Subhash Kalakar ਸੁਭਾਸ਼ ਕਲਾਕਾਰ
ਸੁਭਾਸ਼ ਕਲਾਕਾਰ ਪੰਜਾਬੀ ਜ਼ਬਾਨ ਦਾ ਸਮਰੱਥ ਗ਼ਜ਼ਲਕਾਰ ਸੀ। ਬਟਾਲਾ(ਗੁਰਦਾਸਪੁਰ) ਦੇ ਰਫ਼ਿਊਜ਼ੀ ਕੈਂਪ ਵਿੱਚ ਉਹ 14ਮਾਰਚ 1952 ਨੂੰ ਪੈਦਾ ਹੋਇਆ।
ਘਰੇਲੂ ਆਰਥਿਕਤਾ ਕਮਜ਼ੋਰ ਕਾਰਨ ਉਹ ਸਕੂਲ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕਿਆ ਪਰ ਸਾਹਿੱਤ ਪੜ੍ਹਨ ਤੇ ਲੇਖਕਾਂ ਦੀ ਸੰਗਤ ਕਰਨ ਦੀ ਪ੍ਰਵਿਰਤੀ ਕਾਰਨ ਉਹ
ਪੰਜਾਬੀ ਗ਼ਜ਼ਲ ਵਿਧਾਨ ਤੇ ਚੰਗੀ ਪਕੜ ਹਾਸਲ ਕਰ ਗਿਆ।
ਸੁਭਾਸ਼ ਕਲਾਕਾਰ ਦਾ ਜਨਮ ਮਾਤਾ ਵੀਰੋ ਦੇਵੀ ਦੀ ਕੁਖੋਂ ਕਰਤਾਰ ਚੰਦ ਦੇ ਘਰ ਹੋਇਆ। ਬਚਪਨ ਵਿੱਚ ਹੀ ਉਸ ਨੂੰ ਹੱਥੀਂ ਕਿਰਤ ਦੇ ਰਾਹ ਤੁਰਨਾ ਪਿਆ। ਪਲੰਬਰ ਦੇ ਕਿੱਤੇ ਨੂੰ ਅਪਣਾ ਕੇ ਉਸ ਆਪਣਾ ਜੀਵਨ ਨਿਰਬਾਹ ਆਰੰਭਿਆ।
ਬਟਾਲਾ ਵਿੱਚ ਉਸ ਦੀ ਸੰਗਤ ਵਰਿੰਦਰ ਭਾਰਤੀ, ਜਸਵੰਤ ਹਾਂਸ,ਸੁਖਦੇਵ ਸਿੰਘ ਪ੍ਰੇਮੀ,ਡਾਃ ਰਵਿੰਦਰ,ਹਰਜਿੰਦਰ ਸਿੰਘ ਰੰਧਾਵਾ,ਸ੍ਵਃ ਦੇਵ ਦਰਦ,ਸ੍ਵਃ ਬਲਵਿੰਦਰ ਰਿਸ਼ੀ ਤੇ ਪ੍ਰੋਃ ਸੁਖਵੰਤ ਸਿੰਘ ਗਿੱਲ ਨਾਲ ਰਹੀ।
ਉਸ ਦੀ ਪਹਿਲੀ ਗ਼ਜ਼ਲ ਪੁਸਤਕ 'ਸ਼ਾਮ ਦੇ ਦੀਵੇ' ਸੀ ਤੇ ਦੂਸਰੀ 'ਮੈਂ ਮੁਹਾਜ਼ਿਰ ਹਾਂ'। ਤੀਜੀ ਕਿਤਾਬ 'ਸਬਜ਼ ਰੁੱਤ' ਜਨਮੇਜਾ ਸਿੰਘ ਜੌਹਲ ਨੇ ਛਾਪੀ।
ਬਟਾਲਾ ਦੀ ਲੇਬਰ ਕਾਲੋਨੀ ਵਿੱਚ ਆਪਣਾ ਘਰ ਉਸਾਰ ਕੇ ਰਹਿੰਦਿਆਂ ਉਹ ਉਜਾਗਰ ਨਗਰ ਬਟਾਲਾ ਪੰਚਾਇਤ ਦਾ ਮੈਂਬਰ ਵੀ ਰਿਹਾ।
