Tahira Sara ਤਾਹਿਰਾ ਸਰਾ
ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਮੰਡੀ ਢਾਬਾਂ ਸਿੰਘ (ਨਵਾਂ ਨਾਮ ਸਫ਼ਦਰਾਬਾਦ) ਵਿੱਚ ਵੱਸਦੀ ਹੈ। ਸ਼ਾਹ ਮੁਖੀ ਤੇ ਗੁਰਮੁਖੀ 'ਚ
ਪਹਿਲੀ ਕਾਵਿ ਕਿਤਾਬ “ਸ਼ੀਸ਼ਾ” ਨੇ ਉਸ ਦੀ ਪੂਰੀ ਦੁਨੀਆਂ ਚ ਪਛਾਣ ਬਣਾਈ ਹੈ। ਲੋਕ ਰੰਗ ਚ ਲਿਖਣ ਵਾਲੀ ਇਸ ਬੁਲੰਦ ਸ਼ਾਇਰਾ ਦਾ
ਭਾਰਤੀ ਪੰਜਾਬ ਚ ਸਭ ਤੋਂ ਪਹਿਲਾਂ ਮੈਂ ਹੀ ਉਸ ਦੀਆਂ ਯੂ ਟਿਊਬ ਵਿੱਚੋਂ ਸੁਣ ਕੇ ਪੰਜਾਬੀ ਟ੍ਰਿਬਿਊਨ ਵਿੱਚ ਲੇਖ ਲਿਖਿਆ ਤੇ ਚੋਣਵੀਆਂ
ਕਵਿਤਾਵਾਂ ਛਾਪ ਕੇ ਜਾਣ ਪਛਾਣ ਕਰਵਾਈ ਸੀ।
ਪਿੱਤਰੀ ਸੱਤਾ ਨਾਲ ਉਹ ਜੰਮ ਕੇ ਖਹਿੰਦੀ ਤੇ ਦਿਲ ਦੀ ਹਕੀਕੀ ਬਾਤ ਕਹਿੰਦੀ ਹੈ। ਉਹ ਮਰਦਾਵੀਂ ਹੈਂਕੜ ਤੇ ਸ਼ਬਦ ਬਾਣ ਸਿੰਨਦੀ, ਉਸ ਨੂੰ
ਵਿੰਨ੍ਹਦੀ ਤੇ ਜਾਂਬਾਜ਼ ਕਵਿੱਤਰੀ ਵਾਂਗ ਨਿਰੰਤਰ ਸੰਘਰਸ਼ਸ਼ੀਲ ਹੈ।
2018 ਦੀ ਲਾਹੌਰ (ਪਾਕਿਸਤਾਨ) ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਤੇ ਉਹ ਬਹੁਤ ਸਨੇਹ ਤੇ ਸਤਿਕਾਰ ਨਾਲ ਮਿਲੀ। ਉਸ ਨੇ ਸ਼ਾਹਮੁਖੀ
ਵਿੱਚ ਛਪੀ ਕਾਵਿ ਪੁਸਤਕ “ਸ਼ੀਸ਼ਾ” ਮੈਨੂੰ ਗੁਰਮੁਖੀ ਵਿੱਚ ਛਾਪਣ ਲਈ ਦਿੱਤੀ। ਮੇਰੇ ਤੋਂ ਪਹਿਲਾਂ ਵੀ ਕੁਝ ਸੱਜਣ ਇਹ ਕਿਤਾਬ ਗੁਰਮੁਖੀ ਅੱਖਰਾਂ
ਵਿੱਚ ਛਾਪਣ ਦੀ ਗੱਲ ਤੋਰ ਚੁਕੇ ਸਨ ਪਰ ਨਤੀਜੇ ਤੇ ਨਾ ਪਹੁੰਚ ਸਕੇ। ਵਤਨ ਪਰਤ ਕੇ ਚੇਤਨਾ ਪ੍ਰਕਾਸ਼ਨ ਤੋਂ ਇਸ ਦੀ ਤਿਆਰੀ ਆਰੰਭੀ ਤਾਂ
