Sufi Darvesh Baba Farid Jiwan Te Ramzan : Harpal Singh Pannu

ਸੂਫੀ ਦਰਵੇਸ਼ ਬਾਬਾ ਫਰੀਦ ਦਾ ਜੀਵਨ ਤੇ ਰਮਜ਼ਾਂ : ਹਰਪਾਲ ਸਿੰਘ ਪੰਨੂ

ਬਾਬਾ ਫਰੀਦ ਦੀ ਪਰਿਵਰਸ਼ ਚੰਗੇ ਸਰਦੇ-ਪੁਜਦੇ ਅਮੀਰ ਖਾਨਦਾਨ ਵਿਚ ਹੋਈ। ਉਨ੍ਹਾਂ ਦੇ ਪਿਤਾ ਅਤੇ ਬਾਬਾ ਜੀ ਗਜ਼ਨੀ ਅਤੇ ਕੰਧਾਰ ਵਿਚ ਜੱਜ ਸਨ। ਅਫਗਾਨਿਸਤਾਨ ਵਿਚ ਹਾਲਾਤ ਖਰਾਬ ਹੋ ਗਏ ਤਾਂ ਇਸ ਪਰਿਵਾਰ ਨੇ ਹਿੰਦੁਸਤਾਨ ਦਾ ਰੁਖ ਕੀਤਾ। ਇਧਰ ਵੀ ਰਾਜਸੀ ਉਥਲ ਪੁਥਲ ਦਾ ਦੌਰ ਚਲ ਰਿਹਾ ਸੀ। ਚੜ੍ਹਦੀ ਜੁਆਨੀ ਵਿਚ ਉਨ੍ਹਾਂ ਨੇ ਗਜਨਵੀ ਹਕੂਮਤ ਦਾ ਪਤਨ ਤੇ ਗੌਰੀ ਹਕੂਮਤ ਦੀ ਚੜ੍ਹਤ ਦੇਖੀ, ਢਲਦੀ ਉਮਰ ਵਿਚ ਗੌਰੀਆਂ ਦਾ ਪਤਨ ਤੇ ਗੁਲਾਮ ਬੰਸ ਦੀ ਚੜ੍ਹਤ ਦੇਖੀ। ਤੁਰਕ ਆਏ, ਮੰਗੌਲ ਆਏ, ਹਕੂਮਤਾਂ ਸਥਾਪਤ ਕੀਤੀਆਂ, ਆਪੋ ਆਪਣੇ ਨਗਾਰੇ ਵਜਾ ਕੇ ਚਲੇ ਗਏ। ਤਾਕਤ ਦੀ ਇਸ ਜੋਰ ਅਜਮਾਈ, ਸ਼ਾਨੋ-ਸੌਂਕਤ ਤੇ ਖੂੰਖਾਰ ਟੱਕਰ ਵਿਚ ਬਾਬਾ ਫਰੀਦ ਅਤੇ ਉਨ੍ਹਾਂ ਦੇ ਮੁਰੀਦ ਇਸ ਸਭ ਕੁਝ ਤੋਂ ਬੇਖਬਰ, ਬੇਪ੍ਰਵਾਹ ਬੰਦਗੀ ਵਿਚ ਆਪਣੇ ਦਿਨ ਗੁਜ਼ਾਰਦੇ। ਇਨ੍ਹਾਂ ਦੀਆਂ ਖਾਨਗਾਹਾਂ 'ਤੇ ਅਮੀਰ-ਗਰੀਬ, ਦਾਤੇ-ਮੰਗਤੇ, ਮੁਸਲਮਾਨ-ਹਿੰਦੂ ਹਰ ਵਰਗ ਦੇ ਲੋਕ ਆਉਂਦੇ, ਆਪੋ-ਆਪਣੀ ਅਰਦਾਸ ਕਰਕੇ ਪਰਤ ਜਾਂਦੇ। ਹਰੇਕ ਲੋੜਵੰਦ ਨੂੰ ਅਸੀਸ ਅਤੇ ਧਰਵਾਸ ਮਿਲਦਾ। ਬਾਦਸ਼ਾਹਾਂ ਨੇ ਕਿਲੇ ਅਤੇ ਮਹਿਲ ਬਣਵਾਏ। ਹੁਣ ਜਦੋਂ ਇਨ੍ਹਾਂ ਪੁਰਾਣੇ ਮਹਿਲਾਂ ਨੂੰ ਦੇਖਣ ਜਾਂਦੇ ਹਾਂ, ਉਥੇ ਚਮਗਿੱਦੜਾਂ ਅਤੇ ਕਬੂਤਰਾਂ ਦਾ ਵਾਸਾ ਹੈ, ਮੌਤ ਦਾ ਸਨਾਟਾ ਸਾਹਮਣੇ ਦਿਖਾਈ ਦਿੰਦਾ ਹੈ। ਫਕੀਰਾਂ ਦੇ ਮਕਬਰਿਆਂ ਉਪਰ ਜਾਉ, ਕੱਵਾਲ ਗਾ ਰਹੇ ਹਨ, ਦਾਨੀ ਲੋਕ ਲੰਗਰ ਵਰਤਾ ਰਹੇ ਹਨ, ਲੋੜਵੰਦ ਖਾ ਰਹੇ ਹਨ, ਅਸੀਸਾਂ ਦੇ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਮਹਿਲਾਂ ਵਿਚ ਜਿੰਦਗੀ ਦਿਸਦੀ ਤੇ ਕਬਰਾਂ ਉਪਰ ਮੌਤ। ਪਰ ਹੋ ਉਲਟ ਰਿਹਾ ਹੈ, ਕਬਰ ਉਪਰ ਜਿੰਦਗਾਨੀ ਦੀ ਖੈਰ ਮੰਗੀ ਜਾ ਰਹੀ ਹੈ, ਸੁੱਖਣਾ ਸੁੱਖੀਆਂ ਜਾ ਰਹੀਆਂ ਹਨ, ਪੁਰਾਣੀਆਂ ਸੁੱਖਾਂ ਦੀ ਪੂਰਤੀ ਹੋਣ ਸਦਕਾ ਸ਼ੁਕਰਾਨਾ ਕਰਨ ਵਾਸਤੇ ਕਾਫਲੇ ਜਾ ਰਹੇ ਹਨ।
ਜਿਨ੍ਹਾਂ ਭਰੋਸੇਯੋਗ ਗ੍ਰੰਥਾਂ ਵਿਚੋਂ ਬਾਬਾ ਜੀ ਦੇ ਬਚਨ ਪ੍ਰਾਪਤ ਹੁੰਦੇ ਹਨ, ਉਨ੍ਹਾਂ ਵਿਚੋਂ ਪ੍ਰਥਮ ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਨਾਨਕ ਦੇਵ ਜੀ ਜਦੋਂ ਏਸ਼ੀਆ ਦਾ ਭਰਮਣ ਕਰ ਰਹੇ ਸਨ, ਤਦ ਉਹ ਸੂਫ਼ੀਆਂ ਦੀਆਂ ਖਾਨਗਾਹਾਂ ਵਿਚ ਰੁਕਦੇ, ਸੰਵਾਦ ਰਚਾਉਂਦੇ ਤੇ ਜਿਥੋਂ ਕਿਤੋਂ ਬਾਬਾ ਫਰੀਦ ਦੀ ਬਾਣੀ ਹਾਸਲ ਹੁੰਦੀ, ਪ੍ਰਾਪਤ ਕਰਦੇ। ਜਨਮਸਾਖੀਆਂ ਵਿਚ ਹਵਾਲੇ ਹਨ ਕਿ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਦੀ ਬਾਣੀ ਦਾ ਗਾਇਨ ਕਰਦੇ। ਦੂਜੀ ਭਰੋਸੇਯੋਗ ਕਿਤਾਬ 'ਫਾਇਦੁਲਫਵਾਦ' ਹੈ। ਬਾਬਾ ਫਰੀਦ ਦੇ ਉਤਰ-ਅਧਿਕਾਰੀ ਸ਼ੇਖ ਨਿਜਾਮਉਦੀਨ ਔਲੀਆ, ਅਪਣੇ ਪ੍ਰਵਚਨਾ ਦੌਰਾਨ ਵਧੇਰੀਆਂ ਗੱਲਾਂ ਬਾਬਾ ਫਰੀਦ ਜੀ ਦੀਆਂ ਸੁਣਾਉਂਦੇ। ਉਨ੍ਹਾਂ ਦਾ ਇਕ ਸ਼ਰਧਾਲੂ ਅਮੀਰ ਹਸਨ ਸਿਜਜ਼ੀ ਅਜਿਹੇ ਮੌਕੇ ਅਪਣੇ ਕੋਲ ਕਲਮ, ਦਵਾਤ ਤੇ ਕਾਪੀ ਰੱਖਦਾ। ਨੇੜੇ ਬੈਠਾ ਨੋਟ ਕਰਦਾ ਜਾਂਦਾ। ਸ਼ੇਖ ਸਾਹਿਬ ਨੇ ਇਕ ਦਿਨ ਪੁੱਛਿਆ ਕਿ ਇਹ ਕੀ ਲਿਖ ਰਹੇ ਹੋ ਤਾਂ ਹਸਨ ਨੇ ਦੱਸ ਦਿੱਤਾ। ਇਸ ਪਿਛੋਂ ਤਾਂ ਸ਼ੇਖ ਸਾਹਿਬ ਵਧੀਕ ਚੇਤੰਨ ਹੋ ਕੇ ਸਹਿਜੇ-ਸਹਿਜੇ ਬੋਲਦੇ ਤਾਂ ਕਿ ਜਾਣਕਾਰੀ ਅਧੂਰੀ ਨਾ ਰਹਿ ਜਾਵੇ। ਦੇਖਿਆ ਕਿ ਕਿਤੇ-ਕਿਤੇ ਸਫ਼ਿਆਂ ਵਿਚਕਾਰ ਖਾਲੀ ਥਾਂ ਪਈ ਹੈ, ਹਸਨ ਨੇ ਦੱਸਿਆ, "ਜੀ, ਇਹ ਮੈਂ ਨੋਟ ਨਹੀਂ ਕਰ ਸਕਿਆ, ਸੋਚਿਆ ਜਦੋਂ ਤੁਹਾਡੇ ਪਾਸ ਫੁਰਸਤ ਹੋਈ, ਪੂਰੀ ਕਰ ਲਵਾਂਗਾ।" ਸ਼ੇਖ ਸਾਹਿਬ ਨੇ ਇਹ ਖਾਲੀ ਥਾਵਾਂ ਪੂਰੀਆਂ ਕਰਵਾਈਆਂ। ਬੇਸ਼ਕ ਵਧੀਕ ਸਮਾਂ ਬੀਤ ਜਾਣ ਕਾਰਨ, 'ਫਾਇਦੁਲਫਵਾਦ' ਦੀਆਂ ਵੀ ਕਈ ਜਿਲਦਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਵਖਰੇਵੇਂ ਹਨ, ਤਾਂ ਵੀ ਖਲਿਕ ਅਹਿਮਦ ਨਿਜ਼ਾਮੀ ਵਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਸੰਭਾਲੇ ਖਰੜੇ ਭਰੋਸੇਯੋਗ ਹਨ। ਨਿਜ਼ਾਮੀ ਜੀ ਨੇ 'ਖੈਰੁਲ ਮਜਾਲਿਸ' ਕਿਤਾਬ ਨੂੰ ਸੰਪਾਦਿਤ ਕਰਕੇ ਛਪਵਾਇਆ। ਪ੍ਰੋ. ਪ੍ਰੀਤਮ ਸਿੰਘ ਨੇ 'ਖੈਰੁਲ ਮਜਾਲਿਸ' ਨੂੰ ਆਧਾਰ ਬਣਾ ਕੇ 'ਸ਼੍ਰੇਸ਼ਟ ਗੋਸ਼ਟਾ'ਂ ਅਤੇ 'ਫਾਇਦੁਲਫਵਾਦ' ਦੇ ਆਧਾਰ 'ਤੇ 'ਦਿਲਾਂ ਲਈ ਰਾਹਤ' ਕਿਤਾਬਾਂ ਰਚੀਆਂ। ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹੋਈਆਂ। 'ਸੀਅਰੁਲ ਔਲੀਆ' ਕਿਤਾਬ ਪੰਜਾਬੀ ਜ਼ੁਬਾਨ ਵਿਚ ਨਹੀਂ ਆਈ। 'ਖੈਰੁਲ ਮਜਾਲਿਸ', ਸ਼ੇਖ ਨਸੀਰੁੱਦੀਨ ਮਹਿਮੂਦ ਚਿਰਾਗਿ ਦਿੱਲੀ ਜੋ ਅਵਧ ਦੇ ਵਾਸੀ ਸਨ ਤੇ ਸ਼ੇਖ ਨਿਜਆਮੁੱਦੀਨ ਦੇ ਵਿਦਿਆਰਥੀ, ਨੇ ਲਿਖੀ। ਨਸੀਰੁੱਦੀਨ ਦਾ ਮੁਕਾਮ ਵੱਡੇ ਫਕੀਰਾਂ ਵਿੱਚ ਆਉਂਦਾ ਹੈ। 'ਸੀਅਰੁਲ ਅਂਲੀਆ', ਸੱਯਦ ਮੁਹੰਮਦ ਬਿਨ ਮੁਬਾਰਕ ਕਿਰਮਾਨੀ ਦੀ ਰਚਨਾ ਹੈ। ਕਿਰਮਾਨੀ ਦੇ ਬਾਬਾ ਅਤੇ ਪਿਤਾ ਜੀ ਸ਼ੇਖ ਫਰੀਦ ਦੇ ਬਹੁਤ ਨਜ਼ਦੀਕੀ ਸੇਵਾਦਾਰ ਸਨ। ਬਾਬਾ ਫਰੀਦ ਜੀ ਦੀਆਂ ਨਿੱਜੀ ਘਰੇਲੂ ਜਿੰ.ਮੇਵਾਰੀਆਂ ਨਿਭਾਉਣੀਆਂ ਇਹਨਾਂ ਦਾ ਫਰਜ਼ ਸੀ। ਅਪਣੇ ਬਜ਼ੁਰਗਾਂ ਤੋਂ ਭਰੋਸੇਯੋਗ ਸਮੱਗਰੀ ਇਕੱਤਰ ਕਰਕੇ ਇਹ ਕਿਤਾਬ ਰਚੀ ਗਈ।
ਬਾਬਾ ਫਰੀਦ ਦੇ ਦਾਦਾ ਕਾਜ਼ੀ ਸ਼ੁਏਬ ਕਾਬਲ ਤੋਂ ਹਿਜਰਤ ਕਰਕੇ 1157 ਈਸਵੀ ਵਿਚ ਲਾਹੌਰ ਆ ਗਏ। ਥੋੜਾ ਸਮਾਂ ਲਾਹੌਰ ਰੁਕ ਕੇ ਕਸੂਰ ਚਲੇ ਗਏ। ਕਸੂਰ ਦੇ ਕਾਜ਼ੀ ਨੂੰ ਜਦੋਂ ਪਤਾ ਲੱਗਾ ਕਿ ਬਹੁਤ ਉਚੇ ਖਾਨਦਾਨ ਦਾ ਪਰਿਵਾਰ ਇਸ ਵਕਤ ਜ਼ਰੂਰਤਵੰਦ ਹੈ, ਉਸਨੇ ਸੁਲਤਾਨ ਪਾਸ ਗੱਲ ਕੀਤੀ। ਸੁਲਤਾਨ ਨੇ ਉਨ੍ਹਾਂ ਨੂੰ ਸੱਦ ਕੇ ਸਤਿਕਾਰ ਦਿੰਦਿਆਂ ਪੁੱਛਿਆ, "ਦੱਸੋ, ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ।" ਸ਼ੁਏਬ ਨੇ ਕਿਹਾ, "ਜੋ ਜੋ ਅਸਾਂ ਤੋਂ ਖੁੱਸ ਚੁੱਕਾ ਹੈ, ਉਹ ਦੁਬਾਰਾ ਹਾਸਲ ਕਰਨ ਦੀ ਇੱਛਾ ਨਹੀਂ ਹਜ਼ੂਰ। ਅਮਨਚੈਨ ਨਾਲ ਦਿਨ ਕਟੀ ਕਰਨ ਦੇ ਖਾਹਸ਼ਵੰਦ ਹਾਂ।" ਅਜਿਹਾ ਫਕੀਰਾਨਾ ਉਤਰ ਸੁਣਕੇ ਸੁਲਤਾਨ ਦੇ ਦਿਲ ਵਿਚ ਹੋਰ ਸਤਿਕਾਰ ਵਧ ਗਿਆ ਤੇ ਉਨ੍ਹਾਂ ਨੂੰ ਕੋਠੇਵਾਲ ਰਿਹਾਇਸ਼ ਦੇ ਕੇ ਕਾਜ਼ੀ (ਜੱਜ) ਨਿਯੁਕਤ ਕੀਤਾ।
ਕਾਜ਼ੀ ਦੇ ਤਿੰਨ ਬੇਟੇ ਸਨ। ਵੱਡਾ ਇਜ਼ੁੱਦੀਨ ਮਹਿਮੂਦ ਸੀ, ਵਿਚਕਾਰਲਾ ਜਮਾਲੁੱਦੀਨ ਸੁਲੇਮਾਨ ਤੇ ਛੋਟਾ ਨਜੀਬੁੱਦੀਨ ਮੁਹੰਮਦ ਸੀ। ਬਾਬਾ ਫਰੀਦ ਵਿਚਕਾਰਲੇ ਜਮਾਲੁੱਦੀਨ ਦਾ ਬੇਟਾ ਸੀ। ਮਾਂ ਦਾ ਨਾਮ ਬੀਬੀ ਕਰਸੁਮ ਸੀ। ਦਾਦਾ ਸ਼ੁਏਬ ਕਾਬਲ ਦੇ ਬਾਦਸ਼ਾਹ ਫਰੁੱਖ ਸ਼ਾਹ ਦੇ ਬੜਾ ਕਰੀਬੀ ਸੀ। ਸੁਲਤਾਨ ਸ਼ਹਾਬੁੱਦੀਨ ਗੌਰੀ, ਜਮਾਲੁੱਦੀਨ ਦਾ ਮਾਮਾ ਸੀ। ਦਿੱਲੀ ਦੇ ਸੁਲਤਾਨ ਗੌਰੀ ਦਾ ਸਮਾਂ 1175 ਤੋਂ 1265 ਈਸਵੀ ਤੱਕ ਦਾ ਹੈ।
ਮਾਂ ਕਰਸੁਮ ਬੜੀ ਨੇਕਬਖ਼ਤ ਧਰਮੀ ਬੀਬੀ ਸੀ, ਜੋ ਦਾਨਪੁੰਨ ਕਰਦੀ, ਦੇਰ ਤੱਕ ਨਮਾਜ਼ ਪੜ੍ਹਦੀ ਰਹਿੰਦੀ। ਗੋਦ ਵਿਚ ਫਰੀਦ ਨੂੰ ਬਿਠਾਈ, ਨਮਾਜ਼ ਦੀ ਸਮਾਪਤੀ ਉਪਰੰਤ ਅਰਦਾਸ ਕਰਦੀ, 'ਹੇ ਪਰਵਰਦਗਾਰ, ਅਸੀਂ ਜਿਸਦੇ ਹੱਕਦਾਰ ਨਹੀਂ ਸਾ,ਂ ਉਹ ਸਨਮਾਨ ਤੇ ਇੱਜ਼ਤਾਂ ਪ੍ਰਾਪਤ ਹੋਈਆਂ। ਅਸੀਂ ਤੇਰਾ ਕਰਜ਼ ਨਹੀਂ ਉਤਾਰ ਸਕਦੇ। ਹੇ ਪਿਤਾ, ਫਰੀਦ ਨੂੰ ਏਸ ਕਾਬਲ ਬਣਾ ਕਿ ਇਹ ਤੇਰਾ ਕਰਜ਼ ਬੰਦਗੀ ਰਾਹੀਂ ਉਤਾਰੇ। ਇਸ ਬੀਬੀ ਦੀ ਸਖ਼ਸ਼ੀਅਤ ਨਾਲ ਕਈ ਕਰਾਮਾਤੀ ਸਾਖੀਆਂ ਜੁੜੀਆਂ ਹੋਈਆਂ ਹਨ। ਰਾਤ ਨੂੰ ਚੋਰੀ ਕਰਨ ਚੋਰ ਘਰ ਅੰਦਰ ਦਾਖਲ ਹੋਇਆ ਤਾਂ ਅੰਨ੍ਹਾ ਹੋ ਗਿਆ। ਬਾਹਰ ਜਾਣ ਦਾ ਰਾਹ ਨਾ ਲੱਭੇ। ਬੀਬੀ ਕਰਸੁਮ ਨੇ ਕਿਹਾ, "ਵਾਅਦਾ ਕਰ ਕਿ ਅਗੋਂ ਤੋਂ ਨੇਕ-ਚਲਣੀ ਨਾਲ ਦਿਨ ਬਿਤਾਏਂਗਾ ਤਾਂ ਠੀਕ ਹੋ ਜਾਏਂਗਾ। ਵਾਅਦਾ ਕਰਨ ਤੇ ਚੋਰ ਦੀ ਨਜ਼ਰ ਪਰਤ ਆਈ।
ਦਿੱਲੀ ਜਾਂਦਿਆਂ ਹੋਇਆਂ ਪ੍ਰਸਿਧ ਫਕੀਰ ਸ਼ੇਖ ਜਲਾਲੁੱਦੀਨ ਤਬਰੇਜ਼ੀ ਕੋਠੇਵਾਲ ਵਿਚੋਂ ਦੀ ਲੰਘਿਆ। ਇਹ ਖੁਆਜਾ ਕੁਤੁਬੁੱਦੀਨ ਬਖਤਿਆਰ ਕਾਕੀ ਦਾ ਮਿੱਤਰ ਸੀ। ਉਸਨੇ ਪੁੱਛਿਆ, "ਕੀ ਇਥੇ ਕੋਈ ਪੁੱਜਿਆ ਹੋਇਆ ਦਰਵੇਸ਼ ਵੀ ਹੈ?" ਲੋਕਾਂ ਨੇ ਕਿਹਾ,
"ਨਹੀਂ ਜੀ, ਅਜਿਹਾ ਇਥੇ ਕੋਈ ਨਹੀਂ। ਹਾਂ ਇਕ ਕਾਜ਼ੀ ਬੱਚਾ ਹੈ ਜਿਸਨੂੰ ਲੋਕ ਪਾਗਲ ਆਖਦੇ ਹਨ, ਉਹ ਘਰ ਅਤੇ ਮਸਜਿਦ ਵਿਚ ਹਰ ਵੇਲੇ ਨਮਾਜ਼ ਪੜ੍ਹਦਾ ਰਹਿੰਦਾ ਹੈ।"
ਜਲਾਲੁੱਦੀਨ ਫਰੀਦ ਜੀ ਪਾਸ ਗਏ। ਅਪਣੇ ਚੋਲੇ ਵਿਚੋਂ ਅਨਾਰ ਕੱਢ ਕੇ ਤੋੜਿਆ ਤੇ ਫਰੀਦ ਨੂੰ ਦੇਣਾ ਚਾਹਿਆ। ਫਰੀਦ ਨੇ ਕਿਹਾ, "ਜੀ ਮੈਂ, ਰੋਜ਼ੇ ਰੱਖੇ ਹੋਏ ਹਨ, ਇਸ ਕਰਕੇ ਨਹੀਂ ਖਾ ਸਕਦਾ।" ਫਕੀਰ ਚਲਾ ਗਿਆ। ਜਦੋਂ ਅਨਾਰ ਤੋੜਿਆ ਗਿਆ, ਇਕ ਦਾਣਾ ਤਿੜਕ ਕੇ ਜ਼ਮੀਨ ਉੱਪਰ ਡਿੱਗਾ। ਇਹ ਦਾਣਾ ਚੁੱਕ ਕੇ ਫਰੀਦ ਨੇ ਰੁਮਾਲ ਦੀ ਕੰਨੀ ਵਿਚ ਬੰਨ੍ਹ ਲਿਆ ਤਾਂ ਕਿ ਸ਼ਾਮੀਂ ਰੋਜ਼ਾ ਇਸੇ ਨਾਲ ਖੋਲ੍ਹਿਆ ਜਾਵੇ। ਦਿਨ ਛਿਪਣ ਤੋਂ ਬਾਅਦ ਇਹ ਦਾਣਾ ਮੂੰਹ ਵਿਚ ਪਾਇਆ ਤਾਂ ਵਿਸਮਾਦ ਦੀ ਅਵਸਥਾ ਵਿਚ ਆ ਗਏ। ਪਿਛੋਂ ਦੇਰ ਤੱਕ ਇਸ ਗੱਲ ਦਾ ਪਛਤਾਵਾ ਕਰਦੇ ਰਹੇ ਕਿ ਸਾਰਾ ਅਨਾਰ ਕਿਉਂ ਨਾ ਹਾਸਲ ਕੀਤਾ? ਇਕ ਦਾਣੇ ਵਿਚ ਏਨੀ ਕਰਾਮਾਤ ਹੈ, ਪੂਰੇ ਅਨਾਰ ਨੇ ਕਿੰਨੇ ਜਲਵੇ ਦਿਖਾਉਣੇ ਸਨ, ਕੀ ਪਤਾ? ਕਈ ਸਾਲਾਂ ਬਾਅਦ ਜਦੋਂ ਸਾਈਂ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ, ਤਦ ਇਹ ਪ੍ਰਸ਼ਨ ਉਨ੍ਹਾਂ ਨੂੰ ਪੁੱਛਿਆ। ਸਾਈਂ ਨੇ ਫੁਰਮਾਇਆ, "ਫਰੀਦੁੱਦੀਨ, ਹੁਣ ਤੱਕ ਲੱਖਾਂ ਰੁੱਤਾਂ ਆਈਆਂ ਤੇ ਗਈਆਂ। ਇਨ੍ਹਾਂ ਵਿਚੋਂ ਕੋਈਕੋਈ ਰੁੱਤ ਕਰਮਾਂ ਵਾਲੀ ਹੁੰਦੀ ਹੈ। ਹਰੇਕ ਰੁੱਤ ਵਿਚ ਲੱਖਾਂ ਅਨਾਰ ਪਕਦੇ ਹਨ ਪਰ ਕੋਈ-ਕੋਈ ਅਨਾਰ ਕਰਮਾਂ ਵਾਲਾ ਹੁੰਦਾ ਹੈ। ਇਕ ਅਨਾਰ ਵਿਚ ਕਿੰਨੇ ਦਾਣੇ ਹੁੰਦੇ ਹਨ, ਸਾਰੇ ਨਹੀਂ, ਕੋਈ ਦਾਣਾ ਹੁੰਦਾ ਹੈ ਅਜਿਹਾ, ਜਿਹੜਾ ਭਾਗਾਂ ਵਾਲਾ ਹੈ ਤੇ ਉਹ ਤੇਰੇ ਹਿੱਸੇ ਆਇਆ ਕਿਉਂਕਿ ਤੂੰ ਕਰਮਾਂ ਵਾਲਾ ਹੈਂ। ਬਾਕੀ ਦੇ ਅਨਾਰ ਵਿਚ ਕੁਝ ਨਹੀਂ ਸੀ ਤੇ ਜਿਸ ਦਾਣੇ ਉਪਰ ਤੇਰਾ ਹੱਕ ਸੀ, ਤੇਰੇ ਵਾਸਤੇ ਬਣਿਆ ਸੀ, ਉਹ ਚਲ ਕੇ ਆਪ ਤੇਰੇ ਕੋਲ ਪੁੱਜਾ, ਕਿਸੇ ਹੋਰ ਨੂੰ ਉਹ ਹਾਸਲ ਨਹੀਂ ਹੋਇਆ।
