Sur-Shingar : Inderjit Singh Tulsi

ਸੁਰ-ਸ਼ਿੰਗਾਰ : ਇੰਦਰਜੀਤ ਸਿੰਘ ਤੁਲਸੀ


ਜਾਗੋ ਜਾਗੋ ਨਵਿਓਂ ਗੀਤੋ !

ਜਾਗੋ ਜਾਗੋ ਨਵਿਓਂ ਗੀਤੋ ਨਵਯੁਗ ਰਹਿਆ ਪੁਕਾਰ ! ਪੁੰਗਰੋ ਪੁੰਗਰੋ ਨਵਿਓਂ ਪਤਿਓ ਆਈ ਫੇਰ ਬਹਾਰ ! ਵੇਖਣ ਲਈ ਨਵੀਆਂ ਪ੍ਰਭਾਤਾਂ ਨਹਾ ਧੋ ਆਈਆਂ ਕਾਲੀਆਂ ਰਾਤਾਂ ਮੱਝੀਆਂ ਦੀ ਖੁਰਲੀ ਵਿਚ ਹੋਈ, ਝਾਂਜਰ ਦੀ ਛਣਕਾਰ । ਚੌਣਾ ਛੇੜ ਕੇ ਟੁਰ ਪਏ ਵਾਗੀ ਪਸੂਆਂ ਦੀ ਵੀ ਦੁਨੀਆਂ ਜਾਗੀ ਸੁਤੀ ਧਰਤੀ ਅੰਬਰ ਜਾਗੇ, ਜਾਗ ਪਿਆ ਸੰਸਾਰ । ਹਾਲੀ ਦੇ ਬਲਦਾਂ ਦੀਆਂ ਟੱਲੀਆਂ ਸੁਤੜੇ ਖੇਤ ਜਗਾਵਨ ਚਲੀਆਂ ਧਰਤੀ ਦੇ ਸਿਰ ਕੰਘੀ ਕਰਕੇ, ਦੇਵਣ ਜ਼ੁਲਫ ਸੰਵਾਰ। ਖੂਹਾਂ 'ਚੋਂ ਟਿੰਡਾਂ ਦੀ ਟੋਲੀ ਨਿਕਲੀ ਆਵੇ ਭਰ ਭਰ ਝੋਲੀ ਜੱਟ ਦੇ ਦਿਲ ਦੇ ਗੀਤ ਟੁਰੇ ਨੇ, ਆਡਾਂ ਦੇ ਵਿਚਕਾਰ । ਲੋਕਾਂ ਦੀ ਆਵਾਜ਼ 'ਚੋਂ ਜਾਗੋ ਪੰਛੀ ਦੀ ਪਰਵਾਜ਼ 'ਚੋਂ ਜਾਗੋ ਪੰਛੀ ਦੇ ਪਰ ਪਿੰਜਰਾ ਕਟ ਗਏ, ਬਣ ਗਏ ਹਨ ਤਲਵਾਰ । ਜਾਗੋ ਜਾਗੋ ਨਵਿਓਂ ਗੀਤ, ਨਵਯੁਗ ਰਹਿਆ ਪੁਕਾਰ !

ਆਓ ਨੀ ਸ਼ਿੰਗਾਰੋ ਮੈਨੂੰ

ਆਓ ਨੀ ਸ਼ਿੰਗਾਰੋ ਮੈਨੂੰ ਗੁੰਦ ਗੁੰਦ ਮੇਢੀਆਂ ਅਜ ਇਕਰਾਰਾਂ ਵਾਲੀ ਰਾਤ, ਜੂਠੇ ਜੂਠੇ ਬੁੱਲਾਂ ਨਾਲ ਦਸੋ ਨੀ ਸਹੇਲੀਓ ਕਿੰਜ ਟੋਰਾਂ ਸੱਚੀ ਸੁੱਚੀ ਬਾਤ । ਮੱਥੇ ਉਤੇ ਲਾਓ ਨੀਂ ਨਸੀਬਾਂ ਦੀਆਂ ਦੌਣੀਆਂ ਸੱਧਰਾਂ ਦਾ ਡੋਹਲੋ ਨੀ ਸੰਧੂਰ, ਕੰਨਾਂ ਵਿਚ ਪਾਓ ਮੇਰੀ ਤੋਬਾ ਵਾਲੇ ਕੋਕਲੇ ਨੱਕ ਵਿਚ ਟੁੱਟਿਆ ਗ਼ਰੂਰ । ਨੈਣਾਂ ਵਿਚ ਪਾਓ ਮੇਰੇ ਕਜਲਾ ਉਡੀਕ ਦਾ ਤਿੱਖੀ ਤਿੱਖੀ ਖਿੱਚਣੀ ਜੇ ਧਾਰ, ਬੁੱਲਾਂ ਉਤੇ ਰਖੋ ਨੀ ਗੁਲਾਬ ਦੀਆਂ ਪੱਤੀਆਂ ਠੋਡੀ ਉਤੇ ਤਿਲ ਪਹਿਰੇਦਾਰ । ਪੈਰਾਂ ਵਿਚ ਬੰਨ੍ਹੋ ਲੋਕ-ਲਾਜ ਦੀਆਂ ਝਾਂਜਰਾਂ ਔਗਣਾਂ ਦੀ ਦੇਵੋ, ਖੜਤਾਲ, ਬਣ ਕੇ ਦਿਵਾਨੀ ਅੱਜ ਮੀਰਾਂ ਵਾਂਗੂੰ ਨੱਚਣਾਂ ਨੱਚ ਨੱਚ ਹੋਣਾ ਏਂ ਬੇਹਾਲ । ਨਵ੍ਹਾਂ ਤੇ ਸਜਾਓ ਦਸਾਂ ਨਵ੍ਹਾਂ ਦੀ ਕਮਾਈ ਸਈਓ ਹੱਥਾਂ 'ਤੇ ਸਜਾਓ ਮੇਰੇ ਪਾਪ, ਵੀਣੀ 'ਚ ਚੜ੍ਹਾਓ ਅਪਰਾਧਾਂ ਦੀਆਂ ਚੂੜੀਆਂ ਚੀਚੀ 'ਚ ਗੁਨਾਹਾਂ ਵਾਲੀ ਛਾਪ । ਸੁਣਿਐਂ ਨੀ ਦੇਂਦਾ ਖੁੱਲੇ ਦਿਲ ਨਾਲ ਮਾਫੀਆਂ ਸੱਚਾ ਸੱਚਾ ਬੋਲੀਏ ਜੇ ਝੂਠ, ਭੀਲਣੀ ਦੇ ਜੂਠੇ ਜੂਠੇ ਬੇਰ ਵੀ ਨਾ ਛੱਡਦਾ ਸੱਚੀ ਸੁੱਚੀ ਹੋਵੇ ਜੇ ਨੀ ਜੂਠ। ਬੜਾ ਸ਼ੌਕ ਰਖਦਾ ਏ ਪੱਕੇ ਫਲ ਖਾਵਣੇ ਦਾ ਝੰਬਦਾ ਨਾ ਕੱਚੇ ਕੱਚੇ ਬੂਰ, ਗੁੱਛਿਆਂ ਦੇ ਗੁੱਛੇ ਮੇਰੀ ਜਿੰਦ ਨੂੰ ਨੇ ਲਗਦੇ ਜ਼ਖ਼ਮਾਂ ਦੇ ਪੱਕੇ ਨੇ ਅੰਗੂਰ । ਘੋਟ ਘੋਟ ਲਾਓ ਮੈਨੂੰ ਦੁੱਖਾਂ ਦੀਆਂ ਮਹਿੰਦੀਆਂ ਸੂਲਾਂ ਨਾਲ ਕਰੋ ਨੀ ਸ਼ਿੰਗਾਰ, ਦੂਜੀ ਵਾਰ ਹੁੰਦੀ ਤੇ ਮੈਂ ਐਨਾਂ ਨਾ ਨੀਂ ਡੋਲਦੀ ਜਾਣਾ ਅਜ ਪਹਿਲੀ ਪਹਿਲੀ ਵਾਰ ।

ਮੁਟਿਆਰੇ ਜਾਣਾ ਦੂਰ ਪਿਆ

ਐਧਰ ਕਣਕਾਂ ਔਧਰ ਕਣਕਾਂ, ਵਿਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ। ਹੁਣ ਭੁੱਲ ਜਾਣੀਆਂ ਨੇ ਖਿੱਦੋ ਦੀਆਂ ਬੱਚੀਆਂ, ਹਾਨਣਾਂ ਸਹੇਲੀਆਂ ਜੋ ਗਿੱਧੇ ਵਿੱਚ ਨੱਚੀਆਂ, ਸੌਹਰਿਆਂ ਦੇ ਨਿੱਤ ਨਿੱਤ ਪਕਣੇ ਪਰੌਂਠੇ ਕੁੜੇ, ਪੇਕਿਆਂ ਦਾ ਠੰਡੜਾ ਤੰਦੂਰ ਪਿਆ ! ਆਲੇ ਵਿਚ ਗੁੱਡੀਆਂ ਪਟੋਲੇ ਨੇ ਉਡੀਕਦੇ, ਰਾਂਗਲੇ ਪੰਘੂੜੇ ਤੇਰੀ ਯਾਦ ਵਿੱਚ ਚੀਕਦੇ, ਤੇਰਿਆਂ ਤੇ ਹੱਥਾਂ ਵਿਚ ਮੌਲੀਆਂ ਕਲੀਚੜੇ ਤੇ ਸੂਹਾ ਸੂਹਾ ਡੁਲ੍ਹਦਾ ਸੰਧੂਰ ਪਿਆ। ਉਠ ਉਠ ਤਕਦੇ ਨੇ ਗਲੀਆਂ ਦੇ ਕੱਖ ਨੀਂ, ਤੇਰੇ ਉੱਤੋਂ ਮੋਤੀ ਵਾਰੇ ਇੱਕ ਇੱਕ ਅੱਖ ਨੀਂ, ਖਿੜ ਖਿੜ ਹਸਦਾ ਏ ਸੌਹਰਿਆਂ ਦਾ ਵਿਹੜਾ ਅੱਜ, ਮਾਪਿਆਂ ਦਾ ਰੋਂਦਾ ਏ ਗ਼ਰੂਰ ਪਿਆ । ਤੇਰੇ ਬਿਨਾਂ ਖੂਹਾਂ ਦੀਆਂ ਟਿੰਡਾਂ ਨੇ ਪਿਆਸੀਆਂ, ਤੇਰੇ ਬਾਝ ਪੱਤਣਾਂ ਤੇ ਛਾਈਆਂ ਨੇ ਉਦਾਸੀਆਂ, ਢਾਕਾਂ ਉੱਤੇ ਘੜਿਆਂ ਨੂੰ ਰੱਖ ਕੇ ਉਡੀਕਦਾ ਈ, ਸਖੀਆਂ ਸਹੇਲੀਆਂ ਦਾ ਪੂਰ ਪਿਆ । ਢੁਕ ਚੁਕ ਬੂਥੀਆਂ ਨੇ ਵੇਖ ਰਹੀਆਂ ਮੱਝੀਆਂ, ਤੇਰੇ ਹੀ ਪਿਆਰ ਵਿਚ ਗੋਰੀਆਂ ਨੇ ਬੱਝੀਆਂ, ਮਹਿੰਦੀ ਵਾਲੇ ਚੱਪੇ ਹੱਥਾਂ ਵਿੱਚੋਂ ਜਾਂਦੇ ਵੇਖ ਹੁੰਦਾ, ਲੱਕ ਏ ਮਧਾਣੀਆਂ ਦਾ ਚੂਰ ਪਿਆ । ਲੁਕ ਲੁਕ ਰੋਂਦੀ ਪਈ ਏ ਤੇਰੀ ਅੱਜ ਮਾਂ ਨੀ, ਦੋ ਦਿਨ ਹੋਰ ਮਾਣ ਜਾਂਦੀਓਂ ਇਹ ਛਾਂ ਨੀ, ਪਰ ਤੈਨੂੰ ਬਦੋ ਬਦੀ ਖਿੱਚ ਖਿੱਚ ਲਈ ਜਾਂਦੈ, ਤੇਰੀ ਹੀ ਜਵਾਨੀ ਦਾ ਕਸੂਰ ਪਿਆ । ਬਾਰੀ ਵਿੱਚ ਵੀਰਾਂ ਦੀਆਂ ਵਹੁਟੀਆਂ ਖਲੋਤੀਆਂ, ਹੰਝੂਆਂ ਦੇ ਨਾਲ ਜਿਨ੍ਹਾਂ ਚੁੰਨੀਆਂ ਨੇ ਧੋਤੀਆਂ, ਇਨ੍ਹਾਂ ਵੀ ਤੇ ਤੇਰੇ ਵਾਂਙੂ ਛੱਡ ਦਿੱਤੇ ਪੇਕੜੇ ਨੇ, ਮੁੱਢ ਤੋਂ ਹੀ ਇਹੋ ਦਸਤੂਰ ਪਿਆ । ਦਿੱਤਾ ਏ ਸੰਜੋਗਾਂ ਤੈਨੂੰ ਡੋਲੀ ਦਾ ਇਹ ਹੂਟਾ ਨੀ, ਤੇਰੇ ਬਾਝੋਂ ਸੁੱਕ ਜਾਣਾ ਤੁਲਸੀ ਦਾ ਬੂਟਾ ਨੀ, ਚੰਦ ਨੂੰ ਵੀ ਸੋਨੇ ਦੀਆਂ ਛਮਕਾਂ ਏ ਮਾਰ ਰਿਹਾ, ਘੁੰਡ ਵਾਲੇ ਮੁਖੜੇ ਦਾ ਨੂਰ ਪਿਆ। ਮੁਟਿਆਰੇ ਜਾਣਾ ਦੂਰ ਪਿਆ ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਇੰਦਰਜੀਤ ਸਿੰਘ ਤੁਲਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