ਹਰਿਆਣਾ ਸੂਬੇ 'ਚ ਵੱਸਦਾ ਪੰਜਾਬੀ ਸ਼ਾਇਰ ਸੁਰਜੀਤ ਸਿੰਘ ਸਿਰੜੀ ਲੋਕ ਹੱਕਾਂ ਤੇ ਸੰਘਰਸ਼ ਨੂੰ ਪਰਣਾਇਆ ਕਵੀ ਹੈ। ਇਹ ਉਸ ਨੇ ਆਪ ਨਹੀਂ ਦੱਸਿਆ, ਉਸ ਦੀ ਸ਼ਾਇਰੀ ਨੇ ਦੱਸਿਆ ਹੈ।
ਉਹ ਸਿਰਸਾਾ ਜ਼ਿਲ੍ਹੇ ਦੇ ਪਿੰਡ ਵੈਦ ਵਾਲਾ ਵਿੱਚ ਰਹਿੰਦਾ ਹੈ। 25 ਅਪਰੈਲ 1975 ਨੂੰ ਜਨਮੇ ਇਸ ਕਵੀ ਦੀਆਂ ਦੋ ਕਾਵਿ ਪੁਸਤਕਾਂ ਮੱਥੇ ਸੂਰਜ ਧਰ ਰੱਖਿਆ ਏ (2017) ਤੇ ਹੁਣ ਮਿੱਟੀ ਕਰੇ ਸੁਆਲ (2024) ਛਪ ਚੁਕੀਆ. ਨੇ।
ਉਹ ਸਫ਼ਲ ਅਨੁਵਾਦਕ ਵੀ ਹੈ। ਹਿੰਦੀ ਕਵੀ ਪ੍ਰੋ. ਹਰਭਗਵਾਨ ਚਾਵਲਾ ਦੀ ਮਹੱਤਵਪੂਰਨ ਕਾਵਿ ਪੁਸਤਕ “ਕੁੰਭ ‘ਚ ਛੁਟੀਆਂ ਔਰਤਾਂ” ਦਾ ਪੰਜਾਬੀ ਰੂਪ ਵੀ ਕਰ ਚੁਕਾ ਹੈ।
ਪਿਤਾ ਸ. ਅਮਰ ਸਿੰਘ ਤੇ ਮਾਤਾ ਮਾਇਆ ਕੌਰ ਦਾ ਸਿਰੜੀ ਸਪੁੱਤਰ ਸੁਰਜੀਤ ਐੱਮ ਏ ਅੰਗਰੇਜ਼ੀ, ਗਣਿਤ ਤੇ ਪੰਜਾਬੀ ਕਰਕੇ ਸਕੂਲ ਕਾਡਰ ਵਿੱਚ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਵਰਪੁਰਾ (ਸਿਰਸਾ) ਹਰਿਆਣਾ ਵਿੱਚ ਲੈਕਚਰਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਇੰਜਨੀਰਿੰਗ ਦਾ ਡਿਪਲੋਮਾ ਤੇ ਬੀ ਐੱਡ ਪਾਸ ਇਸ ਪ੍ਰਬੁੱਧ ਪੰਜਾਬੀ ਕਵੀ ਕੋਲ ਸਮਾਜ ਦੀ ਇੰਜਨੀਰਿੰਗ ਦਾ ਵੀ ਅੰਤਰ ਭੇਤ ਹੈ।
ਪੰਜਾਬੀ ਦੇ ਪ੍ਰਮੁੱਖ ਸਾਹਿੱਤਕ ਪੱਤਰਾਂ ਸ਼ਬਦ ਬੂੰਦ, ਮਿੰਨੀ, ਪ੍ਰਤੀਬਿੰਬ, ਮੁਹਾਂਦਰਾ, ਆਪਣੀ ਆਵਾਜ਼ ਤੇ ਸੰਦੇਸ਼ ਵਿੱਚ ਉਸ ਦੀਆਂ ਕਵਿਤਾਵਾ ਅਕਸਰ ਛਪਦੀਆਂ ਰਹੀਆਂ ਹਨ। ਹਿੰਦੀ ਮੈਗਜ਼ੀਨ “ ਦੇਸ ਹਰਿਆਣਾ” ਵਿੱਚ ਉਸ ਦੀਆਂ ਪੰਜਾਬੀ ਕਵਿਤਾਵਾਂ ਦਾ ਹਿੰਦੀ ਅਨੁਵਾਦ ਵੀ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ।
“ਮਿੱਟੀ ਕਰੇ ਸੁਆਲ” ਦਾ ਮੁੱਖ ਬੰਦ ਲਿਖਦਿਆਂ ਡਾ. ਹਰਵਿੰਦਰ ਸਿਰਸਾ ਨੇ ਲਿਖਿਆ ਹੈ ਕਿ ਸਿਰੜੀ ਨੇ ਆਪਣੀਆਂ ਜੜ੍ਹਾਂ ਤੇ ਮਿੱਟੀ ਨੂੰ ਬੜੀ ਸ਼ਿੱਦਤ ਤੇ ਸੰਜੀਦਗੀ ਨਾਲ ਤਲਾਸ਼ਣ ਤੇ ਪਛਾਨਣ ਦਾ ਸੁਹਿਰਦ ਯਤਨ ਕੀਤਾ ਹੈ। ਇਸ ਕਾਰਨ ਹੀ ਉਸ ਨੇ ਮਿੱਟੀ ਕਰੇ ਸੁਆਲ ਕਾਵਿ ਕਿਤਾਬ ਨੂੰ “ ਮਿੱਟੀ ਦੇ ਮੋਹ ਚੋਂ ਉਗਮਿਆ ਗੁਲਦਸਤਾ ਕਿਹਾ ਹੈ।
ਡਾ. ਹਰਵਿੰਦਰ ਸਿਰਸਾ ਦੀ ਸ਼ਬਦ ਗਵਾਹੀ ਤੇ ਡਾ, ਸਰਬਜੀਤ ਕੌਰ ਸੋਹਲ ਦੀ ਸੰਖੇਪ ਟਿਪਣੀ ਦੇ ਹੁੰਦਿਆਂ ਮੈਨੂੰ ਇਹ ਕਹਿਣ ਦੀ ਵੱਖਰੀ ਲੋੜ ਨਹੀਂ ਕਿ ਸੁਰਜੀਤ ਸਿੰਘ ਸਿਰੜੀ ਦੇ ਇਸ ਕਾਵਿ ਸੰਗ੍ਰਹਿ ਨਾਲ ਹਰਿਆਣਾ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਵਿੱਚ ਹੀ ਨਹੀਂ, ਸਮੁੱਚੀ ਪੰਜਾਬੀ ਕਵਿਤਾ ਵਿੱਚ ਵੀ “ਸੱਜਰੀ ਹਵਾ ਦਾ ਬੁੱਲਾ” ਆਇਆ ਹੈ। ਸਪਤ ਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਇਸ ਸੁੰਦਰ ਪੁਸਤਕ ਰਾਹੀਂ ਤੁਸੀਂ ਵੀ ਸੁਰਜੀਤ ਸਿੰਘ ਸਿਰੜੀ ਨੂੰ ਖ਼ੁਦ ਮਿਲ ਸਕਦੇ ਹੋ।
-ਗੁਰਭਜਨ ਗਿੱਲ