ਸੁਰਜੀਤ ਪਾਤਰ ਜੀ ਦੀ ਇਹ ਗ਼ਜ਼ਲ ਮੇਰੇ ਲਈ ਕੁਝ ਵੱਖਰੀ : ਗੁਰਭਜਨ ਗਿੱਲ


ਸੁਰਜੀਤ ਪਾਤਰ ਜੀ ਨਾਲ ਇਹ ਤਸਵੀਰ ਸਾਹਿੱਤ ਸਭਾ ਸਮਰਾਲਾ ਦੇ ਤਿੰਨ ਸਾਲ ਪਹਿਲਾਂ ਹੋਏ ਸਮਾਗਮ ਦੀ ਹੈ। ਸੁਖਜੀਤ ਨੇ ਮਨਮੋਹਨ ਦੇ ਨਾਵਲ ਤੇ ਸੈਮੀਨਾਰ ਕਰਵਾਇਆ ਸੀ। ਸੁਖਜੀਤ ਚਲਾ ਗਿਆ, ਪਾਤਰ ਵੀ। ਹੁਣ 14 ਫਰਵਰੀ ਨੂੰ ਸਾਹਿੱਤ ਸਭਾ ਦੇ ਸਮਾਗਮ ਵਿੱਚ ਮੈਂ ਜਾਣਾ ਹੈ। ਹੁਣ ਸੁਖਜੀਤ ਦੀ ਸਿਮਰਤੀ ਵਿੱਚ ਜੰਗ ਬਹਾਦਰ ਗੋਇਲ ਜੀ ਨੂੰ ਸਨਮਾਨ ਮਿਲਣਾ ਹੈ। ਉਸ ਦੀ ਕਿਤਾਬ ਦਾ ਵੀ ਲੋਕ ਅਰਪਣ ਕਰਨਾ ਹੈ।

ਸੁਖਜੀਤ ਤੇ ਪਾਤਰ ਜੀ ਦੀ ਗੈਰ ਹਾਜ਼ਰੀ ਚਿਤਵ ਕੇ ਦੋ ਲੋਕ ਬੋਲੀਆਂ ਚੇਤੇ ਆ ਰਹੀਆਂ ਨੇ।

ਸਰਵਣ ਵੀਰ ਬਿਨਾ ਮੇਰੀ ਗੱਠੜੀ ਬਣਾਂ ਵਿੱਚ ਰੁਲ਼ਦੀ।

ਹਾਏ! ਨਰਮ ਕਾਲਜਾ ਖੁੱਸਦਾ
ਡੋਰਾਂ ਸਣੇ ਬਾਜ਼ ਉੱਡ ਗਏ।

ਪਰ ਗੱਲ ਤਾਂ ਮੈਂ ਕਰਨ ਬੈਠਾ ਸਾਂ ਸੁਰਜੀਤ ਪਾਤਰ ਦੀ ਇਸ ਗ਼ਜ਼ਲ ਦੀ ਜਿਸ ਨੇ ਮੈਨੂੰ ਪੰਜਾਬ ਯੂਨੀਵਰਸਿਟੀ ਦੀ ਐੱਮ .ਏ ਚੋਂ ਪੁਜ਼ੀਸ਼ਨ ਦਿਵਾਈ।

ਗੱਲ ਇਉਂ ਹੋਈ ਕਿ ਮੇਰਾ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਸੀਨੀਅਰ ਵਿਦਿਆਰਥੀ ਕੰਵਲਜੀਤ ਐੱਮ ਏ ਕਰਨ ਉਪਰੰਤ ਰੁਜ਼ਗਾਰ ਨਾ ਮਿਲਣ ਕਾਰਨ ਉਦਾਸ ਸੀ। ਉਹ ਬਹੁਤ ਜ਼ਹੀਨ ਵਿਦਿਆਰਥੀ ਤੇ ਚੰਗਾ ਚਿੱਤਰਕਾਰ ਵੀ ਸੀ। ਡਾ. ਪਰਮਿੰਦਰ ਸਿੰਘ ਜੀ ਦਾ ਚਹੇਤਾ ਵਿਦਿਆਰਥੀ। ਉਸ ਦੀ ਉਦਾਸੀ ਧੋਣ ਲਈ ਉਸ ਦੇ ਮਿੱਤਰਾਂ ਗੁਰਬਚਨ ਸਿੰਘ ਗਰੇਵਾਲ, ਨਿਰਮਲ ਸੰਧੂ ਤੇ ਜੈਪਾਲ ਸਿੰਘ ਵਿਰਕ ਨੇ ਰਲ ਕੇ ਮੇਰੀ ਸਲਾਹ ਨਾਲ ਅਕਾਲਕ ਮੈਗਜ਼ੀਨ “ਤ੍ਰਿਸ਼ੰਕੂ” ਸ਼ੁਰੂ ਕਰ ਲਿਆ।

