ਪ੍ਰੋ. ਸੁਰਜੀਤ ਜੱਜ ਪੰਜਾਬੀ ਭਾਸ਼ਾ ਦਾ ਸਮਰੱਥ ਕਵੀ ਅਤੇ ਗ਼ਜ਼ਲਗੋ ਹੈ। ਉਸਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ 2011 ਵਿੱਚ ਮਿਲ ਚੁੱਕਾ ਹੈ। ਉਸ ਦਾ ਜਨਮ 13 ਮਾਰਚ 1958 ਨੂੰ
ਪਿੰਡ ਪਲਾਖਾ, ਜ਼ਿਲ੍ਹਾ ਪਟਿਆਲਾ ਵਿੱਚ ਹੋਇਆ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚੋਂ ਉਚੇਰੀ ਪੜ੍ਹਾਈ ਕਰਕੇ ਉਹ ਡੀ ਏ ਵੀ ਕਾਲਿਜ ਨਕੋਦਰ (ਜਲੰਧਰ) ਵਿੱਚ ਪੜ੍ਹਾਉਣ ਲੱਗ ਪਿਆ। ਏਥੋਂ ਹੀ ਉਹ 2018 ਵਿੱਚ ਸੇਵਾ ਮੁਕਤ ਹੋਇਆ।
ਗ਼ਜ਼ਲ ਤੇ ਨਿੱਕੀ ਕਵਿਤਾ ਸਿਰਜਣ ਵਿੱਚ ਉਸਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ।
ਸਮਾਜਕ ਸਰੋਕਾਰਾਂ ਨਾਲ ਲਬਰੇਜ਼ ਉਸ ਦੀਆਂ ਕਾਵਿ ਰਚਨਾਵਾਂ ਹਨ : ਪਰਿੰਦੇ ਘਰੀਂ ਪਰਤਣਗੇ, ਘਰੀਂ ਮੁੜਦੀਆਂ ਪੈੜਾਂ, ਆਉਂਦੇ ਦਿਨੀਂ, ਵਕਤ ਉਡੀਕੇ ਵਾਰਸਾਂ, ਦਰਦ ਕਹੇ ਦਹਿਲੀਜ਼,
ਪਰ-ਮੁਕਤ ਪਰਵਾਜ਼, ਕਿਸਾਨ ਕੂਚ, ਨਾ ਅੰਤ ਨਾ ਆਦਿ (ਲੰਮੀ ਗ਼ਜ਼ਲ) ।
ਪਿਤਾ ਸ. ਦਰਸ਼ਨ ਸਿੰਘ ਤੇ ਮਾਤਾ ਮਹਿੰਦਰ ਕੌਰ ਦਾ ਇਹ ਰੌਸ਼ਨ ਚਿਰਾਗ ਲੰਮੇ ਸਮੇਂ ਤੋਂ ਜੀਵਨ ਸਾਥਣ ਡਾ. ਭੁਪਿੰਦਰ ਕੌਰ ਸਮੇਤ ਫਗਵਾੜਾ ਵਿੱਚ ਰਹਿੰਦਾ ਹੈ। - ਗੁਰਭਜਨ ਗਿੱਲ