Punjabi Poetry : Tahira Sara

ਪੰਜਾਬੀ ਕਵਿਤਾਵਾਂ : ਤਾਹਿਰਾ ਸਰਾ



ਉਹਦਾ ਚੇਤਾ ਨਾਲ ਹੁੰਦਾ ਏ

ਉਹਦਾ ਚੇਤਾ ਨਾਲ ਹੁੰਦਾ ਏ। ਇੱਕ ਇੱਕ ਸ਼ਿਅਰ ਕਮਾਲ ਹੁੰਦਾ ਏ। ਕਿਸੇ ਵੀ ਗੱਲ ’ਤੇ ਅੜ ਜਾਂਦਾ ਏ, ਦਿਲ ਤੇ ਜ਼ਿੱਦੀ ਬਾਲ ਹੁੰਦਾ ਏ। ਆ ਜਾਂਦਾ ਏ ਚੰਦਰਾ ਸਾਵਣ, ਫਿਰ ਜੋ ਮੇਰਾ ਹਾਲ ਹੁੰਦਾ ਏ। ਹਿਜਰ ਨੂੰ ਕੁਸ਼ਤਾ ਕਰਦੀ ਪਈ ਆਂ, ਵੇਖੋ ਕਦੋਂ ਵਿਸਾਲ ਹੁੰਦਾ ਏ। ਧੀ ਨੂੰ ਕਿਉਂ ਤੂੰ ਭੈੜਾ ਆਖੇਂ, ਧੀਆਂ ਲੁੱਟ ਦਾ ਮਾਲ ਹੁੰਦਾ ਏ? ਅੱਧੇ ਘੰਟੇ ਬਾਅਦ ਆਵੇਂਗਾ, ਅੱਧਾ ਘੰਟਾ ਸਾਲ ਹੁੰਦਾ ਏ! ਕੱਚੇ ਦੁੱਧ ਦੇ ਵਾਂਗ ਇਹ ਅੱਥਰੂ, ਕੜ੍ਹ ਕੜ੍ਹ ਗਾੜ੍ਹਾ ਲਾਲ ਹੁੰਦਾ ਏ।

ਤੈਨੂੰ ਇੰਜ ਨਿਗਾਹਵਾਂ ਲੱਭਣ

ਤੈਨੂੰ ਇੰਜ ਨਿਗਾਹਵਾਂ ਲੱਭਣ। ਮਰਦੇ ਜੀਕੂੰ ਸਾਹਵਾਂ ਲੱਭਣ। ਅੱਜ ਵੀ ਮੇਰੀਆਂ ਝੱਲੀਆਂ ਨਜ਼ਰਾਂ, ਮੇਰੇ ਵਿੱਚ ਪਰਛਾਵਾਂ ਲੱਭਣ। ਦਿਲ ਦੇ ਦੀਵੇ ਬੁੱਝੇ ਪਏ ਨੇ, ਹੁਣ ਕੀ ਏਥੋਂ 'ਵਾਵਾਂ ਲੱਭਣ। ਸੁਸਤੀ ਮਾਰੀ ਸੋਚ ਇਹ ਆਂਹਦੀ, ਤੁਰੀਏ ਤਾਂ ਤੇ ਰਾਹਵਾਂ ਲੱਭਣ। ਮੈਂ ਸੁਪਨੇ ਵਿੱਚ ਸੁਪਨਾ ਤੱਕਿਆ, ਮੈਨੂੰ ਤੇਰੀਆਂ ਬਾਹਵਾਂ ਲੱਭਣ।

ਜੇ ਮਰਜ਼ੀ ਏ ਤੇਰੀ ਬੱਸ

ਜੇ ਮਰਜ਼ੀ ਏ ਤੇਰੀ ਬੱਸ। ਲੈ ਫਿਰ ਤੇਰੀ ਮੇਰੀ ਬੱਸ। ਡੁੱਬਣ ਦੇ ਲਈ ਕਾਫ਼ੀ ਏ, ਅੱਖ ਦੀ ਘੁੰਮਣਘੇਰੀ ਬੱਸ। ਪਿਆਰ ਤੇ ਸਭ ਨੂੰ ਹੁੰਦਾ ਏ, ਹੁੰਦੀ ਨਹੀਂ ਦਲੇਰੀ ਬੱਸ। ਉਹ ਤੇ ਮੇਰਾ ਹੋਇਆ ਸੀ, ਮੈਂ ਵੀ ਹੋਈ ਬਥੇਰੀ, ਬੱਸ। ਮੈਂ ਤਾਂ ਰੁੱਤ ਗੁਲਾਬਾਂ ਦੀ, ਉਹ ਸੀ ਇਕ ਹਨ੍ਹੇਰੀ ਬੱਸ।

ਭਾਵੇਂ ਉਹਦੇ ਸਾਹਵੇਂ ਮੁੱਕਰ ਜਾਨੀ ਆਂ

ਭਾਵੇਂ ਉਹਦੇ ਸਾਹਵੇਂ ਮੁੱਕਰ ਜਾਨੀ ਆਂ । ਸੱਚੀ ਗੱਲ ਏ ਮੈਂ ਵੀ ਓਦਰ ਜਾਨੀ ਆਂ । ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ, ਰਸਮਾਂ ਵਿੱਚ ਈ ਖਿੱਲਰ ਪੁੱਲਰ ਜਾਨੀ ਆਂ। ਯਾਦ ਵੀ ਮਿਕਨਾਤੀਸੀ ਵਾਅ ਦਾ ਬੁੱਲਾ ਏ , ਜਿੱਧਰੋਂ ਆਵੇ ਓਧਰ ਉੱਲਰ ਜਾਨੀ ਆਂ। ਸਾਰੀ ਰਾਤ ਮੈਂ ਸੁਫ਼ਨੇ ਉਣਦੀ ਥੱਕਦੀ ਨਹੀਂ, ਦਿਨ ਚੜਦੈ ਤੇ ਖ਼ਵਰੇ ਕਿੱਧਰ ਜਾਨੀ ਆਂ। ਹੌਲੀ ਜਹੀ ਉਹ ਮੈਨੂੰ ਤਾਹਿਰਾ ਕਹਿੰਦਾ ਏ, ਉੱਡਦੀ ਉੱਡਦੀ ਅੰਬਰ ਤੀਕਰ ਜਾਨੀ ਆਂ।

ਦੱਸ ਮੈਂ ਆਪਣੇ ਆਪ ਦੀ ਮੁਨਕਰ ਨਹੀਂ ਹੋਈ

ਦੱਸ ਮੈਂ ਆਪਣੇ ਆਪ ਦੀ ਮੁਨਕਰ ਨਹੀਂ ਹੋਈ। ਨਹੀਂ ਤੇ ਤੇਰੇ ਪਿੱਛੇ ਕਾਫ਼ਰ ਨਹੀਂ ਹੋਈ? ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਵੀ, ਮੈਂ ਸ਼ਮਲੇ ਦੇ ਕੱਦ ਬਰਾਬਰ ਨਹੀਂ ਹੋਈ । ਉਹ ਮੇਰੇ ਲਈ ਤਾਰੇ ਤੋੜ ਲਿਆਇਆ ਏ , ਦਿਲ ਦੀ ਧਰਤੀ ਐਵੇਂ ਅੰਬਰ ਨਹੀਂ ਹੋਈ। ਤਿੰਨ ਫੁੱਟ ਉੱਤੇ ਆਂ ਤੇ ਤੀਹ ਫੁੱਟ ਥੱਲੇ ਆਂ, ਮੈਂ ਜਿੰਨੀ ਆਂ ਓਨੀ ਜ਼ਾਹਰ ਨਹੀਂ ਹੋਈ । ਜੋ ਜੋ ਕਹਿੰਦਾ ਏਂ ਮੈਂ ਮੰਨੀ ਜਾਨੀ ਆਂ, ਗੱਲ ਅਜੇ ਤੱਕ ਸਮਝੋਂ ਬਾਹਰ ਨਹੀਂ ਹੋਈ। ਸੋਚ ਜ਼ਰਾ ਤੂੰ ਇੰਜ ਦੀ ਕੋਈ ਸੱਧਰ ਹੈ, ਜਿਹੜੀ ਤੈਨੂੰ ਵੇਖ ਕੇ ਤਿੱਤਰ ਨਹੀਂ ਹੋਈ । ਵੇਖਣ ਵਾਲੇ ਵੇਖਕੇ ਪੱਥਰ ਹੋ ਗਈ ਏ , ਤਾਹਿਰਾ ਸ਼ੀਸ਼ਾ ਵੇਖ ਕੇ ਪੱਥਰ ਨਹੀਂ ਹੋਈ।