ਬੰਦਗੀ ਕਾਰਨ ਚੜ੍ਹਦੀ ਜੁਆਨੀ ਵਿਚ ਹੀ ਉਨ੍ਹਾਂ ਦੀ ਸ਼ੁਹਰਤ ਦੂਰ-ਦੂਰ ਤੱਕ ਫੈਲਣ ਲੱਗੀ। ਨਾ ਕਿਸੇ ਨੂੰ ਮਿਲਦੇ ਸਨ, ਨਾ ਕੋਠੀਵਾਲ ਵਿਚੋਂਂ ਬਾਹਰ ਜਾਂਦੇ ਸਨ, ਤਦ ਵੀ ਮੁਲਤਾਨ ਦੇ ਸੁਹਰਾਵਰਦੀ ਸਿਲਸਿਲੇ ਦੇ ਫਕੀਰ ਸ਼ੇਖ ਬਹਾਵੁਦੀਨ ਜ਼ਕਰੀਆ ਨੇ ਸੁਨੇਹਾ ਭੇਜਿਆ, "ਮੈਂ ਆਪਦੇ ਦਰਸ਼ਨਾਂ ਦਾ ਅਭਿਲਾਸ਼ੀ ਹਾਂ।" ਸਾਈਂ ਬਖਤਿਆਰ ਕਾਕੀ ਇਧਰ ਦੀ ਲੰਘੇ ਤਾਂ ਆਪ ਨੇ ਚਰਨ ਛੁਹ ਕੇ ਬੇਨਤੀ ਕੀਤੀ, "ਮੈਂ ਤੁਹਾਡੇ ਸਿਲਸਿਲੇ ਵਿਚ ਸ਼ਾਮਲ ਹੋਣ ਦਾ ਇੱਛੁਕ ਹਾਂ।" ਸਾਈਂ ਨੇ ਫੁਰਮਾਇਆ, "ਪਹਿਲਾਂ ਵਿਦਿਆ ਹਾਸਲ ਕਰੋ। ਜਾਹਲ ਫਕੀਰ ਸਰਕਸ ਦਾ ਮਖੌਲੀਆ ਹੋਇਆ ਕਰਦਾ ਹੈ।" ਅਠਾਰਾਂ ਸਾਲ ਦੀ ਉਮਰ ਵਿਚ ਸਕੂਲ ਦੀ ਵਿਦਿਆ ਮੁਕਾ ਕੇ ਮੁਲਤਾਨ ਸਾਈਂ ਬਖਤਿਆਰ ਕਾਕੀ ਦੇ ਚਰਨਾਂ ਵਿਚ ਹਾਜ਼ਰ ਹੋ ਗਏ। ਬਖਤਿਆਰ ਨੇ ਇਥੋਂ ਜਦੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਤਾਂ ਫਰੀਦ ਨੂੰ ਨਾਲ ਲੈ ਗਏ। ਉਥੇ ਜਾ ਕੇ ਬਾ-ਕਾਇਦਗੀ ਨਾਲ ਬਾਬਾ ਜੀ ਨੂੰ ਚਿਸ਼ਤੀ ਸਿਲਸਿਲੇ ਵਿਚ ਸ਼ਾਮਲ ਕੀਤਾ। ਪੰਜ ਸਾਲ ਉਨ੍ਹਾਂ ਦੀ ਨਿਗਰਾਨੀ ਵਿਚ ਵਿਦਿਆ ਪ੍ਰਾਪਤ ਕੀਤੀ। ਇਨ੍ਹਾਂ ਦਿਨਾਂ ਵਿਚ ਬਾਬਾ ਜੀ ਨੇ ਸਖ਼ਤ ਮਿਹਨਤ ਕੀਤੀ। ਬੰਦਗੀ ਵਿਚ ਇੰਨਾ ਲੀਨ ਰਹਿੰਦੇ ਸਨ ਕਿ ਆਪਣੇ ਮੁਰਸ਼ਦ ਦੇ ਦਰਸ਼ਨ ਕਰਨ ਵੀ ਮਹੀਨੇ ਵਿਚ ਇਕ ਦੋ ਵਾਰ ਹੀ ਜਾਂਦੇ।
ਸਾਈਂ ਬਖਤਿਆਰ ਕਾਕੀ ਦੇ ਮੁਰਸ਼ਦ ਖਵਾਜ਼ਾ ਮੁਈਨੁੱਦੀਨ ਚਿਸ਼ਤੀ, ਦਿੱਲੀ ਉਨ੍ਹਾਂ ਪਾਸ ਆਏ ਤਾਂ ਜੁਆਨ ਬਾਬਾ ਫਰੀਦ ਨੂੰ ਦੇਖਣ ਸਾਰ ਕਿਹਾ, "ਇਹ ਬਾਜ਼ ਹੈ ਬਖਤਿਆਰ, ਜਿਸ ਨੇ ਸਵਰਗ ਤੋਂ ਉਰੇ ਕਿਧਰੇ ਆਪਣਾ ਆਲ੍ਹਣਾ ਨਹੀਂ ਬਣਾਉਣਾ। ਇਸ ਨੂੰ ਅਸੀਸ ਦੇਹ।" ਬਖਤਿਆਰ ਨੇ ਕਿਹਾ, "ਤੁਸੀਂ ਵੱਡੇ ਹੋ, ਮੁਰਸ਼ਦ ਹੋ। ਤੁਹਾਡੀ ਹਾਜ਼ਰੀ ਵਿਚ ਮੈਂ ਅਸੀਸ ਕਿਵੇਂ ਦੇ ਸਕਦਾ ਹਾਂ?" ਤਦ ਦੋਵਾਂ ਨੇ ਰਲ ਕੇ ਅਸੀਸਾਂ ਦਿੱਤੀਆਂ। ਚਿਸ਼ਤੀ ਸਿਲਸਿਲੇ ਵਿਚ ਇਹ ਕਰਾਮਾਤ ਪਹਿਲੀ ਵਾਰ ਹੋਈ ਕਿ ਇਕ ਮੁਰੀਦ ਨੂੰ ਮੁਰਸ਼ਦ ਅਤੇ ਮੁਰਸ਼ਦ ਦੇ ਮੁਰਸ਼ਦ ਤੋਂ ਇਕੱਠਿਆਂ ਵਰਦਾਨ ਮਿਲੇ ਹੋਣ।
ਸਾਲ ਬਾਅਦ ਖਵਾਜਾ ਫਿਰ ਬਖਤਿਆਰ ਪਾਸ ਆਏ। ਬਖਤਿਆਰ ਦੇ ਸਾਰੇ ਮੁਰੀਦਾਂ ਨੂੰ ਵਾਰੋ-ਵਾਰੀ ਅਸੀਸਾਂ ਦਿੱਤੀਆਂ। ਫਿਰ ਪੁੱਛਿਆ, "ਕੋਈ ਹੋਰ ਵੀ ਸ਼ਾਗਿਰਦ ਹੈ?" ਬਖਤਿਆਰ ਨੇ ਕਿਹਾ, "ਹਾਂ ਜੀ, ਇਕ ਹੈ, ਫਰੀਦ। ਉਹ ਚਲੀਹਾ ਕੱਟ ਰਿਹਾ ਹੈ।" ਮੁਈਨੁੱਦੀਨ ਨੇ ਕਿਹਾ, "ਚਲੋ ਦੇਖਦੇ ਹਾਂ।"
ਖਾਨਗਾਹ ਦਾ ਦਰਵਾਜਾ ਖੋਲ੍ਹਿਆ। ਫਰੀਦ ਸੰਜਮ ਨਾਲ ਖਾਣਪੀਣ ਅਤੇ ਨਿਰੰਤਰ ਬੰਦਗੀ ਕਰਦਾ-ਕਰਦਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉਠ ਕੇ ਸੁਆਗਤ ਕਰਨ ਲੱਗਾ ਤਾਂ ਉਠਿਆ ਨਾ ਗਿਆ। ਬੈਠਿਆਂ- ਬੈਠਿਆਂ ਮੱਥਾ ਧਰਤੀ 'ਤੇ ਟਿਕਾ ਦਿੱਤਾ, ਹੰਝੂਆਂ ਦੀ ਬਰਸਾਤ ਹੋਣ ਲੱਗੀ। ਮੁਈਨੁੱਦੀਨ ਨੇ ਕਿਹਾ,
"ਹੋਰ ਕਿੰਨਾ ਚਿਰ ਏਸ ਗਰੀਬ ਨੂੰ ਭੱਠੀ ਵਿਚ ਬਾਲਣਾ ਹੈ? ਹੁਣ ਬਖਸ਼ਿਸ਼ਾਂ ਕਰੋ ਬਖਤਿਆਰ।"
ਬਾਬਾ ਫਰੀਦ ਜੀ ਦੀਆਂ ਸਾਖੀਆਂ ਸਾਡੇ ਪਾਸ ਸ਼ੇਖ ਨਿਜ਼ਾਮੁੱਦੀਨ ਰਾਹੀਂ ਪ੍ਰਗਟ ਹੋਈਆਂ ਹਨ। ਇਨ੍ਹਾਂ ਸਾਖੀਆਂ ਵਿਚੋਂ ਸਦਾਚਾਰ, ਹਲੀਮੀ, ਮਿਠਾਸ, ਸਬਰ-ਸ਼ੁਕਰ ਅਤੇ ਕਰਾਮਾਤੀ ਅੰਸ਼ ਮਿਲਦੇ ਹਨ। ਕੁਝ ਪਾਠਕ ਕਰਾਮਾਤ ਲਫਜ਼ ਪੜ੍ਹਦਿਆਂ ਤ੍ਰਬਕ ਉਠਦੇ ਹਨ ਜਦੋਂ ਕਿ ਮੇਰੀ ਵਿਦਿਆ ਅਤੇ ਨਿਸ਼ਚਾ ਇਹ ਦਸਦਾ ਹੈ ਕਿ ਸੰਸਾਰ ਵਿਚ ਕਰਾਮਾਤਾਂ ਤੋਂ ਬਗੈਰ ਹੋਰ ਕੁਝ ਹੈ ਈ ਨਹੀਂ।
ਇਕ ਮੁਰੀਦ ਆਪ ਦੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਕਹਿਣ ਲੱਗਾ, "ਜੀ, ਮੇਰਾ ਪਰਿਵਾਰ ਵੱਡਾ ਹੈ। ਪੰਜ ਧੀਆਂ ਹਨ। ਗਰੀਬੀ ਹੈ। ਕੁਝ ਦਇਆ ਕਰੋ। ਮੇਰੀ ਇਕ ਧੀ ਅੰਨ੍ਹੀ ਹੈ।" ਬਾਬਾ ਜੀ ਨੇ ਕਿਹਾ, "ਜਾਉ, ਸਬਰ ਕਰੋ।" ਉਹ ਬੋਲਿਆ, "ਤੁਹਾਡੀ ਇਕ ਸ਼ਾਹਜ਼ਾਦੀ ਅੰਨ੍ਹੀ ਹੁੰਦੀ, ਫੇਰ ਤੁਹਾਨੂੰ ਪਤਾ ਲਗਦਾ ਕਿ ਇਹ ਦੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਸੇ ਨੂੰ ਮੇਰੀ ਬਾਂਹ ਫੜਾਓ।" ਇਹ ਗੱਲਾਂ ਹੋ ਰਹੀਆਂ ਸਨ ਕਿ ਸੁਲਤਾਨ ਅਲਾਉਦੀਨ ਖਿਲਜੀ ਦੀ ਸੈਨਾ ਦੇ ਵਜ਼ੀਰ ਜ਼ਫਰ ਖਾਨ ਦਾ ਪੋਤਰਾ ਦਰਬਾਰ ਵਿਚ ਮੱਥਾ ਟੇਕਣ ਆਇਆ। ਬਾਬਾ ਜੀ ਨੇ ਇਸ ਦੁਖੀ ਮੁਰੀਦ ਦੀ ਗੱਲ ਕੀਤੀ, ਉਸਨੇ ਕਿਹਾ, "ਜੀ ਮੇਰਾ ਘਰ ਹਾਜ਼ਰ ਹੈ। ਮੈਂ ਇਸ ਪਰਿਵਾਰ ਦੀ ਖਿਦਮਤ ਕਰਾਂਗਾ।" ਮੌਲਾਨਾ ਦੇ ਦਿਨ ਸੁੱਖ ਨਾਲ ਬੀਤਣ ਲੱਗੇ।
ਹਾਂਸੀ ਤੋਂ ਸਾਈਂ ਬਖਤਿਆਰ ਕਾਕੀ ਨੇ ਆਪਣੀਆਂ ਨਿਸ਼ਾਨੀਆਂ ਦਿੱਲੀ ਬਾਬਾ ਫਰੀਦ ਪਾਸ ਭੇਜਣ ਦਾ ਹੁਕਮ ਦਿੱਤਾ ਯਾਨੀ ਕਿ ਆਪਣੇ ਉਤਰ-ਅਧਿਕਾਰੀ ਥਾਪ ਦਿੱਤੇ। ਲੋਕ ਵੱਡੀ ਗਿਣਤੀ ਵਿਚ ਦਰਸ਼ਨਾਂ ਲਈ ਆਉਣ ਲੱਗ ਪਏ। ਬੰਦਗੀ ਵਿਚ ਵਿਘਨ ਪੈਣ ਲੱਗਾ ਤਾਂ ਫ਼ੈਸਲਾ ਕੀਤਾ ਕਿ ਦਿੱਲੀ ਸਾਡੇ ਲਈ ਠੀਕ ਨਹੀਂ। ਹਾਂਸੀ ਚਲਦੇ ਹਾਂ। ਹਾਂਸੀ ਜਾ ਕੇ ਵੀ ਉਹੀ ਹਾਲ ਹੋਇਆ। ਲੋਕ ਹਟਦੇ ਹੀ ਨਹੀਂ ਸਨ। ਪਤਾ ਲੱਗਾ ਕਿ ਅਜੋਧਨ (ਪਾਕਿਸਤਾਨ) ਦੇ ਲੋਕ ਗੁਸਤਾਖ, ਰੁੱਖੇ ਤੇ ਨਾਸਤਕ ਹਨ, ਫਕੀਰਾਂ ਦੀ ਭੋਰਾ ਇੱਜ਼ਤ ਨਹੀਂ ਕਰਦੇ। ਫੈਸਲਾ ਹੋਇਆ ਕਿ ਅਜੋਧਨ ਚੱਲਿਆ ਜਾਵੇ। ਉਥੇ ਜਾ ਕੇ ਚੈਨ ਮਿਲਿਆ, ਕਹਿਣ ਲੱਗੇ, "ਇਹ ਫਕੀਰਾਂ ਦੀ ਸਹੀ ਥਾਂ ਹੈ।" ਇਥੇ ਇਕ ਵੱਡੇ ਕਰੀਰ ਹੇਠ ਆਸਣ ਜਮਾ ਲਿਆ ਤੇ ਬੰਦਗੀ ਕਰਨ ਲੱਗੇ। ਕਈ ਵਾਰ ਸੁਨੇਹਾ ਮਿਲਦਾ, "ਜੀ ਆਪ ਦੀ ਪਤਨੀ ਨੇ ਤਿੰਨ ਦਿਨ ਤੋਂ ਕੁਝ ਨਹੀਂ ਖਾਧਾ, ਜੀ ਆਪ ਦੇ ਫਲਾਣੇ ਸਾਹਿਬਜ਼ਾਦੇ ਨੂੰ ਦੋ ਦਿਨਾਂ ਤੋਂ ਖਾਣ ਲਈ ਕੁਝ ਨਸੀਬ ਨਹੀਂ ਹੋਇਆ। ਆਪ ਅਡੋਲ ਬੰਦਗੀ ਵਿਚ ਲੀਨ ਰਹਿੰਦੇ। ਇਨ੍ਹਾਂ ਸੁਨੇਹਿਆਂ ਨਾਲ ਕੋਈ ਫਰਕ ਨਾ ਪੈਂਦਾ। ਰੱਬ ਨੇ ਬਰਕਤਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਰਮਜ਼ਾਨ ਦੇ ਦਿਨੀਂ ਇਕ ਕਲੰਦਰ ਬਾਬਾ ਜੀ ਦੇ ਦਰਸ਼ਨ ਕਰਨ ਖਾਨਗਾਹ ਵਿਚ ਪੁੱਜਾ। ਬਾਬਾ ਜੀ ਬੰਦਗੀ ਵਿਚ ਲੀਨ ਸਨ। ਦਰਵਾਜ਼ਾ ਅੰਦਰੋਂ ਬੰਦ ਸੀ ਤੇ ਹੁਕਮ ਸੀ ਕਿ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਦਰਵਾਜ਼ੇ ਤੇ ਦਸਤਕ ਨਹੀਂ ਦੇਣੀ। ਝੌਪੜੀ ਦੇ ਬਾਹਰ ਚਟਾਈ (ਮੁਸੱਲਾ) ਵਿਛੀ ਪਈ ਸੀ, ਜਿਸ ਉਤੇ ਬੈਠ ਕੇ ਬਾਬਾ ਜੀ ਬੰਦਗੀ ਕਰਿਆ ਕਰਦੇ ਸਨ, ਕਲੰਦਰ ਉਸ ਉਪਰ ਬੈਠ ਗਿਆ। ਬੇਸ਼ਕ ਇਹ ਗੁਸਤਾਖੀ ਸੀ ਪਰ ਉਸ ਵਕਤ ਡਿਊਟੀ ਤੇ ਹਾਜ਼ਰ ਸ਼ੇਖ ਬਦਰੁੱਦੀਨ ਇਸਹਾਕ ਨੇ ਬੇਅਦਬੀ ਦੇ ਡਰੋਂ ਕੁਝ ਨਾ ਕਿਹਾ। ਕਲੰਦਰ ਨੂੰ ਖਾਣਾ ਖੁਆਇਆ। ਫਿਰ ਉਸਨੇ ਚੋਲੇ ਵਿਚੋਂ ਭੰਗ ਕੱਢੀ ਤੇ ਠੂਠੇ ਵਿਚ ਘੋਟਣ ਲੱਗ ਗਿਆ। ਛਿੱਟੇ ਪਾਕਿ ਮੁਸੱਲੇ ਉਪਰ ਡਿੱਗਣ ਲੱਗੇ। ਇਸਹਾਕ ਨੇ ਇਸ ਹਰਕਤ ਦਾ ਬੁਰਾ ਮਨਾਇਆ ਤਾਂ ਕਲੰਦਰ ਗੁੱਸੇ ਵਿਚ ਆ ਗਿਆ ਤੇ ਉਸਨੂੰ ਮਾਰਨ ਲਈ ਇਹੋ ਠੂਠਾ ਚੁੱਕ ਲਿਆ। ਬਾਬਾ ਜੀ ਕੋਠੜੀ ਵਿਚੋਂ ਬਾਹਰ ਆਏ, ਕਲੰਦਰ ਦਾ ਹੱਥ ਫੜਕੇ ਕਹਿਣ ਲੱਗੇ, "ਮੇਰੀ ਅਰਜ਼ ਮੰਨ ਕੇ ਬਖ਼ਸ਼ ਦੇਹ।" ਕਲੰਦਰ ਨੇ ਕਿਹਾ, "ਦਰਵੇਸ਼ ਹੱਥ ਚੁੱਕਿਆ ਤਾਂ ਨਹੀਂ ਕਰਦੇ ਪਰ ਚੁੱਕ ਲੈਣ ਤਾਂ ਵਾਰ ਕਰਨਾ ਲਾਜ਼ਮੀ ਹੈ।" ਬਾਬਾ ਜੀ ਨੇ ਕਿਹਾ, "ਕੰਧ 'ਤੇ ਮਾਰ।" ਕਲੰਦਰ ਨੇ ਕੰਧ 'ਤੇ ਠੂਠਾ ਮਾਰਿਆ ਤਾਂ ਕੰਧ ਢਹਿ- ਢੇਰੀ ਹੋ ਗਈ।
ਜਿਸ ਉਪਰ ਵਧੀਕ ਮਿਹਰਬਾਨ ਹੁੰਦੇ, ਬਾਬਾ ਫਰੀਦ ਉਸਨੂੰ ਅਸੀਸ ਦਿਆ ਕਰਦੇ, "ਰੱਬ ਤੇਰੇ ਦਿਲ ਵਿਚ ਦਰਦ ਪੈਦਾ ਕਰੇ।" ਆਏ ਮੁਰੀਦਾਂ ਦੀਆਂ ਤਕਲੀਫਾਂ, ਦੁੱਖ ਸੁਣਦਿਆਂ ਉਨ੍ਹਾਂ ਦੀਆਂ ਅੱਖਾਂ ਭਿੱਜੀਆਂ ਰਹਿੰਦੀਆਂ, ਕਿਹਾ ਕਰਦੇ, "ਅੱਲਾਹ ਦਾ ਨਾਮ ਲਵੋ, ਬੰਦਗੀ ਕਰੋ, ਭਰੋਸਾ ਰੱਖੋ, ਮਾਲਕ ਮਦਦਗਾਰ ਹੈ।" ਉਨ੍ਹਾਂ ਦਾ ਪਿਆਰਾ ਮੁਰੀਦ ਮੁਹੰਮਦ ਸ਼ਾਹ ਆਇਆ। ਬਾਬਾ ਜੀ ਨੇ ਪੁੱਛਿਆ, "ਏਨਾ ਉਦਾਸ, ਏਨਾ ਦੁਖੀ ਕਿਉਂ ਹੈਂ ?" ਮੁਹੰਮਦ ਨੇ ਕਿਹਾ, "ਜਦੋਂ ਮੈਂ ਪਰਿਵਾਰ ਛੱਡ ਕੇ ਆਪ ਪਾਸ ਆਇਆ, ਘਰ ਮੇਰਾ ਬਿਮਾਰ ਭਰਾ, ਮਰਨ ਕਿਨਾਰੇ ਸੀ। ਹੁਣ ਤੱਕ ਉਹ ਜਹਾਨ ਵਿਚੋਂ ਜਾ ਚੁੱਕਾ ਹੋਵੇਗਾ, ਯਕੀਨਨ।" ਬਾਬਾ ਜੀ ਨੇ ਫੁਰਮਾਇਆ, "ਜਿਹੜੀ ਤੇਰੀ ਇਸ ਵਕਤ ਹੈ, ਮੇਰੀ ਸਾਰੀ ਉਮਰ ਇਹੋ ਹਾਲਤ ਰਹੀ, ਬਸ ਮੈਂ ਕਿਸੇ ਨੂੰ ਦੱਸੀ ਨਹੀਂ ਇਹ ਗੱਲ ਕਦੀ।"
ਅਜੋਧਨ ਵਿਚ ਦੋ ਭਰਾ ਮੁਨਸ਼ੀ ਸਨ। ਇਕ ਦੇ ਮਨ ਵਿਚ ਅਜਿਹਾ ਵੈਰਾਗ ਪੈਦਾ ਹੋਇਆ ਕਿ ਨੌਕਰੀ ਛੱਡ ਕੇ ਬਾਬਾ ਜੀ ਦਾ ਮੁਰੀਦ ਹੋ ਗਿਆ। ਘਰ-ਬਾਰ, ਪਰਿਵਾਰ, ਜਾਇਦਾਦ ਆਪਣੇ ਭਰਾ ਦੇ ਸਪੁਰਦ ਕਰ ਦਿੱਤੇ। ਭਾਣਾ ਵਾਪਰਿਆ, ਦੁਨੀਆਂਦਾਰ ਭਰਾ ਬਿਮਾਰ ਹੋ ਗਿਆ, ਤਕਲੀਫ ਏਨੀ ਕਿ ਬਚਣ ਦੀ ਕੋਈ ਉਮੀਦ ਨਾ ਰਹੀ। ਫਕੀਰ ਭਰਾ ਦੌੜਦਾ ਹੋਇਆ ਬਾਬਾ ਫਰੀਦ ਦੇ ਦਰਬਾਰ ਵਿਚ ਆ ਹਾਜ਼ਰ ਹੋਇਆ। ਆ ਕੇ ਵਿਰਲਾਪ ਕਰਨ ਲੱਗਾ ਕਿ ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਤਾਂ ਮੈਂ ਕਾਸੇ ਜੋਗਾ ਨਹੀਂ ਰਹਾਂਗਾ। ਬਾਬਾ ਜੀ ਨੇ ਨੇੜੇ ਬੁਲਾਇਆ ਤੇ ਕਿਹਾ, "ਤੇਰਾ ਭਰਾ ਠੀਕ ਹੈ। ਜਾਹ।" ਘਰ ਜਾ ਕੇ ਉਸਨੇ ਦੇਖਿਆ ਕਿ ਭਰਾ ਠੀਕ ਹੋ ਗਿਆ ਹੈ। ਸ਼ੁਕਰਾਨਾ ਕਰਨ ਦੁਬਾਰਾ ਬਾਬਾ ਜੀ ਦੀ ਖਾਨਗਾਹ 'ਤੇ ਗਿਆ। ਬਾਬਾ ਜੀ ਨੇ ਫੁਰਮਾਇਆ, "ਭਰੋਸਾ ਰੱਖਿਆ ਕਰੋ। ਦੁੱਖ-ਤਕਲੀਫਾਂ ਆ ਵੀ ਜਾਣ ਤਾਂ ਕੁਰਲਾਈਦਾ ਨਹੀਂ ਹੁੰਦਾ। ਕੀ ਸਾਡੇ ਉਪਰ ਕਦੀ ਕੋਈ ਬਿਪਤਾ ਨਹੀਂ ਆਈ? ਅਸੀਂ ਹਉਕਾ ਤੱਕ ਨਹੀਂ ਲੈਂਦੇ। ਸਬਰ ਤੇ ਸ਼ੁਕਰ ਕਰਨ ਦੀ ਆਦਤ ਪਾਉ। ਖੁਸ਼ੀ ਦੇ ਮੌਕੇ ਕਿਉਂ, ਦੁੱਖ ਦੇ ਮੌਕੇ 'ਤੇ ਵੀ ਸ਼ੁਕਰਾਨਾ ਕਰੀਦਾ ਹੈ। ਉਹ ਜੋ ਵੀ ਭੇਜੇ, ਉਸਦਾ ਸੁਆਗਤ ਕਰੋ।"
