Takle De Val Kaddh Lai : Charan Singh Safri
ਤਕਲੇ ਦੇ ਵਲ ਕੱਢ ਲੈ : ਚਰਨ ਸਿੰਘ ਸਫ਼ਰੀ
ਤੇਰੇ ਦਰ ਤੇ ਆ ਕੇ ਬਹਿ ਗਏ ਆਂ
ਸਾਈਆਂ ਦਰ ਛੱਡ ਕੇ ਦੁਨੀਆਂ ਦਾ ਤੇਰੇ ਦਰ ਤੇ ਆ ਕੇ ਬਹਿ ਗਏ ਆਂ ਪਾ ਖੈਰ ਭਾਵੇਂ ਨਾ ਪਾ ਦਾਤਾ ਅਸੀਂ ਅਲਖ ਜਗਾ ਕੇ ਬਹਿ ਗਏ ਆਂ। ਅਸੀਂ ਜਗ ਨਾਲੋਂ ਨਾਤਾ ਤੋੜ ਲਿਆ ਮਨ ਮੋਹ ਮਾਇਆ ਤੋਂ ਮੋੜ ਲਿਆ ਕਰ ਭਸਮ ਅਸਾਡਿਆਂ ਫ਼ਿਕਰਾਂ ਨੂੰ ਅਸੀਂ ਭਸਮ-ਕੇ ਬਹਿ ਗਏ ਆਂ ਸਾਈਆਂ ਦਰ ਛੱਡ ਕੇ ਦੁਨੀਆਂ ਦਾ ... ਕੁਲ ਖਲਕਤ ਦਾ ਤੂੰ ਮਾਲਿਕ ਏਂ ਸਾਰੀ ਜ਼ਿੰਦਗੀ ਦਾ ਤੂੰ ਮਾਲਕ ਏਂ ਇਕ ਨਜ਼ਰ ਮਿਹਰ ਦੀ ਤੂੰ ਕਰ ਜਾ ਅਸੀਂ ਨਜ਼ਰ ਨਿਵਾ ਕੇ ਬਹਿ ਗਏ ਆਂ ਸਾਈਆਂ ਦਰ ਛੱਡ ਕੇ ਦੁਨੀਆ ਦਾ... ਅਸੀਂ ਆਪਾ ਵਿਕਣੇ ਲਾਇਆ ਏ ਹਰ ਗਾਹਕ ਖਰੀਦਣ ਆਇਆ ਏ ਕੀ ਅੱਟੀ ਹੁੰਦੀ ਸੂਤਰ ਦੀ ਅਸੀਂ ਮੁੱਲ ਪੁਆ ਕੇ ਬਹਿ ਗਏ ਆਂ ਸਾਈਆਂ ਦਰ ਛੱਡ ਕੇ ਦੁਨੀਆਂ ਦਾ... ਸਾਡੇ ਪੱਲੇ ਇਕ ਨਾ ਪਾਈ ਏ ਅਸੀਂ ਖ਼ਾਲੀ ਝੋਲ ਫੈਲਾਈ ਏ ਅੱਜ ਉਹ ਵੀ ਗੁਆ ਕੇ ਬਹਿ ਗਏ ਆਂ ਸਾਈਆਂ ਦਰ ਛੱਡ ਕੇ ਦੁਨੀਆਂ ਦਾ...
ਤੇਰੀਆਂ ਤੂੰ ਜਾਣੇ
ਤੂੰ ਡਾਢਾ ਬੇਪਰਵਾਹ ਤੇਰੀਆਂ ਤੂੰ ਜਾਣੇ। ਤੂੰ ਬੇਅੰਤ ਅਸਗਾਹ ਤੇਰੀਆਂ ਤੂੰ ਜਾਣੇ। ਨਾ ਮੰਦਰ ਵਿਚ ਰਾਮ ਰਿਹਾ ਹੈ ਨਾ ਮਸਜਿਦ ਵਿਚ ਅੱਲ੍ਹਾ। ਅੱਜ ਬੰਦੇ ਦਾ ਪਾਣੀ ਤੋਂ ਵੀ ਵਿਕਦਾ ਲਹੂ ਸਵੱਲਾ। ਅੱਜ ਸਭਿਤਾ ਮਦਹੋਸ਼ ਪਈ ਹੈ ਵਿਰਲਾ ਵਿਰਲਾ ਸਾਹ। ਤੇਰੀਆਂ ਤੂੰ ਜਾਣੇ ...........। ਅੱਜ ਜ਼ਮਾਨਾ ਬਦਲ ਗਿਆ ਏ ਬਦਲ ਗਈਆਂ ਨੇ ਅੱਖਾਂ। ਜ਼ਿੰਦਗੀ ਦਾ ਭਰਵਾਸਾ ਕੋਈ ਨੀ ਰੱਬ ਦੀਆਂ ਸਾਨੂੰ ਰੱਖਾਂ। ਆਪ ਮੁਹਾਰੇ ਰਾਹੀਆਂ ਫੜ ਲਏ ਉਲਟੇ ਪੁਲਟੇ ਰਾਹ। ਤੇਰੀਆਂ ਤੂੰ ਜਾਣੇ.......। ਅੱਜ ਪਰਜਾ ਦਾ ਰਾਖਾ ਕੋਈ ਨਾ ਦੇਸ਼ ਤੇ ਬਿਪਤਾ ਛਾ ਗਈ। ਰਾਜੇ ਸ਼ੀਂਹ ਮੁਕੱਦਮ ਕੁੱਤੇ ਵਾੜ ਖੇਤ ਨੂੰ ਖਾ ਗਈ। ਬਦਅਮਨੀ ਬਦਅਮਨੀ ਸਾਰੇ ਕੋਈ ਨਾ ਚਲਦੀ ਵਾਹ। ਤੇਰੀਆਂ ਤੂੰ ਜਾਣੇ ............। ਠੰਡੀ ਪੌਣ ਕਿਤੇ ਨੀ ਵਗਦੀ ਅੱਗ ਹੀ ਅੱਗ ਹੈ ਸਾਰੇ। ਝੁਲਸ ਗਿਆ ਧਰਤੀ ਦਾ ਸੀਨਾ ਜਲ ਗਏ ਚੰਨ ਸਿਤਾਰੇ। ਭਿੱਖ ਅਮਨ ਦੀ ‘ਸਫ਼ਰੀ' ਮੰਗੇ ਜਾਹ ਭਰਾਵਾ ਜਾਹ। ਤੇਰੀਆਂ ਤੂੰ ਜਾਣੇ.......।
ਤਕਲੇ ਦੇ ਵਲ ਕੱਢ ਲੈ
ਤਕਲੇ ਦੇ ਵਲ ਕੱਢ ਲੈ ਤੇਰਾ ਤੰਦ ਨਾ ਲਪੇਟਿਆ ਜਾਵੇ ਵਲਾਂ ਵਾਲੀ ਗੱਲ ਸੁਣ ਕੇ ਜੱਗ ਹੋਰ ਨਾ ਵਲੇਵਾਂ ਕੋਈ ਪਾਵੇ। ਕੱਤਣੀ 'ਚ ਪੰਜ ਪੂਣੀਆਂ ਤੈਨੂੰ ਪੰਜ ਗਿਣਨੇ ਨਹੀਂ ਆਉਂਦੇ ਅੱਖੀਆਂ ਦਾ ਵਣਜ ਬੁਰਾ ਲੋਕ ਲੱਖਾਂ ਦੇ ਭੁਲੇਖੇ ਪਾਉਂਦੇ ਕਿਹਦੀ ਏਥੇ ਗੱਲ ਬਣਦੀ ਕੋਈ ਗੱਲ ਨਾ ਸਮਝ ਵਿਚ ਆਵੇ ਤਕਲੇ ਦੇ ਵਲ ਕੱਢ ਲੈ ... ਚਰਖੇ ਨੂੰ ਘੂਕਣ ਦੇ ਕਿਤੇ ਆਪ ਘੂਕ ਨਾ ਬੈਠੀਂ ਅੱਖਾਂ ਵਿਚ ਅੱਗ ਮੱਚਦੀ ਕਿਤੇ ਪੂਣੀਆਂ ਫੂਕ ਨਾ ਬੈਠੀਂ ਵਿਹਲੀਆਂ ਨੂੰ ਨਿੱਤ ਝਿੜਕਾਂ ਜਿਹੜੀ ਕੱਤਦੀ ਉਹ ਦਾਜ ਬਣਾਵੇ ਤਕਲੇ ਦੇ ਵਲ ਕੱਢ ਲੈ... ਭਵਰੇ ਦੀ ਕੀ ਜ਼ਿੰਦਗੀ ਕਲੀ ਰਾਤ ਨੂੰ ਕੁਲਾਵੇ ਵਿਚ ਲੈਂਦੀ ਵਿਚ-ਵਿਚ ਸਾਹ ਘੁਟਦਾ ਦਿਨ ਚੜ੍ਹਦਾ ਲਾਸ਼ ਡਿੱਗ ਪੈਂਦੀ ਪੱਥਰਾਂ ਦੀ ਗੱਲ ਛੱਡ ਦੇ ਏਥੇ ਫੁੱਲ ਨੂੰ ਤਰਸ ਨਾ ਆਵੇ ਤਕਲੇ ਦੇ ਵਲ ਕੱਢ ... ਚਰਖੇ ਦੀ ਗੁੱਝ ਟੁੱਟ ਗਈ ਮੇਰੀ ਕੱਤਣ ਖਲਾਸੀ ਹੋਈ ਬਿਨ ਪੂਰੇ ਮੁਰਸ਼ਦ ਦੇ ਏਥੇ ਸਫ਼ਰੀ ਮਿਲੇ ਨਾ ਢੋਈ ਮੋਹ ਵਿਚ ਡੁੱਬ ਗਈ ਨੂੰ ਕੌਣ ਆ ਕੇ ਕਿਨਾਰੇ ਲਾਵੇ ਤਕਲੇ ਦੇ ਵਲ ਕੱਢ ਲੈ ....
ਰੰਗਲਾ ਪੰਜਾਬ
ਰੰਗਾਂ ਵਿਚ ਵਸੇ ਸਾਡਾ ਰੰਗਲਾ ਪੰਜਾਬ ਬੋਲ ਇਨਕਲਾਬ, ਬੋਲ ਇਨਕਲਾਬ ਭਗਤ ਸਿੰਘ ਦੱਤ ਦਾ ਵੀ ਮਹਾਂ ਬਲੀਦਾਨ ਪਿੰਡੇ ਲਾਜ ਪੱਤ ਦੇ ਵੀ ਡਾਂਗਾਂ ਦੇ ਨਿਸ਼ਾਨ ਲਾਟਾਂ ਉੱਤੇ ਭੁੱਜੇ ਸਾਡੇ ਹੱਸਦੇ ਗੁਲਾਬ ਬੋਲ ਇਨਕਲਾਬ.... ਦਸਮੇਸ਼ ਪਿਤਾ ਦੀ ਨਾ ਲੱਭਦੀ ਮਿਸਾਲ ਨੀਹਾਂ 'ਚ ਚਿਣਾਏ ਜਿਹਨੇ ਨੰਨ੍ਹੇ ਨੰਨ੍ਹੇ ਲਾਲ ਅਜੀਤ ਤੇ ਜੁਝਾਰ ਸਾਡੇ ਚਿਹਰਿਆਂ ਦੀ ਆਬ ਬੋਲ ਇਨਕਲਾਬ... ਜਿਹੜਾ ਸਾਡੇ ਕੋਲੋਂ ਖੋਹਣਾ ਚਾਹੁੰਦਾ ਦੇਸ਼ ਕਸ਼ਮੀਰ ਆਪਣੀ ਲਿਖਾ ਕੇ ਆਇਆ ਖੋਟੀ ਤਕਦੀਰ ਤੇਗ਼ ਨਾਲ ਅਸੀਂ ਉਹਨੂੰ ਦਿਆਂਗੇ ਜਵਾਬ ਬੋਲ ਇਨਕਲਾਬ...... ‘ਸਫ਼ਰੀੱ ਹਿੰਦ ’ਤੇ ਜਿਹਨੇ ਚੁੱਕੀ ਤਲਵਾਰ ਰੋਕਿਆ ਪੰਜਾਬੀਆਂ ਨੇ ਪਹਿਲਾ ਉਹਦਾ ਵਾਰ ਡੋਲ੍ਹਿਆ ਮੈਦਾਨ ਵਿਚ ਲਹੂ ਬੇ-ਹਿਸਾਬ ਬੋਲ ਇਨਕਲਾਬ......
ਤੈਨੂੰ ਨਹੀਂ ਤੇਰਾ ਰੱਬ ਲੱਭਣਾ
ਭਾਵੇਂ ਕਾਸ਼ੀ - ਵੱਲ ਜਾਹ ਭਾਵੇਂ ਮੱਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ ਖਾਵੇਂ ਦਿਲ ਦੀ ਸਫਾਈ ਬਿਨ੍ਹਾਂ ਧੱਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ ਰੱਬ ਦੇ ਪਿਆਰਿਆ ਤੂੰ ਰੱਬ ਨੂੰ ਤਾਂ ਮੰਨਦੈਂ ਰੱਬ ਦੀ ਹਦਾਇਤ ਪਰ ਪੱਲੇ ਨਹੀਉਂ ਬੰਨਦੈਂ ਤੈਨੂੰ ਕਹਿ ਕਹਿ ਸਿਆਣੇ ਲੋਕ ਥੱਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ... ਆਰੇ ਵਾਂਗੂੰ ਤਿਖੈਂ ਕਿਹਦੀ ਆਰਤੀ ਉਤਾਰਦੈਂ ਨਿਵਣਾ ਨੀ ਆਉਂਦਾ ਤੂੰ ਨਮਾਜ਼ ਕੀ ਗੁਜ਼ਾਰਦੈਂ ਲੱਖਾਂ ਪਾਪ ਤੂੰ ਸੀਨੇ ਦੇ ਵਿਚ ਢੱਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ .. ਗੁਰੂਆਂ ਤੇ ਪੀਰਾਂ ਇਹ ਵਾਕ ਫ਼ੁਰਮਾਏ ਐ ਹੱਕ ਬੇਗਾਨੇ ਉਸ ਸੂਰ ਉਸ ਗਾਏ ਐ ਤੂੰ ਤਾਂ ਖਾਈ ਜਾਨਾ ਆਦਮੀ ਨਿਹੱਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ... ਸੋਹਣੀ ਡੁੱਬ ਮੋਈ ਸੀ ਝਨਾਂ ਦੀ ਡੂੰਘੀ ਛੱਲ ਵਿਚ ‘ਸਫ਼ਰੀ’ ਗੁਆਈ ਜਾਨ ਸੱਸੀ ਨੇ ਵੀ ਥਲ ਵਿਚ ਦੱਸ ਸੱਸੀਏ ! ਬਲੋਚ ਕਿਹਦੇ ਸਕੇ ਤੈਨੂੰ ਨਹੀਂ ਤੇਰਾ ਰੱਬ ਲੱਭਣਾ ...
ਨੈਣਾਂ ਦੇ ਵਣਜਾਰੇ
ਨੈਣਾਂ ਦੇ ਵਣਜਾਰੇ ਆਏ ਨੈਣਾਂ ਦੇ ਵਣਜਾਰੇ ਮੈਂ ਹੰਝੂਆਂ ਦਾ ਹੋਕਾ ਦੇਵਾਂ ਕੌਣ ਖਰਾ ਮੁੱਲ ਤਾਰੇ ਆਏ ਨੈਣਾਂ ਦੇ ਵਣਜਾਰੇ। ਇਹ ਵਣਜਾਰੇ ਮੂਲ ਨਾ ਸੰਗਦੇ ਹਉਕੇ ਦੇਂਦੇ ਹਾਸੇ ਮੰਗਦੇ ਮਿਠੜੇ ਮਿਠੜੇ ਬੋਲਾਂ ਵਾਲੇ ਦੇ ਗਏ ਅੱਥਰੂ ਖਾਰੇ। ਆਏ ਨੈਣਾਂ ਦੇ ਵਣਜਾਰੇ। ਦਿਲ ਵੀ ਵਿਕਦੇ ਪਿਆਰ ਵੀ ਵਿਕਦੇ ਸੱਜਣਾਂ ਦੇ ਇਕਰਾਰ ਵੀ ਵਿਕਦੇ ਹਾਂ ਵੀ ਵਿਕਦੀ ਨਾਂਹ ਵੀ ਵਿਕਦੀ ਵਿਕਦੇ ਝੂਠੇ ਲਾਰੇ ਆਏ ਨੈਣਾਂ ਦੇ ਵਣਜਾਰੇ। ਜ਼ਿੰਦਗੀ ਵਿਕਦੀ ਸਾਹ ਵੀ ਵਿਕਦੇ ਬੇੜੀਆਂ ਵਿਚ ਮਲਾਹ ਵੀ ਵਿਕਦੇ ਕਿਸ਼ਤੀ ਵਿਚ ਕਰਤੂਤਾਂ ਤੱਕ ਤੱਕ ਡੁੱਬ ਡੁੱਬ ਜਾਣ ਕਿਨਾਰੇ ਆਏ ਨੈਣਾਂ ਦੇ ਵਣਜਾਰੇ। ਦਰਦ ਭਰੇ ਨੇ ਇਹ ਦੋ ਦੀਦੇ ਇਹ ਪੀੜਾਂ ਹੁਣ ਕੌਣ ਖਰੀਦੇ ਰਾਹ ਵਿਚ ਕਾਹਨੂੰ ਬੈਠਾ ‘ਸਫ਼ਰੀ’ ਗ਼ਮ ਦੇ ਖੋਹਲ ਪਟਾਰੇ ਆਏ ਨੈਣਾਂ ਦੇ ਵਣਜਾਰੇ।
ਹੰਝੂਓ ਵੇ ਕਿਤੇ ਲੁਕ ਛਿਪ ਜਾਉ
ਪਲਕਾਂ ਦੇ ਦਰਵਾਜ਼ੇ ਛੂਹ ਕੇ ਬੇਦਰਦਾਂ ਦੀ ਮਾਰ ਨਾ ਖਾਉ। ਹੰਝੂਓ ਵੀ ਤੁਸੀਂ ਕਿਉਂ ਵਹਿੰਦੇ ਹੋ ਕੀ ਕਹਿੰਦੇ ਓ ਕੀ ਕਹਿੰਦੇ ਹੋ ਤੜਪ ਤੜਪ ਕੇ ਹੋਠਾਂ ਉੱਤੇ ਨਾ ਤਤੜੀ ਦੀ ਜਿੰਦ ਤੜਪਾਉ ਹੰਝੂਓ ਵੇ ......। ਹਰ ਪੰਛੀ ਦੇ ਗਿਰਦੇ ਗਿਰਦੇ ਛੁਰੀਆਂ ਲੈ ਕੇ ਕਾਤਲ ਫਿਰਦੇ ਏਥੇ ਕੋਈ ਇਨਸਾਫ਼ ਨਹੀਂ ਹੈ ਨਾ ਦੁਨੀਆਂ ਨੂੰ ਹਾਲ ਸੁਣਾਉ ਹੰਝੂਓ ਵੇ ......। ਬਿਰਹੋਂ ਦੀ ਅੱਗ ਬੁੱਝ ਗਈ ਬਲ ਕੇ ਕੋਲੇ ਹੋ ਗਈ ਜ਼ਿੰਦਗੀ ਜਲ ਕੇ ਹੰਝੂਆਂ, ਨਾ' ਅੱਗ ਹੋਰ ਭੜਕਦੀ ਨੀਂ ਅੱਖੀਓ ਨਾ ਨੀਰ ਵਹਾਉ ਹੰਝੂਓ ਵੇ ......। ਮੁੱਕ ਗਏ ਹੁਣ ਪੰਧ ਲੰਬੇੜੇ ‘ਸਫਰੀ' ਆ ਗਈ ਮੰਜ਼ਿਲ ਨੇੜੇ ਜਾਣ ਦਿਓ ਮੈਨੂੰ ਕੋਲ ਸੱਜਣ ਦੇ ਨਾ ਅਟਕਾਉ ਨਾ ਅਟਕਾਉ ਹੰਝੂਓ ਵੇ........
ਪੰਜਾਬੀ ਮੇਰੀ ਬੋਲੀ ਏ
ਪੰਜਾਬ ਮੇਰਾ ਦੇਸ਼ ਹੈ ਪੰਜਾਬੀ ਮੇਰੀ ਬੋਲੀ ਏ ਭੋਲੇ ਭਾਲੇ ਨੈਣ ਨੇ ਨੁਹਾਰ ਆਲੀ ਭੋਲੀ ਏ-ਪੰਜਾਬੀ ਮੇਰੀ ਬੋਲੀ ਏ। ਜਦੋਂ ਵੀ ਪੰਜਾਬੀ ਵਿਚ ਬੋਲ ਕੋਈ ਬੋਲਦਾ ਦੇਸ਼ਾਂ ਦੀਆਂ ਵਾਵਾਂ 'ਚ ਸੁਗੰਧੀਆਂ ਹੈ ਘੋਲਦਾ ਮਹਿਕ ਦੇ ਭੰਡਾਰਿਆਂ ਦੀ ਗੰਢ ਕਿਹਨੇ ਖੋਲ੍ਹੀ ਏ-ਪੰਜਾਬੀ ਮੇਰੀ ਬੋਲੀ ਏ। ਗੋਰਾ ਗੋਰਾ ਰੰਗ ਕਿਹਦਾ ਨੱਚਦੀ ਦਾ ਚੋ ਗਿਆ ਸਾਰਾ ਵਿਹੜਾ ਸੱਸ ਦਾ ਗੁਲਾਬੀ ਜੇਹਾ ਹੋ ਗਿਆ ਕੇਸਾਂ ਉਤੇ ਸੂਹੀ ਸੂਹੀ ਰੇਸ਼ਮੀ ਪਟੋਲੀ ਏ-ਪੰਜਾਬੀ ਮੇਰੀ ਬੋਲੀ ਏ। ਆਸ਼ਕ ਮਾਸ਼ੂਕ ਏਸੇ ਬੋਲੀ ਵਿਚ ਬੰਦ ਨੇ ਏਸੇ ਦੇ ਪੁਜਾਰੀ ਸਾਰੇ ਦਿਲਾਂ ਨੂੰ ਪਸੰਦ ਨੇ ਰੱਬ ਨੂੰ ਮਿਲਾਉਣ ਵਾਲੀ ਇਕੋ ਹੀ ਵਿਚੋਲੀ ਏ-ਪੰਜਾਬੀ ਮੇਰੀ ਬੋਲੀ ਏ। ਵਾਰਿਸ ਚਾਤ੍ਰਿਕ ਵੀਰ ਸਿੰਘ ਭਾਈ ਨੇ ਬੇਕਲ ਹੁਰਾਂ ਨੇ ਇਹਦੀ ਸ਼ਾਨ ਚਮਕਾਈ ਏ ‘ਸਫ਼ਰੀ’ ਸਾਹਿਤ ਨਾਲ ਭਰੀ ਇਹਦੀ ਝੋਲੀ ਏ-ਪੰਜਾਬੀ ਮੇਰੀ ਬੋਲੀ ਏ।
ਵਿਹੜੇ ਦਿਆ ਬੂਟਿਆ
