Surjit Patar On Pani Da Jism

'ਪਾਣੀ ਦਾ ਜਿਸਮ' ਬਾਰੇ ਸੁਰਜੀਤ ਪਾਤਰ

ਕੁਝ ਸਾਲ ਪਹਿਲਾਂ ਹਰਵਿੰਦਰ ਦੀ ਕਾਵਿ-ਪੁਸਤਕ ‘ਪੰਜ ਨਦੀਆਂ ਦਾ ਗੀਤ’ ਪ੍ਰਕਾਸ਼ਤ ਹੋਈ ਸੀ। ਸਮੁੱਚੇ ਪੰਜਾਬੀ ਇਤਿਹਾਸ ਦੇ ਪ੍ਰਸੰਗ ਵਿੱਚ ਜਿਸ ਸ਼ਿੱਦਤ, ਸੰਵੇਦਨਾ ਅਤੇ ਸਮਝ ਨਾਲ਼ ਉਸ ਵਿੱਚ ਹਰਵਿੰਦਰ ਨੇ ਸਮਕਾਲੀ ਪੰਜਾਬ ਨੂੰ ਚਿਤਰਿਆ ਸੀ, ਉਸ ਨੇ ਸਾਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਸੀ ਤੇ ਕਵਿਤਾ ਦੇ ਪਾਠਕਾਂ ਦੇ ਦਿਲਾਂ ਵਿੱਚ ਹਰਵਿੰਦਰ ਲਈ ਇੱਕ ਬਹੁਤ ਪਿਆਰ ਅਤੇ ਅਦਬ ਵਾਲਾ ਸਥਾਨ ਸਿਰਜਿਆ ਗਿਆ ਸੀ।

ਕੁਝ ਸਮਾਂ ਪਹਿਲਾਂ ਮੈਂ ਉਸ ਦੀ ਕਵਿਤਾ ‘ ਪਾਣੀ ਦਾ ਜਿਸਮ ’ ਪੜ੍ਹੀ ਤਾਂ ਮੈਨੂੰ ਨਾਰੀ ਪ੍ਰਤੀ ਉਸ ਦੀ ਸੰਵੇਦਨਾ ਤੇ ਉਸ ਦੇ ਇਜ਼ਹਾਰ ਦੀ ਸਮਰੱਥਾ ਨੇ ਮੋਹ ਲਿਆ। ਹੁਣ ਉਸਦੀ ਏਸੇ ਨਾਮ ਦੀ ਪੁਸਤਕ ਪੜ੍ਹਦਿਆਂ ਮੈਂ ਥਾਂ ਪਰ ਥਾਂ ਰੁਕਿਆ ਹਾਂ, ਉਸਨੂੰ ਪਿਆਰ ਅਤੇ ਦਾਦ ਦੇਣ ਲਈ।

ਪੰਜਾਬ ਦੇ ਦੁੱਖ਼ ਦਰਦ ਦੀ ਗਹਿਰੀ ਤਾਰ ਇਸ ਕਿਤਾਬ ਵਿੱਚ ਨਿਰੰਤਰ ਵੱਜਦੀ ਹੈ। ਉਹ ਪੰਜਾਬ ਦੀ ਰੂਹ ਦੀ ਆਵਾਜ਼ ਨੂੰ ਵੀ ਸੁਣਦਾ ਹੈ ਤੇ ਪੰਜਾਬ ਨੂੰ ਆਪਣੀ ਰੂਹ ਦੀ ਆਵਾਜ਼ ਵੀ ਸੁਣਾਉਂਦਾ ਹੈ। ਉਹ ਪੰਜਾਬ ਦੇ ਦੁੱਖਾਂ ਦਾ ਦਰਮਾਨ ਸੋਚਦਾ ਹੈ। ਉਸ ਦੀ ਇੱਕ ਲੰਮੀ ਕਵਿਤਾ ਦੀਆਂ ਇਹ ਸਤਰਾਂ ਬਹੁਤ ਮਹਾਤਵਪੂਰਨ ਹਨ : ‘ਅਸੀਂ ਸਰਬੱਤ ਦੇ ਭਲੇ ਵਾਲਾ ਨਾਨਕਸਤਾਨ ਬਣਾਵਾਂਗੇ। ਅਸੀਂ ਹਿੰਦ ਨੂੰ ਖ਼ਾਲਸ ਬਣਾਵਾਂਗੇ।‘

ਇਸ ਕਿਤਾਬ ਦਾ ਦੂਜਾ ਪ੍ਰਮੁੱਖ਼ ਸਰੋਕਾਰ ਨਾਰੀ ਹੈ। ਮੇਰੀ ਸਮਝ ਮੁਤਾਬਕ ਨਾਰੀ ਸੰਵੇਦਨਾ ਅਤੇ ਨਾਰੀ ਦੇ ਦੁੱਖਾਂ ਦੀ ਅਥਾਹ ਗਹਿਰਾਈ ਏਨੀ ਸੂਖ਼ਮਤਾ ਅਤੇ ਕੋਮਲਤਾ ਨਾਲ ਬਿਆਨ ਕਰਨਾ ਹਰਵਿੰਦਰ ਦੇ ਹੀ ਹਿੱਸੇ ਆਇਆ ਹੈ।

ਮਾਂ ਬੋਲੀ, ਕਿਸਾਨ ਲਹਿਰ ਦਾ ਗੌਰਵ , ਸਰਮਾਏਦਾਰੀ ਦਾ ਬੇਕਿਰਕ ਪਸਾਰ ਅਤੇ ਹੋਰ ਸਾਰੇ ਅਹਿਮ ਸਰੋਕਾਰ,ਗਹਿਰੇ ਅਹਿਸਾਸਾਂ ਅਤੇ ਨਵੇਂ ਇਜ਼ਹਾਰਾਂ ਭਰੀ ਇਹ ਕਿਤਾਬ ਮੈਨੂੰ ਬਹੁਤ ਮੁੱਲਵਾਂਨ ਲੱਗੀ।

ਇਹ ਕਿਤਾਬ ਉਨ੍ਹਾਂ ਕਿਤਾਬਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਪੜ੍ਹਨ ਬਾਅਦ ਅਸੀਂ ਆਪਣੇ ਆਲੇ ਦੁਆਲੇ ਨੂੰ, ਲੋਕਾਂ ਨੂੰ ਤੇ ਜਹਾਨ ਨੂੰ ਹੋਰ ਬਾਰੀਕੀ ਤੇ ਸੰਵੇਦਨਾ ਨਾਲ ਦੇਖਣ ਲਗਦੇ ਹਾਂ।

ਸੁਰਜੀਤ ਪਾਤਰ
16 ਜੂਨ 2023

  • ਮੁੱਖ ਪੰਨਾ : ਹਰਵਿੰਦਰ ਸਿੰਘ ਚੰਡੀਗੜ੍ਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