ਸ਼ੇਖ ਫਰੀਦ ਦੇ ਮੁਰੀਦ ਰਾਤੀਂ ਸੁੱਤੇ ਪਏ ਸਨ। ਬਾਬਾ ਜੀ ਸਿਮਰਨ ਕਰਦੇ ਟਹਿਲ ਰਹੇ ਸਨ, ਨੀਂਦ ਅਜੇ ਦੂਰ ਸੀ। ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਨਿਜ਼ਾਮੁੱਦੀਨ ਸੀ, ਜਿਸਨੂੰ ਬੜਾ ਲਾਡ ਕਰਦੇ ਸਨ। ਇਸ ਲਾਡ ਸਦਕਾ ਉਹ ਕਈ ਵਾਰ ਗੁਸਤਾਖ ਵੀ ਹੋ ਜਾਂਦਾ ਸੀ ਪਰ ਬਾਬਾ ਜੀ ਨਜ਼ਰ- ਅੰਦਾਜ਼ ਕਰ ਦਿੰਦੇ। ਤਕਰੀਬਨ ਅੱਧੀ ਰਾਤ ਦਾ ਵਕਤ ਸੀ, ਬਾਬਾ ਜੀ ਅਪਣੇ ਬੇਟੇ ਦੇ ਨਜ਼ਦੀਕ ਗਏ ਤੇ ਵਾਜ ਮਾਰੀ, "ਨਿਜ਼ਾਮ।" ਨਿਜ਼ਾਮ ਸੁੱਤਾ ਰਿਹਾ, ਪਰ ਸ਼ੇਖ ਨਿਜ਼ਾਮੁੱਦੀਨ ਤੁਰੰਤ ਖੜੇ ਹੋ ਗਏ ਤੇ ਨਿਮਰਤਾ ਨਾਲ ਝੁਕ ਕੇ ਕਿਹਾ, "ਹੁਕਮ ਹਜ਼ੂਰ।" ਬਾਬਾ ਜੀ ਨੇ ਕਿਹਾ, "ਨਹੀਂ ਭਾਈ, ਤੁਹਾਨੂੰ ਨਹੀਂ, ਮੈਂ ਇਸ ਨਿਜ਼ਾਮ ਨੂੰ ਵਾਜ ਮਾਰੀ ਸੀ।" ਫਿਰ ਟਹਿਲਦੇ ਰਹੇ। ਅੱਧੇ ਪਹਿਰ ਬਾਦ ਫੇਰ ਵਾਜ ਮਾਰੀ, "ਨਿਜ਼ਾਮੁੱਦੀਨ।" ਇਸ ਵਾਰ ਵੀ ਉਨ੍ਹਾਂ ਦਾ ਬੇਟਾ ਸੁੱਤਾ ਰਿਹਾ ਤੇ ਸ਼ੇਖ ਨਿਜ਼ਾਮੁੱਦੀਨ ਖਲੋ ਗਿਆ, ਅਦਬ ਨਾਲ ਕਿਹਾ, "ਮਾਲਕ, ਕੀ ਆਗਿਆ ਹੈ"? ਬਾਬਾ ਜੀ ਨੇ ਕਿਹਾ, "ਨਹੀਂ ਓ ਭਾਈ। ਤੁਸੀਂ ਆਰਾਮ ਕਰੋ।" ਸ਼ੇਖ ਨਿਜ਼ਾਮੁੱਦੀਨ ਨੇ ਕਿਹਾ, "ਬਾਬਾ ਜੀ, ਕੋਈ ਕੰਮ ਆਖਣਾ ਹੈ ਤੁਸੀਂ, ਨਿਜ਼ਾਮ ਨੂੰ ਕਾਸ ਲਈ ਉਠਾਉਣਾ? ਮੈਨੂੰ ਹੁਕਮ ਕਰੋ, ਮੈਂ ਕਰਦਾ ਹਾਂ।" ਬਾਬਾ ਜੀ ਨੇ ਕਿਹਾ, "ਨਹੀਂ। ਕੋਈ ਕੰਮ ਨਹੀਂ। ਤੁਸੀਂ ਸੌਂ ਜਾਉ।" ਫਿਰ ਟਹਿਲਦੇ ਰਹੇ। ਅੰਮ੍ਰਿਤ ਵੇਲਾ ਹੋ ਗਿਆ, ਆਪਣੇ ਬੇਟੇ ਨਿਜ਼ਾਮ ਦੇ ਨਜ਼ਦੀਕ ਗਏ ਤੇ ਕਿਹਾ, "ਨਿਜ਼ਾਮੁੱਦੀਨ।" ਉਹ ਸੁੱਤਾ ਨਾ ਜਾਗਿਆ, ਹਜ਼ਰਤ ਨਿਜ਼ਾਮੁੱਦੀਨ ਨੇ ਹੱਥ ਜੋੜ ਕੇ ਕਿਹਾ, "ਹੁਕਮ ਮਾਲਕ।" ਬਾਬਾ ਜੀ ਮੁਸਕਰਾਏ ਤੇ ਫੁਰਮਾਇਆ, "ਜਿਸ ਨੂੰ ਕੁਝ ਦੇਣ ਦਾ ਮਨ ਸੀ, ਉਹ ਲੈਣ ਦਾ ਇਛੁੱਕ ਨਹੀਂ, ਇਕ ਤੂੰ ਹੈਂ, ਜੋ ਖੋਹ ਰਿਹਾ ਹੈਂ ਜਬਰਨ। ਠੀਕ ਐ ਫਿਰ। ਪਰਵਰਦਗਾਰ ਨੂੰ ਜੇ ਇਵੇਂ ਮਨਜ਼ੂਰ ਹੈ ਤਾਂ ਇਹੋ ਸਹੀ।" ਇਹ ਆਖਕੇ ਸ਼ੇਖ ਨਿਜ਼ਾਮੁੱਦੀਨ ਦੇ ਸਿਰ 'ਤੇ ਹੱਥ ਰੱਖਿਆ। ਬਖਸ਼ਿਸ਼ਾਂ ਦੀ ਬਰਸਾਤ ਹੋਈ।
ਇਕ ਹੋਰ ਦਿਨ ਇਸ ਤਰ੍ਹਾਂ ਵੀ ਹੋਇਆ। ਬਦਰੁੱਦੀਨ ਇਸਹਾਕ ਬਾਬਾ ਜੀ ਦਾ ਨਿੱਜੀ ਟਹਿਲੀਆ (ਗੜਵਈ), ਕਿਤੇ ਦੂਸਰੇ ਪਿੰਡ ਗਿਆ ਹੋਇਆ ਸੀ। ਉਸਦੀ ਥਾਂ ਸ਼ੇਖ ਨਿਜ਼ਾਮੁੱਦੀਨ ਨੇ ਡਿਊਟੀ ਸੰਭਾਲ ਲਈ। ਇਸਹਾਕ ਦੱਸ ਗਿਆ ਸੀ ਕਿ ਦਰਵਾਜ਼ੇ ਦੇ ਬਾਹਰ ਬੈਠੀਦਾ ਹੈ। ਬਾਬਾ ਜੀ ਆਵਾਜ਼ ਮਾਰਨ ਤਾਂ ਹਾਜ਼ਰ ਹੋ ਜਾਉ। ਕੋਈ ਮਿਲਣ ਆਵੇ ਤਾਂ ਬੈਠਣ ਲਈ ਕਹੋ। ਅੰਦਰ ਝਾਤ ਮਾਰਦੇ ਰਹੋ, ਜੇ ਬਾਬਾ ਜੀ ਟਹਿਲਣ ਲਗ ਜਾਣ ਤਾਂ ਅੰਦਰ ਖਬਰ ਦੇ ਦਿਉ ਕਿ ਫਲਾਣਾ ਮਿਲਣ ਆਇਆ ਹੈ, ਸ਼ੇਖ ਨਿਜ਼ਾਮੁੱਦੀਨ ਪਹਿਰੇ 'ਤੇ ਬੈਠਾ ਸੀ ਕਿ ਅੰਦਰੋਂ ਬਾਬਾ ਜੀ ਦੇ ਗੁਣ- ਗੁਣਾਉਣ ਦੀ ਆਵਾਜ਼ ਸੁਣੀ। ਝਾਤ ਮਾਰੀ, ਬਾਬਾ ਜੀ ਬਹੁਤ ਪ੍ਰਸੰਨ ਵਿਸਮਾਦਿਕ ਅਵਸਥਾ ਵਿਚ ਗੁਣਗੁਣਾ ਰਹੇ ਸਨ;
'ਮਕਸੂਦਿ ਮਨ ਬੰਦਾਇ ਜ਼ਿ ਕਨੀਨ ਤੁਈ।
ਅਜ਼ ਬਹਰ ਤੂ ਮੀਰਮ ਅਜ਼ ਬਰਾਇ ਤੂ ਜ਼ੀਅਮ।'
(ਤੇਰੀ ਤਾਂਘ ਵਿਚ ਤੇਰੇ ਕਦਮਾਂ ਦੀ ਧੂੜ ਬਣ ਕੇ ਜੀਆਂ।
ਦੋਵਾਂ ਜਹਾਨਾ ਵਿਚ ਤੇਰੀ ਲੋੜ ਹੈ ਮੈਨੂੰ, ਤੇਰੇ ਲਈ ਮਰਾਂ, ਤੇਰੇ ਲਈ ਜੀਆਂ।)
ਨਿਜ਼ਾਮੁੱਦੀਨ ਨੇ ਸੋਚਿਆ, "ਹੁਣ ਅੰਦਰ ਜਾਣ ਦਾ ਵੇਲਾ ਹੈ, ਹੁਣ ਰਹਿਮਤਾਂ ਦੇ ਦਰ ਖੁੱਲਣਗੇ।" ਫਿਰ ਸੋਚਣ ਲੱਗਾ, "ਕਿਤੇ ਨਾਰਾਜ਼ ਨਾ ਹੋ ਜਾਣ। ਜਾਵਾਂ ਤਾਂ ਕੀ ਪਤਾ ਬਰਕਤਾਂ ਝੋਲੀ ਵਿਚ ਪੈ ਜਾਣ, ਪਰ ਜੇ ਗੁਸਤਾਖੀ ਸਮਝ ਲਈ ਤਾਂ ਖਿਮਾਂ ਮੰਗ ਲਵਾਂਗਾ, ਮਿਹਰਬਾਨ ਤਾਂ ਉਹ ਹਨ ਹੀ, ਬਖਸ਼ ਦੇਣਗੇ।" ਸਹਿਜੇ ਸਹਿਜੇ ਉਨ੍ਹਾਂ ਦੇ ਨਜ਼ਦੀਕ ਚਲਾ ਗਿਆ। ਬਾਬਾ ਫਰੀਦ ਪੱਛਮ ਵਲ, ਕਾਅਬੇ ਵਲ ਮੂੰਹ ਕਰਕੇ ਉਪਰਲੇ ਸ਼ਿਅਰ ਗੁਣ-ਗੁਣਾ ਰਹੇ ਸਨ। ਬਾਬਾ ਜੀ ਦੀ ਨਜ਼ਰ ਨਿਜ਼ਾਮੁੱਦੀਨ ਉਤੇ ਪਈ ਤਾਂ ਫੁਰਮਾਇਆ, "ਵੇਲੇ ਸਿਰ ਆਇਐਂ। ਜੋ ਤੇਰੇ ਦਿਲ ਵਿਚ ਹੈ, ਮੰਗ ਲੈ।" ਨਿਜ਼ਾਮੁੱਦੀਨ ਨੇ ਕਿਹਾ, "ਮਿਹਰਬਾਨ ਹੋਏ ਹੋ ਬਾਬਾ ਜੀ, ਤਾਕਤ ਦਿਉ ਕਿ ਮੈਂ ਦੀਨ ਦੇ ਰਸਤੇ ਤੋਂ ਕਦੀ ਭਟਕਾਂ ਨਾ।" ਬਾਬਾ ਜੀ ਨੇ ਅਸੀਸ ਦਿੱਤੀ, "ਇਹੋ ਹੋਏਗਾ ਨਿਜ਼ਾਮੁੱਦੀਨ। ਇਹੋ ਹੋਇਗਾ। ਧਰੂ ਤਾਰੇ ਵਾਂਗ ਤੂੰ ਅਡੋਲ ਰਹੇਂਗਾ।" ਇਸ ਘਟਨਾ ਬਾਬਤ ਦਸਦਿਆਂ ਪਿਛੋਂ ਹਜ਼ਰਤ ਨਿਜ਼ਾਮੁੱਦੀਨ ਆਪਣੇ ਮੁਰੀਦਾਂ ਨੂੰ ਕਿਹਾ ਕਰਦੇ ਸਨ, "ਕਈ ਵਾਰ ਮੇਰੇ ਮਨ ਵਿਚ ਖਿਆਲ ਆਇਆ ਕਰਦਾ ਹੈ ਕਿ ਉਸ ਸਮੇਂ ਮੈਂ ਬਾਬਾ ਜੀ ਅੱਗੇ ਇਹ ਅਰਜ਼ ਕਿਉਂ ਨਾ ਕੀਤੀ ਕਿ ਮੇਰੇ ਆਖਰੀ ਸਾਹ ਕੀਰਤਨ ਕਰਦਿਆਂ-ਕਰਦਿਆਂ ਚਲੇ ਜਾਣ। ਪਰ ਜੋ ਵੱਡੀ ਅਦਾਲਤ ਨੇ ਕਰਨਾ ਹੁੰਦਾ ਹੈ, ਫੈਸਲਾ ਉਹੋ ਹੁੰਦਾ ਹੈ ਭਾਈਓ। ਇਸ ਵਿਚ ਕਿਸੇ ਦਾ ਕੋਈ ਜੋਰ ਨਹੀਂ ਚਲਦਾ।"
'ਫਵਾਇਦੁੱਲਫਵਾਦ' ਵਿਚ ਸ਼ੇਖ ਨਿਜ਼ਾਮੁੱਦੀਨ ਬਾਬਾ ਫਰੀਦ ਬਾਰੇ ਦਸਦੇ ਹਨ;
" ਸ਼ੇਖ ਫਰੀਦ ਦਾ ਭਰਾ ਸ਼ੇਖ ਨਜੀਬੁੱਦੀਨ ਮਸਜਿਦ ਵਿਚ ਉਚੇਰੀ ਵਿਦਿਆ ਪ੍ਰਾਪਤ ਕਰਨ ਗਿਆ ਤਾਂ ਉਸਤਾਦ ਨੇ ਪੁੱਛਿਆ, 'ਨਜੀਬੁੱਦੀਨ ਮੁਤਵੱਕਿਲ (ਈਮਾਨ ਵਾਲਾ) ਤੂੰ ਹੀ ਹੈਂ?' ਉਸਨੇ ਉੱਤਰ ਦਿਤਾ, 'ਮੈਂ ਤਾਂ ਜੀ ਮੁਤਅੱਕਲ (ਪੇਟੂ) ਹਾਂ, ਮੁਤਵੱਕਿਲ ਕੋਈ ਹੋਰ ਹੋਵੇਗਾ।' ਫਿਰ ਪੁਛਿਆ ਗਿਆ, 'ਇਸਲਾਮ ਦੇ ਸ਼ੇਖ ਫਰੀਦੁੱਦੀਨ ਦਾ ਭਰਾ ਹੈਂ ਨਾ ਤੂੰ ?' ਨਜੀਬ ਨੇ ਉਤਰ ਦਿੱਤਾ, 'ਦੁਨੀਆਂ ਵਾਸਤੇ ਤਾਂ ਇਹੋ ਗੱਲ ਸੱਚ ਹੈ। ਪਰ ਅਸਲ ਵਿਚ ਉਨ੍ਹਾਂ ਦਾ ਭਰਾ ਹੋਣ ਦਾ ਸੁਭਾਗ ਕਿਸ ਨੂੰ ਹੈ, ਕੌਣ ਜਾਣੇ।'
ਇਕ ਔਰਤ ਆਪ ਦੇ ਦਰਬਾਰ ਵਿਚ ਹਾਜ਼ਰ ਹੋਈ ਤੇ ਬੈਅਤ ਦੀ ਮੰਗ ਕੀਤੀ। ਬੈਅਤ ਇਕ ਪ੍ਰਣ ਦਾ ਨਾਮ ਹੈ ਕਿ ਮੈਂ ਦੀਨ ਦਾ ਤਾਬਿਆਦਾਰ ਰਹਾਂਗਾ। ਬਹੁਤ ਸਾਰੇ ਸੂਫੀ ਅਤੇ ਮੌਲਵੀ, ਔਰਤਾਂ ਨੂੰ ਬੈਅਤ ਦਾ ਅਧਿਕਾਰ ਨਹੀਂ ਦਿੰਦੇ ਪਰ ਚਿਸ਼ਤੀ ਸਿਲਸਿਲਾ ਇਹ ਵਿਤਕਰਾ ਨਹੀਂ ਕਰਦਾ ਸੀ। ਇੰਦਰਪ੍ਰਸਤ ਵਿਚ ਇਕ ਫਾਤਿਮਾ ਨਾਂ ਦੀ ਔਰਤ ਸੀਲ ਸੰਜਮ ਵਿਚ ਏਨੀ ਪਵਿੱਤਰ ਸੀ ਕਿ ਬਾਬਾ ਫਰੀਦ ਪ੍ਰਸੰਨ ਹੋ ਕੇ ਕਿਹਾ, "ਔਰਤ ਦੇ ਜਾਮੇ ਵਿਚ ਇਹ ਤਾਂ ਰੱਬ ਨੇ ਮਰਦ ਭੇਜਿਆ ਹੈ।"
ਬਾਬੇ ਨੇ ਫੁਰਮਾਇਆ ਕਿ ਇਕ ਵੇਰ ਮੈਂ ਆਪਣੇ ਮੁਰਸ਼ਦ ਸਾਈਂ ਬਖਤਿਆਰ ਕਾਕੀ ਪਾਸ ਗਿਆ ਤੇ ਬੇਨਤੀ ਕਰਕੇ ਚਲੀਹਾ ਕੱਟਣ ਦੀ ਆਗਿਆ ਮੰਗੀ। ਆਪ ਨੇ ਕਿਹਾ, "ਕੋਈ ਲੋੜ ਨਹੀਂ। ਸ਼ੁਹਰਤ ਖੱਟਣ ਵਾਸਤੇ ਲੋਕ ਚਲੀਹੇ ਕਟਦੇ ਹਨ। ਸਾਡੇ ਸਿਲਸਿਲੇ ਵਿਚ ਇਸ ਦਾ ਰਿਵਾਜ ਨਹੀਂ।" ਮੈਂ ਕਿਹਾ ਜੀ ਮੈਂ ਸ਼ੁਹਰਤ ਖੱਟਣ ਵਾਸਤੇ ਆਗਿਆ ਨਹੀਂ ਮੰਗਦਾ। ਆਪ ਚੁੱਪ ਹੋ ਗਏ। ਕੋਈ ਉੱਤਰ ਨਾ ਦਿੱਤਾ। ਮੈਨੂੰ ਹੁਣ ਤੱਕ ਇਸ ਗੱਲ ਦਾ ਪਛਤਾਵਾ ਹੈ ਕਿ ਜਦੋਂ ਉਨ੍ਹਾਂ ਇਨਕਾਰ ਕਰ ਦਿਤਾ ਸੀ ਤਾਂ ਮੈਂ ਦੂਜਾ ਵਾਕ ਕਿਉਂ ਕਿਹਾ। ਇਹ ਗੁਸਤਾਖੀ ਮੈਥੋਂ ਹੋ ਗਈ ਸੀ। ਮੁਰਸ਼ਦ ਨੇ ਇਕ ਦਿਨ ਮੈਨੂੰ ਕਿਹਾ ਸੀ, "ਪੀਰ, ਮੁਰੀਦ ਦੀ ਕੰਘੀ ਹੁੰਦਾ ਹੈ।"
ਆਪ ਦੀ ਸੰਗਤ ਵਿਚ ਇਕ ਅਜਨਬੀ ਆਇਆ ਤੇ ਆਉਣ ਸਾਰ ਬਕਵਾਸ ਕਰਨ ਲੱਗਾ। ਬਾਬਾ ਜੀ ਦੀ ਸ਼ਾਨ ਦੇ ਖਿਲਾਫ਼ ਬੋਲਦਾ ਰਿਹਾ। ਬਾਬਾ ਜੀ ਨੇ ਕੋਈ ਉਜ਼ਰ-ਇਤਰਾਜ ਨਾ ਕੀਤਾ। ਸ਼ਾਂਤ ਸੁਣਦੇ ਰਹੇ। ਆਖਰ ਉਹ ਬੰਦਾ, ਇਹ ਲਫਜ਼ ਕਹਿ ਕੇ ਚਲਾ ਗਿਆ, "ਜਦੋਂ ਤੱਕ ਜਹਾਨ ਕਾਇਮ ਰਹੇਗਾ, ਮੇਰੇ ਗੁਨਾਹ ਅਤੇ ਤੁਹਾਡੀ ਦਰਿਆਦਿਲੀ ਉਦੋਂ ਤੱਕ ਕਾਇਮ ਰਹਿਣਗੇ।"
ਰੋਜ਼ਿਆਂ ਦੇ ਦਿਨਾਂ ਵਿਚ ਬਾਬਾ ਜੀ ਬਿਮਾਰ ਹੋ ਗਏ, ਸੋ ਰੋਜ਼ਾ ਛੱਡਣਾ ਪਿਆ। ਖਰਬੂਜਾ ਮੰਗਵਾਇਆ। ਇਕ ਫਾੜੀ ਮੈਨੂੰ ਫੜਾਈ। ਮੈਂ ਰੋਜ਼ਾ ਤੋੜਨ ਦਾ ਇਛੁਕ ਨਹੀਂ ਸਾਂ, ਪਰ ਮੁਰਸ਼ਿਦ ਦਾ ਹੁਕਮ ਵੀ ਨਹੀਂ ਮੋੜਿਆ ਜਾ ਸਕਦਾ ਸੀ। ਸੋਚਿਆ, ਗੁਨਾਹ ਬਖਸ਼ਾਣ ਲਈ ਦੋ ਮਹੀਨੇ ਹੋਰ ਰੋਜ਼ੇ ਰੱਖ ਲਵਾਂਗਾ ਪਰ ਬਾਬਾ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ। ਮੈਂ ਫਾੜੀ ਖਾਣ ਹੀ ਵਾਲਾ ਸਾਂ ਕਿ ਆਪ ਨੇ ਰੋਕਦਿਆਂ ਕਿਹਾ, "ਤੂੰ ਨਾ ਖਾਹ। ਬਿਮਾਰ ਹੋਣ ਕਾਰਨ ਮੈਨੂੰ ਤਾਂ ਖਾਣ ਦੀ ਛੋਟ ਹੈ, ਤੇਰੇ ਲਈ ਠੀਕ ਨਹੀਂ। ਮੈਂ ਸ਼ੁਕਰਾਨਾ ਕੀਤਾ।
ਇਕ ਦਿਨ ਮੁਹੰਮਦ ਨਾਮ ਦਾ ਬੰਦਾ ਆਪ ਪਾਸ ਬੈਠਾ ਸੀ ਕਿ ਖਾਣੇ ਦਾ ਵਕਤ ਹੋ ਗਿਆ। ਝੌਂਪੜੀ ਵਿਚ ਅਜਿਹਾ ਕੋਈ ਕੱਪੜਾ ਨਹੀਂ ਸੀ ਕਿ ਵਿਛਾ ਕੇ ਦਸਤਰਖਾਨ ਵਜੋਂ ਵਰਤ ਲਿਆ ਜਾਂਦਾ। ਮੁਹੰਮਦ ਦੇ ਦਿਲ ਵਿਚ ਖਿਆਲ ਆਇਆ ਕਿ ਬਾਬਾ ਜੀ ਦਸਤਰਖਾਨ ਤੇ ਸੁਸ਼ੋਭਿਤ ਹੋਣੇ ਚਾਹੀਦੇ ਸਨ, ਇਸ ਤਰ੍ਹਾਂ ਜ਼ਮੀਨ 'ਤੇ ਬੈਠੇ ਖਾਣਾ ਖਾਂਦੇ ਠੀਕ ਨਹੀਂ ਲਗਦੇ। ਬਾਬਾ ਜੀ ਨੇ ਉਂਗਲ ਨਾਲ ਰੇਤ ਉਪਰ ਦਾਇਰਾ ਵਾਹਿਆ ਤੇ ਕਿਹਾ, "ਇਹ ਰਿਹਾ ਮੇਰਾ ਦਸਤਰਖਾਨ ਮੁਹੰਮਦ ਭਰਾ। ਪ੍ਰਸ਼ਾਦ ਛਕ।"
ਆਰਿਫ, ਬਾਬਾ ਜੀ ਦਾ ਹਮ-ਉਮਰ ਅਤੇ ਹਮ-ਜਮਾਤੀ ਸੀ, ਦੋਸਤ ਸੀ ਬਚਪਨ ਦਾ। ਮੁਲਤਾਨ ਦੇ ਮਲਿਕ ਨੇ ਉਸਨੂੰ ਬੁਲਾਕੇ ਕਿਹਾ, "ਬਾਬਾ ਜੀ, ਇਸ ਵੇਲੇ ਹਾਂਸੀ ਵਿਚ ਹਨ। ਸਾਡੀ ਅਰਜ਼ ਤਾਂ ਉਨ੍ਹਾਂ ਮੰਨਣੀ ਨਹੀਂ। ਤੁਸੀਂ ਉਨ੍ਹਾਂ ਦੇ ਬਚਪਨ ਦੇ ਸਖੇ ਹੋ, ਜਾਉ, ਆਖੋ ਕਿ ਬਾਬਾ ਜੀ ਜਿਸ ਮੁਲਤਾਨ ਦੀਆਂ ਗਲੀਆਂ ਵਿਚ ਖੇਡਦੇਖੇਡਦੇ ਤੁਸੀਂ ਵੱਡੇ ਹੋਏ, ਉਹ ਗਲੀਆਂ ਤੁਹਾਡੇ ਦੀਦਾਰ ਵਾਸਤੇ ਸਹਿਕ ਰਹੀਆਂ ਹਨ। ਕਿਰਪਾ ਕਰੋ ਤੇ ਮੁਲਤਾਨ ਦੀ ਇਕ ਫੇਰੀ ਪਾਉ। ਮਲਿਕ ਨੇ ਉਸਨੂੰ ਘੋੜਾ ਦਿਤਾ, ਰਸਤੇ ਵਿਚ ਖਾਣ-ਪੀਣ ਲਈ ਸਮੱਗਰੀ ਦਿਤੀ ਅਤੇ ਇਕ ਥੈਲੀ ਵਿਚ ਸੌ ਮੁਹਰਾਂ ਪਾ ਕੇ ਦਿਤੀਆਂ ਕਿ ਇਹ ਸਾਡੇ ਵਲੋਂ ਨਜ਼ਰਾਨਾ ਉਨ੍ਹਾਂ ਦੇ ਚਰਨਾਂ ਵਿਚ ਰੱਖਣਾ।
ਆਰਿਫ ਅਗਲੇ ਦਿਨ ਹਾਂਸੀ ਵਲ ਤੁਰ ਪਿਆ ਤੇ ਤੁਰਨ ਤੋਂ ਪਹਿਲਾਂ ਪੰਜਾਹ ਮੁਹਰਾਂ ਥੈਲੀ ਵਿਚੋਂ ਕੱਢ ਕੇ ਘਰ ਰੱਖ ਗਿਆ। ਚਲੋ-ਚਾਲ, ਚਲੋ-ਚਾਲ ਹਾਂਸੀ ਪੁੱਜ ਗਿਆ। ਘੋੜਾ ਰੁੱਖ ਨਾਲ ਬੰਨ੍ਹਿਆ। ਬਾਬਾ ਜੀ ਦੇਖਦੇ ਰਹੇ, ਪਛਾਣਦੇ ਰਹੇ ਤੇ ਕਿਹਾ, "ਸ਼ਾਇਦ ਆਰਿਫ ਹੈ ਆਪਣਾ ਗਰਾਈਂ ਭਾਈ।" ਆਰਿਫ ਨੇ ਮੱਥਾ ਟੇਕਿਆ ਤੇ ਪੰਜਾਹ ਮੁਹਰਾਂ ਵਾਲੀ ਥੈਲੀ ਬਾਬਾ ਜੀ ਦੇ ਚਰਨਾਂ ਵਿਚ ਰੱਖੀ। ਬਾਬਾ ਜੀ ਖੜ੍ਹੇ ਹੋ ਗਏ। ਆਰਿਫ ਨੂੰ ਜੱਫੀ ਵਿਚ ਲੈ ਕੇ ਕਹਿਣ ਲੱਗੇ, "ਮੈਂ ਤਾਂ ਤੁਹਾਨੂੰ ਦੋਸਤ ਸਮਝਦਾ ਰਿਹਾ ਪਰ ਤੁਸੀਂ ਤਾਂ ਮੇਰੇ ਭਰਾ ਨਿਕਲੇ ਆਰਿਫ। ਤੁਸੀਂ ਤਾਂ ਸਕੇ ਭਰਾ ਹੋ ਮੇਰੇ।" ਆਰਿਫ ਨੂੰ ਗੱਲ ਦੀ ਸਮਝ ਨਾ ਲੱਗੀ ਤੇ ਕਿਹਾ, "ਜੀ ਮੈਨੂੰ ਕੁਝ ਪਤਾ ਨਹੀਂ ਲੱਗਾ ਕਿ ਮੈਂ ਆਪ ਦਾ ਭਰਾ ਕਿਵੇਂ ਹਾਂ।" ਬਾਬਾ ਜੀ ਨੇ ਕਿਹਾ, "ਭਰਾ ਜੰਮਣਸਾਰ ਆਪਣੇ ਭਰਾ ਦੀ ਜਾਇਦਾਦ ਦੇ ਅੱਧ ਦਾ ਹਿੱਸੇਦਾਰ ਨਹੀਂ ਹੋ ਜਾਂਦਾ ਭਲਾ?