ਉਹ ਕਹਿੰਦਾ ਏ ਬੋਲੋ ਨਾ

ਉਹ ਕਹਿੰਦਾ ਏ ਬੋਲੋ ਨਾ ਅੰਨ੍ਹੇ ਹੋ ਜਾਓ, ਵੇਖੋ ਨਾ ਪਾਣੀ ਮੁੱਕਦਾ ਜਾਂਦਾ ਜੇ ਗੱਲ ਗੱਲ ਉੱਤੇ ਰੋਵੋ ਨਾ ਉਹ ਜੋ, ਸਾਡੇ ਅੰਦਰ ਏ ਉਹਦੇ ਅੱਗੇ ਕੁਸਕੋ ਨਾ ਵੇਖੋ ! ਦੁਨੀਆ ਅੰਨ੍ਹੀ ਨਈਂ ਲੰਮੀਆਂ ਲੰਮੀਆਂ ਛੱਡੋ ਨਾ ਜੀਵਨ ਔਖਾ ਹੁੰਦਾ ਏ ਜੇ ਦੂਜੇ ਨੂੰ ਸਮਝੋ ਨਾ ਮੇਰੇ ਆਖੇ ਲੱਗੋਗੇ ? ਵੱਖ ਹੋਵਣ ਦਾ ਸੋਚੋ ਨਾ ਵੱਖੋ ਵੱਖ ਦੁਕਾਨਾਂ ਨੇ ਧਰਮਾਂ ਉੱਤੇ ਵੱਸੋ ਨਾ ਸੱਚੇ ਓ ਜਾਂ ਝੂਠੇ ਓ ਤਾਹਿਰਾ ਗੱਲ ਤੋਂ ਭੱਜੋ ਨਾ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਈਂ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ । ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜ਼ਾਇਜ਼ ਏ ਸਭ, ਮੈਂ ਕਹਿੰਨੀ ਆਂ ਊੰ ਹੂੰ ਹੇਰਾ ਫੇਰੀ ਨਹੀਂ। ਕਿੱਸਰਾਂ ਡਰ ਦਾ ਘੁਣ ਖਾ ਜਾਂਦੈ ਨੀਂਦਰ ਨੂੰ, ਤੂੰ ਕੀ ਜਾਣੇ ਤੇਰੇ ਘਰ ਜੇ ਬੇਰੀ ਨਹੀਂ। ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ, ਕੀ ਕਹਿੰਨਾਂ ਏਂ ਜਿੰਨੀ ਹੋਈ ਬਥੇਰੀ ਨਹੀਂ ? ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਈ ਲਹੂ ਦਿਸੇਗਾ ਕੰਧਾਂ ਉੱਤੇ ਕੇਰੀ ਨਹੀਂ ਚਰਖ਼ੇ ਉੱਤੇ 'ਤਾਹਿਰਾ' ਦੁੱਖ ਹੀ ਕੱਤੇ ਨੇ ਛੱਲੀ ਤੇ ਮੈਂ ਇਕ ਵੀ ਅਜੇ ਉਟੇਰੀ ਨਹੀਂ 'ਤਾਹਿਰਾ' ਪਿਆਰ ਦੀ ਖ਼ੌਰੇ ਕਿਹੜੀ ਮੰਜ਼ਲ ਏ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ

ਫੜ ਕੇ ਹੱਥ ਲਕੀਰਾਂ ਹੱਥ ਕੀ ਆਇਆ ਏ

ਫੜ ਕੇ ਹੱਥ ਲਕੀਰਾਂ ਹੱਥ ਕੀ ਆਇਆ ਏ । ਖਿੱਦੋ ਬਣ ਕੇ ਲੀਰਾਂ ਹੱਥ ਕੀ ਆਇਆ ਏ । ਕੋਰੇ ਕਾਗ਼ਜ਼ ਐਵੇਂ ਉਡਦੇ ਫਿਰਦੇ ਨੇ, ਅਣਲਿਖੀਆਂ ਤਹਿਰੀਰਾਂ ਹੱਥ ਕੀ ਆਇਆ ਏ। ਮਿਰਜ਼ੇ ਨੂੰ ਤੇ ਇਸ਼ਕ ਸਲਾਮਤ ਰੱਖੇਗਾ , ਸਾਹਿਬਾਂ! ਤੇਰੇ ਵੀਰਾਂ ਹੱਥ ਕੀ ਆਇਆ ਏ ? ਹਿੰਮਤ ਵਾਲੇ ਬਾਜ਼ੀ ਜਿੱਤ ਕੇ ਲੈ ਗਏ ਨੇ, ਵਿਹਲੜੀਆਂ ਤਕਦੀਰਾਂ ਹੱਥ ਕੀ ਆਇਆ ਏ। ਸ਼ੀਸ਼ੇ ਅੱਗੇ ਸ਼ੀਸ਼ਾ ਧਰਿਆ ਵੇਲੇ ਨੇ, ਦੋ ਰੁਖ਼ੀਆਂ ਤਸਵੀਰਾਂ ਹੱਥ ਕੀ ਆਇਆ ਏ। ਬਾਲਾ ਨਾਥਾ! ਹੀਰ ਨੇ ਜ਼ਹਿਰਾਂ ਖਾ ਲਈਆਂ, ਤੇਰੇ ਪੰਜਾਂ ਪੀਰਾਂ ਹੱਥ ਕੀ ਆਇਆ ਏ। ਝੱਲੀ ਤਾਹਿਰਾ ਨੂੰ ਵੀ ਮੈਂ ਸਮਝਾਉਂਦੀ ਰਹੀ, ਸੱਸੀਆਂ, ਸੋਹਣੀਆਂ, ਹੀਰਾਂ ਹੱਥ ਕੀ ਆਇਆ ਏ।

ਕੰਧਾਂ ਕੋਠੇ ਡੋਰੇ ਹੋ ਗਏ ਸੁਣ ਸੁਣ ਰੌਲ਼ੇ ਅੱਖਾਂ ਦੇ

ਕੰਧਾਂ ਕੋਠੇ ਡੋਰੇ ਹੋ ਗਏ ਸੁਣ ਸੁਣ ਰੌਲ਼ੇ ਅੱਖਾਂ ਦੇ। ਐਵੇਂ ਤੇ ਨਹੀਂ ਇੱਟਾਂ ਵਿਚੋਂ ਪੈਂਦੇ ਝੌਲ਼ੇ ਅੱਖਾਂ ਦੇ। ਇਕਲਾਪੇ ਨੇ ਲੂੰ ਲੂੰ ਦੇ ਨਾਂ ਉਮਰਾਂ ਲਾਈਆਂ ਹੋਈਆਂ ਸੀ ਤੂੰ ਆਇਉਂ ਤੇ ਵਸਮਾ ਲਾ ਕੇ ਬਹਿ ਗਏ ਧੌਲ਼ੇ ਅੱਖਾਂ ਦੇ। ਦਿਲ ਏ ਜਿੱਸਰਾਂ ਬੋਟ ਚਿੜੀ ਦਾ ਬਾਲਾਂ ਦੇ ਹੱਥ ਆ ਜਾਵੇ, ਜੀਵਨ ਜਿੱਸਰਾਂ ਪੈ ਗਏ ਹੋਵਣ ਸੁਫ਼ਨੇ ਹੌਲ਼ੇ ਅੱਖਾਂ ਦੇ। ਵਾ ਵਰੋਲੇ ਯਾਦਾਂ ਦੇ ਪਏ ਰਸਮਾਂ ਵਾਂਗ ਡਰਾਉਂਦੇ ਨੇ, ਤਾਂਘਾਂ ਦੇ ਮੈਂ ਢਾਰੇ ਛੱਤੇ ਕਰ ਕੇ ਕੌਲ਼ੇ ਅੱਖਾਂ ਦੇ। ਫੁੱਲਾਂ ਵਾਂਗ ਫਲੂਹੇ ਖਿੜ ਪਏ ਤਾਹਿਰਾ ਅੱਜ ਸਿਰਹਾਣੇ ਤੇ, ਪੂਰੇ ਚੰਨ ਦੀ ਰਾਤ ਸੀ ਰਾਤੀਂ ਪਾਣੀ ਖੌਲ਼ੇ ਅੱਖਾਂ ਦੇ।

ਜਾਹ ਨੀ ਪਿੱਛਲ ਪੈਰੀਏ ਸਾਹਿਬਾਂ !

ਜਾਹ ਨੀ ਪਿੱਛਲ ਪੈਰੀਏ ਸਾਹਿਬਾਂ ! ਮਾਣ ਵਧਾਇਆ ਈ ਵੀਰਾਂ ਦਾ। ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ । ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿੱਚ ਲਕੀਰਾਂ ਦਾ, ਇੰਜ ਈ ਸਮਝੋ ਜਿੱਸਰਾਂ ਗੁੱਛਾ ਕਿੱਕਰ ਟੰਗੀਆਂ ਲੀਰਾਂ ਦਾ। ਸ਼ਕਲਾਂ ਉੱਤੇ ਸ਼ਕਲਾਂ ਚੜ੍ਹੀਆਂ, ਜੋ ਦਿਸਦਾ ਏ ਹੁੰਦਾ ਨਹੀਂ, ਮੈਨੂੰ ਪੁੱਛੋ ਵੇਖ ਰਹੀ ਆਂ, ਦੂਜਾ ਰੁਖ਼ ਤਸਵੀਰਾਂ ਦਾ। ਆਪਣੇ ਅਮਲੀਂ ਆਪੇ ਮਰਦੇ, ਕਰਨੀ ਭਰਨੀ ਹੁੰਦੀ ਏ, ਕਮਲ਼ੇ ,ਝੱਲੇ,ਭੋਲੇ ਲੋਕੀਂ ਨਾਂ ਲਾਉਂਦੇ ਤਕਦੀਰਾਂ ਦਾ। ਆਪਣੇ ਦਰ ਦੀ ਬਾਂਦੀ ਸਮਝਝੇਂ,ਮੰਗਤੀ ਸਮਝੇਂ ਸਮਝੀ ਜਾ, ਇਹ ਵੀ ਸੋਚ ਕਿ ਹੱਥ ਹੁੰਦਾ ਏ ਮਹਿਲਾਂ ਹੇਠ ਫ਼ਕੀਰਾਂ ਦਾ। ਰਾਂਝੇ ਤਖ਼ਤ ਹਜ਼ਾਰੇ ਬੈਠੇ ਝੰਗ ਮੰਘਿਆਣੇ ਕੈਦੋ ਨੇ, ਖੇੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਈ ਵਾਰਿਸ ਹੀਰਾਂ ਦਾ। ਤਾਹਿਰਾ ਮੈਂ ਤੇ ਲਿਖ ਛੱਡਨੀ ਆਂ ਰਾਮ ਕਹਾਣੀ ਵੇਲੇ ਦੀ, ਭਾਵੇਂ ਅੱਖਾਂ ਲੂਸਣ ਪਈਆਂ ਤੱਕ ਤੱਕ ਮੂੰਹ ਤਹਿਰੀਰਾਂ ਦਾ।

ਮਿੱਟੀ ਅੱਗ ਤੇ ਪਾਣੀ ਚੁੱਪ ਏ

ਮਿੱਟੀ ਅੱਗ ਤੇ ਪਾਣੀ ਚੁੱਪ ਏ। ਤਾਂਹੀ ਹਵਾ ਮਰਜਾਣੀ ਚੁੱਪ ਏ। ਇਹਦਾ ਮਤਲਬ ਕੀ ਸਮਝਾਂ, ਤੰਦ ਟੁੱਟੀ ਤੇ ਤਾਣੀ ਚੁੱਪ ਏ। ਕੀ ਬੋਲਾਂ ਤੇ ਕੀ ਨਾ ਬੋਲਾਂ, ਮੇਰੀ ਅਸਲ ਕਹਾਣੀ ਚੁੱਪ ਏ। ਝਿੜਕਣ ਵਾਲੇ ਧੋਖੇ ਵਿੱਚ ਨੇ, ਪਾਣੀ ਵਿੱਚ ਮਧਾਣੀ ਚੁੱਪ ਏ। ਤੇਰੇ ਨਾਲ ਸੀ ਪੈਲਾਂ ਪਾਉਂਦੀ, ਹੁਣ ਕਿਉਂ ਜਿੰਦ ਨਿਮਾਣੀ ਚੁੱਪ ਏ। ਬੋਲ ਰਹੀ ਏ ਅੱਖਾਂ ਵਾਲੀ, ਅੰਨ੍ਹੀ ਬੋਲ਼ੀ ਕਾਣੀ ਚੁੱਪ ਏ। ਚੁੱਪ ਦੇ ਅੱਗੇ ਚੁੱਪ ਏ ਤਾਹਿਰਾ, ਕਦ ਤੱਕ ਹੋਰ ਹੰਢਾਣੀ ਚੁੱਪ ਏ।

ਅਨਿਆਂ

ਨੌਂ ਮਹੀਨੇ ਕੁੱਖੇ ਰੱਖਾਂ। ਮੌਤ ਦੇ ਮੂੰਹ ’ਚੋਂ ਮੁੜ ਕੇ ਜੰਮਾਂ। ਰੱਤ ਚੁੰਘਾ ਕੇ ਪਾਲਾਂ ਪੋਸਾਂ। ਵਲਦੀਅਤ ਦੇ ਖ਼ਾਨੇ ਦੇ ਵਿੱਚ ਉਹਦਾ ਨਾਂ। ਕਿਹੜਾ ਮੇਰਾ ਕਰੇ ਨਿਆਂ? ਸੋਹਣਿਆ ਰੱਬਾ ਡਾਢਿਆ ਰੱਬਾ ਤੂੰ ਆਦਮ ਦਾ ਬੁੱਤ ਬਣਾਇਆ। ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ। ਮੈਨੂੰ ਮਿਹਣਿਆਂ ਜੋਗੀ ਛੱਡਿਆ। ਪਸਲੀ ਵਿੱਚੋਂ ਨਿਕਲੀ ਏਂ ਕਿ ਪਸਲੀ ਵਾਂਗ ਈ ਟੇਢੀ ਏਂ? ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਜੀ। ਸੋਹਣਿਆ ਰੱਬਾ। ਡਾਢਿਆ ਰੱਬਾ। ਉਹਦਿਆ ਰੱਬਾ।

ਸੁਪਨਾ

ਪਿਛਲੀ ਰਾਤੀਂ ਜਾਗੋ ਮੀਟੀ ਸੁਫ਼ਨੇ ਵਿੱਚ ਅੰਮ੍ਰਿਤਾ ਮੈਨੂੰ ਕਹਿ ਗਈ ਏ ਇਸ਼ਕ ਕਿਤਾਬ ਦਾ ਅਗਲਾ ਵਰਕਾ ਫ਼ੋਲ ਦੇ। ਕਬਰਾਂ ਵਿੱਚੋਂ ਵਾਰਿਸ ਸ਼ਾਹ ਨਹੀਂ ਬੋਲਦੇ।

ਮੈਂ ਬੋਲਣਾ ਸਿੱਖ ਲਿਐ

ਮੈਂ ਬੋਲਣਾ ਸਿੱਖ ਲਿਐ ਬੇਬੇ ਨੀ ਉਹ ਕੌਣ ਸੀ ਜੋ ਤੇਰੀਆਂ ਆਂਦਰਾਂ ਨਾਲ ਮੰਜੀ ਉਣਦਾ ਰਿਹਾ। ਧਰਤੀ ਦੀ ਧੌਣ ਭਾਵੇਂ ਉੱਚੀ ਹੋਵੇ ਭਾਵੇਂ ਨੀਵੀਂ ਬੇ ਹਕੀਕਤਾ ਆਸਮਾਨ ਇਹਦਾ ਕੁਝ ਨਹੀਂ ਵਿਗਾੜ ਸਕਦਾ। ਇਹਨੂੰ ਆਖ ਖਾਂ ਮੇਰੇ ’ਤੇ ਡਿੱਗ ਕੇ ਵਿਖਾਵੇ। ਬੇਬੇ ਨੀ ਬੱਚੇ ਖਾ ਕੇ ਵੀ ਸ਼ੇਰਾਂ ਨੇ ਵੀ ਮੂੰਹ ਧੋਤੇ ਨੇ ਇਨ੍ਹਾਂ ਦੇ ਮੂੰਹ ਕੌਣ ਧੋਂਦਾ ਏ? ਕਾਲੇ ਪੈਰਾਂ ਵਾਲੇ ਚਿੱਟੇ ਨੰਗੇ ਜਾਨਵਰ ਖੋਤੇ ਨਾ ਘੋੜੇ ਭਾੜੇ ਦੇ ਟੱਟੂ। ਪਰਾਤਾਂ ਢਾਲ ਕੇ ਤੋਪਾਂ ਬਣਾਉਣ ਵਾਲੇ ਹੁਣ ਸਾਡੀਆਂ ਕੌਲੀਆਂ ਖੋਹ ਕੇ ਨੋਟ ਛਾਪਣ ਵਾਲੀਆਂ ਮਸ਼ੀਨਾਂ ਪਏ ਬਣਾਉਂਦੇ ਨੇ। ਬੇਬੇ ਨੀ ਮੈਨੂੰ ਨੀਂਦਰ ਆਈ ਏ। ਪਰ ਮੈਂ ਸੁਪਨਿਆਂ ਤੋਂ ਡਰਦੀ ਸੌਂਦੀ ਨਹੀਂ। ਪਹਿਲੇ ਅਜੇ ਪੂਰੇ ਨਹੀਂ ਹੋਏ ਉੱਤੋਂ ਨਵਿਆਂ ਨੇ ਘੇਰਾ ਘੱਤ ਲਿਆ। ਖੌਰੇ ਮੈਨੂੰ ਸੰਗਸਾਰ ਕਰਦੇ ਨੇ। ਪਰ ਮੈਂ ਹੁਣ ਅੱਖਾਂ ਬੰਦ ਨਹੀਂ ਕਰਨੀਆਂ। ਜਿੰਨਾ ਚਿਰ ਖੁੱਲ੍ਹੀਆਂ ਨੇ ਜਿਊਂਦੀ ਆਂ। ਬੇਬੇ ਨੀ ਮੇਰੀ ਭੈਣ ਕਹਿੰਦੀ ਏ ਤੈਨੂੰ ਚਾਦਰ ਲੈਣ ਦਾ ਵਲ਼ ਨਹੀਂ। ਹਰ ਸਾਹ ਲੈਂਦੀ ਸ਼ੈਅ ਨਾਲ ਮੇਰਾ ਸਾਹ ਦਾ ਰਿਸ਼ਤਾ ਏ? ਮੈਂ ਚਿੱਟੀ ਚਾਦਰ ਕੀ ਕਰਨੀ ਏਂ? ਬੇਬੇ ਨੀ ਮੈਥੋਂ ਰੀਝਾਂ ਵੇਲ ਵੇਲ ਤਵੇ ’ਤੇ ਨਹੀਂ ਪਾ ਹੁੰਦੀਆਂ। ਮੈਂ ਵਿਚਾਰੀ ਨਹੀਂ ਬਣਨਾ। ਗੱਲ ਕਰਾਂਗੀ ਮੇਰੇ ਤੋਂ ਮਿਰਚਾਂ ਵਾਰ ਮੈਂ ਬੋਲਣਾ ਸਿੱਖ ਲਿਐ!

