‘ਸੁਰਤਾਲ’ : ਵਿਭਿੰਨ ਵਰਤਾਰਿਆਂ ਦੀ ਪੇਸ਼ਕਾਰੀ - ਗੁਰਇਕਬਾਲ ਸਿੰਘ (ਡਾ.)
ਅਜੋਕਾ ਯੁੱਗ ਜਟਿਲ ਵਰਤਾਰਿਆਂ ਦਾ ਯੁੱਗ ਹੈ ਜਿਸ ਦੀਆਂ ਅੱਗੋਂ ਗੁੰਝਲਦਾਰ ਪਰਤਾਂ ਹਨ।ਇਨ੍ਹਾਂ ਵਰਤਾਰਿਆਂ ਨੂੰ ਜਾਣਨਾ, ਸਮਝਣਾ, ਖੋਲ੍ਹਣਾ ਤੇ ਵਖਿਆਉਣਾ ਮੁਸ਼ਕਿਲ ਨਹੀਂ ਤਾਂ ਅਸੰਭਵ ਕਾਰਜ ਹੈ। ਉੱਤਰ ਸੱਚ ਦੀ ਵਿਸ਼ੇਸ਼ ਦ੍ਰਿਸ਼ਟੀ ਇਨ੍ਹਾਂ ਵਰਤਾਰਿਆਂ ਨੂੰ ਹੋਰ ਪੇਚੀਦਾ ਕਰ ਰਹੀ ਹੈ। ਅੱਜ ਕਾਰਪੋਰੇਟ ਅਤੇ ਇਸ ਦੀਆਂ ਸੰਚਾਲਕ ਸ਼ਕਤੀਆਂ ਵਜੋਂ ਝੂਠ ਨੂੰ ਸੱਚਾ ਬਣਾ ਕੇ ਪਰੋਸਿਆ ਜਾ ਰਿਹਾ ਹੈ। ਝੂਠ ਤੇ ਸੱਚ ਵਿਚ ਅੰਤਰ ਕਰਨਾ ਪੇਚੀਦਾ ਤੇ ਗੁੰਝਲਦਾਰ ਮਸਲਾ ਹੈ। ਮੀਡੀਆ ਦਾ ਰੋਲ ਇਸ ਬਾਰੇ ਮਹੱਤਵਪੂਰਨ ਹੈ। ਇਹ ਰਾਜਸੀ ਵਰਤਾਰਾ ਹੈ ਤੇ ਇਹ ਅਮਰੀਕਾ ਤੋਂ ਯੂਰਪ ਰਾਹੀਂ ਹੁੰਦਾ ਹੋਇਆ ਅੱਜ ਕੱਲ ਭਾਰਤੀ ਰਾਜਸੀ ਪ੍ਰਕਿਰਿਆ ਵਿਚ ਸਕਿਰਿਆਤਮਕ ਰੋਲ ਅਦਾ ਕਰਦਾ ਨਜ਼ਰ ਆਉਂਦਾ ਹੈ। ਇਹ ਇਕ ਅਜਿਹਾ ਵਰਤਾਰਾ ਹੈ ਜਿਹੜਾ ਬਾਕੀ ਸਾਰੇ-ਆਰਥਿਕ, ਸਮਾਜਕ, ਸਭਿਆਚਾਰਕ, ਧਾਰਮਿਕ, ਭਾਸ਼ਾਈ, ਨੈਤਿਕ ਤੇ ਰਾਸ਼ਟਰਵਾਦ ਵਰਤਾਰਿਆਂ ਨੂੰ ਨਿਰਧਾਰਿਤ ਕਰਦਾ ਹੈ।
ਇਕ ਸੰਵੇਦਨਸ਼ੀਲ ਵਿਅਕਤੀ ਇਨ੍ਹਾਂ ਵਰਤਾਰਿਆਂ ਬਾਰੇ ਜਾਣਨ, ਸਮਝਣ, ਖੋਲ੍ਹਣ ਅਤੇ ਬਿਆਨਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਵਿਅਕਤੀ ਇਨ੍ਹਾਂ ਤੋਂ ਅਪਸਾਰ ਕਰਦਾ ਹੈ, ਕੋਈ ਇਨ੍ਹਾਂ ਨਾਲ ਖਹਿ ਕੇ ਲੰਘਦਾ ਹੈ, ਕੋਈ ਟਕਰਾ ਕੇ, ਕੋਈ ਵਿਰੋਧ ਕਰਕੇ ਤੇ ਕੋਈ ਇਨ੍ਹਾਂ ਨਾਲ ਮੌਜੂਦਾ ਸਮੇਂ ਵਿਚ ਸੰਘਰਸ਼ਸ਼ੀਲ ਹੈ।
ਗੁਰਭਜਨ ਗਿੱਲ ਨਿਰੰਤਰ ਲਿਖਣਾ ਵਾਲਾ ਸ਼ਾਇਰ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਸਮੇਂ ਸਮੇਂ ਵਾਪਰਨ ਵਾਲੀਆਂ ਵੱਖ-ਵੱਖ ਘਟਨਾਵਾਂ ਦੀ ਕਵਿਤਾ ਵਿਚ ਨਿਸ਼ਾਨਦੇਹੀ ਹੋ ਜਾਂਦੀ ਹੈ ਤੇ ਇਤਿਹਾਸਕ ਪ੍ਰਸੰਗ ਦਾ ਪਤਾ ਲੱਗ ਜਾਂਦਾ ਹੈ। ਪਰ ਦੂਜੇ ਪਾਸੇ ਤਤਕਾਲ ਦਾ ਤੱਥ ਸੱਟ ਪ੍ਰਗਟਾਵਾ ਜਿਹੜਾ ਸ਼ਾਇਰ/ਲੇਖਕ ਦੇ ਅਨੁਭਵ ਦਾ ਗਹਿਰ ਗੰਭੀਰ ਹਿੱਸਾ ਨਹੀਂ ਬਣਿਆ ਹੁੰਦਾ ਪੇਤਲੀ ਬਿਆਨਬਾਜ਼ੀ ਅਤੇ ਦੁਹਰਾਉ ਵਿਚ ਪੇਸ਼ ਹੁੰਦਾ ਹੈ ਜਿਸ ਦਾ ਸ਼ਾਇਰ/ਲੇਖਕ ਨੂੰ ਨੁਕਸਾਨ ਹੁੰਦਾ ਹੈ।
ਗੁਰਭਜਨ ਗਿੱਲ ਦੀ ਕਵਿਤਾ ਨੂੰ ਜਾਣਨ-ਸਮਝਣ ਲਈ ਉਹਦੇ ਕਾਵਿ- ਸਫ਼ਰ ਨੂੰ ਜਾਣਨਾ-ਸਮਝਣਾ ਆਵੱਸ਼ਕ ਹੈ। ‘ਸ਼ੀਸ਼ਾ ਝੂਠ ਬੋਲਦਾ ਹੈ' (1978) ਤੇ ‘ਹਰ ਧੁੱਖਦਾ ਪਿੰਡ ਮੇਰਾ ਹੈ' (1985) ਤੋਂ ‘ਚਰਖੜੀ’ (2021) ਤੇ ‘ਸੁਰਤਾਲ’ (2021) ਤੱਕ ਗੁਰਭਜਨ ਗਿੱਲ ਦੀਆਂ 16 ਕਾਵਿ-ਪੁਸਤਕਾਂ, 4 ਸੰਪਾਦਿਤ ਕਾਵਿ-ਸੰਗ੍ਰਹਿ ਅਤੇ 2 ਸਚਿੱਤਰ ਵਾਰਤਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਹੜੀਆਂ ਉਸ ਦੇ ਕਾਵਿ-ਵਿਕਾਸ ਦੀਆਂ ਸੂਚਕ ਹੋਣ ਦੇ ਨਾਲ-ਨਾਲ ਸਮਕਾਲੀ ਇਤਿਹਾਸ ਦੀਆਂ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ-ਨਾਲ ਕਵੀ ਦੇ ਇਨ੍ਹਾਂ ਬਾਰੇ ਹੁੰਗਾਰੇ ਤੇ ਪ੍ਰਗਟਾਵੇ ਨਕਸਲਬਾੜੀ ਲਹਿਰ ਦਾ ਉਤਰਾਅ ਤੇ ਖਿੰਡਾਉ, ਐਂਮਰਜੈਂਸੀ, ਕਾਂਗਰਸ ਦੀ ਨਿਰੁਕਸ਼ ਸਤਾ ਦਾ ਰਾਜਸੀ ਸੀਨ ਤੋਂ ਮਨਫ਼ੀ ਹੋਣਾ ਤੇ ਜਨਤਾ ਪਾਰਟੀ ਦਾ ਉਭਰਨਾ, ਪੰਜਾਬ ਸੰਕਟ, 1990 ਤੋਂ ਵਿਸ਼ਵੀਕਰਨ ਤੋਂ ਅੱਜ ਤੱਕ-ਕਰਜ਼ਾ, ਨਸ਼ਾਖੋਰੀ, ਆਤਮ-ਹੱਤਿਆਵਾਂ, ਬਲਾਤਕਾਰ, ਨਾਰੀ ਚੇਤਨਾ, ਦਲਿਤ ਚੇਤਨਾ, ਸਭਿਆਚਾਰਕ ਚੇਤਨਾ, ਕਿਸਾਨੀ ਸੰਘਰਸ਼ ਤੇ ਕਰੋਨਾ ਮਹਾਂਮਾਰੀ ਆਦਿ ਅਜਿਹੇ ਮਹੱਤਵਪੂਰਨ ਵਰਤਾਰੇ ਹਨ ਜਿਨ੍ਹਾਂ ਨੂੰ ਜਾਣਨਾ ਹੀ ਜ਼ਰੂਰੀ ਨਹੀਂ, ਇਨ੍ਹਾਂ ਦੀ ਸਮਝ ਵੀ ਜ਼ਰੂਰੀ ਹੈ ਕਿ ਇਨ੍ਹਾਂ ਪਿੱਛੇ ਕਿਹੜੀਆਂ ਸੰਚਾਲਕ ਸ਼ਕਤੀਆਂ ਹਨ ਕਿ ਅਸੀਂ ਇਤਿਹਾਸ ਦੇ ਇਸ ਨਾਜ਼ੁਕ ਮੋੜ 'ਤੇ ਅਪੜ ਗਏ ਹਾਂ। ਇਸ ਦੇ ਨਾਲ ਹੀ ਗੁਰਭਜਨ ਦੇ ਪਿਆਰ-ਸਫ਼ਰ ਵਿਚ ਭਰ ਜਵਾਨੀ ਵਿਚ ਇਕੱਲੇ ਰਹਿ ਜਾਣ ਦਾ ਦਰਦ ਅਤੇ ਪੰਜਾਬੀ ਭਾਈਚਾਰੇ ਦੇ ਵੰਡੇ ਜਾਣ ਦੀ ਦੁਖਾਂਤਕ ਵੇਦਨਾ ਵਿਚ ਸਾਂਝੇ ਪੰਜਾਬ ਦੀ ਵਿਰਾਸਤੀ ਨਿੱਘ ਦਾ ਅਹਿਸਾਸ ਉਹਦੀ ਕਾਵਿ- ਸਿਰਜਣਾ ਦੇ ਮਹੱਤਵਪੂਰਨ ਪ੍ਰਸੰਗ ਹਨ ਜਿਹੜੇ ਉਹਦੇ ਨਿੱਜ ਤੇ ਪੰਜਾਬ ਦੀ ਰੂਹ ਨੂੰ ਤਤਕਾਲ ਵਿਚ ਵੀ ਚਿਣਗੀ-ਸੰਵੇਦਨਾ ਮਘਾਈ ਰੱਖਣ ਦੇ ਅਮਲ ਵਿਚ ਹਿੱਸਾ ਪਾ ਰਹੇ ਹਨ।