ਲਿਖਤਾਂ ਇਕੱਠੀਆਂ ਕਰਨ ਦਾ ਮੇਰਾ ਜ਼ਿੰਮਾ ਸੀ। ਪਹਿਲੇ ਅੰਕ ਲਈ ਕੋਈ ਲਿਖਤ ਲੈਣ ਲਈ ਮੈਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੁਰਜੀਤ ਪਾਤਰ ਜੀ ਕੋਲ ਗਿਆ।
ਉਨ੍ਹਾਂ ਇਹ ਗ਼ਜ਼ਲ ਮੈਨੂੰ ਛਾਪਣ ਲਈ ਦੇ ਦਿੱਤੀ। ਅਸੀਂ ਇਹ ਗ਼ਜ਼ਲ ਮੁੱਖ ਪੰਨੇ ਤੇ ਸਜਾ ਕੇ ਲਾਈ।

ਡਾ. ਪਰਮਿੰਦਰ ਸਿੰਘ ਉਦੋਂ ਮਹਿੰਦਰਾ ਕਾਲਿਜ ਪਟਿਆਲਾ ਬਦਲ ਕੇ ਜਾ ਚੁੱਕੇ ਸਨ। ਉਹ ਉਸ ਸਾਲ ਪੰਜਾਬ ਯੂਨੀਵਰਸਿਟੀ ਦੇ ਪੇਪਰ ਸੈੱਟਰ ਸਨ।
ਉਨ੍ਹਾਂ ਇਹ ਗ਼ਜ਼ਲ ਸਾਡੇ ਐੱਮ ਏ ਦੇ ਵਿਹਾਰਕ ਆਲੋਚਨਾ ਵਾਲੇ ਪਰਚੇ ਵਿੱਚ ਪਾ ਦਿੱਤੀ। ਇੱਕ ਗ਼ਜ਼ਲ ਵਲਾਇਤ ਵੱਸਦੇ ਕਵੀ ਨਿਰੰਜਨ ਸਿੰਘ ਨੂਰ ਦੀ ਸੀ।

ਪੇਪਰ ਵਿੱਚ ਇਹ ਗ਼ਜ਼ਲ ਵੇਖ ਕੇ ਮੈਨੂੰ ਚਾਅ ਜਿਹਾ ਚੜ੍ਹ ਗਿਆ।
ਉਸ ਦਾ ਵਿਚਲਾ ਕਾਰਨ ਇਹ ਸੀ ਕਿ ਪਾਤਰ ਸਾਹਿਬ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਿਲਣ ਕਾਰਨ ਉਨ੍ਹਾਂ ਦੀ ਸਿਰਜਣ ਪ੍ਰਕ੍ਰਿਆ ਤੋਂ ਵੀ ਮੈਂ ਕੁਝ ਹੱਦ ਤੀਕ ਜਾਣੂੰ ਸਾਂ।
ਇਸ ਗ਼ਜ਼ਲ ਨੂੰ ਲਿਖਣ ਬਾਰੇ ਤਾਂ ਉਨ੍ਹਾਂ ਕੁਝ ਗੱਲਾਂ ਦੱਸੀਆਂ ਵੀ ਸਨ। ਇਸ ਗ਼ਜ਼ਲ ਦੇ ਵਿਰੋਧ ਵਿੱਚ ਕੁਝ ਗ਼ਜ਼ਲਕਾਰਾਂ ਦੀਆਂ ਟਿੱਪਣੀਆਂ ਵੀ ਮੇਰੇ ਧਿਆਨ ਵਿੱਚ ਸਨ।

ਕੁੱਲ ਮਿਲਾ ਕੇ ਇਸ ਪਰਚੇ ਨੂੰ ਹੱਲ ਕਰਦਿਆਂ ਇਸ ਗ਼ਜ਼ਲ ਬਾਰੇ ਮੈਂ ਚਾਲ਼ੀ ਪੰਜਤਾਲੀ ਸਫ਼ੇ ਲਿਖ ਦਿੱਤੇ। ਇਸ ਪਰਚੇ ਵਿੱਚੋਂ ਮੈਨੂੰ ਚੰਗੇ ਅੰਕ ਮਿਲੇ। ਬਾਕੀ ਪਰਚੇ ਵੀ ਚੰਗੇ ਹੋਏ ਸਨ।

ਭਾਵੇਂ ਐੱਮ ਏ ਦੇ ਪਹਿਲੇ ਭਾਗ ਵਿੱਚ ਮੈਂ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਸਾਂ ਪਰ ਦੂਜੇ ਸਾਲ ਯੂਨੀਵਰਸਿਟੀ ਵਿੱਚੋਂ ਦੂਜੇ ਸਥਾਨ ਤੇ ਰਿਹਾ। ਇਸੇ ਪੁਜ਼ੀਸ਼ਨ ਨੇ ਹੀ ਮੈਨੂੰ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ, ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਤੇ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਰੁਜ਼ਗਾਰ ਦਿਵਾਇਆ।

ਹਰ ਥਾਂ ਭਾਵੇਂ ਸਿਫ਼ਾਰਸ਼ਾਂ ਦੇ ਵੀ ਮੁਕਾਬਲੇ ਸਨ ਪਰ ਮੈਰਿਟ ਨੇ ਹਮੇਸ਼ਾਂ ਸਾਥ ਦਿੱਤਾ। ਦੋ ਥਾਈਂ ਤਾਂ ਮੇਰੇ ਮੁਕਾਬਲੇ ਵਿੱਚ ਡਾਕਟੇਟ ਵੀ ਸਨ ਪਰ ਆਤਮ ਵਿਸ਼ਵਾਸ ਨੇ ਹਰ ਮੈਦਾਨ ਫਤਿਹ ਦਿਵਾਈ।

ਅੱਜ ਸਵੇਰੇ ਟੋਰੰਟੋ ਤੋਂ ਮੇਰੇ ਸਹਿਪਾਠੀ ਮਿੱਤਰ ਪ੍ਰੋ. ਜਾਗੀਰ ਸਿੰਘ ਕਾਹਲੋਂ ਨੇ ਪਾਤਰ ਜੀ ਦੀ ਇੱਕ ਕਵਿਤਾ ਮੈਥੋਂ ਮੰਗੀ ਜਿਸ ਵਿੱਚ

ਢਾਈ ਨਦੀਆਂ ਦਾ ਇਹ ਪੰਜਾਬ
ਹੋਵੇਗਾ ਕਿਸੇ ਨੇਤਾ ਲਈ ਪੰਜਾਬ
ਮੈਂ ਨੇਤਾ ਨਹੀਂ ਹਾਂ।

ਦਾ ਹਵਾਲਾ ਸੀ। ਇਹ ਕਵਿਤਾ ਨਵ ਪੰਜਾਬ ਦਿਵਸ ਤੇ ਉਨ੍ਹਾਂ ਪੰਜਾਬੀ ਸੂਬੇ ਵੇਲੇ ਹੋਈ ਵੰਡ ਬਾਰੇ ਲਿਖੀ ਸੀ। ਮੈਂ ਜਾਗੀਰ ਨੂੰ ਦੱਸ ਦਿੱਤਾ ਕਿ ਪਾਤਰ ਪਰਮਿੰਦਰਜੀਤ ਤੇ ਕੈਰੋਂ ਦੀ ਸੰਮਿਲਤ ਪੁਸਤਕ ਕੋਲਾਜ ਕਿਤਾਬ ਵਿੱਚੋਂ ਇਹ ਕਵਿਤਾ ਮਿਲ ਜਾਵੇਗੀ। ਹਾਂ ਜੇ ਕਿਸੇ ਪਿੱਤਰ ਪਿਆਰੇ ਕੋਲ ਹੋਵੇ ਤਾਂ ਫੋਟੋ ਕਾਪੀ ਭੇਜਿਓ। ਪਾਤਰ ਸਾਹਿਬ ਦੀ ਕਿਸੇ ਕਿਤਾਬ ਵਿੱਚ ਵੀ ਹੈ ਪਰ ਇੱਕ ਦਮ ਚੇਤੇ ਨਹੀਂ ਆ ਰਿਹਾ।

ਇਹ ਕਵਿਤਾ ਤਾਂ ਭਾਵੇਂ ਨਹੀਂ ਲੱਭੀ ਪਰ ਆਹ ਗ਼ਜ਼ਲ ਲੱਭ ਗਈ। ਜਿਸਨੇ ਮੈਨੂ ਪੰਜਾਬ ਯੂਨੀਵਰਸਿਟੀ ਵਿੱਚੋਂ 1976ਚ ਐੱਮ ਕਰਦਿਆਂ ਚੰਗੀ ਪੁਜ਼ੀਸ਼ਨ ਦਿਵਾਈ।

ਉਹ ਗ਼ਜ਼ਲ ਤੁਸੀਂ ਵੀ ਪੜ੍ਹੋ।

ਗ਼ਜ਼ਲ : ਸੁਰਜੀਤ ਪਾਤਰ

ਹਿਕ ਵਿਚ ਖ਼ੰਜਰ ਡੋਬ ਕੇ ਸੌਂ ਗਏ, ਅਜਕਲ੍ਹ ਇਉਂ ਨਈਂ ਕਰਦੇ ਲੋਕ।
ਹੁਣ ਤਾਂ ਦਿਲ ਨੂੰ ਦੁਖ ਜਿਹਾ ਲਾ ਕੇ, ਹੌਲੀ ਹੌਲੀ ਮਰਦੇ ਲੋਕ।

ਮੈਂ ਕਦ ਸੂਹੇ ਬੋਲ ਉਗਾਏ, ਮੈਂ ਕਦ ਰੌਸ਼ਨ ਬਾਤ ਕਹੀ,
ਮੇਰੇ ਪੇਸ਼ ਤਾਂ ਐਵੇਂ ਪੈ ਗਏ, ਇਸ ਬੇਨੂਰ ਨਗਰ ਦੇ ਲੋਕ।

ਜਿਹੜੀ ਰੁਤ ਨੂੰ ‘ਉਮਰਾ’ ਕਹਿੰਦੇ ਉਸ ਦੀ ਠੰਡ ਵੀ ਕੈਸੀ ਹੈ,
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ।

ਰੇਤੇ ਉਤੋਂ ਪੈੜ ਮਿਟਦਿਆਂ ਫਿਰ ਵੀ ਕੁਛ ਚਿਰ ਲਗਦਾ ਹੈ,
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ।

ਲਿਸ਼ਕਦੀਆਂ ਤਲਵਾਰਾਂ ਕੋਲੋਂ ਅਜਕਲ ਕਿਹੜਾ ਡਰਦਾ ਹੈ,
ਡਰਦੇ ਨੇ ਤਾਂ ਕੇਵਲ ਅਪਣੇ ਸ਼ੀਸ਼ੇ ਕੋਲੋਂ ਡਰਦੇ ਲੋਕ।

ਜੋ ਤਲੀਆਂ ਤੇ ਚੰਦ ਟਿਕਾ ਕੇ, ਗਲੀਆਂ ਦੇ ਵਿਚ ਫਿਰਦਾ ਹੈ
ਓਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ।

ਇਹ ਇਕ ਧੁਖਦਾ ਰੁੱਖ ਆਇਆ ਹੈ, ਇਹ ਆਈ ਧੁਨ ਮਾਤਮ ਦੀ,
ਇਨ੍ਹਾਂ ਲਈ ਦਰਵਾਜ਼ਾ ਖੋਲੋ ਇਹ ਤਾਂ ਅਪਣੇ ਘਰ ਦੇ ਲੋਕ।

ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ,
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ।

ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ,
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ।

ਰਾਜੇ-ਪੁੱਤਰਾਂ ਬਾਗ ਉਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ,
ਬਾਗ ਤਾਂ ਉਜੜੇ, ਜਾਨ ਨਾ ਜਾਵੇ, ਏਸੇ ਗੱਲੋਂ ਡਰਦੇ ਲੋਕ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