ਬੋਲੀਆਂ

ਨੀ ਮੈਂ ਪੱਗ ਥੱਲੇ ਆ ਕੇ ਮਰ ਗਈ, ਕਿਸੇ ਨੇ ਮੇਰੀ ਕੂਕ ਨਾ ਸੁਣੀ। ਅਜੇ ਦੂਰ ਤੱਕ ਨਹੀਂ ਪਿਆ ਦਿਸਦਾ , ਜਿਨੂੰ ਏਸ ਹੱਥ ਲਾਵਣਾ। ਅਸੀਂ ਹੱਥਾਂ 'ਚ ਪਾਜ਼ੇਬਾਂ ਪਾਈਆਂ , ਉਂਗਲਾਂ ਤੇ ਟੁਰਨਾ ਪਿਆ। ਸਾਡੇ ਪੁੱਠਿਆਂ ਹੱਥਾਂ ਤੇ ਮਹਿੰਦੀ ਸਿੱਧੀਆਂ ਤੇ ਲੀਕਾਂ ਵੱਜੀਆਂ। ਤੇਰੇ ਆਉਣ ਤੇ ਮੇਲਾ ਫੱਬਣਾ, ਮੁੰਡਿਆ ਕਣਕ ਰੰਗਿਆ। ਸਾਡਾ ਸਫ਼ਰ ਲਮੇਰਾ ਹੋਇਆ, ਲੱਤਾਂ ਵਿੱਚ ਪੈ ਗਏ ਸਰੀਏ। ਜਿਹੜਾ ਕਿਸੇ ਨੂੰ ਸੁਣਾ ਵੀ ਨਾ ਸਕੀਏ , ਦੁੱਖ ਪੜ ਦੁੱਖ ਹੁੰਦਾ ਏ। ਜੀਭਾਂ ਵੱਢੀਆਂ ਹੋਠ ਨੇ ਸੀਤੇ, ਨੱਕ ਵਿੱਚ ਸਾਹ ਫਸਿਆ। ਨਹੀਂ ਪੁੱਜੀਆਂ ਕਿਸੇ ਤੋਂ ਚੂੜੀਆਂ, ਮੈਂ ਐਵੇਂ ਤੇ ਨਹੀਂ ਬਾਹਵਾਂ ਟੁੰਗੀਆਂ। ਅਸੀਂ ਉਹਦੇ ਅੱਗੇ ਹੱਥ ਪੈਰ ਜੋੜਤੇ, ਹਾਰੇ ਦਾ ਨਿਆਂ ਕੀ ਹੁੰਦਾ। ਜੇ ਤੂੰ ਹੁਣ ਵੀ ਨਾ ਏਧਰ ਤੱਕਿਆ ਮੈਂ ਤੇਰੇ ਨਾਲ ਨਹੀਂ ਬੋਲਣਾ। ਜਦੋਂ ਚੰਡੀਆਂ ਨੂੰ ਛਾਲੇ ਪੈਗੇ, ਅੱਖੀਆਂ ਚੋਂ ਧੂੰਆਂ ਨਿਕਲੇ। ਬੁੱਲ੍ਹਾ, ਵਾਰਿਸ, ਫ਼ਰੀਦ ਪੜ੍ਹਾਉ ਧਮਾਕਿਆਂ ਤੋਂ ਜਾਨ ਛੁਟ ਜਾਏ। ਜਦੋਂ ਕੀੜੀਆਂ ਦੇ ਆਟੇ ਡੁੱਲ੍ਹ ਗਏ ਡਿੱਗਿਆਂ ਨੂੰ ਉੱਠਣਾ ਪਿਆ। ਮਾਏ ! ਚੁੰਨੀ ਦੀਆਂ ਵੱਟੀਆਂ ਵਟਾ ਦੇ , ਇਹ ਦੀਵਾ ਸਾਰੀ ਰਾਤ ਜਗਣਾ। ਅਸੀਂ ਮੰਨਿਆ ਇਹ ਦੁਨੀਆ ਏ ਫ਼ਾਨੀ, ਸਾਹ ਹੁਣ ਕਿੱਥੇ ਸੁਟੀਏ? ਘੁੰਢ ਅੱਖੀਆਂ ਚ ਰੱਖਿਆ ਲੁਕਾ ਕੇ, ਖ਼ੌਰੇ ਕਿਵੇਂ ਚੁੱਕਿਆ ਗਿਆ ਅੱਗੇ ਵਧ ਕੇ ਪਿਛਾਂਹ ਨਾ ਜਦ ਹੋਏ, ਪੈਰਾਂ ਨੇ ਜ਼ਮੀਨ ਛੱਡਤੀ ਨੀ ਮੈਂ ਅੱਕ ਦਾ ਦੰਦਾਸਾ ਮਲ਼ ਕੇ, ਖੇੜਿਆਂ ਦੇ ਘਰ ਵੱਸ ਪਈ ਮਾਏ! ਵਾਰ ਮੇਰੇ ਤੋਂ ਮਰਚਾਂ ਬਨੇਰੇ ਉੱਤੇ ਕਾਂ ਬੋਲਿਆ। ਅਸੀਂ ਆਪ ਤਮਾਸ਼ਾ ਬਣ ਗਏ, ਤਮਾਸ਼ੇ ਨਹੀਂ ਸਾਂ ਵੇਖ ਸਕਦੇ ਜੰਝ ਵਿਹੜੇ ਵਿੱਚ ਆਣ ਖਲੋਤੀ, ਪਟੋਲਿਆਂ ਚ ਲੁਕਦੀ ਫਿਰਾਂ ਅਸਾਂ ਪੂਰਾ ਸਾਲ ਹੰਢਾਈਆਂ, ਮਿਲਣ ਦੀਆਂ ਦੋ ਘੜੀਆਂ ਨੀ ਮੈਂ ਭੱਖੜੇ ਦਾ ਸੂਟ ਸਿੰਵਾਇਆ, ਸ਼ਰੀਕੜੇ ਦੀ ਅੱਖ ਪਾਟ ਗਈ ਦੋ ਬੇੜੀਆਂ 'ਚ ਪੈਰ ਜਿੰਨ੍ਹਾਂ ਰੱਖਿਆ, ਸਾਡੇ ਕੋਲੋਂ ਰਾਹ ਪੁੱਛਦੇ ਅਸਾਂ ਬੱਦਲਾਂ ਦੇ ਲੇਫ਼ ਭਰਾਏ, ਪੋਹ ਵਿੱਚ ਸਾਉਣ ਜੰਮਣਾ ਅਜੇ ਦਾਲ ਗਲੀ ਨਹੀਂ ਤੇਰੀ, ਸਾਡੇ ਵਾਲੇ ਰੋੜ ਗਲ਼ ਗਏ ਕੱਲ੍ਹ ਵਾਲਾਂ ਵਿੱਚ ਹੱਥ ਸੀ ਜੋ ਫੇਰਦੇ , ਅੱਜ ਮੇਰੀ ਗੁੱਤ ਵੱਢ ਗਏ ਸਾਡੇ ਕੰਨਾਂ ‘ਚ ਕਰਾਈਆਂ ਮੋਰੀਆਂ, ਅਕਲਾਂ ਨੂੰ ਰਾਹ ਭੁਲ ਗਏ ਅਸੀਂ ਅਪਣੀ ਬਾਲ ਕੇ ਸੇਕੀ, ਦੂਰ ਤੱਕ ਧੂਣੀ ਧੁਖ਼ਦੀ ਤੇਰਾ ਗੱਡ ਜਿੱਡਾ ਲਾਹਮਾ ਮਿਲਿਆ ਤੂੰ ਸਾਡਾ ਕੀ ਲੱਗਨੈਂ ਉਹਦੇ ਖ਼ਤ ਦੀ ਬਣਾ ਕੇ ਫੂਕਣੀ, ਮੈਂ ਸੱਭੇ ਤਸਵੀਰਾਂ ਫੂਕੀਆਂ ਉਹਨੂੰ ਰੱਬ ਦੇ ਹਵਾਲੇ ਕੀਤਾ, ਜਿੰਨ੍ਹੇ ਵੀ ਸਾਡਾ ਦਿਲ ਤੋੜਿਆ ਉਹਦਾ ਭੰਗੜੇ ਚ ਮੁੜ੍ਹਕਾ ਚੋਇਆ, ਧਰਤੀ ਨੂੰ ਭਾਗ ਲੱਗ ਗਏ ਆਟਾ ਗੁੰਨਦੀ ਨੇ ਹੌਕਾ ਭਰਿਆ, ਕਨਾਲੀ ਦੀਆਂ ਕੰਧਾਂ ਉੱਚੀਆਂ ਨੀ ਮੈਂ ਚੁੱਪ ਦੀ ਬਣਾ ਕੇ ਬੇੜੀ, ਅੱਧ ਵਿੱਚਕਾਰ ਡੁੱਬ ਗਈ ਇੱਟਾਂ ਥੱਪਦੀ ਦੇ ਪੋਟੇ ਘਸ ਗਏ, ਨੀਹਾਂ ਵਿੱਚ ਚੰਨ ਤਰਦਾ ਸਾਨੂੰ ਚੁੱਪ ਦੇ ਤਵੀਤ ਦੀ ਗੁੜ੍ਹਤੀ, ਅੱਖਾਂ ਉੱਤੇ ਲਾਲ ਪੱਟੀਆਂ ਨੀ ਮੈਂ ਸੁਫ਼ਨੇ ’ਚ ਸੁਫ਼ਨਾ ਤੱ ਤੱਕਿਆ, ਹਕੀਕਤਾਂ ਤੋਂ ਦੂਰ ਹੋ ਗਈ ਨੱਥ ਪਾ ਕੇ ਬੁੱਲ੍ਹਾਂ ਨੂੰ ਸੀਤਾ, ਵਿੱਚੇ ਵਿੱਚ ਧੁਖ਼ਦੀ ਫਿਰਾਂ। ਮੇਰੇ ਹੱਥ ਵਿੱਚ ਰਹਿ ਗਈ ਪੂਣੀ, ਚਰਖ਼ੇ ਨੇ ਸਾਹ ਕੱਤ ਲਏ। ਸਾਨੂੰ ਪੁੱਠੀਆਂ ਮਿਸਾਲਾਂ ਦੇਂਦੇ ਕੁਕੜੀ ਦੀ ਬਾਂਗ ਨਹੀਂ ਰਵਾਂ ਅੱਖ ਬਾਲ ਕੇ ਚਾਨਣ ਕੀਤਾ, ਮੱਥਿਆਂ ਦੇ ਲੇਖ ਦਿਸ ਪਏ। ਸਾਡੇ ਚਾਰ ਚੁਫ਼ੇਰੇ ਕਿਬਲੇ, ਕਿਹੜੇ ਪਾਸੇ ਮੂੰਹ ਕਰੀਏ। ਮੇਰੀ ਜਿੰਦ ਪੱਤਰਾਂ ਦੀ ਢੇਰੀ, ਚਿਣਗਾਂ ਦਾ ਮੀਂਹ ਵਰ੍ਹਦਾ। ਸੋਹਣੀ ਡੁੱਬ ਕੇ ਝਨਾਂ ਵਿੱਚ ਮਰ ਗਈ, ਘੜਿਆਂ ਚ ਘਾਹ ਉੱਗ ਪਏ। ਦਿਲ ਸੀਨੇ ਵਿੱਚ ਦੋ ਦੋ ਹਥੀਂ ਪਿੱਟਿਆ ਨੀ ਅੱਖੇ ਤੇਰਾ ਕੱਖ ਨਾ ਰਵ੍ਹੇ। ਤੇਰੇ ਹਾਸਿਆਂ ਦੇ ਲਾਰੇ ਕਦੋਂ ਮੁੱਕਣੇ, ਬੁੱਲ੍ਹੀਆਂ ਜੰਗਾਲ ਖਾ ਗਿਆ। ਸਾਡਾ ਜੰਮਣਾ ਮਰਨ ਤੋਂ ਔਖਾ, ਕੁੱਖ ਵਿਚ ਚਾ ਮੁੱਕ ਗਏ ਮੈਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖੇਂ, ਮੈਨੂੰ ਵੀ ਜੇ ਸ਼ੱਕ ਪੈ ਪੈ ਗਿਆ। ਸਾਡਾ ਉਮਰਾਂ ਦਾ ਲੱਥਿਆ ਥਕੇਵਾਂ, ਤੇਰੇ ਨਾਲ ਗੱਲ ਕਰਕੇ। ਅਸਾਂ ਕਿਸ਼ਤਾਂ ਤੇ ਮੌਤ ਖ਼ਰੀਦੀ, ਤੇਰੇ ਨਾਲ ਦਿਲ ਜੋੜ ਕੇ। ਜਿਹੜੇ ਦਿਨ ਦਾ ਮੈਂ ਤੇਰਾ ਬੂਹਾ ਤੱਕਿਆ, ਜ਼ਿੰਦਗੀ ਦੀ ਰਾਤ ਮੁੱਕ ਗਈ ਸਾਡੀ ਕਬਰ ਬਣੀ ਮਜਬੂਰੀ, ਹਾਸਿਆਂ ਦੇ ਫੁੱਲ ਕੇਰ ਜਾ। ਤੇਰਾ ਹਿਜਰ ਸਲਾਮਤ ਅੜਿਆ, ਸਾਡੇ ਵੱਲ ਸਰ੍ਹੋਂ ਖਿੜ ਪਈ। ਉਹਨੂੰ ਜੱਗ ਤੋਂ ਲੁਕਾ ਕੇ ਰੱਖਿਆ, ਫ਼ੇਰ ਵੀ ਨਾ ਤੋੜ ਚੜ੍ਹੀਆਂ। ਦਿਲ ਸੀਨੇ ਵਿੱਚ ਮਾਰਦਾ ਏ ਛਾਲਾਂ, ਅੱਖਾਂ ਪਈਆਂ ਪਾਉਣ ਪਰਦੇ। ਤੈਨੂੰ ਕਿੱਸਰਾਂ ਯਕੀਨ ਦਿਵਾਵਾਂ ਤੇਰੇ ਜਿਹਾ ਹੋਰ ਕੋਈ ਨਾ ਦਿਲ ਰੋਣ ਦੇ ਬਹਾਨੇ ਲੱਭਦਾ, ਤੂੰ ਇਕ ਵਾਰੀ ਨਾਂਹ ਕਰਦੇ ਕਿਸੇ ਅੱਖ ਦਾ ਇਸ਼ਾਰਾ ਕੀਤਾ, ਮੈਂ ਖਿੜ ਕੇ ਗੁਲਾਬ ਹੋ ਗਈ। ਕੰਧਾਂ ਲੈਂਦੀਆਂ ਨੇ ਕੰਨ ਵਿੱਚ ਉਂਗਲਾਂ, ਕੀਹਦੇ ਨਾਲ ਗੱਲ ਕਰੀਏ? ਮੈਨੂੰ ਪਤਾ ਏ ਮੈਂ ਕਿਹੜੇ ਪਾਸੇ ਜਾਵਣਾ, ਤੂੰ ਮੇਰਾ ਰਾਹ ਛੱਡ ਦੇ ਮੱਟ ਨੀਂਦਰਾਂ ਦੇ ਭਰ ਭਰ ਪੀਤੇ, ਅੱਖਾਂ ਨੂੰ ਖ਼ੁਮਾਰੀ ਚੜ੍ਹ ਗਈ। ਵੇ ਤੂੰ ਸਾਹਮਣੇ ਕਿਉਂ ਨਹੀਂ ਆਉਂਦਾ, ਤੈਥੋਂ ਕੀਹਨੇ ਘੁੰਡ ਕੱਢਣਾ। ਮੈਂ ਮਰ ਗਈ ਮੇਰੇ ਸਿਰੇ ਚੜ੍ਹ ਕੇ, ਹਰ ਪਾਸੇ ਤੂੰ ਦਿਸਨੈਂ। ਗੱਲਾਂ ਤਖ਼ਤ ਹਜ਼ਾਰੇ ਛਿੜੀਆਂ, ਖੇੜਿਆਂ ਨੂੰ ਹੀਰ ਲੈ ਗਈ । ਕੋਈ ਪਿਆਰ ਕਰੇ ਤੇ ਚੋਰੀ, ਲੜਾਈਆਂ ਸਰੇਆਮ ਹੁੰਦੀਆਂ। ਤੇਰੇ ਸ਼ਮਲੇ ਦਾ ਬੇੜਾ ਤਰਿਆ, ਚੁੰਨੀਆਂ ਦੇ ਰੰਗ ਉੱਡ ਗਏ। ਸਿਰ ਚੁੱਕ ਕੇ ਧਮਾਲਾਂ ਪਾਈਏ, ਝੁਕਿਆ ਨੂੰ ਕੌਣ ਪੁੱਛਦਾ। ਧੀ ਲੇਖਾਂ ਦੇ ਹਵਾਲੇ ਕਰਕੇ, ਪੁੱਤਰਾਂ ਤੇ ਮਾਣ ਬਾਬਲਾ। ਅਜੇ ਅੱਖ ਨਹੀਂ ਸੀ ਦੁਨੀਆਂ ਤੇ ਖੋਲ੍ਹੀ, ਮਾਪਿਆਂ ਦੇ ਸਿਰ ਝੁਕ ਗਏ। ਆ ਚੁੱਕ ਕੇ ਛਤੀਰ ਵਖਾਈਏ, ਨੀ ਜ਼ਾਤ ਦੀਏ ਕੋਹੜ ਕਿਰਲੀਏ। ਨੀ ਮੈਂ ਅੱਕ ਦਾ ਦੰਦਾਸਾ ਮਲ ਕੇ, ਖੇੜਿਆਂ ਦੇ ਘਰ ਵੱਸ ਗਈ। ਨੀ ਮੈਂ ਭੱਖੜੇ ਦਾ ਸੂਟ ਸਿੰਵਾਇਆ, ਸ਼ਰੀਕੜੇ ਦੀ ਅੱਖ ਪਾਟ ਗਈ। ਮਾਏ ਚੁੰਨੀ ਦੀਆਂ ਵੱਟੀਆਂ ਵਟਾ ਦੇ, ਦੀਵਾ ਸਾਰੀ ਰਾਤ ਜਗਣਾ।