ਗੁਰਭਜਨ ਗਿੱਲ ਅਜਿਹਾ ਸ਼ਾਇਰ ਹੈ ਜਿਹੜਾ ਪੰਜਾਬ ਸੰਕਟ ਦੌਰਾਨ ਸਰਕਾਰੀ ਅਤੇ ਵਿਰੋਧੀ ਸ਼ਕਤੀਆਂ ਦੀ ਭਰਾ-ਮਾਰੂ ਜੰਗ ਵਿਚ ਪੁੱਲ ਬਣਨ ਦੀ ਕੋਸ਼ਿਸ਼ ਕਰਦਾ ਹੈ।ਉਸ ਦੀ ਮਾਨਸਿਕਤਾ ਦੀ ਅਜਿਹੀ ਬਣਤ ਉਹਦੀ ਦ੍ਰਿਸ਼ਟੀ ਦੀ ਸੂਚਕ ਹੈ:
ਹਟ ਹਾਕਮਾਂ ਤੇ ਤੂੰ ਵੀ ਟਲ ਸ਼ੇਰ ਬੱਲਿਆ।
ਚਿੱਟਾ ਕਪੜਾ ਬਾਜ਼ਾਰ ਵਿਚੋਂ ਮੁੱਕ ਚੱਲਿਆ।
ਪਾਸ਼ ਦੋਹਾਂ ਧਿਰਾਂ ਦੀ ਅਤਿਵਾਦੀ ਪਹੁੰਚ ਦਾ ਵਿਰੋਧ ਕਰਦਾ ਹੈ।ਉਹ ਜਿਥੇ ਸਥਾਪਤੀ ਦਾ ਵਿਰੋਧ ਕਰਦਾ ਹੈ, ਉਥੇ ਵਿਸਥਾਪਤੀ ਦੀ ਕਰੂਰ ਮਾਨਸਿਕਤਾ ਦਾ ਵੀ ਵਿਰੋਧ ਕਰਦਾ ਹੈ, ਜਿਸ ਦਾ ਨਤੀਜਾ ਉਸ ਨੂੰ ਭੁਗਤਣਾ ਪੈਂਦਾ ਹੈ। ਪਾਤਰ ਸਥਾਪਤੀ ਦੁਆਰਾ ਜੰਗਲ ਨੂੰ ਸਾੜਨ ਅਤੇ ਜੰਗਲ ਦੇ ਸਥਾਪਤੀ ਨਾਲ ਟਕਰਾ ਦੇ ਪ੍ਰਵਚਨ ਨੂੰ ਸਿਰਜਦਾ ਹੈ।
ਗੁਰਭਜਨ ਗਿੱਲ ਦੇ ਗ਼ਜ਼ਲ-ਸੰਗ੍ਰਹਿ ‘ਸੁਰਤਾਲ' (2021) ਦੀਆਂ ਗ਼ਜ਼ਲਾਂ ਦੀ ਅੰਤਰ- ਧੁਨੀ/ਸਰੋਕਾਰਾਂ/ਵਰਤਾਰਿਆਂ ਨੂੰ ਇਸੇ ਪ੍ਰਸੰਗ ਵਿਚ ਜਾਣਨ, ਸਮਝਣ ਅਤੇ ਪੜਚੋਲਣ ਦੀ ਕੋਸ਼ਿਸ਼ ਹੈ। ਗੁਰਬਚਨ ਸਿੰਘ ਭੁੱਲਰ ਗੁਰਭਜਨ ਦੀ ਕਾਵਿ-ਸੰਵੇਦਨਾ ਬਾਰੇ ਲਿਖਦਾ ਕਹਿੰਦਾ ਹੈ : ‘ਇਕ ਗ਼ਜ਼ਲਕਾਰ ਵਜੋਂ ਤੇਰਾ ਮੀਰੀ ਗੁਣ ਸਵੈ-ਕੇਂਦਰਿਤ ਨਾ ਹੋਣਾ ਹੈ। ਇਹ ਤੇਰੀ ਆਵਾਜ਼ ਨਹੀਂ ਲੋਕਾਂ ਦੀ ਆਵਾਜ਼ ਹੈ। ਤੂੰ ਉਪਦੇਸ਼ਕ ਹੋਏ ਬਿਨਾਂ ਸਮਾਜਕ ਸਦਾਚਾਰ ਦੀ ਅਤੇ ਰਾਜਨੀਤਕ ਹੋਏ ਬਿਨਾਂ ਰਾਜਨੀਤੀ ਦੀ ਗੱਲ ਕਰ ਜਾਂਦਾ ਹੈ। ਤੇਰੀ ਗ਼ਜ਼ਲ . ਆਮ ਆਦਮੀ ਦੇ ਰੋਜ਼ਾਨਾ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿਚ ਪੇਸ਼ ਕਰਦੀ ਹੈ।ਵਿਚਾਰ ਦੀ ਅਜਿਹੀ ਗਹਿਰਾਈ ਵਾਲੀ ਗ਼ਜ਼ਲ ਹੀ ਪਾਠਕ ਲਈ ਕੋਈ ਅਰਥ ਰੱਖਦੀ ਹੈ।
(ਸੁਰਤਾਲ ਫਾਰਮੇਟ)
ਡਾ. ਆਤਮਜੀਤ ਗੁਰਭਜਨ ਦੀ ਸ਼ਾਇਰੀ ਬਾਰੇ ਲਿਖਦਾ ਹੈ : ‘ਗੁਰਭਜਨ ਗਿੱਲ ਸੁਹਿਰਦ ਸ਼ਾਇਰ ਹੈ ਜਿਸ ਦੇ ਕੇਂਦਰ ਵਿਚ ਮਨੁੱਖ ਹੈ ਅਤੇ ਉਹ ਮਨੁੱਖ ਦੇ ਹਰੇਕ ਦੁਸ਼ਮਣ ਦੀ ਗੰਭੀਰਤਾ ਨਾਲ ਨਿਸ਼ਾਨਦੇਹੀ ਕਰਦਾ ਹੈ।... ਉਹ ਬੰਦੇ ਦੇ ਅੰਦਰ ਬੈਠੇ ਵੈਰੀਆਂ ਤੋਂ ਲੈ ਕੇ ਬਾਹਰ ਪਸਰੇ ਕਹਿਰਵਾਨਾਂ ਤੱਕ ਦੀ ਸ਼ਨਾਖ਼ਤ ਕਰਦਾ ਹੈ ਤੇ ਸਭ ਨੂੰ ਬੇਬਾਕ ਹੋ ਕੇ ਵੰਗਾਰਦਾ ਹੈ।
(ਸੁਰਤਾਲ ਫਾਰਮੇਟ)
ਬਾਬਾ ਨਜ਼ਮੀ ਗੁਰਭਜਨ ਦੀ ਸ਼ਾਇਰੀ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਹਿੰਦਾ ਹੈ : (ਉਹ ਦੀ ਸ਼ਾਇਰੀ) ਅਜੋਕੇ ਚਲ ਰਹੇ ਵਿਹਾਰ ਦੇ ਮਾਰੂ ਮੂੰਹ ਜ਼ੋਰ ਵਹਿਣ ਬਾਰੇ ਜਾਣਕਾਰੀ ਦਿੰਦਾ ਹੋਇਆ ਸ਼ਾਇਰ ਦਾ ਲਾਸ਼ਊਰੀ ਇਜ਼ਹਾਰ ਵੀ ਏ।ਉਹ ਰਾਹ ਦੱਸਣ ਵਾਲਾ ਰਾਹਨੁਮਾ ਵੀ ਏ ਜੋ ਸੋਚ ਸ਼ਾਊਰ ਦਾ ਦੀਵਾ ਫੜਕੇ ਨਵੀਂ ਪੀੜ੍ਹੀ ਦੇ ਅੱਗੇ ਮੋਹਨ ਕਾਹਲੋਂ ਦੇ ਗੁਰਭਜਨ ਦੀ ਸ਼ਾਇਰੀ ਬਾਰੇ ਵਿਚਾਰ ਹਨ : ਸਾਰੇ ਜੱਗ ਦੀ ਖ਼ੈਰ ਮੰਗਦਾ। ਇਕ ਵੈਦ ਜੋ ਜ਼ਮਾਨੇ ਦੀਆਂ ਨਬਜ਼ਾਂ ਟੋਂਹਦਾ, ਅਹੁਰ ਪਛਾਣਦਾ ਤੇ ਉਹ ਦਾ ਦਾਰੂ ਦੱਸਦਾ ਏ।
(ਸੁਰਤਾਲ ਫਾਰਮੇਟ)
ਸੁਰਜੀਤ ਪਾਤਰ ‘ਸੁਰਤਾਲ' ਦੀ ਭੂਮਿਕਾ ਵਿਚ ਲਿਖਦਾ ਹੈ : ਉਸ ਦੀਆਂ ਗ਼ਜ਼ਲਾਂ ਹਰ ਪੱਖੋਂ ਪੰਜਾਬ ਦੀ ਧਰਤੀ ਦੀਆਂ ਜਾਈਆਂ ਲੱਗਦੀਆਂ ਹਨ। ... ਸਿਰਫ਼ ਵਿਰਾਸਤੀ ਸ਼ਬਦਾਵਲੀ ਨੂੰ ਹੀ ਨਹੀਂ ਗੁਰਭਜਨ ਨੇ ਆਪਣੇ ਅਜੋਕੇ ਪੰਜਾਬ ਨੂੰ ਵੀ ਸਮੁੱਚੇ ਸਮਾਜਕ, ਸਭਿਆਚਾਰਕ ਤੇ ਰਾਜਨੀਤਕ ਵਰਤਾਰਿਆਂ ਸਮੇਤ ਆਪਣੀਆਂ ਗ਼ਜ਼ਲਾਂ ਵਿਚ ਸਮੋਇਆ ਹੈ। ... ਗੁਰਭਜਨ ਗਿੱਲ ਦੀ ਗ਼ਜ਼ਲ ਦੇ ਸਰੋਕਾਰ ਪੰਜਾਬ ਦੇ ਦਰਾਂ ਘਰਾਂ, ਖੇਤਾ ਖਲਿਹਾਣਾਂ, ਪਗਡੰਡੀਆਂ ਸ਼ਾਹਰਾਹਾਂ, ਦਰਿਆ ਮਹਿਲਾਂ, ਰਾਜੇ ਰੋਕਾਂ, ਅਣਹੋਇਆ ਤੇ ਕਹਿੰਦੇ ਕਹਾਉਂਦਿਆਂ ਤੱਕ ਫ਼ੈਲੇ ਹੋਏ ਹਨ ਅਤੇ ਇਸ ਸਭ ਕੁਝ ਦੇ ਦਰਮਿਆਨ ਗੁਰਭਜਨ ਗਿੱਲ ਦਾ ਮੋਹ ਤੇ ਰੋਹ ਬਰਕਰਾਰ ਹੈ।