ਸ਼ਰਮਿੰਦਗੀ ਨਾਲ ਆਰਿਫ ਕਹਿਣ ਲੱਗਾ, "ਮਾਫ਼ ਕਰ ਦਿਉ ਬਾਬਾ ਜੀ। ਦਰਅਸਲ ਮੈਂ ਡਰ ਗਿਆ ਕਿ ਰਸਤੇ ਵਿਚ ਕਿਤੇ ਸਾਰਾ ਧਨ ਡਾਕੂ ਈ ਨਾ ਲੁੱਟ ਲੈਣ। ਇਸ ਕਰਕੇ ਸੋਚਿਆ ਕਿ ਜਦੋਂ ਤੁਸੀਂ ਮੁਲਤਾਨ ਆਉਗੇ, ਬਾਕੀ ਰਕਮ ਉਦੋਂ ਆਪ ਦੀ ਨਜ਼ਰ ਕਰ ਦਿਆਂਗਾ।" ਬਾਬਾ ਜੀ ਹੱਸ ਪਏ, ਕੁਝ ਨਾ ਕਿਹਾ।
ਝੌਂਪੜੀ ਦੇ ਦੁਆਲੇ ਕੰਧਾਂ ਨਹੀਂ ਸਨ। ਮੁਰੀਦਾਂ ਨੇ ਬੇਨਤੀ ਕੀਤੀ ਕਿ ਕੰਧਾਂ ਉਸਾਰ ਦੇਈਏ। ਬਾਬਾ ਜੀ ਨੇ ਨਾਂਹ ਕਰ ਦਿਤੀ, "ਫਰੀਦ ਇੱਟ ਉਪਰ ਇਟ ਨਹੀਂ ਚਿਣਨ ਦਏਗਾ।" ਮੁਰੀਦਾਂ ਨੇ ਕਿਹਾ, "ਜੀ ਸੱਪ ਫਿਰਦੇ ਰਹਿੰਦੇ ਹਨ, ਦੁਰਘਟਨਾ ਹੋ ਜਾਏਗੀ।" ਬਾਬਾ ਜੀ ਨੇ ਕਿਹਾ, "ਕੋਈ ਨਹੀਂ ਕਿਸੇ ਨੂੰ ਕੁਝ ਕਹਿੰਦਾ ਸੱਪ। ਬੇਖੌਫ ਰਹੋ।" ਮੁਰੀਦਾਂ ਨੇ ਵਧੀਕ ਮਿੰਨਤਾਂ ਕੀਤੀਆਂ ਤਾਂ ਇਸ ਸ਼ਰਤ ਤੇ ਕੰਧਾਂ ਕਰਨ ਦੀ ਆਗਿਆ ਦਿੱਤੀ ਕਿ ਪੱਕੀ ਇੱਟ ਨਹੀਂ ਲੱਗੇਗੀ। ਟੋਭੇ ਵਿਚੋਂ ਆਪਾਂ ਸਾਰੇ ਰਲਕੇ ਡਲੇ ਪੁੱਟ ਕੇ ਲਿਆਵਾਂਗੇ। ਕੰਧਾਂ ਇਕ ਗਜ਼ ਤੋਂ ਵਧੀਕ ਉਚੀਆਂ ਨਹੀਂ ਹੋਣਗੀਆਂ।
ਇਕ ਵਾਰ ਆਪਣੇ ਮੁਰੀਦ ਸਿਰਾਜੁੱਦੀਨ ਕੋਲ ਅਬੋਹਰ ਗਿਆ ਹੋਇਆ ਸਾਂ। ਕਿਸੇ ਗੱਲ ਸਦਕਾ ਮੁਹੱਲੇ ਦੀਆਂ ਔਰਤਾਂ ਸਿਰਾਜੁੱਦੀਨ ਦੀ ਔਰਤ ਨਾਲ ਲੜ ਕੇ ਉਸਨੂੰ ਗਾਲਾਂ ਦੇਣ ਲੱਗ ਪਈਆਂ, ਉਸ ਉਪਰ ਦੂਸ਼ਣ ਲਾਉਣ ਲੱਗੀਆਂ। ਔਰਤ ਗੁੱਸੇ ਵਿਚ ਨਾ ਆਈ, ਪੁੱਛਿਆ, "ਤੁਸੀਂ ਮੇਰੇ ਉਪਰ ਜਿਹੜੀਆਂ- ਜਿਹੜੀਆਂ ਤੁਹਮਤਾਂ ਲਾ ਰਹੀਆਂ ਹੋ, ਉਹ ਬੈਅਤ ਤੋਂ ਪਹਿਲਾਂ ਦੀਆਂ ਨੇ ਕਿ ਬਾਅਦ ਦੀਆਂ ?" ਇਹ ਗੱਲ ਸੰਗਤ ਨੂੰ ਸੁਣਾ ਕੇ ਬਾਬਾ ਫਰੀਦ ਜੀ ਨੇ ਕਿਹਾ, "ਦੇਖਿਆ, ਕਿੰਨੀ ਸੁਹਣੀ ਗੱਲ ਕਹੀ ਇਸ ਨੇਕਬਖਅਤ ਬੀਬੀ ਨੇ?"
"ਉਹ ਭੀੜਾਂ ਤੋਂ ਦੂਰ ਉਜਾੜਾਂ ਵਿਚ ਵਸੇਬਾ ਕਰ ਲੈਂਦੇ ਤਾਂ ਉਥੇ ਮੇਲੇ ਲੱਗ ਜਾਂਦੇ। ਅੱਧੀ ਰਾਤ ਦਰਵਾਜਾ ਬੰਦ ਕਰਦੇ ਸਾਂ। ਕੋਈ ਬੰਦਾ ਅਜਿਹਾ ਨਹੀਂ ਹੁੰਦਾ ਸੀ, ਜਿਸਨੂੰ ਕੁਝ ਨਾ ਕੁਝ ਨਾ ਮਿਲਦਾ। ਆਪਣੇ ਪਾਸ ਕੁਝ ਰੱਖਦੇ ਹੀ ਨਹੀਂ ਸਨ। ਗਜ਼ਬ ਦਾ ਤਿਆਗ ਸੀ ਉਨ੍ਹਾਂ ਦਾ। ਆਦਮਜ਼ਾਤ ਵਿਚੋਂ ਕੌਣ ਉਨ੍ਹਾਂ ਵਰਗਾ ਹੋ ਸਕਦਾ ਹੈ? ਚਾਹੇ ਵਰ੍ਹਿਆਂ ਤੋਂ ਕੋਈ ਆਪ ਦਾ ਵਾਕਿਫ਼ ਹੁੰਦਾ, ਚਾਹੇ ਅਜਨਬੀ, ਗੱਲ ਇਕੋ ਤਰ੍ਹਾਂ ਕਰਦੇ ਹਰੇਕ ਨਾਲ। ਜਿਹੜੀ ਗੱਲ ਸਭ ਦੇ ਸਾਹਮਣੇ ਆਖਣਯੋਗ ਨਾ ਹੁੰਦੀ, ਉਹ ਇਕੱਲਿਆਂ ਵੀ ਨਹੀਂ ਕਰਦੇ ਸਨ। ਅੰਦਰੋਂ ਬਾਹਰੋਂ ਇਕੋ ਜਿਹੇ ਸਨ ਬਾਬਾ ਫਰੀਦ। ਏਨੀਆਂ ਮਿੱਠੀਆਂ ਤੇ ਮਿਹਰਬਾਨੀਆਂ ਨਾਲ ਭਰੀਆਂ ਗੱਲਾਂ ਸੁਣਦਿਆਂ ਕਈ ਬੰਦਿਆ ਦਾ ਦਿਲ ਕਰਦਾ ਕਿ ਇਸੇ ਅਵਸਥਾ ਵਿਚ ਪ੍ਰਾਣ ਨਿਕਲ ਜਾਣ ਤਾਂ ਕਿੰਨੀ ਚੰਗੀ ਕਿਸਮਤ ਹੋਵੇ। ਹੋਰ ਕੀ ਰੱਖਿਐ ਇਸ ਦੁਨੀਆਂ ਵਿਚ?
ਜਦੋਂ ਕਿਸੇ ਫਕੀਰ ਦਾ ਨਾਮ ਲੈ ਕੇ ਕੋਈ ਸੁਹਣੀ ਗੱਲ ਸੁਣਾਉਣ ਲਗਦੇ, ਸਾਨੂੰ ਉਦੋਂ ਪਤਾ ਲੱਗ ਜਾਂਦਾ ਸੀ ਕਿ ਇਹ ਇਨ੍ਹਾਂ ਦੀ ਖੁਦ ਦੀ ਸਾਖੀ ਹੈ ਪਰ ਆਪਣਾ ਨਾਮ ਛੁਪਾ ਲੈਂਦੇ ਸਨ। ਜਿੰਨਾ ਮਰਜ਼ੀ ਛੁਪਾਉਣ, ਅਸੀਂ ਬੁੱਝ ਲੈਂਦੇ ਸਾਂ।
ਤਿੰਨ ਵੇਲੇ ਅਜਿਹੇ ਹਨ ਜਦੋਂ ਰੱਬੀ ਰਹਿਮਤ ਨਾਜ਼ਲ ਹੁੰਦੀ ਹੈ, ਪਹਿਲਾ ਵੇਲਾ ਹੈ ਕੀਰਤਨ ਦਾ, ਦੂਜਾ ਜਦੋਂ ਬੰਦਗੀ ਦੀ ਤਾਕਤ ਹਾਸਲ ਕਰਨ ਲਈ ਸੰਜਮ ਨਾਲ ਭਜਨ ਕੀਤਾ ਜਾਵੇ ਤੇ ਤੀਜਾ ਰੁੱਸੇ ਦਰਵੇਸ਼ਾਂ ਦਾ ਰਾਜੀਨਾਵਾਂ ਹੋਣ ਵਕਤ। ਇਕ ਵਾਰ ਕੁਝ ਫਕੀਰ ਆਪ ਦੀ ਖਾਨਗਾਹ ਵਿਚ ਹਾਜ਼ਰ ਹੋ ਕੇ ਕਹਿਣ ਲੱਗੇ, "ਹਜ਼ੂਰ ਸਾਡਾ ਆਪਸ ਵਿਚ ਤਕਰਾਰ ਹੋ ਗਿਆ ਸੀ। ਅਸੀਂ ਇਹ ਅਰਜ਼ ਕਰਨ ਆਏ ਹਾਂ ਕਿ ਸਾਡੀ ਸੁਲਾਹ ਕਰਵਾ ਦਿਉ।" ਸ਼ੇਖ ਫਰੀਦ ਜੀ ਨੇ ਇਹ ਮਸਲਾ ਮੇਰੇ ਸਪੁਰਦ ਕਰ ਦਿੱਤਾ। ਮੈਂ ਉਨ੍ਹਾਂ ਦਰਵੇਸਾਂ ਨੂੰ ਇਕ ਪਾਸੇ ਲੈ ਗਿਆ ਤਾਂ ਕਿ ਆਰਾਮ ਨਾਲ ਗੱਲ ਸੁਣਾਂ। ਮੇਰੇ ਨਾਲ ਇਸਹਾਕ ਵੀ ਸੀ। ਬੜੀ ਹਲੀਮੀ ਨਾਲ ਉਹ ਇਸ ਤਰ੍ਹਾਂ ਇਕ ਦੂਜੇ ਨਾਲ ਗੱਲ ਕਰਨ ਲੱਗੇ, "ਉਸ ਦਿਨ ਤੁਸੀਂ ਮੈਨੂੰ ਇਹ ਗੱਲ ਕਹੀ ਸੀ, ਜਿਸ ਦੇ ਜਵਾਬ ਵਿਚ ਮੈਂ ਇਉਂ ਬੇਨਤੀ ਕੀਤੀ ਸੀ। ਤੁਸੀਂ ਉੱਤਰ ਦਿੰਦਿਆਂ ਇਉਂ ਫੁਰਮਾਇਆ ਤਾਂ ਮੈਨੂੰ ਤੁਹਾਡੀ ਗੱਲ ਪੂਰੀ ਸਮਝ ਵਿਚ ਨਹੀਂ ਆਈ, ਜਿਸ ਕਰਕੇ ਜਵਾਬ ਉਲਟ-ਪੁਲਟ ਦੇ ਬੈਠਾ ਸਾਂ। ਮੇਰੇ ਤੋਂ ਇਹ ਗੁਸਤਾਖੀ ਹੋ ਗਈ ਸੀ।" ਦੂਜੇ ਨੇ ਉਤਰ ਦਿਤਾ, "ਨਹੀਂ, ਤੁਸੀਂ ਠੀਕ ਉੱਤਰ ਦਿੱਤਾ ਸੀ, ਭੁੱਲ ਮੇਰੇ ਤੋਂ ਹੋਈ ਜੋ ਮੈਂ ਖਾਹ-ਮਖਾਹ ਤੈਸ਼ ਵਿਚ ਆ ਗਿਆ। ਮੈਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ। ਗਲਤੀ ਮੇਰੀ ਸੀ।" ਜਿਸ ਅੰਦਾਜ਼ ਨਾਲ ਉਨ੍ਹਾਂ ਨੇ ਆਪਸ ਵਿਚ ਗੱਲਾਂ ਕੀਤੀਆਂ, ਬਦਰੁੱਦੀਨ ਇਸਹਾਕ ਅਤੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਅਸੀਂ ਸਮਝ ਗਏ। ਇਹ ਤਾਂ ਆਪਸ ਵਿਚ ਕਦੀ ਲੜੇ ਨਹੀਂ ਹੋਣੇ, ਇਹ ਲੜਨ ਵਾਲੇ ਮਨੁੱਖ ਹੈ ਈ ਨਹੀਂ। ਇਹ ਤਾਂ ਸਾਨੂੰ ਅਕਲ ਦੇਣ ਆਏ ਸਨ ਕਿ ਲੜਨ ਮਗਰੋਂ ਇਸ ਤਰ੍ਹਾਂ ਦਾ ਸ਼ਿਸ਼ਟ ਵਿਹਾਰ ਕਰੀਦਾ ਹੁੰਦਾ ਹੈ। ਇਹ ਤਾਂ ਰੱਬ ਦੇ ਭੇਜੇ ਭਲੇ ਲੋਕ ਸਨ।
'ਜ਼ਿਆਉਦਦੀਨ' ਫਲਸਫੇ ਦਾ ਵਿਦਵਾਨ ਅਧਿਆਪਕ ਸੀ। ਉਹ ਸ਼ੇਖ ਸਾਹਿਬ ਦੇ ਦੀਦਾਰ ਕਰਨ ਆਇਆ ਤਾਂ ਸੋਚਦਾ ਆਇਆ ਕਿ ਮੈਨੂੰ ਦੀਨ ਅਤੇ ਵਿਆਕਰਣ ਦਾ ਕੋਈ ਇਲਮ ਨਹੀਂ। ਜੇ ਮੇਰੇ ਤੋਂ ਇਨ੍ਹਾਂ ਬਾਰੇ ਸਵਾਲ ਪੁੱਛਣ ਲੱਗ ਗਏ, ਫਿਰ ਕੀ ਕਰਾਂਗਾ? ਝਿਜਕਦਿਆਂ ਹੋਇਆਂ ਚਰਨੀਂ ਹੱਥ ਲਾ ਕੇ ਬੈਠ ਗਿਆ। ਉਸਨੂੰ ਪੁੱਛਿਆ, "ਹੱਕ ਵਿਚ ਅਤੇ ਵਿਰੋਧ ਵਿਚ ਕਿਸ ਪ੍ਰਕਾਰ ਦਲੀਲਾਂ ਦੇਈਦੀਆਂ ਹਨ? ਕਿਨ੍ਹਾਂ ਦਲੀਲਾਂ ਨਾਲ ਰੱਬ ਦੀ ਹੋਂਦ ਤੋਂ ਮੁਨਕਿਰ ਹੋਈਦਾ ਹੈ ਤੇ ਕਿਸ-ਕਿਸ ਦਲੀਲ ਨਾਲ ਉਸਦੀ ਹੋਂਦ ਨੂੰ ਸਿੱਧ ਕਰੀਦਾ ਹੈ?" ਗੱਲ ਕੀ, ਜੋ-ਜੋ ਉਸਨੂੰ ਆਉਂਦਾ ਸੀ, ਉਹੋ ਪੁੱਛਦੇ ਗਏ, ਭੋਰਾ ਸ਼ਰਮਸਾਰ ਨਹੀਂ ਕੀਤਾ।
ਪਾਕਿ ਪੱਤਣ ਦਾ ਕਾਜ਼ੀ ਬਾਬਾ ਜੀ ਨੂੰ ਸਖ਼ਤ ਨਫ਼ਰਤ ਕਰਦਾ ਸੀ ਤੇ ਹਰ ਵਕਤ ਖਿਲਾਫ਼ ਬੋਲਦਾ ਰਹਿੰਦਾ। ਉਸਨੇ ਸ਼ਹਿਰ ਦੇ ਮੌਲਵੀਆਂ ਦੀ ਮੀਟਿੰਗ ਮਸਜਿਦ ਵਿਚ ਬੁਲਾ ਲਈ। ਮੀਟਿੰਗ ਵਿਚ ਹਾਜ਼ਰੀਨ ਨੂੰ ਪੁੱਛਿਆ, "ਤੁਸੀਂ ਜਾਣਦੇ ਹੋ ਭਾਈਓ ਕਿ ਇਸਲਾਮ ਵਿਚ ਸੰਗੀਤ ਦੀ ਮਨਾਹੀ ਹੈ। ਜੇ ਕੋਈ ਮੁਸਲਮਾਨ ਹੋ ਕੇ ਗਾਉਣਵਜਾਉਣ ਵਿਚ ਮਗਨ ਰਹੇ ਤੇ ਅਜਿਹੀ ਹਮਾਕਤ ਕਰੇ ਕਿ ਮਸਜਿਦ ਦੇ ਨਜ਼ਦੀਕ ਵੀ ਗਾਈ ਜਾਵੇ, ਉਸ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ?" ਸਰੋਤੇ ਚੁਪ ਹੋ ਗਏ। ਕੋਈ ਉੱਤਰ ਨਾ ਦਿੱਤਾ। ਇਕ ਬਜ਼ੁਰਗ ਨੇ ਆਖਰ ਪੁੱਛ ਹੀ ਲਿਆ, "ਜੀ, ਇਹ ਦੱਸੋ ਪਹਿਲਾਂ ਕਿ ਉਹ ਸ਼ਖਸ ਹੈ ਕੌਣ, ਜਿਸ ਬਾਬਤ ਤੁਸੀਂ ਫਤਵਾ ਜਾਰੀ ਕਰਨਾ ਚਾਹੁੰਦੇ ਹੋ। ਕਾਜ਼ੀ ਨੇ ਕਿਹਾ, "ਫਰੀਦੁੱਦੀਨ।" ਸਾਰੇ ਮੌਜੂਦ ਬੰਦਿਆਂ ਨੇ ਕੰਨਾਂ ਨੂੰ ਹੱਥ ਲਾਏ ਤੇ ਕਿਹਾ, "ਬਾਬਾ ਸ਼ੇਖ ਫਰੀਦ ਜੋ ਕਰਦਾ ਹੈ, ਸੋਈ ਕਰਨਯੋਗ ਹੈ। ਉਨ੍ਹਾਂ ਦੇ ਦਰਬਾਰ ਵਿਚ ਜਾਣ ਵਾਲਿਆਂ ਦੇ ਗੁਨਾਹ ਬਖਸ਼ੇ ਜਾਂਦੇ ਹਨ।" ਸਾਰੇ ਜਣੇ ਆਪੋਆਪਣੇ ਘਰਾਂ ਨੂੰ ਚਲੇ ਗਏ।
ਬਲਬਨ ਅਜੇ ਬਾਦਸ਼ਾਹ ਨਹੀਂ ਬਣਿਆ ਸੀ, ਉਸਦਾ ਨਾਮ ਉਲਗ ਖਾਨ ਸੀ। ਇਧਰ ਪਾਕਿ ਪੱਤਣ ਵਲ ਦੀ ਲੰਘਿਆ ਤਾਂ ਦਰਸ਼ਨ ਕਰਨ ਆਇਆ। ਕੁਝ ਰਕਮ ਅਤੇ ਚਾਰ ਪਿੰਡਾਂ ਦੇ ਪਟੇ ਦੇ ਕਾਗਜ਼ ਆਪ ਦੇ ਚਰਨਾਂ ਵਿਚ ਰੱਖ ਕੇ ਮੱਥਾ ਟੇਕਿਆ। ਬਾਬਾ ਜੀ ਨੇ ਪੁੱਛਿਆ, "ਇਹ ਕੀ ਹੈ?" ਉਲਗਖਾਨ ਨੇ ਦੱਸਿਆ, "ਜੀ, ਪੈਸੇ ਦਰਵੇਸਾਂ ਲਈ ਹਨ ਤੇ ਚਾਰ ਪਿੰਡਾਂ ਦਾ ਪਟਾ ਆਪ ਲਈ।" ਬਾਬਾ ਜੀ ਨੇ ਫੁਰਮਾਇਆ, "ਪੈਸੇ ਰੱਖ ਜਾਉ। ਲੋੜਵੰਦਾਂ ਦੇ ਕੰਮ ਆਉਣਗੇ। ਪਟੇ ਚੁੱਕ ਲਵੋ, ਇਨ੍ਹਾਂ ਦੇ ਚਾਹਵਾਨ ਹੋਰ ਬਥੇਰੇ ਹਨ। ਸਾਡੇ ਵਡੇਰਿਆਂ ਨੇ ਜਾਗੀਰਾਂ ਨਹੀਂ ਲਈਆਂ ਕਦੀ।" ਉਲਗਖਾਨ ਨੇ ਕਿਹਾ, "ਜੀ, ਇਕ ਬਾਗ ਦਾ ਪਟਾ ਵੀ ਹੈ।" ਬਾਬਾ ਜੀ ਹੱਸ ਪਏ, ਕਿਹਾ, "ਮੈਂ ਤੇਰੇ ਬਾਗਾਂ ਦਾ ਘਾਹ ਨਹੀਂ ਬਣਨਾ ਭਾਈ। ਬਸ, ਅੱਲਾਹ ਦਾ ਨਾਮ ਲਿਆ ਕਰ।"