ਚੇਤਾ ਰੱਖੀਂ ਭੁੱਲੀਂ ਨਾ

ਚੇਤਾ ਰੱਖੀਂ ਭੁੱਲੀਂ ਨਾ । ਰੰਗਾਂ ਉੱਤੇ ਡੁੱਲੀਂ ਨਾ। ਜੇ ਤੂੰ ਵਿਕਣਾ ਚਾਹੁੰਦਾ ਨਹੀਂ ਮੇਰੀ ਮੰਨ ਤੇ ਤੁੱਲੀਂ ਨਾ । ਤੇਰੇ ਤੇ ਦਿਲ ਆਇਆ ਏ, ਪਰ ਇਸ ਗੱਲ ਤੇ ਫੁੱਲੀਂ ਨਾ। ਹੁਸਨ ਕਿਤਾਬ ਨੂੰ ਵੇਖੀ ਜਾ । ਅੜਿਆ! ਵਰਕਾ ਥੁੱਲੀਂ ਨਾ । ਦੁਨੀਆਂ ਡਾਹਢੀ ਘੁੰਨੀ ਏ, ਤਾਹਿਰਾ ਐਵੇਂ ਖੁੱਲ੍ਹੀਂ ਨਾ।

ਤਿੜਕੀ ਅੱਖ ਦੇ ਸ਼ੀਸ਼ੇ ਵਰਗੀ ਹੋ ਗਈ ਆਂ

ਤਿੜਕੀ ਅੱਖ ਦੇ ਸ਼ੀਸ਼ੇ ਵਰਗੀ ਹੋ ਗਈ ਆਂ। ਮਾਰੂਥਲ ਦੇ ਟੀਲੇ ਵਰਗੀ ਹੋ ਗਈ ਆਂ । ਮਾਏ ਨੀ!ਮੈਂ ਕਿੱਥੇ ਜਾ ਫ਼ਰਿਆਦ ਕਰਾਂ, ਉਹਦੀ ਨਹੀਂ ਮੈਂ ਜੀਹਦੇ ਵਰਗੀ ਹੋ ਗਈ ਆਂ। ‘ਵਾ ਪੁਰੇ ਦੀ ਮੇਰੇ ਅੱ ਗੇ ਝੁਰਦੀ ਏ, ਹੁਣ ਤੇ ਅੜੀਏ! ਹੌਕੇ ਵਰਗੀ ਹੋ ਗਈ ਆਂ। ਕਿੰਨੇ ਲੰਮੇ ਹੱਥ ਨੇ ਤੇਰੀਆਂ ਯਾਦਾਂ ਦੇ , ਦੁਨੀਆ ਆਖੇ ਤੇਰੇ ਵਰਗੀ ਹੋ ਗਈ ਆਂ। ਬਣਨਾ ਸੀ ਮੈਂ ਲੇਖ ਕਿਸੇ ਦੇ ਮੱਥੇ ਦਾ, ਅੱਖਾਂ ਤੇ ਖੜਬਾਨ੍ਹੇ ਵਰਗੀ ਹੋ ਗਈ ਆਂ। ਆਪਣੇ ਆਪ ਨੂੰ ਵੇਖ ਰਹੀ ਆਂ ਹੈਰਤ ਨਾਲ਼ , ਕੱਚੀ ਵੰਗ ਦੇ ਟੋਟੇ ਵਰਗੀ ਹੋ ਗਈ ਆਂ। ਸ਼ੀਸ਼ਾ ਤੇ ਨਹੀਂ ਮੇਰੇ ਵਰਗਾ ਹੋ ਸਕਦਾ, ਏਸੇ ਲਈ ਮੈਂ ਸ਼ੀਸ਼ੇ ਵਰਗੀ ਹੋ ਗਈ ਆਂ। ਮੈਨੂੰ ਜੀਹਦੇ ਹਿਜਰ ਨੇ ਤਾਂਬਾ ਕੀਤਾ ਸੀ, ਮਿਲਿਆ ਏ ਤੇ ਸੋਨੇ ਵਰਗੀ ਹੋ ਗਈ ਆਂ।

ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ

ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ। ਮੈਂ ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ । ਉਹਨੇ ਜਿਹੜੇ ਗੁੱਸੇ ਦੇ ਵਿੱਚ ਕੀਤੇ ਨੇ, ਸਾਰੇ ਮੈਸਿਜ਼ ਨਜ਼ਮਾਂ ਕਰਕੇ ਰੱਖ ਦਾਂ ਗੀ । ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ , ਅਪਣਾ ਗੁੱਸਾ ਕਰਨਾ ਕਰਕੇ ਰੱਖ ਦਾਂ ਗੀ। ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ । ਸਭੇ ਫ਼ਸਲਾਂ ਕਣਕਾਂ ਕਰਕੇ ਰੱਖ ਦਾਂ ਗੀ। ਵੇਖ ਲਏ ਨੇ ਦੋਵੇਂ ਰੁਖ਼ ਤਸਵੀਰਾਂ ਦੇ, ਹੁਣ ਇਨ੍ਹਾਂ ਨੂੰ ਉੱਚੀਆਂ ਕਰਕੇ ਰੱਖ ਦਾਂ ਗੀ।

ਗੀਤ-ਜਿੰਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ

ਜਿੰਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ। ਨਹੀਂ ਡਰਦਾ ਮੇਰਾ ਹੱਥ ਫੜਦਾ , ਨੀ ਉਹਦੇ ਕੋਲੋਂ ਜੱਗ ਸੜਦਾ। ਪਿਆਰ ਵਿੱਚ ਡਰ ਕਾਹਦਾ ਡਰ ਨਾ ਵੇ ਹਾਣੀਆ। ਚੁੰਮ ਕੇ ਮੈਂ ਮੱਥਾ ਉਹਨੂੰ ਨਿੱਤ ਸਮਝਾਨੀ ਆਂ। ਰਵ੍ਹੇ ਗੱਲੇ ਬਾਤੇ ਮੇਰੇ ਨਾਲ ਲੜਦਾ , ਨੀ ਉਹਦੇ ਕੋਲੋਂ ਜੱਗ ਸੜਦਾ। ਇਕ ਵਾਰੀ ਵੇਖ ਲਵੇ ਜੀਹਨੂੰ ਅੱਖ ਭਰ ਕੇ। ਟੁਰੀ ਆਵੇ ਉਹੋ ਦਿਲ ਤਲੀ ਉੱਤੇ ਧਰ ਕੇ। ਮੇਰੇ ਪਿਆਰ ਦੇ ਕਸੀਦੇ ਪੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ। ਮੌਕਿਆਂ ਦਾ ਰਹੀਂ ਤੂੰ ਗਵਾਹ ਵੇ ਜ਼ਮਾਨਿਆ। ਸੜਿਆਂ ਦੀ ਉੱਡਣੀ ਸਵਾਹ ਵੇ ਜ਼ਮਾਨਿਆ। ਜਦੋਂ ਵੇਖਨੀ ਆਂ ਗੁੱਸਾ ਮੈਨੂੰ ਚੜ੍ਹਦਾ, ਨੀ ਉਹਦੇ ਕੋਲੋਂ ਜੱਗ ਸੜਦਾ ਨਹੀਂ ਡਰਦਾ ਮੇਰਾ ਹੱਥ ਫੜਦਾ, ਨੀ ਉਹਦੇ ਕੋਲੋਂ ਜੱਗ ਸੜਦਾ।