ਸੱਜਣਾ ਦੇ ਵਿਹੜੇ ਦਿਆ ਬੂਟਿਆ ਬੂਟਿਆ ਸੁਰਗ ਦਿਆ ਝੂਟਿਆ ਮੈਂ ਤਾਂ ਸੜਦੀ ਸਾਈ ਦਿਲ ਜਲੀ ਦੇ ਵਿਹੜੇ ਅੜਿਆ ਤੇਰੀ ਛਾਂ ਕਿਉਂ ਆਈ। ਮੇਰੇ ਹੌਕੇ ਲੋਆਂ ਵਰਗੇ ਤੇਰੀਆਂ ਠੰਡੀਆਂ ਛਾਵਾਂ ਮੈਂ ਤੇ ਅਜਲੋਂ ਤਪੀ ਹੋਈ ਹਾਂ ਤੇਰਾ ਦਿਲ ਕਿਉਂ ਤਾਵਾਂ ਤੂੰ ਬਚ ਜਾ ਮੈਂ ਬਚ ਨਾ ਸਕਦੀ ਸੱਜਣਾਂ ਨਜ਼ਰ ਬਚਾਈ ਦਿਲ ਜਲੀ ਦੇ ਵਿਹੜੇ ਅੜਿਆ.......। ਨੈਣ ਨਿਰਾਸ਼ੇ ਛੱਮ ਛੱਮ ਰੋਂਦੇ ਅੱਥਰੂ ਔਸੀਆਂ ਪਾਉਂਦੇ ਪੰਛੀ ਤੇ ਪਰਦੇਸੀ ਅੜੀਉ ਗਏ ਨੀ ਮੁੜਕੇ ਆਉਂਦੇ ਖੂਨੋ ਖੂਨ ਅੱਖਾਂ ਦਾ ਕਜਲਾਂ ਛੁਰੀਆਂ ਬਣੀ ਸਲਾਈ ਦਿਲ ਜਲੀ ਦੇ ਵਿਹੜੇ ਅੜਿਆ......। ਇਕ ਬੂਟੇ ਦੀਆਂ ਲਗਰਾਂ ਨੂੰ ਮੈਂ ਭੁੱਲਕੇ ਪਕੜ ਖਲੋ ਗਈ ਲਗਰਾਂ ਦੇ ਗਲ ਲੱਗੀ ਲੱਗੀ ਮੈਂ ਲਗਰਾਂ ਵਰਗੀ ਹੋ ਗਈ ਇਕ ਹੁੰਗਾਰੇ ਦੀ ਖਾਤਿਰ ਮੈਂ ਸੌ ਕਹਾਣੀ ਪਾਈ ਦਿਲ ਜਲੀ ਦੇ ਵਿਹੜੇ ਅੜਿਆ.......। ਇਕ ਪੁਰਾਣਾ ਖਤ ਸੱਜਣਾਂ ਦਾ ਮੈਂ ਡਿੱਠਾ ਸੀ ਪੜ੍ਹ ਕੇ ਹੰਝੂਆਂ ਦਾ ਮੀਂਹ ਵਰ੍ਹਦਿਆਂ ਹੀ ਦਿਲ ਕੋਲਾ ਹੋ ਗਿਆ ਸੜ ਕੇ ਇਹ ਨੈਣਾਂ ਨੇ ਕੀਤੇ ‘ਸਫ਼ਰੀ ਲੱਖਾਂ ਨੈਣ ਸ਼ੁਦਾਈ ਦਿਲ ਜਲੀ ਦੇ ਵਿਹੜੇ ਅੜਿਆ.......।
ਜਾਤ ਕਿਸੇ ਪੁੱਛਣੀ ਨਹੀਂ
ਉਥੇ ਅਮਲਾਂ ਦੇ ਹੋਣਗੇ ਨਿਬੇੜੇ ਜਾਤ ਕਿਸੇ ਪੁੱਛਣੀ ਨਹੀਂ ਵਾਧੂ ਪਾਈ ਜਾਨੈਂ ਕਾਸ ਨੂੰ ਬਖੇੜੇ ਜਾਤ ਕਿਸੇ ਪੁੱਛਣੀ ਨਹੀਂ। ਮੁੱਖੜੇ ਤੇ ਝੂਠਾ ਮੂਠਾ ਪੋਚਾ ਨਹੀਓਂ ਲਾਈਦਾ ਅੱਗੇ ਜਾ ਕੇ ਮੁੱਲ ਪੈਣਾ ਦਿਲ ਦੀ ਸਫ਼ਾਈ ਦਾ ਪਾਰ ਲੰਘਣੇ ਸਚਾਈ ਵਾਲੇ ਬੇੜੇ ਜਾਤ ਕਿਸੇ ਪੁੱਛਣੀ ਨਹੀਂ। ਸੱਚੇ ਦਿਲੋਂ ਸਜਦਾ ਤਾਂ ਇਕੋ ਹੀ ਕਬੂਲ ਹੈ ਵਾਰ ਵਾਰ ਉਕਣਾ ਫਜ਼ੂਲ ਹੀ ਫਜ਼ੂਲ ਹੈ ਕੱਢ ਮੰਦਰਾਂ ਮਸੀਤਾਂ ਦੇ ਨਾ ਗੇੜੇ ਜਾਤ ਕਿਸੇ ਪੁੱਛਣੀ ਨਹੀਂ। ਕਾਜੀਉ! ਹਿਸਾਬ ਕਰੋ ਰਾਂਝਣੇ ਫ਼ਕੀਰ ਦਾ ਮੂਰਖੋ ! ਮਾਲੂਮ ਕਰੋ ਦਿਲ ਕਿੱਥੇ ਹੀਰ ਦਾ ਧੀਦੋ ਰਾਂਝਣੇ ਬੇਸ਼ੱਕ ਹੋਣ ਖੇੜੇ ਜਾਤ ਕਿਸੇ ਪੁੱਛਣੀ ਨਹੀਂ। ‘ਸਫ਼ਰੀ’ ਹੰਕਾਰ ਵਿਚ ਜ਼ਰਾ ਵੀ ਤੂੰ ਆਵੀਂ ਨਾ ਦੌਲਤਾਂ ਦੇ ਪਿੱਛੇ ਯਾਰੀ ਕਿਸੇ ਦੀ ਭੁਲਾਵੀਂ ਨਾ ਐਵੇਂ ਅੱਗੇ ਜਾ ਕੇ ਕਰੇਂਗਾ ਲਫੇੜੇ ਜਾਤ ਕਿਸੇ ਪੁੱਛਣੀ ਨਹੀਂ।
ਕੁੰਡਲਾਂ ਤੋਂ ਪੁੱਛ ਗੋਰੀਏ
ਕੁੰਡਲਾਂ ਤੋਂ ਪੁੱਛ ਗੋਰੀਏ, ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ ਕਿਨੇ ਕੁ ਪਿਆਰ ਲੱਭਦੇ ਇਹਨਾਂ ਫਾਹ ਕੇ ਕਬੂਤਰ ਮਾਰੇ। ਬੁੱਲ੍ਹਾਂ ਉਤੇ ਭੌਰ ਬਹਿ ਗਿਆ ਕੋਲੇ ਹੋ ਗਈ ਗੁਆਂਢਣ ਜਲ ਕੇ ਬਾਹਮਣ ਪੁਛਦਾ ਫਿਰੇ ਕਿੱਥੇ ਸੁੱਟਿਆ ਦੰਦਾਸਾ ਮਲ ਕੇ ਡੰਗਾਂ ਕੋਲੋਂ ਡਰ ਲੱਗਦਾ ਕਿਹੜਾ ਜ਼ੁਲਫਾਂ ਦੇ ਪੇਚ ਸੁਆਰੇ ਕੁੰਡਲਾਂ ਤੋਂ ਪੁੱਛ ਗੋਰੀਏ.... ਅੱਖਾਂ 'ਚ ਸ਼ਰਾਬ ਗੋਰੀਏ ਕੀ ਕੱਜਲਾ ਪਾਉਣ ਨੂੰ ਕਹਿੰਦੀ ਮਹਿੰਦੀ ਵਾਲੇ ਹੱਥ ਨਾ ਕਰੀਂ ਅੱਗ ਉਡ ਕੇ ਨਸ਼ੇ ਨੂੰ ਪੈਂਦੀ ਨਜ਼ਰ ਦਾ ਸੇਕ ਬੁਰਾ ਜਲ ਜਾਣ ਨਾ ਚੁੰਨੀ ਦੇ ਤਾਰੇ ਕੁੰਡਲਾਂ ਤੋਂ ਪੁੱਛ ਗਰੀਏ... ਨਿੰਮਾ ਨਿੰਮਾ ਤੂੰ ਹੱਸਿਆ ਗੋਰਾ ਮੁੱਖੜਾ ਤੇ ਰੂਪ ਕੁਆਰਾ ਡਾਲੀਓਂ ਗੁਲਾਬ ਟੁੱਟ ਕੇ ਭੁੰਜੇ ਢਹਿ ਗਿਆ ਸ਼ਰਮ ਦਾ ਮਾਰਾ ‘ਸਫ਼ਰੀ’ ਨੂੰ ਡਰ ਲੱਗਦਾ ਤੈਥੋਂ ਪੰਜ ਫੁੱਟੀਏ ਤਲਵਾਰੇ ਕੁੰਡਲਾਂ ਤੋਂ ਪੁੱਛ ਗੋਰੀਏ...