ਨਿਜ਼ਾਮੁੱਦੀਨ (1238-1325) ਦਾ ਪਰਿਵਾਰਿਕ ਨਾਮ ਸੱਯਦ ਮੁਹੰਮਦ ਸੀ, ਪਿੰਡ ਬਦਾਯੂੰ (ਯੂ ਪੀ), ਮਾਂ ਜ਼ੁਲੈਖਾਂ, ਪਿਤਾ ਦਾ ਨਾਮ ਸੱਯਦ ਅਹਿਮਦ ਅਤੇ ਬਾਬੇ ਦਾ ਨਾਮ ਅਲੀ ਸੀ। ਪੰਜ ਸਾਲ ਦੀ ਉਮਰ ਵਿਚ ਪਿਤਾ ਸੱਯਦ ਅਹਿਮਦ ਬੁਖਾਰੀ ਦੀ ਛਾਂ ਸਿਰ ਤੋਂ ਉਠ ਗਈ। ਕਮਾਈ ਦਾ ਸਹਾਰਾ ਨਾ ਰਿਹਾ ਤਾਂ ਗਰੀਬੀ ਵਿਚ ਘਿਰ ਗਏ। ਕਈ ਵਾਰ ਭੁੱਖਿਆਂ ਦਾ ਦਿਨ ਲੰਘਦਾ। ਜਿਸ ਡੰਗ ਖਾਣ ਵਾਸਤੇ ਰੋਟੀ ਨਾ ਮਿਲਦੀ, ਮਾਂ ਹੱਸ ਕੇ ਕਿਹਾ ਕਰਦੀ, "ਬੱਚਿਓ, ਅੱਜ ਆਪਾਂ ਰੱਬ ਦੇ ਮਹਿਮਾਨ ਹਾਂ। ਨਮਾਜ਼ ਪੜ੍ਹੋ। ਬਾਲਕ ਨਿਜ਼ਾਮ ਕਦੀ-ਕਦਾਈ ਖਾਣਾ ਖਾਂਦਿਆਂ ਮਾਂ ਤੋਂ ਪੁੱਛਦਾ, "ਹੁਣ ਰੱਬ ਦੇ ਮਹਿਮਾਨ ਕਦੋਂ ਹੋਵਾਂਗੇ ਆਪਾਂ ਮਾਂ?" ਆਪ ਮੁਰੀਦਾਂ ਨੂੰ ਇਨ੍ਹਾਂ ਦਿਨਾ ਬਾਬਤ ਦੱਸਿਆ ਕਰਦੇ ਸਨ, "ਘਰ ਵਿਚ ਪਿੱਤਲ, ਕਾਂਸੀ ਦੇ ਤਾਂ ਕੀ ਲੋਹੇ ਦੇ ਬਰਤਨ ਵੀ ਨਹੀਂ ਸਨ। ਕਸੋਰਿਆਂ ਜਾਂ ਠੂਠਿਆਂ ਵਿਚ ਦਾਲ-ਸਬਜ਼ੀ ਪੁਆ ਕੇ ਰੋਟੀ ਹੱਥ 'ਤੇ ਧਰਕੇ ਖਾ ਲੈਂਦੇ। ਕਦੀ ਕੋਈ ਠੂਠਾ ਡਿਗ ਕੇ ਟੁੱਟ ਜਾਂਦਾ ਤਾਂ ਮਾਂ ਝਿੜਕਦਿਆਂ ਹੋਇਆ ਆਖਦੀ, "ਘੁਮਿਆਰ ਰਿਸ਼ਤੇਦਾਰ ਨਹੀਂ ਹੈ ਆਪਣਾ। ਹੋਸ਼ ਨਾਲ ਖਾਣਾ ਖਾਓ। ਦਾਣਿਆਂ ਬਦਲੇ ਮਿਲਦੇ ਨੇ ਇਹ ਠੂਠੇ ਕਸੋਰੇ।"
ਹੋਸ਼ ਸੰਭਲੀ ਤਾਂ ਨਿਜ਼ਾਮੁੱਦੀਨ ਲੋਕਾਂ ਦੇ ਪਸ਼ੂ ਚਾਰਦਾ। ਸ਼ਾਮੀਂ ਖਾਣਾ ਖਾ ਕੇ ਬਦਾਯੂੰ ਦੀ ਮਸਜਿਦ ਵਿਚ ਮੌਲਵੀ ਕੋਲ ਪੜ੍ਹਨ ਚਲਾ ਜਾਂਦਾ। ਇਕ ਸ਼ਾਮ ਮਸਜਿਦ ਵਿਚ ਵਿਦਵਾਨ ਦਰਵੇਸ਼ ਠਹਿਰੇ ਹੋਏ ਸਨ। ਉਨ੍ਹਾਂ ਦੇ ਸਾਹਮਣੇ ਬਾਲਕ ਨਾਲ ਜਾਣ-ਪਛਾਣ ਕਰਾਉਂਦਿਆਂ ਮੌਲਵੀ ਜਲਾਲੁੱਦੀਨ ਤਬਰੇਜ਼ੀ ਨੇ ਕਿਹਾ, "ਅੱਲਾਹ ਤੋਂ ਸਿਵਾਇ ਇਹ ਬਾਲਕ ਜੀਵਨ ਭਰ ਕਿਸੇ ਅੱਗੇ ਸਿਰ ਨਹੀਂ ਝੁਕਾਏਗਾ, ਇੰਨਾ ਮੈਂ ਇਹਦੇ ਬਾਬਤ ਜਾਣ ਗਿਆ ਹਾਂ।" ਦਰਵੇਸ਼ਾਂ ਨੇ ਅਸੀਸਾਂ ਦਿੱਤੀਆਂ ਤੇ ਦਸਤਾਰ ਫਜ਼ੀਲਤ ਦੀ ਬਖਸ਼ਿਸ਼ ਕੀਤੀ।
ਅਬੂ ਬਕਰ ਕੱਵਾਲ ਤੋਂ ਬਾਬਾ ਫਰੀਦ ਦਾ ਨਾਮ ਸੁਣਿਆ, ਸ਼ੁਹਰਤ ਸੁਣੀ ਤਾਂ ਫੈਸਲਾ ਕੀਤਾ ਕਿ ਉਨ੍ਹਾਂ ਨੂੰ ਮੁਰਸ਼ਦ ਧਾਰਨ ਕੀਤਾ ਜਾਵੇ ਪਰ ਅਬੂ ਬਕਰ ਨੇ ਕਿਹਾ, "ਪਹਿਲਾਂ ਹੋਰ ਤਾਲੀਮ ਹਾਸਲ ਕਰਕੇ ਉਨ੍ਹਾਂ ਨੂੰ ਮਿਲਣ ਜੋਗਾ ਤਾਂ ਹੋਜਾ। ਮਾਂ ਅਤੇ ਭੈਣ ਸਮੇਤ ਦਿੱਲੀ ਜਾ ਪੁੱਜਾ। ਮਜ਼ਦੂਰੀ ਕਰਨੀ ਹੈ ਤਾਂ ਫਿਰ ਬਦਾਯੂੰ ਨਾਲੋਂ ਦਿੱਲੀ ਕਿਵੇਂ ਮਾੜੀ ਹੈ, ਇਹ ਸੋਚਕੇ ਇਕ ਨਿੱਕਾ ਕਾਰਵਾਂ ਰਵਾਨਾ ਹੋ ਗਿਆ। ਮੌਲਾਨਾ ਸ਼ੱਮਸੁੱਦੀਨ ਵੱਡਾ ਵਿਦਵਾਨ ਸੀ ਤੇ ਬਲਬਨ ਦੇ ਦਰਬਾਰ ਵਿਚ ਸਨਮਾਨਯੋਗ ਸ਼ਖਸੀਅਤ। ਉਸ ਕੋਲ ਜਾਣਾ ਸ਼ੁਰੂ ਕਰ ਦਿੱਤਾ। ਮੌਲਾਨਾ ਜਲਦੀ ਜਾਣ ਗਿਆ ਕਿ ਇਹ ਬਾਲਕ ਅਸਾਧਾਰਨ ਹੈ, ਇਸ ਕਰਕੇ ਧਿਆਨ ਦੇਣ ਲੱਗੇ। ਵੀਹ ਸਾਲ ਦੀ ਉਮਰ ਵਿਚ ਦਿੱਲੀ ਆਏ ਤੇ ਚਾਰ ਸਾਲ ਇਥੇ ਵਿਦਿਆ ਪ੍ਰਾਪਤ ਕਰਨ ਉਪਰੰਤ ਬਾਬਾ ਜੀ ਦੇ ਦੀਦਾਰ ਕਰਨ ਹਿਤ ਪਾਕਿ ਪੱਤਣ ਜਾਣ ਦਾ ਨਿਸ਼ਚਾ ਕੀਤਾ। ਰਵਾਨਗੀ ਤੋਂ ਪਹਿਲਾਂ ਸੁਲਤਾਨ ਨੇ ਖੁਸ਼ ਹੋ ਕੇ ਦਿੱਲੀ ਦੇ ਕਾਜ਼ੀ ਦੀ ਉਪਾਧੀ ਪ੍ਰਦਾਨ ਕੀਤੀ। ਨਿਜ਼ਾਮ ਨੇ ਨਜੀਬੁੱਦੀਨ ਮੁਤਵੱਕਲ ਦੀ ਸਲਾਹ ਲਈ ਤਾਂ ਉਨ੍ਹਾਂ ਫੁਰਮਾਇਆ, "ਇਨਸ਼ਾ ਅੱਲਾਹ ਤਾਅਲਾ ਤੋਆ ਹਰਗਿਜ਼ ਕਾਜ਼ੀ ਨਾ ਸੋਵੀ, ਅੱਮਾ ਚਿਜ਼ੇ ਸੋਵੀ ਕਿ ਮੁਨ ਦਾਨਮ। (ਰੱਬ ਕਰੇ ਤੂੰ ਕਦੇ ਕਾਜ਼ੀ ਨਾ ਬਣੇ, ਤੂੰ ਉਹੋ ਬਣੇ ਜੋ ਮੈਂ ਜਾਣਦਾ ਹਾਂ, ਤੂੰ ਬਣੇਗਾ।) ਇਹ ਬੋਲ ਸੁਣਨ-ਸਾਰ ਬਾਬਾ ਫਰੀਦ ਵਲ ਰਵਾਨਗੀ ਪਾ ਦਿੱਤੀ।
ਪਹਿਲੀ ਵਾਰ ਮੁਰਸ਼ਦ ਦੇ ਸਾਹਮਣੇ ਮੁਰੀਦ ਹਾਜ਼ਰ ਹੋਇਆ ਤਾਂ ਬਾਬਾ ਜੀ ਦੇ ਮੁਖੋਂ ਆਪ-ਮੁਹਾਰੇ ਇਹ ਸ਼ਿਅਰ ਪ੍ਰਗਟ ਹੋਇਆ;
'ਐ ਆਤਿਸ਼ੇ ਫਿਰਾਕਤ ਦਿਲਹਾ ਕਬਾਬ ਕਰਦਾ।
ਸੈਲਾਬ-ਇ-ਇਸ਼ਤਿਆਕਤ ਜਾਨਾਹਾ ਖਰਾਬ ਕਰਦਾ।।'
(ਐ ਬਿਰਹਾ ਦੀ ਅੱਗ, ਤੂੰ ਦਿਲ ਕਬਾਬ ਕੀਤੇ।
ਇਸ਼ਕ ਦੇ ਤੂਫਾਨ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ)
ਫਿਰ ਇਹ ਬੋਲ ਕਹੇ, "ਆਖਰ ਤੂੰ ਆ ਗਿਆ ਨਿਜ਼ਾਮੁੱਦੀਨ। ਹਿੰਦੁਸਤਾਨ ਦੀ ਲਗਾਮ ਕਿਸ ਦੇ ਹੱਥ ਫੜਾਵਾਂ, ਇਹ ਸੋਚ ਰਿਹਾ ਸਾਂ ਕਿ ਤੂੰ ਆ ਗਿਆ। ਮੇਰਾ ਦਿਲ ਮੈਨੂੰ ਆਖ ਰਿਹਾ ਸੀ ਕਿ ਤੂੰ ਆਏਂਗਾ। ਤਿਆਰ ਹੋ ਕੇ ਜੁਮੇ ਦੇ ਦਿਨ ਆ। ਤੈਨੂੰ ਸਿਲਸਿਲੇ ਵਿਚ ਸ਼ਾਮਲ ਕਰਾਂਗਾ।" ਨਿਜ਼ਾਮੁੱਦੀਨ ਇਹ ਮਿੱਠੇ ਬੋਲ ਸੁਣਕੇ ਖੁਸ਼ ਹੋਇਆ ਤੇ ਫਿਰ ਖਾਨਗਾਹ ਦੇ ਪੁਰਾਣੇ ਸੇਵਕਾਂ ਨੂੰ ਪੁੱਛਣ ਲੱਗਾ, "ਤਿਆਰ ਹੋ ਕੇ ਆਉਣ ਦਾ ਹੁਕਮ ਹੋਇਆ ਹੈ। ਇਹ ਤਿਆਰੀ ਕੀ ਹੁੰਦੀ ਹੈ?" ਸੇਵਕਾਂ ਨੇ ਕਿਹਾ, "ਭਾਗਾਂ ਵਾਲੇ ਹੋ ਤੁਸੀਂ ਨਿਜ਼ਾਮੁੱਦੀਨ। ਉਮਰਾਂ ਬੀਤ ਗਈਆਂ ਇਥੇ ਸੇਵਾ ਕਰਦਿਆਂ, ਪਰ ਸਿਲਸਿਲੇ ਵਿਚ ਸ਼ਾਮਲ ਨਹੀਂ ਕਰਦੇ ਬਾਬਾ ਜੀ। ਤੁਹਾਨੂੰ ਦੇਖਣ ਸਾਰ ਮਿਹਰਬਾਨ ਹੋ ਗਏ। ਤਿਆਰੀ ਦਾ ਮਤਲਬ ਹੈ ਕਿ ਦਸਤਾਰ ਅਤੇ ਮਿਠਾਈ ਲੈ ਕੇ ਆਓ। ਆਪਣੇ ਮੁਬਾਰਕ ਹੱਥਾਂ ਨਾਲ ਬਾਬਾ ਜੀ ਤੁਹਾਡੇ ਸਿਰ 'ਤੇ ਦਸਤਾਰ ਸਜਾਉਣਗੇ। ਮਿਠਾਈ ਦਾ ਪ੍ਰਸ਼ਾਦ ਸੰਗਤ ਵਿਚ ਵੰਡਣਗੇ।" ਘਰ ਨਾ ਦਸਤਾਰ ਸੀ, ਨਾ ਦਸਤਾਰ ਖਰੀਦਣ ਵਾਸਤੇ ਪੈਸੇ। ਮਾਂ ਨੇ ਗਵਾਂਢਣਾ ਨੂੰ ਕਿਹਾ, "ਆਪੋ- ਆਪਣੇ ਚਰਖੇ ਲੈ ਕੇ ਮੇਰੇ ਘਰ ਆਉਣਾ। ਮੇਰੇ ਕੋਲ ਰੂੰ ਨਹੀਂ। ਰੂੰ ਜਾਂ ਲੋਗੜ ਜੋ ਵੀ ਹੋਵੇ, ਆਪਣਾ-ਆਪਣਾ ਨਾਲ ਲਿਆਉਣਾ। ਰਾਤ ਭਰ ਸੂਤ ਕੱਤਾਂਗੀਆਂ।" ਜੁਲਾਹੇ ਨੂੰ ਆਖਿਆ, "ਬਾਬਾ ਕੱਲ੍ਹ ਦੀ ਸਵੇਰ ਹੋਰ ਕੰਮ ਨਹੀਂ ਕਰਨਾ, ਦਸਤਾਰ ਬੁਣਨੀ ਹੈ।" ਕੱਤਿਆ ਸੂਤ, ਕਿਸੇ ਦਾ ਮੋਟਾ, ਕਿਸੇ ਦਾ ਬਾਰੀਕ, ਜੁਲਾਹੇ ਨੂੰ ਦਿਤਾ। ਜੁਲਾਹੇ ਨੇ ਖੱਦਰ ਬੁਣਿਆ। ਮਾਂ-ਪੁੱਤ ਨੇ ਗਲੀਆਂ ਵਿਚੋਂ ਗੁੜ ਮੰਗਿਆ। ਕੱਛ ਵਿਚ ਖੱਦਰ ਦੀ ਪੱਗ ਤੇ ਮੋਢੇ ਉਪਰ ਗੁੜ ਦਾ ਥੈਲਾ ਟਿਕਾ ਕੇ ਇਹ ਜੁਆਨ ਬਾਬਾ ਫਰੀਦ ਦੇ ਦਰਬਾਰ ਵਿਚ ਪੇਸ਼ ਹੋਇਆ। ਉਨ੍ਹਾਂ ਦੇ ਚਰਨਾ ਵਿਚ ਦੋਵੇਂ ਚੀਜ਼ਾਂ ਰੱਖੀਆਂ।
ਬਾਬਾ ਜੀ ਨੇ ਖੱਦਰ ਆਪਣੇ ਹੱਥਾਂ ਵਿਚ ਲਿਆ, ਫਿਰ ਮੱਥੇ ਨੂੰ ਲਾਇਆ, ਫਿਰ ਅੱਖਾਂ ਨੂੰ ਛੁਹਾ ਕੇ ਮੁਰੀਦਾਂ ਨੂੰ ਕਹਿਣ ਲੱਗੇ, "ਬੱਚਿਓ, ਤੁਸੀਂ ਬਹਿਸ਼ਤ ਦੀਆਂ ਹੂਰਾਂ ਬਾਬਤ ਸੁਣਿਆ ਹੈ ਨਾ? ਸੁਣਿਆ ਹੈ, ਦੇਖੀਆਂ ਨਹੀਂ ਤੁਸੀਂ। ਇਹ ਦਸਤਾਰ ਸੁਰਗ ਵਿਚ ਵਸਦੀਆਂ ਪਰੀਆਂ ਵਲੋਂ ਕੱਤੇ ਸੂਤ ਦੀ ਬੁਣੀ ਹੋਈ ਹੈ। ਇਸ ਵਿਚੋਂ ਸੁੱਚੀ ਕਿਰਤ ਦੀ ਮਹਿਕ ਆਈ ਹੈ। ਧਰਤੀ ਦੀ ਵਸਤੂ ਨਹੀਂ ਇਹ ਦਸਤਾਰ। ਫਿਰ ਅਸੀਸਾਂ ਦੇ ਕੇ ਦਸਤਾਰ ਸਜਾਈ। ਮਠਿਆਈ ਵਾਲਾ ਥੈਲਾ ਖੋਹਲਿਆ। ਇਕ ਰੋੜੀ ਆਪਣੇ ਮੂੰਹ ਵਿਚ ਪਾਈ, ਬਾਕੀ ਦਾ ਗੁੜ (ਪ੍ਰਸ਼ਾਦ) ਸੰਗਤ ਵਿਚ ਵੰਡਿਆ।
ਨਿਜ਼ਾਮੁੱਦੀਨ ਨੂੰ ਲੰਗਰ ਤਿਆਰ ਕਰਨ ਦਾ ਹੁਕਮ ਹੋਇਆ। ਭਾਂਤ ਸੁਭਾਂਤੇ ਪਕਵਾਨ ਨਹੀਂ ਹੁੰਦੇ ਸਨ। ਨਿਜ਼ਾਮੁੱਦੀਨ ਜੰਗਲ ਵਿਚੋਂ ਡੇਲੇ ਤੋੜ ਲਿਆਉਂਦਾ। ਧੋ ਕੇ ਉਬਾਲ ਲੈਂਦਾ, ਵਿਚ ਲੂਣ ਪਾ ਦਿੰਦਾ। ਦੋ ਰੋਟੀਆਂ ਉਪਰ ਡੇਲੇ ਰੱਖਕੇ ਬਾਬਾ ਜੀ ਦੇ ਹੱਥਾਂ ਤੇ ਰੱਖ ਦਿੰਦਾ। ਇਕ ਰੋਟੀ, ਬੁਰਕੀ-ਬੁਰਕੀ ਕਰਕੇ ਸੰਗਤ ਵਿਚ ਵਰਤਾ ਦਿੰਦੇ, ਇਕ ਆਪ ਖਾਂਦੇ। ਅੱਠ ਪਹਿਰਾਂ ਵਿਚ ਕੇਵਲ ਇਕ ਵਾਰ, ਦੁਪਹਿਰੇ ਖਾਣਾ ਖਾਂਦੇ। ਇਕ ਦਿਨ ਡੇਲੇ ਤੋੜ ਲਿਆਂਦੇ ਪਰ ਝੌਂਪੜੀ ਵਿਚ ਲੂਣ ਖਤਮ ਸੀ। ਕਿਸੇ ਦੀ ਜੇਬ ਵਿਚ ਪੈਸੇ ਨਹੀਂ ਸਨ। ਨਿਜ਼ਾਮੁੱਦੀਨ ਦੌੜ ਕੇ ਨਾਲ ਲਗਦੀ ਆਬਾਦੀ ਵਿਚ ਗਿਆ ਤੇ ਦੋ ਟਕਿਆਂ ਦਾ ਲੂਣ ਉਧਾਰ ਲੈ ਆਇਆ। ਬਾਬਾ ਜੀ ਨੂੰ ਦੋ ਰੋਟੀਆਂ ਉਪਰ ਡੇਲੇ ਰੱਖ ਕੇ ਖਾਣਾ ਦੇ ਦਿੱਤਾ ਤੇ ਪਾਣੀ ਦਾ ਕਟੋਰਾ ਲੈਣ ਚਲਾ ਗਿਆ। ਬਾਬਾ ਜੀ ਨੇ ਆਵਾਜ਼ ਦਿੱਤੀ, "ਨਿਜ਼ਾਮੁੱਦੀਨ।" ਨਿਜ਼ਾਮੁੱਦੀਨ ਆ ਗਿਆ, ਪੁੱਛਿਆ, "ਖਾਣੇ ਉਪਰ ਕੀ ਟੂਣਾ ਕਰ ਦਿਤਾ ਹੈ ਤੂੰ?" ਨਿਜ਼ਾਮ ਨੇ ਕਿਹਾ, "ਕੁਝ ਨਹੀਂ ਕੀਤਾ ਜੀ, ਬਿਲਕੁਲ ਕੁਝ ਨਹੀਂ।"