ਗ਼ਜ਼ਲ-ਲੂੰ ਲੂੰ ਰਾਂਝਾ ਰਾਂਝਾ ਬੋਲੇ

ਲੂੰ ਲੂੰ ਰਾਂਝਾ ਰਾਂਝਾ ਬੋਲੇ ਅੰਗ ਅੰਗ ਪਹਿਰੇ ਕੈਦੋ ਦੇ । ਤਾਂ ਹੀ ਖੇੜੇ ਵੇਖ ਰਹੀ ਆਂ ਅੱਗੇ ਪਿੱਛੇ ਕੈਦੋ ਦੇ। ਚੂਚਕ,ਮਲਕੀ ਆਖਰ ਆਪਣੀ ਧੀ ਨੂੰ ਝਿੜਕਣ ਲੱਗ ਪਏ ਨੇ, ਕਿੰਨਾ ਕੁ ਚਿਰ ਸਹਿੰਦੇ ਰਹਿੰਦੇ ਤਾਅਨੇ ਮਿਹਣੇ ਕੈਦੋ ਦੇ। ਮੈਂ ਵਾਰਿਸ ਦੀ ਹੀਰ ਸਲੇਟੀ ਨਾਲੋਂ ਕੋਈ ਘੱਟ ਤੇ ਨਹੀਂ। ਉਹੋ ਚਾਲੇ ਉਹੋ ਹੀਲੇ ਕਾਜ਼ੀ ਦੇ ਤੇ ਕੈਦੋ ਦੇ। ਮੇਰੇ ਮਗਰੋਂ ਸੱਠੇ ਸਈਆਂ ਚੁੱਪ ਕੀਤੇ ਪਰਨੀ ਗਈਆਂ, ਅੱਖਾਂ ਮੀਟ ਕੇ ਡੋਲੀ ਚੜ੍ਹੀਆਂ ਆਖੇ ਲੱਗ ਕੇ ਕੈਦੋ ਦੇ। ਮੌਜੂ ਜੱਟ ਦਾ ਪੁੱਤਰ ਹੋ ਕੇ ਚੋਰੀ ਚੂਰੀ ਖਾਧੀ ਸੂ, ਨਹੀਂ ਤੇ ਪੱਲੇ ਕੀ ਹੈਗਾ ਸੀ ਲੂਲੇ ਲੰਗੇ ਕੈਦੋ ਦੇ। ਕੰਨ ਪੜਵਾ ਕੇ ਜੋਗੀ ਹੋਣਾ ਕਿੱਥੋਂ ਦੀ ਵਡਿਆਈ ਏ, ਰਾਂਝਾ ਸੀ ਤੇ ਗੱਲ ਮੰਨਵਾਂਦਾ ਸਿਰ ਤੇ ਚੜ੍ਹ ਕੇ ਕੈਦੋ ਦੇ।

ਉਹਦੀ ਮੇਰੀ ਰਹਿ ਨਹੀਂ ਆਈ

ਉਹਦੀ ਮੇਰੀ ਰਹਿ ਨਹੀਂ ਆਈ। ਨਹੀਂ ਤੇ ਕੀ ਕੁਝ ਸਹਿ ਨਹੀਂ ਆਈ। ਹੁਣ ਕਿਉਂ ਆਇਆ ਏ ਮੇਰੇ ਪਿੱਛੇ, ਜੋ ਕਹਿਣਾ ਸੀ ਕਹਿ ਨਹੀਂ ਆਈ?

ਗ਼ਜ਼ਲ-ਕਿਸਮਤ ਹੁੰਦੀ ਚੰਗੀ ਉਹਦੀ

ਕਿਸਮਤ ਹੁੰਦੀ ਚੰਗੀ ਉਹਦੀ। ਉਹਦੀ ਸਾਂ ਤੇ ਰਹਿੰਦੀ ਉਹਦੀ। ਆ ਜਾਵੇ ਤੇ ਸੌ ਬਿਸਮਿੱਲਾਹ, ਨਾ ਆਵੇ ਤੇ ਫਿਰ ਵੀ ਉਹਦੀ। ਜੀਵਨ ਬਾਰੇ ਸੋਚ ਲਿਆ ਏ, ਪੁੱਛੀ ਵੀ ਨਹੀਂ ਮਰਜ਼ੀ ਉਹਦੀ। ਜਿੰਨੀਆਂ ਮਰਜ਼ੀ ਗੱਲਾਂ ਘੜ ਲੈ, ਗੱਲ ਹੋ ਗਈ ਏ ਮੇਰੀ ਉਹਦੀ। ਮੇਰੀ ਮੇਰੀ ਕਰਦਾ ਸੀ ਨਾ । ਮੈਂ ਕਰ ਦਿੱਤਾ ਉਹਦੀ ਉਹਦੀ।

ਗ਼ਜ਼ਲ-ਘੁੰਮਣਘੇਰੀ ਦੀ ਸਰਦਾਰੀ ਪਾਣੀ ਤੇ

ਘੁੰਮਣਘੇਰੀ ਦੀ ਸਰਦਾਰੀ ਪਾਣੀ ਤੇ । ਮੈਂ ਪਾਣੀ ਦੀ ਕੰਧ ਉਸਾਰੀ ਪਾਣੀ ਤੇ। ਛਾਲੇ ਪੈਰੀਂ ਪੈ ਕੇ ਮੁੱਠੀਆਂ ਭਰਦੇ ਰਹੇ, ਮੈਂ ਤਾਂ ਸਾਰੀ ਉਮਰ ਗੁਜ਼ਾਰੀ ਪਾਣੀ ਤੇ। ਕੱਚੇ ਪੱਕੇ ਦੀ ਤੇ ਗੱਲ ਈ ਵੱਖਰੀ ਏ, ਸੋਹਣੀ ਨਾਲ ਘੜੇ ਦੀ ਤਾਰੀ ਪਾਣੀ ਤੇ। ਕੋਈ ਵੀ ਸੁਫ਼ਨਾ ਬਹੁਤਾ ਚਿਰ ਨਹੀਂ ਜੀ ਸਕਦਾ, ਤਰਦੀ ਪਈ ਏ ਅੱ ਖ ਵਿਚਾਰੀ ਪਾਣੀ ਤੇ। ਪੱਟਾ ਦੇ ਵਿੱਚ ਛੁਰੀਆਂ ਮਾਰ ਕੇ ਬੈਠਾ ਰਹਿ, ਮਿੱਟੀ ਦੀ ਸੋਹਣੀ ਘੁਮਿਆਰੀ ਪਾਣੀ ਤੇ।

ਗ਼ਜ਼ਲ-ਇਸ਼ਕਾ ! ਤੂੰ ਜੋ ਚੰਡੇ ਨੇ

ਇਸ਼ਕਾ ! ਤੂੰ ਜੋ ਚੰਡੇ ਨੇ। ਉਹੋ ਪਰਲੇ ਕੰਢੇ ਨੇ। ਉਨ੍ਹਾਂ ਦੇ ਘਰ ਦੀਵਾ ਨਹੀਂ, ਜਿੰਨ੍ਹਾਂ ਸੂਰਜ ਵੰਡੇ ਨੇ। ਉਹੋ ਦੁੱਖ ਉਲੀਕਾਂਗੀ, ਮੇਰੇ ਨਾਲ ਜੋ ਹੰਢੇ ਨੇ। ਛਾਲੇ ਕਿੱਥੇ ਰੱਖਾਂ ਮੈਂ, ਲੂੰ ਲੂੰ ਦੇ ਵਿੱਚ ਕੰਡੇ ਨੇ। ਤਾਹਿਰਾ ਦਰਦ ਵਿਛੋੜੇ ਦੇ, ਸਾਰੇ ਮੇਰੇ ਵੰਡੇ ਨੇ।

ਗ਼ਜ਼ਲ-ਜਦ ਵੀ ਪੀੜਾਂ ਬੋਲੀਆਂ

ਜਦ ਵੀ ਪੀੜਾਂ ਬੋਲੀਆਂ। ਗ਼ਜ਼ਲਾਂ ਨਜ਼ਮਾਂ ਬੋਲੀਆਂ। ਹੋਠਾਂ ਦੀ ਕੀ ਜੁਅਰਤ ਸੀ, ਜਿੱਥੇ ਅੱਖਾਂ ਬੋਲੀਆਂ। ਕੁੱਕੜ ਬਾਂਗ ਨਾ ਦੇਵਣੀ ਜੇ ਨਾ ਚਿੜੀਆਂ ਬੋਲੀਆਂ। ਕਾਗ ਬਨੇਰੇ ਭੁੱਲ ਗਏ, ਸਿਰ ਤੇ ਇੱਲਾਂ ਬੋਲੀਆਂ। ਅਕਲਾਂ , ਸ਼ਕਲਾਂ ਗੁੰਗੀਆਂ, ਰਕਮਾਂ ਸ਼ਕਮਾਂ ਬੋਲੀਆ।

ਜੀਹਦੇ ਬਾਝੋਂ ਜੀ ਨਹੀਂ ਲਗਦਾ

ਜੀਹਦੇ ਬਾਝੋਂ ਜੀ ਨਹੀਂ ਲਗਦਾ। ਹੁਣ ਤੇ ਉਹਦਾ ਵੀ ਨਹੀਂ ਲਗਦਾ। ਉਹਦਾ ਏਨਾ ਰੰ ਗ ਚੜ੍ਹਿਆ ਏ । ਜੀਵਨ ਅਪਣਾ ਈ ਨਹੀਂ ਲਗਦਾ।

ਗ਼ਜ਼ਲ-ਜੀਣਾ ਮਰਨਾ ਤੇਰੇ ਨਾਲ

ਜੀਣਾ ਮਰਨਾ ਤੇਰੇ ਨਾਲ। ਫਿਰ ਕੀ ਡਰਨਾ ਤੇਰੇ ਨਾਲ। ਮੰਨਿਆ ਭਰਿਆ ਪੀਤਾ ਏਂ, ਟਲ਼ ਜਾ ਵਰਨਾ ਤੇਰੇ ਨਾਲ...। ਮੇਰਾ ਹਾੜ ਤੇ ਮੱਘਰ ਤੂੰ, ਸੜਨਾ ,ਠਰਨਾ ਤੇਰੇ ਨਾਲ। ਤੈਨੂੰ ਜਾਨ ਪਿਆਰੀ ਏ, ਮੈਂ ਨਹੀਂ ਤੁਰਨਾ ਤੇਰੇ ਨਾਲ। ‘ਤਾਹਿਰਾ‘ ਦੁਨੀਆ ਵੇਖੇਗੀ, ਮੈਂ ਜੋ ਕਰਨਾ ਤੇਰੇ ਨਾਲ।

ਗ਼ਜ਼ਲ-ਤੇਰੇ ਆਲ ਦੁਆਲੇ ਰਹਿੰਦੇ

ਤੇਰੇ ਆਲ ਦੁਆਲੇ ਰਹਿੰਦੇ। ਕਿੱਸਰਾਂ ਚਿੱਟੇ ਕਾਲੇ ਰਹਿੰਦੇ। ਤੂੰ ਸੈਂ ਅੜਿਆ ! ਬਖ਼ਤ ਅਸਾਡਾ, ਰਹਿੰਦਾ, ਬਖ਼ਤਾਂ ਵਾਲੇ ਰਹਿੰਦੇ। ਵਸਲ ਦਾ ਚਾਨਣ ਪੀਂਦੇ ਜੇਕਰ, ਅੰਦਰ ਤੇ ਨਾ ਕਾਲੇ ਰਹਿੰਦੇ। ਜੋ ਅੱਖਾਂ ਦੀ ਤਾੜ ਚ ਹੋਵਣ, ਦਿਲ ਉਹ ਕਦੋਂ ਸੰਭਾਲੇ ਰਹਿੰਦੇ। ਜਿੰਨ੍ਹਾਂ ਹਾੜ ਚ ਹਿਜਰ ਹੰਢਾਇਆ, ਉਹਦੇ ਅੰ ਦਰ ਪਾਲ਼ੇ ਰਹਿੰਦੇ।

ਗ਼ਜ਼ਲ-ਸੂਰਜ ਵਰਗੀ ਗੱਲ ਤੇ ਨਹੀਂ ਨਾ

ਸੂਰਜ ਵਰਗੀ ਗੱਲ ਤੇ ਨਹੀਂ ਨਾ ਦੀਵਾ ਰਾਤ ਦਾ ਹੱਲ ਤੇ ਨਹੀਂ ਨਾ। ਦੋਵੇਂ ਐਵੇਂ ਡੁੱਬਦੇ ਪਏ ਆਂ, ਐਡੀ ਉੱਚੀ ਛੱਲ ਤੇ ਨਹੀਂ ਨਾ। ਇਹ ਨਾ ਹੋਰ ਕਿਸੇ ਤੇ ਆਵੇ, ਦਿਲ ਤੇ ਤੇਰੀ ਮੱਲ ਤੇ ਨਹੀਂ ਨਾ। ਸੱਚ ਆਖੀਂ ਜੇ ਕਲ ਮਿਲਣਾ ਈਂ । ਕੱਲ੍ਹ ਵਰਗੀ ਈ ਕੱਲ੍ਹ ਤੇ ਨਹੀਂ ਨਾ। ਝੱ ਟ ਦੀ ਝੱ ਟ ਖਲੋਤੀ ਏਥੇ, ਇਹ ਮੇਰੀ ਮੰਜ਼ਿਲ ਤੇ ਨਹੀਂ ਨਾ।

ਗ਼ਜ਼ਲ-ਜਿਹੜਾ ਮੈਨੂੰ ਮਿਲਿਆ ਨਹੀਂ

ਜਿਹੜਾ ਮੈਨੂੰ ਮਿਲਿਆ ਨਹੀਂ। ਆਖਣ ਲੇਖੀਂ ਲਿਖਿਆ ਨਹੀਂ। ਦਿਲ ਦੀ ਧੜਕਣ ਕੋਲੋਂ ਪੁੱਛ, ਤੇਰਾ ਮੇਰਾ ਰਿਸ਼ਤਾ ਨਹੀਂ? ਤੂੰ ਤੇ ਵੱਖ ਈ ਹੋਣਾ ਸੀ, ਬੰਦਾ ਏਂ ਕੋਈ ਸਾਇਆ ਨਹੀਂ। ਕੱਚੀ ਕੰਧ ਨੂੰ ਧੁੜਕੂ ਏ, ਹਾਲੀ ਬੱਦਲ ਚੜ੍ਹਿਆ ਨਹੀਂ। ਮੈਨੂੰ ਅੱਧੀ ਕਹਿੰਨਾਂ ਏਂ, ਤੂੰ ਮੇਰੇ ਚੋਂ ਜੰਮਿਆ ਨਹੀਂ।

ਗ਼ਜ਼ਲ-ਜਿੰਨਾ ਚਿਰ ਕੋਈ ਸੋਚ ਦਾ ਮਹਿਵਰ

ਜਿੰਨਾ ਚਿਰ ਕੋਈ ਸੋਚ ਦਾ ਮਹਿਵਰ ਨਹੀਂ ਹੁੰਦਾ। ਮਿਸਰਾ ਕੀ ਏ ਇਕ ਵੀ ਅੱਖਰ ਨਹੀਂ ਹੁੰਦਾ। ਮੰਨਿਆ ਪਾਣੀ ਖਾਰਾ ਵੀ ਏ ਇੰਨ੍ਹਾਂ ਦਾ, ਪਰ ਅੱਖਾਂ ਵਿੱਚ ਇ ਕ ਸਮੁੰਦਰ ਨਹੀਂ ਹੁੰਦਾ। ਮੈਂ ਸ਼ੀਸ਼ੇ ਨੂੰ ਏਨਾ ਦੱਸਣਾ ਚਾਹੁੰਦੀ ਆਂ, ਹਰ ਵੇਲ਼ੇ ਈ ਪੱਥਰ , ਪੱਥਰ ਨਹੀਂ ਹੁੰਦਾ। ਉਜੜੇ ਵਿਹੜੇ ਵਾਂਗਰ ਏ ਉਹ ਸੀਨਾ ਵੀ ਦਿਲ ਹੁੰਦਾ ਏ ਜਿੱਥੇ ਦਿਲਬਰ ਨਹੀਂ ਹੁੰਦਾ। ਕਿਹੜੇ ਵੇਲ਼ੇ , ਕਿੱਸਰਾਂ, ਕਿੱਥੇ ਆਜਾਵੇ ਆ ਜਾਵੇ, ਪਿਆਰ ਦਾ ਕੋਈ ਵਕਤ ਮੁਕਰਰ ਨਹੀਂ ਹੁੰਦਾ।

ਗ਼ਜ਼ਲ-ਮੇਰਾ ਸੀ ਜੋ, ਮੇਰਾ ਨਹੀਂ

ਮੇਰਾ ਸੀ ਜੋ, ਮੇਰਾ ਨਹੀਂ। ਹੁਣ ਕੋਈ ਡਰ ਖ਼ਤਰਾ ਨਹੀਂ। ਅਣਹੋਣੀ ਤੇ ਹੋਣੀ ਸੀ, ਜੋ ਕਰਨਾ ਸੀ ਹੋਇਆ ਨਹੀਂ। ਦਿਲ ਸੀਨੇ ਵਿੱਚ ਰੱਖਿਆ ਏ, ਮੈਂ ਅੱਖਾਂ ਨੂੰ ਡੱਕਿਆ ਨਹੀਂ। ਉਹ ਆਪਣੇ ਮੈਂ ਆਪਣੇ ਘਰ, ਰੌਲ਼ਾ ਮੁੱਕਾ, ਚੰਗਾ ਨਹੀਂ। ਵਰ੍ਹਿਆਂ ਪਿੱਛੋਂ ਆਇਆ ਸੀ, ਜਾਵਣ ਲੱਗਾ ਦਿਸਿਆ ਨਹੀਂ। ਮੈ ਤੇਰੇ ਲਈ ਜੀਣਾ ਏ, ਮੈਨੂੰ ਆਪਣਾ ਠੇਕਾ ਨਹੀਂ। ਕੀਤੀ ਤੇ ਪਛਤਾਵੇਗਾ, ਸਾਰੀ ਦੁਨੀਆ ਤਾਹਿਰਾ ਨਹੀਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