(ਸੁਰਤਾਲ : ਗ਼ਜ਼ਲਾਂ ਦੀ ਜ਼ਰਖ਼ੇਜ਼ ਜ਼ਮੀਨ, ਪੰਜਾਬ 9-12)
ਉਪਰੋਕਤ ਤੋਂ ਇਹ ਪ੍ਰਵਚਨ ਉਸਾਰਦਾ ਹੈ ਕਿ ਗੁਰਭਜਨ ਗਿੱਲ ਦੀ ਕਾਵਿ-ਸਾਧਨਾ ਦੇ ਕੇਂਦਰ ਵਿਚ ਮਨੁੱਖ ਹੈ। ਉਹ ਜਨ-ਸਾਧਾਰਨ ਦੇ ਮਸਲਿਆਂ ਤੇ ਵਿਹਾਰਾਂ ਦੀ ਪੇਸ਼ਕਾਰੀ ਕਰਦਾ ਲੋਕਾਂ ਦਾ ਕਵੀ ਹੈ ਜਿਹੜਾ ਵਿਭਿੰਨ ਵਰਤਾਰਿਆਂ ਦੀ ਨਬਜ਼ ਤੇ ਮਰਜ਼ ਪਛਾਣਦਾ ਮਾਨਵਤਾ ਦੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਦਾ ਹੈ। ਉਹ ਪੰਜਾਬ ਦੀ ਰਹਿਤਲ ਤੇ ਸਭਿਆਚਾਰਕ ਵਿਰਾਸਤ ਦਾ ਜ਼ਾਮਨ ਦੁਰਪੇਸ਼ ਹਰ ਚੁਨੌਤੀ ਨੂੰ ਸਵੀਕਾਰ ਕਰਦਾ ਹੈ ਤੇ ਬਦਲਵੇਂ ਰੂਪ ਵਿਚ ਵੰਗਾਰ ਪਾਉਂਦਾ ਹੈ।‘ਸੁਰਤਾਲ’ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਅੰਤਰ ਧੁਨੀ ਵੱਡੇ ਤੇ ਗੰਭੀਰ ਰੂਪ ਵਿਚ ਉੱਘੜ ਨੇ ਸਾਹਮਣੇ ਆ ਰਹੀ ਹੈ :
ਆ ਜਾ ਨੀ ਚਣੌਤੀਏ, ਤੂੰ ਦੂਰ ਕਾਹਨੂੰ ਖੜ੍ਹੀਏਂ,
ਸਮਿਆਂ ਦੇ ਹਾਣੀ ਕਦੇ ਹੋਣੀਆਂ ਨਹੀਂ ਟਾਲਦੇ।
ਗੁਰਭਜਨ ਦੀ ਸ਼ਾਇਰੀ ਦੀ ਇਹ ਖ਼ੂਬਸੂਰਤੀ ਹੈ ਅਰਥਾਤ ਸ਼ਕਤੀ ਹੈ ਕਿ ਉਹ ਦਿੱਤੀ ਗਈ ਹਰ ਚੁਣੌਤੀ ਨੂੰ ਸਵੀਕਾਰਦਾ ਹੈ, ਉਹ ਦੇ ਨਾਲ ਖਹਿ ਕੇ ਲੰਘਦਾ ਹੈ, ਉਸ ਦਾ ਵਿਰੋਧ ਹੀ ਨਹੀਂ ਕਰਦਾ, ਟਾਕਰਾ ਕਰਦਾ ਹੈ।ਉਸ ਦੀ ਸ਼ਾਇਰੀ ਸੰਘਰਸ਼-ਪ੍ਰੇਰਨਾ ਨੂੰ ਉਭਾਰਦੀ ਬਦਲਵੇਂ ਯਥਾਰਥ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ। ਬਹੁਤ ਸਾਰੇ ਪਹਿਲਾਂ ਵਾਪਰੇ ਵਰਤਾਰੇ ਉਸ ਦੀ ਸਿਮਰਤੀ ਦਾ ਹਿੱਸਾ ਹਨ ਅਤੇ ਬਹੁਤ ਸਾਰਿਆਂ ਵਿਚੋਂ ਉਹ ਨਿੱਜ ਰੂਪ ਵਿਚ ਗੁਜ਼ਰਿਆ ਹੈ।ਇਹ ਉਹਦੀ ਇਨਰ-ਰਿਆਲਟੀ ਨਾਲ ਸੰਘਰਸ਼ ਕਰਦੇ ਉਹਦੇ ਅਨੁਭਵੀ ਪ੍ਰਵਚਨ ਦਾ ਹਿੱਸਾ ਬਣ ਜਾਂਦੇ ਹਨ।
ਗੁਰਭਜਨ ਗਿੱਲ ਵੰਗਾਰ ਪਾਉਣ ਵਾਲਾ ਸ਼ਾਇਰ ਹੈ।ਉਹ ਸਮਕਾਲੀ ਸੋਚ ਦੇ ਰੂ-ਬ-ਰੂ ਹੁੰਦਾ ਤਿੰਨ ਪੱਧਰਾਂ 'ਤੇ ਵੰਗਾਰ ਪਾਉਂਦਾ ਹੈ :
1. ਸਮਕਾਲੀ ਸ਼ਾਇਰਾਂ ਅਤੇ ਆਪਣੀ ਜ਼ਾਤ ਨੂੰ ਵੰਗਾਰਦਾ ਹੈ।
2. ਸ਼ੋਸ਼ਕ ਵਰਗ/ਲੋਟੂ ਵਰਗ/ਸਥਾਪਤੀ ਨੂੰ ਵੰਗਾਰਦਾ ਹੈ।
3 . ਸ਼ੋਸ਼ਤ ਵਰਗ/ਜਨ-ਸਾਧਾਰਣ/ਕਮਜ਼ੋਰ ਵਰਗ ਨੂੰ ਵੰਗਾਰਦਾ ਹੈ।
ਸਮਕਾਲੀ ਸ਼ਾਇਰਾਂ ਅਤੇ ਆਪਣੀ ਜ਼ਾਤ ਨੂੰ ਵੰਗਾਰ ਪਾਉਂਦਾ ਉਹ ਮਹਿਸੂਸ ਕਰਦਾ ਹੈ ਕਿ ਅੱਜ ਜਿਸ ਮੁਕਾਮ 'ਤੇ ਅਸੀਂ ਆਪਣੀ ਜ਼ਿੰਦਗੀ ਜਿਉਂ ਰਹੇ ਹਾਂ, ਉਹ ਵਿਕਾਸ ਦੀ ਥਾਂ ਰਸਾਤਲ ਵੱਲ ਜਾਂਦੀ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ। ਉਸ ਅਨੁਸਾਰ ਸਮਕਾਲ ਸਥਾਪਤੀ ਪੱਖੀ ਚੋਰਾਂ ਤੇ ਲੁਟੇਰਿਆਂ ਨਾਲ ਭਰਿਆ ਪਿਆ ਹੈ ਜੋ ਲੋਕਾਂ ਦਾ ਖ਼ੂਨ ਚੂਸ ਰਹੇ ਹਨ। ਇਸ ਲਈ ਸੰਵੇਦਨਸ਼ੀਲ ਲੋਕਾਂ ਨੂੰ ਆਪਣੀ ਇਨਰ-ਰਿਆਲਟੀ ਨੂੰ ਦੀਵੇ ਵਾਂਗ ਬਾਲਣਾ ਪਏਗਾ ਅਰਥਾਤ ਆਪ ਜਾਗਰਤ ਹੋ ਕੇ ਲੋਕਾਂ ਨੂੰ ਜਾਗਰਤ ਕਰਨਾ ਹੋਵੇਗਾ। ਜੇ ਅੱਜ ਸਮਾਜ/ਸਥਾਪਤੀ ਅਜਿਹੇ ਮੁਕਾਮ 'ਤੇ ਇਸ ਕਦਰ ਸਕਿਰਿਆ ਹੈ ਤਾਂ ਇਹ ਸੰਵੇਦਨਸ਼ੀਲ ਵਰਗ ਦੀ ਗ਼ੈਰ-ਜ਼ਿੰਮੇਂਵਾਰੀ ਅਤੇ ਨਿਸ਼ਕਿਰਿਅਤਾ ਹੈ ਕਿ ਉਹ ਜ਼ਬਰ- ਜ਼ੁਲਮ ਤੇ ਅਤਿਆਚਾਰਾਂ ਦੇ ਸਿਖ਼ਰ 'ਤੇ ਅੱਪੜ ਗਈ ਹੈ ; ਉਦਹਾਰਣ ਲਈ :
ਅੱਜ ਤੋਂ ਮਗਰੋਂ ਅੱਜ ਨਹੀਂ ਆਉਣਾ, ਕੱਲ ਦਾ ਨਾਮ ਕਵੇਲੇ ਵਰਗਾ,
ਜੀਭਾਂ ਵਾਲੇ ਚੁੱਪ ਨਾ ਬੈਠਣ, ਬੋਲ ਪੁਗਾਵਣ ਹੁਣ ਨਾਲ ਡੋਲਣ।
ਜਿਸ ਦਿਨ ਆਪਾਂ ਜਨਮ ਲਿਆ ਸੀ, ਜੇ ਨਾ ਜ਼ਿੰਦਗੀ ਉਸ ਤੋਂ ਸੋਹਣੀ,
ਖ਼ੁਦ ਆਪਣੇ ਤੋਂ ਪੁੱਛਣਾ ਬਣਦੈ, ਕੀ ਹਾਂ ਆਪਾਂ ਰਹਿੰਦੇ ਕਰਦੇ।
ਫਿਰਦੇ ਨੇ ਚੋਰ ਤੇ ਲੁਟੇਰੇ ਆਮ ਹੁਣ,
ਆਪਣੇ ਬਨੇਰਿਆਂ ਤੇ ਆਪ ਦੀਵੇ ਬਾਲੀਏ।
ਜ਼ਬਰ-ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅਤਿਆਚਾਰਾਂ 'ਤੇ,
ਕਲਮਾਂ ਵਾਲਿਆ ! ਉਸ ਪਲ ਸੂਈ ਧਰਿਆ ਕਰ ਸਰਕਾਰਾਂ 'ਤੇ
ਇਸ ਵਿਚ ਸ਼ਾਮਲ ਹਾਂ ਮੈਂ ਵੀ, ਤੇਰੇ ਵਾਂਗੂੰ ਆਲਸੀ,
