Mitti Kare Suaal : Surjit Singh Sirdi

ਮਿੱਟੀ ਕਰੇ ਸੁਆਲ : ਸੁਰਜੀਤ ਸਿੰਘ ਸਿਰੜੀ


ਲੋਕਗੀਤ

ਛੈਣੀ ਹਥੌੜੇ ਦੀ ਟੁਣਕਾਰ ਵਿਚੋਂ ਇੱਟਾਂ ਉੱਤੇ ਤੇਸੀ ਦੇ ਵਾਰ ਵਿੱਚੋਂ ਕਿਰਤ ਦੇ ਚਮਤਕਾਰ ਵਿਚੋਂ ਜਨਮ ਲੈਂਦੀ ਹੈ ਕਵਿਤਾ ਤੇ ਗੂੰਜਦੀ ਹੈ ਫਿਜ਼ਾ ਵਿਚ ਯੁਗਾਂ ਤੀਕ ਵਿਚਰਦੀ ਹੈ ਲੋਕਗੀਤ ਹੋ।

ਮੇਰੀ ਕਵਿਤਾ

ਇਹ ਜੋ ਮੇਰੀ ਕਵਿਤਾ ਹੈ ਇਸ ਵਿਚ ਨਾ ਛੰਦ ਹੈ ਨਾ ਬਹਿਰ ਹੈ ਇਸ ਵਿਚ ਗਰਦ ਹੈ ਗਹਿਰ ਹੈ ਕਿਤੇ ਕਿਤੇ ਉੱਜਲੀ ਸਵੇਰ ਹੈ ਕਿਤੇ ਕਿਤੇ ਵਗਦਾ ਹਨੇਰ ਹੈ ਕਿਤੇ ਜ਼ਿੰਦਗੀ ਦੀ ਧੁੱਪ ਛਾਂ ਹੈ ਕਿਤੇ ਸੁੱਖਾਂ ਸੁੱਖਦੀ ਮਾਂ ਹੈ ਕਿਤੇ ਜਾਗਦੀਆਂ ਅੱਖਾਂ ਦੇ ਸੁਪਨੇ ਨੇ ਕਿਤੇ ਦੂਰ ਰਹਿੰਦੇ ਜੋ ਮੇਰੇ ਆਪਣੇ ਨੇ ਕਿਤੇ ਬਣ ਗਈ ਮੇਰੀ ਮਾਸ਼ੂਕ ਹੈ ਕਿਤੇ ਬਿਰਹੋਂ ਕੁੱਠੀ ਕੋਈ ਹੂਕ ਹੈ ਕਿਤੇ ਸਾਜਿੰਦਿਆਂ ਦਾ ਸਾਜ਼ ਹੈ ਕਿਤੇ ਅੰਦਰ ਲੁਕਿਆ ਕੋਈ ਰਾਜ਼ ਹੈ ਛੰਦ ਬਹਿਰ ਤੋਂ ਵਿਹੂਣੀ ਹੈ ਭਾਵੇਂ ਕਿੰਨੀ ਵੀ ਕਵਿਤਾ ਜ਼ਿੰਦਗੀ ਦਾ ਹੀ ਰਾਗ ਹੈ।

ਵਿਸਮਾਦ

ਕੀ ਪੀੜਾਂ ਦੇ ਵੀ ਪਰਛਾਵੇਂ ਹੁੰਦੇ ਹਾਂ ਅੜੀਏ ਪੀੜਾਂ ਦੇ ਵੀ ਪਰਛਾਵੇਂ ਹੁੰਦੇ ਜਦ ਕਦੀ ਮੇਰੀ ਪੀੜ ਦਾ ਪਰਛਾਵਾਂ ਦੁਨੀਆਂ ਦੇ ਦਰਦ ਦੇ ਮੇਚ ਦਾ ਹੋ ਜਾਂਦਾ ਦੋਵੇਂ ਪਰਣਾਏ ਜਾਂਦੇ ਉਸ ਵੇਲੇ ਲਫ਼ਜ਼ ਨਾਦੀ ਹੋ ਜਾਂਦੇ ਤੇ ਕਵਿਤਾ ਵਿਸਮਾਦੀ

ਕਾਗਜ਼-ਕਲਮ ਸੰਵਾਦ

ਕਲਮ ਕਹਿੰਦੀ ਕਾਗਜ਼ ਤਾਈਂ ਮੈਂ ਤੇਰੀ ਹਿੱਕ 'ਤੇ ਰਚਨਾ ਚਾਹੁੰਦੀ ਹਾਂ ਸਦੀਵੀ ਕਵਿਤਾ ਉਕਰਨਾ ਚਾਹੁੰਦੀ ਹਾਂ ਪੱਕੀ ਇਬਾਰਤ ਕਾਗਜ਼ ਕਹਿੰਦਾ ਕਮਲੀਏ ! ਇਬਾਰਤ ਵਿਚ ਸਦੀਵੀ ਕੁਝ ਨਹੀਂ ਹੁੰਦਾ ਸਦੀਵੀ ਹੁੰਦੀ ਹੈ ਜ਼ਿੰਦਗੀ ਤੇ ਮੌਤ ਦੀ ਜੱਦੋਜਹਿਦ ਸਦੀਵੀ ਹੁੰਦਾ ਹੈ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਵਿੱਢਿਆ ਸੰਘਰਸ਼ ਹੋਰ ਕੁਝ ਸਦੀਵੀ ਨਹੀਂ ਹੁੰਦਾ ਚੱਲ ! ਮੇਰੇ ਨਾਲ ਵਾਅਦਾ ਕਰ ਕਿ ਤੂੰ ਮੌਤ ਨਾਲ ਖਹਿੰਦੀ ਕਵਿਤਾ ਰਚੇਂਗੀ ਜ਼ਿੰਦਗੀ ਦੇ ਸਾਹਾਂ ਨਾਲ ਲੈਅ-ਬੱਧ ਕਵਿਤਾ ਸਿਰਜੇਂਗੀ ਤੇ ਰਚੇਂਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਘਰਸ਼ ਗਾਥਾ ਤਾਂ ਜੋ ਹੋਰ ਬਿਹਤਰ ਹੋ ਸਕੇ ਮਨੁੱਖ ਦਾ ਕੱਲ੍ਹ

ਕਵਿਤਾ ਦਾ ਦੇਸ਼

ਮੈਂ ਕਹਾਣੀਆਂ, ਨਾਵਲਾਂ ਜਿਹੇ ਲੋਕਾਂ ਵਿਚ ਵਿਚਰਦਾ ਹਾਂ ਕਵਿਤਾ ਭਾਲਦਾ ਹਾਂ ਪਰ ਮੇਰਾ ਰਸਤਾ ਰੋਕ ਲੈਂਦੀਆਂ ਨੇ ਮਸ਼ੀਨਾਂ ਜਿਨ੍ਹਾਂ ਨੂੰ ਨਹੀਂ ਦਰਦ ਸੁੱਕਦੇ ਫੁੱਲਾਂ ਦਾ ਤੇ ਨਾ ਹੀ ਦੁੱਧ ਲਈ ਸਿਕਦੇ ਬੁੱਲ੍ਹਾਂ ਦਾ ਨਹੀਂ ਪਤਾ ਸੁਪਨੇ ਕੀਕਣ ਮਰ ਜਾਣਗੇ ਕੋਮਲ ਫੁੱਲ ਕੀਕਣ ਮਿੱਟੀ 'ਚ ਰੁਲ ਜਾਣਗੇ ਪ੍ਰੇਮ ਦੇ ਪੰਛੀ ਕਿਧਰ ਉੱਡ ਜਾਣਗੇ ਉਹ ਕਦੋਂ ਫੇਰ ਪੀਹੂ ਪੀਹੂ ਗਾਣਗੇ ਪਤਾ ਹੈ ਤਾਂ ਬਸ ਇਸ ਜ਼ਰਬ ਤਕਸੀਮ ਦਾ ਜ਼ਹਿਰ ਦਾ ਬੀਅ ਕਿੱਥੇ ਕਿੱਥੇ ਸੁੱਟਣਾ ਹੈ ਮੁਹੱਬਤ ਦਾ ਬੂਟਾ ਕਿੱਥੋਂ ਕਿੱਥੋਂ ਪੁੱਟਣਾ ਹੈ ਕਿਹੜਾ ਚਿੱਕੜ ਕਿਸ ਦੇ ਸਿਰ ਸੁੱਟਣਾ ਹੈ ਕਿਸ ਨੂੰ ਸੁੱਟਣਾ ਤੇ ਕਿਸਨੂੰ ਚੁੱਕਣਾ ਹੈ ਪਰ ਮੇਰਾ ਇਹਨਾਂ ਮਸ਼ੀਨਾਂ ਦੀ ਕਿਚ ਕਿਚ ਵਿਚ ਦਮ ਘੁਟਣ ਲਗਦਾ ਹੈ ਮੇਰੇ ਅੰਦਰੋਂ ਕਵੀ ਕਦਮ ਪੁੱਟਣ ਲਗਦਾ ਹੈ ਮੈਂ ਕਹਾਣੀਆਂ, ਨਾਵਲਾਂ ਜਿਹੇ ਲੋਕਾਂ ਦੇ ਦੇਸ਼ ਜਾਂਦਾ ਹਾਂ ਖੁਦ ਨੂੰ ਕਵਿਤਾ ਨਾਲ ਪਰਨਾਂਦਾ ਹਾਂ

ਹਮਸਫ਼ਰ

ਕਵਿਤਾ ਕੁਝ ਇਸ ਤਰ੍ਹਾਂ ਆਉਂਦੀ ਹੈ ਜਿਵੇਂ ਠੰਢੀ ਹਵਾ ਦਾ ਬੁੱਲਾ ਮੁੜ੍ਹਕੋ ਮੁੜ੍ਹਕੀ ਹੋਏ ਸਰੀਰ ਨੂੰ ਠਾਰ ਜਾਂਦਾ ਕਵਿਤਾ ਕੁਝ ਇਸ ਤਰ੍ਹਾਂ ਫੜ੍ਹ ਲੈਂਦੀ ਹੈ ਮੇਰੀ ਉਂਗਲੀ ਜਿਵੇਂ ਮਾਂ ਪਕੜ ਲੈਂਦੀ ਬੱਚੇ ਦੀ ਉਂਗਲੀ ਹਰ ਉਸ ਵਕਤ ਜਦੋਂ ਉਹ ਡਰਦਾ ਕਵਿਤਾ ਕੁਝ ਇਸ ਤਰ੍ਹਾਂ ਇਕਮਿਕ ਹੋ ਜਾਂਦੀ ਹੈ ਮੇਰੇ ਸਾਹਾਂ ਨਾਲ ਜਿਵੇਂ ਹਵਾ ਵਿਚ ਖੁਸ਼ਬੋਈ ਘੁਲਮਿਲ ਜਾਂਦੀ ਕਵਿਤਾ ਕੁਝ ਇਸ ਤਰ੍ਹਾਂ ਭਰਦੀ ਹੈ ਪਰਵਾਜ਼ ਜਿਵੇਂ ਕੋਈ ਪੰਛੀ ਸਾਰਾ ਅੰਬਰ ਗਾਹ ਆਉਂਦਾ ਕਵਿਤਾ ਕੁਝ ਇਸ ਤਰ੍ਹਾਂ ਮੇਰੇ ਨਾਲ ਤੁਰਨ ਲੱਗੀ ਹੈ ਜਿਵੇਂ ਪਰਛਾਵਾਂ ਤੁਰਦਾ ਹੈ

ਮਾਂ

ਪਤਾ ਨਹੀਂ ਕਿਹੜੀ ਬਰਫ਼ ਦੀ ਸਿਲ ਸੀ ਤੇਰੇ ਕੋਲ ਸੜਦਾ ਬਲਦਾ ਤਪਦਾ ਆਇਆਂ ਜਦੋਂ ਵੀ ਮੈਂ ਤੇਰੇ ਕੋਲ ਤੂੰ ਹਿੱਕ ਨਾਲ ਲਾ ਕੇ ਠੰਡਾ-ਠਾਰ ਕਰ ਦਿੱਤਾ ਪਤਾ ਨਹੀਂ ਕਿਹੜੀ ਮਮਤਾ ਦੀ ਹੁੱਫ ਸੀ ਤੇਰੇ ਕੋਲ ਠਰੂੰ-ਠਰੂੰ ਕਰਦਾ ਆਇਆਂ ਜਦੋਂ ਵੀ ਮੈਂ ਤੇਰੇ ਕੋਲ ਤੂੰ ਹਿੱਕ ਨਾਲ ਲਾ ਕੇ ਨਿੱਘ ਬਖਸ਼ ਦਿੱਤੀ ਹੁਣ ਤੇਰੇ ਬਾਅਦ ਤੇਰੀ ਯਾਦ ਵਿਚ ਅੱਖਾਂ ਵਿੱਚੋਂ ਵਹਿੰਦੇ ਹੰਝੂ ਮੈਨੂੰ ਸੜਦੇ ਬਲਦੇ ਨੂੰ ਸੀਤਲਤਾ ਦੇਂਦੇ ਨੇ ਤੇ ਠਰੂੰ ਠਰੂੰ ਕਰਦੇ ਨੂੰ ਨਿੱਘ

ਪਿਤਾ

ਬਾਬੇ ਆਖਿਆ ਪਾਣੀ ਪਿਤਾ ਪਿਤਾ ਲੋੜ ਮੁਤਾਬਿਕ ਉਬਲਣ ਲਗਦਾ ਬਰਫ਼ ਹੋਣ ਲਗਦਾ ਹੜ ਵਾਂਗੂੰ ਰੋੜ੍ਹ ਸੁੱਟਦਾ ਆਪਣੇ ਬੱਚਿਆਂ ਦੇ ਰਾਹਾਂ ਦੀਆਂ ਅਟਕਲਾਂ ਕਦੇ ਕਿਨਾਰਿਆਂ ਅੰਦਰ ਵਹਿ ਕੇ ਗ੍ਰਿਹਸਤੀ ਦੀ ਨੈਂ ਤਾਈਂ ਸਾਵਾਂ ਤੋਰਦਾ ਪਾਣੀ ਹੋ ਕੇ ਆਪਣਾ ਧਰਮ ਨਿਭਾਉਂਦਾ ਪਿਤਾ

ਪੇਕਾ

ਮਾਂ ਨੇ ਇਸ ਵਾਰ ਵੀ ਜਦੋਂ ਆਖਿਆ ਪੁੱਤ ਧਿਆਨ ਨਾਲ ਕਰੀਂ ਪੈਕ ਅਪਣਾ ਬੈਗ ਹਰ ਵਾਰ ਦੀ ਤਰ੍ਹਾਂ ਏਸ ਵਾਰ ਵੀ ਨਾ ਛੱਡ ਜਾਵੀਂ ਇਥੇ ਕੁਝ ਨਾ ਕੁਝ ਤੇ ਮੈਂ ਚੁੱਪ ਸਾਂ ਸੋਚ ਕੇ ਕਿ ਕਿਵੇਂ ਦੱਸਾਂ ਮੈਂ ਤਾਂ ਇੱਥੇ ਛੱਡ ਗਈ ਸਾਂ ਜੀਊਂਦੇ ਜਾਗਦੇ ਸੁਪਨੇ ਚਹਿਕਦੀਆਂ ਚਿੜੀਆਂ ਉੱਡਦੀਆਂ ਤਿਤਲੀਆਂ ਰੁੱਖਾਂ ਦੀ ਛਾਂ ਵਣ ਨਾਲ ਝੂਲਦੀ ਪੀਂਘ ਮਾਏ ਤੈਨੂੰ ਬਾਪੂ ਤੈਨੂੰ ਇਕ ਨਿਕੜੀ ਭੈਣ ਛੋਟਾ ਵੀਰ ਤੇ ਪਤਾ ਨਹੀਂ ਹੋਰ ਕੀ ਕੀ ਮਾਂ ਨੇ ਜਿਵੇਂ ਪੜ੍ਹ ਲਈਆਂ ਹੋਣ ਮੇਰੀਆਂ ਸੇਜਲ ਅੱਖਾਂ ਤੇ ਵਗ ਤੁਰੀ ਸੀ ਇਕ ਝਨਾਂ ਉਸ ਦੀਆਂ ਅੱਖਾਂ 'ਚੋਂ

ਯੁੱਧ ਯੁੱਧ ਖੇਡਣ ਤੋਂ ਪਹਿਲਾਂ

ਯੁੱਧ ਯੁੱਧ ਖੇਡਣ ਤੋਂ ਪਹਿਲਾਂ ਚਲੋ ਹੀਰੋਸ਼ੀਮਾ ਚਲਦੇ ਹਾਂ ਵਰ੍ਹਿਆਂ ਬਾਅਦ ਵੀ ਯੁੱਧ ਦੇ ਨਾਂ 'ਤੇ ਕੰਬ ਜਾਂਦੇ ਨੇ ਜਿਥੋਂ ਦੇ ਲੋਕ ਪੀੜ੍ਹੀਆਂ ਬੱਧੀ ਭੋਗ ਰਹੇ ਨੇ ਸੰਤਾਪ ਜਿੱਥੋਂ ਦੇ ਲੋਕ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਚਲੋ ਨਾਗਾਸਾਕੀ ਚਲਦੇ ਹਾਂ ਜਿੱਥੇ ਹਵਾ ਵੀ ਦੁਰਲੱਭ ਹੈ ਸਾਹ ਲੈਣ ਲਈ ਕੌਣ ਜਾਣਦਾ ਹੈ ਅੱਜ ਵੀ ਨਾਸੂਰਾਂ 'ਚੋਂ ਰਿਸ ਆਉਂਦਾ ਹੈ ਮਵਾਦ ਵੱਖ ਵੱਖ ਰੋਗ ਬਣਕੇ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਰੁਕੋ ! ਰੁਕੋ!! ਕੀ ਤੁਸੀਂ ਕਰ ਦੇਣਾ ਚਾਹੁੰਦੇ ਹੋ ? ਧਰਤੀ ਨੂੰ ਬੰਜਰ ਔਰਤ ਨੂੰ ਬਾਂਝ ਮਰਦ ਨੂੰ ਨਪੁੰਸਕ ਮਨੁੱਖਤਾ ਨੂੰ ਅਪੰਗ ਵਾਤਾਵਰਨ ਨੂੰ ਦੂਸ਼ਿਤ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਸੋਚਣਾ ਬਣਦਾ ਹੈ ਕਿੰਨੇ ਬੱਚੇ ਹੋ ਜਾਣਗੇ ਯਤੀਮ ਕਿੰਨੀਆਂ ਔਰਤਾਂ ਹੋ ਜਾਣਗੀਆਂ ਵਿਧਵਾ ਕਿੰਨੇ ਬਜ਼ੁਰਗਾਂ ਦਾ ਖੁੱਸ ਜਾਏਗਾ ਸਹਾਰਾ ਕਿੰਨੀਆਂ ਭੈਣਾਂ ਨੂੰ ਨਹੀਂ ਮਿਲਣਗੇ ਗੁੱਟ ਕਿੰਨੇ ਲੋਕਾਂ ਦੇ ਜ਼ਖ਼ਮ ਹੋ ਜਾਣਗੇ ਫਿਰ ਤੋਂ ਹਰੇ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਪਤਾ ਕਰੋ ਕੀ ਇਸ ਨਾਲ ਬਣ ਜਾਏਗਾ ਭੁੱਖ ਤੇ ਰੋਟੀ ਦਾ ਸੰਤੁਲਨ ਜਾਂ ਬਚ ਜਾਏਗਾ ਰਾਜੇ ਦਾ ਸਿੰਘਾਸਣ ਕੀ ਇਸ ਖੇਡ ਦੇ ਪਿੱਛੇ ਲੁਕੇ ਹੁੰਦੇ ਨੇ ਹੋਰ ਹੀ ਮਕਸਦ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਚਲੋ ਹੀਰੋਸ਼ੀਮਾ ਚਲਦੇ ਹਾਂ ਯੁੱਧ ਯੁੱਧ ਖੇਡਣ ਤੋਂ ਪਹਿਲਾਂ ਚਲੋ ਨਾਗਾਸਾਕੀ ਚਲਦੇ ਹਾਂ

