਰੇਮ ਵਾਲੀ ਤਾਰੀ ਤਰੋ,
ਏਕੇ ਵਿਚ ਆਂਵਦਾ ਸੁਆਦ ਹੈ ਜੀ ਤਾਰੀ ਦਾ।
ਸਾਗਰਾਂ ਤੋਂ ਪਾਰ ਹੋਵੋ ਪਰਬਤਾਂ ਨੂੰ ਚੀਰ ਦੇਵੋ,
ਚਾੜ੍ਹ ਦਿਓ ਮੁਨਾਰਾ ਉੱਚਾ ਉਨਤੀ ਅਟਾਰੀ ਦਾ ।
ਬੱਝੀ ਮੁਠ ਕਦੇ ਭੀ ਨਾ ਟੁਟਦੀ ਜਵਾਨ ਕੋਲੋਂ,
ਏਕੇ ਅਗੇ ਚੂਰ ਹੋਵੇ ਨਸ਼ਾ ਭੀ ਖੁਮਾਰੀ ਦਾ।
ਏਕੇ ਵਾਲਾ ਜਾਦੂ ਜਾਦੂਗਰਾਂ ਤੋਂ ਨਾ ਟੁਟਦਾ ਏ,
ਯੋਗੀਆਂ ਦਾ ਮੰਤਰ ਹੈ ਏਹ ਵਡੇ ਅਸਰ ਭਾਰੀ ਦਾ।
ਹਿੰਦੀਓ ਖੁਸ਼ਹਾਲ ਹੋਵੋ ਵਸੋ ਤੇ ਆਜ਼ਾਦ ਹੋਵੋ,
ਏਹੋ ਪਾਠ ਬਾਣੀ ਵਾਲਾ ਮੁੱਖ ਤੋਂ ਉਚਾਰੀਦਾ ।
ਹਿੰਦੀ ਰਤਨ ਜਿਹੜੇ ਅਜ ਪੈਰਾਂ ਵਿਚ ਰੁਲਦੇ ਨੇ,
ਜੜੇ ਜਾਸਨ ਓਦੋਂ ਜਦੋਂ ਕੰਮ ਹੋਊ ਜੜਤਕਾਰੀ ਦਾ ।
ਇਕ ਇਕ ਲਾਲ ਵਿਚੋਂ ਚਕਮਦੇ ਹਜ਼ਾਰ ਲਾਲ,
ਚਿਹਰਾ ਪਰੇਸ਼ਾਨ ਹੋਊ ਪਾਰਖੂ ਜੁਆਰੀ ਦਾ।
'ਵੀਰ' ਤੂੰ ਅਕਾਸ਼ ਉਤੇ ਬੈਠ ਕੇ ਤਮਾਸ਼ਾ ਵੇਖੇਂ,
ਜਿਸ ਦਰ ਜਾਈਏ ਓਸੇ ਦੂਰ ਦੁਰਕਾਰੀਦਾ।

ਗੁਰੂ ਨਾਨਕ ਦੇ ਉਪਕਾਰ

ਅਗਿਆਨ ਦੇ ਵਿਚ ਗਿਆਨ ਦਾ,
ਸੂਰਜ ਚੜ੍ਹਾਵਨ ਵਾਲਿਆ ।
ਰਾਹੋਂ ਕੁਰਾਹੇ ਪੈ ਗਏ,
ਰਸਤੇ ਤੇ ਪਾਵਣ ਵਾਲਿਆ ।
ਭਾਰਤ ਦੀ ਬੇੜੀ ਡੋਲਦੀ,
ਬੰਨੇ ਵੇ ਲਾਵਨ ਵਾਲਿਆ ।
ਪਾਪੀ ਛੁਡਾਵਨ ਵਾਲਿਆ,
ਡੁਬਦੇ ਬਚਾਵਨ ਵਾਲਿਆ।
ਰੋਂਦੇ ਹਸਾਵਣ ਵਾਲਿਆ,
ਹਸਦੇ ਖਿੜਾਵਣ ਵਾਲਿਆ ।
ਵੇ ਭਾਗ ਹੀਣੇ ਦੇਸ਼ ਨੂੰ,
ਵੇ ਭਾਗ ਲਾਵਣ ਵਾਲਿਆ ।