ਗੰਦੀਆਂ ਮੱਛੀਆਂ ਜੇ ਭਰਿਆ, ਨਿਰਮਲੇ ਜਲ ਦਾ ਤਲਾਬ।
ਦੂਜੇ ਪੱਧਰ 'ਤੇ ਗੁਰਭਜਨ ਦੀ ਸ਼ਾਇਰੀ ਸ਼ੋਸ਼ਤ ਵਰਗ/ਲੋਟੂ ਵਰਗ ਸਥਾਪਤੀ ਨੂੰ ਲੋਕਾਂ ਦੀ ਲੁੱਟ ਵਿਰੁੱਧ ਵੰਗਾਰਦੀ ਹੈ। ਉਸ ਅਨੁਸਾਰ ਜਦੋਂ ਲੋਕ-ਲੁੱਟ ਦਾ ਪਿਆਲਾ ਉਛਲਣ ਲੱਗਦਾ ਹੈ ਤਾਂ ਸ਼ਾਸ਼ਕ ਵਰਗ ਨਾਲ ਤਰਲਿਆਂ ਦੀ ਥਾਂ ਹਥਿਆਰਾਂ ਨਾਲ ਗੱਲ ਕਰਨੀ ਬਣਦੀ ਹੈ ਇਸ ਲਈ ‘ਤਿੰਨ ਲੋੜਾਂ’ ਦੇ ਨਾਲ-ਨਾਲ ਅਵਾਮ ਲਈ ‘ਗਿਆਨ-ਲੋੜ’ ਵੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਸਥਾਪਤੀ ਹਮੇਸ਼ਾ ਹੀ ਆਪਣੇ ਹੱਥ ਠੋਕਾ ਮੀਡੀਆ ਰਾਹੀਂ ਬਦਲਵੇਂ ਯਥਾਰਥ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਉਪ ਗਰਦਾਨਦੀ ਹੈ।ਉਨ੍ਹਾਂ ਦੇ ਇਸ ‘ਉੱਤਰ ਸੱਚ' ਦਾ ਚੇਤੰਨਭਾਵੀ ਹੋ ਕੇ ਟਾਕਰਾ ਕਰਨਾ ਬਣਦਾ ਹੈ। ਸਥਾਪਤੀ ਪਹਿਲਾਂ ਇਸ ਸੰਦਰਭ ਵਿਚ ਸਮਾਜ ਵਿਚ ਅਰਾਜਕਤਾ ਫੈਲਾਏਗੀ ਤੇ ਮੀਡੀਆ ਰਾਹੀਂ ਆਪਣੇ ਝੂਠੇ-ਸੱਚ ਦਾ ਵਿਸਤਾਰ ਕਰੇਗੀ ਤੇ ਫਿਰ ਲੋਕਾਂ ਦੀ ਹਰ ਤਰਫ਼ੋਂ ਲੁੱਟ ਤੇ ਦੁਫੇੜ ਮਾਨਸਿਕਤਾ ਦਾ ਸਮਾਨ ਤਿਆਰ ਕਰੇਗੀ। ਸ਼ਾਇਰ ਸ਼ਾਸ਼ਕ ਵਰਗ ਦੇ ਇਸ ਸੱਚ ਤੋਂ ਲੋਕਾਂ ਨੂੰ ਜਾਗਰਤ ਕਰਦਾ ਹੈ।ਸ਼ਾਸ਼ਕ ਵਰਗ ਦੇ ਯਥਾਰਥ ਨਾਲ ਸ਼ੋਸ਼ਤ ਵਰਗ ਦੇ ਬਦਲਵੇਂ ਯਥਾਰਥ ਦਾ ਮੁਕਾਬਲਾ ਸ਼ਬਦ ਦਾ ਸ਼ਬਦ ਨਾਲ ਮੁਕਾਬਲੇ ਅਤੇ ਹਥਿਆਰ ਦਾ ਹਥਿਆਰ ਨਾਲ ਮੁਕਾਬਲੇ ਵਿਚ ਬਦਲ ਜਾਂਦਾ ਹੈ।ਇਸ ਸਥਾਪਤ ਚੁਫੇਰੇ ਫ਼ੈਲੇ ਯਥਾਰਥ ਨੂੰ ਲੋਕ ਵਰਗ ਦੇ ਬਦਲਵੇਂ ਯਥਾਰਥ ਰਾਹੀਂ ਹੀ ਬਦਲਿਆ ਜਾ ਸਕਦਾ ਹੈ ਅਤੇ ਸਥਾਪਤੀ ਪਿੱਛੇ ਸੁਕਿਰਿਆ ਧਾਰਮਿਕ-ਰਾਜਸੀ ਅਤੇ ਬਾਹਮਣੀ ਕੀਮਤਾਂ ਜਿਹੀਆਂ ਸੰਚਾਲਕ ਸ਼ਕਤੀਆਂ ਦਾ ਟਾਕਰਾ ਕਰਕੇ ਸਥਾਪਤੀ ਨੂੰ ਤੋੜਿਆ ਜਾ ਸਕਦਾ ਹੈ। 101 ਅਤੇ 148 ਸਫ਼ੇ 'ਤੇ ਅੰਕਿਤ ਪੂਰੀਆਂ ਗ਼ਜ਼ਲਾਂ ਇਸ ਦੀ ਸੁੰਦਰ ਉਦਾਹਰਣ ਹਨ।ਕੁਝ ਸ਼ਿਅਰ ਵੇਖਣ-ਯੋਗ ਹਨ :
ਟੋਡੀ ਬੱਚੇ ਇਨਕਲਾਬ ਨੂੰ ਅਫ਼ਰਾ-ਤਫ਼ਰੀ ਆਖ ਰਹੇ,
ਮੁਕਤ ਕਰਾਉਣੀਆਂ ਇਨ੍ਹਾਂ ਤੋਂ ਹੀ, ਰੀਝਾਂ, ਧੁੱਪਾਂ ਛਾਵਾਂ ਹੂ।
ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਤਾਰ ਕਰਨਗੇ,
ਜਗਦੇ ਦੀਪ ਬੁਝਾ ਕੇ ਡਾਕੂ, ਵਿਚ ਹਨੇਰੇ ਮਾਰ ਕਰਨਗੇ।
ਤੀਜੇ ਪੱਧਰ 'ਤੇ ਗੁਰਭਜਨ ਆਪਣੀ ਸ਼ਾਇਰੀ ਵਿਚ ਵੱਡੇ ਪੱਧਰ 'ਤੇ ਸ਼ੋਸ਼ਤ ਵਰਗ ਨੂੰ ਪੰਜਾਬ ਦੇ ਇਤਿਹਾਸ ਦੇ ਸੰਘਰਸ਼ਸ਼ੀਲ ਤੇ ਬਲਸ਼ੀਲ ਨਾਇਕਾਂ ਦੇ ਪ੍ਰਸੰਗ ਨਾਲ ਜੋੜ ਕੇ ਲੋਕ ਆਵਾਜ਼ ਬਣਨ ਲਈ ਪ੍ਰੇਰਤ ਕਰਕੇ ਸ਼ੋਸ਼ਕ ਵਰਗ ਤੇ ਇਸ ਦੀਆਂ ਸੰਚਾਲਕ ਸ਼ਕਤੀਆਂ ਦਾ ਟਾਕਰਾ ਕਰਨ ਲਈ ਵੰਗਾਰ ਪਾਉਂਦਾ ਹੈ।ਉਸ ਅਨੁਸਾਰ ਇਸ ਲਈ ਪਹਿਲਾਂ ਬਦਲਵੇਂ ਯਥਾਰਥ ਦਾ ਸੁਪਨਬੀਜ ਲੋਕ-ਚੇਤਨਾ ਵਿਚ ਬੀਜਣਾ ਪਏਗਾ, ਕਿਉਂਕਿ ਇਹ ਹੀ ਬਦਲਾਵ ਦੇ ਸੁਪਨੇ ਨੂੰ ਜਿੰਦਾ ਰੱਖਣ ਦਾ ਤਰੀਕਾ ਹੈ। ਆਪਣੇ ਗੱਲ ਦੇ ਫੰਦੇ ਨੂੰ ਬਦਲਵੇਂ ਰੂਪ ਵਿਚ ਜ਼ਾਲਮਾਂ ਦਾ ਫੰਦਾ ਬਣਾਉਣਾ ਪਏਗਾ।ਤੇ ਆਪਣੇ ਲੋਕ-ਦਰਦ ਨੂੰ ਸਬਰ, ਸੰਤੋਖ ਤੇ ਸਿਦਕ ਦੇ ਲੰਮੇਰੇ ਘੋਲ ਵਿਚ ਢਾਲ ਕੇ ਸਰਬ ਸਾਂਝੇ ਰੂਪ ਵਿਚ ਲੋਕ-ਸੰਘਰਸ਼ ਦੀ ਲੜਾਈ ਲੜਨੀ ਪਏਗੀ। 101 ਅਤੇ 163 ਸਫ਼ੇ 'ਤੇ ਅੰਕਿਤ ਗ਼ਜ਼ਲਾਂ ਦੇ ਨਾਲ-ਨਾਲ ‘ਸੁਰਤਾਲ' ਦੀ ਸਮੁੱਚੀ ਗ਼ਜ਼ਲ ਦੀ ਅੰਤਰ-ਧੁਨੀ ਇਸ ਦੀ ਗਵਾਹੀ ਹੈ :
ਇਹ ਤਾਂ ਸਿਰਫ਼ ਲੜਾਈ ਨਿੱਕੀ, ਜਿੱਤਣ ਹਾਰਨ ਹੈ ਬੇਅਰਥਾ,
ਲੰਮੇ ਯੁੱਧਾਂ ਖ਼ਾਤਰ ਕਿਉਂ ਨਾ, ਲੱਗੇ ਦਿਲ ਤੇ ਚੋਟ ਮੁਬਾਰਕ |
ਅੱਖਾਂ ਮੀਟ ਕਬੂਤਰ ਬੈਠੇ, ਬਿੱਲੀ ਖੂਬ ਤਿਆਰੀ ਵਿਚ ਹੈ,
ਮੈਂ ਤੇ ਸਿਰਫ਼ ਕਿਹਾ ਹੈ, ਜਾਗੋ ! ਬੈਠਾ ਕਦੇ ਉਡਾਰ ਨਹੀਂ ਹੁੰਦਾ।
ਸੂਰਬੀਰ ਯੋਧਿਓ ਤੇ ਰਣਾਂ ਦਿਓ ਮੋਹਰੀਓ,
ਮਾਰ ਕੇ ਦਮਾਮੇ ਚੋਟ, ਸ਼ੁਰੂ ਕਰੋ ਬੁਕਣਾ।
ਸਖ਼ਤ ਜ਼ਮੀਨ ਨੂੰ ਪੋਲੀ ਕਰਕੇ, ਸੁਪਨ ਬੀਜ ਤਾਂ ਧਰੀਏ ਯਾਰੋ,
ਹੌਲੀ ਹੌਲੀ ਆਸ ਦਾ ਬੂਟਾ, ਏਸ ਤਰ੍ਹਾਂ ਹੀ ਫ਼ਲ ਜਾਏਗਾ।
