Punjabi Poetry : Surjit Jajj
ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਸੁਰਜੀਤ ਜੱਜ
ਫੁੱਲਾਂ ਦੀ ਥਾਂ ਪੱਥਰ ਪੂਜੋ
ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀ ਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ ਆਪਣੀ ਮਾਇਆ ਦੀ ਵਲਗਣ ਵਿੱਚ ਕ਼ੈਦ ਜਿਨ੍ਹਾਂ ਨੂੰ ਕਰ ਬੈਠੇ ਸੋ ਇਕ ਨਾ ਇੱਕ ਦਿਨ ਉਨ੍ਹਾਂ ਨਦੀਆਂ, ਖ਼ੁਦ ਨੂੰ ਮੁਕਤ ਕਰਾਉਣਾ ਹੀ ਸੀ ਚੱਪਾ-ਚੱਪਾ ਹਿੱਕ ਧਰਤੀ ਦੀ ਸਾਡੀ ਹਵਸ ਨੇ ਲੂਹ ਦਿੱਤੀ ਸੀ ਉਹਦਾ ਤਪਦਾ ਤਨ ਠਾਰਨ ਨੂੰ, ਸਾਗਰ ਨੇ ਤਾਂ ਆਉਣਾ ਹੀ ਸੀ ਏਨਾ ਬੋਝ ਕਿ ਜਿਸ ਤੋਂ ਤ੍ਰਹਿ ਕੇ ਬੌਲ ਖੁਦਕਸ਼ੀ ਕਰ ਚੁੱਕਾ ਸੀ ਥੱਕ ਹਾਰ ਕੇ ਮਾਂ ਮਿੱਟੀ ਨੇ ਪਾਸਾ ਤਾਂ ਪਰਤਾਉਣਾ ਹੀ ਸੀ ਜੀਹਦੇ ਚੀਰ ਹਰਨ ਦੀ ਲੀਲ੍ਹਾ, ਆਪਾਂ ਹੁੱਬ ਹੁੱਬ ਵੇਖ ਰਹੇ ਸਾਂ ਕੁਦਰਤ ਪੰਚਾਲੀ ਨੇ ਆਪਣਾ, ਨੰਗਾ ਸੱਚ ਵਿਖਾਉਣਾ ਹੀ ਸੀ ਸਿੱਪੀਆਂ ਵਿੱਚ ਸਮੁੰਦਰ ਭਰ ਕੇ ਜੋ ਜੇਬਾਂ ਵਿੱਚ ਪਾਈ ਫਿਰਦੇ ਸੋਕੇ-ਡੋਬੇ ਨਾਲ ਉਨ੍ਹਾਂ ਨੇ, ਮੱਛੀਆਂ ਨੂੰ ਤੜਫਾਉਣਾ ਹੀ ਸੀ ਤੂੰ ਸ਼ੀਸ਼ੇ ਦੇ ਮੂਹਰੇ ਲੈ ਕੇ, ਪੱਥਰਾਂ ਨਾਲ ਬਾਜੀਆਂ ਖੇਡੇਂ ਆਖਰ ਕਦੇ ਤਾਂ ਉਹਨਾਂ ਨੇ ਵੀ ਆਪਣਾ ਹੁਨਰ ਵਿਖਾਉਣਾ ਹੀ ਸੀ ਜਦ ਤਕ ਹਰ ਪਰਲੋ ਤੋਂ ਵੱਡੀ ਜੀਣ ਕਦੀ 'ਸੁਰਜੀਤ' ਨਾ ਹੁੰਦੀ ਤੇਰੇ ਖ਼ਤ ਦਾ ਅੱਖਰ-ਅੱਖਰ, ਮੈਂ ਮੁੜ-ਮੁੜ ਦੁਹਰਾਉਣਾ ਹੀ ਸੀ
ਸਾਗਰ ਦੀ ਥਾਂ ਮੋਈ, ਪਿਆਸੀ ਮੱਛੀ
ਸਾਗਰ ਦੀ ਥਾਂ ਮੋਈ, ਪਿਆਸੀ ਮੱਛੀ ਬਾਰੇ ਸੋਚ ਰਿਹਾ ਹਾਂ ਅੱਜ ਕਲ ਮੈਂ ਵੀ ਚੰਨ ਤੋਂ ਖਿਝਿਆ, ਧਰਤੀ ਬਾਰੇ ਸੋਚ ਰਿਹਾ ਹਾਂ ਬੇੜੀ ਬਦਲੇ ਝੀਲ ਦਾ ਸੌਦਾ, ਇਕ ਸੌਦਾਗਰ ਦੇ ਸੰਗ ਕਰਕੇ, ਬਹਿ ਰੇਤਾ ‘ਤੇ ਹੁਣ ਮੈਂ ਓਸੇ, ਬੇੜੀ ਬਾਰੇ ਸੋਚ ਰਿਹਾ ਹਾਂ ਠੀਕਰੀਆਂ ਨੂੰ ਕੱਠਿਆਂ ਕਰਦੇ, ਦੋਵੇਂ ਹੀ ਕੁਝ ਪ੍ਰੇਸ਼ਾਨ ਹਾਂ, ਉਸਨੂੰ ਫ਼ਿਕਰ ਘੜੇ ਦਾ ਹੈ, ਮੈਂ ਪਾਣੀ ਬਾਰੇ ਸੋਚ ਰਿਹਾ ਹਾਂ ਸੂਰਜ ਖ਼ਾਤਰ ਕੱਲ ਤੂੰ ਜਿਸਦਾ, ਤੇਲ ਬਰੂਹੀਂ ਚੋ ਦਿੱਤਾ ਸੀ, ਮੈਂ ਓਸੇ ਦੀਵੇ ਦੀ ਸੜਦੀ ਬੱਤੀ ਬਾਰੇ ਵੀ ਸੋਚ ਰਿਹਾ ਹਾਂ ਤੂੰ ਗੋਕੁਲ ਦਾ ਦੁੱਖ-ਸੁੱਖ ਭੁਲਕੇ, ਜਾਹ ਮਥਰਾ ਦੇ ਜਸ਼ਨ ਵੇਖ, ਮੈਂ ਸੁਦਰਸ਼ਨ ਚੱਕਰ ਬਣ ਗਈ, ਬੰਸੀ ਬਾਰੇ ਸੋਚ ਰਿਹਾ ਹਾਂ ਉਸਨੂੰ ਫ਼ਿਕਰ ਹੈ ਆਪਣੀ ਛੱਤਰੀ ਦੇ ਰੰਗਾਂ ਦੇ ਖੁਰ ਜਾਵਣ ਦਾ, ਤੇ ਮੈਂ ਆਪਣੀ ਪਿਆਸ ਹੰਢਾਉਂਦੀ, ਮਿੱਟੀ ਬਾਰੇ ਸੋਚ ਰਿਹਾ ਹਾਂ ਕੋਇਲ, ਬੁਲਬੁਲ, ਤਿਤਲੀ, ਚਕਵੀਂ, ਮੂਨ, ਮੀਨ ਤੇ ਚਿੜੀ ਚਕੋਰੀ, ਮੈਂ ਸਭਨਾਂ ਦੀ ਤੜਪ ਨੂੰ ਜਿਉਂਦੀ, ਬੱਚੀ ਬਾਰੇ ਸੋਚ ਰਿਹਾ ਹਾਂ ਜਿਸਦੇ ਢਹਿ ਕੇ ਨਗਰ ਬਣਨ ‘ਤੇ, ਮੈਨੂੰ ਕੁਝ ਰੁਜ਼ਗਾਰ ਮਿਲੇਗਾ, ਬੇਰੁਜ਼ਗਾਰਾਂ ਦੀ ਮੈਂ ਓਸੇ, ਬਸਤੀ ਬਾਰੇ ਸੋਚ ਰਿਹਾ ਹਾਂ ਅਦਲੀ ਰਾਜੇ ਦੀ ਰਹਿਮਤ ਦੀ ਚਕਾਚੌਂਧ ਵਿਚ ਗੁੰਮ ਗਈ ਜੋ, ਕਿੰਝ ਹੋਵੇ ਸੁਰਜੀਤ ਮੈਂ ਆਪਣੀ ਵੰਝਲੀ ਬਾਰੇ ਸੋਚ ਰਿਹਾ ਹਾਂ
ਘਰਾਂ ਵਿਚੋਂ ਬੁਝਾ ਦੀਵੇ
ਘਰਾਂ ਵਿਚੋਂ ਬੁਝਾ ਦੀਵੇ, ਜ਼ਰਾ ਚਾਨਣ ਦੀ ਗੱਲ ਕਰੀਏ ਚਲੋ, ਕੁਝ ਤਾਂ ਸਲੀਕਾ ਵਕਤ ਦਾ ਸਿੱਖਣ ਦੀ ਗੱਲ ਕਰੀਏ ਪਤਾ ਹੈ ਏਸ ਵਿੱਚੋਂ ਰੇਤ ਕਿਰ ਜਾਣੀ ਹੈ, ਪਰ ਫਿਰ ਵੀ ਸਮੇਂ ਦੀ ਮੰਗ ਹੈ, ਮੁੱਠੀ ਜ਼ਰਾ ਘੁੱਟਣ ਦੀ ਗੱਲ ਕਰੀਏ ਅਸੀਂ ਉਸ ਨੂੰ ਪੁਚ੍ਹਾਇਆ ਹੀ ਨਹੀਂ ਸੀ ਖ਼ੁਦਕਸ਼ੀ ਤੀਕਰ ਕਿਵੇਂ ਉਹ ਮਰ ਗਿਆ ਫਿਰ, ਭੇਦ ਇਹ ਲੱਭਣ ਦੀ ਗੱਲ ਕਰੀਏ ਚਲੋ ਮੰਨਿਆਂ ਅਸੀਂ ਜੂਹਾਂ ਚਿ ਸਾੜੇ ਨੇ ਬ੍ਰਿਖ ਹੱਥੀਂ ਭਲਾ ਕੀ ਹਰਜ ਹੈ ਇਹਦੇ 'ਚ, ਜੇ ਮੌਲਣ ਦੀ ਗੱਲ ਕਰੀਏ ਕਿਤੇ ਨਾ ਸੂਲੀ਼ ਹੈ, ਨਾ ਕਿਧਰੇ ਪਿਆਲਾ ਜ਼ਹਿਰ ਦਾ, ਫਿਰ ਵੀ ਮਸੀਹਾ ਉਹ ਕਿਵੇਂ ਬਣਿਆ, ਚਲੋ ਜਾਨਣ ਦੀ ਗੱਲ ਕਰੀਏ ਘਰਾਂ ਵਿਚ ਜਗਣ ਦਾ ਏਥੇ, ਸਲੀਕਾ ਹੈ ਬੜਾ ਮੁਸ਼ਕਿਲ ਹਵਾ ਸੰਗ ਲੁਕਣਮੀਟੀ ਹੀ ਅਜੇ ਖੇਡਣ ਦੀ ਗੱਲ ਕਰੀਏ ਅਸਾਡੀ ਪੈੜ ਮਕਤਲ 'ਚੋਂ, ਸਿੰਘਾਸਨ ਵੱਲ ਮੁੜਦੀ ਹੈ ਘਰੀਂ ਪਹੁੰਚਣ ਤੋਂ ਪਹਿਲਾਂ ਏਸ ਨੂੰ, ਮੇਟਣ ਦੀ ਗੱਲ ਕਰੀਏ ਚਲੋ 'ਸੁਰਜੀਤ' ਹੋ ਲਈਏ, ਚਿਰਗਾਂ ਵਾਂਗ ਆਪਾਂ ਵੀ ਬਝਾਰਤ ਬਣਨ ਦੀ ਥਾਂ 'ਤੇ ਚਲੋ ਬੁੱਝਣ ਦੀ ਗੱਲ ਕਰੀਏ
ਮੇਰੀਆਂ ਤਲ਼ੀਆਂ 'ਤੇ ਦੀਵਾ
ਮੇਰੀਆਂ ਤਲ਼ੀਆਂ 'ਤੇ ਦੀਵਾ, ਰੋਜ਼ ਇਕ ਧਰਦਾ ਏ ਉਹ ਮੀਟ ਕੇ ਅੱਖਾਂ ਤੁਰਾਂ, ਇਹ ਆਸ ਵੀ ਕਰਦਾ ਏ ਉਹ ਆਖਦੈ ਮੈਨੂੰ ਸਮੁੰਦਰ ਵਾਂਗ ਤੂੰ ਹੋ ਜਾ ਅਥਾਹ, ਆਪ ਇਕ ਵੀ ਬੂੰਦ ਨੂੰ, ਕਰਨੋਂ ਫਨਾਹ ਡਰਦਾ ਏ ਉਹ ਪਿੱਠ ਵਿਚ ਖੰਜ਼ਰ ਖੁਭੋ ਕੇ, ਉਸ ਨੇ ਹੌਕਾ ਭਰ ਲਿਆ ਇਸ ਤਰ੍ਹਾਂ ਵੀ ਦਰਦ, ਮੇਰੇ ਹੋਣ ਦਾ ਜਰਦਾ ਏ ਉਹ ਇਕ ਨਦੀ ਉਸ ਦੇ ਵੀ ਥਲ ਵਿੱਚੋਂ ਦੀ ਗੁਜ਼ਰੀ ਹੋਏਗੀ ਬੈਠ ਕੇ ਰੇਤਾ 'ਤੇ, ਚਸ਼ਮੇ ਲਈ ਦੁਆ ਕਰਦਾ ਏ ਉਹ ਸੋਚ ਉਸ ਦਾ ਡੁਬਣਾ ਕਿੰਨਾ ਵਚਿੱਤਰ ਹੋਏਗਾ ਖ਼ਾਬ ਦੀ ਕਿਸ਼ਤੀ ਚਿ, ਸਾਗਰ ਅੱਖ ਦਾ ਤਰਦਾ ਏ ਉਹ ਬਰਫ਼ ਜਦ ਹੁੰਦਾ ਹਾਂ ਮੈਂ, ਉਹ ਪਹਿਨਦੈ ਅੱਗ ਦਾ ਲਿਬਾਸ ਜਿਸ ਘੜੀ ਮੈਂ ਪਿਘਲਦਾ ਹਾਂ, ਉਸ ਘੜੀ ਠਰਦਾ ਏ ਉਹ ਸੋਚਦੈ, ਤੋੜੇਗਾ ਮੇਰੀ ਤਪਸ਼ ਦਾ ਆਖਿਰ ਗ਼ਰੂਰ ਇਸ ਭੁਲੇਖੇ ਵਿਚ ਹਮੇਸ਼ਾ, ਥਾਂ-ਕੁ-ਥਾਂ ਵਰ੍ਹਦਾ ਏ ਉਹ
ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ
ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ ਸਿਸਕ ਰਹੇ ਨੇ ਸ਼ੀਸ਼ੇ ਦੇ ਘਰ ਦੀ ਸਰਦਲ 'ਤੇ, ਗੁੰਗੇ ਪੱਥਰ ਸਿਸਕ ਰਹੇ ਨੇ ਕਿੱਥੋਂ ਤੀਕਰ ਹਠੀ ਕਿਨਾਰੇ, ਅਪਣੀ ਹੋਂਦ ਬਚਾ ਸਕਦੇ ਹਨ ਹਰ ਮੱਛੀ ਦੀ ਅੱਖ 'ਚ ਖ਼ਬਰੇ, ਕਿੰਨੇ ਸਾਗਰ ਸਿਸਕ ਰਹੇ ਨੇ ਤੇਰੀ ਚਾਹਤ ਗੁੰਗੀ ਕੋਇਲ, ਬੇਰੰਗ ਤਿਤਲੀ, ਬੁਝਿਆ ਦੀਵਾ ਮੇਰੇ ਜਿ਼ਹਨ 'ਚ ਨਿੱਕੇ-ਨਿੱਕੇ, ਕਿੰਨੇ ਅੰਬਰ ਸਿਸਕ ਰਹੇ ਨੇ ਹਾਦਸਿਆਂ ਨੂੰ ਕਿੰਝ ਮੁਖ਼ਾਤਿਬ, ਹੋਣ ਮੁਸਾਫਿ਼ਰ ਏਥੇ ਦੱਸੋ ਭਟਕੇ ਹੋਏ ਪੈਰਾਂ ਤਾਈਂ, ਪੁੱਛਦੇ ਕੰਕਰ ਸਿਸਕ ਰਹੇ ਨੇ ਤੂੰ ਜਿਹਨਾਂ ਤੋਂ ਹਾਸੇ ਲੈ ਕੇ, ਚਿਹਰੇ ਉੱਤੇ ਚਾੜ੍ਹ ਰਿਹਾ ਏਂ ਉਹ ਕੈਕਟਸ ਤਾਂ ਖੁ਼ਦ ਉਮਰਾਂ ਤੋਂ, ਗਮਲੇ ਅੰਦਰ ਸਿਸਕ ਰਹੇ ਨੇ ਮੈਂ ਤੇਰੇ ਤਕ ਜਦ ਵੀ ਪੁੱਜਾਂ, ਸੁੰਨ ਮਸੁੰਨਾ ਹੋ ਜਾਂਦਾ ਹਾਂ ਸ਼ਾਇਦ ਤੇਰੇ ਜਿ਼ਹਨ ਚਿ ਕਿਧਰੇ, ਮੇਰੇ ਖੰਡਰ ਸਿਸਕ ਰਹੇ ਨੇ ਤੇਰੀ ਧੁੱਪ ਦੇ ਬਖ਼ਸ਼ੇ ਹੋਏ, ਨਿੱਘ ਦਾ ਭਰਮ ਹੰਢਾਵਾਂ ਕਿੱਦਾਂ ਮੇਰੀ ਮਿੱਟੀ ਵਿੱਚੋਂ ਮੇਰੀ, ਮੈਂ ਦੇ ਵੱਤਰ ਸਿਸਕ ਰਹੇ ਨੇ ਪਾਣੀ, ਪਿਆਸ, ਹਵਾ ਤੇ ਪੱਤੇ, ਸਭਨਾਂ ਵਿਚ ਸੁਰਜੀਤ ਹਾਂ ਮੈਂ ਤਾਂ ਕੀ ਦੱਸੇਂਗਾ ਮੇਰੇ ਹਾਸੇ ਕਿੱਧਰ-ਕਿੱਧਰ ਸਿਸਕ ਰਹੇ ਨੇ
ਪੌਣ ਰੁਕ ਵੀ ਜਾਏ
ਪੌਣ ਰੁਕ ਵੀ ਜਾਏ, ਫਿਰ ਵੀ ਸ਼ਾਖ ਹਿਲਦੀ ਰਹਿ ਸਕੇ ਭਰ ਹੁੰਗਾਰਾ ਇਸ ਤਰ੍ਹਾਂ ਕਿ ਗੱਲ ਤੁਰਦੀ ਰਹਿ ਸਕੇ ਖਿੱਚ ਲਈਏ ਲੀਕ ਉਸ ਥਾਂ ਹੀ ਖਲੋਇਆਂ, ਜਿਸ ਜਗ੍ਹਾ ਬਿਨ ਕਿਸੇ ਸ਼ਰਮਿੰਦਗੀ ਦੇ, ਅੱਖ ਮਿਲਦੀ ਰਹਿ ਸਕੇ ਰੱਖ ਤੂੰ ਏਨੀ ਕੁ ਗੁੰਜਾਇਸ਼, ਜਦੋਂ ਚਾਹੇਂ, ਉਦੋਂ ਰੁੱਸੀਆਂ ਪੈੜਾਂ 'ਚ ਘਰ ਦੀ, ਯਾਦ ਮਘਦੀ ਰਹਿ ਸਕੇ ਆ ਹੰਢਾਉਣਾ ਸਿੱਖ ਲਈਏ, ਇਕ ਨਜ਼ਰ ਦਾ ਫਾਸਲਾ ਇੰਝ ਹੀ ਸ਼ਾਇਦ ਕਿਤੇ,ਕੁਝ ਸਾਂਝ ਬਚਦੀ ਰਹਿ ਸਕੇ ਹੋਣ ਨਾ ਦੇਵੀਂ ਮੁਕੰਮਲ, ਜ਼ੁਲਮ ਅਪਣੇ ਦੀ ਕਥਾ ਸਬਰ ਮੇਰੇ ਦੀ ਕੋਈ, ਚਰਚਾ ਤਾਂ ਤੁਰਦੀ ਰਹਿ ਸਕੇ ਸੁਰ ਕਰੋ ਸੁਰਜੀਤ ਏਦਾਂ, ਜਿ਼ੰਦਗੀ ਦੇ ਸਾਜ਼ ਦਾ ਭਾਵੇਂ ਸਰਗਮ ਨਾ ਸਜੇ, ਸੁਰਤਾਲ ਮਿਲਦੀ ਰਹਿ ਸਕੇ
ਖ਼ਾਬ 'ਚ ਮੈਥੋਂ ਇੱਕੋ ਹੀ ਗੱਲ
ਖ਼ਾਬ 'ਚ ਮੈਥੋਂ ਇੱਕੋ ਹੀ ਗੱਲ ਨਿੱਤ ਪਾ ਕੇ ਵਲ-ਛਲ ਪੁੱਛਦਾ ਹੈ ਇੱਕ ਪਰਿੰਦਾ ਰੋਜ਼ ਨਵੇਂ ਪਿੰਜਰੇ ਦਾ ਖੇਤਰਫਲ ਪੁੱਛਦਾ ਹੈ ਤੇਰੇ ਦਿਲਕਸ਼ ਬਦਨ 'ਚੋਂ ਰਿਸਦਾ,ਕੋਹਜ ਮੈਂ ਕਿਸ ਨੂੰ ਅਰਪਾਂ ਜਾ ਕੇ ਹਰ ਇੱਕ ਸ਼ਹਿਰ ਦੇ ਕੋਲੋਂ ਲੰਘਦਾ, ਠਹਿਰ ਕੇ ਗੰਗਾ-ਜਲ ਪੁੱਛਦਾ ਹੈ ਉਸ ਨੇ ਸਾਡੇ ਸਫ਼ਰ ਦੀ ਗਾਥਾ,ਉਹ ਚਿਤਵੀ ਹੈ, ਜਿਸ ਵਿੱਚ ਥਾਂ ਥਾਂ "ਕਿਸ ਬੇੜੀ ਵਿੱਚ ਛੇਕ ਨੇ ਕਿੰਨੇ ", ਦਰਿਆਵਾਂ ਨੂੰ ਥਲ ਪੁੱਛਦਾ ਹੈ ਮੈਨੂੰ ਵੇਚਣ ਤੋਂ ਪਹਿਲਾਂ ਉਹ ਮੇਰੀ ਮਰਜ਼ੀ ਜਾਣ ਰਹੇ ਨੇ ਅੰਤਿਮ-ਇੱਛਾ ਜਿਵੇਂ ਕਿਸੇ ਦੀ, ਖ਼ੁਦ ਉਸ ਦਾ ਕਾਤਲ ਪੁੱਛਦਾ ਹੈ ਧੀ ਦਾ ਮੁਜਰਾ ਵੇਖਦਾ ਬਾਬਲ, ਕਿਹੜੀ ਅਕਲ ਸਹਾਰੇ ਹੱਸਦੈ ਏਸ ਸਿਆਣੇ ਸ਼ਹਿਰ ਸਾਰੇ ਨੂੰ, ਇਕਲੌਤਾ ਪਾਗਲ ਪੁੱਛਦਾ ਹੈ ਤੂੰ ਆਖੇਂ ਤਾਂ ਮੈਂ ਇਸ ਧੁਖਦੀ ਝੀਲ 'ਤੇ ਕਿਣਮਿਣ ਕਰ ਹੀ ਆਵਾਂ ਪਲਕ ਮੇਰੀ 'ਤੇ ਲਰਜ਼ਦਾ ਹੰਝੂ, ਮੈਥੋਂ ਇਹ ਹਰ ਪਲ ਪੁੱਛਦਾ ਹੈ ਵਾਹ ਤੇਰੀ ਵਿਗਿਆਪਨਕਾਰੀ, ਤੇਰੇ ਸ਼ੀਸ਼ੇ ਦੇ ਪਾਣੀ ਤੋਂ ਮੇਰੇ ਦਰਿਆਵਾਂ ਦਾ ਪਾਣੀ, ਕੀ ਹੁੰਦੀ , ਕਲ-ਕਲ ਪੁੱਛਦਾ ਹੈ
ਤੂੰ ਪਿੰਜਰਾ ਖੋਲ ਦੇ
ਤੂੰ ਪਿੰਜਰਾ ਖੋਲ ਦੇ ਤੇ ਇਸ ਪਰਿੰਦੇ ਨੂੰ ਸਜਾ ਦੇ ਦੇ ਇਹ ਉਡਣਾ ਭੁੱਲ ਚੁੱਕੈ, ਇਸਨੂੰ ਅੰਬਰ ਮੋਕਲਾ ਦੇ ਦੇ ਤੇਰੇ ਇਸ ਸਹਿਰ ਦੀ ਸੀਸਾਗਰੀ ਤੋਂ ਸਹਿਮਿਆ ਫਿਰਦੈ ਇਹ ਮੇਰੇ ਸਬਰ ਦਾ ਭੱਥਰ ਹੈ, ਇਸਨੂੰ ਹੌਸਲਾ ਦੇ ਦੇ ਮੈਂ ਤੇਰੇ ਦਨ ਦੇ ਚਸ਼ਮੇਂ ਤੋਂ ਪਿਆਸਾ ਪਰਤ ਆਇਆ ਹਾਂ ਮੈਂ ਸਾਗਰ ਪੀ ਸਕਾਂ ਮੈਨੂੰ, ਬਦਨ ਦੀ ਕਰਬਲਾ ਦੇ ਦੇ ਤੂੰ ਐਨਾ ਪਾਰਦਰਸ਼ੀ ਹੈਂ ਕਿ ਇਕ ਖੋਖਾ ਜਿਹਾ ਲੱਗਦੈ ਮੈਂ ਤੇਰਾ ਸੱਚ ਤੱਕਣਾ ਏਂ, ਜਰਾ ਕੁਝ ਧੁੰਦਲਕਾ ਦੇ ਦੇ ਮੇਰੇ ਹੱਥਾਂ ਦੀ ਆਦਤ ਹੈ, ਅਗਨ ਤੇ ਦਸਤਖਤ ਕਰਨਾ ਅਗਰ ਸੂਰਜ ਨਹੀਂ ਤਾਂ ਨਾ ਸਹੀ, ਆਪਣਾ ਪਤਾ ਦੇ ਦੇ ਮੈਂ ਪਿੱਪਲ ਨੂੰ ਮਸਾਂ ਕੈਕਟਸ ਦੀ ਕਰਨੀ ਪਿਉਂਦ ਸਿੱਖੀ ਹੈ ਤੂੰ ਸ਼ਹਿਰੀਪਣ ਦਾ ਹੱਕ ਥੋੜਾ ਜਿਹਾ, ਮੈਨੂੰ ਜਰਾ ਦੇ ਦੇ ਮੇਰੀ ਖਾਹਿਸ਼ ਹੈ ਕਿ ਆਪਣੀ ਰਾਖ ‘ਚੋਂ ਸੁਰਜੀਤ ਹੋਣਾ ਹੈ ਤੂੰ ਆਪਣੀ ਛੋਹ ਦੀ, ਕੁਕਨੂਸ ਨੂੰ ਸੰਧਿਆ ਦੇ ਦੇ
ਕਬੂਤਰ ਨਾਲ ਬਿੱਲੀ ਦੀ
ਕਬੂਤਰ ਨਾਲ ਬਿੱਲੀ ਦੀ, ਬੜੀ ਗਹਿਰੀ ਮੁਹੱਬਤ ਹੈ, ਕਿ ਕੈਸੇ ਸਿਖਰ ਤੇ ਪਹੁੰਚੀ ਵਤਨ ਦੀ ਹੁਣ ਸਿਆਸਤ ਹੈ ਇਨ੍ਹਾਂ ਜੰਗਲ ‘ਚ ਉੱਗਣਾ ਸੀ ਤੇ ਪੁੱਟ ਦੇਣੇ ਸੀ ਨ੍ਹੇਰੀ ਨੇ, ਸਲਾਮਤ ਗਮਲਿਆਂ ‘ਚ ਰੁੱਖ ਨੇ, ਸਾਡੀ ਲਿਆਕਤ ਹੈ ਜੋ ਖੇਤਾਂ ਵਿਚ ਸੀ ਅੰਨਦਾਤਾ, ਉਹ ਮੰਡੀ ਵਿਚ ਭਿਖਾਰੀ ਹੈ, ਕਿ ਏਹੋ ਵਿਸ਼ਵ ਸੁੰਦਰੀ ਤਜਾਰਤ ਦੀ ਨਜ਼ਾਕਤ ਹੈ ਵਪਾਰੀ ਬਣਨ ਦੀ ਧੁਨ ਵਿਚ ਅਸੀਂ ਸਾਰੇ ਵਿਕਾਉ ਹਾਂ, ਪੰਘੂੜੇ ਤੋਂ ਸਿਵੇ ਤੀਕਰ, ਤਜਾਰਤ ਹੀ ਤਜਾਰਤ ਹੈ ਨਦੀ ਜੋ ਵੀ ਮਿਲੇ ਉਸਨੂੰ, ਪਿਆਸੀ ਹੀ ਮਿਲੇ ਆ ਕੇ, ਸਮੁੰਦਰ ਥਲ ਨੁੰ ਪੁੱਛ ਦੈ, ‘ਰਾਹ ‘ਚ ਬੰਦੇ ਦੀ ਹਕੂਮਤ ਹੈ
ਵੇਖੀਂ ਦਿੱਲੀਏ
ਸਾੜ ਪਾਉਂਦੀਆਂ ਰਾਹਾਂ ਨੂੰ ਠੰਡ ਪਾਉਣ ਦੇ ਲਈ ਮੱਥਾ ਚਾਂਭਲ਼ੇ ਹਨੇਰੇ ਨਾਲ ਲਾਉਣ ਦੇ ਲਈ ਹੱਕ- ਸੱਚ ਦੇ ਚਿਰਾਗ਼ ਰੁਸ਼ਨਾਉਣ ਦੇ ਲਈ ਤੇਰੀ ਜ਼ੁਲਮੀ ਦੁਪਹਿਰ ਵਾਲੀ ਸ਼ਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਸਾਡੀ ਮਿੱਟੀ- ਮਾਂ ਦੀ ਹਿੱਕ ‘ਤੇ ਖਲੋਣ ਨੂੰ ਫਿਰੇਂ ਲੁੱਟ- ਪੁੱਟ ਘਰ- ਬਾਰ ਜੇਬਾਂ ਟੋਹਣ ਨੂੰ ਫਿਰੇਂ। ਰਾਖੀ ਰੁੱਖ ਦੀ ਬਹਾਨੇ ਕਾਲ਼ੀ ਨੀਤ ਵਾਲ਼ੀਏ। ਨੀ ਤੂੰ ਆਲ੍ਹਣੇ ਪਰਿੰਦਿਆਂ ਦੇ ਖੋਹਣ ਨੂੰ ਫਿਰੇਂ ਸਾਡੇ ਬੱਚਿਆਂ ਦੇ ਹੱਥਾਂ ਚੋਂ ਜੇ ਟੁੱਕ ਖੁੱਸਿਆ , ਰਾਤਾਂ ਤੇਰੀਆਂ ਦੀ ਨੀਂਦ ਵੀ ਹਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਮੋਦੀਆਂ-ਸ਼ਾਹਾਂ ਦੀ ਚੁੱਕੀ ਅੱਤ ਡੱਕਣੀ ਅਸੀਂ ਫਸਲਾਂ ਦੀ ਲੁੱਟੀ ਜਾਂਦੀ ਪੱਤ ਡੱਕਣੀ ਜਿਹੜੇ ਪਿੰਡਾਂ ਦੀਆਂ ਨੀਂਹਾਂ ਤੂੰ ਹਿਲਾਉਣ ਨੂੰ ਫਿਰੇਂ ਸਾਡੇ ਸਿਰਾਂ ਨੇ ਉਨ੍ਹਾਂ ਦੀ ਢਹਿੰਦੀ ਛੱਤ ਡੱਕਣੀ ਮਾਇਆਧਾਰੀਆਂ ਅੰਬਾਨੀਆਂ-ਅਡਾਨੀਆਂ ਸਣੇ ਤੇਰੇ ਤਾਜਰਾਂ ਦਾ ਕਿੱਸਾ ਵੀ ਤਮਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਦਰਾਂ ‘ਤੇ ਖੇਤਾਂ ਦੇ ਫ਼ਰਜ਼ੰਦ ਆ ਗਏ ਰਾਤੇ ਕਾਲ਼ੀਏ ਨੀ ਚੌਦਵੀਂ ਦੇ ਚੰਦ ਆ ਗਏ ਤੇਰੀ ਹੈਂਕੜ ਦੇ ਅੰਬਰਾਂ ਨੂੰ ਗਾਹੁਣ ਵਾਸਤੇ ਲੈ ਕੇ ਬਾਜ਼ਾਂ ਜਿਹੇ ਹੌਸਲੇ ਬੁਲੰਦ ਆ ਗਏ ਬਿਨਾਂ ਤੋਪ ਤੇਰੇ ਕਿਲੇ-ਕੋਟ, ਮਹਿਲ ਹਿੱਲਣੇ ਅਸੀਂ ਨੰਗੇ ਧੜ ਐਸਾ ਸੰਗਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਹੱਡ ਸੇਕਣੇ ਨੇ ਤੇਰੇ ਹੱਕੀ ਅੱਗ ਬਾਲ਼ ਨੀ ਉੱਠ ਦੇਸ਼ ਸਾਰਾ ਤੁਰਿਆ ਪੰਜਾਬ ਨਾਲ਼ ਨੀ ਸ਼ਾਹੀ ਧੌਂਸ ਵਾਲੀਏ ਨੀ ਨਾਜ਼- ਨਖ਼ਰੇ ਵਿਖਾ ਕੇ ਹੁਣ ਲਾਰਿਆਂ ਦੇ ਨਾਲ਼ ਨਾ ਸਕੇਂਗੀ ਟਾਲ਼ ਨੀ ਅਸੀਂ ਪੈਲੀਆਂ ਦੇ ਪੁੱਤ ਜਿੰਨਾ ਚਿਰ ਚਾਹੇਂਗੀ ਤੇਰੀ ਸੜਕਾਂ ਦੇ ਰੋੜਾਂ ‘ਤੇ ਆਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਹਾਕਮਾਂ ਦੀ ਅੱਖ ਸਦਾ ਟੀਰ ਮਾਰਦੀ ਸਾਡੇ ਸੀਨਿਆਂ ‘ਚ ਸਾਡੇ ਹੀ ਹੈ ਤੀਰ ਮਾਰਦੀ ਅੰਨ- ਦਾਤਿਆਂ ਦੀ ਦਾਤ ਨੂੰ ਸਮਝ ਆ ਗਈ ਯਾਰੀ ਪੈਸੇ ਦਿਆਂ ਪੁੱਤਾਂ ਦੀ ਅਖੀਰ ਮਾਰਦੀ ਹੱਕ-ਸੱਚ ਸੁਰਜੀਤ ਜਿੰਨ੍ਹਾਂ ਰੱਖਿਆ ਉਨ੍ਹਾਂ ਨੂੰ ਸੁੱਚੇ ਸ਼ਬਦਾਂ ਦੀ ਸੁੱਚ ਦਾ ਸਲਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ।