ਪੰਜਾਬੀ ਸਾਹਿਤ ਦਾ ਚੌਮੁਖੀਆ ਚਿਰਾਗ : ਡਾ : ਸੁਤਿੰਦਰ ਸਿੰਘ ਨੂਰ - ਗੁਰਭਜਨ ਗਿੱਲ

ਪਿਛਲੇ ਚਾਰ ਦਹਾਕਿਆਂ ਪੰਜਾਬੀ ਸਾਹਿਤ, ਸਭਿਆਚਾਰ, ਸਾਹਿਤਕ ਆਲੋਚਨਾ ਅਤੇ ਸਾਹਿਤਕ ਅਦਾਰਿਆਂ ਦੀ ਪ੍ਰਬੰਧਕੀ ਜਿੰਮੇਂਵਾਰੀ ਨਿਭਾ ਰਹੇ ਡਾ: ਸੁਤਿੰਦਰ ਸਿੰਘ ਨੂਰ ਨੂੰ ਇਸ ਸਾਲ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ । ਡਾ: ਨੂਰ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਬਾਰੇ ਹੀ 1976 ਵਿੱਚ ਪੀ ਐੱਚ ਡੀ ਦੀ ਡਿਗਰੀ ਹਾਸਿਲ ਕੀਤੀ ਸੀ । ਡਾ: ਨੂਰ ਆਪਣੇ ਸਤਿਕਾਰਯੋਗ ਪਿਤਾ ਅਤੇ ਪੰਜਾਬੀ ਲੇਖਕ ਗਿਆਨੀ ਹਰੀ ਸਿੰਘ ਜਾਚਕ ਦੇ ਘਰ 5 ਅਕਤੂਬਰ 1940 ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਪੈਦਾ ਹੋਏ । ਡਾ: ਨੂਰ ਦੇ ਪਰਿਵਾਰ ਵਿੱਚ ਸਾਹਿਤ ਦਾ ਬੂਟਾ ਵਿਸ਼ਵ ਅਕਾਰੀ ਹੈ । ਲੇਖਕ ਬਾਪ ਦੇ ਘਰ ਵੱਡਾ ਪੁੱਤਰ ਡਾ: ਗੁਰਭਗਤ ਸਿੰਘ ਪੈਦਾ ਹੋਇਆ । ਡਾ: ਨੂਰ ਤੋਂ ਵੱਡਾ । ਅੰਗਰੇਜ਼ੀ ਤੇ ਪੰਜਾਬੀ ਦਾ ਇਕੋ ਵੇਲੇ ਉੱਚ ਦੁਮਾਲੜਾ ਵਿਦਵਾਨ । ਛੋਟਾ ਵੀਰ ਸੁਖਿੰਦਰ ਟੋਰਾਂਟੋ ਵਸਦਾ ਹੈ । ਸ਼ਾਇਰੀ ਦੇ ਨਾਲ-ਨਾਲ ਅਦਬੀ ਹਲਚਲ ਉਸ ਦਾ ਵਡਮੁੱਲਾ ਸ਼ੌਕ ਹੈ ।

​ਡਾ: ਸੁਤਿੰਦਰ ਸਿੰਘ ਨੂਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਅੰਗਰੇਜ਼ੀ ਅਤੇ ਬਾਅਦ ਵਿੱਚ ਪੰਜਾਬੀ ਭਾਸ਼ਾ ਵਿੱਚ ਐਮ ਏ ਪਾਸ ਕੀਤੀ । 40 ਤੋਂ ਵੱਧ ਵਿਦਿਆਰਥੀਆਂ ਨੂੰ ਪੀ ਐੱਚ ਡੀ ਪੱਧਰ ਤੀਕ ਦੀ ਅਗਵਾਈ ਦੇਣ ਵਾਲਾ ਡਾ: ਨੂਰ ਇਕ ਪਾਸੇ ਸ਼ਾਇਰ ਹੈ ਅਤੇ ਦੂਸਰੇ ਪਾਸੇ ਨਵੀਂ ਸੋਚ ਦਾ ਪ੍ਰਮੁਖ ਆਲੋਚਕ । ਪੰਜਾਬੀ ਸਾਹਿਤ ਦੀ ਦਿੱਲੀ ਡਾ: ਸੁਤਿੰਦਰ ਸਿੰਘ ਨੂਰ ਨੂੰ ਹੀ ਗਿਣਿਆ ਜਾਂਦਾ ਹੈ । ਇਸ ਵੇਲੇ ਡਾ: ਨੂਰ ਭਾਰਤੀ ਸਾਹਿਤ ਅਕਾਡਮੀ ਨਵੀਂ ਦਿੱਲੀ ਦੇ ਚੇਅਰਮੈਨ ਹਨ ਅਤੇ ਇਹ ਆਦਰ ਪਹਿਲੀ ਵਾਰ ਕਿਸੇ ਪੰਜਾਬੀ ਲੇਖਕ ਨੂੰ ਨਸੀਬ ਹੋਇਆ ਹੈ । ਡਾ: ਨੂਰ ਦੀਆਂ ਆਲੋਚਨਾ ਦੇ ਖੇਤਰ ਵਿੱਚ ਪੁਸਤਕਾਂ ਨਵੀਂ ਕਵਿਤਾ ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ (ਤਿੰਨ ਭਾਗ) । ਸਾਹਿਤ ਸਿਧਾਂਤ ਤੇ ਵਿਹਾਰ, ਆਧੁਨਿਕ ਕਵਿਤਾ : ਸਿਧਾਂਤਕ ਪਰਿਪੇਖ, ਸਭਿਆਚਾਰ ਤੇ ਸਾਹਿਤ, ਕਵਿਤਾ ਦੀ ਭੂਮਿਕਾ, ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚੇਤਨਾ, ਸਮਕਾਲੀ ਸਾਹਿਤ ਸੰਵਾਦ ਅਤੇ ਗੁਰਬਾਣੀ ਸਾਸ਼ਤਰ ਪ੍ਰਮੁਖ ਹਨ ।

ਡਾ: ਨੂਰ ਦੇ ਕਾਵਿ ਸੰਗ੍ਰਹਿ ਬਿਰਖ਼ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ-ਪਾਰ, ਮੌਲਸਰੀ, ਨਾਲ-ਨਾਲ ਤੁਰਦਿਆਂ ਅਤੇ ਆ ਮੇਰੇ ਨਾਲ ਗੱਲਾਂ ਕਰ ਤੋਂ ਇਲਾਵਾ ਹਿੰਦੀ ਵਿੱਚ ਸਾਥ ਚਲਤੇ ਹੂਏ ਪ੍ਰਕਾਸ਼ਤ ਹੋ ਚੁੱਕੀਆਂ ਹਨ । ਵਿਸ਼ਵ ਕਵਿਤਾ ਦੇ ਅਨੁਵਾਦ ਤੋਂ ਇਲਾਵਾ ਡਾ: ਨੂਰ ਨੇ ਭਾਰਤੀ ਕਵਿਤਾ ਨੂੰ ਵੀ ਪੰਜਾਬੀ ਅੱਖਰਾਂ ਵਿੱਚ ਢਾਲ ਕੇ ਸਾਹਿਤ ਸਭਿਆਚਾਰ ਦਾ ਪਿੜ ਮੋਕਲਾ ਕੀਤਾ ਹੈ । ਉਨ੍ਹਾਂ ਦੇ ਦੋ ਅਨੁਵਾਦਿਤ ਕਾਵਿ ਸੰਗ੍ਰਹਿ ਚੈਰੀ ਦੇ ਫੁੱਲ (ਜਪਾਨੀ ਕਵਿਤਾ) ਅਤੇ ਸੂਰਜ ਤੇ ਮਸੀਹਾ (ਚਾਰ ਯੂਰਪੀ ਕਵੀ) ਮਹੱਤਵਪੂਰਨ ਰਚਨਾਵਾਂ ਹਨ ।

ਡਾ: ਨੂਰ ਨੇ ਸੰਪਾਦਨ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਪੈੜਾਂ ਪਾਈਆਂ ਹਨ । ਕਾਵਿ ਦੇਖਿਆ ਤੋਂ ਸ਼ੁਰੂ ਕਰਕੇ ਉਨ੍ਹਾਂ ਨੇ ਸਮੇਂ ਦੇ ਹਸਤਾਖਰ, ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਤ ਸਭਿਆਚਾਰ ਨੂੰ ਦੇਣ, ਪੂਰਬੀ ਦਿ੍ਸ਼ਟੀ ਅਤੇ ਪੰਜਾਬੀ ਸਾਹਿਤ, ਵਿਸ਼ਵ ਕਹਾਣੀ, ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ, ਲੋਕਯਾਨ ਸਭਿਆਚਾਰ ਤੇ ਸਾਹਿਤ, ਦਲਿਤ ਚੇਤਨਾ ਤੇ ਸਾਹਿਤ, ਉੱਤਰ ਆਧੁਨਿਕਤਾ ਕਲਾ ਤੇ ਸਾਹਿਤ, ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਆਧੁਨਿਕ ਕਾਵਿ ਸੰਗਮ, ਹੀਰ ਵਾਰਿਸ, ਜਗਤ ਤੇ ਜੁਗਤ, ਗੁਰੂ ਗੋਬਿੰਦ ਸਿੰਘ ਜੀ ਦਾ ਸੰਚਾਰ ਸਭਿਆਚਾਰ, ਪੰਜਾਬੀ ਸੂਫੀ ਕਾਵਿ, ਸੰਕਲਪ ਖਾਲਸਾ, ਦੇਵ ਕਲਾ ਤੇ ਕਾਵਿ, ਸੰਤਾਲੀ ਨਾਮਾ, ਸਮਕਾਲੀ ਪੱਛਮੀ ਚਿੰਤਨ, ਪਰਮਿੰਦਰਜੀਤ ਦਾ ਕਾਵਿ ਪੈਰਾਡਾਈਮ, ਰਾਜਸਥਾਨ ਦੀ ਸਮਕਾਲੀ ਕਵਿਤਾ, ਸਪਤਿਕਾ, 20ਵੀਂ ਸਦੀ ਦਾ ਪੰਜਾਬੀ ਕਾਵਿ ਅਤੇ ਸੁਖਿੰਦਰ ਦਾ ਕਾਵਿ ਜਗਤ ਵਿਸ਼ੇਸ਼ ਮਹੱਤਤਾ ਰੱਖਦੇ ਹਨ । ਵਾਰਤਕ ਰਚਨਾ ਵਿੱਚ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪੜ੍ਹਦਿਆਂ ਲਿਖਦਿਆਂ, ਸੰਵਾਦ ਸਿਰਜਣਾ ਅਤੇ ਵਿਚਾਰਧਾਰਾ ਸਾਹਿਤ ਤੇ ਸਭਿਆਚਾਰ ਨੇ ਪੰਜਾਬੀ ਵਿੱਚ ਨਵੀਂ ਸ਼ੈਲੀ ਪ੍ਰਬੰਧ ਨੂੰ ਜਨਮ ਦਿੱਤਾ ਹੈ ।

ਡਾ: ਨੂਰ ਦਾ ਸੰਪਾਦਕੀ ਸ਼ੌਕ ਬਹੁਤ ਪੁਰਾਣਾ ਹੈ । ਪੰਜਾਬੀ ਯੂਨੀਵਰਸਿਟੀ ਪੜ੍ਹਦੇ ਪੜ੍ਹਾਉਂਦੇ ਵੇਲੇ ਉਨ੍ਹਾਂ ਨੇ ਸੁਰਜੀਤ ਪਾਤਰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਕਲਯੁਗ ਨਾਂ ਦਾ ਸਾਹਿਤਕ ਪਰਚਾ ਸ਼ੁਰੂ ਕੀਤਾ ਜਿਸ ਦੀ ਕੰਪੋਜਿੰਗ ਵੀ ਉਹ ਖੁਦ ਕਰਦੇ ਅਤੇ ਆਪੇ ਹੀ ਛਪਾਈ ਮਸ਼ੀਨ ਚਲਾ ਕੇ ਪਰਚਾ ਤਿਆਰ ਕਰਦੇ । ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗਿਆਨੀ ਹਰੀ ਸਿੰਘ ਜਾਚਕ ਦੀ ਅੰਬਾਲਾ ਵਿੱਚ ਪਿ੍ੰਟਿੰਗ ਪ੍ਰੈਸ ਹੋਣ ਦਾ ਉਹ ਪੂਰਾ ਲਾਭ ਉਠਾਉਂਦੇ । ਦਿੱਲੀ ਜਾ ਕੇ ਉਨ੍ਹਾਂ ਨੇ ਡਾ: ਹਰਿਭਜਨ ਸਿੰਘ ਦੀ ਸੰਗਤ ਵਿੱਚ ਸਮੁੱਚੇ ਪੰਜਾਬੀ ਸਾਹਿਤ ਜਗਤ ਨੂੰ ਨਵੀਂ ਨੁਹਾਰ ਦੇਣ ਦਾ ਬੀੜਾ ਚੁੱਕਿਆ । ਇਕ ਮਾਸਕ ਪੱਤਰ ਇਕੱਤੀ ਫਰਵਰੀ ਸ਼ੁਰੂ ਕੀਤਾ ਜੋ 1973 ਤੋਂ 1978 ਤੀਕ ਨਿਰੰਤਰ ਛਪਿਆ । ਪੰਜਾਬੀ ਅਕਾਡਮੀ ਦਿੱਲੀ ਵੱਲੋਂ ਛਪਦੇ ਸਾਹਿਤਕ ਪੱਤਰ ਸਮਦਰਸ਼ੀ ਦੇ ਉਹ ਲੰਮੇ ਸਮੇਂ ਤੋਂ ਸੰਪਾਦਕ ਹਨ ਅਤੇ ਇਸੇ ਅਕਾਡਮੀ ਦੇ ਪ੍ਰਮੁਖ ਸਲਾਹਕਾਰ ਵੀ । ਭਾਰਤੀ ਦੂਰਦਰਸ਼ਨ ਲਈ ਉਨ੍ਹਾਂ ਨੇ ਅਮਰਜੀਤ ਗਰੇਵਾਲ ਨਾਲ ਮਿਲ ਕੇ ਕਾਲੀਦਾਸ ਦੇ ਪ੍ਰਸਿੱਧ ਨਾਟਕ ਮੇਘਦੂਤ ਦੀਆਂ 15 ਕਿਸ਼ਤਾਂ ਲਿਖੀਆਂ ਅਤੇ ਪ੍ਰਸਾਰਿਤ ਕਰਵਾਈਆਂ ।

ਦਿੱਲੀ ਯੂਨੀਵਰਸਿਟੀ ਵਿੱਚ ਅਧਿਆਪਕ ਵਜੋਂ ਗਏ ਡਾ: ਨੂਰ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਕਈ ਵਰ੍ਹੇ ਪਹਿਲਾਂ ਸੇਵਾ ਮੁਕਤ ਹੋ ਗਏ ਹਨ ਪਰ ਉਨ੍ਹਾਂ ਦੀ ਅਦਬੀ ਅਤੇ ਅਕਾਦਮਿਕ ਖੇਤਰ ਵਿੱਚ ਸਰਦਾਰੀ ਪੂਰੀ ਤਰ੍ਹਾਂ ਕਾਇਮ ਹੈ । ਭਾਰਤੀ ਗਿਆਨਪੀਠ ਲਈ ਉਹ ਪੰਜਾਬੀ ਭਾਸ਼ਾ ਦੇ ਕਨਵੀਨਰ ਹਨ ਅਤੇ ਬਿਰਲਾ ਫਾਉਂਡੇਸ਼ਨ ਲਈ ਵੀ ਉਹ ਪੁਰਸਕਾਰ ਚੋਣ ਕਮੇਟੀ ਦੇ ਕਨਵੀਨਰ ਹਨ । ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਲੇਖਕਾਂ ਦੀ ਸਾਰਕ ਫਾਉਂਡੇਸ਼ਨ ਦੇ ਵੀ ਸਲਾਹਕਾਰ ਹਨ । ਅਕੈਡਮੀ ਆਫ ਫਾਈਨ ਆਰਟ ਦੇ ਸਲਾਹਕਾਰ ਹੋਣ ਤੋਂ ਇਲਾਵਾ ਪ੍ਰਸਾਰ ਭਾਰਤੀ ਦੀ ਕੋਰ ਕਮੇਟੀ ਦੇ ਵੀ ਮੈਂਬਰ ਹਨ । ਘੱਟ ਗਿਣਤੀ ਕਮਿਸ਼ਨ ਦੀ ਉੱਚ ਤਾਕਤੀ ਕਮੇਟੀ ਵਿੱਚ ਵੀ ਲੰਮਾ ਸਮਾਂ ਮੈਂਬਰ ਰਹੇ ਹਨ । ਨੈਸ਼ਨਲ ਬੁੱਕ ਟਰੱਸਟ ਦੇ ਪੈਨਲ ਮਾਹਿਰ ਹੋਣ ਦੇ ਨਾਲ-ਨਾਲ ਉਹ ਪੰਜਾਬੀ ਅਕੈਡਮੀ ਨਵੀਂ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਹਨ । ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਦੀ ਭਾਸ਼ਾ ਕੌਂਸਲ ਤੋਂ ਇਲਾਵਾ ਨਵੀਂ ਦਿੱਲੀ ਦੇ ਪੰਜਾਬੀ ਸਭਿਆਚਾਰਕ ਕੇਂਦਰ ਦੀ ਕਾਰਜਕਾਰਨੀ ਦੇ ਮੈਂਬਰ ਹਨ । ਲੁਧਿਆਣਾ ਸਥਿਤ ਇੰਸਟੀਚਿਊਟ ਆਫ ਕੰਟੈਂਪਰੇਰੀ ਪੰਜਾਬ ਸਟੱਡੀਜ਼ ਦੇ ਵੀ ਚੇਅਰਮੈਨ ਹਨ ।