ਆ ਹੁਣ ਤੁਰੀਏ, ਬਹਿ ਨਾ ਝੁਰੀਏ, ਹਰ ਦਿਨ ਸਬਕ ਪੜ੍ਹਾਵੇ, ਪੜ੍ਹ ਲੈ,
ਜੇ ਨਾ ਤੁਰਿਓਂ, ਤੇਰੇ ਸੁਪਨੇ, ਅੱਧ ਵਿਚਕਾਰ ਹੀ ਰਹਿ ਜਾਣੇ ਨੇ।
ਚਾਰ ਚੁਫੇਰਿਉਂ ਘਿਰਿਆ ਬੰਦਾ, ਫਾਹਾ ਲੈ ਕੇ ਕਿਉਂ ਮਰਦਾ ਹੈ,
ਪੈੜ ਪਛਾਣੋਂ ਕਿਧਰ ਜਾਂਦੀ, ਉਸ ਦੇ ਆਤਮਘਾਤ ਦੀ।
ਦਰਦ ਕਹਾਣੀ ਬਣ ਜਾਂਦੀ ਏ, ਕੱਠਿਆਂ ਹੋ ਕੇ ਹੜ੍ਹ ਦਾ ਪਾਣੀ,
ਸਬਰ, ਸਿਦਕ, ਸੰਤੋਖ ਬਿਨਾਂ ਇਹ ਕੱਲਿਆਂ ਕਿਥੇ ਠਲ ਹੁੰਦਾ ਹੈ।
ਮਰਦ ਕਹਾਵੇਂ, ਮਰਦਾ ਕਿਉਂ ਏਂ, ਹਰ ਮਸਲੇ ਦਾ ਹੱਲ ਹੁੰਦਾ ਹੈ,
ਤੇਰੇ ਸੰਗ ਇਤਿਹਾਸ ਖੜਾ ਹੈ, ਜਿੱਤ ਕੇ ਨਾ ਇੰਜ ਹਰਿਆ ਕਰ ਤੂੰ,
ਜਾਗ ਜਾਗ ਧਰਤੀ ਦੇ ਪੁੱਤਰਾ, ਭੈਣਾਂ ਨੂੰ ਵੀ ਨਾਲ ਰਲਾ ਲੈ,
ਸ਼ਾਮ ਧਰਮ ਨਾ ਛੁਪ ਖਲੋਏ, ਦੇਣ ਸੰਥਿਆ ਨਾ ਬੇ-ਪੀਰੇ।
ਗੁਰਭਜਨ ਦੀ ‘ਸੁਰਤਾਲ ਦੀ ਗ਼ਜ਼ਲ ਦਾ ਮੁੱਖ ਤੇ ਬਲਸ਼ਾਲੀ ਵਰਤਾਰਾ ਰਾਜਸੀ ਵਰਤਾਰਾ ਹੈ। ਅਜੋਕੀ ਗੰਧਲੀ ਰਾਜਨੀਤੀ ਨੇ ਦੇਸ਼/ਰਾਜ/ਸਮਾਜ ਦੇ ਸਮੁੱਚੇ ਮਾਨਵੀ ਰਿਸ਼ਤਿਆਂ ਅਤੇ ਭਾਈਚਾਰੇ ਦੀ ਸਰਬਸਾਂਝੀ ਵਿਆਕਰਣ ਨੂੰ ਭੰਗ ਕਰ ਦਿੱਤਾ ਹੈ ਜਿਸ ਨੇ ਜਾਤੀ, ਜਾਤ, ਭਾਈਚਾਰੇ ਨੂੰ ਨਸਲੀ ਆਧਾਰ 'ਤੇ ਨਫ਼ਰਤੀ ਆਧਾਰ ਪ੍ਰਦਾਨ ਕਰ ਦਿੱਤਾ ਹੈ।ਅਜੋਕੀ ਰਾਜਨੀਤੀ ‘ਸੇਵਾ ਭਾਵਨਾ' ਤੋਂ ਪਰਿਵਰਤਿਤ ਹੋ ਕੇ ਜਾਤੀ ਤੇ ਨਸਲੀ ਅੰਕੜਿਆਂ ਦੇ ਪ੍ਰਸੰਗ ਵਿਚ ਕੇਵਲ ਚੋਣਾਂ ਜਿੱਤਣ ਦੀ ਲੜਾਈ ਵਿਚ ਬਦਲ ਗਈ ਹੈ। ਗੁਰਭਜਨ ਦੀ ਗ਼ਜ਼ਲ ਸਮਾਜ ਵਿਚ ਵਿਆਪਤ ਕਪਟ ਰਾਜਨੀਤੀ ਦੇ ਅਜਿਹੇ ਪ੍ਰਸੰਗਾਂ ਨਾਲ ਆਢਾ ਲਾ ਰਹੀ ਹੈ।ਉਹ ਆਪਣੀ ਗ਼ਜ਼ਲ ਵਿਚ ਵੋਟ ਰਾਜਨੀਤੀ, ਰਾਜਨੇਤਾਵਾਂ ਦੇ ਕਿਰਦਾਰ, ਪਾਰਟੀਆਂ ਦੇ ਲੋਕ-ਵਿਰੋਧੀ ਏਜੰਡੇ ਦੀ ਗੱਲ ਕਰਦਿਆਂ ਅਖੌਤੀ ਅੰਧਰਾਸ਼ਟਰਵਾਦ, ਰਾਜਨੇਤਾਵਾਂ ਦੀ ਕਹਿਣੀ ਤੇ ਕਥਨੀ ਦੇ ਪਾੜੇ ਦੀ ਗੱਲ ਕਰਦਾ, ਸਭ ਪਾਰਟੀਆਂ ਦੇ ਚੋਣ ਮਨੋਰਥਾਂ ਦੀ ਸਾਂਝ ਦੇ ਅੰਤਰਗਤ ਚੋਣ ਸਟੰਟ ਦੀ ਗੱਲ ਕਰਦਾ ਆਮ ਲੋਕਾਂ/ਜਨਤਾ ਦੀ ਲੁੱਟ ਅਤੇ ਉਨ੍ਹਾਂ ਦੀ ਅਰਜ਼ੋਈ ਦੀ ਗੱਲ ਕਰਦਾ ਸਮੁੱਚੀ ਰਾਜਨੀਤੀ ਦੇ ਮਖੌਟੇ ਨੂੰ ਸ਼ਰੇ-ਬਾਜ਼ਾਰ ਨੰਗਾ ਕਰਨ ਦਾ ਵਚਨ ਉਸਾਰਦਾ ਹੈ।
ਸਿਰ ਚੜ੍ਹ ਕੇ ਅੱਜ ਬੋਲੇਗੀ ਜੀ, ਜੋ ਜੋ ਪਾਈ ਵੋਟ ਮੁਬਾਰਕ
ਲੋਕ ਉਡੀਕਣ ਵਿਚੋਂ ਨਿਕਲੂ, ਆਸਾਂ ਵਾਲਾ ਬੋਟ ਮੁਬਾਰਕ
ਨੇਤਾ ਜਹੇ ਅਭਿਨੇਤਾ ਤੈਨੂੰ, ਕਹਿ ਖਲਨਾਇਕ ਰੋਲ ਦੇਣਗੇ,
ਛੱਜ 'ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖ਼ਬਾਰ ਕਰਨਗੇ।
ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ ਜੋ ਬਹਿੰਦਾ,
ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ-ਬਰੰਗੀ ਨਰਦ ਮਿਲੇ।
ਯੋਗੀ ਭੋਗੀ ਰਲ ਗਏ ਸਾਰੇ, ਵੇਚਣ ਰਲ ਕੇ ਵਤਨ ਪ੍ਰਸਤੀ,
ਸੌ ਫੁੱਲ ਖਿੜੇ ਕਿਆਰਿਉਂ ਪੁੱਟ ਕੇ, ਬੀਜ ਰਹੇ ਨੇ ਜੋਗੀਆ ਬਾਣੇ।
ਖ਼ੁਦ ਨੂੰ ਆਖੇ ਜਨਤਾ ਸੇਵਕ, ਕਹਿ ਕੇ ਸੇਵਾ ਛਕਦੈ ਮੇਵਾ,
ਕਹਿਣੀ ਤੇ ਕਥਨੀ ਵਿਚ ਪਾੜਾ, ਕੈਸਾ ਹੈ ਈਮਾਨ ਬਣ ਗਿਆ।
ਇਕੋ ਰੰਗ ਦੇ ਚੋਣ ਮਨੋਰਥ ਕੱਚੇ ਵਿਹੜੇ ਪੁੱਛਦੇ ਨੇ,
ਹੁਕਮਰਾਨ ਜੀ, ਉਹ ਆਜ਼ਾਦੀ ਸਾਡੇ ਘਰ ਕਿਉਂ ਆਈ ਨਹੀਂ।
ਗੁਰਭਜਨ ਜਿਥੇ ਆਪਣੀ ਗ਼ਜ਼ਲ ਵਿਚ ਰਾਜਨੀਤੀ ਦੇ ਬਹੁ-ਵਿਧ ਪ੍ਰਵਚਨ ਛੇੜਦਾ ਹੈ, ਉਥੇ ਧਾਰਮਿਕ ਮੁੱਲ ਵਿਧਾਨ ਅਤੇ ਇਸ ਦੇ ਅਮਨੁੱਖੀ ਅੰਤਰ-ਵਿਰੋਧਾਂ ਤੋਂ ਵੀ ਪਰਦਾ ਲਾਹੁੰਦਾ ਹੈ। ਇਹ ਪਰਦਾ ਧਰਮ ਦੇ ਦੰਭੀ ਪਾਖੰਡ ਨੂੰ ਨੰਗਾ ਕਰਦਾ ਧਰਮਾਤਮਾਵਾਂ ਦੇ ਸਮੋਹਕ ਪ੍ਰਵਚਨਾਂ ਦੇ ਅੰਤਰਗਤ ਮਨੁੱਖ ਦੇ ਸ਼ੋਸ਼ਨ ਦੀ ਬਾਤ ਪਾਉਂਦਾ ਹੈ।ਗਿੱਲ ਧਾਰਮਿਕ ਯਥਾਰਥ ਅਤੇ ਇਸ ਯਥਾਰਥ ਦੀ ਬਹੁ-ਵਿਕਰਾਲਤਾ ਨੂੰ ਚਣੌਤੀ ਰੂਪ ਵਿਚ ਪ੍ਰਵਾਨ ਕਰਦਾ ਹੈ।ਉਹ ਕੁਲੀਨ ਵਰਗ ਅਤੇ ਰਾਜਸੀ ਪਿੜ ਮੱਲੀ ਹਾਕਮ ਸ਼੍ਰੇਣੀ ਦੁਆਰਾ ਆਯੋਜਿਤ ਧਰਮਤੰਤਰੀ ਪਾਖੰਡ ਨੂੰ ਨੰਗਾ ਕਰਦਾ ਹੈ।ਮੰਡੀ ਦੇ ਜਕੜ ਜਾਲ ਨੇ ਅੱਜ ਧਰਮੀ ਮਨੁੱਖ ਨੂੰ ਆਰਥਿਕ ਮਨੁੱਖ ਵਿਚ ਬਦਲ ਦਿੱਤਾ ਹੈ ਤੇ ਸਭ ਦੇ ਭਲੇ ਦਾ ਦਰਸ਼ਨ ਮੰਡੀ ਦੇ ਵਿਅਕਤੀਗਤ ਹਿੱਤ ਵਿਚ ਬਦਲ ਗਿਆ ਹੈ। ਇਹ ਹੀ ਹਾਕਮ ਵਰਗ ਤੇ ਪ੍ਰੋਹਤ ਵਰਗ ਦਾ ਲੋਕ ਲੁੱਟ ਦਾ ਸੰਕਲਪ ਹੈ ਜਿਸ ਨੂੰ ਬਾਜ਼ਾਰ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ।