ਤੇਰੀ ਨਿਰਾਲੀ ਛੁਹ ਤੋਂ,
ਪਾਂਬਰ ਤੇ ਨੀਚ ਤਰ ਗਏ।
ਤੇਰੇ ਝਲਕਦੇ ਨੂਰ ਤੋਂ,
ਸੜਦੇ ਕਲੇਜੇ ਠਰ ਗਏ।
ਰੇਠੇ ਨੂੰ ਭਾਗ ਲੱਗ ਗਏ,
ਕਿੱਕਰ ਨੂੰ ਦਾਖ ਲਗ ਗਏ।
ਤੇਰੀ ਸਵੱਲੀ ਨਜ਼ਰ ਤੋਂ,
ਅਕਾਂ ਨੂੰ ਨਾਖ ਲੱਗ ਗਏ !
ਗੋਰਖ ਕੰਧਾਰੀ ਗੌਸ ਦੇ ਤੈਂ,
ਤੋੜਿਆ ਹੰਕਾਰ ਨੂੰ।
ਵਾਹ ਵਾਹ ਜਨਾਇਆ ਖੂਬ ਤੈਂ,
ਭਾਗੋ ਦੀ ਚੰਦਰੀ ਕਾਰ ਨੂੰ।
ਸਜਣ ਜਹੇ ਠੱਗ ਚੋਰ ਡਾਕੂ,
ਕਿਸ ਨੇ ਕੀਤੇ ਸਾਧ ਸਨ !
ਮੇਰੇ ਜਹੇ ਪਾਪੀ ਦੇ ਬਖਸ਼ੇ,
ਆਪ ਨੇ ਅਪਰਾਧ ਸਨ ।
ਬਾਲਾ ਮਰਦਾਨਾ ਦੋ ਲੀਤੇ,
ਖੂਬ ਜੋੜੀਦਾਰ ਤੈਂ ।
ਕਰਤਾਰ ਦੀ ਕਰਤਾਰ ਵੇ,
ਵਾਹ ਵਾਹ ਨਿਭਾਈ ਕਾਰ ਤੈਂ।
ਛੇੜੂ ਕਦੀ, ਮੋਦੀ ਕਦੀ,
ਰਮਜ਼ਾਂ ਦਿਖਾਂਦਾ ਹੀ ਰਿਹੋਂ।
ਸਚ ਝੂਠ ਦੇ ਸੌਦੇ ਖਰੇ,
ਜਗ ਨੂੰ ਸਿਖਾਂਦਾ ਹੀ ਰਿਹੋਂ ।
ਬਾਬਰ ਦੀ ਜੇਲ੍ਹਾਂ ਵਿਚ ਪੈ,
ਚਕੀ ਚਲਾਂਦਾ ਤੂੰ ਰਿਹੋਂ।
ਬਰਦਾ ਤੂੰ ਬਣ ਕੇ ਜਗਤ ਦਾ,
ਬਰਦੇ ਛੁਡਾਂਦਾ ਤੂੰ ਰਿਹੋਂ ।
ਹਰਦੁਆਰ ਪਾਣੀ ਦਾ ਕੌਤਕ,
ਵਾਹ ਵਾਹ ਨੇ ਰਮਜ਼ਾਂ ਤੇਰੀਆਂ ।
ਮਕੇ ਨੇ ਤੇਰੇ ਚਰਨਾਂ ਗਿਰਦੇ,
ਖੂਬ ਲਾਈਆਂ ਫੇਰੀਆਂ।

ਤੂੰ ਜਗ ਨੂੰ ਸੀ ਜਾਣਿਆ,
ਜੱਗ ਨੇ ਨਾ ਤੈਨੂੰ ਜਾਣਿਆ।
ਵੇ ਨਾਨਕੀ ਦੇ ਵੀਰ ਤੈਨੂੰ,
ਨਾਨਕੀ ਪਛਾਣਿਆ।

ਹਾਂ ਜਾਣਿਆ ਮਨਸੁਖ ਭਗੀਰਥ,
ਆਪ ਹੀ ਕਰਤਾਰ ਹੋ।
ਲਾਲੋ ਬੁਲਾਰ ਦੇ ਲਈ,
ਆਹਾ ਸੋਹਣੀ ਸ੍ਰਕਾਰ ਹੋ ।
ਰੱਬ ਨੇ ਬਣਾਇਆ ਆਪ ਨੂੰ,
ਰੱਬ ਨੂੰ ਬਣਾਇਆ ਆਪ ਨੇ ।
ਜਗਦੀਸ਼ ਦਾ ਜਲਵਾ ਦਿਖਾਇਆ,
ਆਪ ਨੇ ਬਸ ਆਪ ਨੇ ।

ਘੋਲੀ ਤੇਰੇ ਚਰਨਾਂ ਤੋਂ ਕਾਲੇ,
ਨਾਗ ਭੀ ਜਾਂਦੇ ਰਹੇ ।
ਦੇ ਭਾਗਹੀਣੇ ਆਦਮੀ,
ਤੈਨੂੰ ਸੀ ਕੀ ਆਂਹਦੇ ਰਹੇ।