ਫ਼ਲਸਤੀਨੀ ਬੱਚੇ

ਜੋ ਲੋਕ ਯੁੱਧ-ਯੁੱਧ ਖੇਡਦੇ ਹਨ ਉਹਨਾਂ ਨੂੰ ਆਹਮਣੇ ਸਾਹਮਣੇ ਕਰੋ ਤੇ ਆਖੋ... ਚਲਾਓ... ਹੁਣ ਬੰਦੂਕ ਦੱਬੋ... ਟ੍ਰਿਗਰ ਲਓ... ਫੜੋ ਟੈਂਕ ਦਾਗ਼ ਦਿਓ... ਗੋਲਾ ਫੁੰਡ ਦਿਓ... ਇਕ ਦੂਜੇ ਨੂੰ ਪਿਸ਼ਾਚੋ ! ਸਾਡੇ ਖ਼ੂਨ ਦੇ ਪਿਆਸੇ... ਕਿਉਂ ਹੋਏ ਓ ? ? ਅਸੀਂ ਤਾਂ ਘਰ-ਘਰ ਖੇਡਣਾ ਹੈ... ਹਾਲੇ

ਮੈਂ ਚਨਾਬ ਬੋਲਦਾ ਹਾਂ

ਮੈਂ ਚਨਾਬ ਬੋਲਦਾ ਹਾਂ ਅੱਧਾ ਏਧਰੋਂ ਅੱਧਾ ਓਧਰੋਂ ਪੰਜਾਬ ਬੋਲਦਾ ਹਾਂ ਤਵਾਰੀਖ਼ ਗਵਾਹ ਹੈ ਜਦੋਂ ਵੀ ਕਿਤਾਬ ਖੋਲ੍ਹਦਾ ਹਾਂ ਖੂਨ ਨਾਲ ਲਥ-ਪਥ ਹਰ ਵਰਕ ਮੋੜਦਾ ਹਾਂ ਬਾਰੂਦ ਏਧਰੋਂ ਚੱਲੇ ਜਾਂ ਓਧਰੋਂ ਚੱਲੇ ਮੈਂ ਅੱਧਾ ਇਧਰੋਂ ਅੱਧਾ ਓਧਰੋਂ ਡੋਲਦਾ ਹਾਂ ਮੈਂ ਹਾਮੀ ਹਾਂ ਮੁਹੱਬਤਾਂ ਦਾ ਇਸ਼ਕ ਦੇ ਗੀਤ ਟੋਲਦਾ ਹਾਂ ਵਿਛੋੜੇ ਦੀ ਸਲ੍ਹ ਕਾਲਜਾ ਦੋ ਥਾਈਂ ਚੀਰ ਸੁੱਟਿਆ ਅੱਧਾ ਏਧਰੋਂ ਅੱਧਾ ਓਧਰੋਂ ਅੰਗਿਆਰ ਫੋਲਦਾ ਹਾਂ ਮੈਂ ਚਨਾਬ ਬੋਲਦਾ ਹਾਂ ਅੱਧਾ ਇਧਰੋਂ ਅੱਧਾ ਓਧਰੋਂ ਪੰਜਾਬ ਬੋਲਦਾ ਹਾਂ

ਵੰਡ ਦੇ ਨਾਂ

ਇਹ ਜੋ ਵੰਡ ਸੀ, ਕਿਹੜਾ ਕੋਈ ਖੰਡ ਸੀ ਧਰਤ ’ਤੇ ਵਾਹੀ ਕੋਈ ਲੀਕ ਸੀ ਚਿੱਟੇ ਸਫ਼ਿਆਂ 'ਤੇ ਕਾਲੀ ਤਾਰੀਖ਼ ਸੀ ਕਿੰਨਾਂ ਕੁਝ ਪਿੰਡਿਆਂ 'ਤੇ ਝਰੀਟਿਆ ਗਿਆ ਕਿੰਨਾਂ ਕੁਝ ਦਿਲਾਂ 'ਤੇ ਉਲੀਕਿਆ ਗਿਆ ਕਿੰਨਾਂ ਕੁਝ ਉਮਰ ਭਰ ਰਿਸਦਾ ਰਿਹਾ ਕਿੰਨਾ ਕੁਝ ਉਮਰ ਭਰ ਕਿਰਦਾ ਰਿਹਾ ਅਕਲੋਂ ਹੀਣਿਆਂ ਦਾ ਘਮੰਡ ਸੀ ਜਾਂ ਪਿਛਲੇ ਕਰਮਾਂ ਦਾ ਦੰਡ ਸੀ ਇਹ ਜੋ ਵੰਡ ਸੀ ਕਿਹੜਾ ਕੋਈ ਖੰਡ ਸੀ ਕਿਸੇ ਦਾ ਖੁੱਸਿਆ ਬਾਲ ਸੀ ਕਿਸੇ ਵਿਛਾਇਆ ਜਾਲ ਸੀ ਕੋਈ ਖੋਹ ਰਿਹਾ ਸੀ ਗਹਿਣੇ ਗੱਟੇ ਕੋਈ ਖੋਲ੍ਹ ਰਿਹਾ ਸੀ ਵੱਛੇ-ਕੱਟੇ ਭਾਵੇਂ ਵੱਢਿਆ ਹਿੰਦੂ, ਸਿੱਖ ਜਾਂ ਮੁਸਲਮਾਨ ਸੀ ਜ਼ਮੀਨ ਤੇ ਡੁੱਲ੍ਹੇ ਖੂਨ ਦਾ ਰੰਗ ਤਾਂ ਬਸ ਲਾਲ ਸੀ ਕਿਸੇ ਸਾਂਝਾਂ ਵਾਲੀ ਬੰਨ੍ਹੀ ਪੰਡ ਸੀ ਕਿਸੇ ਆਪਣੇ ਵਿਖਾਈ ਕੰਡ ਸੀ ਇਹ ਜੋ ਵੰਡ ਸੀ ਕਿਹੜਾ ਕੋਈ ਖੰਡ ਸੀ ਕਿੰਨਿਆਂ ਨੇ ਜ਼ਮੀਰਾਂ ਵੇਚ 'ਤੀਆਂ ਕਿੰਨਿਆਂ ਨੇ ਰੋਟੀਆਂ ਸੇਕ ਲਈਆਂ ਕਿੰਨੇ ਜੁੱਸੇ ਲਹੂਲੁਹਾਨ ਹੋਏ ਕਿੰਨੇ ਘਰ ਸ਼ਮਸ਼ਾਨ ਹੋਏ ਮਨੁੱਖ ਅੰਦਰੋਂ ਮਨੁੱਖਤਾ ਦਾ ਹੋਇਆ ਘਾਣ ਸੀ ਕਿੰਨੀਆਂ ਤ੍ਰੀਮਤਾਂ ਦਾ ਹੋਇਆ ਅਪਮਾਨ ਸੀ ਧਰਤ ਮਾਂ ਦਾ ਹਿਰਦਾ ਹੋਇਆ ਖੰਡ ਖੰਡ ਸੀ ਧਰਮ ਦੇ ਨਾਂ ਤੇ ਅੱਜ ਉਸਦੀ ਹੋਈ ਵੰਡ ਸੀ ਇਹ ਜੋ ਵੰਡ ਸੀ ਕਿਹੜਾ ਕੋਈ ਖੰਡ ਸੀ

ਮਿੱਟੀ ਦਾ ਮੋਹ

ਬਾਪੂ ! ਮੈਂ ਸੱਚੀ-ਮੁੱਚੀ ਭਾਵੇਂ ਨਹੀਂ ਦੇਖਿਆ ਪਾਕਪਟਨ ਨਾ ਆਪਣਾ ਪਿੰਡ ਸਲੇਮਕੋਟ ਨਾ ਹੀ ਗੁਆਂਢੀ ਪਿੰਡ ਹੀਰਾਕੋਟ ਪਰ ਮੈਂ ਬਹੁਤ ਵਾਰ ਮਹਿਸੂਸ ਕੀਤਾ ਏ ਤੇਰੀਆਂ ਅੱਖਾਂ ਵਿਚ ਉਹ ਮੰਜ਼ਰ ਜਿਹੜਾ ਤੂੰ ਇਆਣੀ ਉਮਰ ਤੋਂ ਸਾਂਭੀ ਰੱਖਿਆ ਸੀ ਮਰਨ ਤੋਂ ਠੀਕ ਪਹਿਲਾਂ ਤੀਕਣ ਮੈਨੂੰ ਯਾਦ ਹੈ ਆਪਣੀ ਜਨਮ ਭੋਇੰ ਨੂੰ ਵੇਖਣ ਦਾ ਤੇਰਾ ਉਹ ਸੁਪਨਾ ਕਿਵੇਂ ਅੱਖਾਂ 'ਚੋਂ ਰਗਾਂ 'ਚ ਦੋੜਨ ਲੱਗਾ ਸੀ ਲਹੂ ਦਾ ਵਹਾਅ ਬਣ ਚਲਣ ਲੱਗਾ ਸੀ ਤੇਰੇ ਸਾਹਾਂ ਨਾਲ ਕੋਈ ਜਾਪ ਹੋ ਹਾਂ ਸੱਚ ਬਾਪੂ ! ਉਹ ਤੇਰਾ ਬਚਪਨ ਦਾ ਆੜੀ ਸਲੀਮ ਹੀ ਸੀ ਨਾ ਜਿਹੜਾ ਖੁਆਉਂਦਾ ਸੀ ਤੈਨੂੰ ਸੇਉ ਬੇਰ ਜਿਹਨੂੰ ਚੇਤੇ ਕਰਕੇ ਤੂੰ ਹੁਣ ਤਕ ਭਰ ਲੈਂਦਾ ਸੈਂ ਅੱਖਾਂ ਮਸੋਸਾ ਜੇਹਾ ਆਖਦਾ ਮੈਂ ਯਾਰੀ ਤੋੜ ਗਿਐਂ ਬਾਪੂ ! ਉਹ ਜਿਹਨੂੰ ਤੂੰ ਕੱਲਾ ਹੀ ਨਹੀਂ ਸਾਰਾ ਪਿੰਡ ਹੀ ਖਾਲਾ ਆਖਦਾ ਫਾਤਿਮਾ ਖਾਲਾ ਜੀਹਨੇ ਵੱਡੀ ਬੇਬੇ ਦਾ ਵੀ ਕਰਵਾਇਆ ਸੀ ਜਾਪਾ ਤੇ ਤੂੰ ਇਸ ਦੁਨੀਆਂ ਦਾ ਸੂਰਜ ਵੇਖਿਆ ਸੀ ਕਿਵੇਂ ਤੂੰ ਲੜ ਪੈਂਦਾ ਸੈਂ ਉਹਦੇ ਨਾਲ ਜਦੋਂ ਉਹ ਤੈਨੂੰ ਬਾਲ-ਉਮਰੇ ਛੇੜਦੀ ਸੀ ਆਖ ਕੇ ‘ਤੇਰੇ ਬਾਬੇ ਦਾ ਕੜਾਹ ਖਾਸਾਂ' ਮਰਨ ਤੋਂ ਇਕ ਦਿਹੁੰ ਪਹਿਲਾਂ ਹੀ ਤਾਂ ਤੂੰ ਅੱਖਾਂ ਭਰ ਕੇ ਮਿੱਟੀ ਲਈ ਆਪਣੀ ਸਿੱਕ ਨੂੰ ਅੱਖਾਂ ਵਿਚ ਹੜ ਕੇ ਆਖਿਆ ਸੀ-ਓਏ ਛੋਹਰਾ ! ਮੇਰਾ ਸਮਾਂ ਆ ਗਿਆ ਈ ਤੇਰੇ ਹੱਥ ਜੁੜ ਗਏ ਰੱਬ ਸੱਚਿਆ ! ਅਗਲਾ ਜਨਮ ਸਲੇਮਕੋਟ ਵਿਚ ਦੇਵੀਂ।

ਬਾਪੂ

ਬਾਪੂ ਕਹਿੰਦਾ ਸੀ ਉਹਨਾਂ ਜ਼ਮੀਨ ‘ਤੇ ਲਕੀਰ ਚਾ ਵਾਹੀ ਤੇ ਆਂਹਦੇ ਓਹ ਤੇਰਾ ਮੁਲਕ ਇਹ ਸਾਡਾ ਮੁਲਕ ਉਹ ਤਾ-ਉਮਰ ਨਾਲ ਲਿਆਂਦੀ ਮਿੱਟੀ ਚਾਈ ਫਿਰਿਆ ਭਾਵੇਂ ਉਸਨੂੰ ਵਸੇਬਾ ਇਸ ਮੁਲਕ 'ਚ ਕਰਨਾ ਪਿਆ ਉਸ ਦੀਆਂ ਯਾਦਾਂ ਵਿਚ ਹਿੰਦੁਸਤਾਨ ਰਿਹਾ

ਮਾਂ ਦਾ ਦਰਦ

ਮੈਂ ਮਾਂ ਹਾਂ ਤਿੰਨ ਪੁੱਤਾਂ ਦੀ ਕਿੰਜ ਦਰਦ ਹੰਢਾਵਾਂ ਮੈਂ ਕਿਸ ਨਾਲ ਵੰਡਾਵਾਂ ਮੈਂ ਕਿਸੇ ਹਿੰਦੁਆਣੀ ਦੇ ਜਾਈ ਸਾਂ ਇਕ ਸਿੱਖ ਨਾਲ ਵਿਆਹੀ ਸਾਂ ਉਹ ਸੰਨ ਸੰਤਾਲੀ ਸੀ ਜਦੋਂ ਇਕ ਮੁਸਲਮਾਨ ਨੇ ਉਧਾਲੀ ਸੀ ਤਿੰਨਾਂ ਦੇ ਨਾਲ ਮੇਰੀ ਸਾਂਝ ਸੀ ਰਾਮ, ਵਾਹਿਗੁਰੂ, ਅੱਲ੍ਹਾ ਮੇਰੇ ਨਾਲ ਸੀ ਮੈਂ ਆਪਣੀ ਕੁੱਖੋਂ ਤਿੰਨ ਪੁੱਤ ਜਾਏ ਸੀ ਵੱਡਾ ਮੁਰਾਰੀ ਲਾਲ ਸੀ ਮੰਝਲਾ ਸਿੰਘ ਗੁਰਲਾਲ ਸੀ ਛੋਟਾ ਮੁਹੰਮਦ ਹਾਲੇ ਬਾਲ ਸੀ ਜਦੋਂ ਵਰਤਿਆ ਸੰਤਾਲੀ ਵਾਲਾ ਕਹਿਰ ਸੀ ਉਦੋਂ ਗੁਆਇਆ ਮੈਂ ਇਕ ਲਾਲ ਸੀ ਫੇਰ ਇਕ ਦੌਰ ਹੋਰ ਚਲਿਆ ਸੀ ਜਦੋਂ ਕਿਸੇ ਮੇਰੀ ਕੁੱਖ ਨੂੰ ਰੁਆਇਆ ਸੀ ਏ ਕੇ ਸੰਤਾਲੀ ਨੇ ਮੇਰਾ ਦੂਜਾ ਲਾਲ ਸੁਆਇਆ ਸੀ ਪਤਾ ਨਹੀਂ ਮੇਰੇ ਭਾਗਾਂ 'ਚ ਕੀ ਲਿਖਿਆ ਸੀ ਅਸੀਂ ਗੁਜਰਾਤ ਫੇਰੀ ’ਤੇ ਆਏ ਸੀ ਮੇਰੇ ਮੁਹੰਮਦ ਨੂੰ ਕਹਿਰ ਨੇ ਮੁਕਾਇਆ ਸੀ ਮੈਂ ਕੂਕ ਕੂਕ ਰੋਈ ਸਾਂ ਕੱਖੋਂ ਹੌਲੀ ਹੋਈ ਸਾਂ ਮੇਰੇ ਤਿੰਨੇ ਪੁੱਤਾਂ ਦੇ ਖ਼ੂਨ ਦਾ ਰੰਗ ਲਾਲ ਸੀ ਇਕ ਹਿੰਦੂ, ਇਕ ਸਿੱਖ, ਇਕ ਮੁਸਲਮਾਨ ਸੀ ਮੈਂ ਤਿੰਨਾਂ ਦੀ ਹੀ ਮਾਂ ਸਾਂ ਕਿਸਨੂੰ ਦਰਦ ਸੁਣਾਵਾਂ ਮੈਂ ਕਿੰਜ ਕਾਲਜਾ ਵਿੰਨਿਆ ਦਿਖਾਵਾਂ ਮੈਂ ਮੈਂ ਮਾਂ ਹਾਂ ਤਿੰਨ ਪੁੱਤਾਂ ਦੀ

ਨਹੁੰ ਮਾਸ ਦਾ ਰਿਸ਼ਤਾ

ਇਕ ਪਾਸੇ ਨਹੁੰ ਹੈ ਮੇਰਾ ਦੂਜੇ ਪਾਸੇ ਮਾਸ ਹੈ ਮੇਰਾ ਬਾਬਾ ਆਖੇ ਵੇ ਲੋਕੋ ਨਹੁੰਆਂ ਤੋਂ ਮਾਸ ਵੀ ਕਦੇ ਵੱਖ ਹੋਇਐ ਵੇ ਲੋਕੋ ਇਹ ਧਰਤੀ ਸਾਰੀ ਸਾਂਝੀ ਹੈ ਕਿਉਂ ਖ਼ਲਕਤ ਇਸ ਤੋਂ ਵਾਂਝੀ ਹੈ ਇਹ ਪਾਣੀ ਵੀ ਸਭ ਲਈ ਹੈ ਜਿਸਨੂੰ ਹੈ ਵੰਡਿਆ ਵੇ ਲੋਕੋ ਬਾਬਾ ਆਖੇ ਵੇ ਲੋਕੋ ਨਹੁੰਆਂ ਤੋਂ ਮਾਸ ਵੀ ਕਦੇ ਵੱਖ ਹੋਇਐ ਵੇ ਲੋਕੋ ਹਰਿਮੰਦਰ ਨਨਕਾਣਾ ਸਾਂਝਾ ਹੈ ਸੂਫ਼ੀਆਨਾ ਤਰਾਣਾ ਸਾਂਝਾ ਹੈ ਫ਼ਰੀਦ ਨਾਨਕ ਸਾਂਝੇ ਨੇ ਨੁਸਰਤ ਮਾਣਕ ਸਾਂਝੇ ਨੇ ਕਿਉਂ ਬੱਚੇ ਸਾਡੇ ਪਿਆਰੋਂ ਵਾਂਝੇ ਵੇ ਲੋਕੋ ਬਾਬਾ ਆਖੇ ਵੇ ਲੋਕੋ ਨਹੁੰਆਂ ਤੋਂ ਮਾਸ ਵੀ ਕਦੇ ਵੱਖ ਹੋਇਐ ਵੇ ਲੋਕੋ ਅਸੀਂ ਪਿਆਰ ਵਿਹਾਜਣ ਆਏ ਹਾਂ ਅਸੀਂ ਮਹਿਕਾਂ ਦੇ ਸਰਮਾਏ ਹਾਂ ਗੱਲ ਹੈ ਦੋ ਭਰਾਵਾਂ ਦੀ ਸਾਂਝਾਂ ਤੇ ਚਾਵਾਂ ਦੀ ਸਾਰੇ ਵੈਰ ਮੁਕਾਈਏ ਵੇ ਲੋਕੋ ਬਾਬਾ ਆਖੇ ਵੇ ਲੋਕੋ ਨਹੁੰਆਂ ਤੋਂ ਮਾਸ ਵੀ ਕਦੇ ਵੱਖ ਹੋਇਐ ਵੇ ਲੋਕੋ ਅਸੀਂ ਹੁਣ ਸਰਹੱਦਾਂ ਤੋਂ ਲੰਘ ਜਾਵਾਂਗੇ ਭਾਈਆਂ ਤਾਈਂ ਗਲੇ ਲਗਾਵਾਂਗੇ ਦਿਲ ਨੂੰ ਦਿਲ ਦੀ ਰਾਹ ਬਣਾਵਾਂਗੇ ਵਿਛੜਿਆਂ ਤਾਈਂ ਮਿਲਾਵਾਂਗੇ ਸਾਂਝੀ ਸਾਡੀ ਅਰਦਾਸ ਨਮਾਜ ਵੇ ਲੋਕੋ ਬਾਬਾ ਆਖੇ ਵੇ ਲੋਕੋ ਨਹੁੰਆਂ ਤੋਂ ਮਾਸ ਵੀ ਕਦੇ ਵੱਖ ਹੋਇਐ ਵੇ ਲੋਕੋ

ਦਿੱਲੀਏ

ਦਿੱਲੀਏ ਕੀ ਤੂੰ ਭੁੱਲ ਗਈ ਏਂ ਦੇਗ ਵਿਚ ਉਬਲਦਾ ਭਾਈ ਦਿਆਲਾ ਰੂੰ ਵਿਚ ਸੜਦਾ ਭਾਈ ਸਤੀ ਦਾਸ ਆਰੇ ਨਾਲ ਚਿਰਦਾ ਭਾਈ ਮਤੀ ਦਾਸ ਜਾਂ ਉਹ ਚਾਂਦਨੀ ਚੌਂਕ ਜਿੱਥੇ ਧੜ ਤੋਂ ਵੱਖਰਾ ਕੀਤਾ ਗਿਆ ਸੀ ਗੁਰੂ ਦਾ ਸੀਸ ਚਲੋ ਹੋ ਸਕਦੈ ਤੂੰ ਭੁਲ ਗਈ ਹੋਵੇਂ ਇਹ ਸਭ ਪਰ ਚੁਰਾਸੀ ਤਾਂ ਹਾਲੇ ਕੱਲ੍ਹ ਹੀ ਬੀਤਿਆ ਸੜਦੇ ਟਾਇਰਾਂ ਦੀ ਬੋਅ ਕਾਇਮ ਹੈ ਹਵਾ ਵਿਚ ਓਸੇ ਤਰ੍ਹਾਂ ਅਜੇ ਤਾਂ ਉਦਾਂ ਹੀ ਪਏ ਨੇ ਸਾਡੇ ਫ਼ਟ ਹਰੇ ਲਹੂ ਮਿਝ ਨਾਲ ਗੰਧਲੀ ਪਈ ਹੈ ਧਰਤੀ ਹਾਲੇ ਤੀਕਰ ਹਾਲੇ ਤਾਂ ਅਦਾਲਤ ਵਿਚ ਪੈ ਰਹੀਆਂ ਨੇ ਤਰੀਕਾਂ ਵੀ ਦਿੱਲੀਏ ਤੂੰ ਏਨੀ ਛੇਤੀ ਫਿਰ ਕਿਉਂ ਮੰਗਣ ਲਗਦੀ ਹੈਂ ਖ਼ੂਨ ਕੀ ਕੁਝ ਸਮੇਂ ਬਾਅਦ ਜਾਗ ਪੈਂਦਾ ਹੈ ਤੇਰੇ ਅੰਦਰੋਂ ਸੁੱਤਾ ਹੋਇਆ ਕੋਈ ਪਿਛਾਚ ਤੇ ਇਹ ਆਦਮਖੋਰ ਉਦੋਂ ਤਕ ਮੂੰਹ ਅੱਡੀ ਰੱਖਦਾ ਹੈ ਜਿੰਨੀ ਦੇਰ ਮਨੁੱਖਤਾ ਤ੍ਰਾਹ ਤ੍ਰਾਹ ਨਹੀਂ ਕਰ ਉਠਦੀ

ਖੇਤੀ ਖਸਮਾਂ ਸੇਤੀ

ਮੀਂਹ ਵਰ੍ਹਦਾ ਕੱਚੀਆਂ ਛੱਤਾਂ ਚੋਣ ਲਗਦੀਆਂ ਬਾਪੂ ਵਿਹੜੇ 'ਚੋਂ ਮਿੱਟੀ ਪੁੱਟਦਾ ਬੇਬੇ ਬੱਠਲ ਭਰ ਕੇ ਮੋਘੇ ਬੰਦ ਕਰਦੀ ਝੱਖੜ ਚਲਦਾ ਮਾਲ ਡੰਗਰ ਨੂੰ ਕਾਂਬਾ ਛਿੜਦਾ ਅਸੀਂ ਛੱਪਰ ਵਿਚ ਪਾਹ ਪਾਉਂਦੇ ਪਸ਼ੂਆਂ ਨੂੰ ਨਿੱਘ ਮਿਲਦਾ ਬਾਪੂ ਕਹੀ ਨਾਲ ਟੱਪਾ ਭਰਦਾ ਮੀਂਹ ਦਾ ਅੰਦਾਜ਼ਾ ਲਾਉਂਦਾ ਤੇ ਕਹਿੰਦਾ ਹੇਠਲੇ ਦੋ ਕਿੱਲੇ ਡੁੱਬ ਗਏ ਪਾਰ ਵਾਲਾ ਤੇ ਟਾਵਰ ਵਾਲਾ ਬਚ ਸਕਦਾ ਕਹੀ ਲੈ ਕੇ ਖੇਤ ਵੱਲ ਭੱਜਦਾ ਬਿਜਲੀ ਲਿਸ਼ਕਦੀ ਬੱਦਲ ਗੱਜਦਾ ਬੇਬੇ ਵਾਹਗੁਰੂ ... ਵਾਹਗੁਰੂ ਕਰਦੀ ਕਿਸੇ ਅਣਹੋਣੀ ਤੋਂ ਡਰਦੀ ਅਰਦਾਸ ਕਰਨ ਲਗਦੀ ... ਪਰ ਤਾੜ ਤਾੜ ਗੜੇ ਡਿੱਗਣ ਲਗਦੇ ਸਾਰਾ ਬਾਲਣ ਗਿੱਲਾ ਹੋ ਜਾਂਦਾ ਕੱਚਾ ਚੁੱਲ੍ਹਾ ਠੰਢਾ ਹੀ ਰਹਿੰਦਾ ਖਾਣ ਨੂੰ ਕੁਝ ਨਾ ਹੁੰਦਾ ਭੁੱਖਣ ਭਾਣੇ ਅੱਖ ਨਾ ਲਗਦੀ ਸਾਡੇ ਹਿੱਸੇ ਦੀ ਰੋਟੀ ਅੱਖਾਂ ਥਾਣੀਂ ਹੰਝੂ ਹੋ ਵਹਿੰਦੀ ਵੱਡੀ ਬੇਬੇ ਸਬਰ 'ਚ ਰਹਿੰਦੀ ਬਾਪੂ ਨੂੰ ਕਹਿੰਦੀ ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ ਬਾਪੂ ਬਲਦਾਂ ਦੀ ਜੋਗ ਜੋੜਦਾ ਹਲ ਪੰਜਾਲੀ ਚੁੱਕਦਾ ਖੇਤ ਵੱਲ ਤੁਰਦਾ ... ਬੋਲਦਾ ਖੇਤੀ ਖਸਮਾਂ ਸੇਤੀ

ਕਣਕ ਦਾ ਸੁਨੇਹਾ

ਐ ਮੇਰੇ ਪਾਲਣਹਾਰ ! ਮੈਂ ਇੱਥੇ ਚੜ੍ਹਦੀਕਲਾ ਵਿਚ ਹਾਂ ਤੇ ਤੂੰ ਉਥੇ ਪੂਰੇ ਜਲਾਲ ਵਿਚ ਹੈਂ ਮੈਨੂੰ ਦਿੱਲੀਓਂ ਆਉਂਦੀਆਂ ਹਵਾਵਾਂ ਜਦ ਵੀ ਸੁਣਾਉਂਦੀਆਂ ਨੇ ਸਿੰਘੂ, ਟਿੱਕਰੀ ਉੱਤੇ ਗੂੰਜਦੇ ਜੈਕਾਰੇ ਤੇਰੇ ਰੋਹ ਭਰੇ ਇਨਕਲਾਬੀ ਨਾਅਰੇ ਸੱਚੀ ਓ ਮੇਰੇ ਪਾਲਨਹਾਰ ! ਰਾਤੋਰਾਤ ਮੈਂ ਦੋ ਉਂਗਲਾਂ ਉੱਚੀ ਹੋ ਜਾਂਦੀ ਹਾਂ ਤੇਰੀ ਸ਼ਾਨਾਮੱਤੀ ਹਰੀ ਪੱਗ ਸਦਕਾ ਗੂੜ੍ਹੀ ਹਰੀ ਭਾਹ ਮਾਰਨ ਲਗਦੀ ਹਾਂ ਨੀ ਹਵਾਏ ਸਖੀਏ ! ਮੈਂ ਤੈਥੋਂ ਵਾਰੀ ਇਕ ਸੁਨੇਹਾ ਲੈਂਦੀ ਜਾਈਂ ਪਾਲਣਹਾਰੇ ਨੂੰ ਆਖ ਸੁਣਾਈਂ ਕਿ ਨਾ ਕਰੇ ਭੋਰਾ ਵੀ ਫ਼ਿਕਰ ਮੈਂ ਅਪਣੇ ਪੈਰੀਂ ਖੜੀ ਹੋ ਚੁੱਕੀ ਹਾਂ ਤੇ ਮੈਨੂੰ ਪੂਰੀ ਉਮੈਦ ਹੈ ਕਿ ਝਾੜ ਦੂਨ ਸਵਾਇਆ ਹੋਊ ਇਸ ਵਾਰੀ ਹੋਣੀ ਪੂਰੇ ਦੇਸ 'ਚ ਆਪਣੀ ਸਰਦਾਰੀ

ਇਸ ਤਰ੍ਹਾਂ ਵੀ

ਹਾਕਮ ਸੋਚਦਾ ਹੋਣੈ ਮੇਰੇ ਖ਼ੌਫ਼ ਅੱਗੇ ਕੀ ਮਜ਼ਾਲ ਕਿ ਕੋਈ ਟਿਕ ਸਕੇ ਪਰ ਕੀ ਪਤਾ ਸੀ ਉਸਨੂੰ ? ਸਿਰੜ ਪੁਗਾਉਣ ਲਈ ਕੋ ਈ ਨਿੱਤਰੇਗਾ ਇਸ ਤਰ੍ਹਾਂ ਵੀ ਕਿ ਦਿੱਲੀ ਦੇ ਸਿਰ ਫੋੜ ਸੁੱਟੇਗਾ ਆਪਣੇ ਸਰੀਰ ਦਾ ਠੀਕਰਾ ਤੇ ਲਾਲੋ ਲਾਲ ਕਰ ਸੁੱਟੇਗਾ ਦਿੱਲੀ ਦੀ ਫ਼ਿਜ਼ਾ ਇਸ ਤਰ੍ਹਾਂ ਵੀ ਹਾਕਮ ਸੋਚਦਾ ਹੋਣੈ ਲਾਲਚ ਦੇ ਚੋਗ ਅੱਗੇ ਕੌਣ ਨਹੀਂ ਗਵਾ ਬਹਿੰਦਾ ਜ਼ਮੀਰ ਏਥੇ ਪਰ ਕੀ ਪਤਾ ਸੀ ਉਸਨੂੰ ? ਸਿਦਕ ਪੁਗਾਇਆ ਜਾਂਦਾ ਇਸ ਤਰ੍ਹਾਂ ਵੀ ਕਿ ਫੁੱਲ ਭਰ ਜਿੰਦਾਂ ਵੀ ਕਰ ਜਾਣਗੀਆਂ ਵੱਡੇ ਸਾਕੇ ਸਰਹਿੰਦ ਦੀ ਆਬੋ ਹਵਾ ਨੂੰ ਨਿੰਮੋਝੂਣਾ ਹੋਣਾ ਪਵੇਗਾ ਇਸ ਤਰ੍ਹਾਂ ਵੀ ਤਖ਼ਤ ਤੇ ਬੈਠਾ ਹਾਕਮ ਹਕੂਮਤ ਦੇ ਨਸ਼ੇ ਅੰਦਰ ਸੋਚਣ ਲਗਦਾ ਇਸ ਤਰ੍ਹਾਂ ਵੀ ਕਿ ਉਸਦਾ ਰਾਜ ਸਦਾ ਥਿਰ ਰਹਿਣਾ ਰਾਜ ਧਰਮ ਭੁੱਲ ਬਹਿੰਦਾ ਜਨਤਾ ਨੂੰ ਕੀੜੇ ਮਕੌੜੇ ਸਮਝਦਾ ਪਾਣੀ ਸਿਰੋਂ ਲੰਘਦਾ, ਡੋਬੂ ਆਉਂਦਾ ਫਿਰ ਲੋਕਾਂ ਦਾ ਸਾਹ ਘੁੱਟਦਾ ਤਰਲੋ ਮੱਛੀ ਹੋਏ ਲੋਕ ਇਕ ਹੁੰਦੇ ਇਸ ਤਰ੍ਹਾਂ ਵੀ ਕਿ ਲੱਖ ਜਤਨਾਂ ਤੇ ਵੀ ਨਾ ਟੁੱਟਦੇ ਇਕ ਹੋਏ ਇਹ ਲੋਕ ਇਕ ਦਿਨ ਭੰਨ ਸੁੱਟਦੇ ਤਖ਼ਤ ਦੇ ਪਾਵੇ ਜਿੱਤ ਜਾਂਦੇ ਮਿੱਟੀ ਦੇ ਬਾਵੇ ਇਸ ਤਰ੍ਹਾਂ ਵੀ

ਹਰੀ ਦਿੱਲੀ

ਬੇਨੂਰੀ ਧਰਤੀ ਅੱਜ ਨੂਰੋ ਨੂਰ ਏ ਹੋਈ, ਹਰੀ ਭਾਹ ਸੜਕਾਂ ਪਈਆਂ ਮਾਰਨ ਮਿੱਟੀ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਏ ਖੁਸ਼ਬੋਈ

ਜ਼ਰਖੇਜ਼ ਜ਼ਮੀਨ

ਦੇਸ ਮੇਰੇ ਦੀ ਜ਼ਰਖੇਜ਼ ਜ਼ਮੀਨੇ ! ਅਸ਼ਕੇ ਤੇਰੀ ਕੁੱਖੋਂ ਫ਼ਸਲਾਂ ਹੀ ਨਹੀਂ ਰੌਸ਼ਨ ਲੋਕ ਵੀ ਉਗਮਦੇ ਨੇ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸੁਰਜੀਤ ਸਿੰਘ ਸਿਰੜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