ਸਾਡਾ ਦੇਸ਼ ਪੰਜਾਬ
ਜਾਗ ਪਿਆ ਅੱਧ ਮੋਇਆ ਹੋਇਆ ਸਾਡਾ ਦੇਸ਼ ਪੰਜਾਬ ਹੋ ਮੁੰਡਿਓ ਨੀ ਕੁੜੀਓ ਖੂਨਖਾਰ ਵੀ ਕੰਡੇ ਸਾਡੇ ਬਣ ਗਏ ਫੁੱਲ ਗੁਲਾਬ ਹੋ ਮੁੰਡਿਓ ਨੀ ਕੁੜੀਓ........। ਖੁਸ਼ੀਆਂ ਵਿਚ ਪੰਜਾਬੀ ਗੱਭਰੂ ਫੁੱਲੇ ਨਹੀਂ ਸਮਾਉਂਦੇ, ਨੱਚਦੇ ਟੱਪਦੇ ਹਸਦੇ ਗਾਉਂਦੇ ਥਾਂ ਥਾਂ ਭੰਗੜੇ ਪਾਉਂਦੇ। ਦੇਸ਼ ਦੀਆਂ ਮੁਟਿਆਰਾਂ ਦਾ ਵੀ ਗਿੱਧਾ ਲਾਜਵਾਬ ਹੋ ਮੁੰਡਿਓ ਨੀ ਕੁੜੀਓ.......। ਸਾਉਣ ਮਹੀਨੇ ਬੱਦਲ ਵਰਸੇ ਤੀਆਂ ਦੀ ਰੁੱਤ ਆਈ ਦੱਸੋ ਨੀ ਇਹ ਕਿਹਨੇ ਐਡੀ ਜ਼ੋਰ ਦੀ ਪੀਂਘ ਹੰਘਾਈ ਅੰਬਰ ਤਾਰੇ ਕਿਹਨੇ ਤੋੜੇ ਇਸਦਾ ਨਹੀਂ ਜੁਆਬ ਹੋ ਮੁੰਡਿਓ ਨੀ ਕੁੜੀਓ ........। ਤੜਕਸਾਰ ਹਰ ਚਾਟੀ ਦੇ ਵਿਚ ਘੁੱਮ ਘੱਮ ਕਰੇ ਮਧਾਣੀ ਪਈ ਮੱਖਣ ਦੇ ਪੇੜੇ ਕੱਢਦੀ ਕੋਈ ਰੂਪ ਦੀ ਰਾਣੀ ਕੁੰਢੀਆਂ ਮੱਝਾਂ ਦੁੱਧ ਦੇਂਦੀਆਂ ਸਾਨੂੰ ਬੇਹਿਸਾਬ ਹੋ ਮੁੰਡਿਓ ਨੀ ਕੁੜੀਓ ......। ਸਮੇਂ ਦੀਆਂ ਹਰ ਦੁਰਘਟਨਾਵਾਂ ਹੱਸ-ਹੱਸ ‘ਸਫ਼ਰੀ ਜਰੀਆਂ ਹੜ੍ਹ ਦੇ ਮਾਰੇ ਲੋਕਾਂ ਦੀਆਂ ਵੀ ਅਸੀਂ ਸਹਾਇਤਾ ਕਰੀਆਂ ਅਸੀਂ ਅਧੂਰਾ ਰਹਿਣ ਨੀ ਦੇਣਾ ਕੋਈ ਵਤਨ ਦਾ ਖਾਬ ਹੋ ਮੁੰਡਿਓ ਨੀ ਕੁੜੀਓ.......।
ਕੌਣ ਮੇਰੇ ਗੀਤ
ਕੌਣ ਮੇਰੇ ਗੀਤ ਗਮ ਦੇ ਸਾਜ਼ ਉਤੇ ਗਾ ਰਿਹੈ ਅੱਧ ਕੱਚੀ ਲਾਸ਼ ਉਤੇ ਅੱਥਰੂ ਛਿੜਕਾ ਰਿਹੈ। ਸੋਗ ਦੀ ਤਾਂ ਉਮਰ ਲੰਬੀ ਮੌਤ ਤੋਂ ਵੀ ਹੋ ਗਈ ਪਲਾਂ ਵਿਚ ਕਿਉਂ ਜ਼ਿੰਦਗੀ ਦਾ ਸਾਥ ਟੁੱਟਦਾ ਜਾ ਰਿਹੈ। ਖੁਸ਼ੀ ਦਾ ਸਮਾਨ ਖ਼ਬਰੇ ਕੌਣ ਲੁੱਟ ਕੇ ਲੈ ਗਿਆ ਚੋਰ ਅੱਖਾਂ ਸਾਮ੍ਹਣੇ ਹੈ ਪਰ ਨਜ਼ਰ ਨੀ ਆ ਰਿਹੈ। ਜਲ ਗਿਉਂ ਤੂੰ ਸਿਵੇ ਦੇ ਵਿਚ ਮਗਰ ਤੈਨੂੰ ਕੀ ਪਤਾ ਹੌਕਿਆਂ ਦੀ ਅੱਗ ਦੇ ਵਿਚ ਕੌਣ ਜਲਦਾ ਜਾ ਰਿਹੈ। ਹਾਂ ਜੁਆਨੀ ਨੂੰ ਬਲਾਵਾਂ ਲੱਖ ਚੰਬੜ ਸਕਦੀਆਂ ਬਾਲਪਨ ਨੂੰ ਕਿਉਂ ਭਲਾ ਗ਼ਮ ਡੈਣ ਬਣ ਕੇ ਖਾ ਰਿਹੈ। ਅੰਮੜੀ ਦੇ ਕਾਲਜੇ ਦਾ ਰੁੱਗ ਕਿਸ ਨੇ ਭਰ ਲਿਆ ਬਾਬਲੇ ਦੇ ਮੰਦਰਾਂ ਵਿਚ ਕਿਉਂ ਛਨਾਟਾ ਛਾ ਰਿਹੈ। ਘੁੰਡ ਚੁੱਕ ਕੇ ਹਾਏ! ਮੇਰਾ ਮੁੱਖ ਵੇਖਣ ਵਾਲੜਾ ਆਪ ਕਿਉਂ ਹੁਣ ਲੱਕੜਾਂ ਦੇ ਵਿਚ ਲੁਕਦਾ ਜਾ ਰਿਹੈ। ਤੀਰਥਾਂ ਨੂੰ ਅੱਗ ਲੱਗੀ ਰੱਬ ਦਾ ਕੀ ਦੋਸ਼ ਹੈ ਆਦਮੀ ਹੀ ਆਦਮੀ ਦੇ ਲਹੂ ਅੰਦਰ ਨ੍ਹਾ ਰਿਹੈ। ਸੁਖੀ ਵਸੋ ਬੁਲਬੁਲੋ! ਤੇ ਮੌਜ ਮਾਣਿਓ ਭੌਰਿਓ ਜਾ ਰਿਹਾ ਹੈ ਇਕ ‘ਸਫ਼ਰੀ’ ਚਮਨ ਵਿਚੋਂ ਜਾ ਰਿਹੈ।
ਬੜੇ ਮਾਸੂਮ ਨੇ ਸਾਜਨ-ਗਜ਼ਲ
ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰੀਂਦੇ ਰਾਤ ਨੂੰ ਨਦੀਆਂ 'ਚ ਦਿਨੇ ਕੁਝ ਡਰ ਵੀ ਜਾਂਦੇ ਨੇ। ਦਿਲਾ ਕਿਉਂ ਹੌਸਲਾ ਢਾਇਆ ਇਸ਼ਕ ਦੀ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ। ਸੋਹਣੀ ਦਾ ਹੌਂਸਲਾ ਦੇਖੋ ਨਦੀ ਵਿਚ ਡੁੱਬਦਿਆਂ ਬੋਲੀ ਘੜੇ ਜੋ ਖਾਸ ਹੁੰਦੇ ਨੇ ਵਿਚਾਰੇ ਖਰ ਵੀ ਜਾਂਦੇ ਨੇ। ਧਰ ਕੇ ਸਰ ਹਥੇਲੀ ਤੇ ਗਲੀ ਮਹਿਬੂਬ ਦੀ ਜਾਣਾ ਕਈਆਂ ਦੇ ਸਿਰ ਵੀ ਜਾਂਦੇ ਨੇ ਕਈਆਂ ਦੇ ਸਰ ਵੀ ਜਾਂਦੇ ਨੇ। ਤਾਅਨਾ ਇਕ ਵੀ ਸਾਥੋਂ ਸੱਜਣ ਦਾ ਝੱਲ ਨਾ ਹੋਇਆ ਮਗਰ ਮਨਸੂਰ ਸੂਲੀ ਤੇ ਤਸੀਹੇ ਜ਼ਰ ਵੀ ਜਾਂਦੇ ਨੇ। ਜਦੋਂ ਵੀ ਹੂਕ ਰਿੰਦਾਂ ਦੀ ਉਹਦੇ ਦਰਬਾਰ ਤਕ ਪੁੱਜਦੀ ਫਰਿਸ਼ਤੇ ਅਰਸ਼ ਤੋਂ ਆ ਕੇ ਸਰ੍ਹਾਣੇ ਧਰ ਵੀ ਜਾਂਦੇ ਨੇ। ਸਜਨ ਕਾਗਜ਼ ਦਿਸਦੇ ਨੇ ਸਾਡਾ ਜਿਗਰ ਰਿਸਦਾ ਏ ਜਦੋਂ ਉਹ ਮੁਸਕ੍ਰਾਉਂਦੇ ਨੇ ਜ਼ਖ਼ਮ ਕੁਝ ਭਰ ਵੀ ਜਾਂਦੇ ਨੇ। ਬੜਾ ਅਫਸੋਸ ਸੱਜਣਾਂ ਤੇ ਬਿਗੜ ਗਏ ਗ਼ੈਰ ਦੇ ਆਖੇ ਤੂੰ ਰੱਖ ਕੁਝ ਹੌਸਲਾ ‘ਸਫ਼ਰੀ’ ਕਈਆਂ ਦੇ ਮਰ ਵੀ ਜਾਂਦੇ ਨੇ।
ਮਾਂ ਵਿਯੋਗ
ਅੱਖਾਂ ਮੀਟ ਗਈ ਜਦੋਂ ਦੀ ਸਾਡੀ ਮਾਂ ਸਾਡਾ ਨੀ ਏਥੇ ਦਿਲ ਲੱਗਦਾ ਸਾਡਾ ਲਿਖ ਲਉ ਯਤੀਮਾਂ ਵਿਚ ਨਾ ਸਾਡਾ ਨੀ ਏਥੇ ਦਿਲ ਲੱਗਦਾ। ਮਾਂ ਦੇ ਬਗੈਰ ਸਾਨੂੰ ਕੁਝ ਵੀ ਨੀ ਸੁੱਝਦਾ ਮਾਂ ਦੇ ਬਗੈਰ ਦਿਲ ਤਿੜ-ਤਿੜ ਭੁੱਜਦਾ ਤੱਤੀ ਲੱਗਦੀ ਬ੍ਰਿਛਾਂ ਦੀ ਛਾਂ ਸਾਡਾ ਨੀ ਏਥੇ ਦਿਲ ਲੱਗਦਾ.......। ਏਸ ਪਿੰਡ ਵਿਚ ਹਾਏ ਮਾਂ ਸਾਡੀ ਮੋਈ ਏ ਏਸ ਪਿੰਡ ਵਿਚ ਸਾਡਾ ਰਹਿ ਗਿਆ ਨਾ ਕੋਈ ਏ ਚਲੋ ਹੋਰ ਕੋਈ ਲੱਭੀਏ ਸਰਾਂ ਸਾਡਾ ਨੀ ਏਥੇ ਦਿਲ ਲੱਗਦਾ.......। ਆਪਣੇ ਮੁਕਾ ਕੇ ਬੰਦਾ ਪੱਲ ਤੁਰ ਜਾਏਗਾ ਅੱਜ ਤੁਰ ਜਾਏਗਾ ਤੇ ਕੱਲ੍ਹ ਤੁਰ ਜਾਏਗਾ ਖਾਲੀ ਹੁੰਦੀ ਜਾਂਦੀ ਜਗ ਦੀ ਸਰਾਂ ਸਾਡਾ ਨੀ ਏਥੇ ਦਿਲ ਲੱਗਦਾ ....... ‘ਸਫ਼ਰੀੱ ਮਾਤਾ ਨੇ ਜਾ ਕੇ ਡੇਰਾ ਓਥੇ ਲਾਇਆ ਏ ਜਿਥੋਂ ਕੋਈ ਆਦਮੀ ਪਰਤ ਕੇ ਨਾ ਆਇਆ ਏ ਐਵੇਂ ਬੋਲਦੇ ਬਨੇਰੇ ਉਤੇ ਕਾਂ ਸਾਡਾ ਨੀ ਏਥੇ ਦਿਲ ਲੱਗਦਾ.......।
ਨਾ ਵੰਡਣੈਂ ਦਰਦ ਦਿਲ ਦਾ-ਗ਼ਜ਼ਲ
ਨਾ ਵੰਡਣੈਂ ਦਰਦ ਦਿਲ ਦਾ ਕਹਿ ਦਿਉ ਦਿਲਦਾਰ ਨੂੰ ਮੌਤ ਚੁੱਕੀ ਜਾ ਰਹੀ ਹੈ ਜ਼ਿੰਦਗੀ ਦੇ ਭਾਰ ਨੂੰ। ਸਮਝ ਕੇ ਕੁਰਾਨ ਮੈਂ ਮੁੱਖ ਚੁੰਮਿਆ ਮਹਿਬੂਬ ਦਾ ਇਹ ਗੁਨਾਹ ਕਿਉਂ ਬਖ਼ਸ਼ਦਾ ਹੈ ਕਹੋ ਬਖਸ਼ਣਹਾਰ ਨੂੰ। ਮੈਂ ਸੀਗਾ ਬੇਹੋਸ਼ ਮੌਕਾ ਦੁਸ਼ਮਣਾਂ ਨੇ ਤਾੜਿਆ ਜਾਣ ਕੇ ਸ਼ਮਸ਼ਾਨ ਦੇ ਵੱਲ ਲੈ ਤੁਰੇ ਬਿਮਾਰ ਨੂੰ। ਹੱਥ ਮਹਿੰਦੀ ਰੰਗਲੇ ਕੋਈ ਫੁੱਲ ਤੋੜਨ ਜਾ ਰਿਹਾ ਪੋਟਿਆਂ ਵਿਚ ਅੱਗ ਹੈ ਨਾ ਫੂਕ ਦੇਵੇ ਗੁਲਜ਼ਾਰ ਨੂੰ। ਸੈ ਪੱਥਰ ਖਾ ਕੇ ਮਨਸੂਰ ਕੁਝ ਨਾ ਕੁਸਕਿਆ ਯਾਰ ਦਾ ਇਕ ਫੁੱਲ ਹੀ ਤੜਪਾ ਗਿਆ ਪਰ ਯਾਰ ਨੂੰ। ਖ਼ੱਤ ਹਸੀਨਾ ਦੇ ਹੀ ਮੇਰੀ ਲਾਸ਼ ਉਤੇ ਪਾ ਦਿਉ ਕੌਣ ਕਫ਼ਨ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ। ਚੰਨ ਦੀ ਦੁਨੀਆਂ 'ਚ ਵੀ ਕੋਈ ਚੰਦ ਚੜ੍ਹਦਾ ਜਾਪਦਾ ਪ੍ਰਿਥਵੀ ਵੀ ਝੱਲਣਾਂ ਨਹੀਂ ਆਦਮੀ ਦੇ ਭਾਰ ਨੂੰ। ਲੋਕ ਲਜੀਂ ਆ ਗਿਆ ਮਹਿਬੂਬ ‘ਸਫ਼ਰੀੱ ਲਾਸ਼ 'ਤੇ ਪਰ੍ਹਾਂ ਮਾਰੋ ਗੱਲ 'ਚੋਂ ਲਾਹ ਕੇ ਮੋਤੀਆਂ ਦੇ ਹਾਰ ਨੂੰ।