ਹਾਏ ! ਕੁਰਾਹੀਆਂ ਆਪ ਨੂੰ,
ਹੈਸੀ ਕੁਰਾਹੀਆ ਦਸਿਆ।
ਤੂੰ ਦੇਖ ਸੁਣ ਕੇ ਹੱਸਿਆ,
ਰਹਿਮਤ ਦੇ ਘਰ ਵਿਚ ਵਸਿਆ ।

ਵੇ ਰਹਿਮਤਾਂ ਦੇ ਮਾਲਕਾ,
ਵਾਹ ਰਹਿਮਤਾਂ ਨੇ ਤੇਰੀਆਂ ।
ਮੇਰੇ ਭੀ ਸੁੰਞੇ ਦੇਸ ਵਿਚ,
ਆ ਕੇ ਚਾ ਪਾ ਹੁਣ ਫੇਰੀਆਂ ।

ਰੱਬੀ ਰਬਾਬ ਵਾਲਿਆ,
ਨਗਮੇ ਸੁਣਾ ਕਰਤਾਰ ਦੇ ।
ਵੇ ਪੀਰ ਵੇ ਅਵਤਾਰ ਵੇ,
ਜਲਵੇ ਦਿਖਾ ਓਅੰਕਾਰ ਦੇ ।

ਤੂੰ ਸੀ ਸਿਖਾਇਆ ਏਕਤਾ,
ਦਾ ਸਬਕ ਸਭ ਸੰਸਾਰ ਨੂੰ।
ਹਾਂ ਭੁਲ ਚੁਕਾ ਈ ਦੇਸ਼ ਸਾਰਾ,
ਏਸ ਸਭ ਵਿਹਾਰ ਨੂੰ।

ਹੈ ਵਾੜ ਹੀ ਅਜ ਤਾਂ ਪ੍ਰਭੂ,
ਖੇਤੀ ਨੂੰ ਆਪੇ ਖਾ ਰਹੀ ।
ਸਿੱਖੀ ਨੂੰ ਸਿੱਖੀ ਆਪ ਹੀ ਹੈ,
ਸੱਟ ਕਾਰੀ ਲਾ ਲਈ ।

ਸਾੜਾ ਬਖੀਲੀ ਈਰਖਾ ਦਾ,
ਹੋ ਗਿਆ ਏ ਜ਼ੋਰ ਫਿਰ।
ਚੌਧਰ ਪੁਣੇ ਦਾ ਹਰ ਤਰਫ,
ਹੁਣ ਮਚ ਗਿਆ ਏ ਸ਼ੋਰ ਫਿਰ ।

ਮੈਂਬਰੀ ਕਿਧਰੇ ਮੈਨੇਜਰੀ
ਕਿਧਰੇ ਪਈ ਪ੍ਰਧਾਨਗੀ ।
ਆਹੂ ਦੇ ਆਹੂ ਲਾਂਹਵਦੀ,
ਹੁੰਦੀ ਪਈ ਹੈਰਾਨਗੀ ।

ਆ ਤੇ ਸਹੀ ਥੋੜ੍ਹਾ ਸਹੀ,
ਦੇਰੀ ਨਾ ਲਾ ਫੇਰਾ ਚ ਪਾ ।
ਹਾਏ ਗੁਲਾਮ ਹਿੰਦ ਨੂੰ,
ਹੁਣ 'ਵੀਰ' ਆ ਆਜ਼ਾਦ ਕਰਾ ।

ਅੱਜ ਕਲ ਦੀ ਹੋਲੀ

ਖੇਹ ਉੱਡਦੀ ਬੋਲੀਆਂ ਪੈਣ ਥਾਂ ਥਾਂ,
ਆਈਆਂ ਜੱਗ ਤੇ ਹੋਲੀਆਂ ਚੰਗੀਆਂ ਨੇ।
ਕਈਆਂ ਹੱਥ ਰੰਗੇ, ਕਈਆਂ ਪੈਰ ਰੰਗੇ,
ਕਈਆਂ ਕਈਆਂ ਨੇ ਬੂਥੀਆਂ ਰੰਗੀਆਂ ਨੇ।
ਰਫਲਾਂ ਵਾਂਗ ਪਿਚਕਾਰੀਆਂ ਚਲਦੀਆਂ ਨੇ,
ਬਿਲਜਮ ਮਾਰਨਾ ਜਿਵੇਂ ਫਰੰਗੀਆਂ ਨੇ।
ਆਣ ਵਸਿਆ ਸਾਰੇ ਸ਼ੈਤਾਨ ਆ ਕੇ,
ਸ਼ਰਮਾਂ ਕਿੱਲੀਆਂ ਦੇ ਨਾਲ ਟੰਗੀਆਂ ਨੇ ।
ਭਰ ਭਰ ਮਾਰਨ, ਓਹ ਝੋਲੀਆਂ ਗੰਦ ਦੀਆਂ,
ਏਹ ਨਾ ਮੋਟੀਆਂ ਗੋਗੜਾਂ ਸੰਗੀਆਂ ਨੇ ।
ਢੋਲ ਵਜਦੇ ਭੰਗੜੇ ਪੈਣ ਥਾਂ ਥਾਂ,
ਦਿਸਣ ਸੂਰਤਾਂ ਰੰਗ ਬਰੰਗੀਆਂ ਨੇ ।

