Takdeer De Baaghin : Shiv Kumar Batalvi
ਤਕਦੀਰ ਦੇ ਬਾਗ਼ੀਂ : ਸ਼ਿਵ ਕੁਮਾਰ ਬਟਾਲਵੀ
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ,
ਸੋਹਲ ਮੁਸਕੜੀ ਬਣ ਸੌਂ ਜਾਈਏ ।
ਆ ਨੈਣਾਂ ਦੇ ਨੀਲ-ਸਰਾਂ 'ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਤੇਰੇ ਸੌਂਫੀ ਸਾਹ ਦਾ
ਪੱਤਝੜ ਨੂੰ ਇਕ ਜਾਮ ਪਿਆਈਏ ।
ਆ ਕਿਸਮਤ ਦੀ ਟਾਹਣੀ ਉੱਤੇ,
ਅਕਲਾਂ ਦਾ ਅੱਜ ਕਾਗ ਉਡਾਈਏ ।
ਆ ਅੱਜ ਖ਼ੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਅੱਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬ੍ਹਾ ਕਰਾਈਏ ।
ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ ।
ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗ਼ਮ ਦੇ ਪਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਹਰ ਰਾਹ ਦੇ ਮੱਥੇ,
ਪੈੜਾਂ ਦੀ ਅੱਜ ਦੌਣੀ ਲਾਈਏ ।
ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ ।
ਹਰ ਮੰਜ਼ਲ ਦੇ ਪੈਰਾਂ ਦੇ ਵਿਚ,
ਸੂਲਾਂ ਦੀ ਪੰਜੇਬ ਪੁਆਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਅੱਜ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ ।
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ ।
ਆ ਸੱਜਣਾ ਅੱਜ ਦਿਲ ਦੇ ਸੇਜੇ,
ਮੋਈਆਂ ਕਲੀਆਂ ਭੁੰਜੇ ਲਾਹੀਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ ਕੰਜਕ ਦੇ ਪੈਰ ਧੁਆਈਏ ।
ਆ ਅੱਜ ਕੰਡਿਆਂ ਦੇ ਕੰਨ ਵਿੰਨ੍ਹੀਏਂ,
ਵਿਚ ਫੁੱਲਾਂ ਦੀਆਂ ਨੱਤੀਆਂ ਪਾਈਏ ।
ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਵਜਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ
ਸੋਹਣੀ ਮੁਸਕੜੀ ਬਣ ਸੌਂ ਜਾਈਏ ।
ਆ ਨੈਣਾਂ ਦੇ ਨੀਲ-ਸਰਾਂ 'ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।