ਸਾਕੀਆ ਕਿਉਂ ਬਜ਼ਮ 'ਚੋਂ-ਗ਼ਜ਼ਲ
ਸਾਕੀਆ ! ਕਿਉਂ ਬਜ਼ਮ 'ਚੋਂ ਮੈਕਸ਼ ਵਿਚਾਰੇ ਨਿਕਲ ਗਏ ਕੋਈ ਅੱਜ ਤੇ ਕੋਈ ਕੱਲ੍ਹ ਬਸ ਸਾਰੇ ਦੇ ਸਾਰੇ ਨਿਕਲ ਗਏ। ਚੁੱਪ ਤਾਂ ਮੈਂ ਰਿਹਾ ਪਰ ਉਸ ਬੇਵਫ਼ਾ ਦੇ ਸਾਹਮਣੇ ਅੱਥਰੂ ਹੀ ਅੱਖੀਆਂ ਚੋਂ ਬੇਮੁਹਾਰੇ ਨਿਕਲ ਗਏ। ਡੁੱਬਦੇ ਤੂਫ਼ਾਨ ਵਿਚ ਤਾਂ ਲਾਸ਼ ਵੀ ਲੱਭਦੀ ਨਹੀਂ ਖ਼ੁਸ਼ ਬਖਤ ਨੇ ਜੋ ਡੁੱਬ ਕੇ ਅਗਲੇ ਕਿਨਾਰੇ ਨਿਕਲ ਗਏ। ਕਾਹਲ ਕੀ ਸੀ ਉਹਨਾਂ ਨੂੰ ਮੈਂ ਬੜਾ ਹੀ ਹੈਰਾਨ ਹਾਂ ਕਿਵੇਂ ਜ਼ੁਲਫ਼ਾਂ ਕਾਲੀਆਂ ਨੂੰ ਬਿਨ ਸੰਵਾਰੇ ਨਿਕਲ ਗਏ। ਐ ਰਕੀਬਾ ਯਾਰ ਤਾਂ ਮੈਨੂੰ ਵੀ ਧੋਖਾ ਦੇ ਗਿਆ ਤੇਰੇ ਗਿਲੇ ਤਾਂ ਸੱਜਣਾ! ਸਾਰੇ ਦੇ ਸਾਰੇ ਨਿਕਲ ਗਏ। ਧਨਵਾਨ ਨੇ ਤਾਂ ਉਮਰ ਭਰ ਲਈ ਧਨ ਇਕੱਠਾ ਕਰ ਲਿਆ ਮਜ਼ਦੂਰ ਆਪਣੀ ਝੁੱਗੀਉਂ ਬਿਪਤਾ ਦੇ ਮਾਰੇ ਨਿਕਲ ਗਏ। ਜ਼ਿੰਦਗੀ ਦੀ ਸਭ ਤੋਂ ਉਤਮ ਕਹਾਣੀ ਛੋਹੀ ਮੈਂ ਉਹ ਬਸ ਐਵੇਂ ਦੇ ਕੇ ਇਕ ਦੋ ਹੁੰਗਾਰੇ ਨਿਕਲ ਗਏ। ਰੱਬ ਦੇ ਜੀ ਫਸੇ ਤੱਕ ਕੇ ਅਸੀਂ ਕਿੱਦਾਂ ਨਿਕਲਦੇ ਰੱਬ ਦੇ ਠੇਕੇਦਾਰ ਤਾਂ ਰੱਬ ਦੇ ਸਹਾਰੇ ਨਿਕਲ ਗਏ। ਮੁੱਦਤਾਂ ਦੇ ਬਾਅਦ ਮੈਨੂੰ ਉਸ ਬੁਲਾਇਆ ਹੱਸ ਕੇ ਦੁਸ਼ਮਣਾਂ ਦੇ ਜਿਗਰ ਵਿਚ ਤੇਜ਼ ਆਰੇ ਨਿਕਲ ਗਏ। ਕਾਹਨੀ ਬੜੇ ਸ਼ਰਮਸਾਰ ਨੇ ਕਾਹਨੀ ਵੀ ਅਰਥੀ ਚੁੱਕ ਕੇ ਪੀਂਘ ਵਾਂਗ ਲਾਸ਼ ਨੂੰ ਦੇਂਦੇ ਹੁਲਾਰੇ ਨਿਕਲ ਗਏ।
ਮਾਂ ਵਿਛੋੜਾ
ਅੱਖਾਂ ਵਿਚੋਂ ਰੱਤ ਵੱਗਦੀ ਦਿਲ ਚੀਰ ਕੇ ਨਿਕਲ ਦੀਆਂ ਹਾਵਾਂ ਹਾਏ ਨਿੱਕੇ ਹੁੰਦਿਆਂ ਦੀਆਂ ਮਰ ਜਾਂਦੀਆਂ ਜਿਨ੍ਹਾਂ ਦੀਆਂ ਮਾਵਾਂ। ਮਾਂ ਨੇ ਸਾਨੂੰ ਦੱਸਿਆ ਵੀ ਨਾ ਕਿਤੇ ਉਡ ਗਈ ਸਵਰਗਾਂ ਨੂੰ ਚੋਰੀ ਨੰਨ੍ਹੇ-ਨੰਨ੍ਹੇ ਬੱਚਿਆਂ ਨੂੰ ਦੇਵੇ ਮਾਂ ਤੋਂ ਬਗੈਰ ਕਿਹੜਾ ਲੋਰੀ ਸਾਡੀ ਕੋਈ ਪੇਸ਼ ਨਾ ਗਈ ਟੁੱਕ ਖੋਹ ਲਿਆ ਹੱਥਾਂ ਦੇ ਵਿਚੋਂ ਕਾਵਾਂ ਅੱਖਾਂ ਵਿਚੋਂ ਰੱਤ ਵੱਗਦੀ...... ਮਾਂ ਦੀ ਤਸਵੀਰ ਚੁੱਕ ਕੇ ਮੇਰੀ ਭੈਣ ਨੇ ਕਲੇਜੇ ਨਾਲ ਲਾਈ ਸ਼ੀਸ਼ਾ ਤਿੜਕ ਗਿਆ ਸ਼ੀਸ਼ੇ 'ਚੋਂ ਆਵਾਜ਼ ਇਕ ਆਈ ਹਿੱਕ ਨਾਲ ਲੱਗ ਬੱਚੀਏ ਪਾ ਮਾਂ ਦੇ ਗਲੇ ਦੇ ਵਿਚ ਬਾਹਵਾਂ ਅੱਖਾਂ ਵਿਚੋਂ ਰੱਤ ਵੱਗਦੀ......। ਸਿਵੇ ਵਿਚ ਮਾਂ ਛਿਪ ਗਈ ਚੰਨ ਆਖ ਕੇ ਆਵਾਜ਼ਾਂ ਕੌਣ ਮਾਰੇ ਦਿਨੇ ਸਾਨੂੰ ਡਰ ਲੱਗਦਾ ਰਾਤੀਂ ਘੂਰਦੇ ਅੰਬਰ ਦੇ ਤਾਰੇ ਕਿਹੜੇ ਬੰਨ੍ਹੇ ਪਾਈਏ ਚਿੱਠੀਆਂ ਸਾਨੂੰ ਦੱਸ ਕੇ ਨਾ ਗਏ ਸਿਰਨਾਵਾਂ ਅੱਖਾਂ ਵਿਚੋਂ ਰੱਤ ਵੱਗਦੀ......। ਜ਼ਿੰਦਗੀ 'ਚ ਕੋਈ ‘ਸਫ਼ਰੀ' ਸਾਨੂੰ ਵਾਰ ਤਾਂ ਅਜਿਹਾ ਇਕ ਆਵੇ ਸੁਫ਼ਨੇ 'ਚ ਆ ਕੇ ਅਮੜੀ ਸਾਨੂੰ ਇਕ ਘੜੀ ਮਿਲ ਜਾਵੇ ਹੰਝੂਆਂ ਦਾ ਹਾਰ ਗੁੰਦ ਕੇ ਮੋਈ ਮਾਂ ਦੇ ਗਲੇ ਵਿਚ ਪਾਵਾਂ ਅੱਖਾਂ ਵਿਚੋਂ ਰੱਤ ਵੱਗਦੀ.......।