ਖਾਲਸੇ ਦਾ ਹੋਲਾ

ਸਦਾ ਖਾਲਸਾ ਰਿਹਾ ਨਿਰਲੇਪ ਇਸ ਲਈ,
ਸਾਰਾ ਜਗ ਇਸ ਤੋਂ ਬਰ ਬਰ ਕੰਬਿਆ ਹੈ।
ਏਸ ਸੂਰਮੇ ਰੰਗ ਰੰਗੀਲੜੇ ਨੇ,
ਜਗੋਂ ਵਖਰਾ ਕੰਮ ਅਰੰਭਿਆ ਹੈ ।
ਜਿੰਨ ਮੈਲ ਵਾਲਾ ਏਸ ਹਿੰਮਤੀ ਨੇ,
ਝਾੜ ਝੁੜ ਫਨਾਹ ਕਰ ਝੰਬਿਆ ਹੈ ।
ਏਸੇ ਵਾਸਤੇ ਏਸ ਤੋਂ ਡਰਨ ਗੀਦੀ,
ਵਾਹਵਾ ਯੋਧਿਆਂ ਦਾ ਡੌਲ੍ਹਾ ਹੰਬਿਆ ਹੈ।

ਏਹ ਹੈ ਗੁਰੂ ਦਾ ਸਤਿਗੁਰੂ ਸਦਾ ਏਹਦਾ,
ਏਸੇ ਲਈ ਗੱਲਾਂ ਏਹੋ ਮੰਗੀਆਂ ਨੇ।
ਜ਼ਾਹਰਾ ਸੂਰਤਾਂ ਏਸ ਨੇ ਰੰਗੀਆਂ ਨਹੀਂ,
ਸਗੋਂ ਅੰਦਰੋਂ ਰੰਗਤਾਂ ਰੰਗੀਆਂ ਨੇ।

ਦੁਨੀਆਂਦਾਰ ਅਜ ਹੋਲੀਆਂ ਖੇਡਦੇ ਨੇ,
ਖਸ਼ੀਆਂ ਏਸੇ ਲਈ ਛਾਈਆਂ ਭਾਰੀਆਂ ਨੇ ।
ਐਪਰ ਸਿਦਕ ਦੇ ਰੰਗ ਵਿਚ ਰਤਿਆਂ ਲਈ,
ਬਾਕੀ ਰਹਿ ਗਈਆਂ ਆਹੋ ਜ਼ਾਰੀਆਂ ਨੇ ।
ਸਾਗਰ ਇਸ਼ਕ ਦੀ ਅਗ ਦਾ ਸਾਹਮਣੇ ਹੈ,
ਸਿਦਕੀ ਓਸ ਵਿਚ ਲਾਂਵਦੇ ਤਾਰੀਆਂ ਨੇ ।
ਖੂਨ ਉਹਨਾਂ ਦੇ ਅਖੀਓਂ ਹੋਏ ਜਾਰੀ,
ਜਿਵੇਂ ਖੋਭੀਆਂ ਹੋਈਆਂ ਕਟਾਰੀਆਂ ਨੇ ।

ਮਥਾ ਉਹਨਾਂ ਦਾ ਸਵਰਨ ਜਿਉਂ ਚਮਕਦਾ ਹੈ,
ਚੜ੍ਹੀਆਂ ਡਾਢੀਆਂ ਪ੍ਰੇਮ ਖੁਮਾਰੀਆਂ ਨੇ।
ਅਖੋਂ ਲਹੂ ਦੇ ਹੰਝੂ ਉਹ ਡੇਗਦੇ ਨੇ,
ਚੁਕੀ ਫਿਰਨ ਉਹ ਖੂਨੀ ਪਿਚਕਾਰੀਆਂ ਨੇ ।