ਤਾਹਿਰਾ ਨੇ ਦੱਸਿਆ ਕਿ ਤੁਸੀਂ ਖੇਚਲ ਨਾ ਕਰਨਾ ਹੁਣ ਇਹ ਨਿਊਯਾਰਕ (ਅਮਰੀਕਾ ) ਵੱਸਦੇ ਪੰਜਾਬੀ ਕਵੀ ਤਰਲੋਕਬੀਰ ਨੇ ਉਸ ਦੀ ਕਿਤਾਬ
'ਸ਼ੀਸ਼ਾ' ਗੁਰਮੁਖੀ ਚ ਲਿਪੀਅੰਤਰ ਕਰਕੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਦੇ ਦਿੱਤੀ ਹੈ। ਹੁਣ ਇਹ ਸੇਵਾ ਉਹ ਕਰਨਗੇ।
ਮੈਨੂੰ ਬਹੁਤ ਹੀ ਚੰਗਾ ਲੱਗਾ ਕਿ ਮੇਰੇ ਮਿੱਤਰ ਤਰਲੋਕਬੀਰ ਜੀ ਨੇ ਇਹ ਨੇਕ ਕਾਰਜ ਹੱਥ ਵਿੱਚ ਲਿਆ ਹੈ। ਇਸ ਕਿਤਾਬ ਦੇ ਮੇਰੀ ਜਾਣਕਾਰੀ
ਮੁਤਾਬਕ ਹੁਣ ਤੀਕ ਦੋ ਸੰਸਕਰਨ ਛਪ ਚੁਕੇ ਹਨ।
ਉਸ ਦੀਆਂ ਸੰਪਾਦਿਤ ਬੋਲੀਆਂ ਦੀ ਕਿਤਾਬ “ਬੋਲਦੀ ਮਿੱਟੀ“ ਵੀ ਸ: ਗੁਰਦੇਵ ਸਿੰਘ ਪੰਧੇਰ ਜੀ ਨੇ ਲਿਪੀਅੰਤਰ ਕਰ ਦਿੱਤੀ ਹੈ ਜੋ ਲਾਹੌਰ ਬੁੱਕ
ਸ਼ਾਪ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ। ਸ਼ਾਇਦ “ਸ਼ੀਸ਼ਾ “ ਦਾ ਨਵਾਂ ਸੰਸਕਰਨ ਵੀ ਉਨ੍ਹਾਂ ਪ੍ਰਕਾਸ਼ਿਤ ਕੀਤਾ ਹੈ।
ਤਾਹਿਰਾ ਸਰਾ ਪਹਿਲਾਂ ਸਰਕਾਰੀ ਪਾਲੀਟੈਕਨਿਕ ਬਸਤੀ ਢਾਬਾਂ ਸਿੰਘ ਵਿੱਚ ਕੰਪਿਊਟਰ ਦੀ ਅਧਿਆਪਕਾ ਸੀ ਪਰ ਹੁਣ ਕੁਝ ਅਰਸੇ ਤੋਂ ਟੋਰੰਟੋ
( ਕੈਨੇਡਾ) ਵੱਸਦੀ ਹੈ। ਪਾਕਿਸਤਾਨ ਰਹਿੰਦਿਆਂ ਉਹ ਪੰਜਾਬੀ ਜ਼ਬਾਨ ਦੀ ਹੱਕੀ ਲੜਾਈ ਲੜਨ ਵਾਲੇ ਲਿਖਾਰੀਆਂ ਦੀ ਵੱਡੀ ਧਿਰ ਸੀ। ਹੁਣ
ਵੀ ਉਹ ਮਾਂ ਬੋਲੀ ਪੰਜਾਬੀ ਦੀ ਅੰਤਰ ਰਾਸ਼ਟਰੀ ਪੱਧਰ ਤੇ ਝੰਡਾ ਬਰਦਾਰ ਹੈ।
- ਗੁਰਭਜਨ ਗਿੱਲ