ਅਤਿਵਾਦ ਦੇ ਸੇਕ ਤੋਂ ਡਰਦਿਆਂ ਉਸ ਨੂੰ ਰਿਸ਼ਤੇਦਾਰ ਦਬਾਅ ਪਾ ਰਹੇ ਸਨ ਕਿਉਹ ਬਟਾਲਾ ਛੱਡ ਕੇ ਹਰਿਆਣਾ ਵਿੱਚ ਆ ਜਾਵੇ। ਇੱਕ ਵਾਰ ਉਸ ਨੇ ਆਪਣੇ ਬੱਚੇ ਕਰਨਾਲ ਭੇਜ ਦਿੱਤੇ ਪਰ ਤਜ਼ਰਬਾ ਚੰਗਾ ਨਾ ਰਿਹਾ।
ਇਸ ਬਾਰੇ ਉਸ ਨੇ ਆਪਣੀ ਜੀਵਨ ਸਾਥਣ ਦੀ ਜ਼ਬਾਨੀ ਲਿਖਿਆ
ਜੀ ਆਇਆਂ ਨੂੰ ਆਖਣ ਵਾਲੇ ਵੱਸਦੇ ਨਹੀਂ ਹਰਿਆਣੇ,
ਸਿਰ ਦੇ ਸਾਈਂ, ਹੁਣ ਨਾ ਜਾਈਂ, ਮੇਰੀ ਸਹੁੰ ਕਰਨਾਲ।
ਸੁਭਾਸ਼ ਕਲਾਕਾਰ ਜ਼ਿੰਦਗੀ ਦੇ ਆਖ਼ਰੀ ਦਸ ਸਾਲ ਲੁਧਿਆਣਾ 'ਚ ਰਿਹਾ। ਪਲੰਬਰ ਦਾ ਕਿੱਤਾ ਕਰਨ ਉਪਰੰਤ ਉਹ ਕੁਝ ਸਮਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਿੱਚ ਰੁਜ਼ਗਾਰ ਕਮਾਉਂਦਾ ਰਿਹਾ।
ਬਾਦ 'ਚ ਉਹ ਪੰਜਾਬੀ ਸਾਹਿੱਤ ਅਕਾਡਮੀ ਦਾ ਨਿਗਰਾਨ ਰਿਹਾ। 30 ਜੂਨ 2014 ਨੂੰ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ।
ਸੁਭਾਸ਼ ਕਲਾਕਾਰ ਦੀ ਜੀਵਨ ਸਾਥਣ ਦਾ ਨਾਮ ਕਮਲੇਸ਼ ਕੁਮਾਰੀ ਹੈ। ਉਸ ਦੇ ਪੁੱਤਰ ਦਾ ਨਾਮ ਪਰਦੀਪ ਕੁਮਾਰ ਤੇ ਬੇਟੀਆਂ ਸੀਮਾ ਤੇ ਰੋਜ਼ੀ ਹਨ।
ਲੁਧਿਆਣਾ ਵਿੱਚ ਉਸ ਨੇ ਕੁਝ ਸਮਾਂ ਪੰਜਾਬੀ ਗ਼ਜ਼ਲ ਦੇ ਨੁਕਤੇ ਸਿਖਾਉਣ ਦੀ ਵੀ ਅਗਵਾਈ ਦਿੱਤੀ ਪਰ ਜਲਦੀ ਹੀ ਉਹ ਉਕਤਾ ਗਿਆ। ਕਹਿਣ ਲੱਗ ਪਿਆ ਕਿ ਨਵੇਂ ਲੇਖਕ ਮਿਹਨਤ ਤੋਂ ਗੁਰੇਜ਼ ਕਰਦੇ ਹਨ।
ਸੁਭਾਸ਼ ਕਲਾਕਾਰ ਦੀਆਂ ਗ਼ਜ਼ਲ ਪੁਸਤਕਾਂ ਸਾਡੇ ਕੋਲ ਉਸ ਦੀਆਂ ਸਦੀਵੀ ਨਿਸ਼ਾਨੀਆਂ ਬਣ ਗਈਆਂ ਹਨ। - ਗੁਰਭਜਨ ਗਿੱਲ