ਅੱਜ ਮੇਰੇ ਵੀਰ ਨੇ ਆਉਣਾ
ਸੱਸੇ ਦੁੱਧ ਨੂੰ ਜਾਗ ਨਾ ਲਾਈਂ ਅੱਜ ਮੇਰੇ ਵੀਰ ਨੇ ਆਉਣਾ ਮੱਥੇ ਵੱਟ ਨਾ ਨਨਾਣੇ ਪਾਈਂ ਅੱਜ ਮੇਰੇ ਵੀਰ ਨੇ ਆਉਣਾ। ਅੰਮੜੀ ਦੇ ਜਾਏ ਬੈਠੇ ਭੈਣਾਂ ਕੋਲ ਫੱਬਦੇ ਭੈਣਾਂ ਤੇ ਭਰਾਵਾਂ ਦੇ ਮਿਲਾਪ ਨੇ ਸਬੱਬ ਦੇ ਫੁੱਲ ਕਲੀਆਂ ਨਾਲ ਆਂਗਣਾਂ ਸਜਾਈਂ ਅੱਜ ਮੇਰੇ ਵੀਰ ਨੇ ਆਉਣਾ...। ਉੱਡ ਵੇ ਬਨੇਰੇ ਉਤੋਂ ਉੱਡ ਕਾਵਾਂ ਕਾਲਿਆ ਚੂਰੀਆਂ ਖੁਆਵਾਂ ਤੈਨੂੰ ਦੂਰ ਜਾਣ ਵਾਲਿਆ ਮੇਰੀ ਅੰਮੜੀ ਦੀ ਖ਼ਬਰ ਲਿਆਈਂ ਅੱਜ ਮੇਰੇ ਵੀਰ ਨੇ ਆਉਣਾ...। ਨੱਚ ਨੀ ਨਨਾਣੇ ਆ ਗਿੱਧੇ ਵਿਚ ਨੱਚ ਨੀਂ ਆਂਢਣਾ-ਗੁਆਂਢਣਾ ਦੇ ਬੋਲ ਹੁੰਦੇ ਸੱਚ ਨੀਂ ਜਾਣ ਬੁੱਝ ਕੇ ਪੁਆੜਾ ਨਾ ਕੋਈ ਪਾਈਂ ਅੱਜ ਮੇਰੇ ਵੀਰ ਨੇ ਆਉਣਾ...। ਸੱਸ ਮੇਰੀ ਕਲੀ ਸਹੁਰਾ ਫੁੱਲ ਹੈ ਗੁਲਾਬ ਦਾ ਦੋਹਾਂ ਦਿਆਂ ਨੈਣਾਂ ਵਿਚ ਨਕਸ਼ਾ ਪੰਜਾਬ ਦਾ ਹਾਲ ‘ਸਫ਼ਰੀ ਪਿਆਰ ਚ ਸੁਣਾਈਂ ਅੱਜ ਮੇਰੇ ਵੀਰ ਨੇ ਆਉਣਾ...।
ਅੰਤ ਸਾਡੇ ਨਾਲ ਵੀ ਆ ਪਿਆਰ ਪਾਇਆ-ਗ਼ਜ਼ਲ
ਅੰਤ ਸਾਡੇ ਨਾਲ ਵੀ ਆ ਪਿਆਰ ਪਾਇਆ ਕਿਸੇ ਨੇ ਸ਼ਮਸ਼ਾਨ ਭੂਮੀ ਵਿਚ ਆ ਕੇ ਦੀਪਕ ਜਗਾਇਆ ਕਿਸੇ ਨੇ। ਚਮਨ ਵਿਚੋਂ ਆਲ੍ਹਣੇ ਦੀ ਰਾਖ ਲੱਭਦੀ ਪਈ ਏ ਅਰੇ ਬੁਲਬੁਲ ਤੇਰਾ ਵੀ ਘਰ ਆ ਜਲਾਇਆ ਕਿਸੇ ਨੇ। ਦੋਜ਼ਖਾਂ ਦੀ ਅੱਗ ਮੇਰੀ ਲਾਸ਼ ਨੂੰ ਨਾ ਪੋਹ ਸਕੀ ਮੋਏ ਤੇ ਵੀ ਪਾ ਦਿੱਤਾ ਜ਼ੁਲਫ਼ਾਂ ਦਾ ਸਾਇਆ ਕਿਸੇ ਨੇ। ਇਨ੍ਹਾਂ ਵਿਚ ਜੇ ਰੱਬ ਹੁੰਦਾ, ਕੁੱਝ ਨਾ ਕੁੱਝ ਤਾਂ ਬੋਲਦਾ ਮਸਜਿਦ ਗਿਰਾਈ ਕਿਸੇ ਨੇ ਮੰਦਰ ਗਿਰਾਇਆ ਕਿਸੇ ਨੇ। ਲੋਕ ਮੰਗਤੀ ਦੇ ਹੁਸਨ ਵੱਲ ਰਹੇ ਅੱਖਾਂ ਫਾੜਦੇ ਇਕ ਧੇਲਾ ਵੀ ਤਲੀ ਤੇ ਨਾ ਟਿਕਾਇਆ ਕਿਸੇ ਨੇ। ਮੁਸਕ੍ਰਾਈ ਮੰਗਤੀ ਛਾਤੀ ਤੇ ਪੱਥਰ ਰੱਖ ਕੇ ਚਾਂਦੀ ਵਰ੍ਹਾਈ ਕਿਸੇ ਨੇ ਸੋਨਾ ਵਰ੍ਹਾਇਆ ਕਿਸੇ ਨੇ। ਨਾਗਣਾਂ ਦੇ ਵਾਂਗ ਜ਼ੁਲਫ਼ਾਂ ਸੱਪ ਕਰ ਕੇ ਸ਼ੂਕੀਆਂ ਵਸਲ ਦੇ ਇਨਕਾਰ ਲਈ ਜਦ ਸਰ ਹਿਲਾਇਆ ਕਿਸੇ ਨੇ। ਲਾਸ਼ ਤੇ ਕੋਈ ਡਿੱਗੀ ਉਸਦੇ ਕੇਸ ਕਾਲੇ ਖਿੰਡਰ ਗਏ ਜਾਪਦਾ ਏ ਹੁਣੇ ਕਾਲਾ ਕਫ਼ਨ ਪਾਇਆ ਕਿਸੇ ਨੇ। ਕਿਉਂ ਮਾਧਾਣੀ ਸੜੀ ਮੱਖਣ ਕਿਵੇਂ ਕੋਲੇ ਹੋ ਗਿਆ ਦੁੱਧ ਨੂੰ ਕਿਉਂ ਹੰਝੂਆਂ ਦਾ ਜਾਗ ਲਾਇਆ ਕਿਸੇ ਨੇ। ਮਹਿਕਦਾ ਵੀ ਅੱਜ ਸਾਨੂੰ ਰੱਬ ਦਾ ਘਰ ਜਾਪਦਾ ਰੱਬ ਦੀ ਸਹੁੰ ਕੋਈ ਦਸੋ ਕੀ ਪਿਲਾਇਆ ਕਿਸੇ ਨੇ। ਮੈਂ ਗਟਾ ਗੱਟ ਪੀ ਕੇ ਮਸਜਿਦ ਦੇ ਮੂਹਰੇ ਡਿੱਗ ਪਿਆ ਮੈਨੂੰ ਨਮਾਜ ਸਮਝ ਕੇ ਹੀ ਨਾ ਉਠਾਇਆ ਕਿਸੇ ਨੇ। ਮੈਂ ਫੁੱਲਾਂ ਦੀ ਵਾਸ਼ਨਾ ਤੇ ਰਿਹਾ ਮਰਦਾ ਉਮਰ ਭਰ ਮਹਿਕ ਆਈ ਇਤਰ ਦੀ ਜਦ ਦਿਲ ਜਲਾਇਆ ਕਿਸੇ ਨੇ। ਖ਼ਾਬ ਵਿਚ ਮਹਿਬੂਬ ‘ਸਫ਼ਰੀ’ ਹਾਲ ਪੁੱਛਦਾ ਰਹਿ ਗਿਆ ਅਫਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ।