Hazrat Sultan Bahu ਹਜ਼ਰਤ ਸੁਲਤਾਨ ਬਾਹੂ
ਹਜ਼ਰਤ ਸੁਲਤਾਨ ਬਾਹੂ (੧੬੩੧-੧੬੯੧) ਦਾ ਜਨਮ ਝੰਗ ਜ਼ਿਲੇ ਦੇ ਪਿੰਡ ਅਵਾਣ ਵਿੱਚ ਹੋਇਆ ।ਉਨ੍ਹਾਂ ਦੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ-ਕੁਦਸ-ਸਰਾ ਸ਼ਾਂਤ ਸੁਭਾਅ ਦੇ ਸਨ ।ਕਹਿੰਦੇ ਹਨ ਕਿ ਬਚਪਨ ਵਿਚ ਹੀ ਉਨ੍ਹਾਂ ਦੇ ਚੇਹਰੇ ਤੋਂ ਰੱਬੀ ਨੂਰ ਟਪਕਦਾ ਸੀ । ਉਨ੍ਹਾਂ ਦਾ ਸੰਬੰਧ ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਹੈ ।ਹਜ਼ਰਤ ਹਬੀਬ-ਉੱਲਾ ਉਨ੍ਹਾਂ ਦੇ ਮੁਰਸ਼ਦ ਸਨ । ਉਹ ਸ਼ਰ੍ਹਾ ਦੇ ਵਿਰੋਧੀ ਨਹੀਂ । ਉਨ੍ਹਾਂ ਦੀ ਰਚਨ ਵਿਚ ਲੋਹੜੇ ਦਾ ਸੋਜ਼ ਹੈ । ਉਹ ਬਾਕੀ ਸੂਫ਼ੀਆਂ ਵਾਂਗ 'ਮੌਤ ਤੋਂ ਪਹਿਲਾਂ ਮਰਨ' ਵਿਚ ਯਕੀਨ ਰਖਦੇ ਸਨ ।ਉਨ੍ਹਾਂ ਦੀ ਬਹੁਤੀ ਰਚਨਾ ਫਾਰਸੀ ਵਿਚ ਹੈ । ਆਪਦੀਆਂ ਫਾਰਸੀ ਕਿਤਾਬਾਂ ਨੂਰ-ਉਲ-ਹੁਦਾ (ਰਹਿਨੁਮਾਈ ਦਾ ਚਾਨਣ) ਅਤੇ ਰਿਸਾਲਾ-ਏ-ਰੂਹੀ (ਆਤਮਾ ਦੀ ਕਿਤਾਬ) ਵੱਧ ਪ੍ਰਸਿੱਧ ਹਨ । ਪੰਜਾਬੀ ਵਿਚ ਉਨ੍ਹਾਂ ਨੇ ਸੀਹਰਫ਼ੀਆਂ ਲਿਖੀਆਂ ਹਨ । ਅਸੀਂ ਉਨ੍ਹਾਂ ਦੀਆਂ ਕੁਝ ਫਾਰਸੀ ਗ਼ਜ਼ਲਾਂ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰ ਰਹੇ ਹਾਂ ।