ਬੀਰਾਂ ਬੀਰਤਾ ਵਾਲੀ ਕੋਈ ਅਣਖ ਲੈ ਕੇ,
ਆਪਣੀ ਜਿੰਦੜੀ ਅਣਖ ਤੋਂ ਆਣ ਘੋਲੀ ।
ਦੀਪ ਸਿੰਘ ਸ਼ਹੀਦ ਨੇ ਕਿਤੇ ਦੇਖੋ,
ਸੱਚ ਕਾਰਨੇ ਆਪਣੀ ਰੱਤ ਡੋਹਲੀ ।
ਮਨੀ ਸਿੰਘ ਸੂਰੇ ਓਸੇ ਤਰ੍ਹਾਂ ਜਾਣੋਂ,
ਦੇਹ ਆਪਣੀ ਹੈ ਬੰਦ ਬੰਦ ਖੋਹਲੀ ।
ਇਵੇਂ ਸਿਖੀ ਦੇ ਸਚੇ ਪਰਵਾਨਿਆਂ ਨੇ,
ਖੇਡੀ ਗੰਗਸਰ 'ਚ ਖੂਨੀ ਅਜਬ ਹੋਲੀ।

ਉਹਨਾਂ ਰੰਗ ਮਜੀਠੜਾ ਰੰਗਿਆ ਏ,
ਗਲ ਆਪਣੇ ਦੇ ਵਿਚ ਰੰਗ ਚੋਲਾ।
ਤਾਹੀਓਂ ਖਾਲਸੇ ਗੱਜ ਕੇ ਆਖਿਆ ਏ,
ਸਾਨੂੰ ਸੋਭਦਾ ਏ ਮਾਰੂ ਜੰਗ-ਹੋਲਾ।

ਹੋਲੀ ਖਾਲਸੇ ਦੀ ਮਸ਼ਾਹੂਰ ਸਾਰੇ,
ਕਿਹੜੇ ਢੰਗ ਤੋਂ ਹੋਲੀਆਂ ਹੋਂਦੀਆਂ ਨੇ ।
ਅਣਖ ਪਾਲਦਾ ਸਦਾ ਅਣਖੀਲੜਾ ਏ,
ਏਹਦੇ ਮੁਖ ਤੋਂ ਲਾਲੀਆਂ ਚੋਂਦੀਆਂ ਨੇ ।
ਏਹਦੀ ਰੱਤ ਡੁਲ੍ਹੀ ਜਿਹੜੇ ਖੇਤ ਅੰਦਰ,
ਕੌਮਾਂ ਓਸ ਥਾਂ ਤੇ ਧੋਣੇ ਧੋਂਦੀਆਂ ਨੇ।
ਏਹ ਨਹੀਂ ਖੇਡਦਾ ਉਹ ਹੋਲੀ ਜੀਹਦੇ ਕਾਰਨ,
ਜਿੰਦਾਂ ਹਿੰਦ ਦੇ ਭਾਗ ਨੂੰ ਰੋਂਦੀਆਂ ਨੇ ।

ਏਹਨੇ ਤਨ ਨੂੰ ਵਾਰ ਕੇ ਦਸ ਦਿਤਾ,
ਏਦਾਂ ਘੋਲ ਘੁਮਾਈਦਾ ਤਕ ਚੋਲਾ।
ਆਪਾ ਵਾਰ ਕੇ ਦੇਸ ਬਚਾਣ ਖਾਤਰ,
ਜਗੋਂ ਵਖਰਾ ਖੇਡਣਾ ਅਸੀਂ ਹੋਲਾ ।

ਏਹਨੂੰ ਥਾਪਣਾ ਮਿਲੀ ਜਗਦੀਸ਼ ਜੀ ਦੀ,
ਕਾਮਲ ਵੀਰ ਹੋਇਆ ਤੇ ਰਣਧੀਰ ਹੋਇਆ ।
ਰਗ ਰਗ ਬੁੜ੍ਹਕਦੀ ਏਸ ਦੀ ਜੋਸ਼ ਅੰਦਰ,
ਜੁਸਾ ਏਸ ਦਾ ਵਾਂਗ ਬਲਬੀਰ ਹੋਇਆ ।
ਰਾਵਣ ਕਾਲ ਨੂੰ ਬਨ੍ਹ ਨਾ ਸੱਕਿਆ ਸੀ,
ਐਪਰ ਏਸ ਅਗੇ ਸਿਧਾ ਤੀਰ ਹੋਇਆ ।
ਏਹ ਅਕਾਲੀ ਹੈ ਸੁਤ ਅਕਾਲ ਜੀ ਦਾ,
ਏਸੇ ਕਾਰਨੇ ਗਹਿਰ ਗੰਭੀਰ ਹੋਇਆ।

ਏਹ ਨਾ ਹੋਛੀਆਂ ਹੋਲੀਆਂ ਖੇਡਦਾ ਏ,
ਲੋਕਾਂ ਵਾਂਗ ਨਾ ਨੱਚਦਾ ਬਨ੍ਹ ਟੋਲਾ ।
ਏਹ ਤਾਂ ਕੌਮ ਦੀ ਰਖਿਆ ਲਈ ਖੇਡੇ,
'ਵੀਰ' ਪਿਆਰ ਵਾਲਾ ਪ੍ਰੇਮ ਮਈ ਹੋਲਾ ।

ਦੂਲਿਆ ਸ਼ੇਰਾ

ਕਿਉਂ ਤਾਣ ਘੁਰਾੜੇ ਮਾਰਨੈਂ ਅਜ ਸਿੰਘ ਦਲੇਰਾ ।
ਕਰ ਯਾਦ ਸਮਾਂ ਤੂੰ ਬੀਤਿਆ ਜਦ ਰਾਜ ਸੀ ਤੇਰਾ ।
ਐਪਰ ਭੈੜੀ ਫੁਟ ਨੇ ਤੇਰਾ ਮਲਿਆ ਡੇਰਾ ।
ਖੂਨੀ ਧੌਂਸੇ ਖੜਕਦੇ ਘਤਣ ਨੂੰ ਘੇਰਾ ।

ਉਠ ਜਾਗ ਜਵਾਨ ਪੰਜਾਬੀਆ ਹੋ ਗਿਆ ਸਵੇਰਾ ।
ਵੇਲਾ ਨਹੀਂ ਹੁਣ ਸੌਣ ਦਾ ਉਠ ਦੂਲ੍ਹਿਆ ਸ਼ੇਰਾ ।

ਤੂੰ ਨਨਕਾਣੇ ਸਾਹਿਬ ਅੰਦਰ ਕਈ ਦੁਖ ਉਠਾਏ।
ਜੈਤੋ ਜਾ ਕੇ ਲਾਡਲੇ ਕਈ ਵੀਰ ਕੁਹਾਏ ।
ਪੰਜੇ ਸਾਹਿਬ ਇੰਜਣਾਂ ਹੇਠਾਂ ਦਰੜਾਏ ।
ਬਾਗ ਗੁਰੂ ਦੇ ਪੁਜ ਕੇ ਹੁੱਝਾਂ ਵਿਚ ਆਏ।

ਹੁਣ ਤਾਂ ਦੇਸ਼ 'ਚ ਝੂਲਣੈ ਤੇਰਾ ਉਚ ਫਰੇਰਾ ।
ਹਿੰਮਤ ਕਰ ਖਾਂ ਅਣਖੀਆ ਉਠ ਦੂਲ੍ਹਿਆ ਸ਼ੇਰਾ ।

ਗੁਰੂ ਅਸਥਾਨਾਂ ਤੇਰਿਆਂ ਤੇ ਹੱਕ ਜਤਾਂਦੇ ।
ਸੁਤੇ ਬਬਰ ਸ਼ੇਰ ਨੂੰ ਮੁੜ ਮੁੜ ਅਜ਼ਮਾਂਦੇ ।
ਅਪਣੇ ਖਾਤਰ ਜਗ ਦਾ ਪਏ ਖੂਨ ਰੁੜ੍ਹਾਂਦੇ ।
ਦੇ ਦੇ ਲੋਰੀਆਂ ਲਪੀਆਂ ਪਏ ਕੌਮ ਸਵਾਂਦੇ ।

ਫੜ ਕੇ ਝੰਡਾ ਸਿਦਕ ਦਾ ਇਕ ਲਾ ਦੇ ਫੇਰਾ ।
ਹੁਣ ਨਾ ਲੰਮੀਆਂ ਤਾਣ ਤੂੰ ਉਠ ਦੂਲ੍ਹਿਆ ਸ਼ੇਰਾ ।

ਹੁਣ ਹੋਰ ਸਕੀਮਾਂ ਦਸ ਕੇ ਪਾਇਆ ਹੈ ਝੇੜਾ।
ਆਪੋ ਦੇ ਵਿਚ ਭਿੜਨ ਦਾ ਇਕ ਛੇੜਿਆ ਛੇੜਾ ।
ਵੀਰਾਂ ਦਾ ਪਏ ਵੀਰ ਤਕ ਲੌ ਡੋਬਣ ਬੇੜਾ ।
ਹੈ ਸੁੰਞਾਂ ਕਰ ਛਡਿਆ ਤੇਰਾ ਵਸਦਾ ਖੇੜਾ।

ਜੋਕਾਂ ਵਾਂਗਰ ਚੂਸਿਆ ਤੇਰਾ ਖੂਨ ਬਥੇਰਾ ।
ਨਲੂਏ ਵਾਂਗਰ ਗਰਜ ਪਉ ਹੁਣ ਦੂਲ੍ਹਿਆ ਸ਼ੇਰਾ ।

ਸ਼ੇਰਾ ਤੇਰੇ ਜੋਸ਼ ਨੇ ਹੱਥ ਦਸੇ ਕਰਾਰੇ।
ਆਕੜਖਾਨੀ ਸੁਰਮੇਂ ਤੂੰ ਚੁਣ ਚੁਣ ਮਾਰੇ ।
ਹੁਣ ਕਿਉਂ ਬੁਸਕੇਂ ਡੁਸਕਦਾ ਕਰ ਪਾਹਰ ਪਾਹਰੇ ।
ਅਜ ਵੀ ਅਖੀ ਵੇਖ ਲੈ ਤੇਰੇ ਚਮਕਣ ਤਾਰੇ ।

ਕਰ ਯਾਦ ਦਲੇਰ ਤੂੰ ਸ਼ਾਮ ਸਿੰਘ ਜੇਹੜਾ ਜੋਧਾ ਤੇਰਾ ।
ਓਏ ਹਰੀਆ ਹਊਆ ਦਸਦੇ ਉਠ ਦੂਲ੍ਹਿਆ ਸ਼ੇਰਾ ।

ਧੁੰਮਾਂ ਤੂੰਹੀਓਂ ਪਾਈਆਂ ਸੀ ਦੋਹਾਂ ਜਹਾਨਾਂ ।
ਅਟਕ ਜਿਹਾ ਅਟਕਾਵਣਾ ਏਹ ਤੇਰੀਆਂ ਸ਼ਾਨਾਂ ।
ਜਦੋਂ ਸਮੇਂ ਨੇ ਮੰਗੀਆਂ ਨੂੰ ਵਾਰੀਆਂ ਜਾਨਾਂ।
ਢਿਗੀ ਢਾਈ 'ਵੀਰ' ਤੇਰਿਆਂ ਨੌਜਵਾਨਾਂ।

ਆ ਜਾ ਸ਼ੇਰ ਪੰਜਾਬ ਦੇ ਇਕ ਲਾ ਦੇ ਫੇਰਾ ।
ਹੁਣ ਨਾ ਲੰਮੀਆਂ ਤਾਣ ਤੂੰ ਓਏ ਦੂਲ੍ਹਿਆ ਸ਼ੇਰਾ ।

ਸਾਡਾ ਕਿਸ ਤਰ੍ਹਾਂ ਮੁਲਕ ਆਜ਼ਾਦ ਹੋਵੇ

ਰੋਕਣ ਲਈ ਤੁਫਾਨ ਮੁਸੀਬਤਾਂ ਦਾ,
ਜੁਸਾ ਅਸਾਂ ਦਾ ਵਾਂਗ ਫੌਲਾਦ ਹੋਵੇ ।
ਦਿਲ ਵਿਚ ਦੇਸ਼ ਤੇ ਪਰੇਮ ਦੀ ਲਗਨ ਹੋਵੇ,
ਵਤਨ ਪਿਆਰ ਦੀ ਮੰਗੀ ਹੋਈ ਯਾਦ ਹੋਵੇ ।
ਸਬਕ ਇਕ ਏਕੇ ਵਾਲਾ ਹੋਏ ਪੜ੍ਹਿਆ,
ਏਸੇ ਸਬਕ ਦਾ ਖੂਬ ਉਸਤਾਦ ਹੋਵੇ ।
ਲਖਾਂ ਸੰਡੇ ਮਰਕੰਡ ਭੁਲਾਣ ਬੇਸ਼ਕ,
ਭੁਲਦਾ ਕਦੇ ਨਾ ਭਗਤ ਪ੍ਰਹਿਲਾਦ ਹੋਵੇ।

ਤੱਕ ਕੇ ਦੇਸ਼ ਤੇ ਕੌਮ ਦੀ ਦਸ਼ਾ ਭੈੜੀ,
ਸੀਨਾ ਏਸ ਦਾ ਦੁਖੀ ਬਰਬਾਦ ਹੋਵੇ ।
'ਵੀਰ' ਇਸ ਤਰ੍ਹਾਂ ਜੇ ਦਿਲ ਦੀ ਹੋਏ ਹਾਲਤ,
ਤਾਂ ਫਿਰ ਅਸਾਂ ਦਾ ਮੁਲਖ ਆਜ਼ਾਦ ਹੋਵੇ।

ਅਜ ਨਜ਼ਰ ਮਾਰੋ ਤਾਂ ਕੀ ਦਿਸਦਾ ਏ,
ਭੈੜੇ ਹਾਲ ਨੇ ਦੇਸ ਕੰਗਾਲ ਕੀਤਾ।
ਜਗ੍ਹਾ ਜਗ੍ਹਾ ਗਦਾਰਾਂ ਨੇ ਉਠ ਕੇ ਹੀ,
ਆਪਣੇ ਵੀਰਾਂ ਤਾਈਂ ਪਾਇਮਾਲ ਕੀਤਾ।
ਕਿਤੇ ਓਸ ਦੀ ਸੰਘੀ ਨੂੰ ਘੁੱਟਦੇ ਨੇ,
ਕਿਤੇ ਏਸ ਦਾ ਹੈ ਬੁਰਾ ਹਾਲ ਕੀਤਾ।
ਵੈਰ ਪਾਲਦੇ ਜਿੰਦ ਨੂੰ ਸਾੜ ਦੇਂਦੇ,
ਜਿਨ੍ਹਾਂ ਧ੍ਰੋਹ ਇਸ ਦੇਸ ਦੇ ਨਾਲ ਕੀਤਾ।

ਛੁਟੀ ਮਿਲੇ ਜੇ ਏਹੋ ਜਹੇ ਪਾਂਬਰਾਂ ਤੋਂ,
ਲਗਾ ਜਿਨ੍ਹਾਂ ਨੂੰ ਭੈੜਾ ਸਵਾਦ ਹੋਵੇ।
ਨੇੜੇ ਫਟਕੀਏ ਨਾ ਐਸੇ ਬੰਦਿਆਂ ਦੇ,
ਰਾਤੋਂ ਉਰੇ ਹੀ ਮੁਲਕ ਆਜ਼ਾਦ ਹੋਵੇ ।

ਬੱਚੇ ਬੱਚੇ 'ਚਿ ਰੂਹ ਆਜ਼ਾਦੀ ਵਾਲੀ,
ਦਿਲ ਦੀ ਤਹਿ ਤੀਕਰ ਜੇਕਰ ਧਸੀ ਹੋਵੇ ।
ਅਤੇ ਬੀਰਤਾ ਦੀ ਫੂਕ ਮਨਾਂ ਦੇ ਵਿਚ,
ਕਿਸੇ ਗੁਰੂ ਦੀ ਮਿਹਰ ਤੋਂ ਵਸੀ ਹੋਵੇ।
ਦਿਲੋਂ ਸਾਫ ਹੋਵੇ ਵਲ ਛਲ ਹੋਣ ਨਾਹੀਂ,
ਭੈੜੀ ਕਾਇਰਤਾ ਭੀ ਦੂਰ ਨਸੀ ਹੋਵੇ।
ਚੇਟਕ ਲਗੀ ਹੋਵੇ ਸੀਸ ਦੇਵਣੇ ਦੀ,
ਸੂਰਤ ਏਸੇ ਖਿਆਲ 'ਚਿ ਧਸੀ ਹੋਵੇ।

ਉਚੇ ਗੁਣਾਂ ਤੋਂ ਭੀ ਦਿਲ ਹੋਏ ਨੀਵਾਂ,
ਦੂਰ ਕ੍ਰੋਧ ਤੇ ਸਾੜੇ ਦਾ ਮੁਆਦ ਹੋਵੇ ।
ਐਸਾ ਲਾਲ ਜੇ ਦੇਸ਼ ਵਿਚ ਹੋਏ ਪੈਦਾ,
ਸਾਡਾ ਇਸ ਤਰਾਂ ਮੁਲਕ ਆਜ਼ਾਦ ਹੋਵੇ।

ਦਿਲ ਹੋਵੇ ਕਿ ਦੇਸ਼ ਦੀ ਲਗਨ ਅੰਦਰ,
ਅਗ ਬਾਲਦਾ ਰਹਾਂ ਤੰਦੂਰ ਹੋ ਕੇ,
ਅਖਾਂ ਹੋਣ ਕਿ ਦੇਸ਼ ਖੁਮਾਰੀ ਅੰਦਰ,
ਜੱਗ ਜਾਣ ਮਸਤੀ ਵਿਚ ਚੂਰ ਹੋ ਕੇ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