ਬਾਬਾ ਜੀ ਨੇ ਦੁਹਰਾਇਆ, "ਕੁਝ ਕੀਤਾ ਹੈ ਨਿਜ਼ਾਮ, ਤਦੇ ਤਾਂ ਮੇਰਾ ਹੱਥ ਨਹੀਂ ਉਠਦਾ। ਬੁਰਕੀ ਤੋੜਨ ਲਈ ਜਦੋਂ ਮੈਂ ਉਂਗਲਾਂ ਰੋਟੀ ਨਾਲ ਛੁਹਾਈਆਂ ਤਾਂ ਮੇਰਾ ਹੱਥ ਏਨਾ ਭਾਰੀ ਹੋ ਗਿਆ ਕਿ ਚੁੱਕਿਆ ਨਾ ਗਿਆ। ਡੇਲੇ ਤੋੜਨ ਲਈ ਜਾਣ ਤੋਂ ਲੈ ਕੇ ਰੋਟੀ ਮੇਰੇ ਹੱਥ ਉਪਰ ਧਰਨ ਤੱਕ ਜੋ-ਜੋ ਤੂੰ ਕੀਤਾ, ਉਸ ਬਾਰੇ ਦੱਸ। ਗੱਲ ਕਰਦਿਆਂ ਨਿਜ਼ਾਮ ਨੇ ਦੱਸਿਆ ਕਿ ਲੂਣ ਨਹੀਂ ਸੀ। ਬਾਣੀਏ ਤੋਂ ਉਧਾਰ ਲਿਆਂਦਾ। ਬਾਬਾ ਜੀ ਨੇ ਕਿਹਾ, "ਇਕ ਦਿਨ ਜੇ ਬਗੈਰ ਲੂਣ ਤੋਂ ਰੋਟੀ ਖਾ ਲੈਂਦੇ ਤਾਂ ਵੀ ਕੀ ਵਿਗੜ ਜਾਣਾ ਸੀ? ਪਰਵਰਦਗਾਰ ਦਾ ਫੈਸਲਾ ਹੈ ਕਿ ਜਹਾਨ ਤੇਰਾ ਕਰਜਾਈ ਹੋਵੇ। ਤੂੰ ਲੂਣ ਦੀ ਡਲੀ ਖਾਤਰ ਬਾਣੀਏ ਦਾ ਕਰਜਾਈ ਹੋ ਗਿਆ? ਅੱਜ ਮੈਂ ਖਾਣਾ ਨਹੀਂ ਖਾਵਾਂਗਾ।"
ਬਾਬਾ ਜੀ ਨਿਜ਼ਾਮੁੱਦੀਨ ਨੂੰ ਦਿਲੀ ਵਿਚ ਰਹਿਣ ਲਈ ਆਖ ਦਿੰਦੇ ਤਾਂ ਉਹ ਦਿੱਲੀ ਚਲੇ ਜਾਂਦੇ। ਇਕ ਰਾਹਗੀਰ ਪਾਕਿ ਪੱਤਣ ਜਾਂਦਾ ਹੋਇਆ ਗਿਆਸਪੁਰ ਵਿਚੋਂ ਦੀ ਲੰਘਿਆ। ਨਿਜ਼ਾਮੁੱਦੀਨ ਨੇ ਕਿਹਾ, "ਬਾਬਾ ਜੀ ਕੋਲ ਚੱਲੇ ਹੋ ਤਾਂ ਸਾਡੀ ਭੁੱਖਮਰੀ ਦੀ ਹਾਲਤ ਦੱਸ ਦੇਣੀ। ਜਦੋਂ ਪਾਕਿ ਪੱਤਣ ਬਾਬਾ ਜੀ ਕੋਲ ਵਿਸਥਾਰ ਨਾਲ ਤੰਗੀ ਤੁਰਸ਼ੀ ਦੀ ਹਾਲਤ ਬਿਆਨ ਕੀਤੀ ਗਈ ਤਾਂ ਉਹ ਮੁਸਕਰਾਏ, ਕਿਹਾ, "ਰੂਹਾਨੀਅਤ ਹਾਸਲ ਕਰਨ ਵਾਲੇ ਨੂੰ ਬਹੁਤ ਭਾਰ ਚੁੱਕਣਾ ਪਿਆ ਕਰਦੈ। ਇਹੋ ਹੋਣਾ ਸੀ। ਨਿਜ਼ਾਮੁੱਦੀਨ ਨੂੰ ਕਹਿਣਾ ਭਰੋਸਾ ਰੱਖੇ।"
ਦਿੱਲੀ ਤੋਂ ਕੁੱਲ ਦਸ ਵਾਰ ਪਾਕਿ ਪੱਤਣ ਆਏ। ਤਿੰਨ ਵਾਰ ਬਾਬਾ ਜੀ ਦੇ ਹੁੰਦਿਆਂ, ਸੱਤ ਵਾਰ ਬਾਅਦ ਵਿਚ। ਵਾਪਸੀ ਵਕਤ ਬਾਬਾ ਜੀ ਇਹ ਅਸੀਸ ਦਿੰਦੇ, "ਰੱਬ ਤੇਰੀ ਹਰ ਅਰਦਾਸ ਕਬੂਲ ਕਰੇ ਨਿਜ਼ਾਮ। ਤੂੰ ਘਣਾ ਫੈਲਿਆ ਛਾਂ-ਦਾਰ ਰੁੱਖ ਹੋਏਂਗਾ ਨਿਜ਼ਾਮੁੱਦੀਨ, ਜਿਥੇ ਥੱਕੇ, ਜ਼ਖਮੀ, ਦੁਖੀ ਮੁਸਾਫਰਾਂ ਨੂੰ ਰਾਹਤ ਮਿਲੇਗੀ, ਆਰਾਮ ਮਿਲੇਗਾ, ਓਟ ਆਸਰਾ ਮਿਲੇਗਾ।"
ਤਵੀਤ ਲੈਣ ਆਏ ਲੋਕਾਂ ਦੀ ਭੀੜ ਲੱਗੀ ਰਹਿੰਦੀ। ਤਵੀਤ ਲਿਖਦੇ- ਲਿਖਦੇ ਇਕ ਦਿਨ ਥੱਕ ਗਏ ਤਾਂ ਆਵਾਜ਼ ਦਿੱਤੀ, "ਨਿਜ਼ਾਮੁੱਦੀਨ, ਬਾਕੀ ਤਵੀਤ ਤੂੰ ਦੇ ਦੇਹ।" ਖੁਦ ਆਰਾਮ ਕਰਨ ਚਲੇ ਗਏ। ਨਿਜ਼ਾਮ ਨੇ ਕਿਸੇ ਨੂੰ ਤਵੀਤ ਨਾ ਦਿੱਤਾ। ਲੋਕ ਮੰਗ ਕਰਨ ਲੱਗੇ। ਨਿਜ਼ਾਮ ਨੇ ਕਿਹਾ, "ਮੇਰੀ ਸੱਤਿਆ ਤਵੀਤ ਦੇਣ ਦੀ ਹੈ ਈ ਨਹੀਂ।" ਲੋਕ ਬਾਬਾ ਜੀ ਪਾਸ ਚਲੇ ਗਏ ਤੇ ਦੱਸਿਆ ਕਿ ਨਿਜ਼ਾਮੁੱਦੀਨ ਤਵੀਤ ਦੇਣੋ ਇਨਕਾਰੀ ਹੈ। ਬੁਲਾ ਲਏ ਤੇ ਪੁੱਛਿਆ ਤਾਂ ਨਿਜ਼ਾਮ ਨੇ ਕਿਹਾ, "ਬਾਬਾ ਜੀ, ਮੈਂ ਤਵੀਤ ਦੇਣ ਦਾ ਹੱਕਦਾਰ ਹਾਂ ਈ ਨਹੀਂ। ਮੇਰੇ ਲਿਖਿਆਂ ਕੀ ਹੋਏਗਾ?" ਬਾਬਾ ਜੀ ਨੇ ਕਿਹਾ, "ਮੇਰੇ ਵਿਚ ਕਿਹੜਾ ਕੋਈ ਸੱਤਿਆ ਹੈ? ਮੈਂ ਤਾਂ ਕਾਗਜ਼ ਉਪਰ ਰੱਬ ਦਾ ਨਾਮ ਲਿਖਕੇ ਦੇ ਦਿੰਦਾ ਹਾਂ। ਰੱਬ ਬਰਕਤਾਂ ਕਰਨ ਵਾਲਾ ਹੈ, ਆਪਾਂ ਕੀ ਕਰਨਾ ਹੋਇਆ? ਸੋ ਰੱਬ ਦਾ ਨਾਮ ਲੈ ਤੇ ਰੱਬ ਦੇ ਨਾਮ ਲਿਖ-ਲਿਖ ਤਵੀਤ ਦੇਈ ਚੱਲ।"
ਬਾਬਾ ਜੀ ਦੇ ਦੋਹਤੇ ਦਾ ਨਾਮ ਸੀ ਤਾਂ ਮੁਹੰਮਦ ਪਰ ਬਾਬਾ ਜੀ ਉਸਨੂੰ ਪਿਆਰ ਨਾਲ ਮੰਮਨ ਕਿਹਾ ਕਰਦੇ ਸਨ। ਉਸ ਬਾਰੇ ਖ਼ਬਰ ਮਿਲੀ ਕਿ ਕਦੀ ਕਦਾਈਂ ਸ਼ਰਾਬ ਪੀ ਲੈਂਦਾ ਹੈ। ਬਾਬਾ ਜੀ ਨੂੰ ਮਿਲਣ ਵਾਸਤੇ ਪਾਕਿ ਪੱਤਣ ਆਇਆ। ਚਰਨੀਂ ਹੱਥ ਲਾ ਕੇ ਨੇੜੇ ਬੈਠ ਗਿਆ। ਪਰਿਵਾਰ ਦੀ ਖੈਰ-ਸੁਖ ਦੱਸੀ-ਪੁੱਛੀ। ਗੱਲਾਂ ਕਰਦਿਆ ਬਾਬਾ ਜੀ ਨੇ ਕਿਹਾ, "ਮੰਮਨ ਸੁਣਿਆ ਹੈ ਤੂੰ ਸ਼ਰਾਬ ਪੀ ਲੈਨੈਂ।" ਮੁਹੰਮਦ ਨੇ ਕਿਹਾ, "ਨਹੀਂ ਨਾਨਾ ਜੀ। ਇਹ ਝੂਠ ਹੈ। ਲੋਕ ਖਾਹ-ਮਖਾਹ ਅਫਵਾਹਾਂ ਉਡਾਉਂਦੇ ਰਹਿੰਦੇ ਨੇ।" ਬਾਬਾ ਜੀ ਨੇ ਕਿਹਾ, "ਹਾਂ, ਮੈਨੂੰ ਵੀ ਅਫਵਾਹ ਲੱਗੀ ਇਹ ਖ਼ਬਰ। ਤੂੰ ਸ਼ਰਾਬ ਪੀ ਈ ਨੀ ਸਕਦਾ। ਪਰ ਲੋਕਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਮੇਰੇ ਪਰਿਵਾਰ ਦੇ ਜੀਆਂ ਵਿਰੁਧ ਮੇਰੇ ਸਾਹਮਣੇ ਗੱਲਾਂ ਕਰੀ ਗਏ। ਕਿੰਨੇ ਗੁਸਤਾਖ ਹੋ ਗਏ ਹਨ ਲੋਕ ਮੰਮਨ ਪੁੱਤਰ।"
ਇਕ ਦੁਖੀ ਬਜ਼ੁਰਗ, ਬਾਬਾ ਫਰੀਦ ਜੀ ਪਾਸ ਆ ਕੇ ਫਰਿਆਦ ਕਰਨ ਲੱਗਾ, "ਜੀ, ਮੇਰਾ ਬੇਟਾ ਬੇਕਸੂਰ ਹੈ। ਤੁਸੀ ਜਾਣੀ-ਜਾਣ ਹੋ, ਮੈਂ ਕੀ ਦੱਸਾਂ? ਜੇ ਕਸੂਰਵਾਰ ਹੈ ਤਾਂ ਤਰਸ ਨਾ ਖਾਉ। ਉਸਨੂੰ ਸੁਲਤਾਨ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਮਾਸੂਮ ਨੂੰ। ਉਸਨੂੰ ਬਚਾਉ ਮਾਲਕ।" ਸੁਲਤਾਨ ਬਲਬਨ ਦੇ ਨਾਮ ਬਾਬਾ ਜੀ ਨੇ ਇਹ ਖਤ ਲਿਖਿਆ, "ਸੰਕਟਗ੍ਰਸਤ ਇਸ ਬੰਦੇ ਨੂੰ ਤੁਹਾਡੇ ਪਾਸ ਭੇਜਦਾ ਹਾਂ। ਤੁਸੀਂ ਇਸ ਦੀ ਫਰਿਆਦ ਸੁਣਕੇ ਅਮਲ ਕਰ ਦਿੱਤਾ ਤਾਂ ਮੱਤ ਇਹ ਸਮਝਣਾ ਕਿ ਤੁਸੀਂ ਕਿਸੇ ਨੂੰ ਜ਼ਿੰਦਗਾਨੀ ਦੇ ਸਕਦੇ ਹੋ, ਜ਼ਿੰਦਗੀ ਦੇਣ ਦਾ ਕੰਮ ਕੇਵਲ ਅੱਲਾਹ ਦਾ ਹੈ। ਜੇ ਤੁਸੀਂ ਇਸ ਦੀ ਅਰਜ਼ ਨਜ਼ਰਅੰਦਾਜ਼ ਕਰ ਦਿੱਤੀ ਤਾਂ ਮੱਤ ਇਹ ਸਮਝਣਾ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ। ਫਿਰ ਇਹ ਜਾਣਨਾ ਕਿ ਪਰਵਰਦਰਗਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਤੁਹਾਡੇ ਹੱਥੋਂ ਨੇਕੀ ਕਰਵਾਉਂਦਾ।" ਖ਼ਤ ਪੜ੍ਹ ਕੇ ਸੁਲਤਾਨ ਨੇ ਬੰਦੀ ਨੂੰ ਰਿਹਾਅ ਕਰ ਦਿੱਤਾ। ਇਕ ਦਿਨ ਬਾਬਾ ਜੀ ਨੇ ਨਿਜ਼ਾਮੀ ਦਾ ਇਹ ਸ਼ਿਅਰ ਸੁਣਾਇਆ;
'ਨਿਜ਼ਾਮੀ ਈਂ ਚਿਹ ਇਸਰਾਰਸਤ ਕਜ਼ ਖ਼ਾਤਿਰ ਅਯਾਂ ਕਰਦੀ
ਕਸੇ ਸਿੱਰਸ਼ ਨਮੀ ਦਾਨਦ ਜ਼ਬਾਂ ਦਰ ਕਸ਼, ਜ਼ਬਾਂ ਦਰ ਕਸ਼।
(ਨਿਜ਼ਾਮੀ, ਕੀ ਤੂੰ ਅਪਣੇ ਦਿਲ ਦੇ ਭੇਦ ਨੂੰ ਹਵਾ ਲਵਾ ਬੈਠਾਂ ਹੈਂ? ਇਸ ਦੇ ਗੁੱਝੇ ਭੇਦ ਜਾਣਨ ਵਾਲਾ ਇਥੇ ਕੋਈ ਨਹੀਂ, ਜ਼ੁਬਾਨ ਬੰਦ ਰੱਖ, ਜ਼ੁਬਾਨ ਬੰਦ ਰੱਖ।)
ਸਾਰਾ ਦਿਨ ਇਹੋ ਸ਼ਿਅਰ ਗੁਣ-ਗੁਣਾਉਂਦੇ ਰਹੇ।
ਨਜੀਬੁੱਦੀਨ ਨੇ ਇਕ ਦਿਨ ਬਾਬਾ ਜੀ ਨੂੰ ਪੁੱਛਿਆ, "ਜੀ ਲੋਕ ਵਿਚ ਇਹ ਗੱਲ ਆਮ ਉਡੀ ਹੋਈ ਹੈ ਕਿ ਜਦੋਂ ਤੁਸੀਂ ਯਾਦ ਕਰਦਿਆਂ ਆਖਦੇ ਹੋ, 'ਯਾ ਰੱਬ', ਤਾਂ ਹੁੰਗਾਰਾ ਭਰਦਿਆਂ ਰੱਬ ਆਖਦਾ ਹੈ, 'ਮੈਂ ਹਾਜ਼ਰ ਹਾਂ ਮੇਰੇ ਬੰਦੇ।' ਕੀ ਇਹ ਸੱਚ ਹੈ?" ਹੱਸ ਪਏ ਤੇ ਕਿਹਾ, "ਨਹੀਂ, ਸੱਚ ਨਹੀਂ ਇਹ, ਪਰ ਲੋਕਾਂ ਦੀਆਂ ਇਹ ਅਫ਼ਵਾਹਾਂ ਭਵਿੱਖ ਦੀ ਭੂਮਿਕਾ ਹੁੰਦੀਆਂ ਹਨ, ਭਵਿਖ-ਬਾਣੀਆਂ ਹੋ ਜਾਂਦੀਆਂ ਹਨ।"
ਸਹਿਨਸ਼ੀਲਤਾ ਦੀ ਗੱਲ ਚੱਲੀ ਤਾਂ ਬਾਬਾ ਜੀ ਨੇ ਕਿਹਾ, "ਜਿਹੜਾ ਬੰਦਾ ਆਪਣੇ ਉਪਰ ਹੋਈਆਂ ਜ਼ਿਆਦਤੀਆਂ ਬਰਦਾਸ਼ਤ ਕਰ ਲੈਂਦਾ ਹੈ, ਉਸ ਵਰਗਾ ਤਾਕਤਵਰ ਕੋਈ ਨਹੀਂ। ਉਸ ਤੋਂ ਬਚ ਕੇ ਰਹੋ। ਮਾਰ ਖਾਣ ਵਾਲਾ ਸ਼ਾਂਤ-ਚਿਤ ਬੰਦਾ ਬਹੁਤ ਬਲਵਾਨ ਹੁੰਦਾ ਹੈ।"
ਬਾਬਾ ਜੀ ਪਾਸ ਨਵਾਬ ਦਾ ਖਜ਼ਾਨਾ ਅਫਸਰ ਆਇਆ ਤੇ ਕਹਿਣ ਲੱਗਾ, "ਜੀ, ਨਵਾਬ ਸਾਹਿਬ ਬਹੁਤ ਤੰਗ ਕਰਦੇ ਹਨ, ਤੁਸੀਂ ਮੇਰੇ ਤੇ ਕਿਰਪਾ ਕਰਕੇ ਸਿਫਾਰਿਸ਼ ਕਰ ਦਿਉਂ ਤਾਂ ਮੇਰਾ ਛੁਟਕਾਰਾ ਹੋ ਜਾਏਗਾ। ਬਾਬਾ ਜੀ ਨੇ ਸਿਫਾਰਿਸ਼ ਕਰ ਦਿਤੀ। ਕੁਝ ਦਿਨਾਂ ਬਾਅਦ ਉਹ ਅਫ਼ਸਰ ਫਿਰ ਆਇਆ ਤੇ ਕਿਹਾ, "ਜੀ ਉਸ ਉਪਰ ਸਿਫਾਰਿਸ਼ ਦਾ ਕੋਈ ਅਸਰ ਨਹੀਂ ਹੋਇਆ।" ਬਾਬਾ ਜੀ ਨੇ ਕਿਹਾ, "ਭਾਈ ਹੁਣ ਹਿਸਾਬ ਲਾ ਕੇ ਦੇਖ, ਤੂੰ ਵੀ ਲੋਕਾਂ ਨੂੰ ਤੰਗ ਕਰਦਾ ਰਿਹਾ ਹੈਂ, ਤੇਰੇ ਤੋਂ ਦੁਖੀ ਲੋਕ ਸਿਫਾਰਿਸ਼ਾਂ ਲੈ ਲੈ ਤੇਰੇ ਕੋਲ ਆਉਂਦੇ, ਤਦ ਤੂੰ ਕਿਹੜਾ ਕਿਸੇ ਨੂੰ ਬਖਸ਼ਦਾ ਸੈਂ? ਹੁਣ ਭੁਗਤੀ ਚੱਲ।"
ਪਾਕਿ ਪੱਤਣ ਰਹਿ ਰਹੇ ਸਨ। ਕਿਹਾ, "ਨਿਜ਼ਾਮੁੱਦੀਨ ਨੂੰ ਬੁਲਾਉ।" ਸ਼ੇਖ ਸਾਹਿਬ ਹਾਜ਼ਰ ਹੋ ਗਏ। ਫੁਰਮਾਇਆ, "ਤੁਸੀਂ ਦਿੱਲੀ ਚਲੇ ਜਾਉ ਨਿਜ਼ਾਮੁੱਦੀਨ।" ਨਿਜ਼ਾਮ ਨੇ ਬੇਨਤੀ ਕੀਤੀ, "ਤੁਹਾਡੀ ਉਮਰ ਵਧੀਕ ਹੋ ਗਈ ਹੈ। ਸਰੀਰ ਠੀਕ ਨਹੀਂ ਰਹਿੰਦਾ। ਅਜਿਹੇ ਵਕਤ ਮੈਂ ਤੁਹਾਨੂੰ ਛੱਡ ਕੇ ਦਿੱਲੀ ਨਹੀਂ ਜਾਵਾਂਗਾ।" ਬਾਬਾ ਜੀ ਨੇ ਫਿਰ ਦੁਹਰਾਇਆ, "ਹੁਕਮ ਮੰਨੀਦਾ ਹੁੰਦੈ ਨਿਜ਼ਾਮ। ਆਖਾ ਮੰਨੋ। ਦਿੱਲੀ ਜਾਉ।" ਨਿਜ਼ਾਮੁੱਦੀਨ ਨੇ ਕਿਹਾ, "ਠੀਕ ਹੈ ਹਜ਼ੂਰ। ਤੁਹਾਡਾ ਹੁਕਮ ਮੋੜਨ ਦੀ ਕਿਸ ਦੀ ਹਿੰਮਤ? ਪਰ ਏਨਾ ਕਰਮ ਤਾਂ ਕਰ ਦਿਉ ਕਿ ਮੇਰਾ ਗੁਨਾਹ ਦੱਸੋ। ਮੈਂ ਹਰ ਵਕਤ ਆਪਦੇ ਕਦਮਾਂ ਵਿਚ ਖਲੋਕੇ ਬਿਤਾਉਣ ਦਾ ਇਛੁਕ ਹਾਂ ਪਰ ਤੁਸੀਂ ਮੈਨੂੰ ਦਿੱਲੀ ਭੇਜ ਰਹੇ ਹੋ। ਇਸਦਾ ਕਾਰਨ ਕੀ ਹੈ?"
ਸੇਜਲ ਅੱਖਾਂ ਨਾਲ ਬਾਬਾ ਜੀ ਨੇ ਕਿਹਾ, "ਸਾਈਂ ਬਖਤਿਆਰ ਕਾਕੀ, ਮੇਰੇ ਮੁਰਸ਼ਦ ਨਾਲ ਮੈਂ ਹਾਂਸੀ ਰਹਿ ਰਿਹਾ ਸਾਂ। ਉਨ੍ਹਾਂ ਨੇ ਹੁਕਮ ਦਿਤਾ ਕਿ ਦਿੱਲੀ ਚਲੇ ਜਾਓ ਫਰੀਦ। ਮੈਂ ਕਈ ਵਾਰ ਅਰਜ਼ ਕੀਤੀ ਸੀ ਕਿ ਮੈਨੂੰ ਹਾਂਸੀ ਰਹਿਣ ਦਿਉ, ਉਹ ਨਹੀਂ ਮੰਨੇ। ਮੈਂ ਬਾਰ-ਬਾਰ ਮਿੰਨਤ ਕਰਨੋ ਨਾ ਹਟਿਆ ਤਾਂ ਉਨ੍ਹਾਂ ਦੇ ਆਖਰੀ ਲਫਜ਼ ਇਹ ਸਨ 'ਮੇਰਾ ਮੁਸੱਲਾ, ਕਾਸਾ, ਖੜਾਵਾਂ ਤੇ ਦਸਤਾਰ ਤੇਰੇ ਕੋਲ ਦਿੱਲੀ ਪੁੱਜ ਜਾਣਗੇ। ਹੁਣ ਜਾਉ।' ਮੈਂ ਚਲਾ ਗਿਆ। ਮੈਨੂੰ ਕੋਈ ਪਤਾ ਨਾ ਲੱਗਾ ਕਿ ਆਖਰ ਗੱਲ ਕੀ ਸੀ। ਪਰ ਮੇਰੇ ਅੰਦਰ ਏਨਾ ਹੌਂਸਲਾ ਨਹੀਂ ਸੀ ਤੇਰੇ ਜਿੰਨਾ ਕਿ ਕਾਰਨ ਜਾਣਨ ਲਈ ਬਜਿਦ ਹੋਵਾਂ। ਚੁੱਪ ਕਰਕੇ ਤੁਰ ਗਿਆ ਸਾਂ। ਹੁਣ ਤੂੰ ਪੁੱਛ ਰਿਹਾ ਹੈਂ ਤਾਂ ਦੱਸ ਦਿੰਦਾ ਹਾਂ। ਮੈਨੂੰ ਵੀ ਹੁਣੇ ਪਤਾ ਲੱਗਾ ਹੈ। ਜਿਸਨੂੰ ਬਹੁਤ ਪਿਆਰ ਕਰਦੇ ਹੋਈਏ, ਉਸ ਕੋਲੋਂ ਵਿਛੜਨ ਨੂੰ ਦਿਲ ਨਹੀਂ ਮੰਨਦਾ ਹੁੰਦਾ ਨਿਜ਼ਾਮੁੱਦੀਨ। ਦਿੱਲੀ ਜਾਉ। ਮੇਰੀਆਂ ਖੜਾਵਾਂ, ਦਸਤਾਰ, ਮੁਸੱਲਾ ਤੁਹਾਡੇ ਕੋਲ ਦਿੱਲੀ ਪੁੱਜ ਜਾਣਗੇ।"
ਜਿਵੇਂ ਸਾਈਂ ਬਖਤਿਆਰ ਕਾਕੀ ਨੇ ਵਿਦਾਇਗੀ ਵਕਤ ਬਾਬਾ ਫਰੀਦ ਨੂੰ ਵਾਰਿਸ ਥਾਪ ਦੇਣ ਦਾ ਐਲਾਨ ਕੀਤਾ, ਉਸੇ ਤਰ੍ਹਾਂ ਬਾਬਾ ਫਰੀਦ ਨੇ ਨਿਜ਼ਾਮੁੱਦੀਨ ਨੂੰ ਆਪਣਾ ਵਾਰਸ ਥਾਪਣ ਦਾ ਐਲਾਨ ਕਰ ਦਿੱਤਾ। ਨਮਾਜ਼ ਪੜ੍ਹਦੇ ਬੇਹੋਸ਼ ਹੋ ਗਏ। ਜਦੋ ਹੋਸ਼ ਆਈ ਤਾਂ ਪੁੱਛਿਆ, "ਕੀ ਮੈਂ ਨਮਾਜ਼ ਪੜ੍ਹ ਲਈ ਸੀ?" ਦੱਸਿਆ ਗਿਆ ਕਿ ਪੜ੍ਹ ਲਈ ਸੀ। ਕਹਿਣ ਲੱਗੇ, "ਤਾਂ ਵੀ ਦੂਜੀ ਵਾਰ ਪੜ੍ਹਨ ਦਾ ਕੀ ਹਰਜ਼?" ਫਿਰ ਦੂਜੀ ਵਾਰ ਨਮਾਜ਼ ਪੜ੍ਹਕੇ ਬੇਹੋਸ਼ ਹੋ ਗਏ। ਹੋਸ਼ ਆਈ ਤਾਂ ਇਹੋ ਸਵਾਲ ਕੀਤਾ, "ਭਾਈਓ, ਦੱਸੋ, ਮੈਂ ਨਮਾਜ਼ ਪੜ੍ਹ ਲਈ ਸੀ?" ਸਭ ਨੇ ਕਿਹਾ, "ਹਾਂ ਬਾਬਾ ਜੀ, ਨਮਾਜ਼ ਅਦਾ ਹੋ ਗਈ ਸੀ।" ਕਹਿਣ ਲੱਗੇ, "ਫੇਰ ਪੜ੍ਹਨ ਵਿਚ ਕੀ ਹਰਜ਼?" ਫਿਰ ਨਮਾਜ਼ ਪੜ੍ਹਨ ਲੱਗੇ ਤੇ ਪੜ੍ਹਦਿਆਂ-ਪੜ੍ਹਦਿਆਂ ਅੱਲਾਹ ਦੀ ਦਰਗਾਹ ਵਿਚ ਜਾ ਪੁੱਜੇ, ਫਿਰ ਹੋਸ਼ ਨਹੀਂ ਪਰਤੀ। ਸ਼ੱਵਾਲ ਦੇ ਮਹੀਨੇ ਨਿਜ਼ਾਮੁੱਦੀਨ ਦਿੱਲੀ ਗਏ ਤੇ ਪੰਜ ਮੁਹੱਰਮ ਨੂੰ ਬਾਬਾ ਫਰੀਦ ਦਾ 93 ਸਾਲ ਦੀ ਉਮਰ ਵਿਚ ਦੇਹਾਂਤ ਹੋਇਆ।
ਨਿਜ਼ਾਮੁੱਦੀਨ ਨੇ ਦਿੱਲੀ ਦੀ ਥਾਂ ਗਿਆਸਪੁਰ ਪਿੰਡ ਵਿਚ ਡੇਰਾ ਲਾਇਆ ਕਿਉਂਕਿ ਇਥੇ ਲੋਕਾਂ ਦੀ ਭੀੜ ਨਹੀਂ ਸੀ। ਪਰ ਦਿਨ ਫਾਕਾਕਸ਼ੀ ਦੇ ਸਨ। ਦਸਦੇ ਹਨ, "ਪੈਸੇ ਦੇ ਮਣ ਤਰਬੂਜ਼ ਆ ਜਾਂਦੇ ਸਨ। ਅਸੀਂ ਤਰਬੂਜ਼ ਦਾ ਸੁਆਦ ਨਾ ਦੇਖ ਸਕੇ। ਤਿੰਨ ਦਿਨ ਬਾਦ ਕੋਈ ਦਾਲ ਚੌਲ ਲੈ ਆਇਆ, ਖਿਚੜੀ ਬਣਾ ਕੇ ਖਾਧੀ। ਇਹੋ ਜਿਹਾ ਸੁਆਦ ਖਾਣਾ ਅੱਜ ਤੱਕ ਹੋਰ ਕੋਈ ਨਹੀਂ ਲੱਗਾ।"
ਇਕ ਦਿਨ ਤਰਸ ਖਾ ਕੇ ਇੱਕ ਔਰਤ ਆਟਾ ਦੇ ਗਈ। ਗੁੰਨ੍ਹ ਕੇ ਪਹਿਲੀ ਰੋਟੀ ਠੀਕਰੇ ਉਪਰ ਪਾਈ ਤਾਂ ਇਕ ਦਰਵੇਸ਼ ਆ ਗਿਆ ਤੇ ਖਾਣ ਲਈ ਕੁਝ ਮੰਗਿਆ। ਪਹਿਲੀ ਰੋਟੀ ਦਰਵੇਸ਼ ਨੂੰ ਦਿੱਤੀ ਤਾਂ ਉਸਨੇ ਇਕ ਬੁਰਕੀ ਤੋੜ ਕੇ ਖਾਧੀ ਤੇ ਠੀਕਰਾ ਇੱਟ ਮਾਰ ਕੇ ਤੋੜ ਦਿੱਤਾ, ਫਿਰ ਕਿਹਾ, "ਮੈਂ ਗਰੀਬੀ ਦਾ ਠੀਕਰਾ ਭੰਨ ਦਿੱਤਾ ਹੈ। ਅੱਜ ਤੋਂ ਬਾਅਦ ਨਿਜ਼ਾਮੁੱਦੀਨ, ਗੁਪਤ ਅਤੇ ਪ੍ਰਗਟ ਦੋਹਾਂ ਜਹਾਨਾਂ ਦਾ ਹਾਕਮ ਹੋਵੇਗਾ।"
ਇਸ ਘਟਨਾ ਤੋਂ ਬਾਅਦ ਦਾਨੀ ਪੁੱਜਣੇ ਸ਼ੁਰੂ ਹੋ ਗਏ। ਇੰਨਾ ਅੰਨ-ਦਾਣਾ ਪੁੱਜਣ ਲੱਗਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੋੜਵੰਦ ਲੰਗਰ ਛਕਦੇ। ਸੁਆਦਲੇ ਪਕਵਾਨ ਆਉਂਦੇ ਤਾਂ ਆਪ ਨਾ ਖਾਂਦੇ, ਰਾਹਗੀਰਾਂ ਵਿਚ ਵੰਡ ਦਿੰਦੇ। ਖੁਦ ਜਵਾਰ ਬਾਜਰੇ ਦੀ ਇਕ ਰੋਟੀ ਖਾਂਦੇ। ਵਧੀਕ ਸੰਗਤ ਆਉਣ ਲੱਗੀ ਤਾਂ ਸੋਚਿਆ ਕਿ ਕਿਧਰੇ ਹੋਰ ਥਾਂ ਇਕਾਂਤਵਾਸ ਕਰੀਏ। ਅਸਮਾਨੋਂ ਆਵਾਜ਼ ਆਈ, "ਇਕਾਂਤ ਪਸੰਦ ਸੀ ਤਾਂ ਪਹਿਲਾਂਂ ਸ਼ੁਹਰਤ ਕਿਉਂ ਵਧਣ ਦਿੱਤੀ? ਹੁਣ ਕਿਨਾਰਾ ਕਰਨਾ ਠੀਕ ਨਹੀਂ। ਇਕਾਂਤ ਵਿਚ ਜਾ ਕੇ ਬੰਦਗੀ ਕਰਨੀ ਸੌਖਾ ਕੰਮ ਹੈ ਨਿਜ਼ਾਮ, ਦੁਨੀਆਂ ਵਿਚ ਰਹਿ ਕੇ ਲੋੜਵੰਦਾਂ ਦੀਆਂ ਫਰਿਆਦਾਂ ਸੁਣਨੀਆਂ, ਤਕਲੀਫਾਂ ਵਿਚ ਸਹਾਈ ਹੋਣਾ ਔਖਾ ਕੰਮ ਹੈ। ਤੈਥੋਂ ਰੱਬ ਰਸੂਲ ਨੇ ਔਖੇ ਕੰਮ ਲੈਣੇ ਹਨ ਨਿਜ਼ਾਮੁੱਦੀਨ, ਇਥੇ ਰਹਿ, ਜ਼ਿੰਮੇਵਾਰੀ ਨਿਭਾ।
1257 ਵਿਚ ਸੁਲਤਾਨ ਅਲਾਉਦੀਨ ਖਿਲਜੀ (1296- 1316) ਵਕਤ ਉਸਦੀ ਸ਼ੁਹਰਤ ਸਿਖਰ ਤੇ ਪੁੱਜੀ। ਗਿਆਸਪੁਰ ਵੱਡੀ ਗਿਣਤੀ ਵਿਚ ਲੋਕ ਆਉਂਦੇ, ਅਮੀਰ ਹਸਨ ਨੇ ਇਥੇ ਹੀ 1307 ਤੋਂ 1322 ਤੱਕ 'ਫਾਇਦੁਲ ਫੁਆਦ' ਲਿਖੀ ਸੀ। ਖਿਲਜੀ ਦਾ ਸ਼ਾਹਜ਼ਾਦਾ ਖਿਜ਼ਰ ਖਾਨ ਉਸਦਾ ਮੁਰੀਦ ਸੀ। ਉਨ੍ਹਾਂ ਨੇ ਕਿਸੇ ਮੁਰੀਦ ਨੂੰ ਸਰਕਾਰੀ ਨੌਕਰੀ ਨਹੀਂ ਕਰਨ ਦਿੱਤੀ। ਬਾਦਸ਼ਾਹਾਂ ਤੋਂ ਦੂਰ ਰਹਿਣ ਲਈ ਕਿਹਾ, ਬਾਦਸ਼ਾਹ ਫਿਰੋਜ਼ ਸ਼ਾਹ ਤੁਗਲਕ ਉਨ੍ਹਾਂ ਨੂੰ ਸੁਲਤਾਨ ਅਲ ਮਸ਼ਾਇਖ (ਫ਼ਕੀਰਾਂ ਦਾ ਸੁਲਤਾਨ) ਕਿਹਾ ਕਰਦਾ ਸੀ।
ਸੁਲਤਾਨ ਅਲਾਉਦੀਨ ਖਿਲਜੀ ਨੇ 500 ਮੁਹਰਾਂ ਦਾ ਦਾਨ ਭੇਜਿਆ। ਹਰਕਾਰਾ ਦਾਨ ਲੈ ਕੇ ਪੁੱਜਾ ਤਾਂ ਖੁਰਾਸਾਨੀ ਕਲੰਦਰ ਉਥੇ ਮੌਜੂਦ ਸੀ। ਮੁਹਰਾਂ ਦੇਖਦਿਆਂ ਖੁਸ਼ੀ ਨਾਲ ਬੋਲਿਆ, "ਵਾਹ, ਇੰਨਾ ਦਾਨ, ਫਕੀਰ ਵੰਡ ਲੈਣ ਤਾਂ ਕਿੰਨਾ ਚੰਗਾ ਹੋਵੇ ਨਿਜ਼ਾਮੁੱਦੀਨ।" ਨਿਜ਼ਾਮੁੱਦੀਨ ਨੇ ਸਾਰੀਆਂ ਮੁਹਰਾਂ ਕਲੰਦਰ ਦੀ ਝੋਲੀ ਪਾਉਂਦਿਆਂ ਕਿਹਾ, "ਵੰਡਣ ਦੀ ਕੀ ਲੋੜ। ਇਕੋ ਕੋਲ ਹੋਣ ਵਧੀਕ ਭਲਾ ਹੋਵੇ।"
ਅਲਾਉਦੀਨ ਨੇ ਸੁਨੇਹਾ ਭੇਜਿਆ, "ਮੈਂ ਆਪਦੇ ਦੀਦਾਰ ਕਰਨੇ ਚਾਹੁੰਦਾ ਹਾਂ।" ਨਿਜ਼ਾਮੁੱਦੀਨ ਨੇ ਕਿਹਾ, "ਬਿਨਾਂ ਮਿਲਿਆਂ ਮੈਂ ਸੁਲਤਾਨ ਦਾ ਭਲਾ ਲੋਚਦਾ ਹਾਂ। ਫੇਰ ਵੀ, ਜੇ ਸੁਲਤਾਨ ਦਾ ਫੈਸਲਾ ਹੈ ਕਿ ਯਕੀਨਨ ਆਉਣਾ ਹੈ ਤਾਂ ਮੇਰੀ ਝੌਂਪੜੀ ਦੇ ਦੋ ਦਰਵਾਜੇ. ਹਨ। ਸੁਲਤਾਨ ਅਗੋਂ ਦੀ ਅੰਦਰ ਆਏਗਾ, ਮੈਂ ਪਿਛੋਂ ਦੀ ਬਾਹਰ ਚਲਾ ਜਾਵਾਂਗਾ।"
ਕੁਤੁਬਦੀਨ ਖਿਲਜੀ, ਅਲਾਉਦੀਨ ਦਾ ਤੀਜਾ ਬੇਟਾ ਸੀ। ਸੁਲਤਾਨ ਦੀ ਮੌਤ ਤੋਂ ਬਾਅਦ ਆਪਣੇ ਦੋਵਾਂ ਵੱਡੇ ਭਰਾਵਾਂ ਨੂੰ ਕਤਲ ਕਰਕੇ ਉਸ ਨੇ ਤਾਜਪੋਸ਼ੀ ਹਾਸਲ ਕਰ ਲਈ। ਦੋਵੇਂ ਭਰਾ ਖਿਜ਼ਰ ਖਾਨ ਤੇ ਸ਼ਾਦੀ ਖਾਨ ਕਿਉਂਕਿ ਨਿਜ਼ਾਮੁੱਦੀਨ ਦੇ ਮੁਰੀਦ ਸਨ, ਇਸ ਕਰਕੇ ਇਹ ਨਵਾਂ ਸੁਲਤਾਨ ਇਸ ਦਰਵੇਸ਼ ਦਾ ਐਲਾਨੀਆ ਵਿਰੋਧੀ ਹੋ ਗਿਆ। ਉਸਨੇ ਹੁਕਮ ਭੇਜਿਆ ਕਿ ਮਹੀਨੇ ਦੀ ਪਹਿਲੀ ਤਰੀਕ ਨੂੰ ਨਿਜ਼ਾਮੁੱਦੀਨ ਬਾਦਸ਼ਾਹ ਦੇ ਦਰਬਾਰ ਵਿਚ ਹਾਜ਼ਰ ਹੋਇਆ ਕਰੇ, ਹੁਕਮ ਅਦੂਲੀ ਦੀ ਸਜ਼ਾ ਦਿੱਤੀ ਜਾਵੇਗੀ। ਫਕੀਰ ਤੱਕ ਖਬਰ ਪੁਚਾਈ ਗਈ ਤਾਂ ਕਿਹਾ, "ਕੌਣ ਜਾਣੇ ਰੱਬ ਦੀ ਕੀ ਰਜ਼ਾ।"
ਮਹੀਨੇ ਦੀ ਆਖਰੀ ਤਰੀਕ ਦੀ ਰਾਤ, ਯਾਨੀ ਕਿ ਇਕ ਤਰੀਕ ਤੋਂ ਇਕ ਦਿਨ ਪਹਿਲਾਂ ਕੁਤੁਬੱਦੀਨ ਦੇ ਗੁਲਾਮ ਖੁਸਰੋ ਖਾਨ ਨੇ ਅਪਣੇ ਸੁੱਤੇ ਪਏ ਮਾਲਕ ਦਾ ਸਿਰ ਵੱਢ ਕੇ ਛੱਤ ਤੋਂ ਹੇਠਾਂ ਵਗਾਹ ਮਾਰਿਆ। 'ਸੀਅਰੁਲ ਔਲੀਆ' ਦਾ ਕਰਤਾ ਇਸ ਘਟਨਾ ਬਾਬਤ ਲਿਖਦਾ ਹੈ;
"ਐ ਰੁਬਾਹਿਕ ਚਿਰਾ ਨਾ ਨਿਸ਼ਸ਼ਤੀ ਬਜਾਇ ਖੇਸ਼।
ਬਾ ਸ਼ੇਰ ਪੰਜਾ ਕਰਦੀ ਓ ਦੀਦੀ ਸਜ਼ਾਇ ਖੇਸ਼।।"
(ਐ ਬੁਜ਼ਦਿਲ ਬਿੱਲੀ, ਆਪਣੀ ਥਾਂ ਸਿਰ ਕਿਉਂ ਨਾ ਰਹੀ? ਤੂੰ ਸ਼ੇਰ ਨਾਲ ਮੁਕਾਬਲਾ ਕੀਤਾ, ਫਿਰ ਉਸਦੀ ਸਜ਼ਾ ਮਿਲਦੀ ਦੇਖੀ।)
ਗਿਆਸੁੱਦੀਨ ਤੁਗਲਕ ਨੂੰ ਨਿਜ਼ਾਮੁੱਦੀਨ ਦੀ ਸ਼ੁਹਰਤ ਚੰਗੀ ਨਾ ਲੱਗੀ। ਉਸਨੂੰ ਲੱਗਾ ਕਿ ਉਸਦੀ ਸਰਕਾਰ ਦੇ ਕੰਮ ਵਿਚ ਵਿਘਨ ਪੈ ਰਿਹਾ ਹੈ। ਦੱਖਣ ਵਿਚ ਬਗਾਵਤ ਦਬਾਉਣ ਤੋਂ ਬਾਅਦ ਵਾਪਸੀ ਵਕਤ ਸੁਨੇਹਾ ਭੇਜਿਆ, "ਮੈਂ ਦੱਖਣ ਵਲੋਂ ਆ ਰਿਹਾ ਹਾਂ। ਮੇਰੇ ਆਉਣ ਤੋਂ ਪਹਿਲਾਂ ਨਿਜ਼ਾਮੁੱਦੀਨ ਦਿੱਲੀ ਛਡ ਕੇ ਚਲਾ ਜਾਵੇ।" ਫਕੀਰ ਨੇ ਸੁਨੇਹਾ ਸੁਣਿਆ ਤਾਂ ਕਿਹਾ, "ਹਨੂਜ਼ ਦਿੱਲੀ ਦੂਰ ਅਸਤ" (ਅਜੇ ਦਿੱਲੀ ਦੂਰ ਹੈ।)। ਉਸਦੇ ਸਵਾਗਤ ਵਾਸਤੇ ਲੱਕੜੀ ਦਾ ਸ਼ਾਨਦਾਰ ਦਰਵਾਜ਼ਾ ਉਸਾਰਿਆ ਗਿਆ ਸੀ। ਆਗਰੇ ਤੋਂ ਦੂਜਾ ਸੁਨੇਹਾ ਫਿਰ ਦਿੱਤਾ, " ਫਕੀਰ ਨੂੰ ਕਹੋ ਕਿ ਦਿੱਲੀ ਛੱਡ ਜਾਵੇ ਨਹੀਂ ਤਾਂ ਬੁਰੀ ਕਰਾਂਗਾ।" ਨਿਜ਼ਾਮੁੱਦੀਨ ਨੇ ਉਹੀ ਜਵਾਬ ਦਿੱਤਾ, "ਹਨੂਜ਼ ਦਿੱਲੀ ਦੂਰ ਅਸਤ।" ਸੁਲਤਾਨ ਬੈਂਡ ਵਾਜਿਆਂ ਦੀ ਗੁੰਜਾਰ ਵਿਚ ਦਿੱਲੀ ਗੇਟ ਪਾਰ ਕਰ ਰਿਹਾ ਸੀ ਤਾਂ ਇਹ ਢਾਂਚਾ ਡਿੱਗ ਪਿਆ, ਸੁਲਤਾਨ ਦੀ ਮਲਬੇ ਵਿਚ ਦਬ ਕੇ ਮੌਤ ਹੋ ਗਈ।
ਮੌਲਾਨਾ ਜ਼ਿਆਉੱਦੀਨ ਸਨਾਮੀ ਪੱਕਾ ਸ਼ਰੱਈ ਸੀ ਤੇ ਚਿਸ਼ਤੀਆਂ ਦੇ ਸਮਾਅ ਅਤੇ ਵਜਦ (ਕੀਰਤਨ ਕਰਦਿਆਂ ਹੋਸ਼ ਗੁਆ ਦੇਣੇ) ਦੇ ਖਿਲਾਫ ਸੀ। ਉਸਨੇ ਸਮਾਅ ਦੇ ਖਿਲਾਫ ਕਿਤਾਬ ਵੀ ਲਿਖੀ ਜਿਸ ਵਿਚ ਨਿਜ਼ਾਮੁੱਦੀਨ ਦੀ ਸਖਤ ਆਲੋਚਨਾ ਕੀਤੀ। ਨਿਜ਼ਾਮੁੱਦੀਨ ਨੂੰ ਪਤਾ ਲੱਗਾ ਕਿ ਮੌਲਾਨਾ ਦੀ ਤਬੀਅਤ ਠੀਕ ਨਹੀਂ। ਖ਼ਬਰ ਲੈਣ ਉਨ੍ਹਾਂ ਦੀ ਰਿਹਾਇਸ਼ 'ਤੇ ਗਏ। ਮੌਲਾਨਾ ਸਨਾਮੀ ਨੂੰ ਅੰਦਰ ਇਹ ਖ਼ਬਰ ਮਿਲੀ ਤਾਂ ਸੇਵਾਦਾਰਾਂ ਦੇ ਹੱਥ ਆਪਣੀ ਦਸਤਾਰ ਫੜਾ ਕੇ ਕਿਹਾ, "ਇਸਨੂੰ ਰਾਹ ਵਿਚ ਵਿਛਾ ਦਿਉ। ਸ਼ੇਖ ਸਾਹਿਬ ਦਸਤਾਰ ਉਪਰ ਦੀ ਚਲ ਕੇ ਆਉਣ।" ਨਿਜ਼ਾਮੁੱਦੀਨ ਨੇ ਦਸਤਾਰ ਇਕੱਠੀ ਕਰਕੇ ਮੱਥੇ ਨੂੰ ਛੁਹਾਈ, ਫਿਰ ਸਿਰ ਉਪਰ ਰੱਖ ਕੇ ਅੰਦਰ ਖ਼ਬਰ ਲੈਣ ਗਏ। ਸਨਾਮੀ ਸ਼ਰਮਿੰਦਗੀ ਕਾਰਨ ਨਜ਼ਰ ਨਾ ਮਿਲਾ ਸਕਿਆ। ਨਿਜ਼ਾਮੁੱਦੀਨ ਨੂੰ ਵਾਪਸ ਪੁੱਜ ਕੇ ਖਬਰ ਮਿਲੀ ਕਿ ਉਹ ਕੂਚ ਕਰ ਗਏ ਹਨ, ਖਬਰ ਸੁਣਕੇ ਕਿਹਾ, "ਪੈਗੰਬਰ ਦੀ ਸ਼ਰ੍ਹਾ ਦਾ ਮੁਦਈ ਉਸ ਵਰਗਾ ਕੋਈ ਨਹੀਂ। ਅਫ਼ਸੋਸ ਉਹ ਵੀ ਨਹੀਂ ਰਿਹਾ।"
ਬਾਬਾ ਫਰੀਦ ਦਾ ਬੇਟਾ ਖਵਾਜਾ ਨਜੀਬੁੱਦੀਨ ਆਇਆ ਤੇ ਕਿਹਾ ਕਿ ਫਲਾਣੇ ਅਮੀਰ ਦੇ ਨਾਮ ਖ਼ਤ ਲਿਖ ਦਿਉ ਕਿ ਮੇਰੀ ਮਾਇਕ ਮਦਦ ਕਰਨ। ਨਿਜ਼ਾਮੁੱਦੀਨ ਨੇ ਅਜਿਹਾ ਕਰਨੋ ਇਨਕਾਰ ਕਰ ਦਿੱਤਾ। ਗੁੱਸੇ ਵਿਚ ਆਏ ਖਵਾਜਾ ਨੇ ਦਵਾਤ ਵਗਾਹ ਮਾਰੀ ਤੇ ਕਿਹਾ, "ਤੂੰ ਮੇਰੇ ਅਬੂ ਦਾ ਗੁਲਾਮ ਹੈਂ, ਯਾਦ ਨਹੀਂ? ਮੈਂ ਉਨ੍ਹਾਂ ਦਾ ਸਾਹਿਬਜ਼ਾਦਾ ਹਾਂ।" ਗੁੱਸੇ ਨਾਲ ਬਾਹਰ ਜਾਣ ਲੱਗਾ ਤਾਂ ਨਿਜ਼ਾਮੁੱਦੀਨ ਨੇ ਕਮੀਜ਼ ਦੀ ਕੰਨੀ ਫੜ ਲਈ, ਕਿਹਾ ਅੱਜ ਨਹੀਂ ਜਾਣ ਦੇਣਾ। ਗੁੱਸੇ ਹੋ ਕੇ ਨਹੀਂ ਜਾਣਾ, ਗੁੱਸਾ ਉਤਰ ਗਿਆ ਤਾਂ ਜਾਣ ਦਿਆਂਗੇ। ਮਨਾ ਕੇ, ਪ੍ਰਸੰਨ ਚਿਤ ਕਰਨ ਉਪਰੰਤ ਖਵਾਜਾ ਨੂੰ ਆਦਰ ਨਾਲ ਵਿਦਾਇਗੀ ਦਿੱਤੀ।
ਬਦਾਯੂੰ ਪਿੰਡ ਦਾ ਇਕ ਬੰਦਾ ਮਦਦ ਦੀ ਆਸ ਲੈ ਕੇ ਨਿਜ਼ਾਮੁੱਦੀਨ ਕੋਲ ਆਇਆ। ਨਿਜ਼ਾਮੁੱਦੀਨ ਕੋਲ ਰੁਪਏ-ਪੈਸੇ ਖ਼ਤਮ ਸਨ। ਉਸਨੇ ਕਿਹਾ, "ਕੁਝ ਨਾ ਕੁਝ ਜ਼ਰੂਰ ਦਿਉ, ਮੈਂ ਆਸ ਲੈ ਕੇ ਆਇਆ ਹਾਂ, ਤੁਹਾਡਾ ਗਰਾਈਂ ਹਾਂ।" ਉਸਨੂੰ ਆਪਣੇ ਪੁਰਾਣੇ ਜੋੜੇ ਦੇ ਦਿੱਤੇ। ਉਹ ਜੋੜੇ ਲੈ ਤਾਂ ਗਿਆ, ਪਰ ਖਰਾ ਉਦਾਸ ਕਿ ਇਹ ਚੰਗਾ ਮਜ਼ਾਕ ਕੀਤਾ ਮੇਰੇ ਨਾਲ। ਰਾਤ ਪਈ ਤਾਂ ਸਰਾਂ ਵਿਚ ਟਿਕਾਣਾ ਕੀਤਾ। ਇਸੇ ਰਾਤ ਵਪਾਰ ਦੇ ਦੌਰੇ ਤੋਂ ਵਾਪਸੀ ਦੌਰਾਨ ਅਮੀਰ ਖੁਸਰੋ ਇਸ ਸਰਾਂ ਵਿਚ ਠਹਿਰਿਆ। ਸਵੇਰ ਸਾਰ ਖੁਸਰੋ ਨੇ ਪੁੱਛਿਆ, "ਇਸ ਸਰਾਂ ਵਿਚੋਂ ਮੇਰੇ ਮੁਰਸ਼ਦ ਦੀ ਖੁਸ਼ਬੂ ਆ ਰਹੀ ਹੈ, ਇਥੇ ਜ਼ਰੂਰ ਉਨ੍ਹਾਂ ਦੀ ਕੋਈ ਨਿਸ਼ਾਨੀ ਹੈ।" ਪੜਤਾਲ ਕਰਨ ਤੋਂ ਜਾਣਿਆ ਕਿ ਬਦਾਯੂੰ ਦਾ ਵਾਸੀ ਰਾਤੀਂ ਠਹਿਰਿਆ ਹੈ ਤੇ ਉਹ ਸ਼ੇਖ ਸਾਹਿਬ ਦੇ ਦੀਦਾਰ ਕਰਕੇ ਆਇਆ ਹੈ। ਖੁਸਰੋ ਨੇ ਪੁੱਛਿਆ, "ਤੈਨੂੰ ਮਾਲਕ ਨੇ ਕੋਈ ਤੁਹਫਾ ਦਿੱਤਾ ਹੈ?" ਉਦਾਸ ਲਫਜ਼ਾਂ ਵਿਚ ਉਸਨੇ ਦੱਸਿਆ, "ਕੀ ਮਿਲਣਾ ਸੀ, ਪੁਰਾਣੇ ਜੋੜੇ ਚੁਕਾ ਦਿੱਤੇ। ਖੁਸਰੋ ਨੇ ਕਿਹਾ, "ਇਹ ਮੈਨੂੰ ਦੇ ਦੇਹ। ਇਸ ਬਦਲੇ ਮੇਰੇ ਸਾਰੇ ਪੈਸੇ ਤੇਰੇ ਹੋਏ।"
ਖੁਸਰੋ ਜਦੋਂ ਹਜ਼ਰਤ ਨਿਜ਼ਾਮੁੱਦੀਨ ਦੇ ਦੀਦਾਰ ਕਰਨ ਗਿਆ ਤਾਂ ਪੁੱਛਿਆ, "ਸਾਡੇ ਲਈ ਕੀ ਤੁਹਫਾ ਲਿਆਂਦਾ ਹੈ ਅਮੀਰ?" ਖੁਸਰੋ ਨੇ ਕਿਹਾ, "ਹਿੰਦੁਸਤਾਨ ਦੇ ਸੱਚੇ ਪਾਤਸ਼ਾਹ ਵਾਸਤੇ ਇਹ ਜੋੜਾ ਲਿਆਇਆ ਹਾਂ ਹਜ਼ੂਰ।" ਫਕੀਰ ਨੇ ਪੁੱਛਿਆ, "ਕਿੰਨੇ ਪੈਸੇ ਲੱਗੇ?" ਖੁਸਰੋ ਨੇ ਕਿਹਾ, "ਜੀ ਜਿੰਨੀ ਦੌਲਤ ਸੀ, ਸਾਰੀ ਦੇ ਦਿੱਤੀ।" ਨਿਜ਼ਾਮੁੱਦੀਨ ਨੇ ਹੱਸ ਕੇ ਕਿਹਾ, "ਸਸਤੇ ਵਿਚ ਮਿਲ ਗਈ ਤੈਨੂੰ ਚੰਗੀ ਚੀਜ਼।"
ਨਿਜ਼ਾਮ ਨੇ ਵਿਆਹ ਨਹੀਂ ਕਰਵਾਇਆ। ਦੋ ਉਤਰਾਧਿਕਾਰੀ ਥਾਪੇ, ਬੁਰਹਾਨ ਅਲ ਦੀਨ ਦੱਖਣ ਵਿਚ ਅਤੇ ਨਸੀਰ ਅਲ ਦੀਨ ਚਿਰਾਗਿ ਦਿਹਲੀ, ਦਿੱਲੀ ਵਿਚ। ਨਸੀਰ ਨੇ 'ਖੈਰ ਉਲ ਮਜਾਲਿਸ' ਲਿਖੀ। ਦਲੀਲਾਂ ਅਤੇ ਰਸਮਾਂ-ਰੀਤਾਂ, ਦੋਵਾਂ ਦਾ ਵਿਰੋਧੀ ਸੀ। ਉਹ ਕਹਿੰਦਾ ਸੀ, "ਹੱਜ ਕਰਨ ਨਾਲੋਂ ਪੀਰ ਦੀ ਅਸੀਸ ਕਿਉਂ ਨੀਂ ਲੈਂਦੇਂ?" ਉਹ ਤਿਆਗ ਦਾ ਹਾਮੀ ਨਹੀਂ ਸੀ ਪਰ ਖੁਦ ਬੇਅੰਤ ਵੱਡਾ ਵਿਰੱਕਤ ਸੀ।
ਖੁਸਰੋ ਬੰਗਾਲ ਵਿਚ ਸੀ ਜਦੋਂ ਪੀਰ ਦੀ ਮੌਤ ਦੀ ਖ਼ਬਰ ਪੁੱਜੀ। ਕਾਲਾ ਲਿਬਾਸ ਪਹਿਨ ਕੇ ਉਥੋਂ ਪੈਦਲ ਦਿੱਲੀ ਵਲ ਚਲ ਪਿਆ। ਰਸਤੇ ਵਿਚ ਮੁਰਸ਼ਦ ਦੇ ਨਾਮ ਉਪਰ ਦਾਨ ਦਿੰਦਾ ਆਇਆ। ਲਗਾਤਾਰ ਕਹਿੰਦਾ ਰਿਹਾ, "ਸੁਬਹਾਨ ਅੱਲਾਹ, ਆਫਤਾਬ ਦਰ ਜ਼ੇਰਿ ਜ਼ਮੀਨ ਓ ਖੁਸਰੋ ਜਿੰ.ਦਾ ?" (ਧੰਨ ਤੂੰ ਹੇ ਰੱਬ ਸੱਚੇ, ਸੂਰਜ ਧਰਤੀ ਵਿਚ ਉਤਰ ਚੁਕਾ ਹੈ ਤੇ ਖੁਸਰੋ ਤੂੰ ਅਜੇ ਜਿਉਂਦਾ ਫਿਰਦਾ ਹੈਂ ?)
ਖੁਸਰੋ ਰਾਜ ਕਵੀ ਹੋਣ ਕਰਕੇ ਮਹਿਲ ਵਿਚ ਰਹਿੰਦਾ ਸੀ। ਉਸਦੀ ਆਖਰੀ ਕਵਿਤਾ ਦੇ ਬੰਦ ਇਹ ਹਨ;
"ਪਾਤ ਉਡੰਤਾ ਬੋਲਿਆ, ਸੁਨ ਤਰਵਰ ਬਨਰਾਇ।
ਅਬ ਕੇ ਬਿਛੁੜੇ ਕਬ ਮਿਲੈਂ ਦੂਰ ਪਰੈਂਗੇ ਜਾਇ।
ਸੁਨ ਕੇ ਤਰਵਰ ਨੇ ਕਹਾ, ਸੁਨੋ ਪਾਤ ਮਮ ਬਾਤ।
ਹਮਰਾ ਯਹੀ ਸੁਭਾਉ ਹੈ, ਇਕ ਆਵਤ ਇਕ ਜਾਤ।
ਗੋਰੀ ਸੋਈ ਸੇਜ ਪੈ ਮੁਖ ਪਰ ਡਾਰੇ ਕੇਸ।
ਚਲ ਖੁਸਰੋ ਘਰ ਆਪਨੇ ਸਾਂਝ ਪਈ ਸਭ ਦੇਸ।
(ਟੁੱਟੇ ਪੱਤੇ ਨੇ ਕਿਹਾ ਕਿ ਹੇ ਵਣ ਦੇ ਰਾਜੇ ਬਿਰਖ, ਹੁਣ ਦੇ ਬਿਛੜੇ ਕਦੀ ਨਹੀਂ ਮਿਲ ਸਕਾਂਗੇ, ਦੂਰ ਜਾ ਡਿੱਗਾਂਗਾ। ਪਤੇ ਦੀ ਗੱਲ ਸੁਣ ਕੇ ਰੁੱਖ ਨੇ ਕਿਹਾ ਕਿ ਭਾਈ ਸਾਡਾ ਇਹੋ ਸੁਭਾਉ ਹੈ, ਇਕ ਆਉਂਦਾ ਹੈ, ਇਕ ਚਲਾ ਜਾਂਦਾ ਹੈ। ਆਪਣਾ ਚਿਹਰਾ, ਆਪਣੇ ਕੇਸਾਂ ਵਿਚ ਲੁਕਾਕੇ ਗੋਰੀ ਪਲੰਘ ਉਪਰ ਸੌਂ ਗਈ ਹੈ। ਖੁਸਰੋ, ਆਪਾਂ ਵੀ ਘਰ ਚੱਲੀਏ, ਦੇਸ ਵਿਚ ਰਾਤ ਪੈ ਗਈ ਹੈ।)
ਮਹਿਲ ਛੱਡ ਕੇ ਉਹ ਮੁਰਸ਼ਦ ਦੀ ਕਬਰ ਨਜ਼ਦੀਕ ਆ ਕੇ ਬੈਠ ਗਿਆ, ਫਿਰ ਕਦੀ ਮਹਿਲੀਂ ਨਹੀਂ ਗਿਆ। ਮੁਰਸ਼ਦ ਦੇ ਦੇਹਾਂਤ ਤੋਂ ਛੇ ਮਹੀਨੇ ਬਾਅਦ ਅਮੀਰ ਖੁਸਰੋ ਜਿਸਮਾਨੀ ਤੌਰ ਤੇ ਵਿਦਾ ਹੋਇਆ।
ਨਿਜ਼ਾਮੁੱਦੀਨ ਨੇ ਬਾਬਾ ਫਰੀਦ ਨੂੰ ਇਕ ਦਿਨ ਦੱਸਿਆ ਕਿ ਸੁਲਤਾਨ ਵਲੋਂ ਸ਼ੈਖ ਉਲ ਹਿੰਦ (ਭਾਰਤੀ ਸੁਪਰੀਮ ਕੋਰਟ ਦਾ ਚੀਫ਼ ਜਸਟਿਸ) ਦੀ ਪਦਵੀ ਮਿਲ ਰਹੀ ਸੀ, ਨਾਂਹ ਕਰ ਦਿੱਤੀ। ਬਾਬਾ ਜੀ ਨੇ ਕਿਹਾ, "ਬਾਦਸ਼ਾਹ ਮਿੰਨਤਾਂ ਕਰਾਉਣ ਤੋਂਂ ਬਾਅਦ ਕੁਝ ਦਿੰਦਾ ਹੈ। ਦੇਣ ਤੋਂ ਬਾਅਦ ਅਹਿਸਾਨ ਕਰਦਾ ਹੈ। ਰਿਜ਼ਕ-ਦਾਤਾ ਪਿਤਾ ਬਿਨ ਮੰਗਿਆਂ ਦਿੰਦਾ ਹੈ, ਦੇਣ ਤੋਂ ਬਾਅਦ ਅਹਿਸਾਨ ਨਹੀਂ ਕਰਦਾ। ਫਕੀਰ ਹੈਂ ਤਾਂ ਬਾਦਸ਼ਾਹਾਂ ਤੋਂ ਦੂਰ ਰਹੀਂ, ਮਤੇ ਸੁਣਨਾ ਪਵੇ - ਕਿਵੇਂ ਆਇਐਂ, ਪਿੱਛੇ ਹਟ।"
ਗਰ ਵਿਸਾਲਿ ਸ਼ਾਹ ਮੀਦਾਰੀ ਤਮਾ।
ਅਜ਼ ਵਿਸਾਲਿ ਖੇਸ਼ਤਨ ਮਹਿਜੂਰ ਬਾਸ।
(ਜੇ ਬਾਦਸ਼ਾਹ ਨੂੰ ਮਿਲਣ ਦੀ ਤਮੰਨਾ ਕਰੇਂਗਾ
ਤਾਂ ਆਪਣੇ ਆਪ ਨੂੰ ਪਛਾਣ ਨਹੀਂ ਸਕੇਂਗਾ)
ਸ਼ੇਖ ਸਾਹਿਬ ਕਿਹਾ ਕਰਦੇ ਸਨ, "ਕਦੀ ਕਦਾਈਂ ਮੈਂ ਸਭ ਕਾਸੇ ਤੋਂ ਥੱਕ ਜਾਂਦਾ ਹਾਂ, ਆਪਣੇ ਆਪ ਤੋਂ ਵੀ। ਇਸ ਤੁਰਕ ਦੀ ਹਾਜ਼ਰੀ ਵਿਚ ਮੈਨੂੰ ਥਕਾਵਟ ਨਹੀਂ ਹੁੰਦੀ।" ਖੁਸਰੋ ਨੂੰ ਤੁਰਕੁੱਲਾਹ ਦਾ ਖਿਤਾਬ ਦਿੱਤਾ ਗਿਆ। ਤੁਰਕ ਲਫਜ਼ ਮਾਇਨੇ ਮਹਿਬੂਬ, ਤੁਰਕੁੱਲਾਹ ਦਾ ਅਰਥ ਹੈ ਰੱਬ ਦਾ ਮਹਿਬੂਬ।
ਹਜ਼ਰਤ ਨਿਜ਼ਾਮੁੱਦੀਨ ਆਪਣੇ ਵਿਦਿਆਰਥੀਆਂ ਵਿਚੋਂ ਸਭ ਤੋਂ ਵਧੀਕ ਖੁਸਰੋ ਨੂੰ ਪਿਆਰ ਕਰਦੇ ਸਨ। ਅਮੀਰ ਖੁਸਰੋ ਦੇ ਵਡੇਰੇ ਤੁਰਕ ਸਨ, ਜੋ ਯੂ.ਪੀ. ਵਿਚ ਆ ਵਸੇ ਸਨ। ਈਟਾ ਜ਼ਿਲ੍ਹੇ ਦੇ ਪਿੰਡ ਪਟਿਆਲੀ ਵਿਚ ਖੁਸਰੋ ਦਾ ਜਨਮ ਹੋਇਆ। ਪਰਿਵਾਰਿਕ ਨਾਮ ਅਬੁਲ ਹਸਨ ਅਮੀਨੁੱਦੀਨ ਰੱਖਿਆ ਗਿਆ। ਉਸਨੂੰ ਉਰਦੂ ਭਾਸ਼ਾ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਸਨੇ ਲੋਕ ਗੀਤ ਇਕੱਠੇ ਕੀਤੇ, ਬੁਝਾਰਤਾਂ ਇਕੱਠੀਆਂ ਕੀਤੀਆਂ, ਸੈਂਕੜੇ ਗਜ਼ਲਾਂ ਰਚੀਆਂ, ਕੱਵਾਲੀ ਦਾ ਹੁਣ ਵਾਲਾ ਅੰਦਾਜ਼ ਉਸੇ ਦੀ ਦੇਣ ਹੈ ਤੇ ਕਈ ਨਵੇਂ ਰਾਗਾਂ ਦੀ ਰਚਨਾ ਕੀਤੀ। ਕਦੀ-ਕਦਾਈਂ ਨਿਜ਼ਾਮੁੱਦੀਨ ਆਖ ਦਿੰਦੇ, "ਰੱਬ ਕੋਲ ਪੁੱਜਣ ਦਾ ਵਕਤ ਆ ਰਿਹਾ ਹੈ। ਜਦੋਂ ਮੈਨੂੰ ਪੁੱਛਿਆ ਗਿਆ ਕਿ ਕਿੰਨੀ ਬੰਦਗੀ ਕੀਤੀ, ਕਿਹੜੇ ਨੇਕ ਕੰਮ ਕੀਤੇ ਤਾਂ ਮੈਂ ਆਖਾਂਗਾ ਕਿ ਕੋਈ ਚੰਗਾ ਕੰਮ ਨਹੀਂ ਹੋਇਆ ਪਿਤਾ, ਖਾਸ ਬੰਦਗੀ ਨਹੀਂ ਕਰ ਸਕਿਆ। ਹਾਂ, ਇਕ ਕੰਮ ਕੀਤਾ ਮੈਂ, ਦੁਨੀਆਂ ਨੂੰ ਅਮੀਰ ਖੁਸਰੋ ਦੇ ਕੇ ਆਇਆਂ। ਖੁਸਰੋ ਦਾ ਨਾਮ ਲਵਾਂਗਾ ਤਾਂ ਰੱਬ ਮੇਰੇ ਸਾਰੇ ਗੁਨਾਹ ਮਾਫ ਕਰ ਦੇਵੇਗਾ।"
ਖੁਸਰੋ ਨੇ ਆਪਣੇ ਮੁਰਸ਼ਦ ਬਾਰੇ ਲਿਖਿਆ, "ਉਸਦੇ ਕਦਮਾਂ ਦੀ ਛੁਹ ਪ੍ਰਾਪਤ ਕਰਨ-ਸਾਰ ਸਿਰ ਦੁੱਖਾਂ, ਸੰਕਟਾਂ, ਫਿਕਰਾਂ ਤੋਂ ਮੁਕਤ ਹੋ ਜਾਂਦਾ ਹੈ। ਬਿਨਾਂ ਤਾਜ ਅਤੇ ਸਿੰਘਾਸਨ ਦੇ ਉਹ ਦੁਨੀਆਂ ਤੇ ਰਾਜ ਕਰ ਰਿਹਾ ਹੈ। ਬਾਦਸ਼ਾਹ ਉਸਦੇ ਚਰਨਾਂ ਦੀ ਧੂੜ ਹਾਸਲ ਕਰਨ ਦੇ ਇਛੁੱਕ ਹਨ ਪਰ ਸ਼ੇਖ ਉਨ੍ਹਾਂ ਨੂੰ ਇਸਦੀ ਆਗਿਆ ਨਹੀਂ ਦਿੰਦਾ। ਮੈਨੂੰ ਫਖ਼ਰ ਹੈ ਕਿ ਮੈਂ ਉਸਦਾ ਗੁਲਾਮ ਹਾਂ। ਉਸਦਾ ਨਾਮ ਨਿਜ਼ਾਮ ਹੈ, ਇਸ ਲਈ ਮੈਂ ਨਿਜ਼ਾਮੀ ਹੋਇਆ।"
ਇਕ ਦਿਨ ਉਸਨੇ ਖਾਨਗਾਹ ਵਿਚ ਅਲੀ ਬਿਨ ਮਹਿਮੂਦ ਜਾਂਦਾਰ ਨੂੰ ਬੈਠਿਆਂ ਦੇਖਿਆ। ਉਹ ਅਮੀਰ ਅੱਯਾਸ਼ ਆਦਮੀ ਸੀ। ਖੁਸਰੋ ਨੇ ਪੁੱਛਿਆ, "ਉਏ ਜੂਏਬਾਜ਼, ਤੂੰ ਇਥੇ ਕਿਵੇਂ? ਤੈਨੂੰ ਤਾਂ ਸ਼ਤਰੰਜ ਤੋਂ ਵਿਹਲ ਨਹੀਂ ਮਿਲੀ ਕਦੀ?" ਜਾਂਦਾਰ ਹੱਸ ਪਿਆ, ਕਿਹਾ, "ਸੱਚ ਹੈ ਖੁਸਰੋ। ਮੱਕੇ ਹੱਜ ਕਰਨ ਜਾਂਦਿਆਂ ਵੀ ਰਸਤੇ ਵਿਚ ਮੈਂ ਸ਼ਤਰੰਜ ਖੇਡਣੋਂ ਨਹੀਂ ਹਟਿਆ ਸਾਂ ਪਰ ਜਦੋਂ ਸ਼ੇਖ ਸਾਹਿਬ ਦੀ ਅਸੀਸ ਮਿਲੀ, ਮੈਂ ਇਸ ਵਲ ਦੇਖਦਾ ਵੀ ਨਹੀਂ।" ਇਹ ਗੱਲ ਅੰਦਰ ਜਾ ਕੇ ਖੁਸਰੋ ਨੇ ਸ਼ੇਖ ਨੂੰ ਦੱਸੀ, ਉਨ੍ਹਾਂ ਨੇ ਖੁਸ਼ ਹੋ ਕੇ ਅਨਾਰ ਦਿੰਦਿਆਂ ਕਿਹਾ, "ਜਾਓ, ਦੋਵੇਂ ਛਕੋ, ਅੱਲਾਹ ਮਿਹਰਬਾਨ ਹੈ।"
ਇਕ ਦਿਨ ਕਹਿਣ ਲੱਗੇ, "ਖੁਸਰੋ ਮੇਰੀ ਲੰਮੀ ਉਮਰ ਵਾਸਤੇ ਅਰਦਾਸ ਕਰਿਆ ਕਰ ਕਿਉਂਕਿ ਮੇਰੇ ਬਾਦ ਲੰਮਾ ਸਮਾਂ ਜਿਉਂ ਨਹੀਂ ਸਕੇਂਗਾ ਤੂੰ। ਮੈਂ ਕਹਿ ਦਿਤਾ ਹੈ ਸੇਵਾਦਾਰਾਂ ਨੂੰ, ਤੇਰੀ ਕਬਰ ਮੇਰੇ ਨਜ਼ਦੀਕ ਖੋਦਣ। ਮੇਰੀ ਉਂਗਲ ਫੜ ਕੇ ਤੂੰ ਰੱਬ ਕੋਲ ਜਾਏਂਗਾ।"
ਅਸੀਸਾਂ ਦਿੰਦਿਆਂ ਕਿਹਾ, "ਸਦੀਆਂ ਵਿਚ ਕਦੀ-ਕਦਾਈਂ ਤੇਰੇ ਜਿਹਾ ਸ਼ਾਇਰ ਤੇ ਵਾਰਤਾਕਾਰ ਪੈਦਾ ਹੁੰਦਾ ਹੈ ਖੁਸਰੋ, ਇਹ ਹੁਨਰ ਬੜਾ ਬਰੀਕ ਹੈ। ਤੂੰ ਨਸੀਰ ਖੁਸਰੋ ਨਹੀਂ, ਸਾਡਾ ਖੁਸਰੋ ਹੈਂ, ਨਸੀਰ (ਮਦਦਗਾਰ) ਤਾਂ ਅੱਲਾਹ ਹੈ।"
ਸ਼ੇਖ ਦੀ ਕਬਰ ਉਪਰ ਦੇਰ ਤਕ ਵਿਰਲਾਪ ਕਰਨੋ ਨਾ ਹਟਿਆ ਤਾਂ ਮੁਰੀਦਾਂ ਨੇ ਦਿਲ ਸਖਤ ਕਰਨ ਲਈ ਕਿਹਾ, ਧਰਵਾਸ ਰੱਖਣ ਲਈ ਕਿਹਾ। ਰੋਂਦਿਆਂ-ਰੋਂਦਿਆਂ ਖੁਸਰੋ ਨੇ ਕਿਹਾ, "ਕੌਣ ਕਿਸੇ ਵਾਸਤੇ ਰੋਂਦਾ ਹੈ? ਖੁਦ ਉਤੇ ਰੋ ਰਿਹਾ ਹਾਂ। ਹੁਣ ਮੈਂ ਬਚਾਂਗਾ ਨਹੀਂ। 25 ਸਤੰਬਰ 1325 ਨੂੰ ਉਹ ਕੂਚ ਕਰ ਗਿਆ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