​ਡਾ: ਨੂਰ 1981 ਤੋਂ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਦੇ ਆ ਰਹੇ ਹਨ । 1981 ਵਿੱਚ ਇੰਗਲੈਂਡ, 1983 ਵਿੱਚ ਬੈਂਕਕਾਕ, 1984 ਵਿੱਚ ਨਵੀਂ ਦਿੱਲੀ, 1988 ਵਿੱਚ ਅੰਤਰ ਰਾਸ਼ਟਰੀ ਬਾਬਾ ਫਰੀਦ ਸੈਮੀਨਾਰ ਲਾਹੌਰ, 1992 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਨਵੀਂ ਦਿੱਲੀ, 1094 ਵਿੱਚ ਅੰਤਰ ਰਾਸ਼ਟਰੀ ਪੰਜਾਬੀ ਸਾਹਿਤ ਸੈਮੀਨਾਰ ਕੋਲੰਬੀਆ ਯੂਨੀਵਰਸਿਟੀ ਅਮਰੀਕਾ, 1993 ਵਿੱਚ ਸਮਕਾਲੀ ਪੰਜਾਬੀ ਸਭਿਆਚਾਰ ਪੋਲੈਂਡ, 1997 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਮਿਲਵਾਕੀ ਅਮਰੀਕਾ, ਸਾਲ 2000 ਵਿੱਚ ਚੰਗੀਗੜ੍ਹ, 2001 ਵਿੱਚ ਲਾਹੌਰ, 2003 ਵਿੱਚ ਨਿਊਯਾਰਕ, 2004 ਵਿੱਚ ਲਾਹੌਰ ਅਤੇ ਫਿਰ ਇਸੇ ਸਾਲ ਹੀ ਚੰਡੀਗੜ੍ਹ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਲਾਈਆਂ । 2005 ਵਿੱਚ ਇਸਲਾਮਾਬਾਦ ਵਿਖੀੇ ਹੋਈ ਵਿਸ਼ਵ ਉਰਦੂ ਕਾਨਫਰੰਸ ਵਿੱਚ ਸ਼ਾਮਿਲ ਹੋਏ ਅਤੇ ਇਸੇ ਸਾਲ ਲਾਹੌਰ ਵਿਖੇ ਫੁਲਕਾਰੀ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ । 2006 ਵਿੱਚ ਸੂਫੀਵਾਦ ਬਾਰੇ ਸਾਰਕ ਕਾਨਫਰੰਸ ਵਿੱਚ ਹਿੱਸਾ ਲਿਆ । ਗਦਰ ਮੈਮੋਰੀਅਲ ਫਾਉਡੇਸ਼ਨ ਸੈਕਰਾਮੈਂਟੋ ਵਿਖੇ ਸ: ਕੁਲਦੀਪ ਸਿੰਘ ਧਾਲੀਵਾਲ ਦੇ ਬੁਲਾਵੇ ਤੇ ਉਹ ਸਾਲ 2008 ਦੌਰਾਨ ਗਦਰ ਪਾਰਟੀ ਦੇ ਇਤਿਹਾਸਕ ਯੋਗਦਾਨ ਬਾਰੇ ਸੈਮੀਨਾਰ ਵਿੱਚ ਭਾਗ ਲੈਣ ਲਈ ਮੇਰੇ ਨਾਲ ਹੀ ਅਮਰੀਕਾ ਪਹੁੰਚੇ । ​

ਡਾ: ਸੁਤਿੰਦਰ ਸਿੰਘ ਨੂਰ ਨੂੰ ਹੁਣ ਤੀਕ ਅਨੇਕਾਂ ਸਾਹਿਤਕ, ਸਭਿਆਚਾਰਕ ਪੁਰਸਕਾਰ ਹਾਸਿਲ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਸਾਲ 2004 ਦੌਰਾਨ ਮਿਲਿਆ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਸਭ ਤੋਂ ਸਰਵੋਤਮ ਹੈ । ਡਾ: ਨੂਰ ਨੂੰ ਵਿਸ਼ਵ ਲੋਕ ਸੇਵਾ ਪੁਰਸਕਾਰ, ਪੰਜਾਬੀ ਸੱਥ ਐਵਾਰਡ ਲਾਂਬੜਾ ਜਲੰਧਰ, ਬੁੱਲ੍ਹੇਸ਼ਾਹ ਪੁਰਸਕਾਰ ਡੈਨਮਾਰਕ, ਨਾਭਾ ਕਵਿਤਾ ਉਸਤਵ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਾਹੌਰ, ਲਾਈਫ ਟਾਈਮ ਅਚੀਵਮੈਂਟ ਸਨਮਾਨ, ਅਮਨ ਕਾਵਿ ਪੁਰਸਕਾਰ, ਭਾਈ ਕਾਹਨ ਸਿੰਘ ਪੁਰਸਕਾਰ, ਵਾਰਿਸ ਸ਼ਾਹ ਪੁਰਸਕਾਰ ਡੈਨਮਾਰਕ, ਇਆਪਾ ਪੁਰਸਕਾਰ ਕੈਨੇਡਾ, ਪੇ੍ਰਰਨਾ ਸਨਮਾਨ, ਮਾਲਵਾ ਸਾਹਿਤ ਸਨਮਾਨ, ਪੰਜਾਬੀ ਲੋਕਯਾਨ ਸਨਮਾਨ, ਸਫਦਰ ਹਾਸ਼ਮੀ ਐਵਾਰਡ, ਬਾਵਾ ਬਲਵੰਤ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪਿ੍ੰਸੀਪਲ ਤੇਜਾ ਸਿੰਘ ਪੁਰਸਕਾਰ ਅਤੇ ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਮਿਲੇ ਹਨ । ਪੰਜਾਬੀ ਅਕਾਡਮੀ ਦਿੱਲੀ ਵੱਲੋਂ ਵੀ ਉਨ੍ਹਾਂ ਨੂੰ ਪੰਜਾਬੀ ਆਲੋਚਨਾਤਮਕ ਪੁਰਸਕਾਰ ਹਾਸਿਲ ਹੋ ਚੁੱਕਾ ਹੈ ।

​ਡਾ: ਸੁਤਿੰਦਰ ਸਿੰਘ ਨੂਰ ਇਸ ਵੇਲੇ ਨਵੀਂ ਦਿੱਲੀ ਵਸਦੇ ਹਨ ਪਰ ਉਨ੍ਹਾਂ ਦਾ ਕਾਰਜ ਖੇਤਰ ਪੂਰੀ ਦੁਨੀਆਂ ਹੈ । ਉਮਰ ਦੇ 69ਵੇਂ ਡੰਡੇ ਤੇ ਖੜ੍ਹੇ ਡਾ: ਨੂਰ ਨੂੰ ਵੱਖ-ਵੱਖ ਸਮੇਂ ਤੇ ਆਏ ਸਰੀਰਕ ਕਸ਼ਟਾਂ ਨੇ ਵੀ ਰਫ਼ਤਾਰ ਮੱਧਮ ਕਰਨ ਲਈ ਨਹੀਂ ਪ੍ਰੇਰਿਆ ਸਗੋਂ ਹਰ ਨਵੇਂ ਸੂਰਜ ਉਹ ਨਵੀਂ ਮੁਹਿੰਮ ਤੇ ਚੜ੍ਹਦੇ ਹਨ । ਡਾ: ਸੁਤਿੰਦਰ ਸਿੰਘ ਨੂਰ ਨੂੰ ਇਹ ਸਨਮਾਨ ਦੇਣ ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਅਤੇ ਹੋਰ ਸਮੂਹ ਅਹੁਦੇਦਾਰ ਭਾਰੀ ਪ੍ਰਸੰਨਤਾ ਮਹਿਸੂਸ ਕਰਦੇ ਹਨ । ਡਾ: ਨੂਰ ਨੰੂ ਇਹ ਪੁਰਸਕਾਰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਪਹਿਲੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਮੁਖ ਕਸਬਾ ਸ਼ਾਮ ਚੌਰਾਸੀ ਵਿਖੇ ਕਾਰਜਸ਼ੀਲ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਪ੍ਰਦਾਨ ਕੀਤਾ ਜਾਵੇਗਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