ਤੱਕ ਲੈ ਬੁਲਿਆ ਧਰਮਾਂ ਵਾਲੇ, ਕੈਸੀ ਅਮਰਵੇਲ ਨੇ ਘੇਰੇ।
ਧਰਮਸ਼ਾਲ ਵਿਚ ਵੱਜਦੇ ਧਾੜੇ, ਬੁੱਢੇ ਚੋਰ ਮਸੀਤੀਂ ਡੇਰੇ।
ਹੁਣ ਤਾਂ ਸਾਡਾ ਬਾਪ ਰੁਪਈਆ, ਹੈ ਬਦਨੀਤੀ ਜਣਨੀ-ਮੋਈਆ,
ਭਰਮ ਨਗਰ ਦੇ ਵਾਸੀ ਹਾਂ ਸਭ ਵੇਦ ਕਤੇਬ ਕੁਰਾਨ ਤੋਂ ਚੋਰੀ।
ਧਰਮਾਂ ਦੀ ਮੰਡੀ ਵੀ, ਨੀਲਾਮ ਘਰ ਹੋ ਗਈ,
ਵੇਚਦਾ ਬਾਜ਼ਾਰ ਹੁਣ, ਗਧਿਆਂ ਨੂੰ ਪੀਰੀਆਂ।
ਰਾਜ ਅਤੇ ਧਰਮ ਦੇ ਗਠਜੋੜ ਨੇ ਅਜੋਕੀ ਰਾਜਨੀਤੀ ਅਤੇ ਧਰਮ-ਵਰਤਾਰੇ ਨੂੰ ਗੰਧਲਾਪਣ ਪ੍ਰਦਾਨ ਕੀਤਾ ਹੈ।ਅਜੋਕਾ ਰਾਜ ਧਰਮ ਦੀ ਧਿਰ ਬਣ ਰਿਹਾ ਹੈ ਤੇ ਧਰਮ ਰਾਜ ਦੀ ਧਿਰ ਦੋਹਾਂ ਦੇ ਇਕ ਦੂਜੇ ਨੂੰ ਆਪਣੇ ਹਿੱਤ ਲਈ ਵਰਤਣਾ ਵਰਤਮਾਨ ਵਰਤਾਰਾ ਹੈ ਜਿਸ ਦੀਆਂ ਜੜ੍ਹਾਂ ਸਾਨੂੰ ਆਪਣੇ ਇਤਿਹਾਸ ਤੇ ਮਿਥਿਹਾਸ ਵਿਚ ਹਾਕਮ ਧਿਰ ਤੇ ਪ੍ਰੋਹਤ ਵਰਗ ਤੀ ਆਪਸੀ ਸੰਧੀ ਵਿਚ ਭਾਰਤ ਵਿਚ ਹੀ ਨਹੀਂ, ਸਗੋਂ ਸੰਸਾਰ ਵਿਚ ਮਿਲਦੀਆਂ ਹਨ। ਅਜੋਕੇ ਧਰਮ ਦਾ ਸੰਸਥਾਗਤ ਰੂਪ ਬਾਹਰੀ ਤੌਰ 'ਤੇ ਲੋਕ-ਮੁਕਤੀ ਵਾਲਾ ਹੈ ਪਰ ਆਂਤਰਿਕ ਰੂਪ ਲੋਕ- ਵਿਰੋਧੀ ਪੈਂਤੜੇ ਵਾਲਾ ਹੈ। ਮੰਡੀ ਦੀ ਚਕਾਚੌਂਧ ਵਿਚ ਦ੍ਰਿਸ਼ਟ ਰੂਪ ਅਧਿਆਤਮਕ ਹੈ ਪਰ ਅਦ੍ਰਿਸ਼ਟ ਰੂਪ ਜ਼ੋਰ ਜਬਰ ਨਾਲ ਲੋਕਾਂ ਨੂੰ ਸ਼ਰਧਕ-ਪ੍ਰਸੰਗ ਵਿਚ ਧਰਮ ਜਾਲ ਵਿਚ ਫਸਾਉਂਦਾ ਹੈ। ਇਸ ਤਰ੍ਹਾਂ ਇਹ ਵਰਤਾਰਾ ਲੋਕਾਂ ਵਿਚ ਧਰਮਤੰਤਰ ਦੇ ‘ਮਾਇਆਵੀ' ਪ੍ਰਸ਼ਨ ਨੂੰ ਧਾਰਮਿਕ ਲੁੱਟ-ਖਸੁੱਟ ਦਾ ਸਾਧਕ ਬਣਾਉਂਦਾ।
ਨੀਤੀਵਾਨ ਬਦਲ ਕੇ ਨੀਤੀ, ਬਦਨੀਤੀ ਤੇ ਆ ਗਏ ਨੇ,
ਧੜਾ ਪਿਆਰਾ ਧਰਮ ਦੇ ਨਾਲੋਂ, ਕਲਯੁਗ ਦੇ ਅਵਤਾਰ ਦੇ ਵਾਂਗ।
ਯੋਗੀ ਭੋਗੀ ਰਲ ਗਏ ਸਾਰੇ, ਵੇਚਣ ਰਲ ਕੇ ਵਤਨ ਪ੍ਰਸਤੀ
ਸੌ ਫੁੱਲ ਖਿੜੇ ਕਿਆਰਿਓਂ ਪੁੱਟ ਕੇ, ਬੀਜ ਰਹੇ ਨੇ ਜੋਗੀਆ ਬਾਣੇ।
ਜਬਰ ਜ਼ੁਲਮ ਦੀ ਇਸ ਤੋਂ ਵੱਧ ਕੀ ਹੋਰ ਹਨ੍ਹੇਰੀ ਵਗਣੀ
ਧਰਮ ਸਿਆਸਤ ਜਿਥੇ ਰਲ ਕੇ ਕਰਦੇ ਘਾਲੇ ਮਾਲੇ।
ਕੁਰਸੀ ਅਜਬ ਖ਼ੁਮਾਰੀ ਦੇ ਵਿਚ, ਨਾਲ ਹਕੀਕਤ ਪਾਏ ਵਿਛੋੜਾ,
ਧਰਮ ਧਰਾਤਲ ਵਾਲੇ ਪਾਵੇ, ਤਾਂਹੀਓਂ ਪੈਰੋਂ ਡੋਲ ਰਹੇ ਨੇ।
ਗੁਰਭਜਨ ਗਿੱਲ ਦੀ ਗ਼ਜ਼ਲ ਸੰਸਾਰ ਵਿਚ ਵੱਡੇ ਪੱਧਰ 'ਤੇ ਵਾਤਾਵਰਣ ਦੇ ਪ੍ਰਦੂਸ਼ਿਤ ਹੋ ਰਹੇ ਵਰਤਾਰੇ ਨੂੰ ਵੀ ਆਪਣੇ ਪ੍ਰਸੰਗ ਹੇਠ ਲਿਆਉਂਦੀ ਹੈ। ਇਹ ਵਰਤਾਰਾ ਜਿਥੇ ਰਾਸ਼ਟਰ ਦੀ ਸਰਬ ਸਮਰੱਥਾ ਅਤੇ ਬਲਸ਼ਾਲੀ ਰਹਿਣ ਦੀ ਟੇਕ ਨਾਲ ਜੁੜਿਆ ਹੋਇਆ ਹੈ, ਉਥੇ ਇਸ ਦਾ ਸੰਬੰਧ ਨਵ-ਪੂੰਜੀਵਾਦ ਤੇ ਨਵ-ਬਸਤੀਵਾਦ ਪ੍ਰਸੰਗ ਨਾਲ ਜੁੜਿਆ ਹੋਇਆ ਹੈ। ਇਕ ਧਰੁਵੀ ਸੰਸਾਰ ਦੀ ਸਿਰਜਣਾ ਨੂੰ ਬਣਾਈ ਰੱਖਣ ਵੱਲ ਸਾਮਰਾਜੀ ਤਾਕਤਾਂ ਬਾਰੂਦ ਰਾਹੀਂ ਜਿਥੇ ਇਹ ਵਿਗਾੜ ਲਈ ਜ਼ਿੰਮੇਵਾਰ ਹਨ, ਉਥੇ ਸਾਮਰਾਜ ਆਪਣੇ ਦਰਪੇਸ਼ ਆਰਥਿਕ ਸੰਕਟਾਂ ਦੀ ਪੂਰਤੀ ਲਈ ਬਹੁ-ਰਾਸ਼ਟਰੀ ਕੰਪਨੀਆਂ ਦੇ ਰੂਪ ਵਿਚ ਅਵਿਕਸਿਤ ਤੇ ਵਿਕਾਸ਼ਸ਼ੀਲ ਦੇਸ਼ਾਂ ਵਿਚ ਨਵ-ਮੰਡੀਆਂ ਦੇ ਰੂਪ ਵਿਚ ਨਵ-ਪੂੰਜੀਵਾਦ ਨੂੰ ਪ੍ਰਸਾਰਦਾ ਹੈ ਅਤੇ ਨਾਲ ਹੀ ਆਪਣੀਆਂ ਸੰਚਾਲਕ ਸ਼ਕਤੀਆਂ ਵਿਸ਼ਵ ਬੈਂਕ, ਆਈ.ਐਮ.ਐੱਫ਼ ਰਾਹੀਂ ਇਨ੍ਹਾਂ ਦੇਸ਼ਾਂ ਨੂੰ ਕਰਜ਼ੇ ਰਾਹੀਂ ਦਮਨ ਦੀ ਪ੍ਰਕਿਰਿਆ ਰਾਹੀਂ ਨਵ-ਬਸਤੀਵਾਦ ਨੂੰ ਵਿਸਤਾਰਦਾ ਹੈ। ਇਸ ਤਰ੍ਹਾਂ ਸਾਮਰਾਜ ਇਨ੍ਹਾਂ ਸਾਧਨਾਂ ਰਾਹੀਂ ਤੀਜੇ ਦੇਸ਼ਾਂ ਦੇ ਪ੍ਰਕ੍ਰਿਤਕ ਸਾਧਨਾਂ ਦੀ ਮੁਨਾਫ਼ੇ ਲਈ ਅੰਨ੍ਹੀ ਵਰਤੋਂ ਨੇ ਵਾਤਾਵਰਣ ਵਿਚ ਅਸੰਤੁਲਨ ਪੈਦਾ ਕਰਕੇ ਇਸ ਸਮੱਸਿਆ ਨੂੰ ਪੈਦਾ ਕੀਤਾ ਤੇ ਸੰਸਾਰ ਪੱਧਰ 'ਤੇ ਇਹ ਅੱਜ ਭੱਖਦਾ ਮਸਲਾ ਹੈ ਤੇ ਇਸ ਦਾ ਵਿਰੋਧ ਹੋ ਰਿਹਾ ਹੈ। ਗੁਰਭਜਨ ਦੀਆਂ ਇਸ ਸੰਗ੍ਰਹਿ ਦੀਆਂ 82 ਤੇ 89 ਸਫ਼ੇ ਦੀਆਂ ਗ਼ਜ਼ਲਾਂ ਇਸ ਨੁਕਤੇ ਨੂੰ ਉਭਾਰਦੀਆਂ ਹਨ।
ਹਰੇ ਕਚੂਰ ਛਤਰ ਦੀ ਛਾਵੇਂ, ਜੇ ਬਹਿਣਾ ਤਾਂ ਫ਼ਿਕਰ ਕਰੋ,
ਸੰਘਣੇ ਵਣ ਹਰਿਆਲੇ ਲਾਉ, ਸਿਰ ਤੇ ਛਤਰੀ ਤਾਨਣ ਲਈ।
ਭਰ ਭਰ ਟਿੰਡਾਂ ਜਿਥੋਂ ਮਾਲ੍ਹ ਲਿਆਉਂਦੀ ਸੀ ਬਈ ਪਾਣੀ,
ਵੇਖੋ ਸਾਡੇ ਵੇਖਦਿਆਂ ਹੁਣ, ਖ਼ਾਲੀ ਹੋ ਗਏ ਖੂਹੇ।
ਗਲੋਬਲ ਚੇਤਨਾ ਨੇ ਦੁਨੀਆਂ ਨੂੰ ਇਕ ਪਿੰਡ ਇਕਾਈ ਵਿਚ ਸੁੰਗੇੜ ਦਿੱਤਾ ਹੈ। ਵਿਸ਼ਵਮੰਡੀਕਰਣ ਦੀ ਵਿਵਸਥਾ ਦੇ ਅੰਤਰਗਤ ਬਿਜਲਈ ਤਕਨੀਕੀ ਸੰਚਾਰ ਸਾਧਨਾਂ ਦੇ ਪ੍ਰਚਲਨ ਨੇ ਸਮਾਜਕ ਕਦਰਾਂ ਕੀਮਤਾਂ ਬਦਲ ਦਿੱਤੀਆਂ।ਦੁਨੀਆਂ ਦੇ ਇਕ ਨਵੇਂ ਅਯਾਮੀ ਪੜਾਅ ਵਿਚ ਪ੍ਰਵੇਸ਼ ਕਰਨ ਨਾਲ ਸਮਾਜਕ ਇਕਾਈਆਂ ਖ਼ੁਦ ਮੰਡੀ ਦਾ ਮਾਲ ਬਣ ਗਈਆਂ। ਆਰਥਿਕ ਰਾਜਨੀਤੀ ਦੇ ਪ੍ਰਸੰਗ ਵਿਚ ਪਰਿਵਰਤਨ ਨੇ ਮਨੁੱਖ ਦੇ ਸੁਪਨ-ਸੰਸਾਰ ਨੂੰ ਪ੍ਰਭਾਵਿਤ ਕੀਤਾ ਤੇ ਨਾਲ ਹੀ ਉਹਦੀ ਕਾਮਨਾ ਨੂੰ ਉਤੇਜਿਤ ਤੇ ਆਕਰਸ਼ਿਤ ਕੀਤਾ ਜਿਸ ਤਹਿਤ ਹਰ ਚੀਜ਼ ਮਹਿਜ਼ ਸੌਦਾ ਬਣ ਗਈ ਤੇ ਮਾਨਵੀ ਸੰਕਟ ਪੈਦਾ ਹੋ ਗਿਆ, ਗੁਰਭਜਨ ਦੀ ਗ਼ਜ਼ਲ ਇਸ ਨੁਕਤੇ ਨੂੰ ਉਭਾਰਦੀ ਹੈ।
ਤੂੰ ਬੰਦੇ ਤੋਂ ਕੀ ਲੈਣਾ ਹੈ, ਕਿਹੜੀ ਵਸਤ ਬਾਜ਼ਾਰ ਵਿਕੇ ਨਾ,
ਗੁੰਝਲਦਾਰ ਬੁਝਾਰਤ ਸਮਝੋ, ਜੋ ਬੋਲੀ ਧਨਵਾਨ ਬੋਲਦਾ।
ਵਿਕਦੇ ਨੇ ਗੁਫ਼ਤਾਰ ਦੇ ਗਾਜ਼ੀ, ਮੰਡੀ ਦੇ ਵਿਚ ਗਾਹਕ ਬੜੇ,
ਏਸ ਸ਼ਹਿਰ ਕਿਰਦਾਰ ਗਵਾਚਾ, ਚਾਨਣ ਸੂਹੀ ਲੀਕ ਜਿਹਾ।
ਵੱਡੀ ਮੱਛੀ ਨਿੱਕੀ ਨੂੰ ਹੈ ਸਦਾ ਖਾਂਦੀ ਵੇਖਿਐ,
ਮੰਡੀ ਸੰਸਾਰ ਨੇ ਬਾਜ਼ਾਰ ਸਾਡਾ ਭੱਖਣਾ।
ਮਨੁੱਖ ਅਤੇ ਜੀਵਨ ਹਰ ਯੁੱਗ ਦੀ ਸਮਸਿਆ ਦਾ ਮੁੱਖ ਮੁੱਦਾ ਹੈ। ਇਸ ਸਮਸਿਆ ਵਿਚੋਂ ਲੰਘਦਿਆਂ ਉਹ ਸਮੇਂ ਦੀਆਂ ਜਟਿਲ ਪੇਚੀਦਗੀਆਂ ਦੇ ਸਨਮੁੱਖ ਹੁੰਦਾ ਰਿਹਾ ਹੈ। ਪਰ ਹਰ ਸਮੇਂ ਹਾਕਮ ਧਿਰ/ਤਕੜੀ ਧਿਰ/ ਸ਼ਾਸ਼ਕ ਦੀਆਂ ਵਧੀਕੀਆਂ, ਉਤਪੀੜਨ ਤੇ ਜ਼ੁਲਮ ਦਾ ਸ਼ਿਕਾਰ ਹੁੰਦਾ ਹੈ। ਗੁਰਭਜਨ ਦੀ ਗ਼ਜ਼ਲ ਸਮਾਜ ਦੀਆਂ ਸੰਤਾਪੀਆਂ ਧਿਰਾਂ ਖ਼ਾਸਕਰ ਕਿਸਾਨੀ ਧਿਰ ਦੇ ਦੁੱਖ, ਪੀੜਾ, ਉਤਪੀੜਨ ਦੇ ਯਥਾਰਥਕ ਚਿੱਤਰ ਪੇਸ਼ ਕਰਦੀ ਹੈ। ਸ਼ਾਸ਼ਕ ਵਰਗ ਦੁਆਰਾ ਕਿਰਤੀ-ਕਿਸਾਨ ਦੀ ਲੁੱਟ ਅਤੇ ਉਨ੍ਹਾਂ ਦੀ ਸੰਤਾਪੀ ਜ਼ਿੰਦਗੀ ਦੇ ਅਤੀਤ ਤੇ ਵਰਤਮਾਨ ਵਿਵਸਥਾ ਦੇ ਪ੍ਰਸੰਗ ਵਿਚ ਉਹ ਰੋਸ ਜਾਗਰਤ ਕਰਦਾ ਹੈ। ਨਿੱਜੀ ਪੀੜਾ ਨੂੰ ਸਮਾਜਕ ਪੀੜਾ ਵਿਚ ਪਰਿਵਰਤਿਤ ਕਰਨ, ਆਰਥਿਕ ਆਜ਼ਾਦੀ ਅਤੇ ਲੋੜਾਂ-ਥੁੜ੍ਹਾਂ, ਜ਼ੁਲਮ,ਤਸ਼ੱਦਦ, ਵਧੀਕੀਆਂ ਤੋਂ ਜਾਗਰਤ ਕਰਕੇ ਇਸ ਨੂੰ ਬਦਲਣ ਦਾ ਪ੍ਰਵਚਨ ਗਿੱਲ ਦੀ ਕਾਵਿ-ਸੰਵੇਦਨਾ ਦਾ ਮੁੱਖ ਮੁੱਦਾ ਹੈ। ਸਮਾਜਕ ਨਾ ਬਰਾਬਰੀ ਕਰਜ਼ਾ, ਆਤਮਘਾਤ, ਸਲਫ਼ਾਸ, ਨਸ਼ਾ, ਕਿਰਤੀ-ਕਿਸਾਨ ਦਾ ਭੁੱਖ-ਦੁੱਖ ਦਾ ਪ੍ਰਸੰਗ ਉਜਾਗਰ ਕਰਕੇ ਉਹ ਦੁਸ਼ਮਣ ਦੀ ਪਛਾਣ ਕਰਨ ਵੱਲ ਅਹੁਲਦਾ ਹੈ। ਇਹ ਪਛਾਣ ਵਿਚੋਂ ਹੀ ਕਿਸਾਨੀ ਲਹਿਰ ਜਿਸ ਨੇ ਪੰਜਾਬ/ਭਾਰਤ ਨੂੰ ਉਸ ਦੇ ਹੁੰਦੇ ਸ਼ੋਸ਼ਨ ਤੋਂ ਹੀ ਨਹੀਂ ਜਾਗਰਿਤ ਕੀਤਾ, ਸਗੋਂ ਸਮੁੱਚੇ ਸੰਸਾਰ ਦੀ ਕਿਸਾਨੀ ਨੂੰ ਵੀ ਚੇਤੰਨ ਅਵਸਥਾ ਪ੍ਰਦਾਨ ਕੀਤੀ ਹੈ, ਵੀ ਉਸ ਦੀ ਗ਼ਜ਼ਲ ਦਾ ਮੁੱਖ ਮਸਲਾ ਹੈ। ਸਫ਼ਾ 6 'ਤੇ ਅੰਕਿਤ ਪੂਰੀ ਗ਼ਜ਼ਲ ਇਸੇ ਵਸਤੂਗਤ ਯਥਾਰਥ ਦੀ ਪੇਸ਼ਕਾਰੀ ਹੈ ਤੇ ਸਫ਼ਾ 71 ’ਤੇ ਕਬੀਰ ਜੀ ਨੂੰ ਯਾਦ ਕਰਕੇ ਲਿਖੀ ਗਈ ਗ਼ਜ਼ਲ ਉਤਪੀੜਨ ਅਤੇ ਦੁਖਾਂਤ ਦੀ ਸੁੰਦਰ ਮਿਸਾਲ ਹਨ।
ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ,
ਛੇ ਸਦੀਆਂ ਦਾ ਪਹੀਆ ਘੁੰਮਿਆ ਬਦਲਣ ਦੀ ਨਾ ਆਸ ਅਜੇ ਵੀ।
ਫ਼ਸਲਾਂ ਵਾਲੀ ਧਰਤੀ ਬੰਜਰ, ਉੱਜੜ ਚੱਲੇ ਸੁਪਨ-ਬਗੀਚੇ,
ਬਿਰਖ਼ਾਂ ਨਾਲ ਲਮਕਦੇ ਅਥਰੂ, ਖਾ ਚਲਿਆ ਸਲਫ਼ਾਸ ਦਾ ਬੂਟਾ
ਚਾਰ ਚੁਫ਼ੇਰਿਉਂ ਘਿਰਿਆ ਬੰਦਾ ਫਾਹਾ ਲੈ ਕੇ ਕਿਉਂ ਮਰਦਾ ਹੈ,
ਪੈੜ ਪਛਾਣੋਂ ਕਿੱਧਰ ਜਾਂਦੀ, ਉਸ ਦੇ ਆਤਮਘਾਤ ਦੀ।
ਭੇਡਾਂ ਮੁੰਨਣ ਵਾਲਿਆਂ ਦੀ ਵੀ, ਨਸਲ ਬਦਲ ਗਈ, ਇਹ ਕੀ ਹੋਇਆ,
ਉੱਨ ਉਤਾਰਨ ਵਾਲੇ ਰੱਜ ਗਏ, ਆਜੜੀਆਂ ਦੇ ਪਾਟੇ ਬਾਣੇ।
ਇਕ ਦਿਨ ਸੁਣਿਆਂ ਮੈਂ ਝੁੱਗੀ ਵਾਲਿਆਂ ਤੋਂ
ਕੌਣ ਸਾਨੂੰ ਥਾਂ ਕੁ ਥਾਂ 'ਤੇ ਰੋਲਦਾ ਹੈ।
ਸਾਂਝੇ ਪੰਜਾਬ ਦੀ ਸੂਰਤ ਤੇ ਸੀਰਤ ਸਾਡੇ ਪੰਜਾਬੀਆਂ ਦਾ ਮਸਲਾ ਰਹੀ ਹੈ। ਵੰਡ ਵਰਗੀ ਮਹਾਂ-ਤ੍ਰਾਸਦੀ ਦੀ ਉਤਪੀੜਨਾ ਨੂੰ ਉਮਰਾਂ ਤੱਕ ਸਹਿੰਦੇ ਰਹਿਣ ਦੀ ਸੰਵੇਦਨਾ ਭਾਵੇਂ ਸਾਡੇ ਹਿਰਦੇ ਵਿਚੋਂ ਮਨਫ਼ੀ ਨਾ ਵੀ ਹੋਵੇ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ, ਤਾਂ ਵੀ ਪੰਜਾਬੀ ਸੁਭਾਅ ਵਿਚ ਸਾਂਝ ਦੀ ਸ਼ਿੱਦਤ ਤੇ ਸੁਹਿਰਦਤਾ ਸਾਡੇ ਤਲਿਸਮੀ ਸਾਂਝ-ਮੇਲ ਦਾ ਗਹਿਰ-ਗੰਭੀਰ ਮਸਲਾ ਹੈ। ਅਸੀਂ ਵੰਡ ਦੀ ਪੀੜਾ ਦੀ ਕਬਰ 'ਤੇ ਖੜ੍ਹੇ ਵੀ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ, ਰਹਿਤਲ ਨੂੰ ਰਸਾਤਲ ਤੇ ਖਿਡਾਉ ਵੱਲ ਜਾਂਦਾ ਨਹੀਂ ਬਰਦਾਸ਼ਤ ਕਰ ਸਕਦੇ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਵਚਨ ਸਾਂਝੇ ਪੰਜਾਬ ਦੀ ਧਰਤੀ 'ਤੇ ਰਹਿਣ ਵਾਲੇ ਲੋਕਾਂ ਦਾ ਉਹ ਅਲਾਪ ਹੈ ਜੋ ਅੱਜ ਵੀ ਸਾਂਝੇ ਪੰਜਾਬ ਦੀ ਧੜਕਦੀ ਵਿਰਾਸਤ ਨੂੰ ਇਕ ਦੂਜੇ ਨਾਲ ਅਤੇ ਖ਼ਾਸ ਕਰ ਹਾਕਮ ਧਿਰਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਪੰਜਾਬੀਆਂ ਨੂੰ ਵਿਰਾਸਤੀ ਰਦੋ-ਬਦਲ ਪ੍ਰਵਾਨ ਨਹੀਂ, ਸਗੋਂ ਉਹ ਸਾਂਝੀ ਵਿਰਾਸਤ ਨੂੰ ਹਾਂ-ਪੱਖੀ ਮੁਹਾਂਦਰੇ ਵਜੋਂ ਵਿਕਸਿਤ ਹੋਇਆ ਵੇਖਣਾ ਚਾਹੁੰਦੇ ਹਨ ਜਿਹਦੇ ਵਿਚ ਮੋਹ-ਪਿਆਰ, ਖ਼ਲੂਸ, ਸਾਦਗੀ, ਸੁਹਿਰਦਤਾ, ਸੂਰਬੀਰਤਾ, ਲੋਕ-ਨਾਇਕਾ ਦੀ ਵਡਿੱਤਣ, ਪ੍ਰਾਹੁਣਚਾਰੀ ਸਧਾਰਨਤਾ ਦੀ ਖੁਲ੍ਹ-ਖੇਡ ਸ਼ਾਮਲ ਹੈ। ਗੁਰਭਜਨ ਦੀ ਇਸ ਸੰਗ੍ਰਹਿ ਦੀ ਗ਼ਜ਼ਲ ਹੀ ਨਹੀਂ ਸਗੋਂ ਪਹਿਲੀ ਕਿਤਾਬਾਂ ਤੋਂ ਲੈ ਕੇ ਅੱਜ ਤੱਕ ਦੀ ਸਮੁੱਚੀ ਕਵਿਤਾ ਇਸ ਪ੍ਰਵਚਨ ਨੂੰ ਵਾਰ-ਵਾਰ ਉਜਾਗਰ ਕਰਦੀ ਹੈ ਕਿ ਸਾਂਝੇ ਪੰਜਾਬ ਦਾ, ਸਾਂਝੀ ਵਿਰਾਸਤ ਦਾ ਤੇ ਸਾਂਝੀ ਰਹਿਤਲ ਦਾ ਸੁਪਨਾ ਸਾਡੇ ਮਨਾਂ ਵਿਚ ਸਦਾ ਲਈ ਜ਼ਿੰਦਾ ਹੈ।75 ਸਫ਼ੇ 'ਤੇ ਅੰਕਿਤ ਗ਼ਜ਼ਲ (ਢਹਿੰਦੀ ਕਲਾ ਤੇ ਖਿਡਾਉ ਦਾ ਜ਼ਿਕਰ) ਅਤੇ 72 ਸਫ਼ੇ 'ਤੇ ਅੰਕਿਤ ਗ਼ਜ਼ਲ (ਵਿਰਾਸਤੀ ਬਦਲ) ਇਸ ਦੀਆਂ ਸੁੰਦਰ ਮਿਸਾਲਾਂ ਹਨ।
ਸਾਡੇ ਵੱਲ ਭੇਜ ਹੋਰ ਸੰਦਲੀ ਸਮੀਰ,
ਅਸਾਂ ਤੈਨੂੰ ਰਾਵੀ ਤੇ ਚਨਾਬ ਭੇਜਿਆ।
ਏਸ ਦਰਿਆ ਦੀ ਕਹਾਣੀ, ਨਾ ਸੁਣਾ, ਮੈਂ ਜਾਣਦਾ,
ਏਸ ਰਾਵੀ ਜ਼ਖ਼ਮ ਦਿੱਤੇ, ਅੱਜ ਵੀ ਓਵੇਂ ਹਰੇ।
ਮੇਰੀ ਮੁੱਠੀ ਵਿਚੋਂ ਕਿਰ ਗਏ, ਪੰਜ ਦਰਿਆ ਦੇ ਮੋਤੀ ਵੀ,
ਰਾਹ ਕੰਡਿਆਲੀਆਂ ਤਾਰਾਂ ਘੇਰਨ ਜਿੱਧਰ ਨੂੰ ਵੀ ਜਾਵਾਂ ਹੂ।
ਏਸ ਪੀੜ ਦੀ ਕਹਾਣੀ, ਨਹੀਂ ਸੁਣਾਈ ਮੈਥੋਂ ਜਾਣੀ
ਜਿਹੜੀ ਲਾਈ ਬੈਠਾ ਦਿਲ ਵਿਚ ਰਾਵੀ ਤੇ ਬਿਆਸ।
ਪੰਜ ਦਰਿਆ ਪੰਜਾਬ ਸੀ ਮੈਂ ਤਾਂ, ਸਾਂਝੀ ਤਾਕਤ ਕਿੱਧਰ ਗਈ,
ਸਤਿਲੁਜ, ਬਿਆਸ, ਝਨਾਂ ਤੇ ਰਾਵੀ, ਪੁੱਛਦੇ ਜੇਹਲਮ ਪਾਣੀਆਂ ਨੂੰ।
ਕੰਧ ਓਹਲੇ ਪਰਦੇਸ ਬਣਾ ਕੇ, ਦਿਲੀਓਂ ਦੂਰ ਕਰੇ ਨਨਕਾਣਾ,
ਵਿਚ ਵਿਚਕਾਰ ਨਾ ਪੱਕੀ ਬੈਠੀ, ਸਰਹੱਦ ਅਗਨ ਲਕੀਰੇ ਢਹਿ ਜਾ।
ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਸੁਰਤਾਲ' ਜਿਥੇ ਉਪਰੋਕਤ ਵੱਖ-ਵੱਖ ਵਰਤਾਰਿਆਂ ਦਾ ਕਾਵਿ- ਪ੍ਰਵਚਨ ਉਸਾਰਦਾ ਹੈ, ਉਥੇ ਨਾਲ ਹੀ ਨਾਲ ਨਾਰੀ ਨਾਲ ਸੰਬੰਧਤ ਮਸਲਿਆਂ ਵੱਲ ਵੀ ਸੰਕੇਤ ਕਰਦਾ ਹੈ।ਉਹ ਇਹ ਪ੍ਰਵਚਨ ਉਸਾਰ ਕੇ ਲੋਕ ਜਾਗਰਤੀ ਰਾਹੀਂ ਸੰਘਰਸ਼ ਕਰਕੇ ਬਦਲਵੇਂ ਯਥਾਰਥ ਦਾ ਰਾਹ ਤਿਆਰ ਕਰਦਾ ਹੈ। ਇਹ ਬਦਲਵਾਂ ਯਥਾਰਥ ਹੀ ਉਸ ਦੀ ਸਮੁੱਚੀ ਕਾਵਿ-ਸੰਵੇਦਨਾ ਦੇ ਸਫ਼ਰ ਨੂੰ ਨਿਸ਼ਚਿਤ ਕਰਦਾ ਹੈ ਅਤੇ ਇਸ ਯਥਾਰਥ 'ਤੇ ਪਹਿਰਾ ਦੇਣਾ ਉਸ ਲਈ ਗੰਭੀਰ ਚੁਣੌਤੀ ਵੀ ਹੈ।
ਕਵਿਤਾ, ਗ਼ਜ਼ਲਾਂ, ਗੀਤ, ਰੁਬਾਈਆਂ, ਲਿਖਦਾ ਹਾਂ ਮੈਂ ਲੋਕਾਂ ਭਾਣੇ,
ਮੈਂ ਤਾਂ ਕਲਮ ਘਸਾਈ ਸਾਰੀ ਪੀੜਾਂ ਦਾ ਅਨੁਵਾਦ ਕਰਦਿਆਂ।
-ਜਨਰਲ ਸਕੱਤਰ
ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ
ਮੋਬਾਈਲ : 98158-26301